ਰਾਗ ਸਾਰੰਗ – ਬਾਣੀ ਸ਼ਬਦ-Part 3 – Raag Sarang – Bani

ਰਾਗ ਸਾਰੰਗ – ਬਾਣੀ ਸ਼ਬਦ-Part 3 – Raag Sarang – Bani

ਸਾਰਗ ਮਹਲਾ ੫ ॥
ਗੁਰ ਕੇ ਚਰਨ ਬਸੇ ਮਨ ਮੇਰੈ ॥

(ਜਦੋਂ ਦੇ) ਗੁਰੂ ਦੇ ਚਰਨ ਮੇਰੇ ਮਨ ਵਿਚ ਵੱਸ ਪਏ ਹਨ,

ਪੂਰਿ ਰਹਿਓ ਠਾਕੁਰੁ ਸਭ ਥਾਈ ਨਿਕਟਿ ਬਸੈ ਸਭ ਨੇਰੈ ॥੧॥ ਰਹਾਉ ॥

(ਮੈਨੂੰ ਨਿਸਚਾ ਹੋ ਗਿਆ ਹੈ ਕਿ) ਮਾਲਕ-ਪ੍ਰਭੂ ਸਭਨੀਂ ਥਾਈਂ ਵਿਆਪਕ ਹੈ, (ਮੇਰੇ) ਨੇੜੇ ਵੱਸ ਰਿਹਾ ਹੈ, ਸਭਨਾਂ ਦੇ ਨੇੜੇ ਵੱਸ ਰਿਹਾ ਹੈ ॥੧॥ ਰਹਾਉ ॥

ਬੰਧਨ ਤੋਰਿ ਰਾਮ ਲਿਵ ਲਾਈ ਸੰਤਸੰਗਿ ਬਨਿ ਆਈ ॥

(ਜਦੋਂ ਤੋਂ) ਗੁਰੂ ਨਾਲ ਮੇਰਾ ਪਿਆਰ ਪਿਆ ਹੈ (ਉਸ ਨੇ ਮੇਰੇ ਮਾਇਆ ਦੇ ਮੋਹ ਦੇ) ਬੰਧਨ ਤੋੜ ਕੇ ਮੇਰੀ ਸੁਰਤ ਪਰਮਾਤਮਾ ਨਾਲ ਜੋੜ ਦਿੱਤੀ ਹੈ,

ਜਨਮੁ ਪਦਾਰਥੁ ਭਇਓ ਪੁਨੀਤਾ ਇਛਾ ਸਗਲ ਪੁਜਾਈ ॥੧॥

ਮੇਰਾ ਕੀਮਤੀ ਮਨੁੱਖਾ ਜਨਮ ਪਵਿੱਤਰ ਹੋ ਗਿਆ ਹੈ। (ਗੁਰੂ ਨੇ) ਮੇਰੀਆਂ ਸਾਰੀਆਂ ਮਨੋ-ਕਾਮਨਾਂ ਪੂਰੀਆਂ ਕਰ ਦਿੱਤੀਆਂ ਹਨ ॥੧॥

ਜਾ ਕਉ ਕ੍ਰਿਪਾ ਕਰਹੁ ਪ੍ਰਭ ਮੇਰੇ ਸੋ ਹਰਿ ਕਾ ਜਸੁ ਗਾਵੈ ॥

ਹੇ ਮੇਰੇ ਪ੍ਰਭੂ! ਤੂੰ ਜਿਸ ਮਨੁੱਖ ਉਤੇ ਮਿਹਰ ਕਰਦਾ ਹੈਂ, ਉਹ, ਹੇ ਹਰੀ! ਤੇਰੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ।

ਆਠ ਪਹਰ ਗੋਬਿੰਦ ਗੁਨ ਗਾਵੈ ਜਨੁ ਨਾਨਕੁ ਸਦ ਬਲਿ ਜਾਵੈ ॥੨॥੬੪॥੮੭॥

ਜਿਹੜਾ ਮਨੁੱਖ ਅੱਠੇ ਪਹਰ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਂਦਾ ਹੈ, ਦਾਸ ਨਾਨਕ ਉਸ ਤੋਂ ਸਦਾ ਕੁਰਬਾਨ ਜਾਂਦਾ ਹੈ ॥੨॥੬੪॥੮੭॥


ਸਾਰਗ ਮਹਲਾ ੫ ॥
ਜੀਵਨੁ ਤਉ ਗਨੀਐ ਹਰਿ ਪੇਖਾ ॥

ਜੇ ਮੈਂ (ਇਸੇ ਮਨੁੱਖਾ ਜਨਮ ਵਿਚ) ਪਰਮਾਤਮਾ ਦਾ ਦਰਸ਼ਨ ਕਰ ਸਕਾਂ, ਤਦੋਂ ਹੀ (ਮੇਰਾ ਇਹ ਅਸਲ ਮਨੁੱਖਾ) ਜੀਵਨ ਸਮਝਿਆ ਜਾ ਸਕਦਾ ਹੈ।

ਕਰਹੁ ਕ੍ਰਿਪਾ ਪ੍ਰੀਤਮ ਮਨਮੋਹਨ ਫੋਰਿ ਭਰਮ ਕੀ ਰੇਖਾ ॥੧॥ ਰਹਾਉ ॥

ਹੇ ਪ੍ਰੀਤਮ ਪ੍ਰਭੂ! ਹੇ ਮਨ ਨੂੰ ਮੋਹ ਲੈਣ ਵਾਲੇ ਪ੍ਰਭੂ! (ਮੇਰੇ ਮਨ ਵਿਚੋਂ ਪਿਛਲੇ ਜਨਮਾਂ ਦੇ) ਭਟਕਣਾ ਦੇ ਸੰਸਕਾਰ ਦੂਰ ਕਰ ॥੧॥ ਰਹਾਉ ॥

ਕਹਤ ਸੁਨਤ ਕਿਛੁ ਸਾਂਤਿ ਨ ਉਪਜਤ ਬਿਨੁ ਬਿਸਾਸ ਕਿਆ ਸੇਖਾਂ ॥

ਨਿਰੇ ਆਖਣ ਸੁਣਨ ਨਾਲ (ਮਨੁੱਖ ਦੇ ਮਨ ਵਿਚ) ਕੋਈ ਸ਼ਾਂਤੀ ਪੈਦਾ ਨਹੀਂ ਹੁੰਦੀ। ਸਰਧਾ ਤੋਂ ਬਿਨਾ (ਜ਼ਬਾਨੀ ਆਖਣ ਸੁਣਨ ਦਾ) ਕੋਈ ਲਾਭ ਨਹੀਂ ਹੁੰਦਾ।

ਪ੍ਰਭੂ ਤਿਆਗਿ ਆਨ ਜੋ ਚਾਹਤ ਤਾ ਕੈ ਮੁਖਿ ਲਾਗੈ ਕਾਲੇਖਾ ॥੧॥

ਜਿਹੜਾ ਮਨੁੱਖ (ਜ਼ਬਾਨੀ ਤਾਂ ਗਿਆਨ ਦੀਆਂ ਬਥੇਰੀਆਂ ਗੱਲਾਂ ਕਰਦਾ ਹੈ, ਪਰ) ਪ੍ਰਭੂ ਨੂੰ ਭੁਲਾ ਕੇ ਹੋਰ ਹੋਰ (ਪਦਾਰਥ) ਲੋੜਦਾ ਰਹਿੰਦਾ ਹੈ, ਉਸ ਦੇ ਮੱਥੇ ਉਤੇ (ਮਾਇਆ ਦੇ ਮੋਹ ਦੀ) ਕਾਲਖ ਲੱਗੀ ਰਹਿੰਦੀ ਹੈ ॥੧॥

ਜਾ ਕੈ ਰਾਸਿ ਸਰਬ ਸੁਖ ਸੁਆਮੀ ਆਨ ਨ ਮਾਨਤ ਭੇਖਾ ॥

ਜਿਸ ਮਨੁੱਖ ਦੇ ਹਿਰਦੇ ਵਿਚ ਸਾਰੇ ਸੁਖ ਦੇਣ ਵਾਲੇ ਪ੍ਰਭੂ ਦੇ ਨਾਮ ਦਾ ਸਰਮਾਇਆ ਹੈ, ਉਹ ਹੋਰ (ਵਿਖਾਵੇ ਦੇ) ਧਾਰਮਿਕ ਭੇਖਾਂ ਨੂੰ ਨਹੀਂ ਮੰਨਦਾ ਫਿਰਦਾ।

ਨਾਨਕ ਦਰਸ ਮਗਨ ਮਨੁ ਮੋਹਿਓ ਪੂਰਨ ਅਰਥ ਬਿਸੇਖਾ ॥੨॥੬੫॥੮੮॥

ਹੇ ਨਾਨਕ! ਉਹ ਤਾਂ (ਪ੍ਰਭੂ ਦੇ) ਦਰਸਨ ਵਿਚ ਮਸਤ ਰਹਿੰਦਾ ਹੈ, ਉਸ ਦਾ ਮਨ (ਪ੍ਰਭੂ ਦੇ ਦਰਸਨ ਨਾਲ) ਮੋਹਿਆ ਜਾਂਦਾ ਹੈ। (ਪ੍ਰਭੂ ਦੀ ਕਿਰਪਾ ਨਾਲ) ਉਸ ਦੀਆਂ ਸਾਰੀਆਂ ਲੋੜਾਂ ਉਚੇਚੀਆਂ ਹੁੰਦੀਆਂ ਰਹਿੰਦੀਆਂ ਹਨ ॥੨॥੬੫॥੮੮॥


ਸਾਰਗ ਮਹਲਾ ੫ ॥
ਸਿਮਰਨ ਰਾਮ ਕੋ ਇਕੁ ਨਾਮ ॥

ਜੇ ਸਿਰਫ਼ ਪਰਮਾਤਮਾ ਦੇ ਨਾਮ ਦਾ ਸਿਮਰਨ ਹੀ ਕੀਤਾ ਜਾਏ,

ਕਲਮਲ ਦਗਧ ਹੋਹਿ ਖਿਨ ਅੰਤਰਿ ਕੋਟਿ ਦਾਨ ਇਸਨਾਨ ॥੧॥ ਰਹਾਉ ॥

ਤਾਂ ਇਕ ਖਿਨ ਵਿਚ (ਜੀਵ ਦੇ ਸਾਰੇ) ਪਾਪ ਸੜ ਜਾਂਦੇ ਹਨ (ਉਸ ਨੂੰ, ਮਾਨੋ) ਕ੍ਰੋੜਾਂ ਦਾਨ ਤੇ ਤੀਰਥ-ਇਸ਼ਨਾਨ (ਕਰਨ ਦਾ ਫਲ ਮਿਲ ਗਿਆ) ॥੧॥ ਰਹਾਉ ॥

ਆਨ ਜੰਜਾਰ ਬ੍ਰਿਥਾ ਸ੍ਰਮੁ ਘਾਲਤ ਬਿਨੁ ਹਰਿ ਫੋਕਟ ਗਿਆਨ ॥

(ਜੇ ਮਨੁੱਖ ਮਾਇਆ ਦੇ ਹੀ) ਹੋਰ ਹੋਰ ਜੰਜਾਲਾਂ ਵਾਸਤੇ ਵਿਅਰਥ ਭੱਜ-ਦੌੜ ਕਰਦਾ ਰਹਿੰਦਾ ਹੈ (ਅਤੇ ਹਰਿ-ਨਾਮ ਨਹੀਂ ਸਿਮਰਦਾ, ਤਾਂ) ਪਰਮਾਤਮਾ ਦੇ ਨਾਮ ਤੋਂ ਬਿਨਾ (ਨਿਰੀਆਂ) ਗਿਆਨ ਦੀਆਂ ਗੱਲਾਂ ਸਭ ਫੋਕੀਆਂ ਹੀ ਹਨ।

ਜਨਮ ਮਰਨ ਸੰਕਟ ਤੇ ਛੂਟੈ ਜਗਦੀਸ ਭਜਨ ਸੁਖ ਧਿਆਨ ॥੧॥

ਜਦੋਂ ਮਨੁੱਖ ਪਰਮਾਤਮਾ ਦੇ ਭਜਨ ਦੇ ਆਨੰਦ ਵਿਚ ਸੁਰਤ ਜੋੜਦਾ ਹੈ, ਤਦੋਂ ਹੀ ਉਹ ਜਨਮ ਮਰਨ ਦੇ ਗੇੜ ਦੇ ਕਸ਼ਟ ਤੋਂ ਬਚਦਾ ਹੈ ॥੧॥

ਤੇਰੀ ਸਰਨਿ ਪੂਰਨ ਸੁਖ ਸਾਗਰ ਕਰਿ ਕਿਰਪਾ ਦੇਵਹੁ ਦਾਨ ॥

ਹੇ ਸੁਖਾਂ ਦੇ ਸਮੁੰਦਰ ਪ੍ਰਭੂ! ਹੇ ਪੂਰਨ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਮਿਹਰ ਕਰ ਕੇ ਮੈਨੂੰ ਆਪਣੇ ਨਾਮ ਦੀ ਦਾਤ ਦੇਹ।

ਸਿਮਰਿ ਸਿਮਰਿ ਨਾਨਕ ਪ੍ਰਭ ਜੀਵੈ ਬਿਨਸਿ ਜਾਇ ਅਭਿਮਾਨ ॥੨॥੬੬॥੮੯॥

ਹੇ ਪ੍ਰਭੂ! ਤੇਰਾ ਨਾਮ ਸਿਮਰ ਸਿਮਰ ਕੇ ਨਾਨਕ ਨੂੰ ਆਤਮਕ ਜੀਵਨ ਮਿਲਦਾ ਹੈ, ਅਤੇ (ਮਨ ਵਿਚੋਂ) ਅਹੰਕਾਰ ਨਾਸ ਹੋ ਜਾਂਦਾ ਹੈ ॥੨॥੬੬॥੮੯॥


ਸਾਰਗ ਮਹਲਾ ੫ ॥
ਧੂਰਤੁ ਸੋਈ ਜਿ ਧੁਰ ਕਉ ਲਾਗੈ ॥

ਉਹੀ ਮਨੁੱਖ (ਅਸਲ) ਚਤੁਰ ਹੈ ਜਿਹੜਾ ਜਗਤ ਦੇ ਮੂਲ-ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ।

ਸੋਈ ਧੁਰੰਧਰੁ ਸੋਈ ਬਸੁੰਧਰੁ ਹਰਿ ਏਕ ਪ੍ਰੇਮ ਰਸ ਪਾਗੈ ॥੧॥ ਰਹਾਉ ॥

ਉਹੀ ਮਨੁੱਖ ਮੁਖੀ ਹੈ ਉਹੀ ਮਨੁੱਖ ਧਨੀ ਹੈ, ਜਿਹੜਾ ਸਿਰਫ਼ ਪਰਮਾਤਮਾ ਦੇ ਪਿਆਰ-ਰਸ ਵਿਚ ਮਸਤ ਰਹਿੰਦਾ ਹੈ ॥੧॥ ਰਹਾਉ ॥

ਬਲਬੰਚ ਕਰੈ ਨ ਜਾਨੈ ਲਾਭੈ ਸੋ ਧੂਰਤੁ ਨਹੀ ਮੂੜ੍ਰਾ ॥

ਪਰ, ਜਿਹੜਾ ਮਨੁੱਖ (ਹੋਰਨਾਂ ਨਾਲ) ਠੱਗੀਆਂ ਕਰਦਾ ਹੈ (ਉਹ ਆਪਣਾ ਅਸਲ) ਲਾਭ ਨਹੀਂ ਸਮਝਦਾ, ਉਹ ਚਤੁਰ ਨਹੀਂ ਉਹ ਮੂਰਖ ਹੈ।

ਸੁਆਰਥੁ ਤਿਆਗਿ ਅਸਾਰਥਿ ਰਚਿਓ ਨਹ ਸਿਮਰੈ ਪ੍ਰਭੁ ਰੂੜਾ ॥੧॥

ਉਹ ਆਪਣੀ ਅਸਲ ਗ਼ਰਜ਼ ਛੱਡ ਕੇ ਘਾਟੇ ਵਾਲੇ ਕੰਮ ਵਿਚ ਰੁੱਝਾ ਰਹਿੰਦਾ ਹੈ, (ਕਿਉਂਕਿ) ਉਹ ਸੁੰਦਰ ਪ੍ਰਭੂ ਦਾ ਨਾਮ ਨਹੀਂ ਸਿਮਰਦਾ ॥੧॥

ਸੋਈ ਚਤੁਰੁ ਸਿਆਣਾ ਪੰਡਿਤੁ ਸੋ ਸੂਰਾ ਸੋ ਦਾਨਾਂ ॥

ਉਹੀ ਮਨੁੱਖ ਚਤੁਰ ਤੇ ਸਿਆਣਾ ਹੈ, ਉਹੀ ਮਨੁੱਖ ਪੰਡਿਤ ਸੂਰਮਾ ਤੇ ਦਾਨਾ ਹੈ,

ਸਾਧਸੰਗਿ ਜਿਨਿ ਹਰਿ ਹਰਿ ਜਪਿਓ ਨਾਨਕ ਸੋ ਪਰਵਾਨਾ ॥੨॥੬੭॥੯੦॥

ਜਿਸ ਨੇ ਸਾਧ ਸੰਗਤ ਵਿਚ ਟਿਕ ਕੇ ਹਰਿ-ਨਾਮ ਜਪਿਆ ਹੈ। ਹੇ ਨਾਨਕ! ਉਹੀ ਮਨੁੱਖ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੁੰਦਾ ਹੈ ॥੨॥੬੭॥੯੦॥


ਸਾਰਗ ਮਹਲਾ ੫ ॥
ਹਰਿ ਹਰਿ ਸੰਤ ਜਨਾ ਕੀ ਜੀਵਨਿ ॥

ਸੰਤ ਜਨਾਂ ਦੀ ਇਹੀ ਜ਼ਿੰਦਗੀ ਹੈ-

ਬਿਖੈ ਰਸ ਭੋਗ ਅੰਮ੍ਰਿਤ ਸੁਖ ਸਾਗਰ ਰਾਮ ਨਾਮ ਰਸੁ ਪੀਵਨਿ ॥੧॥ ਰਹਾਉ ॥

ਪਰਮਾਤਮਾ ਦੇ ਭਗਤ ਆਤਮਕ ਜੀਵਨ ਦੇਣ ਵਾਲੇ ਸੁਖਾਂ ਦੇ ਸਮੁੰਦਰ ਹਰਿ-ਨਾਮ ਦਾ ਰਸ (ਸਦਾ) ਪੀਂਦੇ ਰਹਿੰਦੇ ਹਨ, ਇਹੀ ਉਹਨਾਂ ਵਾਸਤੇ ਦੁਨੀਆ ਵਾਲੇ ਵਿਸ਼ੇ ਭੋਗਾਂ ਦਾ ਸੁਆਦ ਹੈ ॥੧॥ ਰਹਾਉ ॥

ਸੰਚਨਿ ਰਾਮ ਨਾਮ ਧਨੁ ਰਤਨਾ ਮਨ ਤਨ ਭੀਤਰਿ ਸੀਵਨਿ ॥

ਸੰਤ ਜਨ ਪਰਮਾਤਮਾ ਦਾ ਨਾਮ-ਧਨ ਇਕੱਠਾ ਕਰਦੇ ਹਨ, ਨਾਮ-ਰਤਨ ਇਕੱਠੇ ਕਰਦੇ ਹਨ, ਅਤੇ ਆਪਣੇ ਮਨ ਵਿਚ ਹਿਰਦੇ ਵਿਚ (ਉਹਨਾਂ ਨੂੰ) ਪ੍ਰੋ ਰੱਖਦੇ ਹਨ।

ਹਰਿ ਰੰਗ ਰਾਂਗ ਭਏ ਮਨ ਲਾਲਾ ਰਾਮ ਨਾਮ ਰਸ ਖੀਵਨਿ ॥੧॥

ਪਰਮਾਤਮਾ ਦੇ ਨਾਮ-ਰੰਗ ਨਾਲ ਰੰਗੀਜ ਕੇ ਉਹਨਾਂ ਦਾ ਮਨ ਗੂੜ੍ਹੇ ਰੰਗ ਵਾਲਾ ਹੋਇਆ ਰਹਿੰਦਾ ਹੈ, ਉਹ ਹਰਿ-ਨਾਮ ਦੇ ਰਸ ਨਾਲ ਮਸਤ ਰਹਿੰਦੇ ਹਨ ॥੧॥

ਜਿਉ ਮੀਨਾ ਜਲ ਸਿਉ ਉਰਝਾਨੋ ਰਾਮ ਨਾਮ ਸੰਗਿ ਲੀਵਨਿ ॥

ਜਿਵੇਂ ਮੱਛੀ ਪਾਣੀ ਨਾਲ ਲਪਟੀ ਰਹਿੰਦੀ ਹੈ (ਪਾਣੀ ਤੋਂ ਬਿਨਾ ਜੀਊ ਨਹੀਂ ਸਕਦੀ) ਤਿਵੇਂ ਸੰਤ ਜਨ ਹਰਿ-ਨਾਮ ਵਿਚ ਲੀਨ ਰਹਿੰਦੇ ਹਨ।

ਨਾਨਕ ਸੰਤ ਚਾਤ੍ਰਿਕ ਕੀ ਨਿਆਈ ਹਰਿ ਬੂੰਦ ਪਾਨ ਸੁਖ ਥੀਵਨਿ ॥੨॥੬੮॥੯੧॥

ਹੇ ਨਾਨਕ! ਸੰਤ ਜਨ ਪਪੀਹੇ ਵਾਂਗ ਹਨ (ਜਿਵੇਂ ਪਪੀਹਾ ਸ੍ਵਾਂਤੀ ਨਛੱਤ੍ਰ ਦੀ ਵਰਖਾ ਦੀ ਬੂੰਦ ਪੀ ਕੇ ਤ੍ਰਿਪਤ ਹੁੰਦਾ ਹੈ, ਤਿਵੇਂ ਸੰਤ ਜਨ) ਪਰਮਾਤਮਾ ਦੇ ਨਾਮ ਦੀ ਬੂੰਦ ਪੀ ਕੇ ਸੁਖੀ ਹੁੰਦੇ ਹਨ ॥੨॥੬੮॥੯੧॥


ਸਾਰਗ ਮਹਲਾ ੫ ॥
ਹਰਿ ਕੇ ਨਾਮਹੀਨ ਬੇਤਾਲ ॥

ਪਰਮਾਤਮਾ ਦੇ ਨਾਮ ਤੋਂ ਜੋ ਮਨੁੱਖ ਸੱਖਣੇ ਰਹਿੰਦੇ ਹਨ (ਆਤਮਕ ਜੀਵਨ ਦੀ ਕਸਵੱਟੀ ਅਨੁਸਾਰ) ਉਹ ਭੂਤ-ਪ੍ਰੇਤ ਹੀ ਹਨ।

ਜੇਤਾ ਕਰਨ ਕਰਾਵਨ ਤੇਤਾ ਸਭਿ ਬੰਧਨ ਜੰਜਾਲ ॥੧॥ ਰਹਾਉ ॥

(ਅਜਿਹੇ ਮਨੁੱਖ) ਜਿਤਨਾ ਕੁਝ ਕਰਦੇ ਹਨ ਜਾਂ ਕਰਾਂਦੇ ਹਨ, ਉਹਨਾਂ ਦੇ ਉਹ ਸਾਰੇ ਕੰਮ ਮਾਇਆ ਦੀਆਂ ਫਾਹੀਆਂ ਮਾਇਆ ਦੇ ਜੰਜਾਲ (ਵਧਾਂਦੇ ਹਨ) ॥੧॥ ਰਹਾਉ ॥

ਬਿਨੁ ਪ੍ਰਭ ਸੇਵ ਕਰਤ ਅਨ ਸੇਵਾ ਬਿਰਥਾ ਕਾਟੈ ਕਾਲ ॥

ਪਰਮਾਤਮਾ ਦੀ ਭਗਤੀ ਤੋਂ ਬਿਨਾ ਹੋਰ ਹੋਰ ਦੀ ਸੇਵਾ ਕਰਦਿਆਂ (ਮਨੁੱਖ ਆਪਣੀ ਜ਼ਿੰਦਗੀ ਦਾ) ਸਮਾ ਵਿਅਰਥ ਬਿਤਾਂਦਾ ਹੈ।

ਜਬ ਜਮੁ ਆਇ ਸੰਘਾਰੈ ਪ੍ਰਾਨੀ ਤਬ ਤੁਮਰੋ ਕਉਨੁ ਹਵਾਲ ॥੧॥

ਹੇ ਪ੍ਰਾਣੀ! (ਜੇ ਤੂੰ ਹਰਿ-ਨਾਮ ਤੋਂ ਬਿਨਾ ਹੀ ਰਿਹਾ, ਤਾਂ) ਜਦੋਂ ਜਮਰਾਜ ਆ ਕੇ ਮਾਰਦਾ ਹੈ, ਤਦੋਂ (ਸੋਚ) ਤੇਰਾ ਕੀਹ ਹਾਲ ਹੋਵੇਗਾ? ॥੧॥

ਰਾਖਿ ਲੇਹੁ ਦਾਸ ਅਪੁਨੇ ਕਉ ਸਦਾ ਸਦਾ ਕਿਰਪਾਲ ॥

ਹੇ ਸਦਾ ਹੀ ਦਇਆ ਦੇ ਸੋਮੇ! ਆਪਣੇ ਦਾਸ (ਨਾਨਕ) ਦੀ ਆਪ ਰੱਖਿਆ ਕਰ (ਤੇ, ਆਪਣਾ ਨਾਮ ਬਖ਼ਸ਼)।

ਸੁਖ ਨਿਧਾਨ ਨਾਨਕ ਪ੍ਰਭੁ ਮੇਰਾ ਸਾਧਸੰਗਿ ਧਨ ਮਾਲ ॥੨॥੬੯॥੯੨॥

ਹੇ ਨਾਨਕ! ਮੇਰਾ ਪ੍ਰਭੂ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ, ਉਸ ਦਾ ਨਾਮ-ਧਨ ਸਾਧ ਸੰਗਤ ਵਿਚ ਹੀ ਮਿਲਦਾ ਹੈ ॥੨॥੬੯॥੯੨॥


ਸਾਰਗ ਮਹਲਾ ੫ ॥
ਮਨਿ ਤਨਿ ਰਾਮ ਕੋ ਬਿਉਹਾਰੁ ॥

ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਹਿਰਦੇ ਵਿਚ (ਸਦਾ) ਪਰਮਾਤਮਾ ਦਾ (ਨਾਮ ਸਿਮਰਨ ਦਾ ਹੀ) ਆਹਰ ਹੈ,

ਪ੍ਰੇਮ ਭਗਤਿ ਗੁਨ ਗਾਵਨ ਗੀਧੇ ਪੋਹਤ ਨਹ ਸੰਸਾਰੁ ॥੧॥ ਰਹਾਉ ॥

ਜਿਹੜੇ ਮਨੁੱਖ ਪ੍ਰਭੂ-ਪ੍ਰੇਮ ਅਤੇ ਹਰਿ-ਭਗਤੀ (ਦੇ ਮਤਵਾਲੇ ਹਨ) ਜੋ ਪ੍ਰਭੂ ਦੇ ਗੁਣ ਗਾਣ ਵਿਚ ਗਿੱਝੇ ਹੋਏ ਹਨ, ਉਹਨਾਂ ਨੂੰ ਜਗਤ (ਦਾ ਮੋਹ) ਪੋਹ ਨਹੀਂ ਸਕਦਾ ॥੧॥ ਰਹਾਉ ॥

ਸ੍ਰਵਣੀ ਕੀਰਤਨੁ ਸਿਮਰਨੁ ਸੁਆਮੀ ਇਹੁ ਸਾਧ ਕੋ ਆਚਾਰੁ ॥

ਕੰਨਾਂ ਨਾਲ ਮਾਲਕ-ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਨੀ, (ਜੀਭ ਨਾਲ ਮਾਲਕ ਦਾ ਨਾਮ) ਸਿਮਰਨਾ-ਸੰਤ ਜਨਾਂ ਦੀ ਇਹ ਨਿੱਤ ਦੀ ਕਾਰ ਹੋਇਆ ਕਰਦੀ ਹੈ।

ਚਰਨ ਕਮਲ ਅਸਥਿਤਿ ਰਿਦ ਅੰਤਰਿ ਪੂਜਾ ਪ੍ਰਾਨ ਕੋ ਆਧਾਰੁ ॥੧॥

ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਸਦਾ ਟਿਕਾਉ ਬਣਿਆ ਰਹਿੰਦਾ ਹੈ, ਪ੍ਰਭੂ ਦੀ ਪੂਜਾ-ਭਗਤੀ ਉਹਨਾਂ ਦੇ ਪ੍ਰਾਣਾਂ ਦਾ ਆਸਰਾ ਹੁੰਦਾ ਹੈ ॥੧॥

ਪ੍ਰਭ ਦੀਨ ਦਇਆਲ ਸੁਨਹੁ ਬੇਨੰਤੀ ਕਿਰਪਾ ਅਪਨੀ ਧਾਰੁ ॥

ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! (ਮੇਰੀ) ਬੇਨਤੀ ਸੁਣ, (ਮੇਰੇ ਉਤੇ) ਆਪਣੀ ਮਿਹਰ ਕਰ!

