ਰਾਗ ਸੂਹੀ – ਬਾਣੀ ਸ਼ਬਦ-Raag Suhi – Bani page 2

ਰਾਗ ਸੂਹੀ – ਬਾਣੀ ਸ਼ਬਦ, Part 2 – Raag Suhi – Bani

ਸੂਹੀ ਮਹਲਾ ੫ ॥
ਸਿਮਰਿ ਸਿਮਰਿ ਤਾ ਕਉ ਹਉ ਜੀਵਾ ॥

ਹੇ ਭਾਈ! (ਭਗਤ ਜਨਾਂ ਦੇ ਅੰਗ-ਸੰਗ ਰਹਿਣ ਵਾਲੇ) ਉਸ (ਪ੍ਰਭੂ ਦੇ ਨਾਮ) ਨੂੰ ਮੈਂ ਸਦਾ ਸਿਮਰ ਕੇ ਆਤਮਕ ਜੀਵਨ ਹਾਸਲ ਕਰ ਰਿਹਾ ਹਾਂ।

ਚਰਣ ਕਮਲ ਤੇਰੇ ਧੋਇ ਧੋਇ ਪੀਵਾ ॥੧॥

ਹੇ ਪ੍ਰਭੂ! ਮੈਂ ਤੇਰੇ ਸੋਹਣੇ ਚਰਨ ਧੋ ਧੋ ਕੇ (ਨਿੱਤ) ਪੀਂਦਾ ਹਾਂ ॥੧॥

ਸੋ ਹਰਿ ਮੇਰਾ ਅੰਤਰਜਾਮੀ ॥

ਹੇ ਭਾਈ! ਮਾਲਕ-ਪ੍ਰਭੂ ਆਪਣੇ ਭਗਤ ਜਨਾਂ ਦੇ ਨਾਲ ਵੱਸਦਾ ਹੈ।

ਭਗਤ ਜਨਾ ਕੈ ਸੰਗਿ ਸੁਆਮੀ ॥੧॥ ਰਹਾਉ ॥

ਮੇਰਾ ਉਹ ਹਰੀ-ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ॥੧॥ ਰਹਾਉ ॥

ਸੁਣਿ ਸੁਣਿ ਅੰਮ੍ਰਿਤ ਨਾਮੁ ਧਿਆਵਾ ॥

ਹੇ ਪ੍ਰਭੂ! ਮੁੜ ਮੁੜ (ਇਹ) ਸੁਣ ਕੇ (ਕਿ ਤੇਰਾ) ਨਾਮ ਆਤਮਕ ਜੀਵਨ ਦੇਣ ਵਾਲਾ (ਹੈ,) ਮੈਂ (ਤੇਰਾ ਨਾਮ) ਸਿਮਰਦਾ ਰਹਿੰਦਾ ਹਾਂ,

ਆਠ ਪਹਰ ਤੇਰੇ ਗੁਣ ਗਾਵਾ ॥੨॥

ਅੱਠੇ ਪਹਰ ਮੈਂ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹਾਂ ॥੨॥

ਪੇਖਿ ਪੇਖਿ ਲੀਲਾ ਮਨਿ ਆਨੰਦਾ ॥

ਹੇ ਪ੍ਰਭੂ! ਤੇਰੇ ਕੌਤਕ ਵੇਖ ਵੇਖ ਕੇ ਮੇਰੇ ਮਨ ਵਿਚ ਆਨੰਦ ਪੈਦਾ ਹੁੰਦਾ ਹੈ

ਗੁਣ ਅਪਾਰ ਪ੍ਰਭ ਪਰਮਾਨੰਦਾ ॥੩॥

ਹੇ ਸਭ ਤੋਂ ਉੱਚੇ ਆਨੰਦ ਦੇ ਮਾਲਕ ਪ੍ਰਭੂ! ਤੇਰੇ ਗੁਣ ਬੇਅੰਤ ਹਨ ॥੩॥

ਜਾ ਕੈ ਸਿਮਰਨਿ ਕਛੁ ਭਉ ਨ ਬਿਆਪੈ ॥

ਜਿਸ ਦੇ ਸਿਮਰਨ ਦੀ ਬਰਕਤਿ ਨਾਲ ਕੋਈ ਡਰ ਪੋਹ ਨਹੀਂ ਸਕਦਾ,

ਸਦਾ ਸਦਾ ਨਾਨਕ ਹਰਿ ਜਾਪੈ ॥੪॥੧੧॥੧੭॥

ਹੇ ਨਾਨਕ! ਤੂੰ ਭੀ ਸਦਾ ਹੀ ਉਸ ਹਰੀ ਦਾ ਨਾਮ ਜਪਿਆ ਕਰ ॥੪॥੧੧॥੧੭॥


ਸੂਹੀ ਮਹਲਾ ੫ ॥
ਗੁਰ ਕੈ ਬਚਨਿ ਰਿਦੈ ਧਿਆਨੁ ਧਾਰੀ ॥

ਹੇ ਭਾਈ! ਗੁਰੂ ਦੇ ਸ਼ਬਦ ਦੀ ਰਾਹੀਂ ਮੈਂ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਧਿਆਨ ਧਰਦਾ ਹਾਂ,

ਰਸਨਾ ਜਾਪੁ ਜਪਉ ਬਨਵਾਰੀ ॥੧॥

ਅਤੇ ਆਪਣੀ ਜੀਭ ਨਾਲ ਪਰਮਾਤਮਾ (ਦੇ ਨਾਮ) ਦਾ ਜਾਪ ਜਪਦਾ ਹਾਂ ॥੧॥

ਸਫਲ ਮੂਰਤਿ ਦਰਸਨ ਬਲਿਹਾਰੀ ॥

ਹੇ ਭਾਈ! ਗੁਰੂ ਦੀ ਹਸਤੀ ਮਨੁੱਖਾ ਜੀਵਨ ਦਾ ਫਲ ਦੇਣ ਵਾਲੀ ਹੈ। ਮੈਂ (ਗੁਰੂ ਦੇ) ਦਰਸਨ ਤੋਂ ਸਦਕੇ ਜਾਂਦਾ ਹਾਂ।

ਚਰਣ ਕਮਲ ਮਨ ਪ੍ਰਾਣ ਅਧਾਰੀ ॥੧॥ ਰਹਾਉ ॥

ਗੁਰੂ ਦੇ ਕੋਮਲ ਚਰਨਾਂ ਨੂੰ ਮੈਂ ਆਪਣੇ ਮਨ ਦਾ ਜਿੰਦ ਦਾ ਆਸਰਾ ਬਣਾਂਦਾ ਹਾਂ ॥੧॥ ਰਹਾਉ ॥

ਸਾਧਸੰਗਿ ਜਨਮ ਮਰਣ ਨਿਵਾਰੀ ॥

ਹੇ ਭਾਈ! ਗੁਰੂ ਦੀ ਸੰਗਤਿ ਵਿਚ (ਰਹਿ ਕੇ) ਮੈਂ ਜਨਮ ਮਰਨ ਦਾ ਗੇੜ ਮੁਕਾ ਲਿਆ ਹੈ,

ਅੰਮ੍ਰਿਤ ਕਥਾ ਸੁਣਿ ਕਰਨ ਅਧਾਰੀ ॥੨॥

ਅਤੇ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਕੰਨਾਂ ਨਾਲ ਸੁਣ ਕੇ (ਇਸ ਨੂੰ ਮੈਂ ਆਪਣੇ ਜੀਵਨ ਦਾ) ਆਸਰਾ ਬਣਾ ਰਿਹਾ ਹਾਂ ॥੨॥

ਕਾਮ ਕ੍ਰੋਧ ਲੋਭ ਮੋਹ ਤਜਾਰੀ ॥

ਹੇ ਭਾਈ! (ਗੁਰੂ ਦੀ ਬਰਕਤਿ ਨਾਲ) ਮੈਂ ਕਾਮ ਕ੍ਰੋਧ ਲੋਭ ਮੋਹ (ਆਦਿਕ) ਨੂੰ ਤਿਆਗਿਆ ਹੈ।

ਦ੍ਰਿੜੁ ਨਾਮ ਦਾਨੁ ਇਸਨਾਨੁ ਸੁਚਾਰੀ ॥੩॥

ਹਿਰਦੇ ਵਿਚ ਪ੍ਰਭੂ-ਨਾਮ ਨੂੰ ਪੱਕਾ ਕਰ ਕੇ ਟਿਕਾਣਾ, ਦੂਜਿਆਂ ਦੀ ਸੇਵਾ ਕਰਨੀ, ਆਚਰਨ ਨੂੰ ਪਵਿਤ੍ਰ ਰੱਖਣਾ-ਇਹ ਮੈਂ ਚੰਗੀ ਜੀਵਨ-ਮਰਯਾਦਾ ਬਣਾ ਲਈ ਹੈ ॥੩॥

ਕਹੁ ਨਾਨਕ ਇਹੁ ਤਤੁ ਬੀਚਾਰੀ ॥

ਨਾਨਕ ਆਖਦਾ ਹੈ- (ਹੇ ਭਾਈ! ਤੂੰ ਭੀ) ਇਹ ਅਸਲੀਅਤ ਆਪਣੇ ਮਨ ਵਿਚ ਵਸਾ ਲੈ,

ਰਾਮ ਨਾਮ ਜਪਿ ਪਾਰਿ ਉਤਾਰੀ ॥੪॥੧੨॥੧੮॥

ਅਤੇ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਜਪ ਕੇ (ਆਪਣੇ ਆਪ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ ॥੪॥੧੨॥੧੮॥


ਸੂਹੀ ਮਹਲਾ ੫ ॥
ਲੋਭਿ ਮੋਹਿ ਮਗਨ ਅਪਰਾਧੀ ॥

ਹੇ ਪ੍ਰਭੂ! ਅਸੀਂ ਭੁੱਲਣਹਾਰ ਜੀਵ ਲੋਭ ਵਿਚ ਮੋਹ ਵਿਚ ਮਸਤ ਰਹਿੰਦੇ ਹਾਂ।

ਕਰਣਹਾਰ ਕੀ ਸੇਵ ਨ ਸਾਧੀ ॥੧॥

ਤੂੰ ਸਾਨੂੰ ਪੈਦਾ ਕਰਨ ਵਾਲਾ ਹੈਂ, ਅਸੀਂ ਤੇਰੀ ਸੇਵਾ-ਭਗਤੀ ਨਹੀਂ ਕਰਦੇ ॥੧॥

ਪਤਿਤ ਪਾਵਨ ਪ੍ਰਭ ਨਾਮ ਤੁਮਾਰੇ ॥

ਹੇ ਪ੍ਰਭੂ! ਤੇਰਾ ਨਾਮ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲਾ ਹੈ।

ਰਾਖਿ ਲੇਹੁ ਮੋਹਿ ਨਿਰਗੁਨੀਆਰੇ ॥੧॥ ਰਹਾਉ ॥

ਮੈਨੂੰ ਗੁਣ-ਹੀਨ ਨੂੰ (ਆਪਣਾ ਨਾਮ ਦੇ ਕੇ) ਵਿਕਾਰਾਂ ਤੋਂ ਬਚਾਈ ਰੱਖ ॥੧॥ ਰਹਾਉ ॥

ਤੂੰ ਦਾਤਾ ਪ੍ਰਭ ਅੰਤਰਜਾਮੀ ॥

ਹੇ ਪ੍ਰਭੂ! ਤੂੰ ਸਾਨੂੰ ਸਭ ਦਾਤਾਂ ਦੇਣ ਵਾਲਾ ਹੈਂ, ਸਾਡੇ ਦਿਲ ਦੀ ਜਾਣਨ ਵਾਲਾ ਹੈਂ।

ਕਾਚੀ ਦੇਹ ਮਾਨੁਖ ਅਭਿਮਾਨੀ ॥੨॥

ਪਰ ਅਸੀਂ ਜੀਵ ਇਸ ਨਾਸਵੰਤ ਸਰੀਰ ਦਾ ਹੀ ਮਾਣ ਕਰਦੇ ਰਹਿੰਦੇ ਹਾਂ (ਤੇ, ਤੈਨੂੰ ਯਾਦ ਨਹੀਂ ਕਰਦੇ) ॥੨॥

ਸੁਆਦ ਬਾਦ ਈਰਖ ਮਦ ਮਾਇਆ ॥

ਹੇ ਪ੍ਰਭੂ! (ਦੁਨੀਆ ਦੇ ਪਦਾਰਥਾਂ ਦੇ) ਚਸਕੇ, ਝਗੜੇ, ਸਾੜਾ, ਮਾਇਆ ਦਾ ਮਾਣ-

ਇਨ ਸੰਗਿ ਲਾਗਿ ਰਤਨ ਜਨਮੁ ਗਵਾਇਆ ॥੩॥

ਅਸੀਂ ਜੀਵ ਇਹਨਾਂ ਵਿਚ ਹੀ ਲੱਗ ਕੇ ਕੀਮਤੀ ਮਨੁੱਖਾ ਜਨਮ ਨੂੰ ਗਵਾ ਰਹੇ ਹਾਂ ॥੩॥

ਦੁਖ ਭੰਜਨ ਜਗਜੀਵਨ ਹਰਿ ਰਾਇਆ ॥

ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਹੇ ਜਗਤ ਦੇ ਜੀਵਨ! ਹੇ ਪ੍ਰਭੂ ਪਾਤਿਸ਼ਾਹ!

ਸਗਲ ਤਿਆਗਿ ਨਾਨਕੁ ਸਰਣਾਇਆ ॥੪॥੧੩॥੧੯॥

ਹੋਰ ਸਾਰੇ (ਆਸਰੇ ਛੱਡ ਕੇ ਨਾਨਕ ਤੇਰੀ ਸਰਨ ਆਇਆ ਹੈ ॥੪॥੧੩॥੧੯॥


ਸੂਹੀ ਮਹਲਾ ੫ ॥
ਪੇਖਤ ਚਾਖਤ ਕਹੀਅਤ ਅੰਧਾ ਸੁਨੀਅਤ ਸੁਨੀਐ ਨਾਹੀ ॥

ਹੇ ਭਾਈ! (ਪਰਮਾਤਮਾ ਹਰ ਵੇਲੇ ਮਨੁੱਖ ਦੇ ਅੰਗ-ਸੰਗ ਵੱਸਦਾ ਹੈ, ਪਰ ਮਨੁੱਖ ਉਸ ਨੂੰ ਵੇਖਦਾ ਨਹੀਂ। ਇਸ ਵਾਸਤੇ, ਦੁਨੀਆ ਦੇ ਹੋਰ ਸਾਰੇ ਪਦਾਰਥ) ਵੇਖਦਾ ਚਾਖਦਾ ਹੋਇਆ ਭੀ (ਆਤਮਕ ਜੀਵਨ ਵਲੋਂ) ਅੰਨ੍ਹਾ ਹੀ ਕਿਹਾ ਜਾ ਸਕਦਾ ਹੈ। (ਦੁਨੀਆ ਦੇ ਹੋਰ ਰਾਗ ਨਾਦ) ਸੁਣਦਾ ਹੋਇਆ ਭੀ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਹੀਂ ਸੁਣ ਰਿਹਾ (ਆਤਮਕ ਜੀਵਨ ਵਲੋਂ ਬੋਲਾ ਹੀ ਹੈ)।

ਨਿਕਟਿ ਵਸਤੁ ਕਉ ਜਾਣੈ ਦੂਰੇ ਪਾਪੀ ਪਾਪ ਕਮਾਹੀ ॥੧॥

ਨੇੜੇ ਵੱਸ ਰਹੇ (ਨਾਮ-) ਪਦਾਰਥ ਨੂੰ ਕਿਤੇ ਦੂਰ ਸਮਝਦਾ ਹੈ। ਇਸ ਉਕਾਈ ਦੇ ਕਾਰਨ) ਵਿਕਾਰਾਂ ਵਿਚ ਫਸੇ ਹੋਏ ਮਨੁੱਖ ਵਿਕਾਰ ਹੀ ਕਰਦੇ ਰਹਿੰਦੇ ਹਨ ॥੧॥

ਸੋ ਕਿਛੁ ਕਰਿ ਜਿਤੁ ਛੁਟਹਿ ਪਰਾਨੀ ॥

ਹੇ ਪ੍ਰਾਣੀ! ਕੋਈ ਉਹ ਕੰਮ ਕਰ ਜਿਸ ਦੀ ਬਰਕਤਿ ਨਾਲ ਤੂੰ (ਵਿਕਾਰਾਂ ਤੋਂ) ਬਚਿਆ ਰਹਿ ਸਕੇਂ।

ਹਰਿ ਹਰਿ ਨਾਮੁ ਜਪਿ ਅੰਮ੍ਰਿਤ ਬਾਨੀ ॥੧॥ ਰਹਾਉ ॥

ਸਦਾ ਪਰਮਾਤਮਾ ਦਾ ਨਾਮ ਜਪਿਆ ਕਰ। (ਪ੍ਰਭੂ ਦੀ ਸਿਫ਼ਿਤ-ਸਾਲਾਹ ਦੀ) ਬਾਣੀ ਆਤਮਕ ਜੀਵਨ ਦੇਣ ਵਾਲੀ ਹੈ ॥੧॥ ਰਹਾਉ ॥

ਘੋਰ ਮਹਲ ਸਦਾ ਰੰਗਿ ਰਾਤਾ ॥

ਹੇ ਪ੍ਰਾਣੀ! ਤੂੰ ਸਦਾ ਘੋੜੇ ਮਹਲ-ਮਾੜੀਆਂ ਆਦਿਕ ਦੇ ਪਿਆਰ ਵਿਚ ਮਸਤ ਰਹਿੰਦਾ ਹੈਂ,

ਸੰਗਿ ਤੁਮ੍ਰਾਰੈ ਕਛੂ ਨ ਜਾਤਾ ॥੨॥

(ਪਰ ਇਹਨਾਂ ਵਿਚੋਂ) ਕੋਈ ਭੀ ਚੀਜ਼ ਤੇਰੇ ਨਾਲ ਨਹੀਂ ਜਾ ਸਕਦੀ ॥੨॥

ਰਖਹਿ ਪੋਚਾਰਿ ਮਾਟੀ ਕਾ ਭਾਂਡਾ ॥

ਹੇ ਪ੍ਰਾਣੀ! ਤੂੰ ਇਸ ਮਿੱਟੀ ਦੇ ਭਾਂਡੇ (ਸਰੀਰ) ਨੂੰ (ਬਾਹਰੋਂ) ਬਣਾ ਸੰਵਾਰ ਕੇ ਰੱਖਦਾ ਹੈਂ;

ਅਤਿ ਕੁਚੀਲ ਮਿਲੈ ਜਮ ਡਾਂਡਾ ॥੩॥

(ਪਰ ਅੰਦਰੋਂ ਵਿਕਾਰਾਂ ਨਾਲ ਇਹ) ਬਹੁਤ ਗੰਦਾ ਹੋਇਆ ਪਿਆ ਹੈ। (ਇਹੋ ਜਿਹੇ ਜੀਵਨ ਵਾਲੇ ਨੂੰ ਤਾਂ) ਜਮਾਂ ਦੀ ਸਜ਼ਾ ਮਿਲਿਆ ਕਰਦੀ ਹੈ ॥੩॥

ਕਾਮ ਕ੍ਰੋਧਿ ਲੋਭਿ ਮੋਹਿ ਬਾਧਾ ॥

ਹੇ ਪ੍ਰਾਣੀ! ਤੂੰ ਕਾਮ ਕ੍ਰੋਧ ਵਿਚ, ਲੋਭ ਵਿਚ ਮੋਹ ਵਿਚ ਬੱਝਾ ਪਿਆ ਹੈਂ।

ਮਹਾ ਗਰਤ ਮਹਿ ਨਿਘਰਤ ਜਾਤਾ ॥੪॥

ਵਿਕਾਰਾਂ ਦੇ ਵੱਡੇ ਹੋਏ ਵਿਚ (ਹੋਰ ਹੋਰ) ਖੁੱਭਦਾ ਜਾ ਰਿਹਾ ਹੈਂ ॥੪॥

ਨਾਨਕ ਕੀ ਅਰਦਾਸਿ ਸੁਣੀਜੈ ॥

ਹੇ ਮੇਰੇ ਪ੍ਰਭੂ! (ਆਪਣੇ ਦਾਸ) ਨਾਨਕ ਦੀ ਅਰਜ਼ੋਈ ਸੁਣ।

ਡੂਬਤ ਪਾਹਨ ਪ੍ਰਭ ਮੇਰੇ ਲੀਜੈ ॥੫॥੧੪॥੨੦॥

ਅਸਾਂ ਡੁੱਬ ਰਹੇ ਪੱਥਰਾਂ ਨੂੰ ਡੁੱਬਣੋਂ ਬਚਾ ਲੈ ॥੫॥੧੪॥੨੦॥


ਸੂਹੀ ਮਹਲਾ ੫ ॥

ਜੀਵਤ ਮਰੈ ਬੁਝੈ ਪ੍ਰਭੁ ਸੋਇ ॥
ਹੇ ਭਾਈ! ਜੇਹੜਾ ਮਨੁੱਖ ਦੁਨੀਆ ਦੀ ਕਾਰ ਕਰਦਾ ਹੋਇਆ ਹੀ (ਦੁਨੀਆ ਦਾ) ਮੋਹ ਤਿਆਗ ਦੇਂਦਾ ਹੈ, ਉਹ ਮਨੁੱਖ ਪਰਮਾਤਮਾ ਨਾਲ ਸਾਂਝ ਪਾ ਲੈਂਦਾ ਹੈ।

ਤਿਸੁ ਜਨ ਕਰਮਿ ਪਰਾਪਤਿ ਹੋਇ ॥੧॥

ਉਸ ਮਨੁੱਖ ਨੂੰ (ਪਰਮਾਤਮਾ ਦੀ) ਕਿਰਪਾ ਨਾਲ (ਪਰਮਾਤਮਾ ਦਾ ਮਿਲਾਪ) ਪ੍ਰਾਪਤ ਹੋ ਜਾਂਦਾ ਹੈ ॥੧॥

ਸੁਣਿ ਸਾਜਨ ਇਉ ਦੁਤਰੁ ਤਰੀਐ ॥

ਹੇ ਸੱਜਣ! (ਮੇਰੀ ਬੇਨਤੀ) ਸੁਣ। ਸੰਸਾਰ-ਸਮੁੰਦਰ ਤੋਂ ਪਾਰ ਲੰਘਣਾ ਬਹੁਤ ਔਖਾ ਹੈ, ਇਸ ਤੋਂ ਸਿਰਫ਼ ਇਸ ਤਰੀਕੇ ਨਾਲ ਪਾਰ ਲੰਘ ਸਕੀਦਾ ਹੈ (ਕਿ)

ਮਿਲਿ ਸਾਧੂ ਹਰਿ ਨਾਮੁ ਉਚਰੀਐ ॥੧॥ ਰਹਾਉ ॥

ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਿਆ ਜਾਏ ॥੧॥ ਰਹਾਉ ॥

ਏਕ ਬਿਨਾ ਦੂਜਾ ਨਹੀ ਜਾਨੈ ॥

ਹੇ ਭਾਈ! ਜੇਹੜਾ ਮਨੁੱਖ ਇਕ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨਾਲ ਦਿਲੀ ਸਾਂਝ ਨਹੀਂ ਪਾਂਦਾ,

ਘਟ ਘਟ ਅੰਤਰਿ ਪਾਰਬ੍ਰਹਮੁ ਪਛਾਨੈ ॥੨॥

ਉਹ ਮਨੁੱਖ ਪਰਮਾਤਮਾ ਨੂੰ ਹਰੇਕ ਸਰੀਰ ਵਿਚ ਵੱਸਦਾ ਪਛਾਣ ਲੈਂਦਾ ਹੈ ॥੨॥

ਜੋ ਕਿਛੁ ਕਰੈ ਸੋਈ ਭਲ ਮਾਨੈ ॥

ਜੋ ਕੁਝ ਭੀ ਪਰਮਾਤਮਾ ਕਰਦਾ ਹੈ ਜੇਹੜਾ ਮਨੁੱਖ ਹਰੇਕ ਉਸ ਕੰਮ ਨੂੰ (ਦੁਨੀਆ ਵਾਸਤੇ) ਭਲਾ ਮੰਨਦਾ ਹੈ,

ਆਦਿ ਅੰਤ ਕੀ ਕੀਮਤਿ ਜਾਨੈ ॥੩॥

ਉਹ ਮਨੁੱਖ ਸਦਾ ਹੀ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਕਦਰ ਸਮਝ ਲੈਂਦਾ ਹੈ ॥੩॥

ਕਹੁ ਨਾਨਕ ਤਿਸੁ ਜਨ ਬਲਿਹਾਰੀ ॥

ਨਾਨਕ ਆਖਦਾ ਹੈ- ਹੇ ਪ੍ਰਭੂ! ਉਸ ਮਨੁੱਖ ਤੋਂ (ਮੈਂ) ਕੁਰਬਾਨ ਜਾਂਦਾ ਹਾਂ,

ਜਾ ਕੈ ਹਿਰਦੈ ਵਸਹਿ ਮੁਰਾਰੀ ॥੪॥੧੫॥੨੧॥

ਜਿਸ ਮਨੁੱਖ ਦੇ ਹਿਰਦੇ ਵਿਚ ਸਦਾ ਤੂੰ ਵੱਸਦਾ ਹੈਂ (ਜਿਸ ਨੂੰ ਸਦਾ ਤੂੰ ਚੇਤੇ ਰਹਿੰਦਾ ਹੈਂ) ॥੪॥੧੫॥੨੧॥


ਸੂਹੀ ਮਹਲਾ ੫ ॥
ਗੁਰੁ ਪਰਮੇਸਰੁ ਕਰਣੈਹਾਰੁ ॥

ਹੇ ਮੇਰੇ ਮਨ! ਗੁਰੂ ਉਸ ਪਰਮਾਤਮਾ ਦਾ ਰੂਪ ਹੈ ਜੇਹੜਾ ਸਭ ਤੋਂ ਵੱਡਾ ਮਾਲਕ ਹੈ ਜੇਹੜਾ ਸਭ ਕੁਝ ਕਰ ਸਕਣ ਵਾਲਾ ਹੈ।

ਸਗਲ ਸ੍ਰਿਸਟਿ ਕਉ ਦੇ ਆਧਾਰੁ ॥੧॥

ਗੁਰੂ ਸਾਰੀ ਸ੍ਰਿਸ਼ਟੀ ਨੂੰ (ਪਰਮਾਤਮਾ ਦੇ ਨਾਮ ਦਾ) ਆਸਰਾ ਦੇਂਦਾ ਹੈ ॥੧॥

ਗੁਰ ਕੇ ਚਰਣ ਕਮਲ ਮਨ ਧਿਆਇ ॥

ਹੇ (ਮੇਰੇ) ਮਨ! (ਸਦਾ) ਗੁਰੂ ਦੇ ਸੋਹਣੇ ਕੋਮਲ ਚਰਨਾਂ ਦਾ ਧਿਆਨ ਧਰਿਆ ਕਰ।

ਦੂਖੁ ਦਰਦੁ ਇਸੁ ਤਨ ਤੇ ਜਾਇ ॥੧॥ ਰਹਾਉ ॥

(ਜੇਹੜਾ ਮਨੁੱਖ ਇਹ ਉੱਦਮ ਕਰਦਾ ਹੈ ਉਸ ਦੇ) ਇਸ ਸਰੀਰ ਤੋਂ ਹਰੇਕ ਕਿਸਮ ਦਾ ਦੁੱਖ-ਕਲੇਸ਼ ਦੂਰ ਹੋ ਜਾਂਦਾ ਹੈ ॥੧॥ ਰਹਾਉ ॥

ਭਵਜਲਿ ਡੂਬਤ ਸਤਿਗੁਰੁ ਕਾਢੈ ॥

(ਹੇ ਮਨ! ਗੁਰੂ ਸੰਸਾਰ-ਸਮੁੰਦਰ ਵਿਚ ਡੁਬਦਿਆਂ ਨੂੰ ਬਚਾ ਲੈਂਦਾ ਹੈ,

ਜਨਮ ਜਨਮ ਕਾ ਟੂਟਾ ਗਾਢੈ ॥੨॥

ਅਨੇਕਾਂ ਜਨਮਾਂ ਤੋਂ (ਪਰਮਾਤਮਾ ਨਾਲੋਂ) ਟੁੱਟੇ ਹੋਏ ਮਨੁੱਖ ਨੂੰ (ਪਰਮਾਤਮਾ ਨਾਲ) ਜੋੜ ਦੇਂਦਾ ਹੈ ॥੨॥

ਗੁਰ ਕੀ ਸੇਵਾ ਕਰਹੁ ਦਿਨੁ ਰਾਤਿ ॥

ਹੇ ਭਾਈ! ਦਿਨ ਰਾਤ ਗੁਰੂ ਦੀ (ਦੱਸੀ ਹੋਈ) ਸੇਵਾ ਕਰਿਆ ਕਰੋ।

ਸੂਖ ਸਹਜ ਮਨਿ ਆਵੈ ਸਾਂਤਿ ॥੩॥

(ਜੇਹੜਾ ਮਨੁੱਖ ਸੇਵਾ ਕਰਦਾ ਹੈ ਉਸ ਦੇ) ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਆਤਮਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਹਨ ॥੩॥

ਸਤਿਗੁਰ ਕੀ ਰੇਣੁ ਵਡਭਾਗੀ ਪਾਵੈ ॥

ਕੋਈ ਵੱਡੇ ਭਾਗਾਂ ਵਾਲਾ ਮਨੁੱਖ ਗੁਰੂ ਦੀ ਚਰਨ-ਧੂੜ ਹਾਸਲ ਕਰਦਾ ਹੈ।

ਨਾਨਕ ਗੁਰ ਕਉ ਸਦ ਬਲਿ ਜਾਵੈ ॥੪॥੧੬॥੨੨॥

ਹੇ ਨਾਨਕ! (ਫਿਰ ਉਹ ਮਨੁੱਖ) ਗੁਰੂ ਤੋਂ ਸਦਾ ਸਦਕੇ ਜਾਂਦਾ ਹੈ ॥੪॥੧੬॥੨੨॥


ਸੂਹੀ ਮਹਲਾ ੫ ॥
ਗੁਰ ਅਪੁਨੇ ਊਪਰਿ ਬਲਿ ਜਾਈਐ ॥

ਹੇ ਭਾਈ! ਆਪਣੇ ਗੁਰੂ ਉੱਤੋਂ (ਸਦਾ) ਕੁਰਬਾਨ ਹੋਣਾ ਚਾਹੀਦਾ ਹੈ (ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰੋਂ ਆਪਾ- ਭਾਵ ਮਿਟਾ ਦੇਣਾ ਚਾਹੀਦਾ ਹੈ,

ਆਠ ਪਹਰ ਹਰਿ ਹਰਿ ਜਸੁ ਗਾਈਐ ॥੧॥

(ਕਿਉਂਕਿ, ਗੁਰੂ ਦੀ ਕਿਰਪਾ ਨਾਲ ਹੀ) ਅੱਠੇ ਪਹਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਜਾ ਸਕਦਾ ਹੈ ॥੧॥

ਸਿਮਰਉ ਸੋ ਪ੍ਰਭੁ ਅਪਨਾ ਸੁਆਮੀ ॥

ਹੇ ਭਾਈ! (ਗੁਰੂ ਦੀ ਕਿਰਪਾ ਨਾਲ) ਮੈਂ ਆਪਣਾ ਉਹ ਮਾਲਕ-ਪ੍ਰਭੂ ਸਿਮਰਦਾ ਰਹਿੰਦਾ ਹਾਂ,

ਸਗਲ ਘਟਾ ਕਾ ਅੰਤਰਜਾਮੀ ॥੧॥ ਰਹਾਉ ॥

ਜੇਹੜਾ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ ॥੧॥ ਰਹਾਉ ॥

ਚਰਣ ਕਮਲ ਸਿਉ ਲਾਗੀ ਪ੍ਰੀਤਿ ॥

ਹੇ ਭਾਈ! (ਗੁਰੂ ਦੀ ਕਿਰਪਾ ਨਾਲ ਹੀ) ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਪਿਆਰ ਬਣਦਾ ਹੈ।

ਸਾਚੀ ਪੂਰਨ ਨਿਰਮਲ ਰੀਤਿ ॥੨॥

(ਗੁਰ-ਚਰਨਾਂ ਦੀ ਪ੍ਰੀਤ ਹੀ) ਅਟੱਲ ਮੁਕੰਮਲ ਤੇ ਪਵਿਤ੍ਰ ਜੀਵਨ-ਜੁਗਤਿ ਹੈ ॥੨॥

ਸੰਤ ਪ੍ਰਸਾਦਿ ਵਸੈ ਮਨ ਮਾਹੀ ॥

ਹੇ ਭਾਈ! ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਜਿਸ ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ,

ਜਨਮ ਜਨਮ ਕੇ ਕਿਲਵਿਖ ਜਾਹੀ ॥੩॥

(ਉਸ ਮਨੁੱਖ ਦੇ) ਅਨੇਕਾਂ ਜਨਮਾਂ ਦੇ ਪਾਪ ਦੂਰ ਹੋ ਜਾਂਦੇ ਹਨ ॥੩॥

ਕਰਿ ਕਿਰਪਾ ਪ੍ਰਭ ਦੀਨ ਦਇਆਲਾ ॥

ਹੇ ਨਿਮਾਣਿਆਂ ਉਤੇ ਦਇਆ ਕਰਨ ਵਾਲੇ ਪ੍ਰਭੂ! (ਆਪਣੇ ਦਾਸ ਨਾਨਕ ਉਤੇ) ਕਿਰਪਾ ਕਰ।

ਨਾਨਕੁ ਮਾਗੈ ਸੰਤ ਰਵਾਲਾ ॥੪॥੧੭॥੨੩॥

(ਤੇਰਾ ਦਾਸ) ਨਾਨਕ (ਤੇਰੇ ਦਰ ਤੋਂ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ ॥੪॥੧੭॥੨੩॥


