ਰਾਗ ਸੂਹੀ – ਬਾਣੀ ਸ਼ਬਦ-Part 6 – Raag Suhi – Bani

ਰਾਗ ਸੂਹੀ – ਬਾਣੀ ਸ਼ਬਦ, Part 6 – Raag Suhi – Bani

ਸੂਹੀ ਕਬੀਰ ਜੀ ॥
ਥਰਹਰ ਕੰਪੈ ਬਾਲਾ ਜੀਉ ॥

(ਇਤਨੀ ਉਮਰ ਭਗਤੀ ਤੋਂ ਬਿਨਾ ਲੰਘ ਜਾਣ ਕਰਕੇ ਹੁਣ) ਮੇਰੀ ਅੰਞਾਣ ਜਿੰਦ ਬਹੁਤ ਸਹਿਮੀ ਹੋਈ ਹੈ,

ਨਾ ਜਾਨਉ ਕਿਆ ਕਰਸੀ ਪੀਉ ॥੧॥

ਕਿ ਪਤਾ ਨਹੀਂ ਪਤੀ ਪ੍ਰਭੂ (ਮੇਰੇ ਨਾਲ) ਕੀਹ ਸਲੂਕ ਕਰੇਗਾ ॥੧॥

ਰੈਨਿ ਗਈ ਮਤ ਦਿਨੁ ਭੀ ਜਾਇ ॥

(ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਹੀ ਮੇਰੀ) ਜੁਆਨੀ ਦੀ ਉਮਰ ਲੰਘ ਗਈ ਹੈ। (ਮੈਨੂੰ ਹੁਣ ਇਹ ਡਰ ਹੈ ਕਿ) ਕਿਤੇ (ਇਸੇ ਤਰ੍ਹਾਂ) ਬੁਢੇਪਾ ਭੀ ਨਾਹ ਲੰਘ ਜਾਏ।

ਭਵਰ ਗਏ ਬਗ ਬੈਠੇ ਆਇ ॥੧॥ ਰਹਾਉ ॥

(ਮੇਰੇ) ਕਾਲੇ ਕੇਸ ਚਲੇ ਗਏ ਹਨ (ਉਹਨਾਂ ਦੇ ਥਾਂ) ਧੌਲੇ ਆ ਗਏ ਹਨ ॥੧॥ ਰਹਾਉ ॥

ਕਾਚੈ ਕਰਵੈ ਰਹੈ ਨ ਪਾਨੀ ॥

(ਹੁਣ ਤਕ ਬੇ-ਪਰਵਾਹੀ ਵਿਚ ਖ਼ਿਆਲ ਹੀ ਨਾਹ ਕੀਤਾ ਕਿ ਇਹ ਸਰੀਰ ਤਾਂ ਕੱਚੇ ਭਾਂਡੇ ਵਾਂਗ ਹੈ) ਕੱਚੇ ਕੁੱਜੇ ਵਿਚ ਪਾਣੀ ਟਿਕਿਆ ਨਹੀਂ ਰਹਿ ਸਕਦਾ।

ਹੰਸੁ ਚਲਿਆ ਕਾਇਆ ਕੁਮਲਾਨੀ ॥੨॥

(ਸੁਆਸ ਬੀਤਦੇ ਗਏ, ਹੁਣ) ਸਰੀਰ ਕੁਮਲਾ ਰਿਹਾ ਹੈ ਤੇ (ਜੀਵ-) ਭੌਰ ਉਡਾਰੀ ਮਾਰਨ ਨੂੰ ਤਿਆਰ ਹੈ (ਪਰ ਆਪਣਾ ਕੁੱਝ ਭੀ ਨਾਹ ਸਵਾਰਿਆ) ॥੨॥

ਕੁਆਰ ਕੰਨਿਆ ਜੈਸੇ ਕਰਤ ਸੀਗਾਰਾ ॥

ਜਿਵੇਂ ਕੁਆਰੀ ਲੜਕੀ ਸ਼ਿੰਗਾਰ ਕਰਦੀ ਰਹੇ,

ਕਿਉ ਰਲੀਆ ਮਾਨੈ ਬਾਝੁ ਭਤਾਰਾ ॥੩॥

ਪਤੀ ਮਿਲਣ ਤੋਂ ਬਿਨਾ (ਇਹਨਾਂ ਸ਼ਿੰਗਾਰਾਂ ਦਾ) ਉਸ ਨੂੰ ਕੋਈ ਅਨੰਦ ਨਹੀਂ ਆ ਸਕਦਾ, (ਤਿਵੇਂ ਮੈਂ ਭੀ ਸਾਰੀ ਉਮਰ ਨਿਰੇ ਸਰੀਰ ਦੀ ਖ਼ਾਤਰ ਹੀ ਆਹਰ-ਪਾਹਰ ਕੀਤੇ, ਪ੍ਰਭੂ ਨੂੰ ਵਿਸਾਰਨ ਕਰਕੇ ਕੋਈ ਆਤਮਕ ਸੁਖ ਨਾਹ ਮਿਲਿਆ) ॥੩॥

