ਸਿਰੀਰਾਗ ਕੀ ਵਾਰ (ਮਹਲਾ 4)-SriRaag ki vaar (Mahalla 4) Path in Punjabi Gurbani

ਸਿਰੀਰਾਗ ਕੀ ਵਾਰ (ਮਹਲਾ 4) – Sriraag ki vaar (Mahalla 4) Path in Punjabi Gurbani


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਿਰੀਰਾਗ ਕੀ ਵਾਰ ਮਹਲਾ ੪ ਸਲੋਕਾ ਨਾਲਿ ॥

ਰਾਗ ਸਿਰੀਰਾਗ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ‘ਵਾਰ’ ਜਿਸ ਵਿੱਚ ‘ਸਲੋਕ’ ਵੀ ਹਨ।

ਸਲੋਕ ਮਃ ੩ ॥
ਰਾਗਾ ਵਿਚਿ ਸ੍ਰੀਰਾਗੁ ਹੈ ਜੇ ਸਚਿ ਧਰੇ ਪਿਆਰੁ ॥

(ਸਭ) ਰਾਗਾਂ ਵਿਚੋਂ ਸ੍ਰੀ ਰਾਗ (ਤਦ ਹੀ ਸ੍ਰੇਸ਼ਟ) ਹੈ, ਜੇ (ਇਸ ਦੀ ਰਾਹੀਂ ਜੀਵ) ਸਦਾ-ਥਿਰ ਨਾਮ ਵਿਚ ਪਿਆਰ (ਲਿਵ) ਜੋੜੇ।

ਸਦਾ ਹਰਿ ਸਚੁ ਮਨਿ ਵਸੈ ਨਿਹਚਲ ਮਤਿ ਅਪਾਰੁ ॥

ਹਰੀ ਸਦਾ ਮਨ ਵਿਚ ਵੱਸੇ ਤੇ ਅਪਾਰ ਪ੍ਰਭੂ (ਨੂੰ ਯਾਦ ਕਰਨ ਵਾਲੀ) ਬੁੱਧੀ ਅਚੱਲ ਹੋ ਜਾਏ।

ਰਤਨੁ ਅਮੋਲਕੁ ਪਾਇਆ ਗੁਰ ਕਾ ਸਬਦੁ ਬੀਚਾਰੁ ॥

(ਇਸ ਦਾ ਸਿੱਟਾ ਇਹ ਹੁੰਦਾ ਹੈ ਕਿ) ਗੁਰਬਾਣੀ ਦੀ ਵਿਚਾਰ ਰੂਪੀ ਅਮੋਲਕ ਰਤਨ ਪ੍ਰਾਪਤ ਹੁੰਦਾ ਹੈ।

ਜਿਹਵਾ ਸਚੀ ਮਨੁ ਸਚਾ ਸਚਾ ਸਰੀਰ ਅਕਾਰੁ ॥

ਜੀਭ ਸੱਚੀ, ਮਨ ਸੱਚਾ ਤੇ ਮਨੁੱਖਾ ਜਨਮ ਹੀ ਸਫਲ ਹੋ ਜਾਂਦਾ ਹੈ।

ਨਾਨਕ ਸਚੈ ਸਤਿਗੁਰਿ ਸੇਵਿਐ ਸਦਾ ਸਚੁ ਵਾਪਾਰੁ ॥੧॥

ਪਰ, ਹੇ ਨਾਨਕ! ਇਹ ਸੱਚਾ ਵਪਾਰ ਤਾਂ ਹੀ ਕੀਤਾ ਜਾ ਸਕਦਾ ਹੈ ਜੇ ਸਦਾ-ਥਿਰ ਪ੍ਰਭੂ ਦੇ ਰੂਪ ਗੁਰੂ ਦੇ ਹੁਕਮ ਵਿਚ ਤੁਰੀਏ ॥੧॥


ਮਃ ੩ ॥
ਹੋਰੁ ਬਿਰਹਾ ਸਭ ਧਾਤੁ ਹੈ ਜਬ ਲਗੁ ਸਾਹਿਬ ਪ੍ਰੀਤਿ ਨ ਹੋਇ ॥

ਜਦ ਤਾਈਂ ਮਾਲਕ ਨਾਲ ਪ੍ਰੀਤਿ (ਉਤਪੰਨ) ਨਹੀਂ ਹੁੰਦੀ, ਹੋਰ ਪਿਆਰ ਸਭ ਮਾਇਆ (ਦਾ ਪਿਆਰ) ਹੈ।

ਇਹੁ ਮਨੁ ਮਾਇਆ ਮੋਹਿਆ ਵੇਖਣੁ ਸੁਨਣੁ ਨ ਹੋਇ ॥

ਤੇ ਮਾਇਆ ਵਿਚ ਮੋਹਿਆ ਇਹ ਮਨ (ਪ੍ਰਭੂ ਨੂੰ) ਵੇਖ ਤੇ ਸੁਣ ਨਹੀਂ ਸਕਦਾ।

ਸਹ ਦੇਖੇ ਬਿਨੁ ਪ੍ਰੀਤਿ ਨ ਊਪਜੈ ਅੰਧਾ ਕਿਆ ਕਰੇਇ ॥

ਅੰਨ੍ਹਾ (ਮਨ) ਕਰੇ ਭੀ ਕੀਹ? (ਪ੍ਰਭੂ) ਪਤੀ ਨੂੰ ਵੇਖਣ ਤੋਂ ਬਿਨਾ ਪ੍ਰੀਤਿ ਪੈਦਾ ਹੀ ਨਹੀਂ ਹੋ ਸਕਦੀ।

ਨਾਨਕ ਜਿਨਿ ਅਖੀ ਲੀਤੀਆ ਸੋਈ ਸਚਾ ਦੇਇ ॥੨॥

ਹੇ ਨਾਨਕ! (ਮਾਇਆ ਵਿਚ ਫਸਾ ਕੇ) ਜਿਸ ਪ੍ਰਭੂ ਨੇ ਅੰਨ੍ਹਾ ਕੀਤਾ ਹੈ, ਉਹੀ ਸਦਾ-ਥਿਰ ਪ੍ਰਭੂ ਮੁੜ ਅੱਖਾਂ ਦੇਂਦਾ ਹੈ ॥੨॥


ਪਉੜੀ ॥
ਹਰਿ ਇਕੋ ਕਰਤਾ ਇਕੁ ਇਕੋ ਦੀਬਾਣੁ ਹਰਿ ॥

ਹੇ ਭਾਈ! ਇਕੋ ਪ੍ਰਭੂ (ਸਭ ਦਾ) ਕਰਨਹਾਰ ਤੇ ਆਸਰਾ ਹੈ।

ਹਰਿ ਇਕਸੈ ਦਾ ਹੈ ਅਮਰੁ ਇਕੋ ਹਰਿ ਚਿਤਿ ਧਰਿ ॥

ਇਕੋ ਪ੍ਰਭੂ ਦਾ ਹੁਕਮ (ਵਰਤ ਰਿਹਾ ਹੈ), (ਇਸ ਕਰਕੇ) ਉਸ ਨੂੰ ਹਿਰਦੇ ਵਿਚ ਸੰਭਾਲ।

ਹਰਿ ਤਿਸੁ ਬਿਨੁ ਕੋਈ ਨਾਹਿ ਡਰੁ ਭ੍ਰਮੁ ਭਉ ਦੂਰਿ ਕਰਿ ॥

ਉਸ ਪਰਮਾਤਮਾ ਦਾ ਕੋਈ ਸ਼ਰੀਕ ਨਹੀਂ, (ਤਾਂ ਤੇ) ਹੋਰ ਦਾ ਡਰ ਤੇ ਭਰਮ ਦੂਰ ਕਰ ਦੇਹ।

ਹਰਿ ਤਿਸੈ ਨੋ ਸਾਲਾਹਿ ਜਿ ਤੁਧੁ ਰਖੈ ਬਾਹਰਿ ਘਰਿ ॥

(ਹੇ ਜੀਵ!) ਉਸੇ ਹਰੀ ਦੀ ਉਸਤਤਿ ਕਰ ਜੋ ਤੇਰੀ ਸਭ ਥਾਈਂ ਰਾਖੀ ਕਰਦਾ ਹੈ।

ਹਰਿ ਜਿਸ ਨੋ ਹੋਇ ਦਇਆਲੁ ਸੋ ਹਰਿ ਜਪਿ ਭਉ ਬਿਖਮੁ ਤਰਿ ॥੧॥

ਜਿਸ ਉਤੇ ਪਰਮਾਤਮਾ ਦਿਆਲ ਹੁੰਦਾ ਹੈ, ਉਹ ਜੀਵ ਉਸ ਨੂੰ ਸਿਮਰ ਕੇ ਔਖੇ (ਸੰਸਾਰ ਦੇ) ਡਰ ਤੋਂ ਪਾਰ ਹੁੰਦਾ ਹੈ ॥੧॥


ਸਲੋਕ ਮਃ ੧ ॥
ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥

(ਸਾਰੀਆਂ) ਦਾਤਾਂ ਮਾਲਕ ਦੀਆਂ ਹਨ, ਉਸ ਨਾਲ ਕੋਈ ਜ਼ੋਰ ਨਹੀਂ ਚੱਲ ਸਕਦਾ।

ਇਕ ਜਾਗੰਦੇ ਨਾ ਲਹੰਨਿ ਇਕਨਾ ਸੁਤਿਆ ਦੇਇ ਉਠਾਲਿ ॥੧॥

ਕਈ ਜਾਗਦੇ ਜੀਵਾਂ ਨੂੰ ਭੀ ਨਹੀਂ ਲੱਭੀਆਂ, ਤੇ ਇਕਨਾ ਸੁੱਤਿਆਂ ਨੂੰ ਉਠਾ ਕੇ (ਦਾਤਾਂ) ਦੇ ਦੇਂਦਾ ਹੈ ॥੧॥


ਮਃ ੧ ॥
ਸਿਦਕੁ ਸਬੂਰੀ ਸਾਦਿਕਾ ਸਬਰੁ ਤੋਸਾ ਮਲਾਇਕਾਂ ॥

ਸਿਦਕੀਆਂ ਕੋਲ ਭਰੋਸੇ ਤੇ ਸ਼ੁਕਰ ਦੀ, ਅਤੇ ਗੁਰਮੁਖਾਂ ਪਾਸ ਸਬਰ (ਸੰਤੋਖ) ਦੀ ਰਾਸਿ ਹੁੰਦੀ ਹੈ।

ਦੀਦਾਰੁ ਪੂਰੇ ਪਾਇਸਾ ਥਾਉ ਨਾਹੀ ਖਾਇਕਾ ॥੨॥

(ਇਸ ਕਰਕੇ) ਉਹ ਪੂਰੇ ਪ੍ਰਭੂ ਦਾ ਦਰਸ਼ਨ ਕਰ ਲੈਂਦੇ ਹਨ। (ਪਰ) ਨਿਰੀਆਂ ਗੱਲਾਂ ਕਰਨ ਵਾਲਿਆਂ ਨੂੰ ਥਾਉਂ ਭੀ ਨਹੀਂ ਮਿਲਦੀ ॥੨॥


ਪਉੜੀ ॥
ਸਭ ਆਪੇ ਤੁਧੁ ਉਪਾਇ ਕੈ ਆਪਿ ਕਾਰੈ ਲਾਈ ॥

(ਹੇ ਹਰੀ!) ਤੂੰ ਆਪਿ ਹੀ ਸਾਰੀ (ਸ੍ਰਿਸ਼ਟੀ) ਰਚ ਕੇ ਆਪਿ ਹੀ ਕੰਮਾਂ ਧੰਧਿਆਂ ਵਿਚ ਲਾ ਦਿੱਤੀ ਹੈ,

ਤੂੰ ਆਪੇ ਵੇਖਿ ਵਿਗਸਦਾ ਆਪਣੀ ਵਡਿਆਈ ॥

ਆਪਣੀ ਇਹ ਬਜ਼ੁਰਗੀ ਵੇਖ ਕੇ ਭੀ ਤੂੰ ਆਪਿ ਹੀ ਪ੍ਰਸੰਨ ਹੋ ਰਿਹਾ ਹੈਂ।

ਹਰਿ ਤੁਧਹੁ ਬਾਹਰਿ ਕਿਛੁ ਨਾਹੀ ਤੂੰ ਸਚਾ ਸਾਈ ॥

ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ ਤੈਥੋਂ ਪਰੇ ਕੁਝ ਨਹੀਂ।

ਤੂੰ ਆਪੇ ਆਪਿ ਵਰਤਦਾ ਸਭਨੀ ਹੀ ਥਾਈ ॥

ਸਭ ਥਾਈਂ ਤੂੰ ਆਪਿ ਹੀ ਵਿਆਪ ਰਿਹਾ ਹੈਂ।

ਹਰਿ ਤਿਸੈ ਧਿਆਵਹੁ ਸੰਤ ਜਨਹੁ ਜੋ ਲਏ ਛਡਾਈ ॥੨॥

ਹੇ ਗੁਰਮੁਖੋ! ਉਸ ਪ੍ਰਭੂ ਦਾ ਸਿਮਰਨ ਕਰੋ ਜੋ (ਵਿਕਾਰਾਂ ਤੋਂ) ਛਡਾ ਲੈਂਦਾ ਹੈ ॥੨॥


ਸਲੋਕ ਮਃ ੧ ॥
ਫਕੜ ਜਾਤੀ ਫਕੜੁ ਨਾਉ ॥

ਜਾਤਿ (ਦਾ ਅਹੰਕਾਰ) ਤੇ ਨਾਮ (ਵਡੱਪਣ ਦਾ ਅਹੰਕਾਰ) ਵਿਅਰਥ ਹਨ।

ਸਭਨਾ ਜੀਆ ਇਕਾ ਛਾਉ ॥

(ਅਸਲ ਵਿਚ) ਸਾਰੇ ਜੀਵਾਂ ਦੀ ਇਕੋ ਹੀ ਨੁਹਾਰ ਹੁੰਦੀ ਹੈ (ਭਾਵ, ਆਤਮਾ ਸਭ ਦਾ ਇਕ ਹੀ ਹੈ)।

ਆਪਹੁ ਜੇ ਕੋ ਭਲਾ ਕਹਾਏ ॥

(ਜਾਤੀ ਜਾਂ ਵਡਿਆਈ ਦੇ ਆਸਰੇ) ਜੇ ਕੋਈ ਜੀਵ ਆਪਣੇ ਆਪ ਨੂੰ ਚੰਗਾ ਅਖਵਾਏ (ਤਾਂ ਉਹ ਚੰਗਾ ਨਹੀਂ ਬਣ ਜਾਂਦਾ)।

ਨਾਨਕ ਤਾ ਪਰੁ ਜਾਪੈ ਜਾ ਪਤਿ ਲੇਖੈ ਪਾਏ ॥੧॥

ਹੇ ਨਾਨਕ! (ਜੀਵ) ਤਾਂ ਹੀ ਚੰਗਾ ਜਾਣਿਆ ਜਾਂਦਾ ਹੈ, ਜੇ ਲੇਖੇ ਵਿਚ (ਭਾਵ, ਸੱਚੀ ਦਰਗਾਹ ਵਿਚ ਲੇਖੇ ਵੇਲੇ) ਆਦਰ ਹਾਸਲ ਕਰੇ ॥੧॥


ਮਃ ੨ ॥
ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ ॥

ਜਿਸ ਪਿਆਰੇ ਨਾਲ ਪਿਆਰ (ਹੋਵੇ), (ਜਾਤੀ ਆਦਿਕ ਦਾ) ਅਹੰਕਾਰ ਛੱਡ ਕੇ ਉਸ ਦੇ ਸਨਮੁਖ ਰਹਿਣਾ ਚਾਹੀਦਾ ਹੈ।

ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ ॥੨॥

ਸੰਸਾਰ ਵਿਚ ਉਸ ਤੋਂ ਬੇਮੁਖ ਹੋ ਕੇ ਜੀਊਣਾ-ਇਸ ਜੀਵਨ ਨੂੰ ਧਿੱਕਾਰ ਹੈ ॥੨॥


ਪਉੜੀ ॥
ਤੁਧੁ ਆਪੇ ਧਰਤੀ ਸਾਜੀਐ ਚੰਦੁ ਸੂਰਜੁ ਦੁਇ ਦੀਵੇ ॥

(ਹੇ ਪਰਮਾਤਮਾ!) ਤੂੰ ਆਪ ਹੀ ਧਰਤੀ ਰਚੀ ਹੈ, ਤੇ (ਇਸ ਦੇ ਵਾਸਤੇ) ਚੰਦ ਤੇ ਸੂਰਜ (ਮਾਨੋ) ਦੋ ਦੀਵੇ (ਬਣਾਏ ਹਨ।)

