ਰਾਗ ਗਉੜੀ ਗੁਆਰੇਰੀ – ਬਾਣੀ ਸ਼ਬਦ-Part 2 – Raag Gauri Guarayri – Bani
ਰਾਗ ਗਉੜੀ ਗੁਆਰੇਰੀ – ਬਾਣੀ ਸ਼ਬਦ-Part 2 – Raag Gauri Guarayri – Bani
ਗਉੜੀ ਗੁਆਰੇਰੀ ਮਹਲਾ ੫ ॥
ਗਉੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
ਮਨੁ ਮੰਦਰੁ, ਤਨੁ ਸਾਜੀ ਬਾਰਿ ॥
ਹਿਰਦਾ ਇਕ ਮਹਿਲ ਹੈ ਤੇ ਦੇਹਿ ਦੀ ਇਸਦੇ ਦੁਆਲੇ ਵਾੜ ਕੀਤੀ ਗਈ ਹੈ।
ਇਸ ਹੀ ਮਧੇ, ਬਸਤੁ ਅਪਾਰ ॥
ਇਸ ਦੇ ਅੰਦਰ ਲਾਸਾਨੀ ਵੱਖਰ ਹੈ
ਇਸ ਹੀ ਭੀਤਰਿ, ਸੁਨੀਅਤ ਸਾਹੁ ॥
ਇਸ ਦੇ ਵਿੱਚ, ਸੁਣੀਂਦਾ ਹੈ ਕਿ ਵਡਾ ਵਣਜਾਰਾ ਵਸਦਾ ਹੈ।
ਕਵਨੁ ਬਾਪਾਰੀ? ਜਾ ਕਾ ਊਹਾ ਵਿਸਾਹੁ ॥੧॥
ਉਹ ਕਿਹੜਾ ਵਪਾਰੀ ਹੈ, ਜਿਸਦੀ ਓਥੇ ਸਾਖ ਹੈ?
ਨਾਮ ਰਤਨ ਕੋ, ਕੋ ਬਿਉਹਾਰੀ ॥
ਕੋਈ ਵਿਰਲਾ ਹੀ ਵਪਾਰੀ ਹੈ ਜੋ ਨਾਮ ਹੀਰੇ ਦਾ ਵਪਾਰ ਕਰਦਾ ਹੈ।
ਅੰਮ੍ਰਿਤ ਭੋਜਨੁ, ਕਰੇ ਆਹਾਰੀ ॥੧॥ ਰਹਾਉ ॥
ਉਹ ਸੁਧਾਰਸ ਨੂੰ ਆਪਣੇ ਖਾਣੇ ਵਜੋਂ ਛਕਦਾ ਹੈ। ਠਹਿਰਾਉ।
ਮਨੁ ਤਨੁ ਅਰਪੀ, ਸੇਵ ਕਰੀਜੈ ॥
ਉਹ ਆਪਣੀ ਆਤਮਾ ਤੇ ਦੇਹਿ ਸੁਆਮੀ ਨੂੰ ਸਮਰਪਣ ਕਰ ਦਿੰਦਾ ਹੈ ਅਤੇ ਉਸ ਦੀ ਟਹਿਲ ਕਮਾਉਂਦਾ ਹੈ।
ਕਵਨ ਸੁ ਜੁਗਤਿ? ਜਿਤੁ ਕਰਿ ਭੀਜੈ ॥
ਉਹ ਕਿਹੜਾ ਢੰਗ ਹੈ ਜਿਸ ਦੁਆਰਾ ਸਾਹਿਬ ਖੁਸ਼ ਹੁੰਦਾ ਹੈ।
ਪਾਇ ਲਗਉ, ਤਜਿ ਮੇਰਾ ਤੇਰੈ ॥
ਆਪਣਾ ਮੇਰ ਤੇਰ ਗੁਆ, ਕੇ ਮੈਂ ਉਸ ਦੇ ਪੈਰੀ ਪੈਂਦਾ ਹਾਂ।
ਕਵਨੁ ਸੁ ਜਨੁ? ਜੋ ਸਉਦਾ ਜੋਰੈ ॥੨॥
ਉਹ ਕਿਹੜਾ ਆਦਮੀ ਹੈ ਜੋ ਸੌਦਾ ਕਰਾ ਦੇਵੇ।
ਮਹਲੁ ਸਾਹ ਕਾ, ਕਿਨ ਬਿਧਿ ਪਾਵੈ ॥
ਕਿਸ ਢੰਗ ਨਾਲ ਮੈਂ ਵਣਜਾਰੇ ਦੇ ਮੰਦਰ ਪੁਜ ਸਕਦਾ ਹਾਂ?
ਕਵਨ ਸੁ ਬਿਧਿ? ਜਿਤੁ ਭੀਤਰਿ ਬੁਲਾਵੈ ॥
ਉਹ ਕਿਹੜਾ ਤਰੀਕਾ ਹੈ ਜਿਸ ਦੁਆਰਾ ਉਹ ਮੈਨੂੰ ਅੰਦਰ ਸੱਦ ਲਵੇ?
ਤੂੰ ਵਡ ਸਾਹੁ, ਜਾ ਕੇ ਕੋਟਿ ਵਣਜਾਰੇ ॥
ਤੂੰ ਵਡਾ ਵਣਜਾਰਾ ਹੈ ਜਿਸ ਦੇ ਕਰੋੜਾਂ ਹੀ ਹਟਵਾਣੀਏ ਹਨ।
ਕਵਨੁ ਸੁ ਦਾਤਾ? ਲੇ ਸੰਚਾਰੇ ॥੨॥
ਉਹ ਕਿਹੜਾ ਦਾਤਾਰ ਹੈ ਜਿਹੜਾ ਮੈਨੂੰ ਹੱਥੋਂ ਪਕੜ ਕੇ ਉਸ ਦੇ ਮੰਦਰ ਤੇ ਪੁਚਾ ਦੇਵੇ?
ਖੋਜਤ ਖੋਜਤ, ਨਿਜ ਘਰੁ ਪਾਇਆ ॥
ਲਭਦਿਆਂ ਤੇ ਭਾਲਦਿਆਂ ਮੈਂ ਆਪਣਾ ਨਿੱਜ ਦਾ ਧਾਮ ਪਾ ਲਿਆ ਹੈ।
ਅਮੋਲ ਰਤਨੁ, ਸਾਚੁ ਦਿਖਲਾਇਆ ॥
ਸੱਚੇ ਸਾਹਿਬ ਨੇ ਮੈਨੂੰ ਅਮੋਲਕ ਜਵੇਹਰ ਵਿਖਾਲ ਦਿਤਾ ਹੈ।
ਕਰਿ ਕਿਰਪਾ, ਜਬ ਮੇਲੇ ਸਾਹਿ ॥
ਜਦ ਵਣਜਾਰਾ ਮਿਹਰ ਧਾਰਦਾ ਹੈ, ਉਹ ਪ੍ਰਾਣੀ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
ਕਹੁ ਨਾਨਕ, ਗੁਰ ਕੈ ਵੇਸਾਹਿ ॥੪॥੧੬॥੮੫॥
ਗੁਰੂ ਨਾਨਾਕ ਜੀ ਫੁਰਮਾਉਂਦੇ ਹਨ ਇਹ ਹੋ ਆਉਂਦਾ ਹੈ, ਜਦ ਜੀਵ ਗੁਰਾਂ ਵਿੱਚ ਭਰੋਸਾ ਧਾਰ ਲੈਂਦਾ ਹੈ।
ਗਉੜੀ ਮਹਲਾ ੫ ਗੁਆਰੇਰੀ ॥
ਗਊੜੀ ਪਾਤਸ਼ਾਹੀ ਪੰਜਵੀਂ ਗੁਆਰੇਰੀ।
ਰੈਣਿ ਦਿਨਸੁ, ਰਹੈ ਇਕ ਰੰਗਾ ॥
ਰਾਤ੍ਰੀ ਅਤੇ ਦਿਹੁੰ ਸੰਤ ਇਕ ਵਾਹਿਗੁਰੂ ਦੇ ਪ੍ਰੇਮ ਅੰਦਰ ਵਸਦੇ ਹਨ।
ਪ੍ਰਭ ਕਉ ਜਾਣੈ, ਸਦ ਹੀ ਸੰਗਾ ॥
ਸਾਹਿਬ ਨੂੰ ਉਹ ਹਮੇਸ਼ਾ, ਆਪਣੇ ਅੰਗ ਸੰਗ ਸਮਝਦੇ ਹਨ।
ਠਾਕੁਰ ਨਾਮੁ, ਕੀਓ ਉਨਿ ਵਰਤਨਿ ॥
ਸਾਈਂ ਦੇ ਨਾਮ ਨੂੰ ਉਹ ਆਪਣੀ ਜੀਵਨ ਰਹੁ-ਰੀਤੀ ਬਣਾ ਲੈਂਦੇ ਹਨ।
ਤ੍ਰਿਪਤਿ ਅਘਾਵਨੁ, ਹਰਿ ਕੈ ਦਰਸਨਿ ॥੧॥
ਉਹ ਵਾਹਿਗੁਰੂ ਦੇ ਦੀਦਾਰ ਦੁਆਰਾ ਰੱਜ ਅਤੇ ਧ੍ਰਾਪ ਜਾਂਦੇ ਹਨ।
ਹਰਿ ਸੰਗਿ ਰਾਤੇ, ਮਨ ਤਨ ਹਰੇ ॥
ਉਹ ਵਾਹਿਗੁਰੂ ਨਾਲ ਰੰਗੀਜਣ ਨਾਲ ਉਹਨਾਂ ਦੀ ਆਤਮਾ ਤੇ ਦੇਹਿ ਸਰਸਬਜ਼ ਹੋ ਜਾਂਦੇ ਹਨ।
ਗੁਰ ਪੂਰੇ ਕੀ, ਸਰਨੀ ਪਰੇ ॥੧॥ ਰਹਾਉ ॥
ਉਹ ਪੂਰਨ ਗੁਰਾਂ ਦੀ ਪਨਾਹ ਲੈਂਦੇ ਹਨ। ਠਹਿਰਾਉ।
ਚਰਣ ਕਮਲ, ਆਤਮ ਆਧਾਰ ॥
ਸਾਈਂ ਦੇ ਕੰਵਲ ਰੂਪ ਪੈਰ ਉਨ੍ਹਾਂ ਦੀ ਆਤਮਾ ਦਾ ਆਸਰਾ ਹਨ।
ਏਕੁ ਨਿਹਾਰਹਿ, ਆਗਿਆਕਾਰ ॥
ਉਹ ਕੇਵਲ ਇਕ ਵਾਹਿਗੁਰੂ ਨੂੰ ਹੀ ਵੇਖਦੇ ਹਨ, ਅਤੇ ਉਸ ਦੇ ਹੁਕਮ ਦੇ ਪਾਲਣ ਵਾਲੇ ਹੋ ਜਾਂਦੇ ਹਨ।
ਏਕੋ ਬਨਜੁ, ਏਕੋ ਬਿਉਹਾਰੀ ॥
ਉਨ੍ਹਾਂ ਦਾ ਕੇਵਲ ਇਕ ਵਪਾਰ ਹੈ ਅਤੇ ਇਕ ਹੀ ਕਾਰ ਵਿਹਾਰ।
ਅਵਰੁ ਨ ਜਾਨਹਿ, ਬਿਨੁ ਨਿਰੰਕਾਰੀ ॥੨॥
ਰੂਪ-ਰੰਗ-ਰਹਿਤ ਸੁਆਮੀ ਦੇ ਬਗੈਰ ਉਹ ਹੋਰਸ ਕਿਸੇ ਨੂੰ ਨਹੀਂ ਜਾਣਦੇ।
ਹਰਖ ਸੋਗ, ਦੁਹਹੂੰ ਤੇ ਮੁਕਤੇ ॥
ਉਹ ਖੁਸ਼ੀ ਤੇ ਗ਼ਮੀ ਦੋਨਾ ਤੋਂ ਆਜ਼ਾਦ ਹਨ।
ਸਦਾ ਅਲਿਪਤੁ, ਜੋਗ ਅਰੁ ਜੁਗਤੇ ॥
ਹਮੇਸ਼ਾਂ ਹੀ ਦੁਨੀਆਂ ਵਲੋਂ ਅਟੰਕ ਅਤੇ ਰਬ ਨਾਲ ਜੁੜੇ ਰਹਿਣ ਦੀ ਬਿਧੀ ਉਨ੍ਹਾਂ ਨੂੰ ਆਉਂਦੀ ਹੈ।
ਦੀਸਹਿ ਸਭ ਮਹਿ, ਸਭ ਤੇ ਰਹਤੇ ॥
ਉਹ ਸਾਰਿਆਂ ਵਿੱਚ ਦਿਸਦੇ ਹਨ ਅਤੇ ਫਿਰ ਭੀ ਸਾਰਿਆਂ ਤੋਂ ਨਿਵੇਕਲੇ ਹਨ।
ਪਾਰਬ੍ਰਹਮ ਕਾ, ਓਇ ਧਿਆਨੁ ਧਰਤੇ ॥੩॥
ਸ਼ਰੋਮਣੀ ਸਾਹਿਬ ਵਿੱਚ ਉਹ ਆਪਣੀ ਬ੍ਰਿਤੀ ਜੋੜੀ ਰਖਦੇ ਹਨ।
ਸੰਤਨ ਕੀ ਮਹਿਮਾ, ਕਵਨ ਵਖਾਨਉ? ॥
ਸਾਧੂਆਂ ਦੀਆਂ ਬਜੂਰਗੀਆਂ ਮੈਂ ਕਿਹੜੀਆਂ ਕਿਹੜੀਆਂ ਬਿਆਨ ਕਰ ਸਕਦਾ ਹਾਂ?
ਅਗਾਧਿ ਬੋਧਿ, ਕਿਛੁ ਮਿਤਿ ਨਹੀ ਜਾਨਉ ॥
ਅਥਾਹ ਹੈ ਉਨ੍ਹਾਂ ਦਾ ਗਿਆਨ ਮੈਂ ਉਨ੍ਹਾਂ ਦਾ ਮੁੱਲ ਨਹੀਂ ਜਾਣਦਾ।
ਪਾਰਬ੍ਰਹਮ! ਮੋਹਿ ਕਿਰਪਾ ਕੀਜੈ ॥
ਹੇ ਵਿਸ਼ਾਲ ਵਾਹਿਗੁਰੂ ਮੇਰੇ ਉਤੇ ਮਿਹਰ ਧਾਰ।
ਧੂਰਿ ਸੰਤਨ ਕੀ, ਨਾਨਕ ਦੀਜੈ ॥੪॥੧੭॥੮੬॥
ਨਾਨਕ ਨੂੰ ਸਾਧੂਆਂ ਦੇ ਚਰਨਾਂ ਦੀ ਧੂੜ ਪਰਦਾਨ ਕਰ।
ਗਉੜੀ ਗੁਆਰੇਰੀ ਮਹਲਾ ੫ ॥
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
ਤੂੰ ਮੇਰਾ ਸਖਾ, ਤੂੰਹੀ ਮੇਰਾ ਮੀਤੁ ॥
ਤੂੰ ਮੇਰਾ ਸਾਥੀ ਹੈ ਅਤੇ ਤੂੰ ਹੀ ਮੇਰਾ ਮਿੱਤਰ।
ਤੂੰ ਮੇਰਾ ਪ੍ਰੀਤਮੁ, ਤੁਮ ਸੰਗਿ ਹੀਤੁ ॥
ਤੂੰ ਮੇਰਾ ਪਿਆਰਾ ਹੈ ਅਤੇ ਤੇਰੇ ਨਾਲ ਹੀ ਮੇਰਾ ਪਿਆਰ ਹੈ।
ਤੂੰ ਮੇਰੀ ਪਤਿ, ਤੂਹੈ ਮੇਰਾ ਗਹਣਾ ॥
ਤੂੰ ਮੇਰੀ ਇੱਜ਼ਤ-ਆਬਰੂ ਹੈ ਅਤੇ ਤੂੰ ਹੀ ਮੇਰਾ ਭੂਸ਼ਨ ਹੈ।
ਤੁਝ ਬਿਨੁ, ਨਿਮਖੁ ਨ ਜਾਈ ਰਹਣਾ ॥੧॥
ਤੇਰੇ ਬਾਝੋਂ ਮੈਂ ਇਕ ਮੁਹਤ-ਭਰ ਭੀ ਨਹੀਂ ਰਹਿ ਸਕਦਾ।
ਤੂੰ ਮੇਰੇ ਲਾਲਨ, ਤੂੰ ਮੇਰੇ ਪ੍ਰਾਨ ॥
ਤੂੰ ਮੇਰਾ ਦਿਲਬਰ ਹੈ ਅਤੇ ਤੂੰ ਹੀ ਮੇਰੀ ਜਿੰਦਜਾਨ।
ਤੂੰ ਮੇਰੇ ਸਾਹਿਬ, ਤੂੰ ਮੇਰੇ ਖਾਨ ॥੧॥ ਰਹਾਉ ॥
ਤੂੰ ਮੇਰਾ ਸੁਆਮੀ ਹੈ ਅਤੇ ਤੂੰ ਹੀ ਮੇਰਾ ਸਰਦਾਰ। ਠਹਿਰਾਉ।
ਜਿਉ ਤੁਮ ਰਾਖਹੁ, ਤਿਵ ਹੀ ਰਹਨਾ ॥
ਜਿਸ ਤਰ੍ਹਾਂ ਤੂੰ ਮੇਨੂੰ ਰਖਦਾ ਹੈ ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ।
ਜੋ ਤੁਮ ਕਹਹੁ, ਸੋਈ ਮੋਹਿ ਕਰਨਾ ॥
ਜੋ ਕੁਝ ਤੂੰ ਆਖਦਾ ਹੈ, ਉਹੀ ਮੈਂ ਕਰਦਾ ਹਾਂ।
ਜਹ ਪੇਖਉ, ਤਹਾ ਤੁਮ ਬਸਨਾ ॥
ਜਿਥੇ ਕਿਤੇ ਭੀ ਮੈਂ ਦੇਖਦਾ ਉਥੇ ਮੈਂ ਤੈਨੂੰ ਵਸਦਾ ਪਾਉਂਦਾ ਹਾਂ।
ਨਿਰਭਉ ਨਾਮੁ, ਜਪਉ ਤੇਰਾ ਰਸਨਾ ॥੨॥
ਮੇਰੇ ਨਿਡਰ ਸੁਆਮੀ, ਆਪਣੀ ਜੀਭਾ ਨਾਲ ਮੈਂ ਤੇਰੇ ਨਾਮ ਦਾ ਉਚਾਰਨ ਕਰਦਾ ਹਾਂ।
ਤੂੰ ਮੇਰੀ ਨਵ ਨਿਧਿ, ਤੂੰ ਭੰਡਾਰੁ ॥
ਤੂੰ ਮੇਰੇ ਨੌ ਖਜਾਨੇ ਹੈ ਅਤੇ ਤੂੰ ਹੀ ਮੇਰਾ ਤੋਸ਼ਾਖਾਨਾ।
ਰੰਗ ਰਸਾ, ਤੂੰ ਮਨਹਿ ਅਧਾਰੁ ॥
ਤੇਰੀ ਪ੍ਰੀਤ ਨਾਲ ਮੈਂ ਸਿੰਚਰਿਆ ਹੋਇਆ ਹਾਂ। ਤੂੰ ਮੇਰਾ ਚਿੱਤ ਦਾ ਆਸਰਾ ਹੈ।
ਤੂੰ ਮੇਰੀ ਸੋਭਾ, ਤੁਮ ਸੰਗਿ ਰਚੀਆ ॥
ਤੂੰ ਮੇਰੀ ਸ਼ਾਨ-ਸ਼ੋਕਤ ਹੈ ਅਤੇ ਤੇਰੇ ਨਾਲ ਹੀ ਮੈਂ ਲੀਨ ਹੋਇਆ ਹੋਇਆ ਹਾਂ।
ਤੂੰ ਮੇਰੀ ਓਟ, ਤੂੰ ਹੈ ਮੇਰਾ ਤਕੀਆ ॥੩॥
ਤੂੰ ਮੇਰੀ ਪਨਾਹ ਹੈ ਅਤੇ ਤੂੰ ਹੀ ਮੇਰਾ ਆਸਰਾ ਹੈ।
ਮਨ ਤਨ ਅੰਤਰਿ, ਤੁਹੀ ਧਿਆਇਆ ॥
ਆਪਣੀ ਆਤਮਾ ਤੇ ਦੇਹਿ ਅੰਦਰ ਮੈਂ ਤੇਰਾ ਸਿਮਰਨ ਕਰਦਾ ਹਾਂ।
ਮਰਮੁ ਤੁਮਾਰਾ, ਗੁਰ ਤੇ ਪਾਇਆ ॥
ਤੇਰਾ ਭੇਤ ਮੈਂ ਗੁਰਾਂ ਪਾਸੋਂ ਹਾਸਲ ਕੀਤਾ ਹੈ।
ਸਤਿਗੁਰ ਤੇ, ਦ੍ਰਿੜਿਆ ਇਕੁ ਏਕੈ ॥
ਸੱਚੇ ਗੁਰਾਂ ਦੇ ਰਾਹੀਂ ਮੈਂ ਕੇਵਲ ਇਕ ਸੁਆਮੀ ਨੂੰ ਘੁਟ ਕੇ ਫੜਿਆ ਹੈ।
ਨਾਨਕ ਦਾਸ, ਹਰਿ ਹਰਿ ਹਰਿ ਟੇਕੈ ॥੪॥੧੮॥੮੭॥
ਗੋਲੇ ਨਾਨਕ ਨੂੰ ਵਾਹਿਗੁਰੂ ਸੁਆਮੀ ਮਾਲਕ ਦਾ ਹੀ ਆਸਰਾ ਹੈ।
ਗਉੜੀ ਗੁਆਰੇਰੀ ਮਹਲਾ ੫ ॥
ਗਉੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
ਬਿਆਪਤ, ਹਰਖ ਸੋਗ ਬਿਸਥਾਰ ॥
ਮਾਇਆ ਖੁਸ਼ੀ ਤੇ ਗ਼ਮੀ ਦੇ ਅਡੰਬਰਾ ਅੰਦਰ ਫੈਲੀ ਹੋਈ ਹੈ।
ਬਿਆਪਤ, ਸੁਰਗ ਨਰਕ ਅਵਤਾਰ ॥
ਇਹ ਬਹਿਸ਼ਤ, ਦੋਜਖ ਅਤੇ ਜਨਮਾ ਦੇ ਗੇੜ ਤੇ ਅਸਰ ਕਰਦੀ ਹੈ।
ਬਿਆਪਤ, ਧਨ ਨਿਰਧਨ ਪੇਖਿ ਸੋਭਾ ॥
ਇਹ ਅਮੀਰਾ ਗਰੀਬਾਂ ਅਤੇ ਸੰਭਾਵਨਾਵਾਂ ਤੇ ਅਸਰ ਕਰਦੀ ਦੇਖੀ ਜਾਂਦੀ ਹੈ।
ਮੂਲੁ ਬਿਆਧੀ, ਬਿਆਪਸਿ ਲੋਭਾ ॥੧॥
ਇਹ ਬੁਨਿਆਦੀ ਬੀਮਾਰੀ, ਲਾਲਚ ਦੇ ਰਾਹੀਂ ਕੰਮ ਕਰਦੀ ਹੈ।
ਮਾਇਆ ਬਿਆਪਤ, ਬਹੁ ਪਰਕਾਰੀ ॥
ਮੋਹਨੀ ਕਈ ਤਰੀਕਿਆਂ ਨਾਲ ਅਸਰ ਕਰਦੀ ਹੈ।
ਸੰਤ ਜੀਵਹਿ, ਪ੍ਰਭ! ਓਟ ਤੁਮਾਰੀ ॥੧ ॥ ਰਹਾਉ ॥
ਤੇਰੀ ਪਨਾਹ ਤਾਬੇ ਹੇ ਸਾਹਿਬ! ਸਾਧੂ ਇਸ ਦੇ ਅਸਰ ਤੋਂ ਬਿਨਾ ਹੀ ਆਪਣਾ ਜੀਵਨ ਬਤੀਤ ਕਰਦੇ ਹਨ। ਠਹਿਰਾਉ।
ਬਿਆਪਤ, ਅਹੰਬੁਧਿ ਕਾ ਮਾਤਾ ॥
ਇਹ ਉਸ ਨੂੰ ਚਿਮੜੀ ਹੋਈ ਹੈ ਜੋ ਅੰਹਕਾਰੀ ਅਕਲ ਨਾਲ ਨਸ਼ਈ ਹੋਇਆ ਹੋਇਆ ਹੈ।
ਬਿਆਪਤ, ਪੁਤ੍ਰ ਕਲਤ੍ਰ ਸੰਗਿ ਰਾਤਾ ॥
ਇਹ ਉਸ ਨੂੰ ਚਿਮੜੀ ਹੋਈ ਹੈ ਜੋ ਆਪਣੇ ਪੁੱਤਾ ਤੇ ਪਤਨੀ ਦੇ ਪਿਆਰ ਨਾਲ ਰੰਗਿਆ ਹੋਇਆ ਹੈ।
ਬਿਆਪਤ, ਹਸਤਿ ਘੋੜੇ ਅਰੁ ਬਸਤਾ ॥
ਇਹ ਉਸਨੂੰ ਚਿਮੜੀ ਹੋਈ ਹੈ ਜੋ ਹਾਥੀਆਂ ਘੋੜਿਆਂ ਅਤੇ ਬਸਤਰਾਂ ਅੰਦਰ ਗਲਤਾਨ ਹੈ।
ਬਿਆਪਤ, ਰੂਪ ਜੋਬਨ ਮਦ ਮਸਤਾ ॥੨॥
ਇਹ ਉਸ ਪੁਰਸ਼ ਨੂੰ ਚਿਮੜੀ ਹੋਈ ਹੈ ਜੋ ਸੁੰਦਰਤਾ ਅਤੇ ਜੁਆਨੀ ਦੀ ਸ਼ਰਾਬ ਨਾਲ ਮਤਵਾਲਾ ਹੋਇਆ ਹੋਇਆ ਹੈ।
ਬਿਆਪਤ, ਭੂਮਿ ਰੰਕ ਅਰੁ ਰੰਗਾ ॥
ਇਹ ਜਮੀਨ ਦੇ ਮਾਲਕ ਕੰਗਾਲਾ ਅਤੇ ਮੌਜ ਬਹਾਰਾ ਮਾਨਣ ਵਾਲਿਆਂ ਨੂੰ ਚਿਮੜੀ ਹੋਈ ਹੈ।
ਬਿਆਪਤ, ਗੀਤ ਨਾਦ ਸੁਣਿ ਸੰਗਾ ॥
ਇਹ ਸਭਾਵਾ ਵਿੱਚ ਗਾਣੇ ਅਤੇ ਰਾਗ ਦੇ ਸੁਨਣ ਵਾਲਿਆਂ ਨੂੰ ਚਿਮੜੀ ਹੋਈ ਹੈ।
ਬਿਆਪਤ, ਸੇਜ ਮਹਲ ਸੀਗਾਰ ॥
ਇਹ ਪਲੰਘਾ, ਮੰਦਰਾ ਅਤੇ ਹਰ-ਸ਼ਿੰਗਾਰਾ ਵਿੱਚ ਰਮੀ ਹੋਈ ਹੈ।
ਪੰਚ ਦੂਤ, ਬਿਆਪਤ ਅੰਧਿਆਰ ॥੩॥
ਇਹ ਅੰਨ੍ਹਾਂ ਕਰ ਦੇਣ ਵਾਲੇ ਪੰਜ ਮੰਦੇ ਵਿਸ਼ਿਆਂ ਵਿੱਚ ਰਮੀ ਹੋਈ ਹੈ।
ਬਿਆਪਤ, ਕਰਮ ਕਰੈ ਹਉ ਫਾਸਾ ॥
ਇਹ ਉਸ ਅੰਦਰ ਰਮੀ ਹੋਈ ਹੈ ਜੋ ਹੰਕਾਰ ਅੰਦਰ ਫਸ ਕੇ ਆਪਣੇ ਕਾਰ-ਵਿਹਾਰ ਕਰਦਾ ਹੈ।
ਬਿਆਪਤਿ ਗਿਰਸਤ, ਬਿਆਪਤ ਉਦਾਸਾ ॥
ਘਰਬਾਰ ਵਿੱਚ ਭੀ ਇਹ ਸਾਡੇ ਉਤੇ ਢਹਿੰਦੀ ਹੈ ਅਤੇ ਤਿਆਗ ਵਿੱਚ ਭੀ ਢਹਿੰਦੀ ਹੈ।
ਆਚਾਰ ਬਿਉਹਾਰ, ਬਿਆਪਤ ਇਹ ਜਾਤਿ ॥
ਸਾਡੇ ਚਾਲ-ਚਲਣ, ਕਾਰ ਵਿਹਾਰ ਅਤੇ ਜਾਤੀ ਦੇ ਰਾਹੀਂ ਇਹ ਸਾਡੇ ਉਤੇ ਛਾਪਾ ਮਾਰਦੀ ਹੈ।
ਸਭ ਕਿਛੁ ਬਿਆਪਤ, ਬਿਨੁ ਹਰਿ ਰੰਗ ਰਾਤ ॥੪॥
ਸਿਵਾਏ ਉਨ੍ਹਾਂ ਦੇ ਜੋ ਵਾਹਿਗੁਰੂ ਦੀ ਪ੍ਰੀਤ ਨਾਲ ਰੰਗੇ ਹਨ, ਇਹ ਹਰ ਸ਼ੈ ਨੂੰ ਚਿਮੜਦੀ ਹੈ।
ਸੰਤਨ ਕੇ ਬੰਧਨ, ਕਾਟੇ ਹਰਿ ਰਾਇ ॥
ਸਾਧੂਆਂ ਦੀ ਬੇੜੀਆਂ, ਵਾਹਿਗੁਰੂ ਪਾਤਸ਼ਾਹ ਨੇ ਕੱਟ ਸੁੱਟੀਆਂ ਹਨ।
ਤਾ ਕਉ, ਕਹਾ ਬਿਆਪੈ ਮਾਇ ॥
ਮਾਇਆ ਉਨ੍ਹਾਂ ਨੂੰ ਕਿਸ ਤਰ੍ਹਾਂ ਚਿਮੜ ਸਕਦੀ ਹੈ?
