ਰਾਗ ਸੂਹੀ – ਬਾਣੀ ਸ਼ਬਦ- Part 4 – Raag Suhi – Bani
ਰਾਗ ਸੂਹੀ – ਬਾਣੀ ਸ਼ਬਦ- Part 4 – Raag Suhi – Bani
ਰਾਗੁ ਸੂਹੀ ਛੰਤ ਮਹਲਾ ੩ ਘਰੁ ੨ ॥
ਰਾਗ ਸੂਹੀ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ ‘ਛੰਤ’ (ਛੰਦ)।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸੁਖ ਸੋਹਿਲੜਾ ਹਰਿ ਧਿਆਵਹੁ ॥
ਹੇ ਭਾਈ ਜਨੋ! ਆਤਮਕ ਆਨੰਦ ਦੇਣ ਵਾਲਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਕਰੋ।
ਗੁਰਮੁਖਿ ਹਰਿ ਫਲੁ ਪਾਵਹੁ ॥
ਗੁਰੂ ਦੀ ਸਰਨ ਪੈ ਕੇ (ਸਿਫ਼ਤਿ-ਸਾਲਾਹ ਦਾ ਗੀਤ ਗਾਇਆਂ) ਪਰਮਾਤਮਾ ਦੇ ਦਰ ਤੋਂ (ਇਸ ਦਾ) ਫਲ ਪ੍ਰਾਪਤ ਕਰੋਗੇ।
ਗੁਰਮੁਖਿ ਫਲੁ ਪਾਵਹੁ ਹਰਿ ਨਾਮੁ ਧਿਆਵਹੁ ਜਨਮ ਜਨਮ ਕੇ ਦੂਖ ਨਿਵਾਰੇ ॥
ਹੇ ਭਾਈ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰੋ, (ਇਸ ਦਾ) ਫਲ ਹਾਸਲ ਕਰੋਗੇ, ਪਰਮਾਤਮਾ ਦਾ ਨਾਮ ਅਨੇਕਾਂ ਜਨਮਾਂ ਦੇ ਦੁੱਖ ਦੂਰ ਕਰ ਦੇਂਦਾ ਹੈ।
ਬਲਿਹਾਰੀ ਗੁਰ ਅਪਣੇ ਵਿਟਹੁ ਜਿਨਿ ਕਾਰਜ ਸਭਿ ਸਵਾਰੇ ॥
ਜਿਸ ਗੁਰੂ ਨੇ ਤੁਹਾਡੇ (ਲੋਕ ਪਰਲੋਕ ਦੇ) ਸਾਰੇ ਕੰਮ ਸਵਾਰ ਦਿੱਤੇ ਹਨ, ਉਸ ਆਪਣੇ ਗੁਰੂ ਤੋਂ ਸਦਕੇ ਜਾਵੋ।
ਹਰਿ ਪ੍ਰਭੁ ਕ੍ਰਿਪਾ ਕਰੇ ਹਰਿ ਜਾਪਹੁ ਸੁਖ ਫਲ ਹਰਿ ਜਨ ਪਾਵਹੁ ॥
ਹੇ ਭਾਈ! ਪਰਮਾਤਮਾ ਦਾ ਨਾਮ ਜਪਿਆ ਕਰੋ। ਹਰੀ-ਪ੍ਰਭੂ ਕਿਰਪਾ ਕਰੇਗਾ, (ਉਸ ਦੇ ਦਰ ਤੋਂ) ਆਤਮਕ ਆਨੰਦ ਦਾ ਫਲ ਪ੍ਰਾਪਤ ਕਰ ਲਵੋਗੇ।
ਨਾਨਕੁ ਕਹੈ ਸੁਣਹੁ ਜਨ ਭਾਈ ਸੁਖ ਸੋਹਿਲੜਾ ਹਰਿ ਧਿਆਵਹੁ ॥੧॥
ਨਾਨਕ ਆਖਦਾ ਹੈ-ਹੇ ਭਾਈ ਜਨੋ! ਆਤਮਕ ਆਨੰਦ ਦੇਣ ਵਾਲਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਿਹਾ ਕਰੋ ॥੧॥
ਸੁਣਿ ਹਰਿ ਗੁਣ ਭੀਨੇ ਸਹਜਿ ਸੁਭਾਏ ॥
ਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣ ਕੇ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਭਿੱਜ ਜਾਈਦਾ ਹੈ।
ਗੁਰਮਤਿ ਸਹਜੇ ਨਾਮੁ ਧਿਆਏ ॥
ਹੇ ਭਾਈ! ਤੂੰ ਭੀ ਗੁਰੂ ਦੀ ਮਤਿ ਉਤੇ ਤੁਰ ਕੇ ਪ੍ਰਭੂ ਦਾ ਨਾਮ ਸਿਮਰ ਦੇ ਆਤਮਕ ਅਡੋਲਤਾ ਵਿਚ ਟਿਕ।
ਜਿਨ ਕਉ ਧੁਰਿ ਲਿਖਿਆ ਤਿਨ ਗੁਰੁ ਮਿਲਿਆ ਤਿਨ ਜਨਮ ਮਰਣ ਭਉ ਭਾਗਾ ॥
ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਲਿਖਿਆ ਲੇਖ ਉੱਘੜਦਾ ਹੈ ਉਹਨਾਂ ਨੂੰ ਗੁਰੂ ਮਿਲਦਾ ਹੈ (ਤੇ, ਨਾਮ ਦੀ ਬਰਕਤਿ ਨਾਲ) ਉਹਨਾਂ ਦਾ ਜਨਮ ਮਰਨ (ਦੇ ਗੇੜ) ਦਾ ਡਰ ਦੂਰ ਹੋ ਜਾਂਦਾ ਹੈ।
ਅੰਦਰਹੁ ਦੁਰਮਤਿ ਦੂਜੀ ਖੋਈ ਸੋ ਜਨੁ ਹਰਿ ਲਿਵ ਲਾਗਾ ॥
(ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਆਪਣੇ) ਹਿਰਦੇ ਵਿਚੋਂ ਮਾਇਆ ਵਲ ਲੈ ਜਾਣ ਵਾਲੀ ਖੋਟੀ ਮਤਿ ਦੂਰ ਕਰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜਦਾ ਹੈ।
ਜਿਨ ਕਉ ਕ੍ਰਿਪਾ ਕੀਨੀ ਮੇਰੈ ਸੁਆਮੀ ਤਿਨ ਅਨਦਿਨੁ ਹਰਿ ਗੁਣ ਗਾਏ ॥
ਹੇ ਭਾਈ! ਮੇਰੇ ਮਾਲਕ-ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਉਤੇ ਮੇਹਰ ਕੀਤੀ, ਉਹਨਾਂ ਹਰ ਵੇਲੇ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ।
ਸੁਣਿ ਮਨ ਭੀਨੇ ਸਹਜਿ ਸੁਭਾਏ ॥੨॥
ਹੇ ਮਨ! (ਪਰਮਾਤਮਾ ਦੀ ਸਿਫ਼ਤਿ-ਸਾਲਾਹ) ਸੁਣ ਕੇ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਭਿੱਜ ਜਾਈਦਾ ਹੈ ॥੨॥
ਜੁਗ ਮਹਿ ਰਾਮ ਨਾਮੁ ਨਿਸਤਾਰਾ ॥
ਹੇ ਭਾਈ! ਜਗਤ ਵਿਚ ਪਰਮਾਤਮਾ ਦਾ ਨਾਮ ਹੀ (ਹਰੇਕ ਜੀਵ ਦਾ) ਪਾਰ-ਉਤਾਰਾ ਕਰਦਾ ਹੈ।
ਗੁਰ ਤੇ ਉਪਜੈ ਸਬਦੁ ਵੀਚਾਰਾ ॥
ਜੇਹੜਾ ਮਨੁੱਖ ਗੁਰੂ ਪਾਸੋਂ ਨਵਾਂ ਆਤਮਕ ਜੀਵਨ ਲੈਂਦਾ ਹੈ, ਉਹ ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ।
ਗੁਰਸਬਦੁ ਵੀਚਾਰਾ ਰਾਮ ਨਾਮੁ ਪਿਆਰਾ ਜਿਸੁ ਕਿਰਪਾ ਕਰੇ ਸੁ ਪਾਏ ॥
ਉਹ ਮਨੁੱਖ ਗੁਰੂ ਦੇ ਸ਼ਬਦ ਨੂੰ (ਜਿਉਂ ਜਿਉਂ) ਵਿਚਾਰਦਾ ਹੈ ਤਿਉਂ ਤਿਉਂ) ਪਰਮਾਤਮਾ ਦਾ ਨਾਮ ਉਸ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਪਰ, ਹੇ ਭਾਈ! ਜਿਸ ਮਨੁੱਖ ਉਤੇ ਪ੍ਰਭੂ ਕਿਰਪਾ ਕਰਦਾ ਹੈ, ਉਹੀ ਮਨੁੱਖ (ਇਹ ਦਾਤਿ) ਪ੍ਰਾਪਤ ਕਰਦਾ ਹੈ।
ਸਹਜੇ ਗੁਣ ਗਾਵੈ ਦਿਨੁ ਰਾਤੀ ਕਿਲਵਿਖ ਸਭਿ ਗਵਾਏ ॥
ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਦਿਨ ਰਾਤ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਅਤੇ ਆਪਣੇ ਸਾਰੇ ਪਾਪ ਦੂਰ ਕਰ ਲੈਂਦਾ ਹੈ।
ਸਭੁ ਕੋ ਤੇਰਾ ਤੂ ਸਭਨਾ ਕਾ ਹਉ ਤੇਰਾ ਤੂ ਹਮਾਰਾ ॥
ਹੇ ਪ੍ਰਭੂ! ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ ਹੈ), ਤੂੰ ਸਾਰੇ ਜੀਵਾਂ ਦਾ ਖਸਮ ਹੈਂ। ਹੇ ਪ੍ਰਭੂ! ਮੈਂ ਤੇਰਾ (ਸੇਵਕ) ਹਾਂ, ਤੂੰ ਸਾਡਾ ਮਾਲਕ ਹੈਂ (ਸਾਨੂੰ ਆਪਣਾ ਨਾਮ ਬਖ਼ਸ਼)।
ਜੁਗ ਮਹਿ ਰਾਮ ਨਾਮੁ ਨਿਸਤਾਰਾ ॥੩॥
ਹੇ ਭਾਈ! ਸੰਸਾਰ ਵਿਚ ਪਰਮਾਤਮਾ ਦਾ ਨਾਮ (ਹੀ ਹਰੇਕ ਜੀਵ ਦਾ ਪਾਰ-ਉਤਾਰਾ ਕਰਦਾ ਹੈ ॥੩॥
ਸਾਜਨ ਆਇ ਵੁਠੇ ਘਰ ਮਾਹੀ ॥
ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ-ਘਰ ਵਿਚ ਸੱਜਣ ਪ੍ਰਭੂ ਜੀ ਆ ਵੱਸਦੇ ਹਨ,
ਹਰਿ ਗੁਣ ਗਾਵਹਿ ਤ੍ਰਿਪਤਿ ਅਘਾਹੀ ॥
ਉਹ ਮਨੁੱਖ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਮਾਇਆ ਵਲੋਂ ਉਹਨਾਂ ਨੂੰ ਸੰਤੋਖ ਆ ਜਾਂਦਾ ਹੈ, ਉਹ ਰੱਜ ਜਾਂਦੇ ਹਨ।
ਹਰਿ ਗੁਣ ਗਾਇ ਸਦਾ ਤ੍ਰਿਪਤਾਸੀ ਫਿਰਿ ਭੂਖ ਨ ਲਾਗੈ ਆਏ ॥
ਹੇ ਭਾਈ! ਜੇਹੜੀ ਜਿੰਦ ਸਦਾ ਪ੍ਰਭੂ ਦੇ ਗੁਣ ਗਾ ਗਾ ਕੇ (ਮਾਇਆ ਵਲੋਂ) ਤ੍ਰਿਪਤ ਹੋ ਜਾਂਦੀ ਹੈ, ਉਸ ਨੂੰ ਮੁੜ ਮਾਇਆ ਦੀ ਭੁੱਖ ਆ ਕੇ ਨਹੀਂ ਚੰਬੜਦੀ।
ਦਹ ਦਿਸਿ ਪੂਜ ਹੋਵੈ ਹਰਿ ਜਨ ਕੀ ਜੋ ਹਰਿ ਹਰਿ ਨਾਮੁ ਧਿਆਏ ॥
ਜੇਹੜਾ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ, ਉਸ ਸੇਵਕ ਦੀ ਹਰ ਥਾਂ ਇੱਜ਼ਤ ਹੁੰਦੀ ਹੈ।
ਨਾਨਕ ਹਰਿ ਆਪੇ ਜੋੜਿ ਵਿਛੋੜੇ ਹਰਿ ਬਿਨੁ ਕੋ ਦੂਜਾ ਨਾਹੀ ॥
ਹੇ ਨਾਨਕ! ਪਰਮਾਤਮਾ ਆਪ ਹੀ (ਕਿਸੇ ਨੂੰ ਮਾਇਆ ਵਿਚ) ਜੋੜ ਕੇ (ਆਪਣੇ ਚਰਨਾਂ) ਨਾਲੋਂ ਵਿਛੋੜਦਾ ਹੈ। ਪਰਮਾਤਮਾ ਤੋਂ ਬਿਨਾ ਹੋਰ (ਐਸੀ ਸਮਰਥਾ ਵਾਲਾ) ਨਹੀਂ ਹੈ।
ਸਾਜਨ ਆਇ ਵੁਠੇ ਘਰ ਮਾਹੀ ॥੪॥੧॥
(ਜਿਸ ਉਤੇ ਮੇਹਰ ਕਰਦੇ ਹਨ) ਉਸ ਦੇ ਹਿਰਦੇ-ਘਰ ਵਿਚ ਸੱਜਣ ਪ੍ਰਭੂ ਜੀ ਆ ਨਿਵਾਸ ਕਰਦੇ ਹਨ ॥੪॥੧॥
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗੁ ਸੂਹੀ ਮਹਲਾ ੩ ਘਰੁ ੩ ॥
ਰਾਗ ਸੂਹੀ, ਘਰ ੩ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
ਭਗਤ ਜਨਾ ਕੀ ਹਰਿ ਜੀਉ ਰਾਖੈ ਜੁਗਿ ਜੁਗਿ ਰਖਦਾ ਆਇਆ ਰਾਮ ॥
ਹੇ ਭਾਈ! ਪਰਮਾਤਮਾ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਹੈ, ਹਰੇਕ ਜੁਗ ਵਿਚ ਹੀ (ਭਗਤਾਂ ਦੀ) ਇੱਜ਼ਤ ਰੱਖਦਾ ਆਇਆ ਹੈ।
ਸੋ ਭਗਤੁ ਜੋ ਗੁਰਮੁਖਿ ਹੋਵੈ ਹਉਮੈ ਸਬਦਿ ਜਲਾਇਆ ਰਾਮ ॥
ਜੇਹੜਾ ਮਨੁੱਖ ਗੁਰੂ ਦੇ ਦੱਸੇ ਹੋਏ ਰਾਹ ਉਤੇ ਤੁਰਦਾ ਹੈ, ਉਹ ਪ੍ਰਭੂ ਦਾ ਭਗਤ ਬਣ ਜਾਂਦਾ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੀ ਹਉਮੈ ਦੂਰ ਕਰਦਾ ਹੈ।
ਹਉਮੈ ਸਬਦਿ ਜਲਾਇਆ ਮੇਰੇ ਹਰਿ ਭਾਇਆ ਜਿਸ ਦੀ ਸਾਚੀ ਬਾਣੀ ॥
ਹੇ ਭਾਈ! ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਅੰਦਰੋਂ ਹਉਮੈ ਸਾੜਦਾ ਹੈ, ਉਹ ਉਸ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ ਜਿਸ ਦੀ ਸਿਫ਼ਤਿ-ਸਾਲਾਹ ਸਦਾ ਅਟੱਲ ਰਹਿਣ ਵਾਲੀ ਹੈ।
ਸਚੀ ਭਗਤਿ ਕਰਹਿ ਦਿਨੁ ਰਾਤੀ ਗੁਰਮੁਖਿ ਆਖਿ ਵਖਾਣੀ ॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਿਨ ਰਾਤ ਪਰਮਾਤਮਾ ਦੀ ਸਦਾ-ਥਿਰ ਰਹਿਣ ਵਾਲੇ ਭਗਤੀ ਕਰਦੇ ਰਹਿੰਦੇ ਹਨ, ਉਹ ਆਪ ਸਿਫ਼ਤਿ-ਸਾਲਾਹ ਵਾਲੀ ਬਾਣੀ ਉਚਾਰਦੇ ਰਹਿੰਦੇ ਹਨ, ਤੇ ਹੋਰਨਾਂ ਨੂੰ ਭੀ ਉਸ ਦੀ ਸੂਝ ਦੇਂਦੇ ਹਨ।
ਭਗਤਾ ਕੀ ਚਾਲ ਸਚੀ ਅਤਿ ਨਿਰਮਲ ਨਾਮੁ ਸਚਾ ਮਨਿ ਭਾਇਆ ॥
ਹੇ ਭਾਈ! ਭਗਤਾਂ ਦੀ ਜੀਵਨ-ਜੁਗਤੀ ਸਦਾ ਇਕ-ਰਸ ਰਹਿਣ ਵਾਲੀ ਅਤੇ ਬੜੀ ਪਵਿਤ੍ਰ ਹੁੰਦੀ ਹੈ, ਉਹਨਾਂ ਦੇ ਮਨ ਵਿਚ ਪਰਮਾਤਮਾ ਦਾ ਸਦਾ-ਥਿਰ ਨਾਮ ਪਿਆਰਾ ਲੱਗਦਾ ਰਹਿੰਦਾ ਹੈ।
ਨਾਨਕ ਭਗਤ ਸੋਹਹਿ ਦਰਿ ਸਾਚੈ ਜਿਨੀ ਸਚੋ ਸਚੁ ਕਮਾਇਆ ॥੧॥
ਹੇ ਨਾਨਕ! ਪਰਮਾਤਮਾ ਦੇ ਭਗਤ ਸਦਾ-ਥਿਰ ਪਰਮਾਤਮਾ ਦੇ ਦਰ ਤੇ ਸੋਭਦੇ ਹਨ, ਉਹ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ ਹੀ ਸਦਾ ਜਪਦੇ ਰਹਿੰਦੇ ਹਨ ॥੧॥
ਹਰਿ ਭਗਤਾ ਕੀ ਜਾਤਿ ਪਤਿ ਹੈ ਭਗਤ ਹਰਿ ਕੈ ਨਾਮਿ ਸਮਾਣੇ ਰਾਮ ॥
ਹੇ ਭਾਈ! ਪਰਮਾਤਮਾ ਹੀ ਭਗਤਾਂ ਲਈ (ਉੱਚੀ) ਜਾਤਿ ਹੈ, ਪਰਮਾਤਮਾ ਹੀ ਉਹਨਾਂ ਦੀ ਇੱਜ਼ਤ ਹੈ। ਭਗਤ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦੇ ਹਨ।
ਹਰਿ ਭਗਤਿ ਕਰਹਿ ਵਿਚਹੁ ਆਪੁ ਗਵਾਵਹਿ ਜਿਨ ਗੁਣ ਅਵਗਣ ਪਛਾਣੇ ਰਾਮ ॥
ਭਗਤ (ਸਦਾ) ਹਰੀ ਦੀ ਭਗਤੀ ਕਰਦੇ ਹਨ, ਆਪਣੇ ਅੰਦਰੋਂ ਆਪਾ-ਭਾਵ (ਭੀ) ਦੂਰ ਕਰ ਲੈਂਦੇ ਹਨ, ਕਿਉਂਕਿ ਉਹਨਾਂ ਨੇ ਗੁਣਾਂ ਤੇ ਅਉਗਣਾਂ ਦੀ ਪਰਖ ਕਰ ਲਈ ਹੁੰਦੀ ਹੈ (ਉਹਨਾਂ ਨੂੰ ਪਤਾ ਹੁੰਦਾ ਹੈ ਕਿ ਹਉਮੈ ਅਉਗਣ ਹੈ)।
ਗੁਣ ਅਉਗਣ ਪਛਾਣੈ ਹਰਿ ਨਾਮੁ ਵਖਾਣੈ ਭੈ ਭਗਤਿ ਮੀਠੀ ਲਾਗੀ ॥
ਜੇਹੜਾ ਮਨੁੱਖ ਗੁਣ ਤੇ ਅਉਗਣ ਦੀ ਪਰਖ ਕਰ ਲੈਂਦਾ ਹੈ, ਅਤੇ ਪਰਮਾਤਮਾ ਦਾ ਨਾਮ ਉਚਾਰਦਾ ਰਹਿੰਦਾ ਹੈ, ਉਸ ਨੂੰ ਪ੍ਰਭੂ ਦੇ ਡਰ-ਅਦਬ ਵਿਚ ਰਹਿਣ ਕਰ ਕੇ ਪ੍ਰਭੂ ਦੀ ਭਗਤੀ ਪਿਆਰੀ ਲੱਗਦੀ ਹੈ।
ਅਨਦਿਨੁ ਭਗਤਿ ਕਰਹਿ ਦਿਨੁ ਰਾਤੀ ਘਰ ਹੀ ਮਹਿ ਬੈਰਾਗੀ ॥
ਜੇਹੜੇ ਮਨੁੱਖ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੇ ਹਨ, ਉਹ ਗ੍ਰਿਹਸਤ ਵਿਚ ਹੀ ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦੇ ਹਨ।
ਭਗਤੀ ਰਾਤੇ ਸਦਾ ਮਨੁ ਨਿਰਮਲੁ ਹਰਿ ਜੀਉ ਵੇਖਹਿ ਸਦਾ ਨਾਲੇ ॥
ਹੇ ਭਾਈ! ਜੇਹੜੇ ਮਨੁੱਖ ਸਦਾ ਪ੍ਰਭੂ ਦੀ ਭਗਤੀ (ਦੇ ਰੰਗ) ਵਿਚ ਰੰਗੇ ਰਹਿੰਦੇ ਹਨ, ਉਹਨਾਂ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਹ ਪਰਮਾਤਮਾ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਵੇਖਦੇ ਹਨ।
ਨਾਨਕ ਸੇ ਭਗਤ ਹਰਿ ਕੈ ਦਰਿ ਸਾਚੇ ਅਨਦਿਨੁ ਨਾਮੁ ਸਮ੍ਰਾਲੇ ॥੨॥
ਹੇ ਨਾਨਕ! ਇਹੋ ਜਿਹੇ ਭਗਤ ਹਰ ਵੇਲੇ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਵਸਾ ਕੇ ਪਰਮਾਤਮਾ ਦੇ ਦਰ ਤੇ ਸੁਰਖ਼-ਰੂ ਹੋ ਜਾਂਦੇ ਹਨ ॥੨॥
ਮਨਮੁਖ ਭਗਤਿ ਕਰਹਿ ਬਿਨੁ ਸਤਿਗੁਰ ਵਿਣੁ ਸਤਿਗੁਰ ਭਗਤਿ ਨ ਹੋਈ ਰਾਮ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਗੁਰੂ ਦੀ ਸਰਨ ਪੈਣ ਤੋਂ ਬਿਨਾ (ਆਪਣੇ ਵਲੋਂ) ਪ੍ਰਭੂ ਦੀ ਭਗਤੀ ਕਰਦੇ ਹਨ, ਪਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਭਗਤੀ ਹੋ ਨਹੀਂ ਸਕਦੀ।
ਹਉਮੈ ਮਾਇਆ ਰੋਗਿ ਵਿਆਪੇ ਮਰਿ ਜਨਮਹਿ ਦੁਖੁ ਹੋਈ ਰਾਮ ॥
ਉਹ ਮਨੁੱਖ ਹਉਮੈ ਵਿਚ, ਮਾਇਆ ਦੇ ਰੋਗ ਵਿਚ, ਫਸੇ ਰਹਿੰਦੇ ਹਨ, ਆਤਮਕ ਮੌਤ ਸਹੇੜ ਕੇ ਉਹ ਜਨਮਾਂ ਦੇ ਗੇੜ ਵਿਚ ਪਏ ਰਹਿੰਦੇ ਹਨ, ਉਹਨਾਂ ਨੂੰ ਦੁੱਖ ਚੰਬੜਿਆ ਰਹਿੰਦਾ ਹੈ।
ਮਰਿ ਜਨਮਹਿ ਦੁਖੁ ਹੋਈ ਦੂਜੈ ਭਾਇ ਪਰਜ ਵਿਗੋਈ ਵਿਣੁ ਗੁਰ ਤਤੁ ਨ ਜਾਨਿਆ ॥
ਹੇ ਭਾਈ! ਮਾਇਆ ਦੇ ਮੋਹ ਵਿਚ ਫਸ ਕੇ ਦੁਨੀਆ ਖ਼ੁਆਰ ਹੁੰਦੀ ਹੈ। ਗੁਰੂ ਦੀ ਸਰਨ ਪੈਣ ਤੋਂ ਬਿਨਾ ਕੋਈ ਭੀ ਅਸਲੀਅਤ ਨੂੰ ਨਹੀਂ ਸਮਝਦਾ।
ਭਗਤਿ ਵਿਹੂਣਾ ਸਭੁ ਜਗੁ ਭਰਮਿਆ ਅੰਤਿ ਗਇਆ ਪਛੁਤਾਨਿਆ ॥
ਭਗਤੀ ਤੋਂ ਸੱਖਣਾ ਸਾਰਾ ਜਗਤ ਹੀ ਭਟਕਦਾ ਫਿਰਦਾ ਹੈ, ਤੇ, ਆਖ਼ਰ ਹੱਥ ਮਲਦਾ (ਦੁਨੀਆ ਤੋਂ) ਜਾਂਦਾ ਹੈ।
ਕੋਟਿ ਮਧੇ ਕਿਨੈ ਪਛਾਣਿਆ ਹਰਿ ਨਾਮਾ ਸਚੁ ਸੋਈ ॥
ਕ੍ਰੋੜਾਂ ਵਿਚੋਂ ਕਿਸੇ ਵਿਰਲੇ ਮਨੁੱਖ ਨੇ ਇਹ ਗੱਲ ਸਮਝੀ ਹੈ ਕਿ ਪਰਮਾਤਮਾ ਦਾ ਨਾਮ ਹੀ ਸਦਾ ਕਾਇਮ ਰਹਿਣ ਵਾਲਾ ਹੈ।
ਨਾਨਕ ਨਾਮਿ ਮਿਲੈ ਵਡਿਆਈ ਦੂਜੈ ਭਾਇ ਪਤਿ ਖੋਈ ॥੩॥
ਹੇ ਨਾਨਕ! ਨਾਮ ਵਿਚ ਜੁੜਿਆਂ ਹੀ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ, ਅਤੇ, ਮਾਇਆ ਦੇ ਮੋਹ ਵਿਚ ਮਨੁੱਖ ਇੱਜ਼ਤ ਗਵਾ ਲੈਂਦਾ ਹੈ ॥੩॥
ਭਗਤਾ ਕੈ ਘਰਿ ਕਾਰਜੁ ਸਾਚਾ ਹਰਿ ਗੁਣ ਸਦਾ ਵਖਾਣੇ ਰਾਮ ॥
ਪਰਮਾਤਮਾ ਦੇ ਗੁਣ ਸਦਾ ਗਾਂਦੇ ਰਹਿਣ ਕਰ ਕੇ ਭਗਤਾਂ ਦੇ ਹਿਰਦੇ-ਘਰ ਵਿਚ ਇਹ ਆਹਰ ਸਦਾ ਲਈ ਬਣਿਆ ਰਹਿੰਦਾ ਹੈ।
ਭਗਤਿ ਖਜਾਨਾ ਆਪੇ ਦੀਆ ਕਾਲੁ ਕੰਟਕੁ ਮਾਰਿ ਸਮਾਣੇ ਰਾਮ ॥
ਭਗਤੀ ਦਾ ਖ਼ਜ਼ਾਨਾ ਪਰਮਾਤਮਾ ਨੇ ਆਪ ਹੀ ਆਪਣੇ ਭਗਤਾਂ ਨੂੰ ਦਿੱਤਾ ਹੋਇਆ ਹੈ, (ਇਸ ਦੀ ਬਰਕਤਿ ਨਾਲ ਉਹ) ਦੁਖਦਾਈ ਮੌਤ ਦੇ ਡਰ ਨੂੰ ਮਾਰ-ਮੁਕਾ ਕੇ (ਪਰਮਾਤਮਾ ਵਿਚ) ਲੀਨ ਰਹਿੰਦੇ ਹਨ।
ਕਾਲੁ ਕੰਟਕੁ ਮਾਰਿ ਸਮਾਣੇ ਹਰਿ ਮਨਿ ਭਾਣੇ ਨਾਮੁ ਨਿਧਾਨੁ ਸਚੁ ਪਾਇਆ ॥
ਦੁਖਦਾਈ ਮੌਤ ਦੇ ਡਰ ਨੂੰ ਮੁਕਾ ਕੇ ਭਗਤ ਪਰਮਾਤਮਾ ਵਿਚ ਲੀਨ ਰਹਿੰਦੇ ਹਨ, ਪਰਮਾਤਮਾ ਦੇ ਮਨ ਵਿਚ ਪਿਆਰੇ ਲੱਗਦੇ ਹਨ, (ਪਰਮਾਤਮਾ ਪਾਸੋਂ ਭਗਤ) ਸਦਾ ਕਾਇਮ ਰਹਿਣ ਵਾਲਾ ਨਾਮ-ਖ਼ਜ਼ਾਨਾ ਪ੍ਰਾਪਤ ਕਰ ਲੈਂਦੇ ਹਨ।
ਸਦਾ ਅਖੁਟੁ ਕਦੇ ਨ ਨਿਖੁਟੈ ਹਰਿ ਦੀਆ ਸਹਜਿ ਸੁਭਾਇਆ ॥
ਇਹ ਖ਼ਜ਼ਾਨਾ ਅਮੁੱਕ ਹੈ, ਕਦੇ ਨਹੀਂ ਮੁੱਕਦਾ। ਪਰਮਾਤਮਾ ਨੇ ਉਹਨਾਂ ਨੂੰ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਟਿਕੇ ਹੋਇਆਂ ਨੂੰ ਇਹ ਖ਼ਜ਼ਾਨਾ ਦੇ ਦਿੱਤਾ।
ਹਰਿ ਜਨ ਊਚੇ ਸਦ ਹੀ ਊਚੇ ਗੁਰ ਕੈ ਸਬਦਿ ਸੁਹਾਇਆ ॥
(ਇਸ ਖ਼ਜ਼ਾਨੇ ਦਾ ਸਦਕਾ) ਭਗਤ ਸਦਾ ਹੀ ਉੱਚੇ ਆਤਮਕ ਮੰਡਲ ਵਿਚ ਟਿਕੇ ਰਹਿੰਦੇ ਹਨ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਦਾ ਜੀਵਨ ਸੋਹਣਾ ਬਣ ਜਾਂਦਾ ਹੈ।
ਨਾਨਕ ਆਪੇ ਬਖਸਿ ਮਿਲਾਏ ਜੁਗਿ ਜੁਗਿ ਸੋਭਾ ਪਾਇਆ ॥੪॥੧॥੨॥
ਹੇ ਨਾਨਕ! ਪਰਮਾਤਮਾ ਆਪ ਹੀ ਮੇਹਰ ਕਰ ਕੇ ਉਹਨਾਂ ਨੂੰ ਚਰਨਾਂ ਵਿਚ ਜੋੜੀ ਰੱਖਦਾ ਹੈ, ਹਰੇਕ ਜੁਗ ਵਿਚ ਉਹ ਸੋਭਾ ਖੱਟਦੇ ਹਨ ॥੪॥੧॥੨॥
ਸੂਹੀ ਮਹਲਾ ੩ ॥
ਸਬਦਿ ਸਚੈ ਸਚੁ ਸੋਹਿਲਾ ਜਿਥੈ ਸਚੇ ਕਾ ਹੋਇ ਵੀਚਾਰੋ ਰਾਮ ॥
ਹੇ ਭਾਈ! ਜਿਸ ਮਨੁੱਖ ਦੇ ਹਿਰਦੇ-ਘਰ ਵਿਚ ਸੱਚੇ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਹੁੰਦਾ ਰਹਿੰਦਾ ਹੈ, ਸਦਾ-ਥਿਰ ਪ੍ਰਭੂ ਦੇ ਗੁਣਾਂ ਦੀ ਵਿਚਾਰ ਹੁੰਦੀ ਰਹਿੰਦੀ ਹੈ,
ਹਉਮੈ ਸਭਿ ਕਿਲਵਿਖ ਕਾਟੇ ਸਾਚੁ ਰਖਿਆ ਉਰਿ ਧਾਰੇ ਰਾਮ ॥
ਉਸ ਦੇ ਅੰਦਰੋਂ ਹਉਮੈ ਆਦਿਕ ਸਾਰੇ ਪਾਪ ਕੱਟੇ ਜਾਂਦੇ ਹਨ, ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ।
ਸਚੁ ਰਖਿਆ ਉਰ ਧਾਰੇ ਦੁਤਰੁ ਤਾਰੇ ਫਿਰਿ ਭਵਜਲੁ ਤਰਣੁ ਨ ਹੋਈ ॥
ਉਹ ਮਨੁੱਖ ਸਦਾ-ਥਿਰ ਪ੍ਰਭੂ ਨੂੰ ਹਿਰਦੇ ਵਿਚ ਵਸਾਈ ਰੱਖਦਾ ਹੈ, ਔਖੇ ਤਰੇ ਜਾਣ ਵਾਲੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਦੀ ਮੁੜ ਮੁੜ ਉਸ ਨੂੰ ਲੋੜ ਨਹੀਂ ਰਹਿੰਦੀ।
ਸਚਾ ਸਤਿਗੁਰੁ ਸਚੀ ਬਾਣੀ ਜਿਨਿ ਸਚੁ ਵਿਖਾਲਿਆ ਸੋਈ ॥
ਹੇ ਭਾਈ! ਜਿਸ ਗੁਰੂ ਨੇ ਉਸ ਨੂੰ ਸਦਾ-ਥਿਰ ਪ੍ਰਭੂ ਦਾ ਦਰਸਨ ਕਰਾ ਦਿੱਤਾ ਹੈ, ਉਹ ਆਪ ਭੀ ਸਦਾ-ਥਿਰ ਪ੍ਰਭੂ ਦਾ ਰੂਪ ਹੈ, ਉਸ ਦੀ ਬਾਣੀ ਪ੍ਰਭੂ ਦੀ ਸਿਫ਼ਤਿ-ਸਾਲਾਹ ਨਾਲ ਭਰਪੂਰ ਹੈ।