ਦਸ ਚਾਰਿ ਹਟ ਤੁਧੁ ਸਾਜਿਆ ਵਾਪਾਰੁ ਕਰੀਵੇ ॥

(ਜੀਵਾਂ ਦੇ ਸੱਚਾ) ਵਾਪਾਰ ਕਰਨ ਲਈ ਚੌਦਾਂ (ਲੋਕ) (ਮਾਨੋ) ਹੱਟੀਆਂ ਬਣਾ ਦਿੱਤੀਆਂ ਹਨ।

ਇਕਨਾ ਨੋ ਹਰਿ ਲਾਭੁ ਦੇਇ ਜੋ ਗੁਰਮੁਖਿ ਥੀਵੇ ॥

ਜੋ ਜੀਵ ਗੁਰੂ ਦੇ ਸਨਮੁਖ ਹੋ ਗਏ ਹਨ, ਉਹਨਾਂ ਨੂੰ ਹਰੀ ਨਫ਼ਾ ਬਖ਼ਸ਼ਦਾ ਹੈ, (ਭਾਵ, ਉਹਨਾਂ ਦਾ ਜਨਮ ਸਫਲਾ ਕਰਦਾ ਹੈ)

ਤਿਨ ਜਮਕਾਲੁ ਨ ਵਿਆਪਈ ਜਿਨ ਸਚੁ ਅੰਮ੍ਰਿਤੁ ਪੀਵੇ ॥

ਜਿਨ੍ਹਾਂ ਨੇ ਆਤਮਕ ਜੀਵਨ ਦੇਣ ਵਾਲਾ ਸਦਾ-ਥਿਰ ਨਾਮ-ਜਲ ਪੀਤਾ ਹੈ, ਜਮਕਾਲ ਉਨ੍ਹਾਂ ਤੇ ਜਬ੍ਹਾ ਨਹੀਂ ਪਾ ਸਕਦਾ।

ਓਇ ਆਪਿ ਛੁਟੇ ਪਰਵਾਰ ਸਿਉ ਤਿਨ ਪਿਛੈ ਸਭੁ ਜਗਤੁ ਛੁਟੀਵੇ ॥੩॥

ਉਹ (ਜਮਕਾਲ ਤੋਂ) ??? ਬਚ ਜਾਂਦੇ ਹਨ, ਅਤੇ ਉਹਨਾਂ ਦੇ ਪੂਰਨਿਆਂ ਤੇ ਤੁਰ ਕੇ ਸਾਰਾ ਸੰਸਾਰ ਬਚ ਜਾਂਦਾ ਹੈ ॥੩॥


ਸਲੋਕ ਮਃ ੧ ॥
ਕੁਦਰਤਿ ਕਰਿ ਕੈ ਵਸਿਆ ਸੋਇ ॥

ਸ੍ਰਿਸ਼ਟੀ (ਪੈਦਾ ਕਰਨ ਵਾਲਾ ਪ੍ਰਭੂ) ਆਪ ਹੀ (ਇਸ ਵਿਚ) ਵੱਸ ਰਿਹਾ ਹੈ।

ਵਖਤੁ ਵੀਚਾਰੇ ਸੁ ਬੰਦਾ ਹੋਇ ॥

ਇੱਥੇ ਜੋ ਮਨੁੱਖ (ਮਨੁੱਖਾ ਜਨਮ) ਦੇ ਸਮੇ ਨੂੰ ਵਿਚਾਰਦਾ ਹੈ (ਭਾਵ, ਜੋ ਇਹ ਸੋਚਦਾ ਹੈ ਕਿ ਇਸ ਸ੍ਰਿਸ਼ਟੀ ਵਿਚ ਮਨੁੱਖਾ ਸਰੀਰ ਕਾਹਦੇ ਲਈ ਮਿਲਿਆ ਹੈ) ਉਹ (ਉਸ ਪ੍ਰਭੂ ਦਾ) ਸੇਵਕ ਬਣ ਜਾਂਦਾ ਹੈ।

ਕੁਦਰਤਿ ਹੈ ਕੀਮਤਿ ਨਹੀ ਪਾਇ ॥

ਪ੍ਰਭੂ (ਆਪਣੀ ਰਚੀ) ਕੁਦਰਤਿ ਵਿਚ ਵਿਆਪਕ ਹੈ, ਉਸ ਦਾ ਮੁੱਲ ਪੈ ਨਹੀਂ ਸਕਦਾ।

ਜਾ ਕੀਮਤਿ ਪਾਇ ਤ ਕਹੀ ਨ ਜਾਇ ॥

ਜੇ ਕੋਈ ਮੁੱਲ ਪਾਣ ਦਾ ਜਤਨ ਭੀ ਕਰੇ, ਤਾਂ ਉਸ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ।

ਸਰੈ ਸਰੀਅਤਿ ਕਰਹਿ ਬੀਚਾਰੁ ॥

ਜੋ ਮਨੁੱਖ ਨਿਰੀ ਸ਼ਰ੍ਹਾ ਆਦਿ (ਭਾਵ, ਬਾਹਰਲੀਆਂ ਧਾਰਮਿਕ ਰਸਮਾਂ) ਦੀ ਹੀ ਵਿਚਾਰ ਕਰਦੇ ਹਨ,

ਬਿਨੁ ਬੂਝੇ ਕੈਸੇ ਪਾਵਹਿ ਪਾਰੁ ॥

ਉਹ (ਜੀਵਨ ਦੇ ਸਹੀ ਮਨੋਰਥ ਨੂੰ) ਸਮਝਣ ਤੋਂ ਬਿਨਾ (ਜੀਵਨ ਦਾ) ਪਾਰਲਾ ਕੰਢਾ ਕਿਵੇਂ ਲੱਭ ਸਕਦੇ ਹਨ?

ਸਿਦਕੁ ਕਰਿ ਸਿਜਦਾ ਮਨੁ ਕਰਿ ਮਖਸੂਦੁ ॥

(ਹੇ ਭਾਈ!) ਰੱਬ ਤੇ ਭਰੋਸਾ ਰੱਖ-ਇਹ ਹੈ ਉਸ ਦੇ ਅੱਗੇ ਸਿਰ ਨਿਵਾਉਣਾ, ਆਪਣੇ ਮਨ ਨੂੰ ਰੱਬ ਵਿਚ ਜੋੜਨਾ-ਇਸ ਨੂੰ ਜ਼ਿੰਦਗੀ ਦਾ ਨਿਸ਼ਾਨਾ ਬਣਾ।

ਜਿਹ ਧਿਰਿ ਦੇਖਾ ਤਿਹ ਧਿਰਿ ਮਉਜੂਦੁ ॥੧॥

ਫਿਰ ਜਿਸ ਪਾਸੇ ਵੇਖੀਏ, ਉਸ ਪਾਸੇ ਰੱਬ ਹਾਜ਼ਰ ਦਿੱਸਦਾ ਹੈ ॥੧॥


ਮਃ ੩ ॥
ਗੁਰ ਸਭਾ ਏਵ ਨ ਪਾਈਐ ਨਾ ਨੇੜੈ ਨਾ ਦੂਰਿ ॥

(ਸਰੀਰ ਦੀ ਰਾਹੀਂ) ਗੁਰੂ ਦੇ ਨੇੜੇ ਜਾਂ ਗੁਰੂ ਤੋਂ ਦੂਰ ਬੈਠਿਆਂ ਗੁਰੂ ਦਾ ਸੰਗ ਪ੍ਰਾਪਤ ਨਹੀਂ ਹੁੰਦਾ।

ਨਾਨਕ ਸਤਿਗੁਰੁ ਤਾਂ ਮਿਲੈ ਜਾ ਮਨੁ ਰਹੈ ਹਦੂਰਿ ॥੨॥

ਹੇ ਨਾਨਕ! ਸਤਿਗੁਰੂ ਤਦੋਂ ਹੀ ਮਿਲਦਾ ਹੈ ਜਦੋਂ (ਸਿੱਖ ਦਾ) ਮਨ (ਗੁਰੂ ਦੀ) ਹਜ਼ੂਰੀ ਵਿਚ ਰਹਿੰਦਾ ਹੈ ॥੨॥


ਪਉੜੀ ॥
ਸਪਤ ਦੀਪ ਸਪਤ ਸਾਗਰਾ ਨਵ ਖੰਡ ਚਾਰਿ ਵੇਦ ਦਸ ਅਸਟ ਪੁਰਾਣਾ ॥

ਸੱਤ ਦੀਪ, ਸੱਤ ਸਮੁੰਦਰ, ਨੌ ਖੰਡ, ਚਾਰ ਵੇਦ, ਅਠਾਰਾਂ ਪੁਰਾਣ,

ਹਰਿ ਸਭਨਾ ਵਿਚਿ ਤੂੰ ਵਰਤਦਾ ਹਰਿ ਸਭਨਾ ਭਾਣਾ ॥

ਇਹਨਾਂ ਸਭਨਾਂ ਵਿਚ ਤੂੰ ਹੀ ਵੱਸ ਰਿਹਾ ਹੈਂ, ਤੇ ਸਭ ਨੂੰ ਪਿਆਰਾ ਲੱਗਦਾ ਹੈਂ।

ਸਭਿ ਤੁਝੈ ਧਿਆਵਹਿ ਜੀਅ ਜੰਤ ਹਰਿ ਸਾਰਗ ਪਾਣਾ ॥

ਹੇ ਧਨੁਖ-ਧਾਰੀ ਪ੍ਰਭੂ! ਸਾਰੇ ਜੀਆ ਜੰਤ ਤੇਰਾ ਹੀ ਸਿਮਰਨ ਕਰਦੇ ਹਨ।

ਜੋ ਗੁਰਮੁਖਿ ਹਰਿ ਆਰਾਧਦੇ ਤਿਨ ਹਉ ਕੁਰਬਾਣਾ ॥

ਮੈਂ ਸਦਕੇ ਹਾਂ ਉਹਨਾਂ ਤੋਂ, ਜੋ ਗੁਰੂ ਦੇ ਸਨਮੁਖ ਹੋ ਕੇ ਤੈਨੂੰ ਜਪਦੇ ਹਨ।

ਤੂੰ ਆਪੇ ਆਪਿ ਵਰਤਦਾ ਕਰਿ ਚੋਜ ਵਿਡਾਣਾ ॥੪॥

(ਭਾਵੇਂ) ਤੂੰ ਅਸਚਰਜ ਲੀਲ੍ਹਾ ਰਚ ਕੇ ਆਪਿ ਹੀ ਆਪ ਸਭਨਾਂ ਵਿਚ ਵਿਆਪਕ ਹੈਂ ॥੪॥


ਸਲੋਕ ਮਃ ੩ ॥
ਕਲਉ ਮਸਾਜਨੀ ਕਿਆ ਸਦਾਈਐ ਹਿਰਦੈ ਹੀ ਲਿਖਿ ਲੇਹੁ ॥

ਕਲਮ ਦਵਾਤ ਮੰਗਾਣ ਦਾ ਕੀਹ ਲਾਭ? (ਹੇ ਸੱਜਣਾ!) ਹਿਰਦੇ ਵਿਚ ਹੀ (ਹਰੀ ਦਾ ਨਾਮ) ਲਿਖ ਲੈ।

ਸਦਾ ਸਾਹਿਬ ਕੈ ਰੰਗਿ ਰਹੈ ਕਬਹੂੰ ਨ ਤੂਟਸਿ ਨੇਹੁ ॥

(ਇਸ ਤਰ੍ਹਾਂ ਜੇ) ਮਨੁੱਖ ਸਦਾ ਸਾਈਂ ਦੇ ਪਿਆਰ ਵਿਚ (ਭਿੱਜਾ) ਰਹੇ (ਤਾਂ) ਇਹ ਪਿਆਰ ਕਦੇ ਨਹੀਂ ਤੁੱਟੇਗਾ

ਕਲਉ ਮਸਾਜਨੀ ਜਾਇਸੀ ਲਿਖਿਆ ਭੀ ਨਾਲੇ ਜਾਇ ॥

(ਨਹੀਂ ਤਾਂ) ਕਲਮ ਦਵਾਤ ਤਾਂ ਨਾਸ਼ ਹੋ ਜਾਣ ਵਾਲੀ (ਸ਼ੈ) ਹੈ ਤੇ (ਇਸ ਦਾ) ਲਿਖਿਆ (ਕਾਗ਼ਜ਼) ਭੀ ਨਾਸ਼ ਹੋ ਜਾਣਾ ਹੈ।

ਨਾਨਕ ਸਹ ਪ੍ਰੀਤਿ ਨ ਜਾਇਸੀ ਜੋ ਧੁਰਿ ਛੋਡੀ ਸਚੈ ਪਾਇ ॥੧॥

ਪਰ, ਹੇ ਨਾਨਕ! ਜੋ ਪਿਆਰ ਸੱਚੇ ਪ੍ਰਭੂ ਨੇ ਆਪਣੇ ਦਰ ਤੋਂ (ਜੀਵ ਦੇ ਹਿਰਦੇ ਵਿਚ) ਬੀਜ ਦਿੱਤਾ ਹੈ ਉਸ ਦਾ ਨਾਸ ਨਹੀਂ ਹੋਵੇਗਾ ॥੧॥


ਮਃ ੩ ॥
ਨਦਰੀ ਆਵਦਾ ਨਾਲਿ ਨ ਚਲਈ ਵੇਖਹੁ ਕੋ ਵਿਉਪਾਇ ॥

ਬੇਸ਼ਕ ਨਿਰਣਾ ਕਰ ਕੇ ਵੇਖ ਲਉ, ਜੋ ਕੁਝ (ਇਹਨਾਂ ਅੱਖੀਆਂ ਨਾਲ) ਦਿੱਸਦਾ ਹੈ (ਜੀਵ ਦੇ) ਨਾਲ ਨਹੀਂ ਜਾ ਸਕਦਾ।

ਸਤਿਗੁਰਿ ਸਚੁ ਦ੍ਰਿੜਾਇਆ ਸਚਿ ਰਹਹੁ ਲਿਵ ਲਾਇ ॥

(ਇਸੇ ਕਰਕੇ) ਸਤਿਗੁਰੂ ਨੇ ਨਿਸ਼ਚਾ ਕਰਾਇਆ ਹੈ (ਕਿ) ਸੱਚਾ ਪ੍ਰਭੂ (ਨਾਲ ਨਿਭਣ-ਜੋਗ ਹੈ), (ਤਾਂ ਤੇ) ਪ੍ਰਭੂ ਵਿਚ ਬਿਰਤੀ ਜੋੜੀ ਰੱਖੋ।

ਨਾਨਕ ਸਬਦੀ ਸਚੁ ਹੈ ਕਰਮੀ ਪਲੈ ਪਾਇ ॥੨॥

ਹੇ ਨਾਨਕ! ਜੇ ਪ੍ਰਭੂ ਦੀ ਮਿਹਰ ਹੋਵੇ ਤਾਂ ਗੁਰੂ ਦੇ ਸ਼ਬਦ ਦੀ ਰਾਹੀਂ ਸੱਚਾ ਹਰੀ ਹਿਰਦੇ ਵਿਚ ਵੱਸਦਾ ਹੈ ॥੨॥


ਪਉੜੀ ॥
ਹਰਿ ਅੰਦਰਿ ਬਾਹਰਿ ਇਕੁ ਤੂੰ ਤੂੰ ਜਾਣਹਿ ਭੇਤੁ ॥

ਹੇ ਹਰੀ! ਤੂੰ ਸਭ ਥਾਈਂ (ਅੰਦਰਿ ਬਾਹਰਿ) (ਵਿਆਪਕ) ਹੈਂ, (ਇਸ ਕਰਕੇ ਜੀਵਾਂ ਦੇ) ਹਿਰਦਿਆਂ ਨੂੰ ਤੂੰ ਹੀ ਜਾਣਦਾ ਹੈਂ।

ਜੋ ਕੀਚੈ ਸੋ ਹਰਿ ਜਾਣਦਾ ਮੇਰੇ ਮਨ ਹਰਿ ਚੇਤੁ ॥

ਹੇ ਮੇਰੇ ਮਨ! ਜੋ ਕੁਝ ਕਰੀਦਾ ਹੈ (ਸਭ ਥਾਈਂ ਵਿਆਪਕ ਹੋਣ ਕਰਕੇ) ਉਹ ਹਰੀ ਜਾਣਦਾ ਹੈ, (ਤਾਂ ਤੇ) ਉਸ ਦਾ ਸਿਮਰਨ ਕਰ।