ਕਹੁ ਨਾਨਕ, ਜਿਨਿ ਧੂਰਿ ਸੰਤ ਪਾਈ ॥
ਗੁਰੂ ਜੀ ਫੁਰਮਾਉਂਦੇ ਹਨ, ਜਿਸ ਨੂੰ ਸਾਧੂਆਂ ਦੇ ਪੈਰਾ ਦੀ ਧੂੜ ਪ੍ਰਾਪਤ ਹੋਈ ਹੈ,
ਤਾ ਕੈ ਨਿਕਟਿ, ਨ ਆਵੈ ਮਾਈ ॥੫॥੧੯॥੮੮॥
ਮਾਇਆ ਉਸ ਦੇ ਲਾਗੇ ਨਹੀਂ ਲਗਦੀ।
ਗਉੜੀ ਗੁਆਰੇਰੀ ਮਹਲਾ ੫ ॥
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
ਨੈਨਹੁ ਨੀਦ, ਪਰ ਦ੍ਰਿਸਟਿ ਵਿਕਾਰ ॥
ਪਰਾਏ ਰੂਪ ਵੱਲ ਮੰਦੀ ਨਿਗ੍ਹਾ ਕਰਨ ਦੁਆਰਾ ਅੱਖਾਂ ਸੁੱਤੀਆਂ ਪਈਆਂ ਹਨ।
ਸ੍ਰਵਣ ਸੋਏ, ਸੁਣਿ ਨਿੰਦ ਵੀਚਾਰ ॥
ਕਲੰਕ ਦੀਆਂ ਰਾਮ ਕਹਾਣੀਆਂ ਸੁਣ ਕੇ ਕੰਨ ਸੁੱਤੇ ਪਏ ਹਨ।
ਰਸਨਾ ਸੋਈ, ਲੋਭਿ ਮੀਠੈ ਸਾਦਿ ॥
ਮਿੱਠੀਆ ਸ਼ੈਆ ਦੇ ਸੁਆਦ ਦੀ ਖਾਹਿਸ਼ ਅੰਦਰ ਜੀਭ ਸੁੱਤੀ ਪਈ ਹੈ।
ਮਨੁ ਸੋਇਆ, ਮਾਇਆ ਬਿਸਮਾਦਿ ॥੧॥
ਧੰਨ ਦੌਲਤ ਦੇ ਜ਼ਹਿਰੀਲੇ ਨਸ਼ੇ ਅੰਦਰ ਮਨੂਆਂ ਸੁੱਤਾ ਪਿਆ ਹੈ।
ਇਸੁ ਗ੍ਰਿਹ ਮਹਿ, ਕੋਈ ਜਾਗਤੁ ਰਹੈ ॥
ਕੋਈ ਵਿਰਲਾ ਪੁਰਸ਼ਾ ਹੀ ਇਸ ਘਰ ਅੰਦਰ ਜਾਗਦਾ ਰਹਿੰਦਾ ਹੈ।
ਸਾਬਤੁ ਵਸਤੁ, ਓਹੁ ਅਪਨੀ ਲਹੈ ॥੧॥ ਰਹਾਉ ॥
ਆਪਣਾ ਵਖਰ ਉਹ ਸਹੀ ਸਲਾਮਤ ਪਾ ਲੇਂਦਾ ਹੈ। ਠਹਿਰਾਉ।
ਸਗਲ ਸਹੇਲੀ, ਅਪਨੈ ਰਸ ਮਾਤੀ ॥
ਸਾਰੀਆਂ ਸਖੀਆਂ (ਇੰਦਰੀਆਂ) ਆਪਣੇ ਮੁਆਦ ਅੰਦਰ ਮਤਵਾਲੀਆਂ ਹਨ।
ਗ੍ਰਿਹ ਅਪੁਨੇ ਕੀ, ਖਬਰਿ ਨ ਜਾਤੀ ॥
ਉਹ ਆਪਣੇ ਘਰ ਦੀ ਰਖਵਾਲੀ ਕਰਨੀ ਜਾਣਦੀਆਂ ਹੀ ਨਹੀਂ।
ਮੁਸਨਹਾਰ, ਪੰਚ ਬਟਵਾਰੇ ॥
ਪੰਜੇ ਮੰਦੇ ਵਿਸ਼ੇ ਖੋਹਣ-ਖਿੰਜਣ ਵਾਲੇ ਅਤੇ ਰਮਤੇ ਦੇ ਲੁਟੇਰੇ ਹਨ।
ਸੂਨੇ ਨਗਰਿ, ਪਰੇ ਠਗਹਾਰੇ ॥੨॥
ਠਗ ਬੇਪਹਿਰੇ ਕਸਬੇ ਤੇ ਆ ਪੈਂਦੇ ਹਨ।
ਉਨ ਤੇ ਰਾਖੈ, ਬਾਪੁ ਨ ਮਾਈ ॥
ਉਨ੍ਹਾਂ ਕੋਲੋਂ ਪਿਉ ਤੇ ਮਾਂ ਬਚਾ ਨਹੀਂ ਸਕਦੇ।
ਉਨ ਤੇ ਰਾਖੈ, ਮੀਤੁ ਨ ਭਾਈ ॥
ਉਨ੍ਹਾਂ ਪਾਸੋਂ ਮਿੱਤਰ ਤੇ ਭਰਾ ਰਖਿਆ ਨਹੀਂ ਕਰ ਸਕਦੇ।
ਦਰਬਿ, ਸਿਆਣਪ, ਨਾ ਓਇ ਰਹਤੇ ॥
ਦੌਲਤ ਤੇ ਚਤੁਰਾਈ ਰਾਹੀਂ ਉਹ ਨਹੀਂ ਰੁਕਦੇ।
ਸਾਧਸੰਗਿ, ਓਇ ਦੁਸਟ ਵਸਿ ਹੋਤੇ ॥੩॥
ਸਤਿਸੰਗਤ ਦੁਆਰਾ ਉਹ ਲੁੰਚੜ ਕਾਬੂ ਵਿੱਚ ਆ ਜਾਂਦੇ ਹਨ।
ਕਰਿ ਕਿਰਪਾ, ਮੋਹਿ ਸਾਰਿੰਗਪਾਣਿ! ॥
ਮੇਰੇ ਉਤੇ ਤਰਸ ਕਰੋ ਹੇ ਧਰਤੀ ਦੇ ਥੰਮਣਹਾਰ ਸੁਆਮੀ!
ਸੰਤਨ ਧੂਰਿ, ਸਰਬ ਨਿਧਾਨ ॥
ਮੇਰੇ ਲਈ ਸਾਧੂਆਂ ਦੇ ਚਰਨਾਂ ਦੀ ਧੂੜ ਹੀ ਸਮੂਹ ਖਜਾਨਾ ਹੈ।
ਸਾਬਤੁ ਪੂੰਜੀ, ਸਤਿਗੁਰ ਸੰਗਿ ॥
ਸੱਚੇ ਗੁਰਾਂ ਦੀ ਸੰਗਤ ਵਿੱਚ ਰਾਸ ਸਹੀ ਸਲਾਮਤ ਰਹਿੰਦੀ ਹੈ।
ਨਾਨਕ, ਜਾਗੈ ਪਾਰਬ੍ਰਹਮ ਕੈ ਰੰਗਿ ॥੪॥
ਸ਼ਰੋਮਣੀ ਸਾਹਿਬ ਦੇ ਪਿਆਰ ਅੰਦਰ ਨਾਨਕ ਜਾਗਦਾ ਹੈ।
ਸੋ ਜਾਗੈ, ਜਿਸੁ ਪ੍ਰਭੁ ਕਿਰਪਾਲੁ ॥
ਕੇਵਲ ਉਹੀ ਜਾਗਦਾ ਹੈ ਜਿਸ ਉਤੇ ਮਾਲਕ ਮਿਹਰਵਾਨ ਹੈ।
ਇਹ ਪੂੰਜੀ, ਸਾਬਤੁ ਧਨੁ ਮਾਲੁ ॥੧॥ ਰਹਾਉ ਦੂਜਾ ॥੨੦॥੮੯॥
ਇਹ ਖੈਰ, ਪਦਾਰਥ ਅਤੇ ਜਾਇਦਾਦ ਫਿਰ ਐਨ ਪੂਰੇ ਰਹਿੰਦੇ ਹਨ। ਠਹਿਰਾਉ ਦੂਜਾ।
ਗਉੜੀ ਗੁਆਰੇਰੀ ਮਹਲਾ ੫ ॥
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
ਜਾ ਕੈ ਵਸਿ, ਖਾਨ ਸੁਲਤਾਨ ॥
ਜਿਸ ਦੇ ਕਾਬੂ ਵਿੱਚ ਹਨ, ਸਰਦਾਰ ਅਤੇ ਪਾਤਸ਼ਾਹ।
ਜਾ ਕੈ ਵਸਿ ਹੈ, ਸਗਲ ਜਹਾਨ ॥
ਜਿਸ ਦੇ ਅਖਤਿਆਰ ਵਿੱਚ ਹੈ ਸਾਰਾ ਸੰਸਾਰ।
ਜਾ ਕਾ ਕੀਆ, ਸਭੁ ਕਿਛੁ ਹੋਇ ॥
ਜਿਸ ਦੇ ਕਰਨ ਦੁਆਰਾ ਸਭ ਕੁਝ ਹੋ ਆਉਂਦਾ ਹੈ,
ਤਿਸ ਤੇ ਬਾਹਰਿ, ਨਾਹੀ ਕੋਇ ॥੧॥
ਉਸ ਤੋਂ ਬਾਹਰ ਕੁਝ ਭੀ ਨਹੀਂ।
ਕਹੁ ਬੇਨੰਤੀ, ਅਪੁਨੇ ਸਤਿਗੁਰ ਪਾਹਿ ॥
ਆਪਣੀ ਪ੍ਰਾਰਥਨਾ ਆਪਣੇ ਸੱਚੇ ਗੁਰਾਂ ਕੋਲ ਆਖ।
ਕਾਜ ਤੁਮਾਰੇ, ਦੇਇ ਨਿਬਾਹਿ ॥੧॥ ਰਹਾਉ ॥
ਤੇਰੇ ਕੰਮ ਉਸ ਸਾਰੇ ਨੇਪਰੇ ਚਾੜ੍ਹ ਦੇਵੇਗਾ। ਠਹਿਰਾਉ।
ਸਭ ਤੇ ਊਚ, ਜਾ ਕਾ ਦਰਬਾਰੁ ॥
ਸਾਰਿਆਂ ਨਾਲੋਂ ਉਚੇਰੀ ਹੈ ਉਸ ਦੀ ਕਚਹਿਰੀ,
ਸਗਲ ਭਗਤ, ਜਾ ਕਾ ਨਾਮੁ ਅਧਾਰੁ ॥
ਉਸ ਦੇ ਸਮੂਹ ਸੰਤਾ ਦਾ ਉਸ ਦਾ ਨਾਮ ਆਸਰਾ ਹੈ।
ਸਰਬੁ ਬਿਆਪਿਤ, ਪੂਰਨ ਧਨੀ ॥
ਮੁਕੰਮਲ ਮਾਲਕ ਹਰ ਥਾਂ ਰਮ ਰਿਹਾ ਹੈ।
ਜਾ ਕੀ ਸੋਭਾ, ਘਟਿ ਘਟਿ ਬਨੀ ॥੨॥
ਉਸ ਦੀ ਸ਼ਾਨ ਸ਼ੌਕਤ ਹਰ ਦਿਲ ਅੰਦਰ ਪ੍ਰਗਟ ਹੈ।
ਜਿਸੁ ਸਿਮਰਤ, ਦੁਖ ਡੇਰਾ ਢਹੈ ॥
ਜਿਸ ਦਾ ਆਰਾਧਨ ਕਰਨ ਦੁਆਰਾ ਗ਼ਮ ਦਾ ਠਿਕਾਣਾ ਮਸਮਾਰ ਹੋ ਜਾਂਦਾ ਹੈ।
ਜਿਸੁ ਸਿਮਰਤ, ਜਮੁ ਕਿਛੂ ਨ ਕਹੈ ॥
ਜੀਹਦਾ ਆਰਾਧਨ ਕਰਨ ਦੁਆਰਾ ਮੌਤ ਦਾ ਦੂਤ ਤੈਨੂੰ ਦੁਖ ਨਹੀਂ ਦਿੰਦਾ।
ਜਿਸੁ ਸਿਮਰਤ, ਹੋਤ ਸੂਕੇ ਹਰੇ ॥
ਜੀਹਦਾ ਆਰਾਧਨ ਕਰਨ ਦੁਆਰਾ ਜੋ ਸੁੱਕਾ-ਸੜਿਆ ਹੈ, ਉਹ ਸਰ-ਸਬਜ ਹੋ ਜਾਂਦਾ ਹੈ।
ਜਿਸ ਸਿਮਰਤ, ਡੂਬਤ ਪਾਹਨ ਤਰੇ ॥੩॥
ਜਿਸ ਦਾ ਆਰਾਧਨ ਕਰਨ ਦੁਆਰਾ, ਡੁਬਦੇ ਹੋਏ ਪਥਰ ਪਾਰ ਉਤਰ ਜਾਂਦੇ ਹਨ।
ਸੰਤ ਸਭਾ ਕਉ, ਸਦਾ ਜੈਕਾਰੁ ॥
ਸਾਧ ਸੰਗਤ ਨੂੰ ਮੈਂ ਹਮੇਸ਼ਾਂ ਹੀ ਨਮਸਕਾਰ ਕਰਦਾ ਹਾਂ।
ਹਰਿ ਹਰਿ ਨਾਮੁ, ਜਨ ਪ੍ਰਾਨ ਅਧਾਰੁ ॥
ਸੁਆਮੀ ਮਾਲਕ ਦਾ ਨਾਮ ਉਸ ਦੇ ਗੋਲਿਆਂ ਦੀ ਜਿੰਦ ਜਾਨ ਦਾ ਆਸਰਾ ਹੈ।
ਕਹੁ ਨਾਨਕ, ਮੇਰੀ ਸੁਣੀ ਅਰਦਾਸਿ ॥
ਗੁਰੂ ਜੀ ਆਖਦੇ ਹਨ, ਪ੍ਰਭੂ ਨੇ ਮੇਰੀ ਪ੍ਰਾਰਥਨਾ ਸੁਣ ਲਈ ਹੈ।
ਸੰਤ ਪ੍ਰਸਾਦਿ, ਮੋ ਕਉ ਨਾਮ ਨਿਵਾਸ ॥੪॥੨੧॥੯੦॥
ਸਾਧੂਆਂ ਦੀ ਦਇਆ ਦੁਆਰਾ ਮੈਨੂੰ ਸਾਹਿਬ ਦੇ ਨਾਮ ਵਿੱਚ ਵਸੇਬਾ ਮਿਲ ਗਿਆ ਹੈ।
ਗਉੜੀ ਗੁਆਰੇਰੀ ਮਹਲਾ ੫ ॥
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
ਸਤਿਗੁਰ ਦਰਸਨਿ, ਅਗਨਿ ਨਿਵਾਰੀ ॥
ਸੱਚੇ ਗੁਰਾਂ ਦੇ ਦੀਦਾਰ ਦੁਆਰਾ (ਖਾਹਿਸ਼ ਦੀ) ਅੱਗ ਬੁਝ ਗਈ ਹੈ।
ਸਤਿਗੁਰ ਭੇਟਤ, ਹਉਮੈ ਮਾਰੀ ॥
ਸੱਚੇ ਗੁਰਾਂ ਨੂੰ ਮਿਲਣ ਦੁਆਰਾ ਹੰਕਾਰ ਮਿਟ ਗਿਆ ਹੈ।
ਸਤਿਗੁਰ ਸੰਗਿ, ਨਾਹੀ ਮਨੁ ਡੋਲੈ ॥
ਸੱਚੇ ਗੁਰਾਂ ਦੀ ਸੰਗਤ ਅੰਦਰ ਚਿੱਤ ਡਿਕੋਡੋਲੇ ਨਹੀਂ ਖਾਦਾ।
ਅੰਮ੍ਰਿਤ ਬਾਣੀ, ਗੁਰਮੁਖਿ ਬੋਲੈ ॥੧॥
ਗੁਰਾਂ ਦੇ ਜਰੀਏ, ਪ੍ਰਾਣੀ ਸੁਧਾ-ਸਰੂਪ ਗੁਰਬਾਣੀ ਦਾ ਉਚਾਰਣ ਕਰਦਾ ਹੈ।
ਸਭੁ ਜਗੁ ਸਾਚਾ, ਜਾ ਸਚ ਮਹਿ ਰਾਤੇ ॥
ਜੇਕਰ ਬੰਦਾ ਸਤਿਨਾਮ ਅੰਦਰ ਰੰਗਿਆ ਹੋਇਆ ਹੋਵੇ, ਤਾਂ ਉਹ ਸਤਿਪੁਰਖ ਨੂੰ ਸਾਰੇ ਸੰਸਾਰ ਵਿੱਚ ਵਿਆਪਕ ਦੇਖਦਾ ਹੈ।
ਸੀਤਲ ਸਾਤਿ, ਗੁਰ ਤੇ ਪ੍ਰਭ ਜਾਤੇ ॥੧॥ ਰਹਾਉ ॥
ਗੁਰਾਂ ਦੇ ਰਾਹੀਂ ਸਾਹਿਬ ਨੂੰ ਜਾਣ ਕੇ, ਮੈਂ ਸਥਿਰ ਤੇ ਸ਼ਾਤ ਹੋ ਗਿਆ ਹਾਂ। ਠਹਿਰਾਉ।
ਸੰਤ ਪ੍ਰਸਾਦਿ, ਜਪੈ ਹਰਿ ਨਾਉ ॥
ਸਾਧੂਆਂ ਦੀ ਮਿਹਰ ਦੁਆਰਾ ਬੰਦਾ ਰੱਬ ਦਾ ਨਾਮ ਜਪਦਾ ਹੈ।
ਸੰਤ ਪ੍ਰਸਾਦਿ, ਹਰਿ ਕੀਰਤਨੁ ਗਾਉ ॥
ਸਾਧੂਆਂ ਦੀ ਮਿਹਰ ਦੁਆਰਾ ਬੰਦਾ ਰੱਬ ਦਾ ਜੱਸ ਅਲਾਪਦਾ ਹੈ।
ਸੰਤ ਪ੍ਰਸਾਦਿ, ਸਗਲ ਦੁਖ ਮਿਟੇ ॥
ਸਾਧੂਆਂ ਦੀ ਦਇਆ ਦੁਆਰਾ ਸਾਰੀ ਪੀੜ ਰਫ਼ਾ ਹੋ ਜਾਂਦੀ ਹੈ।
ਸੰਤ ਪ੍ਰਸਾਦਿ, ਬੰਧਨ ਤੇ ਛੁਟੇ ॥੨॥
ਸਾਧੂਆਂ ਦੀ ਦਇਆ ਦੁਆਰਾ ਪ੍ਰਾਣੀ ਬੰਦੀ ਤੋਂ ਖਲਾਸੀ ਪਾ ਜਾਂਦਾ ਹੈ।
ਸੰਤ ਕ੍ਰਿਪਾ ਤੇ, ਮਿਟੇ ਮੋਹ ਭਰਮ ॥
ਸਾਧੂਆਂ ਦੀ ਮਿਹਰਬਾਨੀ ਦੇ ਜਰੀਏ, ਅਪਣਤ ਤੇ ਸ਼ੱਕ-ਸ਼ੁਭੇ ਦੂਰ ਹੋ ਗਏ ਹਨ।
ਸਾਧ ਰੇਣ, ਮਜਨ ਸਭਿ ਧਰਮ ॥
ਸਾਰਾ ਈਮਾਨ ਸੰਤ ਗੁਰਾਂ ਦੇ ਚਰਨਾ ਦੀ ਧੂੜੀ ਵਿੱਚ ਇਸ਼ਨਾਨ ਕਰਨਾ ਹੈ।
ਸਾਧ ਕ੍ਰਿਪਾਲ, ਦਇਆਲ ਗੋਵਿੰਦੁ ॥
ਜਦ ਸੰਤ ਦਇਆਲੂ ਹੈ ਤਾਂ ਸੰਸਾਰ ਦਾ ਮਾਲਕ ਮਿਹਰਬਾਨ ਹੋ ਜਾਂਦਾ ਹੈ।
ਸਾਧਾ ਮਹਿ, ਇਹ ਹਮਰੀ ਜਿੰਦੁ ॥੩॥
ਮੇਰੀ ਇਹ ਜਿੰਦ ਜਾਨ ਸੰਤਾ ਅੰਦਰ ਵਸਦੀ ਹੈ।
ਕਿਰਪਾ ਨਿਧਿ, ਕਿਰਪਾਲ ਧਿਆਵਉ ॥
ਜੇਕਰ ਮੈਂ ਰਹਿਮਤ ਦੇ ਖਜਾਨੇ ਮਿਹਰਬਾਨ ਮਾਲਕ ਦਾ ਸਿਮਰਨ ਕਰਾਂ,
ਸਾਧਸੰਗਿ, ਤਾ ਬੈਠਣੁ ਪਾਵਉ ॥
ਕੇਵਲ ਤਦ ਹੀ, ਮੈਨੂੰ ਸਤਿਸੰਗਤ ਅੰਦਰ ਟਿਕਾਣਾ ਮਿਲਦਾ ਹੈ।
ਮੋਹਿ ਨਿਰਗੁਣ ਕਉ, ਪ੍ਰਭਿ ਕੀਨੀ ਦਇਆ ॥
ਮੈਂ ਗੁਣ-ਹੀਣ ਨਾਨਕ, ਉਤੇ ਸਾਹਿਬ ਨੇ ਆਪਣੀ ਰਹਿਮਤ ਧਾਰੀ ਹੈ।
ਸਾਧਸੰਗਿ, ਨਾਨਕ ਨਾਮੁ ਲਇਆ ॥੪॥੨੨॥੯੧॥
ਸਚਿਆਰਾ ਦੀ ਸਭਾ ਅੰਦਰ, ਨਾਨਕ ਨੇ ਸਾਹਿਬ ਦਾ ਨਾਮ ਲਿਆ ਹੈ।
ਗਉੜੀ ਗੁਆਰੇਰੀ ਮਹਲਾ ੫ ॥
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
