ਸਾਰੰਗ ਕੀ ਵਾਰ (ਮਹਲਾ 4)-Sarang ki vaar (Mahalla 4) Path in Punjabi Gurbani

ਸਾਰੰਗ ਕੀ ਵਾਰ (ਮਹਲਾ 4) – Sarang ki vaar (Mahalla 4) Path in Punjabi Gurbani

ਸਾਰੰਗ ਕੀ ਵਾਰ ਮਹਲਾ ੪ ਰਾਇ ਮਹਮੇ ਹਸਨੇ ਕੀ ਧੁਨਿ ॥

ਇਹ ਸਾਰੰਗ ਦੀ ਵਾਰ ਮਹਮਾ ਤੇ ਹਸਨਾ ਦੀ ਧੁਨ ਅਨੁਸਾਰ ਗਾਈ ਜਾਏ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਲੋਕ ਮਹਲਾ ੨ ॥

ਰਾਗ ਸਾਰੰਗ ਵਿੱਚ ਗੁਰੂ ਅੰਗਦੇਵ ਜੀ ਦੀ ਬਾਣੀ ‘ਸਲੋਕ’।

ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ ॥

(ਮਨੁੱਖ ਦਾ) ਮਨ (ਮਾਨੋ) ਕੋਠਾ ਹੈ ਤੇ ਸਰੀਰ (ਇਸ ਕੋਠੇ ਦਾ) ਛੱਤ ਹੈ, (ਮਾਇਆ ਦੀ) ਪਾਹ (ਇਸ ਮਨ-ਕੋਠੇ ਨੂੰ) ਜੰਦਰਾ (ਵੱਜਾ ਹੋਇਆ) ਹੈ, (ਇਸ ਜੰਦਰੇ ਨੂੰ ਖੋਲ੍ਹਣ ਲਈ) ਗੁਰੁ ਕੁੰਜੀ ਹੈ (ਭਾਵ, ਮਨ ਤੋਂ ਮਾਇਆ ਦਾ ਪ੍ਰਭਾਵ ਗੁਰੂ ਹੀ ਦੂਰ ਕਰ ਸਕਦਾ ਹੈ)।

ਨਾਨਕ ਗੁਰ ਬਿਨੁ ਮਨ ਕਾ ਤਾਕੁ ਨ ਉਘੜੈ ਅਵਰ ਨ ਕੁੰਜੀ ਹਥਿ ॥੧॥

ਹੇ ਨਾਨਕ! ਸਤਿਗੁਰੂ ਤੋਂ ਬਿਨਾ ਮਨ ਦਾ ਬੂਹਾ ਖੁਲ੍ਹ ਨਹੀਂ ਸਕਦਾ, ਤੇ ਕਿਸੇ ਹੋਰ ਦੇ ਹੱਥ ਵਿਚ (ਇਸ ਦੀ) ਕੁੰਜੀ ਨਹੀਂ ਹੈ ॥੧॥


ਮਹਲਾ ੧ ॥
ਨ ਭੀਜੈ ਰਾਗੀ ਨਾਦੀ ਬੇਦਿ ॥

ਰਾਗ ਗਾਣ ਨਾਲ, ਨਾਦ ਵਜਾਣ ਨਾਲ ਜਾਂ ਵੇਦ (ਆਦਿਕ ਧਰਮ-ਪੁਸਤਕ) ਪੜ੍ਹਨ ਨਾਲ ਪਰਮਾਤਮਾ ਪ੍ਰਸੰਨ ਨਹੀਂ ਹੁੰਦਾ;

ਨ ਭੀਜੈ ਸੁਰਤੀ ਗਿਆਨੀ ਜੋਗਿ ॥

ਨਾਹ ਹੀ, ਸਮਾਧੀ ਲਾਇਆਂ ਗਿਆਨ-ਚਰਚਾ ਕੀਤਿਆ ਜਾਂ ਜੋਗ ਦਾ ਕੋਈ ਸਾਧਨ ਕੀਤਿਆਂ ਪਰਮਾਤਮਾ ਪ੍ਰਸੰਨ ਹੁੰਦਾ ਹੈ।

ਨ ਭੀਜੈ ਸੋਗੀ ਕੀਤੈ ਰੋਜਿ ॥

ਨਾਹ ਹੀ ਉਹ ਤ੍ਰੁਠਦਾ ਹੈ ਨਿਤ ਸੋਗ ਕੀਤਿਆਂ (ਜਿਵੇਂ ਸ੍ਰਾਵਗ ਸਰੇਵੜੇ ਕਰਦੇ ਹਨ);

ਨ ਭੀਜੈ ਰੂਪਂੀ ਮਾਲਂੀ ਰੰਗਿ ॥

ਰੂਪ, ਮਾਲ-ਧਨ ਤੇ ਰੰਗ-ਤਮਾਸ਼ੇ ਵਿਚ ਰੁੱਝਿਆਂ ਭੀ ਪ੍ਰਭੂ (ਜੀਵ ਉਤੇ) ਖ਼ੁਸ਼ ਨਹੀਂ ਹੁੰਦਾ;

ਨ ਭੀਜੈ ਤੀਰਥਿ ਭਵਿਐ ਨੰਗਿ ॥

ਨਾਹ ਹੀ ਉਹ ਭਿੱਜਦਾ ਹੈ ਤੀਰਥ ਤੇ ਨ੍ਹਾਤਿਆਂ ਜਾਂ ਨੰਗੇ ਭਵਿਆਂ।

ਨ ਭੀਜੈ ਦਾਤਂੀ ਕੀਤੈ ਪੁੰਨਿ ॥

ਦਾਨ-ਪੁੰਨ ਕੀਤਿਆਂ ਭੀ ਰੱਬ ਰੀਝਦਾ ਨਹੀਂ,

ਨ ਭੀਜੈ ਬਾਹਰਿ ਬੈਠਿਆ ਸੁੰਨਿ ॥

ਤੇ ਬਾਹਰ (ਜੰਗਲਾਂ ਵਿਚ) ਸੁੰਨ-ਮੁੰਨ ਬੈਠਿਆਂ ਭੀ ਨਹੀਂ ਪਸੀਜਦਾ।

ਨ ਭੀਜੈ ਭੇੜਿ ਮਰਹਿ ਭਿੜਿ ਸੂਰ ॥

ਜੋਧੇ ਲੜਾਈ ਵਿਚ ਲੜ ਕੇ ਮਰਦੇ ਹਨ (ਇਸ ਤਰ੍ਹਾਂ ਭੀ) ਪ੍ਰਭੂ ਪ੍ਰਸੰਨ ਨਹੀਂ ਹੁੰਦਾ,

ਨ ਭੀਜੈ ਕੇਤੇ ਹੋਵਹਿ ਧੂੜ ॥

ਕਈ ਬੰਦੇ (ਸੁਆਹ ਆਦਿਕ ਮਲ ਕੇ) ਮਿੱਟੀ ਵਿਚ ਲਿੱਬੜਦੇ ਹਨ (ਇਸ ਤਰ੍ਹਾਂ ਭੀ ਉਹ) ਖ਼ੁਸ਼ ਨਹੀਂ ਹੁੰਦਾ।

ਲੇਖਾ ਲਿਖੀਐ ਮਨ ਕੈ ਭਾਇ ॥

(ਜੀਵਾਂ ਦੇ ਚੰਗੇ ਮੰਦੇ ਹੋਣ ਦੀ) ਪਰਖ ਮਨ ਦੀ ਭਾਵਨਾ ਅਨੁਸਾਰ ਕੀਤੀ ਜਾਂਦੀ ਹੈ।

ਨਾਨਕ ਭੀਜੈ ਸਾਚੈ ਨਾਇ ॥੨॥

ਹੇ ਨਾਨਕ! ਪਰਮਾਤਮਾ ਪ੍ਰਸੰਨ ਹੁੰਦਾ ਹੈ ਜੇ ਉਸ ਸਦਾ ਕਾਇਮ ਰਹਿਣ ਵਾਲੇ ਦੇ ਨਾਮ ਵਿਚ (ਜੁੜੀਏ) ॥੨॥


ਮਹਲਾ ੧ ॥
ਨਵ ਛਿਅ ਖਟ ਕਾ ਕਰੇ ਬੀਚਾਰੁ ॥

ਜੋ ਮਨੁੱਖ (ਇਤਨਾ ਵਿਦਵਾਨ ਹੋਵੇ ਕਿ) ਨੌ ਵਿਆਕਰਣਾਂ, ਛੇ ਸ਼ਾਸਤ੍ਰਾਂ ਤੇ ਛੇ ਵੇਦਾਂਗ ਦੀ ਵਿਚਾਰ ਕਰੇ (ਭਾਵ, ਇਹਨਾਂ ਪੁਸਤਕਾਂ ਦੇ ਅਰਥ ਸਮਝ ਲਏ),

ਨਿਸਿ ਦਿਨ ਉਚਰੈ ਭਾਰ ਅਠਾਰ ॥

ਅਠਾਰਾਂ ਪਰਵਾਂ ਵਾਲੇ ਮਹਾਭਾਰਤ ਗ੍ਰੰਥ ਨੂੰ ਦਿਨ ਰਾਤ ਪੜ੍ਹਦਾ ਰਹੇ,

ਤਿਨਿ ਭੀ ਅੰਤੁ ਨ ਪਾਇਆ ਤੋਹਿ ॥

ਉਸ ਨੇ ਭੀ (ਹੇ ਪ੍ਰਭੂ!) ਤੇਰਾ ਅੰਤ ਨਹੀਂ ਪਾਇਆ,

ਨਾਮ ਬਿਹੂਣ ਮੁਕਤਿ ਕਿਉ ਹੋਇ ॥

(ਤੇਰੇ) ਨਾਮ ਤੋਂ ਬਿਨਾ ਮਨ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਨਹੀਂ ਕਰ ਸਕਦਾ।

ਨਾਭਿ ਵਸਤ ਬ੍ਰਹਮੈ ਅੰਤੁ ਨ ਜਾਣਿਆ ॥

ਕਮਲ ਦੀ ਨਾਭੀ ਵਿਚ ਵੱਸਦਾ ਬ੍ਰਹਮਾ ਪਰਮਾਤਮਾ ਦੇ ਗੁਣਾਂ ਦਾ ਅੰਦਾਜ਼ਾ ਨਾਹ ਲਾ ਸਕਿਆ।

ਗੁਰਮੁਖਿ ਨਾਨਕ ਨਾਮੁ ਪਛਾਣਿਆ ॥੩॥

ਹੇ ਨਾਨਕ! ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਹੀ (ਪ੍ਰਭੂ ਦਾ) ਨਾਮ (ਸਿਮਰਨ ਦਾ ਮਹਾਤਮ) ਸਮਝਿਆ ਜਾ ਸਕਦਾ ਹੈ ॥੩॥


ਪਉੜੀ ॥
ਆਪੇ ਆਪਿ ਨਿਰੰਜਨਾ ਜਿਨਿ ਆਪੁ ਉਪਾਇਆ ॥

ਮਾਇਆ-ਰਹਿਤ ਪ੍ਰਭੂ ਆਪ ਹੀ (ਜਗਤ ਦਾ ਮੂਲ) ਹੈ ਉਸਨੇ ਆਪਣੇ ਆਪ ਨੂੰ (ਜਗਤ ਦੇ ਰੂਪ ਵਿਚ) ਪਰਗਟ ਕੀਤਾ ਹੈ;

ਆਪੇ ਖੇਲੁ ਰਚਾਇਓਨੁ ਸਭੁ ਜਗਤੁ ਸਬਾਇਆ ॥

ਇਹ ਸਾਰਾ ਹੀ ਜਗਤ-ਤਮਾਸ਼ਾ ਉਸ ਨੇ ਆਪ ਹੀ ਰਚਿਆ ਹੈ।

ਤ੍ਰੈ ਗੁਣ ਆਪਿ ਸਿਰਜਿਅਨੁ ਮਾਇਆ ਮੋਹੁ ਵਧਾਇਆ ॥

ਮਾਇਆ ਦੇ ਤਿੰਨ ਗੁਣ ਉਸ ਨੇ ਆਪ ਹੀ ਬਣਾਏ ਹਨ (ਤੇ ਜਗਤ ਵਿਚ) ਮਾਇਆ ਦਾ ਮੋਹ (ਭੀ ਉਸ ਨੇ ਆਪ ਹੀ) ਪ੍ਰਬਲ ਕੀਤਾ ਹੈ,

ਗੁਰਪਰਸਾਦੀ ਉਬਰੇ ਜਿਨ ਭਾਣਾ ਭਾਇਆ ॥

(ਇਸ ਤ੍ਰੈ-ਗੁਣੀ ਮਾਇਆ ਦੇ ਮੋਹ ਵਿਚੋਂ ਸਿਰਫ਼) ਉਹ (ਜੀਵ) ਬਚਦੇ ਹਨ ਜਿਨ੍ਹਾਂ ਨੂੰ ਸਤਿਗੁਰੂ ਦੀ ਕਿਰਪਾ ਨਾਲ (ਪ੍ਰਭੂ ਦੀ) ਰਜ਼ਾ ਮਿੱਠੀ ਲੱਗਦੀ ਹੈ।

ਨਾਨਕ ਸਚੁ ਵਰਤਦਾ ਸਭ ਸਚਿ ਸਮਾਇਆ ॥੧॥

ਹੇ ਨਾਨਕ! ਸਦਾ ਕਾਇਮ ਰਹਿਣ ਵਾਲਾ ਪ੍ਰਭੂ (ਹਰ ਥਾਂ) ਮੌਜੂਦ ਹੈ, ਤੇ ਸਾਰੀ ਸ੍ਰਿਸ਼ਟੀ ਉਸ ਸਦਾ-ਥਿਰ ਵਿਚ ਟਿੱਕੀ ਹੋਈ ਹੈ (ਭਾਵ, ਉਸ ਦੇ ਹੁਕਮ ਦੇ ਅੰਦਰ ਰਹਿੰਦੀ ਹੈ) ॥੧॥


ਸਲੋਕ ਮਹਲਾ ੨ ॥
ਆਪਿ ਉਪਾਏ ਨਾਨਕਾ ਆਪੇ ਰਖੈ ਵੇਕ ॥

ਹੇ ਨਾਨਕ! ਪ੍ਰਭੂ ਆਪ (ਜੀਵਾਂ ਨੂੰ) ਪੈਦਾ ਕਰਦਾ ਹੈ ਤੇ ਆਪ ਹੀ (ਇਹਨਾਂ ਨੂੰ) ਵਖੋ ਵਖ (ਸੁਭਾਉ ਵਾਲੇ) ਰੱਖਦਾ ਹੈ;

ਮੰਦਾ ਕਿਸ ਨੋ ਆਖੀਐ ਜਾਂ ਸਭਨਾ ਸਾਹਿਬੁ ਏਕੁ ॥

(ਪਰ) ਸਭ ਜੀਵਾਂ ਦਾ ਖਸਮ ਇਕ (ਆਪ) ਹੀ ਹੈ (ਇਸ ਵਾਸਤੇ) ਕਿਸੇ ਜੀਵ ਨੂੰ ਭੈੜਾ ਨਹੀਂ ਆਖਿਆ ਜਾ ਸਕਦਾ।

ਸਭਨਾ ਸਾਹਿਬੁ ਏਕੁ ਹੈ ਵੇਖੈ ਧੰਧੈ ਲਾਇ ॥

ਪ੍ਰਭੂ ਆਪ ਹੀ ਸਭ ਜੀਵਾਂ ਦਾ ਖਸਮ ਹੈ, (ਆਪ ਹੀ ਜੀਵਾਂ ਨੂੰ) ਧੰਧੇ ਵਿਚ ਜੋੜ ਕੇ (ਆਪ ਹੀ) ਵੇਖ ਰਿਹਾ ਹੈ;

ਕਿਸੈ ਥੋੜਾ ਕਿਸੈ ਅਗਲਾ ਖਾਲੀ ਕੋਈ ਨਾਹਿ ॥

ਕੋਈ ਜੀਵ (ਮਾਇਆ ਦੇ ਧੰਧੇ ਤੋਂ) ਬਚਿਆ ਹੋਇਆ ਨਹੀਂ, ਕਿਸੇ ਨੂੰ ਥੋੜ੍ਹਾ ਤੇ ਕਿਸੇ ਨੂੰ ਬਹੁਤਾ (ਧੰਧਾ ਉਸ ਨੇ ਚਮੋੜਿਆ ਹੋਇਆ) ਹੈ।

ਆਵਹਿ ਨੰਗੇ ਜਾਹਿ ਨੰਗੇ ਵਿਚੇ ਕਰਹਿ ਵਿਥਾਰ ॥

(ਜੀਵ ਜਗਤ ਵਿਚ) ਖ਼ਾਲੀ-ਹੱਥ ਆਉਂਦੇ ਹਨ ਤੇ ਖ਼ਾਲੀ-ਹੱਥ (ਇਥੋਂ) ਤੁਰ ਜਾਂਦੇ ਹਨ, ਇਹ ਵੇਖ ਕੇ ਭੀ (ਮਾਇਆ ਦੇ) ਖਿਲਾਰ ਖਿਲਾਰੀ ਜਾਂਦੇ ਹਨ।

ਨਾਨਕ ਹੁਕਮੁ ਨ ਜਾਣੀਐ ਅਗੈ ਕਾਈ ਕਾਰ ॥੧॥

ਹੇ ਨਾਨਕ! (ਇਥੋਂ ਜਾ ਕੇ) ਪਰਲੋਕ ਵਿਚ ਕਿਹੜੀ ਕਾਰ (ਕਰਨ ਨੂੰ) ਮਿਲੇਗੀ-(ਇਸ ਸੰਬੰਧੀ ਪ੍ਰਭੂ ਦਾ) ਹੁਕਮ ਨਹੀਂ ਜਾਣਿਆ ਜਾ ਸਕਦਾ ॥੧॥


ਮਹਲਾ ੧ ॥
ਜਿਨਸਿ ਥਾਪਿ ਜੀਆਂ ਕਉ ਭੇਜੈ ਜਿਨਸਿ ਥਾਪਿ ਲੈ ਜਾਵੈ ॥

ਭਾਂਤ ਭਾਂਤ ਦੇ ਸਰੀਰ ਬਣਾ ਬਣਾ ਕੇ ਪ੍ਰਭੂ ਆਪ ਹੀ ਜੀਵਾਂ ਨੂੰ (ਜਗਤ ਵਿਚ) ਘੱਲਦਾ ਹੈ ਤੇ (ਫਿਰ ਇਥੋਂ) ਲੈ ਜਾਂਦਾ ਹੈ;

ਆਪੇ ਥਾਪਿ ਉਥਾਪੈ ਆਪੇ ਏਤੇ ਵੇਸ ਕਰਾਵੈ ॥

ਪ੍ਰਭੂ ਆਪ ਹੀ ਪੈਦਾ ਕਰਦਾ ਹੈ ਆਪ ਹੀ ਨਾਸ ਕਰਦਾ ਹੈ, ਇਹ ਕਈ ਕਿਸਮਾਂ ਦੇ (ਜੀਵਾਂ ਦੇ) ਰੂਪ ਆਪ ਹੀ ਬਣਾਂਦਾ ਹੈ।

ਜੇਤੇ ਜੀਅ ਫਿਰਹਿ ਅਉਧੂਤੀ ਆਪੇ ਭਿਖਿਆ ਪਾਵੈ ॥

ਇਹ ਸਾਰੇ ਹੀ ਜੀਵ (ਜੋ ਜਗਤ ਵਿਚ) ਤੁਰਦੇ ਫਿਰਦੇ ਹਨ (ਇਹ ਸਾਰੇ ਪ੍ਰਭੂ ਦੇ ਦਰ ਦੇ) ਮੰਗਤੇ ਹਨ, ਪ੍ਰਭੂ ਆਪ ਹੀ ਇਹਨਾਂ ਨੂੰ ਖ਼ੈਰ ਪਾਂਦਾ ਹੈ।

ਲੇਖੈ ਬੋਲਣੁ ਲੇਖੈ ਚਲਣੁ ਕਾਇਤੁ ਕੀਚਹਿ ਦਾਵੇ ॥

ਹਰੇਕ ਜੀਵ ਦਾ ਬੋਲਣਾ ਚੱਲਣਾ ਗਿਣੇ-ਮਿਥੇ ਸਮੇ ਲਈ ਹੈ, ਕਾਹਦੇ ਲਈ ਇਹ ਮੱਲਾਂ ਮੱਲੀਆਂ ਜਾ ਰਹੀਆਂ ਹਨ?

ਮੂਲੁ ਮਤਿ ਪਰਵਾਣਾ ਏਹੋ ਨਾਨਕੁ ਆਖਿ ਸੁਣਾਏ ॥

ਨਾਨਕ ਆਖ ਕੇ ਸੁਣਾਂਦਾ ਹੈ ਕਿ ਅਕਲ ਦੀ ਮੰਨੀ-ਪ੍ਰਮੰਨੀ ਸਿਰੇ ਦੀ ਗੱਲ ਇਹੀ ਹੈ;

ਕਰਣੀ ਉਪਰਿ ਹੋਇ ਤਪਾਵਸੁ ਜੇ ਕੋ ਕਹੈ ਕਹਾਏ ॥੨॥

ਭਾਵੇਂ ਹੋਰ ਜੋ ਕੁਝ ਭੀ ਕੋਈ ਆਖੇ (ਪਿਆ ਆਖੇ, ਅਸਲ ਗੱਲ ਇਹ ਹੈ ਕਿ) ਹਰੇਕ ਦੇ ਆਪਣੇ ਕੀਤੇ ਕਰਮਾਂ ਅਨੁਸਾਰ ਨਿਬੇੜਾ ਹੁੰਦਾ ਹੈ ॥੨॥


ਪਉੜੀ ॥
ਗੁਰਮੁਖਿ ਚਲਤੁ ਰਚਾਇਓਨੁ ਗੁਣ ਪਰਗਟੀ ਆਇਆ ॥

(ਪ੍ਰਭੂ ਦੀ ਜਗਤ-ਰਚਨਾ ਵਿਚ) ਕੋਈ ਮਨੁੱਖ ਗੁਰੂ ਦੇ ਸਨਮੁਖ ਹੈ ਇਹ ਕੌਤਕ ਭੀ ਉਸ (ਪ੍ਰਭੂ) ਨੇ (ਹੀ) ਰਚਾਇਆ ਹੈ (ਗੁਰਮੁਖਿ ਮਨੁੱਖ ਵਿਚ ਪ੍ਰਭੂ ਨੇ ਆਪਣੇ) ਗੁਣ ਪਰਗਟ ਕੀਤੇ ਹਨ,

ਗੁਰਬਾਣੀ ਸਦ ਉਚਰੈ ਹਰਿ ਮੰਨਿ ਵਸਾਇਆ ॥

(ਜਿਨ੍ਹਾਂ ਦੀ ਬਰਕਤਿ ਨਾਲ ਉਹ ਗੁਰਮੁਖਿ) ਸਦਾ ਸਤਿਗੁਰੂ ਦੀ ਬਾਣੀ ਉਚਾਰਦਾ ਹੈ ਤੇ ਪ੍ਰਭੂ ਨੂੰ ਮਨ ਵਿਚ ਵਸਾਈ ਰੱਖਦਾ ਹੈ,

ਸਕਤਿ ਗਈ ਭ੍ਰਮੁ ਕਟਿਆ ਸਿਵ ਜੋਤਿ ਜਗਾਇਆ ॥

ਉਸ ਦੇ ਅੰਦਰ ਰੱਬੀ ਜੋਤਿ ਜਗ ਪੈਂਦੀ ਹੈ, (ਉਸ ਦੇ ਅੰਦਰੋਂ) ਮਾਇਆ (ਦਾ ਹਨੇਰਾ) ਦੂਰ ਹੋ ਜਾਂਦਾ ਹੈ ਤੇ ਭਟਕਣਾ ਮੁੱਕ ਜਾਂਦੀ ਹੈ (ਭਾਵ, ਜ਼ਿੰਦਗੀ ਦੇ ਰਾਹ ਤੇ ਉਹ ਮਾਇਆ ਦੇ ਹਨੇਰੇ ਵਿਚ ਠੇਡੇ ਨਹੀਂ ਖਾਂਦਾ)।

ਜਿਨ ਕੈ ਪੋਤੈ ਪੁੰਨੁ ਹੈ ਗੁਰੁ ਪੁਰਖੁ ਮਿਲਾਇਆ ॥

ਜਿਨ੍ਹਾਂ ਦੇ ਭਾਗਾਂ ਵਿਚ (ਪਿਛਲੀ ਕੀਤੀ) ਨੇਕ ਕਮਾਈ ਹੈ (ਉਹਨਾਂ ਨੂੰ ਪ੍ਰਭੂ) ਮਹਾਂ ਪੁਰਖ ਸਤਿਗੁਰੂ ਮਿਲਾ ਦੇਂਦਾ ਹੈ;

ਨਾਨਕ ਸਹਜੇ ਮਿਲਿ ਰਹੇ ਹਰਿ ਨਾਮਿ ਸਮਾਇਆ ॥੨॥

ਤੇ, ਹੇ ਨਾਨਕ! ਉਹ ਆਤਮਕ ਅਡੋਲਤਾ ਵਿਚ ਟਿੱਕ ਕੇ (ਪ੍ਰਭੂ ਵਿਚ) ਮਿਲੇ ਰਹਿੰਦੇ ਹਨ, ਪ੍ਰਭੂ ਦੇ ਨਾਮ ਵਿਚ ਟਿਕੇ ਰਹਿੰਦੇ ਹਨ ॥੨॥


ਸਲੋਕ ਮਹਲਾ ੨ ॥
ਸਾਹ ਚਲੇ ਵਣਜਾਰਿਆ ਲਿਖਿਆ ਦੇਵੈ ਨਾਲਿ ॥

ਸ਼ਾਹ (-ਪ੍ਰਭੂ) ਦੇ (ਘੱਲੇ ਹੋਏ ਜੋ ਜੋ ਜੀਵ-) ਵਪਾਰੀ (ਸ਼ਾਹ ਪਾਸੋਂ) ਤੁਰ ਪੈਂਦੇ ਹਨ (ਤੇ ਇਥੇ ਜਗਤ ਵਿਚ ਆਉਂਦੇ ਹਨ, ਉਹਨਾਂ ਨੂੰ ਪ੍ਰਭੂ ਉਹਨਾਂ ਦੇ ਕੀਤੇ ਕਰਮਾਂ ਅਨੁਸਾਰ ਮੱਥੇ ਤੇ) ਲਿਖਿਆ ਹੋਇਆ ਲੇਖ ਨਾਲ ਦੇ ਕੇ ਤੋਰਦਾ ਹੈ।

ਲਿਖੇ ਉਪਰਿ ਹੁਕਮੁ ਹੋਇ ਲਈਐ ਵਸਤੁ ਸਮੑਾਲਿ ॥

ਉਸ ਲਿਖੇ ਲੇਖ ਅਨੁਸਾਰ ਪ੍ਰਭੂ ਦਾ ਹੁਕਮ ਵਰਤਦਾ ਹੈ ਤੇ ਨਾਮ-ਰੂਪ ਵੱਖਰ ਸੰਭਾਲ ਲਈਦਾ ਹੈ।

ਵਸਤੁ ਲਈ ਵਣਜਾਰਈ ਵਖਰੁ ਬਧਾ ਪਾਇ ॥

ਜੋ ਮਨੁੱਖ ਨਾਮ ਦਾ ਵਣਜ ਕਰਦੇ ਹਨ ਉਹਨਾਂ ਨਾਮ-ਪਦਾਰਥ ਹਾਸਲ ਕਰ ਲਿਆ ਤੇ ਪ੍ਰਾਪਤ ਕਰ ਕੇ ਪੱਲੇ ਬੰਨ੍ਹ ਲਿਆ।

ਕੇਈ ਲਾਹਾ ਲੈ ਚਲੇ ਇਕਿ ਚਲੇ ਮੂਲੁ ਗਵਾਇ ॥

ਕਈ (ਜੀਵ-ਵਪਾਰੀ ਇਥੋਂ) ਨਫ਼ਾ ਖੱਟ ਕੇ ਜਾਂਦੇ ਹਨ, ਪਰ ਕਈ ਅਸਲ ਰਾਸਿ-ਪੂੰਜੀ ਭੀ ਗਵਾ ਜਾਂਦੇ ਹਨ।

ਥੋੜਾ ਕਿਨੈ ਨ ਮੰਗਿਓ ਕਿਸੁ ਕਹੀਐ ਸਾਬਾਸਿ ॥

(ਦੋਹਾਂ ਧਿਰਾਂ ਵਿਚੋਂ) ਘੱਟ ਚੀਜ਼ ਕਿਸੇ ਨੇ ਨਹੀਂ ਮੰਗੀ (ਭਾਵ, ਨਾਮ-ਵਪਾਰੀਆਂ ਨੂੰ ‘ਨਾਮ’ ਬਹੁਤ ਪਿਆਰਾ ਲੱਗਦਾ ਹੈ ਤੇ ਮਾਇਆ-ਧਾਰੀ ਨੂੰ ਮਾਇਆ)। ਫਿਰ, ਇਹਨਾਂ ਵਿਚੋਂ ਸ਼ਾਬਾਸ਼ੇ ਕਿਸ ਨੇ ਖੱਟੀ (ਮਿਹਰ ਦੀ ਨਜ਼ਰ ਕਿਸੇ ਤੇ ਹੋਈ)?

ਨਦਰਿ ਤਿਨਾ ਕਉ ਨਾਨਕਾ ਜਿ ਸਾਬਤੁ ਲਾਏ ਰਾਸਿ ॥੧॥

ਮਿਹਰ ਦੀ ਨਜ਼ਰ, ਹੇ ਨਾਨਕ! ਉਹਨਾਂ ਤੇ ਹੋਈ ਜਿਨ੍ਹਾਂ ਨੇ (ਸੁਆਸਾਂ ਦੀ) ਸਾਰੀ ਰਾਸਿ-ਪੂੰਜੀ (ਨਾਮ ਦਾ ਵਪਾਰ ਕਰਨ ਵਿਚ) ਲਾ ਦਿੱਤੀ ॥੧॥


ਮਹਲਾ ੧ ॥
ਜੁੜਿ ਜੁੜਿ ਵਿਛੁੜੇ ਵਿਛੁੜਿ ਜੁੜੇ ॥

ਆਤਮਾ ਤੇ ਸਰੀਰ ਇਕੱਠੇ ਹੋ ਕੇ ਵਿੱਛੁੜ ਜਾਂਦੇ ਹਨ, ਵਿੱਛੁੜ ਕੇ ਫਿਰ ਮਿਲਦੇ ਹਨ,

ਜੀਵਿ ਜੀਵਿ ਮੁਏ ਮੁਏ ਜੀਵੇ ॥

(ਭਾਵ) ਜੀਵ ਜੰਮਦੇ ਹਨ ਮਰਦੇ ਹਨ, ਮਰਦੇ ਹਨ ਫਿਰ ਜੰਮਦੇ ਹਨ।

ਕੇਤਿਆ ਕੇ ਬਾਪ ਕੇਤਿਆ ਕੇ ਬੇਟੇ ਕੇਤੇ ਗੁਰ ਚੇਲੇ ਹੂਏ ॥

(ਇਹ ਜੰਮਣ ਮਰਨ ਦਾ ਸਿਲਸਿਲਾ ਇਤਨਾ ਲੰਮਾ ਹੁੰਦਾ ਹੈ ਕਿ ਜੀਵ ਇਸ ਗੇੜ ਵਿਚ) ਕਈਆਂ ਦੇ ਪਿਉ ਤੇ ਕਈਆਂ ਦੇ ਪੁੱਤਰ ਬਣਦੇ ਹਨ, ਕਈ (ਵਾਰੀ) ਗੁਰੂ ਤੇ ਚੇਲੇ ਬਣਦੇ ਹਨ।

ਆਗੈ ਪਾਛੈ ਗਣਤ ਨ ਆਵੈ ਕਿਆ ਜਾਤੀ ਕਿਆ ਹੁਣਿ ਹੂਏ ॥

ਇਹ ਲੇਖਾ ਗਿਣਿਆ ਨਹੀਂ ਜਾ ਸਕਦਾ ਕਿ ਜੋ ਕੁਝ ਅਸੀਂ ਹੁਣ ਐਸ ਵੇਲੇ ਹਾਂ ਇਸ ਤੋਂ ਪਹਿਲਾਂ ਅਸਾਡਾ ਕੀਹ ਜਨਮ ਸੀ ਤੇ ਅਗਾਂਹ ਕੀਹ ਹੋਵੇਗਾ।

ਸਭੁ ਕਰਣਾ ਕਿਰਤੁ ਕਰਿ ਲਿਖੀਐ ਕਰਿ ਕਰਿ ਕਰਤਾ ਕਰੇ ਕਰੇ ॥

ਪਰ ਇਹ ਸਾਰਾ ਜਗਤ (-ਰਚਨਾ-ਰੂਪ ਲੇਖਾ ਜੋ ਲਿਖਿਆ ਜਾ ਰਿਹਾ ਹੈ ਇਹ ਜੀਵਾਂ ਦੇ) ਕੀਤੇ ਕਰਮਾਂ ਅਨੁਸਾਰ ਲਿਖਿਆ ਜਾਂਦਾ ਹੈ, ਕਰਤਾਰ ਇਹ ਖੇਡ ਇਸ ਤਰ੍ਹਾਂ ਖੇਡੀ ਜਾ ਰਿਹਾ ਹੈ।

ਮਨਮੁਖਿ ਮਰੀਐ ਗੁਰਮੁਖਿ ਤਰੀਐ ਨਾਨਕ ਨਦਰੀ ਨਦਰਿ ਕਰੇ ॥੨॥

ਮਨਮੁਖ ਇਸ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ਤੇ ਗੁਰਮੁਖਿ ਇਸ ਵਿਚੋਂ ਪਾਰ ਲੰਘ ਜਾਂਦਾ ਹੈ ਕਿਉਂਕਿ, ਹੇ ਨਾਨਕ! ਮਿਹਰ ਦਾ ਮਾਲਕ ਪ੍ਰਭੂ ਉਸ ਉਤੇ ਮਿਹਰ ਦੀ ਨਜ਼ਰ ਕਰਦਾ ਹੈ ॥੨॥


ਪਉੜੀ ॥
ਮਨਮੁਖਿ ਦੂਜਾ ਭਰਮੁ ਹੈ ਦੂਜੈ ਲੋਭਾਇਆ ॥

ਮਨ ਦੇ ਮੁਰੀਦ ਮਨੁੱਖਾਂ ਨੂੰ ਹੋਰ ਪਾਸੇ ਦੀ ਲਟਕ ਲੱਗ ਜਾਂਦੀ ਹੈ, ਉਹਨਾਂ ਨੂੰ ਹੋਰ ਪਾਸੇ ਨੇ ਭਰਮਾ ਲਿਆ ਹੁੰਦਾ ਹੈ,

ਕੂੜੁ ਕਪਟੁ ਕਮਾਵਦੇ ਕੂੜੋ ਆਲਾਇਆ ॥

ਉਹ ਝੂਠ ਤੇ ਠੱਗੀ ਕਮਾਂਦੇ ਹਨ ਤੇ ਝੂਠ ਹੀ (ਮੂੰਹੋਂ) ਬੋਲਦੇ ਹਨ;

ਪੁਤ੍ਰ ਕਲਤ੍ਰੁ ਮੋਹੁ ਹੇਤੁ ਹੈ ਸਭੁ ਦੁਖੁ ਸਬਾਇਆ ॥

(ਉਹਨਾਂ ਦੇ ਮਨ ਵਿਚ) ਪੁਤ੍ਰਾਂ ਦਾ ਮੋਹ-ਪਿਆਰ (ਵੱਸਦਾ ਹੈ) (ਉਹਨਾਂ ਦੇ ਮਨ ਵਿਚ) ਇਸਤ੍ਰੀ (ਵੱਸਦੀ) ਹੈ (ਤੇ ਇਹ ਰਸਤਾ) ਨਿਰੋਲ ਦੁੱਖ ਦਾ (ਮੂਲ) ਹੈ;

ਜਮ ਦਰਿ ਬਧੇ ਮਾਰੀਅਹਿ ਭਰਮਹਿ ਭਰਮਾਇਆ ॥

(ਰੱਬ ਵਲੋਂ) ਭਰਮ ਵਿਚ ਪਾਏ ਹੋਏ (ਮਨਮੁਖ) ਠੇਡੇ ਖਾਂਦੇ ਹਨ, (ਮਾਨੋ) ਜਮ ਦੇ ਬੂਹੇ ਤੇ ਬੱਧੇ ਹੋਏ ਕੁੱਟ ਖਾ ਰਹੇ ਹਨ।

ਮਨਮੁਖਿ ਜਨਮੁ ਗਵਾਇਆ ਨਾਨਕ ਹਰਿ ਭਾਇਆ ॥੩॥

ਹੇ ਨਾਨਕ! ਮਨ ਦੇ ਮੁਰੀਦ ਮਨੁੱਖ (ਆਪਣੀ) ਜ਼ਿੰਦਗੀ ਅਜਾਈਂ ਗਵਾ ਲੈਂਦੇ ਹਨ, ਪ੍ਰਭੂ ਨੂੰ ਏਵੇਂ ਹੀ ਭਾਉਂਦਾ ਹੈ ॥੩॥


ਸਲੋਕ ਮਹਲਾ ੨ ॥
ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ ॥

(ਹੇ ਪ੍ਰਭੂ!) ਜਿਨ੍ਹਾਂ ਮਨੁੱਖਾਂ ਨੂੰ ਤੇਰੇ ਨਾਮ ਦੀ ਸੋਭਾ (ਕਰਨ ਦੀ ਸੁਭਾਗਤਾ) ਮਿਲੀ ਹੈ ਉਹ ਮਨੁੱਖ ਆਪਣੇ ਮਨ ਵਿਚ (ਤੇਰੇ ਨਾਮ ਦੇ ਰੰਗ ਨਾਲ) ਰੰਗੇ ਰਹਿੰਦੇ ਹਨ।

ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥

ਹੇ ਨਾਨਕ! (ਉਹਨਾਂ ਲਈ) ਇਕ ਨਾਮ ਹੀ ਅੰਮ੍ਰਿਤ ਹੈ ਹੋਰ ਕਿਸੇ ਚੀਜ਼ ਨੂੰ ਉਹ ਅੰਮ੍ਰਿਤ ਨਹੀਂ ਮੰਨਦੇ।

ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰਪਰਸਾਦਿ ॥

ਹੇ ਨਾਨਕ! (ਇਹ ਨਾਮ) ਅੰਮ੍ਰਿਤ (ਹਰੇਕ ਮਨੁੱਖ ਦੇ) ਮਨ ਵਿਚ ਹੀ ਹੈ, ਪਰ ਮਿਲਦਾ ਹੈ ਗੁਰੂ ਦੀ ਕਿਰਪਾ ਨਾਲ;

ਤਿਨੑੀ ਪੀਤਾ ਰੰਗ ਸਿਉ ਜਿਨੑ ਕਉ ਲਿਖਿਆ ਆਦਿ ॥੧॥

ਜਿਨ੍ਹਾਂ ਦੇ ਭਾਗਾਂ ਵਿਚ ਧੁਰੋਂ ਲਿਖਿਆ ਹੋਇਆ ਹੈ; ਉਹਨਾਂ ਨੇ ਹੀ ਸੁਆਦ ਨਾਲ ਪੀਤਾ ਹੈ ॥੧॥


ਮਹਲਾ ੨ ॥
ਕੀਤਾ ਕਿਆ ਸਾਲਾਹੀਐ ਕਰੇ ਸੋਇ ਸਾਲਾਹਿ ॥

ਪੈਦਾ ਕੀਤੇ ਹੋਏ ਜੀਵ ਦੀ ਵਡਿਆਈ ਕਰਨ ਦਾ ਕੀਹ ਲਾਭ? ਉਸ (ਪ੍ਰਭੂ) ਦੀ ਸਿਫ਼ਤ-ਸਾਲਾਹ ਕਰੋ ਜੋ (ਸਭ ਨੂੰ ਪੈਦਾ) ਕਰਦਾ ਹੈ;

ਨਾਨਕ ਏਕੀ ਬਾਹਰਾ ਦੂਜਾ ਦਾਤਾ ਨਾਹਿ ॥

(ਕਿਉਂਕਿ) ਹੇ ਨਾਨਕ! ਉਸ ਇਕ ਪ੍ਰਭੂ ਤੋਂ ਬਿਨਾ ਹੋਰ ਕੋਈ ਦਾਤਾ ਨਹੀਂ ਹੈ।

ਕਰਤਾ ਸੋ ਸਾਲਾਹੀਐ ਜਿਨਿ ਕੀਤਾ ਆਕਾਰੁ ॥

ਜਿਸ ਕਰਤਾਰ ਨੇ ਇਹ ਸਾਰਾ ਜਗਤ ਬਣਾਇਆ ਹੈ ਉਸ ਦੀ ਵਡਿਆਈ ਕਰੋ,

ਦਾਤਾ ਸੋ ਸਾਲਾਹੀਐ ਜਿ ਸਭਸੈ ਦੇ ਆਧਾਰੁ ॥

ਉਸ ਇਕ ਦਾਤਾਰ ਦੇ ਗੁਣ ਗਾਓ ਜੋ ਹਰੇਕ ਜੀਵ ਨੂੰ ਆਸਰਾ ਦੇਂਦਾ ਹੈ।

ਨਾਨਕ ਆਪਿ ਸਦੀਵ ਹੈ ਪੂਰਾ ਜਿਸੁ ਭੰਡਾਰੁ ॥

ਹੇ ਨਾਨਕ! ਉਹ ਪ੍ਰਭੂ ਆਪ ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਸਦਾ ਖ਼ਜ਼ਾਨਾ ਭੀ ਸਦਾ ਭਰਿਆ ਰਹਿੰਦਾ ਹੈ।

ਵਡਾ ਕਰਿ ਸਾਲਾਹੀਐ ਅੰਤੁ ਨ ਪਾਰਾਵਾਰੁ ॥੨॥

ਉਸ ਨੂੰ ਵੱਡਾ ਆਖੋ, ਉਸ ਦੀ ਵਡਿਆਈ ਕਰੋ, ਉਸ (ਦੀ ਵਡਿਆਈ) ਦਾ ਅੰਤ ਨਹੀਂ ਪੈ ਸਕਦਾ, ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੨॥


ਪਉੜੀ ॥
ਹਰਿ ਕਾ ਨਾਮੁ ਨਿਧਾਨੁ ਹੈ ਸੇਵਿਐ ਸੁਖੁ ਪਾਈ ॥

ਪਰਮਾਤਮਾ ਦਾ ਨਾਮ (ਸਾਰੇ ਸੁਖਾਂ ਦਾ) ਖ਼ਜ਼ਾਨਾ ਹੈ, ਜੇ ਨਾਮ ਸਿਮਰੀਏ ਤਾਂ ਸੁਖ ਮਿਲਦਾ ਹੈ।

ਨਾਮੁ ਨਿਰੰਜਨੁ ਉਚਰਾਂ ਪਤਿ ਸਿਉ ਘਰਿ ਜਾਂਈ ॥

ਮੈਂ ਮਾਇਆ-ਰਹਿਤ ਪ੍ਰਭੂ ਦਾ ਨਾਮ ਸਿਮਰਾਂ ਤੇ ਇੱਜ਼ਤ ਨਾਲ (ਆਪਣੇ) ਘਰ ਵਿਚ ਜਾਵਾਂ-

ਗੁਰਮੁਖਿ ਬਾਣੀ ਨਾਮੁ ਹੈ ਨਾਮੁ ਰਿਦੈ ਵਸਾਈ ॥

(ਗੁਰਮੁਖ ਦੀ ਸਦਾ ਇਹੀ ਤਾਂਘ ਹੁੰਦੀ ਹੈ) ਗੁਰਮੁਖ ਸਦਾ ਨਾਮ ਹੀ ਉਚਾਰਦਾ ਹੈ ਤੇ ਨਾਮ ਨੂੰ ਹਿਰਦੇ ਵਿਚ ਵਸਾਂਦਾ ਹੈ।

ਮਤਿ ਪੰਖੇਰੂ ਵਸਿ ਹੋਇ ਸਤਿਗੁਰੂ ਧਿਆੲਂੀ ॥

(ਜਿਉਂ ਜਿਉਂ) ਗੁਰੂ ਦੀ ਰਾਹੀਂ (ਗੁਰਮੁਖਿ) ਨਾਮ ਸਿਮਰਦਾ ਹੈ, ਪੰਛੀ (ਵਾਂਗ ਉਡਾਰੂ ਇਹ) ਮੱਤ (ਉਸ ਦੇ) ਵੱਸ ਵਿਚ ਆ ਜਾਂਦੀ ਹੈ।

ਨਾਨਕ ਆਪਿ ਦਇਆਲੁ ਹੋਇ ਨਾਮੇ ਲਿਵ ਲਾਈ ॥੪॥

ਹੇ ਨਾਨਕ! (ਗੁਰਮੁਖ ਉਤੇ) ਪ੍ਰਭੂ ਆਪ ਦਿਆਲ ਹੁੰਦਾ ਹੈ ਤੇ ਉਹ ਨਾਮ ਵਿਚ ਹੀ ਲਿਵ ਲਾਈ ਰੱਖਦਾ ਹੈ ॥੪॥