ਕਾਗ ਉਡਾਵਤ ਭੁਜਾ ਪਿਰਾਨੀ ॥

ਕਬੀਰ ਆਖਦਾ ਹੈ-(ਹੇ ਪਤੀ-ਪ੍ਰਭੂ! ਹੁਣ ਤਾਂ ਆ ਮਿਲ, ਤੇਰੀ ਉਡੀਕ ਵਿਚ) ਕਾਂ ਉਡਾਂਦਿਆਂ ਮੇਰੀ ਬਾਂਹ ਭੀ ਥੱਕ ਗਈ ਹੈ,

ਕਹਿ ਕਬੀਰ ਇਹ ਕਥਾ ਸਿਰਾਨੀ ॥੪॥੨॥

(ਤੇ ਉਧਰੋਂ ਮੇਰੀ ਉਮਰ ਦੀ) ਕਹਾਣੀ ਹੀ ਮੁੱਕਣ ਤੇ ਆ ਗਈ ਹੈ ॥੪॥੨॥


ਸੂਹੀ ਕਬੀਰ ਜੀਉ ॥
ਅਮਲੁ ਸਿਰਾਨੋ ਲੇਖਾ ਦੇਨਾ ॥

(ਹੇ ਜੀਵ! ਜਗਤ ਵਿਚ) ਮੁਲਾਜ਼ਮਤ ਦਾ ਸਮਾ (ਭਾਵ, ਉਮਰ ਦਾ ਨਿਯਤ ਸਮਾ) ਲੰਘ ਗਿਆ ਹੈ, (ਇੱਥੇ ਜੇ ਕੁਝ ਕਰਦਾ ਰਿਹਾ ਹੈਂ) ਉਸ ਦਾ ਹਿਸਾਬ ਦੇਣਾ ਪਏਗਾ;

ਆਏ ਕਠਿਨ ਦੂਤ ਜਮ ਲੇਨਾ ॥

ਕਰੜੇ ਜਮ-ਦੂਤ ਲੈਣ ਆ ਗਏ ਹਨ।

ਕਿਆ ਤੈ ਖਟਿਆ ਕਹਾ ਗਵਾਇਆ ॥

(ਉਹ ਆਖਣਗੇ-) ਇੱਥੇ ਰਹਿ ਕੇ ਤੂੰ ਕੀਹ ਖੱਟੀ ਖੱਟੀ ਹੈ, ਤੇ ਕਿੱਥੇ ਗਵਾਇਆ ਹੈ?

ਚਲਹੁ ਸਿਤਾਬ ਦੀਬਾਨਿ ਬੁਲਾਇਆ ॥੧॥

ਛੇਤੀ ਚੱਲ, ਧਰਮਰਾਜ ਨੇ ਸੱਦਿਆ ਹੈ ॥੧॥

ਚਲੁ ਦਰਹਾਲੁ ਦੀਵਾਨਿ ਬੁਲਾਇਆ ॥

ਛੇਤੀ ਚੱਲ, ਧਰਮ-ਰਾਜ ਨੇ ਸੱਦਿਆ ਹੈ;

ਹਰਿ ਫੁਰਮਾਨੁ ਦਰਗਹ ਕਾ ਆਇਆ ॥੧॥ ਰਹਾਉ ॥

ਪ੍ਰਭੂ ਦੀ ਦਰਗਾਹ ਦਾ ਹੁਕਮ ਆਇਆ ਹੈ ॥੧॥ ਰਹਾਉ ॥

ਕਰਉ ਅਰਦਾਸਿ ਗਾਵ ਕਿਛੁ ਬਾਕੀ ॥

ਮੈਂ ਬੇਨਤੀ ਕਰਦਾ ਹਾਂ ਕਿ ਕੁਝ ਪਿੰਡ ਦਾ ਹਿਸਾਬ-ਕਿਤਾਬ ਰਹਿ ਗਿਆ ਹੈ,

ਲੇਉ ਨਿਬੇਰਿ ਆਜੁ ਕੀ ਰਾਤੀ ॥

(ਜੇ ਆਗਿਆ ਦੇਵੋ) ਤਾਂ ਮੈਂ ਅੱਜ ਰਾਤ ਹੀ ਉਹ ਹਿਸਾਬ ਮੁਕਾ ਲਵਾਂਗਾ,

ਕਿਛੁ ਭੀ ਖਰਚੁ ਤੁਮ੍ਰਾਰਾ ਸਾਰਉ ॥

ਕੁਝ ਤੁਹਾਡੇ ਲਈ ਭੀ ਖ਼ਰਚ ਦਾ ਪ੍ਰਬੰਧ ਕਰ ਲਵਾਂਗਾ,

ਸੁਬਹ ਨਿਵਾਜ ਸਰਾਇ ਗੁਜਾਰਉ ॥੨॥

ਤੇ ਸਵੇਰ ਦੀ ਨਿਮਾਜ਼ ਰਾਹ ਵਿਚ ਪੜ੍ਹ ਲਵਾਂਗਾ (ਭਾਵ, ਬਹੁਤ ਸਵਖਤੇ ਹੀ ਤੁਹਾਡੇ ਨਾਲ ਤੁਰ ਪਵਾਂਗਾ) ॥੨॥