ਸੋ ਡਰੈ ਜਿ ਪਾਪ ਕਮਾਵਦਾ ਧਰਮੀ ਵਿਗਸੇਤੁ ॥

ਪਾਪ ਕਰਨ ਵਾਲੇ ਨੂੰ (ਰੱਬ ਤੋਂ) ਡਰ ਲੱਗਦਾ ਹੈ, ਤੇ ਧਰਮੀ (ਵੇਖ ਕੇ) ਖਿੜਦਾ ਹੈ।

ਤੂੰ ਸਚਾ ਆਪਿ ਨਿਆਉ ਸਚੁ ਤਾ ਡਰੀਐ ਕੇਤੁ ॥

ਹੇ ਹਰੀ! ਡਰੀਏ ਭੀ ਕਿਉਂ? (ਜਦੋਂ ਜਿਹਾ) ਤੂੰ ਆਪਿ ਸੱਚਾ ਹੈਂ (ਤਿਹਾ) ਤੇਰਾ ਨਿਆਉ ਭੀ ਸੱਚਾ ਹੈ।

ਜਿਨਾ ਨਾਨਕ ਸਚੁ ਪਛਾਣਿਆ ਸੇ ਸਚਿ ਰਲੇਤੁ ॥੫॥

(ਡਰਨਾ ਤਾਂ ਕਿਤੇ ਰਿਹਾ), ਹੇ ਨਾਨਕ! ਜਿਨ੍ਹਾਂ ਨੂੰ ਸੱਚੇ ਹਰੀ ਦੀ ਸਮਝ ਪਈ ਹੈ, ਉਹ ਉਸ ਦੇ ਵਿਚ ਹੀ ਰਲ ਜਾਂਦੇ ਹਨ (ਭਾਵ, ਉਸ ਦੇ ਨਾਲ ਇਕ-ਮਿਕ ਹੋ ਜਾਂਦੇ ਹਨ) ॥੫॥


ਸਲੋਕ ਮਃ ੩ ॥
ਕਲਮ ਜਲਉ ਸਣੁ ਮਸਵਾਣੀਐ ਕਾਗਦੁ ਭੀ ਜਲਿ ਜਾਉ ॥

ਸੜ ਜਾਏ ਉਹ ਕਲਮ; ਸਮੇਤ ਦਵਾਤ ਦੇ, ਤੇ ਉਹ ਕਾਗਤ ਭੀ ਸੜ ਜਾਏ,

ਲਿਖਣ ਵਾਲਾ ਜਲਿ ਬਲਉ ਜਿਨਿ ਲਿਖਿਆ ਦੂਜਾ ਭਾਉ ॥

ਲਿਖਣ ਵਾਲਾ ਭੀ ਸੜ ਮਰੇ, ਜਿਸ ਨੇ (ਨਿਰਾ) ਮਾਇਆ ਦੇ ਪਿਆਰ ਦਾ ਲੇਖਾ ਲਿਖਿਆ ਹੈ,

ਨਾਨਕ ਪੂਰਬਿ ਲਿਖਿਆ ਕਮਾਵਣਾ ਅਵਰੁ ਨ ਕਰਣਾ ਜਾਇ ॥੧॥

(ਕਿਉਂਕਿ) ਹੇ ਨਾਨਕ! (ਜੀਵ) ਉਹੀ ਕੁਝ ਕਮਾਂਦਾ ਹੈ, ਜੋ (ਸੰਸਕਾਰ ਆਪਣੇ ਚੰਗੇ ਮੰਦੇ ਕੀਤੇ ਕੰਮਾਂ ਅਨੁਸਾਰ) ਪਹਿਲਾਂ ਤੋਂ (ਆਪਣੇ ਹਿਰਦੇ ਉਤੇ) ਲਿਖੀ ਜਾਂਦਾ ਹੈ, (ਜੀਵ) ਇਸ ਦੇ ਉਲਟ ਕੁਝ ਨਹੀਂ ਕਰ ਸਕਦਾ ॥੧॥


ਮਃ ੩ ॥
ਹੋਰੁ ਕੂੜੁ ਪੜਣਾ ਕੂੜੁ ਬੋਲਣਾ ਮਾਇਆ ਨਾਲਿ ਪਿਆਰੁ ॥

ਹੋਰ (ਮਾਇਆ ਸੰਬੰਧੀ) ਪੜ੍ਹਨਾ ਵਿਅਰਥ ਉੱਦਮ ਹੈ, ਹੋਰ ਬੋਲਣਾ (ਭੀ) ਵਿਅਰਥ (ਕਿਉਂਕਿ ਇਹ ਉੱਦਮ) ਮਾਇਆ ਨਾਲਿ ਪਿਆਰ (ਵਧਾਉਂਦੇ ਹਨ।)

ਨਾਨਕ ਵਿਣੁ ਨਾਵੈ ਕੋ ਥਿਰੁ ਨਹੀ ਪੜਿ ਪੜਿ ਹੋਇ ਖੁਆਰੁ ॥੨॥

ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਭੀ ਸਦਾ ਨਹੀਂ ਰਹਿਣਾ (ਭਾਵ, ਸਦਾ ਨਾਲ ਨਹੀਂ ਨਿਭਣਾ), (ਇਸ ਵਾਸਤੇ) ਜੇ ਕੋਈ ਹੋਰ ਪੜ੍ਹਨੀਆਂ ਹੀ ਪੜ੍ਹਦਾ ਹੈ ਖ਼ੁਆਰ ਹੁੰਦਾ ਹੈ ॥੨॥


ਪਉੜੀ ॥
ਹਰਿ ਕੀ ਵਡਿਆਈ ਵਡੀ ਹੈ ਹਰਿ ਕੀਰਤਨੁ ਹਰਿ ਕਾ ॥

ਉਸਦੀ ਸਿਫ਼ਤ-ਸਾਲਾਹ ਤੇ ਉਸਦਾ ਕੀਰਤਨ ਕਰਨਾ-ਇਹੋ (ਜੀਵ ਲਈ) ਵੱਡੀ (ਕਰਣੀ) ਹੈ।

ਹਰਿ ਕੀ ਵਡਿਆਈ ਵਡੀ ਹੈ ਜਾ ਨਿਆਉ ਹੈ ਧਰਮ ਕਾ ॥

ਜਿਸ ਹਰੀ ਦਾ ਧਰਮ ਦਾ ਨਿਆਂ ਹੈ, ਉਸ ਦੀ ਵਡਿਆਈ ਕਰਨੀ ਵੱਡੀ ਕਰਣੀ ਹੈ।

ਹਰਿ ਕੀ ਵਡਿਆਈ ਵਡੀ ਹੈ ਜਾ ਫਲੁ ਹੈ ਜੀਅ ਕਾ ॥

ਹਰੀ ਦੀ ਵਡਿਆਈ ਕਰਨੀ ਸਭ ਤੋਂ ਚੰਗਾ ਕੰਮ ਹੈ (ਕਿਉਂਕਿ) ਜੀਵ ਦਾ (ਅਸਲੀ) ਫਲ (ਹੀ ਇਹੋ) ਹੈ (ਭਾਵ ਜਨਮ-ਮਨੋਰਥ ਹੀ ਇਹੀ ਹੈ)।

ਹਰਿ ਕੀ ਵਡਿਆਈ ਵਡੀ ਹੈ ਜਾ ਨ ਸੁਣਈ ਕਹਿਆ ਚੁਗਲ ਕਾ ॥

ਜੋ ਪ੍ਰਭੂ ਚੁਗਲ ਦੀ ਗੱਲ ਵਲ ਕੰਨ ਨਹੀਂ ਧਰਦਾ, ਉਸ ਦੀ ਸਿਫ਼ਤਿ ਕਰਨੀ ਵੱਡੀ ਕਰਣੀ ਹੈ।

ਹਰਿ ਕੀ ਵਡਿਆਈ ਵਡੀ ਹੈ ਅਪੁਛਿਆ ਦਾਨੁ ਦੇਵਕਾ ॥੬॥

ਜੋ ਪ੍ਰਭੂ ਕਿਸੋ ਨੂੰ ਪੁੱਛ ਕੇ ਦਾਨ ਨਹੀਂ ਦੇਂਦਾ ਉਸ ਦੀ ਵਡਿਆਈ ਉੱਤਮ ਕੰਮ ਹੈ ॥੬॥


ਸਲੋਕ ਮਃ ੩ ॥
ਹਉ ਹਉ ਕਰਤੀ ਸਭ ਮੁਈ ਸੰਪਉ ਕਿਸੈ ਨ ਨਾਲਿ ॥

ਧਨ ਕਿਸੇ ਦੇ ਨਾਲ ਨਹੀਂ (ਨਿਭਦਾ, ਪਰੰਤੂ ਧਨ ਦੀ ਟੇਕ ਰੱਖਣ ਵਾਲੇ ਸਾਰੇ ਜੀਵ ਅਹੰਕਾਰੀ ਹੋ ਹੋ ਕੇ ਖਪਦੇ ਹਨ, ਆਤਮਕ ਮੌਤੇ ਮਰੇ ਰਹਿੰਦੇ ਹਨ।

ਦੂਜੈ ਭਾਇ ਦੁਖੁ ਪਾਇਆ ਸਭ ਜੋਹੀ ਜਮਕਾਲਿ ॥

ਮਾਇਆ ਦੇ ਪਿਆਰ ਵਿਚ ਸਭ ਨੇ ਦੁੱਖ (ਹੀ) ਪਾਇਆ ਹੈ (ਕਿਉਂਕਿ) ਜਮਕਾਲ ਨੇ (ਇਹੋ ਜਿਹੇ) ਸਭਨਾਂ ਨੂੰ ਘੂਰਿਆ ਹੈ (ਭਾਵ, ਮਾਇਆ ਦੇ ਮੋਹ ਵਿਚ ਫਸੇ ਜੀਵ ਮੌਤ ਤੋਂ ਥਰ-ਥਰ ਕੰਬਦੇ ਹਨ, ਮਾਨੋ, ਉਹਨਾਂ ਨੂੰ ਜਮਕਾਲ ਘੂਰ ਰਿਹਾ ਹੈ)।

ਨਾਨਕ ਗੁਰਮੁਖਿ ਉਬਰੇ ਸਾਚਾ ਨਾਮੁ ਸਮਾਲਿ ॥੧॥

ਹੇ ਨਾਨਕ! ਗੁਰੂ ਦੇ ਮਨਮੁਖ ਰਹਿਣ ਵਾਲੇ ਮਨੁੱਖ ਸਦਾ-ਥਿਰ ਪ੍ਰਭੂ ਦਾ ਨਾਮ ਹਿਰਦੇ ਵਿਚ ਸਾਂਭ ਕੇ ਆਤਮਕ ਮੌਤ ਤੋਂ ਬਚੇ ਰਹਿੰਦੇ ਹਨ ॥੧॥


ਮਃ ੧ ॥
ਗਲਂੀ ਅਸੀ ਚੰਗੀਆ ਆਚਾਰੀ ਬੁਰੀਆਹ ॥

ਅਸੀਂ ਗੱਲਾਂ ਵਿਚ ਸੁਚੱਜੀਆਂ (ਹਾਂ, ਪਰ) ਆਚਰਨ ਦੀਆਂ ਮਾੜੀਆਂ ਹਾਂ।

ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ ॥

ਮਨੋਂ ਖੋਟੀਆਂ ਤੇ ਕਾਲੀਆਂ (ਹਾਂ, ਪਰ) ਬਾਹਰੋਂ ਸਾਫ਼ ਸੁਥਰੀਆਂ।

ਰੀਸਾ ਕਰਿਹ ਤਿਨਾੜੀਆ ਜੋ ਸੇਵਹਿ ਦਰੁ ਖੜੀਆਹ ॥

(ਫਿਰ ਭੀ) ਅਸੀਂ ਰੀਸਾਂ ਉਹਨਾਂ ਦੀਆਂ ਕਰਦੀਆਂ ਹਾਂ ਜੋ ਸਾਵਧਾਨ ਹੋ ਕੇ ਮਾਲਕ ਦੀ ਸੇਵਾ ਕਰਦੀਆਂ ਹਨ।

ਨਾਲਿ ਖਸਮੈ ਰਤੀਆ ਮਾਣਹਿ ਸੁਖਿ ਰਲੀਆਹ ॥

ਖਸਮ ਦੇ ਪਿਆਰ ਵਿਚ ਭਿੱਜੀਆਂ ਹੋਈਆਂ ਹਨ, ਤੇ ਆਨੰਦ ਵਿਚ ਰਲੀਆਂ ਮਾਣਦੀਆਂ ਹਨ।

ਹੋਦੈ ਤਾਣਿ ਨਿਤਾਣੀਆ ਰਹਹਿ ਨਿਮਾਨਣੀਆਹ ॥

ਜੋ ਤਾਣ ਹੁੰਦਿਆਂ ਭੀ ਨਿਰਮਾਣ ਰਹਿੰਦੀਆਂ ਹਨ।

ਨਾਨਕ ਜਨਮੁ ਸਕਾਰਥਾ ਜੇ ਤਿਨ ਕੈ ਸੰਗਿ ਮਿਲਾਹ ॥੨॥

ਹੇ ਨਾਨਕ! (ਸਾਡਾ) ਜਨਮ ਸਫਲ (ਤਾਂ ਹੀ ਹੋ ਸਕਦਾ ਹੈ) ਜੇ ਉਹਨਾਂ ਦੀ ਸੰਗਤਿ ਵਿਚ ਰਹੀਏ ॥੨॥


ਪਉੜੀ ॥
ਤੂੰ ਆਪੇ ਜਲੁ ਮੀਨਾ ਹੈ ਆਪੇ ਆਪੇ ਹੀ ਆਪਿ ਜਾਲੁ ॥

(ਹੇ ਪ੍ਰਭੂ!) ਤੂੰ ਆਪ ਹੀ (ਮੱਛੀ ਦਾ ਜੀਵਨ-ਰੂਪ) ਜਲ ਹੈਂ, ਆਪ ਹੀ (ਜਲ ਵਿਚ) ਮੱਛੀ ਹੈਂ, ਤੇ ਆਪ ਹੀ ਜਾਲ ਹੈਂ।

ਤੂੰ ਆਪੇ ਜਾਲੁ ਵਤਾਇਦਾ ਆਪੇ ਵਿਚਿ ਸੇਬਾਲੁ ॥

ਤੂੰ ਆਪ ਹੀ ਜਾਲ ਵਿਛਾਂਦਾ ਹੈਂ ਅਤੇ ਆਪ ਹੀ ਜਲ ਵਿਚ ਜਾਲਾ ਹੈਂ।

ਤੂੰ ਆਪੇ ਕਮਲੁ ਅਲਿਪਤੁ ਹੈ ਸੈ ਹਥਾ ਵਿਚਿ ਗੁਲਾਲੁ ॥

ਤੂੰ ਆਪ ਹੀ ਸੈਂਕੜੇ ਹੱਥ ਡੂੰਘੇ ਜਲ ਵਿਚ ਸੁੰਦਰ ਨਿਰਲੇਪ ਕੰਵਲ ਹੈਂ।

ਤੂੰ ਆਪੇ ਮੁਕਤਿ ਕਰਾਇਦਾ ਇਕ ਨਿਮਖ ਘੜੀ ਕਰਿ ਖਿਆਲੁ ॥

(ਹੇ ਹਰੀ!) ਜੋ (ਜੀਵ) ਇਕ ਪਲਕ ਮਾਤ੍ਰ (ਤੇਰਾ) ਧਿਆਨ ਧਰੇ, (ਉਸ ਨੂੰ) ਤੂੰ ਆਪ ਹੀ (ਇਸ ਜਾਲ ਵਿਚੋਂ) ਛੁਡਾਉਂਦਾ ਹੈਂ।

ਹਰਿ ਤੁਧਹੁ ਬਾਹਰਿ ਕਿਛੁ ਨਹੀ ਗੁਰਸਬਦੀ ਵੇਖਿ ਨਿਹਾਲੁ ॥੭॥

ਹੇ ਹਰੀ! ਤੈਥੋਂ ਪਰੇ ਹੋਰ ਕੁਝ ਨਹੀਂ ਹੈ, ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਤੈਨੂੰ ਹਰ ਥਾਂ) ਵੇਖ ਕੇ (ਕਉਲ ਫੁੱਲ ਵਾਂਗ) ਚੜ੍ਹਦੀ ਕਲਾ ਵਿਚ ਰਹਿ ਸਕੀਦਾ ਹੈ ॥੭॥


ਸਲੋਕ ਮਃ ੩ ॥
ਹੁਕਮੁ ਨ ਜਾਣੈ ਬਹੁਤਾ ਰੋਵੈ ॥

(ਜਿਸ ਮਨੁੱਖ ਨੂੰ ਪ੍ਰਭੂ ਦੇ) ਭਾਣੇ ਦੀ ਸਮਝ ਨਹੀਂ ਪੈਂਦੀ, ਉਸ ਨੂੰ ਬਹੁਤ ਕਲਪਣਾ ਲੱਗੀ ਰਹਿੰਦੀ ਹੈ;

ਅੰਦਰਿ ਧੋਖਾ ਨੀਦ ਨ ਸੋਵੈ ॥

ਉਸ ਦੇ ਮਨ ਵਿਚ ਚਿੰਤਾ ਹੁੰਦੀ ਹੈ, (ਇਸ ਕਰਕੇ ਸੁਖ ਦੀ) ਨੀਂਦ ਨਹੀਂ ਸੌਂ ਸਕਦਾ (ਭਾਵ, ਕਦੇ ਸ਼ਾਂਤੀ ਨਹੀਂ ਹੁੰਦੀ)।

