ਰਾਗ ਗੂਜਰੀ – ਬਾਣੀ ਸ਼ਬਦ-Part 2 – Raag Gujri – Bani

ਰਾਗ ਗੂਜਰੀ – ਬਾਣੀ ਸ਼ਬਦ-Part 2 – Raag Gujri – Bani

ਗੂਜਰੀ ਮਹਲਾ ੫ ॥
ਕਬਹੂ ਹਰਿ ਸਿਉ ਚੀਤੁ ਨ ਲਾਇਓ ॥

(ਮਾਇਆ-ਮੋਹਿਆ ਜੀਵ) ਕਦੇ ਆਪਣਾ ਮਨ ਪਰਮਾਤਮਾ (ਦੇ ਚਰਨਾਂ) ਨਾਲ ਨਹੀਂ ਜੋੜਦਾ।

ਧੰਧਾ ਕਰਤ ਬਿਹਾਨੀ ਅਉਧਹਿ ਗੁਣ ਨਿਧਿ ਨਾਮੁ ਨ ਗਾਇਓ ॥੧॥ ਰਹਾਉ ॥

(ਮਾਇਆ ਦੀ ਖ਼ਾਤਰ) ਦੌੜ-ਭੱਜ ਕਰਦਿਆਂ (ਇਸ ਦੀ) ਉਮਰ ਗੁਜ਼ਰ ਜਾਂਦੀ ਹੈ ਸਾਰੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਨਾਮ ਨਹੀਂ ਜਪਦਾ ॥੧॥ ਰਹਾਉ ॥

ਕਉਡੀ ਕਉਡੀ ਜੋਰਤ ਕਪਟੇ ਅਨਿਕ ਜੁਗਤਿ ਕਰਿ ਧਾਇਓ ॥

ਠੱਗੀ ਨਾਲ ਇਕ ਇਕ ਕੌਡੀ ਕਰ ਕੇ ਮਾਇਆ ਇਕੱਠੀ ਕਰਦਾ ਰਹਿੰਦਾ ਹੈ ਅਨੇਕਾਂ ਢੰਗ ਵਰਤ ਕੇ ਮਾਇਆ ਦੀ ਖ਼ਾਤਰ ਦੌੜਿਆ ਫਿਰਦਾ ਹੈ।

ਬਿਸਰਤ ਪ੍ਰਭ ਕੇਤੇ ਦੁਖ ਗਨੀਅਹਿ ਮਹਾ ਮੋਹਨੀ ਖਾਇਓ ॥੧॥

ਪਰਮਾਤਮਾ ਦਾ ਨਾਮ ਭੁਲਾਣ ਦੇ ਕਾਰਨ ਇਸ ਨੂੰ ਅਨੇਕਾਂ ਹੀ ਦੁੱਖ ਆ ਵਾਪਰਦੇ ਹਨ। ਮਨ ਨੂੰ ਮੋਹ ਲੈਣ ਵਾਲੀ ਪ੍ਰਬਲ ਮਾਇਆ ਇਸ ਦੇ ਆਤਮਕ ਜੀਵਨ ਨੂੰ ਖਾ ਜਾਂਦੀ ਹੈ ॥੧॥

ਕਰਹੁ ਅਨੁਗ੍ਰਹੁ ਸੁਆਮੀ ਮੇਰੇ ਗਨਹੁ ਨ ਮੋਹਿ ਕਮਾਇਓ ॥

ਹੇ ਨਾਨਕ! (ਆਖ-) ਹੇ ਗੋਬਿੰਦ! ਹੇ ਦਇਆਲ! ਹੇ ਕ੍ਰਿਪਾਲ! ਹੇ ਸੁਖਾਂ ਦੇ ਸਮੁੰਦਰ! ਹੇ ਹਰੀ! ਮੈਂ ਤੇਰੀ ਸਰਨ ਆਇਆ ਹਾਂ।

ਗੋਬਿੰਦ ਦਇਆਲ ਕ੍ਰਿਪਾਲ ਸੁਖ ਸਾਗਰ ਨਾਨਕ ਹਰਿ ਸਰਣਾਇਓ ॥੨॥੧੬॥੨੫॥

ਹੇ ਮੇਰੇ ਮਾਲਕ! ਮੇਰੇ ਉਤੇ ਮੇਹਰ ਕਰ, ਮੇਰੇ ਕੀਤੇ ਕਰਮਾਂ ਵਲ ਧਿਆਨ ਨਾਹ ਕਰੀਂ ॥੨॥੧੬॥੨੫॥


ਗੂਜਰੀ ਮਹਲਾ ੫ ॥
ਰਸਨਾ ਰਾਮ ਰਾਮ ਰਵੰਤ ॥

ਆਪਣੀ ਜੀਭ ਨਾਲ ਸਦਾ ਪਰਮਾਤਮਾ ਦਾ ਸਿਮਰਨ ਕਰਦਾ ਰਹੁ।

ਛੋਡਿ ਆਨ ਬਿਉਹਾਰ ਮਿਥਿਆ ਭਜੁ ਸਦਾ ਭਗਵੰਤ ॥੧॥ ਰਹਾਉ ॥

ਹੋਰ ਝੂਠੇ ਵਿਹਾਰਾਂ (ਦੇ ਮੋਹ) ਨੂੰ ਛੱਡ ਕੇ ਸਦਾ ਭਗਵਾਨ ਦਾ ਭਜਨ ਕਰਿਆ ਕਰ ॥੧॥ ਰਹਾਉ ॥

ਨਾਮੁ ਏਕੁ ਅਧਾਰੁ ਭਗਤਾ ਈਤ ਆਗੈ ਟੇਕ ॥

ਉਨ੍ਹਾਂ ਲਈ ਤੇਰਾ ਨਾਮ ਹੀ ਜ਼ਿੰਦਗੀ ਦਾ ਆਸਰਾ ਬਣ ਗਿਆ ਹੈ, ਇਸ ਲੋਕ ਤੇ ਪਰਲੋਕ ਵਿਚ ਉਹਨਾਂ ਨੂੰ ਤੇਰਾ ਹੀ ਸਹਾਰਾ ਹੈ,

ਕਰਿ ਕ੍ਰਿਪਾ ਗੋਬਿੰਦ ਦੀਆ ਗੁਰ ਗਿਆਨੁ ਬੁਧਿ ਬਿਬੇਕ ॥੧॥

ਜਿਨ੍ਹਾਂ ਆਪਣੇ ਭਗਤਾਂ ਨੂੰ ਤੂੰ ਕਿਰਪਾ ਕਰ ਕੇ ਗੁਰੂ ਦਾ ਗਿਆਨ ਬਖ਼ਸ਼ਿਆ ਹੈ, ਤੇ ਚੰਗੇ ਮੰਦੇ ਦੀ ਪਰਖ ਕਰ ਸਕਣ ਵਾਲੀ ਅਕਲ ਦਿੱਤੀ ਹੈ, ਹੇ ਗੋਬਿੰਦ! ॥੧॥

ਕਰਣ ਕਾਰਣ ਸੰਮ੍ਰਥ ਸ੍ਰੀਧਰ ਸਰਣਿ ਤਾ ਕੀ ਗਹੀ ॥

ਉਸ ਪਰਮਾਤਮਾ ਦੀ ਸਰਨ ਲਈ ਹੈ ਜੋ ਸਾਰੇ ਜਗਤ ਦਾ ਮੂਲ ਹੈ ਜੋ ਸਭ ਤਾਕਤਾਂ ਦਾ ਮਾਲਕ ਹੈ, ਜੋ ਲਖਮੀ (ਮਾਇਆ) ਦਾ ਪਤੀ ਹੈ,

ਮੁਕਤਿ ਜੁਗਤਿ ਰਵਾਲ ਸਾਧੂ ਨਾਨਕ ਹਰਿ ਨਿਧਿ ਲਹੀ ॥੨॥੧੭॥੨੬॥

ਤੇ, ਹੇ ਨਾਨਕ! ਮਾਇਕ ਬੰਧਨਾਂ ਤੋਂ ਖ਼ਲਾਸੀ ਪਾਣ ਦਾ ਵਸੀਲਾ (ਸਿਰਫ਼) ਗੁਰੂ ਦੀ ਚਰਨ-ਧੂੜ ਹੈ, ਗੁਰੂ ਦੀ ਸਰਨ ਪੈਣ ਵਾਲੇ ਨੇ ਹੀ ਪਰਮਾਤਮਾ ਦਾ ਨਾਮ-ਖ਼ਜ਼ਾਨਾ ਹਾਸਲ ਕੀਤਾ ਹੈ ॥੨॥੧੭॥੨੬॥


ਗੂਜਰੀ ਮਹਲਾ ੫ ਘਰੁ ੪ ਚਉਪਦੇ ॥

ਰਾਗ ਗੂਜਰੀ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਛਾਡਿ ਸਗਲ ਸਿਆਣਪਾ ਸਾਧ ਸਰਣੀ ਆਉ ॥

(ਹੇ ਮਨ! ਜੀਵਨ-ਜੁਗਤਿ ਪ੍ਰਾਪਤ ਕਰਨ ਵਾਸਤੇ) ਸਾਰੀਆਂ ਸਿਆਣਪਾਂ ਛੱਡ ਦੇਹ, ਗੁਰੂ ਦਾ ਆਸਰਾ ਲੈ,

ਪਾਰਬ੍ਰਹਮ ਪਰਮੇਸਰੋ ਪ੍ਰਭੂ ਕੇ ਗੁਣ ਗਾਉ ॥੧॥

(ਤੇ, ਗੁਰੂ ਦੀ ਸਿੱਖਿਆ ਉੱਤੇ ਤੁਰ ਕੇ) ਪਰਮੇਸਰ ਪਾਰਬ੍ਰਹਮ ਪ੍ਰਭੂ ਦੇ ਗੁਣ ਗਾਂਦਾ ਰਿਹਾ ਕਰ ॥੧॥

ਰੇ ਚਿਤ ਚਰਣ ਕਮਲ ਅਰਾਧਿ ॥

ਹੇ ਮੇਰੇ ਮਨ! ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਦੀ ਆਰਾਧਨਾ ਕਰਿਆ ਕਰ,

ਸਰਬ ਸੂਖ ਕਲਿਆਣ ਪਾਵਹਿ ਮਿਟੈ ਸਗਲ ਉਪਾਧਿ ॥੧॥ ਰਹਾਉ ॥

ਸਾਰੇ ਸੁਖ ਆਨੰਦ ਹਾਸਲ ਕਰ ਲਏਂਗਾ, (ਸਿਮਰਨ ਦੀ ਬਰਕਤਿ ਨਾਲ) ਹਰੇਕ ਰੋਗ ਮਿਟ ਜਾਂਦਾ ਹੈ ॥੧॥ ਰਹਾਉ ॥

ਮਾਤ ਪਿਤਾ ਸੁਤ ਮੀਤ ਭਾਈ ਤਿਸੁ ਬਿਨਾ ਨਹੀ ਕੋਇ ॥

ਹੇ ਮਨ! ਮਾਂ, ਪਿਉ, ਪੁੱਤਰ, ਮਿੱਤਰ, ਭਰਾ-ਪਰਮਾਤਮਾ ਤੋਂ ਬਿਨਾ ਕੋਈ ਭੀ (ਨਾਲ ਨਿਭਣ ਵਾਲਾ ਸਾਥੀ) ਨਹੀਂ ਹੈ।

ਈਤ ਊਤ ਜੀਅ ਨਾਲਿ ਸੰਗੀ ਸਰਬ ਰਵਿਆ ਸੋਇ ॥੨॥

ਜੇਹੜਾ ਪਰਮਾਤਮਾ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈ ਉਹੀ ਇਸ ਲੋਕ ਤੇ ਪਰਲੋਕ ਵਿਚ ਜਿੰਦ ਦੇ ਨਾਲ ਰਹਿਣ ਵਾਲਾ ਸਾਥੀ ਹੈ ॥੨॥

ਕੋਟਿ ਜਤਨ ਉਪਾਵ ਮਿਥਿਆ ਕਛੁ ਨ ਆਵੈ ਕਾਮਿ ॥

(ਹੇ ਮਨ! ਆਤਮਕ ਪਵਿਤ੍ਰਤਾ ਵਾਸਤੇ ਗੁਰੂ ਦੀ ਸਰਨ ਤੋਂ ਬਿਨਾ ਹੋਰ) ਕ੍ਰੋੜਾਂ ਹੀ ਜਤਨ ਤੇ ਉਪਾਵ ਵਿਅਰਥ ਹਨ, (ਤੇ ਇਹਨਾਂ ਵਿਚੋਂ) ਕੋਈ ਭੀ ਕੰਮ ਨਹੀਂ ਆ ਸਕਦਾ।

ਸਰਣਿ ਸਾਧੂ ਨਿਰਮਲਾ ਗਤਿ ਹੋਇ ਪ੍ਰਭ ਕੈ ਨਾਮਿ ॥੩॥

ਗੁਰੂ ਦੀ ਸਰਨ ਪਿਆਂ ਹੀ ਮਨੁੱਖ ਪਵਿਤ੍ਰ ਜੀਵਨ ਵਾਲਾ ਹੋ ਸਕਦਾ ਹੈ, ਪਰਮਾਤਮਾ ਦੇ ਨਾਮ ਵਿਚ ਜੁੜਿਆਂ ਹੀ ਉੱਚੀ ਆਤਮਕ ਅਵਸਥਾ ਬਣ ਸਕਦੀ ਹੈ ॥੩॥

ਅਗਮ ਦਇਆਲ ਪ੍ਰਭੂ ਊਚਾ ਸਰਣਿ ਸਾਧੂ ਜੋਗੁ ॥

ਅਪਹੁੰਚ ਦਇਆਵਾਨ ਪਰਮਾਤਮਾ ਸਭ (ਵਿਅਕਤੀਆਂ) ਤੋਂ ਉੱਚਾ ਹੈ, ਗੁਰਮੁਖਾਂ ਨੂੰ ਆਪਣੀ ਸਰਨ ਵਿਚ ਰੱਖਣ (ਤੇ ਉਪਾਧੀਆਂ ਤੋਂ ਬਚਾਣ) ਦੀ ਸਮਰਥਾ ਵਾਲਾ ਹੈ।

ਤਿਸੁ ਪਰਾਪਤਿ ਨਾਨਕਾ ਜਿਸੁ ਲਿਖਿਆ ਧੁਰਿ ਸੰਜੋਗੁ ॥੪॥੧॥੨੭॥

ਹੇ ਨਾਨਕ! ਉਹ ਪਰਮਾਤਮਾ ਉਸੇ ਮਨੁੱਖ ਨੂੰ ਮਿਲ ਸਕਦਾ ਹੈ ਜਿਸ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ ਮਿਲਾਪ ਦਾ ਸੰਜੋਗ ਲਿਖਿਆ ਹੁੰਦਾ ਹੈ ॥੪॥੧॥੨੭॥


ਗੂਜਰੀ ਮਹਲਾ ੫ ॥
ਆਪਨਾ ਗੁਰੁ ਸੇਵਿ ਸਦ ਹੀ ਰਮਹੁ ਗੁਣ ਗੋਬਿੰਦ ॥

ਆਪਣੇ ਗੁਰੂ ਦੀ ਸਰਨ ਪੈ ਕੇ ਸਦਾ ਹੀ ਗੋਵਿੰਦ ਦੇ ਗੁਣ ਯਾਦ ਕਰਦਾ ਰਹੁ,

ਸਾਸਿ ਸਾਸਿ ਅਰਾਧਿ ਹਰਿ ਹਰਿ ਲਹਿ ਜਾਇ ਮਨ ਕੀ ਚਿੰਦ ॥੧॥

ਆਪਣੇ ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਆਰਾਧਨ ਕਰਦਾ ਰਹੁ, ਤੇਰੇ ਮਨ ਦੀ ਹਰੇਕ ਚਿੰਤਾ ਦੂਰ ਹੋ ਜਾਇਗੀ ॥੧॥

ਮੇਰੇ ਮਨ ਜਾਪਿ ਪ੍ਰਭ ਕਾ ਨਾਉ ॥

ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਦਾ ਰਹੁ,

ਸੂਖ ਸਹਜ ਅਨੰਦ ਪਾਵਹਿ ਮਿਲੀ ਨਿਰਮਲ ਥਾਉ ॥੧॥ ਰਹਾਉ ॥

ਇਸ ਤਰ੍ਹਾਂ; ਸੁਖ, ਆਤਮਕ ਅਡੋਲਤਾ, ਅਨੰਦ ਪ੍ਰਾਪਤ ਕਰੇਂਗਾ, ਤੈਨੂੰ ਉਹ ਥਾਂ ਮਿਲਿਆ ਰਹੇਗਾ ਜੇਹੜਾ ਤੈਨੂੰ ਸਦਾ ਸੁੱਚਾ ਰੱਖ ਸਕੇ ॥੧॥ ਰਹਾਉ ॥

ਸਾਧਸੰਗਿ ਉਧਾਰਿ ਇਹੁ ਮਨੁ ਆਠ ਪਹਰ ਆਰਾਧਿ ॥

ਗੁਰੂ ਦੀ ਸੰਗਤ ਵਿਚ ਟਿਕ ਕੇ ਆਪਣੇ ਇਸ ਮਨ ਨੂੰ (ਵਿਕਾਰਾਂ ਤੋਂ) ਬਚਾਈ ਰੱਖ, ਅੱਠੇ ਪਹਰ ਪਰਮਾਤਮਾ ਦਾ ਆਰਾਧਨ ਕਰਦਾ ਰਹੁ,

ਕਾਮੁ ਕ੍ਰੋਧੁ ਅਹੰਕਾਰੁ ਬਿਨਸੈ ਮਿਟੈ ਸਗਲ ਉਪਾਧਿ ॥੨॥

ਇਸ ਤਰ੍ਹਾਂ; (ਤੇਰੇ ਅੰਦਰੋਂ) ਕਾਮ ਕ੍ਰੋਧ ਅਹੰਕਾਰ ਨਾਸ ਹੋ ਜਾਇਗਾ, ਤੇਰਾ ਹਰੇਕ ਰੋਗ ਦੂਰ ਹੋ ਜਾਇਗਾ ॥੨॥

ਅਟਲ ਅਛੇਦ ਅਭੇਦ ਸੁਆਮੀ ਸਰਣਿ ਤਾ ਕੀ ਆਉ ॥

ਉਸ ਮਾਲਕ-ਪ੍ਰਭੂ ਦੀ ਸਰਨ ਵਿਚ ਟਿਕਿਆ ਰਹੁ ਜੋ ਸਦਾ ਕਾਇਮ ਰਹਿਣ ਵਾਲਾ ਹੈ ਜੋ ਨਾਸ-ਰਹਿਤ ਹੈ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ।

ਚਰਣ ਕਮਲ ਅਰਾਧਿ ਹਿਰਦੈ ਏਕ ਸਿਉ ਲਿਵ ਲਾਉ ॥੩॥

ਆਪਣੇ ਹਿਰਦੇ ਵਿਚ ਪ੍ਰਭੂ ਦੇ ਸੋਹਣੇ ਕੋਮਲ ਚਰਨਾਂ ਦਾ ਆਰਾਧਨ ਕਰਿਆ ਕਰ, ਪਰਮਾਤਮਾ ਦੇ ਚਰਨਾਂ ਨਾਲ ਪਿਆਰ ਪਾਈ ਰੱਖ ॥੩॥

ਪਾਰਬ੍ਰਹਮਿ ਪ੍ਰਭਿ ਦਇਆ ਧਾਰੀ ਬਖਸਿ ਲੀਨ੍ਰੇ ਆਪਿ ॥

ਪਾਰਬ੍ਰਹਮ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਉਤੇ ਮੇਹਰ ਕੀਤੀ ਉਹਨਾਂ ਨੂੰ ਉਸ ਨੇ ਆਪ ਬਖ਼ਸ਼ ਲਿਆ (ਉਹਨਾਂ ਦੇ ਪਿਛਲੇ ਪਾਪ ਖਿਮਾ ਕਰ ਦਿੱਤੇ),

ਸਰਬ ਸੁਖ ਹਰਿ ਨਾਮੁ ਦੀਆ ਨਾਨਕ ਸੋ ਪ੍ਰਭੁ ਜਾਪਿ ॥੪॥੨॥੨੮॥

ਤੇ ਉਹਨਾਂ ਨੂੰ ਉਸਨੇ ਸਾਰੇ ਸੁਖਾਂ ਦਾ ਖ਼ਜ਼ਾਨਾ ਆਪਣਾ ਹਰਿ-ਨਾਮ ਦੇ ਦਿੱਤਾ। ਹੇ ਨਾਨਕ! ਤੂੰ ਭੀ ਉਸ ਪ੍ਰਭੂ ਦਾ ਨਾਮ ਜਪਿਆ ਕਰ ॥੪॥੨॥੨੮॥


ਗੂਜਰੀ ਮਹਲਾ ੫ ॥
ਗੁਰਪ੍ਰਸਾਦੀ ਪ੍ਰਭੁ ਧਿਆਇਆ ਗਈ ਸੰਕਾ ਤੂਟਿ ॥

ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਧਿਆਨ ਧਰਿਆ (ਉਸ ਦੇ ਅੰਦਰੋਂ) ਡੱਕੇ-ਡੋਲੇ ਖ਼ਤਮ ਹੋ ਗਏ,

ਦੁਖ ਅਨੇਰਾ ਭੈ ਬਿਨਾਸੇ ਪਾਪ ਗਏ ਨਿਖੂਟਿ ॥੧॥

ਉਸ ਦੇ ਸਾਰੇ ਦੁੱਖ, ਮਾਇਆ ਦੇ ਮੋਹ ਦਾ ਹਨੇਰਾ ਤੇ ਸਾਰੇ ਡਰ ਦੂਰ ਹੋ ਗਏ, ਅਤੇ ਉਸ ਦੇ ਸਾਰੇ ਪਾਪ ਮੁੱਕ ਗਏ ॥੧॥

ਹਰਿ ਹਰਿ ਨਾਮ ਕੀ ਮਨਿ ਪ੍ਰੀਤਿ ॥

ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦੇ ਨਾਮ ਦਾ ਪਿਆਰ ਪੈਦਾ ਹੋ ਜਾਂਦਾ ਹੈ,

ਮਿਲਿ ਸਾਧ ਬਚਨ ਗੋਬਿੰਦ ਧਿਆਏ ਮਹਾ ਨਿਰਮਲ ਰੀਤਿ ॥੧॥ ਰਹਾਉ ॥

ਤੇ ਜੇਹੜਾ ਮਨੁੱਖ ਗੁਰੂ ਨੂੰ ਮਿਲ ਕੇ ਗੁਰੂ ਦੀ ਬਾਣੀ ਦੀ ਰਾਹੀਂ ਗੋਬਿੰਦ ਦਾ ਧਿਆਨ ਧਰਦਾ ਹੈ, ਉਸ ਦੀ ਜੀਵਨ-ਜੁਗਤਿ ਬਹੁਤ ਪਵਿਤ੍ਰ ਹੋ ਜਾਂਦੀ ਹੈ ॥੧॥ ਰਹਾਉ ॥

ਜਾਪ ਤਾਪ ਅਨੇਕ ਕਰਣੀ ਸਫਲ ਸਿਮਰਤ ਨਾਮ ॥

ਜੀਵਨ-ਸਫਲਤਾ ਦੇਣ ਵਾਲਾ ਪ੍ਰਭੂ-ਨਾਮ ਸਿਮਰਦਿਆਂ ਸਾਰੇ ਜਪ ਤਪ ਤੇ ਅਨੇਕਾਂ ਹੀ ਮਿਥੇ ਹੋਏ ਧਾਰਮਿਕ ਕੰਮ ਵਿਚੇ ਹੀ ਆ ਜਾਂਦੇ ਹਨ।

ਕਰਿ ਅਨੁਗ੍ਰਹੁ ਆਪਿ ਰਾਖੇ ਭਏ ਪੂਰਨ ਕਾਮ ॥੨॥

ਪਰਮਾਤਮਾ ਮੇਹਰ ਕਰ ਕੇ ਜਿਨ੍ਹਾਂ ਮਨੁੱਖਾਂ ਨੂੰ (ਆਪਣੇ ਚਰਨਾਂ ਵਿਚ ਟਿਕਾਈ) ਰੱਖਦਾ ਹੈ ਉਹਨਾਂ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ॥੨॥

ਸਾਸਿ ਸਾਸਿ ਨ ਬਿਸਰੁ ਕਬਹੂੰ ਬ੍ਰਹਮ ਪ੍ਰਭ ਸਮਰਥ ॥

ਆਪਣੇ ਹਰੇਕ ਸਾਹ ਦੇ ਨਾਲ ਸਮਰੱਥ ਬ੍ਰਹਮ ਪਰਮਾਤਮਾ ਨੂੰ ਯਾਦ ਕਰਦਾ ਰਹੁ, ਉਸ ਨੂੰ ਕਦੇ ਨਾਹ ਵਿਸਾਰ।

ਗੁਣ ਅਨਿਕ ਰਸਨਾ ਕਿਆ ਬਖਾਨੈ ਅਗਨਤ ਸਦਾ ਅਕਥ ॥੩॥

ਉਸ ਪਰਮਾਤਮਾ ਦੇ ਬੇਅੰਤ ਗੁਣ ਹਨ, ਗਿਣੇ ਨਹੀਂ ਜਾ ਸਕਦੇ, ਮਨੁੱਖ ਦੀ ਜੀਭ ਉਹਨਾਂ ਨੂੰ ਬਿਆਨ ਨਹੀਂ ਕਰ ਸਕਦੀ। ਉਸ ਪਰਮਾਤਮਾ ਦਾ ਸਰੂਪ ਸਦਾ ਹੀ ਬਿਆਨ ਤੋਂ ਪਰੇ ਹੈ ॥੩॥

ਦੀਨ ਦਰਦ ਨਿਵਾਰਿ ਤਾਰਣ ਦਇਆਲ ਕਿਰਪਾ ਕਰਣ ॥

ਪਰਮਾਤਮਾ ਗ਼ਰੀਬਾਂ ਦੇ ਦੁੱਖ ਦੂਰ ਕਰ ਕੇ ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੇ ਸਮਰੱਥ ਹੈ, ਦਇਆ ਦਾ ਘਰ ਹੈ, ਉਹ ਹਰੇਕ ਉੱਤੇ ਕਿਰਪਾ ਕਰਨ ਵਾਲਾ ਹੈ,

ਅਟਲ ਪਦਵੀ ਨਾਮ ਸਿਮਰਣ ਦ੍ਰਿੜੁ ਨਾਨਕ ਹਰਿ ਹਰਿ ਸਰਣ ॥੪॥੩॥੨੯॥

ਉਸ ਦਾ ਨਾਮ ਸਿਮਰਿਆਂ ਅਟੱਲ ਆਤਮਕ ਜੀਵਨ ਦਾ ਦਰਜਾ ਮਿਲ ਜਾਂਦਾ ਹੈ। ਹੇ ਨਾਨਕ! ਹਰਿ-ਨਾਮ ਨੂੰ ਆਪਣੇ ਹਿਰਦੇ ਵਿਚ ਪੱਕਾ ਟਿਕਾਈ ਰੱਖ, ਪਰਮਾਤਮਾ ਦੀ ਸਰਨ ਪਿਆ ਰਹੁ ॥੪॥੩॥੨੯॥


ਗੂਜਰੀ ਮਹਲਾ ੫ ॥
ਅਹੰਬੁਧਿ ਬਹੁ ਸਘਨ ਮਾਇਆ ਮਹਾ ਦੀਰਘ ਰੋਗੁ ॥

ਅਹੰਕਾਰ ਇਕ ਬੜਾ ਲੰਮਾ ਰੋਗ ਹੈ, ਮਾਇਆ ਨਾਲ ਡੂੰਘਾ ਪਿਆਰ ਬੜਾ ਪੁਰਾਣਾ ਰੋਗ ਹੈ (ਇਸ ਰੋਗ ਤੋਂ ਉਸ ਵਡ-ਭਾਗੀ ਮਨੁੱਖ ਦੀ ਖ਼ਲਾਸੀ ਹੁੰਦੀ ਹੈ ਜਿਸ ਨੂੰ)

ਹਰਿ ਨਾਮੁ ਅਉਖਧੁ ਗੁਰਿ ਨਾਮੁ ਦੀਨੋ ਕਰਣ ਕਾਰਣ ਜੋਗੁ ॥੧॥

ਗੁਰੂ ਨੇ ਪਰਮਾਤਮਾ ਦਾ ਨਾਮ-ਦਾਰੂ ਦੇ ਦਿੱਤਾ। ਪ੍ਰਭੂ ਦਾ ਨਾਮ ਜਗਤ ਦੇ ਮੂਲ-ਪ੍ਰਭੂ ਨਾਲ ਮਿਲਾਣ ਦੀ ਸਮਰੱਥਾ ਰੱਖਦਾ ਹੈ ॥੧॥

ਮਨਿ ਤਨਿ ਬਾਛੀਐ ਜਨ ਧੂਰਿ ॥

ਆਪਣੇ ਮਨ ਵਿਚ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਸੇਵਕਾਂ ਦੀ ਚਰਨ-ਧੂੜ (ਦੀ ਪ੍ਰਾਪਤੀ) ਦੀ ਤਾਂਘ ਕਰਦੇ ਰਹਿਣਾ ਚਾਹੀਦਾ ਹੈ,

ਕੋਟਿ ਜਨਮ ਕੇ ਲਹਹਿ ਪਾਤਿਕ ਗੋਬਿੰਦ ਲੋਚਾ ਪੂਰਿ ॥੧॥ ਰਹਾਉ ॥

(ਤੇ, ਪ੍ਰਭੂ ਚਰਨਾਂ ਵਿਚ ਅਰਦਾਸ ਕਰਨੀ ਚਾਹੀਦੀ ਹੈ) ਹੇ ਗੋਬਿੰਦ! (ਮੇਰੀ ਇਹ) ਤਾਂਘ ਪੂਰੀ ਕਰ (ਕਿਉਂਕਿ ‘ਜਨ-ਧੂਰਿ’ ਦੀ ਬਰਕਤਿ ਨਾਲ) ਕ੍ਰੋੜਾਂ ਜਨਮਾਂ ਦੇ ਪਾਪ ਲਹਿ ਜਾਂਦੇ ਹਨ ॥੧॥ ਰਹਾਉ ॥

ਆਦਿ ਅੰਤੇ ਮਧਿ ਆਸਾ ਕੂਕਰੀ ਬਿਕਰਾਲ ॥

(ਮਾਇਕ ਪਦਾਰਥਾਂ ਦੀ) ਆਸਾ (ਇਕ) ਡਰਾਉਣੀ ਕੁੱਤੀ ਹੈ ਜੋ ਹਰ ਵੇਲੇ (ਜੀਵਾਂ ਦੇ ਮਨ ਵਿਚ ਹੋਰ ਹੋਰ ਪਦਾਰਥਾਂ ਲਈ ਭੌਂਕਦੀ ਰਹਿੰਦੀ ਹੈ, ਤੇ, ਜੀਵਾਂ ਵਾਸਤੇ ਆਤਮਕ ਮੌਤ ਦਾ ਜਾਲ ਖਿਲਾਰੀ ਰੱਖਦੀ ਹੈ)।

ਗੁਰ ਗਿਆਨ ਕੀਰਤਨ ਗੋਬਿੰਦ ਰਮਣੰ ਕਾਟੀਐ ਜਮ ਜਾਲ ॥੨॥

ਆਤਮਕ ਮੌਤ ਦਾ (ਇਹ) ਜਾਲ ਗੁਰੂ ਦੇ ਦਿੱਤੇ ਗਿਆਨ (ਆਤਮਕ ਜੀਵਨ ਬਾਰੇ ਸਹੀ ਸੂਝ) ਅਤੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਣ ਨਾਲ ਕੱਟਿਆ ਜਾਂਦਾ ਹੈ ॥੨॥

ਕਾਮ ਕ੍ਰੋਧ ਲੋਭ ਮੋਹ ਮੂਠੇ ਸਦਾ ਆਵਾ ਗਵਣ ॥

ਜੇਹੜੇ ਮਨੁੱਖ ਕਾਮ ਕ੍ਰੋਧ ਲੋਭ (ਆਦਿਕ ਚੋਰਾਂ) ਪਾਸੋਂ (ਆਪਣਾ ਆਤਮਕ ਜੀਵਨ) ਲੁਟਾਂਦੇ ਰਹਿੰਦੇ ਹਨ, ਉਹਨਾਂ ਵਾਸਤੇ ਜਨਮ ਮਰਨ ਦਾ ਗੇੜ ਸਦਾ ਬਣਿਆ ਰਹਿੰਦਾ ਹੈ।

ਪ੍ਰਭ ਪ੍ਰੇਮ ਭਗਤਿ ਗੁਪਾਲ ਸਿਮਰਣ ਮਿਟਤ ਜੋਨੀ ਭਵਣ ॥੩॥

ਪਰਮਾਤਮਾ ਨਾਲ ਪਿਆਰ ਪਾਇਆਂ, ਗੋਪਾਲ ਦੀ ਭਗਤੀ ਕੀਤਿਆਂ, ਹਰਿ-ਨਾਮ ਦਾ ਸਿਮਰਨ ਕੀਤਿਆਂ ਅਨੇਕਾਂ ਜੂਨਾਂ ਵਿਚ ਭਟਕਣਾ ਮੁੱਕ ਜਾਂਦਾ ਹੈ ॥੩॥

ਮਿਤ੍ਰ ਪੁਤ੍ਰ ਕਲਤ੍ਰ ਸੁਰ ਰਿਦ ਤੀਨਿ ਤਾਪ ਜਲੰਤ ॥

ਮਿੱਤਰ, ਪੁੱਤਰ, ਇਸਤ੍ਰੀ ਰਿਸ਼ਤੇਦਾਰ (ਆਦਿਕਾਂ ਦੇ ਮੋਹ ਵਿਚ ਫਸਿਆਂ ਆਧਿ, ਵਿਆਧਿ, ਉਪਾਧਿ) ਤਿੰਨੇ ਤਾਪ ਮਨੁੱਖ (ਦੇ ਆਤਮਕ ਜੀਵਨ) ਨੂੰ ਸਾੜਦੇ ਰਹਿੰਦੇ ਹਨ।

ਜਪਿ ਰਾਮ ਰਾਮਾ ਦੁਖ ਨਿਵਾਰੇ ਮਿਲੈ ਹਰਿ ਜਨ ਸੰਤ ॥੪॥

ਜੇਹੜਾ ਮਨੁੱਖ ਪਰਮਾਤਮਾ ਦੇ ਸੇਵਕਾਂ ਨੂੰ ਸੰਤ ਜਨਾਂ ਨੂੰ ਮਿਲ ਪੈਂਦਾ ਹੈ ਉਹ ਪਰਮਾਤਮਾ ਦਾ ਨਾਮ ਸਦਾ ਜਪ ਕੇ (ਆਪਣੇ ਸਾਰੇ) ਦੁੱਖ ਦੂਰ ਕਰ ਲੈਂਦਾ ਹੈ ॥੪॥