ਸੂਹੀ ਮਹਲਾ ੫ ॥
ਦਰਸਨੁ ਦੇਖਿ ਜੀਵਾ ਗੁਰ ਤੇਰਾ ॥

ਹੇ ਗੁਰੂ! ਤੇਰਾ ਦਰਸਨ ਕਰ ਕੇ ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ।

ਪੂਰਨ ਕਰਮੁ ਹੋਇ ਪ੍ਰਭ ਮੇਰਾ ॥੧॥

ਹੇ ਮੇਰੇ ਪ੍ਰਭੂ! ਤੇਰੀ ਪੂਰਨ ਬਖ਼ਸ਼ਸ਼ ਹੋਏ (ਤੇ, ਮੈਨੂੰ ਗੁਰੂ ਮਿਲ ਜਾਵੇ) ॥੧॥

ਇਹ ਬੇਨੰਤੀ ਸੁਣਿ ਪ੍ਰਭ ਮੇਰੇ ॥

ਹੇ ਮੇਰੇ ਪ੍ਰਭੂ (ਮੇਰੀ) ਇਹ ਅਰਜ਼ੋਈ ਸੁਣ,

ਦੇਹਿ ਨਾਮੁ ਕਰਿ ਅਪਣੇ ਚੇਰੇ ॥੧॥ ਰਹਾਉ ॥

(ਗੁਰੂ ਦੀ ਰਾਹੀਂ) ਮੈਨੂੰ ਆਪਣਾ ਸੇਵਕ ਬਣਾ ਕੇ (ਆਪਣਾ) ਨਾਮ ਬਖ਼ਸ਼ ॥੧॥ ਰਹਾਉ ॥

ਅਪਣੀ ਸਰਣਿ ਰਾਖੁ ਪ੍ਰਭ ਦਾਤੇ ॥

ਹੇ ਸਭ ਦਾਤਾਂ ਦੇਣ ਵਾਲੇ ਪ੍ਰਭੂ! ਮੈਨੂੰ ਆਪਣੀ ਸਰਨ ਵਿਚ ਰੱਖ।

ਗੁਰਪ੍ਰਸਾਦਿ ਕਿਨੈ ਵਿਰਲੈ ਜਾਤੇ ॥੨॥

ਹੇ ਪ੍ਰਭੂ! ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਮਨੁੱਖ ਨੇ ਤੇਰੇ ਨਾਲ ਡੂੰਘੀ ਸਾਂਝ ਪਾਈ ਹੈ ॥੨॥

ਸੁਨਹੁ ਬਿਨਉ ਪ੍ਰਭ ਮੇਰੇ ਮੀਤਾ ॥

ਹੇ ਮੇਰੇ ਮਿੱਤਰ ਪ੍ਰਭੂ! ਮੇਰੀ ਅਰਜ਼ੋਈ ਸੁਣ,

ਚਰਣ ਕਮਲ ਵਸਹਿ ਮੇਰੈ ਚੀਤਾ ॥੩॥

(ਮੇਹਰ ਕਰ! ਤੇਰੇ) ਸੋਹਣੇ ਚਰਨ ਮੇਰੇ ਚਿੱਤ ਵਿਚ ਵੱਸ ਪੈਣ ॥੩॥

ਨਾਨਕੁ ਏਕ ਕਰੈ ਅਰਦਾਸਿ ॥

(ਤੇਰਾ ਸੇਵਕ) ਨਾਨਕ (ਤੇਰੇ ਦਰ ਤੇ) ਇਕ ਅਰਜ਼ ਕਰਦਾ ਹੈ,

ਵਿਸਰੁ ਨਾਹੀ ਪੂਰਨ ਗੁਣਤਾਸਿ ॥੪॥੧੮॥੨੪॥

ਹੇ ਪੂਰਨ ਪ੍ਰਭੂ! ਸਭ ਗੁਣਾਂ ਦੇ ਖ਼ਜ਼ਾਨੇ ਪ੍ਰਭੂ! (ਕਿਰਪਾ ਕਰ, ਮੈਨੂੰ ਨਾਨਕ ਨੂੰ ਕਦੇ) ਨਾਹ ਭੁੱਲ ॥੪॥੧੮॥੨੪॥


ਸੂਹੀ ਮਹਲਾ ੫ ॥
ਮੀਤੁ ਸਾਜਨੁ ਸੁਤ ਬੰਧਪ ਭਾਈ ॥

ਹੇ ਭਾਈ! ਪਰਮਾਤਮਾ ਹੀ ਮੇਰਾ ਮਿੱਤਰ ਹੈ, ਸੱਜਣ ਹੈ, ਪਰਮਾਤਮਾ ਹੀ (ਮੇਰੇ ਵਾਸਤੇ) ਪੁੱਤਰ ਰਿਸ਼ਤੇਦਾਰ ਭਰਾ ਹੈ।

ਜਤ ਕਤ ਪੇਖਉ ਹਰਿ ਸੰਗਿ ਸਹਾਈ ॥੧॥

ਮੈਂ ਜਿਧਰ ਕਿਧਰ ਵੇਖਦਾ ਹਾਂ, ਪਰਮਾਤਮਾ ਮੇਰੇ ਨਾਲ ਮਦਦਗਾਰ ਹੈ ॥੧॥

ਜਤਿ ਮੇਰੀ ਪਤਿ ਮੇਰੀ ਧਨੁ ਹਰਿ ਨਾਮੁ ॥

ਹੇ ਭਾਈ! ਪਰਮਾਤਮਾ ਦਾ ਨਾਮ ਮੇਰੀ (ਉੱਚੀ) ਜਾਤਿ ਹੈ, ਮੇਰੀ ਇੱਜ਼ਤ ਹੈ, ਮੇਰਾ ਧਨ ਹੈ।

ਸੂਖ ਸਹਜ ਆਨੰਦ ਬਿਸਰਾਮ ॥੧॥ ਰਹਾਉ ॥

(ਇਸ ਦੀ ਬਰਕਤਿ ਨਾਲ ਮੇਰੇ ਅੰਦਰ) ਆਨੰਦ ਹੈ ਸ਼ਾਂਤੀ ਹੈ, ਆਤਮਕ ਅਡੋਲਤਾ ਦੇ ਸੁਖ ਹਨ ॥੧॥ ਰਹਾਉ ॥

ਪਾਰਬ੍ਰਹਮੁ ਜਪਿ ਪਹਿਰਿ ਸਨਾਹ ॥

ਹੇ ਭਾਈ! (ਸਦਾ) ਪਰਮਾਤਮਾ (ਦਾ ਨਾਮ) ਜਪਿਆ ਕਰ, (ਹਰਿ-ਨਾਮ ਦੀ) ਸੰਜੋਅ ਪਹਿਨੀ ਰੱਖ।

ਕੋਟਿ ਆਵਧ ਤਿਸੁ ਬੇਧਤ ਨਾਹਿ ॥੨॥

ਇਸ (ਸੰਜੋਅ) ਨੂੰ (ਕਾਮਾਦਿਕ) ਕ੍ਰੋੜਾਂ ਹਥਿਆਰ ਵਿੰਨ੍ਹ ਨਹੀਂ ਸਕਦੇ ॥੨॥

ਹਰਿ ਚਰਨ ਸਰਣ ਗੜ ਕੋਟ ਹਮਾਰੈ ॥

ਹੇ ਭਾਈ! ਮੇਰੇ ਵਾਸਤੇ (ਤਾਂ) ਪਰਮਾਤਮਾ ਦੇ ਚਰਨਾਂ ਦੀ ਸਰਨ ਅਨੇਕਾਂ ਕਿਲ੍ਹੇ ਹੈ।

ਕਾਲੁ ਕੰਟਕੁ ਜਮੁ ਤਿਸੁ ਨ ਬਿਦਾਰੈ ॥੩॥

ਇਸ (ਕਿਲ੍ਹੇ) ਨੂੰ ਦੁਖਦਾਈ ਮੌਤ (ਦਾ ਡਰ) ਨਾਸ ਨਹੀਂ ਕਰ ਸਕਦਾ ॥੩॥

ਨਾਨਕ ਦਾਸ ਸਦਾ ਬਲਿਹਾਰੀ ॥

ਹੇ ਨਾਨਕ! (ਆਖ-) ਹੇ ਪ੍ਰਭੂ! ਮੈਂ ਤੇਰੇ ਸੇਵਕਾਂ ਸੰਤਾਂ ਤੋਂ ਸਦਾ ਸਦਕੇ ਜਾਂਦਾ ਹਾਂ

ਸੇਵਕ ਸੰਤ ਰਾਜਾ ਰਾਮ ਮੁਰਾਰੀ ॥੪॥੧੯॥੨੫॥

ਹੇ ਪ੍ਰਭੂ-ਪਾਤਿਸ਼ਾਹ! ਹੇ ਮੁਰਾਰੀ! (ਜਿਨ੍ਹਾਂ ਦੀ ਸੰਗਤਿ ਵਿਚ ਤੇਰਾ ਨਾਮ ਪ੍ਰਾਪਤ ਹੁੰਦਾ ਹੈ) ॥੪॥੧੯॥੨੫॥

ਸੂਹੀ ਮਹਲਾ ੫ ॥
ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾ ॥

ਹੇ ਸਹੇਲੀਏ! ਗੋਪਾਲ ਪ੍ਰਭੂ ਦੇ ਗੁਣ ਸਦਾ ਗਾਂਦੇ ਰਹੀਏ।

ਅਨਦ ਬਿਨੋਦ ਮੰਗਲ ਸੁਖ ਤਾਹਾ ॥੧॥

(ਜੇਹੜੇ ਗਾਂਦੇ ਹਨ) ਉਹਨਾਂ ਨੂੰ ਸੁਖ ਆਨੰਦ ਚਾਉ ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ ॥੧॥

ਚਲੁ ਸਖੀਏ ਪ੍ਰਭੁ ਰਾਵਣ ਜਾਹਾ ॥

ਹੇ ਸਹੇਲੀਏ! ਉੱਠ, ਪ੍ਰਭੂ ਦਾ ਸਿਮਰਨ ਕਰਨ ਚੱਲੀਏ,

ਸਾਧ ਜਨਾ ਕੀ ਚਰਣੀ ਪਾਹਾ ॥੧॥ ਰਹਾਉ ॥

ਸੰਤ ਜਨਾਂ ਦੇ ਚਰਨਾਂ ਵਿਚ ਜਾ ਪਈਏ ॥੧॥ ਰਹਾਉ ॥

ਕਰਿ ਬੇਨਤੀ ਜਨ ਧੂਰਿ ਬਾਛਾਹਾ ॥

ਹੇ ਸਹੇਲੀਏ! (ਪ੍ਰਭੂ ਅੱਗੇ) ਬੇਨਤੀ ਕਰ ਕੇ (ਉਸ ਪਾਸੋਂ) ਸੰਤ ਜਨਾਂ ਦੀ ਚਰਨ-ਧੂੜ ਮੰਗੀਏ,

ਜਨਮ ਜਨਮ ਕੇ ਕਿਲਵਿਖ ਲਾਹਾਂ ॥੨॥

(ਅਤੇ ਆਪਣੇ) ਅਨੇਕਾਂ ਜਨਮਾਂ ਦੇ ਪਾਪ ਦੂਰ ਕਰ ਲਈਏ ॥੨॥

ਮਨੁ ਤਨੁ ਪ੍ਰਾਣ ਜੀਉ ਅਰਪਾਹਾ ॥

ਹੇ ਸਹੇਲੀਏ! ਆਪਣਾ ਮਨ ਤਨ ਜਿੰਦ ਜਾਨ ਭੇਟਾ ਕਰ ਦੇਈਏ।

ਹਰਿ ਸਿਮਰਿ ਸਿਮਰਿ ਮਾਨੁ ਮੋਹੁ ਕਟਾਹਾਂ ॥੩॥

ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ (ਆਪਣੇ ਅੰਦਰੋਂ) ਅਹੰਕਾਰ ਤੇ ਮੋਹ ਦੂਰ ਕਰ ਲਈਏ ॥੩॥

ਦੀਨ ਦਇਆਲ ਕਰਹੁ ਉਤਸਾਹਾ ॥

ਹੇ ਦੀਨਾਂ ਉਤੇ ਦਇਆ ਕਰਨ ਵਾਲੇ ਹਰੀ! (ਮੇਰੇ ਅੰਦਰ) ਚਾਉ ਪੈਦਾ ਕਰ (ਕਿ)

ਨਾਨਕ ਦਾਸ ਹਰਿ ਸਰਣਿ ਸਮਾਹਾ ॥੪॥੨੦॥੨੬॥

ਹੇ ਨਾਨਕ! (ਆਖ-) ਮੈਂ ਤੇਰੇ ਦਾਸਾਂ ਦੀ ਸਰਨ ਪਿਆ ਰਹਾਂ ॥੪॥੨੦॥੨੬॥


ਸੂਹੀ ਮਹਲਾ ੫ ॥

ਬੈਕੁੰਠ ਨਗਰੁ ਜਹਾ ਸੰਤ ਵਾਸਾ ॥

ਹੇ ਭਾਈ! ਜਿਸ ਥਾਂ (ਪਰਮਾਤਮਾ ਦੇ) ਸੰਤ ਜਨ ਵੱਸਦੇ ਹੋਣ, ਉਹੀ ਹੈ (ਅਸਲ) ਬੈਕੁੰਠ ਦਾ ਸ਼ਹਰ।

ਪ੍ਰਭ ਚਰਣ ਕਮਲ ਰਿਦ ਮਾਹਿ ਨਿਵਾਸਾ ॥੧॥

(ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ) ਪ੍ਰਭੂ ਦੇ ਸੋਹਣੇ ਚਰਨ ਹਿਰਦੇ ਵਿਚ ਆ ਵੱਸਦੇ ਹਨ ॥੧॥

ਸੁਣਿ ਮਨ ਤਨ ਤੁਝੁ ਸੁਖੁ ਦਿਖਲਾਵਉ ॥

ਹੇ ਭਾਈ! (ਮੇਰੀ ਗੱਲ) ਸੁਣ, (ਆ,) ਮੈਂ (ਤੇਰੇ) ਮਨ ਨੂੰ (ਤੇਰੇ) ਤਨ ਨੂੰ ਆਤਮਕ ਆਨੰਦ ਵਿਖਾ ਦਿਆਂ।

ਹਰਿ ਅਨਿਕ ਬਿੰਜਨ ਤੁਝੁ ਭੋਗ ਭੁੰਚਾਵਉ ॥੧॥ ਰਹਾਉ ॥

ਪ੍ਰਭੂ ਦਾ ਨਾਮ (ਮਾਨੋ) ਅਨੇਕਾਂ ਸੁਆਦਲੇ ਭੋਜਨ ਹੈ, (ਆ, ਸਾਧ ਸੰਗਤਿ ਵਿਚ) ਮੈਂ ਤੈਨੂੰ ਉਹ ਸੁਆਦਲੇ ਭੋਜ ਖਵਾਵਾਂ ॥੧॥ ਰਹਾਉ ॥

ਅੰਮ੍ਰਿਤ ਨਾਮੁ ਭੁੰਚੁ ਮਨ ਮਾਹੀ ॥

ਹੇ ਭਾਈ! (ਸਾਧ ਸੰਗਤਿ ਵਿਚ ਰਹਿ ਕੇ) ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ (-ਭੋਜਨ) ਆਪਣੇ ਮਨ ਵਿਚ ਖਾਇਆ ਕਰ,

ਅਚਰਜ ਸਾਦ ਤਾ ਕੇ ਬਰਨੇ ਨ ਜਾਹੀ ॥੨॥

ਇਸ ਭੋਜਨ ਦੇ ਹੈਰਾਨ ਕਰਨ ਵਾਲੇ ਸੁਆਦ ਹਨ, ਬਿਆਨ ਨਹੀਂ ਕੀਤੇ ਜਾ ਸਕਦੇ ॥੨॥

ਲੋਭੁ ਮੂਆ ਤ੍ਰਿਸਨਾ ਬੁਝਿ ਥਾਕੀ ॥

ਹੇ ਭਾਈ! (ਉਹਨਾਂ ਦੇ ਅੰਦਰੋਂ) ਲੋਭ ਮੁੱਕ ਜਾਂਦਾ ਹੈ, ਤ੍ਰਿਸ਼ਨਾ ਦੀ ਅੱਗ ਬੁੱਝ ਕੇ ਖ਼ਤਮ ਹੋ ਜਾਂਦੀ ਹੈ,

ਪਾਰਬ੍ਰਹਮ ਕੀ ਸਰਣਿ ਜਨ ਤਾਕੀ ॥੩॥

ਜਿਨ੍ਹਾਂ ਸੰਤ ਜਨਾਂ ਨੇ (ਸਾਧ ਸੰਗਤਿ-ਬੈਕੁੰਠ ਵਿਚ ਆ ਕੇ) ਪਰਮਾਤਮਾ ਦਾ ਆਸਰਾ ਤੱਕ ਲਿਆ ॥੩॥

ਜਨਮ ਜਨਮ ਕੇ ਭੈ ਮੋਹ ਨਿਵਾਰੇ ॥

ਪ੍ਰਭੂ ਉਹਨਾਂ ਦੇ ਅਨੇਕਾਂ ਜਨਮਾਂ ਦੇ ਡਰ ਮੋਹ ਦੂਰ ਕਰ ਦੇਂਦਾ ਹੈ।

ਨਾਨਕ ਦਾਸ ਪ੍ਰਭ ਕਿਰਪਾ ਧਾਰੇ ॥੪॥੨੧॥੨੭॥

ਹੇ ਨਾਨਕ! (ਆਖ-ਹੇ ਭਾਈ!) ਪ੍ਰਭੂ ਆਪਣੇ ਦਾਸਾਂ ਉਤੇ ਮੇਹਰ ਕਰਦਾ ਹੈ ॥੪॥੨੧॥੨੭॥


ਸੂਹੀ ਮਹਲਾ ੫ ॥
ਅਨਿਕ ਬੀਂਗ ਦਾਸ ਕੇ ਪਰਹਰਿਆ ॥

ਹੇ ਭਾਈ! ਪ੍ਰਭੂ ਨੇ ਆਪਣੇ ਸੇਵਕ ਦੇ ਅਨੇਕਾਂ ਵਿੰਗ ਦੂਰ ਕਰ ਦਿੱਤੇ,

ਕਰਿ ਕਿਰਪਾ ਪ੍ਰਭਿ ਅਪਨਾ ਕਰਿਆ ॥੧॥

ਤੇ ਕਿਰਪਾ ਕਰ ਕੇ ਉਸ ਨੂੰ ਆਪਣਾ ਬਣਾ ਲਿਆ ਹੈ ॥੧॥

ਤੁਮਹਿ ਛਡਾਇ ਲੀਓ ਜਨੁ ਅਪਨਾ ॥

ਹੇ ਪ੍ਰਭੂ! ਤੂੰ ਆਪਣੇ ਸੇਵਕ ਨੂੰ (ਉਸ ਮੋਹ ਜਾਲ ਵਿਚੋਂ) ਆਪ ਕੱਢ ਲਿਆ,

ਉਰਝਿ ਪਰਿਓ ਜਾਲੁ ਜਗੁ ਸੁਪਨਾ ॥੧॥ ਰਹਾਉ ॥

ਜੋ ਸੁਪਨੇ ਵਰਗੇ ਜਗਤ (ਦਾ ਮੋਹ-) ਜਾਲ (ਤੇਰੇ ਸੇਵਕ ਦੇ ਦੁਆਲੇ) ਚੀੜ੍ਹਾ ਹੋ ਗਿਆ ਸੀ ॥੧॥ ਰਹਾਉ ॥

ਪਰਬਤ ਦੋਖ ਮਹਾ ਬਿਕਰਾਲਾ ॥

ਹੇ ਭਾਈ! (ਸਰਨ ਆਏ ਮਨੁੱਖ ਦੇ) ਪਹਾੜਾਂ ਜੇਡੇ ਵੱਡੇ ਤੇ ਭਿਆਨਕ ਐਬ-

ਖਿਨ ਮਹਿ ਦੂਰਿ ਕੀਏ ਦਇਆਲਾ ॥੨॥

ਦੀਨਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਨੇ ਇਕ ਛਿਨ ਵਿਚ ਦੂਰ ਕਰ ਦਿੱਤੇ ॥੨॥

ਸੋਗ ਰੋਗ ਬਿਪਤਿ ਅਤਿ ਭਾਰੀ ॥

ਹੇ ਭਾਈ! (ਸੇਵਕ ਦੇ) ਅਨੇਕਾਂ ਗ਼ਮ ਤੇ ਰੋਗ ਵੱਡੀਆਂ ਭਾਰੀਆਂ ਮੁਸੀਬਤਾਂ-

ਦੂਰਿ ਭਈ ਜਪਿ ਨਾਮੁ ਮੁਰਾਰੀ ॥੩॥

ਪਰਮਾਤਮਾ ਦਾ ਨਾਮ ਜਪ ਕੇ ਦੂਰ ਹੋ ਗਈਆਂ ॥੩॥

ਦ੍ਰਿਸਟਿ ਧਾਰਿ ਲੀਨੋ ਲੜਿ ਲਾਇ ॥

ਹੇ ਭਾਈ! ਪਰਮਾਤਮਾ ਨੇ ਮੇਹਰ ਦੀ ਨਿਗਾਹ ਕਰ ਕੇ ਉਸ ਮਨੁੱਖ ਨੂੰ ਆਪਣੇ ਲੜ ਲਾ ਲਿਆ,

ਹਰਿ ਚਰਣ ਗਹੇ ਨਾਨਕ ਸਰਣਾਇ ॥੪॥੨੨॥੨੮॥

ਹੇ ਨਾਨਕ! (ਆਖ-) ਜਿਸ ਮਨੁੱਖ ਨੇ ਪਰਮਾਤਮਾ ਦੇ ਚਰਨ ਫੜ ਲਏ, ਜੋ ਮਨੁੱਖ ਪ੍ਰਭੂ ਦੀ ਸਰਨ ਆ ਪਿਆ ॥੪॥੨੨॥੨੮॥


ਸੂਹੀ ਮਹਲਾ ੫ ॥
ਦੀਨੁ ਛਡਾਇ ਦੁਨੀ ਜੋ ਲਾਏ ॥

ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਨਾਮ-ਧਨ ਵਿਹਾਝਣ ਵਲੋਂ ਹਟਾ ਕੇ ਦੁਨੀਆ ਦੇ ਧਨ ਵਲ ਲਾ ਦੇਂਦਾ ਹੈ,

ਦੁਹੀ ਸਰਾਈ ਖੁਨਾਮੀ ਕਹਾਏ ॥੧॥

ਉਹ ਮਨੁੱਖ ਦੋਹਾਂ ਜਹਾਨਾਂ ਵਿਚ (ਇਸ ਲੋਕ ਤੇ ਪਰਲੋਕ ਵਿਚ) ਗੁਨਹਗਾਰ ਅਖਵਾਂਦਾ ਹੈ ॥੧॥

ਜੋ ਤਿਸੁ ਭਾਵੈ ਸੋ ਪਰਵਾਣੁ ॥

ਹੇ ਭਾਈ! ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਜੀਵਾਂ ਨੂੰ ਉਹੀ ਕੁਝ ਸਿਰ-ਮੱਥੇ ਮੰਨਣਾ ਪੈਂਦਾ ਹੈ (ਉਹੀ ਕੁਝ ਜੀਵ ਕਰਦੇ ਹਨ)

ਆਪਣੀ ਕੁਦਰਤਿ ਆਪੇ ਜਾਣੁ ॥੧॥ ਰਹਾਉ ॥

ਪਰਮਾਤਮਾ ਆਪਣੀ ਰਚੀ ਸ੍ਰਿਸ਼ਟੀ ਬਾਰੇ ਆਪ ਹੀ ਸਭ ਕੁਝ ਜਾਣਨ ਵਾਲਾ ਹੈ ॥੧॥ ਰਹਾਉ ॥

ਸਚਾ ਧਰਮੁ ਪੁੰਨੁ ਭਲਾ ਕਰਾਏ ॥

ਹੇ ਭਾਈ! (ਜਿਸ ਮਨੁੱਖ ਪਾਸੋਂ ਪਰਮਾਤਮਾ) ਸਦਾ-ਥਿਰ ਰਹਿਣ ਵਾਲਾ (ਨਾਮ-ਸਿਮਰਨ-) ਧਰਮ ਕਰਾਂਦਾ ਹੈ, (ਨਾਮ-ਸਿਮਰਨ ਦਾ) ਨੇਕ ਭਲਾ ਕੰਮ ਕਰਾਂਦਾ ਹੈ,

ਦੀਨ ਕੈ ਤੋਸੈ ਦੁਨੀ ਨ ਜਾਏ ॥੨॥

ਨਾਮ-ਧਨ ਇਕੱਠਾ ਕਰਦਿਆਂ ਉਸ ਦੀ ਇਹ ਦੁਨੀਆ ਭੀ ਨਹੀਂ ਵਿਗੜਦੀ ॥੨॥

ਸਰਬ ਨਿਰੰਤਰਿ ਏਕੋ ਜਾਗੈ ॥

ਹੇ ਭਾਈ! (ਜੀਵਾਂ ਦੇ ਕੀਹ ਵੱਸ?) ਹਰੇਕ ਜੀਵ ਉਸੇ ਉਸੇ ਕੰਮ ਵਿਚ ਲੱਗਦਾ ਹੈ,

ਜਿਤੁ ਜਿਤੁ ਲਾਇਆ ਤਿਤੁ ਤਿਤੁ ਕੋ ਲਾਗੈ ॥੩॥

ਜਿਸ ਜਿਸ ਕੰਮ ਵਿਚ ਪਰਮਾਤਮਾ ਲਾਂਦਾ ਹੈ ॥੩॥

ਅਗਮ ਅਗੋਚਰੁ ਸਚੁ ਸਾਹਿਬੁ ਮੇਰਾ ॥

ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਮੇਰਾ ਮਾਲਕ ਹੈਂ, ਤੂੰ ਅਪਹੁੰਚ ਹੈਂ, ਗਿਆਨ-ਇੰਦ੍ਰਿਆਂ ਦੀ ਰਾਹੀਂ ਤੇਰੇ ਤਕ ਪਹੁੰਚਿਆ ਨਹੀਂ ਜਾ ਸਕਦਾ।

ਨਾਨਕੁ ਬੋਲੈ ਬੋਲਾਇਆ ਤੇਰਾ ॥੪॥੨੩॥੨੯॥

(ਤੇਰਾ ਦਾਸ) ਨਾਨਕ ਤੇਰਾ ਪ੍ਰੇਰਿਆ ਹੋਇਆ ਹੀ ਤੇਰਾ ਨਾਮ ਉਚਾਰ ਸਕਦਾ ਹੈ ॥੪॥੨੩॥੨੯॥


ਸੂਹੀ ਮਹਲਾ ੫ ॥
ਪ੍ਰਾਤਹਕਾਲਿ ਹਰਿ ਨਾਮੁ ਉਚਾਰੀ ॥

ਹੇ ਭਾਈ! ਅੰਮ੍ਰਿਤ ਵੇਲੇ (ਉੱਠ ਕੇ) ਪਰਮਾਤਮਾ ਦਾ ਨਾਮ ਸਿਮਰਿਆ ਕਰ,

ਈਤ ਊਤ ਕੀ ਓਟ ਸਵਾਰੀ ॥੧॥

(ਇਸ ਤਰ੍ਹਾਂ) ਇਸ ਲੋਕ ਅਤੇ ਪਰਲੋਕ ਵਾਸਤੇ ਸੋਹਣਾ ਆਸਰਾ ਬਣਾਂਦਾ ਰਿਹਾ ਕਰ ॥੧॥

ਸਦਾ ਸਦਾ ਜਪੀਐ ਹਰਿ ਨਾਮ ॥

ਹੇ ਭਾਈ! ਸਦਾ ਹੀ ਪਰਮਾਤਮਾ ਦਾ ਨਾਮ ਸਿਮਰਦੇ ਰਹਿਣਾ ਚਾਹੀਦਾ ਹੈ।

ਪੂਰਨ ਹੋਵਹਿ ਮਨ ਕੇ ਕਾਮ ॥੧॥ ਰਹਾਉ ॥

(ਸਿਮਰਨ ਦੀ ਬਰਕਤਿ ਨਾਲ) ਮਨ ਦੇ ਚਿਤਵੇ ਹੋਏ ਸਾਰੇ ਕੰਮ ਸਫਲ ਹੋ ਜਾਂਦੇ ਹਨ ॥੧॥ ਰਹਾਉ ॥

ਪ੍ਰਭੁ ਅਬਿਨਾਸੀ ਰੈਣਿ ਦਿਨੁ ਗਾਉ ॥

ਹੇ ਭਾਈ! ਰਾਤ ਦਿਨ ਅਬਿਨਾਸ਼ੀ ਪ੍ਰਭੂ (ਦੀ ਸਿਫ਼ਤਿ-ਸਾਲਾਹ ਦੇ ਗੀਤ) ਗਾਇਆ ਕਰ।

ਜੀਵਤ ਮਰਤ ਨਿਹਚਲੁ ਪਾਵਹਿ ਥਾਉ ॥੨॥

(ਇਸ ਤਰ੍ਹਾਂ) ਦੁਨੀਆ ਦੀ ਕਾਰ ਕਰਦਾ ਹੋਇਆ ਨਿਰਮੋਹ ਰਹਿ ਕੇ ਤੂੰ (ਪ੍ਰਭੂ-ਚਰਨਾਂ ਵਿਚ) ਸਦਾ ਕਾਇਮ ਰਹਿਣ ਵਾਲੀ ਥਾਂ ਪ੍ਰਾਪਤ ਕਰ ਲਏਂਗਾ ॥੨॥

ਸੋ ਸਾਹੁ ਸੇਵਿ ਜਿਤੁ ਤੋਟਿ ਨ ਆਵੈ ॥

ਹੇ ਭਾਈ! ਨਾਮ-ਧਨ ਦੇ ਮਾਲਕ ਉਸ ਪ੍ਰਭੂ ਦੀ ਸੇਵਾ-ਭਗਤੀ ਕਰਿਆ ਕਰ, (ਉਸ ਪਾਸੋਂ ਐਸਾ ਧਨ ਮਿਲਦਾ ਹੈ) ਜਿਸ ਧਨ ਵਿਚ ਕਦੇ ਘਾਟਾ ਨਹੀਂ ਪੈਂਦਾ।

ਖਾਤ ਖਰਚਤ ਸੁਖਿ ਅਨਦਿ ਵਿਹਾਵੈ ॥੩॥

ਉਸ ਧਨ ਨੂੰ ਆਪ ਵਰਤਦਿਆਂ ਹੋਰਨਾਂ ਵਿਚ ਵਰਤਾਂਦਿਆਂ ਜ਼ਿੰਦਗੀ ਸੁਖ ਆਨੰਦ ਨਾਲ ਬੀਤਦੀ ਹੈ ॥੩॥

ਜਗਜੀਵਨ ਪੁਰਖੁ ਸਾਧਸੰਗਿ ਪਾਇਆ ॥

ਉਸ ਮਨੁੱਖ ਨੇ ਜਗਤ ਦੇ ਜੀਵਨ ਸਰਬ-ਵਿਆਪਕ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ,

ਗੁਰਪ੍ਰਸਾਦਿ ਨਾਨਕ ਨਾਮੁ ਧਿਆਇਆ ॥੪॥੨੪॥੩੦॥

ਹੇ ਨਾਨਕ! ਜਿਸ ਨੇ ਸਾਧ ਸੰਗਤਿ ਵਿਚ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ ॥੪॥੨੪॥੩੦॥


ਸੂਹੀ ਮਹਲਾ ੫ ॥
ਗੁਰ ਪੂਰੇ ਜਬ ਭਏ ਦਇਆਲ ॥

ਹੇ ਭਾਈ! ਜਦੋਂ (ਕਿਸੇ ਮਨੁੱਖ ਉਤੇ) ਪੂਰੇ ਸਤਿਗੁਰੂ ਜੀ ਦਇਆਵਾਨ ਹੁੰਦੇ ਹਨ,

ਦੁਖ ਬਿਨਸੇ ਪੂਰਨ ਭਈ ਘਾਲ ॥੧॥

(ਉਹ ਮਨੁੱਖ ਹਰਿ-ਨਾਮ ਸਿਮਰਦਾ ਹੈ, ਉਸ ਦੀ ਇਹ) ਮੇਹਨਤ ਸਫਲ ਹੋ ਜਾਂਦੀ ਹੈ, ਤੇ ਉਸ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ ॥੧॥

ਪੇਖਿ ਪੇਖਿ ਜੀਵਾ ਦਰਸੁ ਤੁਮ੍ਰਾਰਾ ॥

ਹੇ ਪ੍ਰਭੂ! (ਮੇਹਰ ਕਰ) ਤੇਰਾ ਦਰਸਨ ਸਦਾ ਕਰ ਕਰ ਕੇ ਮੈਨੂੰ ਆਤਮਕ ਜੀਵਨ ਮਿਲਦਾ ਰਹੇ,

ਚਰਣ ਕਮਲ ਜਾਈ ਬਲਿਹਾਰਾ ॥

ਮੈਂ ਤੇਰੇ ਸੋਹਣੇ ਚਰਨਾਂ ਤੋਂ ਸਦਕੇ ਹੁੰਦਾ ਰਹਾਂ।

ਤੁਝ ਬਿਨੁ ਠਾਕੁਰ ਕਵਨੁ ਹਮਾਰਾ ॥੧॥ ਰਹਾਉ ॥

ਹੇ ਮਾਲਕ ਤੇਰੇ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ ॥੧॥ ਰਹਾਉ ॥

ਸਾਧਸੰਗਤਿ ਸਿਉ ਪ੍ਰੀਤਿ ਬਣਿ ਆਈ ॥

ਹੇ ਭਾਈ! ਉਸ ਮਨੁੱਖ ਦਾ ਪਿਆਰ ਗੁਰੂ ਦੀ ਸੰਗਤਿ ਨਾਲ ਬਣ ਜਾਂਦਾ ਹੈ,

ਪੂਰਬ ਕਰਮਿ ਲਿਖਤ ਧੁਰਿ ਪਾਈ ॥੨॥

ਪੂਰਬਲੇ ਜਨਮਾਂ ਦੇ ਕੀਤੇ ਕਰਮ ਅਨੁਸਾਰ ਧੁਰ ਦਰਗਾਹ ਤੋਂ ਜਿਸ ਮਨੁੱਖ ਦੇ ਮਸਤਕ ਉਤੇ ਲਿਖਿਆ ਲੇਖ ਉੱਘੜਦਾ ਹੈ ॥੨॥

