ਰਾਗ ਮਲਾਰ – ਬਾਣੀ ਸ਼ਬਦ-Raag Malar – Bani

ਰਾਗ ਮਲਾਰ – ਬਾਣੀ ਸ਼ਬਦ-Raag Malar – Bani

ਰਾਗੁ ਮਲਾਰ ਚਉਪਦੇ ਮਹਲਾ ੧ ਘਰੁ ੧ ॥

ਰਾਗ ਮਲਾਰ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਖਾਣਾ ਪੀਣਾ ਹਸਣਾ ਸਉਣਾ ਵਿਸਰਿ ਗਇਆ ਹੈ ਮਰਣਾ ॥

ਨਿਰਾ ਖਾਣ ਪੀਣ ਹੱਸਣ ਤੇ ਸੌਣ ਦੇ ਆਹਰਾਂ ਵਿਚ ਰਿਹਾਂ (ਜੀਵ ਨੂੰ) ਮੌਤ ਭੁੱਲ ਜਾਂਦੀ ਹੈ,

ਖਸਮੁ ਵਿਸਾਰਿ ਖੁਆਰੀ ਕੀਨੀ ਧ੍ਰਿਗੁ ਜੀਵਣੁ ਨਹੀ ਰਹਣਾ ॥੧॥

(ਮੌਤ ਭੁੱਲਿਆਂ) ਪ੍ਰਭੂ-ਪਤੀ ਨੂੰ ਵਿਸਾਰ ਕੇ ਜੀਵ ਉਹ ਉਹ ਕੰਮ ਕਰਦਾ ਰਹਿੰਦਾ ਹੈ ਜੋ ਇਸ ਦੀ ਖ਼ੁਆਰੀ ਦਾ ਕਾਰਨ ਬਣਦੇ ਹਨ। (ਪ੍ਰਭੂ ਨੂੰ ਵਿਸਾਰ ਕੇ) ਜੀਊਣਾ ਫਿਟਕਾਰ-ਜੋਗ ਹੋ ਜਾਂਦਾ ਹੈ। ਸਦਾ ਇਥੇ ਕਿਸੇ ਟਿਕੇ ਨਹੀਂ ਰਹਿਣਾ (ਫਿਰ ਕਿਉਂ ਨ ਜੀਵਨ ਸੁਚੱਜਾ ਬਣਾਇਆ ਜਾਏ?) ॥੧॥

ਪ੍ਰਾਣੀ ਏਕੋ ਨਾਮੁ ਧਿਆਵਹੁ ॥

ਹੇ ਪ੍ਰਾਣੀ! ਇਕ ਪਰਮਾਤਮਾ ਦਾ ਹੀ ਨਾਮ ਸਿਮਰ।

ਅਪਨੀ ਪਤਿ ਸੇਤੀ ਘਰਿ ਜਾਵਹੁ ॥੧॥ ਰਹਾਉ ॥

(ਸਿਮਰਨ ਦੀ ਬਰਕਤਿ ਨਾਲ) ਤੂੰ ਆਪਣੀ ਇੱਜ਼ਤ ਨਾਲ ਪ੍ਰਭੂ ਦੇ ਚਰਨਾਂ ਵਿਚ ਪਹੁੰਚੇਗਾ ॥੧॥ ਰਹਾਉ ॥

ਤੁਧਨੋ ਸੇਵਹਿ ਤੁਝੁ ਕਿਆ ਦੇਵਹਿ ਮਾਂਗਹਿ ਲੇਵਹਿ ਰਹਹਿ ਨਹੀ ॥

ਹੇ ਪ੍ਰਭੂ! ਜੇਹੜੇ ਬੰਦੇ ਤੈਨੂੰ ਸਿਮਰਦੇ ਹਨ (ਤੇਰਾ ਤਾਂ ਕੁਝ ਨਹੀਂ ਸਵਾਰਦੇ, ਕਿਉਂਕਿ) ਤੈਨੂੰ ਉਹ ਕੁਝ ਭੀ ਦੇ ਨਹੀਂ ਸਕਦੇ (ਸਗੋਂ ਤੈਥੋਂ) ਮੰਗਦੇ ਹੀ ਮੰਗਦੇ ਹਨ, ਤੇ ਤੈਥੋਂ ਦਾਤਾਂ ਨਿੱਤ ਲੈਂਦੇ ਹੀ ਰਹਿੰਦੇ ਹਨ, ਤੇਰੇ ਦਰ ਤੋਂ ਮੰਗਣੋਂ ਬਿਨਾ ਰਹਿ ਨਹੀਂ ਸਕਦੇ।

ਤੂ ਦਾਤਾ ਜੀਆ ਸਭਨਾ ਕਾ ਜੀਆ ਅੰਦਰਿ ਜੀਉ ਤੁਹੀ ॥੨॥

ਤੂੰ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ, ਜੀਵਾਂ ਦੇ ਸਰੀਰਾਂ ਵਿਚ ਜਿੰਦ ਭੀ ਤੂੰ ਆਪ ਹੀ ਹੈਂ ॥੨॥

ਗੁਰਮੁਖਿ ਧਿਆਵਹਿ ਸਿ ਅੰਮ੍ਰਿਤੁ ਪਾਵਹਿ ਸੇਈ ਸੂਚੇ ਹੋਹੀ ॥

ਜੇਹੜੇ ਬੰਦੇ ਗੁਰੂ ਦੀ ਸਰਨ ਪੈ ਕੇ (ਪ੍ਰਭੂ ਦਾ ਨਾਮ) ਜਪਦੇ ਹਨ, ਉਹ (ਆਤਮਕ ਜੀਵਨ ਦੇਣ ਵਾਲਾ) ਨਾਮ-ਅੰਮ੍ਰਿਤ ਹਾਸਲ ਕਰਦੇ ਹਨ, ਉਹੀ ਸੁੱਚੇ ਜੀਵਨ ਵਾਲੇ ਬਣਦੇ ਹਨ।

ਅਹਿਨਿਸਿ ਨਾਮੁ ਜਪਹੁ ਰੇ ਪ੍ਰਾਣੀ ਮੈਲੇ ਹਛੇ ਹੋਹੀ ॥੩॥

(ਤਾਂ ਤੇ) ਹੇ ਪ੍ਰਾਣੀ! ਦਿਨ ਰਾਤ ਪਰਮਾਤਮਾ ਦਾ ਨਾਮ ਜਪੋ। (ਨਾਮ ਜਪ ਕੇ) ਭੈੜੇ ਆਚਰਨ ਵਾਲੇ ਬੰਦੇ ਭੀ ਚੰਗੇ ਬਣ ਜਾਂਦੇ ਹਨ ॥੩॥

ਜੇਹੀ ਰੁਤਿ ਕਾਇਆ ਸੁਖੁ ਤੇਹਾ ਤੇਹੋ ਜੇਹੀ ਦੇਹੀ ॥

(ਇਨਸਾਨੀ ਜੀਵਨ ਵਾਸਤੇ ਦੋ ਹੀ ਰੁਤਾਂ ਹਨ-ਸਿਮਰਨ ਅਤੇ ਨਾਮ-ਹੀਨਤਾ, ਇਹਨਾਂ ਵਿਚੋਂ) ਜੇਹੜੀ ਰੁੱਤ ਦੇ ਪ੍ਰਭਾਵ ਹੇਠ ਮਨੁੱਖ ਜੀਵਨ ਗੁਜ਼ਾਰਦਾ ਹੈ, ਇਸ ਦੇ ਸਰੀਰ ਨੂੰ ਉਹੋ ਜਿਹਾ ਹੀ ਸੁਖ (ਜਾਂ ਦੁਖ) ਮਿਲਦਾ ਹੈ, ਉਸੇ ਪ੍ਰਭਾਵ ਅਨੁਸਾਰ ਹੀ ਇਸ ਦਾ ਸਰੀਰ ਢਲਦਾ ਰਹਿੰਦਾ ਹੈ (ਇਸ ਦੇ ਗਿਆਨ-ਇ੍ਰੰਦੇ ਢਲਦੇ ਰਹਿੰਦੇ ਹਨ)।

ਨਾਨਕ ਰੁਤਿ ਸੁਹਾਵੀ ਸਾਈ ਬਿਨੁ ਨਾਵੈ ਰੁਤਿ ਕੇਹੀ ॥੪॥੧॥

ਹੇ ਨਾਨਕ! ਮਨੁੱਖ ਵਾਸਤੇ ਉਹੀ ਰੁੱਤ ਸੋਹਣੀ ਹੈ (ਜਦੋਂ ਇਹ ਨਾਮ ਸਿਮਰਦਾ ਹੈ)। ਨਾਮ ਸਿਮਰਨ ਤੋਂ ਬਿਨਾ (ਕੁਦਰਤਿ ਦੀ ਬਦਲਦੀ ਕੋਈ ਭੀ) ਰੁੱਤ ਇਸ ਨੂੰ ਲਾਭ ਨਹੀਂ ਦੇ ਸਕਦੀ ॥੪॥੧॥


ਮਲਾਰ ਮਹਲਾ ੧ ॥
ਕਰਉ ਬਿਨਉ ਗੁਰ ਅਪਨੇ ਪ੍ਰੀਤਮ ਹਰਿ ਵਰੁ ਆਣਿ ਮਿਲਾਵੈ ॥

ਮੈਂ ਆਪਣੇ ਗੁਰੂ ਪ੍ਰੀਤਮ ਅੱਗੇ ਬੇਨਤੀ ਕਰਦੀ ਹਾਂ, (ਗੁਰੂ ਹੀ) ਪਤੀ-ਪ੍ਰਭੂ ਨੂੰ ਲਿਆ ਕੇ ਮਿਲਾ ਸਕਦਾ ਹੈ।

ਸੁਣਿ ਘਨ ਘੋਰ ਸੀਤਲੁ ਮਨੁ ਮੋਰਾ ਲਾਲ ਰਤੀ ਗੁਣ ਗਾਵੈ ॥੧॥

(ਜਿਵੇਂ ਵਰਖਾ ਰੁੱਤੇ ਬੱਦਲਾਂ ਦੀ ਗਰਜ ਸੁਣ ਕੇ ਮੋਰ ਪੈਲਾਂ ਪਾਂਦਾ ਹੈ, ਤਿਵੇਂ) ਗੁਰੂ ਦੇ ਸ਼ਬਦ-ਬੱਦਲਾਂ ਦੀ ਗਰਜ ਸੁਣ ਕੇ ਮੇਰਾ ਮਨ ਠੰਢਾ-ਠਾਰ ਹੁੰਦਾ ਹੈ (ਮਨ ਦੀ ਵਿਕਾਰਾਂ ਦੀ ਤਪਸ਼ ਬੁੱਝ ਜਾਂਦੀ ਹੈ, ਮੇਰੀ ਜਿੰਦ) ਪ੍ਰੀਤਮ-ਪ੍ਰਭੂ ਦੇ ਪਿਆਰ ਵਿਚ ਰੰਗੀਜ ਕੇ ਉਸ ਦੀ ਸਿਫ਼ਤ-ਸਾਲਾਹ ਕਰਦੀ ਹੈ ॥੧॥

ਬਰਸੁ ਘਨਾ ਮੇਰਾ ਮਨੁ ਭੀਨਾ ॥

ਹੇ ਬੱਦਲ! ਵਰਖਾ ਕਰ (ਹੇ ਗੁਰੂ! ਨਾਮ ਦੀ ਵਰਖਾ ਕਰ, ਤਾ ਕਿ) ਮੇਰਾ ਮਨ ਉਸ ਵਿਚ ਭਿੱਜ ਜਾਏ।

ਅੰਮ੍ਰਿਤ ਬੂੰਦ ਸੁਹਾਨੀ ਹੀਅਰੈ ਗੁਰਿ ਮੋਹੀ ਮਨੁ ਹਰਿ ਰਸਿ ਲੀਨਾ ॥੧॥ ਰਹਾਉ ॥

(ਜਿਸ ਸੁਭਾਗ ਜੀਵ-ਇਸਤ੍ਰੀ ਨੂੰ) ਗੁਰੂ ਨੇ ਆਪਣੇ ਪਿਆਰ-ਵੱਸ ਕਰ ਲਿਆ; ਉਸ ਦਾ ਮਨ ਪਰਮਾਤਮਾ ਦੇ ਰਸ ਵਿਚ ਲੀਨ ਰਹਿੰਦਾ ਹੈ, ਉਸ ਦੇ ਹਿਰਦੇ ਵਿਚ ਨਾਮ-ਅੰਮ੍ਰਿਤ ਦੀ ਬੂੰਦ ਠੰਢ ਪਾਂਦੀ ਹੈ (ਸੁਖ ਦੇਂਦੀ ਹੈ) ॥੧॥ ਰਹਾਉ ॥

ਸਹਜਿ ਸੁਖੀ ਵਰ ਕਾਮਣਿ ਪਿਆਰੀ ਜਿਸੁ ਗੁਰ ਬਚਨੀ ਮਨੁ ਮਾਨਿਆ ॥

ਜਿਸ (ਜੀਵ-ਇਸਤ੍ਰੀ) ਦਾ ਮਨ ਗੁਰੂ ਦੇ ਬਚਨਾਂ ਵਿਚ (ਗੁਰੂ ਦੀ ਬਾਣੀ ਵਿਚ) ਗਿੱਝ ਜਾਂਦਾ ਹੈ, ਖਸਮ-ਪ੍ਰਭੂ ਦੀ ਉਹ ਪਿਆਰੀ ਇਸਤ੍ਰੀ ਅਡੋਲ ਅਵਸਥਾ ਵਿਚ ਆਤਮਕ ਸੁਖ ਮਾਣਦੀ ਹੈ।

ਹਰਿ ਵਰਿ ਨਾਰਿ ਭਈ ਸੋਹਾਗਣਿ ਮਨਿ ਤਨਿ ਪ੍ਰੇਮੁ ਸੁਖਾਨਿਆ ॥੨॥

ਪ੍ਰਭੂ ਨੂੰ ਆਪਣਾ ਖਸਮ ਬਣਾ ਕੇ ਉਹ ਜੀਵ-ਇਸਤ੍ਰੀ ਭਾਗਾਂ ਵਾਲੀ ਹੋ ਜਾਂਦੀ ਹੈ, ਉਸ ਦੇ ਮਨ ਵਿਚ ਉਸ ਦੇ ਤਨ ਵਿਚ ਪ੍ਰਭੂ ਦਾ ਪਿਆਰ ਆਤਮਕ ਸੁਖ ਪੈਦਾ ਕਰਦਾ ਹੈ ॥੨॥

ਅਵਗਣ ਤਿਆਗਿ ਭਈ ਬੈਰਾਗਨਿ ਅਸਥਿਰੁ ਵਰੁ ਸੋਹਾਗੁ ਹਰੀ ॥

ਉਹ ਇਸਤ੍ਰੀ ਔਗੁਣ ਤਿਆਗ ਕੇ ਪ੍ਰਭੂ-ਚਰਨਾਂ ਦੀ ਵੈਰਾਗਣ ਹੋ ਜਾਂਦੀ ਹੈ, ਸਦਾ ਕਾਇਮ ਰਹਿਣ ਵਾਲਾ ਹਰੀ ਉਸ ਦਾ ਸੋਹਾਗ ਬਣ ਜਾਂਦਾ ਹੈ, ਉਸ ਦਾ ਖਸਮ ਬਣ ਜਾਂਦਾ ਹੈ,

ਸੋਗੁ ਵਿਜੋਗੁ ਤਿਸੁ ਕਦੇ ਨ ਵਿਆਪੈ ਹਰਿ ਪ੍ਰਭਿ ਅਪਣੀ ਕਿਰਪਾ ਕਰੀ ॥੩॥

ਜਿਸ ਜੀਵ-ਇਸਤ੍ਰੀ ਉਤੇ ਹਰੀ ਪ੍ਰਭੂ ਨੇ ਆਪਣੀ ਕਿਰਪਾ (ਦੀ ਦ੍ਰਿਸ਼ਟੀ) ਕੀਤੀ। ਉਸ ਉਤੇ ਮੋਹ ਆਦਿਕ ਦੀ ਚਿੰਤਾ ਜਾਂ ਪ੍ਰਭੂ-ਚਰਨਾਂ ਤੋਂ ਵਿਛੋੜਾ ਕਦੇ ਜ਼ੋਰ ਨਹੀਂ ਪਾ ਸਕਦਾ ॥੩॥

ਆਵਣ ਜਾਣੁ ਨਹੀ ਮਨੁ ਨਿਹਚਲੁ ਪੂਰੇ ਗੁਰ ਕੀ ਓਟ ਗਹੀ ॥

ਜਿਸ ਜੀਵ-ਇਸਤ੍ਰੀ ਨੇ ਪੂਰੇ ਗੁਰੂ ਦਾ ਪੱਲਾ ਫੜਿਆ ਹੈ, ਉਸ ਦਾ ਮਨ (ਵਿਕਾਰਾਂ ਵਲੋਂ) ਅਡੋਲ ਹੋ ਜਾਂਦਾ ਹੈ (ਭਾਵ, ਵਿਕਾਰਾਂ ਵਲ ਨਹੀਂ ਡੋਲਦਾ), ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।

ਨਾਨਕ ਰਾਮ ਨਾਮੁ ਜਪਿ ਗੁਰਮੁਖਿ ਧਨੁ ਸੋਹਾਗਣਿ ਸਚੁ ਸਹੀ ॥੪॥੨॥

ਹੇ ਨਾਨਕ! ਉਹੀ ਜੀਵ-ਇਸਤ੍ਰੀ ਗੁਰੂ ਦੀ ਰਾਹੀਂ ਪ੍ਰਭੂ ਦਾ ਨਾਮ ਜਪ ਕੇ ਭਾਗਾਂ ਵਾਲੀ ਹੋ ਜਾਂਦੀ ਹੈ, ਉਹ ਠੀਕ ਅਰਥਾਂ ਵਿਚ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੀ ਹੈ ॥੪॥੨॥


ਮਲਾਰ ਮਹਲਾ ੧ ॥
ਸਾਚੀ ਸੁਰਤਿ ਨਾਮਿ ਨਹੀ ਤ੍ਰਿਪਤੇ ਹਉਮੈ ਕਰਤ ਗਵਾਇਆ ॥

ਜਿਨ੍ਹਾਂ ਦੀ ਸੁਰਤ ਅਡੋਲ ਹੋ ਕੇ ਪ੍ਰਭੂ ਦੇ ਨਾਮ ਵਿਚ ਨਹੀਂ ਜੁੜੀ, ਉਹ ਮਾਇਆ ਦੀ ਤ੍ਰਿਸ਼ਨਾ ਵਲੋਂ ਪਰਤ ਨਹੀਂ ਸਕੇ, ‘ਮੈਂ ਵੱਡਾ ਬਣ ਜਾਵਾਂ, ਮੈਂ ਵੱਡਾ ਬਣ ਜਾਵਾਂ’-ਇਹ ਆਖ ਆਖ ਕੇ ਉਹਨਾਂ ਆਪਣਾ ਜੀਵਨ ਗਵਾ ਲਿਆ।

ਪਰ ਧਨ ਪਰ ਨਾਰੀ ਰਤੁ ਨਿੰਦਾ ਬਿਖੁ ਖਾਈ ਦੁਖੁ ਪਾਇਆ ॥

ਉਹਨਾਂ ਦਾ ਮਨ ਪਰਾਏ ਧਨ ਪਰਾਈ ਇਸਤ੍ਰੀ ਤੇ ਪਰਾਈ ਨਿੰਦਿਆ ਵਿਚ ਮਸਤ ਰਿਹਾ ਹੈ, ਉਹ (ਸਦਾ ਪਰ ਧਨ ਪਰ ਨਾਰੀ ਪਰ ਨਿੰਦਾ ਦੀ) ਜ਼ਹਰ ਖਾਂਦੇ ਰਹੇ (ਆਤਮਕ ਖ਼ੁਰਾਕ ਬਣਾਈ ਰੱਖੀ), ਤੇ ਦੁੱਖ ਹੀ ਸਹੇੜਦੇ ਰਹੇ।

ਸਬਦੁ ਚੀਨਿ ਭੈ ਕਪਟ ਨ ਛੂਟੇ ਮਨਿ ਮੁਖਿ ਮਾਇਆ ਮਾਇਆ ॥

ਸਿਫ਼ਤ-ਸਾਲਾਹ ਦੀ ਬਾਣੀ ਨੂੰ ਵਿਚਾਰ ਕੇ ਉਹਨਾਂ ਦੇ ਦੁਨੀਆ ਵਾਲੇ ਡਰ ਤੇ ਛਲ ਨਾਹ ਮੁੱਕੇ, ਉਹਨਾਂ ਦੇ ਮਨ ਵਿਚ ਭੀ ਮਾਇਆ (ਦੀ ਲਗਨ) ਹੀ ਰਹੀ, ਉਹਨਾਂ ਦੇ ਮੂੰਹ ਵਿਚ ਭੀ ਮਾਇਆ (ਦੀ ਦੰਦ-ਕਥਾ) ਹੀ ਰਹੀ।

ਅਜਗਰਿ ਭਾਰਿ ਲਦੇ ਅਤਿ ਭਾਰੀ ਮਰਿ ਜਨਮੇ ਜਨਮੁ ਗਵਾਇਆ ॥੧॥

ਉਹ ਸਦਾ (ਮਾਇਆ ਦੇ ਮੋਹ ਦੇ) ਬੇਅੰਤ ਵੱਡੇ ਭਾਰ ਹੇਠ ਲੱਦੇ ਰਹੇ, ਜਨਮ ਮਰਨ ਦੇ ਗੇੜ ਵਿਚ ਪੈ ਕੇ ਉਹਨਾਂ ਜੀਵਨ ਅਜਾਈਂ ਗਵਾ ਲਿਆ ॥੧॥

ਮਨਿ ਭਾਵੈ ਸਬਦੁ ਸੁਹਾਇਆ ॥

ਜਿਨ੍ਹਾਂ ਦੇ ਮਨ ਵਿਚ (ਪ੍ਰਭੂ ਦੀ ਸਿਫ਼ਤ-ਸਾਲਾਹ ਦੀ) ਬਾਣੀ ਪਿਆਰੀ ਲੱਗਦੀ ਹੈ ਉਹਨਾਂ ਦਾ ਜੀਵਨ ਸੋਹਣਾ ਬਣ ਜਾਂਦਾ ਹੈ।

ਭ੍ਰਮਿ ਭ੍ਰਮਿ ਜੋਨਿ ਭੇਖ ਬਹੁ ਕੀਨ੍ਰੇ ਗੁਰਿ ਰਾਖੇ ਸਚੁ ਪਾਇਆ ॥੧॥ ਰਹਾਉ ॥

(ਪਰ ਸਿਫ਼ਤ-ਸਾਲਾਹ ਵਾਲੀ ਬਾਣੀ ਤੋਂ ਖੁੰਝ ਕੇ) ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ ਅਨੇਕਾਂ ਜੂਨਾਂ ਦੇ ਭੇਖ ਧਾਰਦੇ ਰਹੇ (ਭਾਵ, ਜਨਮ ਲੈਂਦੇ ਰਹੇ)। ਜਿਨ੍ਹਾਂ ਦੀ ਰਖਿਆ ਗੁਰੂ ਨੇ ਕੀਤੀ, ਉਹਨਾਂ ਨੂੰ ਸਦਾ ਕਾਇਮ ਰਹਿਣ ਵਾਲਾ ਰੱਬ ਮਿਲ ਪਿਆ ॥੧॥ ਰਹਾਉ ॥

ਤੀਰਥਿ ਤੇਜੁ ਨਿਵਾਰਿ ਨ੍ਰਾਤੇ ਹਰਿ ਕਾ ਨਾਮੁ ਨ ਭਾਇਆ ॥

ਕ੍ਰੋਧ ਦੂਰ ਕਰ ਕੇ ਉਹਨਾਂ ਆਤਮ-ਤੀਰਥ ਉਤੇ ਇਸ਼ਨਾਨ ਨਾਹ ਕੀਤਾ, ਉਹਨਾਂ ਨੂੰ ਪਰਮਾਤਮਾ ਦਾ ਨਾਮ ਪਿਆਰਾ ਨਾਹ ਲੱਗਾ,

ਰਤਨ ਪਦਾਰਥੁ ਪਰਹਰਿ ਤਿਆਗਿਆ ਜਤ ਕੋ ਤਤ ਹੀ ਆਇਆ ॥

(ਤ੍ਰਿਸ਼ਨਾ-ਅਧੀਨ ਰਹਿ ਕੇ) ਉਹਨਾਂ ਪ੍ਰਭੂ ਦਾ ਅਮੋਲਕ ਨਾਮ ਸਦਾ ਲਈ ਤਿਆਗ ਦਿੱਤਾ, ਜਿਸ ਚੌਰਾਸੀ ਵਿਚੋਂ ਨਿਕਲ ਕੇ ਮਨੁੱਖਾ ਜਨਮ ਵਿਚ ਆਏ ਸਨ, ਉਸੇ ਚੌਰਾਸੀ ਵਿਚ ਮੁੜ ਚਲੇ ਗਏ,

ਬਿਸਟਾ ਕੀਟ ਭਏ ਉਤ ਹੀ ਤੇ ਉਤ ਹੀ ਮਾਹਿ ਸਮਾਇਆ ॥

ਜਿਵੇਂ ਵਿਸ਼ਟੇ ਦੇ ਕੀੜੇ ਵਿਸ਼ਟੇ ਵਿਚੋਂ ਜੰਮਦੇ ਹਨ, ਤੇ ਵਿਸ਼ਟੇ ਵਿਚ ਹੀ ਮੁੜ ਮਰ ਜਾਂਦੇ ਹਨ।

ਅਧਿਕ ਸੁਆਦ ਰੋਗ ਅਧਿਕਾਈ ਬਿਨੁ ਗੁਰ ਸਹਜੁ ਨ ਪਾਇਆ ॥੨॥

(ਵਿਸ਼ੇ ਵਿਕਾਰਾਂ ਦੇ) ਜਿਤਨੇ ਹੀ ਵਧੀਕ ਸੁਆਦ ਉਹ ਮਾਣਦੇ ਗਏ, ਉਤਨੇ ਹੀ ਵਧੀਕ ਰੋਗ ਉਹਨਾਂ ਨੂੰ ਵਿਆਪਦੇ ਗਏ। ਗੁਰੂ ਦੀ ਸਰਨ ਨਾਹ ਆਉਣ ਕਰ ਕੇ ਉਹਨਾਂ ਨੂੰ ਸ਼ਾਂਤ ਅਵਸਥਾ ਹਾਸਲ ਨਾਹ ਹੋਈ ॥੨॥

ਸੇਵਾ ਸੁਰਤਿ ਰਹਸਿ ਗੁਣ ਗਾਵਾ ਗੁਰਮੁਖਿ ਗਿਆਨੁ ਬੀਚਾਰਾ ॥

(ਮਿਹਰ ਕਰ) ਮੇਰੀ ਸੁਰਤ ਤੇਰੀ ਸੇਵਾ (-ਭਗਤੀ) ਵਿਚ ਟਿਕੀ ਰਹੇ, ਪੂਰਨ ਆਨੰਦ ਵਿਚ ਟਿੱਕ ਕੇ ਮੈਂ ਤੇਰੇ ਗੁਣ ਗਾਂਦਾ ਰਹਾਂ; ਗੁਰੂ ਦੀ ਸਰਨ ਪੈ ਕੇ ਮੈਂ ਸਦਾ ਇਹ ਵਿਚਾਰ ਕਰਦਾ ਰਹਾਂ ਕਿ ਤੇਰੇ ਨਾਲ ਮੇਰੀ ਡੂੰਘੀ ਸਾਂਝ ਬਣੀ ਰਹੇ।

ਖੋਜੀ ਉਪਜੈ ਬਾਦੀ ਬਿਨਸੈ ਹਉ ਬਲਿ ਬਲਿ ਗੁਰ ਕਰਤਾਰਾ ॥

ਹੇ ਮੇਰੇ ਗੁਰੂ! ਹੇ ਮੇਰੇ ਕਰਤਾਰ! ਮੈਂ ਤੈਥੋਂ ਕੁਰਬਾਨ ਜਾਂਦਾ ਹਾਂ। (ਤੇਰੇ ਨਾਲ ਡੂੰਘੀ ਜਾਣ ਪਛਾਣ ਦੇ ਜਤਨ) ਖੋਜਣ ਵਾਲਾ ਮਨੁੱਖ ਆਤਮਕ ਜੀਵਨ ਵਿਚ ਜਨਮ ਲੈ ਲੈਂਦਾ ਹੈ, ਪਰ (ਨਿੱਤ ਮਾਇਆ ਦੇ) ਝਗੜੇ ਕਰਨ ਵਾਲਾ ਜੀਵ ਆਤਮਕ ਮੌਤੇ ਮਰ ਜਾਂਦਾ ਹੈ।

ਹਮ ਨੀਚ ਹੁੋਤੇ ਹੀਣਮਤਿ ਝੂਠੇ ਤੂ ਸਬਦਿ ਸਵਾਰਣਹਾਰਾ ॥

ਹੇ ਪ੍ਰਭੂ! ਅਸੀਂ (ਤ੍ਰਿਸ਼ਨਾ ਵਿਚ ਫਸ ਕੇ ਬੜੇ) ਨੀਵੇਂ ਜੀਵਨ ਵਾਲੇ ਹੋ ਚੁਕੇ ਹਾਂ, ਅਸੀਂ ਮੂਰਖ ਹਾਂ, ਅਸੀਂ ਝੂਠੇ ਪਦਾਰਥਾਂ ਵਿਚ ਫਸੇ ਪਏ ਹਾਂ; ਪਰ ਤੂੰ (ਆਪਣੀ ਸਿਫ਼ਤ-ਸਾਲਾਹ ਦੀ) ਬਾਣੀ ਵਿਚ (ਜੋੜ ਕੇ) ਸਾਡਾ ਜੀਵਨ ਸਵਾਰਨ ਦੇ ਸਮਰੱਥ ਹੈਂ।

ਆਤਮ ਚੀਨਿ ਤਹਾ ਤੂ ਤਾਰਣ ਸਚੁ ਤਾਰੇ ਤਾਰਣਹਾਰਾ ॥੩॥

ਜਿਥੇ ਆਪੇ ਦੀ ਵਿਚਾਰ ਹੁੰਦੀ ਹੈ, ਉਥੇ ਤੂੰ (ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ) ਬਚਾਣ ਲਈ ਆ ਬਹੁੜਦਾ ਹੈਂ। ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਤਾਰਨ ਦੇ ਸਮਰੱਥ ਹੈਂ, (ਸਾਨੂੰ) ਤਾਰ ਲੈ ॥੩॥

ਬੈਸਿ ਸੁਥਾਨਿ ਕਹਾਂ ਗੁਣ ਤੇਰੇ ਕਿਆ ਕਿਆ ਕਥਉ ਅਪਾਰਾ ॥

(ਹੇ ਪ੍ਰਭੂ! ਮਿਹਰ ਕਰ) ਸਤਸੰਗ ਵਿਚ ਟਿੱਕ ਕੇ ਮੈਂ ਤੇਰੇ ਗੁਣ ਗਾਂਦਾ ਰਹਾਂ। ਪਰ ਤੂੰ ਬੇਅੰਤ ਹੈਂ, ਤੇਰੇ ਸਾਰੇ ਗੁਣ ਮੈਂ ਬਿਆਨ ਨਹੀਂ ਕਰ ਸਕਦਾ।

ਅਲਖੁ ਨ ਲਖੀਐ ਅਗਮੁ ਅਜੋਨੀ ਤੂੰ ਨਾਥਾਂ ਨਾਥਣਹਾਰਾ ॥

ਤੂੰ ਅਲੱਖ ਹੈਂ, ਤੂੰ ਬਿਆਨ ਤੋਂ ਪਰੇ ਹੈਂ, ਤੂੰ ਅਪਹੁੰਚ ਹੈਂ, ਤੂੰ ਜੂਨਾਂ ਤੋਂ ਰਹਿਤ ਹੈਂ। ਤੂੰ (ਵੱਡੇ ਵੱਡੇ) ਨਾਥ ਅਖਵਾਣ ਵਾਲਿਆਂ ਨੂੰ ਭੀ ਆਪਣੇ ਵੱਸ ਵਿਚ ਰੱਖਣ ਵਾਲਾ ਹੈਂ।

ਕਿਸੁ ਪਹਿ ਦੇਖਿ ਕਹਉ ਤੂ ਕੈਸਾ ਸਭਿ ਜਾਚਕ ਤੂ ਦਾਤਾਰਾ ॥

(ਹੇ ਪ੍ਰਭੂ! ਤੇਰੀ ਰਚਨਾ ਨੂੰ) ਵੇਖ ਕੇ ਮੈਂ ਕਿਸੇ ਅੱਗੇ ਇਹ ਆਖਣ ਜੋਗਾ ਨਹੀਂ ਹਾਂ ਕਿ ਤੂੰ ਕਿਹੋ ਜਿਹਾ ਹੈਂ (ਭਾਵ, ਸਾਰੇ ਸੰਸਾਰ ਵਿਚ ਤੇਰੇ ਵਰਗਾ ਕੋਈ ਨਹੀਂ ਹੈ)। ਸਾਰੇ ਜੀਵ (ਤੇਰੇ ਦਰ ਦੇ) ਮੰਗਤੇ ਹਨ, ਤੂੰ ਸਭ ਨੂੰ ਦਾਤਾਂ ਦੇਣ ਵਾਲਾ ਹੈਂ।

ਭਗਤਿਹੀਣੁ ਨਾਨਕੁ ਦਰਿ ਦੇਖਹੁ ਇਕੁ ਨਾਮੁ ਮਿਲੈ ਉਰਿ ਧਾਰਾ ॥੪॥੩॥

(ਹੇ ਪ੍ਰਭੂ!) ਤੇਰੀ ਭਗਤੀ ਤੋਂ ਖੁੰਝਿਆ ਹੋਇਆ (ਤੇਰਾ ਦਾਸ) ਨਾਨਕ (ਤੇਰੇ) ਦਰ ਤੇ (ਆ ਡਿੱਗਾ ਹੈ, ਇਸ ਉਤੇ) ਮਿਹਰ ਦੀ ਨਿਗਾਹ ਕਰ। (ਹੇ ਪ੍ਰਭੂ!) ਮੈਨੂੰ ਤੇਰਾ ਨਾਮ ਮਿਲ ਜਾਏ, ਮੈਂ (ਇਸ ਨਾਮ ਨੂੰ ਆਪਣੇ) ਸੀਨੇ ਵਿਚ ਪ੍ਰੋ ਰੱਖਾਂ ॥੪॥੩॥


ਮਲਾਰ ਮਹਲਾ ੧ ॥
ਜਿਨਿ ਧਨ ਪਿਰ ਕਾ ਸਾਦੁ ਨ ਜਾਨਿਆ ਸਾ ਬਿਲਖ ਬਦਨ ਕੁਮਲਾਨੀ ॥

ਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਦੇ ਮਿਲਾਪ ਦਾ ਆਨੰਦ ਨਹੀਂ ਸਮਝਿਆ (ਭਾਵ, ਆਨੰਦ ਨਹੀਂ ਮਾਣਿਆ) ਉਹ ਸਦਾ (ਦੁਨੀਆ ਦੇ ਝੰਬੇਲਿਆਂ ਵਿਚ ਹੀ) ਵਿਆਕੁਲ ਰਹਿੰਦੀ ਹੈ, ਉਸ ਦਾ ਚੇਹਰਾ ਕੁਮਲਾਇਆ ਰਹਿੰਦਾ ਹੈ;

ਭਈ ਨਿਰਾਸੀ ਕਰਮ ਕੀ ਫਾਸੀ ਬਿਨੁ ਗੁਰ ਭਰਮਿ ਭੁਲਾਨੀ ॥੧॥

(ਦੁਨੀਆ ਵਾਲੀਆਂ ਆਸਾਂ ਪੂਰੀਆਂ ਨਾਹ ਹੋਣ ਕਰ ਕੇ) ਉਸ ਦਾ ਦਿਲ ਟੁੱਟਾ ਜਿਹਾ ਰਹਿੰਦਾ ਹੈ, ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਦੀ ਫਾਹੀ ਉਸ ਦੇ ਗਲ ਵਿਚ ਪਈ ਰਹਿੰਦੀ ਹੈ; ਗੁਰੂ ਦੀ ਸਰਨ ਨਾਹ ਆਉਣ ਕਰ ਕੇ ਭਟਕਣਾ ਵਿਚ ਪੈ ਕੇ ਉਹ ਜੀਵਨ ਦੇ ਸਹੀ ਰਸਤੇ ਤੋਂ ਖੁੰਝੀ ਰਹਿੰਦੀ ਹੈ ॥੧॥

ਬਰਸੁ ਘਨਾ ਮੇਰਾ ਪਿਰੁ ਘਰਿ ਆਇਆ ॥

ਹੇ ਬੱਦਲ! ਵਰਖਾ ਕਰ (ਹੇ ਗੁਰੂ! ਨਾਮ ਦੀ ਵਰਖਾ ਕਰ, ਤੇਰੀ ਨਾਮ-ਵਰਖਾ ਦੀ ਬਰਕਤਿ ਨਾਲ) ਮੇਰਾ ਪਤੀ-ਪ੍ਰਭੂ ਮੇਰੇ ਹਿਰਦੇ ਵਿਚ ਆ ਵੱਸਿਆ ਹੈ।

ਬਲਿ ਜਾਵਾਂ ਗੁਰ ਅਪਨੇ ਪ੍ਰੀਤਮ ਜਿਨਿ ਹਰਿ ਪ੍ਰਭੁ ਆਣਿ ਮਿਲਾਇਆ ॥੧॥ ਰਹਾਉ ॥

ਮੈਂ ਆਪਣੇ ਪ੍ਰੀਤਮ ਗੁਰੂ ਤੋਂ ਕੁਰਬਾਨ ਹਾਂ, ਜਿਸ ਨੇ ਹਰੀ-ਪ੍ਰਭੂ ਲਿਆ ਕੇ ਮੈਨੂੰ ਮਿਲਾ ਦਿੱਤਾ ਹੈ ॥੧॥ ਰਹਾਉ ॥