ਸਾਧਸੰਗਿ, ਜਪਿਓ ਭਗਵੰਤੁ ॥
ਸਤਿ ਸੰਗਤ ਅੰਦਰ ਮੈਂ ਮੁਬਾਰਕ ਮਾਲਕ ਦਾ ਆਰਾਧਨ ਕਰਦਾ ਹਾਂ।
ਕੇਵਲ ਨਾਮੁ, ਦੀਓ ਗੁਰਿ ਮੰਤੁ ॥
ਗੁਰਾਂ ਨੇ ਮੈਨੂੰ ਸਿਰਫ ਨਾਮ ਦਾ ਹੀ ਜਾਦੂ ਦਿਤਾ ਹੈ।
ਤਜਿ ਅਭਿਮਾਨ, ਭਏ ਨਿਰਵੈਰ ॥
ਆਪਣੀ ਹੰਗਤਾ ਛੱਡ ਕੇ ਮੈਂ ਦੁਸ਼ਮਨੀ-ਰਹਿਤ ਹੋ ਗਿਆ ਹਾਂ।
ਆਠ ਪਹਰ, ਪੂਜਹੁ ਗੁਰ ਪੈਰ ॥੧॥
ਦਿਨ ਦੇ ਅੱਠੇ ਪਹਿਰ ਹੀ ਮੈਂ ਗੁਰਾਂ ਦੇ ਚਰਨਾ ਦੀ ਉਪਾਸ਼ਨਾ ਕਰਦਾ ਹਾਂ।
ਅਬ ਮਤਿ ਬਿਨਸੀ, ਦੁਸਟ ਬਿਗਾਨੀ ॥
ਹੁਣ ਮੇਰੀ ਮੰਦੀ ਤੇ ਓਪਰੀ ਅਕਲ ਨਾਸ ਹੋ ਗਈ ਹੈ,
ਜਬ ਤੇ ਸੁਣਿਆ, ਹਰਿ ਜਸੁ ਕਾਨੀ ॥੧॥ ਰਹਾਉ ॥
ਜਦ ਦੀ ਮੈਂ ਵਾਹਿਗੁਰੂ ਦੀ ਕੀਰਤੀ ਆਪਣੇ ਕੰਨਾਂ ਨਾਲ ਸਰਵਣ ਕੀਤੀ ਹੈ। ਠਹਿਰਾਉ।
ਸਹਜ ਸੂਖ, ਆਨੰਦ ਨਿਧਾਨ ॥
ਜੋ ਟਿਕਾਓ, ਆਰਾਮ ਤੇ ਖੁਸ਼ੀ ਦਾ ਖਜਾਨਾ ਹੈ,
ਰਾਖਨਹਾਰ, ਰਖਿ ਲੇਇ ਨਿਦਾਨ ॥
ਉਹ ਰਖਿਅਕ, ਆਖਰਕਾਰ, ਮੈਨੂੰ ਬਚਾ ਲਵੇਗਾ।
ਦੂਖ ਦਰਦ, ਬਿਨਸੇ ਭੈ ਭਰਮ ॥
ਮੇਰੀ ਪੀੜ ਤਕਲੀਫ ਡਰ ਤੇ ਵਹਿਮ ਨਾਸ ਹੋ ਗਏ ਹਨ।
ਆਵਣ ਜਾਣ ਰਖੇ, ਕਰਿ ਕਰਮ ॥੨॥
ਜੰਮਣ ਮਰਨ ਤੋਂ ਉਸ ਨੇ ਕਿਰਪਾ ਕਰਕੇ ਮੈਨੂੰ ਬਚਾ ਲਿਆ ਹੈ।
ਪੇਖੈ ਬੋਲੈ, ਸੁਣੈ ਸਭੁ ਆਪਿ ॥
ਪ੍ਰਭੂ ਆਪੇ ਹੀ ਸਾਰਾ ਕੁਝ ਵੇਖਦਾ ਆਖਦਾ ਅਤੇ ਸੁਣਦਾ ਹੈ।
ਸਦਾ ਸੰਗਿ, ਤਾ ਕਉ ਮਨ! ਜਾਪਿ ॥
ਹੇ ਮੇਰੀ ਆਤਮਾ ਉਸ ਦਾ ਸਿਮਰਣ ਕਰ, ਜੋ ਹਮੇਸ਼ਾਂ ਹੀ ਤੇਰੇ ਅੰਗ ਸੰਗ ਹੈ।
ਸੰਤ ਪ੍ਰਸਾਦਿ, ਭਇਓ ਪਰਗਾਸੁ ॥
ਸਾਧੂਆਂ ਦੀ ਦਇਆ ਦੁਆਰਾ ਪ੍ਰਕਾਸ਼ ਹੋ ਗਿਆ ਹੈ।
ਪੂਰਿ ਰਹੇ, ਏਕੈ ਗੁਣਤਾਸੁ ॥੩॥
ਗੁਣਾ ਦਾ ਖਜਾਨਾ ਇਕ ਪ੍ਰਭੂ ਹਰ ਥਾ ਪਰੀਪੂਰਨ ਹੋ ਰਿਹਾ ਹੈ।
ਕਹਤ ਪਵਿਤ੍ਰ, ਸੁਣਤ ਪੁਨੀਤ ॥
ਪਾਵਨ ਹਨ ਜੋ ਜਪਦੇ ਹਨ, ਪਵਿਤ੍ਰ ਹਨ ਜੋ ਸੁਣਦੇ ਹਨ,
ਗੁਣ ਗੋਵਿੰਦ, ਗਾਵਹਿ ਨਿਤ ਨੀਤ ॥
ਅਤੇ ਗਾਉਂਦੇ ਹਨ ਸਦਾ ਲਈ ਸ੍ਰਿਸ਼ਟੀ ਦੇ ਸੁਆਮੀ ਦਾ ਜੱਸ।
ਕਹੁ ਨਾਨਕ, ਜਾ ਕਉ ਹੋਹੁ ਕ੍ਰਿਪਾਲ ॥
ਗੁਰੂ ਜੀ ਫੁਰਮਾਉਂਦੇ ਹਨ, ਜਿਸ ਉਤੇ ਤੂੰ ਮਿਹਰਬਾਨ ਹੋ ਜਾਂਦਾ ਹੈ,
ਤਿਸੁ ਜਨ ਕੀ, ਸਭ ਪੂਰਨ ਘਾਲ ॥੪॥੨੩॥੯੨॥
ਉਸ ਪੁਰਸ਼ ਦੀ ਸਮੁੰਹ ਸੇਵਾ ਸੰਪੂਰਨ ਹੋ ਜਾਂਦੀ ਹੈ।
ਗਉੜੀ ਗੁਆਰੇਰੀ ਮਹਲਾ ੫ ॥
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
ਬੰਧਨ ਤੋੜਿ, ਬੋਲਾਵੈ ਰਾਮੁ ॥
ਜੋ ਬੇੜੀਆਂ ਕੱਟ ਦਿੰਦਾ ਹੈ ਅਤੇ ਬੰਦੇ ਪਾਸੋਂ ਵਿਆਪਕ ਵਾਹਿਗੁਰੂ ਦੇ ਨਾਮ ਦਾ ਉਚਾਰਣ ਕਰਵਾਉਂਦਾ ਹੈ।
ਮਨ ਮਹਿ ਲਾਗੈ, ਸਾਚੁ ਧਿਆਨੁ ॥
ਜਿਸ ਦੇ ਰਾਹੀਂ ਚਿੱਤ ਸੱਚੇ ਸਾਹਿਬ ਤੇ ਚਿੰਤਨ ਅੰਦਰ ਜੁੜ ਜਾਂਦਾ ਹੈ,
ਮਿਟਹਿ ਕਲੇਸ, ਸੁਖੀ ਹੋਇ ਰਹੀਐ ॥
ਪੀੜ ਨਵਿਰਤ ਹੋ ਬੰਦਾ ਆਰਾਮ ਅੰਦਰ ਵਸਦਾ ਹੈ।
ਐਸਾ ਦਾਤਾ, ਸਤਿਗੁਰੁ ਕਹੀਐ ॥੧॥
ਐਹੋ ਜੇਹਾ ਦਾਤਾਰ ਸੱਚਾ ਗੁਰੂ ਆਖਿਆ ਜਾਂਦਾ ਹੈ।
ਸੋ ਸੁਖਦਾਤਾ, ਜਿ ਨਾਮੁ ਜਪਾਵੈ ॥
ਕੇਵਲ ਓਹੀ ਆਰਾਮ ਦੇਣ ਵਾਲਾ ਹੈ, ਜਿਹੜਾ ਇਨਸਾਨ ਪਾਸੋਂ ਰੱਬ ਦਾ ਨਾਮ ਦਾ ਜਾਪ ਕਰਵਾਉਂਦਾ ਹੈ।
ਕਰਿ ਕਿਰਪਾ, ਤਿਸੁ ਸੰਗਿ ਮਿਲਾਵੈ ॥੧॥ ਰਹਾਉ ॥
ਅਤੇ ਮਿਹਰ ਕਰ ਕੇ ਉਸਦੇ ਨਾਲ ਮਿਲਾ ਦੇਂਦਾ ਹੈ। ਠਹਿਰਾਉ।
ਜਿਸੁ ਹੋਇ ਦਇਆਲੁ, ਤਿਸੁ ਆਪਿ ਮਿਲਾਵੈ ॥
ਜੀਹਦੇ ਉਤੇ ਸਾਹਿਬ ਦਇਆਵਾਨ ਹੈ, ਉਸਨੂੰ ਉਹ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
ਸਰਬ ਨਿਧਾਨ, ਗੁਰੂ ਤੇ ਪਾਵੈ ॥
ਸਾਰੇ ਖਜਾਨੇ ਉਹ ਗੁਰਾਂ ਪਾਸੋਂ ਪ੍ਰਾਪਤ ਕਰ ਲੈਂਦਾ ਹੈ।
ਆਪੁ ਤਿਆਗਿ, ਮਿਟੈ ਆਵਣ ਜਾਣਾ ॥
ਆਪਣੀ ਹੰਗਤਾ ਨਵਿਰਤ ਕਰਨ ਦੁਆਰਾ ਆਦਮੀ ਦਾ ਆਗਮਨ ਤੇ ਗਮਨ ਮੁਕ ਜਾਂਦੇ ਹਨ।
ਸਾਧ ਕੈ ਸੰਗਿ, ਪਾਰਬ੍ਰਹਮੁ ਪਛਾਣਾ ॥੨॥
ਸਤਿ ਸੰਗਤ ਅੰਦਰ ਸ਼੍ਰੋਮਣੀ ਸਾਹਿਬ ਸਿੰਞਾਣਿਆ ਜਾਂਦਾ ਹੈ।
ਜਨ ਊਪਰਿ, ਪ੍ਰਭ ਭਏ ਦਇਆਲ ॥
ਆਪਣੇ ਨਫ਼ਰ ਉਤੇ ਸਾਈਂ ਮਿਹਰਬਾਨ ਹੋ ਗਿਆ ਹੈ।
ਜਨ ਕੀ ਟੇਕ, ਏਕ ਗੋਪਾਲ ॥
ਜਗਤ ਪਾਲਣ-ਪੋਸਣਹਾਰ ਇਕ ਸੁਆਮੀ ਹੀ ਆਪਣੇ ਨਫ਼ਰ ਦਾ ਆਸਰਾ ਹੈ।
ਏਕਾ ਲਿਵ, ਏਕੋ ਮਨਿ ਭਾਉ ॥
ਉਸ ਦੀ ਇਕ ਹਰੀ ਨਾਲ ਪ੍ਰੀਤ ਹੈ ਅਤੇ ਇਕ ਹਰੀ ਦੀ ਪਿਰਹੜੀ ਹੀ ਉਸ ਦੇ ਚਿੱਤ ਵਿੱਚ ਹੈ।
ਸਰਬ ਨਿਧਾਨ, ਜਨ ਕੈ ਹਰਿ ਨਾਉ ॥੩॥
ਰੱਬ ਦਾ ਨਾਮ ਹੀ ਉਸ ਦੇ ਨੌਕਰ ਦੇ ਸਾਰੇ ਖਜਾਨੇ ਹਨ।
ਪਾਰਬ੍ਰਹਮ ਸਿਉ, ਲਾਗੀ ਪ੍ਰੀਤਿ ॥
ਜੋ ਉਚੇ ਪ੍ਰਭੂ ਨਾਲ ਪਿਆਰ ਕਰਦਾ ਹੈ,
ਨਿਰਮਲ ਕਰਣੀ, ਸਾਚੀ ਰੀਤਿ ॥
ਉਸ ਦੇ ਅਮਲ ਪਵਿੱਤ੍ਰ ਹਨ ਅਤੇ ਸੱਚੀ ਹੈ ਉਸ ਦੀ ਜੀਵਨ ਰਹੁ-ਰੀਤੀ।
ਗੁਰਿ ਪੂਰੈ, ਮੇਟਿਆ ਅੰਧਿਆਰਾ ॥
ਪੂਰਨ ਗੁਰਾਂ ਨੇ ਅਨ੍ਹੇਰਾ ਨਵਿਰਤ ਕਰ ਦਿੱਤਾ ਹੈ।
ਨਾਨਕ ਕਾ ਪ੍ਰਭੁ, ਅਪਰ ਅਪਾਰਾ ॥੪॥੨੪॥੯੩॥
ਨਾਨਕ ਦਾ ਸੁਆਮੀ ਹੰਦਬੰਨਾ ਰਹਿਤ ਅਤੇ ਅਨੰਤ ਹੈ।
ਗਉੜੀ ਗੁਆਰੇਰੀ ਮਹਲਾ ੫ ॥
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
ਜਿਸੁ ਮਨਿ ਵਸੈ, ਤਰੈ ਜਨੁ ਸੋਇ ॥
ਜਿਸ ਪੁਰਸ਼ ਦੇ ਚਿੱਤ ਅੰਦਰ ਸਾਹਿਬ ਵਸਦਾ ਹੈ, ਉਹ (ਸੰਸਾਰ ਸਮੁੰਦਰੋਂ) ਪਾਰ ਉਤਰ ਜਾਂਦਾ ਹੈ।
ਜਾ ਕੈ ਕਰਮਿ, ਪਰਾਪਤਿ ਹੋਇ ॥
ਜਿਸ ਦੇ ਚੰਗੇ ਭਾਗ ਹਨ, ਉਹ ਸਾਹਿਬ ਨੂੰ ਪਾ ਲੈਂਦਾ ਹੈ।
ਦੂਖੁ ਰੋਗੁ, ਕਛੁ ਭਉ ਨ ਬਿਆਪੈ ॥
ਦਰਦ, ਬਿਮਾਰੀ ਤੇ ਡਰ ਉਸ ਨੂੰ ਭੋਰਾ ਭਰ ਭੀ ਅਸਰ ਨਹੀਂ ਕਰਦੇ,
ਅੰਮ੍ਰਿਤ ਨਾਮੁ, ਰਿਦੈ ਹਰਿ ਜਾਪੈ ॥੧॥
ਜੋ ਆਪਣੇ ਮਨ ਵਿੱਚ ਵਾਹਿਗੁਰੂ ਦੇ ਆਬਿ-ਹਿਯਾਤੀ ਨਾਮ ਦਾ ਸਿਮਰਨ ਕਰਦਾ ਹੈ।
ਪਾਰਬ੍ਰਹਮ, ਪਰਮੇਸੁਰੁ ਧਿਆਈਐ ॥
ਹੇ ਬੰਦੇ! ਤੂੰ ਸ਼੍ਰੋਮਣੀ ਸਾਹਿਬ, ਉਚੇ ਮਾਲਕ ਦਾ ਆਰਾਧਨ ਕਰ।
ਗੁਰ ਪੂਰੇ ਤੇ, ਇਹ ਮਤਿ ਪਾਈਐ ॥੧॥ ਰਹਾਉ ॥
ਪੂਰਨ ਗੁਰਾਂ ਪਾਸੋਂ ਇਹ ਸਮਝ ਪ੍ਰਾਪਤ ਹੁੰਦੀ ਹੈ। ਠਹਿਰਾਉ।
ਕਰਣ ਕਰਾਵਨਹਾਰ, ਦਇਆਲ ॥
ਕਰਤਾ ਅਤੇ ਪ੍ਰੇਰਕ ਹੈ ਮਿਹਰਵਾਨ ਪ੍ਰਭੂ।
ਜੀਅ ਜੰਤ, ਸਗਲੇ ਪ੍ਰਤਿਪਾਲ ॥
ਉਹ ਸਾਰਿਆਂ ਇਨਸਾਨਾਂ ਤੇ ਹੋਰ ਪ੍ਰਾਣਧਾਰੀਆਂ, ਦੀ ਪਰਵਰਸ਼ ਕਰਦਾ ਹੈ।
ਅਗਮ ਅਗੋਚਰ, ਸਦਾ ਬੇਅੰਤਾ ॥
ਪ੍ਰਭੂ ਸਦੀਵ ਹੀ ਪਹੁੰਚ ਤੋਂ ਪਰੇ ਸਾਡੀ ਸੋਚ ਸਮਝ ਤੋਂ ਉਚੇਰਾ ਅਤੇ ਹੱਦਬੰਨਾ-ਰਹਿਤ ਹੈ।
ਸਿਮਰਿ ਮਨਾ! ਪੂਰੇ ਗੁਰ ਮੰਤਾ ॥੨॥
ਮੇਰੀ ਜਿੰਦੜੀਏ! ਪੂਰਨ ਗੁਰਾਂ ਦੇ ਉਪਦੇਸ਼ ਤਾਬੇ ਉਸ ਦਾ ਆਰਾਧਨ ਕਰ।
ਜਾ ਕੀ ਸੇਵਾ, ਸਰਬ ਨਿਧਾਨੁ ॥
ਉਸ ਦੀ ਟਹਿਲ ਕਮਾ, ਜਿਸ ਦੀ ਚਾਕਰੀ ਵਿੱਚ ਸਾਰੇ ਖਜਾਨੇ ਹਨ।
ਪ੍ਰਭ ਕੀ ਪੂਜਾ, ਪਾਈਐ ਮਾਨੁ ॥
ਸਾਈਂ ਦੀ ਉਪਾਸਨਾ ਦੁਆਰਾ ਇੱਜਤ ਪਾਈ ਦੀ ਹੈ।
ਜਾ ਕੀ ਟਹਲ, ਨ ਬਿਰਥੀ ਜਾਇ ॥
ਜਿਸ ਦੀ ਸੇਵਾ ਵਿਅਰਥ ਨਹੀਂ ਜਾਂਦੀ,
ਸਦਾ ਸਦਾ, ਹਰਿ ਕੇ ਗੁਣ ਗਾਇ ॥੩॥
ਉਸ ਸਦੀਵੀ ਵਾਹਿਗੁਰੂ ਦੀ ਮਹਿਮਾ ਗਾਇਨ ਕਰ।
ਕਰਿ ਕਿਰਪਾ, ਪ੍ਰਭ ਅੰਤਰਜਾਮੀ ॥
ਦਿਲਾਂ ਦੀਆਂ ਜਾਨਣਹਾਰ, ਮੇਰੇ ਮਾਲਕ, ਮੇਰੇ ਉਤੇ ਮਿਹਰ ਧਾਰ।
ਸੁਖ ਨਿਧਾਨ, ਹਰਿ ਅਲਖ ਸੁਆਮੀ ॥
ਅਦ੍ਰਿਸ਼ਟ ਵਾਹਿਗੁਰੂ ਮਾਲਕ ਆਰਾਮ ਦਾ ਖਜਾਨਾ ਹੈ।
ਜੀਅ ਜੰਤ, ਤੇਰੀ ਸਰਣਾਈ ॥
ਬੰਦੇ ਤੇ ਹੋਰ ਜੀਵ ਤੇਰੀ ਪਨਾਹ ਲੋੜਦੇ ਹਨ ਹੇ ਵਾਹਿਗੁਰੂ!
ਨਾਨਕ, ਨਾਮੁ ਮਿਲੈ ਵਡਿਆਈ ॥੪॥੨੫॥੯੪॥
ਨਾਨਕ ਨੂੰ ਸਾਹਿਬ ਦੇ ਨਾਮ ਦੀ ਮਹਾਨਤਾ ਪ੍ਰਾਪਤ ਹੋਵੇ।
ਗਉੜੀ ਗੁਆਰੇਰੀ ਮਹਲਾ ੫ ॥
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
ਜੀਅ ਜੁਗਤਿ, ਜਾ ਕੈ ਹੈ ਹਾਥ ॥
ਜਿਸ ਦੇ ਹੱਥ ਵਿੱਚ ਜ਼ਿੰਦਗੀ ਦੀ ਰੁਹੁ-ਰੀਤੀ ਹੈ,
ਸੋ ਸਿਮਰਹੁ, ਅਨਾਥ ਕੋ ਨਾਥੁ ॥
ਤੂੰ ਹੇ ਬੰਦੇ! ਨਿਖਸਮਿਆ ਦੇ ਖਸਮ, ਉਸ ਸਾਹਿਬ ਦਾ ਆਰਾਧਨ ਕਰ।
ਪ੍ਰਭ ਚਿਤਿ ਆਏ, ਸਭੁ ਦੁਖੁ ਜਾਇ ॥
ਪਾਰਬ੍ਰਹਮ ਦਾ ਚਿੰਤਨ ਕਰਨ ਦੁਆਰਾ, ਸਾਰੇ ਗ਼ਮ ਦੂਰ ਹੋ ਜਾਂਦੇ ਹਨ।
ਭੈ ਸਭ ਬਿਨਸਹਿ, ਹਰਿ ਕੈ ਨਾਇ ॥੧॥
ਭਗਵਾਨ ਦੇ ਨਾਮ ਦੁਆਰਾ ਸਮੂਹ ਡਰ ਨਾਸ ਹੋ ਜਾਂਦੇ ਹਨ।
ਬਿਨੁ ਹਰਿ, ਭਉ ਕਾਹੇ ਕਾ ਮਾਨਹਿ ॥
ਵਾਹਿਗੁਰੂ ਦੇ ਬਾਝੋਂ ਤੂੰ ਹੋਰਸ ਦਾ ਡਰ ਕਿਉਂ ਮਹਿਸੂਸ ਕਰਦਾ ਹੈ?