ਸਰਬ ਬਿਧਿ ਭ੍ਰਮਤੇ ਪੁਕਾਰਹਿ ਕਤਹਿ ਨਾਹੀ ਛੋਟਿ ॥

(“ਬਿਕਰਾਲ ਆਸਾ ਕੂਕਰੀ” ਦੇ ਪੰਜੇ ਵਿਚ ਫਸ ਕੇ ਜੀਵ) ਅਨੇਕਾਂ ਤਰੀਕਿਆਂ ਨਾਲ ਭਟਕਦੇ ਫਿਰਦੇ ਹਨ (ਤੇ, ਦੁੱਖੀ ਹੋ ਕੇ) ਪੁਕਾਰਦੇ ਹਨ, ਕਿਸੇ ਭੀ ਤਰੀਕੇ ਨਾਲ ਉਹਨਾਂ ਦੀ (ਇਸ “ਬਿਕਰਾਲ ਆਸਾ ਕੂਕਰੀ” ਪਾਸੋਂ) ਖ਼ਲਾਸੀ ਨਹੀਂ ਹੁੰਦੀ।

ਹਰਿ ਚਰਣ ਸਰਣ ਅਪਾਰ ਪ੍ਰਭ ਕੇ ਦ੍ਰਿੜੁ ਗਹੀ ਨਾਨਕ ਓਟ ॥੫॥੪॥੩੦॥

ਹੇ ਨਾਨਕ! (ਮੈਂ ਇਸ ਤੋਂ ਬਚਣ ਲਈ) ਬੇਅੰਤ ਪ੍ਰਭੂ ਦੇ ਚਰਨਾਂ ਦੀ ਸਰਨ ਚਰਨਾਂ ਦੀ ਓਟ ਪੱਕੀ ਤਰ੍ਹਾਂ ਫੜ ਲਈ ਹੈ ॥੫॥੪॥੩੦॥


ਗੂਜਰੀ ਮਹਲਾ ੫ ਘਰੁ ੪ ਦੁਪਦੇ ॥

ਰਾਗ ਗੂਜਰੀ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਆਰਾਧਿ ਸ੍ਰੀਧਰ ਸਫਲ ਮੂਰਤਿ ਕਰਣ ਕਾਰਣ ਜੋਗੁ ॥

ਹੇ ਮਨ! ਉਸ ਲੱਛਮੀ-ਪਤੀ ਪ੍ਰਭੂ ਦੀ ਆਰਾਧਨਾ ਕਰਿਆ ਕਰ, ਜਿਸ ਦੇ ਸਰੂਪ ਦਾ ਦਰਸਨ ਜੀਵਨ ਨੂੰ ਕਾਮਯਾਬ ਕਰ ਦੇਂਦਾ ਹੈ, ਤੇ, ਜੋ ਜਗਤ ਦਾ ਸਮਰੱਥ ਮੂਲ ਹੈ।

ਗੁਣ ਰਮਣ ਸ੍ਰਵਣ ਅਪਾਰ ਮਹਿਮਾ ਫਿਰਿ ਨ ਹੋਤ ਬਿਓਗੁ ॥੧॥

ਉਸ ਬੇਅੰਤ ਪਰਮਾਤਮਾ ਦੀ ਵਡਿਆਈ ਤੇ ਗੁਣ ਗਾਵਿਆਂ ਤੇ ਸੁਣਿਆਂ ਮੁੜ ਕਦੇ ਉਸ ਦੇ ਚਰਨਾਂ ਨਾਲੋਂ ਵਿਛੋੜਾ ਨਹੀਂ ਹੁੰਦਾ ॥੧॥

ਮਨ ਚਰਣਾਰਬਿੰਦ ਉਪਾਸ ॥

ਹੇ ਮੇਰੇ ਮਨ! ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਦੀ ਉਪਾਸਨਾ ਕਰਦਾ ਰਿਹਾ ਕਰ।

ਕਲਿ ਕਲੇਸ ਮਿਟੰਤ ਸਿਮਰਣਿ ਕਾਟਿ ਜਮਦੂਤ ਫਾਸ ॥੧॥ ਰਹਾਉ ॥

(ਹਰਿ-ਨਾਮ-) ਸਿਮਰਨ ਦੀ ਬਰਕਤਿ ਨਾਲ ਸਾਰੇ ਦੁੱਖ-ਕਲੇਸ਼ ਮਿਟ ਜਾਂਦੇ ਹਨ (ਸਿਮਰਨ ਨਾਲ) ਤੂੰ ਜਮਦੂਤਾਂ ਦੀਆਂ ਮੋਹ ਦੀਆਂ ਉਹ ਫਾਹੀਆਂ ਕੱਟ ਲੈ (ਜੋ ਆਤਮਕ ਮੌਤ ਲਿਆਉਂਦੀਆਂ ਹਨ) ॥੧॥ ਰਹਾਉ ॥

ਸਤ੍ਰੁ ਦਹਨ ਹਰਿ ਨਾਮ ਕਹਨ ਅਵਰ ਕਛੁ ਨ ਉਪਾਉ ॥

ਹੇ ਮਨ! ਪਰਮਾਤਮਾ ਦਾ ਨਾਮ ਸਿਮਰਨਾ ਹੀ ਕਾਮਾਦਿਕ ਵੈਰੀਆਂ ਨੂੰ ਸਾੜਨ ਲਈ ਵਸੀਲਾ ਹੈ, (ਇਸ ਤੋਂ ਬਿਨਾ ਇਹਨਾਂ ਤੋਂ ਬਚਣ ਲਈ) ਹੋਰ ਕੋਈ ਤਰੀਕਾ ਨਹੀਂ ਹੈ।

ਕਰਿ ਅਨੁਗ੍ਰਹੁ ਪ੍ਰਭੂ ਮੇਰੇ ਨਾਨਕ ਨਾਮ ਸੁਆਉ ॥੨॥੧॥੩੧॥

ਹੇ ਨਾਨਕ! (ਆਖ-) ਹੇ ਮੇਰੇ ਪ੍ਰਭੂ! ਮੇਹਰ ਕਰ, ਤੇਰਾ ਨਾਮ ਸਿਮਰਨਾ ਹੀ ਮੇਰੇ ਜੀਵਨ ਦਾ ਮਨੋਰਥ ਬਣਿਆ ਰਹੇ ॥੨॥੧॥੩੧॥


ਗੂਜਰੀ ਮਹਲਾ ੫ ॥
ਤੂੰ ਸਮਰਥੁ ਸਰਨਿ ਕੋ ਦਾਤਾ ਦੁਖ ਭੰਜਨੁ ਸੁਖ ਰਾਇ ॥

ਹੇ ਪ੍ਰਭੂ! ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈਂ, ਤੂੰ ਸਰਨ ਆਏ ਨੂੰ ਸਹਾਰਾ ਦੇਣ ਵਾਲਾ ਹੈਂ, ਤੂੰ (ਜੀਵਾਂ ਦੇ) ਦੁੱਖ ਦੂਰ ਕਰਨ ਵਾਲਾ ਹੈਂ, ਤੇ ਸੁਖ ਦੇਣ ਵਾਲਾ ਹੈਂ।

ਜਾਹਿ ਕਲੇਸ ਮਿਟੇ ਭੈ ਭਰਮਾ ਨਿਰਮਲ ਗੁਣ ਪ੍ਰਭ ਗਾਇ ॥੧॥

ਤੇਰੇ ਪਵਿਤ੍ਰ ਗੁਣ ਗਾ ਗਾ ਕੇ ਜੀਵਾਂ ਦੇ ਦੁੱਖ ਦੂਰ ਹੋ ਜਾਂਦੇ ਹਨ, ਸਾਰੇ ਡਰ ਭਰਮ ਮਿਟ ਜਾਂਦੇ ਹਨ ॥੧॥

ਗੋਵਿੰਦ ਤੁਝ ਬਿਨੁ ਅਵਰੁ ਨ ਠਾਉ ॥

ਹੇ ਮੇਰੇ ਗੋਵਿੰਦ! ਤੈਥੋਂ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ।

ਕਰਿ ਕਿਰਪਾ ਪਾਰਬ੍ਰਹਮ ਸੁਆਮੀ ਜਪੀ ਤੁਮਾਰਾ ਨਾਉ ॥ ਰਹਾਉ ॥

ਹੇ ਪਾਰਬ੍ਰਹਮ! ਹੇ ਸੁਆਮੀ! (ਮੇਰੇ ਉਤੇ) ਮੇਹਰ ਕਰ, ਮੈਂ (ਸਦਾ) ਤੇਰਾ ਨਾਮ ਜਪਦਾ ਰਹਾਂ। ਰਹਾਉ॥

ਸਤਿਗੁਰ ਸੇਵਿ ਲਗੇ ਹਰਿ ਚਰਨੀ ਵਡੈ ਭਾਗਿ ਲਿਵ ਲਾਗੀ ॥

ਜੇਹੜੇ ਮਨੁੱਖ ਵੱਡੀ ਕਿਸਮਤਿ ਨਾਲ ਗੁਰੂ ਦੀ ਸਰਨ ਪੈ ਕੇ ਪ੍ਰਭੂ-ਚਰਨਾਂ ਵਿਚ ਜੁੜਦੇ ਹਨ, ਉਹਨਾਂ ਦੀ ਲਗਨ (ਪਰਮਾਤਮਾ ਨਾਲ) ਲੱਗ ਜਾਂਦੀ ਹੈ,

ਕਵਲ ਪ੍ਰਗਾਸ ਭਏ ਸਾਧਸੰਗੇ ਦੁਰਮਤਿ ਬੁਧਿ ਤਿਆਗੀ ॥੨॥

ਗੁਰੂ ਦੀ ਸੰਗਤ ਵਿਚ ਰਹਿ ਕੇ ਉਹਨਾਂ ਦੇ ਹਿਰਦੇ-ਕੌਲ ਖਿੜ ਜਾਂਦੇ ਹਨ, ਉਹ ਖੋਟੀ ਮਤਿ ਵਾਲੀ ਬੁੱਧੀ ਤਿਆਗ ਦੇਂਦੇ ਹਨ ॥੨॥

ਆਠ ਪਹਰ ਹਰਿ ਕੇ ਗੁਣ ਗਾਵੈ ਸਿਮਰੈ ਦੀਨ ਦੈਆਲਾ ॥

ਜੇਹੜਾ ਮਨੁੱਖ ਅੱਠੇ ਪਹਰ ਪਰਮਾਤਮਾ ਦੇ ਗੁਣ ਗਾਂਦਾ ਹੈ, ਦੀਨਾਂ ਉਤੇ ਦਇਆ ਕਰਨ ਵਾਲੇ ਦਾ ਨਾਮ ਸਿਮਰਦਾ ਹੈ,

ਆਪਿ ਤਰੈ ਸੰਗਤਿ ਸਭ ਉਧਰੈ ਬਿਨਸੇ ਸਗਲ ਜੰਜਾਲਾ ॥੩॥

ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਉਸ ਦੇ ਨਾਲ ਮੇਲ ਰੱਖਣ ਵਾਲਾ ਸਾਥ ਭੀ ਪਾਰ ਲੰਘ ਜਾਂਦਾ ਹੈ, ਉਸ ਦੇ ਸਾਰੇ ਮਾਇਕ-ਬੰਧਨ ਨਾਸ ਹੋ ਜਾਂਦੇ ਹਨ ॥੩॥

ਚਰਣ ਅਧਾਰੁ ਤੇਰਾ ਪ੍ਰਭ ਸੁਆਮੀ ਓਤਿ ਪੋਤਿ ਪ੍ਰਭੁ ਸਾਥਿ ॥

ਹੇ ਪ੍ਰਭੂ! ਹੇ ਸੁਆਮੀ! ਜਿਸ ਮਨੁੱਖ ਨੇ ਤੇਰੇ ਚਰਨਾਂ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਬਣਾ ਲਿਆ, ਤੂੰ ਮਾਲਕ ਤਾਣੇ ਪੇਟੇ ਵਾਂਗ ਸਦਾ ਉਸ ਦੇ ਨਾਲ ਰਹਿੰਦਾ ਹੈਂ।

ਸਰਨਿ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰਿ ਹਾਥ ॥੪॥੨॥੩੨॥

ਹੇ ਨਾਨਕ! (ਆਖ-) ਹੇ ਪ੍ਰਭੂ! ਜੇਹੜਾ ਮਨੁੱਖ ਤੇਰੀ ਸਰਨ ਆ ਪਿਆ, ਹੇ ਹਰੀ! ਤੂੰ ਉਸ ਨੂੰ ਆਪਣੇ ਹੱਥ ਦੇ ਕੇ (ਸੰਸਾਰ-ਸਮੁੰਦਰ ਤੋਂ) ਬਚਾਂਦਾ ਹੈਂ ॥੪॥੨॥੩੨॥


ਗੂਜਰੀ ਅਸਟਪਦੀਆ ਮਹਲਾ ੧ ਘਰੁ ੧ ॥

ਰਾਗ ਗੂਜਰੀ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਏਕ ਨਗਰੀ ਪੰਚ ਚੋਰ ਬਸੀਅਲੇ ਬਰਜਤ ਚੋਰੀ ਧਾਵੈ ॥

ਇਸ ਇਕੋ ਹੀ (ਸਰੀਰ-) ਨਗਰ ਵਿਚ (ਕਾਮਾਦਿਕ) ਪੰਜ ਚੋਰ ਵੱਸੇ ਹੋਏ ਹਨ, ਵਰਜਦਿਆਂ ਭੀ (ਇਹਨਾਂ ਵਿਚੋਂ ਹਰੇਕ ਇਸ ਨਗਰ ਵਿਚਲੇ ਆਤਮਕ ਗੁਣਾਂ ਨੂੰ) ਚੁਰਾਣ ਲਈ ਉੱਠ ਦੌੜਦਾ ਹੈ।

ਤ੍ਰਿਹਦਸ ਮਾਲ ਰਖੈ ਜੋ ਨਾਨਕ ਮੋਖ ਮੁਕਤਿ ਸੋ ਪਾਵੈ ॥੧॥

(ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾ ਕੇ) ਜੇਹੜਾ ਮਨੁੱਖ (ਇਹਨਾਂ ਪੰਜਾਂ ਤੋਂ) ਮਾਇਆ ਦੇ ਤਿੰਨ ਗੁਣਾਂ ਤੋਂ ਅਤੇ ਦਸ ਇੰਦ੍ਰਿਆਂ ਤੋਂ (ਆਪਣਾ ਆਤਮਕ ਗੁਣਾਂ ਦਾ) ਸਰਮਾਇਆ ਬਚਾ ਰੱਖਦਾ ਹੈ, ਹੇ ਨਾਨਕ! ਉਹ (ਇਹਨਾਂ ਤੋਂ) ਸਦਾ ਲਈ ਖ਼ਲਾਸੀ ਪ੍ਰਾਪਤ ਕਰ ਲੈਂਦਾ ਹੈ ॥੧॥

ਚੇਤਹੁ ਬਾਸੁਦੇਉ ਬਨਵਾਲੀ ॥

ਸਰਬ-ਵਿਆਪਕ ਜਗਤ-ਮਾਲਕ ਪਰਮਾਤਮਾ ਨੂੰ ਸਦਾ ਚੇਤੇ ਰੱਖੋ।

ਰਾਮੁ ਰਿਦੈ ਜਪਮਾਲੀ ॥੧॥ ਰਹਾਉ ॥

ਪ੍ਰਭੂ ਨੂੰ ਆਪਣੇ ਹਿਰਦੇ ਵਿਚ ਟਿਕਾਓ ਤੇ (ਇਸ ਨੂੰ ਆਪਣੀ) ਮਾਲਾ ਬਣਾਉ ॥੧॥ ਰਹਾਉ ॥

ਉਰਧ ਮੂਲ ਜਿਸੁ ਸਾਖ ਤਲਾਹਾ ਚਾਰਿ ਬੇਦ ਜਿਤੁ ਲਾਗੇ ॥

ਜਿਸ ਮਾਇਆ ਦਾ ਮੂਲ-ਪ੍ਰਭੂ, ਮਾਇਆ ਦੇ ਪ੍ਰਭਾਵ ਤੋਂ ਉੱਚਾ ਹੈ, ਜਗਤ ਪਸਾਰਾ ਜਿਸ ਮਾਇਆ ਦੇ ਪ੍ਰਭਾਵ ਹੇਠ ਹੈ, ਚਾਰੇ ਵੇਦ ਜਿਸ (ਮਾਇਆ ਦੇ ਬਲ ਦੇ ਜ਼ਿਕਰ) ਵਿਚ ਲੱਗੇ ਰਹੇ ਹਨ,

ਸਹਜ ਭਾਇ ਜਾਇ ਤੇ ਨਾਨਕ ਪਾਰਬ੍ਰਹਮ ਲਿਵ ਜਾਗੇ ॥੨॥

ਉਹ ਮਾਇਆ ਸਹਜੇ ਹੀ (ਉਹਨਾਂ ਬੰਦਿਆਂ ਤੋਂ) ਪਰੇ ਹਟ ਜਾਂਦੀ ਹੈ (ਜੋ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਂਦੇ ਹਨ, ਕਿਉਂਕਿ) ਉਹ ਬੰਦੇ, ਹੇ ਨਾਨਕ! ਪਰਮਾਤਮਾ (ਦੇ ਚਰਨਾਂ) ਵਿਚ ਸੁਰਤਿ ਜੋੜ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ ॥੨॥

ਪਾਰਜਾਤੁ ਘਰਿ ਆਗਨਿ ਮੇਰੈ ਪੁਹਪ ਪਤ੍ਰ ਤਤੁ ਡਾਲਾ ॥

ਉਹ (ਸਰਬ-ਇੱਛਾ-ਪੂਰਕ) ਪਾਰਜਾਤ (-ਪ੍ਰਭੂ) ਮੇਰੇ ਹਿਰਦੇ-ਆਂਗਨ ਵਿਚ ਪਰਗਟ ਹੋ ਗਿਆ ਹੈ (ਜਿਸ ਪਾਰਜਾਤ-ਪ੍ਰਭੂ ਦਾ) ਇਹ ਸਾਰਾ ਜਗਤ ਫੁੱਲ ਪੱਤਰ ਡਾਲੀਆਂ ਆਦਿਕ ਪਸਾਰਾ ਹੈ,

ਸਰਬ ਜੋਤਿ ਨਿਰੰਜਨ ਸੰਭੂ ਛੋਡਹੁ ਬਹੁਤੁ ਜੰਜਾਲਾ ॥੩॥

ਜੋ ਪ੍ਰਭੂ ਸਾਰੇ ਜਗਤ ਦਾ ਮੂਲ ਹੈ, ਜਿਸ ਦੀ ਜੋਤਿ ਸਭ ਜੀਵਾਂ ਵਿਚ ਪਸਰ ਰਹੀ ਹੈ, ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ। (ਤੁਸੀ ਭੀ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਉ, ਇਸ ਤਰ੍ਹਾਂ) ਮਾਇਆ ਦੇ ਬਹੁਤੇ ਜੰਜਾਲ ਛੱਡ ਸਕੋਗੇ ॥੩॥

ਸੁਣਿ ਸਿਖਵੰਤੇ ਨਾਨਕੁ ਬਿਨਵੈ ਛੋਡਹੁ ਮਾਇਆ ਜਾਲਾ ॥

ਹੇ ਸਿੱਖਿਆ ਸੁਣਨ ਵਾਲੇ ਭਾਈ! ਜੋ ਬੇਨਤੀ ਨਾਨਕ ਕਰਦਾ ਹੈ ਉਹ ਸੁਣ! (ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਧਾਰਨ ਕਰ, ਇਸ ਤਰ੍ਹਾਂ ਤੂੰ) ਮਾਇਆ ਦੇ ਬੰਧਨ ਤਿਆਗ ਸਕੇਂਗਾ।

ਮਨਿ ਬੀਚਾਰਿ ਏਕ ਲਿਵ ਲਾਗੀ ਪੁਨਰਪਿ ਜਨਮੁ ਨ ਕਾਲਾ ॥੪॥

ਜਿਸ ਮਨੁੱਖ ਦੇ ਮਨ ਦੇ ਸੋਚ-ਮੰਡਲ ਵਿਚ ਇਕ ਪਰਮਾਤਮਾ ਦੀ ਲਿਵ ਲੱਗ ਜਾਂਦੀ ਹੈ ਉਸ ਨੂੰ ਮੁੜ ਮੁੜ ਜਨਮ ਮਰਨ (ਦਾ ਗੇੜ) ਨਹੀਂ ਹੁੰਦਾ ॥੪॥

ਸੋ ਗੁਰੂ ਸੋ ਸਿਖੁ ਕਥੀਅਲੇ ਸੋ ਵੈਦੁ ਜਿ ਜਾਣੈ ਰੋਗੀ ॥

ਉਸ ਨੂੰ ਗੁਰੂ ਕਿਹਾ ਜਾ ਸਕਦਾ ਹੈ, (ਅਸਲ) ਸਿੱਖ ਕਿਹਾ ਜਾ ਸਕਦਾ ਹੈ, ਜਾਂ (ਅਸਲ) ਵੈਦ ਕਿਹਾ ਜਾ ਸਕਦਾ ਹੈ ਜੋ ਹੋਰ (ਆਤਮਕ) ਰੋਗੀਆਂ ਦੇ ਰੋਗ ਸਮਝ ਲੈਂਦਾ ਹੈ।

ਤਿਸੁ ਕਾਰਣਿ ਕੰਮੁ ਨ ਧੰਧਾ ਨਾਹੀ ਧੰਧੈ ਗਿਰਹੀ ਜੋਗੀ ॥੫॥

ਪਰਮਾਤਮਾ ਦੇ ਸਿਮਰਨ ਦੀ ਬਰਕਤਿ ਨਾਲ ਦੁਨੀਆ ਦਾ ਕੰਮ-ਧੰਧਾ ਉਸ ਨੂੰ ਵਿਆਪ ਨਹੀਂ ਸਕਦਾ, (ਪ੍ਰਭੂ ਦੇ ਸਿਮਰਨ ਸਦਕਾ) ਉਹ ਮਾਇਆ ਦੇ ਬੰਧਨ ਵਿਚ ਨਹੀਂ (ਫਸਦਾ), ਉਹ ਗ੍ਰਿਹਸਤੀ (ਹੁੰਦਾ ਭੀ) ਜੋਗੀ ਹੈ ॥੫॥

ਕਾਮੁ ਕ੍ਰੋਧੁ ਅਹੰਕਾਰੁ ਤਜੀਅਲੇ ਲੋਭੁ ਮੋਹੁ ਤਿਸ ਮਾਇਆ ॥

ਉਸ ਨੇ ਕਾਮ ਕ੍ਰੋਧ ਤੇ ਅਹੰਕਾਰ ਤਿਆਗ ਦਿੱਤਾ ਹੈ, ਉਸ ਨੇ ਲੋਭ ਮੋਹ ਤੇ ਮਾਇਆ ਦੀ ਤ੍ਰਿਸ਼ਨਾ ਛੱਡ ਦਿੱਤੀ ਹੈ,

ਮਨਿ ਤਤੁ ਅਵਿਗਤੁ ਧਿਆਇਆ ਗੁਰਪਰਸਾਦੀ ਪਾਇਆ ॥੬॥

ਜਿਸ ਮਨੁੱਖ ਨੇ ਗੁਰੂ ਦੀ ਮੇਹਰ ਨਾਲ ਆਪਣੇ ਮਨ ਵਿਚ ਜਗਤ-ਮੂਲ ਅਦ੍ਰਿਸ਼ਟ ਪ੍ਰਭੂ ਨੂੰ ਸਿਮਰਿਆ ਹੈ ਤੇ ਉਸ ਨਾਲ ਮਿਲਾਪ ਹਾਸਲ ਕਰ ਲਿਆ ਹੈ ॥੬॥

ਗਿਆਨੁ ਧਿਆਨੁ ਸਭ ਦਾਤਿ ਕਥੀਅਲੇ ਸੇਤ ਬਰਨ ਸਭਿ ਦੂਤਾ ॥

ਪਰਮਾਤਮਾ ਨਾਲ ਡੂੰਘੀ ਸਾਂਝ ਬਣਨੀ, ਪ੍ਰਭੂ-ਚਰਨਾਂ ਵਿਚ ਸੁਰਤਿ ਜੁੜਨੀ; ਇਹ ਸਭ ਪ੍ਰਭੂ ਦੀ ਦਾਤ ਹੀ ਕਹੀ ਜਾ ਸਕਦੀ ਹੈ, (ਜਿਸ ਨੂੰ ਇਹ ਦਾਤ ਮਿਲਦੀ ਹੈ ਉਸ ਨੂੰ ਤੱਕ ਕੇ) ਕਾਮਾਦਿਕ ਵੈਰੀਆਂ ਦਾ ਰੰਗ ਫੱਕ ਹੋ ਜਾਂਦਾ ਹੈ,

ਬ੍ਰਹਮ ਕਮਲ ਮਧੁ ਤਾਸੁ ਰਸਾਦੰ ਜਾਗਤ ਨਾਹੀ ਸੂਤਾ ॥੭॥

ਕਿਉਂਕਿ ਸਿਮਰਨ ਦੀ ਬਰਕਤਿ ਨਾਲ ਉਸ ਦੇ ਹਿਰਦੇ ਵਿਚ, ਮਾਨੋ) ਬ੍ਰਹਮ-ਰੂਪ ਕਮਲ ਦਾ ਸ਼ਹਿਦ (ਚੋਣ ਲੱਗ ਪੈਂਦਾ) ਹੈ, ਉਸ (ਨਾਮ-ਅੰਮ੍ਰਿਤ ਸ਼ਹਿਦ ਦਾ) ਰਸ ਉਹ ਮਨੁੱਖ ਚੱਖਦਾ ਹੈ (ਇਸ ਕਰਕੇ ਉਹ ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ, (ਮਾਇਆ-ਮੋਹ ਦੀ ਨੀਂਦ ਵਿਚ) ਗ਼ਾਫ਼ਿਲ ਨਹੀਂ ਹੁੰਦਾ ॥੭॥

ਮਹਾ ਗੰਭੀਰ ਪਤ੍ਰ ਪਾਤਾਲਾ ਨਾਨਕ ਸਰਬ ਜੁਆਇਆ ॥

ਹੇ ਨਾਨਕ! ਜੋ ਪ੍ਰਭੂ ਵੱਡੇ ਜਿਗਰੇ ਵਾਲਾ ਹੈ, ਸਾਰੇ ਪਾਤਾਲ (ਸਾਰਾ ਸੰਸਾਰ ਜਿਸ ਪਾਰਜਾਤ-ਪ੍ਰਭੂ) ਦੇ ਪੱਤਰ (ਪਸਾਰਾ) ਹਨ, ਜੋ ਸਭ ਜੀਵਾਂ ਵਿਚ ਵਿਆਪਕ ਹੈ,

ਉਪਦੇਸ ਗੁਰੂ ਮਮ ਪੁਨਹਿ ਨ ਗਰਭੰ ਬਿਖੁ ਤਜਿ ਅੰਮ੍ਰਿਤੁ ਪੀਆਇਆ ॥੮॥੧॥

ਗੁਰੂ ਦੇ ਉਪਦੇਸ ਦੀ ਬਰਕਤਿ ਨਾਲ ਮੈਂ ਉਸ ਦਾ ਨਾਮ-ਅੰਮ੍ਰਿਤ ਪੀਤਾ ਹੈ ਤੇ ਮਾਇਆ ਦਾ ਜ਼ਹਰ ਤਿਆਗਿਆ ਹੈ, ਹੁਣ ਮੇਰਾ ਮੁੜ ਮੁੜ ਗਰਭ-ਵਾਸ (ਜਨਮ ਮਰਨ) ਨਹੀਂ ਹੋਵੇਗਾ ॥੮॥੧॥


ਗੂਜਰੀ ਮਹਲਾ ੧ ॥
ਕਵਨ ਕਵਨ ਜਾਚਹਿ ਪ੍ਰਭ ਦਾਤੇ ਤਾ ਕੇ ਅੰਤ ਨ ਪਰਹਿ ਸੁਮਾਰ ॥

ਹੇ ਦਾਤਾਰ ਪ੍ਰਭੂ! ਬੇਅੰਤ ਜੀਵ (ਤੇਰੇ ਦਰ ਤੋਂ ਦਾਤਾਂ) ਮੰਗਦੇ ਹਨ ਉਹਨਾਂ ਦੀ ਗਿਣਤੀ ਦੇ ਅੰਤ ਨਹੀਂ ਪੈ ਸਕਦੇ।

ਜੈਸੀ ਭੂਖ ਹੋਇ ਅਭ ਅੰਤਰਿ ਤੂੰ ਸਮਰਥੁ ਸਚੁ ਦੇਵਣਹਾਰ ॥੧॥

ਜਿਹੋ ਜਿਹੀ (ਕਿਸੇ ਦੇ) ਧੁਰ ਅੰਦਰ (ਮੰਗਣ ਦੀ) ਭੁੱਖ ਹੁੰਦੀ ਹੈ, ਹੇ ਦੇਣਹਾਰ ਪ੍ਰਭੂ! ਤੂੰ (ਪੂਰੀ ਕਰਦਾ ਹੈਂ), ਤੂੰ ਸਦਾ-ਥਿਰ ਹੈਂ ਤੇ ਦਾਤਾਂ ਦੇਣ ਜੋਗਾ ਹੈਂ ॥੧॥

ਐ ਜੀ ਜਪੁ ਤਪੁ ਸੰਜਮੁ ਸਚੁ ਅਧਾਰ ॥

ਹੇ ਪ੍ਰਭੂ ਜੀ! ਤੇਰਾ ਨਾਮ ਹੀ (ਸਾਡੇ ਵਾਸਤੇ) ਜਪ ਹੈ ਤਪ ਹੈ ਸੰਜਮ ਹੈ, ਤੇਰਾ ਨਾਮ ਹੀ (ਸਾਡੇ ਵਾਸਤੇ) ਸਦਾ-ਥਿਰ ਰਹਿਣ ਵਾਲਾ ਆਸਰਾ ਹੈ,

ਹਰਿ ਹਰਿ ਨਾਮੁ ਦੇਹਿ ਸੁਖੁ ਪਾਈਐ ਤੇਰੀ ਭਗਤਿ ਭਰੇ ਭੰਡਾਰ ॥੧॥ ਰਹਾਉ ॥

(ਸਾਨੂੰ ਜੀਵਾਂ ਨੂੰ) ਆਪਣਾ ਨਾਮ ਦੇਹ (ਤੇਰੇ ਨਾਮ ਦੀ ਬਰਕਤਿ ਨਾਲ ਹੀ) ਆਤਮਕ ਆਨੰਦ ਮਿਲਦਾ ਹੈ (ਇਸ ਪਦਾਰਥ ਦੀ ਤੇਰੇ ਘਰ ਵਿਚ ਕੋਈ ਕਮੀ ਨਹੀਂ ਹੈ) ਤੇਰੀ ਭਗਤੀ ਦੇ (ਤੇਰੇ ਪਾਸ) ਖ਼ਜ਼ਾਨੇ ਭਰੇ ਪਏ ਹਨ ॥੧॥ ਰਹਾਉ ॥

ਸੁੰਨ ਸਮਾਧਿ ਰਹਹਿ ਲਿਵ ਲਾਗੇ ਏਕਾ ਏਕੀ ਸਬਦੁ ਬੀਚਾਰ ॥

(ਹੇ ਕਰਤਾਰ!) ਤਦੋਂ ਤੂੰ ਆਪ ਹੀ ਅਫੁਰ ਅਵਸਥਾ ਵਿਚ (ਆਪਣੇ ਅੰਦਰ) ਸੁਰਤਿ ਜੋੜ ਕੇ ਸਮਾਧੀ ਲਾਈ ਬੈਠਾ ਸੀ, ਤੂੰ ਇਕੱਲਾ ਆਪ ਹੀ ਆਪਣੇ ਇਰਾਦੇ ਨੂੰ ਸਮਝਦਾ ਸੀ,

ਜਲੁ ਥਲੁ ਧਰਣਿ ਗਗਨੁ ਤਹ ਨਾਹੀ ਆਪੇ ਆਪੁ ਕੀਆ ਕਰਤਾਰ ॥੨॥

ਜਦੋਂ ਤੂੰ ਆਪਣੇ ਆਪ ਨੂੰ ਆਪ ਹੀ ਪਰਗਟ ਕੀਤਾ ਸੀ, ਤਦੋਂ ਨਾਹ ਪਾਣੀ ਸੀ, ਨਾਹ ਸੁੱਕ ਸੀ, ਨਾਹ ਧਰਤੀ ਸੀ, ਨਾਹ ਆਕਾਸ਼ ਸੀ ॥੨॥

ਨਾ ਤਦਿ ਮਾਇਆ ਮਗਨੁ ਨ ਛਾਇਆ ਨਾ ਸੂਰਜ ਚੰਦ ਨ ਜੋਤਿ ਅਪਾਰ ॥

ਤਦੋਂ ਨਾਹ ਇਹ ਮਾਇਆ ਸੀ, ਨਾਹ ਇਸ ਮਾਇਆ ਦੇ ਪ੍ਰਭਾਵ ਵਿਚ ਮਸਤ ਕੋਈ ਜੀਵ ਸੀ, ਨਾਹ ਤਦੋਂ ਸੂਰਜ ਸੀ, ਨਾਹ ਚੰਦ੍ਰਮਾ ਸੀ, ਨਾਹ ਹੀ ਕੋਈ ਹੋਰ ਜੋਤਿ ਸੀ।

ਸਰਬ ਦ੍ਰਿਸਟਿ ਲੋਚਨ ਅਭ ਅੰਤਰਿ ਏਕਾ ਨਦਰਿ ਸੁ ਤ੍ਰਿਭਵਣ ਸਾਰ ॥੩॥

ਹੇ ਪ੍ਰਭੂ! ਸਾਰੇ ਜੀਵਾਂ ਨੂੰ ਵੇਖ ਸਕਣ ਵਾਲੀ ਤੇਰੀ ਅੱਖ, ਤਿੰਨਾਂ ਭਵਨਾਂ ਦੀ ਸਾਰ ਲੈ ਸਕਣ ਵਾਲੀ ਤੇਰੀ ਆਪਣੀ ਹੀ ਨਜ਼ਰ ਤੇਰੇ ਆਪਣੇ ਹੀ ਅੰਦਰ ਟਿਕੀ ਹੋਈ ਸੀ ॥੩॥

ਪਵਣੁ ਪਾਣੀ ਅਗਨਿ ਤਿਨਿ ਕੀਆ ਬ੍ਰਹਮਾ ਬਿਸਨੁ ਮਹੇਸ ਅਕਾਰ ॥

ਜਦੋਂ ਉਸ ਪਰਮਾਤਮਾ ਨੇ ਹਵਾ ਪਾਣੀ ਅੱਗ (ਆਦਿਕ ਤੱਤ) ਰਚੇ, ਤਾਂ ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕ ਦੇ ਵਜੂਦ ਰਚੇ।

