ਰਾਗ ਮਲਾਰ – ਬਾਣੀ ਸ਼ਬਦ-Part 4 – Raag Malar – Bani

ਰਾਗ ਮਲਾਰ – ਬਾਣੀ ਸ਼ਬਦ-Part 4 – Raag Malar – Bani

ਮ : ੨ ॥
ਨਾਨਕ ਦੁਨੀਆ ਕੀਆਂ ਵਡਿਆਈਆਂ ਅਗੀ ਸੇਤੀ ਜਾਲਿ ॥

ਹੇ ਨਾਨਕ! ਦੁਨੀਆ ਦੀਆਂ ਵਡਿਆਈਆਂ ਨੂੰ ਅੱਗ ਨਾਲ ਸਾੜ ਦੇਹ।

ਏਨੀ ਜਲੀਈਂ ਨਾਮੁ ਵਿਸਾਰਿਆ ਇਕ ਨ ਚਲੀਆ ਨਾਲਿ ॥੨॥

ਇਹਨਾਂ ਚੰਦਰੀਆਂ ਨੇ (ਮਨੁੱਖ ਤੋਂ) ਪ੍ਰਭੂ ਦਾ ਨਾਮ ਭੁਲਵਾ ਦਿੱਤਾ ਹੈ (ਪਰ ਇਹਨਾਂ ਵਿਚੋਂ) ਇੱਕ ਭੀ (ਮਰਨ ਪਿਛੋਂ) ਨਾਲ ਨਹੀਂ ਜਾਂਦੀ ॥੨॥


ਪਉੜੀ ॥
ਸਿਰਿ ਸਿਰਿ ਹੋਇ ਨਿਬੇੜੁ ਹੁਕਮਿ ਚਲਾਇਆ ॥

(ਹੇ ਪ੍ਰਭੂ! ਸਾਰੇ ਜਗਤ ਨੂੰ ਤੂੰ) ਆਪਣੇ ਹੁਕਮ ਵਿਚ ਤੋਰ ਰਿਹਾ ਹੈਂ (ਕਿਤੇ ਭੇਖੀ ਵਿਖਾਵੇ ਦਾ ਢੌਂਗ ਰਚਾ ਰਹੇ ਹਨ, ਕਿਤੇ ਤੈਨੂੰ ਪਿਆਰ ਕਰਨ ਵਾਲੇ ਤੇਰੀ ਸਿਫ਼ਤ-ਸਾਲਾਹ ਕਰ ਰਹੇ ਹਨ; ਇਹਨਾਂ ਦੇ ਕਰਮਾਂ ਅਨੁਸਾਰ ‘ਆਵਾਗਾਉਣ’ ਅਤੇ ਤੇਰਾ ਪਿਆਰ ਤੇਰੇ ਹੀ ਹੁਕਮ ਵਿਚ) ਵੱਖੋ-ਵੱਖਰਾ ਫ਼ੈਸਲਾ (ਹੁੰਦਾ ਹੈ),

ਤੇਰੈ ਹਥਿ ਨਿਬੇੜੁ ਤੂਹੈ ਮਨਿ ਭਾਇਆ ॥

ਸਾਰਾ ਫ਼ੈਸਲਾ ਤੇਰੇ ਹੀ ਹੱਥ ਵਿਚ ਹੈ, ਤੂੰ ਹੀ (ਮੇਰੇ) ਮਨ ਵਿਚ ਪਿਆਰਾ ਲੱਗਦਾ ਹੈਂ।

ਕਾਲੁ ਚਲਾਏ ਬੰਨਿ ਕੋਇ ਨ ਰਖਸੀ ॥

ਜਦੋਂ ਮੌਤ ਬੰਨ੍ਹ ਕੇ (ਜੀਵ ਨੂੰ) ਤੋਰ ਲੈਂਦੀ ਹੈ, ਕੋਈ ਇਸ ਨੂੰ ਰੱਖ ਨਹੀਂ ਸਕਦਾ;

ਜਰੁ ਜਰਵਾਣਾ ਕੰਨਿ੍ ਚੜਿਆ ਨਚਸੀ ॥

ਜ਼ਾਲਮ ਬੁਢੇਪਾ (ਹਰੇਕ ਦੇ) ਮੋਢੇ ਉਤੇ ਚੜ੍ਹ ਕੇ ਨੱਚਦਾ ਹੈ (ਭਾਵ, ਮੌਤ ਦਾ ਸੁਨੇਹਾ ਦੇ ਰਿਹਾ ਹੈ ਜਿਸ ਅੱਗੇ ਕਿਸੇ ਦੀ ਪੇਸ਼ ਨਹੀਂ ਜਾਂਦੀ)।

ਸਤਿਗੁਰੁ ਬੋਹਿਥੁ ਬੇੜੁ ਸਚਾ ਰਖਸੀ ॥

ਸਤਿਗੁਰੂ ਹੀ ਸੱਚਾ ਜਹਾਜ਼ ਹੈ ਸੱਚਾ ਬੇੜਾ ਹੈ ਜੋ (ਮੌਤ ਦੇ ਡਰ ਤੋਂ) ਬਚਾਂਦਾ ਹੈ।

ਅਗਨਿ ਭਖੈ ਭੜਹਾੜੁ ਅਨਦਿਨੁ ਭਖਸੀ ॥

(ਜਗਤ ਵਿਚ ਤ੍ਰਿਸ਼ਨਾ ਦੀ) ਅੱਗ ਦਾ ਭਾਂਬੜ ਮਚ ਰਿਹਾ ਹੈ, ਹਰ ਵੇਲੇ ਮਚਿਆ ਰਹਿੰਦਾ ਹੈ।

ਫਾਥਾ ਚੁਗੈ ਚੋਗ ਹੁਕਮੀ ਛੁਟਸੀ ॥

(ਇਸ ਭਾਂਬੜ ਵਿਚ) ਫਸਿਆ ਹੋਇਆ ਜੀਵ ਚੋਗਾ ਚੁਗ ਰਿਹਾ ਹੈ; ਪ੍ਰਭੂ ਦੇ ਹੁਕਮ ਅਨੁਸਾਰ ਹੀ ਇਸ ਵਿਚੋਂ ਬਚ ਸਕਦਾ ਹੈ,

ਕਰਤਾ ਕਰੇ ਸੁ ਹੋਗੁ ਕੂੜੁ ਨਿਖੁਟਸੀ ॥੨੬॥

ਕਿਉਂਕਿ ਜੋ ਕੁਝ ਕਰਤਾਰ ਕਰਦਾ ਹੈ ਉਹੀ ਹੁੰਦਾ ਹੈ। ਕੂੜ (ਦਾ ਵਪਾਰ, ਭਾਵ, ਤ੍ਰਿਸ਼ਨਾ-ਅਧੀਨ ਹੋ ਕੇ ਮਾਇਕ ਪਦਾਰਥਾਂ ਪਿਛੇ ਦੌੜਨਾ) ਜੀਵ ਦੇ ਨਾਲ ਨਹੀਂ ਨਿਭਦਾ ॥੨੬॥


ਸਲੋਕ ਮ : ੧ ॥
ਘਰ ਮਹਿ ਘਰੁ ਦੇਖਾਇ ਦੇਇ ਸੋ ਸਤਿਗੁਰੁ ਪੁਰਖੁ ਸੁਜਾਣੁ ॥

ਉਹ ਹੈ ਸਿਆਣਾ ਸਤਿਗੁਰੂ ਪੁਰਖ ਜੋ ਹਿਰਦੇ-ਘਰ ਵਿਚ ਪਰਮਾਤਮਾ ਦੇ ਰਹਿਣ ਦਾ ਥਾਂ ਵਿਖਾ ਦੇਂਦਾ ਹੈ;

ਪੰਚ ਸਬਦ ਧੁਨਿਕਾਰ ਧੁਨਿ ਤਹ ਬਾਜੈ ਸਬਦੁ ਨੀਸਾਣੁ ॥

(ਜਦੋਂ ਮਨੁੱਖ) ਉਸ ਘਰ ਵਿਚ (ਅੱਪੜਦਾ ਹੈ) ਤਦੋਂ ਗੁਰੂ ਦਾ ਸ਼ਬਦ-ਰੂਪ ਨਗਾਰਾ ਵੱਜਦਾ ਹੈ (ਭਾਵ, ਗੁਰ-ਸ਼ਬਦ ਦਾ ਪ੍ਰਭਾਵ ਇਤਨਾ ਪ੍ਰਬਲ ਹੁੰਦਾ ਹੈ ਕਿ ਕੋਈ ਹੋਰ ਖਿੱਚ ਪੋਹ ਨਹੀਂ ਸਕਦੀ, ਤਦੋਂ ਮਾਨੋ) ਪੰਜ ਕਿਸਮ ਦੇ ਸਾਜ਼ਾਂ ਦੀ ਇਕ-ਰਸ ਸੰਗੀਤਕ ਆਵਾਜ਼ ਉੱਠਦੀ ਹੈ (ਜੋ ਮਸਤੀ ਪੈਦਾ ਕਰਦੀ ਹੈ)।

ਦੀਪ ਲੋਅ ਪਾਤਾਲ ਤਹ ਖੰਡ ਮੰਡਲ ਹੈਰਾਨੁ ॥

ਇਸ ਅਵਸਥਾ ਵਿਚ (ਅੱਪੜ ਕੇ) ਮਨੁੱਖ (ਬੇਅੰਤ ਕੁਦਰਤਿ ਦੇ ਕੌਤਕ) ਦੀਪਾਂ, ਲੋਕਾਂ, ਪਾਤਾਲਾਂ, ਖੰਡਾਂ ਤੇ ਮੰਡਲਾਂ ਨੂੰ ਵੇਖ ਕੇ ਹੈਰਾਨ ਹੁੰਦਾ ਹੈ;