ਸਾਚੇ ਗੁਣ ਗਾਵੈ ਸਚਿ ਸਮਾਵੈ ਸਚੁ ਵੇਖੈ ਸਭੁ ਸੋਈ ॥
(ਗੁਰੂ ਦੀ ਕਿਰਪਾ ਨਾਲ) ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ, ਉਸ ਵਿਚ ਹੀ ਲੀਨ ਰਹਿੰਦਾ ਹੈ, ਅਤੇ ਉਸ ਨੂੰ ਹਰ ਥਾਂ ਵੱਸਿਆ ਵੇਖਦਾ ਹੈ।
ਨਾਨਕ ਸਾਚਾ ਸਾਹਿਬੁ ਸਾਚੀ ਨਾਈ ਸਚੁ ਨਿਸਤਾਰਾ ਹੋਈ ॥੧॥
ਹੇ ਨਾਨਕ! ਜੇਹੜਾ ਪਰਮਾਤਮਾ ਆਪ ਸਦਾ-ਥਿਰ ਹੈ, ਜਿਸ ਦੀ ਵਡਿਆਈ ਸਦਾ-ਥਿਰ ਹੈ ਉਹ ਉਸ ਮਨੁੱਖ ਦਾ ਸਦਾ ਲਈ ਪਾਰ-ਉਤਾਰਾ ਕਰ ਦੇਂਦਾ ਹੈ ॥੧॥
ਸਾਚੈ ਸਤਿਗੁਰਿ ਸਾਚੁ ਬੁਝਾਇਆ ਪਤਿ ਰਾਖੈ ਸਚੁ ਸੋਈ ਰਾਮ ॥
ਹੇ ਭਾਈ! ਸਦਾ-ਥਿਰ ਪ੍ਰਭੂ ਦੇ ਰੂਪ ਗੁਰੂ ਨੇ ਜਿਸ ਮਨੁੱਖ ਨੂੰ ਸਦਾ-ਥਿਰ ਪ੍ਰਭੂ ਦਾ ਗਿਆਨ ਦੇ ਦਿੱਤਾ ਉਸ ਦੀ ਲਾਜ ਸਦਾ-ਥਿਰ ਪ੍ਰਭੂ ਆਪ ਰੱਖਦਾ ਹੈ।
ਸਚਾ ਭੋਜਨੁ ਭਾਉ ਸਚਾ ਹੈ ਸਚੈ ਨਾਮਿ ਸੁਖੁ ਹੋਈ ਰਾਮ ॥
ਪ੍ਰਭੂ-ਚਰਨਾਂ ਨਾਲ ਅਟੱਲ ਪਿਆਰ ਉਸ ਮਨੁੱਖ ਦੀ ਆਤਮਕ ਖ਼ੁਰਾਕ ਬਣ ਜਾਂਦਾ ਹੈ, ਸਦਾ-ਥਿਰ ਹਰਿ-ਨਾਮ ਉਸ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ।
ਸਾਚੈ ਨਾਮਿ ਸੁਖੁ ਹੋਈ ਮਰੈ ਨ ਕੋਈ ਗਰਭਿ ਨ ਜੂਨੀ ਵਾਸਾ ॥
ਜਿਸ ਭੀ ਮਨੁੱਖ ਨੂੰ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਆਤਮਕ ਆਨੰਦ ਲੱਭਦਾ ਹੈ, ਉਹ ਕਦੇ ਆਤਮਕ ਮੌਤ ਨਹੀਂ ਸਹੇੜਦਾ, ਉਹ ਜਨਮ ਮਰਨ ਦੇ ਗੇੜ ਵਿਚ ਜੂਨਾਂ ਵਿਚ ਨਹੀਂ ਪੈਂਦਾ।
ਜੋਤੀ ਜੋਤਿ ਮਿਲਾਈ ਸਚਿ ਸਮਾਈ ਸਚਿ ਨਾਇ ਪਰਗਾਸਾ ॥
(ਗੁਰੂ ਨੇ ਜਿਸ ਮਨੁੱਖ ਦੀ) ਸੁਰਤ ਪਰਮਾਤਮਾ ਦੀ ਜੋਤਿ ਵਿਚ ਮਿਲਾ ਦਿੱਤੀ, ਉਹ ਮਨੁੱਖ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ, ਸਦਾ-ਥਿਰ ਹਰਿ-ਨਾਮ ਦੀ ਬਰਕਤਿ ਨਾਲ (ਉਸ ਦੇ ਅੰਦਰ ਆਤਮਕ ਜੀਵਨ ਦਾ) ਚਾਨਣ ਪੈਦਾ ਹੋ ਜਾਂਦਾ ਹੈ।
ਜਿਨੀ ਸਚੁ ਜਾਤਾ ਸੇ ਸਚੇ ਹੋਏ ਅਨਦਿਨੁ ਸਚੁ ਧਿਆਇਨਿ ॥
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ ਉਹ ਉਸੇ ਦਾ ਰੂਪ ਬਣ ਗਏ, ਉਹ ਹਰ ਵੇਲੇ ਉਸ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਦੇ ਰਹਿੰਦੇ ਹਨ।
ਨਾਨਕ ਸਚੁ ਨਾਮੁ ਜਿਨ ਹਿਰਦੈ ਵਸਿਆ ਨਾ ਵੀਛੁੜਿ ਦੁਖੁ ਪਾਇਨਿ ॥੨॥
ਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਵੱਸ ਪੈਂਦਾ ਹੈ, ਉਹ ਫਿਰ ਪਰਮਾਤਮਾ ਦੇ ਚਰਨਾਂ ਤੋਂ ਵਿਛੁੜ ਕੇ ਦੁੱਖ ਨਹੀਂ ਪਾਂਦੇ ॥੨॥
ਸਚੀ ਬਾਣੀ ਸਚੇ ਗੁਣ ਗਾਵਹਿ ਤਿਤੁ ਘਰਿ ਸੋਹਿਲਾ ਹੋਈ ਰਾਮ ॥
ਹੇ ਭਾਈ! (ਜੇਹੜੇ ਮਨੁੱਖ ਆਪਣੇ ਹਿਰਦੇ ਵਿਚ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੇ ਹਨ (ਉਹਨਾਂ ਦੀ) ਉਸ ਹਿਰਦੇ-ਘਰ ਵਿਚ ਆਨੰਦ ਦੀ ਰੌ ਬਣੀ ਰਹਿੰਦੀ ਹੈ।
ਨਿਰਮਲ ਗੁਣ ਸਾਚੇ ਤਨੁ ਮਨੁ ਸਾਚਾ ਵਿਚਿ ਸਾਚਾ ਪੁਰਖੁ ਪ੍ਰਭੁ ਸੋਈ ਰਾਮ ॥
ਸਦਾ-ਥਿਰ ਪ੍ਰਭੂ ਦੇ ਪਵਿਤ੍ਰ ਗੁਣਾਂ ਦੀ ਬਰਕਤਿ ਨਾਲ ਉਹਨਾਂ ਦਾ ਮਨ ਉਹਨਾਂ ਦਾ ਤਨ (ਵਿਕਾਰਾਂ ਵਲੋਂ) ਅਡੋਲ ਹੋ ਜਾਂਦਾ ਹੈ। ਉਹਨਾਂ ਦੇ ਅੰਦਰ ਸਦਾ-ਥਿਰ ਪ੍ਰਭੂ-ਪੁਰਖ ਪਰਤੱਖ ਪਰਗਟ ਹੋ ਜਾਂਦਾ ਹੈ।
ਸਭੁ ਸਚੁ ਵਰਤੈ ਸਚੋ ਬੋਲੈ ਜੋ ਸਚੁ ਕਰੈ ਸੁ ਹੋਈ ॥
(ਉਹਨਾਂ ਨੂੰ ਯਕੀਨ ਬਣ ਜਾਂਦਾ ਹੈ ਕਿ) ਹਰ ਥਾਂ ਸਦਾ-ਥਿਰ ਪ੍ਰਭੂ ਕੰਮ ਕਰ ਰਿਹਾ ਹੈ, ਉਹ ਹੀ ਬੋਲ ਰਿਹਾ ਹੈ, ਜੋ ਕੁਝ ਉਹ ਕਰਦਾ ਹੈ ਉਹੀ ਹੁੰਦਾ ਹੈ।
ਜਹ ਦੇਖਾ ਤਹ ਸਚੁ ਪਸਰਿਆ ਅਵਰੁ ਨ ਦੂਜਾ ਕੋਈ ॥
ਜਿਧਰ ਵੀ ਉਹਨਾਂ ਨਿਗਾਹ ਕੀਤੀ, ਉਧਰ ਹੀ ਉਹਨਾਂ ਨੂੰ ਸਦਾ-ਥਿਰ ਪ੍ਰਭੂ ਦਾ ਪਸਾਰਾ ਦਿੱਸਿਆ। ਪ੍ਰਭੂ ਤੋਂ ਬਿਨਾ ਉਹਨਾਂ ਨੂੰ (ਕਿਤੇ ਭੀ) ਕੋਈ ਹੋਰ ਨਹੀਂ ਦਿੱਸਦਾ।
ਸਚੇ ਉਪਜੈ ਸਚਿ ਸਮਾਵੈ ਮਰਿ ਜਨਮੈ ਦੂਜਾ ਹੋਈ ॥
ਹੇ ਭਾਈ! ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਤੋਂ ਨਵਾਂ ਆਤਮਕ ਜੀਵਨ ਪ੍ਰਾਪਤ ਕਰਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਹੀ ਲੀਨ ਰਹਿੰਦਾ ਹੈ। ਪਰ ਮਾਇਆ ਨਾਲ ਪਿਆਰ ਕਰਨ ਵਾਲਾ ਜਨਮ ਮਰਨ ਵਿਚ ਪਿਆ ਰਹਿੰਦਾ ਹੈ।
ਨਾਨਕ ਸਭੁ ਕਿਛੁ ਆਪੇ ਕਰਤਾ ਆਪਿ ਕਰਾਵੈ ਸੋਈ ॥੩॥
ਹੇ ਨਾਨਕ! ਕਰਤਾਰ ਆਪ ਹੀ ਸਭ ਕੁਝ ਕਰ ਰਿਹਾ ਹੈ, ਆਪ ਹੀ ਜੀਵਾਂ ਪਾਸੋਂ ਕਰਾ ਰਿਹਾ ਹੈ ॥੩॥
ਸਚੇ ਭਗਤ ਸੋਹਹਿ ਦਰਵਾਰੇ ਸਚੋ ਸਚੁ ਵਖਾਣੇ ਰਾਮ ॥
ਹੇ ਭਾਈ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਭਗਤ ਉਸ ਸਦਾ-ਥਿਰ ਪ੍ਰਭੂ ਦਾ ਨਾਮ ਹੀ ਹਰ ਵੇਲੇ ਉਚਾਰ ਉਚਾਰ ਕੇ ਉਸ ਦੀ ਹਜ਼ੂਰੀ ਵਿਚ ਸੋਭਾ ਪਾਂਦੇ ਹਨ।
ਘਟ ਅੰਤਰੇ ਸਾਚੀ ਬਾਣੀ ਸਾਚੋ ਆਪਿ ਪਛਾਣੇ ਰਾਮ ॥
ਉਹਨਾਂ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਸਦਾ ਵੱਸਦੀ ਹੈ। ਉਹ ਸਦਾ-ਥਿਰ ਪ੍ਰਭੂ ਨੂੰ ਆਪਣੇ ਅੰਦਰ ਵੱਸਦਾ ਵੇਖਦੇ ਹਨ।
ਆਪੁ ਪਛਾਣਹਿ ਤਾ ਸਚੁ ਜਾਣਹਿ ਸਾਚੇ ਸੋਝੀ ਹੋਈ ॥
ਜਦੋਂ ਭਗਤ-ਜਨ ਆਪਣੇ ਆਤਮਕ ਜੀਵਨ ਦੀ ਪੜਤਾਲ ਕਰਦੇ ਹਨ, ਤਦੋਂ ਉਹ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਪਾਂਦੇ ਹਨ, ਉਹਨਾਂ ਨੂੰ ਉਸ ਸਦਾ-ਥਿਰ ਪ੍ਰਭੂ ਦੀ ਜਾਣ-ਪਛਾਣ ਹੋ ਜਾਂਦੀ ਹੈ।
ਸਚਾ ਸਬਦੁ ਸਚੀ ਹੈ ਸੋਭਾ ਸਾਚੇ ਹੀ ਸੁਖੁ ਹੋਈ ॥
ਉਹਨਾਂ ਦੇ ਅੰਦਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲਾ ਗੁਰ-ਸ਼ਬਦ ਵੱਸਦਾ ਰਹਿੰਦਾ ਹੈ, (ਇਸ ਕਰ ਕੇ ਲੋਕ ਪਰਲੋਕ ਵਿਚ) ਉਹਨਾਂ ਨੂੰ ਸਦਾ ਲਈ ਸੋਭਾ ਮਿਲ ਜਾਂਦੀ ਹੈ। ਪ੍ਰਭੂ ਵਿਚ ਜੁੜਨ ਕਰ ਕੇ ਉਹਨਾਂ ਨੂੰ ਆਤਮਕ ਆਨੰਦ ਮਿਲਿਆ ਰਹਿੰਦਾ ਹੈ।
ਸਾਚਿ ਰਤੇ ਭਗਤ ਇਕ ਰੰਗੀ ਦੂਜਾ ਰੰਗੁ ਨ ਕੋਈ ॥
ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੇ ਪ੍ਰੇਮ-ਰੰਗ) ਵਿਚ ਰੰਗੇ ਹੋਏ ਭਗਤ ਜਨ ਇਕੋ ਪ੍ਰਭੂ-ਪ੍ਰੇਮ ਦੇ ਰੰਗ ਵਿਚ ਹੀ ਰਹਿੰਦੇ ਹਨ। ਕੋਈ ਹੋਰ (ਮਾਇਆ ਦੇ ਮੋਹ ਆਦਿਕ ਦਾ) ਰੰਗ ਉਹਨਾਂ ਨੂੰ ਨਹੀਂ ਚੜ੍ਹਦਾ।
ਨਾਨਕ ਜਿਸ ਕਉ ਮਸਤਕਿ ਲਿਖਿਆ ਤਿਸੁ ਸਚੁ ਪਰਾਪਤਿ ਹੋਈ ॥੪॥੨॥੩॥
ਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ (ਪ੍ਰਭੂ-ਮਿਲਾਪ ਦਾ ਲੇਖ) ਲਿਖਿਆ ਹੁੰਦਾ ਹੈ, ਉਸ ਨੂੰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ ॥੪॥੨॥੩॥
ਸੂਹੀ ਮਹਲਾ ੩ ॥
ਜੁਗ ਚਾਰੇ ਧਨ ਜੇ ਭਵੈ ਬਿਨੁ ਸਤਿਗੁਰ ਸੋਹਾਗੁ ਨ ਹੋਈ ਰਾਮ ॥
ਹੇ ਭਾਈ! (ਜੁਗ ਚਾਹੇ ਕੋਈ ਭੀ ਹੋਵੇ) ਗੁਰੂ (ਦੀ ਸਰਨ ਪੈਣ) ਤੋਂ ਬਿਨਾ ਖਸਮ-ਪ੍ਰਭੂ ਦਾ ਮਿਲਾਪ ਨਹੀਂ ਹੁੰਦਾ, ਜੀਵ-ਇਸਤ੍ਰੀ ਭਾਵੇਂ ਚੌਹਾਂ ਜੁਗਾਂ ਵਿਚ ਭਟਕਦੀ ਫਿਰੇ।
ਨਿਹਚਲੁ ਰਾਜੁ ਸਦਾ ਹਰਿ ਕੇਰਾ ਤਿਸੁ ਬਿਨੁ ਅਵਰੁ ਨ ਕੋਈ ਰਾਮ ॥
ਉਸ ਪ੍ਰਭੂ-ਪਤੀ ਦਾ ਹੁਕਮ ਅਟੱਲ ਹੈ (ਕਿ ਗੁਰੂ ਦੀ ਰਾਹੀਂ ਹੀ ਉਸ ਦਾ ਮਿਲਾਪ ਪ੍ਰਾਪਤ ਹੁੰਦਾ ਹੈ)। ਉਸ ਤੋਂ ਬਿਨਾ ਕੋਈ ਹੋਰ ਉਸ ਦੀ ਬਰਾਬਰੀ ਦਾ ਨਹੀਂ (ਜੋ ਇਸ ਹੁਕਮ ਨੂੰ ਬਦਲਾਅ ਸਕੇ)।
ਤਿਸੁ ਬਿਨੁ ਅਵਰੁ ਨ ਕੋਈ ਸਦਾ ਸਚੁ ਸੋਈ ਗੁਰਮੁਖਿ ਏਕੋ ਜਾਣਿਆ ॥
ਹੇ ਭਾਈ! ਉਸ ਪ੍ਰਭੂ ਤੋਂ ਬਿਨਾ ਉਸ ਵਰਗਾ ਹੋਰ ਕੋਈ ਨਹੀਂ। ਉਹ ਪ੍ਰਭੂ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲੀ ਜੀਵ-ਇਸਤ੍ਰੀ ਉਸ ਇੱਕ ਨਾਲ ਹੀ ਡੂੰਘੀ ਸਾਂਝ ਬਣਾਂਦੀ ਹੈ।
ਧਨ ਪਿਰ ਮੇਲਾਵਾ ਹੋਆ ਗੁਰਮਤੀ ਮਨੁ ਮਾਨਿਆ ॥
ਜਦੋਂ ਗੁਰੂ ਦੀ ਮਤਿ ਉਤੇ ਤੁਰ ਕੇ ਜੀਵ-ਇਸਤ੍ਰੀ ਦਾ ਮਨ (ਪਰਮਾਤਮਾ ਦੀ ਯਾਦ ਵਿਚ) ਗਿੱਝ ਜਾਂਦਾ ਹੈ, ਤਦੋਂ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਹੋ ਜਾਂਦਾ ਹੈ।
ਸਤਿਗੁਰੁ ਮਿਲਿਆ ਤਾ ਹਰਿ ਪਾਇਆ ਬਿਨੁ ਹਰਿ ਨਾਵੈ ਮੁਕਤਿ ਨ ਹੋਈ ॥
ਹੇ ਭਾਈ! ਜਦੋਂ ਗੁਰੂ ਮਿਲਦਾ ਹੈ ਤਦੋਂ ਹੀ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ (ਗੁਰੂ ਹੀ ਪ੍ਰਭੂ ਦਾ ਨਾਮ ਜੀਵ-ਇਸਤ੍ਰੀ ਦੇ ਹਿਰਦੇ ਵਿਚ ਵਸਾਂਦਾ ਹੈ, ਤੇ ਪਰਮਾਤਮਾ ਦੇ ਨਾਮ ਤੋਂ ਬਿਨਾ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਨਹੀਂ ਹੁੰਦੀ।
ਨਾਨਕ ਕਾਮਣਿ ਕੰਤੈ ਰਾਵੇ ਮਨਿ ਮਾਨਿਐ ਸੁਖੁ ਹੋਈ ॥੧॥
ਹੇ ਨਾਨਕ! ਜੇ ਮਨ ਪ੍ਰਭੂ ਦੀ ਯਾਦ ਵਿਚ ਗਿੱਝ ਜਾਏ, ਤਾਂ ਜੀਵ-ਇਸਤ੍ਰੀ ਪ੍ਰਭੂ ਦਾ ਮਿਲਾਪ ਮਾਣਦੀ ਹੈ, ਉਸ ਦੇ ਹਿਰਦੇ ਵਿਚ ਆਨੰਦ ਪੈਦਾ ਹੋਇਆ ਰਹਿੰਦਾ ਹੈ ॥੧॥
ਸਤਿਗੁਰੁ ਸੇਵਿ ਧਨ ਬਾਲੜੀਏ ਹਰਿ ਵਰੁ ਪਾਵਹਿ ਸੋਈ ਰਾਮ ॥
ਹੇ ਅੰਞਾਣ ਜਿੰਦੇ! ਗੁਰੂ ਦੀ ਦੱਸੀ ਕਾਰ ਕਰਿਆ ਕਰ, (ਇਸ ਤਰ੍ਹਾਂ ਤੂੰ ਪ੍ਰਭੂ-ਪਤੀ ਨੂੰ ਪ੍ਰਾਪਤ ਕਰ ਲਏਂਗੀ।
ਸਦਾ ਹੋਵਹਿ ਸੋਹਾਗਣੀ ਫਿਰਿ ਮੈਲਾ ਵੇਸੁ ਨ ਹੋਈ ਰਾਮ ॥
ਤੂੰ ਸਦਾ ਵਾਸਤੇ ਖਸਮ-ਵਾਲੀ ਹੋ ਜਾਏਂਗੀ, ਫਿਰ ਕਦੇ ਪ੍ਰਭੂ-ਪਤੀ ਨਾਲੋਂ ਵਿਛੋੜਾ ਨਹੀਂ ਹੋਏਗਾ!
ਫਿਰਿ ਮੈਲਾ ਵੇਸੁ ਨ ਹੋਈ ਗੁਰਮੁਖਿ ਬੂਝੈ ਕੋਈ ਹਉਮੈ ਮਾਰਿ ਪਛਾਣਿਆ ॥
ਕੋਈ ਵਿਰਲੀ ਜੀਵ-ਇਸਤ੍ਰੀ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਇਹ ਗੱਲ ਸਮਝਦੀ ਹੈ (ਕਿ ਗੁਰੂ ਦੀ ਰਾਹੀਂ ਪ੍ਰਭੂ ਨਾਲ ਮਿਲਾਪ ਹੋਇਆਂ) ਫਿਰ ਉਸ ਤੋਂ ਕਦੇ ਵਿਛੋੜਾ ਨਹੀਂ ਹੁੰਦਾ। ਉਹ ਜੀਵ-ਇਸਤ੍ਰੀ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਪ੍ਰਭੂ ਨਾਲ ਸਾਂਝ ਕਾਇਮ ਰੱਖਦੀ ਹੈ।
ਕਰਣੀ ਕਾਰ ਕਮਾਵੈ ਸਬਦਿ ਸਮਾਵੈ ਅੰਤਰਿ ਏਕੋ ਜਾਣਿਆ ॥
ਉਹ ਜੀਵ-ਇਸਤ੍ਰੀ (ਪ੍ਰਭੂ-ਸਿਮਰਨ ਦੀ) ਕਰਨ-ਜੋਗ ਕਾਰ ਕਰਦੀ ਰਹਿੰਦੀ ਹੈ, ਗੁਰੂ ਦੇ ਸ਼ਬਦ ਵਿਚ ਲੀਨ ਰਹਿੰਦੀ ਹੈ, ਆਪਣੇ ਹਿਰਦੇ ਵਿਚ ਇਕ ਪ੍ਰਭੂ ਨਾਲ ਜੀਵ-ਇਸਤ੍ਰੀ ਪਛਾਣ ਪਾਈ ਰੱਖਦੀ ਹੈ।
ਗੁਰਮੁਖਿ ਪ੍ਰਭੁ ਰਾਵੇ ਦਿਨੁ ਰਾਤੀ ਆਪਣਾ ਸਾਚੀ ਸੋਭਾ ਹੋਈ ॥
ਗੁਰੂ ਦੇ ਸਨਮੁਖ ਰਹਿਣ ਵਾਲੀ ਜੀਵ-ਇਸਤ੍ਰੀ ਦਿਨ ਰਾਤ ਆਪਣੇ ਪ੍ਰਭੂ ਦਾ ਨਾਮ ਸਿਮਰਦੀ ਰਹਿੰਦੀ ਹੈ, (ਲੋਕ ਪਰਲੋਕ ਵਿਚ) ਉਸ ਨੂੰ ਸਦਾ ਕਾਇਮ ਰਹਿਣ ਵਾਲੀ ਇੱਜ਼ਤ ਮਿਲਦੀ ਹੈ।
ਨਾਨਕ ਕਾਮਣਿ ਪਿਰੁ ਰਾਵੇ ਆਪਣਾ ਰਵਿ ਰਹਿਆ ਪ੍ਰਭੁ ਸੋਈ ॥੨॥
ਹੇ ਨਾਨਕ! ਉਹ ਜੀਵ-ਇਸਤ੍ਰੀ ਆਪਣੇ ਉਸ ਪ੍ਰਭੂ-ਪਤੀ ਨੂੰ ਹਰ ਵੇਲੇ ਯਾਦ ਕਰਦੀ ਹੈ ਜੋ ਹਰ ਥਾਂ ਵਿਆਪਕ ਹੈ ॥੨॥
ਗੁਰ ਕੀ ਕਾਰ ਕਰੇ ਧਨ ਬਾਲੜੀਏ ਹਰਿ ਵਰੁ ਦੇਇ ਮਿਲਾਏ ਰਾਮ ॥
ਹੇ ਅੰਞਾਣ ਜਿੰਦੇ! ਗੁਰੂ ਦੀ ਦੱਸੀ ਹੋਈ ਕਾਰ ਕਰਿਆ ਕਰ। ਗੁਰੂ ਪ੍ਰਭੂ-ਪਤੀ ਨਾਲ ਮਿਲਾ ਦੇਂਦਾ ਹੈ।
ਹਰਿ ਕੈ ਰੰਗਿ ਰਤੀ ਹੈ ਕਾਮਣਿ ਮਿਲਿ ਪ੍ਰੀਤਮ ਸੁਖੁ ਪਾਏ ਰਾਮ ॥
ਜੇਹੜੀ ਜੀਵ-ਇਸਤ੍ਰੀ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਜਾਂਦੀ ਹੈ, ਉਹ ਪਿਆਰੇ ਪ੍ਰਭੂ ਨੂੰ ਮਿਲ ਕੇ ਆਤਮਕ ਆਨੰਦ ਮਾਣਦੀ ਹੈ।
ਮਿਲਿ ਪ੍ਰੀਤਮ ਸੁਖੁ ਪਾਏ ਸਚਿ ਸਮਾਏ ਸਚੁ ਵਰਤੈ ਸਭ ਥਾਈ ॥
ਪ੍ਰਭੂ-ਪ੍ਰੀਤਮ ਨੂੰ ਮਿਲ ਕੇ ਉਹ ਆਤਮਕ ਆਨੰਦ ਮਾਣਦੀ ਹੈ, ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੀ ਹੈ, ਉਹ ਸਦਾ-ਥਿਰ ਪ੍ਰਭੂ ਉਸ ਨੂੰ ਸਭ ਥਾਵਾਂ ਵਿਚ ਵੱਸਦਾ ਦਿੱਸਦਾ ਹੈ।
ਸਚਾ ਸੀਗਾਰੁ ਕਰੇ ਦਿਨੁ ਰਾਤੀ ਕਾਮਣਿ ਸਚਿ ਸਮਾਈ ॥
ਉਹ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਮਸਤ ਰਹਿੰਦੀ ਹੈ, ਇਹੀ ਸਦਾ ਕਾਇਮ ਰਹਿਣ ਵਾਲਾ (ਆਤਮਕ) ਸਿੰਗਾਰ ਉਹ ਦਿਨ ਰਾਤ ਕਰੀ ਰੱਖਦੀ ਹੈ।
ਹਰਿ ਸੁਖਦਾਤਾ ਸਬਦਿ ਪਛਾਤਾ ਕਾਮਣਿ ਲਇਆ ਕੰਠਿ ਲਾਏ ॥
ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਜੀਵ-ਇਸਤ੍ਰੀ ਸਾਰੇ ਸੁਖ ਦੇਣ ਵਾਲੇ ਪ੍ਰਭੂ ਨਾਲ ਸਾਂਝ ਪਾਂਦੀ ਹੈ, ਉਸ ਨੂੰ ਆਪਣੇ ਗਲ ਨਾਲ ਲਾਈ ਰੱਖਦੀ ਹੈ (ਗਲੇ ਵਿਚ ਪ੍ਰੋ ਲੈਂਦੀ ਹੈ, ਹਰ ਵੇਲੇ ਉਸ ਦਾ ਜਾਪ ਕਰਦੀ ਹੈ)।
ਨਾਨਕ ਮਹਲੀ ਮਹਲੁ ਪਛਾਣੈ ਗੁਰਮਤੀ ਹਰਿ ਪਾਏ ॥੩॥
ਹੇ ਨਾਨਕ! ਉਹ ਜੀਵ-ਇਸਤ੍ਰੀ ਮਾਲਕ-ਪ੍ਰਭੂ ਦਾ ਮਹਲ ਲੱਭ ਲੈਂਦੀ ਹੈ, ਗੁਰੂ ਦੀ ਮਤਿ ਉਤੇ ਤੁਰ ਕੇ ਉਹ ਪ੍ਰਭੂ-ਪਤੀ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ ॥੩॥
ਸਾ ਧਨ ਬਾਲੀ ਧੁਰਿ ਮੇਲੀ ਮੇਰੈ ਪ੍ਰਭਿ ਆਪਿ ਮਿਲਾਈ ਰਾਮ ॥
ਹੇ ਭਾਈ! ਜਿਸ ਅੰਞਾਣ ਜੀਵ-ਇਸਤ੍ਰੀ ਨੂੰ ਧੁਰ ਦਰਗਾਹ ਤੋਂ ਮਿਲਾਪ ਦਾ ਲੇਖ ਪ੍ਰਾਪਤ ਹੋਇਆ, ਉਸ ਨੂੰ ਪ੍ਰਭੂ ਨੇ ਆਪ ਆਪਣੇ ਚਰਨਾਂ ਵਿਚ ਜੋੜ ਲਿਆ।
ਗੁਰਮਤੀ ਘਟਿ ਚਾਨਣੁ ਹੋਆ ਪ੍ਰਭੁ ਰਵਿ ਰਹਿਆ ਸਭ ਥਾਈ ਰਾਮ ॥
ਉਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਇਹ ਚਾਨਣ ਹੋ ਗਿਆ ਕਿ ਪਰਮਾਤਮਾ ਸਭ ਥਾਈਂ ਮੌਜੂਦ ਹੈ।
ਪ੍ਰਭੁ ਰਵਿ ਰਹਿਆ ਸਭ ਥਾਈ ਮੰਨਿ ਵਸਾਈ ਪੂਰਬਿ ਲਿਖਿਆ ਪਾਇਆ ॥
ਸਭ ਥਾਈਂ ਵਿਆਪਕ ਹੋ ਰਹੇ ਪ੍ਰਭੂ ਨੂੰ ਉਸ ਜੀਵ-ਇਸਤ੍ਰੀ ਨੇ ਆਪਣੇ ਮਨ ਵਿਚ ਵਸਾ ਲਿਆ, ਪਿਛਲੇ ਜਨਮ ਵਿਚ ਲਿਖਿਆ ਲੇਖ (ਉਸ ਦੇ ਮੱਥੇ ਉਤੇ) ਉੱਘੜ ਪਿਆ।
ਸੇਜ ਸੁਖਾਲੀ ਮੇਰੇ ਪ੍ਰਭ ਭਾਣੀ ਸਚੁ ਸੀਗਾਰੁ ਬਣਾਇਆ ॥
ਉਹ ਜੀਵ-ਇਸਤ੍ਰੀ ਪਿਆਰੇ ਪ੍ਰਭੂ ਨੂੰ ਚੰਗੀ ਲੱਗਣ ਲੱਗ ਪਈ, ਉਸ ਦਾ ਹਿਰਦਾ-ਸੇਜ ਆਨੰਦ-ਭਰਪੂਰ ਹੋ ਗਿਆ, ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਨੂੰ ਉਸ ਨੇ (ਆਪਣੇ ਜੀਵਨ ਦਾ) ਸੁਹਜ ਬਣਾ ਲਿਆ।
ਕਾਮਣਿ ਨਿਰਮਲ ਹਉਮੈ ਮਲੁ ਖੋਈ ਗੁਰਮਤਿ ਸਚਿ ਸਮਾਈ ॥
ਜੇਹੜੀ ਜੀਵ ਇਸਤ੍ਰੀ ਗੁਰੂ ਦੀ ਮਤਿ ਲੈ ਕੇ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਹੋ ਜਾਂਦੀ ਹੈ, ਉਹ (ਆਪਣੇ ਅੰਦਰੋਂ) ਹਉਮੈ ਦੀ ਮੈਲ ਦੂਰ ਕਰ ਲੈਂਦੀ ਹੈ, ਉਹ ਪਵਿਤ੍ਰ ਜੀਵਨ ਵਾਲੀ ਬਣ ਜਾਂਦੀ ਹੈ।
ਨਾਨਕ ਆਪਿ ਮਿਲਾਈ ਕਰਤੈ ਨਾਮੁ ਨਵੈ ਨਿਧਿ ਪਾਈ ॥੪॥੩॥੪॥
ਹੇ ਨਾਨਕ! (ਆਖ-) ਕਰਤਾਰ ਨੇ ਆਪ ਉਸ ਨੂੰ ਨਾਲ ਮਿਲਾ ਲਿਆ, ਉਸ ਨੇ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ, ਜੋ ਉਸ ਦੇ ਵਾਸਤੇ ਸ੍ਰਿਸ਼ਟੀ ਦੇ ਨੌ ਹੀ ਖ਼ਜ਼ਾਨੇ ਹੈ ॥੪॥੩॥੪॥
ਸੂਹੀ ਮਹਲਾ ੩ ॥
ਹਰਿ ਹਰੇ ਹਰਿ ਗੁਣ ਗਾਵਹੁ ਹਰਿ ਗੁਰਮੁਖੇ ਪਾਏ ਰਾਮ ॥
ਹੇ ਭਾਈ! ਸਦਾ ਪਰਮਾਤਮਾ ਦੇ ਗੁਣ ਗਾਇਆ ਕਰੋ। (ਜੇਹੜਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ ਉਹ) ਗੁਰੂ ਦੀ ਸਰਨ ਪੈ ਕੇ ਪਰਮਾਤਮਾ ਨੂੰ ਮਿਲ ਪੈਂਦਾ ਹੈ।
ਅਨਦਿਨੋ ਸਬਦਿ ਰਵਹੁ ਅਨਹਦ ਸਬਦ ਵਜਾਏ ਰਾਮ ॥
ਹੇ ਭਾਈ! ਇਕ-ਰਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ (ਦੇ ਵਾਜੇ) ਵਜਾ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਿਆ ਕਰੋ।
ਅਨਹਦ ਸਬਦ ਵਜਾਏ ਹਰਿ ਜੀਉ ਘਰਿ ਆਏ ਹਰਿ ਗੁਣ ਗਾਵਹੁ ਨਾਰੀ ॥
ਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੇ ਵਾਜੇ ਇਕ-ਰਸ ਵਜਾਂਦਾ ਰਹਿੰਦਾ ਹੈ, ਪਰਮਾਤਮਾ ਉਸ ਦੇ ਹਿਰਦੇ-ਘਰ ਵਿਚ ਪਰਗਟ ਹੋ ਜਾਂਦਾ ਹੈ। ਹੇ (ਮੇਰੇ) ਗਿਆਨ-ਇੰਦ੍ਰਿਓ! ਤੁਸੀ ਭੀ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰੋ।
ਅਨਦਿਨੁ ਭਗਤਿ ਕਰਹਿ ਗੁਰ ਆਗੈ ਸਾ ਧਨ ਕੰਤ ਪਿਆਰੀ ॥
ਜੇਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ ਸਨਮੁਖ ਹੋ ਕੇ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੀਆਂ ਹਨ, ਉਹ ਪ੍ਰਭੂ-ਪਤੀ ਨੂੰ ਪਿਆਰੀਆਂ ਲੱਗਦੀਆਂ ਹਨ।
ਗੁਰ ਕਾ ਸਬਦੁ ਵਸਿਆ ਘਟ ਅੰਤਰਿ ਸੇ ਜਨ ਸਬਦਿ ਸੁਹਾਏ ॥
ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸ ਪੈਂਦਾ ਹੈ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਦਾ ਜੀਵਨ ਸੋਹਣਾ ਬਣ ਜਾਂਦਾ ਹੈ।