ਹਰਿ ਬਿਸਰਤ, ਕਾਹੇ ਸੁਖੁ ਜਾਨਹਿ ॥੧॥ ਰਹਾਉ ॥
ਜੇਕਰ ਤੂੰ ਰੱਬ ਨੂੰ ਭੁਲਾ ਦਿੰਦਾ ਹੈ ਤਾਂ ਫਿਰ ਤੂੰ ਆਪਣੇ ਆਪ ਨੂੰ ਆਰਾਮ ਵਿੱਚ ਕਿਉਂ ਸਮਝਦਾ ਹੈ? ਠਹਿਰਾਉ।
ਜਿਨਿ ਧਾਰੇ, ਬਹੁ ਧਰਣਿ ਅਗਾਸ ॥
ਜਿਸ ਨੇ ਕਈ ਧਰਤੀਆਂ ਅਤੇ ਅਕਾਸ਼ ਕਾਇਮ ਕੀਤੇ ਹਨ,
ਜਾ ਕੀ ਜੋਤਿ, ਜੀਅ ਪਰਗਾਸ ॥
ਜਿਸ ਦੇ ਨੂਰ ਨਾਲ ਆਤਮ ਪਰਕਾਸ਼ ਹੁੰਦੀ ਹੈ,
ਜਾ ਕੀ ਬਖਸ, ਨ ਮੇਟੈ ਕੋਇ ॥
ਜਿਸ ਦੀ ਦਾਤਿ ਕੋਈ ਭੀ ਰਦ ਨਹੀਂ ਕਰ ਸਕਦਾ,
ਸਿਮਰਿ ਸਿਮਰਿ, ਪ੍ਰਭੁ ਨਿਰਭਉ ਹੋਇ ॥੨॥
ਉਸ ਸਾਹਿਬ ਦਾ ਆਰਾਧਨ ਤੇ ਚਿੰਤਨ ਕਰ ਹੇ ਬੰਦੇ ਅਤੇ ਇਸ ਤਰ੍ਹਾਂ ਡਰ-ਰਹਿਤ ਹੋ ਜਾ।
ਆਠ ਪਹਰ, ਸਿਮਰਹੁ ਪ੍ਰਭ ਨਾਮੁ ॥
ਦਿਨ ਦੇ ਅੱਠੇ ਪਹਿਰ ਹੀ ਤੂੰ ਸਾਹਿਬ ਦੇ ਨਾਮ ਦਾ ਭਜਨ ਕਰ।
ਅਨਿਕ ਤੀਰਥ, ਮਜਨੁ ਇਸਨਾਨੁ ॥
ਇਸ ਵਿੱਚ ਅਨੇਕਾ ਯਾਤ੍ਰਾ-ਅਸਥਾਨਾ ਦੇ ਨ੍ਹਾਉਣੇ ਅਤੇ ਇਸ਼ਨਾਨ ਆ ਜਾਂਦੇ ਹਨ।
ਪਾਰਬ੍ਰਹਮ ਕੀ, ਸਰਣੀ ਪਾਹਿ ॥
ਤੂੰ ਉੱਚੇ ਸੁਆਮੀ ਦੀ ਸ਼ਰਣਾਗਤਿ ਸੰਭਾਲ, ਹੇ ਬੰਦੇ!
ਕੋਟਿ ਕਲੰਕ, ਖਿਨ ਮਹਿ ਮਿਟਿ ਜਾਹਿ ॥੩॥
ਤੇਰੀਆਂ ਕ੍ਰੋੜਾਂ ਹੀ ਬਦਨਾਮੀਆਂ, ਇਕ ਮੁਹਤ ਵਿੱਚ ਨੇਸਤੇ-ਨਾਬੂਦ ਹੋ ਜਾਣਗੀਆਂ।
ਬੇਮੁਹਤਾਜੁ, ਪੂਰਾ ਪਾਤਿਸਾਹੁ ॥
ਉਹ ਮੁਛੰਦਗੀ-ਰਹਿਤ ਪੂਰਨ ਬਾਦਸ਼ਾਹ ਹੈ।
ਪ੍ਰਭ ਸੇਵਕ, ਸਾਚਾ ਵੇਸਾਹੁ ॥
ਸਾਹਿਬ ਦੇ ਗੋਲੇ ਦਾ ਉਸ ਅੰਦਰ ਸੱਚਾ ਭਰੋਸਾ ਹੈ।
ਗੁਰਿ ਪੂਰੈ, ਰਾਖੇ ਦੇ ਹਾਥ ॥
ਆਪਣਾ ਹੱਥ ਦੇ ਕੇ ਪੂਰਨ ਗੁਰਦੇਵ ਜੀ ਉਸ ਦੀ ਰਖਿਆ ਕਰਦੇ ਹਨ।
ਨਾਨਕ, ਪਾਰਬ੍ਰਹਮ ਸਮਰਾਥ ॥੪॥੨੬॥੯੫॥
ਨਾਨਕ, ਸਰਬ ਸ਼ਕਤੀਵਾਨ ਹੇ ਉੱਚਾ ਪ੍ਰਭੂ।
ਗਉੜੀ ਗੁਆਰੇਰੀ ਮਹਲਾ ੫ ॥
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
ਗੁਰ ਪਰਸਾਦਿ, ਨਾਮਿ ਮਨੁ ਲਾਗਾ ॥
ਗੁਰਾਂ ਦੀ ਦਇਆ ਦੁਆਰਾ ਮੇਰਾ ਚਿੱਤ ਵਾਹਿਗੁਰੂ ਦੇ ਨਾਮ ਨਾਲ ਜੁੜ ਗਿਆ ਹੈ।
ਜਨਮ ਜਨਮ ਕਾ, ਸੋਇਆ ਜਾਗਾ ॥
ਅਨੇਕਾ ਜਨਮਾ ਦਾ ਸੁੱਤਾ ਹੋਇਆ ਇਹ ਹੁਣ ਜਾਗ ਪਿਆ ਹੈ।
ਅੰਮ੍ਰਿਤ ਗੁਣ, ਉਚਰੈ ਪ੍ਰਭ ਬਾਣੀ ॥
ਗੁਰਾਂ ਦੇ ਅੰਮ੍ਰਿਤਮਈ ਕਲਾਮ ਦੇ ਜਰੀਏ, ਮਨ ਸੁਆਮੀ ਦਾ ਜੱਸ ਉਚਾਰਨ ਕਰਦਾ ਹੈ।
ਪੂਰੇ ਗੁਰ ਕੀ, ਸੁਮਤਿ ਪਰਾਣੀ ॥੧॥
ਪੂਰਨ ਗੁਰਾਂ ਦੀ ਸਰੇਸ਼ਟ ਸਿਖ-ਮਤ ਮੇਰੇ ਤੇ ਪਰਗਟ ਹੋ ਆਈ ਹੈ।
ਪ੍ਰਭ ਸਿਮਰਤ, ਕੁਸਲ ਸਭਿ ਪਾਏ ॥
ਸਾਹਿਬ ਦਾ ਭਜਨ ਕਰਨ ਦੁਆਰਾ ਮੈਨੂੰ ਸਾਰੀਆਂ ਖੁਸ਼ੀਆਂ ਪ੍ਰਾਪਤ ਹੋ ਗਈਆਂ ਹਨ।
ਘਰਿ ਬਾਹਰਿ, ਸੁਖ ਸਹਜ ਸਬਾਏ ॥੧॥ ਰਹਾਉ ॥
ਗ੍ਰਹਿ ਦੇ ਅੰਦਰ ਤੇ ਬਾਹਰ ਮੈਨੂੰ ਸੋਖੇ ਹੀ ਸਮੂਹ ਆਰਾਮ ਪ੍ਰਾਪਤ ਹੋ ਗਿਆ ਹੈ। ਠਹਿਰਾਉ।
ਸੋਈ ਪਛਾਤਾ, ਜਿਨਹਿ ਉਪਾਇਆ ॥
ਮੈਂ ਉਸ ਨੂੰ ਸਿੰਞਾਣ ਲਿਆ ਹੈ, ਜਿਸ ਨੇ ਮੈਨੂੰ ਪੈਦਾ ਕੀਤਾ ਹੈ।
ਕਰਿ ਕਿਰਪਾ, ਪ੍ਰਭਿ ਆਪਿ ਮਿਲਾਇਆ ॥
ਮਿਹਰ ਧਾਰ ਕੇ, ਸਾਹਿਬ ਨੇ ਮੈਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ।
ਬਾਹ ਪਕਰਿ, ਲੀਨੋ ਕਰਿ ਅਪਨਾ ॥
ਬਾਂਹ ਤੋਂ ਪਕੜ ਕੇ ਮਾਲਕ ਨੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ।
ਹਰਿ ਹਰਿ ਕਥਾ, ਸਦਾ ਜਪੁ ਜਪਨਾ ॥੨॥
ਵਾਹਿਗੁਰੂ ਸੁਆਮੀ ਦੀ ਵਾਰਤਾ ਅਤੇ ਨਾਮ ਦਾ ਮੈਂ ਹਮੇਸ਼ਾਂ ਉਚਾਰਨ ਕਰਦਾ ਹਾਂ।
ਮੰਤ੍ਰੁ ਤੰਤ੍ਰੁ, ਅਉਖਧੁ ਪੁਨਹਚਾਰੁ ॥
ਜਾਦੂ ਟੂਣੇ ਟਾਮਣ, ਦੁਆਈ ਅਤੇ ਪ੍ਰਾਸਚਿਤ ਕਰਮ,
ਹਰਿ ਹਰਿ ਨਾਮੁ, ਜੀਅ ਪ੍ਰਾਨ ਅਧਾਰੁ ॥
ਸਮੂਹ ਵਾਹਿਗੁਰੂ ਸੁਆਮੀ ਦੇ ਨਾਮ ਵਿੱਚ ਹਨ, ਜੋ ਮੇਰੀ ਆਤਮਾ ਤੇ ਜਿੰਦ-ਜਾਨ ਦਾ ਆਸਰਾ ਹੈ।
ਸਾਚਾ ਧਨੁ, ਪਾਇਓ ਹਰਿ ਰੰਗਿ ॥
ਮੈਂ ਵਾਹਿਗੁਰੂ ਦੀ ਪ੍ਰੀਤ ਦੀ ਸੱਚੀ ਦੌਲਤ ਹਾਸਲ ਕੀਤੀ ਹੈ।
ਦੁਤਰੁ ਤਰੇ, ਸਾਧ ਕੈ ਸੰਗਿ ॥੩॥
ਸਤਿਸੰਗਤ ਦੁਆਰਾ ਕਠਨ ਸੰਸਾਰ ਸਮੁੰਦਰ ਪਾਰ ਕੀਤਾ ਜਾਂਦਾ ਹੈ।
ਸੁਖਿ ਬੈਸਹੁ, ਸੰਤ ਸਜਨ ਪਰਵਾਰੁ ॥
ਹੇ ਸਾਧੂਓ! ਮ੍ਰਿਤਾਂ ਦੇ ਸਮੁਦਾਇ ਸਣੇ ਆਰਾਮ ਵਿੱਚ ਬੈਠੋ।
ਹਰਿ ਧਨੁ ਖਟਿਓ, ਜਾ ਕਾ ਨਾਹਿ ਸੁਮਾਰੁ ॥
ਮੈਂ ਹਰੀ ਨਾਮ ਦੀ ਦੌਲਤ ਕਮਾਈ ਹੈ ਜਿਹੜੀ ਗਿਣਤੀ ਤੋਂ ਬਾਹਰ ਹੈ।
ਜਿਸਹਿ ਪਰਾਪਤਿ, ਤਿਸੁ ਗੁਰੁ ਦੇਇ ॥
ਗੁਰੂ ਜੀ ਉਸ ਨੂੰ ਇਹ ਦੋਲਤ ਦਿੰਦੇ ਹਨ, ਜਿਸ ਨੂੰ ਇਸਦਾ ਮਿਲਣਾ ਨਿਯਤ ਹੋਇਆ ਹੋਇਆ ਹੈ।
ਨਾਨਕ, ਬਿਰਥਾ ਕੋਇ ਨ ਹੇਇ ॥੪॥੨੭॥੯੬॥
ਨਾਨਕ, ਗੁਰਾਂ ਦੇ ਦੁਆਰੇ ਉਤੋਂ ਕੋਈ ਭੀ ਖਾਲੀ ਹੱਥੀ ਨਹੀਂ ਜਾਂਦਾ।
ਗਉੜੀ ਗੁਆਰੇਰੀ ਮਹਲਾ ੫ ॥
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
ਹਸਤ ਪੁਨੀਤ ਹੋਹਿ, ਤਤਕਾਲ ॥
ਹੱਥ ਝਟ ਪਟ ਹੀ ਪਵਿੱਤ੍ਰ ਹੋ ਜਾਂਦੇ ਹਨ,
ਬਿਨਸਿ ਜਾਹਿ, ਮਾਇਆ ਜੰਜਾਲ ॥
ਮੋਹਣੀ ਦੇ ਅਲਸੇਟੇ ਮੁਕ ਜਾਂਦੇ ਹਨ,
ਰਸਨਾ ਰਮਹੁ, ਰਾਮ ਗੁਣ ਨੀਤ ॥
ਜੇਕਰ ਜੀਭ ਦੇ ਨਾਲ ਹਮੇਸ਼ਾਂ ਹੀ ਵਿਆਪਕ ਵਾਹਿਗੁਰੂ ਦਾ ਜੱਸ ਉਚਾਰਣ ਕੀਤਾ ਜਾਵੇ।
ਸੁਖੁ ਪਾਵਹੁ, ਮੇਰੇ ਭਾਈ ਮੀਤ! ॥੧॥
ਐਸ ਤਰ੍ਹਾਂ ਤੂੰ ਠੰਢ ਚੈਨ ਨੂੰ ਪ੍ਰਾਪਤ ਹੋ ਜਾਵੇਗਾ, ਹੇ ਮੇਰੇ ਭਰਾ ਤੇ ਮਿੱਤ੍ਰ।
ਲਿਖੁ ਲੇਖਣਿ, ਕਾਗਦਿ ਮਸਵਾਣੀ ॥
ਆਪਣੀ ਕਲਮ ਤੇ ਦਵਾਤ ਨਾਲ ਤੂੰ ਕਾਗਜ ਉਤੇ ਲਿਖਾਈ ਕਰ,
ਰਾਮ ਨਾਮ, ਹਰਿ ਅੰਮ੍ਰਿਤ ਬਾਣੀ ॥੧॥ ਰਹਾਉ ॥
ਉਸ ਵਿਆਪਕ ਵਾਹਿਗੁਰੂ ਦਾ ਨਾਮ ਤੇ ਰੱਬੀ ਅੰਮ੍ਰਿਤਮਈ ਗੁਰਬਾਣੀ। ਠਹਿਰਾਉ।
ਇਹ ਕਾਰਜਿ, ਤੇਰੇ ਜਾਹਿ ਬਿਕਾਰ ॥
ਏਸ ਕਰਮ ਨਾਲ ਤੇਰੇ ਪਾਪ ਧੋਤੇ ਜਾਣਗੇ।
ਸਿਮਰਤ ਰਾਮ, ਨਾਹੀ ਜਮ ਮਾਰ ॥
ਵਿਆਪਕ ਸਾਹਿਬ ਦਾ ਭਜਨ ਕਰਨ ਦੁਆਰਾ, ਮੌਤ ਦਾ ਫ਼ਰਿਸ਼ਤਾ ਤੈਨੂੰ ਸਜ਼ਾ ਨਹੀਂ ਦੇਵੇਗਾ।
ਧਰਮ ਰਾਇ ਕੇ, ਦੂਤ ਨ ਜੋਹੈ ॥
ਪਰਮ ਰਾਜੇ ਦੇ ਕਾਸਦ ਤੈਨੂੰ ਤਕਾਉਣਗੇ ਨਹੀਂ,
ਮਾਇਆ ਮਗਨ, ਨ ਕਛੂਐ ਮੋਹੈ ॥੨॥
ਮੋਹਨੀ ਦਾ ਸਰੂਰ ਤੈਨੂੰ ਭੋਰਾ ਭਰ ਭੀ ਫ਼ਰੇਫ਼ਤਾ ਨਹੀਂ ਕਰੇਗਾ।
ਉਧਰਹਿ ਆਪਿ, ਤਰੈ ਸੰਸਾਰੁ ॥
ਤੂੰ ਆਪ ਪਾਰ ਉਤਰ ਜਾਵੇਗਾ ਅਤੇ ਤੇਰੇ ਰਾਹੀਂ ਜਗਤ ਪਾਰ ਉਤਰ ਜਾਵੇਗਾ,
ਰਾਮ ਨਾਮ ਜਪਿ, ਏਕੰਕਾਰੁ ॥
ਜੇਕਰ ਤੂੰ ਕੇਵਲ ਇਕ ਸਰਬ-ਵਿਆਪਕ ਸੁਆਮੀ ਦੇ ਨਾਮ ਦਾ ਉਚਾਰਨ ਕਰੇਂਗਾ।
ਆਪਿ ਕਮਾਉ, ਅਵਰਾ ਉਪਦੇਸ ॥
ਨਾਮ ਸਿਮਰਨ ਦੀ ਖੁਦ ਕਮਾਈ ਕਰ ਅਤੇ ਹੋਰਨਾ ਨੂੰ ਸਿੱਖ-ਮਤ ਦੇ।
ਰਾਮ ਨਾਮ, ਹਿਰਦੈ ਪਰਵੇਸ ॥੩॥
ਰੱਬ ਦੇ ਨਾਮ ਨੂੰ ਆਪਣੇ ਦਿਲ ਅੰਦਰ ਬਿਠਾ।
ਜਾ ਕੈ ਮਾਥੈ, ਏਹੁ ਨਿਧਾਨੁ ॥
ਜਿਸ ਦੇ ਮੱਥੇ ਉਤੇ ਇਸ ਖਜਾਨੇ ਦੀ ਪ੍ਰਾਪਤੀ ਲਿਖੀ ਹੋਈ ਹੈ,
ਸੋਈ ਪੁਰਖੁ, ਜਪੈ ਭਗਵਾਨੁ ॥
ਉਹ ਪੁਰਸ਼ ਸਾਈਂ ਨੂੰ ਅਰਾਧਦਾ ਹੈ।
ਆਠ ਪਹਰ, ਹਰਿ ਹਰਿ ਗੁਣ ਗਾਉ ॥
ਸਾਰੀ ਦਿਹਾੜੀ ਹੀ ਵਾਹਿਗੁਰੂ ਸੁਆਮੀ ਦਾ ਜੱਸ ਗਾਇਨ ਕਰ।
ਕਹੁ ਨਾਨਕ, ਹਉ ਤਿਸੁ ਬਲਿ ਜਾਉ ॥੪॥੨੮॥੯੭॥
ਗੁਰੂ ਜੀ ਆਖਦੇ ਹਨ, ਮੈਂ ਉਸ ਉਤੋਂ ਘੋਲੀ ਜਾਂਦਾ ਹਾਂ।
ਰਾਗੁ ਗਉੜੀ ਗੁਆਰੇਰੀ ਮਹਲਾ ੫ ਚਉਪਦੇ ਦੁਪਦੇ
ਰਾਗ ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ। ਚਉਪਦੇ ਦੁਪਦੇ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
ਜੋ ਪਰਾਇਓ, ਸੋਈ ਅਪਨਾ ॥
ਜਿਹੜਾ ਦੂਜੇ ਦੀ ਮਲਕੀਅਤ ਹੈ, ਉਸ ਨੂੰ ਬੰਦਾ ਆਪਣਾ ਨਿੱਜ ਦਾ ਸਮਝਦਾ ਹੈ।
ਜੋ ਤਜਿ ਛੋਡਨ, ਤਿਸੁ ਸਿਉ ਮਨੁ ਰਚਨਾ ॥੧॥
ਜਿਹੜਾ ਕੁਝ ਛੱਡ ਜਾਣਾ ਹੈ, ਉਸ ਨਾਲ ਉਸ ਦਾ ਮਨੂਆਂ ਜੁੜਿਆ ਹੋਇਆ ਹੈ।
ਕਹਹੁ ਗੁਸਾਈ, ਮਿਲੀਐ ਕੇਹ ॥
ਦਸੋਂ ਧਰਤੀ ਦਾ ਸੁਆਮੀ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ?