ਤਾਰ ਘੋਰ ਬਾਜਿੰਤ੍ਰ ਤਹ ਸਾਚਿ ਤਖਤਿ ਸੁਲਤਾਨੁ ॥

(ਇਸ ਸਾਰੀ ਕੁਦਰਤਿ ਦਾ) ਪਾਤਸ਼ਾਹ ਸੱਚੇ ਤਖ਼ਤ ਉਤੇ ਬੈਠਾ ਦਿੱਸਦਾ ਹੈ, ਉਸ ਹਾਲਤ ਵਿਚ ਅੱਪੜਿਆਂ; ਮਾਨੋ, ਵਾਜਿਆਂ ਦੀ ਉੱਚੀ ਸੁਰ ਦੀ ਘਨਘੋਰ ਲੱਗੀ ਪਈ ਹੁੰਦੀ ਹੈ,

ਸੁਖਮਨ ਕੈ ਘਰਿ ਰਾਗੁ ਸੁਨਿ ਸੁੰਨਿ ਮੰਡਲਿ ਲਿਵ ਲਾਇ ॥

ਇਸ ਰੱਬੀ ਮਿਲਾਪ ਵਿਚ ਬੈਠਾ ਮਨੁੱਖ (ਮਾਨੋ) ਰਾਗ ਸੁਣ ਸੁਣ ਕੇ ਅਫੁਰ ਅਵਸਥਾ ਵਿਚ ਸੁਰਤ ਜੋੜੀ ਰੱਖਦਾ ਹੈ (ਭਾਵ, ਰੱਬੀ ਮਿਲਾਪ ਦੀ ਮੌਜ ਵਿਚ ਇਤਨਾ ਮਸਤ ਹੁੰਦਾ ਹੈ ਕਿ ਜਗਤ ਵਾਲਾ ਕੋਈ ਫੁਰਨਾ ਉਸ ਦੇ ਮਨ ਵਿਚ ਨਹੀਂ ਉੱਠਦਾ)।

ਅਕਥ ਕਥਾ ਬੀਚਾਰੀਐ ਮਨਸਾ ਮਨਹਿ ਸਮਾਇ ॥

ਇਥੇ ਬੇਅੰਤ ਪ੍ਰਭੂ ਦੇ ਗੁਣ ਜਿਉਂ ਜਿਉਂ ਵੀਚਾਰੀਦੇ ਹਨ ਤਿਉਂ ਤਿਉਂ ਮਨ ਦਾ ਫੁਰਨਾ ਮਨ ਵਿਚ ਹੀ ਗ਼ਰਕ ਹੁੰਦਾ ਜਾਂਦਾ ਹੈ;

ਉਲਟਿ ਕਮਲੁ ਅੰਮ੍ਰਿਤਿ ਭਰਿਆ ਇਹੁ ਮਨੁ ਕਤਹੁ ਨ ਜਾਇ ॥

ਇਹ ਮਨ ਕਿਸੇ ਹੋਰ ਪਾਸੇ ਨਹੀਂ ਜਾਂਦਾ ਕਿਉਂਕਿ ਹਿਰਦਾ-ਰੂਪ ਕਉਲ ਫੁੱਲ (ਮਾਇਆ ਵਲੋਂ) ਪਰਤ ਕੇ ਨਾਮ-ਅੰਮ੍ਰਿਤ ਨਾਲ ਭਰ ਜਾਂਦਾ ਹੈ;

ਅਜਪਾ ਜਾਪੁ ਨ ਵੀਸਰੈ ਆਦਿ ਜੁਗਾਦਿ ਸਮਾਇ ॥

ਉਸ ਪ੍ਰਭੂ ਵਿਚ, ਜੋ ਸਭ ਦਾ ਮੁੱਢ ਹੈ ਤੇ ਜੁਗਾਂ ਦੇ ਬਣਨ ਤੋਂ ਭੀ ਪਹਿਲਾਂ ਦਾ ਹੈ, ਮਨ ਇਉਂ ਲੀਨ ਹੁੰਦਾ ਹੈ ਕਿ ਪ੍ਰਭੂ ਦੀ ਯਾਦ (ਕਿਸੇ ਵੇਲੇ) ਨਹੀਂ ਭੁੱਲਦੀ, ਜੀਭ ਹਿਲਾਣ ਤੋਂ ਬਿਨਾ ਹੀ ਸਿਮਰਨ ਹੁੰਦਾ ਰਹਿੰਦਾ ਹੈ।

ਸਭਿ ਸਖੀਆ ਪੰਚੇ ਮਿਲੇ ਗੁਰਮੁਖਿ ਨਿਜ ਘਰਿ ਵਾਸੁ ॥

(ਇਸ ਤਰ੍ਹਾਂ) ਗੁਰੂ ਦੇ ਸਨਮੁਖ ਹੋਇਆਂ ਮਨੁੱਖ ਨਿਰੋਲ ਆਪਣੇ ਘਰ ਵਿਚ ਟਿਕ ਜਾਂਦਾ ਹੈ (ਜਿਵੇਂ ਕੋਈ ਇਸ ਨੂੰ ਬੇ-ਦਖ਼ਲ ਨਹੀਂ ਕਰ ਸਕਦਾ, ਇਸ ਦੇ) ਸਾਰੇ ਗਿਆਨ-ਇੰਦ੍ਰੇ ਤੇ ਪੰਜੇ (ਦੈਵੀ ਗੁਣ ਭਾਵ, ਸਤ ਸੰਤੋਖ ਦਇਆ ਧਰਮ ਧੀਰਜ) ਸੰਗੀ ਬਣ ਜਾਂਦੇ ਹਨ।

ਸਬਦੁ ਖੋਜਿ ਇਹੁ ਘਰੁ ਲਹੈ ਨਾਨਕੁ ਤਾ ਕਾ ਦਾਸੁ ॥੧॥

ਸਤਿਗੁਰੂ ਦੇ ਸ਼ਬਦ ਨੂੰ ਸਮਝ ਕੇ ਜੋ ਮਨੁੱਖ ਇਸ (ਨਿਰੋਲ ਆਪਣੇ) ਘਰ ਨੂੰ ਲੱਭ ਲੈਂਦਾ ਹੈ, ਨਾਨਕ ਉਸ ਦਾ ਸੇਵਕ ਹੈ ॥੧॥


ਮ : ੧ ॥
ਚਿਲਿਮਿਲਿ ਬਿਸੀਆਰ ਦੁਨੀਆ ਫਾਨੀ ॥

ਬਿਜਲੀ ਦੀ ਲਿਸ਼ਕ (ਵਾਂਗ) ਦੁਨੀਆ (ਦੀ ਚਮਕ) ਬਹੁਤ ਹੈ ਪਰ ਹੈ ਨਾਸ ਹੋ ਜਾਣ ਵਾਲੀ,

ਕਾਲੂਬਿ ਅਕਲ ਮਨ ਗੋਰ ਨ ਮਾਨੀ ॥

(ਜਿਸ ਚਮਕ ਨੂੰ ਵੇਖ ਕੇ) ਮੈਂ ਮੂਰਖ ਨੇ ਮੌਤ ਦਾ ਚੇਤਾ ਹੀ ਨਾਹ ਰੱਖਿਆ।

ਮਨ ਕਮੀਨ ਕਮਤਰੀਨ ਤੂ ਦਰੀਆਉ ਖੁਦਾਇਆ ॥

ਮੈਂ ਕਮੀਨਾ ਹਾਂ, ਮੈਂ ਬਹੁਤ ਹੀ ਮਾੜਾ ਹਾਂ, ਪਰ ਹੇ ਖ਼ੁਦਾ! ਤੂੰ ਦਰੀਆ (-ਦਿਲ) ਹੈਂ;

ਏਕੁ ਚੀਜੁ ਮੁਝੈ ਦੇਹਿ ਅਵਰ ਜਹਰ ਚੀਜ ਨ ਭਾਇਆ ॥

ਮੈਨੂੰ ਆਪਣਾ ਇਕ ‘ਨਾਮ’ ਦੇਹ, ਹੋਰ ਚੀਜ਼ਾਂ ਜ਼ਹਰ (ਵਰਗੀਆਂ) ਹਨ, ਇਹ ਮੈਨੂੰ ਚੰਗੀਆਂ ਨਹੀਂ ਲੱਗਦੀਆਂ।

ਪੁਰਾਬ ਖਾਮ ਕੂਜੈ ਹਿਕਮਤਿ ਖੁਦਾਇਆ ॥

ਹੇ ਖ਼ੁਦਾ! (ਮੇਰਾ ਸਰੀਰ) ਕੱਚਾ ਕੂਜ਼ਾ (ਪਿਆਲਾ) ਹੈ ਜੋ ਪਾਣੀ ਨਾਲ ਭਰਿਆ ਹੋਇਆ ਹੈ, ਇਹ ਤੇਰੀ (ਅਜਬ) ਕਾਰੀਗਰੀ ਹੈ,

ਮਨ ਤੁਆਨਾ ਤੂ ਕੁਦਰਤੀ ਆਇਆ ॥

(ਹੇ ਖ਼ੁਦਾ!) ਤੂੰ ਤੁਆਨਾ (ਬਲਵਾਨ) ਹੈਂ, ਮੈਂ ਤੇਰੀ ਕੁਦਰਤਿ ਨਾਲ (ਜਗਤ ਵਿਚ) ਆਇਆ ਹਾਂ।

ਸਗ ਨਾਨਕ ਦੀਬਾਨ ਮਸਤਾਨਾ ਨਿਤ ਚੜੈ ਸਵਾਇਆ ॥

ਹੇ ਖ਼ੁਦਾ! ਨਾਨਕ ਤੇਰੇ ਦਰਬਾਰ ਦਾ ਕੁੱਤਾ ਹੈ ਤੇ ਮਸਤਾਨਾ ਹੈ (ਮਿਹਰ ਕਰ, ਇਹ ਮਸਤੀ) ਨਿੱਤ ਵਧਦੀ ਰਹੇ,