ਸਰਬੇ ਜਾਚਿਕ ਤੂੰ ਪ੍ਰਭੁ ਦਾਤਾ ਦਾਤਿ ਕਰੇ ਅਪੁਨੈ ਬੀਚਾਰ ॥੪॥

ਹੇ ਪ੍ਰਭੂ! (ਇਹ ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕ) ਸਾਰੇ ਹੀ (ਤੇਰੇ ਪੈਦਾ ਕੀਤੇ ਜੀਵ ਤੇਰੇ ਦਰ ਦੇ) ਮੰਗਤੇ ਹਨ ਤੂੰ ਸਭ ਨੂੰ ਦਾਤਾਂ ਦੇਣ ਵਾਲਾ ਹੈਂ। (ਸਮਰੱਥ ਪ੍ਰਭੂ) ਆਪਣੀ ਵਿਚਾਰ ਅਨੁਸਾਰ (ਸਭ ਨੂੰ) ਦਾਤਾਂ ਦੇਂਦਾ ਹੈਂ ॥੪॥

ਕੋਟਿ ਤੇਤੀਸ ਜਾਚਹਿ ਪ੍ਰਭ ਨਾਇਕ ਦੇਦੇ ਤੋਟਿ ਨਾਹੀ ਭੰਡਾਰ ॥

ਹੇ ਸਭ ਦੀ ਅਗਵਾਈ ਕਰਨ ਵਾਲੇ ਪ੍ਰਭੂ! ਤੇਤੀ ਕ੍ਰੋੜ ਦੇਵਤੇ (ਭੀ ਤੇਰੇ ਦਰ ਤੋਂ) ਮੰਗਦੇ ਹਨ। (ਉਹਨਾਂ ਨੂੰ ਦਾਤਾਂ) ਦੇ ਦੇ ਕੇ ਤੇਰੇ ਖ਼ਜ਼ਾਨਿਆਂ ਵਿਚ ਘਾਟਾ ਨਹੀਂ ਪੈਂਦਾ।

ਊਂਧੈ ਭਾਂਡੈ ਕਛੁ ਨ ਸਮਾਵੈ ਸੀਧੈ ਅੰਮ੍ਰਿਤੁ ਪਰੈ ਨਿਹਾਰ ॥੫॥

(ਮਾਇਕ ਪਦਾਰਥ ਤਾਂ ਸਭ ਨੂੰ ਮਿਲਦੇ ਹਨ, ਪਰ) ਸਰਧਾ-ਹੀਨ ਹਿਰਦੇ ਵਿਚ (ਤੇਰੇ ਨਾਮ-ਅੰਮ੍ਰਿਤ ਦੀ ਦਾਤ ਵਿਚੋਂ) ਕੁਝ ਭੀ ਨਹੀਂ ਟਿਕਦਾ, ਤੇ ਸਰਧਾ-ਭਰਪੂਰ ਹਿਰਦੇ ਵਿਚ ਤੇਰੀ ਮੇਹਰ ਦੀ ਨਿਗਾਹ ਨਾਲ ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਟਿਕਦਾ ਹੈ ॥੫॥

ਸਿਧ ਸਮਾਧੀ ਅੰਤਰਿ ਜਾਚਹਿ ਰਿਧਿ ਸਿਧਿ ਜਾਚਿ ਕਰਹਿ ਜੈਕਾਰ ॥

ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ ਭੀ ਸਮਾਧੀ ਵਿਚ ਟਿਕ ਕੇ ਤੈਥੋਂ ਹੀ ਮੰਗਦੇ ਹਨ, ਕਰਾਮਾਤੀ ਤਾਕਤਾਂ ਮੰਗ ਮੰਗ ਕੇ ਤੇਰੀ ਜੈ-ਜੈ ਕਾਰ ਕਰਦੇ ਹਨ।

ਜੈਸੀ ਪਿਆਸ ਹੋਇ ਮਨ ਅੰਤਰਿ ਤੈਸੋ ਜਲੁ ਦੇਵਹਿ ਪਰਕਾਰ ॥੬॥

(ਇਹੀ ਆਖਦੇ ਹਨ-ਤੇਰੀ ਜੈ ਹੋਵੇ, ਤੇਰੀ ਜੈ ਹੋਵੇ) ਜਿਹੋ ਜਿਹੀ ਕਿਸੇ ਦੇ ਮਨ ਵਿਚ (ਮੰਗਣ ਦੀ) ਪਿਆਸ ਹੁੰਦੀ ਹੈ, ਤੂੰ, ਹੇ ਪ੍ਰਭੂ! ਉਸੇ ਕਿਸਮ ਦਾ ਜਲ ਦੇ ਦੇਂਦਾ ਹੈਂ ॥੬॥

ਬਡੇ ਭਾਗ ਗੁਰੁ ਸੇਵਹਿ ਅਪੁਨਾ ਭੇਦੁ ਨਾਹੀ ਗੁਰਦੇਵ ਮੁਰਾਰ ॥

ਪਰ ਅਸਲੀ ਵੱਡੇ ਭਾਗ ਉਹਨਾਂ ਬੰਦਿਆਂ ਦੇ ਹਨ ਜੋ ਆਪਣੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ। ਗੁਰੂ ਤੇ ਪਰਮਾਤਮਾ ਵਿਚ ਕੋਈ ਫ਼ਰਕ ਨਹੀਂ ਹੁੰਦਾ।

ਤਾ ਕਉ ਕਾਲੁ ਨਾਹੀ ਜਮੁ ਜੋਹੈ ਬੂਝਹਿ ਅੰਤਰਿ ਸਬਦੁ ਬੀਚਾਰ ॥੭॥

ਜੇਹੜੇ ਬੰਦੇ ਆਪਣੇ ਸੋਚ-ਮੰਡਲ ਵਿਚ (ਮਾਇਕ ਪਦਾਰਥਾਂ ਦੀ ਮੰਗ ਦੇ ਥਾਂ) ਗੁਰੂ ਦੇ ਸ਼ਬਦ ਨੂੰ ਸਮਝਦੇ ਹਨ, ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਢੁਕ ਸਕਦੀ ॥੭॥

ਅਬ ਤਬ ਅਵਰੁ ਨ ਮਾਗਉ ਹਰਿ ਪਹਿ ਨਾਮੁ ਨਿਰੰਜਨ ਦੀਜੈ ਪਿਆਰਿ ॥

(ਇਸ ਵਾਸਤੇ) ਮੈਂ ਕਦੇ ਭੀ ਪਰਮਾਤਮਾ ਪਾਸੋਂ ਹੋਰ ਕੁਝ ਨਹੀਂ ਮੰਗਦਾ। (ਮੈਂ ਇਹ ਅਰਦਾਸ ਕਰਦਾ ਹਾਂ:) ਹੇ ਨਿਰੰਜਨ ਪ੍ਰਭੂ! ਪਿਆਰ ਦੀ ਨਿਗਾਹ ਨਾਲ ਮੈਨੂੰ ਆਪਣਾ ਨਾਮ ਬਖ਼ਸ਼।

ਨਾਨਕ ਚਾਤ੍ਰਿਕੁ ਅੰਮ੍ਰਿਤ ਜਲੁ ਮਾਗੈ ਹਰਿ ਜਸੁ ਦੀਜੈ ਕਿਰਪਾ ਧਾਰਿ ॥੮॥੨॥

ਨਾਨਕ ਪਪੀਹਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਮੰਗਦਾ ਹੈ। ਹੇ ਹਰੀ! ਕਿਰਪਾ ਕਰ ਕੇ ਆਪਣੀ ਸਿਫ਼ਤ-ਸਾਲਾਹ ਦੇਹ ॥੮॥੨॥


ਗੂਜਰੀ ਮਹਲਾ ੧ ॥
ਐ ਜੀ ਜਨਮਿ ਮਰੈ ਆਵੈ ਫੁਨਿ ਜਾਵੈ ਬਿਨੁ ਗੁਰ ਗਤਿ ਨਹੀ ਕਾਈ ॥

ਹੇ ਭਾਈ! (ਜੇਹੜਾ ਮਨੁੱਖ ਗੁਰੂ ਦੀ ਸਰਨ ਨਹੀਂ ਪੈਂਦਾ, ਉਹ) ਜੰਮਦਾ ਹੈ ਮਰਦਾ ਹੈ ਫਿਰ ਜੰਮਦਾ ਹੈ ਮਰਦਾ ਹੈ। ਉਸ ਦਾ ਇਹ ਗੇੜ ਬਣਿਆ ਰਹਿੰਦਾ ਹੈ, (ਕਿਉਂਕਿ) ਗੁਰੂ (ਦੀ ਸਰਨ) ਤੋਂ ਬਿਨਾ ਉੱਚੀ ਆਤਮਕ ਅਵਸਥਾ ਨਹੀਂ ਬਣਦੀ।

ਗੁਰਮੁਖਿ ਪ੍ਰਾਣੀ ਨਾਮੇ ਰਾਤੇ ਨਾਮੇ ਗਤਿ ਪਤਿ ਪਾਈ ॥੧॥

ਜੇਹੜੇ ਪ੍ਰਾਣੀ ਗੁਰੂ ਦੀ ਸਰਨ ਪੈਂਦੇ ਹਨ ਉਹ (ਪਰਮਾਤਮਾ ਦੇ) ਨਾਮ ਵਿਚ ਹੀ ਰੰਗੇ ਰਹਿੰਦੇ ਹਨ, ਤੇ ਨਾਮ ਵਿਚ ਰੰਗੇ ਰਹਿਣ ਕਰਕੇ ਉਹ ਉੱਚੀ ਆਤਮਕ ਅਵਸਥਾ ਤੇ ਇੱਜ਼ਤ ਪ੍ਰਾਪਤ ਕਰ ਲੈਂਦੇ ਹਨ ॥੧॥

ਭਾਈ ਰੇ ਰਾਮ ਨਾਮਿ ਚਿਤੁ ਲਾਈ ॥

ਹੇ ਭਾਈ! ਤੂੰ ਭੀ ਪਰਮਾਤਮਾ ਦੇ ਨਾਮ ਵਿਚ ਚਿੱਤ ਜੋੜ,

ਗੁਰਪਰਸਾਦੀ ਹਰਿ ਪ੍ਰਭ ਜਾਚੇ ਐਸੀ ਨਾਮ ਬਡਾਈ ॥੧॥ ਰਹਾਉ ॥

ਗੁਰੂ ਦੀ ਮੇਹਰ ਨਾਲ (ਭਾਵ, ਗੁਰੂ ਦੀ ਮੇਹਰ ਦਾ ਪਾਤਰ ਬਣ ਕੇ) ਤੂੰ ਹਰੀ ਪ੍ਰਭੂ ਪਾਸੋਂ ਨਾਮ ਦੀ ਦਾਤ ਹੀ ਮੰਗ! ਪਰਮਾਤਮਾ ਦਾ ਨਾਮ ਜਪਣ ਦੀ ਬਰਕਤ ਹੁੰਦੀ ਹੈ (ਕਿ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ) ॥੧॥ ਰਹਾਉ ॥

ਐ ਜੀ ਬਹੁਤੇ ਭੇਖ ਕਰਹਿ ਭਿਖਿਆ ਕਉ ਕੇਤੇ ਉਦਰੁ ਭਰਨ ਕੈ ਤਾਈ ॥

ਹੇ ਭਾਈ! (ਤੂੰ ਪ੍ਰਭੂ ਦਾ ਨਾਮ ਵਿਸਰ ਕੇ) ਪੇਟ ਭਰਨ ਦੀ ਖ਼ਾਤਰ (ਦਰ ਦਰ ਤੋਂ) ਭਿੱਛਿਆ ਲੈਣ ਵਾਸਤੇ ਕਈ ਤਰ੍ਹਾਂ ਦੇ (ਧਾਰਮਿਕ) ਭੇਖ ਬਣਾ ਰਿਹਾ ਹੈਂ।

ਬਿਨੁ ਹਰਿ ਭਗਤਿ ਨਾਹੀ ਸੁਖੁ ਪ੍ਰਾਨੀ ਬਿਨੁ ਗੁਰ ਗਰਬੁ ਨ ਜਾਈ ॥੨॥

ਪਰ, ਹੇ ਪ੍ਰਾਣੀ! ਪਰਮਾਤਮਾ ਦੀ ਭਗਤੀ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲਦਾ, ਗੁਰੂ ਦੀ ਸਰਨ ਤੋਂ ਬਿਨਾ ਅਹੰਕਾਰ ਦੂਰ ਨਹੀਂ ਹੁੰਦਾ ॥੨॥

ਐ ਜੀ ਕਾਲੁ ਸਦਾ ਸਿਰ ਊਪਰਿ ਠਾਢੇ ਜਨਮਿ ਜਨਮਿ ਵੈਰਾਈ ॥

(ਸਿਮਰਨ ਤੋਂ ਬਿਨਾ) ਆਤਮਕ ਮੌਤ ਸਦਾ ਤੇਰੇ ਸਿਰ ਉੱਤੇ ਖਲੋਤੀ ਹੋਈ ਹੈ, ਇਹੀ ਹਰੇਕ ਜਨਮ ਵਿਚ ਤੇਰੀ ਵੈਰਨ ਤੁਰੀ ਆ ਰਹੀ ਹੈ।

ਸਾਚੈ ਸਬਦਿ ਰਤੇ ਸੇ ਬਾਚੇ ਸਤਿਗੁਰ ਬੂਝ ਬੁਝਾਈ ॥੩॥

ਜੇਹੜੇ ਮਨੁੱਖ ਗੁਰੂ ਦੇ ਸੱਚੇ ਸ਼ਬਦ ਵਿਚ ਰੰਗੇ ਰਹਿੰਦੇ ਹਨ ਉਹ (ਇਸ ਆਤਮਕ ਮੌਤ ਤੋਂ) ਬਚ ਜਾਂਦੇ ਹਨ, (ਕਿਉਂਕਿ) ਗੁਰੂ (ਉਹਨਾਂ ਨੂੰ) (ਆਤਮਕ ਜੀਵਨ ਦੀ) ਸਮਝ ਦੇ ਦੇਂਦਾ ਹੈ ॥੩॥

ਗੁਰ ਸਰਣਾਈ ਜੋਹਿ ਨ ਸਾਕੈ ਦੂਤੁ ਨ ਸਕੈ ਸੰਤਾਈ ॥

ਗੁਰੂ ਦੀ ਸਰਨ ਪਏ ਬੰਦਿਆਂ ਨੂੰ ਆਤਮਕ ਮੌਤ ਤੱਕ ਭੀ ਨਹੀਂ ਸਕਦੀ, ਉਹਨਾਂ ਨੂੰ ਸਤਾ ਨਹੀਂ ਸਕਦੀ,

ਅਵਿਗਤ ਨਾਥ ਨਿਰੰਜਨਿ ਰਾਤੇ ਨਿਰਭਉ ਸਿਉ ਲਿਵ ਲਾਈ ॥੪॥

ਕਿਉਂਕਿ ਉਹ ਅਦ੍ਰਿਸ਼ਟ ਜਗਤ ਨਾਥ ਨਿਰੰਜਨ ਪ੍ਰਭੂ ਵਿਚ ਰੱਤੇ ਰਹਿੰਦੇ ਹਨ, ਉਹ ਨਿਰਭਉ ਪਰਮਾਤਮਾ (ਦੇ ਚਰਨਾਂ) ਨਾਲ ਆਪਣੀ ਸੁਰਤਿ ਜੋੜੀ ਰੱਖਦੇ ਹਨ ॥੪॥

ਐ ਜੀਉ ਨਾਮੁ ਦਿੜਹੁ ਨਾਮੇ ਲਿਵ ਲਾਵਹੁ ਸਤਿਗੁਰ ਟੇਕ ਟਿਕਾਈ ॥

ਹੇ (ਮੇਰੀ) ਜਿੰਦੇ! ਗੁਰੂ ਦਾ ਆਸਰਾ ਲੈ ਕੇ ਤੂੰ ਪਰਮਾਤਮਾ ਦੇ ਨਾਮ ਨੂੰ ਆਪਣੇ ਅੰਦਰ ਪੱਕੀ ਤਰ੍ਹਾਂ ਟਿਕਾ, ਪਰਮਾਤਮਾ ਦੇ ਨਾਮ ਵਿਚ ਹੀ ਆਪਣੀ ਸੁਰਤਿ ਜੋੜੀ ਰੱਖ!

ਜੋ ਤਿਸੁ ਭਾਵੈ ਸੋਈ ਕਰਸੀ ਕਿਰਤੁ ਨ ਮੇਟਿਆ ਜਾਈ ॥੫॥

(ਇਹ ਚੇਤੇ ਰੱਖ ਕਿ) ਪਰਮਾਤਮਾ ਨੂੰ ਇਹੀ ਚੰਗਾ ਲੱਗਦਾ ਹੈ ਤੇ (ਜੀਵਾਂ ਦੇ) ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ (ਮਨ ਵਿਚੋਂ ਸਿਮਰਨ ਤੋਂ ਬਿਨਾ) ਮਿਟਾਇਆ ਨਹੀਂ ਜਾ ਸਕਦਾ ॥੫॥

ਐ ਜੀ ਭਾਗਿ ਪਰੇ ਗੁਰ ਸਰਣਿ ਤੁਮ੍ਰਾਰੀ ਮੈ ਅਵਰ ਨ ਦੂਜੀ ਭਾਈ ॥

ਹੇ ਸਤਿਗੁਰੂ! ਮੈਂ ਭੱਜ ਕੇ ਤੇਰੀ ਸਰਨ ਆਇਆ ਹਾਂ, ਮੈਨੂੰ ਕੋਈ ਹੋਰ ਆਸਰਾ ਚੰਗਾ ਨਹੀਂ ਲੱਗਦਾ।

ਅਬ ਤਬ ਏਕੋ ਏਕੁ ਪੁਕਾਰਉ ਆਦਿ ਜੁਗਾਦਿ ਸਖਾਈ ॥੬॥

ਮੈਂ ਸਦਾ ਇਕੋ ਇਕ ਪਰਮਾਤਮਾ ਦਾ ਨਾਮ ਹੀ ਕੂਕਦਾ ਹਾਂ। ਉਹੀ ਮੁੱਢ ਤੋਂ, ਜੁਗਾਂ ਦੇ ਮੁੱਢ ਤੋਂ (ਜੀਵਾਂ ਦਾ) ਸਾਥੀ-ਮਿੱਤਰ ਚਲਿਆ ਆ ਰਿਹਾ ਹੈ ॥੬॥

ਐ ਜੀ ਰਾਖਹੁ ਪੈਜ ਨਾਮ ਅਪੁਨੇ ਕੀ ਤੁਝ ਹੀ ਸਿਉ ਬਨਿ ਆਈ ॥

ਹੇ ਪ੍ਰਭੂ ਜੀ! (ਤੈਨੂੰ ਲੋਕ ਸਰਨ-ਪਾਲ ਆਖਦੇ ਹਨ, ਮੈਂ ਤੇਰੀ ਸਰਨ ਆਇਆ ਹਾਂ) ਆਪਣੇ (ਸਰਨ-ਪਾਲ) ਨਾਮ ਦੀ ਲਾਜ ਪਾਲ, ਮੇਰੀ ਪ੍ਰੀਤ ਸਦਾ ਤੇਰੇ ਨਾਲ ਬਣੀ ਰਹੇ।

ਕਰਿ ਕਿਰਪਾ ਗੁਰ ਦਰਸੁ ਦਿਖਾਵਹੁ ਹਉਮੈ ਸਬਦਿ ਜਲਾਈ ॥੭॥

ਮੇਹਰ ਕਰ ਮੈਨੂੰ ਗੁਰੂ ਦਾ ਦਰਸਨ ਕਰਾ ਤਾਂ ਕਿ ਗੁਰੂ ਆਪਣੇ ਸ਼ਬਦ ਦੀ ਰਾਹੀਂ (ਮੇਰੇ ਅੰਦਰੋਂ) ਹਉਮੈ ਸਾੜ ਦੇਵੇ ॥੭॥

ਐ ਜੀ ਕਿਆ ਮਾਗਉ ਕਿਛੁ ਰਹੈ ਨ ਦੀਸੈ ਇਸੁ ਜਗ ਮਹਿ ਆਇਆ ਜਾਈ ॥

ਹੇ ਪ੍ਰਭੂ ਜੀ! (ਤੇਰੇ ਨਾਮ ਤੋਂ ਬਿਨਾ) ਮੈਂ (ਤੇਰੇ ਪਾਸੋਂ) ਹੋਰ ਕੀਹ ਮੰਗਾਂ? ਮੈਨੂੰ ਕੋਈ ਚੀਜ਼ ਐਸੀ ਨਹੀਂ ਦਿੱਸਦੀ ਜੋ ਸਦਾ ਟਿਕੀ ਰਹਿ ਸਕੇ। ਇਸ ਜਗਤ ਵਿਚ ਜੇਹੜਾ ਭੀ ਆਇਆ ਹੈ, ਉਹ ਨਾਸਵੰਤ ਹੀ ਹੈ।

ਨਾਨਕ ਨਾਮੁ ਪਦਾਰਥੁ ਦੀਜੈ ਹਿਰਦੈ ਕੰਠਿ ਬਣਾਈ ॥੮॥੩॥

ਮੈਨੂੰ ਨਾਨਕ ਨੂੰ ਆਪਣਾ ਨਾਮ-ਪਦਾਰਥ ਹੀ ਦੇਹ, ਮੈਂ (ਇਸ ਨਾਮ ਨੂੰ) ਆਪਣੇ ਹਿਰਦੇ ਦੀ ਮਾਲਾ ਬਣਾ ਲਵਾਂ ॥੮॥੩॥


ਗੂਜਰੀ ਮਹਲਾ ੧ ॥
ਐ ਜੀ ਨਾ ਹਮ ਉਤਮ ਨੀਚ ਨ ਮਧਿਮ ਹਰਿ ਸਰਣਾਗਤਿ ਹਰਿ ਕੇ ਲੋਗ ॥

ਹੇ ਭਾਈ! ਜੇਹੜੇ ਬੰਦੇ ਪਰਮਾਤਮਾ ਦੀ ਭਗਤੀ ਕਰਦੇ ਹਨ ਜੋ ਪਰਮਾਤਮਾ ਦੀ ਸਰਨ ਆਉਂਦੇ ਹਨ ਉਹਨਾਂ ਨੂੰ ਨਾਹ ਇਹ ਮਾਣ ਹੁੰਦਾ ਹੈ ਕਿ ਅਸੀਂ ਸਭ ਤੋਂ ਉੱਚੀ ਜਾਂ ਵਿਚਕਾਰਲੀ ਜਾਤਿ ਦੇ ਹਾਂ, ਨਾਹ ਇਹ ਸਹਮ ਹੁੰਦਾ ਹੈ ਕਿ ਅਸੀਂ ਨੀਵੀਂ ਜਾਤਿ ਦੇ ਹਾਂ।

ਨਾਮ ਰਤੇ ਕੇਵਲ ਬੈਰਾਗੀ ਸੋਗ ਬਿਜੋਗ ਬਿਸਰਜਿਤ ਰੋਗ ॥੧॥

ਸਿਰਫ਼ ਪ੍ਰਭੂ-ਨਾਮ ਵਿਚ ਰੰਗੇ ਰਹਿਣ ਕਰਕੇ ਉਹ (ਇਸ ਊਚਤਾ ਨੀਚਤਾ ਆਦਿਕ ਵਲੋਂ) ਨਿਰਮੋਹ ਰਹਿੰਦੇ ਹਨ। ਚਿੰਤਾ, ਵਿਛੋੜਾ, ਰੋਗ ਆਦਿਕ ਉਹ ਸਭ ਭੁਲਾ ਚੁਕੇ ਹੁੰਦੇ ਹਨ ॥੧॥

ਭਾਈ ਰੇ ਗੁਰ ਕਿਰਪਾ ਤੇ ਭਗਤਿ ਠਾਕੁਰ ਕੀ ॥

ਹੇ ਭਾਈ! ਪਰਮਾਤਮਾ ਦੀ ਭਗਤੀ ਗੁਰੂ ਦੀ ਮੇਹਰ ਨਾਲ ਹੀ ਹੋ ਸਕਦੀ ਹੈ।

ਸਤਿਗੁਰ ਵਾਕਿ ਹਿਰਦੈ ਹਰਿ ਨਿਰਮਲੁ ਨਾ ਜਮ ਕਾਣਿ ਨ ਜਮ ਕੀ ਬਾਕੀ ॥੧॥ ਰਹਾਉ ॥

ਜਿਸ ਮਨੁੱਖ ਨੇ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਪਵਿਤ੍ਰ ਨਾਮ ਵਸਾ ਲਿਆ ਹੈ, ਉਸ ਨੂੰ ਜਮ ਦੀ ਮੁਥਾਜੀ ਨਹੀਂ ਰਹਿੰਦੀ, ਉਸ ਦੇ ਜ਼ਿੰਮੇ ਪਿਛਲੇ ਕੀਤੇ ਕਰਮਾਂ ਦਾ ਕੋਈ ਅਜੇਹਾ ਬਾਕੀ ਲੇਖਾ ਨਹੀਂ ਰਹਿ ਜਾਂਦਾ ਜਿਸ ਕਰਕੇ ਜਮਰਾਜ ਦਾ ਉਸ ਉਤੇ ਜ਼ੋਰ ਪੈ ਸਕੇ ॥੧॥ ਰਹਾਉ ॥

ਹਰਿ ਗੁਣ ਰਸਨ ਰਵਹਿ ਪ੍ਰਭ ਸੰਗੇ ਜੋ ਤਿਸੁ ਭਾਵੈ ਸਹਜਿ ਹਰੀ ॥

(ਪਰਮਾਤਮਾ ਦੇ ਭਗਤ) ਪਰਮਾਤਮਾ ਦੀ ਸੰਗਤ ਵਿਚ ਟਿਕ ਕੇ ਆਪਣੀ ਜੀਭ ਨਾਲ ਪਰਮਾਤਮਾ ਦੇ ਗੁਣ ਗਾਂਦੇ ਹਨ (ਉਹ ਇਹੀ ਸਮਝਦੇ ਹਨ ਕਿ) ਸੁਤੇ ਹੀ (ਜਗਤ ਵਿਚ ਉਹੀ ਵਰਤਦਾ ਹੈ) ਜੋ ਉਸ ਪਰਮਾਤਮਾ ਨੂੰ ਭਾਉਂਦਾ ਹੈ।

ਬਿਨੁ ਹਰਿ ਨਾਮ ਬ੍ਰਿਥਾ ਜਗਿ ਜੀਵਨੁ ਹਰਿ ਬਿਨੁ ਨਿਹਫਲ ਮੇਕ ਘਰੀ ॥੨॥

ਪਰਮਾਤਮਾ ਦੇ ਨਾਮ ਤੋਂ ਬਿਨਾ ਜਗਤ ਵਿਚ ਜਿਊਣਾ ਉਹਨਾਂ ਨੂੰ ਵਿਅਰਥ ਦਿੱਸਦਾ ਹੈ, ਪਰਮਾਤਮਾ ਦੀ ਭਗਤੀ ਤੋਂ ਬਿਨਾ ਉਹਨਾਂ ਨੂੰ ਇੱਕ ਭੀ ਘੜੀ ਨਿਸਫਲ ਜਾਪਦੀ ਹੈ ॥੨॥

ਐ ਜੀ ਖੋਟੇ ਠਉਰ ਨਾਹੀ ਘਰਿ ਬਾਹਰਿ ਨਿੰਦਕ ਗਤਿ ਨਹੀ ਕਾਈ ॥

ਹੇ ਮਨ! ਜੇਹੜਾ ਮਨੁੱਖ (ਪਰਮਾਤਮਾ ਦੇ ਭਗਤਾਂ ਵਾਸਤੇ) ਆਪਣੇ ਮਨ ਵਿਚ ਖੋਟ ਰੱਖਦਾ ਹੈ ਤੇ ਉਹਨਾਂ ਦੀ ਨਿੰਦਾ ਕਰਦਾ ਹੈ, ਉਸ ਨੂੰ ਨਾਹ ਘਰ ਵਿਚ ਨਾਹ ਬਾਹਰ ਕਿਤੇ ਭੀ ਆਤਮਕ ਸ਼ਾਂਤੀ ਦੀ ਥਾਂ ਨਹੀਂ ਮਿਲਦੀ ਕਿਉਂਕਿ ਉਸ ਦੀ ਆਪਣੀ ਆਤਮਕ ਅਵਸਥਾ ਠੀਕ ਨਹੀਂ ਹੈ।

ਰੋਸੁ ਕਰੈ ਪ੍ਰਭੁ ਬਖਸ ਨ ਮੇਟੈ ਨਿਤ ਨਿਤ ਚੜੈ ਸਵਾਈ ॥੩॥

(ਪਰਮਾਤਮਾ ਆਪਣੇ ਭਗਤਾਂ ਉਤੇ ਸਦਾ ਬਖ਼ਸ਼ਸ਼ਾਂ ਕਰਦਾ ਹੈ) ਜੇ ਨਿੰਦਕ (ਇਹ ਬਖ਼ਸ਼ਸ਼ਾਂ ਵੇਖ ਕੇ) ਖਿੱਝੇ, ਤਾਂ ਭੀ ਪਰਮਾਤਮਾ ਆਪਣੀ ਬਖ਼ਸ਼ਸ਼ ਬੰਦ ਨਹੀਂ ਕਰਦਾ, ਉਹ ਸਗੋਂ ਸਦਾ ਹੀ ਵਧਦੀ ਹੈ ॥੩॥

ਐ ਜੀ ਗੁਰ ਕੀ ਦਾਤਿ ਨ ਮੇਟੈ ਕੋਈ ਮੇਰੈ ਠਾਕੁਰਿ ਆਪਿ ਦਿਵਾਈ ॥

ਹੇ ਮਨ! (ਪ੍ਰਭੂ ਦੀ ਸਿਫ਼ਤ-ਸਾਲਾਹ) ਗੁਰੂ ਦੀ ਦਿੱਤੀ ਹੋਈ ਦਾਤ ਹੈ, ਇਸ ਨੂੰ ਕੋਈ ਮਿਟਾ ਨਹੀਂ ਸਕਦਾ; ਠਾਕੁਰ-ਪ੍ਰਭੂ ਨੇ ਆਪ ਹੀ ਇਹ (ਨਾਮ ਦੀ) ਦਾਤ ਦਿਵਾਈ ਹੁੰਦੀ ਹੈ।

ਨਿੰਦਕ ਨਰ ਕਾਲੇ ਮੁਖ ਨਿੰਦਾ ਜਿਨ੍ਰ ਗੁਰ ਕੀ ਦਾਤਿ ਨ ਭਾਈ ॥੪॥

ਜਿਨ੍ਹਾਂ ਨਿੰਦਕਾਂ ਨੂੰ (ਭਗਤ ਜਨਾਂ ਨੂੰ ਦਿੱਤੀ ਹੋਈ) ਗੁਰੂ ਦੀ ਦਾਤ ਪਸੰਦ ਨਹੀਂ ਆਉਂਦੀ (ਤੇ ਉਹ ਭਗਤਾਂ ਦੀ ਨਿੰਦਾ ਕਰਦੇ ਹਨ) ਨਿੰਦਾ ਦੇ ਕਾਰਨ ਉਹਨਾਂ ਨਿੰਦਕਾਂ ਦੇ ਮੂੰਹ ਕਾਲੇ (ਦਿੱਸਦੇ ਹਨ) ॥੪॥

ਐ ਜੀ ਸਰਣਿ ਪਰੇ ਪ੍ਰਭੁ ਬਖਸਿ ਮਿਲਾਵੈ ਬਿਲਮ ਨ ਅਧੂਆ ਰਾਈ ॥

ਹੇ ਮਨ! ਜੇਹੜੇ ਮਨੁੱਖ (ਪ੍ਰਭੂ ਦੀ) ਸਰਨ ਪੈਂਦੇ ਹਨ, ਪ੍ਰਭੂ ਮੇਹਰ ਕਰ ਕੇ ਉਹਨਾਂ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ, ਰਤਾ ਭਰ ਭੀ ਢਿੱਲ ਨਹੀਂ ਕਰਦਾ।

ਆਨਦ ਮੂਲੁ ਨਾਥੁ ਸਿਰਿ ਨਾਥਾ ਸਤਿਗੁਰੁ ਮੇਲਿ ਮਿਲਾਈ ॥੫॥

ਉਹ ਪ੍ਰਭੂ ਆਤਮਕ ਆਨੰਦ ਦਾ ਸੋਮਾ ਹੈ, ਸਭ ਤੋਂ ਵੱਡਾ ਨਾਥ ਹੈ, ਗੁਰੂ (ਸਰਨ ਪਏ ਮਨੁੱਖ ਨੂੰ) ਪਰਮਾਤਮਾ ਦੇ ਮੇਲ ਵਿਚ ਮਿਲਾ ਦੇਂਦਾ ਹੈ ॥੫॥

ਐ ਜੀ ਸਦਾ ਦਇਆਲੁ ਦਇਆ ਕਰਿ ਰਵਿਆ ਗੁਰਮਤਿ ਭ੍ਰਮਨਿ ਚੁਕਾਈ ॥

ਹੇ ਮਨ! ਪਰਮਾਤਮਾ ਦਇਆ ਦਾ ਸੋਮਾ ਹੈ (ਸਭ ਜੀਵਾਂ ਉਤੇ) ਸਦਾ ਦਇਆ ਕਰਦਾ ਹੈ। ਜੇਹੜਾ ਮਨੁੱਖ ਗੁਰੂ ਦੀ ਮਤਿ ਲੈ ਕੇ ਉਸ ਨੂੰ ਸਿਮਰਦਾ ਹੈ, ਪ੍ਰਭੂ ਉਸ ਦੀ ਭਟਕਣਾ ਮਿਟਾ ਦੇਂਦਾ ਹੈ।

ਪਾਰਸੁ ਭੇਟਿ ਕੰਚਨੁ ਧਾਤੁ ਹੋਈ ਸਤਸੰਗਤਿ ਕੀ ਵਡਿਆਈ ॥੬॥

ਜਿਵੇਂ (ਲੋਹਾ ਆਦਿਕ) ਧਾਤ ਪਾਰਸ ਨੂੰ ਛੁਹ ਕੇ ਸੋਨਾ ਬਣ ਜਾਂਦੀ ਹੈ ਤਿਵੇਂ ਸਾਧ ਸੰਗਤ ਵਿਚ ਭੀ ਇਹੀ ਬਰਕਤਿ ਹੈ ॥੬॥

