ਰਾਗ ਗੂਜਰੀ – ਬਾਣੀ ਸ਼ਬਦ-Part 3 – Raag Gujri – Bani

ਰਾਗ ਗੂਜਰੀ – ਬਾਣੀ ਸ਼ਬਦ-Part 3 – Raag Gujri – Bani

ਮ : ੩ ॥
ਤ੍ਰੈ ਗੁਣ ਮਾਇਆ ਵੇਖਿ ਭੁਲੇ ਜਿਉ ਦੇਖਿ ਦੀਪਕਿ ਪਤੰਗ ਪਚਾਇਆ ॥

ਸਾਰੇ ਜੀਵ ਤ੍ਰੈਗੁਣੀ ਮਾਇਆ ਨੂੰ ਵੇਖ ਕੇ (ਜੀਵਨ ਦੇ ਸਹੀ ਰਸਤੇ ਤੋਂ) ਖੁੰਝ ਰਹੇ ਹਨ ਜਿਵੇਂ ਭੰਬਟ (ਦੀਵੇ ਨੂੰ) ਵੇਖ ਕੇ ਦੀਵੇ ਉਤੇ ਸੜਦੇ ਹਨ;

ਪੰਡਿਤ ਭੁਲਿ ਭੁਲਿ ਮਾਇਆ ਵੇਖਹਿ ਦਿਖਾ ਕਿਨੈ ਕਿਹੁ ਆਣਿ ਚੜਾਇਆ ॥

ਪੰਡਤ (ਕਥਾ ਸੁਣਾਂਦੇ) ਮੁੜ ਮੁੜ ਖੁੰਝ ਕੇ ਮਾਇਆ ਵਲ ਹੀ ਤੱਕਦੇ ਹਨ ਕਿ ਵੇਖੀਏ ਕਿਸੇ ਨੇ ਕੁਝ ਲਿਆ ਕੇ ਭੇਟਾ ਰੱਖੀ ਹੈ (ਜਾਂ ਨਹੀਂ),

ਦੂਜੈ ਭਾਇ ਪੜਹਿ ਨਿਤ ਬਿਖਿਆ ਨਾਵਹੁ ਦਯਿ ਖੁਆਇਆ ॥

ਸੋ ਮਾਇਆ ਦੇ ਪਿਆਰ ਵਿਚ ਉਹ (ਅਸਲ ਵਿਚ) ਸਦਾ ਮਾਇਆ (ਦੀ ਸੰਥਾ ਹੀ) ਪੜ੍ਹਦੇ ਹਨ, ਪਰਮਾਤਮਾ ਨੇ ਉਹਨਾਂ ਨੂੰ (ਆਪਣੇ) ਨਾਮ ਵਲੋਂ ਖੁੰਝਾ ਦਿੱਤਾ ਹੈ।

ਜੋਗੀ ਜੰਗਮ ਸੰਨਿਆਸੀ ਭੁਲੇ ਓਨ੍ਰਾ ਅਹੰਕਾਰੁ ਬਹੁ ਗਰਬੁ ਵਧਾਇਆ ॥

ਜੋਗੀ ਜੰਗਮ ਤੇ ਸੰਨਿਆਸੀ (ਭੀ ਜੀਵਨ ਦੇ ਰਾਹ ਤੋਂ) ਖੁੰਝੇ ਹੋਏ ਹਨ, (ਕਿਉਂਕਿ ‘ਤਿਆਗ’ ਕਾਰਨ) ਇਹਨਾਂ ਨੇ ਮਾਣ ਤੇ ਅਹੰਕਾਰ ਨੂੰ ਵਧਾਇਆ ਹੋਇਆ ਹੈ,

ਛਾਦਨੁ ਭੋਜਨੁ ਨ ਲੈਹੀ ਸਤ ਭਿਖਿਆ ਮਨਹਠਿ ਜਨਮੁ ਗਵਾਇਆ ॥

(ਗ੍ਰਿਹਸਤੀਆਂ ਪਾਸੋਂ) ਆਦਰ ਸਰਧਾ ਨਾਲ ਮਿਲਿਆ ਕੱਪੜਾ ਤੇ ਭੋਜਨ-ਰੂਪ ਭਿੱਛਿਆ ਨਹੀਂ ਲੈਂਦੇ (ਭਾਵ, ਥੋੜੀ ਚੀਜ਼ ਮਿਲਣ ਤੇ ਉਹਨਾਂ ਨੂੰ ਘੂਰਦੇ ਹਨ) ਤੇ ਇਸ ਤਰ੍ਹਾਂ ਮਨ ਦੇ ਹਠ ਨਾਲ ਆਪਣੀ ਜ਼ਿੰਦਗੀ ਅਜਾਈਂ ਗਵਾ ਲੈਂਦੇ ਹਨ।

ਏਤੜਿਆ ਵਿਚਹੁ ਸੋ ਜਨੁ ਸਮਧਾ ਜਿਨਿ ਗੁਰਮੁਖਿ ਨਾਮੁ ਧਿਆਇਆ ॥

ਇਹਨਾਂ ਸਾਰਿਆਂ ਵਿਚੋਂ ਉਹ ਮਨੁੱਖ ਪੂਰਨ ਅਵਸਥਾ ਵਾਲਾ ਹੈ ਜਿਸ ਨੇ ਗੁਰੂ ਦੇ ਸਨਮੁਖ ਹੋ ਕੇ ਨਾਮ ਸਿਮਰਿਆ ਹੈ।

ਜਨ ਨਾਨਕ ਕਿਸ ਨੋ ਆਖਿ ਸੁਣਾਈਐ ਜਾ ਕਰਦੇ ਸਭਿ ਕਰਾਇਆ ॥੨॥

ਪਰ, ਹੇ ਦਾਸ ਨਾਨਕ! ਹੋਰ ਕਿਸ ਅੱਗੇ ਪੁਕਾਰ ਕਰੀਏ? ਸਾਰੇ ਪ੍ਰਭੂ ਦੇ ਪ੍ਰੇਰੇ ਹੋਏ ਹੀ ਕਾਰ ਕਰ ਰਹੇ ਹਨ, (ਭਾਵ, ਇਸ ਮਾਇਆ ਤੋਂ ਬਚਣ ਲਈ ਪ੍ਰਭੂ ਅੱਗੇ ਹੀ ਕੀਤੀ ਅਰਦਾਸ ਸਹੈਤਾ ਕਰਦੀ ਹੈ) ॥੨॥


ਪਉੜੀ ॥
ਮਾਇਆ ਮੋਹੁ ਪਰੇਤੁ ਹੈ ਕਾਮੁ ਕ੍ਰੋਧੁ ਅਹੰਕਾਰਾ ॥

ਮਾਇਆ ਦਾ ਮੋਹ, ਕਾਮ, ਕ੍ਰੋਧ ਤੇ ਅਹੰਕਾਰ ਸਭ ਇਕ ਤਰ੍ਹਾਂ ਦੇ ਭੂਤ ਹਨ;

ਏਹ ਜਮ ਕੀ ਸਿਰਕਾਰ ਹੈ ਏਨ੍ਰਾ ਉਪਰਿ ਜਮ ਕਾ ਡੰਡੁ ਕਰਾਰਾ ॥

ਇਹ ਸਾਰੇ ਜਮਰਾਜ ਦੀ ਰਈਅਤ ਹਨ, ਇਹਨਾਂ ਉੱਤੇ ਜਮਰਾਜ ਦਾ ਜ਼ੋਰ ਚੱਲਦਾ ਹੈ।

ਮਨਮੁਖ ਜਮ ਮਗਿ ਪਾਈਅਨਿ੍ ਜਿਨ੍ਰ ਦੂਜਾ ਭਾਉ ਪਿਆਰਾ ॥

ਆਪਣੇ ਮਨ ਦੇ ਪਿਛੇ ਤੁਰਨ ਵਾਲੇ ਬੰਦੇ ਜਿਨ੍ਹਾਂ ਨੂੰ ਮਾਇਆ ਦਾ ਪਿਆਰ ਮਿੱਠਾ ਲੱਗਦਾ ਹੈ ਜਮਰਾਜ ਦੇ ਰਾਹ ਤੇ ਪਾਏ ਜਾਂਦੇ ਹਨ,

ਜਮ ਪੁਰਿ ਬਧੇ ਮਾਰੀਅਨਿ ਕੋ ਸੁਣੈ ਨ ਪੂਕਾਰਾ ॥

ਉਹ ਮਨਮੁਖ ਜਮ-ਪੁਰੀ ਵਿਚ ਬੱਝੇ ਹੋਏ ਮਾਰੀਦੇ ਹਨ ਤੇ ਕੋਈ ਉਹਨਾਂ ਦੀ ਪੁਕਾਰ ਨਹੀਂ ਸੁਣਦਾ (ਭਾਵ, ਇਹਨਾਂ ਕਾਮਾਦਿਕਾਂ ਦੇ ਪੰਜੇ ਤੋਂ ਕੋਈ ਉਹਨਾਂ ਨੂੰ ਛੁਡਾ ਨਹੀਂ ਸਕਦਾ)।

ਜਿਸ ਨੋ ਕ੍ਰਿਪਾ ਕਰੇ ਤਿਸੁ ਗੁਰੁ ਮਿਲੈ ਗੁਰਮੁਖਿ ਨਿਸਤਾਰਾ ॥੧੨॥

ਜਿਸ ਮਨੁੱਖ ਤੇ ਪ੍ਰਭੂ ਆਪ ਮਿਹਰ ਕਰੇ ਉਸ ਨੂੰ ਗੁਰੂ ਮਿਲਦਾ ਹੈ, ਗੁਰੂ ਦੀ ਰਾਹੀਂ (ਇਹਨਾਂ ਭੂਤਾਂ ਤੋਂ) ਛੁਟਕਾਰਾ ਹੁੰਦਾ ਹੈ ॥੧੨॥


ਸਲੋਕੁ ਮ : ੩ ॥
ਹਉਮੈ ਮਮਤਾ ਮੋਹਣੀ ਮਨਮੁਖਾ ਨੋ ਗਈ ਖਾਇ ॥

ਹਉਮੈ ਤੇ ਅਪਣੱਤ (ਸਰੂਪ ਵਾਲੀ ਮਾਇਆ, ਮਾਨੋ) ਚੁੜੇਲ ਹੈ ਜੋ ਆਪ-ਹੁਦਰਿਆਂ ਨੂੰ ਹੜੱਪ ਕਰ ਜਾਂਦੀ ਹੈ,

ਜੋ ਮੋਹਿ ਦੂਜੈ ਚਿਤੁ ਲਾਇਦੇ ਤਿਨਾ ਵਿਆਪਿ ਰਹੀ ਲਪਟਾਇ ॥

ਜੋ ਮਨੁੱਖ (ਰੱਬ ਨੂੰ ਛੱਡ ਕਿਸੇ) ਹੋਰ ਦੇ ਮੋਹ ਵਿਚ ਚਿੱਤ ਜੋੜਦੇ ਹਨ ਉਹਨਾਂ ਨੂੰ ਚੰਬੜ ਕੇ ਆਪਣੇ ਵੱਸ ਵਿਚ ਕਰ ਲੈਂਦੀ ਹੈ।

ਗੁਰ ਕੈ ਸਬਦਿ ਪਰਜਾਲੀਐ ਤਾ ਏਹ ਵਿਚਹੁ ਜਾਇ ॥

ਜੇ ਗੁਰੂ ਦੇ ਸ਼ਬਦ ਨਾਲ ਇਸ ਨੂੰ ਚੰਗੀ ਤਰ੍ਹਾਂ ਸਾੜੀਏ ਤਾਂ ਇਹ ਅੰਦਰੋਂ ਨਿਕਲਦੀ ਹੈ;

ਤਨੁ ਮਨੁ ਹੋਵੈ ਉਜਲਾ ਨਾਮੁ ਵਸੈ ਮਨਿ ਆਇ ॥

ਤਾਂ ਸਰੀਰ ਤੇ ਮਨ ਸੁਅੱਛ ਹੋ ਜਾਂਦਾ ਹੈ; ਪ੍ਰਭੂ ਦਾ ਨਾਮ ਮਨ ਵਿਚ ਆ ਵੱਸਦਾ ਹੈ।

ਨਾਨਕ ਮਾਇਆ ਕਾ ਮਾਰਣੁ ਹਰਿ ਨਾਮੁ ਹੈ ਗੁਰਮੁਖਿ ਪਾਇਆ ਜਾਇ ॥੧॥

ਹੇ ਨਾਨਕ! ਇਸ ਮਾਇਆ (ਸੰਖੀਏ ਨੂੰ ਕੁਸ਼ਤਾ ਕਰਨ) ਦੀ ਬੂਟੀ ਇੱਕ ਹਰਿ-ਨਾਮ ਹੀ ਹੈ ਜੋ ਗੁਰੂ ਤੋਂ ਹੀ ਮਿਲ ਸਕਦਾ ਹੈ ॥੧॥


ਮ : ੩ ॥
ਇਹੁ ਮਨੁ ਕੇਤੜਿਆ ਜੁਗ ਭਰਮਿਆ ਥਿਰੁ ਰਹੈ ਨ ਆਵੈ ਜਾਇ ॥

(ਮਨੁੱਖ ਦਾ) ਇਹ ਮਨ ਕਈ ਜੁਗ ਭਟਕਦਾ ਰਹਿੰਦਾ ਹੈ (ਪਰਮਾਤਮਾ ਵਿਚ) ਟਿਕਦਾ ਨਹੀਂ ਤੇ ਜੰਮਦਾ ਮਰਦਾ ਰਹਿੰਦਾ ਹੈ;

ਹਰਿ ਭਾਣਾ ਤਾ ਭਰਮਾਇਅਨੁ ਕਰਿ ਪਰਪੰਚੁ ਖੇਲੁ ਉਪਾਇ ॥

ਪਰ ਇਹ ਗੱਲ ਪ੍ਰਭੂ ਨੂੰ (ਏਸੇ ਤਰ੍ਹਾਂ) ਭਾਉਂਦੀ ਹੈ ਕਿ ਉਸ ਨੇ ਇਹ ਠੱਗਣ ਵਾਲੀ (ਜਗਤ-ਖੇਡ ਬਣਾ ਕੇ (ਜੀਵਾਂ ਨੂੰ ਇਸ ਵਿਚ) ਭਰਮਾਇਆ ਹੋਇਆ ਹੈ।

ਜਾ ਹਰਿ ਬਖਸੇ ਤਾ ਗੁਰ ਮਿਲੈ ਅਸਥਿਰੁ ਰਹੈ ਸਮਾਇ ॥

ਜਦੋਂ ਪ੍ਰਭੂ (ਆਪ) ਮਿਹਰ ਕਰਦਾ ਹੈ ਤਾਂ (ਜੀਵ ਨੂੰ) ਗੁਰੂ ਮਿਲਦਾ ਹੈ, (ਫਿਰ) ਇਹ (ਪ੍ਰਭੂ ਵਿਚ) ਜੁੜ ਕੇ ਟਿਕਿਆ ਰਹਿੰਦਾ ਹੈ;

ਨਾਨਕ ਮਨ ਹੀ ਤੇ ਮਨੁ ਮਾਨਿਆ ਨਾ ਕਿਛੁ ਮਰੈ ਨ ਜਾਇ ॥੨॥

(ਇਸ ਤਰ੍ਹਾਂ) ਹੇ ਨਾਨਕ! ਮਨ ਅੰਦਰੋਂ ਹੀ (ਪ੍ਰਭੂ-ਨਾਮ ਵਿਚ) ਪਤੀਜ ਜਾਂਦਾ ਹੈ, ਫਿਰ ਇਸ ਦਾ ਨਾਹ ਕੁਝ ਮਰਦਾ ਹੈ ਨਾਹ ਜੰਮਦਾ ਹੈ ॥੨॥


ਪਉੜੀ ॥
ਕਾਇਆ ਕੋਟੁ ਅਪਾਰੁ ਹੈ ਮਿਲਣਾ ਸੰਜੋਗੀ ॥

ਮਨੁੱਖਾ-ਸਰੀਰ (ਮਾਨੋ,) ਇਕ ਵੱਡਾ ਕਿਲ੍ਹਾ ਹੈ ਜੋ ਮਨੁੱਖ ਨੂੰ ਭਾਗਾਂ ਨਾਲ ਮਿਲਦਾ ਹੈ,

ਕਾਇਆ ਅੰਦਰਿ ਆਪਿ ਵਸਿ ਰਹਿਆ ਆਪੇ ਰਸ ਭੋਗੀ ॥

ਇਸ ਸਰੀਰ ਵਿਚ ਪ੍ਰਭੂ ਆਪ ਵੱਸ ਰਿਹਾ ਹੈ ਤੇ (ਕਿਤੇ ਤਾਂ) ਰਸ ਭੋਗ ਰਿਹਾ ਹੈ,

ਆਪਿ ਅਤੀਤੁ ਅਲਿਪਤੁ ਹੈ ਨਿਰਜੋਗੁ ਹਰਿ ਜੋਗੀ ॥

(ਕਿਤੇ) ਆਪ ਜੋਗੀ ਪ੍ਰਭੂ ਵਿਰਕਤ ਹੈ, ਮਾਇਆ ਦੇ ਅਸਰ ਤੋਂ ਪਰੇ ਹੈ ਤੇ ਅਨ-ਜੁੜਿਆ ਹੈ।

ਜੋ ਤਿਸੁ ਭਾਵੈ ਸੋ ਕਰੇ ਹਰਿ ਕਰੇ ਸੁ ਹੋਗੀ ॥

ਜੋ ਉਸ ਨੂੰ ਚੰਗਾ ਲੱਗਦਾ ਹੈ ਉਹੀ ਕਰਦਾ ਹੈ, ਜੋ ਕੁਝ ਪ੍ਰਭੂ ਕਰਦਾ ਹੈ ਉਹੀ ਹੁੰਦਾ ਹੈ।

ਹਰਿ ਗੁਰਮੁਖਿ ਨਾਮੁ ਧਿਆਈਐ ਲਹਿ ਜਾਹਿ ਵਿਜੋਗੀ ॥੧੩॥

ਜੇ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦਾ ਨਾਮ ਸਿਮਰੀਏ ਤਾਂ (ਮਾਇਕ ਰਸ-ਰੂਪ) ਸਾਰੇ ਵਿਛੋੜੇ (ਭਾਵ, ਪ੍ਰਭੂ ਤੋਂ ਵਿਛੋੜੇ ਦਾ ਮੂਲ) ਦੂਰ ਹੋ ਜਾਂਦੇ ਹਨ ॥੧੩॥


ਸਲੋਕੁ ਮ : ੩ ॥
ਵਾਹੁ ਵਾਹੁ ਆਪਿ ਅਖਾਇਦਾ ਗੁਰਸਬਦੀ ਸਚੁ ਸੋਇ ॥

ਉਹ ਸੱਚਾ ਪ੍ਰਭੂ ਆਪ ਹੀ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਮਨੁੱਖ ਪਾਸੋਂ) ‘ਵਾਹੁ ਵਾਹੁ’ ਅਖਵਾਂਦਾ ਹੈ (ਭਾਵ, ਸਿਫ਼ਤ-ਸਾਲਾਹ ਕਰਾਂਦਾ ਹੈ),

ਵਾਹੁ ਵਾਹੁ ਸਿਫਤਿ ਸਲਾਹ ਹੈ ਗੁਰਮੁਖਿ ਬੂਝੈ ਕੋਇ ॥

ਕੋਈ (ਵਿਰਲਾ) ਗੁਰਮੁਖ ਸਮਝਦਾ ਹੈ ਕਿ ‘ਵਾਹ ਵਾਹ’ ਆਖਣਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਹੈ,

ਵਾਹੁ ਵਾਹੁ ਬਾਣੀ ਸਚੁ ਹੈ ਸਚਿ ਮਿਲਾਵਾ ਹੋਇ ॥

ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਪਰਮਾਤਮਾ ਦਾ ਰੂਪ ਹੈ, (ਇਸ ਨਾਲ) ਪਰਮਾਤਮਾ ਵਿਚ ਮੇਲ ਹੁੰਦਾ ਹੈ।

ਨਾਨਕ ਵਾਹੁ ਵਾਹੁ ਕਰਤਿਆ ਪ੍ਰਭੁ ਪਾਇਆ ਕਰਮਿ ਪਰਾਪਤਿ ਹੋਇ ॥੧॥

ਹੇ ਨਾਨਕ! (ਪ੍ਰਭੂ ਦੀ) ਸਿਫ਼ਤ-ਸਾਲਾਹ ਕਰਦਿਆਂ ਪ੍ਰਭੂ ਮਿਲ ਪੈਂਦਾ ਹੈ; (ਪਰ, ਇਹ ਸਿਫ਼ਤ-ਸਾਲਾਹ) ਪ੍ਰਭੂ ਦੀ ਮਿਹਰ ਨਾਲ ਮਿਲਦੀ ਹੈ ॥੧॥


ਮ : ੩ ॥
ਵਾਹੁ ਵਾਹੁ ਕਰਤੀ ਰਸਨਾ ਸਬਦਿ ਸੁਹਾਈ ॥

ਗੁਰੂ ਦੇ ਸ਼ਬਦ ਦੁਆਰਾ ‘ਵਾਹੁ ਵਾਹੁ’ ਆਖਦੀ ਜੀਭ ਸੋਹਣੀ ਲੱਗਦੀ ਹੈ,

ਪੂਰੈ ਸਬਦਿ ਪ੍ਰਭੁ ਮਿਲਿਆ ਆਈ ॥

ਪ੍ਰਭੂ ਮਿਲਦਾ ਹੀ ਗੁਰੂ ਦੇ ਪੂਰਨ ਸ਼ਬਦ ਦੀ ਰਾਹੀਂ ਹੈ।

ਵਡਭਾਗੀਆ ਵਾਹੁ ਵਾਹੁ ਮੁਹਹੁ ਕਢਾਈ ॥

ਵੱਡੇ ਭਾਗਾਂ ਵਾਲਿਆਂ ਦੇ ਮੂੰਹ ਵਿਚੋਂ ਪ੍ਰਭੂ ‘ਵਾਹੁ ਵਾਹੁ’ ਅਖਵਾਉਂਦਾ ਹੈ,

ਵਾਹੁ ਵਾਹੁ ਕਰਹਿ ਸੇਈ ਜਨ ਸੋਹਣੇ ਤਿਨ੍ਰ ਕਉ ਪਰਜਾ ਪੂਜਣ ਆਈ ॥

ਜੋ ਮਨੁੱਖ ‘ਵਾਹੁ ਵਾਹੁ’ ਕਰਦੇ ਹਨ, ਉਹ ਸੋਹਣੇ ਲੱਗਦੇ ਹਨ ਤੇ ਸਾਰੀ ਦੁਨੀਆ ਉਹਨਾਂ ਦੇ ਚਰਨ ਪਰਸਣ ਆਉਂਦੀ ਹੈ।

ਵਾਹੁ ਵਾਹੁ ਕਰਮਿ ਪਰਾਪਤਿ ਹੋਵੈ ਨਾਨਕ ਦਰਿ ਸਚੈ ਸੋਭਾ ਪਾਈ ॥੨॥

ਹੇ ਨਾਨਕ! ਪ੍ਰਭੂ ਦੀ ਮੇਹਰ ਨਾਲ ਪ੍ਰਭੂ ਦੀ ਸਿਫ਼ਤ-ਸਾਲਾਹ ਹੁੰਦੀ ਹੈ ਤੇ ਸੱਚੇ ਦਰ ਤੇ ਸੋਭਾ ਮਿਲਦੀ ਹੈ ॥੨॥


ਪਉੜੀ ॥
ਬਜਰ ਕਪਾਟ ਕਾਇਆ ਗਗੜ੍ਰ ਭੀਤਰਿ ਕੂੜੁ ਕੁਸਤੁ ਅਭਿਮਾਨੀ ॥

ਅਹੰਕਾਰੀ ਮਨੁੱਖਾਂ ਦੇ ਸਰੀਰ-ਰੂਪ ਕਿਲ੍ਹੇ ਵਿਚ ਕੂੜ ਤੇ ਕੁਸੱਤ-ਰੂਪ ਕਰੜੇ ਫਾਟਕ ਲੱਗੇ ਹੋਏ ਹਨ,

ਭਰਮਿ ਭੂਲੇ ਨਦਰਿ ਨ ਆਵਨੀ ਮਨਮੁਖ ਅੰਧ ਅਗਿਆਨੀ ॥

ਪਰ ਅੰਨ੍ਹੇ ਤੇ ਅਗਿਆਨੀ ਮਨਮੁਖਾਂ ਨੂੰ ਭਰਮ ਵਿਚ ਭੁੱਲੇ ਹੋਣ ਕਰ ਕੇ ਦਿੱਸਦੇ ਨਹੀਂ ਹਨ।

ਉਪਾਇ ਕਿਤੈ ਨ ਲਭਨੀ ਕਰਿ ਭੇਖ ਥਕੇ ਭੇਖਵਾਨੀ ॥

ਭੇਖ ਕਰਨ ਵਾਲੇ ਲੋਕ ਭੇਖ ਕਰ ਕਰ ਕੇ ਥੱਕ ਗਏ ਹਨ, ਪਰ ਉਹਨਾਂ ਨੂੰ ਭੀ ਕਿਸੇ ਉਪਾਉ ਕਰਨ ਨਾਲ (ਇਹ ਫਾਟਕ) ਨਹੀਂ ਦਿੱਸੇ,

ਗੁਰਸਬਦੀ ਖੋਲਾਈਅਨਿ੍ ਹਰਿ ਨਾਮੁ ਜਪਾਨੀ ॥

(ਹਾਂ) ਜੋ ਮਨੁੱਖ ਹਰੀ ਦਾ ਨਾਮ ਜਪਦੇ ਹਨ, ਉਹਨਾਂ ਦੇ ਕਪਾਟ ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਖੁਲ੍ਹਦੇ ਹਨ।

ਹਰਿ ਜੀਉ ਅੰਮ੍ਰਿਤ ਬਿਰਖੁ ਹੈ ਜਿਨ ਪੀਆ ਤੇ ਤ੍ਰਿਪਤਾਨੀ ॥੧੪॥

ਪ੍ਰਭੂ (ਦਾ ਨਾਮ) ਅੰਮ੍ਰਿਤ ਦਾ ਰੁੱਖ ਹੈ, ਜਿਨ੍ਹਾਂ ਨੇ (ਇਸ ਦਾ ਰਸ) ਪੀਤਾ ਹੈ ਉਹ ਰੱਜ ਗਏ ਹਨ ॥੧੪॥


ਸਲੋਕੁ ਮ : ੩ ॥
ਵਾਹੁ ਵਾਹੁ ਕਰਤਿਆ ਰੈਣਿ ਸੁਖਿ ਵਿਹਾਇ ॥

ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਿਆਂ (ਮਨੁੱਖਾ ਜਨਮ-ਰੂਪ) ਰਾਤ ਸੁਖੀ ਗੁਜ਼ਰਦੀ ਹੈ,

ਵਾਹੁ ਵਾਹੁ ਕਰਤਿਆ ਸਦਾ ਅਨੰਦੁ ਹੋਵੈ ਮੇਰੀ ਮਾਇ ॥

ਤੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਿਆਂ ਸਦਾ ਮੌਜ ਬਣੀ ਰਹਿੰਦੀ ਹੈ, ਹੇ ਮੇਰੀ ਮਾਂ!