ਨਾਨਕ ਤਿਨ ਘਰਿ ਸਦ ਹੀ ਸੋਹਿਲਾ ਹਰਿ ਕਰਿ ਕਿਰਪਾ ਘਰਿ ਆਏ ॥੧॥
ਹੇ ਨਾਨਕ! ਉਹਨਾਂ ਦੇ ਹਿਰਦੇ-ਘਰ ਵਿਚ ਸਦਾ ਹੀ (ਮਾਨੋ) ਖ਼ੁਸ਼ੀ ਦਾ ਗੀਤ ਹੁੰਦਾ ਰਹਿੰਦਾ ਹੈ, ਪ੍ਰਭੂ ਕਿਰਪਾ ਕਰ ਕੇ ਉਹਨਾਂ ਦੇ ਹਿਰਦੇ-ਘਰ ਵਿਚ ਆ ਵੱਸਦਾ ਹੈ ॥੧॥
ਭਗਤਾ ਮਨਿ ਆਨੰਦੁ ਭਇਆ ਹਰਿ ਨਾਮਿ ਰਹੇ ਲਿਵ ਲਾਏ ਰਾਮ ॥
ਭਾਈ! ਪ੍ਰਭੂ ਦੇ ਭਗਤਾਂ ਦੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ, ਕਿਉਂਕਿ ਉਹ ਪਰਮਾਤਮਾ ਦੇ ਨਾਮ ਵਿਚ ਸਦਾ ਸੁਰਤ ਜੋੜੀ ਰੱਖਦੇ ਹਨ।
ਗੁਰਮੁਖੇ ਮਨੁ ਨਿਰਮਲੁ ਹੋਆ ਨਿਰਮਲ ਹਰਿ ਗੁਣ ਗਾਏ ਰਾਮ ॥
ਗੁਰੂ ਦੀ ਰਾਹੀਂ ਪਰਮਾਤਮਾ ਦੇ ਪਵਿਤ੍ਰ ਗੁਣ ਗਾ ਗਾ ਕੇ ਉਹਨਾਂ ਦਾ ਮਨ ਪਵਿਤ੍ਰ ਹੋ ਜਾਂਦਾ ਹੈ।
ਨਿਰਮਲ ਗੁਣ ਗਾਏ ਨਾਮੁ ਮੰਨਿ ਵਸਾਏ ਹਰਿ ਕੀ ਅੰਮ੍ਰਿਤ ਬਾਣੀ ॥
ਪਰਮਾਤਮਾ ਦੀ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ, ਪ੍ਰਭੂ ਦੇ ਪਵਿਤ੍ਰ ਗੁਣ ਗਾ ਗਾ ਕੇ, ਪ੍ਰਭੂ ਦਾ ਨਾਮ ਆਪਣੇ ਮਨ ਵਿਚ ਵਸਾ ਕੇ (ਉਹਨਾਂ ਦਾ ਮਨ ਪਵਿਤ੍ਰ ਹੋ ਜਾਂਦਾ ਹੈ)।
ਜਿਨ੍ਰ ਮਨਿ ਵਸਿਆ ਸੇਈ ਜਨ ਨਿਸਤਰੇ ਘਟਿ ਘਟਿ ਸਬਦਿ ਸਮਾਣੀ ॥
ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਵੱਸਦਾ ਦਿੱਸਦਾ ਹੈ।
ਤੇਰੇ ਗੁਣ ਗਾਵਹਿ ਸਹਜਿ ਸਮਾਵਹਿ ਸਬਦੇ ਮੇਲਿ ਮਿਲਾਏ ॥
ਹੇ ਪ੍ਰਭੂ! ਜੇਹੜੇ ਮਨੁੱਖ ਤੇਰੇ ਗੁਣ ਗਾਂਦੇ ਹਨ, ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ। ਗੁਰੂ ਆਪਣੇ ਸ਼ਬਦ ਦੀ ਰਾਹੀਂ ਉਹਨਾਂ ਨੂੰ (ਹੇ ਪ੍ਰਭੂ!) ਤੇਰੇ ਚਰਨਾਂ ਵਿਚ ਜੋੜ ਦੇਂਦਾ ਹੈ।
ਨਾਨਕ ਸਫਲ ਜਨਮੁ ਤਿਨ ਕੇਰਾ ਜਿ ਸਤਿਗੁਰਿ ਹਰਿ ਮਾਰਗਿ ਪਾਏ ॥੨॥
ਹੇ ਨਾਨਕ! ਉਹਨਾਂ ਮਨੁੱਖਾਂ ਦਾ ਜਨਮ ਕਾਮਯਾਬ ਹੋ ਜਾਂਦਾ ਹੈ, ਜਿਨ੍ਹਾਂ ਨੂੰ ਗੁਰੂ ਪਰਮਾਤਮਾ ਦੇ ਰਸਤੇ ਉਤੇ ਤੋਰ ਦਿੰਦਾ ਹੈ ॥੨॥
ਸੰਤਸੰਗਤਿ ਸਿਉ ਮੇਲੁ ਭਇਆ ਹਰਿ ਹਰਿ ਨਾਮਿ ਸਮਾਏ ਰਾਮ ॥
ਹੇ ਭਾਈ! ਜਿਨ੍ਹਾਂ ਮਨੁੱਖਾਂ ਦਾ ਸਾਧ ਸੰਗਤਿ ਨਾਲ ਮਿਲਾਪ ਹੋ ਜਾਂਦਾ ਹੈ, ਉਹ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦੇ ਹਨ।
ਗੁਰ ਕੈ ਸਬਦਿ ਸਦ ਜੀਵਨ ਮੁਕਤ ਭਏ ਹਰਿ ਕੈ ਨਾਮਿ ਲਿਵ ਲਾਏ ਰਾਮ ॥
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜ ਕੇ ਉਹ ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਹੀ ਮਾਇਆ ਵਲੋਂ ਨਿਰਲੇਪ ਰਹਿੰਦੇ ਹਨ।
ਹਰਿ ਨਾਮਿ ਚਿਤੁ ਲਾਏ ਗੁਰਿ ਮੇਲਿ ਮਿਲਾਏ ਮਨੂਆ ਰਤਾ ਹਰਿ ਨਾਲੇ ॥
ਜਿਨ੍ਹਾਂ ਨੂੰ ਗੁਰੂ ਨੇ ਪ੍ਰਭੂ-ਚਰਨਾਂ ਵਿਚ ਜੋੜ ਦਿੱਤਾ, ਉਹਨਾਂ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਵਿਚ ਮਨ ਜੋੜ ਲਿਆ, ਉਹਨਾਂ ਦਾ ਮਨ ਪਰਮਾਤਮਾ ਦੇ (ਪ੍ਰੇਮ-ਰੰਗ) ਨਾਲ ਰੰਗਿਆ ਗਿਆ।
ਸੁਖਦਾਤਾ ਪਾਇਆ ਮੋਹੁ ਚੁਕਾਇਆ ਅਨਦਿਨੁ ਨਾਮੁ ਸਮ੍ਰਾਲੇ ॥
ਉਹਨਾਂ ਨੇ ਹਰ ਵੇਲੇ ਪ੍ਰਭੂ ਦਾ ਨਾਮ ਹਿਰਦੇ ਵਿਚ ਵਸਾ ਕੇ (ਆਪਣੇ ਅੰਦਰੋਂ ਮਾਇਆ ਦਾ) ਮੋਹ ਦੂਰ ਕਰ ਲਿਆ, ਤੇ, ਸਾਰੇ ਸੁਖ ਦੇਣ ਵਾਲੇ ਪਰਮਾਤਮਾ ਨਾਲ ਮਿਲਾਪ ਹਾਸਲ ਕਰ ਲਿਆ।
ਗੁਰਸਬਦੇ ਰਾਤਾ ਸਹਜੇ ਮਾਤਾ ਨਾਮੁ ਮਨਿ ਵਸਾਏ ॥
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਰੰਗਿਆ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਮਸਤ ਰਹਿੰਦਾ ਹੈ, ਉਹ ਹਰਿ-ਨਾਮ ਨੂੰ ਮਨ ਵਿਚ ਵਸਾਈ ਰੱਖਦਾ ਹੈ।
ਨਾਨਕ ਤਿਨ ਘਰਿ ਸਦ ਹੀ ਸੋਹਿਲਾ ਜਿ ਸਤਿਗੁਰ ਸੇਵਿ ਸਮਾਏ ॥੩॥
ਹੇ ਨਾਨਕ! ਜੇਹੜੇ ਮਨੁੱਖ ਗੁਰੂ ਦੀ ਦੱਸੀ ਸੇਵਾ ਕਰ ਕੇ ਪ੍ਰਭੂ ਵਿਚ ਲੀਨ ਰਹਿੰਦੇ ਹਨ, ਉਹਨਾਂ ਦੇ ਹਿਰਦੇ ਵਿਚ ਸਦਾ ਹੀ ਖ਼ੁਸ਼ੀ ਬਣੀ ਰਹਿੰਦੀ ਹੈ ॥੩॥
ਬਿਨੁ ਸਤਿਗੁਰ ਜਗੁ ਭਰਮਿ ਭੁਲਾਇਆ ਹਰਿ ਕਾ ਮਹਲੁ ਨ ਪਾਇਆ ਰਾਮ ॥
ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਜਗਤ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਨਹੀਂ ਕਰ ਸਕਦਾ।
ਗੁਰਮੁਖੇ ਇਕਿ ਮੇਲਿ ਮਿਲਾਇਆ ਤਿਨ ਕੇ ਦੂਖ ਗਵਾਇਆ ਰਾਮ ॥
ਪਰ ਕਈ (ਵਡ-ਭਾਗੀ ਐਸੇ ਹਨ, ਜੇਹੜੇ) ਗੁਰੂ ਦੇ ਸਨਮੁਖ (ਰਹਿੰਦੇ ਹਨ, ਉਹਨਾਂ ਨੂੰ ਗੁਰੂ ਨੇ) ਪ੍ਰਭੂ-ਚਰਨਾਂ ਵਿਚ ਜੋੜ ਦਿੱਤਾ ਹੈ, ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ ਹਨ।
ਤਿਨ ਕੇ ਦੂਖ ਗਵਾਇਆ ਜਾ ਹਰਿ ਮਨਿ ਭਾਇਆ ਸਦਾ ਗਾਵਹਿ ਰੰਗਿ ਰਾਤੇ ॥
ਜਦੋਂ ਉਹ ਪ੍ਰਭੂ ਦੇ ਮਨ ਵਿਚ ਪਿਆਰੇ ਲੱਗਦੇ ਹਨ, ਉਹਨਾਂ ਦੇ ਦੁੱਖ ਦੂਰ ਹੋ ਜਾਂਦੇ ਹਨ, ਉਹ ਪ੍ਰੇਮ-ਰੰਗ ਵਿਚ ਰੰਗੀਜ ਕੇ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ।
ਹਰਿ ਕੇ ਭਗਤ ਸਦਾ ਜਨ ਨਿਰਮਲ ਜੁਗਿ ਜੁਗਿ ਸਦ ਹੀ ਜਾਤੇ ॥
ਪਰਮਾਤਮਾ ਦੇ ਉਹ ਭਗਤ ਸਦਾ ਲਈ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ, ਉਹ ਹਰੇਕ ਜੁਗ ਵਿਚ ਸਦਾ ਹੀ ਪਰਗਟ ਹੋ ਜਾਂਦੇ ਹਨ।
ਸਾਚੀ ਭਗਤਿ ਕਰਹਿ ਦਰਿ ਜਾਪਹਿ ਘਰਿ ਦਰਿ ਸਚਾ ਸੋਈ ॥
ਉਹ (ਵਡ-ਭਾਗੀ ਮਨੁੱਖ) ਸਦਾ-ਥਿਰ ਪ੍ਰਭੂ ਦੀ ਭਗਤੀ ਕਰਦੇ ਹਨ, ਉਸ ਦੇ ਦਰ ਤੇ ਇੱਜ਼ਤ ਪਾਂਦੇ ਹਨ, ਉਹਨਾਂ ਦੇ ਹਿਰਦੇ ਵਿਚ ਉਹਨਾਂ ਦੇ ਅੰਦਰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਵੱਸ ਪੈਂਦਾ ਹੈ।
ਨਾਨਕ ਸਚਾ ਸੋਹਿਲਾ ਸਚੀ ਸਚੁ ਬਾਣੀ ਸਬਦੇ ਹੀ ਸੁਖੁ ਹੋਈ ॥੪॥੪॥੫॥
ਹੇ ਨਾਨਕ! ਉਹਨਾਂ ਦੇ ਅੰਦਰ ਸਿਫ਼ਤਿ-ਸਾਲਾਹ ਵਾਲੀ ਬਾਣੀ ਵੱਸੀ ਰਹਿੰਦੀ ਹੈ, ਅਟੱਲ ਖ਼ੁਸ਼ੀ ਬਣੀ ਰਹਿੰਦੀ ਹੈ, ਸ਼ਬਦ ਦੀ ਬਰਕਤਿ ਨਾਲ ਉਹਨਾਂ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ ॥੪॥੪॥੫॥
ਸੂਹੀ ਮਹਲਾ ੩ ॥
ਜੇ ਲੋੜਹਿ ਵਰੁ ਬਾਲੜੀਏ ਤਾ ਗੁਰ ਚਰਣੀ ਚਿਤੁ ਲਾਏ ਰਾਮ ॥
ਹੇ ਅੰਞਾਣ ਜੀਵ-ਇਸਤ੍ਰੀਏ! ਜੇ ਤੂੰ ਪ੍ਰਭੂ-ਪਤੀ ਦਾ ਮਿਲਾਪ ਚਾਹੁੰਦੀ ਹੈਂ, ਤਾਂ ਆਪਣੇ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ਰੱਖ।
ਸਦਾ ਹੋਵਹਿ ਸੋਹਾਗਣੀ ਹਰਿ ਜੀਉ ਮਰੈ ਨ ਜਾਏ ਰਾਮ ॥
ਤੂੰ ਸਦਾ ਲਈ ਸੁਹਾਗ-ਭਾਗ ਵਾਲੀ ਬਣ ਜਾਏਂਗੀ, (ਕਿਉਂਕਿ) ਪ੍ਰਭੂ-ਪਤੀ ਨਾਹ ਕਦੇ ਮਰਦਾ ਹੈ ਨਾਹ ਨਾਸ ਹੁੰਦਾ ਹੈ। ਪ੍ਰਭੂ-ਪਤੀ ਕਦੇ ਨਹੀਂ ਮਰਦਾ, ਕਦੇ ਨਾਸ ਨਹੀਂ ਹੁੰਦਾ।
ਹਰਿ ਜੀਉ ਮਰੈ ਨ ਜਾਏ ਗੁਰ ਕੈ ਸਹਜਿ ਸੁਭਾਏ ਸਾ ਧਨ ਕੰਤ ਪਿਆਰੀ ॥
ਜੇਹੜੀ ਜੀਵ-ਇਸਤ੍ਰੀ ਗੁਰੂ ਦੀ ਰਾਹੀਂ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਲੀਨ ਰਹਿੰਦੀ ਹੈ, ਉਹ ਖਸਮ-ਪ੍ਰਭੂ ਨੂੰ ਪਿਆਰੀ ਲੱਗਦੀ ਹੈ।
ਸਚਿ ਸੰਜਮਿ ਸਦਾ ਹੈ ਨਿਰਮਲ ਗੁਰ ਕੈ ਸਬਦਿ ਸੀਗਾਰੀ ॥
ਸਦਾ-ਥਿਰ ਪ੍ਰਭੂ ਵਿਚ ਜੁੜ ਕੇ, (ਵਿਕਾਰਾਂ ਵਲੋਂ) ਬੰਦਸ਼ ਵਿਚ ਰਹਿ ਕੇ, ਉਹ ਜੀਵ-ਇਸਤ੍ਰੀ ਪਵਿਤ੍ਰ ਜੀਵਨ ਵਾਲੀ ਹੋ ਜਾਂਦੀ ਹੈ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਆਪਣੇ ਆਤਮਕ ਜੀਵਨ ਨੂੰ ਸੋਹਣਾ ਬਣਾ ਲੈਂਦੀ ਹੈ।
ਮੇਰਾ ਪ੍ਰਭੁ ਸਾਚਾ ਸਦ ਹੀ ਸਾਚਾ ਜਿਨਿ ਆਪੇ ਆਪੁ ਉਪਾਇਆ ॥
ਹੇ ਸਹੇਲੀਏ! ਮੇਰਾ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਸ ਨੇ ਆਪਣੇ ਆਪ ਨੂੰ ਆਪ ਹੀ ਪਰਗਟ ਕੀਤਾ ਹੋਇਆ ਹੈ।
ਨਾਨਕ ਸਦਾ ਪਿਰੁ ਰਾਵੇ ਆਪਣਾ ਜਿਨਿ ਗੁਰ ਚਰਣੀ ਚਿਤੁ ਲਾਇਆ ॥੧॥
ਹੇ ਨਾਨਕ! ਜਿਸ ਜੀਵ-ਇਸਤ੍ਰੀ ਨੇ ਗੁਰੂ-ਚਰਨਾਂ ਵਿਚ ਆਪਣਾ ਮਨ ਜੋੜ ਲਿਆ, ਉਹ ਸਦਾ ਪ੍ਰਭੂ-ਪਤੀ ਦਾ ਮਿਲਾਪ ਮਾਣਦੀ ਹੈ ॥੧॥
ਪਿਰੁ ਪਾਇਅੜਾ ਬਾਲੜੀਏ ਅਨਦਿਨੁ ਸਹਜੇ ਮਾਤੀ ਰਾਮ ॥
ਹੇ ਅੰਞਾਣ ਜੀਵ-ਇਸਤ੍ਰੀਏ! ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਦਾ ਮਿਲਾਪ ਹਾਸਲ ਕਰ ਲੈਂਦੀ ਹੈ, ਉਹ ਹਰ ਵੇਲੇ ਆਤਮਕ ਅਡੋਲਤਾ ਵਿਚ ਮਸਤ ਰਹਿੰਦੀ ਹੈ।
ਗੁਰਮਤੀ ਮਨਿ ਅਨਦੁ ਭਇਆ ਤਿਤੁ ਤਨਿ ਮੈਲੁ ਨ ਰਾਤੀ ਰਾਮ ॥
ਗੁਰੂ ਦੀ ਮਤਿ ਦਾ ਸਦਕਾ ਉਸ ਦੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ, (ਉਸ ਦੇ) ਉਸ ਸਰੀਰ ਵਿਚ (ਵਿਕਾਰਾਂ ਦੀ) ਰਤਾ ਭਰ ਭੀ ਮੈਲ ਨਹੀਂ ਹੁੰਦੀ।
ਤਿਤੁ ਤਨਿ ਮੈਲੁ ਨ ਰਾਤੀ ਹਰਿ ਪ੍ਰਭਿ ਰਾਤੀ ਮੇਰਾ ਪ੍ਰਭੁ ਮੇਲਿ ਮਿਲਾਏ ॥
(ਉਸ ਦੇ) ਉਸ ਸਰੀਰ ਵਿਚ ਰਤਾ ਭਰ ਭੀ ਮੈਲ ਨਹੀਂ ਹੁੰਦੀ, ਉਹ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗੀ ਰਹਿੰਦੀ ਹੈ ਪ੍ਰਭੂ ਉਸ ਨੂੰ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ।
ਅਨਦਿਨੁ ਰਾਵੇ ਹਰਿ ਪ੍ਰਭੁ ਅਪਣਾ ਵਿਚਹੁ ਆਪੁ ਗਵਾਏ ॥
ਉਹ ਜੀਵ-ਇਸਤ੍ਰੀ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਹਰ ਵੇਲੇ ਆਪਣੇ ਹਰਿ-ਪ੍ਰਭੂ ਨੂੰ ਸਿਮਰਦੀ ਰਹਿੰਦੀ ਹੈ।
ਗੁਰਮਤਿ ਪਾਇਆ ਸਹਜਿ ਮਿਲਾਇਆ ਅਪਣੇ ਪ੍ਰੀਤਮ ਰਾਤੀ ॥
ਗੁਰੂ ਦੀ ਸਿੱਖਿਆ ਨਾਲ ਉਹ ਪ੍ਰਭੂ ਨੂੰ ਮਿਲ ਪੈਂਦੀ ਹੈ, ਗੁਰੂ ਉਸ ਨੂੰ ਆਤਮਕ ਅਡੋਲਤਾ ਵਿਚ ਟਿਕਾ ਦੇਂਦਾ ਹੈ, ਉਹ ਆਪਣੇ ਪ੍ਰੀਤਮ-ਪ੍ਰਭੂ ਦੇ ਰੰਗ ਵਿਚ ਰੰਗੀ ਜਾਂਦੀ ਹੈ।
ਨਾਨਕ ਨਾਮੁ ਮਿਲੈ ਵਡਿਆਈ ਪ੍ਰਭੁ ਰਾਵੇ ਰੰਗਿ ਰਾਤੀ ॥੨॥
ਹੇ ਨਾਨਕ! ਉਸ ਨੂੰ ਹਰਿ-ਨਾਮ ਮਿਲ ਜਾਂਦਾ ਹੈ, ਇੱਜ਼ਤ ਮਿਲ ਜਾਂਦੀ ਹੈ, ਉਹ ਪ੍ਰੇਮ-ਰੰਗ ਵਿਚ ਰੰਗੀ ਹੋਈ ਹਰ ਵੇਲੇ ਪ੍ਰਭੂ ਦਾ ਸਿਮਰਨ ਕਰਦੀ ਹੈ ॥੨॥
ਪਿਰੁ ਰਾਵੇ ਰੰਗਿ ਰਾਤੜੀਏ ਪਿਰ ਕਾ ਮਹਲੁ ਤਿਨ ਪਾਇਆ ਰਾਮ ॥
ਹੇ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ ਜੀਵ-ਇਸਤ੍ਰੀਏ! ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਹਰ ਵੇਲੇ ਸਿਮਰਦੀ ਹੈ,
ਸੋ ਸਹੋ ਅਤਿ ਨਿਰਮਲੁ ਦਾਤਾ ਜਿਨਿ ਵਿਚਹੁ ਆਪੁ ਗਵਾਇਆ ਰਾਮ ॥
ਜਿਸ ਨੇ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਦਿੱਤਾ ਹੈ, ਉਸ ਨੇ ਉਸ ਪ੍ਰਭੂ ਦੀ ਹਜ਼ੂਰੀ ਪ੍ਰਾਪਤ ਕਰ ਲਈ ਹੈ ਜੇਹੜਾ ਬਹੁਤ ਪਵਿਤ੍ਰ ਹੈ, ਤੇ, ਸਭ ਦਾਤਾਂ ਦੇਣ ਵਾਲਾ ਹੈ।
ਵਿਚਹੁ ਮੋਹੁ ਚੁਕਾਇਆ ਜਾ ਹਰਿ ਭਾਇਆ ਹਰਿ ਕਾਮਣਿ ਮਨਿ ਭਾਣੀ ॥
ਜਦੋਂ ਪ੍ਰਭੂ ਦੀ ਰਜ਼ਾ ਹੁੰਦੀ ਹੈ, ਤਦੋਂ ਜੀਵ-ਇਸਤ੍ਰੀ ਆਪਣੇ ਅੰਦਰੋਂ ਮੋਹ ਦੂਰ ਕਰਦੀ ਹੈ, ਤੇ, ਪ੍ਰਭੂ ਦੇ ਮਨ ਵਿਚ ਪਿਆਰੀ ਲੱਗਣ ਲੱਗ ਪੈਂਦੀ ਹੈ।
ਅਨਦਿਨੁ ਗੁਣ ਗਾਵੈ ਨਿਤ ਸਾਚੇ ਕਥੇ ਅਕਥ ਕਹਾਣੀ ॥
ਫਿਰ ਉਹ ਹਰ ਵੇਲੇ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੀ ਰਹਿੰਦੀ ਹੈ, ਅਤੇ ਉਸ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰਦੀ ਹੈ ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।
ਜੁਗ ਚਾਰੇ ਸਾਚਾ ਏਕੋ ਵਰਤੈ ਬਿਨੁ ਗੁਰ ਕਿਨੈ ਨ ਪਾਇਆ ॥
ਹੇ ਸਹੇਲੀਏ! ਚੌਹਾਂ ਜੁਗਾਂ ਵਿਚ ਉਹ ਸਦਾ-ਥਿਰ ਪ੍ਰਭੂ ਆਪ ਹੀ ਆਪਣਾ ਹੁਕਮ ਵਰਤਾ ਰਿਹਾ ਹੈ, ਪਰ ਗੁਰੂ ਦੀ ਸਰਨ ਤੋਂ ਬਿਨਾ ਕਿਸੇ ਨੇ ਭੀ ਉਸ ਦਾ ਮਿਲਾਪ ਪ੍ਰਾਪਤ ਨਹੀਂ ਕੀਤਾ।
ਨਾਨਕ ਰੰਗਿ ਰਵੈ ਰੰਗਿ ਰਾਤੀ ਜਿਨਿ ਹਰਿ ਸੇਤੀ ਚਿਤੁ ਲਾਇਆ ॥੩॥
ਹੇ ਨਾਨਕ! ਜਿਸ ਜੀਵ-ਇਸਤ੍ਰੀ ਨੇ ਪਰਮਾਤਮਾ ਨਾਲ ਆਪਣਾ ਮਨ ਜੋੜ ਲਿਆ, ਉਹ ਉਸ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ ਉਸ ਦੇ ਪ੍ਰੇਮ ਵਿਚ ਉਸ ਦਾ ਸਿਮਰਨ ਕਰਦੀ ਹੈ ॥੩॥
ਕਾਮਣਿ ਮਨਿ ਸੋਹਿਲੜਾ ਸਾਜਨ ਮਿਲੇ ਪਿਆਰੇ ਰਾਮ ॥
ਜਿਸ ਜੀਵ-ਇਸਤ੍ਰੀ ਨੂੰ ਪਿਆਰੇ ਸੱਜਣ ਪ੍ਰਭੂ ਜੀ ਮਿਲ ਪੈਂਦੇ ਹਨ, ਉਸ ਦੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ।
ਗੁਰਮਤੀ ਮਨੁ ਨਿਰਮਲੁ ਹੋਆ ਹਰਿ ਰਾਖਿਆ ਉਰਿ ਧਾਰੇ ਰਾਮ ॥
ਗੁਰੂ ਦੀ ਮਤਿ ਉਤੇ ਤੁਰ ਕੇ ਉਸ ਦਾ ਮਨ ਪਵਿੱਤ੍ਰ ਹੋ ਜਾਂਦਾ ਹੈ, ਉਹ ਆਪਣੇ ਹਿਰਦੇ ਵਿਚ ਹਰਿ-ਪ੍ਰਭੂ ਨੂੰ ਟਿਕਾ ਰੱਖਦੀ ਹੈ।
ਹਰਿ ਰਾਖਿਆ ਉਰਿ ਧਾਰੇ ਅਪਨਾ ਕਾਰਜੁ ਸਵਾਰੇ ਗੁਰਮਤੀ ਹਰਿ ਜਾਤਾ ॥
ਉਹ ਜੀਵ-ਇਸਤ੍ਰੀ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੀ ਹੈ, ਇਸ ਤਰ੍ਹਾਂ ਆਪਣਾ ਜੀਵਨ-ਮਨੋਰਥ ਸੰਵਾਰ ਲੈਂਦੀ ਹੈ, ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਉਹ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦੀ ਹੈ।
ਪ੍ਰੀਤਮਿ ਮੋਹਿ ਲਇਆ ਮਨੁ ਮੇਰਾ ਪਾਇਆ ਕਰਮ ਬਿਧਾਤਾ ॥
ਉਸ ਦਾ ਮਨ ਜੋ ਪਹਿਲਾਂ ਮਮਤਾ ਵਿਚ ਫਸਿਆ ਹੋਇਆ ਸੀ, ਪ੍ਰੀਤਮ-ਪ੍ਰਭੂ ਨੇ ਆਪਣੇ ਵੱਸ ਵਿਚ ਕਰ ਲਿਆ, ਤੇ, ਉਸ ਜੀਵ-ਇਸਤ੍ਰੀ ਨੇ ਸਿਰਜਣਹਾਰ ਪ੍ਰਭੂ ਨਾਲ ਮਿਲਾਪ ਪ੍ਰਾਪਤ ਕਰ ਲਿਆ।
ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਹਰਿ ਵਸਿਆ ਮੰਨਿ ਮੁਰਾਰੇ ॥
ਗੁਰੂ ਦੀ ਸਰਨ ਪੈ ਕੇ ਉਸ ਜੀਵ-ਇਸਤ੍ਰੀ ਨੇ ਸਦਾ-ਆਤਮਕ ਆਨੰਦ ਮਾਣਿਆ ਹੈ, ਮੁਰਾਰੀ-ਪ੍ਰਭੂ ਉਸ ਦੇ ਮਨ ਵਿਚ ਆ ਵੱਸਿਆ ਹੈ।
ਨਾਨਕ ਮੇਲਿ ਲਈ ਗੁਰਿ ਅਪੁਨੈ ਗੁਰ ਕੈ ਸਬਦਿ ਸਵਾਰੇ ॥੪॥੫॥੬॥
ਹੇ ਨਾਨਕ! ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਜੀਵ-ਇਸਤ੍ਰੀ ਨੇ ਆਪਣਾ ਜੀਵਨ ਸੋਹਣਾ ਬਣਾ ਲਿਆ ਹੈ, ਪਿਆਰੇ ਗੁਰੂ ਨੇ ਉਸ ਨੂੰ ਪ੍ਰਭੂ-ਚਰਨਾਂ ਵਿਚ ਜੋੜ ਦਿੱਤਾ ਹੈ ॥੪॥੫॥੬॥
ਸੂਹੀ ਮਹਲਾ ੩ ॥
ਸੋਹਿਲੜਾ ਹਰਿ ਰਾਮ ਨਾਮੁ ਗੁਰਸਬਦੀ ਵੀਚਾਰੇ ਰਾਮ ॥
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦੇ ਨਾਮ ਨੂੰ ਵਿਚਾਰਦਾ ਹੈ, ਉਸ ਦੇ ਅੰਦਰ ਆਨੰਦ ਦੀ ਲਹਿਰ ਚੱਲੀ ਰਹਿੰਦੀ ਹੈ।
ਹਰਿ ਮਨੁ ਤਨੋ ਗੁਰਮੁਖਿ ਭੀਜੈ ਰਾਮ ਨਾਮੁ ਪਿਆਰੇ ਰਾਮ ॥
ਗੁਰੂ ਦੇ ਸਨਮੁਖ ਰਹਿਣ ਵਾਲਾ ਉਸ ਦਾ ਮਨ ਉਸ ਦਾ ਹਿਰਦਾ ਪਰਮਾਤਮਾ (ਦੇ ਪਿਆਰ-ਰਸ) ਵਿਚ ਭਿੱਜ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦੇ ਨਾਮ ਨੂੰ ਪਿਆਰ ਕਰਦਾ ਹੈ।
ਰਾਮ ਨਾਮੁ ਪਿਆਰੇ ਸਭਿ ਕੁਲ ਉਧਾਰੇ ਰਾਮ ਨਾਮੁ ਮੁਖਿ ਬਾਣੀ ॥
ਉਹ ਮਨੁੱਖ ਪਰਮਾਤਮਾ ਦੇ ਨਾਮ ਨਾਲ ਪਿਆਰ ਕਰਦਾ ਹੈ। ਪਰਮਾਤਮਾ ਦਾ ਨਾਮ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਹ ਆਪਣੇ ਮੂੰਹ ਨਾਲ ਉਚਾਰਦਾ ਹੈ, ਤੇ, ਆਪਣੀਆਂ ਸਾਰੀਆਂ ਕੁਲਾਂ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ।
ਆਵਣ ਜਾਣ ਰਹੇ ਸੁਖੁ ਪਾਇਆ ਘਰਿ ਅਨਹਦ ਸੁਰਤਿ ਸਮਾਣੀ ॥
ਉਸ ਦੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ, ਉਹ ਆਪਣੇ ਹਿਰਦੇ-ਘਰ ਵਿਚ ਇਕ-ਰਸ ਆਨੰਦ ਮਾਣਦਾ ਰਹਿੰਦਾ ਹੈ, ਉਸ ਦੀ ਸੁਰਤ (ਪ੍ਰਭੂ-ਚਰਨਾਂ ਵਿਚ) ਲੀਨ ਰਹਿੰਦੀ ਹੈ।
ਹਰਿ ਹਰਿ ਏਕੋ ਪਾਇਆ ਹਰਿ ਪ੍ਰਭੁ ਨਾਨਕ ਕਿਰਪਾ ਧਾਰੇ ॥
ਹੇ ਨਾਨਕ! ਪਰਮਾਤਮਾ ਉਸ ਮਨੁੱਖ ਉਤੇ ਮੇਹਰ ਕਰਦਾ ਹੈ, ਉਹ ਮਨੁੱਖ ਪਰਮਾਤਮਾ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ।
ਸੋਹਿਲੜਾ ਹਰਿ ਰਾਮ ਨਾਮੁ ਗੁਰਸਬਦੀ ਵੀਚਾਰੇ ॥੧॥
ਹੇ ਭਾਈ! ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਨਾਮ ਨੂੰ ਵਿਚਾਰਦਾ ਹੈ, ਉਸ ਦੇ ਅੰਦਰ ਆਤਮਕ ਆਨੰਦ ਦੀ ਰੌ ਚੱਲ ਪੈਂਦੀ ਹੈ ॥੧॥
ਹਮ ਨੀਵੀ ਪ੍ਰਭੁ ਅਤਿ ਊਚਾ ਕਿਉ ਕਰਿ ਮਿਲਿਆ ਜਾਏ ਰਾਮ ॥
ਹੇ ਭਾਈ! ਅਸੀਂ ਜੀਵ-ਇਸਤ੍ਰੀਆਂ (ਆਤਮਕ ਜੀਵਨ ਦੀ) ਨੀਵੀਂ ਪੱਧਰ ਤੇ ਹਾਂ, ਪ੍ਰਭੂ (ਇਸ ਪੱਧਰ ਨਾਲੋਂ) ਬਹੁਤ ਉੱਚਾ ਹੈ, ਫਿਰ ਸਾਡਾ ਉਸ ਨਾਲ ਮਿਲਾਪ ਕਿਵੇਂ ਹੋ ਸਕੇ?