ਨਉਤਨ ਪ੍ਰੀਤਿ ਸਦਾ ਠਾਕੁਰ ਸਿਉ ਅਨਦਿਨੁ ਭਗਤਿ ਸੁਹਾਵੀ ॥

ਉਹਨਾਂ ਦੀ ਪ੍ਰਭੂ ਨਾਲ ਸਦਾ ਨਵੀਂ ਪ੍ਰੀਤ ਬਣੀ ਰਹਿੰਦੀ ਹੈ। (ਪਿਆਰ ਵਾਲਾ ਚਾਉ ਕਦੇ ਮੱਠਾ ਨਹੀਂ ਹੁੰਦਾ) ਉਹ ਹਰ ਰੋਜ਼ ਪ੍ਰਭੂ ਦੀ ਭਗਤੀ ਕਰਦੇ ਹਨ ਜੋ ਉਹਨਾਂ ਨੂੰ ਆਤਮਕ ਸੁਖ ਦੇਈ ਰੱਖਦੀ ਹੈ।

ਮੁਕਤਿ ਭਏ ਗੁਰਿ ਦਰਸੁ ਦਿਖਾਇਆ ਜੁਗਿ ਜੁਗਿ ਭਗਤਿ ਸੁਭਾਵੀ ॥੨॥

ਜਿਨ੍ਹਾਂ ਜੀਵਾਂ ਨੂੰ ਗੁਰੂ ਨੇ ਪ੍ਰਭੂ ਦਾ ਦਰਸਨ ਕਰਾ ਦਿੱਤਾ ਹੈ, ਉਹ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦੇ ਹਨ, ਉਹ ਸਦਾ ਪਰਮਾਤਮਾ ਦੀ ਭਗਤੀ ਕਰਦੇ ਤੇ ਸੋਭਾ ਖੱਟਦੇ ਹਨ ॥੨॥

ਹਮ ਥਾਰੇ ਤ੍ਰਿਭਵਣ ਜਗੁ ਤੁਮਰਾ ਤੂ ਮੇਰਾ ਹਉ ਤੇਰਾ ॥

ਹੇ ਪ੍ਰਭੂ! ਅਸੀਂ ਤੇਰੇ ਪੈਦਾ ਕੀਤੇ ਹੋਏ ਹਾਂ, ਤਿੰਨਾਂ ਭਵਨਾਂ ਵਾਲਾ ਸਾਰਾ ਹੀ ਸੰਸਾਰ ਤੇਰਾ ਰਚਿਆ ਹੋਇਆ ਹੈ (ਆਪਣੀ ਰਚੀ ਮਾਇਆ ਦੇ ਮੋਹ ਤੋਂ ਤੂੰ ਆਪ ਹੀ ਸਭ ਜੀਵਾਂ ਨੂੰ ਬਚਾਂਦਾ ਹੈਂ)। ਹੇ ਪ੍ਰਭੂ! ਤੂੰ ਮੇਰਾ (ਮਾਲਕ) ਹੈਂ, ਮੈਂ ਤੇਰਾ (ਦਾਸ) ਹਾਂ (ਮੈਨੂੰ ਭੀ ਕਰਮਾਂ ਦੀ ਫਾਹੀ ਤੋਂ ਬਚਾਈ ਰੱਖ)।

ਸਤਿਗੁਰਿ ਮਿਲਿਐ ਨਿਰੰਜਨੁ ਪਾਇਆ ਬਹੁਰਿ ਨ ਭਵਜਲਿ ਫੇਰਾ ॥੩॥

ਜੇ ਗੁਰੂ ਮਿਲ ਪਏ, ਤਾਂ ਮਾਇਆ ਤੋਂ ਰਹਿਤ ਪ੍ਰਭੂ ਮਿਲ ਪੈਂਦਾ ਹੈ, ਤੇ ਮੁੜ ਸੰਸਾਰ-ਸਮੁੰਦਰ (ਦੇ ਗੇੜ) ਵਿਚ ਨਹੀਂ ਆਉਣਾ ਪੈਂਦਾ ॥੩॥

ਅਪੁਨੇ ਪਿਰ ਹਰਿ ਦੇਖਿ ਵਿਗਾਸੀ ਤਉ ਧਨ ਸਾਚੁ ਸੀਗਾਰੋ ॥

(ਜੀਵ-ਇਸਤ੍ਰੀ ਆਪਣੇ ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਲਈ ਕਈ ਤਰ੍ਹਾਂ ਦੇ ਧਾਰਮਿਕ ਉੱਦਮ-ਰੂਪ ਸਿੰਗਾਰ ਕਰਦੀ ਹੈ, ਪਰ) ਜੀਵ-ਇਸਤ੍ਰੀ ਦਾ ਸਿੰਗਾਰ ਤਦੋਂ ਹੀ ਅਟੱਲ ਸਮਝੋ (ਤਦੋਂ ਹੀ ਸਫਲ ਜਾਣੋ) ਜਦੋਂ ਉਹ ਆਪਣੇ ਪਤੀ-ਪ੍ਰਭੂ ਨੂੰ ਵੇਖ ਕੇ ਹੁਲਾਰੇ ਵਿਚ ਆਉਂਦੀ ਹੈ,

ਅਕੁਲ ਨਿਰੰਜਨ ਸਿਉ ਸਚਿ ਸਾਚੀ ਗੁਰਮਤਿ ਨਾਮੁ ਅਧਾਰੋ ॥੪॥

ਜਦੋਂ ਸੱਚੇ ਦੇ ਸਿਮਰਨ ਦੀ ਰਾਹੀਂ ਕੁਲ-ਰਹਿਤ ਮਾਇਆ-ਰਹਿਤ ਪ੍ਰਭੂ ਨਾਲ ਇਕ-ਰੂਪ ਹੋ ਜਾਂਦੀ ਹੈ, ਜਦੋਂ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਪ੍ਰਭੂ ਦਾ ਨਾਮ ਉਸ ਦੇ ਜੀਵਨ ਦਾ ਸਹਾਰਾ ਬਣ ਜਾਂਦਾ ਹੈ ॥੪॥

ਮੁਕਤਿ ਭਈ ਬੰਧਨ ਗੁਰਿ ਖੋੋਲ੍ਰੇ ਸਬਦਿ ਸੁਰਤਿ ਪਤਿ ਪਾਈ ॥

ਜੋ ਜੀਵ-ਇਸਤ੍ਰੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਗਈ, ਜਿਸ ਦੇ ਮਾਇਆ ਦੇ ਬੰਧਨ ਗੁਰੂ ਨੇ ਖੋਹਲ ਦਿੱਤੇ, ਉਹ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਸੁਰਤ ਜੋੜ ਕੇ (ਪ੍ਰਭੂ ਦੀ ਹਜ਼ੂਰੀ ਵਿਚ) ਇੱਜ਼ਤ ਹਾਸਲ ਕਰਦੀ ਹੈ;

ਨਾਨਕ ਰਾਮ ਨਾਮੁ ਰਿਦ ਅੰਤਰਿ ਗੁਰਮੁਖਿ ਮੇਲਿ ਮਿਲਾਈ ॥੫॥੪॥

ਹੇ ਨਾਨਕ! ਪ੍ਰਭੂ ਦਾ ਨਾਮ ਸਦਾ ਉਸ ਦੇ ਹਿਰਦੇ ਵਿਚ ਵੱਸਦਾ ਹੈ, ਗੁਰੂ ਦੀ ਸਰਨ ਪੈ ਕੇ ਉਹ ਪ੍ਰਭੂ-ਪਤੀ ਦੇ ਮਿਲਾਪ ਵਿਚ ਮਿਲ ਜਾਂਦੀ ਹੈ (ਅਭੇਦ ਹੋ ਜਾਂਦੀ ਹੈ) ॥੫॥੪॥


ਮਹਲਾ ੧ ਮਲਾਰ ॥
ਪਰ ਦਾਰਾ ਪਰ ਧਨੁ ਪਰ ਲੋਭਾ ਹਉਮੈ ਬਿਖੈ ਬਿਕਾਰ ॥

(ਜੇਹੜਾ ਮਨੁੱਖ ਗੁਰੂ ਦਾ ਸ਼ਬਦ ਹਿਰਦੇ ਵਿਚ ਵਸਾਂਦਾ ਹੈ ਤੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਹਾਸਲ ਕਰਦਾ ਹੈ, ਉਹ) ਪਰਾਈ ਇਸਤ੍ਰੀ (ਦਾ ਸੰਗ), ਪਰਾਇਆ ਧਨ, ਬਹੁਤ ਲਾਲਚ, ਹਉਮੈ, ਵਿਸ਼ਿਆਂ (ਵਾਲੀ ਰੁਚੀ), ਮੰਦੇ ਕਰਮ,

ਦੁਸਟ ਭਾਉ ਤਜਿ ਨਿੰਦ ਪਰਾਈ ਕਾਮੁ ਕ੍ਰੋਧੁ ਚੰਡਾਰ ॥੧॥

ਭੈੜੀ ਨੀਅਤ, ਪਰਾਈ ਨਿੰਦਿਆ, ਕਾਮ ਅਤੇ ਚੰਡਾਲ ਕ੍ਰੋਧ-ਇਹ ਸਭ ਕੁਝ ਤਿਆਗ ਦੇਂਦਾ ਹੈ ॥੧॥

ਮਹਲ ਮਹਿ ਬੈਠੇ ਅਗਮ ਅਪਾਰ ॥

ਅਪਹੁੰਚ ਤੇ ਬੇਅੰਤ ਪ੍ਰਭੂ ਜੀ ਹਰੇਕ ਸਰੀਰ ਵਿਚ ਬੈਠੇ ਹੋਏ ਹਨ (ਮੌਜੂਦ ਹਨ),

ਭੀਤਰਿ ਅੰਮ੍ਰਿਤੁ ਸੋਈ ਜਨੁ ਪਾਵੈ ਜਿਸੁ ਗੁਰ ਕਾ ਸਬਦੁ ਰਤਨੁ ਆਚਾਰ ॥੧॥ ਰਹਾਉ ॥

ਪਰ ਉਹੀ ਮਨੁੱਖ ਪ੍ਰਭੂ ਜੀ ਦਾ ਨਾਮ-ਅੰਮ੍ਰਿਤ ਹਾਸਲ ਕਰਦਾ ਹੈ ਜਿਸ ਦੀ ਨਿੱਤ ਦੀ ਕ੍ਰਿਆ ਗੁਰੂ ਦਾ ਸ੍ਰੇਸ਼ਟ ਸ਼ਬਦ (ਆਪਣੇ ਅੰਦਰ ਵਸਾਣਾ) ਹੋ ਜਾਏ ॥੧॥ ਰਹਾਉ ॥

ਦੁਖ ਸੁਖ ਦੋਊ ਸਮ ਕਰਿ ਜਾਨੈ ਬੁਰਾ ਭਲਾ ਸੰਸਾਰ ॥

ਉਹ ਮਨੁੱਖ ਦੁੱਖਾਂ ਨੂੰ ਇਕੋ ਜਿਹਾ ਜਾਣਦਾ ਹੈ, ਜਗਤ ਵਲੋਂ ਮਿਲਦੇ ਚੰਗੇ ਮੰਦੇ ਸਲੂਕ ਨੂੰ ਭੀ ਬਰਾਬਰ ਜਾਣ ਕੇ ਹੀ ਸਹਾਰਦਾ ਹੈ (ਇਹ ਸਭ ਕੁਝ ਹਰਿ-ਨਾਮ ਦੀ ਬਰਕਤਿ ਹੈ)।

ਸੁਧਿ ਬੁਧਿ ਸੁਰਤਿ ਨਾਮਿ ਹਰਿ ਪਾਈਐ ਸਤਸੰਗਤਿ ਗੁਰ ਪਿਆਰ ॥੨॥

ਪਰ ਇਹ ਸੂਝ ਬੂਝ ਪ੍ਰਭੂ ਦੇ ਨਾਮ ਵਿਚ ਸੁਰਤ ਜੋੜਿਆਂ ਹੀ ਪ੍ਰਾਪਤ ਹੁੰਦੀ ਹੈ, ਸਾਧ ਸੰਗਤ ਵਿਚ ਰਹਿ ਕੇ ਗੁਰੂ-ਚਰਨਾਂ ਨਾਲ ਪਿਆਰ ਕੀਤਿਆਂ ਹੀ ਮਿਲਦੀ ਹੈ ॥੨॥

ਅਹਿਨਿਸਿ ਲਾਹਾ ਹਰਿ ਨਾਮੁ ਪਰਾਪਤਿ ਗੁਰੁ ਦਾਤਾ ਦੇਵਣਹਾਰੁ ॥

ਗੁਰੂ ਨਾਮ ਦੀ ਦਾਤ ਦੇਣ ਵਾਲਾ ਹੈ ਦੇਣ ਦੇ ਸਮਰੱਥ ਹੈ (ਜਿਸ ਮਨੁੱਖ ਉਤੇ ਕਰਤਾਰ ਦੀ ਨਜ਼ਰ ਹੁੰਦੀ ਹੈ, ਉਸ ਮਨੁੱਖ ਨੂੰ ਗੁਰੂ ਪਾਸੋਂ) ਦਿਨ ਰਾਤ ਪ੍ਰਭੂ-ਨਾਮ ਦਾ ਲਾਭ ਮਿਲਿਆ ਰਹਿੰਦਾ ਹੈ।

ਗੁਰਮੁਖਿ ਸਿਖ ਸੋਈ ਜਨੁ ਪਾਏ ਜਿਸ ਨੋ ਨਦਰਿ ਕਰੇ ਕਰਤਾਰੁ ॥੩॥

ਗੁਰੂ ਦੇ ਸਨਮੁਖ ਹੋ ਕੇ ਸਿੱਖਿਆ ਭੀ ਉਹੀ ਮਨੁੱਖ ਲੈ ਸਕਦਾ ਹੈ ਜਿਸ ਉਤੇ ਕਰਤਾਰ ਮਿਹਰ ਦੀ ਨਜ਼ਰ ਕਰਦਾ ਹੈ ॥੩॥

ਕਾਇਆ ਮਹਲੁ ਮੰਦਰੁ ਘਰੁ ਹਰਿ ਕਾ ਤਿਸੁ ਮਹਿ ਰਾਖੀ ਜੋਤਿ ਅਪਾਰ ॥

ਇਹ ਮਨੁੱਖਾ ਸਰੀਰ ਪਰਮਾਤਮਾ ਦਾ ਮਹਲ ਹੈ ਪਰਮਾਤਮਾ ਦਾ ਮੰਦਰ ਹੈ ਪਰਮਾਤਮਾ ਦਾ ਘਰ ਹੈ, ਬੇਅੰਤ ਪਰਮਾਤਮਾ ਨੇ ਇਸ ਵਿਚ ਆਪਣੀ ਜੋਤਿ ਟਿਕਾ ਰੱਖੀ ਹੈ।

ਨਾਨਕ ਗੁਰਮੁਖਿ ਮਹਲਿ ਬੁਲਾਈਐ ਹਰਿ ਮੇਲੇ ਮੇਲਣਹਾਰ ॥੪॥੫॥

(ਜੀਵ ਆਪਣੇ ਹਿਰਦੇ-ਮਹਲ ਵਿਚ ਵੱਸਦੇ ਪ੍ਰਭੂ ਨੂੰ ਛੱਡ ਕੇ ਬਾਹਰ ਭਟਕਦਾ ਫਿਰਦਾ ਹੈ) ਹੇ ਨਾਨਕ! (ਬਾਹਰ ਭਟਕਦਾ ਜੀਵ) ਗੁਰੂ ਦੀ ਰਾਹੀਂ ਹੀ ਹਿਰਦੇ-ਮਹਲ ਵਿਚ ਮੋੜ ਕੇ ਲਿਆਂਦਾ ਜਾ ਸਕਦਾ ਹੈ, ਤੇ ਤਦੋਂ ਮੇਲਣ ਦੇ ਸਮਰੱਥ ਪ੍ਰਭੂ ਉਸ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੪॥੫॥


ਮਲਾਰ ਮਹਲਾ ੧ ਘਰੁ ੨ ॥

ਰਾਗ ਮਲਾਰ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪਵਣੈ ਪਾਣੀ ਜਾਣੈ ਜਾਤਿ ॥

ਜੋ ਹਵਾ ਪਾਣੀ ਆਦਿਕ ਤੱਤਾਂ ਦੇ ਮੂਲ ਹਰੀ ਨੂੰ ਜਾਣ ਲਏ (ਭਾਵ, ਜੋ ਇਹ ਸਮਝੇ ਕਿ ਸਾਰੇ ਤੱਤਾਂ ਦਾ ਬਣਾਣ ਵਾਲਾ ਪਰਮਾਤਮਾ ਆਪ ਹੈ, ਤੇ ਉਸ ਨਾਲ ਡੂੰਘੀ ਸਾਂਝ ਪਾ ਲਏ),

ਕਾਇਆਂ ਅਗਨਿ ਕਰੇ ਨਿਭਰਾਂਤਿ ॥

ਜੋ ਆਪਣੇ ਸਰੀਰ ਦੀ ਤ੍ਰਿਸ਼ਨਾ-ਅੱਗ ਨੂੰ ਸ਼ਾਂਤ ਕਰ ਲਏ,

ਜੰਮਹਿ ਜੀਅ ਜਾਣੈ ਜੇ ਥਾਉ ॥

ਜੋ ਉਸ ਅਸਲੇ ਨਾਲ ਜਾਣ-ਪਛਾਣ ਪਾਏ ਜਿਸ ਤੋਂ ਸਾਰੇ ਜੀਅ ਜੰਤ ਪੈਦਾ ਹੁੰਦੇ ਹਨ

ਸੁਰਤਾ ਪੰਡਿਤੁ ਤਾ ਕਾ ਨਾਉ ॥੧॥

(ਹਾਂ) ਉਸ ਮਨੁੱਖ ਦਾ ਨਾਮ ਸਿਆਣਾ ਪੰਡਿਤ (ਰੱਖਿਆ ਜਾ ਸਕਦਾ) ਹੈ ॥੧॥

ਗੁਣ ਗੋਬਿੰਦ ਨ ਜਾਣੀਅਹਿ ਮਾਇ ॥

ਹੇ ਮਾਂ! ਗੋਬਿੰਦ ਦੇ ਗੁਣ (ਪੂਰੇ ਤੌਰ ਤੇ) ਜਾਣੇ ਨਹੀਂ ਜਾ ਸਕਦੇ,

ਅਣਡੀਠਾ ਕਿਛੁ ਕਹਣੁ ਨ ਜਾਇ ॥

(ਉਹ ਗੋਬਿੰਦ ਇਹਨਾਂ ਅੱਖਾਂ ਨਾਲ) ਦਿੱਸਦਾ ਨਹੀਂ, (ਇਸ ਵਾਸਤੇ ਉਸ ਦੇ ਸਹੀ ਸਰੂਪ ਬਾਬਤ) ਕੁਝ ਆਖਿਆ ਨਹੀਂ ਜਾ ਸਕਦਾ।

ਕਿਆ ਕਰਿ ਆਖਿ ਵਖਾਣੀਐ ਮਾਇ ॥੧॥ ਰਹਾਉ ॥

ਹੇ ਮਾਂ! ਕੀਹ ਆਖ ਕੇ ਉਸ ਦਾ ਸਰੂਪ ਬਿਆਨ ਕੀਤਾ ਜਾਏ? (ਜੇਹੜੇ ਮਨੁੱਖ ਆਪਣੇ ਆਪ ਨੂੰ ਵਿਦਵਾਨ ਸਮਝ ਕੇ ਉਸ ਪ੍ਰਭੂ ਦਾ ਅਸਲ ਸਰੂਪ ਬਿਆਨ ਕਰਨ ਦਾ ਜਤਨ ਕਰਦੇ ਹਨ, ਉਹ ਭੁੱਲ ਕਰਦੇ ਹਨ। ਇਸ ਉੱਦਮ ਵਿਚ ਕੋਈ ਸੋਭਾ ਨਹੀਂ) ॥੧॥ ਰਹਾਉ ॥

ਊਪਰਿ ਦਰਿ ਅਸਮਾਨਿ ਪਇਆਲਿ ॥

ਉਤਾਹ ਹੇਠਾਂਹ ਅਸਮਾਨ ਵਿਚ ਪਾਤਾਲ ਵਿਚ (ਹਰ ਥਾਂ ਪਰਮਾਤਮਾ ਵਿਆਪਕ ਹੈ, ਫਿਰ ਭੀ ਉਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।)

ਕਿਉ ਕਰਿ ਕਹੀਐ ਦੇਹੁ ਵੀਚਾਰਿ ॥

(ਹੇ ਭਾਈ!) ਵਿਚਾਰ ਕਰ ਕੇ ਕੋਈ ਧਿਰ ਭੀ (ਜੇ ਦੇ ਸਕਦੇ ਹੋ ਤਾਂ) ਉੱਤਰ ਦੇਹੋ ਕਿ (ਉਸ ਪ੍ਰਭੂ ਬਾਰੇ) ਕਿਵੇਂ ਕੁਝ ਕਹਿਆ ਜਾ ਸਕਦਾ ਹੈ?

ਬਿਨੁ ਜਿਹਵਾ ਜੋ ਜਪੈ ਹਿਆਇ ॥

(ਪਰਮਾਤਮਾ ਦਾ ਸਰੂਪ ਬਿਆਨ ਕਰਨਾ ਤਾਂ ਅਸੰਭਵ ਹੈ, ਪਰ) ਜੇ ਕੋਈ ਮਨੁੱਖ ਵਿਖਾਵਾ ਛੱਡ ਕੇ ਆਪਣੇ ਹਿਰਦੇ ਵਿਚ ਉਸ ਦਾ ਨਾਮ ਜਪਦਾ ਰਹੇ,

ਕੋਈ ਜਾਣੈ ਕੈਸਾ ਨਾਉ ॥੨॥

ਤਾਂ ਕੋਈ ਇਹੋ ਜਿਹਾ ਮਨੁੱਖ ਹੀ ਇਹ ਸਮਝ ਲੈਂਦਾ ਹੈ ਕਿ ਉਸ ਪਰਮਾਤਮਾ ਦਾ ਨਾਮ ਜਪਣ ਵਿਚ ਆਨੰਦ ਕਿਹੋ ਜਿਹਾ ਹੈ ॥੨॥

ਕਥਨੀ ਬਦਨੀ ਰਹੈ ਨਿਭਰਾਂਤਿ ॥

ਉਹ ਮਨੁੱਖ (ਚੁੰਚ-ਗਿਆਨਤਾ ਦੀਆਂ ਗੱਲਾਂ) ਕਹਿਣ ਬੋਲਣ ਵਲੋਂ ਰੁਕ ਜਾਂਦਾ ਹੈ,

ਸੋ ਬੂਝੈ ਹੋਵੈ ਜਿਸੁ ਦਾਤਿ ॥

ਜਿਸ ਮਨੁੱਖ ਉਤੇ ਪਰਮਾਤਮਾ ਦੀ ਬਖ਼ਸ਼ਸ਼ ਹੋਵੇ। ਉਹ ਸਮਝ ਲੈਂਦਾ ਹੈ (ਕਿ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਮੂਲ ਪ੍ਰਭੂ ਆਪ ਹੀ ਹੈ)।

ਅਹਿਨਿਸਿ ਅੰਤਰਿ ਰਹੈ ਲਿਵ ਲਾਇ ॥

(ਫਿਰ) ਉਹ ਦਿਨ ਰਾਤ (ਹਰ ਵੇਲੇ) ਆਪਣੇ ਅੰਤਰ-ਆਤਮੇ ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ।

ਸੋਈ ਪੁਰਖੁ ਜਿ ਸਚਿ ਸਮਾਇ ॥੩॥

ਉਹੀ ਹੈ ਅਸਲ ਮਨੁੱਖ ਜੇਹੜਾ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ ॥੩॥

ਜਾਤਿ ਕੁਲੀਨੁ ਸੇਵਕੁ ਜੇ ਹੋਇ ॥

ਜੇ ਕੋਈ ਮਨੁੱਖ ਉੱਚੀ ਜਾਤਿ ਦਾ ਜਾਂ ਉੱਚੀ ਕੁਲ ਦਾ ਹੋ ਕੇ (ਜਾਤਿ ਕੁਲ ਦਾ ਅਹੰਕਾਰ ਛੱਡ ਕੇ) ਪਰਮਾਤਮਾ ਦਾ ਭਗਤ ਬਣ ਜਾਏ,

ਤਾ ਕਾ ਕਹਣਾ ਕਹਹੁ ਨ ਕੋਇ ॥

ਉਸ ਦਾ ਤਾਂ ਕਹਿਣਾ ਹੀ ਕੀਹ ਹੋਇਆ? (ਭਾਵ, ਉਸ ਦੀ ਪੂਰੀ ਸਿਫ਼ਤ ਕੀਤੀ ਹੀ ਨਹੀਂ ਜਾ ਸਕਦੀ)।

ਵਿਚਿ ਸਨ੍ਰਾਤੀਂ ਸੇਵਕੁ ਹੋਇ ॥

(ਪਰ) ਨੀਵੀਂ ਜਾਤਿ ਵਿਚੋਂ ਭੀ ਜੰਮ ਕੇ ਜੇ ਕੋਈ ਪ੍ਰਭੂ ਦਾ ਭਗਤ ਬਣਦਾ ਹੈ,

ਨਾਨਕ ਪਣ੍ਹੀਆ ਪਹਿਰੈ ਸੋਇ ॥੪॥੧॥੬॥

ਤਾਂ ਹੇ ਨਾਨਕ! (ਬੇਸ਼ੱਕ) ਉਹ ਮੇਰੀ ਚਮੜੀ ਦੀਆਂ ਜੁੱਤੀਆਂ ਬਣਾ ਕੇ ਪਹਿਨ ਲਏ ॥੪॥੧॥੬॥


ਮਲਾਰ ਮਹਲਾ ੧ ॥
ਦੁਖੁ ਵੇਛੋੜਾ ਇਕੁ ਦੁਖੁ ਭੂਖ ॥

(ਹੇ ਵੈਦ! ਮਨੁੱਖ ਲਈ ਸਭ ਤੋਂ ਵੱਡਾ) ਰੋਗ ਹੈ ਪਰਮਾਤਮਾ ਦੇ ਚਰਨਾਂ ਤੋਂ ਵਿਛੋੜਾ, ਦੂਜਾ ਰੋਗ ਹੈ ਮਾਇਆ ਦੀ ਭੁੱਖ।

ਇਕੁ ਦੁਖੁ ਸਕਤਵਾਰ ਜਮਦੂਤ ॥

ਇਕ ਹੋਰ ਰੋਗ ਭੀ ਹੈ, ਉਹ ਹੈ ਡਾਢੇ ਜਮਦੂਤ (ਭਾਵ, ਜਮਦੂਤਾਂ ਦਾ ਡਰ, ਮੌਤ ਦਾ ਡਰ)।

ਇਕੁ ਦੁਖੁ ਰੋਗੁ ਲਗੈ ਤਨਿ ਧਾਇ ॥

ਤੇ ਇਹ ਉਹ ਦੁੱਖ ਹੈ ਉਹ ਰੋਗ ਹੈ ਜੋ ਮਨੁੱਖ ਦੇ ਸਰੀਰ ਵਿਚ ਆ ਚੰਬੜਦਾ ਹੈ (ਜਦ ਤਕ ਸਰੀਰਕ ਰੋਗ ਪੈਦਾ ਕਰਨ ਵਾਲੇ ਮਾਨਸਕ ਰੋਗ ਮੌਜੂਦ ਹਨ, ਤੇਰੀ ਦਵਾਈ ਕਾਟ ਨਹੀਂ ਕਰ ਸਕਦੀ)

ਵੈਦ ਨ ਭੋਲੇ ਦਾਰੂ ਲਾਇ ॥੧॥

ਹੇ ਭੋਲੇ ਵੈਦ! ਤੂੰ ਦਵਾਈ ਨਾਹ ਦੇਹ (ਕਿਸ ਕਿਸ ਰੋਗ ਦਾ ਤੂੰ ਇਲਾਜ ਕਰੇਂਗਾ?) ॥੧॥

ਵੈਦ ਨ ਭੋਲੇ ਦਾਰੂ ਲਾਇ ॥

ਹੇ ਭੋਲੇ ਵੈਦ! ਤੂੰ ਦਵਾਈ ਨਾਹ ਦੇਹ।

ਦਰਦੁ ਹੋਵੈ ਦੁਖੁ ਰਹੈ ਸਰੀਰ ॥

(ਜਿਸ ਦਵਾਈ ਦੇ ਵਰਤਿਆਂ ਫਿਰ ਭੀ) ਸਰੀਰ ਦਾ ਦੁੱਖ ਦਰਦ ਟਿਕਿਆ ਹੀ ਰਹੇ,

ਐਸਾ ਦਾਰੂ ਲਗੈ ਨ ਬੀਰ ॥੧॥ ਰਹਾਉ ॥

ਹੇ ਅੰਞਾਣ ਵੈਦ! ਹੇ ਵੀਰ ਵੈਦ! ਅਜੇਹੀ ਦਵਾਈ ਦੇਣ ਦਾ ਕੋਈ ਲਾਭ ਨਹੀਂ, ਅਜੇਹੀ ਦਵਾਈ ਕੋਈ ਅਸਰ ਨਹੀਂ ਕਰਦੀ ॥੧॥ ਰਹਾਉ ॥

ਖਸਮੁ ਵਿਸਾਰਿ ਕੀਏ ਰਸ ਭੋਗ ॥

ਜਦੋਂ ਮਨੁੱਖ ਨੇ ਪ੍ਰਭੂ-ਪਤੀ ਨੂੰ ਭੁਲਾ ਕੇ (ਵਿਸ਼ੇ-ਵਿਕਾਰਾਂ ਦੇ) ਰਸ ਮਾਣਨੇ ਸ਼ੁਰੂ ਕਰ ਦਿੱਤੇ,

ਤਾਂ ਤਨਿ ਉਠਿ ਖਲੋਏ ਰੋਗ ॥

ਤਾਂ ਉਸ ਦੇ ਸਰੀਰ ਵਿਚ ਬੀਮਾਰੀਆਂ ਪੈਦਾ ਹੋਣ ਲਗ ਪਈਆਂ।

ਮਨ ਅੰਧੇ ਕਉ ਮਿਲੈ ਸਜਾਇ ॥

(ਕੁਰਾਹੇ ਪਏ ਮਨੁੱਖ ਨੂੰ ਸਹੀ ਰਸਤੇ ਤੇ ਪਾਣ ਲਈ, ਇਸ ਦੇ) ਮਾਇਆ-ਮੋਹ ਵਿਚ ਅੰਨ੍ਹੇ ਹੋਏ ਮਨ ਨੂੰ (ਸਰੀਰਕ ਰੋਗਾਂ ਦੀ ਰਾਹੀਂ) ਸਜ਼ਾ ਮਿਲਦੀ ਹੈ।

ਵੈਦ ਨ ਭੋਲੇ ਦਾਰੂ ਲਾਇ ॥੨॥

ਸੋ, ਹੇ ਅੰਞਾਣ ਵੈਦ! (ਸਰੀਰਕ ਰੋਗਾਂ ਨੂੰ ਦੂਰ ਕਰਨ ਵਾਸਤੇ ਦਿੱਤੀ) ਤੇਰੀ ਦਵਾਈ ਦਾ ਕੋਈ ਲਾਭ ਨਹੀਂ (ਵਿਸ਼ੇ-ਵਿਕਾਰਾਂ ਦੇ ਕਾਰਨ ਇਹ ਰੋਗ ਤਾਂ ਮੁੜ ਮੁੜ ਪੈਦਾ ਹੋਣਗੇ) ॥੨॥

ਚੰਦਨ ਕਾ ਫਲੁ ਚੰਦਨ ਵਾਸੁ ॥

ਚੰਦਨ ਦਾ ਰੁੱਖ ਤਦੋਂ ਤਕ ਚੰਦਨ ਹੈ ਜਦ ਤਕ ਵਿਚ ਚੰਦਨ ਦੀ ਸੁਗੰਧੀ ਹੈ (ਸੁਗੰਧੀ ਤੋਂ ਬਿਨਾ ਇਹ ਸਾਧਾਰਨ ਲੱਕੜੀ ਹੀ ਹੈ)।

ਮਾਣਸ ਕਾ ਫਲੁ ਘਟ ਮਹਿ ਸਾਸੁ ॥

ਮਨੁੱਖਾ ਸਰੀਰ ਤਦੋਂ ਤਕ ਮਨੁੱਖਾ ਸਰੀਰ ਹੈ ਜਦ ਤਕ ਇਸ ਸਰੀਰ ਵਿਚ ਸਾਹ ਚੱਲ ਰਿਹਾ ਹੈ।

ਸਾਸਿ ਗਇਐ ਕਾਇਆ ਢਲਿ ਪਾਇ ॥

ਸੁਆਸ ਨਿਕਲ ਜਾਣ ਤੇ ਸਰੀਰ ਮਿੱਟੀ ਹੋ ਜਾਂਦਾ ਹੈ।

ਤਾ ਕੈ ਪਾਛੈ ਕੋਇ ਨ ਖਾਇ ॥੩॥

ਸਰੀਰ ਦੇ ਮਿੱਟੀ ਹੋ ਜਾਣ ਪਿਛੋਂ ਕੋਈ ਭੀ ਮਨੁੱਖ ਦਵਾਈ ਨਹੀਂ ਖਾਂਦਾ (ਪਰ ਇਹ ਸਰੀਰ ਵਿਚੋਂ ਨਿਕਲ ਜਾਣ ਵਾਲਾ ਜੀਵਾਤਮਾ ਤਾਂ ਵਿਛੋੜੇ ਅਤੇ ਤ੍ਰਿਸ਼ਨਾ ਆਦਿਕ ਰੋਗਾਂ ਨਾਲ ਗ੍ਰਸਿਆ ਹੋਇਆ ਹੀ ਜਾਂਦਾ ਹੈ। ਹੇ ਵੈਦ! ਦਵਾਈ ਦੀ ਅਸਲ ਲੋੜ ਤਾਂ ਉਸ ਜੀਵਾਤਮਾ ਨੂੰ ਹੈ) ॥੩॥

ਕੰਚਨ ਕਾਇਆ ਨਿਰਮਲ ਹੰਸੁ ॥

(ਹੇ ਵੈਦ!) ਉਹ ਸਰੀਰ ਸੋਨੇ ਵਰਗਾ ਸੁੱਧ ਰਹਿੰਦਾ ਹੈ, ਉਸ ਵਿਚ ਵੱਸਦਾ ਜੀਵਾਤਮਾ ਭੀ ਨਰੋਆ ਰਹਿੰਦਾ ਹੈ,

ਜਿਸੁ ਮਹਿ ਨਾਮੁ ਨਿਰੰਜਨ ਅੰਸੁ ॥

ਜਿਸ ਸਰੀਰ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ, ਪਰਮਾਤਮਾ ਦੀ ਜੋਤਿ (ਲਿਸ਼ਕਾਰਾ ਮਾਰਦੀ) ਹੈ।

ਦੂਖ ਰੋਗ ਸਭਿ ਗਇਆ ਗਵਾਇ ॥

ਉਹ ਜੀਵਾਤਮਾ ਆਪਣੇ ਸਾਰੇ ਰੋਗ ਦੂਰ ਕਰ ਕੇ ਇਥੋਂ ਜਾਂਦਾ ਹੈ।

ਨਾਨਕ ਛੂਟਸਿ ਸਾਚੈ ਨਾਇ ॥੪॥੨॥੭॥

ਹੇ ਨਾਨਕ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਹੀ ਜੀਵ (ਤ੍ਰਿਸ਼ਨਾ ਆਦਿਕ ਰੋਗਾਂ ਤੋਂ) ਖ਼ਲਾਸੀ ਹਾਸਲ ਕਰੇਗਾ ॥੪॥੨॥੭॥


ਮਲਾਰ ਮਹਲਾ ੧ ॥
ਦੁਖ ਮਹੁਰਾ ਮਾਰਣ ਹਰਿ ਨਾਮੁ ॥

(ਦੁਨੀਆ ਦੇ) ਦੁੱਖ-ਕਲੇਸ਼ (ਇਨਸਾਨੀ ਜੀਵਨ ਲਈ) ਜ਼ਹਰ ਹਨ, (ਪਰ, ਹੇ ਭਾਈ!) ਜੇ ਇਸ ਜ਼ਹਰ ਦਾ ਕੁਸ਼ਤਾ ਕਰਨ ਲਈ) ਪਰਮਾਤਮਾ ਦਾ ਨਾਮ ਤੂੰ (ਜੜ੍ਹੀ ਬੂਟੀਆਂ ਆਦਿਕ) ਮਸਾਲੇ (ਦੇ ਥਾਂ) ਵਰਤੇਂ,

ਸਿਲਾ ਸੰਤੋਖ ਪੀਸਣੁ ਹਥਿ ਦਾਨੁ ॥

(ਉਸ ਕੁਸ਼ਤੇ ਨੂੰ ਬਾਰੀਕ ਕਰਨ ਲਈ) ਸੰਤੋਖ ਦੀ ਸਿਲ ਬਣਾਏਂ, ਅਤੇ (ਲੋੜਵੰਦਿਆਂ ਦੀ ਸਹਾਇਤਾ ਕਰਨ ਲਈ) ਦਾਨ ਨੂੰ ਆਪਣੇ ਹੱਥ ਵਿਚ ਪੀਹਣ ਵਾਲਾ ਪੱਥਰ ਦਾ ਵੱਟਾ ਬਣਾਏਂ।

ਨਿਤ ਨਿਤ ਲੇਹੁ ਨ ਛੀਜੈ ਦੇਹ ॥

(ਇਹ ਤਿਆਰ ਹੋਇਆ ਕੁਸ਼ਤਾ) ਜੇ ਤੂੰ ਸਦਾ ਖਾਂਦਾ ਰਹੇਂ, ਤਾਂ ਇਸ ਤਰ੍ਹਾਂ ਮਨੁੱਖਾ ਜਨਮ ਤੋਂ ਹੇਠ ਵਲ ਦੀਆਂ ਜੂਨਾਂ ਵਿਚ ਨਹੀਂ ਜਾਈਦਾ,