ਸਾਧਸੰਗਿ ਜਾ ਕਉ ਹਰਿ ਰੰਗੁ ਲਾਗਾ ॥

ਜਿਸ ਮਨੁੱਖ ਨੂੰ ਸਤਸੰਗ ਵਿਚ ਰਹਿ ਕੇ ਪ੍ਰਭੂ ਦਾ ਪਿਆਰ ਪ੍ਰਾਪਤ ਹੁੰਦਾ ਹੈ,

ਧਨੁ ਧਨੁ ਸੋ ਜਨੁ ਪੁਰਖੁ ਸਭਾਗਾ ॥

ਉਹ ਮਨੁੱਖ ਧੰਨ ਹੈ, ਭਾਗਾਂ ਵਾਲਾ ਹੈ।

ਈਤ ਊਤ ਜਨ ਸਦਾ ਸੁਹੇਲੇ ॥

ਪ੍ਰਭੂ ਦੇ ਸੇਵਕ ਲੋਕ ਪਰਲੋਕ ਵਿਚ ਸੌਖੇ ਰਹਿੰਦੇ ਹਨ,

ਜਨਮੁ ਪਦਾਰਥੁ ਜੀਤਿ ਅਮੋਲੇ ॥੩॥

ਕਿਉਂਕਿ ਉਹ ਇਸ ਅਮੋਲਕ ਜਨਮ-ਰੂਪ ਕੀਮਤੀ ਸ਼ੈ ਨੂੰ ਜਿੱਤ ਲੈਂਦੇ ਹਨ ॥੩॥

ਜਾਗਤੁ ਸੋਇਆ ਜਨਮੁ ਗਵਾਇਆ ॥

ਜੋ ਮਨੁੱਖ ਜਾਗਦਾ ਹੀ (ਮਾਇਆ ਦੀ ਨੀਂਦ ਵਿਚ) ਸੁੱਤਾ ਰਹਿੰਦਾ ਹੈ, ਉਹ ਮਨੁੱਖਾ ਜੀਵਨ ਅਜਾਈਂ ਗਵਾ ਲੈਂਦਾ ਹੈ;

ਮਾਲੁ ਧਨੁ ਜੋਰਿਆ ਭਇਆ ਪਰਾਇਆ ॥

(ਕਿਉਂਕਿ) ਉਸ ਦਾ ਸਾਰਾ ਮਾਲ ਧਨ ਇਕੱਠਾ ਕੀਤਾ ਹੋਇਆ (ਤਾਂ ਆਖ਼ਰ) ਬਿਗਾਨਾ ਹੋ ਜਾਂਦਾ ਹੈ।

ਕਹੁ ਕਬੀਰ ਤੇਈ ਨਰ ਭੂਲੇ ॥

ਕਬੀਰ ਆਖਦਾ ਹੈ- ਉਹ ਮਨੁੱਖ ਖੁੰਝ ਗਏ ਹਨ,

ਖਸਮੁ ਬਿਸਾਰਿ ਮਾਟੀ ਸੰਗਿ ਰੂਲੇ ॥੪॥੩॥

ਉਹ ਮਿੱਟੀ ਵਿਚ ਹੀ ਰੁਲ ਗਏ ਹਨ ਜਿਨ੍ਹਾਂ ਨੇ ਪਰਮਾਤਮਾ-ਪਤੀ ਨੂੰ ਵਿਸਾਰਿਆ ॥੪॥੩॥


ਰਾਗੁ ਸੂਹੀ ਬਾਣੀ ਸ੍ਰੀ ਰਵਿਦਾਸ ਜੀਉ ਕੀ ॥

ਰਾਗ ਸੂਹੀ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਹ ਕੀ ਸਾਰ ਸੁਹਾਗਨਿ ਜਾਨੈ ॥

ਖਸਮ-ਪ੍ਰਭੂ (ਦੇ ਮਿਲਾਪ) ਦੀ ਕਦਰ ਖਸਮ ਨਾਲ ਪਿਆਰ ਕਰਨ ਵਾਲੀ ਹੀ ਜਾਣਦੀ ਹੈ।

ਤਜਿ ਅਭਿਮਾਨੁ ਸੁਖ ਰਲੀਆ ਮਾਨੈ ॥

ਉਹ ਅਹੰਕਾਰ ਛੱਡ ਕੇ (ਪ੍ਰਭੂ-ਚਰਨਾਂ ਵਿਚ ਜੁੜ ਕੇ ਉਸ ਮਿਲਾਪ ਦਾ) ਸੁਖ-ਆਨੰਦ ਮਾਣਦੀ ਹੈ।

ਤਨੁ ਮਨੁ ਦੇਇ ਨ ਅੰਤਰੁ ਰਾਖੈ ॥

ਆਪਣਾ ਤਨ ਮਨ ਖਸਮ-ਪ੍ਰਭੂ ਦੇ ਹਵਾਲੇ ਕਰ ਦੇਂਦੀ ਹੈ, ਪ੍ਰਭੂ-ਪਤੀ ਨਾਲੋਂ (ਕੋਈ) ਵਿੱਥ ਨਹੀਂ ਰੱਖਦੀ।