ਆਤਸ ਦੁਨੀਆ ਖੁਨਕ ਨਾਮੁ ਖੁਦਾਇਆ ॥੨॥

(ਕਿਉਂਕਿ) ਦੁਨੀਆ ਅੱਗ (ਵਾਂਗ) ਹੈ ਤੇ ਤੇਰਾ ਨਾਮ ਠੰਢ ਪਾਣ ਵਾਲਾ ਹੈ ॥੨॥


ਪਉੜੀ ਨਵੀ ਮ : ੫ ॥
ਸਭੋ ਵਰਤੈ ਚਲਤੁ ਚਲਤੁ ਵਖਾਣਿਆ ॥

ਇਹ ਸਾਰਾ (ਜਗਤ ਪਰਮਾਤਮਾ ਦਾ) ਤਮਾਸ਼ਾ ਹੋ ਰਿਹਾ ਹੈ, ਇਸ ਨੂੰ ਤਮਾਸ਼ਾ ਹੀ ਕਿਹਾ ਜਾ ਸਕਦਾ ਹੈ,

ਪਾਰਬ੍ਰਹਮੁ ਪਰਮੇਸਰੁ ਗੁਰਮੁਖਿ ਜਾਣਿਆ ॥

(ਇਸ ਤਮਾਸ਼ੇ ਨੂੰ ਰਚਣ ਵਾਲਾ) ਪਾਰਬ੍ਰਹਮ ਪਰਮਾਤਮਾ ਸਤਿਗੁਰੂ ਦੀ ਰਾਹੀਂ ਜਾਣਿਆ ਜਾਂਦਾ ਹੈ।

ਲਥੇ ਸਭਿ ਵਿਕਾਰ ਸਬਦਿ ਨੀਸਾਣਿਆ ॥

ਸਤਿਗੁਰੂ ਦੇ ਸ਼ਬਦ (-ਰੂਪ) ਨਗਾਰੇ ਨਾਲ ਸਾਰੇ ਵਿਕਾਰ ਲਹਿ ਜਾਂਦੇ ਹਨ (ਨੱਠ ਜਾਂਦੇ ਹਨ),

ਸਾਧੂ ਸੰਗਿ ਉਧਾਰੁ ਭਏ ਨਿਕਾਣਿਆ ॥

ਸਤਿਗੁਰੂ ਦੀ ਸੰਗਤ ਵਿਚ (ਰਿਹਾਂ, ਵਿਕਾਰਾਂ ਤੋਂ) ਬਚਾਉ ਹੋ ਜਾਂਦਾ ਹੈ ਤੇ ਬੇ-ਮੁਥਾਜ ਹੋ ਜਾਈਦਾ ਹੈ।

ਸਿਮਰਿ ਸਿਮਰਿ ਦਾਤਾਰੁ ਸਭਿ ਰੰਗ ਮਾਣਿਆ ॥

(ਗੁਰੂ ਦੀ ਬਰਕਤਿ ਨਾਲ) ਦਾਤਾਰ ਪ੍ਰਭੂ ਨੂੰ ਸਿਮਰ ਸਿਮਰ ਕੇ, (ਮਾਨੋ) ਸਾਰੇ ਰੰਗ ਮਾਣ ਲਈਦੇ ਹਨ (ਭਾਵ, ਸਿਮਰਨ ਦੇ ਆਨੰਦ ਦੇ ਟਾਕਰੇ ਤੇ ਦੁਨੀਆ ਦੇ ਰੰਗ ਫਿੱਕੇ ਪੈ ਜਾਂਦੇ ਹਨ)

ਪਰਗਟੁ ਭਇਆ ਸੰਸਾਰਿ ਮਿਹਰ ਛਾਵਾਣਿਆ ॥

(ਸਿਮਰਨ ਕਰਨ ਵਾਲਾ ਮਨੁੱਖ) ਜਗਤ ਵਿਚ ਭੀ ਉੱਘਾ ਹੋ ਜਾਂਦਾ ਹੈ, ਪ੍ਰਭੂ ਦੀ ਮਿਹਰ ਦਾ ਸਾਇਬਾਨ ਉਸ ਉਤੇ, ਮਾਨੋ, ਤਣਿਆ ਜਾਂਦਾ ਹੈ।

ਆਪੇ ਬਖਸਿ ਮਿਲਾਏ ਸਦ ਕੁਰਬਾਣਿਆ ॥

ਮੈਂ ਪ੍ਰਭੂ ਤੋਂ ਸਦਕੇ ਹਾਂ, ਉਹ (ਗੁਰੂ ਦੀ ਰਾਹੀਂ) ਆਪ ਹੀ ਮਿਹਰ ਕਰ ਕੇ ਆਪਣੇ ਨਾਲ ਜੋੜ ਲੈਂਦਾ ਹੈ।

ਨਾਨਕ ਲਏ ਮਿਲਾਇ ਖਸਮੈ ਭਾਣਿਆ ॥੨੭॥

ਹੇ ਨਾਨਕ! ਜੋ ਬੰਦੇ ਖਸਮ-ਪ੍ਰਭੂ ਨੂੰ ਪਿਆਰੇ ਲੱਗਦੇ ਹਨ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ॥੨੭॥


ਸਲੋਕ ਮ : ੧ ॥
ਧੰਨੁ ਸੁ ਕਾਗਦੁ ਕਲਮ ਧੰਨੁ ਧਨੁ ਭਾਂਡਾ ਧਨੁ ਮਸੁ ॥

ਮੁਬਾਰਿਕ ਹੈ ਉਹ ਕਾਗ਼ਜ ਤੇ ਕਲਮ, ਮੁਬਾਰਿਕ ਹੈ ਉਹ ਦਵਾਤ ਤੇ ਸਿਆਹੀ;

ਧਨੁ ਲੇਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ ॥੧॥

ਤੇ, ਹੇ ਨਾਨਕ! ਮੁਬਾਰਿਕ ਹੈ ਉਹ ਲਿਖਣ ਵਾਲਾ ਜਿਸਨੇ ਪ੍ਰਭੂ ਦਾ ਸੱਚਾ ਨਾਮ ਲਿਖਾਇਆ (ਪ੍ਰਭੂ ਦੀ ਸਿਫ਼ਤ-ਸਾਲਾਹ ਲਿਖਾਈ) ॥੧॥


ਮ : ੧ ॥
ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ ॥

(ਹੇ ਪ੍ਰਭੂ!) ਤੂੰ ਆਪ ਹੀ ਪੱਟੀ ਹੈਂ, ਤੂੰ ਆਪ ਹੀ ਕਲਮ ਹੈਂ, (ਪੱਟੀ ਉਤੇ ਸਿਫ਼ਤ-ਸਾਲਾਹ ਦਾ) ਲੇਖ ਭੀ ਤੂੰ ਆਪ ਹੀ ਹੈਂ।

ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ ॥੨॥

ਹੇ ਨਾਨਕ! (ਸਿਫ਼ਤ-ਸਾਲਾਹ ਕਰਨ ਕਾਰਣ ਵਾਲਾ) ਇੱਕ ਪ੍ਰਭੂ ਨੂੰ ਹੀ ਆਖਣਾ ਚਾਹੀਦਾ ਹੈ। ਕੋਈ ਹੋਰ ਦੂਜਾ ਕਿਵੇਂ ਹੋ ਸਕਦਾ ਹੈ? ॥੨॥


ਪਉੜੀ ॥
ਤੂੰ ਆਪੇ ਆਪਿ ਵਰਤਦਾ ਆਪਿ ਬਣਤ ਬਣਾਈ ॥

ਹੇ ਪ੍ਰਭੂ! ਜਗਤ ਦੀ ਬਣਤਰ ਤੂੰ ਆਪ ਬਣਾਈ ਹੈ ਤੇ ਤੂੰ ਆਪ ਹੀ ਇਸ ਵਿਚ ਹਰ ਥਾਂ ਮੌਜੂਦ ਹੈਂ;

ਤੁਧੁ ਬਿਨੁ ਦੂਜਾ ਕੋ ਨਹੀ ਤੂ ਰਹਿਆ ਸਮਾਈ ॥

ਤੇਰੇ ਵਰਗਾ ਤੈਥੋਂ ਬਿਨਾ ਹੋਰ ਕੋਈ ਨਹੀਂ, ਤੂੰ ਹੀ ਹਰ ਥਾਂ ਗੁਪਤ ਵਰਤ ਰਿਹਾ ਹੈਂ।

ਤੇਰੀ ਗਤਿ ਮਿਤਿ ਤੂਹੈ ਜਾਣਦਾ ਤੁਧੁ ਕੀਮਤਿ ਪਾਈ ॥

ਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ-ਇਹ ਗੱਲ ਤੂੰ ਆਪ ਹੀ ਜਾਣਦਾ ਹੈਂ, ਆਪਣਾ ਮੁੱਲ ਤੂੰ ਆਪ ਹੀ ਪਾ ਸਕਦਾ ਹੈਂ।

ਤੂ ਅਲਖ ਅਗੋਚਰੁ ਅਗਮੁ ਹੈ ਗੁਰਮਤਿ ਦਿਖਾਈ ॥

ਤੂੰ ਅਦ੍ਰਿਸ਼ਟ ਹੈਂ, ਤੂੰ (ਮਾਨੁਖੀ) ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈਂ, ਤੂੰ ਅਪਹੁੰਚ ਹੈਂ, ਗੁਰੂ ਦੀ ਮੱਤ ਤੇਰਾ ਦੀਦਾਰ ਕਰਾਂਦੀ ਹੈ।

ਅੰਤਰਿ ਅਗਿਆਨੁ ਦੁਖੁ ਭਰਮੁ ਹੈ ਗੁਰ ਗਿਆਨਿ ਗਵਾਈ ॥

ਮਨੁੱਖ ਦੇ ਅੰਦਰ ਜੋ ਅਗਿਆਨ ਦੁੱਖ ਤੇ ਭਟਕਣਾ ਹੈ ਇਹ ਗੁਰੂ ਦੇ ਦਿੱਤੇ ਗਿਆਨ ਦੀ ਰਾਹੀਂ ਦੂਰ ਹੁੰਦੇ ਹਨ।