ਨਾਮੁ ਨਿਧਾਨੁ ਉਚਰਉ ਨਿਤ ਰਸਨਾ ਨਾਨਕ ਸਦ ਬਲਿਹਾਰੁ ॥੨॥੭੦॥੯੩॥

ਨਾਨਕ ਆਖਦਾ ਹੈ- ਤੇਰਾ ਨਾਮ ਹੀ (ਮੇਰੇ ਵਾਸਤੇ ਸਭ ਪਦਾਰਥਾਂ ਦਾ) ਖ਼ਜ਼ਾਨਾ ਹੈ (ਮਿਹਰ ਕਰ, ਮੈਂ ਇਹ ਨਾਮ) ਜੀਭ ਨਾਲ ਸਦਾ ਉਚਰਦਾ ਰਹਾਂ, ਅਤੇ ਤੈਥੋਂ ਸਦਾ ਸਦਕੇ ਹੁੰਦਾ ਰਹਾਂ ॥੨॥੭੦॥੯੩॥


ਸਾਰਗ ਮਹਲਾ ੫ ॥
ਹਰਿ ਕੇ ਨਾਮਹੀਨ ਮਤਿ ਥੋਰੀ ॥

ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਤੋਂ ਵਾਂਝੇ ਰਹਿੰਦੇ ਹਨ, ਉਹਨਾਂ ਦੀ ਮੱਤ ਹੋਛੀ ਜਿਹੀ ਹੀ ਬਣ ਜਾਂਦੀ ਹੈ।

ਸਿਮਰਤ ਨਾਹਿ ਸਿਰੀਧਰ ਠਾਕੁਰ ਮਿਲਤ ਅੰਧ ਦੁਖ ਘੋਰੀ ॥੧॥ ਰਹਾਉ ॥

ਉਹ ਲੱਖਮੀ-ਪਤੀ ਮਾਲਕ-ਪ੍ਰਭੂ ਦਾ ਨਾਮ ਨਹੀਂ ਸਿਮਰਦੇ। ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਉਹਨਾਂ ਮਨੁੱਖਾਂ ਨੂੰ ਭਿਆਨਕ (ਆਤਮਕ) ਦੁੱਖ-ਕਲੇਸ ਵਾਪਰਦੇ ਰਹਿੰਦੇ ਹਨ ॥੧॥ ਰਹਾਉ ॥

ਹਰਿ ਕੇ ਨਾਮ ਸਿਉ ਪ੍ਰੀਤਿ ਨ ਲਾਗੀ ਅਨਿਕ ਭੇਖ ਬਹੁ ਜੋਰੀ ॥

ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਨਾਲ ਪਿਆਰ ਨਹੀਂ ਪਾਂਦੇ, ਪਰ ਅਨੇਕਾਂ ਧਾਰਮਿਕ ਭੇਖਾਂ ਨਾਲ ਪ੍ਰੀਤ ਜੋੜੀ ਰੱਖਦੇ ਹਨ,

ਤੂਟਤ ਬਾਰ ਨ ਲਾਗੈ ਤਾ ਕਉ ਜਿਉ ਗਾਗਰਿ ਜਲ ਫੋਰੀ ॥੧॥

ਉਹਨਾਂ ਦੀ ਇਸ ਪ੍ਰੀਤ ਦੇ ਟੁੱਟਦਿਆਂ ਚਿਰ ਨਹੀਂ ਲੱਗਦਾ, ਜਿਵੇਂ ਟੁੱਟੀ ਹੋਈ ਗਾਗਰ ਵਿਚ ਪਾਣੀ ਨਹੀਂ ਠਹਿਰ ਸਕਦਾ ॥੧॥

ਕਰਿ ਕਿਰਪਾ ਭਗਤਿ ਰਸੁ ਦੀਜੈ ਮਨੁ ਖਚਿਤ ਪ੍ਰੇਮ ਰਸ ਖੋਰੀ ॥

ਹੇ ਪ੍ਰਭੂ! ਮਿਹਰ ਕਰ, ਮੈਨੂੰ ਆਪਣੀ ਭਗਤੀ ਦਾ ਸੁਆਦ ਬਖ਼ਸ਼, ਮੇਰਾ ਮਨ ਤੇਰੇ ਪ੍ਰੇਮ-ਰਸ ਦੀ ਖ਼ੁਮਾਰੀ ਵਿਚ ਮਸਤ ਰਹੇ।

ਨਾਨਕ ਦਾਸ ਤੇਰੀ ਸਰਣਾਈ ਪ੍ਰਭ ਬਿਨੁ ਆਨ ਨ ਹੋਰੀ ॥੨॥੭੧॥੯੪॥

(ਤੇਰਾ) ਦਾਸ ਨਾਨਕ ਤੇਰੀ ਸਰਨ ਆਇਆ ਹੈ। ਹੇ ਪ੍ਰਭੂ! ਤੈਥੋਂ ਬਿਨਾ ਮੇਰਾ ਕੋਈ ਹੋਰ ਦੂਜਾ ਸਹਾਰਾ ਨਹੀਂ ਹੈ ॥੨॥੭੧॥੯੪॥


ਸਾਰਗ ਮਹਲਾ ੫ ॥
ਚਿਤਵਉ ਵਾ ਅਉਸਰ ਮਨ ਮਾਹਿ ॥

ਮੈਂ ਤਾਂ ਆਪਣੇ ਮਨ ਵਿਚ ਉਸ ਮੌਕੇ ਨੂੰ ਉਡੀਕਦਾ ਰਹਿੰਦਾ ਹਾਂ,

ਹੋਇ ਇਕਤ੍ਰ ਮਿਲਹੁ ਸੰਤ ਸਾਜਨ ਗੁਣ ਗੋਬਿੰਦ ਨਿਤ ਗਾਹਿ ॥੧॥ ਰਹਾਉ ॥

ਜਦੋਂ ਮੈਂ ਸੰਤਾਂ ਸੱਜਣਾਂ ਨੂੰ ਮਿਲਾਂ ਜਿਹੜੇ ਨਿੱਤ ਇਕੱਠੇ ਹੋ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ ॥੧॥ ਰਹਾਉ ॥

ਬਿਨੁ ਹਰਿ ਭਜਨ ਜੇਤੇ ਕਾਮ ਕਰੀਅਹਿ ਤੇਤੇ ਬਿਰਥੇ ਜਾਂਹਿ ॥

ਪਰਮਾਤਮਾ ਦੇ ਭਜਨ ਤੋਂ ਬਿਨਾ ਹੋਰ ਜਿਤਨੇ ਭੀ ਕੰਮ ਕੀਤੇ ਜਾਂਦੇ ਹਨ, ਉਹ ਸਾਰੇ (ਜਿੰਦ ਦੇ ਭਾ ਦੇ) ਵਿਅਰਥ ਚਲੇ ਜਾਂਦੇ ਹਨ।

ਪੂਰਨ ਪਰਮਾਨੰਦ ਮਨਿ ਮੀਠੋ ਤਿਸੁ ਬਿਨੁ ਦੂਸਰ ਨਾਹਿ ॥੧॥

ਸਰਬ-ਵਿਆਪਕ ਅਤੇ ਸਭ ਤੋਂ ਉੱਚੇ ਆਨੰਦ ਦੇ ਮਾਲਕ ਦਾ ਨਾਮ ਮਨ ਵਿਚ ਮਿੱਠਾ ਲੱਗਣਾ-ਇਹੀ ਹੈ ਅਸਲ ਲਾਹੇਵੰਦਾ ਕੰਮ, (ਕਿਉਂਕਿ) ਉਸ ਪਰਮਾਤਮਾ ਤੋਂ ਬਿਨਾ ਹੋਰ ਕੋਈ (ਸਾਥੀ) ਨਹੀਂ ਹੈ ॥੧॥

ਜਪ ਤਪ ਸੰਜਮ ਕਰਮ ਸੁਖ ਸਾਧਨ ਤੁਲਿ ਨ ਕਛੂਐ ਲਾਹਿ ॥

ਜਪ ਤਪ ਸੰਜਮ ਆਦਿਕ ਹਠ-ਕਰਮ ਅਤੇ ਸੁਖ ਦੀ ਭਾਲ ਦੇ ਹੋਰ ਸਾਧਨ-ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ਤੇ ਸੰਤ ਜਨ ਇਹਨਾਂ ਨੂੰ ਕੁਝ ਭੀ ਨਹੀਂ ਸਮਝਦੇ (ਤੁੱਛ ਸਮਝਦੇ ਹਨ)।

ਚਰਨ ਕਮਲ ਨਾਨਕ ਮਨੁ ਬੇਧਿਓ ਚਰਨਹ ਸੰਗਿ ਸਮਾਹਿ ॥੨॥੭੨॥੯੫॥

ਹੇ ਨਾਨਕ! ਸੰਤ ਜਨਾਂ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ ਵਿਚ ਵਿੱਝਿਆ ਰਹਿੰਦਾ ਹੈ, ਸੰਤ ਜਨ ਪਰਮਾਤਮਾ ਦੇ ਚਰਨਾਂ ਵਿਚ ਹੀ ਲੀਨ ਰਹਿੰਦੇ ਹਨ ॥੨॥੭੨॥੯੫॥


ਸਾਰਗ ਮਹਲਾ ੫ ॥
ਮੇਰਾ ਪ੍ਰਭੁ ਸੰਗੇ ਅੰਤਰਜਾਮੀ ॥

ਸਭ ਦੇ ਦਿਲ ਦੀ ਜਾਣਨ ਵਾਲਾ ਮੇਰਾ ਪ੍ਰਭੂ (ਹਰ ਵੇਲੇ ਮੇਰੇ) ਨਾਲ ਹੈ-

ਆਗੈ ਕੁਸਲ ਪਾਛੈ ਖੇਮ ਸੂਖਾ ਸਿਮਰਤ ਨਾਮੁ ਸੁਆਮੀ ॥੧॥ ਰਹਾਉ ॥

(ਜਿਸ ਮਨੁੱਖ ਨੂੰ ਅਜਿਹਾ ਨਿਸਚਾ ਬਣ ਜਾਂਦਾ ਹੈ, ਉਸ ਨੂੰ) ਮਾਲਕ-ਪ੍ਰਭੂ ਦਾ ਨਾਮ ਸਿਮਰਦਿਆਂ ਪਰਲੋਕ ਤੇ ਇਸ ਲੋਕ ਵਿਚ ਸਦਾ ਸੁਖ-ਆਨੰਦ ਬਣਿਆ ਰਹਿੰਦਾ ਹੈ ॥੧॥ ਰਹਾਉ ॥

ਸਾਜਨ ਮੀਤ ਸਖਾ ਹਰਿ ਮੇਰੈ ਗੁਨ ਗੁੋਪਾਲ ਹਰਿ ਰਾਇਆ ॥

(ਉਸ ਨੂੰ ਇਹ ਨਿਸਚਾ ਰਹਿੰਦਾ ਹੈ ਕਿ) ਪ੍ਰਭੂ ਹੀ ਮੇਰੇ ਵਾਸਤੇ ਸੱਜਣ ਮਿੱਤਰ ਹੈ, ਗੋਪਾਲ ਪ੍ਰਭੂ ਪਾਤਿਸ਼ਾਹ ਦੇ ਗੁਣ ਹੀ ਮੇਰੇ ਸਾਥੀ ਹਨ।

ਬਿਸਰਿ ਨ ਜਾਈ ਨਿਮਖ ਹਿਰਦੈ ਤੇ ਪੂਰੈ ਗੁਰੂ ਮਿਲਾਇਆ ॥੧॥

ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਪਰਮਾਤਮਾ ਨਾਲ ਮਿਲਾ ਦਿੱਤਾ, ਉਸ ਦੇ ਹਿਰਦੇ ਤੋਂ ਪਰਮਾਤਮਾ ਦੀ ਯਾਦ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਹੀਂ ਭੁੱਲਦੀ ॥੧॥

ਕਰਿ ਕਿਰਪਾ ਰਾਖੇ ਦਾਸ ਅਪਨੇ ਜੀਅ ਜੰਤ ਵਸਿ ਜਾ ਕੈ ॥

ਜਿਸ ਪਰਮਾਤਮਾ ਦੇ ਵੱਸ ਵਿਚ ਸਾਰੇ ਜੀਅ ਜੰਤ ਹਨ, ਉਹ ਮਿਹਰ ਕਰ ਕੇ ਆਪਣੇ ਦਾਸਾਂ ਦੀ ਰੱਖਿਆ ਆਪ ਕਰਦਾ ਆਇਆ ਹੈ।

ਏਕਾ ਲਿਵ ਪੂਰਨ ਪਰਮੇਸੁਰ ਭਉ ਨਹੀ ਨਾਨਕ ਤਾ ਕੈ ॥੨॥੭੩॥੯੬॥

ਹੇ ਨਾਨਕ! ਜਿਸ ਮਨੁੱਖ ਦੇ ਅੰਦਰ ਸਰਬ-ਵਿਆਪਕ ਪਰਮਾਤਮਾ ਦੀ ਹੀ ਹਰ ਵੇਲੇ ਪ੍ਰੀਤ ਹੈ, ਉਸ ਦੇ ਮਨ ਵਿਚ (ਕਿਸੇ ਤਰ੍ਹਾਂ ਦਾ ਕੋਈ) ਡਰ ਨਹੀਂ ਰਹਿੰਦਾ ॥੨॥੭੩॥੯੬॥
<


ਸਾਰਗ ਮਹਲਾ ੫ ॥
ਜਾ ਕੈ ਰਾਮ ਕੋ ਬਲੁ ਹੋਇ ॥

ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੀ ਮਿਹਰ ਦਾ ਸਹਾਰਾ ਹੁੰਦਾ ਹੈ,

ਸਗਲ ਮਨੋਰਥ ਪੂਰਨ ਤਾਹੂ ਕੇ ਦੂਖੁ ਨ ਬਿਆਪੈ ਕੋਇ ॥੧॥ ਰਹਾਉ ॥

ਉਸ ਮਨੁੱਖ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ, ਉਸ ਉੱਤੇ ਕੋਈ ਦੁੱਖ ਆਪਣਾ ਜ਼ੋਰ ਨਹੀਂ ਪਾ ਸਕਦਾ ॥੧॥ ਰਹਾਉ ॥

ਜੋ ਜਨੁ ਭਗਤੁ ਦਾਸੁ ਨਿਜੁ ਪ੍ਰਭ ਕਾ ਸੁਣਿ ਜੀਵਾਂ ਤਿਸੁ ਸੋਇ ॥

ਜਿਹੜਾ ਮਨੁੱਖ ਪਰਮਾਤਮਾ ਦਾ ਖ਼ਾਸ ਆਪਣਾ ਦਾਸ ਭਗਤ ਬਣ ਜਾਂਦਾ ਹੈ, ਮੈਂ ਉਸ ਦੀ ਸੋਭਾ ਸੁਣ ਕੇ ਆਤਮਕ ਜੀਵਨ ਹਾਸਲ ਕਰਦਾ ਹਾਂ।

ਉਦਮੁ ਕਰਉ ਦਰਸਨੁ ਪੇਖਨ ਕੌ ਕਰਮਿ ਪਰਾਪਤਿ ਹੋਇ ॥੧॥

ਮੈਂ ਉਸ ਦਾ ਦਰਸਨ ਕਰਨ ਵਾਸਤੇ ਜਤਨ ਕਰਦਾ ਹਾਂ। ਪਰ (ਸੰਤ ਜਨ ਦਾ ਦਰਸਨ ਭੀ ਪਰਮਾਤਮਾ ਦੀ) ਮਿਹਰ ਨਾਲ ਹੀ ਹੁੰਦਾ ਹੈ ॥੧॥

ਗੁਰਪਰਸਾਦੀ ਦ੍ਰਿਸਟਿ ਨਿਹਾਰਉ ਦੂਸਰ ਨਾਹੀ ਕੋਇ ॥

ਗੁਰੂ ਦੀ ਮਿਹਰ ਦਾ ਸਦਕਾ ਮੈਂ ਆਪਣੀ ਅੱਖੀਂ ਵੇਖ ਰਿਹਾ ਹਾਂ ਕਿ (ਪਰਮਾਤਮਾ ਦੇ ਬਰਾਬਰ ਦਾ) ਕੋਈ ਹੋਰ ਦੂਜਾ ਨਹੀਂ ਹੈ।

ਦਾਨੁ ਦੇਹਿ ਨਾਨਕ ਅਪਨੇ ਕਉ ਚਰਨ ਜੀਵਾਂ ਸੰਤ ਧੋਇ ॥੨॥੭੪॥੯੭॥

ਹੇ ਨਾਨਕ! ਮੈਨੂੰ ਆਪਣੇ ਦਾਸ ਨੂੰ ਇਹ ਖ਼ੈਰ ਪਾ ਕਿ ਮੈਂ ਸੰਤ ਜਨਾਂ ਦੇ ਚਰਨ ਧੋ ਧੋ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਰਹਾਂ ॥੨॥੭੪॥੯੭॥


ਸਾਰਗ ਮਹਲਾ ੫ ॥

ਜੀਵਤੁ ਰਾਮ ਕੇ ਗੁਣ ਗਾਇ ॥
ਪਰਮਾਤਮਾ ਦੇ ਗੁਣ ਗਾ ਗਾ ਕੇ (ਮਨੁੱਖ) ਆਤਮਕ ਜੀਵਨ ਹਾਸਲ ਕਰ ਲੈਂਦਾ ਹੈ।

ਕਰਹੁ ਕ੍ਰਿਪਾ ਗੋਪਾਲ ਬੀਠੁਲੇ ਬਿਸਰਿ ਨ ਕਬ ਹੀ ਜਾਇ ॥੧॥ ਰਹਾਉ ॥

ਹੇ ਸ੍ਰਿਸ਼ਟੀ ਦੇ ਪਾਲਕ! ਹੇ ਨਿਰਲੇਪ ਪ੍ਰਭੂ! (ਮੇਰੇ ਉੱਤੇ) ਮਿਹਰ ਕਰ, (ਮੈਨੂੰ ਤੇਰਾ ਨਾਮ) ਕਦੇ ਭੀ ਨਾਹ ਭੁੱਲੇ ॥੧॥ ਰਹਾਉ ॥

ਮਨੁ ਤਨੁ ਧਨੁ ਸਭੁ ਤੁਮਰਾ ਸੁਆਮੀ ਆਨ ਨ ਦੂਜੀ ਜਾਇ ॥

ਹੇ (ਮੇਰੇ) ਮਾਲਕ! ਮੇਰਾ ਮਨ ਮੇਰਾ ਸਰੀਰ ਮੇਰਾ ਧਨ-ਇਹ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ। (ਤੈਥੋਂ ਬਿਨਾ) ਮੇਰਾ ਕੋਈ ਹੋਰ ਆਸਰਾ ਨਹੀਂ ਹੈ।

ਜਿਉ ਤੂ ਰਾਖਹਿ ਤਿਵ ਹੀ ਰਹਣਾ ਤੁਮ੍ਰਰਾ ਪੈਨ੍ਰੈ ਖਾਇ ॥੧॥

ਜਿਵੇਂ ਤੂੰ ਰੱਖਦਾ ਹੈਂ, ਤਿਵੇਂ ਹੀ (ਜੀਵ) ਰਹਿ ਸਕਦੇ ਹਨ। (ਹਰੇਕ ਜੀਵ) ਤੇਰਾ ਹੀ ਦਿੱਤਾ ਪਹਿਨਦਾ ਹੈ ਤੇਰਾ ਹੀ ਦਿੱਤਾ ਖਾਂਦਾ ਹੈ ॥੧॥

ਸਾਧਸੰਗਤਿ ਕੈ ਬਲਿ ਬਲਿ ਜਾਈ ਬਹੁੜਿ ਨ ਜਨਮਾ ਧਾਇ ॥

ਮੈਂ ਸਾਧ ਸੰਗਤ ਤੋਂ ਸਦਾ ਸਦਕੇ ਜਾਂਦਾ ਹਾਂ, (ਸਾਧ ਸੰਗਤ ਦੀ ਬਰਕਤਿ ਨਾਲ ਜੀਵ) ਮੁੜ ਜਨਮਾਂ ਵਿਚ ਨਹੀਂ ਭਟਕਦਾ।

ਨਾਨਕ ਦਾਸ ਤੇਰੀ ਸਰਣਾਈ ਜਿਉ ਭਾਵੈ ਤਿਵੈ ਚਲਾਇ ॥੨॥੭੫॥੯੮॥

ਹੇ ਪ੍ਰਭੂ! ਤੇਰਾ ਦਾਸ (ਨਾਨਕ) ਤੇਰੀ ਸਰਨ ਆਇਆ ਹੈ, ਜਿਵੇਂ ਤੈਨੂੰ ਚੰਗਾ ਲੱਗੇ, ਉਸੇ ਤਰ੍ਹਾਂ (ਮੈਨੂੰ) ਜੀਵਨ-ਰਾਹ ਉੱਤੇ ਤੋਰ ॥੨॥੭੫॥੯੮॥


ਸਾਰਗ ਮਹਲਾ ੫ ॥
ਮਨ ਰੇ ਨਾਮ ਕੋ ਸੁਖ ਸਾਰ ॥

ਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਸਿਮਰਨ ਦਾ ਸੁਖ (ਹੋਰ ਸੁਖਾਂ ਨਾਲੋਂ) ਸ੍ਰੇਸ਼ਟ ਹੈ।

ਆਨ ਕਾਮ ਬਿਕਾਰ ਮਾਇਆ ਸਗਲ ਦੀਸਹਿ ਛਾਰ ॥੧॥ ਰਹਾਉ ॥

ਹੇ ਮਨ! (ਨਿਰੀ) ਮਾਇਆ ਦੀ ਖ਼ਾਤਰ ਹੀ ਹੋਰ ਹੋਰ ਕੰਮ (ਆਤਮਕ ਜੀਵਨ ਵਾਸਤੇ) ਵਿਅਰਥ ਹਨ, ਉਹ ਸਾਰੇ ਸੁਆਹ (ਸਮਾਨ ਹੀ) ਦਿੱਸਦੇ ਹਨ ॥੧॥ ਰਹਾਉ ॥

ਗ੍ਰਿਹਿ ਅੰਧ ਕੂਪ ਪਤਿਤ ਪ੍ਰਾਣੀ ਨਰਕ ਘੋਰ ਗੁਬਾਰ ॥

(ਨਿਰੀ ਮਾਇਆ ਦੀ ਖ਼ਾਤਰ ਦੌੜ-ਭੱਜ ਕਰਨ ਵਾਲਾ) ਪ੍ਰਾਣੀ ਘੁੱਪ ਹਨੇਰੇ ਨਰਕ-ਸਮਾਨ ਗ੍ਰਿਹਸਤ ਦੇ ਅੰਨ੍ਹੇ ਖੂਹ ਵਿਚ ਡਿੱਗਾ ਰਹਿੰਦਾ ਹੈ।

ਅਨਿਕ ਜੋਨੀ ਭ੍ਰਮਤ ਹਾਰਿਓ ਭ੍ਰਮਤ ਬਾਰੰ ਬਾਰ ॥੧॥

ਉਹ ਅਨੇਕਾਂ ਜੂਨਾਂ ਵਿਚ ਭਟਕਦਾ ਮੁੜ ਮੁੜ ਭਟਕਦਾ ਥੱਕ ਜਾਂਦਾ ਹੈ (ਜੀਵਨ-ਸੱਤਿਆ ਗਵਾ ਬੈਠਦਾ ਹੈ) ॥੧॥

ਪਤਿਤ ਪਾਵਨ ਭਗਤਿ ਬਛਲ ਦੀਨ ਕਿਰਪਾ ਧਾਰ ॥

ਹੇ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ! ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਗਰੀਬਾਂ ਉੱਤੇ ਮਿਹਰ ਕਰਨ ਵਾਲੇ!

ਕਰ ਜੋੜਿ ਨਾਨਕੁ ਦਾਨੁ ਮਾਂਗੈ ਸਾਧਸੰਗਿ ਉਧਾਰ ॥੨॥੭੬॥੯੯॥

(ਤੇਰਾ ਦਾਸ) ਨਾਨਕ ਦੋਵੇਂ ਹੱਥ ਜੋੜ ਕੇ ਇਹ ਦਾਨ ਮੰਗਦਾ ਹੈ ਕਿ ਸਾਧ ਸੰਗਤ ਵਿਚ ਰੱਖ ਕੇ (ਮੈਨੂੰ ਮਾਇਆ-ਵੇੜ੍ਹੇ ਅੰਨ੍ਹੇ ਖੂਹ ਵਿਚੋਂ) ਬਚਾ ਲੈ ॥੨॥੭੬॥੯੯॥


ਸਾਰਗ ਮਹਲਾ ੫ ॥
ਬਿਰਾਜਿਤ ਰਾਮ ਕੋ ਪਰਤਾਪ ॥

(ਜਿਸ ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦੇ ਨਾਮ ਦਾ ਬਲ ਆ ਟਿਕਦਾ ਹੈ,

ਆਧਿ ਬਿਆਧਿ ਉਪਾਧਿ ਸਭ ਨਾਸੀ ਬਿਨਸੇ ਤੀਨੈ ਤਾਪ ॥੧॥ ਰਹਾਉ ॥

ਉਸ ਦੇ ਅੰਦਰੋਂ ਆਧੀ ਬਿਆਧੀ ਉਪਾਧੀ-ਇਹ ਤਿੰਨੇ ਹੀ ਤਾਪ ਬਿਲਕੁਲ ਮੁੱਕ ਜਾਂਦੇ ਹਨ ॥੧॥ ਰਹਾਉ ॥

ਤ੍ਰਿਸਨਾ ਬੁਝੀ ਪੂਰਨ ਸਭ ਆਸਾ ਚੂਕੇ ਸੋਗ ਸੰਤਾਪ ॥

(ਜਿਸ ਮਨੁੱਖ ਦੇ ਅੰਦਰ ਹਰਿ-ਨਾਮ ਦਾ ਬਲ ਹੈ, ਉਸ ਦੀ) ਤ੍ਰਿਸ਼ਨਾ ਮਿਟ ਜਾਂਦੀ ਹੈ, ਉਸ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ, ਉਸ ਦੇ ਅੰਦਰੋਂ ਗਮ ਕਲੇਸ਼ ਮੁੱਕ ਜਾਂਦੇ ਹਨ।

ਗੁਣ ਗਾਵਤ ਅਚੁਤ ਅਬਿਨਾਸੀ ਮਨ ਤਨ ਆਤਮ ਧ੍ਰਾਪ ॥੧॥

ਅਬਿਨਾਸ਼ੀ ਅਤੇ ਨਾਸ-ਰਹਿਤ ਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ ਉਸ ਦਾ ਮਨ ਉਸ ਦਾ ਤਨ ਉਸ ਦੀ ਜਿੰਦ (ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ ॥੧॥

ਕਾਮ ਕ੍ਰੋਧ ਲੋਭ ਮਦ ਮਤਸਰ ਸਾਧੂ ਕੈ ਸੰਗਿ ਖਾਪ ॥

ਹੇ ਪ੍ਰਭੂ! ਮੈਨੂੰ ਸਾਧ ਸੰਗਤ ਵਿਚ ਰੱਖ ਕੇ (ਮੇਰੇ ਅੰਦਰੋਂ) ਕਾਮ ਕ੍ਰੋਧ ਲੋਭ ਹਉਮੈ ਅਤੇ ਈਰਖਾ (ਆਦਿਕ ਵਿਕਾਰ) ਨਾਸ ਕਰ।

ਭਗਤਿ ਵਛਲ ਭੈ ਕਾਟਨਹਾਰੇ ਨਾਨਕ ਕੇ ਮਾਈ ਬਾਪ ॥੨॥੭੭॥੧੦੦॥

ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਸਾਰੇ ਡਰ ਦੂਰ ਕਰਨ ਵਾਲੇ! ਹੇ ਨਾਨਕ ਦੇ ਮਾਂ-ਪਿਉ (ਵਾਂਗ ਪਾਲਣਾ ਕਰਨ ਵਾਲੇ)! (ਮੇਰੀ ਨਾਨਕ ਦੀ ਇਹ ਬੇਨਤੀ ਪ੍ਰਵਾਨ ਕਰ) ॥੨॥੭੭॥੧੦੦॥


ਸਾਰਗ ਮਹਲਾ ੫ ॥
ਆਤੁਰੁ ਨਾਮ ਬਿਨੁ ਸੰਸਾਰ ॥

(ਪਰਮਾਤਮਾ ਦੇ) ਨਾਮ ਨੂੰ ਭੁਲਾ ਕੇ ਜਗਤ ਵਿਆਕੁਲ ਹੋਇਆ ਰਹਿੰਦਾ ਹੈ,

ਤ੍ਰਿਪਤਿ ਨ ਹੋਵਤ ਕੂਕਰੀ ਆਸਾ ਇਤੁ ਲਾਗੋ ਬਿਖਿਆ ਛਾਰ ॥੧॥ ਰਹਾਉ ॥

ਇਸ ਸੁਆਹ-ਸਮਾਨ ਮਾਇਆ ਵਿਚ ਹੀ ਲੱਗਾ ਰਹਿੰਦਾ ਹੈ (ਚੰਬੜਿਆ ਰਹਿੰਦਾ ਹੈ) ਕੁੱਤੀ ਦੇ ਸੁਭਾਵ ਵਾਲੀ (ਜਗਤ ਦੀ) ਲਾਲਸਾ ਕਦੇ ਰੱਜਦੀ ਨਹੀਂ ॥੧॥ ਰਹਾਉ ॥

ਪਾਇ ਠਗਉਰੀ ਆਪਿ ਭੁਲਾਇਓ ਜਨਮਤ ਬਾਰੋ ਬਾਰ ॥

(ਪਰ, ਜੀਵ ਦੇ ਭੀ ਕੀਹ ਵੱਸ? ਪਰਮਾਤਮਾ ਨੇ ਮਾਇਆ ਦੀ) ਠਗ-ਬੂਟੀ ਪਾ ਕੇ ਆਪ ਹੀ (ਜਗਤ ਨੂੰ) ਕੁਰਾਹੇ ਪਾ ਰਖਿਆ ਹੈ, (ਕੁਰਾਹੇ ਪੈ ਕੇ ਜੀਵ) ਮੁੜ ਮੁੜ ਜੂਨਾਂ ਵਿਚ ਰਹਿੰਦਾ ਹੈ,

ਹਰਿ ਕਾ ਸਿਮਰਨੁ ਨਿਮਖ ਨ ਸਿਮਰਿਓ ਜਮਕੰਕਰ ਕਰਤ ਖੁਆਰ ॥੧॥

ਅੱਖ ਝਮਕਣ ਜਿਤਨੇ ਸਮੇ ਲਈ ਭੀ (ਜੀਵ) ਪਰਮਾਤਮਾ (ਦੇ ਨਾਮ) ਦਾ ਸਿਮਰਨ ਨਹੀਂ ਕਰਦਾ, ਜਮਦੂਤ ਇਸ ਨੂੰ ਖ਼ੁਆਰ ਕਰਦੇ ਰਹਿੰਦੇ ਹਨ ॥੧॥

ਹੋਹੁ ਕ੍ਰਿਪਾਲ ਦੀਨ ਦੁਖ ਭੰਜਨ ਤੇਰਿਆ ਸੰਤਹ ਕੀ ਰਾਵਾਰ ॥

ਹੇ ਗਰੀਬਾਂ ਦੇ ਦੁੱਖ ਨਾਸ ਕਰਨ ਵਾਲੇ! (ਦਾਸ ਨਾਨਕ ਉੱਤੇ) ਦਇਆਵਾਨ ਹੋ, (ਤੇਰਾ ਦਾਸ) ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹੇ।

ਨਾਨਕ ਦਾਸੁ ਦਰਸੁ ਪ੍ਰਭ ਜਾਚੈ ਮਨ ਤਨ ਕੋ ਆਧਾਰ ॥੨॥੭੮॥੧੦੧॥

ਹੇ ਪ੍ਰਭੂ! (ਤੇਰਾ) ਦਾਸ ਨਾਨਕ ਤੇਰਾ ਦਰਸਨ ਮੰਗਦਾ ਹੈ, ਇਹੀ (ਇਸ ਦੇ) ਮਨ ਦਾ ਤਨ ਦਾ ਆਸਰਾ ਹੈ ॥੨॥੭੮॥੧੦੧॥


ਸਾਰਗ ਮਹਲਾ ੫ ॥
ਮੈਲਾ ਹਰਿ ਕੇ ਨਾਮ ਬਿਨੁ ਜੀਉ ॥

ਪਰਮਾਤਮਾ ਦੇ ਨਾਮ ਤੋਂ ਬਿਨਾ ਜੀਵ ਵਿਕਾਰਾਂ ਨਾਲ ਭਰਿਆ ਰਹਿੰਦਾ ਹੈ।

ਤਿਨਿ ਪ੍ਰਭਿ ਸਾਚੈ ਆਪਿ ਭੁਲਾਇਆ ਬਿਖੈ ਠਗਉਰੀ ਪੀਉ ॥੧॥ ਰਹਾਉ ॥

(ਪਰ ਜੀਵ ਦੇ ਭੀ ਕੀਹ ਵੱਸ?) ਉਸ ਸਦਾ-ਥਿਰ ਪ੍ਰਭੂ ਨੇ ਆਪ ਹੀ ਇਸ ਨੂੰ ਕੁਰਾਹੇ ਪਾਇਆ ਹੋਇਆ ਹੈ ਕਿ ਵਿਸ਼ਿਆਂ ਦੀ ਠਗ-ਬੂਟੀ (ਘੋਟ ਘੋਟ ਕੇ) ਪੀਂਦਾ ਰਹੁ ॥੧॥ ਰਹਾਉ ॥

ਕੋਟਿ ਜਨਮ ਭ੍ਰਮਤੌ ਬਹੁ ਭਾਂਤੀ ਥਿਤਿ ਨਹੀ ਕਤਹੂ ਪਾਈ ॥

ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ ਕਈ ਤਰੀਕਿਆਂ ਨਾਲ ਕ੍ਰੋੜਾਂ ਜਨਮਾਂ ਵਿਚ ਭਟਕਦਾ ਰਹਿੰਦਾ ਹੈ, ਕਿਤੇ ਭੀ (ਇਸ ਗੇੜ ਵਿਚੋਂ ਇਸ ਨੂੰ) ਖੁਲੀਰ ਨਹੀਂ ਮਿਲਦੀ।

ਪੂਰਾ ਸਤਿਗੁਰੁ ਸਹਜਿ ਨ ਭੇਟਿਆ ਸਾਕਤੁ ਆਵੈ ਜਾਈ ॥੧॥

ਆਤਮਕ ਅਡੋਲਤਾ ਵਿਚ (ਅਪੜਾਣ ਵਾਲਾ) ਪੂਰਾ ਗੁਰੂ ਇਸ ਨੂੰ ਨਹੀਂ ਮਿਲਦਾ (ਇਸ ਵਾਸਤੇ ਸਦਾ) ਜੰਮਦਾ ਮਰਦਾ ਰਹਿੰਦਾ ਹੈ ॥੧॥

ਰਾਖਿ ਲੇਹੁ ਪ੍ਰਭ ਸੰਮ੍ਰਿਥ ਦਾਤੇ ਤੁਮ ਪ੍ਰਭ ਅਗਮ ਅਪਾਰ ॥

ਹੇ ਸਭ ਤਾਕਤਾਂ ਦੇ ਮਾਲਕ ਪ੍ਰਭੂ! ਹੇ ਸਭ ਦਾਤਾਂ ਦੇਣ ਵਾਲੇ! ਅਸਾਂ ਜੀਵਾਂ ਵਾਸਤੇ ਤੂੰ ਅਪਹੁੰਚ ਹੈਂ ਬੇਅੰਤ ਹੈਂ, ਤੂੰ ਆਪ ਹੀ ਰੱਖਿਆ ਕਰ।

ਨਾਨਕ ਦਾਸ ਤੇਰੀ ਸਰਣਾਈ ਭਵਜਲੁ ਉਤਰਿਓ ਪਾਰ ॥੨॥੭੯॥੧੦੨॥

ਹੇ ਨਾਨਕ! (ਜਿਹੜਾ ਤੇਰਾ) ਦਾਸ ਤੇਰੀ ਸਰਨ ਆਉਂਦਾ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੨॥੭੯॥੧੦੨॥


ਸਾਰਗ ਮਹਲਾ ੫ ॥
ਰਮਣ ਕਉ ਰਾਮ ਕੇ ਗੁਣ ਬਾਦ ॥

ਪਰਮਾਤਮਾ ਦੇ ਗੁਣਾਂ ਦਾ ਉਚਾਰਨ-ਇਹ ਹੀ ਸਿਮਰਨ ਵਾਸਤੇ (ਸ੍ਰੇਸ਼ਟ ਦਾਤ ਹੈ)।

ਸਾਧਸੰਗਿ ਧਿਆਈਐ ਪਰਮੇਸਰੁ ਅੰਮ੍ਰਿਤ ਜਾ ਕੇ ਸੁਆਦ ॥੧॥ ਰਹਾਉ ॥

ਜਿਸ ਪਰਮੇਸਰ ਦੇ (ਨਾਮ ਜਪਣ ਦੇ) ਰਸ ਆਤਮਕ ਜੀਵਨ ਦੇਣ ਵਾਲੇ ਹਨ, ਉਸ ਦਾ ਧਿਆਨ ਸਾਧ ਸੰਗਤ ਵਿਚ ਟਿਕ ਕੇ ਧਰਨਾ ਚਾਹੀਦਾ ਹੈ ॥੧॥ ਰਹਾਉ ॥

ਸਿਮਰਤ ਏਕੁ ਅਚੁਤ ਅਬਿਨਾਸੀ ਬਿਨਸੇ ਮਾਇਆ ਮਾਦ ॥

ਅਬਿਨਾਸੀ ਨਾਸ-ਰਹਿਤ ਪ੍ਰਭੂ ਦਾ ਨਾਮ ਸਿਮਰਦਿਆਂ ਮਾਇਆ ਦੇ ਸਾਰੇ ਨਸ਼ੇ ਨਾਸ ਹੋ ਜਾਂਦੇ ਹਨ।

ਸਹਜ ਅਨਦ ਅਨਹਦ ਧੁਨਿ ਬਾਣੀ ਬਹੁਰਿ ਨ ਭਏ ਬਿਖਾਦ ॥੧॥

(ਸਿਮਰਨ ਵਾਲੇ ਦੇ ਅੰਦਰ) ਆਤਮਕ ਅਡੋਲਤਾ ਦੇ ਆਨੰਦ ਬਣੇ ਰਹਿੰਦੇ ਹਨ, ਸਿਫ਼ਤ-ਸਾਲਾਹ ਦੀ ਬਾਣੀ ਦੀ ਇਕ-ਰਸ ਰੌ ਜਾਰੀ ਹੋ ਜਾਂਦੀ ਹੈ, ਉਸ ਦੇ ਮਨ ਵਿਚ ਦੁੱਖ-ਕਲੇਸ਼ ਨਹੀਂ ਰਹਿ ਜਾਂਦੇ ॥੧॥