ਜਪਿ ਹਰਿ ਹਰਿ ਨਾਮੁ ਅਚਰਜੁ ਪਰਤਾਪ ॥

ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰ, ਅਜੇਹਾ ਹੈਰਾਨ ਕਰਨ ਵਾਲਾ ਆਤਮਕ ਤੇਜ ਪ੍ਰਾਪਤ ਹੁੰਦਾ ਹੈ,

ਜਾਲਿ ਨ ਸਾਕਹਿ ਤੀਨੇ ਤਾਪ ॥੩॥

ਕਿ (ਆਧਿ, ਬਿਆਧਿ, ਉਪਾਧਿ-ਇਹ) ਤਿੰਨੇ ਹੀ ਤਾਪ (ਆਤਮਕ ਜੀਵਨ ਨੂੰ) ਸਾੜ ਨਹੀਂ ਸਕਣਗੇ ॥੩॥

ਨਿਮਖ ਨ ਬਿਸਰਹਿ ਹਰਿ ਚਰਣ ਤੁਮ੍ਰਾਰੇ ॥

ਹੇ ਹਰੀ! ਤੇਰੇ ਚਰਨ (ਨਾਨਕ ਨੂੰ) ਅੱਖ ਝਮਕਣ ਜਿਤਨੇ ਸਮੇ ਲਈ ਭੀ ਨਾਹ ਭੁੱਲਣ।

ਨਾਨਕੁ ਮਾਗੈ ਦਾਨੁ ਪਿਆਰੇ ॥੪॥੨੫॥੩੧॥

ਹੇ ਪਿਆਰੇ! (ਤੇਰੇ ਦਰ ਤੋਂ ਤੇਰਾ ਦਾਸ) ਨਾਨਕ (ਇਹੋ) ਦਾਨ ਮੰਗਦਾ ਹੈ ॥੪॥੨੫॥੩੧॥


ਸੂਹੀ ਮਹਲਾ ੫ ॥
ਸੇ ਸੰਜੋਗ ਕਰਹੁ ਮੇਰੇ ਪਿਆਰੇ ॥

ਹੇ ਮੇਰੇ ਪਿਆਰੇ! (ਮੇਰੇ ਵਾਸਤੇ) ਉਹ ਢੋ ਢੁਕਾ,

ਜਿਤੁ ਰਸਨਾ ਹਰਿ ਨਾਮੁ ਉਚਾਰੇ ॥੧॥

ਜਿਸ ਦੀ ਰਾਹੀਂ (ਮੇਰੀ) ਜੀਭ ਤੇਰਾ ਨਾਮ ਉਚਾਰਦੀ ਰਹੇ ॥੧॥

ਸੁਣਿ ਬੇਨਤੀ ਪ੍ਰਭ ਦੀਨ ਦਇਆਲਾ ॥

ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! (ਮੇਰੀ) ਬੇਨਤੀ ਸੁਣ,

ਸਾਧ ਗਾਵਹਿ ਗੁਣ ਸਦਾ ਰਸਾਲਾ ॥੧॥ ਰਹਾਉ ॥

(ਜਿਵੇਂ) ਸੰਤ ਜਨ ਸਦਾ ਤੇਰੇ ਰਸ-ਭਰੇ ਗੁਣ ਗਾਂਦੇ ਰਹਿੰਦੇ ਹਨ (ਤਿਵੇਂ ਮੈਂ ਭੀ ਗਾਂਦਾ ਰਹਾਂ) ॥੧॥ ਰਹਾਉ ॥

ਜੀਵਨ ਰੂਪੁ ਸਿਮਰਣੁ ਪ੍ਰਭ ਤੇਰਾ ॥

ਹੇ ਪ੍ਰਭੂ! ਤੇਰਾ ਨਾਮ ਸਿਮਰਨਾ (ਅਸਾਂ ਜੀਵਾਂ ਵਾਸਤੇ) ਆਤਮਕ ਜੀਵਨ ਦੇ ਬਰਾਬਰ ਹੈ।

ਜਿਸੁ ਕ੍ਰਿਪਾ ਕਰਹਿ ਬਸਹਿ ਤਿਸੁ ਨੇਰਾ ॥੨॥

ਜਿਸ ਮਨੁੱਖ ਉੱਤੇ ਤੂੰ ਕਿਰਪਾ ਕਰਦਾ ਹੈਂ, ਉਸ ਦੇ ਹਿਰਦੇ ਵਿਚ ਆ ਵੱਸਦਾ ਹੈਂ ॥੨॥

ਜਨ ਕੀ ਭੂਖ ਤੇਰਾ ਨਾਮੁ ਅਹਾਰੁ ॥

ਹੇ ਪ੍ਰਭੂ! ਤੇਰੇ ਸੰਤ ਜਨਾਂ ਦੀ (ਆਤਮਕ) ਭੁਖ (ਦੂਰ ਕਰਨ ਲਈ) ਤੇਰਾ ਨਾਮ ਖ਼ੁਰਾਕ ਹੈ।

ਤੂੰ ਦਾਤਾ ਪ੍ਰਭ ਦੇਵਣਹਾਰੁ ॥੩॥

ਇਹ ਖ਼ੁਰਾਕ ਤੂੰ ਹੀ ਦੇਂਦਾ ਹੈਂ, ਤੂੰ ਹੀ ਦੇ ਸਕਦਾ ਹੈਂ ॥੩॥

ਰਾਮ ਰਮਤ ਸੰਤਨ ਸੁਖੁ ਮਾਨਾ ॥

ਸੰਤ ਜਨ ਉਸ ਪਰਮਾਤਮਾ ਦਾ ਨਾਮ ਸਿਮਰ ਕੇ ਆਤਮਕ ਆਨੰਦ ਮਾਣਦੇ ਰਹਿੰਦੇ ਹਨ,

ਨਾਨਕ ਦੇਵਨਹਾਰ ਸੁਜਾਨਾ ॥੪॥੨੬॥੩੨॥

ਹੇ ਨਾਨਕ! ਜੋ ਸਭ ਕੁਝ ਦੇਣ ਦੇ ਸਮਰਥ ਹੈ ਅਤੇ ਜੋ (ਹਰ ਗੱਲੇ) ਸਿਆਣਾ ਹੈ ॥੪॥੨੬॥੩੨॥


ਸੂਹੀ ਮਹਲਾ ੫ ॥
ਬਹਤੀ ਜਾਤ ਕਦੇ ਦ੍ਰਿਸਟਿ ਨ ਧਾਰਤ ॥

ਹੇ ਭਾਈ! (ਤੇਰੀ ਉਮਰ ਦੀ ਨਦੀ) ਵਹਿੰਦੀ ਜਾ ਰਹੀ ਹੈ, ਪਰ ਤੂੰ ਇਧਰ ਧਿਆਨ ਨਹੀਂ ਕਰਦਾ।

ਮਿਥਿਆ ਮੋਹ ਬੰਧਹਿ ਨਿਤ ਪਾਰਚ ॥੧॥

ਤੂੰ ਨਾਸਵੰਤ ਪਦਾਰਥਾਂ ਦੇ ਮੋਹ ਦੇ ਬਾਨ੍ਹਣੂ ਹੀ ਸਦਾ ਬੰਨ੍ਹਦਾ ਰਹਿੰਦਾ ਹੈਂ ॥੧॥

ਮਾਧਵੇ ਭਜੁ ਦਿਨ ਨਿਤ ਰੈਣੀ ॥

ਹੇ ਭਾਈ! ਦਿਨ ਰਾਤ ਸਦਾ ਮਾਇਆ ਦੇ ਪਤੀ ਪ੍ਰਭੂ ਦਾ ਨਾਮ ਜਪਿਆ ਕਰ।

ਜਨਮੁ ਪਦਾਰਥੁ ਜੀਤਿ ਹਰਿ ਸਰਣੀ ॥੧॥ ਰਹਾਉ ॥

ਪ੍ਰਭੂ ਦੀ ਸਰਨ ਪੈ ਕੇ ਕੀਮਤੀ ਮਨੁੱਖਾ ਜਨਮ ਦਾ ਲਾਭ ਖੱਟ ਲੈ ॥੧॥ ਰਹਾਉ ॥

ਕਰਤ ਬਿਕਾਰ ਦੋਊ ਕਰ ਝਾਰਤ ॥

ਹੇ ਭਾਈ! ਤੂੰ ਹਾਣ ਲਾਭ ਵਿਚਾਰਨ ਤੋਂ ਬਿਨਾ ਹੀ ਵਿਕਾਰ ਕਰੀ ਜਾ ਰਿਹਾ ਹੈਂ,

ਰਾਮ ਰਤਨੁ ਰਿਦ ਤਿਲੁ ਨਹੀ ਧਾਰਤ ॥੨॥

ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆਪਣੇ ਹਿਰਦੇ ਵਿਚ ਤੂੰ ਇਕ ਛਿਨ ਵਾਸਤੇ ਭੀ ਨਹੀਂ ਟਿਕਾਂਦਾ ॥੨॥

ਭਰਣ ਪੋਖਣ ਸੰਗਿ ਅਉਧ ਬਿਹਾਣੀ ॥

ਹੇ ਭਾਈ! (ਆਪਣਾ ਸਰੀਰ) ਪਾਲਣ ਪੋਸਣ ਵਿਚ ਹੀ ਤੇਰੀ ਉਮਰ ਲੰਘਦੀ ਜਾ ਰਹੀ ਹੈ।

ਜੈ ਜਗਦੀਸ ਕੀ ਗਤਿ ਨਹੀ ਜਾਣੀ ॥੩॥

ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਆਤਮਕ ਆਨੰਦ ਦੀ ਅਵਸਥਾ ਤੂੰ (ਹੁਣ ਤਕ) ਸਮਝੀ ਹੀ ਨਹੀਂ ॥੩॥

ਸਰਣਿ ਸਮਰਥ ਅਗੋਚਰ ਸੁਆਮੀ ॥

ਹੇ ਸਭ ਤਾਕਤਾਂ ਦੇ ਮਾਲਕ! ਗਿਆਨ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ ਹੇ ਮਾਲਕ! ਮੈਂ ਤੇਰੀ ਸਰਨ ਆਇਆ ਹਾਂ,

ਉਧਰੁ ਨਾਨਕ ਪ੍ਰਭ ਅੰਤਰਜਾਮੀ ॥੪॥੨੭॥੩੩॥

ਹੇ ਨਾਨਕ! (ਆਖ-ਮੈਨੂੰ ਵਿਕਾਰਾਂ ਤੋਂ) ਬਚਾ ਲੈ, ਤੂੰ ਮੇਰਾ ਮਾਲਕ ਹੈਂ, ਤੂੰ ਮੇਰੇ ਦਿਲ ਦੀ ਜਾਣਨ ਵਾਲਾ ਹੈਂ ॥੪॥੨੭॥੩੩॥


ਸੂਹੀ ਮਹਲਾ ੫ ॥
ਸਾਧਸੰਗਿ ਤਰੈ ਭੈ ਸਾਗਰੁ ॥

ਹੇ ਭਾਈ! ਗੁਰੂ ਦੀ ਸੰਗਤਿ ਵਿਚ ਮਨੁੱਖ ਡਰਾਂ-ਭਰੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।

ਹਰਿ ਹਰਿ ਨਾਮੁ ਸਿਮਰਿ ਰਤਨਾਗਰੁ ॥੧॥

ਰਤਨਾਂ ਦੀ ਖਾਣਿ ਹਰਿ-ਨਾਮ ਸਿਮਰ ਸਿਮਰ ਕੇ (ਮਨੁੱਖ ਦਾ ਉਧਾਰ ਹੁੰਦਾ ਹੈ) ॥੧॥

ਸਿਮਰਿ ਸਿਮਰਿ ਜੀਵਾ ਨਾਰਾਇਣ ॥

ਹੇ ਭਾਈ! (ਗੁਰੂ ਦੀ ਕਿਰਪਾ ਨਾਲ) ਮੈਂ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਜੀਵਨ ਹਾਸਲ ਕਰ ਰਿਹਾ ਹਾਂ।

ਦੂਖ ਰੋਗ ਸੋਗ ਸਭਿ ਬਿਨਸੇ ਗੁਰ ਪੂਰੇ ਮਿਲਿ ਪਾਪ ਤਜਾਇਣ ॥੧॥ ਰਹਾਉ ॥

ਹੇ ਭਾਈ! ਗੁਰੂ ਨੂੰ ਮਿਲ ਕੇ ਸਾਰੇ ਦੁੱਖ ਰੋਗ ਗ਼ਮ ਨਾਸ ਹੋ ਜਾਂਦੇ ਹਨ, ਪਾਪ ਤਿਆਗੇ ਜਾਂਦੇ ਹਨ ॥੧॥ ਰਹਾਉ ॥

ਜੀਵਨ ਪਦਵੀ ਹਰਿ ਕਾ ਨਾਉ ॥

ਹੇ ਭਾਈ! ਪਰਮਾਤਮਾ ਦਾ ਨਾਮ (ਹੀ) ਆਤਮਕ ਜ਼ਿੰਦਗੀ ਦਾ ਪਿਆਰ ਹੈ।

ਮਨੁ ਤਨੁ ਨਿਰਮਲੁ ਸਾਚੁ ਸੁਆਉ ॥੨॥

(ਨਾਮ ਦੀ ਬਰਕਤਿ ਨਾਲ) ਮਨ ਪਵਿਤਰ ਹੋ ਜਾਂਦਾ ਹੈ, ਸਰੀਰ ਪਵਿਤਰ ਹੋ ਜਾਂਦਾ ਹੈ, (ਨਾਮ ਸਿਮਰਦਿਆਂ) ਸਦਾ-ਥਿਰ ਪ੍ਰਭੂ (ਦਾ ਮਿਲਾਪ ਹੀ) ਜੀਵਨ ਮਨੋਰਥ ਬਣ ਜਾਂਦਾ ਹੈ ॥੨॥

ਆਠ ਪਹਰ ਪਾਰਬ੍ਰਹਮੁ ਧਿਆਈਐ ॥

ਹੇ ਭਾਈ! ਪਰਮਾਤਮਾ ਦਾ ਨਾਮ ਅੱਠੇ ਪਹਰ ਸਿਮਰਦੇ ਰਹਿਣਾ ਚਾਹੀਦਾ ਹੈ,

ਪੂਰਬਿ ਲਿਖਤੁ ਹੋਇ ਤਾ ਪਾਈਐ ॥੩॥

ਪਰ ਇਹ ਦਾਤ ਤਦੋਂ ਹੀ ਮਿਲਦੀ ਹੈ ਜੇ ਪੂਰਬਲੇ ਜਨਮ ਵਿਚ (ਮੱਥੇ ਉਤੇ ਨਾਮ ਸਿਮਰਨ ਦਾ) ਲੇਖ ਲਿਖਿਆ ਹੋਵੇ ॥੩॥

ਸਰਣਿ ਪਏ ਜਪਿ ਦੀਨ ਦਇਆਲਾ ॥

ਹੇ ਭਾਈ! ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਦਾ ਨਾਮ ਜਪ ਜਪ ਕੇ ਜੇਹੜੇ ਮਨੁੱਖ ਉਸ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ,

ਨਾਨਕੁ ਜਾਚੈ ਸੰਤ ਰਵਾਲਾ ॥੪॥੨੮॥੩੪॥

ਨਾਨਕ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ॥੪॥੨੮॥੩੪॥


ਸੂਹੀ ਮਹਲਾ ੫ ॥
ਘਰ ਕਾ ਕਾਜੁ ਨ ਜਾਣੀ ਰੂੜਾ ॥

(ਹੇ ਪ੍ਰਭੂ! ਤੇਰੀ ਮੇਹਰ ਤੋਂ ਬਿਨਾ) ਮਨੁੱਖ ਉਹ ਸੋਹਣਾ ਕੰਮ ਕਰਨਾ ਨਹੀਂ ਜਾਣਦਾ, ਜੇਹੜਾ ਇਸ ਦੇ ਆਪਣੇ ਹਿਰਦੇ-ਘਰ ਦੇ ਕੰਮ ਆਉਂਦਾ ਹੈ,

ਝੂਠੈ ਧੰਧੈ ਰਚਿਓ ਮੂੜਾ ॥੧॥

(ਸਗੋਂ) ਇਹ ਮੂਰਖ ਝੂਠੇ ਧੰਧੇ ਵਿਚ ਮਸਤ ਰਹਿੰਦਾ ਹੈ ॥੧॥

ਜਿਤੁ ਤੂੰ ਲਾਵਹਿ ਤਿਤੁ ਤਿਤੁ ਲਗਨਾ ॥

ਹੇ ਪ੍ਰਭੂ! ਜਿਸ ਜਿਸ ਕੰਮ ਵਿਚ ਤੂੰ (ਅਸਾਂ ਜੀਵਾਂ ਨੂੰ) ਲਾਂਦਾ ਹੈਂ, ਉਸ ਉਸ ਕੰਮ ਵਿਚ ਅਸੀਂ ਲੱਗਦੇ ਹਾਂ।

ਜਾ ਤੂੰ ਦੇਹਿ ਤੇਰਾ ਨਾਉ ਜਪਨਾ ॥੧॥ ਰਹਾਉ ॥

ਜਦੋਂ ਤੂੰ (ਸਾਨੂੰ ਆਪਣਾ ਨਾਮ) ਦੇਂਦਾ ਹੈਂ, ਤਦੋਂ ਤੇਰਾ ਨਾਮ ਜਪਦੇ ਹਾਂ ॥੧॥ ਰਹਾਉ ॥

ਹਰਿ ਕੇ ਦਾਸ ਹਰਿ ਸੇਤੀ ਰਾਤੇ ॥

ਹੇ ਭਾਈ! ਪਰਮਾਤਮਾ ਦੇ ਸੇਵਕ ਪਰਮਾਤਮਾ ਨਾਲ ਹੀ ਰੰਗੇ ਰਹਿੰਦੇ ਹਨ,

ਰਾਮ ਰਸਾਇਣਿ ਅਨਦਿਨੁ ਮਾਤੇ ॥੨॥

ਹਰ ਵੇਲੇ ਸਭ ਰਸਾਂ ਤੋਂ ਸ੍ਰੇਸ਼ਟ ਹਰਿ-ਨਾਮ ਰਸ ਵਿਚ ਮਸਤ ਰਹਿੰਦੇ ਹਨ ॥੨॥

ਬਾਹ ਪਕਰਿ ਪ੍ਰਭਿ ਆਪੇ ਕਾਢੇ ॥

ਹੇ ਭਾਈ! ਪ੍ਰਭੂ ਨੇ ਆਪ ਹੀ (ਜਿਨ੍ਹਾਂ ਮਨੁੱਖਾਂ ਨੂੰ) ਬਾਂਹ ਫੜ ਕੇ (ਝੂਠੇ ਧੰਧਿਆਂ ਵਿਚੋਂ) ਕੱਢ ਲਿਆ,

ਜਨਮ ਜਨਮ ਕੇ ਟੂਟੇ ਗਾਢੇ ॥੩॥

ਅਨੇਕਾਂ ਜਨਮਾਂ ਦੇ (ਪ੍ਰਭੂ ਨਾਲੋਂ) ਟੁੱਟਿਆਂ ਹੋਇਆਂ ਨੂੰ (ਉਸ ਪ੍ਰਭੂ ਨੇ ਆਪ ਹੀ ਆਪਣੇ ਨਾਲ) ਜੋੜ ਲਿਆ ॥੩॥

ਉਧਰੁ ਸੁਆਮੀ ਪ੍ਰਭ ਕਿਰਪਾ ਧਾਰੇ ॥

ਹੇ ਮਾਲਕ ਪ੍ਰਭੂ! ਮੇਹਰ ਕਰ। (ਮੈਨੂੰ ਝੂਠੇ ਧੰਧਿਆਂ ਤੋਂ) ਬਚਾ ਲੈ,

ਨਾਨਕ ਦਾਸ ਹਰਿ ਸਰਣਿ ਦੁਆਰੇ ॥੪॥੨੯॥੩੫॥

ਹੇ ਦਾਸ ਨਾਨਕ! (ਆਖ-) ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੇਰੇ ਦਰ ਤੇ (ਆ ਡਿੱਗਾ ਹਾਂ) ॥੪॥੨੯॥੩੫॥


ਸੂਹੀ ਮਹਲਾ ੫ ॥
ਸੰਤ ਪ੍ਰਸਾਦਿ ਨਿਹਚਲੁ ਘਰੁ ਪਾਇਆ ॥

ਹੇ ਭਾਈ! (ਜਿਸ ਨੇ) ਗੁਰੂ ਦੀ ਕਿਰਪਾ ਨਾਲ ਕਦੇ ਨਾਹ ਡੋਲਣ ਵਾਲਾ ਹਿਰਦਾ-ਘਰ ਲੱਭ ਲਿਆ,

ਸਰਬ ਸੂਖ ਫਿਰਿ ਨਹੀ ਡੁੋਲਾਇਆ ॥੧॥

(ਹਿਰਦੇ ਦੀ ਅਡੋਲਤਾ ਪ੍ਰਾਪਤ ਕਰ ਲਈ) ਉਸ ਨੂੰ ਸਾਰੇ ਸੁਖ ਪ੍ਰਾਪਤ ਹੋ ਗਏ, (ਉਹ ਮਨੁੱਖ ਕਦੇ ਵਿਕਾਰਾਂ ਵਿਚ) ਨਹੀਂ ਡੋਲਦਾ ॥੧॥

ਗੁਰੂ ਧਿਆਇ ਹਰਿ ਚਰਨ ਮਨਿ ਚੀਨ੍ਰੇ ॥

ਹੇ ਭਾਈ! (ਜਿਨ੍ਹਾਂ ਮਨੁੱਖਾਂ ਨੇ) ਗੁਰੂ ਦਾ ਧਿਆਨ ਧਰ ਕੇ ਪਰਮਾਤਮਾ ਦੇ ਚਰਨਾਂ ਨੂੰ (ਆਪਣੇ) ਮਨ ਵਿਚ (ਵੱਸਦਾ) ਪਛਾਣ ਲਿਆ,

ਤਾ ਤੇ ਕਰਤੈ ਅਸਥਿਰੁ ਕੀਨ੍ਰੇ ੧॥ ਰਹਾਉ ॥

ਇਸ (ਪਰਖ) ਦੀ ਬਰਕਤਿ ਨਾਲ ਕਰਤਾਰ ਨੇ (ਉਹਨਾਂ ਨੂੰ) ਅਡੋਲ-ਚਿੱਤ ਬਣਾ ਦਿੱਤਾ ॥੧॥ ਰਹਾਉ ॥

ਗੁਣ ਗਾਵਤ ਅਚੁਤ ਅਬਿਨਾਸੀ ॥

ਹੇ ਭਾਈ! ਅਟੱਲ ਅਬਿਨਾਸੀ ਪ੍ਰਭੂ ਦੇ ਗੁਣ ਗਾਂਦਿਆਂ-

ਤਾ ਤੇ ਕਾਟੀ ਜਮ ਕੀ ਫਾਸੀ ॥੨॥

ਗੁਣ ਗਾਣ ਦੀ ਬਰਕਤਿ ਨਾਲ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ ॥੨॥

ਕਰਿ ਕਿਰਪਾ ਲੀਨੇ ਲੜਿ ਲਾਏ ॥

ਮੇਹਰ ਕਰ ਕੇ ਜਿਨ੍ਹਾਂ ਨੂੰ ਪ੍ਰਭੂ ਆਪਣੇ ਲੜ ਲਾ ਲੈਂਦਾ ਹੈ,

ਸਦਾ ਅਨਦੁ ਨਾਨਕ ਗੁਣ ਗਾਏ ॥੩॥੩੦॥੩੬॥

ਹੇ ਨਾਨਕ! ਉਹ ਮਨੁੱਖ ਪ੍ਰਭੂ ਦੇ ਗੁਣ ਗਾ ਕੇ ਸਦਾ ਆਤਮਕ ਆਨੰਦ ਮਾਣਦੇ ਹਨ ॥੩॥੩੦॥੩੬॥


ਸੂਹੀ ਮਹਲਾ ੫ ॥
ਅੰਮ੍ਰਿਤ ਬਚਨ ਸਾਧ ਕੀ ਬਾਣੀ ॥

ਹੇ ਭਾਈ! ਗੁਰੂ ਦੀ ਉਚਾਰੀ ਹੋਈ ਬਾਣੀ ਆਤਮਕ ਜੀਵਨ ਦੇਣ ਵਾਲੇ ਬਚਨ ਹਨ।

ਜੋ ਜੋ ਜਪੈ ਤਿਸ ਕੀ ਗਤਿ ਹੋਵੈ ਹਰਿ ਹਰਿ ਨਾਮੁ ਨਿਤ ਰਸਨ ਬਖਾਨੀ ॥੧॥ ਰਹਾਉ ॥

ਜੇਹੜਾ ਜੇਹੜਾ ਮਨੁੱਖ (ਇਸ ਬਾਣੀ ਨੂੰ) ਜਪਦਾ ਹੈ, ਉਸ ਦੀ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ, ਉਹ ਮਨੁੱਖ ਸਦਾ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਉਚਾਰਦਾ ਰਹਿੰਦਾ ਹੈ ॥੧॥ ਰਹਾਉ ॥

ਕਲੀ ਕਾਲ ਕੇ ਮਿਟੇ ਕਲੇਸਾ ॥

ਹੇ ਭਾਈ! (ਗੁਰਬਾਣੀ ਦੀ ਬਰਕਤਿ ਨਾਲ) ਕਲੇਸ਼ਾਂ-ਭਰੇ ਜੀਵਨ-ਸਮੇ ਦੇ ਸਾਰੇ ਕਲੇਸ਼ ਮਿਟ ਜਾਂਦੇ ਹਨ,

ਏਕੋ ਨਾਮੁ ਮਨ ਮਹਿ ਪਰਵੇਸਾ ॥੧॥

(ਕਿਉਂਕਿ ਬਾਣੀ ਦਾ ਸਦਕਾ) ਇਕ ਹਰਿ-ਨਾਮ ਹੀ ਮਨ ਵਿਚ ਟਿਕਿਆ ਰਹਿੰਦਾ ਹੈ ॥੧॥

ਸਾਧੂ ਧੂਰਿ ਮੁਖਿ ਮਸਤਕਿ ਲਾਈ ॥

ਗੁਰੂ ਦੇ ਚਰਨਾਂ ਦੀ ਧੂੜ (ਜਿਨ੍ਹਾਂ ਮਨੁੱਖਾਂ ਨੇ ਆਪਣੇ) ਮੂੰਹ ਉਤੇ ਮੱਥੇ ਉਤੇ ਲਾ ਲਈ,

ਨਾਨਕ ਉਧਰੇ ਹਰਿ ਗੁਰ ਸਰਣਾਈ ॥੨॥੩੧॥੩੭॥

ਹੇ ਨਾਨਕ! ਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਪ੍ਰਭੂ ਦੀ ਸਰਨ ਪੈ ਕੇ (ਝਗੜਿਆਂ ਕਲੇਸ਼ਾਂ ਤੋਂ) ਬਚ ਗਏ ॥੨॥੩੧॥੩੭॥


ਸੂਹੀ ਮਹਲਾ ੫ ਘਰੁ ੩ ॥
ਗੋਬਿੰਦਾ ਗੁਣ ਗਾਉ ਦਇਆਲਾ ॥

ਹੇ ਗੋਬਿੰਦ! ਹੇ ਦਇਆਲ! ਮੈਂ (ਸਦਾ ਤੇਰੇ) ਗੁਣ ਗਾਂਦਾ ਰਹਾਂ।

ਦਰਸਨੁ ਦੇਹੁ ਪੂਰਨ ਕਿਰਪਾਲਾ ॥ ਰਹਾਉ ॥

ਹੇ ਪੂਰਨ ਕਿਰਪਾਲ! (ਮੈਨੂੰ ਆਪਣਾ) ਦਰਸਨ ਦੇਹ ਰਹਾਉ॥

ਕਰਿ ਕਿਰਪਾ ਤੁਮ ਹੀ ਪ੍ਰਤਿਪਾਲਾ ॥

ਹੇ ਗੋਬਿੰਦ! ਤੂੰ ਹੀ ਕਿਰਪਾ ਕਰ ਕੇ (ਅਸਾਂ ਜੀਵਾਂ ਦੀ) ਪਾਲਣਾ ਕਰਦਾ ਹੈਂ।

ਜੀਉ ਪਿੰਡੁ ਸਭੁ ਤੁਮਰਾ ਮਾਲਾ ॥੧॥

ਇਹ ਜਿੰਦ ਇਹ ਸਰੀਰ ਸਭ ਕੁਝ ਤੇਰੀ ਹੀ ਦਿੱਤੀ ਹੋਈ ਰਾਸਿ-ਪੂੰਜੀ ਹੈ ॥੧॥

ਅੰਮ੍ਰਿਤ ਨਾਮੁ ਚਲੈ ਜਪਿ ਨਾਲਾ ॥

ਹੇ ਭਾਈ! ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ (ਸਦਾ) ਜਪਿਆ ਕਰ (ਇਹੀ ਇਥੋਂ ਜੀਵਾਂ ਦੇ) ਨਾਲ ਜਾਂਦਾ ਹੈ।

ਨਾਨਕੁ ਜਾਚੈ ਸੰਤ ਰਵਾਲਾ ॥੨॥੩੨॥੩੮॥

ਨਾਨਕ (ਭੀ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ। (ਜਿਸ ਦੀ ਬਰਕਤਿ ਨਾਲ ਹਰਿ-ਨਾਮ ਪ੍ਰਾਪਤ ਹੁੰਦਾ ਹੈ) ॥੨॥੩੨॥੩੮॥


ਸੂਹੀ ਮਹਲਾ ੫ ॥
ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥

ਹੇ ਭਾਈ! ਉਸ ਤੋਂ ਬਿਨਾ ਹੋਰ ਕੋਈ ਨਹੀਂ (ਜੋ ਵਿਕਾਰਾਂ ਰੋਗਾਂ ਤੋਂ ਬਚਣ ਲਈ ਸਹਾਰਾ ਦੇ ਸਕੇ)।

ਆਪੇ ਥੰਮੈ ਸਚਾ ਸੋਈ ॥੧॥

ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਹੀ (ਹਰੇਕ ਜੀਵ ਨੂੰ) ਸਹਾਰਾ ਦੇਂਦਾ ਹੈ ॥੧॥

ਹਰਿ ਹਰਿ ਨਾਮੁ ਮੇਰਾ ਆਧਾਰੁ ॥

ਹੇ ਭਾਈ! ਉਸ ਪਰਮਾਤਮਾ ਦਾ ਨਾਮ ਮੇਰਾ ਆਸਰਾ ਹੈ,

ਕਰਣ ਕਾਰਣ ਸਮਰਥੁ ਅਪਾਰੁ ॥੧॥ ਰਹਾਉ ॥

ਜੇਹੜਾ ਪਰਮਾਤਮਾ ਸਾਰੇ ਜਗਤ ਦਾ ਮੂਲ ਹੈ, ਜੋ ਸਭ ਤਾਕਤਾਂ ਦਾ ਮਾਲਕ ਹੈ, ਜਿਸ ਦੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੧॥ ਰਹਾਉ ॥

ਸਭ ਰੋਗ ਮਿਟਾਵੇ ਨਵਾ ਨਿਰੋਆ ॥

ਉਸ ਮਨੁੱਖ ਦੇ ਉਹ ਸਾਰੇ ਰੋਗ ਮਿਟਾ ਦੇਂਦਾ ਹੈ, ਉਸ ਨੂੰ ਨਵਾਂ ਨਿਰੋਆ ਕਰ ਦੇਂਦਾ ਹੈ,

ਨਾਨਕ ਰਖਾ ਆਪੇ ਹੋਆ ॥੨॥੩੩॥੩੯॥

ਹੇ ਨਾਨਕ! ਜਿਸ ਦਾ ਰਾਖਾ ਪ੍ਰਭੂ ਆਪ ਬਣ ਜਾਂਦਾ ਹੈ ॥੨॥੩੩॥੩੯॥


ਸੂਹੀ ਮਹਲਾ ੫ ॥
ਦਰਸਨ ਕਉ ਲੋਚੈ ਸਭੁ ਕੋਈ ॥

ਹੇ ਭਾਈ! ਹਰੇਕ ਜੀਵ (ਭਾਵੇਂ) ਪਰਮਾਤਮਾ ਦੇ ਦਰਸਨ ਨੂੰ ਤਾਂਘਦਾ ਹੋਵੇ,

ਪੂਰੈ ਭਾਗਿ ਪਰਾਪਤਿ ਹੋਈ ॥ ਰਹਾਉ ॥

ਪਰ (ਉਸ ਦਾ ਮਿਲਾਪ) ਵੱਡੀ ਕਿਸਮਤ ਨਾਲ ਹੀ ਮਿਲਦਾ ਹੈ ਰਹਾਉ॥

ਸਿਆਮ ਸੁੰਦਰ ਤਜਿ ਨੀਦ ਕਿਉ ਆਈ ॥

(ਸ਼ੋਕ!) ਮੈਨੂੰ ਕਿਉਂ ਗ਼ਫ਼ਲਤ ਦੀ ਨੀਂਦ ਆ ਗਈ? ਮੈਂ ਕਿਉਂ ਸੋਹਣੇ ਪ੍ਰਭੂ ਨੂੰ ਭੁਲਾ ਦਿੱਤਾ?