ਗੁਰਿ ਮੇਲੀ ਬਹੁ ਕਿਰਪਾ ਧਾਰੀ ਹਰਿ ਕੈ ਸਬਦਿ ਸੁਭਾਏ ਰਾਮ ॥
(ਉੱਤਰ) ਜਿਸ ਉਤੇ ਗੁਰੂ ਨੇ ਕਿਰਪਾ ਕਰ ਦਿੱਤੀ, ਉਸ ਨੂੰ (ਪ੍ਰਭੂ-ਚਰਨਾਂ ਵਿਚ) ਜੋੜ ਦਿੱਤਾ। ਗੁਰੂ ਦੇ ਸ਼ਬਦ ਦੀ ਰਾਹੀਂ ਉਹ ਜੀਵ-ਇਸਤ੍ਰੀ ਪ੍ਰਭੂ ਦੇ ਪਿਆਰ ਵਿਚ ਲੀਨ ਹੋ ਜਾਂਦੀ ਹੈ।
ਮਿਲੁ ਸਬਦਿ ਸੁਭਾਏ ਆਪੁ ਗਵਾਏ ਰੰਗ ਸਿਉ ਰਲੀਆ ਮਾਣੇ ॥
ਗੁਰੂ ਦੇ ਸ਼ਬਦ ਦੀ ਰਾਹੀਂ ਉਹ ਜੀਵ-ਇਸਤ੍ਰੀ ਪ੍ਰਭੂ ਵਿਚ ਮਿਲ ਕੇ ਪ੍ਰਭੂ ਦੇ ਪ੍ਰੇਮ ਵਿਚ ਟਿਕ ਕੇ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਲੈਂਦੀ ਹੈ, ਅਤੇ ਪ੍ਰੇਮ ਵਿਚ ਪ੍ਰਭੂ ਦਾ ਮਿਲਾਪ ਮਾਣਦੀ ਹੈ।
ਸੇਜ ਸੁਖਾਲੀ ਜਾ ਪ੍ਰਭੁ ਭਾਇਆ ਹਰਿ ਹਰਿ ਨਾਮਿ ਸਮਾਣੇ ॥
ਜਦੋਂ ਉਸ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ, ਤਦੋਂ ਉਸ ਦੇ ਹਿਰਦੇ ਦੀ ਸੇਜ ਆਨੰਦ-ਭਰਪੂਰ ਹੋ ਜਾਂਦੀ ਹੈ, ਉਹ ਪ੍ਰਭੂ ਦੇ ਨਾਮ ਵਿਚ ਹੀ ਲੀਨ ਰਹਿੰਦੀ ਹੈ।
ਨਾਨਕ ਸੋਹਾਗਣਿ ਸਾ ਵਡਭਾਗੀ ਜੇ ਚਲੈ ਸਤਿਗੁਰ ਭਾਏ ॥
ਹੇ ਨਾਨਕ! ਸੁਹਾਗ-ਭਾਗ ਵਾਲੀ ਜੀਵ-ਇਸਤ੍ਰੀ ਜਦੋਂ ਗੁਰੂ ਦੀ ਰਜ਼ਾ ਅਨੁਸਾਰ ਤੁਰਦੀ ਹੈ ਤਾਂ ਉਹ ਵੱਡੀ ਕਿਸਮਤ ਵਾਲੀ ਬਣ ਜਾਂਦੀ ਹੈ।
ਹਮ ਨੀਵੀ ਪ੍ਰਭੁ ਅਤਿ ਊਚਾ ਕਿਉ ਕਰਿ ਮਿਲਿਆ ਜਾਏ ਰਾਮ ॥੨॥
(ਉਂਞ ਤਾਂ) ਅਸੀਂ ਜੀਵ-ਇਸਤ੍ਰੀਆਂ (ਆਤਮਕ ਜੀਵਨ ਦੀ) ਨੀਵੀਂ ਪੱਧਰ ਤੇ ਹਾਂ ਪ੍ਰਭੂ (ਇਸ ਪੱਧਰ ਨਾਲੋਂ) ਬਹੁਤ ਉੱਚਾ ਹੈ, ਉਸ ਨਾਲ ਸਾਡਾ ਮੇਲ ਨਹੀਂ ਹੋ ਸਕਦਾ ॥੨॥
ਘਟਿ ਘਟੇ ਸਭਨਾ ਵਿਚਿ ਏਕੋ ਏਕੋ ਰਾਮ ਭਤਾਰੋ ਰਾਮ ॥
ਹੇ ਭਾਈ! ਹਰੇਕ ਸਰੀਰ ਵਿਚ, ਸਭ ਜੀਵਾਂ ਵਿਚ ਇਕ ਪ੍ਰਭੂ-ਖਸਮ ਹੀ ਵੱਸ ਰਿਹਾ ਹੈ।
ਇਕਨਾ ਪ੍ਰਭੁ ਦੂਰਿ ਵਸੈ ਇਕਨਾ ਮਨਿ ਆਧਾਰੋ ਰਾਮ ॥
ਪਰ, ਕਈ ਜੀਵਾਂ ਨੂੰ ਉਹ ਪ੍ਰਭੂ ਕਿਤੇ ਦੂਰ ਵੱਸਦਾ ਜਾਪਦਾ ਹੈ, ਤੇ, ਕਈ ਜੀਵਾਂ ਦੇ ਮਨ ਵਿਚ ਉਸ ਪ੍ਰਭੂ ਦਾ ਹੀ ਆਸਰਾ ਹੈ।
ਇਕਨਾ ਮਨ ਆਧਾਰੋ ਸਿਰਜਣਹਾਰੋ ਵਡਭਾਗੀ ਗੁਰੁ ਪਾਇਆ ॥
ਸਭ ਨੂੰ ਪੈਦਾ ਕਰਨ ਵਾਲਾ ਪ੍ਰਭੂ ਹੀ ਕਈ ਜੀਵਾਂ ਦੇ ਮਨ ਦਾ ਸਹਾਰਾ ਹੈ (ਕਿਉਂਕਿ ਉਹਨਾਂ ਨੇ) ਵੱਡੇ ਭਾਗਾਂ ਨਾਲ ਗੁਰੂ ਲੱਭ ਲਿਆ ਹੈ।
ਘਟਿ ਘਟਿ ਹਰਿ ਪ੍ਰਭੁ ਏਕੋ ਸੁਆਮੀ ਗੁਰਮੁਖਿ ਅਲਖੁ ਲਖਾਇਆ ॥
ਹੇ ਭਾਈ! ਹਰੇਕ ਸਰੀਰ ਵਿਚ ਇਕ ਮਾਲਕ-ਪ੍ਰਭੂ ਹੀ ਵੱਸਦਾ ਹੈ, ਗੁਰੂ ਦੀ ਸਰਨ ਰਹਿਣ ਵਾਲੇ ਮਨੁੱਖ ਨੇ ਉਸ ਅਦ੍ਰਿਸ਼ਟ ਪ੍ਰਭੂ ਨੂੰ (ਹਰੇਕ ਸਰੀਰ ਵਿਚ ਵੱਸਦਾ) ਵੇਖ ਲਿਆ ਹੈ।
ਸਹਜੇ ਅਨਦੁ ਹੋਆ ਮਨੁ ਮਾਨਿਆ ਨਾਨਕ ਬ੍ਰਹਮ ਬੀਚਾਰੋ ॥
ਹੇ ਨਾਨਕ! ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਸ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ, ਉਸ ਦਾ ਮਨ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨ ਵਿਚ ਪਤੀਜਿਆ ਰਹਿੰਦਾ ਹੈ।
ਘਟਿ ਘਟੇ ਸਭਨਾ ਵਿਚਿ ਏਕੋ ਏਕੋ ਰਾਮ ਭਤਾਰੋ ਰਾਮ ॥੩॥
ਹਰੇਕ ਸਰੀਰ ਵਿਚ ਸਭ ਜੀਵਾਂ ਵਿਚ ਇਕ ਪ੍ਰਭੂ-ਖਸਮ ਹੀ ਵੱਸ ਰਿਹਾ ਹੈ ॥੩॥
ਗੁਰੁ ਸੇਵਨਿ ਸਤਿਗੁਰੁ ਦਾਤਾ ਹਰਿ ਹਰਿ ਨਾਮਿ ਸਮਾਇਆ ਰਾਮ ॥
ਹੇ ਭਾਈ! ਜੇਹੜੇ ਮਨੁੱਖ ਹਰਿ-ਨਾਮ ਦੀ ਦਾਤ ਦੇਣ ਵਾਲੇ ਗੁਰੂ ਦੀ ਸਰਨ ਪੈਂਦੇ ਹਨ, ਉਹ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦੇ ਹਨ।
ਹਰਿ ਧੂੜਿ ਦੇਵਹੁ ਮੈ ਪੂਰੇ ਗੁਰ ਕੀ ਹਮ ਪਾਪੀ ਮੁਕਤੁ ਕਰਾਇਆ ਰਾਮ ॥
ਹੇ ਹਰੀ! ਮੈਨੂੰ ਭੀ ਪੂਰੇ ਗੁਰੂ ਦੇ ਚਰਨਾਂ ਦੀ ਧੂੜ ਬਖ਼ਸ਼! ਗੁਰੂ ਅਸਾਂ ਪਾਪੀ ਜੀਵਾਂ ਨੂੰ (ਵਿਕਾਰਾਂ ਤੋਂ) ਆਜ਼ਾਦ ਕਰ ਦੇਂਦਾ ਹੈ।
ਪਾਪੀ ਮੁਕਤੁ ਕਰਾਏ ਆਪੁ ਗਵਾਏ ਨਿਜ ਘਰਿ ਪਾਇਆ ਵਾਸਾ ॥
ਗੁਰੂ ਵਿਕਾਰੀ ਜੀਵਾਂ ਨੂੰ ਵਿਕਾਰਾਂ ਤੋਂ ਸੁਤੰਤਰ ਕਰ ਦੇਂਦਾ ਹੈ, (ਉਹਨਾਂ ਦੇ ਅੰਦਰੋਂ) ਆਪਾ-ਭਾਵ ਦੂਰ ਕਰ ਦੇਂਦਾ ਹੈ। (ਗੁਰੂ ਦੀ ਸਰਨ ਆਏ ਮਨੁੱਖ) ਪ੍ਰਭੂ-ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ ਲੈਂਦੇ ਹਨ।
ਬਿਬੇਕ ਬੁਧੀ ਸੁਖਿ ਰੈਣਿ ਵਿਹਾਣੀ ਗੁਰਮਤਿ ਨਾਮਿ ਪ੍ਰਗਾਸਾ ॥
(ਗੁਰੂ ਪਾਸੋਂ) ਚੰਗੇ ਮੰਦੇ ਕੰਮ ਦੀ ਪਰਖ ਕਰ ਸਕਣ ਵਾਲੀ ਅਕਲ ਪ੍ਰਾਪਤ ਕਰ ਕੇ ਉਹਨਾਂ ਦੀ (ਜ਼ਿੰਦਗੀ ਦੀ) ਰਾਤ ਆਨੰਦ ਵਿਚ ਬੀਤਦੀ ਹੈ। ਗੁਰੂ ਦੀ ਮਤਿ ਦਾ ਸਦਕਾ ਹਰਿ-ਨਾਮ ਦੀ ਰਾਹੀਂ (ਉਹਨਾਂ ਦੇ ਅੰਦਰ ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ।
ਹਰਿ ਹਰਿ ਅਨਦੁ ਭਇਆ ਦਿਨੁ ਰਾਤੀ ਨਾਨਕ ਹਰਿ ਮੀਠ ਲਗਾਏ ॥
ਹੇ ਨਾਨਕ! ਉਹਨਾਂ ਨੂੰ ਹਰਿ-ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ, ਦਿਨ ਰਾਤ ਉਹਨਾਂ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ,
ਗੁਰੁ ਸੇਵਨਿ ਸਤਿਗੁਰੁ ਦਾਤਾ ਹਰਿ ਹਰਿ ਨਾਮਿ ਸਮਾਏ ॥੪॥੬॥੭॥੫॥੭॥੧੨॥
ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ। ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਲੀਨ ਹੋਏ ਰਹਿੰਦੇ ਹਨ ॥੪॥੬॥੭॥੫॥੭॥੧੨॥
ਰਾਗੁ ਸੂਹੀ ਮਹਲਾ ੪ ਛੰਤ ਘਰੁ ੧ ॥
ਰਾਗ ਸੂਹੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ‘ਛੰਤ’ (ਛੰਦ)।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਤਿਗੁਰੁ ਪੁਰਖੁ ਮਿਲਾਇ ਅਵਗਣ ਵਿਕਣਾ ਗੁਣ ਰਵਾ ਬਲਿ ਰਾਮ ਜੀਉ ॥
ਹੇ ਰਾਮ ਜੀ! ਮੈਂ ਤੈਥੋਂ ਸਦਕੇ ਹਾਂ। ਮੈਨੂੰ ਗੁਰੂ-ਪੁਰਖ ਮਿਲਾ (ਜਿਸ ਦੀ ਰਾਹੀਂ) ਮੈਂ (ਤੇਰੇ) ਗੁਣ ਯਾਦ ਕਰਾਂ, ਅਤੇ (ਇਹਨਾਂ ਗੁਣਾਂ ਦੇ ਵੱਟੇ) ਔਗੁਣ ਵੇਚ ਦਿਆਂ (ਦੂਰ ਕਰ ਦਿਆਂ)।
ਹਰਿ ਹਰਿ ਨਾਮੁ ਧਿਆਇ ਗੁਰਬਾਣੀ ਨਿਤ ਨਿਤ ਚਵਾ ਬਲਿ ਰਾਮ ਜੀਉ ॥
ਹੇ ਹਰੀ! ਤੇਰਾ ਨਾਮ ਸਿਮਰ ਸਿਮਰ ਕੇ ਮੈਂ ਸਦਾ ਹੀ ਗੁਰੂ ਦੀ ਬਾਣੀ ਉਚਾਰਾਂ।
ਗੁਰਬਾਣੀ ਸਦ ਮੀਠੀ ਲਾਗੀ ਪਾਪ ਵਿਕਾਰ ਗਵਾਇਆ ॥
ਜਿਸ ਜੀਵ-ਇਸਤ੍ਰੀ ਨੂੰ ਗੁਰੂ ਦੀ ਬਾਣੀ ਸਦਾ ਪਿਆਰੀ ਲੱਗਦੀ ਹੈ, ਉਹ (ਆਪਣੇ ਅੰਦਰੋਂ) ਪਾਪ ਵਿਕਾਰ ਦੂਰ ਕਰ ਲੈਂਦੀ ਹੈ।
ਹਉਮੈ ਰੋਗੁ ਗਇਆ ਭਉ ਭਾਗਾ ਸਹਜੇ ਸਹਜਿ ਮਿਲਾਇਆ ॥
ਉਸ ਦਾ ਹਉਮੈ ਦਾ ਰੋਗ ਮੁੱਕ ਜਾਂਦਾ ਹੈ, ਹਰੇਕ ਕਿਸਮ ਦਾ ਡਰ-ਸਹਿਮ ਭੱਜ ਜਾਂਦਾ ਹੈ, ਉਹ ਸਦਾ ਸਦਾ ਹੀ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ।
ਕਾਇਆ ਸੇਜ ਗੁਰ ਸਬਦਿ ਸੁਖਾਲੀ ਗਿਆਨ ਤਤਿ ਕਰਿ ਭੋਗੋ ॥
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਦੇ ਹਿਰਦੇ ਵਿਚ ਸੇਜ ਸੁਖ ਨਾਲ ਭਰਪੂਰ ਹੋ ਜਾਂਦੀ ਹੈ (ਸੁਖ ਦਾ ਘਰ ਬਣ ਜਾਂਦੀ ਹੈ), ਆਤਮਕ ਜੀਵਨ ਦੀ ਸੂਝ ਦੇ ਮੂਲ-ਪ੍ਰਭੂ ਵਿਚ ਜੁੜ ਕੇ ਉਹ ਪ੍ਰਭੂ ਦੇ ਮਿਲਾਪ ਦਾ ਸੁਖ ਮਾਣਦੀ ਹੈ।
ਅਨਦਿਨੁ ਸੁਖਿ ਮਾਣੇ ਨਿਤ ਰਲੀਆ ਨਾਨਕ ਧੁਰਿ ਸੰਜੋਗੋ ॥੧॥
ਹੇ ਨਾਨਕ! ਧੁਰ ਦਰਗਾਹ ਤੋਂ ਜਿਸ ਦੇ ਭਾਗਾਂ ਵਿਚ ਸੰਜੋਗ ਲਿਖਿਆ ਹੁੰਦਾ ਹੈ, ਉਹ ਹਰ ਵੇਲੇ ਆਨੰਦ ਵਿਚ ਟਿਕੀ ਰਹਿ ਕੇ ਸਦਾ (ਪ੍ਰਭੂ-ਮਿਲਾਪ ਦਾ) ਸੁਖ ਮਾਣਦੀ ਹੈ ॥੧॥
ਸਤੁ ਸੰਤੋਖੁ ਕਰਿ ਭਾਉ ਕੁੜਮੁ ਕੁੜਮਾਈ ਆਇਆ ਬਲਿ ਰਾਮ ਜੀਉ ॥
ਹੇ ਰਾਮ ਜੀ! ਮੈਂ ਤੈਥੋਂ ਸਦਕੇ ਹਾਂ। (ਜਿਸ ਜੀਵ-ਇਸਤ੍ਰੀ ਨੂੰ) ਪ੍ਰਭੂ-ਪਤੀ ਨਾਲ ਮਿਲਾਣ ਵਾਸਤੇ ਵਿਚੋਲਾ-ਗੁਰੂ ਆ ਕੇ ਮਿਲ ਪਿਆ (ਉਸ ਦੇ ਹਿਰਦੇ ਵਿਚ) ਸੇਵਾ ਸੰਤੋਖ ਪ੍ਰੇਮ ਆਦਿਕ ਗੁਣ ਪੈਦਾ ਕਰ ਕੇ,
ਸੰਤ ਜਨਾ ਕਰਿ ਮੇਲੁ ਗੁਰਬਾਣੀ ਗਾਵਾਈਆ ਬਲਿ ਰਾਮ ਜੀਉ ॥
ਸਾਧਸੰਗਤਿ ਦਾ (ਉਸ ਨਾਲ) ਮੇਲ ਕਰ ਕੇ ਗੁਰੂ ਨੇ (ਉਸ ਨੂੰ) ਸਿਫ਼ਤਿ-ਸਾਲਾਹ ਦੀ ਬਾਣੀ ਗਾਵਣ ਦੀ ਪ੍ਰੇਰਨਾ ਕੀਤੀ।
ਬਾਣੀ ਗੁਰ ਗਾਈ ਪਰਮ ਗਤਿ ਪਾਈ ਪੰਚ ਮਿਲੇ ਸੋਹਾਇਆ ॥
ਜਦੋਂ ਜੀਵ-ਇਸਤ੍ਰੀ ਨੇ ਗੁਰੂ ਦੀ ਉਚਾਰੀ ਹੋਈ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ ਗਾਣੀ ਸ਼ੁਰੂ ਕੀਤੀ, ਉਸ ਨੇ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈ। ਉਸ ਦੇ ਗਿਆਨ-ਇੰਦ੍ਰੇ (ਵਿਕਾਰਾਂ ਵਲ ਦੌੜਨ ਦੇ ਥਾਂ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਿਚ) ਮਿਲ ਬੈਠੇ, ਤੇ ਸੋਹਣੇ ਲੱਗਣ ਲੱਗ ਪਏ।
ਗਇਆ ਕਰੋਧੁ ਮਮਤਾ ਤਨਿ ਨਾਠੀ ਪਾਖੰਡੁ ਭਰਮੁ ਗਵਾਇਆ ॥
ਉਸ ਦੇ ਅੰਦਰੋਂ ਕ੍ਰੋਧ ਦੂਰ ਹੋ ਗਿਆ, ਉਸ ਦੇ ਸਰੀਰ ਵਿਚ ਵੱਸਦੀ ਮਮਤਾ ਨੱਸ ਗਈ, ਉਸ ਦਾ ਪਖੰਡ ਦੂਰ ਹੋ ਗਿਆ, ਭਟਕਣਾ ਦੂਰ ਹੋ ਗਈ।
ਹਉਮੈ ਪੀਰ ਗਈ ਸੁਖੁ ਪਾਇਆ ਆਰੋਗਤ ਭਏ ਸਰੀਰਾ ॥
(ਉਸ ਦੇ ਅੰਦਰੋਂ) ਹਉਮੈ ਦੀ ਪੀੜ ਚਲੀ ਗਈ, ਉਸ ਦਾ ਸਾਰਾ ਸਰੀਰ ਨਿਰੋਆ ਹੋ ਗਿਆ, ਤੇ ਉਸ ਨੂੰ ਆਤਮਕ ਆਨੰਦ ਪ੍ਰਾਪਤ ਹੋ ਗਿਆ।
ਗੁਰਪਰਸਾਦੀ ਬ੍ਰਹਮੁ ਪਛਾਤਾ ਨਾਨਕ ਗੁਣੀ ਗਹੀਰਾ ॥੨॥
ਹੇ ਨਾਨਕ! ਗੁਰੂ ਦੀ ਕਿਰਪਾ ਨਾਲ ਉਸ ਜੀਵ-ਇਸਤ੍ਰੀ ਨੇ ਗੁਣਾਂ ਦੇ ਮਾਲਕ ਡੂੰਘੇ ਜਿਗਰੇ ਵਾਲੇ ਪਰਮਾਤਮਾ ਨਾਲ ਸਾਂਝ ਪਾ ਲਈ ॥੨॥
ਮਨਮੁਖਿ ਵਿਛੁੜੀ ਦੂਰਿ ਮਹਲੁ ਨ ਪਾਏ ਬਲਿ ਗਈ ਬਲਿ ਰਾਮ ਜੀਉ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਪ੍ਰਭੂ-ਪਤੀ ਨਾਲੋਂ ਵਿਛੁੜੀ ਰਹਿੰਦੀ ਹੈ, (ਉਸ ਦੇ ਚਰਨਾਂ ਤੋਂ) ਦੂਰ ਰਹਿੰਦੀ ਹੈ, ਉਸ ਦੀ ਹਜ਼ੂਰੀ ਪ੍ਰਾਪਤ ਨਹੀਂ ਕਰ ਸਕਦੀ, (ਤ੍ਰਿਸ਼ਨਾ ਦੀ ਅੱਗ ਵਿਚ) ਸੜੀ ਰਹਿੰਦੀ ਹੈ।
ਅੰਤਰਿ ਮਮਤਾ ਕੂਰਿ ਕੂੜੁ ਵਿਹਾਝੇ ਕੂੜਿ ਲਈ ਬਲਿ ਰਾਮ ਜੀਉ ॥
ਉਸ ਦੇ ਅੰਦਰ ਝੂਠੀ ਮਮਤਾ ਬਣੀ ਰਹਿੰਦੀ ਹੈ, ਉਹ ਸਦਾ ਨਾਸਵੰਤ ਮਾਇਆ ਹੀ ਇਕੱਠੀ ਕਰਦੀ ਹੈ, ਮਾਇਆ ਉਸ ਨੂੰ ਸਦਾ ਗ੍ਰਸੀ ਰੱਖਦੀ ਹੈ।
ਕੂੜੁ ਕਪਟੁ ਕਮਾਵੈ ਮਹਾ ਦੁਖੁ ਪਾਵੈ ਵਿਣੁ ਸਤਿਗੁਰ ਮਗੁ ਨ ਪਾਇਆ ॥
ਉਹ ਜੀਵ-ਇਸਤ੍ਰੀ (ਮਾਇਆ ਦੀ ਖ਼ਾਤਰ ਸਦਾ) ਝੂਠ ਠੱਗੀ (ਆਦਿਕ ਦੀ) ਕਾਰ ਕਰਦੀ ਹੈ, ਬੜਾ ਦੁੱਖ ਸਹਾਰਦੀ ਰਹਿੰਦੀ ਹੈ, ਗੁਰੂ ਦੀ ਸਰਨ ਪੈਣ ਤੋਂ ਬਿਨਾ ਉਸ ਨੂੰ (ਜ਼ਿੰਦਗੀ ਦਾ ਸਹੀ) ਰਸਤਾ ਨਹੀਂ ਲੱਭਦਾ।
ਉਝੜ ਪੰਥਿ ਭ੍ਰਮੈ ਗਾਵਾਰੀ ਖਿਨੁ ਖਿਨੁ ਧਕੇ ਖਾਇਆ ॥
ਉਹ ਮੂਰਖ ਜੀਵ-ਇਸਤ੍ਰੀ ਉਜਾੜ ਦੇ ਰਸਤੇ ਵਿਚ (ਜਿਥੇ ਕਾਮਾਦਿਕ ਲੁਟੇਰੇ ਲੁੱਟ ਲੈਂਦੇ ਹਨ) ਭਟਕਦੀ ਫਿਰਦੀ ਹੈ, ਤੇ ਹਰ ਵੇਲੇ ਧੱਕੇ ਖਾਂਦੀ ਹੈ।
ਆਪੇ ਦਇਆ ਕਰੇ ਪ੍ਰਭੁ ਦਾਤਾ ਸਤਿਗੁਰੁ ਪੁਰਖੁ ਮਿਲਾਏ ॥
ਹੇ ਨਾਨਕ! ਜਿਨ੍ਹਾਂ ਮਨੁੱਖਾਂ ਉਤੇ ਦਾਤਾਰ ਪ੍ਰਭੂ ਆਪ ਹੀ ਦਇਆ ਕਰਦਾ ਹੈ, ਉਹਨਾਂ ਨੂੰ ਸਮਰੱਥ ਗੁਰੂ ਮਿਲਾ ਦੇਂਦਾ ਹੈ।
ਜਨਮ ਜਨਮ ਕੇ ਵਿਛੁੜੇ ਜਨ ਮੇਲੇ ਨਾਨਕ ਸਹਜਿ ਸੁਭਾਏ ॥੩॥
ਗੁਰੂ ਉਹਨਾਂ ਅਨੇਕਾਂ ਜਨਮਾਂ ਦੇ ਵਿਛੁੜੇ ਹੋਇਆਂ ਨੂੰ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਟਿਕਾ ਕੇ ਪ੍ਰਭੂ ਨਾਲ ਮਿਲਾ ਦੇਂਦਾ ਹੈ ॥੩॥
ਆਇਆ ਲਗਨੁ ਗਣਾਇ ਹਿਰਦੈ ਧਨ ਓਮਾਹੀਆ ਬਲਿ ਰਾਮ ਜੀਉ ॥
(ਜਿਵੇਂ ਜਦੋਂ ਲਾੜਾ) ਮੁਹੂਰਤ ਕਢਾ ਕੇ (ਜੰਞ ਲੈ ਕੇ) ਆਉਂਦਾ ਹੈ (ਤਾਂ,) ਇਸਤ੍ਰੀ ਆਪਣੇ ਹਿਰਦੇ ਵਿਚ ਖ਼ੁਸ਼ ਹੁੰਦੀ ਹੈ,
ਪੰਡਿਤ ਪਾਧੇ ਆਣਿ ਪਤੀ ਬਹਿ ਵਾਚਾਈਆ ਬਲਿ ਰਾਮ ਜੀਉ ॥
ਪਾਂਧੇ ਪੰਡਿਤ ਪੱਤ੍ਰੀ ਲਿਆ ਕੇ ਬੈਠ ਕੇ (ਫੇਰੇ ਦੇਣ ਦਾ ਵੇਲਾ) ਵਿਚਾਰਦੇ ਹਨ।
ਪਤੀ ਵਾਚਾਈ ਮਨਿ ਵਜੀ ਵਧਾਈ ਜਬ ਸਾਜਨ ਸੁਣੇ ਘਰਿ ਆਏ ॥
(ਪਾਂਧੇ ਪੰਡਿਤ) ਪੱਤ੍ਰੀ ਵਿਚਾਰਦੇ ਹਨ (ਉਧਰ) ਜਦੋਂ (ਵਿਆਹ ਵਾਲੀ ਕੰਨਿਆ) ਸੱਜਣ ਘਰ ਵਿਚ ਆਏ ਸੁਣਦੀ ਹੈ, ਤਾਂ ਉਸ ਦੇ ਮਨ ਵਿਚ ਖ਼ੁਸ਼ੀ ਦੀ ਲਹਿਰ ਚੱਲ ਪੈਂਦੀ ਹੈ।
ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤੁ ਦਿਵਾਏ ॥
ਗੁਣਵਾਨ ਬੈਠ ਕੇ ਫ਼ੈਸਲਾ ਕਰਦੇ ਹਨ, ਤੇ, ਤੁਰਤ ਫੇਰੇ ਦੇ ਦੇਂਦੇ ਹਨ (ਤਿਵੇਂ, ਗੁਰੂ ਦੀ ਕਿਰਪਾ ਨਾਲ ਪ੍ਰਭੂ ਜੀਵ-ਇਸਤ੍ਰੀ ਦੇ ਅੰਦਰ ਪਰਗਟ ਹੁੰਦਾ ਹੈ, ਜੀਵ-ਇਸਤ੍ਰੀ ਦੇ ਹਿਰਦੇ ਵਿਚ ਆਤਮਕ ਆਨੰਦ ਦੀ ਲਹਿਰ ਚੱਲ ਪੈਂਦੀ ਹੈ। ਗੁਰਮੁਖ ਬਾਣੀ ਦੇ ਰਸੀਏ ਸਾਧ ਸੰਗਤਿ ਵਿਚ ਮਿਲ ਕੇ ਗੁਰੂ ਦੀ ਬਾਣੀ ਪੜ੍ਹਦੇ ਵਿਚਾਰਦੇ ਹਨ। ਜਿਉਂ ਜਿਉਂ ਗੁਰਬਾਣੀ ਵਿਚਾਰਦੇ ਹਨ, ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ ਸੱਜਣ-ਪ੍ਰਭੂ ਦਾ ਪਰਕਾਸ਼ ਹੁੰਦਾ ਹੈ, ਉਸ ਦੇ ਮਨ ਵਿਚ ਆਨੰਦ ਦੇ, ਮਾਨੋ, ਵਾਜੇ ਵੱਜਦੇ ਹਨ। ਗੁਰਮੁਖ ਸਤਸੰਗੀ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਕਰਾ ਦੇਂਦੇ ਹਨ)।
ਵਰੁ ਪਾਇਆ ਪੁਰਖੁ ਅਗੰਮੁ ਅਗੋਚਰੁ ਸਦ ਨਵਤਨੁ ਬਾਲ ਸਖਾਈ ॥
ਜੀਵ-ਇਸਤ੍ਰੀ ਨੂੰ ਖਸਮ-ਪ੍ਰਭੂ ਮਿਲ ਪੈਂਦਾ ਹੈ ਜੋ (ਸਾਧਾਰਨ ਉੱਦਮ ਨਾਲ) ਅਪਹੁੰਚ ਹੈ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਜੋ ਸਦਾ ਨਵੇਂ ਪਿਆਰ ਵਾਲਾ ਹੈ, ਜੋ ਬਚਪਨ ਤੋਂ ਹੀ ਮਿੱਤਰ ਚਲਾ ਆਉਂਦਾ ਹੈ।
ਨਾਨਕ ਕਿਰਪਾ ਕਰਿ ਕੈ ਮੇਲੇ ਵਿਛੁੜਿ ਕਦੇ ਨ ਜਾਈ ॥੪॥੧॥
ਹੇ ਨਾਨਕ! ਜਿਸ ਜੀਵ-ਇਸਤ੍ਰੀ ਨੂੰ ਉਹ ਪ੍ਰਭੂ ਕਿਰਪਾ ਕਰ ਕੇ ਆਪਣੇ ਨਾਲ ਮਿਲਾਂਦਾ ਹੈ, ਉਹ ਮੁੜ ਕਦੇ ਉਸ ਤੋਂ ਨਹੀਂ ਵਿਛੁੜਦੀ ॥੪॥੧॥
ਸੂਹੀ ਮਹਲਾ ੪ ॥
ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ ॥
ਹੇ ਰਾਮ ਜੀ! ਮੈਂ ਤੈਥੋਂ ਸਦਕੇ ਹਾਂ। (ਤੇਰੀ ਮਿਹਰ ਨਾਲ ਗੁਰੂ ਨੇ ਸਿੱਖ ਨੂੰ) ਹਰਿ-ਨਾਮ ਜਪਣ ਦੇ ਆਹਰ ਵਿਚ ਰੁੱਝਣ ਦਾ ਕੰਮ ਨਿਸ਼ਚੇ ਕਰਾਇਆ ਹੈ (ਤਾਕੀਦ ਕੀਤੀ ਹੈ)। ਇਹੀ ਹੈ ਪ੍ਰਭੂ-ਪਤੀ ਨਾਲ (ਜੀਵ-ਇਸਤ੍ਰੀ ਦੇ ਵਿਆਹ ਦੀ) ਪਹਿਲੀ ਸੋਹਣੀ ਲਾਂਵ।
ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ ॥
ਹੇ ਭਾਈ! ਗੁਰੂ ਦੀ ਬਾਣੀ ਹੀ (ਸਿੱਖ ਵਾਸਤੇ) ਬ੍ਰਹਮਾ ਦਾ ਵੇਦ ਹੈ। ਇਸ ਬਾਣੀ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ ਸਿਮਰਨ ਦਾ) ਧਰਮ (ਆਪਣੇ ਹਿਰਦੇ ਵਿਚ) ਪੱਕਾ ਕਰੋ (ਨਾਮ ਸਿਮਰਿਆਂ ਸਾਰੇ) ਪਾਪ ਦੂਰ ਹੋ ਜਾਂਦੇ ਹਨ।
ਧਰਮੁ ਦ੍ਰਿੜਹੁ ਹਰਿ ਨਾਮੁ ਧਿਆਵਹੁ ਸਿਮ੍ਰਿਤਿ ਨਾਮੁ ਦ੍ਰਿੜਾਇਆ ॥
ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦੇ ਰਹੋ, (ਮਨੁੱਖਾ ਜੀਵਨ ਦਾ ਇਹ) ਧਰਮ (ਆਪਣੇ ਅੰਦਰ) ਪੱਕਾ ਕਰ ਲਵੋ। ਗੁਰੂ ਨੇ ਜੋ ਨਾਮ ਸਿਮਰਨ ਦੀ ਤਾਕੀਦ ਕੀਤੀ ਹੈ, ਇਹੀ ਸਿੱਖ ਵਾਸਤੇ ਸਿਮ੍ਰਿਤਿ (ਦਾ ਉਪਦੇਸ਼) ਹੈ।
ਸਤਿਗੁਰੁ ਗੁਰੁ ਪੂਰਾ ਆਰਾਧਹੁ ਸਭਿ ਕਿਲਵਿਖ ਪਾਪ ਗਵਾਇਆ ॥
ਹੇ ਭਾਈ! ਪੂਰੇ ਗੁਰੂ (ਦੇ ਇਸ ਉਪਦੇਸ਼ ਨੂੰ) ਹਰ ਵੇਲੇ ਚੇਤੇ ਰੱਖੋ, ਸਾਰੇ ਪਾਪ ਵਿਕਾਰ (ਇਸ ਦੀ ਬਰਕਤਿ ਨਾਲ) ਦੂਰ ਹੋ ਜਾਂਦੇ ਹਨ।
ਸਹਜ ਅਨੰਦੁ ਹੋਆ ਵਡਭਾਗੀ ਮਨਿ ਹਰਿ ਹਰਿ ਮੀਠਾ ਲਾਇਆ ॥
ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ, ਉਸ ਵੱਡੇ ਭਾਗਾਂ ਵਾਲੇ ਨੂੰ ਆਤਮਕ ਅਡੋਲਤਾ ਦਾ ਸੁਖ ਮਿਲਿਆ ਰਹਿੰਦਾ ਹੈ।
ਜਨੁ ਕਹੈ ਨਾਨਕੁ ਲਾਵ ਪਹਿਲੀ ਆਰੰਭੁ ਕਾਜੁ ਰਚਾਇਆ ॥੧॥
ਦਾਸ ਨਾਨਕ ਆਖਦਾ ਹੈ-ਪਰਮਾਤਮਾ ਦਾ ਨਾਮ ਜਪਣਾ ਹੀ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਪਹਿਲੀ ਲਾਂਵ ਹੈ। ਹਰਿ-ਨਾਮ ਸਿਮਰਨ ਤੋਂ ਹੀ (ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ) ਵਿਆਹ (ਦਾ) ਮੁੱਢ ਬੱਝਦਾ ਹੈ ॥੧॥
ਹਰਿ ਦੂਜੜੀ ਲਾਵ ਸਤਿਗੁਰੁ ਪੁਰਖੁ ਮਿਲਾਇਆ ਬਲਿ ਰਾਮ ਜੀਉ ॥
ਹੇ ਰਾਮ ਜੀ! ਮੈਂ ਤੈਥੋਂ ਸਦਕੇ ਹਾਂ। ਇਹੀ ਹੈ ਪ੍ਰਭੂ-ਪਤੀ ਨਾਲ (ਜੀਵ-ਇਸਤ੍ਰੀ ਦੇ ਵਿਆਹ ਦੀ) ਦੂਜੀ ਸੋਹਣੀ ਲਾਂਵ- (ਜੋ ਤੂੰ ਮਿਹਰ ਕਰ ਕੇ ਜਿਸ ਜੀਵ-ਇਸਤ੍ਰੀ ਨੂੰ) ਗੁਰੂ ਮਹਾ ਪੁਰਖ ਮਿਲਾ ਦੇਂਦਾ ਹੈਂ,
ਨਿਰਭਉ ਭੈ ਮਨੁ ਹੋਇ ਹਉਮੈ ਮੈਲੁ ਗਵਾਇਆ ਬਲਿ ਰਾਮ ਜੀਉ ॥
(ਉਸ ਦਾ) ਮਨ (ਦੁਨੀਆ ਦੇ) ਸਾਰੇ ਡਰਾਂ ਵਲੋਂ ਨਿਡਰ ਹੋ ਜਾਂਦਾ ਹੈ, (ਗੁਰੂ ਉਸ ਦੇ ਅੰਦਰੋਂ) ਹਉਮੈ ਦੀ ਮੈਲ ਦੂਰ ਕਰ ਦੇਂਦਾ ਹੈ।
ਨਿਰਮਲੁ ਭਉ ਪਾਇਆ ਹਰਿ ਗੁਣ ਗਾਇਆ ਹਰਿ ਵੇਖੈ ਰਾਮੁ ਹਦੂਰੇ ॥
ਹੇ ਭਾਈ! (ਜੇਹੜੀ ਜੀਵ-ਇਸਤ੍ਰੀ ਹਉਮੈ ਦੂਰ ਕਰ ਕੇ) ਪਰਮਾਤਮਾ ਦੇ ਗੁਣ ਗਾਂਦੀ ਹੈ, ਉਸ ਦੇ ਅੰਦਰ (ਪ੍ਰਭੂ-ਪਤੀ ਵਾਸਤੇ) ਆਦਰ-ਸਤਕਾਰ ਪੈਦਾ ਹੋ ਜਾਂਦਾ ਹੈ, ਉਹ ਪਰਮਾਤਮਾ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖਦੀ ਹੈ।
ਹਰਿ ਆਤਮ ਰਾਮੁ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ ॥
(ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਇਹ ਜਗਤ-ਖਿਲਾਰਾ) ਪ੍ਰਭੂ ਆਪਣੇ ਆਪੇ ਦਾ ਪਸਾਰਾ ਪਸਾਰ ਰਿਹਾ ਹੈ, ਅਤੇ ਉਹ ਮਾਲਕ-ਪ੍ਰਭੂ ਸਭ ਜੀਵਾਂ ਵਿਚ ਵਿਆਪਕ ਹੋ ਰਿਹਾ ਹੈ।
ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਮਿਲਿ ਹਰਿ ਜਨ ਮੰਗਲ ਗਾਏ ॥
(ਉਸ ਜੀਵ-ਇਸਤ੍ਰੀ ਨੂੰ ਆਪਣੇ) ਅੰਦਰ ਅਤੇ ਬਾਹਰ (ਸਾਰੇ ਜਗਤ ਵਿਚ) ਸਿਰਫ਼ ਪਰਮਾਤਮਾ ਹੀ (ਵੱਸਦਾ ਦਿੱਸਦਾ ਹੈ), ਸਾਧ ਸੰਗਤਿ ਵਿਚ ਮਿਲ ਕੇ ਉਹ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੀ ਰਹਿੰਦੀ ਹੈ।
ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸਬਦ ਵਜਾਏ ॥੨॥
ਹੇ ਦਾਸ ਨਾਨਕ! (ਆਖ-ਗੁਰੂ ਦੀ ਸਰਨ ਪੈ ਕੇ, ਹਉਮੈ ਦੂਰ ਕਰਕੇ ਪ੍ਰਭੂ ਸਿਫ਼ਤਿ-ਸਾਲਾਹ ਦੇ ਗੀਤ ਗਾਣੇ ਅਤੇ ਉਸ ਨੂੰ ਸਰਬ-ਵਿਆਪਕ ਵੇਖਣਾ-ਪ੍ਰਭੂ ਨੇ ਇਹ) ਦੂਜੀ ਲਾਂਵ (ਜੀਵ-ਇਸਤ੍ਰੀ ਦੇ ਵਿਆਹ ਦੀ) ਤੋਰ ਦਿੱਤੀ ਹੈ, (ਇਸ ਆਤਮਕ ਅਵਸਥਾ ਤੇ ਪਹੁੰਚੀ ਜੀਵ-ਇਸਤ੍ਰੀ ਦੇ ਅੰਦਰ ਪ੍ਰਭੂ) ਸਿਫ਼ਤਿ-ਸਾਲਾਹ ਦੀ ਬਾਣੀ ਦੇ, ਮਾਨੋ, ਇਕ-ਰਸ ਵਾਜੇ ਵਜਾ ਦੇਂਦਾ ਹੈ ॥੨॥
ਹਰਿ ਤੀਜੜੀ ਲਾਵ ਮਨਿ ਚਾਉ ਭਇਆ ਬੈਰਾਗੀਆ ਬਲਿ ਰਾਮ ਜੀਉ ॥