ਜੇ ਧਨ ਖਸਮੈ ਚਲੈ ਰਜਾਈ ॥

ਜੇ (ਜੀਵ-) ਇਸਤ੍ਰੀ (ਪ੍ਰਭੂ) ਖਸਮ ਦੇ ਭਾਣੇ ਵਿਚ ਤੁਰੇ,

ਦਰਿ ਘਰਿ ਸੋਭਾ ਮਹਲਿ ਬੁਲਾਈ ॥

ਤਾਂ ਦਰਗਾਹ ਵਿਚ ਤੇ ਇਸ ਸੰਸਾਰ ਵਿਚ ਉਸ ਦੀ ਸੋਭਾ ਹੁੰਦੀ ਹੈ ਅਤੇ (ਪ੍ਰਭੂ ਦੀ) ਹਜ਼ੂਰੀ ਵਿਚ ਉਸ ਨੂੰ ਆਦਰ ਮਿਲਦਾ ਹੈ।

ਨਾਨਕ ਕਰਮੀ ਇਹ ਮਤਿ ਪਾਈ ॥

(ਪਰ, ਹੇ ਨਾਨਕ!) ਪ੍ਰਭੂ ਮਿਹਰ ਕਰੇ ਤਾਂ (ਭਾਣਾ ਮੰਨਣ ਵਾਲੀ ਇਹ) ਸਮਝ ਮਿਲਦੀ ਹੈ,

ਗੁਰਪਰਸਾਦੀ ਸਚਿ ਸਮਾਈ ॥੧॥

ਤੇ ਗੁਰੂ ਦੀ ਕਿਰਪਾ ਦੀ ਰਾਹੀਂ (ਭਾਣੇ ਦੇ ਮਾਲਕ) ਸਦਾ-ਥਿਰ ਸਾਂਈ ਵਿਚ ਜੀਵ ਲੀਨ ਹੋ ਜਾਂਦਾ ਹੈ ॥੧॥


ਮਃ ੩ ॥
ਮਨਮੁਖ ਨਾਮ ਵਿਹੂਣਿਆ ਰੰਗੁ ਕਸੁੰਭਾ ਦੇਖਿ ਨ ਭੁਲੁ ॥

ਹੇ ਨਾਮ ਤੋਂ ਸੱਖਣੇ ਮਨਮੁਖ! ਕਸੁੰਭੇ ਦਾ (ਮਾਇਆ ਦਾ) ਰੰਗ ਵੇਖ ਕੇ ਮੁਹਿਤ ਨਾਹ ਹੋ ਜਾ,

ਇਸ ਕਾ ਰੰਗੁ ਦਿਨ ਥੋੜਿਆ ਛੋਛਾ ਇਸ ਦਾ ਮੁਲੁ ॥

ਇਸ ਦਾ ਰੰਗ (ਆਨੰਦ) ਥੋੜੇ ਦਿਨ ਹੀ ਰਹਿੰਦਾ ਹੈ, ਤੇ ਇਸ ਦਾ ਮੁੱਲ ਭੀ ਤੁੱਛ ਜਿਹਾ ਹੁੰਦਾ ਹੈ।

ਦੂਜੈ ਲਗੇ ਪਚਿ ਮੁਏ ਮੂਰਖ ਅੰਧ ਗਵਾਰ ॥

ਮੂਰਖ (ਅਕਲੋਂ) ਅੰਨ੍ਹੇ ਤੇ ਮਤਿ-ਹੀਣ ਜੀਵ ਮਾਇਆ ਦੇ ਮੋਹ ਵਿਚ ਫਸ ਕੇ ਮੁੜ ਮੁੜ ਦੁਖੀ ਹੁੰਦੇ ਹਨ,

ਬਿਸਟਾ ਅੰਦਰਿ ਕੀਟ ਸੇ ਪਇ ਪਚਹਿ ਵਾਰੋ ਵਾਰ ॥

ਜਿਵੇਂ ਬਿਸ਼ਟੇ ਵਿਚ ਪਏ ਹੋਏ ਕੀੜੇ ਵਿਲੂੰ ਵਿਲੂੰ ਕਰਦੇ ਹਨ।

ਨਾਨਕ ਨਾਮ ਰਤੇ ਸੇ ਰੰਗੁਲੇ ਗੁਰ ਕੈ ਸਹਜਿ ਸੁਭਾਇ ॥

ਹੇ ਨਾਨਕ! ਜੋ ਜੀਵ ਗੁਰੂ ਦੇ ਗਿਆਨ ਤੇ ਸੁਭਾਉ ਵਿਚ (ਆਪਣੀ ਮਤਿ ਤੇ ਸੁਭਾਉ ਲੀਨ ਕਰ ਦੇਂਦੇ ਹਨ), ਉਹ ਨਾਮ ਵਿਚ ਭਿੱਜੇ ਹੋਏ ਤੇ ਸੁੰਦਰ ਹਨ।

ਭਗਤੀ ਰੰਗੁ ਨ ਉਤਰੈ ਸਹਜੇ ਰਹੈ ਸਮਾਇ ॥੨॥

ਸਹਜ ਅਵਸਥਾ ਵਿਚ ਲੀਨ ਰਹਿਣ ਕਰਕੇ ਉਹਨਾਂ ਦਾ ਭਗਤੀ ਦਾ ਰੰਗ ਕਦੇ ਨਹੀਂ ਉਤਰਦਾ ॥੨॥


ਪਉੜੀ ॥
ਸਿਸਟਿ ਉਪਾਈ ਸਭ ਤੁਧੁ ਆਪੇ ਰਿਜਕੁ ਸੰਬਾਹਿਆ ॥

(ਹੇ ਹਰੀ!) ਤੂੰ ਆਪੇ (ਸਾਰਾ) ਸੰਸਾਰ ਰਚਿਆ ਹੈ, ਅਤੇ (ਸਭ ਨੂੰ) ਰਿਜ਼ਕ ਅਪੜਾ ਰਿਹਾ ਹੈਂ।

ਇਕਿ ਵਲੁ ਛਲੁ ਕਰਿ ਕੈ ਖਾਵਦੇ ਮੁਹਹੁ ਕੂੜੁ ਕੁਸਤੁ ਤਿਨੀ ਢਾਹਿਆ ॥

(ਫਿਰ ਭੀ) ਕਈ ਜੀਵ (ਤੈਨੂੰ ਰਾਜ਼ਕ ਨਾਹ ਸਮਝਦੇ ਹੋਏ) ਵਲ-ਛਲ ਕਰ ਕੇ ਢਿੱਡ ਭਰਦੇ ਹਨ, ਤੇ ਮੂੰਹੋਂ ਕੂੜ ਕੁਸੱਤ ਬੋਲਦੇ ਹਨ।

ਤੁਧੁ ਆਪੇ ਭਾਵੈ ਸੋ ਕਰਹਿ ਤੁਧੁ ਓਤੈ ਕੰਮਿ ਓਇ ਲਾਇਆ ॥

(ਹੇ ਹਰੀ!) ਜੋ ਤੇਰੀ ਰਜ਼ਾ ਹੈ ਸੋਈ ਉਹ ਕਰਦੇ ਹਨ, ਤੂੰ ਉਹਨਾਂ ਨੂੰ ਉਹੋ ਜਿਹੇ ਕੰਮ (ਵਲ-ਛਲ) ਵਿਚ ਹੀ ਲਾ ਰੱਖਿਆ ਹੈ।

ਇਕਨਾ ਸਚੁ ਬੁਝਾਇਓਨੁ ਤਿਨਾ ਅਤੁਟ ਭੰਡਾਰ ਦੇਵਾਇਆ ॥

ਜਿਨ੍ਹਾਂ ਨੂੰ ਹਰੀ ਨੇ ਆਪਣੇ ਸੱਚੇ ਨਾਮ ਦੀ ਸੂਝ ਬਖ਼ਸ਼ੀ ਹੈ, ਉਹਨਾਂ ਨੂੰ ਇਤਨੇ ਖ਼ਜ਼ਾਨੇ (ਸੰਤੋਖ ਦੇ) ਉਸ ਨੇ ਦਿੱਤੇ ਹਨ ਕਿ ਤੋਟ ਹੀ ਨਹੀਂ ਆਉਂਦੀ।

ਹਰਿ ਚੇਤਿ ਖਾਹਿ ਤਿਨਾ ਸਫਲੁ ਹੈ ਅਚੇਤਾ ਹਥ ਤਡਾਇਆ ॥੮॥

(ਅਸਲੀ ਗੱਲ ਇਹ ਹੈ ਕਿ) ਜੋ ਜੀਵ ਪ੍ਰਭੂ ਨੂੰ ਯਾਦ ਕਰ ਕੇ ਮਾਇਆ ਵਰਤਦੇ ਹਨ, ਉਹਨਾਂ ਨੂੰ ਫਲਦੀ ਹੈ (ਭਾਵ, ਉਹ ਤ੍ਰਿਸ਼ਨਾਤੁਰ ਨਹੀਂ ਹੁੰਦੇ) ਤੇ ਰੱਬ ਦੀ ਯਾਦ ਤੋਂ ਸੱਖਣਿਆਂ ਦੇ ਹੱਥ (ਸਦਾ) ਅੱਡੇ ਰਹਿੰਦੇ ਹਨ (ਭਾਵ, ਉਹਨਾਂ ਦੀ ਤ੍ਰਿਸ਼ਨਾ ਨਹੀਂ ਮਿਟਦੀ) ॥੮॥


ਸਲੋਕ ਮਃ ੩ ॥
ਪੜਿ ਪੜਿ ਪੰਡਿਤ ਬੇਦ ਵਖਾਣਹਿ ਮਾਇਆ ਮੋਹ ਸੁਆਇ ॥

(ਜੀਭ ਨਾਲ) ਪੜ੍ਹ ਪੜ੍ਹ ਕੇ (ਪਰ) ਮਾਇਆ ਦੇ ਮੋਹ ਦੇ ਸੁਆਦ ਵਿਚ ਪੰਡਤ ਲੋਕ ਵੇਦਾਂ ਦੀ ਵਿਆਖਿਆ ਕਰਦੇ ਹਨ।

ਦੂਜੈ ਭਾਇ ਹਰਿ ਨਾਮੁ ਵਿਸਾਰਿਆ ਮਨ ਮੂਰਖ ਮਿਲੈ ਸਜਾਇ ॥

(ਵੇਦ-ਪਾਠੀ ਹੁੰਦਿਆਂ ਭੀ) ਜੋ ਮਨੁੱਖ ਮਾਇਆ ਦੇ ਪਿਆਰ ਵਿਚ ਹਰੀ ਦਾ ਨਾਮ ਵਿਸਾਰਦਾ ਹੈ, ਉਸ ਮਨ ਦੇ ਮੂਰਖ ਨੂੰ ਦੰਡ ਮਿਲਦਾ ਹੈ,

ਜਿਨਿ ਜੀਉ ਪਿੰਡੁ ਦਿਤਾ ਤਿਸੁ ਕਬਹੂੰ ਨ ਚੇਤੈ ਜੋ ਦੇਂਦਾ ਰਿਜਕੁ ਸੰਬਾਹਿ ॥

(ਕਿਉਂਕਿ) ਜਿਸ ਹਰੀ ਨੇ ਜਿੰਦ ਤੇ ਸਰੀਰ (ਭਾਵ, ਮਨੁੱਖਾ ਜਨਮ) ਬਖ਼ਸ਼ਿਆ ਹੈ ਤੇ ਜੋ ਰਿਜ਼ਕ ਪੁਚਾਉਂਦਾ ਹੈ ਉਸ ਨੂੰ ਉਹ ਕਦੇ ਯਾਦ ਭੀ ਨਹੀਂ ਕਰਦਾ।

ਜਮ ਕਾ ਫਾਹਾ ਗਲਹੁ ਨ ਕਟੀਐ ਫਿਰਿ ਫਿਰਿ ਆਵੈ ਜਾਇ ॥

ਜਮ ਦੀ ਫਾਹੀ ਉਸ ਦੇ ਗਲੋਂ ਕਦੇ ਕੱਟੀ ਨਹੀਂ ਜਾਂਦੀ ਤੇ ਮੁੜ ਮੁੜ ਉਹ ਜੰਮਦਾ ਮਰਦਾ ਹੈ।

ਮਨਮੁਖਿ ਕਿਛੂ ਨ ਸੂਝੈ ਅੰਧੁਲੇ ਪੂਰਬਿ ਲਿਖਿਆ ਕਮਾਇ ॥

ਅੰਨ੍ਹੇ ਮਨਮੁਖ ਨੂੰ ਕੁਝ ਸਮਝ ਨਹੀਂ ਆਉਂਦੀ, ਤੇ (ਪਹਿਲੇ ਕੀਤੇ ਕੰਮਾਂ ਦੇ ਅਨੁਸਾਰ ਜੋ ਸੰਸਕਾਰ ਆਪਣੇ ਹਿਰਦੇ ਤੇ) ਲਿਖਦਾ ਰਿਹਾ ਹੈ, (ਉਹਨਾਂ ਦੇ ਅਨੁਸਾਰ ਹੀ ਹੁਣ ਭੀ) ਵੈਸੇ ਕੰਮ ਕਰੀ ਜਾਂਦਾ ਹੈ।

ਪੂਰੈ ਭਾਗਿ ਸਤਿਗੁਰੁ ਮਿਲੈ ਸੁਖਦਾਤਾ ਨਾਮੁ ਵਸੈ ਮਨਿ ਆਇ ॥

(ਜਿਸ ਮਨੁੱਖ ਨੂੰ) ਪੂਰੇ ਭਾਗਾਂ ਨਾਲ ਸੁਖ-ਦਾਤਾ ਸਤਿਗੁਰੂ ਮਿਲ ਪੈਂਦਾ ਹੈ, ਨਾਮ ਉਸ ਦੇ ਮਨ ਵਿਚ ਆ ਵੱਸਦਾ ਹੈ।

ਸੁਖੁ ਮਾਣਹਿ ਸੁਖੁ ਪੈਨਣਾ ਸੁਖੇ ਸੁਖਿ ਵਿਹਾਇ ॥

(ਗੁਰੂ ਦੀ ਸਰਨ ਪੈਣ ਵਾਲੇ ਮਨੁੱਖ) ਆਤਮਕ ਆਨੰਦ ਮਾਣਦੇ ਹਨ (ਦੁਨੀਆ ਦਾ ਖਾਣ) ਹੰਢਾਣ (ਉਹਨਾਂ ਵਾਸਤੇ) ਆਤਮਕ ਆਨੰਦ ਹੀ ਹੈ, ਤੇ (ਉਹਨਾਂ ਦੀ ਉਮਰ) ਨਿਰੋਲ ਸੁਖ ਵਿਚ ਹੀ ਬੀਤਦੀ ਹੈ।

ਨਾਨਕ ਸੋ ਨਾਉ ਮਨਹੁ ਨ ਵਿਸਾਰੀਐ ਜਿਤੁ ਦਰਿ ਸਚੈ ਸੋਭਾ ਪਾਇ ॥੧॥

ਹੇ ਨਾਨਕ! ਇਹੋ ਜਿਹਾ (ਸੁਖਦਾਈ) ਨਾਮ ਮਨੋਂ ਵਿਸਾਰਨਾ ਚੰਗਾ ਨਹੀਂ, ਜਿਸ ਦੀ ਰਾਹੀਂ ਸੱਚੀ ਦਰਗਾਹ ਵਿਚ ਸੋਭਾ ਮਿਲਦੀ ਹੈ ॥੧॥


ਮਃ ੩ ॥
ਸਤਿਗੁਰੁ ਸੇਵਿ ਸੁਖੁ ਪਾਇਆ ਸਚੁ ਨਾਮੁ ਗੁਣਤਾਸੁ ॥

(ਜਿਸ ਨੇ) ਸਤਿਗੁਰੂ ਦੀ ਦੱਸੀ ਸੇਵਾ ਕੀਤੀ ਹੈ (ਉਸ ਨੂੰ) ਗੁਣਾਂ ਦਾ ਖ਼ਜ਼ਾਨਾ ਸੱਚਾ ਨਾਮ (ਰੂਪੀ) ਸੁਖ ਪ੍ਰਾਪਤ ਹੁੰਦਾ ਹੈ।

ਗੁਰਮਤੀ ਆਪੁ ਪਛਾਣਿਆ ਰਾਮ ਨਾਮ ਪਰਗਾਸੁ ॥

ਗੁਰੂ ਦੀ ਮਤਿ ਲੈ ਕੇ (ਉਹ) ਆਪੇ ਦੀ ਪਛਾਣ ਕਰਦਾ ਹੈ, ਤੇ ਹਰੀ ਦੇ ਨਾਮ ਦਾ (ਉਸ ਦੇ ਅੰਦਰ) ਚਾਨਣ ਹੁੰਦਾ ਹੈ।

ਸਚੋ ਸਚੁ ਕਮਾਵਣਾ ਵਡਿਆਈ ਵਡੇ ਪਾਸਿ ॥

ਉਹ ਨਿਰੋਲ ਸਦਾ-ਥਿਰ ਨਾਮ ਸਿਮਰਨ ਦੀ ਕਮਾਈ ਕਰਦਾ ਹੈ, (ਇਸ ਕਰਕੇ) ਪ੍ਰਭੂ ਦੀ ਦਰਗਾਹ ਵਿਚ (ਉਸ ਨੂੰ) ਆਦਰ ਮਿਲਦਾ ਹੈ।