ਸਲੋਕ ਮਹਲਾ ੨ ॥
ਤਿਸੁ ਸਿਉ ਕੈਸਾ ਬੋਲਣਾ ਜਿ ਆਪੇ ਜਾਣੈ ਜਾਣੁ ॥

ਜੋ ਅੰਤਰਜਾਮੀ ਪ੍ਰਭੂ ਆਪ ਹੀ (ਹਰੇਕ ਦੇ ਦਿਲ ਦੀ) ਜਾਣਦਾ ਹੈ ਉਸ ਦੇ ਅੱਗੇ ਬੋਲਣਾ ਫਬਦਾ ਨਹੀਂ (ਭਾਵ, ਉਸ ਅੱਗੇ ਬੋਲਿਆ ਨਹੀਂ ਜਾ ਸਕਦਾ),

ਚੀਰੀ ਜਾ ਕੀ ਨਾ ਫਿਰੈ ਸਾਹਿਬੁ ਸੋ ਪਰਵਾਣੁ ॥

ਉਹ ਮੰਨਿਆ ਪ੍ਰਮੰਨਿਆ ਮਾਲਕ ਹੈ ਕਿਉਂਕਿ ਉਸ ਦਾ ਹੁਕਮ ਕੋਈ ਮੋੜ ਨਹੀਂ ਸਕਦਾ।

ਚੀਰੀ ਜਿਸ ਕੀ ਚਲਣਾ ਮੀਰ ਮਲਕ ਸਲਾਰ ॥

ਪਾਤਸ਼ਾਹ ਮਾਲਕ ਤੇ ਫ਼ੌਜਾਂ ਦੇ ਸਰਦਾਰ ਸਭ ਨੂੰ ਉਸ ਦੇ ਹੁਕਮ ਵਿਚ ਤੁਰਨਾ ਪੈਂਦਾ ਹੈ,

ਜੋ ਤਿਸੁ ਭਾਵੈ ਨਾਨਕਾ ਸਾਈ ਭਲੀ ਕਾਰ ॥

(ਇਸ ਵਾਸਤੇ) ਹੇ ਨਾਨਕ! ਉਹੀ ਕੰਮ ਚੰਗਾ (ਮੰਨਣਾ ਚਾਹੀਦਾ) ਹੈ ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ।

ਜਿਨੑਾ ਚੀਰੀ ਚਲਣਾ ਹਥਿ ਤਿਨੑਾ ਕਿਛੁ ਨਾਹਿ ॥

ਇਹਨਾਂ ਜੀਵਾਂ ਦੇ ਵੱਸ ਵਿਚ ਕੁਝ ਨਹੀਂ ਕਿਉਂਕਿ ਇਹਨਾਂ ਨੇ ਤਾਂ ਉਸ ਦੇ ਹੁਕਮ ਵਿਚ ਹੀ ਤੁਰਨਾ ਹੈ,

ਸਾਹਿਬ ਕਾ ਫੁਰਮਾਣੁ ਹੋਇ ਉਠੀ ਕਰਲੈ ਪਾਹਿ ॥

(ਜਿਸ ਵੇਲੇ) ਮਾਲਕ ਦਾ ਹੁਕਮ ਹੁੰਦਾ ਹੈ (ਇਹ ਜੀਵ) ਉੱਠ ਕੇ ਰਾਹੇ ਪੈ ਜਾਂਦੇ ਹਨ।

ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿ ॥

ਜਿਹੋ ਜਿਹਾ ਹੁਕਮ ਲਿਖਿਆ ਹੋਇਆ ਆਉਂਦਾ ਹੈ, (ਜੀਵ) ਉਸੇ ਤਰ੍ਹਾਂ ਹੁਕਮ ਦੀ ਪਾਲਣਾ ਕਰਦੇ ਹਨ।

ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ ॥੧॥

ਹੇ ਨਾਨਕ! (ਉਸ ਮਾਲਕ ਦੇ) ਭੇਜੇ ਹੋਏ (ਇਥੇ ਜਗਤ ਵਿਚ) ਆ ਜਾਂਦੇ ਹਨ ਤੇ ਉਸ ਦੇ ਬੁਲਾਏ ਹੋਏ (ਇਥੋਂ) ਉੱਠ ਕੇ ਤੁਰ ਪੈਂਦੇ ਹਨ ॥੧॥


ਮਹਲਾ ੨ ॥
ਸਿਫਤਿ ਜਿਨਾ ਕਉ ਬਖਸੀਐ ਸੇਈ ਪੋਤੇਦਾਰ ॥

ਉਹੀ ਮਨੁੱਖ ਅਸਲ ਖ਼ਜ਼ਾਨਿਆਂ ਦੇ ਮਾਲਕ ਹਨ, ਜਿਨ੍ਹਾਂ ਨੂੰ ਪ੍ਰਭੂ ਦੀ ਸਿਫ਼ਤ-ਸਾਲਾਹ (ਪ੍ਰਭੂ ਦੇ ਦਰ ਤੋਂ) ਬਖ਼ਸ਼ੀਸ਼ ਵਜੋਂ ਮਿਲੀ ਹੈ;

ਕੁੰਜੀ ਜਿਨ ਕਉ ਦਿਤੀਆ ਤਿਨੑਾ ਮਿਲੇ ਭੰਡਾਰ ॥

ਜਿਨ੍ਹਾਂ ਨੂੰ ਪ੍ਰਭੂ (ਨਾਮ ਦੇ ਖ਼ਜ਼ਾਨੇ ਦੀ) ਕੁੰਜੀ ਆਪ ਦੇਂਦਾ ਹੈ ਉਹਨਾਂ ਨੂੰ (ਸਿਫ਼ਤ-ਸਾਲਾਹ ਦੇ) ਖ਼ਜ਼ਾਨਿਆਂ ਦੇ ਖ਼ਜ਼ਾਨੇ ਮਿਲ ਜਾਂਦੇ ਹਨ।

ਜਹ ਭੰਡਾਰੀ ਹੂ ਗੁਣ ਨਿਕਲਹਿ ਤੇ ਕੀਅਹਿ ਪਰਵਾਣੁ ॥

(ਫਿਰ ਇਸ ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਜਿਨ੍ਹਾਂ (ਹਿਰਦੇ-ਰੂਪ) ਖ਼ਜ਼ਾਨਿਆਂ ਵਿਚੋਂ (ਪ੍ਰਭੂ ਦੇ) ਗੁਣ ਨਿਕਲਦੇ ਹਨ ਉਹ (ਪ੍ਰਭੂ ਦੇ ਦਰ ਤੇ) ਕਬੂਲ ਕੀਤੇ ਜਾਂਦੇ ਹਨ।

ਨਦਰਿ ਤਿਨੑਾ ਕਉ ਨਾਨਕਾ ਨਾਮੁ ਜਿਨੑਾ ਨੀਸਾਣੁ ॥੨॥

ਹੇ ਨਾਨਕ! ਜਿਨ੍ਹਾਂ ਦੇ ਪਾਸ ਪ੍ਰਭੂ ਦਾ ਨਾਮ (-ਰੂਪ) ਝੰਡਾ ਹੈ, ਉਹਨਾਂ ਉਤੇ ਮਿਹਰ ਦੀ ਨਿਗਾਹ ਹੁੰਦੀ ਹੈ ॥੨॥


ਪਉੜੀ ॥
ਨਾਮੁ ਨਿਰੰਜਨੁ ਨਿਰਮਲਾ ਸੁਣਿਐ ਸੁਖੁ ਹੋਈ ॥

(ਪ੍ਰਭੂ ਦਾ) ਨਾਮ ਮਾਇਆ (ਦੇ ਪ੍ਰਭਾਵ ਤੋਂ) ਰਹਿਤ ਹੈ ਤੇ ਪਵਿਤ੍ਰ ਹੈ, ਜੇ ਇਹ ਨਾਮ ਸੁਣੀਏ, ਤਾਂ ਸੁਖ (ਪ੍ਰਾਪਤ) ਹੁੰਦਾ ਹੈ,

ਸੁਣਿ ਸੁਣਿ ਮੰਨਿ ਵਸਾਈਐ ਬੂਝੈ ਜਨੁ ਕੋਈ ॥

(ਭਾਵ, ਜੇ ਇਸ ਨਾਮ ਵਿਚ ਸੁਰਤ ਜੋੜੀਏ) ਤੇ ਸੁਰਤ ਜੋੜ ਜੋੜ ਕੇ ਮਨ ਵਿਚ ਵਸਾ ਲਈਏ (ਤਾਂ ਸੁਖ ਮਿਲਦਾ ਹੈ ਪਰ) ਕੋਈ ਵਿਰਲਾ ਮਨੁੱਖ (ਇਸ ਗੱਲ ਨੂੰ) ਸਮਝਦਾ ਹੈ।

ਬਹਦਿਆ ਉਠਦਿਆ ਨ ਵਿਸਰੈ ਸਾਚਾ ਸਚੁ ਸੋਈ ॥

(ਜੋ ਗੁਰਮੁਖ ਇਹ ਗੱਲ ਸਮਝ ਲੈਂਦਾ ਹੈ ਉਸ ਨੂੰ) ਉਹ ਸਦਾ ਕਾਇਮ ਰਹਿਣ ਵਾਲਾ ਸੱਚਾ ਪ੍ਰਭੂ ਬੈਠਦਿਆਂ ਉੱਠਦਿਆਂ ਕਦੇ ਭੀ ਭੁੱਲਦਾ ਨਹੀਂ ਹੈ;

ਭਗਤਾ ਕਉ ਨਾਮ ਅਧਾਰੁ ਹੈ ਨਾਮੇ ਸੁਖੁ ਹੋਈ ॥

(ਗੁਰਮੁਖ) ਭਗਤਾਂ ਨੂੰ (ਆਤਮਕ ਜੀਵਨ ਲਈ) ਨਾਮ ਦਾ ਆਸਰਾ ਹੋ ਜਾਂਦਾ ਹੈ, ਨਾਮ ਵਿਚ ਜੁੜਿਆਂ ਹੀ ਉਹਨਾਂ ਨੂੰ ਸੁਖ (ਪ੍ਰਤੀਤ) ਹੁੰਦਾ ਹੈ।

ਨਾਨਕ ਮਨਿ ਤਨਿ ਰਵਿ ਰਹਿਆ ਗੁਰਮੁਖਿ ਹਰਿ ਸੋਈ ॥੫॥

ਹੇ ਨਾਨਕ! ਗੁਰਮੁਖ ਦੇ ਮਨ ਵਿਚ ਤੇ ਤਨ ਵਿਚ ਉਹ ਪ੍ਰਭੂ ਸਦਾ ਵੱਸਿਆ ਰਹਿੰਦਾ ਹੈ ॥੫॥


ਸਲੋਕ ਮਹਲਾ ੧ ॥
ਨਾਨਕ ਤੁਲੀਅਹਿ ਤੋਲ ਜੇ ਜੀਉ ਪਿਛੈ ਪਾਈਐ ॥

ਹੇ ਨਾਨਕ! ਜੇ ਤੱਕੜੀ ਦੇ ਦੂਜੇ ਛਾਬੇ ਵਿਚ ਜਿੰਦ ਰੱਖ ਦੇਈਏ ਤਾਂ ਤੋਲ ਸਾਵੇਂ ਉਤਰਦੇ ਹਨ (ਭਾਵ, ਮਨੁੱਖਾ ਜੀਵਨ ਦੀ ਪ੍ਰਵਾਨਗੀ ਦਾ ਇੱਕੋ ਹੀ ਮਾਪ ਹੈ ਕਿ ਆਪਾ-ਭਾਵ ਵਾਰਿਆ ਜਾਏ);

ਇਕਸੁ ਨ ਪੁਜਹਿ ਬੋਲ ਜੇ ਪੂਰੇ ਪੂਰਾ ਕਰਿ ਮਿਲੈ ॥

ਜੇ ਮਨੁੱਖ (ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਰਾਹੀਂ ਮਨੁੱਖਾ ਜੀਵਨ ਦੀ ਪ੍ਰਵਾਨਗੀ ਵਾਲੇ ਤੋਲ ਨਾਲ ਆਪਣੇ ਆਪ ਨੂੰ) ਸਾਵਾਂ ਕਰ ਕੇ (ਪ੍ਰਭੂ ਨੂੰ) ਮਿਲ ਪਏ ਤਾਂ ਸਿਫ਼ਤ-ਸਾਲਾਹ ਦੇ ਸ਼ਬਦ ਨਾਲ (ਹੋਰ ਕੋਈ ਉੱਦਮ) ਸਾਵੇਂ ਨਹੀਂ ਹੋ ਸਕਦੇ।

ਵਡਾ ਆਖਣੁ ਭਾਰਾ ਤੋਲੁ ॥

ਪ੍ਰਭੂ ਦੀ ਸਿਫ਼ਤ-ਸਾਲਾਹ ਵਜ਼ਨਦਾਰ ਸ਼ੈ ਹੈ (ਜਿਸ ਨਾਲ ਜਿੰਦ ਵਾਲਾ ਛਾਬਾ ਪ੍ਰਵਾਨਗੀ ਵਾਲੇ ਤੋਲ ਨਾਲ ਸਾਵਾਂ ਹੋ ਜਾਂਦਾ ਹੈ),

ਹੋਰ ਹਉਲੀ ਮਤੀ ਹਉਲੇ ਬੋਲ ॥

(ਸਿਫ਼ਤ-ਸਾਲਾਹ ਤੋਂ ਬਿਨਾ) ਹੋਰ ਮੱਤਾਂ ਹੌਲੀਆਂ ਤੇ ਹੋਰ ਬਚਨ ਭੀ ਹੌਲੇ ਹਨ (ਇਹਨਾਂ ਦੀ ਮਦਦ ਨਾਲ ਜਿੰਦ ਵਾਲਾ ਛਾਬਾ ਪੂਰਾ ਨਹੀਂ ਉਤਰ ਸਕਦਾ)

ਧਰਤੀ ਪਾਣੀ ਪਰਬਤ ਭਾਰੁ ॥

ਧਰਤੀ ਪਾਣੀ ਤੇ ਪਰਬਤਾਂ ਦੇ ਭਾਰ ਨੂੰ-

ਕਿਉ ਕੰਡੈ ਤੋਲੈ ਸੁਨਿਆਰੁ ॥

(ਭਲਾ ਕੋਈ) ਸੁਨਿਆਰਾ (ਛੋਟੇ ਜਿਹੇ) ਤਰਾਜ਼ੂ ਵਿਚ ਕਿਵੇਂ ਤੋਲ ਸਕਦਾ ਹੈ?

ਤੋਲਾ ਮਾਸਾ ਰਤਕ ਪਾਇ ॥

ਤੋਲੇ ਮਾਸੇ ਰੱਤਕਾਂ ਪਾ ਕੇ (ਇਹ ਤੋਲੇ ਨਹੀਂ ਜਾ ਸਕਦੇ)। (ਇਹੀ ਹਾਲ ਹੋਰ ਮੱਤਾਂ ਤੇ ਗੱਲਾਂ ਦਾ ਸਮਝੋ, ਜੋ, ਮਾਨੋ, ਤੋਲੇ ਮਾਸੇ ਤੇ ਰੱਤਕਾਂ ਹੀ ਹਨ);

ਨਾਨਕ ਪੁਛਿਆ ਦੇਇ ਪੁਜਾਇ ॥

(ਪਰ) ਹੇ ਨਾਨਕ! ਜੇ (ਸੁਨਿਆਰੇ ਨੂੰ) ਪੁੱਛੀਏ ਤਾਂ (ਗੱਲਾਂ ਨਾਲ) ਘਰ ਪੂਰਾ ਕਰ ਦੇਂਦਾ ਹੈ।

ਮੂਰਖ ਅੰਧਿਆ ਅੰਧੀ ਧਾਤੁ ॥

(ਅੰਨ੍ਹੇ ਮੂਰਖ ਲੋਕ ਪ੍ਰਭੂ ਦੀ ਸਿਫ਼ਤ-ਸਾਲਾਹ ਛੱਡ ਕੇ) ਅੰਨ੍ਹਿਆਂ ਵਾਲੀ ਦੌੜ-ਭੱਜ ਹੀ ਕਰਦੇ ਹਨ (ਭਾਵ, ਠੇਡੇ ਖਾ ਕੇ ਸੱਟਾਂ ਹੀ ਲਵਾਉਂਦੇ ਹਨ)।

ਕਹਿ ਕਹਿ ਕਹਣੁ ਕਹਾਇਨਿ ਆਪੁ ॥੧॥

ਆਪਣੇ ਆਪ ਨੂੰ ਵੱਡਾ ਅਖਵਾਉਣਾ ਤੇ ਮੁੜ ਮੁੜ (ਆਪਣੇ ਆਪ ਨੂੰ ਚੰਗਾ) ਆਖਣਾ (ਅੰਨ੍ਹਿਆਂ ਵਾਲੀ ਦੌੜ-ਭੱਜ ਹੈ) ॥੧॥


ਮਹਲਾ ੧ ॥
ਆਖਣਿ ਅਉਖਾ ਸੁਨਣਿ ਅਉਖਾ ਆਖਿ ਨ ਜਾਪੀ ਆਖਿ ॥

(ਪਰਮਾਤਮਾ ਦਾ ਸਰੂਪ) ਕਿਸੇ ਤਰ੍ਹਾਂ ਭੀ ਬਿਆਨ ਕਰਨਾ ਔਖਾ ਹੈ, ਮੁੜ ਮੁੜ ਬਿਆਨ ਕਰਨ ਨਾਲ ਭੀ ਸਮਝ ਵਿਚ ਨਹੀਂ ਆਉਂਦਾ।

ਇਕਿ ਆਖਿ ਆਖਹਿ ਸਬਦੁ ਭਾਖਹਿ ਅਰਧ ਉਰਧ ਦਿਨੁ ਰਾਤਿ ॥

ਕਈ ਲੋਕ ਬੜੀ ਮਿਹਨਤ ਨਾਲ ਦਿਨ ਰਾਤ (ਲੱਗ ਕੇ) (ਪ੍ਰਭੂ ਦਾ ਸਰੂਪ) ਮੁੜ ਮੁੜ ਬਿਆਨ ਕਰਦੇ ਹਨ (ਤੇ ਸਰੂਪ ਦੱਸਣ ਵਾਲਾ) ਲਫ਼ਜ਼ ਬੋਲਦੇ ਹਨ;

ਜੇ ਕਿਹੁ ਹੋਇ ਤ ਕਿਹੁ ਦਿਸੈ ਜਾਪੈ ਰੂਪੁ ਨ ਜਾਤਿ ॥

ਪਰ ਜੇ ਕੋਈ (ਪੰਜ-ਤੱਤੀ) ਸਰੂਪ ਹੋਵੇ, ਤਾਂ ਦਿੱਸੇ ਭੀ, ਉਸ ਦਾ ਤਾਂ ਨਾਹ ਕੋਈ ਰੂਪ ਜਾਪਦਾ ਹੈ ਨਾਹ ਕੋਈ ਜਾਤਿ ਦਿੱਸਦੀ ਹੈ।

ਸਭਿ ਕਾਰਣ ਕਰਤਾ ਕਰੇ ਘਟ ਅਉਘਟ ਘਟ ਥਾਪਿ ॥

ਔਖੇ ਸੌਖੇ ਥਾਂ (ਹਰੇਕ ਕਿਸਮ ਦੇ ਭਾਂਡੇ) ਆਪ ਰਚ ਕੇ ਪ੍ਰਭੂ ਆਪ ਹੀ (ਜਗਤ ਦੇ) ਸਾਰੇ ਸਬੱਬ ਬਣਾਉਂਦਾ ਹੈ;

ਆਖਣਿ ਅਉਖਾ ਨਾਨਕਾ ਆਖਿ ਨ ਜਾਪੈ ਆਖਿ ॥੨॥

ਹੇ ਨਾਨਕ! ਉਸ ਦਾ ਸਰੂਪ ਬਿਆਨ ਕਰਨਾ ਔਖਾ ਹੈ, ਮੁੜ ਮੁੜ ਬਿਆਨ ਕਰਨ ਨਾਲ ਭੀ ਸਮਝ ਵਿਚ ਨਹੀਂ ਆਉਂਦਾ ॥੨॥


ਪਉੜੀ ॥
ਨਾਇ ਸੁਣਿਐ ਮਨੁ ਰਹਸੀਐ ਨਾਮੇ ਸਾਂਤਿ ਆਈ ॥

ਹੇ (ਪ੍ਰਭੂ ਦੇ) ਨਾਮ ਵਿਚ ਸੁਰਤ ਜੋੜੀ ਰੱਖੀਏ ਤਾਂ ਮਨ ਖਿੜ ਜਾਂਦਾ ਹੈ, ਨਾਮ ਵਿਚ (ਜੁੜਿਆਂ ਅੰਦਰ) ਸ਼ਾਂਤੀ ਪੈਦਾ ਹੁੰਦੀ ਹੈ।

ਨਾਇ ਸੁਣਿਐ ਮਨੁ ਤ੍ਰਿਪਤੀਐ ਸਭ ਦੁਖ ਗਵਾਈ ॥

ਜੇ ਨਾਮ ਵਿਚ ਧਿਆਨ ਲੱਗ ਜਾਏ ਤਾਂ ਮਨ (ਮਾਇਆ ਵਲੋਂ) ਰੱਜ ਜਾਂਦਾ ਹੈ ਤੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ;

ਨਾਇ ਸੁਣਿਐ ਨਾਉ ਊਪਜੈ ਨਾਮੇ ਵਡਿਆਈ ॥

ਜੇ ਪ੍ਰਭੂ ਦਾ ਨਾਮ ਸੁਣਦੇ ਰਹੀਏ ਤਾਂ (ਮਨ ਵਿਚ) ਨਾਮ (ਜਪਣ ਦਾ ਚਾਉ) ਪੈਦਾ ਹੋ ਜਾਂਦਾ ਹੈ, ਨਾਮ (ਸਿਮਰਨ) ਵਿਚ ਹੀ ਵਡਿਆਈ (ਪ੍ਰਤੀਤ ਹੁੰਦੀ) ਹੈ।

ਨਾਮੇ ਹੀ ਸਭ ਜਾਤਿ ਪਤਿ ਨਾਮੇ ਗਤਿ ਪਾਈ ॥

ਗੁਰਮੁਖ ਮਨੁੱਖ ਨਾਮ (ਸਿਮਰਨ) ਵਿਚ ਹੀ ਉੱਚੀ ਕੁਲ ਵਾਲੀ ਇੱਜ਼ਤ ਸਮਝਦਾ ਹੈ, ਨਾਮ ਸਿਮਰਿਆਂ ਹੀ ਉੱਚੀ ਆਤਮਕ ਅਵਸਥਾ ਹਾਸਲ ਕਰਦਾ ਹੈ;

ਗੁਰਮੁਖਿ ਨਾਮੁ ਧਿਆਈਐ ਨਾਨਕ ਲਿਵ ਲਾਈ ॥੬॥

ਹੇ ਨਾਨਕ! ਗੁਰਮੁਖ (ਸਦਾ) ਨਾਮ ਸਿਮਰਦਾ ਹੈ ਤੇ (ਨਾਮ ਵਿਚ ਹੀ) ਲਿਵ ਲਾਈ ਰੱਖਦਾ ਹੈ ॥੬॥


ਸਲੋਕ ਮਹਲਾ ੧ ॥
ਜੂਠਿ ਨ ਰਾਗਂੀ ਜੂਠਿ ਨ ਵੇਦਂੀ ॥

(ਰਾਗਾਂ ਦਾ ਗਾਇਨ ਮਨੁੱਖ ਦੇ ਅੰਦਰ ਕਈ ਹੁਲਾਰੇ ਪੈਦਾ ਕਰਦਾ ਹੈ, ਪਰ ਮਨੁੱਖ ਦੇ ਅੰਦਰ ਟਿੱਕੀ ਹੋਈ ਨਿੰਦਾ ਕਰਨ ਦੀ ਵਾਦੀ ਦੀ) ਇਹ ਮੈਲ ਰਾਗਾਂ (ਦੇ ਗਾਇਨ) ਨਾਲ ਭੀ ਦੂਰ ਨਹੀਂ ਹੁੰਦੀ, ਵੇਦ (ਆਦਿਕ ਧਰਮ-ਪੁਸਤਕਾਂ ਦੇ ਪਾਠ) ਨਾਲ ਭੀ ਨਹੀਂ (ਧੁਪਦੀ)।

ਜੂਠਿ ਨ ਚੰਦ ਸੂਰਜ ਕੀ ਭੇਦੀ ॥

ਮੱਸਿਆ, ਸੰਗ੍ਰਾਂਦ, ਪੂਰਨਮਾਸ਼ੀ ਆਦਿਕ) ਚੰਦ੍ਰਮਾ ਅਤੇ ਸੂਰਜ ਦੇ ਵਖ-ਵਖ ਮੰਨੇ ਹੋਏ ਪਵਿੱਤਰ ਦਿਹਾੜਿਆਂ (ਸਮੇਂ ਵਖ-ਵਖ ਕਿਸਮ ਦੀ ਕੀਤੀ ਪੂਜਾ) ਦੀ ਰਾਹੀਂ (ਮਨੁੱਖ ਦੇ ਅੰਦਰ ਟਿਕੀ ਨਿੰਦਾ ਆਦਿਕ ਦੀ) ਇਹ ਮੈਲ ਸਾਫ਼ ਨਹੀਂ ਹੁੰਦੀ।

ਜੂਠਿ ਨ ਅੰਨੀ ਜੂਠਿ ਨ ਨਾਈ ॥

ਅੰਨ (ਦਾ ਤਿਆਗ ਕਰਨ) ਨਾਲ (ਤੀਰਥਾਂ ਦੇ) ਇਸ਼ਨਾਨ ਕਰਨ ਨਾਲ ਭੀ ਇਹ ਮੈਲ ਨਹੀਂ ਜਾਂਦੀ।

ਜੂਠਿ ਨ ਮੀਹੁ ਵਰ੍ਹਿਐ ਸਭ ਥਾਈ ॥

(ਇੰਦਰ ਦੇਵਤੇ ਦੀ ਪੂਜਾ ਨਾਲ ਭੀ) ਇਹ ਅੰਦਰਲੀ ਮੈਲ ਦੂਰ ਨਹੀਂ ਹੁੰਦੀ ਭਾਵੇਂ (ਇਹ ਮੰਨਿਆ ਜਾ ਰਿਹਾ ਹੈ ਕਿ ਉਸ ਦੇਵਤੇ ਦੀ ਰਾਹੀਂ) ਸਭ ਥਾਈਂ ਮੀਂਹ ਪੈਂਦਾ ਹੈ (ਤੇ ਧਰਤੀ ਅਤੇ ਬਨਸਪਤੀ ਆਦਿਕ ਦੀ ਬਾਹਰਲੀ ਮੈਲ ਧੁਪ ਜਾਂਦੀ ਹੈ)।

ਜੂਠਿ ਨ ਧਰਤੀ ਜੂਠਿ ਨ ਪਾਣੀ ॥

(ਰਮਤੇ ਸਾਧੂ ਬਣ ਕੇ) ਧਰਤੀ ਦਾ ਰਟਨ ਕੀਤਿਆਂ, ਧਰਤੀ ਵਿਚ ਗੁਫ਼ਾ ਬਣਾ ਕੇ ਬੈਠਿਆਂ ਜਾਂ ਪਾਣੀ (ਵਿਚ ਖਲੋ ਕੇ ਤਪਾਂ ਦੀ) ਰਾਹੀਂ ਭੀ ਇਹ ਮੈਲ ਨਹੀਂ ਧੁਪਦੀ,

ਜੂਠਿ ਨ ਪਉਣੈ ਮਾਹਿ ਸਮਾਣੀ ॥

ਅਤੇ, ਪ੍ਰਾਣਾਯਾਮ ਕੀਤਿਆਂ (ਸਮਾਧੀਆਂ ਲਾਇਆਂ) ਭੀ (ਮਨੁੱਖ ਦੇ ਅੰਦਰ ਟਿਕੀ ਹੋਈ ਨਿੰਦਾ ਆਦਿਕ ਕਰਨ ਦੀ) ਇਹ ਮੈਲ ਦੂਰ ਨਹੀਂ ਹੁੰਦੀ।

ਨਾਨਕ ਨਿਗੁਰਿਆ ਗੁਣੁ ਨਾਹੀ ਕੋਇ ॥

ਹੇ ਨਾਨਕ! ਜਿਹੜੇ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਨਹੀਂ ਤੁਰਦੇ, (ਉਹਨਾਂ ਦੇ ਅੰਦਰ ਆਤਮਕ ਜੀਵਨ ਉੱਚਾ ਕਰਨ ਵਾਲਾ) ਕੋਈ ਗੁਣ ਨਹੀਂ (ਵਧਦਾ-ਫੁਲਦਾ)।

ਮੁਹਿ ਫੇਰਿਐ ਮੁਹੁ ਜੂਠਾ ਹੋਇ ॥੧॥

ਜੇ ਗੁਰੂ ਵਲੋਂ ਮੂੰਹ ਮੋੜੀ ਰੱਖੀਏ, ਤਾਂ ਮੂੰਹ (ਨਿੰਦਾ ਆਦਿਕ ਕਰਨ ਦੀ ਗੰਦੀ ਵਾਦੀ ਦੀ ਮੈਲ ਨਾਲ) ਅਪਵਿੱਤਰ ਹੋਇਆ ਰਹਿੰਦਾ ਹੈ ॥੧॥


ਮਹਲਾ ੧ ॥
ਨਾਨਕ ਚੁਲੀਆ ਸੁਚੀਆ ਜੇ ਭਰਿ ਜਾਣੈ ਕੋਇ ॥

ਹੇ ਨਾਨਕ! (ਨਿਰਾ ਪਾਣੀ ਨਾਲ ਚੁਲੀਆਂ ਕੀਤਿਆਂ ਆਤਮਕ ਜੀਵਨ ਵਿਚ ਸੁੱਚ ਨਹੀਂ ਆ ਸਕਦੀ, ਪਰ) ਜੇ ਕੋਈ ਮਨੁੱਖ (ਸੱਚੀ ਚੁਲੀ) ਭਰਨੀ ਜਾਣ ਲਏ ਤਾਂ ਸੁੱਚੀਆਂ ਚੁਲੀਆਂ ਇਹ ਹਨ-

ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤੁ ਹੋਇ ॥

ਵਿਦਵਾਨ ਵਾਸਤੇ ਚੁਲੀ ਵਿਚਾਰ ਦੀ ਹੈ (ਭਾਵ, ਵਿਦਵਾਨ ਦੀ ਵਿੱਦਵਤਾ ਪਵਿਤ੍ਰ ਹੈ ਜੇ ਉਸ ਦੇ ਅੰਦਰ ਵਿਚਾਰ ਭੀ ਹੈ) ਜੋਗੀ ਦਾ ਕਾਮ-ਵਾਸ਼ਨਾ ਤੋਂ ਬਚੇ ਰਹਿਣਾ ਜੋਗੀ ਲਈ ਪਵਿਤ੍ਰ ਚੁਲੀ ਹੈ,

ਬ੍ਰਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤੁ ਦਾਨੁ ॥

ਬ੍ਰਾਹਮਣ ਲਈ ਚੁਲੀ ਸੰਤੋਖ ਹੈ ਤੇ ਗ੍ਰਿਹਸਤੀ ਲਈ ਚੁਲੀ ਹੈ ਉੱਚਾ ਆਚਰਨ ਅਤੇ ਸੇਵਾ।

ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ ॥

ਪੜ੍ਹੇ (ਵਿਦਵਾਨਾਂ) ਲਈ ਸੱਚ ਸਰੂਪ ਪਰਮਾਤਮਾ ਅਤੇ ਰਾਜੇ ਵਾਸਤੇ ਇਨਸਾਫ਼ ਚੁਲੀ ਹੈ।

ਪਾਣੀ ਚਿਤੁ ਨ ਧੋਪਈ ਮੁਖਿ ਪੀਤੈ ਤਿਖ ਜਾਇ ॥

ਪਾਣੀ ਨਾਲ (ਚੁਲੀ ਕੀਤਿਆਂ) ਮਨ ਨਹੀਂ ਧੁਪ ਸਕਦਾ, (ਹਾਂ) ਮੂੰਹ ਨਾਲ ਪਾਣੀ ਪੀਤਿਆਂ ਤ੍ਰਿਹ ਮਿਟ ਜਾਂਦੀ ਹੈ;

ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ ॥੨॥

(ਪਰ ਪਾਣੀ ਦੀ ਚੁਲੀ ਨਾਲ ਪਵਿਤ੍ਰਤਾ ਆਉਣ ਦੇ ਥਾਂ ਤਾਂ ਸਗੋਂ ਸੂਤਕ ਦਾ ਭਰਮ ਪੈਦਾ ਹੋਣਾ ਚਾਹੀਦਾ ਹੈ ਕਿਉਂਕਿ) ਪਾਣੀ ਤੋਂ ਸਾਰਾ ਸੰਸਾਰ ਪੈਦਾ ਹੁੰਦਾ ਹੈ ਤੇ ਪਾਣੀ ਹੀ ਸਾਰੇ ਜਗਤ ਨੂੰ ਨਾਸ ਕਰਦਾ ਹੈ ॥੨॥


ਪਉੜੀ ॥
ਨਾਇ ਸੁਣਿਐ ਸਭ ਸਿਧਿ ਹੈ ਰਿਧਿ ਪਿਛੈ ਆਵੈ ॥

ਪ੍ਰਭੂ ਦੇ ਨਾਮ ਵਿਚ ਸੁਰਤ ਜੋੜੀ ਰੱਖੀਏ ਤਾਂ ਸਾਰੀਆਂ ਕਰਾਮਾਤੀ ਤਾਕਤਾਂ ਪਿੱਛੇ ਲੱਗੀਆਂ ਫਿਰਦੀਆਂ ਹਨ (ਸੁਤੇ ਹੀ ਪ੍ਰਾਪਤ ਹੋ ਜਾਂਦੀਆਂ ਹਨ);

ਨਾਇ ਸੁਣਿਐ ਨਉ ਨਿਧਿ ਮਿਲੈ ਮਨ ਚਿੰਦਿਆ ਪਾਵੈ ॥

ਪ੍ਰਭੂ ਦੇ ਨਾਮ ਵਿਚ ਸੁਰਤ ਜੋੜੀ ਰੱਖੀਏ ਤਾਂ ਜਗਤ ਦੇ ਸਾਰੇ ਪਦਾਰਥ ਹਾਸਲ ਹੋ ਜਾਂਦੇ ਹਨ, ਜੋ ਕੁਝ ਮਨ ਚਿਤਵਦਾ ਹੈ ਮਿਲ ਜਾਂਦਾ ਹੈ;

ਨਾਇ ਸੁਣਿਐ ਸੰਤੋਖੁ ਹੋਇ ਕਵਲਾ ਚਰਨ ਧਿਆਵੈ ॥

ਪ੍ਰਭੂ ਦੇ ਨਾਮ ਵਿਚ ਸੁਰਤ ਜੋੜੀ ਰੱਖੀਏ ਤਾਂ (ਮਨ ਵਿਚ) ਸੰਤੋਖ ਪੈਦਾ ਹੋ ਜਾਂਦਾ ਹੈ, ਮਾਇਆ (ਭੀ) ਸੇਵਾ ਕਰਨ ਲੱਗ ਪੈਂਦੀ ਹੈ;

ਨਾਇ ਸੁਣਿਐ ਸਹਜੁ ਊਪਜੈ ਸਹਜੇ ਸੁਖੁ ਪਾਵੈ ॥

ਪ੍ਰਭੂ ਦੇ ਨਾਮ ਵਿਚ ਸੁਰਤ ਜੋੜੀ ਰੱਖੀਏ ਤਾਂ ਉਹ ਅਵਸਥਾ ਪੈਦਾ ਹੋ ਜਾਂਦੀ ਹੈ ਜਿੱਥੇ ਮਨ ਡੋਲਦਾ ਨਹੀਂ, ਤੇ ਇਸ ਅਡੋਲ ਅਵਸਥਾ ਵਿਚ (ਅੱਪੜ ਕੇ) ਸੁਖ ਪ੍ਰਾਪਤ ਹੋ ਜਾਂਦਾ ਹੈ।

ਗੁਰਮਤੀ ਨਾਉ ਪਾਈਐ ਨਾਨਕ ਗੁਣ ਗਾਵੈ ॥੭॥

ਪਰ, ਹੇ ਨਾਨਕ! ਗੁਰੂ ਦੀ ਮੱਤ ਲਿਆਂ ਹੀ ਨਾਮ ਮਿਲਦਾ ਹੈ, (ਤੇ ਗੁਰੂ ਦੇ ਰਾਹ ਤੇ ਤੁਰਨ ਵਾਲਾ ਮਨੁੱਖ ਸਦਾ ਪ੍ਰਭੂ ਦੇ) ਗੁਣ ਗਾਂਦਾ ਹੈ ॥੭॥


ਸਲੋਕ ਮਹਲਾ ੧ ॥
ਦੁਖ ਵਿਚਿ ਜੰਮਣੁ ਦੁਖਿ ਮਰਣੁ ਦੁਖਿ ਵਰਤਣੁ ਸੰਸਾਰਿ ॥

ਜੀਵ ਦਾ ਜਨਮ ਦੁੱਖ ਵਿਚ ਤੇ ਮੌਤ ਭੀ ਦੁੱਖ ਵਿਚ ਹੀ ਹੁੰਦੀ ਹੈ (ਭਾਵ, ਜਨਮ ਤੋਂ ਮਰਨ ਤਕ ਸਾਰੀ ਉਮਰ ਜੀਵ ਦੁੱਖ ਵਿਚ ਹੀ ਫਸਿਆ ਰਹਿੰਦਾ ਹੈ) ਦੁੱਖ ਵਿਚ (ਗ੍ਰਸਿਆ ਹੋਇਆ ਹੀ) ਜਗਤ ਵਿਚ ਸਾਰਾ ਕਾਰ-ਵਿਹਾਰ ਕਰਦਾ ਹੈ।

ਦੁਖੁ ਦੁਖੁ ਅਗੈ ਆਖੀਐ ਪੜਿੑ ਪੜਿੑ ਕਰਹਿ ਪੁਕਾਰ ॥

(ਵਿੱਦਿਆ) ਪੜ੍ਹ ਪੜ੍ਹ ਕੇ ਭੀ (ਜੀਵ) ਵਿਲਕਦੇ ਹੀ ਹਨ, (ਜੋ ਕੁਝ) ਸਾਹਮਣੇ (ਪ੍ਰਾਪਤ ਹੁੰਦਾ ਹੈ ਉਸ ਨੂੰ) ਦੁੱਖ ਹੀ ਦੁੱਖ ਕਿਹਾ ਜਾ ਸਕਦਾ ਹੈ।

ਦੁਖ ਕੀਆ ਪੰਡਾ ਖੁਲੑੀਆ ਸੁਖੁ ਨ ਨਿਕਲਿਓ ਕੋਇ ॥

(ਜੀਵ ਦੇ ਭਾਗਾਂ ਨੂੰ) ਦੁੱਖਾਂ ਦੀਆਂ (ਮਾਨੋ) ਪੰਡਾਂ ਖੁਲ੍ਹੀਆਂ ਹੋਈਆਂ ਹਨ, (ਇਸ ਦੇ ਕਿਸੇ ਭੀ ਉੱਦਮ ਵਿਚੋਂ) ਕੋਈ ਸੁਖ ਨਹੀਂ ਨਿਕਲਦਾ;

ਦੁਖ ਵਿਚਿ ਜੀਉ ਜਲਾਇਆ ਦੁਖੀਆ ਚਲਿਆ ਰੋਇ ॥

(ਸਾਰੀ ਉਮਰ) ਦੁੱਖਾਂ ਵਿਚ ਜਿੰਦ ਸਾੜਦਾ ਰਹਿੰਦਾ ਹੈ (ਆਖ਼ਰ) ਦੁੱਖਾਂ ਦਾ ਮਾਰਿਆ ਹੋਇਆ ਰੋਂਦਾ ਹੀ (ਇਥੋਂ) ਤੁਰ ਪੈਂਦਾ ਹੈ।

ਨਾਨਕ ਸਿਫਤੀ ਰਤਿਆ ਮਨੁ ਤਨੁ ਹਰਿਆ ਹੋਇ ॥

ਹੇ ਨਾਨਕ! ਜੇ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਰੰਗੇ ਜਾਈਏ ਤਾਂ ਮਨ ਤਨ ਹਰੇ ਹੋ ਜਾਂਦੇ ਹਨ।

ਦੁਖ ਕੀਆ ਅਗੀ ਮਾਰੀਅਹਿ ਭੀ ਦੁਖੁ ਦਾਰੂ ਹੋਇ ॥੧॥

ਜੀਵ ਦੁੱਖਾਂ ਦੇ ਸਾੜਿਆਂ ਨਾਲ (ਆਤਮਕ ਮੌਤ) ਮਰਦੇ ਹਨ, ਪਰ ਫਿਰ ਇਸ ਦਾ ਇਲਾਜ ਭੀ ਦੁੱਖ ਹੀ ਹੈ। (ਸਵੇਰੇ ਮੰਜੇ ਤੇ ਸੁਖ ਵਿਚ ਸੁੱਤਾ ਰਹੇ ਤਾਂ ਇਹ ਦੁੱਖ ਬਣ ਜਾਂਦਾ ਹੈ; ਪਰ ਜੇ ਸਵੇਰੇ ਉਠਿ ਬਾਹਰਿ ਜਾ ਕੇ ਕਸਰਤ ਆਦਿਕ ਕਸ਼ਟ ਉਠਾਏ ਤਾਂ ਉਹ ਦੁੱਖ ਸੁਖਦਾਈ ਬਣਦਾ ਹੈ) ॥੧॥


ਮਹਲਾ ੧ ॥
ਨਾਨਕ ਦੁਨੀਆ ਭਸੁ ਰੰਗੁ ਭਸੂ ਹੂ ਭਸੁ ਖੇਹ ॥

ਹੇ ਨਾਨਕ! ਦੁਨੀਆ ਦਾ ਰੰਗ-ਤਮਾਸ਼ਾ ਸੁਆਹ (ਦੇ ਬਰਾਬਰ) ਹੈ, ਨਿਰੀ ਸੁਆਹ ਹੀ ਸੁਆਹ ਹੈ, ਨਿਰੀ ਖੇਹ ਹੀ ਖੇਹ ਹੈ।

ਭਸੋ ਭਸੁ ਕਮਾਵਣੀ ਭੀ ਭਸੁ ਭਰੀਐ ਦੇਹ ॥

(ਇਹਨਾਂ ਰੰਗ-ਤਮਾਸ਼ਿਆਂ ਵਿਚ ਲੱਗ ਕੇ ਜੀਵ, ਮਾਨੋ,) ਖੇਹ ਹੀ ਖੇਹ ਕਮਾਂਦਾ ਹੈ, (ਜਿਉਂ ਜਿਉਂ ਇਹ ਖੇਹ ਇਕੱਠੀ ਕਰਦਾ ਹੈ ਤਿਉਂ ਤਿਉਂ) ਇਸ ਦਾ ਸਰੀਰ (ਵਿਕਾਰਾਂ ਦੀ) ਖੇਹ ਨਾਲ ਹੀ ਹੋਰ ਹੋਰ ਲਿੱਬੜਦਾ ਹੈ।

ਜਾ ਜੀਉ ਵਿਚਹੁ ਕਢੀਐ ਭਸੂ ਭਰਿਆ ਜਾਇ ॥

(ਮਰਨ ਤੇ) ਜਦੋਂ ਜਿੰਦ (ਸਰੀਰ) ਵਿਚੋਂ ਵੱਖਰੀ ਕੀਤੀ ਜਾਂਦੀ ਹੈ, ਤਾਂ ਇਹ ਜਿੰਦ (ਵਿਕਾਰਾਂ ਦੀ) ਸੁਆਹ ਨਾਲ ਹੀ ਲਿੱਬੜੀ ਹੋਈ (ਇਥੋਂ) ਜਾਂਦੀ ਹੈ,

ਅਗੈ ਲੇਖੈ ਮੰਗਿਐ ਹੋਰ ਦਸੂਣੀ ਪਾਇ ॥੨॥

ਤੇ ਪਰਲੋਕ ਵਿਚ ਜਦੋਂ ਕੀਤੇ ਕਰਮਾਂ ਦਾ ਲੇਖਾ ਹੁੰਦਾ ਹੈ (ਤਦੋਂ) ਹੋਰ ਦਸ-ਗੁਣੀ ਵਧੀਕ ਸੁਆਹ (ਭਾਵ, ਸ਼ਰਮਿੰਦਗੀ) ਇਸ ਨੂੰ ਮਿਲਦੀ ਹੈ ॥੨॥


ਪਉੜੀ ॥
ਨਾਇ ਸੁਣਿਐ ਸੁਚਿ ਸੰਜਮੋ ਜਮੁ ਨੇੜਿ ਨ ਆਵੈ ॥

ਜੇ ਨਾਮ ਵਿਚ ਸੁਰਤ ਜੋੜੀ ਰੱਖੀਏ ਤਾਂ ਪਵਿਤ੍ਰਤਾ ਪ੍ਰਾਪਤ ਹੁੰਦੀ ਹੈ, ਮਨ ਨੂੰ ਵੱਸ ਕਰਨ ਦੀ ਸਮਰੱਥਾ ਆ ਜਾਂਦੀ ਹੈ, ਜਮ (ਭੀ, ਭਾਵ, ਮੌਤ ਦਾ ਡਰ) ਨੇੜੇ ਨਹੀਂ ਢੁੱਕਦਾ;