ਹੇ ਰਾਮ ਜੀ! ਮੈਂ ਤੈਥੋਂ ਸਦਕੇ ਹਾਂ। (ਤੇਰੀ ਮਿਹਰ ਨਾਲ) ਵੈਰਾਗਵਾਨਾਂ ਦੇ ਮਨ ਵਿਚ (ਤੇਰੇ ਮਿਲਾਪ ਲਈ) ਤਾਂਘ ਪੈਦਾ ਹੁੰਦੀ ਹੈ, (ਇਹ ਆਤਮਕ ਅਵਸਥਾ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ) ਤੀਜੀ ਸੋਹਣੀ ਲਾਂਵ ਹੈ।
ਸੰਤ ਜਨਾ ਹਰਿ ਮੇਲੁ ਹਰਿ ਪਾਇਆ ਵਡਭਾਗੀਆ ਬਲਿ ਰਾਮ ਜੀਉ ॥
ਹੇ ਭਾਈ! ਜਿਨ੍ਹਾਂ ਵੱਡੇ ਭਾਗਾਂ ਵਾਲੇ ਮਨੁੱਖਾਂ ਨੂੰ ਸੰਤ ਜਨਾਂ ਦਾ ਮਿਲਾਪ ਹਾਸਲ ਹੁੰਦਾ ਹੈ, ਉਹਨਾਂ ਨੂੰ ਪਰਮਾਤਮਾ ਦਾ ਮੇਲ ਪ੍ਰਾਪਤ ਹੁੰਦਾ ਹੈ।
ਨਿਰਮਲੁ ਹਰਿ ਪਾਇਆ ਹਰਿ ਗੁਣ ਗਾਇਆ ਮੁਖਿ ਬੋਲੀ ਹਰਿ ਬਾਣੀ ॥
(ਉਹ ਮਨੁੱਖ ਜੀਵਨ ਨੂੰ) ਪਵਿੱਤਰ ਕਰਨ ਵਾਲੇ ਪ੍ਰਭੂ ਦਾ ਮਿਲਾਪ ਪ੍ਰਾਪਤ ਕਰਦੇ ਹਨ, ਸਦਾ ਪ੍ਰਭੂ ਦੇ ਗੁਣ ਗਾਂਦੇ ਹਨ, ਅਤੇ ਮੂੰਹ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦੇ ਹਨ।
ਸੰਤ ਜਨਾ ਵਡਭਾਗੀ ਪਾਇਆ ਹਰਿ ਕਥੀਐ ਅਕਥ ਕਹਾਣੀ ॥
ਉਹ ਵਡ-ਭਾਗੀ ਮਨੁੱਖ ਸੰਤ ਜਨਾਂ ਦੀ ਸੰਗਤਿ ਵਿਚ ਪ੍ਰਭੂ-ਮਿਲਾਪ ਪ੍ਰਾਪਤ ਕਰਦੇ ਹਨ। ਹੇ ਭਾਈ! ਅਕੱਥ ਪ੍ਰਭੂ ਦੀ ਸਿਫ਼ਤਿ-ਸਾਲਾਹ ਸਦਾ ਕਰਦੇ ਰਹਿਣਾ ਚਾਹੀਦਾ ਹੈ।
ਹਿਰਦੈ ਹਰਿ ਹਰਿ ਹਰਿ ਧੁਨਿ ਉਪਜੀ ਹਰਿ ਜਪੀਐ ਮਸਤਕਿ ਭਾਗੁ ਜੀਉ ॥
(ਜਿਹੜਾ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ, ਉਸ ਦੇ) ਹਿਰਦੇ ਵਿਚ ਸਦਾ ਟਿਕੀ ਰਹਿਣ ਵਾਲੀ ਪ੍ਰਭੂ-ਪ੍ਰੇਮ ਦੀ ਰੌ ਚੱਲ ਪੈਂਦੀ ਹੈ। ਪਰ, ਹੇ ਭਾਈ! ਪਰਮਾਤਮਾ ਦਾ ਨਾਮ (ਤਦੋਂ ਹੀ) ਜਪਿਆ ਜਾ ਸਕਦਾ ਹੈ, ਜੇ ਮੱਥੇ ਉੱਤੇ ਚੰਗਾ ਭਾਗ ਜਾਗ ਪਏ।
ਜਨੁ ਨਾਨਕੁ ਬੋਲੇ ਤੀਜੀ ਲਾਵੈ ਹਰਿ ਉਪਜੈ ਮਨਿ ਬੈਰਾਗੁ ਜੀਉ ॥੩॥
ਹੇ ਭਾਈ! ਦਾਸ ਨਾਨਕ ਆਖਦਾ ਹੈ (ਕਿ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ) ਤੀਜੀ ਲਾਂਵ ਸਮੇ (ਜੀਵ-ਇਸਤ੍ਰੀ ਦੇ) ਮਨ ਵਿਚ ਪ੍ਰਭੂ (-ਮਿਲਾਪ ਦੀ) ਤੀਬਰ ਤਾਂਘ ਪੈਦਾ ਹੋ ਜਾਂਦੀ ਹੈ ॥੩॥
ਹਰਿ ਚਉਥੜੀ ਲਾਵ ਮਨਿ ਸਹਜੁ ਭਇਆ ਹਰਿ ਪਾਇਆ ਬਲਿ ਰਾਮ ਜੀਉ ॥
ਹੇ ਸੋਹਣੇ ਰਾਮ! ਮੈਂ ਤੈਥੋਂ ਸਦਕੇ ਹਾਂ। (ਤੇਰੀ ਮੇਹਰ ਨਾਲ ਜਿਸ ਜੀਵ-ਇਸਤ੍ਰੀ ਦੇ) ਮਨ ਵਿਚ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, ਉਸ ਨੂੰ ਤੇਰਾ ਮਿਲਾਪ ਹੋ ਜਾਂਦਾ ਹੈ। (ਇਹ ਆਤਮਕ ਅਵਸਥਾ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਮਿਲਾਪ ਦੀ) ਚੌਥੀ ਸੋਹਣੀ ਲਾਂਵ ਹੈ।
ਗੁਰਮੁਖਿ ਮਿਲਿਆ ਸੁਭਾਇ ਹਰਿ ਮਨਿ ਤਨਿ ਮੀਠਾ ਲਾਇਆ ਬਲਿ ਰਾਮ ਜੀਉ ॥
ਹੇ ਭਾਈ! ਗੁਰੂ ਦੀ ਸਰਨ ਪੈ ਕੇ (ਪ੍ਰਭੂ-) ਪ੍ਰੇਮ ਵਿਚ (ਟਿਕ ਕੇ, ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ) ਮਿਲ ਪੈਂਦਾ ਹੈ, (ਉਸ ਦੇ) ਮਨ ਵਿਚ (ਉਸ ਦੇ) ਤਨ ਵਿਚ ਪ੍ਰਭੂ ਪਿਆਰਾ ਲੱਗਣ ਲੱਗ ਪੈਂਦਾ ਹੈ।
ਹਰਿ ਮੀਠਾ ਲਾਇਆ ਮੇਰੇ ਪ੍ਰਭ ਭਾਇਆ ਅਨਦਿਨੁ ਹਰਿ ਲਿਵ ਲਾਈ ॥
ਹੇ ਭਾਈ! ਜਿਸ ਜੀਵ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ, ਪ੍ਰਭੂ ਨੂੰ ਉਹ ਜੀਵ ਪਿਆਰਾ ਲੱਗਣ ਲੱਗ ਪੈਂਦਾ ਹੈ। ਉਹ ਮਨੁੱਖ ਸਦਾ ਪ੍ਰਭੂ (ਦੀ ਯਾਦ ਵਿਚ (ਆਪਣੀ) ਸੁਰਤ ਜੋੜੀ ਰੱਖਦਾ ਹੈ।
ਮਨ ਚਿੰਦਿਆ ਫਲੁ ਪਾਇਆ ਸੁਆਮੀ ਹਰਿ ਨਾਮਿ ਵਜੀ ਵਾਧਾਈ ॥
ਉਹ ਮਨੁੱਖ ਪ੍ਰਭੂ-ਮਿਲਾਪ ਦਾ ਮਨ-ਇੱਛਤ ਫਲ ਪ੍ਰਾਪਤ ਕਰ ਲੈਂਦਾ ਹੈ। ਪ੍ਰਭੂ ਦੇ ਨਾਮ ਦੀ ਬਰਕਤਿ ਨਾਲ (ਉਸ ਦੇ ਅੰਦਰ ਸਦਾ) ਚੜ੍ਹਦੀ ਕਲਾ ਬਣੀ ਰਹਿੰਦੀ ਹੈ।
ਹਰਿ ਪ੍ਰਭਿ ਠਾਕੁਰਿ ਕਾਜੁ ਰਚਾਇਆ ਧਨ ਹਿਰਦੈ ਨਾਮਿ ਵਿਗਾਸੀ ॥
ਹੇ ਭਾਈ! ਪ੍ਰਭੂ ਨੇ, ਮਾਲਕ-ਹਰੀ ਨੇ (ਜਿਸ ਜੀਵ-ਇਸਤ੍ਰੀ ਦੇ) ਵਿਆਹ ਦਾ ਉੱਦਮ ਸ਼ੁਰੂ ਕਰ ਦਿੱਤਾ, ਉਹ ਜੀਵ-ਇਸਤ੍ਰੀ ਨਾਮ ਸਿਮਰਨ ਦੀ ਬਰਕਤਿ ਨਾਲ (ਆਪਣੇ) ਹਿਰਦੇ ਵਿਚ ਸਦਾ ਆਨੰਦ-ਭਰਪੂਰ ਰਹਿੰਦੀ ਹੈ।
ਜਨੁ ਨਾਨਕੁ ਬੋਲੇ ਚਉਥੀ ਲਾਵੈ ਹਰਿ ਪਾਇਆ ਪ੍ਰਭੁ ਅਵਿਨਾਸੀ ॥੪॥੨॥
ਦਾਸ ਨਾਨਕ ਆਖਦਾ ਹੈ-ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਚੌਥੀ ਲਾਂਵ ਸਮੇ ਜੀਵ-ਇਸਤ੍ਰੀ ਕਦੇ ਨਾਸ ਨਾਹ ਹੋਣ ਵਾਲੇ ਪ੍ਰਭੂ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ ॥੪॥੨॥
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗੁ ਸੂਹੀ ਛੰਤ ਮਹਲਾ ੪ ਘਰੁ ੨ ॥
ਰਾਗ ਸੂਹੀ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ‘ਛੰਤ’ (ਛੰਦ)।
ਗੁਰਮੁਖਿ ਹਰਿ ਗੁਣ ਗਾਏ ॥
ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ,
ਹਿਰਦੈ ਰਸਨ ਰਸਾਏ ॥
(ਪਰਮਾਤਮਾ ਦੇ ਗੁਣ ਆਪਣੇ) ਹਿਰਦੇ ਵਿਚ (ਵਸਾਈ ਰਖਦਾ ਹੈ, ਆਪਣੀ) ਜੀਭ ਨਾਲ (ਗੁਣਾਂ ਦਾ) ਰਸ ਮਾਣਦਾ ਹੈ,
ਹਰਿ ਰਸਨ ਰਸਾਏ ਮੇਰੇ ਪ੍ਰਭ ਭਾਏ ਮਿਲਿਆ ਸਹਜਿ ਸੁਭਾਏ ॥
(ਜਿਹੜਾ ਮਨੁੱਖ) ਹਰੀ (ਦੇ ਗੁਣਾਂ ਦਾ) ਰਸ (ਆਪਣੀ) ਜੀਭ ਨਾਲ ਮਾਣਦਾ ਰਹਿੰਦਾ ਹੈ, ਉਹ ਮਨੁੱਖ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਆਤਮਕ ਅਡੋਲਤਾ ਵਿਚ ਪ੍ਰੇਮ ਵਿਚ (ਉਸ ਟਿਕੇ ਹੋਏ ਨੂੰ) ਪਰਮਾਤਮਾ ਮਿਲ ਪੈਂਦਾ ਹੈ।
ਅਨਦਿਨੁ ਭੋਗ ਭੋਗੇ ਸੁਖਿ ਸੋਵੈ ਸਬਦਿ ਰਹੈ ਲਿਵ ਲਾਏ ॥
ਉਹ ਮਨੁੱਖ ਹਰ ਵੇਲੇ (ਸਿਫ਼ਤਿ-ਸਾਲਾਹ ਦਾ) ਅਨੰਦ ਮਾਣਦਾ ਹੈ, ਆਨੰਦ ਵਿਚ ਲੀਨ ਰਹਿੰਦਾ ਹੈ, (ਗੁਰੂ ਦੇ) ਸ਼ਬਦ ਦੀ ਰਾਹੀਂ (ਉਹ ਮਨੁੱਖ ਪ੍ਰਭੂ ਵਿਚ) ਸੁਰਤ ਜੋੜੀ ਰੱਖਦਾ ਹੈ।
ਵਡੈ ਭਾਗਿ ਗੁਰੁ ਪੂਰਾ ਪਾਈਐ ਅਨਦਿਨੁ ਨਾਮੁ ਧਿਆਏ ॥
ਪਰ, ਹੇ ਭਾਈ! ਪੂਰਾ ਗੁਰੂ ਮਿਲਦਾ ਹੈ ਵੱਡੀ ਕਿਸਮਤ ਨਾਲ, (ਜਿਸ ਨੂੰ ਮਿਲਦਾ ਹੈ, ਉਹ) ਹਰ ਵੇਲੇ ਹਰਿ-ਨਾਮ ਸਿਮਰਦਾ ਰਹਿੰਦਾ ਹੈ।
ਸਹਜੇ ਸਹਜਿ ਮਿਲਿਆ ਜਗਜੀਵਨੁ ਨਾਨਕ ਸੁੰਨਿ ਸਮਾਏ ॥੧॥
ਹੇ ਨਾਨਕ! ਉਹ ਮਨੁੱਖ ਹਰ ਵੇਲੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਜਗਤ ਦਾ ਸਹਾਰਾ ਪ੍ਰਭੂ ਉਸ ਨੂੰ ਮਿਲ ਪੈਂਦਾ ਹੈ, ਉਹ ਮਨੁੱਖ ਉਸ ਅਵਸਥਾ ਵਿਚ ਲੀਨ ਰਹਿੰਦਾ ਹੈ ਜਿੱਥੇ ਮਾਇਆ ਦਾ ਕੋਈ ਫੁਰਨਾ ਪੋਹ ਨਹੀਂ ਸਕਦਾ ॥੧॥
ਸੰਗਤਿ ਸੰਤ ਮਿਲਾਏ ॥
ਹੇ ਭਾਈ! ਜਿਹੜਾ ਮਨੁੱਖ ਸੰਤ ਜਨਾਂ ਦੀ ਸੰਗਤਿ ਵਿਚ ਮਿਲਦਾ ਹੈ,
ਹਰਿ ਸਰਿ ਨਿਰਮਲਿ ਨਾਏ ॥
ਉਹ ਪਰਮਾਤਮਾ ਦੇ ਪਵਿੱਤਰ ਨਾਮ-ਸਰੋਵਰ ਵਿਚ ਇਸ਼ਨਾਨ ਕਰਦਾ ਹੈ।
ਨਿਰਮਲਿ ਜਲਿ ਨਾਏ ਮੈਲੁ ਗਵਾਏ ਭਏ ਪਵਿਤੁ ਸਰੀਰਾ ॥
ਉਹ ਮਨੁੱਖ ਪ੍ਰਭੂ ਦੇ ਪਵਿੱਤਰ ਨਾਮ-ਜਲ ਵਿਚ ਇਸ਼ਨਾਨ ਕਰਦਾ ਹੈ, ਉਸ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ।
ਦੁਰਮਤਿ ਮੈਲੁ ਗਈ ਭ੍ਰਮੁ ਭਾਗਾ ਹਉਮੈ ਬਿਨਠੀ ਪੀਰਾ ॥
(ਨਾਮ-ਜਲ ਉਸ ਦੇ ਅੰਦਰੋਂ ਵਿਕਾਰਾਂ ਦੀ) ਮੈਲ ਦੂਰ ਕਰ ਦੇਂਦਾ ਹੈ। (ਨਾਮ-ਜਲ ਦੀ ਬਰਕਤਿ ਨਾਲ ਉਸ ਦੇ ਅੰਦਰੋਂ) ਖੋਟੀ ਮਤਿ ਦੀ ਮੈਲ ਧੁਪ ਜਾਂਦੀ ਹੈ, ਭਟਕਣਾ ਦੂਰ ਹੋ ਜਾਂਦੀ ਹੈ, ਹਉਮੈ ਦੀ ਪੀੜ ਨਾਸ ਹੋ ਜਾਂਦੀ ਹੈ।
ਨਦਰਿ ਪ੍ਰਭੂ ਸਤਸੰਗਤਿ ਪਾਈ ਨਿਜ ਘਰਿ ਹੋਆ ਵਾਸਾ ॥
ਪਰ, ਹੇ ਭਾਈ! ਪਰਮਾਤਮਾ ਦੀ ਮਿਹਰ ਦੀ ਨਿਗਾਹ ਨਾਲ ਹੀ ਸਾਧ ਸੰਗਤਿ ਮਿਲਦੀ ਹੈ, (ਜਿਸ ਨੂੰ ਮਿਲਦੀ ਹੈ, ਉਸ ਦਾ) ਟਿਕਾਣਾ ਪ੍ਰਭੂ-ਚਰਨਾਂ ਵਿਚ ਹੋਇਆ ਰਹਿੰਦਾ ਹੈ।
ਹਰਿ ਮੰਗਲ ਰਸਿ ਰਸਨ ਰਸਾਏ ਨਾਨਕ ਨਾਮੁ ਪ੍ਰਗਾਸਾ ॥੨॥
ਹੇ ਨਾਨਕ! ਉਹ ਮਨੁੱਖ ਸੁਆਦ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤਾਂ ਦਾ ਰਸ ਆਪਣੀ ਜੀਭ ਨਾਲ ਮਾਣਦਾ ਹੈ, (ਉਸ ਦੇ ਅੰਦਰ ਪਰਮਾਤਮਾ ਦਾ) ਨਾਮ (ਆਤਮਕ ਜੀਵਨ ਦਾ) ਚਾਨਣ ਪੈਦਾ ਕਰ ਦੇਂਦਾ ਹੈ ॥੨॥
ਅੰਤਰਿ ਰਤਨੁ ਬੀਚਾਰੇ ॥
ਹੇ ਭਾਈ! ਜਿਹੜਾ ਮਨੁੱਖ ਆਪਣੇ ਅੰਦਰ ਪ੍ਰਭੂ ਦੀ ਅਮੋਲਕ ਸਿਫ਼ਤਿ-ਸਾਲਾਹ ਨੂੰ ਪ੍ਰੋ ਰੱਖਦਾ ਹੈ,
ਗੁਰਮੁਖਿ ਨਾਮੁ ਪਿਆਰੇ ॥
ਗੁਰੂ ਦੇ ਸਨਮੁਖ ਰਹਿ ਕੇ ਪਰਮਾਤਮਾ ਦੇ ਨਾਮ ਨੂੰ ਪਿਆਰਦਾ ਹੈ,
ਹਰਿ ਨਾਮੁ ਪਿਆਰੇ ਸਬਦਿ ਨਿਸਤਾਰੇ ਅਗਿਆਨੁ ਅਧੇਰੁ ਗਵਾਇਆ ॥
ਹਰਿ-ਨਾਮ ਨਾਲ ਪਿਆਰ ਪਾਈ ਰੱਖਦਾ ਹੈ, (ਗੁਰੂ ਆਪਣੇ) ਸ਼ਬਦ ਦੀ ਰਾਹੀਂ (ਉਸ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ, (ਉਸ ਦੇ ਅੰਦਰੋਂ) ਆਤਮਕ ਜੀਵਨ ਵਲੋਂ ਬੇ-ਸਮਝੀ (ਦਾ) ਹਨੇਰਾ ਦੂਰ ਕਰ ਦੇਂਦਾ ਹੈ।
ਗਿਆਨੁ ਪ੍ਰਚੰਡੁ ਬਲਿਆ ਘਟਿ ਚਾਨਣੁ ਘਰ ਮੰਦਰ ਸੋਹਾਇਆ ॥
(ਉਸ ਮਨੁੱਖ ਦੇ) ਹਿਰਦੇ ਵਿਚ ਆਤਮਕ ਜੀਵਨ ਦੀ ਸੂਝ ਵਾਲਾ ਤੇਜ਼ ਚਾਨਣ ਮਘ ਪੈਂਦਾ ਹੈ, ਉਸ ਦੇ ਸਾਰੇ ਗਿਆਨ-ਇੰਦ੍ਰੇ ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ।
ਤਨੁ ਮਨੁ ਅਰਪਿ ਸੀਗਾਰ ਬਣਾਏ ਹਰਿ ਪ੍ਰਭ ਸਾਚੇ ਭਾਇਆ ॥
(ਉਹ ਮਨੁੱਖ ਆਪਣਾ) ਸਰੀਰ ਭੇਟ ਕਰ ਕੇ, (ਆਪਣਾ) ਮਨ ਭੇਟ ਕਰ ਕੇ ਆਤਮਕ ਜੀਵਨ ਦਾ ਸੁਹਜ ਪੈਦਾ ਕਰ ਲੈਂਦਾ ਹੈ, ਉਹ ਸਦਾ-ਥਿਰ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ।
ਜੋ ਪ੍ਰਭੁ ਕਹੈ ਸੋਈ ਪਰੁ ਕੀਜੈ ਨਾਨਕ ਅੰਕਿ ਸਮਾਇਆ ॥੩॥
ਹੇ ਨਾਨਕ! (ਉਹ ਮਨੁੱਖ ਸਦਾ ਪ੍ਰਭੂ ਦੀ) ਗੋਦ ਵਿਚ ਲੀਨ ਰਹਿੰਦਾ ਹੈ (ਉਸ ਦੀ ਇਹ ਸਰਧਾ ਬਣੀ ਰਹਿੰਦੀ ਹੈ ਕਿ) ਜੋ ਕੁਝ ਪ੍ਰਭੂ ਹੁਕਮ ਕਰਦਾ ਹੈ, ਉਹੀ ਧਿਆਨ ਨਾਲ ਕਰਨਾ ਚਾਹੀਦਾ ਹੈ (ਪ੍ਰਭੂ ਦੀ ਰਜ਼ਾ ਵਿਚ ਪੂਰਨ ਤੌਰ ਤੇ ਰਾਜ਼ੀ ਰਹਿਣਾ ਚਾਹੀਦਾ ਹੈ) ॥੩॥
ਹਰਿ ਪ੍ਰਭਿ ਕਾਜੁ ਰਚਾਇਆ ॥
ਹੇ ਭਾਈ! ਹਰੀ ਪ੍ਰਭੂ ਨੇ (ਜਿਸ ਜੀਵ-ਇਸਤ੍ਰੀ ਦੇ ਵਿਆਹ ਦਾ) ਕੰਮ ਰਚ ਦਿੱਤਾ,
ਗੁਰਮੁਖਿ ਵੀਆਹਣਿ ਆਇਆ ॥
ਉਸ ਨੂੰ ਉਹ ਗੁਰੂ ਦੀ ਰਾਹੀਂ ਵਿਆਹੁਣ ਲਈ ਆ ਪਹੁੰਚਿਆ (ਜਿਹੜੀ ਜੀਵ-ਇਸਤ੍ਰੀ ਨੂੰ ਪਰਮਾਤਮਾ ਆਪਣੇ ਚਰਨਾਂ ਵਿਚ ਜੋੜਨਾ ਚਾਹੁੰਦਾ ਹੈ, ਉਸ ਨੂੰ ਗੁਰੂ ਦੀ ਸਰਨ ਵਿਚ ਟਿਕਾਂਦਾ ਹੈ)।
ਵੀਆਹਣਿ ਆਇਆ ਗੁਰਮੁਖਿ ਹਰਿ ਪਾਇਆ ਸਾ ਧਨ ਕੰਤ ਪਿਆਰੀ ॥
ਹੇ ਭਾਈ! (ਜਿਸ ਜੀਵ-ਇਸਤ੍ਰੀ ਨੂੰ) ਪ੍ਰਭੂ ਆਪਣੇ ਨਾਲ ਜੋੜਨ ਦੀ ਮਿਹਰ ਕਰਦਾ ਹੈ, ਉਸ ਨੂੰ ਗੁਰੂ ਦੀ ਰਾਹੀਂ ਮਿਲ ਪੈਂਦਾ ਹੈ, ਉਹ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ।
ਸੰਤ ਜਨਾ ਮਿਲਿ ਮੰਗਲ ਗਾਏ ਹਰਿ ਜੀਉ ਆਪਿ ਸਵਾਰੀ ॥
ਉਹ ਜੀਵ-ਇਸਤ੍ਰੀ ਸੰਤ ਜਨਾਂ ਨਾਲ ਮਿਲ ਕੇ ਪ੍ਰਭੂ-ਪਤੀ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੀ ਹੈ, ਪ੍ਰਭੂ ਆਪ ਉਸ ਦਾ ਜੀਵਨ ਸੋਹਣਾ ਬਣਾ ਦੇਂਦਾ ਹੈ।
ਸੁਰਿ ਨਰ ਗਣ ਗੰਧਰਬ ਮਿਲਿ ਆਏ ਅਪੂਰਬ ਜੰਞ ਬਣਾਈ ॥
(ਜਿਵੇਂ ਵਿਆਹ ਦੇ ਸਮੇ ਜਾਂਞੀ ਰਲ ਕੇ ਆਉਂਦੇ ਹਨ, ਤਿਵੇਂ ਉਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨਾਲ ਮਿਲਾਣ ਵਾਸਤੇ) ਦੈਵੀ ਗੁਣਾਂ ਵਾਲੇ ਸੰਤ ਜਨ, ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਾਲੇ ਭਗਤ-ਜਨ ਮਿਲ ਕੇ ਆਉਂਦੇ ਹਨ (ਉਸ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਵਿਆਹ ਕਰਨ ਲਈ) ਇਕ ਅਦੁਤੀ ਜੰਞ ਬਣਾਂਦੇ ਹਨ।
ਨਾਨਕ ਪ੍ਰਭੁ ਪਾਇਆ ਮੈ ਸਾਚਾ ਨਾ ਕਦੇ ਮਰੈ ਨ ਜਾਈ ॥੪॥੧॥੩॥
ਹੇ ਨਾਨਕ (ਸਤ ਸੰਗੀਆਂ ਦੀ ਉਸ ਜੰਞ ਦੀ ਬਰਕਤਿ ਨਾਲ, ਭਾਵ, ਉਸ ਸਤਸੰਗ ਦੀ ਕਿਰਪਾ ਨਾਲ ਉਸ ਜੀਵ-ਇਸਤ੍ਰੀ ਨੂੰ) ਉਹ ਪਿਆਰਾ ਪ੍ਰਭੂ ਮਿਲ ਪੈਂਦਾ ਹੈ, ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਕਦੇ ਜੰਮਦਾ ਮਰਦਾ ਨਹੀਂ ॥੪॥੧॥੩॥
ਰਾਗੁ ਸੂਹੀ ਛੰਤ ਮਹਲਾ ੪ ਘਰੁ ੩ ॥/
ਰਾਗ ਸੂਹੀ, ਘਰ ੩ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ‘ਛੰਤ’ (ਛੰਦ)।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਆਵਹੋ ਸੰਤ ਜਨਹੁ ਗੁਣ ਗਾਵਹ ਗੋਵਿੰਦ ਕੇਰੇ ਰਾਮ ॥
ਹੇ ਸੰਤ ਜਨੋ! ਆਓ, (ਸਾਧ ਸੰਗਤਿ ਵਿਚ ਮਿਲ ਕੇ) ਪਰਮਾਤਮਾ ਦੇ ਗੁਣ ਗਾਂਦੇ ਰਹੀਏ।
ਗੁਰਮੁਖਿ ਮਿਲਿ ਰਹੀਐ ਘਰਿ ਵਾਜਹਿ ਸਬਦ ਘਨੇਰੇ ਰਾਮ ॥
(ਹੇ ਸੰਤ ਜਨੋ!) ਗੁਰੂ ਦੀ ਸਰਨ ਪੈ ਕੇ (ਪ੍ਰਭੂ-ਚਰਨਾਂ ਵਿਚ) ਜੁੜੇ ਰਹਿਣਾ ਚਾਹੀਦਾ ਹੈ (ਪ੍ਰਭੂ-ਚਰਨਾਂ ਵਿਚ ਜੁੜਨ ਦੀ ਬਰਕਤ ਨਾਲ) ਹਿਰਦੇ-ਘਰ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਆਪਣਾ ਪ੍ਰਭਾਵ ਪਾਈ ਰੱਖਦੇ ਹਨ।
ਸਬਦ ਘਨੇਰੇ ਹਰਿ ਪ੍ਰਭ ਤੇਰੇ ਤੂ ਕਰਤਾ ਸਭ ਥਾਈ ॥
ਹੇ ਪ੍ਰਭੂ! (ਜਿਉਂ ਜਿਉਂ) ਤੇਰੀ ਸਿਫ਼ਤਿ-ਸਾਲਾਹ ਦੇ ਸ਼ਬਦ (ਮਨੁੱਖ ਦੇ ਹਿਰਦੇ ਵਿਚ) ਪ੍ਰਭਾਵ ਪਾਂਦੇ ਹਨ, (ਤਿਉਂ ਤਿਉਂ ਤੂੰ) ਉਸ ਨੂੰ ਸਭ ਥਾਈਂ ਵੱਸਦਾ ਦਿੱਸਦਾ ਹੈਂ।
ਅਹਿਨਿਸਿ ਜਪੀ ਸਦਾ ਸਾਲਾਹੀ ਸਾਚ ਸਬਦਿ ਲਿਵ ਲਾਈ ॥
(ਹੇ ਪ੍ਰਭੂ! ਮੇਰੇ ਉੱਤੇ ਭੀ ਮਿਹਰ ਕਰ) ਮੈਂ ਦਿਨ ਰਾਤ ਤੇਰਾ ਨਾਮ ਜਪਦਾ ਰਹਾਂ, ਮੈਂ ਸਦਾ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ, ਮੈਂ ਤੇਰੀ ਸਦਾ-ਥਿਰ ਸਿਫ਼ਤਿ-ਸਾਲਾਹ ਵਿਚ ਸੁਰਤ ਜੋੜੀ ਰੱਖਾਂ।
ਅਨਦਿਨੁ ਸਹਜਿ ਰਹੈ ਰੰਗਿ ਰਾਤਾ ਰਾਮ ਨਾਮੁ ਰਿਦ ਪੂਜਾ ॥
ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੀ ਪੂਜਾ ਬਣਾਂਦਾ ਹੈ (ਭਾਵ, ਹਰ ਵੇਲੇ ਹਿਰਦੇ ਵਿਚ ਵਸਾਈ ਰੱਖਦਾ ਹੈ) ਉਹ ਮਨੁੱਖ ਹਰ ਵੇਲੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ।
ਨਾਨਕ ਗੁਰਮੁਖਿ ਏਕੁ ਪਛਾਣੈ ਅਵਰੁ ਨ ਜਾਣੈ ਦੂਜਾ ॥੧॥
ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਉਹ ਇਕ ਪ੍ਰਭੂ ਨਾਲ ਹੀ ਸਾਂਝ ਪਾਈ ਰੱਖਦਾ ਹੈ, ਕਿਸੇ ਹੋਰ ਦੂਜੇ ਨਾਲ ਡੂੰਘੀ ਸਾਂਝ ਨਹੀਂ ਪਾਂਦਾ ॥੧॥
ਸਭ ਮਹਿ ਰਵਿ ਰਹਿਆ ਸੋ ਪ੍ਰਭੁ ਅੰਤਰਜਾਮੀ ਰਾਮ ॥
ਹੇ ਭਾਈ! ਉਹ ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, ਅਤੇ ਸਭ ਜੀਵਾਂ ਵਿਚ ਵਿਆਪਕ ਹੈ।
ਗੁਰ ਸਬਦਿ ਰਵੈ ਰਵਿ ਰਹਿਆ ਸੋ ਪ੍ਰਭੁ ਮੇਰਾ ਸੁਆਮੀ ਰਾਮ ॥
(ਪਰ ਜਿਹੜਾ ਮਨੁੱਖ) ਗੁਰੂ ਦੇ ਸ਼ਬਦ ਦੀ ਰਾਹੀਂ (ਉਸ ਨੂੰ) ਸਿਮਰਦਾ ਹੈ, ਉਸ ਨੂੰ ਹੀ ਉਹ ਮਾਲਕ-ਪ੍ਰਭੂ (ਸਭ ਥਾਈਂ) ਵਿਆਪਕ ਦਿੱਸਦਾ ਹੈ।
ਪ੍ਰਭੁ ਮੇਰਾ ਸੁਆਮੀ ਅੰਤਰਜਾਮੀ ਘਟਿ ਘਟਿ ਰਵਿਆ ਸੋਈ ॥
(ਉਸ ਮਨੁੱਖ ਨੂੰ ਹੀ ਇਹ ਨਿਸ਼ਚਾ ਬਣਦਾ ਹੈ ਕਿ) ਮਾਲਕ-ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, ਅਤੇ ਹਰੇਕ ਸਰੀਰ ਵਿਚ ਮੌਜੂਦ ਹੈ।
ਗੁਰਮਤਿ ਸਚੁ ਪਾਈਐ ਸਹਜਿ ਸਮਾਈਐ ਤਿਸੁ ਬਿਨੁ ਅਵਰੁ ਨ ਕੋਈ ॥
ਹੇ ਭਾਈ! ਗੁਰੂ ਦੀ ਮਤਿ ਉਤੇ ਤੁਰਿਆਂ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ, (ਗੁਰੂ ਦੀ ਮਤਿ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਲੀਨ ਰਹਿ ਸਕੀਦਾ ਹੈ (ਅਤੇ ਇਹ ਨਿਸ਼ਚਾ ਬਣਦਾ ਹੈ ਕਿ ਕਿਤੇ ਭੀ) ਉਸ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ।
ਸਹਜੇ ਗੁਣ ਗਾਵਾ ਜੇ ਪ੍ਰਭ ਭਾਵਾ ਆਪੇ ਲਏ ਮਿਲਾਏ ॥
ਹੇ ਭਾਈ! (ਪ੍ਰਭੂ ਦੀ ਆਪਣੀ ਹੀ ਮਿਹਰ ਨਾਲ) ਜੇ ਮੈਂ ਉਸ ਪ੍ਰਭੂ ਨੂੰ ਚੰਗਾ ਲੱਗ ਪਵਾਂ, ਤਾਂ ਆਤਮਕ ਅਡੋਲਤਾ ਵਿਚ ਟਿਕ ਕੇ ਮੈਂ ਉਸ ਦੇ ਗੁਣ ਗਾ ਸਕਦਾ ਹਾਂ, ਉਹ ਆਪ ਹੀ (ਜੀਵ ਨੂੰ ਆਪਣੇ ਨਾਲ) ਮਿਲਾਂਦਾ ਹੈ।
ਨਾਨਕ ਸੋ ਪ੍ਰਭੁ ਸਬਦੇ ਜਾਪੈ ਅਹਿਨਿਸਿ ਨਾਮੁ ਧਿਆਏ ॥੨॥
ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਹੀ ਉਸ ਪ੍ਰਭੂ ਨਾਲ ਡੂੰਘੀ ਸਾਂਝ ਪੈ ਸਕਦੀ ਹੈ (ਜਿਹੜਾ ਮਨੁੱਖ ਸ਼ਬਦ ਵਿਚ) ਜੁੜਦਾ ਹੈ, (ਉਹ) ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ॥੨॥
ਇਹੁ ਜਗੋ ਦੁਤਰੁ ਮਨਮੁਖੁ ਪਾਰਿ ਨ ਪਾਈ ਰਾਮ ॥
ਹੇ ਭਾਈ! ਇਹ ਜਗਤ (ਇਕ ਅਜਿਹਾ ਸਮੁੰਦਰ ਹੈ, ਜਿਸ ਤੋਂ) ਪਾਰ ਲੰਘਣਾ ਔਖਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਇਸ ਦੇ) ਪਾਰਲੇ ਪਾਸੇ ਨਹੀਂ ਪਹੁੰਚ ਸਕਦਾ,
ਅੰਤਰੇ ਹਉਮੈ ਮਮਤਾ ਕਾਮੁ ਕ੍ਰੋਧੁ ਚਤੁਰਾਈ ਰਾਮ ॥
(ਕਿਉਂਕਿ ਉਸ ਦੇ) ਅੰਦਰ ਹੀ ਅਹੰਕਾਰ, ਅਸਲੀਅਤ ਦੀ ਲਾਲਸਾ, ਕਾਮ, ਕ੍ਰੋਧ, ਚਤੁਰਾਈ (ਆਦਿਕ ਭੈੜ) ਟਿਕੇ ਰਹਿੰਦੇ ਹਨ।
ਅੰਤਰਿ ਚਤੁਰਾਈ ਥਾਇ ਨ ਪਾਈ ਬਿਰਥਾ ਜਨਮੁ ਗਵਾਇਆ ॥
ਹੇ ਭਾਈ! (ਜਿਸ ਮਨੁੱਖ ਦੇ) ਅੰਦਰ ਆਪਣੀ ਸਿਆਣਪ ਦਾ ਮਾਣ ਟਿਕਿਆ ਰਹਿੰਦਾ ਹੈ ਉਹ ਮਨੁੱਖ (ਪ੍ਰਭੂ-ਦਰ ਤੇ) ਪਰਵਾਨ ਨਹੀਂ ਹੁੰਦਾ, ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲੈਂਦਾ ਹੈ।
ਜਮ ਮਗਿ ਦੁਖੁ ਪਾਵੈ ਚੋਟਾ ਖਾਵੈ ਅੰਤਿ ਗਇਆ ਪਛੁਤਾਇਆ ॥
(ਉਹ ਮਨੁੱਖ ਸਾਰੀ ਉਮਰ) ਜਮਰਾਜ ਦੇ ਰਸਤੇ ਉਤੇ ਤੁਰਦਾ ਹੈ, ਦੁੱਖ ਸਹਾਰਦਾ ਹੈ, (ਆਤਮਕ ਮੌਤ ਦੀਆਂ) ਚੋਟਾਂ ਖਾਂਦਾ ਰਹਿੰਦਾ ਹੈ, ਅੰਤ ਵੇਲੇ ਇਥੋਂ ਹੱਥ ਮਲਦਾ ਜਾਂਦਾ ਹੈ।
ਬਿਨੁ ਨਾਵੈ ਕੋ ਬੇਲੀ ਨਾਹੀ ਪੁਤੁ ਕੁਟੰਬੁ ਸੁਤੁ ਭਾਈ ॥
ਹੇ ਭਾਈ! (ਜੀਵਨ-ਸਫ਼ਰ ਵਿਚ ਇੱਥੇ) ਪੁੱਤਰ, ਪਰਵਾਰ, ਭਰਾ-ਇਹਨਾਂ ਵਿਚੋਂ ਕੋਈ ਭੀ ਮਦਦਗਾਰ ਨਹੀਂ, ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਬੇਲੀ ਨਹੀਂ ਬਣਦਾ।
ਨਾਨਕ ਮਾਇਆ ਮੋਹੁ ਪਸਾਰਾ ਆਗੈ ਸਾਥਿ ਨ ਜਾਈ ॥੩॥
ਹੇ ਨਾਨਕ! ਇਹ ਸਾਰਾ ਮਾਇਆ ਦੇ ਮੋਹ ਦਾ (ਹੀ) ਖਿਲਾਰਾ ਹੈ, ਪਰਲੋਕ ਵਿਚ (ਭੀ ਮਨੁੱਖ ਦੇ) ਨਾਲ ਨਹੀਂ ਜਾਂਦਾ ॥੩॥
ਹਉ ਪੂਛਉ ਅਪਨਾ ਸਤਿਗੁਰੁ ਦਾਤਾ ਕਿਨ ਬਿਧਿ ਦੁਤਰੁ ਤਰੀਐ ਰਾਮ ॥
ਹੇ ਭਾਈ! (ਜਦੋਂ) ਮੈਂ (ਨਾਮ ਦੀ) ਦਾਤ ਦੇਣ ਵਾਲੇ ਆਪਣੇ ਗੁਰੂ ਨੂੰ ਪੁੱਛਦਾ ਹਾਂ ਕਿ ਇਹ ਦੁੱਤਰ ਸੰਸਾਰ-ਸਮੁੰਦਰ ਕਿਸ ਤਰੀਕੇ ਨਾਲ ਲੰਘਿਆ ਜਾ ਸਕਦਾ ਹੈ?
