Raag-Sarang-Bani-Page-2 Raag Sarang – Bani Part 2

Raag-Sarang-Bani-Page-2

Raag-Sarang-Bani-Page-2

ਰਾਗ ਸਾਰੰਗ – ਬਾਣੀ ਸ਼ਬਦ-Part 2 – Raag Sarang – Bani

ਸਾਰਗ ਮਹਲਾ ੫ ॥
ਅਬ ਮੋਹਿ ਸਰਬ ਉਪਾਵ ਬਿਰਕਾਤੇ ॥

ਹੁਣ ਮੈਂ ਹੋਰ ਸਾਰੇ ਹੀਲੇ ਛੱਡ ਦਿੱਤੇ ਹਨ।

ਕਰਣ ਕਾਰਣ ਸਮਰਥ ਸੁਆਮੀ ਹਰਿ ਏਕਸੁ ਤੇ ਮੇਰੀ ਗਾਤੇ ॥੧॥ ਰਹਾਉ ॥

ਹੇ ਜਗਤ ਦੇ ਮੂਲ ਹਰੀ! ਹੇ ਸਾਰੀਆਂ ਤਾਕਤਾਂ ਦੇ ਮਾਲਕ ਸੁਆਮੀ! (ਗੁਰੂ ਨੂੰ ਮਿਲ ਕੇ ਮੈਨੂੰ ਨਿਸ਼ਚਾ ਹੋ ਗਿਆ ਹੈ ਕਿ) ਸਿਰਫ਼ ਤੇਰੇ ਦਰ ਤੋਂ ਹੀ ਮੇਰੀ ਉੱਚੀ ਆਤਮਕ ਅਵਸਥਾ ਬਣ ਸਕਦੀ ਹੈ ॥੧॥ ਰਹਾਉ ॥

ਦੇਖੇ ਨਾਨਾ ਰੂਪ ਬਹੁ ਰੰਗਾ ਅਨ ਨਾਹੀ ਤੁਮ ਭਾਂਤੇ ॥

ਹੇ ਪ੍ਰਭੂ! ਮੈਂ (ਜਗਤ ਦੇ) ਅਨੇਕਾਂ ਕਈ ਕਿਸਮਾਂ ਦੇ ਰੂਪ ਰੰਗ ਵੇਖ ਲਏ ਹਨ, ਤੇਰੇ ਵਰਗਾ (ਸੋਹਣਾ) ਹੋਰ ਕੋਈ ਨਹੀਂ ਹੈ।

ਦੇਂਹਿ ਅਧਾਰੁ ਸਰਬ ਕਉ ਠਾਕੁਰ ਜੀਅ ਪ੍ਰਾਨ ਸੁਖਦਾਤੇ ॥੧॥

ਹੇ ਠਾਕੁਰ! ਹੇ ਜਿੰਦ ਦਾਤੇ! ਹੇ ਪ੍ਰਾਣ ਦਾਤੇ! ਹੇ ਸੁਖਦਾਤੇ! ਸਭ ਜੀਵਾਂ ਨੂੰ ਤੂੰ ਹੀ ਆਸਰਾ ਦੇਂਦਾ ਹੈਂ ॥੧॥

ਭ੍ਰਮਤੌ ਭ੍ਰਮਤੌ ਹਾਰਿ ਜਉ ਪਰਿਓ ਤਉ ਗੁਰ ਮਿਲਿ ਚਰਨ ਪਰਾਤੇ ॥

ਭਟਕਦਿਆਂ ਭਟਕਦਿਆਂ ਜਦੋਂ ਮੈਂ ਥੱਕ ਗਿਆ, ਤਦੋਂ ਗੁਰੂ ਨੂੰ ਮਿਲ ਕੇ ਮੈਂ ਪਰਮਾਤਮਾ ਦੇ ਚਰਨਾਂ ਦੀ ਕਦਰ ਪਛਾਣ ਲਈ।

ਕਹੁ ਨਾਨਕ ਮੈ ਸਰਬ ਸੁਖੁ ਪਾਇਆ ਇਹ ਸੂਖਿ ਬਿਹਾਨੀ ਰਾਤੇ ॥੨॥੩॥੨੬॥

ਨਾਨਕ ਆਖਦਾ ਹੈ- ਹੁਣ ਮੈਂ ਸਾਰੇ ਸੁਖ ਦੇਣ ਵਾਲਾ ਪ੍ਰਭੂ ਲੱਭ ਲਿਆ ਹੈ, ਤੇ ਮੇਰੀ (ਜ਼ਿੰਦਗੀ ਦੀ) ਰਾਤ ਸੁਖ ਆਨੰਦ ਵਿਚ ਬੀਤ ਰਹੀ ਹੈ ॥੨॥੩॥੨੬॥