ਅਵਰਾ ਦੇਖਿ ਨ ਸੁਨੈ ਅਭਾਖੈ ॥੧॥

ਨਾਂਹ ਕਿਸੇ ਹੋਰ ਦਾ ਆਸਰਾ ਤੱਕਦੀ ਹੈ, ਤੇ ਨਾਹ ਕਿਸੇ ਦੀ ਮੰਦ ਪ੍ਰੇਰਨਾ ਸੁਣਦੀ ਹੈ ॥੧॥

ਸੋ ਕਤ ਜਾਨੈ ਪੀਰ ਪਰਾਈ ॥

ਉਹ ਹੋਰਨਾਂ (ਗੁਰਮੁਖਿ ਸੁਹਾਗਣਾਂ) ਦੇ ਦਿਲ ਦੀ (ਇਹ) ਪੀੜ ਕਿਵੇਂ ਸਮਝ ਸਕਦੀ ਹੈ?

ਜਾ ਕੈ ਅੰਤਰਿ ਦਰਦੁ ਨ ਪਾਈ ॥੧॥ ਰਹਾਉ ॥

ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ ਤੋਂ ਵਿਛੋੜੇ ਦਾ ਸੱਲ ਨਹੀਂ ਉੱਠਿਆ ॥੧॥ ਰਹਾਉ ॥

ਦੁਖੀ ਦੁਹਾਗਨਿ ਦੁਇ ਪਖ ਹੀਨੀ ॥

ਉਹ ਜੀਵ-ਇਸਤ੍ਰੀ ਛੁੱਟੜ ਦੁਖੀ ਰਹਿੰਦੀ ਹੈ, ਸਹੁਰੇ ਪੇਕੇ (ਲੋਕ ਪਰਲੋਕ) ਦੋਹਾਂ ਥਾਵਾਂ ਤੋਂ ਵਾਂਜੀ ਰਹਿੰਦੀ ਹੈ,

ਜਿਨਿ ਨਾਹ ਨਿਰੰਤਰਿ ਭਗਤਿ ਨ ਕੀਨੀ ॥

ਜਿਸ ਨੇ ਖਸਮ-ਪ੍ਰਭੂ ਦੀ ਬੰਦਗੀ ਇੱਕ-ਰਸ ਨਹੀਂ ਕੀਤੀ।

ਪੁਰ ਸਲਾਤ ਕਾ ਪੰਥੁ ਦੁਹੇਲਾ ॥

ਜੀਵਨ ਦਾ ਇਹ ਰਸਤਾ (ਜੋ) ਪੁਰਸਲਾਤ (ਸਮਾਨ ਹੈ, ਉਸ ਲਈ) ਬੜਾ ਔਖਾ ਹੋ ਜਾਂਦਾ ਹੈ,

ਸੰਗਿ ਨ ਸਾਥੀ ਗਵਨੁ ਇਕੇਲਾ ॥੨॥

(ਇਥੇ ਦੁੱਖਾਂ ਵਿਚ) ਕੋਈ ਸੰਗੀ ਕੋਈ ਸਾਥੀ ਨਹੀਂ ਬਣਦਾ, (ਜੀਵਨ-ਸਫ਼ਰ ਦਾ) ਸਾਰਾ ਪੈਂਡਾ ਇਕੱਲਿਆਂ ਹੀ (ਲੰਘਣਾ ਪੈਂਦਾ ਹੈ) ॥੨॥