ਅੰਤ ਕਾਲਿ ਜਮੁ ਮਾਰੈ ਠੇਹ ॥੧॥

ਨਾਹ ਹੀ ਅੰਤ ਵੇਲੇ ਮੌਤ (ਦਾ ਡਰ) ਪਟਕ ਕੇ ਮਾਰਦਾ ਹੈ ॥੧॥

ਐਸਾ ਦਾਰੂ ਖਾਹਿ ਗਵਾਰ ॥

ਹੇ ਮੂਰਖ ਜੀਵ! ਅਜੇਹੀ ਦਵਾਈ ਖਾਹ,

ਜਿਤੁ ਖਾਧੈ ਤੇਰੇ ਜਾਹਿ ਵਿਕਾਰ ॥੧॥ ਰਹਾਉ ॥

ਜਿਸ ਦੇ ਖਾਧਿਆਂ ਤੇਰੇ ਮੰਦ ਕਰਮ (ਸਾਰੇ) ਨਾਸ ਹੋ ਜਾਣ ॥੧॥ ਰਹਾਉ ॥

ਰਾਜੁ ਮਾਲੁ ਜੋਬਨੁ ਸਭੁ ਛਾਂਵ ॥

(ਹੇ ਗਵਾਰ ਜੀਵ!) ਦੁਨੀਆ ਦਾ ਰਾਜ ਧਨ-ਪਦਾਰਥ ਤੇ ਜੁਆਨੀ (ਜਿਨ੍ਹਾਂ ਦੇ ਨਸ਼ੇ ਨੇ ਤੇਰੀਆਂ ਅੱਖਾਂ ਅੱਗੇ ਹਨੇਰਾ ਲਿਆਂਦਾ ਹੋਇਆ ਹੈ) ਇਹ ਸਭ ਕੁਝ ਅਸਲੀਅਤ ਦੇ ਪਰਛਾਵੇਂ ਹਨ,

ਰਥਿ ਫਿਰੰਦੈ ਦੀਸਹਿ ਥਾਵ ॥

ਜਦੋਂ ਸੂਰਜ ਚੜ੍ਹਦਾ ਹੈ ਤਾਂ (ਹਨੇਰਾ ਦੂਰ ਹੋ ਕੇ) ਅਸਲੀ ਥਾਂ (ਪ੍ਰਤੱਖ) ਦਿੱਸ ਪੈਂਦੇ ਹਨ।

ਦੇਹ ਨ ਨਾਉ ਨ ਹੋਵੈ ਜਾਤਿ ॥

(ਤੂੰ ਜੁਆਨੀ ਦਾ, ਨਾਮਣੇ ਦਾ, ਉੱਚੀ ਜਾਤਿ ਦਾ ਮਾਣ ਕਰਦਾ ਹੈਂ, ਪ੍ਰਭੂ ਦੇ ਦਰ ਤੇ) ਨਾਹ ਸਰੀਰ, ਨਾਹ ਨਾਮਣਾ, ਨਾਹ ਉੱਚੀ ਜਾਤਿ ਕੋਈ ਭੀ ਕਬੂਲ ਨਹੀਂ ਹੈ,

ਓਥੈ ਦਿਹੁ ਐਥੈ ਸਭ ਰਾਤਿ ॥੨॥

ਕਿਉਂਕਿ ਉਸ ਦੀ ਹਜ਼ੂਰੀ ਵਿਚ (ਗਿਆਨ ਦਾ) ਦਿਨ ਚੜ੍ਹਿਆ ਰਹਿੰਦਾ ਹੈ, ਤੇ ਇਥੇ ਦੁਨੀਆ ਵਿਚ (ਮਾਇਆ ਦੇ ਮੋਹ ਦੀ) ਰਾਤ ਪਈ ਰਹਿੰਦੀ ਹੈ ॥੨॥

ਸਾਦ ਕਰਿ ਸਮਧਾਂ ਤ੍ਰਿਸਨਾ ਘਿਉ ਤੇਲੁ ॥

(ਹੇ ਗਵਾਰ ਜੀਵ!) ਦੁਨੀਆ ਦੇ ਪਦਾਰਥਾਂ ਦੇ ਸੁਆਦਾਂ ਨੂੰ ਹਵਨ ਦੀ ਲੱਕੜੀ ਬਣਾ, ਮਾਇਆ ਦੀ ਤ੍ਰਿਸ਼ਨਾ ਨੂੰ (ਹਵਨ ਵਾਸਤੇ) ਘਿਉ ਤੇ ਤੇਲ ਬਣਾ;

ਕਾਮੁ ਕ੍ਰੋਧੁ ਅਗਨੀ ਸਿਉ ਮੇਲੁ ॥

ਕਾਮ ਤੇ ਕ੍ਰੋਧ ਨੂੰ ਅੱਗ ਬਣਾ, ਇਹਨਾਂ ਸਭਨਾਂ ਨੂੰ ਇਕੱਠਾ ਕਰ (ਤੇ ਬਾਲ ਕੇ ਹਵਨ ਕਰ ਦੇ)।

ਹੋਮ ਜਗ ਅਰੁ ਪਾਠ ਪੁਰਾਣ ॥

ਇਹ ਹੈ ਹਵਨ, ਇਹੀ ਹੈ ਜੱਗ, ਇਹੀ ਹੈ ਪੁਰਾਣ ਆਦਿਕਾਂ ਦੇ ਪਾਠ-

ਜੋ ਤਿਸੁ ਭਾਵੈ ਸੋ ਪਰਵਾਣ ॥੩॥

ਜੋ ਕੁਝ ਪਰਮਾਤਮਾ ਨੂੰ ਭਾਉਂਦਾ ਹੈ ਉਸ ਨੂੰ ਸਿਰ-ਮੱਥੇ ਤੇ ਮੰਨਣਾ- ॥੩॥

ਤਪੁ ਕਾਗਦੁ ਤੇਰਾ ਨਾਮੁ ਨੀਸਾਨੁ ॥

ਹੇ ਪ੍ਰਭੂ! (ਤੇਰੇ ਚਰਨਾਂ ਵਿਚ ਜੁੜਨ ਲਈ ਉੱਦਮ ਆਦਿਕ) ਤਪ (ਜੀਵ ਦੀ ਕਰਣੀ-ਰੂਪ) ਕਾਗ਼ਜ਼ ਹੈ, ਤੇਰੇ ਨਾਮ ਦਾ ਸਿਮਰਨ ਉਸ ਕਾਗ਼ਜ਼ ਉਤੇ ਲਿਖੀ ਰਾਹਦਾਰੀ ਹੈ।

ਜਿਨ ਕਉ ਲਿਖਿਆ ਏਹੁ ਨਿਧਾਨੁ ॥

ਇਹ ਖ਼ਜ਼ਾਨਾ, ਇਹ ਲਿਖਿਆ ਹੋਇਆ ਪਰਵਾਨਾ ਜਿਸ ਜਿਸ ਬੰਦੇ ਨੂੰ ਮਿਲ ਜਾਂਦਾ ਹੈ,

ਸੇ ਧਨਵੰਤ ਦਿਸਹਿ ਘਰਿ ਜਾਇ ॥

ਉਹ ਬੰਦੇ ਪ੍ਰਭੂ ਦੇ ਦਰ ਤੇ ਪਹੁੰਚ ਕੇ ਧਨਾਢ ਦਿੱਸਦੇ ਹਨ।

ਨਾਨਕ ਜਨਨੀ ਧੰਨੀ ਮਾਇ ॥੪॥੩॥੮॥

ਹੇ ਨਾਨਕ! ਅਜੇਹੇ ਬੰਦੇ ਦੀ ਜੰਮਣ ਵਾਲੀ ਮਾਂ (ਬੜੇ) ਭਾਗਾਂ ਵਾਲੀ ਹੈ ॥੪॥੩॥੮॥


ਮਲਾਰ ਮਹਲਾ ੧ ॥
ਬਾਗੇ ਕਾਪੜ ਬੋਲੈ ਬੈਣ ॥

(ਜਿਵੇਂ) ਚਿੱਟੇ ਖੰਭਾਂ ਵਾਲੀ (ਕੂੰਜ ਮਿੱਠੇ) ਬੋਲ ਬੋਲਦੀ ਹੈ,

ਲੰਮਾ ਨਕੁ ਕਾਲੇ ਤੇਰੇ ਨੈਣ ॥

(ਤਿਵੇਂ ਹੇ ਭੈਣ!) (ਤੇਰਾ ਭੀ ਸੋਹਣਾ ਰੰਗ ਹੈ, ਬੋਲ ਭੀ ਮਿੱਠੇ ਹਨ, ਤੇਰੇ ਨਕਸ਼ ਭੀ ਤਿੱਖੇ ਹਨ) ਤੇਰਾ ਨੱਕ ਲੰਮਾ ਹੈ, ਤੇਰੇ ਨੇਤ੍ਰ ਕਾਲੇ ਹਨ (ਭਾਵ, ਹੇ ਜੀਵ-ਇਸਤ੍ਰੀ! ਤੈਨੂੰ ਪਰਮਾਤਮਾ ਨੇ ਸੋਹਣੇ ਤਿੱਖੇ ਨਕਸ਼ਾਂ ਵਾਲਾ ਸੋਹਣਾ ਸਰੀਰ ਦਿੱਤਾ ਹੈ)

ਕਬਹੂੰ ਸਾਹਿਬੁ ਦੇਖਿਆ ਭੈਣ ॥੧॥

ਪਰ ਹੇ ਭੈਣ! ਜਿਸ ਨੇ ਇਹ ਦਾਤ ਦਿੱਤੀ ਹੈ) ਤੂੰ ਕਦੇ ਉਸ ਮਾਲਕ ਦਾ ਦਰਸ਼ਨ ਭੀ ਕੀਤਾ ਹੈ (ਕਿ ਨਹੀਂ)? ॥੧॥

ਊਡਾਂ ਊਡਿ ਚੜਾਂ ਅਸਮਾਨਿ ॥

ਹੇ ਸਾਰੀਆਂ ਤਾਕਤਾਂ ਦੇ ਮਾਲਕ ਪ੍ਰਭੂ! ਮੈਂ (ਕੂੰਜ) ਤੇਰੀ ਦਿੱਤੀ ਤਾਕਤ ਨਾਲ (ਤੇਰੇ ਦਿੱਤੇ ਖੰਭਾਂ ਨਾਲ) ਉੱਡਦੀ ਹਾਂ, ਤੇ ਉੱਡ ਕੇ ਅਸਮਾਨ ਵਿਚ ਅੱਪੜਦੀ ਹਾਂ।

ਸਾਹਿਬ ਸੰਮ੍ਰਿਥ ਤੇਰੈ ਤਾਣਿ ॥

(ਭਾਵ) ਹੇ ਪ੍ਰਭੂ! ਜੇ ਮੈਂ ਜੀਵ-ਇਸਤ੍ਰੀ ਇਹਨਾਂ ਸੋਹਣੇ ਅੰਗਾਂ ਦਾ ਇਸ ਸੋਹਣੇ ਸਰੀਰ ਦਾ ਮਾਣ ਭੀ ਕਰਦੀ ਹਾਂ, ਤਾਂ ਭੀ ਇਹ ਸੋਹਣੇ ਅੰਗ ਤੇਰੇ ਹੀ ਦਿੱਤੇ ਹੋਏ ਹਨ, ਇਹ ਸੋਹਣਾ ਸਰੀਰ ਤੇਰਾ ਹੀ ਬਖ਼ਸ਼ਿਆ ਹੋਇਆ ਹੈ।

ਜਲਿ ਥਲਿ ਡੂੰਗਰਿ ਦੇਖਾਂ ਤੀਰ ॥

(ਉਸ ਦਾਤੇ ਦੀ ਮਿਹਰ ਨਾਲ) ਮੈਂ ਪਾਣੀ ਵਿਚ, ਧਰਤੀ ਵਿਚ, ਪਹਾੜ ਵਿਚ, ਦਰਿਆਵਾਂ ਦੇ ਕੰਢੇ (ਜਿੱਧਰ ਭੀ) ਵੇਖਦੀ ਹਾਂ,

ਥਾਨ ਥਨੰਤਰਿ ਸਾਹਿਬੁ ਬੀਰ ॥੨॥

ਹੇ ਵੀਰ! ਉਹ ਮਾਲਕ ਹਰ ਥਾਂ ਵਿਚ ਮੌਜੂਦ ਦਿੱਸਦਾ ਹੈ ॥੨॥

ਜਿਨਿ ਤਨੁ ਸਾਜਿ ਦੀਏ ਨਾਲਿ ਖੰਭ ॥

(ਹੇ ਵੀਰ!) ਜਿਸ (ਮਾਲਕ) ਨੇ ਇਹ ਸਰੀਰ ਬਣਾ ਕੇ ਇਸ ਦੇ ਨਾਲ ਇਹ ਸੋਹਣੇ (ਤਿੱਖੇ ਨਕਸ਼ਾਂ ਵਾਲੇ) ਅੰਗ ਦਿੱਤੇ ਹਨ,

ਅਤਿ ਤ੍ਰਿਸਨਾ ਉਡਣੈ ਕੀ ਡੰਝ ॥

(ਮਾਇਆ ਦੀ) ਬਹੁਤੀ ਤ੍ਰਿਸ਼ਨਾ ਭੀ ਉਸੇ ਨੇ ਲਾਈ ਹੈ, ਭਟਕਣ ਦੀ ਤਾਂਘ ਭੀ ਉਸੇ ਨੇ (ਮੇਰੇ ਅੰਦਰ) ਪੈਦਾ ਕੀਤੀ ਹੈ।

ਨਦਰਿ ਕਰੇ ਤਾਂ ਬੰਧਾਂ ਧੀਰ ॥

ਜਦੋਂ ਉਹ ਮਾਲਕ ਮਿਹਰ ਦੀ ਨਜ਼ਰ ਕਰਦਾ ਹੈ, ਤਾਂ ਮੈਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਧੀਰਜ ਫੜਦੀ ਹਾਂ (ਮੈਂ ਭਟਕਣੋਂ ਹਟ ਜਾਂਦੀ ਹਾਂ)।

ਜਿਉ ਵੇਖਾਲੇ ਤਿਉ ਵੇਖਾਂ ਬੀਰ ॥੩॥

ਹੇ ਵੀਰ! ਜਿਵੇਂ ਜਿਵੇਂ ਮੈਨੂੰ ਉਹ ਆਪਣਾ ਦਰਸਨ ਕਰਾਂਦਾ ਹੈ, ਤਿਵੇਂ ਤਿਵੇਂ ਮੈਂ ਦਰਸਨ ਕਰਦੀ ਹਾਂ ॥੩॥

ਨ ਇਹੁ ਤਨੁ ਜਾਇਗਾ ਨ ਜਾਹਿਗੇ ਖੰਭ ॥

(ਹੇ ਵੀਰ!) ਨਾਹ ਇਹ ਸਰੀਰ ਸਦਾ ਨਾਲ ਨਿਭੇਗਾ, ਨਾਹ ਇਹ ਸੋਹਣੇ ਅੰਗ ਹੀ ਸਦਾ ਕਾਇਮ ਰਹਿਣਗੇ।

ਪਉਣੈ ਪਾਣੀ ਅਗਨੀ ਕਾ ਸਨਬੰਧ ॥

ਇਹ ਤਾਂ ਹਵਾ ਪਾਣੀ ਅੱਗ ਆਦਿਕ ਤੱਤਾਂ ਦਾ ਮੇਲ ਹੈ (ਜਦੋਂ ਤੱਤ ਖਿੰਡ ਜਾਣਗੇ, ਸਰੀਰ ਢਹਿ ਢੇਰੀ ਹੋ ਜਾਏਗਾ)।

ਨਾਨਕ ਕਰਮੁ ਹੋਵੈ ਜਪੀਐ ਕਰਿ ਗੁਰੁ ਪੀਰੁ ॥

ਹੇ ਨਾਨਕ! ਜਦੋਂ ਮਾਲਕ ਦੀ ਮਿਹਰ ਦੀ ਨਿਗਾਹ ਹੁੰਦੀ ਹੈ, ਤਦੋਂ ਗੁਰੂ-ਪੀਰ ਦਾ ਪੱਲਾ ਫੜ ਕੇ ਮਾਲਕ-ਪ੍ਰਭੂ ਨੂੰ ਸਿਮਰਿਆ ਜਾ ਸਕਦਾ ਹੈ,

ਸਚਿ ਸਮਾਵੈ ਏਹੁ ਸਰੀਰੁ ॥੪॥੪॥੯॥

ਤਦੋਂ ਇਹ ਸਰੀਰ ਉਸ ਸਦਾ-ਥਿਰ ਮਾਲਕ ਵਿਚ ਲੀਨ ਰਹਿੰਦਾ ਹੈ (ਤਦੋਂ ਇਹ ਸੋਹਣੇ ਗਿਆਨ-ਇੰਦ੍ਰੇ ਭਟਕਣੋਂ ਹਟ ਕੇ ਪ੍ਰਭੂ ਵਿਚ ਟਿਕੇ ਰਹਿੰਦੇ ਹਨ) ॥੪॥੪॥੯॥


ਮਲਾਰ ਮਹਲਾ ੩ ਚਉਪਦੇ ਘਰੁ ੧ ॥

ਰਾਗ ਮਲਾਰ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਨਿਰੰਕਾਰੁ ਆਕਾਰੁ ਹੈ ਆਪੇ ਆਪੇ ਭਰਮਿ ਭੁਲਾਏ ॥

ਇਹ ਸਾਰਾ ਦਿੱਸਦਾ ਸੰਸਾਰ ਨਿਰੰਕਾਰ ਆਪ ਹੀ ਆਪ ਹੈ (ਪਰਮਾਤਮਾ ਦਾ ਆਪਣਾ ਹੀ ਸਰੂਪ ਹੈ)। ਪਰਮਾਤਮਾ ਆਪ ਹੀ (ਜੀਵਾਂ ਨੂੰ) ਭਟਕਣਾ ਦੀ ਰਾਹੀਂ ਕੁਰਾਹੇ ਪਾਂਦਾ ਹੈ।

ਕਰਿ ਕਰਿ ਕਰਤਾ ਆਪੇ ਵੇਖੈ ਜਿਤੁ ਭਾਵੈ ਤਿਤੁ ਲਾਏ ॥

(ਸਾਰੇ ਕੰਮ) ਕਰ ਕਰ ਕੇ ਕਰਤਾਰ ਆਪ ਹੀ (ਉਹਨਾਂ ਕੰਮਾਂ ਨੂੰ) ਵੇਖਦਾ ਹੈ। ਜਿਸ (ਕੰਮ) ਵਿਚ ਉਸ ਦੀ ਰਜ਼ਾ ਹੁੰਦੀ ਹੈ (ਹਰੇਕ ਜੀਵ ਨੂੰ) ਉਸ (ਕੰਮ) ਵਿਚ ਲਾਂਦਾ ਹੈ।

ਸੇਵਕ ਕਉ ਏਹਾ ਵਡਿਆਈ ਜਾ ਕਉ ਹੁਕਮੁ ਮਨਾਏ ॥੧॥

ਜਿਸ ਸੇਵਕ ਪਾਸੋਂ ਆਪਣਾ ਹੁਕਮ ਮਨਾਂਦਾ ਹੈ (ਹੁਕਮ ਮਿੱਠਾ ਲਾਂਦਾ ਹੈ, ਹੁਕਮ ਵਿਚ ਤੋਰਦਾ ਹੈ), ਉਸ ਨੂੰ ਉਹ ਇਹੀ ਇੱਜ਼ਤ ਬਖ਼ਸ਼ਦਾ ਹੈ ॥੧॥

ਆਪਣਾ ਭਾਣਾ ਆਪੇ ਜਾਣੈ ਗੁਰ ਕਿਰਪਾ ਤੇ ਲਹੀਐ ॥

(ਪਰਮਾਤਮਾ) ਆਪ ਹੀ ਆਪਣੀ ਮਰਜ਼ੀ ਜਾਣਦਾ ਹੈ, (ਉਸ ਦੀ ਰਜ਼ਾ ਨੂੰ) ਗੁਰੂ ਦੀ ਮਿਹਰ ਨਾਲ ਸਮਝਿਆ ਜਾ ਸਕਦਾ ਹੈ।

ਏਹਾ ਸਕਤਿ ਸਿਵੈ ਘਰਿ ਆਵੈ ਜੀਵਦਿਆ ਮਰਿ ਰਹੀਐ ॥੧॥ ਰਹਾਉ ॥

(ਜਦੋਂ ਪ੍ਰਭੂ ਦੀ ਰਜ਼ਾ ਦੀ ਸਮਝ ਆ ਜਾਂਦੀ ਹੈ, ਤਦੋਂ) ਇਹ ਮਾਇਆ ਵਾਲੀ ਬ੍ਰਿਤੀ ਪਰਮਾਤਮਾ (ਦੇ ਚਰਨਾਂ) ਵਿਚ ਜੁੜਦੀ ਹੈ, ਅਤੇ ਦੁਨੀਆ ਦੀ ਕਿਰਤ-ਕਾਰ ਕਰਦਿਆਂ ਹੀ ਆਪਣੇ ਅੰਦਰੋਂ ਆਪਾ-ਭਾਵ ਮੁਕਾ ਲਈਦਾ ਹੈ ॥੧॥ ਰਹਾਉ ॥

ਵੇਦ ਪੜੈ ਪੜਿ ਵਾਦੁ ਵਖਾਣੈ ਬ੍ਰਹਮਾ ਬਿਸਨੁ ਮਹੇਸਾ ॥

(ਪਰ, ਗੁਰੂ ਦੀ ਸਰਨ ਪੈ ਕੇ ਪ੍ਰਭੂ ਦੀ ਰਜ਼ਾ ਨੂੰ ਸਮਝਣ ਦੇ ਥਾਂ, ਪੰਡਿਤ ਨਿਰੇ) ਵੇਦ (ਹੀ) ਪੜ੍ਹਦਾ ਰਹਿੰਦਾ ਹੈ, ਤੇ, ਪੜ੍ਹ ਕੇ (ਉਹਨਾਂ ਦੀ) ਚਰਚਾ ਹੀ (ਹੋਰਨਾਂ ਨੂੰ) ਸੁਣਾਂਦਾ ਰਹਿੰਦਾ ਹੈ; ਬ੍ਰਹਮਾ ਵਿਸ਼ਨੂੰ ਸ਼ਿਵ (ਆਦਿਕ ਦੇਵਤਿਆਂ ਦੀਆਂ ਕਥਾ-ਕਹਾਣੀਆਂ ਹੀ ਸੁਣਾਂਦਾ ਰਹਿੰਦਾ ਹੈ।

ਏਹ ਤ੍ਰਿਗੁਣ ਮਾਇਆ ਜਿਨਿ ਜਗਤੁ ਭੁਲਾਇਆ ਜਨਮ ਮਰਣ ਕਾ ਸਹਸਾ ॥

ਇਸ ਦਾ ਸਿੱਟਾ ਇਹ ਹੁੰਦਾ ਹੈ ਕਿ) ਇਹ ਤ੍ਰਿਗੁਣੀ ਮਾਇਆ ਜਿਸ ਨੇ ਸਾਰੇ ਜਗਤ ਨੂੰ ਕੁਰਾਹੇ ਪਾ ਰਖਿਆ ਹੈ (ਉਸ ਦੇ ਅੰਦਰ) ਜੰਮਣ ਮਰਨ (ਦੇ ਗੇੜ) ਦਾ ਸਹਿਮ ਬਣਾਈ ਰੱਖਦੀ ਹੈ।

ਗੁਰਪਰਸਾਦੀ ਏਕੋ ਜਾਣੈ ਚੂਕੈ ਮਨਹੁ ਅੰਦੇਸਾ ॥੨॥

ਹਾਂ, ਜਿਹੜਾ ਮਨੁੱਖ (ਗੁਰੂ ਦੀ ਸਰਨ ਆ ਕੇ) ਗੁਰੂ ਦੀ ਮਿਹਰ ਨਾਲ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ, ਉਸ ਦੇ ਮਨ ਵਿਚੋਂ (ਹਰੇਕ) ਫ਼ਿਕਰ ਦੂਰ ਹੋ ਜਾਂਦਾ ਹੈ ॥੨॥

ਹਮ ਦੀਨ ਮੂਰਖ ਅਵੀਚਾਰੀ ਤੁਮ ਚਿੰਤਾ ਕਰਹੁ ਹਮਾਰੀ ॥

ਹੇ ਪ੍ਰਭੂ! ਅਸੀਂ ਜੀਵ ਨਿਮਾਣੇ ਮੂਰਖ ਬੇ-ਸਮਝ ਹਾਂ, ਤੂੰ ਆਪ ਹੀ ਸਾਡਾ ਧਿਆਨ ਰੱਖਿਆ ਕਰ।

ਹੋਹੁ ਦਇਆਲ ਕਰਿ ਦਾਸੁ ਦਾਸਾ ਕਾ ਸੇਵਾ ਕਰੀ ਤੁਮਾਰੀ ॥

ਹੇ ਪ੍ਰਭੂ! (ਮੇਰੇ ਉਤੇ) ਦਇਆਵਾਨ ਹੋ, (ਮੈਨੂੰ ਆਪਣੇ) ਦਾਸਾਂ ਦਾ ਦਾਸ ਬਣਾ ਲੈ (ਤਾ ਕਿ) ਮੈਂ ਤੇਰੀ ਭਗਤੀ ਕਰਦਾ ਰਹਾਂ।

ਏਕੁ ਨਿਧਾਨੁ ਦੇਹਿ ਤੂ ਅਪਣਾ ਅਹਿਨਿਸਿ ਨਾਮੁ ਵਖਾਣੀ ॥੩॥

ਹੇ ਪ੍ਰਭੂ! ਤੂੰ ਮੈਨੂੰ ਆਪਣਾ ਨਾਮ-ਖ਼ਜ਼ਾਨਾ ਦੇਹ, ਮੈਂ ਦਿਨ ਰਾਤ (ਤੇਰਾ) ਨਾਮ ਜਪਦਾ ਰਹਾਂ ॥੩॥

ਕਹਤ ਨਾਨਕੁ ਗੁਰਪਰਸਾਦੀ ਬੂਝਹੁ ਕੋਈ ਐਸਾ ਕਰੇ ਵੀਚਾਰਾ ॥

ਨਾਨਕ ਆਖਦਾ ਹੈ ਕਿ ਤੁਸੀਂ ਗੁਰੂ ਦੀ ਕਿਰਪਾ ਨਾਲ ਹੀ (ਸਹੀ ਜੀਵਨ-ਰਾਹ) ਸਮਝ ਸਕਦੇ ਹੋ।

ਜਿਉ ਜਲ ਊਪਰਿ ਫੇਨੁ ਬੁਦਬੁਦਾ ਤੈਸਾ ਇਹੁ ਸੰਸਾਰਾ ॥

(ਜਿਹੜਾ ਮਨੁੱਖ ਸਮਝਦਾ ਹੈ, ਉਹ ਜਗਤ ਬਾਰੇ ਆਪਣੇ) ਖ਼ਿਆਲ ਇਉਂ ਬਣਾਂਦਾ ਹੈ ਕਿ ਜਿਵੇਂ ਪਾਣੀ ਉੱਤੇ ਝੱਗ ਹੈ ਬੁਲਬੁਲਾ ਹੈ (ਜੋ ਝਬਦੇ ਹੀ ਮਿਟ ਜਾਂਦਾ ਹੈ) ਤਿਵੇਂ ਇਹ ਜਗਤ ਹੈ।

ਜਿਸ ਤੇ ਹੋਆ ਤਿਸਹਿ ਸਮਾਣਾ ਚੂਕਿ ਗਇਆ ਪਾਸਾਰਾ ॥੪॥੧॥

ਜਿਸ (ਪਰਮਾਤਮਾ) ਤੋਂ (ਜਗਤ) ਪੈਦਾ ਹੁੰਦਾ ਹੈ (ਜਦੋਂ) ਉਸ ਵਿਚ ਹੀ ਲੀਨ ਹੋ ਜਾਂਦਾ ਹੈ, ਤਾਂ ਇਹ ਸਾਰਾ ਜਗਤ-ਖਿਲਾਰਾ ਮੁੱਕ ਜਾਂਦਾ ਹੈ ॥੪॥੧॥


ਮਲਾਰ ਮਹਲਾ ੩ ॥
ਜਿਨੀ ਹੁਕਮੁ ਪਛਾਣਿਆ ਸੇ ਮੇਲੇ ਹਉਮੈ ਸਬਦਿ ਜਲਾਇ ॥

ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੀ ਰਜ਼ਾ ਨੂੰ ਮਿੱਠਾ ਕਰ ਕੇ ਮੰਨਿਆ ਹੈ, ਪ੍ਰਭੂ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਉਹਨਾਂ ਦੇ ਅੰਦਰੋਂ) ਹਉਮੈ ਸਾੜ ਕੇ ਉਹਨਾਂ ਨੂੰ (ਆਪਣੇ ਚਰਨਾਂ ਵਿਚ) ਜੋੜ ਲਿਆ ਹੈ।

ਸਚੀ ਭਗਤਿ ਕਰਹਿ ਦਿਨੁ ਰਾਤੀ ਸਚਿ ਰਹੇ ਲਿਵ ਲਾਇ ॥

ਉਹ ਮਨੁੱਖ ਦਿਨ ਰਾਤ ਸਦਾ-ਥਿਰ ਪ੍ਰਭੂ ਦੀ ਭਗਤੀ ਕਰਦੇ ਹਨ, ਉਹ ਲਿਵ ਲਾ ਕੇ ਸਦਾ-ਥਿਰ ਹਰੀ ਵਿਚ ਟਿਕੇ ਰਹਿੰਦੇ ਹਨ।

ਸਦਾ ਸਚੁ ਹਰਿ ਵੇਖਦੇ ਗੁਰ ਕੈ ਸਬਦਿ ਸੁਭਾਇ ॥੧॥

ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ-ਪ੍ਰੇਮ ਵਿਚ (ਟਿਕ ਕੇ) ਸਦਾ-ਥਿਰ ਹਰੀ ਨੂੰ ਹਰ ਥਾਂ ਵੱਸਦਾ ਵੇਖਦੇ ਹਨ ॥੧॥

ਮਨ ਰੇ ਹੁਕਮੁ ਮੰਨਿ ਸੁਖੁ ਹੋਇ ॥

ਹੇ ਮਨ! (ਪਰਮਾਤਮਾ ਦੀ) ਰਜ਼ਾ ਵਿਚ ਤੁਰਿਆ ਕਰ, (ਇਸ ਤਰ੍ਹਾਂ) ਆਤਮਕ ਆਨੰਦ ਬਣਿਆ ਰਹਿੰਦਾ ਹੈ।

ਪ੍ਰਭ ਭਾਣਾ ਅਪਣਾ ਭਾਵਦਾ ਜਿਸੁ ਬਖਸੇ ਤਿਸੁ ਬਿਘਨੁ ਨ ਕੋਇ ॥੧॥ ਰਹਾਉ ॥

ਹੇ ਮਨ! ਪ੍ਰਭੂ ਨੂੰ ਆਪਣੇ ਮਰਜ਼ੀ ਪਿਆਰੀ ਲੱਗਦੀ ਹੈ। ਜਿਸ ਮਨੁੱਖ ਉਤੇ ਮਿਹਰ ਕਰਦਾ ਹੈ (ਉਹ ਉਸ ਦੀ ਰਜ਼ਾ ਵਿਚ ਤੁਰਦਾ ਹੈ), ਉਸ ਦੇ ਜੀਵਨ-ਰਾਹ ਵਿਚ ਕੋਈ ਰੁਕਾਵਟ ਨਹੀਂ ਪੈਂਦੀ ॥੧॥ ਰਹਾਉ ॥

ਤ੍ਰੈ ਗੁਣ ਸਭਾ ਧਾਤੁ ਹੈ ਨਾ ਹਰਿ ਭਗਤਿ ਨ ਭਾਇ ॥

ਤ੍ਰਿਗੁਣੀ (ਮਾਇਆ ਵਿਚ ਸਦਾ ਜੁੜੇ ਰਹਿਣਾ) ਨਿਰੀ ਭਟਕਣਾ ਹੀ ਹੈ (ਇਸ ਵਿਚ ਫਸੇ ਰਿਹਾਂ) ਨਾਹ ਪ੍ਰਭੂ ਦੀ ਭਗਤੀ ਹੋ ਸਕਦੀ ਹੈ, ਨਾਹ ਉਸ ਦੇ ਪਿਆਰ ਵਿਚ ਲੀਨ ਹੋ ਸਕੀਦਾ ਹੈ।

ਗਤਿ ਮੁਕਤਿ ਕਦੇ ਨ ਹੋਵਈ ਹਉਮੈ ਕਰਮ ਕਮਾਹਿ ॥

(ਤ੍ਰਿਗੁਣੀ ਮਾਇਆ ਦੇ ਮੋਹ ਦੇ ਕਾਰਨ) ਉੱਚੀ ਆਤਮਕ ਅਵਸਥਾ ਨਹੀਂ ਹੋ ਸਕਦੀ, ਵਿਕਾਰਾਂ ਤੋਂ ਖ਼ਲਾਸੀ ਕਦੇ ਨਹੀਂ ਹੋ ਸਕਦੀ। ਮਨੁੱਖ ਹਉਮੈ (ਵਧਾਣ ਵਾਲੇ) ਕੰਮ (ਹੀ) ਕਰਦੇ ਰਹਿੰਦੇ ਹਨ।

ਸਾਹਿਬ ਭਾਵੈ ਸੋ ਥੀਐ ਪਇਐ ਕਿਰਤਿ ਫਿਰਾਹਿ ॥੨॥

(ਪਰ ਜੀਵਾਂ ਦੇ ਕੀਹ ਵੱਸ?) ਜੋ ਕੁਝ ਮਾਲਕ-ਹਰੀ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ, ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਜੀਵ ਭਟਕਦੇ ਫਿਰਦੇ ਹਨ ॥੨॥

ਸਤਿਗੁਰ ਭੇਟਿਐ ਮਨੁ ਮਰਿ ਰਹੈ ਹਰਿ ਨਾਮੁ ਵਸੈ ਮਨਿ ਆਇ ॥

ਜੇ ਗੁਰੂ ਮਿਲ ਪਏ, ਤਾਂ ਮਨੁੱਖ ਦਾ ਮਨ (ਅੰਦਰੋਂ) ਆਪਾ-ਭਾਵ ਦੂਰ ਕਰ ਲੈਂਦਾ ਹੈ, ਉਸ ਦੇ ਮਨ ਵਿਚ ਹਰਿ-ਨਾਮ ਆ ਵੱਸਦਾ ਹੈ,

ਤਿਸ ਕੀ ਕੀਮਤਿ ਨਾ ਪਵੈ ਕਹਣਾ ਕਿਛੂ ਨ ਜਾਇ ॥

(ਫਿਰ ਉਸ ਦਾ ਜੀਵਨ ਇਤਨਾ ਉੱਚਾ ਹੋ ਜਾਂਦਾ ਹੈ ਕਿ) ਉਸ ਦਾ ਮੁੱਲ ਨਹੀਂ ਪੈ ਸਕਦਾ, ਉਸ ਦਾ ਬਿਆਨ ਨਹੀਂ ਹੋ ਸਕਦਾ।

ਚਉਥੈ ਪਦਿ ਵਾਸਾ ਹੋਇਆ ਸਚੈ ਰਹੈ ਸਮਾਇ ॥੩॥

ਉਹ ਮਨੁੱਖ ਉਸ ਅਵਸਥਾ ਵਿਚ ਟਿੱਕ ਜਾਂਦਾ ਹੈ ਜਿੱਥੇ ਮਾਇਆ ਦੇ ਤਿੰਨ ਗੁਣਾਂ ਦਾ ਜ਼ੋਰ ਨਹੀਂ ਪੈ ਸਕਦਾ, ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਲੀਨ ਹੋਇਆ ਰਹਿੰਦਾ ਹੈ ॥੩॥

ਮੇਰਾ ਹਰਿ ਪ੍ਰਭੁ ਅਗਮੁ ਅਗੋਚਰੁ ਹੈ ਕੀਮਤਿ ਕਹਣੁ ਨ ਜਾਇ ॥

ਮੇਰਾ ਹਰੀ ਪ੍ਰਭੂ ਅਪਹੁੰਚ ਹੈ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਤੋਂ ਨਹੀਂ ਮਿਲ ਸਕਦਾ।

ਗੁਰਪਰਸਾਦੀ ਬੁਝੀਐ ਸਬਦੇ ਕਾਰ ਕਮਾਇ ॥

ਗੁਰੂ ਦੀ ਮਿਹਰ ਨਾਲ ਹੀ ਉਸ ਦੀ ਜਾਣ-ਪਛਾਣ ਹੁੰਦੀ ਹੈ (ਜਿਸ ਨੂੰ ਜਾਣ-ਪਛਾਣ ਹੋ ਜਾਂਦੀ ਹੈ, ਉਹ ਮਨੁੱਖ) ਗੁਰੂ ਦੇ ਸ਼ਬਦ ਅਨੁਸਾਰ (ਹਰੇਕ) ਕਾਰ ਕਰਦਾ ਹੈ।

ਨਾਨਕ ਨਾਮੁ ਸਲਾਹਿ ਤੂ ਹਰਿ ਹਰਿ ਦਰਿ ਸੋਭਾ ਪਾਇ ॥੪॥੨॥

ਹੇ ਨਾਨਕ! ਤੂੰ ਸਦਾ ਹਰਿ-ਨਾਮ ਸਿਮਰਦਾ ਰਹੁ। (ਜਿਹੜਾ ਸਿਮਰਦਾ ਹੈ) ਉਹ ਪ੍ਰਭੂ ਦੇ ਦਰ ਤੇ ਸੋਭਾ ਪਾਂਦਾ ਹੈ ॥੪॥੨॥


ਮਲਾਰ ਮਹਲਾ ੩ ॥
ਗੁਰਮੁਖਿ ਕੋਈ ਵਿਰਲਾ ਬੂਝੈ ਜਿਸ ਨੋ ਨਦਰਿ ਕਰੇਇ ॥

ਜਿਸ ਮਨੁੱਖ ਉਤੇ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ, ਉਹ ਕੋਈ ਵਿਰਲਾ ਗੁਰੂ ਦੇ ਸਨਮੁਖ ਹੋ ਕੇ (ਇਹ) ਸਮਝਦਾ ਹੈ,

ਗੁਰ ਬਿਨੁ ਦਾਤਾ ਕੋਈ ਨਾਹੀ ਬਖਸੇ ਨਦਰਿ ਕਰੇਇ ॥

(ਕਿ) ਗੁਰੂ ਤੋਂ ਬਿਨਾ ਹੋਰ ਕੋਈ (ਨਾਮ ਦੀ) ਦਾਤ ਦੇਣ ਵਾਲਾ ਨਹੀਂ ਹੈ, ਜਿਸ ਉਤੇ ਮਿਹਰ ਦੀ ਨਿਗਾਹ ਕਰਦਾ ਹੈ, ਉਸ ਨੂੰ (ਨਾਮ) ਬਖ਼ਸ਼ਦਾ ਹੈ।