ਸਨਕਾਦਿਕ ਬ੍ਰਹਮਾਦਿਕ ਗਾਵਤ ਗਾਵਤ ਸੁਕ ਪ੍ਰਹਿਲਾਦ ॥

ਸਨਕ ਆਦਿਕ ਬ੍ਰਹਮਾ ਦੇ ਚਾਰੇ ਪੁੱਤਰ, ਬ੍ਰਹਮਾ ਆਦਿਕ ਦੇਵਤੇ (ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ) ਗਾਂਦੇ ਰਹਿੰਦੇ ਹਨ। ਸੁਕਦੇਵ ਰਿਸ਼ੀ ਪ੍ਰਹਿਲਾਦ ਭਗਤ ਆਦਿਕ ਉਸ ਦੇ ਗੁਣ ਗਾਂਦੇ ਹਨ।

ਪੀਵਤ ਅਮਿਉ ਮਨੋਹਰ ਹਰਿ ਰਸੁ ਜਪਿ ਨਾਨਕ ਹਰਿ ਬਿਸਮਾਦ ॥੨॥੮੦॥੧੦੩॥

ਹੇ ਨਾਨਕ! ਮਨ ਨੂੰ ਮੋਹਣ ਵਾਲੇ ਹਰੀ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਰਸ ਪੀਂਦਿਆਂ, ਹਰੀ ਦਾ ਨਾਮ ਜਪ ਜਪ ਕੇ ਮਨੁੱਖ ਦੇ ਅੰਦਰ ਉਹ ਅਵਸਥਾ ਪੈਦਾ ਹੋ ਜਾਂਦੀ ਹੈ ਕਿ ਜਿਥੇ ਇਹ ਸਦਾ ਵਾਹ-ਵਾਹ ਦੀ ਮਸਤੀ ਵਿਚ ਟਿਕਿਆ ਰਹਿੰਦਾ ਹੈ ॥੨॥੮੦॥੧੦੩॥


ਸਾਰਗ ਮਹਲਾ ੫ ॥
ਕੀਨ੍ਰੇ ਪਾਪ ਕੇ ਬਹੁ ਕੋਟ ॥

(ਹਰਿ-ਨਾਮ ਤੋਂ ਖੁੰਝ ਕੇ) ਮਨੁੱਖ ਪਾਪਾਂ ਦੀਆਂ ਅਨੇਕਾਂ ਵਲਗਣਾਂ (ਆਪਣੀ ਜਿੰਦ ਦੇ ਦੁਆਲੇ) ਖੜੀਆਂ ਕਰਦਾ ਜਾਂਦਾ ਹੈ।

ਦਿਨਸੁ ਰੈਨੀ ਥਕਤ ਨਾਹੀ ਕਤਹਿ ਨਾਹੀ ਛੋਟ ॥੧॥ ਰਹਾਉ ॥

ਦਿਨ ਰਾਤ (ਪਾਪ ਕਰਦਿਆਂ) ਥੱਕਦਾ ਨਹੀਂ (ਸਾਧ ਸੰਗਤ ਤੋਂ ਬਿਨਾ ਹੋਰ) ਕਿਤੇ ਭੀ (ਪਾਪਾਂ ਤੋਂ) ਇਸ ਦੀ ਖ਼ਲਾਸੀ ਨਹੀਂ ਹੋ ਸਕਦੀ ॥੧॥ ਰਹਾਉ ॥

ਮਹਾ ਬਜਰ ਬਿਖ ਬਿਆਧੀ ਸਿਰਿ ਉਠਾਈ ਪੋਟ ॥

(ਹਰਿ-ਨਾਮ ਤੋਂ ਖੁੰਝ ਕੇ) ਮਨੁੱਖ ਬੜੇ ਕਰੜੇ ਅਤੇ ਆਤਮਕ ਮੌਤ ਲਿਆਉਣ ਵਾਲੇ ਰੋਗਾਂ ਦੀ ਪੋਟਲੀ (ਆਪਣੇ) ਸਿਰ ਉਤੇ ਚੁੱਕੀ ਰੱਖਦਾ ਹੈ।

ਉਘਰਿ ਗਈਆਂ ਖਿਨਹਿ ਭੀਤਰਿ ਜਮਹਿ ਗ੍ਰਾਸੇ ਝੋਟ ॥੧॥

ਜਦੋਂ ਜਮਾਂ ਨੇ (ਆ ਕੇ) ਕੇਸਾਂ ਤੋਂ ਫੜ ਲਿਆ, ਤਦੋਂ ਇਕ ਖਿਨ ਵਿਚ ਹੀ (ਇਸ ਦੀਆਂ) ਅੱਖਾਂ ਉਘੜ ਆਉਂਦੀਆਂ ਹਨ (ਪਰ ਤਦੋਂ ਕੀਹ ਲਾਭ?) ॥੧॥

ਪਸੁ ਪਰੇਤ ਉਸਟ ਗਰਧਭ ਅਨਿਕ ਜੋਨੀ ਲੇਟ ॥

(ਪਾਪਾਂ ਦੀਆਂ ਪੰਡਾਂ ਦੇ ਕਾਰਨ) ਜੀਵ ਪਸ਼ੂ, ਪ੍ਰੇਤ, ਊਂਠ, ਖੋਤਾ ਆਦਿਕ ਅਨੇਕਾਂ ਜੂਨਾਂ ਵਿਚ ਰੁਲਦਾ ਫਿਰਦਾ ਹੈ।

ਭਜੁ ਸਾਧਸੰਗਿ ਗੋਬਿੰਦ ਨਾਨਕ ਕਛੁ ਨ ਲਾਗੈ ਫੇਟ ॥੨॥੮੧॥੧੦੪॥

ਹੇ ਨਾਨਕ! ਸਾਧ ਸੰਗਤ ਵਿਚ ਟਿਕ ਕੇ ਪਰਮਾਤਮਾ ਦਾ ਭਜਨ ਕਰਿਆ ਕਰ, ਫਿਰ (ਜਮਾਂ ਦੀ) ਰਤਾ ਭਰ ਭੀ ਚੋਟ ਨਹੀਂ ਲੱਗੇਗੀ ॥੨॥੮੧॥੧੦੪॥


ਸਾਰਗ ਮਹਲਾ ੫ ॥
ਅੰਧੇ ਖਾਵਹਿ ਬਿਸੂ ਕੇ ਗਟਾਕ ॥

(ਮਾਇਆ ਦੇ ਮੋਹ ਵਿਚ) ਅੰਨ੍ਹੇ ਹੋ ਚੁਕੇ ਮਨੁੱਖ ਆਤਮਕ ਮੌਤ ਲਿਆਉਣ ਵਾਲੇ ਪਦਾਰਥ ਹੀ ਖ਼ੁਸ਼ ਹੋ ਹੋ ਕੇ ਖਾਂਦੇ ਰਹਿੰਦੇ ਹਨ।

ਨੈਨ ਸ੍ਰਵਨ ਸਰੀਰੁ ਸਭੁ ਹੁਟਿਓ ਸਾਸੁ ਗਇਓ ਤਤ ਘਾਟ ॥੧॥ ਰਹਾਉ ॥

(ਆਖ਼ਿਰ ਮੌਤ ਸਿਰ ਤੇ ਆ ਜਾਂਦੀ ਹੈ), ਅੱਖਾਂ, ਕੰਨ, ਸਰੀਰ-ਹਰੇਕ ਅੰਗ ਕੰਮ ਕਰਨੋਂ ਰਹਿ ਜਾਂਦਾ ਹੈ, ਤੇ, ਸਾਹ ਭੀ ਖ਼ਤਮ ਹੋ ਜਾਂਦਾ ਹੈ ॥੧॥ ਰਹਾਉ ॥

ਅਨਾਥ ਰਞਾਣਿ ਉਦਰੁ ਲੇ ਪੋਖਹਿ ਮਾਇਆ ਗਈਆ ਹਾਟਿ ॥

(ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਮਨੁੱਖ) ਕਮਜ਼ੋਰਾਂ ਨੂੰ ਦੁੱਖ ਦੇ ਦੇ ਕੇ ਆਪਣਾ ਪੇਟ ਪਾਲਦੇ ਰਹਿੰਦੇ ਹਨ (ਪਰ ਮੌਤ ਆਉਣ ਤੇ) ਉਹ ਮਾਇਆ ਭੀ ਸਾਥ ਛੱਡ ਦੇਂਦੀ ਹੈ।

ਕਿਲਬਿਖ ਕਰਤ ਕਰਤ ਪਛੁਤਾਵਹਿ ਕਬਹੁ ਨ ਸਾਕਹਿ ਛਾਂਟਿ ॥੧॥

ਅਜਿਹੇ ਮਨੁੱਖ ਪਾਪ ਕਰਦਿਆਂ ਕਰਦਿਆਂ ਪਛਤਾਂਦੇ ਭੀ ਹਨ, (ਪਰ ਇਹਨਾਂ ਪਾਪਾਂ ਨੂੰ) ਛੱਡ ਨਹੀਂ ਸਕਦੇ ॥੧॥

ਨਿੰਦਕੁ ਜਮਦੂਤੀ ਆਇ ਸੰਘਾਰਿਓ ਦੇਵਹਿ ਮੂੰਡ ਉਪਰਿ ਮਟਾਕ ॥

(ਇਹੀ ਹਾਲ ਹੁੰਦਾ ਹੈ ਨਿੰਦਕ ਮਨੁੱਖ ਦਾ। ਨਿੰਦਕ ਸਾਰੀ ਉਮਰ ਸੰਤ ਜਨਾਂ ਉਤੇ ਦੂਸ਼ਣ ਲਾਂਦਾ ਰਹਿੰਦਾ ਹੈ, ਆਖ਼ਿਰ ਜਦੋਂ) ਜਮਦੂਤ ਨਿੰਦਕ ਨੂੰ ਆ ਫੜਦੇ ਹਨ, ਉਸ ਦੇ ਸਿਰ ਉੱਤੇ (ਮੌਤ ਦੀ) ਚੋਟ ਆ ਚਲਾਂਦੇ ਹਨ।

ਨਾਨਕ ਆਪਨ ਕਟਾਰੀ ਆਪਸ ਕਉ ਲਾਈ ਮਨੁ ਅਪਨਾ ਕੀਨੋ ਫਾਟ ॥੨॥੮੨॥੧੦੫॥

ਹੇ ਨਾਨਕ! (ਸਾਰੀ ਉਮਰ) ਨਿੰਦਕ ਆਪਣੀ ਛੁਰੀ ਆਪਣੇ ਉੱਤੇ ਹੀ ਚਲਾਂਦਾ ਰਹਿੰਦਾ ਹੈ, ਆਪਣੇ ਹੀ ਮਨ ਨੂੰ ਨਿੰਦਾ ਦੇ ਜ਼ਖ਼ਮ ਲਾਂਦਾ ਰਹਿੰਦਾ ਹੈ ॥੨॥੮੨॥੧੦੫॥


ਸਾਰਗ ਮਹਲਾ ੫ ॥
ਟੂਟੀ ਨਿੰਦਕ ਕੀ ਅਧ ਬੀਚ ॥

ਸੰਤ ਜਨਾਂ ਦੀ ਨਿੰਦਾ ਕਰਨ ਵਾਲੇ ਮਨੁੱਖ ਦੀ ਜ਼ਿੰਦਗੀ ਨਿਸਫਲ ਜਾਂਦੀ ਹੈ।

ਜਨ ਕਾ ਰਾਖਾ ਆਪਿ ਸੁਆਮੀ ਬੇਮੁਖ ਕਉ ਆਇ ਪਹੂਚੀ ਮੀਚ ॥੧॥ ਰਹਾਉ ॥

ਮਾਲਕ-ਪ੍ਰਭੂ ਆਪ ਆਪਣੇ ਸੇਵਕ ਦੀ ਰੱਖਿਆ ਕਰਨ ਵਾਲਾ ਹੈ, ਪਰ ਜਿਹੜਾ ਮਨੁੱਖ ਸੰਤ ਜਨਾਂ ਤੋਂ ਮੂੰਹ ਮੋੜੀ ਰੱਖਦਾ ਹੈ, ਉਹ ਆਤਮਕ ਮੌਤ ਸਹੇੜ ਲੈਂਦਾ ਹੈ ॥੧॥ ਰਹਾਉ ॥

ਉਸ ਕਾ ਕਹਿਆ ਕੋਇ ਨ ਸੁਣਈ ਕਹੀ ਨ ਬੈਸਣੁ ਪਾਵੈ ॥

ਸੰਤ ਜਨਾਂ ਦੀ ਨਿੰਦਾ ਕਰਨ ਵਾਲੇ ਮਨੁੱਖ ਦੀ ਗੱਲ ਉੱਤੇ ਕੋਈ ਇਤਬਾਰ ਨਹੀਂ ਕਰਦਾ, ਉਸ ਨੂੰ ਕਿਤੇ ਭੀ ਇੱਜ਼ਤ ਵਾਲੀ ਥਾਂ ਨਹੀਂ ਮਿਲਦੀ।

ਈਹਾਂ ਦੁਖੁ ਆਗੈ ਨਰਕੁ ਭੁੰਚੈ ਬਹੁ ਜੋਨੀ ਭਰਮਾਵੈ ॥੧॥

ਨਿੰਦਕ ਇਸ ਲੋਕ ਵਿਚ ਦੁੱਖ ਪਾਂਦਾ ਹੈ, (ਕਿਉਂਕਿ ਕੋਈ ਉਸ ਦੀ ਇੱਜ਼ਤ ਨਹੀਂ ਕਰਦਾ), ਪਰਲੋਕ ਵਿਚ ਉਹ ਨਰਕ ਭੋਗਦਾ ਹੈ, ਅਨੇਕਾਂ ਜੂਨਾਂ ਵਿਚ ਭਟਕਦਾ ਹੈ ॥੧॥

ਪ੍ਰਗਟੁ ਭਇਆ ਖੰਡੀ ਬ੍ਰਹਮੰਡੀ ਕੀਤਾ ਅਪਣਾ ਪਾਇਆ ॥

ਸੰਤ ਜਨਾਂ ਦੀ ਨਿੰਦਾ ਕਰਨ ਵਾਲਾ ਮਨੁੱਖ ਆਪਣੇ (ਇਸ) ਕੀਤੇ ਦਾ (ਇਹ) ਫਲ ਪਾਂਦਾ ਹੈ ਕਿ ਸਾਰੇ ਜਗਤ ਵਿਚ ਬਦਨਾਮ ਹੋ ਜਾਂਦਾ ਹੈ।

ਨਾਨਕ ਸਰਣਿ ਨਿਰਭਉ ਕਰਤੇ ਕੀ ਅਨਦ ਮੰਗਲ ਗੁਣ ਗਾਇਆ ॥੨॥੮੩॥੧੦੬॥

ਹੇ ਨਾਨਕ! (ਪ੍ਰਭੂ ਦਾ ਸੇਵਕ) ਨਿਰਭਉ ਕਰਤਾਰ ਦੀ ਸਰਨ ਪਿਆ ਰਹਿੰਦਾ ਹੈ, ਪ੍ਰਭੂ ਦੇ ਗੁਣ ਗਾਂਦਾ ਹੈ, ਉਸ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ, ਆਤਮਕ ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ ॥੨॥੮੩॥੧੦੬॥

ਸਾਰਗ ਮਹਲਾ ੫ ॥
ਤ੍ਰਿਸਨਾ ਚਲਤ ਬਹੁ ਪਰਕਾਰਿ ॥

(ਮਨੁੱਖ ਦੇ ਅੰਦਰ) ਤ੍ਰਿਸ਼ਨਾ ਕਈ ਤਰੀਕਿਆਂ ਨਾਲ ਦੌੜ-ਭੱਜ ਕਰਦੀ ਰਹਿੰਦੀ ਹੈ।

ਪੂਰਨ ਹੋਤ ਨ ਕਤਹੁ ਬਾਤਹਿ ਅੰਤਿ ਪਰਤੀ ਹਾਰਿ ॥੧॥ ਰਹਾਉ ॥

ਕਿਸੇ ਭੀ ਗੱਲ ਨਾਲ (ਇਹ ਤ੍ਰਿਸ਼ਨਾ) ਰੱਜਦੀ ਨਹੀਂ, (ਜ਼ਿੰਦਗੀ ਦੇ ਅਖ਼ੀਰ ਤਕ) ਇਹ ਸਿਰੇ ਨਹੀਂ ਚੜ੍ਹਦੀ (ਹੋਰ ਹੋਰ ਵਧਦੀ ਹੀ ਰਹਿੰਦੀ ਹੈ) ॥੧॥ ਰਹਾਉ ॥

ਸਾਂਤਿ ਸੂਖ ਨ ਸਹਜੁ ਉਪਜੈ ਇਹੈ ਇਸੁ ਬਿਉਹਾਰਿ ॥

(ਤ੍ਰਿਸ਼ਨਾ ਦੇ ਕਾਰਨ ਮਨੁੱਖ ਦੇ ਮਨ ਵਿਚ ਕਦੇ) ਸ਼ਾਂਤੀ ਨਹੀਂ ਪੈਦਾ ਹੁੰਦੀ, ਆਨੰਦ ਨਹੀਂ ਬਣਦਾ, ਆਤਮਕ ਅਡੋਲਤਾ ਨਹੀਂ ਉਪਜਦੀ।

ਆਪ ਪਰ ਕਾ ਕਛੁ ਨ ਜਾਨੈ ਕਾਮ ਕ੍ਰੋਧਹਿ ਜਾਰਿ ॥੧॥

ਬੱਸ! ਇਸ ਤ੍ਰਿਸ਼ਨਾ ਦਾ (ਸਦਾ) ਇਹੀ ਵਿਹਾਰ ਹੈ। ਕਾਮ ਅਤੇ ਕ੍ਰੋਧ ਨਾਲ (ਇਹ ਤ੍ਰਿਸ਼ਨਾ ਮਨੁੱਖ ਦਾ ਅੰਦਰਲਾ) ਸਾੜ ਦੇਂਦੀ ਹੈ, ਕਿਸੇ ਦਾ ਲਿਹਾਜ਼ ਨਹੀਂ ਕਰਦੀ ॥੧॥

ਸੰਸਾਰ ਸਾਗਰੁ ਦੁਖਿ ਬਿਆਪਿਓ ਦਾਸ ਲੇਵਹੁ ਤਾਰਿ ॥

ਤ੍ਰਿਸ਼ਨਾ ਦੇ ਕਾਰਨ ਜੀਵ ਉਤੇ ਸੰਸਾਰ-ਸਮੁੰਦਰ ਆਪਣਾ ਜ਼ੋਰ ਪਾਈ ਰੱਖਦਾ ਹੈ, (ਜੀਵ) ਦੁੱਖ ਵਿਚ ਫਸਿਆ ਰਹਿੰਦਾ ਹੈ। (ਪਰ, ਹੇ ਪ੍ਰਭੂ!) ਤੂੰ ਆਪਣੇ ਸੇਵਕਾਂ ਨੂੰ (ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈਂ।

ਚਰਨ ਕਮਲ ਸਰਣਾਇ ਨਾਨਕ ਸਦ ਸਦਾ ਬਲਿਹਾਰਿ ॥੨॥੮੪॥੧੦੭॥

ਨਾਨਕ ਆਖਦਾ ਹੈ- (ਹੇ ਪ੍ਰਭੂ!) ਮੈਂ (ਭੀ) ਤੇਰੇ ਸੋਹਣੇ ਚਰਨਾਂ ਦੀ ਸਰਨ ਆਇਆ ਹਾਂ, ਮੈਂ ਤੈਥੋਂ ਸਦਾ ਸਦਾ ਸਦਕੇ ਜਾਂਦਾ ਹਾਂ ॥੨॥੮੪॥੧੦੭॥


ਸਾਰਗ ਮਹਲਾ ੫ ॥
ਰੇ ਪਾਪੀ ਤੈ ਕਵਨ ਕੀ ਮਤਿ ਲੀਨ ॥

ਹੇ ਪਾਪੀ! ਤੂੰ ਕਿਸ ਦੀ (ਭੈੜੀ) ਮੱਤ ਲੈ ਲਈ ਹੈ?

ਨਿਮਖ ਘਰੀ ਨ ਸਿਮਰਿ ਸੁਆਮੀ ਜੀਉ ਪਿੰਡੁ ਜਿਨਿ ਦੀਨ ॥੧॥ ਰਹਾਉ ॥

ਜਿਸ ਮਾਲਕ-ਪ੍ਰਭੂ ਨੇ ਤੈਨੂੰ ਇਹ ਜਿੰਦ ਦਿੱਤੀ, ਇਹ ਸਰੀਰ ਦਿੱਤਾ, ਉਸ ਨੂੰ ਤੂੰ ਘੜੀ ਭਰ ਭੀ ਅੱਖ ਝਮਕਣ ਜਿਤਨੇ ਸਮੇ ਲਈ ਭੀ ਯਾਦ ਨਹੀਂ ਕਰਦਾ ॥੧॥ ਰਹਾਉ ॥

ਖਾਤ ਪੀਵਤ ਸਵੰਤ ਸੁਖੀਆ ਨਾਮੁ ਸਿਮਰਤ ਖੀਨ ॥

ਹੇ ਪਾਪੀ! ਖਾਂਦਾ ਪੀਂਦਾ ਸੌਂਦਾ ਤਾਂ ਤੂੰ ਖ਼ੁਸ਼ ਰਹਿੰਦਾ ਹੈਂ, ਪਰ ਪ੍ਰਭੂ ਦਾ ਨਾਮ ਸਿਮਰਦਿਆਂ ਤੂੰ ਆਲਸੀ ਹੋ ਜਾਂਦਾ ਹੈਂ।

ਗਰਭ ਉਦਰ ਬਿਲਲਾਟ ਕਰਤਾ ਤਹਾਂ ਹੋਵਤ ਦੀਨ ॥੧॥

ਜਦੋਂ ਤੂੰ ਮਾਂ ਦੇ ਪੇਟ ਵਿਚ ਸੀ, ਤਦੋਂ ਵਿਲਕਦਾ ਸੀ, ਤਦੋਂ ਤੂੰ ਗਰੀਬੜਾ ਜਿਹਾ ਬਣਿਆ ਰਹਿੰਦਾ ਸੀ ॥੧॥

ਮਹਾ ਮਾਦ ਬਿਕਾਰ ਬਾਧਾ ਅਨਿਕ ਜੋਨਿ ਭ੍ਰਮੀਨ ॥

ਹੇ ਪਾਪੀ! ਵੱਡੇ ਵੱਡੇ ਵਿਕਾਰਾਂ ਦੀ ਮਸਤੀ ਵਿਚ ਬੱਝਾ ਹੋਇਆ ਤੂੰ ਅਨੇਕਾਂ ਜੂਨਾਂ ਵਿਚ ਭਟਕਦਾ ਆ ਰਿਹਾ ਹੈਂ।

ਗੋਬਿੰਦ ਬਿਸਰੇ ਕਵਨ ਦੁਖ ਗਨੀਅਹਿ ਸੁਖੁ ਨਾਨਕ ਹਰਿ ਪਦ ਚੀਨ੍ਰ ॥੨॥੮੫॥੧੦੮॥

ਪਰਮਾਤਮਾ ਦਾ ਨਾਮ ਭੁੱਲਿਆਂ ਇਤਨੇ ਦੁੱਖ ਵਾਪਰਦੇ ਹਨ ਕਿ ਗਿਣੇ ਨਹੀਂ ਜਾ ਸਕਦੇ। ਹੇ ਨਾਨਕ! ਪਰਮਾਤਮਾ ਦੇ ਚਰਨਾਂ ਨਾਲ ਸਾਂਝ ਪਾਇਆਂ ਹੀ ਸੁਖ ਮਿਲਦਾ ਹੈ ॥੨॥੮੫॥੧੦੮॥


ਸਾਰਗ ਮਹਲਾ ੫ ॥
ਮਾਈ ਰੀ ਚਰਨਹ ਓਟ ਗਹੀ ॥

ਹੇ ਮਾਂ! (ਜਦੋਂ ਦਾ) ਪਰਮਾਤਮਾ ਦੇ ਚਰਨਾਂ ਦਾ ਆਸਰਾ ਲਿਆ ਹੈ,

ਦਰਸਨੁ ਪੇਖਿ ਮੇਰਾ ਮਨੁ ਮੋਹਿਓ ਦੁਰਮਤਿ ਜਾਤ ਬਹੀ ॥੧॥ ਰਹਾਉ ॥

(ਉਸ ਦਾ) ਦਰਸਨ ਕਰ ਕੇ ਮੇਰਾ ਮਨ ਮੋਹਿਆ ਗਿਆ ਹੈ, (ਮੇਰੇ ਅੰਦਰੋਂ) ਭੈੜੀ ਮੱਤ ਰੁੜ੍ਹ ਗਈ ਹੈ ॥੧॥ ਰਹਾਉ ॥

ਅਗਹ ਅਗਾਧਿ ਊਚ ਅਬਿਨਾਸੀ ਕੀਮਤਿ ਜਾਤ ਨ ਕਹੀ ॥

ਹੇ ਮਾਂ! ਉਹ ਪਰਮਾਤਮਾ ਅਥਾਹ ਹੈ ਬੇਅੰਤ ਡੂੰਘਾ ਹੈ, ਬਹੁਤ ਉੱਚਾ ਹੈ, ਕਦੇ ਨਹੀਂ ਮਰਦਾ, ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ।

ਜਲਿ ਥਲਿ ਪੇਖਿ ਪੇਖਿ ਮਨੁ ਬਿਗਸਿਓ ਪੂਰਿ ਰਹਿਓ ਸ੍ਰਬ ਮਹੀ ॥੧॥

ਜਲ ਵਿਚ ਧਰਤੀ ਵਿਚ (ਹਰ ਥਾਂ ਉਸ ਨੂੰ) ਵੇਖ ਕੇ ਮੇਰਾ ਮਨ ਖਿੜਿਆ ਰਹਿੰਦਾ ਹੈ। ਹੇ ਮਾਂ! ਉਹ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈ ॥੧॥

ਦੀਨ ਦਇਆਲ ਪ੍ਰੀਤਮ ਮਨਮੋਹਨ ਮਿਲਿ ਸਾਧਹ ਕੀਨੋ ਸਹੀ ॥

ਹੇ ਮਾਂ! ਸਾਧ ਸੰਗਤ ਵਿਚ ਮਿਲ ਕੇ ਗਰੀਬਾਂ ਉਤੇ ਦਇਆ ਕਰਨ ਵਾਲੇ ਅਤੇ ਮਨ ਨੂੰ ਮੋਹ ਲੈਣ ਵਾਲੇ ਪ੍ਰੀਤਮ ਦਾ ਮੈਂ ਦਰਸਨ ਕੀਤਾ ਹੈ।

ਸਿਮਰਿ ਸਿਮਰਿ ਜੀਵਤ ਹਰਿ ਨਾਨਕ ਜਮ ਕੀ ਭੀਰ ਨ ਫਹੀ ॥੨॥੮੬॥੧੦੯॥

ਹੇ ਨਾਨਕ! ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਜੀਵਨ ਮਿਲਦਾ ਹੈ, ਅਤੇ ਜਮਾਂ ਦੀ ਭੀੜ ਵਿਚ ਨਹੀਂ ਫਸੀਦਾ ॥੨॥੮੬॥੧੦੯॥


ਸਾਰਗ ਮਹਲਾ ੫ ॥
ਮਾਈ ਰੀ ਮਨੁ ਮੇਰੋ ਮਤਵਾਰੋ ॥

ਹੇ ਮਾਂ! ਮੇਰਾ ਮਨ (ਪ੍ਰਭੂ ਦੇ ਦੀਦਾਰ ਵਿਚ) ਮਸਤ ਹੋ ਰਿਹਾ ਹੈ।

ਪੇਖਿ ਦਇਆਲ ਅਨਦ ਸੁਖ ਪੂਰਨ ਹਰਿ ਰਸਿ ਰਪਿਓ ਖੁਮਾਰੋ ॥੧॥ ਰਹਾਉ ॥

ਉਸ ਦਇਆ ਦੇ ਸੋਮੇ ਪ੍ਰਭੂ ਦਾ ਦਰਸਨ ਕਰ ਕੇ ਮੇਰੇ ਅੰਦਰ ਪੂਰਨ ਤੌਰ ਤੇ ਆਤਮਕ ਆਨੰਦ ਸੁਖ ਬਣਿਆ ਹੋਇਆ ਹੈ, ਮੇਰਾ ਮਨ ਪ੍ਰੇਮ-ਰਸ ਨਾਲ ਰੰਗਿਆ ਗਿਆ ਹੈ ਤੇ ਮਸਤ ਹੈ ॥੧॥ ਰਹਾਉ ॥

ਨਿਰਮਲ ਭਏ ਊਜਲ ਜਸੁ ਗਾਵਤ ਬਹੁਰਿ ਨ ਹੋਵਤ ਕਾਰੋ ॥

ਹੇ ਮਾਂ! ਪਰਮਾਤਮਾ ਦਾ ਜਸ ਗਾਂਦਿਆਂ ਜਿਸ ਮਨੁੱਖ ਦਾ ਮਨ ਨਿਰਮਲ ਉੱਜਲ ਹੋ ਜਾਂਦਾ ਹੈ, ਉਹ ਮੁੜ (ਵਿਕਾਰਾਂ ਨਾਲ) ਕਾਲਾ ਨਹੀਂ ਹੁੰਦਾ।

ਚਰਨ ਕਮਲ ਸਿਉ ਡੋਰੀ ਰਾਚੀ ਭੇਟਿਓ ਪੁਰਖੁ ਅਪਾਰੋ ॥੧॥

(ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਜਿਸ ਮਨੁੱਖ ਦੇ ਮਨ ਦੀ ਡੋਰ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਜੁੜਦੀ ਹੈ, ਉਸ ਨੂੰ ਬੇਅੰਤ ਪ੍ਰਭੂ ਮਿਲ ਪੈਂਦਾ ਹੈ ॥੧॥

ਕਰੁ ਗਹਿ ਲੀਨੇ ਸਰਬਸੁ ਦੀਨੇ ਦੀਪਕ ਭਇਓ ਉਜਾਰੋ ॥

ਹੇ ਮਾਂ! ਜਿਸ ਮਨੁੱਖ ਦਾ ਹੱਥ ਫੜ ਕੇ ਪ੍ਰਭੂ ਉਸ ਨੂੰ ਆਪਣਾ ਬਣਾ ਲੈਂਦਾ ਹੈ, ਉਸ ਨੂੰ ਸਭ ਕੁਝ ਬਖ਼ਸ਼ਦਾ ਹੈ, ਉਸ ਦੇ ਅੰਦਰ (ਨਾਮ ਦੇ) ਦੀਵੇ ਦਾ ਚਾਨਣ ਹੋ ਜਾਂਦਾ ਹੈ।

ਨਾਨਕ ਨਾਮਿ ਰਸਿਕ ਬੈਰਾਗੀ ਕੁਲਹ ਸਮੂਹਾਂ ਤਾਰੋ ॥੨॥੮੭॥੧੧੦॥

ਹੇ ਨਾਨਕ! ਪਰਮਾਤਮਾ ਦੇ ਨਾਮ ਵਿਚ ਪ੍ਰੀਤ ਪ੍ਰੇਮ ਜੋੜਨ ਵਾਲਾ ਮਨੁੱਖ ਆਪਣੀਆਂ ਸਾਰੀਆਂ ਕੁਲਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੨॥੮੭॥੧੧੦॥


ਸਾਰਗ ਮਹਲਾ ੫ ॥
ਮਾਈ ਰੀ ਆਨ ਸਿਮਰਿ ਮਰਿ ਜਾਂਹਿ ॥

ਹੇ ਮਾਂ! ਉਹ ਮਨੁੱਖ (ਪ੍ਰਭੂ ਤੋਂ ਬਿਨਾ) ਹੋਰ ਨੂੰ ਮਨ ਵਿਚ ਵਸਾਈ ਰੱਖ ਕੇ ਆਤਮਕ ਮੌੜ ਸਹੇੜ ਲੈਂਦੇ ਹਨ,

ਤਿਆਗਿ ਗੋਬਿਦੁ ਜੀਅਨ ਕੋ ਦਾਤਾ ਮਾਇਆ ਸੰਗਿ ਲਪਟਾਹਿ ॥੧॥ ਰਹਾਉ ॥

ਜਿਹੜੇ ਮਨੁੱਖ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲੇ ਪਰਮਾਤਮਾ ਨੂੰ ਛੱਡ ਕੇ (ਸਦਾ) ਮਾਇਆ ਨਾਲ ਚੰਬੜੇ ਰਹਿੰਦੇ ਹਨ ॥੧॥ ਰਹਾਉ ॥

ਨਾਮੁ ਬਿਸਾਰਿ ਚਲਹਿ ਅਨ ਮਾਰਗਿ ਨਰਕ ਘੋਰ ਮਹਿ ਪਾਹਿ ॥

ਹੇ ਮਾਂ! ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਭੁਲਾ ਕੇ ਹੋਰ (ਜੀਵਨ-) ਰਾਹ ਉਤੇ ਤੁਰਦੇ ਹਨ, ਉਹ ਭਿਆਨਕ ਨਰਕ ਵਿਚ ਪਏ ਰਹਿੰਦੇ ਹਨ।

ਅਨਿਕ ਸਜਾਂਈ ਗਣਤ ਨ ਆਵੈ ਗਰਭੈ ਗਰਭਿ ਭ੍ਰਮਾਹਿ ॥੧॥

ਉਹਨਾਂ ਨੂੰ ਇਤਨੀਆਂ ਸਜ਼ਾਵਾਂ ਮਿਲਦੀਆਂ ਰਹਿੰਦੀਆਂ ਹਨ ਕਿ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਉਹ ਹਰੇਕ ਜੂਨ ਵਿਚ ਭਟਕਦੇ ਫਿਰਦੇ ਹਨ ॥੧॥