ਵਾਹੁ ਵਾਹੁ ਕਰਤਿਆ ਹਰਿ ਸਿਉ ਲਿਵ ਲਾਇ ॥

ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਿਆਂ ਪ੍ਰਭੂ ਨਾਲ ਸੁਰਤਿ ਜੁੜਦੀ ਹੈ,

ਵਾਹੁ ਵਾਹੁ ਕਰਮੀ ਬੋਲੈ ਬੋਲਾਇ ॥

ਪਰ, ਕੋਈ ਵਿਰਲਾ ਮਨੁੱਖ ਪ੍ਰਭੂ ਦੀ ਮਿਹਰ ਨਾਲ ਪ੍ਰਭੂ ਦਾ ਪ੍ਰੇਰਿਆ ਹੋਇਆ ‘ਵਾਹੁ ਵਾਹੁ’ ਦੀ ਬਾਣੀ ਉਚਾਰਦਾ ਹੈ।

ਵਾਹੁ ਵਾਹੁ ਕਰਤਿਆ ਸੋਭਾ ਪਾਇ ॥

ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਿਆਂ ਸੋਭਾ ਮਿਲਦੀ ਹੈ,

ਨਾਨਕ ਵਾਹੁ ਵਾਹੁ ਸਤਿ ਰਜਾਇ ॥੧॥

ਤੇ, ਹੇ ਨਾਨਕ! ਇਹ ਸਿਫ਼ਤ-ਸਾਲਾਹ (ਮਨੁੱਖ ਨੂੰ) ਪ੍ਰਭੂ ਦੀ ਰਜ਼ਾ ਵਿਚ ਜੋੜੀ ਰੱਖਦੀ ਹੈ ॥੧॥


ਮ : ੩ ॥
ਵਾਹੁ ਵਾਹੁ ਬਾਣੀ ਸਚੁ ਹੈ ਗੁਰਮੁਖਿ ਲਧੀ ਭਾਲਿ ॥

ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਪ੍ਰਭੂ (ਦਾ ਰੂਪ ਹੀ) ਹੈ, ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੈ ਉਸ ਨੇ ਭਾਲ ਕੇ ਲੱਭ ਲਈ ਹੈ,

ਵਾਹੁ ਵਾਹੁ ਸਬਦੇ ਉਚਰੈ ਵਾਹੁ ਵਾਹੁ ਹਿਰਦੈ ਨਾਲਿ ॥

ਗੁਰੂ ਦੇ ਸ਼ਬਦ ਦੀ ਰਾਹੀਂ ਉਹ ‘ਵਾਹੁ ਵਾਹੁ’ ਆਖਦਾ ਹੈ ਤੇ ਹਿਰਦੇ ਨਾਲ (ਪਰੋ ਕੇ ਰੱਖਦਾ ਹੈ)।

ਵਾਹੁ ਵਾਹੁ ਕਰਤਿਆ ਹਰਿ ਪਾਇਆ ਸਹਜੇ ਗੁਰਮੁਖਿ ਭਾਲਿ ॥

ਗੁਰਮੁਖਾਂ ਨੇ ਸੁਤੇ ਹੀ ਭਾਲ ਕਰ ਕੇ, ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਿਆਂ ਪ੍ਰਭੂ ਨੂੰ ਲੱਭ ਲਿਆ ਹੈ।

ਸੇ ਵਡਭਾਗੀ ਨਾਨਕਾ ਹਰਿ ਹਰਿ ਰਿਦੈ ਸਮਾਲਿ ॥੨॥

ਹੇ ਨਾਨਕ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ ਜੋ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਸੰਭਾਲਦੇ ਹਨ ॥੨॥


ਪਉੜੀ ॥
ਏ ਮਨਾ ਅਤਿ ਲੋਭੀਆ ਨਿਤ ਲੋਭੇ ਰਾਤਾ ॥

ਹੇ ਬਹੁਤ ਲੋਭੀ ਮਨ, ਤੂੰ ਸਦਾ ਲੋਭ ਵਿਚ ਪਇਆ ਰਹਿਨਾ?

ਮਾਇਆ ਮਨਸਾ ਮੋਹਣੀ ਦਹ ਦਿਸ ਫਿਰਾਤਾ ॥

ਮੋਹਣੀ ਮਾਇਆ ਦੀ ਚਾਹ ਦੇ ਕਾਰਨ ਤੂੰ ਦਸੀਂ ਪਾਸੀਂ ਭਉਂਦਾ ਫਿਰਦਾ ਹੈਂ।

ਅਗੈ ਨਾਉ ਜਾਤਿ ਨ ਜਾਇਸੀ ਮਨਮੁਖਿ ਦੁਖੁ ਖਾਤਾ ॥

ਹੇ ਮਨਮੁਖ (ਮਨ!) ਦਰਗਾਹ ਵਿਚ ਵੱਡਾ ਨਾਮ ਤੇ ਉੱਚੀ ਜਾਤ ਕੰਮ ਨਹੀਂ ਜਾਂਦੇ, (ਇਹਨਾਂ ਵਿਚ ਭੁੱਲਾ ਹੋਇਆ) ਦੁੱਖ ਭੋਗੇਂਗਾ;

ਰਸਨਾ ਹਰਿ ਰਸੁ ਨ ਚਖਿਓ ਫੀਕਾ ਬੋਲਾਤਾ ॥

ਜੀਭ ਨਾਲ ਤੂੰ ਪ੍ਰਭੂ ਦੇ ਨਾਮ ਦਾ ਸੁਆਦ ਨਹੀਂ ਚੱਖਿਆ ਤੇ ਫਿੱਕਾ (ਭਾਵ, ਮਾਇਆ ਸੰਬੰਧੀ ਬਚਨ ਹੀ) ਬੋਲਦਾ ਹੈਂ।

ਜਿਨਾ ਗੁਰਮੁਖਿ ਅੰਮ੍ਰਿਤੁ ਚਾਖਿਆ ਸੇ ਜਨ ਤ੍ਰਿਪਤਾਤਾ ॥੧੫॥

ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸਨਮੁਖ ਹੋ ਕੇ (ਨਾਮ-ਰੂਪ) ਅੰਮ੍ਰਿਤ ਚਖਿਆ ਹੈ ਉਹ ਰੱਜ ਗਏ ਹਨ ॥੧੫॥


ਸਲੋਕੁ ਮ : ੩ ॥
ਵਾਹੁ ਵਾਹੁ ਤਿਸ ਨੋ ਆਖੀਐ ਜਿ ਸਚਾ ਗਹਿਰ ਗੰਭੀਰੁ ॥

ਉਸ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਜੋ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ ਤੇ ਵੱਡੇ ਜਿਗਰੇ ਵਾਲਾ ਹੈ,

ਵਾਹੁ ਵਾਹੁ ਤਿਸ ਨੋ ਆਖੀਐ ਜਿ ਗੁਣਦਾਤਾ ਮਤਿ ਧੀਰੁ ॥

ਉਸ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਜੋ (ਆਪਣੇ ਭਗਤਾਂ ਨੂੰ) ਗੁਣ ਬਖ਼ਸ਼ਣ ਵਾਲਾ ਹੈ ਤੇ ਅਡੋਲ ਮੱਤ ਵਾਲਾ ਹੈ,

ਵਾਹੁ ਵਾਹੁ ਤਿਸ ਨੋ ਆਖੀਐ ਜਿ ਸਭ ਮਹਿ ਰਹਿਆ ਸਮਾਇ ॥

ਉਸ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਜੋ ਸਭ ਵਿੱਚ ਸਮਾਇਆ ਹੋਇਆ ਹੈ।

ਵਾਹੁ ਵਾਹੁ ਤਿਸ ਨੋ ਆਖੀਐ ਜਿ ਦੇਦਾ ਰਿਜਕੁ ਸਬਾਹਿ ॥

ਉਸ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਜੋ ਸਾਰੇ ਜੀਵਾਂ ਵਿਚ ਵਿਆਪਕ ਹੈ ਤੇ ਜੋ ਸਭ ਨੂੰ ਰਿਜ਼ਕ ਅਪੜਾਉਂਦਾ ਹੈ,

ਨਾਨਕ ਵਾਹੁ ਵਾਹੁ ਇਕੋ ਕਰਿ ਸਾਲਾਹੀਐ ਜਿ ਸਤਿਗੁਰ ਦੀਆ ਦਿਖਾਇ ॥੧॥

ਹੇ ਨਾਨਕ! ਉਸ ਨੂੰ ਲਾ-ਸ਼ਰੀਕ ਜਾਣ ਕੇ ਉਸ ਦੀ ਵਡਿਆਈ ਕਰੀਏ; ਉਸ ਦਾ ਦਰਸਨ ਸਤਿਗੁਰੂ ਹੀ ਕਰਾਉਂਦਾ ਹੈ ॥੧॥


ਮ : ੩ ॥
ਵਾਹੁ ਵਾਹੁ ਗੁਰਮੁਖ ਸਦਾ ਕਰਹਿ ਮਨਮੁਖ ਮਰਹਿ ਬਿਖੁ ਖਾਇ ॥

ਜੋ ਮਨੁੱਖ ਗੁਰੂ ਦੇ ਸਨਮੁਖ ਹਨ, ਉਹ ਸਦਾ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ; ਪਰ, ਆਪ-ਹੁਦਰੇ ਮਨੁੱਖ ਮਾਇਆ-ਰੂਪ ਜ਼ਹਿਰ ਖਾ ਕੇ ਮਰਦੇ ਹਨ।

ਓਨਾ ਵਾਹੁ ਵਾਹੁ ਨ ਭਾਵਈ ਦੁਖੇ ਦੁਖਿ ਵਿਹਾਇ ॥

ਉਹਨਾਂ ਨੂੰ ਸਿਫ਼ਤ-ਸਾਲਾਹ ਚੰਗੀ ਨਹੀਂ ਲੱਗਦੀ, ਇਸ ਵਾਸਤੇ ਉਹਨਾਂ ਦੀ ਸਾਰੀ ਉਮਰ ਦੁੱਖ ਵਿਚ ਹੀ ਬੀਤਦੀ ਹੈ।

ਗੁਰਮੁਖਿ ਅੰਮ੍ਰਿਤੁ ਪੀਵਣਾ ਵਾਹੁ ਵਾਹੁ ਕਰਹਿ ਲਿਵ ਲਾਇ ॥

ਗੁਰਮੁਖਾਂ ਦਾ ਜਲ-ਪਾਨ ਹੀ ਨਾਮ-ਅੰਮ੍ਰਿਤ ਹੈ (ਭਾਵ, ਗੁਰਮੁਖਾਂ ਲਈ ਨਾਮ-ਅੰਮ੍ਰਿਤ ਜੀਵਨ ਦਾ ਆਸਰਾ ਹੈ), ਉਹ ਸੁਰਤਿ ਜੋੜ ਕੇ ਸਿਫ਼ਤ ਕਰਦੇ ਹਨ।

ਨਾਨਕ ਵਾਹੁ ਵਾਹੁ ਕਰਹਿ ਸੇ ਜਨ ਨਿਰਮਲੇ ਤ੍ਰਿਭਵਣ ਸੋਝੀ ਪਾਇ ॥੨॥

ਹੇ ਨਾਨਕ! ਜੋ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ ਉਹ ਪਵਿਤ੍ਰ ਹੋ ਜਾਂਦੇ ਹਨ, ਉਹਨਾਂ ਨੂੰ ਤਿੰਨਾਂ ਭਵਨਾਂ (ਵਿਚ ਵਿਆਪਕ ਪ੍ਰਭੂ ਦੀ) ਸੂਝ ਪੈ ਜਾਂਦੀ ਹੈ ॥੨॥


ਪਉੜੀ ॥
ਹਰਿ ਕੈ ਭਾਣੈ ਗੁਰੁ ਮਿਲੈ ਸੇਵਾ ਭਗਤਿ ਬਨੀਜੈ ॥

ਜੇ ਪ੍ਰਭੂ ਦੀ ਰਜ਼ਾ ਹੋਵੇ ਤਾਂ (ਮਨੁੱਖ ਨੂੰ) ਗੁਰੂ ਮਿਲਦਾ ਹੈ ਤੇ (ਉਸ ਵਾਸਤੇ) ਪ੍ਰਭੂ ਦੇ ਸਿਮਰਨ ਤੇ ਭਗਤੀ (ਦੀ ਜੁਗਤ) ਬਣਦੀ ਹੈ,

ਹਰਿ ਕੈ ਭਾਣੈ ਹਰਿ ਮਨਿ ਵਸੈ ਸਹਜੇ ਰਸੁ ਪੀਜੈ ॥

ਜੇ ਪ੍ਰਭੂ ਦੀ ਰਜ਼ਾ ਹੋਵੇ ਤਾਂ ਪ੍ਰਭੂ ਮਨ ਵਿਚ ਆ ਕੇ ਵੱਸਦਾ ਹੈ ਤੇ ਅਡੋਲ ਅਵਸਥਾ ਵਿਚ (ਟਿਕਿਆਂ) ਨਾਮ-ਰਸ ਪੀਵੀਦਾ ਹੈ,

ਹਰਿ ਕੈ ਭਾਣੈ ਸੁਖੁ ਪਾਈਐ ਹਰਿ ਲਾਹਾ ਨਿਤ ਲੀਜੈ ॥

ਜੇ ਪ੍ਰਭੂ ਦੀ ਰਜ਼ਾ ਹੋਵੇ ਤਾਂ (ਆਤਮਾ ਨੂੰ) ਸੁਖ ਮਿਲਦਾ ਹੈ ਤੇ (ਜੀਵ-ਵਪਾਰੀ ਨੂੰ) ਸਦਾ ਨਾਮ-ਰੂਪ ਦਾ ਨਫ਼ਾ ਮਿਲਦਾ ਹੈ,

ਹਰਿ ਕੈ ਤਖਤਿ ਬਹਾਲੀਐ ਨਿਜ ਘਰਿ ਸਦਾ ਵਸੀਜੈ ॥

ਇਸ ਤਰ੍ਹਾਂ ਵਾਹਿਗੁਰੂ ਦੇ (ਨਾਮ ਦੇ) ਰਾਜ-ਸਿੰਘਾਸਣ ਉਤੇ ਬੈਠਣ ਨਾਲ, ਪ੍ਰਭੂ ਹਮੇਸ਼ਾਂ ਆਪਣੇ ਨਿੱਜ ਦੇ ਗ੍ਰਹਿ ਵਿੱਚ ਵਸਦਾ ਹੈ।

ਹਰਿ ਕਾ ਭਾਣਾ ਤਿਨੀ ਮੰਨਿਆ ਜਿਨਾ ਗੁਰੂ ਮਿਲੀਜੈ ॥੧੬॥

ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ (ਮਿੱਠਾ ਕਰ ਕੇ) ਮੰਨਦੇ ਹਨ ॥੧੬॥


ਸਲੋਕੁ ਮ : ੩ ॥
ਵਾਹੁ ਵਾਹੁ ਸੇ ਜਨ ਸਦਾ ਕਰਹਿ ਜਿਨ੍ਰ ਕਉ ਆਪੇ ਦੇਇ ਬੁਝਾਇ ॥

ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਆਪ ਹੀ ਸੁਮੱਤ ਬਖ਼ਸ਼ਦਾ ਹੈ ਉਹ ਸਦਾ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ,

ਵਾਹੁ ਵਾਹੁ ਕਰਤਿਆ ਮਨੁ ਨਿਰਮਲੁ ਹੋਵੈ ਹਉਮੈ ਵਿਚਹੁ ਜਾਇ ॥

ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ ਮਨ ਪਵਿਤ੍ਰ ਹੁੰਦਾ ਹੈ ਤੇ ਮਨ ਵਿਚੋਂ ਹਉਮੈ ਦੂਰ ਹੁੰਦੀ ਹੈ।

ਵਾਹੁ ਵਾਹੁ ਗੁਰਸਿਖੁ ਜੋ ਨਿਤ ਕਰੇ ਸੋ ਮਨ ਚਿੰਦਿਆ ਫਲੁ ਪਾਇ ॥

ਜੋ ਭੀ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ, ਉਸ ਨੂੰ ਮਨ-ਇੱਛਤ ਫਲ ਮਿਲਦਾ ਹੈ।

ਵਾਹੁ ਵਾਹੁ ਕਰਹਿ ਸੇ ਜਨ ਸੋਹਣੇ ਹਰਿ ਤਿਨ੍ਰ ਕੈ ਸੰਗਿ ਮਿਲਾਇ ॥

ਜੋ ਸਿਫ਼ਤ-ਸਾਲਾਹ ਕਰਦੇ ਹਨ, ਉਹ ਸੋਹਣੇ ਦਾਸ ਪ੍ਰਭੂ ਦਾ ਮਿਲਾਪ ਕਰ ਲੈਂਦੇ ਹਨ।

ਵਾਹੁ ਵਾਹੁ ਹਿਰਦੈ ਉਚਰਾ ਮੁਖਹੁ ਭੀ ਵਾਹੁ ਵਾਹੁ ਕਰੇਉ ॥

ਜੋ ਹਿਰਦੇ ਵਿੱਚ ਸਿਫ਼ਤ-ਸਾਲਾਹ ਕਰਦੇ ਹਨ, ਉਹਨ੍ਹਾਂ ਦੇ ਮੂਹੋਂ ਵੀ ਸਿਫਤ-ਸਲਾਹ ਹੀ ਨਿਲਦੀ ਹੈ।

ਨਾਨਕ ਵਾਹੁ ਵਾਹੁ ਜੋ ਕਰਹਿ ਹਉ ਤਨੁ ਮਨੁ ਤਿਨ੍ਰ ਕਉ ਦੇਉ ॥੧॥

ਹੇ ਨਾਨਕ! ਜੋ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ, ਮੈਂ ਆਪਣਾ ਤਨ ਮਨ ਉਹਨਾਂ ਅੱਗੇ ਭੇਟ ਕਰ ਦਿਆਂ ॥੧॥


ਮ : ੩ ॥
ਵਾਹੁ ਵਾਹੁ ਸਾਹਿਬੁ ਸਚੁ ਹੈ ਅੰਮ੍ਰਿਤੁ ਜਾ ਕਾ ਨਾਉ ॥

ਜਿਸ ਮਾਲਕ ਪ੍ਰਭੂ ਦਾ ਨਾਮ (ਜੀਵਾਂ ਨੂੰ) ਆਤਮਕ ਬਲ ਦੇਣ ਵਾਲਾ ਹੈ ਉਸ ਦੀ ਸਿਫ਼ਤ-ਸਾਲਾਹ ਉਸੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਸਰੂਪ ਹੈ।

ਜਿਨਿ ਸੇਵਿਆ ਤਿਨਿ ਫਲੁ ਪਾਇਆ ਹਉ ਤਿਨ ਬਲਿਹਾਰੈ ਜਾਉ ॥

ਜਿਸ ਜਿਸ ਮਨੁੱਖ ਨੇ ਪ੍ਰਭੂ ਨੂੰ ਸਿਮਰਿਆ ਹੈ ਉਸ ਉਸ ਨੇ (ਨਾਮ-ਅੰਮ੍ਰਿਤ) ਫਲ ਪ੍ਰਾਪਤ ਕਰ ਲਿਆ ਹੈ, ਮੈਂ ਅਜੇਹੇ ਗੁਰਮੁਖਾਂ ਤੋਂ ਸਦਕੇ ਹਾਂ।

ਵਾਹੁ ਵਾਹੁ ਗੁਣੀ ਨਿਧਾਨੁ ਹੈ ਜਿਸ ਨੋ ਦੇਇ ਸੁ ਖਾਇ ॥

ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀ ਸਿਫ਼ਤ ਉਸ ਦਾ ਹੀ ਰੂਪ ਹੈ, ਪ੍ਰਭੂ ਜਿਸ ਨੂੰ ਇਹ ਖ਼ਜ਼ਾਨਾ ਬਖ਼ਸ਼ਦਾ ਹੈ ਉਹ ਇਸ ਨੂੰ ਵਰਤਦਾ ਹੈ।

ਵਾਹੁ ਵਾਹੁ ਜਲਿ ਥਲਿ ਭਰਪੂਰੁ ਹੈ ਗੁਰਮੁਖਿ ਪਾਇਆ ਜਾਇ ॥

ਸਿਫ਼ਤ ਦਾ ਮਾਲਕ ਪ੍ਰਭੂ ਪਾਣੀ ਵਿਚ ਧਰਤੀ ਉਤੇ ਹਰ ਥਾਂ ਵਿਆਪਕ ਹੈ, ਗੁਰੂ ਦੇ ਰਾਹ ਤੇ ਤੁਰਦਿਆਂ ਉਹ ਪ੍ਰਭੂ ਮਿਲਦਾ ਹੈ।

ਵਾਹੁ ਵਾਹੁ ਗੁਰਸਿਖ ਨਿਤ ਸਭ ਕਰਹੁ ਗੁਰ ਪੂਰੇ ਵਾਹੁ ਵਾਹੁ ਭਾਵੈ ॥

ਹੇ ਗੁਰ-ਸਿੱਖੋ! ਸਾਰੇ ਸਦਾ ਪ੍ਰਭੂ ਦੇ ਗੁਣ ਗਾਵੋ, ਪੂਰੇ ਗੁਰੂ ਨੂੰ ਪ੍ਰਭੂ ਦੀ ਸਿਫ਼ਤ-ਸਾਲਾਹ ਮਿੱਠੀ ਲੱਗਦੀ ਹੈ।

ਨਾਨਕ ਵਾਹੁ ਵਾਹੁ ਜੋ ਮਨਿ ਚਿਤਿ ਕਰੇ ਤਿਸੁ ਜਮਕੰਕਰੁ ਨੇੜਿ ਨ ਆਵੈ ॥੨॥

ਹੇ ਨਾਨਕ! ਜੋ ਮਨੁੱਖ ਇਕ-ਮਨ ਹੋ ਕੇ ਸਿਫ਼ਤ-ਸਾਲਾਹ ਕਰਦਾ ਹੈ, ਉਸ ਨੂੰ ਮੌਤ ਦਾ ਡਰ ਪੋਹ ਨਹੀਂ ਸਕਦਾ ॥੨॥


ਪਉੜੀ ॥
ਹਰਿ ਜੀਉ ਸਚਾ ਸਚੁ ਹੈ ਸਚੀ ਗੁਰਬਾਣੀ ॥

ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ, ਗੁਰੂ ਦੀ ਬਾਣੀ ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਹੈ,

ਸਤਿਗੁਰ ਤੇ ਸਚੁ ਪਛਾਣੀਐ ਸਚਿ ਸਹਜਿ ਸਮਾਣੀ ॥

ਗੁਰੂ ਦੀ ਰਾਹੀਂ ਉਸ ਪ੍ਰਭੂ ਨਾਲ ਜਾਣ-ਪਛਾਣ ਬਣਦੀ ਹੈ ਤੇ ਸਦਾ-ਥਿਰ ਅਡੋਲ ਅਵਸਥਾ ਵਿਚ ਟਿਕ ਸਕੀਦਾ ਹੈ।

ਅਨਦਿਨੁ ਜਾਗਹਿ ਨਾ ਸਵਹਿ ਜਾਗਤ ਰੈਣਿ ਵਿਹਾਣੀ ॥

ਉਹ ਹਰ ਵੇਲੇ ਸੁਚੇਤ ਰਹਿੰਦੇ ਹਨ, (ਮਾਇਆ ਦੇ ਮੋਹ ਵਿਚ) ਨਹੀਂ ਸਉਂਦੇ, ਉਹਨਾਂ ਦੀ ਜ਼ਿੰਦਗੀ-ਰੂਪ ਸਾਰੀ ਰਾਤ ਸੁਚੇਤ ਰਹਿ ਕੇ ਗੁਜ਼ਰਦੀ ਹੈ,

ਗੁਰਮਤੀ ਹਰਿ ਰਸੁ ਚਾਖਿਆ ਸੇ ਪੁੰਨ ਪਰਾਣੀ ॥

ਤੇ ਉਹ ਮਨੁੱਖ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਗੁਰੂ ਦੇ ਰਾਹ ਤੇ ਤੁਰ ਕੇ ਪ੍ਰਭੂ ਦੇ ਨਾਮ ਦਾ ਰਸ ਚੱਖਿਆ ਹੈ।

ਬਿਨੁ ਗੁਰ ਕਿਨੈ ਨ ਪਾਇਓ ਪਚਿ ਮੁਏ ਅਜਾਣੀ ॥੧੭॥

ਪਰ, ਗੁਰੂ ਦੀ ਸਰਨ ਆਉਣ ਤੋਂ ਬਿਨਾ ਕਿਸੇ ਨੂੰ ਪ੍ਰਭੂ ਨਹੀਂ ਮਿਲਿਆ, ਅੰਞਾਣ ਲੋਕ (ਮਾਇਆ ਦੇ ਮੋਹ ਵਿਚ) ਖਪ ਖਪ ਕੇ ਦੁਖੀ ਹੁੰਦੇ ਹਨ ॥੧੭॥


ਸਲੋਕੁ ਮ :੩ ॥
ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥

ਪ੍ਰਭੂ ਦੀ ਸਿਫ਼ਤ-ਸਾਲਾਹ ਉਸੇ ਦਾ ਰੂਪ ਹੈ, ਜੋ ਆਕਾਰ-ਰਹਿਤ ਹੈ ਤੇ ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ।

ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ ॥

ਉਹ ਸਿਫ਼ਤ-ਸਾਲਾਹ ਦੇ ਲਾਇਕ ਪ੍ਰਭੂ ਅਪਹੁੰਚ ਹੈ, ਜਿਸ ਦੀ ਥਾਹ ਨਹੀਂ ਪਾਈ ਜਾ ਸਕਦੀ, ਉਹ ਸਿਫ਼ਤ-ਸਾਲਾਹ ਦੇ ਲਾਇਕ ਸਦਾ-ਥਿਰ ਹੈ।

ਵਾਹੁ ਵਾਹੁ ਵੇਪਰਵਾਹੁ ਹੈ ਵਾਹੁ ਵਾਹੁ ਕਰੇ ਸੁ ਹੋਇ ॥

ਉਹ ਸਿਫ਼ਤ-ਸਾਲਾਹ ਦੇ ਲਾਇਕ ਬੇਪਰਵਾਹ ਹੈ। ਉਹ ਸਿਫ਼ਤ-ਸਾਲਾਹ ਦੇ ਲਾਇਕ ਪ੍ਰਭੂ ਜੋ ਕਰਦਾ ਹੈ ਉਹੀ ਹੁੰਦਾ ਹੈ।

ਵਾਹੁ ਵਾਹੁ ਅੰਮ੍ਰਿਤ ਨਾਮੁ ਹੈ ਗੁਰਮੁਖਿ ਪਾਵੈ ਕੋਇ ॥

ਉਹ ਸਿਫ਼ਤ-ਸਾਲਾਹ ਦੇ ਲਾਇਕ ਪ੍ਰਭੂ ਆਤਮਕ ਜੀਵਨ ਦੇਣ ਵਾਲਾ ਹੈ, ਪਰ ਉਸ ਦੀ ਪ੍ਰਾਪਤੀ ਕਿਸੇ ਗੁਰਮੁਖ ਨੂੰ ਹੀ ਹੁੰਦੀ ਹੈ।

ਵਾਹੁ ਵਾਹੁ ਕਰਮੀ ਪਾਈਐ ਆਪਿ ਦਇਆ ਕਰਿ ਦੇਇ ॥

ਸਿਫ਼ਤ-ਸਾਲਾਹ ਦੀ ਦਾਤ ਭਾਗਾਂ ਨਾਲ ਹੀ ਮਿਲਦੀ ਹੈ, ਜਿਸ ਨੂੰ ਮੇਹਰ ਕਰ ਕੇ ਆਪ ਪ੍ਰਭੂ ਦੇਂਦਾ ਹੈ।

ਨਾਨਕ ਵਾਹੁ ਵਾਹੁ ਗੁਰਮੁਖਿ ਪਾਈਐ ਅਨਦਿਨੁ ਨਾਮੁ ਲਏਇ ॥੧॥

ਹੇ ਨਾਨਕ! ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਸ ਨੂੰ ਸਿਫ਼ਤ-ਸਾਲਾਹ ਦੀ ਦਾਤ ਮਿਲਦੀ ਹੈ, ਉਹ ਹਰ ਵੇਲੇ ਪ੍ਰਭੂ ਦਾ ਨਾਮ ਜਪਦਾ ਹੈ ॥੧॥


ਮ : ੩ ॥
ਬਿਨੁ ਸਤਿਗੁਰ ਸੇਵੇ ਸਾਤਿ ਨ ਆਵਈ ਦੂਜੀ ਨਾਹੀ ਜਾਇ ॥

ਸਤਿਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਸ਼ਾਂਤੀ ਨਹੀਂ ਆਉਂਦੀ ਤੇ (ਸਤਿਗੁਰੂ ਤੋਂ ਬਿਨਾ) ਹੋਰ ਕੋਈ ਥਾਂ ਨਹੀਂ (ਜਿਥੇ ਇਹ ਮਿਲ ਸਕੇ),

ਜੇ ਬਹੁਤੇਰਾ ਲੋਚੀਐ ਵਿਣੁ ਕਰਮੈ ਨ ਪਾਇਆ ਜਾਇ ॥

ਭਾਵੇਂ ਕਿਤਨੀ ਹੀ ਤਾਂਘ ਕਰੀਏ, ਮੇਹਰ ਤੋਂ ਬਿਨਾ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਸਕਦੀ।