ਗੁਰ ਮਿਲਿਐ ਸਾਂਤਿ ਊਪਜੈ ਅਨਦਿਨੁ ਨਾਮੁ ਲਏਇ ॥੧॥

ਜੇ ਗੁਰੂ ਮਿਲ ਪਏ, ਤਾਂ (ਮਨ ਵਿਚ) ਸ਼ਾਂਤੀ ਪੈਦਾ ਹੋ ਜਾਂਦੀ ਹੈ (ਅਤੇ ਮਨੁੱਖ) ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ॥੧॥

ਮੇਰੇ ਮਨ ਹਰਿ ਅੰਮ੍ਰਿਤ ਨਾਮੁ ਧਿਆਇ ॥

ਹੇ ਮੇਰੇ ਮਨ! ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਚੇਤੇ ਕਰਿਆ ਕਰ।

ਸਤਿਗੁਰੁ ਪੁਰਖੁ ਮਿਲੈ ਨਾਉ ਪਾਈਐ ਹਰਿ ਨਾਮੇ ਸਦਾ ਸਮਾਇ ॥੧॥ ਰਹਾਉ ॥

ਜਦੋਂ ਗੁਰੂ ਮਰਦ ਮਿਲ ਪੈਂਦਾ ਹੈ, ਤਦੋਂ ਹਰਿ-ਨਾਮ ਪ੍ਰਾਪਤ ਹੁੰਦਾ ਹੈ (ਜਿਸ ਨੂੰ ਗੁਰੂ ਮਿਲਦਾ ਹੈ) ਉਹ ਸਦਾ ਹਰਿ-ਨਾਮ ਵਿਚ ਹੀ ਲੀਨ ਰਹਿੰਦਾ ਹੈ ॥੧॥ ਰਹਾਉ ॥

ਮਨਮੁਖ ਸਦਾ ਵਿਛੁੜੇ ਫਿਰਹਿ ਕੋਇ ਨ ਕਿਸ ਹੀ ਨਾਲਿ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਪਰਮਾਤਮਾ ਤੋਂ) ਵਿੱਛੁੜ ਕੇ ਸਦਾ ਭਟਕਦੇ ਫਿਰਦੇ ਹਨ (ਉਹ ਇਹ ਨਹੀਂ ਸਮਝਦੇ ਕਿ ਜਿਨ੍ਹਾਂ ਨਾਲ ਮੋਹ ਹੈ, ਉਹਨਾਂ ਵਿਚੋਂ) ਕੋਈ ਭੀ ਕਿਸੇ ਦੇ ਨਾਲ ਸਦਾ ਦਾ ਸਾਥ ਨਹੀਂ ਨਿਬਾਹ ਸਕਦਾ।

ਹਉਮੈ ਵਡਾ ਰੋਗੁ ਹੈ ਸਿਰਿ ਮਾਰੇ ਜਮਕਾਲਿ ॥

ਉਹਨਾਂ ਦੇ ਅੰਦਰ ਹਉਮੈ ਦਾ ਵੱਡਾ ਰੋਗ ਟਿਕਿਆ ਰਹਿੰਦਾ ਹੈ, ਆਤਮਕ ਮੌਤ ਨੇ ਉਹਨਾਂ ਨੂੰ ਸਿਰ-ਪਰਨੇ ਸੁੱਟਿਆ ਹੁੰਦਾ ਹੈ।

ਗੁਰਮਤਿ ਸਤਸੰਗਤਿ ਨ ਵਿਛੁੜਹਿ ਅਨਦਿਨੁ ਨਾਮੁ ਸਮਾਲਿ੍ ॥੨॥

ਜਿਹੜੇ ਮਨੁੱਖ ਗੁਰੂ ਦੀ ਮੱਤ ਲੈਂਦੇ ਹਨ, ਉਹ ਹਰ ਵੇਲੇ ਪਰਮਾਤਮਾ ਦਾ ਨਾਮ (ਹਿਰਦੇ ਵਿਚ) ਵਸਾ ਕੇ ਸਾਧ ਸੰਗਤ ਤੋਂ ਕਦੇ ਨਹੀਂ ਵਿੱਛੁੜਦੇ ॥੨॥

ਸਭਨਾ ਕਰਤਾ ਏਕੁ ਤੂ ਨਿਤ ਕਰਿ ਦੇਖਹਿ ਵੀਚਾਰੁ ॥

ਹੇ ਪ੍ਰਭੂ! ਸਭ ਜੀਵਾਂ ਦਾ ਪੈਦਾ ਕਰਨ ਵਾਲਾ ਸਿਰਫ਼ ਤੂੰ ਹੀ ਹੈਂ, ਅਤੇ ਵਿਚਾਰ ਕਰ ਕੇ ਤੂੰ ਸਦਾ ਸੰਭਾਲ ਭੀ ਕਰਦਾ ਹੈਂ।

ਇਕਿ ਗੁਰਮੁਖਿ ਆਪਿ ਮਿਲਾਇਆ ਬਖਸੇ ਭਗਤਿ ਭੰਡਾਰ ॥

ਕਈ ਜੀਵਾਂ ਨੂੰ ਗੁਰੂ ਦੀ ਰਾਹੀਂ ਤੂੰ ਆਪ (ਆਪਣੇ ਨਾਲ) ਜੋੜਿਆ ਹੋਇਆ ਹੈ, (ਗੁਰੂ ਉਹਨਾਂ ਨੂੰ ਤੇਰੀ) ਭਗਤੀ ਦੇ ਖ਼ਜ਼ਾਨੇ ਬਖ਼ਸ਼ਦਾ ਹੈ।

ਤੂ ਆਪੇ ਸਭੁ ਕਿਛੁ ਜਾਣਦਾ ਕਿਸੁ ਆਗੈ ਕਰੀ ਪੂਕਾਰ ॥੩॥

ਹੇ ਪ੍ਰਭੂ! ਮੈਂ ਹੋਰ ਕਿਸ ਅੱਗੇ ਕੋਈ ਫਰਿਆਦ ਕਰਾਂ? ਤੂੰ ਆਪ ਹੀ (ਸਾਡੇ ਦਿਲਾਂ ਦੀ) ਹਰੇਕ ਮੰਗ ਜਾਣਦਾ ਹੈਂ ॥੩॥

ਹਰਿ ਹਰਿ ਨਾਮੁ ਅੰਮ੍ਰਿਤੁ ਹੈ ਨਦਰੀ ਪਾਇਆ ਜਾਇ ॥

ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਪਰ ਉਸ ਦੀ ਮਿਹਰ ਦੀ ਨਿਗਾਹ ਨਾਲ ਹੀ ਮਿਲਦਾ ਹੈ।

ਅਨਦਿਨੁ ਹਰਿ ਹਰਿ ਉਚਰੈ ਗੁਰ ਕੈ ਸਹਜਿ ਸੁਭਾਇ ॥

(ਜਿਸ ਉਤੇ ਮਿਹਰ ਦੀ ਨਿਗਾਹ ਹੁੰਦੀ ਹੈ, ਉਹ ਮਨੁੱਖ) ਗੁਰੂ ਦੀ ਰਾਹੀਂ ਆਤਮਕ ਅਡੋਲਤਾ ਵਿਚ ਟਿੱਕ ਕੇ ਪਿਆਰ ਵਿਚ ਟਿੱਕ ਕੇ ਹਰ ਵੇਲੇ ਪਰਮਾਤਮਾ ਦਾ ਨਾਮ ਉਚਾਰਦਾ ਹੈ।

ਨਾਨਕ ਨਾਮੁ ਨਿਧਾਨੁ ਹੈ ਨਾਮੇ ਹੀ ਚਿਤੁ ਲਾਇ ॥੪॥੩॥

ਹੇ ਨਾਨਕ! (ਉਸ ਮਨੁੱਖ ਵਾਸਤੇ) ਹਰਿ-ਨਾਮ ਹੀ ਖ਼ਜ਼ਾਨਾ ਹੈ, ਉਹ ਨਾਮ ਵਿਚ ਹੀ ਚਿੱਤ ਜੋੜੀ ਰੱਖਦਾ ਹੈ ॥੪॥੩॥


ਮਲਾਰ ਮਹਲਾ ੩ ॥
ਗੁਰੁ ਸਾਲਾਹੀ ਸਦਾ ਸੁਖਦਾਤਾ ਪ੍ਰਭੁ ਨਾਰਾਇਣੁ ਸੋਈ ॥

ਮੈਂ ਤਾਂ ਸਦਾ (ਆਪਣੇ) ਗੁਰੂ ਨੂੰ ਹੀ ਸਲਾਹੁੰਦਾ ਹਾਂ, ਉਹ ਸਾਰੇ ਸੁਖ ਦੇਣ ਵਾਲਾ ਹੈ (ਮੇਰੇ ਵਾਸਤੇ) ਉਹ ਨਾਰਾਇਣ ਪ੍ਰਭੂ ਹੈ।

ਗੁਰਪਰਸਾਦਿ ਪਰਮ ਪਦੁ ਪਾਇਆ ਵਡੀ ਵਡਿਆਈ ਹੋਈ ॥

(ਜਿਸ ਮਨੁੱਖ ਨੇ) ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਿਆ, ਉਸ ਦੀ (ਲੋਕ ਪਰਲੋਕ ਵਿੱਚ) ਬੜੀ ਇੱਜ਼ਤ ਬਣ ਗਈ,

ਅਨਦਿਨੁ ਗੁਣ ਗਾਵੈ ਨਿਤ ਸਾਚੇ ਸਚਿ ਸਮਾਵੈ ਸੋਈ ॥੧॥

ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਸਦਾ ਗੁਣ ਗਾਂਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੧॥

ਮਨ ਰੇ ਗੁਰਮੁਖਿ ਰਿਦੈ ਵੀਚਾਰਿ ॥

ਹੇ (ਮੇਰੇ) ਮਨ! ਗੁਰੂ ਦੀ ਸਰਨ ਪੈ ਕੇ ਹਿਰਦੇ ਵਿਚ (ਪਰਮਾਤਮਾ ਦੇ ਗੁਣਾਂ ਨੂੰ) ਵਿਚਾਰਿਆ ਕਰ।

ਤਜਿ ਕੂੜੁ ਕੁਟੰਬੁ ਹਉਮੈ ਬਿਖੁ ਤ੍ਰਿਸਨਾ ਚਲਣੁ ਰਿਦੈ ਸਮਾਲਿ੍ ॥੧॥ ਰਹਾਉ ॥

ਝੂਠ ਛੱਡ, ਕੁਟੰਬ (ਦਾ ਮੋਹ) ਛੱਡ, ਹਉਮੈ ਤਿਆਗ, ਆਤਮਕ ਮੌਤ ਲਿਆਉਣ ਵਾਲੀ ਤ੍ਰਿਸ਼ਨਾ ਛੱਡ। ਹਿਰਦੇ ਵਿਚ ਸਦਾ ਯਾਦ ਰੱਖ (ਕਿ ਇਥੋਂ) ਕੂਚ ਕਰਨਾ (ਹੈ) ॥੧॥ ਰਹਾਉ ॥

ਜੀਅ ਦਾਨੁ ਦੇਇ ਤ੍ਰਿਪਤਾਸੇ ਸਚੈ ਨਾਮਿ ਸਮਾਹੀ ॥

ਜਿਨ੍ਹਾਂ ਮਨੁੱਖਾਂ ਨੂੰ ਗੁਰੂ ਆਤਮਕ ਜੀਵਨ ਦੀ ਦਾਤ ਦੇਂਦਾ ਹੈ, ਉਹ (ਮਾਇਆ ਦੀ ਤ੍ਰਿਸ਼ਨਾ ਵੱਲੋਂ) ਰੱਜ ਜਾਂਦੇ ਹਨ, ਉਹ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦੇ ਹਨ,

ਅਨਦਿਨੁ ਹਰਿ ਰਵਿਆ ਰਿਦ ਅੰਤਰਿ ਸਹਜਿ ਸਮਾਧਿ ਲਗਾਹੀ ॥੨॥

ਉਹਨਾਂ ਦੇ ਹਿਰਦੇ ਵਿਚ ਪਰਮਾਤਮਾ (ਦਾ ਨਾਮ) ਹਰ ਵੇਲੇ ਵੱਸਿਆ ਰਹਿੰਦਾ ਹੈ, ਉਹ ਆਤਮਕ ਅਡੋਲਤਾ ਵਿਚ ਸਦਾ ਟਿਕੇ ਰਹਿੰਦੇ ਹਨ ॥੨॥

ਸਤਿਗੁਰਸਬਦੀ ਇਹੁ ਮਨੁ ਭੇਦਿਆ ਹਿਰਦੈ ਸਾਚੀ ਬਾਣੀ ॥

ਜਿਸ ਮਨੁੱਖ ਦਾ ਇਹ ਮਨ ਗੁਰੂ ਦੇ ਸ਼ਬਦ ਵਿਚ ਵਿੱਝ ਜਾਂਦਾ ਹੈ, ਉਸ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਟਿਕੀ ਰਹਿੰਦੀ ਹੈ।

ਮੇਰਾ ਪ੍ਰਭੁ ਅਲਖੁ ਨ ਜਾਈ ਲਖਿਆ ਗੁਰਮੁਖਿ ਅਕਥ ਕਹਾਣੀ ॥

ਮੇਰਾ ਪ੍ਰਭੂ ਅਲੱਖ ਹੈ ਉਸ ਦਾ ਸਹੀ ਸਰੂਪ ਸਮਝਿਆ ਨਹੀਂ ਜਾ ਸਕਦਾ। ਗੁਰੂ ਦੀ ਸਰਨ ਪੈ ਕੇ ਉਸ ਅਕੱਥ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ।

ਆਪੇ ਦਇਆ ਕਰੇ ਸੁਖਦਾਤਾ ਜਪੀਐ ਸਾਰਿੰਗਪਾਣੀ ॥੩॥

ਸਾਰੇ ਸੁਖ ਦੇਣ ਵਾਲਾ ਧਨੁਖ-ਧਾਰੀ ਪ੍ਰਭੂ ਆਪ ਹੀ ਜਦੋਂ ਮਿਹਰ ਕਰਦਾ ਹੈ, ਤਾਂ ਉਸ ਦਾ ਨਾਮ ਜਪਿਆ ਜਾ ਸਕਦਾ ਹੈ ॥੩॥

ਆਵਣ ਜਾਣਾ ਬਹੁੜਿ ਨ ਹੋਵੈ ਗੁਰਮੁਖਿ ਸਹਜਿ ਧਿਆਇਆ ॥

ਗੁਰੂ ਦੇ ਸਨਮੁਖ ਹੋ ਕੇ ਜਿਸ ਮਨੁੱਖ ਨੇ ਆਤਮਕ ਅਡੋਲਤਾ ਵਿਚ (ਟਿੱਕ ਕੇ) ਪਰਮਾਤਮਾ ਦਾ ਨਾਮ ਸਿਮਰਿਆ, ਉਸ ਨੂੰ ਮੁੜ ਜਨਮ ਮਰਨ ਦਾ ਗੇੜ ਨਹੀਂ ਹੁੰਦਾ।

ਮਨ ਹੀ ਤੇ ਮਨੁ ਮਿਲਿਆ ਸੁਆਮੀ ਮਨ ਹੀ ਮੰਨੁ ਸਮਾਇਆ ॥

ਉਸ ਨੂੰ ਆਪਣੇ ਅੰਦਰੋਂ ਹੀ ਆਪੇ ਦੀ ਸੂਝ ਹੋ ਜਾਂਦੀ ਹੈ, ਉਸ ਨੂੰ ਮਾਲਕ-ਪ੍ਰਭੂ ਮਿਲ ਪੈਂਦਾ ਹੈ, ਉਸ ਦਾ ਮਨ (ਫਿਰ) ਅੰਦਰ ਹੀ ਲੀਨ ਹੋ ਜਾਂਦਾ ਹੈ।

ਸਾਚੇ ਹੀ ਸਚੁ ਸਾਚਿ ਪਤੀਜੈ ਵਿਚਹੁ ਆਪੁ ਗਵਾਇਆ ॥੪॥

ਸਦਾ-ਥਿਰ ਹਰੀ ਨੂੰ (ਹਿਰਦੇ ਵਿਚ ਵਸਾ ਕੇ) ਉਹ ਹਰ ਵੇਲੇ ਸਦਾ-ਥਿਰ ਪ੍ਰਭੂ ਵਿਚ ਹੀ ਗਿੱਝਾ ਰਹਿੰਦਾ ਹੈ, ਉਹ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦਾ ਹੈ ॥੪॥

ਏਕੋ ਏਕੁ ਵਸੈ ਮਨਿ ਸੁਆਮੀ ਦੂਜਾ ਅਵਰੁ ਨ ਕੋਈ ॥

ਉਹਨਾਂ ਦੇ ਮਨ ਵਿਚ ਸਦਾ ਮਾਲਕ-ਪ੍ਰਭੂ ਹੀ ਵੱਸਿਆ ਰਹਿੰਦਾ ਹੈ, ਹੋਰ ਕੋਈ ਦੂਜਾ ਨਹੀਂ ਵੱਸਦਾ।

ਏਕੁੋ ਨਾਮੁ ਅੰਮ੍ਰਿਤੁ ਹੈ ਮੀਠਾ ਜਗਿ ਨਿਰਮਲ ਸਚੁ ਸੋਈ ॥

ਉਹਨਾਂ ਨੂੰ ਆਤਮਕ ਜੀਵਨ ਦੇਣ ਵਾਲਾ ਸਿਰਫ਼ ਹਰਿ-ਨਾਮ ਹੀ ਮਿੱਠਾ ਲੱਗਦਾ ਹੈ। ਜਗਤ ਵਿਚ (ਹਰ ਥਾਂ ਉਹਨਾਂ ਨੂੰ) ਉਹੀ ਦਿੱਸਦਾ ਹੈ ਜੋ ਪਵਿੱਤਰ ਹੈ ਅਤੇ ਸਦਾ ਕਾਇਮ ਰਹਿਣ ਵਾਲਾ ਹੈ।

ਨਾਨਕ ਨਾਮੁ ਪ੍ਰਭੂ ਤੇ ਪਾਈਐ ਜਿਨ ਕਉ ਧੁਰਿ ਲਿਖਿਆ ਹੋਈ ॥੫॥੪॥

ਹੇ ਨਾਨਕ! (ਆਖ-ਹੇ ਭਾਈ!) ਪਰਮਾਤਮਾ ਦਾ ਨਾਮ ਪਰਮਾਤਮਾ ਪਾਸੋਂ ਹੀ ਮਿਲਦਾ ਹੈ। (ਮਿਲਦਾ ਉਹਨਾਂ ਨੂੰ ਹੈ) ਜਿਨ੍ਹਾਂ ਦੇ ਭਾਗਾਂ ਵਿਚ ਧੁਰ ਦਰਗਾਹ ਤੋਂ ਹੀ (ਨਾਮ ਦੀ ਪ੍ਰਾਪਤੀ ਦਾ ਲੇਖ) ਲਿਖਿਆ ਹੁੰਦਾ ਹੈ ॥੫॥੪॥

ਸਤਿਗੁਰੁ ਦਾਤਾ ਰਾਮ ਨਾਮ ਕਾ ਹੋਰੁ ਦਾਤਾ ਕੋਈ ਨਾਹੀ ॥

ਪਰਮਾਤਮਾ ਦੇ ਨਾਮ ਦੀ ਦਾਤ ਦੇਣ ਵਾਲਾ (ਸਿਰਫ਼) ਗੁਰੂ (ਹੀ) ਹੈ, (ਨਾਮ ਦੀ ਦਾਤਿ) ਦੇਣ ਵਾਲਾ (ਗੁਰੂ ਤੋਂ ਬਿਨਾ) ਹੋਰ ਕੋਈ ਨਹੀਂ।

ਜੀਅ ਦਾਨੁ ਦੇਇ ਤ੍ਰਿਪਤਾਸੇ ਸਚੈ ਨਾਮਿ ਸਮਾਹੀ ॥

ਜਿਨ੍ਹਾਂ ਮਨੁੱਖਾਂ ਨੂੰ ਗੁਰੂ ਆਤਮਕ ਜੀਵਨ ਦੀ ਦਾਤ ਦੇਂਦਾ ਹੈ, ਉਹ (ਮਾਇਆ ਦੀ ਤ੍ਰਿਸ਼ਨਾ ਵੱਲੋਂ) ਰੱਜ ਜਾਂਦੇ ਹਨ, ਉਹ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦੇ ਹਨ,

ਅਨਦਿਨੁ ਹਰਿ ਰਵਿਆ ਰਿਦ ਅੰਤਰਿ ਸਹਜਿ ਸਮਾਧਿ ਲਗਾਹੀ ॥੨॥

ਉਹਨਾਂ ਦੇ ਹਿਰਦੇ ਵਿਚ ਪਰਮਾਤਮਾ (ਦਾ ਨਾਮ) ਹਰ ਵੇਲੇ ਵੱਸਿਆ ਰਹਿੰਦਾ ਹੈ, ਉਹ ਆਤਮਕ ਅਡੋਲਤਾ ਵਿਚ ਸਦਾ ਟਿਕੇ ਰਹਿੰਦੇ ਹਨ ॥੨॥

ਸਤਿਗੁਰਸਬਦੀ ਇਹੁ ਮਨੁ ਭੇਦਿਆ ਹਿਰਦੈ ਸਾਚੀ ਬਾਣੀ ॥

ਜਿਸ ਮਨੁੱਖ ਦਾ ਇਹ ਮਨ ਗੁਰੂ ਦੇ ਸ਼ਬਦ ਵਿਚ ਵਿੱਝ ਜਾਂਦਾ ਹੈ, ਉਸ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਟਿਕੀ ਰਹਿੰਦੀ ਹੈ।

ਮੇਰਾ ਪ੍ਰਭੁ ਅਲਖੁ ਨ ਜਾਈ ਲਖਿਆ ਗੁਰਮੁਖਿ ਅਕਥ ਕਹਾਣੀ ॥

ਮੇਰਾ ਪ੍ਰਭੂ ਅਲੱਖ ਹੈ ਉਸ ਦਾ ਸਹੀ ਸਰੂਪ ਸਮਝਿਆ ਨਹੀਂ ਜਾ ਸਕਦਾ। ਗੁਰੂ ਦੀ ਸਰਨ ਪੈ ਕੇ ਉਸ ਅਕੱਥ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ।

ਆਪੇ ਦਇਆ ਕਰੇ ਸੁਖਦਾਤਾ ਜਪੀਐ ਸਾਰਿੰਗਪਾਣੀ ॥੩॥

ਸਾਰੇ ਸੁਖ ਦੇਣ ਵਾਲਾ ਧਨੁਖ-ਧਾਰੀ ਪ੍ਰਭੂ ਆਪ ਹੀ ਜਦੋਂ ਮਿਹਰ ਕਰਦਾ ਹੈ, ਤਾਂ ਉਸ ਦਾ ਨਾਮ ਜਪਿਆ ਜਾ ਸਕਦਾ ਹੈ ॥੩॥

ਆਵਣ ਜਾਣਾ ਬਹੁੜਿ ਨ ਹੋਵੈ ਗੁਰਮੁਖਿ ਸਹਜਿ ਧਿਆਇਆ ॥

ਗੁਰੂ ਦੇ ਸਨਮੁਖ ਹੋ ਕੇ ਜਿਸ ਮਨੁੱਖ ਨੇ ਆਤਮਕ ਅਡੋਲਤਾ ਵਿਚ (ਟਿੱਕ ਕੇ) ਪਰਮਾਤਮਾ ਦਾ ਨਾਮ ਸਿਮਰਿਆ, ਉਸ ਨੂੰ ਮੁੜ ਜਨਮ ਮਰਨ ਦਾ ਗੇੜ ਨਹੀਂ ਹੁੰਦਾ।

ਮਨ ਹੀ ਤੇ ਮਨੁ ਮਿਲਿਆ ਸੁਆਮੀ ਮਨ ਹੀ ਮੰਨੁ ਸਮਾਇਆ ॥

ਉਸ ਨੂੰ ਆਪਣੇ ਅੰਦਰੋਂ ਹੀ ਆਪੇ ਦੀ ਸੂਝ ਹੋ ਜਾਂਦੀ ਹੈ, ਉਸ ਨੂੰ ਮਾਲਕ-ਪ੍ਰਭੂ ਮਿਲ ਪੈਂਦਾ ਹੈ, ਉਸ ਦਾ ਮਨ (ਫਿਰ) ਅੰਦਰ ਹੀ ਲੀਨ ਹੋ ਜਾਂਦਾ ਹੈ।

ਸਾਚੇ ਹੀ ਸਚੁ ਸਾਚਿ ਪਤੀਜੈ ਵਿਚਹੁ ਆਪੁ ਗਵਾਇਆ ॥੪॥

ਸਦਾ-ਥਿਰ ਹਰੀ ਨੂੰ (ਹਿਰਦੇ ਵਿਚ ਵਸਾ ਕੇ) ਉਹ ਹਰ ਵੇਲੇ ਸਦਾ-ਥਿਰ ਪ੍ਰਭੂ ਵਿਚ ਹੀ ਗਿੱਝਾ ਰਹਿੰਦਾ ਹੈ, ਉਹ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦਾ ਹੈ ॥੪॥

ਏਕੋ ਏਕੁ ਵਸੈ ਮਨਿ ਸੁਆਮੀ ਦੂਜਾ ਅਵਰੁ ਨ ਕੋਈ ॥

ਉਹਨਾਂ ਦੇ ਮਨ ਵਿਚ ਸਦਾ ਮਾਲਕ-ਪ੍ਰਭੂ ਹੀ ਵੱਸਿਆ ਰਹਿੰਦਾ ਹੈ, ਹੋਰ ਕੋਈ ਦੂਜਾ ਨਹੀਂ ਵੱਸਦਾ।

ਏਕੁੋ ਨਾਮੁ ਅੰਮ੍ਰਿਤੁ ਹੈ ਮੀਠਾ ਜਗਿ ਨਿਰਮਲ ਸਚੁ ਸੋਈ ॥

ਉਹਨਾਂ ਨੂੰ ਆਤਮਕ ਜੀਵਨ ਦੇਣ ਵਾਲਾ ਸਿਰਫ਼ ਹਰਿ-ਨਾਮ ਹੀ ਮਿੱਠਾ ਲੱਗਦਾ ਹੈ। ਜਗਤ ਵਿਚ (ਹਰ ਥਾਂ ਉਹਨਾਂ ਨੂੰ) ਉਹੀ ਦਿੱਸਦਾ ਹੈ ਜੋ ਪਵਿੱਤਰ ਹੈ ਅਤੇ ਸਦਾ ਕਾਇਮ ਰਹਿਣ ਵਾਲਾ ਹੈ।

ਨਾਨਕ ਨਾਮੁ ਪ੍ਰਭੂ ਤੇ ਪਾਈਐ ਜਿਨ ਕਉ ਧੁਰਿ ਲਿਖਿਆ ਹੋਈ ॥੫॥੪॥

ਹੇ ਨਾਨਕ! (ਆਖ-ਹੇ ਭਾਈ!) ਪਰਮਾਤਮਾ ਦਾ ਨਾਮ ਪਰਮਾਤਮਾ ਪਾਸੋਂ ਹੀ ਮਿਲਦਾ ਹੈ। (ਮਿਲਦਾ ਉਹਨਾਂ ਨੂੰ ਹੈ) ਜਿਨ੍ਹਾਂ ਦੇ ਭਾਗਾਂ ਵਿਚ ਧੁਰ ਦਰਗਾਹ ਤੋਂ ਹੀ (ਨਾਮ ਦੀ ਪ੍ਰਾਪਤੀ ਦਾ ਲੇਖ) ਲਿਖਿਆ ਹੁੰਦਾ ਹੈ ॥੫॥੪॥


ਮਲਾਰ ਮਹਲਾ ੩ ॥
ਗਣ ਗੰਧਰਬ ਨਾਮੇ ਸਭਿ ਉਧਰੇ ਗੁਰ ਕਾ ਸਬਦੁ ਵੀਚਾਰਿ ॥

ਗਣ ਗੰਧਰਬ (ਆਦਿਕ ਦੇਵ-ਸ਼੍ਰੇਣੀਆਂ ਦੇ ਲੋਕ) ਸਾਰੇ ਪਰਮਾਤਮਾ ਦੇ ਨਾਮ ਦੀ ਰਾਹੀਂ ਹੀ, ਗੁਰੂ ਦਾ ਸ਼ਬਦ ਮਨ ਵਿਚ ਵਸਾ ਕੇ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘੇ ਹਨ।

ਹਉਮੈ ਮਾਰਿ ਸਦ ਮੰਨਿ ਵਸਾਇਆ ਹਰਿ ਰਾਖਿਆ ਉਰਿ ਧਾਰਿ ॥

(ਜਿਨ੍ਹਾਂ ਨੇ) ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖਿਆ, ਉਹਨਾਂ ਨੇ (ਆਪਣੇ ਅੰਦਰੋਂ) ਹਉਮੈ ਨੂੰ ਮੁਕਾ ਕੇ ਪ੍ਰਭੂ ਦੇ ਨਾਮ ਨੂੰ ਸਦਾ ਆਪਣੇ ਮਨ ਵਿਚ ਵਸਾ ਲਿਆ।

ਜਿਸਹਿ ਬੁਝਾਏ ਸੋਈ ਬੂਝੈ ਜਿਸ ਨੋ ਆਪੇ ਲਏ ਮਿਲਾਇ ॥

ਉਹੀ ਮਨੁੱਖ (ਇਸ ਸਹੀ ਜੀਵਨ-ਰਾਹ ਨੂੰ) ਸਮਝਦਾ ਹੈ, ਜਿਸ ਨੂੰ ਪਰਮਾਤਮਾ ਆਪ ਹੀ ਸੂਝ ਬਖ਼ਸ਼ਦਾ ਹੈ, ਜਿਸ ਨੂੰ ਆਪ (ਆਪਣੇ ਚਰਨਾਂ ਵਿਚ) ਜੋੜਦਾ ਹੈ।

ਅਨਦਿਨੁ ਬਾਣੀ ਸਬਦੇ ਗਾਂਵੈ ਸਾਚਿ ਰਹੈ ਲਿਵ ਲਾਇ ॥੧॥

ਉਹ ਮਨੁੱਖ ਗੁਰੂ ਦੀ ਬਾਣੀ ਦੀ ਰਾਹੀਂ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ) ਗਾਂਦਾ ਹੈ, ਅਤੇ ਸਦਾ-ਥਿਰ ਪ੍ਰਭੂ ਵਿਚ ਸੁਰਤ ਜੋੜੀ ਰੱਖਦਾ ਹੈ ॥੧॥

ਮਨ ਮੇਰੇ ਖਿਨੁ ਖਿਨੁ ਨਾਮੁ ਸਮਾਲਿ੍ ॥

ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਇਕ ਇਕ ਖਿਨ ਯਾਦ ਕਰਦਾ ਰਹੁ।

ਗੁਰ ਕੀ ਦਾਤਿ ਸਬਦ ਸੁਖੁ ਅੰਤਰਿ ਸਦਾ ਨਿਬਹੈ ਤੇਰੈ ਨਾਲਿ ॥੧॥ ਰਹਾਉ ॥

ਗੁਰੂ ਦੇ ਬਖ਼ਸ਼ੇ ਸ਼ਬਦ ਦਾ ਆਨੰਦ ਤੇਰੇ ਅੰਦਰ ਟਿਕਿਆ ਰਹੇਗਾ। ਹੇ ਮਨ! (ਇਹ ਹਰਿ-ਨਾਮ) ਤੇਰੇ ਨਾਲ ਸਦਾ ਸਾਥ ਬਣਾਈ ਰੱਖੇਗਾ ॥੧॥ ਰਹਾਉ ॥

ਮਨਮੁਖ ਪਾਖੰਡੁ ਕਦੇ ਨ ਚੂਕੈ ਦੂਜੈ ਭਾਇ ਦੁਖੁ ਪਾਏ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਪਖੰਡ ਕਦੇ ਮੁੱਕਦਾ ਨਹੀਂ। ਉਹ ਮਾਇਆ ਦੇ ਮੋਹ ਵਿਚ ਦੁੱਖ ਸਹਾਰਦਾ ਰਹਿੰਦਾ ਹੈ।

ਨਾਮੁ ਵਿਸਾਰਿ ਬਿਖਿਆ ਮਨਿ ਰਾਤੇ ਬਿਰਥਾ ਜਨਮੁ ਗਵਾਏ ॥

ਪ੍ਰਭੂ-ਨਾਮ ਨੂੰ ਭੁਲਾ ਕੇ ਆਪਣੇ ਮਨੋਂ ਮਾਇਆ ਵਿਚ ਰੰਗਿਆ ਰਹਿਣ ਕਰਕੇ ਉਹ ਆਪਣੀ ਜ਼ਿੰਦਗੀ ਵਿਅਰਥ ਗਵਾਂਦਾ ਹੈ।

ਇਹ ਵੇਲਾ ਫਿਰਿ ਹਥਿ ਨ ਆਵੈ ਅਨਦਿਨੁ ਸਦਾ ਪਛੁਤਾਏ ॥

ਉਸ ਨੂੰ ਇਹ (ਮਨੁੱਖਾ ਜਨਮ ਦਾ) ਸਮਾ ਮੁੜ ਨਹੀਂ ਮਿਲਦਾ, (ਇਸ ਵਾਸਤੇ) ਸਦਾ ਹੱਥ ਮਲਦਾ ਰਹਿੰਦਾ ਹੈ।

ਮਰਿ ਮਰਿ ਜਨਮੈ ਕਦੇ ਨ ਬੂਝੈ ਵਿਸਟਾ ਮਾਹਿ ਸਮਾਏ ॥੨॥

ਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ (ਸਹੀ ਜੀਵਨ-ਰਾਹ ਨੂੰ) ਸਮਝ ਨਹੀਂ ਸਕਦਾ, ਅਤੇ (ਵਿਕਾਰਾਂ ਦੇ) ਗੰਦ ਵਿਚ ਲੀਨ ਰਹਿੰਦਾ ਹੈ ॥੨॥

ਗੁਰਮੁਖਿ ਨਾਮਿ ਰਤੇ ਸੇ ਉਧਰੇ ਗੁਰ ਕਾ ਸਬਦੁ ਵੀਚਾਰਿ ॥

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਹਰਿ-ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ।

ਜੀਵਨ ਮੁਕਤਿ ਹਰਿ ਨਾਮੁ ਧਿਆਇਆ ਹਰਿ ਰਾਖਿਆ ਉਰਿ ਧਾਰਿ ॥

ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ, ਉਹ ਜੀਊਂਦੇ ਹੀ (ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਹੀ) ਵਿਕਾਰਾਂ ਤੋਂ ਖ਼ਲਾਸੀ ਪਾਈ ਰੱਖਦੇ ਹਨ।

ਮਨੁ ਤਨੁ ਨਿਰਮਲੁ ਨਿਰਮਲ ਮਤਿ ਊਤਮ ਊਤਮ ਬਾਣੀ ਹੋਈ ॥

ਉਹਨਾਂ ਦਾ ਮਨ ਪਵਿੱਤਰ ਹੋ ਜਾਂਦਾ ਹੈ, ਉਹਨਾਂ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ, ਉਹਨਾਂ ਦੀ ਮੱਤ ਉੱਚੀ ਹੋ ਜਾਂਦੀ ਹੈ, ਉਹਨਾਂ ਦਾ ਬੋਲ-ਚਾਲ ਉੱਤਮ ਹੋ ਜਾਂਦਾ ਹੈ।

ਏਕੋ ਪੁਰਖੁ ਏਕੁ ਪ੍ਰਭੁ ਜਾਤਾ ਦੂਜਾ ਅਵਰੁ ਨ ਕੋਈ ॥੩॥

ਉਹ ਮਨੁੱਖ ਇਕ ਸਰਬ-ਵਿਆਪਕ ਪ੍ਰਭੂ ਨਾਲ ਹੀ ਡੂੰਘੀ ਸਾਂਝ ਪਾਈ ਰੱਖਦੇ ਹਨ (ਪ੍ਰਭੂ ਤੋਂ ਬਿਨਾ) ਕੋਈ ਹੋਰ ਦੂਜਾ (ਉਹਨਾਂ ਨੂੰ ਕਿਤੇ) ਨਹੀਂ (ਦਿੱਸਦਾ) ॥੩॥

ਆਪੇ ਕਰੇ ਕਰਾਏ ਪ੍ਰਭੁ ਆਪੇ ਆਪੇ ਨਦਰਿ ਕਰੇਇ ॥

ਪ੍ਰਭੂ ਆਪ ਹੀ ਸਭ ਕੁਝ ਕਰਦਾ ਹੈ ਤੇ (ਜੀਵਾਂ ਪਾਸੋਂ) ਕਰਾਂਦਾ ਹੈ, ਆਪ ਹੀ ਮਿਹਰ ਦੀ ਨਿਗਾਹ (ਜੀਵਾਂ ਉਤੇ) ਕਰਦਾ ਹੈ।

ਮਨੁ ਤਨੁ ਰਾਤਾ ਗੁਰ ਕੀ ਬਾਣੀ ਸੇਵਾ ਸੁਰਤਿ ਸਮੇਇ ॥

(ਜਿਸ ਮਨੁੱਖ ਉਤੇ ਮਿਹਰ ਦੀ ਨਿਗਾਹ ਕਰਦਾ ਹੈ, ਉਸ ਦਾ) ਮਨ (ਉਸ ਦਾ) ਤਨ ਗੁਰੂ ਦੀ ਬਾਣੀ (ਦੇ ਰੰਗ) ਵਿਚ ਰੰਗਿਆ ਰਹਿੰਦਾ ਹੈ, ਉਸ ਦੀ ਸੁਰਤ (ਪ੍ਰਭੂ ਦੀ) ਭਗਤੀ ਵਿਚ ਲੀਨ ਰਹਿੰਦੀ ਹੈ।

ਅੰਤਰਿ ਵਸਿਆ ਅਲਖ ਅਭੇਵਾ ਗੁਰਮੁਖਿ ਹੋਇ ਲਖਾਇ ॥

ਉਸ ਦੇ ਅੰਦਰ ਅਲੱਖ ਅਤੇ ਅਭੇਵ ਪ੍ਰਭੂ ਪਰਗਟ ਹੋ ਜਾਂਦਾ ਹੈ। ਗੁਰੂ ਦੇ ਸਨਮੁਖ ਹੋ ਕੇ (ਉਹ ਅੰਦਰ ਵੱਸਦੇ ਪ੍ਰਭੂ ਨੂੰ) ਵੇਖ ਲੈਂਦਾ ਹੈ।