ਸਤਿਗੁਰ ਭਾਇ ਚਲਹੁ ਜੀਵਤਿਆ ਇਵ ਮਰੀਐ ਰਾਮ ॥
(ਤਾਂ ਅੱਗੋਂ ਉੱਤਰ ਮਿਲਦਾ ਹੈ ਕਿ) ਗੁਰੂ ਦੀ ਰਜ਼ਾ ਵਿਚ (ਜੀਵਨ-ਤੋਰ) ਤੁਰਦੇ ਰਹੋ, ਇਸ ਤਰ੍ਹਾਂ ਦੁਨੀਆ ਦੀ ਕਿਰਤ-ਕਾਰ ਕਰਦਿਆਂ ਹੀ ਵਿਕਾਰਾਂ ਵਲੋਂ ਬਚੇ ਰਹੀਦਾ ਹੈ।
ਜੀਵਤਿਆ ਮਰੀਐ ਭਉਜਲੁ ਤਰੀਐ ਗੁਰਮੁਖਿ ਨਾਮਿ ਸਮਾਵੈ ॥
(ਗੁਰੂ ਦੀ ਰਜ਼ਾ ਵਿਚ ਤੁਰਿਆਂ) ਦੁਨੀਆ ਦੀ ਕਾਰ ਕਰਦਿਆਂ ਵਿਕਾਰਾਂ ਵਲੋਂ ਮਰੇ ਰਹੀਦਾ ਹੈ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ। (ਕਿਉਂਕਿ) ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ।
ਪੂਰਾ ਪੁਰਖੁ ਪਾਇਆ ਵਡਭਾਗੀ ਸਚਿ ਨਾਮਿ ਲਿਵ ਲਾਵੈ ॥
ਉਸ ਨੂੰ ਵੱਡੀ ਕਿਸਮਤ ਨਾਲ ਸਾਰੇ ਗੁਣਾਂ ਨਾਲ ਭਰਪੂਰ ਪ੍ਰਭੂ ਮਿਲ ਪੈਂਦਾ ਹੈ, ਸਦਾ-ਥਿਰ ਹਰਿ-ਨਾਮ ਵਿਚ ਉਹ ਸੁਰਤ ਜੋੜੀ ਰੱਖਦਾ ਹੈ।
ਮਤਿ ਪਰਗਾਸੁ ਭਈ ਮਨੁ ਮਾਨਿਆ ਰਾਮ ਨਾਮਿ ਵਡਿਆਈ ॥
ਉਸ ਦੀ ਮਤਿ ਵਿਚ ਆਤਮਕ ਜੀਵਨ ਦੀ ਸੂਝ ਦਾ ਚਾਨਣ ਹੋ ਜਾਂਦਾ ਹੈ, ਉਸ ਦਾ ਮਨ ਨਾਮ ਵਿਚ ਪਤੀਜ ਜਾਂਦਾ ਹੈ, ਉਸ ਨੂੰ ਨਾਮ ਦੀ ਬਰਕਤਿ ਨਾਲ (ਲੋਕ ਪਰਲੋਕ ਦੀ) ਇੱਜ਼ਤ ਮਿਲ ਜਾਂਦੀ ਹੈ।
ਨਾਨਕ ਪ੍ਰਭੁ ਪਾਇਆ ਸਬਦਿ ਮਿਲਾਇਆ ਜੋਤੀ ਜੋਤਿ ਮਿਲਾਈ ॥੪॥੧॥੪॥
ਹੇ ਨਾਨਕ! ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਸ ਨੂੰ ਪ੍ਰਭੂ ਮਿਲ ਪੈਂਦਾ ਹੈ, ਉਸ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਇਕ-ਮਿਕ ਹੋਈ ਰਹਿੰਦੀ ਹੈ ॥੪॥੧॥੪॥
ਸੂਹੀ ਮਹਲਾ ੪ ਘਰੁ ੫ ॥
ਰਾਗ ਸੂਹੀ, ਘਰ ੫ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਗੁਰੁ ਸੰਤ ਜਨੋ ਪਿਆਰਾ ਮੈ ਮਿਲਿਆ ਮੇਰੀ ਤ੍ਰਿਸਨਾ ਬੁਝਿ ਗਈਆਸੇ ॥
ਹੇ ਸੰਤ ਜਨੋ! ਮੈਨੂੰ ਪਿਆਰਾ ਗੁਰੂ ਮਿਲ ਪਿਆ ਹੈ (ਉਸ ਦੀ ਮਿਹਰ ਨਾਲ) ਮੇਰੀ (ਮਾਇਆ ਦੀ) ਤ੍ਰਿਸ਼ਨਾ ਮਿਟ ਗਈ ਹੈ।
ਹਉ ਮਨੁ ਤਨੁ ਦੇਵਾ ਸਤਿਗੁਰੈ ਮੈ ਮੇਲੇ ਪ੍ਰਭ ਗੁਣਤਾਸੇ ॥
(ਗੁਰੂ) ਮੈਨੂੰ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨਾਲ ਮਿਲਾ ਰਿਹਾ ਹੈ, ਮੈਂ ਆਪਣਾ ਮਨ ਆਪਣਾ ਤਨ ਗੁਰੂ ਦੇ ਅੱਗੇ ਭੇਟ ਧਰਦਾ ਹਾਂ।
ਧਨੁ ਧੰਨੁ ਗੁਰੂ ਵਡ ਪੁਰਖੁ ਹੈ ਮੈ ਦਸੇ ਹਰਿ ਸਾਬਾਸੇ ॥
ਹੇ ਭਾਈ! ਗੁਰੂ ਸਲਾਹੁਣ-ਜੋਗ ਹੈ, ਗੁਰੂ ਮਹਾ ਪੁਰਖ ਹੈ, ਗੁਰੂ ਨੂੰ ਸ਼ਾਬਾਸ਼। ਗੁਰੂ ਮੈਨੂੰ ਪਰਮਾਤਮਾ ਦੀ ਦੱਸ ਪਾ ਰਿਹਾ ਹੈ।
ਵਡਭਾਗੀ ਹਰਿ ਪਾਇਆ ਜਨ ਨਾਨਕ ਨਾਮਿ ਵਿਗਾਸੇ ॥੧॥
ਹੇ ਦਾਸ ਨਾਨਕ! ਜਿਨ੍ਹਾਂ ਨੂੰ ਪਰਮਾਤਮਾ ਵੱਡੇ ਭਾਗਾਂ ਨਾਲ ਮਿਲ ਪੈਂਦਾ ਹੈ, (ਉਹ ਮਨੁੱਖ ਪਰਮਾਤਮਾ ਦੇ) ਨਾਮ ਵਿਚ ਜੁੜ ਕੇ ਆਤਮਕ ਆਨੰਦ ਨਾਲ ਭਰਪੂਰ ਹੋ ਜਾਂਦੇ ਹਨ ॥੧॥
ਗੁਰੁ ਸਜਣੁ ਪਿਆਰਾ ਮੈ ਮਿਲਿਆ ਹਰਿ ਮਾਰਗੁ ਪੰਥੁ ਦਸਾਹਾ ॥
ਹੇ ਸੰਤ ਜਨੋ! (ਜਦੋਂ ਦਾ) ਪਿਆਰਾ ਗੁਰੂ ਸੱਜਣ ਮੈਨੂੰ ਮਿਲਿਆ ਹੈ, ਮੈਂ (ਉਸ ਪਾਸੋਂ) ਪਰਮਾਤਮਾ (ਦੇ ਮਿਲਾਪ) ਦਾ ਰਸਤਾ ਪੁੱਛਦੀ ਰਹਿੰਦੀ ਹਾਂ,
ਘਰਿ ਆਵਹੁ ਚਿਰੀ ਵਿਛੁੰਨਿਆ ਮਿਲੁ ਸਬਦਿ ਗੁਰੂ ਪ੍ਰਭ ਨਾਹਾ ॥
(ਅਤੇ ਪ੍ਰਭੂ-ਪਤੀ ਨੂੰ ਭੀ ਆਖਦੀ ਰਹਿੰਦੀ ਹਾਂ-) ਹੇ ਪ੍ਰਭੂ ਪਤੀ! ਗੁਰੂ ਦੇ ਸ਼ਬਦ ਦੀ ਰਾਹੀਂ ਮੈਨੂੰ ਚਿਰਾਂ ਦੀ ਵਿੱਛੁੜੀ ਹੋਈ ਨੂੰ ਆ ਮਿਲ, ਮੇਰੇ (ਹਿਰਦੇ-) ਘਰ ਵਿਚ ਆ ਵੱਸ।
ਹਉ ਤੁਝੁ ਬਾਝਹੁ ਖਰੀ ਉਡੀਣੀਆ ਜਿਉ ਜਲ ਬਿਨੁ ਮੀਨੁ ਮਰਾਹਾ ॥
ਹੇ ਪ੍ਰਭੂ! ਜਿਵੇਂ ਪਾਣੀ ਤੋਂ ਬਿਨਾ ਮੱਛੀ (ਤੜਪ) ਮਰਦੀ ਹੈ, (ਤਿਵੇਂ) ਤੈਥੋਂ ਬਿਨਾ ਮੈਂ ਬਹੁਤ ਉਦਾਸ ਰਹਿੰਦੀ ਹਾਂ।
ਵਡਭਾਗੀ ਹਰਿ ਧਿਆਇਆ ਜਨ ਨਾਨਕ ਨਾਮਿ ਸਮਾਹਾ ॥੨॥
ਹੇ ਦਾਸ ਨਾਨਕ! ਜਿਹੜੇ ਮਨੁੱਖਾਂ ਨੇ ਵੱਡੇ ਭਾਗਾਂ ਨਾਲ ਪਰਮਾਤਮਾ ਦਾ ਸਿਮਰਨ ਕੀਤਾ, ਉਹ ਪਰਮਾਤਮਾ ਦੇ ਨਾਮ ਵਿਚ (ਹੀ) ਲੀਨ ਹੋ ਗਏ ॥੨॥
ਮਨੁ ਦਹ ਦਿਸਿ ਚਲਿ ਚਲਿ ਭਰਮਿਆ ਮਨਮੁਖੁ ਭਰਮਿ ਭੁਲਾਇਆ ॥
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੀ) ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, (ਉਸ ਦਾ) ਮਨ ਦਸੀਂ ਪਾਸੀਂ ਦੌੜ ਦੌੜ ਕੇ ਭਟਕਦਾ ਰਹਿੰਦਾ ਹੈ।
ਨਿਤ ਆਸਾ ਮਨਿ ਚਿਤਵੈ ਮਨ ਤ੍ਰਿਸਨਾ ਭੁਖ ਲਗਾਇਆ ॥
(ਆਪਣੇ ਮਨ ਦਾ ਮੁਰੀਦ ਮਨੁੱਖ ਆਪਣੇ) ਮਨ ਵਿਚ ਸਦਾ (ਮਾਇਆ ਦੀਆਂ) ਆਸਾਂ ਚਿਤਾਰਦਾ ਰਹਿੰਦਾ ਹੈ, (ਉਸ ਦੇ) ਮਨ ਨੂੰ (ਮਾਇਆ ਦੀ) ਤ੍ਰਿਸ਼ਨਾ (ਮਾਇਆ ਦੀ) ਭੁੱਖ ਚੰਬੜੀ ਰਹਿੰਦੀ ਹੈ।
ਅਨਤਾ ਧਨੁ ਧਰਿ ਦਬਿਆ ਫਿਰਿ ਬਿਖੁ ਭਾਲਣ ਗਇਆ ॥
ਬੇਅੰਤ ਧਨ ਧਰਤੀ ਵਿਚ ਦੱਬ ਰੱਖਦਾ ਹੈ, ਫਿਰ ਭੀ ਆਤਮਕ ਮੌਤ ਲਿਆਉਣ ਵਾਲੀ ਹੋਰ ਮਾਇਆ-ਜ਼ਹਿਰ ਦੀ ਭਾਲ ਕਰਦਾ ਫਿਰਦਾ ਹੈ।
ਜਨ ਨਾਨਕ ਨਾਮੁ ਸਲਾਹਿ ਤੂ ਬਿਨੁ ਨਾਵੈ ਪਚਿ ਪਚਿ ਮੁਇਆ ॥੩॥
ਹੇ ਦਾਸ ਨਾਨਕ! (ਆਖ-ਹੇ ਭਾਈ!) ਤੂੰ ਪਰਮਾਤਮਾ ਦਾ ਨਾਮ ਜਪਦਾ ਰਿਹਾ ਕਰ। ਨਾਮ ਤੋਂ ਖੁੰਝ ਕੇ ਮਨੁੱਖ (ਤ੍ਰਿਸ਼ਨਾ ਦੀ ਅੱਗ ਵਿਚ) ਸੜ ਸੜ ਕੇ ਆਤਮਕ ਮੌਤ ਹੀ ਸਹੇੜੀ ਰੱਖਦਾ ਹੈ ॥੩॥
ਗੁਰੁ ਸੁੰਦਰੁ ਮੋਹਨੁ ਪਾਇ ਕਰੇ ਹਰਿ ਪ੍ਰੇਮ ਬਾਣੀ ਮਨੁ ਮਾਰਿਆ ॥
ਹੇ ਭਾਈ! ਪਿਆਰੇ ਸੋਹਣੇ ਗੁਰੂ ਨੂੰ ਮਿਲ ਕੇ ਮੇਰਾ ਮਨ ਪ੍ਰੇਮ ਦੇ ਤੀਰਾਂ ਨਾਲ ਵਿੱਝ ਗਿਆ ਹੈ,
ਮੇਰੈ ਹਿਰਦੈ ਸੁਧਿ ਬੁਧਿ ਵਿਸਰਿ ਗਈ ਮਨ ਆਸਾ ਚਿੰਤ ਵਿਸਾਰਿਆ ॥
ਆਸਾ ਚਿੰਤਾ ਵਾਲੀ ਸੂਝ-ਬੂਝ ਮੇਰੇ ਹਿਰਦੇ ਵਿਚੋਂ ਭੁੱਲ ਗਈ ਹੈ, ਮੈਂ ਆਪਣੇ ਮਨ ਦੀ ਆਸਾ ਤੇ ਚਿੰਤਾ ਵਿਸਾਰ ਚੁਕਾ ਹਾਂ।
ਮੈ ਅੰਤਰਿ ਵੇਦਨ ਪ੍ਰੇਮ ਕੀ ਗੁਰ ਦੇਖਤ ਮਨੁ ਸਾਧਾਰਿਆ ॥
(ਹੁਣ) ਮੇਰੇ ਅੰਦਰ ਪ੍ਰੇਮ ਦੀ ਚੋਭ ਟਿਕੀ ਰਹਿੰਦੀ ਹੈ, ਗੁਰੂ ਦਾ ਦਰਸ਼ਨ ਕਰ ਕੇ ਮੇਰਾ ਮਨ ਧੀਰਜ ਵਾਲਾ ਹੋ ਗਿਆ ਹੈ।
ਵਡਭਾਗੀ ਪ੍ਰਭ ਆਇ ਮਿਲੁ ਜਨੁ ਨਾਨਕੁ ਖਿਨੁ ਖਿਨੁ ਵਾਰਿਆ ॥੪॥੧॥੫॥
ਹੇ ਦਾਸ ਨਾਨਕ! (ਹੁਣ ਇਉਂ ਅਰਦਾਸ ਕਰਿਆ ਕਰ-) ਹੇ ਪ੍ਰਭੂ! ਮੇਰੇ ਚੰਗੇ ਭਾਗਾਂ ਨੂੰ ਮੈਨੂੰ ਆ ਮਿਲ-ਮੈਂ ਤੈਥੋਂ ਹਰ ਵੇਲੇ ਸਦਕੇ ਕੁਰਬਾਨ ਜਾਂਦਾ ਹਾਂ ॥੪॥੧॥੫॥
ਸੂਹੀ ਛੰਤ ਮਹਲਾ ੪ ॥
ਮਾਰੇਹਿਸੁ ਵੇ ਜਨ ਹਉਮੈ ਬਿਖਿਆ ਜਿਨਿ ਹਰਿ ਪ੍ਰਭ ਮਿਲਣ ਨ ਦਿਤੀਆ ॥
ਹੇ ਭਾਈ! ਜਿਸ ਹਉਮੈ ਨੇ ਜਿਸ ਮਾਇਆ ਨੇ (ਜੀਵ ਨੂੰ ਕਦੇ) ਪਰਮਾਤਮਾ ਨਾਲ ਮਿਲਣ ਨਹੀਂ ਦਿੱਤਾ, ਇਸ ਹਉਮੈ ਨੂੰ ਇਸ ਮਾਇਆ ਨੂੰ (ਆਪਣੇ ਅੰਦਰੋਂ) ਮਾਰ ਮੁਕਾਓ।
ਦੇਹ ਕੰਚਨ ਵੇ ਵੰਨੀਆ ਇਨਿ ਹਉਮੈ ਮਾਰਿ ਵਿਗੁਤੀਆ ॥
ਹੇ ਭਾਈ! (ਵੇਖੋ!) ਇਹ ਸਰੀਰ ਸੋਨੇ ਦੇ ਰੰਗ ਵਰਗਾ ਸੋਹਣਾ ਹੁੰਦਾ ਹੈ, (ਪਰ ਜਿੱਥੇ ਹਉਮੈ ਆ ਵੜੀ) ਇਸ ਹਉਮੈ ਨੇ (ਉਸ ਸਰੀਰ ਨੂੰ) ਮਾਰ ਕੇ ਖ਼ੁਆਰ ਕਰ ਦਿੱਤਾ।
ਮੋਹੁ ਮਾਇਆ ਵੇ ਸਭ ਕਾਲਖਾ ਇਨਿ ਮਨਮੁਖਿ ਮੂੜਿ ਸਜੁਤੀਆ ॥
ਹੇ ਭਾਈ! ਮਾਇਆ ਦਾ ਮੋਹ ਨਿਰੀ ਕਾਲਖ ਹੈ, ਪਰ ਆਪਣੇ ਮਨ ਦੇ ਮੁਰੀਦ ਇਸ ਮੂਰਖ ਮਨੁੱਖ ਨੇ (ਆਪਣੇ ਆਪ ਨੂੰ ਇਸ ਕਾਲਖ ਨਾਲ ਹੀ) ਜੋੜ ਰੱਖਿਆ ਹੈ।
ਜਨ ਨਾਨਕ ਗੁਰਮੁਖਿ ਉਬਰੇ ਗੁਰਸਬਦੀ ਹਉਮੈ ਛੁਟੀਆ ॥੧॥
ਹੇ ਦਾਸ ਨਾਨਕ! (ਆਖ-ਹੇ ਭਾਈ!) ਗੁਰੂ ਦੇ ਮਨਮੁਖ ਰਹਿਣ ਵਾਲੇ ਮਨੁੱਖ (ਇਸ ਹਉਮੈ ਤੋਂ) ਬਚ ਜਾਂਦੇ ਹਨ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਨੂੰ ਹਉਮੈ ਤੋਂ ਖ਼ਲਾਸੀ ਮਿਲ ਜਾਂਦੀ ਹੈ ॥੧॥
ਵਸਿ ਆਣਿਹੁ ਵੇ ਜਨ ਇਸੁ ਮਨ ਕਉ ਮਨੁ ਬਾਸੇ ਜਿਉ ਨਿਤ ਭਉਦਿਆ ॥
ਹੇ ਭਾਈ! (ਆਪਣੇ) ਇਸ ਮਨ ਨੂੰ (ਸਦਾ ਆਪਣੇ) ਵੱਸ ਵਿਚ ਰੱਖੋ। (ਮਨੁੱਖ ਦਾ ਇਹ) ਮਨ ਸਦਾ (ਸ਼ਿਕਾਰੀ ਪੰਛੀ) ਬਾਸ਼ੇ ਵਾਂਗ ਭਟਕਦਾ ਹੈ।
ਦੁਖਿ ਰੈਣਿ ਵੇ ਵਿਹਾਣੀਆ ਨਿਤ ਆਸਾ ਆਸ ਕਰੇਦਿਆ ॥
ਸਦਾ ਆਸਾਂ ਹੀ ਆਸਾਂ ਬਣਾਂਦਿਆਂ (ਮਨੁੱਖ ਦੀ ਸਾਰੀ ਜ਼ਿੰਦਗੀ ਦੀ) ਰਾਤ ਦੁੱਖ ਵਿਚ ਹੀ ਬੀਤਦੀ ਹੈ।
ਗੁਰੁ ਪਾਇਆ ਵੇ ਸੰਤ ਜਨੋ ਮਨਿ ਆਸ ਪੂਰੀ ਹਰਿ ਚਉਦਿਆ ॥
ਹੇ ਸੰਤ ਜਨੋ! ਜਿਸ ਮਨੁੱਖ ਨੂੰ ਗੁਰੂ ਮਿਲ ਪਿਆ (ਉਹ ਪਰਮਾਤਮਾ ਦਾ ਨਾਮ ਜਪਣ ਲੱਗ ਪੈਂਦਾ ਹੈ, ਤੇ) ਨਾਮ ਜਪਦਿਆਂ (ਉਸ ਦੇ) ਮਨ ਵਿਚ (ਉੱਠੀ ਹਰਿਨਾਮ ਸਿਮਰਨ ਦੀ) ਆਸ ਪੂਰੀ ਹੋ ਜਾਂਦੀ ਹੈ।
ਜਨ ਨਾਨਕ ਪ੍ਰਭ ਦੇਹੁ ਮਤੀ ਛਡਿ ਆਸਾ ਨਿਤ ਸੁਖਿ ਸਉਦਿਆ ॥੨॥
ਹੇ ਦਾਸ ਨਾਨਕ! (ਪ੍ਰਭੂ ਦੇ ਦਰ ਤੇ ਅਰਦਾਸ ਕਰਿਆ ਕਰ ਤੇ ਆਖ-) ਹੇ ਪ੍ਰਭੂ! (ਮੈਨੂੰ ਭੀ ਆਪਣਾ ਨਾਮ ਜਪਣ ਦੀ) ਸੂਝ ਬਖ਼ਸ਼ (ਜਿਹੜਾ ਮਨੁੱਖ ਨਾਮ ਜਪਦਾ ਹੈ, ਉਹ ਦੁਨੀਆ ਵਾਲੀਆਂ) ਆਸਾਂ ਛੱਡ ਕੇ ਆਤਮਕ ਆਨੰਦ ਵਿਚ ਲੀਨ ਰਹਿੰਦਾ ਹੈ ॥੨॥
ਸਾ ਧਨ ਆਸਾ ਚਿਤਿ ਕਰੇ ਰਾਮ ਰਾਜਿਆ ਹਰਿ ਪ੍ਰਭ ਸੇਜੜੀਐ ਆਈ ॥
ਹੇ ਭਾਈ! (ਗੁਰੂ ਦੀ ਸਰਨ ਪਈ ਰਹਿਣ ਵਾਲੀ) ਜੀਵ-ਇਸਤ੍ਰੀ (ਆਪਣੇ) ਚਿੱਤ ਵਿਚ (ਨਿੱਤ ਪ੍ਰਭੂ-ਪਤੀ ਦੇ ਮਿਲਾਪ ਦੀ) ਆਸ ਕਰਦੀ ਰਹਿੰਦੀ ਹੈ (ਤੇ ਆਖਦੀ ਹੈ-) ਹੇ ਪ੍ਰਭੂ-ਪਾਤਿਸ਼ਾਹ! ਹੇ ਹਰੀ! ਹੇ ਪ੍ਰਭੂ! (ਮੇਰੇ ਹਿਰਦੇ ਦੀ) ਸੋਹਣੀ ਸੇਜ ਉੱਤੇ ਆ (ਵੱਸ)।
ਮੇਰਾ ਠਾਕੁਰੁ ਅਗਮ ਦਇਆਲੁ ਹੈ ਰਾਮ ਰਾਜਿਆ ਕਰਿ ਕਿਰਪਾ ਲੇਹੁ ਮਿਲਾਈ ॥
ਹੇ ਪ੍ਰਭੂ-ਪਾਤਿਸ਼ਾਹ! ਤੂੰ ਮੇਰਾ ਮਾਲਕ ਹੈਂ, ਤੂੰ ਦਇਆ ਦਾ ਸੋਮਾ ਹੈਂ, (ਪਰ ਤੂੰ ਮੇਰੇ ਲਈ) ਅਪਹੁੰਚ ਹੈਂ (ਤੂੰ ਆਪ ਹੀ) ਮਿਹਰ ਕਰ ਕੇ (ਮੈਨੂੰ ਆਪਣੇ ਚਰਨਾਂ ਵਿਚ) ਮਿਲਾ ਲੈ।
ਮੇਰੈ ਮਨਿ ਤਨਿ ਲੋਚਾ ਗੁਰਮੁਖੇ ਰਾਮ ਰਾਜਿਆ ਹਰਿ ਸਰਧਾ ਸੇਜ ਵਿਛਾਈ ॥
ਹੇ ਪ੍ਰਭੂ-ਪਾਤਿਸ਼ਾਹ! ਗੁਰੂ ਦੀ ਸਰਨ ਪੈ ਕੇ ਮੇਰੇ ਮਨ ਵਿਚ, ਮੇਰੇ ਤਨ ਵਿਚ (ਤੇਰੇ ਮਿਲਾਪ ਦੀ) ਤਾਂਘ ਪੈਦਾ ਹੋ ਚੁਕੀ ਹੈ। ਹੇ ਹਰੀ! ਮੈਂ ਸਰਧਾ ਦੀ ਸੇਜ ਵਿਛਾ ਰੱਖੀ ਹੈ।
ਜਨ ਨਾਨਕ ਹਰਿ ਪ੍ਰਭ ਭਾਣੀਆ ਰਾਮ ਰਾਜਿਆ ਮਿਲਿਆ ਸਹਜਿ ਸੁਭਾਈ ॥੩॥
ਹੇ ਦਾਸ ਨਾਨਕ! (ਆਖ-) ਹੇ ਪ੍ਰਭੂ-ਪਾਤਿਸ਼ਾਹ! ਹੇ ਹਰੀ! ਜਿਹੜੀ ਜੀਵ-ਇਸਤ੍ਰੀ ਤੈਨੂੰ ਪਿਆਰੀ ਲੱਗ ਜਾਂਦੀ ਹੈ, ਤੂੰ ਉਸ ਨੂੰ ਆਤਮਕ ਅਡੋਲਤਾ ਵਿਚ ਟਿਕੀ ਨੂੰ ਪ੍ਰੇਮ ਵਿਚ ਟਿਕੀ ਨੂੰ ਮਿਲ ਪੈਂਦਾ ਹੈਂ ॥੩॥
ਇਕਤੁ ਸੇਜੈ ਹਰਿ ਪ੍ਰਭੋ ਰਾਮ ਰਾਜਿਆ ਗੁਰੁ ਦਸੇ ਹਰਿ ਮੇਲੇਈ ॥
ਹੇ ਭਾਈ! (ਜੀਵ-ਇਸਤ੍ਰੀ ਦੀ) ਇੱਕੋ ਹੀ (ਹਿਰਦਾ-) ਸੇਜ ਉੱਤੇ ਹਰੀ ਪ੍ਰਭੂ (ਵੱਸਦਾ ਹੈ), (ਜਿਸ ਜੀਵ-ਇਸਤ੍ਰੀ ਨੂੰ) ਗੁਰੂ ਦੱਸ ਪਾਂਦਾ ਹੈ, ਉਸ ਨੂੰ ਹਰੀ ਨਾਲ ਮਿਲਾ ਦੇਂਦਾ ਹੈ।
ਮੈ ਮਨਿ ਤਨਿ ਪ੍ਰੇਮ ਬੈਰਾਗੁ ਹੈ ਰਾਮ ਰਾਜਿਆ ਗੁਰੁ ਮੇਲੇ ਕਿਰਪਾ ਕਰੇਈ ॥
ਮੇਰੇ ਮਨ ਵਿਚ ਮੇਰੇ ਹਿਰਦੇ ਵਿਚ (ਪ੍ਰਭੂ ਦੇ ਮਿਲਾਪ ਲਈ) ਖਿੱਚ ਹੈ ਤਾਂਘ ਹੈ (ਪਰ ਜਿਸ ਜੀਵ ਇਸਤ੍ਰੀ ਉੱਤੇ) ਗੁਰੂ ਮਿਹਰ ਕਰਦਾ ਹੈ, ਉਸ ਨੂੰ (ਪ੍ਰਭੂ ਨਾਲ) ਮਿਲਾਂਦਾ ਹੈ।
ਹਉ ਗੁਰ ਵਿਟਹੁ ਘੋਲਿ ਘੁਮਾਇਆ ਰਾਮ ਰਾਜਿਆ ਜੀਉ ਸਤਿਗੁਰ ਆਗੈ ਦੇਈ ॥
ਹੇ ਭਾਈ! ਮੈਂ ਗੁਰੂ ਤੋਂ ਸਦਕੇ ਕੁਰਬਾਨ ਜਾਂਦਾ ਹਾਂ, ਮੈਂ (ਆਪਣੀ) ਜਿੰਦ ਗੁਰੂ ਅੱਗੇ ਭੇਟ ਧਰਦਾ ਹਾਂ।
ਗੁਰੁ ਤੁਠਾ ਜੀਉ ਰਾਮ ਰਾਜਿਆ ਜਨ ਨਾਨਕ ਹਰਿ ਮੇਲੇਈ ॥੪॥੨॥੬॥੫॥੭॥੬॥੧੮॥
ਹੇ ਦਾਸ ਨਾਨਕ! (ਆਖ-) ਜਿਸ ਉੱਤੇ ਗੁਰੂ ਦਇਆਵਾਨ ਹੁੰਦਾ ਹੈ, ਉਸ ਨੂੰ ਹਰਿ-ਪ੍ਰਭੂ ਨਾਲ ਮਿਲਾ ਦੇਂਦਾ ਹੈ ॥੪॥੨॥੬॥੫॥੭॥੬॥੧੮॥
ਰਾਗੁ ਸੂਹੀ ਛੰਤ ਮਹਲਾ ੫ ਘਰੁ ੧ ॥
ਰਾਗ ਸੂਹੀ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਛੰਤ’ (ਛੰਦ)।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸੁਣਿ ਬਾਵਰੇ ਤੂ ਕਾਏ ਦੇਖਿ ਭੁਲਾਨਾ ॥
(ਮਾਇਆ ਦੇ ਮੋਹ ਵਿਚ) ਝੱਲੇ ਹੋ ਰਹੇ ਹੇ ਮਨੁੱਖ! (ਜੋ ਕੁਝ ਮੈਂ ਕਹਿ ਰਿਹਾ ਹਾਂ, ਇਸ ਨੂੰ ਧਿਆਨ ਨਾਲ) ਸੁਣ। ਤੂੰ (ਮਾਇਆ ਨੂੰ) ਵੇਖ ਕੇ ਕਿਉਂ (ਜੀਵਨ-ਰਾਹ ਤੋਂ) ਖੁੰਝ ਰਿਹਾ ਹੈਂ?