ਮਹਾ ਮੋਹਨੀ ਦੂਤਾ ਲਾਈ ॥੧॥

(ਸ਼ੋਕ!) ਇਹਨਾਂ ਕਾਮਾਦਿਕ ਵੈਰੀਆਂ ਨੇ ਮੈਨੂੰ ਇਹ ਵੱਡੀ ਮਨ ਨੂੰ ਮੋਹਣ ਵਾਲੀ ਮਾਇਆ ਚੰਬੋੜ ਦਿੱਤੀ ॥੧॥

ਪ੍ਰੇਮ ਬਿਛੋਹਾ ਕਰਤ ਕਸਾਈ ॥

ਪ੍ਰੇਮ ਦੀ ਅਣਹੋਂਦ (ਮੇਰੇ ਅੰਦਰ) ਕਸਾਈ-ਪੁਣਾ ਕਰ ਰਹੀ ਹੈ,

ਨਿਰਦੈ ਜੰਤੁ ਤਿਸੁ ਦਇਆ ਨ ਪਾਈ ॥੨॥

ਇਹ ਵਿਛੋੜਾ (ਮਾਨੋ) ਇਕ ਨਿਰਦਈ ਜੀਵ ਹੈ ਜਿਸ ਦੇ ਅੰਦਰ ਰਤਾ ਭਰ ਦਇਆ ਨਹੀਂ ਹੈ ॥੨॥

ਅਨਿਕ ਜਨਮ ਬੀਤੀਅਨ ਭਰਮਾਈ ॥

ਭਟਕਦਿਆਂ ਭਟਕਦਿਆਂ ਅਨੇਕਾਂ ਹੀ ਜਨਮ ਬੀਤ ਗਏ।

ਘਰਿ ਵਾਸੁ ਨ ਦੇਵੈ ਦੁਤਰ ਮਾਈ ॥੩॥

ਇਹ ਦੁੱਤਰ ਮਾਇਆ ਹਿਰਦੇ-ਘਰ ਵਿਚ (ਮੇਰੇ ਮਨ ਨੂੰ) ਟਿਕਣ ਨਹੀਂ ਦੇਂਦੀ ॥੩॥

ਦਿਨੁ ਰੈਨਿ ਅਪਨਾ ਕੀਆ ਪਾਈ ॥

ਪਰ ਮੈਂ ਦਿਨ ਰਾਤ ਆਪਣੇ ਕਮਾਏ ਦਾ ਫਲ ਭੋਗ ਰਿਹਾ ਹਾਂ।

ਕਿਸੁ ਦੋਸੁ ਨ ਦੀਜੈ ਕਿਰਤੁ ਭਵਾਈ ॥੪॥

ਕਿਸੇ ਨੂੰ ਦੋਸ ਨਹੀਂ ਦਿੱਤਾ ਜਾ ਸਕਦਾ, ਮੈਂ ਪਿਛਲੇ ਜਨਮਾਂ ਦਾ ਆਪਣਾ ਹੀ ਕੀਤਾ ਭਟਕਣਾ ਵਿਚ ਪਾ ਰਿਹਾ ਹੈ ॥੪॥

ਸੁਣਿ ਸਾਜਨ ਸੰਤ ਜਨ ਭਾਈ ॥

ਹੇ ਸੱਜਣੋ! ਹੇ ਭਰਾਵੋ! ਹੇ ਸੰਤ ਜਨੋ! ਸੁਣੋ।

ਚਰਣ ਸਰਣ ਨਾਨਕ ਗਤਿ ਪਾਈ ॥੫॥੩੪॥੪੦॥

ਹੇ ਨਾਨਕ! (ਆਖ-) ਪਰਮਾਤਮਾ ਦੇ ਸੋਹਣੇ ਚਰਣਾਂ ਦੀ ਸਰਨ ਪਿਆਂ ਹੀ ਉੱਚ ਆਤਮਕ ਅਵਸਥਾ ਪ੍ਰਾਪਤ ਹੋ ਸਕਦੀ ਹੈ ॥੫॥੩੪॥੪੦॥


ਰਾਗੁ ਸੂਹੀ ਮਹਲਾ ੫ ਘਰੁ ੪ ॥

ਰਾਗ ਸੂਹੀ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਭਲੀ ਸੁਹਾਵੀ ਛਾਪਰੀ ਜਾ ਮਹਿ ਗੁਨ ਗਾਏ ॥

ਹੇ ਭਾਈ! ਉਹ ਕੁੱਲੀ ਚੰਗੀ ਹੈ, ਜਿਸ ਵਿਚ (ਰਹਿਣ ਵਾਲਾ ਮਨੁੱਖ) ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ।

ਕਿਤ ਹੀ ਕਾਮਿ ਨ ਧਉਲਹਰ ਜਿਤੁ ਹਰਿ ਬਿਸਰਾਏ ॥੧॥ ਰਹਾਉ ॥

(ਪਰ) ਉਹ ਪੱਕੇ ਮਹੱਲ ਕਿਸੇ ਕੰਮ ਨਹੀਂ, ਜਿਨ੍ਹਾਂ ਵਿਚ (ਵੱਸਣ ਵਾਲਾ ਮਨੁੱਖ) ਪਰਮਾਤਮਾ ਨੂੰ ਭੁਲਾ ਦੇਂਦਾ ਹੈ ॥੧॥ ਰਹਾਉ ॥

ਅਨਦੁ ਗਰੀਬੀ ਸਾਧਸੰਗਿ ਜਿਤੁ ਪ੍ਰਭ ਚਿਤਿ ਆਏ ॥

ਹੇ ਭਾਈ! ਸਾਧ ਸੰਗਤਿ ਵਿਚ ਗ਼ਰੀਬੀ (ਸਹਾਰਦਿਆਂ ਭੀ) ਆਨੰਦ ਹੈ ਕਿਉਂਕਿ ਉਸ (ਸਾਧ ਸੰਗਤਿ) ਵਿਚ ਪਰਮਾਤਮਾ ਚਿੱਤ ਵਿਚ ਵੱਸਿਆ ਰਹਿੰਦਾ ਹੈ।

ਜਲਿ ਜਾਉ ਏਹੁ ਬਡਪਨਾ ਮਾਇਆ ਲਪਟਾਏ ॥੧॥

ਇਹੋ ਜਿਹਾ ਵੱਡਾ ਅਖਵਾਣਾ ਸੜ ਜਾਏ (ਜਿਸ ਦੇ ਕਾਰਨ ਮਨੁੱਖ) ਮਾਇਆ ਨਾਲ ਹੀ ਚੰਬੜਿਆ ਰਹੇ ॥੧॥

ਪੀਸਨੁ ਪੀਸਿ ਓਢਿ ਕਾਮਰੀ ਸੁਖੁ ਮਨੁ ਸੰਤੋਖਾਏ ॥

(ਗਰੀਬੀ ਵਿਚ) ਚੱਕੀ ਪੀਹ ਕੇ, ਕੰਬਲੀ ਪਹਿਨ ਕੇ ਆਨੰਦ (ਪ੍ਰਾਪਤ ਰਹਿੰਦਾ ਹੈ, ਕਿਉਂਕਿ) ਮਨ ਨੂੰ ਸੰਤੋਖ ਮਿਲਿਆ ਰਹਿੰਦਾ ਹੈ।

ਐਸੋ ਰਾਜੁ ਨ ਕਿਤੈ ਕਾਜਿ ਜਿਤੁ ਨਹ ਤ੍ਰਿਪਤਾਏ ॥੨॥

ਪਰ, ਹੇ ਭਾਈ! ਇਹੋ ਜਿਹਾ ਰਾਜ ਕਿਸੇ ਕੰਮ ਨਹੀਂ ਜਿਸ ਵਿਚ (ਮਨੁੱਖ ਮਾਇਆ ਵਲੋਂ ਕਦੇ) ਰੱਜੇ ਹੀ ਨਾਹ ॥੨॥

ਨਗਨ ਫਿਰਤ ਰੰਗਿ ਏਕ ਕੈ ਓਹੁ ਸੋਭਾ ਪਾਏ ॥

ਹੇ ਭਾਈ! ਜੇਹੜਾ ਮਨੁੱਖ ਇਕ ਪਰਮਾਤਮਾ ਦੇ ਪ੍ਰੇਮ ਵਿਚ ਨੰਗਾ ਭੀ ਤੁਰਿਆ ਫਿਰਦਾ ਹੈ, ਉਹ ਸੋਭਾ ਖੱਟਦਾ ਹੈ,

ਪਾਟ ਪਟੰਬਰ ਬਿਰਥਿਆ ਜਿਹ ਰਚਿ ਲੋਭਾਏ ॥੩॥

ਪਰ ਰੇਸ਼ਮੀ ਕੱਪੜੇ ਪਹਿਨਣੇ ਵਿਅਰਥ ਹਨ ਜਿਨ੍ਹਾਂ ਵਿਚ ਮਸਤ ਹੋ ਕੇ ਮਨੁੱਖ (ਮਾਇਆ ਦਾ ਹੋਰ ਹੋਰ) ਲੋਭ ਕਰਦਾ ਰਹਿੰਦਾ ਹੈ ॥੩॥

ਸਭੁ ਕਿਛੁ ਤੁਮ੍ਰਾਰੈ ਹਾਥਿ ਪ੍ਰਭ ਆਪਿ ਕਰੇ ਕਰਾਏ ॥

(ਹੇ ਭਾਈ! ਜੀਵਾਂ ਨੂੰ ਕੀਹ ਦੋਸ? ਪ੍ਰਭੂ) ਆਪ ਹੀ ਸਭ ਕੁਝ ਕਰਦਾ ਹੈ (ਜੀਵਾਂ ਪਾਸੋਂ) ਕਰਾਂਦਾ ਹੈ।

ਸਾਸਿ ਸਾਸਿ ਸਿਮਰਤ ਰਹਾ ਨਾਨਕ ਦਾਨੁ ਪਾਏ ॥੪॥੧॥੪੧॥

ਹੇ ਨਾਨਕ! (ਆਖ-) ਹੇ ਪ੍ਰਭੂ! ਸਭ ਕੁਝ ਤੇਰੇ ਹੱਥ ਵਿਚ ਹੈ (ਮੇਹਰ ਕਰ, ਤੇਰਾ ਦਾਸ ਤੇਰੇ ਦਰ ਤੋਂ ਇਹ) ਦਾਨ ਹਾਸਲ ਕਰ ਲਏ ਕਿ ਮੈਂ ਹਰੇਕ ਸਾਹ ਦੇ ਨਾਲ ਤੈਨੂੰ ਸਿਮਰਦਾ ਰਹਾਂ ॥੪॥੧॥੪੧॥


ਸੂਹੀ ਮਹਲਾ ੫ ॥
ਹਰਿ ਕਾ ਸੰਤੁ ਪਰਾਨ ਧਨ ਤਿਸ ਕਾ ਪਨਿਹਾਰਾ ॥

ਜੇਹੜਾ ਮਨੁੱਖ ਪ੍ਰਭੂ ਦੀ ਭਗਤੀ ਕਰਨ ਵਾਲਾ ਹੈ (ਜੇ ਪ੍ਰਭੂ ਦੀ ਮੇਹਰ ਹੋਵੇ, ਤਾਂ ਮੈਂ) ਆਪਣੇ ਪ੍ਰਾਣ ਆਪਣਾ ਧਨ ਉਸ ਸੰਤ ਦੇ ਹਵਾਲੇ ਕਰ ਦਿਆਂ, ਮੈਂ ਉਸ ਦਾ ਪਾਣੀ ਭਰਨ ਵਾਲਾ ਬਣਿਆ ਰਹਾਂ।

ਭਾਈ ਮੀਤ ਸੁਤ ਸਗਲ ਤੇ ਜੀਅ ਹੂੰ ਤੇ ਪਿਆਰਾ ॥੧॥ ਰਹਾਉ ॥

ਭਰਾ, ਮਿੱਤਰ, ਪੁੱਤਰਾਂ ਨਾਲੋਂ ਜਿੰਦ ਨਾਲੋਂ ਭੀ, ਮੈਨੂੰ ਉਹ ਪਿਆਰਾ ਲੱਗੇ ॥੧॥ ਰਹਾਉ ॥

ਕੇਸਾ ਕਾ ਕਰਿ ਬੀਜਨਾ ਸੰਤ ਚਉਰੁ ਢੁਲਾਵਉ ॥

(ਹੇ ਭਾਈ! ਜੇ ਪ੍ਰਭੂ ਮੇਹਰ ਕਰੇ ਤਾਂ) ਮੈਂ ਆਪਣੇ ਕੇਸਾਂ ਦਾ ਪੱਖਾ ਬਣਾ ਕੇ ਪ੍ਰਭੂ ਦੇ ਸੰਤ ਨੂੰ ਚੌਰ ਝੁਲਾਂਦਾ ਰਹਾਂ,

ਸੀਸੁ ਨਿਹਾਰਉ ਚਰਣ ਤਲਿ ਧੂਰਿ ਮੁਖਿ ਲਾਵਉ ॥੧॥

ਮੈਂ ਸੰਤ ਦੇ ਬਚਨਾਂ ਉੱਤੇ ਆਪਣਾ ਸਿਰ ਨਿਵਾਈ ਰੱਖਾਂ, ਉਸ ਦੇ ਚਰਨਾਂ ਦੀ ਧੂੜ ਲੈ ਕੇ ਮੈਂ ਆਪਣੇ ਮੱਥੇ ਉਤੇ ਲਾਂਦਾ ਰਹਾਂ ॥੧॥

ਮਿਸਟ ਬਚਨ ਬੇਨਤੀ ਕਰਉ ਦੀਨ ਕੀ ਨਿਆਈ ॥

(ਹੇ ਭਾਈ! ਜੇ ਪ੍ਰਭੂ ਦਇਆ ਕਰੇ, ਤਾਂ) ਮੈਂ ਨਿਮਾਣਿਆਂ ਵਾਂਗ (ਸੰਤ ਅੱਗੇ) ਮਿੱਠੇ ਬੋਲਾਂ ਨਾਲ ਬੇਨਤੀ ਕਰਦਾ ਰਹਾਂ,

ਤਜਿ ਅਭਿਮਾਨੁ ਸਰਣੀ ਪਰਉ ਹਰਿ ਗੁਣ ਨਿਧਿ ਪਾਈ ॥੨॥

ਅਹੰਕਾਰ ਛੱਡ ਕੇ ਉਸ ਦੀ ਸਰਨ ਪਿਆ ਰਹਾਂ, ਤੇ, ਉਸ ਸੰਤ ਪਾਸੋਂ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਮਿਲਾਪ ਹਾਸਲ ਕਰਾਂ ॥੨॥

ਅਵਲੋਕਨ ਪੁਨਹ ਪੁਨਹ ਕਰਉ ਜਨ ਕਾ ਦਰਸਾਰੁ ॥

(ਹੇ ਭਾਈ! ਪ੍ਰਭੂ ਕਿਰਪਾ ਕਰੇ) ਮੈਂ ਉਸ ਦੇ ਸੇਵਕ ਦਾ ਦਰਸ਼ਨ ਮੁੜ ਮੁੜ ਵੇਖਦਾ ਰਹਾਂ।

ਅੰਮ੍ਰਿਤ ਬਚਨ ਮਨ ਮਹਿ ਸਿੰਚਉ ਬੰਦਉ ਬਾਰ ਬਾਰ ॥੩॥

ਆਤਮਕ ਜੀਵਨ ਦੇਣ ਵਾਲੇ ਉਸ ਸੰਤ ਦੇ ਬਚਨਾਂ ਦਾ ਜਲ ਮੈਂ ਆਪਣੇ ਮਨ ਵਿਚ ਸਿੰਜਦਾ ਰਹਾਂ, ਤੇ, ਮੁੜ ਮੁੜ ਉਸ ਨੂੰ ਨਮਸਕਾਰ ਕਰਦਾ ਰਹਾਂ ॥੩॥

ਚਿਤਵਉ ਮਨਿ ਆਸਾ ਕਰਉ ਜਨ ਕਾ ਸੰਗੁ ਮਾਗਉ ॥

ਹੇ ਪ੍ਰਭੂ! ਮੈਂ ਆਪਣੇ ਮਨ ਵਿਚ ਇਹੀ ਆਸ ਕਰਦਾ ਰਹਾਂ, ਮੈਂ ਤੇਰੇ ਪਾਸੋਂ ਤੇਰੇ ਸੇਵਕ ਦਾ ਸਾਥ ਮੰਗਦਾ ਰਹਾਂ।

ਨਾਨਕ ਕਉ ਪ੍ਰਭ ਦਇਆ ਕਰਿ ਦਾਸ ਚਰਣੀ ਲਾਗਉ ॥੪॥੨॥੪੨॥

ਨਾਨਕ ਉਤੇ ਮੇਹਰ ਕਰ, ਮੈਂ ਤੇਰੇ ਦਾਸ ਦੇ ਚਰਨੀਂ ਲੱਗਾ ਰਹਾਂ, ਮੈਂ ਹਰ ਵੇਲੇ ਇਹੀ ਚਿਤਾਰਦਾ ਰਹਾਂ ॥੪॥੨॥੪੨॥


ਸੂਹੀ ਮਹਲਾ ੫ ॥
ਜਿਨਿ ਮੋਹੇ ਬ੍ਰਹਮੰਡ ਖੰਡ ਤਾਹੂ ਮਹਿ ਪਾਉ ॥

ਹੇ ਪ੍ਰਭੂ! ਜਿਸ (ਮਾਇਆ) ਨੇ ਸਾਰੀ ਸ੍ਰਿਸ਼ਟੀ ਤੇ ਸਾਰੇ ਦੇਸ ਆਪਣੇ ਪਿਆਰ ਵਿਚ ਫਸਾਏ ਹੋਏ ਹਨ, ਉਸੇ (ਮਾਇਆ) ਦੇ ਵੱਸ ਵਿਚ ਮੈਂ ਭੀ ਪਿਆ ਹੋਇਆ ਹਾਂ।

ਰਾਖਿ ਲੇਹੁ ਇਹੁ ਬਿਖਈ ਜੀਉ ਦੇਹੁ ਅਪੁਨਾ ਨਾਉ ॥੧॥ ਰਹਾਉ ॥

ਹੇ ਪ੍ਰਭੂ! ਮੈਨੂੰ ਆਪਣਾ ਨਾਮ ਬਖ਼ਸ਼, ਤੇ ਮੈਨੂੰ ਇਸ ਵਿਕਾਰੀ ਜੀਵ ਨੂੰ (ਮਾਇਆ ਦੇ ਹੱਥੋਂ) ਬਚਾ ਲੈ ॥੧॥ ਰਹਾਉ ॥

ਜਾ ਤੇ ਨਾਹੀ ਕੋ ਸੁਖੀ ਤਾ ਕੈ ਪਾਛੈ ਜਾਉ ॥

ਹੇ ਪ੍ਰਭੂ! ਮੈਂ ਭੀ ਉਸ (ਮਾਇਆ) ਦੇ ਪਿੱਛੇ (ਮੁੜ ਮੁੜ) ਜਾਂਦਾ ਹਾਂ ਜਿਸ ਪਾਸੋਂ ਕੋਈ ਭੀ ਕਦੇ ਸੁਖੀ ਨਹੀਂ ਹੋਇਆ।

ਛੋਡਿ ਜਾਹਿ ਜੋ ਸਗਲ ਕਉ ਫਿਰਿ ਫਿਰਿ ਲਪਟਾਉ ॥੧॥

ਮੈਂ ਮੁੜ ਮੁੜ (ਉਹਨਾਂ ਪਦਾਰਥਾਂ ਨਾਲ) ਚੰਬੜਦਾ ਹਾਂ, ਜੋ (ਆਖ਼ਰ) ਸਭਨਾਂ ਨੂੰ ਛੱਡ ਜਾਂਦੇ ਹਨ ॥੧॥

ਕਰਹੁ ਕ੍ਰਿਪਾ ਕਰੁਣਾਪਤੇ ਤੇਰੇ ਹਰਿ ਗੁਣ ਗਾਉ ॥

ਹੇ ਤਰਸ ਦੇ ਮਾਲਕ! ਹੇ ਹਰੀ! (ਮੇਰੇ ਉਤੇ) ਮੇਹਰ ਕਰ, ਮੈਂ ਤੇਰੇ ਗੁਣ ਗਾਂਦਾ ਰਹਾਂ।

ਨਾਨਕ ਕੀ ਪ੍ਰਭ ਬੇਨਤੀ ਸਾਧਸੰਗਿ ਸਮਾਉ ॥੨॥੩॥੪੩॥

ਹੇ ਪ੍ਰਭੂ! (ਤੇਰੇ ਸੇਵਕ) ਨਾਨਕ ਦੀ (ਤੇਰੇ ਅੱਗੇ ਇਹੀ) ਬੇਨਤੀ ਹੈ ਕਿ ਮੈਂ ਸਾਧ ਸੰਗਤਿ ਵਿਚ ਟਿਕਿਆ ਰਹਾਂ ॥੨॥੩॥੪੩॥


ਰਾਗੁ ਸੂਹੀ ਮਹਲਾ ੫ ਘਰੁ ੫ ਪੜਤਾਲ ॥

ਰਾਗ ਸੂਹੀ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਪੜਤਾਲ’।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪ੍ਰੀਤਿ ਪ੍ਰੀਤਿ ਗੁਰੀਆ ਮੋਹਨ ਲਾਲਨਾ ॥

ਹੇ ਭਾਈ! (ਦੁਨੀਆ ਦੀਆਂ) ਪ੍ਰੀਤਾਂ ਵਿਚੋਂ ਵੱਡੀ ਪ੍ਰੀਤ ਮਨ ਨੂੰ ਮੋਹਣ ਵਾਲੇ ਲਾਲ-ਪ੍ਰਭੂ ਦੀ ਹੈ।

ਜਪਿ ਮਨ ਗੋਬਿੰਦ ਏਕੈ ਅਵਰੁ ਨਹੀ ਕੋ ਲੇਖੈ ਸੰਤ ਲਾਗੁ ਮਨਹਿ ਛਾਡੁ ਦੁਬਿਧਾ ਕੀ ਕੁਰੀਆ ॥੧॥ ਰਹਾਉ ॥

ਹੇ ਮਨ! ਸਿਰਫ਼ ਉਸ ਪ੍ਰਭੂ ਦਾ ਨਾਮ ਜਪਿਆ ਕਰ। ਹੋਰ ਕੋਈ ਉੱਦਮ ਉਸ ਦੀ ਦਰਗਾਹ ਵਿਚ ਪਰਵਾਨ ਨਹੀਂ ਹੁੰਦਾ। ਹੇ ਭਾਈ! ਸੰਤਾਂ ਦੀ ਚਰਨੀਂ ਲੱਗਾ ਰਹੁ, ਅਤੇ ਆਪਣੇ ਮਨ ਵਿਚੋਂ ਡਾਂਵਾਂਡੋਲ ਰਹਿਣ-ਵਾਲੀ ਦਸ਼ਾ ਦੀ ਪਗਡੰਡੀ ਦੂਰ ਕਰ ॥੧॥ ਰਹਾਉ ॥

ਨਿਰਗੁਨ ਹਰੀਆ ਸਰਗੁਨ ਧਰੀਆ ਅਨਿਕ ਕੋਠਰੀਆ ਭਿੰਨ ਭਿੰਨ ਭਿੰਨ ਭਿਨ ਕਰੀਆ ॥

ਹੇ ਭਾਈ! ਨਿਰਲੇਪ ਪ੍ਰਭੂ ਨੇ ਤ੍ਰਿਗੁਣੀ ਸੰਸਾਰ ਬਣਾਇਆ, ਇਸ ਵਿਚ ਇਹ ਅਨੇਕਾਂ (ਸਰੀਰ-) ਕੋਠੜੀਆਂ ਉਸ ਨੇ ਵੱਖ ਵੱਖ (ਕਿਸਮ ਦੀਆਂ) ਬਣਾ ਦਿੱਤੀਆਂ।

ਵਿਚਿ ਮਨ ਕੋਟਵਰੀਆ ॥

(ਹਰੇਕ ਸਰੀਰ-ਕੋਠੜੀ) ਵਿਚ ਮਨ ਨੂੰ ਕੋਤਵਾਲ ਬਣਾ ਦਿੱਤਾ।

ਨਿਜ ਮੰਦਰਿ ਪਿਰੀਆ ॥

ਪਿਆਰਾ ਪ੍ਰਭੂ (ਹਰੇਕ ਸਰੀਰ-ਕੋਠੜੀ ਵਿਚ) ਆਪਣੇ ਮੰਦਰ ਵਿਚ ਰਹਿੰਦਾ ਹੈ,

ਤਹਾ ਆਨਦ ਕਰੀਆ ॥

ਅਤੇ ਉੱਥੇ ਆਨੰਦ ਮਾਣਦਾ ਹੈ।

ਨਹ ਮਰੀਆ ਨਹ ਜਰੀਆ ॥੧॥

ਉਸ ਪ੍ਰਭੂ ਨੂੰ ਨਾਹ ਮੌਤ ਆਉਂਦੀ ਹੈ, ਨਾਹ ਬੁਢਾਪਾ ਉਸ ਦੇ ਨੇੜੇ ਢੁੱਕਦਾ ਹੈ ॥੧॥

ਕਿਰਤਨਿ ਜੁਰੀਆ ਬਹੁ ਬਿਧਿ ਫਿਰੀਆ ਪਰ ਕਉ ਹਿਰੀਆ ॥

ਹੇ ਭਾਈ! ਜੀਵ ਪ੍ਰਭੂ ਦੀ ਰਚੀ ਰਚਨਾ ਵਿਚ ਹੀ ਜੁੜਿਆ ਰਹਿੰਦਾ ਹੈ, ਕਈ ਤਰੀਕਿਆਂ ਨਾਲ ਭਟਕਦਾ ਫਿਰਦਾ ਹੈ, ਪਰਾਏ (ਧਨ ਨੂੰ, ਰੂਪ ਨੂੰ) ਤੱਕਦਾ ਫਿਰਦਾ ਹੈ,

ਬਿਖਨਾ ਘਿਰੀਆ ॥

ਵਿਸ਼ੇ-ਵਿਕਾਰਾਂ ਵਿਚ ਘਿਰਿਆ ਰਹਿੰਦਾ ਹੈ।

ਅਬ ਸਾਧੂ ਸੰਗਿ ਪਰੀਆ ॥

ਇਸ ਮਨੁੱਖਾ ਜਨਮ ਵਿਚ ਜਦੋਂ ਜੀਵ ਗੁਰੂ ਦੀ ਸੰਗਤਿ ਵਿਚ ਅੱਪੜਦਾ ਹੈ,

ਹਰਿ ਦੁਆਰੈ ਖਰੀਆ ॥

ਤਾਂ ਪ੍ਰਭੂ ਦੇ ਦਰ ਤੇ ਆ ਖਲੋਂਦਾ ਹੈ,

ਦਰਸਨੁ ਕਰੀਆ ॥

(ਪ੍ਰਭੂ ਦਾ) ਦਰਸਨ ਕਰਦਾ ਹੈ।

ਨਾਨਕ ਗੁਰ ਮਿਰੀਆ ॥

ਹੇ ਨਾਨਕ! (ਜੇਹੜਾ ਭੀ ਮਨੁੱਖ) ਗੁਰੂ ਨੂੰ ਮਿਲਦਾ ਹੈ,

ਬਹੁਰਿ ਨ ਫਿਰੀਆ ॥੨॥੧॥੪੪॥

ਉਹ ਮੁੜ ਜਨਮ-ਮਰਣ ਦੇ ਗੇੜ ਵਿਚ ਨਹੀਂ ਭਟਕਦਾ ॥੨॥੧॥੪੪॥


ਸੂਹੀ ਮਹਲਾ ੫ ॥
ਰਾਸਿ ਮੰਡਲੁ ਕੀਨੋ ਆਖਾਰਾ ॥

ਹੇ ਭਾਈ! ਇਹ ਸਾਰਾ ਜਗਤ-ਖਿਲਾਰਾ ਪਰਮਾਤਮਾ ਨੇ ਆਪ ਬਣਾ ਰੱਖਿਆ ਹੈ।

ਸਗਲੋ ਸਾਜਿ ਰਖਿਓ ਪਾਸਾਰਾ ॥੧॥ ਰਹਾਉ ॥

ਇਹ (ਮਾਨੋ) ਉਸ ਨੇ (ਰਾਸਾਂ ਪਾਣ ਲਈ) ਅਖਾੜਾ ਤਿਆਰ ਕੀਤਾ ਹੈ, ਰਾਸਾਂ ਵਾਸਤੇ ਮੰਡੂਆ ਬਣਾ ਦਿੱਤਾ ਹੈ ॥੧॥ ਰਹਾਉ ॥

ਬਹੁ ਬਿਧਿ ਰੂਪ ਰੰਗ ਆਪਾਰਾ ॥

ਹੇ ਭਾਈ! (ਇਸ ਜਗਤ-ਅਖਾੜੇ ਵਿਚ) ਕਈ ਕਿਸਮਾਂ ਦੇ ਬੇਅੰਤ ਰੂਪ ਹਨ ਰੰਗ ਹਨ।

ਪੇਖੈ ਖੁਸੀ ਭੋਗ ਨਹੀ ਹਾਰਾ ॥

(ਪਰਮਾਤਮਾ ਆਪ ਇਸ ਨੂੰ) ਖ਼ੁਸ਼ੀ ਨਾਲ ਵੇਖਦਾ ਹੈ, (ਪਦਾਰਥਾਂ ਦੇ) ਭੋਗ (ਭੋਗਦਾ ਹੈ, ਪਰ ਭੋਗਦਾ) ਥੱਕਦਾ ਨਹੀਂ।

ਸਭਿ ਰਸ ਲੈਤ ਬਸਤ ਨਿਰਾਰਾ ॥੧॥

ਸਾਰੇ ਰਸ ਮਾਣਦਾ ਹੋਇਆ ਭੀ ਉਹ ਪ੍ਰਭੂ ਆਪ ਨਿਰਲੇਪ ਹੀ ਰਹਿੰਦਾ ਹੈ ॥੧॥

ਬਰਨੁ ਚਿਹਨੁ ਨਾਹੀ ਮੁਖੁ ਨ ਮਾਸਾਰਾ ॥

ਹੇ ਪ੍ਰਭੂ! ਤੇਰਾ ਨਾਹ ਕੋਈ ਰੰਗ ਹੈ, ਨਾਹ ਕੋਈ ਨਿਸ਼ਾਨ ਹੈ, ਨਾਹ ਤੇਰਾ ਕੋਈ ਮੂੰਹ ਹੈ, ਨਾਹ ਕੋਈ ਦਾੜ੍ਹੀ ਹੈ।

ਕਹਨੁ ਨ ਜਾਈ ਖੇਲੁ ਤੁਹਾਰਾ ॥

ਤੇਰਾ ਰਚਿਆ ਜਗਤ-ਖੇਲ ਬਿਆਨ ਨਹੀਂ ਕੀਤਾ ਜਾ ਸਕਦਾ।

ਨਾਨਕ ਰੇਣ ਸੰਤ ਚਰਨਾਰਾ ॥੨॥੨॥੪੫॥

ਹੇ ਨਾਨਕ! (ਆਖ-ਹੇ ਪ੍ਰਭੂ! ਮੈਂ ਤੇਰੇ ਦਰ ਤੋਂ ਤੇਰੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ॥੨॥੨॥੪੫॥


ਸੂਹੀ ਮਹਲਾ ੫ ॥
ਤਉ ਮੈ ਆਇਆ ਸਰਨੀ ਆਇਆ ॥

ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ,

ਭਰੋਸੈ ਆਇਆ ਕਿਰਪਾ ਆਇਆ ॥

ਇਸ ਭਰੋਸੇ ਨਾਲ ਆਇਆ ਹਾਂ ਕਿ ਤੂੰ ਕਿਰਪਾ ਕਰੇਂਗਾ।

ਜਿਉ ਭਾਵੈ ਤਿਉ ਰਾਖਹੁ ਸੁਆਮੀ ਮਾਰਗੁ ਗੁਰਹਿ ਪਠਾਇਆ ॥੧॥ ਰਹਾਉ ॥

ਸੋ, ਹੇ ਮਾਲਕ ਪ੍ਰਭੂ! ਜਿਵੇਂ ਤੈਨੂੰ ਚੰਗੇ ਲੱਗੇ, ਮੇਰੀ ਰੱਖਿਆ ਕਰ। (ਮੈਨੂੰ ਤੇਰੇ ਦਰ ਤੇ) ਗੁਰੂ ਨੇ ਭੇਜਿਆ ਹੈ, (ਮੈਨੂੰ ਤੇਰੇ ਦਰ ਦਾ) ਰਸਤਾ ਗੁਰੂ ਨੇ (ਵਿਖਾਇਆ ਹੈ) ॥੧॥ ਰਹਾਉ ॥