ਜੀਉ ਪਿੰਡੁ ਸਭੁ ਤਿਸ ਕਾ ਸਿਫਤਿ ਕਰੇ ਅਰਦਾਸਿ ॥

ਜਿੰਦ ਤੇ ਸਰੀਰ ਸਭ ਕੁਝ ਪ੍ਰਭੂ ਦਾ (ਜਾਣ ਕੇ ਉਹ ਪ੍ਰਭੂ ਅੱਗੇ) ਬੇਨਤੀ ਤੇ ਸਿਫ਼ਤ-ਸਾਲਾਹ ਕਰਦਾ ਹੈ।

ਸਚੈ ਸਬਦਿ ਸਾਲਾਹਣਾ ਸੁਖੇ ਸੁਖਿ ਨਿਵਾਸੁ ॥

ਸ਼ਬਦ ਦੀ ਰਾਹੀਂ ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤਿ ਕਰਦਾ ਹੈ, ਤੇ ਹਰ ਵੇਲੇ ਆਤਮਕ ਆਨੰਦ ਵਿਚ ਲੀਨ ਰਹਿੰਦਾ ਹੈ।

ਜਪੁ ਤਪੁ ਸੰਜਮੁ ਮਨੈ ਮਾਹਿ ਬਿਨੁ ਨਾਵੈ ਧ੍ਰਿਗੁ ਜੀਵਾਸੁ ॥

ਪ੍ਰਭੂ ਦੀ ਸਿਫ਼ਤ-ਸਾਲਾਹ ਮਨ ਵਿਚ ਵਸਾਣੀ-ਇਹੀ ਉਸ ਲਈ ਜਪ ਤਪ ਤੇ ਸੰਜਮ ਹੈ ਤੇ ਨਾਮ ਤੋਂ ਸੱਖਣਾ ਜੀਵਨ (ਉਸ ਨੂੰ) ਫਿਟਕਾਰ-ਜੋਗ (ਪ੍ਰਤੀਤ ਹੁੰਦਾ ਹੈ)।

ਗੁਰਮਤੀ ਨਾਉ ਪਾਈਐ ਮਨਮੁਖ ਮੋਹਿ ਵਿਣਾਸੁ ॥

(ਇਹੀ) ਨਾਮ ਗੁਰੂ ਦੀ ਮਤਿ ਤੇ ਚੱਲਿਆਂ ਮਿਲਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮੋਹ ਵਿਚ (ਫਸ ਕੇ) ਨਸ਼ਟ ਹੁੰਦਾ ਹੈ (ਭਾਵ, ਮਨੁੱਖਾ ਜਨਮ ਵਿਅਰਥ ਗਵਾ ਲੈਂਦਾ ਹੈ)।

ਜਿਉ ਭਾਵੈ ਤਿਉ ਰਾਖੁ ਤੂੰ ਨਾਨਕੁ ਤੇਰਾ ਦਾਸੁ ॥੨॥

(ਹੇ ਪ੍ਰਭੂ!) ਜਿਵੇਂ ਤੈਨੂੰ ਚੰਗਾ ਲੱਗੇ, ਤਿਵੇਂ ਸਹੈਤਾ ਕਰ (ਤੇ ਨਾਮ ਦੀ ਦਾਤ ਦੇਹ) ਨਾਨਕ ਤੇਰਾ ਸੇਵਕ ਹੈ ॥੨॥


ਪਉੜੀ ॥
ਸਭੁ ਕੋ ਤੇਰਾ ਤੂੰ ਸਭਸੁ ਦਾ ਤੂੰ ਸਭਨਾ ਰਾਸਿ ॥

(ਹੇ ਹਰੀ!) ਹਰੇਕ ਜੀਵ ਤੇਰਾ (ਬਣਾਇਆ ਹੋਇਆ ਹੈ) ਤੂੰ ਸਭ ਦਾ (ਮਾਲਕ ਹੈਂ ਅਤੇ) ਸਭਨਾਂ ਦਾ ਖ਼ਜ਼ਾਨਾ ਹੈਂ (ਭਾਵ, ਰਾਜ਼ਕ ਹੈਂ।)

ਸਭਿ ਤੁਧੈ ਪਾਸਹੁ ਮੰਗਦੇ ਨਿਤ ਕਰਿ ਅਰਦਾਸਿ

ਇਸੇ ਕਰ ਕੇ ਸਦਾ ਜੋਦੜੀਆਂ ਕਰਕੇ ਸਾਰੇ ਜੀਵ ਤੇਰੇ ਪਾਸੋਂ ਹੀ ਦਾਨ ਮੰਗਦੇ ਹਨ।

ਜਿਸੁ ਤੂੰ ਦੇਹਿ ਤਿਸੁ ਸਭੁ ਕਿਛੁ ਮਿਲੈ ਇਕਨਾ ਦੂਰਿ ਹੈ ਪਾਸਿ ॥

ਜਿਸ ਨੂੰ ਤੂੰ ਦਾਤ ਦੇਂਦਾ ਹੈਂ, ਉਸ ਨੂੰ ਸਭ ਕੁਝ ਮਿਲ ਜਾਂਦਾ ਹੈ (ਭਾਵ, ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ)। (ਪਰ ਜੋ ਹੋਰ ਦਰ ਢੂੰਡਦੇ ਹਨ, ਉਹਨਾਂ ਦੇ) ਤੂੰ ਨਿਕਟ-ਵਰਤੀ ਹੁੰਦਾ ਹੋਇਆ ਭੀ (ਉਹਨਾਂ ਨੂੰ) ਦੂਰਿ ਪ੍ਰਤੀਤ ਹੋ ਰਿਹਾ ਹੈਂ।

ਤੁਧੁ ਬਾਝਹੁ ਥਾਉ ਕੋ ਨਾਹੀ ਜਿਸੁ ਪਾਸਹੁ ਮੰਗੀਐ ਮਨਿ ਵੇਖਹੁ ਕੋ ਨਿਰਜਾਸਿ ॥

ਕੋਈ ਧਿਰ ਭੀ ਮਨ ਵਿਚ ਨਿਰਨਾ ਕਰ ਕੇ ਵੇਖ ਲਏ (ਹੇ ਹਰੀ!) ਤੇਥੋਂ ਬਿਨਾ ਹੋਰ ਕੋਈ ਟਿਕਾਣਾ ਨਹੀਂ, ਜਿਥੋਂ ਕੁਝ ਮੰਗ ਸਕੀਏ।

ਸਭਿ ਤੁਧੈ ਨੋ ਸਾਲਾਹਦੇ ਦਰਿ ਗੁਰਮੁਖਾ ਨੋ ਪਰਗਾਸਿ ॥੯॥

(ਉਂਞ ਤਾਂ) ਸਾਰੇ ਜੀਵ ਤੇਰੀ ਹੀ ਵਡਿਆਈ ਕਰ ਰਹੇ ਹਨ, (ਪਰ) (ਜੋ ਜੀਵ) ਗੁਰੂ ਦੇ ਸਨਮੁਖ ਰਹਿੰਦੇ ਹਨ (ਉਹਨਾਂ ਨੂੰ) (ਤੂੰ ਆਪਣੀ ਦਰਗਾਹ ਵਿਚ ਪਰਗਟ ਕਰਦਾ ਹੈਂ (ਭਾਵ, ਆਦਰ ਬਖ਼ਸ਼ਦਾ ਹੈਂ) ॥੯॥


ਸਲੋਕ ਮਃ ੩ ॥
ਪੰਡਿਤੁ ਪੜਿ ਪੜਿ ਉਚਾ ਕੂਕਦਾ ਮਾਇਆ ਮੋਹਿ ਪਿਆਰੁ ॥

ਪੜ੍ਹ ਪੜ੍ਹ ਕੇ ਪੰਡਿਤ (ਜੀਭ ਨਾਲ ਵੇਦ ਆਦਿਕ ਦਾ) ਉੱਚੀ ਸੁਰ ਨਾਲ ਉਚਾਰਣ ਕਰਦਾ ਹੈ, (ਪਰ) ਮਾਇਆ ਦਾ ਮੋਹ ਪਿਆਰ (ਉਸ ਨੂੰ ਵਿਆਪ ਰਿਹਾ ਹੈ)।

ਅੰਤਰਿ ਬ੍ਰਹਮੁ ਨ ਚੀਨਈ ਮਨਿ ਮੂਰਖੁ ਗਾਵਾਰੁ ॥

(ਉਹ) ਹਿਰਦੇ ਵਿਚ ਰੱਬ ਦੀ ਭਾਲ ਨਹੀਂ ਕਰਦਾ, (ਇਸ ਕਰਕੇ) ਮਨੋਂ ਮੂਰਖ ਤੇ ਅਨਪੜ੍ਹ (ਹੀ ਹੈ।)

ਦੂਜੈ ਭਾਇ ਜਗਤੁ ਪਰਬੋਧਦਾ ਨਾ ਬੂਝੈ ਬੀਚਾਰੁ ॥

ਮਾਇਆ ਦੇ ਪਿਆਰ ਵਿਚ (ਉਸ ਨੂੰ ਆਪ ਨੂੰ ਤਾਂ) ਸਮਝ ਨਹੀਂ ਆਉਂਦੀ, (ਤੇ) ਸੰਸਾਰ ਨੂੰ ਮੱਤਾਂ ਦੇਂਦਾ ਹੈ।

ਬਿਰਥਾ ਜਨਮੁ ਗਵਾਇਆ ਮਰਿ ਜੰਮੈ ਵਾਰੋ ਵਾਰ ॥੧॥

(ਇਹੋ ਜਿਹਾ ਪੰਡਿਤ) ਮਨੁੱਖਾ ਜਨਮ ਵਿਅਰਥ ਗਵਾਉਂਦਾ ਹੈ, ਤੇ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ ॥੧॥


ਮਃ ੩ ॥
ਜਿਨੀ ਸਤਿਗੁਰੁ ਸੇਵਿਆ ਤਿਨੀ ਨਾਉ ਪਾਇਆ ਬੂਝਹੁ ਕਰਿ ਬੀਚਾਰੁ ॥

ਵਿਚਾਰ ਕਰ ਕੇ ਸਮਝ ਲਵੋ (ਭਾਵ, ਵੇਖ ਲਵੋ), ਜਿਨ੍ਹਾਂ ਨੇ ਸਤਿਗੁਰੂ ਦੀ ਦੱਸੀ ਹੋਈ ਕਾਰ ਕੀਤੀ ਹੈ ਉਨ੍ਹਾਂ ਨੂੰ ਹੀ ਨਾਮ ਦੀ ਪ੍ਰਾਪਤੀ ਹੋਈ ਹੈ।

ਸਦਾ ਸਾਂਤਿ ਸੁਖੁ ਮਨਿ ਵਸੈ ਚੂਕੈ ਕੂਕ ਪੁਕਾਰ ॥

ਉਹਨਾਂ ਦੇ ਹੀ ਹਿਰਦੇ ਵਿਚ ਸਦਾ ਸ਼ਾਂਤੀ ਤੇ ਸੁਖ ਵੱਸਦਾ ਹੈ ਤੇ ਕਲਪਣਾ ਮੁੱਕ ਜਾਂਦੀ ਹੈ।

ਆਪੈ ਨੋ ਆਪੁ ਖਾਇ ਮਨੁ ਨਿਰਮਲੁ ਹੋਵੈ ਗੁਰਸਬਦੀ ਵੀਚਾਰੁ ॥

‘ਆਪਣੇ ਆਪ ਨੂੰ ਖਾ ਜਾਏ (ਭਾਵ, ਆਪਾ-ਭਾਵ ਨਿਵਾਰੇ) ਤਾਂ ਮਨ ਸਾਫ਼ ਹੁੰਦਾ ਹੈ’-ਇਹ ਵਿਚਾਰ (ਭੀ) ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹੀ (ਉਪਜਦੀ ਹੈ)।

ਨਾਨਕ ਸਬਦਿ ਰਤੇ ਸੇ ਮੁਕਤੁ ਹੈ ਹਰਿ ਜੀਉ ਹੇਤਿ ਪਿਆਰੁ ॥੨॥

ਹੇ ਨਾਨਕ! ਜੋ ਮਨੁੱਖ ਸਤਿਗੁਰੂ ਦੇ ਸ਼ਬਦ ਵਿਚ ਰੱਤੇ ਹੋਏ ਹਨ, ਉਹ ਮੁਕਤ ਹਨ, (ਕਿਉਂਕਿ) ਪ੍ਰਭੂ ਜੀ ਦੇ ਪਿਆਰ ਵਿਚ ਉਹਨਾਂ ਦੀ ਬਿਰਤੀ ਜੁੜੀ ਰਹਿੰਦੀ ਹੈ ॥੨॥


ਪਉੜੀ ॥
ਹਰਿ ਕੀ ਸੇਵਾ ਸਫਲ ਹੈ ਗੁਰਮੁਖਿ ਪਾਵੈ ਥਾਇ ॥

ਪ੍ਰਭੂ ਦੀ ਬੰਦਗੀ (ਉਂਞ ਤਾਂ ਹਰ ਇਕ ਲਈ ਹੀ) ਸਫਲ ਹੈ (ਭਾਵ, ਮਨੁੱਖਾ ਜਨਮ ਨੂੰ ਸਫਲਾ ਕਰਨ ਵਾਲੀ ਹੈ, ਪਰ) ਕਬੂਲ ਉਸ ਦੀ ਹੁੰਦੀ ਹੈ (ਭਾਵ, ਪੂਰਨ ਸਫਲਤਾ ਉਸ ਨੂੰ ਹੁੰਦੀ ਹੈ) ਜੋ ਸਤਿਗੁਰੂ ਦੇ ਸਨਮੁਖ ਰਹਿੰਦਾ ਹੈ।

ਜਿਸੁ ਹਰਿ ਭਾਵੈ ਤਿਸੁ ਗੁਰੁ ਮਿਲੈ ਸੋ ਹਰਿ ਨਾਮੁ ਧਿਆਇ ॥

ਉਸੇ ਮਨੁੱਖ ਨੂੰ (ਹੀ) ਸਤਿਗੁਰੂ ਮਿਲਦਾ ਹੈ, ਜਿਸ ਉਤੇ ਪ੍ਰਭੂ ਤਰੁੱਠਦਾ ਹੈ ਅਤੇ ਉਹੋ ਹੀ ਹਰਿ-ਨਾਮ ਦਾ ਸਿਮਰਨ ਕਰਦਾ ਹੈ।

ਗੁਰਸਬਦੀ ਹਰਿ ਪਾਈਐ ਹਰਿ ਪਾਰਿ ਲਘਾਇ ॥

(ਜੀਵਾਂ ਨੂੰ ਸੰਸਾਰ-ਸਾਗਰ ਤੋਂ ਜੋ ਪ੍ਰਭੂ) ਪਾਰ ਲੰਘਾਂਦਾ ਹੈ, ਉਹ ਮਿਲਦਾ ਹੀ ਸਤਿਗੁਰੂ ਦੇ ਸ਼ਬਦ ਦੁਆਰਾ ਹੈ।

ਮਨਹਠਿ ਕਿਨੈ ਨ ਪਾਇਓ ਪੁਛਹੁ ਵੇਦਾ ਜਾਇ ॥

ਵੇਦ (ਆਦਿਕ ਧਾਰਮਕ ਪੁਸਤਕਾਂ) ਨੂੰ ਭੀ ਜਾ ਕੇ ਪੁੱਛ ਵੇਖੋ (ਭਾਵ, ਪੁਰਾਤਨ ਧਰਮ-ਪੁਸਤਕ ਭੀ ਇਹੀ ਗੱਲ ਦੱਸਦੇ ਹਨ) ਕਿ ਆਪਣੇ ਮਨ ਦੇ ਹਠ ਨਾਲ ਕਿਸੇ ਨੇ ਰੱਬ ਨਹੀਂ ਲੱਭਾ (ਗੁਰੂ ਦੀ ਰਾਹੀਂ ਹੀ ਮਿਲਦਾ ਹੈ)।

ਨਾਨਕ ਹਰਿ ਕੀ ਸੇਵਾ ਸੋ ਕਰੇ ਜਿਸੁ ਲਏ ਹਰਿ ਲਾਇ ॥੧੦॥

ਹੇ ਨਾਨਕ! ਹਰੀ ਦੀ ਸੇਵਾ ਉਹੀ ਜੀਵ ਕਰਦਾ ਹੈ ਜਿਸ ਨੂੰ (ਗੁਰੂ ਮਿਲਾ ਕੇ) ਹਰੀ ਆਪਿ ਸੇਵਾ ਵਿਚ ਲਾਏ ॥੧੦॥