ਸੇ ਧਨਵੰਤੇ ਸੇ ਪਤਿਵੰਤੇ ਹਰਿ ਕੀ ਸਰਣਿ ਸਮਾਹਿ ॥

ਹੇ ਮਾਂ! ਜਿਹੜੇ ਮਨੁੱਖ ਪਰਮਾਤਮਾ ਦੀ ਸਰਨ ਵਿਚ ਟਿਕੇ ਰਹਿੰਦੇ ਹਨ, ਉਹ ਧਨ ਵਾਲੇ ਹਨ, ਉਹ ਇੱਜ਼ਤ ਵਾਲੇ ਹਨ।

ਗੁਰਪ੍ਰਸਾਦਿ ਨਾਨਕ ਜਗੁ ਜੀਤਿਓ ਬਹੁਰਿ ਨ ਆਵਹਿ ਜਾਂਹਿ ॥੨॥੮੮॥੧੧੧॥

ਹੇ ਨਾਨਕ! (ਆਖ-ਹੇ ਮਾਂ!) ਗੁਰੂ ਦੀ ਮਿਹਰ ਨਾਲ ਉਹਨਾਂ ਨੇ ਜਗਤ (ਦੇ ਮੋਹ) ਨੂੰ ਜਿੱਤ ਲਿਆ ਹੈ, ਉਹ ਮੁੜ ਮੁੜ ਨਾਹ ਜੰਮਦੇ ਹਨ ਨਾਹ ਮਰਦੇ ਹਨ ॥੨॥੮੮॥੧੧੧॥

ਸਾਰਗ ਮਹਲਾ ੫ ॥
ਹਰਿ ਕਾਟੀ ਕੁਟਿਲਤਾ ਕੁਠਾਰਿ ॥

ਪਰਮਾਤਮਾ ਨੇ (ਜਿਸ ਮਨੁੱਖ ਦੇ) ਮਨ ਦਾ ਖੋਟ (ਮਾਨੋ) ਕੁਹਾੜੇ ਨਾਲ ਕੱਟ ਦਿੱਤਾ,

ਭ੍ਰਮ ਬਨ ਦਹਨ ਭਏ ਖਿਨ ਭੀਤਰਿ ਰਾਮ ਨਾਮ ਪਰਹਾਰਿ ॥੧॥ ਰਹਾਉ ॥

ਉਸ ਦੇ ਅੰਦਰੋਂ ਪ੍ਰਭੂ ਦੇ ਨਾਮ ਦੀ ਚੋਟ ਨਾਲ ਇਕ ਖਿਨ ਵਿਚ ਹੀ ਭਟਕਣਾ ਦੇ ਜੰਗਲਾਂ ਦੇ ਜੰਗਲ ਹੀ ਸੜ (ਕੇ ਸੁਆਹ ਹੋ) ਗਏ ॥੧॥ ਰਹਾਉ ॥

ਕਾਮ ਕ੍ਰੋਧ ਨਿੰਦਾ ਪਰਹਰੀਆ ਕਾਢੇ ਸਾਧੂ ਕੈ ਸੰਗਿ ਮਾਰਿ ॥

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਗੁਰੂ ਦੀ ਸੰਗਤ ਵਿਚ ਰਹਿ ਕੇ ਕਾਮ ਕ੍ਰੋਧ ਨਿੰਦਾ ਆਦਿਕ ਵਿਕਾਰਾਂ ਨੂੰ (ਆਪਣੇ ਅੰਦਰੋਂ) ਦੂਰ ਕਰ ਦੇਂਦਾ ਹੈ ਮਾਰ ਮਾਰ ਕੇ ਕੱਢ ਦੇਂਦਾ ਹੈ।

ਜਨਮੁ ਪਦਾਰਥੁ ਗੁਰਮੁਖਿ ਜੀਤਿਆ ਬਹੁਰਿ ਨ ਜੂਐ ਹਾਰਿ ॥੧॥

ਗੁਰਮੁਖ ਇਸ ਕੀਮਤੀ ਮਨੁੱਖਾ ਜਨਮ ਨੂੰ (ਵਿਕਾਰਾਂ ਦੇ ਟਾਕਰੇ ਤੇ) ਕਾਮਯਾਬ ਬਣਾ ਲੈਂਦਾ ਹੈ, ਫਿਰ ਕਦੇ ਇਸ ਨੂੰ ਜੂਏ ਵਿਚ ਹਾਰ ਕੇ ਨਹੀਂ ਜਾਂਦਾ ॥੧॥

ਆਠ ਪਹਰ ਪ੍ਰਭ ਕੇ ਗੁਣ ਗਾਵਹ ਪੂਰਨ ਸਬਦਿ ਬੀਚਾਰਿ ॥

ਆਓ, ਰਲ ਕੇ ਸਰਬ-ਵਿਆਪਕ ਪ੍ਰਭੂ ਦੇ ਗੁਣਾਂ ਨੂੰ ਗੁਰ-ਸ਼ਬਦ ਦੀ ਰਾਹੀਂ ਮਨ ਵਿਚ ਵਸਾ ਕੇ ਅੱਠੇ ਪਹਰ ਉਸ ਦੇ ਗੁਣ ਗਾਂਦੇ ਰਹੀਏ।

ਨਾਨਕ ਦਾਸਨਿ ਦਾਸੁ ਜਨੁ ਤੇਰਾ ਪੁਨਹ ਪੁਨਹ ਨਮਸਕਾਰਿ ॥੨॥੮੯॥੧੧੨॥

ਹੇ ਪ੍ਰਭੂ! ਮੈਂ ਨਾਨਕ ਤੇਰੇ ਦਾਸਾਂ ਦਾ ਦਾਸ ਹਾਂ, (ਤੇਰੇ ਦਰ ਤੇ ਹੀ) ਮੁੜ ਮੁੜ ਨਮਸਕਾਰ ਕਰਦਾ ਹਾਂ ॥੨॥੮੯॥੧੧੨॥


ਸਾਰਗ ਮਹਲਾ ੫ ॥
ਪੋਥੀ ਪਰਮੇਸਰ ਕਾ ਥਾਨੁ ॥

ਗੁਰਬਾਣੀ (ਹੀ) ਪਰਮਾਤਮਾ ਦੇ ਮਿਲਾਪ ਦੀ ਥਾਂ ਹੈ।

ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ ॥੧॥ ਰਹਾਉ ॥

ਜਿਹੜੇ ਮਨੁੱਖ ਗੁਰੂ ਦੀ ਸੰਗਤ ਵਿਚ ਰਹਿ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹ ਮਨੁੱਖ ਸਰਬ-ਵਿਆਪਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ ॥੧॥ ਰਹਾਉ ॥

ਸਾਧਿਕ ਸਿਧ ਸਗਲ ਮੁਨਿ ਲੋਚਹਿ ਬਿਰਲੇ ਲਾਗੈ ਧਿਆਨੁ ॥

ਜੋਗ-ਸਾਧਨ ਕਰਨ ਵਾਲੇ ਮਨੁੱਖ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਸਾਰੇ ਰਿਸ਼ੀ-ਮੁਨੀ (ਪਰਮਾਤਮਾ ਨਾਲ ਮਿਲਾਪ ਦੀ) ਤਾਂਘ ਕਰਦੇ ਆ ਰਹੇ ਹਨ, ਪਰ ਕਿਸੇ ਵਿਰਲੇ ਦੀ ਸੁਰਤ (ਉਸ ਵਿਚ) ਜੁੜਦੀ ਹੈ।

ਜਿਸਹਿ ਕ੍ਰਿਪਾਲੁ ਹੋਇ ਮੇਰਾ ਸੁਆਮੀ ਪੂਰਨ ਤਾ ਕੋ ਕਾਮੁ ॥੧॥

ਜਿਸ ਮਨੁੱਖ ਉਤੇ ਮੇਰਾ ਮਾਲਕ-ਪ੍ਰਭੂ ਆਪ ਦਇਆਵਾਨ ਹੁੰਦਾ ਹੈ, ਉਸ ਦਾ (ਇਹ) ਕੰਮ ਸਿਰੇ ਚੜ੍ਹ ਜਾਂਦਾ ਹੈ ॥੧॥

ਜਾ ਕੈ ਰਿਦੈ ਵਸੈ ਭੈ ਭੰਜਨੁ ਤਿਸੁ ਜਾਨੈ ਸਗਲ ਜਹਾਨੁ ॥

ਸਾਰੇ ਡਰਾਂ ਦਾ ਨਾਸ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਦੇ ਹਿਰਦੇ ਵਿਚ ਆ ਵੱਸਦਾ ਹੈ, ਉਸ ਨੂੰ ਸਾਰਾ ਜਗਤ ਜਾਣ ਲੈਂਦਾ ਹੈ (ਸਾਰੇ ਜਗਤ ਵਿਚ ਉਸ ਦੀ ਸੋਭਾ ਖਿਲਰ ਜਾਂਦੀ ਹੈ)।

ਖਿਨੁ ਪਲੁ ਬਿਸਰੁ ਨਹੀ ਮੇਰੇ ਕਰਤੇ ਇਹੁ ਨਾਨਕੁ ਮਾਂਗੈ ਦਾਨੁ ॥੨॥੯੦॥੧੧੩॥

(ਉਸ ਪਰਮਾਤਮਾ ਦੇ ਦਰ ਤੋਂ) ਨਾਨਕ ਇਹ ਦਾਨ ਮੰਗਦਾ ਹੈ (ਕਿ) ਹੇ ਮੇਰੇ ਕਰਤਾਰ! (ਮੇਰੇ ਮਨ ਤੋਂ ਕਦੇ) ਇਕ ਖਿਨ ਵਾਸਤੇ ਇਕ ਪਲ ਵਾਸਤੇ ਭੀ ਨਾਹ ਵਿਸਰ ॥੨॥੯੦॥੧੧੩॥


ਸਾਰਗ ਮਹਲਾ ੫ ॥
ਵੂਠਾ ਸਰਬ ਥਾਈ ਮੇਹੁ ॥

(ਜਿਵੇਂ) ਮੀਂਹ (ਟੋਏ ਟਿੱਬੇ) ਸਭਨੀਂ ਹੀ ਥਾਈਂ ਵਰ੍ਹਦਾ ਹੈ,

ਅਨਦ ਮੰਗਲ ਗਾਉ ਹਰਿ ਜਸੁ ਪੂਰਨ ਪ੍ਰਗਟਿਓ ਨੇਹੁ ॥੧॥ ਰਹਾਉ ॥

(ਤਿਵੇਂ ਜਸ ਗਾਣ ਵਾਲਿਆਂ ਦੇ ਹਿਰਦਿਆਂ ਵਿਚ) ਆਨੰਦ ਤੇ ਖ਼ੁਸ਼ੀਆਂ ਦੀ ਵਰਖਾ ਹੁੰਦੀ ਹੈ, ਸਰਬ-ਵਿਆਪਕ ਪਰਮਾਤਮਾ ਦਾ ਪਿਆਰ (ਹਿਰਦੇ ਵਿਚ) ਪੈਦਾ ਹੋ ਜਾਂਦਾ ਹੈ। (ਇਸ ਕਰ ਕੇ) ਪਰਮਾਤਮਾ ਦਾ ਜਸ ਗਾਇਆ ਕਰੋ ॥੧॥ ਰਹਾਉ ॥

ਚਾਰਿ ਕੁੰਟ ਦਹ ਦਿਸਿ ਜਲ ਨਿਧਿ ਊਨ ਥਾਉ ਨ ਕੇਹੁ ॥

(ਜੀਵਨ-) ਜਲ ਦਾ ਖ਼ਜ਼ਾਨਾ ਪ੍ਰਭੂ ਚੌਹਾਂ ਕੂਟਾਂ ਵਿਚ ਦਸੀਂ ਪਾਸੀਂ (ਹਰ ਥਾਂ ਮੌਜੂਦ ਹੈ) ਕੋਈ ਭੀ ਥਾਂ (ਉਸ ਦੀ ਹੋਂਦ ਤੋਂ) ਖ਼ਾਲੀ ਨਹੀਂ ਹੈ।

ਕ੍ਰਿਪਾ ਨਿਧਿ ਗੋਬਿੰਦ ਪੂਰਨ ਜੀਅ ਦਾਨੁ ਸਭ ਦੇਹੁ ॥੧॥

(ਉਸ ਦਾ ਇਉਂ ਜਸ ਗਾਇਆ ਕਰੋ-) ਹੇ ਦਇਆ ਦੇ ਖ਼ਜ਼ਾਨੇ! ਹੇ ਗੋਬਿੰਦ! ਹੇ ਸਰਬ-ਵਿਆਪਕ! ਤੂੰ ਸਭ ਜੀਵਾਂ ਨੂੰ ਹੀ ਜੀਵਨ- ਦਾਤ ਦੇਂਦਾ ਹੈਂ ॥੧॥

ਸਤਿ ਸਤਿ ਹਰਿ ਸਤਿ ਸੁਆਮੀ ਸਤਿ ਸਾਧਸੰਗੇਹੁ ॥

ਪਰਮਾਤਮਾ ਸਦਾ ਹੀ ਅਟੱਲ ਰਹਿਣ ਵਾਲਾ ਹੈ (ਜਿੱਥੇ ਉਹ ਮਿਲਦਾ ਹੈ, ਉਹ) ਸਾਧ ਸੰਗਤ ਭੀ ਧੁਰ ਤੋਂ ਚਲੀ ਆ ਰਹੀ ਹੈ।

ਸਤਿ ਤੇ ਜਨ ਜਿਨ ਪਰਤੀਤਿ ਉਪਜੀ ਨਾਨਕ ਨਹ ਭਰਮੇਹੁ ॥੨॥੯੧॥੧੧੪॥

ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਵਾਸਤੇ ਸਰਧਾ ਪੈਦਾ ਹੋ ਜਾਂਦੀ ਹੈ, ਹੇ ਨਾਨਕ! ਉਹ ਭੀ ਅਟੱਲ ਆਤਮਕ ਜੀਵਨ ਵਾਲੇ ਹੋ ਜਾਂਦੇ ਹਨ, ਉਹਨਾਂ ਨੂੰ ਕੋਈ ਭਟਕਣਾ ਨਹੀਂ ਰਹਿ ਜਾਂਦੀ ॥੨॥੯੧॥੧੧੪॥


ਸਾਰਗ ਮਹਲਾ ੫ ॥
ਗੋਬਿਦ ਜੀਉ ਤੂ ਮੇਰੇ ਪ੍ਰਾਨ ਅਧਾਰ ॥

ਹੇ ਪ੍ਰਭੂ ਜੀ! ਤੂੰ ਮੇਰੇ ਪ੍ਰਾਣਾਂ ਦਾ ਆਸਰਾ ਹੈਂ।

ਸਾਜਨ ਮੀਤ ਸਹਾਈ ਤੁਮ ਹੀ ਤੂ ਮੇਰੋ ਪਰਵਾਰ ॥੧॥ ਰਹਾਉ ॥

ਤੂੰ ਹੀ ਮੇਰਾ ਸੱਜਣ ਹੈਂ, ਤੂੰ ਹੀ ਮੇਰਾ ਮਿੱਤਰ ਹੈਂ, ਤੂੰ ਹੀ ਮੇਰੀ ਮਦਦ ਕਰਨ ਵਾਲਾ ਹੈਂ, ਤੂੰ ਹੀ ਮੇਰਾ ਪਰਵਾਰ ਹੈਂ ॥੧॥ ਰਹਾਉ ॥

ਕਰੁ ਮਸਤਕਿ ਧਾਰਿਓ ਮੇਰੈ ਮਾਥੈ ਸਾਧਸੰਗਿ ਗੁਣ ਗਾਏ ॥

ਹੇ ਪ੍ਰ੍ਰਭੂ! ਜਦੋਂ ਤੂੰ ਮੇਰੇ ਮੱਥੇ ਉੱਤੇ ਮੇਰੇ ਮਸਤਕ ਉੱਤੇ (ਆਪਣੀ ਮਿਹਰ ਦਾ) ਹੱਥ ਰੱਖਿਆ, ਤਦੋਂ ਮੈਂ ਸਾਧ ਸੰਗਤ ਵਿਚ (ਟਿਕ ਕੇ ਤੇਰੀ) ਸਿਫ਼ਤ-ਸਾਲਾਹ ਦੇ ਗੀਤ ਗਾਏ ਹਨ।

ਤੁਮਰੀ ਕ੍ਰਿਪਾ ਤੇ ਸਭ ਫਲ ਪਾਏ ਰਸਕਿ ਰਾਮ ਨਾਮ ਧਿਆਏ ॥੧॥

ਹੇ ਪ੍ਰਭੂ! ਤੇਰੀ ਮਿਹਰ ਨਾਲ ਮੈਂ ਸਾਰੇ ਫਲ ਹਾਸਲ ਕੀਤੇ ਹਨ, ਅਤੇ ਪਿਆਰ ਨਾਲ ਤੇਰਾ ਨਾਮ ਸਿਮਰਿਆ ਹੈ ॥੧॥

ਅਬਿਚਲ ਨੀਵ ਧਰਾਈ ਸਤਿਗੁਰਿ ਕਬਹੂ ਡੋਲਤ ਨਾਹੀ ॥

ਸਤਿਗੁਰੂ ਨੇ (ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਹਰਿ-ਨਾਮ ਸਿਮਰਨ ਦੀ) ਅਟੱਲ ਨੀਂਹ ਰੱਖ ਦਿੱਤੀ, ਉਹ ਕਦੇ (ਮਾਇਆ ਵਿਚ) ਡੋਲਦੇ ਨਹੀਂ ਹਨ।

ਗੁਰ ਨਾਨਕ ਜਬ ਭਏ ਦਇਆਰਾ ਸਰਬ ਸੁਖਾ ਨਿਧਿ ਪਾਂਹੀ ॥੨॥੯੨॥੧੧੫॥

ਹੇ ਨਾਨਕ! ਜਦੋਂ ਸਤਿਗੁਰੂ ਜੀ ਦਇਆਵਾਨ ਹੁੰਦੇ ਹਨ, ਉਹ ਸਾਰੇ ਸੁਖਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲੈਂਦੇ ਹਨ ॥੨॥੯੨॥੧੧੫॥


ਸਾਰਗ ਮਹਲਾ ੫ ॥
ਨਿਬਹੀ ਨਾਮ ਕੀ ਸਚੁ ਖੇਪ ॥

ਪਰਮਾਤਮਾ ਦੇ ਨਾਮ ਦਾ ਸਦਾ ਕਾਇਮ ਰਹਿਣ ਵਾਲਾ ਵਪਾਰ ਦਾ ਲੱਦਿਆ ਮਾਲ ਜਿਸ ਜੀਵ-ਵਣਜਾਰੇ ਦੇ ਨਾਲ ਸਦਾ ਦਾ ਸਾਥ ਬਣਾ ਲੈਂਦਾ ਹੈ,

ਲਾਭੁ ਹਰਿ ਗੁਣ ਗਾਇ ਨਿਧਿ ਧਨੁ ਬਿਖੈ ਮਾਹਿ ਅਲੇਪ ॥੧॥ ਰਹਾਉ ॥

ਉਹ ਜੀਵ-ਵਣਜਾਰਾ (ਸਦਾ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਇਹੀ ਅਸਲ ਖੱਟੀ ਹੈ, ਇਹੀ ਅਸਲ ਖ਼ਜ਼ਾਨਾ ਹੈ ਇਹੀ ਅਸਲ ਧਨ ਹੈ, (ਇਸ ਦੀ ਬਰਕਤਿ ਨਾਲ) ਉਹ ਜੀਵ-ਵਣਜਾਰਾ (ਮਾਇਕ) ਪਦਾਰਥਾਂ ਵਿਚ ਨਿਰਲੇਪ ਰਹਿੰਦਾ ਹੈ ॥੧॥ ਰਹਾਉ ॥

ਜੀਅ ਜੰਤ ਸਗਲ ਸੰਤੋਖੇ ਆਪਨਾ ਪ੍ਰਭੁ ਧਿਆਇ ॥

ਆਪਣੇ ਪ੍ਰਭੂ ਦਾ ਧਿਆਨ ਧਰ ਕੇ ਸਾਰੇ ਜੀਵ ਸੰਤੋਖ ਵਾਲਾ ਜੀਵਨ ਹਾਸਲ ਕਰ ਲੈਂਦੇ ਹਨ।

ਰਤਨ ਜਨਮੁ ਅਪਾਰ ਜੀਤਿਓ ਬਹੁੜਿ ਜੋਨਿ ਨ ਪਾਇ ॥੧॥

ਜਿਸ ਭੀ ਮਨੁੱਖ ਨੇ ਇਹ ਬੇਅੰਤ ਕੀਮਤੀ ਮਨੁੱਖਾ ਜਨਮ ਵਿਕਾਰਾਂ ਦੇ ਹੱਲਿਆਂ ਤੋਂ ਬਚਾ ਲਿਆ, ਉਹ ਮੁੜ ਮੁੜ ਜੂਨਾਂ ਵਿਚ ਨਹੀਂ ਪੈਂਦਾ ॥੧॥

ਭਏ ਕ੍ਰਿਪਾਲ ਦਇਆਲ ਗੋਬਿਦ ਭਇਆ ਸਾਧੂ ਸੰਗੁ ॥

ਜਿਸ ਮਨੁੱਖ ਉੱਤੇ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਉਸ ਨੂੰ ਗੁਰੂ ਦਾ ਮਿਲਾਪ ਹਾਸਲ ਹੁੰਦਾ ਹੈ।

ਹਰਿ ਚਰਨ ਰਾਸਿ ਨਾਨਕ ਪਾਈ ਲਗਾ ਪ੍ਰਭ ਸਿਉ ਰੰਗੁ ॥੨॥੯੩॥੧੧੬॥

ਹੇ ਨਾਨਕ! ਉਹ ਮਨੁੱਖ ਪ੍ਰਭੂ ਦੇ ਚਰਨਾਂ ਦੀ ਪ੍ਰੀਤ ਦਾ ਸਰਮਾਇਆ ਪ੍ਰਾਪਤ ਕਰ ਲੈਂਦਾ ਹੈ, ਉਸ ਦਾ ਪ੍ਰਭੂ ਨਾਲ ਪਿਆਰ ਬਣ ਜਾਂਦਾ ਹੈ ॥੨॥੯੩॥੧੧੬॥


ਸਾਰਗ ਮਹਲਾ ੫ ॥
ਮਾਈ ਰੀ ਪੇਖਿ ਰਹੀ ਬਿਸਮਾਦ ॥

ਹੇ (ਮੇਰੀ) ਮਾਂ! (ਪ੍ਰਭੂ ਦੇ ਕੌਤਕ) ਵੇਖ ਕੇ ਮੈਂ ਹੈਰਾਨ ਹੋ ਰਹੀ ਹਾਂ।

ਅਨਹਦ ਧੁਨੀ ਮੇਰਾ ਮਨੁ ਮੋਹਿਓ ਅਚਰਜ ਤਾ ਕੇ ਸ੍ਵਾਦ ॥੧॥ ਰਹਾਉ ॥

ਜਿਸ ਪ੍ਰਭੂ ਦੀ ਜੀਵਨ-ਰੌ ਇਕ-ਰਸ (ਸਾਰੇ ਜਗਤ ਵਿਚ) ਰੁਮਕ ਰਹੀ ਹੈ ਉਸ ਨੇ ਮੇਰਾ ਮਨ ਮੋਹ ਲਿਆ ਹੈ, ਉਸ ਦੇ (ਮਿਲਾਪ ਦੇ) ਆਨੰਦ ਭੀ ਹੈਰਾਨ ਕਰਨ ਵਾਲੇ ਹਨ ॥੧॥ ਰਹਾਉ ॥

ਮਾਤ ਪਿਤਾ ਬੰਧਪ ਹੈ ਸੋਈ ਮਨਿ ਹਰਿ ਕੋ ਅਹਿਲਾਦ ॥

ਹੇ ਮਾਂ! (ਸਭ ਜੀਵਾਂ ਦਾ) ਮਾਂ ਪਿਉ ਸਨਬੰਧੀ ਉਹ ਪ੍ਰਭੂ ਹੀ ਹੈ। (ਮੇਰੇ) ਮਨ ਵਿਚ ਉਸ ਪ੍ਰਭੂ (ਦੇ ਮਿਲਾਪ) ਦਾ ਹੁਲਾਰਾ ਆ ਰਿਹਾ ਹੈ।

ਸਾਧਸੰਗਿ ਗਾਏ ਗੁਨ ਗੋਬਿੰਦ ਬਿਨਸਿਓ ਸਭੁ ਪਰਮਾਦ ॥੧॥

ਹੇ ਮਾਂ! ਜਿਸ ਮਨੁੱਖ ਨੇ ਸਾਧ ਸੰਗਤ ਵਿਚ (ਟਿਕ ਕੇ) ਉਸ ਦੀ ਸਿਫ਼ਤ-ਸਾਲਾਹ ਦੇ ਗੀਤ ਗਾਏ ਹਨ, ਉਸ ਦਾ ਸਾਰਾ ਭਰਮ-ਭੁਲੇਖਾ ਦੂਰ ਹੋ ਗਿਆ ॥੧॥

ਡੋਰੀ ਲਪਟਿ ਰਹੀ ਚਰਨਹ ਸੰਗਿ ਭ੍ਰਮ ਭੈ ਸਗਲੇ ਖਾਦ ॥

ਜਿਸ ਮਨੁੱਖ ਦੇ ਚਿੱਤ ਦੀ ਡੋਰ ਪ੍ਰਭੂ ਦੇ ਚਰਨਾਂ ਨਾਲ ਜੁੜੀ ਰਹਿੰਦੀ ਹੈ, ਉਸ ਦੇ ਸਾਰੇ ਭਰਮ ਸਾਰੇ ਡਰ ਮੁੱਕ ਜਾਂਦੇ ਹਨ।

ਏਕੁ ਅਧਾਰੁ ਨਾਨਕ ਜਨ ਕੀਆ ਬਹੁਰਿ ਨ ਜੋਨਿ ਭ੍ਰਮਾਦ ॥੨॥੯੪॥੧੧੭॥

ਹੇ ਦਾਸ ਨਾਨਕ! ਜਿਸ ਨੇ ਸਿਰਫ਼ ਹਰਿ-ਨਾਮ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਲਿਆ, ਉਹ ਮੁੜ ਮੁੜ ਜੂਨਾਂ ਵਿਚ ਨਹੀਂ ਭਟਕਦਾ ॥੨॥੯੪॥੧੧੭॥


ਸਾਰਗ ਮਹਲਾ ੫ ॥
ਮਾਈ ਰੀ ਮਾਤੀ ਚਰਣ ਸਮੂਹ ॥

ਹੇ (ਮੇਰੀ) ਮਾਂ! ਮੈਂ ਤਾਂ ਪ੍ਰਭੂ ਦੇ ਚਰਨਾਂ ਵਿਚ ਪੂਰਨ ਤੌਰ ਤੇ ਮਸਤ ਰਹਿੰਦੀ ਹਾਂ।

ਏਕਸੁ ਬਿਨੁ ਹਉ ਆਨ ਨ ਜਾਨਉ ਦੁਤੀਆ ਭਾਉ ਸਭ ਲੂਹ ॥੧॥ ਰਹਾਉ ॥

ਉਸ ਇੱਕ ਤੋਂ ਬਿਨਾ ਮੈਂ ਕਿਸੇ ਹੋਰ ਨੂੰ ਜਾਣਦੀ-ਪਛਾਣਦੀ ਹੀ ਨਹੀਂ, (ਆਪਣੇ ਅੰਦਰੋਂ) ਹੋਰ ਦਾ ਪਿਆਰ ਮੈਂ ਸਾਰਾ ਸਾੜ ਚੁਕੀ ਹਾਂ ॥੧॥ ਰਹਾਉ ॥

ਤਿਆਗਿ ਗੁੋਪਾਲ ਅਵਰ ਜੋ ਕਰਣਾ ਤੇ ਬਿਖਿਆ ਕੇ ਖੂਹ ॥

ਹੇ ਮਾਂ! ਪ੍ਰਭੂ ਨੂੰ ਭੁਲਾ ਕੇ ਹੋਰ ਜਿਹੜੇ ਜਿਹੜੇ ਕੰਮ ਕਰੀਦੇ ਹਨ, ਉਹ ਸਾਰੇ ਮਾਇਆ (ਦੇ ਮੋਹ) ਦੇ ਖੂਹ ਵਿਚ ਸੁੱਟਦੇ ਹਨ।

ਦਰਸ ਪਿਆਸ ਮੇਰਾ ਮਨੁ ਮੋਹਿਓ ਕਾਢੀ ਨਰਕ ਤੇ ਧੂਹ ॥੧॥

ਹੇ ਮਾਂ! ਮੇਰਾ ਮਨ ਤਾਂ ਗੋਪਾਲ ਦੇ ਦਰਸਨ ਦੀ ਤਾਂਘ ਵਿਚ ਮਗਨ ਰਹਿੰਦਾ ਹੈ। ਮੈਨੂੰ ਉਸ ਨੇ ਨਰਕਾਂ ਤੋ ਖਿੱਚ ਕੇ ਕੱਢ ਲਿਆ ਹੈ ॥੧॥

ਸੰਤ ਪ੍ਰਸਾਦਿ ਮਿਲਿਓ ਸੁਖਦਾਤਾ ਬਿਨਸੀ ਹਉਮੈ ਹੂਹ ॥

ਜਿਸ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਸਾਰੇ ਸੁਖਾਂ ਦਾ ਦੇਣ ਵਾਲਾ ਪ੍ਰਭੂ ਮਿਲ ਪੈਂਦਾ ਹੈ, (ਉਸ ਦੇ ਅੰਦਰੋਂ) ਹਉਮੈ ਦਾ ਰੌਲਾ ਮੁੱਕ ਜਾਂਦਾ ਹੈ।

ਰਾਮ ਰੰਗਿ ਰਾਤੇ ਦਾਸ ਨਾਨਕ ਮਉਲਿਓ ਮਨੁ ਤਨੁ ਜੂਹ ॥੨॥੯੫॥੧੧੮॥

ਹੇ ਦਾਸ ਨਾਨਕ! ਜਿਹੜੇ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦਾ ਮਨ ਉਹਨਾਂ ਦਾ ਤਨ (ਇਉਂ) ਹਰਾ-ਭਰਾ ਹੋ ਜਾਂਦਾ ਹੈ (ਜਿਵੇਂ ਮੀਂਹ ਪੈਣ ਨਾਲ) ਜੂਹ (ਘਾਹ ਨਾਲ ਹਰੀ ਹੋ ਜਾਂਦੀ ਹੈ) ॥੨॥੯੫॥੧੧੮॥


ਸਾਰਗ ਮਹਲਾ ੫ ॥
ਬਿਨਸੇ ਕਾਚ ਕੇ ਬਿਉਹਾਰ ॥

ਕੱਚ (-ਸਮਾਨ ਮਾਇਆ ਦੀ ਖ਼ਾਤਰ) ਸਾਰੀਆਂ ਦੌੜਾਂ-ਭੱਜਾਂ ਵਿਅਰਥ ਜਾਂਦੀਆਂ ਹਨ।

ਰਾਮ ਭਜੁ ਮਿਲਿ ਸਾਧਸੰਗਤਿ ਇਹੈ ਜਗ ਮਹਿ ਸਾਰ ॥੧॥ ਰਹਾਉ ॥

ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦਾ ਭਜਨ ਕਰਿਆ ਕਰ। ਜਗਤ ਵਿਚ ਇਹੀ ਕੰਮ ਸ੍ਰੇਸ਼ਟ ਹੈ ॥੧॥ ਰਹਾਉ ॥

ਈਤ ਊਤ ਨ ਡੋਲਿ ਕਤਹੂ ਨਾਮੁ ਹਿਰਦੈ ਧਾਰਿ ॥

ਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿਚ ਵਸਾਈ ਰੱਖ (ਇਸ ਦੀ ਬਰਕਤਿ ਨਾਲ) ਨਾਹ ਇਸ ਲੋਕ ਵਿਚ ਨਾਹ ਪਰਲੋਕ ਵਿਚ ਕਿਤੇ ਭੀ ਨਹੀਂ ਡੋਲੇਂਗਾ।

ਗੁਰ ਚਰਨ ਬੋਹਿਥ ਮਿਲਿਓ ਭਾਗੀ ਉਤਰਿਓ ਸੰਸਾਰ ॥੧॥

ਜਿਸ ਮਨੁੱਖ ਨੂੰ ਕਿਸਮਤ ਨਾਲ ਗੁਰੂ ਦੇ ਚਰਨਾਂ ਦਾ ਜਹਾਜ਼ ਮਿਲ ਜਾਂਦਾ ਹੈ, ਉਹ ਸੰਸਾਰ (ਸਮੁੰਦਰ) ਤੋਂ ਪਾਰ ਲੰਘ ਜਾਂਦਾ ਹੈ ॥੧॥

ਜਲਿ ਥਲਿ ਮਹੀਅਲਿ ਪੂਰਿ ਰਹਿਓ ਸਰਬ ਨਾਥ ਅਪਾਰ ॥

ਜਿਹੜਾ ਪ੍ਰਭੂ ਜਲ ਵਿਚ ਥਲ ਵਿਚ ਆਕਾਸ਼ ਵਿਚ ਭਰਪੂਰ ਹੈ, ਜੋ ਸਭ ਜੀਵਾਂ ਦਾ ਖਸਮ ਹੈ, ਜੋ, ਬੇਅੰਤ ਹੈ,

ਹਰਿ ਨਾਮੁ ਅੰਮ੍ਰਿਤੁ ਪੀਉ ਨਾਨਕ ਆਨ ਰਸ ਸਭਿ ਖਾਰ ॥੨॥੯੬॥੧੧੯॥

ਹੇ ਨਾਨਕ! ਉਸ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਰਿਹਾ ਕਰ, (ਹਰਿ-ਨਾਮ-ਜਲ ਦੇ ਟਾਕਰੇ ਤੇ) ਹੋਰ ਸਾਰੇ ਰਸ ਕੌੜੇ ਹਨ ॥੨॥੯੬॥੧੧੯॥