ਨਾਇ ਸੁਣਿਐ ਘਟਿ ਚਾਨਣਾ ਆਨੑੇਰੁ ਗਵਾਵੈ ॥

ਜੇ ਨਾਮ ਵਿਚ ਸੁਰਤ ਜੋੜੀ ਰੱਖੀਏ ਤਾਂ ਹਿਰਦੇ ਵਿਚ (ਪ੍ਰਭੂ ਦੀ ਜੋਤਿ ਦਾ) ਚਾਨਣ ਹੋ ਜਾਂਦਾ ਹੈ (ਤੇ ਆਤਮਕ ਜੀਵਨ ਦੀ ਸੂਝ ਵਲੋਂ) ਹਨੇਰਾ ਦੂਰ ਹੋ ਜਾਂਦਾ ਹੈ;

ਨਾਇ ਸੁਣਿਐ ਆਪੁ ਬੁਝੀਐ ਲਾਹਾ ਨਾਉ ਪਾਵੈ ॥

ਜੇ ਨਾਮ ਵਿਚ ਸੁਰਤ ਜੋੜੀ ਰੱਖੀਏ ਤਾਂ ਆਪਣੇ ਅਸਲੇ ਨੂੰ ਸਮਝ ਲਈਦਾ ਹੈ ਤੇ ਪ੍ਰਭੂ ਦਾ ਨਾਮ (ਜੋ ਮਨੁੱਖਾ ਜੀਵਨ ਦਾ ਅਸਲ) ਲਾਭ (ਹੈ) ਖੱਟ ਲਈਦਾ ਹੈ;

ਨਾਇ ਸੁਣਿਐ ਪਾਪ ਕਟੀਅਹਿ ਨਿਰਮਲ ਸਚੁ ਪਾਵੈ ॥

ਜੇ ਨਾਮ ਵਿਚ ਸੁਰਤ ਜੋੜੀ ਰੱਖੀਏ ਤਾਂ ਸਾਰੇ ਪਾਪ ਨਾਸ ਹੋ ਜਾਂਦੇ ਹਨ, ਪਵਿਤ੍ਰ ਸੱਚਾ ਪ੍ਰਭੂ ਮਿਲ ਪੈਂਦਾ ਹੈ।

ਨਾਨਕ ਨਾਇ ਸੁਣਿਐ ਮੁਖ ਉਜਲੇ ਨਾਉ ਗੁਰਮੁਖਿ ਧਿਆਵੈ ॥੮॥

ਹੇ ਨਾਨਕ! ਜੇ ਨਾਮ ਵਿਚ ਧਿਆਨ ਜੋੜੀਏ ਤਾਂ ਮੱਥੇ ਖਿੜੇ ਰਹਿੰਦੇ ਹਨ। ਪਰ ਇਹ ਨਾਮ ਉਹੀ ਮਨੁੱਖ ਸਿਮਰ ਸਕਦਾ ਹੈ ਜੋ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ ॥੮॥


ਸਲੋਕ ਮਹਲਾ ੧ ॥
ਘਰਿ ਨਾਰਾਇਣੁ ਸਭਾ ਨਾਲਿ ॥

(ਬ੍ਰਾਹਮਣ ਆਪਣੇ) ਘਰ ਵਿਚ ਬਹੁਤ ਸਾਰੀਆਂ ਮੂਰਤੀਆਂ ਸਮੇਤ ਠਾਕਰਾਂ ਦੀ ਮੂਰਤੀ ਅਸਥਾਪਨ ਕਰਦਾ ਹੈ,

ਪੂਜ ਕਰੇ ਰਖੈ ਨਾਵਾਲਿ ॥

ਉਸ ਦੀ ਪੂਜਾ ਕਰਦਾ ਹੈ, ਉਸ ਨੂੰ ਇਸ਼ਨਾਨ ਕਰਾਂਦਾ ਹੈ;

ਕੁੰਗੂ ਚੰਨਣੁ ਫੁਲ ਚੜਾਏ ॥

ਕੇਸਰ ਚੰਦਨ ਤੇ ਫੁੱਲ (ਉਸ ਮੂਰਤੀ ਦੇ ਅੱਗੇ) ਭੇਟ ਧਰਦਾ ਹੈ,

ਪੈਰੀ ਪੈ ਪੈ ਬਹੁਤੁ ਮਨਾਏ ॥

ਉਸ ਦੇ ਪੈਰਾਂ ਉਤੇ ਸਿਰ ਰੱਖ ਰੱਖ ਕੇ ਉਸ ਨੂੰ ਪ੍ਰਸੰਨ ਕਰਨ ਦਾ ਜਤਨ ਕਰਦਾ ਹੈ;

ਮਾਣੂਆ ਮੰਗਿ ਮੰਗਿ ਪੈਨੑੈ ਖਾਇ ॥

(ਪਰ ਰੋਟੀ ਕੱਪੜਾ ਹੋਰ) ਮਨੁੱਖਾਂ ਤੋਂ ਮੰਗ ਮੰਗ ਕੇ ਖਾਂਦਾ ਤੇ ਪਹਿਨਦਾ ਹੈ।

ਅੰਧੀ ਕੰਮੀ ਅੰਧ ਸਜਾਇ ॥

ਅਗਿਆਨਤਾ ਵਾਲੇ ਕੰਮ ਕੀਤਿਆਂ (ਇਹੀ) ਸਜ਼ਾ ਮਿਲਦੀ ਹੈ ਕਿ ਹੋਰ ਅਗਿਆਨਤਾ ਵਧਦੀ ਜਾਏ,

ਭੁਖਿਆ ਦੇਇ ਨ ਮਰਦਿਆ ਰਖੈ ॥

(ਮੂਰਖ ਇਹ ਨਹੀਂ ਜਾਣਦਾ ਕਿ ਇਹ ਮੂਰਤੀ) ਨਾਹ ਭੁੱਖੇ ਨੂੰ ਕੁਝ ਦੇ ਸਕਦੀ ਹੈ ਨਾਹ (ਭੁੱਖ-ਮਰਦੇ ਨੂੰ) ਮਰਨੋਂ ਬਚਾ ਸਕਦੀ ਹੈ।

ਅੰਧਾ ਝਗੜਾ ਅੰਧੀ ਸਥੈ ॥੧॥

(ਫਿਰ ਭੀ ਮੂਰਤੀ-ਪੂਜਕ) ਅਗਿਆਨੀਆਂ ਦੀ ਸਭਾ ਵਿਚ ਅਗਿਆਨਤਾ ਵਾਲਾ ਇਹ ਲੰਮਾ ਗੇੜ ਤੁਰਿਆ ਹੀ ਜਾਂਦਾ ਹੈ (ਭਾਵ, ਫਿਰ ਭੀ ਲੋਕ ਅੱਖਾਂ ਮੀਟ ਕੇ ਪ੍ਰਭੂ ਨੂੰ ਛੱਡ ਕੇ ਮੂਰਤੀ-ਪੂਜਾ ਕਰਦੇ ਹੀ ਜਾ ਰਹੇ ਹਨ) ॥੧॥


ਮਹਲਾ ੧ ॥
ਸਭੇ ਸੁਰਤੀ ਜੋਗ ਸਭਿ ਸਭੇ ਬੇਦ ਪੁਰਾਣ ॥

ਜੋਗ-ਮਤ ਅਨੁਸਾਰ ਬ੍ਰਿਤੀ ਜੋੜਨੀ; ਵੇਦ ਪੁਰਾਨ (ਆਦਿਕਾਂ ਦੇ ਪਾਠ);

ਸਭੇ ਕਰਣੇ ਤਪ ਸਭਿ ਸਭੇ ਗੀਤ ਗਿਆਨ ॥

ਤਪ ਸਾਧਣੇ; (ਭਜਨਾਂ ਦੇ) ਗੀਤ ਤੇ (ਉਹਨਾਂ ਦੀਆਂ) ਵਿਚਾਰਾਂ;

ਸਭੇ ਬੁਧੀ ਸੁਧਿ ਸਭਿ ਸਭਿ ਤੀਰਥ ਸਭਿ ਥਾਨ ॥

ਉੱਚੀ ਬੁੱਧ ਤੇ ਚੰਗੀ ਅਕਲ; ਤੀਰਥ-ਅਸਥਾਨ (ਆਦਿਕਾਂ ਦੇ ਇਸ਼ਨਾਨ);

ਸਭਿ ਪਾਤਿਸਾਹੀਆ ਅਮਰ ਸਭਿ ਸਭਿ ਖੁਸੀਆ ਸਭਿ ਖਾਨ ॥

ਪਾਤਿਸ਼ਾਹੀਆਂ ਤੇ ਹਕੂਮਤਾਂ; ਖ਼ੁਸ਼ੀਆਂ ਤੇ (ਚੰਗੇ) ਖਾਣੇ;

ਸਭੇ ਮਾਣਸ ਦੇਵ ਸਭਿ ਸਭੇ ਜੋਗ ਧਿਆਨ ॥

ਮਨੁੱਖ ਤੇ ਦੇਵਤੇ; ਜੋਗ ਦੀਆਂ ਸਮਾਧੀਆਂ;

ਸਭੇ ਪੁਰੀਆ ਖੰਡ ਸਭਿ ਸਭੇ ਜੀਅ ਜਹਾਨ ॥

ਧਰਤੀਆਂ ਦੇ ਮੰਡਲ ਤੇ ਹਿੱਸੇ; ਸਾਰੇ ਜਗਤ ਦੇ ਜੀਆ ਜੰਤ-

ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ ॥

ਇਹਨਾਂ ਸਭਨਾਂ ਨੂੰ ਪਰਮਾਤਮਾ ਆਪਣੇ ਹੁਕਮ ਵਿਚ ਤੋਰਦਾ ਹੈ, ਪਰ ਉਸ ਦੇ ਹੁਕਮ ਦੀ ਕਲਮ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਵਗਦੀ ਹੈ।

ਨਾਨਕ ਸਚਾ ਸਚਿ ਨਾਇ ਸਚੁ ਸਭਾ ਦੀਬਾਨੁ ॥੨॥

ਹੇ ਨਾਨਕ! ਉਹ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦਾ ਦਰਬਾਰ ਸਦਾ-ਥਿਰ ਰਹਿਣ ਵਾਲਾ ਹੈ, ਉਸ ਦੇ ਨਾਮ ਵਿਚ ਜੁੜਿਆਂ ਉਸ ਦੀ ਪ੍ਰਾਪਤੀ ਹੁੰਦੀ ਹੈ।ੳ (ਭਾਵ, ਕਈ ਜੀਵ ਜੋਗ ਦੀ ਰਾਹੀਂ ਸੁਰਤ ਜੋੜਦੇ ਹਨ, ਕਈ ਵੇਦ ਪੁਰਾਨਾਂ ਦੇ ਪਾਠ ਕਰਦੇ ਹਨ, ਕੋਈ ਤਪ ਸਾਧਦੇ ਹਨ, ਕੋਈ ਭਜਨ ਗਾਉਂਦੇ ਹਨ, ਕੋਈ ਗਿਆਨ ਚਰਚਾ ਕਰਦੇ ਹਨ, ਕੋਈ ਉੱਚੀਆਂ ਅਕਲਾਂ ਦੁੜਾਂਦੇ ਹਨ, ਕੋਈ ਤੀਰਥਾਂ ਤੇ ਇਸ਼ਨਾਨ ਕਰ ਰਹੇ ਹਨ, ਕੋਈ ਪਾਤਸ਼ਾਹ ਬਣ ਕੇ ਹਕੂਮਤਾਂ ਕਰ ਰਹੇ ਹਨ, ਕੋਈ ਮੌਜਾਂ ਮਾਣ ਰਹੇ ਹਨ, ਕੋਈ ਵਧੀਆ ਖਾਣੇ ਖਾ ਰਹੇ ਹਨ, ਕੋਈ ਮਨੁੱਖ ਹਨ, ਕੋਈ ਦੇਵਤੇ, ਕੋਈ ਸਮਾਧੀਆਂ ਲਾ ਰਹੇ ਹਨ-ਸਾਰੇ ਜਗਤ ਦੇ ਜੀਅ-ਜੰਤ ਵਖੋ-ਵਖ ਆਹਰੇ ਲੱਗੇ ਹੋਏ ਹਨ। ਇਹ ਜੋ ਕੁਝ ਹੋ ਰਿਹਾ ਹੈ, ਪ੍ਰਭੂ ਦੇ ਹੁਕਮ ਵਿਚ ਹੋ ਰਿਹਾ ਹੈ, ਪਰ ਜੀਵਾਂ ਦੀ ਇਹ ਵਖੋ-ਵਖ ਕਿਸਮ ਦੀ ਰੁਚੀ ਉਹਨਾਂ ਦੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਹੈ, ਫਲ ਪ੍ਰਭੂ ਦੀ ਰਜ਼ਾ ਵਿਚ ਮਿਲ ਰਿਹਾ ਹੈ) ॥੨॥


ਪਉੜੀ ॥
ਨਾਇ ਮੰਨਿਐ ਸੁਖੁ ਊਪਜੈ ਨਾਮੇ ਗਤਿ ਹੋਈ ॥

ਜੇ ਮਨ ਨਾਮ ਸਿਮਰਨ ਵਿਚ ਗਿੱਝ ਜਾਏ ਤਾਂ (ਮਨ ਵਿਚ) ਸੁਖ ਪੈਦਾ ਹੁੰਦਾ ਹੈ, ਨਾਮ ਵਿਚ (ਗਿੱਝਿਆਂ) ਹੀ ਉੱਚੀ ਆਤਮਕ ਅਵਸਥਾ ਬਣਦੀ ਹੈ;

ਨਾਇ ਮੰਨਿਐ ਪਤਿ ਪਾਈਐ ਹਿਰਦੈ ਹਰਿ ਸੋਈ ॥

ਜੇ ਮਨ ਨਾਮ ਸਿਮਰਨ ਵਿਚ ਗਿੱਝ ਜਾਏ ਤਾਂ ਇੱਜ਼ਤ ਮਿਲਦੀ ਹੈ ਤੇ ਹਿਰਦੇ ਵਿਚ ਉਹ ਪ੍ਰਭੂ (ਆ ਵੱਸਦਾ ਹੈ);

ਨਾਇ ਮੰਨਿਐ ਭਵਜਲੁ ਲੰਘੀਐ ਫਿਰਿ ਬਿਘਨੁ ਨ ਹੋਈ ॥

ਜੇ ਮਨ ਨਾਮ ਸਿਮਰਨ ਵਿਚ ਗਿੱਝ ਜਾਏ ਤਾਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ, ਤੇ (ਜ਼ਿੰਦਗੀ ਦੇ ਰਾਹ ਵਿਚ) ਕੋਈ ਰੋਕ ਨਹੀਂ ਪੈਂਦੀ;

ਨਾਇ ਮੰਨਿਐ ਪੰਥੁ ਪਰਗਟਾ ਨਾਮੇ ਸਭ ਲੋਈ ॥

ਜੇ ਮਨ ਨਾਮ ਸਿਮਰਨ ਵਿਚ ਗਿੱਝ ਜਾਏ ਤਾਂ ਜੀਵਨ ਦਾ ਰਸਤਾ ਪ੍ਰਤੱਖ ਸਾਫ਼ ਦਿੱਸਣ ਲੱਗ ਪੈਂਦਾ ਹੈ ਕਿਉਂਕਿ ਨਾਮ ਵਿਚ ਸਾਰਾ ਚਾਨਣ ਹੈ (ਆਤਮਕ ਜੀਵਨ ਦੀ ਸੂਝ ਹੈ)।

ਨਾਨਕ ਸਤਿਗੁਰਿ ਮਿਲਿਐ ਨਾਉ ਮੰਨੀਐ ਜਿਨ ਦੇਵੈ ਸੋਈ ॥੯॥

(ਪਰ) ਹੇ ਨਾਨਕ! ਜੇ ਸਤਿਗੁਰੂ ਮਿਲੇ ਤਾਂ ਹੀ ਨਾਮ-ਸਿਮਰਨ (ਜ਼ਿੰਦਗੀ ਦਾ (‘ਪਰਗਟ ਪੰਥ’) ਮੰਨਿਆ ਜਾ ਸਕਦਾ ਹੈ (ਤੇ ਇਹ ਦਾਤ ਉਹਨਾਂ ਨੂੰ ਮਿਲਦੀ ਹੈ) ਜਿਨ੍ਹਾਂ ਨੂੰ ਉਹ ਪ੍ਰਭੂ ਆਪ ਦੇਂਦਾ ਹੈ ॥੯॥


ਸਲੋਕ ਮਃ ੧ ॥
ਪੁਰੀਆ ਖੰਡਾ ਸਿਰਿ ਕਰੇ ਇਕ ਪੈਰਿ ਧਿਆਏ ॥

ਜੇ ਕੋਈ ਮਨੁੱਖ ਸਿਰ-ਪਰਨੇ ਹੋ ਕੇ ਸਾਰੀਆਂ ਧਰਤੀਆਂ ਤੇ ਧਰਤੀ ਦੇ ਸਾਰੇ ਹਿੱਸਿਆਂ ਤੇ ਫਿਰੇ; ਜੇ ਇਕ ਪੈਰ ਦੇ ਭਾਰ ਖਲੋ ਕੇ ਧਿਆਨ ਧਰੇ;

ਪਉਣੁ ਮਾਰਿ ਮਨਿ ਜਪੁ ਕਰੇ ਸਿਰੁ ਮੁੰਡੀ ਤਲੈ ਦੇਇ ॥

ਜੇ ਪ੍ਰਾਣ ਰੋਕ ਕੇ ਮਨ ਵਿਚ ਜਪ ਕਰੇ; ਜੇ ਆਪਣਾ ਸਿਰ ਧੌਣ ਦੇ ਹੇਠ ਰੱਖੇ (ਭਾਵ, ਜੇ ਸ਼ੀਰਸ਼-ਆਸਣ ਕਰ ਕੇ ਸਿਰ-ਭਾਰ ਖੜਾ ਰਹੇ)-

ਕਿਸੁ ਉਪਰਿ ਓਹੁ ਟਿਕ ਟਿਕੈ ਕਿਸ ਨੋ ਜੋਰੁ ਕਰੇਇ ॥

(ਤਾਂ ਭੀ ਇਹਨਾਂ ਵਿਚੋਂ) ਕਿਸ ਸਾਧਨ ਉਤੇ ਉਹ ਟੇਕ ਰੱਖਦਾ ਹੈ? ਕਿਸ ਉੱਦਮ ਨੂੰ ਉਹ ਆਪਣਾ ਤਾਣ ਬਣਾਂਦਾ ਹੈ? (ਭਾਵ, ਇਹ ਹਰੇਕ ਟੇਕ ਤੁੱਛ ਹੈ, ਇਹਨਾਂ ਦਾ ਆਸਰਾ ਕਮਜ਼ੋਰ ਹੈ)।

ਕਿਸ ਨੋ ਕਹੀਐ ਨਾਨਕਾ ਕਿਸ ਨੋ ਕਰਤਾ ਦੇਇ ॥

ਹੇ ਨਾਨਕ! ਇਹ ਗੱਲ ਕਹੀ ਨਹੀਂ ਜਾ ਸਕਦੀ ਕਿ ਕਰਤਾਰ ਕਿਸ ਨੂੰ ਮਾਣ ਬਖ਼ਸ਼ਦਾ ਹੈ।

ਹੁਕਮਿ ਰਹਾਏ ਆਪਣੈ ਮੂਰਖੁ ਆਪੁ ਗਣੇਇ ॥੧॥

(ਪ੍ਰਭੂ ਸਭ ਜੀਵਾਂ ਨੂੰ) ਆਪਣੇ ਹੁਕਮ ਵਿਚ ਤੋਰਦਾ ਹੈ, ਪਰ ਮੂਰਖ ਆਪਣੇ ਆਪ ਨੂੰ (ਵੱਡਾ) ਸਮਝਣ ਲੱਗ ਪੈਂਦਾ ਹੈ ॥੧॥


ਮਃ ੧ ॥
ਹੈ ਹੈ ਆਖਾਂ ਕੋਟਿ ਕੋਟਿ ਕੋਟੀ ਹੂ ਕੋਟਿ ਕੋਟਿ ॥

ਜੇ ਮੈਂ ਕ੍ਰੋੜਾਂ ਕ੍ਰੋੜਾਂ ਵਾਰ ਆਖਾਂ ਕਿ ਪਰਮਾਤਮਾ ਸੱਚ-ਮੁੱਚ ਹੈ, ਜੇ ਮੈਂ ਕ੍ਰੋੜਾਂ ਵਾਰੀ ਤੋਂ ਭੀ ਕ੍ਰੋੜਾਂ ਵਾਰੀ ਵਧੀਕ (ਇਹੀ ਗੱਲ) ਆਖਾਂ;

ਆਖੂੰ ਆਖਾਂ ਸਦਾ ਸਦਾ ਕਹਣਿ ਨ ਆਵੈ ਤੋਟਿ ॥

ਜੇ ਮੈਂ ਇਹੀ ਗੱਲ ਸਦਾ ਹੀ ਆਪਣੇ ਮੂੰਹ ਨਾਲ ਆਖਦਾ ਰਹਾਂ, ਮੇਰੇ ਆਖਣ ਵਿਚ ਤ੍ਰੋਟ ਨਾਹ ਆਵੇ;

ਨਾ ਹਉ ਥਕਾਂ ਨ ਠਾਕੀਆ ਏਵਡ ਰਖਹਿ ਜੋਤਿ ॥

(ਹੇ ਪ੍ਰਭੂ!) ਜੇ ਤੂੰ ਮੇਰੇ ਵਿਚ ਇਤਨੀ ਸੱਤਿਆ ਪਾ ਦੇਵੇਂ ਕਿ ਮੈਂ ਆਖਦਾ ਆਖਦਾ ਨਾਹ ਹੀ ਥੱਕਾਂ ਤੇ ਨਾਹ ਹੀ ਕਿਸੇ ਦਾ ਰੋਕਿਆਂ ਰੁਕਾਂ,

ਨਾਨਕ ਚਸਿਅਹੁ ਚੁਖ ਬਿੰਦ ਉਪਰਿ ਆਖਣੁ ਦੋਸੁ ॥੨॥

ਤਾਂ ਭੀ, ਹੇ ਨਾਨਕ! ਇਹ ਸਾਰਾ ਜਤਨ ਤੇਰੀ ਰਤਾ ਭਰ ਸਿਫ਼ਤ ਦੇ ਹੀ ਬਰਾਬਰ ਹੁੰਦਾ ਹੈ; ਜੇ ਮੈਂ ਆਖਾਂ ਕਿ ਏਦੂੰ ਵਧੀਕ ਸਿਫ਼ਤ ਮੈਂ ਕੀਤੀ ਹੈ ਤਾਂ (ਇਹ ਮੇਰੀ) ਭੁੱਲ ਹੈ ॥੨॥


ਪਉੜੀ ॥
ਨਾਇ ਮੰਨਿਐ ਕੁਲੁ ਉਧਰੈ ਸਭੁ ਕੁਟੰਬੁ ਸਬਾਇਆ ॥

ਜੇ ਮਨ ਨਾਮ ਸਿਮਰਨ ਵਿਚ ਗਿੱਝ ਜਾਏ ਤਾਂ (ਅਜੇਹੇ ਮਨੁੱਖ ਦੀ) ਸਾਰੀ ਕੁਲ ਸਾਰਾ ਪਰਵਾਰ (ਭਵਜਲ ਵਿਚੋਂ) ਬਚ ਜਾਂਦਾ ਹੈ।

ਨਾਇ ਮੰਨਿਐ ਸੰਗਤਿ ਉਧਰੈ ਜਿਨ ਰਿਦੈ ਵਸਾਇਆ ॥

ਨਾਮ ਵਿਚ ਮਨ ਪਤੀਜਿਆਂ ਜਿਨ੍ਹਾਂ ਬੰਦਿਆਂ ਨੇ ਨਾਮ ਨੂੰ ਹਿਰਦੇ ਵਿਚ ਵਸਾ ਲਿਆ ਹੈ ਉਹਨਾਂ ਦੀ ਸਾਰੀ ਸੰਗਤ (ਸੰਸਾਰ-ਸਮੁੰਦਰ ਤੋਂ) ਪਾਰ ਉਤਰ ਜਾਂਦੀ ਹੈ।

ਨਾਇ ਮੰਨਿਐ ਸੁਣਿ ਉਧਰੇ ਜਿਨ ਰਸਨ ਰਸਾਇਆ ॥

ਨਾਮ ਵਿਚ ਗਿੱਝ ਕੇ ਜਿਨ੍ਹਾਂ ਨੇ ਜੀਭ ਨੂੰ ਨਾਮ ਨਾਲ ਇਕ-ਰਸ ਕਰ ਲਿਆ ਉਹ ਨਾਮ ਸੁਣ ਕੇ (ਮਾਇਆ ਦੇ ਪ੍ਰਭਾਵ ਤੋਂ) ਬਚ ਜਾਂਦੇ ਹਨ।

ਨਾਇ ਮੰਨਿਐ ਦੁਖ ਭੁਖ ਗਈ ਜਿਨ ਨਾਮਿ ਚਿਤੁ ਲਾਇਆ ॥

ਨਾਮ ਵਿਚ ਗਿੱਝ ਕੇ ਜਿਨ੍ਹਾਂ ਨੇ ਨਾਮ ਵਿਚ ਮਨ ਜੋੜ ਲਿਆ ਉਹਨਾਂ ਦੇ ਦੁੱਖ ਦੂਰ ਹੋ ਜਾਂਦੇ ਹਨ ਉਹਨਾਂ ਦੀ (ਮਾਇਆ ਵਾਲੀ) ਭੁੱਖ ਮਿਟ ਜਾਂਦੀ ਹੈ।

ਨਾਨਕ ਨਾਮੁ ਤਿਨੀ ਸਾਲਾਹਿਆ ਜਿਨ ਗੁਰੂ ਮਿਲਾਇਆ ॥੧੦॥

ਪਰ, ਹੇ ਨਾਨਕ! ਉਹੀ ਬੰਦੇ ਨਾਮ ਸਿਮਰਦੇ ਹਨ ਜਿਨ੍ਹਾਂ ਨੂੰ ਪ੍ਰਭੂ ਸਤਿਗੁਰੂ ਮਿਲਾਂਦਾ ਹੈ ॥੧੦॥


ਸਲੋਕ ਮਃ ੧ ॥
ਸਭੇ ਰਾਤੀ ਸਭਿ ਦਿਹ ਸਭਿ ਥਿਤੀ ਸਭਿ ਵਾਰ ॥

ਰਾਤਾਂ, ਦਿਹਾੜੇ, ਥਿੱਤਾਂ, ਵਾਰ,

ਸਭੇ ਰੁਤੀ ਮਾਹ ਸਭਿ ਸਭਿ ਧਰਤਂੀ ਸਭਿ ਭਾਰ ॥

ਰੁੱਤਾਂ, ਮਹੀਨੇ; ਧਰਤੀਆਂ ਤੇ ਧਰਤੀਆਂ ਉਤੇ ਪੈਦਾ ਹੋਏ ਸਾਰੇ ਪਦਾਰਥ,

ਸਭੇ ਪਾਣੀ ਪਉਣ ਸਭਿ ਸਭਿ ਅਗਨੀ ਪਾਤਾਲ ॥

ਹਵਾ, ਪਾਣੀ, ਅੱਗ, ਧਰਤੀ ਦੇ ਹੇਠਲੇ ਪਾਸੇ (ਦੇ ਪਦਾਰਥ);

ਸਭੇ ਪੁਰੀਆ ਖੰਡ ਸਭਿ ਸਭਿ ਲੋਅ ਲੋਅ ਆਕਾਰ ॥

ਧਰਤੀਆਂ ਦੇ ਮੰਡਲ, ਬ੍ਰਹਮੰਡ ਦੇ ਬੇਅੰਤ ਹਿੱਸੇ, ਹਰੇਕ ਲੋਕ ਦੇ (ਬੇਅੰਤ ਕਿਸਮਾਂ ਦੇ) ਜੀਅ ਜੰਤ-

ਹੁਕਮੁ ਨ ਜਾਪੀ ਕੇਤੜਾ ਕਹਿ ਨ ਸਕੀਜੈ ਕਾਰ ॥

ਇਹ ਸਾਰੀ ਰਚਨਾ (ਕੇਡੀ ਕੁ ਹੈ) ਬਿਆਨ ਨਹੀਂ ਕੀਤੀ ਜਾ ਸਕਦੀ, (ਇਸ ਰਚਨਾ ਨੂੰ ਬਣਾਣ ਵਾਲੇ ਪ੍ਰਭੂ ਦਾ) ਹੁਕਮ ਕਿਤਨਾ ਵੱਡਾ ਹੈ-ਇਹ ਭੀ ਪਤਾ ਨਹੀਂ ਲੱਗ ਸਕਦਾ।

ਆਖਹਿ ਥਕਹਿ ਆਖਿ ਆਖਿ ਕਰਿ ਸਿਫਤਂੀ ਵੀਚਾਰ ॥

ਪਰਮਾਤਮਾ ਦੀਆਂ ਸਿਫ਼ਤਾਂ ਦਾ ਵਿਚਾਰ ਕਰ ਕੇ ਲੋਕ ਮੁੜ ਮੁੜ ਬੇਅੰਤ ਵਾਰੀ (ਉਸ ਦੀਆਂ ਵਡਿਆਈਆਂ) ਬਿਆਨ ਕਰਦੇ ਹਨ ਤੇ (ਬਿਆਨ ਕਰ ਕੇ) ਥੱਕ ਜਾਂਦੇ ਹਨ;

ਤ੍ਰਿਣੁ ਨ ਪਾਇਓ ਬਪੁੜੀ ਨਾਨਕੁ ਕਹੈ ਗਵਾਰ ॥੧॥

ਪਰ, ਨਾਨਕ ਆਖਦਾ ਹੈ, ਵਿਚਾਰੇ ਗੰਵਾਰਾਂ ਨੇ ਪ੍ਰਭੂ ਦਾ ਰਤਾ ਭਰ ਭੀ ਅੰਤ ਨਹੀਂ ਲੱਭਾ ॥੧॥


ਮਃ ੧ ॥
ਅਖਂੀ ਪਰਣੈ ਜੇ ਫਿਰਾਂ ਦੇਖਾਂ ਸਭੁ ਆਕਾਰੁ ॥

ਜੇ ਮੈਂ ਅੱਖਾਂ ਦੇ ਭਾਰ ਹੋ ਕੇ ਫਿਰਾਂ ਤੇ ਸਾਰਾ ਜਗਤ (ਫਿਰ ਕੇ) ਵੇਖ ਲਵਾਂ;

ਪੁਛਾ ਗਿਆਨੀ ਪੰਡਿਤਾਂ ਪੁਛਾ ਬੇਦ ਬੀਚਾਰ ॥

ਜੇ ਮੈਂ ਗਿਆਨਵਾਨ ਪੰਡਿਤਾਂ ਨੂੰ ਵੇਦਾਂ ਦੇ ਡੂੰਘੇ ਭੇਤ ਪੁੱਛ ਲਵਾਂ;

ਪੁਛਾ ਦੇਵਾਂ ਮਾਣਸਾਂ ਜੋਧ ਕਰਹਿ ਅਵਤਾਰ ॥

ਜੇ ਮੈਂ ਦੇਵਤਿਆਂ ਨੂੰ ਜਾ ਪੁੱਛਾਂ, ਉਹਨਾਂ ਮਨੁੱਖਾਂ ਨੂੰ ਜਾ ਕੇ ਪੁੱਛਾਂ ਜੋ ਬੜੇ ਬੜੇ ਸੂਰਮੇ ਬਣਦੇ ਹਨ;

ਸਿਧ ਸਮਾਧੀ ਸਭਿ ਸੁਣੀ ਜਾਇ ਦੇਖਾਂ ਦਰਬਾਰੁ ॥

ਜੇ ਸਮਾਧੀ ਲਾਣ ਵਾਲੇ ਪੁੱਗੇ ਹੋਏ ਜੋਗੀਆਂ ਦੀਆਂ ਸਾਰੀਆਂ ਮੱਤਾਂ ਜਾ ਸੁਣਾਂ ਕਿ ਪ੍ਰਭੂ ਦਾ ਦਰਬਾਰ ਮੈਂ ਕਿਵੇਂ ਜਾ ਕੇ ਵੇਖਾਂ-

ਅਗੈ ਸਚਾ ਸਚਿ ਨਾਇ ਨਿਰਭਉ ਭੈ ਵਿਣੁ ਸਾਰੁ ॥

(ਇਹਨਾਂ ਸਾਰੇ ਉੱਦਮਾਂ ਦੇ) ਸਾਹਮਣੇ (ਇੱਕੋ ਹੀ ਸੁਚੱਜੀ ਮੱਤ ਹੈ ਕਿ) ਸਦਾ ਕਾਇਮ ਰਹਿਣ ਵਾਲਾ ਪ੍ਰਭੂ, ਜੋ ਨਿਰਭਉ ਹੈ ਜਿਸ ਨੂੰ ਕਿਸੇ ਦਾ ਡਰ ਨਹੀਂ ਤੇ ਜੋ ਸਾਰੇ ਜਗਤ ਦਾ ਮੂਲ ਹੈ, ਸਿਮਰਨ ਦੀ ਰਾਹੀਂ ਹੀ ਮਿਲਦਾ ਹੈ;

ਹੋਰ ਕਚੀ ਮਤੀ ਕਚੁ ਪਿਚੁ ਅੰਧਿਆ ਅੰਧੁ ਬੀਚਾਰੁ ॥

(ਸਿਮਰਨ ਤੋਂ ਬਿਨਾ) ਹੋਰ ਸਾਰੀਆਂ ਮੱਤਾਂ ਕੱਚੀਆਂ ਹਨ, ਹੋਰ ਸਾਰੇ ਉੱਦਮ ਕੱਚੇ-ਪਿੱਲੇ ਹਨ (ਸਿਮਰਨ ਤੋਂ ਖੁੰਝੇ ਹੋਏ) ਅੰਨ੍ਹਿਆਂ ਦੇ ਅੰਨ੍ਹੇ ਟਟੌਲੇ ਹੀ ਹਨ।

ਨਾਨਕ ਕਰਮੀ ਬੰਦਗੀ ਨਦਰਿ ਲੰਘਾਏ ਪਾਰਿ ॥੨॥

ਹੇ ਨਾਨਕ! ਇਹ ਸਿਮਰਨ ਪ੍ਰਭੂ ਦੀ ਮਿਹਰ ਨਾਲ ਮਿਲਦਾ ਹੈ, ਪ੍ਰਭੂ ਆਪਣੀ ਮਿਹਰ ਦੀ ਨਜ਼ਰ ਨਾਲ ਹੀ ਪਾਰ ਲੰਘਾਂਦਾ ਹੈ ॥੨॥


ਪਉੜੀ ॥
ਨਾਇ ਮੰਨਿਐ ਦੁਰਮਤਿ ਗਈ ਮਤਿ ਪਰਗਟੀ ਆਇਆ ॥

ਜੇ ਮਨ ਨਾਮ ਸਿਮਰਨ ਵਿਚ ਗਿੱਝ ਜਾਏ ਤਾਂ ਭੈੜੀ ਮੱਤ ਦੂਰ ਹੋ ਜਾਂਦੀ ਹੈ ਤੇ (ਚੰਗੀ) ਮੱਤ ਚਮਕ ਪੈਂਦੀ ਹੈ;

ਨਾਉ ਮੰਨਿਐ ਹਉਮੈ ਗਈ ਸਭਿ ਰੋਗ ਗਵਾਇਆ ॥

ਜੇ ਮਨ ਨਾਮ ਸਿਮਰਨ ਵਿਚ ਗਿੱਝ ਜਾਏ ਤਾਂ ਹਉਮੈ ਦੂਰ ਹੋ ਜਾਂਦੀ ਹੈ, ਸਾਰੇ ਹੀ (ਮਨ ਦੇ) ਰੋਗ ਨਾਸ ਹੋ ਜਾਂਦੇ ਹਨ;

ਨਾਇ ਮੰਨਿਐ ਨਾਮੁ ਊਪਜੈ ਸਹਜੇ ਸੁਖੁ ਪਾਇਆ ॥

ਜੇ ਨਾਮ ਵਿਚ ਮਨ ਗਿੱਝ ਜਾਏ ਤਾਂ (ਮਨ ਵਿਚ) ਨਾਮ (ਜਪਣ ਦਾ ਚਾਉ) ਪੈਦਾ ਹੋ ਜਾਂਦਾ ਹੈ ਤੇ ਅਡੋਲ ਅਵਸਥਾ ਵਿਚ ਅੱਪੜ ਕੇ ਸੁਖ ਪ੍ਰਾਪਤ ਹੁੰਦਾ ਹੈ;

ਨਾਇ ਮੰਨਿਐ ਸਾਂਤਿ ਊਪਜੈ ਹਰਿ ਮੰਨਿ ਵਸਾਇਆ ॥

ਜੇ ਮਨ ਨਾਮ ਸਿਮਰਨ ਵਿਚ ਗਿੱਝ ਜਾਏ ਤਾਂ ਮਨ ਵਿਚ ਠੰਢ ਵਰਤ ਜਾਂਦੀ ਹੈ, ਪ੍ਰਭੂ ਮਨ ਵਿਚ ਆ ਵੱਸਦਾ ਹੈ।

ਨਾਨਕ ਨਾਮੁ ਰਤੰਨੁ ਹੈ ਗੁਰਮੁਖਿ ਹਰਿ ਧਿਆਇਆ ॥੧੧॥

ਹੇ ਨਾਨਕ! (ਪ੍ਰਭੂ ਦਾ) ਨਾਮ (ਮਾਨੋ) ਇਕ ਕੀਮਤੀ ਮੋਤੀ ਹੈ, ਪਰ ਹਰਿ-ਨਾਮ ਸਿਮਰਦਾ ਉਹ ਮਨੁੱਖ ਹੈ ਜੋ ਗੁਰੂ ਦੇ ਸਨਮੁਖ ਹੁੰਦਾ ਹੈ ॥੧੧॥


ਸਲੋਕ ਮਃ ੧ ॥
ਹੋਰੁ ਸਰੀਕੁ ਹੋਵੈ ਕੋਈ ਤੇਰਾ ਤਿਸੁ ਅਗੈ ਤੁਧੁ ਆਖਾਂ ॥

ਹੇ ਪ੍ਰਭੂ! ਜੇ ਕੋਈ ਹੋਰ ਤੇਰੇ ਬਰਾਬਰ ਦਾ ਹੋਵੇ ਤਾਂ ਹੀ ਉਸ ਦੇ ਸਾਹਮਣੇ ਮੈਂ ਤੇਰਾ ਜ਼ਿਕਰ ਕਰਾਂ (ਪਰ ਤੇਰੇ ਵਰਗਾ ਹੋਰ ਕੋਈ ਨਹੀਂ ਹੈ)

ਤੁਧੁ ਅਗੈ ਤੁਧੈ ਸਾਲਾਹੀ ਮੈ ਅੰਧੇ ਨਾਉ ਸੁਜਾਖਾ ॥

(ਸੋ) ਤੇਰੀ ਸਿਫ਼ਤ-ਸਾਲਾਹ ਮੈਂ ਤੇਰੇ ਅੱਗੇ ਹੀ ਕਰ ਸਕਦਾ ਹਾਂ (ਤੇਰੇ ਵਰਗਾ ਮੈਂ ਤੈਨੂੰ ਹੀ ਆਖ ਸਕਦਾ ਹਾਂ, ਤੇ ਜਿਉਂ ਜਿਉਂ ਮੈਂ ਤੇਰੀ ਸਿਫ਼ਤ ਕਰਦਾ ਹਾਂ) ਤੇਰਾ ਨਾਮ ਮੈਨੂੰ (ਆਤਮਕ ਜੀਵਨ ਵਲੋਂ) ਅੰਨ੍ਹੇ ਨੂੰ ਅੱਖਾਂ ਲਈ ਚਾਨਣ ਦੇਂਦਾ ਹੈ।

ਜੇਤਾ ਆਖਣੁ ਸਾ ਹੀ ਸਬਦੀ ਭਾਖਿਆ ਭਾਇ ਸੁਭਾਈ ॥

ਲਿਖ ਕੇ ਜਾਂ ਬੋਲ ਕੇ ਜੋ ਕੁਝ ਮੈਂ ਤੇਰੀ ਸਿਫ਼ਤ ਵਿਚ ਆਖਿਆ ਹੈ ਉਹ ਸਭ ਤੇਰੇ ਪਿਆਰ ਦੀ ਖਿੱਚ ਵਿਚ ਹੀ ਆਖਿਆ ਹੈ;

ਨਾਨਕ ਬਹੁਤਾ ਏਹੋ ਆਖਣੁ ਸਭ ਤੇਰੀ ਵਡਿਆਈ ॥੧॥

ਨਹੀਂ ਤਾਂ ਸਭ ਤੋਂ ਵੱਡੀ ਗੱਲ ਆਖਣੀ ਨਾਨਕ ਨੂੰ ਇਹੋ ਫਬਦੀ ਹੈ ਕਿ (ਜੋ ਕੁਝ ਹੈ) ਸਭ ਤੇਰੀ ਹੀ ਵਡਿਆਈ ਹੈ ॥੧॥


ਮਃ ੧ ॥
ਜਾਂ ਨ ਸਿਆ ਕਿਆ ਚਾਕਰੀ ਜਾਂ ਜੰਮੇ ਕਿਆ ਕਾਰ ॥

ਜਦੋਂ ਜੀਵ ਹੋਂਦ ਵਿਚ ਨਹੀਂ ਸੀ ਆਇਆ ਤਦੋਂ ਇਹ ਕੇਹੜੀ ਕਮਾਈ ਕਰ ਸਕਦਾ ਸੀ, ਤੇ ਜਦੋਂ ਜੰਮ ਪਏ ਤਾਂ ਭੀ ਕੇਹੜੀ ਕਿਰਤ ਕੀਤੀ? (ਭਾਵ, ਜੀਵ ਦੇ ਕੁਝ ਵੱਸ ਨਹੀਂ);

ਸਭਿ ਕਾਰਣ ਕਰਤਾ ਕਰੇ ਦੇਖੈ ਵਾਰੋ ਵਾਰ ॥

ਜਿਸਨੇ ਪੈਦਾ ਕੀਤਾ ਹੈ ਉਹ ਆਪ ਹੀ ਸਾਰੇ ਸਬੱਬ ਬਣਾਂਦਾ ਹੈ ਤੇ ਸਦਾ ਜੀਵਾਂ ਦੀ ਸੰਭਾਲ ਕਰਦਾ ਹੈ;

ਜੇ ਚੁਪੈ ਜੇ ਮੰਗਿਐ ਦਾਤਿ ਕਰੇ ਦਾਤਾਰੁ ॥

ਭਾਵੇਂ ਚੁੱਪ ਕਰ ਰਹੀਏ ਤੇ ਭਾਵੇਂ ਮੰਗੀਏ, ਦਾਤਾਂ ਦੇਣ ਵਾਲਾ ਕਰਤਾਰ ਆਪ ਹੀ ਦਾਤਾਂ ਦੇਂਦਾ ਹੈ।

ਇਕੁ ਦਾਤਾ ਸਭਿ ਮੰਗਤੇ ਫਿਰਿ ਦੇਖਹਿ ਆਕਾਰੁ ॥

ਜਦੋਂ ਜੀਵ ਸਾਰਾ ਜਗਤ ਫਿਰ ਕੇ (ਇਹ ਗੱਲ) ਵੇਖ ਲੈਂਦੇ ਹਨ (ਤਾਂ ਆਖਦੇ ਹਨ ਕਿ) ਇਕ ਪਰਮਾਤਮਾ ਦਾਤਾ ਹੈ ਤੇ ਸਾਰੇ ਜੀਵ ਉਸ ਦੇ ਮੰਗਤੇ ਹਨ।

ਨਾਨਕ ਏਵੈ ਜਾਣੀਐ ਜੀਵੈ ਦੇਵਣਹਾਰੁ ॥੨॥

ਹੇ ਨਾਨਕ! ਇਸ ਤਰ੍ਹਾਂ ਸਮਝ ਪੈਂਦੀ ਹੈ ਕਿ ਦਾਤਾਂ ਦੇਣ ਵਾਲਾ ਪ੍ਰਭੂ (ਸਦਾ ਹੀ) ਜੀਉਂਦਾ ਰਹਿੰਦਾ ਹੈ ॥੨॥


ਪਉੜੀ ॥
ਨਾਇ ਮੰਨਿਐ ਸੁਰਤਿ ਊਪਜੈ ਨਾਮੇ ਮਤਿ ਹੋਈ ॥

ਜੇ ਮਨ ਨਾਮ ਵਿਚ ਗਿੱਝ ਜਾਏ ਤਾਂ (ਅੰਦਰ ਨਾਮ ਦੀ) ਲਿਵ ਪੈਦਾ ਹੋਈ ਰਹਿੰਦੀ ਹੈ ਤੇ ਨਾਮ ਵਿਚ ਹੀ ਮੱਤ (ਪ੍ਰਵਿਰਤ ਹੁੰਦੀ) ਹੈ;

ਨਾਇ ਮੰਨਿਐ ਗੁਣ ਉਚਰੈ ਨਾਮੇ ਸੁਖਿ ਸੋਈ ॥

ਜੇ ਮਨ ਨਾਮ ਵਿਚ ਗਿੱਝ ਜਾਏ ਤਾਂ ਮਨੁੱਖ ਪ੍ਰਭੂ ਦੇ ਗੁਣ ਆਖਣ ਲੱਗ ਪੈਂਦਾ ਹੈ ਤੇ ਨਾਮ ਵਿਚ ਹੀ ਸੁਖ ਆਨੰਦ ਨਾਲ ਟਿਕਦਾ ਹੈ;