ਮਹਾ ਦੁਤਰੁ ਮਾਇਆ ॥

ਹੇ ਪ੍ਰਭੂ! (ਤੇਰੀ ਰਚੀ) ਮਾਇਆ (ਇਕ ਵੱਡਾ ਸਮੁੰਦਰ ਹੈ ਜਿਸ ਤੋਂ) ਪਾਰ ਲੰਘਣਾ ਬਹੁਤ ਔਖਾ ਹੈ।

ਜੈਸੇ ਪਵਨੁ ਝੁਲਾਇਆ ॥੧॥

ਜਿਵੇਂ (ਤੇਜ਼) ਹਵਾ ਧੱਕੇ ਮਾਰਦੀ ਹੈ, ਤਿਵੇਂ ਮਾਇਆ (ਦੀਆਂ ਲਹਿਰਾਂ ਧੱਕੇ ਮਾਰਦੀਆਂ ਹਨ) ॥੧॥

ਸੁਨਿ ਸੁਨਿ ਹੀ ਡਰਾਇਆ ॥

ਹੇ ਪ੍ਰਭੂ! ਮੈਂ ਤਾਂ ਇਹ ਸੁਣ ਸੁਣ ਕੇ ਹੀ ਡਰ ਰਿਹਾ ਹਾਂ,

ਕਰਰੋ ਧ੍ਰਮਰਾਇਆ ॥੨॥

ਕਿ ਧਰਮਰਾਜ ਬੜਾ ਕਰੜਾ (ਹਾਕਮ) ਹੈ ॥੨॥

ਗ੍ਰਿਹ ਅੰਧ ਕੂਪਾਇਆ ॥

ਹੇ ਪ੍ਰਭੂ! ਇਹ ਸੰਸਾਰ ਇਕ ਅੰਨ੍ਹਾ ਖੂਹ ਹੈ,

ਪਾਵਕੁ ਸਗਰਾਇਆ ॥੩॥

ਇਸ ਵਿਚ ਸਾਰੀ (ਤ੍ਰਿਸ਼ਨਾ ਦੀ) ਅੱਗ ਹੀ ਅੱਗ ਹੈ ॥੩॥

ਗਹੀ ਓਟ ਸਾਧਾਇਆ ॥

(ਹੇ ਪ੍ਰਭੂ! ਜਦੋਂ ਤੋਂ) ਮੈਂ ਗੁਰੂ ਦਾ ਆਸਰਾ ਲਿਆ ਹੈ,

ਨਾਨਕ ਹਰਿ ਧਿਆਇਆ ॥

ਹੇ ਨਾਨਕ (ਆਖ-) ਮੈਂ ਪਰਮਾਤਮਾ ਦਾ ਨਾਮ ਸਿਮਰ ਰਿਹਾ ਹਾਂ,

ਅਬ ਮੈ ਪੂਰਾ ਪਾਇਆ ॥੪॥੩॥੪੬॥

ਤੇ, ਮੈਨੂੰ ਪੂਰਨ ਪ੍ਰਭੂ ਲੱਭ ਪਿਆ ਹੈ ॥੪॥੩॥੪੬॥


ਰਾਗੁ ਸੂਹੀ ਮਹਲਾ ੫ ਘਰੁ ੬ ॥

ਰਾਗ ਸੂਹੀ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਤਿਗੁਰ ਪਾਸਿ ਬੇਨੰਤੀਆ ਮਿਲੈ ਨਾਮੁ ਆਧਾਰਾ ॥

ਹੇ ਭਾਈ! ਮੈਂ ਤਾਂ ਗੁਰੂ ਦੇ ਪਾਸ ਹੀ (ਸਦਾ) ਅਰਜ਼ੋਈ ਕਰਦਾ ਹਾਂ ਕਿ ਮੈਨੂੰ ਪਰਮਾਤਮਾ ਦਾ ਨਾਮ ਮਿਲ ਜਾਏ, (ਇਹ ਨਾਮ ਹੀ ਮੇਰੀ ਜ਼ਿੰਦਗੀ ਦਾ) ਸਹਾਰਾ (ਹੈ)।

ਤੁਠਾ ਸਚਾ ਪਾਤਿਸਾਹੁ ਤਾਪੁ ਗਇਆ ਸੰਸਾਰਾ ॥੧॥

ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਾਤਿਸ਼ਾਹ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ (ਉਸ ਨੂੰ ਉਸ ਦਾ ਨਾਮ ਮਿਲਦਾ ਹੈ, ਤੇ) ਉਸ ਦਾ ਮਾਇਆ ਦੇ ਮੋਹ ਵਾਲਾ ਤਾਪ ਦੂਰ ਹੋ ਜਾਂਦਾ ਹੈ ॥੧॥

ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸਚਾ ਸਿਰਜਨਹਾਰਾ ॥੧॥ ਰਹਾਉ ॥

ਹੇ ਸਦਾ ਕਾਇਮ ਰਹਿਣ ਵਾਲੇ ਸਿਰਜਣਹਾਰ! ਤੂੰ (ਤੇਰਾ ਨਾਮ) ਤੇਰੇ ਭਗਤਾਂ ਦਾ ਸਹਾਰਾ ਹੈ, ਤੇਰਾ ਨਾਮ ਤੇਰੇ ਸੰਤਾਂ ਦਾ ਆਸਰਾ ਹੈ ॥੧॥ ਰਹਾਉ ॥

ਸਚੁ ਤੇਰੀ ਸਾਮਗਰੀ ਸਚੁ ਤੇਰਾ ਦਰਬਾਰਾ ॥

ਹੇ ਪ੍ਰਭੂ! ਤੇਰਾ ਦਰਬਾਰ ਸਦਾ ਕਾਇਮ ਰਹਿਣ ਵਾਲਾ ਹੈ, ਤੇਰੇ ਖ਼ਜ਼ਾਨੇ ਸਦਾ ਭਰਪੂਰ ਰਹਿਣ ਵਾਲੇ ਹਨ,

ਸਚੁ ਤੇਰੇ ਖਾਜੀਨਿਆ ਸਚੁ ਤੇਰਾ ਪਾਸਾਰਾ ॥੨॥

(ਤੇਰੇ ਖ਼ਜ਼ਾਨਿਆਂ ਵਿਚ) ਤੇਰੇ ਪਦਾਰਥ ਸਦਾ-ਥਿਰ ਰਹਿਣ ਵਾਲੇ ਹਨ, ਤੇਰਾ ਰਚਿਆ ਜਗਤ-ਖਿਲਾਰਾ ਅਟੱਲ ਨਿਯਮਾਂ ਵਾਲਾ ਹੈ ॥੨॥

ਤੇਰਾ ਰੂਪੁ ਅਗੰਮੁ ਹੈ ਅਨੂਪੁ ਤੇਰਾ ਦਰਸਾਰਾ ॥

ਹੇ ਪ੍ਰਭੂ! ਤੇਰੀ ਹਸਤੀ ਐਸੀ ਹੈ ਜਿਸ ਤਕ (ਅਸਾਂ ਜੀਵਾਂ ਦੀ) ਪਹੁੰਚ ਨਹੀਂ ਹੋ ਸਕਦੀ, ਤੇਰਾ ਦਰਸਨ ਅਦੁੱਤੀ ਹੈ (ਤੇਰੇ ਵਰਗਾ ਹੋਰ ਕੋਈ ਨਹੀਂ)।

ਹਉ ਕੁਰਬਾਣੀ ਤੇਰਿਆ ਸੇਵਕਾ ਜਿਨ੍ਰ ਹਰਿ ਨਾਮੁ ਪਿਆਰਾ ॥੩॥

ਹੇ ਪ੍ਰਭੂ! ਮੈਂ ਤੇਰੇ ਉਹਨਾਂ ਸੇਵਕਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੂੰ ਤੇਰਾ ਨਾਮ ਪਿਆਰਾ ਲੱਗਦਾ ਹੈ ॥੩॥

ਸਭੇ ਇਛਾ ਪੂਰੀਆ ਜਾ ਪਾਇਆ ਅਗਮ ਅਪਾਰਾ ॥

ਹੇ ਅਪਹੁੰਚ ਪ੍ਰਭੂ! ਹੇ ਬੇਅੰਤ ਪ੍ਰਭੂ! ਜਦੋਂ (ਕਿਸੇ ਵਡ-ਭਾਗੀ ਨੂੰ) ਤੂੰ ਮਿਲ ਪੈਂਦਾ ਹੈਂ, ਉਸ ਦੀਆਂ ਸਾਰੀਆਂ ਮਨੋ-ਕਾਮਨਾ ਪੂਰੀਆਂ ਹੋ ਜਾਂਦੀਆਂ ਹਨ (ਉਸ ਨੂੰ ਕੋਈ ਥੁੜ ਨਹੀਂ ਰਹਿ ਜਾਂਦੀ, ਉਸ ਦੀ ਤ੍ਰਿਸਨਾ ਮੁੱਕ ਜਾਂਦੀ ਹੈ)।

ਗੁਰੁ ਨਾਨਕੁ ਮਿਲਿਆ ਪਾਰਬ੍ਰਹਮੁ ਤੇਰਿਆ ਚਰਣਾ ਕਉ ਬਲਿਹਾਰਾ ॥੪॥੧॥੪੭॥

ਹੇ ਪ੍ਰਭੂ! ਮੈਂ ਤੇਰੇ ਚਰਨਾਂ ਤੋਂ ਸਦਕੇ ਜਾਂਦਾ ਹਾਂ। ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨਾਨਕ ਮਿਲ ਪਿਆ, ਉਸ ਨੂੰ ਪਰਮਾਤਮਾ ਮਿਲ ਪਿਆ ॥੪॥੧॥੪੭॥


ਰਾਗੁ ਸੂਹੀ ਮਹਲਾ ੫ ਘਰੁ ੭ ॥

ਰਾਗ ਸੂਹੀ, ਘਰ ੭ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਤੇਰਾ ਭਾਣਾ ਤੂਹੈ ਮਨਾਇਹਿ ਜਿਸ ਨੋ ਹੋਹਿ ਦਇਆਲਾ ॥

ਹੇ ਪ੍ਰਭੂ! ਜਿਸ ਮਨੁੱਖ ਉੱਤੇ ਤੂੰ ਦਇਆਵਾਨ ਹੁੰਦਾ ਹੈਂ ਤੂੰ ਆਪ ਹੀ ਉਸ ਨੂੰ ਆਪਣੀ ਰਜ਼ਾ ਵਿਚ ਤੋਰਦਾ ਹੈਂ।

ਸਾਈ ਭਗਤਿ ਜੋ ਤੁਧੁ ਭਾਵੈ ਤੂੰ ਸਰਬ ਜੀਆ ਪ੍ਰਤਿਪਾਲਾ ॥੧॥

ਅਸਲ ਭਗਤੀ ਉਹੀ ਹੈ ਜੋ ਤੈਨੂੰ ਪਸੰਦ ਆ ਜਾਂਦੀ ਹੈ। ਹੇ ਪ੍ਰਭੂ! ਤੂੰ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਹੈਂ ॥੧॥

ਮੇਰੇ ਰਾਮ ਰਾਇ ਸੰਤਾ ਟੇਕ ਤੁਮ੍ਰਾਰੀ ॥

ਹੇ ਮੇਰੇ ਪ੍ਰਭੂ ਪਾਤਿਸ਼ਾਹ! ਤੇਰੇ ਸੰਤਾਂ ਨੂੰ (ਸਦਾ) ਤੇਰਾ ਹੀ ਆਸਰਾ ਰਹਿੰਦਾ ਹੈ।

ਜੋ ਤੁਧੁ ਭਾਵੈ ਸੋ ਪਰਵਾਣੁ ਮਨਿ ਤਨਿ ਤੂਹੈ ਅਧਾਰੀ ॥੧॥ ਰਹਾਉ ॥

ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਉਹੀ (ਤੇਰੇ ਸੰਤਾਂ ਨੂੰ) ਪਰਵਾਨ ਹੁੰਦਾ ਹੈ। ਉਹਨਾਂ ਦੇ ਮਨ ਵਿਚ, ਉਹਨਾਂ ਦੇ ਤਨ ਵਿਚ, ਤੂੰ ਹੀ ਆਸਰਾ ਹੈਂ ॥੧॥ ਰਹਾਉ ॥

ਤੂੰ ਦਇਆਲੁ ਕ੍ਰਿਪਾਲੁ ਕ੍ਰਿਪਾ ਨਿਧਿ ਮਨਸਾ ਪੂਰਣਹਾਰਾ ॥

(ਹੇ ਪ੍ਰਭੂ)! ਤੂੰ ਦਇਆ ਦਾ ਘਰ ਹੈਂ, ਤੂੰ ਕਿਰਪਾ ਦਾ ਖ਼ਜ਼ਾਨਾ ਹੈਂ, ਤੂੰ (ਆਪਣੇ ਭਗਤਾਂ ਦੀ) ਮਨੋ-ਕਾਮਨਾ ਪੂਰੀ ਕਰਨ ਵਾਲਾ ਹੈਂ।

ਭਗਤ ਤੇਰੇ ਸਭਿ ਪ੍ਰਾਣਪਤਿ ਪ੍ਰੀਤਮ ਤੂੰ ਭਗਤਨ ਕਾ ਪਿਆਰਾ ॥੨॥

ਹੇ ਜਿੰਦ ਦੇ ਮਾਲਕ! ਹੇ ਪ੍ਰੀਤਮ ਪ੍ਰਭੂ! ਤੇਰੇ ਸਾਰੇ ਭਗਤ (ਤੈਨੂੰ ਪਿਆਰੇ ਲੱਗਦੇ ਹਨ), ਤੂੰ ਭਗਤਾਂ ਨੂੰ ਪਿਆਰਾ ਲੱਗਦਾ ਹੈਂ ॥੨॥

ਤੂ ਅਥਾਹੁ ਅਪਾਰੁ ਅਤਿ ਊਚਾ ਕੋਈ ਅਵਰੁ ਨ ਤੇਰੀ ਭਾਤੇ ॥

ਹੇ ਪ੍ਰਭੂ! (ਤੇਰੇ ਦਿਲ ਦੀ) ਡੂੰਘਾਈ ਨਹੀਂ ਲੱਭ ਸਕਦੀ, ਤੇਰੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਤੂੰ ਬਹੁਤ ਹੀ ਉੱਚਾ ਹੈਂ, ਕੋਈ ਹੋਰ ਤੇਰੇ ਵਰਗਾ ਨਹੀਂ ਹੈ।

ਇਹ ਅਰਦਾਸਿ ਹਮਾਰੀ ਸੁਆਮੀ ਵਿਸਰੁ ਨਾਹੀ ਸੁਖਦਾਤੇ ॥੩॥

ਹੇ ਮਾਲਕ! ਹੇ ਸੁਖਾਂ ਦੇ ਦੇਣ ਵਾਲੇ! ਅਸਾਂ ਜੀਵਾਂ ਦੀ (ਤੇਰੇ ਅੱਗੇ) ਇਹੀ ਅਰਜ਼ੋਈ ਹੈ, ਕਿ ਸਾਨੂੰ ਤੂੰ ਕਦੇ ਭੀ ਨਾਹ ਭੁੱਲ ॥੩॥

ਦਿਨੁ ਰੈਣਿ ਸਾਸਿ ਸਾਸਿ ਗੁਣ ਗਾਵਾ ਜੇ ਸੁਆਮੀ ਤੁਧੁ ਭਾਵਾ ॥

ਹੇ ਸੁਆਮੀ! ਜੇ ਮੈਂ ਤੈਨੂੰ ਚੰਗਾ ਲੱਗਾਂ (ਜੇ ਤੇਰੀ ਮੇਰੇ ਉਤੇ ਮੇਹਰ ਹੋਵੇ) ਮੈਂ ਦਿਨ ਰਾਤ ਹਰੇਕ ਸਾਹ ਦੇ ਨਾਲ ਤੇਰੇ ਗੁਣ ਗਾਂਦਾ ਰਹਾਂ।

ਨਾਮੁ ਤੇਰਾ ਸੁਖੁ ਨਾਨਕੁ ਮਾਗੈ ਸਾਹਿਬ ਤੁਠੈ ਪਾਵਾ ॥੪॥੧॥੪੮॥

(ਤੇਰਾ ਦਾਸ) ਨਾਨਕ (ਤੈਥੋਂ) ਤੇਰਾ ਨਾਮ ਮੰਗਦਾ ਹੈ (ਇਹੀ ਨਾਨਕ ਵਾਸਤੇ) ਸੁਖ (ਹੈ)। ਹੇ ਮੇਰੇ ਸਾਹਿਬ! ਜੇ ਤੂੰ ਦਇਆਵਾਨ ਹੋਵੇਂ, ਤਾਂ ਮੈਨੂੰ ਇਹ ਦਾਤ ਮਿਲ ਜਾਏ ॥੪॥੧॥੪੮॥


ਸੂਹੀ ਮਹਲਾ ੫ ॥
ਵਿਸਰਹਿ ਨਾਹੀ ਜਿਤੁ ਤੂ ਕਬਹੂ ਸੋ ਥਾਨੁ ਤੇਰਾ ਕੇਹਾ ॥

ਹੇ ਮੇਰੇ ਰਾਮ! ਤੇਰਾ ਉਹ (ਸਾਧ ਸੰਗਤਿ) ਥਾਂ ਬੜਾ ਹੀ ਅਸਚਰਜ ਹੈ, ਜਿਸ ਵਿਚ ਬੈਠਿਆਂ ਤੂੰ ਕਦੇ ਭੀ ਨਾਹ ਭੁੱਲੇਂ,

ਆਠ ਪਹਰ ਜਿਤੁ ਤੁਧੁ ਧਿਆਈ ਨਿਰਮਲ ਹੋਵੈ ਦੇਹਾ ॥੧॥

ਜਿਸ ਵਿਚ ਬੈਠ ਕੇ ਮੈਂ ਤੈਨੂੰ ਅੱਠੇ ਪਹਰ ਯਾਦ ਕਰ ਸਕਾਂ, ਤੇ, ਮੇਰਾ ਸਰੀਰ ਪਵਿਤ੍ਰ ਹੋ ਜਾਏ ॥੧॥

ਮੇਰੇ ਰਾਮ ਹਉ ਸੋ ਥਾਨੁ ਭਾਲਣ ਆਇਆ ॥

ਹੇ ਮੇਰੇ ਰਾਮ! ਮੈਂ ਉਹ ਥਾਂ ਲੱਭਣ ਤੁਰ ਪਿਆ (ਜਿੱਥੇ ਮੈਂ ਤੇਰਾ ਦਰਸਨ ਕਰ ਸਕਾਂ)।

ਖੋਜਤ ਖੋਜਤ ਭਇਆ ਸਾਧਸੰਗੁ ਤਿਨ੍ਰ ਸਰਣਾਈ ਪਾਇਆ ॥੧॥ ਰਹਾਉ ॥

ਲੱਭਦਿਆਂ ਲੱਭਦਿਆਂ ਮੈਨੂੰ ਗੁਰਮੁਖਾਂ ਦਾ ਸਾਥ ਮਿਲ ਗਿਆ, ਉਹਨਾਂ (ਗੁਰਮੁਖਾਂ) ਦੀ ਸਰਨ ਪੈ ਕੇ ਮੈਂ (ਤੈਨੂੰ ਭੀ) ਲੱਭ ਲਿਆ ॥੧॥ ਰਹਾਉ ॥

ਬੇਦ ਪੜੇ ਪੜਿ ਬ੍ਰਹਮੇ ਹਾਰੇ ਇਕੁ ਤਿਲੁ ਨਹੀ ਕੀਮਤਿ ਪਾਈ ॥

ਹੇ ਮੇਰੇ ਰਾਮ! ਬ੍ਰਹਮਾ ਵਰਗੇ ਅਨੇਕਾਂ ਵੇਦ (ਆਦਿਕ ਧਰਮ-ਪੁਸਤਕਾਂ) ਪੜ੍ਹ ਪੜ੍ਹ ਕੇ ਥੱਕ ਗਏ, ਪਰ ਉਹ ਤੇਰੀ ਰਤਾ ਭੀ ਕਦਰ ਨਾਹ ਸਮਝ ਸਕੇ।

ਸਾਧਿਕ ਸਿਧ ਫਿਰਹਿ ਬਿਲਲਾਤੇ ਤੇ ਭੀ ਮੋਹੇ ਮਾਈ ॥੨॥

ਸਾਧਨਾਂ ਕਰਨ ਵਾਲੇ ਜੋਗੀ, ਕਰਾਮਾਤੀ ਜੋਗੀ (ਤੇਰੇ ਦਰਸਨ ਨੂੰ) ਵਿਲਕਦੇ ਫਿਰਦੇ ਹਨ, ਪਰ ਉਹ ਭੀ ਮਾਇਆ ਦੇ ਮੋਹ ਵਿਚ ਹੀ ਫਸੇ ਰਹੇ ॥੨॥

ਦਸ ਅਉਤਾਰ ਰਾਜੇ ਹੋਇ ਵਰਤੇ ਮਹਾਦੇਵ ਅਉਧੂਤਾ ॥

ਹੇ ਮੇਰੇ ਰਾਮ! (ਵਿਸ਼ਨੂ ਦੇ) ਦਸ ਅਵਤਾਰ (ਆਪੋ ਆਪਣੇ ਜੁਗ ਵਿਚ) ਸਤਕਾਰ ਪ੍ਰਾਪਤ ਕਰਦੇ ਰਹੇ। ਸ਼ਿਵ ਜੀ ਬੜਾ ਤਿਆਗੀ ਪ੍ਰਸਿੱਧ ਹੋਇਆ।

ਤਿਨ੍ਰ ਭੀ ਅੰਤੁ ਨ ਪਾਇਓ ਤੇਰਾ ਲਾਇ ਥਕੇ ਬਿਭੂਤਾ ॥੩॥

ਪਰ ਉਹ ਭੀ ਤੇਰੇ ਗੁਣਾਂ ਦਾ ਅੰਤ ਨਾਹ ਪਾ ਸਕੇ। (ਸ਼ਿਵ ਆਦਿਕ ਅਨੇਕਾਂ ਆਪਣੇ ਸਰੀਰ ਉਤੇ) ਸੁਆਹ ਮਲ ਮਲ ਕੇ ਥੱਕ ਗਏ ॥੩॥

ਸਹਜ ਸੂਖ ਆਨੰਦ ਨਾਮ ਰਸ ਹਰਿ ਸੰਤੀ ਮੰਗਲੁ ਗਾਇਆ ॥

ਜਿਨ੍ਹਾਂ ਸੰਤ ਜਨਾਂ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਸਦਾ ਗਾਂਵਿਆ, ਉਹਨਾਂ ਨੇ ਆਤਮਕ ਅਡੋਲਤਾ ਦੇ ਸੁਖ ਆਨੰਦ ਮਾਣੇ, ਉਹਨਾਂ ਨਾਮ ਦਾ ਰਸ ਚੱਖਿਆ।

ਸਫਲ ਦਰਸਨੁ ਭੇਟਿਓ ਗੁਰ ਨਾਨਕ ਤਾ ਮਨਿ ਤਨਿ ਹਰਿ ਹਰਿ ਧਿਆਇਆ ॥੪॥੨॥੪੯॥

ਹੇ ਨਾਨਕ! (ਆਖ-) ਜਦੋਂ ਉਹਨਾਂ ਨੂੰ ਉਹ ਗੁਰੂ ਮਿਲ ਪਿਆ, ਜਿਸ ਦਾ ਦਰਸਨ ਹੀ ਜੀਵਨ-ਮਨੋਰਥ ਪੂਰਾ ਕਰ ਦੇਂਦਾ ਹੈ, ਤਦੋਂ ਉਹਨਾਂ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਧਿਆਨ ਸ਼ੁਰੂ ਕਰ ਦਿੱਤਾ ॥੪॥੨॥੪੯॥


ਸੂਹੀ ਮਹਲਾ ੫ ॥
ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥

ਹੇ ਭਾਈ! (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ) ਧਾਰਮਿਕ ਕੰਮ ਵਿਖਾਵੇ ਦੇ ਕੰਮ ਹਨ, ਇਹ ਕੰਮ ਜਿਤਨੇ ਭੀ ਲੋਕ ਕਰਦੇ ਦਿੱਸਦੇ ਹਨ, ਉਹਨਾਂ ਨੂੰ ਮਸੂਲੀਆ ਜਮ ਲੁੱਟ ਲੈਂਦਾ ਹੈ।

ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ ॥੧॥

(ਇਸ ਵਾਸਤੇ) ਵਾਸਨਾ-ਰਹਿਤ ਹੋ ਕੇ ਕਰਤਾਰ ਦੀ ਸਿਫ਼ਤਿ-ਸਾਲਾਹ ਕਰਿਆ ਕਰੋ, ਕਿਉਂਕਿ ਇਸ ਦੀ ਬਰਕਤਿ ਨਾਲ ਛਿਨ-ਭਰ ਨਾਮ ਸਿਮਰਿਆਂ ਹੀ ਮਨੁੱਖ ਵਿਕਾਰਾਂ ਤੋਂ ਖ਼ਲਾਸੀ ਪਾ ਲੈਂਦਾ ਹੈ ॥੧॥

ਸੰਤਹੁ ਸਾਗਰੁ ਪਾਰਿ ਉਤਰੀਐ ॥

ਹੇ ਸੰਤ ਜਨੋ! (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ।

ਜੇ ਕੋ ਬਚਨੁ ਕਮਾਵੈ ਸੰਤਨ ਕਾ ਸੋ ਗੁਰਪਰਸਾਦੀ ਤਰੀਐ ॥੧॥ ਰਹਾਉ ॥

ਜੇ ਕੋਈ ਮਨੁੱਖ ਸੰਤ ਜਨਾਂ ਦੇ ਉਪਦੇਸ਼ ਨੂੰ (ਜੀਵਨ ਵਿਚ) ਕਮਾ ਲਏ, ਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਪਾਰ ਲੰਘ ਜਾਂਦਾ ਹੈ ॥੧॥ ਰਹਾਉ ॥

ਕੋਟਿ ਤੀਰਥ ਮਜਨ ਇਸਨਾਨਾ ਇਸੁ ਕਲਿ ਮਹਿ ਮੈਲੁ ਭਰੀਜੈ ॥

ਹੇ ਭਾਈ! ਕ੍ਰੋੜਾਂ ਤੀਰਥਾਂ ਦੇ ਇਸ਼ਨਾਨ (ਕਰਦਿਆਂ ਤਾਂ) ਜਗਤ ਵਿਚ (ਵਿਕਾਰਾਂ ਦੀ) ਮੈਲ ਨਾਲ ਲਿਬੜ ਜਾਈਦਾ ਹੈ।

ਸਾਧਸੰਗਿ ਜੋ ਹਰਿ ਗੁਣ ਗਾਵੈ ਸੋ ਨਿਰਮਲੁ ਕਰਿ ਲੀਜੈ ॥੨॥

ਪਰ ਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ (ਟਿਕ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਉਹ ਪਵਿਤ੍ਰ ਜੀਵਨ ਵਾਲਾ ਬਣ ਜਾਂਦਾ ਹੈ ॥੨॥

ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ ਸਿਮਿ੍ਤਿ ਪੜਿਆ ਮੁਕਤਿ ਨ ਹੋਈ ॥

ਹੇ ਭਾਈ! ਵੇਦ ਪੁਰਾਣ ਸਿੰਮ੍ਰਤੀਆਂ ਇਹ ਸਾਰੇ (ਹਿੰਦੂ ਧਰਮ ਦੇ ਪੁਸਤਕ) (ਕੁਰਾਨ ਅੰਜੀਲ ਆਦਿਕ) ਇਹ ਸਾਰੇ (ਸ਼ਾਮੀ ਮਤਾਂ ਦੇ ਪੁਸਤਕ) ਨਿਰੇ ਪੜ੍ਹਨ ਨਾਲ ਵਿਕਾਰਾਂ ਤੋਂ ਖ਼ਲਾਸੀ ਨਹੀਂ ਮਿਲਦੀ।

ਏਕੁ ਅਖਰੁ ਜੋ ਗੁਰਮੁਖਿ ਜਾਪੈ ਤਿਸ ਕੀ ਨਿਰਮਲ ਸੋਈ ॥੩॥

ਪਰ ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਇਕ ਅਬਿਨਾਸੀ ਪ੍ਰਭੂ ਦਾ ਨਾਮ ਜਪਦਾ ਹੈ, ਉਸ ਦੀ (ਲੋਕ ਪਰਲੋਕ ਵਿਚ) ਪਵਿਤ੍ਰ ਸੋਭਾ ਬਣ ਜਾਂਦੀ ਹੈ ॥੩॥

ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ ॥

ਹੇ ਭਾਈ! (ਪਰਮਾਤਮਾ ਦਾ ਨਾਮ ਸਿਮਰਨ ਦਾ) ਉਪਦੇਸ਼ ਖੱਤ੍ਰੀ ਬ੍ਰਾਹਮਣ ਵੈਸ਼ ਸ਼ੂਦਰ ਚੌਹਾਂ ਵਰਨਾਂ ਦੇ ਲੋਕਾਂ ਵਾਸਤੇ ਇਕੋ ਜਿਹਾ ਹੈ।

ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ ॥੪॥੩॥੫੦॥

(ਕਿਸੇ ਭੀ ਵਰਨ ਦਾ ਹੋਵੇ) ਜੇਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਪ੍ਰਭੂ ਦਾ ਨਾਮ ਜਪਦਾ ਹੈ ਉਹ ਜਗਤ ਵਿਚ ਵਿਕਾਰਾਂ ਤੋਂ ਬਚ ਨਿਕਲਦਾ ਹੈ। ਹੇ ਨਾਨਕ! ਉਸ ਮਨੁੱਖ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਵੱਸਦਾ ਦਿੱਸਦਾ ਹੈ ॥੪॥੩॥੫੦॥


ਸੂਹੀ ਮਹਲਾ ੫ ॥
ਜੋ ਕਿਛੁ ਕਰੈ ਸੋਈ ਪ੍ਰਭ ਮਾਨਹਿ ਓਇ ਰਾਮ ਨਾਮ ਰੰਗਿ ਰਾਤੇ ॥

ਹੇ ਭਾਈ! ਉਹ ਸੰਤ ਜਨ ਪਰਮਾਤਮਾ ਦੇ ਨਾਮ ਦੇ ਰੰਗ ਵਿਚ ਰੰਗੇ ਰਹਿੰਦੇ ਹਨ। ਜੋ ਕੁਝ ਪਰਮਾਤਮਾ ਕਰਦਾ ਹੈ, ਉਸ ਨੂੰ ਉਹ ਪਰਮਾਤਮਾ ਦਾ ਕੀਤਾ ਹੀ ਮੰਨਦੇ ਹਨ।

ਤਿਨ੍ਰ ਕੀ ਸੋਭਾ ਸਭਨੀ ਥਾਈ ਜਿਨ੍ਰ ਪ੍ਰਭ ਕੇ ਚਰਣ ਪਰਾਤੇ ॥੧॥

ਹੇ ਭਾਈ! ਜਿਨ੍ਹਾਂ ਪਰਮਾਤਮਾ ਦੇ ਚਰਨਾਂ ਨਾਲ ਸਾਂਝ ਪਾ ਲਈ, ਉਹਨਾਂ ਦੀ ਵਡਿਆਈ ਸਭ ਥਾਵਾਂ ਵਿਚ (ਖਿੱਲਰ ਜਾਂਦੀ ਹੈ) ॥੧॥

ਮੇਰੇ ਰਾਮ ਹਰਿ ਸੰਤਾ ਜੇਵਡੁ ਨ ਕੋਈ ॥

ਹੇ ਮੇਰੇ ਪ੍ਰਭੂ! ਤੇਰੇ ਸੰਤਾਂ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ।

ਭਗਤਾ ਬਣਿ ਆਈ ਪ੍ਰਭ ਅਪਨੇ ਸਿਉ ਜਲਿ ਥਲਿ ਮਹੀਅਲਿ ਸੋਈ ॥੧॥ ਰਹਾਉ ॥

ਹੇ ਭਾਈ! ਸੰਤ ਜਨਾਂ ਦੀ ਪਰਮਾਤਮਾ ਨਾਲ ਡੂੰਘੀ ਪ੍ਰੀਤ ਬਣੀ ਰਹਿੰਦੀ ਹੈ, ਉਹਨਾਂ ਨੂੰ ਪਰਮਾਤਮਾ ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਹਰ ਥਾਂ ਵੱਸਦਾ ਦਿੱਸਦਾ ਹੈ ॥੧॥ ਰਹਾਉ ॥

ਕੋਟਿ ਅਪ੍ਰਾਧੀ ਸੰਤਸੰਗਿ ਉਧਰੈ ਜਮੁ ਤਾ ਕੈ ਨੇੜਿ ਨ ਆਵੈ ॥

ਹੇ ਭਾਈ! ਕ੍ਰੋੜਾਂ ਅਪਰਾਧ ਕਰਨ ਵਾਲਾ ਮਨੁੱਖ ਭੀ ਸੰਤ ਦੀ ਸੰਗਤਿ ਵਿਚ (ਟਿਕ ਕੇ) ਵਿਕਾਰਾਂ ਤੋਂ ਬਚ ਜਾਂਦਾ ਹੈ, (ਫਿਰ) ਜਮ ਉਸ ਦੇ ਨੇੜੇ ਨਹੀਂ ਆਉਂਦਾ।

ਜਨਮ ਜਨਮ ਕਾ ਬਿਛੁੜਿਆ ਹੋਵੈ ਤਿਨ੍ਰ ਹਰਿ ਸਿਉ ਆਣਿ ਮਿਲਾਵੈ ॥੨॥

ਜੇ ਕੋਈ ਮਨੁੱਖ ਅਨੇਕਾਂ ਜਨਮਾਂ ਤੋਂ ਪਰਮਾਤਮਾ ਨਾਲੋਂ ਵਿਛੁੜਿਆ ਹੋਵੇ-ਸੰਤ ਅਜੇਹੇ ਅਨੇਕਾਂ ਮਨੁੱਖਾਂ ਨੂੰ ਲਿਆ ਕੇ ਪਰਮਾਤਮਾ ਨਾਲ ਮਿਲਾ ਦੇਂਦਾ ਹੈ ॥੨॥

ਮਾਇਆ ਮੋਹ ਭਰਮੁ ਭਉ ਕਾਟੈ ਸੰਤ ਸਰਣਿ ਜੋ ਆਵੈ ॥

ਹੇ ਭਾਈ! ਜੇਹੜਾ ਭੀ ਮਨੁੱਖ ਸੰਤ ਦੀ ਸਰਨ ਆ ਪੈਂਦਾ ਹੈ, ਸੰਤ ਉਸ ਦੇ ਅੰਦਰੋਂ ਮਾਇਆ ਦਾ ਮੋਹ, ਭਟਕਣਾ, ਡਰ ਦੂਰ ਕਰ ਦੇਂਦਾ ਹੈ।

ਜੇਹਾ ਮਨੋਰਥੁ ਕਰਿ ਆਰਾਧੇ ਸੋ ਸੰਤਨ ਤੇ ਪਾਵੈ ॥੩॥

ਮਨੁੱਖ ਜਿਹੋ ਜਿਹੀ ਵਾਸਨਾ ਧਾਰ ਕੇ ਪ੍ਰਭੂ ਦਾ ਸਿਮਰਨ ਕਰਦਾ ਹੈ ਉਹ ਉਹੀ ਫ਼ਲ ਸੰਤ ਜਨਾਂ ਤੋਂ ਪ੍ਰਾਪਤ ਕਰ ਲੈਂਦਾ ਹੈ ॥੩॥

ਜਨ ਕੀ ਮਹਿਮਾ ਕੇਤਕ ਬਰਨਉ ਜੋ ਪ੍ਰਭ ਅਪਨੇ ਭਾਣੇ ॥

ਹੇ ਭਾਈ! ਜੇਹੜੇ ਸੇਵਕ ਆਪਣੇ ਪ੍ਰਭੂ ਨੂੰ ਪਿਆਰੇ ਲੱਗ ਚੁਕੇ ਹਨ, ਮੈਂ ਉਹਨਾਂ ਦੀ ਕਿਤਨੀ ਕੁ ਵਡਿਆਈ ਬਿਆਨ ਕਰਾਂ?