ਸਾਰਗ ਮਹਲਾ ੫ ॥
ਤਾ ਤੇ ਕਰਣ ਪਲਾਹ ਕਰੇ ॥

ਇਸ (ਮਾਇਆ) ਵਾਸਤੇ (ਮਨੁੱਖ ਸਦਾ ਹੀ) ਤਰਸ-ਭਰੇ ਕੀਰਨੇ ਕਰਦਾ ਰਹਿੰਦਾ ਹੈ,

ਮਹਾ ਬਿਕਾਰ ਮੋਹ ਮਦ ਮਾਤੌ ਸਿਮਰਤ ਨਾਹਿ ਹਰੇ ॥੧॥ ਰਹਾਉ ॥

ਮਨੁੱਖ ਮੋਹ ਹਉਮੈ (ਆਦਿਕ) ਵੱਡੇ ਵੱਡੇ ਵਿਕਾਰਾਂ ਵਿਚ ਮਗਨ ਰਹਿੰਦਾ ਹੈ, ਪਰਮਾਤਮਾ ਦਾ ਨਾਮ ਨਹੀਂ ਸਿਮਰਦਾ ॥੧॥ ਰਹਾਉ ॥

ਸਾਧਸੰਗਿ ਜਪਤੇ ਨਾਰਾਇਣ ਤਿਨ ਕੇ ਦੋਖ ਜਰੇ ॥

ਜਿਹੜੇ ਮਨੁੱਖ ਸਾਧ ਸੰਗਤ ਵਿਚ (ਟਿਕ ਕੇ) ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਹਨ, ਉਹਨਾਂ ਦੇ (ਅੰਦਰੋਂ ਸਾਰੇ) ਪਾਪ ਸੜ ਜਾਂਦੇ ਹਨ।

ਸਫਲ ਦੇਹ ਧੰਨਿ ਓਇ ਜਨਮੇ ਪ੍ਰਭ ਕੈ ਸੰਗਿ ਰਲੇ ॥੧॥

ਜਿਹੜੇ ਮਨੁੱਖ ਪ੍ਰਭੂ ਦੇ ਨਾਲ (ਦੇ ਚਰਨਾਂ ਵਿਚ) ਜੁੜੇ ਰਹਿੰਦੇ ਹਨ, ਉਹ ਭਾਗਾਂ ਵਾਲੇ ਹਨ, ਉਹਨਾਂ ਦਾ ਜਨਮ ਉਹਨਾਂ ਦਾ ਸਰੀਰ ਸਫਲ ਹੋ ਜਾਂਦਾ ਹੈ ॥੧॥

ਚਾਰਿ ਪਦਾਰਥ ਅਸਟ ਦਸਾ ਸਿਧਿ ਸਭ ਊਪਰਿ ਸਾਧ ਭਲੇ ॥

(ਧਰਮ, ਅਰਥ, ਕਾਮ, ਮੋਖ-ਇਹ) ਚਾਰ ਪਦਾਰਥ ਅਤੇ ਅਠਾਰਾਂ ਸਿੱਧੀਆਂ (ਲੋਕ ਇਹਨਾਂ ਦੀ ਖ਼ਾਤਰ ਤਰਲੇ ਲੈਂਦੇ ਹਨ, ਪਰ ਇਹਨਾਂ) ਸਭਨਾਂ ਤੋਂ ਸੰਤ ਜਨ ਸ੍ਰੇਸ਼ਟ ਹਨ।

ਨਾਨਕ ਦਾਸ ਧੂਰਿ ਜਨ ਬਾਂਛੈ ਉਧਰਹਿ ਲਾਗਿ ਪਲੇ ॥੨॥੯੭॥੧੨੦॥

ਦਾਸ ਨਾਨਕ ਤਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ (ਨਿੱਤ) ਮੰਗਦਾ ਹੈ। (ਸੰਤ ਜਨਾਂ ਦੇ) ਲੜ ਲੱਗ ਕੇ (ਅਨੇਕਾਂ ਜੀਵ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੨॥੯੭॥੧੨੦॥


ਸਾਰਗ ਮਹਲਾ ੫ ॥
ਹਰਿ ਕੇ ਨਾਮ ਕੇ ਜਨ ਕਾਂਖੀ ॥

ਪਰਮਾਤਮਾ ਦੇ ਸੇਵਕ ਪਰਮਾਤਮਾ ਦੇ ਨਾਮ ਦੇ ਚਾਹਵਾਨ ਰਹਿੰਦੇ ਹਨ।

ਮਨਿ ਤਨਿ ਬਚਨਿ ਏਹੀ ਸੁਖੁ ਚਾਹਤ ਪ੍ਰਭ ਦਰਸੁ ਦੇਖਹਿ ਕਬ ਆਖੀ ॥੧॥ ਰਹਾਉ ॥

ਆਪਣੇ ਮਨ ਦੀ ਰਾਹੀਂ, ਤਨ ਦੀ ਰਾਹੀਂ ਬਚਨ ਦੀ ਰਾਹੀਂ ਉਹ ਸਦਾ ਇਹੀ ਸੁਖ ਲੋੜਦੇ ਹਨ ਕਿ ਕਦੋਂ ਆਪਣੀਆਂ ਅੱਖਾਂ ਨਾਲ ਪਰਮਾਤਮਾ ਦਾ ਦਰਸਨ ਕਰਾਂਗੇ ॥੧॥ ਰਹਾਉ ॥

ਤੂ ਬੇਅੰਤੁ ਪਾਰਬ੍ਰਹਮ ਸੁਆਮੀ ਗਤਿ ਤੇਰੀ ਜਾਇ ਨ ਲਾਖੀ ॥

ਹੇ ਪਾਰਬ੍ਰਹਮ! ਹੇ ਮਾਲਕ-ਪ੍ਰਭੂ! ਤੇਰਾ ਅੰਤ ਨਹੀਂ ਪਾਇਆ ਜਾ ਸਕਦਾ, ਤੂੰ ਕਿਹੋ ਜਿਹਾ ਹੈਂ-ਇਹ ਗੱਲ ਬਿਆਨ ਨਹੀਂ ਕੀਤੀ ਜਾ ਸਕਦੀ।

ਚਰਨ ਕਮਲ ਪ੍ਰੀਤਿ ਮਨੁ ਬੇਧਿਆ ਕਰਿ ਸਰਬਸੁ ਅੰਤਰਿ ਰਾਖੀ ॥੧॥

(ਪਰ ਤੇਰੇ ਸੰਤ ਜਨਾਂ ਦਾ) ਮਨ ਤੇਰੇ ਸੋਹਣੇ ਚਰਨਾਂ ਦੀ ਪ੍ਰੀਤ ਵਿਚ ਪ੍ਰੋਇਆ ਰਹਿੰਦਾ ਹੈ। ਇਸ ਪ੍ਰੀਤ ਨੂੰ ਹੀ ਉਹ (ਜਗਤ ਦਾ) ਸਾਰਾ ਧਨ-ਪਦਾਰਥ ਸਮਝ ਕੇ ਆਪਣੇ ਅੰਦਰ ਟਿਕਾਈ ਰੱਖਦੇ ਹਨ ॥੧॥

ਬੇਦ ਪੁਰਾਨ ਸਿਮ੍ਰਿਤਿ ਸਾਧੂ ਜਨ ਇਹ ਬਾਣੀ ਰਸਨਾ ਭਾਖੀ ॥

ਵੇਦ ਪੁਰਾਣ ਸਿੰਮ੍ਰਿਤੀਆਂ (ਆਦਿਕ ਧਰਮ-ਪੁਸਤਕਾਂ ਦਾ ਪਾਠ) ਸੰਤ ਜਨ, ਆਪਣੀ ਜੀਭ ਨਾਲ ਇਹੀ ਸਿਫ਼ਤ-ਸਾਲਾਹ ਦੀ ਬਾਣੀ ਹੀ ਉਚਾਰਦੇ ਹਨ।

ਜਪਿ ਰਾਮ ਨਾਮੁ ਨਾਨਕ ਨਿਸਤਰੀਐ ਹੋਰੁ ਦੁਤੀਆ ਬਿਰਥੀ ਸਾਖੀ ॥੨॥੯੮॥੧੨੧॥

ਹੇ ਨਾਨਕ! ਪਰਮਾਤਮਾ ਦਾ ਨਾਮ ਸਿਮਰ ਕੇ (ਹੀ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ। ਇਸ ਤੋਂ ਬਿਨਾ ਕੋਈ ਹੋਰ ਦੂਜੀ ਗੱਲ ਵਿਅਰਥ ਹੈ ॥੨॥੯੮॥੧੨੧॥


ਸਾਰਗ ਮਹਲਾ ੫ ॥
ਮਾਖੀ ਰਾਮ ਕੀ ਤੂ ਮਾਖੀ ॥

ਹੇ ਮਾਇਆ! ਤੂੰ ਮੱਖੀ ਹੈਂ, ਪਰਮਾਤਮਾ ਦੀ ਪੈਦਾ ਕੀਤੀ ਹੋਈ ਮੱਖੀ (ਦੇ ਸੁਭਾਵ ਵਾਲੀ)।

ਜਹ ਦੁਰਗੰਧ ਤਹਾ ਤੂ ਬੈਸਹਿ ਮਹਾ ਬਿਖਿਆ ਮਦ ਚਾਖੀ ॥੧॥ ਰਹਾਉ ॥

(ਜਿਵੇਂ ਮੱਖੀ ਸਦਾ ਗੰਦ ਉਤੇ ਬੈਠਦੀ ਹੈ, ਤਿਵੇਂ) ਜਿੱਥੇ ਵਿਕਾਰਾਂ ਦੀ ਬੋ ਹੁੰਦੀ ਹੈ ਤੂੰ ਉਥੇ ਬੈਠਦੀ ਹੈਂ, ਤੂੰ ਸਦਾ ਵਿਕਾਰਾਂ ਦਾ ਨਸ਼ਾ ਹੀ ਚੱਖਦੀ ਰਹਿੰਦੀ ਹੈਂ ॥੧॥ ਰਹਾਉ ॥

ਕਿਤਹਿ ਅਸਥਾਨਿ ਤੂ ਟਿਕਨੁ ਨ ਪਾਵਹਿ ਇਹ ਬਿਧਿ ਦੇਖੀ ਆਖੀ ॥

ਹੇ ਮਾਇਆ! ਅਸਾਂ ਆਪਣੀ ਅੱਖੀਂ ਤੇਰਾ ਇਹ ਹਾਲ ਵੇਖਿਆ ਹੈ ਕਿ ਤੂੰ ਕਿਸੇ ਭੀ ਇੱਕ ਥਾਂ ਤੇ ਟਿਕਦੀ ਨਹੀਂ ਹੈਂ।

ਸੰਤਾ ਬਿਨੁ ਤੈ ਕੋਇ ਨ ਛਾਡਿਆ ਸੰਤ ਪਰੇ ਗੋਬਿਦ ਕੀ ਪਾਖੀ ॥੧॥

ਸੰਤਾਂ ਤੋਂ ਬਿਨਾ ਤੂੰ ਕਿਸੇ ਨੂੰ (ਖ਼ੁਆਰ ਕਰਨੋਂ) ਛੱਡਿਆ ਨਹੀਂ (ਉਹ ਭੀ ਇਸ ਵਾਸਤੇ ਬਚਦੇ ਹਨ ਕਿ) ਸੰਤ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ ॥੧॥

ਜੀਅ ਜੰਤ ਸਗਲੇ ਤੈ ਮੋਹੇ ਬਿਨੁ ਸੰਤਾ ਕਿਨੈ ਨ ਲਾਖੀ ॥

ਹੇ ਮਾਇਆ! (ਜਗਤ ਦੇ ਸਾਰੇ ਹੀ) ਜੀਵ ਤੂੰ ਆਪਣੇ ਵੱਸ ਵਿਚ ਕੀਤੇ ਹੋਏ ਹਨ, ਸੰਤਾਂ ਤੋਂ ਬਿਨਾ ਕਿਸੇ ਭੀ ਹੋਰ ਨੇ ਇਹ ਗੱਲ ਨਹੀਂ ਸਮਝੀ।

ਨਾਨਕ ਦਾਸੁ ਹਰਿ ਕੀਰਤਨਿ ਰਾਤਾ ਸਬਦੁ ਸੁਰਤਿ ਸਚੁ ਸਾਖੀ ॥੨॥੯੯॥੧੨੨॥

ਹੇ ਨਾਨਕ! ਪਰਮਾਤਮਾ ਦਾ ਸੰਤ ਪਰਮਾਤਮਾ ਦੀ ਸਿਫ਼ਤ-ਸਾਲਾਹ (ਦੇ ਰੰਗ) ਵਿਚ ਰੰਗਿਆ ਰਹਿੰਦਾ ਹੈ, ਸੰਤ (ਗੁਰੂ ਦੇ) ਸ਼ਬਦ ਨੂੰ ਆਪਣੀ ਸੁਰਤ ਵਿਚ ਟਿਕਾ ਕੇ ਸਦਾ-ਥਿਰ ਪ੍ਰਭੂ ਦਾ ਦਰਸ਼ਨ ਕਰਦਾ ਰਹਿੰਦਾ ਹੈ ॥੨॥੯੯॥੧੨੨॥


ਸਾਰਗ ਮਹਲਾ ੫ ॥
ਮਾਈ ਰੀ ਕਾਟੀ ਜਮ ਕੀ ਫਾਸ ॥

ਹੇ ਮਾਂ! ਪਰਮਾਤਮਾ ਦਾ ਨਾਮ ਜਪਦਿਆਂ (ਜਿਨ੍ਹਾਂ ਵਡ-ਭਾਗੀਆਂ ਦੀ) ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਮੋਹ ਦੀ ਫਾਹੀ ਕੱਟੀ ਗਈ,

ਹਰਿ ਹਰਿ ਜਪਤ ਸਰਬ ਸੁਖ ਪਾਏ ਬੀਚੇ ਗ੍ਰਸਤ ਉਦਾਸ ॥੧॥ ਰਹਾਉ ॥

ਉਹਨਾਂ ਸਾਰੇ ਸੁਖ ਮਾਣ ਲਏ, ਉਹ ਗ੍ਰਿਹਸਤ ਵਿਚ ਰਹਿੰਦਿਆਂ ਹੀ (ਮਾਇਆ ਦੇ ਮੋਹ ਤੋਂ) ਉਪਰਾਮ ਰਹਿੰਦੇ ਹਨ ॥੧॥ ਰਹਾਉ ॥

ਕਰਿ ਕਿਰਪਾ ਲੀਨੇ ਕਰਿ ਅਪੁਨੇ ਉਪਜੀ ਦਰਸ ਪਿਆਸ ॥

ਹੇ ਮਾਂ! ਮਿਹਰ ਕਰ ਕੇ (ਜਿਨ੍ਹਾਂ ਨੂੰ ਪਰਮਾਤਮਾ ਨੇ) ਆਪਣੇ ਬਣਾ ਲਿਆ, ਉਹਨਾਂ ਦੇ ਅੰਦਰ ਪ੍ਰਭੂ ਦੇ ਦਰਸਨ ਦੀ ਤਾਂਘ ਪੈਦਾ ਹੋ ਜਾਂਦੀ ਹੈ,

ਸੰਤਸੰਗਿ ਮਿਲਿ ਹਰਿ ਗੁਣ ਗਾਏ ਬਿਨਸੀ ਦੁਤੀਆ ਆਸ ॥੧॥

ਉਹ ਮਨੁੱਖ ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ, (ਉਹਨਾਂ ਦੇ ਅੰਦਰੋਂ ਪਰਮਾਤਮਾ ਤੋਂ ਬਿਨਾ) ਕੋਈ ਹੋਰ ਦੂਜੀ ਟੇਕ ਮੁੱਕ ਜਾਂਦੀ ਹੈ ॥੧॥

ਮਹਾ ਉਦਿਆਨ ਅਟਵੀ ਤੇ ਕਾਢੇ ਮਾਰਗੁ ਸੰਤ ਕਹਿਓ ॥

ਜਿਨ੍ਹਾਂ ਨੂੰ ਸੰਤ ਜਨਾਂ ਨੇ (ਸਹੀ ਜੀਵਨ-) ਰਾਹ ਦੱਸ ਦਿੱਤਾ, ਉਹਨਾਂ ਨੂੰ ਉਹਨਾਂ ਨੇ ਵੱਡੇ ਸੰਘਣੇ ਜੰਗਲ (ਵਰਗੇ ਸੰਸਾਰ-ਬਨ) ਤੋਂ ਬਾਹਰ ਕੱਢ ਲਿਆ।

ਦੇਖਤ ਦਰਸੁ ਪਾਪ ਸਭਿ ਨਾਸੇ ਹਰਿ ਨਾਨਕ ਰਤਨੁ ਲਹਿਓ ॥੨॥੧੦੦॥੧੨੩॥

(ਪਰਮਾਤਮਾ ਦਾ) ਦਰਸਨ ਕਰ ਕੇ ਉਹਨਾਂ ਮਨੁੱਖਾਂ ਦੇ ਸਾਰੇ ਹੀ ਪਾਪ ਨਾਸ ਹੋ ਗਏ, ਹੇ ਨਾਨਕ! ਉਹਨਾਂ ਨੇ ਪ੍ਰਭੂ ਦਾ ਨਾਮ-ਰਤਨ ਲੱਭ ਲਿਆ ॥੨॥੧੦੦॥੧੨੩॥


ਸਾਰਗ ਮਹਲਾ ੫ ॥
ਮਾਈ ਰੀ ਅਰਿਓ ਪ੍ਰੇਮ ਕੀ ਖੋਰਿ ॥

ਹੇ ਮਾਂ! (ਮੇਰਾ ਮਨ ਪ੍ਰੀਤਮ ਪ੍ਰਭੂ ਦੇ) ਪਿਆਰ ਦੇ ਨਸ਼ੇ ਵਿਚ ਮਸਤ ਰਹਿੰਦਾ ਹੈ।

ਦਰਸਨ ਰੁਚਿਤ ਪਿਆਸ ਮਨਿ ਸੁੰਦਰ ਸਕਤ ਨ ਕੋਈ ਤੋਰਿ ॥੧॥ ਰਹਾਉ ॥

ਮੇਰੇ ਮਨ ਵਿਚ ਉਸ ਦੇ ਦਰਸਨ ਦੀ ਲਗਨ ਲੱਗੀ ਰਹਿੰਦੀ ਹੈ, ਉਸ ਸੋਹਣੇ (ਦੇ ਦਰਸਨ) ਦੀ ਤਾਂਘ ਬਣੀ ਰਹਿੰਦੀ ਹੈ (ਇਹ ਲਗਨ ਇਹ ਤਾਂਘ ਐਸੀ ਹੈ ਕਿ ਇਸ ਨੂੰ) ਕੋਈ ਤੋੜ ਨਹੀਂ ਸਕਦਾ ॥੧॥ ਰਹਾਉ ॥

ਪ੍ਰਾਨ ਮਾਨ ਪਤਿ ਪਿਤ ਸੁਤ ਬੰਧਪ ਹਰਿ ਸਰਬਸੁ ਧਨ ਮੋਰ ॥

ਹੇ ਮਾਂ! ਹੁਣ ਮੇਰੇ ਵਾਸਤੇ ਪ੍ਰਭੂ ਪ੍ਰੀਤਮ ਹੀ ਜਿੰਦ ਹੈ, ਆਸਰਾ ਹੈ, ਇੱਜ਼ਤ ਹੈ, ਪਿਤਾ ਹੈ, ਪੁੱਤਰ ਹੈ, ਸਨਬੰਧੀ ਹੈ, ਧਨ ਹੈ, ਮੇਰਾ ਸਭ ਕੁਝ ਉਹੀ ਉਹੀ ਹੈ।

ਧ੍ਰਿਗੁ ਸਰੀਰੁ ਅਸਤ ਬਿਸਟਾ ਕ੍ਰਿਮ ਬਿਨੁ ਹਰਿ ਜਾਨਤ ਹੋਰ ॥੧॥

ਜਿਹੜਾ ਮਨੁੱਖ ਪਰਮਾਤਮਾ ਤੋਂ ਬਿਨਾ ਹੋਰ ਹੋਰ ਨਾਲ ਸਾਂਝ ਬਣਾਈ ਰੱਖਦਾ ਹੈ, ਉਸ ਦਾ ਸਰੀਰ ਫਿਟਕਾਰ-ਜੋਗ ਹੋ ਜਾਂਦਾ ਹੈ (ਕਿਉਂਕਿ ਫਿਰ ਇਹ ਮਨੁੱਖਾ ਸਰੀਰ ਨਿਰਾ) ਹੱਡੀਆਂ ਗੰਦ ਅਤੇ ਕਿਰਮ ਹੀ ਹੈ ॥੧॥

ਭਇਓ ਕ੍ਰਿਪਾਲ ਦੀਨ ਦੁਖ ਭੰਜਨੁ ਪਰਾ ਪੂਰਬਲਾ ਜੋਰ ॥

ਜਿਸ ਨਾਲ ਕੋਈ ਮੁੱਢ-ਕਦੀਮਾਂ ਦਾ ਜੋੜ ਹੁੰਦਾ ਹੈ, ਗਰੀਬਾਂ ਦੇ ਦੁੱਖ ਦੂਰ ਕਰਨ ਵਾਲਾ ਪ੍ਰਭੂ ਉਸ ਉਤੇ ਦਇਆਵਾਨ ਹੁੰਦਾ ਹੈ,

ਨਾਨਕ ਸਰਣਿ ਕ੍ਰਿਪਾ ਨਿਧਿ ਸਾਗਰ ਬਿਨਸਿਓ ਆਨ ਨਿਹੋਰ ॥੨॥੧੦੧॥੧੨੪॥

ਹੇ ਨਾਨਕ! ਉਹ ਮਨੁੱਖ ਦਇਆ ਦੇ ਖ਼ਜ਼ਾਨੇ ਮਿਹਰ ਦੇ ਸਮੁੰਦਰ ਪ੍ਰਭੂ ਦੀ ਸਰਨ ਪੈਂਦਾ ਹੈ, ਤੇ, ਉਸ ਦੀ ਹੋਰ (ਸਾਰੀ) ਮੁਥਾਜੀ ਮੁੱਕ ਜਾਂਦੀ ਹੈ ॥੨॥੧੦੧॥੧੨੪॥


ਸਾਰਗ ਮਹਲਾ ੫ ॥
ਨੀਕੀ ਰਾਮ ਕੀ ਧੁਨਿ ਸੋਇ ॥

ਪਰਮਾਤਮਾ ਦੀ ਲਗਨ (ਹਿਰਦੇ ਵਿਚ ਬਣਾ), ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ-ਇਹ ਇਕ ਸੋਹਣੀ (ਕਾਰ) ਹੈ।

ਚਰਨ ਕਮਲ ਅਨੂਪ ਸੁਆਮੀ ਜਪਤ ਸਾਧੂ ਹੋਇ ॥੧॥ ਰਹਾਉ ॥

ਸੋਹਣੇ ਮਾਲਕ-ਪ੍ਰਭੂ ਦੇ ਸੋਹਣੇ ਚਰਨ ਜਪਦਿਆਂ ਮਨੁੱਖ ਭਲਾ ਨੇਕ ਬਣ ਜਾਂਦਾ ਹੈ ॥੧॥ ਰਹਾਉ ॥

ਚਿਤਵਤਾ ਗੋਪਾਲ ਦਰਸਨ ਕਲਮਲਾ ਕਢੁ ਧੋਇ ॥

ਜਗਤ ਦੇ ਪਾਲਣਹਾਰ ਪ੍ਰਭੂ ਦੇ ਦਰਸਨ ਦੀ ਤਾਂਘ ਮਨ ਵਿਚ ਵਸਾਂਦਾ ਹੋਇਆ (ਭਾਵ, ਵਸਾ ਕੇ) (ਆਪਣੇ ਅੰਦਰੋਂ ਸਾਰੇ) ਪਾਪ ਧੋ ਕੇ ਦੂਰ ਕਰ ਲੈ।

ਜਨਮ ਮਰਨ ਬਿਕਾਰ ਅੰਕੁਰ ਹਰਿ ਕਾਟਿ ਛਾਡੇ ਖੋਇ ॥੧॥

(ਜੇ ਤੂੰ ਹਰਿ-ਦਰਸਨ ਦੀ ਤਾਂਘ ਆਪਣੇ ਅੰਦਰ ਪੈਦਾ ਕਰੇਂਗਾ ਤਾਂ) ਪਰਮਾਤਮਾ (ਤੇਰੇ ਅੰਦਰੋਂ) ਜਨਮ ਮਰਨ ਦੇ (ਸਾਰੀ ਉਮਰ ਦੇ) ਵਿਕਾਰਾਂ ਦੇ ਫੁੱਟ ਰਹੇ ਬੀਜ ਕੱਟ ਕੇ ਨਾਸ ਕਰ ਦੇਵੇਗਾ ॥੧॥

ਪਰਾ ਪੂਰਬਿ ਜਿਸਹਿ ਲਿਖਿਆ ਬਿਰਲਾ ਪਾਏ ਕੋਇ ॥

ਇਹ ਦਾਤ ਕੋਈ ਉਹ ਵਿਰਲਾ ਮਨੁੱਖ ਹਾਸਲ ਕਰਦਾ ਹੈ ਜਿਸ ਦੇ ਮੱਥੇ ਉੱਤੇ ਪੂਰਬਲੇ ਸਮੇ ਤੋਂ (ਇਹ ਲੇਖ) ਲਿਖਿਆ ਹੁੰਦਾ ਹੈ।

ਰਵਣ ਗੁਣ ਗੋਪਾਲ ਕਰਤੇ ਨਾਨਕਾ ਸਚੁ ਜੋਇ ॥੨॥੧੦੨॥੧੨੫॥

ਹੇ ਨਾਨਕ! ਜਿਹੜਾ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਉਸ ਕਰਤਾਰ ਗੋਪਾਲ ਦੇ ਗੁਣ ਗਾਣੇ (ਇਹ ਸੋਹਣੀ ਕਾਰ ਭਾਗਾਂ ਵਾਲਿਆਂ ਦੇ ਹਿੱਸੇ ਆਉਂਦੀ ਹੈ) ॥੨॥੧੦੨॥੧੨੫॥


ਸਾਰਗ ਮਹਲਾ ੫ ॥
ਹਰਿ ਕੇ ਨਾਮ ਕੀ ਮਤਿ ਸਾਰ ॥

ਪਰਮਾਤਮਾ ਦਾ ਨਾਮ ਸਿਮਰਨ (ਵਲ ਪ੍ਰੇਰਨ) ਵਾਲੀ ਅਕਲ (ਹੋਰ ਹੋਰ ਕੰਮਾਂ ਵਲ ਪ੍ਰੇਰਨ ਵਾਲੀਆਂ ਅਕਲਾਂ ਨਾਲੋਂ) ਸ੍ਰੇਸ਼ਟ ਹੈ।

ਹਰਿ ਬਿਸਾਰਿ ਜੁ ਆਨ ਰਾਚਹਿ ਮਿਥਨ ਸਭ ਬਿਸਥਾਰ ॥੧॥ ਰਹਾਉ ॥

ਜਿਹੜੇ ਮਨੁੱਖ ਪਰਮਾਤਮਾ ਨੂੰ ਭੁਲਾ ਕੇ ਹੋਰ ਹੋਰ ਆਹਰਾਂ ਵਿਚ ਸਦਾ ਰੁੱਝੇ ਰਹਿੰਦੇ ਹਨ ਉਹਨਾਂ ਦੇ ਸਾਰੇ ਖਿਲਾਰੇ (ਆਖ਼ਿਰ) ਵਿਅਰਥ ਜਾਂਦੇ ਹਨ ॥੧॥ ਰਹਾਉ ॥

ਸਾਧਸੰਗਮਿ ਭਜੁ ਸੁਆਮੀ ਪਾਪ ਹੋਵਤ ਖਾਰ ॥

ਸਾਧ ਸੰਗਤ ਵਿਚ (ਟਿਕ ਕੇ) ਮਾਲਕ-ਪ੍ਰਭੂ ਦਾ ਭਜਨ ਕਰਿਆ ਕਰ (ਸਿਮਰਨ ਦੀ ਬਰਕਤਿ ਨਾਲ) ਸਾਰੇ ਪਾਪ ਨਾਸ ਹੋ ਜਾਂਦੇ ਹਨ।

ਚਰਨਾਰਬਿੰਦ ਬਸਾਇ ਹਿਰਦੈ ਬਹੁਰਿ ਜਨਮ ਨ ਮਾਰ ॥੧॥

ਪਰਮਾਤਮਾ ਦੇ ਸੋਹਣੇ ਚਰਨ ਆਪਣੇ ਹਿਰਦੇ ਵਿਚ ਵਸਾਈ ਰੱਖ, ਮੁੜ ਜਨਮ ਮਰਨ ਦਾ ਗੇੜ ਨਹੀਂ ਹੋਵੇਗਾ ॥੧॥

ਕਰਿ ਅਨੁਗ੍ਰਹ ਰਾਖਿ ਲੀਨੇ ਏਕ ਨਾਮ ਅਧਾਰ ॥

ਮਿਹਰ ਕਰ ਕੇ ਜਿਨ੍ਹਾਂ ਮਨੁੱਖਾਂ ਦੀ ਪ੍ਰਭੂ ਰੱਖਿਆ ਕਰਦਾ ਹੈ, ਉਹਨਾਂ ਨੂੰ ਆਪਣੇ ਨਾਮ ਦਾ ਹੀ ਸਹਾਰਾ ਦੇਂਦਾ ਹੈ।

ਦਿਨ ਰੈਨਿ ਸਿਮਰਤ ਸਦਾ ਨਾਨਕ ਮੁਖ ਊਜਲ ਦਰਬਾਰਿ ॥੨॥੧੦੩॥੧੨੬॥

ਹੇ ਨਾਨਕ! ਦਿਨ ਰਾਤ ਸਦਾ ਸਿਮਰਨ ਕਰਦਿਆਂ ਉਹਨਾਂ ਦੇ ਮੂੰਹ ਪ੍ਰਭੂ ਦੇ ਦਰਬਾਰ ਵਿਚ ਉਜਲੇ ਹੋ ਜਾਂਦੇ ਹਨ ॥੨॥੧੦੩॥੧੨੬॥


ਸਾਰਗ ਮਹਲਾ ੫ ॥
ਮਾਨੀ ਤੂੰ ਰਾਮ ਕੈ ਦਰਿ ਮਾਨੀ ॥

(ਹੇ ਜਿੰਦੇ! ਜੇ ਤੂੰ ਪਰਮਾਤਮਾ ਦੇ ਗੁਣ ਗਾਵੇਂ, ਤਾਂ) ਤੂੰ ਪਰਮਾਤਮਾ ਦੇ ਦਰ ਤੇ ਜ਼ਰੂਰ ਸਤਕਾਰ ਹਾਸਲ ਕਰੇਂਗੀ।

ਸਾਧਸੰਗਿ ਮਿਲਿ ਹਰਿ ਗੁਨ ਗਾਏ ਬਿਨਸੀ ਸਭ ਅਭਿਮਾਨੀ ॥੧॥ ਰਹਾਉ ॥

(ਜਿਸ ਜੀਵ-ਇਸਤ੍ਰੀ ਨੇ) ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ, ਉਸ ਦੇ ਅੰਦਰੋਂ ਹਉਮੈ ਵਾਲੀ ਮੱਤ ਸਾਰੀ ਮੁੱਕ ਗਈ ॥੧॥ ਰਹਾਉ ॥

ਧਾਰਿ ਅਨੁਗ੍ਰਹੁ ਅਪਨੀ ਕਰਿ ਲੀਨੀ ਗੁਰਮੁਖਿ ਪੂਰ ਗਿਆਨੀ ॥

ਹੇ ਜਿੰਦੇ! ਪ੍ਰਭੂ ਨੇ ਮਿਹਰ ਕਰ ਕੇ (ਜਿਸ ਜੀਵ-ਇਸਤ੍ਰੀ ਨੂੰ) ਆਪਣੀ ਬਣਾ ਲਿਆ, ਉਹ ਗੁਰੂ ਦੇ ਸਨਮੁਖ ਰਹਿ ਕੇ ਆਤਮਕ ਜੀਵਨ ਦੀ ਪੂਰੀ ਸੂਝ ਵਾਲੀ ਹੋ ਗਈ।

ਸਰਬ ਸੂਖ ਆਨੰਦ ਘਨੇਰੇ ਠਾਕੁਰ ਦਰਸ ਧਿਆਨੀ ॥੧॥

ਉਸ ਦੇ ਹਿਰਦੇ ਵਿਚ ਸਾਰੇ ਸੁਖ ਅਨੇਕਾਂ ਆਨੰਦ ਪੈਦਾ ਹੋ ਗਏ, ਉਸ ਦੀ ਸੁਰਤ ਮਾਲਕ-ਪ੍ਰਭੂ ਦੇ ਦਰਸਨ ਵਿਚ ਜੁੜਨ ਲੱਗ ਪਈ ॥੧॥

ਨਿਕਟਿ ਵਰਤਨਿ ਸਾ ਸਦਾ ਸੁਹਾਗਨਿ ਦਹ ਦਿਸ ਸਾਈ ਜਾਨੀ ॥

ਹੇ ਜਿੰਦੇ! ਜਿਹੜੀ ਜੀਵ-ਇਸਤ੍ਰੀ ਸਦਾ ਪ੍ਰਭੂ-ਚਰਨਾਂ ਵਿਚ ਟਿਕਣ ਲੱਗ ਪਈ, ਉਹ ਸਦਾ ਲਈ ਸੁਹਾਗ-ਭਾਗ ਵਾਲੀ ਹੋ ਗਈ, ਉਹੀ ਸਾਰੇ ਜਗਤ ਵਿਚ ਪਰਗਟ ਹੋ ਗਈ।