ਜਿਨ੍ਰਾ ਅੰਤਰਿ ਲੋਭ ਵਿਕਾਰੁ ਹੈ ਦੂਜੈ ਭਾਇ ਖੁਆਇ ॥

ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਲੋਭ ਦਾ ਔਗੁਣ ਹੈ, ਉਹ ਮਾਇਆ ਦੇ ਪਿਆਰ ਵਿਚ ਭੁੱਲੇ ਹੋਏ ਹਨ,

ਜੰਮਣੁ ਮਰਣੁ ਨ ਚੁਕਈ ਹਉਮੈ ਵਿਚਿ ਦੁਖੁ ਪਾਇ ॥

ਉਹਨਾਂ ਦਾ ਜੰਮਣਾ ਮਰਣਾ ਮੁੱਕਦਾ ਨਹੀਂ ਤੇ ਉਹ ਅਹੰਕਾਰ ਵਿਚ ਕਲੇਸ਼ ਉਠਾਉਂਦੇ ਹਨ।

ਜਿਨ੍ਰਾ ਸਤਿਗੁਰ ਸਿਉ ਚਿਤੁ ਲਾਇਆ ਸੁ ਖਾਲੀ ਕੋਈ ਨਾਹਿ ॥

ਜਿਨ੍ਹਾਂ ਮਨੁੱਖਾਂ ਨੇ ਆਪਣੇ ਸਤਿਗੁਰੂ ਨਾਲ ਚਿੱਤ ਜੋੜਿਆ ਹੈ ਉਹਨਾਂ ਵਿਚੋਂ (ਪ੍ਰਭੂ ਦੇ ਮਿਲਾਪ ਤੋਂ) ਵਾਂਜਿਆਂ ਕੋਈ ਨਹੀਂ ਰਿਹਾ,

ਤਿਨ ਜਮ ਕੀ ਤਲਬ ਨ ਹੋਵਈ ਨਾ ਓਇ ਦੁਖ ਸਹਾਹਿ ॥

ਨਾ ਤਾਂ ਉਹਨਾਂ ਨੂੰ ਜਮ ਦਾ ਸੱਦਾ ਪੈਂਦਾ ਹੈ ਤੇ ਨਾ ਉਹ ਦੁੱਖ ਸਹਿੰਦੇ ਹਨ (ਭਾਵ, ਉਹਨਾਂ ਨੂੰ ਮੌਤ ਦਾ ਸਹਮ ਪੋਹ ਨਹੀਂ ਸਕਦਾ)।

ਨਾਨਕ ਗੁਰਮੁਖਿ ਉਬਰੇ ਸਚੈ ਸਬਦਿ ਸਮਾਹਿ ॥੨॥

ਹੇ ਨਾਨਕ! ਜੋ ਮਨੁੱਖ ਗੁਰੂ ਦੇ ਸਨਮੁਖ ਹੋਏ ਹਨ, ਉਹ (ਦੁੱਖਾਂ ਤੋਂ) ਬਚ ਗਏ ਹਨ ਤੇ ਸੱਚੇ ਸ਼ਬਦ ਵਿਚ ਲੀਨ ਰਹਿੰਦੇ ਹਨ ॥੨॥


ਪਉੜੀ ॥
ਢਾਢੀ ਤਿਸ ਨੋ ਆਖੀਐ ਜਿ ਖਸਮੈ ਧਰੇ ਪਿਆਰੁ ॥

ਜੋ ਮਨੁੱਖ ਆਪਣੇ ਮਾਲਕ-ਪ੍ਰਭੂ ਨਾਲ ਪਿਆਰ ਪਾਉਂਦਾ ਹੈ, ਉਹੀ ਪ੍ਰਭੂ ਦਾ ਢਾਢੀ ਅਖਵਾ ਸਕਦਾ ਹੈ (ਭਾਵ, ਪ੍ਰਭੂ ਦੀ ਸਿਫ਼ਤ-ਸਾਲਾਹ ਉਹੀ ਬੰਦਾ ਕਰ ਸਕਦਾ ਹੈ),

ਦਰਿ ਖੜਾ ਸੇਵਾ ਕਰੇ ਗੁਰਸਬਦੀ ਵੀਚਾਰੁ ॥

ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਟਿਕ ਕੇ ਉਸ ਦਾ ਸਿਮਰਨ ਕਰਦਾ ਹੈ ਤੇ ਗੁਰੂ ਦੇ ਸ਼ਬਦ ਰਾਹੀਂ ਉਸ ਦੇ ਗੁਣਾਂ ਦੀ ਵਿਚਾਰ ਕਰਦਾ ਹੈ।

ਢਾਢੀ ਦਰੁ ਘਰੁ ਪਾਇਸੀ ਸਚੁ ਰਖੈ ਉਰ ਧਾਰਿ ॥

ਜਿਉਂ ਜਿਉਂ ਉਹ ਢਾਢੀ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਉਂਦਾ ਹੈ, ਉਹ ਪ੍ਰਭੂ ਦੇ ਚਰਨਾਂ ਵਿਚ ਜੁੜਦਾ ਹੈ,

ਢਾਢੀ ਕਾ ਮਹਲੁ ਅਗਲਾ ਹਰਿ ਕੈ ਨਾਇ ਪਿਆਰਿ ॥

ਐਸੇ ਢਾਢੀ ਨੂੰ ਪ੍ਰਭੂ ਦੇ ਨਾਮ ਵਿਚ ਪਿਆਰ ਕਰਨ ਨਾਲ ਉਸ ਦੇ ਮਨ ਦੀ ਅਵਸਥਾ ਬਹੁਤ ਉੱਚੀ ਹੋ ਜਾਂਦੀ ਹੈ,

ਢਾਢੀ ਕੀ ਸੇਵਾ ਚਾਕਰੀ ਹਰਿ ਜਪਿ ਹਰਿ ਨਿਸਤਾਰਿ ॥੧੮॥

ਬੱਸ, ਉਹ ਢਾਢੀ ਇਹੀ ਸੇਵਾ ਕਰਦਾ ਹੈ, ਇਹੀ ਚਾਕਰੀ ਕਰਦਾ ਹੈ ਕਿ ਉਹ ਪ੍ਰਭੂ ਦਾ ਨਾਮ ਜਪਦਾ ਹੈ, ਤੇ ਪ੍ਰਭੂ ਉਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧੮॥


ਸਲੋਕੁ ਮ : ੩ ॥
ਗੂਜਰੀ ਜਾਤਿ ਗਵਾਰਿ ਜਾ ਸਹੁ ਪਾਏ ਆਪਣਾ ॥

ਮੋਟੀ ਜਾਤਿ ਦੀ ਗੁਜਰੀ ਕੁਲਵੰਤੀ ਇਸਤ੍ਰੀ ਬਣ ਗਈ (ਉੱਚੀ ਜਾਤਿ ਵਾਲੀ ਹੋ ਗਈ) ਜਦੋਂ ਉਸ ਨੇ ਆਪਣਾ ਖਸਮ ਲੱਭ ਲਿਆ।

ਗੁਰ ਕੈ ਸਬਦਿ ਵੀਚਾਰਿ ਅਨਦਿਨੁ ਹਰਿ ਜਪੁ ਜਾਪਣਾ ॥

ਜੋ ਸਤਿਗੁਰੂ ਦੇ ਸ਼ਬਦ ਦੁਆਰਾ ਵਿਚਾਰ ਕਰ ਕੇ ਹਰ ਰੋਜ਼ ਪ੍ਰਭੂ ਦਾ ਸਿਮਰਨ ਕਰਦੀ ਹੈ,

ਜਿਸੁ ਸਤਿਗੁਰੁ ਮਿਲੈ ਤਿਸੁ ਭਉ ਪਵੈ ਸਾ ਕੁਲਵੰਤੀ ਨਾਰਿ ॥

ਤੇ ਜਿਸ ਨੂੰ ਗੁਰੂ ਮਿਲਣ ਦੇ ਰਾਹੀਂ ਅੰਦਰ ਪਰਮਾਤਮਾ ਦਾ ਡਰ ਪੈਦਾ ਹੁੰਦਾ ਹੈ, ਉਹ (ਜੀਵ-) ਇਸਤ੍ਰੀ ਕੁਲਵੰਤੀ ਹੋ ਜਾਂਦੀ ਹੈ।

ਸਾ ਹੁਕਮੁ ਪਛਾਣੈ ਕੰਤ ਕਾ ਜਿਸ ਨੋ ਕ੍ਰਿਪਾ ਕੀਤੀ ਕਰਤਾਰਿ ॥

ਜਿਸ ਤੇ ਕਰਤਾਰ ਨੇ ਆਪ ਮਿਹਰ ਕੀਤੀ ਹੋਵੇ, ਉਹ ਖਸਮ-ਪ੍ਰਭੂ ਦਾ ਹੁਕਮ ਸਮਝ ਲੈਂਦੀ ਹੈ।

ਓਹ ਕੁਚਜੀ ਕੁਲਖਣੀ ਪਰਹਰਿ ਛੋਡੀ ਭਤਾਰਿ ॥

ਤੇ ਜਿਸ ਨੂੰ ਖਸਮ (ਪ੍ਰਭੂ) ਨੇ ਛੁੱਟੜ ਛੱਡ ਦਿੱਤਾ ਹੋਵੇ, ਉਹ (ਜੀਵ-) ਇਸਤ੍ਰੀ ਕੁਚੱਜੀ ਤੇ ਖੋਟੇ ਲੱਛਣਾਂ ਵਾਲੀ ਹੁੰਦੀ ਹੈ।

ਭੈ ਪਇਐ ਮਲੁ ਕਟੀਐ ਨਿਰਮਲ ਹੋਵੈ ਸਰੀਰੁ ॥

ਜੇ ਹਿਰਦੇ ਵਿਚ ਪ੍ਰਭੂ ਦਾ ਡਰ ਆ ਵੱਸੇ, ਤਾਂ ਮਨ ਦੀ ਮੈਲ ਕੱਟੀ ਜਾਂਦੀ ਹੈ, ਸਰੀਰ ਭੀ ਪਵਿੱਤ੍ਰ ਹੋ ਜਾਂਦਾ ਹੈ;

ਅੰਤਰਿ ਪਰਗਾਸੁ ਮਤਿ ਊਤਮ ਹੋਵੈ ਹਰਿ ਜਪਿ ਗੁਣੀ ਗਹੀਰੁ ॥

ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਸਿਮਰਨ ਕਰ ਕੇ ਅੰਦਰ ਚਾਨਣ ਹੋ ਜਾਂਦਾ ਹੈ, ਮਤਿ ਉੱਜਲੀ ਹੋ ਜਾਂਦੀ ਹੈ।

ਭੈ ਵਿਚਿ ਬੈਸੈ ਭੈ ਰਹੈ ਭੈ ਵਿਚਿ ਕਮਾਵੈ ਕਾਰ ॥

(ਅਜੇਹੀ ਜੀਵ-ਇਸਤ੍ਰੀ) ਪਰਮਾਤਮਾ ਦੇ ਡਰ ਵਿਚ ਬੈਠਦੀ ਹੈ, ਡਰ ਵਿਚ ਰਹਿੰਦੀ ਹੈ, ਡਰ ਵਿਚ ਕਿਰਤਕਾਰ ਕਰਦੀ ਹੈ,

ਐਥੈ ਸੁਖੁ ਵਡਿਆਈਆ ਦਰਗਹ ਮੋਖ ਦੁਆਰ ॥

(ਫਿਰ) ਉਸ ਨੂੰ ਇਸ ਜੀਵਨ ਵਿਚ ਆਦਰ ਤੇ ਸੁਖ ਮਿਲਦਾ ਹੈ ਤੇ ਪ੍ਰਭੂ ਦੀ ਹਜ਼ੂਰੀ ਦਾ ਦਰਵਾਜ਼ਾ ਉਸ ਲਈ ਖੁਲ੍ਹ ਜਾਂਦਾ ਹੈ।

ਭੈ ਤੇ ਨਿਰਭਉ ਪਾਈਐ ਮਿਲਿ ਜੋਤੀ ਜੋਤਿ ਅਪਾਰ ॥

ਬੇਅੰਤ ਪ੍ਰਭੂ ਦੀ ਜੋਤਿ ਵਿਚ ਆਤਮਾ ਜੋੜਨ ਨਾਲ ਤੇ ਉਸ ਦੇ ਡਰ ਵਿਚ ਰਹਿਣ ਨਾਲ ਉਹ ਨਿਰਭਉ ਪ੍ਰਭੂ ਮਿਲ ਪੈਂਦਾ ਹੈ।

ਨਾਨਕ ਖਸਮੈ ਭਾਵੈ ਸਾ ਭਲੀ ਜਿਸ ਨੋ ਆਪੇ ਬਖਸੇ ਕਰਤਾਰੁ ॥੧॥

ਪਰ, ਹੇ ਨਾਨਕ! ਜਿਸ ਨੂੰ ਕਰਤਾਰ ਆਪ ਬਖ਼ਸ਼ਸ਼ ਕਰੇ ਉਹੀ ਜੀਵ-ਇਸਤ੍ਰੀ ਖਸਮ-ਪ੍ਰਭੂ ਨੂੰ ਪਿਆਰੀ ਲੱਗਦੀ ਹੈ, ਉਹ ਚੰਗੀ ਹੈ ॥੧॥


ਮ : ੩ ॥
ਸਦਾ ਸਦਾ ਸਾਲਾਹੀਐ ਸਚੇ ਕਉ ਬਲਿ ਜਾਉ ॥

ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹੀ ਸਦਾ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਮੈਂ ਪ੍ਰਭੂ ਤੋਂ ਸਦਕੇ ਹਾਂ।

ਨਾਨਕ ਏਕੁ ਛੋਡਿ ਦੂਜੈ ਲਗੈ ਸਾ ਜਿਹਵਾ ਜਲਿ ਜਾਉ ॥੨॥

ਪਰ, ਹੇ ਨਾਨਕ! ਉਹ ਜੀਭ ਸੜ ਜਾਏ ਜੋ ਇਕ ਪ੍ਰਭੂ ਨੂੰ ਛੱਡ ਕੇ ਕਿਸੇ ਹੋਰ (ਦੀ ਯਾਦ) ਵਿਚ ਲੱਗੇ ॥੨॥


ਪਉੜੀ ॥
ਅੰਸਾ ਅਉਤਾਰੁ ਉਪਾਇਓਨੁ ਭਾਉ ਦੂਜਾ ਕੀਆ ॥

ਦੇਵਤੇ ਆਦਿਕਾਂ ਦਾ (ਭੀ) ਜਨਮ ਪ੍ਰਭੂ ਨੇ ਆਪ ਹੀ ਕੀਤਾ ਤੇ ਮਾਇਆ ਦਾ ਮੋਹ ਭੀ ਆਪ ਹੀ ਬਣਾਇਆ।

ਜਿਉ ਰਾਜੇ ਰਾਜੁ ਕਮਾਵਦੇ ਦੁਖ ਸੁਖ ਭਿੜੀਆ ॥

(ਉਹ ਦੇਵਤੇ ਭੀ) ਰਾਜਿਆਂ ਵਾਂਗ ਰਾਜ ਕਰਦੇ ਰਹੇ ਤੇ ਦੁੱਖਾਂ ਸੁਖਾਂ ਦੀ ਖ਼ਾਤਰ ਲੜਦੇ ਰਹੇ।

ਈਸਰੁ ਬ੍ਰਹਮਾ ਸੇਵਦੇ ਅੰਤੁ ਤਿਨ੍ਰੀ ਨ ਲਹੀਆ ॥

ਬ੍ਰਹਮਾ ਤੇ ਸ਼ਿਵ (ਵਰਗੇ ਵੱਡੇ ਦੇਵਤੇ ਪ੍ਰਭੂ ਨੂੰ) ਸਿਮਰਦੇ ਰਹੇ ਪਰ ਉਹਨਾਂ ਭੀ (ਉਸ ਦੀ ਅਜਬ ਖੇਡ ਦਾ) ਭੇਦ ਨਾਹ ਲੱਭਾ।

ਨਿਰਭਉ ਨਿਰੰਕਾਰੁ ਅਲਖੁ ਹੈ ਗੁਰਮੁਖਿ ਪ੍ਰਗਟੀਆ ॥

ਪਰਮਾਤਮਾ ਨਿ-ਡਰ ਹੈ, ਆਕਾਰ-ਰਹਿਤ ਹੈ ਤੇ ਲਖਿਆ ਨਹੀਂ ਜਾ ਸਕਦਾ, ਗੁਰਮੁਖ ਦੇ ਅੰਦਰ ਪਰਗਟ ਹੁੰਦਾ ਹੈ,

ਤਿਥੈ ਸੋਗੁ ਵਿਜੋਗੁ ਨ ਵਿਆਪਈ ਅਸਥਿਰੁ ਜਗਿ ਥੀਆ ॥੧੯॥

ਗੁਰਮੁਖ ਅਵਸਥਾ ਵਿਚ ਚਿੰਤਾ ਤੇ (ਪ੍ਰਭੂ ਨਾਲੋਂ) ਵਿਛੋੜਾ ਦਬਾ ਨਹੀਂ ਪਾ ਸਕਦੇ, ਗੁਰਮੁਖ ਜਗਤ ਵਿਚ (ਮਾਇਆ ਦੇ ਮੋਹ ਵਲੋਂ) ਅਡੋਲ ਰਹਿੰਦਾ ਹੈ ॥੧੯॥


ਸਲੋਕੁ ਮ : ੩ ॥
ਏਹੁ ਸਭੁ ਕਿਛੁ ਆਵਣ ਜਾਣੁ ਹੈ ਜੇਤਾ ਹੈ ਆਕਾਰੁ ॥

ਜਿਤਨਾ ਇਹ ਜਗਤ ਦਿੱਸ ਰਿਹਾ ਹੈ ਇਹ ਸਾਰਾ ਆਉਣ ਤੇ ਜਾਣ ਵਾਲਾ ਹੈ (ਭਾਵ, ਕਦੇ ਇਕੋ ਹਾਲਤ ਵਿਚ ਨਹੀਂ ਰਹਿੰਦਾ),

ਜਿਨਿ ਏਹੁ ਲੇਖਾ ਲਿਖਿਆ ਸੋ ਹੋਆ ਪਰਵਾਣੁ ॥

ਜੋ ਇਹ ਗੱਲ ਸਮਝ ਲੈਂਦਾ ਹੈ (ਇਹ ਲਿਖਦਾ ਹੈ), ਉਹ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੁੰਦਾ ਹੈ।

ਨਾਨਕ ਜੇ ਕੋ ਆਪੁ ਗਣਾਇਦਾ ਸੋ ਮੂਰਖੁ ਗਾਵਾਰੁ ॥੧॥

ਪਰ, ਹੇ ਨਾਨਕ! ਜੋ (ਇਸ ‘ਆਕਾਰ’ ਦੇ ਆਸਰੇ) ਆਪਣੇ ਆਪ ਨੂੰ ਵੱਡਾ ਅਖਵਾਂਦਾ ਹੈ (ਭਾਵ, ਮਾਣ ਕਰਦਾ ਹੈ) ਉਹ ਮੂਰਖ ਹੈ ਉਹ ਗਵਾਰ ਹੈ ॥੧॥


ਮ : ੩ ॥
ਮਨੁ ਕੁੰਚਰੁ ਪੀਲਕੁ ਗੁਰੂ ਗਿਆਨੁ ਕੁੰਡਾ ਜਹ ਖਿੰਚੇ ਤਹ ਜਾਇ ॥

ਮਨ (ਮਾਨੋ) ਹਾਥੀ ਹੈ; (ਜੇ) ਸਤਿਗੁਰੂ (ਇਸ ਦਾ) ਮਹਾਵਤ (ਬਣੇ, ਤੇ) ਗੁਰੂ ਦੀ ਦਿੱਤੀ ਮਤਿ (ਇਸ ਦੇ ਸਿਰ ਤੇ) ਕੁੰਡਾ ਹੋਵੇ, ਤਾਂ ਇਹ ਮਨ ਓਧਰ ਜਾਂਦਾ ਹੈ ਜਿਧਰ ਗੁਰੂ ਤੋਰਦਾ ਹੈ।

ਨਾਨਕ ਹਸਤੀ ਕੁੰਡੇ ਬਾਹਰਾ ਫਿਰਿ ਫਿਰਿ ਉਝੜਿ ਪਾਇ ॥੨॥

ਪਰ, ਹੇ ਨਾਨਕ! ਕੁੰਡੇ ਤੋਂ ਬਿਨਾ ਹਾਥੀ ਮੁੜ ਮੁੜ ਕੁਰਾਹੇ ਪੈਂਦਾ ਹੈ ॥੨॥


ਪਉੜੀ ॥
ਤਿਸੁ ਆਗੈ ਅਰਦਾਸਿ ਜਿਨਿ ਉਪਾਇਆ ॥

ਜਿਸ ਪ੍ਰਭੂ ਨੇ (ਭਾਉ ਦੂਜਾ) ਪੈਦਾ ਕੀਤਾ ਹੈ ਜੇ ਉਸ ਦੀ ਹਜ਼ੂਰੀ ਵਿਚ ਅਰਦਾਸ ਕਰੀਏ।

ਸਤਿਗੁਰੁ ਅਪਣਾ ਸੇਵਿ ਸਭ ਫਲ ਪਾਇਆ ॥

ਜੇ ਸਤਿਗੁਰੂ ਦੇ ਹੁਕਮ ਵਿਚ ਤੁਰੀਏ ਤਾਂ (ਮਾਨੋ) ਸਾਰੇ ਫਲ ਮਿਲ ਜਾਂਦੇ ਹਨ,

ਅੰਮ੍ਰਿਤ ਹਰਿ ਕਾ ਨਾਉ ਸਦਾ ਧਿਆਇਆ ॥

ਤੇ ਪ੍ਰਭੂ ਦਾ ਅੰਮ੍ਰਿਤ-ਨਾਮ ਸਦਾ ਸਿਮਰ ਸਕੀਦਾ ਹੈ।

ਸੰਤ ਜਨਾ ਕੈ ਸੰਗਿ ਦੁਖੁ ਮਿਟਾਇਆ ॥

ਗੁਰਮੁਖਾਂ ਦੀ ਸੰਗਤ ਵਿਚ ਰਹਿ ਕੇ (ਦੂਜੇ ਭਾਉ ਦਾ) ਦੁਖ ਮਿਟਾ ਸਕੀਦਾ ਹੈ,

ਨਾਨਕ ਭਏ ਅਚਿੰਤੁ ਹਰਿ ਧਨੁ ਨਿਹਚਲਾਇਆ ॥੨੦॥

ਤੇ, ਹੇ ਨਾਨਕ! ਕਦੇ ਨਾਹ ਨਾਸ ਹੋਣ ਵਾਲਾ ਨਾਮ-ਧਨ ਖੱਟ ਕੇ ਬੇ-ਫ਼ਿਕਰ ਹੋ ਜਾਈਦਾ ਹੈ ॥੨੦॥


ਸਲੋਕ ਮ : ੩ ॥
ਖੇਤਿ ਮਿਆਲਾ ਉਚੀਆ ਘਰੁ ਉਚਾ ਨਿਰਣਉ ॥

ਬੱਦਲ ਵੇਖ ਕੇ (ਜੱਟ) ਪੈਲੀ ਵਿਚ ਵੱਟਾਂ ਉੱਚੀਆਂ ਕਰ ਦੇਂਦਾ ਹੈ (ਤੇ ਵਰਖਾ ਦਾ ਪਾਣੀ ਉਸ ਪੈਲੀ ਵਿਚ ਆ ਖਲੋਂਦਾ ਹੈ),

ਮਹਲ ਭਗਤੀ ਘਰਿ ਸਰੈ ਸਜਣ ਪਾਹੁਣਿਅਉ ॥

(ਤਿਵੇਂ ਹੀ, ਜਿਸ ਜੀਵ-) ਇਸਤ੍ਰੀ ਦੇ ਹਿਰਦੇ ਵਿਚ ਭਗਤੀ (ਦਾ ਉਛਾਲਾ) ਆਉਂਦਾ ਹੈ ਉਥੇ ਪ੍ਰਭੂ ਪ੍ਰਾਹੁਣਾ ਬਣ ਕੇ (ਭਾਵ, ਰਹਿਣ ਲਈ) ਆਉਂਦਾ ਹੈ।

ਬਰਸਨਾ ਤ ਬਰਸੁ ਘਨਾ ਬਹੁੜਿ ਬਰਸਹਿ ਕਾਹਿ ॥

ਹੇ ਮੇਘ! (ਹੇ ਸਤਿਗੁਰੂ!) ਜੇ (ਨਾਮ ਦੀ) ਵਰਖਾ ਕਰਨੀ ਹੈ ਤਾਂ ਵਰਖਾ (ਹੁਣ) ਕਰ, (ਮੇਰੀ ਉਮਰ ਵਿਹਾ ਜਾਣ ਤੇ) ਫੇਰ ਕਾਹਦੇ ਲਈ ਵਰਖਾ ਕਰੇਂਗਾ?