ਦੁਖੀਆ ਦਰਦਵੰਦੁ ਦਰਿ ਆਇਆ ॥

ਹੇ ਪ੍ਰਭੂ! ਮੈਂ ਦੁਖੀ ਮੈਂ ਦਰਦਵੰਦਾ ਤੇਰੇ ਦਰ ਤੇ ਆਇਆ ਹਾਂ।

ਬਹੁਤੁ ਪਿਆਸ ਜਬਾਬੁ ਨ ਪਾਇਆ ॥

ਮੈਨੂੰ ਤੇਰੇ ਦਰਸਨ ਦੀ ਬੜੀ ਤਾਂਘ ਹੈ (ਪਰ ਤੇਰੇ ਦਰ ਤੋਂ) ਕੋਈ ਉੱਤਰ ਨਹੀਂ ਮਿਲਦਾ।

ਕਹਿ ਰਵਿਦਾਸ ਸਰਨਿ ਪ੍ਰਭ ਤੇਰੀ ॥

ਰਵਿਦਾਸ ਆਖਦਾ ਹੈ-ਹੇ ਪ੍ਰਭੂ! ਮੈਂ ਤੇਰੀ ਸ਼ਰਨ ਆਇਆ ਹਾਂ,

ਜਿਉ ਜਾਨਹੁ ਤਿਉ ਕਰੁ ਗਤਿ ਮੇਰੀ ॥੩॥੧॥

ਜਿਵੇਂ ਭੀ ਹੋ ਸਕੇ, ਤਿਵੇਂ ਮੇਰੀ ਹਾਲਤ ਸਵਾਰ ਦੇਹ ॥੩॥੧॥


ਸੂਹੀ ॥
ਜੋ ਦਿਨ ਆਵਹਿ ਸੋ ਦਿਨ ਜਾਹੀ ॥

(ਮਨੁੱਖ ਦੀ ਜ਼ਿੰਦਗੀ ਵਿਚ) ਜੇਹੜੇ ਜੇਹੜੇ ਦਿਨ ਆਉਂਦੇ ਹਨ, ਉਹ ਦਿਨ (ਅਸਲ ਵਿਚ ਨਾਲੋ ਨਾਲ) ਲੰਘਦੇ ਜਾਂਦੇ ਹਨ (ਭਾਵ, ਉਮਰ ਵਿਚੋਂ ਘਟਦੇ ਜਾਂਦੇ ਹਨ)।

ਕਰਨਾ ਕੂਚੁ ਰਹਨੁ ਥਿਰੁ ਨਾਹੀ ॥

(ਇਥੋਂ ਹਰੇਕ ਨੇ) ਕੂਚ ਕਰ ਜਾਣਾ ਹੈ (ਕਿਸੇ ਦੀ ਭੀ ਇਥੇ) ਸਦਾ ਦੀ ਰਿਹੈਸ਼ ਨਹੀਂ ਹੈ।

ਸੰਗੁ ਚਲਤ ਹੈ ਹਮ ਭੀ ਚਲਨਾ ॥

ਅਸਾਡਾ ਸਾਥ ਤੁਰਿਆ ਜਾ ਰਿਹਾ ਹੈ, ਅਸਾਂ ਭੀ (ਇਥੋਂ) ਤੁਰ ਜਾਣਾ ਹੈ।

ਦੂਰਿ ਗਵਨੁ ਸਿਰ ਊਪਰਿ ਮਰਨਾ ॥੧॥

ਇਹ ਦੂਰ ਦੀ ਮੁਸਾਫ਼ਰੀ ਹੈ ਤੇ ਮੌਤ ਸਿਰ ਉਤੇ ਖਲੋਤੀ ਹੈ (ਪਤਾ ਨਹੀਂ ਕੇਹੜੇ ਵੇਲੇ ਆ ਜਾਏ) ॥੧॥

ਕਿਆ ਤੂ ਸੋਇਆ ਜਾਗੁ ਇਆਨਾ ॥

ਹੇ ਅੰਞਾਣ! ਹੋਸ਼ ਕਰ! ਤੂੰ ਕਿਉਂ ਸੌਂ ਰਿਹਾ ਹੈਂ?

ਤੈ ਜੀਵਨੁ ਜਗਿ ਸਚੁ ਕਰਿ ਜਾਨਾ ॥੧॥ ਰਹਾਉ ॥

ਤੂੰ ਜਗਤ ਵਿਚ ਇਸ ਜੀਊਣ ਨੂੰ ਸਦਾ ਕਾਇਮ ਰਹਿਣ ਵਾਲਾ ਸਮਝ ਬੈਠਾ ਹੈਂ ॥੧॥ ਰਹਾਉ ॥

ਜਿਨਿ ਜੀਉ ਦੀਆ ਸੁ ਰਿਜਕੁ ਅੰਬਰਾਵੈ ॥

(ਤੂੰ ਹਰ ਵੇਲੇ ਰਿਜ਼ਕ ਦੇ ਹੀ ਫ਼ਿਕਰ ਵਿਚ ਰਹਿੰਦਾ ਹੈਂ, ਵੇਖ) ਜਿਸ ਪ੍ਰਭੂ ਨੇ ਜਿੰਦ ਦਿੱਤੀ ਹੈ, ਉਹ ਰਿਜ਼ਕ ਭੀ ਅਪੜਾਉਂਦਾ ਹੈ।