ਹਰਿ ਜਲੁ ਨਿਰਮਲੁ ਮਨੁ ਇਸਨਾਨੀ ਮਜਨੁ ਸਤਿਗੁਰੁ ਭਾਈ ॥

ਪਰਮਾਤਮਾ (ਮਾਨੋ) ਪਵਿਤ੍ਰ ਜਲ ਹੈ, ਜੇਹੜਾ ਮਨੁਖ (ਇਸ ਪਵਿਤ੍ਰ ਜਲ ਵਿਚ) ਇਸ਼ਨਾਨ ਕਰਨ ਜੋਗਾ ਬਣ ਜਾਂਦਾ ਹੈ ਤੇ ਜਿਸ ਨੂੰ ਸਤਿਗੁਰੂ ਪਿਆਰਾ ਲੱਗਦਾ ਹੈ ਉਹ (ਇਸ ਪਵਿਤ੍ਰ ਜਲ ਵਿਚ) ਚੁੱਭੀ ਲਾਂਦਾ ਹੈ।

ਪੁਨਰਪਿ ਜਨਮੁ ਨਾਹੀ ਜਨ ਸੰਗਤਿ ਜੋਤੀ ਜੋਤਿ ਮਿਲਾਈ ॥੭॥

ਸਾਧ ਸੰਗਤ ਵਿਚ ਰਹਿ ਕੇ ਉਸ ਨੂੰ ਮੁੜ ਮੁੜ ਜਨਮ ਨਹੀਂ ਹੁੰਦਾ, (ਕਿਉਂਕਿ ਗੁਰੂ) ਉਸ ਦੀ ਜੋਤਿ ਪ੍ਰਭੂ ਦੀ ਜੋਤਿ ਵਿਚ ਮਿਲਾ ਦੇਂਦਾ ਹੈ ॥੭॥

ਤੂੰ ਵਡ ਪੁਰਖੁ ਅਗੰਮ ਤਰੋਵਰੁ ਹਮ ਪੰਖੀ ਤੁਝ ਮਾਹੀ ॥

ਹੇ ਪ੍ਰਭੂ! ਤੂੰ ਸਭ ਤੋਂ ਵੱਡਾ ਹੈਂ, ਤੂੰ ਸਰਬ-ਵਿਆਪਕ ਹੈਂ, ਤੂੰ ਅਪਹੁੰਚ ਹੈਂ। ਤੂੰ (ਮਾਨੋ) ਇਕ ਸ੍ਰੇਸ਼ਟ ਰੁੱਖ ਹੈਂ ਜਿਸ ਦੇ ਆਸਰੇ ਰਹਿਣ ਵਾਲੇ ਅਸੀਂ ਸਾਰੇ ਜੀਵ ਪੰਛੀ ਹਾਂ।

ਨਾਨਕ ਨਾਮੁ ਨਿਰੰਜਨ ਦੀਜੈ ਜੁਗਿ ਜੁਗਿ ਸਬਦਿ ਸਲਾਹੀ ॥੮॥੪॥

ਹੇ ਨਿਰੰਜਨ ਪ੍ਰਭੂ! ਮੈਨੂੰ ਨਾਨਕ ਨੂੰ ਆਪਣਾ ਨਾਮ ਬਖ਼ਸ਼, ਤਾਂ ਕਿ ਮੈਂ ਸਦਾ ਹੀ ਗੁਰੂ ਦੇ ਸ਼ਬਦ ਵਿਚ (ਜੁੜ ਕੇ) ਤੇਰੀ ਸਿਫ਼ਤ-ਸਾਲਾਹ ਕਰਦਾ ਰਹਾਂ ॥੮॥੪॥


ਗੂਜਰੀ ਮਹਲਾ ੧ ਘਰੁ ੪ ॥

ਰਾਗ ਗੂਜਰੀ ਘਰ ੪ ਵਿੱਚ, ਗੁਰੂ ਨਾਨਕਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਭਗਤਿ ਪ੍ਰੇਮ ਆਰਾਧਿਤੰ ਸਚੁ ਪਿਆਸ ਪਰਮ ਹਿਤੰ ॥

ਜੇਹੜੇ ਮਨੁੱਖ ਪਰਮਾਤਮਾ ਦੀ ਭਗਤੀ ਕਰਦੇ ਹਨ, ਸਦਾ-ਥਿਰ ਪ੍ਰਭੂ ਨੂੰ ਪ੍ਰੇਮ ਨਾਲ ਆਰਾਧਦੇ ਹਨ, ਉਹਨਾਂ ਦੇ ਅੰਦਰ ਪ੍ਰਭੂ-ਪ੍ਰੇਮ ਦੀ ਤੀਬਰ ਖਿੱਚ ਬਣੀ ਰਹਿੰਦੀ ਹੈ,

ਬਿਲਲਾਪ ਬਿਲਲ ਬਿਨੰਤੀਆ ਸੁਖ ਭਾਇ ਚਿਤ ਹਿਤੰ ॥੧॥

ਉਹ (ਪ੍ਰਭੂ ਦੇ ਦਰ ਤੇ ਹੀ) ਹਾੜੇ-ਤਰਲੇ ਕਰਦੇ ਹਨ ਬੇਨਤੀਆਂ ਕਰਦੇ ਹਨ, ਉਹਨਾਂ ਦੇ ਚਿੱਤ ਪ੍ਰਭੂ ਦੇ ਪ੍ਰੇਮ ਪਿਆਰ ਵਿਚ (ਮਗਨ ਰਹਿੰਦੇ ਹਨ) ਤੇ ਉਹ ਆਤਮਕ ਆਨੰਦ ਮਾਣਦੇ ਹਨ ॥੧॥

ਜਪਿ ਮਨ ਨਾਮੁ ਹਰਿ ਸਰਣੀ ॥

ਹੇ ਮਨ! ਪਰਮਾਤਮਾ ਦਾ ਨਾਮ ਜਪ, ਪਰਮਾਤਮਾ ਦੀ ਓਟ ਫੜ!

ਸੰਸਾਰ ਸਾਗਰ ਤਾਰਿ ਤਾਰਣ ਰਮ ਨਾਮ ਕਰਿ ਕਰਣੀ ॥੧॥ ਰਹਾਉ ॥

ਪਰਮਾਤਮਾ ਦੇ ਨਾਮ ਨੂੰ ਜੀਵਨ ਦਾ ਮਨੋਰਥ ਬਣਾ! ਇਹ ਨਾਮ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਲਈ ਜਹਾਜ਼ ਹੈ ॥੧॥ ਰਹਾਉ ॥

ਏ ਮਨ ਮਿਰਤ ਸੁਭ ਚਿੰਤੰ ਗੁਰ ਸਬਦਿ ਹਰਿ ਰਮਣੰ ॥

ਹੇ ਮਨ! ਗੁਰੂ ਦੇ ਸ਼ਬਦ ਵਿਚ (ਟਿਕ ਕੇ) ਪਰਮਾਤਮਾ ਦਾ ਸਿਮਰਨ ਕਰ, ਤੇ (ਵਿਕਾਰਾਂ ਵਲੋਂ ਉਪਰਾਮ ਹੋ), ਵਿਕਾਰਾਂ ਵਲੋਂ ਮੌਤ (ਜੀਵਨ ਵਾਸਤੇ) ਸੁਖਦਾਈ ਹੈ।

ਮਤਿ ਤਤੁ ਗਿਆਨੰ ਕਲਿਆਣ ਨਿਧਾਨੰ ਹਰਿ ਨਾਮ ਮਨਿ ਰਮਣੰ ॥੨॥

ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਮਨ ਵਿਚ ਸਿਮਰਦੇ ਹਨ ਉਹਨਾਂ ਦੀ ਮਤਿ ਜਗਤ-ਮੂਲ ਪ੍ਰਭੂ ਨਾਲ ਡੂੰਘੀ ਸਾਂਝ ਪਾ ਲੈਂਦੀ ਹੈ, ਉਹਨਾਂ ਨੂੰ ਸੁਖਾਂ ਦਾ ਖ਼ਜ਼ਾਨਾ ਪ੍ਰਭੂ ਮਿਲ ਪੈਂਦਾ ਹੈ ॥੨॥

ਚਲ ਚਿਤ ਵਿਤ ਭ੍ਰਮਾ ਭ੍ਰਮੰ ਜਗੁ ਮੋਹ ਮਗਨ ਹਿਤੰ ॥

(ਦੁਨੀਆ ਦਾ) ਧਨ (ਮਨੁੱਖ ਦੇ) ਮਨ ਨੂੰ ਚੰਚਲ ਬਣਾਂਦਾ ਹੈ ਤੇ ਭਟਕਣਾ ਪੈਦਾ ਕਰਦਾ ਹੈ, (ਪਰ) ਜਗਤ (ਇਸ ਧਨ ਦੇ) ਮੋਹ ਵਿਚ ਪ੍ਰੇਮ ਵਿਚ ਮਸਤ ਰਹਿੰਦਾ ਹੈ।

ਥਿਰੁ ਨਾਮੁ ਭਗਤਿ ਦਿੜੰ ਮਤੀ ਗੁਰ ਵਾਕਿ ਸਬਦ ਰਤੰ ॥੩॥

ਪਰਮਾਤਮਾ ਦੇ ਭਗਤ (ਆਪਣੀ) ਸਮਝ ਵਿਚ (ਇਹ ਨਿਸਚਾ) ਪੱਕਾ ਕਰ ਲੈਂਦੇ ਹਨ ਕਿ ਪਰਮਾਤਮਾ ਦਾ ਨਾਮ (ਹੀ) ਸਦਾ ਕਾਇਮ ਰਹਿਣ ਵਾਲਾ ਹੈ। ਉਹ ਗੁਰੂ ਦੇ ਸ਼ਬਦ ਵਿਚ ਟਿਕ ਕੇ ਸਿਫ਼ਤ-ਸਾਲਾਹ ਵਿਚ ਰੱਤੇ ਰਹਿੰਦੇ ਹਨ ॥੩॥

ਭਰਮਾਤਿ ਭਰਮੁ ਨ ਚੂਕਈ ਜਗੁ ਜਨਮਿ ਬਿਆਧਿ ਖਪੰ ॥

ਜਗਤ (ਮਾਇਆ ਦੇ ਮੋਹ ਦੇ ਕਾਰਨ) ਜਨਮ ਮਰਨ ਦੇ ਰੋਗ ਵਿਚ ਖ਼ੁਆਰ ਹੁੰਦਾ ਰਹਿੰਦਾ ਹੈ, ਭਟਕਦਾ ਰਹਿੰਦਾ ਹੈ, (ਇਸ ਦੀ ਮਾਇਆ ਵਾਲੀ) ਭਟਕਣਾ ਮੁੱਕਦੀ ਨਹੀਂ।

ਅਸਥਾਨੁ ਹਰਿ ਨਿਹਕੇਵਲੰ ਸਤਿ ਮਤੀ ਨਾਮ ਤਪੰ ॥੪॥

ਹੇ ਮਨ! ਪਰਮਾਤਮਾ ਦੀ ਸਰਨ ਹੀ ਐਸਾ ਥਾਂ ਹੈ ਜੋ ਮਾਇਆ ਦੇ ਮੋਹ ਤੋਂ ਉਪਰਾਮ ਕਰਦਾ ਹੈ, ਪਰਮਾਤਮਾ ਦੇ ਨਾਮ ਦਾ ਤਪ ਹੀ ਸਹੀ ਸਮਝ ਹੈ ॥੪॥

ਇਹੁ ਜਗੁ ਮੋਹ ਹੇਤ ਬਿਆਪਿਤੰ ਦੁਖੁ ਅਧਿਕ ਜਨਮ ਮਰਣੰ ॥

ਇਹ ਜਗਤ ਮਾਇਆ ਦੇ ਮੋਹ ਵਿਚ ਫਸਿਆ ਹੋਇਆ ਹੈ, ਇਸ ਵਾਸਤੇ ਇਸ ਨੂੰ ਜਨਮ ਮਰਨ ਦਾ ਬਹੁਤ ਦੁੱਖ ਲੱਗਾ ਰਹਿੰਦਾ ਹੈ।

ਭਜੁ ਸਰਣਿ ਸਤਿਗੁਰ ਊਬਰਹਿ ਹਰਿ ਨਾਮੁ ਰਿਦ ਰਮਣੰ ॥੫॥

ਤੂੰ ਪਰਮਾਤਮਾ ਦਾ ਨਾਮ ਹਿਰਦੇ ਵਿਚ ਸਿਮਰ, ਸਤਿਗੁਰੂ ਦੀ ਸਰਨ ਪਉ, (ਤਦੋਂ ਹੀ) ਤੂੰ (ਜਨਮ ਮਰਨ ਦੇ ਗੇੜ ਤੋਂ) ਬਚ ਸਕੇਂਗਾ ॥੫॥

ਗੁਰਮਤਿ ਨਿਹਚਲ ਮਨਿ ਮਨੁ ਮਨੰ ਸਹਜ ਬੀਚਾਰੰ ॥

ਜੋ ਮਨੁੱਖ ਆਪਣੇ ਮਨ ਵਿਚ ਗੁਰੂ ਦੀ ਸਿੱਖਿਆ ਪੱਕੇ ਤੌਰ ਤੇ ਧਾਰਨ ਕਰ ਲੈਂਦਾ ਹੈ, ਉਸ ਦਾ ਮਨ ਅਡੋਲ ਆਤਮਕ ਅਵਸਥਾ ਦੀ ਵਿਚਾਰ ਵਿਚ ਗਿੱਝ ਜਾਂਦਾ ਹੈ (ਭਾਵ, ਉਹ ਸਦਾ ਇਹ ਖ਼ਿਆਲ ਰੱਖਦਾ ਹੈ ਕਿ ਮਨ ਮਾਇਆ ਦੀ ਭਟਕਣਾ ਵਲੋਂ ਹਟ ਕੇ ਪ੍ਰਭੂ ਦੇ ਨਾਮ ਦੀ ਇਕਾਗ੍ਰਤਾ ਵਿਚ ਟਿਕਿਆ ਰਹੇ)।

ਸੋ ਮਨੁ ਨਿਰਮਲੁ ਜਿਤੁ ਸਾਚੁ ਅੰਤਰਿ ਗਿਆਨ ਰਤਨੁ ਸਾਰੰ ॥੬॥

ਜਿਸ ਮਨ ਵਿਚ ਸਦਾ-ਥਿਰ ਪ੍ਰਭੂ ਟਿਕ ਜਾਏ ਉਹ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦੇ ਅੰਦਰ ਪ੍ਰਭੂ-ਗਿਆਨ ਦਾ ਸ੍ਰੇਸ਼ਟ ਰਤਨ ਮੌਜੂਦ ਰਹਿੰਦਾ ਹੈ ॥੬॥

ਭੈ ਭਾਇ ਭਗਤਿ ਤਰੁ ਭਵਜਲੁ ਮਨਾ ਚਿਤੁ ਲਾਇ ਹਰਿ ਚਰਣੀ ॥

ਹੇ (ਮੇਰੇ) ਮਨ! ਪਰਮਾਤਮਾ ਦੇ ਡਰ-ਅਦਬ ਵਿਚ ਰਹੁ, ਪ੍ਰਭੂ ਦੇ ਪਿਆਰ ਵਿਚ ਰਹੁ, ਪ੍ਰਭੂ ਦੀ ਭਗਤੀ ਕਰ, ਪ੍ਰਭੂ ਦੇ ਚਰਨਾਂ ਵਿਚ ਸੁਰਤਿ ਜੋੜ, ਇਸ ਤਰ੍ਹਾਂ ਸੰਸਾਰ-ਸਮੁੰਦਰ ਤੋਂ ਪਾਰ ਲੰਘ।

ਹਰਿ ਨਾਮੁ ਹਿਰਦੈ ਪਵਿਤ੍ਰੁ ਪਾਵਨੁ ਇਹੁ ਸਰੀਰੁ ਤਉ ਸਰਣੀ ॥੭॥

ਪਰਮਾਤਮਾ ਦਾ ਪਵਿਤ੍ਰ ਨਾਮ ਆਪਣੇ ਹਿਰਦੇ ਵਿਚ (ਰੱਖ ਤੇ ਪ੍ਰਭੂ ਅੱਗੇ ਇਉਂ ਅਰਦਾਸ ਕਰ-ਹੇ ਪ੍ਰਭੂ!) ਮੇਰਾ ਇਹ ਸਰੀਰ ਤੇਰੀ ਸਰਨ ਹੈ (ਭਾਵ, ਮੈਂ ਤੇਰੀ ਸਰਨ ਆਇਆ ਹਾਂ) ॥੭॥

ਲਬ ਲੋਭ ਲਹਰਿ ਨਿਵਾਰਣੰ ਹਰਿ ਨਾਮ ਰਾਸਿ ਮਨੰ ॥

ਹੇ ਨਾਨਕ! ਪਰਮਾਤਮਾ ਦਾ ਨਾਮ (ਆਤਮਕ ਜੀਵਨ ਦਾ ਸਰਮਾਇਆ ਹੈ, ਇਸ) ਸਰਮਾਏ ਨੂੰ ਆਪਣੇ ਮਨ ਵਿਚ ਸਾਂਭ ਕੇ ਰੱਖ, ਇਹ ਲੱਬ ਤੇ ਲੋਭ ਦੀਆਂ ਲਹਿਰਾਂ ਨੂੰ ਦੂਰ ਕਰਨ ਦੇ ਸਮਰੱਥ ਹੈ।

ਮਨੁ ਮਾਰਿ ਤੁਹੀ ਨਿਰੰਜਨਾ ਕਹੁ ਨਾਨਕਾ ਸਰਨੰ ॥੮॥੧॥੫॥

ਆਪਣੇ ਮਨ ਨੂੰ (ਲਬ ਲੋਭ ਵਲੋਂ) ਕਾਬੂ ਕਰ ਕੇ ਰੱਖ, ਹੇ ਨਾਨਕ! ਤੇ ਇਹ ਆਖ: ਹੇ ਨਿਰੰਜਨ! ਮੈਂ ਤੇਰੀ ਸਰਨ ਆਇਆ ਹਾਂ ॥੮॥੧॥੫॥


ਗੂਜਰੀ ਮਹਲਾ ੩ ਘਰੁ ੧ ॥

ਰਾਗ ਗੂਜਰੀ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਨਿਰਤਿ ਕਰੀ ਇਹੁ ਮਨੁ ਨਚਾਈ ॥

(ਰਾਸਧਾਰੀਏ ਰਾਸਾਂ ਪਾ ਪਾ ਕੇ ਨੱਚਦੇ ਹਨ ਤੇ ਭਗਤ ਅਖਵਾਂਦੇ ਹਨ) ਮੈਂ ਭੀ ਨੱਚਦਾ ਹਾਂ (ਪਰ ਸਰੀਰ ਨੂੰ ਨਚਾਣ ਦੇ ਥਾਂ) ਮੈਂ (ਆਪਣੇ) ਇਸ ਮਨ ਨੂੰ ਨਚਾਂਦਾ ਹਾਂ,

ਗੁਰਪਰਸਾਦੀ ਆਪੁ ਗਵਾਈ ॥

ਗੁਰੂ ਦੀ ਕਿਰਪਾ ਨਾਲ (ਆਪਣੇ ਅੰਦਰੋਂ) ਮੈਂ ਆਪਾ-ਭਾਵ ਦੂਰ ਕਰਦਾ ਹਾਂ।

ਚਿਤੁ ਥਿਰੁ ਰਾਖੈ ਸੋ ਮੁਕਤਿ ਹੋਵੈ ਜੋ ਇਛੀ ਸੋਈ ਫਲੁ ਪਾਈ ॥੧॥

(ਰਾਸਾਂ ਵਿਚ ਨੱਚਿਆਂ ਟੱਪਿਆਂ ਮੁਕਤੀ ਨਹੀਂ ਮਿਲਦੀ, ਨਾਹ ਹੀ ਭਗਤ ਬਣ ਸਕੀਦਾ ਹੈ) ਜੇਹੜਾ ਮਨੁੱਖ ਆਪਣੇ ਚਿੱਤ ਨੂੰ (ਪ੍ਰਭੂ-ਚਰਨਾਂ ਵਿਚ) ਅਡੋਲ ਰੱਖਦਾ ਹੈ ਉਹ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ (ਦਾ ਆਸਵੰਦ) ਹੋ ਜਾਂਦਾ ਹੈ, (ਤੇ ਇਸ ਤਰ੍ਹਾਂ) ਮੈਂ ਜੇਹੜੀ ਇੱਛਾ ਕਰਦਾ ਹਾਂ (ਪਰਮਾਤਮਾ ਦੇ ਦਰ ਤੋਂ) ਉਹੀ ਫਲ ਪਾ ਲੈਂਦਾ ਹਾਂ ॥੧॥

ਨਾਚੁ ਰੇ ਮਨ ਗੁਰ ਕੈ ਆਗੈ ॥

ਹੇ ਮਨ! ਗੁਰੂ ਦੀ ਹਜ਼ੂਰੀ ਵਿਚ ਨੱਚ (ਗੁਰੂ ਦੇ ਹੁਕਮ ਵਿਚ ਤੁਰ)।

ਗੁਰ ਕੈ ਭਾਣੈ ਨਾਚਹਿ ਤਾ ਸੁਖੁ ਪਾਵਹਿ ਅੰਤੇ ਜਮ ਭਉ ਭਾਗੈ ॥ ਰਹਾਉ ॥

ਜੇ ਤੂੰ ਉਵੇਂ ਨੱਚੇਂਗਾ ਜਿਵੇਂ ਗੁਰੂ ਨਚਾਏਗਾ (ਜੇ ਤੂੰ ਗੁਰੂ ਦੇ ਹੁਕਮ ਵਿਚ ਤੁਰੇਂਗਾ) ਤਾਂ ਆਨੰਦ ਮਾਣੇਂਗਾ, ਅਖ਼ੀਰ ਵੇਲੇ ਮੌਤ ਦਾ ਡਰ (ਭੀ ਤੈਥੋਂ ਦੂਰ) ਭੱਜ ਜਾਇਗਾ। ਰਹਾਉ॥

ਆਪਿ ਨਚਾਏ ਸੋ ਭਗਤੁ ਕਹੀਐ ਆਪਣਾ ਪਿਆਰੁ ਆਪਿ ਲਾਏ ॥

ਜਿਸ ਮਨੁੱਖ ਨੂੰ ਪਰਮਾਤਮਾ ਆਪਣੇ ਇਸ਼ਾਰਿਆਂ ਤੇ ਤੋਰਦਾ ਹੈ ਜਿਸ ਮਨੁੱਖ ਨੂੰ ਆਪਣੇ ਚਰਨਾਂ ਦਾ ਪਿਆਰ ਬਖ਼ਸ਼ਦਾ ਹੈ ਉਹ ਮਨੁੱਖ (ਅਸਲ) ਭਗਤ ਕਿਹਾ ਜਾ ਸਕਦਾ ਹੈ।

ਆਪੇ ਗਾਵੈ ਆਪਿ ਸੁਣਾਵੈ ਇਸੁ ਮਨ ਅੰਧੇ ਕਉ ਮਾਰਗਿ ਪਾਏ ॥੨॥

ਪਰਮਾਤਮਾ ਆਪ ਹੀ (ਉਸ ਮਨੁੱਖ ਵਾਸਤੇ, ਰਜ਼ਾ ਵਿਚ ਤੁਰਨ ਦਾ ਗੀਤ) ਗਾਂਦਾ ਹੈ ਆਪ ਹੀ (ਇਹ ਗੀਤ ਉਸ ਮਨੁੱਖ ਨੂੰ) ਸੁਣਾਂਦਾ ਹੈ, ਤੇ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਇਸ ਮਨ ਨੂੰ ਸਹੀ ਜੀਵਨ-ਰਾਹ ਉਤੇ ਲਿਆਉਂਦਾ ਹੈ ॥੨॥

ਅਨਦਿਨੁ ਨਾਚੈ ਸਕਤਿ ਨਿਵਾਰੈ ਸਿਵ ਘਰਿ ਨੀਦ ਨ ਹੋਈ ॥

ਜੇਹੜਾ ਮਨੁੱਖ ਹਰ ਵੇਲੇ ਪਰਮਾਤਮਾ ਦੀ ਰਜ਼ਾ ਵਿਚ ਤੁਰਦਾ ਹੈ ਉਹ (ਆਪਣੇ ਅੰਦਰੋਂ) ਮਾਇਆ (ਦਾ ਪ੍ਰਭਾਵ) ਦੂਰ ਕਰ ਲੈਂਦਾ ਹੈ। ਕਲਿਆਣ-ਸਰੂਪ ਪ੍ਰਭੂ ਦੇ ਚਰਨਾਂ ਵਿਚ ਜੁੜਿਆਂ ਮਾਇਆ ਦੇ ਮੋਹ ਦੀ ਨੀਂਦ ਜ਼ੋਰ ਨਹੀਂ ਪਾ ਸਕਦੀ।

ਸਕਤੀ ਘਰਿ ਜਗਤੁ ਸੂਤਾ ਨਾਚੈ ਟਾਪੈ ਅਵਰੋ ਗਾਵੈ ਮਨਮੁਖਿ ਭਗਤਿ ਨ ਹੋਈ ॥੩॥

ਜਗਤ ਮਾਇਆ ਦੇ ਮੋਹ ਵਿਚ ਸੁੱਤਾ ਹੋਇਆ (ਮਾਇਆ ਦੇ ਹੱਥਾਂ ਉੱਤੇ) ਨੱਚਦਾ ਟੱਪਦਾ ਰਹਿੰਦਾ ਹੈ (ਦੁਨੀਆ ਵਾਲੀ ਦੌੜ-ਭੱਜ ਕਰਦਾ ਰਹਿੰਦਾ ਹੈ)। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪਾਸੋਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ॥੩॥

ਸੁਰਿ ਨਰ ਵਿਰਤਿ ਪਖਿ ਕਰਮੀ ਨਾਚੇ ਮੁਨਿ ਜਨ ਗਿਆਨ ਬੀਚਾਰੀ ॥

ਦੈਵੀ ਸੁਭਾਵ ਵਾਲੇ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਭੀ, ਰਿਸ਼ੀ-ਮੁਨੀ ਲੋਕ ਆਤਮਕ ਜੀਵਨ ਦੀ ਸੂਝ ਨਾਲ ਵਿਚਾਰਵਾਨ ਹੋ ਕੇ, ਪਰਮਾਤਮਾ ਦੀ ਕਿਰਪਾ ਨਾਲ (ਪਰਮਾਤਮਾ ਦੀ ਰਜ਼ਾ ਵਿਚ ਤੁਰਨ ਵਾਲਾ) ਨਾਚ ਨੱਚਦੇ ਹਨ।

ਸਿਧ ਸਾਧਿਕ ਲਿਵ ਲਾਗੀ ਨਾਚੇ ਜਿਨ ਗੁਰਮੁਖਿ ਬੁਧਿ ਵੀਚਾਰੀ ॥੪॥

ਆਤਮਕ ਜੀਵਨ ਦੀ ਭਾਲ ਵਾਸਤੇ ਸਾਧਨ ਕਰਨ ਵਾਲੇ ਜੇਹੜੇ ਮਨੁੱਖ ਗੁਰੂ ਦੀ ਰਾਹੀਂ ਸ੍ਰੇਸ਼ਟ ਬੁੱਧੀ ਪ੍ਰਾਪਤ ਕਰ ਕੇ ਵਿਚਾਰਵਾਨ ਹੋ ਜਾਂਦੇ ਹਨ ਉਹਨਾਂ ਦੀ ਸੁਰਤਿ ਪ੍ਰਭੂ-ਚਰਨਾਂ ਵਿਚ ਜੁੜੀ ਰਹਿੰਦੀ ਹੈ, ਉਹ (ਭੀ ਰਜ਼ਾ ਵਿਚ ਤੁਰਨ ਵਾਲਾ) ਨਾਚ ਨੱਚਦੇ ਹਨ ॥੪॥

ਖੰਡ ਬ੍ਰਹਮੰਡ ਤ੍ਰੈ ਗੁਣ ਨਾਚੇ ਜਿਨ ਲਾਗੀ ਹਰਿ ਲਿਵ ਤੁਮਾਰੀ ॥

ਹੇ ਪ੍ਰਭੂ! ਸਾਰੇ ਜੀਵ ਜੰਤ (ਮਾਇਆ ਦੇ ਹੱਥਾਂ ਤੇ) ਨੱਚ ਰਹੇ ਹਨ, ਚੌਹਾਂ ਖਾਣੀਆਂ ਦੇ ਜੀਵ ਨੱਚ ਰਹੇ ਹਨ, ਖੰਡਾਂ ਬ੍ਰਹਮੰਡਾਂ ਦੇ ਸਾਰੇ ਜੀਵ ਤ੍ਰਿਗੁਣੀ ਮਾਇਆ ਦੇ ਪ੍ਰਭਾਵ ਵਿਚ ਨੱਚ ਰਹੇ ਹਨ;

ਜੀਅ ਜੰਤ ਸਭੇ ਹੀ ਨਾਚੇ ਨਾਚਹਿ ਖਾਣੀ ਚਾਰੀ ॥੫॥

ਪਰ, ਹੇ ਪ੍ਰਭੂ! ਜਿਨ੍ਹਾਂ ਨੂੰ ਤੇਰੇ ਚਰਨਾਂ ਦੀ ਲਗਨ ਲੱਗੀ ਹੈ ਉਹ ਤੇਰੀ ਰਜ਼ਾ ਵਿਚ ਤੁਰਨ ਦਾ ਨਾਚ ਨੱਚਦੇ ਹਨ ॥੫॥

ਜੋ ਤੁਧੁ ਭਾਵਹਿ ਸੇਈ ਨਾਚਹਿ ਜਿਨ ਗੁਰਮੁਖਿ ਸਬਦਿ ਲਿਵ ਲਾਏ ॥

ਹੇ ਪ੍ਰਭੂ! ਜੇਹੜੇ ਮਨੁੱਖ ਤੈਨੂੰ ਪਿਆਰੇ ਲੱਗਦੇ ਹਨ ਉਹੀ ਤੇਰੇ ਇਸ਼ਾਰਿਆਂ ਤੇ ਤੁਰਦੇ ਹਨ। ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦੇ ਸਨਮੁਖ ਕਰ ਕੇ ਗੁਰੂ ਦੇ ਸ਼ਬਦ ਵਿਚ ਜੋੜ ਕੇ ਆਪਣੇ ਚਰਨਾਂ ਦੀ ਪ੍ਰੀਤ ਬਖ਼ਸ਼ਦਾ ਹੈਂ,

ਸੇ ਭਗਤ ਸੇ ਤਤੁ ਗਿਆਨੀ ਜਿਨ ਕਉ ਹੁਕਮੁ ਮਨਾਏ ॥੬॥

ਜਿਨ੍ਹਾਂ ਨੂੰ ਆਪਣਾ ਭਾਣਾ ਮਿੱਠਾ ਕਰ ਕੇ ਮਨਾਂਦਾ ਹੈ ਉਹੀ ਮਨੁੱਖ ਅਸਲ ਭਗਤ ਹਨ (ਰਾਸਾਂ ਵਿਚ ਨੱਚਣ ਵਾਲੇ ਭਗਤ ਨਹੀਂ ਹਨ), ਉਹੀ ਮਨੁੱਖ ਸਾਰੇ ਜਗਤ ਦੇ ਮੂਲ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦੇ ਹਨ ॥੬॥

ਏਹਾ ਭਗਤਿ ਸਚੇ ਸਿਉ ਲਿਵ ਲਾਗੈ ਬਿਨੁ ਸੇਵਾ ਭਗਤਿ ਨ ਹੋਈ ॥

ਉਹੀ ਉੱਤਮ ਭਗਤੀ ਅਖਵਾ ਸਕਦੀ ਹੈ ਜਿਸ ਦੀ ਰਾਹੀਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਪਿਆਰ ਬਣਿਆ ਰਹੇ। ਅਜੇਹੀ ਭਗਤੀ (ਗੁਰੂ ਦੀ ਦੱਸੀ) ਸੇਵਾ ਕਰਨ ਤੋਂ ਬਿਨਾ ਨਹੀਂ ਹੋ ਸਕਦੀ।

ਜੀਵਤੁ ਮਰੈ ਤਾ ਸਬਦੁ ਬੀਚਾਰੈ ਤਾ ਸਚੁ ਪਾਵੈ ਕੋਈ ॥੭॥

ਜਦੋਂ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਵਲੋਂ ਅਛੋਹ ਹੋ ਜਾਂਦਾ ਹੈ ਤਦੋਂ ਉਹ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਈ ਰੱਖਦਾ ਹੈ, ਤਦੋਂ ਹੀ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਮਿਲਾਪ ਹਾਸਲ ਕਰਦਾ ਹੈ ॥੭॥

ਮਾਇਆ ਕੈ ਅਰਥਿ ਬਹੁਤੁ ਲੋਕ ਨਾਚੇ ਕੋ ਵਿਰਲਾ ਤਤੁ ਬੀਚਾਰੀ ॥

ਮਾਇਆ ਕਮਾਣ ਦੀ ਖ਼ਾਤਰ ਤਾਂ ਬਹੁਤ ਲੁਕਾਈ (ਮਾਇਆ ਦੇ ਹੱਥਾਂ ਉਤੇ) ਨੱਚ ਰਹੀ ਹੈ, ਕੋਈ ਵਿਰਲਾ ਮਨੁੱਖ ਹੈ ਜੇਹੜਾ ਅਸਲ ਆਤਮਕ ਜੀਵਨ ਨੂੰ ਪਛਾਣਦਾ ਹੈ।

ਗੁਰਪਰਸਾਦੀ ਸੋਈ ਜਨੁ ਪਾਏ ਜਿਨ ਕਉ ਕ੍ਰਿਪਾ ਤੁਮਾਰੀ ॥੮॥

ਹੇ ਪ੍ਰਭੂ! ਉਹੀ ਉਹੀ ਮਨੁੱਖ ਗੁਰੂ ਦੀ ਕਿਰਪਾ ਨਾਲ ਤੇਰਾ ਮਿਲਾਪ ਹਾਸਲ ਕਰਦਾ ਹੈ ਜਿਨ੍ਹਾਂ ਉਤੇ ਤੇਰੀ ਮੇਹਰ ਹੁੰਦੀ ਹੈ ॥੮॥

ਇਕੁ ਦਮੁ ਸਾਚਾ ਵੀਸਰੈ ਸਾ ਵੇਲਾ ਬਿਰਥਾ ਜਾਇ ॥

ਜੇਹੜਾ ਭੀ ਇਕ ਸਾਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਭੁੱਲਿਆ ਰਹੇ ਉਹ ਸਮਾ ਵਿਅਰਥ ਚਲਾ ਜਾਂਦਾ ਹੈ।

ਸਾਹਿ ਸਾਹਿ ਸਦਾ ਸਮਾਲੀਐ ਆਪੇ ਬਖਸੇ ਕਰੇ ਰਜਾਇ ॥੯॥

ਹਰੇਕ ਸਾਹ ਦੇ ਨਾਲ ਸਦਾ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾ ਰੱਖਣਾ ਚਾਹੀਦਾ ਹੈ। (ਪਰ ਇਹ ਉੱਦਮ ਉਹੀ ਮਨੁੱਖ ਕਰ ਸਕਦਾ ਹੈ ਜਿਸ ਉਤੇ) ਪਰਮਾਤਮਾ ਆਪ ਹੀ ਮੇਹਰ ਕਰ ਕੇ ਬਖ਼ਸ਼ਸ਼ ਕਰੇ ॥੯॥