ਜਿਸੁ ਕ੍ਰਿਪਾ ਕਰਹਿ ਤਿਸੁ ਮੇਲਿ ਲੈਹਿ ਸੋ ਨਾਮੁ ਧਿਆਈ ॥

ਹੇ ਪ੍ਰਭੂ! ਜਿਸ ਉਤੇ ਤੂੰ ਮਿਹਰ ਕਰਦਾ ਹੈਂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈਂ ਉਹ ਤੇਰਾ ਨਾਮ ਸਿਮਰਦਾ ਹੈ।

ਤੂ ਕਰਤਾ ਪੁਰਖੁ ਅਗੰਮੁ ਹੈ ਰਵਿਆ ਸਭ ਠਾਈ ॥

ਤੂੰ ਸਭ ਦਾ ਬਣਾਣ ਵਾਲਾ ਹੈਂ, ਸਭ ਵਿਚ ਮੌਜੂਦ ਹੈਂ (ਫਿਰ ਭੀ) ਅਪਹੁੰਚ ਹੈਂ, ਤੇ ਹੈਂ ਸਭ ਥਾਈਂ ਵਿਆਪਕ।

ਜਿਤੁ ਤੂ ਲਾਇਹਿ ਸਚਿਆ ਤਿਤੁ ਕੋ ਲਗੈ ਨਾਨਕ ਗੁਣ ਗਾਈ ॥੨੮॥੧॥ ਸੁਧੁ

ਹੇ ਨਾਨਕ! ਹੇ ਸੱਚੇ ਪ੍ਰਭੂ! ਜਿਧਰ ਤੂੰ ਜੀਵ ਨੂੰ ਲਾਂਦਾ ਹੈਂ ਓਧਰ ਹੀ ਉਹ ਲੱਗਦਾ ਹੈ ਤੂੰ (ਜਿਸ ਨੂੰ ਪ੍ਰੇਰਦਾ ਹੈਂ) ਉਹੀ ਤੇਰੇ ਗੁਣ ਗਾਂਦਾ ਹੈ ॥੨੮॥੧॥ਸੁਧੁ


ਰਾਗੁ ਮਲਾਰ ਬਾਣੀ ਭਗਤ ਨਾਮਦੇਵ ਜੀਉ ਕੀ ॥

ਰਾਗ ਮਲਾਰ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸੇਵੀਲੇ ਗੋਪਾਲ ਰਾਇ ਅਕੁਲ ਨਿਰੰਜਨ ॥

ਮੈਂ ਤਾਂ ਉਸ ਪ੍ਰਭੂ ਦਾ ਸਿਮਰਨ ਕੀਤਾ ਹੈ, ਜੋ ਸਾਰੀ ਸ੍ਰਿਸ਼ਟੀ ਦਾ ਰੱਖਿਅਕ ਹੈ, ਜਿਸ ਦੀ ਕੋਈ ਖ਼ਾਸ ਕੁਲ ਨਹੀਂ ਹੈ, ਜਿਸ ਉੱਤੇ ਮਾਇਆ ਆਪਣਾ ਪ੍ਰਭਾਵ ਨਹੀਂ ਪਾ ਸਕਦੀ,

ਭਗਤਿ ਦਾਨੁ ਦੀਜੈ ਜਾਚਹਿ ਸੰਤ ਜਨ ॥੧॥ ਰਹਾਉ ॥

ਅਤੇ (ਜਿਸ ਦੇ ਦਰ ਤੇ) ਸਾਰੇ ਭਗਤ ਮੰਗਦੇ ਹਨ (ਅਤੇ ਆਖਦੇ ਹਨ ਕਿ ਹੇ ਦਾਤਾ! ਅਸਾਨੂੰ) ਆਪਣੀ ਭਗਤੀ ਦੀ ਦਾਤ ਬਖ਼ਸ਼ ॥੧॥ ਰਹਾਉ ॥

ਜਾਂ ਚੈ ਘਰਿ ਦਿਗ ਦਿਸੈ ਸਰਾਇਚਾ ਬੈਕੁੰਠ ਭਵਨ ਚਿਤ੍ਰਸਾਲਾ ਸਪਤ ਲੋਕ ਸਾਮਾਨਿ ਪੂਰੀਅਲੇ ॥

(ਪਰਮਾਤਮਾ ਮਾਨੋ ਇਕ ਬੜਾ ਵੱਡਾ ਰਾਜਾ ਹੈ ਜਿਸ ਦਾ ਇਤਨਾ ਵੱਡਾ ਸ਼ਾਮੀਆਨਾ ਹੈ ਕਿ) ਇਹ ਚਾਰੇ ਦਿਸ਼ਾਂ (ਉਸ ਸ਼ਾਮੀਆਨੇ ਦੀ ਮਾਨੋ) ਕਨਾਤ ਹੈ, (ਰਾਜਿਆਂ ਦੇ ਰਾਜ-ਮਹਲਾਂ ਵਿਚ ਤਸਵੀਰ-ਘਰ ਹੁੰਦੇ ਹਨ, ਪਰਮਾਤਮਾ ਇਕ ਐਸਾ ਰਾਜਾ ਹੈ ਕਿ) ਸਾਰਾ ਬੈਕੁੰਠ ਉਸ ਦਾ (ਮਾਨੋ) ਤਸਵੀਰ-ਘਰ ਹੈ, ਅਤੇ ਸਾਰੇ ਹੀ ਜਗਤ ਵਿਚ ਉਸ ਦਾ ਹੁਕਮ ਇਕ-ਸਾਰ ਚੱਲ ਰਿਹਾ ਹੈ।

ਜਾਂ ਚੈ ਘਰਿ ਲਛਿਮੀ ਕੁਆਰੀ ਚੰਦੁ ਸੂਰਜੁ ਦੀਵੜੇ ਕਉਤਕੁ ਕਾਲੁ ਬਪੁੜਾ ਕੋਟਵਾਲੁ ਸੁ ਕਰਾ ਸਿਰੀ ॥

(ਰਾਜਿਆਂ ਦੀਆਂ ਰਾਣੀਆਂ ਦਾ ਜੋਬਨ ਤਾਂ ਚਾਰ ਦਿਨ ਦਾ ਹੁੰਦਾ ਹੈ, ਪਰਮਾਤਮਾ ਇਕ ਐਸਾ ਰਾਜਾ ਹੈ) ਜਿਸ ਦੇ ਮਹਲ ਵਿਚ ਲੱਛਮੀ ਹੈ, ਜੋ ਸਦਾ ਜੁਆਨ ਰਹਿੰਦੀ ਹੈ (ਜਿਸ ਦਾ ਜੋਬਨ ਕਦੇ ਨਾਸ ਹੋਣ ਵਾਲਾ ਨਹੀਂ), ਇਹ ਚੰਦ ਸੂਰਜ (ਉਸ ਦੇ ਮਹਲ ਦੇ, ਮਾਨੋ) ਨਿੱਕੇ ਜਿਹੇ ਦੀਵੇ ਹਨ, ਜਿਸ ਕਾਲ ਦਾ ਹਾਲਾ ਹਰੇਕ ਜੀਵ ਦੇ ਸਿਰ ਉੱਤੇ ਹੈ (ਜਿਸ ਕਾਲ ਦਾ ਹਾਲਾ ਹਰੇਕ ਜੀਵ ਨੂੰ ਭਰਨਾ ਪੈਂਦਾ ਹੈ, ਜਿਸ ਕਾਲ ਤੋਂ ਜਗਤ ਦਾ ਹਰੇਕ ਜੀਵ ਥਰ-ਥਰ ਕੰਬਦਾ ਹੈ) ਤੇ ਜੋ ਕਾਲ (ਇਸ ਜਗਤ-ਰੂਪ ਸ਼ਹਿਰ ਦੇ ਸਿਰ ਉੱਤੇ) ਕੋਤਵਾਲ ਹੈ, ਉਹ ਕਾਲ ਵਿਚਾਰਾ (ਉਸ ਪਰਮਾਤਮਾ ਦੇ ਘਰ ਵਿਚ, ਮਾਨੋ, ਇਕ) ਖਿਡੌਣਾ ਹੈ-

ਸੁ ਐਸਾ ਰਾਜਾ ਸ੍ਰੀ ਨਰਹਰੀ ॥੧॥

ਇਤਨਾ ਵੱਡਾ ਉਹ ਪਰਮਾਤਮਾ ਰਾਜਾ ਹੈ ॥੧॥

ਜਾਂ ਚੈ ਘਰਿ ਕੁਲਾਲੁ ਬ੍ਰਹਮਾ ਚਤੁਰ ਮੁਖੁ ਡਾਂਵੜਾ ਜਿਨਿ ਬਿਸ੍ਵ ਸੰਸਾਰੁ ਰਾਚੀਲੇ ॥

ਉਹ ਪਰਮਾਤਮਾ ਇਕ ਐਸਾ ਰਾਜਾ ਹੈ ਕਿ (ਲੋਕਾਂ ਦੇ ਖ਼ਿਆਲ ਅਨੁਸਾਰ) ਜਿਸ ਬ੍ਰਹਮਾ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ, ਚਾਰ ਮੂੰਹਾਂ ਵਾਲਾ ਉਹ ਬ੍ਰਹਮਾ ਭੀ ਉਸ ਦੇ ਘਰ ਵਿਚ ਭਾਂਡੇ ਘੜਨ ਵਾਲਾ ਇਕ ਕੁੰਭਿਆਰ ਹੀ ਹੈ (ਭਾਵ, ਉਸ ਪਰਮਾਤਮਾ ਦੇ ਸਾਹਮਣੇ ਲੋਕਾਂ ਦਾ ਮੰਨਿਆ ਹੋਇਆ ਬ੍ਰਹਮਾ ਭੀ ਇਤਨੀ ਹੀ ਹਸਤੀ ਰੱਖਦਾ ਹੈ ਜਿਤਨੀ ਕਿ ਕਿਸੇ ਪਿੰਡ ਦੇ ਚੌਧਰੀ ਦੇ ਸਾਹਮਣੇ ਪਿੰਡ ਦਾ ਗਰੀਬ ਕੁੰਭਿਆਰ)।