ਨਾਇ ਮੰਨਿਐ ਭ੍ਰਮੁ ਕਟੀਐ ਫਿਰਿ ਦੁਖੁ ਨ ਹੋਈ ॥

ਜੇ ਮਨ ਨਾਮ ਵਿਚ ਗਿੱਝ ਜਾਏ ਤਾਂ ਭਟਕਣਾ ਕੱਟੀ ਜਾਂਦੀ ਹੈ, ਤੇ ਫਿਰ ਕੋਈ ਦੁੱਖ ਨਹੀਂ ਵਿਆਪਦਾ;

ਨਾਇ ਮੰਨਿਐ ਸਾਲਾਹੀਐ ਪਾਪਾਂ ਮਤਿ ਧੋਈ ॥

ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਲੱਗ ਪਈਦੀ ਹੈ ਤੇ ਪਾਪਾਂ ਵਾਲੀ ਮੱਤ ਧੁੱਪ ਜਾਂਦੀ ਹੈ।

ਨਾਨਕ ਪੂਰੇ ਗੁਰ ਤੇ ਨਾਉ ਮੰਨੀਐ ਜਿਨ ਦੇਵੈ ਸੋਈ ॥੧੨॥

ਹੇ ਨਾਨਕ! ਪੂਰੇ ਸਤਿਗੁਰੂ ਤੋਂ ਇਹ ਨਿਸ਼ਚਾ ਆਉਂਦਾ ਹੈ ਕਿ ਨਾਮ (-ਸਿਮਰਨ ਜੀਵਨ ਦਾ ਸਹੀ ਰਸਤਾ) ਹੈ (ਇਹ ਦਾਤ ਉਹਨਾਂ ਨੂੰ ਮਿਲਦੀ ਹੈ) ਜਿਨ੍ਹਾਂ ਨੂੰ ਉਹ ਪ੍ਰਭੂ ਆਪ ਦੇਂਦਾ ਹੈ ॥੧੨॥


ਸਲੋਕ ਮਃ ੧ ॥
ਸਾਸਤ੍ਰ ਬੇਦ ਪੁਰਾਣ ਪੜੑੰਤਾ ॥

(ਜਦ ਤਕ ਮਨੁੱਖ) ਸ਼ਾਸਤ੍ਰਾਂ ਵੇਦ ਪੁਰਾਣ (ਆਦਿਕ ਧਰਮ-ਪੁਸਤਕਾਂ ਨੂੰ ਨਿਰਾ) ਪੜ੍ਹਦਾ ਰਹਿੰਦਾ ਹੈ,

ਪੂਕਾਰੰਤਾ ਅਜਾਣੰਤਾ ॥

(ਉਤਨਾ ਚਿਰ) ਉੱਚੀ ਉੱਚੀ ਬੋਲਦਾ ਹੈ (ਹੋਰਨਾਂ ਨੂੰ ਸੁਣਾਉਂਦਾ ਹੈ) ਪਰ ਆਪ ਸਮਝਦਾ ਕੁਝ ਨਹੀਂ;

ਜਾਂ ਬੂਝੈ ਤਾਂ ਸੂਝੈ ਸੋਈ ॥

ਜਦੋਂ (ਧਰਮ ਪੁਸਤਕਾਂ ਦੇ ਉਪਦੇਸ਼ ਦਾ) ਭੇਤ ਪਾ ਲੈਂਦਾ ਹੈ ਤਦੋਂ (ਇਸ ਨੂੰ ਹਰ ਥਾਂ) ਪ੍ਰਭੂ ਹੀ ਦਿੱਸਦਾ ਹੈ,

ਨਾਨਕੁ ਆਖੈ ਕੂਕ ਨ ਹੋਈ ॥੧॥

ਤੇ, ਨਾਨਕ ਆਖਦਾ ਹੈ, ਇਸ ਦੀਆਂ ਟਾਹਰਾਂ ਮੁੱਕ ਜਾਂਦੀਆਂ ਹਨ ॥੧॥


ਮਃ ੧ ॥
ਜਾਂ ਹਉ ਤੇਰਾ ਤਾਂ ਸਭੁ ਕਿਛੁ ਮੇਰਾ ਹਉ ਨਾਹੀ ਤੂ ਹੋਵਹਿ ॥

ਜਦੋਂ ਮੈਂ ਤੇਰਾ ਬਣ ਜਾਂਦਾ ਹਾਂ ਤਦੋਂ ਜਗਤ ਵਿਚ ਸਭ ਕੁਝ ਮੈਨੂੰ ਆਪਣਾ ਜਾਪਦਾ ਹੈ (ਕਿਉਂਕਿ ਉਸ ਵੇਲੇ) ਮੇਰੀ ਅਪਣੱਤ ਨਹੀਂ ਹੁੰਦੀ, ਤੂੰ ਹੀ ਮੈਨੂੰ ਦਿੱਸਦਾ ਹੈਂ,

ਆਪੇ ਸਕਤਾ ਆਪੇ ਸੁਰਤਾ ਸਕਤੀ ਜਗਤੁ ਪਰੋਵਹਿ ॥

ਤੂੰ ਆਪ ਹੀ ਜ਼ੋਰ ਦਾ ਮਾਲਕ, ਤੂੰ ਆਪ ਹੀ ਸੁਰਤ ਦਾ ਮਾਲਕ ਮੈਨੂੰ ਪ੍ਰਤੀਤ ਹੁੰਦਾ ਹੈਂ, ਤੂੰ ਆਪ ਹੀ ਜਗਤ ਨੂੰ ਆਪਣੀ ਸੱਤਿਆ (ਦੇ ਧਾਗੇ) ਵਿਚ ਪਰੋਣ ਵਾਲਾ ਜਾਪਦਾ ਹੈਂ।

ਆਪੇ ਭੇਜੇ ਆਪੇ ਸਦੇ ਰਚਨਾ ਰਚਿ ਰਚਿ ਵੇਖੈ ॥

ਪ੍ਰਭੂ ਆਪ ਹੀ (ਜੀਵਾਂ ਨੂੰ ਇਥੇ) ਭੇਜਦਾ ਹੈ, ਆਪ ਹੀ (ਇਥੋਂ ਵਾਪਸ) ਬੁਲਾ ਲੈਂਦਾ ਹੈ, ਸ੍ਰਿਸ਼ਟੀ ਪੈਦਾ ਕਰ ਕੇ ਆਪ ਹੀ ਸੰਭਾਲ ਕਰ ਰਿਹਾ ਹੈ;

ਨਾਨਕ ਸਚਾ ਸਚੀ ਨਾਂਈ ਸਚੁ ਪਵੈ ਧੁਰਿ ਲੇਖੈ ॥੨॥

ਹੇ ਨਾਨਕ! ਉਹ ਸਦਾ-ਥਿਰ ਰਹਿਣ ਵਾਲਾ ਹੈ, ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ; ਉਸ ਦੇ ਨਾਮ ਦਾ ਸਿਮਰਨ ਹੀ ਉਸਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ ॥੨॥


ਪਉੜੀ ॥
ਨਾਮੁ ਨਿਰੰਜਨ ਅਲਖੁ ਹੈ ਕਿਉ ਲਖਿਆ ਜਾਈ ॥

ਮਾਇਆ-ਰਹਿਤ ਪ੍ਰਭੂ ਦਾ ਨਾਮ (ਐਸਾ ਹੈ ਜਿਸ) ਦਾ ਕੋਈ ਖ਼ਾਸ ਚਿੰਨ੍ਹ ਨਹੀਂ ਦਿੱਸਦਾ, (ਤਾਂ ਫਿਰ) ਉਸ ਨੂੰ ਬਿਆਨ ਕਿਵੇਂ ਕੀਤਾ ਜਾਏ?

ਨਾਮੁ ਨਿਰੰਜਨ ਨਾਲਿ ਹੈ ਕਿਉ ਪਾਈਐ ਭਾਈ ॥

ਮਾਇਆ-ਰਹਿਤ ਪ੍ਰਭੂ ਦਾ ਨਾਮ ਦਾ ਨਾਮ (ਅਸਾਡੇ) ਨਾਲ (ਭੀ) ਹੈ, ਪਰ ਹੇ ਭਾਈ! ਉਹ ਲੱਭੇ ਕਿਵੇਂ?

ਨਾਮੁ ਨਿਰੰਜਨ ਵਰਤਦਾ ਰਵਿਆ ਸਭ ਠਾਂਈ ॥

ਮਾਇਆ-ਰਹਿਤ ਪ੍ਰਭੂ ਦਾ ਨਾਮ ਦਾ ਸਭ ਥਾਈਂ ਵਿਆਪਕ ਹੈ ਤੇ ਮੌਜੂਦ ਹੈ,

ਗੁਰ ਪੂਰੇ ਤੇ ਪਾਈਐ ਹਿਰਦੈ ਦੇਇ ਦਿਖਾਈ ॥

(ਇਹ ਨਾਮ) ਪੂਰੇ ਸਤਿਗੁਰੂ ਤੋਂ ਮਿਲਦਾ ਹੈ, (ਪੂਰਾ ਗੁਰੂ ਪ੍ਰਭੂ ਦਾ ਨਾਮ ਅਸਾਡੇ) ਹਿਰਦੇ ਵਿਚ ਵਿਖਾ ਦੇਂਦਾ ਹੈ।

ਨਾਨਕ ਨਦਰੀ ਕਰਮੁ ਹੋਇ ਗੁਰ ਮਿਲੀਐ ਭਾਈ ॥੧੩॥

ਹੇ ਭਾਈ! ਨਾਨਕ! ਆਖਦਾ ਹੈ, ਜਦੋਂ (ਪ੍ਰਭੂ ਦੀ ਸਵੱਲੀ) ਨਿਗਾਹ ਨਾਲ ਮਿਹਰ ਹੋਵੇ ਤਾਂ ਗੁਰੂ ਨੂੰ ਮਿਲੀਦਾ ਹੈ ॥੧੩॥


ਸਲੋਕ ਮਃ ੧ ॥
ਕਲਿ ਹੋਈ ਕੁਤੇ ਮੁਹੀ ਖਾਜੁ ਹੋਆ ਮੁਰਦਾਰੁ ॥

ਰੱਬ ਤੋਂ ਵਿੱਛੁੜੀ ਹੋਈ ਲੁਕਾਈ ਨੂੰ ਕੁੱਤੇ ਵਾਂਗ ਖਾਣ ਦਾ ਹਲਕ ਕੁੱਦਿਆ ਰਹਿੰਦਾ ਹੈ ਤੇ ਵੱਢੀ ਆਦਿਕ ਹਰਾਮ ਚੀਜ਼ ਇਸ ਦਾ ਮਨ-ਭਾਉਂਦਾ ਖਾਣਾ ਹੋ ਜਾਂਦਾ ਹੈ (ਜਿਵੇਂ ਕੁੱਤੇ ਦਾ ਮਨ-ਭਾਉਂਦਾ ਖਾਣਾ ਮੁਰਦਾਰ ਹੈ);

ਕੂੜੁ ਬੋਲਿ ਬੋਲਿ ਭਉਕਣਾ ਚੂਕਾ ਧਰਮੁ ਬੀਚਾਰੁ ॥

(ਇਹ ਲੁਕਾਈ) ਸਦਾ ਝੂਠ ਬੋਲਦੀ ਹੈ, (ਮਾਨੋ, ਮੁਰਦਾਰ ਖਾਂਦੇ ਕੁੱਤੇ ਵਾਂਗ) ਭਉਂਕ ਰਹੀ ਹੈ, (ਇਸ ਤਰ੍ਹਾਂ ਇਸ ਦੇ ਅੰਦਰੋਂ) ਧਰਮ (ਦੀ ਅੰਸ) ਤੇ (ਰੱਬ ਦੇ ਗੁਣਾਂ ਦੀ) ਵਿਚਾਰ ਮੁੱਕ ਜਾਂਦੀ ਹੈ;

ਜਿਨ ਜੀਵੰਦਿਆ ਪਤਿ ਨਹੀ ਮੁਇਆ ਮੰਦੀ ਸੋਇ ॥

ਜਿਤਨਾ ਚਿਰ ਅਜੇਹੇ ਲੋਕ (ਜਗਤ ਵਿਚ) ਜੀਉਂਦੇ ਹਨ ਇਹਨਾਂ ਦੀ (ਕੋਈ ਬੰਦਾ) ਇੱਜ਼ਤ ਨਹੀਂ (ਕਰਦਾ), ਜਦੋਂ ਮਰ ਜਾਂਦੇ ਹਨ, (ਲੋਕ ਇਹਨਾਂ ਨੂੰ) ਭੈੜਿਓਂ ਯਾਦ ਕਰਦੇ ਹਨ।

ਲਿਖਿਆ ਹੋਵੈ ਨਾਨਕਾ ਕਰਤਾ ਕਰੇ ਸੁ ਹੋਇ ॥੧॥

(ਪਰ) ਹੇ ਨਾਨਕ! (ਇਹਨਾਂ ਦੇ ਕੀਹ ਵੱਸ? ਪਿਛਲੇ ਕਰਮਾਂ ਅਨੁਸਾਰ) ਮੱਥੇ ਉਤੇ ਲਿਖਿਆ ਲੇਖ ਹੀ ਉੱਘੜਦਾ ਹੈ (ਤੇ ਉਸ ਲੇਖ-ਅਨੁਸਾਰ) ਜੋ ਕੁਝ ਕਰਤਾਰ ਕਰਦਾ ਹੈ ਉਹੀ ਹੁੰਦਾ ਹੈ ॥੧॥


ਮਃ ੧ ॥
ਰੰਨਾ ਹੋਈਆ ਬੋਧੀਆ ਪੁਰਸ ਹੋਏ ਸਈਆਦ ॥

(ਰੱਬ ਤੋਂ ਵਿੱਛੁੜ ਕੇ) ਮਨੁੱਖ ਜ਼ਾਲਮ ਹੋ ਰਹੇ ਹਨ ਤੇ ਤੀਵੀਆਂ ਇਸ ਜ਼ੁਲਮ ਲਈ ਸਲਾਹਕਾਰ ਬਣ ਰਹੀਆਂ ਹਨ;

ਸੀਲੁ ਸੰਜਮੁ ਸੁਚ ਭੰਨੀ ਖਾਣਾ ਖਾਜੁ ਅਹਾਜੁ ॥

ਮਿੱਠਾ ਸੁਭਾਉ, ਜੁਗਤਿ ਵਿਚ ਰਹਿਣਾ, ਦਿਲ ਦੀ ਸਫ਼ਾਈ-ਇਹ ਸਭ ਗੱਲਾਂ ਦੂਰ ਹੋ ਗਈਆਂ ਹਨ ਤੇ ਵੱਢੀ ਆਦਿਕ ਹਰਾਮ ਮਾਲ ਇਹਨਾਂ ਲੋਕਾਂ ਦਾ ਮਨ-ਭਾਉਂਦਾ ਖਾਣਾ ਹੋ ਗਿਆ ਹੈ;

ਸਰਮੁ ਗਇਆ ਘਰਿ ਆਪਣੈ ਪਤਿ ਉਠਿ ਚਲੀ ਨਾਲਿ ॥

ਸ਼ਰਮ-ਹਯਾ ਕਿਤੇ ਆਪਣੇ ਵਤਨ ਚਲੀ ਗਈ ਹੈ (ਭਾਵ, ਇਹਨਾਂ ਮਨੁੱਖਾਂ ਤੋਂ ਕਿਤੇ ਦੂਰ ਦੁਰੇਡੇ ਹੋ ਗਈ ਹੈ) ਅਣਖ ਭੀ ਸ਼ਰਮ-ਹਯਾ ਦੇ ਨਾਲ ਹੀ ਚਲੀ ਗਈ ਹੈ।

ਨਾਨਕ ਸਚਾ ਏਕੁ ਹੈ ਅਉਰੁ ਨ ਸਚਾ ਭਾਲਿ ॥੨॥

ਹੇ ਨਾਨਕ! (ਜੇ ‘ਸੀਲ ਸੰਜਮ ਸੁਚ’ ਆਦਿਕ ਗੁਣ ਲੱਭਣੇ ਹਨ, ਤਾਂ ਉਹਨਾਂ ਦਾ ਸੋਮਾ) ਸਿਰਫ਼ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਹੈ, (ਇਹਨਾਂ ਗੁਣਾਂ ਲਈ) ਕੋਈ ਹੋਰ ਥਾਂ ਨਾਹ ਲੱਭੋ (ਭਾਵ, ਪ੍ਰਭੂ ਤੋਂ ਬਿਨਾ ਕਿਸੇ ਹੋਰ ਥਾਂ ਇਹ ਗੁਣ ਨਹੀਂ ਮਿਲ ਸਕਦੇ) ॥੨॥


ਪਉੜੀ ॥
ਬਾਹਰਿ ਭਸਮ ਲੇਪਨ ਕਰੇ ਅੰਤਰਿ ਗੁਬਾਰੀ ॥

ਜੋ ਮਨੁੱਖ ਪਿੰਡੇ ਉਤੇ (ਤਾਂ) ਸੁਆਹ ਮਲ ਲੈਂਦਾ ਹੈ (ਪਰ ਉਸ ਦੇ) ਮਨ ਵਿਚ (ਮਾਇਆ ਦੇ ਮੋਹ ਦਾ) ਹਨੇਰਾ ਹੈ;

ਖਿੰਥਾ ਝੋਲੀ ਬਹੁ ਭੇਖ ਕਰੇ ਦੁਰਮਤਿ ਅਹੰਕਾਰੀ ॥

(ਬਾਹਰ) ਗੋਦੜੀ ਤੇ ਝੋਲੀ (ਆਦਿਕ) ਦੇ ਕਈ ਭੇਖ ਕਰਦਾ ਹੈ ਤੇ ਭੈੜੀ ਮੱਤ ਦੇ ਕਾਰਨ (ਇਸ ਭੇਖ ਦਾ) ਅਹੰਕਾਰ ਕਰਦਾ ਹੈ;

ਸਾਹਿਬ ਸਬਦੁ ਨ ਊਚਰੈ ਮਾਇਆ ਮੋਹ ਪਸਾਰੀ ॥

ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਨਹੀਂ ਉਚਾਰਦਾ, (ਨਿਰਾ) ਮਾਇਆ ਦੇ ਮੋਹ ਦਾ ਖਿਲਾਰਾ ਹੀ (ਬਣਾਈ ਬੈਠਾ) ਹੈ;

ਅੰਤਰਿ ਲਾਲਚੁ ਭਰਮੁ ਹੈ ਭਰਮੈ ਗਾਵਾਰੀ ॥

ਉਸ ਦੇ ਮਨ ਵਿਚ ਲਾਲਚ ਹੈ ਭਟਕਣਾ ਹੈ, ਮੂਰਖ ਠੇਡੇ ਖਾਂਦਾ ਫਿਰਦਾ ਹੈ;

ਨਾਨਕ ਨਾਮੁ ਨ ਚੇਤਈ ਜੂਐ ਬਾਜੀ ਹਾਰੀ ॥੧੪॥

ਪ੍ਰਭੂ ਦਾ ਨਾਮ ਨਹੀਂ ਸਿਮਰਦਾ, ਹੇ ਨਾਨਕ! (ਐਸਾ ਮਨੁੱਖ, ਮਾਨੋ) ਜੂਏ ਵਿਚ (ਮਨੁੱਖਾ ਜਨਮ ਦੀ) ਬਾਜ਼ੀ ਹਾਰ ਜਾਂਦਾ ਹੈ ॥੧੪॥


ਸਲੋਕ ਮਃ ੧ ॥
ਲਖ ਸਿਉ ਪ੍ਰੀਤਿ ਹੋਵੈ ਲਖ ਜੀਵਣੁ ਕਿਆ ਖੁਸੀਆ ਕਿਆ ਚਾਉ ॥

ਲੱਖਾਂ ਬੰਦਿਆਂ ਨਾਲ ਪਿਆਰ ਹੋਵੇ, ਲੱਖਾਂ ਸਾਲਾਂ ਦੀ ਜ਼ਿੰਦਗੀ ਹੋਵੇ, ਭਾਵੇਂ ਕਿਤਨੀਆਂ ਹੀ ਖ਼ੁਸ਼ੀਆਂ ਤੇ ਕਿਤਨੇ ਹੀ ਚਾਉ ਹੋਣ,

ਵਿਛੁੜਿਆ ਵਿਸੁ ਹੋਇ ਵਿਛੋੜਾ ਏਕ ਘੜੀ ਮਹਿ ਜਾਇ ॥

ਪਰ ਮਰਨ ਵੇਲੇ ਜਦੋਂ ਬੰਦਾ ਇਕ ਘੜੀ ਵਿਚ ਹੀ ਉੱਠ ਕੇ ਤੁਰ ਪੈਂਦਾ ਹੈ ਤਾਂ ਇਹਨਾਂ ਤੋਂ ਜੁਦਾਈ ਬਹੁਤ ਦੁਖਦਾਈ ਹੁੰਦੀ ਹੈ।

ਜੇ ਸਉ ਵਰ੍ਹਿਆ ਮਿਠਾ ਖਾਜੈ ਭੀ ਫਿਰਿ ਕਉੜਾ ਖਾਇ ॥

ਜੇ ਸੈਂਕੜੇ ਵਰ੍ਹੇ ਭੀ ਇਹ ਸੁਆਦਲੇ ਭੋਗ ਭੋਗਦੇ ਰਹੀਏ ਤਾਂ ਭੀ ਇਹਨਾਂ ਤੋਂ ਵਿਛੋੜੇ ਵਾਲਾ ਕੌੜਾ ਘੁੱਟ ਭਰਨਾ ਹੀ ਪੈਂਦਾ ਹੈ!

ਮਿਠਾ ਖਾਧਾ ਚਿਤਿ ਨ ਆਵੈ ਕਉੜਤਣੁ ਧਾਇ ਜਾਇ ॥

ਭੋਗੇ ਹੋਏ ਭੋਗ ਤਾਂ ਭੁੱਲ ਜਾਂਦੇ ਹਨ, ਪਰ ਇਹਨਾਂ ਤੋਂ ਵਿਛੋੜੇ ਦੀ ਸੱਟ ਡੂੰਘਾ ਸੱਲ ਲਾਂਦੀ ਹੈ।

ਮਿਠਾ ਕਉੜਾ ਦੋਵੈ ਰੋਗ ॥

ਇਹਨਾਂ ਭੋਗਾਂ ਦਾ ਮਿਲਣਾ ਤੇ ਖੁੱਸ ਜਾਣਾ ਦੋਵੇਂ ਗੱਲਾਂ ਹੀ ਦੁਖਦਾਈ ਹਨ,

ਨਾਨਕ ਅੰਤਿ ਵਿਗੁਤੇ ਭੋਗ ॥

ਕਿਉਂਕਿ ਭੋਗਾਂ ਦੇ ਕਾਰਨ ਹੇ ਨਾਨਕ! ਆਖ਼ਰ ਬੰਦੇ ਖ਼ੁਆਰ ਹੀ ਹੁੰਦੇ ਹਨ।

ਝਖਿ ਝਖਿ ਝਖਣਾ ਝਗੜਾ ਝਾਖ ॥

ਨਿੱਤ ਨਿੱਤ ਵਿਸ਼ੇ ਭੋਗਣ ਨਾਲ ਵਿਸ਼ੇ ਭੋਗਣ ਦਾ ਇਕ ਲੰਮਾ ਚਸਕਾ ਬਣ ਜਾਂਦਾ ਹੈ,

ਝਖਿ ਝਖਿ ਜਾਹਿ ਝਖਹਿ ਤਿਨੑ ਪਾਸਿ ॥੧॥

ਵਿਸ਼ੇ ਭੋਗ ਭੋਗ ਕੇ ਜੀਵ ਇਥੋਂ ਜਗਤ ਤੋਂ ਤੁਰਦੇ ਹਨ, (ਤੇ ਵਾਸਨਾ-ਬੱਧੇ) ਉਹਨਾਂ ਵਿਸ਼ਿਆਂ ਦੇ ਕੋਲ ਹੀ ਟੱਕਰਾਂ ਮਾਰਦੇ ਰਹਿੰਦੇ ਹਨ ॥੧॥


ਮਃ ੧ ॥
ਕਾਪੜੁ ਕਾਠੁ ਰੰਗਾਇਆ ਰਾਂਗਿ ॥

(ਮਨੁੱਖ ਨੇ) ਕੱਪੜੇ ਤੇ ਲੱਕੜ ਦਾ ਸਾਮਾਨ ਰੰਗ ਨਾਲ ਰੰਗਾ ਲਿਆ,

ਘਰ ਗਚ ਕੀਤੇ ਬਾਗੇ ਬਾਗ ॥

ਘਰਾਂ ਨੂੰ ਚੂਨੇ-ਗੱਚ ਕਰ ਕੇ ਚਿੱਟੇ ਹੀ ਚਿੱਟੇ ਬਣਾ ਲਿਆ,

ਸਾਦ ਸਹਜ ਕਰਿ ਮਨੁ ਖੇਲਾਇਆ ॥

(ਅਜੇਹੇ) ਸੁਆਦਾਂ ਤੇ ਸੁਖਾਂ ਨਾਲ ਮਨ ਨੂੰ ਪਰਚਾਂਦਾ ਰਿਹਾ,

ਤੈ ਸਹ ਪਾਸਹੁ ਕਹਣੁ ਕਹਾਇਆ ॥

(ਪਰ ਇਹਨੀਂ ਕੰਮੀਂ) ਹੇ ਪ੍ਰਭੂ! ਤੇਰੇ ਪਾਸੋਂ ਉਲਾਹਮਾ ਲਿਆ (ਕਿ ਮਨੁੱਖਾ ਜਨਮ ਦਾ ਮਨੋਰਥ ਨਾਹ ਖੱਟਿਆ);

ਮਿਠਾ ਕਰਿ ਕੈ ਕਉੜਾ ਖਾਇਆ ॥

ਵਿਸ਼ੇ-ਵਿਕਾਰ ਜੋ ਆਖ਼ਰ ਦੁਖਦਾਈ ਹੁੰਦੇ ਹਨ ਸੁਆਦਲੇ ਜਾਣ ਕੇ ਮਾਣਦਾ ਰਿਹਾ,

ਤਿਨਿ ਕਉੜੈ ਤਨਿ ਰੋਗੁ ਜਮਾਇਆ ॥

ਉਸ ਵਿਸ਼ੇ-ਭੋਗ ਨੇ ਸਰੀਰ ਵਿਚ ਰੋਗ ਪੈਦਾ ਕਰ ਦਿੱਤਾ।

ਜੇ ਫਿਰਿ ਮਿਠਾ ਪੇੜੈ ਪਾਇ ॥

ਜੇ ਪ੍ਰਭੂ ਦਾ ਨਾਮ-ਰੂਪ ਸੁਆਦਲਾ ਭੋਜਨ ਮੁੜ ਮਿਲ ਜਾਏ,

ਤਉ ਕਉੜਤਣੁ ਚੂਕਸਿ ਮਾਇ ॥

ਤਾਂ ਹੇ ਮਾਂ! ਵਿਸ਼ੇ-ਭੋਗਾਂ ਤੋਂ ਪੈਦਾ ਹੋਇਆ ਦੁੱਖ ਦੂਰ ਹੋ ਜਾਂਦਾ ਹੈ;

ਨਾਨਕ ਗੁਰਮੁਖਿ ਪਾਵੈ ਸੋਇ ॥

ਪਰ, ਹੇ ਨਾਨਕ! ਇਹ ‘ਮਿੱਠਾ’ ਨਾਮ ਉਸੇ ਗੁਰਮੁਖਿ ਨੂੰ ਮਿਲਦਾ ਹੈ,

ਜਿਸ ਨੋ ਪ੍ਰਾਪਤਿ ਲਿਖਿਆ ਹੋਇ ॥੨॥

ਜਿਸ ਦੇ ਭਾਗਾਂ ਵਿਚ ਇਸ ਦੀ ਪ੍ਰਾਪਤੀ ਲਿਖੀ ਹੋਵੇ ॥੨॥


ਪਉੜੀ ॥
ਜਿਨ ਕੈ ਹਿਰਦੈ ਮੈਲੁ ਕਪਟੁ ਹੈ ਬਾਹਰੁ ਧੋਵਾਇਆ ॥

ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਸਫ਼ਾਈ ਨਹੀਂ, ਧੋਖਾ ਹੈ, ਪਰ ਸਰੀਰ ਨੂੰ ਬਾਹਰੋਂ ਧੋ ਕੇ ਰੱਖਦੇ ਹਨ,

ਕੂੜੁ ਕਪਟੁ ਕਮਾਵਦੇ ਕੂੜੁ ਪਰਗਟੀ ਆਇਆ ॥

ਉਹ (ਆਪਣੇ ਹਰੇਕ ਕਾਰ-ਵਿਹਾਰ ਵਿਚ) ਝੂਠ ਤੇ ਧੋਖਾ ਹੀ ਵਰਤਦੇ ਹਨ, ਪਰ ਝੂਠ ਉੱਘੜ ਆਉਂਦਾ ਹੈ,

ਅੰਦਰਿ ਹੋਇ ਸੁ ਨਿਕਲੈ ਨਹ ਛਪੈ ਛਪਾਇਆ ॥

(ਕਿਉਂਕਿ) ਮਨ ਦੇ ਅੰਦਰ ਜੋ ਕੁਝ ਹੁੰਦਾ ਹੈ ਉਹ ਜ਼ਾਹਰ ਹੋ ਜਾਂਦਾ ਹੈ, ਲੁਕਾਇਆਂ ਲੁਕ ਨਹੀਂ ਸਕਦਾ।

ਕੂੜੈ ਲਾਲਚਿ ਲਗਿਆ ਫਿਰਿ ਜੂਨੀ ਪਾਇਆ ॥

ਝੂਠ ਲਾਲਚ ਵਿਚ ਲੱਗਣ ਨਾਲ (ਸਿੱਟਾ ਇਹ ਨਿਕਲਦਾ ਹੈ ਕਿ ਮਨੁੱਖ) ਮੁੜ ਮੁੜ ਜੂਨਾਂ ਵਿਚ ਜਾ ਪੈਂਦਾ ਹੈ।

ਨਾਨਕ ਜੋ ਬੀਜੈ ਸੋ ਖਾਵਣਾ ਕਰਤੈ ਲਿਖਿ ਪਾਇਆ ॥੧੫॥

ਹੇ ਨਾਨਕ! ਜੋ ਕੁਝ (ਮਨੁੱਖ ਆਪਣੇ ਕਰਮਾਂ ਦਾ) ਬੀ ਬੀਜਦਾ ਹੈ ਉਹੀ (ਫਲ) ਖਾਂਦਾ ਹੈ, ਕਰਤਾਰ ਨੇ (ਇਹ ਰਜ਼ਾ ਜੀਵਾਂ ਦੇ ਮੱਥੇ ਉਤੇ) ਲਿਖ ਕੇ ਰੱਖ ਦਿੱਤੀ ਹੈ ॥੧੫॥


ਸਲੋਕ ਮਃ ੨ ॥
ਕਥਾ ਕਹਾਣੀ ਬੇਦਂੀ ਆਣੀ ਪਾਪੁ ਪੁੰਨੁ ਬੀਚਾਰੁ ॥

(ਜੋ) ਤਾਲੀਮ ਵੇਦਾਂ ਨੇ ਲਿਆਂਦੀ (ਭਾਵ, ਦਿੱਤੀ), (ਉਸ ਵਿਚ ਇਹ) ਵਿਚਾਰ ਹੈ ਕਿ ਪਾਪ ਕੀਹ ਹੈ ਤੇ ਪੁੰਨ ਕੀਹ ਹੈ,

ਦੇ ਦੇ ਲੈਣਾ ਲੈ ਲੈ ਦੇਣਾ ਨਰਕਿ ਸੁਰਗਿ ਅਵਤਾਰ ॥

(ਉਸ ਨੇ ਇਹ ਦੱਸਿਆ ਹੈ ਕਿ ਹੱਥੋਂ) ਦੇ ਕੇ ਹੀ (ਮੁੜ) ਲਈਦਾ ਹੈ ਤੇ ਜੋ ਕੁਝ ਕਿਸੇ ਤੋਂ ਲੈਂਦੇ ਹਾਂ ਉਹ (ਅਗਲੇ ਜਨਮ ਵਿਚ) ਮੋੜੀਦਾ ਹੈ, (ਆਪਣੇ ਕੀਤੇ ਕਰਮਾਂ ਅਨੁਸਾਰ) ਨਰਕ ਵਿਚ ਜਾਂ ਸੁਰਗ ਵਿਚ ਅੱਪੜੀਦਾ ਹੈ,

ਉਤਮ ਮਧਿਮ ਜਾਤੀਂ ਜਿਨਸੀ ਭਰਮਿ ਭਵੈ ਸੰਸਾਰੁ ॥

(ਇਸ ਤਾਲੀਮ ਅਨੁਸਾਰ) ਦੁਨੀਆ ਉੱਚੀਆਂ ਨੀਵੀਆਂ ਜਾਤਾਂ ਤੇ ਕਿਸਮਾਂ ਦੇ ਵਹਿਮਾਂ ਵਿਚ ਖ਼ੁਆਰ ਹੁੰਦੀ ਹੈ।

ਅੰਮ੍ਰਿਤ ਬਾਣੀ ਤਤੁ ਵਖਾਣੀ ਗਿਆਨ ਧਿਆਨ ਵਿਚਿ ਆਈ ॥

(ਗੁਰੂ ਦੀ) ਬਾਣੀ ਨਾਮ-ਅੰਮ੍ਰਿਤ ਨਾਲ ਭਰੀ ਹੋਈ ਹੈ, ਤੇ ਪ੍ਰਭੂ ਦੇ ਗੁਣ ਬਿਆਨ ਕਰਦੀ ਹੈ, ਇਹ ਬਾਣੀ ਪ੍ਰਭੂ ਦੇ ਗੁਣਾਂ ਦੀ ਵਿਚਾਰ ਕੀਤਿਆਂ ਤੇ ਪ੍ਰਭੂ ਵਿਚ ਸੁਰਤ ਜੋੜਿਆਂ ਪਰਗਟ ਹੋਈ ਹੈ।

ਗੁਰਮੁਖਿ ਆਖੀ ਗੁਰਮੁਖਿ ਜਾਤੀ ਸੁਰਤਂੀ ਕਰਮਿ ਧਿਆਈ ॥

(ਜੋ) ਬਾਣੀ ਗੁਰੂ ਨੇ ਉਚਾਰੀ ਹੈ, (ਜਿਸ ਦੇ ਡੂੰਘੇ ਭੇਤ ਨੂੰ) ਗੁਰੂ ਨੇ ਸਮਝਿਆ ਹੈ (ਇਸ ਨੂੰ) ਸੁਰਤਿਆਂ ਨੇ ਜਪਿਆ ਹੈ।

ਹੁਕਮੁ ਸਾਜਿ ਹੁਕਮੈ ਵਿਚਿ ਰਖੈ ਹੁਕਮੈ ਅੰਦਰਿ ਵੇਖੈ ॥

(ਇਹ ਬਾਣੀ ਦੱਸਦੀ ਹੈ ਕਿ) ਪਰਮਾਤਮਾ ਆਪਣਾ ਹੁਕਮ (-ਰੂਪ ਸੱਤਿਆ) ਸਾਜ ਕੇ (ਸਭ ਜੀਵਾਂ ਨੂੰ) ਆਪਣੇ ਹੁਕਮ ਵਿਚ ਹੀ ਰੱਖਿਆ ਹੈ ਤੇ ਹੁਕਮ ਵਿਚ ਹੀ ਸੰਭਾਲ ਕਰਦਾ ਹੈ।

ਨਾਨਕ ਅਗਹੁ ਹਉਮੈ ਤੁਟੈ ਤਾਂ ਕੋ ਲਿਖੀਐ ਲੇਖੈ ॥੧॥

ਹੇ ਨਾਨਕ! (ਇਸ ਬਾਣੀ ਦੀ ਬਰਕਤਿ ਨਾਲ) ਪਹਿਲਾਂ (ਜੀਵ ਦੀ) ਹਉਮੈ ਦੂਰ ਹੁੰਦੀ ਹੈ ਤਾਂ ਜੀਵ ਪ੍ਰਭੂ ਦੀ ਹਜ਼ੂਰੀ ਵਿਚ ਪ੍ਰਵਾਨ ਹੁੰਦਾ ਹੈ ॥੧॥


ਮਃ ੧ ॥
ਬੇਦੁ ਪੁਕਾਰੇ ਪੁੰਨੁ ਪਾਪੁ ਸੁਰਗ ਨਰਕ ਕਾ ਬੀਉ ॥

ਵੇਦ ਦੀ ਤਾਲੀਮ ਇਹ ਹੈ ਕਿ (ਜੀਵ ਦਾ ਕੀਤਾ ਹੋਇਆ) ਪੁੰਨ-ਕਰਮ (ਉਸ ਦੇ ਵਾਸਤੇ) ਸੁਰਗ (ਮਿਲਣ) ਦਾ ਸਬੱਬ (ਬਣਦਾ) ਹੈ ਤੇ ਪਾਪ (ਜੀਵ ਲਈ) ਨਰਕ (ਵਿਚ ਪੈਣ) ਦਾ ਕਾਰਨ ਹੋ ਜਾਂਦਾ ਹੈ;

ਜੋ ਬੀਜੈ ਸੋ ਉਗਵੈ ਖਾਂਦਾ ਜਾਣੈ ਜੀਉ ॥

(ਆਪਣੇ ਕੀਤੇ ਹੋਏ ਪੁੰਨ ਜਾਂ ਪਾਪ ਦਾ ਫਲ) ਖਾਣ ਵਾਲਾ (ਹਰੇਕ) ਜੀਵ (ਆਪ ਹੀ) ਜਾਣ ਲੈਂਦਾ ਹੈ ਕਿ ਜੋ ਕੁਝ ਕੋਈ ਬੀਜਦਾ ਹੈ ਉਹੀ ਉੱਗਦਾ ਹੈ।

ਗਿਆਨੁ ਸਲਾਹੇ ਵਡਾ ਕਰਿ ਸਚੋ ਸਚਾ ਨਾਉ ॥

(ਸੋ, ਇਸ ਕਰਮ-ਕਾਂਡ ਦੀ ਤਾਲੀਮ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਤੇ ਪ੍ਰਭੂ ਦੀ ਮਿਹਰ ਨੂੰ ਕੋਈ ਥਾਂ ਨਹੀਂ ਹੈ)। (ਪਰ ਗੁਰੂ ਦਾ ਬਖ਼ਸ਼ਿਆ) ਗਿਆਨ ਪਰਮਾਤਮਾ ਨੂੰ ਵੱਡਾ ਆਖ ਕੇ (ਉਸ ਦੀ) ਸਿਫ਼ਤ-ਸਾਲਾਹ ਕਰਦਾ ਹੈ (ਤੇ ਦੱਸਦਾ ਹੈ ਕਿ) ਪ੍ਰਭੂ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ,

ਸਚੁ ਬੀਜੈ ਸਚੁ ਉਗਵੈ ਦਰਗਹ ਪਾਈਐ ਥਾਉ ॥

ਜੋ ਮਨੁੱਖ ਪ੍ਰਭੂ ਦਾ ਨਾਮ (ਹਿਰਦੇ ਵਿਚ) ਬੀਜਦਾ ਹੈ ਉਸ ਦੇ ਅੰਦਰ ਨਾਮ ਹੀ ਪ੍ਰਫੁਲਤ ਹੁੰਦਾ ਹੈ ਤੇ ਉਸ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ।

ਬੇਦੁ ਵਪਾਰੀ ਗਿਆਨੁ ਰਾਸਿ ਕਰਮੀ ਪਲੈ ਹੋਇ ॥

(ਸੋ, ਪਾਪ ਤੇ ਪੁੰਨ ਦੇ ਫਲ ਦੱਸ ਕੇ) ਵੇਦ ਤਾਂ ਵਪਾਰ ਦੀਆਂ ਗੱਲਾਂ ਕਰਦਾ ਹੈ; (ਪਰ ਮਨੁੱਖ ਲਈ ਅਸਲ) ਰਾਸਿ-ਪੂੰਜੀ (ਪ੍ਰਭੂ ਦੇ ਗੁਣਾਂ ਦਾ) ਗਿਆਨ ਹੈ ਤੇ ਇਹ ਗਿਆਨ ਪ੍ਰਭੂ ਦੀ ਮਿਹਰ ਨਾਲ (ਗੁਰੂ ਤੋਂ) ਮਿਲਦਾ ਹੈ;

ਨਾਨਕ ਰਾਸੀ ਬਾਹਰਾ ਲਦਿ ਨ ਚਲਿਆ ਕੋਇ ॥੨॥

ਹੇ ਨਾਨਕ! (ਇਸ ਗਿਆਨ-ਰੂਪ) ਪੂੰਜੀ ਤੋਂ ਬਿਨਾ ਕੋਈ ਮਨੁੱਖ (ਜਗਤ ਤੋਂ) ਨਫ਼ਾ ਖੱਟ ਕੇ ਨਹੀਂ ਜਾਂਦਾ ॥੨॥


ਪਉੜੀ ॥
ਨਿੰਮੁ ਬਿਰਖੁ ਬਹੁ ਸੰਚੀਐ ਅੰਮ੍ਰਿਤ ਰਸੁ ਪਾਇਆ ॥

(ਜੇ) ਨਿੰਮ (ਦੇ) ਰੁੱਖ ਨੂੰ ਅੰਮ੍ਰਿਤ-ਰਸ ਪਾ ਕੇ (ਭੀ) ਬਹੁਤ ਸਿੰਜੀਏ (ਤਾਂ ਭੀ ਨਿੰਮ ਦੀ ਕੁੜਿੱਤਣ ਨਹੀਂ ਜਾਂਦੀ);

ਬਿਸੀਅਰੁ ਮੰਤ੍ਰਿ ਵਿਸਾਹੀਐ ਬਹੁ ਦੂਧੁ ਪੀਆਇਆ ॥

ਜੇ ਬਹੁਤ ਦੁੱਧ ਪਿਆਲ ਕੇ ਮੰਤ੍ਰ ਦੀ ਰਾਹੀਂ ਸੱਪ ਨੂੰ ਇਤਬਾਰੀ ਬਣਾਈਏ (ਭਾਵ, ਸੱਪ ਦਾ ਵਿਸਾਹ ਕਰੀਏ) (ਫਿਰ ਭੀ ਉਹ ਡੰਗ ਮਾਰਨ ਵਾਲਾ ਸੁਭਾਵ ਨਹੀਂ ਛੱਡਦਾ);

ਮਨਮੁਖੁ ਅਭਿੰਨੁ ਨ ਭਿਜਈ ਪਥਰੁ ਨਾਵਾਇਆ ॥

(ਜਿਵੇਂ) ਪੱਥਰ ਨੂੰ ਇਸ਼ਨਾਨ ਕਰਾਈਏ (ਤਾਂ ਭੀ ਕੋਰੇ ਦਾ ਕੋਰਾ, ਇਸੇ ਤਰ੍ਹਾਂ) ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਕੋਰਾ ਹੀ ਰਹਿੰਦਾ ਹੈ (ਉਸ ਦਾ ਹਿਰਦਾ ਕਦੇ) ਭਿੱਜਦਾ ਨਹੀਂ;

ਬਿਖੁ ਮਹਿ ਅੰਮ੍ਰਿਤੁ ਸਿੰਚੀਐ ਬਿਖੁ ਕਾ ਫਲੁ ਪਾਇਆ ॥

ਜੇ ਜ਼ਹਿਰ ਵਿਚ ਅੰਮ੍ਰਿਤ ਸਿੰਜੀਏ (ਤਾਂ ਭੀ ਉਹ ਅੰਮ੍ਰਿਤ ਨਹੀਂ ਬਣ ਜਾਂਦਾ) ਜ਼ਹਿਰ ਦਾ ਹੀ ਫਲ ਪਾਈਦਾ ਹੈ।

ਨਾਨਕ ਸੰਗਤਿ ਮੇਲਿ ਹਰਿ ਸਭ ਬਿਖੁ ਲਹਿ ਜਾਇਆ ॥੧੬॥

(ਪਰ) ਹੇ ਨਾਨਕ! ਜੇ ਪ੍ਰਭੂ (ਗੁਰਮੁਖਾਂ ਦੀ) ਸੰਗਤ ਮੇਲੇ ਤਾਂ (ਮਨ ਵਿਚੋਂ ਮਾਇਆ ਦੇ ਮੋਹ ਵਾਲੀ) ਸਾਰੀ ਜ਼ਹਿਰ ਲਹਿ ਜਾਂਦੀ ਹੈ ॥੧੬॥


ਸਲੋਕ ਮਃ ੧ ॥
ਮਰਣਿ ਨ ਮੂਰਤੁ ਪੁਛਿਆ ਪੁਛੀ ਥਿਤਿ ਨ ਵਾਰੁ ॥

ਮੌਤ ਨੇ (ਕਦੇ) ਮੁਹੂਰਤ ਨਹੀਂ ਪੁੱਛਿਆ, ਕਦੇ ਇਹ ਗੱਲ ਨਹੀਂ ਪੁੱਛੀ ਕਿ ਅੱਜ ਕੇਹੜੀ ਥਿੱਤ ਹੈ ਕੇਹੜਾ ਵਾਰ ਹੈ।