ਸਭ ਘਟ ਭੀਤਰਿ ਹਾਟੁ ਚਲਾਵੈ ॥

ਸਾਰੇ ਸਰੀਰਾਂ ਵਿਚ ਬੈਠਾ ਹੋਇਆ ਉਹ ਆਪ ਰਿਜ਼ਕ ਦਾ ਆਹਰ ਪੈਦਾ ਕਰ ਰਿਹਾ ਹੈ।

ਕਰਿ ਬੰਦਿਗੀ ਛਾਡਿ ਮੈ ਮੇਰਾ ॥

ਮੈਂ (ਇਤਨਾ ਵੱਡਾ ਹਾਂ) ਮੇਰੀ (ਇਤਨੀ ਮਲਕੀਅਤ ਹੈ)-ਛੱਡ ਇਹ ਗੱਲਾਂ, ਪ੍ਰਭੂ ਦੀ ਬੰਦਗੀ ਕਰ।

ਹਿਰਦੈ ਨਾਮੁ ਸਮ੍ਰਾਰਿ ਸਵੇਰਾ ॥੨॥

ਹੁਣ ਵੇਲੇ-ਸਿਰ ਉਸ ਦਾ ਨਾਮ ਆਪਣੇ ਹਿਰਦੇ ਵਿਚ ਸਾਂਭ ॥੨॥

ਜਨਮੁ ਸਿਰਾਨੋ ਪੰਥੁ ਨ ਸਵਾਰਾ ॥

ਉਮਰ ਮੁੱਕਣ ਤੇ ਆ ਰਹੀ ਹੈ, ਪਰ ਤੂੰ ਆਪਣਾ ਰਾਹ ਸੁਚੱਜਾ ਨਹੀਂ ਬਣਾਇਆ।

ਸਾਂਝ ਪਰੀ ਦਹ ਦਿਸ ਅੰਧਿਆਰਾ ॥

ਸ਼ਾਮ ਪੈ ਰਹੀ ਹੈ, ਦਸੀਂ ਪਾਸੀਂ ਹਨੇਰਾ ਹੀ ਹਨੇਰਾ ਹੋਣ ਵਾਲਾ ਹੈ।

ਕਹਿ ਰਵਿਦਾਸ ਨਿਦਾਨਿ ਦਿਵਾਨੇ ॥

ਰਵਿਦਾਸ ਆਖਦਾ ਹੈ-ਹੇ ਕਮਲੇ ਮਨੁੱਖ!

ਚੇਤਸਿ ਨਾਹੀ ਦੁਨੀਆ ਫਨ ਖਾਨੇ ॥੩॥੨॥

ਤੂੰ ਪ੍ਰਭੂ ਨੂੰ ਯਾਦ ਨਹੀਂ ਕਰਦਾ, ਦੁਨੀਆ (ਜਿਸ ਦੇ ਨਾਲ ਤੂੰ ਮਨ ਜੋੜੀ ਬੈਠਾ ਹੈਂ) ਅੰਤ ਨੂੰ ਨਾਸ ਹੋ ਜਾਣ ਵਾਲੀ ਹੈ ॥੩॥੨॥


ਸੂਹੀ ॥
ਊਚੇ ਮੰਦਰ ਸਾਲ ਰਸੋਈ ॥

(ਜੇ) ਉੱਚੇ ਉੱਚੇ ਪੱਕੇ ਘਰ ਤੇ ਰਸੋਈ-ਖ਼ਾਨੇ ਹੋਣ (ਤਾਂ ਭੀ ਕੀਹ ਹੋਇਆ?)