ਜਾਂ ਕੈ ਘਰਿ ਈਸਰੁ ਬਾਵਲਾ ਜਗਤ ਗੁਰੂ ਤਤ ਸਾਰਖਾ ਗਿਆਨੁ ਭਾਖੀਲੇ ॥

(ਇਹਨਾਂ ਲੋਕਾਂ ਦੀਆਂ ਨਜ਼ਰਾਂ ਵਿਚ ਤਾਂ) ਸ਼ਿਵ ਜੀ ਜਗਤ ਦਾ ਗੁਰੂ (ਹੈ), ਜਿਸ ਨੇ (ਜਗਤ ਦੇ ਜੀਵਾਂ ਵਾਸਤੇ) ਅਸਲ ਸਮਝਣ-ਜੋਗ ਉਪਦੇਸ਼ ਸੁਣਾਇਆ ਹੈ (ਭਾਵ, ਜੋ ਸਾਰੇ ਜੀਵਾਂ ਨੂੰ ਮੌਤ ਦਾ ਸੁਨੇਹਾ ਅਪੜਾਂਦਾ ਹੈ, ਜੋ ਸਭ ਜੀਵਾਂ ਦਾ ਨਾਸ ਕਰਦਾ ਮੰਨਿਆ ਜਾ ਰਿਹਾ ਹੈ), ਇਹ ਸ਼ਿਵ ਜੀ (ਸ੍ਰਿਸ਼ਟੀ ਦੇ ਮਾਲਕ) ਉਸ ਪਰਮਾਤਮਾ ਦੇ ਘਰ ਵਿਚ (ਮਾਨੋ) ਇਕ ਕਮਲਾ ਮਸਖ਼ਰਾ ਹੈ।

ਪਾਪੁ ਪੁੰਨੁ ਜਾਂ ਚੈ ਡਾਂਗੀਆ ਦੁਆਰੈ ਚਿਤ੍ਰ ਗੁਪਤੁ ਲੇਖੀਆ ॥

(ਰਾਜੇ ਲੋਕਾਂ ਦੇ ਰਾਜ-ਮਹਲਾਂ ਦੇ ਦਰਵਾਜ਼ੇ ਉੱਤੇ ਚੋਬਦਾਰ ਖੜੇ ਹੁੰਦੇ ਹਨ ਜੋ ਰਾਜਿਆਂ ਦੀ ਹਜ਼ੂਰੀ ਵਿਚ ਜਾਣ ਵਾਲਿਆਂ ਨੂੰ ਵਰਜਦੇ ਜਾਂ ਆਗਿਆ ਦੇਂਦੇ ਹਨ, ਘਟ ਘਟ ਵਿਚ ਵੱਸਣ ਵਾਲੇ ਰਾਜਨ-ਪ੍ਰਭੂ ਨੇ ਐਸਾ ਨਿਯਮ ਬਣਾਇਆ ਹੈ ਕਿ ਹਰੇਕ ਜੀਵ ਦਾ ਕੀਤਾ) ਚੰਗਾ ਜਾਂ ਮੰਦਾ ਕੰਮ ਉਸ ਪ੍ਰਭੂ ਦੇ ਮਹਲ ਦੇ ਦਰ ਤੇ ਚੋਬਦਾਰ ਹੈ (ਭਾਵ, ਹਰੇਕ ਜੀਵ ਦੇ ਅੰਦਰ ਹਿਰਦੇ-ਘਰ ਵਿਚ ਪ੍ਰਭੂ ਵੱਸ ਰਿਹਾ ਹੈ, ਪਰ ਜੀਵ ਦੇ ਆਪਣੇ ਕੀਤੇ ਚੰਗੇ ਮੰਦੇ ਕੰਮ ਹੀ ਉਸ ਪ੍ਰਭੂ ਤੋਂ ਵਿੱਥ ਕਰਾ ਦੇਂਦੇ ਹਨ)। ਜਿਸ ਚਿਤ੍ਰਗੁਪਤ ਦਾ ਸਹਿਮ ਹਰੇਕ ਜੀਵ ਨੂੰ ਲੱਗਾ ਹੋਇਆ ਹੈ, ਉਹ) ਚਿਤ੍ਰਗੁਪਤ ਉਸ ਦੇ ਘਰ ਇਕ ਮੁਨੀਮ (ਦੀ ਹਸਤੀ ਰੱਖਦਾ) ਹੈ।

ਧਰਮ ਰਾਇ ਪਰੁਲੀ ਪ੍ਰਤਿਹਾਰੁ ॥

(ਲੋਕਾਂ ਦੇ ਭਾਣੇ) ਪਰਲੋ ਲਿਆਉਣ ਵਾਲਾ ਧਰਮਰਾਜ ਉਸ ਪ੍ਰਭੂ ਦੇ ਮਹਲ ਦਾ ਇਕ (ਮਮੂਲੀ) ਦਰਬਾਨ ਹੈ,

ਸੁੋ ਐਸਾ ਰਾਜਾ ਸ੍ਰੀ ਗੋਪਾਲੁ ॥੨॥

ਸ੍ਰਿਸ਼ਟੀ ਦਾ ਮਾਲਕ ਉਹ ਪਰਮਾਤਮਾ ਇਕ ਐਸਾ ਰਾਜਾ ਹੈ ॥੨॥

ਜਾਂ ਚੈ ਘਰਿ ਗਣ ਗੰਧਰਬ ਰਿਖੀ ਬਪੁੜੇ ਢਾਢੀਆ ਗਾਵੰਤ ਆਛੈ ॥

(ਉਹ ਪਰਮਾਤਮਾ ਇਕ ਐਸਾ ਰਾਜਾ ਹੈ) ਜਿਸ ਦੇ ਦਰ ਤੇ (ਸ਼ਿਵ ਜੀ ਦੇ) ਗਣ ਦੇਵਤਿਆਂ ਦੇ ਰਾਗੀ ਅਤੇ ਸਾਰੇ ਰਿਸ਼ੀ-ਇਹ ਵਿਚਾਰੇ ਢਾਢੀ (ਬਣ ਕੇ ਉਸ ਦੀਆਂ ਸਿਫ਼ਤਾਂ ਦੀਆਂ ਵਾਰਾਂ) ਗਾਉਂਦੇ ਹਨ।

ਸਰਬ ਸਾਸਤ੍ਰ ਬਹੁ ਰੂਪੀਆ ਅਨਗਰੂਆ ਆਖਾੜਾ ਮੰਡਲੀਕ ਬੋਲ ਬੋਲਹਿ ਕਾਛੇ ॥

ਸਾਰੇ ਸ਼ਾਸਤ੍ਰ (ਮਾਨੋ) ਬਹੁ-ਰੂਪੀਏ ਹਨ, (ਇਹ ਜਗਤ, ਮਾਨੋ, ਉਸ ਦਾ) ਨਿੱਕਾ ਜਿਹਾ ਅਖਾੜਾ ਹੈ, (ਇਸ ਜਗਤ ਦੇ) ਰਾਜੇ ਉਸ ਦਾ ਹਾਲਾ ਭਰਨ ਵਾਲੇ ਹਨ, (ਉਸ ਦੀ ਸਿਫ਼ਤ ਦੇ) ਸੁੰਦਰ ਬੋਲ ਬੋਲਦੇ ਹਨ।

ਚਉਰ ਢੂਲ ਜਾਂ ਚੈ ਹੈ ਪਵਣੁ ॥

ਉਹ ਪ੍ਰਭੂ ਇਕ ਐਸਾ ਰਾਜਾ ਹੈ ਕਿ ਉਸ ਦੇ ਦਰ ਤੇ ਪਵਣ ਚਉਰ ਬਰਦਾਰ ਹੈ,

ਚੇਰੀ ਸਕਤਿ ਜੀਤਿ ਲੇ ਭਵਣੁ ॥

ਮਾਇਆ ਉਸ ਦੀ ਦਾਸੀ ਹੈ ਜਿਸ ਨੇ ਸਾਰਾ ਜਗਤ ਜਿਤ ਲਿਆ ਹੈ,

ਅੰਡ ਟੂਕ ਜਾ ਚੈ ਭਸਮਤੀ ॥

ਇਹ ਧਰਤੀ ਉਸ ਦੇ ਲੰਗਰ ਵਿਚ, ਮਾਨੋ, ਚੁੱਲ੍ਹਾ ਹੈ (ਭਾਵ, ਸਾਰੀ ਧਰਤੀ ਦੇ ਜੀਆਂ ਨੂੰ ਉਹ ਆਪ ਹੀ ਰਿਜ਼ਕ ਦੇਣ ਵਾਲਾ ਹੈ),

ਸੁੋ ਐਸਾ ਰਾਜਾ ਤ੍ਰਿਭਵਣ ਪਤੀ ॥੩॥

ਤਿੰਨਾਂ ਭਵਨਾਂ ਦਾ ਮਾਲਕ ਪਰਮਾਤਮਾ ਇਕ ਐਸਾ ਰਾਜਾ ਹੈ ॥੩॥

ਜਾਂ ਚੈ ਘਰਿ ਕੂਰਮਾ ਪਾਲੁ ਸਹਸ੍ਰ ਫਨੀ ਬਾਸਕੁ ਸੇਜ ਵਾਲੂਆ ॥

(ਉਹ ਪ੍ਰਭੂ ਇਕ ਐਸਾ ਰਾਜਾ ਹੈ) ਕਿ ਵਿਸ਼ਨੂ ਦਾ ਕੱਛ-ਅਵਤਾਰ ਜਿਸ ਦੇ ਘਰ ਵਿਚ, ਮਾਨੋ, ਇਕ ਪਲੰਘ ਹੈ; ਹਜ਼ਾਰ ਫਣਾਂ ਵਾਲਾ ਸ਼ੇਸ਼ਨਾਗ ਜਿਸ ਦੀ ਸੇਜ ਦੀਆਂ ਤਣੀਆਂ (ਦਾ ਕੰਮ ਦੇਂਦਾ) ਹੈ;