ਨਾਨਕ ਤਿਨ੍ਰ ਬਲਿਹਾਰਣੈ ਜਿਨ੍ਰ ਗੁਰਮੁਖਿ ਪਾਇਆ ਮਨ ਮਾਹਿ ॥੧॥

ਹੇ ਨਾਨਕ! ਮੈਂ ਸਦਕੇ ਹਾਂ ਉਹਨਾਂ ਤੋਂ ਜਿਨ੍ਹਾਂ ਨੇ ਗੁਰੂ ਦੀ ਰਾਹੀਂ ਪ੍ਰਭੂ ਨੂੰ ਹਿਰਦੇ ਵਿਚ ਲੱਭ ਲਿਆ ਹੈ ॥੧॥


ਮ : ੩ ॥
ਮਿਠਾ ਸੋ ਜੋ ਭਾਵਦਾ ਸਜਣੁ ਸੋ ਜਿ ਰਾਸਿ ॥

(ਅਸਲ) ਪਿਆਰਾ ਪਦਾਰਥ ਉਹ ਹੈ ਜੋ ਸਦਾ ਚੰਗਾ ਲੱਗਦਾ ਰਹੇ, (ਅਸਲ) ਮਿੱਤ੍ਰ ਉਹ ਹੈ ਜਿਸ ਨਾਲ ਸਦਾ ਬਣੀ ਰਹੇ (ਪਰ ‘ਦੂਜਾ ਭਾਵ’ ਨਾਹ ਸਦਾ ਚੰਗਾ ਲੱਗਦਾ ਹੈ ਨਾਹ ਸਦਾ ਨਾਲ ਨਿਭਦਾ ਹੈ),

ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ ॥੨॥

ਹੇ ਨਾਨਕ! ਜਿਸ ਦੇ ਅੰਦਰ ਪ੍ਰਭੂ ਆਪ ਚਾਨਣ ਕਰੇ ਉਸ ਨੂੰ ਗੁਰੂ ਦੀ ਰਾਹੀਂ ਇਹ ਸਮਝ ਪੈਂਦੀ ਹੈ ॥੨॥


ਪਉੜੀ ॥
ਪ੍ਰਭ ਪਾਸਿ ਜਨ ਕੀ ਅਰਦਾਸਿ ਤੂ ਸਚਾ ਸਾਂਈ ॥

ਪ੍ਰਭੂ ਦੇ ਸੇਵਕ ਦੀ ਅਰਦਾਸਿ ਪ੍ਰਭੂ ਦੀ ਹਜ਼ੂਰੀ ਵਿਚ (ਇਉਂ ਹੁੰਦੀ) ਹੈ: (ਹੇ ਪ੍ਰਭੂ!) ਤੂੰ ਸਦਾ ਰਹਿਣ ਵਾਲਾ ਮਾਲਕ ਹੈਂ,

ਤੂ ਰਖਵਾਲਾ ਸਦਾ ਸਦਾ ਹਉ ਤੁਧੁ ਧਿਆਈ ॥

ਤੂੰ ਸਦਾ ਹੀ ਰਾਖਾ ਹੈਂ, ਮੈਂ ਤੈਨੂੰ ਸਿਮਰਦਾ ਹਾਂ।

ਜੀਅ ਜੰਤ ਸਭਿ ਤੇਰਿਆ ਤੂ ਰਹਿਆ ਸਮਾਈ ॥

ਸਾਰੇ ਜੀਆ ਜੰਤ ਤੇਰੇ ਹੀ ਹਨ, ਤੂੰ ਇਹਨਾਂ ਵਿਚ ਮੌਜੂਦ ਹੈਂ।

ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸੁ ਮਾਰਿ ਪਚਾਈ ॥

ਜੋ ਮਨੁੱਖ ਤੇਰੀ ਬੰਦਗੀ ਕਰਨ ਵਾਲੇ ਦੀ ਨਿੰਦਿਆ ਕਰਦਾ ਹੈ ਤੂੰ ਉਸ ਨੂੰ (ਆਤਮਕ ਮੌਤੇ) ਮਾਰ ਕੇ ਖ਼ੁਆਰ ਕਰਦਾ ਹੈਂ।

ਚਿੰਤਾ ਛਡਿ ਅਚਿੰਤੁ ਰਹੁ ਨਾਨਕ ਲਗਿ ਪਾਈ ॥੨੧॥

ਹੇ ਨਾਨਕ! ਤੂੰ ਭੀ ਪ੍ਰਭੂ ਦੀ ਚਰਨੀਂ ਲੱਗ ਤੇ (ਦੁਨੀਆ ਵਾਲੀ) ਚਿੰਤਾ ਛੱਡ ਕੇ ਬੇ-ਫ਼ਿਕਰ ਹੋ ਰਹੁ ॥੨੧॥


ਸਲੋਕ ਮ : ੩ ॥
ਆਸਾ ਕਰਤਾ ਜਗੁ ਮੁਆ ਆਸਾ ਮਰੈ ਨ ਜਾਇ ॥

ਜਗਤ (ਦੁਨੀਆ ਦੀਆਂ) ਆਸਾਂ ਬਣਾ ਬਣਾ ਕੇ ਮਰ ਜਾਂਦਾ ਹੈ, ਪਰ ਇਹ ਆਸ ਕਦੇ ਮਰਦੀ ਨਹੀਂ; ਕਦੇ ਮੁੱਕਦੀ ਨਹੀਂ (ਭਾਵ, ਕਦੇ ਤ੍ਰਿਸ਼ਨਾ ਮੁੱਕਦੀ ਨਹੀਂ, ਕਦੇ ਸੰਤੋਖ ਨਹੀਂ ਆਉਂਦਾ)।

ਨਾਨਕ ਆਸਾ ਪੂਰੀਆ ਸਚੇ ਸਿਉ ਚਿਤੁ ਲਾਇ ॥੧॥

ਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪ੍ਰਭੂ ਨਾਲ ਚਿੱਤ ਜੋੜਿਆਂ ਮਨੁੱਖ ਦੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਹਨ (ਭਾਵ, ਤ੍ਰਿਸ਼ਨਾ ਮੁੱਕ ਜਾਂਦੀ ਹੈ) ॥੧॥


ਮ : ੩ ॥
ਆਸਾ ਮਨਸਾ ਮਰਿ ਜਾਇਸੀ ਜਿਨਿ ਕੀਤੀ ਸੋ ਲੈ ਜਾਇ ॥

ਇਹ ਦੁਨੀਆ ਦੀ ਆਸ, ਇਹ ਮਾਇਆ ਦਾ ਫੁਰਨਾ ਤਦੋਂ ਹੀ ਮੁੱਕਣਗੇ ਜਦੋਂ ਉਹ ਪ੍ਰਭੂ ਆਪ ਮੁਕਾਏਗਾ ਜਿਸ ਨੇ ਇਹ (ਆਸਾ ਮਨਸਾ) ਪੈਦਾ ਕੀਤੇ ਹਨ।

ਨਾਨਕ ਨਿਹਚਲੁ ਕੋ ਨਹੀ ਬਾਝਹੁ ਹਰਿ ਕੈ ਨਾਇ ॥੨॥

ਹੇ ਨਾਨਕ! (ਤਦੋਂ ਹੀ ਯਕੀਨ ਬਣੇਗਾ ਕਿ) ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਸਦਾ-ਥਿਰ ਰਹਿਣ ਵਾਲਾ ਨਹੀਂ ॥੨॥


ਪਉੜੀ ॥
ਆਪੇ ਜਗਤੁ ਉਪਾਇਓਨੁ ਕਰਿ ਪੂਰਾ ਥਾਟੁ ॥

ਮੁਕੰਮਲ ਬਣਤਰ ਬਣਾ ਕੇ ਪ੍ਰਭੂ ਨੇ ਆਪ ਹੀ ਜਗਤ ਪੈਦਾ ਕੀਤਾ ਹੈ।

ਆਪੇ ਸਾਹੁ ਆਪੇ ਵਣਜਾਰਾ ਆਪੇ ਹੀ ਹਰਿ ਹਾਟੁ ॥

ਵਾਹਿਗੁਰੂ ਆਪ ਹੀ ਸ਼ਾਹੂਕਾਰ ਹੈ, ਆਪ ਹੀ ਵਾਪਾਰੀ ਅਤੇ ਆਪ ਹੀ ਹੱਟੀ।

ਆਪੇ ਸਾਗਰੁ ਆਪੇ ਬੋਹਿਥਾ ਆਪੇ ਹੀ ਖੇਵਾਟੁ ॥

ਪ੍ਰਭੂ ਆਪ ਹੀ ਸਮੁੰਦਰ ਹੈ, ਆਪ ਹੀ ਜਹਾਜ਼ ਹੈ, ਤੇ ਆਪ ਹੀ ਮੱਲਾਹ ਹੈ।

ਆਪੇ ਗੁਰੁ ਚੇਲਾ ਹੈ ਆਪੇ ਆਪੇ ਦਸੇ ਘਾਟੁ ॥

ਪ੍ਰਭੂ ਆਪ ਹੀ ਗੁਰੂ ਹੈ, ਆਪ ਹੀ ਸਿੱਖ ਹੈ, ਤੇ ਆਪ ਹੀ (ਪਾਰਲਾ) ਪੱਤਣ ਵਿਖਾਂਦਾ ਹੈ।

ਜਨ ਨਾਨਕ ਨਾਮੁ ਧਿਆਇ ਤੂ ਸਭਿ ਕਿਲਵਿਖ ਕਾਟੁ ॥੨੨॥੧॥ ਸੁਧੁ

ਹੇ ਦਾਸ ਨਾਨਕ! ਤੂੰ ਉਸ ਪ੍ਰਭੂ ਦਾ ਨਾਮ ਸਿਮਰ ਤੇ ਆਪਣੇ ਸਾਰੇ ਪਾਪ ਦੂਰ ਕਰ ਲੈ ॥੨੨॥੧॥


ਰਾਗੁ ਗੂਜਰੀ ਵਾਰ ਮਹਲਾ ੫ ॥

ਰਾਗ ਗੂਜਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਵਾਰ’।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਲੋਕੁ ਮ : ੫ ॥

ਗੁਰੂ ਅਰਜਨਦੇਵ ਜੀ ਦਾ ਸਲੋਕ।

ਅੰਤਰਿ ਗੁਰੁ ਆਰਾਧਣਾ ਜਿਹਵਾ ਜਪਿ ਗੁਰ ਨਾਉ ॥

ਮਨ ਵਿਚ ਗੁਰੂ ਨੂੰ ਯਾਦ ਕਰਨਾ, ਜੀਭ ਨਾਲ ਗੁਰੂ ਦਾ ਨਾਮ ਜਪਣਾ,

ਨੇਤ੍ਰੀ ਸਤਿਗੁਰੁ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ॥

ਅੱਖਾਂ ਨਾਲ ਗੁਰੂ ਨੂੰ ਵੇਖਣਾ, ਕੰਨਾਂ ਨਾਲ ਗੁਰੂ ਦਾ ਨਾਮ ਸੁਣਨਾ;

ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ ॥

ਜੇ ਇਸ ਤਰ੍ਹਾਂ ਆਪਣੇ ਗੁਰੂ (ਦੇ ਪਿਆਰ) ਵਿਚ ਰੰਗੇ ਜਾਈਏ ਤਾਂ (ਪ੍ਰਭੂ ਦੀ) ਹਜ਼ੂਰੀ ਵਿਚ ਥਾਂ ਮਿਲਦਾ ਹੈ।

ਕਹੁ ਨਾਨਕ ਕਿਰਪਾ ਕਰੇ ਜਿਸ ਨੋ ਏਹ ਵਥੁ ਦੇਇ ॥

ਹੇ ਨਾਨਕ! ਇਹ ਦਾਤ ਉਸ ਮਨੁੱਖ ਨੂੰ ਪ੍ਰਭੂ ਦੇਂਦਾ ਹੈ ਜਿਸ ਉਤੇ ਮੇਹਰ ਕਰਦਾ ਹੈ,

ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ ॥੧॥

ਅਜੇਹੇ ਬੰਦੇ ਜਗਤ ਵਿਚ ਸ੍ਰੇਸ਼ਟ ਅਖਵਾਉਂਦੇ ਹਨ, (ਪਰ ਅਜੇਹੇ ਹੁੰਦੇ) ਕੋਈ ਵਿਰਲੇ ਵਿਰਲੇ ਹਨ ॥੧॥


ਮ : ੫ ॥
ਰਖੇ ਰਖਣਹਾਰਿ ਆਪਿ ਉਬਾਰਿਅਨੁ ॥

ਰੱਖਿਆ ਕਰਨ ਵਾਲੇ ਪਰਮਾਤਮਾ ਨੇ ਆਪ (ਵਿਕਾਰਾਂ ਤੋਂ) ਬਚਾ ਲਿਆ ਹੈ,

ਗੁਰ ਕੀ ਪੈਰੀ ਪਾਇ ਕਾਜ ਸਵਾਰਿਅਨੁ ॥

ਤੇ ਗੁਰੂ ਦੀ ਪੈਰੀਂ ਪਾ ਕੇ ਸਾਰੇ ਕੰਮ ਉਸ ਨੇ ਸਵਾਰ ਦਿੱਤੇ ਹਨ,

ਹੋਆ ਆਪਿ ਦਇਆਲੁ ਮਨਹੁ ਨ ਵਿਸਾਰਿਅਨੁ ॥

ਜਿਨ੍ਹਾਂ ਉਤੇ ਪ੍ਰਭੂ ਆਪ ਦਿਆਲ ਹੋਇਆ ਹੈ, ਉਹਨਾਂ ਨੂੰ ਉਸ ਨੇ (ਆਪਣੇ) ਮਨੋਂ ਵਿਸਾਰਿਆ ਨਹੀਂ,

ਸਾਧ ਜਨਾ ਕੈ ਸੰਗਿ ਭਵਜਲੁ ਤਾਰਿਅਨੁ ॥

ਤੇ ਉਹਨਾਂ ਨੂੰ ਗੁਰਮੁਖਾਂ ਦੀ ਸੰਗਤ ਵਿਚ (ਰੱਖ ਕੇ) ਸੰਸਾਰ-ਸਮੁੰਦਰ ਤਰਾ ਦਿੱਤਾ।

ਸਾਕਤ ਨਿੰਦਕ ਦੁਸਟ ਖਿਨ ਮਾਹਿ ਬਿਦਾਰਿਅਨੁ ॥

ਜੋ ਉਸ ਦੇ ਚਰਨਾਂ ਤੋਂ ਟੁੱਟੇ ਹੋਏ ਹਨ, ਜੋ ਨਿੰਦਾ ਕਰਦੇ ਰਹਿੰਦੇ ਹਨ, ਜੋ ਗੰਦੇ ਆਚਰਨ ਵਾਲੇ ਹਨ, ਉਹਨਾਂ ਨੂੰ ਇਕ ਪਲ ਵਿਚ ਉਸ ਨੇ ਮਾਰ ਮੁਕਾਇਆ ਹੈ।

ਤਿਸੁ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ ॥

ਨਾਨਕ ਦੇ ਮਨ ਵਿਚ ਭੀ ਉਸ ਮਾਲਕ ਦਾ ਆਸਰਾ ਹੈ,

ਜਿਸੁ ਸਿਮਰਤ ਸੁਖੁ ਹੋਇ ਸਗਲੇ ਦੂਖ ਜਾਹਿ ॥੨॥

ਜਿਸ ਨੂੰ ਸਿਮਰਿਆਂ ਸੁਖ ਮਿਲਦਾ ਹੈ ਤੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ॥੨॥


ਪਉੜੀ ॥
ਅਕੁਲ ਨਿਰੰਜਨ ਪੁਰਖੁ ਅਗਮੁ ਅਪਾਰੀਐ ॥

ਹੇ ਪਰਮਾਤਮਾ! ਤੇਰੀ ਕੋਈ ਖ਼ਾਸ ਕੁਲ ਨਹੀਂ, ਮਾਇਆ ਦੀ ਕਾਲਖ਼ ਤੈਨੂੰ ਨਹੀਂ ਲੱਗ ਸਕਦੀ, ਸਭ ਵਿਚ ਮੌਜੂਦ ਹੈਂ, ਅਪਹੁੰਚ ਤੇ ਬੇਅੰਤ ਹੈਂ,

ਸਚੋ ਸਚਾ ਸਚੁ ਸਚੁ ਨਿਹਾਰੀਐ ॥

ਤੂੰ ਸਦਾ ਹੀ ਕਾਇਮ ਰਹਿਣ ਵਾਲਾ ਤੇ ਸੱਚ-ਮੁਚ ਹਸਤੀ ਵਾਲਾ ਵੇਖਣ ਵਿਚ ਆਉਂਦਾ ਹੈਂ,

ਕੂੜੁ ਨ ਜਾਪੈ ਕਿਛੁ ਤੇਰੀ ਧਾਰੀਐ ॥

ਸਾਰੀ ਸ੍ਰਿਸ਼ਟੀ ਤੇਰੀ ਹੀ ਰਚੀ ਹੋਈ ਹੈ (ਇਸ ਵਿਚ ਭੀ) ਕੋਈ ਚੀਜ਼ ਫ਼ਰਜ਼ੀ (ਭਾਵ, ਮਨਘੜਤ) ਨਹੀਂ ਜਾਪਦੀ।

ਸਭਸੈ ਦੇ ਦਾਤਾਰੁ ਜੇਤ ਉਪਾਰੀਐ ॥

(ਜਿਤਨੀ ਭੀ) ਸ੍ਰਿਸ਼ਟੀ ਪ੍ਰਭੂ ਨੇ ਪੈਦਾ ਕੀਤੀ ਹੈ (ਇਸ ਵਿਚ) ਸਭ ਜੀਵਾਂ ਨੂੰ ਦਾਤਾਰ ਪ੍ਰਭੂ (ਦਾਤਾਂ) ਦੇਂਦਾ ਹੈ;

ਇਕਤੁ ਸੂਤਿ ਪਰੋਇ ਜੋਤਿ ਸੰਜਾਰੀਐ ॥

ਸਭ ਨੂੰ ਇੱਕੋ ਹੀ (ਹੁਕਮ-ਰੂਪ) ਧਾਗੇ ਵਿਚ ਪ੍ਰੋ ਕੇ (ਸਭ ਵਿਚ ਉਸ ਨੇ ਆਪਣੀ) ਜੋਤਿ ਮਿਲਾਈ ਹੋਈ ਹੈ;

ਹੁਕਮੇ ਭਵਜਲ ਮੰਝਿ ਹੁਕਮੇ ਤਾਰੀਐ ॥

ਆਪਣੇ ਹੁਕਮ ਅੰਦਰ ਹੀ (ਉਸ ਨੇ ਜੀਵਾਂ ਨੂੰ) ਸੰਸਾਰ-ਸਮੁੰਦਰ ਵਿਚ (ਫਸਾਇਆ ਹੋਇਆ ਹੈ ਤੇ) ਹੁਕਮ ਅੰਦਰ ਹੀ (ਇਸ ਵਿਚੋਂ) ਤਾਰਦਾ ਹੈ।

ਪ੍ਰਭ ਜੀਉ ਤੁਧੁ ਧਿਆਏ ਸੋਇ ਜਿਸੁ ਭਾਗੁ ਮਥਾਰੀਐ ॥

ਹੇ ਪ੍ਰਭੂ ਜੀ! ਤੈਨੂੰ ਉਹੀ ਮਨੁੱਖ ਸਿਮਰਦਾ ਹੈ ਜਿਸ ਦੇ ਮੱਥੇ ਤੇ ਭਾਗ ਹੋਵੇ;

ਤੇਰੀ ਗਤਿ ਮਿਤਿ ਲਖੀ ਨ ਜਾਇ ਹਉ ਤੁਧੁ ਬਲਿਹਾਰੀਐ ॥੧॥

ਇਹ ਗੱਲ ਬਿਆਨ ਨਹੀਂ ਕੀਤੀ ਜਾ ਸਕਦੀ ਕਿ ਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ, ਮੈਂ ਤੈਥੋਂ ਸਦਕੇ ਹਾਂ ॥੧॥


ਸਲੋਕੁ ਮ : ੫ ॥
ਜਾ ਤੂੰ ਤੁਸਹਿ ਮਿਹਰਵਾਨ ਅਚਿੰਤੁ ਵਸਹਿ ਮਨ ਮਾਹਿ ॥

ਹੇ ਪ੍ਰਭੂ! ਜਦ ਤੂੰ ਮਿਹਰਵਾਨ ਹੋ ਜਾਏ, ਤਾਂ ਤੂੰ ਸਹਿਜ ਸੁਭਾਇ ਹੀ (ਜੀਵਾਂ ਦੇ) ਮਨ ਵਿਚ ਆ ਵੱਸਦਾ ਹੈਂ,

ਜਾ ਤੂੰ ਤੁਸਹਿ ਮਿਹਰਵਾਨ ਨਉ ਨਿਧਿ ਘਰ ਮਹਿ ਪਾਹਿ ॥

ਜਦ ਤੂੰ ਮਿਹਰਵਾਨ ਹੋ ਜਾਏ, ਤਾਂ ਮਾਨੋ, ਨੌ ਖ਼ਜ਼ਾਨੇ (ਹਿਰਦੇ) ਘਰ ਵਿਚ ਹੀ ਲੱਭ ਲੈਂਦੇ ਹਨ;

ਜਾ ਤੂੰ ਤੁਸਹਿ ਮਿਹਰਵਾਨ ਤਾ ਗੁਰ ਕਾ ਮੰਤ੍ਰੁ ਕਮਾਹਿ ॥

ਜਦ ਤੂੰ ਮਿਹਰਵਾਨ ਹੋ ਜਾਏ, ਤਾਂ ਮਨੁੱਖ ਸਤਿਗੁਰੂ ਦਾ ਸ਼ਬਦ ਕਮਾਉਣ ਲੱਗ ਪੈਂਦੇ ਹਨ,

ਜਾ ਤੂੰ ਤੁਸਹਿ ਮਿਹਰਵਾਨ ਤਾ ਨਾਨਕ ਸਚਿ ਸਮਾਹਿ ॥੧॥

ਅਤੇ, ਹੇ ਨਾਨਕ! ਜੀਵ ਸੱਚ ਵਿਚ ਲੀਨ ਹੋ ਜਾਂਦੇ ਹਨ ॥੧॥


ਮ : ੫ ॥
ਕਿਤੀ ਬੈਹਨਿ੍ ਬੈਹਣੇ ਮੁਚੁ ਵਜਾਇਨਿ ਵਜ ॥

(ਇਸ ਜਗਤ ਵਿਚ) ਬੇਅੰਤ ਜੀਵ ਇਹਨਾਂ ਥਾਵਾਂ ਤੇ ਬੈਠ ਗਏ ਹਨ ਤੇ ਬਹੁਤ ਵਾਜੇ ਵਜਾ ਗਏ ਹਨ,

ਨਾਨਕ ਸਚੇ ਨਾਮ ਵਿਣੁ ਕਿਸੈ ਨ ਰਹੀਆ ਲਜ ॥੨॥

ਹੇ ਨਾਨਕ! ਪਰ ਸੱਚੇ ਨਾਮ ਤੋਂ ਵਾਂਜੇ ਰਹਿ ਕੇ ਕਿਸੇ ਦੀ ਭੀ ਇੱਜ਼ਤ ਨਹੀਂ ਰਹੀ ॥੨॥


ਪਉੜੀ ॥
ਤੁਧੁ ਧਿਆਇਨਿ੍ ਬੇਦ ਕਤੇਬਾ ਸਣੁ ਖੜੇ ॥

ਹੇ ਪ੍ਰਭੂ! (ਤੌਰੇਤ, ਜ਼ਬੂਰ, ਅੰਜੀਲ, ਕੁਰਾਨ) ਕਤੇਬਾਂ ਸਮੇਤ ਵੇਦ (ਭਾਵ, ਹਿੰਦੂ ਮੁਸਲਮਾਨ ਆਦਿਕ ਸਾਰੇ ਮਤਾਂ ਦੇ ਧਰਮ-ਪੁਸਤਕ) ਤੈਨੂੰ ਖੜੇ ਸਿਮਰ ਰਹੇ ਹਨ,

ਗਣਤੀ ਗਣੀ ਨ ਜਾਇ ਤੇਰੈ ਦਰਿ ਪੜੇ ॥

ਇਤਨੇ ਜੀਵ ਤੇਰੇ ਦਰ ਤੇ ਡਿੱਗੇ ਹੋਏ ਹਨ ਕਿ ਉਹਨਾਂ ਦੀ ਗਿਣਤੀ ਨਹੀਂ ਗਿਣੀ ਜਾ ਸਕਦੀ,

ਬ੍ਰਹਮੇ ਤੁਧੁ ਧਿਆਇਨਿ੍ ਇੰਦ੍ਰ ਇੰਦ੍ਰਾਸਣਾ ॥

ਕਈ ਬ੍ਰਹਮੇ ਤੇ ਸਿੰਘਾਸਨਾਂ ਵਾਲੇ ਕਈ ਇੰਦਰ ਤੈਨੂੰ ਧਿਆਉਂਦੇ ਹਨ, ਹੇ ਹਰੀ!

ਸੰਕਰ ਬਿਸਨ ਅਵਤਾਰ ਹਰਿ ਜਸੁ ਮੁਖਿ ਭਣਾ ॥

ਕਈ ਸ਼ਿਵ ਤੇ ਵਿਸ਼ਨੂੰ ਦੇ ਅਵਤਾਰ ਤੇਰਾ ਜਸ ਮੂੰਹੋਂ ਉਚਾਰ ਰਹੇ ਹਨ,

ਪੀਰ ਪਿਕਾਬਰ ਸੇਖ ਮਸਾਇਕ ਅਉਲੀਏ ॥

ਕਈ ਪੀਰ, ਪੈਗ਼ੰਬਰ, ਬੇਅੰਤ ਸ਼ੇਖ਼ ਤੇ ਵਲੀ (ਤੇਰੇ ਗੁਣ ਗਾ ਰਹੇ ਹਨ),

ਓਤਿ ਪੋਤਿ ਨਿਰੰਕਾਰ ਘਟਿ ਘਟਿ ਮਉਲੀਏ ॥

ਹੇ ਨਿਰੰਕਾਰ! ਤਾਣੇ ਪੇਟੇ ਵਾਂਗ ਹਰੇਕ ਸਰੀਰ ਵਿਚ ਤੂੰ ਹੀ ਮੌਲ ਰਿਹਾ ਹੈਂ।

ਕੂੜਹੁ ਕਰੇ ਵਿਣਾਸੁ ਧਰਮੇ ਤਗੀਐ ॥

ਝੂਠ ਦੇ ਕਾਰਨ ਜੀਵ (ਆਪਣੇ ਆਪ ਦਾ) ਨਾਸ ਕਰ ਲੈਂਦਾ ਹੈ, ਤੇ ਧਰਮ ਦੀ ਰਾਹੀਂ (ਜੀਵਾਂ ਦੀ) ਤੋੜ ਨਿਭ ਜਾਂਦੀ ਹੈ।

ਜਿਤੁ ਜਿਤੁ ਲਾਇਹਿ ਆਪਿ ਤਿਤੁ ਤਿਤੁ ਲਗੀਐ ॥੨॥

ਪਰ ਜਿਧਰ ਜਿਧਰ ਤੂੰ ਆਪ ਲਾਉਂਦਾ ਹੈਂ, ਓਧਰ ਓਧਰ ਹੀ ਲੱਗ ਸਕੀਦਾ ਹੈ ॥੨॥


ਸਲੋਕੁ ਮ : ੫ ॥
ਚੰਗਿਆਈਂ ਆਲਕੁ ਕਰੇ ਬੁਰਿਆੲਂੀ ਹੋਇ ਸੇਰੁ ॥

(ਗ਼ਾਫ਼ਲ ਮਨੁੱਖ) ਚੰਗੇ ਕੰਮਾਂ ਵਿਚ ਆਲਸ ਕਰਦਾ ਹੈ ਤੇ ਭੈੜੇ ਕੰਮਾਂ ਵਿਚ ਸ਼ੇਰ ਹੁੰਦਾ ਹੈ;

ਨਾਨਕ ਅਜੁ ਕਲਿ ਆਵਸੀ ਗਾਫਲ ਫਾਹੀ ਪੇਰੁ ॥੧॥

ਹੇ ਨਾਨਕ! ਗ਼ਾਫ਼ਲ ਦਾ ਪੈਰ ਛੇਤੀ ਹੀ ਮੌਤ ਦੀ ਫਾਹੀ ਵਿਚ ਆ ਜਾਂਦਾ ਹੈ (ਭਾਵ, ਮੌਤ ਆ ਦਬੋਚਦੀ ਹੈ) ॥੧॥


ਮ : ੫ ॥
ਕਿਤੀਆ ਕੁਢੰਗ ਗੁਝਾ ਥੀਐ ਨ ਹਿਤੁ ॥

(ਹੇ ਪ੍ਰਭੂ!) ਅਸਾਡੇ ਕਈ ਖੋਟੇ ਕਰਮ ਤੇ ਖੋਟੇ ਕਰਮਾਂ ਦਾ ਮੋਹ ਤੈਥੋਂ ਲੁਕਿਆ ਹੋਇਆ ਨਹੀਂ।

ਨਾਨਕ ਤੈ ਸਹਿ ਢਕਿਆ ਮਨ ਮਹਿ ਸਚਾ ਮਿਤੁ ॥੨॥

ਹੇ ਨਾਨਕ! ਪ੍ਰਭੂ ਮੇਰੇ ਮਨ ਵਿਚ ਸੱਚਾ ਮਿੱਤਰ ਹੈ ਜੋ ਮੇਰੇ ਖੋਟੇ ਕਰਮਾਂ ਤੇ ਪਰਦਾ ਪਾ ਰੱਖਦਾ ਹੈ (ਭਾਵ, ਨਸ਼ਰ ਨਹੀਂ ਹੋਣ ਦੇਂਦਾ) ॥੨॥


ਪਉੜੀ ॥
ਹਉ ਮਾਗਉ ਤੁਝੈ ਦਇਆਲ ਕਰਿ ਦਾਸਾ ਗੋਲਿਆ ॥

ਹੇ ਦਇਆ ਦੇ ਘਰ ਪ੍ਰਭੂ! ਮੈਂ ਤੈਥੋਂ (ਇਹ) ਮੰਗਦਾ ਹਾਂ (ਕਿ ਮੈਨੂੰ ਆਪਣੇ) ਦਾਸਾਂ ਦਾ ਦਾਸ ਬਣਾ ਲੈ;

ਨਉ ਨਿਧਿ ਪਾਈ ਰਾਜੁ ਜੀਵਾ ਬੋਲਿਆ ॥

ਤੇਰਾ ਨਾਮ ਉਚਾਰਿਆਂ ਹੀ ਮੈਂ ਜੀਊਂਦਾ ਹਾਂ, (ਤੇ, ਮਾਨੋ,) ਨੌ ਖ਼ਜ਼ਾਨੇ ਤੇ (ਧਰਤੀ ਦਾ) ਰਾਜ ਪਾ ਲੈਂਦਾ ਹਾਂ,

ਅੰਮ੍ਰਿਤ ਨਾਮੁ ਨਿਧਾਨੁ ਦਾਸਾ ਘਰਿ ਘਣਾ ॥

ਇਹ ਅੰਮ੍ਰਿਤ-ਨਾਮ ਰੂਪ ਖ਼ਜ਼ਾਨਾ ਤੇਰੇ ਸੇਵਕਾਂ ਦੇ ਘਰ ਵਿਚ ਬਹੁਤ ਹੈ;