ਕਹੁ ਨਾਨਕ ਜਿਨ ਸਤਿਗੁਰੁ ਭੇਟਿਆ ਸੇ ਸਭ ਤੇ ਭਏ ਨਿਕਾਣੇ ॥੪॥੪॥੫੧॥

ਨਾਨਕ ਆਖਦਾ ਹੈ- ਜਿਨ੍ਹਾਂ ਮਨੁੱਖਾਂ ਨੂੰ ਗੁਰੂ ਮਿਲ ਪਿਆ, ਉਹ ਸਾਰੀ ਲੁਕਾਈ ਤੋਂ ਬੇ-ਮੁਥਾਜ ਹੋ ਗਏ ॥੪॥੪॥੫੧॥


ਸੂਹੀ ਮਹਲਾ ੫ ॥
ਮਹਾ ਅਗਨਿ ਤੇ ਤੁਧੁ ਹਾਥ ਦੇ ਰਾਖੇ ਪਏ ਤੇਰੀ ਸਰਣਾਈ ॥

ਹੇ ਪ੍ਰਭੂ! ਜੇਹੜੇ ਮਨੁੱਖ ਤੇਰੀ ਸਰਨ ਆ ਪਏ, ਤੂੰ ਉਹਨਾਂ ਨੂੰ ਆਪਣੇ ਹੱਥ ਦੇ ਕੇ (ਤ੍ਰਿਸ਼ਨਾ ਦੀ) ਵੱਡੀ ਅੱਗ ਤੋਂ ਬਚਾ ਲਿਆ।

ਤੇਰਾ ਮਾਣੁ ਤਾਣੁ ਰਿਦ ਅੰਤਰਿ ਹੋਰ ਦੂਜੀ ਆਸ ਚੁਕਾਈ ॥੧॥

ਉਹਨਾਂ ਨੇ ਕਿਸੇ ਹੋਰ ਦੀ ਮਦਦ ਦੀ ਆਸ ਆਪਣੇ ਦਿਲੋਂ ਮੁਕਾ ਦਿੱਤੀ, ਉਹਨਾਂ ਦੇ ਹਿਰਦੇ ਵਿਚ ਤੇਰਾ ਹੀ ਮਾਣ ਤੇਰਾ ਹੀ ਸਹਾਰਾ ਬਣਿਆ ਰਹਿੰਦਾ ਹੈ ॥੧॥

ਮੇਰੇ ਰਾਮ ਰਾਇ ਤੁਧੁ ਚਿਤਿ ਆਇਐ ਉਬਰੇ ॥

ਹੇ ਮੇਰੇ ਪ੍ਰਭੂ-ਪਾਤਿਸ਼ਾਹ! ਜੇ ਤੂੰ (ਜੀਵਾਂ ਦੇ) ਚਿੱਤ ਵਿਚ ਆ ਵੱਸੇਂ, ਤਾਂ ਉਹ (ਸੰਸਾਰ-ਸਮੁੰਦਰ ਵਿਚ) ਡੁੱਬਣੋਂ ਬਚ ਜਾਂਦੇ ਹਨ।

ਤੇਰੀ ਟੇਕ ਭਰਵਾਸਾ ਤੁਮ੍ਰਰਾ ਜਪਿ ਨਾਮੁ ਤੁਮ੍ਰਾਰਾ ਉਧਰੇ ॥੧॥ ਰਹਾਉ ॥

ਉਹ ਮਨੁੱਖ ਤੇਰਾ ਨਾਮ ਜਪ ਕੇ ਵਿਕਾਰਾਂ ਤੋਂ ਖ਼ਲਾਸੀ ਪਾ ਲੈਂਦੇ ਹਨ, ਉਹਨਾਂ ਨੂੰ (ਹਰ ਗੱਲੇ) ਤੇਰਾ ਹੀ ਆਸਰਾ ਤੇਰੀ ਸਹਾਇਤਾ ਦਾ ਭਰੋਸਾ ਬਣਿਆ ਰਹਿੰਦਾ ਹੈ ॥੧॥ ਰਹਾਉ ॥

ਅੰਧ ਕੂਪ ਤੇ ਕਾਢਿ ਲੀਏ ਤੁਮ੍ਰ ਆਪਿ ਭਏ ਕਿਰਪਾਲਾ ॥

ਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਉਤੇ ਤੂੰ ਆਪ ਦਇਆਵਾਨ ਹੋ ਗਿਆ, ਤੂੰ ਉਹਨਾਂ ਨੂੰ (ਮਾਇਆ ਦੇ ਮੋਹ ਦੇ) ਹਨੇਰੇ ਖੂਹ ਵਿਚੋਂ ਕੱਢ ਲਿਆ।

ਸਾਰਿ ਸਮ੍ਰਾਲਿ ਸਰਬ ਸੁਖ ਦੀਏ ਆਪਿ ਕਰੇ ਪ੍ਰਤਿਪਾਲਾ ॥੨॥

ਤੂੰ ਉਹਨਾਂ ਦੀ ਸਾਰ ਲੈ ਕੇ, ਉਹਨਾਂ ਦੀ ਸੰਭਾਲ ਕਰ ਕੇ ਉਹਨਾਂ ਨੂੰ ਸਾਰੇ ਸੁਖ ਬਖ਼ਸ਼ੇ। ਹੇ ਭਾਈ! ਪ੍ਰਭੂ ਆਪ ਉਹਨਾਂ ਦੀ ਪਾਲਣਾ ਕਰਦਾ ਹੈ ॥੨॥

ਆਪਣੀ ਨਦਰਿ ਕਰੇ ਪਰਮੇਸਰੁ ਬੰਧਨ ਕਾਟਿ ਛਡਾਏ ॥

ਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਪਰਮਾਤਮਾ ਆਪਣੀ ਮੇਹਰ ਦੀ ਨਿਗਾਹ ਕਰਦਾ ਹੈ, ਉਹਨਾਂ ਦੇ (ਮੋਹ ਦੇ) ਬੰਧਨ ਕੱਟ ਕੇ ਉਹਨਾਂ ਨੂੰ ਵਿਕਾਰਾਂ ਤੋਂ ਛਡਾ ਲੈਂਦਾ ਹੈ।

ਆਪਣੀ ਭਗਤਿ ਪ੍ਰਭਿ ਆਪਿ ਕਰਾਈ ਆਪੇ ਸੇਵਾ ਲਾਏ ॥੩॥

ਉਹਨਾਂ ਨੂੰ ਆਪ ਹੀ ਆਪਣੀ ਸੇਵਾ-ਭਗਤੀ ਵਿਚ ਜੋੜ ਲੈਂਦਾ ਹੈ। ਹੇ ਭਾਈ! ਪ੍ਰਭੂ ਨੇ ਉਹਨਾਂ ਪਾਸੋਂ ਆਪਣੀ ਭਗਤੀ ਆਪ ਹੀ ਕਰਾ ਲਈ ॥੩॥

ਭਰਮੁ ਗਇਆ ਭੈ ਮੋਹ ਬਿਨਾਸੇ ਮਿਟਿਆ ਸਗਲ ਵਿਸੂਰਾ ॥

(ਉਹਨਾਂ ਦੇ ਅੰਦਰੋਂ) ਭਟਕਣਾ ਦੂਰ ਹੋ ਗਈ, ਉਹਨਾਂ ਦੇ ਅੰਦਰੋਂ ਮੋਹ ਅਤੇ ਹੋਰ ਸਾਰੇ ਡਰ ਨਾਸ ਹੋ ਗਏ, ਉਹਨਾਂ ਦਾ ਸਾਰਾ ਚਿੰਤਾ-ਝੋਰਾ ਮੁੱਕ ਗਿਆ,

ਨਾਨਕ ਦਇਆ ਕਰੀ ਸੁਖਦਾਤੈ ਭੇਟਿਆ ਸਤਿਗੁਰੁ ਪੂਰਾ ॥੪॥੫॥੫੨॥

ਹੇ ਨਾਨਕ! ਸੁਖ ਦੇਣ ਵਾਲੇ ਪ੍ਰਭੂ ਨੇ ਜਿਨ੍ਹਾਂ ਉਤੇ ਦਇਆ ਕੀਤੀ ਉਹਨਾਂ ਨੂੰ ਪੂਰਾ ਗੁਰੂ ਮਿਲ ਪਿਆ ॥੪॥੫॥੫੨॥


ਸੂਹੀ ਮਹਲਾ ੫ ॥

ਜਬ ਕਛੁ ਨ ਸੀਓ ਤਬ ਕਿਆ ਕਰਤਾ ਕਵਨ ਕਰਮ ਕਰਿ ਆਇਆ ॥
ਹੇ ਭਾਈ! ਜਦੋਂ ਅਜੇ ਸੰਸਾਰ ਹੀ ਨਹੀਂ ਸੀ (ਇਹ ਜੀਵ ਭੀ ਨਹੀਂ ਸੀ, ਤਦੋਂ) ਇਹ ਜੀਵ ਕੀਹ ਕਰਦਾ ਸੀ? ਤੇ, ਕੇਹੜੇ ਕਰਮ ਕਰ ਕੇ ਇਹ ਹੋਂਦ ਵਿਚ ਆਇਆ ਹੈ?

ਅਪਨਾ ਖੇਲੁ ਆਪਿ ਕਰਿ ਦੇਖੈ ਠਾਕੁਰਿ ਰਚਨੁ ਰਚਾਇਆ ॥੧॥

(ਅਸਲ ਗੱਲ ਇਹ ਕਿ) ਪਰਮਾਤਮਾ ਨੇ ਆਪ ਹੀ ਜਗਤ-ਰਚਨਾ ਰਚੀ ਹੈ, ਉਹ ਆਪ ਹੀ ਆਪਣਾ ਇਹ ਜਗਤ-ਤਮਾਸ਼ਾ ਰਚ ਕੇ ਆਪ ਹੀ ਇਸ ਤਮਾਸ਼ੇ ਨੂੰ ਵੇਖ ਰਿਹਾ ਹੈ ॥੧॥

ਮੇਰੇ ਰਾਮ ਰਾਇ ਮੁਝ ਤੇ ਕਛੂ ਨ ਹੋਈ ॥

ਹੇ ਮੇਰੇ ਪ੍ਰਭੂ-ਪਾਤਿਸ਼ਾਹ! (ਤੇਰੀ ਪ੍ਰੇਰਨਾ ਸਹਾਇਤਾ ਤੋਂ ਬਿਨਾ) ਮੈਥੋਂ ਕੋਈ ਕੰਮ ਨਹੀਂ ਹੋ ਸਕਦਾ।

ਆਪੇ ਕਰਤਾ ਆਪਿ ਕਰਾਏ ਸਰਬ ਨਿਰੰਤਰਿ ਸੋਈ ॥੧॥ ਰਹਾਉ ॥

ਹੇ ਭਾਈ! ਉਹ ਪਰਮਾਤਮਾ ਹੀ ਸਾਰੇ ਜੀਵਾਂ ਵਿਚ ਇਕ-ਰਸ ਵਿਆਪਕ ਹੈ, ਉਹ ਆਪ ਹੀ (ਜੀਵਾਂ ਵਿਚ ਬੈਠ ਕੇ) ਸਭ ਕੁਝ ਕਰਦਾ ਹੈ, ਉਹ ਆਪ ਹੀ (ਜੀਵਾਂ ਪਾਸੋਂ ਸਭ ਕੁਝ) ਕਰਾਂਦਾ ਹੈ ॥੧॥ ਰਹਾਉ ॥

ਗਣਤੀ ਗਣੀ ਨ ਛੂਟੈ ਕਤਹੂ ਕਾਚੀ ਦੇਹ ਇਆਣੀ ॥

ਹੇ ਪ੍ਰਭੂ! ਇਹ ਜੀਵ ਅੰਞਾਣ ਅਕਲ ਵਾਲਾ ਤੇ ਨਾਸਵੰਤ ਸਰੀਰ ਵਾਲਾ ਹੈ। ਜੇ ਇਸ ਦੇ ਕੀਤੇ ਕਰਮਾਂ ਦਾ ਲੇਖਾ ਗਿਣਿਆ ਗਿਆ, ਤਾਂ ਇਹ ਕਿਸੇ ਭੀ ਤਰ੍ਹਾਂ ਸੁਰਖ਼ਰੂ ਨਹੀਂ ਹੋ ਸਕਦਾ।

ਕ੍ਰਿਪਾ ਕਰਹੁ ਪ੍ਰਭ ਕਰਣੈਹਾਰੇ ਤੇਰੀ ਬਖਸ ਨਿਰਾਲੀ ॥੨॥

ਹੇ ਸਭ ਕੁਝ ਕਰਨ ਦੇ ਸਮਰਥ ਪ੍ਰਭੂ! ਤੂੰ ਆਪ ਹੀ ਮੇਹਰ ਕਰ (ਤੇ ਬਖ਼ਸ਼)। ਤੇਰੀ ਬਖ਼ਸ਼ਸ਼ ਵੱਖਰੀ ਹੀ ਕਿਸਮ ਦੀ ਹੈ ॥੨॥

ਜੀਅ ਜੰਤ ਸਭ ਤੇਰੇ ਕੀਤੇ ਘਟਿ ਘਟਿ ਤੁਹੀ ਧਿਆਈਐ ॥

ਹੇ ਪ੍ਰਭੂ! (ਜਗਤ ਦੇ) ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਹਰੇਕ ਸਰੀਰ ਵਿਚ ਤੇਰਾ ਹੀ ਧਿਆਨ ਧਰਿਆ ਜਾ ਰਿਹਾ ਹੈ।

ਤੇਰੀ ਗਤਿ ਮਿਤਿ ਤੂਹੈ ਜਾਣਹਿ ਕੁਦਰਤਿ ਕੀਮ ਨ ਪਾਈਐ ॥੩॥

ਤੂੰ ਕਿਹੋ ਜਿਹਾ ਹੈਂ, ਤੂੰ ਕੇਡਾ ਵੱਡਾ ਹੈਂ-ਇਹ ਭੇਤ ਤੂੰ ਆਪ ਹੀ ਜਾਣਦਾ ਹੈਂ। ਤੇਰੀ ਕੁਦਰਤਿ ਦਾ ਮੁੱਲ ਨਹੀਂ ਪੈ ਸਕਦਾ ॥੩॥

ਨਿਰਗੁਣੁ ਮੁਗਧੁ ਅਜਾਣੁ ਅਗਿਆਨੀ ਕਰਮ ਧਰਮ ਨਹੀ ਜਾਣਾ ॥

ਹੇ ਪ੍ਰਭੂ! ਮੈਂ ਗੁਣ-ਹੀਨ ਹਾਂ, ਮੈਂ ਮੂਰਖ ਹਾਂ, ਮੈਂ ਬੇ-ਸਮਝ ਹਾਂ, ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ, ਮੈਂ ਕੋਈ ਧਾਰਮਿਕ ਕੰਮ ਕਰਨੇ ਭੀ ਨਹੀਂ ਜਾਣਦਾ (ਜਿਨ੍ਹਾਂ ਨਾਲ ਤੈਨੂੰ ਖ਼ੁਸ਼ ਕਰ ਸਕਾਂ)।

ਦਇਆ ਕਰਹੁ ਨਾਨਕੁ ਗੁਣ ਗਾਵੈ ਮਿਠਾ ਲਗੈ ਤੇਰਾ ਭਾਣਾ ॥੪॥੬॥੫੩॥

ਹੇ ਪ੍ਰਭੂ! ਮੇਹਰ ਕਰ, (ਤੇਰਾ ਦਾਸ) ਨਾਨਕ ਤੇਰੇ ਗੁਣ ਗਾਂਦਾ ਰਹੇ, ਅਤੇ (ਨਾਨਕ ਨੂੰ) ਤੇਰੀ ਰਜ਼ਾ ਮਿੱਠੀ ਲੱਗਦੀ ਰਹੇ ॥੪॥੬॥੫੩॥


ਸੂਹੀ ਮਹਲਾ ੫ ॥
ਭਾਗਠੜੇ ਹਰਿ ਸੰਤ ਤੁਮ੍ਰਾਰੇ ਜਿਨ੍ਰ ਘਰਿ ਧਨੁ ਹਰਿ ਨਾਮਾ ॥

ਹੇ ਹਰੀ! ਤੇਰੇ ਸੰਤ ਜਨ ਬੜੇ ਭਾਗਾਂ ਵਾਲੇ ਹਨ ਕਿਉਂਕਿ ਉਹਨਾਂ ਦੇ ਹਿਰਦੇ-ਘਰ ਵਿਚ ਤੇਰਾ ਨਾਮ-ਧਨ ਵੱਸਦਾ ਹੈ।

ਪਰਵਾਣੁ ਗਣੀ ਸੇਈ ਇਹ ਆਏ ਸਫਲ ਤਿਨਾ ਕੇ ਕਾਮਾ ॥੧॥

ਮੈਂ ਸਮਝਦਾ ਹਾਂ ਕਿ ਉਹਨਾਂ ਦਾ ਹੀ ਜਗਤ ਵਿਚ ਆਉਣਾ ਤੇਰੀਆਂ ਨਜ਼ਰਾਂ ਵਿਚ ਕਬੂਲ ਹੈ, ਉਹਨਾਂ ਸੰਤ ਜਨਾਂ ਦਾ ਸਾਰੇ (ਸੰਸਾਰਕ) ਕੰਮ (ਭੀ) ਸਿਰੇ ਚੜ੍ਹ ਜਾਂਦੇ ਹਨ ॥੧॥

ਮੇਰੇ ਰਾਮ ਹਰਿ ਜਨ ਕੈ ਹਉ ਬਲਿ ਜਾਈ ॥

ਹੇ ਮੇਰੇ ਰਾਮ! (ਜੇ ਤੇਰੀ ਮੇਹਰ ਹੋਵੇ, ਤਾਂ) ਮੈਂ ਤੇਰੇ ਸੇਵਕਾਂ ਤੋਂ ਸਦਕੇ ਜਾਵਾਂ (ਆਪਣਾ ਸਭ ਕੁਝ ਵਾਰ ਦਿਆਂ)।

ਕੇਸਾ ਕਾ ਕਰਿ ਚਵਰੁ ਢੁਲਾਵਾ ਚਰਣ ਧੂੜਿ ਮੁਖਿ ਲਾਈ ॥੧॥ ਰਹਾਉ ॥

ਮੈਂ ਆਪਣੇ ਕੇਸਾਂ ਦਾ ਚੌਰ ਬਣਾ ਕੇ ਉਹਨਾਂ ਉਤੇ ਝੁਲਾਵਾਂ, ਮੈਂ ਉਹਨਾਂ ਦੇ ਚਰਨਾਂ ਦੀ ਧੂੜ ਲੈ ਕੇ ਆਪਣੇ ਮੱਥੇ ਉਤੇ ਲਾਵਾਂ ॥੧॥ ਰਹਾਉ ॥

ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ॥

ਹੇ ਭਾਈ! ਸੰਤ ਜਨ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦੇ, ਉਹ ਤਾਂ ਜਗਤ ਵਿਚ ਦੂਜਿਆਂ ਦੀ ਭਲਾਈ ਕਰਨ ਵਾਸਤੇ ਆਉਂਦੇ ਹਨ।

ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ ॥੨॥

ਸੰਤ ਜਨ (ਹੋਰਨਾਂ ਨੂੰ) ਆਤਮਕ ਜੀਵਨ ਦੀ ਦਾਤ ਦੇ ਕੇ ਪਰਮਾਤਮਾ ਦੀ ਭਗਤੀ ਵਿਚ ਜੋੜਦੇ ਹਨ, ਅਤੇ ਉਹਨਾਂ ਨੂੰ ਪਰਮਾਤਮਾ ਨਾਲ ਮਿਲਾ ਦੇਂਦੇ ਹਨ ॥੨॥

ਸਚਾ ਅਮਰੁ ਸਚੀ ਪਾਤਿਸਾਹੀ ਸਚੇ ਸੇਤੀ ਰਾਤੇ ॥

ਹੇ ਭਾਈ! ਸੰਤ ਜਨ ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦਾ ਹੁਕਮ ਸਦਾ ਕਾਇਮ ਰਹਿੰਦਾ ਹੈ, ਉਹਨਾਂ ਦੀ ਪਾਤਿਸ਼ਾਹੀ ਭੀ ਅਟੱਲ ਰਹਿੰਦੀ ਹੈ।

ਸਚਾ ਸੁਖੁ ਸਚੀ ਵਡਿਆਈ ਜਿਸ ਕੇ ਸੇ ਤਿਨਿ ਜਾਤੇ ॥੩॥

ਉਹਨਾਂ ਨੂੰ ਸਦਾ ਕਾਇਮ ਰਹਿਣ ਵਾਲਾ ਆਨੰਦ ਪ੍ਰਾਪਤ ਰਹਿੰਦਾ ਹੈ, ਉਹਨਾਂ ਦੀ ਸੋਭਾ ਸਦਾ ਲਈ ਟਿਕੀ ਰਹਿੰਦੀ ਹੈ। ਜਿਸ ਪਰਮਾਤਮਾ ਦੇ ਉਹ ਸੇਵਕ ਬਣੇ ਰਹਿੰਦੇ ਹਨ, ਉਹ ਪਰਮਾਤਮਾ ਹੀ ਉਹਨਾਂ ਦੀ ਕਦਰ ਜਾਣਦਾ ਹੈ ॥੩॥

ਪਖਾ ਫੇਰੀ ਪਾਣੀ ਢੋਵਾ ਹਰਿ ਜਨ ਕੈ ਪੀਸਣੁ ਪੀਸਿ ਕਮਾਵਾ ॥

ਮੈਂ ਉਹਨਾਂ ਨੂੰ ਪੱਖਾ ਝੱਲਦਾ ਰਹਾਂ, ਉਹਨਾਂ ਵਾਸਤੇ ਪਾਣੀ ਢੋਂਦਾ ਰਹਾਂ ਤੇ ਉਹਨਾਂ ਦੇ ਦਰ ਤੇ ਚੱਕੀ ਪੀਹ ਕੇ ਸੇਵਾ ਕਰਦਾ ਰਹਾਂ।

ਨਾਨਕ ਕੀ ਪ੍ਰਭ ਪਾਸਿ ਬੇਨੰਤੀ ਤੇਰੇ ਜਨ ਦੇਖਣੁ ਪਾਵਾ ॥੪॥੭॥੫੪॥

ਹੇ ਭਾਈ! ਨਾਨਕ ਦੀ ਪਰਮਾਤਮਾ ਅੱਗੇ ਸਦਾ ਇਹੀ ਬੇਨਤੀ ਹੈ ਕਿ-ਹੇ ਪ੍ਰਭੂ! ਮੈਂ ਤੇਰੇ ਸੰਤ ਜਨਾਂ ਦਾ ਦਰਸਨ ਕਰਦਾ ਰਹਾਂ ॥੪॥੭॥੫੪॥


ਸੂਹੀ ਮਹਲਾ ੫ ॥
ਪਾਰਬ੍ਰਹਮ ਪਰਮੇਸਰ ਸਤਿਗੁਰ ਆਪੇ ਕਰਣੈਹਾਰਾ ॥

ਹੇ ਪਰਮਾਤਮਾ! ਹੇ ਪਰਮੇਸਰ! ਹੇ ਸਤਿਗੁਰ! ਤੂੰ ਆਪ ਹੀ ਸਭ ਕੁਝ ਕਰਨ ਦੇ ਸਮਰਥ ਹੈਂ।

ਚਰਣ ਧੂੜਿ ਤੇਰੀ ਸੇਵਕੁ ਮਾਗੈ ਤੇਰੇ ਦਰਸਨ ਕਉ ਬਲਿਹਾਰਾ ॥੧॥

(ਤੇਰਾ) ਦਾਸ (ਤੇਰੇ ਪਾਸੋਂ) ਤੇਰੇ ਚਰਨਾਂ ਦੀ ਧੂੜ ਮੰਗਦਾ ਹੈ, ਤੇਰੇ ਦਰਸਨ ਤੋਂ ਸਦਕੇ ਜਾਂਦਾ ਹੈ ॥੧॥

ਮੇਰੇ ਰਾਮ ਰਾਇ ਜਿਉ ਰਾਖਹਿ ਤਿਉ ਰਹੀਐ ॥

ਹੇ ਮੇਰੇ ਪ੍ਰਭੂ-ਪਾਤਿਸ਼ਾਹ! ਤੂੰ ਜਿਵੇਂ (ਅਸਾਂ ਜੀਵਾਂ ਨੂੰ) ਰੱਖਦਾ ਹੈਂ, ਤਿਵੇਂ ਹੀ ਰਿਹਾ ਜਾ ਸਕਦਾ ਹੈ।

ਤੁਧੁ ਭਾਵੈ ਤਾ ਨਾਮੁ ਜਪਾਵਹਿ ਸੁਖੁ ਤੇਰਾ ਦਿਤਾ ਲਹੀਐ ॥੧॥ ਰਹਾਉ ॥

ਜੇ ਤੈਨੂੰ ਚੰਗਾ ਲੱਗੇ ਤਾਂ ਤੂੰ (ਅਸਾਂ ਜੀਵਾਂ ਪਾਸੋਂ ਆਪਣਾ) ਨਾਮ ਜਪਾਂਦਾ ਹੈਂ, ਤੇਰਾ ਹੀ ਬਖ਼ਸ਼ਿਆ ਹੋਇਆ ਸੁਖ ਅਸੀਂ ਲੈ ਸਕਦੇ ਹਾਂ ॥੧॥ ਰਹਾਉ ॥

ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ ਜਿਸੁ ਤੂੰ ਆਪਿ ਕਰਾਇਹਿ ॥

ਹੇ ਪ੍ਰਭੂ! ਤੇਰੀ ਸੇਵਾ-ਭਗਤੀ ਵਿਚ ਹੀ (ਵਿਕਾਰਾਂ ਤੋਂ) ਖ਼ਲਾਸੀ ਹੈ, ਸੰਸਾਰ ਦੇ ਸੁਖ ਹਨ, ਸੁਚੱਜੀ ਜੀਵਨ-ਜਾਚ ਹੈ (ਪਰ ਤੇਰੀ ਭਗਤੀ ਉਹੀ ਕਰਦਾ ਹੈ) ਜਿਸ ਪਾਸੋਂ ਤੂੰ ਆਪ ਕਰਾਂਦਾ ਹੈਂ।

ਤਹਾ ਬੈਕੁੰਠੁ ਜਹ ਕੀਰਤਨੁ ਤੇਰਾ ਤੂੰ ਆਪੇ ਸਰਧਾ ਲਾਇਹਿ ॥੨॥

ਹੇ ਪ੍ਰਭੂ! ਜਿਸ ਥਾਂ ਤੇਰੀ ਸਿਫ਼ਤਿ-ਸਾਲਾਹ ਹੋ ਰਹੀ ਹੋਵੇ, (ਮੇਰੇ ਵਾਸਤੇ) ਉਹੀ ਥਾਂ ਬੈਕੁੰਠ ਹੈ, ਤੂੰ ਆਪ ਹੀ (ਸਿਫ਼ਤਿ-ਸਾਲਾਹ ਕਰਨ ਦੀ) ਸਰਧਾ (ਸਾਡੇ ਅੰਦਰ) ਪੈਦਾ ਕਰਦਾ ਹੈਂ ॥੨॥

ਸਿਮਰਿ ਸਿਮਰਿ ਸਿਮਰਿ ਨਾਮੁ ਜੀਵਾ ਤਨੁ ਮਨੁ ਹੋਇ ਨਿਹਾਲਾ ॥

(ਹੇ ਪ੍ਰਭੂ! ਮੇਹਰ ਕਰ) ਮੈਂ ਤੇਰਾ ਨਾਮ ਜਪ ਜਪ ਕੇ ਆਤਮਕ ਜੀਵਨ ਹਾਸਲ ਕਰਦਾ ਰਹਾਂ, ਮੇਰਾ ਮਨ ਮੇਰਾ ਤਨ (ਤੇਰੇ ਨਾਮ ਦੀ ਬਰਕਤਿ ਨਾਲ) ਖਿੜਿਆ ਰਹੇ।

ਚਰਣ ਕਮਲ ਤੇਰੇ ਧੋਇ ਧੋਇ ਪੀਵਾ ਮੇਰੇ ਸਤਿਗੁਰ ਦੀਨ ਦਇਆਲਾ ॥੩॥

ਹੇ ਦੀਨਾਂ ਉਤੇ ਦਇਆ ਕਰਨ ਵਾਲੇ ਮੇਰੇ ਸਤਿਗੁਰ! ਮੈਂ ਸਦਾ ਤੇਰੇ ਸੋਹਣੇ ਚਰਨ ਧੋ ਧੋ ਕੇ ਪੀਂਦਾ ਰਹਾਂ ॥੩॥

ਕੁਰਬਾਣੁ ਜਾਈ ਉਸੁ ਵੇਲਾ ਸੁਹਾਵੀ ਜਿਤੁ ਤੁਮਰੈ ਦੁਆਰੈ ਆਇਆ ॥

(ਹੇ ਸਤਿਗੁਰੂ!) ਮੈਂ ਉਸ ਸੋਹਣੀ ਘੜੀ ਤੋਂ ਸਦਕੇ ਜਾਂਦਾ ਹਾਂ, ਜਦੋਂ ਮੈਂ ਤੇਰੇ ਦਰ ਤੇ ਆ ਡਿੱਗਾ।

ਨਾਨਕ ਕਉ ਪ੍ਰਭ ਭਏ ਕ੍ਰਿਪਾਲਾ ਸਤਿਗੁਰੁ ਪੂਰਾ ਪਾਇਆ ॥੪॥੮॥੫੫॥

ਹੇ ਭਾਈ! ਜਦੋਂ (ਦਾਸ) ਨਾਨਕ ਉਤੇ ਪ੍ਰਭੂ ਜੀ ਦਇਆਵਾਨ ਹੋਏ, ਤਦੋਂ (ਨਾਨਕ ਨੂੰ) ਪੂਰਾ ਗੁਰੂ ਮਿਲ ਪਿਆ ॥੪॥੮॥੫੫॥


ਸੂਹੀ ਮਹਲਾ ੫ ॥
ਤੁਧੁ ਚਿਤਿ ਆਏ ਮਹਾ ਅਨੰਦਾ ਜਿਸੁ ਵਿਸਰਹਿ ਸੋ ਮਰਿ ਜਾਏ ॥

ਹੇ ਪ੍ਰ੍ਰਭੂ! ਜੇ ਤੂੰ ਚਿੱਤ ਵਿਚ ਆ ਵੱਸੇਂ, ਤਾਂ ਬੜਾ ਸੁਖ ਮਿਲਦਾ ਹੈ। ਜਿਸ ਮਨੁੱਖ ਨੂੰ ਤੂੰ ਵਿਸਰ ਜਾਂਦਾ ਹੈਂ, ਉਹ ਮਨੁੱਖ ਆਤਮਕ ਮੌਤ ਸਹੇੜ ਲੈਂਦਾ ਹੈ।

ਦਇਆਲੁ ਹੋਵਹਿ ਜਿਸੁ ਊਪਰਿ ਕਰਤੇ ਸੋ ਤੁਧੁ ਸਦਾ ਧਿਆਏ ॥੧॥

ਹੇ ਕਰਤਾਰ! ਜਿਸ ਮਨੁੱਖ ਉਤੇ ਤੂੰ ਦਇਆਵਾਨ ਹੁੰਦਾ ਹੈਂ, ਉਹ ਸਦਾ ਤੈਨੂੰ ਯਾਦ ਕਰਦਾ ਰਹਿੰਦਾ ਹੈ ॥੧॥

ਮੇਰੇ ਸਾਹਿਬ ਤੂੰ ਮੈ ਮਾਣੁ ਨਿਮਾਣੀ ॥

ਹੇ ਮੇਰੇ ਮਾਲਕ-ਪ੍ਰਭੂ! ਮੇਰਾ ਨਿਮਾਣੀ ਦਾ ਤੂੰ ਹੀ ਮਾਣ ਹੈਂ।

ਅਰਦਾਸਿ ਕਰੀ ਪ੍ਰਭ ਅਪਨੇ ਆਗੈ ਸੁਣਿ ਸੁਣਿ ਜੀਵਾ ਤੇਰੀ ਬਾਣੀ ॥੧॥ ਰਹਾਉ ॥

ਹੇ ਪ੍ਰਭੂ! ਮੈਂ ਤੇਰੇ ਅੱਗੇ ਅਰਜ਼ੋਈ ਕਰਦਾ ਹਾਂ, (ਮੇਹਰ ਕਰ) ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਸੁਣ ਸੁਣ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਰਹਾਂ ॥੧॥ ਰਹਾਉ ॥

ਚਰਣ ਧੂੜਿ ਤੇਰੇ ਜਨ ਕੀ ਹੋਵਾ ਤੇਰੇ ਦਰਸਨ ਕਉ ਬਲਿ ਜਾਈ ॥

ਹੇ ਪ੍ਰਭੂ! ਮੈਂ ਤੇਰੇ ਦਰਸਨ ਤੋਂ ਸਦਕੇ ਜਾਂਦਾ ਹਾਂ, (ਮੇਹਰ ਕਰ) ਮੈਂ ਤੇਰੇ ਸੇਵਕ ਦੇ ਚਰਨਾਂ ਦੀ ਧੂੜ ਬਣਿਆ ਰਹਾਂ।