ਅਠਾਰਹ ਭਾਰ ਬਨਾਸਪਤੀ ਮਾਲਣੀ ਛਿਨਵੈ ਕਰੋੜੀ ਮੇਘ ਮਾਲਾ ਪਾਣੀਹਾਰੀਆ ॥

ਜਗਤ ਦੀ ਸਾਰੀ ਬਨਸਪਤੀ (ਉਸ ਨੂੰ ਫੁੱਲ ਭੇਟ ਕਰਨ ਵਾਲੀ) ਮਾਲਣ ਹੈ, ਛਿਆਨਵੇ ਕਰੋੜ ਬੱਦਲ ਉਸ ਦਾ ਪਾਣੀ ਭਰਨ ਵਾਲੇ (ਨੌਕਰ) ਹਨ;

ਨਖ ਪ੍ਰਸੇਵ ਜਾ ਚੈ ਸੁਰਸਰੀ ॥

ਗੰਗਾ ਉਸ ਦੇ ਦਰ ਤੇ ਉਸ ਦੇ ਨਹੁੰਆਂ ਦਾ ਪਸੀਨਾ ਹੈ,

ਸਪਤ ਸਮੁੰਦ ਜਾਂ ਚੈ ਘੜਥਲੀ ॥

ਅਤੇ ਸੱਤੇ ਸਮੁੰਦਰ ਉਸ ਦੀ ਘੜਵੰਜੀ ਹਨ,

ਏਤੇ ਜੀਅ ਜਾਂ ਚੈ ਵਰਤਣੀ ॥

ਜਗਤ ਦੇ ਇਹ ਸਾਰੇ ਜੀਆ-ਜੰਤ ਉਸ ਦੇ ਭਾਂਡੇ ਹਨ,

ਸੁੋ ਐਸਾ ਰਾਜਾ ਤ੍ਰਿਭਵਣ ਧਣੀ ॥੪॥

ਐਸਾ ਰਾਜਾ ਹੈ ਤਿੰਨਾਂ ਭਵਨਾਂ ਦਾ ਮਾਲਕ ਉਹ ਪ੍ਰਭੂ ॥੪॥

ਜਾਂ ਚੈ ਘਰਿ ਨਿਕਟ ਵਰਤੀ ਅਰਜਨੁ ਧ੍ਰੂ ਪ੍ਰਹਲਾਦੁ ਅੰਬਰੀਕੁ ਨਾਰਦੁ ਨੇਜੈ ਸਿਧ ਬੁਧ ਗਣ ਗੰਧਰਬ ਬਾਨਵੈ ਹੇਲਾ ॥

(ਉਹ ਪ੍ਰਭੂ ਇਕ ਐਸਾ ਰਾਜਾ ਹੈ) ਜਿਸ ਦੇ ਘਰ ਵਿਚ ਉਸ ਦੇ ਨੇੜੇ ਰਹਿਣ ਵਾਲੇ ਅਰਜਨ, ਪ੍ਰਹਿਲਾਦ, ਅੰਬ੍ਰੀਕ, ਨਾਰਦ, ਨੇਜੈ (ਜੋਗ-ਸਾਧਨਾ ਵਿਚ) ਪੁੱਗੇ ਹੋਏ ਜੋਗੀ, ਗਿਆਨਵਾਨ ਮਨੁੱਖ, ਸ਼ਿਵ ਜੀ ਦੇ ਗਣ ਦੇਵਤਿਆਂ ਦੇ ਰਾਗੀ, ਬਵੰਜਾ ਬੀਰ ਆਦਿਕ ਉਸ ਦੀ (ਇਕ ਸਧਾਰਨ ਜਿਹੀ) ਖੇਡ ਹਨ।

ਏਤੇ ਜੀਅ ਜਾਂ ਚੈ ਹਹਿ ਘਰੀ ॥

ਜਗਤ ਦੇ ਇਹ ਸਾਰੇ ਜੀਆ-ਜੰਤ ਉਸ ਪ੍ਰਭੂ ਦੇ ਘਰ ਵਿਚ ਹਨ,

ਸਰਬ ਬਿਆਪਿਕ ਅੰਤਰ ਹਰੀ ॥

ਉਹ ਹਰੀ-ਪ੍ਰਭੂ ਸਭ ਵਿਚ ਵਿਆਪਕ ਹੈ, ਸਭ ਦੇ ਅੰਦਰ ਵੱਸਦਾ ਹੈ।

ਪ੍ਰਣਵੈ ਨਾਮਦੇਉ ਤਾਂ ਚੀ ਆਣਿ ॥

ਨਾਮਦੇਵ ਬੇਨਤੀ ਕਰਦਾ ਹੈ- ਮੈਨੂੰ ਉਸ ਪਰਮਾਤਮਾ ਦੀ ਓਟ ਆਸਰਾ ਹੈ,

ਸਗਲ ਭਗਤ ਜਾ ਚੈ ਨੀਸਾਣਿ ॥੫॥੧॥

ਸਾਰੇ ਭਗਤ ਜਿਸ ਦੇ ਝੰਡੇ ਹੇਠ (ਅਨੰਦ ਮਾਣ ਰਹੇ) ਹਨ ॥੫॥੧॥


ਮਲਾਰ ॥
ਮੋ ਕਉ ਤੂੰ ਨ ਬਿਸਾਰਿ ਤੂ ਨ ਬਿਸਾਰਿ ॥

(ਹੇ ਰਾਮ!) ਮੈਨੂੰ ਤੂੰ ਨਾ ਭੁਲਾਈਂ, ਮੈਨੂੰ ਤੂੰ ਨਾ ਵਿਸਾਰੀਂ,

ਤੂ ਨ ਬਿਸਾਰੇ ਰਾਮਈਆ ॥੧॥ ਰਹਾਉ ॥

ਹੇ ਸੁਹਣੇ ਰਾਮ! ਮੈਨੂੰ ਤੂੰ ਨਾ ਵਿਸਾਰੀਂ ॥੧॥ ਰਹਾਉ ॥

ਆਲਾਵੰਤੀ ਇਹੁ ਭ੍ਰਮੁ ਜੋ ਹੈ ਮੁਝ ਊਪਰਿ ਸਭ ਕੋਪਿਲਾ ॥

(ਇਹਨਾਂ ਪਾਂਡਿਆਂ ਨੂੰ) ਇਹ ਵਹਿਮ ਹੈ ਕਿ ਇਹ ਉੱਚੀ ਜਾਤੀ ਵਾਲੇ ਹਨ, (ਇਸ ਕਰਕੇ ਇਹ) ਸਾਰੇ ਮੇਰੇ ਉੱਤੇ ਗੁੱਸੇ ਹੋ ਗਏ ਹਨ;

ਸੂਦੁ ਸੂਦੁ ਕਰਿ ਮਾਰਿ ਉਠਾਇਓ ਕਹਾ ਕਰਉ ਬਾਪ ਬੀਠੁਲਾ ॥੧॥

ਸ਼ੂਦਰ ਸ਼ੂਦਰ ਆਖ ਆਖ ਕੇ ਤੇ ਮਾਰ-ਕੁਟਾਈ ਕਰ ਕੇ ਮੈਨੂੰ ਇਹਨਾਂ ਨੇ ਉਠਾਲ ਦਿੱਤਾ ਹੈ; ਹੇ ਮੇਰੇ ਬੀਠੁਲ ਪਿਤਾ! ਇਹਨਾਂ ਅੱਗੇ ਮੇਰੀ ਇਕੱਲੇ ਦੀ ਪੇਸ਼ ਨਹੀਂ ਜਾਂਦੀ ॥੧॥

ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ ॥

ਜੇ ਤੂੰ ਮੈਨੂੰ ਮਰਨ ਪਿੱਛੋਂ ਮੁਕਤੀ ਦੇ ਦਿੱਤੀ, ਤੇਰੀ ਦਿੱਤੀ ਹੋਈ ਮੁਕਤੀ ਦਾ ਕਿਸੇ ਨੂੰ ਪਤਾ ਨਹੀਂ ਲੱਗਣਾ;

ਏ ਪੰਡੀਆ ਮੋ ਕਉ ਢੇਢ ਕਹਤ ਤੇਰੀ ਪੈਜ ਪਿਛੰਉਡੀ ਹੋਇਲਾ ॥੨॥

ਇਹ ਪਾਂਡੇ ਮੈਨੂੰ ਨੀਚ ਆਖ ਰਹੇ ਹਨ, ਇਸ ਤਰ੍ਹਾਂ ਤਾਂ ਤੇਰੀ ਆਪਣੀ ਹੀ ਇੱਜ਼ਤ ਘੱਟ ਰਹੀ ਹੈ (ਕੀ ਤੇਰੀ ਬੰਦਗੀ ਕਰਨ ਵਾਲਾ ਕੋਈ ਬੰਦਾ ਨੀਚ ਰਹਿ ਸਕਦਾ ਹੈ?) ॥੨॥

ਤੂ ਜੁ ਦਇਆਲੁ ਕ੍ਰਿਪਾਲੁ ਕਹੀਅਤੁ ਹੈਂ ਅਤਿਭੁਜ ਭਇਓ ਅਪਾਰਲਾ ॥

(ਹੇ ਸੁਹਣੇ ਰਾਮ!) ਤੂੰ ਤਾਂ (ਸਭਨਾਂ ਉੱਤੇ, ਚਾਹੇ ਕੋਈ ਨੀਚ ਕੁਲ ਦਾ ਹੋਵੇ ਚਾਹੇ ਉੱਚੀ ਕੁਲ ਦਾ) ਦਇਆ ਕਰਨ ਵਾਲਾ ਹੈਂ, ਤੂੰ ਮਿਹਰ ਦਾ ਘਰ ਹੈਂ, (ਫਿਰ ਤੂੰ) ਹੈਂ ਭੀ ਬੜਾ ਬਲੀ ਤੇ ਬੇਅੰਤ। (ਕੀ ਤੇਰੇ ਸੇਵਕ ਉੱਤੇ ਕੋਈ ਤੇਰੀ ਮਰਜ਼ੀ ਤੋਂ ਬਿਨਾ ਧੱਕਾ ਕਰ ਸਕਦਾ ਹੈ?)