ਇਕਨੑੀ ਲਦਿਆ ਇਕਿ ਲਦਿ ਚਲੇ ਇਕਨੑੀ ਬਧੇ ਭਾਰ ॥

ਕਈ ਜੀਵਾਂ ਨੇ (ਇਥੋਂ ਤੁਰਨ ਲਈ, ਮਾਨੋ, ਆਪਣਾ ਸਾਮਾਨ) ਲੱਦ ਲਿਆ ਹੈ, ਕਈ ਲੱਦ ਕੇ ਤੁਰ ਪਏ ਹਨ, ਤੇ ਕਈ ਜੀਵਾਂ ਨੇ (ਸਾਮਾਨ ਦੇ) ਭਾਰ ਬੰਨ੍ਹ ਲਏ ਹਨ।

ਇਕਨੑਾ ਹੋਈ ਸਾਖਤੀ ਇਕਨੑਾ ਹੋਈ ਸਾਰ ॥

ਕਈ ਜੀਵਾਂ ਦੀ ਤਿਆਰੀ ਹੋ ਪਈ ਹੈ, ਤੇ ਕਈ ਜੀਵਾਂ ਨੂੰ ਤੁਰਨ ਲਈ ਸੱਦੇ ਆ ਗਏ ਹਨ;

ਲਸਕਰ ਸਣੈ ਦਮਾਮਿਆ ਛੁਟੇ ਬੰਕ ਦੁਆਰ ॥

ਫ਼ੌਜਾਂ ਤੇ ਧੌਂਸੇ ਤੇ ਸੋਹਣੇ ਘਰ ਇਥੇ ਹੀ ਰਹਿ ਜਾਂਦੇ ਹਨ।

ਨਾਨਕ ਢੇਰੀ ਛਾਰੁ ਕੀ ਭੀ ਫਿਰਿ ਹੋਈ ਛਾਰ ॥੧॥

ਹੇ ਨਾਨਕ! ਇਹ ਸਰੀਰ ਜੋ ਮਿੱਟੀ ਦੀ ਮੁੱਠ ਸੀ (ਜੋ ਮਿੱਟੀ ਤੋਂ ਬਣਿਆ ਸੀ) ਮੁੜ ਮਿੱਟੀ ਵਿਚ ਜਾ ਰਲਿਆ ॥੧॥


ਮਃ ੧ ॥
ਨਾਨਕ ਢੇਰੀ ਢਹਿ ਪਈ ਮਿਟੀ ਸੰਦਾ ਕੋਟੁ ॥

ਹੇ ਨਾਨਕ! ਇਹ ਸਰੀਰ ਮਿੱਟੀ ਦੀ ਵਲਗਣ ਸੀ, ਸੋ ਆਖ਼ਰ ਮਿੱਟੀ ਦੀ ਇਹ ਉਸਾਰੀ ਢਹਿ ਹੀ ਪਈ।

ਭੀਤਰਿ ਚੋਰੁ ਬਹਾਲਿਆ ਖੋਟੁ ਵੇ ਜੀਆ ਖੋਟੁ ॥੨॥

ਹੇ ਜਿੰਦੇ! ਤੂੰ (ਇਸ ਸਰੀਰ ਦੀ ਖ਼ਾਤਰ) ਨਿਤ ਖੋਟ ਹੀ ਕਮਾਂਦੀ ਰਹੀ ਤੇ ਆਪਣੇ ਅੰਦਰ ਤੂੰ ਚੋਰ-ਮਨ ਨੂੰ ਬਿਠਾਈ ਰੱਖਿਆ ॥੨॥


ਪਉੜੀ ॥
ਜਿਨ ਅੰਦਰਿ ਨਿੰਦਾ ਦੁਸਟੁ ਹੈ ਨਕ ਵਢੇ ਨਕ ਵਢਾਇਆ ॥

ਜਿਨ੍ਹਾਂ (ਮਨ ਦੇ ਮੁਰੀਦ) ਮਨੁੱਖਾਂ ਦੇ ਮਨ ਵਿਚ ਦੂਜਿਆਂ ਦੀ ਨਿੰਦਿਆ ਕਰਨ ਦਾ ਭੈੜਾ ਸੁਭਾਅ ਹੁੰਦਾ ਹੈ ਉਹਨਾਂ ਦੀ ਕਿਤੇ ਇੱਜ਼ਤ ਨਹੀਂ ਹੁੰਦੀ (ਉਹ ਹਰ ਥਾਂ) ਹੌਲੇ ਪੈਂਦੇ ਹਨ;

ਮਹਾ ਕਰੂਪ ਦੁਖੀਏ ਸਦਾ ਕਾਲੇ ਮੁਹ ਮਾਇਆ ॥

ਮਾਇਆ (ਦੇ ਇਸ ਵਿਕਾਰ ਵਿਚ ਗ੍ਰਸੇ ਹੋਣ) ਦੇ ਕਾਰਨ ਉਹ ਬੜੇ ਕੋਝੇ ਤੇ ਭਰਿਸ਼ਟੇ ਮੂੰਹ ਵਾਲੇ ਜਾਪਦੇ ਹਨ ਤੇ ਸਦਾ ਦੁਖੀ ਰਹਿੰਦੇ ਹਨ।

ਭਲਕੇ ਉਠਿ ਨਿਤ ਪਰ ਦਰਬੁ ਹਿਰਹਿ ਹਰਿ ਨਾਮੁ ਚੁਰਾਇਆ ॥

ਜੋ ਮਨੁੱਖ ਸਦਾ ਨਿੱਤ ਉੱਠ ਕੇ (ਭਾਵ, ਆਹਰ ਨਾਲ) ਦੂਜਿਆਂ ਦਾ ਧਨ ਚੁਰਾਂਦੇ ਹਨ (ਭਾਵ, ਜੋ ਨਿੰਦਾ ਕਰ ਕੇ ਦੂਜਿਆਂ ਦੀ ਇੱਜ਼ਤ-ਰੂਪ ਧਨ ਖੋਹਣ ਦਾ ਜਤਨ ਕਰਦੇ ਹਨ) ਉਹਨਾਂ (ਦੇ ਆਪਣੇ ਅੰਦਰ) ਦਾ ਹਰਿ-ਨਾਮ (-ਰੂਪ ਧਨ) ਚੋਰੀ ਹੋ ਜਾਂਦਾ ਹੈ।

ਹਰਿ ਜੀਉ ਤਿਨ ਕੀ ਸੰਗਤਿ ਮਤ ਕਰਹੁ ਰਖਿ ਲੇਹੁ ਹਰਿ ਰਾਇਆ ॥

ਹੇ ਹਰਿ ਜੀਉ! ਹੇ ਹਰਿ ਰਾਇ! ਅਸਾਡੀ ਸਹੈਤਾ ਕਰੋ, ਅਸਾਨੂੰ ਉਹਨਾਂ ਦੀ ਸੰਗਤ ਨਾਹ ਦਿਉ।

ਨਾਨਕ ਪਇਐ ਕਿਰਤਿ ਕਮਾਵਦੇ ਮਨਮੁਖਿ ਦੁਖੁ ਪਾਇਆ ॥੧੭॥

ਹੇ ਨਾਨਕ! ਮਨ ਦੇ ਮਰੀਦ ਮਨੁੱਖ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ (ਹੁਣ ਭੀ ਨਿੰਦਾ ਦੀ ਕਿਰਤ) ਕਮਾਂਦੇ ਹਨ ਤੇ ਦੁੱਖ ਪਾਂਦੇ ਹਨ ॥੧੭॥


ਸਲੋਕ ਮਃ ੪ ॥
ਸਭੁ ਕੋਈ ਹੈ ਖਸਮ ਕਾ ਖਸਮਹੁ ਸਭੁ ਕੋ ਹੋਇ ॥

ਹਰੇਕ ਜੀਵ ਖਸਮ-ਪ੍ਰਭੂ ਦਾ ਹੈ, ਖਸਮ-ਪ੍ਰਭੂ ਤੋਂ ਹਰੇਕ ਜੀਵ ਪੈਦਾ ਹੁੰਦਾ ਹੈ;

ਹੁਕਮੁ ਪਛਾਣੈ ਖਸਮ ਕਾ ਤਾ ਸਚੁ ਪਾਵੈ ਕੋਇ ॥

ਜਦੋਂ ਜੀਵ ਖਸਮ ਦਾ ਹੁਕਮ ਪਛਾਣਦਾ ਹੈ ਤਾਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਪ੍ਰਾਪਤ ਕਰ ਲੈਂਦਾ ਹੈ।

ਗੁਰਮੁਖਿ ਆਪੁ ਪਛਾਣੀਐ ਬੁਰਾ ਨ ਦੀਸੈ ਕੋਇ ॥

ਜੇ ਗੁਰੂ ਦੇ ਹੁਕਮ ਤੇ ਤੁਰ ਕੇ ਆਪੇ ਦੀ ਸੂਝ ਹੋ ਜਾਏ ਤਾਂ (ਜਗਤ ਵਿਚ) ਕੋਈ ਜੀਵ ਭੈੜਾ ਨਹੀਂ ਲੱਗਦਾ।

ਨਾਨਕ ਗੁਰਮੁਖਿ ਨਾਮੁ ਧਿਆਈਐ ਸਹਿਲਾ ਆਇਆ ਸੋਇ ॥੧॥

ਹੇ ਨਾਨਕ! (ਜਗਤ ਵਿਚ) ਪੈਦਾ ਹੋਇਆ ਉਹ ਜੀਵ ਸੁਖੀ ਜੀਵਨ ਵਾਲਾ ਹੁੰਦਾ ਹੈ ਜੋ ਗੁਰੂ ਦੇ ਸਨਮੁਖ ਹੋ ਕੇ ਨਾਮ ਸਿਮਰਦਾ ਹੈ ॥੧॥


ਮਃ ੪ ॥
ਸਭਨਾ ਦਾਤਾ ਆਪਿ ਹੈ ਆਪੇ ਮੇਲਣਹਾਰੁ ॥

ਸਭ ਜੀਵਾਂ ਨੂੰ (ਰੋਜ਼ੀ ਆਦਿਕ) ਦੇਣ ਵਾਲਾ ਤੇ (ਆਪਣੇ ਨਾਲ) ਮਿਲਾਣ ਵਾਲਾ ਪ੍ਰਭੂ ਆਪ ਹੀ ਹੈ।

ਨਾਨਕ ਸਬਦਿ ਮਿਲੇ ਨ ਵਿਛੁੜਹਿ ਜਿਨਾ ਸੇਵਿਆ ਹਰਿ ਦਾਤਾਰੁ ॥੨॥

ਹੇ ਨਾਨਕ! ਜਿਨ੍ਹਾਂ ਨੇ (ਸਾਰੇ ਪਦਾਰਥ) ਦੇਣ ਵਾਲੇ ਪ੍ਰਭੂ ਨੂੰ ਸਿਮਰਿਆ ਹੈ, ਜੋ ਗੁਰੂ ਦੇ ਸ਼ਬਦ ਵਿਚ ਜੁੜੇ ਰਹਿੰਦੇ ਹਨ ਉਹ ਕਦੇ ਪ੍ਰਭੂ ਤੋਂ ਵਿੱਛੁੜਦੇ ਨਹੀਂ ਹਨ ॥੨॥


ਪਉੜੀ ॥
ਗੁਰਮੁਖਿ ਹਿਰਦੈ ਸਾਂਤਿ ਹੈ ਨਾਉ ਉਗਵਿ ਆਇਆ ॥

ਜੋ ਮਨੁੱਖ ਗੁਰੂ ਦੇ ਸਨਮੁਖ ਹੁੰਦੇ ਹਨ ਉਹਨਾਂ ਦੇ ਹਿਰਦੇ ਵਿਚ ਸ਼ਾਂਤੀ ਹੁੰਦੀ ਹੈ, (ਉਹਨਾਂ ਦੇ ਮਨ ਵਿਚ) ਨਾਮ (ਜਪਣ ਦਾ ਚਾਉ) ਪੈਦਾ ਹੋਇਆ ਰਹਿੰਦਾ ਹੈ।

ਜਪ ਤਪ ਤੀਰਥ ਸੰਜਮ ਕਰੇ ਮੇਰੇ ਪ੍ਰਭ ਭਾਇਆ ॥

(ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ) ਮੇਰੇ ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹਨਾਂ (ਮਾਨੋ) ਜਪ ਕਰ ਲਏ ਹਨ, ਤਪ ਸਾਧ ਲਏ ਹਨ, ਤੀਰਥ ਨ੍ਹਾ ਲਏ ਹਨ ਤੇ ਮਨ ਨੂੰ ਵੱਸ ਕਰਨ ਦੇ ਸਾਧਨ ਕਰ ਲਏ ਹਨ।

ਹਿਰਦਾ ਸੁਧੁ ਹਰਿ ਸੇਵਦੇ ਸੋਹਹਿ ਗੁਣ ਗਾਇਆ ॥

ਗੁਰਮੁਖਾਂ ਦਾ ਹਿਰਦਾ ਪਵਿਤ੍ਰ ਹੁੰਦਾ ਹੈ, ਉਹ ਪ੍ਰਭੂ ਦਾ ਸਿਮਰਨ ਕਰਦੇ ਹਨ ਤੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ ਸੋਹਣੇ ਲੱਗਦੇ ਹਨ।

ਮੇਰੇ ਹਰਿ ਜੀਉ ਏਵੈ ਭਾਵਦਾ ਗੁਰਮੁਖਿ ਤਰਾਇਆ ॥

ਪਿਆਰੇ ਪ੍ਰਭੂ ਨੂੰ ਭੀ ਇਹੀ ਗੱਲ ਚੰਗੀ ਲੱਗਦੀ ਹੈ, ਉਹ ਗੁਰਮੁਖਾਂ ਨੂੰ (ਸੰਸਾਰ-ਸਮੁੰਦਰ ਤੋਂ) ਤਾਰ ਲੈਂਦਾ ਹੈ।

ਨਾਨਕ ਗੁਰਮੁਖਿ ਮੇਲਿਅਨੁ ਹਰਿ ਦਰਿ ਸੋਹਾਇਆ ॥੧੮॥

ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਨੂੰ ਪ੍ਰਭੂ ਨੇ ਆਪ ਆਪਣੇ ਨਾਲ ਮੇਲ ਲਿਆ ਹੁੰਦਾ ਹੈ, ਉਹ ਪ੍ਰਭੂ ਦੇ ਦਰ ਤੇ ਸੋਹਣੇ ਲੱਗਦੇ ਹਨ ॥੧੮॥


ਸਲੋਕ ਮਃ ੧ ॥
ਧਨਵੰਤਾ ਇਵ ਹੀ ਕਹੈ ਅਵਰੀ ਧਨ ਕਉ ਜਾਉ ॥

ਧਨ ਵਾਲਾ ਮਨੁੱਖ (ਸਦਾ) ਇਉਂ ਹੀ ਆਖਦਾ ਹੈ ਕਿ ਮੈਂ ਹੋਰ ਧਨ ਕਮਾਣ ਲਈ ਜਾਵਾਂ।

ਨਾਨਕੁ ਨਿਰਧਨੁ ਤਿਤੁ ਦਿਨਿ ਜਿਤੁ ਦਿਨਿ ਵਿਸਰੈ ਨਾਉ ॥੧॥

ਪਰ ਨਾਨਕ ਤਾਂ ਉਸ ਦਿਹਾੜੇ ਕੰਗਾਲ (ਹੋਵੇਗਾ) ਜਿਸ ਦਿਨ ਇਸ ਨੂੰ ਪਰਮਾਤਮਾ ਦਾ ਨਾਮ ਵਿੱਸਰੇਗਾ ॥੧॥


ਮਃ ੧ ॥
ਸੂਰਜੁ ਚੜੈ ਵਿਜੋਗਿ ਸਭਸੈ ਘਟੈ ਆਰਜਾ ॥

ਸੂਰਜ ਚੜ੍ਹਦਾ ਹੈ (ਤੇ ਡੁੱਬਦਾ ਹੈ, ਇਸ ਤਰ੍ਹਾਂ ਦਿਨਾਂ ਦੇ) ਗੁਜ਼ਰਨ ਨਾਲ ਹਰੇਕ ਜੀਵ ਦੀ ਉਮਰ ਘਟ ਰਹੀ ਹੈ;

ਤਨੁ ਮਨੁ ਰਤਾ ਭੋਗਿ ਕੋਈ ਹਾਰੈ ਕੋ ਜਿਣੈ ॥

ਜਿਸ ਦਾ ਮਨ ਤਨ ਮਾਇਆ ਦੇ ਭੋਗਣ ਵਿਚ ਰੁੱਝਾ ਹੋਇਆ ਹੈ ਉਹ ਤਾਂ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦਾ ਹੈ, ਤੇ, ਕੋਈ (ਵਿਰਲਾ ਵਿਰਲਾ) ਜਿੱਤ ਕੇ ਜਾਂਦਾ ਹੈ।

ਸਭੁ ਕੋ ਭਰਿਆ ਫੂਕਿ ਆਖਣਿ ਕਹਣਿ ਨ ਥੰਮੑੀਐ ॥

(ਮਾਇਆ ਦੇ ਕਾਰਨ) ਹਰੇਕ ਜੀਵ ਅਹੰਕਾਰ ਨਾਲ ਆਫਰਿਆ ਹੋਇਆ ਹੈ, ਸਮਝਾਇਆਂ ਆਕੜਨ ਤੋਂ ਰੁਕਦਾ ਨਹੀਂ।

ਨਾਨਕ ਵੇਖੈ ਆਪਿ ਫੂਕ ਕਢਾਏ ਢਹਿ ਪਵੈ ॥੨॥

ਹੇ ਨਾਨਕ! ਪਰਮਾਤਮਾ ਆਪ (ਜੀਵ ਦੀ ਆਕੜ ਨੂੰ) ਵੇਖ ਰਿਹਾ ਹੈ, ਜਦੋਂ ਉਹ ਇਸ ਦੇ ਸੁਆਸ ਮੁਕਾ ਦੇਂਦਾ ਹੈ ਤਾਂ ਇਹ (ਅਹੰਕਾਰੀ) ਧਰਤੀ ਤੇ ਢਹਿ ਪੈਂਦਾ ਹੈ (ਭਾਵ, ਮਿੱਟੀ ਨਾਲ ਮਿਲ ਜਾਂਦਾ ਹੈ) ॥੨॥


ਪਉੜੀ ॥
ਸਤਸੰਗਤਿ ਨਾਮੁ ਨਿਧਾਨੁ ਹੈ ਜਿਥਹੁ ਹਰਿ ਪਾਇਆ ॥

ਸਤਸੰਗ ਵਿਚ ਪਰਮਾਤਮਾ ਦਾ ਨਾਮ-ਰੂਪ ਖ਼ਜ਼ਾਨਾ ਹੈ, ਸਤਸੰਗ ਵਿਚੋਂ ਹੀ ਪਰਮਾਤਮਾ ਮਿਲਦਾ ਹੈ;

ਗੁਰਪਰਸਾਦੀ ਘਟਿ ਚਾਨਣਾ ਆਨੑੇਰੁ ਗਵਾਇਆ ॥

(ਸਤਸੰਗ ਵਿਚ ਰਿਹਾਂ) ਸਤਿਗੁਰੂ ਦੀ ਕਿਰਪਾ ਨਾਲ ਹਿਰਦੇ ਵਿਚ (ਪ੍ਰਭੂ ਦੇ ਨਾਮ ਦਾ) ਪ੍ਰਕਾਸ਼ ਹੋ ਜਾਂਦਾ ਹੈ ਤੇ (ਮਾਇਆ ਦੇ ਮੋਹ ਦਾ) ਹਨੇਰਾ ਦੂਰ ਹੋ ਜਾਂਦਾ ਹੈ।

ਲੋਹਾ ਪਾਰਸਿ ਭੇਟੀਐ ਕੰਚਨੁ ਹੋਇ ਆਇਆ ॥

(ਜਿਵੇਂ) ਪਾਰਸ ਨਾਲ ਛੋਹਿਆਂ ਲੋਹਾ ਸੋਨਾ ਬਣ ਜਾਂਦਾ ਹੈ,

ਨਾਨਕ ਸਤਿਗੁਰਿ ਮਿਲਿਐ ਨਾਉ ਪਾਈਐ ਮਿਲਿ ਨਾਮੁ ਧਿਆਇਆ ॥

(ਇਸੇ ਤਰ੍ਹਾਂ) ਹੇ ਨਾਨਕ! ਜੇ ਸਤਿਗੁਰੂ ਮਿਲ ਪਏ (ਤਾਂ ਗੁਰੂ ਦੀ ਛੁਹ ਨਾਲ) ਨਾਮ ਮਿਲ ਜਾਂਦਾ ਹੈ, (ਗੁਰੂ ਨੂੰ) ਮਿਲ ਕੇ ਨਾਮ ਸਿਮਰੀਦਾ ਹੈ।

ਜਿਨੑ ਕੈ ਪੋਤੈ ਪੁੰਨੁ ਹੈ ਤਿਨੑੀ ਦਰਸਨੁ ਪਾਇਆ ॥੧੯॥

ਪਰ (ਪ੍ਰਭੂ ਦਾ) ਦੀਦਾਰ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਦੇ ਭਾਗਾਂ ਵਿਚ (ਪਿਛਲੀ ਕੀਤੀ) ਭਲਿਆਈ ਮੌਜੂਦ ਹੈ ॥੧੯॥


ਸਲੋਕ ਮਃ ੧ ॥
ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ ॥

ਜੋ ਮਨੁੱਖ ਪਰਮਾਤਮਾ ਦਾ ਨਾਮ (ਤਵੀਤ ਤੇ ਜੰਤ੍ਰ-ਜੰਤ੍ਰ ਆਦਿਕ ਦੀ ਸ਼ਕਲ ਵਿਚ) ਵੇਚਦੇ ਹਨ ਉਹਨਾਂ ਦੇ ਜੀਉਣ ਨੂੰ ਲਾਹਨਤ ਹੈ।

ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ ॥

(ਜੇ ਉਹ ਬੰਦਗੀ ਭੀ ਕਰਦੇ ਹਨ ਤਾਂ ਭੀ ਉਹਨਾਂ ਦੀ ‘ਨਾਮ’ ਵਾਲੀ ਫ਼ਸਲ ਇਸ ਤਰ੍ਹਾਂ ਨਾਲੋ ਨਾਲ ਹੀ ਉੱਜੜਦੀ ਜਾਂਦੀ ਹੈ, ਤੇ) ਜਿਨ੍ਹਾਂ ਦੀ ਫ਼ਸਲ (ਨਾਲੋ ਨਾਲ) ਉੱਜੜਦੀ ਜਾਏ ਉਹਨਾਂ ਦਾ ਖਲਵਾੜਾ ਕਿੱਥੇ ਬਣਨਾ ਹੋਇਆ? (ਭਾਵ, ਉਸ ਬੰਦਗੀ ਦਾ ਚੰਗਾ ਸਿੱਟਾ ਨਹੀਂ ਨਿਕਲ ਸਕਦਾ, ਕਿਉਂਕਿ ਉਹ ਬੰਦਗੀ ਦੇ ਸਹੀ ਰਾਹ ਤੋਂ ਖੁੰਝੇ ਰਹਿੰਦੇ ਹਨ)।

ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦਿ ॥

ਸਹੀ ਮਿਹਨਤ ਤੋਂ ਬਿਨਾ ਪ੍ਰਭੂ ਦੀ ਹਜ਼ੂਰੀ ਵਿਚ ਭੀ ਉਹਨਾਂ ਦੀ ਕਦਰ ਨਹੀਂ ਹੁੰਦੀ।

ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ ॥

(ਪਰਮਾਤਮਾ ਦਾ ਸਿਮਰਨ ਕਰਨਾ ਬੜੀ ਸੁੰਦਰ ਅਕਲ ਦੀ ਗੱਲ ਹੈ, ਪਰ ਤਵੀਤ-ਧਾਗੇ ਬਣਾ ਕੇ ਦੇਣ ਵਿਚ ਰੁੱਝ ਪੈਣ ਨਾਲ ਇਹ) ਅਕਲ ਵਿਅਰਥ ਗਵਾ ਲੈਣਾ-ਇਸ ਨੂੰ ਅਕਲ ਨਹੀਂ ਆਖੀਦਾ।

ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥

ਅਕਲ ਇਹ ਹੈ ਕਿ ਪਰਮਾਤਮਾ ਦਾ ਸਿਮਰਨ ਕਰੀਏ ਤੇ ਇੱਜ਼ਤ ਖੱਟੀਏ,

ਅਕਲੀ ਪੜਿੑ ਕੈ ਬੁਝੀਐ ਅਕਲੀ ਕੀਚੈ ਦਾਨੁ ॥

ਅਕਲ ਇਹ ਹੈ ਕਿ (ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਬਾਣੀ) ਪੜ੍ਹੀਏ (ਇਸ ਦੇ ਡੂੰਘੇ ਭੇਤ) ਸਮਝੀਏ ਤੇ ਹੋਰਨਾਂ ਨੂੰ ਸਮਝਾਈਏ।

ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥੧॥

ਨਾਨਕ ਆਖਦਾ ਹੈ ਕਿ ਜ਼ਿੰਦਗੀ ਦਾ ਸਹੀ ਰਸਤਾ ਸਿਰਫ਼ ਇਹੀ ਹੈ, (ਸਿਮਰਨ ਤੋਂ) ਲਾਂਭ ਦੀਆਂ ਗੱਲਾਂ (ਦੱਸਣ ਵਾਲਾ) ਸ਼ੈਤਾਨ ਹੈ ॥੧॥


ਮਃ ੨ ॥
ਜੈਸਾ ਕਰੈ ਕਹਾਵੈ ਤੈਸਾ ਐਸੀ ਬਨੀ ਜਰੂਰਤਿ ॥

ਅਵੱਸੋਂ ਹੀ ਐਸੀ ਮਰਯਾਦਾ ਬਣੀ ਹੋਈ ਹੈ ਕਿ ਮਨੁੱਖ ਜਿਹੋ ਜਿਹਾ ਕੰਮ ਕਰਦਾ ਹੈ ਉਹੋ ਜਿਹਾ ਉਸ ਦਾ ਨਾਮ ਪੈ ਜਾਂਦਾ ਹੈ।

ਹੋਵਹਿ ਲਿੰਙ ਝਿੰਙ ਨਹ ਹੋਵਹਿ ਐਸੀ ਕਹੀਐ ਸੂਰਤਿ ॥

(ਇਸ ਮਰਯਾਦਾ ਅਨੁਸਾਰ ਅਸਲ ਵਿਚ) ਉਹੀ ਜਿਸਮ ਮਨੁੱਖਾ ਜਿਸਮ ਅਖਵਾਣ ਦੇ ਲਾਇਕ ਹੁੰਦਾ ਹੈ ਜਿਸ ਦੇ ਨਰੋਏ ਅੰਗ ਹੁੰਦੇ ਹਨ, ਜਿਸ ਦੇ ਅੰਗ ਝੜੇ ਹੋਏ ਨਹੀਂ ਹੁੰਦੇ।

ਜੋ ਓਸੁ ਇਛੇ ਸੋ ਫਲੁ ਪਾਏ ਤਾਂ ਨਾਨਕ ਕਹੀਐ ਮੂਰਤਿ ॥੨॥

(ਇਸੇ ਤਰ੍ਹਾਂ) ਹੇ ਨਾਨਕ! ਉਹੀ ਹਸਤੀ ਮਨੁੱਖਾ ਹਸਤੀ ਕਹੀ ਜਾਣੀ ਚਾਹੀਦੀ ਹੈ ਜਿਸ ਦੇ ਅੰਦਰ ਪ੍ਰਭੂ ਨੂੰ ਮਿਲਣ ਦੀ ਤਾਂਘ ਹੋਵੇ ਤੇ (ਇਸ ਤਾਂਘ-ਅਨੁਸਾਰ ਪ੍ਰਭੂ-ਮਿਲਾਪ-ਰੂਪ) ਫਲ ਪ੍ਰਾਪਤ ਹੋ ਜਾਏ ॥੨॥


ਪਉੜੀ ॥
ਸਤਿਗੁਰੁ ਅੰਮ੍ਰਿਤ ਬਿਰਖੁ ਹੈ ਅੰਮ੍ਰਿਤ ਰਸਿ ਫਲਿਆ ॥

ਗੁਰੂ (ਮਾਨੋ) ਅੰਮ੍ਰਿਤ ਦਾ ਰੁੱਖ ਹੈ ਜੋ ਅੰਮ੍ਰਿਤ ਦੇ ਰਸ ਨਾਲ ਫਲਿਆ ਹੋਇਆ ਹੈ (ਭਾਵ, ਜਿਸ ਨੂੰ ਅੰਮ੍ਰਿਤ-ਰਸ ਰੂਪ ਫਲ ਲੱਗਾ ਹੋਇਆ ਹੈ, ਜਿਸ ਪਾਸੋਂ ਨਾਮ-ਅੰਮ੍ਰਿਤ ਦਾ ਰਸ ਮਿਲਦਾ ਹੈ)।

ਜਿਸੁ ਪਰਾਪਤਿ ਸੋ ਲਹੈ ਗੁਰਸਬਦੀ ਮਿਲਿਆ ॥

(ਇਹ ਨਾਮ-ਰੂਪ ਅੰਮ੍ਰਿਤ ਫਲ) ਗੁਰੂ ਦੇ ਸ਼ਬਦ ਦੀ ਰਾਹੀਂ ਮਿਲਦਾ ਹੈ, ਪਰ ਉਹ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਦੇ ਭਾਗਾਂ ਵਿਚ ਪ੍ਰਾਪਤ ਕਰਨਾ ਧੁਰੋਂ ਲਿਖਿਆ ਹੈ।

ਸਤਿਗੁਰ ਕੈ ਭਾਣੈ ਜੋ ਚਲੈ ਹਰਿ ਸੇਤੀ ਰਲਿਆ ॥

ਜਿਹੜਾ ਮਨੁੱਖ ਗੁਰੂ ਦੇ ਹੁਕਮ ਵਿੱਚ ਤੁਰਦਾ ਹੈ, ਉਹ ਪਰਮਾਤਮਾ ਨਾਲ ਇਕ-ਰੂਪ ਹੋਇਆ ਰਹਿੰਦਾ ਹੈ।

ਜਮਕਾਲੁ ਜੋਹਿ ਨ ਸਕਈ ਘਟਿ ਚਾਨਣੁ ਬਲਿਆ ॥

ਉਸ ਮਨੁੱਖ ਨੂੰ ਜਮਕਾਲ ਘੂਰ ਨਹੀਂ ਸਕਦਾ (ਭਾਵ, ਮੌਤ ਦਾ ਡਰ ਉਸ ਨੂੰ ਪੋਹ ਨਹੀਂ ਸਕਦਾ) ਕਿਉਂਕਿ ਉਸ ਦੇ ਹਿਰਦੇ ਵਿਚ ਰੱਬੀ ਜੋਤਿ ਜਗ ਪੈਂਦੀ ਹੈ।

ਨਾਨਕ ਬਖਸਿ ਮਿਲਾਇਅਨੁ ਫਿਰਿ ਗਰਭਿ ਨ ਗਲਿਆ ॥੨੦॥

ਹੇ ਨਾਨਕ! ਜਿਨ੍ਹਾਂ ਬੰਦਿਆਂ ਨੂੰ ਉਸ ਪ੍ਰਭੂ ਨੇ ਬਖ਼ਸ਼ਸ਼ ਕਰ ਕੇ ਆਪਣੇ ਨਾਲ ਮਿਲਾਇਆ ਹੈ ਉਹ ਮੁੜ ਮੁੜ ਜੂਨਾਂ ਵਿਚ ਨਹੀਂ ਗਲਦੇ ॥੨੦॥


ਸਲੋਕ ਮਃ ੧ ॥
ਸਚੁ ਵਰਤੁ ਸੰਤੋਖੁ ਤੀਰਥੁ ਗਿਆਨੁ ਧਿਆਨੁ ਇਸਨਾਨੁ ॥

ਜਿਨ੍ਹਾਂ ਮਨੁੱਖਾਂ ਨੇ ਸੱਚ ਨੂੰ ਵਰਤ ਬਣਾਇਆ (ਭਾਵ, ਸੱਚ ਧਾਰਨ ਕਰਨ ਦਾ ਪ੍ਰਣ ਲਿਆ ਹੈ), ਸੰਤੋਖ ਜਿਨ੍ਹਾਂ ਦਾ ਤੀਰਥ ਹੈ, ਜੀਵਨ-ਮਨੋਰਥ ਦੀ ਸਮਝ ਤੇ ਪ੍ਰਭੂ-ਚਰਨਾਂ ਵਿਚ ਚਿੱਤ ਜੋੜਨ ਨੂੰ ਜਿਨ੍ਹਾਂ ਨੇ ਤੀਰਥਾਂ ਦਾ ਇਸ਼ਨਾਨ ਸਮਝਿਆ ਹੈ;

ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਣਸ ਪਰਧਾਨ ॥

ਦਇਆ ਜਿਨ੍ਹਾਂ ਦਾ ਇਸ਼ਟ-ਦੇਵ ਹੈ, (ਦੂਜਿਆਂ ਦੀ ਵਧੀਕੀ) ਸਹਾਰਨ ਦੀ ਆਦਤਿ ਜਿਨ੍ਹਾਂ ਦੀ ਮਾਲਾ ਹੈ;

ਜੁਗਤਿ ਧੋਤੀ ਸੁਰਤਿ ਚਉਕਾ ਤਿਲਕੁ ਕਰਣੀ ਹੋਇ ॥

(ਸੁਚੱਜਾ ਜੀਵਨ) ਜੀਉਣ ਦੀ ਜਾਚ ਜਿਨ੍ਹਾਂ ਲਈ (ਦੇਵ-ਪੂਜਾ ਵੇਲੇ ਪਹਿਨਣ ਵਾਲੀ) ਧੋਤੀ ਹੈ, ਸੁਰਤ (ਨੂੰ ਪਵਿਤ੍ਰ ਰੱਖਣਾ) ਜਿਨ੍ਹਾਂ ਦਾ (ਸੁੱਚਾ) ਚੌਂਕਾ ਹੈ, ਉੱਚੇ ਆਚਰਨ ਦਾ ਜਿਨ੍ਹਾਂ ਦੇ ਮੱਥੇ ਉਤੇ ਤਿਲਕ ਲਾਇਆ ਹੋਇਆ ਹੈ,

ਭਾਉ ਭੋਜਨੁ ਨਾਨਕਾ ਵਿਰਲਾ ਤ ਕੋਈ ਕੋਇ ॥੧॥

ਤੇ ਪ੍ਰੇਮ ਜਿਨ੍ਹਾਂ (ਦੇ ਆਤਮਾ) ਦੀ ਖ਼ੁਰਾਕ ਹੈ, ਹੇ ਨਾਨਕ! ਉਹ ਮਨੁੱਖ ਸਭ ਤੋਂ ਚੰਗੇ ਹਨ; ਪਰ, ਇਹੋ ਜਿਹਾ ਮਨੁੱਖ ਹੈ ਕੋਈ ਕੋਈ ਵਿਰਲਾ ॥੧॥


ਮਹਲਾ ੩ ॥
ਨਉਮੀ ਨੇਮੁ ਸਚੁ ਜੇ ਕਰੈ ॥

ਜੇ ਮਨੁੱਖ ਸੱਚ ਧਾਰਨ ਕਰਨ ਦੇ ਨੇਮ ਨੂੰ ਨੌਮੀ (ਦਾ ਵਰਤ) ਬਣਾਏ,

ਕਾਮ ਕ੍ਰੋਧੁ ਤ੍ਰਿਸਨਾ ਉਚਰੈ ॥

ਕਾਮ ਕ੍ਰੋਧ ਤੇ ਲਾਲਚ ਨੂੰ ਚੰਗੀ ਤਰ੍ਹਾਂ ਦੂਰ ਕਰ ਲਏ;

ਦਸਮੀ ਦਸੇ ਦੁਆਰ ਜੇ ਠਾਕੈ ਏਕਾਦਸੀ ਏਕੁ ਕਰਿ ਜਾਣੈ ॥

ਜੇ ਦਸ ਹੀ ਇੰਦ੍ਰਿਆਂ ਨੂੰ (ਵਿਕਾਰਾਂ ਵਲੋਂ) ਰੋਕ ਰੱਖੇ (ਇਸ ਉੱਦਮ ਨੂੰ) ਦਸਮੀ (ਥਿੱਤ ਦਾ ਵਰਤ) ਬਣਾਏ; ਇਕ ਪਰਮਾਤਮਾ ਨੂੰ ਹਰ ਥਾਂ ਵਿਆਪਕ ਸਮਝੇ-ਇਹ ਉਸ ਦਾ ਏਕਾਦਸੀ ਦਾ ਵਰਤ ਹੋਵੇ;

ਦੁਆਦਸੀ ਪੰਚ ਵਸਗਤਿ ਕਰਿ ਰਾਖੈ ਤਉ ਨਾਨਕ ਮਨੁ ਮਾਨੈ ॥

ਪੰਜ ਕਾਮਾਦਿਕਾਂ ਨੂੰ ਕਾਬੂ ਵਿਚ ਰੱਖੇ-ਜੇ ਇਹ ਉਸ ਦਾ ਦੁਆਦਸੀ ਦਾ ਵਰਤ ਬਣੇ, ਤਾਂ, ਹੇ ਨਾਨਕ! ਮਨ ਪਤੀਜ ਜਾਂਦਾ ਹੈ।

ਐਸਾ ਵਰਤੁ ਰਹੀਜੈ ਪਾਡੇ ਹੋਰ ਬਹੁਤੁ ਸਿਖ ਕਿਆ ਦੀਜੈ ॥੨॥

ਹੇ ਪੰਡਿਤ! ਜੇ ਇਹੋ ਜਿਹਾ ਵਰਤ ਨਿਬਾਹ ਸਕੀਏ ਤਾਂ ਕਿਸੇ ਹੋਰ ਸਿੱਖਿਆ ਦੀ ਲੋੜ ਨਹੀਂ ਪੈਂਦੀ ॥੨॥


ਪਉੜੀ ॥
ਭੂਪਤਿ ਰਾਜੇ ਰੰਗ ਰਾਇ ਸੰਚਹਿ ਬਿਖੁ ਮਾਇਆ ॥

ਪਾਤਸ਼ਾਹ, ਰਾਜੇ, ਕੰਗਾਲ ਤੇ ਅਮੀਰ-ਸਭ ਮਾਇਆ-ਰੂਪ ਜ਼ਹਿਰ ਜੋੜਦੇ ਹਨ;

ਕਰਿ ਕਰਿ ਹੇਤੁ ਵਧਾਇਦੇ ਪਰ ਦਰਬੁ ਚੁਰਾਇਆ ॥

ਜੋੜ ਜੋੜ ਕੇ (ਇਸ ਨਾਲ) ਹਿਤ ਵਧਾਂਦੇ ਹਨ (ਤੇ ਜੇ ਦਾਉ ਲੱਗੇ ਤਾਂ) ਦੂਜਿਆਂ ਦੇ ਧਨ (ਭੀ) ਚੁਰਾ ਲੈਂਦੇ ਹਨ;

ਪੁਤ੍ਰ ਕਲਤ੍ਰ ਨ ਵਿਸਹਹਿ ਬਹੁ ਪ੍ਰੀਤਿ ਲਗਾਇਆ ॥

ਮਾਇਆ ਨਾਲ (ਇਤਨਾ) ਵਧੀਕ ਹਿਤ ਜੋੜਦੇ ਹਨ ਕਿ ਪੁਤ੍ਰ ਤੇ ਵਹੁਟੀ ਦਾ ਭੀ ਇਤਬਾਰ ਨਹੀਂ ਕਰਦੇ;

ਵੇਖਦਿਆ ਹੀ ਮਾਇਆ ਧੁਹਿ ਗਈ ਪਛੁਤਹਿ ਪਛੁਤਾਇਆ ॥

(ਪਰ ਜਦੋਂ) ਅੱਖਾਂ ਦੇ ਸਾਹਮਣੇ ਹੀ ਮਾਇਆ ਹੀ ਮਾਇਆ ਛਲ ਕੇ (ਭਾਵ, ਆਪਣੇ ਮੋਹ ਵਿਚ ਫਸਾ ਕੇ) ਚਲੀ ਜਾਂਦੀ ਹੈ ਤਾਂ (ਇਸ ਨੂੰ ਜੋੜਨ ਵਾਲੇ) ਹਾਹੁਕੇ ਲੈਂਦੇ ਹਨ;

ਜਮ ਦਰਿ ਬਧੇ ਮਾਰੀਅਹਿ ਨਾਨਕ ਹਰਿ ਭਾਇਆ ॥੨੧॥

(ਤਦੋਂ ਇਉਂ ਜਾਪਦਾ ਹੈ, ਜਿਵੇਂ ਉਹ) ਜਮ ਦੇ ਬੂਹੇ ਬੱਝੇ ਹੋਏ ਕੁੱਟ ਖਾ ਰਹੇ ਹਨ; ਹੇ ਨਾਨਕ! (ਕਿਸੇ ਦੇ ਵੱਸ ਦੀ ਗੱਲ ਨਹੀਂ) ਪ੍ਰਭੂ ਨੂੰ ਇਉਂ ਹੀ ਚੰਗਾ ਲੱਗਦਾ ਹੈ ॥੨੧॥


ਸਲੋਕ ਮਃ ੧ ॥
ਗਿਆਨ ਵਿਹੂਣਾ ਗਾਵੈ ਗੀਤ ॥

(ਪੰਡਿਤ ਦਾ ਇਹ ਹਾਲ ਹੈ ਕਿ) ਪਰਮਾਤਮਾ ਦੇ ਭਜਨ ਤਾਂ ਗਾਂਦਾ ਹੈ ਪਰ ਆਪ ਸਮਝ ਤੋਂ ਸੱਖਣਾ ਹੈ (ਭਾਵ, ਇਸ ਭਜਨ ਗਾਣ ਨੂੰ ਉਹ ਰੋਜ਼ੀ ਦਾ ਵਸੀਲਾ ਬਣਾਈ ਰੱਖਦਾ ਹੈ, ਸਮਝ ਉੱਚੀ ਨਹੀਂ ਹੋ ਸਕੀ)।

ਭੁਖੇ ਮੁਲਾਂ ਘਰੇ ਮਸੀਤਿ ॥

ਭੁੱਖ ਦੇ ਮਾਰੇ ਹੋਏ ਮੁੱਲਾਂ ਦੀ ਮਸੀਤ ਭੀ ਰੋਜ਼ੀ ਦੀ ਖ਼ਾਤਰ ਹੀ ਹੈ (ਭਾਵ, ਮੁੱਲਾਂ ਨੇ ਭੀ ਬਾਂਗ ਨਮਾਜ਼ ਆਦਿਕ ਮਸੀਤ ਦੀ ਕ੍ਰਿਆ ਨੂੰ ਰੋਟੀ ਦਾ ਵਸੀਲਾ ਬਣਾਇਆ ਹੋਇਆ ਹੈ)।

ਮਖਟੂ ਹੋਇ ਕੈ ਕੰਨ ਪੜਾਏ ॥

(ਤੀਜਾ ਇਕ) ਹੋਰ ਹੈ ਜੋ ਹੱਡ-ਹਰਾਮ ਹੋਣ ਕਰਕੇ ਕੰਨ ਪੜਵਾ ਲੈਂਦਾ ਹੈ,

ਫਕਰੁ ਕਰੇ ਹੋਰੁ ਜਾਤਿ ਗਵਾਏ ॥

ਫ਼ਕੀਰ ਬਣ ਜਾਂਦਾ ਹੈ, ਕੁਲ ਦੀ ਅਣਖ ਗਵਾ ਬੈਠਦਾ ਹੈ,

ਗੁਰੁ ਪੀਰੁ ਸਦਾਏ ਮੰਗਣ ਜਾਇ ॥

(ਉਂਝ ਤਾਂ ਆਪਣੇ ਆਪ ਨੂੰ) ਗੁਰੂ ਪੀਰ ਅਖਵਾਂਦਾ ਹੈ (ਪਰ ਰੋਟੀ ਦਰ ਦਰ) ਮੰਗਦਾ ਫਿਰਦਾ ਹੈ;

ਤਾ ਕੈ ਮੂਲਿ ਨ ਲਗੀਐ ਪਾਇ ॥

ਅਜੇਹੇ ਬੰਦੇ ਦੇ ਪੈਰੀਂ ਭੀ ਕਦੇ ਨਹੀਂ ਲੱਗਣਾ ਚਾਹੀਦਾ।

ਘਾਲਿ ਖਾਇ ਕਿਛੁ ਹਥਹੁ ਦੇਇ ॥

ਜੋ ਜੋ ਮਨੁੱਖ ਮਿਹਨਤ ਨਾਲ ਕਮਾ ਕੇ (ਆਪ) ਖਾਂਦਾ ਹੈ ਤੇ ਉਸ ਕਮਾਈ ਵਿਚੋਂ ਕੁਝ (ਹੋਰਨਾਂ ਨੂੰ ਭੀ) ਦੇਂਦਾ ਹੈ,

ਨਾਨਕ ਰਾਹੁ ਪਛਾਣਹਿ ਸੇਇ ॥੧॥

ਹੇ ਨਾਨਕ! ਅਜੇਹੇ ਬੰਦੇ ਹੀ ਜ਼ਿੰਦਗੀ ਦਾ ਸਹੀ ਰਸਤਾ ਪਛਾਣਦੇ ਹਨ ॥੧॥


ਮਃ ੧ ॥
ਮਨਹੁ ਜਿ ਅੰਧੇ ਕੂਪ ਕਹਿਆ ਬਿਰਦੁ ਨ ਜਾਣਨੑੀ ॥

ਜੋ ਮਨੁੱਖ ਮਨੋਂ ਅੰਨ੍ਹੇ ਘੁੱਪ ਹਨ (ਭਾਵ, ਪੁੱਜ ਕੇ ਮੂਰਖ ਹਨ), ਉਹ ਦੱਸਿਆਂ ਭੀ ਇਨਸਾਨੀ ਫ਼ਰਜ਼ ਨਹੀਂ ਜਾਣਦੇ;