ਜੋ ਬਿਬਰਜਤ, ਤਿਸ ਸਿਉ ਨੇਹ ॥੧॥ ਰਹਾਉ ॥
ਜਿਹੜਾ ਕੁਛ ਮਨ੍ਹਾਂ ਕੀਤਾ ਹੋਇਆ ਹੈ, ਉਸ ਨਾਲ ਉਸ ਦਾ ਪਿਆਰ ਹੈ। ਠਹਿਰਾਉ।
ਝੂਠੁ ਬਾਤ, ਸਾ ਸਚੁ ਕਰਿ ਜਾਤੀ ॥
ਕੂੜੀ ਗੱਲ ਉਸ ਨੂੰ ਉਹ ਸੱਚੀ ਕਰ ਕੇ ਜਾਣਦਾ ਹੈ।
ਸਤਿ ਹੋਵਨੁ, ਮਨਿ ਲਗੈ ਨ ਰਾਤੀ ॥੨॥
ਭੋਰਾ ਭਰ ਭੀ ਦਿਲ ਉਸ ਨਾਲ ਨਹੀਂ ਜੁੜਿਆ ਜੋ ਸਦਾ ਸੱਚਾ ਹੈ।
ਬਾਵੈ ਮਾਰਗੁ, ਟੇਢਾ ਚਲਨਾ ॥
ਉਹ ਖਬੇ ਰਾਹੇ ਵਿੰਗਾ ਤੜਿੰਗਾ ਹੋ ਟੁਰਦਾ ਹੈ।
ਸੀਧਾ ਛੋਡਿ, ਅਪੂਠਾ ਬੁਨਨਾ ॥੩॥
ਸਿੱਧੇ ਸਤੇਲ ਰਸਤੇ ਨੂੰ ਤਿਆਗ ਕੇ, ਉਹ ਪਿਛੇ ਨੂੰ ਉਣਦਾ ਹੈ।
ਦੁਹਾ ਸਿਰਿਆ ਕਾ, ਖਸਮੁ ਪ੍ਰਭੁ ਸੋਈ ॥
ਉਹ ਸਾਹਿਬ ਦੌਨਾ ਜਹਾਨਾਂ (ਕਿਨਾਰਿਆਂ) ਦਾ ਮਾਲਕ ਹੈ।
ਜਿਸੁ ਮੇਲੇ ਨਾਨਕ, ਸੋ ਮੁਕਤਾ ਹੋਈ ॥੪॥੨੯॥੯੮॥
ਜਿਸ ਨੂੰ ਸੁਆਮੀ ਆਪਣੇ ਨਾਲ ਜੋੜ ਲੈਂਦਾ ਹੈ, ਹੇ ਨਾਨਕ! ਉਹ ਮੁਕਤ ਹੋ ਜਾਂਦਾ ਹੈ।
ਗਉੜੀ ਗੁਆਰੇਰੀ ਮਹਲਾ ੫ ॥
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
ਕਲਿਜੁਗ ਮਹਿ, ਮਿਲਿ ਆਏ ਸੰਜੋਗ ॥
ਕਾਲੇ ਸਮੇਂ ਅੰਦਰ ਪਤੀ ਤੇ ਪਤਨੀ ਪ੍ਰਾਲਬੰਧ ਰਾਹੀਂ ਆ ਇਕੱਠੇ ਹੋਏ ਹਨ।
ਜਿਚਰੁ ਆਗਿਆ, ਤਿਚਰੁ ਭੋਗਹਿ ਭੋਗ ॥੧॥
ਜਦ ਤਾਈ ਸਾਹਿਬ ਦਾ ਫੁਰਮਾਨ ਹੈ, ਉਦੋਂ ਤਾਈ ਉਹ ਆਨੰਦ ਮਾਣਦੇ ਹਨ।
ਜਲੈ ਨ ਪਾਈਐ, ਰਾਮ ਸਨੇਹੀ ॥
ਸੜ ਜਾਣ ਦੁਆਰਾ ਪਿਆਰਾ ਪ੍ਰਭੂ ਪ੍ਰਾਪਤ ਨਹੀਂ ਹੁੰਦਾ।
ਕਿਰਤਿ ਸੰਜੋਗਿ, ਸਤੀ ਉਠਿ ਹੋਈ ॥੧॥ ਰਹਾਉ ॥
ਕੀਤੇ ਹੋਏ ਕਰਮਾਂ ਦੇ ਰਾਹੀਂ ਉਹ ਉਠ ਕੇ ਆਪਣੇ ਮਰੇ ਹੋਏ ਪਤੀ ਦੇ ਨਾਲ ਸੜ ਜਾਂਦੀ ਹੈ। ਠਹਿਰਾਉ।
ਦੇਖਾ ਦੇਖੀ, ਮਨਹਠਿ ਜਲਿ ਜਾਈਐ ॥
ਰੀਸੋ ਰੀਸੀ ਅਤੇ ਮਨੂਏ ਦੀ ਜ਼ਿੱਦ ਰਾਹੀਂ ਉਹ ਸੜ ਬਲ ਜਾਂਦੀ ਹੈ।
ਪ੍ਰਿਅ ਸੰਗੁ ਨ ਪਾਵੈ, ਬਹੁ ਜੋਨਿ ਭਵਾਈਐ ॥੨॥
ਉਹ ਆਪਣੇ ਪਤੀ ਦੀ ਸੰਗਤ ਨੂੰ ਪ੍ਰਾਪਤ ਨਹੀਂ ਹੁੰਦੀ ਅਤੇ ਅਨੇਕਾ ਜੂਨੀਆਂ ਅੰਦਰ ਭਟਕਾਈ ਜਾਂਦੀ ਹੈ।
ਸੀਲ ਸੰਜਮਿ, ਪ੍ਰਿਅ ਆਗਿਆ ਮਾਨੈ ॥
ਜਿਸ ਦੇ ਪੱਲੇ ਸ਼ਰਾਫਤ ਤੇ ਸਵੈ-ਕਾਬੂ ਹੈ, ਅਤੇ ਜੋ ਆਪਣੇ ਸਿਰ ਦੇ ਸਾਈਂ ਦੇ ਹੁਕਮ ਮੰਨਦੀ ਹੈ,
ਤਿਸੁ ਨਾਰੀ ਕਉ, ਦੁਖੁ ਨ ਜਮਾਨੈ ॥੩॥
ਉਹ ਇਸਤਰੀ ਮੌਤ ਦੇ ਦੂਤਾਂ ਦੇ ਹੱਥੋ ਤਕਲੀਫ ਨਹੀਂ ਉਠਾਉਂਦੀ।
ਕਹੁ ਨਾਨਕ, ਜਿਨਿ ਪ੍ਰਿਉ ਪਰਮੇਸਰੁ ਕਰਿ ਜਾਨਿਆ ॥
ਗੁਰੂ ਜੀ ਫੁਰਮਾਉਂਦੇ ਹਨ, ਜੋ ਸ਼ਰੋਮਣੀ ਸਾਹਿਬ ਨੂੰ ਆਪਣਾ ਕੰਤ ਕਰਕੇ ਜਾਣਦੀ ਹੈ,
ਧੰਨੁ ਸਤੀ, ਦਰਗਹ ਪਰਵਾਨਿਆ ॥੪॥੩੦॥੯੯॥
ਉਹ ਪਾਕ ਦਾਮਨ ਪਤਨੀ ਮੁਬਾਰਕ ਹੈ ਤੇ ਉਹ ਵਾਹਿਗੁਰੂ ਦੇ ਦਰਬਾਰ ਅੰਦਰ ਕਬੂਲ ਪੈ ਜਾਂਦੀ ਹੈ।
ਗਉੜੀ ਗੁਆਰੇਰੀ ਮਹਲਾ ੫ ॥
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
ਹਮ ਧਨਵੰਤ, ਭਾਗਠ ਸਚ ਨਾਇ ॥
ਮੈਂ ਦੋਲਤ-ਮੰਦ ਤੇ ਖੁਸ਼ਕਿਸਮਤ ਹਾਂ ਕਿਉਂਕਿ ਮੈਨੂੰ ਸੱਚਾ ਨਾਮ ਪ੍ਰਾਪਤ ਹੋਇਆ ਹੈ।
ਹਰਿ ਗੁਣ ਗਾਵਹ, ਸਹਜਿ ਸੁਭਾਇ ॥੧॥ ਰਹਾਉ ॥
ਵਾਹਿਗੁਰੂ ਦਾ ਜੱਸ ਮੈਂ ਕੁਦਰਤੀ ਟਿਕਾਉ ਨਾਲ ਗਾਇਨ ਕਰਦਾ ਹਾਂ। ਠਹਿਰਾਉ।
ਪੀਊ ਦਾਦੇ ਕਾ, ਖੋਲਿ ਡਿਠਾ ਖਜਾਨਾ ॥
ਜਦ ਮੈਂ ਆਪਣੇ ਬਾਬਲ ਅਤੇ ਬਾਬੇ ਦਾ ਭੰਡਾਰ ਖੋਲ੍ਹ ਕੇ ਵੇਖਿਆ,
ਤਾ ਮੇਰੈ ਮਨਿ, ਭਇਆ ਨਿਧਾਨਾ ॥੧॥
ਤਦ ਮੇਰੀ ਆਤਮਾ ਅਤਿਅੰਤ ਪਰਸੰਨ ਹੋ ਗਈ।
ਰਤਨ ਲਾਲ, ਜਾ ਕਾ ਕਛੂ ਨ ਮੋਲੁ ॥
ਅਣਮੁੱਲ ਮਾਣਕਾ ਅਤੇ ਜਵੇਹਰਾ ਨਾਲ,
ਭਰੇ ਭੰਡਾਰ, ਅਖੂਟ ਅਤੋਲ ॥੨॥
ਪਰੀਪੂਰਨ ਤੋਸ਼ਾਖਾਨਾ ਅਤੁੱਟ ਅਤੇ ਅਮਾਪ ਹੈ।
ਖਾਵਹਿ ਖਰਚਹਿ, ਰਲਿ ਮਿਲਿ ਭਾਈ ॥
ਭਰਾ ਇਕੱਠੇ ਹੋ ਕੇ ਖਾਂਦੇ ਤੇ ਖਰਚਦੇ ਹਨ।
ਤੋਟਿ ਨ ਆਵੈ, ਵਧਦੋ ਜਾਈ ॥੩॥
ਭੰਡਾਰੇ ਨਿਖੁਟਦੇ ਹਨ ਅਤੇ ਨਿਤਾ-ਪ੍ਰਤੀ ਵਧੇਰੇ ਹੁੰਦੇ ਜਾਂਦੇ ਹਨ।
ਕਹੁ ਨਾਨਕ, ਜਿਸੁ ਮਸਤਕਿ ਲੇਖੁ ਲਿਖਾਇ ॥
ਗੁਰੂ ਜੀ ਫੁਰਮਾਉਂਦੇ ਹਨ, ਜਿਸ ਦੇ ਮੱਥੇ ਉਤੇ ਐਹੋ ਜੇਹੀ ਲਿਖਤਾਕਾਰ ਉਕਰੀ ਹੋਈ ਹੈ,
ਸੁ ਏਤੁ ਖਜਾਨੈ, ਲਇਆ ਰਲਾਇ ॥੪॥੩੧॥੧੦੦॥
ਉਹ ਏਨ੍ਹਾਂ ਭੰਡਾਰਿਆ ਵਿੱਚ ਭਾਈਵਾਲ ਬਣ ਜਾਂਦਾ ਹੈ।
ਰਾਗੁ ਗਉੜੀ ਅਸਟਪਦੀਆ ਮਹਲਾ ੧ ਗਉੜੀ ਗੁਆਰੇਰੀ
ਰਾਗ ਗਊੜੀ ਅਸ਼ਟਪਦੀਆਂ।ਪਾਤਸ਼ਾਹੀ ਪਹਿਲੀ ਗਊੜੀ ਗੁਆਰੇਰੀ।
ੴ ਸਤਿਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਅਤੇ ਰਚਣਹਾਰ ਉਸ ਦੀ ਵਿਅਕਤੀ। ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
ਨਿਧਿ ਸਿਧਿ ਨਿਰਮਲ, ਨਾਮੁ ਬੀਚਾਰੁ ॥
(ਨੌਂ) ਖ਼ਜ਼ਾਨੇ ਅਤੇ (ਅਠਾਰਾਂ) ਕਰਾਮਾਤਾਂ ਪਵਿੱਤ੍ਰ ਨਾਮ ਦੇ ਸਿਮਰਨ ਵਿੱਚ ਹਨ।
ਪੂਰਨ ਪੂਰਿ ਰਹਿਆ, ਬਿਖੁ ਮਾਰਿ ॥
ਮਾਇਆ ਦੀ ਜ਼ਹਿਰ ਨੂੰ ਨਾਸ ਕਰ ਕੇ ਇਨਸਾਨ ਪੂਰੇ ਪੁਰਸ਼ ਨੂੰ ਸਰਬ-ਥਾਈ ਵਿਆਪਕ ਵੇਖਦਾ ਹੈ।
ਤ੍ਰਿਕੁਟੀ ਛੂਟੀ, ਬਿਮਲ ਮਝਾਰਿ ॥
ਪਾਵਨ ਪ੍ਰਭੂ ਅੰਦਰ ਵਸਣ ਦੁਆਰਾ ਮੈਂ ਤਿੰਨਾਂ ਗੁਣਾਂ ਤੋਂ ਖਲਾਸੀ ਪਾ ਗਿਆ ਹਾਂ।
ਗੁਰਿ ਕੀ ਮਤਿ, ਜੀਇ ਆਈ ਕਾਰਿ ॥੧॥
ਗੁਰਾਂ ਦਾ ਉਪਦੇਸ਼ ਮੇਰੀ ਆਤਮਾ ਨੂੰ ਲਾਭਦਾਇਕ ਹੈ।
ਇਨ ਬਿਧਿ, ਰਾਮ ਰਮਤ ਮਨੁ ਮਾਨਿਆ ॥
ਇਸ ਤਰੀਕੇ ਨਾਲ ਸਾਹਿਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਮੇਰੀ ਆਤਮਾ ਪਤੀਜ ਗਈ ਹੈ।
ਗਿਆਨ ਅੰਜਨੁ, ਗੁਰ ਸਬਦਿ ਪਛਾਨਿਆ ॥੧॥ ਰਹਾਉ ॥
ਬ੍ਰਹਿਮ ਗਿਆਤ ਦੇ ਸੁਰਮੇ ਨੂੰ ਮੈਂ, ਗੁਰਾਂ ਦੀ ਸਿਖ ਮਤ ਰਾਹੀਂ ਸਿੰਞਾਣ ਲਿਆ ਹੈ। ਠਹਿਰਾਉ।
ਇਕੁ ਸੁਖੁ ਮਾਨਿਆ, ਸਹਜਿ ਮਿਲਾਇਆ ॥
ਮੈਂ ਹੁਣ ਇਕ ਬੈਕੁੰਠੀ ਪਰਮ ਅਨੰਦ ਨੂੰ ਭੋਗਦਾ ਹਾਂ ਅਤੇ ਸੁਆਮੀ ਨਾਲ ਅਭੇਦ ਹੋ ਗਿਆ ਹਾਂ।
ਨਿਰਮਲ ਬਾਣੀ, ਭਰਮੁ ਚੁਕਾਇਆ ॥
ਪਵਿੱਤ੍ਰ ਗੁਰਬਾਣੀ ਦੀ ਰਾਹੀਂ ਮੇਰਾ ਵਹਿਮ ਨਵਿਰਤ ਹੋ ਗਿਆ ਹੈ।
ਲਾਲ ਭਏ, ਸੂਹਾ ਰੰਗੁ ਮਾਇਆ ॥
ਮੋਹਨੀ ਦੀ ਰਤੀ ਭਾਹ ਦੀ ਥਾਂ ਤੇ ਮੈਂ ਰੱਬ ਦੇ ਨਾਮ ਦੀ ਗੁਲਾਨਾਰੀ ਰੰਗਤ ਧਾਰਨ ਕਰ ਲਈ ਹੈ।
ਨਦਰਿ ਭਈ, ਬਿਖੁ ਠਾਕਿ ਰਹਾਇਆ ॥੨॥
ਜਦ ਮਾਲਕ ਆਪਣੀ ਮਿਹਰ ਦੀ ਨਿੱਗ੍ਹਾ ਧਾਰਦਾ ਹੈ, ਬਦੀ ਦੀ ਜ਼ਹਿਰ ਤਬਾਹ ਹੋ ਜਾਂਦੀ ਹੈ।
ਉਲਟ ਭਈ, ਜੀਵਤ ਮਰਿ ਜਾਗਿਆ ॥
ਜਦ ਮੈਂ ਦੁਨੀਆਂ ਵਲੋਂ ਮੋੜਾ ਪਾ ਲਿਆ ਤੇ ਜੀਉਂਦੇਂ ਜੀ ਮਰ ਗਿਆ, ਤਾਂ ਮੈਂ (ਰੂਹਾਨੀ ਤੌਰ ਤੇ) ਜਾਗ ਉਠਿਆ।
ਸਬਦਿ ਰਵੇ, ਮਨੁ ਹਰਿ ਸਿਉ ਲਾਗਿਆ ॥
ਨਾਮ ਦਾ ਉਚਾਰਨ ਕਰਨ ਦੁਆਰਾ, ਮੇਰੀ ਆਤਮਾ ਸਾਹਿਬ ਨਾਲ ਜੁੜ ਗਈ।
ਰਸੁ ਸੰਗ੍ਰਹਿ, ਬਿਖੁ ਪਰਹਰਿ ਤਿਆਗਿਆ ॥
ਮਾਇਆ ਦੀ ਜ਼ਹਿਰ ਨੂੰ ਛੱਡ ਅਤੇ ਪਰੇ ਸੁਟ ਕੇ, ਮੈਂ ਸੁਆਮੀ ਦੇ ਅੰਮ੍ਰਿਤ ਨੂੰ ਇਕੱਤ੍ਰ ਕੀਤਾ ਹੈ।
ਭਾਇ ਬਸੇ, ਜਮ ਕਾ ਭਉ ਭਾਗਿਆ ॥੩॥
ਪ੍ਰਭੂ ਦੀ ਪ੍ਰੀਤ ਅੰਦਰ ਵਸਣ ਦੁਆਰਾ, ਮੇਰਾ ਮੌਤ ਦਾ ਡਰ ਭਜ ਗਿਆ ਹੈ।
ਸਾਦ ਰਹੇ, ਬਾਦੰ ਅਹੰਕਾਰਾ ॥
ਮੇਰੀ ਸੰਸਾਰੀ ਸੁਆਦ, ਬਖੜੇ ਅਤੇ ਹਊਮੇ ਮੁਕ ਗਏ ਹਨ,
ਚਿਤੁ ਹਰਿ ਸਿਉ ਰਾਤਾ, ਹੁਕਮਿ ਅਪਾਰਾ ॥
ਅਨੰਤ ਸੁਆਮੀ ਦੇ ਹੁਕਮ ਦੁਆਰਾ ਮੇਰਾ ਮਨ ਵਾਹਿਗੁਰੂ ਦੇ ਨਾਲ ਰੰਗਿਆ ਗਿਆ ਹੈ।
ਜਾਤਿ ਰਹੇ, ਪਤਿ ਕੇ ਆਚਾਰਾ ॥
ਮੇਰੇ ਲੋਕ-ਲੱਜਾ ਦੇ ਕੰਮ ਜਾਂਦੇ ਰਹੇ ਹਨ।
ਦ੍ਰਿਸਟਿ ਭਈ, ਸੁਖੁ ਆਤਮ ਧਾਰਾ ॥੪॥
ਜਦ ਮਾਲਕ ਨੇ ਮੇਰੇ ਉਤੇ ਮਿਹਰ ਦੀ ਨਜ਼ਰ ਕੀਤੀ ਮੈਂ ਬੈਕੁੰਠੀ ਠੰਢ-ਚੈਨ ਨੂੰ ਆਪਣੇ ਚਿੱਤ ਅੰਦਰ ਟਿਕਾ ਲਿਆ।
ਤੁਝ ਬਿਨੁ, ਕੋਇ ਨ ਦੇਖਉ ਮੀਤੁ ॥
ਤੇਰੇ ਬਗੈਰ, ਮੈਂ ਆਪਣਾ ਦੋਸਤ ਕਿਸੇ ਨੂੰ ਨਹੀਂ ਵੇਖਦਾ।
ਕਿਸੁ ਸੇਵਉ? ਕਿਸੁ ਦੇਵਉ ਚੀਤੁ? ॥
ਹੋਰ ਕੀਹਦੀ ਮੈਂ ਟਹਿਲ ਕਮਾਵਾਂ ਅਤੇ ਕਿਸ ਨੂੰ ਆਪਣੀ ਆਤਮਾ ਸਮਰਪਨ ਕਰਾਂ?
ਕਿਸੁ ਪੂਛਉ? ਕਿਸੁ ਲਾਗਉ ਪਾਇ? ॥
ਮੈਂ ਕੀਹਨੂੰ ਪੁੱਛਾਂ ਅਤੇ ਕਿਸ ਦੇ ਪੈਰੀ ਪਵਾਂ?
ਕਿਸੁ ਉਪਦੇਸਿ? ਰਹਾ ਲਿਵ ਲਾਇ ॥੫॥
ਕੀਹਦੀ ਸਿਖ-ਮਤ ਦੁਆਰਾ ਮੈਂ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਰਹਿ ਸਕਦਾ ਹਾਂ?
ਗੁਰ ਸੇਵੀ, ਗੁਰ ਲਾਗਉ ਪਾਇ ॥
ਗੁਰਾਂ ਦੀ ਮੈਂ ਚਾਕਰੀ ਕਮਾਉਂਦਾ ਹਾਂ ਅਤੇ ਗੁਰਾਂ ਦੇ ਹੀ ਪੈਰੀਂ ਪੈਂਦਾ ਹਾਂ।
ਭਗਤਿ ਕਰੀ, ਰਾਚਉ ਹਰਿ ਨਾਇ ॥
ਮੈਂ ਵਾਹਿਗੁਰੂ ਦਾ ਸਿਮਰਨ ਕਰਦਾ ਹਾਂ ਅਤੇ ਉਸ ਦੇ ਨਾਮ ਵਿੱਚ ਸਮਾਇਆ ਹੋਇਆ ਹਾਂ।
ਸਿਖਿਆ ਦੀਖਿਆ, ਭੋਜਨ ਭਾਉ ॥
ਪ੍ਰਭੂ ਦੀ ਪ੍ਰੀਤ ਮੇਰੇ ਲਈ ਉਪਦੇਸ਼, ਰੱਬੀ ਗੋਸ਼ਟ ਤੇ ਖਾਣਾ ਹੈ।
ਹੁਕਮਿ ਸੰਜੋਗੀ, ਨਿਜ ਘਰਿ ਜਾਉ ॥੬॥
ਸਾਈਂ ਦੇ ਹੁਕਮ ਨਾਲ ਜੁੜ ਕੇ ਮੈਂ ਆਪਣੇ ਨਿੱਜ ਦੇ ਗ੍ਰਹਿ ਅੰਦਰ ਪ੍ਰਵੇਸ਼ ਕਰ ਗਿਆ ਹਾਂ।
ਗਰਬ ਗਤੰ, ਸੁਖ ਆਤਮ ਧਿਆਨਾ ॥
ਹੰਕਾਰ ਦੀ ਨਵਿਰਤੀ ਨਾਲ ਜਿੰਦਗੀ ਨੂੰ ਆਰਾਮ ਤੇ ਸਿਮਰਨ ਪ੍ਰਾਪਤ ਹੋ ਜਾਂਦੇ ਹਨ।
ਜੋਤਿ ਭਈ, ਜੋਤੀ ਮਾਹਿ ਸਮਾਨਾ ॥
ਰੱਬੀ ਨੂਰ ਉਂਦੇ ਹੋ ਗਿਆ ਹੈ ਅਤੇ ਮੇਰੀ ਜਿੰਦੜੀ ਪਰਮ ਨੂਰ ਅੰਦਰ ਲੀਨ ਹੋ ਗਈ ਹੈ।
ਲਿਖਤੁ ਮਿਟੈ ਨਹੀ, ਸਬਦੁ ਨੀਸਾਨਾ ॥
ਅਨੰਤ ਲਿਖਤਾਕਾਰ ਮੇਸੀ ਨਹੀਂ ਜਾ ਸਕਦੀ ਅਤੇ ਮੈਂ ਪ੍ਰਭੂ ਦੇ ਨਾਮ ਦਾ ਝੰਡਾ ਪ੍ਰਾਪਤ ਕਰ ਲਿਆ ਹੈ।
ਕਰਤਾ ਕਰਣਾ, ਕਰਤਾ ਜਾਨਾ ॥੭॥
ਮੈਂ ਸਿਰਜਣਹਾਰ ਵਾਹਿਗੁਰੂ ਨੂੰ ਹੀ ਰਚਣਵਾਲਾ ਤੇ ਰਚਨਾ ਜਾਣਿਆ ਹੈ।
ਨਹ ਪੰਡਿਤੁ, ਨਹ ਚਤੁਰੁ ਸਿਆਨਾ ॥
ਆਪਣੇ ਆਪ ਇਨਸਾਨ ਨਾਂ ਵਿਦਵਾਨ, ਹੁਸ਼ਿਆਰ ਜਾਂ ਅਕਲਮੰਦ ਹੈ,
ਨਹ ਭੂਲੋ, ਨਹ ਭਰਮਿ ਭੁਲਾਨਾ ॥
ਨਾਂ ਹੀ ਰਾਹੋਂ ਔਟਲਿਆਂ ਹੋਇਆਂ, ਨਾਂ ਹੀ ਸ਼ੱਕ-ਸ਼ੁਭੇ ਦਾ ਗੁਮਰਾਹ ਕੀਤਾ ਹੋਇਆ ਹੈ।
ਕਥਉ ਨ ਕਥਨੀ, ਹੁਕਮੁ ਪਛਾਨਾ ॥
ਮੈਂ ਵਿਹਲੀਆਂ ਗੱਲਾਂ ਨਹੀਂ ਕਰਦਾ, ਪ੍ਰੰਤੂ ਹਰੀ ਦੀ ਰਜ਼ਾ ਨੂੰ ਸਿਆਣਦਾ ਹਾਂ।
ਨਾਨਕ, ਗੁਰਮਤਿ ਸਹਜਿ ਸਮਾਨਾ ॥੯॥੧॥
ਗੁਰਾਂ ਦੇ ਉਪਦੇਸ਼ ਦੁਆਰਾ, ਨਾਨਕ ਪ੍ਰਭੂ ਅੰਦਰ ਲੀਨ ਹੋ ਗਿਆ ਹੈ।
ਗਉੜੀ ਗੁਆਰੇਰੀ ਮਹਲਾ ੧ ॥
ਗਉੜੀ ਗੁਆਰੇਰੀ, ਪਾਤਸ਼ਾਹੀ ਪਹਿਲੀ।
ਮਨੁ ਕੁੰਚਰੁ, ਕਾਇਆ ਉਦਿਆਨੈ ॥
ਦੇਹਿ ਦੇ ਜੰਗਲ ਅੰਦਰ ਮਨੂਆਂ ਇਕ ਹਾਥੀ ਹੈ।
ਗੁਰੁ ਅੰਕਸੁ, ਸਚੁ ਸਬਦੁ ਨੀਸਾਨੈ ॥
ਗੁਰੂ ਜੀ ਕੁੰਡਾ ਹਨ ਜੋ ਹਾਥੀ ਉਤੇ ਸਤਿਨਾਮ ਦਾ ਨਿਸ਼ਾਨ ਪਾਂਦੇ ਹਨ,
ਰਾਜ ਦੁਆਰੈ, ਸੋਭ ਸੁ ਮਾਨੈ ॥੧॥
ਜਿਸ ਨਾਲ ਇਹ ਪਾਤਸ਼ਾਹ ਦੇ ਦਰਬਾਰ ਅੰਦਰ ਇੱਜ਼ਤ ਆਬਰੂ ਪਾਉਂਦਾ ਹੈ।
ਚਤੁਰਾਈ, ਨਹ ਚੀਨਿਆ ਜਾਇ ॥
ਹੁਸ਼ਿਆਰੀ ਰਾਹੀਂ (ਮਾਲਕ) ਜਾਣਿਆ ਨਹੀਂ ਜਾ ਸਕਦਾ।
ਬਿਨੁ ਮਾਰੇ, ਕਿਉ ਕੀਮਤਿ ਪਾਇ? ॥੧॥ ਰਹਾਉ ॥
(ਮਨੂਏ ਨੂੰ) ਜਿੱਤਣ ਦੇ ਬਗੈਰ ਸਾਹਿਬ ਦਾ ਮੁੱਲ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ? ਠਹਿਰਾਉ।
ਘਰ ਮਹਿ ਅੰਮ੍ਰਿਤੁ, ਤਸਕਰੁ ਲੇਈ ॥
ਗ੍ਰਹਿ ਅੰਦਰ ਆਬਿ-ਹਿਯਾਤ ਹੈ, ਜਿਸ ਨੂੰ ਚੋਰ ਲਈ ਜਾ ਰਹੇ ਹਨ।
ਨੰਨਾਕਾਰੁ, ਨ ਕੋਇ ਕਰੇਈ ॥
ਕੋਈ ਭੀ ਉਨ੍ਹਾਂ ਨੂੰ ਨਾਹ ਨਹੀਂ ਆਖਦਾ।
ਰਾਖੈ ਆਪਿ, ਵਡਿਆਈ ਦੇਈ ॥੨॥
ਜੇਕਰ ਬੰਦਾ ਆਬਿ-ਹਿਯਾਤ ਦੀ ਰਖਵਾਲੀ ਕਰੇ, ਵਾਹਿਗੁਰੂ ਖੁਦ ਉਸ ਨੂੰ ਬਜ਼ੁਰਗੀ ਬਖ਼ਸ਼ਦਾ ਹੈ।
ਨੀਲ ਅਨੀਲ, ਅਗਨਿ ਇਕ ਠਾਈ ॥
ਹਜ਼ਾਰਾਂ ਅਰਬਾਂ ਤੇ ਅਨਗਿਣਤ ਹਜ਼ਾਰਾਂ ਅਰਬਾਂ ਖ਼ਾਹਿਸ਼ ਦੀਆਂ ਅੱਗਾਂ, ਚਿੱਤ ਦੇ ਇਕ ਟਿਕਾਣੇ ਅੰਦਰ ਹਨ,
ਜਲਿ ਨਿਵਰੀ, ਗੁਰਿ ਬੂਝ ਬੁਝਾਈ ॥
ਗੁਰਾਂ ਦੇ ਦਰਸਾਏ ਹੋਏ ਬ੍ਰਹਿਮ ਬੋਧ ਦੇ ਪਾਣੀ ਨਾਲ ਉਹ ਬੁਝ ਜਾਂਦੀਆਂ ਹਨ।
ਮਨੁ ਦੇ ਲੀਆ, ਰਹਸਿ ਗੁਣ ਗਾਈ ॥੩॥
ਆਪਣੀ ਆਤਮਾ ਭੇਟਾਂ ਕਰਨ ਦੁਆਰਾ ਮੈਂ ਬ੍ਰਹਿਮ ਗਿਆਨ ਪ੍ਰਾਪਤ ਕੀਤਾ ਹੈ ਤੇ ਹੁਣ ਮੈਂ ਖੁਸ਼ੀ ਨਾਲ ਸਾਈਂ ਦਾ ਜੱਸ ਗਾਉਂਦਾ ਹਾਂ।
ਜੈਸਾ ਘਰਿ, ਬਾਹਰਿ ਸੋ ਤੈਸਾ ॥
ਜਿਸ ਤਰ੍ਹਾਂ ਦਾ ਪ੍ਰਭੂ ਗ੍ਰਹਿ ਦੇ ਵਿੱਚ ਹੈ, ਉਹੋ ਜਿਹਾ ਹੀ ਉਹ ਬਾਹਰ ਹੈ।
ਬੈਸਿ ਗੁਫਾ ਮਹਿ, ਆਖਉ ਕੈਸਾ ॥
ਕੰਦਰਾ ਵਿੱਚ ਬੈਠ ਕੇ ਮੈਂ ਉਸ ਨੂੰ ਕਿਸ ਤਰ੍ਹਾਂ ਬਿਆਨ ਕਰ ਸਕਦਾ ਹਾਂ?