ਨਾਨਕ ਜਿਸੁ ਭਾਵੈ ਤਿਸੁ ਆਪੇ ਦੇਵੈ ਭਾਵੈ ਤਿਵੈ ਚਲਾਇ ॥੪॥੫॥

ਹੇ ਨਾਨਕ! ਜਿਹੜਾ ਮਨੁੱਖ ਪ੍ਰਭੂ ਨੂੰ ਭਾ ਜਾਂਦਾ ਹੈ ਉਸ ਨੂੰ ਇਹ ਦਾਤ ਬਖ਼ਸ਼ਦਾ ਹੈ। ਜਿਵੇਂ ਉਸ ਦੀ ਰਜ਼ਾ ਹੁੰਦੀ ਹੈ ਉਹ (ਜੀਵਾਂ ਨੂੰ) ਜੀਵਨ-ਰਾਹ ਉਤੇ ਤੋਰਦਾ ਹੈ ॥੪॥੫॥


ਮਲਾਰ ਮਹਲਾ ੩ ਦੁਤੁਕੇ ॥
ਸਤਿਗੁਰ ਤੇ ਪਾਵੈ ਘਰੁ ਦਰੁ ਮਹਲੁ ਸੁ ਥਾਨੁ ॥

ਮਨੁੱਖ ਗੁਰੂ ਪਾਸੋਂ ਹੀ ਪਰਮਾਤਮਾ ਦਾ ਘਰ ਪ੍ਰਭੂ ਦਾ ਦਰ ਪ੍ਰਭੂ ਦਾ ਮਹਲ ਅਤੇ ਥਾਂ ਲੱਭ ਸਕਦਾ ਹੈ।

ਗੁਰਸਬਦੀ ਚੂਕੈ ਅਭਿਮਾਨੁ ॥੧॥

ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਮਨੁੱਖ ਦੇ ਅੰਦਰੋਂ) ਅਹੰਕਾਰ ਮੁੱਕਦਾ ਹੈ ॥੧॥

ਜਿਨ ਕਉ ਲਿਲਾਟਿ ਲਿਖਿਆ ਧੁਰਿ ਨਾਮੁ ॥

ਜਿਨ੍ਹਾਂ ਮਨੁੱਖਾਂ ਵਾਸਤੇ (ਉਹਨਾਂ ਦੇ) ਮੱਥੇ ਉਤੇ ਧੁਰ ਦਰਗਾਹ ਤੋਂ ਨਾਮ (ਦਾ ਸਿਮਰਨ) ਲਿਖਿਆ ਹੁੰਦਾ ਹੈ,

ਅਨਦਿਨੁ ਨਾਮੁ ਸਦਾ ਸਦਾ ਧਿਆਵਹਿ ਸਾਚੀ ਦਰਗਹ ਪਾਵਹਿ ਮਾਨੁ ॥੧॥ ਰਹਾਉ ॥

ਉਹ ਮਨੁੱਖ ਹਰ ਵੇਲੇ ਸਦਾ ਹੀ ਸਦਾ ਹੀ ਨਾਮ ਸਿਮਰਦੇ ਰਹਿੰਦੇ ਹਨ, ਅਤੇ ਸਦਾ ਕਾਇਮ ਰਹਿਣ ਵਾਲੀ ਦਰਗਾਹ ਵਿਚ ਉਹ ਆਦਰ ਪ੍ਰਾਪਤ ਕਰਦੇ ਹਨ ॥੧॥ ਰਹਾਉ ॥

ਮਨ ਕੀ ਬਿਧਿ ਸਤਿਗੁਰ ਤੇ ਜਾਣੈ ਅਨਦਿਨੁ ਲਾਗੈ ਸਦ ਹਰਿ ਸਿਉ ਧਿਆਨੁ ॥

(ਜਿਹੜਾ ਮਨੁੱਖ) ਗੁਰੂ ਪਾਸੋਂ ਮਨ (ਨੂੰ ਜਿੱਤਣ) ਦਾ ਢੰਗ ਸਿੱਖ ਲੈਂਦਾ ਹੈ, ਉਸ ਦੀ ਸੁਰਤ ਹਰ ਵੇਲੇ ਸਦਾ ਹੀ ਪਰਮਾਤਮਾ (ਦੇ ਚਰਨਾਂ) ਨਾਲ ਲੱਗੀ ਰਹਿੰਦੀ ਹੈ।

ਗੁਰ ਸਬਦਿ ਰਤੇ ਸਦਾ ਬੈਰਾਗੀ ਹਰਿ ਦਰਗਹ ਸਾਚੀ ਪਾਵਹਿ ਮਾਨੁ ॥੨॥

ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਰੰਗੇ ਰਹਿੰਦੇ ਹਨ, ਉਹ ਸਦਾ (ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦੇ ਹਨ, ਉਹ ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪ੍ਰਾਪਤ ਕਰਦੇ ਹਨ ॥੨॥

ਇਹੁ ਮਨੁ ਖੇਲੈ ਹੁਕਮ ਕਾ ਬਾਧਾ ਇਕ ਖਿਨ ਮਹਿ ਦਹ ਦਿਸ ਫਿਰਿ ਆਵੈ ॥

(ਮਨੁੱਖ ਦਾ) ਇਹ ਮਨ (ਪਰਮਾਤਮਾ ਦੇ) ਹੁਕਮ ਦਾ ਬੱਝਾ ਹੋਇਆ ਹੀ (ਮਾਇਆ ਦੀਆਂ ਖੇਡਾਂ) ਖੇਡਦਾ ਰਹਿੰਦਾ ਹੈ, ਅਤੇ ਇਕ ਖਿਨ ਵਿਚ ਹੀ ਦਸੀਂ ਪਾਸੀਂ ਦੌੜ ਭੱਜ ਆਉਂਦਾ ਹੈ।

ਜਾਂ ਆਪੇ ਨਦਰਿ ਕਰੇ ਹਰਿ ਪ੍ਰਭੁ ਸਾਚਾ ਤਾਂ ਇਹੁ ਮਨੁ ਗੁਰਮੁਖਿ ਤਤਕਾਲ ਵਸਿ ਆਵੈ ॥੩॥

ਜਦੋਂ ਸਦਾ-ਥਿਰ ਪ੍ਰਭੂ ਆਪ ਹੀ (ਕਿਸੇ ਮਨੁੱਖ ਉਤੇ) ਮਿਹਰ ਦੀ ਨਿਗਾਹ ਕਰਦਾ ਹੈ, ਤਦੋਂ ਉਸ ਦਾ ਇਹ ਮਨ ਗੁਰੂ ਦੀ ਸਰਨ ਦੀ ਬਰਕਤਿ ਨਾਲ ਬੜੀ ਛੇਤੀ ਵੱਸ ਵਿਚ ਆ ਜਾਂਦਾ ਹੈ ॥੩॥

ਇਸੁ ਮਨ ਕੀ ਬਿਧਿ ਮਨ ਹੂ ਜਾਣੈ ਬੂਝੈ ਸਬਦਿ ਵੀਚਾਰਿ ॥

ਜਦੋਂ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਗੁਣਾਂ ਨੂੰ) ਆਪਣੇ ਮਨ ਵਿਚ ਵਸਾ ਕੇ (ਸਹੀ ਜੀਵਨ-ਰਾਹ ਨੂੰ) ਸਮਝਦਾ ਹੈ, ਤਾਂ ਉਹ ਆਪਣੇ ਅੰਦਰੋਂ ਹੀ ਇਸ ਮਨ ਨੂੰ ਵੱਸ ਵਿਚ ਰੱਖਣ ਦੀ ਜਾਚ ਸਿੱਖ ਲੈਂਦਾ ਹੈ।

ਨਾਨਕ ਨਾਮੁ ਧਿਆਇ ਸਦਾ ਤੂ ਭਵ ਸਾਗਰੁ ਜਿਤੁ ਪਾਵਹਿ ਪਾਰਿ ॥੪॥੬॥

ਹੇ ਨਾਨਕ! ਤੂੰ ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ, ਜਿਸ ਨਾਮ ਦੀ ਰਾਹੀਂ ਤੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਹਿਂਗਾ ॥੪॥੬॥


ਮਲਾਰ ਮਹਲਾ ੩ ॥
ਜੀਉ ਪਿੰਡੁ ਪ੍ਰਾਣ ਸਭਿ ਤਿਸ ਕੇ ਘਟਿ ਘਟਿ ਰਹਿਆ ਸਮਾਈ ॥

ਜਿਹੜਾ ਪਰਮਾਤਮਾ ਹਰੇਕ ਸਰੀਰ ਵਿਚ ਸਮਾ ਰਿਹਾ ਹੈ, ਉਸ ਦੇ ਹੀ ਦਿੱਤੇ ਹੋਏ ਇਹ ਜਿੰਦ ਇਹ ਸਰੀਰ ਇਹ ਪ੍ਰਾਣ ਇਹ ਸਾਰੇ ਅੰਗ ਹਨ।

ਏਕਸੁ ਬਿਨੁ ਮੈ ਅਵਰੁ ਨ ਜਾਣਾ ਸਤਿਗੁਰਿ ਦੀਆ ਬੁਝਾਈ ॥੧॥

ਗੁਰੂ ਨੇ (ਮੈਨੂੰ) ਸਮਝ ਬਖ਼ਸ਼ੀ ਹੈ। ਉਸ ਇਕ ਤੋਂ ਬਿਨਾ ਮੈਂ ਕਿਸੇ ਹੋਰ ਨਾਲ ਡੂੰਘੀ ਸਾਂਝ ਨਹੀਂ ਪਾਂਦਾ ॥੧॥

ਮਨ ਮੇਰੇ ਨਾਮਿ ਰਹਉ ਲਿਵ ਲਾਈ ॥

ਹੇ ਮੇਰੇ ਮਨ! ਮੈਂ (ਤਾਂ ਸਦਾ) ਪਰਮਾਤਮਾ ਦੇ ਨਾਮ ਵਿਚ ਲਗਨ ਲਾਈ ਰੱਖਦਾ ਹਾਂ।

ਅਦਿਸਟੁ ਅਗੋਚਰੁ ਅਪਰੰਪਰੁ ਕਰਤਾ ਗੁਰ ਕੈ ਸਬਦਿ ਹਰਿ ਧਿਆਈ ॥੧॥ ਰਹਾਉ ॥

ਜਿਹੜਾ ਕਰਤਾਰ (ਇਹਨਾਂ ਅੱਖਾਂ ਨਾਲ) ਦਿੱਸਦਾ ਨਹੀਂ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਜਿਹੜਾ ਬੇਅੰਤ ਹੀ ਬੇਅੰਤ ਹੈ, ਮੈਂ ਉਸ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ ਧਿਆਉਂਦਾ ਹਾਂ ॥੧॥ ਰਹਾਉ ॥

ਮਨੁ ਤਨੁ ਭੀਜੈ ਏਕ ਲਿਵ ਲਾਗੈ ਸਹਜੇ ਰਹੇ ਸਮਾਈ ॥

(ਜਿਨ੍ਹਾਂ ਮਨੁੱਖਾਂ ਦੀ) ਲਗਨ ਇਕ ਪਰਮਾਤਮਾ ਨਾਲ ਲੱਗੀ ਰਹਿੰਦੀ ਹੈ ਉਹਨਾਂ ਦਾ ਮਨ ਉਹਨਾਂ ਦਾ ਤਨ (ਨਾਮ-ਰਸ ਨਾਲ) ਭਿੱਜਾ ਰਹਿੰਦਾ ਹੈ, ਉਹ ਮਨੁੱਖ ਆਤਮਕ ਅਡੋਲਤਾ ਵਿਚ ਹੀ ਲੀਨ ਰਹਿੰਦੇ ਹਨ।

ਗੁਰਪਰਸਾਦੀ ਭ੍ਰਮੁ ਭਉ ਭਾਗੈ ਏਕ ਨਾਮਿ ਲਿਵ ਲਾਈ ॥੨॥

ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਸਿਰਫ਼ ਹਰਿ-ਨਾਮ ਵਿਚ ਸੁਰਤ ਜੋੜੀ ਰੱਖਦਾ ਹੈ, ਉਸ ਦੀ ਭਟਕਣਾ ਉਸ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ ॥੨॥

ਗੁਰ ਬਚਨੀ ਸਚੁ ਕਾਰ ਕਮਾਵੈ ਗਤਿ ਮਤਿ ਤਬ ਹੀ ਪਾਈ ॥

(ਜਦੋਂ ਮਨੁੱਖ) ਗੁਰੂ ਦੇ ਬਚਨਾਂ ਉੱਤੇ ਤੁਰ ਕੇ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਾਰ ਕਰਦਾ ਹੈ, ਤਦੋਂ ਹੀ ਉਹ ਉੱਚੀ ਆਤਮਕ ਅਵਸਥਾ ਹਾਸਲ ਕਰ ਸਕਣ ਵਾਲੀ ਅਕਲ ਸਿੱਖਦਾ ਹੈ।

ਕੋਟਿ ਮਧੇ ਕਿਸਹਿ ਬੁਝਾਏ ਤਿਨਿ ਰਾਮ ਨਾਮਿ ਲਿਵ ਲਾਈ ॥੩॥

ਕ੍ਰੋੜਾਂ ਵਿਚੋਂ ਜਿਸ ਕਿਸੇ ਵਿਰਲੇ ਮਨੁੱਖ ਨੂੰ (ਗੁਰੂ ਆਤਮਕ ਜੀਵਨ ਦੀ) ਸੂਝ ਦੇਂਦਾ ਹੈ, ਉਸ ਮਨੁੱਖ ਨੇ (ਸਦਾ ਲਈ) ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜ ਲਈ ॥੩॥

ਜਹ ਜਹ ਦੇਖਾ ਤਹ ਏਕੋ ਸੋਈ ਇਹ ਗੁਰਮਤਿ ਬੁਧਿ ਪਾਈ ॥

ਮੈਂ ਜਿਧਰ ਜਿਧਰ ਵੇਖਦਾ ਹਾਂ, ਉਧਰ ਉਧਰ ਇਕ ਪਰਮਾਤਮਾ ਹੀ ਵੱਸਦਾ (ਦਿੱਸਦਾ) ਹੈ-ਇਹ ਅਕਲ ਮੈਂ ਗੁਰੂ ਦੀ ਮੱਤ ਦੀ ਰਾਹੀਂ ਸਿੱਖੀ ਹੈ।

ਮਨੁ ਤਨੁ ਪ੍ਰਾਨ ਧਰੀਂ ਤਿਸੁ ਆਗੈ ਨਾਨਕ ਆਪੁ ਗਵਾਈ ॥੪॥੭॥

ਹੇ ਨਾਨਕ! ਉਸ (ਗੁਰੂ) ਦੇ ਅੱਗੇ ਮੈਂ ਆਪਾ-ਭਾਵ ਗਵਾ ਕੇ ਆਪਣਾ ਮਨ ਆਪਣਾ ਸਰੀਰ ਆਪਣੇ ਪ੍ਰਾਣ ਭੇਟ ਧਰਦਾ ਹਾਂ ॥੪॥੭॥


ਮਲਾਰ ਮਹਲਾ ੩ ॥
ਮੇਰਾ ਪ੍ਰਭੁ ਸਾਚਾ ਦੂਖ ਨਿਵਾਰਣੁ ਸਬਦੇ ਪਾਇਆ ਜਾਈ ॥

ਮੇਰਾ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ। (ਜੀਵਾਂ ਦੇ) ਦੁੱਖਾਂ ਨੂੰ ਦੂਰ ਕਰਨ ਵਾਲਾ ਹੈ (ਉਹ ਪ੍ਰਭੂ ਗੁਰੂ ਦੇ) ਸ਼ਬਦ ਦੀ ਰਾਹੀਂ ਮਿਲ ਸਕਦਾ ਹੈ।

ਭਗਤੀ ਰਾਤੇ ਸਦ ਬੈਰਾਗੀ ਦਰਿ ਸਾਚੈ ਪਤਿ ਪਾਈ ॥੧॥

(ਜਿਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੀ) ਭਗਤੀ ਵਿਚ ਰੰਗੇ ਰਹਿੰਦੇ ਹਨ, ਉਹ ਸਦਾ ਨਿਰਲੇਪ ਰਹਿੰਦੇ ਹਨ, ਉਹਨਾਂ ਨੂੰ ਸਦਾ-ਥਿਰ ਪ੍ਰਭੂ ਦੇ ਦਰ ਤੇ ਇੱਜ਼ਤ ਮਿਲਦੀ ਹੈ ॥੧॥

ਮਨ ਰੇ ਮਨ ਸਿਉ ਰਹਉ ਸਮਾਈ ॥

ਹੇ (ਮੇਰੇ) ਮਨ! ਮੈਂ (ਤਾਂ ਗੁਰੂ ਦੇ ਸਨਮੁਖ ਹੋ ਕੇ ਹੀ ਪ੍ਰਭੂ-ਚਰਨਾਂ ਵਿਚ) ਟਿਕਿਆ ਰਹਿ ਸਕਦਾ ਹਾਂ।

ਗੁਰਮੁਖਿ ਰਾਮ ਨਾਮਿ ਮਨੁ ਭੀਜੈ ਹਰਿ ਸੇਤੀ ਲਿਵ ਲਾਈ ॥੧॥ ਰਹਾਉ ॥

ਗੁਰੂ ਦੀ ਸ਼ਰਨ ਪਿਆਂ ਹੀ (ਮਨੁੱਖ ਦਾ) ਮਨ ਪਰਮਾਤਮਾ ਦੇ ਨਾਮ ਵਿੱਚ ਭਿੱਜਦਾ ਹੈ, (ਗੁਰੂ ਦੇ ਸਨਮੁਖ ਰਹਿ ਕੇ ਹੀ ਮਨੁੱਖ) ਪ੍ਰਭੂ ਨਾਲ ਸੁਰਤ ਜੋੜੀ ਰੱਖਦਾ ਹੈ ॥੧॥ ਰਹਾਉ ॥

ਮੇਰਾ ਪ੍ਰਭੁ ਅਤਿ ਅਗਮ ਅਗੋਚਰੁ ਗੁਰਮਤਿ ਦੇਇ ਬੁਝਾਈ ॥

ਪਿਆਰਾ ਪ੍ਰਭੂ (ਤਾਂ) ਬਹੁਤ ਅਪਹੁੰਚ ਹੈ ਉਸ ਤਕ ਗਿਆਨ-ਇੰਦ੍ਰਿਆਂ ਦੀ (ਭੀ) ਪਹੁੰਚ ਨਹੀਂ ਹੋ ਸਕਦੀ, (ਪਰ ਜਿਸ ਮਨੁੱਖ ਨੂੰ ਉਹ ਪ੍ਰਭੂ) ਗੁਰੂ ਦੀ ਮੱਤ ਦੀ ਰਾਹੀਂ (ਆਤਮਕ ਜੀਵਨ ਦੀ) ਸੂਝ ਬਖ਼ਸ਼ਦਾ ਹੈ,

ਸਚੁ ਸੰਜਮੁ ਕਰਣੀ ਹਰਿ ਕੀਰਤਿ ਹਰਿ ਸੇਤੀ ਲਿਵ ਲਾਈ ॥੨॥

ਉਹ ਮਨੁੱਖ ਪਰਮਾਤਮਾ ਨਾਲ ਸੁਰਤ ਜੋੜੀ ਰੱਖਦਾ ਹੈ, ਸਦਾ-ਥਿਰ ਹਰਿ-ਨਾਮ ਦਾ ਸਿਮਰਨ ਉਸ ਮਨੁੱਖ ਦਾ ਸੰਜਮ ਬਣਦਾ ਹੈ, ਪ੍ਰਭੂ ਦੀ ਸਿਫ਼ਤ-ਸਾਲਾਹ ਉਸ ਦੀ ਕਾਰ ਹੋ ਜਾਂਦੀ ਹੈ ॥੨॥

ਆਪੇ ਸਬਦੁ ਸਚੁ ਸਾਖੀ ਆਪੇ ਜਿਨ੍ਰ ਜੋਤੀ ਜੋਤਿ ਮਿਲਾਈ ॥

ਜਿਨ੍ਹਾਂ ਮਨੁੱਖਾਂ ਦੀ ਸੁਰਤ (ਗੁਰੂ ਦੀ ਰਾਹੀਂ) ਪ੍ਰਭੂ ਦੀ ਜੋਤਿ ਵਿਚ ਜੁੜਦੀ ਹੈ (ਉਹਨਾਂ ਨੂੰ ਇਹ ਨਿਸਚਾ ਬਣ ਜਾਂਦਾ ਹੈ ਕਿ) ਸਦਾ-ਥਿਰ ਪ੍ਰਭੂ ਆਪ ਹੀ (ਗੁਰੂ ਦਾ) ਸ਼ਬਦ ਹੈ ਪ੍ਰਭੂ ਆਪ ਹੀ (ਗੁਰੂ ਦੀ) ਸਿਖਿਆ ਹੈ।

ਦੇਹੀ ਕਾਚੀ ਪਉਣੁ ਵਜਾਏ ਗੁਰਮੁਖਿ ਅੰਮ੍ਰਿਤੁ ਪਾਈ ॥੩॥

(ਇਸ) ਨਾਸਵੰਤ ਸਰੀਰ ਵਿਚ (ਜਿਸ ਨੂੰ) ਹਰੇਕ ਸੁਆਸ ਤੋਰ ਰਿਹਾ ਹੈ, ਗੁਰੂ ਦੀ ਰਾਹੀਂ (ਹੀ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੈਂਦਾ ਹੈ ॥੩॥

ਆਪੇ ਸਾਜੇ ਸਭ ਕਾਰੈ ਲਾਏ ਸੋ ਸਚੁ ਰਹਿਆ ਸਮਾਈ ॥

(ਗੁਰੂ ਦੀ ਰਾਹੀਂ ਹੀ ਇਹ ਸਮਝ ਪੈਂਦੀ ਹੈ ਕਿ) ਜਿਹੜਾ ਪ੍ਰਭੂ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਤੇ, ਕਾਰੇ ਲਾਈ ਰੱਖਦਾ ਹੈ ਉਹ ਸਦਾ-ਥਿਰ ਪ੍ਰਭੂ ਸਭ ਥਾਈਂ ਵਿਆਪਕ ਹੈ।

ਨਾਨਕ ਨਾਮ ਬਿਨਾ ਕੋਈ ਕਿਛੁ ਨਾਹੀ ਨਾਮੇ ਦੇਇ ਵਡਾਈ ॥੪॥੮॥

ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਭੀ ਜੀਵ ਕੋਈ ਪਾਇਆਂ ਨਹੀਂ ਰੱਖਦਾ, (ਜੀਵ ਨੂੰ ਪ੍ਰਭੂ ਆਪਣੇ) ਨਾਮ ਦੀ ਰਾਹੀਂ ਹੀ ਇੱਜ਼ਤ ਬਖ਼ਸ਼ਦਾ ਹੈ ॥੪॥੮॥


ਮਲਾਰ ਮਹਲਾ ੩ ॥
ਹਉਮੈ ਬਿਖੁ ਮਨੁ ਮੋਹਿਆ ਲਦਿਆ ਅਜਗਰ ਭਾਰੀ ॥

ਹਉਮੈ (ਆਤਮਕ ਮੌਤ ਲਿਆਉਣ ਵਾਲਾ) ਜ਼ਹਰ ਹੈ, (ਮਨੁੱਖ ਦਾ) ਮਨ (ਇਸ ਜ਼ਹਰ ਦੇ) ਮੋਹ ਵਿਚ ਫਸਿਆ ਰਹਿੰਦਾ ਹੈ, (ਇਸ ਹਉਮੈ ਦੇ) ਬਹੁਤ ਵੱਡੇ ਭਾਰ ਨਾਲ ਲੱਦਿਆ ਰਹਿੰਦਾ ਹੈ।

ਗਰੁੜੁ ਸਬਦੁ ਮੁਖਿ ਪਾਇਆ ਹਉਮੈ ਬਿਖੁ ਹਰਿ ਮਾਰੀ ॥੧॥

ਗੁਰੂ ਦਾ ਸ਼ਬਦ (ਇਸ ਜ਼ਹਰ ਨੂੰ ਮਾਰਨ ਲਈ) ਗਾਰੁੜੀ ਮੰਤ੍ਰ ਹੈ, (ਜਿਸ ਮਨੁੱਖ ਨੇ ਇਹ ਸ਼ਬਦ ਮੰਤ੍ਰ ਆਪਣੇ) ਮੂੰਹ ਵਿਚ ਰੱਖ ਲਿਆ, ਪਰਮਾਤਮਾ ਨੇ ਉਸ ਦੇ ਅੰਦਰੋਂ ਇਹ ਹਉਮੈ-ਜ਼ਹਰ ਮੁਕਾ ਦਿੱਤੀ ॥੧॥

ਮਨ ਰੇ ਹਉਮੈ ਮੋਹੁ ਦੁਖੁ ਭਾਰੀ ॥

ਹੇ (ਮੇਰੇ) ਮਨ! ਹਉਮੈ ਇਕ ਵੱਡਾ ਦੁੱਖ ਹੈ (ਮਾਇਆ ਦਾ) ਮੋਹ ਭਾਰੀ ਦੁੱਖ ਹੈ,

ਇਹੁ ਭਵਜਲੁ ਜਗਤੁ ਨ ਜਾਈ ਤਰਣਾ ਗੁਰਮੁਖਿ ਤਰੁ ਹਰਿ ਤਾਰੀ ॥੧॥ ਰਹਾਉ ॥

(ਹਉਮੈ ਅਤੇ ਮੋਹ ਦੇ ਕਾਰਨ) ਇਸ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘਿਆ ਜਾ ਸਕਦਾ। ਤੂੰ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਦੀ ਬੇੜੀ ਵਿਚ (ਇਸ ਸਮੁੰਦਰ ਤੋਂ) ਪਾਰ ਲੰਘ ॥੧॥ ਰਹਾਉ ॥

ਤ੍ਰੈ ਗੁਣ ਮਾਇਆ ਮੋਹੁ ਪਸਾਰਾ ਸਭ ਵਰਤੈ ਆਕਾਰੀ ॥

ਤ੍ਰਿਗੁਣੀ ਮਾਇਆ ਦਾ ਮੋਹ (ਆਪਣਾ) ਖਿਲਾਰਾ (ਖਿਲਾਰ ਕੇ) ਸਾਰੇ ਜੀਵਾਂ ਉਤੇ ਆਪਣਾ ਪ੍ਰਭਾਵ ਪਾ ਰਿਹਾ ਹੈ।

ਤੁਰੀਆ ਗੁਣੁ ਸਤਸੰਗਤਿ ਪਾਈਐ ਨਦਰੀ ਪਾਰਿ ਉਤਾਰੀ ॥੨॥

(ਇਹਨਾਂ ਤਿੰਨਾਂ ਗੁਣਾਂ ਤੋਂ ਉਤਾਂਹ ਹੈ) ਤੁਰੀਆ ਗੁਣ (ਇਹ ਗੁਣ) ਸਾਧ ਸੰਗਤ ਵਿਚੋਂ ਹਾਸਲ ਹੁੰਦਾ ਹੈ (ਜਿਹੜਾ ਮਨੁੱਖ ਇਸ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ, ਪਰਮਾਤਮਾ) ਮਿਹਰ ਦੀ ਨਿਗਾਹ ਕਰ ਕੇ (ਉਸ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੨॥

ਚੰਦਨ ਗੰਧ ਸੁਗੰਧ ਹੈ ਬਹੁ ਬਾਸਨਾ ਬਹਕਾਰਿ ॥

ਜਿਵੇਂ ਚੰਦਨ ਦੀ ਸੁਗੰਧੀ ਹੈ ਜਿਵੇਂ ਚੰਦਨ ਵਿਚੋਂ ਮਿੱਠੀ ਵਾਸਨਾ ਤੇ ਮਹਕ ਨਿਕਲਦੀ ਹੈ,

ਹਰਿ ਜਨ ਕਰਣੀ ਊਤਮ ਹੈ ਹਰਿ ਕੀਰਤਿ ਜਗਿ ਬਿਸਥਾਰਿ ॥੩॥

ਤਿਵੇਂ ਪਰਮਾਤਮਾ ਦੇ ਭਗਤਾਂ ਦੀ ਕਰਣੀ ਸ੍ਰੇਸ਼ਟ ਹੁੰਦੀ ਹੈ, (ਭਗਤਾਂ ਨੇ) ਪਰਮਾਤਮਾ ਦੀ ਸਿਫ਼ਤ-ਸਾਲਾਹ (ਦੀ ਸੁਗੰਧੀ) ਜਗਤ ਵਿਚ ਖਿਲਾਰੀ ਹੋਈ ਹੈ ॥੩॥

ਕ੍ਰਿਪਾ ਕ੍ਰਿਪਾ ਕਰਿ ਠਾਕੁਰ ਮੇਰੇ ਹਰਿ ਹਰਿ ਹਰਿ ਉਰ ਧਾਰਿ ॥

ਹੇ ਮੇਰੇ ਮਾਲਕ-ਪ੍ਰਭੂ! ਹੇ ਹਰੀ! (ਮੇਰੇ ਉਤੇ) ਮਿਹਰ ਕਰ, ਮਿਹਰ ਕਰ (ਮੇਰੇ) ਹਿਰਦੇ ਵਿਚ ਆਪਣਾ ਨਾਮ ਵਸਾਈ ਰੱਖ।

ਨਾਨਕ ਸਤਿਗੁਰੁ ਪੂਰਾ ਪਾਇਆ ਮਨਿ ਜਪਿਆ ਨਾਮੁ ਮੁਰਾਰਿ ॥੪॥੯॥

ਹੇ ਨਾਨਕ! ਜਿਸ ਮਨੁੱਖ ਨੇ ਪੂਰਾ ਗੁਰੂ ਲੱਭ ਲਿਆ, ਉਸ ਨੇ (ਸਦਾ) ਆਪਣੇ ਮਨ ਵਿਚ ਪਰਮਾਤਮਾ ਦਾ ਨਾਮ ਜਪਿਆ ॥੪॥੯॥


ਮਲਾਰ ਮਹਲਾ ੩ ਘਰੁ ੨ ॥

ਰਾਗ ਮਲਾਰ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਇਹੁ ਮਨੁ ਗਿਰਹੀ ਕਿ ਇਹੁ ਮਨੁ ਉਦਾਸੀ ॥

ਹੇ ਪੰਡਿਤ! (ਵੇਦ ਸ਼ਾਸਤ੍ਰ ਦੀ ਮਰਯਾਦਾ ਆਦਿਕ ਦੀ ਚਰਚਾ ਦੇ ਥਾਂ ਇਹ ਵਿਚਾਰਿਆ ਕਰ ਕਿ ਤੇਰਾ) ਇਹ ਮਨ ਘਰ ਦੇ ਜੰਜਾਲਾਂ ਵਿਚ ਫਸਿਆ ਰਹਿੰਦਾ ਹੈ ਜਾਂ ਨਿਰਲੇਪ ਰਹਿੰਦਾ ਹੈ।

ਕਿ ਇਹੁ ਮਨੁ ਅਵਰਨੁ ਸਦਾ ਅਵਿਨਾਸੀ ॥

ਹੇ ਪੰਡਿਤ! (ਇਹ ਸੋਚਿਆ ਕਰ ਕਿ ਤੇਰਾ) ਇਹ ਮਨ (ਬ੍ਰਾਹਮਣ ਖੱਤ੍ਰੀ ਆਦਿਕ) ਵਰਨ-ਵਿਤਕਰੇ ਤੋਂ ਉਤਾਂਹ ਹੈ ਅਤੇ ਸਦਾ ਆਤਮਕ ਮੌਤ ਤੋਂ ਬਚਿਆ ਰਹਿੰਦਾ ਹੈ।

ਕਿ ਇਹੁ ਮਨੁ ਚੰਚਲੁ ਕਿ ਇਹੁ ਮਨੁ ਬੈਰਾਗੀ ॥

ਕੀ (ਤੇਰਾ) ਇਹ ਮਨ ਮਾਇਆ ਦੀ ਦੌੜ-ਭੱਜ ਵਿਚ ਹੀ ਕਾਬੂ ਆਇਆ ਰਹਿੰਦਾ ਹੈ ਜਾਂ ਮਾਇਆ ਤੋਂ ਉਪਰਾਮ ਹੈ।

ਇਸੁ ਮਨ ਕਉ ਮਮਤਾ ਕਿਥਹੁ ਲਾਗੀ ॥੧॥

ਹੇ ਪੰਡਿਤ! (ਇਹ ਭੀ ਵਿਚਾਰਿਆ ਕਰ ਕਿ) ਇਸ ਮਨ ਨੂੰ ਮਮਤਾ ਕਿਥੋਂ ਆ ਚੰਬੜਦੀ ਹੈ ॥੧॥

ਪੰਡਿਤ ਇਸੁ ਮਨ ਕਾ ਕਰਹੁ ਬੀਚਾਰੁ ॥

ਹੇ ਪੰਡਿਤ! (ਵੇਦ ਸਾਸ਼ਤ੍ਰ ਦੀ ਮਰਯਾਦਾ ਆਦਿਕ ਤੇ ਜ਼ੋਰ ਦੇਣ ਦੇ ਥਾਂ) ਆਪਣੇ ਇਸ ਮਨ ਬਾਰੇ ਵਿਚਾਰ ਕਰਿਆ ਕਰੋ।

ਅਵਰੁ ਕਿ ਬਹੁਤਾ ਪੜਹਿ ਉਠਾਵਹਿ ਭਾਰੁ ॥੧॥ ਰਹਾਉ ॥

(ਆਪਣੇ ਮਨ ਦੀ ਪੜਤਾਲ ਛੱਡ ਕੇ) ਹੋਰ ਬਹੁਤਾ ਜੋ ਕੁਝ ਤੂੰ ਪੜ੍ਹਦਾ ਹੈਂ, ਉਹ (ਆਪਣੇ ਸਿਰ ਉਤੇ ਹਉਮੈ ਦਾ) ਭਾਰ ਹੀ ਚੁੱਕਦਾ ਹੈਂ ॥੧॥ ਰਹਾਉ ॥

ਮਾਇਆ ਮਮਤਾ ਕਰਤੈ ਲਾਈ ॥

ਹੇ ਪੰਡਿਤ! (ਵੇਖ) ਕਰਤਾਰ ਨੇ (ਆਪ ਹੀ ਇਸ ਮਨ ਨੂੰ) ਮਾਇਆ ਦੀ ਮਮਤਾ ਚੰਬੋੜੀ ਹੋਈ ਹੈ।

ਏਹੁ ਹੁਕਮੁ ਕਰਿ ਸ੍ਰਿਸਟਿ ਉਪਾਈ ॥

(ਕਰਤਾਰ ਨੇ ਮਾਇਆ ਦੀ ਮਮਤਾ ਦਾ) ਇਹ ਹੁਕਮ ਦੇ ਕੇ ਹੀ ਜਗਤ ਪੈਦਾ ਕੀਤਾ ਹੋਇਆ ਹੈ।

ਗੁਰਪਰਸਾਦੀ ਬੂਝਹੁ ਭਾਈ ॥

ਹੇ ਭਾਈ! ਗੁਰੂ ਦੀ ਕਿਰਪਾ ਨਾਲ (ਇਸ ਗੱਲ ਨੂੰ) ਸਮਝ,

ਸਦਾ ਰਹਹੁ ਹਰਿ ਕੀ ਸਰਣਾਈ ॥੨॥

ਅਤੇ ਸਦਾ ਪਰਮਾਤਮਾ ਦੀ ਸਰਨ ਪਿਆ ਰਹੁ (ਤਾ ਕਿ ਮਾਇਆ ਦੀ ਮਮਤਾ ਤੇਰੇ ਉੱਤੇ ਆਪਣਾ ਜ਼ੋਰ ਨ ਪਾ ਸਕੇ) ॥੨॥

ਸੋ ਪੰਡਿਤੁ ਜੋ ਤਿਹਾਂ ਗੁਣਾ ਕੀ ਪੰਡ ਉਤਾਰੈ ॥

ਹੇ ਪੰਡਿਤ! ਉਹ (ਮਨੁੱਖ ਅਸਲ) ਪੰਡਿਤ ਹੈ ਜੋ (ਆਪਣੇ ਉੱਤੋਂ ਮਾਇਆ ਦੇ) ਤਿੰਨਾ ਹੀ ਗੁਣਾਂ ਦਾ ਭਾਰ ਲਾਹ ਦੇਂਦਾ ਹੈ,

ਅਨਦਿਨੁ ਏਕੋ ਨਾਮੁ ਵਖਾਣੈ ॥

ਅਤੇ ਹਰ ਵੇਲੇ ਸਿਰਫ਼ ਹਰਿ-ਨਾਮ ਹੀ ਜਪਦਾ ਰਹਿੰਦਾ ਹੈ।

ਸਤਿਗੁਰ ਕੀ ਓਹੁ ਦੀਖਿਆ ਲੇਇ ॥

ਅਜਿਹਾ ਪੰਡਿਤ ਗੁਰੂ ਦੀ ਸਿੱਖਿਆ ਗ੍ਰਹਣ ਕਰਦਾ ਹੈ,

ਸਤਿਗੁਰ ਆਗੈ ਸੀਸੁ ਧਰੇਇ ॥

ਗੁਰੂ ਦੇ ਅੱਗੇ ਆਪਣਾ ਸਿਰ ਰੱਖੀ ਰੱਖਦਾ ਹੈ (ਸਦਾ ਗੁਰੂ ਦੇ ਹੁਕਮ ਵਿਚ ਤੁਰਦਾ ਹੈ)।

ਸਦਾ ਅਲਗੁ ਰਹੈ ਨਿਰਬਾਣੁ ॥

ਉਹ ਸਦਾ ਨਿਰਲੇਪ ਰਹਿੰਦਾ ਹੈ, ਮਾਇਆ ਦੇ ਮੋਹ ਤੋਂ ਬਚਿਆ ਰਹਿੰਦਾ ਹੈ।

ਸੋ ਪੰਡਿਤੁ ਦਰਗਹ ਪਰਵਾਣੁ ॥੩॥

ਅਜਿਹਾ ਪੰਡਿਤ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪ੍ਰਾਪਤ ਕਰਦਾ ਹੈ ॥੩॥