ਤਿਨ ਕੈ ਸੰਗਿ ਨਿਹਾਲੁ ਸ੍ਰਵਣੀ ਜਸੁ ਸੁਣਾ ॥

ਜਦੋਂ ਮੈਂ ਉਹਨਾਂ ਦੀ ਸੰਗਤ ਵਿਚ (ਬੈਠ ਕੇ, ਆਪਣੇ) ਕੰਨਾਂ ਨਾਲ (ਤੇਰਾ) ਜਸ ਸੁਣਦਾ ਹਾਂ, ਮੈਂ ਨਿਹਾਲ ਹੋ ਜਾਂਦਾ ਹਾਂ।

ਕਮਾਵਾ ਤਿਨ ਕੀ ਕਾਰ ਸਰੀਰੁ ਪਵਿਤੁ ਹੋਇ ॥

(ਜਿਉਂ ਜਿਉਂ) ਮੈਂ ਉਹਨਾਂ ਦੀ ਸੇਵਾ ਕਰਦਾ ਹਾਂ, (ਮੇਰਾ) ਸਰੀਰ ਪਵਿਤ੍ਰ ਹੁੰਦਾ ਹੈ,

ਪਖਾ ਪਾਣੀ ਪੀਸਿ ਬਿਗਸਾ ਪੈਰ ਧੋਇ ॥

(ਉਹਨਾਂ ਨੂੰ) ਪੱਖਾ ਝੱਲ ਕੇ, (ਉਹਨਾਂ ਲਈ) ਪਾਣੀ ਢੋ ਕੇ, (ਚੱਕੀ) ਪੀਹ ਕੇ, (ਤੇ ਉਹਨਾਂ ਦੇ) ਪੈਰ ਧੋ ਕੇ ਮੈਂ ਖ਼ੁਸ਼ ਹੁੰਦਾ ਹਾਂ।

ਆਪਹੁ ਕਛੂ ਨ ਹੋਇ ਪ੍ਰਭ ਨਦਰਿ ਨਿਹਾਲੀਐ ॥

ਪਰ, ਹੇ ਪ੍ਰਭੂ! ਮੈਥੋਂ ਆਪਣੇ ਆਪ ਤੋਂ ਕੁਝ ਨਹੀਂ ਹੋ ਸਕਦਾ, ਤੂੰ ਹੀ ਮੇਰੇ ਵਲ ਮੇਹਰ ਦੀ ਨਜ਼ਰ ਨਾਲ ਤੱਕ,

ਮੋਹਿ ਨਿਰਗੁਣ ਦਿਚੈ ਥਾਉ ਸੰਤ ਧਰਮ ਸਾਲੀਐ ॥੩॥

ਤੇ ਮੈਨੂੰ ਗੁਣ-ਹੀਨ ਨੂੰ ਸੰਤਾਂ ਦੀ ਸੰਗਤ ਵਿਚ ਥਾਂ ਦੇਹ ॥੩॥


ਸਲੋਕ ਮ : ੫ ॥
ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥

ਹੇ ਸੱਜਣ! ਮੈਂ ਸਦਾ ਤੇਰੇ ਪੈਰਾਂ ਦੀ ਖ਼ਾਕ ਹੋਇਆ ਰਹਾਂ,

ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੂਰਿ ॥੧॥

ਨਾਨਕ ਅਰਦਾਸਦਾ ਹੈ ਕਿ ਮੈਂ ਤੇਰੀ ਸਰਨ ਪਿਆ ਰਹਾਂ ਅਤੇ ਤੈਨੂੰ ਹੀ ਆਪਣੇ ਅੰਗ-ਸੰਗ ਵੇਖਾਂ ॥੧॥


ਮ : ੫ ॥
ਪਤਿਤ ਪੁਨੀਤ ਅਸੰਖ ਹੋਹਿ ਹਰਿ ਚਰਣੀ ਮਨੁ ਲਾਗ ॥

(ਵਿਕਾਰਾਂ ਵਿਚ) ਡਿੱਗੇ ਹੋਏ ਭੀ ਬੇਅੰਤ ਜੀਵ ਪਵਿਤ੍ਰ ਹੋ ਜਾਂਦੇ ਹਨ ਜੇ ਉਹਨਾਂ ਦਾ ਮਨ ਪ੍ਰਭੂ ਦੇ ਚਰਨਾਂ ਵਿਚ ਲੱਗ ਜਾਏ,

ਅਠਸਠਿ ਤੀਰਥ ਨਾਮੁ ਪ੍ਰਭ ਜਿਸੁ ਨਾਨਕ ਮਸਤਕਿ ਭਾਗ ॥੨॥

ਪ੍ਰਭੂ ਦਾ ਨਾਮ ਹੀ ਅਠਾਹਠ ਤੀਰਥ ਹੈ, ਪਰ, ਹੇ ਨਾਨਕ! (ਇਹ ਉਸ ਨੂੰ ਮਿਲਦਾ ਹੈ) ਜਿਸ ਦੇ ਮੱਥੇ ਤੇ ਭਾਗ (ਲਿਖੇ) ਹਨ ॥੨॥


ਪਉੜੀ ॥
ਨਿਤ ਜਪੀਐ ਸਾਸਿ ਗਿਰਾਸਿ ਨਾਉ ਪਰਵਦਿਗਾਰ ਦਾ ॥

ਪਾਲਣਹਾਰ ਪ੍ਰਭੂ ਦਾ ਨਾਮ ਰੋਜ਼ ਸਾਹ ਲੈਂਦਿਆਂ ਤੇ ਖਾਂਦਿਆਂ ਹਰ ਵੇਲੇ ਜਪਣਾ ਚਾਹੀਦਾ ਹੈ,

ਜਿਸ ਨੋ ਕਰੇ ਰਹੰਮ ਤਿਸੁ ਨ ਵਿਸਾਰਦਾ ॥

ਉਹ ਪ੍ਰਭੂ ਜਿਸ ਬੰਦੇ ਉੱਤੇ ਮਿਹਰ ਕਰਦਾ ਹੈ ਉਸ ਨੂੰ (ਆਪਣੇ ਮਨੋਂ) ਭੁਲਾਂਦਾ ਨਹੀਂ,

ਆਪਿ ਉਪਾਵਣਹਾਰ ਆਪੇ ਹੀ ਮਾਰਦਾ ॥

ਉਹ ਆਪ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਮਾਰਦਾ ਹੈ,

ਸਭੁ ਕਿਛੁ ਜਾਣੈ ਜਾਣੁ ਬੁਝਿ ਵੀਚਾਰਦਾ ॥

ਉਹ ਅੰਤਰਜਾਮੀ (ਜੀਵਾਂ ਦੇ ਦਿਲ ਦੀ) ਹਰੇਕ ਗੱਲ ਜਾਣਦਾ ਹੈ ਤੇ ਉਸ ਨੂੰ ਸਮਝ ਕੇ (ਉਸ ਤੇ) ਵਿਚਾਰ ਭੀ ਕਰਦਾ ਹੈ,

ਅਨਿਕ ਰੂਪ ਖਿਨ ਮਾਹਿ ਕੁਦਰਤਿ ਧਾਰਦਾ ॥

ਇਕ ਪਲਕ ਵਿਚ ਕੁਦਰਤਿ ਦੇ ਅਨੇਕਾਂ ਰੂਪ ਬਣਾ ਦੇਂਦਾ ਹੈ,

ਜਿਸ ਨੋ ਲਾਇ ਸਚਿ ਤਿਸਹਿ ਉਧਾਰਦਾ ॥

ਜਿਸ ਮਨੁੱਖ ਨੂੰ ਉਹ ਸੱਚ ਵਿਚ ਜੋੜਦਾ ਹੈ ਉਸ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ।

ਜਿਸ ਦੈ ਹੋਵੈ ਵਲਿ ਸੁ ਕਦੇ ਨ ਹਾਰਦਾ ॥

ਪ੍ਰਭੂ ਜਿਸ ਜੀਵ ਦੇ ਪੱਖ ਵਿਚ ਹੋ ਜਾਂਦਾ ਹੈ ਉਹ ਜੀਵ (ਵਿਕਾਰਾਂ ਨੂੰ ਕਾਬੂ ਕਰਨ ਦੀ ਬਾਜ਼ੀ) ਕਦੇ ਹਾਰਦਾ ਨਹੀਂ,

ਸਦਾ ਅਭਗੁ ਦੀਬਾਣੁ ਹੈ ਹਉ ਤਿਸੁ ਨਮਸਕਾਰਦਾ ॥੪॥

ਉਸ ਪ੍ਰਭੂ ਦਾ ਦਰਬਾਰ ਸਦਾ ਅਟੱਲ ਹੈ, ਮੈਂ ਉਸ ਨੂੰ ਨਮਸਕਾਰ ਕਰਦਾ ਹਾਂ ॥੪॥


ਸਲੋਕ ਮ : ੫ ॥
ਕਾਮੁ ਕ੍ਰੋਧੁ ਲੋਭੁ ਛੋਡੀਐ ਦੀਜੈ ਅਗਨਿ ਜਲਾਇ ॥

ਹੇ ਨਾਨਕ! ਕਾਮ ਕ੍ਰੋਧ ਤੇ ਲੋਭ (ਆਦਿਕ ਵਿਕਾਰ) ਛੱਡ ਦੇਣੇ ਚਾਹੀਦੇ ਹਨ, (ਇਹਨਾਂ ਨੂੰ) ਅੱਗ ਵਿਚ ਸਾੜ ਦੇਈਏ,

ਜੀਵਦਿਆ ਨਿਤ ਜਾਪੀਐ ਨਾਨਕ ਸਾਚਾ ਨਾਉ ॥੧॥

ਜਦ ਤਕ ਜੀਊਂਦੇ ਹਾਂ (ਪ੍ਰਭੂ ਦਾ) ਸੱਚਾ ਨਾਮ ਸਦਾ ਸਿਮਰਦੇ ਰਹੀਏ ॥੧॥


ਮ :੫ ॥
ਸਿਮਰਤ ਸਿਮਰਤ ਪ੍ਰਭੁ ਆਪਣਾ ਸਭ ਫਲ ਪਾਏ ਆਹਿ ॥

ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਸਾਰੇ ਫਲ ਹਾਸਲ ਹੋ ਜਾਂਦੇ ਹਨ (ਭਾਵ, ਜਗਤ ਵਾਲੀਆਂ ਸਾਰੀਆਂ ਵਾਸ਼ਨਾ ਮੁੱਕ ਜਾਂਦੀਆਂ ਹਨ)

ਨਾਨਕ ਨਾਮੁ ਅਰਾਧਿਆ ਗੁਰ ਪੂਰੈ ਦੀਆ ਮਿਲਾਇ ॥੨॥

ਹੇ ਨਾਨਕ! ਜਿਸ ਮਨੁੱਖ ਨੇ ਪੂਰੇ ਗੁਰੂ ਦੀ ਰਾਹੀਂ ਪ੍ਰਭੂ ਦਾ ਨਾਮ ਸਿਮਰਿਆ ਹੈ, ਗੁਰੂ ਨੇ ਉਸ ਨੂੰ ਪ੍ਰਭੂ ਨਾਲ ਮਿਲਾ ਦਿੱਤਾ ਹੈ ॥੨॥


ਪਉੜੀ ॥
ਸੋ ਮੁਕਤਾ ਸੰਸਾਰਿ ਜਿ ਗੁਰਿ ਉਪਦੇਸਿਆ ॥

ਜਿਸ ਮਨੁੱਖ ਨੂੰ ਸਤਿਗੁਰੂ ਨੇ ਉਪਦੇਸ਼ ਦਿੱਤਾ ਹੈ ਉਹ ਜਗਤ ਵਿਚ (ਰਹਿੰਦਾ ਹੋਇਆ ਹੀ ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੈ;

ਤਿਸ ਕੀ ਗਈ ਬਲਾਇ ਮਿਟੇ ਅੰਦੇਸਿਆ ॥

ਉਸ ਦੀ ਬਿਪਤਾ ਦੂਰ ਹੋ ਜਾਂਦੀ ਹੈ, ਉਸ ਦੇ ਫ਼ਿਕਰ ਮਿਟ ਜਾਂਦੇ ਹਨ;

ਤਿਸ ਕਾ ਦਰਸਨੁ ਦੇਖਿ ਜਗਤੁ ਨਿਹਾਲੁ ਹੋਇ ॥

ਉਸ ਦਾ ਦਰਸ਼ਨ ਕਰ ਕੇ (ਸਾਰਾ) ਜਗਤ ਨਿਹਾਲ ਹੋ ਜਾਂਦਾ ਹੈ,

ਜਨ ਕੈ ਸੰਗਿ ਨਿਹਾਲੁ ਪਾਪਾ ਮੈਲੁ ਧੋਇ ॥

ਉਸ ਜਨ ਦੀ ਸੰਗਤ ਵਿਚ ਜੀਵ ਪਾਪਾਂ ਦੀ ਮੈਲ ਧੋ ਕੇ ਨਿਹਾਲ ਹੁੰਦਾ ਹੈ;

ਅੰਮ੍ਰਿਤੁ ਸਾਚਾ ਨਾਉ ਓਥੈ ਜਾਪੀਐ ॥

ਉਸ ਦੀ ਸੰਗਤ ਵਿਚ ਅਮਰ ਕਰਨ ਵਾਲਾ ਸੱਚਾ ਨਾਮ ਸਿਮਰੀਦਾ ਹੈ।

ਮਨ ਕਉ ਹੋਇ ਸੰਤੋਖੁ ਭੁਖਾ ਧ੍ਰਾਪੀਐ ॥

ਤ੍ਰਿਸ਼ਨਾ ਦਾ ਮਾਰਿਆ ਬੰਦਾ ਭੀ ਓਥੇ ਰੱਜ ਜਾਂਦਾ ਹੈ, ਉਸ ਦੇ ਮਨ ਨੂੰ ਸੰਤੋਖ ਆ ਜਾਂਦਾ ਹੈ।

ਜਿਸੁ ਘਟਿ ਵਸਿਆ ਨਾਉ ਤਿਸੁ ਬੰਧਨ ਕਾਟੀਐ ॥

ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ ਉਸ ਦੇ (ਮਾਇਆ ਵਾਲੇ) ਬੰਧਨ ਕੱਟੇ ਜਾਂਦੇ ਹਨ।

ਗੁਰਪਰਸਾਦਿ ਕਿਨੈ ਵਿਰਲੈ ਹਰਿ ਧਨੁ ਖਾਟੀਐ ॥੫॥

ਪਰ, ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਨਾਮ-ਧਨ ਖੱਟਿਆ ਹੈ ॥੫॥


ਸਲੋਕ ਮ : ੫ ॥
ਮਨ ਮਹਿ ਚਿਤਵਉ ਚਿਤਵਨੀ ਉਦਮੁ ਕਰਉ ਉਠਿ ਨੀਤ ॥

ਮੈਂ ਆਪਣੇ ਮਨ ਵਿਚ (ਇਹ) ਸੋਚਦਾ ਹਾਂ ਕਿ ਨਿੱਤ (ਸਵੇਰੇ) ਉੱਠ ਕੇ ਉੱਦਮ ਕਰਾਂ।

ਹਰਿ ਕੀਰਤਨ ਕਾ ਆਹਰੋ ਹਰਿ ਦੇਹੁ ਨਾਨਕ ਕੇ ਮੀਤ ॥੧॥
ਹੇ ਨਾਨਕ ਦੇ ਮਿਤ੍ਰ! ਮੈਨੂੰ ਆਪਣੀ ਸਿਫ਼ਤ-ਸਾਲਾਹ ਦਾ ਆਹਰ ਬਖ਼ਸ਼ ॥੧॥

ਮ : ੫ ॥
ਦ੍ਰਿਸਟਿ ਧਾਰਿ ਪ੍ਰਭਿ ਰਾਖਿਆ ਮਨੁ ਤਨੁ ਰਤਾ ਮੂਲਿ ॥

ਜਿਨ੍ਹਾਂ ਨੂੰ ਪ੍ਰਭੂ ਨੇ ਮੇਹਰ ਦੀ ਨਜ਼ਰ ਕਰ ਕੇ ਰੱਖ ਲਿਆ ਹੈ ਉਹਨਾਂ ਦਾ ਮਨ ਤੇ ਤਨ ਪ੍ਰਭੂ ਵਿਚ ਰੱਤਾ ਰਹਿੰਦਾ ਹੈ,

ਨਾਨਕ ਜੋ ਪ੍ਰਭ ਭਾਣੀਆ ਮਰਉ ਵਿਚਾਰੀ ਸੂਲਿ ॥੨॥

ਹੇ ਨਾਨਕ! (ਇਹ ਹਾਲਤ ਹੈ ਉਨ੍ਹਾਂ ਦੀ) ਜੋ (ਜੀਵ-ਇਸਤ੍ਰੀਆਂ) ਪ੍ਰਭੂ ਨੂੰ ਭਾ ਗਈਆਂ ਹਨ। ਪਰ ਮੈਂ ਅਭਾਗਣ ਦੁਖ ਵਿਚ ਮਰ ਰਹੀ ਹਾਂ (ਹੇ ਪ੍ਰਭੂ! ਮੇਰੇ ਤੇ ਕਿਰਪਾ ਕਰ) ॥੨॥


ਪਉੜੀ ॥
ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ ॥

ਦਿਲ ਦਾ ਜੋ ਦੁੱਖ ਹੋਵੇ ਉਹ ਆਪਣੇ ਸਤਿਗੁਰੂ ਅਗੇ ਬੇਨਤੀ ਕਰ!

ਛੋਡਿ ਸਿਆਣਪ ਸਗਲ ਮਨੁ ਤਨੁ ਅਰਪਿ ਧਰਿ ॥

ਆਪਣੀ ਸਾਰੀ ਚਤੁਰਾਈ ਛੱਡ ਦੇਹ ਤੇ ਮਨ ਤਨ ਗੁਰੂ ਦੇ ਹਵਾਲੇ ਕਰ ਦੇਹ!

ਪੂਜਹੁ ਗੁਰ ਕੇ ਪੈਰ ਦੁਰਮਤਿ ਜਾਇ ਜਰਿ ॥

ਸਤਿਗੁਰੂ ਦੇ ਪੈਰ ਪੂਜ! (ਭਾਵ, ਗੁਰੂ ਦਾ ਆਸਰਾ ਲੈ, ਇਸ ਤਰ੍ਹਾਂ) ਭੈੜੀ ਮੱਤ (ਰੂਪ ‘ਬਿਰਥਾ’) ਸੜ ਜਾਂਦੀ ਹੈ।

ਸਾਧ ਜਨਾ ਕੈ ਸੰਗਿ ਭਵਜਲੁ ਬਿਖਮੁ ਤਰਿ ॥

ਗੁਰਮੁਖਾਂ ਦੀ ਸੰਗਤ ਵਿਚ ਇਹ ਔਖਾ ਸੰਸਾਰ-ਸਮੁੰਦਰ ਤਰ ਜਾਈਦਾ ਹੈ।

ਸੇਵਹੁ ਸਤਿਗੁਰ ਦੇਵ ਅਗੈ ਨ ਮਰਹੁ ਡਰਿ ॥

ਗੁਰੂ ਦੇ ਦੱਸੇ ਰਾਹ ਤੇ ਤੁਰੋ, ਪਰਲੋਕ ਵਿਚ ਡਰ ਡਰ ਨਹੀਂ ਮਰੋਗੇ।

ਖਿਨ ਮਹਿ ਕਰੇ ਨਿਹਾਲੁ ਊਣੇ ਸੁਭਰ ਭਰਿ ॥

ਗੁਰੂ (ਗੁਣਾਂ ਤੋਂ) ਸੱਖਣੇ ਬੰਦਿਆਂ ਨੂੰ (ਗੁਣਾਂ ਨਾਲ) ਨਕਾ-ਨਕ ਭਰ ਕੇ ਇਕ ਪਲਕ ਵਿਚ ਨਿਹਾਲ ਕਰ ਦੇਂਦਾ ਹੈ।

ਮਨ ਕਉ ਹੋਇ ਸੰਤੋਖੁ ਧਿਆਈਐ ਸਦਾ ਹਰਿ ॥

(ਗੁਰੂ ਦੀ ਰਾਹੀਂ ਜੇ) ਸਦਾ ਪ੍ਰਭੂ ਨੂੰ ਸਿਮਰੀਏ ਤਾਂ ਮਨ ਨੂੰ ਸੰਤੋਖ ਆਉਂਦਾ ਹੈ।

ਸੋ ਲਗਾ ਸਤਿਗੁਰ ਸੇਵ ਜਾ ਕਉ ਕਰਮੁ ਧੁਰਿ ॥੬॥

ਪਰ, ਗੁਰੂ ਦੀ ਦੱਸੀ ਸੇਵਾ ਵਿਚ ਉਹੀ ਮਨੁੱਖ ਲੱਗਦਾ ਹੈ ਜਿਸ ਉਤੇ ਧੁਰੋਂ ਬਖ਼ਸ਼ਸ਼ ਹੋਵੇ ॥੬॥


ਸਲੋਕ ਮ : ੫ ॥
ਲਗੜੀ ਸੁਥਾਨਿ ਜੋੜਣਹਾਰੈ ਜੋੜੀਆ ॥

(ਮੇਰੀ ਪ੍ਰੀਤ) ਚੰਗੇ ਟਿਕਾਣੇ ਤੇ (ਭਾਵ, ਪਿਆਰੇ ਪ੍ਰਭੂ ਦੇ ਚਰਨਾਂ ਵਿਚ) ਚੰਗੀ ਤਰ੍ਹਾਂ ਲੱਗ ਗਈ ਹੈ ਜੋੜਨਹਾਰ ਪ੍ਰਭੂ ਨੇ ਆਪ ਜੋੜੀ ਹੈ,

ਨਾਨਕ ਲਹਰੀ ਲਖ ਸੈ ਆਨ ਡੁਬਣ ਦੇਇ ਨ ਮਾ ਪਿਰੀ ॥੧॥

ਹੇ ਨਾਨਕ! (ਜਗਤ ਵਿਚ) ਸੈਂਕੜੇ ਤੇ ਲੱਖਾਂ ਹੋਰ ਹੋਰ (ਭਾਵ, ਵਿਕਾਰਾਂ ਦੀਆਂ) ਲਹਿਰਾਂ (ਚੱਲ ਰਹੀਆਂ) ਹਨ, ਪਰ, ਮੇਰਾ ਪਿਆਰਾ (ਮੈਨੂੰ ਇਹਨਾਂ ਲਹਿਰਾਂ ਵਿਚ) ਡੁੱਬਣ ਨਹੀਂ ਦੇਂਦਾ ॥੧॥


ਮ : ੫ ॥
ਬਨਿ ਭੀਹਾਵਲੈ ਹਿਕੁ ਸਾਥੀ ਲਧਮੁ ਦੁਖ ਹਰਤਾ ਹਰਿ ਨਾਮਾ ॥

(ਸੰਸਾਰ ਰੂਪ ਇਸ) ਡਰਾਉਣੇ ਜੰਗਲ ਵਿਚ ਮੈਨੂੰ ਹਰਿ-ਨਾਮ ਰੂਪ ਇਕੋ ਸਾਥੀ ਲੱਭਾ ਹੈ ਜੋ ਦੁੱਖਾਂ ਦਾ ਨਾਸ ਕਰਨ ਵਾਲਾ ਹੈ,

ਬਲਿ ਬਲਿ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾਂ ॥੨॥

ਹੇ ਨਾਨਕ! ਮੈਂ ਪਿਆਰੇ ਗੁਰੂ ਤੋਂ ਸਦਕੇ ਹਾਂ (ਜਿਸ ਦੀ ਮਿਹਰ ਨਾਲ ਮੇਰਾ ਇਹ) ਕੰਮ ਸਿਰੇ ਚੜ੍ਹਿਆ ਹੈ ॥੨॥


ਪਉੜੀ ॥
ਪਾਈਅਨਿ ਸਭਿ ਨਿਧਾਨ ਤੇਰੈ ਰੰਗਿ ਰਤਿਆ ॥

(ਹੇ ਪ੍ਰਭੂ!) ਜੇ ਤੇਰੇ (ਪਿਆਰ ਦੇ) ਰੰਗ ਵਿਚ ਰੰਗੇ ਜਾਈਏ ਤਾਂ, ਮਾਨੋ, ਸਾਰੇ ਖ਼ਜ਼ਾਨੇ ਮਿਲ ਜਾਂਦੇ ਹਨ।

ਨ ਹੋਵੀ ਪਛੋਤਾਉ ਤੁਧ ਨੋ ਜਪਤਿਆ ॥

ਤੈਨੂੰ ਸਿਮਰਦਿਆਂ (ਕਿਸੇ ਗੱਲੇ) ਪਛੁਤਾਉਣਾ ਨਹੀਂ ਪੈਂਦਾ (ਭਾਵ, ਕੋਈ ਐਸਾ ਮੰਦਾ ਕੰਮ ਨਹੀਂ ਕਰ ਸਕੀਦਾ ਜਿਸ ਕਰਕੇ ਪਛਤਾਉਣਾ ਪਏ)।

ਪਹੁਚਿ ਨ ਸਕੈ ਕੋਇ ਤੇਰੀ ਟੇਕ ਜਨ ॥

ਜਿਨ੍ਹਾਂ ਸੇਵਕਾਂ ਨੂੰ ਤੇਰਾ ਆਸਰਾ ਹੁੰਦਾ ਹੈ ਉਹਨਾਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ।

ਗੁਰ ਪੂਰੇ ਵਾਹੁ ਵਾਹੁ ਸੁਖ ਲਹਾ ਚਿਤਾਰਿ ਮਨ ॥

ਹੇ ਮਨ! ਪੂਰੇ ਗੁਰੂ ਨੂੰ ਸ਼ਾਬਾਸ਼ੇ (ਆਖ, ਜਿਸ ਦੀ ਰਾਹੀਂ ‘ਨਾਮ’) ਚਿਤਾਰ ਕੇ ਸੁਖ ਮਿਲਦਾ ਹੈ।

ਗੁਰ ਪਹਿ ਸਿਫਤਿ ਭੰਡਾਰੁ ਕਰਮੀ ਪਾਈਐ ॥

ਸਿਫ਼ਤ-ਸਾਲਾਹ ਦਾ ਖ਼ਜ਼ਾਨਾ ਸਤਿਗੁਰੂ ਦੇ ਪਾਸ ਹੀ ਹੈ, ਤੇ ਮਿਲਦਾ ਹੈ ਪਰਮਾਤਮਾ ਦੀ ਕਿਰਪਾ ਨਾਲ।

ਸਤਿਗੁਰ ਨਦਰਿ ਨਿਹਾਲ ਬਹੁੜਿ ਨ ਧਾਈਐ ॥

ਜੇ ਸਤਿਗੁਰੂ ਮੇਹਰ ਦੀ ਨਜ਼ਰ ਨਾਲ ਤੱਕੇ ਤਾਂ ਮੁੜ ਮੁੜ ਨਹੀਂ ਭਟਕੀਦਾ।

ਰਖੈ ਆਪਿ ਦਇਆਲੁ ਕਰਿ ਦਾਸਾ ਆਪਣੇ ॥

ਦਇਆ ਦਾ ਘਰ ਪ੍ਰਭੂ ਆਪ ਆਪਣੇ ਸੇਵਕ ਬਣਾ ਕੇ (ਇਸ ਭਟਕਣਾ ਤੋਂ) ਬਚਾਂਦਾ ਹੈ।

ਹਰਿ ਹਰਿ ਹਰਿ ਹਰਿ ਨਾਮੁ ਜੀਵਾ ਸੁਣਿ ਸੁਣੇ ॥੭॥

ਮੈਂ ਭੀ ਉਸੇ ਪ੍ਰਭੂ ਦਾ ਨਾਮ ਸੁਣ ਸੁਣ ਕੇ ਜੀਊ ਰਿਹਾ ਹਾਂ ॥੭॥


ਸਲੋਕ ਮ : ੫ ॥
ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ ॥

ਇੱਜ਼ਤ ਢਕ ਰੱਖਣ ਲਈ (ਹੇ ਪ੍ਰਭੂ!) ਤੈਂ ਖਸਮ ਨੇ ਮੈਨੂੰ ਆਪਣਾ ‘ਪਿਆਰ’-ਰੂਪ ਰੇਸ਼ਮੀ ਕੱਪੜਾ ਦਿੱਤਾ ਹੈ,

ਦਾਨਾ ਬੀਨਾ ਸਾਈ ਮੈਡਾ ਨਾਨਕ ਸਾਰ ਨ ਜਾਣਾ ਤੇਰੀ ॥੧॥

ਤੂੰ ਮੇਰਾ ਖਸਮ (ਮੇਰੇ ਦਿਲ ਦੀ) ਜਾਣਨ ਵਾਲਾ ਹੈਂ, ਪਰ, ਮੈਂ ਤੇਰੀ ਕਦਰ ਨਹੀਂ ਜਾਤੀ। ਨਾਨਕ (ਕਹਿੰਦਾ ਹੈ)! ॥੧॥