ਫੇਰਿ ਦੀਆ ਦੇਹੁਰਾ ਨਾਮੇ ਕਉ ਪੰਡੀਅਨ ਕਉ ਪਿਛਵਾਰਲਾ ॥੩॥੨॥

(ਮੇਰੀ ਨਾਮਦੇਵ ਦੀ ਅਰਜ਼ੋਈ ਸੁਣ ਕੇ ਪ੍ਰਭੂ ਨੇ) ਦੇਹੁਰਾ ਮੈਂ ਨਾਮਦੇਵ ਵਲ ਫੇਰ ਦਿੱਤਾ, ਤੇ ਪਾਂਡਿਆਂ ਵਲ ਪਿੱਠ ਹੋ ਗਈ ॥੩॥੨॥


ਮਲਾਰ ਬਾਣੀ ਭਗਤ ਰਵਿਦਾਸ ਜੀ ਕੀ ॥

ਰਾਗ ਮਲਾਰ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਨਾਗਰ ਜਨਾਂ ਮੇਰੀ ਜਾਤਿ ਬਿਖਿਆਤ ਚੰਮਾਰੰ ॥

ਹੇ ਨਗਰ ਦੇ ਲੋਕੋ! ਇਹ ਗੱਲ ਤਾਂ ਮੰਨੀ-ਪ੍ਰਮੰਨੀ ਹੈ ਕਿ ਮੇਰੀ ਜਾਤ ਹੈ ਚਮਿਆਰ (ਜਿਸ ਨੂੰ ਤੁਸੀਂ ਲੋਕ ਬੜੀ ਨੀਵੀਂ ਸਮਝਦੇ ਹੋ)

ਰਿਦੈ ਰਾਮ ਗੋਬਿੰਦ ਗੁਨ ਸਾਰੰ ॥੧॥ ਰਹਾਉ ॥

ਪਰ ਮੈਂ ਆਪਣੇ ਹਿਰਦੇ ਵਿਚ ਪ੍ਰਭੂ ਦੇ ਗੁਣ ਚੇਤੇ ਕਰਦਾ ਰਹਿੰਦਾ ਹਾਂ (ਇਸ ਵਾਸਤੇ ਮੈਂ ਨੀਚ ਨਹੀਂ ਰਹਿ ਗਿਆ) ॥੧॥ ਰਹਾਉ ॥

ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ ਸੰਤ ਜਨ ਕਰਤ ਨਹੀ ਪਾਨੰ ॥

ਹੇ ਭਾਈ! ਗੰਗਾ ਦੇ (ਭੀ) ਪਾਣੀ ਤੋਂ ਬਣਾਇਆ ਹੋਇਆ ਸ਼ਰਾਬ ਗੁਰਮੁਖਿ ਲੋਕ ਨਹੀਂ ਪੀਂਦੇ (ਭਾਵ, ਉਹ ਸ਼ਰਾਬ ਗ੍ਰਹਿਣ-ਕਰਨ-ਜੋਗ ਨਹੀਂ; ਇਸੇ ਤਰ੍ਹਾਂ ਅਹੰਕਾਰ ਭੀ ਅਉਗਣ ਹੀ ਹੈ, ਚਾਹੇ ਉਹ ਉੱਚੀ ਪਵਿਤ੍ਰ ਜਾਤ ਦਾ ਕੀਤਾ ਜਾਏ),

ਸੁਰਾ ਅਪਵਿਤ੍ਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹਿ ਹੋਇ ਆਨੰ ॥੧॥

ਪਰ ਹੇ ਭਾਈ! ਅਪਵਿਤ੍ਰ ਸ਼ਰਾਬ ਅਤੇ ਭਾਵੇਂ ਹੋਰ (ਗੰਦੇ) ਪਾਣੀ ਭੀ ਹੋਣ ਉਹ ਗੰਗਾ (ਦੇ ਪਾਣੀ) ਵਿਚ ਮਿਲ ਕੇ (ਉਸ ਤੋਂ) ਵੱਖਰੇ ਨਹੀਂ ਰਹਿ ਜਾਂਦੇ (ਇਸੇ ਤਰ੍ਹਾਂ ਨੀਵੀਂ ਕੁਲ ਦਾ ਬੰਦਾ ਭੀ ਪਰਮ ਪਵਿਤ੍ਰ ਪ੍ਰਭੂ ਵਿਚ ਜੁੜ ਕੇ ਉਸ ਤੋਂ ਵੱਖਰਾ ਨਹੀਂ ਰਹਿ ਜਾਂਦਾ) ॥੧॥

ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ ਜੈਸੇ ਕਾਗਰਾ ਕਰਤ ਬੀਚਾਰੰ ॥

ਤਾੜੀ ਦੇ ਰੁੱਖ ਅਪਵਿਤ੍ਰ ਮੰਨੇ ਜਾਂਦੇ ਹਨ, ਉਸੇ ਤਰ੍ਹਾਂ ਹੀ ਉਹਨਾਂ ਰੁੱਖਾਂ ਤੋਂ ਬਣੇ ਹੋਏ ਕਾਗ਼ਜ਼ਾਂ ਬਾਰੇ ਲੋਕ ਵਿਚਾਰ ਕਰਦੇ ਹਨ (ਭਾਵ, ਉਹਨਾਂ ਕਾਗ਼ਜ਼ਾਂ ਨੂੰ ਭੀ ਅਪਵਿਤ੍ਰ ਸਮਝਦੇ ਹਨ),

ਭਗਤਿ ਭਾਗਉਤੁ ਲਿਖੀਐ ਤਿਹ ਊਪਰੇ ਪੂਜੀਐ ਕਰਿ ਨਮਸਕਾਰੰ ॥੨॥

ਪਰ ਜਦੋਂ ਭਗਵਾਨ ਦੀ ਸਿਫ਼ਤ-ਸਾਲਾਹ ਉਹਨਾਂ ਉਤੇ ਲਿਖੀ ਜਾਂਦੀ ਹੈ ਤਾਂ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ॥੨॥

ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ ॥

ਮੇਰੀ ਜਾਤ ਦੇ ਲੋਕ (ਚੰਮ) ਕੁੱਟਣ ਤੇ ਵੱਢਣ ਵਾਲੇ ਬਨਾਰਸ ਦੇ ਆਲੇ-ਦੁਆਲੇ (ਰਹਿੰਦੇ ਹਨ, ਤੇ) ਨਿੱਤ ਮੋਏ ਪਸ਼ੂ ਢੋਂਦੇ ਹਨ;

ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ ॥੩॥੧॥

ਪਰ (ਹੇ ਪ੍ਰਭੂ!) ਉਸੇ ਕੁਲ ਵਿਚ ਜੰਮਿਆ ਹੋਇਆ ਤੇਰਾ ਸੇਵਕ ਰਵਿਦਾਸ ਤੇਰੇ ਨਾਮ ਦੀ ਸ਼ਰਨ ਆਇਆ ਹੈ, ਉਸ ਨੂੰ ਹੁਣ ਵੱਡੇ ਵੱਡੇ ਬ੍ਰਾਹਮਣ ਨਮਸਕਾਰ ਕਰਦੇ ਹਨ ॥੩॥੧॥


ਮਲਾਰ ॥
ਹਰਿ ਜਪਤ ਤੇਊ ਜਨਾ ਪਦਮ ਕਵਲਾਸ ਪਤਿ ਤਾਸ ਸਮ ਤੁਲਿ ਨਹੀ ਆਨ ਕੋਊ ॥

ਜੋ ਮਨੁੱਖ ਮਾਇਆ ਦੇ ਪਤੀ ਪਰਮਾਤਮਾ ਨੂੰ ਸਿਮਰਦੇ ਹਨ, ਉਹ ਪ੍ਰਭੂ ਦੇ (ਅਨਿੰਨ) ਸੇਵਕ ਬਣ ਜਾਂਦੇ ਹਨ, ਉਹਨਾਂ ਨੂੰ ਉਸ ਪ੍ਰਭੂ ਵਰਗਾ, ਉਸ ਪ੍ਰਭੂ ਦੇ ਬਰਾਬਰ ਦਾ, ਕੋਈ ਹੋਰ ਨਹੀਂ ਦਿੱਸਦਾ। (ਇਸ ਵਾਸਤੇ ਉਹ ਕਿਸੇ ਦਾ ਦਬਾ ਨਹੀਂ ਮੰਨਦੇ)।

ਏਕ ਹੀ ਏਕ ਅਨੇਕ ਹੋਇ ਬਿਸਥਰਿਓ ਆਨ ਰੇ ਆਨ ਭਰਪੂਰਿ ਸੋਊ ॥ ਰਹਾਉ ॥

ਹੇ ਭਾਈ! ਉਹਨਾਂ ਨੂੰ ਇਕ ਪਰਮਾਤਮਾ ਹੀ ਅਨੇਕ ਰੂਪਾਂ ਵਿਚ ਵਿਆਪਕ, ਘਟ ਘਟ ਵਿਚ ਭਰਪੂਰ ਦਿੱਸਦਾ ਹੈ ॥ ਰਹਾਉ॥