ਸਾਗਰਿ ਡੂਗਰਿ, ਨਿਰਭਉ ਐਸਾ ॥੪॥
ਉਸੇ ਤਰ੍ਹਾਂ ਦਾ ਹੀ ਹੈ ਨਿਡੱਰ ਸੁਆਮੀ, ਸਮੁੰਦਰਾਂ ਅਤੇ ਪਹਾੜਾਂ ਅੰਦਰ।
ਮੂਏ ਕਉ, ਕਹੁ ਮਾਰੇ ਕਉਨੁ? ॥
ਦੱਸੋ, ਉਸ ਨੂੰ ਕੌਣ ਮਾਰ ਸਕਦਾ ਹੈ, ਜਿਹੜਾ ਅਗੇ ਹੀ ਮਰਿਆ ਹੋਇਆ ਹੈ?
ਨਿਡਰੇ ਕਉ, ਕੈਸਾ ਡਰੁ ਕਵਨੁ? ॥
ਕਿਹੜਾ ਭੈ ਅਤੇ ਕੌਣ ਇਨਸਾਨ, ਭੈ-ਰਹਿਤ ਨੂੰ ਡਰਾ ਸਕਦਾ ਹੈ?
ਸਬਦਿ ਪਛਾਨੈ, ਤੀਨੇ ਭਉਨ ॥੫॥
ਉਹ ਤਿੰਨਾ ਹੀ ਜਹਾਨਾਂ ਅੰਦਰ ਸਾਹਿਬ ਨੂੰ ਸਿੰਞਾਣਦਾ ਹੈ।
ਜਿਨਿ ਕਹਿਆ, ਤਿਨਿ ਕਹਨੁ ਵਖਾਨਿਆ ॥
ਜੋ ਕੇਵਲ ਆਖਦਾ ਹੀ ਹੈ, ਉਹ ਨਿਰਾਪੁਰਾ ਇਕ ਅਖਾਣ ਹੀ ਬਿਆਨ ਕਰਦਾ ਹੈ।
ਜਿਨਿ ਬੂਝਿਆ, ਤਿਨਿ ਸਹਜਿ ਪਛਾਨਿਆ ॥
ਜੋ ਦਰਅਸਲ ਸਮਝਦਾ ਹੈ, ਉਹ ਸਾਈਂ ਨੂੰ ਅਨੁਭਵ ਕਰ ਲੈਂਦਾ ਹੈ।
ਦੇਖਿ ਬੀਚਾਰਿ, ਮੇਰਾ ਮਨੁ ਮਾਨਿਆ ॥੬॥
ਅਸਲੀਅਤ ਨੂੰ ਵੇਖਣ ਅਤੇ ਸੋਚਣ ਸਮਝਣ ਦੁਆਰਾ ਮੇਰੀ ਆਤਮਾ ਰੱਬ ਨਾਲ ਹਿਲ ਗਈ ਹੈ।
ਕੀਰਤਿ ਸੂਰਤਿ ਮੁਕਤਿ, ਇਕ ਨਾਈ ॥
ਨੇਕ ਨਾਮੀ, ਸੁੰਦਰਤਾ ਤੇ ਮੁਕਤੀ ਇਕ ਨਾਮ ਵਿੱਚ ਹਨ।
ਤਹੀ ਨਿਰੰਜਨੁ, ਰਹਿਆ ਸਮਾਈ ॥
ਉਸ ਨਾਮ ਅੰਦਰ ਹੀ ਪਵਿੱਤਰ ਪੁਰਖ ਲੀਨ ਰਹਿੰਦਾ ਹੈ।
ਨਿਜ ਘਰਿ ਬਿਆਪਿ, ਰਹਿਆ ਨਿਜ ਠਾਈ ॥੭॥
ਸਾਹਿਬ ਆਪਣੇ ਨਿੱਜ ਦੇ ਧਾਮ ਅਤੇ ਆਪਣੇ ਨਿੱਜ ਦੇ ਅਸਥਾਨ, ਨਾਮ ਅੰਦਰ ਨਿਵਾਸ ਰਖਦਾ ਹੈ।
ਉਸਤਤਿ ਕਰਹਿ, ਕੇਤੇ ਮੁਨਿ ਪ੍ਰੀਤਿ ॥
ਪਰਸੰਸਾ ਕਰਦੇ ਹਨ, ਉਸ ਦੀ ਕਈ ਮੁਨੀਸ਼ਰ ਪਿਆਰ ਅੰਦਰ।
ਤਨਿ ਮਨਿ ਸੂਚੈ, ਸਾਚੁ ਸੁ ਚੀਤਿ ॥
ਉਸ ਸੱਚੇ ਨਾਮ ਨੂੰ ਰਿਦੈ ਅੰਦਰ ਟਿਕਾਉਣ ਦੁਆਰਾ ਉਨ੍ਹਾਂ ਦੀ ਦੇਹਿ ਤੇ ਆਤਮਾ ਪਵਿੱਤਰ ਹੋ ਜਾਂਦੇ ਹਨ।
ਨਾਨਕ, ਹਰਿ ਭਜੁ ਨੀਤਾ ਨੀਤਿ ॥੮॥੨॥
ਨਾਨਕ ਤੂੰ ਹਰ ਰੋਜ਼ ਹੀ, ਸਾਹਿਬ ਦਾ ਸਿਮਰਨ ਕਰ।
ਗਉੜੀ ਗੁਆਰੇਰੀ ਮਹਲਾ ੧ ॥
ਗਊੜੀ ਗੁਆਰੇਰੀ ਪਾਤਸ਼ਾਹੀ ਪਹਿਲੀ।
ਨਾ ਮਨੁ ਮਰੈ, ਨ ਕਾਰਜੁ ਹੋਇ ॥
ਮਨੂਆ ਮਰਦਾ ਨਹੀਂ। ਇਸ ਲਈ ਕੰਮ ਸੰਪੂਰਨ ਨਹੀਂ ਹੁੰਦਾ।
ਮਨੁ ਵਸਿ ਦੂਤਾ, ਦੁਰਮਤਿ ਦੋਇ ॥
ਮਨੂਆਂ ਮੰਦ-ਵਿਸ਼ਆਂ, ਮੰਦੀ ਬੁਧੀ ਅਤੇ ਦਵੈਤ-ਭਾਵ ਦੇ ਅਖਤਿਆਰ ਵਿੱਚ ਹੈ।
ਮਨੁ ਮਾਨੈ, ਗੁਰ ਤੇ ਇਕੁ ਹੋਇ ॥੧॥
ਗੁਰਾਂ ਦੇ ਰਾਹੀਂ ਆਤਮਾ ਰੱਜ ਜਾਂਦੀ ਹੈ ਅਤੇ ਵਾਹਿਗੁਰੂ ਨਾਲ ਇਕ ਮਿਕ ਹੋ ਜਾਂਦੀ ਹੈ।
ਨਿਰਗੁਣ ਰਾਮੁ, ਗੁਣਹ ਵਸਿ ਹੋਇ ॥
ਲੱਛਣ-ਰਹਿਤ ਪ੍ਰਭੂ ਨੇਕੀਆਂ ਦੇ ਅਧੀਨ ਹੈ।
ਆਪੁ ਨਿਵਾਰਿ, ਬੀਚਾਰੇ ਸੋਇ ॥੧॥ ਰਹਾਉ ॥
ਜੋ ਆਪਣੀ ਸਵੈ-ਹੰਗਤਾ ਨੂੰ ਮੇਟ ਦਿੰਦਾ ਹੈ, ਉਹ ਪ੍ਰਭੂ ਦਾ ਚਿੰਤਨ ਕਰਦਾ ਹੈ। ਠਹਿਰਾਉ।
ਮਨੁ ਭੂਲੋ, ਬਹੁ ਚਿਤੈ ਵਿਕਾਰੁ ॥
ਕੁਰਾਹੇ ਪਈ ਆਤਮਾ ਘਨੇਰੀਆਂ ਬਦੀਆਂ ਦਾ ਖਿਆਲ ਕਰਦੀ ਹੈ।
ਮਨੁ ਭੂਲੋ, ਸਿਰਿ ਆਵੈ ਭਾਰੁ ॥
ਜਦ ਆਤਮਾ ਕੁਰਾਹੇ ਟੁਰਦੀ ਹੈ, ਪਾਪਾਂ ਦਾ ਬੋਝ ਸਿਰ ਤੇ ਪੈਂਦਾ ਹੈ।
ਮਨੁ ਮਾਨੈ, ਹਰਿ ਏਕੰਕਾਰੁ ॥੨॥
ਜਦ ਆਤਮਾ ਦੀ ਨਿਸ਼ਾ ਹੋ ਜਾਂਦੀ ਹੈ, ਇਹ ਕੇਵਲ ਇਕ ਰੱਬ ਨੂੰ ਅਨੁਭਵ ਕਰਦੀ ਹੈ।
ਮਨੁ ਭੂਲੋ, ਮਾਇਆ ਘਰਿ ਜਾਇ ॥
ਘੁੱਸਿਆ ਹੋਇਆ ਮਨੂਆ ਗੁਨਾਹ ਦੇ ਗ੍ਰਹਿ ਅੰਦਰ ਦਾਖਲ ਹੁੰਦਾ ਹੈ।
ਕਾਮਿ ਬਿਰੂਧਉ, ਰਹੈ ਨ ਠਾਇ ॥
ਭੋਗ-ਚੇਸ਼ਟਾ ਅੰਦਰ ਫਾਥਾ ਇਹ ਟਿਕਾਣੇ ਤੇ ਨਹੀਂ ਰਹਿੰਦਾ।
ਹਰਿ ਭਜੁ ਪ੍ਰਾਣੀ! ਰਸਨ ਰਸਾਇ ॥੩॥
ਹੇ ਫਾਨੀ ਬੰਦੇ ਪਿਆਰ ਸਹਿਤ ਆਪਣੀ ਜੀਭ ਨਾਲ ਰੱਬ ਦੇ ਨਾਮ ਦਾ ਉਚਾਰਣ ਕਰ।
ਗੈਵਰ ਹੈਵਰ, ਕੰਚਨ ਸੁਤ ਨਾਰੀ ॥੪॥
ਹਾਥੀ, ਘੋੜੇ, ਸੋਨਾ, ਪੁਤ੍ਰ ਅਤੇ ਪਤਨੀ ਪ੍ਰਾਪਤ ਕਰਨ ਦੇ,
ਬਹੁ ਚਿੰਤਾ, ਪਿੜ ਚਾਲੈ ਹਾਰੀ ॥
ਘਨੇਰੇ ਫ਼ਿਕਰ ਅੰਦਰ ਪ੍ਰਾਣੀ ਖੇਡ ਹਾਰ ਦਿੰਦਾ ਹੈ ਤੇ ਟੁਰ ਜਾਂਦਾ ਹੈ।
ਜੂਐ ਖੇਲਣੁ, ਕਾਚੀ ਸਾਰੀ ॥੪॥
ਸ਼ਤਰੰਜ ਦੀ ਖੇਡ ਅੰਦਰ ਉਸ ਦੀ ਨਰਦ ਪੁੱਗਦੀ ਨਹੀਂ।
ਸੰਪਉ ਸੰਚੀ, ਭਏ ਵਿਕਾਰ ॥
ਆਦਮੀ ਧਨ ਇਕੱਤ੍ਰ ਕਰਦਾ ਹੈ ਤੇ ਉਸ ਨਾਲ ਬਦੀ ਉਤਪੰਨ ਹੋ ਜਾਂਦੀ ਹੈ,
ਹਰਖ ਸੋਕ, ਉਭੇ ਦਰਵਾਰਿ ॥
ਅਤੇ ਖੁਸ਼ੀ ਤੇ ਗ਼ਮੀ ਉਸ ਦੇ ਬੂਹੇ ਤੇ ਖੜੇ ਰਹਿੰਦੇ ਹਨ!
ਸੁਖੁ ਸਹਜੇ, ਜਪਿ ਰਿਦੈ ਮੁਰਾਰਿ ॥੫॥
ਹੰਕਾਰ ਦੇ ਵੈਰੀ ਨੂੰ ਦਿਲੋ ਯਾਦ ਕਰਨ ਦੁਆਰਾ ਬੈਕੁੰਠੀ ਅਨੰਦ ਸੁਖੈਨ ਹੀ ਪ੍ਰਾਪਤ ਹੋ ਜਾਂਦਾ ਹੈ।
ਨਦਰਿ ਕਰੇ, ਤਾ ਮੇਲਿ ਮਿਲਾਏ ॥
ਜਦ ਸੁਆਮੀ ਮਿਹਰ ਦੇ ਘਰ ਬਿਰਾਜਦਾ ਹੈ, ਤਦ ਉਹ ਬੰਦੇ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ।
ਗੁਣ ਸੰਗ੍ਰਹਿ, ਅਉਗਣ ਸਬਦਿ ਜਲਾਏ ॥
ਉਹ ਚੰਗਿਆਈਆਂ ਨੂੰ ਜਮ੍ਹਾਂ ਕਰਦਾ ਹੈ ਤੇ ਗੁਰਾਂ ਦੇ ਉਪਦੇਸ਼ ਰਾਹੀਂ ਆਪਣੀਆਂ ਬੁਰਿਆਈਆਂ ਨੂੰ ਸਾੜ ਸੁਟਦਾ ਹੈ,
ਗੁਰਮੁਖਿ, ਨਾਮੁ ਪਦਾਰਥੁ ਪਾਏ ॥੬॥
ਅਤੇ ਗੁਰਾਂ ਦੇ ਜ਼ਰੀਏ ਨਾਮ ਦੌਲਤ ਨੂੰ ਪਾ ਲੈਂਦਾ ਹੈ।
ਬਿਨੁ ਨਾਵੈ, ਸਭ ਦੂਖ ਨਿਵਾਸੁ ॥
ਰੱਬ ਦੇ ਨਾਮ ਦੇ ਬਗੈਰ ਸਾਰੇ ਮੁਸੀਬਤ ਅੰਦਰ ਵਸਦੇ ਹਨ।
ਮਨਮੁਖ ਮੂੜ, ਮਾਇਆ ਚਿਤ ਵਾਸੁ ॥
ਮੋਹਨੀ ਦਾ ਵਸੇਬਾ ਮੂਰਖ ਅਧਰਮੀ ਦੇ ਮਨ ਅੰਦਰ ਹੈ।
ਗੁਰਮੁਖਿ ਗਿਆਨੁ, ਧੁਰਿ ਕਰਮਿ ਲਿਖਿਆਸੁ ॥੭॥
ਪੂਰਬਲੀ-ਲਿਖੀ ਹੋਈ ਕਿਸਮਤ ਦੀ ਬਦੌਲਤ ਇਨਸਾਨ ਗੁਰਾਂ ਪਾਸੋਂ ਬ੍ਰਹਮ-ਵੀਚਾਰ ਪ੍ਰਾਪਤ ਕਰ ਲੈਂਦਾ ਹੈ।
ਮਨੁ ਚੰਚਲੁ, ਧਾਵਤੁ ਫੁਨਿ ਧਾਵੈ ॥
ਚੁਲਬੁਲ ਮਨੂਆਂ ਅਨਿਸਥਿਰ ਪਦਾਰਥਾਂ ਮਗਰ ਬਾਰੰਬਾਰ ਨੱਸਦਾ ਹੈ।
ਸਾਚੇ ਸੂਚੇ, ਮੈਲੁ ਨ ਭਾਵੈ ॥
ਸੱਚਾ ਤੇ ਪਵਿੱਤ੍ਰ ਪ੍ਰਭੂ ਮਲੀਣਤਾ ਨੂੰ ਪਸੰਦ ਨਹੀਂ ਕਰਦਾ।
ਨਾਨਕ, ਗੁਰਮੁਖਿ ਹਰਿ ਗੁਣ ਗਾਵੈ ॥੮॥੩॥
ਨਾਨਕ ਪਾਵਨ ਪੁਰਸ਼ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ।
ਗਉੜੀ ਗੁਆਰੇਰੀ ਮਹਲਾ ੧ ॥
ਗਊੜੀ ਗੁਆਰੇਰੀ ਪਾਤਸ਼ਾਹੀ ਪਹਿਲੀ।
ਹਉਮੈ ਕਰਤਿਆ, ਨਹ ਸੁਖੁ ਹੋਇ ॥
ਹੰਕਾਰ ਕਰਨ ਨਾਲ ਠੰਢ-ਚੈਨ ਪ੍ਰਾਪਤ ਨਹੀਂ ਹੁੰਦੀ।
ਮਨਮਤਿ ਝੂਠੀ, ਸਚਾ ਸੋਇ ॥
ਕੂੜੀ ਹੈ ਮਨੂਏ ਦੀ ਅਕਲ। ਸੱਚਾ ਹੈ ਉਹ ਸੁਆਮੀ।
ਸਗਲ ਬਿਗੂਤੇ, ਭਾਵੈ ਦੋਇ ॥
ਜੋ ਦਵੈਤ-ਭਾਵ ਨੂੰ ਪਿਆਰ ਕਰਦੇ ਹਨ, ਉਹ ਸਾਰੇ ਤਬਾਹ ਹੋ ਜਾਂਦੇ ਹਨ।
ਸੋ ਕਮਾਵੈ, ਧੁਰਿ ਲਿਖਿਆ ਹੋਇ ॥੧॥
ਪ੍ਰਾਣੀ ਉਹ ਕੁਛ ਕਰਦਾ ਹੈ ਜੋ ਮੁੱਢ ਤੋਂ ਲਿਖਿਆ ਹੋਇਆ ਹੈ।
ਐਸਾ ਜਗੁ ਦੇਖਿਆ, ਜੂਆਰੀ ॥
ਮੈਂ ਦੁਨੀਆਂ ਨੂੰ ਐਹੋ ਜੇਹੀ ਜੂਏ ਬਾਜ ਵੇਖਿਆ ਹੈ,
ਸਭਿ ਸੁਖ ਮਾਗੈ, ਨਾਮੁ ਬਿਸਾਰੀ ॥੧॥ ਰਹਾਉ ॥
ਕਿ ਰੱਬ ਦੇ ਨਾਮ ਨੂੰ ਭੁਲਾ ਕੇ ਸਾਰੇ ਹੀ ਆਰਾਮ ਦੀ ਯਾਚਨਾ ਕਰਦੇ ਹਨ। ਠਹਿਰਾਉ।
ਅਦਿਸਟੁ ਦਿਸੈ, ਤਾ ਕਹਿਆ ਜਾਇ ॥
ਜੇਕਰ ਅਡਿੱਠ ਪ੍ਰਭੂ ਵੇਖ ਲਿਆ ਜਾਵੇ, ਕੇਵਲ ਤਦ ਹੀ ਉਹ ਬਿਆਨ ਕੀਤਾ ਜਾ ਸਕਦਾ ਹੈ।
ਬਿਨੁ ਦੇਖੇ, ਕਹਣਾ ਬਿਰਥਾ ਜਾਇ ॥
ਬਗੈਰ ਵੇਖਣ ਦੇ, ਬੇਫਾਇਦਾ ਹੈ ਉਸ ਦਾ ਵਰਨਣ।
ਗੁਰਮੁਖਿ ਦੀਸੈ, ਸਹਜਿ ਸੁਭਾਇ ॥
ਗੁਰਾਂ ਦੇ ਰਾਹੀਂ ਸਾਹਿਬ ਸੁਖੈਨ ਹੀ ਦਿਸ ਪੈਂਦਾ ਹੈ।
ਸੇਵਾ ਸੁਰਤਿ, ਏਕ ਲਿਵ ਲਾਇ ॥੨॥
ਆਪਣੀ ਬਿਰਤੀ ਇਕ ਸਾਈਂ ਦੀ ਟਹਿਲ ਅਤੇ ਪ੍ਰੀਤ ਨਾਲ ਜੋੜ।
ਸੁਖੁ ਮਾਂਗਤ, ਦੁਖੁ ਆਗਲ ਹੋਇ ॥
ਆਰਾਮ ਮੰਗਣ ਦੁਆਰਾ ਮਨੁੱਖ ਨੂੰ ਬੜੀ ਬੇਆਰਾਮੀ ਮਿਲਦੀ ਹੈ।
ਸਗਲ ਵਿਕਾਰੀ, ਹਾਰੁ ਪਰੋਇ ॥
ਸਾਰੇ ਪ੍ਰਾਣੀ ਪਾਪਾਂ ਦੀ ਫੂਲਮਾਲਾ ਗੁੰਥਨ ਕਰਦੇ ਹਨ।
ਏਕ ਬਿਨਾ ਝੂਠੇ! ਮੁਕਤਿ ਨ ਹੋਇ ॥
ਹੇ ਕੂੜੇ ਬੰਦੇ! ਇਕ ਸਾਈਂ ਦੇ ਬਗੈਰ ਛੁਟਕਾਰਾ ਨਹੀਂ।
ਕਰਿ ਕਰਿ ਕਰਤਾ, ਦੇਖੈ ਸੋਇ ॥੩॥
ਉਹ ਰਚਣਹਾਰ ਆਪਣੀ ਰਚੀ ਹੋਈ ਰਚਨਾ ਨੂੰ ਵੇਖਦਾ ਹੈ।
ਤ੍ਰਿਸਨਾ ਅਗਨਿ, ਸਬਦਿ ਬੁਝਾਏ ॥
ਰੱਬ ਦਾ ਨਾਮ ਖ਼ਾਹਿਸ਼ ਦੀ ਅੱਗ ਨੂੰ ਬੁਝਾ ਦਿੰਦਾ ਹੈ।
ਦੂਜਾ ਭਰਮੁ, ਸਹਜਿ ਸੁਭਾਏ ॥
ਤਦ ਦਵੈਤ-ਭਾਵ ਤੇ ਸੰਦੇਹ, ਸੁਭਾਵਕ ਹੀ ਮੁੱਕ ਜਾਂਦੇ ਹਨ।
ਗੁਰਮਤੀ, ਨਾਮੁ ਰਿਦੈ ਵਸਾਏ ॥
ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਚਿੱਤ ਵਿੱਚ ਟਿਕ ਜਾਂਦਾ ਹੈ।
ਸਾਚੀ ਬਾਣੀ, ਹਰਿ ਗੁਣ ਗਾਏ ॥੪॥
ਸੱਚੀ ਗੁਰਬਾਣੀ ਰਾਹੀਂ ਜੀਵ ਹਰੀ ਦਾ ਜੱਸ ਗਾਇਨ ਕਰਦਾ ਹੈ।
ਤਨ ਮਹਿ ਸਾਚੋ, ਗੁਰਮੁਖਿ ਭਾਉ ॥
ਸੱਚਾ ਸੁਆਮੀ ਉਸ ਦੀ ਦੇਹਿ ਅੰਦਰ ਵਸਦਾ ਹੈ, ਜੋ ਗੁਰਾਂ ਦੇ ਰਾਹੀਂ, ਉਸ ਲਈ ਪ੍ਰੀਤ ਧਾਰਨ ਕਰਦਾ ਹੈ।
ਨਾਮ ਬਿਨਾ, ਨਾਹੀ ਨਿਜ ਠਾਉ ॥
ਨਾਮ ਦੇ ਬਗੈਰ, ਆਦਮੀ ਆਪਣੇ ਨਿੱਜ ਦੇ ਅਸਥਾਨ ਨੂੰ ਪ੍ਰਾਪਤ ਨਹੀਂ ਹੁੰਦਾ।
ਪ੍ਰੇਮ ਪਰਾਇਣ, ਪ੍ਰੀਤਮ ਰਾਉ ॥
ਪਿਆਰਾ ਪਾਤਸ਼ਾਹ ਪਿਆਰ ਦੇ ਸਮਰਪਣ ਹੋਇਆ ਹੋਇਆ ਹੈ।
ਨਦਰਿ ਕਰੈ, ਤਾ ਬੂਝੈ ਨਾਉ ॥੫॥
ਜੇਕਰ ਸੁਆਮੀ ਮਿਹਰ ਧਾਰੇ ਤਦ ਆਦਮੀ ਉਸ ਦੇ ਨਾਮ ਨੂੰ ਸਮਝਦਾ ਹੈ।
ਮਾਇਆ ਮੋਹੁ, ਸਰਬ ਜੰਜਾਲਾ ॥
ਸੰਸਾਰੀ ਪਦਾਰਥਾਂ ਦੀ ਪ੍ਰੀਤ ਸਮੂਹ ਬੰਧਨ ਹੀ ਹੈ।
ਮਨਮੁਖ ਕੁਚੀਲ, ਕੁਛਿਤ ਬਿਕਰਾਲਾ ॥
ਅਧਰਮੀ ਮਲੀਨ ਨਿੰਦਤ ਅਤੇ ਭਿਆਨਕ ਹੈ।
ਸਤਿਗੁਰੁ ਸੇਵੇ, ਚੂਕੈ ਜੰਜਾਲਾ ॥
ਸੱਚੇ ਗੁਰਾਂ ਦੀ ਘਾਲ ਦੁਆਰਾ ਪੁਆੜਾ ਮੁਕ ਜਾਂਦਾ ਹੈ।
ਅੰਮ੍ਰਿਤ ਨਾਮੁ, ਸਦਾ ਸੁਖੁ ਨਾਲਾ ॥੬॥
ਨਾਮ ਅਬਿ-ਹਿਯਾਤ ਦੁਆਰਾ, ਇਨਸਾਨ ਸਦੀਵ ਹੀ ਆਰਾਮ ਨਾਲ (ਅੰਦਰ) ਰਹਿੰਦਾ ਹੈ।
ਗੁਰਮੁਖਿ ਬੂਝੈ, ਏਕ ਲਿਵ ਲਾਏ ॥
ਗੁਰਾਂ ਦੇ ਰਾਹੀਂ ਪ੍ਰਾਣੀ ਇਕ ਸਾਹਿਬ ਨੂੰ ਸਮਝਦਾ ਅਤੇ ਉਸ ਨਾਲ ਪ੍ਰੀਤ ਪਾਉਂਦਾ ਹੈ।
ਨਿਜ ਘਰਿ ਵਾਸੈ, ਸਾਚਿ ਸਮਾਏ ॥
ਉਹ ਆਪਣੇ ਨਿੱਜ ਦੇ ਗ੍ਰਹਿ ਵਿੱਚ ਰਹਿੰਦਾ ਅਤੇ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
ਜੰਮਣੁ ਮਰਣਾ, ਠਾਕਿ ਰਹਾਏ ॥
ਉਸ ਦਾ ਆਉਣਾ ਤੇ ਜਾਣਾ ਮੁਕ ਜਾਂਦੇ ਹਨ।
ਪੂਰੈ ਗੁਰ ਤੇ, ਇਹ ਮਤਿ ਪਾਏ ॥੧॥
ਪੂਰਨ ਗੁਰਾਂ ਪਾਸੋਂ ਇਹ ਸਮਝ ਪ੍ਰਾਪਤ ਹੁੰਦੀ ਹੈ।
ਕਥਨੀ ਕਥਉ, ਨ ਆਵੈ ਓਰੁ ॥
ਵਾਰਤਾਵਾਂ ਵਰਨਣ ਕਰਨ ਨਾਲ, ਉਸ ਦਾ ਅੰਤ ਨਹੀਂ ਜਾਣਿਆ ਜਾ ਸਕਦਾ।
ਗੁਰੁ ਪੁਛਿ ਦੇਖਿਆ, ਨਾਹੀ ਦਰੁ ਹੋਰੁ ॥
ਮੈਂ ਗੁਰਾਂ ਪਾਸੋਂ ਪਤਾ ਕਰ ਕੇ ਵੇਖ ਲਿਆ ਹੈ। ਉਸ ਦੇ ਬਾਝੋਂ ਹੋਰ ਕੋਈ ਬੂਹਾ ਨਹੀਂ!