ਪ੍ਰਿਅ ਰੰਗ ਰੰਗਿ ਰਤੀ ਨਾਰਾਇਨ ਨਾਨਕ ਤਿਸੁ ਕੁਰਬਾਨੀ ॥੨॥੧੦੪॥੧੨੭॥

ਹੇ ਨਾਨਕ! ਮੈਂ ਉਸ ਜੀਵ-ਇਸਤ੍ਰੀ ਤੋਂ ਸਦਕੇ ਹਾਂ ਜਿਹੜੀ ਪਿਆਰੇ ਪ੍ਰਭੂ ਦੇ ਕੌਤਕਾਂ ਦੇ ਰੰਗ ਵਿਚ ਰੰਗੀ ਰਹਿੰਦੀ ਹੈ ॥੨॥੧੦੪॥੧੨੭॥


ਸਾਰਗ ਮਹਲਾ ੫ ॥
ਤੁਅ ਚਰਨ ਆਸਰੋ ਈਸ ॥

ਹੇ ਈਸ਼੍ਵਰ! (ਅਸਾਂ ਜੀਵਾਂ ਨੂੰ) ਤੇਰੇ ਚਰਨਾਂ ਦਾ (ਹੀ) ਆਸਰਾ ਹੈ।

ਤੁਮਹਿ ਪਛਾਨੂ ਸਾਕੁ ਤੁਮਹਿ ਸੰਗਿ ਰਾਖਨਹਾਰ ਤੁਮੈ ਜਗਦੀਸ ॥ ਰਹਾਉ ॥

ਤੂੰ ਹੀ (ਸਾਡਾ) ਜਾਣੂ-ਪਛਾਣੂ ਹੈਂ, ਤੇਰੇ ਨਾਲ ਹੀ ਸਾਡਾ ਮੇਲ-ਮਿਲਾਪ ਹੈ। ਹੇ ਜਗਤ ਦੇ ਈਸ਼੍ਵਰ! ਤੂੰ ਹੀ (ਸਾਡੀ) ਰੱਖਿਆ ਕਰ ਸਕਣ ਵਾਲਾ ਹੈਂ ॥ ਰਹਾਉ॥

ਤੂ ਹਮਰੋ ਹਮ ਤੁਮਰੇ ਕਹੀਐ ਇਤ ਉਤ ਤੁਮ ਹੀ ਰਾਖੇ ॥

ਹੇ ਪ੍ਰਭੂ! ਹਰੇਕ ਜੀਵ ਇਹੀ ਆਖਦਾ ਹੈ ਕਿ ਤੂੰ ਸਾਡਾ ਹੈਂ ਅਸੀਂ ਤੇਰੇ ਹਾਂ, ਤੂੰ ਹੀ ਇਸ ਲੋਕ ਤੇ ਪਰਲੋਕ ਵਿਚ ਸਾਡਾ ਰਾਖਾ ਹੈਂ।

ਤੂ ਬੇਅੰਤੁ ਅਪਰੰਪਰੁ ਸੁਆਮੀ ਗੁਰ ਕਿਰਪਾ ਕੋਈ ਲਾਖੈ ॥੧॥

ਹੇ ਮਾਲਕ-ਪ੍ਰਭੂ! ਤੂੰ ਹੀ ਬੇਅੰਤ ਹੈਂ, ਪਰੇ ਤੋਂ ਪਰੇ ਹੈਂ। ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਮਿਹਰ ਨਾਲ ਇਹ ਗੱਲ ਸਮਝੀ ਹੈ ॥੧॥

ਬਿਨੁ ਬਕਨੇ ਬਿਨੁ ਕਹਨ ਕਹਾਵਨ ਅੰਤਰਜਾਮੀ ਜਾਨੈ ॥

ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, ਸਾਡੇ ਬੋਲਣ ਤੋਂ ਬਿਨਾ, ਸਾਡੇ ਆਖਣ-ਅਖਾਣ ਤੋਂ ਬਿਨਾ (ਸਾਡੀ ਲੋੜ) ਜਾਣ ਲੈਂਦਾ ਹੈ।

ਜਾ ਕਉ ਮੇਲਿ ਲਏ ਪ੍ਰਭੁ ਨਾਨਕੁ ਸੇ ਜਨ ਦਰਗਹ ਮਾਨੇ ॥੨॥੧੦੫॥੧੨੮॥

ਨਾਨਕ (ਆਖਦਾ ਹੈ ਕਿ ਹੇ ਭਾਈ!) ਉਹ ਪ੍ਰਭੂ ਜਿਨ੍ਹਾਂ ਨੂੰ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ, ਉਹ ਮਨੁੱਖ ਉਸ ਦੀ ਹਜ਼ੂਰੀ ਵਿਚ ਆਦਰ-ਸਤਕਾਰ ਪ੍ਰਾਪਤ ਕਰਦੇ ਹਨ ॥੨॥੧੦੫॥੧੨੮॥


ਸਾਰੰਗ ਮਹਲਾ ੫ ਚਉਪਦੇ ਘਰੁ ੫ ॥

ਰਾਗ ਸਾਰੰਗ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਹਰਿ ਭਜਿ ਆਨ ਕਰਮ ਬਿਕਾਰ ॥

ਪਰਮਾਤਮਾ ਦਾ ਭਜਨ ਕਰਿਆ ਕਰ, (ਭਜਨ ਤੋਂ ਬਿਨਾ) ਹੋਰ ਹੋਰ ਕੰਮ (ਜਿੰਦ ਲਈ) ਵਿਅਰਥ ਹਨ।

ਮਾਨ ਮੋਹੁ ਨ ਬੁਝਤ ਤ੍ਰਿਸਨਾ ਕਾਲ ਗ੍ਰਸ ਸੰਸਾਰ ॥੧॥ ਰਹਾਉ ॥

(ਹੋਰ ਹੋਰ ਕੰਮਾਂ ਨਾਲ) ਅਹੰਕਾਰ ਤੇ ਮੋਹ (ਪੈਦਾ ਹੁੰਦਾ ਹੈ), ਤ੍ਰਿਸ਼ਨਾ ਨਹੀਂ ਮਿਟਦੀ, ਦੁਨੀਆ ਆਤਮਕ ਮੌਤ ਵਿਚ ਫਸੀ ਰਹਿੰਦੀ ਹੈ ॥੧॥ ਰਹਾਉ ॥

ਖਾਤ ਪੀਵਤ ਹਸਤ ਸੋਵਤ ਅਉਧ ਬਿਤੀ ਅਸਾਰ ॥

ਖਾਂਦਿਆਂ ਪੀਂਦਿਆਂ ਹੱਸਦਿਆਂ ਸੁੱਤਿਆਂ (ਇਸੇ ਤਰ੍ਹਾਂ ਮਨੁੱਖ ਦੀ) ਉਮਰ ਬੇ-ਸਮਝੀ ਵਿਚ ਬੀਤਦੀ ਜਾਂਦੀ ਹੈ।

ਨਰਕ ਉਦਰਿ ਭ੍ਰਮੰਤ ਜਲਤੋ ਜਮਹਿ ਕੀਨੀ ਸਾਰ ॥੧॥

ਨਰਕ ਸਮਾਨ ਹਰੇਕ ਜੂਨ ਵਿਚ (ਜੀਵ) ਭਟਕਦਾ ਹੈ ਦੁਖੀ ਹੁੰਦਾ ਹੈ, ਜਮਾਂ ਦੇ ਵੱਸ ਪਿਆ ਰਹਿੰਦਾ ਹੈ ॥੧॥

ਪਰ ਦ੍ਰੋਹ ਕਰਤ ਬਿਕਾਰ ਨਿੰਦਾ ਪਾਪ ਰਤ ਕਰ ਝਾਰ ॥

(ਭਜਨ ਤੋਂ ਖੁੰਝ ਕੇ) ਮਨੁੱਖ ਦੂਜਿਆਂ ਨਾਲ ਠੱਗੀ ਕਰਦਾ ਹੈ, ਨਿੰਦਾ ਆਦਿਕ ਕੁਕਰਮ ਕਰਦਾ ਹੈ, ਬੇ-ਪਰਵਾਹ ਹੋ ਕੇ ਪਾਪਾਂ ਵਿਚ ਮਸਤ ਰਹਿੰਦਾ ਹੈ।

ਬਿਨਾ ਸਤਿਗੁਰ ਬੂਝ ਨਾਹੀ ਤਮ ਮੋਹ ਮਹਾਂ ਅੰਧਾਰ ॥੨॥

ਗੁਰੂ ਦੀ ਸਰਨ ਤੋਂ ਬਿਨਾ (ਮਨੁੱਖ ਨੂੰ) ਆਤਮਕ ਜੀਵਨ ਦੀ ਸਮਝ ਨਹੀਂ ਪੈਂਦੀ, ਮੋਹ ਦੇ ਬੜੇ ਘੁੱਪ ਹਨੇਰੇ ਵਿਚ ਪਿਆ ਰਹਿੰਦਾ ਹੈ ॥੨॥

ਬਿਖੁ ਠਗਉਰੀ ਖਾਇ ਮੂਠੋ ਚਿਤਿ ਨ ਸਿਰਜਨਹਾਰ ॥

ਆਤਮਕ ਮੌਤ ਲਿਆਉਣ ਵਾਲੀ ਮਾਇਆ-ਠਗ-ਬੂਟੀ ਖਾ ਕੇ ਮਨੁੱਖ (ਆਤਮਕ ਸਰਮਾਏ ਵਲੋਂ) ਲੁੱਟਿਆ ਜਾਂਦਾ ਹੈ, ਇਸ ਦੇ ਮਨ ਵਿਚ ਪਰਮਾਤਮਾ ਦੀ ਯਾਦ ਨਹੀਂ ਹੁੰਦੀ।

ਗੋਬਿੰਦ ਗੁਪਤ ਹੋਇ ਰਹਿਓ ਨਿਆਰੋ ਮਾਤੰਗ ਮਤਿ ਅਹੰਕਾਰ ॥੩॥

ਹਉਮੈ ਦੀ ਮੱਤ ਦੇ ਕਾਰਨ ਹਾਥੀ ਵਾਂਗ (ਫੁੱਲਿਆ ਰਹਿੰਦਾ ਹੈ, ਇਸ ਦੇ ਅੰਦਰ ਹੀ) ਪਰਮਾਤਮਾ ਛੁਪਿਆ ਬੈਠਾ ਹੈ, ਪਰ ਉਸ ਤੋਂ ਵੱਖਰਾ ਹੀ ਰਹਿੰਦਾ ਹੈ ॥੩॥

ਕਰਿ ਕ੍ਰਿਪਾ ਪ੍ਰਭ ਸੰਤ ਰਾਖੇ ਚਰਨ ਕਮਲ ਅਧਾਰ ॥

ਪ੍ਰਭੂ ਜੀ ਨੇ ਮਿਹਰ ਕਰ ਕੇ ਆਪਣੇ ਸੰਤਾਂ ਨੂੰ ਆਪਣੇ ਸੋਹਣੇ ਚਰਨਾਂ ਦੇ ਆਸਰੇ (ਇਸ ‘ਬਿਖੁ ਠਗਉਰੀ’ ਤੋਂ) ਬਚਾਈ ਰੱਖਿਆ ਹੈ।

ਕਰ ਜੋਰਿ ਨਾਨਕੁ ਸਰਨਿ ਆਇਓ ਗੁੋਪਾਲ ਪੁਰਖ ਅਪਾਰ ॥੪॥੧॥੧੨੯॥

ਹੇ ਗੋਪਾਲ! ਹੇ ਅਕਾਲ ਪੁਰਖ! ਹੇ ਬੇਅੰਤ! ਦੋਵੇਂ ਹੱਥ ਜੋੜ ਕੇ ਨਾਨਕ (ਤੇਰੀ) ਸਰਨ ਆਇਆ ਹੈ (ਇਸ ਦੀ ਭੀ ਰੱਖਿਆ ਕਰ) ॥੪॥੧॥੧੨੯॥


ਸਾਰਗ ਮਹਲਾ ੫ ਘਰੁ ੬ ਪੜਤਾਲ ॥

ਰਾਗ ਸਾਰੰਗ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਪੜਤਾਲ’।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸੁਭ ਬਚਨ ਬੋਲਿ ਗੁਨ ਅਮੋਲ ॥

(ਹੇ ਜੀਵ-ਇਸਤ੍ਰੀ!) ਪਰਮਾਤਮਾ ਦੇ ਅਮੋਲਕ ਗੁਣ (ਸਭ ਬਚਨਾਂ ਨਾਲੋਂ) ਸੁਭ ਬਚਨ ਹਨ-ਇਹਨਾਂ ਦਾ ਉਚਾਰਨ ਕਰਿਆ ਕਰ।

ਕਿੰਕਰੀ ਬਿਕਾਰ ॥

ਹੇ ਵਿਕਾਰਾਂ ਦੀ ਦਾਸੀ (ਹੋ ਚੁਕੀ ਜੀਵ-ਇਸਤ੍ਰੀ)!

ਦੇਖੁ ਰੀ ਬੀਚਾਰ ॥

ਹੋਸ਼ ਕਰ (ਵਿਚਾਰ ਕੇ ਵੇਖ)।

ਗੁਰਸਬਦੁ ਧਿਆਇ ਮਹਲੁ ਪਾਇ ॥

ਗੁਰੂ ਦਾ ਸ਼ਬਦ ਆਪਣੇ ਮਨ ਵਿਚ ਟਿਕਾਈ ਰੱਖ (ਤੇ, ਸ਼ਬਦ ਦੀ ਬਰਕਤਿ ਨਾਲ) ਪ੍ਰਭੂ-ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ।

ਹਰਿ ਸੰਗਿ ਰੰਗ ਕਰਤੀ ਮਹਾ ਕੇਲ ॥੧॥ ਰਹਾਉ ॥

(ਜਿਹੜੀ ਜੀਵ-ਇਸਤ੍ਰੀ ਪ੍ਰਭੂ-ਚਰਨਾਂ ਵਿਚ ਟਿਕਦੀ ਹੈ, ਉਹ) ਪਰਮਾਤਮਾ ਵਿਚ ਜੁੜ ਕੇ ਬੜੇ ਆਤਮਕ ਆਨੰਦ ਮਾਣਦੀ ਹੈ ॥੧॥ ਰਹਾਉ ॥

ਸੁਪਨ ਰੀ ਸੰਸਾਰੁ ॥

(ਹੇ ਸਖੀ!) ਇਹ ਜਗਤ ਸੁਪਨੇ ਵਰਗਾ ਹੈ,

ਮਿਥਨੀ ਬਿਸਥਾਰੁ ॥

(ਇਸ ਦਾ ਸਾਰਾ) ਖਿਲਾਰਾ ਨਾਸਵੰਤ ਹੈ।

ਸਖੀ ਕਾਇ ਮੋਹਿ ਮੋਹਿਲੀ ਪ੍ਰਿਅ ਪ੍ਰੀਤਿ ਰਿਦੈ ਮੇਲ ॥੧॥

ਹੇ ਸਖੀ! ਤੂੰ ਇਸ ਦੇ ਮੋਹ ਵਿਚ ਕਿਉਂ ਫਸੀ ਹੋਈ ਹੈਂ? ਪ੍ਰੀਤਮ ਪ੍ਰਭੂ ਦੀ ਪ੍ਰੀਤ ਆਪਣੇ ਹਿਰਦੇ ਵਿਚ ਵਸਾਈ ਰੱਖ ॥੧॥

ਸਰਬ ਰੀ ਪ੍ਰੀਤਿ ਪਿਆਰੁ ॥

ਹੇ ਸਖੀ! ਪ੍ਰਭੂ ਸਭ ਜੀਵਾਂ ਨਾਲ ਪ੍ਰੀਤ ਕਰਦਾ ਹੈ ਪਿਆਰ ਕਰਦਾ ਹੈ।

ਪ੍ਰਭੁ ਸਦਾ ਰੀ ਦਇਆਰੁ ॥

ਹੇ ਸਖੀ! ਉਹ ਸਦਾ ਹੀ ਦਇਆ ਦਾ ਘਰ ਹੈ।

ਕਾਂਏਂ ਆਨ ਆਨ ਰੁਚੀਐ ॥

(ਉਸ ਨੂੰ ਭੁਲਾ ਕੇ) ਹੋਰ ਹੋਰ ਪਦਾਰਥਾਂ ਵਿਚ ਪਿਆਰ ਨਹੀਂ ਪਾਣਾ ਚਾਹੀਦਾ।

ਹਰਿ ਸੰਗਿ ਸੰਗਿ ਖਚੀਐ ॥

ਸਦਾ ਪਰਮਾਤਮਾ ਦੇ ਪਿਆਰ ਵਿਚ ਹੀ ਮਸਤ ਰਹਿਣਾ ਚਾਹੀਦਾ ਹੈ।

ਜਉ ਸਾਧਸੰਗ ਪਾਏ ॥

ਜਦੋਂ (ਕੋਈ ਵਡ-ਭਾਗੀ ਮਨੁੱਖ) ਸਾਧ ਸੰਗਤ ਦਾ ਮਿਲਾਪ ਹਾਸਲ ਕਰਦਾ ਹੈ

ਕਹੁ ਨਾਨਕ ਹਰਿ ਧਿਆਏ ॥

ਅਤੇ ਨਾਨਕ ਆਖਦਾ ਹੈ- ਜਦੋਂ ਪਰਮਾਤਮਾ ਦਾ ਧਿਆਨ ਧਰਦਾ ਹੈ,

ਅਬ ਰਹੇ ਜਮਹਿ ਮੇਲ ॥੨॥੧॥੧੩੦॥

ਤਦੋਂ ਜਮਾਂ ਨਾਲ ਉਸ ਦਾ ਵਾਹ ਨਹੀਂ ਪੈਂਦਾ ॥੨॥੧॥੧੩੦॥


ਸਾਰਗ ਮਹਲਾ ੫ ॥
ਕੰਚਨਾ ਬਹੁ ਦਤ ਕਰਾ ॥

ਹੇ ਮਨ! ਜੇ ਕੋਈ ਮਨੁੱਖ ਬਹੁਤ ਸੋਨਾ ਦਾਨ ਕਰਦਾ ਹੈ,

ਭੂਮਿ ਦਾਨੁ ਅਰਪਿ ਧਰਾ ॥

ਭੁਇਂ ਮਣਸ ਕੇ ਦਾਨ ਕਰਦਾ ਹੈ,

ਮਨ ਅਨਿਕ ਸੋਚ ਪਵਿਤ੍ਰ ਕਰਤ ॥

ਕਈ ਸੁੱਚਾਂ ਨਾਲ (ਸਰੀਰ ਨੂੰ) ਪਵਿੱਤਰ ਕਰਦਾ ਹੈ,

ਨਾਹੀ ਰੇ ਨਾਮ ਤੁਲਿ ਮਨ ਚਰਨ ਕਮਲ ਲਾਗੇ ॥੧॥ ਰਹਾਉ ॥

(ਇਹ ਉੱਦਮ) ਪਰਮਾਤਮਾ ਦੇ ਨਾਮ ਦੇ ਬਰਾਬਰ ਨਹੀਂ ਹਨ। ਹੇ ਮਨ! ਪਰਮਾਤਮਾ ਦੇ ਸੋਹਣੇ ਚਰਨਾਂ ਵਿਚ ਜੁੜਿਆ ਰਹੁ ॥੧॥ ਰਹਾਉ ॥

ਚਾਰਿ ਬੇਦ ਜਿਹਵ ਭਨੇ ॥

ਹੇ ਮਨ! ਜੇ ਕੋਈ ਮਨੁੱਖ ਚਾਰੇ ਵੇਦ ਆਪਣੀ ਜੀਭ ਨਾਲ ਉਚਾਰਦਾ ਰਹਿੰਦਾ ਹੈ,

ਦਸ ਅਸਟ ਖਸਟ ਸ੍ਰਵਨ ਸੁਨੇ ॥

ਅਠਾਰਾਂ ਪੁਰਾਣ ਅਤੇ ਛੇ ਸਾਸਤ੍ਰ ਕੰਨਾਂ ਨਾਲ ਸੁਣਦਾ ਰਹਿੰਦਾ ਹੈ,

ਨਹੀ ਤੁਲਿ ਗੋਬਿਦ ਨਾਮ ਧੁਨੇ ॥

(ਇਹ ਕੰਮ) ਪਰਮਾਤਮਾ ਦੇ ਨਾਮ ਦੀ ਲਗਨ ਦੇ ਬਰਾਬਰ ਨਹੀਂ ਹਨ।

ਮਨ ਚਰਨ ਕਮਲ ਲਾਗੇ ॥੧॥

ਹੇ ਮਨ! ਪ੍ਰਭੂ ਦੇ ਸੋਹਣੇ ਚਰਨਾਂ ਵਿਚ ਪ੍ਰੀਤ ਬਣਾਈ ਰੱਖ ॥੧॥

ਬਰਤ ਸੰਧਿ ਸੋਚ ਚਾਰ ॥

ਹੇ ਮਨ! ਵਰਤ, ਸੰਧਿਆ, ਸਰੀਰਕ ਪਵਿੱਤ੍ਰਤਾ,

ਕ੍ਰਿਆ ਕੁੰਟਿ ਨਿਰਾਹਾਰ ॥

(ਤੀਰਥ-ਜਾਤ੍ਰਾ ਆਦਿਕ ਲਈ) ਚਾਰ ਕੂਟਾਂ ਵਿਚ ਭੁੱਖੇ ਰਹਿ ਕੇ ਭੌਂਦੇ ਫਿਰਨਾ,

ਅਪਰਸ ਕਰਤ ਪਾਕਸਾਰ ॥

ਕਿਸੇ ਨਾਲ ਛੁਹਣ ਤੋਂ ਬਿਨਾ ਆਪਣੀ ਰਸੋਈ ਤਿਆਰ ਕਰਨੀ,

ਨਿਵਲੀ ਕਰਮ ਬਹੁ ਬਿਸਥਾਰ ॥

(ਆਂਦਰਾਂ ਦਾ ਅੱਭਿਆਸ) ਨਿਵਲੀ ਕਰਮ ਕਰਨਾ, ਹੋਰ ਅਜਿਹੇ ਕਈ ਖਿਲਾਰੇ ਖਿਲਾਰਨੇ,

ਧੂਪ ਦੀਪ ਕਰਤੇ ਹਰਿ ਨਾਮ ਤੁਲਿ ਨ ਲਾਗੇ ॥

(ਦੇਵ-ਪੂਜਾ ਲਈ) ਧੂਪ ਧੁਖਾਣੇ ਦੀਵੇ ਜਗਾਣੇ-ਇਹ ਸਾਰੇ ਹੀ ਉੱਦਮ ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰਦੇ।

ਰਾਮ ਦਇਆਰ ਸੁਨਿ ਦੀਨ ਬੇਨਤੀ ॥

ਹੇ ਦਾਸ ਨਾਨਕ! ਹੇ ਦਇਆ ਦੇ ਸੋਮੇ ਪ੍ਰਭੂ! ਮੇਰੀ ਗਰੀਬ ਦੀ ਬੇਨਤੀ ਸੁਣ!

ਦੇਹੁ ਦਰਸੁ ਨੈਨ ਪੇਖਉ ਜਨ ਨਾਨਕ ਨਾਮ ਮਿਸਟ ਲਾਗੇ ॥੨॥੨॥੧੩੧॥

ਆਪਣਾ ਦਰਸਨ ਦੇਹ, ਮੈਂ ਤੈਨੂੰ ਆਪਣੀਆਂ ਅੱਖਾਂ ਨਾਲ (ਸਦਾ) ਵੇਖਦਾ ਰਹਾਂ, ਤੇਰਾ ਨਾਮ ਮੈਨੂੰ ਮਿੱਠਾ ਲੱਗਦਾ ਰਹੇ ॥੨॥੨॥੧੩੧॥


ਸਾਰਗ ਮਹਲਾ ੫ ॥
ਰਾਮ ਰਾਮ ਰਾਮ ਜਾਪਿ ਰਮਤ ਰਾਮ ਸਹਾਈ ॥੧॥ ਰਹਾਉ ॥

ਸਦਾ ਸਦਾ ਪਰਮਾਤਮਾ (ਦੇ ਨਾਮ ਦਾ ਜਾਪ) ਜਪਿਆ ਕਰ, (ਨਾਮ) ਜਪਦਿਆਂ (ਉਹ) ਪਰਮਾਤਮਾ (ਹਰ ਥਾਂ) ਸਹਾਇਤਾ ਕਰਨ ਵਾਲਾ ਹੈ ॥੧॥ ਰਹਾਉ ॥

ਸੰਤਨ ਕੈ ਚਰਨ ਲਾਗੇ ਕਾਮ ਕ੍ਰੋਧ ਲੋਭ ਤਿਆਗੇ ਗੁਰ ਗੋਪਾਲ ਭਏ ਕ੍ਰਿਪਾਲ ਲਬਧਿ ਅਪਨੀ ਪਾਈ ॥੧॥

ਜਿਹੜੇ ਮਨੁੱਖ ਸੰਤ ਜਨਾਂ ਦੀ ਚਰਨੀਂ ਲੱਗਦੇ ਹਨ, ਕਾਮ ਕ੍ਰੋਧ ਲੋਭ (ਆਦਿਕ ਵਿਕਾਰ) ਛੱਡਦੇ ਹਨ, ਉਹਨਾਂ ਉੱਤੇ ਗੁਰੂ-ਗੋਪਾਲ ਮਿਹਰਵਾਨ ਹੁੰਦਾ ਹੈ, ਉਹਨਾਂ ਨੂੰ ਆਪਣੀ ਉਹ ਨਾਮ-ਵਸਤੂ ਮਿਲ ਜਾਂਦੀ ਹੈ ਜਿਸ ਦੀ (ਅਨੇਕਾਂ ਜਨਮਾਂ ਤੋਂ) ਭਾਲ ਕਰਦੇ ਆ ਰਹੇ ਸਨ ॥੧॥

ਬਿਨਸੇ ਭ੍ਰਮ ਮੋਹ ਅੰਧ ਟੂਟੇ ਮਾਇਆ ਕੇ ਬੰਧ ਪੂਰਨ ਸਰਬਤ੍ਰ ਠਾਕੁਰ ਨਹ ਕੋਊ ਬੈਰਾਈ ॥

ਉਹਨਾਂ ਦੇ ਅੰਦਰੋਂ ਭਰਮ ਅਤੇ ਮੋਹ ਦੇ ਹਨੇਰੇ ਨਾਸ ਹੋ ਜਾਂਦੇ ਹਨ, ਮਾਇਆ ਦੇ ਮੋਹ ਦੀਆਂ ਫਾਹੀਆਂ ਟੁੱਟ ਜਾਂਦੀਆਂ ਹਨ, ਮਾਲਕ-ਪ੍ਰਭੂ ਉਹਨਾਂ ਨੂੰ ਸਭਨੀਂ ਥਾਈਂ ਵਿਆਪਕ ਦਿੱਸਦਾ ਹੈ, ਕੋਈ ਭੀ ਉਹਨਾਂ ਨੂੰ ਵੈਰੀ ਨਹੀਂ ਜਾਪਦਾ,

ਸੁਆਮੀ ਸੁਪ੍ਰਸੰਨ ਭਏ ਜਨਮ ਮਰਨ ਦੋਖ ਗਏ ਸੰਤਨ ਕੈ ਚਰਨ ਲਾਗਿ ਨਾਨਕ ਗੁਨ ਗਾਈ ॥੨॥੩॥੧੩੨॥

ਹੇ ਨਾਨਕ! ਜਿਹੜੇ ਮਨੁੱਖ ਸੰਤ ਜਨਾਂ ਦੀ ਚਰਨੀਂ ਲੱਗ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਉੱਤੇ ਮਾਲਕ-ਪ੍ਰਭੂ ਜੀ ਤ੍ਰੁੱਠ ਪੈਂਦੇ ਹਨ, ਉਹਨਾਂ ਦੇ ਜਨਮ ਮਰਨ ਦੇ ਗੇੜ ਅਤੇ ਪਾਪ ਸਭ ਮੁੱਕ ਜਾਂਦੇ ਹਨ ॥੨॥੩॥੧੩੨॥


ਸਾਰਗ ਮਹਲਾ ੫ ॥
ਹਰਿ ਹਰੇ ਹਰਿ ਮੁਖਹੁ ਬੋਲਿ ਹਰਿ ਹਰੇ ਮਨਿ ਧਾਰੇ ॥੧॥ ਰਹਾਉ ॥

ਸਦਾ ਸਦਾ ਹੀ ਪਰਮਾਤਮਾ ਦਾ ਨਾਮ ਆਪਣੇ ਮੂੰਹੋਂ ਉਚਾਰਿਆ ਕਰ ਅਤੇ ਆਪਣੇ ਮਨ ਵਿਚ ਵਸਾਈ ਰੱਖ ॥੧॥ ਰਹਾਉ ॥

ਸ੍ਰਵਨ ਸੁਨਨ ਭਗਤਿ ਕਰਨ ਅਨਿਕ ਪਾਤਿਕ ਪੁਨਹਚਰਨ ॥

ਪਰਮਾਤਮਾ ਦਾ ਨਾਮ ਕੰਨੀਂ ਸੁਣਨਾ ਪ੍ਰਭੂ ਦੀ ਭਗਤੀ ਕਰਨੀ-ਇਹੀ ਹੈ ਅਨੇਕਾਂ ਪਾਪਾਂ ਨੂੰ ਦੂਰ ਕਰਨ ਲਈ ਕੀਤੇ ਹੋਏ ਪਛੁਤਾਵੇ-ਮਾਤ੍ਰ ਧਾਰਮਿਕ ਕਰਮ;

ਸਰਨ ਪਰਨ ਸਾਧੂ ਆਨ ਬਾਨਿ ਬਿਸਾਰੇ ॥੧॥

ਗੁਰੂ ਦੀ ਸਰਨੀ ਪਏ ਰਹਿਣਾ-ਇਹ ਉੱਦਮ ਹੋਰ ਹੋਰ (ਭੈੜੀਆਂ) ਆਦਤਾਂ (ਮਨ ਵਿਚੋਂ) ਦੂਰ ਕਰ ਦੇਂਦਾ ਹੈ ॥੧॥

ਹਰਿ ਚਰਨ ਪ੍ਰੀਤਿ ਨੀਤ ਨੀਤਿ ਪਾਵਨਾ ਮਹਿ ਮਹਾ ਪੁਨੀਤ ॥

ਸਦਾ ਸਦਾ ਪ੍ਰਭੂ-ਚਰਨਾਂ ਨਾਲ ਪਿਆਰ ਪਾਈ ਰੱਖਣਾ-ਇਹ ਜੀਵਨ ਨੂੰ ਬਹੁਤ ਹੀ ਪਵਿੱਤਰ ਬਣਾ ਦੇਂਦਾ ਹੈ।

ਸੇਵਕ ਭੈ ਦੂਰਿ ਕਰਨ ਕਲਿਮਲ ਦੋਖ ਜਾਰੇ ॥

ਪ੍ਰਭੂ-ਚਰਨਾਂ ਦੀ ਪ੍ਰੀਤ ਸੇਵਕ ਦੇ ਸਾਰੇ ਡਰ ਦੂਰ ਕਰਨ ਵਾਲੀ ਹੈ, ਸੇਵਕ ਦੇ ਸਾਰੇ ਪਾਪ ਵਿਕਾਰ ਸਾੜ ਦੇਂਦੀ ਹੈ।

ਕਹਤ ਮੁਕਤ ਸੁਨਤ ਮੁਕਤ ਰਹਤ ਜਨਮ ਰਹਤੇ ॥

ਪ੍ਰਭੂ ਦਾ ਨਾਮ ਸਿਮਰਨ ਵਾਲੇ ਅਤੇ ਸੁਣਨ ਵਾਲੇ ਵਿਕਾਰਾਂ ਤੋਂ ਬਚੇ ਰਹਿੰਦੇ ਹਨ, ਸੁਚੱਜੀ ਰਹਿਣੀ ਰੱਖਣ ਵਾਲੇ ਜੂਨਾਂ ਤੋਂ ਬਚ ਜਾਂਦੇ ਹਨ।

ਰਾਮ ਰਾਮ ਸਾਰ ਭੂਤ ਨਾਨਕ ਤਤੁ ਬੀਚਾਰੇ ॥੨॥੪॥੧੩੩॥

ਨਾਨਕ (ਸਾਰੀਆਂ ਵਿਚਾਰਾਂ ਦਾ ਇਹ) ਨਿਚੋੜ ਦੱਸਦਾ ਹੈ ਕਿ ਪਰਮਾਤਮਾ ਦਾ ਨਾਮ ਸਭ ਤੋਂ ਸ੍ਰੇਸ਼ਟ ਪਦਾਰਥ ਹੈ ॥੨॥੪॥੧੩੩॥

ਨਾਮ ਭਗਤਿ ਮਾਗੁ ਸੰਤ ਤਿਆਗਿ ਸਗਲ ਕਾਮੀ ॥੧॥ ਰਹਾਉ ॥

(ਹੇ ਭਾਈ!) ਹੋਰ ਸਾਰੇ ਆਹਰ ਛੱਡ ਕੇ (ਭੀ) ਸੰਤ ਜਨਾਂ ਪਾਸੋਂ ਪਰਮਾਤਮਾ ਦਾ ਨਾਮ ਪਰਮਾਤਮਾ ਦੀ ਭਗਤੀ ਮੰਗਦਾ ਰਿਹਾ ਕਰ ॥੧॥ ਰਹਾਉ ॥

ਪ੍ਰੀਤਿ ਲਾਇ ਹਰਿ ਧਿਆਇ ਗੁਨ ਗੁੋਬਿੰਦ ਸਦਾ ਗਾਇ ॥

ਪਿਆਰ ਨਾਲ ਪਰਮਾਤਮਾ ਦਾ ਧਿਆਨ ਧਰਿਆ ਕਰ, ਸਦਾ ਗੋਬਿੰਦ ਦੇ ਗੁਣ ਗਾਂਦਾ ਰਿਹਾ ਕਰ।

ਹਰਿ ਜਨ ਕੀ ਰੇਨ ਬਾਂਛੁ ਦੈਨਹਾਰ ਸੁਆਮੀ ॥੧॥

ਉਸ ਸਭ ਕੁਝ ਦੇ ਸਕਣ ਵਾਲੇ ਮਾਲਕ-ਪ੍ਰਭੂ ਤੋਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਰਿਹਾ ਕਰ ॥੧॥