ਮਨਿ ਅੰਧੈ ਊਂਧੈ ਕਵਲਿ ਦਿਸਨਿੑ ਖਰੇ ਕਰੂਪ ॥

ਮਨ ਅੰਨ੍ਹਾ ਹੋਣ ਕਰਕੇ ਤੇ ਹਿਰਦਾ-ਕਵਲ (ਧਰਮ ਵਲੋਂ) ਉਲਟਿਆ ਹੋਣ ਦੇ ਕਾਰਨ ਉਹ ਬੰਦੇ ਬਹੁਤ ਕੋਝੇ ਲੱਗਦੇ ਹਨ।

ਇਕਿ ਕਹਿ ਜਾਣਹਿ ਕਹਿਆ ਬੁਝਹਿ ਤੇ ਨਰ ਸੁਘੜ ਸਰੂਪ ॥

ਕਈ ਮਨੁੱਖ ਐਸੇ ਹਨ ਜੋ ਗੱਲ ਕਰਨੀ ਭੀ ਜਾਣਦੇ ਹਨ ਤੇ ਕਿਸੇ ਦੀ ਆਖੀ ਸਮਝਦੇ ਭੀ ਹਨ ਉਹ ਮਨੁੱਖ ਸੁਚੱਜੇ ਤੇ ਸੋਹਣੇ ਜਾਪਦੇ ਹਨ।

ਇਕਨਾ ਨਾਦ ਨ ਬੇਦ ਨ ਗੀਅ ਰਸੁ ਰਸ ਕਸ ਨ ਜਾਣੰਤਿ ॥

ਕਈ ਬੰਦਿਆਂ ਨੂੰ ਨਾਹ ਜੋਗੀਆਂ ਦੇ ਨਾਦ ਦਾ ਰਸ, ਨਾਹ ਵੇਦ ਦਾ ਸ਼ੌਕ, ਨਾਹ ਰਾਗ ਦੀ ਖਿੱਚ-ਕਿਸੇ ਤਰ੍ਹਾਂ ਦੇ ਕੋਮਲ ਹੁਨਰ ਵਲ ਰੁਚੀ ਨਹੀਂ ਹੈ,

ਇਕਨਾ ਸੁਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ ॥

ਨਾਹ ਸੂਝ, ਨਾਹ ਬੁੱਧੀ, ਨਾਹ ਅਕਲ ਦੀ ਸਾਰ, ਤੇ ਇਕ ਅੱਖਰ ਭੀ ਪੜ੍ਹਨਾ ਨਹੀਂ ਜਾਣਦੇ।

ਨਾਨਕ ਸੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤਿ ॥੨॥

ਹੇ ਨਾਨਕ! ਜਿਨ੍ਹਾਂ ਵਿਚ ਕੋਈ ਭੀ ਗੁਣ ਨਾਹ ਹੋਵੇ ਤੇ ਅਹੰਕਾਰ ਕਰੀ ਜਾਣ, ਉਹ ਮਨੁੱਖ ਨਿਰੇ ਖੋਤੇ ਹਨ ॥੨॥


ਪਉੜੀ ॥
ਗੁਰਮੁਖਿ ਸਭ ਪਵਿਤੁ ਹੈ ਧਨੁ ਸੰਪੈ ਮਾਇਆ ॥

ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਹਨ ਉਹਨਾਂ ਲਈ ਧਨ-ਪਦਾਰਥ ਮਾਇਆ ਆਦਿਕ ਸਭ ਕੁਝ ਪਵਿਤ੍ਰ ਹੈ,

ਹਰਿ ਅਰਥਿ ਜੋ ਖਰਚਦੇ ਦੇਂਦੇ ਸੁਖੁ ਪਾਇਆ ॥

ਕਿਉਂਕਿ ਉਹ ਰੱਬ ਲੇਖੇ ਭੀ ਖ਼ਰਚਦੇ ਹਨ ਤੇ (ਲੋੜਵੰਦਿਆਂ ਨੂੰ) ਦੇਂਦੇ ਹਨ (ਜਿਉਂ ਜਿਉਂ ਵੰਡਦੇ ਹਨ ਤਿਉਂ) ਸੁਖ ਪਾਂਦੇ ਹਨ।

ਜੋ ਹਰਿ ਨਾਮੁ ਧਿਆਇਦੇ ਤਿਨ ਤੋਟਿ ਨ ਆਇਆ ॥

ਜੋ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ (ਤੇ ਮਾਇਆ ਲੋੜਵੰਦਿਆਂ ਨੂੰ ਦੇਂਦੇ ਹਨ) ਉਹਨਾਂ ਨੂੰ (ਮਾਇਆ ਵਲੋਂ) ਥੁੜ ਨਹੀਂ ਆਉਂਦੀ;

ਗੁਰਮੁਖਾਂ ਨਦਰੀ ਆਵਦਾ ਮਾਇਆ ਸੁਟਿ ਪਾਇਆ ॥

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਨੂੰ (ਇਹ ਗੱਲ) ਸਾਫ਼ ਦਿਸਦੀ ਹੈ, (ਇਸ ਵਾਸਤੇ) ਉਹ ਮਾਇਆ (ਹੋਰਨਾਂ ਨੂੰ ਭੀ) ਹੱਥੋਂ ਦੇਂਦੇ ਹਨ।

ਨਾਨਕ ਭਗਤਾਂ ਹੋਰੁ ਚਿਤਿ ਨ ਆਵਈ ਹਰਿ ਨਾਮਿ ਸਮਾਇਆ ॥੨੨॥

ਹੇ ਨਾਨਕ! ਭਗਤੀ ਕਰਨ ਵਾਲੇ ਬੰਦਿਆਂ ਨੂੰ (ਪ੍ਰਭੂ ਦੇ ਨਾਮ ਤੋਂ ਬਿਨਾ ਕੁਝ) ਹੋਰ ਚਿੱਤ ਵਿਚ ਨਹੀਂ ਆਉਂਦਾ (ਭਾਵ, ਧਨ ਆਦਿਕ ਦਾ ਮੋਹ ਉਹਨਾਂ ਦੇ ਮਨ ਵਿਚ ਘਰ ਨਹੀਂ ਕਰ ਸਕਦਾ) ਉਹ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦੇ ਹਨ ॥੨੨॥


ਸਲੋਕ ਮਃ ੪ ॥
ਸਤਿਗੁਰੁ ਸੇਵਨਿ ਸੇ ਵਡਭਾਗੀ ॥

ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ ਜੋ ਆਪਣੇ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਹਨ,

ਸਚੈ ਸਬਦਿ ਜਿਨੑਾ ਏਕ ਲਿਵ ਲਾਗੀ ॥

ਗੁਰੂ ਦੇ ਸੱਚੇ ਸ਼ਬਦ ਦੇ ਰਾਹੀਂ ਜਿਨ੍ਹਾਂ ਦੀ ਸੁਰਤ ਇਕ ਪਰਮਾਤਮਾ ਵਿਚ ਲੱਗੀ ਰਹਿੰਦੀ ਹੈ,

ਗਿਰਹ ਕੁਟੰਬ ਮਹਿ ਸਹਜਿ ਸਮਾਧੀ ॥

ਜੋ ਗ੍ਰਿਹਸਤ-ਪਰਵਾਰ ਵਿੱਚ ਰਹਿੰਦੇ ਹੋਏ ਭੀ ਅਡੋਲ ਅਵਸਥਾ ਵਿੱਚ ਟਿਕੇ ਰਹਿੰਦੇ ਹਨ।

ਨਾਨਕ ਨਾਮਿ ਰਤੇ ਸੇ ਸਚੇ ਬੈਰਾਗੀ ॥੧॥

ਹੇ ਨਾਨਕ! ਉਹ ਮਨੁੱਖ ਅਸਲ ਵਿਰਕਤ ਹਨ ਜੋ ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਹਨ ॥੧॥


ਮਃ ੪ ॥
ਗਣਤੈ ਸੇਵ ਨ ਹੋਵਈ ਕੀਤਾ ਥਾਇ ਨ ਪਾਇ ॥

ਜੇ ਇਹ ਆਖਦੇ ਰਹੀਏ ਕਿ ਮੈਂ ਫਲਾਣਾ ਕੰਮ ਕੀਤਾ, ਫਲਾਣੀ ਸੇਵਾ ਕੀਤੀ ਤਾਂ ਇਸ ਤਰ੍ਹਾਂ ਸੇਵਾ ਨਹੀਂ ਹੋ ਸਕਦੀ, ਇਸ ਤਰ੍ਹਾਂ ਕੀਤਾ ਹੋਇਆ ਕੋਈ ਭੀ ਕੰਮ ਸਫਲ ਨਹੀਂ ਹੁੰਦਾ।

ਸਬਦੈ ਸਾਦੁ ਨ ਆਇਓ ਸਚਿ ਨ ਲਗੋ ਭਾਉ ॥

ਜਿਸ ਮਨੁੱਖ ਨੂੰ ਸਤਿਗੁਰੂ ਦੇ ਸ਼ਬਦ ਦਾ ਆਨੰਦ ਨਹੀਂ ਆਉਂਦਾ, ਪ੍ਰਭੂ ਦੇ ਨਾਮ ਵਿਚ ਉਸ ਦਾ ਪਿਆਰ ਨਹੀਂ ਬਣ ਸਕਦਾ।

ਸਤਿਗੁਰੁ ਪਿਆਰਾ ਨ ਲਗਈ ਮਨਹਠਿ ਆਵੈ ਜਾਇ ॥

ਜਿਸ ਨੂੰ ਗੁਰੂ ਪਿਆਰਾ ਨਹੀਂ ਲੱਗਦਾ ਉਹ ਮਨ ਦੇ ਹਠ ਨਾਲ ਹੀ (ਗੁਰੂ ਦੇ ਦਰ ਤੇ) ਆਉਂਦਾ ਜਾਂਦਾ ਹੈ (ਭਾਵ, ਗੁਰੂ-ਦਰ ਤੇ ਜਾਣ ਦਾ ਉਸ ਨੂੰ ਕੋਈ ਲਾਭ ਨਹੀਂ ਹੁੰਦਾ, ਕਿਉਂਕਿ)

ਜੇ ਇਕ ਵਿਖ ਅਗਾਹਾ ਭਰੇ ਤਾਂ ਦਸ ਵਿਖਾਂ ਪਿਛਾਹਾ ਜਾਇ ॥

ਜੇ ਉਹ ਇਕ ਕਦਮ ਅਗਾਹਾਂ ਨੂੰ ਪੁੱਟਦਾ ਹੈ ਤਾਂ ਦਸ ਕਦਮ ਪਿਛਾਂਹ ਜਾ ਪੈਂਦਾ ਹੈ।

ਸਤਿਗੁਰ ਕੀ ਸੇਵਾ ਚਾਕਰੀ ਜੇ ਚਲਹਿ ਸਤਿਗੁਰ ਭਾਇ ॥

ਜੇ ਮਨੁੱਖ ਸਤਿਗੁਰੂ ਦੇ ਭਾਣੇ ਵਿਚ ਤੁਰਨ, ਤਾਂ ਹੀ ਗੁਰੂ ਦੀ ਸੇਵਾ ਚਾਕਰੀ ਪ੍ਰਵਾਨ ਹੁੰਦੀ ਹੈ।

ਆਪੁ ਗਵਾਇ ਸਤਿਗੁਰੂ ਨੋ ਮਿਲੈ ਸਹਜੇ ਰਹੈ ਸਮਾਇ ॥

ਜੋ ਮਨੁੱਖ ਆਪਾ-ਭਾਵ ਮਿਟਾ ਕੇ ਗੁਰੂ ਦੇ ਦਰ ਤੇ ਜਾਏ ਤਾਂ ਉਹ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ।

ਨਾਨਕ ਤਿਨੑਾ ਨਾਮੁ ਨ ਵੀਸਰੈ ਸਚੇ ਮੇਲਿ ਮਿਲਾਇ ॥੨॥

ਹੇ ਨਾਨਕ! ਅਜੇਹੇ ਬੰਦਿਆਂ ਨੂੰ ਪ੍ਰਭੂ ਦਾ ਨਾਮ ਭੁੱਲਦਾ ਨਹੀਂ ਹੈ, ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਜੁੜੇ ਰਹਿੰਦੇ ਹਨ ॥੨॥


ਪਉੜੀ ॥
ਖਾਨ ਮਲੂਕ ਕਹਾਇਦੇ ਕੋ ਰਹਣੁ ਨ ਪਾਈ ॥

(ਜੋ ਲੋਕ ਆਪਣੇ ਆਪ ਨੂੰ) ਖ਼ਾਨ ਤੇ ਬਾਦਸ਼ਾਹ ਅਖਵਾਂਦੇ ਹਨ (ਤਾਂ ਭੀ ਕੀਹ ਹੋਇਆ?) ਕੋਈ (ਇਥੇ ਸਦਾ) ਨਹੀਂ ਰਹਿ ਸਕਦਾ;

ਗੜੑ ਮੰਦਰ ਗਚ ਗੀਰੀਆ ਕਿਛੁ ਸਾਥਿ ਨ ਜਾਈ ॥

ਜੇ ਕਿਲ੍ਹੇ, ਸੋਹਣੇ ਘਰ ਤੇ ਚੂਨੇ-ਗੱਚ ਇਮਾਰਤਾਂ ਹੋਣ (ਤਾਂ ਭੀ ਕੀਹ ਹੈ?) ਕੋਈ ਚੀਜ਼ (ਮਨੁੱਖ ਦੇ ਮਰਨ ਤੇ) ਨਾਲ ਨਹੀਂ ਜਾਂਦੀ,

ਸੋਇਨ ਸਾਖਤਿ ਪਉਣ ਵੇਗ ਧ੍ਰਿਗੁ ਧ੍ਰਿਗੁ ਚਤੁਰਾਈ ॥

ਜੇ ਸੋਨੇ ਦੀਆਂ ਦੁਮਚੀਆਂ ਵਾਲੇ ਤੇ ਹਵਾ ਵਰਗੀ ਤੇਜ਼ ਰਫਤਾਰ ਵਾਲੇ ਘੋੜੇ ਹੋਣ (ਤਾਂ ਭੀ ਇਹਨਾਂ ਦੇ ਮਾਣ ਤੇ ਕੋਈ) ਆਕੜ ਵਿਖਾਣੀ ਧਿੱਕਾਰ-ਜੋਗ ਹੈ;

ਛਤੀਹ ਅੰਮ੍ਰਿਤ ਪਰਕਾਰ ਕਰਹਿ ਬਹੁ ਮੈਲੁ ਵਧਾਈ ॥

ਜੇ ਕਈ ਕਿਸਮਾਂ ਦੇ ਸੁੰਦਰ ਸੁਆਦਲੇ ਖਾਣੇ ਖਾਂਦੇ ਹੋਣ (ਤਾਂ ਭੀ) ਬਹੁਤਾ ਵਿਸ਼ਟਾ ਹੀ ਵਧਾਂਦੇ ਹਨ!

ਨਾਨਕ ਜੋ ਦੇਵੈ ਤਿਸਹਿ ਨ ਜਾਣਨੑੀ ਮਨਮੁਖਿ ਦੁਖੁ ਪਾਈ ॥੨੩॥

ਹੇ ਨਾਨਕ! ਜੋ ਦਾਤਾਰ ਪ੍ਰਭੂ ਇਹ ਸਾਰੀਆਂ ਚੀਜ਼ਾਂ ਦੇਂਦਾ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਉਸ ਨਾਲ ਡੂੰਘੀ ਸਾਂਝ ਨਹੀਂ ਬਣਾਂਦੇ (ਇਸ ਵਾਸਤੇ) ਦੁੱਖ ਹੀ ਪਾਂਦੇ ਹਨ ॥੨੩॥


ਸਲੋਕ ਮਃ ੩ ॥
ਪੜਿੑ ਪੜਿੑ ਪੰਡਿਤ ਮੁੋਨੀ ਥਕੇ ਦੇਸੰਤਰ ਭਵਿ ਥਕੇ ਭੇਖਧਾਰੀ ॥

ਮੁਨੀ ਤੇ ਪੰਡਿਤ (ਵੇਦ ਆਦਿਕ ਧਰਮ-ਪੁਸਤਕਾਂ) ਪੜ੍ਹ ਪੜ੍ਹ ਕੇ ਥੱਕ ਗਏ, ਭੇਖਧਾਰੀ ਸਾਧੂ ਧਰਤੀ ਦਾ ਰਟਨ ਕਰ ਕੇ ਥੱਕ ਗਏ; ਇਤਨਾ (ਵਿਅਰਥ) ਔਖ ਹੀ ਸਹਾਰਦੇ ਰਹੇ,

ਦੂਜੈ ਭਾਇ ਨਾਉ ਕਦੇ ਨ ਪਾਇਨਿ ਦੁਖੁ ਲਾਗਾ ਅਤਿ ਭਾਰੀ ॥

(ਜਿਤਨਾ ਚਿਰ) ਪ੍ਰਭੂ ਤੋਂ ਬਿਨਾ ਕਿਸੇ ਹੋਰ ਦੇ ਪਿਆਰ ਵਿਚ ਮਨ ਫਸਿਆ ਹੋਇਆ ਹੈ (ਪੰਡਿਤ ਕੀਹ ਤੇ ਸਾਧੂ ਕੀਹ ਕੋਈ ਭੀ) ਪ੍ਰਭੂ ਦਾ ਨਾਮ ਪ੍ਰਾਪਤ ਨਹੀਂ ਕਰ ਸਕਦੇ,

ਮੂਰਖ ਅੰਧੇ ਤ੍ਰੈ ਗੁਣ ਸੇਵਹਿ ਮਾਇਆ ਕੈ ਬਿਉਹਾਰੀ ॥

ਕਿਉਂਕਿ ਮਾਇਆ ਦੇ ਵਪਾਰੀ ਬਣੇ ਰਹਿਣ ਕਰ ਕੇ ਮੂਰਖ ਅੰਨ੍ਹੇ ਮਨੁੱਖ ਤਿੰਨਾਂ ਗੁਣਾਂ ਨੂੰ ਹੀ ਸਿਓਂਦੇ ਹਨ (ਭਾਵ, ਤਿੰਨਾਂ ਗੁਣਾਂ ਵਿਚ ਹੀ ਰਹਿੰਦੇ ਹਨ)।

ਅੰਦਰਿ ਕਪਟੁ ਉਦਰੁ ਭਰਣ ਕੈ ਤਾਈ ਪਾਠ ਪੜਹਿ ਗਾਵਾਰੀ ॥

ਉਹ ਮੂਰਖ (ਬਾਹਰ ਤਾਂ) ਰੋਜ਼ੀ ਕਮਾਣ ਦੀ ਖ਼ਾਤਰ (ਧਰਮ-ਪੁਸਤਕਾਂ ਦਾ) ਪਾਠ ਕਰਦੇ ਹਨ, ਪਰ (ਉਹਨਾਂ ਦੇ) ਮਨ ਵਿਚ ਖੋਟ ਹੀ ਟਿਕਿਆ ਰਹਿੰਦਾ ਹੈ।

ਸਤਿਗੁਰੁ ਸੇਵੇ ਸੋ ਸੁਖੁ ਪਾਏ ਜਿਨ ਹਉਮੈ ਵਿਚਹੁ ਮਾਰੀ ॥

ਜੋ ਮਨੁੱਖ ਗੁਰੂ ਦੇ ਦੱਸੇ ਰਾਹ ਉੱਤੇ ਤੁਰਦਾ ਹੈ ਉਹ ਸੁਖ ਪਾਂਦਾ ਹੈ (ਕਿਉਂਕਿ ਗੁਰੂ ਦੇ ਰਾਹ ਉੱਤੇ ਤੁਰਨ ਵਾਲੇ ਮਨੁੱਖ) ਮਨ ਵਿਚੋਂ ਹਉਮੈ ਦੂਰ ਕਰ ਲੈਂਦੇ ਹਨ।

ਨਾਨਕ ਪੜਣਾ ਗੁਨਣਾ ਇਕੁ ਨਾਉ ਹੈ ਬੂਝੈ ਕੋ ਬੀਚਾਰੀ ॥੧॥

ਹੇ ਨਾਨਕ! ਸਿਰਫ਼ ਪਰਮਾਤਮਾ ਦਾ ਨਾਮ ਹੀ ਪੜ੍ਹਨ ਤੇ ਵਿਚਾਰਨ ਜੋਗ ਹੈ, ਪਰ ਕੋਈ ਵਿਚਾਰਵਾਨ ਹੀ ਇਸ ਗੱਲ ਨੂੰ ਸਮਝਦਾ ਹੈ ॥੧॥


ਮਃ ੩ ॥
ਨਾਂਗੇ ਆਵਣਾ ਨਾਂਗੇ ਜਾਣਾ ਹਰਿ ਹੁਕਮੁ ਪਾਇਆ ਕਿਆ ਕੀਜੈ ॥

ਜਗਤ ਵਿਚ ਹਰੇਕ ਜੀਵ ਖ਼ਾਲੀ-ਹੱਥ ਆਉਂਦਾ ਹੈ ਤੇ ਖ਼ਾਲੀ ਹੱਥ ਇਥੋਂ ਤੁਰ ਜਾਂਦਾ ਹੈ-ਪ੍ਰਭੂ ਨੇ ਇਹੀ ਹੁਕਮ ਰੱਖਿਆ ਹੈ, ਇਸ ਵਿਚ ਕੋਈ ਨਾਹ-ਨੁੱਕਰ ਨਹੀਂ ਕੀਤੀ ਜਾ ਸਕਦੀ;

ਜਿਸ ਕੀ ਵਸਤੁ ਸੋਈ ਲੈ ਜਾਇਗਾ ਰੋਸੁ ਕਿਸੈ ਸਿਉ ਕੀਜੈ ॥

(ਇਹ ਜਿੰਦ) ਜਿਸ ਪ੍ਰਭੂ ਦੀ ਦਿੱਤੀ ਹੋਈ ਚੀਜ਼ ਹੈ ਉਹੀ ਵਾਪਸ ਲੈ ਜਾਂਦਾ ਹੈ, (ਇਸ ਬਾਰੇ) ਕਿਸੇ ਨਾਲ ਕੋਈ ਗਿਲਾ ਨਹੀਂ ਕੀਤਾ ਜਾ ਸਕਦਾ।

ਗੁਰਮੁਖਿ ਹੋਵੈ ਸੁ ਭਾਣਾ ਮੰਨੇ ਸਹਜੇ ਹਰਿ ਰਸੁ ਪੀਜੈ ॥

ਗੁਰੂ ਦੇ ਦੱਸੇ ਰਾਹ ਉਤੇ ਤੁਰਨ ਵਾਲਾ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਮੰਨਦਾ ਹੈ, ਤੇ (ਕਿਸੇ ਪਿਆਰੇ ਦੇ ਮਰਨ ਤੇ ਭੀ) ਅਡੋਲ ਰਹਿ ਕੇ ਨਾਮ-ਅੰਮ੍ਰਿਤ ਪੀਂਦਾ ਹੈ।

ਨਾਨਕ ਸੁਖਦਾਤਾ ਸਦਾ ਸਲਾਹਿਹੁ ਰਸਨਾ ਰਾਮੁ ਰਵੀਜੈ ॥੨॥

ਹੇ ਨਾਨਕ! ਸਦਾ ਸੁਖ ਦੇਣ ਵਾਲੇ ਪ੍ਰਭੂ ਨੂੰ ਸਿਮਰੋ, ਤੇ ਜੀਭ ਨਾਲ ਪ੍ਰਭੂ ਦਾ ਨਾਮ ਜਪੋ ॥੨॥


ਪਉੜੀ ॥
ਗੜਿੑ ਕਾਇਆ ਸੀਗਾਰ ਬਹੁ ਭਾਂਤਿ ਬਣਾਈ ॥

(ਮਾਇਆ-ਧਾਰੀ ਮਨੁੱਖ) ਸਰੀਰ (-ਰੂਪ) ਕਿਲ੍ਹੇ ਉਤੇ ਕਈ ਕਿਸਮ ਦੇ ਸ਼ਿੰਗਾਰ ਬਣਾਂਦੇ ਹਨ,

ਰੰਗ ਪਰੰਗ ਕਤੀਫਿਆ ਪਹਿਰਹਿ ਧਰ ਮਾਈ ॥

ਮਾਇਆ-ਧਾਰੀ ਰੰਗ-ਬਰੰਗੇ ਰੇਸ਼ਮੀ ਕੱਪੜੇ ਪਹਿਨਦੇ ਹਨ,

ਲਾਲ ਸੁਪੇਦ ਦੁਲੀਚਿਆ ਬਹੁ ਸਭਾ ਬਣਾਈ ॥

ਲਾਲ ਤੇ ਚਿੱਟੇ ਦੁਲੀਚਿਆਂ ਉਤੇ ਬੈਠ ਕੇ ਬੜੀਆਂ ਮਜਲਸਾਂ ਲਾਂਦੇ ਹਨ,

ਦੁਖੁ ਖਾਣਾ ਦੁਖੁ ਭੋਗਣਾ ਗਰਬੈ ਗਰਬਾਈ ॥

ਅਹੰਕਾਰ ਵਿਚ ਹੀ ਆਕੜ ਵਿਚ ਹੀ (ਸਦਾ ਰਹਿੰਦੇ ਹਨ)। (ਇਸ ਵਾਸਤੇ ਉਹਨਾਂ ਨੂੰ) ਖਾਣ ਤੇ ਭੋਗਣ ਨੂੰ ਦੁੱਖ ਹੀ ਮਿਲਦਾ ਹੈ (ਭਾਵ, ਮਨ ਵਿਚ ਸ਼ਾਂਤੀ ਨਹੀਂ ਹੁੰਦੀ, ਕਿਉਂਕਿ)

ਨਾਨਕ ਨਾਮੁ ਨ ਚੇਤਿਓ ਅੰਤਿ ਲਏ ਛਡਾਈ ॥੨੪॥

ਹੇ ਨਾਨਕ! ਉਹ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ ਜੋ (ਦੁੱਖ ਤੋਂ) ਆਖ਼ਰ ਛਡਾਂਦਾ ਹੈ ॥੨੪॥


ਸਲੋਕ ਮਃ ੩ ॥
ਸਹਜੇ ਸੁਖਿ ਸੁਤੀ ਸਬਦਿ ਸਮਾਇ ॥

ਜਿਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਵਿਚ ਲੀਨ ਹੋ ਕੇ ਅਡੋਲ ਅਵਸਥਾ ਵਿਚ ਸਾਂਤਿ-ਅਵਸਥਾ ਵਿਚ ਟਿਕਦੀ ਹੈ,

ਆਪੇ ਪ੍ਰਭਿ ਮੇਲਿ ਲਈ ਗਲਿ ਲਾਇ ॥

ਉਸ ਨੂੰ ਪ੍ਰਭੂ ਨੇ ਆਪ ਹੀ ਪਿਆਰ ਨਾਲ ਮਿਲਾ ਲਿਆ ਹੈ;

ਦੁਬਿਧਾ ਚੂਕੀ ਸਹਜਿ ਸੁਭਾਇ ॥

ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਟਿਕੇ ਰਹਿਣ ਦੇ ਕਾਰਨ ਉਸ ਦਾ ਦੁਚਿੱਤਾ-ਪਨ ਦੂਰ ਹੋ ਜਾਂਦਾ ਹੈ,

ਅੰਤਰਿ ਨਾਮੁ ਵਸਿਆ ਮਨਿ ਆਇ ॥

ਉਸ ਦੇ ਅੰਦਰ ਮਨ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ।

ਸੇ ਕੰਠਿ ਲਾਏ ਜਿ ਭੰਨਿ ਘੜਾਇ ॥

ਉਹਨਾਂ ਜੀਵਾਂ ਨੂੰ ਪ੍ਰਭੂ ਆਪਣੇ ਗਲ ਨਾਲ ਲਾਂਦਾ ਹੈ ਜੋ (ਆਪਣੇ ਮਨ ਦੇ ਪਹਿਲੇ ਸੁਭਾਉ ਨੂੰ) ਤੋੜ ਕੇ (ਨਵੇਂ ਸਿਰੇ) ਸੋਹਣਾ ਬਣਾਂਦੇ ਹਨ।

ਨਾਨਕ ਜੋ ਧੁਰਿ ਮਿਲੇ ਸੇ ਹੁਣਿ ਆਣਿ ਮਿਲਾਇ ॥੧॥

ਹੇ ਨਾਨਕ! ਜਿਹੜੇ ਮਨੁੱਖ ਧੁਰੋਂ ਹੀ ਪ੍ਰਭੂ ਨਾਲ ਮਿਲੇ ਚਲੇ ਆ ਰਹੇ ਹਨ, ਉਹਨਾਂ ਨੂੰ ਇਸ ਜਨਮ ਵਿਚ ਭੀ ਲਿਆ ਕੇ ਆਪਣੇ ਵਿਚ ਮਿਲਾਈ ਰੱਖਦਾ ਹੈ ॥੧॥


ਮਃ ੩ ॥
ਜਿਨੑੀ ਨਾਮੁ ਵਿਸਾਰਿਆ ਕਿਆ ਜਪੁ ਜਾਪਹਿ ਹੋਰਿ ॥

ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦਾ ਨਾਮ ਵਿਸਾਰਿਆ ਹੈ, ਕਿਸੇ ਹੋਰ ਰਸ ਵਿਚ ਪੈ ਕੇ ਜਪ, ਜਪਣ ਦਾ, ਉਹਨਾਂ ਨੂੰ ਕੋਈ ਲਾਭ ਨਹੀਂ ਹੋ ਸਕਦਾ,

ਬਿਸਟਾ ਅੰਦਰਿ ਕੀਟ ਸੇ ਮੁਠੇ ਧੰਧੈ ਚੋਰਿ ॥

ਕਿਉਂਕਿ ਜਿਨ੍ਹਾਂ ਨੂੰ ਦੁਨੀਆ ਦੇ ਜੰਜਾਲ-ਰੂਪ ਚੋਰ ਨੇ ਠੱਗਿਆ ਹੋਇਆ ਹੈ ਉਹ (ਇਉਂ ਵਿਲੂੰ ਵਿਲੂੰ ਕਰਦੇ) ਹਨ ਜਿਵੇਂ ਵਿਸ਼ਟੇ ਵਿਚ ਕੀੜੇ।

ਨਾਨਕ ਨਾਮੁ ਨ ਵੀਸਰੈ ਝੂਠੇ ਲਾਲਚ ਹੋਰਿ ॥੨॥

ਹੇ ਨਾਨਕ! (ਇਹੀ ਅਰਦਾਸ ਕਰ ਕਿ) ਪ੍ਰਭੂ ਦਾ ਨਾਮ ਨਾਹ ਭੁੱਲੇ, ਹੋਰ ਸਾਰੇ ਲਾਲਚ ਵਿਅਰਥ ਹਨ ॥੨॥


ਪਉੜੀ ॥
ਨਾਮੁ ਸਲਾਹਨਿ ਨਾਮੁ ਮੰਨਿ ਅਸਥਿਰੁ ਜਗਿ ਸੋਈ ॥

ਜਿਹੜੇ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਹਨ, ਪਰਮਾਤਮਾ ਦਾ ਨਾਮ (ਆਪਣੇ) ਮਨ ਵਿਚ (ਵਸਾਈ ਰੱਖਦੇ ਹਨ) ਉਹੀ ਜਗਤ ਵਿਚ ਅਟੱਲ ਆਤਮਕ ਜੀਵਨ ਵਾਲੇ ਬਣਦੇ ਹਨ।

ਹਿਰਦੈ ਹਰਿ ਹਰਿ ਚਿਤਵੈ ਦੂਜਾ ਨਹੀ ਕੋਈ ॥

ਗੁਰੂ ਦੇ ਸਨਮੁਖ ਰਹਿਣ ਵਾਲਾ ਜਿਹੜਾ ਮਨੁੱਖ (ਆਪਣੇ) ਹਿਰਦੇ ਵਿਚ ਹਰ ਵੇਲੇ ਪਰਮਾਤਮਾ ਨੂੰ ਯਾਦ ਕਰਦਾ ਹੈ (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਨੂੰ (ਮਨ ਵਿਚ) ਨਹੀਂ ਵਸਾਂਦਾ,

ਰੋਮਿ ਰੋਮਿ ਹਰਿ ਉਚਰੈ ਖਿਨੁ ਖਿਨੁ ਹਰਿ ਸੋਈ ॥

ਜਿਹੜਾ ਮਨੁੱਖ ਰੋਮ ਰੋਮ ਪ੍ਰਭੂ ਨੂੰ ਯਾਦ ਕਰਦਾ ਹੈ ਹਰ ਖਿਨ ਉਸ ਪਰਮਾਤਮਾ ਨੂੰ ਹੀ ਯਾਦ ਕਰਦਾ ਰਹਿੰਦਾ ਹੈ,

ਗੁਰਮੁਖਿ ਜਨਮੁ ਸਕਾਰਥਾ ਨਿਰਮਲੁ ਮਲੁ ਖੋਈ ॥

ਉਸ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ, ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ (ਉਹ ਮਨੁੱਖ ਆਪਣੇ ਅੰਦਰੋਂ ਵਿਕਾਰਾਂ ਦੀ ਮੈਲ) ਦੂਰ ਕਰ ਲੈਂਦਾ ਹੈ।

ਨਾਨਕ ਜੀਵਦਾ ਪੁਰਖੁ ਧਿਆਇਆ ਅਮਰਾ ਪਦੁ ਹੋਈ ॥੨੫॥

ਹੇ ਨਾਨਕ! ਜਿਹੜਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਸਰਬ-ਵਿਆਪਕ ਪਰਮਾਤਮਾ ਨੂੰ ਯਾਦ ਕਰਦਾ ਰਹਿੰਦਾ ਹੈ ਉਸ ਨੂੰ ਅਟੱਲ ਆਤਮਕ ਜੀਵਨ ਵਾਲਾ ਦਰਜਾ ਮਿਲ ਜਾਂਦਾ ਹੈ (ਉਹ ਮਨੁੱਖ ਆਤਮਕ ਜੀਵਨ ਦੀ ਉਸ ਉੱਚਤਾ ਤੇ ਪਹੁੰਚ ਜਾਂਦਾ ਹੈ ਜਿਥੇ ਮਾਇਆ ਦੇ ਹੱਲੇ ਉਸ ਨੂੰ ਡੁਲਾ ਨਹੀਂ ਸਕਦੇ) ॥੨੫॥


ਸਲੋਕੁ ਮਃ ੩ ॥
ਜਿਨੀ ਨਾਮੁ ਵਿਸਾਰਿਆ ਬਹੁ ਕਰਮ ਕਮਾਵਹਿ ਹੋਰਿ ॥

ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਹੈ ਅਤੇ ਹੋਰ ਹੋਰ ਕਈ ਕੰਮ ਕਰਦੇ ਹਨ,

ਨਾਨਕ ਜਮ ਪੁਰਿ ਬਧੇ ਮਾਰੀਅਹਿ ਜਿਉ ਸੰਨੑੀ ਉਪਰਿ ਚੋਰ ॥੧॥

ਹੇ ਨਾਨਕ! ਉਹ ਮਨੁੱਖ ਜਮਰਾਜ ਦੇ ਸਾਹਮਣੇ ਬੱਝੇ ਹੋਏ ਇਉਂ ਮਾਰ ਖਾਂਦੇ ਹਨ ਜਿਵੇਂ ਸੰਨ੍ਹ ਉਤੋਂ ਫੜੇ ਹੋਏ ਚੋਰ ॥੧॥


ਮਃ ੫ ॥
ਧਰਤਿ ਸੁਹਾਵੜੀ ਆਕਾਸੁ ਸੁਹੰਦਾ ਜਪੰਦਿਆ ਹਰਿ ਨਾਉ ॥

ਪਰਮਾਤਮਾ ਦਾ ਨਾਮ ਸਿਮਰਨ ਵਾਲੇ ਬੰਦਿਆਂ ਨੂੰ ਧਰਤੀ ਅਤੇ ਆਕਾਸ਼ ਸੁਹਾਵੇ ਲੱਗਦੇ ਹਨ (ਕਿਉਂਕਿ ਉਹਨਾਂ ਦੇ ਅੰਦਰ ਠੰਢ ਵਰਤੀ ਰਹਿੰਦੀ ਹੈ);

ਨਾਨਕ ਨਾਮ ਵਿਹੂਣਿਆ ਤਿਨੑ ਤਨ ਖਾਵਹਿ ਕਾਉ ॥੨॥

ਪਰ, ਹੇ ਨਾਨਕ! ਜਿਹੜੇ ਮਨੁੱਖ ਨਾਮ ਤੋਂ ਸੱਖਣੇ ਹਨ, ਉਹਨਾਂ ਦੇ ਸਰੀਰ ਨੂੰ ਵਿਸ਼ੇ-ਵਿਕਾਰ ਕਾਂ ਹੀ ਖਾਂਦੇ ਰਹਿੰਦੇ ਹਨ (ਤੇ, ਉਹਨਾਂ ਦੇ ਅੰਦਰ ਵਿਸ਼ੇ-ਰੋਗ ਹੋਣ ਕਰਕੇ ਉਹਨਾਂ ਨੂੰ ਪ੍ਰਭੂ ਦੀ ਕੁਦਰਤਿ ਵਿਚ ਕੋਈ ਸੁੰਦਰਤਾ ਸੁਹਾਵਣੀ ਨਹੀਂ ਲੱਗਦੀ) ॥੨॥


ਪਉੜੀ ॥
ਨਾਮੁ ਸਲਾਹਨਿ ਭਾਉ ਕਰਿ ਨਿਜ ਮਹਲੀ ਵਾਸਾ ॥

ਜਿਹੜੇ ਮਨੁੱਖ ਪ੍ਰੇਮ ਨਾਲ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਹ ਨਿਰੋਲ ਆਪਣੇ (ਹਿਰਦੇ-ਰੂਪ, ਪ੍ਰਭੂ ਦੀ ਹਜ਼ੂਰੀ-ਰੂਪ) ਮਹਲ ਵਿਚ ਟਿਕੇ ਰਹਿੰਦੇ ਹਨ;

ਓਇ ਬਾਹੁੜਿ ਜੋਨਿ ਨ ਆਵਨੀ ਫਿਰਿ ਹੋਹਿ ਨ ਬਿਨਾਸਾ ॥

ਉਹ ਬੰਦੇ ਮੁੜ ਮੁੜ ਨਾਹ ਜੂਨਾਂ ਵਿਚ ਆਉਂਦੇ ਹਨ ਨਾਹ ਮਰਦੇ ਹਨ;

ਹਰਿ ਸੇਤੀ ਰੰਗਿ ਰਵਿ ਰਹੇ ਸਭ ਸਾਸ ਗਿਰਾਸਾ ॥

ਸੁਆਸ ਸੁਆਸ, ਖਾਂਦਿਆਂ ਖਾਂਦਿਆਂ (ਹਰ ਵੇਲੇ) ਉਹ ਪ੍ਰੇਮ ਨਾਲ ਪ੍ਰਭੂ ਵਿਚ ਰਚੇ-ਮਿਚੇ ਰਹਿੰਦੇ ਹਨ;

ਹਰਿ ਕਾ ਰੰਗੁ ਕਦੇ ਨ ਉਤਰੈ ਗੁਰਮੁਖਿ ਪਰਗਾਸਾ ॥

ਉਹਨਾਂ ਗੁਰਮੁਖਾਂ ਦੇ ਅੰਦਰ ਹਰਿ-ਨਾਮ ਦਾ ਚਾਨਣ ਹੋ ਜਾਂਦਾ ਹੈ, ਹਰਿ-ਨਾਮ ਦਾ ਰੰਗ ਕਦੇ (ਉਹਨਾਂ ਦੇ ਮਨ ਤੋਂ) ਉਤਰਦਾ ਨਹੀਂ ਹੈ।

ਓਇ ਕਿਰਪਾ ਕਰਿ ਕੈ ਮੇਲਿਅਨੁ ਨਾਨਕ ਹਰਿ ਪਾਸਾ ॥੨੬॥

ਹੇ ਨਾਨਕ! ਪ੍ਰਭੂ ਨੇ ਆਪਣੀ ਮਿਹਰ ਕਰ ਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੁੰਦਾ ਹੈ, ਉਹ ਸਦਾ ਪ੍ਰਭੂ ਦੇ ਨੇੜੇ ਵੱਸਦੇ ਹਨ ॥੨੬॥


ਸਲੋਕ ਮਃ ੩ ॥
ਜਿਚਰੁ ਇਹੁ ਮਨੁ ਲਹਰੀ ਵਿਚਿ ਹੈ ਹਉਮੈ ਬਹੁਤੁ ਅਹੰਕਾਰੁ ॥

ਜਿਤਨਾ ਚਿਰ ਮਨੁੱਖ ਦਾ ਇਹ ਮਨ (ਮਾਇਆ ਦੀਆਂ) ਲਹਿਰਾਂ ਵਿਚ (ਡੋਲਦਾ ਰਹਿੰਦਾ ਹੈ) ਉਤਨਾ ਚਿਰ ਇਸ ਦੇ ਅੰਦਰ ਬਹੁਤ ਹਉਮੈ ਹੈ ਬੜਾ ਅਹੰਕਾਰ ਹੁੰਦਾ ਹੈ;

ਸਬਦੈ ਸਾਦੁ ਨ ਆਵਈ ਨਾਮਿ ਨ ਲਗੈ ਪਿਆਰੁ ॥

ਇਸ ਨੂੰ ਸਤਿਗੁਰੂ ਦੇ ਸ਼ਬਦ ਦਾ ਰਸ ਨਹੀਂ ਆਉਂਦਾ, ਪ੍ਰਭੂ ਦੇ ਨਾਮ ਵਿਚ ਇਸ ਦਾ ਪਿਆਰ ਨਹੀਂ ਬਣਦਾ,

ਸੇਵਾ ਥਾਇ ਨ ਪਵਈ ਤਿਸ ਕੀ ਖਪਿ ਖਪਿ ਹੋਇ ਖੁਆਰੁ ॥

ਇਸ ਦੀ ਕੀਤੀ ਹੋਈ ਸੇਵਾ ਕਬੂਲ ਨਹੀਂ ਹੁੰਦੀ (ਅਤੇ ਹਉਮੈ ਦੇ ਕਾਰਨ) ਖਿੱਝ ਖਿੱਝ ਕੇ ਦੁਖੀ ਹੁੰਦਾ ਰਹਿੰਦਾ ਹੈ।

ਨਾਨਕ ਸੇਵਕੁ ਸੋਈ ਆਖੀਐ ਜੋ ਸਿਰੁ ਧਰੇ ਉਤਾਰਿ ॥

ਹੇ ਨਾਨਕ! ਉਹੀ ਮਨੁੱਖ ਅਸਲੀ ਸੇਵਕ ਅਖਵਾਂਦਾ ਹੈ ਜੋ ਆਪਣੀ ਚਤੁਰਾਈ ਚਲਾਕੀ ਛੱਡ ਦੇਂਦਾ ਹੈ,

ਸਤਿਗੁਰ ਕਾ ਭਾਣਾ ਮੰਨਿ ਲਏ ਸਬਦੁ ਰਖੈ ਉਰ ਧਾਰਿ ॥੧॥

ਸਤਿਗੁਰੂ ਦਾ ਭਾਣਾ ਕਬੂਲ ਕਰਦਾ ਹੈ ਅਤੇ ਗੁਰੂ ਦੇ ਸ਼ਬਦ ਨੂੰ ਹਿਰਦੇ ਵਿਚ ਪ੍ਰੋ ਰੱਖਦਾ ਹੈ ॥੧॥


ਮਃ ੩ ॥
ਸੋ ਜਪੁ ਤਪੁ ਸੇਵਾ ਚਾਕਰੀ ਜੋ ਖਸਮੈ ਭਾਵੈ ॥

ਜਿਹੜੀ ਕਾਰ ਮਾਲਕ-ਪ੍ਰਭੂ ਨੂੰ ਪਸੰਦ ਆ ਜਾਏ, ਉਹੀ ਕਾਰ ਸੇਵਕ ਦਾ ਜਪ ਹੈ ਤਪ ਹੈ ਤੇ ਸੇਵਾ ਚਾਕਰੀ ਹੈ;

ਆਪੇ ਬਖਸੇ ਮੇਲਿ ਲਏ ਆਪਤੁ ਗਵਾਵੈ ॥

ਜਿਹੜਾ ਮਨੁੱਖ ਆਪਾ-ਭਾਵ ਮਿਟਾਂਦਾ ਹੈ ਉਸ ਨੂੰ ਪ੍ਰਭੂ ਆਪ ਹੀ ਮਿਹਰ ਕਰ ਕੇ (ਆਪਣੇ ਨਾਲ) ਮਿਲਾ ਲੈਂਦਾ ਹੈ,