ਮ : ੫ ॥
ਤੈਡੈ ਸਿਮਰਣਿ ਹਭੁ ਕਿਛੁ ਲਧਮੁ ਬਿਖਮੁ ਨ ਡਿਠਮੁ ਕੋਈ ॥

(ਹੇ ਪ੍ਰਭੂ!) ਤੇਰੇ ਸਿਮਰਨ (ਦੀ ਬਰਕਤਿ) ਨਾਲ ਮੈਂ (ਮਾਨੋ) ਹਰੇਕ ਪਦਾਰਥ ਲੱਭ ਲਿਆ ਹੈ, (ਤੇ ਜ਼ਿੰਦਗੀ ਵਿਚ) ਕੋਈ ਔਖਿਆਈ ਨਹੀਂ ਵੇਖੀ।

ਜਿਸੁ ਪਤਿ ਰਖੈ ਸਚਾ ਸਾਹਿਬੁ ਨਾਨਕ ਮੇਟਿ ਨ ਸਕੈ ਕੋਈ ॥੨॥

ਹੇ ਨਾਨਕ! ਜਿਸ ਮਨੁੱਖ ਦੀ ਇੱਜ਼ਤ ਮਾਲਕ ਆਪ ਰੱਖੇ, (ਉਸ ਦੀ ਇੱਜ਼ਤ ਨੂੰ ਹੋਰ) ਕੋਈ ਨਹੀਂ ਮਿਟਾ ਸਕਦਾ ॥੨॥


ਪਉੜੀ ॥
ਹੋਵੈ ਸੁਖੁ ਘਣਾ ਦਯਿ ਧਿਆਇਐ ॥

ਜੇ ਪਿਆਰੇ ਪ੍ਰਭੂ ਨੂੰ ਸਿਮਰੀਏ ਤਾਂ ਬਹੁਤ ਹੀ ਸੁਖ ਹੁੰਦਾ ਹੈ।

ਵੰਞੈ ਰੋਗਾ ਘਾਣਿ ਹਰਿ ਗੁਣ ਗਾਇਐ ॥

ਜੇ ਹਰੀ ਦੇ ਗੁਣ ਗਾਵੀਏ ਤਾਂ ਰੋਗਾਂ ਦੇ ਘਾਣ (ਭਾਵ, ਸਾਰੇ ਹੀ ਰੋਗ) ਨਾਸ ਹੋ ਜਾਂਦੇ ਹਨ।

ਅੰਦਰਿ ਵਰਤੈ ਠਾਢਿ ਪ੍ਰਭਿ ਚਿਤਿ ਆਇਐ ॥

ਜੇ ਪ੍ਰਭੂ ਚਿਤ ਵਿਚ ਆ ਵੱਸੇ ਤਾਂ ਚਿਤ ਵਿਚ ਠੰਢ ਪੈ ਜਾਂਦੀ ਹੈ।

ਪੂਰਨ ਹੋਵੈ ਆਸ ਨਾਇ ਮੰਨਿ ਵਸਾਇਐ ॥

ਜੇ ਪ੍ਰਭੂ ਦਾ ਨਾਮ ਮਨ ਵਿਚ ਵੱਸ ਪਏ, ਤਾਂ ਆਸ ਪੂਰੀ ਹੋ ਜਾਂਦੀ ਹੈ (ਭਾਵ, ਆਸਾ ਤ੍ਰਿਸਨਾ ਆਦਿਕ ਮਿਟ ਜਾਂਦੀ ਹੈ)।

ਕੋਇ ਨ ਲਗੈ ਬਿਘਨੁ ਆਪੁ ਗਵਾਇਐ ॥

ਜੇ ਆਪਾ ਭਾਵ ਗਵਾ ਦੇਈਏ ਤਾਂ (ਜ਼ਿੰਦਗੀ ਦੇ ਰਾਹ ਵਿਚ) ਕੋਈ ਔਕੜ ਨਹੀਂ ਆਉਂਦੀ।

ਗਿਆਨ ਪਦਾਰਥੁ ਮਤਿ ਗੁਰ ਤੇ ਪਾਇਐ ॥

ਜੇ ਸਤਿਗੁਰੂ ਤੋਂ ਮੱਤ ਹਾਸਲ ਕਰੀਏ ਤਾਂ (ਪ੍ਰਭੂ ਦੇ) ਗਿਆਨ ਦਾ ਖ਼ਜ਼ਾਨਾ (ਮਿਲ ਜਾਂਦਾ ਹੈ)।

ਤਿਨਿ ਪਾਏ ਸਭੇ ਥੋਕ ਜਿਸੁ ਆਪਿ ਦਿਵਾਇਐ ॥

ਪਰ, ਇਹ ਸਾਰੇ ਪਦਾਰਥ ਉਸ ਮਨੁੱਖ ਨੇ ਪਰਾਪਤ ਕੀਤੇ ਜਿਸ ਨੂੰ ਪ੍ਰਭੂ ਨੇ ਆਪ (ਗੁਰੂ ਦੀ ਰਾਹੀਂ) ਦਿਵਾਏ ਹਨ।

ਤੂੰ ਸਭਨਾ ਕਾ ਖਸਮੁ ਸਭ ਤੇਰੀ ਛਾਇਐ ॥੮॥

(ਹੇ ਪ੍ਰਭੂ!) ਤੂੰ ਸਭ ਜੀਵਾਂ ਦਾ ਖਸਮ ਹੈਂ, ਸਾਰੀ ਸ੍ਰਿਸ਼ਟੀ ਤੇਰੇ ਸਾਏ ਹੇਠ ਹੈ ॥੮॥


ਸਲੋਕ ਮ : ੫ ॥
ਨਦੀ ਤਰੰਦੜੀ ਮੈਡਾ ਖੋਜੁ ਨ ਖੁੰਭੈ ਮੰਝਿ ਮੁਹਬਤਿ ਤੇਰੀ ॥

(ਸੰਸਾਰ-) ਨਦੀ ਵਿਚ ਤਰਦੀ ਦਾ ਮੇਰਾ ਪੈਰ (ਮੋਹ ਦੇ ਚਿੱਕੜ ਵਿਚ) ਨਹੀਂ ਖੁੱਭਦਾ, ਕਿਉਂਕਿ ਮੇਰੇ ਹਿਰਦੇ ਵਿਚ ਤੇਰੀ ਪ੍ਰੀਤ ਹੈ।

ਤਉ ਸਹ ਚਰਣੀ ਮੈਡਾ ਹੀਅੜਾ ਸੀਤਮੁ ਹਰਿ ਨਾਨਕ ਤੁਲਹਾ ਬੇੜੀ ॥੧॥

ਹੇ ਪਤੀ (ਪ੍ਰਭੂ)! ਮੈਂ ਆਪਣਾ ਇਹ ਨਿਮਾਣਾ ਜਿਹਾ ਦਿਲ ਤੇਰੇ ਚਰਨਾਂ ਵਿਚ ਪ੍ਰੋ ਲਿਆ ਹੈ, ਹੇ ਹਰੀ! (ਸੰਸਾਰ-ਸਮੁੰਦਰ ਵਿਚੋਂ ਤਰਨ ਲਈ, ਤੂੰ ਹੀ) ਨਾਨਕ ਦਾ ਤੁਲ੍ਹਾ ਹੈਂ ਤੇ ਬੇੜੀ ਹੈਂ ॥੧॥


ਮ : ੫ ॥
ਜਿਨ੍ਰਾ ਦਿਸੰਦੜਿਆ ਦੁਰਮਤਿ ਵੰਞੈ ਮਿਤ੍ਰ ਅਸਾਡੜੇ ਸੇਈ ॥

ਸਾਡੇ (ਅਸਲ) ਮਿੱਤਰ ਉਹੀ ਮਨੁੱਖ ਹਨ ਜਿਨ੍ਹਾਂ ਦਾ ਦੀਦਾਰ ਹੋਇਆਂ ਭੈੜੀ ਮੱਤ ਦੂਰ ਹੋ ਜਾਂਦੀ ਹੈ,

ਹਉ ਢੂਢੇਦੀ ਜਗੁ ਸਬਾਇਆ ਜਨ ਨਾਨਕ ਵਿਰਲੇ ਕੇਈ ॥੨॥

ਪਰ, ਹੇ ਦਾਸ ਨਾਨਕ! ਮੈਂ ਸਾਰਾ ਜਗਤ ਭਾਲ ਵੇਖਿਆ ਹੈ, ਕੋਈ ਵਿਰਲੇ (ਅਜੇਹੇ ਮਨੁੱਖ ਮਿਲਦੇ ਹਨ) ॥੨॥


ਪਉੜੀ ॥
ਆਵੈ ਸਾਹਿਬੁ ਚਿਤਿ ਤੇਰਿਆ ਭਗਤਾ ਡਿਠਿਆ ॥

(ਹੇ ਪ੍ਰਭੂ!) ਤੇਰੇ ਭਗਤਾਂ ਦੇ ਦਰਸ਼ਨ ਕੀਤਿਆਂ ਤੂੰ ਮਾਲਕ ਅਸਾਡੇ ਮਨ ਵਿਚ ਆ ਵੱਸਦਾ ਹੈਂ।

ਮਨ ਕੀ ਕਟੀਐ ਮੈਲੁ ਸਾਧਸੰਗਿ ਵੁਠਿਆ ॥

ਸਾਧ ਸੰਗਤ ਵਿਚ ਅੱਪੜਿਆਂ ਮਨ ਦੀ ਮੈਲ ਕੱਟੀ ਜਾਂਦੀ ਹੈ,

ਜਨਮ ਮਰਣ ਭਉ ਕਟੀਐ ਜਨ ਕਾ ਸਬਦੁ ਜਪਿ ॥

ਤੇ ਫਿਰ ਸਿਫ਼ਤ-ਸਾਲਾਹ ਦੀ ਬਾਣੀ ਪੜ੍ਹਿਆਂ ਸੇਵਕ ਦਾ ਜਨਮ ਮਰਨ ਦਾ (ਭਾਵ, ਸਾਰੀ ਉਮਰ ਦਾ) ਡਰ ਕੱਟਿਆ ਜਾਂਦਾ ਹੈ।

ਬੰਧਨ ਖੋਲਨਿ੍ ਸੰਤ ਦੂਤ ਸਭਿ ਜਾਹਿ ਛਪਿ ॥

ਕਿਉਂਕਿ ਸੰਤ (ਜਿਸ ਮਨੁੱਖ ਦੇ ਮਾਇਆ ਵਾਲੇ) ਬੰਧਨ ਖੋਲ੍ਹਦੇ ਹਨ (ਉਸ ਦੇ ਵਿਕਾਰ ਰੂਪ) ਸਾਰੇ ਜਿੰਨ ਭੂਤ ਲੁਕ ਜਾਂਦੇ ਹਨ।

ਤਿਸੁ ਸਿਉ ਲਾਇਨਿ੍ ਰੰਗੁ ਜਿਸ ਦੀ ਸਭ ਧਾਰੀਆ ॥

ਇਹ ਸਾਰੀ ਸ੍ਰਿਸ਼ਟੀ ਜਿਸ ਪ੍ਰਭੂ ਦੀ ਟਿਕਾਈ ਹੋਈ ਹੈ, ਜਿਸ ਦਾ ਅਸਥਾਨ ਸਭ ਤੋਂ ਉੱਚਾ ਹੈ,

ਊਚੀ ਹੂੰ ਊਚਾ ਥਾਨੁ ਅਗਮ ਅਪਾਰੀਆ ॥

ਜੋ ਅਪਹੁੰਚ ਤੇ ਬੇਅੰਤ ਹੈ, ਸੰਤ ਉਸ ਪਰਮਾਤਮਾ ਨਾਲ (ਅਸਾਡਾ) ਪਿਆਰ ਜੋੜ ਦੇਂਦੇ ਹਨ।

ਰੈਣਿ ਦਿਨਸੁ ਕਰ ਜੋੜਿ ਸਾਸਿ ਸਾਸਿ ਧਿਆਈਐ ॥

ਦਿਨ ਰਾਤਿ ਸੁਆਸ ਸੁਆਸ ਹੱਥ ਜੋੜ ਕੇ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ।

ਜਾ ਆਪੇ ਹੋਇ ਦਇਆਲੁ ਤਾਂ ਭਗਤ ਸੰਗੁ ਪਾਈਐ ॥੯॥

ਜਦੋਂ ਪ੍ਰਭੂ ਆਪ ਹੀ ਦਿਆਲ ਹੁੰਦਾ ਹੈ ਤਾਂ ਉਸ ਦੇ ਭਗਤਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ ॥੯॥


ਸਲੋਕ ਮ : ੫ ॥
ਬਾਰਿ ਵਿਡਾਨੜੈ ਹੁੰਮਸ ਧੁੰਮਸ ਕੂਕਾ ਪਈਆ ਰਾਹੀ ॥

(ਜਗਤ-ਰੂਪ ਇਸ) ਬਿਗਾਨੀ ਜੂਹ ਵਿਚ (ਫਸ ਜਾਣ ਕਰਕੇ, ਤੇ ਤ੍ਰਿਸ਼ਨਾ ਦੀ) ਅੱਗ ਦੇ ਬੜੇ ਸੇਕ ਦੇ ਕਾਰਨ ਰਾਹਾਂ ਵਿਚ ਵਾਹਰਾਂ ਪੈ ਰਹੀਆਂ ਹਨ (ਭਾਵ, ਜੀਵ ਘਬਰਾਏ ਹੋਏ ਹਨ);

ਤਉ ਸਹ ਸੇਤੀ ਲਗੜੀ ਡੋਰੀ ਨਾਨਕ ਅਨਦ ਸੇਤੀ ਬਨੁ ਗਾਹੀ ॥੧॥

ਪਰ, ਹੇ ਪਤੀ (ਪ੍ਰਭੂ)! ਮੈਂ ਨਾਨਕ (ਦੇ ਚਿੱਤ) ਦੀ ਡੋਰ ਤੇਰੇ (ਚਰਨਾਂ) ਨਾਲ ਲੱਗੀ ਹੋਈ ਹੈ, (ਇਸ ਵਾਸਤੇ) ਮੈਂ ਆਨੰਦ ਨਾਲ (ਇਸ ਸੰਸਾਰ) ਜੰਗਲ ਵਿਚੋਂ ਦੀ ਲੰਘ ਰਿਹਾ ਹਾਂ ॥੧॥


ਮ : ੫ ॥
ਸਚੀ ਬੈਸਕ ਤਿਨ੍ਰਾ ਸੰਗਿ ਜਿਨ ਸੰਗਿ ਜਪੀਐ ਨਾਉ ॥

ਉਹਨਾਂ ਮਨੁੱਖਾਂ ਨਾਲ ਤੋੜ ਨਿਭਣ ਵਾਲੀ ਮੁਹੱਬਤ (ਕਰਨੀ ਚਾਹੀਦੀ ਹੈ) ਜਿਨ੍ਹਾਂ ਨਾਲ (ਬੈਠਿਆਂ ਪਰਮਾਤਮਾ ਦਾ) ਨਾਮ ਸਿਮਰਿਆ ਜਾ ਸਕੇ;

ਤਿਨ੍ਰ ਸੰਗਿ ਸੰਗੁ ਨ ਕੀਚਈ ਨਾਨਕ ਜਿਨਾ ਆਪਣਾ ਸੁਆਉ ॥੨॥

ਹੇ ਨਾਨਕ! ਜਿਨ੍ਹਾਂ ਨੂੰ (ਹਰ ਵੇਲੇ) ਆਪਣੀ ਹੀ ਗ਼ਰਜ਼ ਹੋਵੇ, ਉਹਨਾਂ ਨਾਲ ਸਾਥ ਨਹੀਂ ਕਰਨਾ ਚਾਹੀਦਾ ॥੨॥


ਪਉੜੀ ॥
ਸਾ ਵੇਲਾ ਪਰਵਾਣੁ ਜਿਤੁ ਸਤਿਗੁਰੁ ਭੇਟਿਆ ॥

ਉਹ ਘੜੀ ਥਾਂ ਪਈ ਜਾਣੋ ਜਿਸ ਘੜੀ ਮਨੁੱਖ ਨੂੰ ਸਤਿਗੁਰੂ ਮਿਲ ਪਿਆ।

ਹੋਆ ਸਾਧੂ ਸੰਗੁ ਫਿਰਿ ਦੂਖ ਨ ਤੇਟਿਆ ॥

ਜਿਸ ਮਨੁੱਖ ਨੂੰ ਗੁਰੂ ਦਾ ਮੇਲ ਹੋ ਗਿਆ, ਉਹ ਮੁੜ ਦੁੱਖਾਂ ਦੀ ਜ਼ਦ ਵਿਚ ਨਹੀਂ ਆਉਂਦਾ।

ਪਾਇਆ ਨਿਹਚਲੁ ਥਾਨੁ ਫਿਰਿ ਗਰਭਿ ਨ ਲੇਟਿਆ ॥

(ਗੁਰੂ ਮਿਲਿਆਂ) ਜਿਸ ਨੂੰ ਪੱਕਾ ਟਿਕਾਣਾ ਲੱਭ ਪਿਆ, ਉਹ ਫਿਰ (ਹੋਰ ਹੋਰ) ਜੂਨਾਂ ਵਿਚ ਨਹੀਂ ਪੈਂਦਾ।

ਨਦਰੀ ਆਇਆ ਇਕੁ ਸਗਲ ਬ੍ਰਹਮੇਟਿਆ ॥

ਉਸ ਨੂੰ ਹਰ ਥਾਂ ਇਕ ਬ੍ਰਹਮ ਹੀ ਦਿੱਸਦਾ ਹੈ; (ਬਾਹਰ ਵਲੋਂ ਆਪਣੀ) ਨਜ਼ਰ ਨੂੰ ਸਮੇਟ ਕੇ।

ਤਤੁ ਗਿਆਨੁ ਲਾਇ ਧਿਆਨੁ ਦ੍ਰਿਸਟਿ ਸਮੇਟਿਆ ॥

(ਪ੍ਰਭੂ ਵਿਚ) ਧਿਆਨ ਲਾ ਕੇ ਉਹ ਅਸਲ ਉੱਚੀ ਸਮਝ ਹਾਸਲ ਕਰ ਲੈਂਦਾ ਹੈ।

ਸਭੋ ਜਪੀਐ ਜਾਪੁ ਜਿ ਮੁਖਹੁ ਬੋਲੇਟਿਆ ॥

ਉਹ ਜੋ ਕੁਝ ਮੂੰਹੋਂ ਬੋਲਦਾ ਹੈ (ਪ੍ਰਭੂ ਦੀ ਸਿਫ਼ਤ-ਸਾਲਾਹ ਦਾ) ਜਾਪ ਹੀ ਬੋਲਦਾ ਹੈ।

ਹੁਕਮੇ ਬੁਝਿ ਨਿਹਾਲੁ ਸੁਖਿ ਸੁਖੇਟਿਆ ॥

ਪ੍ਰਭੂ ਦੀ ਰਜ਼ਾ ਨੂੰ ਸਮਝ ਕੇ ਉਹ ਖਿੜੇ-ਮੱਥੇ ਰਹਿੰਦਾ ਹੈ ਤੇ ਸੁਖੀ ਹੀ ਸੁਖੀ ਰਹਿੰਦਾ ਹੈ।

ਪਰਖਿ ਖਜਾਨੈ ਪਾਏ ਸੇ ਬਹੁੜਿ ਨ ਖੋਟਿਆ ॥੧੦॥

(ਗੁਰੂ ਦੀ ਸਰਨ ਪਏ ਜਿਨ੍ਹਾਂ ਮਨੁੱਖਾਂ ਨੂੰ) ਪਰਖ ਕੇ (ਪ੍ਰਭੂ ਨੇ ਆਪਣੇ) ਖ਼ਜ਼ਾਨੇ ਵਿਚ ਪਾਇਆ ਹੈ ਉਹ ਮੁੜ ਖੋਟੇ ਨਹੀਂ ਹੁੰਦੇ ॥੧੦॥


ਸਲੋਕੁ ਮ :੫ ॥
ਵਿਛੋਹੇ ਜੰਬੂਰ ਖਵੇ ਨ ਵੰਞਨਿ ਗਾਖੜੇ ॥

(ਪ੍ਰਭੂ ਦੇ ਚਰਨਾਂ ਨਾਲੋਂ) ਵਿਛੋੜੇ (ਦੇ ਦੁੱਖ) ਜੰਬੂਰ (ਦੇ ਤਸੀਹਾਂ) ਵਾਂਗ ਔਖੇ ਹਨ, ਸਹਾਰੇ ਨਹੀਂ ਜਾ ਸਕਦੇ,

ਜੇ ਸੋ ਧਣੀ ਮਿਲੰਨਿ ਨਾਨਕ ਸੁਖ ਸੰਬੂਹ ਸਚੁ ॥੧॥

ਹੇ ਨਾਨਕ! ਜੇ ਉਹ ਪ੍ਰਭੂ ਮਾਲਕ ਜੀ ਮਿਲ ਪੈਣ ਤਾਂ ਯਕੀਨਨ ਸਾਰੇ ਸੁਖ ਹੀ ਸੁਖ ਹੋ ਜਾਂਦੇ ਹਨ ॥੧॥


ਮ : ੫ ॥
ਜਿਮੀ ਵਸੰਦੀ ਪਾਣੀਐ ਈਧਣੁ ਰਖੈ ਭਾਹਿ ॥

(ਜਿਵੇਂ) ਧਰਤੀ ਪਾਣੀ ਵਿਚ (ਅਡੋਲ) ਵੱਸਦੀ ਹੈ ਤੇ ਪਾਣੀ ਨੂੰ ਆਸਰਾ ਭੀ ਦੇਂਦੀ ਹੈ, (ਜਿਵੇਂ) ਲੱਕੜੀ (ਆਪਣੇ ਅੰਦਰ) ਅੱਗ (ਲੁਕਾ ਕੇ) ਰੱਖਦੀ ਹੈ,

ਨਾਨਕ ਸੋ ਸਹੁ ਆਹਿ ਜਾ ਕੈ ਆਢਲਿ ਹਭੁ ਕੋ ॥੨॥

ਹੇ ਨਾਨਕ! (ਤਿਵੇਂ) ਉਹ ਖਸਮ (ਪ੍ਰਭੂ) ਜਿਸ ਦੇ ਆਸਰੇ ਹਰੇਕ ਜੀਵ ਹੈ, (ਇਸ ਸਾਰੇ ਜਗਤ ਵਿਚ ਅਡੋਲ ਲੁਕਿਆ ਪਿਆ) ਹੈ ॥੨॥


ਪਉੜੀ ॥
ਤੇਰੇ ਕੀਤੇ ਕੰਮ ਤੁਧੈ ਹੀ ਗੋਚਰੇ ॥

(ਹੇ ਪ੍ਰਭੂ!) ਜੋ ਜੋ ਕੰਮ ਤੂੰ ਕੀਤੇ ਹਨ ਇਹ ਤੂੰ ਹੀ ਕਰ ਸਕਦਾ ਹੈਂ।

ਸੋਈ ਵਰਤੈ ਜਗਿ ਜਿ ਕੀਆ ਤੁਧੁ ਧੁਰੇ ॥

ਜਗਤ ਵਿਚ ਉਹੀ ਕੁਝ ਹੋ ਰਿਹਾ ਹੈ ਜੋ ਕਰਨ ਵਾਸਤੇ ਤੂੰ ਧੁਰ ਤੋਂ ਹੁਕਮ ਕਰ ਦਿੱਤਾ ਹੈ।

ਬਿਸਮੁ ਭਏ ਬਿਸਮਾਦ ਦੇਖਿ ਕੁਦਰਤਿ ਤੇਰੀਆ ॥

ਤੇਰੀ ਅਸਰਜ ਕੁਦਰਤਿ ਵੇਖ ਵੇਖ ਕੇ ਅਸੀਂ ਹੈਰਾਨ ਹੋ ਰਹੇ ਹਾਂ।

ਸਰਣਿ ਪਰੇ ਤੇਰੀ ਦਾਸ ਕਰਿ ਗਤਿ ਹੋਇ ਮੇਰੀਆ ॥

(ਤੇਰੇ) ਦਾਸ ਤੇਰਾ ਆਸਰਾ ਲੈਂਦੇ ਹਨ (ਹੇ ਪ੍ਰਭੂ! ਮੇਹਰ ਕਰ!), ਮੇਰੀ ਭੀ ਆਤਮਕ ਅਵਸਥਾ ਉੱਚੀ ਕਰ!

ਤੇਰੈ ਹਥਿ ਨਿਧਾਨੁ ਭਾਵੈ ਤਿਸੁ ਦੇਹਿ ॥

(ਤੇਰੇ ਨਾਮ ਦਾ) ਖ਼ਜ਼ਾਨਾ ਤੇਰੇ (ਆਪਣੇ) ਹੱਥ ਵਿਚ ਹੈ, ਜੋ ਤੈਨੂੰ ਚੰਗਾ ਲਗੇ ਉਸ ਨੂੰ ਤੂੰ (ਇਹ ਖ਼ਜ਼ਾਨਾ) ਦੇਂਦਾ ਹੈਂ।

ਜਿਸ ਨੋ ਹੋਇ ਦਇਆਲੁ ਹਰਿ ਨਾਮੁ ਸੇਇ ਲੇਹਿ ॥

ਜਿਸ ਜਿਸ ਨੂੰ ਦਿਆਲ ਹੋ ਕੇ ਹਰਿ-ਨਾਮ (ਦੇਂਦਾ ਹੈਂ) ਉਹੀ ਜੀਵ ਤੇਰਾ ਨਾਮ-ਖ਼ਜ਼ਾਨਾ ਪ੍ਰਾਪਤ ਕਰਦੇ ਹਨ।

ਅਗਮ ਅਗੋਚਰ ਬੇਅੰਤ ਅੰਤੁ ਨ ਪਾਈਐ ॥

ਹੇ ਅਪਹੁੰਚ! ਹੇ ਅਗੋਚਰ! ਹੇ ਬੇਅੰਤ ਪ੍ਰਭੂ! ਤੇਰਾ ਅੰਤ ਨਹੀਂ ਪਾਇਆ ਜਾ ਸਕਦਾ।

ਜਿਸ ਨੋ ਹੋਹਿ ਕ੍ਰਿਪਾਲੁ ਸੁ ਨਾਮੁ ਧਿਆਈਐ ॥੧੧॥

ਤੂੰ ਜਿਸ ਮਨੁੱਖ ਉਤੇ ਤ੍ਰੁੱਠਦਾ ਹੈਂ ਉਹ ਤੇਰਾ ਨਾਮ ਸਿਮਰਦਾ ਹੈ ॥੧੧॥


ਸਲੋਕ ਮ : ੫ ॥
ਕੜਛੀਆ ਫਿਰੰਨਿ੍ ਸੁਆਉ ਨ ਜਾਣਨਿ੍ ਸੁਞੀਆ ॥

ਕੜਛੀਆਂ (ਦਾਲ ਭਾਜੀ ਦੇ ਭਾਂਡੇ ਵਿਚ) ਫਿਰਦੀਆਂ ਹਨ (ਪਰ ਉਹ ਉਸ ਦਾਲ ਭਾਜੀ) ਦਾ ਸੁਆਦ ਨਹੀਂ ਜਾਣਦੀਆਂ (ਕਿਉਂਕਿ ਉਹ) ਖ਼ਾਲੀ (ਹੀ ਰਹਿੰਦੀਆਂ) ਹਨ,

ਸੇਈ ਮੁਖ ਦਿਸੰਨਿ੍ ਨਾਨਕ ਰਤੇ ਪ੍ਰੇਮ ਰਸਿ ॥੧॥

ਹੇ ਨਾਨਕ! (ਇਸੇ ਤਰ੍ਹਾਂ) ਉਹ ਮੂੰਹ (ਸੋਹਣੇ) ਦਿੱਸਦੇ ਹਨ ਜੋ ਪ੍ਰੇਮ ਦੇ ਸੁਆਦ ਵਿਚ ਰੰਗੇ ਗਏ ਹਨ (ਨਿਰੀਆਂ ਗੱਲਾਂ ਕਰਨ ਵਾਲੇ ਮੂੰਹ ਕੜਛੀਆਂ ਵਾਂਗ ਹੀ ਹਨ) ॥੧॥


ਮ : ੫ ॥
ਖੋਜੀ ਲਧਮੁ ਖੋਜੁ ਛਡੀਆ ਉਜਾੜਿ ॥

(ਜਿਨ੍ਹਾਂ ਕਾਮਾਦਿਕਾਂ ਨੇ ਮੇਰੀ ਖੇਤੀ) ਉਜਾੜ ਦਿੱਤੀ ਸੀ ਉਹਨਾਂ ਦਾ ਖੋਜ ਮੈਂ ਖੋਜ ਲੱਭਣ ਵਾਲੇ (ਗੁਰੂ) ਦੀ ਰਾਹੀਂ ਲੱਭ ਲਿਆ ਹੈ,

ਤੈ ਸਹਿ ਦਿਤੀ ਵਾੜਿ ਨਾਨਕ ਖੇਤੁ ਨ ਛਿਜਈ ॥੨॥

ਤੈਂ ਖਸਮ ਨੇ ਮੇਰੀ ਪੈਲੀ ਨੂੰ (ਗੁਰੂ ਦੀ ਸਹੈਤਾ ਦੀ) ਵਾੜ ਦੇ ਦਿੱਤੀ ਹੈ, ਹੁਣ ਨਾਨਕ ਦੀ ਪੈਲੀ ਨਹੀਂ ਉਜੜਦੀ ॥੨॥


ਪਉੜੀ ॥
ਆਰਾਧਿਹੁ ਸਚਾ ਸੋਇ ਸਭੁ ਕਿਛੁ ਜਿਸੁ ਪਾਸਿ ॥

ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਸਿਮਰੋ, ਜਿਸ ਦੇ ਵੱਸ ਵਿਚ ਹਰੇਕ ਪਦਾਰਥ ਹੈ।

ਦੁਹਾ ਸਿਰਿਆ ਖਸਮੁ ਆਪਿ ਖਿਨ ਮਹਿ ਕਰੇ ਰਾਸਿ ॥

ਪ੍ਰਭੂ ਦੋਹਾਂ ਪਾਸਿਆਂ ਦਾ ਖਸਮ ਹੈ (ਭਾਵ, ਜੋ ਮਾਇਆ ਦੇ ਮੋਹ ਵਿਚ ਫਸਾਣ ਵਾਲਾ ਭੀ ਹੈ ਤੇ ਨਾਮ-ਰਸ ਦੀ ਦਾਤ ਭੀ ਦੇਣ ਵਾਲਾ ਹੈ), ਤੇ ਇਕ ਪਲਕ ਵਿਚ (ਸਾਰੇ ਕੰਮ) ਸਿਰੇ ਚਾੜ੍ਹ ਦੇਂਦਾ ਹੈ।

ਤਿਆਗਹੁ ਸਗਲ ਉਪਾਵ ਤਿਸ ਕੀ ਓਟ ਗਹੁ ॥

ਹੋਰ ਸਾਰੇ ਹੀਲੇ ਛੱਡੋ ਤੇ ਉਸ ਪਰਮਾਤਮਾ ਦਾ ਆਸਰਾ ਲਵੋ!