ਸਲੋਕ ਮਃ ੩ ॥
ਨਾਨਕ ਸੋ ਸੂਰਾ ਵਰੀਆਮੁ ਜਿਨਿ ਵਿਚਹੁ ਦੁਸਟੁ ਅਹੰਕਰਣੁ ਮਾਰਿਆ ॥

ਹੇ ਨਾਨਕ! ਉਹ ਮਨੁੱਖ ਬਹਾਦੁਰ ਸੂਰਮਾ ਹੈ ਜਿਸ ਨੇ (ਮਨ) ਵਿਚੋਂ ਦੁਸ਼ਟ ਅਹੰਕਾਰ ਨੂੰ ਦੂਰ ਕੀਤਾ ਹੈ

ਗੁਰਮੁਖਿ ਨਾਮੁ ਸਾਲਾਹਿ ਜਨਮੁ ਸਵਾਰਿਆ ॥

ਤੇ ਗੁਰੂ ਦੇ ਸਨਮੁਖ ਹੋ ਕੇ (ਪ੍ਰਭੂ ਦੇ) ਨਾਮ ਦੀ ਸਿਫ਼ਤ-ਸਾਲਾਹ ਕਰ ਕੇ ਜਨਮ ਸਫਲਾ ਕੀਤਾ ਹੈ।

ਆਪਿ ਹੋਆ ਸਦਾ ਮੁਕਤੁ ਸਭੁ ਕੁਲੁ ਨਿਸਤਾਰਿਆ ॥

ਉਹ (ਸੂਰਮਾ) ਆਪ ਸਦਾ ਲਈ (ਵਿਕਾਰਾਂ ਤੋਂ) ਛੁੱਟ ਜਾਂਦਾ ਹੈ, ਤੇ (ਨਾਲ) ਸਾਰੀ ਕੁਲ ਨੂੰ ਤਾਰ ਲੈਂਦਾ ਹੈ।

ਸੋਹਨਿ ਸਚਿ ਦੁਆਰਿ ਨਾਮੁ ਪਿਆਰਿਆ ॥

‘ਨਾਮ’ ਨਾਲ ਪਿਆਰ ਕਰਨ ਵਾਲੇ ਬੰਦੇ ਸੱਚੇ ਹਰੀ ਦੇ ਦਰਗਾਹ ਵਿਚ ਸੋਭਾ ਪਾਉਂਦੇ ਹਨ।

ਮਨਮੁਖ ਮਰਹਿ ਅਹੰਕਾਰਿ ਮਰਣੁ ਵਿਗਾੜਿਆ ॥

ਪਰ, ਮਨਮੁਖ ਅਹੰਕਾਰ ਵਿਚ ਸੜਦੇ ਹਨ ਤੇ ਦੁਖੀ ਹੋ ਕੇ ਮਰਦੇ ਹਨ।

ਸਭੋ ਵਰਤੈ ਹੁਕਮੁ ਕਿਆ ਕਰਹਿ ਵਿਚਾਰਿਆ ॥

ਇਹਨਾਂ ਵਿਚਾਰਿਆਂ ਦੇ ਵੱਸ ਭੀ ਕੀਹ ਹੈ? ਸਭ (ਪ੍ਰਭੂ ਦਾ) ਭਾਣਾ ਵਰਤ ਰਿਹਾ ਹੈ।

ਆਪਹੁ ਦੂਜੈ ਲਗਿ ਖਸਮੁ ਵਿਸਾਰਿਆ ॥

(ਮਨਮੁਖ ਆਪਣੇ ਆਪ ਦੀ ਖੋਜ ਛੱਡ ਕੇ ਮਾਇਆ ਵਿਚ ਚਿੱਤ ਜੋੜਦੇ ਹਨ, ਤੇ ਪ੍ਰਭੂ-ਪਤੀ ਨੂੰ ਵਿਸਾਰਦੇ ਹਨ।

ਨਾਨਕ ਬਿਨੁ ਨਾਵੈ ਸਭੁ ਦੁਖੁ ਸੁਖੁ ਵਿਸਾਰਿਆ ॥੧॥

ਹੇ ਨਾਨਕ! ਨਾਮ ਤੋਂ ਹੀਣ ਹੋਣ ਕਰਕੇ ਉਹਨਾਂ ਨੂੰ ਸਦਾ ਦੁੱਖ ਮਿਲਦਾ ਹੈ, ਸੁਖ ਉਹਨਾਂ ਨੂੰ ਵਿਸਰ ਹੀ ਜਾਂਦਾ ਹੈ (ਭਾਵ, ਸੁਖ ਦਾ ਕਦੀ ਮੂੰਹ ਨਹੀਂ ਵੇਖਦੇ) ॥੧॥


ਮਃ ੩ ॥
ਗੁਰਿ ਪੂਰੈ ਹਰਿ ਨਾਮੁ ਦਿੜਾਇਆ ਤਿਨਿ ਵਿਚਹੁ ਭਰਮੁ ਚੁਕਾਇਆ ॥

ਜਿਨ੍ਹਾਂ ਨੂੰ ਪੂਰੇ ਸਤਿਗੁਰੂ ਨੇ ਹਿਰਦੇ ਵਿਚ ਹਰਿ-ਨਾਮ ਦ੍ਰਿੜ੍ਹ ਕਰ ਦਿੱਤਾ ਹੈ, ਉਹਨਾਂ ਨੇ ਅੰਦਰੋਂ ਭਟਕਣਾ ਦੂਰ ਕਰ ਲਈ ਹੈ।

ਰਾਮ ਨਾਮੁ ਹਰਿ ਕੀਰਤਿ ਗਾਈ ਕਰਿ ਚਾਨਣੁ ਮਗੁ ਦਿਖਾਇਆ ॥

ਉਹ ਹਰੀ-ਨਾਮ ਦੀ ਉਪਮਾ ਕਰਦੇ ਹਨ, ਤੇ (ਇਸ ਸਿਫ਼ਤ-ਸਾਲਾਹ ਨੂੰ) ਚਾਨਣ ਬਣਾ ਕੇ (ਸਿੱਧਾ) ਰਸਤਾ ਉਹਨਾਂ ਨੂੰ ਦਿੱਸ ਪੈਂਦਾ ਹੈ।

ਹਉਮੈ ਮਾਰਿ ਏਕ ਲਿਵ ਲਾਗੀ ਅੰਤਰਿ ਨਾਮੁ ਵਸਾਇਆ ॥

ਉਹ ਅਹੰਕਾਰ ਦੂਰ ਕਰ ਕੇ ਇੱਕ ਨਾਲ ਨਿਹੁੰ ਲਾਂਦੇ ਹਨ, ਅਤੇ ਹਿਰਦੇ ਵਿਚ ਨਾਮ ਵਸਾਂਦੇ ਹਨ।

ਗੁਰਮਤੀ ਜਮੁ ਜੋਹਿ ਨ ਸਾਕੈ ਸਾਚੈ ਨਾਮਿ ਸਮਾਇਆ ॥

ਗੁਰੂ ਦੀ ਮਤਿ ਤੇ ਤੁਰਨ ਦੇ ਕਾਰਨ ਜਮ ਉਹਨਾਂ ਨੂੰ ਘੂਰ ਨਹੀਂ ਸਕਦਾ, (ਕਿਉਂਕਿ) ਸੱਚੇ ਨਾਮ ਵਿਚ ਉਹਨਾਂ ਦੀ ਬਿਰਤੀ ਜੁੜੀ ਹੁੰਦੀ ਹੈ।

ਸਭੁ ਆਪੇ ਆਪਿ ਵਰਤੈ ਕਰਤਾ ਜੋ ਭਾਵੈ ਸੋ ਨਾਇ ਲਾਇਆ ॥

(ਪਰ) ਇਹ ਸਭ ਪ੍ਰਭੂ ਦਾ ਆਪਣਾ ਕੌਤਕ ਹੈ, ਜਿਸ ਤੇ ਪ੍ਰਸੰਨ ਹੁੰਦਾ ਹੈ ਉਸ ਨੂੰ ਨਾਮ ਵਿਚ ਜੋੜਦਾ ਹੈ।

ਜਨ ਨਾਨਕੁ ਨਾਮੁ ਲਏ ਤਾ ਜੀਵੈ ਬਿਨੁ ਨਾਵੈ ਖਿਨੁ ਮਰਿ ਜਾਇਆ ॥੨॥

(ਇਹ) ਦਾਸ ਨਾਨਕ (ਭੀ) ‘ਨਾਮ’ ਦੇ ਆਸਰੇ ਹੈ, ਇਕ ਪਲਕ ਭਰ ਭੀ ‘ਨਾਮ’ ਤੋਂ ਸੱਖਣਾ ਰਹੇ ਤਾਂ ਮਰਨ ਲਗਦਾ ਹੈ ॥੨॥


ਪਉੜੀ ॥
ਜੋ ਮਿਲਿਆ ਹਰਿ ਦੀਬਾਣ ਸਿਉ ਸੋ ਸਭਨੀ ਦੀਬਾਣੀ ਮਿਲਿਆ ॥

ਜੋ ਮਨੁੱਖ ਹਰੀ ਦੇ ਦਰਬਾਰ ਵਿਚ ਮਿਲਿਆ (ਆਦਰ ਪਾਉਣ-ਯੋਗ ਹੋਇਆ) ਹੈ, ਉਸ ਨੂੰ (ਸੰਸਾਰ ਦੇ) ਸਭ ਦਰਬਾਰਾਂ ਵਿਚ ਆਦਰ ਮਿਲਦਾ ਹੈ।

ਜਿਥੈ ਓਹੁ ਜਾਇ ਤਿਥੈ ਓਹੁ ਸੁਰਖਰੂ ਉਸ ਕੈ ਮੁਹਿ ਡਿਠੈ ਸਭ ਪਾਪੀ ਤਰਿਆ ॥

ਜਿਥੇ ਉਹ ਜਾਂਦਾ ਹੈ, ਉਥੇ ਹੀ ਉਸ ਦਾ ਮੱਥਾ ਖਿੜਿਆ ਰਹਿੰਦਾ ਹੈ, ਉਸ ਦਾ ਮੂੰਹ ਵੇਖ ਕੇ (ਭਾਵ, ਉਸ ਦਾ ਦਰਸ਼ਨ ਕਰ ਕੇ) ਸਭ ਪਾਪੀ ਤਰ ਜਾਂਦੇ ਹਨ,

ਓਸੁ ਅੰਤਰਿ ਨਾਮੁ ਨਿਧਾਨੁ ਹੈ ਨਾਮੋ ਪਰਵਰਿਆ ॥

(ਕਿਉਂਕਿ) ਉਸ ਦੇ ਹਿਰਦੇ ਵਿਚ ਨਾਮ ਦਾ ਖ਼ਜ਼ਾਨਾ ਹੈ, ਤੇ ਨਾਮ ਹੀ ਉਸ ਦਾ ਪਰਵਾਰ ਹੈ (ਭਾਵ, ਨਾਮ ਹੀ ਉਸ ਦੇ ਸਿਰ ਦੇ ਦੁਆਲੇ ਰੌਸ਼ਨੀ ਦਾ ਚੱਕ੍ਰ ਹੈ)।

ਨਾਉ ਪੂਜੀਐ ਨਾਉ ਮੰਨੀਐ ਨਾਇ ਕਿਲਵਿਖ ਸਭ ਹਿਰਿਆ ॥

(ਹੇ ਭਾਈ!) ਨਾਮ ਸਿਮਰਨਾ ਚਾਹੀਦਾ ਹੈ, ਤੇ ਨਾਮ ਦਾ ਹੀ ਧਿਆਨ ਧਰਨਾ ਚਾਹੀਦਾ ਹੈ, ਨਾਮ (ਜਪਣ) ਕਰ ਕੇ ਸਭ ਪਾਪ ਦੂਰ ਹੋ ਜਾਂਦੇ ਹਨ।

ਜਿਨੀ ਨਾਮੁ ਧਿਆਇਆ ਇਕ ਮਨਿ ਇਕ ਚਿਤਿ ਸੇ ਅਸਥਿਰੁ ਜਗਿ ਰਹਿਆ ॥੧੧॥

ਜਿਨ੍ਹਾਂ ਨੇ ਏਕਾਗਰ ਚਿੱਤ ਹੋ ਕੇ ਨਾਮ ਜਪਿਆ ਹੈ, ਉਹ ਸੰਸਾਰ ਵਿਚ ਅਟੱਲ ਹੋ ਗਏ ਹਨ (ਭਾਵ, ਸੰਸਾਰ ਵਿਚ ਸਦਾ ਲਈ ਉਹਨਾਂ ਦੀ ਸੋਭਾ ਤੇ ਪ੍ਰਤਿਸ਼ਟਾ ਕਾਇਮ ਹੋ ਗਈ ਹੈ) ॥੧੧॥


ਸਲੋਕ ਮਃ ੩ ॥
ਆਤਮਾ ਦੇਉ ਪੂਜੀਐ ਗੁਰ ਕੈ ਸਹਜਿ ਸੁਭਾਇ ॥

ਗੁਰੂ ਦੀ ਮਤਿ ਲੈ ਕੇ ਤੇ ਗੁਰੂ ਦੇ ਸੁਭਾਉ ਵਿਚ (ਆਪਣਾ ਸੁਭਾਉ ਲੀਨ ਕਰ ਕੇ) ਜੀਵ-ਆਤਮਾ ਦਾ ਪ੍ਰਕਾਸ਼ ਕਰਨ ਵਾਲੇ (ਹਰੀ) ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ।

ਆਤਮੇ ਨੋ ਆਤਮੇ ਦੀ ਪ੍ਰਤੀਤਿ ਹੋਇ ਤਾ ਘਰ ਹੀ ਪਰਚਾ ਪਾਇ ॥

(ਇਸ ਤਰ੍ਹਾਂ) ਜਦੋਂ ਜੀਵ ਨੂੰ ਪ੍ਰਭੂ (ਦੀ ਹੋਂਦ ਤੇ) ਸਿਦਕ ਬੱਝ ਜਾਵੇ, ਤਾਂ ਹਿਰਦੇ ਵਿਚ ਹੀ (ਪ੍ਰਭੂ ਨਾਲ) ਪਿਆਰ ਬਣ ਜਾਂਦਾ ਹੈ (ਤੇ ਤੀਰਥ ਆਦਿਕਾਂ ਤੇ ਜਾਣ ਦੀ ਲੋੜ ਨਹੀਂ ਰਹਿੰਦੀ),

ਆਤਮਾ ਅਡੋਲੁ ਨ ਡੋਲਈ ਗੁਰ ਕੈ ਭਾਇ ਸੁਭਾਇ ॥

ਕਿਉਂਕਿ ਸਤਿਗੁਰੂ ਦੇ ਪਿਆਰ ਵਿਚ ਤੇ ਸੁਭਾਉ ਵਿਚ (ਵਰਤਿਆਂ) ਜੀਵਾਤਮਾ (ਮਾਇਆਂ ਵਲੋਂ) ਅਹਿੱਲ ਹੋ ਕੇ ਡੋਲਣੋਂ ਹਟ ਜਾਂਦਾ ਹੈ।

ਗੁਰ ਵਿਣੁ ਸਹਜੁ ਨ ਆਵਈ ਲੋਭੁ ਮੈਲੁ ਨ ਵਿਚਹੁ ਜਾਇ ॥

ਸਤਿਗੁਰੂ ਤੋਂ ਬਿਨਾ ਅਡੋਲ ਅਵਸਥਾ ਨਹੀਂ ਆਉਂਦੀ, ਤੇ ਨਾਹ ਹੀ ਮਨ ਵਿਚੋਂ ਲੋਭ-ਮੈਲ ਦੂਰ ਹੁੰਦੀ ਹੈ।

ਖਿਨੁ ਪਲੁ ਹਰਿ ਨਾਮੁ ਮਨਿ ਵਸੈ ਸਭ ਅਠਸਠਿ ਤੀਰਥ ਨਾਇ ॥

ਜੇ ਇਕ ਪਲਕ ਭਰ ਭੀ ਪ੍ਰਭੂ ਦਾ ਨਾਮ ਮਨ ਵਿਚ ਵੱਸ ਜਾਏ (ਭਾਵ, ਜੇ ਜੀਵ ਇਕ ਮਨ ਇਕ ਪਲਕ ਭਰ ਭੀ ਨਾਮ ਜਪ ਸਕੇ) ਤਾਂ, ਮਾਨੋ, ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲੈਂਦਾ ਹੈ,

ਸਚੇ ਮੈਲੁ ਨ ਲਗਈ ਮਲੁ ਲਾਗੈ ਦੂਜੈ ਭਾਇ ॥

(ਕਿਉਂਕਿ) ਸੱਚੇ ਵਿਚ ਜੁੜੇ ਹੋਏ ਨੂੰ ਮੈਲ ਨਹੀਂ ਲਗਦੀ, ਮੈਲ਼ (ਸਦਾ) ਮਾਇਆ ਦੇ ਪਿਆਰ ਵਿਚ ਲੱਗਦੀ ਹੈ,