ਏਕ ਘਰੀ ਫੁਨਿ ਰਹਨੁ ਨ ਹੋਈ ॥੧॥

ਮੌਤ ਆਇਆਂ (ਇਹਨਾਂ ਵਿਚ) ਇਕ ਘੜੀ ਭੀ (ਵਧੀਕ) ਖਲੋਣਾ ਨਹੀਂ ਮਿਲਦਾ ॥੧॥

ਇਹੁ ਤਨੁ ਐਸਾ ਜੈਸੇ ਘਾਸ ਕੀ ਟਾਟੀ ॥

(ਪੱਕੇ ਘਰ ਆਦਿਕ ਤਾਂ ਕਿਤੇ ਰਹੇ) ਇਹ ਸਰੀਰ (ਭੀ) ਘਾਹ ਦੇ ਛੱਪਰ ਵਾਂਗ ਹੀ ਹੈ।

ਜਲਿ ਗਇਓ ਘਾਸੁ ਰਲਿ ਗਇਓ ਮਾਟੀ ॥੧॥ ਰਹਾਉ ॥

ਘਾਹ ਸੜ ਜਾਂਦਾ ਹੈ, ਤੇ ਮਿੱਟੀ ਵਿਚ ਰਲ ਜਾਂਦਾ ਹੈ (ਇਹੀ ਹਾਲ ਸਰੀਰ ਦਾ ਹੁੰਦਾ ਹੈ) ॥੧॥ ਰਹਾਉ ॥

ਭਾਈ ਬੰਧ ਕੁਟੰਬ ਸਹੇਰਾ ॥

(ਜਦੋਂ ਮਨੁੱਖ ਮਰ ਜਾਂਦਾ ਹੈ ਤਾਂ) ਰਿਸ਼ਤੇਦਾਰ, ਪਰਵਾਰ, ਸੱਜਣ ਸਾਥੀ-

ਓਇ ਭੀ ਲਾਗੇ ਕਾਢੁ ਸਵੇਰਾ ॥੨॥

ਇਹ ਸਾਰੇ ਹੀ ਆਖਣ ਲੱਗ ਪੈਂਦੇ ਹਨ ਕਿ ਇਸ ਨੂੰ ਹੁਣ ਛੇਤੀ ਬਾਹਰ ਕੱਢੋ ॥੨॥

ਘਰ ਕੀ ਨਾਰਿ ਉਰਹਿ ਤਨ ਲਾਗੀ ॥

ਆਪਣੀ ਵਹੁਟੀ (ਭੀ) ਜੋ ਸਦਾ (ਮਨੁੱਖ) ਦੇ ਨਾਲ ਲੱਗੀ ਰਹਿੰਦੀ ਸੀ,

ਉਹ ਤਉ ਭੂਤੁ ਭੂਤੁ ਕਰਿ ਭਾਗੀ ॥੩॥

ਇਹ ਆਖ ਕੇ ਪਰੇ ਹਟ ਜਾਂਦੀ ਹੈ ਇਹ ਤਾਂ ਹੁਣ ਮਰ ਗਿਆ ਹੈ, ਮਰ ਗਿਆ ॥੩॥

ਕਹਿ ਰਵਿਦਾਸ ਸਭੈ ਜਗੁ ਲੂਟਿਆ ॥

ਰਵਿਦਾਸ ਆਖਦਾ ਹੈ-ਸਾਰਾ ਜਗਤ ਹੀ (ਸਰੀਰ ਨੂੰ, ਜਾਇਦਾਦ ਨੂੰ, ਸੰਬੰਧੀਆਂ ਨੂੰ ਆਪਣਾ ਸਮਝ ਕੇ) ਠੱਗਿਆ ਜਾ ਰਿਹਾ ਹੈ,

ਹਮ ਤਉ ਏਕ ਰਾਮੁ ਕਹਿ ਛੂਟਿਆ ॥੪॥੩॥

ਪਰ ਮੈਂ ਇਕ ਪਰਮਾਤਮਾ ਦਾ ਨਾਮ ਸਿਮਰ ਕੇ (ਇਸ ਠੱਗੀ ਤੋਂ) ਬਚਿਆ ਹਾਂ ॥੪॥੩॥


ੴ ਸਤਿਗੁਰ ਪ੍ਰਸਾਦਿ ॥

ਰਾਗ ਸੂਹੀ ਵਿੱਚ ਸ਼ੇਖ ਫਰੀਦ ਜੀ ਦੀ ਬਾਣੀ।

ਰਾਗੁ ਸੂਹੀ ਬਾਣੀ ਸੇਖ ਫਰੀਦ ਜੀ ਕੀ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਤਪਿ ਤਪਿ ਲੁਹਿ ਲੁਹਿ ਹਾਥ ਮਰੋਰਉ ॥

ਬੜੀ ਦੁਖੀ ਹੋ ਕੇ, ਬੜੀ ਤੜਫ ਕੇ ਮੈਂ ਹੁਣ ਹੱਥ ਮਲ ਰਹੀ ਹਾਂ,

ਬਾਵਲਿ ਹੋਈ ਸੋ ਸਹੁ ਲੋਰਉ ॥

ਤੇ ਝੱਲੀ ਹੋ ਕੇ ਹੁਣ ਮੈਂ ਉਸ ਖਸਮ ਨੂੰ ਲੱਭਦੀ ਫਿਰਦੀ ਹਾਂ।

ਤੈ ਸਹਿ ਮਨ ਮਹਿ ਕੀਆ ਰੋਸੁ ॥

ਹੇ ਖਸਮ-ਪ੍ਰਭੂ! ਤਾਹੀਏਂ ਤੂੰ ਆਪਣੇ ਮਨ ਵਿਚ ਮੇਰੇ ਨਾਲ ਰੋਸਾ ਕੀਤਾ।

ਮੁਝੁ ਅਵਗਨ ਸਹ ਨਾਹੀ ਦੋਸੁ ॥੧॥

ਤੇਰਾ ਕੋਈ ਦੋਸ (ਮੇਰੀ ਇਸ ਭੈੜੀ ਹਾਲਤ ਬਾਰੇ) ਨਹੀਂ ਹੈ, ਮੇਰੇ ਵਿਚ ਹੀ ਔਗੁਣ ਸਨ ॥੧॥

ਤੈ ਸਾਹਿਬ ਕੀ ਮੈ ਸਾਰ ਨ ਜਾਨੀ ॥

ਹੇ ਮੇਰੇ ਮਾਲਿਕ! ਮੈਂ ਤੇਰੀ ਕਦਰ ਨਾ ਜਾਤੀ।

ਜੋਬਨੁ ਖੋਇ ਪਾਛੈ ਪਛੁਤਾਨੀ ॥੧॥ ਰਹਾਉ ॥

ਜੁਆਨੀ ਦਾ ਵੇਲਾ ਗਵਾ ਕੇ ਹੁਣ ਪਿਛੋਂ ਮੈਂ ਝੁਰ ਰਹੀ ਹਾਂ ॥੧॥ ਰਹਾਉ ॥

ਕਾਲੀ ਕੋਇਲ ਤੂ ਕਿਤ ਗੁਨ ਕਾਲੀ ॥

(ਹੁਣ ਮੈਂ ਕੋਇਲ ਨੂੰ ਪੁੱਛਦੀ ਫਿਰਦੀ ਹਾਂ-) ਹੇ ਕਾਲੀ ਕੋਇਲ! ਭਲਾ, ਮੈਂ ਤਾਂ ਆਪਣੇ ਕਰਮਾਂ ਦੀ ਮਾਰੀ ਦੁਖੀ ਹਾਂ ਹੀ) ਤੂੰ ਭੀ ਕਿਉਂ ਕਾਲੀ (ਹੋ ਗਈ) ਹੈਂ?