ਸੇਈ ਨਾਚਹਿ ਜੋ ਤੁਧੁ ਭਾਵਹਿ ਜਿ ਗੁਰਮੁਖਿ ਸਬਦੁ ਵੀਚਾਰੀ ॥

ਹੇ ਪ੍ਰਭੂ! ਜੇਹੜੇ ਮਨੁੱਖ ਤੈਨੂੰ ਚੰਗੇ ਲੱਗਦੇ ਹਨ ਉਹੀ ਤੇਰੀ ਰਜ਼ਾ ਵਿਚ ਤੁਰਦੇ ਹਨ ਕਿਉਂਕਿ ਉਹ ਗੁਰੂ ਦੀ ਸਰਨ ਪੈ ਕੇ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾ ਲੈਂਦੇ ਹਨ।

ਕਹੁ ਨਾਨਕ ਸੇ ਸਹਜ ਸੁਖੁ ਪਾਵਹਿ ਜਿਨ ਕਉ ਨਦਰਿ ਤੁਮਾਰੀ ॥੧੦॥੧॥੬॥

ਨਾਨਕ ਆਖਦਾ ਹੈ- (ਹੇ ਪ੍ਰਭੂ!) ਜਿਨ੍ਹਾਂ ਉੱਤੇ ਤੇਰੀ ਮੇਹਰ ਦੀ ਨਜ਼ਰ ਪੈਂਦੀ ਹੈ ਉਹ ਮਨੁੱਖ ਆਤਮਕ ਅਡੋਲਤਾ ਦਾ ਆਨੰਦ ਮਾਣਦੇ ਹਨ ॥੧੦॥੧॥੬॥


ਗੂਜਰੀ ਮਹਲਾ ੪ ਘਰੁ ੨ ॥

ਰਾਗ ਗੂਜਰੀ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਹਰਿ ਬਿਨੁ ਜੀਅਰਾ ਰਹਿ ਨ ਸਕੈ ਜਿਉ ਬਾਲਕੁ ਖੀਰ ਅਧਾਰੀ ॥

ਮੇਰੀ ਕਮਜ਼ੋਰ ਜਿੰਦ ਪਰਮਾਤਮਾ (ਦੇ ਮਿਲਾਪ) ਤੋਂ ਬਿਨਾ ਧੀਰਜ ਨਹੀਂ ਫੜ ਸਕਦੀ, ਜਿਵੇਂ ਛੋਟਾ ਬਾਲ ਦੁੱਧ ਦੇ ਸਹਾਰੇ ਹੀ ਰਹਿ ਸਕਦਾ ਹੈ।

ਅਗਮ ਅਗੋਚਰ ਪ੍ਰਭੁ ਗੁਰਮੁਖਿ ਪਾਈਐ ਅਪੁਨੇ ਸਤਿਗੁਰ ਕੈ ਬਲਿਹਾਰੀ ॥੧॥

ਉਹ ਪ੍ਰਭੂ, ਜੋ ਅਪਹੁੰਚ ਹੈ (ਜਿਸ ਤਕ ਜੀਵ ਆਪਣੀ ਸਿਆਣਪ ਦੇ ਬਲ ਨਾਲ ਨਹੀਂ ਪਹੁੰਚ ਸਕਦਾ), ਜਿਸ ਤਕ ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਗੁਰੂ ਦੀ ਸਰਨ ਪਿਆਂ ਹੀ ਮਿਲਦਾ ਹੈ, (ਇਸ ਵਾਸਤੇ) ਮੈਂ ਆਪਣੇ ਗੁਰੂ ਤੋਂ (ਸਦਾ) ਸਦਕੇ ਜਾਂਦਾ ਹਾਂ ॥੧॥

ਮਨ ਰੇ ਹਰਿ ਕੀਰਤਿ ਤਰੁ ਤਾਰੀ ॥

ਹੇ (ਮੇਰੇ) ਮਨ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਰਾਹੀਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਦਾ ਜਤਨ ਕਰਿਆ ਕਰ।

ਗੁਰਮੁਖਿ ਨਾਮੁ ਅੰਮ੍ਰਿਤ ਜਲੁ ਪਾਈਐ ਜਿਨ ਕਉ ਕ੍ਰਿਪਾ ਤੁਮਾਰੀ ॥ ਰਹਾਉ ॥

ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਗੁਰੂ ਦੀ ਸਰਨ ਪਿਆਂ ਮਿਲਦਾ ਹੈ। (ਪਰ, ਹੇ ਪ੍ਰਭੂ! ਤੇਰਾ ਨਾਮ-ਜਲ ਉਹਨਾਂ ਨੂੰ ਹੀ ਮਿਲਦਾ ਹੈ) ਜਿਨ੍ਹਾਂ ਉਤੇ ਤੇਰੀ ਕਿਰਪਾ ਹੋਵੇ। ਰਹਾਉ॥

ਸਨਕ ਸਨੰਦਨ ਨਾਰਦ ਮੁਨਿ ਸੇਵਹਿ ਅਨਦਿਨੁ ਜਪਤ ਰਹਹਿ ਬਨਵਾਰੀ ॥

(ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਸਤੇ) ਸਨਕ ਸਨੰਦਨ (ਆਦਿਕ ਰਿਸ਼ੀ) ਨਾਰਦ (ਆਦਿਕ) ਮੁਨੀ ਜਗਤ ਦੇ ਮਾਲਕ-ਪ੍ਰਭੂ ਦੀ ਹੀ ਸੇਵਾ-ਭਗਤੀ ਕਰਦੇ (ਰਹੇ) ਹਨ, ਹਰ ਵੇਲੇ (ਪ੍ਰਭੂ ਦਾ ਨਾਮ ਹੀ) ਜਪਦੇ (ਰਹੇ) ਹਨ।

ਸਰਣਾਗਤਿ ਪ੍ਰਹਲਾਦ ਜਨ ਆਏ ਤਿਨ ਕੀ ਪੈਜ ਸਵਾਰੀ ॥੨॥

ਪ੍ਰਹਲਾਦ (ਆਦਿਕ ਜੇਹੜੇ ਜੇਹੜੇ) ਭਗਤ ਪਰਮਾਤਮਾ ਦੀ ਸਰਨ ਆਏ, ਪਰਮਾਤਮਾ ਉਹਨਾਂ ਦੀ ਇੱਜ਼ਤ ਬਚਾਂਦਾ ਰਿਹਾ ॥੨॥

ਅਲਖ ਨਿਰੰਜਨੁ ਏਕੋ ਵਰਤੈ ਏਕਾ ਜੋਤਿ ਮੁਰਾਰੀ ॥

ਸਾਰੇ ਜਗਤ ਵਿਚ ਇਕ ਅਦ੍ਰਿਸ਼ਟ ਤੇ ਨਿਰਲੇਪ ਪਰਮਾਤਮਾ ਹੀ ਵੱਸ ਰਿਹਾ ਹੈ, ਸਾਰੇ ਸੰਸਾਰ ਵਿਚ ਪਰਮਾਤਮਾ ਦਾ ਹੀ ਨੂਰ ਪ੍ਰਕਾਸ਼ ਕਰ ਰਿਹਾ ਹੈ।

ਸਭਿ ਜਾਚਿਕ ਤੂ ਏਕੋ ਦਾਤਾ ਮਾਗਹਿ ਹਾਥ ਪਸਾਰੀ ॥੩॥

ਹੇ ਪ੍ਰਭੂ! ਇਕ ਤੂੰ ਹੀ (ਸਭ ਜੀਵਾਂ ਨੂੰ) ਦਾਤਾਂ ਦੇਣ ਵਾਲਾ ਹੈਂ, ਸਾਰੇ ਜੀਵ (ਤੇਰੇ ਦਰ ਤੇ) ਮੰਗਤੇ ਹਨ (ਤੇਰੇ ਅੱਗੇ) ਹੱਥ ਖਿਲਾਰ ਕੇ ਮੰਗ ਰਹੇ ਹਨ ॥੩॥

ਭਗਤ ਜਨਾ ਕੀ ਊਤਮ ਬਾਣੀ ਗਾਵਹਿ ਅਕਥ ਕਥਾ ਨਿਤ ਨਿਆਰੀ ॥

ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦਿਆਂ ਦੇ ਬਚਨ ਅਮੋਲਕ ਹੋ ਜਾਂਦੇ ਹਨ, ਉਹ ਸਦਾ ਉਸ ਪਰਮਾਤਮਾ ਦੀ ਅਨੋਖੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ, ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।

ਸਫਲ ਜਨਮੁ ਭਇਆ ਤਿਨ ਕੇਰਾ ਆਪਿ ਤਰੇ ਕੁਲ ਤਾਰੀ ॥੪॥

(ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਉਹਨਾਂ ਦਾ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ, ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ, ਆਪਣੀਆਂ ਕੁਲਾਂ ਨੂੰ ਭੀ ਲੰਘਾ ਲੈਂਦੇ ਹਨ ॥੪॥

ਮਨਮੁਖ ਦੁਬਿਧਾ ਦੁਰਮਤਿ ਬਿਆਪੇ ਜਿਨ ਅੰਤਰਿ ਮੋਹ ਗੁਬਾਰੀ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੁਚਿੱਤਾ-ਪਨ ਵਿਚ ਤੇ ਭੈੜੀ ਮਤਿ (ਦੇ ਪ੍ਰਭਾਵ) ਵਿਚ ਫਸੇ ਰਹਿੰਦੇ ਹਨ, ਕਿਉਂਕਿ ਉਹਨਾਂ ਦੇ ਹਿਰਦੇ ਵਿਚ (ਮਾਇਆ ਦੇ) ਮੋਹ ਦਾ ਹਨੇਰਾ ਪਿਆ ਰਹਿੰਦਾ ਹੈ।

ਸੰਤ ਜਨਾ ਕੀ ਕਥਾ ਨ ਭਾਵੈ ਓਇ ਡੂਬੇ ਸਣੁ ਪਰਵਾਰੀ ॥੫॥

(ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ) ਸੰਤ ਜਨਾਂ ਦੀ (ਕੀਤੀ ਹੋਈ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ) ਗੱਲ ਨਹੀਂ ਸੁਖਾਂਦੀ (ਇਸ ਵਾਸਤੇ) ਉਹ ਆਪਣੇ ਪਰਵਾਰ ਸਮੇਤ (ਵਿਕਾਰ-ਭਰੇ ਸੰਸਾਰ-ਸਮੁੰਦਰ ਵਿਚ) ਡੁੱਬ ਜਾਂਦੇ ਹਨ ॥੫॥

ਨਿੰਦਕੁ ਨਿੰਦਾ ਕਰਿ ਮਲੁ ਧੋਵੈ ਓਹੁ ਮਲਭਖੁ ਮਾਇਆਧਾਰੀ ॥

ਨਿੰਦਾ ਕਰਨ ਵਾਲਾ ਮਨੁੱਖ (ਦੂਜਿਆਂ ਦੀ) ਨਿੰਦਾ ਕਰ ਕਰ ਕੇ (ਉਹਨਾਂ ਦੇ ਕੀਤੇ ਮੰਦ-ਕਰਮਾਂ ਦੀ) ਮੈਲ ਤਾਂ ਧੋ ਦੇਂਦਾ ਹੈ, ਪਰ ਉਹ ਆਪ ਮਾਇਆ-ਵੇੜ੍ਹਿਆ ਮਨੁੱਖ ਪਰਾਈ ਮੈਲ ਖਾਣ ਦਾ ਆਦੀ ਬਣ ਜਾਂਦਾ ਹੈ।

ਸੰਤ ਜਨਾ ਕੀ ਨਿੰਦਾ ਵਿਆਪੇ ਨਾ ਉਰਵਾਰਿ ਨ ਪਾਰੀ ॥੬॥

ਜੇਹੜੇ ਮਨੁੱਖ ਸੰਤ ਜਨਾਂ ਦੀ ਨਿੰਦਾ ਕਰਨ ਵਿਚ ਫਸੇ ਰਹਿੰਦੇ ਹਨ ਉਹ (ਇਸ ਨਿੰਦਾ ਦੇ ਸਮੁੰਦਰ ਵਿਚੋਂ) ਨਾਹ ਉਰਲੇ ਪਾਸੇ ਆ ਸਕਦੇ ਹਨ, ਨਾਹ ਪਰਲੇ ਪਾਸੇ ਲੰਘ ਸਕਦੇ ਹਨ ॥੬॥

ਏਹੁ ਪਰਪੰਚੁ ਖੇਲੁ ਕੀਆ ਸਭੁ ਕਰਤੈ ਹਰਿ ਕਰਤੈ ਸਭ ਕਲ ਧਾਰੀ ॥

(ਪਰ, ਜੀਵਾਂ ਦੇ ਭੀ ਕੀਹ ਵੱਸ?) ਇਹ ਸਾਰਾ ਜਗਤ-ਤਮਾਸ਼ਾ ਕਰਤਾਰ ਨੇ ਆਪ ਬਣਾਇਆ ਹੈ, ਕਰਤਾਰ ਨੇ ਹੀ ਇਸ ਵਿਚ ਆਪਣੀ ਸੱਤਾ ਟਿਕਾਈ ਹੋਈ ਹੈ।

ਹਰਿ ਏਕੋ ਸੂਤੁ ਵਰਤੈ ਜੁਗ ਅੰਤਰਿ ਸੂਤੁ ਖਿੰਚੈ ਏਕੰਕਾਰੀ ॥੭॥

ਸਾਰੇ ਜਗਤ ਵਿਚ ਸਿਰਫ਼ ਪਰਮਾਤਮਾ ਦੀ ਸੱਤਾ ਦਾ ਧਾਗਾ ਪਸਰਿਆ ਹੋਇਆ ਹੈ, ਜਦੋਂ ਉਹ ਇਸ ਧਾਗੇ ਨੂੰ ਖਿੱਚ ਲੈਂਦਾ ਹੈ (ਤਾਂ ਜਗਤ-ਤਮਾਸ਼ਾ ਅਲੋਪ ਹੋ ਜਾਂਦਾ ਹੈ, ਤੇ) ਪਰਮਾਤਮਾ ਆਪ ਹੀ ਆਪ ਰਹਿ ਜਾਂਦਾ ਹੈ ॥੭॥

ਰਸਨਿ ਰਸਨਿ ਰਸਿ ਗਾਵਹਿ ਹਰਿ ਗੁਣ ਰਸਨਾ ਹਰਿ ਰਸੁ ਧਾਰੀ ॥

(ਜੇਹੜੇ ਮਨੁੱਖ ਇਸ ਸੰਸਾਰ-ਸਮੁੰਦਰ ਤੋਂ ਸਹੀ ਸਲਾਮਤਿ ਪਾਰ ਲੰਘਣਾ ਚਾਹੁੰਦੇ ਹਨ ਉਹ) ਸਦਾ ਹੀ ਬੜੇ ਪ੍ਰੇਮ ਪਿਆਰ ਨਾਲ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਦੀ ਜੀਭ ਪਰਮਾਤਮਾ ਦੇ ਨਾਮ-ਰਸ ਨੂੰ ਚੱਖਦੀ ਰਹਿੰਦੀ ਹੈ।

ਨਾਨਕ ਹਰਿ ਬਿਨੁ ਅਵਰੁ ਨ ਮਾਗਉ ਹਰਿ ਰਸ ਪ੍ਰੀਤਿ ਪਿਆਰੀ ॥੮॥੧॥੭॥

ਹੇ ਨਾਨਕ! ਮੈਂ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੁਝ ਨਹੀਂ ਮੰਗਦਾ (ਮੈਂ ਇਹੀ ਚਾਹੁੰਦਾ ਹਾਂ ਕਿ) ਪਰਮਾਤਮਾ ਦੇ ਨਾਮ ਰਸ ਦੀ ਪ੍ਰੀਤ ਪਿਆਰੀ ਲੱਗਦੀ ਰਹੇ ॥੮॥੧॥੭॥


ਗੂਜਰੀ ਮਹਲਾ ੫ ਘਰੁ ੨ ॥

ਰਾਗ ਗੂਜਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਰਾਜਨ ਮਹਿ ਤੂੰ ਰਾਜਾ ਕਹੀਅਹਿ ਭੂਮਨ ਮਹਿ ਭੂਮਾ ॥

ਹੇ ਕਰਤਾਰ! (ਦੁਨੀਆ ਦੇ) ਰਾਜਿਆਂ ਵਿਚ ਤੂੰ (ਸ਼ਿਰੋਮਣੀ) ਰਾਜਾ ਅਖਵਾਂਦਾ ਹੈਂ, ਭੁਇਂ ਦੇ ਮਾਲਕਾਂ ਵਿਚ ਤੂੰ (ਸਭ ਤੋਂ ਵੱਡਾ) ਭੁਇਂ ਦਾ ਮਾਲਕ ਹੈਂ।

ਠਾਕੁਰ ਮਹਿ ਠਕੁਰਾਈ ਤੇਰੀ ਕੋਮਨ ਸਿਰਿ ਕੋਮਾ ॥੧॥

ਹੇ ਕਰਤਾਰ! (ਦੁਨੀਆ ਦੇ) ਸਰਦਾਰਾਂ ਵਿਚ ਤੇਰੀ ਸਰਦਾਰੀ (ਸਭ ਤੋਂ ਵੱਡੀ) ਹੈ, ਉੱਚੀ ਕੁਲ ਵਾਲਿਆਂ ਵਿਚ ਤੂੰ ਸ਼ਿਰੋਮਣੀ ਕੁਲ ਵਾਲਾ ਹੈਂ ॥੧॥

ਪਿਤਾ ਮੇਰੋ ਬਡੋ ਧਨੀ ਅਗਮਾ ॥

ਹੇ ਕਰਤਾਰ! ਤੂੰ ਮੇਰਾ ਪਿਤਾ ਹੈਂ, ਤੂੰ ਸਾਡੀ ਸਿਆਣਪ ਦੀ ਪਹੁੰਚ ਤੋਂ ਪਰੇ ਹੈਂ।

ਉਸਤਤਿ ਕਵਨ ਕਰੀਜੈ ਕਰਤੇ ਪੇਖਿ ਰਹੇ ਬਿਸਮਾ ॥੧॥ ਰਹਾਉ ॥

ਹੇ ਕਰਤਾਰ! ਤੇਰੀ ਕੇਹੜੀ ਕੇਹੜੀ ਵਡਿਆਈ ਅਸੀਂ ਕਰੀਏ? (ਤੇਰੀ ਲੀਲਾ) ਵੇਖ ਵੇਖ ਕੇ ਅਸੀਂ ਹੈਰਾਨ ਹੋ ਰਹੇ ਹਾਂ ॥੧॥ ਰਹਾਉ ॥

ਸੁਖੀਅਨ ਮਹਿ ਸੁਖੀਆ ਤੂੰ ਕਹੀਅਹਿ ਦਾਤਨ ਸਿਰਿ ਦਾਤਾ ॥

(ਹੇ ਕਰਤਾਰ! ਦੁਨੀਆ ਦੇ) ਸੁਖੀ ਲੋਕਾਂ ਵਿਚ ਤੂੰ (ਸ਼ਿਰੋਮਣੀ) ਸੁਖੀ ਕਿਹਾ ਜਾ ਸਕਦਾ ਹੈਂ ਤੇ ਦਾਤਿਆਂ ਵਿਚ ਸਭ ਤੋਂ ਵਢਾ ਦਾਤਾ।

ਤੇਜਨ ਮਹਿ ਤੇਜਵੰਸੀ ਕਹੀਅਹਿ ਰਸੀਅਨ ਮਹਿ ਰਾਤਾ ॥੨॥

ਦਾਨੀਆਂ ਵਿਚ ਤੂੰ ਹੀ (ਸ਼ਿਰੋਮਣੀ) ਤੇਜਸ੍ਵੀ ਕਿਹਾ ਜਾ ਸਕਦਾ ਹੈਂ ਤੇ (ਦੁਨੀਆ ਦੇ) ਰਸ ਮਾਣਨ ਵਾਲਿਆਂ ਵਿਚ ਤੂੰ ਸ਼ਿਰੋਮਣੀ ਰਸੀਆ ਹੈਂ ॥੨॥

ਸੂਰਨ ਮਹਿ ਸੂਰਾ ਤੂੰ ਕਹੀਅਹਿ ਭੋਗਨ ਮਹਿ ਭੋਗੀ ॥

(ਹੇ ਕਰਤਾਰ!) ਸੂਰਮਿਆਂ ਵਿਚ ਤੂੰ ਸ਼ਿਰੋਮਣੀ ਸੂਰਮਾ ਅਖਵਾਣ ਦਾ ਹੱਕਦਾਰ ਹੈਂ, ਭੋਗੀਆਂ ਵਿਚ ਤੂੰ ਹੀ ਭੋਗੀ ਹੈਂ।

ਗ੍ਰਸਤਨ ਮਹਿ ਤੂੰ ਬਡੋ ਗ੍ਰਿਹਸਤੀ ਜੋਗਨ ਮਹਿ ਜੋਗੀ ॥੩॥

ਗ੍ਰਿਹਸਤੀਆਂ ਵਿਚ ਤੂੰ ਸਭ ਤੋਂ ਵੱਡਾ ਗ੍ਰਿਹਸਤੀ ਹੈਂ (ਜਿਸ ਦਾ ਇਤਨਾ ਵੱਡਾ ਸੰਸਾਰ-ਟੱਬਰ ਹੈ), ਜੋਗੀਆਂ ਵਿਚ ਤੂੰ ਸ਼ਿਰੋਮਣੀ ਜੋਗੀ ਹੈਂ ॥੩॥

ਕਰਤਨ ਮਹਿ ਤੂੰ ਕਰਤਾ ਕਹੀਅਹਿ ਆਚਾਰਨ ਮਹਿ ਆਚਾਰੀ ॥

(ਹੇ ਕਰਤਾਰ!) ਨਵੇਂ ਕੰਮ ਕਰਨ ਵਾਲੇ ਸਿਆਣਿਆਂ ਵਿਚ ਤੂੰ ਸ਼ਿਰੋਮਣੀ ਰਚਨਹਾਰ ਹੈ; ਧਾਰਮਿਕ ਰਸਮਾਂ ਕਰਨ ਵਾਲਿਆਂ ਵਿਚ ਭੀ ਤੂੰ ਹੀ ਸ਼ਿਰੋਮਣੀ ਹੈਂ।

ਸਾਹਨ ਮਹਿ ਤੂੰ ਸਾਚਾ ਸਾਹਾ ਵਾਪਾਰਨ ਮਹਿ ਵਾਪਾਰੀ ॥੪॥

(ਦੁਨੀਆ ਦੇ) ਸਾਹੂਕਾਰਾਂ ਵਿਚ ਤੂੰ ਸਦਾ ਕਾਇਮ ਰਹਿਣ ਵਾਲਾ (ਸ਼ਿਰੋਮਣੀ) ਸਾਹੂਕਾਰ ਹੈਂ, ਤੇ ਵਾਪਾਰੀਆਂ ਵਿਚ ਤੂੰ ਵੱਡਾ ਵਾਪਾਰੀ ਹੈਂ ॥੪॥

ਦਰਬਾਰਨ ਮਹਿ ਤੇਰੋ ਦਰਬਾਰਾ ਸਰਨ ਪਾਲਨ ਟੀਕਾ ॥

(ਹੇ ਕਰਤਾਰ! ਦੁਨੀਆ ਦੇ) ਦਰਬਾਰ ਲਾਣ ਵਾਲਿਆਂ ਵਿਚ ਤੇਰਾ ਦਰਬਾਰ ਸ਼ਿਰੋਮਣੀ ਹੈ, ਸਰਨ ਪਿਆਂ ਦੀ ਲਾਜ ਰੱਖਣ ਵਾਲਿਆਂ ਦਾ ਤੂੰ ਸ਼ਿਰੋਮਣੀ ਟਿੱਕਾ ਹੈਂ।

ਲਖਿਮੀ ਕੇਤਕ ਗਨੀ ਨ ਜਾਈਐ ਗਨਿ ਨ ਸਕਉ ਸੀਕਾ ॥੫॥

ਤੇਰੇ ਘਰ ਵਿਚ ਕਿਤਨੀ ਕੁ ਮਾਇਆ ਹੈ; ਇਸ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਮੈਂ ਤੇਰੇ ਖ਼ਜ਼ਾਨੇ ਗਿਣ ਨਹੀਂ ਸਕਦਾ ॥੫॥

ਨਾਮਨ ਮਹਿ ਤੇਰੋ ਪ੍ਰਭ ਨਾਮਾ ਗਿਆਨਨ ਮਹਿ ਗਿਆਨੀ ॥

(ਹੇ ਪ੍ਰਭੂ! ਦੁਨੀਆ ਦੇ) ਵਡਿਆਈ-ਨਾਮਣੇ ਵਾਲਿਆਂ ਵਿਚੋਂ ਤੇਰਾ ਨਾਮਣਾ ਸ਼ਿਰੋਮਣੀ ਹੈ, ਤੇ ਗਿਆਨਵਾਨਾਂ ਵਿਚ ਤੂੰ ਹੀ ਸ਼ਿਰੋਮਣੀ ਗਿਆਨੀ ਹੈਂ।

ਜੁਗਤਨ ਮਹਿ ਤੇਰੀ ਪ੍ਰਭ ਜੁਗਤਾ ਇਸਨਾਨਨ ਮਹਿ ਇਸਨਾਨੀ ॥੬॥

ਚੰਗੀ ਜੀਵਨ-ਜੁਗਤਿ ਵਾਲਿਆਂ ਵਿਚ ਤੇਰੀ ਜੁਗਤਿ ਸ੍ਰੇਸ਼ਟ ਹੈ, (ਦੁਨੀਆ ਦੇ ਤੀਰਥ-) ਇਸ਼ਨਾਨੀਆਂ ਵਿਚ ਤੂੰ ਸ਼ਿਰੋਮਣੀ ਇਸ਼ਨਾਨੀ ਹੈਂ ॥੬॥

ਸਿਧਨ ਮਹਿ ਤੇਰੀ ਪ੍ਰਭ ਸਿਧਾ ਕਰਮਨ ਸਿਰਿ ਕਰਮਾ ॥

(ਹੇ ਪ੍ਰਭੂ!) ਕਰਾਮਾਤੀ ਤਾਕਤਾਂ ਰੱਖਣ ਵਾਲਿਆਂ ਵਿਚ ਤੇਰੀ ਕਰਾਮਾਤੀ ਤਾਕਤ ਸ਼ਿਰੋਮਣੀ ਹੈ, ਕੰਮ ਕਰਨ ਵਾਲਿਆਂ ਵਿਚ ਤੂੰ ਸ਼ਿਰੋਮਣੀ ਉੱਦਮੀ ਹੈਂ।

ਆਗਿਆ ਮਹਿ ਤੇਰੀ ਪ੍ਰਭ ਆਗਿਆ ਹੁਕਮਨ ਸਿਰਿ ਹੁਕਮਾ ॥੭॥

ਹੇ ਪ੍ਰਭੂ! (ਦੁਨੀਆ ਦੇ) ਇਖ਼ਤਿਆਰ ਵਾਲਿਆਂ ਵਿਚ ਤੇਰਾ ਇਖ਼ਤਿਆਰ ਸਭ ਤੋਂ ਵੱਡਾ ਹੈ, (ਦੁਨੀਆ ਦੇ) ਹੁਕਮ ਚਲਾਣ ਵਾਲਿਆਂ ਵਿਚ ਤੂੰ ਸ਼ਿਰੋਮਣੀ ਹਾਕਮ ਹੈਂ ॥੭॥

ਜਿਉ ਬੋਲਾਵਹਿ ਤਿਉ ਬੋਲਹ ਸੁਆਮੀ ਕੁਦਰਤਿ ਕਵਨ ਹਮਾਰੀ ॥

ਹੇ ਸੁਆਮੀ! ਸਾਡੀ (ਤੇਰੇ ਪੈਦਾ ਕੀਤੇ ਹੋਏ ਜੀਵਾਂ ਦੀ) ਕੀਹ ਪਾਇਆਂ ਹੈ? ਜਿਵੇਂ ਤੂੰ ਸਾਨੂੰ ਬੁਲਾਂਦਾ ਹੈਂ ਉਸੇ ਤਰ੍ਹਾਂ ਅਸੀਂ ਬੋਲਦੇ ਹਾਂ।

ਸਾਧਸੰਗਿ ਨਾਨਕ ਜਸੁ ਗਾਇਓ ਜੋ ਪ੍ਰਭ ਕੀ ਅਤਿ ਪਿਆਰੀ ॥੮॥੧॥੮॥

ਨਾਨਕ ਨੇ ਸਾਧ ਸੰਗਤ ਵਿਚ ਟਿਕ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤੀ ਹੈ, ਇਹ ਸਿਫ਼ਤ-ਸਾਲਾਹ ਪ੍ਰਭੂ ਨੂੰ ਬੜੀ ਪਿਆਰੀ ਲੱਗਦੀ ਹੈ ॥੮॥੧॥੮॥


ਗੂਜਰੀ ਮਹਲਾ ੫ ਘਰੁ ੪ ॥

ਰਾਗ ਗੂਜਰੀ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਨਾਥ ਨਰਹਰ ਦੀਨ ਬੰਧਵ ਪਤਿਤ ਪਾਵਨ ਦੇਵ ॥

ਹੇ ਜਗਤ ਦੇ ਮਾਲਕ! ਹੇ ਨਰਹਰ! ਹੇ ਦੀਨਾਂ ਦੇ ਸਹਾਈ! ਹੇ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲੇ! ਹੇ ਚਾਨਣ-ਸਰੂਪ!

ਭੈ ਤ੍ਰਾਸ ਨਾਸ ਕ੍ਰਿਪਾਲ ਗੁਣ ਨਿਧਿ ਸਫਲ ਸੁਆਮੀ ਸੇਵ ॥੧॥

ਹੇ ਸਾਰੇ ਡਰਾਂ ਸਹਮਾਂ ਦੇ ਨਾਸ ਕਰਨ ਵਾਲੇ! ਹੇ ਕ੍ਰਿਪਾਲ! ਹੇ ਗੁਣਾਂ ਦੇ ਖ਼ਜ਼ਾਨੇ! ਹੇ ਸੁਆਮੀ! ਤੇਰੀ ਸੇਵਾ-ਭਗਤੀ ਜੀਵਨ ਨੂੰ ਕਾਮਯਾਬ ਬਣਾ ਦੇਂਦੀ ਹੈ ॥੧॥

ਹਰਿ ਗੋਪਾਲ ਗੁਰ ਗੋਬਿੰਦ ॥

ਹੇ ਹਰੀ! ਹੇ ਗੋਪਾਲ! ਹੇ ਗੁਰ ਗੋਬਿੰਦ! ਹੇ ਦਇਆਲ!

ਚਰਣ ਸਰਣ ਦਇਆਲ ਕੇਸਵ ਤਾਰਿ ਜਗ ਭਵ ਸਿੰਧ ॥੧॥ ਰਹਾਉ ॥

ਹੇ (ਕੇਸ਼ਵ) ਪਰਮਾਤਮਾ! ਆਪਣੇ ਚਰਨਾਂ ਦੀ ਸਰਨ ਵਿਚ ਰੱਖ ਕੇ ਮੈਨੂੰ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ ॥੧॥ ਰਹਾਉ ॥

ਕਾਮ ਕ੍ਰੋਧ ਹਰਨ ਮਦ ਮੋਹ ਦਹਨ ਮੁਰਾਰਿ ਮਨ ਮਕਰੰਦ ॥

ਹੇ ਕਾਮ ਕ੍ਰੋਧ ਨੂੰ ਦੂਰ ਕਰਨ ਵਾਲੇ! ਹੇ ਮੋਹ ਦੇ ਨਸ਼ੇ ਨੂੰ ਸਾੜਨ ਵਾਲੇ! ਹੇ ਮਨ ਨੂੰ (ਜੀਵਨ-) ਸੁਗੰਧੀ ਦੇਣ ਵਾਲੇ ਮੁਰਾਰੀ-ਪ੍ਰਭੂ!