ਧੋਤੀ ਮੂਲਿ ਨ ਉਤਰੈ ਜੇ ਅਠਸਠਿ ਤੀਰਥ ਨਾਇ ॥

ਤੇ ਉਹ ਮੈਲ ਕਦੇ ਭੀ ਧੋਤਿਆਂ ਨਹੀਂ ਉਤਰਦੀ, ਭਾਵੇਂ ਅਠਾਹਠ ਤੀਰਥਾਂ ਦੇ ਇਸ਼ਨਾਨ ਪਏ ਕਰੀਏ।

ਮਨਮੁਖ ਕਰਮ ਕਰੇ ਅਹੰਕਾਰੀ ਸਭੁ ਦੁਖੋ ਦੁਖੁ ਕਮਾਇ ॥

(ਕਾਰਨ ਇਹ ਹੁੰਦਾ ਹੈ ਕਿ) ਮਨੁੱਖ (ਗੁਰੂ ਵਲੋਂ) ਮਨਮੁਖ (ਹੋ ਕੇ) ਅਹੰਕਾਰ ਦੇ ਆਸਰੇ (ਤੀਰਥ-ਇਸ਼ਨਾਨ ਆਦਿਕ) ਕਰਮ ਕਰਦਾ ਹੈ, ਤੇ ਦੁੱਖ ਹੀ ਦੁੱਖ ਸਹੇੜਦਾ ਹੈ।

ਨਾਨਕ ਮੈਲਾ ਊਜਲੁ ਤਾ ਥੀਐ ਜਾ ਸਤਿਗੁਰ ਮਾਹਿ ਸਮਾਇ ॥੧॥

ਹੇ ਨਾਨਕ! ਮੈਲਾ (ਮਨ) ਤਦੋਂ ਹੀ ਪਵਿਤ੍ਰ ਹੁੰਦਾ ਹੈ, ਜੇ (ਜੀਵ) ਸਤਿਗੁਰੂ ਵਿਚ ਲੀਨ ਹੋ ਜਾਵੇ (ਭਾਵ, ਆਪਾ-ਭਾਵ ਮਿਟਾ ਦੇਵੇ) ॥੧॥


ਮਃ ੩ ॥
ਮਨਮੁਖੁ ਲੋਕੁ ਸਮਝਾਈਐ ਕਦਹੁ ਸਮਝਾਇਆ ਜਾਇ ॥

ਜੋ ਮਨੁੱਖ ਸਤਿਗੁਰੂ ਵਲੋਂ ਮੁਖ ਮੋੜੀ ਬੈਠਾ ਹੈ, ਉਹ ਸਮਝਾਇਆਂ ਭੀ ਕਦੇ ਨਹੀਂ ਸਮਝਦਾ।

ਮਨਮੁਖੁ ਰਲਾਇਆ ਨਾ ਰਲੈ ਪਇਐ ਕਿਰਤਿ ਫਿਰਾਇ ॥

ਜੇ ਉਸ ਨੂੰ (ਗੁਰਮੁਖਾਂ ਦੇ ਵਿਚ) ਰਲਾ ਭੀ ਦੇਵੀਏ, ਤਾਂ ਭੀ (ਸੁਭਾਵ ਕਰਕੇ) ਉਹਨਾਂ ਨਾਲ ਨਹੀਂ ਰਲਦਾ ਤੇ (ਪਿਛਲੇ ਕੀਤੇ) ਸਿਰ ਪਏ ਕਰਮਾਂ ਅਨੁਸਾਰ ਭਟਕਦਾ ਫਿਰਦਾ ਹੈ।

ਲਿਵ ਧਾਤੁ ਦੁਇ ਰਾਹ ਹੈ ਹੁਕਮੀ ਕਾਰ ਕਮਾਇ ॥

(ਉਸ ਵਿਚਾਰੇ ਉਤੇ ਭੀ ਕੀਹ ਰੋਸ? (ਸੰਸਾਰ ਵਿਚ) ਰਸਤੇ ਹੀ ਦੋ ਹਨ (ਹਰੀ ਨਾਲ) ਪਿਆਰ ਤੇ (ਮਾਇਆ ਨਾਲ) ਪਿਆਰ; (ਤੇ ਮਨਮੁਖ) ਪ੍ਰਭੂ ਦੇ ਹੁਕਮ ਵਿਚ (ਹੀ) (ਮਾਇਆ ਵਾਲੀ) ਕਾਰ ਪਿਆ ਕਰਦਾ ਹੈ।

ਗੁਰਮੁਖਿ ਆਪਣਾ ਮਨੁ ਮਾਰਿਆ ਸਬਦਿ ਕਸਵਟੀ ਲਾਇ ॥

(ਦੂਜੇ ਪਾਸੇ, ਹੁਕਮ ਵਿਚ ਹੀ) ਗੁਰਮੁਖ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਕਸਵੱਟੀ ਲਾ ਕੇ (ਭਾਵ, ਪਰਖ ਕਰ ਕੇ) ਆਪਣੇ ਮਨ ਨੂੰ ਮਾਰ ਲੈਂਦਾ ਹੈ (ਭਾਵ, ਮਾਇਆ ਦੇ ਪਿਆਰ ਵਲੋਂ ਰੋਕ ਲੈਂਦਾ ਹੈ)।

ਮਨ ਹੀ ਨਾਲਿ ਝਗੜਾ ਮਨ ਹੀ ਨਾਲਿ ਸਥ ਮਨ ਹੀ ਮੰਝਿ ਸਮਾਇ ॥

ਉਹ ਸਦਾ ਮਨ (ਦੀ ਵਿਕਾਰ-ਬਿਰਤੀ) ਨਾਲ ਝਗੜਾ ਕਰਦਾ ਹੈ, ਤੇ ਸੱਥ ਕਰਦਾ ਹੈ (ਭਾਵ, ਉਸ ਨੂੰ ਸਮਝਾਉਂਦਾ ਹੈ, ਤੇ ਅੰਤ ਇਸ ਵਿਕਾਰ-ਬਿਰਤੀ ਨੂੰ) ਮਨ (ਦੀ ਸ਼ੁਭ-ਬਿਰਤੀ) ਵਿਚ ਲੀਨ ਕਰ ਦੇਂਦਾ ਹੈ।

ਮਨੁ ਜੋ ਇਛੇ ਸੋ ਲਹੈ ਸਚੈ ਸਬਦਿ ਸੁਭਾਇ ॥

(ਇਸ ਤਰ੍ਹਾਂ ਸਤਿਗੁਰੂ ਦੇ) ਸੁਭਾਉ ਵਿਚ (ਆਪਾ ਲੀਨ ਕਰਨ ਵਾਲਾ) ਮਨ ਜੋ ਇੱਛਾ ਕਰਦਾ ਹੈ ਸੋ ਲੈਂਦਾ ਹੈ।

ਅੰਮ੍ਰਿਤ ਨਾਮੁ ਸਦ ਭੁੰਚੀਐ ਗੁਰਮੁਖਿ ਕਾਰ ਕਮਾਇ ॥

(ਹੇ ਭਾਈ!) ਗੁਰਮੁਖਾਂ ਵਾਲੀ ਕਾਰ ਕਰ ਕੇ ਸਦਾ ਨਾਮ-ਅੰਮ੍ਰਿਤ ਪੀਵੀਏ।

ਵਿਣੁ ਮਨੈ ਜਿ ਹੋਰੀ ਨਾਲਿ ਲੁਝਣਾ ਜਾਸੀ ਜਨਮੁ ਗਵਾਇ ॥

ਮਨ ਨੂੰ ਛੱਡ ਕੇ ਜੋ ਜੀਵ (ਸਰੀਰ ਆਦਿਕ) ਹੋਰ ਨਾਲ ਝਗੜਾ ਪਾਂਦਾ ਹੈ, ਉਹ ਜਨਮ ਬਿਰਥਾ ਗਵਾਂਦਾ ਹੈ।

ਮਨਮੁਖੀ ਮਨਹਠਿ ਹਾਰਿਆ ਕੂੜੁ ਕੁਸਤੁ ਕਮਾਇ ॥

ਮਨਮੁਖ ਮਨ ਦੇ ਹਠ ਵਿਚ (ਬਾਜ਼ੀ) ਹਾਰ ਜਾਂਦਾ ਹੈ, ਤੇ ਕੂੜ-ਕੁਸੱਤ (ਦੀ ਕਮਾਈ) ਕਰਦਾ ਹੈ।

ਗੁਰਪਰਸਾਦੀ ਮਨੁ ਜਿਣੈ ਹਰਿ ਸੇਤੀ ਲਿਵ ਲਾਇ ॥

ਗੁਰਮੁਖ ਸਤਿਗੁਰੂ ਦੀ ਕਿਰਪਾ ਨਾਲ ਮਨ ਨੂੰ ਜਿੱਤਦਾ ਹੈ, ਪ੍ਰਭੂ ਨਾਲ ਪਿਆਰ ਜੋੜਦਾ ਹੈ-

ਨਾਨਕ ਗੁਰਮੁਖਿ ਸਚੁ ਕਮਾਵੈ ਮਨਮੁਖਿ ਆਵੈ ਜਾਇ ॥੨॥

ਤੇ ਹੇ ਨਾਨਕ! ਗੁਰਮੁਖ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦਾ ਹੈ। (ਪਰ) ਮਨਮੁਖ ਭਟਕਦਾ ਫਿਰਦਾ ਹੈ ॥੨॥


ਪਉੜੀ ॥
ਹਰਿ ਕੇ ਸੰਤ ਸੁਣਹੁ ਜਨ ਭਾਈ ਹਰਿ ਸਤਿਗੁਰ ਕੀ ਇਕ ਸਾਖੀ ॥

ਹੇ ਹਰੀ ਦੇ ਸੰਤ ਜਨ ਪਿਆਰਿਓ! ਆਪਣੇ ਸਤਿਗੁਰੂ ਦੀ ਸਿੱਖਿਆ ਸੁਣੋ (ਭਾਵ, ਸਿੱਖਿਆ ਤੇ ਤੁਰੋ)।

ਜਿਸੁ ਧੁਰਿ ਭਾਗੁ ਹੋਵੈ ਮੁਖਿ ਮਸਤਕਿ ਤਿਨਿ ਜਨਿ ਲੈ ਹਿਰਦੈ ਰਾਖੀ ॥

ਇਸ ਸਿੱਖਿਆ ਨੂੰ ਮਨੁੱਖ ਨੇ ਹਿਰਦੇ ਵਿਚ ਪਰੋ ਰੱਖਿਆ ਹੈ, ਜਿਸ ਦੇ ਮੱਥੇ ਉਤੇ ਧੁਰੋਂ ਹੀ ਭਾਗ ਹੋਵੇ।

ਹਰਿ ਅੰਮ੍ਰਿਤ ਕਥਾ ਸਰੇਸਟ ਊਤਮ ਗੁਰ ਬਚਨੀ ਸਹਜੇ ਚਾਖੀ ॥

ਸਤਿਗੁਰੂ ਦੀ ਸਿੱਖਿਆ ਦੁਆਰਾ ਹੀ ਅਡੋਲ ਅਵਸਥਾ ਵਿਚ ਪਹੁੰਚ ਕੇ ਪ੍ਰਭੂ ਦੀ ਉੱਤਮ ਪਵਿਤਰ ਤੇ ਜੀਵਨ-ਕਣੀ ਬਖ਼ਸ਼ਣ ਵਾਲੀ ਸਿਫ਼ਤ-ਸਾਲਾਹ ਦਾ ਆਨੰਦ ਲਿਆ ਜਾ ਸਕਦਾ ਹੈ।

ਤਹ ਭਇਆ ਪ੍ਰਗਾਸੁ ਮਿਟਿਆ ਅੰਧਿਆਰਾ ਜਿਉ ਸੂਰਜ ਰੈਣਿ ਕਿਰਾਖੀ ॥

(ਸਤਿਗੁਰੂ ਦੀ ਸਿੱਖਿਆ ਨੂੰ ਜੇਹੜਾ ਹਿਰਦਾ ਇਕ ਵਾਰੀ ਧਾਰਨ ਕਰਦਾ ਹੈ) ਉਸ ਵਿਚ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ ਤੇ (ਮਾਇਆ ਦਾ) ਹਨੇਰਾ ਇਉਂ ਦੂਰ ਹੁੰਦਾ ਹੈ ਜਿਵੇਂ ਸੂਰਜ ਰਾਤ (ਦੇ ਹਨੇਰੇ) ਨੂੰ ਖਿੱਚ ਲੈਂਦਾ ਹੈ।

ਅਦਿਸਟੁ ਅਗੋਚਰੁ ਅਲਖੁ ਨਿਰੰਜਨੁ ਸੋ ਦੇਖਿਆ ਗੁਰਮੁਖਿ ਆਖੀ ॥੧੨॥

ਜੋ ਪ੍ਰਭੂ (ਇਹਨਾਂ ਅੱਖਾਂ ਨਾਲ) ਨਹੀਂ ਦਿੱਸਦਾ, ਇੰਦ੍ਰਿਆਂ ਦੇ ਵਿਸ਼ੇ ਤੋਂ ਪਰੇ ਹੈ ਤੇ ਅਲੱਖ ਹੈ ਉਹ ਸਤਿਗੁਰੂ ਦੇ ਸਨਮੁਖ ਹੋਣ ਕਰਕੇ ਅੱਖੀਂ ਦਿੱਸ ਪੈਂਦਾ ਹੈ ॥੧੨॥


ਸਲੋਕੁ ਮਃ ੩ ॥
ਸਤਿਗੁਰੁ ਸੇਵੇ ਆਪਣਾ ਸੋ ਸਿਰੁ ਲੇਖੈ ਲਾਇ ॥

ਜਿਹੜਾ ਮਨੁੱਖ ਆਪਣੇ ਸਤਿਗੁਰੂ ਦੀ ਦੱਸੀ ਸੇਵਾ ਕਰਦਾ ਹੈ, ਉਹ ਮਨੁੱਖ ਆਪਣਾ ਸਿਰ (ਭਾਵ, ਮਨੁੱਖਾ ਜਨਮ) ਸਫਲਾ ਕਰ ਲੈਂਦਾ ਹੈ।

ਵਿਚਹੁ ਆਪੁ ਗਵਾਇ ਕੈ ਰਹਨਿ ਸਚਿ ਲਿਵ ਲਾਇ ॥

ਅਜੇਹੇ ਮਨੁੱਖ ਹਿਰਦੇ ਵਿਚੋਂ ਅਹੰਕਾਰ ਦੂਰ ਕਰ ਕੇ ਸੱਚੇ ਨਾਮ ਵਿਚ ਬਿਰਤੀ ਜੋੜੀ ਰੱਖਦੇ ਹਨ।

ਸਤਿਗੁਰੁ ਜਿਨੀ ਨ ਸੇਵਿਓ ਤਿਨਾ ਬਿਰਥਾ ਜਨਮੁ ਗਵਾਇ ॥

ਜਿਨ੍ਹਾਂ ਸਤਿਗੁਰੂ ਦੀ ਦੱਸੀ ਸੇਵਾ ਨਹੀਂ ਕੀਤੀ, ਉਹਨਾਂ ਮਨੁੱਖਾ ਜੀਵਨ ਵਿਅਰਥ ਗਵਾ ਲਿਆ ਹੈ।

ਨਾਨਕ ਜੋ ਤਿਸੁ ਭਾਵੈ ਸੋ ਕਰੇ ਕਹਣਾ ਕਿਛੂ ਨ ਜਾਇ ॥੧॥

(ਪਰ) ਹੇ ਨਾਨਕ! (ਕਿਸੇ ਨੂੰ) ਕੁਝ (ਚੰਗਾ ਮੰਦਾ) ਆਖਿਆ ਨਹੀਂ ਜਾ ਸਕਦਾ (ਕਿਉਂਕਿ) ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ, ਆਪ ਕਰਦਾ ਹੈ ॥੧॥


ਮਃ ੩ ॥
ਮਨੁ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਇ ॥

(ਇਹ ਕੁਦਰਤਿ ਦਾ ਤਰੀਕਾ ਹੈ ਕਿ) ਵਿਕਾਰਾਂ ਵਿਚ ਫਸਿਆ ਹੋਇਆ ਮਨ ਵਿਕਾਰਾਂ ਵਾਲੇ ਕਰਮ (ਹੀ) ਕਰਦਾ ਹੈ।

ਦੂਜੈ ਭਾਇ ਅਗਿਆਨੀ ਪੂਜਦੇ ਦਰਗਹ ਮਿਲੈ ਸਜਾਇ ॥

(ਇਸ ਵਾਸਤੇ) ਮਾਇਆ ਦੇ ਪਿਆਰ ਵਿਚ (ਫਸੇ ਰਹਿ ਕੇ) ਜੋ ਮਨੁੱਖ ਪੂਜਾ ਕਰਦੇ ਹਨ, (ਇਸ ਪੂਜਾ ਦਾ ਉਹਨਾਂ ਨੂੰ ਕੁਝ ਲਾਭ ਨਹੀਂ ਹੁੰਦਾ) ਦਰਗਾਹ ਵਿਚ ਸਜ਼ਾ (ਹੀ) ਮਿਲਦੀ ਹੈ।