ਮਿਲਿਆ ਕਦੇ ਨ ਵੀਛੁੜੈ ਜੋਤੀ ਜੋਤਿ ਮਿਲਾਵੈ ॥

ਤੇ (ਪ੍ਰਭੂ-ਚਰਨਾਂ ਵਿਚ) ਮਿਲਿਆ ਹੋਇਆ ਅਜਿਹਾ ਬੰਦਾ ਮੁੜ ਕਦੇ ਵਿਛੁੜਦਾ ਨਹੀਂ ਹੈ ਉਸ ਦੀ ਆਤਮਾ ਪ੍ਰਭੂ ਦੀ ਆਤਮਾ ਨਾਲ ਇਕ-ਮਿਕ ਹੋ ਜਾਂਦੀ ਹੈ।

ਨਾਨਕ ਗੁਰਪਰਸਾਦੀ ਸੋ ਬੁਝਸੀ ਜਿਸੁ ਆਪਿ ਬੁਝਾਵੈ ॥੨॥

ਹੇ ਨਾਨਕ! (ਇਸ ਭੇਤ ਨੂੰ) ਗੁਰੂ ਦੀ ਕਿਰਪਾ ਨਾਲ ਉਹੀ ਮਨੁੱਖ ਸਮਝਦਾ ਹੈ ਜਿਸ ਨੂੰ ਪ੍ਰਭੂ ਆਪ ਸਮਝ ਬਖ਼ਸ਼ਦਾ ਹੈ ॥੨॥


ਪਉੜੀ ॥
ਸਭੁ ਕੋ ਲੇਖੇ ਵਿਚਿ ਹੈ ਮਨਮੁਖੁ ਅਹੰਕਾਰੀ ॥

ਹਰੇਕ ਜੀਵ (ਨੂੰ ਉਸ) ਮਰਯਾਦਾ ਦੇ ਅੰਦਰਿ (ਤੁਰਨਾ ਪੈਂਦਾ ਹੈ ਜੋ ਪ੍ਰਭੂ ਨੇ ਜੀਵਨ-ਜੁਗਤਿ ਲਈ ਮਿਥੀ ਹੋਈ) ਹੈ, ਪਰ ਮਨ ਦਾ ਮੁਰੀਦ ਮਨੁੱਖ ਅਹੰਕਾਰ ਕਰਦਾ ਹੈ (ਭਾਵ, ਉਸ ਮਰਯਾਦਾ ਤੋਂ ਆਕੀ ਹੋਣ ਦਾ ਜਤਨ ਕਰਦਾ ਹੈ),

ਹਰਿ ਨਾਮੁ ਕਦੇ ਨ ਚੇਤਈ ਜਮਕਾਲੁ ਸਿਰਿ ਮਾਰੀ ॥

ਕਦੇ ਪ੍ਰਭੂ ਦਾ ਨਾਮ ਨਹੀਂ ਸਿਮਰਦਾ (ਜਿਸ ਕਰਕੇ) ਜਮਕਾਲ (ਉਸ ਦੇ) ਸਿਰ ਉਤੇ (ਚੋਟ) ਮਾਰਦਾ ਹੈ (ਭਾਵ, ਉਹ ਸਦਾ ਆਤਮਕ ਮੌਤ ਸਹੇੜੀ ਰੱਖਦਾ ਹੈ)।

ਪਾਪ ਬਿਕਾਰ ਮਨੂਰ ਸਭਿ ਲਦੇ ਬਹੁ ਭਾਰੀ ॥

ਪਾਪਾਂ ਤੇ ਮੰਦੇ ਕਰਮਾਂ ਦੇ ਵਿਅਰਥ ਤੇ ਬੋਝਲ ਭਾਰ ਨਾਲ ਲੱਦੇ ਹੋਏ ਜੀਵਾਂ ਲਈ-

ਮਾਰਗੁ ਬਿਖਮੁ ਡਰਾਵਣਾ ਕਿਉ ਤਰੀਐ ਤਾਰੀ ॥

ਜ਼ਿੰਦਗੀ ਦਾ ਰਸਤਾ ਬੜਾ ਔਖਾ ਤੇ ਡਰਾਉਣਾ ਹੋ ਜਾਂਦਾ ਹੈ (ਇਸ ਸੰਸਾਰ-ਸਮੁੰਦਰ ਵਿਚੋਂ) ਉਹਨਾਂ ਪਾਸੋਂ ਤਰਿਆ ਨਹੀਂ ਜਾ ਸਕਦਾ।

ਨਾਨਕ ਗੁਰਿ ਰਾਖੇ ਸੇ ਉਬਰੇ ਹਰਿ ਨਾਮਿ ਉਧਾਰੀ ॥੨੭॥

ਹੇ ਨਾਨਕ! ਜਿਨ੍ਹਾਂ ਦੀ ਸਹੈਤਾ ਗੁਰੂ ਨੇ ਕੀਤੀ ਹੈ ਉਹ ਬਚ ਨਿਕਲਦੇ ਹਨ, ਪ੍ਰਭੂ ਦੇ ਨਾਮ ਨੇ ਉਹਨਾਂ ਨੂੰ ਬਚਾ ਲਿਆ ਹੁੰਦਾ ਹੈ ॥੨੭॥


ਸਲੋਕ ਮਃ ੩ ॥
ਵਿਣੁ ਸਤਿਗੁਰ ਸੇਵੇ ਸੁਖੁ ਨਹੀ ਮਰਿ ਜੰਮਹਿ ਵਾਰੋ ਵਾਰ ॥

ਸਤਿਗੁਰੂ ਦੇ ਦੱਸੇ ਰਾਹ ਉਤੇ ਤੁਰਨ ਤੋਂ ਬਿਨਾ ਸੁਖ ਨਹੀਂ ਮਿਲਦਾ (ਗੁਰੂ ਤੋਂ ਖੁੰਝੇ ਹੋਏ ਜੀਵ) ਮੁੜ ਮੁੜ ਜੰਮਦੇ ਮਰਦੇ ਹਨ,

ਮੋਹ ਠਗਉਲੀ ਪਾਈਅਨੁ ਬਹੁ ਦੂਜੈ ਭਾਇ ਵਿਕਾਰ ॥

ਮੋਹ ਦੀ ਠਗ-ਬੂਟੀ ਉਸ ਪ੍ਰਭੂ ਨੇ (ਐਸੀ) ਪਾਈ ਹੈ ਕਿ (ਰੱਬ ਵਲੋਂ ਬੇ-ਸੁਰਤ ਹੋ ਕੇ) ਮਾਇਆ ਦੇ ਪਿਆਰ ਵਿਚ (ਫਸ ਕੇ) ਬਥੇਰੇ ਮੰਦੇ ਕਰਮ ਕਰਦੇ ਹਨ,

ਇਕਿ ਗੁਰਪਰਸਾਦੀ ਉਬਰੇ ਤਿਸੁ ਜਨ ਕਉ ਕਰਹਿ ਸਭਿ ਨਮਸਕਾਰ ॥

ਪਰ ਕਈ (ਭਾਗਾਂ ਵਾਲੇ ਬੰਦੇ) ਸਤਿਗੁਰੂ ਦੀ ਕਿਰਪਾ ਨਾਲ (ਇਸ ਠਗ-ਬੂਟੀ ਤੋਂ) ਬਚ ਜਾਂਦੇ ਹਨ, (ਜੋ ਜੋ ਬਚਦਾ ਹੈ) ਉਸ ਨੂੰ ਸਾਰੇ ਲੋਕ ਸਿਰ ਨਿਵਾਂਦੇ ਹਨ।

ਨਾਨਕ ਅਨਦਿਨੁ ਨਾਮੁ ਧਿਆਇ ਤੂ ਅੰਤਰਿ ਜਿਤੁ ਪਾਵਹਿ ਮੋਖ ਦੁਆਰ ॥੧॥

ਹੇ ਨਾਨਕ! ਤੂੰ ਭੀ ਹਰ ਰੋਜ਼ (ਆਪਣੇ) ਹਿਰਦੇ ਵਿਚ ਪ੍ਰਭੂ ਦਾ ਨਾਮ ਸਿਮਰ, ਜਿਸ (ਸਿਮਰਨ ਦੀ) ਬਰਕਤਿ ਨਾਲ ਤੂੰ (ਇਸ ‘ਮੋਹ-ਠਗਉਲੀ’ ਤੋਂ) ਬਚਣ ਦਾ ਵਸੀਲਾ ਹਾਸਲ ਕਰ ਲਏਂਗਾ ॥੧॥


ਮਃ ੩ ॥
ਮਾਇਆ ਮੋਹਿ ਵਿਸਾਰਿਆ ਸਚੁ ਮਰਣਾ ਹਰਿ ਨਾਮੁ ॥

ਮੌਤ ਅਟੱਲ ਹੈ, ਪ੍ਰਭੂ ਦਾ ਨਾਮ ਸਦਾ-ਥਿਰ ਰਹਿਣ ਵਾਲਾ ਹੈ-ਪਰ, ਇਹ ਗੱਲ ਜਿਸ ਮਨੁੱਖ ਨੇ ਮਾਇਆ ਦੇ ਮੋਹ ਵਿਚ (ਫਸ ਕੇ) ਭੁਲਾ ਦਿੱਤੀ ਹੈ।

ਧੰਧਾ ਕਰਤਿਆ ਜਨਮੁ ਗਇਆ ਅੰਦਰਿ ਦੁਖੁ ਸਹਾਮੁ ॥

ਉਸ ਦਾ ਸਾਰਾ ਜੀਵਨ ਮਾਇਆ ਦੇ ਧੰਧੇ ਕਰਦਿਆਂ ਹੀ ਗੁਜ਼ਰ ਜਾਂਦਾ ਹੈ ਤੇ ਉਹ ਆਪਣੇ ਮਨ ਵਿਚ ਦੁੱਖ ਸਹਿੰਦਾ ਹੈ।

ਨਾਨਕ ਸਤਿਗੁਰੁ ਸੇਵਿ ਸੁਖੁ ਪਾਇਆ ਜਿਨੑ ਪੂਰਬਿ ਲਿਖਿਆ ਕਰਾਮੁ ॥੨॥

ਹੇ ਨਾਨਕ! ਮੁੱਢ ਤੋਂ ਜਿਨ੍ਹਾਂ ਦੇ ਮੱਥੇ ਉਤੇ (ਗੁਰ-ਸੇਵਾ ਦਾ ਲੇਖ) ਲਿਖਿਆ ਹੋਇਆ ਹੈ ਉਹਨਾਂ ਨੇ ਗੁਰੂ ਦੇ ਹੁਕਮ ਵਿਚ ਤੁਰ ਕੇ ਆਤਮਕ ਆਨੰਦ ਮਾਣਿਆ ਹੈ ॥੨॥


ਪਉੜੀ ॥
ਲੇਖਾ ਪੜੀਐ ਹਰਿ ਨਾਮੁ ਫਿਰਿ ਲੇਖੁ ਨ ਹੋਈ ॥

ਜੇ ਹਰਿ-ਨਾਮ (ਸਿਮਰਨ-ਰੂਪ) ਲੇਖਾ ਪੜ੍ਹੀਏ ਤਾਂ ਫਿਰ ਵਿਕਾਰ ਆਦਿਕਾਂ ਦੇ ਸੰਸਕਾਰਾਂ ਦਾ ਚਿੱਤ੍ਰ ਮਨ ਵਿਚ ਨਹੀਂ ਬਣਦਾ;

ਪੁਛਿ ਨ ਸਕੈ ਕੋਇ ਹਰਿ ਦਰਿ ਸਦ ਢੋਈ ॥

ਪ੍ਰਭੂ ਦੀ ਹਜ਼ੂਰੀ ਵਿਚ ਸਦਾ ਪਹੁੰਚ ਬਣੀ ਰਹਿੰਦੀ ਹੈ, ਕਿਸੇ ਵਿਕਾਰ ਬਾਰੇ ਕੋਈ ਪੁੱਛ ਨਹੀਂ ਕਰ ਸਕਦਾ (ਭਾਵ ਕੋਈ ਭੀ ਐਸਾ ਮੰਦਾ ਕਰਮ ਨਹੀਂ ਕੀਤਾ ਹੁੰਦਾ ਜਿਸ ਬਾਰੇ ਕੋਈ ਉਂਗਲ ਕਰ ਸਕੇ);

ਜਮਕਾਲੁ ਮਿਲੈ ਦੇ ਭੇਟ ਸੇਵਕੁ ਨਿਤ ਹੋਈ ॥

ਜਮ ਕਾਲ (ਚੋਟ ਕਰਨ ਦੇ ਥਾਂ) ਆਦਰ-ਸਤਕਾਰ ਕਰਦਾ ਹੈ ਤੇ ਸਦਾ ਲਈ ਸੇਵਕ ਬਣ ਜਾਂਦਾ ਹੈ।

ਪੂਰੇ ਗੁਰ ਤੇ ਮਹਲੁ ਪਾਇਆ ਪਤਿ ਪਰਗਟੁ ਲੋਈ ॥

ਪਰ ਇਹ ਮੇਲ ਵਾਲੀ ਅਵਸਥਾ ਪੂਰੇ ਗੁਰੂ ਤੋਂ ਹਾਸਲ ਹੁੰਦੀ ਹੈ ਤੇ ਜਗਤ ਵਿਚ ਇੱਜ਼ਤ ਉੱਘੀ ਹੋ ਜਾਂਦੀ ਹੈ।

ਨਾਨਕ ਅਨਹਦ ਧੁਨੀ ਦਰਿ ਵਜਦੇ ਮਿਲਿਆ ਹਰਿ ਸੋਈ ॥੨੮॥

ਹੇ ਨਾਨਕ! ਜਦੋਂ ਉਹ ਪ੍ਰਭੂ ਮਿਲ ਪੈਂਦਾ ਹੈ, ਉਸ ਦੀ ਹਜ਼ੂਰੀ ਵਿਚ (ਟਿਕੇ ਰਿਹਾਂ, ਅੰਦਰ, ਮਾਨੋ) ਇਕ-ਰਸ ਸੁਰ ਵਾਲੇ ਵਾਜੇ ਵੱਜਣ ਲੱਗ ਪੈਂਦੇ ਹਨ ॥੨੮॥


ਸਲੋਕ ਮਃ ੩ ॥
ਗੁਰ ਕਾ ਕਹਿਆ ਜੇ ਕਰੇ ਸੁਖੀ ਹੂ ਸੁਖੁ ਸਾਰੁ ॥

ਜੇ ਮਨੁੱਖ ਸਤਿਗੁਰੂ ਦੇ ਦੱਸੇ ਹੁਕਮ ਦੀ ਪਾਲਣਾ ਕਰੇ ਤਾਂ ਸੁਖਾਂ ਵਿਚੋਂ ਚੋਣਵਾਂ ਸ੍ਰੇਸ਼ਟ ਸੁਖ ਮਿਲਦਾ ਹੈ।

ਗੁਰ ਕੀ ਕਰਣੀ ਭਉ ਕਟੀਐ ਨਾਨਕ ਪਾਵਹਿ ਪਾਰੁ ॥੧॥

ਸਤਿਗੁਰੂ ਦੀ ਦੱਸੀ ਹੋਈ ਕਾਰ ਕੀਤਿਆਂ ਡਰ ਦੂਰ ਹੋ ਜਾਂਦਾ ਹੈ, ਹੇ ਨਾਨਕ! (ਜੇ ਤੂੰ ਗੁਰੂ ਵਾਲੀ ‘ਕਰਣੀ’ ਕਰੇਂਗਾ ਤਾਂ) ਤੂੰ (‘ਭਉ’ ਦਾ) ਪਾਰਲਾ ਕੰਢਾ ਲੱਭ ਲਏਂਗਾ (ਭਾਵ, ‘ਭਉ’-ਸਾਗਰ ਤੋਂ ਪਾਰ ਲੰਘ ਜਾਹਿਂਗਾ) ॥੧॥


ਮਃ ੩ ॥
ਸਚੁ ਪੁਰਾਣਾ ਨਾ ਥੀਐ ਨਾਮੁ ਨ ਮੈਲਾ ਹੋਇ ॥

(ਜੇ ਮਨੁੱਖ ਸਦਾ-ਥਿਰ ਪਰਮਾਤਮਾ ਨਾਲ ਪਿਆਰ ਪਾ ਲਏ ਤਾਂ) ਪਰਮਾਤਮਾ ਨਾਲ ਬਣਿਆ ਉਹ ਪਿਆਰ ਕਦੇ ਕਮਜ਼ੋਰ ਨਹੀਂ ਹੁੰਦਾ। (ਜਿਸ ਹਿਰਦੇ ਵਿਚ) ਪਰਮਾਤਮਾ ਦਾ ਨਾਮ (ਵੱਸਦਾ ਹੈ, ਉਹ ਹਿਰਦਾ ਕਦੇ) ਵਿਕਾਰਾਂ ਨਾਲ ਗੰਦਾ ਨਹੀਂ ਹੁੰਦਾ।

ਗੁਰ ਕੈ ਭਾਣੈ ਜੇ ਚਲੈ ਬਹੁੜਿ ਨ ਆਵਣੁ ਹੋਇ ॥

ਜੇ ਮਨੁੱਖ ਗੁਰੂ ਦੀ ਰਜ਼ਾ ਵਿਚ ਤੁਰੇ ਤਾਂ ਮੁੜ ਉਸ ਨੂੰ ਜਨਮ (ਮਰਨ ਦਾ ਗੇੜ) ਨਹੀਂ ਹੁੰਦਾ।

ਨਾਨਕ ਨਾਮਿ ਵਿਸਾਰਿਐ ਆਵਣ ਜਾਣਾ ਦੋਇ ॥੨॥

ਹੇ ਨਾਨਕ! ਜੇ ਨਾਮ ਵਿਸਾਰ ਦੇਈਏ ਤਾਂ ਜਨਮ ਮਰਨ ਦੋਵੇਂ ਬਣੇ ਰਹਿੰਦੇ ਹਨ (ਭਾਵ, ਜਨਮ ਮਰਨ ਦੇ ਗੇੜ ਵਿਚ ਪਏ ਰਹੀਦਾ ਹੈ) ॥੨॥


ਪਉੜੀ ॥
ਮੰਗਤ ਜਨੁ ਜਾਚੈ ਦਾਨੁ ਹਰਿ ਦੇਹੁ ਸੁਭਾਇ ॥

ਹੇ ਪ੍ਰਭੂ! ਮੈਂ ਮੰਗਤਾ ਇਕ ਖ਼ੈਰ ਮੰਗਦਾ ਹਾਂ, ਆਪਣੇ ਹੱਥ ਨਾਲ (ਉਹ ਖ਼ੈਰ) ਮੈਨੂੰ ਪਾ;

ਹਰਿ ਦਰਸਨ ਕੀ ਪਿਆਸ ਹੈ ਦਰਸਨਿ ਤ੍ਰਿਪਤਾਇ ॥

ਮੈਨੂੰ, ਹੇ ਹਰੀ! ਤੇਰੇ ਦੀਦਾਰ ਦੀ ਪਿਆਸ ਹੈ, ਦੀਦਾਰ ਨਾਲ ਹੀ (ਮੇਰੇ ਅੰਦਰ) ਠੰਢ ਪੈ ਸਕਦੀ ਹੈ।

ਖਿਨੁ ਪਲੁ ਘੜੀ ਨ ਜੀਵਊ ਬਿਨੁ ਦੇਖੇ ਮਰਾਂ ਮਾਇ ॥

ਹੇ ਮਾਂ! ਮੈਂ ਹਰੀ ਦੇ ਦਰਸਨ ਤੋਂ ਬਿਨਾ ਮਰਦਾ ਹਾਂ ਇਕ ਪਲ ਭਰ, ਘੜੀ ਭਰ ਭੀ ਜੀਊ ਨਹੀਂ ਸਕਦਾ।

ਸਤਿਗੁਰਿ ਨਾਲਿ ਦਿਖਾਲਿਆ ਰਵਿ ਰਹਿਆ ਸਭ ਥਾਇ ॥

ਜਦੋਂ ਮੈਨੂੰ ਗੁਰੂ ਨੇ ਮੇਰਾ ਪ੍ਰਭੂ ਮੇਰੇ ਅੰਦਰ ਹੀ ਵਿਖਾ ਦਿੱਤਾ ਤਾਂ ਉਹ ਸਭ ਥਾਈਂ ਵਿਆਪਕ ਦਿੱਸਣ ਲੱਗ ਪਿਆ।

ਸੁਤਿਆ ਆਪਿ ਉਠਾਲਿ ਦੇਇ ਨਾਨਕ ਲਿਵ ਲਾਇ ॥੨੯॥

ਹੇ ਨਾਨਕ! (ਆਪਣੇ ਨਾਮ ਦੀ) ਲਗਨ ਲਾ ਕੇ ਉਹ ਆਪ ਹੀ (ਮਾਇਆ ਵਿਚ) ਸੁੱਤਿਆਂ ਨੂੰ ਜਗਾ ਕੇ (ਨਾਮ ਦੀ ਦਾਤਿ) ਦੇਂਦਾ ਹੈ ॥੨੯॥


ਸਲੋਕ ਮਃ ੩ ॥
ਮਨਮੁਖ ਬੋਲਿ ਨ ਜਾਣਨੑੀ ਓਨਾ ਅੰਦਰਿ ਕਾਮੁ ਕ੍ਰੋਧੁ ਅਹੰਕਾਰੁ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਢੁੱਕਵੀਂ ਗੱਲ ਕਰਨੀ ਭੀ ਨਹੀਂ ਜਾਣਦੇ ਕਿਉਂਕਿ ਉਹਨਾਂ ਦੇ ਮਨ ਵਿਚ ਕਾਮ ਕ੍ਰੋਧ ਤੇ ਅਹੰਕਾਰ (ਪ੍ਰਬਲ) ਹੁੰਦਾ ਹੈ;

ਥਾਉ ਕੁਥਾਉ ਨ ਜਾਣਨੀ ਸਦਾ ਚਿਤਵਹਿ ਬਿਕਾਰ ॥

ਉਹ ਸਦਾ ਭੈੜੀਆਂ ਗੱਲਾਂ ਹੀ ਸੋਚਦੇ ਹਨ, ਥਾਂ ਕੁਥਾਂ ਭੀ ਨਹੀਂ ਸਮਝਦੇ (ਭਾਵ, ਇਹ ਸਮਝ ਭੀ ਉਹਨਾਂ ਨੂੰ ਨਹੀਂ ਹੁੰਦੀ ਕਿ ਇਹ ਕੰਮ ਇਥੇ ਕਰਨਾ ਫਬਦਾ ਭੀ ਹੈ ਜਾਂ ਨਹੀਂ);

ਦਰਗਹ ਲੇਖਾ ਮੰਗੀਐ ਓਥੈ ਹੋਹਿ ਕੂੜਿਆਰ ॥

ਜਦੋਂ ਪ੍ਰਭੂ ਦੀ ਹਜ਼ੂਰੀ ਵਿਚ ਕੀਤੇ ਕਰਮਾਂ ਦਾ ਹਿਸਾਬ ਪੁੱਛੀਦਾ ਹੈ ਤਾਂ ਓਥੇ ਉਹ ਝੂਠੇ ਪੈਂਦੇ ਹਨ।

ਆਪੇ ਸ੍ਰਿਸਟਿ ਉਪਾਈਅਨੁ ਆਪਿ ਕਰੇ ਬੀਚਾਰੁ ॥

ਪਰ, ਉਸ ਪ੍ਰਭੂ ਨੇ ਆਪ ਹੀ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, (ਸਭ ਵਿਚ ਵਿਆਪਕ ਹੋ ਕੇ) ਉਹ ਆਪ (ਹੀ) ਹਰੇਕ ਵਿਚਾਰ ਕਰ ਰਿਹਾ ਹੈ।

ਨਾਨਕ ਕਿਸ ਨੋ ਆਖੀਐ ਸਭੁ ਵਰਤੈ ਆਪਿ ਸਚਿਆਰੁ ॥੧॥

ਹੇ ਨਾਨਕ! ਸਭ ਥਾਈਂ ਉਹ ਸੱਚ ਦਾ ਸੋਮਾ ਪ੍ਰਭੂ ਆਪ (ਹੀ) ਮੌਜੂਦ ਹੈ, ਸੋ ਕਿਸੇ (ਮਨਮੁਖ) ਨੂੰ (ਭੀ ਮੰਦਾ) ਨਹੀਂ ਆਖਿਆ ਜਾ ਸਕਦਾ ॥੧॥


ਮਃ ੩ ॥
ਹਰਿ ਗੁਰਮੁਖਿ ਤਿਨੑੀ ਅਰਾਧਿਆ ਜਿਨੑ ਕਰਮਿ ਪਰਾਪਤਿ ਹੋਇ ॥

ਗੁਰੂ ਦੇ ਸਨਮੁਖ ਰਹਿ ਕੇ ਉਹਨਾਂ ਮਨੁੱਖਾਂ ਨੇ ਪ੍ਰਭੂ ਨੂੰ ਸਿਮਰਿਆ ਹੈ ਜਿਨ੍ਹਾਂ ਦੇ ਭਾਗਾਂ ਵਿਚ ਪ੍ਰਭੂ ਦੀ ਮਿਹਰ ਨਾਲ ‘ਸਿਮਰਨ’ ਲਿਖਿਆ ਹੋਇਆ ਹੈ।

ਨਾਨਕ ਹਉ ਬਲਿਹਾਰੀ ਤਿਨੑ ਕਉ ਜਿਨੑ ਹਰਿ ਮਨਿ ਵਸਿਆ ਸੋਇ ॥੨॥

ਹੇ ਨਾਨਕ! ਮੈਂ ਉਹਨਾਂ ਬੰਦਿਆਂ ਤੋਂ ਸਦਕੇ ਹਾਂ, ਜਿਨ੍ਹਾਂ ਦੇ ਮਨ ਵਿਚ ਉਹ ਪ੍ਰਭੂ ਵੱਸਦਾ ਹੈ ॥੨॥


ਪਉੜੀ ॥
ਆਸ ਕਰੇ ਸਭੁ ਲੋਕੁ ਬਹੁ ਜੀਵਣੁ ਜਾਣਿਆ ॥

ਲੰਮੀ ਜ਼ਿੰਦਗੀ ਸਮਝ ਕੇ ਸਾਰਾ ਜਗ (ਭਾਵ, ਹਰੇਕ ਦੁਨੀਆਦਾਰ ਮਨੁੱਖ) ਆਸਾਂ ਬਣਾਂਦਾ ਹੈ,

ਨਿਤ ਜੀਵਣ ਕਉ ਚਿਤੁ ਗੜੑ ਮੰਡਪ ਸਵਾਰਿਆ ॥

ਸਦਾ ਜੀਊਣ ਦੀ ਤਾਂਘ (ਰੱਖਦਾ ਹੈ ਤੇ) ਕਿਲ੍ਹੇ ਮਾੜੀਆਂ ਆਦਿਕ ਸਜਾਂਦਾ (ਰਹਿੰਦਾ) ਹੈ,

ਵਲਵੰਚ ਕਰਿ ਉਪਾਵ ਮਾਇਆ ਹਿਰਿ ਆਣਿਆ ॥

ਠੱਗੀਆਂ ਤੇ ਹੋਰ ਕਈ ਹੀਲੇ ਕਰ ਕੇ (ਦੂਜਿਆਂ ਦਾ) ਮਾਲ ਠੱਗ ਕੇ ਲੈ ਆਉਂਦਾ ਹੈ,

ਜਮਕਾਲੁ ਨਿਹਾਲੇ ਸਾਸ ਆਵ ਘਟੈ ਬੇਤਾਲਿਆ ॥

(ਉੱਤੇ) ਜਮਰਾਜ (ਇਸ ਦੇ) ਸਾਹ ਗਿਣਦਾ ਜਾ ਰਿਹਾ ਹੈ, ਜੀਵਨ-ਤਾਲ ਤੋਂ ਖੁੰਝੇ ਹੋਏ ਇਸ ਮਨੁੱਖ ਦੀ ਉਮਰ ਘਟਦੀ ਚਲੀ ਜਾ ਰਹੀ ਹੈ।

ਨਾਨਕ ਗੁਰ ਸਰਣਾਈ ਉਬਰੇ ਹਰਿ ਗੁਰ ਰਖਵਾਲਿਆ ॥੩੦॥

ਹੇ ਨਾਨਕ! (ਆਸਾਂ ਦੇ ਇਸ ਲੰਮੇ ਜਾਲ ਵਿਚੋਂ) ਉਹੀ ਬਚਦੇ ਹਨ ਜੋ ਗੁਰੂ ਦੀ ਸਰਨ ਪੈਂਦੇ ਹਨ ਜਿਨ੍ਹਾਂ ਦਾ ਰਾਖਾ ਗੁਰੂ ਅਕਾਲ ਪੁਰਖ ਆਪ ਬਣਦਾ ਹੈ ॥੩੦॥


ਸਲੋਕ ਮਃ ੩ ॥
ਪੜਿ ਪੜਿ ਪੰਡਿਤ ਵਾਦੁ ਵਖਾਣਦੇ ਮਾਇਆ ਮੋਹ ਸੁਆਇ ॥

ਪੰਡਿਤ (ਧਰਮ-ਪੁਸਤਕਾਂ) ਪੜ੍ਹ ਪੜ੍ਹ ਕੇ (ਨਿਰੀ) ਚਰਚਾ ਹੀ ਕਰਦੇ ਹਨ ਤੇ ਮਾਇਆ ਦੇ ਮੋਹ ਦੇ ਚਸਕੇ ਵਿਚ (ਫਸੇ ਰਹਿੰਦੇ ਹਨ);

ਦੂਜੈ ਭਾਇ ਨਾਮੁ ਵਿਸਾਰਿਆ ਮਨ ਮੂਰਖ ਮਿਲੈ ਸਜਾਇ ॥

(ਮਾਇਆ ਦੇ ਪਿਆਰ ਵਿਚ) ਪ੍ਰਭੂ ਦਾ ਨਾਮ ਭੁਲਾਈ ਰੱਖਦੇ ਹਨ (ਇਸ ਵਾਸਤੇ) ਮੂਰਖ ਮਨ ਨੂੰ ਸਜ਼ਾ ਮਿਲਦੀ ਹੈ;

ਜਿਨਿੑ ਕੀਤੇ ਤਿਸੈ ਨ ਸੇਵਨੑੀ ਦੇਦਾ ਰਿਜਕੁ ਸਮਾਇ ॥

ਜਿਸ (ਪ੍ਰਭੂ) ਨੇ ਪੈਦਾ ਕੀਤਾ ਹੈ ਜੋ (ਸਦਾ) ਰਿਜ਼ਕ ਅਪੜਾਂਦਾ ਹੈ ਉਸ ਨੂੰ ਯਾਦ ਨਹੀਂ ਕਰਦੇ,

ਜਮ ਕਾ ਫਾਹਾ ਗਲਹੁ ਨ ਕਟੀਐ ਫਿਰਿ ਫਿਰਿ ਆਵਹਿ ਜਾਇ ॥

(ਇਸ ਕਾਰਨ) ਉਹਨਾਂ ਦੇ ਗਲੋਂ ਜਮਾਂ ਦੀ ਫਾਹੀ ਕੱਟੀ ਨਹੀਂ ਜਾਂਦੀ, ਉਹ (ਜਗਤ ਵਿਚ) ਮੁੜ ਮੁੜ ਜੰਮਦੇ (ਮਰਦੇ) ਹਨ।

ਜਿਨ ਕਉ ਪੂਰਬਿ ਲਿਖਿਆ ਸਤਿਗੁਰੁ ਮਿਲਿਆ ਤਿਨ ਆਇ ॥

ਜਿਨ੍ਹਾਂ ਦੇ ਭਾਗਾਂ ਵਿਚ ਧੁਰੋਂ (ਸਿਮਰਨ ਦਾ ਲੇਖ) ਲਿਖਿਆ ਹੋਇਆ ਹੈ ਉਹਨਾਂ ਨੂੰ ਗੁਰੂ ਆ ਮਿਲਦਾ ਹੈ,

ਅਨਦਿਨੁ ਨਾਮੁ ਧਿਆਇਦੇ ਨਾਨਕ ਸਚਿ ਸਮਾਇ ॥੧॥

ਹੇ ਨਾਨਕ! ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿ ਕੇ ਹਰ ਰੋਜ਼ ਨਾਮ ਸਿਮਰਦੇ ਹਨ ॥੧॥


ਮਃ ੩ ॥
ਸਚੁ ਵਣਜਹਿ ਸਚੁ ਸੇਵਦੇ ਜਿ ਗੁਰਮੁਖਿ ਪੈਰੀ ਪਾਹਿ ॥

ਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਗੁਰੂ ਦੀ) ਚਰਨੀਂ ਲੱਗਦੇ ਹਨ, ਉਹ ਪ੍ਰਭੂ ਦਾ ਨਾਮ ਵਿਹਾਝਦੇ ਹਨ, ਨਾਮ ਸਿਮਰਦੇ ਹਨ।

ਨਾਨਕ ਗੁਰ ਕੈ ਭਾਣੈ ਜੇ ਚਲਹਿ ਸਹਜੇ ਸਚਿ ਸਮਾਹਿ ॥੨॥

ਹੇ ਨਾਨਕ! ਜੋ ਗੁਰੂ ਦੇ ਹੁਕਮ ਵਿਚ ਤੁਰਦੇ ਹਨ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸੱਚੇ ਨਾਮ ਵਿਚ ਲੀਨ ਹੋ ਜਾਂਦੇ ਹਨ ॥੨॥


ਪਉੜੀ ॥
ਆਸਾ ਵਿਚਿ ਅਤਿ ਦੁਖੁ ਘਣਾ ਮਨਮੁਖਿ ਚਿਤੁ ਲਾਇਆ ॥

ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਆਸਾਂ ਵਿਚ ਚਿੱਤ ਜੋੜਦਾ ਹੈ (ਭਾਵ, ਆਸਾਂ ਬਣਾਂਦਾ ਰਹਿੰਦਾ ਹੈ, ਪਰ) ਆਸਾਂ (ਚਿਤਵਨ) ਵਿਚ ਬਹੁਤ ਵਧੀਕ ਦੁੱਖ ਹੁੰਦਾ ਹੈ।

ਗੁਰਮੁਖਿ ਭਏ ਨਿਰਾਸ ਪਰਮ ਸੁਖੁ ਪਾਇਆ ॥

ਜੋ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦੇ ਹਨ ਉਹ ਆਸਾਂ ਨਹੀਂ ਚਿਤਵਦੇ, ਇਸ ਵਾਸਤੇ ਉਹਨਾਂ ਨੂੰ ਬਹੁਤ ਉੱਚਾ ਸੁਖ ਮਿਲਦਾ ਹੈ;

ਵਿਚੇ ਗਿਰਹ ਉਦਾਸ ਅਲਿਪਤ ਲਿਵ ਲਾਇਆ ॥

ਉਹ ਗ੍ਰਿਹਸਤ ਵਿਚ ਰਹਿੰਦੇ ਹੋਏ ਹੀ (ਪ੍ਰਭੂ-ਚਰਨਾਂ ਵਿਚ) ਸੁਰਤ ਜੋੜਦੇ ਹਨ ਤੇ ਆਸਾਂ ਤੋਂ ਉਤਾਂਹ ਰਹਿੰਦੇ ਹਨ,

ਓਨਾ ਸੋਗੁ ਵਿਜੋਗੁ ਨ ਵਿਆਪਈ ਹਰਿ ਭਾਣਾ ਭਾਇਆ ॥

ਉਹਨਾਂ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ, ਸੋ, ਉਹਨਾਂ ਨੂੰ (ਮਾਇਆ ਦਾ) ਵਿਛੋੜਾ ਨਹੀਂ ਪੋਂਹਦਾ ਤੇ ਨਾਹ ਹੀ (ਇਸ ਵਿਛੋੜੇ ਤੋਂ ਪੈਦਾ ਹੋਣ ਵਾਲਾ) ਅਫ਼ਸੋਸ ਆ ਕੇ ਦਬਾਅ ਪਾਂਦਾ ਹੈ, ਉਹਨਾਂ ਨੂੰ ਪ੍ਰਭੂ ਦੀ ਰਜ਼ਾ ਚੰਗੀ ਲੱਗਦੀ ਹੈ;

ਨਾਨਕ ਹਰਿ ਸੇਤੀ ਸਦਾ ਰਵਿ ਰਹੇ ਧੁਰਿ ਲਏ ਮਿਲਾਇਆ ॥੩੧॥

ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪਰਮਾਤਮਾ ਨਾਲ ਰਲੇ-ਮਿਲੇ ਰਹਿੰਦੇ ਹਨ, ਉਹਨਾਂ ਨੂੰ ਧੁਰੋਂ ਹੀ ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ ਹੁੰਦਾ ਹੈ ॥੩੧॥


ਸਲੋਕ ਮਃ ੩ ॥
ਪਰਾਈ ਅਮਾਣ ਕਿਉ ਰਖੀਐ ਦਿਤੀ ਹੀ ਸੁਖੁ ਹੋਇ ॥

ਬਿਗਾਨੀ ਅਮਾਨਤ ਸਾਂਭ ਨਹੀਂ ਲੈਣੀ ਚਾਹੀਦੀ, ਇਸ ਦੇ ਦਿੱਤਿਆਂ ਹੀ ਸੁਖ ਮਿਲਦਾ ਹੈ;

ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ ॥

ਸਤਿਗੁਰੂ ਦਾ ਸ਼ਬਦ ਸਤਿਗੁਰੂ ਵਿਚ ਹੀ ਟਿਕ ਸਕਦਾ ਹੈ, ਕਿਸੇ ਹੋਰ ਦੇ ਅੰਦਰ (ਪੂਰੇ ਜੋਬਨ ਵਿਚ) ਨਹੀਂ ਚਮਕਦਾ;

ਅੰਨੑੇ ਵਸਿ ਮਾਣਕੁ ਪਇਆ ਘਰਿ ਘਰਿ ਵੇਚਣ ਜਾਇ ॥

(ਕਿਉਂਕਿ) ਜੇ ਇਕ ਮੋਤੀ ਕਿਸੇ ਅੰਨ੍ਹੇ ਨੂੰ ਮਿਲ ਜਾਏ ਤਾਂ ਉਹ ਉਸ ਨੂੰ ਵੇਚਣ ਲਈ ਘਰ ਘਰ ਫਿਰਦਾ ਹੈ;

ਓਨਾ ਪਰਖ ਨ ਆਵਈ ਅਢੁ ਨ ਪਲੈ ਪਾਇ ॥

ਅੱਗੋਂ ਉਹਨਾਂ ਲੋਕਾਂ ਨੂੰ ਉਸ ਮੋਤੀ ਦੀ ਕਦਰ ਨਹੀਂ ਹੁੰਦੀ, (ਇਸ ਲਈ ਇਸ ਅੰਨ੍ਹੇ ਨੂੰ) ਅੱਧੀ ਕੌਡੀ ਭੀ ਨਹੀਂ ਮਿਲਦੀ।

ਜੇ ਆਪਿ ਪਰਖ ਨ ਆਵਈ ਤਾਂ ਪਾਰਖੀਆ ਥਾਵਹੁ ਲਇਓੁ ਪਰਖਾਇ ॥

ਮੋਤੀ ਦੀ ਕਦਰ ਜੇ ਆਪ ਕਰਨੀ ਨਾਹ ਆਉਂਦੀ ਹੋਵੇ, ਤਾਂ ਬੇਸ਼ੱਕ ਕੋਈ ਧਿਰ ਕਿਸੇ ਪਰਖ ਵਾਲੇ ਪਾਸੋਂ ਮੁੱਲ ਪਵਾ ਵੇਖੇ।

ਜੇ ਓਸੁ ਨਾਲਿ ਚਿਤੁ ਲਾਏ ਤਾਂ ਵਥੁ ਲਹੈ ਨਉ ਨਿਧਿ ਪਲੈ ਪਾਇ ॥

ਉਸ ਪਰਖ ਜਾਣਨ ਵਾਲੇ ਨਾਲ ਪ੍ਰੇਮ ਲਾਇਆਂ ਉਹ ਨਾਮ-ਮੋਤੀ ਮਿਲਿਆ ਰਹਿੰਦਾ ਹੈ (ਭਾਵ, ਹੱਥੋਂ ਅਜਾਈਂ ਨਹੀਂ ਜਾਂਦਾ) ਤੇ (ਮਾਨੋ) ਨੌ ਖ਼ਜ਼ਾਨੇ ਪ੍ਰਾਪਤ ਹੋ ਜਾਂਦੇ ਹਨ।

ਘਰਿ ਹੋਦੈ ਧਨਿ ਜਗੁ ਭੁਖਾ ਮੁਆ ਬਿਨੁ ਸਤਿਗੁਰ ਸੋਝੀ ਨ ਹੋਇ ॥

(ਹਿਰਦੇ-) ਘਰ ਵਿਚ (ਨਾਮ-) ਧਨ ਹੁੰਦਿਆਂ ਭੀ ਜਗਤ ਭੁੱਖਾ (ਭਾਵ, ਤ੍ਰਿਸ਼ਨਾ ਦਾ ਮਾਰਿਆ) ਮਰ ਰਿਹਾ ਹੈ, ਇਹ ਸਮਝ ਗੁਰੂ ਤੋਂ ਬਿਨਾ ਨਹੀਂ ਆਉਂਦੀ;

ਸਬਦੁ ਸੀਤਲੁ ਮਨਿ ਤਨਿ ਵਸੈ ਤਿਥੈ ਸੋਗੁ ਵਿਜੋਗੁ ਨ ਕੋਇ ॥

ਜਿਸ ਦੇ ਮਨ ਵਿਚ ਤੇ ਤਨ ਵਿਚ ਠੰਢ ਪਾਣ ਵਾਲਾ ਸ਼ਬਦ ਵੱਸਦਾ ਹੈ ਉਸ ਨੂੰ (ਪ੍ਰਭੂ ਨਾਲੋਂ) ਵਿਛੋੜਾ ਨਹੀਂ ਹੁੰਦਾ ਤੇ ਨਾਹ ਹੀ ਸੋਗ ਵਾਪਰਦਾ ਹੈ।

ਵਸਤੁ ਪਰਾਈ ਆਪਿ ਗਰਬੁ ਕਰੇ ਮੂਰਖੁ ਆਪੁ ਗਣਾਏ ॥

(ਪਰ ਇਹ ਨਾਮ-) ਵਸਤ ਮੂਰਖ ਦੇ ਭਾ ਦੀ ਬਿਗਾਨੀ ਰਹਿੰਦੀ ਹੈ (ਭਾਵ, ਮੂਰਖ ਦੇ ਹਿਰਦੇ ਵਿਚ ਨਹੀਂ ਵੱਸਦੀ) ਉਹ ਅਹੰਕਾਰ ਕਰਦਾ ਹੈ ਤੇ ਆਪਣੇ ਆਪ ਨੂੰ ਵੱਡਾ ਜਤਾਂਦਾ ਹੈ।

ਨਾਨਕ ਬਿਨੁ ਬੂਝੇ ਕਿਨੈ ਨ ਪਾਇਓ ਫਿਰਿ ਫਿਰਿ ਆਵੈ ਜਾਏ ॥੧॥

ਹੇ ਨਾਨਕ! ਜਦ ਤਕ (ਗੁਰ-ਸ਼ਬਦ ਦੀ ਰਾਹੀਂ) ਸਮਝ ਨਹੀਂ ਪੈਂਦੀ ਤਦ ਤਕ ਕਿਸੇ ਨੇ (ਇਹ ਨਾਮ-ਧਨ ਪ੍ਰਾਪਤ ਨਹੀਂ ਕੀਤਾ (ਤੇ ਇਸ ਨਾਮ-ਧਨ ਤੋਂ ਬਿਨਾ ਜੀਵ) ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ ॥੧॥


ਮਃ ੩ ॥
ਮਨਿ ਅਨਦੁ ਭਇਆ ਮਿਲਿਆ ਹਰਿ ਪ੍ਰੀਤਮੁ ਸਰਸੇ ਸਜਣ ਸੰਤ ਪਿਆਰੇ ॥

ਉਹ ਗੁਰਮੁਖ ਪਿਆਰੇ ਸੰਤ ਖਿੜੇ-ਮੱਥੇ ਰਹਿੰਦੇ ਹਨ, ਉਹਨਾਂ ਦੇ ਮਨ ਵਿਚ ਖ਼ੁਸ਼ੀ ਬਣੀ ਰਹਿੰਦੀ ਹੈ, ਜਿਨ੍ਹਾਂ ਨੂੰ ਪ੍ਰੀਤਮ ਪ੍ਰਭੂ ਮਿਲ ਪੈਂਦਾ ਹੈ;

ਜੋ ਧੁਰਿ ਮਿਲੇ ਨ ਵਿਛੁੜਹਿ ਕਬਹੂ ਜਿ ਆਪਿ ਮੇਲੇ ਕਰਤਾਰੇ ॥

ਜੋ ਧੁਰੋਂ ਹੀ ਪ੍ਰਭੂ ਨਾਲ ਮਿਲੇ ਹੋਏ ਹਨ, ਜਿਨ੍ਹਾਂ ਨੂੰ ਕਰਤਾਰ ਨੇ ਆਪ ਆਪਣੇ ਨਾਲ ਮਿਲਾਇਆ ਹੈ, ਉਹ ਕਦੇ ਉਸ ਤੋਂ ਵਿਛੁੜਦੇ ਨਹੀਂ ਹਨ।

ਅੰਤਰਿ ਸਬਦੁ ਰਵਿਆ ਗੁਰੁ ਪਾਇਆ ਸਗਲੇ ਦੂਖ ਨਿਵਾਰੇ ॥

ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ ਵੱਸਦਾ ਹੈ, ਜਿਨ੍ਹਾਂ ਨੂੰ ਗੁਰੂ ਮਿਲ ਪੈਂਦਾ ਹੈ, ਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ,

ਹਰਿ ਸੁਖਦਾਤਾ ਸਦਾ ਸਲਾਹੀ ਅੰਤਰਿ ਰਖਾਂ ਉਰ ਧਾਰੇ ॥

(ਉਹਨਾਂ ਦੇ ਅੰਦਰ ਇਹ ਤਾਂਘ ਹੁੰਦੀ ਹੈ-) ਮੈਂ ਸੁਖ ਦੇਣ ਵਾਲੇ ਪ੍ਰਭੂ ਦੀ ਸਦਾ ਸਿਫ਼ਤ-ਸਾਲਾਹ ਕਰਾਂ, ਮੈਂ ਪ੍ਰਭੂ ਨੂੰ ਸਦਾ ਹਿਰਦੇ ਵਿਚ ਸੰਭਾਲ ਰੱਖਾਂ।

ਮਨਮੁਖੁ ਤਿਨ ਕੀ ਬਖੀਲੀ ਕਿ ਕਰੇ ਜਿ ਸਚੈ ਸਬਦਿ ਸਵਾਰੇ ॥

ਜਿਨ੍ਹਾਂ ਨੂੰ ਗੁਰ-ਸ਼ਬਦ ਦੀ ਰਾਹੀਂ ਸੱਚੇ ਪ੍ਰਭੂ ਨੇ ਆਪ ਸੋਹਣਾ ਬਣਾ ਦਿੱਤਾ ਹੈ, ਕੋਈ ਮਨਮੁਖ ਉਹਨਾਂ ਦੀ ਕੀਹ ਨਿੰਦਾ ਕਰ ਸਕਦਾ ਹੈ?