ਅੰਮ੍ਰਿਤ ਬਚਨ ਰਿਦੈ ਉਰਿ ਧਾਰੀ ਤਉ ਕਿਰਪਾ ਤੇ ਸੰਗੁ ਪਾਈ ॥੨॥

(ਤੇਰੇ ਸੇਵਕ ਦੇ) ਆਤਮਕ ਜੀਵਨ ਦੇਣ ਵਾਲੇ ਬਚਨ ਮੈਂ ਆਪਣੇ ਦਿਲ ਵਿਚ ਹਿਰਦੇ ਵਿਚ ਵਸਾਈ ਰੱਖਾਂ, ਤੇਰੀ ਕਿਰਪਾ ਨਾਲ ਮੈਂ (ਤੇਰੇ ਸੇਵਕ ਦੀ) ਸੰਗਤਿ ਪ੍ਰਾਪਤ ਕਰਾਂ ॥੨॥

ਅੰਤਰ ਕੀ ਗਤਿ ਤੁਧੁ ਪਹਿ ਸਾਰੀ ਤੁਧੁ ਜੇਵਡੁ ਅਵਰੁ ਨ ਕੋਈ ॥

ਹੇ ਭਾਈ! ਆਪਣੇ ਦਿਲ ਦੀ ਹਾਲਤ ਤੇਰੇ ਅੱਗੇ ਖੋਲ੍ਹ ਕੇ ਰੱਖ ਦਿੱਤੀ ਹੈ। ਮੈਨੂੰ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਦਿੱਸਦਾ।

ਜਿਸ ਨੋ ਲਾਇ ਲੈਹਿ ਸੋ ਲਾਗੈ ਭਗਤੁ ਤੁਹਾਰਾ ਸੋਈ ॥੩॥

ਜਿਸ ਮਨੁੱਖ ਨੂੰ ਤੂੰ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈਂ, ਉਹ (ਤੇਰੇ ਚਰਨਾਂ ਵਿਚ) ਜੁੜਿਆ ਰਹਿੰਦਾ ਹੈ। ਉਹੀ ਤੇਰਾ (ਅਸਲ) ਭਗਤ ਹੈ ॥੩॥

ਦੁਇ ਕਰ ਜੋੜਿ ਮਾਗਉ ਇਕੁ ਦਾਨਾ ਸਾਹਿਬਿ ਤੁਠੈ ਪਾਵਾ ॥

ਹੇ ਪ੍ਰਭੂ! ਮੈਂ (ਆਪਣੇ) ਦੋਵੇਂ ਹੱਥ ਜੋੜ ਕੇ (ਤੇਰੇ ਪਾਸੋਂ) ਇਕ ਦਾਨ ਮੰਗਦਾ ਹਾਂ। ਹੇ ਸਾਹਿਬ! ਤੇਰੇ ਤ੍ਰੁੱਠਣ ਨਾਲ ਹੀ ਮੈਂ (ਇਹ ਦਾਨ) ਲੈ ਸਕਦਾ ਹਾਂ।

ਸਾਸਿ ਸਾਸਿ ਨਾਨਕੁ ਆਰਾਧੇ ਆਠ ਪਹਰ ਗੁਣ ਗਾਵਾ ॥੪॥੯॥੫੬॥

(ਮੇਹਰ ਕਰ) ਨਾਨਕ ਹਰੇਕ ਸਾਹ ਦੇ ਨਾਲ ਤੇਰਾ ਅਰਾਧਨ ਕਰਦਾ ਰਹੇ, ਮੈਂ ਅੱਠੇ ਪਹਰ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਾਂ ॥੪॥੯॥੫੬॥


ਸੂਹੀ ਮਹਲਾ ੫ ॥
ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥

ਹੇ ਮੇਰੇ ਮਾਲਕ ਪ੍ਰਭੂ! ਜਿਸ ਮਨੁੱਖ ਦੇ ਸਿਰ ਉੱਤੇ ਤੂੰ (ਹੱਥ ਰੱਖੇਂ) ਉਸ ਨੂੰ ਕੋਈ ਦੁੱਖ ਨਹੀਂ ਵਿਆਪਦਾ।

ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ ॥੧॥

ਉਹ ਮਨੁੱਖ, ਜੋ ਮਾਇਆ ਦੇ ਨਸ਼ੇ ਵਿਚ ਮਸਤ ਹੋ ਕੇ ਤਾਂ ਬੋਲਣਾ ਹੀ ਨਹੀਂ ਜਾਣਦਾ, ਮੌਤ ਦਾ ਸਹਿਮ ਭੀ ਉਸ ਦੇ ਚਿੱਤ ਵਿਚ ਨਹੀਂ ਪੈਦਾ ਹੁੰਦਾ ॥੧॥

ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ ॥

ਹੇ ਮੇਰੇ ਪ੍ਰਭੂ-ਪਾਤਿਸ਼ਾਹ! ਤੂੰ (ਆਪਣੇ) ਸੰਤਾਂ ਦਾ (ਰਾਖਾ) ਹੈਂ, (ਤੇਰੇ) ਸੰਤ ਤੇਰੇ (ਆਸਰੇ ਰਹਿੰਦੇ ਹਨ)।

ਤੇਰੇ ਸੇਵਕ ਕਉ ਭਉ ਕਿਛੁ ਨਾਹੀ ਜਮੁ ਨਹੀ ਆਵੈ ਨੇਰੇ ॥੧॥ ਰਹਾਉ ॥

ਹੇ ਪ੍ਰਭੂ! ਤੇਰੇ ਸੇਵਕ ਨੂੰ ਕੋਈ ਡਰ ਪੋਹ ਨਹੀਂ ਸਕਦਾ, ਮੌਤ ਦਾ ਡਰ ਉਸ ਦੇ ਨੇੜੇ ਨਹੀਂ ਢੁਕਦਾ ॥੧॥ ਰਹਾਉ ॥

ਜੋ ਤੇਰੈ ਰੰਗਿ ਰਾਤੇ ਸੁਆਮੀ ਤਿਨ੍ਰ ਕਾ ਜਨਮ ਮਰਣ ਦੁਖੁ ਨਾਸਾ ॥

ਹੇ ਮੇਰੇ ਮਾਲਕ! ਜੇਹੜੇ ਮਨੁੱਖ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦਾ ਜੰਮਣ ਮਰਨ (ਦੇ ਗੇੜ) ਦਾ ਦੁੱਖ ਦੂਰ ਹੋ ਜਾਂਦਾ ਹੈ।

ਤੇਰੀ ਬਖਸ ਨ ਮੇਟੈ ਕੋਈ ਸਤਿਗੁਰ ਕਾ ਦਿਲਾਸਾ ॥੨॥

ਉਹਨਾਂ ਨੂੰ ਗੁਰੂ ਦਾ (ਦਿੱਤਾ ਹੋਇਆ ਇਹ) ਭਰੋਸਾ (ਚੇਤੇ ਰਹਿੰਦਾ ਹੈ ਕਿ ਉਹਨਾਂ ਉਤੇ ਹੋਈ) ਤੇਰੀ ਬਖ਼ਸ਼ਸ਼ ਨੂੰ ਕੋਈ ਮਿਟਾ ਨਹੀਂ ਸਕਦਾ ॥੨॥

ਨਾਮੁ ਧਿਆਇਨਿ ਸੁਖ ਫਲ ਪਾਇਨਿ ਆਠ ਪਹਰ ਆਰਾਧਹਿ ॥

ਹੇ ਪ੍ਰਭੂ! (ਤੇਰੇ ਸੰਤ ਤੇਰਾ) ਨਾਮ ਸਿਮਰਦੇ ਰਹਿੰਦੇ ਹਨ, ਆਤਮਕ ਆਨੰਦ ਮਾਣਦੇ ਰਹਿੰਦੇ ਹਨ, ਅੱਠੇ ਪਹਰ ਤੇਰਾ ਆਰਾਧਨ ਕਰਦੇ ਹਨ।

ਤੇਰੀ ਸਰਣਿ ਤੇਰੈ ਭਰਵਾਸੈ ਪੰਚ ਦੁਸਟ ਲੈ ਸਾਧਹਿ ॥੩॥

ਤੇਰੀ ਸਰਨ ਵਿਚ ਆ ਕੇ, ਤੇਰੇ ਆਸਰੇ ਰਹਿ ਕੇ ਉਹ (ਕਾਮਾਦਿਕ) ਪੰਜੇ ਵੈਰੀਆਂ ਨੂੰ ਫੜ ਕੇ ਵੱਸ ਵਿਚ ਕਰ ਲੈਂਦੇ ਹਨ ॥੩॥

ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ ॥

ਹੇ ਮੇਰੇ ਮਾਲਕ-ਪ੍ਰਭੂ! ਮੈਂ (ਭੀ) ਤੇਰੇ (ਬਖ਼ਸ਼ਸ਼ ਦੀ) ਕਦਰ ਨਹੀਂ ਸਾਂ ਜਾਣਦਾ, ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ ਸੀ, ਤੇਰੇ ਚਰਨਾਂ ਵਿਚ ਸੁਰਤ ਟਿਕਾਣੀ ਭੀ ਨਹੀਂ ਜਾਣਦਾ ਸਾਂ, ਕਿਸੇ ਹੋਰ ਧਾਰਮਿਕ ਕੰਮ ਦੀ ਭੀ ਮੈਨੂੰ ਸੂਝ ਨਹੀਂ ਸੀ।

ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ ॥੪॥੧੦॥੫੭॥

ਪਰ (ਤੇਰੀ ਮੇਹਰ ਨਾਲ) ਮੈਨੂੰ ਸਭ ਤੋਂ ਵੱਡਾ ਗੁਰੂ ਨਾਨਕ ਮਿਲ ਪਿਆ, ਜਿਸ ਨੇ ਮੇਰੀ ਲਾਜ ਰੱਖ ਲਈ (ਤੇ ਮੈਨੂੰ ਤੇਰੇ ਚਰਨਾਂ ਵਿਚ ਜੋੜ ਦਿੱਤਾ) ॥੪॥੧੦॥੫੭॥


ਸੂਹੀ ਮਹਲਾ ੫ ॥
ਸਗਲ ਤਿਆਗਿ ਗੁਰ ਸਰਣੀ ਆਇਆ ਰਾਖਹੁ ਰਾਖਨਹਾਰੇ ॥

ਹੇ ਰੱਖਿਆ ਕਰਨ ਦੇ ਸਮਰਥ ਪ੍ਰਭੂ! ਮੇਰੀ ਰੱਖਿਆ ਕਰ। ਮੈਂ ਸਾਰੇ (ਆਸਰੇ) ਛੱਡ ਕੇ ਗੁਰੂ ਦੀ ਸਰਨ ਆ ਪਿਆ ਹਾਂ।

ਜਿਤੁ ਤੂ ਲਾਵਹਿ ਤਿਤੁ ਹਮ ਲਾਗਹ ਕਿਆ ਏਹਿ ਜੰਤ ਵਿਚਾਰੇ ॥੧॥

ਹੇ ਪ੍ਰਭੂ! ਇਹਨਾਂ ਜੀਵਾਂ ਵਿਚਾਰਿਆਂ ਦੀ ਕੀਹ ਪਾਂਇਆਂ ਹੈ? ਤੂੰ ਜਿਸ ਕੰਮ ਵਿਚ ਅਸਾਂ ਜੀਵਾਂ ਨੂੰ ਲਾ ਦੇਂਦਾ ਹੈਂ, ਅਸੀਂ ਉਸ ਕੰਮ ਵਿਚ ਲੱਗ ਪੈਂਦੇ ਹਾਂ ॥੧॥

ਮੇਰੇ ਰਾਮ ਜੀ ਤੂੰ ਪ੍ਰਭ ਅੰਤਰਜਾਮੀ ॥

ਹੇ ਮੇਰੇ ਰਾਮ ਜੀ! ਹੇ ਮੇਰੇ ਪ੍ਰਭੂ! ਤੂੰ (ਮੇਰੇ) ਦਿਲ ਦੀ ਜਾਣਨ ਵਾਲਾ ਹੈਂ।

ਕਰਿ ਕਿਰਪਾ ਗੁਰਦੇਵ ਦਇਆਲਾ ਗੁਣ ਗਾਵਾ ਨਿਤ ਸੁਆਮੀ ॥੧॥ ਰਹਾਉ ॥

ਹੇ ਦਇਆ ਦੇ ਘਰ ਗੁਰਦੇਵ! ਹੇ ਸੁਆਮੀ! ਮੇਹਰ ਕਰ, ਮੈਂ ਸਦਾ ਤੇਰੇ ਗੁਣ ਗਾਂਦਾ ਰਹਾਂ ॥੧॥ ਰਹਾਉ ॥

ਆਠ ਪਹਰ ਪ੍ਰਭੁ ਅਪਨਾ ਧਿਆਈਐ ਗੁਰਪ੍ਰਸਾਦਿ ਭਉ ਤਰੀਐ ॥

ਹੇ ਭਾਈ! ਅੱਠੇ ਪਹਰ ਆਪਣੇ ਮਾਲਕ-ਪ੍ਰਭੂ ਦਾ ਧਿਆਨ ਧਰਨਾ ਚਾਹੀਦਾ ਹੈ, (ਇਸ ਤਰ੍ਹਾਂ) ਗੁਰੂ ਦੀ ਕਿਰਪਾ ਨਾਲ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ।

ਆਪੁ ਤਿਆਗਿ ਹੋਈਐ ਸਭ ਰੇਣਾ ਜੀਵਤਿਆ ਇਉ ਮਰੀਐ ॥੨॥

ਹੇ ਭਾਈ! ਆਪਾ-ਭਾਵ ਛੱਡ ਕੇ ਗੁਰੂ ਦੇ ਚਰਨਾਂ ਦੀ ਧੂੜ ਬਣ ਜਾਣਾ ਚਾਹੀਦਾ ਹੈ, ਇਸ ਤਰ੍ਹਾਂ ਦੁਨੀਆ ਦੀ ਕਿਰਤ-ਕਾਰ ਕਰਦਿਆਂ ਹੀ ਨਿਰਮੋਹ ਹੋ ਜਾਈਦਾ ਹੈ ॥੨॥

ਸਫਲ ਜਨਮੁ ਤਿਸ ਕਾ ਜਗ ਭੀਤਰਿ ਸਾਧਸੰਗਿ ਨਾਉ ਜਾਪੇ ॥

ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਦਾ ਨਾਮ ਜਪਦਾ ਹੈ, ਜਗਤ ਵਿਚ ਉਸ ਦਾ ਜੀਵਨ ਕਾਮਯਾਬ ਹੋ ਜਾਂਦਾ ਹੈ।

ਸਗਲ ਮਨੋਰਥ ਤਿਸ ਕੇ ਪੂਰਨ ਜਿਸੁ ਦਇਆ ਕਰੇ ਪ੍ਰਭੁ ਆਪੇ ॥੩॥

ਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਆਪ ਹੀ ਕਿਰਪਾ ਕਰਦਾ ਹੈ, ਉਸ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ ॥੩॥

ਦੀਨ ਦਇਆਲ ਕ੍ਰਿਪਾਲ ਪ੍ਰਭ ਸੁਆਮੀ ਤੇਰੀ ਸਰਣਿ ਦਇਆਲਾ ॥

ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਕ੍ਰਿਪਾਲ! ਹੇ ਮਾਲਕ-ਪ੍ਰਭੂ! ਹੇ ਦਇਆ ਦੇ ਸੋਮੇ! ਮੈਂ ਤੇਰੀ ਸਰਨ ਆਇਆ ਹਾਂ!

ਕਰਿ ਕਿਰਪਾ ਅਪਨਾ ਨਾਮੁ ਦੀਜੈ ਨਾਨਕ ਸਾਧ ਰਵਾਲਾ ॥੪॥੧੧॥੫੮॥

ਹੇ ਨਾਨਕ! (ਆਖ-) ਮੇਹਰ ਕਰ, ਮੈਨੂੰ ਆਪਣਾ ਨਾਮ ਬਖ਼ਸ਼, ਗੁਰੂ ਦੇ ਚਰਨਾਂ ਦੀ ਧੂੜ ਦੇਹ ॥੪॥੧੧॥੫੮॥


ਰਾਗੁ ਸੂਹੀ ਅਸਟਪਦੀਆ ਮਹਲਾ ੧ ਘਰੁ ੧ ॥

ਰਾਗ ਸੂਹੀ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਭਿ ਅਵਗਣ ਮੈ ਗੁਣੁ ਨਹੀ ਕੋਈ ॥

ਮੇਰੇ ਅੰਦਰ ਸਾਰੇ ਔਗੁਣ ਹੀ ਹਨ, ਗੁਣ ਇੱਕ ਭੀ ਨਹੀਂ।

ਕਿਉ ਕਰਿ ਕੰਤ ਮਿਲਾਵਾ ਹੋਈ ॥੧॥

(ਇਸ ਹਾਲਤ ਵਿਚ) ਮੈਨੂੰ ਖਸਮ-ਪ੍ਰਭੂ ਦਾ ਮਿਲਾਪ ਕਿਵੇਂ ਹੋ ਸਕਦਾ ਹੈ? ॥੧॥

ਨਾ ਮੈ ਰੂਪੁ ਨ ਬੰਕੇ ਨੈਣਾ ॥

ਨਾਹ ਮੇਰੀ (ਸੋਹਣੀ) ਸ਼ਕਲ ਹੈ, ਨਾਹ ਮੇਰੀਆਂ ਸੋਹਣੀਆਂ ਅੱਖਾਂ ਹਨ,

ਨਾ ਕੁਲ ਢੰਗੁ ਨ ਮੀਠੇ ਬੈਣਾ ॥੧॥ ਰਹਾਉ ॥

ਨਾਹ ਹੀ ਚੰਗੀ ਕੁਲ ਵਾਲਿਆਂ ਵਾਲਾ ਮੇਰਾ ਚੱਜ-ਆਚਾਰ ਹੈ, ਨਾਹ ਹੀ ਮੇਰੀ ਬੋਲੀ ਮਿੱਠੀ ਹੈ (ਮੈਂ ਫਿਰ ਕਿਵੇਂ ਪਤੀ-ਪ੍ਰਭੂ ਨੂੰ ਖ਼ੁਸ਼ ਕਰ ਸਕਾਂਗੀ?) ॥੧॥ ਰਹਾਉ ॥

ਸਹਜਿ ਸੀਗਾਰ ਕਾਮਣਿ ਕਰਿ ਆਵੈ ॥

ਜੇਹੜੀ ਜੀਵ-ਇਸਤ੍ਰੀ ਅਡੋਲ ਆਤਮਕ ਅਵਸਥਾ ਵਿਚ (ਟਿਕਦੀ ਹੈ, ਤੇ ਇਹ) ਹਾਰ ਸਿੰਗਾਰ ਕਰ ਕੇ (ਪ੍ਰਭੂ-ਪਤੀ ਦੇ ਦਰ ਤੇ) ਆਉਂਦੀ ਹੈ (ਉਹ ਪਤੀ-ਪ੍ਰਭੂ ਨੂੰ ਚੰਗੀ ਲੱਗਦੀ ਹੈ, ਤੇ)

ਤਾ ਸੋਹਾਗਣਿ ਜਾ ਕੰਤੈ ਭਾਵੈ ॥੨॥

ਤਦੋਂ ਹੀ ਜੀਵ-ਇਸਤ੍ਰੀ ਭਾਗਾਂ ਵਾਲੀ ਹੈ ਜਦੋਂ ਉਹ ਕੰਤ-ਪ੍ਰਭੂ ਨੂੰ ਪਸੰਦ ਆਉਂਦੀ ਹੈ ॥੨॥

ਨਾ ਤਿਸੁ ਰੂਪੁ ਨ ਰੇਖਿਆ ਕਾਈ ॥

ਉਸ ਪਤੀ-ਪ੍ਰਭੂ ਦੀ (ਇਹਨੀਂ ਅੱਖੀਂ ਦਿੱਸਣ ਵਾਲੀ ਕੋਈ) ਸ਼ਕਲ ਨਹੀਂ ਹੈ ਉਸ ਦਾ ਕੋਈ ਚਿੰਨ੍ਹ ਭੀ ਨਹੀਂ (ਜਿਸ ਨੂੰ ਵੇਖ ਸਕੀਏ, ਤੇ ਉਸ ਦਾ ਸਿਮਰਨ ਕਰ ਸਕੀਏ।

ਅੰਤਿ ਨ ਸਾਹਿਬੁ ਸਿਮਰਿਆ ਜਾਈ ॥੩॥

ਪਰ ਜੇ ਸਾਰੀ ਉਮਰ ਉਸ ਨੂੰ ਵਿਸਾਰੀ ਹੀ ਰੱਖਿਆ, ਤਾਂ) ਅੰਤ ਸਮੇ ਉਹ ਮਾਲਕ ਸਿਮਰਿਆ ਨਹੀਂ ਜਾ ਸਕਦਾ ॥੩॥

ਸੁਰਤਿ ਮਤਿ ਨਾਹੀ ਚਤੁਰਾਈ ॥

ਹੇ ਪ੍ਰਭੂ! (ਮੇਰੀ ਉੱਚੀ) ਸੁਰਤ ਨਹੀਂ, (ਮੇਰੇ ਵਿਚ ਕੋਈ) ਅਕਲ ਨਹੀਂ (ਕੋਈ) ਸਿਆਣਪ ਨਹੀਂ।

ਕਰਿ ਕਿਰਪਾ ਪ੍ਰਭ ਲਾਵਹੁ ਪਾਈ ॥੪॥

(ਤੂੰ ਆਪ ਹੀ) ਮੇਹਰ ਕਰ ਕੇ ਮੈਨੂੰ ਆਪਣੀ ਚਰਨੀਂ ਲਾ ਲੈ ॥੪॥

ਖਰੀ ਸਿਆਣੀ ਕੰਤ ਨ ਭਾਣੀ ॥

ਉਹ (ਜੀਵ-ਇਸਤ੍ਰੀ ਦੁਨੀਆ ਦੇ ਕਾਰ-ਵਿਹਾਰ ਵਿਚ ਭਾਵੇਂ) ਬਹੁਤ ਸਿਆਣੀ (ਭੀ ਹੋਵੇ, ਪਰ) ਉਹ ਕੰਤ-ਪ੍ਰਭੂ ਨੂੰ ਚੰਗੀ ਨਹੀਂ ਲੱਗਦੀ,

ਮਾਇਆ ਲਾਗੀ ਭਰਮਿ ਭੁਲਾਣੀ ॥੫॥

ਜੇਹੜੀ ਮਾਇਆ (ਦੇ ਮੋਹ) ਵਿਚ ਫਸੀ ਰਹੇ, ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝੀ ਰਹੇ ॥੫॥

ਹਉਮੈ ਜਾਈ ਤਾ ਕੰਤ ਸਮਾਈ ॥

ਹੇ ਕੰਤ ਪ੍ਰਭੂ! ਜਦੋਂ ਹਉਮੈ ਦੂਰ ਹੋਵੇ ਤਦੋਂ ਹੀ (ਤੇਰੇ ਚਰਨਾਂ ਵਿਚ) ਲੀਨਤਾ ਹੋ ਸਕਦੀ ਹੈ।

ਤਉ ਕਾਮਣਿ ਪਿਆਰੇ ਨਵ ਨਿਧਿ ਪਾਈ ॥੬॥

ਤਦੋਂ ਹੀ, ਹੇ ਪਿਆਰੇ! ਜੀਵ-ਇਸਤ੍ਰੀ ਤੈਨੂੰ-ਨੌ ਖ਼ਜ਼ਾਨਿਆਂ ਦੇ ਸੋਮੇ ਨੂੰ-ਮਿਲ ਸਕਦੀ ਹੈ ॥੬॥

ਅਨਿਕ ਜਨਮ ਬਿਛੁਰਤ ਦੁਖੁ ਪਾਇਆ ॥

ਤੈਥੋਂ ਵਿਛੁੜ ਕੇ ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ ਮੈਂ ਦੁੱਖ ਸਹਾਰਿਆ ਹੈ,

ਕਰੁ ਗਹਿ ਲੇਹੁ ਪ੍ਰੀਤਮ ਪ੍ਰਭ ਰਾਇਆ ॥੭॥

ਹੇ ਪ੍ਰਭੂ ਰਾਇ! ਹੇ ਪ੍ਰੀਤਮ! ਹੁਣ ਤੂੰ ਮੇਰਾ ਹੱਥ ਫੜ ਲੈ ॥੭॥

ਭਣਤਿ ਨਾਨਕੁ ਸਹੁ ਹੈ ਭੀ ਹੋਸੀ ॥

ਨਾਨਕ ਬੇਨਤੀ ਕਰਦਾ ਹੈ-ਖਸਮ-ਪ੍ਰਭੂ (ਸਚ-ਮੁਚ ਮੌਜੂਦ) ਹੈ, ਸਦਾ ਹੀ ਰਹੇਗਾ।

ਜੈ ਭਾਵੈ ਪਿਆਰਾ ਤੈ ਰਾਵੇਸੀ ॥੮॥੧॥

ਜੇਹੜੀ ਜੀਵ-ਇਸਤ੍ਰੀ ਉਸ ਨੂੰ ਭਾਉਂਦੀ ਹੈ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ॥੮॥੧॥


ਸੂਹੀ ਮਹਲਾ ੧ ਘਰੁ ੯ ॥

ਰਾਗ ਸੂਹੀ, ਘਰ ੯ ਵਿੱਚ ਗੁਰੂ ਨਾਨਕਦੇਵ ਜੀ ਦੀ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਕਚਾ ਰੰਗੁ ਕਸੁੰਭ ਕਾ ਥੋੜੜਿਆ ਦਿਨ ਚਾਰਿ ਜੀਉ ॥

(ਜੀਵ ਮਾਇਆ ਦੇ ਸੁਹਣੱਪ ਨੂੰ ਵੇਖ ਵੇਖ ਕੇ ਫੁੱਲਦਾ ਹੈ, ਪਰ ਇਹ ਮਾਇਆ ਦਾ ਸਾਥ ਕਸੁੰਭੇ ਦੇ ਰੰਗ ਵਰਗਾ ਹੀ ਹੈ) ਕਸੁੰਭੇ ਦੇ ਫੁੱਲ ਦਾ ਰੰਗ ਕੱਚਾ ਹੁੰਦਾ ਹੈ, ਥੋੜਾ ਚਿਰ ਹੀ ਰਹਿੰਦਾ ਹੈ, ਚਾਰ ਦਿਨ ਹੀ ਟਿਕਦਾ ਹੈ।

ਵਿਣੁ ਨਾਵੈ ਭ੍ਰਮਿ ਭੁਲੀਆ ਠਗਿ ਮੁਠੀ ਕੂੜਿਆਰਿ ਜੀਉ ॥

ਮਾਇਆ ਦੀ ਵਪਾਰਨ ਜੀਵ-ਇਸਤ੍ਰੀ ਪ੍ਰਭੂ-ਨਾਮ ਤੋਂ ਖੁੰਝ ਕੇ (ਮਾਇਆ-ਕਸੁੰਭੇ ਦੇ) ਭੁਲੇਖੇ ਵਿਚ ਕੁਰਾਹੇ ਪੈ ਜਾਂਦੀ ਹੈ, ਠੱਗੀ ਜਾਂਦੀ ਹੈ, ਤੇ ਇਸ ਦਾ ਆਤਮਕ ਜੀਵਨ (ਦਾ ਸਰਮਾਇਆ) ਲੁੱਟਿਆ ਜਾਂਦਾ ਹੈ।

ਸਚੇ ਸੇਤੀ ਰਤਿਆ ਜਨਮੁ ਨ ਦੂਜੀ ਵਾਰ ਜੀਉ ॥੧॥

ਹੇ ਭਾਈ! ਜੇ ਸਦਾ-ਥਿਰ ਪ੍ਰਭੂ ਦੇ ਪਿਆਰ-ਰੰਗ ਵਿਚ ਰੰਗੇ ਜਾਈਏ, ਤਾਂ ਮੁੜ ਮੁੜ ਜਨਮ (ਦਾ ਗੇੜ) ਮੁੱਕ ਜਾਂਦਾ ਹੈ ॥੧॥

ਰੰਗੇ ਕਾ ਕਿਆ ਰੰਗੀਐ ਜੋ ਰਤੇ ਰੰਗੁ ਲਾਇ ਜੀਉ ॥

ਹੇ ਭਾਈ! ਜੇਹੜੇ ਬੰਦੇ ਪਰਮਾਤਮਾ ਦਾ ਪ੍ਰੇਮ-ਰੰਗ ਲਾ ਕੇ ਰੰਗੇ ਜਾਂਦੇ ਹਨ ਉਹਨਾਂ ਦੇ ਰੰਗੇ ਹੋਏ ਮਨ ਨੂੰ ਕਿਸੇ ਹੋਰ ਰੰਗ ਦੀ ਲੋੜ ਨਹੀਂ ਰਹਿ ਜਾਂਦੀ (ਨਾਮ ਵਿਚ ਰੱਤੇ ਨੂੰ) ਕਿਸੇ ਹੋਰ ਕਰਮ-ਸੁਹਜ ਦੀ ਮੁਥਾਜੀ ਨਹੀਂ ਰਹਿੰਦੀ।

ਰੰਗਣ ਵਾਲਾ ਸੇਵੀਐ ਸਚੇ ਸਿਉ ਚਿਤੁ ਲਾਇ ਜੀਉ ॥੧॥ ਰਹਾਉ ॥

(ਪਰ ਇਹ ਨਾਮ-ਰੰਗ ਪਰਮਾਤਮਾ ਆਪ ਹੀ ਦੇਂਦਾ ਹੈ, ਸੋ) ਉਸ ਸਦਾ-ਥਿਰ ਰਹਿਣ ਵਾਲੇ ਨੂੰ ਤੇ (ਜੀਵਾਂ ਦੇ ਮਨ ਨੂੰ ਆਪਣੇ ਪ੍ਰੇਮ-ਰੰਗ ਨਾਲ) ਰੰਗਣ ਵਾਲੇ ਪ੍ਰਭੂ ਨੂੰ ਚਿੱਤ ਲਾ ਕੇ ਸਿਮਰਨਾ ਚਾਹੀਦਾ ਹੈ ॥੧॥ ਰਹਾਉ ॥

ਚਾਰੇ ਕੁੰਡਾ ਜੇ ਭਵਹਿ ਬਿਨੁ ਭਾਗਾ ਧਨੁ ਨਾਹਿ ਜੀਉ ॥

ਹੇ ਜਿੰਦੇ! ਜੇ ਤੂੰ ਚਾਰੇ ਕੂੰਟਾਂ ਭਾਲਦੀ ਫਿਰੇਂ ਤਾਂ ਭੀ ਚੰਗੇ ਭਾਗਾਂ ਤੋਂ ਬਿਨਾ ਨਾਮ-ਧਨ ਨਹੀਂ ਲੱਭਦਾ।

ਅਵਗਣਿ ਮੁਠੀ ਜੇ ਫਿਰਹਿ ਬਧਿਕ ਥਾਇ ਨ ਪਾਹਿ ਜੀਉ ॥

ਜੇ ਔਗੁਣ ਨੇ ਤੇਰੇ ਮਨ ਨੂੰ ਠੱਗ ਲਿਆ ਹੈ, ਤੇ ਜੇ ਇਸ ਆਤਮਕ ਦਸ਼ਾ ਵਿਚ ਤੂੰ (ਤੀਰਥ ਆਦਿਕਾਂ ਤੇ ਭੀ) ਫਿਰੇਂ, ਤਾਂ ਭੀ ਸ਼ਿਕਾਰੀ ਦੇ ਬਾਹਰੋਂ ਲਿਫਣ ਵਾਂਗ ਤੂੰ (ਆਪਣੇ ਇਹਨਾਂ ਉੱਦਮਾਂ ਦੀ ਰਾਹੀਂ) ਕਬੂਲ ਨਹੀਂ ਹੋਵੇਂਗੀ।

ਗੁਰਿ ਰਾਖੇ ਸੇ ਉਬਰੇ ਸਬਦਿ ਰਤੇ ਮਨ ਮਾਹਿ ਜੀਉ ॥੨॥

ਜਿਨ੍ਹਾਂ ਦੀ ਗੁਰੂ ਨੇ ਰਾਖੀ ਕੀਤੀ, ਜੇਹੜੇ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮਨ ਵਿਚ ਪ੍ਰਭੂ-ਨਾਮ ਨਾਲ ਰੰਗੇ ਗਏ ਹਨ, ਉਹੀ (ਮਾਇਆ ਦੇ ਮੋਹ ਤੇ ਵਿਕਾਰਾਂ ਤੋਂ) ਬਚਦੇ ਹਨ ॥੨॥

ਚਿਟੇ ਜਿਨ ਕੇ ਕਪੜੇ ਮੈਲੇ ਚਿਤ ਕਠੋਰ ਜੀਉ ॥

(ਬਗੁਲੇ ਵੇਖਣ ਨੂੰ ਚਿੱਟੇ ਹਨ, ਤੀਰਥਾਂ ਉਤੇ ਭੀ ਨਿਵਾਸ ਰੱਖਦੇ ਹਨ, ਪਰ ਸਮਾਧੀ ਲਾ ਕੇ ਮੱਛੀਆਂ ਹੀ ਫੜਦੇ ਹਨ, ਤਿਵੇਂ ਹੀ) ਜਿਨ੍ਹਾਂ ਦੇ ਕੱਪੜੇ ਤਾਂ ਚਿੱਟੇ ਹਨ ਪਰ ਮਨ ਮੈਲੇ ਹਨ ਤੇ ਨਿਰਦਈ ਹਨ,

ਤਿਨ ਮੁਖਿ ਨਾਮੁ ਨ ਊਪਜੈ ਦੂਜੈ ਵਿਆਪੇ ਚੋਰ ਜੀਉ ॥

ਉਹਨਾਂ ਦੇ ਮੂੰਹੋਂ (ਆਖਣ ਨਾਲ ਮਨ ਵਿਚ) ਪ੍ਰਭੂ ਦਾ ਨਾਮ ਪਰਗਟ ਨਹੀਂ ਹੁੰਦਾ ਉਹ (ਬਾਹਰੋਂ ਸਾਧ ਦਿੱਸਦੇ ਹਨ ਅਸਲ ਵਿਚ) ਚੋਰ ਹਨ, ਉਹ ਮਾਇਆ ਦੇ ਮੋਹ ਵਿਚ ਫਸੇ ਹੋਏ ਹਨ।