ਸਭਨਾਂ ਮਹਿ ਏਕੋ ਏਕੁ ਵਖਾਣੈ ॥

ਹੇ ਪੰਡਿਤ! (ਜਿਹੜਾ ਪੰਡਿਤ ਵੇਦ ਸ਼ਾਸਤ੍ਰ ਆਦਿਕ ਦੀ ਚਰਚਾ ਦੇ ਥਾਂ ਆਪਣੇ ਮਨ ਨੂੰ ਪੜਤਾਲਦਾ ਹੈ, ਉਹ) ਇਹ ਉਪਦੇਸ਼ ਹੀ ਕਰਦਾ ਹੈ ਕਿ ਸਭ ਜੀਵਾਂ ਵਿਚ ਇਕੋ ਪਰਮਾਤਮਾ ਵੱਸਦਾ ਹੈ।

ਜਾਂ ਏਕੋ ਵੇਖੈ ਤਾਂ ਏਕੋ ਜਾਣੈ ॥

ਜਦੋਂ ਉਹ ਪੰਡਿਤ (ਸਭ ਜੀਵਾਂ ਵਿਚ) ਇਕ ਪ੍ਰਭੂ ਨੂੰ ਹੀ ਵੇਖਦਾ ਹੈ, ਤਦੋਂ ਉਹ ਉਸ ਇਕ ਪ੍ਰਭੂ ਨਾਲ ਹੀ ਡੂੰਘੀ ਸਾਂਝ ਪਾਂਦਾ ਹੈ।

ਜਾ ਕਉ ਬਖਸੇ ਮੇਲੇ ਸੋਇ ॥

ਪਰ, ਹੇ ਪੰਡਿਤ! ਜਿਸ ਮਨੁੱਖ ਉਤੇ ਕਰਤਾਰ ਬਖ਼ਸ਼ਸ਼ ਕਰਦਾ ਹੈ, ਉਸੇ ਨੂੰ ਉਹ (ਆਪਣੇ ਚਰਨਾਂ ਵਿਚ) ਜੋੜਦਾ ਹੈ,

ਐਥੈ ਓਥੈ ਸਦਾ ਸੁਖੁ ਹੋਇ ॥੪॥

ਉਸ ਮਨੁੱਖ ਨੂੰ ਇਸ ਲੋਕ ਅਤੇ ਪਰਲੋਕ ਵਿਚ ਆਤਮਕ ਆਨੰਦ ਸਦਾ ਮਿਲਿਆ ਰਹਿੰਦਾ ਹੈ ॥੪॥

ਕਹਤ ਨਾਨਕੁ ਕਵਨ ਬਿਧਿ ਕਰੇ ਕਿਆ ਕੋਇ ॥

ਹੇ ਪੰਡਿਤ! ਨਾਨਕ ਆਖਦਾ ਹੈ ਕਿ (ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਹਾਸਲ ਕਰਨ ਲਈ ਆਪਣੀ ਅਕਲ ਦੇ ਆਸਰੇ) ਕੋਈ ਭੀ ਮਨੁੱਖ ਕੋਈ ਜੁਗਤੀ ਨਹੀਂ ਵਰਤ ਸਕਦਾ।

ਸੋਈ ਮੁਕਤਿ ਜਾ ਕਉ ਕਿਰਪਾ ਹੋਇ ॥

ਜਿਸ ਮਨੁੱਖ ਉੱਤੇ ਪ੍ਰਭੂ ਮਿਹਰ ਕਰਦਾ ਹੈ ਉਹੀ ਬੰਧਨਾਂ ਤੋਂ ਖ਼ਲਾਸੀ ਪਾਂਦਾ ਹੈ।

ਅਨਦਿਨੁ ਹਰਿ ਗੁਣ ਗਾਵੈ ਸੋਇ ॥

ਉਹ ਮਨੁੱਖ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ,

ਸਾਸਤ੍ਰ ਬੇਦ ਕੀ ਫਿਰਿ ਕੂਕ ਨ ਹੋਇ ॥੫॥੧॥੧੦॥

ਉਹ ਫਿਰ (ਆਪਣੇ ਉੱਚੇ ਵਰਨ ਆਦਿਕ ਦੀ ਪਕਿਆਈ ਦੀ ਖ਼ਾਤਰ) ਵੇਦ ਸ਼ਾਸਤ੍ਰ ਆਦਿਕ ਦੀ ਮਰਯਾਦਾ ਦਾ ਹੋਕਾ ਨਹੀਂ ਦੇਂਦਾ ਫਿਰਦਾ ॥੫॥੧॥੧੦॥


ਮਲਾਰ ਮਹਲਾ ੩ ॥
ਭ੍ਰਮਿ ਭ੍ਰਮਿ ਜੋਨਿ ਮਨਮੁਖ ਭਰਮਾਈ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਦਾ ਭਟਕਦਾ ਹੀ ਰਹਿੰਦਾ ਹੈ,

ਜਮਕਾਲੁ ਮਾਰੇ ਨਿਤ ਪਤਿ ਗਵਾਈ ॥

ਉਸ ਨੂੰ (ਆਤਮਕ) ਮੌਤ ਮਾਰ ਲੈਂਦੀ ਹੈ, ਉਹ ਸਦਾ ਆਪਣੀ ਇੱਜ਼ਤ ਗਵਾਂਦਾ ਰਹਿੰਦਾ ਹੈ।

ਸਤਿਗੁਰ ਸੇਵਾ ਜਮ ਕੀ ਕਾਣਿ ਚੁਕਾਈ ॥

ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਜਮਾਂ ਦੀ ਮੁਥਾਜੀ ਮੁਕਾ ਲੈਂਦਾ ਹੈ (ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ),

ਹਰਿ ਪ੍ਰਭੁ ਮਿਲਿਆ ਮਹਲੁ ਘਰੁ ਪਾਈ ॥੧॥

ਉਸ ਨੂੰ ਹਰੀ-ਪ੍ਰਭੂ ਮਿਲ ਪੈਂਦਾ ਹੈ, ਉਹ ਮਨੁੱਖ ਪਰਮਾਤਮਾ ਦਾ ਮਹਲ ਪਰਮਾਤਮਾ ਦਾ ਘਰ ਲੱਭ ਲੈਂਦਾ ਹੈ ॥੧॥

ਪ੍ਰਾਣੀ ਗੁਰਮੁਖਿ ਨਾਮੁ ਧਿਆਇ ॥

ਹੇ ਪ੍ਰਾਣੀ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰ।

ਜਨਮੁ ਪਦਾਰਥੁ ਦੁਬਿਧਾ ਖੋਇਆ ਕਉਡੀ ਬਦਲੈ ਜਾਇ ॥੧॥ ਰਹਾਉ ॥

(ਜਿਸ ਮਨੁੱਖ ਨੇ ਆਪਣਾ) ਕੀਮਤੀ (ਮਨੁੱਖਾ) ਜਨਮ ਮਾਇਆ ਵਾਲੀ ਭਟਕਣਾ ਵਿਚ ਗਵਾ ਲਿਆ, ਉਸ ਦਾ ਇਹ ਜਨਮ ਕੌਡੀਆਂ ਦੇ ਭਾ ਹੀ ਚਲਾ ਜਾਂਦਾ ਹੈ ॥੧॥ ਰਹਾਉ ॥

ਕਰਿ ਕਿਰਪਾ ਗੁਰਮੁਖਿ ਲਗੈ ਪਿਆਰੁ ॥

ਪ੍ਰਭੂ ਦੀ ਮਿਹਰ ਨਾਲ ਗੁਰੂ ਦੀ ਰਾਹੀਂ (ਜਿਸ ਮਨੁੱਖ ਦੇ ਹਿਰਦੇ ਵਿਚ) ਪ੍ਰਭੂ ਨਾਲ ਪਿਆਰ ਬਣ ਜਾਂਦਾ ਹੈ,

ਅੰਤਰਿ ਭਗਤਿ ਹਰਿ ਹਰਿ ਉਰਿ ਧਾਰੁ ॥

ਉਸ ਦੇ ਅੰਦਰ ਪ੍ਰਭੂ ਦੀ ਭਗਤੀ ਪੈਦਾ ਹੁੰਦੀ ਹੈ, ਉਹ ਮਨੁੱਖ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਧਾਰਨ ਕਰ ਲੈਂਦਾ ਹੈ।

ਭਵਜਲੁ ਸਬਦਿ ਲੰਘਾਵਣਹਾਰੁ ॥

ਪ੍ਰਭੂ ਉਸ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ।

ਦਰਿ ਸਾਚੈ ਦਿਸੈ ਸਚਿਆਰੁ ॥੨॥

ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼ਰੂ ਦਿੱਸਦਾ ਹੈ ॥੨॥

ਬਹੁ ਕਰਮ ਕਰੇ ਸਤਿਗੁਰੁ ਨਹੀ ਪਾਇਆ ॥

(ਜਿਹੜਾ ਮਨੁੱਖ ਤੀਰਥ-ਜਾਤ੍ਰਾ ਆਦਿਕ ਮਿਥੇ ਹੋਏ ਧਾਰਮਿਕ) ਕਰਮ ਕਰਦਾ ਫਿਰਦਾ ਹੈ ਪਰ ਗੁਰੂ ਦੀ ਸਰਨ ਨਹੀਂ ਪੈਂਦਾ,

ਬਿਨੁ ਗੁਰ ਭਰਮਿ ਭੂਲੇ ਬਹੁ ਮਾਇਆ ॥

ਉਹ ਮਨੁੱਖ ਗੁਰੂ ਤੋਂ ਬਿਨਾ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ।

ਹਉਮੈ ਮਮਤਾ ਬਹੁ ਮੋਹੁ ਵਧਾਇਆ ॥

ਉਹ ਮਨੁੱਖ ਆਪਣੇ ਅੰਦਰ ਹਉਮੈ ਮਮਤਾ ਅਤੇ ਮੋਹ ਨੂੰ ਵਧਾਈ ਜਾਂਦਾ ਹੈ।

ਦੂਜੈ ਭਾਇ ਮਨਮੁਖਿ ਦੁਖੁ ਪਾਇਆ ॥੩॥

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਪਿਆਰ ਵਿਚ (ਫਸ ਕੇ ਸਦਾ) ਦੁੱਖ ਹੀ ਸਹਾਰਦਾ ਹੈ ॥੩॥

ਆਪੇ ਕਰਤਾ ਅਗਮ ਅਥਾਹਾ ॥

ਪਰ, ਅਪਹੁੰਚ ਅਤੇ ਅਥਾਹ ਕਰਤਾਰ ਆਪ ਹੀ (ਇਹ ਸਾਰੀ ਖੇਡ ਰਿਹਾ ਹੈ)।

ਗੁਰਸਬਦੀ ਜਪੀਐ ਸਚੁ ਲਾਹਾ ॥

ਗੁਰੂ ਦੇ ਸ਼ਬਦ ਦੀ ਰਾਹੀਂ (ਉਸ ਦਾ ਨਾਮ) ਜਪਣਾ ਚਾਹੀਦਾ ਹੈ-ਇਹੀ ਹੈ ਸਦਾ ਕਾਇਮ ਰਹਿਣ ਵਾਲਾ ਲਾਭ।

ਹਾਜਰੁ ਹਜੂਰਿ ਹਰਿ ਵੇਪਰਵਾਹਾ ॥

ਉਹ ਕਰਤਾਰ ਹਰ ਥਾਂ ਹਾਜ਼ਰ-ਨਾਜ਼ਰ ਹੈ ਅਤੇ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਹੈ।

ਨਾਨਕ ਗੁਰਮੁਖਿ ਨਾਮਿ ਸਮਾਹਾ ॥੪॥੨॥੧੧॥

ਹੇ ਨਾਨਕ! ਗੁਰੂ ਦੀ ਰਾਹੀਂ ਹੀ ਉਸ ਦੇ ਨਾਮ ਵਿਚ ਲੀਨਤਾ ਹੋ ਸਕਦੀ ਹੈ ॥੪॥੨॥੧੧॥


ਮਲਾਰ ਮਹਲਾ ੩ ॥
ਜੀਵਤ ਮੁਕਤ ਗੁਰਮਤੀ ਲਾਗੇ ॥

ਜਿਹੜੇ ਮਨੁੱਖ ਗੁਰੂ ਦੀ ਮੱਤ ਅਨੁਸਾਰ ਤੁਰਦੇ ਹਨ, ਉਹ ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਹੀ ਵਿਕਾਰਾਂ ਤੋਂ ਬਚੇ ਰਹਿੰਦੇ ਹਨ।

ਹਰਿ ਕੀ ਭਗਤਿ ਅਨਦਿਨੁ ਸਦ ਜਾਗੇ ॥

ਉਹ ਹਰ ਵੇਲੇ ਪਰਮਾਤਮਾ ਦੀ ਭਗਤੀ ਕਰ ਕੇ ਮਾਇਆ ਦੇ ਹੱਲਿਆਂ ਵੱਲੋਂ ਸਦਾ ਸੁਚੇਤ ਰਹਿੰਦੇ ਹਨ।

ਸਤਿਗੁਰੁ ਸੇਵਹਿ ਆਪੁ ਗਵਾਇ ॥

ਜਿਹੜੇ ਮਨੁੱਖ ਆਪਾ-ਭਾਵ ਦੂਰ ਕਰ ਕੇ ਗੁਰੂ ਦੀ ਸਰਨ ਪੈਂਦੇ ਹਨ,

ਹਉ ਤਿਨ ਜਨ ਕੇ ਸਦ ਲਾਗਉ ਪਾਇ ॥੧॥

ਮੈਂ ਉਹਨਾਂ ਮਨੁੱਖਾਂ ਦੀ ਸਦਾ ਪੈਰੀਂ ਲੱਗਦਾ ਹਾਂ ॥੧॥

ਹਉ ਜੀਵਾਂ ਸਦਾ ਹਰਿ ਕੇ ਗੁਣ ਗਾਈ ॥

ਮੈਂ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ ਅਤੇ ਆਤਮਕ ਜੀਵਨ ਪ੍ਰਾਪਤ ਕਰਦਾ ਰਹਿੰਦਾ ਹਾਂ।

ਗੁਰ ਕਾ ਸਬਦੁ ਮਹਾ ਰਸੁ ਮੀਠਾ ਹਰਿ ਕੈ ਨਾਮਿ ਮੁਕਤਿ ਗਤਿ ਪਾਈ ॥੧॥ ਰਹਾਉ ॥

ਗੁਰੂ ਦਾ ਸ਼ਬਦ ਬਹੁਤ ਸੁਆਦਲਾ ਹੈ ਮਿੱਠਾ ਹੈ (ਇਸ ਸ਼ਬਦ ਦੀ ਬਰਕਤਿ ਨਾਲ) ਮੈਂ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰਦਾ ਹਾਂ, ਉੱਚੀ ਆਤਮਕ ਅਵਸਥਾ ਪ੍ਰਾਪਤ ਕਰਦਾ ਹਾਂ ॥੧॥ ਰਹਾਉ ॥

ਮਾਇਆ ਮੋਹੁ ਅਗਿਆਨੁ ਗੁਬਾਰੁ ॥

ਮਾਇਆ ਦਾ ਮੋਹ (ਜੀਵਨ-ਸਫ਼ਰ ਵਿਚ) ਆਤਮਕ ਜੀਵਨ ਵਲੋਂ ਬੇ-ਸਮਝੀ ਹੈ, ਘੁੱਪ ਹਨੇਰਾ ਹੈ।

ਮਨਮੁਖ ਮੋਹੇ ਮੁਗਧ ਗਵਾਰ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ ਇਸ ਮੋਹ ਵਿਚ ਫਸੇ ਰਹਿੰਦੇ ਹਨ।

ਅਨਦਿਨੁ ਧੰਧਾ ਕਰਤ ਵਿਹਾਇ ॥

ਹਰ ਵੇਲੇ ਦੁਨੀਆ ਵਾਲੇ ਧੰਧੇ ਕਰਦਿਆਂ ਹੀ ਉਹਨਾਂ ਦੀ ਉਮਰ ਗੁਜ਼ਰਦੀ ਹੈ,

ਮਰਿ ਮਰਿ ਜੰਮਹਿ ਮਿਲੈ ਸਜਾਇ ॥੨॥

ਉਹ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ-ਇਹ ਸਜ਼ਾ ਉਹਨਾਂ ਨੂੰ ਮਿਲਦੀ ਹੈ ॥੨॥

ਗੁਰਮੁਖਿ ਰਾਮ ਨਾਮਿ ਲਿਵ ਲਾਈ ॥

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜੀ ਰੱਖਦਾ ਹੈ,

ਕੂੜੈ ਲਾਲਚਿ ਨਾ ਲਪਟਾਈ ॥

ਉਹ ਨਾਸਵੰਤ ਮਾਇਆ ਦੇ ਲਾਲਚ ਵਿਚ ਨਹੀਂ ਫਸਦਾ।

ਜੋ ਕਿਛੁ ਹੋਵੈ ਸਹਜਿ ਸੁਭਾਇ ॥

(ਰਜ਼ਾ ਅਨੁਸਾਰ) ਜੋ ਕੁਝ ਵਾਪਰਦਾ ਹੈ ਉਸ ਨੂੰ ਆਤਮਕ ਅਡੋਲਤਾ ਵਿਚ ਪਿਆਰ ਵਿਚ (ਟਿਕਿਆ ਰਹਿ ਕੇ ਸਹਾਰਦਾ ਹੈ)।

ਹਰਿ ਰਸੁ ਪੀਵੈ ਰਸਨ ਰਸਾਇ ॥੩॥

ਉਹ ਮਨੁੱਖ ਪਰਮਾਤਮਾ ਦਾ ਨਾਮ-ਰਸ ਜੀਭ ਨਾਲ ਸੁਆਦ ਲੈ ਲੈ ਕੇ ਪੀਂਦਾ ਰਹਿੰਦਾ ਹੈ ॥੩॥

ਕੋਟਿ ਮਧੇ ਕਿਸਹਿ ਬੁਝਾਈ ॥

ਪਰ, ਕ੍ਰੋੜਾਂ ਵਿਚੋਂ ਕਿਸੇ ਵਿਰਲੇ ਮਨੁੱਖ ਨੂੰ (ਪਰਮਾਤਮਾ) ਇਹ ਸੂਝ ਦੇਂਦਾ ਹੈ,

ਆਪੇ ਬਖਸੇ ਦੇ ਵਡਿਆਈ ॥

ਉਸ ਨੂੰ ਪ੍ਰਭੂ ਆਪ ਹੀ (ਇਹ ਦਾਤਿ) ਬਖ਼ਸ਼ਦਾ ਹੈ ਅਤੇ ਇੱਜ਼ਤ ਦੇਂਦਾ ਹੈ।

ਜੋ ਧੁਰਿ ਮਿਲਿਆ ਸੁ ਵਿਛੁੜਿ ਨ ਜਾਈ ॥

ਜਿਹੜਾ ਮਨੁੱਖ ਧੁਰ ਦਰਗਾਹ ਤੋਂ (ਪ੍ਰਭੂ-ਚਰਨਾਂ ਵਿਚ) ਜੁੜਿਆ ਹੋਇਆ ਹੈ, ਉਹ ਉਸ ਤੋਂ ਕਦੇ ਵਿੱਛੁੜਦਾ ਨਹੀਂ।

ਨਾਨਕ ਹਰਿ ਹਰਿ ਨਾਮਿ ਸਮਾਈ ॥੪॥੩॥੧੨॥

ਹੇ ਨਾਨਕ! ਉਹ ਸਦਾ ਹੀ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੪॥੩॥੧੨॥


ਮਲਾਰ ਮਹਲਾ ੩ ॥
ਰਸਨਾ ਨਾਮੁ ਸਭੁ ਕੋਈ ਕਹੈ ॥

(ਉਂਞ ਤਾਂ) ਹਰ ਕੋਈ ਜੀਭ ਨਾਲ ਹਰਿ-ਨਾਮ ਉਚਾਰਦਾ ਹੈ,

ਸਤਿਗੁਰੁ ਸੇਵੇ ਤਾ ਨਾਮੁ ਲਹੈ ॥

ਪਰ ਮਨੁੱਖ ਤਦੋਂ ਹੀ ਹਰਿ-ਨਾਮ (-ਧਨ) ਪ੍ਰਾਪਤ ਕਰਦਾ ਹੈ ਜਦੋਂ ਗੁਰੂ ਦੀ ਸਰਨ ਪੈਂਦਾ ਹੈ।

ਬੰਧਨ ਤੋੜੇ ਮੁਕਤਿ ਘਰਿ ਰਹੈ ॥

(ਗੁਰੂ ਦੀ ਸਰਨ ਪੈ ਕੇ ਹੀ ਮਨੁੱਖ ਮਾਇਆ ਦੇ ਮੋਹ ਦੇ) ਬੰਧਨ ਤੋੜਦਾ ਹੈ ਅਤੇ ਉਸ ਅਵਸਥਾ ਵਿਚ ਟਿਕਦਾ ਹੈ ਜਿੱਥੇ ਵਿਕਾਰਾਂ ਤੋਂ ਖ਼ਲਾਸੀ ਹੋਈ ਰਹਿੰਦੀ ਹੈ।

ਗੁਰਸਬਦੀ ਅਸਥਿਰੁ ਘਰਿ ਬਹੈ ॥੧॥

ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਨੁੱਖ ਅਡੋਲ-ਚਿੱਤ ਹੋ ਕੇ ਹਿਰਦੇ-ਘਰ ਵਿਚ ਟਿਕਿਆ ਰਹਿੰਦਾ ਹੈ ॥੧॥

ਮੇਰੇ ਮਨ ਕਾਹੇ ਰੋਸੁ ਕਰੀਜੈ ॥

ਹੇ ਮੇਰੇ ਮਨ! (ਪਰਮਾਤਮਾ ਦੇ ਨਾਮ ਵਲੋਂ) ਰੋਸਾ ਨਹੀਂ ਕਰਨਾ ਚਾਹੀਦਾ।

ਲਾਹਾ ਕਲਜੁਗਿ ਰਾਮ ਨਾਮੁ ਹੈ ਗੁਰਮਤਿ ਅਨਦਿਨੁ ਹਿਰਦੈ ਰਵੀਜੈ ॥੧॥ ਰਹਾਉ ॥

ਜਗਤ ਵਿਚ ਪਰਮਾਤਮਾ ਦਾ ਨਾਮ (ਹੀ ਅਸਲ) ਖੱਟੀ ਹੈ। ਗੁਰੂ ਦੀ ਮੱਤ ਲੈ ਕੇ ਹਰ ਵੇਲੇ ਹਿਰਦੇ ਵਿਚ ਹਰਿ-ਨਾਮ ਸਿਮਰਨਾ ਚਾਹੀਦਾ ਹੈ ॥੧॥ ਰਹਾਉ ॥

ਬਾਬੀਹਾ ਖਿਨੁ ਖਿਨੁ ਬਿਲਲਾਇ ॥

(ਜਿਵੇਂ ਵਰਖਾ ਦੀ ਬੂੰਦ ਵਾਸਤੇ) ਪਪੀਹਾ ਹਰ ਖਿਨ ਤਰਲੇ ਲੈਂਦਾ ਹੈ,

ਬਿਨੁ ਪਿਰ ਦੇਖੇ ਨੀਂਦ ਨ ਪਾਇ ॥

(ਤਿਵੇਂ ਜੀਵ-ਇਸਤ੍ਰੀ) ਪ੍ਰਭੂ-ਪਤੀ ਦਾ ਦਰਸ਼ਨ ਕਰਨ ਤੋਂ ਬਿਨਾ ਆਤਮਕ ਸ਼ਾਂਤੀ ਹਾਸਲ ਨਹੀਂ ਕਰ ਸਕਦੀ।

ਇਹੁ ਵੇਛੋੜਾ ਸਹਿਆ ਨ ਜਾਇ ॥

(ਉਸ ਪਾਸੋਂ) ਇਹ ਵਿਛੋੜਾ ਸਹਾਰਿਆ ਨਹੀਂ ਜਾਂਦਾ।

ਸਤਿਗੁਰੁ ਮਿਲੈ ਤਾਂ ਮਿਲੈ ਸੁਭਾਇ ॥੨॥

ਜਦੋਂ ਕੋਈ ਜੀਵ ਗੁਰੂ ਨੂੰ ਮਿਲ ਪੈਂਦਾ ਹੈ ਤਦੋਂ ਉਹ ਪ੍ਰੇਮ ਵਿਚ (ਲੀਨ ਹੋ ਕੇ) ਪ੍ਰਭੂ ਨੂੰ ਮਿਲ ਪੈਂਦਾ ਹੈ ॥੨॥

ਨਾਮ ਹੀਣੁ ਬਿਨਸੈ ਦੁਖੁ ਪਾਇ ॥

ਨਾਮ ਤੋਂ ਵਾਂਜਿਆ ਹੋਇਆ ਮਨੁੱਖ ਆਤਮਕ ਮੌਤ ਸਹੇੜ ਲੈਂਦਾ ਹੈ ਦੁੱਖ ਸਹਿੰਦਾ ਰਹਿੰਦਾ ਹੈ,

ਤ੍ਰਿਸਨਾ ਜਲਿਆ ਭੂਖ ਨ ਜਾਇ ॥

(ਮਾਇਆ ਦੀ) ਤ੍ਰਿਸ਼ਨਾ-ਅੱਗ ਵਿਚ ਸੜਦਾ ਹੈ, ਉਸ ਦੀ (ਮਾਇਆ ਦੀ ਇਹ) ਭੁੱਖ ਦੂਰ ਨਹੀਂ ਹੁੰਦੀ।

ਵਿਣੁ ਭਾਗਾ ਨਾਮੁ ਨ ਪਾਇਆ ਜਾਇ ॥

ਉੱਚੀ ਕਿਸਮਤ ਤੋਂ ਬਿਨਾ ਪਰਮਾਤਮਾ ਦਾ ਨਾਮ ਮਿਲਦਾ ਭੀ ਨਹੀਂ।

ਬਹੁ ਬਿਧਿ ਥਾਕਾ ਕਰਮ ਕਮਾਇ ॥੩॥

(ਤੀਰਥ-ਜਾਤ੍ਰਾ ਆਦਿਕ ਮਿੱਥੇ ਹੋਏ ਧਾਰਮਿਕ) ਕਰਮ ਕਈ ਤਰੀਕਿਆਂ ਨਾਲ ਕਮਾ ਕਮਾ ਕੇ ਥੱਕ ਜਾਂਦਾ ਹੈ ॥੩॥

ਤ੍ਰੈ ਗੁਣ ਬਾਣੀ ਬੇਦ ਬੀਚਾਰੁ ॥

(ਜਿਹੜੇ ਪੰਡਿਤ ਆਦਿਕ ਲੋਕ ਮਾਇਆ ਦੇ) ਤਿੰਨਾਂ ਗੁਣਾਂ ਵਿਚ ਰੱਖਣ ਵਾਲੀ ਹੀ ਵੇਦ ਆਦਿਕ ਧਰਮ-ਪੁਸਤਕਾਂ ਦੀ ਵਿਚਾਰ ਕਰਦੇ ਰਹਿੰਦੇ ਹਨ,

ਬਿਖਿਆ ਮੈਲੁ ਬਿਖਿਆ ਵਾਪਾਰੁ ॥

(ਉਹਨਾਂ ਦੇ ਮਨ ਨੂੰ) ਮਾਇਆ (ਦੇ ਮੋਹ) ਦੀ ਮੈਲ (ਸਦਾ ਚੰਬੜੀ ਰਹਿੰਦੀ ਹੈ)। (ਉਹਨਾਂ ਨੇ ਇਸ ਵਿਚਾਰ ਨੂੰ) ਮਾਇਆ ਕਮਾਣ ਦਾ ਹੀ ਵਪਾਰ ਬਣਾਇਆ ਹੁੰਦਾ ਹੈ।

ਮਰਿ ਜਨਮਹਿ ਫਿਰਿ ਹੋਹਿ ਖੁਆਰੁ ॥

(ਅਜਿਹੇ ਮਨੁੱਖ) ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਅਤੇ ਖ਼ੁਆਰ ਹੁੰਦੇ ਰਹਿੰਦੇ ਹਨ।

ਗੁਰਮੁਖਿ ਤੁਰੀਆ ਗੁਣੁ ਉਰਿ ਧਾਰੁ ॥੪॥

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਹਿਰਦੇ ਵਿਚ ਹਰਿ-ਨਾਮ ਦਾ ਸਹਾਰਾ ਹੁੰਦਾ ਹੈ, ਉਹ ਉਸ ਗੁਣ ਉਸ ਅਵਸਥਾ ਨੂੰ ਹਾਸਲ ਕਰ ਲੈਂਦਾ ਹੈ ਜਿਹੜੀ ਮਾਇਆ ਦੇ ਤਿੰਨ ਗੁਣਾਂ ਤੋਂ ਉਤਾਂਹ ਹੈ ॥੪॥

ਗੁਰੁ ਮਾਨੈ ਮਾਨੈ ਸਭੁ ਕੋਇ ॥

ਜਿਸ ਮਨੁੱਖ ਨੂੰ ਗੁਰੂ ਇੱਜ਼ਤ ਬਖ਼ਸ਼ਦਾ ਹੈ, ਉਸ ਦਾ ਆਦਰ ਹਰ ਕੋਈ ਕਰਦਾ ਹੈ।

ਗੁਰ ਬਚਨੀ ਮਨੁ ਸੀਤਲੁ ਹੋਇ ॥

ਗੁਰੂ ਦੇ ਬਚਨਾਂ ਦੀ ਬਰਕਤਿ ਨਾਲ ਉਸ ਦਾ ਮਨ ਸ਼ਾਂਤ ਰਹਿੰਦਾ ਹੈ,

ਚਹੁ ਜੁਗਿ ਸੋਭਾ ਨਿਰਮਲ ਜਨੁ ਸੋਇ ॥

ਉਸ ਨੂੰ ਚਹੁੰਆਂ ਜੁਗਾਂ ਵਿਚ ਟਿਕੀ ਰਹਿਣ ਵਾਲੀ ਬੇ-ਦਾਗ਼ ਸੋਭਾ ਪ੍ਰਾਪਤ ਹੁੰਦੀ ਹੈ, ਉਹੀ ਹੈ ਅਸਲ ਭਗਤ।

ਨਾਨਕ ਗੁਰਮੁਖਿ ਵਿਰਲਾ ਕੋਇ ॥੫॥੪॥੧੩॥੯॥੧੩॥੨੨॥

ਪਰ, ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਅਜਿਹਾ ਕੋਈ ਵਿਰਲਾ ਮਨੁੱਖ ਹੁੰਦਾ ਹੈ ॥੫॥੪॥੧੩॥੯॥੧੩॥੨੨॥


ਰਾਗੁ ਮਲਾਰ ਮਹਲਾ ੪ ਘਰੁ ੧ ਚਉਪਦੇ ॥

ਰਾਗ ਮਲਾਰ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਅਨਦਿਨੁ ਹਰਿ ਹਰਿ ਧਿਆਇਓ ਹਿਰਦੈ ਮਤਿ ਗੁਰਮਤਿ ਦੂਖ ਵਿਸਾਰੀ ॥

ਜਿਹੜਾ ਗੁਰੂ ਦੀ ਮੱਤ ਅਨੁਸਾਰ (ਆਪਣੀ) ਮੱਤ ਨੂੰ ਬਣਾ ਕੇ ਹਰ ਵੇਲੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਸਿਮਰਦਾ ਹੈ, ਉਹ ਆਪਣੇ ਸਾਰੇ ਦੁੱਖ ਦੂਰ ਕਰ ਲੈਂਦਾ ਹੈ।

ਸਭ ਆਸਾ ਮਨਸਾ ਬੰਧਨ ਤੂਟੇ ਹਰਿ ਹਰਿ ਪ੍ਰਭਿ ਕਿਰਪਾ ਧਾਰੀ ॥੧॥

ਜਿਸ ਮਨੁੱਖ ਉੱਤੇ ਹਰੀ-ਪ੍ਰਭੂ ਨੇ ਮਿਹਰ ਕੀਤੀ, ਉਸ ਦੀਆਂ ਸਾਰੀਆਂ ਆਸਾਂ ਅਤੇ ਮਨ ਦੇ ਫੁਰਨਿਆਂ ਦੇ ਬੰਧਨ ਟੁੱਟ ਗਏ ॥੧॥

ਨੈਨੀ ਹਰਿ ਹਰਿ ਲਾਗੀ ਤਾਰੀ ॥

ਮੇਰੀਆਂ ਅੱਖਾਂ ਦੀ ਤਾਰ ਪ੍ਰਭੂ-ਚਰਨਾਂ ਵਿਚ ਲੱਗੀ ਰਹਿੰਦੀ ਹੈ।

ਸਤਿਗੁਰੁ ਦੇਖਿ ਮੇਰਾ ਮਨੁ ਬਿਗਸਿਓ ਜਨੁ ਹਰਿ ਭੇਟਿਓ ਬਨਵਾਰੀ ॥੧॥ ਰਹਾਉ ॥

ਗੁਰੂ ਨੂੰ ਵੇਖ ਕੇ ਮੇਰਾ ਮਨ ਖਿੜ ਪਿਆ ਹੈ, ਦਾਸ (ਨਾਨਕ ਗੁਰੂ ਦੀ ਕਿਰਪਾ ਨਾਲ ਹੀ) ਬਨਵਾਰੀ-ਪ੍ਰਭੂ ਨੂੰ ਮਿਲਿਆ ਹੈ ॥੧॥ ਰਹਾਉ ॥

ਜਿਨਿ ਐਸਾ ਨਾਮੁ ਵਿਸਾਰਿਆ ਮੇਰਾ ਹਰਿ ਹਰਿ ਤਿਸ ਕੈ ਕੁਲਿ ਲਾਗੀ ਗਾਰੀ ॥

ਜਿਸ ਮਨੁੱਖ ਨੇ ਇਹੋ ਜਿਹਾ ਹਰਿ-ਨਾਮ ਵਿਸਾਰ ਦਿੱਤਾ, ਜਿਸ ਨੇ ਹਰਿ-ਪ੍ਰਭੂ ਦੀ ਯਾਦ ਭੁਲਾ ਦਿੱਤੀ, ਉਸ ਦੀ (ਸਾਰੀ) ਕੁਲ ਹੀ ਗਾਲੀ ਲੱਗਦੀ ਹੈ (ਉਸ ਦੀ ਸਾਰੀ ਕੁਲ ਹੀ ਕਲੰਕਿਤ ਹੋ ਜਾਂਦੀ ਹੈ)।

ਹਰਿ ਤਿਸ ਕੈ ਕੁਲਿ ਪਰਸੂਤਿ ਨ ਕਰੀਅਹੁ ਤਿਸੁ ਬਿਧਵਾ ਕਰਿ ਮਹਤਾਰੀ ॥੨॥

ਹੇ ਹਰੀ! ਉਸ (ਨਾਮ-ਹੀਣ ਬੰਦੇ) ਦੀ ਕੁਲ ਵਿਚ (ਕਿਸੇ ਨੂੰ) ਜਨਮ ਹੀ ਨਾਹ ਦੇਵੀਂ, ਉਸ (ਨਾਮ-ਹੀਣ ਮਨੁੱਖ) ਦੀ ਮਾਂ ਨੂੰ ਹੀ ਵਿਧਵਾ ਕਰ ਦੇਵੇਂ (ਤਾਂ ਚੰਗਾ ਹੈ ਤਾਕਿ ਨਾਮ-ਹੀਣ ਘਰ ਵਿਚ ਕਿਸੇ ਦਾ ਜਨਮ ਹੀ ਨਾਹ ਹੋਵੇ) ॥੨॥

ਹਰਿ ਹਰਿ ਆਨਿ ਮਿਲਾਵਹੁ ਗੁਰੁ ਸਾਧੂ ਜਿਸੁ ਅਹਿਨਿਸਿ ਹਰਿ ਉਰਿ ਧਾਰੀ ॥

ਹੇ ਹਰੀ! (ਮਿਹਰ ਕਰ, ਮੈਨੂੰ ਉਹ) ਸਾਧੂ ਗੁਰੂ ਲਿਆ ਕੇ ਮਿਲਾ ਦੇ, ਜਿਸ ਦੇ ਹਿਰਦੇ ਵਿਚ, ਹੇ ਹਰੀ! ਦਿਨ ਰਾਤ ਤੇਰਾ ਨਾਮ ਵੱਸਿਆ ਰਹਿੰਦਾ ਹੈ।

ਗੁਰਿ ਡੀਠੈ ਗੁਰ ਕਾ ਸਿਖੁ ਬਿਗਸੈ ਜਿਉ ਬਾਰਿਕੁ ਦੇਖਿ ਮਹਤਾਰੀ ॥੩॥

ਜੇ ਗੁਰੂ ਦਾ ਦਰਸ਼ਨ ਹੋ ਜਾਏ, ਤਾਂ ਗੁਰੂ ਦਾ ਸਿੱਖ ਇਉਂ ਖ਼ੁਸ਼ ਹੁੰਦਾ ਹੈ ਜਿਵੇਂ ਬੱਚਾ (ਆਪਣੀ) ਮਾਂ ਨੂੰ ਵੇਖ ਕੇ ॥੩॥

ਧਨ ਪਿਰ ਕਾ ਇਕ ਹੀ ਸੰਗਿ ਵਾਸਾ ਵਿਚਿ ਹਉਮੈ ਭੀਤਿ ਕਰਾਰੀ ॥

ਜੀਵ-ਇਸਤ੍ਰੀ ਅਤੇ ਪ੍ਰਭੂ-ਪਤੀ ਦਾ ਇਕੋ ਹੀ (ਹਿਰਦੇ-) ਥਾਂ ਵਿਚ ਵਸੇਬਾ ਹੈ, ਪਰ (ਦੋਹਾਂ ਦੇ) ਵਿਚ (ਜੀਵ-ਇਸਤ੍ਰੀ ਦੀ) ਹਉਮੈ ਦੀ ਕਰੜੀ ਕੰਧ (ਬਣੀ ਪਈ) ਹੈ।

ਗੁਰਿ ਪੂਰੈ ਹਉਮੈ ਭੀਤਿ ਤੋਰੀ ਜਨ ਨਾਨਕ ਮਿਲੇ ਬਨਵਾਰੀ ॥੪॥੧॥

ਹੇ ਨਾਨਕ! ਪੂਰੇ ਗੁਰੂ ਨੇ ਜਿਨ੍ਹਾਂ ਸੇਵਕਾਂ (ਦੇ ਅੰਦਰੋਂ ਇਹ) ਹਉਮੈ ਦੀ ਕੰਧ ਤੋੜ ਦਿੱਤੀ, ਉਹ ਪਰਮਾਤਮਾ ਨੂੰ ਮਿਲ ਪਏ ॥੪॥੧॥