ਸਾਰਗ ਮਹਲਾ ੫ ॥
ਅਬ ਮੋਹਿ ਲਬਧਿਓ ਹੈ ਹਰਿ ਟੇਕਾ ॥

ਹੁਣ ਮੈਂ ਪਰਮਾਤਮਾ ਦਾ ਆਸਰਾ ਲੱਭ ਲਿਆ ਹੈ।

ਗੁਰ ਦਇਆਲ ਭਏ ਸੁਖਦਾਈ ਅੰਧੁਲੈ ਮਾਣਿਕੁ ਦੇਖਾ ॥੧॥ ਰਹਾਉ ॥

ਜਦੋਂ ਤੋਂ ਸਾਰੇ ਸੁਖ ਦੇਣ ਵਾਲੇ ਸਤਿਗੁਰੂ ਜੀ (ਮੇਰੇ ਉਤੇ) ਦਇਆਵਾਨ ਹੋਏ ਹਨ, ਮੈਂ ਅੰਨ੍ਹੇ ਨੇ ਨਾਮ-ਮੋਤੀ ਵੇਖ ਲਿਆ ਹੈ ॥੧॥ ਰਹਾਉ ॥

ਕਾਟੇ ਅਗਿਆਨ ਤਿਮਰ ਨਿਰਮਲੀਆ ਬੁਧਿ ਬਿਗਾਸ ਬਿਬੇਕਾ ॥

(ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰੋਂ) ਆਤਮਕ ਜੀਵਨ ਵਲੋਂ ਬੇ-ਸਮਝੀ ਦੇ ਹਨੇਰੇ ਕੱਟੇ ਗਏ ਹਨ, ਮੇਰੀ ਬੁੱਧੀ ਨਿਰਮਲ ਹੋ ਗਈ ਹੈ, ਮੇਰੇ ਅੰਦਰ ਚੰਗੇ ਮੰਦੇ ਦੀ ਪਰਖ ਦੀ ਸ਼ਕਤੀ ਦਾ ਪਰਕਾਸ਼ ਹੋ ਗਿਆ ਹੈ।

ਜਿਉ ਜਲ ਤਰੰਗ ਫੇਨੁ ਜਲ ਹੋਈ ਹੈ ਸੇਵਕ ਠਾਕੁਰ ਭਏ ਏਕਾ ॥੧॥

(ਮੈਨੂੰ ਸਮਝ ਆ ਗਈ ਹੈ ਕਿ) ਜਿਵੇਂ ਪਾਣੀ ਦੀਆਂ ਲਹਰਾਂ ਤੇ ਝੱਗ ਸਭ ਕੁਝ ਪਾਣੀ ਹੀ ਹੋ ਜਾਂਦਾ ਹੈ, ਤਿਵੇਂ ਮਾਲਕ-ਪ੍ਰਭੂ ਅਤੇ ਉਸ ਦੇ ਸੇਵਕ ਇਕ-ਰੂਪ ਹੋ ਜਾਂਦੇ ਹਨ ॥੧॥

ਜਹ ਤੇ ਉਠਿਓ ਤਹ ਹੀ ਆਇਓ ਸਭ ਹੀ ਏਕੈ ਏਕਾ ॥

(ਗੁਰੂ ਦੀ ਕਿਰਪਾ ਨਾਲ ਇਹ ਸਮਝ ਆ ਗਈ ਹੈ ਕਿ) ਜਿਸ ਪ੍ਰਭੂ ਤੋਂ ਇਹ ਜੀਵ ਉਪਜਦਾ ਹੈ ਉਸ ਵਿਚ ਹੀ ਲੀਨ ਹੁੰਦਾ ਹੈ, ਇਹ ਸਾਰੀ ਰਚਨਾ ਹੀ ਇਕ ਪਰਮਾਤਮਾ ਦਾ ਹੀ ਖੇਲ-ਪਸਾਰਾ ਹੈ।

ਨਾਨਕ ਦ੍ਰਿਸਟਿ ਆਇਓ ਸ੍ਰਬ ਠਾਈ ਪ੍ਰਾਣਪਤੀ ਹਰਿ ਸਮਕਾ ॥੨॥੪॥੨੭॥

ਹੇ ਨਾਨਕ! (ਗੁਰੂ ਦੀ ਕਿਰਪਾ ਨਾਲ) ਦਿੱਸ ਪਿਆ ਹੈ ਕਿ ਪ੍ਰਾਣਾਂ ਦਾ ਮਾਲਕ ਹਰੀ ਸਭਨੀਂ ਥਾਈਂ ਇਕ-ਸਮਾਨ ਵੱਸ ਰਿਹਾ ਹੈ ॥੨॥੪॥੨੭॥