ਪਉ ਸਰਣਾਈ ਭਜਿ ਸੁਖੀ ਹੂੰ ਸੁਖ ਲਹੁ ॥

ਦੌੜ ਕੇ ਉਸ ਪ੍ਰਭੂ ਦੀ ਸਰਨ ਪਉ ਤੇ ਸਭ ਤੋਂ ਚੰਗਾ ਸੁਖ ਹਾਸਲ ਕਰੋ!

ਕਰਮ ਧਰਮ ਤਤੁ ਗਿਆਨੁ ਸੰਤਾ ਸੰਗੁ ਹੋਇ ॥

ਜੇ ਸੰਤਾਂ ਦੀ ਸੰਗਤ ਮਿਲੇ ਤਾਂ ਉਹ ਉੱਚੀ ਸਮਝ (ਪ੍ਰਾਪਤ) ਹੁੰਦੀ ਹੈ, ਜੋ (ਮਾਨੋ,) ਸਭ ਕਰਮਾਂ ਧਰਮਾਂ ਦਾ ਨਿਚੋੜ ਹੈ।

ਜਪੀਐ ਅੰਮ੍ਰਿਤ ਨਾਮੁ ਬਿਘਨੁ ਨ ਲਗੈ ਕੋਇ ॥

ਜੇ ਪ੍ਰਭੂ ਦਾ ਅੰਮ੍ਰਿਤ-ਨਾਮ ਸਿਮਰੀਏ ਤਾਂ (ਜੀਵਨ ਦੇ ਰਾਹ ਵਿਚ) ਕੋਈ ਰੁਕਾਵਟ ਨਹੀਂ ਪੈਂਦੀ।

ਜਿਸ ਨੋ ਆਪਿ ਦਇਆਲੁ ਤਿਸੁ ਮਨਿ ਵੁਠਿਆ ॥

ਜਿਸ ਮਨੁੱਖ ਤੇ ਪ੍ਰਭੂ ਆਪ ਮੇਹਰਬਾਨ ਹੋਵੇ ਉਸ ਦੇ ਮਨ ਵਿਚ ਆ ਵੱਸਦਾ ਹੈ।

ਪਾਈਅਨਿ੍ ਸਭਿ ਨਿਧਾਨ ਸਾਹਿਬਿ ਤੁਠਿਆ ॥੧੨॥

ਪ੍ਰਭੂ-ਮਾਲਕ ਦੇ ਪ੍ਰਸੰਨ ਹੋਇਆਂ (ਮਾਨੋ) ਸਾਰੇ ਖ਼ਜ਼ਾਨੇ ਪਾ ਲਈਦੇ ਹਨ ॥੧੨॥


ਸਲੋਕ ਮ : ੫ ॥
ਲਧਮੁ ਲਭਣਹਾਰੁ ਕਰਮੁ ਕਰੰਦੋ ਮਾ ਪਿਰੀ ॥

ਜਦੋਂ ਮੇਰੇ ਪਿਆਰੇ ਖਸਮ ਨੇ (ਮੇਰੇ ਉੱਤੇ) ਬਖ਼ਸ਼ਸ਼ ਕੀਤੀ ਤਾਂ ਮੈਂ ਲੱਭਣ-ਜੋਗ ਪ੍ਰਭੂ ਨੂੰ ਲੱਭ ਲਿਆ।

ਇਕੋ ਸਿਰਜਣਹਾਰੁ ਨਾਨਕ ਬਿਆ ਨ ਪਸੀਐ ॥੧॥

(ਹੁਣ) ਹੇ ਨਾਨਕ! ਇਕ ਕਰਤਾਰ ਹੀ (ਹਰ ਥਾਂ) ਦਿੱਸ ਰਿਹਾ ਹੈ, ਕੋਈ ਹੋਰ ਨਹੀਂ ਦਿੱਸਦਾ ॥੧॥


ਮ : ੫ ॥
ਪਾਪੜਿਆ ਪਛਾੜਿ ਬਾਣੁ ਸਚਾਵਾ ਸੰਨਿ੍ ਕੈ ॥

ਸੱਚ (ਭਾਵ, ਸਿਮਰਨ) ਦਾ ਤੀਰ ਤਾਣ ਕੇ ਚੰਦਰੇ ਪਾਪਾਂ ਨੂੰ ਨਸਾ ਦੇ,

ਗੁਰ ਮੰਤ੍ਰੜਾ ਚਿਤਾਰਿ ਨਾਨਕ ਦੁਖੁ ਨ ਥੀਵਈ ॥੨॥

ਹੇ ਨਾਨਕ! ਸਤਿਗੁਰੂ ਦਾ ਸੋਹਣਾ ਮੰਤ੍ਰ ਚੇਤੇ ਕਰ, (ਇਸ ਤਰ੍ਹਾਂ) ਦੁੱਖ ਨਹੀਂ ਵਿਆਪਦਾ ॥੨॥


ਪਉੜੀ ॥
ਵਾਹੁ ਵਾਹੁ ਸਿਰਜਣਹਾਰ ਪਾਈਅਨੁ ਠਾਢਿ ਆਪਿ ॥

ਉਸ ਕਰਤਾਰ ਨੂੰ ‘ਧੰਨ ਧੰਨ’ ਆਖ ਜਿਸ ਨੇ (ਤੇਰੇ ਅੰਦਰ) ਆਪ ਠੰਢ ਪਾਈ ਹੈ।

ਜੀਅ ਜੰਤ ਮਿਹਰਵਾਨੁ ਤਿਸ ਨੋ ਸਦਾ ਜਾਪਿ ॥

ਉਸ ਪ੍ਰਭੂ ਨੂੰ ਯਾਦ ਕਰ ਜੋ ਸਭ ਜੀਵਾਂ ਉੱਤੇ ਮਿਹਰਬਾਨ ਹੈ।

ਦਇਆ ਧਾਰੀ ਸਮਰਥਿ ਚੁਕੇ ਬਿਲ ਬਿਲਾਪ ॥

ਸਮਰੱਥ ਪ੍ਰਭੂ ਨੇ (ਜਿਸ ਮਨੁੱਖ ਉੱਤੇ) ਮੇਹਰ ਕੀਤੀ ਹੈ ਉਸ ਦੇ ਸਾਰੇ ਰੋਣੇ ਮੁੱਕ ਗਏ।

ਨਠੇ ਤਾਪ ਦੁਖ ਰੋਗ ਪੂਰੇ ਗੁਰ ਪ੍ਰਤਾਪਿ ॥

ਪੂਰੇ ਗੁਰੂ ਦੇ ਪ੍ਰਤਾਪ ਨਾਲ ਉਸ ਦੇ (ਸਾਰੇ) ਕਲੇਸ਼, ਦੁੱਖ ਤੇ ਰੋਗ ਦੂਰ ਹੋ ਗਏ।

ਕੀਤੀਅਨੁ ਆਪਣੀ ਰਖ ਗਰੀਬ ਨਿਵਾਜਿ ਥਾਪਿ ॥

(ਜਿਨ੍ਹਾਂ) ਗ਼ਰੀਬਾਂ (ਭਾਵ, ਦਰ-ਢੱਠਿਆਂ) ਨੂੰ ਨਿਵਾਜ ਕੇ ਥਾਪਣਾ ਦੇ ਕੇ (ਉਹਨਾਂ ਦੀ) ਰੱਖਿਆ ਉਸ (ਪ੍ਰਭੂ) ਨੇ ਆਪ ਕੀਤੀ ਹੈ,

ਆਪੇ ਲਇਅਨੁ ਛਡਾਇ ਬੰਧਨ ਸਗਲ ਕਾਪਿ ॥

ਉਹਨਾਂ ਦੇ ਸਾਰੇ ਬੰਧਨ ਕੱਟ ਕੇ ਉਹਨਾਂ ਨੂੰ (ਵਿਕਾਰਾਂ ਤੋਂ) ਉਸ ਨੇ ਆਪ ਛੁਡਾ ਲਿਆ ਹੈ,

ਤਿਸਨ ਬੁਝੀ ਆਸ ਪੁੰਨੀ ਮਨ ਸੰਤੋਖਿ ਧ੍ਰਾਪਿ ॥

ਤੇ ਸੰਤੋਖ ਨਾਲ ਰੱਜ ਜਾਣ ਕਰ ਕੇ ਉਹਨਾਂ ਦੇ ਮਨ ਦੀ ਆਸ ਪੂਰੀ ਹੋ ਗਈ ਹੈ ਉਹਨਾਂ ਦੀ ਤ੍ਰਿਸ਼ਨਾ ਮਿਟ ਗਈ ਹੈ।

ਵਡੀ ਹੂੰ ਵਡਾ ਅਪਾਰ ਖਸਮੁ ਜਿਸੁ ਲੇਪੁ ਨ ਪੁੰਨਿ ਪਾਪਿ ॥੧੩॥

(ਪਰ) ਬੇਅੰਤ (ਪ੍ਰਭੂ) ਖਸਮ ਸਭ ਤੋਂ ਵੱਡਾ ਹੈ ਉਸ ਨੂੰ (ਜੀਵਾਂ ਦੇ ਕੀਤੇ) ਪੁੰਨ ਜਾਂ ਪਾਪ ਨਾਲ (ਜ਼ਾਤੀ ਤੌਰ ਤੇ) ਕੋਈ-ਲੱਗ-ਲਬੇੜ ਨਹੀਂ ਹੁੰਦਾ ॥੧੩॥


ਸਲੋਕ ਮ : ੫ ॥
ਜਾ ਕਉ ਭਏ ਕ੍ਰਿਪਾਲ ਪ੍ਰਭ ਹਰਿ ਹਰਿ ਸੇਈ ਜਪਾਤ ॥

ਜਿਨ੍ਹਾਂ ਮਨੁੱਖਾਂ ਤੇ ਪ੍ਰਭੂ ਜੀ ਕਿਰਪਾ ਕਰਦੇ ਹਨ ਉਹੀ ਹਰਿ-ਨਾਮ ਜਪਦੇ ਹਨ,

ਨਾਨਕ ਪ੍ਰੀਤਿ ਲਗੀ ਤਿਨ ਰਾਮ ਸਿਉ ਭੇਟਤ ਸਾਧ ਸੰਗਾਤ ॥੧॥

ਤੇ, ਹੇ ਨਾਨਕ! ਸਾਧ ਸੰਗਤ ਵਿਚ ਮਿਲਣ ਕਰ ਕੇ ਪਰਮਾਤਮਾ ਨਾਲ ਉਹਨਾਂ ਦੀ ਪ੍ਰੀਤ ਬਣ ਜਾਂਦੀ ਹੈ ॥੧॥


ਮ : ੫ ॥
ਰਾਮੁ ਰਮਹੁ ਬਡਭਾਗੀਹੋ ਜਲਿ ਥਲਿ ਮਹੀਅਲਿ ਸੋਇ ॥

ਹੇ ਵੱਡੇ ਭਾਗਾਂ ਵਾਲਿਓ! ਉਸ ਪਰਮਾਤਮਾ ਨੂੰ ਸਿਮਰੋ ਜੋ ਪਾਣੀ ਵਿਚ ਧਰਤੀ ਦੇ ਅੰਦਰ ਧਰਤੀ ਦੇ ਉਪਰ (ਹਰ ਥਾਂ) ਮੌਜੂਦ ਹੈ।

ਨਾਨਕ ਨਾਮਿ ਅਰਾਧਿਐ ਬਿਘਨੁ ਨ ਲਾਗੈ ਕੋਇ ॥੨॥

ਹੇ ਨਾਨਕ! ਜੇ ਪ੍ਰਭੂ ਦਾ ਨਾਮ ਸਿਮਰੀਏ ਤਾਂ (ਜੀਵਨ-ਰਾਹ ਵਿਚ) ਕੋਈ ਰੁਕਾਵਟ ਨਹੀਂ ਪੈਂਦੀ ॥੨॥


ਪਉੜੀ ॥
ਭਗਤਾ ਕਾ ਬੋਲਿਆ ਪਰਵਾਣੁ ਹੈ ਦਰਗਹ ਪਵੈ ਥਾਇ ॥

ਬੰਦਗੀ ਕਰਨ ਵਾਲੇ ਮਨੁੱਖਾਂ ਦਾ ਬੋਲਿਆ ਬਚਨ ਮੰਨਣ-ਯੋਗ ਹੁੰਦਾ ਹੈ, ਪ੍ਰਭੂ ਦੀ ਦਰਗਾਹ ਵਿਚ (ਭੀ) ਕਬੂਲ ਹੁੰਦਾ ਹੈ।

ਭਗਤਾ ਤੇਰੀ ਟੇਕ ਰਤੇ ਸਚਿ ਨਾਇ ॥

ਹੇ ਪ੍ਰਭੂ! ਭਗਤਾਂ ਨੂੰ ਤੇਰਾ ਆਸਰਾ ਹੁੰਦਾ ਹੈ, ਉਹ ਸੱਚੇ ਨਾਮ ਵਿਚ ਰੰਗੇ ਰਹਿੰਦੇ ਹਨ।

ਜਿਸ ਨੋ ਹੋਇ ਕ੍ਰਿਪਾਲੁ ਤਿਸ ਕਾ ਦੂਖੁ ਜਾਇ ॥

ਪ੍ਰਭੂ ਜਿਸ ਮਨੁੱਖ ਉਤੇ ਮਿਹਰਬਾਨ ਹੁੰਦਾ ਹੈ ਉਸ ਦਾ ਦੁੱਖ ਦੂਰ ਹੋ ਜਾਂਦਾ ਹੈ।

ਭਗਤ ਤੇਰੇ ਦਇਆਲ ਓਨ੍ਰਾ ਮਿਹਰ ਪਾਇ ॥

ਹੇ ਦਇਆਲ ਪ੍ਰਭੂ! ਬੰਦਗੀ ਕਰਨ ਵਾਲੇ ਬੰਦੇ ਤੇਰੇ ਹੋ ਕੇ ਰਹਿੰਦੇ ਹਨ, ਤੂੰ ਉਹਨਾਂ ਤੇ ਕਿਰਪਾ ਕਰਦਾ ਹੈਂ;

ਦੂਖੁ ਦਰਦੁ ਵਡ ਰੋਗੁ ਨ ਪੋਹੇ ਤਿਸੁ ਮਾਇ ॥

(ਜਿਸ ਮਨੁੱਖ ਤੇ ਤੂੰ ਮਿਹਰ ਕਰਦਾ ਹੈਂ) ਉਸ ਨੂੰ ਮਾਇਆ ਪੋਹ ਨਹੀਂ ਸਕਦੀ, ਕੋਈ ਦੁਖ ਦਰਦ ਕੋਈ ਵੱਡੇ ਤੋਂ ਵੱਡਾ ਰੋਗ ਉਸ ਨੂੰ ਪੋਹ ਨਹੀਂ ਸਕਦਾ।

ਭਗਤਾ ਏਹੁ ਅਧਾਰੁ ਗੁਣ ਗੋਵਿੰਦ ਗਾਇ ॥

ਗੋਵਿੰਦ ਦੇ ਗੁਣ ਗਾ ਗਾ ਕੇ ਇਹ (ਸਿਫ਼ਤ-ਸਾਲਾਹ) ਭਗਤਾਂ (ਦੀ ਜ਼ਿੰਦਗੀ) ਦਾ ਆਸਰਾ ਬਣ ਜਾਂਦੀ ਹੈ;

ਸਦਾ ਸਦਾ ਦਿਨੁ ਰੈਣਿ ਇਕੋ ਇਕੁ ਧਿਆਇ ॥

ਤੇ ਦਿਨ ਰਾਤ ਸਦਾ ਹੀ ਇਕ ਪ੍ਰਭੂ ਨੂੰ ਸਿਮਰ ਸਿਮਰ ਕੇ,

ਪੀਵਤਿ ਅੰਮ੍ਰਿਤ ਨਾਮੁ ਜਨ ਨਾਮੇ ਰਹੇ ਅਘਾਇ ॥੧੪॥

ਨਾਮ-ਰੂਪ ਅੰਮ੍ਰਿਤ ਪੀ ਪੀ ਕੇ ਸੇਵਕ ਨਾਮ ਵਿਚ ਹੀ ਰੱਜੇ ਰਹਿੰਦੇ ਹਨ ॥੧੪॥


ਸਲੋਕ ਮ : ੫ ॥
ਕੋਟਿ ਬਿਘਨ ਤਿਸੁ ਲਾਗਤੇ ਜਿਸ ਨੋ ਵਿਸਰੈ ਨਾਉ ॥

ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਵਿਸਰ ਜਾਂਦਾ ਹੈ ਉਸ ਨੂੰ ਕ੍ਰੋੜਾਂ ਵਿਘਨ ਆ ਘੇਰਦੇ ਹਨ।

ਨਾਨਕ ਅਨਦਿਨੁ ਬਿਲਪਤੇ ਜਿਉ ਸੁੰਞੈ ਘਰਿ ਕਾਉ ॥੧॥

ਹੇ ਨਾਨਕ! (ਅਜੇਹੇ ਬੰਦੇ) ਹਰ ਰੋਜ਼ ਇਉਂ ਵਿਲਕਦੇ ਹਨ ਜਿਵੇਂ ਸੁੰਞੇ ਘਰਾਂ ਵਿਚ ਕਾਂ ਲੌਂਦਾ ਹੈ (ਪਰ ਓਥੋਂ ਉਸ ਨੂੰ ਮਿਲਦਾ ਕੁਝ ਨਹੀਂ) ॥੧॥


ਮ : ੫ ॥
ਪਿਰੀ ਮਿਲਾਵਾ ਜਾ ਥੀਐ ਸਾਈ ਸੁਹਾਵੀ ਰੁਤਿ ॥

ਉਹੀ ਰੁੱਤ ਸੋਹਣੀ ਹੈ ਜਦੋਂ ਪਿਆਰੇ ਪ੍ਰਭੂ-ਪਤੀ ਦਾ ਮੇਲ ਹੁੰਦਾ ਹੈ,

ਘੜੀ ਮੁਹਤੁ ਨਹ ਵੀਸਰੈ ਨਾਨਕ ਰਵੀਐ ਨਿਤ ॥੨॥

ਸੋ, ਹੇ ਨਾਨਕ! ਉਸ ਨੂੰ ਹਰ ਵੇਲੇ ਯਾਦ ਕਰੀਏ, ਕਦੇ ਘੜੀ ਦੋ ਘੜੀਆਂ ਭੀ ਉਹ ਪ੍ਰਭੂ ਨਾਹ ਭੁੱਲੇ ॥੨॥


ਪਉੜੀ ॥
ਸੂਰਬੀਰ ਵਰੀਆਮ ਕਿਨੈ ਨ ਹੋੜੀਐ ॥

(ਕਾਮਾਦਿਕ ਵਿਕਾਰ) ਬੜੇ ਸੂਰਮੇ ਤੇ ਬਹਾਦਰ (ਸਿਪਾਹੀ) ਹਨ, ਕਿਸੇ ਨੇ ਇਹਨਾਂ ਨੂੰ ਠੱਲ੍ਹਿਆ ਨਹੀਂ।

ਫਉਜ ਸਤਾਣੀ ਹਾਠ ਪੰਚਾ ਜੋੜੀਐ ॥

ਇਹਨਾਂ ਪੰਜਾਂ ਨੇ ਬੜੀ ਬਲ ਵਾਲੀ ਤੇ ਹਠੀਲੀ ਫ਼ੌਜ ਇਕੱਠੀ ਕੀਤੀ ਹੋਈ ਹੈ,

ਦਸ ਨਾਰੀ ਅਉਧੂਤ ਦੇਨਿ ਚਮੋੜੀਐ ॥

(ਦੁਨੀਆਦਾਰ ਤਾਂ ਕਿਤੇ ਰਹੇ) ਤਿਆਗੀਆਂ ਨੂੰ (ਭੀ) ਇਹ ਦਸ ਇੰਦ੍ਰੇ ਚਮੋੜ ਦੇਂਦੇ ਹਨ।

ਜਿਣਿ ਜਿਣਿ ਲੈਨਿ੍  ਰਲਾਇ ਏਹੋ ਏਨਾ ਲੋੜੀਐ ॥

ਇਹ (ਕਾਮਾਦਿਕ ਵਿਕਾਰ) ਸਭ ਨੂੰ ਜਿੱਤ ਜਿੱਤ ਕੇ ਆਪਣੇ ਅਨੁਸਾਰੀ ਕਰੀ ਜਾਂਦੇ ਹਨ, ਬੱਸ! ਇਹੀ ਗੱਲ ਇਹ ਲੋੜਦੇ ਹਨ।

ਤ੍ਰੈ ਗੁਣ ਇਨ ਕੈ ਵਸਿ ਕਿਨੈ ਨ ਮੋੜੀਐ ॥

ਸਾਰੇ ਹੀ ਤ੍ਰੈਗੁਣੀ ਜੀਵ ਇਹਨਾਂ ਦੇ ਦਬਾਉ ਹੇਠ ਹਨ, ਕਿਸੇ ਨੇ ਇਹਨਾਂ ਨੂੰ ਮੋੜਾ ਨਹੀਂ ਪਾਇਆ।

ਭਰਮੁ ਕੋਟੁ ਮਾਇਆ ਖਾਈ ਕਹੁ ਕਿਤੁ ਬਿਧਿ ਤੋੜੀਐ ॥

(ਕਾਮਾਦਿਕ) ਭਟਕਣਾ (ਮਾਨੋ) ਕਿਲ੍ਹਾ ਹੈ ਤੇ ਮਾਇਆ (ਦੁਆਲੇ ਦੀ ਡੂੰਘੀ) ਖਾਈ। (ਇਹ ਕਿਲ੍ਹਾ) ਕਿਵੇਂ ਤੋੜਿਆ ਜਾਏ?