ਸਰਬ ਕੁਸਲ ਸੁਖ ਬਿਸ੍ਰਾਮ ਆਨਦਾ ਆਨੰਦ ਨਾਮ ਜਮ ਕੀ ਕਛੁ ਨਾਹਿ ਤ੍ਰਾਸ ਸਿਮਰਿ ਅੰਤਰਜਾਮੀ ॥

ਪਰਮਾਤਮਾ ਦਾ ਨਾਮ ਸਾਰੇ ਸੁਖਾਂ ਦਾ ਸਾਰੀਆਂ ਖ਼ੁਸ਼ੀਆਂ ਦਾ, ਸਾਰੇ ਆਨੰਦਾਂ ਦਾ ਸੋਮਾ ਹੈ। ਹਰੇਕ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ ਦਾ ਨਾਮ ਸਿਮਰਿਆ ਕਰ, ਜਮਾਂ ਦਾ (ਭੀ) ਕੋਈ ਡਰ ਨਹੀਂ ਰਹਿ ਜਾਂਦਾ।

ਏਕ ਸਰਨ ਗੋਬਿੰਦ ਚਰਨ ਸੰਸਾਰ ਸਗਲ ਤਾਪ ਹਰਨ ॥

ਇਕ ਪਰਮਾਤਮਾ ਦੇ ਚਰਨਾਂ ਦੀ ਸਰਨ ਜਗਤ ਦੇ ਸਾਰੇ ਦੁੱਖ-ਕਲੇਸ਼ ਦੂਰ ਕਰਨ ਜੋਗੀ ਹੈ। (ਇਹ ਸਰਨ ਸਾਧ ਸੰਗਤ ਵਿਚ ਹੀ ਮਿਲਦੀ ਹੈ)

ਨਾਵ ਰੂਪ ਸਾਧਸੰਗ ਨਾਨਕ ਪਾਰਗਰਾਮੀ ॥੨॥੫॥੧੩੪॥

ਤੇ ਹੇ ਨਾਨਕ! ਸਾਧ ਸੰਗਤ ਬੇੜੀ ਵਾਂਗ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਵਾਲੀ ਹੈ ॥੨॥੫॥੧੩੪॥


ਸਾਰਗ ਮਹਲਾ ੫ ॥
ਗੁਨ ਲਾਲ ਗਾਵਉ ਗੁਰ ਦੇਖੇ ॥

ਜਦੋਂ ਗੁਰੂ ਦਾ ਦਰਸਨ ਕਰ ਕੇ ਮੈਂ ਸੋਹਣੇ ਹਰੀ ਦੇ ਗੁਣ ਗਾਂਦਾ ਹਾਂ,

ਪੰਚਾ ਤੇ ਏਕੁ ਛੂਟਾ ਜਉ ਸਾਧਸੰਗਿ ਪਗ ਰਉ ॥੧॥ ਰਹਾਉ ॥

ਜਦੋਂ ਗੁਰੂ ਦੀ ਸੰਗਤ ਵਿਚ ਟਿਕ ਕੇ ਮੈਂ (ਪ੍ਰਭੂ ਦੇ ਚਰਨ) ਫੜਦਾ ਹਾਂ, ਤਾਂ (ਮੇਰਾ ਇਹ) ਮਨ (ਕਾਮਾਦਿਕ) ਪੰਜਾਂ (ਦੇ ਪੰਜੇ) ਤੋਂ ਨਿਕਲ ਜਾਂਦਾ ਹੈ ॥੧॥ ਰਹਾਉ ॥

ਦ੍ਰਿਸਟਉ ਕਛੁ ਸੰਗਿ ਨ ਜਾਇ ਮਾਨੁ ਤਿਆਗਿ ਮੋਹਾ ॥

(ਇਹ ਜੋ) ਦਿੱਸਦਾ ਜਗਤ (ਹੈ, ਇਸ ਵਿਚੋਂ) ਕੁਝ ਭੀ (ਕਿਸੇ ਦੇ) ਨਾਲ ਨਹੀਂ ਜਾਂਦਾ (ਇਸ ਵਾਸਤੇ ਇਸ ਦਾ) ਮਾਣ ਤੇ ਮੋਹ ਛੱਡ ਦੇਹ।

ਏਕੈ ਹਰਿ ਪ੍ਰੀਤਿ ਲਾਇ ਮਿਲਿ ਸਾਧਸੰਗਿ ਸੋਹਾ ॥੧॥

ਸਾਧ ਸੰਗਤ ਵਿਚ ਮਿਲ ਕੇ ਇਕ ਪਰਮਾਤਮਾ ਦੇ ਚਰਨਾਂ ਨਾਲ ਪ੍ਰੀਤ ਜੋੜ (ਇਸ ਤਰ੍ਹਾਂ ਜੀਵਨ) ਸੋਹਣਾ ਬਣ ਜਾਂਦਾ ਹੈ ॥੧॥

ਪਾਇਓ ਹੈ ਗੁਣ ਨਿਧਾਨੁ ਸਗਲ ਆਸ ਪੂਰੀ ॥

(ਹੇ ਭਾਈ!) ਮੈਂ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਲੱਭ ਲਿਆ ਹੈ, ਮੇਰੀ ਸਾਰੀ ਆਸ ਪੂਰੀ ਹੋ ਗਈ ਹੈ।

ਨਾਨਕ ਮਨਿ ਅਨੰਦ ਭਏ ਗੁਰਿ ਬਿਖਮ ਗਾਰ੍ਹ ਤੋਰੀ ॥੨॥੬॥੧੩੫॥

ਹੇ ਨਾਨਕ! ਗੁਰੂ ਨੇ (ਮੇਰੇ ਅੰਦਰੋਂ ਮਾਇਆ ਦੇ ਮੋਹ ਦੀ) ਕਰੜੀ ਗੰਢ ਖੋਹਲ ਦਿੱਤੀ ਹੈ, ਹੁਣ ਮੇਰੇ ਮਨ ਵਿਚ ਆਨੰਦ ਹੀ ਆਨੰਦ ਬਣ ਗਏ ਹਨ ॥੨॥੬॥੧੩੫॥


ਸਾਰਗ ਮਹਲਾ ੫ ॥
ਮਨਿ ਬਿਰਾਗੈਗੀ ॥

ਹੇ ਸਖੀ! ਮੇਰੀ ਜਿੰਦ ਮਨ ਵਿਚ ਵੈਰਾਗ ਵਾਲੀ ਹੁੰਦੀ ਜਾਂਦੀ ਹੈ।

ਖੋਜਤੀ ਦਰਸਾਰ ॥੧॥ ਰਹਾਉ ॥

(ਪ੍ਰਭੂ ਦਾ) ਦਰਸਨ ਕਰਨ ਦਾ ਜਤਨ ਕਰਦੀ ਕਰਦੀ ਮੇਰੀ ਜਿੰਦ (ਵੈਰਾਗਵਾਨ ਹੋ ਰਹੀ ਹੈ) ॥੧॥ ਰਹਾਉ ॥

ਸਾਧੂ ਸੰਤਨ ਸੇਵਿ ਕੈ ਪ੍ਰਿਉ ਹੀਅਰੈ ਧਿਆਇਓ ॥

ਹੇ ਸਖੀ! ਸੰਤ ਜਨਾਂ ਦੀ ਸੇਵਾ ਕਰ ਕੇ (ਸਾਧ ਸੰਗਤ ਦੀ ਬਰਕਤਿ ਨਾਲ) ਮੈਂ ਪਿਆਰੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ਹੈ,

ਆਨੰਦ ਰੂਪੀ ਪੇਖਿ ਕੈ ਹਉ ਮਹਲੁ ਪਾਵਉਗੀ ॥੧॥

ਤੇ, ਉਸ ਆਨੰਦ-ਸਰੂਪ ਦਾ ਦਰਸਨ ਕਰ ਕੇ ਮੈਂ ਉਸ ਦੇ ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ ਲਿਆ ਹੈ ॥੧॥

ਕਾਮ ਕਰੀ ਸਭ ਤਿਆਗਿ ਕੈ ਹਉ ਸਰਣਿ ਪਰਉਗੀ ॥

ਹੇ ਸਖੀ! (ਜਗਤ ਦੇ) ਕੰਮ-ਧੰਧਿਆਂ ਦਾ ਸਾਰਾ ਮੋਹ ਛੱਡ ਕੇ ਮੈਂ ਪ੍ਰਭੂ ਦੀ ਸਰਨ ਪਈ ਰਹਿੰਦੀ ਹਾਂ।

ਨਾਨਕ ਸੁਆਮੀ ਗਰਿ ਮਿਲੇ ਹਉ ਗੁਰ ਮਨਾਵਉਗੀ ॥੨॥੭॥੧੩੬॥

ਹੇ ਨਾਨਕ! (ਜਿਸ ਗੁਰੂ ਦੀ ਕਿਰਪਾ ਨਾਲ) ਮਾਲਕ-ਪ੍ਰਭੂ ਜੀ (ਮੇਰੇ) ਗਲ ਨਾਲ ਆ ਲੱਗੇ ਹਨ, ਮੈਂ (ਉਸ) ਗੁਰੂ ਦੀ ਪ੍ਰਸੰਨਤਾ ਪ੍ਰਾਪਤ ਕਰਦੀ ਰਹਿੰਦੀ ਹਾਂ ॥੨॥੭॥੧੩੬॥


ਸਾਰਗ ਮਹਲਾ ੫ ॥
ਐਸੀ ਹੋਇ ਪਰੀ ॥

(ਮੇਰੇ ਮਨ ਦੀ ਹਾਲਤ) ਇਹੋ ਜਿਹੀ ਹੋ ਗਈ ਹੈ,

ਜਾਨਤੇ ਦਇਆਰ ॥੧॥ ਰਹਾਉ ॥

(ਤੇ, ਇਸ ਹਾਲਤ ਨੂੰ) ਦਇਆਲ ਪ੍ਰਭੂ (ਆਪ) ਜਾਣਦਾ ਹੈ ॥੧॥ ਰਹਾਉ ॥

ਮਾਤਰ ਪਿਤਰ ਤਿਆਗਿ ਕੈ ਮਨੁ ਸੰਤਨ ਪਾਹਿ ਬੇਚਾਇਓ ॥

(ਗੁਰੂ ਦੇ ਉਪਦੇਸ ਦੀ ਬਰਕਤਿ ਨਾਲ) ਮਾਤਾ ਪਿਤਾ (ਆਦਿਕ ਸੰਬੰਧੀਆਂ ਦਾ ਮੋਹ) ਛੱਡ ਕੇ ਮੈਂ ਆਪਣਾ ਮਨ ਸੰਤ ਜਨਾਂ ਦੇ ਹਵਾਲੇ ਕਰ ਦਿੱਤਾ ਹੈ,

ਜਾਤਿ ਜਨਮ ਕੁਲ ਖੋਈਐ ਹਉ ਗਾਵਉ ਹਰਿ ਹਰੀ ॥੧॥

ਮੈਂ (ਉੱਚੀ) ਜਾਤਿ ਕੁਲ ਜਨਮ (ਦਾ ਮਾਣ) ਛੱਡ ਦਿੱਤਾ ਹੈ, ਅਤੇ ਮੈਂ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਕਰਦਾ ਹਾਂ (ਆਪਣੀ ਕੁਲ ਆਦਿਕ ਨੂੰ ਸਾਲਾਹਣ ਦੇ ਥਾਂ) ॥੧॥

ਲੋਕ ਕੁਟੰਬ ਤੇ ਟੂਟੀਐ ਪ੍ਰਭ ਕਿਰਤਿ ਕਿਰਤਿ ਕਰੀ ॥

(ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮੇਰੀ ਪ੍ਰੀਤ) ਲੋਕਾਂ ਨਾਲੋਂ ਕੁਟੰਬ ਨਾਲੋਂ ਟੁੱਟ ਗਈ ਹੈ, ਪ੍ਰਭੂ ਨੇ ਮੈਨੂੰ ਨਿਹਾਲ ਨਿਹਾਲ ਕਰ ਦਿੱਤਾ ਹੈ।

ਗੁਰਿ ਮੋ ਕਉ ਉਪਦੇਸਿਆ ਨਾਨਕ ਸੇਵਿ ਏਕ ਹਰੀ ॥੨॥੮॥੧੩੭॥

ਹੇ ਨਾਨਕ! ਗੁਰੂ ਨੇ ਮੈਨੂੰ ਸਿੱਖਿਆ ਦਿੱਤੀ ਹੈ ਕਿ ਸਦਾ ਇਕ ਪਰਮਾਤਮਾ ਦੀ ਸਰਨ ਪਿਆ ਰਹੁ ॥੨॥੮॥੧੩੭॥


ਸਾਰਗ ਮਹਲਾ ੫ ॥
ਲਾਲ ਲਾਲ ਮੋਹਨ ਗੋਪਾਲ ਤੂ ॥

ਹੇ ਜਗਤ-ਰੱਖਿਅਕ ਪ੍ਰਭੂ! ਤੂੰ ਸੋਹਣਾ ਹੈਂ, ਤੂੰ ਸੋਹਣਾ ਹੈਂ, ਤੂੰ ਮਨ ਨੂੰ ਮੋਹ ਲੈਣ ਵਾਲਾ ਹੈਂ।

ਕੀਟ ਹਸਤਿ ਪਾਖਾਣ ਜੰਤ ਸਰਬ ਮੈ ਪ੍ਰਤਿਪਾਲ ਤੂ ॥੧॥ ਰਹਾਉ ॥

ਹੇ ਸਭ ਦੇ ਪਾਲਣਹਾਰ! ਕੀੜੇ, ਹਾਥੀ, ਪੱਥਰਾਂ ਦੇ (ਵਿਚ ਵੱਸਦੇ) ਜੰਤ-ਇਹਨਾਂ ਸਭਨਾਂ ਵਿਚ ਹੀ ਤੂੰ ਮੌਜੂਦ ਹੈਂ ॥੧॥ ਰਹਾਉ ॥

ਨਹ ਦੂਰਿ ਪੂਰਿ ਹਜੂਰਿ ਸੰਗੇ ॥

ਹੇ ਪ੍ਰਭੂ! ਤੂੰ (ਕਿਸੇ ਜੀਵ ਤੋਂ) ਦੂਰ ਨਹੀਂ ਹੈਂ, ਤੂੰ ਸਭ ਵਿਚ ਵਿਆਪਕ ਹੈਂ, ਤੂੰ ਪ੍ਰਤੱਖ ਦਿੱਸਦਾ ਹੈਂ, ਤੂੰ (ਸਭ ਜੀਵਾਂ ਦੇ) ਨਾਲ ਹੈਂ।

ਸੁੰਦਰ ਰਸਾਲ ਤੂ ॥੧॥

ਤੂੰ ਸੋਹਣਾ ਹੈਂ, ਤੂੰ ਸਭ ਰਸਾਂ ਦਾ ਸੋਮਾ ਹੈਂ ॥੧॥

ਨਹ ਬਰਨ ਬਰਨ ਨਹ ਕੁਲਹ ਕੁਲ ॥

(ਹੇ ਪ੍ਰਭੂ! ਲੋਕਾਂ ਦੇ ਮਿਥੇ ਹੋਏ) ਵਰਣਾਂ ਵਿਚੋਂ ਤੇਰਾ ਕੋਈ ਵਰਣ ਨਹੀਂ ਹੈ (ਲੋਕਾਂ ਦੀਆਂ ਮਿਥੀਆਂ) ਕੁਲਾਂ ਵਿਚੋਂ ਤੇਰੀ ਕੋਈ ਕੁਲ ਨਹੀਂ (ਤੂੰ ਕਿਸੇ ਖ਼ਾਸ ਕੁਲ ਖ਼ਾਸ ਵਰਣ ਦਾ ਪੱਖ ਨਹੀਂ ਕਰਦਾ)।

ਨਾਨਕ ਪ੍ਰਭ ਕਿਰਪਾਲ ਤੂ ॥੨॥੯॥੧੩੮॥

ਹੇ ਨਾਨਕ! (ਆਖ-ਹੇ ਪ੍ਰਭੂ!) ਤੂੰ (ਸਭਨਾਂ ਉਤੇ ਸਦਾ) ਦਇਆਵਾਨ ਰਹਿੰਦਾ ਹੈਂ ॥੨॥੯॥੧੩੮॥


ਸਾਰਗਮ : ੫ ॥
ਕਰਤ ਕੇਲ ਬਿਖੈ ਮੇਲ ਚੰਦ੍ਰ ਸੂਰ ਮੋਹੇ ॥

(ਮਾਇਆ ਅਨੇਕਾਂ) ਕਲੋਲ ਕਰਦੀ ਹੈ, (ਜੀਵਾਂ ਨੂੰ) ਵਿਸ਼ੇ-ਵਿਕਾਰਾਂ ਨਾਲ ਜੋੜਦੀ ਹੈ, ਚੰਦ੍ਰਮਾ ਸੂਰਜ ਆਦਿਕ ਸਭ ਦੇਵਤੇ ਇਸ ਨੇ ਆਪਣੇ ਜਾਲ ਵਿਚ ਫਸਾ ਰੱਖੇ ਹਨ।

ਉਪਜਤਾ ਬਿਕਾਰ ਦੁੰਦਰ ਨਉਪਰੀ ਝੁਨੰਤਕਾਰ ਸੁੰਦਰ ਅਨਿਗ ਭਾਉ ਕਰਤ ਫਿਰਤ ਬਿਨੁ ਗੋਪਾਲ ਧੋਹੇ ॥ ਰਹਾਉ ॥

(ਮਾਇਆ ਦੇ ਪ੍ਰਭਾਵ ਹੇਠ ਜੀਵਾਂ ਦੇ ਅੰਦਰ) ਖਰੂਦੀ ਵਿਕਾਰ ਪੈਦਾ ਹੋ ਜਾਂਦੇ ਹਨ, ਝਾਂਜਰਾਂ ਦੀ ਛਣਕਾਰ ਵਾਂਗ ਮਾਇਆ ਜੀਵਾਂ ਨੂੰ ਪਿਆਰੀ ਲੱਗਦੀ ਹੈ, ਇਹ ਮਾਇਆ ਅਨੇਕਾਂ ਹਾਵ-ਭਾਵ ਕਰਦੀ ਫਿਰਦੀ ਹੈ। ਜਗਤ-ਰੱਖਿਅਕ ਪ੍ਰਭੂ ਤੋਂ ਬਿਨਾ ਮਾਇਆ ਨੇ ਸਭ ਜੀਵਾਂ ਨੂੰ ਠੱਗ ਲਿਆ ਹੈ ॥ ਰਹਾਉ॥

ਤੀਨਿ ਭਉਨੇ ਲਪਟਾਇ ਰਹੀ ਕਾਚ ਕਰਮਿ ਨ ਜਾਤ ਸਹੀ ਉਨਮਤ ਅੰਧ ਧੰਧ ਰਚਿਤ ਜੈਸੇ ਮਹਾ ਸਾਗਰ ਹੋਹੇ ॥੧॥

ਮਾਇਆ ਤਿੰਨਾਂ ਭਵਨਾਂ (ਦੇ ਜੀਵਾਂ) ਨੂੰ ਚੰਬੜੀ ਰਹਿੰਦੀ ਹੈ, (ਪੁੰਨ ਦਾਨ ਤੀਰਥ ਆਦਿਕ) ਕੱਚੇ ਕਰਮ ਦੀ (ਇਸ ਮਾਇਆ ਦੀ ਸੱਟ) ਸਹਾਰੀ ਨਹੀਂ ਜਾ ਸਕਦੀ। ਜੀਵ ਮਾਇਆ ਦੇ ਮੋਹ ਵਿਚ ਮਸਤ ਤੇ ਅੰਨ੍ਹੇ ਹੋਏ ਰਹਿੰਦੇ ਹਨ, ਜਗਤ ਦੇ ਧੰਧਿਆਂ ਵਿਚ ਰੁੱਝੇ ਰਹਿੰਦੇ ਹਨ (ਇਉਂ ਧੱਕੇ ਖਾਂਦੇ ਹਨ) ਜਿਵੇਂ ਵੱਡੇ ਸਮੁੰਦਰ ਵਿਚ ਧੱਕੇ ਲੱਗਦੇ ਹਨ ॥੧॥

ਉਧਰੇ ਹਰਿ ਸੰਤ ਦਾਸ ਕਾਟਿ ਦੀਨੀ ਜਮ ਕੀ ਫਾਸ ਪਤਿਤ ਪਾਵਨ ਨਾਮੁ ਜਾ ਕੋ ਸਿਮਰਿ ਨਾਨਕ ਓਹੇ ॥੨॥੧੦॥੧੩੯॥੩॥੧੩॥੧੫੫॥

(ਮਾਇਆ ਦੇ ਅਸਰ ਤੋਂ) ਪਰਮਾਤਮਾ ਦੇ ਸੰਤ ਪ੍ਰਭੂ ਦੇ ਦਾਸ (ਹੀ) ਬਚਦੇ ਹਨ, ਪ੍ਰਭੂ ਨੇ ਉਹਨਾਂ ਦੀ ਜਮਾਂ ਵਾਲੀ (ਆਤਮਕ ਮੌਤ ਦੀ) ਫਾਹੀ ਕੱਟ ਦਿੱਤੀ ਹੁੰਦੀ ਹੈ। ਹੇ ਨਾਨਕ! ਜਿਸ ਪ੍ਰਭੂ ਦਾ ਨਾਮ ‘ਪਤਿਤ ਪਾਵਨ’ (-ਪਾਪੀਆਂ ਨੂੰ ਪਵਿੱਤਰ ਕਰਨ ਵਾਲਾ) ਹੈ, ਉਸੇ ਦਾ ਨਾਮ ਸਿਮਰਿਆ ਕਰ ॥੨॥੧੦॥੧੩੯॥੩॥੧੩॥੧੫੫॥


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਰਾਗੁ ਸਾਰੰਗ ਮਹਲਾ ੯ ॥

ਰਾਗ ਸਾਰੰਗ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।

ਹਰਿ ਬਿਨੁ ਤੇਰੋ ਕੋ ਨ ਸਹਾਈ ॥

ਪਰਮਾਤਮਾ ਤੋਂ ਬਿਨਾ ਤੇਰਾ (ਹੋਰ) ਕੋਈ ਭੀ ਸਹਾਇਤਾ ਕਰਨ ਵਾਲਾ ਨਹੀਂ ਹੈ।

ਕਾਂ ਕੀ ਮਾਤ ਪਿਤਾ ਸੁਤ ਬਨਿਤਾ ਕੋ ਕਾਹੂ ਕੋ ਭਾਈ ॥੧॥ ਰਹਾਉ ॥

ਕੌਣ ਕਿਸੇ ਦੀ ਮਾਂ? ਕੌਣ ਕਿਸੇ ਦਾ ਪਿਉ? ਕੌਣ ਕਿਸੇ ਦਾ ਪੁੱਤਰ? ਕੌਣ ਕਿਸੇ ਦੀ ਵਹੁਟੀ? (ਜਦੋਂ ਸਰੀਰ ਨਾਲੋਂ ਸਾਥ ਮੁੱਕ ਜਾਂਦਾ ਹੈ ਤਦੋਂ) ਕੌਣ ਕਿਸੇ ਦਾ ਭਰਾ ਬਣਦਾ ਹੈ? (ਕੋਈ ਨਹੀਂ) ॥੧॥ ਰਹਾਉ ॥

ਧਨੁ ਧਰਨੀ ਅਰੁ ਸੰਪਤਿ ਸਗਰੀ ਜੋ ਮਾਨਿਓ ਅਪਨਾਈ ॥

ਇਹ ਧਨ ਧਰਤੀ ਸਾਰੀ ਮਾਇਆ ਜਿਨ੍ਹਾਂ ਨੂੰ ਆਪਣੇ ਸਮਝੀ ਬੈਠਾ ਹੈ,

ਤਨ ਛੂਟੈ ਕਛੁ ਸੰਗਿ ਨ ਚਾਲੈ ਕਹਾ ਤਾਹਿ ਲਪਟਾਈ ॥੧॥

ਜਦੋਂ ਸਰੀਰ ਨਾਲੋਂ ਸਾਥ ਮੁੱਕਦਾ ਹੈ, ਕੋਈ ਚੀਜ਼ ਭੀ (ਜੀਵ ਦੇ) ਨਾਲ ਨਹੀਂ ਤੁਰਦੀ। ਫਿਰ ਜੀਵ ਕਿਉਂ ਇਹਨਾਂ ਨਾਲ ਚੰਬੜਿਆ ਰਹਿੰਦਾ ਹੈ? ॥੧॥

ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਰੁਚਿ ਨ ਬਢਾਈ ॥

ਜਿਹੜਾ ਪ੍ਰਭੂ ਗਰੀਬਾਂ ਉਤੇ ਦਇਆ ਕਰਨ ਵਾਲਾ ਹੈ, ਜੋ ਸਦਾ (ਜੀਵਾਂ ਦੇ) ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਤੂੰ ਉਸ ਨਾਲ ਪਿਆਰ ਨਹੀਂ ਵਧਾਂਦਾ।

ਨਾਨਕ ਕਹਤ ਜਗਤ ਸਭ ਮਿਥਿਆ ਜਿਉ ਸੁਪਨਾ ਰੈਨਾਈ ॥੨॥੧॥

ਨਾਨਕ ਆਖਦਾ ਹੈ ਕਿ ਜਿਵੇਂ ਰਾਤ ਦਾ ਸੁਪਨਾ ਹੁੰਦਾ ਹੈ ਤਿਵੇਂ ਸਾਰਾ ਜਗਤ ਨਾਸਵੰਤ ਹੈ ॥੨॥੧॥


ਸਾਰੰਗ ਮਹਲਾ ੯ ॥
ਕਹਾ ਮਨ ਬਿਖਿਆ ਸਿਉ ਲਪਟਾਹੀ ॥

ਹੇ ਮਨ! ਤੂੰ ਕਿਉਂ ਮਾਇਆ ਨਾਲ (ਹੀ) ਚੰਬੜਿਆ ਰਹਿੰਦਾ ਹੈ?

ਯਾ ਜਗ ਮਹਿ ਕੋਊ ਰਹਨੁ ਨ ਪਾਵੈ ਇਕਿ ਆਵਹਿ ਇਕਿ ਜਾਹੀ ॥੧॥ ਰਹਾਉ ॥

(ਵੇਖ) ਇਸ ਦੁਨੀਆ ਵਿਚ (ਸਦਾ ਲਈ) ਕੋਈ ਭੀ ਟਿਕਿਆ ਨਹੀਂ ਰਹਿ ਸਕਦਾ। ਅਨੇਕਾਂ ਜੰਮਦੇ ਰਹਿੰਦੇ ਹਨ, ਅਨੇਕਾਂ ਹੀ ਮਰਦੇ ਰਹਿੰਦੇ ਹਨ ॥੧॥ ਰਹਾਉ ॥

ਕਾਂ ਕੋ ਤਨੁ ਧਨੁ ਸੰਪਤਿ ਕਾਂ ਕੀ ਕਾ ਸਿਉ ਨੇਹੁ ਲਗਾਹੀ ॥

ਹੇ ਮਨ! (ਵੇਖ) ਸਦਾ ਲਈ ਨਾਹ ਕਿਸੇ ਦਾ ਸਰੀਰ ਰਹਿੰਦਾ ਹੈ, ਨਾਹ ਧਨ ਰਹਿੰਦਾ ਹੈ, ਨਾਹ ਮਾਇਆ ਰਹਿੰਦੀ ਹੈ। ਤੂੰ ਕਿਸ ਨਾਲ ਪਿਆਰ ਬਣਾਈ ਬੈਠਾ ਹੈਂ?

ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਹੀ ॥੧॥

ਜਿਵੇਂ ਬੱਦਲਾਂ ਦੀ ਛਾਂ ਹੈ, ਤਿਵੇਂ ਜੋ ਕੁਝ ਦਿੱਸ ਰਿਹਾ ਹੈ ਸਭ ਨਾਸਵੰਤ ਹੈ ॥੧॥

ਤਜਿ ਅਭਿਮਾਨੁ ਸਰਣਿ ਸੰਤਨ ਗਹੁ ਮੁਕਤਿ ਹੋਹਿ ਛਿਨ ਮਾਹੀ ॥

ਹੇ ਮਨ! ਅਹੰਕਾਰ ਛੱਡ, ਤੇ, ਸੰਤ ਜਨਾ ਦੀ ਸਰਨ ਫੜ। (ਇਸ ਤਰ੍ਹਾਂ) ਇਕ ਛਿਨ ਵਿਚ ਤੂੰ (ਮਾਇਆ ਦੇ ਬੰਧਨਾਂ ਤੋਂ) ਸੁਤੰਤਰ ਹੋ ਜਾਹਿਂਗਾ।

ਜਨ ਨਾਨਕ ਭਗਵੰਤ ਭਜਨ ਬਿਨੁ ਸੁਖੁ ਸੁਪਨੈ ਭੀ ਨਾਹੀ ॥੨॥੨॥

ਹੇ ਦਾਸ ਨਾਨਕ! ਪਰਮਾਤਮਾ ਦੇ ਭਜਨ ਤੋਂ ਬਿਨਾ ਕਦੇ ਸੁਪਨੇ ਵਿਚ ਭੀ ਸੁਖ ਨਹੀਂ ਮਿਲਦਾ ॥੨॥੨॥


ਸਾਰੰਗ ਮਹਲਾ ੯ ॥
ਕਹਾ ਨਰ ਅਪਨੋ ਜਨਮੁ ਗਵਾਵੈ ॥

ਪਤਾ ਨਹੀਂ ਮਨੁੱਖ ਕਿਉਂ ਆਪਣਾ ਜੀਵਨ ਅਜਾਈਂ ਬਰਬਾਦ ਕਰਦਾ ਹੈ।

ਮਾਇਆ ਮਦਿ ਬਿਖਿਆ ਰਸਿ ਰਚਿਓ ਰਾਮ ਸਰਨਿ ਨਹੀ ਆਵੈ ॥੧॥ ਰਹਾਉ ॥

ਮਾਇਆ ਦੀ ਮਸਤੀ ਵਿਚ ਮਾਇਆ ਦੇ ਸੁਆਦ ਵਿਚ ਰੁੱਝਾ ਰਹਿੰਦਾ ਹੈ, ਤੇ, ਪਰਮਾਤਮਾ ਦੀ ਸਰਨ ਨਹੀਂ ਪੈਂਦਾ ॥੧॥ ਰਹਾਉ ॥

ਇਹੁ ਸੰਸਾਰੁ ਸਗਲ ਹੈ ਸੁਪਨੋ ਦੇਖਿ ਕਹਾ ਲੋਭਾਵੈ ॥

ਇਹ ਸਾਰਾ ਜਗਤ ਸੁਪਨੇ ਵਾਂਗ ਹੈ, ਇਸ ਨੂੰ ਵੇਖ ਕੇ, ਪਤਾ ਨਹੀਂ, ਮਨੁੱਖ ਕਿਉਂ ਲੋਭ ਵਿਚ ਫਸਦਾ ਹੈ।

ਜੋ ਉਪਜੈ ਸੋ ਸਗਲ ਬਿਨਾਸੈ ਰਹਨੁ ਨ ਕੋਊ ਪਾਵੈ ॥੧॥

ਇੱਥੇ ਤਾਂ ਜੋ ਕੋਈ ਜੰਮਦਾ ਹੈ ਉਹ ਹਰੇਕ ਹੀ ਨਾਸ ਹੋ ਜਾਂਦਾ ਹੈ। ਇਥੇ ਸਦਾ ਲਈ ਕੋਈ ਨਹੀਂ ਟਿਕ ਸਕਦਾ ॥੧॥

ਮਿਥਿਆ ਤਨੁ ਸਾਚੋ ਕਰਿ ਮਾਨਿਓ ਇਹ ਬਿਧਿ ਆਪੁ ਬੰਧਾਵੈ ॥

ਇਹ ਸਰੀਰ ਨਾਸਵੰਤ ਹੈ, ਪਰ ਜੀਵ ਇਸ ਨੂੰ ਸਦਾ ਕਾਇਮ ਰਹਿਣ ਵਾਲਾ ਸਮਝੀ ਰੱਖਦਾ ਹੈ, ਇਸ ਤਰ੍ਹਾਂ ਆਪਣੇ ਆਪ ਨੂੰ (ਮੋਹ ਦੀਆਂ ਫਾਹੀਆਂ ਵਿਚ) ਫਸਾਈ ਰੱਖਦਾ ਹੈ।

ਜਨ ਨਾਨਕ ਸੋਊ ਜਨੁ ਮੁਕਤਾ ਰਾਮ ਭਜਨ ਚਿਤੁ ਲਾਵੈ ॥੨॥੩॥

ਹੇ ਦਾਸ ਨਾਨਕ! ਉਹੀ ਮਨੁੱਖ ਮੋਹ ਦੇ ਬੰਧਨਾਂ ਤੋਂ ਸੁਤੰਤਰ ਰਹਿੰਦਾ ਹੈ, ਜਿਹੜਾ ਪਰਮਾਤਮਾ ਦੇ ਭਜਨ ਵਿਚ ਆਪਣਾ ਚਿੱਤ ਜੋੜੀ ਰੱਖਦਾ ਹੈ ॥੨॥੩॥


ਸਾਰੰਗ ਮਹਲਾ ੯ ॥
ਮਨ ਕਰਿ ਕਬਹੂ ਨ ਹਰਿ ਗੁਨ ਗਾਇਓ ॥

ਹੇ ਪ੍ਰਭੂ! ਮੈਂ ਮਨ ਲਾ ਕੇ ਕਦੇ ਭੀ ਤੇਰੇ ਗੁਣ ਨਹੀਂ ਗਾਂਦਾ ਰਿਹਾ।

ਬਿਖਿਆਸਕਤ ਰਹਿਓ ਨਿਸਿ ਬਾਸੁਰ ਕੀਨੋ ਅਪਨੋ ਭਾਇਓ ॥੧॥ ਰਹਾਉ ॥

ਮੈਂ ਦਿਨ ਰਾਤ ਮਾਇਆ ਵਿਚ ਹੀ ਮਗਨ ਰਿਹਾ, ਉਹੀ ਕੁਝ ਕਰਦਾ ਰਿਹਾ, ਜੋ ਮੈਨੂੰ ਆਪ ਨੂੰ ਚੰਗਾ ਲੱਗਦਾ ਸੀ ॥੧॥ ਰਹਾਉ ॥

ਗੁਰ ਉਪਦੇਸੁ ਸੁਨਿਓ ਨਹਿ ਕਾਨਨਿ ਪਰ ਦਾਰਾ ਲਪਟਾਇਓ ॥

ਹੇ ਹਰੀ! ਮੈਂ ਕੰਨਾਂ ਨਾਲ ਗੁਰੂ ਦੀ ਸਿੱਖਿਆ (ਕਦੇ) ਨਾਹ ਸੁਣੀ, ਪਰਾਈ ਇਸਤ੍ਰੀ ਵਾਸਤੇ ਕਾਮ-ਵਾਸਨਾ ਰੱਖਦਾ ਰਿਹਾ।

ਪਰ ਨਿੰਦਾ ਕਾਰਨਿ ਬਹੁ ਧਾਵਤ ਸਮਝਿਓ ਨਹ ਸਮਝਾਇਓ ॥੧॥

ਦੂਜਿਆਂ ਦੀ ਨਿੰਦਾ ਕਰਨ ਵਾਸਤੇ ਬਹੁਤ ਦੌੜ-ਭੱਜ ਕਰਦਾ ਰਿਹਾ। ਸਮਝਾਦਿਆਂ ਭੀ ਮੈਂ (ਕਦੇ) ਨਾਹ ਸਮਝਿਆ (ਕਿ ਇਹ ਕੰਮ ਮਾੜਾ ਹੈ) ॥੧॥

ਕਹਾ ਕਹਉ ਮੈ ਅਪੁਨੀ ਕਰਨੀ ਜਿਹ ਬਿਧਿ ਜਨਮੁ ਗਵਾਇਓ ॥

ਹੇ ਹਰੀ! ਜਿਸ ਤਰ੍ਹਾਂ ਮੈਂ ਆਪਣਾ ਜੀਵਨ ਅਜਾਈਂ ਗਵਾ ਲਿਆ, ਉਹ ਮੈਂ ਕਿੱਥੋਂ ਤਕ ਆਪਣੀ ਕਰਤੂਤ ਦੱਸਾਂ?