ਦੁਖੁ ਸੁਖੁ ਭਾਣੈ, ਤਿਸੈ ਰਜਾਇ ॥
ਪੀੜ ਅਤੇ ਪਰਸੰਨਤਾ, ਉਸ ਦੇ ਹੁਕਮ ਤੇ ਮਰਜ਼ੀ ਵਿੱਚ ਹਨ।
ਨਾਨਕੁ ਨੀਚੁ, ਕਹੈ ਲਿਵ ਲਾਇ ॥੮॥੪॥
ਮਸਕੀਨ ਨਾਨਕ ਆਖਦਾ ਹੈ, ਤੂੰ ਹੇ ਬੰਦੇ! ਪ੍ਰਭੂ ਨਾਲ ਪਿਰਹੜੀ ਪਾ।
ਰਾਗੁ ਗਉੜੀ ਗੁਆਰੇਰੀ ਮਹਲਾ ੩ ਅਸਟਪਦੀਆ
ਰਾਗ ਗਊੜੀ ਗੁਆਰੇਰੀ ਪਾਤਸ਼ਾਹੀ ਤੀਜੀ ਅਸ਼ਟਪਦੀਆਂ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਜਾਣਿਆ ਜਾਂਦਾ ਹੈ।
ਮਨ ਕਾ ਸੂਤਕੁ, ਦੂਜਾ ਭਾਉ ॥
ਹੋਰਸ ਦੀ ਪ੍ਰੀਤ ਚਿੱਤ ਦੀ ਨਾਪਾਕੀ ਹੈ।
ਭਰਮੇ ਭੂਲੇ, ਆਵਉ ਜਾਉ ॥੧॥
ਵਹਿਮ ਦਾ ਘੁਸਾਇਆ ਹੋਇਆ ਬੰਦਾ ਆਉਂਦਾ ਤੇ ਜਾਂਦਾ ਹੈ।
ਮਨਮੁਖਿ ਸੂਤਕੁ, ਕਬਹਿ ਨ ਜਾਇ ॥
ਪ੍ਰਤੀਕੂਲ ਪੁਰਸ਼ ਦੀ ਅਪਵਿਤਰਤਾ ਕਦਾਚਿੱਤ ਦੂਰ ਨਹੀਂ ਹੁੰਦੀ।
ਜਿਚਰੁ ਸਬਦਿ ਨ ਭੀਜੈ, ਹਰਿ ਕੈ ਨਾਇ ॥੧॥ ਰਹਾਉ ॥
ਜਦ ਤਾਈ ਉਹ ਗੁਰਾਂ ਦੇ ਉਪਦੇਸ਼ ਤਾਬੇ ਰੱਬ ਦੇ ਨਾਮ ਅੰਦਰ ਗੜੂੰਦ ਨਹੀਂ ਹੁੰਦਾ। ਠਹਿਰਾਉ।
ਸਭੋ ਸੂਤਕੁ, ਜੇਤਾ ਮੋਹੁ ਆਕਾਰੁ ॥
ਦ੍ਰਿਸ਼ਟਮਾਨ ਪਦਾਰਥਾਂ ਦੀ ਤਮਾਮ ਲਗਨ ਸਭ ਅਸ਼ੁੱਧਤਾ ਹੀ ਹੈ!
ਮਰਿ ਮਰਿ ਜੰਮੈ, ਵਾਰੋ ਵਾਰ ॥੨॥
ਇਸ ਦੇ ਕਾਰਨ ਪ੍ਰਾਣੀ ਮੁੜ ਮੁੜ ਕੇ, ਮਰਦਾ ਅਤੇ ਜੰਮਦਾ ਹੈ।
ਸੂਤਕਿ ਅਗਨਿ, ਪਉਣੈ ਪਾਣੀ ਮਾਹਿ ॥
ਅਪਵਿੱਤ੍ਰਤਾ ਅੱਗ, ਹਵਾ ਅਤੇ ਜਲ ਵਿੱਚ ਹੈ।
ਸੂਤਕੁ ਭੋਜਨੁ, ਜੇਤਾ ਕਿਛੁ ਖਾਹਿ ॥੩॥
ਸਮੂਹ ਖੁਰਾਕ ਜੋ ਅਸੀਂ ਖਾਂਦੇ ਹਾਂ, ਦੇ ਵਿੱਚ ਮਲੀਨਤਾ ਹੈ।
ਸੂਤਕਿ ਕਰਮ, ਨ ਪੂਜਾ ਹੋਇ ॥
ਭ੍ਰਿਸ਼ਟਤਾ ਹੈ, ਇਨਸਾਨ ਦੇ ਅਮਲਾ ਵਿੱਚ ਕਿਉਂਕਿ ਉਹ ਸਾਹਿਬ ਦੀ ਉਪਾਸ਼ਨਾ ਨਹੀਂ ਕਰਦਾ।
ਨਾਮਿ ਰਤੇ, ਮਨੁ ਨਿਰਮਲੁ ਹੋਇ ॥੪॥
ਵਾਹਿਗੁਰੂ ਦੇ ਨਾਮ ਨਾਲ ਰੰਗੀਜਣ ਦੁਆਰਾ ਆਤਮਾ ਪਵਿੱਤ੍ਰ ਹੋ ਜਾਂਦੀ ਹੈ।
ਸਤਿਗੁਰੁ ਸੇਵਿਐ, ਸੂਤਕੁ ਜਾਇ ॥
ਸੱਚੇ ਗੁਰਾਂ ਦੀ ਟਹਿਲ ਕਮਾਉਣ ਨਾਲ ਅਪਵਿੱਤ੍ਰਤਾ ਚਲੀ ਜਾਂਦੀ ਹੈ,
ਮਰੈ ਨ ਜਨਮੈ, ਕਾਲੁ ਨ ਖਾਇ ॥੫॥
ਅਤੇ ਆਦਮੀ ਨਾਂ ਮਰਦਾ ਹੈ ਨਾਂ ਹੀ ਮੁੜ ਜੰਮਦਾ ਹੈ, ਨਾਂ ਹੀ ਮੌਤ ਉਸ ਨੂੰ ਨਿਗਲਦੀ ਹੈ।
ਸਾਸਤ ਸਿੰਮ੍ਰਿਤਿ, ਸੋਧਿ ਦੇਖਹੁ ਕੋਇ ॥
ਕੋਈ ਜਣਾ ਸ਼ਾਸਤ੍ਰਾਂ ਅਤੇ ਸਿਮਰਤੀਆਂ ਨੂੰ ਘੋਖ ਕੇ ਵੇਖ ਲਵੇ।
ਵਿਣੁ ਨਾਵੈ, ਕੋ ਮੁਕਤਿ ਨ ਹੋਇ ॥੬॥
ਨਾਮ ਦੇ ਬਾਝੋਂ ਕੋਈ ਭੀ ਮੁਕਤ ਨਹੀਂ ਹੁੰਦਾ।
ਜੁਗ ਚਾਰੇ ਨਾਮੁ ਉਤਮੁ, ਸਬਦੁ ਬੀਚਾਰਿ ॥
ਚੌਹਾਂ ਹੀ ਯੁਗਾਂ ਅੰਦਰ ਨਾਮ ਅਤੇ ਸ਼ਬਦ ਦਾ ਸਿਮਰਣ ਸਰੇਸ਼ਟ ਵਸਤੂ ਹੈ।
ਕਲਿ ਮਹਿ ਗੁਰਮੁਖਿ, ਉਤਰਸਿ ਪਾਰਿ ॥੭॥
ਕਲਜੁਗ ਅੰਦਰ ਕੇਵਲ ਗੁਰੂ-ਅਨੁਸਾਰੀ ਦਾ ਪਾਰ ਉਤਾਰਾ ਹੁੰਦਾ ਹੈ।
ਸਾਚਾ, ਮਰੈ ਨ ਆਵੈ ਜਾਇ ॥
ਸੱਚਾ ਸਾਹਿਬ ਮਰਦਾ ਨਹੀਂ। ਉਹ ਆਉਂਦਾ ਤੇ ਜਾਂਦਾ ਨਹੀਂ।
ਨਾਨਕ, ਗੁਰਮੁਖਿ ਰਹੈ ਸਮਾਇ ॥੮॥੧॥
ਨਾਨਕ, ਗੁਰਾਂ ਦੀ ਦਇਆ ਦੁਆਰਾ, ਪ੍ਰਾਣੀ ਨਾਮ ਅੰਦਰ ਲੀਨ ਰਹਿੰਦਾ ਹੈ।
ਰਾਗੁ ਗਉੜੀ ਗੁਆਰੇਰੀ ਮਹਲਾ ੫ ਅਸਟਪਦੀਆ
ਰਾਗੁ ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ ਅਸਟਪਦੀਆਂ।
ੴ ਸਤਿਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ, ਉਸ ਦਾ ਨਾਮ ਅਤੇ ਰਚਨਹਾਰ ਉਸ ਦੀ ਵਿਅਕਤੀ। ਗੁਰਾਂ ਦੀ ਮਿਹਰ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
ਜਬ ਇਹੁ ਮਨ ਮਹਿ, ਕਰਤ ਗੁਮਾਨਾ ॥
ਜਦ ਇਹ ਪ੍ਰਾਣੀ ਆਪਣੇ ਚਿੱਤ ਅੰਦਰ ਹੰਕਾਰੀ ਧਾਰਦਾ ਹੈ,
ਤਬ ਇਹੁ ਬਾਵਰੁ, ਫਿਰਤ ਬਿਗਾਨਾ ॥
ਤਦ ਉਹ ਪਗਲਾ ਤੇ ਪਰਾਇਆ ਹੋ ਕੇ ਭਟਕਦਾ ਫਿਰਦਾ ਹੈ।
ਜਬ ਇਹੁ ਹੂਆ; ਸਗਲ ਕੀ ਰੀਨਾ ॥
ਜਦ ਇਹ ਸਾਰਿਆਂ ਦੀ ਧੂੜ ਹੋ ਜਾਂਦਾ ਹੈ,
ਤਾ ਤੇ, ਰਮਈਆ ਘਟਿ ਘਟਿ ਚੀਨਾ ॥੧॥
ਉਸ ਕਾਰਣ ਉਹ ਵਿਆਪਕ ਵਾਹਿਗੁਰੂ ਨੂੰ ਹਰ ਦਿਲ ਅੰਦਰ ਵੇਖ ਲੈਂਦਾ ਹੈ।
ਸਹਜ ਸੁਹੇਲਾ, ਫਲੁ ਮਸਕੀਨੀ ॥
ਆਜਜ਼ੀ ਦਾ ਮੇਵਾ ਕੁਦਰਤੀ ਤੌਰ ਤੇ ਮਨ-ਭਾਉਣਾ ਹੈ।
ਸਤਿਗੁਰ ਅਪੁਨੈ, ਮੋਹਿ ਦਾਨੁ ਦੀਨੀ ॥੧॥ ਰਹਾਉ ॥
ਇਹ ਬਖਸ਼ੀਸ਼ ਮੇਰੇ ਸੱਚੇ ਗੁਰਦੇਵ ਜੀ ਨੇ ਮੈਨੂੰ ਦਿੱਤੀ ਹੈ। ਠਹਿਰਾਉ।
ਜਬ ਕਿਸ ਕਉ, ਇਹੁ ਜਾਨਸਿ ਮੰਦਾ ॥
ਜਦ ਉਹ ਹੋਰਨਾ ਨੂੰ ਬੁਰਾ ਸਮਝਦਾ ਹੈ,
ਤਬ ਸਗਲੇ, ਇਸੁ ਮੇਲਹਿ ਫੰਦਾ ॥
ਤਾਂ ਸਾਰੇ ਉਸ ਨੂੰ ਜਾਲ ਅੰਦਰ ਫਸਾਉਂਦੇ ਹਨ।
ਮੇਰ ਤੇਰ, ਜਬ ਇਨਹਿ ਚੁਕਾਈ ॥
ਜਦ ਉਹ ਮੇਰੇ ਅਤੇ ਤੇਰੇ ਦੇ ਅਰਥਾ ਵਿੱਚ ਖਿਆਲ ਕਰਨੋਂ ਹਟ ਜਾਂਦਾ ਹੈ,
ਤਾ ਤੇ ਇਸੁ ਸੰਗਿ, ਨਹੀ ਬੈਰਾਈ ॥੨॥
ਤਾਂ ਉਸ ਨਾਲ ਕੋਈ ਭੀ ਦੁਸ਼ਮਨੀ ਨਹੀਂ ਕਰਦਾ।
ਜਬ ਇਨਿ, ਅਪੁਨੀ ਅਪਨੀ ਧਾਰੀ ॥
ਜਦ ਉਹ ਮੇਰੀ ਆਪਣੀ, ਮੇਰੀ ਆਪਣੀ ਦੀ ਰਟ ਨੂੰ ਚਿਮੜਦਾ ਹੈ,
ਤਬ ਇਸ ਕਉ ਹੈ, ਮੁਸਕਲੁ ਭਾਰੀ ॥
ਤਾਂ ਉਸ ਨੂੰ ਵੱਡੀ ਔਕੜ ਆ ਬਣਦੀ ਹੈ।
ਜਬ ਇਨਿ, ਕਰਣੈਹਾਰੁ ਪਛਾਤਾ ॥
ਜਦ ਇਹ ਆਪਣੇ ਸਿਰਜਣਹਾਰ ਨੂੰ ਸਿੰਞਾਣ ਲੈਂਦਾ ਹੈ,
ਤਬ ਇਸ ਨੋ, ਨਾਹੀ ਕਿਛੁ ਤਾਤਾ ॥੩॥
ਤਾਂ ਇਸ ਨੂੰ ਕੋਈ ਭੀ ਸੜੇਵਾਂ ਨਹੀਂ ਹੁੰਦਾ।
ਜਬ ਇਨਿ ਅਪੁਨੋ, ਬਾਧਿਓ ਮੋਹਾ ॥
ਜਦ ਇਹ ਆਦਮੀ ਆਪਣੇ ਆਪ ਨੂੰ ਸੰਸਾਰੀ ਮਮਤਾ ਨਾਲ ਉਲਝਾ ਲੈਂਦਾ ਹੈ,
ਆਵੈ ਜਾਇ, ਸਦਾ ਜਮਿ ਜੋਹਾ ॥
ਉਹ ਆਵਾਗਉਣ ਵਿੱਚ ਪੈਦਾ ਹੈ ਅਤੇ ਹਮੇਸ਼ਾਂ ਮੌਤ ਦੀ ਤਾੜ ਹੇਠਾ ਹੁੰਦਾ ਹੈ।
ਜਬ ਇਸ ਤੇ, ਸਭ ਬਿਨਸੇ ਭਰਮਾ ॥
ਜਦ ਸਾਰੇ ਸੰਦੇਹ ਉਸ ਪਾਸੋਂ ਦੂਰ ਹੋ ਜਾਂਦੇ ਹਨ,
ਭੇਦੁ ਨਾਹੀ ਹੈ, ਪਾਰਬ੍ਰਹਮਾ ॥੪॥
ਤਦ ਉਸ ਦੀ ਸ਼ਰੋਮਣੀ ਸਾਹਿਬ ਦੇ ਵਿਚਕਾਰ ਕੋਈ ਫ਼ਰਕ ਨਹੀਂ ਰਹਿੰਦਾ।
ਜਬ ਇਨਿ ਕਿਛੁ, ਕਰਿ ਮਾਨੇ ਭੇਦਾ ॥
ਜਦ ਤੋਂ ਉਹ ਕੁਝ ਫ਼ਰਕ ਤਸਲੀਮ ਕਰਦਾ ਹੈ,
ਤਬ ਤੇ, ਦੂਖ ਡੰਡ ਅਰੁ ਖੇਦਾ ॥
ਉਦੋਂ ਤੋਂ ਉਹ ਤਕਲਫ਼ਿ ਸਜ਼ਾ ਅਤੇ ਅਪਦਾ ਸਹਾਰਦਾ ਹੈ।
ਜਬ ਇਨਿ, ਏਕੋ ਏਕੀ ਬੂਝਿਆ ॥
ਜਦ ਤੋਂ ਇਹ ਕੇਵਲ ਇਕ ਪ੍ਰਭੂ ਨੂੰ ਜਾਨਣ ਲੱਗ ਜਾਂਦਾ ਹੈ,
ਤਬ ਤੇ ਇਸ ਨੋ, ਸਭੁ ਕਿਛੁ ਸੂਝਿਆ ॥੫॥
ਉਦੋਂ ਤੋਂ ਉਸ ਨੂੰ ਸਾਰੇ ਕੁਝ ਦੀ ਗਿਆਤ ਹੋ ਜਾਂਦੀ ਹੈ।
ਜਬ ਇਹੁ ਧਾਵੈ, ਮਾਇਆ ਅਰਥੀ ॥
ਜਦ ਉਹ ਧਨ ਦੌਲਤ ਦੇ ਵਾਸਤੇ ਭੱਜ ਦੌੜ ਕਰਦਾ ਹੈ,
ਨਹ ਤ੍ਰਿਪਤਾਵੈ, ਨਹ ਤਿਸ ਲਾਥੀ ॥
ਤਾਂ ਨਾਂ ਉਹ ਰੱਜਦਾ ਹੈ ਤੇ ਨਾਂ ਹੀ ਉਸ ਦੀ ਪਿਆਸ ਬੁਝਦੀ ਹੈ।
ਜਬ ਇਸ ਤੇ, ਇਹੁ ਹੋਇਓ ਜਉਲਾ ॥
ਜਦ ਉਹ ਇਸ ਪਾਸੋਂ ਦੌੜ ਜਾਂਦਾ ਹੈ,
ਪੀਛੈ ਲਾਗਿ ਚਲੀ, ਉਠਿ ਕਉਲਾ ॥੬॥
ਤਾਂ ਲਕਸ਼ਮੀ ਉਠ ਕੇ ਉਸ ਦੇ ਮਗਰ ਲਗ ਟੁਰਦੀ ਹੈ।
ਕਰਿ ਕਿਰਪਾ, ਜਉ ਸਤਿਗੁਰੁ ਮਿਲਿਓ ॥
ਜਦ ਉਸਦੀ ਦਇਆ ਦੁਆਰਾ ਸੱਚੇ ਗੁਰੂ ਜੀ ਮਿਲ ਪੈਦੇ ਹਨ,
ਮਨ ਮੰਦਰ ਮਹਿ, ਦੀਪਕੁ ਜਲਿਓ ॥
ਤਾਂ ਬੰਦੇ ਦੇ ਦਿਲ ਦੇ ਮਹਿਲ ਅੰਦਰ ਦੀਵਾ ਬਲ ਪੈਦਾ ਹੈ।
ਜੀਤ ਹਾਰ ਕੀ, ਸੋਝੀ ਕਰੀ ॥
ਜਦ ਇਨਸਾਨ ਫਤਹ ਅਤੇ ਸ਼ਿਕਸਤ ਨੂੰ ਅਨੁਭਵ ਕਰ ਲੈਂਦਾ ਹੈ,
ਤਉ ਇਸੁ ਘਰ ਕੀ, ਕੀਮਤਿ ਪਰੀ ॥੭॥
ਤਦ ਉਹ ਏਸ ਗ੍ਰਹਿ ਦੀ ਕਦਰ ਨੂੰ ਜਾਣ ਲੈਂਦਾ ਹੈ।
ਕਰਨ ਕਰਾਵਨ, ਸਭੁ ਕਿਛੁ ਏਕੈ ॥
ਉਹ ਅਦੁੱਤੀ ਸੁਆਮੀ ਸਾਰਾ ਕੁਛ ਕਰਦਾ ਅਤੇ ਕਰਾਉਂਦਾ ਹੈ।
ਆਪੇ ਬੁਧਿ, ਬੀਚਾਰਿ ਬਿਬੇਕੈ ॥
ਉਹ ਆਪ ਹੀ ਸਿਆਣਪ ਸੋਚ ਸਮਝ ਅਤੇ ਪ੍ਰਬੀਨਤਾ ਹੈ।
ਦੂਰਿ ਨ, ਨੇਰੈ; ਸਭ ਕੈ ਸੰਗਾ ॥
ਉਹ ਦੁਰੇਡੇ ਨਹੀਂ, ਉਹ ਸਾਰਿਆਂ ਦੇ ਲਾਗੇ ਅਤੇ ਸਾਥ ਹੀ ਹੈ।
ਸਚੁ ਸਾਲਾਹਣੁ, ਨਾਨਕ ਹਰਿ ਰੰਗਾ ॥੮॥੧॥
ਸੱਚੇ ਵਾਹਿਗੁਰੂ ਦੀ ਹੇ ਨਾਨਕ, ਪਿਆਰ ਨਾਲ ਪਰਸੰਸਾ ਕਰ।
ਗਉੜੀ ਗੁਆਰੇਰੀ ਸ੍ਰੀ ਕਬੀਰ ਜੀਉ ਕੇ ਚਉਪਦੇ ੧੪ ॥
ਗਉੜੀ ਗੁਆਰੇਰੀ ਪੂਜਯਾ ਕਬੀਰ ਜੀ ਦੇ ਚਉਪਦੇ।
ਅਬ ਮੋਹਿ ਜਲਤ, ਰਾਮ ਜਲੁ ਪਾਇਆ ॥
ਮੈਂ ਮਚ ਰਹੇ ਨੂੰ ਹੁਣ ਸੁਆਮੀ ਦੇ ਨਾਮ ਦਾ ਪਾਣੀ ਲੱਭ ਪਿਆ ਹੈ।
ਰਾਮ ਉਦਕਿ, ਤਨੁ ਜਲਤ ਬੁਝਾਇਆ ॥੧॥ ਰਹਾਉ ॥
ਸੁਆਮੀ ਦੇ ਨਾਮ ਦੇ ਪਾਣੀ ਨੇ ਮੇਰੇ ਸੜਦੇ ਹੋਏ ਸਰੀਰ ਨੂੰ ਠੰਢਾ ਕਰ ਦਿੱਤਾ ਹੈ। ਠਹਿਰਾਉਂ।
ਮਨੁ ਮਾਰਣ ਕਾਰਣਿ, ਬਨ ਜਾਈਐ ॥