ਜਨਮ ਮਰਣ ਨਿਵਾਰਿ ਧਰਣੀਧਰ ਪਤਿ ਰਾਖੁ ਪਰਮਾਨੰਦ ॥੨॥

ਮੇਰਾ ਜਨਮ ਮਰਨ ਦਾ ਗੇੜ ਮੁਕਾ ਦੇ! ਹੇ ਧਰਤੀ ਦੇ ਆਸਰੇ! (ਜਗਤ ਦੇ ਵਿਕਾਰਾਂ ਵਿਚੋਂ ਮੇਰੀ) ਲਾਜ ਰੱਖ! ਹੇ ਸਭ ਤੋਂ ਸ੍ਰੇਸ਼ਟ-ਆਨੰਦ ਦੇ ਮਾਲਕ! ॥੨॥

ਜਲਤ ਅਨਿਕ ਤਰੰਗ ਮਾਇਆ ਗੁਰ ਗਿਆਨ ਹਰਿ ਰਿਦ ਮੰਤ ॥

ਹੇ ਹਰੀ! ਮਾਇਆ-ਅੱਗ ਦੀਆਂ ਬੇਅੰਤ ਲਹਿਰਾਂ ਵਿਚ ਸੜ ਰਹੇ ਜੀਵਾਂ ਦੇ ਹਿਰਦੇ ਵਿਚ ਗੁਰੂ ਦੇ ਗਿਆਨ ਦਾ ਮੰਤ੍ਰ ਟਿਕਾ।

ਛੇਦਿ ਅਹੰਬੁਧਿ ਕਰੁਣਾ ਮੈ ਚਿੰਤ ਮੇਟਿ ਪੁਰਖ ਅਨੰਤ ॥੩॥

(ਸਾਡੀ) ਹਉਮੈ ਦੂਰ ਕਰ! ਹੇ ਤਰਸ-ਸਰੂਪ ਹਰੀ! ਤੇ ਚਿੰਤਾ ਮਿਟਾ ਦੇ! ਹੇ ਸਰਬ-ਵਿਆਪਕ ਬੇਅੰਤ ਪ੍ਰਭੂ! ॥੩॥

ਸਿਮਰਿ ਸਮਰਥ ਪਲ ਮਹੂਰਤ ਪ੍ਰਭ ਧਿਆਨੁ ਸਹਜ ਸਮਾਧਿ ॥

ਹੇ ਸਮਰਥ ਪ੍ਰਭੂ! ਹਰ ਪਲ ਹਰ ਘੜੀ (ਤੇਰਾ ਨਾਮ) ਸਿਮਰ ਕੇ ਮੈਂ ਆਪਣੀ ਸੁਰਤਿ ਆਤਮਕ ਅਡੋਲਤਾ ਦੀ ਸਮਾਧੀ ਵਿਚ ਜੋੜੀ ਰੱਖਾਂ।

ਦੀਨ ਦਇਆਲ ਪ੍ਰਸੰਨ ਪੂਰਨ ਜਾਚੀਐ ਰਜ ਸਾਧ ॥੪॥

ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਸਦਾ ਖਿੜੇ ਰਹਿਣ ਵਾਲੇ! ਸਰਬ-ਵਿਆਪਕ! (ਤੇਰੇ ਦਰ ਤੋਂ ਤੇਰੇ) ਸੰਤ ਜਨਾਂ ਦੀ ਚਰਨ-ਧੂੜ (ਹੀ ਸਦਾ) ਮੰਗਣੀ ਚਾਹੀਦੀ ਹੈ ॥੪॥

ਮੋਹ ਮਿਥਨ ਦੁਰੰਤ ਆਸਾ ਬਾਸਨਾ ਬਿਕਾਰ ॥

ਹੇ ਹਰੀ! ਹੇ ਨਿਰੰਕਾਰ! ਮੈਨੂੰ (ਸੰਸਾਰ-ਸਮੁੰਦਰ ਤੋਂ) ਬਚਾ ਲੈ, ਮੇਰੇ ਮਨ ਤੋਂ ਭਟਕਣਾ ਦੂਰ ਕਰ ਦੇ।

ਰਖੁ ਧਰਮ ਭਰਮ ਬਿਦਾਰਿ ਮਨ ਤੇ ਉਧਰੁ ਹਰਿ ਨਿਰੰਕਾਰ ॥੫॥

ਹੇ ਹਰੀ! ਝੂਠੇ ਮੋਹ ਤੋਂ, ਭੈੜੇ ਅੰਤ ਵਾਲੀ ਆਸਾ ਤੋਂ, ਵਿਕਾਰਾਂ ਦੀਆਂ ਵਾਸ਼ਨਾ ਤੋਂ, ਮੇਰੀ ਲਾਜ ਰੱਖ ॥੫॥

ਧਨਾਢਿ ਆਢਿ ਭੰਡਾਰ ਹਰਿ ਨਿਧਿ ਹੋਤ ਜਿਨਾ ਨ ਚੀਰ ॥

ਹੇ ਹਰੀ! ਜਿਨ੍ਹਾਂ ਪਾਸ (ਤਨ ਢੱਕਣ ਲਈ) ਕੱਪੜੇ ਦੀ ਲੀਰ ਭੀ ਨਹੀਂ ਹੁੰਦੀ, ਉਹ ਤੇਰੇ ਗੁਣਾਂ ਦੇ ਖ਼ਜ਼ਾਨੇ ਪ੍ਰਾਪਤ ਕਰ ਕੇ (ਮਾਨੋ) ਧਨੀਆਂ ਦੇ ਧਨੀ ਬਣ ਜਾਂਦੇ ਹਨ।

ਖਲ ਮੁਗਧ ਮੂੜ ਕਟਾਖ੍ਹ ਸ੍ਰੀਧਰ ਭਏ ਗੁਣ ਮਤਿ ਧੀਰ ॥੬॥

ਹੇ ਲੱਛਮੀ-ਪਤੀ! ਮਹਾਂ ਮੂਰਖ ਤੇ ਦੁਸ਼ਟ ਤੇਰੀ ਮੇਹਰ ਦੀ ਨਿਗਾਹ ਨਾਲ ਗੁਣਾਂ ਵਾਲੇ, ਉੱਚੀ ਮਤਿ ਵਾਲੇ, ਧੀਰਜ ਵਾਲੇ ਬਣ ਜਾਂਦੇ ਹਨ ॥੬॥

ਜੀਵਨ ਮੁਕਤ ਜਗਦੀਸ ਜਪਿ ਮਨ ਧਾਰਿ ਰਿਦ ਪਰਤੀਤਿ ॥

ਹੇ ਮਨ! ਜੀਵਨ-ਮੁਕਤ ਕਰਨ ਵਾਲੇ ਜਗਦੀਸ਼ ਦਾ ਨਾਮ ਜਪ। ਹਿਰਦੇ ਵਿਚ ਉਸ ਵਾਸਤੇ ਸਰਧਾ ਟਿਕਾ!

ਜੀਅ ਦਇਆ ਮਇਆ ਸਰਬਤ੍ਰ ਰਮਣੰ ਪਰਮ ਹੰਸਹ ਰੀਤਿ ॥੭॥

ਸਭ ਜੀਵਾਂ ਨਾਲ ਦਇਆ ਪਿਆਰ ਵਾਲਾ ਸਲੂਕ ਰੱਖ, ਪਰਮਾਤਮਾ ਨੂੰ ਸਰਬ-ਵਿਆਪਕ ਜਾਣ-ਉੱਚੇ ਜੀਵਨ ਵਾਲੇ ਹੰਸ (-ਮਨੁੱਖਾਂ) ਦੀ ਇਹ ਜੀਵਨ-ਜੁਗਤਿ ਹੈ ॥੭॥

ਦੇਤ ਦਰਸਨੁ ਸ੍ਰਵਨ ਹਰਿ ਜਸੁ ਰਸਨ ਨਾਮ ਉਚਾਰ ॥

ਪਰਮਾਤਮਾ ਆਪ ਹੀ ਆਪਣਾ ਦਰਸਨ ਬਖ਼ਸ਼ਦਾ ਹੈ, ਕੰਨਾਂ ਵਿਚ ਆਪਣੀ ਸਿਫ਼ਤ-ਸਾਲਾਹ ਦੇਂਦਾ ਹੈ, ਜੀਭ ਨੂੰ ਆਪਣੇ ਨਾਮ ਦਾ ਉਚਾਰਨ ਦੇਂਦਾ ਹੈ,

ਅੰਗ ਸੰਗ ਭਗਵਾਨ ਪਰਸਨ ਪ੍ਰਭ ਨਾਨਕ ਪਤਿਤ ਉਧਾਰ ॥੮॥੧॥੨॥੫॥੧॥੧॥੨॥੫੭॥

ਪ੍ਰਭੂ ਸਦਾ ਅੰਗ-ਸੰਗ ਵੱਸਦਾ ਹੈ। ਹੇ ਨਾਨਕ! (ਆਖ:) ਹੇ ਹਰੀ! ਤੇਰੀ ਛੁਹ ਵਿਕਾਰੀਆਂ ਦਾ ਭੀ ਪਾਰ-ਉਤਾਰਾ ਕਰਨ ਵਾਲੀ ਹੈ ॥੮॥੧॥੨॥੫॥੧॥੧॥੨॥੫੭॥


ਗੂਜਰੀ ਕੀ ਵਾਰ ਮਹਲਾ ੩ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ ॥

ਰਾਗ ਗੂਜਰੀ ਵਿੱਚ, ਗੁਰੂ ਅਮਰਦਾਸ ਜੀ ਦੀ ਬਾਣੀ ‘ਵਾਰ’ ਇਸ ਨੂੰ ਸਿਕੰਦਰ ਬਿਰਾਹਿਮ ਦੀ ‘ਵਾਰ’ ਦੀ ਧੁਨ ਨਾਲ ਗਾਉਣਾ ਹੈ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਲੋਕੁ ਮ : ੩ ॥

ਸਲੋਕ ਗੁਰੂ ਅਮਰਦਾਸ ਜੀ ਦਾ।

ਇਹੁ ਜਗਤੁ ਮਮਤਾ ਮੁਆ ਜੀਵਣ ਕੀ ਬਿਧਿ ਨਾਹਿ ॥

ਇਹ ਜਗਤ ਅਣਪੱਤ (ਇਹ ਚੀਜ਼ ‘ਮੇਰੀ’ ਬਣ ਜਾਏ, ਇਹ ਚੀਜ਼ ‘ਮੇਰੀ’ ਹੋ ਜਾਏ) ਵਿਚ ਇਤਨਾ ਫਸਿਆ ਪਿਆ ਹੈ ਕਿ ਇਸ ਨੂੰ ਜੀਉਣ ਦੀ ਜਾਚ ਨਹੀਂ ਰਹੀ।

ਗੁਰ ਕੈ ਭਾਣੈ ਜੋ ਚਲੈ ਤਾਂ ਜੀਵਣ ਪਦਵੀ ਪਾਹਿ ॥

ਜਿਹੜੇ ਮਨੁੱਖ ਸਤਿਗੁਰੂ ਦੇ ਕਹੇ ਤੇ ਤੁਰਦੇ ਹਨ ਉਹ ਜੀਵਨ-ਜੁਗਤਿ ਸਿੱਖ ਲੈਂਦੇ ਹਨ।

ਓਇ ਸਦਾ ਸਦਾ ਜਨ ਜੀਵਤੇ ਜੋ ਹਰਿ ਚਰਣੀ ਚਿਤੁ ਲਾਹਿ ॥

ਜੋ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਚਿੱਤ ਜੋੜਦੇ ਹਨ, ਉਹ ਸਮਝੋ, ਸਦਾ ਹੀ ਜੀਉਂਦੇ ਹਨ।

ਨਾਨਕ ਨਦਰੀ ਮਨਿ ਵਸੈ ਗੁਰਮੁਖਿ ਸਹਜਿ ਸਮਾਹਿ ॥੧॥

ਹੇ ਨਾਨਕ! ਗੁਰੂ ਦੇ ਸਨਮੁਖ ਹੋਇਆਂ ਮਿਹਰ ਦਾ ਮਾਲਕ ਪ੍ਰਭੂ ਮਨ ਵਿਚ ਆ ਵੱਸਦਾ ਹੈ ਤੇ ਗੁਰਮੁਖ ਉਸ ਅਵਸਥਾ ਵਿਚ ਜਾ ਅੱਪੜਦੇ ਹਨ ਜਿਥੇ ਪਦਾਰਥਾਂ ਵਲ ਮਨ ਡੋਲਦਾ ਨਹੀਂ ॥੧॥


ਮ : ੩ ॥
ਅੰਦਰਿ ਸਹਸਾ ਦੁਖੁ ਹੈ ਆਪੈ ਸਿਰਿ ਧੰਧੈ ਮਾਰ ॥

ਉਹਨਾਂ ਦੇ ਮਨ ਵਿਚ ਤੌਖਲਾ ਤੇ ਕਲੇਸ਼ ਟਿਕਿਆ ਰਹਿੰਦਾ ਹੈ, ਤੇ ਦੁਨੀਆ ਦੇ ਝੰਬੇਲਿਆਂ ਦਾ ਇਹ ਖਪਾਣਾ ਆਪਣੇ ਸਿਰ ਉਤੇ ਆਪ ਸਹੇੜਿਆ ਹੋਇਆ ਹੈ,

ਦੂਜੈ ਭਾਇ ਸੁਤੇ ਕਬਹਿ ਨ ਜਾਗਹਿ ਮਾਇਆ ਮੋਹ ਪਿਆਰ ॥

ਜਿਨ੍ਹਾਂ ਦਾ ਮਾਇਆ ਨਾਲ ਮੋਹ ਪਿਆਰ ਹੈ ਜੋ ਮਾਇਆ ਦੇ ਪਿਆਰ ਵਿਚ ਮਸਤ ਹੋ ਰਹੇ ਹਨ (ਇਸ ਗ਼ਫ਼ਲਿਤ ਵਿਚੋਂ) ਕਦੇ ਜਾਗਦੇ ਨਹੀਂ।

ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਆਚਾਰੁ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੀ ਰਹਿਣੀ ਇਹ ਹੈ ਕਿ ਉਹ ਕਦੇ ਗੁਰ-ਸ਼ਬਦ ਨਹੀਂ ਵੀਚਾਰਦੇ ਤੇ ਨਾਮ ਨਹੀ ਜਪਦੇ,

ਹਰਿ ਨਾਮੁ ਨ ਪਾਇਆ ਜਨਮੁ ਬਿਰਥਾ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ ॥੨॥

ਹੇ ਨਾਨਕ! ਉਹਨਾਂ ਨੂੰ ਪਰਮਾਤਮਾ ਦਾ ਨਾਮ ਨਸੀਬ ਨਹੀਂ ਹੋਇਆ, ਉਹ ਜਨਮ ਅਜਾਈਂ ਗਵਾਂਦੇ ਹਨ ਤੇ ਜਮ ਉਹਨਾਂ ਨੂੰ ਮਾਰ ਕੇ ਖ਼ੁਆਰ ਕਰਦਾ ਹੈ (ਭਾਵ, ਮੌਤ ਹੱਥੋਂ ਸਦਾ ਸਹਮੇ ਰਹਿੰਦੇ ਹਨ) ॥੨॥


ਪਉੜੀ ॥
ਆਪਣਾ ਆਪੁ ਉਪਾਇਓਨੁ ਤਦਹੁ ਹੋਰੁ ਨ ਕੋਈ ॥

ਜਦੋਂ ਪ੍ਰਭੂ ਨੇ ਆਪਣਾ ਆਪ (ਹੀ) ਪੈਦਾ ਕੀਤਾ ਹੋਇਆ ਸੀ ਤਦੋਂ ਕੋਈ ਹੋਰ ਦੂਜਾ ਨਹੀਂ ਸੀ,

ਮਤਾ ਮਸੂਰਤਿ ਆਪਿ ਕਰੇ ਜੋ ਕਰੇ ਸੁ ਹੋਈ ॥

ਸਲਾਹ ਮਸ਼ਵਰਾ ਭੀ ਉਹ ਆਪ ਹੀ ਕਰਦਾ ਸੀ ਤੇ ਜੋ ਕਰਦਾ ਸੀ ਸੋ ਹੁੰਦਾ ਸੀ।

ਤਦਹੁ ਆਕਾਸੁ ਨ ਪਾਤਾਲੁ ਹੈ ਨਾ ਤ੍ਰੈ ਲੋਈ ॥

ਉਸ ਵੇਲੇ ਨਾ ਆਕਾਸ਼, ਨਾ ਪਾਤਾਲ ਤੇ ਨਾ ਇਹ ਤ੍ਰੈਵੇ ਲੋਕ ਸਨ,

ਤਦਹੁ ਆਪੇ ਆਪਿ ਨਿਰੰਕਾਰੁ ਹੈ ਨਾ ਓਪਤਿ ਹੋਈ ॥

ਕੋਈ ਉਤਪੱਤੀ ਅਜੇ ਨਹੀਂ ਸੀ ਹੋਈ, ਆਕਾਰ-ਰਹਿਤ ਪਰਮਾਤਮਾ ਅਜੇ ਆਪ ਹੀ ਆਪ ਸੀ।

ਜਿਉ ਤਿਸੁ ਭਾਵੈ ਤਿਵੈ ਕਰੇ ਤਿਸੁ ਬਿਨੁ ਅਵਰੁ ਨ ਕੋਈ ॥੧॥

ਜੋ ਪ੍ਰਭੂ ਨੂੰ ਭਾਉਂਦਾ ਹੈ ਉਹੀ ਕਰਦਾ ਹੈ ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ ॥੧॥


ਸਲੋਕੁ ਮ : ੩ ॥
ਸਾਹਿਬੁ ਮੇਰਾ ਸਦਾ ਹੈ ਦਿਸੈ ਸਬਦੁ ਕਮਾਇ ॥

ਮੇਰਾ ਪ੍ਰਭੂ ਸਦਾ ਮੌਜੂਦ ਹੈ, ਪਰ ‘ਸ਼ਬਦ’ ਕਮਾਇਆਂ (ਅੱਖੀਂ) ਦਿੱਸਦਾ ਹੈ,

ਓਹੁ ਅਉਹਾਣੀ ਕਦੇ ਨਾਹਿ ਨਾ ਆਵੈ ਨਾ ਜਾਇ ॥

ਉਹ ਕਦੇ ਨਾਸ ਹੋਣ ਵਾਲਾ ਨਹੀਂ, ਨਾਹ ਜੰਮਦਾ ਹੈ, ਨਾਹ ਮਰਦਾ ਹੈ।

ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ ॥

ਉਹ ਪ੍ਰਭੂ ਸਭ (ਜੀਵਾਂ) ਵਿਚ ਮੌਜੂਦ ਹੈ ਉਸ ਨੂੰ ਸਦਾ ਸਿਮਰਨਾ ਚਾਹੀਦਾ ਹੈ।

ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ ॥

(ਭਲਾ) ਉਸ ਦੂਜੇ ਦੀ ਭਗਤੀ ਕਿਉਂ ਕਰੀਏ ਜੋ ਜੰਮਦਾ ਹੈ ਤੇ ਮਰ ਜਾਂਦਾ ਹੈ,

ਨਿਹਫਲੁ ਤਿਨ ਕਾ ਜੀਵਿਆ ਜਿ ਖਸਮੁ ਨ ਜਾਣਹਿ ਆਪਣਾ ਅਵਰੀ ਕਉ ਚਿਤੁ ਲਾਇ ॥

ਉਹਨਾਂ ਬੰਦਿਆਂ ਦਾ ਜੀਊਣਾ ਵਿਅਰਥ ਹੈ ਜੋ (ਪ੍ਰਭੂ ਨੂੰ ਛੱਡ ਕੇ) ਕਿਸੇ ਹੋਰ ਵਿਚ ਚਿੱਤ ਲਾ ਕੇ ਆਪਣੇ ਖਸਮ-ਪ੍ਰਭੂ ਨੂੰ ਨਹੀਂ ਪਛਾਣਦੇ।

ਨਾਨਕ ਏਵ ਨ ਜਾਪਈ ਕਰਤਾ ਕੇਤੀ ਦੇਇ ਸਜਾਇ ॥੧॥

ਹੇ ਨਾਨਕ! ਅਜੇਹੇ ਬੰਦਿਆਂ ਨੂੰ ਕਰਤਾਰ ਕਿਤਨੀ ਕੁ ਸਜ਼ਾ ਦੇਂਦਾ ਹੈ, ਇਹ ਗੱਲ ਪਤਾ ਨਹੀਂ ਲਗਦੀ ॥੧॥


ਮ : ੩ ॥
ਸਚਾ ਨਾਮੁ ਧਿਆਈਐ ਸਭੋ ਵਰਤੈ ਸਚੁ ॥

ਜੋ ਸਦਾ-ਥਿਰ ਪ੍ਰਭੂ ਹਰ ਥਾਂ ਵੱਸਦਾ ਹੈ ਉਸ ਦਾ ਨਾਮ ਸਿਮਰਨਾ ਚਾਹੀਦਾ ਹੈ,

ਨਾਨਕ ਹੁਕਮੁ ਬੁਝਿ ਪਰਵਾਣੁ ਹੋਇ ਤਾ ਫਲੁ ਪਾਵੈ ਸਚੁ ॥

ਹੇ ਨਾਨਕ! ਜੇ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਸਮਝੇ ਤਾਂ ਉਸ ਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ ਤੇ (ਇਹ ਪ੍ਰਭੂ-ਦਰ ਤੇ ਪ੍ਰਵਾਨਗੀ-ਰੂਪ) ਸਦਾ ਟਿਕੇ ਰਹਿਣ ਵਾਲਾ ਫਲ ਪ੍ਰਾਪਤ ਕਰਦਾ ਹੈ।

ਕਥਨੀ ਬਦਨੀ ਕਰਤਾ ਫਿਰੈ ਹੁਕਮੈ ਮੂਲਿ ਨ ਬੁਝਈ ਅੰਧਾ ਕਚੁ ਨਿਕਚੁ ॥੨॥

ਪਰ ਜੋ ਮਨੁੱਖ ਨਿਰੀਆਂ ਮੂੰਹ ਦੀਆਂ ਗੱਲਾਂ ਕਰਦਾ ਫਿਰਦਾ ਹੈ, ਪ੍ਰਭੂ ਦੀ ਰਜ਼ਾ ਨੂੰ ਉੱਕਾ ਨਹੀਂ ਸਮਝਦਾ, ਉਹ ਅੰਨ੍ਹਾ ਹੈ ਤੇ ਨਿਰੀਆਂ ਕੱਚੀਆਂ ਗੱਲਾਂ ਕਰਨ ਵਾਲਾ ਹੈ ॥੨॥


ਪਉੜੀ ॥
ਸੰਜੋਗੁ ਵਿਜੋਗੁ ਉਪਾਇਓਨੁ ਸ੍ਰਿਸਟੀ ਕਾ ਮੂਲੁ ਰਚਾਇਆ ॥

ਪਰਮਾਤਮਾ ਨੇ ਸੰਜੋਗ ਤੇ ਵਿਜੋਗ-ਰੂਪ ਨੇਮ ਬਣਾਇਆ ਤੇ ਜਗਤ (ਰਚਨਾ) ਦਾ ਮੁੱਢ ਬੰਨ੍ਹ ਦਿੱਤਾ।

ਹੁਕਮੀ ਸ੍ਰਿਸਟਿ ਸਾਜੀਅਨੁ ਜੋਤੀ ਜੋਤਿ ਮਿਲਾਇਆ ॥

ਉਸ ਨੇ ਆਪਣੇ ਹੁਕਮ ਵਿਚ ਸ੍ਰਿਸ਼ਟੀ ਸਾਜੀ ਤੇ (ਜੀਵਾਂ ਦੀ) ਆਤਮਾ ਵਿਚ (ਆਪਣੀ) ਜੋਤਿ ਰਲਾਈ।

ਜੋਤੀ ਹੂੰ ਸਭੁ ਚਾਨਣਾ ਸਤਿਗੁਰਿ ਸਬਦੁ ਸੁਣਾਇਆ ॥

ਇਹ ਸਾਰਾ ਪ੍ਰਕਾਸ਼ ਪ੍ਰਭੂ ਦੀ ਜੋਤਿ ਤੋਂ ਹੀ ਹੋਇਆ ਹੈ-ਇਹ ਬਚਨ ਸਤਿਗੁਰੂ ਨੇ ਸੁਣਾਇਆ ਹੈ।

ਬ੍ਰਹਮਾ ਬਿਸਨੁ ਮਹੇਸੁ ਤ੍ਰੈ ਗੁਣ ਸਿਰਿ ਧੰਧੈ ਲਾਇਆ ॥

ਬ੍ਰਹਮਾ, ਵਿਸ਼ਨੂ ਤੇ ਸ਼ਿਵ ਪੈਦਾ ਕਰ ਕੇ ਉਹਨਾਂ ਨੂੰ ਤਿੰਨਾਂ ਗੁਣਾਂ ਦੇ ਧੰਧੇ ਵਿਚ ਉਸ ਨੇ ਪਾ ਦਿੱਤਾ।

ਮਾਇਆ ਕਾ ਮੂਲੁ ਰਚਾਇਓਨੁ ਤੁਰੀਆ ਸੁਖੁ ਪਾਇਆ ॥੨॥

ਪਰਮਾਤਮਾ ਨੇ (ਸੰਜੋਗ ਵਿਜੋਗ-ਰੂਪ) ਮਾਇਆ ਦਾ ਮੁੱਢ ਰਚ ਦਿੱਤਾ, (ਇਸ ਮਾਇਆ ਵਿਚ ਰਹਿ ਕੇ) ਸੁਖ ਉਸ ਨੇ ਲੱਭਾ ਜੋ ਤੁਰੀਆ ਅਵਸਥਾ ਵਿਚ ਅੱਪੜਿਆ ॥੨॥


ਸਲੋਕੁ ਮ : ੩ ॥
ਸੋ ਜਪੁ ਸੋ ਤਪੁ ਜਿ ਸਤਿਗੁਰ ਭਾਵੈ ॥

ਇਹੀ ਜਪ ਹੈ ਤੇ ਇਹੀ ਤਪ ਹੈ ਜੋ ਸਤਿਗੁਰੂ ਨੂੰ ਭਾ ਜਾਂਦਾ ਹੈ (ਚੰਗਾ ਲੱਗ ਪੈਂਦਾ),

ਸਤਿਗੁਰ ਕੈ ਭਾਣੈ ਵਡਿਆਈ ਪਾਵੈ ॥

ਮਨੁੱਖ ਸਤਿਗੁਰੂ ਦੀ ਰਜ਼ਾ ਵਿਚ ਰਹਿ ਕੇ ਹੀ ਆਦਰ ਮਾਣ ਹਾਸਲ ਕਰਦਾ ਹੈ।

ਨਾਨਕ ਆਪੁ ਛੋਡਿ ਗੁਰ ਮਾਹਿ ਸਮਾਵੈ ॥੧॥

ਹੇ ਨਾਨਕ! ਆਪਾ-ਭਾਵ ਤਿਆਗ ਕੇ ਹੀ (ਮਨੁੱਖ) ਸਤਿਗੁਰੂ ਵਿਚ ਲੀਨ ਹੋ ਜਾਂਦਾ ਹੈ ॥੧॥


ਮ : ੩ ॥
ਗੁਰ ਕੀ ਸਿਖ ਕੋ ਵਿਰਲਾ ਲੇਵੈ ॥

ਕੋਈ ਵਿਰਲਾ ਬੰਦਾ ਸਤਿਗੁਰੂ ਦੀ ਸਿੱਖਿਆ ਲੈਂਦਾ ਹੈ (ਭਾਵ, ਸਿੱਖਿਆ ਤੇ ਤੁਰਦਾ ਹੈ),

ਨਾਨਕ ਜਿਸੁ ਆਪਿ ਵਡਿਆਈ ਦੇਵੈ ॥੨॥

ਹੇ ਨਾਨਕ! (ਗੁਰ-ਸਿੱਖਿਆ ਤੇ ਤੁਰਨ ਦੀ) ਵਡਿਆਈ ਉਸੇ ਨੂੰ ਮਿਲਦੀ ਹੈ ਜਿਸ ਨੂੰ ਪ੍ਰਭੂ ਆਪ ਦੇਂਦਾ ਹੈ ॥੨॥


ਪਉੜੀ ॥
ਮਾਇਆ ਮੋਹੁ ਅਗਿਆਨੁ ਹੈ ਬਿਖਮੁ ਅਤਿ ਭਾਰੀ ॥

ਮਾਇਆ ਦਾ ਮੋਹ ਤੇ ਅਗਿਆਨ (ਰੂਪ ਸਮੁੰਦਰ) ਬੜਾ ਭਾਰਾ ਔਖਾ ਹੈ;

ਪਥਰ ਪਾਪ ਬਹੁ ਲਦਿਆ ਕਿਉ ਤਰੀਐ ਤਾਰੀ ॥

ਜੇ ਬੜੇ ਪਾਪਾਂ (ਰੂਪ) ਪੱਥਰਾਂ ਨਾਲ ਲੱਦੇ ਹੋਵੀਏ (ਤਾਂ ਇਸ ਸਮੁੰਦਰ ਵਿਚੋਂ) ਕਿਵੇਂ ਤਰ ਕੇ ਲੰਘ ਸਕੀਦਾ ਹੈ? (ਭਾਵ, ਇਸ ਮੋਹ-ਸਮੁੰਦਰ ਵਿਚੋਂ ਸੁੱਕਾ ਬਚ ਕੇ ਲੰਘ ਨਹੀਂ ਸਕੀਦਾ)।

ਅਨਦਿਨੁ ਭਗਤੀ ਰਤਿਆ ਹਰਿ ਪਾਰਿ ਉਤਾਰੀ ॥

ਪ੍ਰਭੂ ਉਹਨਾਂ ਮਨੁੱਖਾਂ ਨੂੰ ਪਾਰ ਲੰਘਾਂਦਾ ਹੈ ਜੋ ਹਰ ਰੋਜ਼ (ਭਾਵ, ਹਰ ਵੇਲੇ) ਉਸ ਦੀ ਭਗਤੀ ਵਿਚ ਰੰਗੇ ਹੋਏ ਹਨ,

ਗੁਰਸਬਦੀ ਮਨੁ ਨਿਰਮਲਾ ਹਉਮੈ ਛਡਿ ਵਿਕਾਰੀ ॥

ਜਿਨ੍ਹਾਂ ਦਾ ਮਨ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਉਮੈ ਵਿਕਾਰ ਨੂੰ ਛੱਡ ਕੇ ਪਵਿੱਤ੍ਰ ਹੋ ਜਾਂਦਾ ਹੈ।

ਹਰਿ ਹਰਿ ਨਾਮੁ ਧਿਆਈਐ ਹਰਿ ਹਰਿ ਨਿਸਤਾਰੀ ॥੩॥

(ਸੋ) ਪ੍ਰਭੂ ਦਾ ਹੀ ਨਾਮ ਸਿਮਰਨਾ ਚਾਹੀਦਾ ਹੈ, ਪ੍ਰਭੂ ਹੀ (ਇਸ ‘ਮਾਇਆ-ਮੋਹ’ ਰੂਪ ਸਮੁੰਦਰ ਤੋਂ) ਪਾਰ ਲੰਘਾਂਦਾ ਹੈ ॥੩॥


ਸਲੋਕੁ ॥
ਕਬੀਰ ਮੁਕਤਿ ਦੁਆਰਾ ਸੰਕੁੜਾ ਰਾਈ ਦਸਵੈ ਭਾਇ ॥

ਹੇ ਕਬੀਰ! (ਮਾਇਆ ਦੇ ਮੋਹ ਤੋਂ) ਖ਼ਲਾਸੀ (ਪਾਣ) ਦਾ ਦਰਵਾਜ਼ਾ ਇਤਨਾ ਸੁੰਗੜਿਆ ਹੋਇਆ ਹੈ ਕਿ ਰਾਈ ਦੇ ਦਾਣੇ ਤੋਂ ਭੀ ਦਸਵਾਂ ਹਿੱਸਾ ਹੈ;

ਮਨੁ ਤਉ ਮੈਗਲੁ ਹੋਇ ਰਹਾ ਨਿਕਸਿਆ ਕਿਉ ਕਰਿ ਜਾਇ ॥

ਪਰ (ਅਸਾਡਾ) ਮਨ (ਹਉਮੈ ਨਾਲ) ਮਸਤ ਹਾਥੀ ਬਣਿਆ ਪਿਆ ਹੈ (ਇਸ ਵਿਚੋਂ) ਕਿਵੇਂ ਲੰਘਿਆ ਜਾ ਸਕੇ?

ਐਸਾ ਸਤਿਗੁਰੁ ਜੇ ਮਿਲੈ ਤੁਠਾ ਕਰੇ ਪਸਾਉ ॥

ਜੇ ਕੋਈ ਅਜੇਹਾ ਗੁਰੂ ਮਿਲ ਪਏ ਜੋ ਪ੍ਰਸੰਨ ਹੋ ਕੇ ਕਿਰਪਾ ਕਰੇ,

ਮੁਕਤਿ ਦੁਆਰਾ ਮੋਕਲਾ ਸਹਜੇ ਆਵਉ ਜਾਉ ॥੧॥

ਤਾਂ ਮੁਕਤੀ ਦਾ ਰਾਹ ਬੜਾ ਖੁਲ੍ਹਾ ਹੋ ਜਾਂਦਾ ਹੈ, ਉਸ ਵਿਚੋਂ ਸੌਖੇ ਹੀ ਆ ਜਾ ਸਕੀਦਾ ਹੈ ॥੧॥


ਮ : ੩ ॥
ਨਾਨਕ ਮੁਕਤਿ ਦੁਆਰਾ ਅਤਿ ਨੀਕਾ ਨਾਨ੍ਰਾ ਹੋਇ ਸੁ ਜਾਇ ॥

ਹੇ ਨਾਨਕ! ਮਾਇਆ ਦੇ ਮੋਹ ਤੋਂ ਬਚ ਕੇ ਲੰਘਣ ਦਾ ਰਸਤਾ ਬਹੁਤ ਨਿੱਕਾ ਜਿਹਾ ਹੈ, ਉਹੀ ਇਸ ਵਿਚੋਂ ਲੰਘ ਸਕਦਾ ਹੈ ਜੋ ਬਹੁਤ ਨਿੱਕਾ ਹੋ ਜਾਏ।

ਹਉਮੈ ਮਨੁ ਅਸਥੂਲੁ ਹੈ ਕਿਉ ਕਰਿ ਵਿਚੁ ਦੇ ਜਾਇ ॥

ਪਰ ਜੇ ਮਨ ਹਉਮੈ ਨਾਲ ਮੋਟਾ ਹੋ ਗਿਆ, ਤਾਂ ਇਸ (ਨਿੱਕੇ ਜਿਹੇ ਦਰਵਾਜ਼ੇ) ਵਿਚੋਂ ਦੀ ਕਿਵੇਂ ਲੰਘਿਆ ਜਾ ਸਕੇ?

ਸਤਿਗੁਰ ਮਿਲਿਐ ਹਉਮੈ ਗਈ ਜੋਤਿ ਰਹੀ ਸਭ ਆਇ ॥

ਜਦੋਂ ਗੁਰੂ ਮਿਲਿਆਂ ਹਉਮੈ ਦੂਰ ਹੋ ਜਾਏ ਤਾਂ ਅੰਦਰ ਪ੍ਰਕਾਸ਼ ਹੋ ਜਾਂਦਾ ਹੈ,

ਇਹੁ ਜੀਉ ਸਦਾ ਮੁਕਤੁ ਹੈ ਸਹਜੇ ਰਹਿਆ ਸਮਾਇ ॥੨॥

ਫਿਰ ਇਹ ਆਤਮਾ ਸਦਾ (ਮਾਇਆ-ਮੋਹ ਤੋਂ) ਆਜ਼ਾਦ ਰਹਿੰਦਾ ਹੈ ਤੇ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ ॥੨॥


ਪਉੜੀ ॥
ਪ੍ਰਭਿ ਸੰਸਾਰੁ ਉਪਾਇ ਕੈ ਵਸਿ ਆਪਣੈ ਕੀਤਾ ॥

ਪ੍ਰਭੂ ਨੇ ਜਗਤ ਪੈਦਾ ਕਰ ਕੇ ਆਪਣੇ ਵੱਸ ਵਿਚ ਰੱਖਿਆ ਹੋਇਆ ਹੈ,

ਗਣਤੈ ਪ੍ਰਭੂ ਨ ਪਾਈਐ ਦੂਜੈ ਭਰਮੀਤਾ ॥

(ਪਰ ਮਾਇਆ ਦੀਆਂ ਹੀ) ਵਿਚਾਰਾਂ ਕੀਤਿਆਂ ਪ੍ਰਭੂ ਨਹੀਂ ਮਿਲਦਾ, (ਸਗੋਂ) ਮਾਇਆ ਵਿਚ ਹੀ ਭਟਕੀਦਾ ਹੈ।

ਸਤਿਗੁਰ ਮਿਲਿਐ ਜੀਵਤੁ ਮਰੈ ਬੁਝਿ ਸਚਿ ਸਮੀਤਾ ॥

ਗੁਰੂ ਮਿਲਿਆਂ ਜੇ ਮਨੁੱਖ ਜੀਊਂਦਾ (ਮਾਇਆ ਵਲੋਂ) ਮਰੇ ਤਾਂ ਅਸਲੀਅਤ ਸਮਝ ਕੇ ਸੱਚੇ ਪ੍ਰਭੂ ਦੇ ਮੇਲ ਵਿਚ ਮਿਲ ਜਾਂਦਾ ਹੈ।

ਸਬਦੇ ਹਉਮੈ ਖੋਈਐ ਹਰਿ ਮੇਲਿ ਮਿਲੀਤਾ ॥

ਗੁਰੂ ਦੇ ਉਪਦੇਸ ਨਾਲ ਹੰਕਾਰ ਮਰ ਜਾਂਦਾ ਹੈ ਤੇ ਪ੍ਰਭੂ ਨਾਲ ਮੇਲ ਹੋ ਜਾਂਦਾ ਹੈ,

ਸਭ ਕਿਛੁ ਜਾਣੈ ਕਰੇ ਆਪਿ ਆਪੇ ਵਿਗਸੀਤਾ ॥੪॥

ਤੇ (ਇਹ ਸਮਝ ਆ ਜਾਂਦੀ ਕਿ) ਪ੍ਰਭੂ ਆਪ ਹੀ ਸਭ ਕੁਝ ਜਾਣਦਾ ਹੈ, ਆਪ ਹੀ ਕਰਦਾ ਹੈ ਤੇ ਆਪ ਹੀ (ਵੇਖ ਕੇ) ਖ਼ੁਸ਼ ਹੁੰਦਾ ਹੈ ॥੪॥


ਸਲੋਕੁ ਮ : ੩ ॥
ਸਤਿਗੁਰ ਸਿਉ ਚਿਤੁ ਨ ਲਾਇਓ ਨਾਮੁ ਨ ਵਸਿਓ ਮਨਿ ਆਇ ॥

ਜੇ ਗੁਰੂ ਨਾਲ ਚਿੱਤ ਨਾਹ ਲਾਇਆ ਤੇ ਪ੍ਰਭੂ ਦਾ ਨਾਮ ਮਨ ਵਿਚ ਨਾਹ ਵੱਸਿਆ,

ਧ੍ਰਿਗੁ ਇਵੇਹਾ ਜੀਵਿਆ ਕਿਆ ਜੁਗ ਮਹਿ ਪਾਇਆ ਆਇ ॥

ਤਾਂ ਫਿਟੇ-ਮੂੰਹ ਇਸ ਜੀਊਣ ਨੂੰ! ਮਨੁੱਖਾ-ਜਨਮ ਵਿਚ ਆ ਕੇ ਕੀਹ ਖੱਟਿਆ?