ਮਲਾਰ ਮਹਲਾ ੪ ॥
ਗੰਗਾ ਜਮੁਨਾ ਗੋਦਾਵਰੀ ਸਰਸੁਤੀ ਤੇ ਕਰਹਿ ਉਦਮੁ ਧੂਰਿ ਸਾਧੂ ਕੀ ਤਾਈ ॥

ਗੰਗਾ, ਜਮਨਾ, ਗੋਦਾਵਰੀ, ਸਰਸ੍ਵਤੀ (ਆਦਿਕ ਪਵਿੱਤਰ ਨਦੀਆਂ) ਇਹ ਸਾਰੀਆਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਹਾਸਲ ਕਰਨ ਲਈ ਜਤਨ ਕਰਦੀਆਂ ਰਹਿੰਦੀਆਂ ਹਨ।

ਕਿਲਵਿਖ ਮੈਲੁ ਭਰੇ ਪਰੇ ਹਮਰੈ ਵਿਚਿ ਹਮਰੀ ਮੈਲੁ ਸਾਧੂ ਕੀ ਧੂਰਿ ਗਵਾਈ ॥੧॥

(ਇਹ ਨਦੀਆਂ ਆਖਦੀਆਂ ਹਨ ਕਿ) (ਅਨੇਕਾਂ) ਵਿਕਾਰਾਂ ਦੀ ਮੈਲ ਨਾਲ ਲਿਬੜੇ ਹੋਏ (ਜੀਵ) (ਸਾਡੇ ਵਿਚ (ਆ ਕੇ) ਚੁੱਭੀਆਂ ਲਾਂਦੇ ਹਨ (ਉਹ ਆਪਣੀ ਮੈਲ ਸਾਨੂੰ ਦੇ ਜਾਂਦੇ ਹਨ) ਸਾਡੀ ਉਹ ਮੈਲ ਸੰਤ-ਜਨਾਂ ਦੇ ਚਰਨਾਂ ਦੀ ਧੂੜ ਦੂਰ ਕਰਦੀ ਹੈ ॥੧॥

ਤੀਰਥਿ ਅਠਸਠਿ ਮਜਨੁ ਨਾਈ ॥

(ਪਰਮਾਤਮਾ ਦੀ) ਸਿਫ਼ਤ-ਸਾਲਾਹ ਦੇ ਤੀਰਥ ਵਿਚ (ਕੀਤਾ ਹੋਇਆ ਆਤਮਕ) ਇਸ਼ਨਾਨ (ਹੀ) ਅਠਾਹਠ ਤੀਰਥਾਂ ਦਾ ਇਸ਼ਨਾਨ ਹੈ।

ਸਤਸੰਗਤਿ ਕੀ ਧੂਰਿ ਪਰੀ ਉਡਿ ਨੇਤ੍ਰੀ ਸਭ ਦੁਰਮਤਿ ਮੈਲੁ ਗਵਾਈ ॥੧॥ ਰਹਾਉ ॥

ਜਿਸ ਮਨੁੱਖ ਦੀਆਂ ਅੱਖਾਂ ਵਿਚ ਸਾਧ ਸੰਗਤ ਦੇ ਚਰਨਾਂ ਦੀ ਧੂੜ ਉੱਡ ਕੇ ਪੈਂਦੀ ਹੈ (ਉਹ ਧੂੜ ਉਸ ਦੇ ਅੰਦਰੋਂ) ਵਿਕਾਰਾਂ ਦੀ ਸਾਰੀ ਮੈਲ ਦੂਰ ਕਰ ਦੇਂਦੀ ਹੈ ॥੧॥ ਰਹਾਉ ॥

ਜਾਹਰਨਵੀ ਤਪੈ ਭਾਗੀਰਥਿ ਆਣੀ ਕੇਦਾਰੁ ਥਾਪਿਓ ਮਹਸਾਈ ॥

ਗੰਗਾ ਨੂੰ ਭਾਗੀਰਥ ਤਪੇ ਨੇ (ਸ੍ਵਰਗਾਂ ਵਿਚੋਂ) ਲਿਆਂਦਾ, ਸ਼ਿਵ ਜੀ ਨੇ ਕੇਦਾਰ ਤੀਰਥ ਅਸਥਾਪਨ ਕੀਤਾ,

ਕਾਂਸੀ ਕ੍ਰਿਸਨੁ ਚਰਾਵਤ ਗਾਊ ਮਿਲਿ ਹਰਿ ਜਨ ਸੋਭਾ ਪਾਈ ॥੨॥

ਕਾਂਸ਼ੀ (ਸ਼ਿਵ ਦੀ ਨਗਰੀ), (ਬਿੰਦ੍ਰਾਬਨ ਜਿੱਥੇ) ਕ੍ਰਿਸ਼ਨ ਗਾਈਆਂ ਚਾਰਦਾ ਰਿਹਾ-ਇਹਨਾਂ ਸਭਨਾਂ ਨੇ ਹਰੀ ਦੇ ਭਗਤਾਂ ਨੂੰ ਮਿਲ ਕੇ ਹੀ ਵਡਿਆਈ ਹਾਸਲ ਕੀਤੀ ਹੋਈ ਹੈ ॥੨॥

ਜਿਤਨੇ ਤੀਰਥ ਦੇਵੀ ਥਾਪੇ ਸਭਿ ਤਿਤਨੇ ਲੋਚਹਿ ਧੂਰਿ ਸਾਧੂ ਕੀ ਤਾਈ ॥

ਦੇਵਤਿਆਂ ਨੇ ਜਿਤਨੇ ਭੀ ਤੀਰਥ ਅਸਥਾਪਨ ਕੀਤੇ ਹੋਏ ਹਨ, ਉਹ ਸਾਰੇ (ਤੀਰਥ) ਸੰਤ ਜਨਾਂ ਦੇ ਚਰਨਾਂ ਦੀ ਧੂੜ ਦੀ ਤਾਂਘ ਕਰਦੇ ਰਹਿੰਦੇ ਹਨ।

ਹਰਿ ਕਾ ਸੰਤੁ ਮਿਲੈ ਗੁਰ ਸਾਧੂ ਲੈ ਤਿਸ ਕੀ ਧੂਰਿ ਮੁਖਿ ਲਾਈ ॥੩॥

ਜਦੋਂ ਉਹਨਾਂ ਨੂੰ ਪਰਮਾਤਮਾ ਦਾ ਸੰਤ ਗੁਰੂ ਸਾਧੂ ਮਿਲਦਾ ਹੈ, ਉਹ ਉਸ ਦੇ ਚਰਨਾਂ ਦੀ ਧੂੜ ਮੱਥੇ ਉੱਤੇ ਲਾਂਦੇ ਹਨ ॥੩॥

ਜਿਤਨੀ ਸ੍ਰਿਸਟਿ ਤੁਮਰੀ ਮੇਰੇ ਸੁਆਮੀ ਸਭ ਤਿਤਨੀ ਲੋਚੈ ਧੂਰਿ ਸਾਧੂ ਕੀ ਤਾਈ ॥

ਹੇ ਮੇਰੇ ਮਾਲਕ-ਪ੍ਰਭੂ! ਤੇਰੀ ਪੈਦਾ ਕੀਤੀ ਹੋਈ ਜਿਤਨੀ ਭੀ ਸ੍ਰਿਸ਼ਟੀ ਹੈ, ਉਹ ਸਾਰੀ ਗੁਰੂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਨ ਲਈ ਤਾਂਘ ਕਰਦੀ ਹੈ।

ਨਾਨਕ ਲਿਲਾਟਿ ਹੋਵੈ ਜਿਸੁ ਲਿਖਿਆ ਤਿਸੁ ਸਾਧੂ ਧੂਰਿ ਦੇ ਹਰਿ ਪਾਰਿ ਲੰਘਾਈ ॥੪॥੨॥

ਹੇ ਨਾਨਕ! (ਆਖ-ਹੇ ਭਾਈ!) ਜਿਸ ਮਨੁੱਖ ਦੇ ਮੱਥੇ ਉੱਤੇ ਲੇਖ ਲਿਖਿਆ ਹੋਵੇ, ਪਰਮਾਤਮਾ ਉਸ ਨੂੰ ਗੁਰੂ-ਸਾਧੂ ਦੇ ਚਰਨਾਂ ਦੀ ਧੂੜ ਦੇ ਕੇ ਉਸ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ ॥੪॥੨॥


ਮਲਾਰ ਮਹਲਾ ੪ ॥
ਤਿਸੁ ਜਨ ਕਉ ਹਰਿ ਮੀਠ ਲਗਾਨਾ ਜਿਸੁ ਹਰਿ ਹਰਿ ਕ੍ਰਿਪਾ ਕਰੈ ॥

ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਕਰਦਾ ਹੈ, ਉਸ ਮਨੁੱਖ ਨੂੰ ਪਰਮਾਤਮਾ (ਦਾ ਨਾਮ) ਪਿਆਰਾ ਲੱਗਦਾ ਹੈ।

ਤਿਸ ਕੀ ਭੂਖ ਦੂਖ ਸਭਿ ਉਤਰੈ ਜੋ ਹਰਿ ਗੁਣ ਹਰਿ ਉਚਰੈ ॥੧॥

ਜਿਹੜਾ ਮਨੁੱਖ ਪ੍ਰਭੂ ਦੇ ਗੁਣ ਉਚਾਰਦਾ ਰਹਿੰਦਾ ਹੈ, ਉਸ ਦੀ (ਮਾਇਆ ਦੀ) ਭੁੱਖ ਦੂਰ ਹੋ ਜਾਂਦੀ ਹੈ, ਉਸ ਦੇ ਸਾਰੇ ਦੁੱਖ (ਦੂਰ ਹੋ ਜਾਂਦੇ ਹਨ) ॥੧॥

ਜਪਿ ਮਨ ਹਰਿ ਹਰਿ ਹਰਿ ਨਿਸਤਰੈ ॥

ਹੇ (ਮੇਰੇ) ਮਨ! ਸਦਾ ਹਰੀ ਦਾ ਨਾਮ ਜਪਿਆ ਕਰ, (ਜਿਹੜਾ ਮਨੁੱਖ ਜਪਦਾ ਹੈ, ਉਹ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।

ਗੁਰ ਕੇ ਬਚਨ ਕਰਨ ਸੁਨਿ ਧਿਆਵੈ ਭਵ ਸਾਗਰੁ ਪਾਰਿ ਪਰੈ ॥੧॥ ਰਹਾਉ ॥

(ਜਿਹੜਾ ਮਨੁੱਖ) ਗੁਰੂ ਦੇ ਬਚਨ ਕੰਨਾਂ ਨਾਲ ਸੁਣ ਕੇ (ਪਰਮਾਤਮਾ ਦਾ ਨਾਮ) ਸਿਮਰਦਾ ਹੈ, ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੧॥ ਰਹਾਉ ॥

ਤਿਸੁ ਜਨ ਕੇ ਹਮ ਹਾਟਿ ਬਿਹਾਝੇ ਜਿਸੁ ਹਰਿ ਹਰਿ ਕ੍ਰਿਪਾ ਕਰੈ ॥

ਜਿਸ ਸੇਵਕ ਉੱਤੇ ਪਰਮਾਤਮਾ ਮਿਹਰ ਕਰਦਾ ਹੈ, ਮੈਂ ਉਸ ਦਾ ਮੁੱਲ ਖ਼ਰੀਦਿਆ ਗ਼ੁਲਾਮ ਹਾਂ।

ਹਰਿ ਜਨ ਕਉ ਮਿਲਿਆਂ ਸੁਖੁ ਪਾਈਐ ਸਭ ਦੁਰਮਤਿ ਮੈਲੁ ਹਰੈ ॥੨॥

ਪਰਮਾਤਮਾ ਦੇ ਸੇਵਕ ਨੂੰ ਮਿਲਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ (ਉਹ ਆਤਮਕ ਆਨੰਦ ਮਨੁੱਖ ਦੇ ਅੰਦਰੋਂ) ਖੋਟੀ ਮੱਤ ਦੀ ਸਾਰੀ ਮੈਲ ਦੂਰ ਕਰ ਦੇਂਦਾ ਹੈ ॥੨॥

ਹਰਿ ਜਨ ਕਉ ਹਰਿ ਭੂਖ ਲਗਾਨੀ ਜਨੁ ਤ੍ਰਿਪਤੈ ਜਾ ਹਰਿ ਗੁਨ ਬਿਚਰੈ ॥

ਪਰਮਾਤਮਾ ਦੇ ਸੇਵਕ ਨੂੰ ਪਰਮਾਤਮਾ (ਦੇ ਨਾਮ) ਦੀ ਭੁੱਖ ਲੱਗੀ ਰਹਿੰਦੀ ਹੈ, ਜਦੋਂ ਉਹ ਪਰਮਾਤਮਾ ਦੇ ਗੁਣ ਮਨ ਵਿਚ ਵਸਾਂਦਾ ਹੈ, ਉਹ ਤ੍ਰਿਪਤ ਹੋ ਜਾਂਦਾ ਹੈ।

ਹਰਿ ਕਾ ਜਨੁ ਹਰਿ ਜਲ ਕਾ ਮੀਨਾ ਹਰਿ ਬਿਸਰਤ ਫੂਟਿ ਮਰੈ ॥੩॥

ਪਰਮਾਤਮਾ ਦਾ ਭਗਤ ਇਉਂ ਹੈ ਜਿਵੇਂ ਪਾਣੀ ਦੀ ਮੱਛੀ ਹੈ (ਪਾਣੀ ਤੋਂ ਵਿਛੁੜ ਕੇ ਮੱਛੀ ਤੜਫ ਕੇ ਮਰ ਜਾਂਦੀ ਹੈ, ਤਿਵੇਂ ਪਰਮਾਤਮਾ ਦਾ ਭਗਤ) ਹਰਿ-ਨਾਮ ਵਿਸਰਿਆਂ ਬਹੁਤ ਦੁਖੀ ਹੁੰਦਾ ਹੈ ॥੩॥

ਜਿਨਿ ਏਹ ਪ੍ਰੀਤਿ ਲਾਈ ਸੋ ਜਾਨੈ ਕੈ ਜਾਨੈ ਜਿਸੁ ਮਨਿ ਧਰੈ ॥

ਜਿਸ (ਪਰਮਾਤਮਾ) ਨੇ (ਆਪਣੇ ਸੇਵਕ ਦੇ ਹਿਰਦੇ ਵਿਚ ਆਪਣਾ) ਪਿਆਰ ਪੈਦਾ ਕੀਤਾ ਹੁੰਦਾ ਹੈ (ਉਸ ਪਿਆਰ ਦੀ ਕਦਰ) ਉਹ (ਆਪ) ਜਾਣਦਾ ਹੈ, ਜਾਂ (ਉਹ ਸੇਵਕ) ਜਾਣਦਾ ਹੈ ਜਿਸ ਦੇ ਮਨ ਵਿਚ (ਪਰਮਾਤਮਾ ਆਪਣਾ ਪਿਆਰ) ਟਿਕਾਂਦਾ ਹੈ।

ਜਨੁ ਨਾਨਕੁ ਹਰਿ ਦੇਖਿ ਸੁਖੁ ਪਾਵੈ ਸਭ ਤਨ ਕੀ ਭੂਖ ਟਰੈ ॥੪॥੩॥

ਦਾਸ ਨਾਨਕ ਉਸ ਪ੍ਰਭੂ ਦਾ ਦਰਸਨ ਕਰ ਕੇ ਆਤਮਕ ਆਨੰਦ ਹਾਸਲ ਕਰਦਾ ਹੈ (ਇਸ ਆਨੰਦ ਦੀ ਬਰਕਤਿ ਨਾਲ ਨਾਨਕ ਦੇ) ਸਰੀਰ ਦੀ ਸਾਰੀ (ਮਾਇਕ) ਭੁੱਖ ਦੂਰ ਹੋ ਜਾਂਦੀ ਹੈ ॥੪॥੩॥


ਮਲਾਰ ਮਹਲਾ ੪ ॥
ਜਿਤਨੇ ਜੀਅ ਜੰਤ ਪ੍ਰਭਿ ਕੀਨੇ ਤਿਤਨੇ ਸਿਰਿ ਕਾਰ ਲਿਖਾਵੈ ॥

ਜਿਤਨੇ ਭੀ ਜੀਵ ਜੰਤੂ ਪ੍ਰਭੂ ਨੇ ਪੈਦਾ ਕੀਤੇ ਹਨ, ਸਾਰੇ ਹੀ (ਐਸੇ ਹਨ ਕਿ) ਹਰੇਕ ਦੇ ਸਿਰ ਉੱਤੇ (ਹਰੇਕ ਦੇ ਕਰਨ ਲਈ) ਕਾਰ ਲਿਖ ਰੱਖੀ ਹੈ।

ਹਰਿ ਜਨ ਕਉ ਹਰਿ ਦੀਨ੍ਰ ਵਡਾਈ ਹਰਿ ਜਨੁ ਹਰਿ ਕਾਰੈ ਲਾਵੈ ॥੧॥

(ਆਪਣੇ) ਭਗਤ ਨੂੰ ਪ੍ਰਭੂ ਨੇ ਇਹ ਵਡਿਆਈ ਬਖ਼ਸ਼ੀ ਹੁੰਦੀ ਹੈ ਕਿ ਪ੍ਰਭੂ ਆਪਣੇ ਭਗਤ ਨੂੰ ਨਾਮ ਸਿਮਰਨ ਦੀ ਕਾਰ ਵਿਚ ਲਾਈ ਰੱਖਦਾ ਹੈ ॥੧॥

ਸਤਿਗੁਰੁ ਹਰਿ ਹਰਿ ਨਾਮੁ ਦ੍ਰਿੜਾਵੈ ॥

ਗੁਰੂ (ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕੀ ਤਰ੍ਹਾਂ ਟਿਕਾ ਦੇਂਦਾ ਹੈ।

ਹਰਿ ਬੋਲਹੁ ਗੁਰ ਕੇ ਸਿਖ ਮੇਰੇ ਭਾਈ ਹਰਿ ਭਉਜਲੁ ਜਗਤੁ ਤਰਾਵੈ ॥੧॥ ਰਹਾਉ ॥

(ਤਾਂ ਤੇ) ਹੇ ਗੁਰੂ ਕੇ ਸਿੱਖੋ! ਹੇ ਮੇਰੇ ਭਾਈਓ! (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਜਪਿਆ ਕਰੋ। ਪਰਮਾਤਮਾ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੧॥ ਰਹਾਉ ॥

ਜੋ ਗੁਰ ਕਉ ਜਨੁ ਪੂਜੇ ਸੇਵੇ ਸੋ ਜਨੁ ਮੇਰੇ ਹਰਿ ਪ੍ਰਭ ਭਾਵੈ ॥

ਜਿਹੜਾ ਮਨੁੱਖ ਗੁਰੂ ਦਾ ਆਦਰ-ਸਤਿਕਾਰ ਕਰਦਾ ਹੈ ਗੁਰੂ ਦੀ ਸਰਨ ਪੈਂਦਾ ਹੈ, ਉਹ ਮਨੁੱਖ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ।

ਹਰਿ ਕੀ ਸੇਵਾ ਸਤਿਗੁਰੁ ਪੂਜਹੁ ਕਰਿ ਕਿਰਪਾ ਆਪਿ ਤਰਾਵੈ ॥੨॥

ਪਰਮਾਤਮਾ ਦੀ ਸੇਵਾ-ਭਗਤੀ ਕਰਿਆ ਕਰੋ, ਗੁਰੂ ਦੀ ਸਰਨ ਪਏ ਰਹੋ (ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ ਉਸ ਨੂੰ ਪ੍ਰਭੂ) ਮਿਹਰ ਕਰ ਕੇ ਆਪ ਪਾਰ ਲੰਘਾ ਲੈਂਦਾ ਹੈ ॥੨॥

ਭਰਮਿ ਭੂਲੇ ਅਗਿਆਨੀ ਅੰਧੁਲੇ ਭ੍ਰਮਿ ਭ੍ਰਮਿ ਫੂਲ ਤੋਰਾਵੈ ॥

(ਗੁਰੂ ਪਰਮੇਸਰ ਨੂੰ ਭੁਲਾ ਕੇ) ਮਨੁੱਖ ਭਟਕ ਭਟਕ ਕੇ (ਮੂਰਤੀ ਆਦਿਕ ਦੀ ਪੂਜਾ ਵਾਸਤੇ) ਫੁੱਲ ਤੋੜਦਾ ਫਿਰਦਾ ਹੈ। (ਅਜਿਹੇ ਮਨੁੱਖ) ਭਟਕਣਾ ਦੇ ਕਾਰਨ ਕੁਹਾਹੇ ਪਏ ਰਹਿੰਦੇ ਹਨ, ਆਤਮਕ ਜੀਵਨ ਵਲੋਂ-ਬੇਸਮਝ ਟਿਕੇ ਰਹਿੰਦੇ ਹਨ, ਉਹਨਾਂ ਨੂੰ ਸਹੀ ਜੀਵਨ-ਰਾਹ ਨਹੀਂ ਦਿੱਸਦਾ।

ਨਿਰਜੀਉ ਪੂਜਹਿ ਮੜਾ ਸਰੇਵਹਿ ਸਭ ਬਿਰਥੀ ਘਾਲ ਗਵਾਵੈ ॥੩॥

(ਉਹ ਅੰਨ੍ਹੇ ਮਨੁੱਖ) ਬੇ-ਜਾਨ (ਮੂਰਤੀਆਂ) ਨੂੰ ਪੂਜਦੇ ਹਨ, ਸਮਾਧਾਂ ਨੂੰ ਮੱਥੇ ਟੇਕਦੇ ਰਹਿੰਦੇ ਹਨ। (ਅਜਿਹਾ ਮਨੁੱਖ ਆਪਣੀ) ਸਾਰੀ ਮਿਹਨਤ ਵਿਅਰਥ ਗਵਾਂਦਾ ਹੈ ॥੩॥

ਬ੍ਰਹਮੁ ਬਿੰਦੇ ਸੋ ਸਤਿਗੁਰੁ ਕਹੀਐ ਹਰਿ ਹਰਿ ਕਥਾ ਸੁਣਾਵੈ ॥

ਗੁਰੂ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ, ਜਗਤ ਉਸ ਨੂੰ ਗੁਰੂ ਆਖਦਾ ਹੈ, ਗੁਰੂ ਜਗਤ ਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਉਪਦੇਸ਼ ਸੁਣਾਂਦਾ ਹੈ।

ਤਿਸੁ ਗੁਰ ਕਉ ਛਾਦਨ ਭੋਜਨ ਪਾਟ ਪਟੰਬਰ ਬਹੁ ਬਿਧਿ ਸਤਿ ਕਰਿ ਮੁਖਿ ਸੰਚਹੁ ਤਿਸੁ ਪੁੰਨ ਕੀ ਫਿਰਿ ਤੋਟਿ ਨ ਆਵੈ ॥੪॥

ਅਜਿਹੇ ਗੁਰੂ ਅੱਗੇ ਕਈ ਕਿਸਮਾਂ ਦੇ ਕੱਪੜੇ, ਖਾਣੇ ਰੇਸ਼ਮੀ ਕੱਪੜੇ ਸਰਧਾ ਨਾਲ ਭੇਟ ਕਰਿਆ ਕਰੋ। ਇਸ ਭਲੇ ਕੰਮ ਦੀ ਟੋਟ ਨਹੀਂ ਆਉਂਦੀ ॥੪॥

ਸਤਿਗੁਰੁ ਦੇਉ ਪਰਤਖਿ ਹਰਿ ਮੂਰਤਿ ਜੋ ਅੰਮ੍ਰਿਤ ਬਚਨ ਸੁਣਾਵੈ ॥

(ਹੇ ਭਾਈ!) ਜਿਹੜਾ ਗੁਰੂ ਆਤਮਕ ਜੀਵਨ ਦੇਣ ਵਾਲੇ (ਸਿਫ਼ਤ-ਸਾਲਾਹ ਦੇ) ਬਚਨ ਸੁਣਾਂਦਾ ਰਹਿੰਦਾ ਹੈ, ਉਹ ਤਾਂ ਸਾਫ਼ ਤੌਰ ਤੇ ਪਰਮਾਤਮਾ ਦਾ ਰੂਪ ਪਿਆ ਦਿੱਸਦਾ ਹੈ।

ਨਾਨਕ ਭਾਗ ਭਲੇ ਤਿਸੁ ਜਨ ਕੇ ਜੋ ਹਰਿ ਚਰਣੀ ਚਿਤੁ ਲਾਵੈ ॥੫॥੪॥

ਹੇ ਨਾਨਕ! ਉਸ ਮਨੁੱਖ ਦੇ ਚੰਗੇ ਭਾਗ ਹੁੰਦੇ ਹਨ ਜਿਹੜਾ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜੀ ਰੱਖਦਾ ਹੈ ॥੫॥੪॥


ਮਲਾਰ ਮਹਲਾ ੪ ॥
ਜਿਨ੍ਰ ਕੈ ਹੀਅਰੈ ਬਸਿਓ ਮੇਰਾ ਸਤਿਗੁਰੁ ਤੇ ਸੰਤ ਭਲੇ ਭਲ ਭਾਂਤਿ ॥

ਜਿਨ੍ਹਾਂ ਦੇ ਹਿਰਦੇ ਵਿਚ ਪਿਆਰਾ ਗੁਰੂ ਵੱਸਿਆ ਰਹਿੰਦਾ ਹੈ, ਉਹ ਮਨੁੱਖ ਪੂਰਨ ਤੌਰ ਤੇ ਭਲੇ ਸੰਤ ਬਣ ਜਾਂਦੇ ਹਨ।

ਤਿਨ੍ਰ ਦੇਖੇ ਮੇਰਾ ਮਨੁ ਬਿਗਸੈ ਹਉ ਤਿਨ ਕੈ ਸਦ ਬਲਿ ਜਾਂਤ ॥੧॥

ਉਹਨਾਂ ਦਾ ਦਰਸਨ ਕਰ ਕੇ ਮੇਰਾ ਮਨ ਖਿੜ ਪੈਂਦਾ ਹੈ, ਮੈਂ ਤਾਂ ਉਹਨਾਂ ਤੋਂ ਸਦਾ ਸਦਕੇ ਜਾਂਦਾ ਹਾਂ ॥੧॥

ਗਿਆਨੀ ਹਰਿ ਬੋਲਹੁ ਦਿਨੁ ਰਾਤਿ ॥

ਹੇ ਗਿਆਨਵਾਨ ਮਨੁੱਖ! ਦਿਨ ਰਾਤ (ਹਰ ਵੇਲੇ) ਪਰਮਾਤਮਾ ਦਾ ਨਾਮ ਜਪਿਆ ਕਰ।

ਤਿਨ੍ਰ ਕੀ ਤ੍ਰਿਸਨਾ ਭੂਖ ਸਭ ਉਤਰੀ ਜੋ ਗੁਰਮਤਿ ਰਾਮ ਰਸੁ ਖਾਂਤਿ ॥੧॥ ਰਹਾਉ ॥

ਜਿਹੜੇ ਮਨੁੱਖ ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦਾ ਨਾਮ-ਰਸ ਖਾਂਦੇ ਹਨ, ਉਹਨਾਂ ਦੀ (ਮਾਇਆ ਵਾਲੀ) ਸਾਰੀ ਤ੍ਰਿਸ਼ਨਾ ਸਾਰੀ ਭੁੱਖ (ਸਾਰੀ ਭੁੱਖ ਤ੍ਰਿਹ) ਦੂਰ ਹੋ ਜਾਂਦੀ ਹੈ ॥੧॥ ਰਹਾਉ ॥

ਹਰਿ ਕੇ ਦਾਸ ਸਾਧ ਸਖਾ ਜਨ ਜਿਨ ਮਿਲਿਆ ਲਹਿ ਜਾਇ ਭਰਾਂਤਿ ॥

ਪਰਮਾਤਮਾ ਦੇ ਭਗਤ-ਜਨ (ਐਸੇ) ਸਾਧ-ਮਿੱਤਰ (ਹਨ), ਜਿਨ੍ਹਾਂ ਦੇ ਮਿਲਿਆਂ (ਮਨ ਦੀ) ਭਟਕਣਾ ਦੂਰ ਹੋ ਜਾਂਦੀ ਹੈ।

ਜਿਉ ਜਲ ਦੁਧ ਭਿੰਨ ਭਿੰਨ ਕਾਢੈ ਚੁਣਿ ਹੰਸੁਲਾ ਤਿਉ ਦੇਹੀ ਤੇ ਚੁਣਿ ਕਾਢੈ ਸਾਧੂ ਹਉਮੈ ਤਾਤਿ ॥੨॥

ਜਿਵੇਂ ਹੰਸ ਪਾਣੀ ਤੇ ਦੁੱਧ ਨੂੰ (ਆਪਣੀ ਚੁੰਝ ਨਾਲ) ਚੁਣ ਕੇ ਵੱਖ-ਵੱਖ ਕਰ ਦੇਂਦਾ ਹੈ, ਤਿਵੇਂ ਸਾਧੂ-ਮਨੁੱਖ ਸਰੀਰ ਵਿਚੋਂ ਹਉਮੈ ਈਰਖਾ ਨੂੰ ਚੁਣ ਕੇ ਬਾਹਰ ਕੱਢ ਦੇਂਦਾ ਹੈ ॥੨॥

ਜਿਨ ਕੈ ਪ੍ਰੀਤਿ ਨਾਹੀ ਹਰਿ ਹਿਰਦੈ ਤੇ ਕਪਟੀ ਨਰ ਨਿਤ ਕਪਟੁ ਕਮਾਂਤਿ ॥

ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਨਹੀਂ (ਵੱਸਦਾ), ਉਹ ਮਨੁੱਖ ਪਖੰਡੀ ਬਣ ਜਾਂਦੇ ਹਨ, ਉਹ (ਮਾਇਆ ਆਦਿਕ ਦੀ ਖ਼ਾਤਰ) ਸਦਾ (ਦੂਜਿਆਂ ਨਾਲ) ਠੱਗੀ ਕਰਦੇ ਹਨ।

ਤਿਨ ਕਉ ਕਿਆ ਕੋਈ ਦੇਇ ਖਵਾਲੈ ਓਇ ਆਪਿ ਬੀਜਿ ਆਪੇ ਹੀ ਖਾਂਤਿ ॥੩॥

ਉਹਨਾਂ ਨੂੰ ਹੋਰ ਕੋਈ ਮਨੁੱਖ (ਆਤਮਕ ਜੀਵਨ ਦੀ ਖ਼ੁਰਾਕ) ਨਾਹ ਦੇ ਸਕਦਾ ਹੈ ਨਾਹ ਖਵਾ ਸਕਦਾ ਹੈ, ਉਹ ਬੰਦੇ (ਠੱਗੀ ਦਾ ਬੀ) ਆਪ ਬੀਜ ਕੇ ਆਪ ਹੀ (ਉਸ ਦਾ ਫਲ ਸਦਾ) ਖਾਂਦੇ ਹਨ ॥੩॥

ਹਰਿ ਕਾ ਚਿਹਨੁ ਸੋਈ ਹਰਿ ਜਨ ਕਾ ਹਰਿ ਆਪੇ ਜਨ ਮਹਿ ਆਪੁ ਰਖਾਂਤਿ ॥

(ਉੱਚੇ ਆਤਮਕ ਜੀਵਨ ਦਾ ਜਿਹੜਾ) ਲੱਛਣ ਪਰਮਾਤਮਾ ਦਾ ਹੁੰਦਾ ਹੈ (ਸਿਮਰਨ ਦੀ ਬਰਕਤਿ ਨਾਲ) ਉਹੀ ਲੱਛਣ ਪਰਮਾਤਮਾ ਦੇ ਭਗਤ ਦਾ ਹੋ ਜਾਂਦਾ ਹੈ। ਪ੍ਰਭੂ ਆਪ ਹੀ ਆਪਣੇ ਆਪ ਨੂੰ ਆਪਣੇ ਸੇਵਕ ਵਿਚ ਟਿਕਾਈ ਰੱਖਦਾ ਹੈ।

ਧਨੁ ਧੰਨੁ ਗੁਰੂ ਨਾਨਕੁ ਸਮਦਰਸੀ ਜਿਨਿ ਨਿੰਦਾ ਉਸਤਤਿ ਤਰੀ ਤਰਾਂਤਿ ॥੪॥੫॥

ਸਭ ਜੀਵਾਂ ਵਿਚ ਇਕੋ ਹਰੀ ਦੀ ਜੋਤਿ ਵੇਖਣ ਵਾਲਾ ਗੁਰੂ ਨਾਨਕ (ਹਰ ਵੇਲੇ) ਸਲਾਹੁਣ-ਜੋਗ ਹੈ, ਜਿਸ ਨੇ ਆਪ ਨਿੰਦਾ ਤੇ ਖ਼ੁਸ਼ਾਮਦ (ਦੀ ਨਦੀ) ਪਾਰ ਕਰ ਲਈ ਹੈ ਅਤੇ ਹੋਰਨਾਂ ਨੂੰ ਇਸ ਵਿਚੋਂ ਪਾਰ ਲੰਘਾ ਦੇਂਦਾ ਹੈ ॥੪॥੫॥


ਮਲਾਰ ਮਹਲਾ ੪ ॥
ਅਗਮੁ ਅਗੋਚਰੁ ਨਾਮੁ ਹਰਿ ਊਤਮੁ ਹਰਿ ਕਿਰਪਾ ਤੇ ਜਪਿ ਲਇਆ ॥

ਪਰਮਾਤਮਾ ਅਪਹੁੰਚ ਹੈ, ਪਰਮਾਤਮਾ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਉਸ ਦਾ ਨਾਮ (ਮਨੁੱਖ ਦੇ ਜੀਵਨ ਨੂੰ) ਉੱਚਾ (ਕਰਨ ਵਾਲਾ) ਹੈ। (ਜਿਸ ਮਨੁੱਖ ਨੇ) ਗੁਰੂ ਦੀ ਕਿਰਪਾ ਨਾਲ (ਇਹ ਨਾਮ) ਜਪਿਆ ਹੈ,

ਸਤਸੰਗਤਿ ਸਾਧ ਪਾਈ ਵਡਭਾਗੀ ਸੰਗਿ ਸਾਧੂ ਪਾਰਿ ਪਇਆ ॥੧॥

(ਜਿਸ ਮਨੁੱਖ ਨੇ) ਵੱਡੇ ਭਾਗਾਂ ਨਾਲ ਗੁਰੂ ਦੀ ਸੰਗਤ ਪ੍ਰਾਪਤ ਕੀਤੀ ਹੈ, ਉਹ ਗੁਰੂ ਦੀ ਸੰਗਤ ਵਿਚ ਰਹਿ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ ਹੈ ॥੧॥

ਮੇਰੈ ਮਨਿ ਅਨਦਿਨੁ ਅਨਦੁ ਭਇਆ ॥

(ਹੁਣ) ਮੇਰੇ ਮਨ ਵਿਚ ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ।

ਗੁਰਪਰਸਾਦਿ ਨਾਮੁ ਹਰਿ ਜਪਿਆ ਮੇਰੇ ਮਨ ਕਾ ਭ੍ਰਮੁ ਭਉ ਗਇਆ ॥੧॥ ਰਹਾਉ ॥

(ਜਦੋਂ ਤੋਂ) ਗੁਰੂ ਦੀ ਕਿਰਪਾ ਨਾਲ ਮੈਂ ਪਰਮਾਤਮਾ ਦਾ ਨਾਮ ਜਪ ਰਿਹਾ ਹਾਂ, ਮੇਰੇ ਮਨ ਦਾ ਹਰੇਕ ਭਰਮ ਅਤੇ ਡਰ ਦੂਰ ਹੋ ਗਿਆ ਹੈ ॥੧॥ ਰਹਾਉ ॥

ਜਿਨ ਹਰਿ ਗਾਇਆ ਜਿਨ ਹਰਿ ਜਪਿਆ ਤਿਨ ਸੰਗਤਿ ਹਰਿ ਮੇਲਹੁ ਕਰਿ ਮਇਆ ॥

ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਹੈ, ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਹੇ ਹਰੀ! ਮਿਹਰ ਕਰ ਕੇ (ਮੈਨੂੰ ਭੀ) ਉਹਨਾਂ ਦੀ ਸੰਗਤ ਮਿਲਾ।

ਤਿਨ ਕਾ ਦਰਸੁ ਦੇਖਿ ਸੁਖੁ ਪਾਇਆ ਦੁਖੁ ਹਉਮੈ ਰੋਗੁ ਗਇਆ ॥੨॥

ਉਹਨਾਂ ਦਾ ਦਰਸਨ ਕਰ ਕੇ ਆਤਮਕ ਆਨੰਦ ਮਿਲਦਾ ਹੈ, ਹਰੇਕ ਦੁੱਖ ਦੂਰ ਹੋ ਜਾਂਦਾ ਹੈ, ਹਉਮੈ ਦਾ ਰੋਗ ਮਿਟ ਜਾਂਦਾ ਹੈ ॥੨॥

ਜੋ ਅਨਦਿਨੁ ਹਿਰਦੈ ਨਾਮੁ ਧਿਆਵਹਿ ਸਭੁ ਜਨਮੁ ਤਿਨਾ ਕਾ ਸਫਲੁ ਭਇਆ ॥

ਜਿਹੜੇ ਮਨੁੱਖ ਹਰ ਵੇਲੇ (ਆਪਣੇ) ਹਿਰਦੇ ਵਿਚ ਪਰਮਾਤਮਾ ਦਾ ਨਾਮ ਜਪਦੇ ਹਨ, ਉਹਨਾਂ ਦੀ ਸਾਰੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ।

ਓਇ ਆਪਿ ਤਰੇ ਸ੍ਰਿਸਟਿ ਸਭ ਤਾਰੀ ਸਭੁ ਕੁਲੁ ਭੀ ਪਾਰਿ ਪਇਆ ॥੩॥

ਉਹ ਮਨੁੱਖ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ, ਉਹ ਸਾਰੀ ਸ੍ਰਿਸ਼ਟੀ ਨੂੰ (ਭੀ) ਪਾਰ ਲੰਘਾ ਲੈਂਦੇ ਹਨ, (ਉਹਨਾਂ ਦੀ ਸੰਗਤ ਵਿਚ ਰਹਿ ਕੇ ਉਹਨਾਂ ਦਾ) ਸਾਰਾ ਖ਼ਾਨਦਾਨ ਭੀ ਪਾਰ ਲੰਘ ਜਾਂਦਾ ਹੈ ॥੩॥