ਸੁਣਿ ਬਾਵਰੇ ਨੇਹੁ ਕੂੜਾ ਲਾਇਓ ਕੁਸੰਭ ਰੰਗਾਨਾ ॥
ਹੇ ਬਾਵਰੇ! ਸੁਣ, (ਇਹ ਮਾਇਆ) ਕਸੁੰਭੇ ਦੇ ਰੰਗ (ਵਰਗੀ ਹੈ, ਤੂੰ ਇਸ ਨਾਲ) ਪਿਆਰ ਪਾਇਆ ਹੋਇਆ ਹੈ ਜੋ ਸਦਾ ਨਿਭਣ ਵਾਲਾ ਨਹੀਂ।
ਕੂੜੀ ਡੇਖਿ ਭੁਲੋ ਅਢੁ ਲਹੈ ਨ ਮੁਲੋ ਗੋਵਿਦ ਨਾਮੁ ਮਜੀਠਾ ॥
ਤੂੰ (ਉਸ) ਨਾਸਵੰਤ (ਮਾਇਆ) ਨੂੰ ਵੇਖ ਕੇ ਜੀਵਨ-ਰਾਹ ਤੋਂ ਖੁੰਝ ਰਿਹਾ ਹੈਂ, (ਜਿਹੜੀ ਆਖ਼ਰ) ਅੱਧੀ ਕੌਡੀ ਮੁੱਲ ਭੀ ਨਹੀਂ ਵੱਟ ਸਕਦੀ। ਹੇ ਭਾਈ! ਪਰਮਾਤਮਾ ਦਾ ਨਾਮ ਹੀ ਮਜੀਠ ਦੇ ਪੱਕੇ ਰੰਗ ਵਾਂਗ ਸਦਾ ਸਾਥ ਨਿਬਾਹੁਣ ਵਾਲਾ) ਹੈ।
ਥੀਵਹਿ ਲਾਲਾ ਅਤਿ ਗੁਲਾਲਾ ਸਬਦੁ ਚੀਨਿ ਗੁਰ ਮੀਠਾ ॥
ਜੇ ਤੂੰ ਗੁਰੂ ਦੇ ਮਿੱਠੇ ਸ਼ਬਦ ਨਾਲ ਡੂੰਘੀ ਸਾਂਝ ਪਾ ਕੇ (ਪਰਮਾਤਮਾ ਦਾ ਨਾਮ ਜਪਦਾ ਰਹੇਂ, ਤਾਂ) ਤੂੰ ਸੋਹਣੇ ਗੂੜ੍ਹੇ ਰੰਗ ਵਾਲੇ ਲਾਲ ਫੁੱਲ ਬਣ ਜਾਹਿਂਗਾ।
ਮਿਥਿਆ ਮੋਹਿ ਮਗਨੁ ਥੀ ਰਹਿਆ ਝੂਠ ਸੰਗਿ ਲਪਟਾਨਾ ॥
ਪਰ ਤੂੰ ਤਾਂ ਨਾਸਵੰਤ (ਮਾਇਆ) ਦੇ ਮੋਹ ਵਿਚ ਮਸਤ ਹੋ ਰਿਹਾ ਹੈਂ, ਤੂੰ ਉਹਨਾਂ ਪਦਾਰਥਾਂ ਨਾਲ ਚੰਬੜ ਰਿਹਾ ਹੈਂ ਜਿਨ੍ਹਾਂ ਨਾਲ ਤੇਰਾ ਸਾਥ ਨਹੀਂ ਨਿਭਣਾ।
ਨਾਨਕ ਦੀਨ ਸਰਣਿ ਕਿਰਪਾ ਨਿਧਿ ਰਾਖੁ ਲਾਜ ਭਗਤਾਨਾ ॥੧॥
ਹੇ ਨਾਨਕ! (ਆਖ-) ਹੇ ਦਇਆ ਦੇ ਖ਼ਜ਼ਾਨੇ ਪ੍ਰਭੂ! (ਮੈਂ) ਗਰੀਬ (ਤੇਰੀ) ਸਰਨ (ਆਇਆ ਹਾਂ ਮੇਰੀ) ਲਾਜ ਰੱਖ, (ਜਿਵੇਂ) ਤੂੰ ਆਪਣੇ ਭਗਤਾਂ ਦੀ (ਲਾਜ ਰੱਖਦਾ ਆਇਆ ਹੈਂ) ॥੧॥
ਸੁਣਿ ਬਾਵਰੇ ਸੇਵਿ ਠਾਕੁਰੁ ਨਾਥੁ ਪਰਾਣਾ ॥
ਹੇ ਬਾਵਰੇ! ਸੁਣ; ਜਿੰਦ ਦੇ ਮਾਲਕ ਪ੍ਰਭੂ ਦੀ ਸੇਵਾ-ਭਗਤੀ ਕਰਿਆ ਕਰ।
ਸੁਣਿ ਬਾਵਰੇ ਜੋ ਆਇਆ ਤਿਸੁ ਜਾਣਾ ॥
ਹੇ ਝੱਲੇ! ਸੁਣ, (ਇਥੇ ਸਦਾ ਕਿਸੇ ਨਹੀਂ ਬੈਠ ਰਹਿਣਾ) ਜਿਹੜਾ (ਜੀਵ ਜਗਤ ਵਿਚ) ਆਇਆ ਹੈ ਉਸ ਨੂੰ (ਇਥੋਂ) ਜਾਣਾ ਭੀ ਪਏਗਾ।
ਨਿਹਚਲੁ ਹਭ ਵੈਸੀ ਸੁਣਿ ਪਰਦੇਸੀ ਸੰਤਸੰਗਿ ਮਿਲਿ ਰਹੀਐ ॥
ਹੇ ਪਰਾਏ ਦੇਸ ਵਿਚ ਆਏ ਜੀਵ! ਸੁਣ, (ਜਿਸ ਜਗਤ ਨੂੰ ਤੂੰ) ਅਟੱਲ (ਸਮਝ ਰਿਹਾ ਹੈਂ, ਇਹ) ਸਾਰੀ ਸ੍ਰਿਸ਼ਟੀ ਨਾਸ ਹੋ ਜਾਇਗੀ। ਹੇ ਪਰਦੇਸੀ! ਸਾਧ ਸੰਗਤਿ ਵਿਚ (ਟਿਕ ਕੇ) ਪ੍ਰਭੂ-ਚਰਨਾਂ ਵਿਚ ਜੁੜੇ ਰਹਿਣਾ ਚਾਹੀਦਾ ਹੈ।
ਹਰਿ ਪਾਈਐ ਭਾਗੀ ਸੁਣਿ ਬੈਰਾਗੀ ਚਰਣ ਪ੍ਰਭੂ ਗਹਿ ਰਹੀਐ ॥
ਹੇ ਭਾਈ! ਸੁਣ, (ਮਾਇਆ ਦੇ ਮੋਹ ਵਲੋਂ) ਉਪਰਾਮ (ਹੋ ਕੇ ਹੀ) ਚੰਗੀ ਕਿਸਮਤ ਨਾਲ ਪ੍ਰਭੂ ਨੂੰ ਮਿਲ ਸਕੀਦਾ ਹੈ, (ਇਸ ਵਾਸਤੇ) ਪ੍ਰਭੂ ਦੇ ਚਰਨਾਂ ਨੂੰ ਚੰਗੀ ਤਰ੍ਹਾਂ ਫੜ ਰੱਖਣਾ ਚਾਹੀਦਾ ਹੈ।
ਏਹੁ ਮਨੁ ਦੀਜੈ ਸੰਕ ਨ ਕੀਜੈ ਗੁਰਮੁਖਿ ਤਜਿ ਬਹੁ ਮਾਣਾ ॥
ਹੇ ਭਾਈ! ਇਹ ਮਨ ਗੁਰੂ ਦੇ ਹਵਾਲੇ ਕਰ, (ਇਸ ਵਿਚ ਰਤਾ ਭਰ ਭੀ) ਝਿਝਕਣਾ ਨਹੀਂ ਚਾਹੀਦਾ। ਗੁਰੂ ਦੀ ਸਰਨ ਪੈ ਕੇ (ਆਪਣੇ ਅੰਦਰੋਂ) ਅਹੰਕਾਰ ਦੂਰ ਕਰ।
ਨਾਨਕ ਦੀਨ ਭਗਤ ਭਵ ਤਾਰਣ ਤੇਰੇ ਕਿਆ ਗੁਣ ਆਖਿ ਵਖਾਣਾ ॥੨॥
ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ-) ਹੇ (ਸਰਨ ਪਏ) ਗਰੀਬਾਂ ਨੂੰ ਅਤੇ ਭਗਤਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲੇ! (ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ) ਮੈਂ ਤੇਰੇ ਕਿਹੜੇ ਕਿਹੜੇ ਗੁਣ ਆਖ ਕੇ ਦੱਸ ਸਕਦਾ ਹਾਂ? ॥੨॥
ਸੁਣਿ ਬਾਵਰੇ ਕਿਆ ਕੀਚੈ ਕੂੜਾ ਮਾਨੋ ॥
ਹੇ ਭਾਵਰੇ! (ਨਾਸਵੰਤ ਪਦਾਰਥਾਂ ਦਾ) ਝੂਠਾ ਅਹੰਕਾਰ ਨਹੀਂ ਕਰਨਾ ਚਾਹੀਦਾ।
ਸੁਣਿ ਬਾਵਰੇ ਹਭੁ ਵੈਸੀ ਗਰਬੁ ਗੁਮਾਨੋ ॥
ਹੇ ਬਾਵਰੇ! ਸੁਣ, (ਪਦਾਰਥਾਂ ਨਾਲੋਂ ਸੰਬੰਧ ਟੁੱਟਿਆਂ ਇਹ) ਸਾਰਾ ਮਾਣ ਤੇ ਗੁਮਾਨ ਭੀ ਮੁੱਕ ਜਾਇਗਾ।
ਨਿਹਚਲੁ ਹਭ ਜਾਣਾ ਮਿਥਿਆ ਮਾਣਾ ਸੰਤ ਪ੍ਰਭੂ ਹੋਇ ਦਾਸਾ ॥
ਹੇ ਭਾਈ! ਜਿਸ ਜਗਤ ਨੂੰ ਸਦਾ-ਥਿਰ ਸਮਝਦਾ ਹੈਂ, ਇਹ ਸਾਰੀ ਸ੍ਰਿਸ਼ਟੀ ਚਲੀ ਜਾਣ ਵਾਲੀ ਹੈ, ਇਸ ਦਾ ਮਾਣ ਕਰਨਾ ਝੂਠਾ ਕਰਮ ਹੈ। (ਇਥੇ) ਗੁਰੂ ਦਾ ਪ੍ਰਭੂ ਦਾ ਦਾਸ ਬਣੇ ਰਹਿਣਾ ਚਾਹੀਦਾ ਹੈ।
ਜੀਵਤ ਮਰੀਐ ਭਉਜਲੁ ਤਰੀਐ ਜੇ ਥੀਵੈ ਕਰਮਿ ਲਿਖਿਆਸਾ ॥
ਜੇ ਸਦਾ ਆਪਾ-ਭਾਵ ਦੂਰ ਕਰੀ ਰੱਖੀਏ, ਤਾਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ, (ਪਰ ਇਹ ਤਦੋਂ ਹੀ ਹੋ ਸਕਦਾ ਹੈ,) ਜੇ (ਪਰਮਾਤਮਾ ਦੀ) ਮਿਹਰ ਨਾਲ (ਮੱਥੇ ਉਤੇ ਲੇਖ) ਲਿਖਿਆ ਹੋਇਆ ਹੋਵੇ।
ਗੁਰੁ ਸੇਵੀਜੈ ਅੰਮ੍ਰਿਤੁ ਪੀਜੈ ਜਿਸੁ ਲਾਵਹਿ ਸਹਜਿ ਧਿਆਨੋ ॥
ਹੇ ਭਾਈ! ਗੁਰੂ ਦੀ ਸਰਨ ਪਏ ਰਹਿਣਾ ਚਾਹੀਦਾ ਹੈ (ਗੁਰੂ ਪਾਸੋਂ ਹੀ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਸਕੀਦਾ ਹੈ। (ਪਰ, ਹੇ ਪ੍ਰਭੂ! ਉਹੀ ਮਨੁੱਖ ਤੇਰਾ ਨਾਮ-ਅੰਮ੍ਰਿਤ ਪੀਂਦਾ ਹੈ,) ਜਿਸ ਦੀ ਸੁਰਤ ਤੂੰ ਆਤਮਕ ਅਡੋਲਤਾ ਵਿਚ ਟਿਕਾਂਦਾ ਹੈਂ।
ਨਾਨਕੁ ਸਰਣਿ ਪਇਆ ਹਰਿ ਦੁਆਰੈ ਹਉ ਬਲਿ ਬਲਿ ਸਦ ਕੁਰਬਾਨੋ ॥੩॥
ਹੇ ਹਰੀ! (ਤੇਰਾ ਦਾਸ) ਨਾਨਕ ਤੇਰੇ ਦਰ ਤੇ ਤੇਰੀ ਸਰਨ ਆ ਪਿਆ ਹੈ। ਮੈਂ (ਤੈਥੋਂ) ਸਦਾ ਸਦਾ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ ॥੩॥
ਸੁਣਿ ਬਾਵਰੇ ਮਤੁ ਜਾਣਹਿ ਪ੍ਰਭੁ ਮੈ ਪਾਇਆ ॥
ਹੇ (ਮਾਇਆ ਦੇ ਮੋਹ ਵਿਚ) ਝੱਲੇ (ਹੋ ਰਹੇ) ਮਨੁੱਖ (ਜੋ ਕੁਝ ਮੈਂ ਕਹਿ ਰਿਹਾ ਹਾਂ, ਧਿਆਨ ਨਾਲ) ਸੁਣ। ਇਹ ਨਾਹ ਸਮਝ ਕਿ (ਮਾਇਆ ਦੇ ਮਾਣ ਵਿਚ ਰਹਿ ਕੇ ਭੀ) ਮੈਂ (ਭਾਵ, ਤੂੰ) ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ਹੈ।
ਸੁਣਿ ਬਾਵਰੇ ਥੀਉ ਰੇਣੁ ਜਿਨੀ ਪ੍ਰਭੁ ਧਿਆਇਆ ॥
ਹੇ ਬਾਵਰੇ! ਸੁਣ, ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਸਿਮਰਨ ਕੀਤਾ ਹੈ, (ਉਹਨਾਂ ਦੇ) ਚਰਨਾਂ ਦੀ ਧੂੜ ਬਣਿਆ ਰਹੁ (ਤਾਂ ਹੀ ਪ੍ਰਭੂ-ਮਿਲਾਪ ਹੁੰਦਾ ਹੈ)।
ਜਿਨਿ ਪ੍ਰਭੁ ਧਿਆਇਆ ਤਿਨਿ ਸੁਖੁ ਪਾਇਆ ਵਡਭਾਗੀ ਦਰਸਨੁ ਪਾਈਐ ॥
ਹੇ ਭਾਈ! ਜਿਸ (ਮਨੁੱਖ) ਨੇ ਪਰਮਾਤਮਾ ਦਾ ਸਿਮਰਨ ਕੀਤਾ ਹੈ, ਉਸ ਨੇ ਆਤਮਕ ਆਨੰਦ ਪ੍ਰਾਪਤ ਕਰ ਲਿਆ ਹੈ। ਵੱਡੇ ਭਾਗਾਂ ਨਾਲ (ਪਰਮਾਤਮਾ ਦਾ) ਦਰਸਨ ਹੁੰਦਾ ਹੈ।
ਥੀਉ ਨਿਮਾਣਾ ਸਦ ਕੁਰਬਾਣਾ ਸਗਲਾ ਆਪੁ ਮਿਟਾਈਐ ॥
ਗਰੀਬੀ ਸੁਭਾਉ ਵਾਲਾ ਬਣਿਆ ਰਿਹਾ ਕਰ, (ਜਿਨ੍ਹਾਂ ਪ੍ਰਭੂ ਦਾ ਸਿਮਰਨ ਕੀਤਾ ਹੈ, ਉਹਨਾਂ ਤੋਂ) ਸਦਾ ਸਦਕੇ ਹੋਇਆ ਕਰ। ਹੇ ਭਾਈ! ਆਪਾ-ਭਾਵ ਚੰਗੀ ਤਰ੍ਹਾਂ ਦੂਰ ਕਰ ਦੇਣਾ ਚਾਹੀਦਾ ਹੈ।
ਓਹੁ ਧਨੁ ਭਾਗ ਸੁਧਾ ਜਿਨਿ ਪ੍ਰਭੁ ਲਧਾ ਹਮ ਤਿਸੁ ਪਹਿ ਆਪੁ ਵੇਚਾਇਆ ॥
ਹੇ ਭਾਈ! ਜਿਸ (ਮਨੁੱਖ) ਨੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ, ਉਹ ਸਲਾਹੁਣ-ਜੋਗ ਹੋ ਗਿਆ, ਉਸ ਦੇ ਚੰਗੇ ਭਾਗ ਹੋ ਗਏ। ਮੈਂ ਤਾਂ ਆਪਣਾ ਆਪ ਅਜਿਹੇ ਮਨੁੱਖ ਅੱਗੇ ਭੇਟ ਕਰ ਦਿੱਤਾ ਹੈ।
ਨਾਨਕ ਦੀਨ ਸਰਣਿ ਸੁਖ ਸਾਗਰ ਰਾਖੁ ਲਾਜ ਅਪਨਾਇਆ ॥੪॥੧॥
ਹੇ ਨਾਨਕ! (ਆਖ-) ਹੇ ਗਰੀਬਾਂ ਦੀ ਸਹਾਇਤਾ ਕਰਨ ਵਾਲੇ! ਹੇ ਸੁਖਾਂ ਦੇ ਸਮੁੰਦਰ! (ਮੈਂ ਤੇਰੀ ਸਰਨ ਆਇਆ ਹਾਂ) ਆਪਣੇ ਸੇਵਕ ਦੀ ਲਾਜ ਰੱਖ ॥੪॥੧॥
ਸੂਹੀ ਮਹਲਾ ੫ ॥
ਹਰਿ ਚਰਣ ਕਮਲ ਕੀ ਟੇਕ ਸਤਿਗੁਰਿ ਦਿਤੀ ਤੁਸਿ ਕੈ ਬਲਿ ਰਾਮ ਜੀਉ ॥
ਹੇ ਭਾਈ! ਮੈਂ ਸੋਹਣੇ ਪ੍ਰਭੂ ਤੋਂ ਸਦਕੇ ਜਾਂਦਾ ਹਾਂ (ਉਸ ਦੀ ਮਿਹਰ ਨਾਲ) ਗੁਰੂ ਨੇ ਮਿਹਰਵਾਨ ਹੋ ਕੇ ਮੈਨੂੰ ਉਸ ਦੇ ਸੋਹਣੇ ਚਰਨਾਂ ਦਾ ਆਸਰਾ ਦਿੱਤਾ ਹੈ।
ਹਰਿ ਅੰਮ੍ਰਿਤਿ ਭਰੇ ਭੰਡਾਰ ਸਭੁ ਕਿਛੁ ਹੈ ਘਰਿ ਤਿਸ ਕੈ ਬਲਿ ਰਾਮ ਜੀਉ ॥
ਮੈਂ ਉਸ ਪ੍ਰਭੂ ਤੋਂ ਕੁਰਬਾਨ ਹਾਂ, ਉਸ ਦੇ ਘਰ ਵਿਚ ਹਰੇਕ ਪਦਾਰਥ ਮੌਜੂਦ ਹੈ, ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ (ਉਸ ਦੇ ਘਰ ਵਿਚ) ਖ਼ਜ਼ਾਨੇ ਭਰੇ ਪਏ ਹਨ।
ਬਾਬੁਲੁ ਮੇਰਾ ਵਡ ਸਮਰਥਾ ਕਰਣ ਕਾਰਣ ਪ੍ਰਭੁ ਹਾਰਾ ॥
ਹੇ ਭਾਈ! ਮੇਰਾ ਪ੍ਰਭੂ-ਪਿਤਾ ਬੜੀਆਂ ਤਾਕਤਾਂ ਦਾ ਮਾਲਕ ਹੈ, ਉਹ ਪ੍ਰਭੂ ਹਰੇਕ ਸਬਬ ਬਣਾ ਸਕਣ ਵਾਲਾ ਹੈ।
ਜਿਸੁ ਸਿਮਰਤ ਦੁਖੁ ਕੋਈ ਨ ਲਾਗੈ ਭਉਜਲੁ ਪਾਰਿ ਉਤਾਰਾ ॥
(ਉਹ ਐਸਾ ਹੈ) ਜਿਸ ਦਾ ਨਾਮ ਸਿਮਰਦਿਆਂ ਕੋਈ ਦੁੱਖ ਪੋਹ ਨਹੀਂ ਸਕਦਾ, (ਉਸ ਦਾ ਨਾਮ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ।
ਆਦਿ ਜੁਗਾਦਿ ਭਗਤਨ ਕਾ ਰਾਖਾ ਉਸਤਤਿ ਕਰਿ ਕਰਿ ਜੀਵਾ ॥
ਹੇ ਭਾਈ! ਜਗਤ ਦੇ ਸ਼ੁਰੂ ਤੋਂ ਹੀ (ਉਹ ਪ੍ਰਭੂ ਆਪਣੇ) ਭਗਤਾਂ ਦਾ ਰਾਖਾ (ਚਲਿਆ ਆ ਰਿਹਾ) ਹੈ। ਉਸ ਦੀ ਸਿਫ਼ਤਿ-ਸਾਲਾਹ ਕਰ ਕਰ ਕੇ ਮੈਂ ਆਤਮਕ ਜੀਵਨ ਹਾਸਲ ਕਰ ਰਿਹਾ ਹਾਂ।
ਨਾਨਕ ਨਾਮੁ ਮਹਾ ਰਸੁ ਮੀਠਾ ਅਨਦਿਨੁ ਮਨਿ ਤਨਿ ਪੀਵਾ ॥੧॥
ਹੇ ਨਾਨਕ! (ਆਖ-ਹੇ ਭਾਈ! ਉਸ ਦਾ) ਨਾਮ ਮਿੱਠਾ ਹੈ, (ਸਭ ਰਸਾਂ ਨਾਲੋਂ) ਵੱਡਾ ਰਸ ਹੈ ਮੈਂ ਤਾਂ ਹਰ ਵੇਲੇ (ਉਹ ਨਾਮ ਰਸ ਆਪਣੇ) ਮਨ ਦੀ ਰਾਹੀਂ ਗਿਆਨ-ਇੰਦ੍ਰਿਆਂ ਦੀ ਰਾਹੀਂ ਪੀਂਦਾ ਰਹਿੰਦਾ ਹਾਂ ॥੧॥
ਹਰਿ ਆਪੇ ਲਏ ਮਿਲਾਇ ਕਿਉ ਵੇਛੋੜਾ ਥੀਵਈ ਬਲਿ ਰਾਮ ਜੀਉ ॥
ਹੇ ਭਾਈ! ਮੈਂ ਸੋਹਣੇ ਪ੍ਰਭੂ ਤੋਂ ਸਦਕੇ ਜਾਂਦਾ ਹਾਂ, (ਜਿਸ ਮਨੁੱਖ ਨੂੰ) ਉਹ ਆਪ ਹੀ (ਆਪਣੇ ਚਰਨਾਂ ਨਾਲ) ਜੋੜਦਾ ਹੈ (ਉਸ ਮਨੁੱਖ ਨੂੰ ਪ੍ਰਭੂ ਨਾਲੋਂ) ਫਿਰ ਕਦੇ ਵਿਛੋੜਾ ਨਹੀਂ ਹੁੰਦਾ। ਹੇ ਰਾਮ! ਮੈਂ ਤੈਥੋਂ ਕੁਰਬਾਨ ਹਾਂ।
ਜਿਸ ਨੋ ਤੇਰੀ ਟੇਕ ਸੋ ਸਦਾ ਸਦ ਜੀਵਈ ਬਲਿ ਰਾਮ ਜੀਉ ॥
ਜਿਸ ਮਨੁੱਖ ਨੂੰ ਤੇਰਾ ਸਹਾਰਾ ਮਿਲ ਜਾਂਦਾ ਹੈ, ਉਹ ਸਦਾ ਹੀ ਆਤਮਕ ਜੀਵਨ ਹਾਸਲ ਕਰੀ ਰੱਖਦਾ ਹੈ।
ਤੇਰੀ ਟੇਕ ਤੁਝੈ ਤੇ ਪਾਈ ਸਾਚੇ ਸਿਰਜਣਹਾਰਾ ॥
ਪਰ, ਹੇ ਸਦਾ ਕਾਇਮ ਰਹਿਣ ਵਾਲੇ ਅਤੇ ਸਭ ਦੇ ਪੈਦਾ ਕਰਨ ਵਾਲੇ! ਤੇਰਾ ਆਸਰਾ ਮਿਲਦਾ ਭੀ ਤੇਰੇ ਹੀ ਪਾਸੋਂ ਹੈ।
ਜਿਸ ਤੇ ਖਾਲੀ ਕੋਈ ਨਾਹੀ ਐਸਾ ਪ੍ਰਭੂ ਹਮਾਰਾ ॥
ਤੂੰ ਇਹੋ ਜਿਹਾ ਸਾਡਾ ਮਾਲਕ ਹੈਂ, ਜਿਸ (ਦੇ ਦਰ) ਤੋਂ ਕਦੇ ਕੋਈ ਖ਼ਾਲੀ (ਬੇ-ਮੁਰਾਦ) ਨਹੀਂ ਜਾਂਦਾ।
ਸੰਤ ਜਨਾ ਮਿਲਿ ਮੰਗਲੁ ਗਾਇਆ ਦਿਨੁ ਰੈਨਿ ਆਸ ਤੁਮ੍ਰਾਰੀ ॥
ਹੇ ਪ੍ਰਭੂ! ਤੇਰੇ ਸੰਤ ਜਨ ਮਿਲ ਕੇ (ਸਦਾ ਤੇਰੀ) ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਹਨ, (ਉਹਨਾਂ ਨੂੰ) ਦਿਨ ਰਾਤ ਤੇਰੀ (ਸਹਾਇਤਾ ਦੀ) ਹੀ ਆਸ ਰਹਿੰਦੀ ਹੈ।
ਸਫਲੁ ਦਰਸੁ ਭੇਟਿਆ ਗੁਰੁ ਪੂਰਾ ਨਾਨਕ ਸਦ ਬਲਿਹਾਰੀ ॥੨॥
ਹੇ ਨਾਨਕ! (ਆਖ-ਹੇ ਪ੍ਰਭੂ!) ਮੈਂ ਤੈਥੋਂ ਸਦਾ ਸਦਕੇ ਹਾਂ (ਤੇਰੀ ਹੀ ਮਿਹਰ ਨਾਲ ਉਹ) ਪੂਰਾ ਗੁਰੂ ਮਿਲਦਾ ਹੈ ਜਿਸ ਦਾ ਦੀਦਾਰ ਹਰੇਕ ਮੁਰਾਦ ਪੂਰੀ ਕਰਨ ਵਾਲਾ ਹੈ ॥੨॥
ਸੰਮ੍ਰਲਿਆ ਸਚੁ ਥਾਨੁ ਮਾਨੁ ਮਹਤੁ ਸਚੁ ਪਾਇਆ ਬਲਿ ਰਾਮ ਜੀਉ ॥
ਹੇ ਭਾਈ! ਮੈਂ ਪ੍ਰਭੂ ਜੀ ਤੋਂ ਸਦਕੇ ਜਾਂਦਾ ਹਾਂ। ਉਸ ਨੇ ਸਦਾ-ਥਿਰ ਪ੍ਰਭੂ ਦਾ ਦਰ ਮੱਲ ਲਿਆ, ਉਸ ਨੂੰ ਸਦਾ-ਥਿਰ ਪ੍ਰਭੂ ਮਿਲ ਪਿਆ, (ਉਸ ਨੂੰ ਪ੍ਰਭੂ ਦੇ ਦਰ ਤੋਂ) ਮਾਣ ਮਿਲਿਆ, ਵਡਿਆਈ ਮਿਲੀ,
ਸਤਿਗੁਰੁ ਮਿਲਿਆ ਦਇਆਲੁ ਗੁਣ ਅਬਿਨਾਸੀ ਗਾਇਆ ਬਲਿ ਰਾਮ ਜੀਉ ॥
ਜਿਸ ਨੂੰ (ਪ੍ਰਭੂ ਦੀ ਮਿਹਰ ਨਾਲ) ਦਇਆ ਦਾ ਸੋਮਾ ਗੁਰੂ ਮਿਲ ਪਿਆ, ਉਸ ਨੇ ਅਬਿਨਾਸੀ ਪ੍ਰਭੂ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ।
ਗੁਣ ਗੋਵਿੰਦ ਗਾਉ ਨਿਤ ਨਿਤ ਪ੍ਰਾਣ ਪ੍ਰੀਤਮ ਸੁਆਮੀਆ ॥
ਹੇ ਭਾਈ! ਜਿੰਦ ਦੇ ਮਾਲਕ ਪ੍ਰੀਤਮ ਪ੍ਰਭੂ ਦੇ ਗੁਣ ਸਦਾ ਹੀ ਗਾਇਆ ਕਰੋ।
ਸੁਭ ਦਿਵਸ ਆਏ ਗਹਿ ਕੰਠਿ ਲਾਏ ਮਿਲੇ ਅੰਤਰਜਾਮੀਆ ॥
(ਜਿਹੜਾ ਮਨੁੱਖ ਗੁਣ ਗਾਂਦਾ ਹੈ, ਉਸ ਦੇ ਵਾਸਤੇ ਜ਼ਿੰਦਗੀ ਦੇ) ਸੋਹਣੇ ਦਿਹਾੜੇ ਆਏ ਰਹਿੰਦੇ ਹਨ, ਉਸ ਨੂੰ ਪ੍ਰਭੂ ਜੀ ਆਪਣੇ ਗਲ ਨਾਲ ਲਾਈ ਰੱਖਦੇ ਹਨ, ਸਭ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ ਜੀ ਉਸ ਨੂੰ ਮਿਲ ਪੈਂਦੇ ਹਨ।
ਸਤੁ ਸੰਤੋਖੁ ਵਜਹਿ ਵਾਜੇ ਅਨਹਦਾ ਝੁਣਕਾਰੇ ॥
(ਉਸ ਮਨੁੱਖ ਦੇ ਅੰਦਰ) ਉੱਚਾ ਆਚਰਨ ਅਤੇ ਸੰਤੋਖ (ਹਰ ਵੇਲੇ ਆਪਣਾ ਪੂਰਾ ਪ੍ਰਭਾਵ ਪਾਈ ਰੱਖਦੇ ਹਨ, ਮਾਨੋ, ਸਤ ਸੰਤੋਖ ਦੇ ਅੰਦਰ) ਵਾਜੇ ਵੱਜ ਰਹੇ ਹਨ, (ਸਤ ਸੰਤੋਖ ਦੀ ਉਸ ਦੇ ਅੰਦਰ) ਇਕ-ਰਸ ਮਿੱਠੀ ਲੈ ਬਣੀ ਰਹਿੰਦੀ ਹੈ।
ਸੁਣਿ ਭੈ ਬਿਨਾਸੇ ਸਗਲ ਨਾਨਕ ਪ੍ਰਭ ਪੁਰਖ ਕਰਣੈਹਾਰੇ ॥੩॥
ਹੇ ਨਾਨਕ! ਸਭ ਕੁਝ ਕਰਨ ਦੀ ਸਮਰਥਾ ਵਾਲੇ ਪ੍ਰਭੂ ਅਕਾਲ ਪੁਰਖ ਦੇ ਗੁਣ ਸੁਣ ਕੇ (ਮਨੁੱਖ ਦੇ) ਸਾਰੇ ਡਰ ਨਾਸ ਹੋ ਜਾਂਦੇ ਹਨ ॥੩॥
ਉਪਜਿਆ ਤਤੁ ਗਿਆਨੁ ਸਾਹੁਰੈ ਪੇਈਐ ਇਕੁ ਹਰਿ ਬਲਿ ਰਾਮ ਜੀਉ ॥
ਹੇ ਭਾਈ! ਮੈਂ ਪ੍ਰਭੂ ਜੀ ਤੋਂ ਸਦਕੇ ਜਾਂਦਾ ਹਾਂ। (ਜਿਹੜਾ ਮਨੁੱਖ ਉਸ ਪ੍ਰਭੂ ਨੂੰ ਸਦਾ ਸਿਮਰਦਾ ਹੈ, ਉਸ ਦੇ ਅੰਦਰ) ਅਸਲ ਆਤਮਕ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ, (ਉਸ ਨੂੰ) ਇਸ ਲੋਕ ਤੇ ਪਰਲੋਕ ਵਿਚ ਉਹੀ ਪਰਮਾਤਮਾ ਦਿੱਸਦਾ ਹੈ।
ਬ੍ਰਹਮੈ ਬ੍ਰਹਮੁ ਮਿਲਿਆ ਕੋਇ ਨ ਸਾਕੈ ਭਿੰਨ ਕਰਿ ਬਲਿ ਰਾਮ ਜੀਉ ॥
ਉਸ ਜੀਵ ਨੂੰ ਪਰਮਾਤਮਾ (ਇਉਂ) ਮਿਲ ਪੈਂਦਾ ਹੈ ਕਿ ਕੋਈ (ਪਰਮਾਤਮਾ ਨਾਲੋਂ ਉਸ ਦਾ) ਨਿਖੇੜਾ ਨਹੀਂ ਕਰ ਸਕਦਾ।
ਬਿਸਮੁ ਪੇਖੈ ਬਿਸਮੁ ਸੁਣੀਐ ਬਿਸਮਾਦੁ ਨਦਰੀ ਆਇਆ ॥
(ਉਹ ਮਨੁੱਖ ਹਰ ਥਾਂ) ਉਸ ਅਸਚਰਜ-ਰੂਪ ਪ੍ਰਭੂ ਨੂੰ ਵੇਖਦਾ ਹੈ, (ਉਹੀ ਹਰ ਥਾਂ ਬੋਲਦਾ ਉਸ ਨੂੰ) ਸੁਣੀਦਾ ਹੈ, ਹਰ ਥਾਂ ਉਹੀ ਉਸ ਨੂੰ ਦਿੱਸਦਾ ਹੈ।
ਜਲਿ ਥਲਿ ਮਹੀਅਲਿ ਪੂਰਨ ਸੁਆਮੀ ਘਟਿ ਘਟਿ ਰਹਿਆ ਸਮਾਇਆ ॥
ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਪਰਮਾਤਮਾ ਹੀ ਉਸ ਨੂੰ ਵਿਆਪਕ ਦਿੱਸਦਾ ਹੈ)।
ਜਿਸ ਤੇ ਉਪਜਿਆ ਤਿਸੁ ਮਾਹਿ ਸਮਾਇਆ ਕੀਮਤਿ ਕਹਣੁ ਨ ਜਾਏ ॥
ਜਿਸ ਪਰਮਾਤਮਾ ਤੋਂ ਉਹ ਪੈਦਾ ਹੋਇਆ ਹੈ (ਸਿਮਰਨ ਦੀ ਬਰਕਤਿ ਨਾਲ) ਉਸ ਵਿਚ (ਹਰ ਵੇਲੇ) ਲੀਨ ਰਹਿੰਦਾ ਹੈ। ਉਸ ਮਨੁੱਖ ਦੀ ਉੱਚੀ ਹੋ ਚੁਕੀ ਆਤਮਕ ਅਵਸਥਾ ਦਾ ਮੁੱਲ ਨਹੀਂ ਪੈ ਸਕਦਾ,
ਜਿਸ ਕੇ ਚਲਤ ਨ ਜਾਹੀ ਲਖਣੇ ਨਾਨਕ ਤਿਸਹਿ ਧਿਆਏ ॥੪॥੨॥
(ਜਿਹੜਾ ਮਨੁੱਖ ਸਦਾ) ਉਸ ਦਾ ਹੀ ਧਿਆਨ ਧਰਦਾ ਹੈ। ਹੇ ਨਾਨਕ! (ਆਖ-ਹੇ ਭਾਈ!) ਉਸ ਪਰਮਾਤਮਾ ਦੇ ਚੋਜ-ਤਮਾਸ਼ੇ ਬਿਆਨ ਨਹੀਂ ਕੀਤੇ ਜਾ ਸਕਦੇ ॥੪॥੨॥
ਰਾਗੁ ਸੂਹੀ ਛੰਤ ਮਹਲਾ ੫ ਘਰੁ ੨ ॥
ਰਾਗ ਸੂਹੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਛੰਤ’ (ਛੰਦ)।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਗੋਬਿੰਦ ਗੁਣ ਗਾਵਣ ਲਾਗੇ ॥
ਹੇ ਭਾਈ! ਉਹ ਮਨੁੱਖ ਪਰਮਾਤਮਾ ਦੇ ਗੁਣ ਗਾਣ ਲੱਗ ਪੈਂਦੇ ਹਨ,
ਹਰਿ ਰੰਗਿ ਅਨਦਿਨੁ ਜਾਗੇ ॥
ਪਰਮਾਤਮਾ ਦੇ ਪ੍ਰੇਮ-ਰੰਗ ਵਿਚ (ਟਿਕ ਕੇ) ਉਹ ਹਰ ਵੇਲੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ,
ਹਰਿ ਰੰਗਿ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ॥
ਜਿਹੜੇ ਮਨੁੱਖ ਪਿਆਰੇ ਗੁਰੂ ਨੂੰ ਮਿਲ ਪੈਂਦੇ ਹਨ। (ਜਿਉਂ ਜਿਉਂ) ਉਹ ਪ੍ਰਭੂ ਦੇ ਪਿਆਰ-ਰੰਗ ਵਿਚ (ਟਿਕ ਕੇ) ਸੁਚੇਤ ਹੁੰਦੇ ਹਨ, (ਉਹਨਾਂ ਦੇ ਅੰਦਰੋਂ) ਸਾਰੇ ਪਾਪ ਭੱਜ ਜਾਂਦੇ ਹਨ।
ਗੁਰ ਚਰਣ ਲਾਗੇ ਭਰਮ ਭਾਗੇ ਕਾਜ ਸਗਲ ਸਵਾਰਿਆ ॥
ਹੇ ਭਾਈ! ਜਿਹੜੇ ਮਨੁੱਖ ਗੁਰੂ ਦੀ ਚਰਨੀਂ ਲੱਗਦੇ ਹਨ, ਉਹਨਾਂ ਦੀਆਂ ਸਾਰੀਆਂ ਭਟਕਣਾ ਦੂਰ ਹੋ ਜਾਂਦੀਆਂ ਹਨ, ਉਹਨਾਂ ਦੇ ਸਾਰੇ ਕੰਮ ਭੀ ਸੰਵਰ ਜਾਂਦੇ ਹਨ।
ਸੁਣਿ ਸ੍ਰਵਣ ਬਾਣੀ ਸਹਜਿ ਜਾਣੀ ਹਰਿ ਨਾਮੁ ਜਪਿ ਵਡਭਾਗੈ ॥
ਜਿਹੜਾ ਮਨੁੱਖ ਵੱਡੀ ਕਿਸਮਤ ਨਾਲ ਸਤਿਗੁਰੂ ਦੀ ਬਾਣੀ ਕੰਨੀਂ ਸੁਣ ਕੇ ਪਰਮਾਤਮਾ ਦਾ ਨਾਮ ਜਪ ਕੇ ਆਤਮਕ ਅਡੋਲਤਾ ਵਿਚ (ਟਿਕ ਕੇ ਪਰਮਾਤਮਾ ਨਾਲ) ਡੂੰਘੀ ਸਾਂਝ ਪਾਂਦਾ ਹੈ,
ਬਿਨਵੰਤਿ ਨਾਨਕ ਸਰਣਿ ਸੁਆਮੀ ਜੀਉ ਪਿੰਡੁ ਪ੍ਰਭ ਆਗੈ ॥੧॥
ਨਾਨਕ ਬੇਨਤੀ ਕਰਦਾ ਹੈ- ਉਹ ਮਨੁੱਖ ਮਾਲਕ-ਪ੍ਰਭੂ ਦੀ ਸਰਨ ਪੈ ਕੇ ਆਪਣੀ ਜਿੰਦ ਆਪਣਾ ਸਰੀਰ (ਸਭ ਕੁਝ) ਪਰਮਾਤਮਾ ਦੇ ਅੱਗੇ (ਰੱਖ ਦੇਂਦਾ ਹੈ) ॥੧॥
ਅਨਹਤ ਸਬਦੁ ਸੁਹਾਵਾ ॥
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਹਰ ਵੇਲੇ ਗਾਂਵਿਆਂ,
ਸਚੁ ਮੰਗਲੁ ਹਰਿ ਜਸੁ ਗਾਵਾ ॥
ਉਹਨਾਂ ਨੂੰ ਸਿਫ਼ਤਿ-ਸਾਲਾਹ ਦੀ ਬਾਣੀ ਹਰ ਵੇਲੇ ਇਕ-ਰਸ (ਕੰਨਾਂ ਨੂੰ) ਸੁਖਦਾਈ ਲੱਗਣ ਲੱਗ ਪੈਂਦੀ ਹੈ।
ਗੁਣ ਗਾਇ ਹਰਿ ਹਰਿ ਦੂਖ ਨਾਸੇ ਰਹਸੁ ਉਪਜੈ ਮਨਿ ਘਣਾ ॥
ਪਰਮਾਤਮਾ ਦੇ ਗੁਣ ਗਾ ਗਾ ਕੇ (ਉਹਨਾਂ ਦੇ ਸਾਰੇ) ਦੁੱਖ ਨਾਸ ਹੋ ਜਾਂਦੇ ਹਨ, (ਉਹਨਾਂ ਦੇ) ਮਨ ਵਿਚ ਬਹੁਤ ਆਨੰਦ ਪੈਦਾ ਹੋ ਜਾਂਦਾ ਹੈ।
ਮਨੁ ਤੰਨੁ ਨਿਰਮਲੁ ਦੇਖਿ ਦਰਸਨੁ ਨਾਮੁ ਪ੍ਰਭ ਕਾ ਮੁਖਿ ਭਣਾ ॥
ਹੇ ਭਾਈ! ਜਿਹੜੇ ਮਨੁੱਖ (ਆਪਣੇ) ਮੂੰਹ ਨਾਲ ਪਰਮਾਤਮਾ ਦਾ ਨਾਮ ਉਚਾਰਦੇ ਰਹਿੰਦੇ ਹਨ, (ਉਹਨਾਂ ਦਾ) ਦਰਸਨ ਕਰ ਕੇ ਮਨ ਪਵਿੱਤਰ ਹੋ ਜਾਂਦਾ ਹੈ ਸਰੀਰ ਪਵਿੱਤਰ ਹੋ ਜਾਂਦਾ ਹੈ।
ਹੋਇ ਰੇਣ ਸਾਧੂ ਪ੍ਰਭ ਅਰਾਧੂ ਆਪਣੇ ਪ੍ਰਭ ਭਾਵਾ ॥
ਗੁਰੂ ਦੀ ਚਰਨ-ਧੂੜ ਹੋ ਕੇ ਜਿਹੜਾ ਮਨੁੱਖ ਪਰਮਾਤਮਾ ਦਾ ਆਰਾਧਨ ਕਰਦੇ ਰਹਿੰਦੇ ਹਨ, ਉਹ ਮਨੁੱਖ ਆਪਣੇ ਪ੍ਰਭੂ ਨੂੰ ਪਿਆਰੇ ਲੱਗਣ ਲੱਗ ਪੈਂਦੇ ਹਨ।
ਬਿਨਵੰਤਿ ਨਾਨਕ ਦਇਆ ਧਾਰਹੁ ਸਦਾ ਹਰਿ ਗੁਣ ਗਾਵਾ ॥੨॥
ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! (ਮੇਰੇ ਉੱਤੇ) ਮਿਹਰ ਕਰ, ਮੈਂ (ਭੀ) ਸਦਾ ਤੇਰੇ ਗੁਣ ਗਾਂਦਾ ਰਹਾਂ ॥੨॥
ਗੁਰ ਮਿਲਿ ਸਾਗਰੁ ਤਰਿਆ ॥
ਹੇ ਭਾਈ! ਗੁਰੂ ਨੂੰ ਮਿਲ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘਿਆ ਜਾ ਸਕਦਾ ਹੈ,
ਹਰਿ ਚਰਣ ਜਪਤ ਨਿਸਤਰਿਆ ॥
ਪਰਮਾਤਮਾ ਦਾ ਨਾਮ ਜਪਦਿਆਂ ਸੰਸਾਰ-ਸਮੁੰਦਰ ਤੋਂ ਪਾਰ ਲੰਘਿਆ ਜਾ ਸਕਦਾ ਹੈ।
ਹਰਿ ਚਰਣ ਧਿਆਏ ਸਭਿ ਫਲ ਪਾਏ ਮਿਟੇ ਆਵਣ ਜਾਣਾ ॥
ਜਿਹੜਾ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ ਉਹ ਸਾਰੀਆਂ ਮੂੰਹ-ਮੰਗੀਆਂ ਮੁਰਾਦਾਂ ਪ੍ਰਾਪਤ ਕਰ ਲੈਂਦਾ ਹੈ, ਉਸ ਦੇ ਜਨਮ ਮਰਨ ਦੇ ਗੇੜ (ਭੀ) ਮਿਟ ਜਾਂਦੇ ਹਨ।
ਭਾਇ ਭਗਤਿ ਸੁਭਾਇ ਹਰਿ ਜਪਿ ਆਪਣੇ ਪ੍ਰਭ ਭਾਵਾ ॥
ਪਿਆਰ ਦੀ ਰਾਹੀਂ ਭਗਤੀ ਵਾਲੇ ਸੁਭਾਉ ਦੀ ਰਾਹੀਂ ਪਰਮਾਤਮਾ ਦਾ ਨਾਮ ਜਪ ਕੇ ਉਹ ਮਨੁੱਖ ਆਪਣੇ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ।
ਜਪਿ ਏਕੁ ਅਲਖ ਅਪਾਰ ਪੂਰਨ ਤਿਸੁ ਬਿਨਾ ਨਹੀ ਕੋਈ ॥
ਹੇ ਭਾਈ! ਅਦ੍ਰਿਸ਼ਟ ਬੇਅੰਤ ਅਤੇ ਸਰਬ-ਵਿਆਪਕ ਪਰਮਾਤਮਾ ਦਾ ਨਾਮ ਜਪਿਆ ਕਰ, ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ।
ਬਿਨਵੰਤਿ ਨਾਨਕ ਗੁਰਿ ਭਰਮੁ ਖੋਇਆ ਜਤ ਦੇਖਾ ਤਤ ਸੋਈ ॥੩॥
ਨਾਨਕ ਬੇਨਤੀ ਕਰਦਾ ਹੈ-ਗੁਰੂ ਨੇ (ਮੇਰੀ) ਭਟਕਣਾ ਦੂਰ ਕਰ ਦਿੱਤੀ ਹੈ, (ਹੁਣ) ਮੈਂ ਜਿਧਰ ਵੇਖਦਾ ਹਾਂ, ਉਧਰ ਉਹ (ਪਰਮਾਤਮਾ) ਹੀ (ਦਿੱਸਦਾ ਹੈ) ॥੩॥
ਪਤਿਤ ਪਾਵਨ ਹਰਿ ਨਾਮਾ ॥
ਹੇ ਭਾਈ! ਪਰਮਾਤਮਾ ਦਾ ਨਾਮ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ,
ਪੂਰਨ ਸੰਤ ਜਨਾ ਕੇ ਕਾਮਾ ॥
ਅਤੇ ਸੰਤ ਜਨਾਂ ਦੇ ਸਾਰੇ ਕੰਮ ਸਿਰੇ ਚੜ੍ਹਾਨ ਵਾਲਾ ਹੈ।
ਗੁਰੁ ਸੰਤੁ ਪਾਇਆ ਪ੍ਰਭੁ ਧਿਆਇਆ ਸਗਲ ਇਛਾ ਪੁੰਨੀਆ ॥
ਜਿਨ੍ਹਾਂ ਨੂੰ ਸੰਤ-ਗੁਰੂ ਮਿਲ ਪਿਆ, ਉਹਨਾਂ ਨੇ ਪ੍ਰਭੂ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ, ਉਹਨਾਂ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋਣ ਲੱਗ ਪਈਆਂ।
ਹਉ ਤਾਪ ਬਿਨਸੇ ਸਦਾ ਸਰਸੇ ਪ੍ਰਭ ਮਿਲੇ ਚਿਰੀ ਵਿਛੁੰਨਿਆ ॥
(ਉਹਨਾਂ ਦੇ ਅੰਦਰੋਂ) ਹਉਮੈ ਦੇ ਕਲੇਸ਼ ਨਾਸ ਹੋ ਗਏ, ਉਹ ਸਦਾ ਖਿੜੇ-ਮੱਥੇ ਰਹਿਣ ਲੱਗ ਪਏ, ਚਿਰਾਂ ਦੇ ਵਿੱਛੁੜੇ ਹੋਏ ਉਹ ਪ੍ਰਭੂ ਨੂੰ ਮਿਲ ਪਏ।
ਮਨਿ ਸਾਤਿ ਆਈ ਵਜੀ ਵਧਾਈ ਮਨਹੁ ਕਦੇ ਨ ਵੀਸਰੈ ॥
ਉਹਨਾਂ ਦੇ ਮਨ ਵਿਚ (ਸਿਮਰਨ ਦੀ ਬਰਕਤਿ ਨਾਲ) ਠੰਢ ਪੈ ਗਈ, ਉਹਨਾਂ ਦੇ ਅੰਦਰ ਚੜ੍ਹਦੀ ਕਲਾ ਪ੍ਰਬਲ ਹੋ ਗਈ, ਪਰਮਾਤਮਾ ਦਾ ਨਾਮ ਉਹਨਾਂ ਨੂੰ ਕਦੇ ਨਹੀਂ ਭੁੱਲਦਾ।
ਬਿਨਵੰਤਿ ਨਾਨਕ ਸਤਿਗੁਰਿ ਦ੍ਰਿੜਾਇਆ ਸਦਾ ਭਜੁ ਜਗਦੀਸਰੈ ॥੪॥੧॥੩॥
ਨਾਨਕ ਬੇਨਤੀ ਕਰਦਾ ਹੈ-(ਹੇ ਭਾਈ! ਗੁਰੂ ਨੇ (ਇਹ ਗੱਲ ਹਿਰਦੇ ਵਿਚ) ਪੱਕੀ ਕਰ ਦਿੱਤੀ ਹੈ ਕਿ ਸਦਾ ਜਗਤ ਦੇ ਮਾਲਕ ਦਾ ਨਾਮ ਜਪਦੇ ਰਿਹਾ ਕਰੋ ॥੪॥੧॥੩॥
ਰਾਗੁ ਸੂਹੀ ਛੰਤ ਮਹਲਾ ੫ ਘਰੁ ੩ ॥
ਰਾਗ ਸੂਹੀ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਛੰਤ’ (ਛੰਦ)।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਤੂ ਠਾਕੁਰੋ ਬੈਰਾਗਰੋ ਮੈ ਜੇਹੀ ਘਣ ਚੇਰੀ ਰਾਮ ॥
ਹੇ (ਮੇਰੇ) ਰਾਮ! ਤੂੰ (ਸਭ ਜੀਵਾਂ ਦਾ) ਮਾਲਕ ਹੈਂ, ਤੇਰੇ ਉਤੇ ਮਾਇਆ ਆਪਣਾ ਪ੍ਰਭਾਵ ਨਹੀਂ ਪਾ ਸਕਦੀ। ਮੇਰੇ ਵਰਗੀਆਂ (ਤੇਰੇ ਦਰ ਤੇ) ਅਨੇਕਾਂ ਦਾਸੀਆਂ ਹਨ।
ਤੂੰ ਸਾਗਰੋ ਰਤਨਾਗਰੋ ਹਉ ਸਾਰ ਨ ਜਾਣਾ ਤੇਰੀ ਰਾਮ ॥
ਹੇ ਰਾਮ! ਤੂੰ ਸਮੁੰਦਰ ਹੈਂ। ਤੂੰ ਰਤਨਾਂ ਦੀ ਖਾਣ ਹੈਂ। ਹੇ ਪ੍ਰਭੂ! ਮੈਂ ਤੇਰੀ ਕਦਰ ਨਹੀਂ ਸਮਝ ਸਕੀ।
ਸਾਰ ਨ ਜਾਣਾ ਤੂ ਵਡ ਦਾਣਾ ਕਰਿ ਮਿਹਰੰਮਤਿ ਸਾਂਈ ॥
ਹੇ ਮੇਰੇ ਮਾਲਕ! ਮੈਂ (ਤੇਰੇ ਗੁਣਾਂ ਦੀ) ਕਦਰ ਨਹੀਂ ਜਾਣਦੀ, ਤੂੰ ਵੱਡਾ ਸਿਆਣਾ ਹੈਂ (ਸਭ ਕੁਝ ਜਾਣਨ ਵਾਲਾ ਹੈਂ), (ਮੇਰੇ ਉੱਤੇ) ਮਿਹਰ ਕਰ!