ਮਾਇਆ ਖੋਟੀ ਰਾਸਿ ਹੈ ਏਕ ਚਸੇ ਮਹਿ ਪਾਜੁ ਲਹਿ ਜਾਇ ॥

ਮਾਇਆ ਤਾਂ ਖੋਟੀ ਪੂੰਜੀ ਹੈ, ਇਸ ਦਾ ਪਾਜ ਤਾਂ ਇਕ ਪਲਕ ਵਿਚ ਲਹਿ ਜਾਂਦਾ ਹੈ,

ਹਥਹੁ ਛੁੜਕੀ ਤਨੁ ਸਿਆਹੁ ਹੋਇ ਬਦਨੁ ਜਾਇ ਕੁਮਲਾਇ ॥

ਜੇ ਇਹ ਗੁਆਚ ਜਾਏ (ਇਸ ਦੇ ਗ਼ਮ ਨਾਲ) ਸਰੀਰ ਕਾਲਾ ਹੋ ਜਾਂਦਾ ਹੈ ਤੇ ਮੂੰਹ ਕੁਮਲਾ ਜਾਂਦਾ ਹੈ।

ਜਿਨ ਸਤਿਗੁਰ ਸਿਉ ਚਿਤੁ ਲਾਇਆ ਤਿਨ੍ਰ ਸੁਖੁ ਵਸਿਆ ਮਨਿ ਆਇ ॥

ਜਿਨ੍ਹਾਂ ਮਨੁੱਖਾਂ ਨੇ ਗੁਰੂ ਨਾਲ ਚਿੱਤ ਜੋੜਿਆ ਉਹਨਾਂ ਦੇ ਮਨ ਵਿਚ ਸ਼ਾਂਤੀ ਆ ਵੱਸਦੀ ਹੈ;

ਹਰਿ ਨਾਮੁ ਧਿਆਵਹਿ ਰੰਗ ਸਿਉ ਹਰਿ ਨਾਮਿ ਰਹੇ ਲਿਵ ਲਾਇ ॥

ਉਹ ਪਿਆਰ ਨਾਲ ਪ੍ਰਭੂ ਦਾ ਨਾਮ ਸਿਮਰਦੇ ਹਨ, ਪ੍ਰਭੂ-ਨਾਮ ਵਿਚ ਸੁਰਤਿ ਜੋੜੀ ਰੱਖਦੇ ਹਨ।

ਨਾਨਕ ਸਤਿਗੁਰ ਸੋ ਧਨੁ ਸਉਪਿਆ ਜਿ ਜੀਅ ਮਹਿ ਰਹਿਆ ਸਮਾਇ ॥

ਹੇ ਨਾਨਕ! ਇਹ ਨਾਮ-ਧਨ ਪ੍ਰਭੂ ਨੇ ਸਤਿਗੁਰੂ ਨੂੰ ਸੌਂਪਿਆ ਹੈ, ਇਹ ਧਨ ਗੁਰੂ ਦੇ ਆਤਮਾ ਵਿਚ ਰਚਿਆ ਹੋਇਆ ਹੈ;

ਰੰਗੁ ਤਿਸੈ ਕਉ ਅਗਲਾ ਵੰਨੀ ਚੜੈ ਚੜਾਇ ॥੧॥

(ਜੋ ਮਨੁੱਖ ਗੁਰੂ ਤੋਂ ਨਾਮ ਧਨ ਲੈਂਦਾ ਹੈ) ਉਸੇ ਨੂੰ ਨਾਮ-ਰੰਗ ਬਹੁਤ ਚੜ੍ਹਦਾ ਹੈ, ਤੇ ਇਹ ਰੰਗ ਨਿੱਤ ਚਮਕਦਾ ਹੈ (ਦੂਣਾ ਚਉਣਾ ਹੁੰਦਾ ਹੈ) ॥੧॥


ਮ :੩ ॥
ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ ॥

ਮਾਇਆ ਸੱਪਣੀ ਬਣੀ ਹੋਈ ਹੈ ਜਗਤ ਵਿਚ (ਹਰੇਕ ਜੀਵ ਨੂੰ) ਚੰਬੜੀ ਹੋਈ ਹੈ,

ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰਿ ਖਾਇ ॥

ਜੋ ਇਸ ਦਾ ਗ਼ੁਲਾਮ ਬਣਦਾ ਹੈ ਉਸੇ ਨੂੰ ਇਹ ਮਾਰ ਮੁਕਾਂਦੀ ਹੈ।

ਗੁਰਮੁਖਿ ਕੋਈ ਗਾਰੜੂ ਤਿਨਿ ਮਲਿ ਦਲਿ ਲਾਈ ਪਾਇ ॥

ਕੋਈ ਵਿਰਲਾ ਗੁਰਮੁਖ ਹੁੰਦਾ ਹੈ ਜੋ ਇਸ ਮਾਇਆ-ਸੱਪਣੀ ਦੇ ਜ਼ਹਿਰ ਦਾ ਮੰਤ੍ਰ ਜਾਣਦਾ ਹੈ, ਉਸ ਨੇ ਇਸ ਨੂੰ ਚੰਗੀ ਤਰ੍ਹਾਂ ਮਲ ਕੇ ਪੈਰਾਂ ਹੇਠ ਸੁੱਟ ਲਿਆ ਹੈ।

ਨਾਨਕ ਸੇਈ ਉਬਰੇ ਜਿ ਸਚਿ ਰਹੇ ਲਿਵ ਲਾਇ ॥੨॥

ਹੇ ਨਾਨਕ! ਇਸ ਮਾਇਆ ਸੱਪਣੀ ਤੋਂ ਉਹੀ ਬਚੇ ਹਨ ਜੋ ਸੱਚੇ ਪ੍ਰਭੂ ਵਿਚ ਸੁਰਤਿ ਜੋੜਦੇ ਹਨ ॥੨॥


ਪਉੜੀ ॥
ਢਾਢੀ ਕਰੇ ਪੁਕਾਰ ਪ੍ਰਭੂ ਸੁਣਾਇਸੀ ॥

ਜਦੋਂ ਮਨੁੱਖ ਢਾਢੀ ਬਣ ਕੇ ਅਰਦਾਸ ਕਰਦਾ ਹੈ ਤੇ ਪ੍ਰਭੂ ਨੂੰ ਸੁਣਾਂਦਾ ਹੈ,

ਅੰਦਰਿ ਧੀਰਕ ਹੋਇ ਪੂਰਾ ਪਾਇਸੀ ॥

ਤਾਂ ਇਸ ਦੇ ਅੰਦਰ ਧੀਰਜ ਆਉਂਦੀ ਹੈ (ਮਾਇਆ-ਮੋਹ ਤੇ ਹਉਮੈ ਦੂਰ ਹੁੰਦੇ ਹਨ) ਤੇ ਪੂਰਾ ਪ੍ਰਭੂ ਇਸ ਨੂੰ ਮਿਲਦਾ ਹੈ।

ਜੋ ਧੁਰਿ ਲਿਖਿਆ ਲੇਖੁ ਸੇ ਕਰਮ ਕਮਾਇਸੀ ॥

ਧੁਰੋਂ (ਪਿਛਲੀ ਕੀਤੀ ਸਿਫ਼ਤ-ਸਾਲਾਹ ਅਨੁਸਾਰ) ਜੋ (ਭਗਤੀ ਦਾ) ਲੇਖ ਮੱਥੇ ਤੇ ਉੱਘੜਦਾ ਹੈ ਤੇ ਉਹੋ ਜਿਹੇ (ਭਾਵ, ਸਿਫ਼ਤ-ਸਾਲਾਹ ਵਾਲੇ) ਕੰਮ ਕਰਦਾ ਹੈ।

ਜਾ ਹੋਵੈ ਖਸਮੁ ਦਇਆਲੁ ਤਾ ਮਹਲੁ ਘਰੁ ਪਾਇਸੀ ॥

(ਇਸ ਤਰ੍ਹਾਂ) ਜਦੋਂ ਖਸਮ ਦਿਆਲ ਹੁੰਦਾ ਹੈ ਤਾਂ ਇਸ ਨੂੰ ਪ੍ਰਭੂ ਦਾ ਮਹਿਲ-ਰੂਪ ਅਸਲ ਘਰ ਲੱਭ ਪੈਂਦਾ ਹੈ।

ਸੋ ਪ੍ਰਭੁ ਮੇਰਾ ਅਤਿ ਵਡਾ ਗੁਰਮੁਖਿ ਮੇਲਾਇਸੀ ॥੫॥

ਪਰ ਮੇਰਾ ਉਹ ਪ੍ਰਭੂ ਹੈ ਬਹੁਤ ਵੱਡਾ, ਗੁਰੂ ਦੀ ਰਾਹੀਂ ਹੀ ਮਿਲਦਾ ਹੈ ॥੫॥


ਸਲੋਕ ਮ : ੩ ॥
ਸਭਨਾ ਕਾ ਸਹੁ ਏਕੁ ਹੈ ਸਦ ਹੀ ਰਹੈ ਹਜੂਰਿ ॥

ਸਭ (ਜੀਵ-ਇਸਤ੍ਰੀਆਂ) ਦਾ ਖਸਮ ਇਕ ਪਰਮਾਤਮਾ ਹੈ ਜੋ ਸਦਾ ਹੀ ਇਹਨਾਂ ਦੇ ਅੰਗ-ਸੰਗ ਰਹਿੰਦਾ ਹੈ,

ਨਾਨਕ ਹੁਕਮੁ ਨ ਮੰਨਈ ਤਾ ਘਰ ਹੀ ਅੰਦਰਿ ਦੂਰਿ ॥

ਪਰ, ਹੇ ਨਾਨਕ! ਜੋ (ਜੀਵ-ਇਸਤ੍ਰੀ) ਉਸ ਦਾ ਹੁਕਮ ਨਹੀਂ ਮੰਨਦੀ (ਉਸ ਦੀ ਰਜ਼ਾ ਵਿਚ ਨਹੀਂ ਤੁਰਦੀ) ਉਸ ਨੂੰ ਉਹ ਖਸਮ ਹਿਰਦੇ-ਘਰ ਵਿਚ ਵੱਸਦਾ ਹੋਇਆ ਭੀ ਕਿਤੇ ਦੂਰ ਵੱਸਦਾ ਜਾਪਦਾ ਹੈ।

ਹੁਕਮੁ ਭੀ ਤਿਨ੍ਰਾ ਮਨਾਇਸੀ ਜਿਨ੍ਰ ਕਉ ਨਦਰਿ ਕਰੇਇ ॥

ਹੁਕਮ ਭੀ ਉਹਨਾਂ ਹੀ (ਜੀਵ-ਇਸਤ੍ਰੀਆਂ) ਤੋਂ ਮਨਾਂਦਾ ਹੈ ਜਿਨ੍ਹਾਂ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ;

ਹੁਕਮੁ ਮੰਨਿ ਸੁਖੁ ਪਾਇਆ ਪ੍ਰੇਮ ਸੁਹਾਗਣਿ ਹੋਇ ॥੧॥

ਜਿਸ ਨੇ ਹੁਕਮ ਮੰਨ ਕੇ ਸੁਖ ਹਾਸਲ ਕੀਤਾ ਹੈ, ਉਹ ਪ੍ਰੇਮ ਵਾਲੀ ਚੰਗੇ ਭਾਗਾਂ ਵਾਲੀ ਹੋ ਜਾਂਦੀ ਹੈ ॥੧॥


ਮ : ੩ ॥
ਰੈਣਿ ਸਬਾਈ ਜਲਿ ਮੁਈ ਕੰਤ ਨ ਲਾਇਓ ਭਾਉ ॥

ਜਿਸ ਜੀਵ-ਇਸਤ੍ਰੀ ਨੇ ਕੰਤ ਪ੍ਰਭੂ ਨਾਲ ਪਿਆਰ ਨਾਹ ਕੀਤਾ, ਉਹ (ਜ਼ਿੰਦਗੀ ਰੂਪ) ਸਾਰੀ ਰਾਤ ਸੜ ਮੁਈ (ਉਸ ਦੀ ਸਾਰੀ ਉਮਰ ਦੁੱਖਾਂ ਵਿਚ ਲੰਘੀ)।

ਨਾਨਕ ਸੁਖਿ ਵਸਨਿ ਸੁੋਹਾਗਣੀ ਜਿਨ੍ਰ ਪਿਆਰਾ ਪੁਰਖੁ ਹਰਿ ਰਾਉ ॥੨॥

ਪਰ, ਹੇ ਨਾਨਕ! ਜਿਨ੍ਹਾਂ ਦਾ ਪਿਆਰਾ ਅਕਾਲ ਪੁਰਖ (ਖਸਮ) ਹੈ ਉਹ ਭਾਗਾਂ ਵਾਲੀਆਂ ਸੁਖ ਨਾਲ ਸੌਂਦੀਆਂ ਹਨ (ਜ਼ਿੰਦਗੀ ਦੀ ਰਾਤ ਸੁਖ ਨਾਲ ਗੁਜ਼ਾਰਦੀਆਂ ਹਨ) ॥੨॥


ਪਉੜੀ ॥
ਸਭੁ ਜਗੁ ਫਿਰਿ ਮੈ ਦੇਖਿਆ ਹਰਿ ਇਕੋ ਦਾਤਾ ॥

ਮੈਂ ਸਾਰਾ ਸੰਸਾਰ ਟੋਲ ਕੇ ਵੇਖ ਲਿਆ ਹੈ, ਇਕ ਪਰਮਾਤਮਾ ਹੀ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ;

ਉਪਾਇ ਕਿਤੈ ਨ ਪਾਈਐ ਹਰਿ ਕਰਮ ਬਿਧਾਤਾ ॥

ਜੀਵਾਂ ਦੇ ਕਰਮਾਂ ਦੀ ਬਿਧ ਬਨਾਣ ਵਾਲਾ ਉਹ ਪ੍ਰਭੂ ਕਿਸੇ ਚਤੁਰਾਈ ਸਿਆਣਪ ਨਾਲ ਨਹੀਂ ਲੱਭਦਾ;

ਗੁਰਸਬਦੀ ਹਰਿ ਮਨਿ ਵਸੈ ਹਰਿ ਸਹਜੇ ਜਾਤਾ ॥

ਸਿਰਫ਼ ਗੁਰੂ ਦੇ ਸ਼ਬਦ ਦੁਆਰਾ ਹਿਰਦੇ ਵਿਚ ਵੱਸਦਾ ਹੈ ਤੇ ਸੌਖਾ ਹੀ ਪਛਾਣਿਆ ਜਾ ਸਕਦਾ ਹੈ।

ਅੰਦਰਹੁ ਤ੍ਰਿਸਨਾ ਅਗਨਿ ਬੁਝੀ ਹਰਿ ਅੰਮ੍ਰਿਤ ਸਰਿ ਨਾਤਾ ॥

ਜੋ ਮਨੁੱਖ ਪ੍ਰਭੂ ਦੇ ਨਾਮ-ਅੰਮ੍ਰਿਤ ਦੇ ਸਰੋਵਰ ਵਿਚ ਨ੍ਹਾਉਂਦਾ ਹੈ ਉਸ ਦੇ ਅੰਦਰੋਂ ਤ੍ਰਿਸਨਾ ਦੀ ਅੱਗ ਬੁਝ ਜਾਂਦੀ ਹੈ;

ਵਡੀ ਵਡਿਆਈ ਵਡੇ ਕੀ ਗੁਰਮੁਖਿ ਬੋਲਾਤਾ ॥੬॥

ਇਹ ਉਸ ਵੱਡੇ ਦੀ ਵਡਿਆਈ ਹੈ ਕਿ (ਜੀਵ ਪਾਸੋਂ) ਗੁਰੂ ਦੀ ਰਾਹੀਂ ਆਪਣੀ ਸਿਫ਼ਤ-ਸਾਲਾਹ ਕਰਾਂਦਾ ਹੈ ॥੬॥


ਸਲੋਕੁ ਮ : ੩ ॥
ਕਾਇਆ ਹੰਸ ਕਿਆ ਪ੍ਰੀਤਿ ਹੈ ਜਿ ਪਇਆ ਹੀ ਛਡਿ ਜਾਇ ॥

ਸਰੀਰ ਤੇ ਆਤਮਾ ਦਾ ਕੱਚਾ ਜਿਹਾ ਪਿਆਰ ਹੈ, (ਅੰਤ ਵੇਲੇ, ਇਹ ਆਤਮਾ ਸਰੀਰ ਨੂੰ) ਡਿੱਗੇ ਨੂੰ ਹੀ ਛੱਡ ਕੇ ਤੁਰ ਜਾਂਦਾ ਹੈ;

ਏਸ ਨੋ ਕੂੜੁ ਬੋਲਿ ਕਿ ਖਵਾਲੀਐ ਜਿ ਚਲਦਿਆ ਨਾਲਿ ਨ ਜਾਇ ॥

ਜਦੋਂ (ਆਖ਼ਰ) ਤੁਰਨ ਵੇਲੇ ਇਹ ਸਰੀਰ ਨਾਲ ਨਹੀਂ ਜਾਂਦਾ ਤਾਂ ਇਸ ਨੂੰ ਝੂਠ ਬੋਲ ਬੋਲ ਕੇ ਪਾਲਣ ਦਾ ਕੀਹ ਲਾਭ?

ਕਾਇਆ ਮਿਟੀ ਅੰਧੁ ਹੈ ਪਉਣੈ ਪੁਛਹੁ ਜਾਇ ॥

ਸਰੀਰ ਤਾਂ ਗ੍ਯਾਨਹੀਣ ਮਿੱਟੀ ਹੈ, ਆਖ਼ਰ ਲੇਖਾ ਜੀਵਾਤਮਾ ਤੋਂ ਹੀ ਮੰਗਿਆ ਜਾਂਦਾ ਹੈ।

ਹਉ ਤਾ ਮਾਇਆ ਮੋਹਿਆ ਫਿਰਿ ਫਿਰਿ ਆਵਾ ਜਾਇ ॥

ਮੈਂ ਮਾਇਆ ਦੇ ਮੋਹ ਵਿਚ ਫਸਿਆ ਮੁੜ ਮੁੜ ਜਨਮ ਮਰਨ ਵਿਚ ਪਿਆ ਰਿਹਾ;

ਨਾਨਕ ਹੁਕਮੁ ਨ ਜਾਤੋ ਖਸਮ ਕਾ ਜਿ ਰਹਾ ਸਚਿ ਸਮਾਇ ॥੧॥

ਹੇ ਨਾਨਕ! ਮੈਂ ਖਸਮ ਦਾ ਹੁਕਮ ਨਾਹ ਪਛਾਣਿਆ ਜਿਸ ਦੀ ਬਰਕਤਿ ਨਾਲ ਮੈਂ ਸੱਚੇ ਪ੍ਰਭੂ ਵਿਚ ਟਿਕਿਆ ਰਹਿੰਦਾ ॥੧॥


ਮ : ੩ ॥
ਏਕੋ ਨਿਹਚਲ ਨਾਮ ਧਨੁ ਹੋਰੁ ਧਨੁ ਆਵੈ ਜਾਇ ॥

ਪਰਮਾਤਮਾ ਦਾ ਨਾਮ ਹੀ ਇਕ ਐਸਾ ਧਨ ਹੈ ਜੋ ਸਦਾ ਕਾਇਮ ਰਹਿੰਦਾ ਹੈ, ਹੋਰ ਧਨ ਕਦੇ ਮਿਲਿਆ ਤੇ ਕਦੇ ਨਾਸ ਹੋ ਗਿਆ;

ਇਸੁ ਧਨ ਕਉ ਤਸਕਰੁ ਜੋਹਿ ਨ ਸਕਈ ਨਾ ਓਚਕਾ ਲੈ ਜਾਇ ॥

ਇਸ ਧਨ ਵਲ ਕੋਈ ਚੋਰ ਅੱਖ ਚੁੱਕ ਕੇ ਨਹੀਂ ਵੇਖ ਸਕਦਾ, ਕੋਈ ਗੰਢ-ਕੱਪ ਇਸ ਨੂੰ ਖੋਹ ਨਹੀਂ ਸਕਦਾ।

ਇਹੁ ਹਰਿ ਧਨੁ ਜੀਐ ਸੇਤੀ ਰਵਿ ਰਹਿਆ ਜੀਐ ਨਾਲੇ ਜਾਇ ॥

ਪਰਮਾਤਮਾ ਦਾ ਨਾਮ-ਰੂਪ ਇਹ ਧਨ ਜਿੰਦ ਦੇ ਨਾਲ ਹੀ ਰਹਿੰਦਾ ਹੈ ਜਿੰਦ ਦੇ ਨਾਲ ਹੀ ਜਾਂਦਾ ਹੈ,

ਪੂਰੇ ਗੁਰ ਤੇ ਪਾਈਐ ਮਨਮੁਖਿ ਪਲੈ ਨ ਪਾਇ ॥

ਇਹ ਧਨ ਪੂਰੇ ਗੁਰੂ ਤੋਂ ਮਿਲਦਾ ਹੈ, ਪਰ ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਨੂੰ ਨਹੀਂ ਲੱਭਦਾ।

ਧਨੁ ਵਾਪਾਰੀ ਨਾਨਕਾ ਜਿਨ੍ਰਾ ਨਾਮ ਧਨੁ ਖਟਿਆ ਆਇ ॥੨॥

ਹੇ ਨਾਨਕ! ਭਾਗਾਂ ਵਾਲੇ ਹਨ ਉਹ ਵਣਜਾਰੇ, ਜਿਨ੍ਹਾਂ ਜਗਤ ਵਿਚ ਆ ਕੇ ਪਰਮਾਤਮਾ ਦਾ ਨਾਮ ਰੂਪ ਧਨ ਖੱਟਿਆ ਹੈ ॥੨॥


ਪਉੜੀ ॥
ਮੇਰਾ ਸਾਹਿਬੁ ਅਤਿ ਵਡਾ ਸਚੁ ਗਹਿਰ ਗੰਭੀਰਾ ॥

ਮੇਰਾ ਮਾਲਕ ਪ੍ਰਭੂ ਬਹੁਤ ਹੀ ਵੱਡਾ ਹੈ, ਸਦਾ ਕਾਇਮ ਰਹਿਣ ਵਾਲਾ ਹੈ, ਡੂੰਘਾ ਹੈ ਤੇ ਧੀਰਜ ਵਾਲਾ ਹੈ,

ਸਭੁ ਜਗੁ ਤਿਸ ਕੈ ਵਸਿ ਹੈ ਸਭੁ ਤਿਸ ਕਾ ਚੀਰਾ ॥

ਸਾਰਾ ਸੰਸਾਰ ਉਸ ਦੇ ਵੱਸ ਵਿਚ ਹੈ, ਸਾਰਾ ਜਗਤ ਉਸੇ ਦੇ ਆਸਰੇ ਹੈ।

ਗੁਰਪਰਸਾਦੀ ਪਾਈਐ ਨਿਹਚਲੁ ਧਨੁ ਧੀਰਾ ॥

ਉਸ ਪ੍ਰਭੂ ਦਾ ਨਾਮ-ਧਨ ਸਦਾ ਕਾਇਮ ਰਹਿਣ ਵਾਲਾ ਹੈ, ਅਟੱਲ ਹੈ, ਤੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਕਿਰਪਾ ਤੇ ਹਰਿ ਮਨਿ ਵਸੈ ਭੇਟੈ ਗੁਰੁ ਸੂਰਾ ॥

ਪ੍ਰਭੂ ਦੀ ਮਿਹਰ ਨਾਲ ਸੂਰਮਾ ਗੁਰੂ ਮਿਲਦਾ ਹੈ ਤੇ ਹਰਿ-ਨਾਮ ਮਨ ਵਿਚ ਵੱਸਦਾ ਹੈ,

ਗੁਣਵੰਤੀ ਸਾਲਾਹਿਆ ਸਦਾ ਥਿਰੁ ਨਿਹਚਲੁ ਹਰਿ ਪੂਰਾ ॥੭॥

ਉਸ ਸਦਾ-ਥਿਰ ਅਡੋਲ ਤੇ ਪੂਰੇ ਪ੍ਰਭੂ ਨੂੰ ਗੁਣ ਵਾਲਿਆਂ ਨੇ ਸਾਲਾਹਿਆ ਹੈ ॥੭॥


ਸਲੋਕੁ ਮ : ੩ ॥
ਧ੍ਰਿਗੁ ਤਿਨ੍ਰ੍ਰਾ ਦਾ ਜੀਵਿਆ ਜੋ ਹਰਿ ਸੁਖੁ ਪਰਹਰਿ ਤਿਆਗਦੇ ਦੁਖੁ ਹਉਮੈ ਪਾਪ ਕਮਾਇ ॥

ਫਿਟੇ-ਮੂੰਹ ਉਹਨਾਂ ਦੇ ਜੀਊਣ ਨੂੰ, ਜੋ ਪਰਮਾਤਮਾ ਦੇ ਨਾਮ ਦਾ ਆਨੰਦ ਉੱਕਾ ਹੀ ਤਿਆਗ ਦੇਂਦੇ ਹਨ ਤੇ ਹਉਮੈ ਵਿਚ ਪਾਪ ਕਰ ਕੇ ਦੁਖ ਸਹੇੜਦੇ ਹਨ,

ਮਨਮੁਖ ਅਗਿਆਨੀ ਮਾਇਆ ਮੋਹਿ ਵਿਆਪੇ ਤਿਨ੍ਰ੍ਰ ਬੂਝ ਨ ਕਾਈ ਪਾਇ ॥

ਅਜੇਹੇ ਜਾਹਲ ਮਨ ਦੇ ਪਿਛੇ ਤੁਰਦੇ ਹਨ, ਤੇ ਮਾਇਆ ਦੇ ਮੋਹ ਵਿਚ ਜਕੜੇ ਰਹਿੰਦੇ ਹਨ, ਉਹਨਾਂ ਨੂੰ ਕੋਈ ਮੱਤ ਨਹੀਂ ਹੁੰਦੀ।

ਹਲਤਿ ਪਲਤਿ ਓਇ ਸੁਖੁ ਨ ਪਾਵਹਿ ਅੰਤਿ ਗਏ ਪਛੁਤਾਇ ॥

ਉਹਨਾਂ ਨੂੰ ਨਾਹ ਇਸ ਲੋਕ ਵਿਚ ਨਾਹ ਪਰਲੋਕ ਵਿਚ ਕੋਈ ਸੁਖ ਮਿਲਦਾ ਹੈ, ਮਰਨ ਵੇਲੇ ਭੀ ਹੱਥ ਮਲਦੇ ਹੀ ਜਾਂਦੇ ਹਨ।

ਗੁਰਪਰਸਾਦੀ ਕੋ ਨਾਮੁ ਧਿਆਏ ਤਿਸੁ ਹਉਮੈ ਵਿਚਹੁ ਜਾਇ ॥

ਜੋ ਮਨੁੱਖ ਗੁਰੂ ਦੀ ਕਿਰਪਾ ਨਾਲ ਪ੍ਰਭੂ ਦਾ ਨਾਮ ਸਿਮਰਦਾ ਹੈ ਉਸ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ।

ਨਾਨਕ ਜਿਸੁ ਪੂਰਬਿ ਹੋਵੈ ਲਿਖਿਆ ਸੋ ਗੁਰ ਚਰਣੀ ਆਇ ਪਾਇ ॥੧॥

ਹੇ ਨਾਨਕ! ਜਿਸ ਦੇ ਮੱਥੇ ਤੇ ਧੁਰੋਂ ਭਾਗ ਹੋਵੇ ਉਹ ਮਨੁੱਖ ਸਤਿਗੁਰੂ ਦੀ ਚਰਨੀਂ ਆ ਪੈਂਦਾ ਹੈ ॥੧॥


ਮ : ੩ ॥
ਮਨਮੁਖੁ ਊਧਾ ਕਉਲੁ ਹੈ ਨਾ ਤਿਸੁ ਭਗਤਿ ਨ ਨਾਉ ॥

ਆਪ-ਹੁਦਰਾ ਮਨੁੱਖ (ਮਾਨੋ) ਉਲਟਾ ਕਉਲ-ਫੁੱਲ ਹੈ, ਇਸ ਵਿਚ ਨਾ ਭਗਤੀ ਹੈ ਤੇ ਨਾ ਸਿਮਰਨ,

ਸਕਤੀ ਅੰਦਰਿ ਵਰਤਦਾ ਕੂੜੁ ਤਿਸ ਕਾ ਹੈ ਉਪਾਉ ॥

ਇਹ ਮਾਇਆ ਦੇ ਅਸਰ ਹੇਠ ਹੀ ਕਾਰ ਵਿਹਾਰ ਕਰਦਾ ਹੈ, ਕੂੜ (ਮਾਇਆ) ਹੀ ਇਸ ਦਾ ਪ੍ਰਯੋਜਨ (ਜ਼ਿੰਦਗੀ ਦਾ ਨਿਸ਼ਾਨਾ) ਹੈ,

ਤਿਸ ਕਾ ਅੰਦਰੁ ਚਿਤੁ ਨ ਭਿਜਈ ਮੁਖਿ ਫੀਕਾ ਆਲਾਉ ॥

ਆਪ-ਹੁਦਰੇ ਮਨੁੱਖ ਦਾ ਅੰਦਰਲਾ ਭਿੱਜਦਾ ਨਹੀਂ, ਚਿੱਤ ਰੱਜਦਾ ਨਹੀਂ, ਮੂੰਹੋਂ ਭੀ ਫਿੱਕਾ ਬੋਲ ਹੀ ਬੋਲਦਾ ਹੈ।

ਓਇ ਧਰਮਿ ਰਲਾਏ ਨਾ ਰਲਨਿ੍ ਓਨਾ ਅੰਦਰਿ ਕੂੜੁ ਸੁਆਉ ॥

ਐਸੇ ਬੰਦੇ ਧਰਮ ਵਿਚ ਜੋੜੇ ਜੁੜਦੇ ਨਹੀਂ ਕਿਉਂਕਿ ਉਹਨਾਂ ਦੇ ਅੰਦਰ ਕੂੜ ਤੇ ਖ਼ੁਦਗ਼ਰਜ਼ੀ ਹੈ।

ਨਾਨਕ ਕਰਤੈ ਬਣਤ ਬਣਾਈ ਮਨਮੁਖ ਕੂੜੁ ਬੋਲਿ ਬੋਲਿ ਡੁਬੇ ਗੁਰਮੁਖਿ ਤਰੇ ਜਪਿ ਹਰਿ ਨਾਉ ॥੨॥

ਹੇ ਨਾਨਕ! ਕਰਤਾਰ ਨੇ ਐਸੀ ਖੇਡ ਰਚੀ ਹੈ ਕਿ ਮਨ ਦੇ ਪਿਛੇ ਤੁਰਨ ਵਾਲੇ ਬੰਦੇ ਤਾਂ ਝੂਠ ਬੋਲ ਬੋਲ ਕੇ ਗ਼ਰਕ ਹੁੰਦੇ ਹਨ ਤੇ ਗੁਰੂ ਦੇ ਸਨਮੁਖ ਰਹਿਣ ਵਾਲੇ ਨਾਮ ਜਪ ਕੇ (ਸ਼ਕਤੀ ਦੇ ਹੜ੍ਹ ਵਿਚੋਂ) ਤਰ ਜਾਂਦੇ ਹਨ ॥੨॥


ਪਉੜੀ ॥
ਬਿਨੁ ਬੂਝੇ ਵਡਾ ਫੇਰੁ ਪਇਆ ਫਿਰਿ ਆਵੈ ਜਾਈ ॥

(ਇਹ ਗੱਲ) ਸਮਝਣ ਤੋਂ ਬਿਨਾ (ਕਿ ‘ਗੁਰ ਪਰਸਾਦੀ ਪਾਈਐ’, ਮਨੁੱਖ ਨੂੰ) ਜਨਮ ਮਰਨ ਦਾ ਲੰਮਾ ਚੱਕਰ ਲਾਣਾ ਪੈਂਦਾ ਹੈ,

ਸਤਿਗੁਰ ਕੀ ਸੇਵਾ ਨ ਕੀਤੀਆ ਅੰਤਿ ਗਇਆ ਪਛੁਤਾਈ ॥

ਮਨੁੱਖ ਮੁੜ ਮੁੜ ਜੰਮਦਾ ਮਰਦਾ ਹੈ, ਗੁਰੂ ਦੀ ਸੇਵਾ (ਸਾਰੀ ਉਮਰ ਹੀ) ਨਹੀਂ ਕਰਦਾ (ਭਾਵ, ਸਾਰੀ ਉਮਰ ਗੁਰੂ ਦੇ ਕਹੇ ਤੇ ਨਹੀਂ ਤੁਰਦਾ) ਆਖ਼ਰ (ਮਰਨ ਵੇਲੇ) ਹੱਥ ਮਲਦਾ ਜਾਂਦਾ ਹੈ।