ਅਪਨੇ ਪ੍ਰੀਤਮ ਕੇ ਹਉ ਬਿਰਹੈ ਜਾਲੀ ॥

(ਕੋਇਲ ਭੀ ਇਹੀ ਉੱਤਰ ਦੇਂਦੀ ਹੈ) ਮੈਨੂੰ ਮੇਰੇ ਪ੍ਰੀਤਮ ਦੇ ਵਿਛੋੜੇ ਨੇ ਸਾੜ ਦਿੱਤਾ ਹੈ।

ਪਿਰਹਿ ਬਿਹੂਨ ਕਤਹਿ ਸੁਖੁ ਪਾਏ ॥

(ਠੀਕ ਹੈ) ਖਸਮ ਤੋਂ ਵਿੱਛੁੜ ਕੇ ਕਿਥੇ ਕੋਈ ਸੁਖ ਪਾ ਸਕਦੀ ਹੈ?

ਜਾ ਹੋਇ ਕ੍ਰਿਪਾਲੁ ਤਾ ਪ੍ਰਭੂ ਮਿਲਾਏ ॥੨॥

(ਪਰ ਜੀਵ-ਇਸਤ੍ਰੀ ਦੇ ਵੱਸ ਦੀ ਗੱਲ ਨਹੀਂ ਹੈ) ਜਦੋਂ ਪ੍ਰਭੂ ਆਪ ਮਿਹਰਬਾਨ ਹੁੰਦਾ ਹੈ ਤਾਂ ਆਪ ਹੀ ਮਿਲਾ ਲੈਂਦਾ ਹੈ ॥੨॥

ਵਿਧਣ ਖੂਹੀ ਮੁੰਧ ਇਕੇਲੀ ॥

(ਇਸ ਜਗਤ-ਰੂਪ) ਡਰਾਉਣੀ ਖੂਹੀ ਵਿਚ ਮੈਂ ਜੀਵ-ਇਸਤ੍ਰੀ ਇਕੱਲੀ (ਡਿੱਗੀ ਪਈ ਸਾਂ, ਇਥੇ)

ਨਾ ਕੋ ਸਾਥੀ ਨਾ ਕੋ ਬੇਲੀ ॥

ਕੋਈ ਮੇਰਾ ਸਾਥੀ ਨਹੀਂ (ਮੇਰੇ ਦੁੱਖਾਂ ਵਿਚ) ਕੋਈ ਮੇਰਾ ਮਦਦਗਾਰ ਨਹੀਂ।

ਕਰਿ ਕਿਰਪਾ ਪ੍ਰਭਿ ਸਾਧਸੰਗਿ ਮੇਲੀ ॥

ਹੁਣ ਜਦੋਂ ਪ੍ਰਭੂ ਨੇ ਮੇਹਰ ਕਰ ਕੇ ਮੈਨੂੰ ਸਤਸੰਗ ਵਿਚ ਮਿਲਾਇਆ ਹੈ,

ਜਾ ਫਿਰਿ ਦੇਖਾ ਤਾ ਮੇਰਾ ਅਲਹੁ ਬੇਲੀ ॥੩॥

(ਸਤਸੰਗ ਵਿਚ ਆ ਕੇ) ਜਦੋਂ ਮੈਂ ਵੇਖਦੀ ਹਾਂ ਤਾਂ ਮੈਨੂੰ ਮੇਰਾ ਰੱਬ ਬੇਲੀ ਦਿੱਸ ਰਿਹਾ ਹੈ ॥੩॥

ਵਾਟ ਹਮਾਰੀ ਖਰੀ ਉਡੀਣੀ ॥

ਹੇ ਭਾਈ! ਅਸਾਡਾ ਇਹ ਜੀਵਨ-ਪੰਧ ਬੜਾ ਭਿਆਨਕ ਹੈ,

ਖੰਨਿਅਹੁ ਤਿਖੀ ਬਹੁਤੁ ਪਿਈਣੀ ॥

ਖੰਡੇ ਨਾਲੋਂ ਤਿੱਖਾ ਹੈ, ਬੜੀ ਤੇਜ਼ ਧਾਰ ਵਾਲਾ ਹੈ।

ਉਸੁ ਊਪਰਿ ਹੈ ਮਾਰਗੁ ਮੇਰਾ ॥

ਇਸ ਦੇ ਉਤੋਂ ਦੀ ਅਸਾਂ ਲੰਘਣਾ ਹੈ।

ਸੇਖ ਫਰੀਦਾ ਪੰਥੁ ਸਮ੍ਰਾਰਿ ਸਵੇਰਾ ॥੪॥੧॥

ਇਸ ਵਾਸਤੇ, ਹੇ ਫਰੀਦ! ਸਵੇਰੇ ਸਵੇਰੇ ਰਸਤਾ ਸੰਭਾਲ ॥੪॥੧॥

1
2
3
4
5
6