ਜਾ ਕੈ ਭਾਗਵਤੁ ਲੇਖੀਐ ਅਵਰੁ ਨਹੀ ਪੇਖੀਐ ਤਾਸ ਕੀ ਜਾਤਿ ਆਛੋਪ ਛੀਪਾ ॥

ਜਿਸ (ਨਾਮਦੇਵ) ਦੇ ਘਰ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਲਿਖੀ ਜਾ ਰਹੀ ਹੈ, (ਪ੍ਰਭੂ-ਨਾਮ ਤੋਂ ਬਿਨਾ) ਕੁਝ ਹੋਰ ਵੇਖਣ ਵਿਚ ਨਹੀਂ ਆਉਂਦਾ (ਉੱਚੀ ਜਾਤ ਵਾਲਿਆਂ ਦੇ ਭਾਣੇ) ਉਸ ਦੀ ਜਾਤ ਛੀਂਬਾ ਹੈ ਤੇ ਉਹ ਅਛੂਤ ਹੈ (ਪਰ ਉਸ ਦੀ ਵਡਿਆਈ ਤਿੰਨ ਲੋਕਾਂ ਵਿਚ ਹੋ ਰਹੀ ਹੈ);

ਬਿਆਸ ਮਹਿ ਲੇਖੀਐ ਸਨਕ ਮਹਿ ਪੇਖੀਐ ਨਾਮ ਕੀ ਨਾਮਨਾ ਸਪਤ ਦੀਪਾ ॥੧॥

ਬਿਆਸ (ਦੇ ਧਰਮ-ਪੁਸਤਕ) ਵਿਚ ਲਿਖਿਆ ਮਿਲਦਾ ਹੈ, ਸਨਕ (ਆਦਿਕ ਦੇ ਪੁਸਤਕ) ਵਿਚ ਭੀ ਵੇਖਣ ਵਿਚ ਆਉਂਦਾ ਹੈ ਕਿ ਹਰੀ-ਨਾਮ ਦੀ ਵਡਿਆਈ ਸਾਰੇ ਸੰਸਾਰ ਵਿਚ ਹੁੰਦੀ ਹੈ ॥੧॥

ਜਾ ਕੈ ਈਦਿ ਬਕਰੀਦਿ ਕੁਲ ਗਊ ਰੇ ਬਧੁ ਕਰਹਿ ਮਾਨੀਅਹਿ ਸੇਖ ਸਹੀਦ ਪੀਰਾ ॥

ਜਿਸ (ਕਬੀਰ) ਦੀ ਜਾਤ ਦੇ ਲੋਕ (ਮੁਸਲਮਾਨ ਬਣ ਕੇ) ਈਦ ਬਕਰੀਦ ਦੇ ਸਮੇ (ਹੁਣ) ਗਊਆਂ ਹਲਾਲ ਕਰਦੇ ਹਨ ਅਤੇ ਜਿਨ੍ਹਾਂ ਦੀ ਘਰੀਂ ਹੁਣ ਸੇਖਾਂ ਸ਼ਹੀਦਾਂ ਤੇ ਪੀਰਾਂ ਦੀ ਮਾਨਤਾ ਹੁੰਦੀ ਹੈ,

ਜਾ ਕੈ ਬਾਪ ਵੈਸੀ ਕਰੀ ਪੂਤ ਐਸੀ ਸਰੀ ਤਿਹੂ ਰੇ ਲੋਕ ਪਰਸਿਧ ਕਬੀਰਾ ॥੨॥

ਜਿਸ (ਕਬੀਰ) ਦੀ ਜਾਤ ਦੇ ਵੱਡਿਆਂ ਨੇ ਇਹ ਕਰ ਵਿਖਾਈ, ਉਹਨਾਂ ਦੀ ਹੀ ਜਾਤ ਵਿਚ ਜੰਮੇ ਪੁੱਤਰ ਤੋਂ ਅਜਿਹੀ ਸਰ ਆਈ (ਕਿ ਮੁਸਲਮਾਨੀ ਹਕੂਮਤ ਦੇ ਦਬਾ ਤੋਂ ਨਿਡਰ ਰਹਿ ਕੇ ਹਰੀ-ਨਾਮ ਸਿਮਰ ਕੇ) ਸਾਰੇ ਸੰਸਾਰ ਵਿਚ ਮਸ਼ਹੂਰ ਹੋ ਗਿਆ ॥੨॥

ਜਾ ਕੇ ਕੁਟੰਬ ਕੇ ਢੇਢ ਸਭ ਢੋਰ ਢੋਵੰਤ ਫਿਰਹਿ ਅਜਹੁ ਬੰਨਾਰਸੀ ਆਸ ਪਾਸਾ ॥

ਜਿਸ ਦੇ ਖ਼ਾਨਦਾਨ ਦੇ ਨੀਚ ਲੋਕ ਬਨਾਰਸ ਦੇ ਆਸੇ-ਪਾਸੇ (ਵੱਸਦੇ ਹਨ ਤੇ) ਅਜੇ ਤਕ ਮੋਏ ਹੋਏ ਪਸ਼ੂ ਢੋਂਦੇ ਹਨ,

ਆਚਾਰ ਸਹਿਤ ਬਿਪ੍ਰ ਕਰਹਿ ਡੰਡਉਤਿ ਤਿਨ ਤਨੈ ਰਵਿਦਾਸ ਦਾਸਾਨ ਦਾਸਾ ॥੩॥੨॥

ਉਹਨਾਂ ਦੀ ਕੁਲ ਵਿਚ ਜੰਮੇ ਪੁੱਤਰ ਰਵਿਦਾਸ ਨੂੰ, ਜੋ ਪ੍ਰਭੂ ਦੇ ਦਾਸਾਂ ਦਾ ਦਾਸ ਬਣ ਗਿਆ ਹੈ, ਸ਼ਾਸਤ੍ਰਾਂ ਦੀ ਮਰਯਾਦਾ ਅਨੁਸਾਰ ਤੁਰਨ ਵਾਲੇ ਬ੍ਰਾਹਮਣ ਨਮਸਕਾਰ ਕਰਦੇ ਹਨ ॥੩॥੨॥


ਮਲਾਰ ॥

ਰਾਗ ਮਲਾਰ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਮਿਲਤ ਪਿਆਰੋ ਪ੍ਰਾਨ ਨਾਥੁ ਕਵਨ ਭਗਤਿ ਤੇ ॥

ਜਿੰਦ ਦਾ ਸਾਈਂ ਪਿਆਰਾ ਪ੍ਰਭੂ ਕਿਸੇ ਹੋਰ ਤਰ੍ਹਾਂ ਦੀ ਭਗਤੀ ਨਾਲ ਨਹੀਂ ਸੀ ਮਿਲ ਸਕਦਾ

ਸਾਧਸੰਗਤਿ ਪਾਈ ਪਰਮ ਗਤੇ ॥ ਰਹਾਉ ॥

ਸਾਧ ਸੰਗਤ ਵਿਚ ਅੱਪੜ ਕੇ ਮੈਂ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਹੈ ॥ ਰਹਾਉ॥

ਮੈਲੇ ਕਪਰੇ ਕਹਾ ਲਉ ਧੋਵਉ ॥

(ਸਾਧ ਸੰਗਤ ਦੀ ਬਰਕਤਿ ਨਾਲ) ਹੁਣ ਮੈਂ ਪਰਾਈ ਨਿੰਦਿਆ ਕਰਨੀ ਛੱਡ ਦਿੱਤੀ ਹੈ,

ਆਵੈਗੀ ਨੀਦ ਕਹਾ ਲਗੁ ਸੋਵਉ ॥੧॥

(ਸਤਸੰਗ ਵਿਚ ਰਹਿਣ ਕਰਕੇ) ਨਾਹ ਮੈਨੂੰ ਅਗਿਆਨਤਾ ਦੀ ਨੀਂਦ ਆਵੇਗੀ ਅਤੇ ਨਾਹ ਹੀ ਮੈਂ ਗ਼ਾਫ਼ਲ ਹੋਵਾਂਗਾ ॥੧॥

ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ ॥

(ਸਾਧ ਸੰਗਤ ਵਿਚ ਆਉਣ ਤੋਂ ਪਹਿਲਾਂ) ਮੈਂ ਜਿਤਨੀ ਕੁ ਮੰਦ-ਕਰਮਾਂ ਦੀ ਕਮਾਈ ਕੀਤੀ ਹੋਈ ਸੀ (ਸਤਸੰਗ ਵਿਚ ਆ ਕੇ) ਉਸ ਸਾਰੀ ਦੀ ਸਾਰੀ ਦਾ ਲੇਖਾ ਮੁੱਕ ਗਿਆ ਹੈ,

ਝੂਠੈ ਬਨਜਿ ਉਠਿ ਹੀ ਗਈ ਹਾਟਿਓ ॥੨॥

ਝੂਠੇ ਵਣਜ ਵਿਚ (ਲੱਗ ਕੇ ਮੈਂ ਜੋ ਹੱਟੀ ਪਾਈ ਹੋਈ ਸੀ, ਸਾਧ ਸੰਗਤ ਦੀ ਕਿਰਪਾ ਨਾਲ) ਉਹ ਹੱਟੀ ਹੀ ਉੱਠ ਗਈ ਹੈ ॥੨॥

ਕਹੁ ਰਵਿਦਾਸ ਭਇਓ ਜਬ ਲੇਖੋ ॥

(ਇਹ ਤਬਦੀਲੀ ਕਿਵੇਂ ਆਈ?) ਰਵਿਦਾਸ ਆਖਦਾ ਹੈ- (ਸਾਧ ਸੰਗਤ ਵਿਚ ਆ ਕੇ) ਜਦੋਂ ਮੈਂ ਆਪੇ ਵਲ ਝਾਤ ਮਾਰੀ,

ਜੋਈ ਜੋਈ ਕੀਨੋ ਸੋਈ ਸੋਈ ਦੇਖਿਓ ॥੩॥੧॥੩॥

ਤਾਂ ਜੋ ਜੋ ਕਰਮ ਮੈਂ ਕੀਤਾ ਹੋਇਆ ਸੀ ਉਹ ਸਭ ਕੁਝ ਪ੍ਰਤੱਖ ਦਿੱਸ ਪਿਆ (ਤੇ ਮੈਂ ਮੰਦੇ ਕਰਮਾਂ ਤੋਂ ਸ਼ਰਮਾ ਕੇ ਇਹਨਾਂ ਵਲੋਂ ਹਟ ਗਿਆ) ॥੩॥੧॥੩॥

1
2
3
4