ਤੁਧੁ ਆਪੇ ਆਪਿ ਉਪਾਇਆ ਸਭੁ ਜਗੁ ਤੁਧੁ ਆਪੇ ਵਸਿ ਕਰਿ ਲਇਆ ॥

ਹੇ ਪ੍ਰਭੂ! ਤੂੰ ਆਪ ਹੀ ਇਹ ਸਾਰਾ ਜਗਤ ਪੈਦਾ ਕੀਤਾ ਹੋਇਆ ਹੈ, ਤੂੰ ਆਪ ਹੀ ਇਸ ਨੂੰ ਆਪਣੇ ਵੱਸ ਵਿਚ ਰੱਖਿਆ ਹੈ (ਤੇ ਇਸ ਨੂੰ ਡੁੱਬਣੋਂ ਬਚਾਂਦਾ ਹੈਂ)।

ਜਨ ਨਾਨਕ ਕਉ ਪ੍ਰਭਿ ਕਿਰਪਾ ਧਾਰੀ ਬਿਖੁ ਡੁਬਦਾ ਕਾਢਿ ਲਇਆ ॥੪॥੬॥

ਹੇ ਨਾਨਕ! ਪ੍ਰਭੂ ਨੇ ਜਿਸ ਸੇਵਕ ਉਤੇ ਮਿਹਰ ਕੀਤੀ, ਉਸ ਨੂੰ ਆਤਮਕ ਮੌਤ ਲਿਆਉਣ ਵਾਲੇ (ਮਾਇਆ ਦੇ ਮੋਹ ਦੇ) ਜ਼ਹਰ-ਸਮੁੰਦਰ ਵਿਚ ਡੁੱਬਦੇ ਨੂੰ ਬਾਹਰ ਕੱਢ ਲਿਆ ॥੪॥੬॥


ਮਲਾਰ ਮਹਲਾ ੪ ॥
ਗੁਰਪਰਸਾਦੀ ਅੰਮ੍ਰਿਤੁ ਨਹੀ ਪੀਆ ਤ੍ਰਿਸਨਾ ਭੂਖ ਨ ਜਾਈ ॥

(ਜਿਸ ਮਨੁੱਖ ਨੇ) ਗੁਰੂ ਦੀ ਮਿਹਰ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਕਦੇ) ਨਹੀਂ ਪੀਤਾ, ਉਸ ਦੀ (ਮਾਇਆ ਵਾਲੀ) ਭੁੱਖ ਤ੍ਰਿਹ ਦੂਰ ਨਹੀਂ ਹੁੰਦੀ।

ਮਨਮੁਖ ਮੂੜ੍ਰ ਜਲਤ ਅਹੰਕਾਰੀ ਹਉਮੈ ਵਿਚਿ ਦੁਖੁ ਪਾਈ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ ਅਹੰਕਾਰ ਵਿਚ ਸੜਦਾ ਰਹਿੰਦਾ ਹੈ, ਹਉਮੈ ਵਿਚ ਫਸਿਆ ਹੋਇਆ ਦੁੱਖ ਸਹਾਰਦਾ ਰਹਿੰਦਾ ਹੈ।

ਆਵਤ ਜਾਤ ਬਿਰਥਾ ਜਨਮੁ ਗਵਾਇਆ ਦੁਖਿ ਲਾਗੈ ਪਛੁਤਾਈ ॥

ਜਨਮ ਮਰਨ ਦੇ ਗੇੜ ਵਿਚ ਪਿਆ ਉਹ ਮਨੁੱਖ ਆਪਣਾ ਜੀਵਨ ਵਿਅਰਥ ਗਵਾਂਦਾ ਹੈ, ਦੁਖੀ ਹੁੰਦਾ ਹੈ ਤੇ ਹੱਥ ਮਲਦਾ ਹੈ।

ਜਿਸ ਤੇ ਉਪਜੇ ਤਿਸਹਿ ਨ ਚੇਤਹਿ ਧ੍ਰਿਗੁ ਜੀਵਣੁ ਧ੍ਰਿਗੁ ਖਾਈ ॥੧॥

(ਅਜਿਹੇ ਮਨੁੱਖ) ਜਿਸ (ਪ੍ਰਭੂ) ਤੋਂ ਪੈਦਾ ਹੋਏ ਹਨ ਉਸ ਨੂੰ (ਕਦੇ) ਯਾਦ ਨਹੀਂ ਕਰਦੇ, ਉਹਨਾਂ ਦੀ ਜ਼ਿੰਦਗੀ ਫਿਟਕਾਰ-ਜੋਗ ਰਹਿੰਦੀ ਹੈ, ਉਹਨਾਂ ਦਾ ਖਾਧਾ-ਪੀਤਾ ਭੀ ਉਹਨਾਂ ਵਾਸਤੇ ਫਿਟਕਾਰ ਹੀ ਖੱਟਦਾ ਹੈ ॥੧॥

ਪ੍ਰਾਣੀ ਗੁਰਮੁਖਿ ਨਾਮੁ ਧਿਆਈ ॥

ਹੇ ਪ੍ਰਾਣੀ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰ।

ਹਰਿ ਹਰਿ ਕ੍ਰਿਪਾ ਕਰੇ ਗੁਰੁ ਮੇਲੇ ਹਰਿ ਹਰਿ ਨਾਮਿ ਸਮਾਈ ॥੧॥ ਰਹਾਉ ॥

ਜਿਸ ਮਨੁੱਖ ਉੱਤੇ ਹਰੀ ਕਿਰਪਾ ਕਰਦਾ ਹੈ, ਉਸ ਨੂੰ ਉਹ ਗੁਰੂ ਮਿਲਾਂਦਾ ਹੈ, ਤੇ, ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥

ਮਨਮੁਖ ਜਨਮੁ ਭਇਆ ਹੈ ਬਿਰਥਾ ਆਵਤ ਜਾਤ ਲਜਾਈ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦਾ ਜੀਵਨ ਵਿਅਰਥ ਜਾਂਦਾ ਹੈ, ਜਨਮ ਮਰਨ ਦੇ ਗੇੜ ਵਿਚ ਫਸੇ ਹੋਏ ਹੀ ਉਹ ਸ਼ਰਮ-ਸਾਰ ਹੁੰਦੇ ਰਹਿੰਦੇ ਹਨ।

ਕਾਮਿ ਕ੍ਰੋਧਿ ਡੂਬੇ ਅਭਿਮਾਨੀ ਹਉਮੈ ਵਿਚਿ ਜਲਿ ਜਾਈ ॥

ਉਹ ਮਨੁੱਖ ਕਾਮ ਵਿਚ ਕ੍ਰੋਧ ਵਿਚ ਅਹੰਕਾਰ ਵਿਚ ਹੀ ਡੁੱਬੇ ਰਹਿੰਦੇ ਹਨ। ਹਉਮੈ ਵਿਚ ਫਸਿਆਂ ਦਾ ਆਤਮਕ ਜੀਵਨ ਸੜ (ਕੇ ਸੁਆਹ ਹੋ) ਜਾਂਦਾ ਹੈ।

ਤਿਨ ਸਿਧਿ ਨ ਬੁਧਿ ਭਈ ਮਤਿ ਮਧਿਮ ਲੋਭ ਲਹਰਿ ਦੁਖੁ ਪਾਈ ॥

(ਆਪਣੇ ਮਨ ਦੇ ਪਿੱਛੇ ਤੁਰਨ ਵਾਲੇ) ਉਹਨਾਂ ਮਨੁੱਖਾਂ ਨੂੰ (ਜੀਵਨ ਵਿਚ) ਸਫਲਤਾ ਹਾਸਲ ਨਹੀਂ ਹੁੰਦੀ, (ਸਫਲਤਾ ਵਾਲੀ) ਅਕਲ ਉਹਨਾਂ ਨੂੰ ਨਹੀਂ ਪ੍ਰਾਪਤ ਹੁੰਦੀ, ਉਹਨਾਂ ਦੀ ਮੱਤ ਨੀਵੀਂ ਹੀ ਰਹਿੰਦੀ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਲੋਭ ਦੀਆਂ ਲਹਿਰਾਂ ਵਿਚ (ਫਸਿਆ) ਦੁੱਖ ਪਾਂਦਾ ਹੈ।

ਗੁਰ ਬਿਹੂਨ ਮਹਾ ਦੁਖੁ ਪਾਇਆ ਜਮ ਪਕਰੇ ਬਿਲਲਾਈ ॥੨॥

ਗੁਰੂ ਦੀ ਸਰਨ ਆਉਣ ਤੋਂ ਬਿਨਾ ਮਨਮੁਖ ਮਨੁੱਖ ਬਹੁਤ ਦੁੱਖ ਪਾਂਦਾ ਹੈ, ਜਦੋਂ ਉਸ ਨੂੰ ਜਮ ਆ ਫੜਦੇ ਹਨ ਤਾਂ ਉਹ ਵਿਲਕਦਾ ਹੈ ॥੨॥

ਹਰਿ ਕਾ ਨਾਮੁ ਅਗੋਚਰੁ ਪਾਇਆ ਗੁਰਮੁਖਿ ਸਹਜਿ ਸੁਭਾਈ ॥

ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਆਤਮਕ ਅਡੋਲਤਾ ਵਿਚ (ਟਿੱਕ ਕੇ) ਪ੍ਰੇਮ ਵਿਚ (ਲੀਨ ਹੋ ਕੇ) ਉਸ ਪਰਮਾਤਮਾ ਦਾ ਨਾਮ (-ਖ਼ਜ਼ਾਨਾ) ਹਾਸਲ ਕਰ ਲੈਂਦਾ ਹੈ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ।

ਨਾਮੁ ਨਿਧਾਨੁ ਵਸਿਆ ਘਟ ਅੰਤਰਿ ਰਸਨਾ ਹਰਿ ਗੁਣ ਗਾਈ ॥

ਉਸ ਮਨੁੱਖ ਦੇ ਹਿਰਦੇ ਵਿਚ ਨਾਮ-ਖ਼ਜ਼ਾਨਾ ਆ ਵੱਸਦਾ ਹੈ, ਉਹ ਮਨੁੱਖ (ਆਪਣੀ) ਜੀਭ ਨਾਲ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ।

ਸਦਾ ਅਨੰਦਿ ਰਹੈ ਦਿਨੁ ਰਾਤੀ ਏਕ ਸਬਦਿ ਲਿਵ ਲਾਈ ॥

ਇਕ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਸੁਰਤ ਜੋੜ ਕੇ ਉਹ ਮਨੁੱਖ ਦਿਨ ਰਾਤ ਸਦਾ ਆਨੰਦ ਵਿਚ ਰਹਿੰਦਾ ਹੈ।

ਨਾਮੁ ਪਦਾਰਥੁ ਸਹਜੇ ਪਾਇਆ ਇਹ ਸਤਿਗੁਰ ਕੀ ਵਡਿਆਈ ॥੩॥

ਆਤਮਕ ਅਡੋਲਤਾ ਦੀ ਰਾਹੀਂ ਉਹ ਮਨੁੱਖ ਕੀਮਤੀ ਹਰਿ-ਨਾਮ ਪ੍ਰਾਪਤ ਕਰ ਲੈਂਦਾ ਹੈ। ਇਹ ਸਾਰੀ ਗੁਰੂ ਦੀ ਹੀ ਬਰਕਤਿ ਹੈ ॥੩॥

ਸਤਿਗੁਰ ਤੇ ਹਰਿ ਹਰਿ ਮਨਿ ਵਸਿਆ ਸਤਿਗੁਰ ਕਉ ਸਦ ਬਲਿ ਜਾਈ ॥

ਮੈਂ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾਂ, ਗੁਰੂ ਦੀ ਰਾਹੀਂ ਹੀ ਪਰਮਾਤਮਾ (ਦਾ ਨਾਮ ਮੇਰੇ) ਮਨ ਵਿਚ ਆ ਵੱਸਿਆ ਹੈ।

ਮਨੁ ਤਨੁ ਅਰਪਿ ਰਖਉ ਸਭੁ ਆਗੈ ਗੁਰ ਚਰਣੀ ਚਿਤੁ ਲਾਈ ॥

ਮੈਂ ਆਪਣਾ ਮਨ ਆਪਣਾ ਤਨ ਸਭ ਕੁਝ ਗੁਰੂ ਦੇ ਅੱਗੇ ਭੇਟਾ ਰੱਖਦਾ ਹਾਂ, ਮੈਂ ਗੁਰੂ ਦੇ ਚਰਨਾਂ ਵਿਚ ਆਪਣਾ ਚਿੱਤ ਜੋੜੀ ਰੱਖਦਾ ਹਾਂ।

ਅਪਣੀ ਕ੍ਰਿਪਾ ਕਰਹੁ ਗੁਰ ਪੂਰੇ ਆਪੇ ਲੈਹੁ ਮਿਲਾਈ ॥

ਹੇ ਨਾਨਕ! ਹੇ ਪੂਰੇ ਗੁਰੂ! (ਮੇਰੇ ਉਤੇ) ਆਪਣੀ ਮਿਹਰ ਕਰੋ, ਮੈਨੂੰ ਆਪ ਹੀ (ਆਪਣੇ ਚਰਨਾਂ ਵਿਚ) ਮਿਲਾਈ ਰੱਖ।

ਹਮ ਲੋਹ ਗੁਰ ਨਾਵ ਬੋਹਿਥਾ ਨਾਨਕ ਪਾਰਿ ਲੰਘਾਈ ॥੪॥੭॥

ਅਸੀਂ ਜੀਵ (ਵਿਕਾਰਾਂ ਨਾਲ ਭਾਰੇ ਹੋ ਚੁਕੇ) ਲੋਹਾ ਹਾਂ, ਗੁਰੂ ਬੇੜੀ ਹੈ ਗੁਰੂ ਜਹਾਜ਼ ਹੈ ਜੋ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ ॥੪॥੭॥


ਮਲਾਰ ਮਹਲਾ ੪ ਪੜਤਾਲ ਘਰੁ ੩ ॥

ਰਾਗ ਮਲਾਰ, ਘਰ ੩ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ‘ਪੜਤਾਲ’।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਹਰਿ ਜਨ ਬੋਲਤ ਸ੍ਰੀਰਾਮ ਨਾਮਾ ਮਿਲਿ ਸਾਧਸੰਗਤਿ ਹਰਿ ਤੋਰ ॥੧॥ ਰਹਾਉ ॥

ਹੇ ਹਰੀ! ਤੇਰੇ ਭਗਤ ਤੇਰੀ ਸਾਧ ਸੰਗਤ ਵਿਚ ਮਿਲ ਕੇ ਤੇਰਾ ਨਾਮ ਜਪਦੇ ਹਨ ॥੧॥ ਰਹਾਉ ॥

ਹਰਿ ਧਨੁ ਬਨਜਹੁ ਹਰਿ ਧਨੁ ਸੰਚਹੁ ਜਿਸੁ ਲਾਗਤ ਹੈ ਨਹੀ ਚੋਰ ॥੧॥

(ਤੁਸੀਂ ਭੀ ਸਾਧ ਸੰਗਤ ਵਿਚ) ਪਰਮਾਤਮਾ ਦਾ ਨਾਮ-ਧਨ ਵਣਜੋ, ਪ੍ਰਭੂ ਦਾ ਨਾਮ-ਧਨ ਇਕੱਠਾ ਕਰੋ, (ਇਹ ਧਨ ਐਸਾ ਹੈ) ਕਿ ਇਸ ਨੂੰ ਚੋਰ ਚੁਰਾ ਨਹੀਂ ਸਕਦੇ ॥੧॥

ਚਾਤ੍ਰਿਕ ਮੋਰ ਬੋਲਤ ਦਿਨੁ ਰਾਤੀ ਸੁਨਿ ਘਨਿਹਰ ਕੀ ਘੋਰ ॥੨॥

(ਜਿਵੇਂ) ਪਪੀਹੇ ਤੇ ਮੋਰ ਬੱਦਲਾਂ ਦੀ ਗੜਗੱਜ ਸੁਣ ਕੇ ਦਿਨ ਰਾਤ ਬੋਲਦੇ ਹਨ, (ਤਿਵੇਂ ਤੁਸੀਂ ਭੀ ਸਾਧ ਸੰਗਤ ਵਿਚ ਮਿਲ ਕੇ ਹਰੀ ਦਾ ਨਾਮ ਜਪਿਆ ਕਰੋ) ॥੨॥

ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੁ ਬਿਨੁ ਹਰਿ ਜਾਪਤ ਹੈ ਨਹੀ ਹੋਰ ॥੩॥

(ਉਹ ਪਰਮਾਤਮਾ ਐਸਾ ਹੈ ਕਿ) ਪਸ਼ੂ ਪੰਛੀ ਮੱਛੀਆਂ ਆਦਿਕ (ਧਰਤੀ ਉਤੇ ਤੁਰਨ ਫਿਰਨ ਵਾਲੇ, ਪਾਣੀ ਵਿਚ ਰਹਿਣ ਵਾਲੇ, ਆਕਾਸ਼ ਵਿਚ ਉੱਡਣ ਵਾਲੇ ਸਾਰੇ ਹੀ) ਜੋ ਬੋਲਦੇ ਹਨ, ਪਰਮਾਤਮਾ (ਦੀ ਦਿੱਤੀ ਸੱਤਿਆ) ਤੋਂ ਬਿਨਾ (ਕਿਸੇ) ਹੋਰ (ਦੀ ਸੱਤਿਆ ਨਾਲ) ਨਹੀਂ ਬੋਲਦੇ ॥੩॥

ਨਾਨਕ ਜਨ ਹਰਿ ਕੀਰਤਿ ਗਾਈ ਛੂਟਿ ਗਇਓ ਜਮ ਕਾ ਸਭ ਸੋਰ ॥੪॥੧॥੮॥

ਹੇ ਨਾਨਕ! ਜਿਨ੍ਹਾਂ ਭੀ ਹਰਿ-ਸੇਵਕਾਂ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ, (ਉਹਨਾਂ ਵਾਸਤੇ) ਜਮਦੂਤਾਂ ਦਾ ਸਾਰਾ ਰੌਲਾ ਮੁੱਕ ਗਿਆ (ਉਹਨਾਂ ਨੂੰ ਜਮਦੂਤਾਂ ਦਾ ਕੋਈ ਡਰ ਨਾਹ ਰਹਿ ਗਿਆ) ॥੪॥੧॥੮॥


ਮਲਾਰ ਮਹਲਾ ੪ ॥
ਰਾਮ ਰਾਮ ਬੋਲਿ ਬੋਲਿ ਖੋਜਤੇ ਬਡਭਾਗੀ ॥

ਪਰਮਾਤਮਾ ਦਾ ਨਾਮ ਸਦਾ ਉਚਾਰਿਆ ਕਰ। ਵੱਡੇ ਭਾਗਾਂ ਵਾਲੇ ਹਨ ਉਹ ਮਨੁੱਖ ਜੋ (ਪਰਮਾਤਮਾ ਦਾ ਦਰਸਨ ਕਰਨ ਲਈ) ਭਾਲ ਕਰਦੇ ਹਨ।

ਹਰਿ ਕਾ ਪੰਥੁ ਕੋਊ ਬਤਾਵੈ ਹਉ ਤਾ ਕੈ ਪਾਇ ਲਾਗੀ ॥੧॥ ਰਹਾਉ ॥

ਮੈਂ (ਤਾਂ) ਉਸ ਮਨੁੱਖ ਦੇ ਚਰਨੀਂ ਲੱਗਦਾ ਹਾਂ ਜਿਹੜਾ ਮੈਨੂੰ ਪਰਮਾਤਮਾ ਦਾ ਰਾਹ ਦੱਸ ਦੇਵੇ ॥੧॥ ਰਹਾਉ ॥

ਹਰਿ ਹਮਾਰੋ ਮੀਤੁ ਸਖਾਈ ਹਮ ਹਰਿ ਸਿਉ ਪ੍ਰੀਤਿ ਲਾਗੀ ॥

ਪਰਮਾਤਮਾ ਹੀ ਮੇਰਾ ਮਿੱਤਰ ਹੈ ਮੇਰਾ ਮਦਦਗਾਰ ਹੈ, ਪਰਮਾਤਮਾ ਨਾਲ (ਹੀ) ਮੇਰਾ ਪਿਆਰ ਬਣਿਆ ਹੋਇਆ ਹੈ।

ਹਰਿ ਹਮ ਗਾਵਹਿ ਹਰਿ ਹਮ ਬੋਲਹਿ ਅਉਰੁ ਦੁਤੀਆ ਪ੍ਰੀਤਿ ਹਮ ਤਿਆਗੀ ॥੧॥

ਮੈਂ ਪਰਮਾਤਮਾ ਦੀ ਹੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹਾਂ, ਮੈਂ ਪਰਮਾਤਮਾ ਦਾ ਹੀ ਨਾਮ ਜਪਦਾ ਹਾਂ। ਪ੍ਰਭੂ ਤੋਂ ਬਿਨਾ ਕਿਸੇ ਹੋਰ ਦਾ ਪਿਆਰ ਮੈਂ ਛੱਡ ਦਿੱਤਾ ਹੋਇਆ ਹੈ ॥੧॥

ਮਨਮੋਹਨ ਮੋਰੋ ਪ੍ਰੀਤਮ ਰਾਮੁ ਹਰਿ ਪਰਮਾਨੰਦੁ ਬੈਰਾਗੀ ॥

ਸਭ ਦੇ ਮਨ ਨੂੰ ਮੋਹ ਲੈਣ ਵਾਲਾ ਪਰਮਾਤਮਾ ਹੀ ਮੇਰਾ ਪ੍ਰੀਤਮ ਹੈ। ਉਹ ਪਰਮਾਤਮਾ ਸਭ ਤੋਂ ਉੱਚੇ ਆਨੰਦ ਦਾ ਮਾਲਕ ਹੈ, ਮਾਇਆ ਦੇ ਪ੍ਰਭਾਵ ਤੋਂ ਉੱਚਾ ਰਹਿਣ ਵਾਲਾ ਹੈ।

ਹਰਿ ਦੇਖੇ ਜੀਵਤ ਹੈ ਨਾਨਕੁ ਇਕ ਨਿਮਖ ਪਲੋ ਮੁਖਿ ਲਾਗੀ ॥੨॥੨॥੯॥੯॥੧੩॥੯॥੩੧॥

ਜੇ ਉਸ ਪਰਮਾਤਮਾ ਦਾ ਦਰਸ਼ਨ ਅੱਖ ਝਮਕਣ ਜਿਤਨੇ ਸਮੇ ਲਈ ਹੋ ਜਾਏ, ਇਕ ਪਲ ਭਰ ਲਈ ਹੋ ਜਾਏ, ਤਾਂ ਨਾਨਕ ਉਸ ਦਾ ਦਰਸ਼ਨ ਕਰ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ॥੨॥੨॥੯॥੯॥੧੩॥੯॥੩੧॥


ਰਾਗੁ ਮਲਾਰ ਮਹਲਾ ੫ ਚਉਪਦੇ ਘਰੁ ੧ ॥

ਰਾਗ ਮਲਾਰ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਕਿਆ ਤੂ ਸੋਚਹਿ ਕਿਆ ਤੂ ਚਿਤਵਹਿ ਕਿਆ ਤੂੰ ਕਰਹਿ ਉਪਾਏ ॥

(ਪਰਮਾਤਮਾ ਦੀ ਸਰਨ ਛੱਡ ਕੇ) ਤੂੰ ਹੋਰ ਕੀਹ ਸੋਚਾਂ ਸੋਚਦਾਂ ਹੈਂ? ਤੂੰ ਹੋਰ ਕੀਹ ਉਪਾਵ ਚਿਤਵਦਾ ਹੈਂ? ਤੂੰ ਹੋਰ ਕਿਹੜੇ ਹੀਲੇ ਕਰਦਾ ਹੈਂ?

ਤਾ ਕਉ ਕਹਹੁ ਪਰਵਾਹ ਕਾਹੂ ਕੀ ਜਿਹ ਗੋਪਾਲ ਸਹਾਏ ॥੧॥

(ਵੇਖ) ਜਿਸ (ਮਨੁੱਖ) ਦਾ ਸਹਾਈ ਪਰਮਾਤਮਾ ਆਪ ਬਣਦਾ ਹੈ ਉਸ ਨੂੰ, ਦੱਸ, ਕਿਸ ਦੀ ਪਰਵਾਹ ਰਹਿ ਜਾਂਦੀ ਹੈ? ॥੧॥

ਬਰਸੈ ਮੇਘੁ ਸਖੀ ਘਰਿ ਪਾਹੁਨ ਆਏ ॥

ਹੇ ਸਹੇਲੀ! (ਮੇਰੇ ਹਿਰਦੇ-) ਘਰ ਵਿਚ ਪ੍ਰਭੂ-ਪਤੀ ਜੀ ਟਿਕੇ ਹਨ (ਮੇਰੇ ਅੰਦਰੋਂ ਤਪਸ਼ ਮਿੱਟ ਗਈ ਹੈ, ਇਉਂ ਜਾਪਦਾ ਹੈ ਜਿਵੇਂ ਮੇਰੇ ਅੰਦਰ ਉਸ ਦੀ ਮਿਹਰ ਦਾ) ਬੱਦਲ ਵੱਸ ਰਿਹਾ ਹੈ।

ਮੋਹਿ ਦੀਨ ਕ੍ਰਿਪਾ ਨਿਧਿ ਠਾਕੁਰ ਨਵ ਨਿਧਿ ਨਾਮਿ ਸਮਾਏ ॥੧॥ ਰਹਾਉ ॥

ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਹੇ ਮਾਲਕ-ਪ੍ਰਭੂ! ਮੈਨੂੰ ਕੰਗਾਲ ਨੂੰ ਆਪਣੇ ਨਾਮ ਵਿਚ ਲੀਨ ਕਰੀ ਰੱਖ (ਇਹ ਨਾਮ ਹੀ ਮੇਰੇ ਵਾਸਤੇ) ਨੌ ਖ਼ਜ਼ਾਨੇ ਹੈ ॥੧॥ ਰਹਾਉ ॥

ਅਨਿਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸਟਾਏ ॥

ਜਿਵੇਂ ਕੋਈ ਇਸਤ੍ਰੀ ਆਪਣੇ ਪਤੀ ਵਾਸਤੇ ਅਨੇਕਾਂ ਕਿਸਮਾਂ ਦੇ ਮਿੱਠੇ ਸੁਆਦਲੇ ਖਾਣੇ ਤਿਆਰ ਕਰਦੀ ਹੈ, ਬੜੀ ਸੁੱਚ ਨਾਲ ਰਸੋਈ ਸੁਥਰੀ ਬਣਾਂਦੀ ਹੈ,

ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ ॥੨॥

ਹੇ ਮੇਰੇ ਪ੍ਰਭੂ-ਪਾਤਿਸ਼ਾਹ! (ਤੇਰੇ ਪਿਆਰ ਵਿਚ ਮੈਂ ਆਪਣੇ ਹਿਰਦੇ ਦੀ ਰਸੋਈ ਨੂੰ ਤਿਆਰ ਕੀਤਾ ਹੈ, ਮਿਹਰ ਕਰ, ਤੇ ਇਸ ਨੂੰ) ਹੁਣ ਪਰਵਾਨ ਕਰ ॥੨॥

ਦੁਸਟ ਬਿਦਾਰੇ ਸਾਜਨ ਰਹਸੇ ਇਹਿ ਮੰਦਿਰ ਘਰ ਅਪਨਾਏ ॥

ਹੇ ਸਖੀ! ਇਹਨਾਂ (ਸਰੀਰ) ਘਰਾਂ-ਮੰਦਰਾਂ ਨੂੰ (ਜਦੋਂ ਪ੍ਰਭੂ-ਪਤੀ) ਅਪਣਾਂਦਾ ਹੈ (ਇਹਨਾਂ ਵਿਚ ਆਪਣਾ ਪਰਕਾਸ਼ ਕਰਦਾ ਹੈ, ਤਦੋਂ ਇਹਨਾਂ ਵਿਚੋਂ ਕਾਮਾਦਿਕ) ਦੁਸ਼ਟ ਨਾਸ ਹੋ ਜਾਂਦੇ ਹਨ (ਅਤੇ ਦੈਵੀ ਗੁਣ) ਸੱਜਣ ਪ੍ਰਫੁਲਤ ਹੋ ਜਾਂਦੇ ਹਨ।

ਜਉ ਗ੍ਰਿਹਿ ਲਾਲੁ ਰੰਗੀਓ ਆਇਆ ਤਉ ਮੈ ਸਭਿ ਸੁਖ ਪਾਏ ॥੩॥

ਹੇ ਸਖੀ! ਜਦੋਂ ਤੋਂ ਮੇਰੇ ਹਿਰਦੇ-ਘਰ ਵਿਚ ਸੋਹਣਾ ਲਾਲ (ਪ੍ਰਭੂ) ਆ ਵੱਸਿਆ ਹੈ, ਤਦੋਂ ਤੋਂ ਮੈਂ ਸਾਰੇ ਸੁਖ ਹਾਸਲ ਕਰ ਲਏ ਹਨ ॥੩॥

ਸੰਤ ਸਭਾ ਓਟ ਗੁਰ ਪੂਰੇ ਧੁਰਿ ਮਸਤਕਿ ਲੇਖੁ ਲਿਖਾਏ ॥

ਧੁਰ ਦਰਗਾਹ ਤੋਂ ਜਿਸ ਜੀਵ ਦੇ ਮੱਥੇ ਉੱਤੇ ਸਾਧ ਸੰਗਤ ਵਿਚ ਪੂਰੇ ਗੁਰੂ ਦੀ ਓਟ ਦਾ ਲੇਖ ਲਿਖਿਆ ਹੁੰਦਾ ਹੈ,

ਜਨ ਨਾਨਕ ਕੰਤੁ ਰੰਗੀਲਾ ਪਾਇਆ ਫਿਰਿ ਦੂਖੁ ਨ ਲਾਗੈ ਆਏ ॥੪॥੧॥

ਹੇ ਦਾਸ ਨਾਨਕ! ਉਸ ਨੂੰ ਸੋਹਣਾ ਪ੍ਰਭੂ-ਪਤੀ ਮਿਲ ਪੈਂਦਾ ਹੈ, ਉਸ ਨੂੰ ਫਿਰ ਕੋਈ ਦੁੱਖ ਪੋਹ ਨਹੀਂ ਸਕਦਾ ॥੪॥੧॥


ਮਲਾਰ ਮਹਲਾ ੫ ॥
ਖੀਰ ਅਧਾਰਿ ਬਾਰਿਕੁ ਜਬ ਹੋਤਾ ਬਿਨੁ ਖੀਰੈ ਰਹਨੁ ਨ ਜਾਈ ॥

ਜਦੋਂ (ਕੋਈ) ਬੱਚਾ ਦੁੱਧ ਦੇ ਆਸਰੇ ਹੀ ਹੁੰਦਾ ਹੈ (ਤਦੋਂ ਉਹ) ਦੁੱਧ ਤੋਂ ਬਿਨਾ ਨਹੀਂ ਰਹਿ ਸਕਦਾ।

ਸਾਰਿ ਸਮਾਲਿ੍ ਮਾਤਾ ਮੁਖਿ ਨੀਰੈ ਤਬ ਓਹੁ ਤ੍ਰਿਪਤਿ ਅਘਾਈ ॥੧॥

(ਜਦੋਂ ਉਸ ਦੀ) ਮਾਂ (ਉਸ ਦੀ) ਸਾਰ ਲੈ ਕੇ (ਉਸ ਦੀ) ਸੰਭਾਲ ਕਰ ਕੇ (ਉਸ ਦੇ) ਮੂੰਹ ਵਿਚ ਆਪਣਾ ਥਣ ਪਾਂਦੀ ਹੈ, ਤਦੋਂ ਉਹ (ਦੁੱਧ ਨਾਲ) ਚੰਗੀ ਤਰ੍ਹਾਂ ਰੱਜ ਜਾਂਦਾ ਹੈ ॥੧॥

ਹਮ ਬਾਰਿਕ ਪਿਤਾ ਪ੍ਰਭੁ ਦਾਤਾ ॥

ਦਾਤਾਰ ਪ੍ਰਭੂ (ਸਾਡਾ) ਪਿਤਾ ਹੈ, ਅਸੀਂ (ਜੀਵ ਉਸ ਦੇ) ਬੱਚੇ ਹਾਂ।

ਭੂਲਹਿ ਬਾਰਿਕ ਅਨਿਕ ਲਖ ਬਰੀਆ ਅਨ ਠਉਰ ਨਾਹੀ ਜਹ ਜਾਤਾ ॥੧॥ ਰਹਾਉ ॥

ਬੱਚੇ ਅਨੇਕਾਂ ਵਾਰੀ ਲੱਖਾਂ ਵਾਰੀ ਭੁੱਲਾਂ ਕਰਦੇ ਹਨ (ਪਿਤਾ-ਪ੍ਰਭੂ ਤੋਂ ਬਿਨਾ ਉਹਨਾਂ ਦਾ ਕੋਈ) ਹੋਰ ਥਾਂ ਨਹੀਂ, ਜਿਥੇ ਉਹ ਜਾ ਸਕਣ ॥੧॥ ਰਹਾਉ ॥

ਚੰਚਲ ਮਤਿ ਬਾਰਿਕ ਬਪੁਰੇ ਕੀ ਸਰਪ ਅਗਨਿ ਕਰ ਮੇਲੈ ॥

ਵਿਚਾਰੇ ਬੱਚੇ ਦੀ ਅਕਲ ਹੋਛੀ ਹੁੰਦੀ ਹੈ, ਉਹ (ਜਦੋਂ ਮਾਂ ਪਿਉ ਤੋਂ ਪਰੇ ਹੁੰਦਾ ਹੈ ਤਦੋਂ) ਸੱਪ ਨੂੰ ਹੱਥ ਪਾਂਦਾ ਹੈ, ਅੱਗ ਨੂੰ ਹੱਥ ਪਾਂਦਾ ਹੈ (ਤੇ, ਦੁਖੀ ਹੁੰਦਾ ਹੈ)।

ਮਾਤਾ ਪਿਤਾ ਕੰਠਿ ਲਾਇ ਰਾਖੈ ਅਨਦ ਸਹਜਿ ਤਬ ਖੇਲੈ ॥੨॥

(ਪਰ ਜਦੋਂ ਉਸ ਨੂੰ) ਮਾਂ ਗਲ ਨਾਲ ਲਾ ਕੇ ਰੱਖਦੀ ਹੈ ਪਿਉ ਗਲ ਨਾਲ ਲਾ ਕੇ ਰੱਖਦਾ ਹੈ (ਭਾਵ, ਜਦੋਂ ਉਸ ਦੇ ਮਾਪੇ ਉਸ ਦਾ ਧਿਆਨ ਰੱਖਦੇ ਹਨ) ਤਦੋਂ ਉਹ ਅਨੰਦ ਨਾਲ ਬੇ-ਫ਼ਿਕਰੀ ਨਾਲ ਖੇਡਦਾ ਹੈ ॥੨॥

ਜਿਸ ਕਾ ਪਿਤਾ ਤੂ ਹੈ ਮੇਰੇ ਸੁਆਮੀ ਤਿਸੁ ਬਾਰਿਕ ਭੂਖ ਕੈਸੀ ॥

ਹੇ ਮੇਰੇ ਮਾਲਕ-ਪ੍ਰਭੂ! ਜਿਸ (ਬੱਚੇ) ਦਾ ਤੂੰ ਪਿਤਾ (ਵਾਂਗ ਰਾਖਾ) ਹੈਂ, ਉਸ ਬੱਚੇ ਨੂੰ ਕੋਈ (ਮਾਇਕ) ਭੁੱਖ ਨਹੀਂ ਰਹਿ ਜਾਂਦੀ।

ਨਵ ਨਿਧਿ ਨਾਮੁ ਨਿਧਾਨੁ ਗ੍ਰਿਹਿ ਤੇਰੈ ਮਨਿ ਬਾਂਛੈ ਸੋ ਲੈਸੀ ॥੩॥

ਤੇਰੇ ਘਰ ਵਿਚ ਤੇਰਾ ਨਾਮ-ਖ਼ਜ਼ਾਨਾ ਹੈ (ਇਹੀ ਹੈ) ਨੌ ਖ਼ਜ਼ਾਨੇ। ਉਹ ਜੋ ਕੁਝ ਆਪਣੇ ਮਨ ਵਿਚ (ਤੈਥੋਂ) ਮੰਗਦਾ ਹੈ, ਉਹ ਕੁਝ ਹਾਸਲ ਕਰ ਲੈਂਦਾ ਹੈ ॥੩॥

ਪਿਤਾ ਕ੍ਰਿਪਾਲਿ ਆਗਿਆ ਇਹ ਦੀਨੀ ਬਾਰਿਕੁ ਮੁਖਿ ਮਾਂਗੈ ਸੋ ਦੇਨਾ ॥

ਕਿਰਪਾਲ ਪਿਤਾ-ਪ੍ਰਭੂ ਨੇ ਇਹ ਹੁਕਮ ਦੇ ਰੱਖਿਆ ਹੈ, ਕਿ ਬਾਲਕ ਜੋ ਕੁਝ ਮੰਗਦਾ ਹੈ ਉਹ ਉਸ ਨੂੰ ਦੇ ਦੇਣਾ ਹੈ।

ਨਾਨਕ ਬਾਰਿਕੁ ਦਰਸੁ ਪ੍ਰਭ ਚਾਹੈ ਮੋਹਿ ਹ੍ਰਿਦੈ ਬਸਹਿ ਨਿਤ ਚਰਨਾ ॥੪॥੨॥

ਹੇ ਪ੍ਰਭੂ! ਤੇਰਾ ਬੱਚਾ ਨਾਨਕ ਤੇਰਾ ਦਰਸਨ ਚਾਹੁੰਦਾ ਹੈ (ਤੇ, ਆਖਦਾ ਹੈ ਕਿ ਹੇ ਪ੍ਰਭੂ!) ਤੇਰੇ ਚਰਨ ਮੇਰੇ ਹਿਰਦੇ ਵਿਚ ਵੱਸਦੇ ਰਹਿਣ ॥੪॥੨॥

1
2
3
4