ਗੁਰੁ ਪੂਰਾ ਆਰਾਧਿ ਬਿਖਮ ਦਲੁ ਫੋੜੀਐ ॥

ਪੂਰੇ ਸਤਿਗੁਰੂ ਨੂੰ ਯਾਦ ਕੀਤਿਆਂ ਇਹ ਕਰੜੀ ਫ਼ੌਜ ਸਰ ਕੀਤੀ ਜਾ ਸਕਦੀ ਹੈ।

ਹਉ ਤਿਸੁ ਅਗੈ ਦਿਨੁ ਰਾਤਿ ਰਹਾ ਕਰ ਜੋੜੀਐ ॥੧੫॥

(ਜੇ ਪ੍ਰਭੂ ਦੀ ਮਿਹਰ ਹੋਵੇ ਤਾਂ) ਮੈਂ ਦਿਨ ਰਾਤ ਹੱਥ ਜੋੜ ਕੇ ਉਸ ਗੁਰੂ ਦੇ ਸਾਹਮਣੇ ਖਲੋਤਾ ਰਹਾਂ ॥੧੫॥


ਸਲੋਕ ਮ : ੫ ॥
ਕਿਲਵਿਖ ਸਭੇ ਉਤਰਨਿ ਨੀਤ ਨੀਤ ਗੁਣ ਗਾਉ ॥
ਰੋਜ਼ ਦਿਨ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਨਾਲ ਸਾਰੇ ਪਾਪ ਉਤਰ ਜਾਂਦੇ ਹਨ।

ਕੋਟਿ ਕਲੇਸਾ ਊਪਜਹਿ ਨਾਨਕ ਬਿਸਰੈ ਨਾਉ ॥੧॥

ਹੇ ਨਾਨਕ! ਜੇ ਪ੍ਰਭੂ ਦਾ ਨਾਮ ਭੁੱਲ ਜਾਏ ਤਾਂ ਕ੍ਰੋੜਾਂ ਦੁੱਖ ਲੱਗ ਜਾਂਦੇ ਹਨ ॥੧॥


ਮ : ੫ ॥
ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ॥

ਹੇ ਨਾਨਕ! ਜੇ ਸਤਿਗੁਰੂ ਮਿਲ ਪਏ ਤਾਂ ਜੀਊਣ ਦੀ ਠੀਕ ਜਾਚ ਆ ਜਾਂਦੀ ਹੈ।

ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥੨॥

ਇਸ ਤਰ੍ਹਾਂ ਹੱਸਦਿਆਂ ਖੇਡਦਿਆਂ ਖਾਂਦਿਆਂ ਪਹਿਨਦਿਆਂ (ਭਾਵ, ਦੁਨੀਆ ਦੇ ਸਾਰੇ ਕੰਮ ਕਾਰ ਕਰਦਿਆਂ) ਕਾਮਾਦਿਕ ਵਿਕਾਰਾਂ ਤੋਂ ਬਚੇ ਰਹੀਦਾ ਹੈ ॥੨॥


ਪਉੜੀ ॥
ਸੋ ਸਤਿਗੁਰੁ ਧਨੁ ਧੰਨੁ ਜਿਨਿ ਭਰਮ ਗੜੁ ਤੋੜਿਆ ॥

ਧੰਨ ਹੈ ਉਹ ਸਤਿਗੁਰੂ ਜਿਸ ਨੇ (ਅਸਾਡਾ) ਭਰਮ ਦਾ ਕਿਲ੍ਹਾ ਤੋੜ ਦਿੱਤਾ ਹੈ।

ਸੋ ਸਤਿਗੁਰੁ ਵਾਹੁ ਵਾਹੁ ਜਿਨਿ ਹਰਿ ਸਿਉ ਜੋੜਿਆ ॥

ਅਚਰਜ ਵਡਿਆਈ ਵਾਲਾ ਹੈ ਉਹ ਗੁਰੂ ਜਿਸ ਨੇ (ਅਸਾਨੂੰ) ਰੱਬ ਨਾਲ ਜੋੜ ਦਿੱਤਾ ਹੈ।

ਨਾਮੁ ਨਿਧਾਨੁ ਅਖੁਟੁ ਗੁਰੁ ਦੇਇ ਦਾਰੂਓ ॥

ਗੁਰੂ ਅਮੁਕ ਨਾਮ-ਖ਼ਜ਼ਾਨਾ-ਰੂਪ ਦਵਾਈ ਦੇਂਦਾ ਹੈ,

ਮਹਾ ਰੋਗੁ ਬਿਕਰਾਲ ਤਿਨੈ ਬਿਦਾਰੂਓ ॥

ਤੇ ਇੰਜ ਅਸਾਡਾ ਵੱਡਾ ਭਿਆਨਕ ਰੋਗ ਨਾਸ ਕਰ ਦਿੱਤਾ ਹੈ।

ਪਾਇਆ ਨਾਮੁ ਨਿਧਾਨੁ ਬਹੁਤੁ ਖਜਾਨਿਆ ॥

(ਜਿਸ ਮਨੁੱਖ ਨੇ ਗੁਰੂ ਪਾਸੋਂ) ਪ੍ਰਭੂ-ਨਾਮ ਰੂਪ ਵੱਡਾ ਖ਼ਜ਼ਾਨਾ ਹਾਸਲ ਕੀਤਾ ਹੈ,

ਜਿਤਾ ਜਨਮੁ ਅਪਾਰੁ ਆਪੁ ਪਛਾਨਿਆ ॥

ਉਸ ਨੇ ਆਪਣੇ ਆਪ ਨੂੰ ਪਛਾਣ ਲਿਆ ਹੈ ਤੇ ਮਨੁੱਖਾ-ਜਨਮ (ਦੀ) ਅਪਾਰ (ਬਾਜ਼ੀ) ਜਿੱਤ ਲਈ ਹੈ।

ਮਹਿਮਾ ਕਹੀ ਨ ਜਾਇ ਗੁਰ ਸਮਰਥ ਦੇਵ ॥

ਸੱਤਿਆ ਵਾਲੇ ਗੁਰਦੇਵ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ,

ਗੁਰ ਪਾਰਬ੍ਰਹਮ ਪਰਮੇਸੁਰ ਅਪਰੰਪਰ ਅਲਖ ਅਭੇਵ ॥੧੬॥

ਸਤਿਗੁਰੂ ਉਸ ਪਰਮੇਸਰ ਪਾਰਬ੍ਰਹਮ ਦਾ ਰੂਪ ਹੈ ਜੋ ਬੇਅੰਤ ਹੈ ਅਲੱਖ ਹੈ ਤੇ ਅਭੇਵ ਹੈ ॥੧੬॥


ਸਲੋਕੁ ਮ : ੫ ॥
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥

(ਪ੍ਰਭੂ ਦੀ ਭਗਤੀ ਦਾ) ਉੱਦਮ ਕਰਦਿਆਂ ਆਤਮਕ ਜੀਵਨ ਮਿਲਦਾ ਹੈ, (ਇਹ ਨਾਮ ਦੀ) ਕਮਾਈ ਕੀਤਿਆਂ ਸੁਖ ਮਾਣੀਦਾ ਹੈ।

ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ ॥੧॥

ਹੇ ਨਾਨਕ! ਨਾਮ ਸਿਮਰਿਆਂ ਪਰਮਾਤਮਾ ਨੂੰ ਮਿਲ ਪਈਦਾ ਹੈ ਤੇ ਚਿੰਤਾ ਮਿਟ ਜਾਂਦੀ ਹੈ ॥੧॥


ਮ : ੫ ॥
ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ॥

ਪਵਿਤ੍ਰ ਸਤ-ਸੰਗ ਕਰਾਂ, ਗੋਬਿੰਦ ਦਾ ਸਿਮਰਨ ਕਰਾਂ ਤੇ ਭਲੀਆਂ ਸੋਚਾਂ ਸੋਚਾਂ,

ਨਾਨਕ ਨਾਮੁ ਨ ਵਿਸਰਉ ਇਕ ਘੜੀ ਕਰਿ ਕਿਰਪਾ ਭਗਵੰਤ ॥੨॥

ਹੇ ਭਗਵਾਨ! ਮੈਂ ਨਾਨਕ ਉਤੇ ਕਿਰਪਾ ਕਰ ਕਿ ਮੈਂ ਇਕ ਘੜੀ ਭਰ ਭੀ ਤੇਰਾ ਨਾਮ ਨਾਹ ਭੁਲਾਵਾਂ ॥੨॥


ਪਉੜੀ ॥
ਤੇਰਾ ਕੀਤਾ ਹੋਇ ਤ ਕਾਹੇ ਡਰਪੀਐ ॥

(ਹੇ ਪ੍ਰਭੂ!) ਜੋ ਕੁਝ ਵਾਪਰਦਾ ਹੈ ਤੇਰਾ ਹੀ ਕੀਤਾ ਹੁੰਦਾ ਹੈ ਤਾਂ (ਅਸੀਂ) ਕਿਉਂ (ਕਿਸੇ ਤੋਂ) ਡਰੀਏ?

ਜਿਸੁ ਮਿਲਿ ਜਪੀਐ ਨਾਉ ਤਿਸੁ ਜੀਉ ਅਰਪੀਐ ॥

ਜਿਸ ਨੂੰ ਮਿਲ ਕੇ ਪ੍ਰਭੂ ਦਾ ਨਾਮ ਜਪਿਆ ਜਾਏ, ਉਸ ਅਗੇ ਆਪਣਾ ਆਪ ਭੇਟਾ ਕਰ ਦੇਣਾ ਚਾਹੀਦਾ ਹੈ।

ਆਇਐ ਚਿਤਿ ਨਿਹਾਲੁ ਸਾਹਿਬ ਬੇਸੁਮਾਰ ॥

ਜੇ ਬੇਅੰਤ ਸਾਹਿਬ ਚਿੱਤ ਵਿਚ ਆ ਵੱਸੇ ਤਾਂ ਨਿਹਾਲ ਹੋ ਜਾਈਦਾ ਹੈ।

ਤਿਸ ਨੋ ਪੋਹੇ ਕਵਣੁ ਜਿਸੁ ਵਲਿ ਨਿਰੰਕਾਰ ॥

ਜਿਸ ਦੇ ਪੱਖ ਤੇ ਨਿਰੰਕਾਰ ਹੋ ਜਾਏ, ਉਸ ਤੇ ਕੋਈ ਦਬਾ ਨਹੀਂ ਪਾ ਸਕਦਾ।

ਸਭੁ ਕਿਛੁ ਤਿਸ ਕੈ ਵਸਿ ਨ ਕੋਈ ਬਾਹਰਾ ॥

ਹਰੇਕ ਚੀਜ਼ ਉਸ ਪਰਮਾਤਮਾ ਦੇ ਵੱਸ ਵਿਚ ਹੈ, ਉਸ ਦੇ ਹੁਕਮ ਤੋਂ ਪਰੇ ਕੋਈ ਨਹੀਂ।

ਸੋ ਭਗਤਾ ਮਨਿ ਵੁਠਾ ਸਚਿ ਸਮਾਹਰਾ ॥

ਉਹ ਪ੍ਰਭੂ ਭਗਤਾਂ ਦੇ ਮਨ ਵਿਚ ਆ ਵੱਸਦਾ ਹੈ (ਉਹਨਾਂ ਦੇ ਅੰਦਰ) ਸਮਾ ਜਾਂਦਾ ਹੈ।

ਤੇਰੇ ਦਾਸ ਧਿਆਇਨਿ ਤੁਧੁ ਤੂੰ ਰਖਣ ਵਾਲਿਆ ॥

(ਹੇ ਪ੍ਰਭੂ!) ਤੇਰੇ ਦਾਸ ਤੈਨੂੰ ਯਾਦ ਕਰਦੇ ਹਨ ਤੇ ਤੂੰ ਉਹਨਾਂ ਦੀ ਰੱਖਿਆ ਕਰਦਾ ਹੈਂ।

ਸਿਰਿ ਸਭਨਾ ਸਮਰਥੁ ਨਦਰਿ ਨਿਹਾਲਿਆ ॥੧੭॥

ਤੂੰ ਸਭ ਜੀਵਾਂ ਦੇ ਸਿਰ ਤੇ ਹਾਕਮ ਹੈਂ, ਮੇਹਰ ਦੀ ਨਜ਼ਰ ਕਰ ਕੇ (ਜੀਵਾਂ ਨੂੰ) ਸੁਖ ਦੇਣ ਵਾਲਾ ਹੈਂ ॥੧੭॥


ਸਲੋਕ ਮ : ੫ ॥
ਕਾਮ ਕ੍ਰੋਧ ਮਦ ਲੋਭ ਮੋਹ ਦੁਸਟ ਬਾਸਨਾ ਨਿਵਾਰਿ ॥

(ਹੇ ਪ੍ਰਭੂ! ਮੇਰੇ ਅੰਦਰੋਂ) ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੀ ਮਸਤੀ ਤੇ ਭੈੜੀਆਂ ਵਾਸ਼ਨਾ ਦੂਰ ਕਰ!

ਰਾਖਿ ਲੇਹੁ ਪ੍ਰਭ ਆਪਣੇ ਨਾਨਕ ਸਦ ਬਲਿਹਾਰਿ ॥੧॥

ਹੇ ਮੇਰੇ ਪ੍ਰਭੂ! ਰੱਖਿਆ ਕਰ! ਨਾਨਕ ਤੇਰੇ ਤੋਂ ਸਦਾ ਬਲਹਾਰੀ ਹੈ ॥੧॥


ਮ : ੫ ॥
ਖਾਂਦਿਆ ਖਾਂਦਿਆ ਮੁਹੁ ਘਠਾ ਪੈਨੰਦਿਆ ਸਭੁ ਅੰਗੁ ॥

ਖਾਂਦਿਆਂ ਖਾਂਦਿਆਂ ਮੂੰਹ (ਭੀ) ਘਸ ਗਿਆ ਤੇ ਪਹਿਨਦਿਆਂ ਸਾਰਾ ਸਰੀਰ ਹੀ ਲਿੱਸਾ ਹੋ ਗਿਆ (ਭਾਵ, ਇਹਨ੍ਹਾਂ ਆਹਰਾਂ ਵਿੱਚ ਜੀਵਨ ਲੰਘ ਗਿਆ),

ਨਾਨਕ ਧ੍ਰਿਗੁ ਤਿਨਾ ਦਾ ਜੀਵਿਆ ਜਿਨ ਸਚਿ ਨ ਲਗੋ ਰੰਗੁ ॥੨॥

ਹੇ ਨਾਨਕ! ਜਿਨ੍ਹਾਂ ਮਨੁੱਖਾਂ ਦਾ ਪਿਆਰ ਪਰਮਾਤਮਾ ਵਿਚ ਨਾਹ ਬਣਿਆ, ਉਹਨਾਂ ਦਾ ਜੀਊਣਾ ਫਿਟਕਾਰ-ਜੋਗ ਹੈ ॥੨॥


ਪਉੜੀ ॥
ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ ॥

(ਹੇ ਪ੍ਰਭੂ! ਜਗਤ ਵਿਚ) ਉਸੇ ਤਰ੍ਹਾਂ ਵਰਤਾਰਾ ਵਰਤਦਾ ਹੈ ਜਿਵੇਂ ਤੇਰਾ ਹੁਕਮ ਹੁੰਦਾ ਹੈ।

ਜਹ ਜਹ ਰਖਹਿ ਆਪਿ ਤਹ ਜਾਇ ਖੜੋਵਣਾ ॥

ਜਿਥੇ ਜਿਥੇ ਤੂੰ ਆਪ (ਜੀਵਾਂ ਨੂੰ) ਰੱਖਦਾ ਹੈਂ, ਓਥੇ ਹੀ (ਜੀਵ) ਜਾ ਖਲੋਂਦੇ ਹਨ।

ਨਾਮ ਤੇਰੈ ਕੈ ਰੰਗਿ ਦੁਰਮਤਿ ਧੋਵਣਾ ॥

ਜੋ ਜੀਵ ਤੇਰੇ ਨਾਮ ਦੇ ਪਿਆਰ ਵਿਚ (ਰਹਿੰਦੇ) ਹਨ ਉਹ ਭੈੜੀ ਮੱਤ ਧੋ ਲੈਂਦੇ ਹਨ,

ਜਪਿ ਜਪਿ ਤੁਧੁ ਨਿਰੰਕਾਰ ਭਰਮੁ ਭਉ ਖੋਵਣਾ ॥

ਤੇ, ਹੇ ਨਿਰੰਕਾਰ! ਤੈਨੂੰ ਸਿਮਰ ਸਿਮਰ ਕੇ ਭਟਕਣਾ ਤੇ ਡਰ ਦੂਰ ਕਰ ਲੈਂਦੇ ਹਨ।

ਜੋ ਤੇਰੈ ਰੰਗਿ ਰਤੇ ਸੇ ਜੋਨਿ ਨ ਜੋਵਣਾ ॥

ਜੋ ਮਨੁੱਖ ਤੇਰੇ ਪਿਆਰ ਵਿਚ ਰੰਗੇ ਜਾਂਦੇ ਹਨ ਉਹ ਜੂਨਾਂ ਵਿਚ ਨਹੀਂ ਪਾਏ ਜਾਂਦੇ,

ਅੰਤਰਿ ਬਾਹਰਿ ਇਕੁ ਨੈਣ ਅਲੋਵਣਾ ॥

ਅੰਦਰ ਬਾਹਰ (ਹਰ ਥਾਂ) ਉਹ ਇਕ (ਤੈਨੂੰ ਹੀ) ਅੱਖਾਂ ਨਾਲ ਵੇਖਦੇ ਹਨ।

ਜਿਨ੍ਰੀ ਪਛਾਤਾ ਹੁਕਮੁ ਤਿਨ੍ਰ ਕਦੇ ਨ ਰੋਵਣਾ ॥

ਜਿਨ੍ਹਾਂ ਨੇ ਪ੍ਰਭੂ ਦਾ ਹੁਕਮ ਪਛਾਣਿਆ ਹੈ ਉਹ ਕਦੇ ਪਛੁਤਾਂਦੇ ਨਹੀਂ,

ਨਾਉ ਨਾਨਕ ਬਖਸੀਸ ਮਨ ਮਾਹਿ ਪਰੋਵਣਾ ॥੧੮॥

ਤੇ, ਹੇ ਨਾਨਕ! ਪ੍ਰਭੂ ਦਾ ਨਾਮ-ਰੂਪ ਬਖ਼ਸ਼ੀਸ਼ (ਸਦਾ ਆਪਣੇ) ਮਨ ਵਿਚ ਪਰੋਈ ਰੱਖਦੇ ਹਨ ॥੧੮॥


ਸਲੋਕ ਮ : ੫ ॥
ਜੀਵਦਿਆ ਨ ਚੇਤਿਓ ਮੁਆ ਰਲੰਦੜੋ ਖਾਕ ॥

ਜਿਤਨਾ ਚਿਰ ਜੀਊਂਦਾ ਰਿਹਾ ਰੱਬ ਨੂੰ ਯਾਦ ਨਾਹ ਕੀਤਾ, ਮਰ ਗਿਆ ਤਾਂ ਮਿੱਟੀ ਵਿਚ ਰਲ ਗਿਆ;

ਨਾਨਕ ਦੁਨੀਆ ਸੰਗਿ ਗੁਦਾਰਿਆ ਸਾਕਤ ਮੂੜ ਨਪਾਕ ॥੧॥

ਤੇ, ਹੇ ਨਾਨਕ! ਰੱਬ ਨਾਲੋਂ ਟੁੱਟੇ ਹੋਏ ਐਸੇ ਮੂਰਖ ਗੰਦੇ ਮਨੁੱਖ ਨੇ ਦੁਨੀਆ ਨਾਲ ਹੀ (ਜੀਵਨ ਅਜਾਈਂ) ਗੁਜ਼ਾਰ ਦਿੱਤਾ ॥੧॥


ਮ : ੫ ॥
ਜੀਵੰਦਿਆ ਹਰਿ ਚੇਤਿਆ ਮਰੰਦਿਆ ਹਰਿ ਰੰਗਿ ॥

ਜਿਸ ਨੇ ਜੀਊਂਦਿਆਂ (ਸਾਰੀ ਉਮਰ) ਪਰਮਾਤਮਾ ਨੂੰ ਯਾਦ ਰੱਖਿਆ, ਤੇ ਮਰਨ ਵੇਲੇ ਭੀ ਪ੍ਰਭੂ ਦੇ ਪਿਆਰ ਵਿਚ ਰਿਹਾ,

ਜਨਮੁ ਪਦਾਰਥੁ ਤਾਰਿਆ ਨਾਨਕ ਸਾਧੂ ਸੰਗਿ ॥੨॥

ਹੇ ਨਾਨਕ! ਉਸ ਨੇ ਇਹ ਮਨੁੱਖਾ ਜੀਵਨ-ਰੂਪ ਅਮੋਲਕ ਚੀਜ਼ (ਸੰਸਾਰ-ਸਮੁੰਦਰ ਵਿਚ ਰੁੜ੍ਹਨੋਂ) ਬਚਾ ਲਈ ਹੈ ॥੨॥


ਪਉੜੀ ॥
ਆਦਿ ਜੁਗਾਦੀ ਆਪਿ ਰਖਣ ਵਾਲਿਆ ॥

ਪਰਮਾਤਮਾ ਸਦਾ ਤੋਂ ਹੀ ਆਪ (ਸਭ ਦੀ) ਰੱਖਿਆ ਕਰਦਾ ਆਇਆ ਹੈ।

ਸਚੁ ਨਾਮੁ ਕਰਤਾਰੁ ਸਚੁ ਪਸਾਰਿਆ ॥

ਉਸ ਕਰਤਾਰ ਦਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਉਹ ਹਰ ਥਾਂ ਮੌਜੂਦ ਹੈ।

ਊਣਾ ਕਹੀ ਨ ਹੋਇ ਘਟੇ ਘਟਿ ਸਾਰਿਆ ॥

ਕੋਈ ਥਾਂ ਉਸ ਤੋਂ ਖ਼ਾਲੀ ਨਹੀਂ; ਹਰੇਕ ਇਕ ਸਰੀਰ ਵਿਚ ਆਪੇ ਹੀ ਮੌਜੂਦ ਹੈ।

ਮਿਹਰਵਾਨ ਸਮਰਥ ਆਪੇ ਹੀ ਘਾਲਿਆ ॥

ਸਭ ਜੀਵਾਂ ਤੇ ਮੇਹਰ ਕਰਦਾ ਹੈ, ਸਭ ਕੁਝ ਕਰਨ-ਜੋਗਾ ਹੈ, ਉਹ ਆਪ ਹੀ (ਜੀਵਾਂ ਪਾਸੋਂ ਸਿਮਰਨ ਦੀ) ਕਮਾਈ ਕਰਾਂਦਾ ਹੈ।

ਜਿਨ੍ਰ ਮਨਿ ਵੁਠਾ ਆਪਿ ਸੇ ਸਦਾ ਸੁਖਾਲਿਆ ॥

ਜਿਨ੍ਹਾਂ ਬੰਦਿਆਂ ਦੇ ਮਨ ਵਿਚ (ਪ੍ਰਭੂ) ਆ ਵੱਸਦਾ ਹੈ ਉਹ ਸਦਾ ਸੁਖੀ ਰਹਿੰਦੇ ਹਨ।

ਆਪੇ ਰਚਨੁ ਰਚਾਇ ਆਪੇ ਹੀ ਪਾਲਿਆ ॥

(ਪ੍ਰਭੂ) ਆਪ ਹੀ ਜਗਤ ਪੈਦਾ ਕਰ ਕੇ ਆਪ ਹੀ ਇਸ ਦੀ ਪਾਲਣਾ ਕਰ ਰਿਹਾ ਹੈ।

ਸਭੁ ਕਿਛੁ ਆਪੇ ਆਪਿ ਬੇਅੰਤ ਅਪਾਰਿਆ ॥

ਉਹ ਬੇਅੰਤ ਹੈ, ਅਪਾਰ ਹੈ, ਸਭ ਕੁਝ ਆਪ ਹੀ ਆਪ ਹੈ।

ਗੁਰ ਪੂਰੇ ਕੀ ਟੇਕ ਨਾਨਕ ਸੰਮਾਲਿ੍ਆ ॥੧੯॥

ਹੇ ਨਾਨਕ! (ਜਿਸ ਮਨੁੱਖ ਨੇ) ਪੂਰੇ ਗੁਰੂ ਦਾ ਆਸਰਾ ਲਿਆ ਹੈ, ਉਹ ਉਸ ਪ੍ਰਭੂ ਨੂੰ ਯਾਦ ਕਰਦਾ ਹੈ ॥੧੯॥


ਸਲੋਕ ਮ : ੫ ॥
ਆਦਿ ਮਧਿ ਅਰੁ ਅੰਤਿ ਪਰਮੇਸਰਿ ਰਖਿਆ ॥

(ਵਿਘਨਾਂ ਵਿਕਾਰਾਂ ਤੋਂ) ਪਰਮੇਸਰ ਨੇ ਆਪ ਸਦਾ ਹੀ (ਸ਼ੁਰੂ ਤੋਂ ਲੈ ਕੇ ਹੁਣ ਤਕ, ਆਪਣੇ ਸੇਵਕ ਨੂੰ) ਬਚਾਇਆ ਹੈ।

ਸਤਿਗੁਰਿ ਦਿਤਾ ਹਰਿ ਨਾਮੁ ਅੰਮ੍ਰਿਤੁ ਚਖਿਆ ॥

ਸਤਿਗੁਰੂ ਨੇ ਪ੍ਰਭੂ ਨਾਮ ਦਿੱਤਾ ਹੈ ਤੇ ਸੇਵਕ ਨੇ ਨਾਮ-ਅੰਮ੍ਰਿਤ ਚੱਖਿਆ ਹੈ,

ਸਾਧਾ ਸੰਗੁ ਅਪਾਰੁ ਅਨਦਿਨੁ ਹਰਿ ਗੁਣ ਰਵੈ ॥

ਤੇ (ਉਸ ਨੂੰ) ਅਮੋਲਕ ਸਤ-ਸੰਗ (ਮਿਲਿਆ ਹੈ, ਜਿਥੇ) ਹਰ ਵੇਲੇ (ਉਹ ਸੇਵਕ) ਹਰੀ ਦੇ ਗੁਣ ਚੇਤੇ ਕਰਦਾ ਹੈ।

ਪਾਏ ਮਨੋਰਥ ਸਭਿ ਜੋਨੀ ਨਹ ਭਵੈ ॥

ਇੰਜ ਉਸ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ (ਭਾਵ, ਸਾਰੀਆਂ ਵਾਸ਼ਨਾਂ ਮਿਟ ਜਾਂਦੀਆਂ ਹਨ, ਤੇ) ਉਹ ਜੂਨਾਂ ਵਿਚ ਨਹੀਂ ਭਟਕਦਾ।

ਸਭੁ ਕਿਛੁ ਕਰਤੇ ਹਥਿ ਕਾਰਣੁ ਜੋ ਕਰੈ ॥

ਪਰ ਇਹ ਸਾਰੀ ਮੇਹਰ ਕਰਤਾਰ ਦੇ ਹੱਥ ਵਿਚ ਹੈ, ਜੋ ਉਹੀ ਆਪ (ਆਪਣੇ ਲਈ ਸਿਮਰਨ ਦਾ) ਵਸੀਲਾ ਪੈਦਾ ਕਰਦਾ ਹੈ।

ਨਾਨਕੁ ਮੰਗੈ ਦਾਨੁ ਸੰਤਾ ਧੂਰਿ ਤਰੈ ॥੧॥

ਨਾਨਕ ਇਹ ਦਾਨ ਮੰਗਦਾ ਹੈ ਕਿ (ਨਾਨਕ ਭੀ) ਸੰਤਾਂ ਦੀ ਚਰਨ-ਧੂੜ ਲੈ ਕੇ (ਭਾਵ, ਸਾਧ ਸੰਗਤ ਵਿਚ ਰਹਿ ਕੇ, ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਏ ॥੧॥


ਮ : ੫ ॥
ਤਿਸ ਨੋ ਮੰਨਿ ਵਸਾਇ ਜਿਨਿ ਉਪਾਇਆ ॥

ਉਸ (ਪ੍ਰਭੂ) ਨੂੰ (ਆਪਣੇ) ਮਨ ਵਿਚ ਵਸਾ ਜਿਸ ਨੇ (ਤੈਨੂੰ) ਪੈਦਾ ਕੀਤਾ ਹੈ।

ਜਿਨਿ ਜਨਿ ਧਿਆਇਆ ਖਸਮੁ ਤਿਨਿ ਸੁਖੁ ਪਾਇਆ ॥

ਜਿਸ ਮਨੁੱਖ ਨੇ ਖਸਮ (-ਪ੍ਰਭੂ) ਨੂੰ ਸਿਮਰਿਆ ਹੈ ਉਸ ਨੇ ਸੁਖ ਪਾਇਆ ਹੈ,

ਸਫਲੁ ਜਨਮੁ ਪਰਵਾਨੁ ਗੁਰਮੁਖਿ ਆਇਆ ॥

ਤੇ ਉਸ ਗੁਰਮੁਖ ਦਾ (ਜਗਤ ਵਿਚ) ਆਉਣਾ ਮੁਬਾਰਿਕ ਹੈ, ਉਸ ਦੀ ਜ਼ਿੰਦਗੀ ਕਾਮਯਾਬ ਹੋ ਗਈ ਹੈ।

ਹੁਕਮੈ ਬੁਝਿ ਨਿਹਾਲੁ ਖਸਮਿ ਫੁਰਮਾਇਆ ॥

ਖਸਮ (ਪ੍ਰਭੂ ਨੇ) ਜੋ ਹੁਕਮ ਦਿੱਤਾ, ਉਸ ਹੁਕਮ ਨੂੰ ਸਮਝ ਕੇ ਉਹ (ਗੁਰਮੁਖ) ਸਦਾ ਖਿੜਿਆ ਰਹਿੰਦਾ ਹੈ।

ਜਿਸੁ ਹੋਆ ਆਪਿ ਕ੍ਰਿਪਾਲੁ ਸੁ ਨਹ ਭਰਮਾਇਆ ॥

ਜਿਸ ਮਨੁੱਖ ਤੇ ਪ੍ਰਭੂ ਆਪ ਮੇਹਰਵਾਨ ਹੋਇਆ ਹੈ ਉਹ ਭਟਕਣਾ ਵਿਚ ਨਹੀਂ ਪੈਂਦਾ।

ਜੋ ਜੋ ਦਿਤਾ ਖਸਮਿ ਸੋਈ ਸੁਖੁ ਪਾਇਆ ॥

ਖਸਮ (-ਪ੍ਰਭੂ) ਨੇ ਜੋ ਕੁਝ ਉਸ ਨੂੰ ਦਿੱਤਾ, ਉਹ ਉਸ ਨੂੰ ਸੁਖ ਹੀ ਪ੍ਰਤੀਤ ਹੋਇਆ ਹੈ।

ਨਾਨਕ ਜਿਸਹਿ ਦਇਆਲੁ ਬੁਝਾਏ ਹੁਕਮੁ ਮਿਤ ॥

ਹੇ ਨਾਨਕ! ਜਿਸ ਮਨੁੱਖ ਤੇ ਮਿੱਤਰ (ਪ੍ਰਭੂ) ਮੇਹਰਵਾਨ ਹੁੰਦਾ ਹੈ ਉਸ ਨੂੰ ਆਪਣੇ ਹੁਕਮ ਦੀ ਸੂਝ ਬਖ਼ਸ਼ਦਾ ਹੈ,

ਜਿਸਹਿ ਭੁਲਾਏ ਆਪਿ ਮਰਿ ਮਰਿ ਜਮਹਿ ਨਿਤ ॥੨॥

ਪਰ, ਜਿਸ ਜਿਸ ਜੀਵ ਨੂੰ ਭੁੱਲ ਵਿਚ ਪਾਂਦਾ ਹੈ ਉਹ ਨਿੱਤ ਮੁੜ ਮੁੜ ਮਰਦੇ ਜੰਮਦੇ ਰਹਿੰਦੇ ਹਨ ॥੨॥

1
2
3
4