ਆਪਣੇ ਮਨੂਏ ਨੂੰ ਕਾਬੂ ਕਰਨ ਲਈ ਲੋਕ ਜੰਗਲਾਂ ਨੂੰ ਜਾਂਦੇ ਹਨ।
ਸੋ ਜਲੁ, ਬਿਨੁ ਭਗਵੰਤ ਨ ਪਾਈਐ ॥੧॥
(ਪਰ ਅੱਗ ਨੂੰ ਬੁਝਾਉਣ ਲਈ) ਉਹ ਪਾਣੀ ਭਾਗਾਂ ਵਾਲੇ ਸਾਹਿਬ ਦੇ ਬਗੈਰ ਨਹੀਂ ਮਿਲਦਾ।
ਜਿਹ ਪਾਵਕ, ਸੁਰਿ ਨਰ ਹੈ ਜਾਰੇ ॥
ਜਿਸ ਅਗ ਨੇ ਦੇਵਤੇ ਅਤੇ ਆਦਮੀ ਸਾੜ ਸੁੱਟੇ ਹਨ,
ਰਾਮ ਉਦਕਿ, ਜਨ ਜਲਤ ਉਬਾਰੇ ॥੨॥
ਉਸ ਨਾਲ ਸੜਦੇ ਹੋਏ ਗੋਲੇ ਨੂੰ, ਸੁਆਮੀ ਦੇ ਨਾਮ ਦੇ ਪਾਣੀ ਨੇ ਉਸ ਤੋਂ ਬਚਾ ਲਿਆ ਹੈ।
ਭਵ ਸਾਗਰ, ਸੁਖ ਸਾਗਰ ਮਾਹੀ ॥
ਭਿਆਨਕ ਸਮੁੰਦਰ ਅੰਦਰ ਇਕ ਆਰਾਮ ਚੈਨ ਦਾ ਸਮੁੰਦਰ ਹੈ।
ਪੀਵਿ ਰਹੇ, ਜਲ ਨਿਖੁਟਤ ਨਾਹੀ ॥੩॥
ਮੈਂ ਪਾਨ ਕਰੀ ਜਾਂਦਾ ਹਾਂ, ਪ੍ਰੰਤੂ ਪਾਣੀ ਮੁਕਦਾ ਨਹੀਂ।
ਕਹਿ ਕਬੀਰ, ਭਜੁ ਸਾਰਿੰਗਪਾਨੀ ॥
ਕਬੀਰ ਜੀ ਆਖਦੇ ਹਨ ਜਿਸ ਤਰ੍ਹਾਂ ਪਪੀਹਾ ਪਾਣੀ ਨੂੰ ਯਾਦ ਕਰਦਾ ਹੈ, ਤੂੰ ਪ੍ਰਭੂ ਨੂੰ ਯਾਦ ਕਰ।
ਰਾਮ ਉਦਕਿ, ਮੇਰੀ ਤਿਖਾ ਬੁਝਾਨੀ ॥੪॥੧॥
ਪ੍ਰਭੂ ਦੇ ਨਾਮ ਦਾ ਪਾਣੀ ਹੈ ਜਿਸ ਨੇ ਮੇਰੀ ਪਿਆਸ ਬੁਝਾਈ ਹੈ।
ਰਾਗ ਗਉੜੀ ਗੁਆਰੇਰੀ ਅਸਟਪਦੀ ਕਬੀਰ ਜੀ ਕੀ
ਰਾਗ ਗਉੜੀ ਗੁਆਰੇਰੀ ਅਸ਼ਟਪਦੀ ਕਬੀਰ ਜੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
ਸੁਖੁ ਮਾਂਗਤ, ਦੁਖੁ ਆਗੈ ਆਵੈ ॥
ਬੰਦਾ ਆਰਾਮ ਮੰਗਦਾ ਹੈ, ਪਰ ਉਸ ਨੂੰ ਪੀੜ ਆ ਮਿਲਦੀ ਹੈ।
ਸੋ ਸੁਖੁ, ਹਮਹੁ ਨ ਮਾਂਗਿਆ ਭਾਵੈ ॥੧॥
ਉਸ ਆਰਾਮ ਦੀ ਯਾਚਨਾ ਕਰਨੀ ਮੈਨੂੰ ਚੰਗੀ ਨਹੀਂ ਲਗਦੀ।
ਬਿਖਿਆ ਅਜਹੁ ਸੁਰਤਿ, ਸੁਖ ਆਸਾ ॥
ਇਨਸਾਨ ਦੀ ਬਿਰਤੀ ਪਾਪ ਤੇ ਮਾਇਲ ਹੈ ਪਰ ਤਾ ਭੀ ਉਹ ਖੁਸ਼ੀ ਦੀ ਉਮੀਦ ਰੱਖਦਾ ਹੈ।
ਕੈਸੇ ਹੋਈ ਹੈ, ਰਾਜਾ ਰਾਮ ਨਿਵਾਸਾ ॥੧॥ ਰਹਾਉ ॥
ਉਹ ਕਿਸ ਤਰ੍ਹਾਂ ਪਾਤਸ਼ਾਹ ਪ੍ਰਭੂ ਅੰਦਰ ਵੱਸੇਬਾ ਪਾਏਗਾ? ਠਹਿਰਾਉਂ।
ਇਸੁ ਸੁਖ ਤੇ, ਸਿਵ ਬ੍ਰਹਮ ਡਰਾਨਾ ॥
ਇਸ ਸੰਸਾਰੀ ਖੁਸ਼ੀ ਪਾਸੋਂ ਸ਼ਿਵਜੀ ਅਤੇ ਬ੍ਰਰਮਾ ਭੀ ਭੈ ਖਾਂਦੇ ਹਨ।
ਸੋ ਸੁਖੁ ਹਮਹੁ, ਸਾਚੁ ਕਰਿ ਜਾਨਾ ॥੨॥
ਉਸ ਖੁਸ਼ੀ ਨੂੰ ਮੈਂ ਸੱਚ ਕਰਕੇ ਜਾਣਦਾ ਹਾਂ।
ਸਨਕਾਦਿਕ, ਨਾਰਦ ਮੁਨਿ ਸੇਖਾ ॥
ਸਨਕ ਆਦਿਕ, ਰਿਸ਼ੀ ਨਾਰਦ ਅਤੇ ਹਜ਼ਾਰ ਫਨਾਂ ਵਾਲਾ ਸ਼ੇਸ਼ਨਾਗ,
ਤਿਨ ਭੀ, ਤਨ ਮਹਿ ਮਨੁ ਨਹੀ ਪੇਖਾ ॥੩॥
ਉਨ੍ਹਾਂ ਨੇ ਭੀ ਸਰੀਰ ਅੰਦਰ ਆਤਮਾ ਨੂੰ ਨਹੀਂ ਤੱਕਿਆ।
ਇਸੁ ਮਨ ਕਉ, ਕੋਈ ਖੋਜਹੁ ਭਾਈ ॥
ਕੋਈ ਏਸ ਆਤਮਾ ਦੀ ਦਸ਼ਾ ਦਾ ਪਤਾ ਕਰੇ, ਹੇ ਵੀਰ!
ਤਨ ਛੂਟੇ, ਮਨੁ ਕਹਾ ਸਮਾਈ ॥੪॥
ਸਰੀਰ ਤੋਂ ਵੱਖਰੀ ਹੋ ਆਤਮਾ ਕਿੱਥੇ ਚਲੀ ਜਾਂਦੀ ਹੈ?
ਗੁਰ ਪਰਸਾਦੀ, ਜੈਦੇਉ ਨਾਮਾਂ ॥
ਗੁਰਾਂ ਦੀ ਦਇਆ ਦੁਆਰਾ, ਜੈਦੇਵ ਤੇ ਨਾਮਾ,
ਭਗਤਿ ਕੈ ਪ੍ਰੇਮਿ, ਇਨ ਹੀ ਹੈ ਜਾਨਾਂ ॥੫॥
ਉਨ੍ਹਾਂ ਨੇ ਇਸ ਭੇਤ ਨੂੰ ਪ੍ਰਭੂ ਦੇ ਸਿਮਰਨ ਤੇ ਪਿਆਰ ਰਾਹੀਂ ਜਾਣ ਲਿਆ।
ਇਸੁ ਮਨ ਕਉ, ਨਹੀ ਆਵਨ ਜਾਨਾ ॥
ਇਹ ਆਤਮਾ ਆਉਂਦੀ ਅਤੇ ਜਾਂਦੀ ਨਹੀਂ।
ਜਿਸ ਕਾ ਭਰਮੁ ਗਇਆ, ਤਿਨਿ ਸਾਚੁ ਪਛਾਨਾ ॥੬॥
ਜਿਸ ਦਾ ਸੰਦੇਹ ਦੂਰ ਹੋ ਗਿਆ ਹੈ, ਉਹ ਸੱਚ ਨੂੰ ਜਾਣ ਲੈਦਾ ਹੈ।
ਇਸੁ ਮਨ ਕਉ, ਰੂਪੁ ਨ ਰੇਖਿਆ ਕਾਈ ॥
ਇਸ ਆਤਮਾ ਦਾ ਕੋਈ ਸਰੂਪ ਜਾ ਚੱਕਰ-ਚਿਹਨ ਨਹੀਂ।
ਹੁਕਮੇ ਹੋਇਆ, ਹੁਕਮੁ ਬੂਝਿ ਸਮਾਈ ॥੭॥
ਸਾਈਂ ਦੇ ਹੁਕਮ ਦੁਆਰਾ ਇਹ ਸਾਜੀ ਗਈ ਸੀ ਅਤੇ ਉਸ ਦੇ ਹੁਕਮ ਨੂੰ ਸਮਝ ਕੇ ਇਹ ਉਸ ਵਿੱਚ ਲੀਨ ਹੋ ਜਾਏਗੀ।
ਇਸ ਮਨ ਕਾ, ਕੋਈ ਜਾਨੈ ਭੇਉ ॥
ਕੀ ਕੋਈ ਇਸ ਆਤਮਾ ਦੇ ਭੇਤ ਨੂੰ ਜਾਣਦਾ ਹੈ?
ਇਹ ਮਨਿ, ਲੀਣ ਭਏ ਸੁਖਦੇਉ ॥੮॥
ਇਹ ਆਤਮਾ, ਆਖਰਕਾਰ, ਆਰਾਮ ਦੇਣਹਾਰ ਵਾਹਿਗੁਰੂ ਅੰਦਰ ਸਮਾ ਜਾਂਦੀ ਹੈ।
ਜੀਉ ਏਕੁ, ਅਰੁ ਸਗਲ ਸਰੀਰਾ ॥
ਆਤਮਾ ਇਕ ਹੈ ਅਤੇ ਇਹ ਸਾਰੀਆਂ ਦੇਹਾਂ ਵਿੱਚ ਰਮੀ ਹੋਈ ਹੈ।
ਇਸੁ ਮਨ ਕਉ, ਰਵਿ ਰਹੇ ਕਬੀਰਾ ॥੯॥੧॥੩੬॥
ਇਸ ਆਤਮਾ ਦਾ ਕਬੀਰ ਸਿਮਰਨ ਕਰ ਰਿਹਾ ਹੈ।
ਗਉੜੀ ਗੁਆਰੇਰੀ ॥
ਗਉੜੀ ਗੁਆਰੇਰੀ।
ਅਹਿਨਿਸਿ, ਏਕ ਨਾਮ ਜੋ ਜਾਗੇ ॥
ਜੋ ਨਾਮ ਅੰਦਰ ਦਿਨ ਰਾਤ ਜਾਗਦੇ ਸਨ,
ਕੇਤਕ ਸਿਧ ਭਏ, ਲਿਵ ਲਾਗੇ ॥੧॥ ਰਹਾਉ ॥
ਉਹ ਕਈ, ਪ੍ਰਭੂ ਨਾਲ ਪ੍ਰੇਮ ਪਾਉਣ ਦੁਆਰਾ ਪੂਰਨ ਪੁਰਸ਼ ਹੋ ਗਏ ਹਨ। ਠਹਿਰਾਉ।
ਸਾਧਕ ਸਿਧ, ਸਗਲ ਮੁਨਿ ਹਾਰੇ ॥
ਅਭਿਆਸੀ, ਕਰਾਮਾਤੀ ਬੰਦੇ ਖਾਮੋਸ਼ ਰਿਸ਼ੀ ਸਾਰੇ ਬਾਜੀ ਹਾਰ ਗਏ ਹਨ।
ਏਕ ਨਾਮ, ਕਲਿਪ ਤਰ ਤਾਰੇ ॥੧॥
ਪਾਰਜਾਤ ਬ੍ਰਿਛ ਦੀ ਤਰ੍ਹਾਂ ਇਕ ਨਾਮ ਪ੍ਰਾਣੀਆਂ ਦਾ ਪਾਰ ਉਤਾਰਾ ਕਰ ਦਿੰਦਾ ਹੈ।
ਜੋ ਹਰਿ ਹਰੇ, ਸੁ ਹੋਹਿ ਨ ਆਨਾ ॥
ਜਿਨ੍ਹਾਂ ਨੂੰ ਵਾਹਿਗੁਰੂ ਨੇ ਸਰਸਬਜ ਕੀਤਾ ਹੈ, ਉਹ ਹੋਰਸ ਕਿਸੇ ਦੇ ਨਹੀਂ ਬਣਦੇ।
ਕਹਿ ਕਬੀਰ, ਰਾਮ ਨਾਮ ਪਛਾਨਾ ॥੨॥੩੭॥
ਕਬੀਰ ਜੀ ਆਖਦੇ ਹਨ ਉਹ ਕੇਵਲ ਸੁਆਮੀ ਦੇ ਨਾਮ ਨੂੰ ਹੀ ਸਿਆਣਦੇ ਹਨ।
ਰਾਗੁ ਗਉੜੀ ਰਵਿਦਾਸ ਜੀ ਕੇ ਪਦੇ ਗਉੜੀ ਗੁਆਰੇਰੀ
ਰਵੀਦਾਸ ਜੀ ਦੇ ਪਦੇ ਗਉੜੀ ਗੁਆਰੇਰੀ। ਰਾਗ ਗਉੜੀ।
ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਅਤੇ ਰਚਣਹਾਰ ਉਸ ਦੀ ਵਿਅਕਤੀ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਮੇਰੀ ਸੰਗਤਿ ਪੋਚ, ਸੋਚ ਦਿਨੁ ਰਾਤੀ ॥
ਦਿਨ ਰਾਤ ਮੈਨੂੰ ਚਿੰਤਾ ਲੱਗੀ ਰਹਿੰਦੀ ਹੈ ਕਿ ਮੇਰੀ ਉਠਕ ਬੈਠਕ ਭੈੜੀ ਹੈ,
ਮੇਰਾ ਕਰਮੁ ਕੁਟਿਲਤਾ, ਜਨਮੁ ਕੁਭਾਂਤੀ ॥੧॥
ਮੇਰੇ ਅਮਲ ਟੇਢੇ ਹਨ, ਅਤੇ ਮੇਰੀ ਪੈਦਾਇਸ਼ ਨੀਚ ਹੈ।
ਰਾਮ ਗੁਸਈਆ, ਜੀਅ ਕੇ ਜੀਵਨਾ ॥
ਹੇ ਵਾਹਿਗੁਰੂ, ਸ੍ਰਿਸ਼ਟੀ ਦੇ ਸੁਆਮੀ, ਇਨਸਾਨਾਂ ਨੂੰ ਜਿੰਦਗੀ ਬਖਸ਼ਣਹਾਰ,
ਮੋਹਿ ਨ ਬਿਸਾਰਹੁ, ਮੈ ਜਨੁ ਤੇਰਾ ॥੧॥ ਰਹਾਉ ॥
ਮੈਨੂੰ ਨਾਂ ਭੁਲਾ, ਮੈਂ ਤੇਰਾ ਗੋਲਾ ਹਾਂ। ਠਹਿਰਾਉ।
ਮੇਰੀ ਹਰਹੁ ਬਿਪਤਿ, ਜਨ ਕਰਹੁ ਸੁਭਾਈ ॥
ਮੇਰੀ ਤਕਲੀਫ ਰਫ਼ਾ ਕਰ, ਅਤੇ ਮੈਂ ਆਪਣੇ ਨਫ਼ਰ ਨੂੰ ਆਪਣੀ ਸ਼੍ਰੇਸ਼ਟ ਪ੍ਰੀਤ ਪਰਦਾਨ ਕਰ।
ਚਰਣ ਨ ਛਾਡਉ, ਸਰੀਰ ਕਲ ਜਾਈ ॥੨॥
ਮੈਂ ਤੇਰੇ ਪੈਰ ਨਹੀਂ ਛੱਡਾਂਗਾ ਭਾਵੇਂ ਮੇਰੀ ਦੇਹਿ ਭਲਕੇ ਹੀ ਟੁਰ ਜਾਏ।
ਕਹੁ ਰਵਿਦਾਸ, ਪਰਉ ਤੇਰੀ ਸਾਭਾ ॥
ਰਵਿਦਾਸ ਜੀ ਆਖਦੇ ਹਨ, ਮੈਂ ਤੇਰੀ ਪਨਾਹ ਲਈ ਹੈ, ਹੇ ਪ੍ਰਭੂ!
ਬੇਗਿ ਮਿਲਹੁ ਜਨ, ਕਰਿ ਨ ਬਿਲਾਂਬਾ ॥੩॥੧॥
ਆਪਣੇ ਨੌਕਰ ਨੂੰ ਛੇਤੀ ਮਿਲ ਅਤੇ ਦੇਰੀ ਨਾਂ ਲਾ।
ਬੇਗਮ ਪੁਰਾ, ਸਹਰ ਕੋ ਨਾਉ ॥
ਸ਼ਹਿਰ ਦਾ ਨਾਮ ਬੇਗਮਪੁਰਾ ਹੈ!
ਦੂਖੁ ਅੰਦੋਹੁ, ਨਹੀ ਤਿਹਿ ਠਾਉ ॥
ਉਸ ਥਾਂ ਉਤੇ ਕੋਈ ਤਕਲਫ਼ਿ ਜਾ ਚਿੰਤਾ ਨਹੀਂ।
ਨਾਂ ਤਸਵੀਸ, ਖਿਰਾਜੁ ਨ ਮਾਲੁ ॥
ਉਥੇ ਮਾਲ ਅਸਬਾਬ ਤੇ ਮਸੂਲ ਲਗਨ ਦਾ ਡਰ ਨਹੀਂ।
ਖਉਫੁ ਨ ਖਤਾ, ਨ ਤਰਸੁ ਜਵਾਲੁ ॥੧॥
ਉਥੇ ਨਾਂ ਭੈ, ਨਾਂ ਗਲਤੀ, ਨਾਂ ਹੀ ਤ੍ਰਾਹ ਤੇ ਨਾਂ ਗਿਰਾਵਟ ਹੈ।
ਅਬ, ਮੋਹਿ ਖੂਬ ਵਤਨ ਗਹ ਪਾਈ ॥
ਮੈਨੂੰ ਹੁਣ ਬਹੁਤ ਚੰਗਾ ਨਿਵਾਸ-ਅਸਥਾਨ ਮਿਲ ਗਿਆ ਹੈ।
ਊਹਾਂ ਖੈਰਿ ਸਦਾ, ਮੇਰੇ ਭਾਈ! ॥੧॥ ਰਹਾਉ ॥
ਮੇਰੇ ਭਰਾਵੋ! ਉਥੇ ਹਮੇਸ਼ਾਂ ਦੀ ਸਲਾਮਤੀ ਹੈ। ਠਹਿਰਾਉ।
ਕਾਇਮੁ ਦਾਇਮੁ, ਸਦਾ ਪਾਤਿਸਾਹੀ ॥
ਪੱਕੀ, ਸਥਿਰ ਅਤੇ ਸਦੀਵੀ ਹੈ ਵਾਹਿਗੁਰੂ ਦੀ ਬਾਦਸ਼ਾਹੀ।
ਦੋਮ ਨ ਸੇਮ, ਏਕ ਸੋ ਆਹੀ ॥
ਦੂਜਾ ਜਾ ਤੀਜਾ ਕੋਈ ਨਹੀਂ, ਕੇਵਲ ਉਹੀ ਉਥੇ ਹੈ।
ਆਬਾਦਾਨੁ, ਸਦਾ ਮਸਹੂਰ ॥
ਆਬਾਦ ਅਤੇ ਹਮੇਸ਼ਾਂ ਲਈ ਉਘਾ ਹੈ, ਉਹ ਸ਼ਹਿਰ।
ਊਹਾਂ ਗਨੀ ਬਸਹਿ, ਮਾਮੂਰ ॥੨॥
ਅਮੀਰ ਅਤੇ ਸੰਤੁਸ਼ਟ ਉਥੇ ਵਸਦੇ ਹਨ।
ਤਿਉ ਤਿਉ ਸੈਲ ਕਰਹਿ, ਜਿਉ ਭਾਵੈ ॥
ਜਿਸ ਤਰ੍ਹਾਂ ਉਨ੍ਹਾਂ ਨੂੰ ਚੰਗਾ ਲੱਗਦਾ ਹੈ, ਉਸ ਤਰ੍ਹਾਂ ਉਹ ਸੈਰ ਕਰਦੇ ਹਨ।
ਮਹਰਮ ਮਹਲ, ਨ ਕੋ ਅਟਕਾਵੈ ॥
ਉਹ ਮਾਲਕ ਦੇ ਮੰਦਰ ਦੇ ਜਾਣੂ ਹਨ, ਇਸ ਲਈ ਉਨ੍ਹਾਂ ਨੂੰ ਕੋਈ ਨਹੀਂ ਰੋਕਦਾ।
ਕਹਿ ਰਵਿਦਾਸ, ਖਲਾਸ ਚਮਾਰਾ ॥
ਮੁਕਤ ਹੋਇਆ ਹੋਇਆ ਜੁੱਤੀਆਂ ਬਣਾਉਣ ਵਾਲਾ ਰਵਿਦਾਸ ਆਖਦਾ ਹੈ,
ਜੋ ਹਮ ਸਹਰੀ, ਸੁ ਮੀਤੁ ਹਮਾਰਾ ॥੩॥੨॥
ਜੋ ਮੇਰੇ ਸ਼ਹਿਰ ਦਾ ਰਹਿਣ ਵਾਲਾ ਹੈ, ਉਹ ਮੇਰਾ ਮਿੱਤ੍ਰ ਹੈ।