ਕਿਰਪਾ ਕੀਜੈ ਸਾ ਮਤਿ ਦੀਜੈ ਆਠ ਪਹਰ ਤੁਧੁ ਧਿਆਈ ॥
ਕਿਰਪਾ ਕਰ! ਮੈਨੂੰ ਅਜਿਹੀ ਸਮਝ ਬਖ਼ਸ਼ ਕਿ ਅੱਠੇ ਪਹਰ ਮੈਂ ਤੇਰਾ ਸਿਮਰਨ ਕਰਦੀ ਰਹਾਂ।
ਗਰਬੁ ਨ ਕੀਜੈ ਰੇਣ ਹੋਵੀਜੈ ਤਾ ਗਤਿ ਜੀਅਰੇ ਤੇਰੀ ॥
ਹੇ ਜਿੰਦੇ! ਅਹੰਕਾਰ ਨਹੀਂ ਕਰਨਾ ਚਾਹੀਦਾ, (ਸਭ ਦੇ) ਚਰਨਾਂ ਦੀ ਧੂੜ ਬਣੇ ਰਹਿਣਾ ਚਾਹੀਦਾ ਹੈ, ਤਾਂ ਹੀ ਤੇਰੀ ਉੱਚੀ ਆਤਮਕ ਅਵਸਥਾ ਬਣ ਸਕੇਗੀ।
ਸਭ ਊਪਰਿ ਨਾਨਕ ਕਾ ਠਾਕੁਰੁ ਮੈ ਜੇਹੀ ਘਣ ਚੇਰੀ ਰਾਮ ॥੧॥
ਹੇ ਨਾਨਕ! (ਆਖ-) ਮੇਰਾ ਮਾਲਕ ਪ੍ਰਭੂ ਸਭ ਦੇ ਸਿਰ ਉੱਤੇ ਹੈ। ਮੇਰੇ ਜਿਹੀਆਂ (ਉਸ ਦੇ ਦਰ ਤੇ) ਅਨੇਕਾਂ ਦਾਸੀਆਂ ਹਨ ॥੧॥
ਤੁਮ੍ਰ ਗਉਹਰ ਅਤਿ ਗਹਿਰ ਗੰਭੀਰਾ ਤੁਮ ਪਿਰ ਹਮ ਬਹੁਰੀਆ ਰਾਮ ॥
ਹੇ ਪ੍ਰਭੂ! ਤੂੰ ਇਕ (ਅਣਮੁੱਲਾ) ਮੋਤੀ ਹੈਂ, ਤੂੰ ਅਥਾਹ (ਸਮੁੰਦਰ) ਹੈਂ, ਤੂੰ ਬੜੇ ਵੱਡੇ ਜਿਗਰੇ ਵਾਲਾ ਹੈਂ, ਤੂੰ (ਸਾਡਾ) ਖਸਮ ਹੈਂ, ਅਸੀਂ ਜੀਵ ਤੇਰੀਆਂ ਵਹੁਟੀਆਂ ਹਾਂ।
ਤੁਮ ਵਡੇ ਵਡੇ ਵਡ ਊਚੇ ਹਉ ਇਤਨੀਕ ਲਹੁਰੀਆ ਰਾਮ ॥
ਤੂੰ ਬੇਅੰਤ ਵੱਡਾ ਹੈਂ, ਤੂੰ ਬੇਅੰਤ ਉੱਚਾ ਹੈਂ। ਮੈਂ ਬਹੁਤ ਹੀ ਛੋਟੀ ਜਿਹੀ ਹਸਤੀ ਵਾਲੀ ਹਾਂ।
ਹਉ ਕਿਛੁ ਨਾਹੀ ਏਕੋ ਤੂਹੈ ਆਪੇ ਆਪਿ ਸੁਜਾਨਾ ॥
ਹੇ ਭਾਈ! ਮੇਰੀ ਕੁਝ ਭੀ ਪਾਂਇਆਂ ਨਹੀਂ ਹੈ, ਇਕ ਤੂੰ ਹੀ ਤੂੰ ਹੈਂ, ਤੂੰ ਆਪ ਹੀ ਆਪ ਸਭ ਕੁਝ ਜਾਣਨ ਵਾਲਾ ਹੈਂ।
ਅੰਮ੍ਰਿਤ ਦ੍ਰਿਸਟਿ ਨਿਮਖ ਪ੍ਰਭ ਜੀਵਾ ਸਰਬ ਰੰਗ ਰਸ ਮਾਨਾ ॥
ਹੇ ਪ੍ਰਭੂ! ਅੱਖ ਝਮਕਣ ਜਿਤਨੇ ਸਮੇ ਵਾਸਤੇ ਮਿਲੀ ਤੇਰੀ ਅੰਮ੍ਰਿਤ ਦ੍ਰਿਸ਼ਟੀ ਨਾਲ ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ (ਇਉਂ ਹੁੰਦਾ ਹੈ ਜਿਵੇਂ) ਮੈਂ ਸਾਰੇ ਰੰਗ ਰਸ ਮਾਣ ਲਏ ਹਨ।
ਚਰਣਹ ਸਰਨੀ ਦਾਸਹ ਦਾਸੀ ਮਨਿ ਮਉਲੈ ਤਨੁ ਹਰੀਆ ॥
ਮੈਂ ਤੇਰੇ ਚਰਨਾਂ ਦੀ ਸਰਨ ਲਈ ਹੈ, ਮੈਂ ਤੇਰੇ ਦਾਸਾਂ ਦੀ ਦਾਸੀ ਹਾਂ (ਆਤਮਕ ਜੀਵਨ ਦੇਣ ਵਾਲੀ ਤੇਰੀ ਨਿਗਾਹ ਦੀ ਬਰਕਤਿ ਨਾਲ) ਜਦੋਂ ਮੇਰਾ ਮਨ ਖਿੜ ਆਉਂਦਾ ਹੈ, ਮੇਰਾ ਸਰੀਰ (ਭੀ) ਹਰਾ-ਭਰਾ ਹੋ ਜਾਂਦਾ ਹੈ।
ਨਾਨਕ ਠਾਕੁਰੁ ਸਰਬ ਸਮਾਣਾ ਆਪਨ ਭਾਵਨ ਕਰੀਆ ॥੨॥
ਹੇ ਨਾਨਕ! (ਆਖ-ਹੇ ਭਾਈ!) ਮਾਲਕ-ਪ੍ਰਭੂ ਸਭ ਜੀਵਾਂ ਵਿਚ ਸਮਾ ਰਿਹਾ ਹੈ, ਉਹ (ਹਰ ਵੇਲੇ ਹਰ ਥਾਂ) ਆਪਣੀ ਮਰਜ਼ੀ ਕਰਦਾ ਹੈ ॥੨॥
ਤੁਝੁ ਊਪਰਿ ਮੇਰਾ ਹੈ ਮਾਣਾ ਤੂਹੈ ਮੇਰਾ ਤਾਣਾ ਰਾਮ ॥
ਹੇ ਰਾਮ! ਮੇਰਾ ਮਾਣ ਤੇਰੇ ਉੱਤੇ ਹੀ ਹੈ, ਤੂੰ ਹੀ ਮੇਰਾ ਆਸਰਾ ਹੈਂ।
ਸੁਰਤਿ ਮਤਿ ਚਤੁਰਾਈ ਤੇਰੀ ਤੂ ਜਾਣਾਇਹਿ ਜਾਣਾ ਰਾਮ ॥
(ਜਿਹੜੀ ਭੀ ਕੋਈ) ਸੂਝ, ਅਕਲ, ਸਿਆਣਪ (ਮੇਰੇ ਅੰਦਰ ਹੈ, ਉਹ) ਤੇਰੀ (ਬਖ਼ਸ਼ੀ ਹੋਈ ਹੈ) ਜੋ ਕੁਝ ਤੂੰ ਮੈਨੂੰ ਸਮਝਾਂਦਾ ਹੈਂ, ਉਹੀ ਮੈਂ ਸਮਝਦਾ ਹਾਂ।
ਸੋਈ ਜਾਣੈ ਸੋਈ ਪਛਾਣੈ ਜਾ ਕਉ ਨਦਰਿ ਸਿਰੰਦੇ ॥
ਹੇ ਭਾਈ! ਉਹੀ ਮਨੁੱਖ (ਸਹੀ ਜੀਵਨ ਨੂੰ) ਸਮਝਦਾ ਪਛਾਣਦਾ ਹੈ, ਜਿਸ ਉਤੇ ਸਿਰਜਣਹਾਰ ਦੀ ਮਿਹਰ ਦੀ ਨਿਗਾਹ ਹੁੰਦੀ ਹੈ।
ਮਨਮੁਖਿ ਭੂਲੀ ਬਹੁਤੀ ਰਾਹੀ ਫਾਥੀ ਮਾਇਆ ਫੰਦੇ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਅਨੇਕਾਂ ਹੋਰ ਹੋਰ ਰਸਤਿਆਂ ਵਿਚ ਪੈ ਕੇ (ਸਹੀ ਜੀਵਨ ਵਲੋਂ) ਖੁੰਝੀ ਰਹਿੰਦੀ ਹੈ, ਮਾਇਆ ਦੀਆਂ ਫਾਹੀਆਂ ਵਿਚ ਫਸੀ ਰਹਿੰਦੀ ਹੈ।
ਠਾਕੁਰ ਭਾਣੀ ਸਾ ਗੁਣਵੰਤੀ ਤਿਨ ਹੀ ਸਭ ਰੰਗ ਮਾਣਾ ॥
ਜਿਹੜੀ ਜੀਵ-ਇਸਤ੍ਰੀ ਮਾਲਕ-ਪ੍ਰਭੂ ਨੂੰ ਚੰਗੀ ਲੱਗਦੀ ਹੈ, ਉਹ ਗੁਣਾਂ ਵਾਲੀ ਹੋ ਜਾਂਦੀ ਹੈ, ਉਸ ਨੇ ਹੀ ਸਾਰੇ ਆਤਮਕ ਆਨੰਦ ਮਾਣੇ ਹਨ।
ਨਾਨਕ ਕੀ ਧਰ ਤੂਹੈ ਠਾਕੁਰ ਤੂ ਨਾਨਕ ਕਾ ਮਾਣਾ ॥੩॥
ਹੇ ਠਾਕੁਰ! ਨਾਨਕ ਦਾ ਸਹਾਰਾ ਤੂੰ ਹੀ ਹੈਂ, ਨਾਨਕ ਦਾ ਮਾਣ ਤੂੰ ਹੀ ਹੈਂ ॥੩॥
ਹਉ ਵਾਰੀ ਵੰਞਾ ਘੋਲੀ ਵੰਞਾ ਤੂ ਪਰਬਤੁ ਮੇਰਾ ਓਲ੍ਰਾ ਰਾਮ ॥
ਹੇ ਪ੍ਰਭੂ! ਮੇਰੇ ਵਾਸਤੇ ਤੂੰ ਪਹਾੜ (ਜੇਡਾ) ਓਲ੍ਹਾ ਹੈਂ, ਮੈਂ ਤੈਥੋਂ ਸਦਕੇ ਕੁਰਬਾਨ ਜਾਂਦੀ ਹਾਂ।
ਹਉ ਬਲਿ ਜਾਈ ਲਖ ਲਖ ਲਖ ਬਰੀਆ ਜਿਨਿ ਭ੍ਰਮੁ ਪਰਦਾ ਖੋਲ੍ਰਾ ਰਾਮ ॥
ਮੈਂ ਤੈਥੋਂ ਲੱਖਾਂ ਵਾਰੀ ਸਦਕੇ ਜਾਂਦੀ ਹਾਂ, ਜਿਸ ਨੇ (ਮੇਰੇ ਅੰਦਰੋਂ) ਭਟਕਣਾ ਵਾਲੀ ਵਿੱਥ ਮਿਟਾ ਦਿੱਤੀ ਹੈ।
ਮਿਟੇ ਅੰਧਾਰੇ ਤਜੇ ਬਿਕਾਰੇ ਠਾਕੁਰ ਸਿਉ ਮਨੁ ਮਾਨਾ ॥
ਹੇ ਭਾਈ! ਜਿਸ ਜੀਵ-ਇਸਤ੍ਰੀ ਦਾ ਮਨ ਮਾਲਕ-ਪ੍ਰਭੂ ਨਾਲ ਗਿੱਝ ਜਾਂਦਾ ਹੈ, ਉਹ ਸਾਰੇ ਵਿਕਾਰ ਤਿਆਗ ਦੇਂਦੀ ਹੈ, (ਉਸ ਦੇ ਅੰਦਰੋਂ ਮਾਇਆ ਦੇ ਮੋਹ ਵਾਲੇ) ਹਨੇਰੇ ਦੂਰ ਹੋ ਜਾਂਦੇ ਹਨ।
ਪ੍ਰਭ ਜੀ ਭਾਣੀ ਭਈ ਨਿਕਾਣੀ ਸਫਲ ਜਨਮੁ ਪਰਵਾਨਾ ॥
(ਜੇਹੜੀ ਜੀਵ-ਇਸਤ੍ਰੀ) ਪ੍ਰਭੂ ਨੂੰ ਚੰਗੀ ਲੱਗਣ ਲੱਗ ਪੈਂਦੀ ਹੈ, ਉਹ (ਦੁਨੀਆ ਵਲੋਂ) ਬੇ-ਮੁਥਾਜ ਹੋ ਜਾਂਦੀ ਹੈ, ਉਸ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ, ਉਹ ਪ੍ਰਭੂ-ਦਰ ਤੇ ਕਬੂਲ ਹੋ ਜਾਂਦੀ ਹੈ।
ਭਈ ਅਮੋਲੀ ਭਾਰਾ ਤੋਲੀ ਮੁਕਤਿ ਜੁਗਤਿ ਦਰੁ ਖੋਲ੍ਰਾ ॥
ਉਸ ਦੀ ਜ਼ਿੰਦਗੀ ਬਹੁਤ ਹੀ ਕੀਮਤੀ ਹੋ ਜਾਂਦੀ ਹੈ, ਭਾਰੇ ਤੋਲ ਵਾਲੀ ਹੋ ਜਾਂਦੀ ਹੈ, ਉਸ ਵਾਸਤੇ ਉਹ ਦਰਵਾਜ਼ਾ ਖੁਲ੍ਹ ਜਾਂਦਾ ਹੈ ਜਿੱਥੇ ਉਸ ਨੂੰ ਵਿਕਾਰਾਂ ਵਲੋਂ ਖ਼ਲਾਸੀ ਮਿਲ ਜਾਂਦੀ ਹੈ ਅਤੇ ਸਹੀ ਜੀਵਨ ਦੀ ਜਾਚ ਆ ਜਾਂਦੀ ਹੈ।
ਕਹੁ ਨਾਨਕ ਹਉ ਨਿਰਭਉ ਹੋਈ ਸੋ ਪ੍ਰਭੁ ਮੇਰਾ ਓਲ੍ਰਾ ॥੪॥੧॥੪॥
ਹੇ ਨਾਨਕ! ਜਦੋਂ ਤੋਂ ਉਹ ਪ੍ਰਭੂ ਮੇਰਾ ਸਹਾਰਾ ਬਣ ਗਿਆ ਹੈ, ਮੈਂ (ਵਿਕਾਰਾਂ ਮਾਇਆ ਦੇ ਹੱਲਿਆਂ ਵਲੋਂ) ਨਿਡਰ ਹੋ ਗਈ ਹਾਂ ॥੪॥੧॥੪॥
ਸੂਹੀ ਮਹਲਾ ੫ ॥
ਸਾਜਨੁ ਪੁਰਖੁ ਸਤਿਗੁਰੁ ਮੇਰਾ ਪੂਰਾ ਤਿਸੁ ਬਿਨੁ ਅਵਰੁ ਨ ਜਾਣਾ ਰਾਮ ॥
ਹੇ ਭਾਈ! ਗੁਰੂ ਮਹਾ ਪੁਰਖ ਹੀ ਮੇਰਾ (ਅਸਲ) ਸੱਜਣ ਹੈ, ਉਸ (ਗੁਰੂ) ਤੋਂ ਬਿਨਾ ਮੈਂ ਕਿਸੇ ਹੋਰ ਨੂੰ ਨਹੀਂ ਜਾਣਦਾ (ਜੋ ਮੈਨੂੰ ਪਰਮਾਤਮਾ ਦੀ ਸੂਝ ਦੇ ਸਕੇ)।
ਮਾਤ ਪਿਤਾ ਭਾਈ ਸੁਤ ਬੰਧਪ ਜੀਅ ਪ੍ਰਾਣ ਮਨਿ ਭਾਣਾ ਰਾਮ ॥
ਹੇ ਭਾਈ! (ਗੁਰੂ ਮੈਨੂੰ) ਮਨ ਵਿਚ (ਇਉਂ) ਪਿਆਰਾ ਲੱਗ ਰਿਹਾ ਹੈ (ਜਿਵੇਂ) ਮਾਂ, ਪਿਉ, ਪੁੱਤਰ, ਸਨਬੰਧੀ, ਜਿੰਦ, ਪ੍ਰਾਣ (ਪਿਆਰੇ ਲੱਗਦੇ ਹਨ)।
ਜੀਉ ਪਿੰਡੁ ਸਭੁ ਤਿਸ ਕਾ ਦੀਆ ਸਰਬ ਗੁਣਾ ਭਰਪੂਰੇ ॥
ਹੇ ਭਾਈ! (ਗੁਰੂ ਨੇ ਹੀ ਇਹ ਸੂਝ ਬਖ਼ਸ਼ੀ ਹੈ ਕਿ) ਜਿੰਦ ਸਰੀਰ ਸਭ ਕੁਝ ਉਸ (ਪਰਮਾਤਮਾ) ਦਾ ਦਿੱਤਾ ਹੋਇਆ ਹੈ, (ਉਹ ਪਰਮਾਤਮਾ) ਸਾਰੇ ਗੁਣਾਂ ਨਾਲ ਭਰਪੂਰ ਹੈ।
ਅੰਤਰਜਾਮੀ ਸੋ ਪ੍ਰਭੁ ਮੇਰਾ ਸਰਬ ਰਹਿਆ ਭਰਪੂਰੇ ॥
(ਗੁਰੂ ਨੇ ਹੀ ਮਤਿ ਦਿੱਤੀ ਹੈ ਕਿ) ਹਰੇਕ ਦੇ ਦਿਲ ਦੀ ਜਾਣਨ ਵਾਲਾ ਮੇਰਾ ਉਹ ਪ੍ਰਭੂ ਸਭ ਥਾਈਂ ਵਿਆਪਕ ਹੈ।
ਤਾ ਕੀ ਸਰਣਿ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ॥
ਉਸ ਦੀ ਸਰਨ ਪਿਆਂ ਸਾਰੇ ਸੁਖ ਆਨੰਦ ਮਿਲਦੇ ਹਨ।
ਸਦਾ ਸਦਾ ਪ੍ਰਭ ਕਉ ਬਲਿਹਾਰੈ ਨਾਨਕ ਸਦ ਕੁਰਬਾਣਾ ॥੧॥
ਹੇ ਨਾਨਕ! (ਆਖ-ਗੁਰੂ ਦੀ ਕਿਰਪਾ ਨਾਲ ਹੀ) ਮੈਂ ਪਰਮਾਤਮਾ ਤੋਂ ਸਦਾ ਹੀ ਸਦਾ ਹੀ ਸਦਾ ਹੀ ਸਦਕੇ ਕੁਰਬਾਨ ਜਾਂਦਾ ਹਾਂ ॥੧॥
ਐਸਾ ਗੁਰੁ ਵਡਭਾਗੀ ਪਾਈਐ ਜਿਤੁ ਮਿਲਿਐ ਪ੍ਰਭੁ ਜਾਪੈ ਰਾਮ ॥
ਹੇ ਭਾਈ! ਅਜਿਹਾ ਗੁਰੂ ਵੱਡੇ ਭਾਗਾਂ ਨਾਲ ਮਿਲਦਾ ਹੈ, ਜਿਸ ਦੇ ਮਿਲਿਆਂ (ਹਿਰਦੇ ਵਿਚ) ਪਰਮਾਤਮਾ ਦੀ ਸੂਝ ਪੈਣ ਲੱਗ ਪੈਂਦੀ ਹੈ,
ਜਨਮ ਜਨਮ ਕੇ ਕਿਲਵਿਖ ਉਤਰਹਿ ਹਰਿ ਸੰਤ ਧੂੜੀ ਨਿਤ ਨਾਪੈ ਰਾਮ ॥
ਅਨੇਕਾਂ ਜਨਮਾਂ ਦੇ (ਸਾਰੇ) ਪਾਪ ਦੂਰ ਹੋ ਜਾਂਦੇ ਹਨ, ਅਤੇ ਹਰੀ ਦੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਵਿਚ ਸਦਾ ਇਸ਼ਨਾਨ ਹੁੰਦਾ ਰਹਿੰਦਾ ਹੈ।
ਹਰਿ ਧੂੜੀ ਨਾਈਐ ਪ੍ਰਭੂ ਧਿਆਈਐ ਬਾਹੁੜਿ ਜੋਨਿ ਨ ਆਈਐ ॥
(ਜਿਸ ਗੁਰੂ ਦੇ ਮਿਲਣ ਨਾਲ) ਪ੍ਰਭੂ ਦੇ ਸੰਤ ਜਨਾਂ ਦੀ ਚਰਨ-ਧੂੜ ਵਿਚ ਇਸ਼ਨਾਨ ਹੋ ਸਕਦਾ ਹੈ, ਪ੍ਰਭੂ ਦਾ ਸਿਮਰਨ ਹੋ ਸਕਦਾ ਹੈ ਅਤੇ ਮੁੜ ਜਨਮਾਂ ਦੇ ਗੇੜ ਵਿਚ ਨਹੀਂ ਪਈਦਾ।
ਗੁਰ ਚਰਣੀ ਲਾਗੇ ਭ੍ਰਮ ਭਉ ਭਾਗੇ ਮਨਿ ਚਿੰਦਿਆ ਫਲੁ ਪਾਈਐ ॥
ਹੇ ਭਾਈ! ਗੁਰੂ ਦੇ ਚਰਨੀਂ ਲੱਗ ਕੇ ਭਰਮ ਡਰ ਨਾਸ ਹੋ ਜਾਂਦੇ ਹਨ, ਮਨ ਵਿਚ ਚਿਤਾਰਿਆ ਹੋਇਆ ਹਰੇਕ ਫਲ ਪ੍ਰਾਪਤ ਹੋ ਜਾਂਦਾ ਹੈ।
ਹਰਿ ਗੁਣ ਨਿਤ ਗਾਏ ਨਾਮੁ ਧਿਆਏ ਫਿਰਿ ਸੋਗੁ ਨਾਹੀ ਸੰਤਾਪੈ ॥
(ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਨੇ) ਸਦਾ ਪਰਮਾਤਮਾ ਦੇ ਗੁਣ ਗਾਏ ਹਨ; ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਸ ਨੂੰ ਫਿਰ ਕੋਈ ਗ਼ਮ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ।
ਨਾਨਕ ਸੋ ਪ੍ਰਭੁ ਜੀਅ ਕਾ ਦਾਤਾ ਪੂਰਾ ਜਿਸੁ ਪਰਤਾਪੈ ॥੨॥
ਹੇ ਨਾਨਕ! (ਗੁਰੂ ਦੀ ਕਿਰਪਾ ਨਾਲ ਹੀ ਸਮਝ ਪੈਂਦੀ ਹੈ ਕਿ) ਜਿਸ ਪਰਮਾਤਮਾ ਦਾ ਪੂਰਾ ਪਰਤਾਪ ਹੈ, ਉਹੀ ਜਿੰਦ ਦੇਣ ਵਾਲਾ ਹੈ ॥੨॥
ਹਰਿ ਹਰੇ ਹਰਿ ਗੁਣ ਨਿਧੇ ਹਰਿ ਸੰਤਨ ਕੈ ਵਸਿ ਆਏ ਰਾਮ ॥
ਹੇ ਭਾਈ! ਸਾਰੇ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਸੰਤ ਜਨਾਂ ਦੇ (ਪਿਆਰ ਦੇ) ਵੱਸ ਵਿਚ ਟਿਕਿਆ ਰਹਿੰਦਾ ਹੈ।
ਸੰਤ ਚਰਣ ਗੁਰ ਸੇਵਾ ਲਾਗੇ ਤਿਨੀ ਪਰਮ ਪਦ ਪਾਏ ਰਾਮ ॥
ਜਿਹੜੇ ਮਨੁੱਖ ਸੰਤ ਜਨਾਂ ਦੀ ਚਰਨੀਂ ਪੈ ਕੇ ਗੁਰੂ ਦੀ ਸੇਵਾ ਵਿਚ ਲੱਗੇ, ਉਹਨਾਂ ਨੇ ਸਭ ਤੋਂ ਉੱਚੇ ਆਤਮਕ ਦਰਜੇ ਪ੍ਰਾਪਤ ਕਰ ਲਏ।
ਪਰਮ ਪਦੁ ਪਾਇਆ ਆਪੁ ਮਿਟਾਇਆ ਹਰਿ ਪੂਰਨ ਕਿਰਪਾ ਧਾਰੀ ॥
ਹੇ ਭਾਈ! ਜਿਸ ਮਨੁੱਖ ਉੱਤੇ ਪੂਰਨ ਪ੍ਰਭੂ ਨੇ ਮਿਹਰ ਕੀਤੀ, (ਉਸ ਨੇ ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਲਿਆ, ਉਸ ਨੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਿਆ।
ਸਫਲ ਜਨਮੁ ਹੋਆ ਭਉ ਭਾਗਾ ਹਰਿ ਭੇਟਿਆ ਏਕੁ ਮੁਰਾਰੀ ॥
ਉਸ ਦੀ ਜ਼ਿੰਦਗੀ ਕਾਮਯਾਬ ਹੋ ਗਈ, ਉਸ ਦਾ (ਹਰੇਕ) ਡਰ ਦੂਰ ਹੋ ਗਿਆ, ਉਸ ਨੂੰ ਉਹ ਪਰਮਾਤਮਾ ਮਿਲ ਪਿਆ ਜੋ ਇਕ ਆਪ ਹੀ ਆਪ ਹੈ।
ਜਿਸ ਕਾ ਸਾ ਤਿਨ ਹੀ ਮੇਲਿ ਲੀਆ ਜੋਤੀ ਜੋਤਿ ਸਮਾਇਆ ॥
ਜਿਸ ਪਰਮਾਤਮਾ ਦਾ ਉਹ ਪੈਦਾ ਕੀਤਾ ਹੋਇਆ ਸੀ, ਉਸ ਨੇ ਹੀ (ਉਸ ਨੂੰ ਆਪਣੇ ਚਰਨਾਂ ਵਿਚ) ਮਿਲਾ ਲਿਆ, ਉਸ ਮਨੁੱਖ ਦੀ ਜਿੰਦ ਪਰਮਾਤਮਾ ਦੀ ਜੋਤਿ ਵਿਚ ਇਕ-ਮਿਕ ਹੋ ਗਈ।
ਨਾਨਕ ਨਾਮੁ ਨਿਰੰਜਨ ਜਪੀਐ ਮਿਲਿ ਸਤਿਗੁਰ ਸੁਖੁ ਪਾਇਆ ॥੩॥
ਹੇ ਨਾਨਕ! ਨਿਰਲੇਪ ਪ੍ਰਭੂ ਦਾ ਨਾਮ (ਸਦਾ) ਜਪਣਾ ਚਾਹੀਦਾ ਹੈ, (ਜਿਸ ਨੇ) ਗੁਰੂ ਨੂੰ ਮਿਲ ਕੇ (ਨਾਮ ਜਪਿਆ, ਉਸ ਨੇ) ਆਤਮਕ ਆਨੰਦ ਪ੍ਰਾਪਤ ਕਰ ਲਿਆ ॥੩॥
ਗਾਉ ਮੰਗਲੋ ਨਿਤ ਹਰਿ ਜਨਹੁ ਪੁੰਨੀ ਇਛ ਸਬਾਈ ਰਾਮ ॥
ਹੇ ਸੰਤ ਜਨੋ! ਸਦਾ (ਪਰਮਾਤਮਾ ਦੀ) ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਕਰੋ, (ਸਿਫ਼ਤਿ-ਸਾਲਾਹ ਦੇ ਪਰਤਾਪ ਨਾਲ) ਹਰੇਕ ਮੁਰਾਦ ਪੂਰੀ ਹੋ ਜਾਂਦੀ ਹੈ।
ਰੰਗਿ ਰਤੇ ਅਪੁਨੇ ਸੁਆਮੀ ਸੇਤੀ ਮਰੈ ਨ ਆਵੈ ਜਾਈ ਰਾਮ ॥
ਜਿਹੜਾ ਪ੍ਰਭੂ ਕਦੇ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦਾ (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ) ਉਸ ਮਾਲਕ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ।
ਅਬਿਨਾਸੀ ਪਾਇਆ ਨਾਮੁ ਧਿਆਇਆ ਸਗਲ ਮਨੋਰਥ ਪਾਏ ॥
ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਉਸ ਨੇ ਨਾਸ-ਰਹਿਤ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ, ਉਸ ਨੇ ਸਾਰੀਆਂ ਮੁਰਾਦਾਂ ਹਾਸਲ ਕਰ ਲਈਆਂ।
ਸਾਂਤਿ ਸਹਜ ਆਨੰਦ ਘਨੇਰੇ ਗੁਰ ਚਰਣੀ ਮਨੁ ਲਾਏ ॥
ਹੇ ਭਾਈ! ਗੁਰੂ ਦੇ ਚਰਨਾਂ ਵਿਚ ਮਨ ਜੋੜ ਕੇ ਮਨੁੱਖ ਸ਼ਾਂਤੀ ਪ੍ਰਾਪਤ ਕਰਦਾ ਹੈ, ਆਤਮਕ ਅਡੋਲਤਾ ਦੇ ਅਨੇਕਾਂ ਆਨੰਦ ਮਾਣਦਾ ਹੈ।
ਪੂਰਿ ਰਹਿਆ ਘਟਿ ਘਟਿ ਅਬਿਨਾਸੀ ਥਾਨ ਥਨੰਤਰਿ ਸਾਈ ॥
(ਸਿਮਰਨ ਦੀ ਬਰਕਤਿ ਨਾਲ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਨਾਸ-ਰਹਿਤ ਪਰਮਾਤਮਾ ਹੀ ਹਰੇਕ ਥਾਂ ਵਿਚ ਹਰੇਕ ਸਰੀਰ ਵਿਚ ਵਿਆਪ ਰਿਹਾ ਹੈ।
ਕਹੁ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਣੀ ਮਨੁ ਲਾਈ ॥੪॥੨॥੫॥
ਨਾਨਕ ਆਖਦਾ ਹੈ- (ਹੇ ਭਾਈ!) ਗੁਰੂ ਦੇ ਚਰਨਾਂ ਵਿਚ ਮਨ ਲਾ ਕੇ ਸਾਰੇ ਕੰਮ ਸਫਲ ਜੋ ਜਾਂਦੇ ਹਨ ॥੪॥੨॥੫॥