ਕਹਿ ਨਾਨਕ ਸਭ ਅਉਗਨ ਮੋ ਮਹਿ ਰਾਖਿ ਲੇਹੁ ਸਰਨਾਇਓ ॥੨॥੪॥੩॥੧੩॥੧੩੯॥੪॥੧੫੯॥

ਨਾਨਕ ਆਖਦਾ ਹੈ ਕਿ ਹੇ ਪ੍ਰਭੂ! ਮੇਰੇ ਅੰਦਰ ਸਾਰੇ ਔਗੁਣ ਹੀ ਹਨ। ਮੈਨੂੰ ਆਪਣੀ ਸਰਨ ਵਿਚ ਰੱਖ ॥੨॥੪॥੩॥੧੩॥੧੩੯॥੪॥੧੫੯॥


ਰਾਗੁ ਸਾਰਗ ਅਸਟਪਦੀਆ ਮਹਲਾ ੧ ਘਰੁ ੧ ॥

ਰਾਗ ਸਾਰੰਗ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਹਰਿ ਬਿਨੁ ਕਿਉ ਜੀਵਾ ਮੇਰੀ ਮਾਈ ॥

ਹੇ ਮੇਰੀ ਮਾਂ! ਪਰਮਾਤਮਾ ਦੇ ਨਾਮ ਤੋਂ ਬਿਨਾ ਮੇਰੀ ਜਿੰਦ ਵਿਆਕੁਲ ਹੁੰਦੀ ਹੈ।

ਜੈ ਜਗਦੀਸ ਤੇਰਾ ਜਸੁ ਜਾਚਉ ਮੈ ਹਰਿ ਬਿਨੁ ਰਹਨੁ ਨ ਜਾਈ ॥੧॥ ਰਹਾਉ ॥

ਹੇ ਜਗਤ ਦੇ ਮਾਲਕ! ਤੇਰੀ ਹੀ ਸਦਾ ਜੈ (ਜਿੱਤ) ਹੈ। ਮੈਂ (ਤੇਰੇ ਪਾਸੋਂ) ਤੇਰੀ ਸਿਫ਼ਤ-ਸਾਲਾਹ (ਦੀ ਦਾਤਿ) ਮੰਗਦਾ ਹਾਂ। ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮੇਰਾ ਮਨ ਘਾਬਰਦਾ ਹੈ ॥੧॥ ਰਹਾਉ ॥

ਹਰਿ ਕੀ ਪਿਆਸ ਪਿਆਸੀ ਕਾਮਨਿ ਦੇਖਉ ਰੈਨਿ ਸਬਾਈ ॥

ਜਿਵੇਂ ਇਸਤ੍ਰੀ ਨੂੰ ਆਪਣੇ ਪਤੀ ਦੇ ਮਿਲਣ ਦੀ ਤਾਂਘ ਹੁੰਦੀ ਹੈ ਉਹ ਸਾਰੀ ਰਾਤ ਉਸ ਦੀ ਉਡੀਕ ਕਰਦੀ ਹੈ, ਤਿਵੇਂ ਮੈਨੂੰ ਹਰੀ ਦੇ ਦੀਦਾਰ ਦੀ ਹੈ, ਮੈਂ ਸਾਰੀ ਉਮਰ ਹੀ ਉਸ ਦੀ ਉਡੀਕ ਕਰਦੀ ਚਲੀ ਆ ਰਹੀ ਹਾਂ।

ਸ੍ਰੀਧਰ ਨਾਥ ਮੇਰਾ ਮਨੁ ਲੀਨਾ ਪ੍ਰਭੁ ਜਾਨੈ ਪੀਰ ਪਰਾਈ ॥੧॥

ਹੇ ਲੱਛਮੀ-ਪਤੀ! ਹੇ (ਜਗਤ ਦੇ) ਨਾਥ! ਮੇਰਾ ਮਨ ਤੇਰੀ ਯਾਦ ਵਿਚ ਮਸਤ ਹੈ। (ਹੇ ਮਾਂ!) ਪਰਮਾਤਮਾ ਹੀ ਪਰਾਈ ਪੀੜ ਸਮਝ ਸਕਦਾ ਹੈ ॥੧॥

ਗਣਤ ਸਰੀਰਿ ਪੀਰ ਹੈ ਹਰਿ ਬਿਨੁ ਗੁਰਸਬਦੀ ਹਰਿ ਪਾਂਈ ॥

(ਹੇ ਮਾਂ!) ਪਰਮਾਤਮਾ ਦੀ ਯਾਦ ਤੋਂ ਬਿਨਾ ਮੇਰੇ ਹਿਰਦੇ ਵਿਚ (ਹੋਰ ਹੋਰ) ਚਿੰਤਾ-ਫ਼ਿਕਰਾਂ ਦੀ ਤਕਲਫ਼ਿ ਟਿਕੀ ਰਹਿੰਦੀ ਹੈ। ਉਹ ਪਰਮਾਤਮਾ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਿਲ ਸਕਦਾ ਹੈ।

ਹੋਹੁ ਦਇਆਲ ਕ੍ਰਿਪਾ ਕਰਿ ਹਰਿ ਜੀਉ ਹਰਿ ਸਿਉ ਰਹਾਂ ਸਮਾਈ ॥੨॥

ਹੇ ਪਿਆਰੇ ਹਰੀ! ਮੇਰੇ ਉਤੇ ਦਇਆਲ ਹੋ, ਮੇਰੇ ਉਤੇ ਕਿਰਪਾ ਕਰ, ਮੈਂ ਤੇਰੀ ਯਾਦ ਵਿਚ ਲੀਨ ਰਹਾਂ ॥੨॥

ਐਸੀ ਰਵਤ ਰਵਹੁ ਮਨ ਮੇਰੇ ਹਰਿ ਚਰਣੀ ਚਿਤੁ ਲਾਈ ॥

ਹੇ ਮੇਰੇ ਮਨ! ਅਜੇਹਾ ਰਸਤਾ ਫੜ ਕਿ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਰਹੇਂ।

ਬਿਸਮ ਭਏ ਗੁਣ ਗਾਇ ਮਨੋਹਰ ਨਿਰਭਉ ਸਹਜਿ ਸਮਾਈ ॥੩॥

ਮਨ ਨੂੰ ਮੋਹਣ ਵਾਲੇ ਪਰਮਾਤਮਾ ਦੇ ਗੁਣ ਗਾ ਕੇ (ਭਾਗਾਂ ਵਾਲੇ ਬੰਦੇ ਆਨੰਦ ਵਿਚ) ਮਸਤ ਰਹਿੰਦੇ ਹਨ, ਦੁਨੀਆ ਵਾਲੇ ਡਰਾਂ-ਸਹਿਮਾਂ ਤੋਂ ਨਿਡਰ ਹੋ ਕੇ ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ ॥੩॥

ਹਿਰਦੈ ਨਾਮੁ ਸਦਾ ਧੁਨਿ ਨਿਹਚਲ ਘਟੈ ਨ ਕੀਮਤਿ ਪਾਈ ॥

(ਹੇ ਮੇਰੇ ਮਨ!) ਜੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸ ਪਏ, ਜੇ (ਪ੍ਰਭੂ-ਪਿਆਰ ਦੀ) ਸਦੀਵੀ ਅਟੱਲ ਰੌ ਚੱਲ ਪਏ, ਤਾਂ ਉਹ ਫਿਰ ਕਦੇ ਘਟਦੀ ਨਹੀਂ, ਦੁਨੀਆ ਦਾ ਕੋਈ ਸੁਖ ਦੁਨੀਆ ਦਾ ਕੋਈ ਪਦਾਰਥ ਉਸ ਦੀ ਬਰਾਬਰੀ ਨਹੀਂ ਕਰ ਸਕਦਾ।

ਬਿਨੁ ਨਾਵੈ ਸਭੁ ਕੋਈ ਨਿਰਧਨੁ ਸਤਿਗੁਰਿ ਬੂਝ ਬੁਝਾਈ ॥੪॥

ਸਤਿਗੁਰੂ ਨੇ ਮੈਨੂੰ ਸਮਝ ਬਖ਼ਸ਼ ਦਿੱਤੀ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਹਰੇਕ ਜੀਵ ਕੰਗਾਲ (ਹੀ) ਹੈ (ਭਾਵੇਂ ਉਸ ਦੇ ਪਾਸ ਕਿਤਨਾ ਹੀ ਧਨ-ਪਦਾਰਥ ਹੋਵੇ) ॥੪॥

ਪ੍ਰੀਤਮ ਪ੍ਰਾਨ ਭਏ ਸੁਨਿ ਸਜਨੀ ਦੂਤ ਮੁਏ ਬਿਖੁ ਖਾਈ ॥

ਹੇ ਸਹੇਲੀਏ! (ਹੇ ਸਤਸੰਗੀ ਸੱਜਣ!) ਸੁਣ! (ਗੁਰੂ ਦੀ ਕਿਰਪਾ ਨਾਲ) ਮੇਰੇ ਮਨ ਵਿਚ ਪ੍ਰੀਤਮ ਪਿਆਰਾ ਲੱਗ ਰਿਹਾ ਹੈ, ਕਾਮਾਦਿਕ ਵੈਰੀ (ਮੇਰੇ ਭਾ ਦੇ) ਮਰ ਗਏ ਹਨ, ਉਹਨਾਂ (ਮਾਨੋ) ਜ਼ਹਰ ਖਾ ਲਈ ਹੈ।

ਜਬ ਕੀ ਉਪਜੀ ਤਬ ਕੀ ਤੈਸੀ ਰੰਗੁਲ ਭਈ ਮਨਿ ਭਾਈ ॥੫॥

ਮੈਂ ਉਸ ਦੇ ਪ੍ਰੇਮ ਵਿਚ ਰੰਗੀ ਗਈ ਹਾਂ। ਜਦੋਂ ਦੀ (ਪ੍ਰਭੂ-ਚਰਨਾਂ ਵਿਚ ਪ੍ਰੀਤ) ਪੈਦਾ ਹੋਈ ਹੈ, ਤਦੋਂ ਦੀ ਉਹੋ ਜਿਹੀ ਕਾਇਮ ਹੈ (ਘਟੀ ਨਹੀਂ), ਮੇਰੀ ਜਿੰਦ ਪ੍ਰੀਤਮ-ਪ੍ਰਭੂ ਨਾਲ ਇਕ-ਮਿਕ ਹੋ ਗਈ ਹੈ ॥੫॥

ਸਹਜ ਸਮਾਧਿ ਸਦਾ ਲਿਵ ਹਰਿ ਸਿਉ ਜੀਵਾਂ ਹਰਿ ਗੁਨ ਗਾਈ ॥

ਮੈਂ ਸਦਾ ਪ੍ਰਭੂ ਵਿਚ ਲਿਵ ਲਾਈ ਰੱਖਦਾ ਹਾਂ, ਤੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹਾਂ, ਜਿਉਂ ਜਿਉਂ ਮੈਂ ਹਰੀ ਦੇ ਗੁਣ ਗਾਂਦਾ ਹਾਂ ਮੇਰੇ ਅੰਦਰ ਆਤਮਕ ਜੀਵਨ ਪਲਰਦਾ ਹੈ।

ਗੁਰ ਕੈ ਸਬਦਿ ਰਤਾ ਬੈਰਾਗੀ ਨਿਜ ਘਰਿ ਤਾੜੀ ਲਾਈ ॥੬॥

ਗੁਰੂ ਦੇ ਸ਼ਬਦ ਵਿਚ ਰੰਗੀਜ ਕੇ ਮੈਂ (ਪ੍ਰਭੂ-ਚਰਨਾਂ ਦਾ) ਪ੍ਰੇਮੀ ਬਣ ਗਿਆ ਹਾਂ, ਹੁਣ ਮੈਂ ਆਪਣੇ ਅੰਦਰ ਹੀ ਪ੍ਰਭੂ ਦੀ ਯਾਦ ਵਿਚ ਜੁੜਿਆ ਰਹਿੰਦਾ ਹਾਂ ॥੬॥

ਸੁਧ ਰਸ ਨਾਮੁ ਮਹਾ ਰਸੁ ਮੀਠਾ ਨਿਜ ਘਰਿ ਤਤੁ ਗੁਸਾਂਈਂ ॥

ਹੇ ਧਰਤੀ ਦੇ ਮਾਲਕ ਪ੍ਰਭੂ! ਪਵਿਤ੍ਰਤਾ ਦਾ ਰਸ ਦੇਣ ਵਾਲਾ ਤੇਰਾ ਨਾਮ ਮੈਨੂੰ ਬੜੇ ਹੀ ਸੁਆਦਲੇ ਰਸ ਵਾਲਾ ਜਾਪ ਮੈਨੂੰ ਮਿੱਠਾ ਲੱਗ ਰਿਹਾ ਹੈ, ਤੂੰ ਜਗਤ-ਦਾ-ਮੂਲ ਮੈਨੂੰ ਮੇਰੇ ਹਿਰਦੇ ਵਿਚ ਹੀ ਲੱਭ ਪਿਆ ਹੈਂ।

ਤਹ ਹੀ ਮਨੁ ਜਹ ਹੀ ਤੈ ਰਾਖਿਆ ਐਸੀ ਗੁਰਮਤਿ ਪਾਈ ॥੭॥

ਹੇ ਪ੍ਰਭੂ! ਮੈਨੂੰ ਸਤਿਗੁਰੂ ਦੀ ਅਜੇਹੀ ਮੱਤ ਪ੍ਰਾਪਤ ਹੋ ਗਈ ਹੈ ਕਿ ਜਿੱਥੇ (ਆਪਣੇ ਚਰਨਾਂ ਵਿਚ) ਤੂੰ ਮੇਰਾ ਮਨ ਜੋੜਿਆ ਹੈ ਉਥੇ ਹੀ ਜੁੜਿਆ ਪਿਆ ਹੈ ॥੭॥

ਸਨਕ ਸਨਾਦਿ ਬ੍ਰਹਮਾਦਿ ਇੰਦ੍ਰਾਦਿਕ ਭਗਤਿ ਰਤੇ ਬਨਿ ਆਈ ॥

ਇੰਦ੍ਰ ਵਰਗੇ ਦੇਵਤੇ, ਬ੍ਰਹਮਾ ਤੇ ਉਸ ਦੇ ਪੁਤ੍ਰ ਸਨਕ ਵਰਗੇ ਮਹਾ ਪੁਰਖ ਜਦੋਂ ਪਰਮਾਤਮਾ ਦੀ ਭਗਤੀ (ਦੇ ਰੰਗ) ਵਿਚ ਰੰਗੇ ਗਏ, ਤਾਂ ਉਹਨਾਂ ਦੀ ਪ੍ਰੀਤ ਪ੍ਰਭੂ-ਚਰਨਾਂ ਨਾਲ ਬਣ ਗਈ।

ਨਾਨਕ ਹਰਿ ਬਿਨੁ ਘਰੀ ਨ ਜੀਵਾਂ ਹਰਿ ਕਾ ਨਾਮੁ ਵਡਾਈ ॥੮॥੧॥

ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਇਕ ਘੜੀ-ਮਾਤ੍ਰ ਵਿਛੁੜਿਆਂ ਭੀ ਮੇਰੀ ਜਿੰਦ ਵਿਆਕੁਲ ਹੋ ਜਾਂਦੀ ਹੈ। ਪਰਮਾਤਮਾ ਦਾ ਨਾਮ ਹੀ ਮੇਰੇ ਵਾਸਤੇ (ਸਭ ਤੋਂ ਸ੍ਰੇਸ਼ਟ) ਵਡਿਆਈ-ਮਾਣ ਹੈ ॥੮॥੧॥


ਸਾਰਗ ਮਹਲਾ ੧ ॥
ਹਰਿ ਬਿਨੁ ਕਿਉ ਧੀਰੈ ਮਨੁ ਮੇਰਾ ॥

ਪਰਮਾਤਮਾ ਦੇ ਨਾਮ ਤੋਂ ਵਿਛੁੜ ਕੇ ਮੇਰਾ ਮਨ (ਹੁਣ) ਕਿਸੇ ਤਰ੍ਹਾਂ ਭੀ ਧੀਰਜ ਨਹੀਂ ਫੜਦਾ (ਟਿਕਦਾ ਨਹੀਂ ਕਿਉਂਕਿ ਇਸ ਨੂੰ ਅਨੇਕਾਂ ਦੁੱਖ ਰੋਗ ਆ ਵਾਪਰਦੇ ਹਨ)।

ਕੋਟਿ ਕਲਪ ਕੇ ਦੂਖ ਬਿਨਾਸਨ ਸਾਚੁ ਦ੍ਰਿੜਾਇ ਨਿਬੇਰਾ ॥੧॥ ਰਹਾਉ ॥

ਪਰ ਜੇ ਕ੍ਰੋੜਾਂ ਜੁਗਾਂ ਦੇ ਦੁੱਖ ਨਾਸ ਕਰਨ ਵਾਲੇ ਤੇ ਸਦਾ ਹੀ ਥਿਰ ਰਹਿਣ ਵਾਲੇ ਪਰਮਾਤਮਾ ਨੂੰ (ਮਨ ਵਿਚ) ਟਿਕਾ ਲਈਏ ਤਾਂ ਸਾਰੇ ਦੁੱਖਾਂ ਰੋਗਾਂ ਦਾ ਨਾਸ ਹੋ ਜਾਂਦਾ ਹੈ (ਤੇ ਮਨ ਟਿਕਾਣੇ ਆ ਜਾਂਦਾ ਹੈ) ॥੧॥ ਰਹਾਉ ॥

ਕ੍ਰੋਧੁ ਨਿਵਾਰਿ ਜਲੇ ਹਉ ਮਮਤਾ ਪ੍ਰੇਮੁ ਸਦਾ ਨਉ ਰੰਗੀ ॥

ਉਸ ਦੇ ਕ੍ਰੋਧ ਨੂੰ (ਆਪਣੇ ਅੰਦਰੋਂ) ਕੱਢ ਦਿੱਤਾ ਹੈ, ਉਸ ਦੀ ਹਉਮੈ ਤੇ ਅਪਣੱਤ ਸੜ ਜਾਂਦੀ ਹੈ, ਨਿੱਤ ਨਵਾਂ ਰਹਿਣ ਵਾਲਾ ਪ੍ਰੇਮ (ਉਸ ਦੇ ਹਿਰਦੇ ਵਿਚ ਜਾਗ ਪੈਂਦਾ ਹੈ),

ਅਨਭਉ ਬਿਸਰਿ ਗਏ ਪ੍ਰਭੁ ਜਾਚਿਆ ਹਰਿ ਨਿਰਮਾਇਲੁ ਸੰਗੀ ॥੧॥

ਜਿਸ ਮਨੁੱਖ ਨੇ ਪ੍ਰਭੂ (ਦੇ ਦਰ ਤੋਂ ਨਾਮ ਦਾ ਦਾਨ) ਮੰਗਿਆ ਹੈ, ਉਸ ਨੂੰ ਹੋਰਨਾਂ ਦਾ ਡਰ-ਸਹਿਮ ਭੁੱਲ ਜਾਂਦਾ ਹੈ। ਪਵਿੱਤ-ਸਰੂਪ ਪ੍ਰਭੂ ਉਸ ਦਾ (ਸਦਾ ਲਈ) ਸਾਥੀ ਬਣ ਗਿਆ ਹੈ ॥੧॥

ਚੰਚਲ ਮਤਿ ਤਿਆਗਿ ਭਉ ਭੰਜਨੁ ਪਾਇਆ ਏਕ ਸਬਦਿ ਲਿਵ ਲਾਗੀ ॥

ਜਿਸ ਮਨੁੱਖ ਨੇ ਇਕ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਸੁਰਤ ਜੋੜੀ ਹੈ ਉਸ ਨੇ (ਮਾਇਕ ਪਦਾਰਥਾਂ ਦੇ ਪਿੱਛੇ) ਭਟਕਣ ਵਾਲੀ ਮੱਤ (ਦੀ ਅਗਵਾਈ) ਤਿਆਗ ਕੇ ਡਰ ਨਾਸ ਕਰਨ ਵਾਲਾ ਪਰਮਾਤਮਾ ਲੱਭ ਲਿਆ ਹੈ।

ਹਰਿ ਰਸੁ ਚਾਖਿ ਤ੍ਰਿਖਾ ਨਿਵਾਰੀ ਹਰਿ ਮੇਲਿ ਲਏ ਬਡਭਾਗੀ ॥੨॥

ਪਰਮਾਤਮਾ ਦੇ ਨਾਮ ਦਾ ਸੁਆਦ ਚੱਖ ਕੇ ਉਸ ਨੇ (ਆਪਣੇ ਅੰਦਰੋਂ ਮਾਇਆ ਦੀ) ਤ੍ਰਿਹ ਦੂਰ ਕਰ ਲਈ ਹੈ, ਉਸ ਵਡ-ਭਾਗੀ ਮਨੁੱਖ ਨੂੰ ਪ੍ਰਭੂ ਨੇ ਆਪਣੇ ਚਰਨਾਂ ਵਿਚ ਮਿਲਾ ਲਿਆ ਹੈ ॥੨॥

ਅਭਰਤ ਸਿੰਚਿ ਭਏ ਸੁਭਰ ਸਰ ਗੁਰਮਤਿ ਸਾਚੁ ਨਿਹਾਲਾ ॥

ਜਿਸ ਮਨੁੱਖ ਨੇ ਗੁਰੂ ਦੀ ਮੱਤ ਲੈ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਦਰਸਨ ਕਰ ਲਿਆ, ਪ੍ਰਭੂ ਦਾ ਨਾਮ-ਜਲ ਸਿੰਜ ਕੇ ਉਸ ਦੇ ਉਹ ਗਿਆਨ-ਇੰਦ੍ਰੇ ਨਕਾਨਕ ਭਰ ਗਏ ਜਿਨ੍ਹਾਂ ਦੀ ਤ੍ਰਿਸ਼ਨਾ ਪਹਿਲਾਂ ਕਦੇ ਭੀ ਮੁੱਕਦੀ ਨਹੀਂ ਸੀ।

ਮਨ ਰਤਿ ਨਾਮਿ ਰਤੇ ਨਿਹਕੇਵਲ ਆਦਿ ਜੁਗਾਦਿ ਦਇਆਲਾ ॥੩॥

ਜਿਨ੍ਹਾਂ ਦੇ ਮਨ ਦੀ ਪ੍ਰੀਤ ਪ੍ਰਭੂ ਦੇ ਨਾਮ ਵਿਚ ਬਣ ਜਾਂਦੀ ਹੈ ਉਹ ਉਸ ਪਰਮਾਤਮਾ ਦੇ ਪਿਆਰ ਵਿਚ (ਸਦਾ ਲਈ) ਰੰਗੇ ਜਾਂਦੇ ਹਨ ਜੋ ਸੁੱਧ-ਸਰੂਪ ਹੈ ਤੇ ਜੋ ਸਦਾ ਤੋਂ ਹੀ ਦਇਆ ਦਾ ਸੋਮਾ ਹੈ ॥੩॥

ਮੋਹਨਿ ਮੋਹਿ ਲੀਆ ਮਨੁ ਮੋਰਾ ਬਡੈ ਭਾਗ ਲਿਵ ਲਾਗੀ ॥

ਮੇਰੇ ਚੰਗੇ ਭਾਗਾਂ (ਗੁਰੂ ਦੀ ਕਿਰਪਾ ਨਾਲ) ਮੇਰੀ ਲਿਵ (ਪ੍ਰਭੂ-ਚਰਨਾਂ ਵਿਚ) ਲੱਗ ਗਈ ਹੈ, ਮਨ ਨੂੰ ਮੋਹ ਲੈਣ ਵਾਲੇ ਪ੍ਰਭੂ ਨੇ ਮੇਰਾ ਮਨ (ਆਪਣੇ ਪ੍ਰੇਮ ਵਿਚ) ਮੋਹ ਲਿਆ ਹੈ।

ਸਾਚੁ ਬੀਚਾਰਿ ਕਿਲਵਿਖ ਦੁਖ ਕਾਟੇ ਮਨੁ ਨਿਰਮਲੁ ਅਨਰਾਗੀ ॥੪॥

ਸਦਾ-ਥਿਰ ਪ੍ਰਭੂ (ਦੇ ਗੁਣਾਂ) ਨੂੰ ਸੋਚ-ਮੰਡਲ ਵਿਚ ਲਿਆਉਣ ਕਰ ਕੇ ਮੇਰੇ ਸਾਰੇ ਪਾਪ-ਦੁੱਖ ਕੱਟੇ ਗਏ ਹਨ, ਮੇਰਾ ਮਨ ਪਵਿਤ੍ਰ ਹੋ ਗਿਆ ਹੈ, (ਪ੍ਰਭੂ-ਚਰਨਾਂ ਦਾ) ਪ੍ਰੇਮੀ ਹੋ ਗਿਆ ਹੈ ॥੪॥

ਗਹਿਰ ਗੰਭੀਰ ਸਾਗਰ ਰਤਨਾਗਰ ਅਵਰ ਨਹੀ ਅਨ ਪੂਜਾ ॥

ਮੈਂ ਕਿਸੇ ਹੋਰ ਦੀ ਪੂਜਾ ਨਹੀਂ ਕਰਦਾ, ਸਿਰਫ਼ ਉਸ ਨੂੰ ਪੂਜਦਾ ਹਾਂ ਜੋ ਬੜੇ ਡੂੰਘੇ ਤੇ ਵੱਡੇ ਜਿਗਰੇ ਵਾਲਾ ਹੈ, ਜੋ ਬੇਅੰਤ ਰਤਨਾਂ ਦੀ ਖਾਣ ਸਮੁੰਦਰ ਹੈ।

ਸਬਦੁ ਬੀਚਾਰਿ ਭਰਮ ਭਉ ਭੰਜਨੁ ਅਵਰੁ ਨ ਜਾਨਿਆ ਦੂਜਾ ॥੫॥

ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਮੈਂ ਸਮਝ ਲਿਆ ਹੈ ਕਿ ਸਿਰਫ਼ ਪਰਮਾਤਮਾ ਹੀ ਡਰ-ਸਹਿਮ ਦਾ ਨਾਸ ਕਰਨ ਵਾਲਾ ਹੈ, ਕੋਈ ਹੋਰ (ਦੇਵੀ ਦੇਵਤਾ ਆਦਿਕ) ਦੂਜਾ ਨਹੀਂ ਹੈ ॥੫॥

ਮਨੂਆ ਮਾਰਿ ਨਿਰਮਲ ਪਦੁ ਚੀਨਿਆ ਹਰਿ ਰਸ ਰਤੇ ਅਧਿਕਾਈ ॥

ਹੁਣ ਮੈਂ ਪ੍ਰਭੂ ਦੇ ਨਾਮ-ਰਸ ਵਿਚ ਬਹੁਤ ਰੰਗਿਆ ਗਿਆ ਹਾਂ, ਮਨ (ਵਿਚੋਂ ਵਿਕਾਰਾਂ ਦੀ ਅੰਸ) ਮਾਰ ਕੇ ਮੈਂ ਪਵਿਤ੍ਰ ਆਤਮਕ ਦਰਜੇ ਨਾਲ ਡੂੰਘੀ ਸਾਂਝ ਪਾ ਲਈ ਹੈ।

ਏਕਸ ਬਿਨੁ ਮੈ ਅਵਰੁ ਨ ਜਾਨਾਂ ਸਤਿਗੁਰਿ ਬੂਝ ਬੁਝਾਈ ॥੬॥

ਗੁਰੂ ਨੇ ਮੈਨੂੰ ਸਮਝ ਬਖ਼ਸ਼ ਦਿੱਤੀ ਹੈ, (ਹੁਣ) ਇਕ ਪਰਮਾਤਮਾ ਤੋਂ ਬਿਨਾ ਮੈਂ ਕਿਸੇ ਹੋਰ ਨੂੰ (ਉਸ ਵਰਗਾ) ਨਹੀਂ ਜਾਣਦਾ ॥੬॥

ਅਗਮ ਅਗੋਚਰੁ ਅਨਾਥੁ ਅਜੋਨੀ ਗੁਰਮਤਿ ਏਕੋ ਜਾਨਿਆ ॥

ਗੁਰੂ ਦੀ ਮੱਤ ਲੈ ਕੇ ਸਿਰਫ਼ ਉਸ ਪ੍ਰਭੂ ਨਾਲ ਹੀ ਡੂੰਘੀ ਸਾਂਝ ਪਾਈ ਹੈ ਜੋ ਅਪਹੁੰਚ ਹੈ, ਜਿਸ ਤਕ ਗਿਆਨ ਇੰਦ੍ਰਿਆਂ ਦੀ ਪਹੁੰਚ ਨਹੀਂ, ਜੋ ਆਪ ਹੀ ਆਪਣਾ ਖਸਮ-ਮਾਲਕ ਹੈ, ਅਤੇ ਜੋ ਜੂਨਾਂ ਵਿਚ ਨਹੀਂ ਆਉਂਦਾ।

ਸੁਭਰ ਭਰੇ ਨਾਹੀ ਚਿਤੁ ਡੋਲੈ ਮਨ ਹੀ ਤੇ ਮਨੁ ਮਾਨਿਆ ॥੭॥

(ਇਸ ਸਾਂਝ ਦੀ ਬਰਕਤਿ ਨਾਲ) ਮੇਰੇ ਗਿਆਨ-ਇੰਦ੍ਰੇ (ਨਾਮ-ਰਸ ਨਾਲ) ਨਕਾ-ਨਕ ਭਰ ਗਏ ਹਨ, ਹੁਣ ਮੇਰਾ ਮਨ (ਮਾਇਆ ਵਾਲੇ ਪਾਸੇ) ਡੋਲਦਾ ਨਹੀਂ ਹੈ, ਆਪਣੇ ਅੰਦਰ ਹੀ ਟਿਕ ਗਿਆ ਹੈ ॥੭॥

ਗੁਰਪਰਸਾਦੀ ਅਕਥਉ ਕਥੀਐ ਕਹਉ ਕਹਾਵੈ ਸੋਈ ॥

ਪਰਮਾਤਮਾ ਦਾ ਸਰੂਪ ਬਿਆਨ ਤੋਂ ਪਰੇ ਹੈ। ਗੁਰੂ ਦੀ ਕਿਰਪਾ ਨਾਲ ਹੀ ਉਸ ਦਾ ਸਿਮਰਨ ਕੀਤਾ ਜਾ ਸਕਦਾ ਹੈ। ਮੈਂ ਤਦੋਂ ਹੀ ਉਸ ਦੀ ਸਿਫ਼ਤ-ਸਾਲਾਹ ਕਰ ਸਕਦਾ ਹਾਂ ਜਦੋਂ ਉਹ ਆਪ ਹੀ ਸਿਫ਼ਤ-ਸਾਲਾਹ ਕਰਾਂਦਾ ਹੈ।

ਨਾਨਕ ਦੀਨ ਦਇਆਲ ਹਮਾਰੇ ਅਵਰੁ ਨ ਜਾਨਿਆ ਕੋਈ ॥੮॥੨॥

ਹੇ ਨਾਨਕ! ਹੇ ਮੇਰੇ ਦੀਨ ਦਇਆਲ ਪ੍ਰਭੂ! ਮੈਨੂੰ ਤੇਰੇ ਵਰਗਾ ਹੋਰ ਕੋਈ ਨਹੀਂ ਦਿੱਸਦਾ, ਮੈਂ ਤੇਰੇ ਨਾਲ ਹੀ ਸਾਂਝ ਪਾਈ ਹੈ ॥੮॥੨॥

1
2
3
4
5