ਆਤਮ ਦੇਉ ਪੂਜੀਐ ਬਿਨੁ ਸਤਿਗੁਰ ਬੂਝ ਨ ਪਾਇ ॥

ਆਤਮਾ ਨੂੰ ਚਾਨਣ ਬਖ਼ਸ਼ਣ ਵਾਲੇ ਪ੍ਰਭੂ ਦੀ ਹੀ ਪੂਜਾ ਕਰਨੀ ਚਾਹੀਦੀ ਹੈ, (ਪਰ) ਸਤਿਗੁਰੂ ਤੋਂ ਬਿਨਾ ਸਮਝ ਨਹੀਂ ਪੈਂਦੀ।

ਜਪੁ ਤਪੁ ਸੰਜਮੁ ਭਾਣਾ ਸਤਿਗੁਰੂ ਕਾ ਕਰਮੀ ਪਲੈ ਪਾਇ ॥

ਸਤਿਗੁਰੂ ਦਾ ਭਾਣਾ (ਮੰਨਣਾ)-ਇਹੀ ਜਪੁ ਤਪੁ ਤੇ ਸੰਜਮ ਹੈ, ਪ੍ਰਭੂ ਮਿਹਰ ਕਰੇ ਤਾਂ ਇਹ (ਭਾਣਾ ਮੰਨਣ ਦੀ ਸਮਰੱਥਾ) ਪ੍ਰਾਪਤ ਹੁੰਦੀ ਹੈ।

ਨਾਨਕ ਸੇਵਾ ਸੁਰਤਿ ਕਮਾਵਣੀ ਜੋ ਹਰਿ ਭਾਵੈ ਸੋ ਥਾਇ ਪਾਇ ॥੨॥

ਹੇ ਨਾਨਕ! (ਉਂਞ ਤਾਂ) ਜੋ ਸੇਵਾ ਹਰੀ ਨੂੰ ਚੰਗੀ ਲੱਗੇ ਉਹੀ ਪਰਵਾਨ ਹੁੰਦੀ ਹੈ, (ਪਰ) ਸੇਵਾ ਭੀ ਸੁਰਤ ਦੁਆਰਾ ਹੀ (ਭਾਵ, ਸੁਰਤ ਨੂੰ ਸਤਿਗੁਰੂ ਦੇ ਭਾਣੇ ਵਿਚ ਟਿਕਾ ਕੇ ਹੀ) ਕੀਤੀ ਜਾ ਸਕਦੀ ਹੈ ॥੨॥


ਪਉੜੀ ॥
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਸਦਾ ਸੁਖੁ ਹੋਵੈ ਦਿਨੁ ਰਾਤੀ ॥

ਹੇ ਮਰੇ ਮਨ! ਹਰੀ-ਨਾਮ ਦਾ ਸਿਮਰਨ ਕਰ, ਜਿਸ ਤੋਂ ਰਾਤ ਦਿਨ ਸਦਾ ਦੁਖ ਹੋਵੇ।

ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਸਿਮਰਤ ਸਭਿ ਕਿਲਵਿਖ ਪਾਪ ਲਹਾਤੀ ॥

ਹੇ ਮੇਰੇ ਮਨ! ਹਰੀ ਨਾਮ ਦਾ ਸਿਮਰਨ ਕਰਕੇ ਸਭ ਪਾਪ ਦੂਰ ਹੋ ਜਾਂਦੇ ਹਨ।

ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਦਾਲਦੁ ਦੁਖ ਭੁਖ ਸਭ ਲਹਿ ਜਾਤੀ ॥

ਹੇ ਮੇਰੇ ਮਨ! ਹਰੀ ਨਾਮ ਦਾ ਸਿਮਰਨ ਕਰ, ਜਿਸ ਨਾਲ ਸਭ ਦਰਿਦ੍ਰ ਦੁੱਖ ਤੇ ਭੁੱਖਾਂ ਲਹਿ ਜਾਣ।

ਹਰਿ ਹਰਿ ਨਾਮੁ ਜਪਹੁ ਮਨ ਮੇਰੇ ਮੁਖਿ ਗੁਰਮੁਖਿ ਪ੍ਰੀਤਿ ਲਗਾਤੀ ॥

ਹੇ ਮੇਰੇ ਮਨ! ਹਰੀ ਨਾਮ ਦਾ ਸਿਮਰਨ ਕਰ, (ਜਿਸ ਕਰਕੇ) ਸਤਿਗੁਰੂ ਦੇ ਸਨਮੁਖ ਰਹਿ ਕੇ (ਤੇਰੇ ਅੰਦਰ) ਉੱਤਮ ਪ੍ਰੀਤਿ (ਭਾਵ, ਹਰੀ ਨਾਮ ਦੀ ਪ੍ਰੀਤਿ) ਬਣ ਜਾਏ।

ਜਿਤੁ ਮੁਖਿ ਭਾਗੁ ਲਿਖਿਆ ਧੁਰਿ ਸਾਚੈ ਹਰਿ ਤਿਤੁ ਮੁਖਿ ਨਾਮੁ ਜਪਾਤੀ ॥੧੩॥

ਧੁਰ ਸੱਚੀ ਦਰਗਾਹ ਤੋਂ ਜਿਸ ਮੂੰਹ ਤੇ ਭਾਗ ਲਿਖਿਆ ਹੋਵੇ, ਪ੍ਰਭੂ ਉਸ ਮੂੰਹ ਤੋਂ (ਹੀ) ਆਪਣੇ ਨਾਮ ਦਾ ਸਿਮਰਨ ਕਰਾਉਂਦਾ ਹੈ ॥੧੩॥


ਸਲੋਕ ਮਃ ੩ ॥
ਸਤਿਗੁਰੁ ਜਿਨੀ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥

(ਮਨੁੱਖਾ ਜਨਮ ਲੱਭ ਕੇ) ਜਿਨ੍ਹਾਂ ਜੀਵਾਂ ਨੇ ਸਤਿਗੁਰੂ ਦੀ ਦੱਸੀ ਸੇਵਾ ਨਹੀਂ ਕੀਤੀ ਤੇ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਹਰੀ ਨਾਮ ਦੀ) ਵਿਚਾਰ ਨਹੀਂ ਕੀਤੀ,

ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ ॥

(ਤੇ ਇਸ ਤਰ੍ਹਾਂ) ਹਿਰਦੇ ਵਿਚ ਸੱਚਾ ਚਾਨਣ ਨਹੀਂ ਹੋਇਆ, ਉਹ ਜੀਵ ਸੰਸਾਰ ਵਿਚ (ਜੀਊਂਦਾ ਦਿੱਸਦਾ ਭੀ) ਮੋਇਆ ਹੋਇਆ ਹੈ।

ਲਖ ਚਉਰਾਸੀਹ ਫੇਰੁ ਪਇਆ ਮਰਿ ਜੰਮੈ ਹੋਇ ਖੁਆਰੁ ॥

(ਚੌਰਾਸੀ ਲੱਖ ਜੂਨਾਂ) ਵਿਚ ਉਸ ਨੂੰ ਚੱਕਰ ਕੱਟਣਾ ਪੈਂਦਾ ਹੈ, ਮੁੜ ਮੁੜ ਜੰਮਦਾ ਮਰਦਾ ਤੇ ਖ਼ੁਆਰ ਹੁੰਦਾ ਹੈ।

ਸਤਿਗੁਰ ਕੀ ਸੇਵਾ ਸੋ ਕਰੇ ਜਿਸ ਨੋ ਆਪਿ ਕਰਾਏ ਸੋਇ ॥

ਜਿਸ ਜੀਵ ਪਾਸੋਂ ਪ੍ਰਭੂ ਆਪ ਕਰਾਏ, ਉਹੀ ਸਤਿਗੁਰੂ ਦੀ ਦੱਸੀ ਕਾਰ ਕਰ ਸਕਦਾ ਹੈ।

ਸਤਿਗੁਰ ਵਿਚਿ ਨਾਮੁ ਨਿਧਾਨੁ ਹੈ ਕਰਮਿ ਪਰਾਪਤਿ ਹੋਇ ॥

ਸਤਿਗੁਰੂ ਦੇ ਪਾਸ ‘ਨਾਮ’ ਖ਼ਜ਼ਾਨਾ ਹੈ, ਜੋ ਪ੍ਰਭੂ ਦੀ ਮੇਹਰ ਨਾਲ ਪ੍ਰਾਪਤ ਹੁੰਦਾ ਹੈ।

ਸਚਿ ਰਤੇ ਗੁਰਸਬਦ ਸਿਉ ਤਿਨ ਸਚੀ ਸਦਾ ਲਿਵ ਹੋਇ ॥

ਜੋ ਮਨੁੱਖ ਸਤਿਗੁਰੂ ਦੇ ਸ਼ਬਦ ਦੁਆਰਾ ਸੱਚੇ ਨਾਮ ਵਿਚ ਰੰਗੇ ਹੋਏ ਹਨ, ਉਹਨਾਂ ਦੀ ਬਿਰਤੀ ਸਦਾ ਇਕ ਤਾਰ ਰਹਿੰਦੀ ਹੈ।

ਨਾਨਕ ਜਿਸ ਨੋ ਮੇਲੇ ਨ ਵਿਛੁੜੈ ਸਹਜਿ ਸਮਾਵੈ ਸੋਇ ॥੧॥

ਹੇ ਨਾਨਕ! ਜਿਸ ਨੂੰ (ਇਕ ਵਾਰੀ) ਮੇਲ ਲੈਂਦਾ ਹੈ, ਉਹ (ਕਦੇ) ਵਿਛੁੜਦਾ ਨਹੀਂ, ਉਹ ਸਦਾ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ ॥੧॥


ਮਃ ੩ ॥
ਸੋ ਭਗਉਤੀ ਜੁੋ ਭਗਵੰਤੈ ਜਾਣੈ ॥

ਭਗਉਤੀ (ਸੱਚਾ ਭਗਤ) ਉਹ ਹੈ ਜੋ ਪ੍ਰਭੂ ਨੂੰ ਜਾਣਦਾ ਹੈ (ਪ੍ਰਭੂ ਨਾਲ ਡੂੰਘੀ ਸਾਂਝ ਪਾਂਦਾ ਹੈ),

ਗੁਰਪਰਸਾਦੀ ਆਪੁ ਪਛਾਣੈ ॥

ਤੇ ਸਤਿਗੁਰੂ ਦੀ ਕਿਰਪਾ ਨਾਲ (ਭਾਵ, ਸਤਿਗੁਰੂ ਦੀ ਸਿੱਖਿਆ ਲੈ ਕੇ) ਆਪਣੇ ਆਪ ਨੂੰ ਪਛਾਣਦਾ ਹੈ।

ਧਾਵਤੁ ਰਾਖੈ ਇਕਤੁ ਘਰਿ ਆਣੈ ॥

(ਵਾਸ਼ਨਾ ਵਲ) ਦੌੜਦੇ (ਮਨ) ਨੂੰ ਸਾਂਭ ਰੱਖਦਾ ਹੈ, ਤੇ ਇੱਕ ਟਿਕਾਣੇ ਤੇ ਲਿਆਉਂਦਾ ਹੈ,

ਜੀਵਤੁ ਮਰੈ ਹਰਿ ਨਾਮੁ ਵਖਾਣੈ ॥

ਅਤੇ ਜੀਊਂਦਾ ਹੋਇਆ ਹੀ (ਮਾਇਆ ਵਲੋਂ) ਮਰਦਾ ਹੈ (ਭਾਵ, ਸੰਸਾਰ ਵਿਚ ਵਿਚਰਦਾ ਹੋਇਆ ਹੀ ਮਨ ਨੂੰ ਵਾਸ਼ਨਾ ਵਲੋਂ ਤੋੜੀ ਰੱਖਦਾ ਹੈ ਅਤੇ) ਹਰੀ ਨਾਮ ਜਪਦਾ ਹੈ।

ਐਸਾ ਭਗਉਤੀ ਉਤਮੁ ਹੋਇ ॥

ਇਹੋ ਜਿਹਾ ਭਗਉਤੀ (ਭਗਤ) ਉੱਤਮ ਹੁੰਦਾ ਹੈ,

ਨਾਨਕ ਸਚਿ ਸਮਾਵੈ ਸੋਇ ॥੨॥

ਹੇ ਨਾਨਕ! ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ (ਤੇ ਫਿਰ ਨਹੀਂ ਵਿੱਛੁੜਦਾ ॥੨॥


ਮਃ ੩ ॥
ਅੰਤਰਿ ਕਪਟੁ ਭਗਉਤੀ ਕਹਾਏ ॥

ਜੋ ਮਨੁੱਖ ਹਿਰਦੇ ਵਿਚ ਖੋਟ ਰੱਖੇ (ਪਰ ਆਪਣੇ ਆਪ ਨੂੰ) ਭਗਉਤੀ (ਸੱਚਾ ਭਗਤ) ਅਖਵਾਏ,

ਪਾਖੰਡਿ ਪਾਰਬ੍ਰਹਮੁ ਕਦੇ ਨ ਪਾਏ ॥

ਉਹ (ਇਸ) ਪਖੰਡ ਨਾਲ ਪਰਮਾਤਮਾ ਨੂੰ ਨਹੀਂ ਮਿਲ ਸਕਦਾ।

ਪਰ ਨਿੰਦਾ ਕਰੇ ਅੰਤਰਿ ਮਲੁ ਲਾਏ ॥

(ਜੀਵ) ਪਰਾਈ ਨਿੰਦਾ ਕਰ ਕੇ ਹਿਰਦੇ ਵਿਚ ਮੈਲ ਲਾਈ ਜਾਵੇ,

ਬਾਹਰਿ ਮਲੁ ਧੋਵੈ ਮਨ ਕੀ ਜੂਠਿ ਨ ਜਾਏ ॥

(ਤੇ) ਬਾਹਰੋਂ (ਸਰੀਰ ਦੀ) ਮੈਲ (ਇਸ਼ਨਾਨ ਆਦਿਕ ਨਾਲ) ਧੋਂਦਾ ਰਹੇ, (ਇਸ ਤਰ੍ਹਾਂ) ਮਨ ਦੀ ਜੂਠ ਦੂਰ ਨਹੀਂ ਹੁੰਦੀ।

ਸਤਸੰਗਤਿ ਸਿਉ ਬਾਦੁ ਰਚਾਏ ॥

ਜੋ ਮਨੁੱਖ ਸਤ ਸੰਗਤਿ ਨਾਲ ਝਗੜਾ ਪਾਈ ਰੱਖਦਾ ਹੈ, (ਭਾਵ, ਜਿਸ ਨੂੰ ਸਤ ਸੰਗ ਨਹੀਂ ਭਾਉਂਦਾ)

ਅਨਦਿਨੁ ਦੁਖੀਆ ਦੂਜੈ ਭਾਇ ਰਚਾਏ ॥

ਉਹ ਮਾਇਆ ਦੇ ਪਿਆਰ ਵਿਚ ਰੱਤਾ ਹੋਇਆ ਸਦਾ ਦੁਖੀ ਰਹਿੰਦਾ ਹੈ।

ਹਰਿ ਨਾਮੁ ਨ ਚੇਤੈ ਬਹੁ ਕਰਮ ਕਮਾਏ ॥

ਹਰੀ ਨਾਮ ਦਾ ਸਿਮਰਨ ਛੱਡ ਕੇ ਹੋਰ ਬਥੇਰੇ ਕਰਮ ਕਾਂਡ ਕਰਦਾ ਰਹੇ.

ਪੂਰਬ ਲਿਖਿਆ ਸੁ ਮੇਟਣਾ ਨ ਜਾਏ ॥

(ਇਸ ਤਰ੍ਹਾਂ) ਪਹਿਲਾਂ (ਕੀਤੇ ਕਰਮਾਂ ਦੇ ਚੰਗੇ ਮੰਦੇ ਸੰਸਕਾਰ ਜੋ ਮਨ ਤੇ) ਲਿਖੇ ਗਏ (ਹਨ, ਤੇ ਜਨਮ ਜਨਮ ਵਿਚ ਭਵਾਉਂਦੇ ਫਿਰਦੇ ਹਨ) ਮਿਟ ਨਹੀਂ ਸਕਦੇ।

ਨਾਨਕ ਬਿਨੁ ਸਤਿਗੁਰ ਸੇਵੇ ਮੋਖੁ ਨ ਪਾਏ ॥੩॥

ਹੇ ਨਾਨਕ! (ਸੱਚ ਤਾਂ ਇਹ ਹੈ ਕਿ) ਸਤਿਗੁਰੂ ਦੀ ਦੱਸੀ ਕਾਰ ਕਰਨ ਤੋਂ ਬਿਨਾ (ਮਾਇਆ ਦੇ ਮੋਹ ਤੋਂ) ਛੁਟਕਾਰਾ ਹੋ ਹੀ ਨਹੀਂ ਸਕਦਾ ॥੩॥


Also Read  ਸਾਰੰਗ ਕੀ ਵਾਰ (ਮਹਲਾ 4)