ਆਪਣੀ ਕਿਰਪਾ ਕਰੇ ਗੁਰੁ ਪਾਈਐ ਵਿਚਹੁ ਆਪੁ ਗਵਾਈ ॥

ਜਦੋਂ ਪ੍ਰਭੂ ਆਪਣੀ ਮਿਹਰ ਕਰਦਾ ਹੈ ਤਾਂ ਗੁਰੂ ਮਿਲਦਾ ਹੈ, ਅੰਦਰੋਂ ਆਪਾ-ਭਾਵ ਦੂਰ ਹੁੰਦਾ ਹੈ,

ਤ੍ਰਿਸਨਾ ਭੁਖ ਵਿਚਹੁ ਉਤਰੈ ਸੁਖੁ ਵਸੈ ਮਨਿ ਆਈ ॥

ਮਾਇਆ ਦੀ ਤ੍ਰਿਸਨਾ ਭੁੱਖ ਵਿਚੋਂ ਉਤਰਦੀ ਹੈ, ਮਨ ਵਿਚ ਸੁਖ ਆ ਵੱਸਦਾ ਹੈ,

ਸਦਾ ਸਦਾ ਸਾਲਾਹੀਐ ਹਿਰਦੈ ਲਿਵ ਲਾਈ ॥੮॥

ਤੇ ਸੁਰਤਿ ਜੋੜ ਕੇ ਸਦਾ ਹਿਰਦੇ ਵਿਚ ਪ੍ਰਭੂ ਸਿਮਰਿਆ ਜਾ ਸਕਦਾ ਹੈ ॥੮॥


ਸਲੋਕੁ ਮ : ੩ ॥
ਜਿ ਸਤਿਗੁਰੁ ਸੇਵੇ ਆਪਣਾ ਤਿਸ ਨੋ ਪੂਜੇ ਸਭੁ ਕੋਇ ॥

ਜੋ ਮਨੁੱਖ ਆਪਣੇ ਗੁਰੂ ਦੇ ਕਹੇ ਤੇ ਤੁਰਦਾ ਹੈ, ਹਰੇਕ ਬੰਦਾ ਉਸ ਦਾ ਆਦਰ ਕਰਦਾ ਹੈ,

ਸਭਨਾ ਉਪਾਵਾ ਸਿਰਿ ਉਪਾਉ ਹੈ ਹਰਿ ਨਾਮੁ ਪਰਾਪਤਿ ਹੋਇ ॥

ਸੋ, (ਜਗਤ ਵਿਚ ਭੀ ਮਾਣ ਹਾਸਲ ਕਰਨ ਲਈ) ਸਾਰੇ ਉਪਾਵਾਂ ਤੋਂ ਵੱਡਾ ਉਪਾਉ ਇਹੀ ਹੈ ਕਿ ਪ੍ਰਭੂ ਦਾ ਨਾਮ ਮਿਲ ਜਾਏ,

ਅੰਤਰਿ ਸੀਤਲ ਸਾਤਿ ਵਸੈ ਜਪਿ ਹਿਰਦੈ ਸਦਾ ਸੁਖੁ ਹੋਇ ॥

‘ਨਾਮ’ ਜਪਿਆਂ ਸਦਾ ਹਿਰਦੇ ਵਿਚ ਸੁਖ ਹੁੰਦਾ ਹੈ, ਮਨ ਵਿਚ ਠੰਢ ਤੇ ਸ਼ਾਂਤੀ ਆ ਵੱਸਦੀ ਹੈ,

ਅੰਮ੍ਰਿਤੁ ਖਾਣਾ ਅੰਮ੍ਰਿਤੁ ਪੈਨਣਾ ਨਾਨਕ ਨਾਮੁ ਵਡਾਈ ਹੋਇ ॥੧॥

ਤਦ ‘ਨਾਮ’ ਹੀ ਖ਼ੁਰਾਕ ਤੇ ਪੁਸ਼ਾਕ ਬਣ ਜਾਂਦੀ ਹੈ (ਭਾਵ, ਪ੍ਰਭੂ ਦਾ ਨਾਮ ਹੀ ਜ਼ਿੰਦਗੀ ਦਾ ਆਸਰਾ ਹੋ ਜਾਂਦਾ ਹੈ) ਹੇ ਨਾਨਕ! ਨਾਮ ਹੀ ਉਸ ਲਈ ਆਦਰ ਮਾਣ ਹੈ ॥


ਮ : ੩ ॥
ਏ ਮਨ ਗੁਰ ਕੀ ਸਿਖ ਸੁਣਿ ਹਰਿ ਪਾਵਹਿ ਗੁਣੀ ਨਿਧਾਨੁ ॥

ਹੇ ਮੇਰੇ ਮਨ! ਸਤਿਗੁਰੂ ਦੀ ਸਿੱਖਿਆ ਸੁਣ (ਭਾਵ, ਸਿੱਖਿਆ ਤੇ ਤੁਰ) ਤੈਨੂੰ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਮਿਲ ਪਏਗਾ;

ਹਰਿ ਸੁਖਦਾਤਾ ਮਨਿ ਵਸੈ ਹਉਮੈ ਜਾਇ ਗੁਮਾਨੁ ॥

ਸੁਖਾਂ ਦਾ ਦਾਤਾ ਪਰਮਾਤਮਾ ਮਨ ਵਿਚ ਆ ਵੱਸੇਗਾ, ਹਉਮੈ ਅਹੰਕਾਰ ਨਾਸ ਹੋ ਜਾਇਗਾ।

ਨਾਨਕ ਨਦਰੀ ਪਾਈਐ ਤਾ ਅਨਦਿਨੁ ਲਾਗੈ ਧਿਆਨੁ ॥੨॥

ਹੇ ਨਾਨਕ! ਜਦੋਂ ਪ੍ਰਭੂ ਆਪਣੀ ਮਿਹਰ ਦੀ ਨਜ਼ਰ ਨਾਲ ਮਿਲਦਾ ਹੈ ਤਾਂ ਹਰ ਵੇਲੇ ਸੁਰਤਿ ਉਸ ਵਿਚ ਜੁੜੀ ਰਹਿੰਦੀ ਹੈ ॥੨॥


ਪਉੜੀ ॥
ਸਤੁ ਸੰਤੋਖੁ ਸਭੁ ਸਚੁ ਹੈ ਗੁਰਮੁਖਿ ਪਵਿਤਾ ॥

ਜੋ ਮਨੁੱਖ ਗੁਰੂ ਦਾ ਹੋ ਕੇ ਰਹਿੰਦਾ ਹੈ ਉਹ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ, ਉਸ ਨੂੰ ਸਤ ਸੰਤੋਖ ਪ੍ਰਾਪਤ ਹੁੰਦਾ ਹੈ,

ਅੰਦਰਹੁ ਕਪਟੁ ਵਿਕਾਰੁ ਗਇਆ ਮਨੁ ਸਹਜੇ ਜਿਤਾ ॥

ਉਸ ਦੇ ਮਨ ਵਿਚੋਂ ਖੋਟ ਤੇ ਵਿਕਾਰ ਦੂਰ ਹੋ ਜਾਂਦਾ ਹੈ, ਉਹ ਸੌਖੇ ਹੀ ਮਨ ਨੂੰ ਵੱਸ ਕਰ ਲੈਂਦਾ ਹੈ;

ਤਹ ਜੋਤਿ ਪ੍ਰਗਾਸੁ ਅਨੰਦ ਰਸੁ ਅਗਿਆਨੁ ਗਵਿਤਾ ॥

ਇਸ ਅਵਸਥਾ ਵਿਚ (ਅੱਪੜ ਕੇ ਉਸ ਦੇ ਅੰਦਰ ਪਰਮਾਤਮਾ ਦੀ) ਜੋਤਿ ਦਾ ਪ੍ਰਕਾਸ਼ ਹੋ ਜਾਂਦਾ ਹੈ,

ਅਨਦਿਨੁ ਹਰਿ ਕੇ ਗੁਣ ਰਵੈ ਗੁਣ ਪਰਗਟੁ ਕਿਤਾ ॥

(ਫਿਰ) ਉਹ ਹਰ ਵੇਲੇ ਪਰਮਾਤਮਾ ਦੇ ਗੁਣ ਗਾਉਂਦਾ ਹੈ, (ਰੱਬੀ) ਗੁਣ ਉਸ ਦੇ ਅੰਦਰ ਪਰਗਟ ਹੋ ਜਾਂਦੇ ਹਨ;

ਸਭਨਾ ਦਾਤਾ ਏਕੁ ਹੈ ਇਕੋ ਹਰਿ ਮਿਤਾ ॥੯॥

(ਉਸ ਨੂੰ ਇਹ ਯਕੀਨ ਬਣ ਜਾਂਦਾ ਹੈ ਕਿ) ਇਕ ਪ੍ਰਭੂ ਸਾਰੇ ਜੀਵਾਂ ਦਾ ਦਾਤਾ ਹੈ ਤੇ ਮਿੱਤਰ ਹੈ ॥੯॥


ਸਲੋਕੁ ਮ : ੩ ॥
ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਕਹੀਐ ਜਿ ਅਨਦਿਨੁ ਹਰਿ ਲਿਵ ਲਾਏ ॥

ਜੋ ਮਨੁੱਖ ਬ੍ਰਹਮ ਨੂੰ ਬਿੰਦਦਾ ਹੈ (ਪਰਮਾਤਮਾ ਨੂੰ ਪਛਾਣਦਾ ਹੈ) ਜੋ ਹਰ ਵੇਲੇ ਪਰਮਾਤਮਾ ਵਿਚ ਸੁਰਤਿ ਜੋੜਦਾ ਹੈ, ਉਸ ਨੂੰ ਬ੍ਰਾਹਮਣ ਕਹਿਣਾ ਚਾਹੀਦਾ ਹੈ,

ਸਤਿਗੁਰ ਪੁਛੈ ਸਚੁ ਸੰਜਮੁ ਕਮਾਵੈ ਹਉਮੈ ਰੋਗੁ ਤਿਸੁ ਜਾਏ ॥

(ਉਹ ਬ੍ਰਾਹਮਣ) ਸਤਿਗੁਰੂ ਦੇ ਕਹੇ ਤੇ ਤੁਰਦਾ ਹੈ ‘ਸੱਚ’ ਰੂਪ ਸੰਜਮ ਰੱਖਦਾ ਹੈ, (ਤੇ ਇਸ ਤਰ੍ਹਾਂ) ਉਸ ਦਾ ਹਉਮੈ-ਰੋਗ ਦੂਰ ਹੁੰਦਾ ਹੈ;

ਹਰਿ ਗੁਣ ਗਾਵੈ ਗੁਣ ਸੰਗ੍ਰਹੈ ਜੋਤੀ ਜੋਤਿ ਮਿਲਾਏ ॥

ਉਹ ਹਰੀ ਦੇ ਗੁਣ ਗਾਉਂਦਾ ਹੈ, (ਰੱਬੀ) ਗੁਣ ਇਕੱਤ੍ਰ ਕਰਦਾ ਹੈ ਤੇ ਪਰਮ-ਜੋਤਿ ਵਿਚ ਆਪਣੀ ਆਤਮਾ ਮਿਲਾਈ ਰੱਖਦਾ ਹੈ।

ਇਸੁ ਜੁਗ ਮਹਿ ਕੋ ਵਿਰਲਾ ਬ੍ਰਹਮ ਗਿਆਨੀ ਜਿ ਹਉਮੈ ਮੇਟਿ ਸਮਾਏ ॥

ਮਨੁੱਖ ਜਨਮ ਵਿਚ ਕੋਈ ਵਿਰਲਾ ਬ੍ਰਹਮ ਨੂੰ ਜਾਣਨ ਵਾਲਾ ਹੈ ਜੋ ਹਉਮੈ ਦੂਰ ਕਰ ਕੇ ਬ੍ਰਹਮ ਵਿਚ ਜੁੜਿਆ ਰਹਿੰਦਾ ਹੈ।

ਨਾਨਕ ਤਿਸ ਨੋ ਮਿਲਿਆ ਸਦਾ ਸੁਖੁ ਪਾਈਐ ਜਿ ਅਨਦਿਨੁ ਹਰਿ ਨਾਮੁ ਧਿਆਏ ॥੧॥

ਹੇ ਨਾਨਕ! ਜੋ (ਬ੍ਰਹਮਗਿਆਨੀ ਬ੍ਰਾਹਮਣ) ਹਰ ਵੇਲੇ ਨਾਮ ਸਿਮਰਦਾ ਹੈ ਉਸ ਨੂੰ ਮਿਲਿਆਂ ਸਦਾ ਸੁਖ ਮਿਲਦਾ ਹੈ ॥੧॥


ਮ : ੩ ॥
ਅੰਤਰਿ ਕਪਟੁ ਮਨਮੁਖ ਅਗਿਆਨੀ ਰਸਨਾ ਝੂਠੁ ਬੋਲਾਇ ॥

ਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ ਜਾਹਲ ਹੈ, ਉਸ ਦੇ ਅੰਦਰ ਖੋਟ ਹੈ ਤੇ ਜੀਭ ਨਾਲ ਝੂਠ (ਭਾਵ, ਅੰਦਰਲੇ ਖੋਟ ਦੇ ਉਲਟ) ਬੋਲਦਾ ਹੈ (ਭਾਵ, ਅੰਦਰੋਂ ਹੋਰ ਤੇ ਬਾਹਰੋਂ ਹੋਰ);

ਕਪਟਿ ਕੀਤੈ ਹਰਿ ਪੁਰਖੁ ਨ ਭੀਜੈ ਨਿਤ ਵੇਖੈ ਸੁਣੈ ਸੁਭਾਇ ॥

(ਇਸ ਤਰ੍ਹਾਂ) ਠੱਗੀ ਕੀਤਿਆਂ ਪਰਮਾਤਮਾ ਪ੍ਰਸੰਨ ਨਹੀਂ ਹੁੰਦਾ, (ਕਿਉਂਕਿ) ਉਹ ਸੁਤੇ ਹੀ (ਅਸਾਡਾ ਹਰੇਕ ਲੁਕਵਾਂ ਕੰਮ ਭੀ) ਵੇਖਦਾ ਹੈ ਤੇ (ਲੁਕਵਾਂ ਬੋਲ ਤੇ ਖ਼ਿਆਲ ਭੀ) ਸੁਣਦਾ ਹੈ।

ਦੂਜੈ ਭਾਇ ਜਾਇ ਜਗੁ ਪਰਬੋਧੈ ਬਿਖੁ ਮਾਇਆ ਮੋਹ ਸੁਆਇ ॥

(ਮਨਮੁਖ) ਆਪ ਮਾਇਆ ਦੇ ਮੋਹ ਵਿਚ ਹੈ ਪਰ ਜਾ ਕੇ ਲੋਕਾਂ ਨੂੰ ਉਪਦੇਸ਼ ਕਰਦਾ ਹੈ; ਜ਼ਹਿਰੀਲੀ ਧਨ-ਦੌਲਤ ਦੇ ਮੋਹ ਅਤੇ ਸੁਆਦ ਅੰਦਰ ਉਹ ਖੱਚਤ ਹੋ ਰਿਹਾ ਹੈ।

ਇਤੁ ਕਮਾਣੈ ਸਦਾ ਦੁਖੁ ਪਾਵੈ ਜੰਮੈ ਮਰੈ ਫਿਰਿ ਆਵੈ ਜਾਇ ॥

ਇਹ ਕਰਤੂਤ ਕੀਤਿਆਂ ਉਹ ਸਦਾ ਦੁੱਖ ਪਾਂਦਾ ਹੈ, ਜੰਮਦਾ ਹੈ, ਮਰਦਾ ਹੈ, ਮੁੜ ਜੰਮਦਾ ਹੈ ਮਰਦਾ ਹੈ,

ਸਹਸਾ ਮੂਲਿ ਨ ਚੁਕਈ ਵਿਚਿ ਵਿਸਟਾ ਪਚੈ ਪਚਾਇ ॥

ਉਸ ਦਾ ਅੰਦਰਲਾ ਤੌਖਲਾ ਕਦੇ ਮਿਟਦਾ ਹੀ ਨਹੀਂ, ਉਹ ਮਾਨੋ, ਮੈਲੇ ਵਿਚ ਪਿਆ ਸੜਦਾ ਰਹਿੰਦਾ ਹੈ।

ਜਿਸ ਨੋ ਕ੍ਰਿਪਾ ਕਰੇ ਮੇਰਾ ਸੁਆਮੀ ਤਿਸੁ ਗੁਰ ਕੀ ਸਿਖ ਸੁਣਾਇ ॥

ਪਰ, ਜਿਸ ਮਨੁੱਖ ਉਤੇ ਮੇਰਾ ਮਾਲਕ ਮਿਹਰ ਕਰਦਾ ਹੈ ਉਸ ਨੂੰ ਗੁਰੂ ਦਾ ਉਪਦੇਸ਼ ਸੁਣਾਂਦਾ ਹੈ;

ਹਰਿ ਨਾਮੁ ਧਿਆਵੈ ਹਰਿ ਨਾਮੋ ਗਾਵੈ ਹਰਿ ਨਾਮੋ ਅੰਤਿ ਛਡਾਇ ॥੨॥

ਉਹ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਨਾਮ ਹੀ ਗਾਉਂਦਾ ਹੈ, ਨਾਮ ਹੀ ਉਸ ਨੂੰ ਆਖ਼ਰ (ਇਸ ਸਹਸੇ ਤੋਂ) ਛੁਡਾਂਦਾ ਹੈ ॥੨॥


ਪਉੜੀ ॥
ਜਿਨਾ ਹੁਕਮੁ ਮਨਾਇਓਨੁ ਤੇ ਪੂਰੇ ਸੰਸਾਰਿ ॥

ਉਹ ਮਨੁੱਖ ਜਗਤ ਵਿਚ ਪੂਰੇ ਭਾਂਡੇ ਹਨ ਜਿਨ੍ਹਾਂ ਤੋਂ ਪਰਮਾਤਮਾ (ਆਪਣਾ) ਹੁਕਮ ਮਨਾਂਦਾ ਹੈ,

ਸਾਹਿਬੁ ਸੇਵਨਿ੍ ਆਪਣਾ ਪੂਰੈ ਸਬਦਿ ਵੀਚਾਰਿ ॥

ਉਹ ਬੰਦੇ ਪੂਰੇ ਗੁਰੂ ਦੇ ਸ਼ਬਦ ਵਿਚ ਚਿੱਤ ਜੋੜ ਕੇ ਆਪਣੇ ਮਾਲਕ ਦੀ ਬੰਦਗੀ ਕਰਦੇ ਹਨ,

ਹਰਿ ਕੀ ਸੇਵਾ ਚਾਕਰੀ ਸਚੈ ਸਬਦਿ ਪਿਆਰਿ ॥

ਪ੍ਰਭੂ ਦੀ ਬੰਦਗੀ ਹੋ ਹੀ ਤਾਂ ਸਕਦੀ ਹੈ ਜੇ ਸੱਚੇ ਸ਼ਬਦ ਵਿਚ ਪਿਆਰ ਪਾਈਏ, (ਲਫ਼ਜ਼ੀ-ਸੱਚੇ ਸ਼ਬਦ ਵਿਚ ਪਿਆਰ ਦੀ ਰਾਹੀਂ)।

ਹਰਿ ਕਾ ਮਹਲੁ ਤਿਨ੍ਰੀ ਪਾਇਆ ਜਿਨ੍ਰ ਹਉਮੈ ਵਿਚਹੁ ਮਾਰਿ ॥

ਜੋ ਮਨੁੱਖ ਅੰਦਰੋਂ ਹਉਮੈ ਨੂੰ ਮਾਰਦੇ ਹਨ ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਹੁੰਦੀ ਹੈ।

ਨਾਨਕ ਗੁਰਮੁਖਿ ਮਿਲਿ ਰਹੇ ਜਪਿ ਹਰਿ ਨਾਮਾ ਉਰ ਧਾਰਿ ॥੧੦॥

ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਪਰੋ ਕੇ ਤੇ ਨਾਮ ਜਪ ਕੇ ਪਰਮਾਤਮਾ ਵਿਚ ਜੁੜੇ ਰਹਿੰਦੇ ਹਨ ॥੧੦॥


ਸਲੋਕੁ ਮ : ੩ ॥
ਗੁਰਮੁਖਿ ਧਿਆਨ ਸਹਜ ਧੁਨਿ ਉਪਜੈ ਸਚਿ ਨਾਮਿ ਚਿਤੁ ਲਾਇਆ ॥

ਜੋ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਸ ਦੇ ਅੰਦਰ ਜੁੜੀ-ਸੁਰਤ ਤੇ ਅਡੋਲਤਾ ਦੀ ਰੌ ਚੱਲ ਪੈਂਦੀ ਹੈ, ਉਹ ਸੱਚੇ ਨਾਮ ਵਿਚ ਚਿੱਤ ਜੋੜੀ ਰੱਖਦਾ ਹੈ,

ਗੁਰਮੁਖਿ ਅਨਦਿਨੁ ਰਹੈ ਰੰਗਿ ਰਾਤਾ ਹਰਿ ਕਾ ਨਾਮੁ ਮਨਿ ਭਾਇਆ ॥

ਗੁਰੂ ਦੇ ਸਨਮੁਖ ਮਨੁੱਖ ਹਰ ਵੇਲੇ ਪ੍ਰਭੂ ਦੇ ਨਾਮ ਵਿੱਚ ਮਸਤ ਰਹਿੰਦਾ ਹੈ ਤੇ ਉਸ ਦੇ ਮਨ ਨੂੰ ਪ੍ਰਭੂ ਮਿੱਠਾ ਲੱਗਦਾ ਹੈ।

ਗੁਰਮੁਖਿ ਹਰਿ ਵੇਖਹਿ ਗੁਰਮੁਖਿ ਹਰਿ ਬੋਲਹਿ ਗੁਰਮੁਖਿ ਹਰਿ ਸਹਜਿ ਰੰਗੁ ਲਾਇਆ ॥

ਗੁਰਮੁਖ ਬੰਦੇ ਰੱਬ ਨੂੰ ਹੀ (ਹਰ ਥਾਂ) ਵੇਖਦੇ ਹਨ, ਰੱਬ ਦੀ ਸਿਫ਼ਤ ਹੀ (ਹਰ ਵੇਲੇ) ਉਚਾਰਦੇ ਹਨ, ਤੇ ਰੱਬੀ ਮੇਲ ਵਾਲੀ ਅਡੋਲਤਾ ਵਿਚ ਪਿਆਰ ਪਾਂਦੇ ਹਨ।

ਨਾਨਕ ਗੁਰਮੁਖਿ ਗਿਆਨੁ ਪਰਾਪਤਿ ਹੋਵੈ ਤਿਮਰ ਅਗਿਆਨੁ ਅਧੇਰੁ ਚੁਕਾਇਆ ॥

ਹੇ ਨਾਨਕ! ਗੁਰਮੁਖ ਨੂੰ ਉੱਚੀ ਸਮਝ ਪ੍ਰਾਪਤ ਹੁੰਦੀ ਹੈ, ਉਸ ਦਾ ਅਗਿਆਨ-ਰੂਪ ਘੁੱਪ ਹਨੇਰਾ ਦੂਰ ਹੋ ਜਾਂਦਾ ਹੈ;

ਜਿਸ ਨੋ ਕਰਮੁ ਹੋਵੈ ਧੁਰਿ ਪੂਰਾ ਤਿਨਿ ਗੁਰਮੁਖਿ ਹਰਿ ਨਾਮੁ ਧਿਆਇਆ ॥੧॥

ਉਸੇ ਗੁਰਮੁਖ ਨੇ ਨਾਮ ਜਪਿਆ ਹੈ ਜਿਸ ਉਤੇ ਧੁਰੋਂ (ਕਰਤਾਰ ਵਲੋਂ) ਪੂਰੀ ਮਿਹਰ ਹੋਈ ਹੈ ॥੧॥


ਮ : ੩ ॥
ਸਤਿਗੁਰੁ ਜਿਨਾ ਨ ਸੇਵਿਓ ਸਬਦਿ ਨ ਲਗੋ ਪਿਆਰੁ ॥

ਜਿਨ੍ਹਾਂ ਮਨੁੱਖਾਂ ਨੇ ਗੁਰੂ ਦਾ ਹੁਕਮ ਨਹੀਂ ਮੰਨਿਆ, ਤੇ ਜਿਨ੍ਹਾਂ ਦਾ ਗੁਰ-ਸ਼ਬਦ ਵਿਚ ਪਿਆਰ ਨਹੀਂ ਬਣਿਆ,

ਸਹਜੇ ਨਾਮੁ ਨ ਧਿਆਇਆ ਕਿਤੁ ਆਇਆ ਸੰਸਾਰਿ ॥

ਅਤੇ ਜਿਨ੍ਹਾਂ ਸ਼ਾਂਤ-ਚਿੱਤ ਹੋ ਕੇ ਨਾਮ ਨਹੀਂ ਸਿਮਰਿਆ, ਉਹ ਜਗਤ ਵਿਚ ਕਾਹਦੇ ਲਈ ਆਏ?

ਫਿਰਿ ਫਿਰਿ ਜੂਨੀ ਪਾਈਐ ਵਿਸਟਾ ਸਦਾ ਖੁਆਰੁ ॥

ਅਜੇਹਾ ਬੰਦਾ ਮੁੜ ਮੁੜ ਜੂਨ ਵਿਚ ਪੈਂਦਾ ਹੈ, ਉਹ ਮਾਨੋ, ਮੈਲੇ ਵਿਚ ਪੈ ਕੇ ਦੁਖੀ ਹੋ ਰਿਹਾ ਹੈ।

ਕੂੜੈ ਲਾਲਚਿ ਲਗਿਆ ਨਾ ਉਰਵਾਰੁ ਨ ਪਾਰੁ ॥

(ਗੁਰੂ ਤੇ ਪਰਮਾਤਮਾ ਨੂੰ ਵਿਸਾਰ ਕੇ) ਝੂਠੇ-ਲਾਲਚ ਵਿਚ ਫਸਿਆਂ ਨਾ ਉਰਲਾ ਬੰਨਾ ਲੱਭਦਾ ਹੈ ਤੇ ਨਾ ਹੀ ਪਰਲਾ ਬੰਨਾ।

ਨਾਨਕ ਗੁਰਮੁਖਿ ਉਬਰੇ ਜਿ ਆਪਿ ਮੇਲੇ ਕਰਤਾਰਿ ॥੨॥

ਹੇ ਨਾਨਕ! ਜਿਨ੍ਹਾਂ ਗੁਰਮੁਖਾਂ ਨੂੰ ਕਰਤਾਰ ਨੇ ਆਪ (ਆਪਣੇ ਨਾਲ) ਜੋੜਿਆ ਹੈ ਉਹੀ ਇਸ (ਲਾਲਚ-ਰੂਪ ਸਮੁੰਦਰ) ਵਿਚੋਂ ਬਚ ਕੇ ਨਿਕਲਦੇ ਹਨ ॥੨॥


ਪਉੜੀ ॥
ਭਗਤ ਸਚੈ ਦਰਿ ਸੋਹਦੇ ਸਚੈ ਸਬਦਿ ਰਹਾਏ ॥

ਬੰਦਗੀ ਕਰਨ ਵਾਲੇ ਸੱਚੇ ਪ੍ਰਭੂ ਦੀ ਹਜ਼ੂਰੀ ਸੋਭਦੇ ਹਨ, (ਪ੍ਰਭੂ ਦੀ ਹਜ਼ੂਰੀ ਵਿਚ ਉਹ) ਸੱਚੇ ਸ਼ਬਦ ਦੀ ਰਾਹੀਂ ਟਿਕੇ ਰਹਿੰਦੇ ਹਨ,

ਹਰਿ ਕੀ ਪ੍ਰੀਤਿ ਤਿਨ ਊਪਜੀ ਹਰਿ ਪ੍ਰੇਮ ਕਸਾਏ ॥

ਉਹਨਾਂ ਦੇ ਅੰਦਰ ਪ੍ਰਭੂ ਦਾ ਪਿਆਰ ਪੈਦਾ ਹੁੰਦਾ ਹੈ, (ਉਹ) ਪ੍ਰਭੂ ਦੇ ਪਿਆਰ ਦੇ ਖਿੱਚੇ ਹੋਏ (ਹਨ),

ਹਰਿ ਰੰਗਿ ਰਹਹਿ ਸਦਾ ਰੰਗਿ ਰਾਤੇ ਰਸਨਾ ਹਰਿ ਰਸੁ ਪਿਆਏ ॥

ਉਹ ਸਦਾ ਪ੍ਰਭੂ ਦੇ ਪਿਆਰ ਵਿਚ ਰਹਿੰਦੇ ਹਨ, ਪ੍ਰਭੂ ਦੇ ਰੰਗ ਵਿਚ ਰੱਤੇ ਰਹਿੰਦੇ ਹਨ ਤੇ ਜੀਭ ਨਾਲ ਪ੍ਰਭੂ ਦਾ ਨਾਮ-ਰਸ ਪੀਂਦੇ ਹਨ।

ਸਫਲੁ ਜਨਮੁ ਜਿਨ੍ਰੀ ਗੁਰਮੁਖਿ ਜਾਤਾ ਹਰਿ ਜੀਉ ਰਿਦੈ ਵਸਾਏ ॥

ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਰੱਬ ਨੂੰ ਪਛਾਣਿਆ ਹੈ ਤੇ ਹਿਰਦੇ ਵਿਚ ਵਸਾਇਆ ਹੈ ਉਹਨਾਂ ਦਾ ਜੰਮਣਾ ਮੁਬਾਰਿਕ ਹੈ।

ਬਾਝੁ ਗੁਰੂ ਫਿਰੈ ਬਿਲਲਾਦੀ ਦੂਜੈ ਭਾਇ ਖੁਆਏ ॥੧੧॥

ਗੁਰੂ ਤੋਂ ਬਿਨਾ ਸ੍ਰਿਸ਼ਟੀ ਹੋਰ ਹੋਰ ਪਿਆਰ ਵਿਚ ਖੁੰਝੀ ਹੋਈ ਵਿਲਕਦੀ ਫਿਰਦੀ ਹੈ ॥੧੧॥


ਸਲੋਕੁ ਮ : ੩ ॥
ਕਲਿਜੁਗ ਮਹਿ ਨਾਮੁ ਨਿਧਾਨੁ ਭਗਤੀ ਖਟਿਆ ਹਰਿ ਉਤਮ ਪਦੁ ਪਾਇਆ ॥

ਇਸ ਝੰਬੇਲਿਆਂ-ਭਰੇ ਜਗਤ ਵਿਚ ਪਰਮਾਤਮਾ ਦਾ ਨਾਮ (ਹੀ) ਖ਼ਜ਼ਾਨਾ ਹੈ, ਜਿਸ ਨੇ ਬੰਦਗੀ ਕਰ ਕੇ (ਇਹ ਖ਼ਜ਼ਾਨਾ) ਖੱਟ ਲਿਆ ਹੈ ਉਸ ਨੇ ਪ੍ਰਭੂ (ਦਾ ਮੇਲ-ਰੂਪ) ਉੱਚਾ ਦਰਜਾ ਪਾ ਲਿਆ ਹੈ,

ਸਤਿਗੁਰ ਸੇਵਿ ਹਰਿ ਨਾਮੁ ਮਨਿ ਵਸਾਇਆ ਅਨਦਿਨੁ ਨਾਮੁ ਧਿਆਇਆ ॥

ਗੁਰੂ ਦੇ ਹੁਕਮ ਵਿਚ ਤੁਰ ਕੇ ਉਸ ਨੇ ਪ੍ਰਭੂ ਦਾ ਨਾਮ ਆਪਣੇ ਮਨ ਵਿਚ ਵਸਾਇਆ ਹੈ ਤੇ ਹਰ ਵੇਲੇ ਨਾਮ ਸਿਮਰਿਆ ਹੈ,

ਵਿਚੇ ਗ੍ਰਿਹ ਗੁਰ ਬਚਨਿ ਉਦਾਸੀ ਹਉਮੈ ਮੋਹੁ ਜਲਾਇਆ ॥

ਸਤਿਗੁਰੂ ਦੇ ਬਚਨ ਵਿਚ (ਤੁਰ ਕੇ) ਉਹ ਗ੍ਰਿਹਸਤ ਵਿਚ ਹੀ ਉਦਾਸੀ ਹੈ (ਕਿਉਂਕਿ) ਉਸ ਨੇ ਹਉਮੈ ਤੇ ਮੋਹ ਸਾੜ ਦਿੱਤਾ ਹੈ,

ਆਪਿ ਤਰਿਆ ਕੁਲ ਜਗਤੁ ਤਰਾਇਆ ਧੰਨੁ ਜਣੇਦੀ ਮਾਇਆ ॥

ਉਹ (ਇਸ ਝੰਬੇਲਿਆਂ-ਭਰੇ ਸੰਸਾਰ-ਸਮੁੰਦਰ ਤੋਂ) ਆਪ ਲੰਘ ਗਿਆ ਹੈ, ਸਾਰੇ ਜਗਤ ਨੂੰ ਭੀ ਲੰਘਾਂਦਾ ਹੈ, ਧੰਨ ਹੈ ਉਸ ਦੀ ਜੰਮਣ ਵਾਲੀ ਮਾਂ!

ਐਸਾ ਸਤਿਗੁਰੁ ਸੋਈ ਪਾਏ ਜਿਸੁ ਧੁਰਿ ਮਸਤਕਿ ਹਰਿ ਲਿਖਿ ਪਾਇਆ ॥

ਇਹੋ ਜਿਹਾ ਗੁਰੂ (ਜਿਸ ਨੂੰ ਮਿਲ ਕੇ ਮਨੁੱਖ ‘ਆਪਿ ਤਰਿਆ ਕੁਲ ਜਗਤੁ ਤਰਾਇਆ’) ਉਸੇ ਬੰਦੇ ਨੂੰ ਮਿਲਦਾ ਹੈ ਜਿਸ ਦੇ ਮੱਥੇ ਤੇ ਧੁਰੋਂ ਕਰਤਾਰ ਨੇ (ਬੰਦਗੀ ਕਰਨ ਦਾ ਲੇਖ) ਲਿਖ ਕੇ ਰੱਖ ਦਿੱਤਾ ਹੈ।

ਜਨ ਨਾਨਕ ਬਲਿਹਾਰੀ ਗੁਰ ਆਪਣੇ ਵਿਟਹੁ ਜਿਨਿ ਭ੍ਰਮਿ ਭੁਲਾ ਮਾਰਗਿ ਪਾਇਆ ॥੧॥

ਹੇ ਦਾਸ ਨਾਨਕ! (ਆਖ-) ਮੈਂ ਆਪਣੇ ਗੁਰੂ ਤੋਂ ਸਦਕੇ ਹਾਂ ਜਿਸ ਨੇ ਮੈਨੂੰ ਭੁਲੇਖੇ ਵਿਚ ਭੁੱਲੇ ਨੂੰ ਰਾਹੇ ਪਾਇਆ ਹੈ ॥੧॥

1
2
3
4