ਮੂਲੁ ਨ ਬੂਝਹਿ ਆਪਣਾ ਸੇ ਪਸੂਆ ਸੇ ਢੋਰ ਜੀਉ ॥੩॥

ਉਹ ਆਪਣੇ ਅਸਲੇ ਪਰਮਾਤਮਾ ਨੂੰ ਨਹੀਂ ਪਛਾਣਦੇ, ਇਸ ਕਰਕੇ ਉਹ ਪਸ਼ੂ ਬੁਧੀ ਵਾਲੇ ਮਹਾਂ ਮੂਰਖ ਮਨੁੱਖ ਹਨ ॥੩॥

ਨਿਤ ਨਿਤ ਖੁਸੀਆ ਮਨੁ ਕਰੇ ਨਿਤ ਨਿਤ ਮੰਗੈ ਸੁਖ ਜੀਉ ॥

(ਮਾਇਆ-ਵੇੜ੍ਹੇ ਮਨੁੱਖ ਦਾ) ਮਨ ਸਦਾ ਦੁਨੀਆ ਵਾਲੇ ਚਾਉ-ਮਲ੍ਹਾਰ ਹੀ ਕਰਦਾ ਹੈ ਤੇ ਸਦਾ ਸੁਖ ਹੀ ਮੰਗਦਾ ਹੈ,

ਕਰਤਾ ਚਿਤਿ ਨ ਆਵਈ ਫਿਰਿ ਫਿਰਿ ਲਗਹਿ ਦੁਖ ਜੀਉ ॥

ਪਰ (ਜਿਤਨਾ ਚਿਰ) ਕਰਤਾਰ ਉਸ ਦੇ ਚਿੱਤ ਵਿਚ ਨਹੀਂ ਵੱਸਦਾ, ਉਸ ਨੂੰ ਮੁੜ ਮੁੜ ਦੁੱਖ ਵਿਆਪਦੇ ਰਹਿੰਦੇ ਹਨ।

ਸੁਖ ਦੁਖ ਦਾਤਾ ਮਨਿ ਵਸੈ ਤਿਤੁ ਤਨਿ ਕੈਸੀ ਭੁਖ ਜੀਉ ॥੪॥

(ਹਾਂ,) ਜਿਸ ਮਨ ਵਿਚ ਸੁਖ ਦੁਖ ਦੇਣ ਵਾਲਾ ਪਰਮਾਤਮਾ ਵੱਸ ਪੈਂਦਾ ਹੈ, ਉਸ ਨੂੰ ਕੋਈ ਤ੍ਰਿਸ਼ਨਾ ਨਹੀਂ ਰਹਿ ਜਾਂਦੀ (ਤੇ ਉਹ ਸੁਖਾਂ ਦੀ ਲਾਲਸਾ ਨਹੀਂ ਕਰਦਾ) ॥੪॥

ਬਾਕੀ ਵਾਲਾ ਤਲਬੀਐ ਸਿਰਿ ਮਾਰੇ ਜੰਦਾਰੁ ਜੀਉ ॥

(ਜੀਵ-ਵਣਜਾਰਾ ਇਥੇ ਨਾਮ ਦਾ ਵਣਜ ਕਰਨ ਆਇਆ ਹੈ, ਪਰ ਜੇਹੜਾ ਜੀਵ ਇਹ ਵਣਜ ਵਿਸਾਰ ਕੇ ਵਿਕਾਰਾਂ ਦਾ ਕਰਜ਼ਾ ਆਪਣੇ ਸਿਰ ਚਾੜ੍ਹਨ ਲੱਗ ਪੈਂਦਾ ਹੈ, ਉਸ) ਕਰਜ਼ਾਈ ਨੂੰ ਸੱਦਾ ਪੈਂਦਾ ਹੈ; ਜਮਰਾਜ ਉਸ ਦੇ ਸਿਰ ਉਤੇ ਚੋਟ ਮਾਰਦਾ ਹੈ।

ਲੇਖਾ ਮੰਗੈ ਦੇਵਣਾ ਪੁਛੈ ਕਰਿ ਬੀਚਾਰੁ ਜੀਉ ॥

ਉਸ ਦੇ ਸਾਰੇ ਕੀਤੇ ਕਰਮਾਂ ਦਾ ਵਿਚਾਰ ਕਰ ਕੇ ਉਸ ਤੋਂ ਪੁੱਛਦਾ ਹੈ ਤੇ ਉਸ ਤੋਂ ਉਹ ਲੇਖਾ ਮੰਗਦਾ ਹੈ ਜੋ (ਉਸ ਦੇ ਜ਼ਿੰਮੇ) ਦੇਣਾ ਬਣਦਾ ਹੈ।

ਸਚੇ ਕੀ ਲਿਵ ਉਬਰੈ ਬਖਸੇ ਬਖਸਣਹਾਰੁ ਜੀਉ ॥੫॥

ਜਿਸ ਜੀਵ ਵਣਜਾਰੇ ਦੇ ਅੰਦਰ ਸਦਾ-ਥਿਰ ਪ੍ਰਭੂ ਦੀ ਲਗਨ ਹੋਵੇ, ਉਹ ਜਮਰਾਜ ਦੀ ਮਾਰ ਤੋਂ ਬਚ ਜਾਂਦਾ ਹੈ, ਬਖ਼ਸ਼ਣਹਾਰ ਪ੍ਰਭੂ ਉਸ ਉਤੇ ਮੇਹਰ ਕਰਦਾ ਹੈ ॥੫॥

ਅਨ ਕੋ ਕੀਜੈ ਮਿਤੜਾ ਖਾਕੁ ਰਲੈ ਮਰਿ ਜਾਇ ਜੀਉ ॥

ਜੇ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ ਮਿੱਤਰ ਬਣਾਇਆ ਜਾਏ, ਤਾਂ (ਅਜੇਹੇ ਮਿੱਤਰ ਬਣਾਣ ਵਾਲਾ) ਮਿੱਟੀ ਵਿਚ ਰਲ ਜਾਂਦਾ ਹੈ ਆਤਮਕ ਮੌਤੇ ਮਰ ਜਾਂਦਾ ਹੈ।

ਬਹੁ ਰੰਗ ਦੇਖਿ ਭੁਲਾਇਆ ਭੁਲਿ ਭੁਲਿ ਆਵੈ ਜਾਇ ਜੀਉ ॥

ਮਾਇਆ ਦੇ ਬਹੁਤੇ ਰੰਗ-ਤਮਾਸ਼ੇ ਵੇਖ ਕੇ ਉਹ ਕੁਰਾਹੇ ਪਾਇਆ ਜਾਂਦਾ ਹੈ, ਸਹੀ ਜੀਵਨ-ਰਾਹ ਤੋਂ ਖੁੰਝ ਖੁੰਝ ਕੇ ਉਹ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ।

ਨਦਰਿ ਪ੍ਰਭੂ ਤੇ ਛੁਟੀਐ ਨਦਰੀ ਮੇਲਿ ਮਿਲਾਇ ਜੀਉ ॥੬॥

(ਇਸ ਗੇੜ ਵਿਚੋਂ) ਪਰਮਾਤਮਾ ਦੀ ਮੇਹਰ ਦੀ ਨਜ਼ਰ ਨਾਲ ਹੀ ਖ਼ਲਾਸੀ ਪਾਈਦੀ ਹੈ, ਉਹ ਪ੍ਰਭੂ ਮੇਹਰ ਦੀ ਨਿਗਾਹ ਨਾਲ (ਗੁਰੂ-ਚਰਨਾਂ ਵਿਚ) ਮਿਲਾ ਕੇ ਆਪਣੇ ਨਾਲ ਮਿਲਾ ਲੈਂਦਾ ਹੈ ॥੬॥

ਗਾਫਲ ਗਿਆਨ ਵਿਹੂਣਿਆ ਗੁਰ ਬਿਨੁ ਗਿਆਨੁ ਨ ਭਾਲਿ ਜੀਉ ॥

ਹੇ ਅਵੇਸਲੇ ਤੇ ਗਿਆਨ-ਹੀਣ ਜੀਵ! ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਨਾਲ ਡੂੰਘੀ ਸਾਂਝ ਦੀ ਆਸ ਵਿਅਰਥ ਹੈ।

ਖਿੰਚੋਤਾਣਿ ਵਿਗੁਚੀਐ ਬੁਰਾ ਭਲਾ ਦੁਇ ਨਾਲਿ ਜੀਉ ॥

ਕੀਤੇ ਹੋਏ ਚੰਗੇ ਮੰਦੇ ਕਰਮਾਂ ਦੇ ਸੰਸਕਾਰ ਤਾਂ ਹਰ ਵੇਲੇ ਅੰਦਰ ਮੌਜੂਦ ਹੀ ਹਨ, (ਜੇ ਗੁਰੂ ਦੀ ਸਰਨ ਨਾਹ ਪਈਏ, ਤਾਂ ਉਹ ਅੰਦਰਲੇ ਚੰਗੇ ਮੰਦੇ ਸੰਸਕਾਰ ਚੰਗੇ ਮੰਦੇ ਪਾਸੇ ਖਿੱਚਦੇ ਹਨ) ਤੇ ਇਸ ਖਿੱਚਾ-ਖਿੱਚੀ ਵਿਚ ਖ਼ੁਆਰ ਹੋਵੀਦਾ ਹੈ।

ਬਿਨੁ ਸਬਦੈ ਭੈ ਰਤਿਆ ਸਭ ਜੋਹੀ ਜਮਕਾਲਿ ਜੀਉ ॥੭॥

ਗੁਰ-ਸ਼ਬਦ ਦਾ ਆਸਰਾ ਲੈਣ ਤੋਂ ਬਿਨਾ ਲੋਕਾਈ (ਦੁਨੀਆ ਵਾਲੇ) ਸਹਿਮ ਵਿਚ ਗ੍ਰਸੀ ਰਹਿੰਦੀ ਹੈ, ਅਜੇਹੀ ਲੋਕਾਈ ਨੂੰ ਆਤਮਕ ਮੌਤ ਨੇ (ਹਰ ਵੇਲੇ) ਆਪਣੀ ਤੱਕ ਵਿਚ ਰੱਖਿਆ ਹੁੰਦਾ ਹੈ ॥੭॥

ਜਿਨਿ ਕਰਿ ਕਾਰਣੁ ਧਾਰਿਆ ਸਭਸੈ ਦੇਇ ਆਧਾਰੁ ਜੀਉ ॥

ਜਿਸ ਕਰਤਾਰ ਨੇ ਇਹ ਸ੍ਰਿਸ਼ਟੀ ਰਚੀ ਹੈ, ਤੇ ਰਚ ਕੇ ਇਸ ਨੂੰ ਟਿਕਾਇਆ ਹੋਇਆ ਹੈ, ਉਹ ਹਰੇਕ ਜੀਵ ਨੂੰ ਆਸਰਾ ਦੇ ਰਿਹਾ ਹੈ।

ਸੋ ਕਿਉ ਮਨਹੁ ਵਿਸਾਰੀਐ ਸਦਾ ਸਦਾ ਦਾਤਾਰੁ ਜੀਉ ॥

ਉਸ ਨੂੰ ਕਦੇ ਭੀ ਮਨ ਤੋਂ ਭੁਲਾਣਾ ਨਹੀਂ, ਉਹ ਸਦਾ ਹੀ ਸਭ ਨੂੰ ਦਾਤਾਂ ਦੇਣ ਵਾਲਾ ਹੈ।

ਨਾਨਕ ਨਾਮੁ ਨ ਵੀਸਰੈ ਨਿਧਾਰਾ ਆਧਾਰੁ ਜੀਉ ॥੮॥੧॥੨॥

ਹੇ ਨਾਨਕ! (ਅਰਦਾਸ ਕਰ ਕਿ) ਪਰਮਾਤਮਾ ਦਾ ਨਾਮ ਕਦੇ ਨਾਹ ਭੁੱਲੇ। ਪਰਮਾਤਮਾ ਨਿਆਸਰਿਆਂ ਦਾ ਆਸਰਾ ਹੈ ॥੮॥੧॥੨॥


ਸੂਹੀ ਮਹਲਾ ੧ ॥
ਜਿਉ ਆਰਣਿ ਲੋਹਾ ਪਾਇ ਭੰਨਿ ਘੜਾਈਐ ॥

ਜਿਵੇਂ ਭੱਠੀ ਵਿਚ ਲੋਹਾ ਪਾ ਕੇ (ਤੇ) ਗਾਲ ਕੇ (ਨਵੇਂ ਸਿਰੇ) ਘੜਿਆ ਜਾਂਦਾ ਹੈ (ਲੋਹੇ ਤੋਂ ਕੰਮ ਆਉਣ ਵਾਲੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਹਨ)

ਤਿਉ ਸਾਕਤੁ ਜੋਨੀ ਪਾਇ ਭਵੈ ਭਵਾਈਐ ॥੧॥

ਤਿਵੇਂ ਮਾਇਆ-ਵੇੜ੍ਹਿਆ ਜੀਵ ਜੂਨਾਂ ਵਿਚ ਪਾਇਆ ਜਾਂਦਾ ਹੈ, ਜਨਮ ਮਰਨ ਦੇ ਗੇੜ ਵਿਚ ਪਾਇਆ ਹੋਇਆ ਗੇੜ ਵਿਚ ਚੱਕਰ ਲਾਂਦਾ ਹੈ (ਤੇ ਆਖ਼ਿਰ ਗੁਰੂ ਦੀ ਮੇਹਰ ਨਾਲ ਸੁਮਤਿ ਸਿੱਖਦਾ ਹੈ) ॥੧॥

ਬਿਨੁ ਬੂਝੇ ਸਭੁ ਦੁਖੁ ਦੁਖੁ ਕਮਾਵਣਾ ॥

(ਸਹੀ ਜੀਵਨ-ਜਾਚ) ਸਮਝਣ ਤੋਂ ਬਿਨਾ ਮਨੁੱਖ (ਜੇਹੜਾ ਭੀ) ਕਰਮ ਕਰਦਾ ਹੈ ਦੁੱਖ (ਪੈਦਾ ਕਰਨ ਵਾਲਾ ਕਰਦਾ ਹੈ) ਦੁੱਖ ਹੀ ਦੁੱਖ (ਸਹੇੜਦਾ ਹੈ)।

ਹਉਮੈ ਆਵੈ ਜਾਇ ਭਰਮਿ ਭੁਲਾਵਣਾ ॥੧॥ ਰਹਾਉ ॥

ਹਉਮੈ ਦੇ ਕਾਰਨ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ ॥੧॥ ਰਹਾਉ ॥

ਤੂੰ ਗੁਰਮੁਖਿ ਰਖਣਹਾਰੁ ਹਰਿ ਨਾਮੁ ਧਿਆਈਐ ॥

ਹੇ ਪ੍ਰਭੂ! (ਭਟਕ ਭਟਕ ਕੇ ਆਖ਼ਿਰ) ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਤੂੰ ਉਸ ਨੂੰ (ਚੌਰਾਸੀ ਦੇ ਗੇੜ ਤੋਂ) ਬਚਾਂਦਾ ਹੈਂ; ਉਹ, ਹੇ ਪ੍ਰਭੂ! ਤੇਰਾ ਨਾਮ ਸਿਮਰਦਾ ਹੈ।

ਮੇਲਹਿ ਤੁਝਹਿ ਰਜਾਇ ਸਬਦੁ ਕਮਾਈਐ ॥੨॥

ਗੁਰੂ (ਭੀ) ਤੂੰ ਆਪਣੀ ਰਜ਼ਾ ਅਨੁਸਾਰ ਹੀ ਮਿਲਾਂਦਾ ਹੈਂ (ਜਿਸ ਨੂੰ ਮਿਲਦਾ ਹੈ) ਉਹ ਗੁਰੂ ਦੇ ਸ਼ਬਦ ਨੂੰ ਕਮਾਂਦਾ ਹੈ (ਗੁਰ-ਸ਼ਬਦ ਅਨੁਸਾਰ ਆਚਰਨ ਬਣਾਂਦਾ ਹੈ) ॥੨॥

ਤੂੰ ਕਰਿ ਕਰਿ ਵੇਖਹਿ ਆਪਿ ਦੇਹਿ ਸੁ ਪਾਈਐ ॥

ਹੇ ਪ੍ਰਭੂ! ਜੀਵ ਪੈਦਾ ਕਰ ਕੇ ਇਹਨਾਂ ਦੀ ਸੰਭਾਲ ਭੀ ਤੂੰ ਆਪ ਹੀ ਕਰਦਾ ਹੈਂ। ਜੋ ਕੁਝ ਤੂੰ ਦੇਂਦਾ ਹੈਂ ਉਹੀ ਜੀਵਾਂ ਨੂੰ ਮਿਲਦਾ ਹੈ।

ਤੂ ਦੇਖਹਿ ਥਾਪਿ ਉਥਾਪਿ ਦਰਿ ਬੀਨਾਈਐ ॥੩॥

ਤੂੰ ਆਪ ਪੈਦਾ ਕਰਦਾ ਹੈਂ ਆਪ ਨਾਸ ਕਰਦਾ ਹੈਂ, ਸਭ ਦੀ ਤੂੰ ਆਪਣੀ ਨਿਗਰਾਨੀ ਵਿਚ ਸੰਭਾਲ ਕਰਦਾ ਹੈਂ ॥੩॥

ਦੇਹੀ ਹੋਵਗਿ ਖਾਕੁ ਪਵਣੁ ਉਡਾਈਐ ॥

ਜਦੋਂ (ਸਰੀਰ ਵਿਚੋਂ) ਸੁਆਸ ਨਿਕਲ ਜਾਂਦਾ ਹੈ ਤਾਂ ਸਰੀਰ ਮਿੱਟੀ ਹੋ ਜਾਂਦਾ ਹੈ।

ਇਹੁ ਕਿਥੈ ਘਰੁ ਅਉਤਾਕੁ ਮਹਲੁ ਨ ਪਾਈਐ ॥੪॥

(ਜਿਨ੍ਹਾਂ ਮਹਲ ਮਾੜੀਆਂ ਦਾ ਮਨੁੱਖ ਮਾਣ ਕਰਦਾ ਹੈ) ਫਿਰ ਨਾਹ ਇਹ ਘਰ ਇਸ ਨੂੰ ਮਿਲਦਾ ਹੈ ਨਾਹ ਬੈਠਕ ਮਿਲਦੀ ਹੈ ਤੇ ਨਾਹ ਇਹ ਮਹਲ ਮਿਲਦਾ ਹੈ ॥੪॥

ਦਿਹੁ ਦੀਵੀ ਅੰਧ ਘੋਰੁ ਘਬੁ ਮੁਹਾਈਐ ॥

(ਸਹੀ ਜੀਵਨ-ਜਾਚ ਸਮਝਣ ਤੋਂ ਬਿਨਾ) ਜੀਵ ਆਪਣਾ ਘਰ ਦਾ ਮਾਲ (ਆਤਮਕ ਸਰਮਾਇਆ) ਲੁਟਾਈ ਜਾਂਦਾ ਹੈ, ਚਿੱਟਾ ਦਿਨ ਹੁੰਦਿਆਂ (ਇਸ ਦੇ ਭਾ ਦਾ) ਘੁੱਪ ਹਨੇਰਾ ਬਣਿਆ ਰਹਿੰਦਾ ਹੈ।

ਗਰਬਿ ਮੁਸੈ ਘਰੁ ਚੋਰੁ ਕਿਸੁ ਰੂਆਈਐ ॥੫॥

ਅਹੰਕਾਰ ਵਿਚ (ਗ਼ਾਫ਼ਲ ਰਹਿਣ ਕਰਕੇ ਮੋਹ-ਰੂਪ) ਚੋਰ ਇਸ ਦੇ ਘਰ (ਆਤਮਕ ਸਰਮਾਏ) ਨੂੰ ਲੁੱਟਦਾ ਜਾਂਦਾ ਹੈ। (ਸਮਝ ਹੀ ਨਹੀਂ) ਕਿਸ ਪਾਸ ਸ਼ਿਕਾਇਤ ਕਰੇ? ॥੫॥

ਗੁਰਮੁਖਿ ਚੋਰੁ ਨ ਲਾਗਿ ਹਰਿ ਨਾਮਿ ਜਗਾਈਐ ॥

ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਸ (ਦੇ ਸਰਮਾਏ) ਨੂੰ ਚੋਰ ਨਹੀਂ ਪੈਂਦਾ, ਗੁਰੂ ਉਸ ਨੂੰ ਪਰਮਾਤਮਾ ਦੇ ਨਾਮ ਦੀ ਰਾਹੀਂ (ਆਤਮਕ ਸਰਮਾਏ ਦੇ ਚੋਰ ਵਲੋਂ) ਸੁਚੇਤ ਰੱਖਦਾ ਹੈ।

ਸਬਦਿ ਨਿਵਾਰੀ ਆਗਿ ਜੋਤਿ ਦੀਪਾਈਐ ॥੬॥

ਗੁਰੂ ਆਪਣੇ ਸ਼ਬਦ ਨਾਲ (ਉਸ ਦੇ ਅੰਦਰੋਂ ਤ੍ਰਿਸ਼ਨਾ-) ਅੱਗ ਬੁਝਾ ਦੇਂਦਾ ਹੈ, ਤੇ ਰੱਬੀ ਜੋਤਿ ਜਗਾ ਦੇਂਦਾ ਹੈ ॥੬॥

ਲਾਲੁ ਰਤਨੁ ਹਰਿ ਨਾਮੁ ਗੁਰਿ ਸੁਰਤਿ ਬੁਝਾਈਐ ॥

ਪਰਮਾਤਮਾ ਦਾ ਨਾਮ (ਹੀ) ਲਾਲ ਹੈ ਰਤਨ ਹੈ (ਸਰਨ ਪਏ ਸਿੱਖ ਨੂੰ) ਗੁਰੂ ਨੇ ਇਹ ਸੂਝ ਦੇ ਦਿੱਤੀ ਹੁੰਦੀ ਹੈ (ਇਸ ਵਾਸਤੇ ਉਸ ਨੂੰ ਤ੍ਰਿਸ਼ਨਾ-ਅੱਗ ਨਹੀਂ ਪੋਂਹਦੀ)।

ਸਦਾ ਰਹੈ ਨਿਹਕਾਮੁ ਜੇ ਗੁਰਮਤਿ ਪਾਈਐ ॥੭॥

ਜੇ ਮਨੁੱਖ ਗੁਰੂ ਦੀ ਸਿਖਿਆ ਪ੍ਰਾਪਤ ਕਰ ਲਏ ਤਾਂ ਉਹ ਸਦਾ (ਮਾਇਆ ਦੀ) ਵਾਸਨਾ ਤੋਂ ਬਚਿਆ ਰਹਿੰਦਾ ਹੈ ॥੭॥

ਰਾਤਿ ਦਿਹੈ ਹਰਿ ਨਾਉ ਮੰਨਿ ਵਸਾਈਐ ॥

ਹੇ ਹਰੀ! ਰਾਤ ਦਿਨ (ਹਰ ਵੇਲੇ) ਤੇਰਾ ਨਾਮ ਮਨ ਵਿਚ ਵਸਾਇਆ ਜਾ ਸਕੇ,

ਨਾਨਕ ਮੇਲਿ ਮਿਲਾਇ ਜੇ ਤੁਧੁ ਭਾਈਐ ॥੮॥੨॥੪॥

ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ-ਹੇ ਪ੍ਰਭੂ!) ਜੇ ਤੈਨੂੰ ਭਾਵੇ (ਤਾਂ ਮੇਹਰ ਕਰ, ਤੇ) ਆਪਣੀ ਸੰਗਤਿ ਵਿਚ ਮਿਲਾ ॥੮॥੨॥੪॥


ਸੂਹੀ ਮਹਲਾ ੧ ॥
ਮਨਹੁ ਨ ਨਾਮੁ ਵਿਸਾਰਿ ਅਹਿਨਿਸਿ ਧਿਆਈਐ ॥

(ਹੇ ਜਿੰਦੇ!) ਪਰਮਾਤਮਾ ਦੇ ਨਾਮ ਨੂੰ ਮਨ ਤੋਂ ਨਾਹ ਭੁਲਾ। ਦਿਨ ਰਾਤ-ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ।

ਜਿਉ ਰਾਖਹਿ ਕਿਰਪਾ ਧਾਰਿ ਤਿਵੈ ਸੁਖੁ ਪਾਈਐ ॥੧॥

ਹੇ ਪ੍ਰਭੂ! ਜਿਵੇਂ ਮੇਹਰ ਕਰ ਕੇ ਤੂੰ ਮੈਨੂੰ (ਮਾਇਆ ਦੇ ਮੋਹ ਤੋਂ) ਬਚਾਏ, ਤਿਵੇਂ ਮੈਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ॥੧॥

ਮੈ ਅੰਧੁਲੇ ਹਰਿ ਨਾਮੁ ਲਕੁਟੀ ਟੋਹਣੀ ॥

ਮੈਨੂੰ (ਮਾਇਆ ਦੇ ਮੋਹ ਵਿਚ) ਅੰਨ੍ਹੇ ਨੂੰ ਪਰਮਾਤਮਾ ਦਾ ਨਾਮ ਡੰਗੋਰੀ (ਦਾ ਕੰਮ ਦੇਂਦਾ) ਹੈ, (ਮੇਰੇ ਲਈ) ਟੋਹਣੀ ਹੈ (ਜਿਸ ਨਾਲ ਟੋਹ ਟੋਹ ਕੇ ਮੈਂ ਜੀਵਨ ਦਾ ਸਹੀ ਰਸਤਾ ਲੱਭਦਾ ਹਾਂ)।

ਰਹਉ ਸਾਹਿਬ ਕੀ ਟੇਕ ਨ ਮੋਹੈ ਮੋਹਣੀ ॥੧॥ ਰਹਾਉ ॥

(ਜਦੋਂ) ਮੈਂ ਮਾਲਕ-ਪ੍ਰਭੂ ਦੇ ਆਸਰੇ ਰਹਿੰਦਾ ਹਾਂ ਤਾਂ ਮਨ ਨੂੰ ਮੋਹਣ ਵਾਲੀ ਮਾਇਆ ਮੋਹ ਨਹੀਂ ਸਕਦੀ ॥੧॥ ਰਹਾਉ ॥

ਜਹ ਦੇਖਉ ਤਹ ਨਾਲਿ ਗੁਰਿ ਦੇਖਾਲਿਆ ॥

(ਹੇ ਪ੍ਰਭੂ!) ਜਿਧਰ ਮੈਂ ਵੇਖਦਾ ਹਾਂ ਉਧਰ ਹੀ ਗੁਰੂ ਨੇ ਮੈਨੂੰ ਵਿਖਾ ਦਿੱਤਾ ਹੈ ਕਿ ਤੂੰ ਮੇਰੇ ਨਾਲ ਹੀ ਹੈਂ।

ਅੰਤਰਿ ਬਾਹਰਿ ਭਾਲਿ ਸਬਦਿ ਨਿਹਾਲਿਆ ॥੨॥

ਬਾਹਰ ਲੱਭ ਲੱਭ ਕੇ ਹੁਣ ਗੁਰੂ ਦੇ ਸ਼ਬਦ ਦੀ ਰਾਹੀਂ ਮੈਂ ਤੈਨੂੰ ਆਪਣੇ ਅੰਦਰ ਵੇਖ ਲਿਆ ਹੈ ॥੨॥

ਸੇਵੀ ਸਤਿਗੁਰ ਭਾਇ ਨਾਮੁ ਨਿਰੰਜਨਾ ॥

ਹੇ ਮਾਇਆ-ਰਹਿਤ ਪ੍ਰਭੂ! ਗੁਰੂ ਦੇ ਅਨੁਸਾਰ ਰਹਿ ਕੇ ਮੈਂ ਤੇਰਾ ਨਾਮ ਸਿਮਰਦਾ ਹਾਂ।

ਤੁਧੁ ਭਾਵੈ ਤਿਵੈ ਰਜਾਇ ਭਰਮੁ ਭਉ ਭੰਜਨਾ ॥੩॥

ਹੇ ਭਰਮ ਤੇ ਭਉ ਨਾਸ ਕਰਨ ਵਾਲੇ ਪ੍ਰਭੂ! ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਮੈਂ ਉਸੇ ਨੂੰ ਤੇਰੀ ਰਜ਼ਾ ਸਮਝਦਾ ਹਾਂ ॥੩॥

ਜਨਮਤ ਹੀ ਦੁਖੁ ਲਾਗੈ ਮਰਣਾ ਆਇ ਕੈ ॥

(ਜੇ ਪ੍ਰਭੂ ਦਾ ਨਾਮ ਵਿਸਾਰ ਦੇਈਏ ਤਾਂ) ਜੰਮਦਿਆਂ ਹੀ ਜਗਤ ਵਿਚ ਆਉਂਦਿਆਂ ਹੀ ਆਤਮਕ ਮੌਤ ਦਾ ਦੁੱਖ ਆ ਵਾਪਰਦਾ ਹੈ।

ਜਨਮੁ ਮਰਣੁ ਪਰਵਾਣੁ ਹਰਿ ਗੁਣ ਗਾਇ ਕੈ ॥੪॥

ਪਰਮਾਤਮਾ ਦੇ ਗੁਣ ਗਾ ਕੇ ਸਾਰਾ ਹੀ ਜੀਵਨ ਸਫਲਾ ਹੋ ਜਾਂਦਾ ਹੈ ॥੪॥

ਹਉ ਨਾਹੀ ਤੂ ਹੋਵਹਿ ਤੁਧ ਹੀ ਸਾਜਿਆ ॥

ਹੇ ਪ੍ਰਭੂ! ਜਿਸ ਜੀਵ ਨੂੰ ਤੂੰ ਗੁਰੂ ਦੇ ਸ਼ਬਦ ਵਿਚ ਜੋੜ ਕੇ ਨਿਵਾਜਦਾ ਹੈਂ ਜਿਸ ਦੇ ਅੰਦਰ ਤੂੰ (ਪਰਗਟ) ਹੁੰਦਾ ਹੈਂ ਉਸ ਦੇ ਅੰਦਰ ‘ਹਉਮੈ’ ਨਹੀਂ ਰਹਿ ਜਾਂਦੀ।

ਆਪੇ ਥਾਪਿ ਉਥਾਪਿ ਸਬਦਿ ਨਿਵਾਜਿਆ ॥੫॥

ਤੂੰ ਹੀ (ਸਾਰਾ ਜਗਤ) ਪੈਦਾ ਕੀਤਾ ਹੈ, ਤੂੰ ਆਪ ਹੀ ਪੈਦਾ ਕਰਦਾ ਹੈਂ ਆਪ ਹੀ ਨਾਸ ਕਰਦਾ ਹੈਂ ॥੫॥

ਦੇਹੀ ਭਸਮ ਰੁਲਾਇ ਨ ਜਾਪੀ ਕਹ ਗਇਆ ॥

ਜੀਵਾਤਮਾ (ਆਪਣੇ ਸਰੀਰ ਨੂੰ ਛੱਡ ਕੇ) ਸਰੀਰ ਨੂੰ ਮਿੱਟੀ ਵਿਚ ਰੁਲਾ ਕੇ, ਪਤਾ ਨਹੀਂ ਲੱਗਦਾ, ਕਿੱਥੇ ਚਲਾ ਜਾਂਦਾ ਹੈ।

ਆਪੇ ਰਹਿਆ ਸਮਾਇ ਸੋ ਵਿਸਮਾਦੁ ਭਇਆ ॥੬॥

ਅਚਰਜ ਕੌਤਕ ਵਰਤਦਾ ਹੈ। (ਪਰ ਹੇ ਪ੍ਰਭੂ!) ਤੂੰ ਆਪ ਹੀ ਹਰ ਥਾਂ ਮੌਜੂਦ ਹੈਂ ॥੬॥

ਤੂੰ ਨਾਹੀ ਪ੍ਰਭ ਦੂਰਿ ਜਾਣਹਿ ਸਭ ਤੂ ਹੈ ॥/

ਹੇ ਪ੍ਰਭੂ! ਤੂੰ (ਕਿਸੇ ਭੀ ਥਾਂ ਤੋਂ) ਦੂਰ ਨਹੀਂ ਹੈਂ, ਹਰ ਥਾਂ ਤੂੰ ਹੀ ਤੂੰ ਹੈਂ।

ਗੁਰਮੁਖਿ ਵੇਖਿ ਹਦੂਰਿ ਅੰਤਰਿ ਭੀ ਤੂ ਹੈ ॥੭॥

ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ ਉਹ ਜਾਣਦੇ ਹਨ ਕਿ ਅੰਦਰ ਭੀ ਤੂੰ ਹੈਂ (ਬਾਹਰ ਭੀ ਤੂੰ ਹੈਂ) ਤੈਨੂੰ ਉਹ ਹਰ ਥਾਂ ਹਾਜ਼ਰ-ਨਾਜ਼ਰ ਵੇਖਦੇ ਹਨ ॥੭॥

ਮੈ ਦੀਜੈ ਨਾਮ ਨਿਵਾਸੁ ਅੰਤਰਿ ਸਾਂਤਿ ਹੋਇ ॥

ਹੇ ਨਾਨਕ! (ਅਰਦਾਸ ਕਰ-ਹੇ ਪ੍ਰਭੂ!) ਮੇਰੇ ਅੰਦਰ ਆਪਣੇ ਨਾਮ ਦਾ ਨਿਵਾਸ ਬਖ਼ਸ਼, ਤਾ ਕਿ ਮੇਰੇ ਅੰਦਰ ਸ਼ਾਂਤੀ ਪੈਦਾ ਹੋਵੇ।

ਗੁਣ ਗਾਵੈ ਨਾਨਕ ਦਾਸੁ ਸਤਿਗੁਰੁ ਮਤਿ ਦੇਇ ॥੮॥੩॥੫॥

(ਤੇਰੀ ਮੇਹਰ ਨਾਲ) ਜਿਸ ਨੂੰ ਸਤਿਗੁਰੂ ਸਿੱਖਿਆ ਦੇਂਦਾ ਹੈ, ਉਹ ਦਾਸ (ਤੇਰੇ) ਗੁਣ ਗਾਂਦਾ ਹੈ ॥੮॥੩॥੫॥

1
2
3
4
5
6