ਓਨਾ ਦੀ ਆਪਿ ਪਤਿ ਰਖਸੀ ਮੇਰਾ ਪਿਆਰਾ ਸਰਣਾਗਤਿ ਪਏ ਗੁਰ ਦੁਆਰੇ ॥

ਪਿਆਰਾ ਪ੍ਰਭੂ ਉਹਨਾਂ ਦੀ ਲਾਜ ਆਪ ਰੱਖਦਾ ਹੈ, ਉਹ ਸਦਾ ਗੁਰੂ ਦੇ ਦਰ ਤੇ ਪ੍ਰਭੂ ਦੀ ਸਰਨ ਵਿਚ ਟਿਕੇ ਰਹਿੰਦੇ ਹਨ।

ਨਾਨਕ ਗੁਰਮੁਖਿ ਸੇ ਸੁਹੇਲੇ ਭਏ ਮੁਖ ਊਜਲ ਦਰਬਾਰੇ ॥੨॥

ਹੇ ਨਾਨਕ! ਉਹ ਗੁਰਮੁਖ (ਇਥੇ) ਸੁਖੀ ਰਹਿੰਦੇ ਹਨ ਤੇ ਪ੍ਰਭੂ ਦੀ ਹਜ਼ੂਰੀ ਵਿਚ ਉਹਨਾਂ ਦੇ ਮੱਥੇ ਖਿੜੇ ਰਹਿੰਦੇ ਹਨ ॥੨॥


ਪਉੜੀ ॥
ਇਸਤਰੀ ਪੁਰਖੈ ਬਹੁ ਪ੍ਰੀਤਿ ਮਿਲਿ ਮੋਹੁ ਵਧਾਇਆ ॥

ਮਨੁੱਖ ਦੀ (ਆਪਣੀ) ਵਹੁਟੀ ਨਾਲ ਬੜੀ ਪ੍ਰੀਤ ਹੁੰਦੀ ਹੈ, (ਵਹੁਟੀ ਨੂੰ) ਮਿਲ ਕੇ ਬੜਾ ਮੋਹ ਕਰਦਾ ਹੈ;

ਪੁਤ੍ਰੁ ਕਲਤ੍ਰੁ ਨਿਤ ਵੇਖੈ ਵਿਗਸੈ ਮੋਹਿ ਮਾਇਆ ॥

ਨਿੱਤ (ਆਪਣੇ) ਪੁੱਤਰ ਨੂੰ ਤੇ (ਆਪਣੀ) ਵਹੁਟੀ ਨੂੰ ਵੇਖਦਾ ਹੈ ਤੇ ਮਾਇਆ ਦੇ ਮੋਹ ਦੇ ਕਾਰਨ ਖ਼ੁਸ਼ ਹੁੰਦਾ ਹੈ;

ਦੇਸਿ ਪਰਦੇਸਿ ਧਨੁ ਚੋਰਾਇ ਆਣਿ ਮੁਹਿ ਪਾਇਆ ॥

ਦੇਸੋਂ ਪਰਦੇਸੋਂ ਧਨ ਠੱਗ ਕੇ ਲਿਆ ਕੇ ਉਹਨਾਂ ਨੂੰ ਖੁਆਂਦਾ ਹੈ;

ਅੰਤਿ ਹੋਵੈ ਵੈਰ ਵਿਰੋਧੁ ਕੋ ਸਕੈ ਨ ਛਡਾਇਆ ॥

ਆਖ਼ਰ ਇਹ ਧਨ ਵੈਰ-ਵਿਰੋਧ ਪੈਦਾ ਕਰ ਦੇਂਦਾ ਹੈ (ਤੇ ਧਨ ਦੀ ਖ਼ਾਤਰ ਕੀਤੇ ਪਾਪਾਂ ਤੋਂ) ਕੋਈ ਛਡਾ ਨਹੀਂ ਸਕਦਾ।

ਨਾਨਕ ਵਿਣੁ ਨਾਵੈ ਧ੍ਰਿਗੁ ਮੋਹੁ ਜਿਤੁ ਲਗਿ ਦੁਖੁ ਪਾਇਆ ॥੩੨॥

ਹੇ ਨਾਨਕ! ਨਾਮ ਤੋਂ ਵਾਂਜੇ ਰਹਿ ਕੇ ਇਹ ਮੋਹ ਫਿਟਕਾਰ-ਜੋਗ ਹੈ, ਕਿਉਂਕਿ ਇਸ ਮੋਹ ਵਿਚ ਲੱਗ ਕੇ ਮਨੁੱਖ ਦੁੱਖ ਪਾਂਦਾ ਹੈ ॥੩੨॥


ਸਲੋਕ ਮਃ ੩ ॥
ਗੁਰਮੁਖਿ ਅੰਮ੍ਰਿਤੁ ਨਾਮੁ ਹੈ ਜਿਤੁ ਖਾਧੈ ਸਭ ਭੁਖ ਜਾਇ ॥

ਗੁਰੂ ਦੇ ਪਾਸ ਪ੍ਰਭੂ ਦਾ ਨਾਮ ਇਕ ਐਸਾ ਪਵਿਤ੍ਰ ਭੋਜਨ ਹੈ ਜਿਸ ਦੇ ਖਾਣ ਨਾਲ (ਮਾਇਆ ਦੀ) ਭੁੱਖ ਸਾਰੀ ਦੂਰ ਹੋ ਜਾਂਦੀ ਹੈ,

ਤ੍ਰਿਸਨਾ ਮੂਲਿ ਨ ਹੋਵਈ ਨਾਮੁ ਵਸੈ ਮਨਿ ਆਇ ॥

(ਮਾਇਆ ਦੀ) ਤ੍ਰਿਸ਼ਨਾ ਉੱਕਾ ਹੀ ਨਹੀਂ ਰਹਿੰਦੀ, ਮਨ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ।

ਬਿਨੁ ਨਾਵੈ ਜਿ ਹੋਰੁ ਖਾਣਾ ਤਿਤੁ ਰੋਗੁ ਲਗੈ ਤਨਿ ਧਾਇ ॥

ਪ੍ਰਭੂ ਦਾ ਨਾਮ ਵਿਸਾਰ ਕੇ ਖਾਣ-ਪੀਣ ਦਾ ਜੋ ਭੀ ਕੋਈ ਹੋਰ ਚਸਕਾ (ਮਨੁੱਖ ਨੂੰ ਲੱਗਦਾ) ਹੈ ਉਸ ਦੀ ਰਾਹੀਂ (ਤ੍ਰਿਸ਼ਨਾ ਦਾ) ਰੋਗ ਸਰੀਰ ਵਿਚ ਬੜਾ ਡੂੰਘਾ ਅਸਰ ਪਾ ਕੇ ਆ ਗ੍ਰਸਦਾ ਹੈ।

ਨਾਨਕ ਰਸ ਕਸ ਸਬਦੁ ਸਲਾਹਣਾ ਆਪੇ ਲਏ ਮਿਲਾਇ ॥੧॥

ਹੇ ਨਾਨਕ! ਜੇ ਮਨੁੱਖ (ਮਾਇਆ ਦੇ) ਅਨੇਕਾਂ ਕਿਸਮ ਦੇ ਸੁਆਦਾਂ ਦੇ ਥਾਂ ਗੁਰੂ ਦੇ ਸ਼ਬਦ ਨੂੰ ਪ੍ਰਭੂ ਦੀ ਸਿਫ਼ਤ-ਸਾਲਾਹ ਨੂੰ ਗ੍ਰਹਿਣ ਕਰੇ ਤਾਂ ਪ੍ਰਭੂ ਆਪ ਹੀ ਇਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ॥੧॥


ਮਃ ੩ ॥
ਜੀਆ ਅੰਦਰਿ ਜੀਉ ਸਬਦੁ ਹੈ ਜਿਤੁ ਸਹ ਮੇਲਾਵਾ ਹੋਇ ॥

ਪ੍ਰਭੂ ਦੀ ਸਿਫ਼ਤ-ਸਾਲਾਹ ਹੀ ਜੀਵਾਂ ਦੇ ਅੰਦਰ ਜ਼ਿੰਦਗੀ ਹੈ, ਇਸ ਸਿਫ਼ਤ-ਸਾਲਾਹ ਦੀ ਰਾਹੀਂ ਖਸਮ-ਪ੍ਰਭੂ ਨਾਲ (ਜੀਵ ਦਾ) ਮਿਲਾਪ ਹੁੰਦਾ ਹੈ;

ਬਿਨੁ ਸਬਦੈ ਜਗਿ ਆਨੑੇਰੁ ਹੈ ਸਬਦੇ ਪਰਗਟੁ ਹੋਇ ॥

ਪ੍ਰਭੂ ਦੀ ਸਿਫ਼ਤ-ਸਾਲਾਹ ਤੋਂ ਖੁੰਝ ਕੇ ਜਗਤ ਵਿਚ (ਆਤਮਕ ਜੀਵਨ ਵਲੋਂ) ਹਨੇਰਾ ਹੈ, ਸ਼ਬਦ ਦੀ ਰਾਹੀਂ ਹੀ (ਹਨੇਰਾ ਦੂਰ ਹੋ ਕੇ, ਆਤਮਕ ਜੀਵਨ ਦੀ ਸੂਝ ਦਾ) ਚਾਨਣ ਹੁੰਦਾ ਹੈ।

ਪੰਡਿਤ ਮੋਨੀ ਪੜਿ ਪੜਿ ਥਕੇ ਭੇਖ ਥਕੇ ਤਨੁ ਧੋਇ ॥

ਮੁਨੀ ਲੋਕ ਤੇ ਪੰਡਿਤ (ਧਾਰਮਿਕ ਪੁਸਤਕਾਂ) ਪੜ੍ਹ ਪੜ੍ਹ ਕੇ ਹਾਰ ਗਏ, ਭੇਖਾਂ ਵਾਲੇ ਸਾਧੂ ਤੀਰਥਾਂ ਉਤੇ ਇਸ਼ਨਾਨ ਕਰ ਕਰ ਕੇ ਥੱਕ ਗਏ,

ਬਿਨੁ ਸਬਦੈ ਕਿਨੈ ਨ ਪਾਇਓ ਦੁਖੀਏ ਚਲੇ ਰੋਇ ॥

ਪਰ ਸਿਫ਼ਤ-ਸਾਲਾਹ ਦੀ ਬਾਣੀ ਤੋਂ ਬਿਨਾ ਕਿਸੇ ਨੂੰ ਭੀ ਖਸਮ ਪ੍ਰਭੂ ਨਹੀਂ ਮਿਲਿਆ, ਸਭ ਦੁਖੀ ਹੋ ਕੇ ਰੋ ਕੇ ਹੀ ਇਥੋਂ ਗਏ।

ਨਾਨਕ ਨਦਰੀ ਪਾਈਐ ਕਰਮਿ ਪਰਾਪਤਿ ਹੋਇ ॥੨॥

ਹੇ ਨਾਨਕ! ਸਿਫ਼ਤ-ਸਾਲਾਹ ਭੀ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਮਿਲਦੀ ਹੈ, ਪ੍ਰਭੂ ਦੀ ਬਖ਼ਸ਼ਸ਼ ਨਾਲ ਹੀ ਪ੍ਰਾਪਤ ਹੁੰਦੀ ਹੈ ॥੨॥


ਪਉੜੀ ॥
ਇਸਤ੍ਰੀ ਪੁਰਖੈ ਅਤਿ ਨੇਹੁ ਬਹਿ ਮੰਦੁ ਪਕਾਇਆ ॥

(ਜੇ) ਮਨੁੱਖ ਦਾ (ਆਪਣੀ) ਇਸਤ੍ਰੀ ਨਾਲ ਬਹੁਤ ਪਿਆਰ ਹੈ (ਤਾਂ ਇਸ ਦਾ ਸਿੱਟਾ ਆਮ ਤੌਰ ਤੇ ਇਹੀ ਨਿਕਲਦਾ ਹੈ ਕਿ) ਬੈਠ ਕੇ ਕੋਈ ਵਿਕਾਰ ਦੀ ਚਿਤਵਨੀ ਹੀ ਚਿਤਵਦਾ ਹੈ (ਤੇ ਨਾਸਵੰਤ ਨਾਲ ਮੋਹ ਵਧਦਾ ਜਾਂਦਾ ਹੈ);

ਦਿਸਦਾ ਸਭੁ ਕਿਛੁ ਚਲਸੀ ਮੇਰੇ ਪ੍ਰਭ ਭਾਇਆ ॥

ਪਰ, ਮੇਰੇ ਪ੍ਰਭੂ ਦਾ ਭਾਣਾ ਇਹ ਹੈ ਕਿ ਜੋ ਕੁਝ (ਅੱਖੀਂ) ਦਿੱਸਦਾ ਹੈ ਇਹ ਸਭ ਨਾਸ ਹੋ ਜਾਣਾ ਹੈ।

ਕਿਉ ਰਹੀਐ ਥਿਰੁ ਜਗਿ ਕੋ ਕਢਹੁ ਉਪਾਇਆ ॥

ਫਿਰ ਕੋਈ ਐਸਾ ਉਪਾਉ ਲੱਭੋ ਜਿਸ ਕਰ ਕੇ ਜਗਤ ਵਿਚ ਸਦਾ ਟਿਕੇ ਰਹਿ ਸਕੀਏ (ਭਾਵ, ਸਦਾ ਟਿਕੇ ਰਹਿਣ ਵਾਲੇ ਪ੍ਰਭੂ ਨਾਲ ਇਕ-ਸੁਰ ਹੋ ਸਕੀਏ),

ਗੁਰ ਪੂਰੇ ਕੀ ਚਾਕਰੀ ਥਿਰੁ ਕੰਧੁ ਸਬਾਇਆ ॥

(ਉਹ ਉਪਾਉ) ਪੂਰੇ ਸਤਿਗੁਰੂ ਦੀ (ਦੱਸੀ) ਸੇਵਾ-ਭਗਤੀ ਹੀ ਹੈ ਜਿਸ ਕਰਕੇ ਸਾਰਾ ਸਰੀਰ (ਭਾਵ, ਸਾਰੇ ਗਿਆਨ-ਇੰਦ੍ਰੇ) (ਵਿਕਾਰਾਂ ਦੇ ਟਾਕਰੇ ਤੇ) ਅਡੋਲ ਰਹਿ ਸਕਦਾ ਹੈ।

ਨਾਨਕ ਬਖਸਿ ਮਿਲਾਇਅਨੁ ਹਰਿ ਨਾਮਿ ਸਮਾਇਆ ॥੩੩॥

ਹੇ ਨਾਨਕ! ਜਿਨ੍ਹਾਂ ਨੂੰ ਉਸ ਪ੍ਰਭੂ ਨੇ ਮਿਹਰ ਕਰ ਕੇ (ਆਪਣੇ ਨਾਲ) ਮਿਲਾਇਆ ਹੈ ਉਹ ਉਸ ਹਰੀ ਦੇ ਨਾਮ ਵਿਚ ਲੀਨ ਰਹਿੰਦੇ ਹਨ ॥੩੩॥


ਸਲੋਕ ਮਃ ੩ ॥
ਮਾਇਆ ਮੋਹਿ ਵਿਸਾਰਿਆ ਗੁਰ ਕਾ ਭਉ ਹੇਤੁ ਅਪਾਰੁ ॥

ਮਾਇਆ ਦੇ ਮੋਹ ਵਿਚ ਪੈ ਕੇ ਮਨੁੱਖ ਗੁਰੂ ਦਾ ਅਦਬ ਭੁਲਾ ਦੇਂਦਾ ਹੈ, ਤੇ (ਇਹ ਭੀ) ਵਿਸਾਰ ਦੇਂਦਾ ਹੈ ਕਿ ਗੁਰੂ (ਕਿਤਨਾ) ਬੇਅੰਤ ਪਿਆਰ (ਇਸ ਨਾਲ ਕਰਦਾ ਹੈ);

ਲੋਭਿ ਲਹਰਿ ਸੁਧਿ ਮਤਿ ਗਈ ਸਚਿ ਨ ਲਗੈ ਪਿਆਰੁ ॥

ਲੋਭ-ਲਹਿਰ ਵਿਚ ਫਸ ਕੇ ਇਸ ਦੀ ਅਕਲ-ਹੋਸ਼ ਗੁੰਮ ਹੋ ਜਾਂਦੀ ਹੈ, ਸਦਾ-ਥਿਰ ਪ੍ਰਭੂ ਵਿਚ ਇਸ ਦਾ ਪਿਆਰ ਨਹੀਂ ਬਣਦਾ।

ਗੁਰਮੁਖਿ ਜਿਨਾ ਸਬਦੁ ਮਨਿ ਵਸੈ ਦਰਗਹ ਮੋਖ ਦੁਆਰੁ ॥

ਗੁਰੂ ਦੇ ਸਨਮੁਖ ਰਹਿਣ ਵਾਲੇ ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ, ਉਹਨਾਂ ਨੂੰ ਪ੍ਰਭੂ ਦੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਹੈ, ਉਹਨਾਂ ਨੂੰ ਮਾਇਆ ਦੇ ਮੋਹ ਤੋਂ ਬਚਣ ਦਾ ਰਾਹ ਲੱਭ ਪੈਂਦਾ ਹੈ;

ਨਾਨਕ ਆਪੇ ਮੇਲਿ ਲਏ ਆਪੇ ਬਖਸਣਹਾਰੁ ॥੧॥

ਹੇ ਨਾਨਕ! ਬਖ਼ਸ਼ਣਹਾਰ ਪ੍ਰਭੂ ਆਪ ਹੀ ਗੁਰਮੁਖਾਂ ਨੂੰ ਆਪਣੇ ਨਾਲ ਜੋੜ ਲੈਂਦਾ ਹੈ ॥੧॥


ਮਃ ੫ ॥
ਨਾਨਕ ਜਿਸੁ ਬਿਨੁ ਘੜੀ ਨ ਜੀਵਣਾ ਵਿਸਰੇ ਸਰੈ ਨ ਬਿੰਦ ॥

ਹੇ ਨਾਨਕ! ਜਿਸ (ਪ੍ਰਭੂ ਦੀ ਯਾਦ) ਤੋਂ ਬਿਨਾ ਇਕ ਘੜੀ ਭੀ ਸੁਖ ਦਾ ਸਾਹ ਨਹੀਂ ਆਉਂਦਾ (ਦੁਨੀਆ ਦੇ ਚਿੰਤਾ-ਫ਼ਿਕਰ ਹੀ ਜਾਨ ਖਾ ਜਾਂਦੇ ਹਨ), ਜਿਸ ਨੂੰ ਵਿਸਾਰਿਆਂ ਇਕ ਪਲ ਭਰ ਭੀ ਜੀਵਨ-ਨਿਰਬਾਹ ਨਹੀਂ ਹੋ ਸਕਦਾ,

ਤਿਸੁ ਸਿਉ ਕਿਉ ਮਨ ਰੂਸੀਐ ਜਿਸਹਿ ਹਮਾਰੀ ਚਿੰਦ ॥੨॥

(ਫਿਰ) ਹੇ ਮਨ! ਜਿਸ ਪ੍ਰਭੂ ਨੂੰ (ਹਰ ਵੇਲੇ) ਸਾਡਾ ਫ਼ਿਕਰ ਹੈ, ਉਸ ਨਾਲ ਰੁੱਸਣਾ ਠੀਕ ਨਹੀਂ ਹੈ ॥੨॥


ਮਃ ੪ ॥
ਸਾਵਣੁ ਆਇਆ ਝਿਮਝਿਮਾ ਹਰਿ ਗੁਰਮੁਖਿ ਨਾਮੁ ਧਿਆਇ ॥

ਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਹਰੀ ਦਾ ਨਾਮ ਸਿਮਰਦਾ ਹੈ (ਉਸ ਦੇ ਵਾਸਤੇ, ਮਾਨੋ) ਇਕ-ਰਸ ਵਰ੍ਹਨ ਵਾਲਾ ਸਾਵਣ (ਦਾ ਮਹੀਨਾ) ਆ ਜਾਂਦਾ ਹੈ,

ਦੁਖ ਭੁਖ ਕਾੜਾ ਸਭੁ ਚੁਕਾਇਸੀ ਮੀਹੁ ਵੁਠਾ ਛਹਬਰ ਲਾਇ ॥

ਜਦੋਂ ਝੜੀ ਲਾ ਕੇ ਮੀਂਹ ਵੱਸਦਾ ਹੈ, ਘੁੰਮਾ ਤੇ ਲੋਕਾਂ ਦੇ ਦੁੱਖ ਤੇ ਭੁੱਖਾਂ ਸਭ ਦੂਰ ਕਰ ਦੇਂਦਾ ਹੈ,

ਸਭ ਧਰਤਿ ਭਈ ਹਰੀਆਵਲੀ ਅੰਨੁ ਜੰਮਿਆ ਬੋਹਲ ਲਾਇ ॥

(ਕਿਉਂਕਿ) ਸਾਰੀ ਧਰਤੀ ਉਤੇ ਹਰਿਆਉਲ ਹੀ ਦਿੱਸਦੀ ਹੈ ਤੇ ਢੇਰਾਂ ਦੇ ਢੇਰ ਅੰਨ ਪੈਦਾ ਹੁੰਦਾ ਹੈ;

ਹਰਿ ਅਚਿੰਤੁ ਬੁਲਾਵੈ ਕ੍ਰਿਪਾ ਕਰਿ ਹਰਿ ਆਪੇ ਪਾਵੈ ਥਾਇ ॥

(ਇਸੇ ਤਰ੍ਹਾਂ, ਗੁਰਮੁਖ ਨੂੰ) ਅਚਿੰਤ ਪ੍ਰਭੂ ਆਪ ਹੀ ਮਿਹਰ ਕਰ ਕੇ ਆਪਣੇ ਨੇੜੇ ਲਿਆਉਂਦਾ ਹੈ, ਉਸ ਦੀ ਮਿਹਨਤ ਨੂੰ ਆਪ ਹੀ ਪ੍ਰਵਾਨ ਕਰਦਾ ਹੈ।

ਹਰਿ ਤਿਸਹਿ ਧਿਆਵਹੁ ਸੰਤ ਜਨਹੁ ਜੁ ਅੰਤੇ ਲਏ ਛਡਾਇ ॥

ਹੇ ਸੰਤ ਜਨੋ! ਉਸ ਪ੍ਰਭੂ ਨੂੰ ਯਾਦ ਕਰੋ ਜੋ ਆਖ਼ਰ (ਇਹਨਾਂ ਦੁੱਖਾਂ ਭੁੱਖਾਂ ਤੋਂ) ਖ਼ਲਾਸੀ ਦਿਵਾਉਂਦਾ ਹੈ।

ਹਰਿ ਕੀਰਤਿ ਭਗਤਿ ਅਨੰਦੁ ਹੈ ਸਦਾ ਸੁਖੁ ਵਸੈ ਮਨਿ ਆਇ ॥

ਪ੍ਰਭੂ ਦੀ ਸਿਫ਼ਤ-ਸਾਲਾਹ ਤੇ ਬੰਦਗੀ ਵਿਚ ਹੀ (ਅਸਲ) ਆਨੰਦ ਹੈ, ਸਦਾ ਲਈ ਮਨ ਵਿਚ ਸੁਖ ਆ ਵੱਸਦਾ ਹੈ।

ਜਿਨੑਾ ਗੁਰਮੁਖਿ ਨਾਮੁ ਅਰਾਧਿਆ ਤਿਨਾ ਦੁਖ ਭੁਖ ਲਹਿ ਜਾਇ ॥

ਜਿਨ੍ਹਾਂ ਗੁਰਮੁਖਾਂ ਨੇ ਨਾਮ ਸਿਮਰਿਆ ਹੈ ਉਹਨਾਂ ਦੇ ਦੁੱਖ ਦੂਰ ਹੋ ਜਾਂਦੇ ਹਨ, ਉਹਨਾਂ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ।

ਜਨ ਨਾਨਕੁ ਤ੍ਰਿਪਤੈ ਗਾਇ ਗੁਣ ਹਰਿ ਦਰਸਨੁ ਦੇਹੁ ਸੁਭਾਇ ॥੩॥

ਦਾਸ ਨਾਨਕ ਭੀ ਪ੍ਰਭੂ ਦੇ ਗੁਣ ਗਾ ਗਾ ਕੇ ਹੀ (ਮਾਇਆ ਵਲੋਂ) ਤ੍ਰਿਪਤ ਹੈ (ਤੇ ਅਰਜ਼ੋਈ ਕਰਦਾ ਹੈ-) ਹੇ ਹਰੀ! ਮਿਹਰ ਕਰ ਕੇ ਦੀਦਾਰ ਦੇਹ ॥੩॥


ਪਉੜੀ ॥
ਗੁਰ ਪੂਰੇ ਕੀ ਦਾਤਿ ਨਿਤ ਦੇਵੈ ਚੜੈ ਸਵਾਈਆ ॥

ਪੂਰੇ ਸਤਿਗੁਰੂ ਦੀ ਦਿੱਤੀ ਹੋਈ (ਨਾਮ ਦੀ) ਦਾਤ ਜੋ ਉਹ ਸਦਾ ਦੇਂਦਾ ਹੈ ਵਧਦੀ ਰਹਿੰਦੀ ਹੈ

ਤੁਸਿ ਦੇਵੈ ਆਪਿ ਦਇਆਲੁ ਨ ਛਪੈ ਛਪਾਈਆ ॥

; (ਗੁਰੂ ਦੀ ਮਿਹਰ ਦੀ ਨਜ਼ਰ ਦੇ ਕਾਰਨ ਇਹ ਦਾਤਿ) ਦਿਆਲ ਪ੍ਰਭੂ ਆਪ ਪ੍ਰਸੰਨ ਹੋ ਕੇ ਦੇਂਦਾ ਹੈ, ਤੇ ਕਿਸੇ ਦੀ ਲੁਕਾਈ ਲੁਕਦੀ ਨਹੀਂ;

ਹਿਰਦੈ ਕਵਲੁ ਪ੍ਰਗਾਸੁ ਉਨਮਨਿ ਲਿਵ ਲਾਈਆ ॥

(ਜਿਸ ਮਨੁੱਖ ਉਤੇ ਗੁਰੂ ਵਲੋਂ ਬਖ਼ਸ਼ਸ਼ ਹੋਵੇ ਉਸ ਦੇ) ਹਿਰਦੇ ਦਾ ਕਉਲ ਫੁੱਲ ਖਿੜ ਪੈਂਦਾ ਹੈ, ਉਹ ਪੂਰਨ ਖਿੜਾਉ ਵਿਚ ਟਿਕਿਆ ਰਹਿੰਦਾ ਹੈ;

ਜੇ ਕੋ ਕਰੇ ਉਸ ਦੀ ਰੀਸ ਸਿਰਿ ਛਾਈ ਪਾਈਆ ॥

ਜੋ ਮਨੁੱਖ ਉਸ ਦੀ ਬਰਾਬਰੀ ਕਰਨ ਦਾ ਜਤਨ ਕਰਦਾ ਹੈ ਉਹ ਨਮੋਸ਼ੀ ਹੀ ਖੱਟਦਾ ਹੈ।

ਨਾਨਕ ਅਪੜਿ ਕੋਇ ਨ ਸਕਈ ਪੂਰੇ ਸਤਿਗੁਰ ਕੀ ਵਡਿਆਈਆ ॥੩੪॥

ਹੇ ਨਾਨਕ! ਪੂਰੇ ਗੁਰੂ ਦੀ ਬਖ਼ਸ਼ੀ ਹੋਈ ਵਡਿਆਈ ਦੀ ਕੋਈ ਮਨੁੱਖ ਬਰਾਬਰੀ ਨਹੀਂ ਕਰ ਸਕਦਾ ॥੩੪॥


ਸਲੋਕ ਮਃ ੩ ॥
ਅਮਰੁ ਵੇਪਰਵਾਹੁ ਹੈ ਤਿਸੁ ਨਾਲਿ ਸਿਆਣਪ ਨ ਚਲਈ ਨ ਹੁਜਤਿ ਕਰਣੀ ਜਾਇ ॥

ਪਰਮਾਤਮਾ ਅਟੱਲ ਹੈ, ਬੇ-ਮੁਥਾਜ, ਉਸ ਨਾਲ ਕੋਈ ਚਲਾਕੀ ਨਹੀਂ ਚੱਲ ਸਕਦੀ, ਨਾਹ ਹੀ (ਉਸ ਦੇ ਹੁਕਮ ਅੱਗੇ) ਕੋਈ ਦਲੀਲ ਪੇਸ਼ ਕੀਤੀ ਜਾ ਸਕਦੀ ਹੈ;

ਆਪੁ ਛੋਡਿ ਸਰਣਾਇ ਪਵੈ ਮੰਨਿ ਲਏ ਰਜਾਇ ॥

ਗੁਰਮੁਖ ਮਨੁੱਖ ਆਪਾ-ਭਾਵ ਛੱਡ ਕੇ ਉਸ ਦੀ ਸਰਨੀਂ ਪੈਂਦਾ ਹੈ, ਉਸ ਦੇ ਭਾਣੇ ਅੱਗੇ ਸਿਰ ਨਿਵਾਂਦਾ ਹੈ,

ਗੁਰਮੁਖਿ ਜਮ ਡੰਡੁ ਨ ਲਗਈ ਹਉਮੈ ਵਿਚਹੁ ਜਾਇ ॥

(ਤਾਹੀਏਂ) ਗੁਰਮੁਖ ਨੂੰ ਜਮਰਾਜ ਕੋਈ ਤਾੜਨਾ ਨਹੀਂ ਕਰ ਸਕਦਾ, ਉਸ ਦੇ ਮਨ ਵਿਚੋਂ ਹਉਮੈ ਦੂਰ ਹੋ ਜਾਂਦੀ ਹੈ।

ਨਾਨਕ ਸੇਵਕੁ ਸੋਈ ਆਖੀਐ ਜਿ ਸਚਿ ਰਹੈ ਲਿਵ ਲਾਇ ॥੧॥

ਹੇ ਨਾਨਕ! ਪ੍ਰਭੂ ਦਾ ਸੇਵਕ ਉਸ ਨੂੰ ਕਿਹਾ ਜਾ ਸਕਦਾ ਹੈ ਜੋ (ਆਪਾ-ਭਾਵ ਛੱਡ ਕੇ) ਸੱਚੇ ਪ੍ਰਭੂ ਵਿਚ ਸੁਰਤ ਜੋੜੀ ਰੱਖਦਾ ਹੈ ॥੧॥


ਮਃ ੩ ॥
ਦਾਤਿ ਜੋਤਿ ਸਭ ਸੂਰਤਿ ਤੇਰੀ ॥

(ਹੇ ਪ੍ਰਭੂ!) ਇਹ ਜਿੰਦ ਤੇ ਇਹ ਸਰੀਰ ਸਭ ਤੇਰੀ ਬਖ਼ਸ਼ੀ ਹੋਈ ਦਾਤ ਹੈ,

ਬਹੁਤੁ ਸਿਆਣਪ ਹਉਮੈ ਮੇਰੀ ॥

(ਤੇਰਾ ਸ਼ੁਕਰ ਕਰਨ ਦੇ ਥਾਂ) ਬੜੀਆਂ ਚਲਾਕੀਆਂ (ਕਰਨੀਆਂ) ਹਉਮੈ ਤੇ ਮਮਤਾ ਦੇ ਕਾਰਨ ਹੀ ਹੈ।

ਬਹੁ ਕਰਮ ਕਮਾਵਹਿ ਲੋਭਿ ਮੋਹਿ ਵਿਆਪੇ ਹਉਮੈ ਕਦੇ ਨ ਚੂਕੈ ਫੇਰੀ ॥

ਜੇ ਮਨੁੱਖ (ਤੇਰੀ ਯਾਦ ਭੁਲਾ ਕੇ) ਲੋਭ ਤੇ ਮੋਹ ਵਿਚ ਫਸੇ ਹੋਏ ਹੋਰ ਕੰਮ ਕਰਦੇ ਹਨ, ਹਉਮੈ ਦੇ ਕਾਰਨ ਉਹਨਾਂ ਦਾ ਜਨਮ ਮਰਨ ਦਾ ਗੇੜ ਨਹੀਂ ਮੁੱਕਦਾ;

ਨਾਨਕ ਆਪਿ ਕਰਾਏ ਕਰਤਾ ਜੋ ਤਿਸੁ ਭਾਵੈ ਸਾਈ ਗਲ ਚੰਗੇਰੀ ॥੨॥

(ਪਰ) ਹੇ ਨਾਨਕ! (ਕਿਸੇ ਨੂੰ ਭੈੜਾ ਨਹੀਂ ਕਿਹਾ ਜਾ ਸਕਦਾ), ਕਰਤਾਰ ਸਭ ਕੁਝ ਆਪ ਕਰਾ ਰਿਹਾ ਹੈ, ਜੋ ਉਸ ਨੂੰ ਚੰਗਾ ਲੱਗਦਾ ਹੈ ਉਸਨੂੰ ਚੰਗੀ ਗੱਲ ਸਮਝਣਾ (-ਇਹੀ ਹੈ ਜੀਵਨ ਦਾ ਸਹੀ ਰਸਤਾ) ॥੨॥


ਪਉੜੀ ਮਃ ੫ ॥
ਸਚੁ ਖਾਣਾ ਸਚੁ ਪੈਨਣਾ ਸਚੁ ਨਾਮੁ ਅਧਾਰੁ ॥

ਉਸ ਮਨੁੱਖ ਦੀ (ਜਿੰਦ ਦੀ) ਖ਼ੁਰਾਕ ਤੇ ਪੁਸ਼ਾਕ ਪ੍ਰਭੂ ਦਾ ਨਾਮ ਹੋ ਜਾਂਦਾ ਹੈ, ਨਾਮ ਹੀ ਉਸ ਦਾ ਆਸਰਾ ਹੋ ਜਾਂਦਾ ਹੈ,

ਗੁਰਿ ਪੂਰੈ ਮੇਲਾਇਆ ਪ੍ਰਭੁ ਦੇਵਣਹਾਰੁ ॥

ਪੂਰੇ ਸਤਿਗੁਰੂ ਨੇ (ਜਿਸ ਮਨੁੱਖ ਨੂੰ) ਸਭ ਦਾਤਾਂ ਦੇਣ ਵਾਲਾ ਪ੍ਰਭੂ ਮਿਲਾ ਦਿੱਤਾ ਹੈ।

ਭਾਗੁ ਪੂਰਾ ਤਿਨ ਜਾਗਿਆ ਜਪਿਆ ਨਿਰੰਕਾਰੁ ॥

ਉਹਨਾਂ ਬੰਦਿਆਂ ਦੀ ਕਿਸਮਤ ਪੂਰੀ ਖੁਲ੍ਹ ਜਾਂਦੀ ਹੈ ਜੋ ਨਿਰੰਕਾਰ ਨੂੰ ਸਿਮਰਦੇ ਹਨ।

ਸਾਧੂ ਸੰਗਤਿ ਲਗਿਆ ਤਰਿਆ ਸੰਸਾਰੁ ॥

ਉਹ ਸਤਸੰਗ ਦਾ ਆਸਰਾ ਲੈ ਕੇ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।

ਨਾਨਕ ਸਿਫਤਿ ਸਲਾਹ ਕਰਿ ਪ੍ਰਭ ਕਾ ਜੈਕਾਰੁ ॥੩੫॥

ਹੇ ਨਾਨਕ! ਪਰਮਾਤਮਾ ਦੀ ਸਿਫ਼ਤ-ਸਾਲਾਹ ਪਰਮਾਤਮਾ ਦੀ ਵਡਿਆਈ ਕਰ ॥੩੫॥


ਸਲੋਕ ਮਃ ੫ ॥
ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ ॥

ਹੇ ਪ੍ਰਭੂ! ਆਪਣੀ ਮਿਹਰ ਕਰ ਅਤੇ ਸਾਰੇ ਜੀਵਾਂ ਦੀ ਸਾਰ ਲੈ;

ਅੰਨੁ ਪਾਣੀ ਮੁਚੁ ਉਪਾਇ ਦੁਖ ਦਾਲਦੁ ਭੰਨਿ ਤਰੁ ॥

ਅੰਨ ਪਾਣੀ ਬਹੁਤਾ ਪੈਦਾ ਕਰ, ਜੀਵਾਂ ਦੇ ਦੁੱਖ-ਦਲਿੱਦਰ ਦੂਰ ਕਰ ਕੇ ਬਚਾ ਲੈ-

ਅਰਦਾਸਿ ਸੁਣੀ ਦਾਤਾਰਿ ਹੋਈ ਸਿਸਟਿ ਠਰੁ ॥

(ਸ੍ਰਿਸ਼ਟੀ ਦੀ ਇਹ) ਅਰਦਾਸ ਦਾਤਾਰ ਨੇ ਸੁਣੀ ਤੇ ਸ੍ਰਿਸ਼ਟੀ ਸ਼ਾਂਤ ਹੋ ਗਈ।

ਲੇਵਹੁ ਕੰਠਿ ਲਗਾਇ ਅਪਦਾ ਸਭ ਹਰੁ ॥

(ਇਸੇ ਤਰ੍ਹਾਂ) ਹੇ ਪ੍ਰਭੂ! ਜੀਵਾਂ ਨੂੰ ਆਪਣੇ ਨੇੜੇ ਰੱਖ ਅਤੇ (ਇਹਨਾਂ ਦੀ) ਸਾਰੀ ਬਿਪਤਾ ਦੂਰ ਕਰ ਦੇਹ।

ਨਾਨਕ ਨਾਮੁ ਧਿਆਇ ਪ੍ਰਭ ਕਾ ਸਫਲੁ ਘਰੁ ॥੧॥

ਹੇ ਨਾਨਕ! (ਆਖ-ਹੇ ਭਾਈ!) ਪ੍ਰਭੂ ਦਾ ਨਾਮ ਸਿਮਰ, ਉਸ ਦਾ ਘਰ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ ॥੧॥


ਮਃ ੫ ॥
ਵੁਠੇ ਮੇਘ ਸੁਹਾਵਣੇ ਹੁਕਮੁ ਕੀਤਾ ਕਰਤਾਰਿ ॥

ਜਦੋਂ ਕਰਤਾਰ ਨੇ ਹੁਕਮ ਦਿੱਤਾ, ਸੋਹਣੇ ਬੱਦਲ ਆ ਕੇ ਵਰ੍ਹ ਪਏ,

ਰਿਜਕੁ ਉਪਾਇਓਨੁ ਅਗਲਾ ਠਾਂਢਿ ਪਈ ਸੰਸਾਰਿ ॥

ਤੇ ਉਸ ਪ੍ਰਭੂ ਨੇ ਬੇਅੰਤ ਰਿਜ਼ਕ (ਜੀਵਾਂ ਲਈ) ਪੈਦਾ ਕੀਤਾ, ਸਾਰੇ ਜਗਤ ਵਿਚ ਠੰਢ ਪੈ ਗਈ, (ਇਸੇ ਤਰ੍ਹਾਂ ਕਰਤਾਰ ਦੀ ਮਿਹਰ ਨਾਲ ਗੁਰੂ-ਬੱਦਲ ਦੇ ਉਪਦੇਸ਼ ਦੀ ਵਰਖਾ ਨਾਲ ਬੇਅੰਤ ਨਾਮ-ਧਨ ਪੈਦਾ ਹੋਇਆ ਤੇ ਗੁਰੂ ਦੇ ਸਰਨ ਆਉਣ ਵਾਲੇ ਵਡ-ਭਾਗੀਆਂ ਦੇ ਅੰਦਰ ਠੰਢ ਪਈ)

ਤਨੁ ਮਨੁ ਹਰਿਆ ਹੋਇਆ ਸਿਮਰਤ ਅਗਮ ਅਪਾਰ ॥

ਅਪਹੁੰਚ ਤੇ ਬੇਅੰਤ ਪ੍ਰਭੂ ਦਾ ਸਿਮਰਨ ਕਰਨ ਨਾਲ ਉਹਨਾਂ ਦਾ ਤਨ ਮਨ ਖਿੜ ਪਿਆ।

ਕਰਿ ਕਿਰਪਾ ਪ੍ਰਭ ਆਪਣੀ ਸਚੇ ਸਿਰਜਣਹਾਰ ॥

ਹੇ ਸਦਾ ਕਾਇਮ ਰਹਿਣ ਵਾਲੇ ਸਿਰਜਣਹਾਰ ਪ੍ਰਭੂ! ਆਪਣੀ ਮਿਹਰ ਕਰ (ਮੈਨੂੰ ਭੀ ਇਹੀ ਨਾਮ-ਧਨ ਦੇਹ),

ਕੀਤਾ ਲੋੜਹਿ ਸੋ ਕਰਹਿ ਨਾਨਕ ਸਦ ਬਲਿਹਾਰ ॥੨॥

ਜੋ ਤੂੰ ਕਰਨਾ ਚਾਹੁੰਦਾ ਹੈਂ ਉਹੀ ਤੂੰ ਕਰਦਾ ਹੈਂ, ਮੈਂ ਨਾਨਕ ਤੈਥੋਂ ਸਦਕੇ ਹਾਂ ॥੨॥


ਪਉੜੀ ॥
ਵਡਾ ਆਪਿ ਅਗੰਮੁ ਹੈ ਵਡੀ ਵਡਿਆਈ ॥

ਪ੍ਰਭੂ (ਇਤਨਾ) ਵੱਡਾ ਹੈ (ਕਿ) ਉਸ ਤਕ ਪਹੁੰਚ ਨਹੀਂ ਹੋ ਸਕਦੀ, ਉਸ ਦੀ ਵਡਿਆਈ ਭੀ ਵੱਡੀ ਹੈ (ਭਾਵ, ਉਸ ਵੱਡੇ ਨੇ ਜੋ ਰਚਨਾ ਰਚੀ ਹੈ ਉਹ ਭੀ ਬੇਅੰਤ ਹੈ);

ਗੁਰਸਬਦੀ ਵੇਖਿ ਵਿਗਸਿਆ ਅੰਤਰਿ ਸਾਂਤਿ ਆਈ ॥

ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਉਸ ਦੀ ਵਡਿਆਈ) ਵੇਖੀ ਹੈ ਉਸ ਦੇ ਅੰਦਰ ਖਿੜਾਉ ਪੈਦਾ ਹੋ ਗਿਆ ਹੈ, ਸ਼ਾਂਤੀ ਆ ਵੱਸੀ ਹੈ।

ਸਭੁ ਆਪੇ ਆਪਿ ਵਰਤਦਾ ਆਪੇ ਹੈ ਭਾਈ ॥

ਹੇ ਭਾਈ! (ਆਪਣੀ ਰਚੀ ਹੋਈ ਰਚਨਾ ਵਿਚ) ਹਰ ਥਾਂ ਪ੍ਰਭੂ ਆਪ ਹੀ ਆਪ ਮੌਜੂਦ ਹੈ;

ਆਪਿ ਨਾਥੁ ਸਭ ਨਥੀਅਨੁ ਸਭ ਹੁਕਮਿ ਚਲਾਈ ॥

ਪ੍ਰਭੂ ਆਪ ਖਸਮ ਹੈ, ਸਾਰੀ ਸ੍ਰਿਸ਼ਟੀ ਨੂੰ ਉਸ ਨੇ ਆਪਣੇ ਵੱਸ ਵਿਚ ਰੱਖਿਆ ਹੋਇਆ ਹੈ, ਆਪਣੇ ਹੁਕਮ ਵਿਚ ਚਲਾ ਰਿਹਾ ਹੈ।

ਨਾਨਕ ਹਰਿ ਭਾਵੈ ਸੋ ਕਰੇ ਸਭ ਚਲੈ ਰਜਾਈ ॥੩੬॥੧॥ ਸੁਧੁ ॥

ਹੇ ਨਾਨਕ! ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਕਰਦਾ ਹੈ, ਸਾਰੀ ਸ੍ਰਿਸ਼ਟੀ ਉਸੇ ਦੀ ਰਜ਼ਾ ਵਿਚ ਤੁਰ ਰਹੀ ਹੈ ॥੩੬॥੧॥ਸੁਧੁ ॥