ਸਾਰਗ ਮਹਲਾ ੫ ॥
ਮੇਰਾ ਮਨੁ ਏਕੈ ਹੀ ਪ੍ਰਿਅ ਮਾਂਗੈ ॥

ਮੇਰਾ ਮਨ ਸਿਰਫ਼ ਪਿਆਰੇ ਪ੍ਰਭੂ ਦਾ ਹੀ ਦਰਸਨ ਮੰਗਦਾ ਹੈ।

ਪੇਖਿ ਆਇਓ ਸਰਬ ਥਾਨ ਦੇਸ ਪ੍ਰਿਅ ਰੋਮ ਨ ਸਮਸਰਿ ਲਾਗੈ ॥੧॥ ਰਹਾਉ ॥

ਮੈਂ ਸਾਰੇ ਦੇਸ਼ ਸਾਰੇ ਥਾਂ ਵੇਖ ਆਇਆ ਹਾਂ, (ਉਹਨਾਂ ਵਿਚੋਂ ਕੋਈ ਭੀ ਸੁੰਦਰਤਾ ਵਿਚ) ਪਿਆਰੇ (ਪ੍ਰਭੂ) ਦੇ ਇਕ ਰੋਮ ਦੀ ਭੀ ਬਰਾਬਰੀ ਨਹੀਂ ਕਰ ਸਕਦਾ ॥੧॥ ਰਹਾਉ ॥

ਮੈ ਨੀਰੇ ਅਨਿਕ ਭੋਜਨ ਬਹੁ ਬਿੰਜਨ ਤਿਨ ਸਿਉ ਦ੍ਰਿਸਟਿ ਨ ਕਰੈ ਰੁਚਾਂਗੈ ॥

ਮੈਂ ਅਨੇਕਾਂ ਭੋਜਨ ਅਨੇਕਾਂ ਸੁਆਦਲੇ ਪਦਾਰਥ ਪਰੋਸ ਕੇ ਰੱਖਦਾ ਹਾਂ, (ਮੇਰਾ ਮਨ) ਉਹਨਾਂ ਵਲ ਨਿਗਾਹ ਭੀ ਨਹੀਂ ਕਰਦਾ, (ਇਸ ਦੀ) ਉਹਨਾਂ ਵਲ ਕੋਈ ਰੁਚੀ ਨਹੀਂ।

ਹਰਿ ਰਸੁ ਚਾਹੈ ਪ੍ਰਿਅ ਪ੍ਰਿਅ ਮੁਖਿ ਟੇਰੈ ਜਿਉ ਅਲਿ ਕਮਲਾ ਲੋਭਾਂਗੈ ॥੧॥

ਜਿਵੇਂ ਭੌਰਾ ਕੌਲ ਫੁੱਲ ਵਾਸਤੇ ਲਲਚਾਂਦਾ ਹੈ, ਤਿਵੇਂ (ਮੇਰਾ ਮਨ) ਪਰਮਾਤਮਾ (ਦੇ ਨਾਮ) ਦਾ ਸੁਆਦ (ਹੀ) ਮੰਗਦਾ ਹੈ, ਮੂੰਹੋਂ ‘ਹੇ ਪਿਆਰੇ ਪ੍ਰਭੂ! ਹੇ ਪਿਆਰੇ ਪ੍ਰਭੂ!’ ਹੀ ਬੋਲਦਾ ਰਹਿੰਦਾ ਹੈ ॥੧॥

ਗੁਣ ਨਿਧਾਨ ਮਨਮੋਹਨ ਲਾਲਨ ਸੁਖਦਾਈ ਸਰਬਾਂਗੈ ॥

ਹੇ ਗੁਣਾਂ ਦੇ ਖ਼ਜ਼ਾਨੇ! ਹੇ ਮਨ ਨੂੰ ਮੋਹਣ ਵਾਲੇ! ਹੇ ਸੋਹਣੇ ਲਾਲ! ਹੇ ਸਾਰੇ ਸੁਖ ਦੇਣ ਵਾਲੇ! ਹੇ ਸਭ ਜੀਵਾਂ ਵਿਚ ਵਿਆਪਕ!

ਗੁਰਿ ਨਾਨਕ ਪ੍ਰਭ ਪਾਹਿ ਪਠਾਇਓ ਮਿਲਹੁ ਸਖਾ ਗਲਿ ਲਾਗੈ ॥੨॥੫॥੨੮॥

ਹੇ ਪ੍ਰਭੂ! ਹੇ ਮਿੱਤਰ ਪ੍ਰਭੂ! ਮੈਨੂੰ ਨਾਨਕ (ਨੂੰ) ਗੁਰੂ ਨੇ (ਤੇਰੇ) ਪਾਸ ਭੇਜਿਆ ਹੈ, ਮੈਨੂੰ ਗਲ ਲੱਗ ਕੇ ਮਿਲ ॥੨॥੫॥੨੮॥


ਸਾਰਗ ਮਹਲਾ ੫ ॥
ਅਬ ਮੋਰੋ ਠਾਕੁਰ ਸਿਉ ਮਨੁ ਮਾਨਾਂ ॥

ਹੁਣ ਮੇਰਾ ਮਨ ਮਾਲਕ-ਪ੍ਰਭੂ ਨਾਲ (ਸਦਾ) ਗਿੱਝਿਆ ਰਹਿੰਦਾ ਹੈ।

ਸਾਧ ਕ੍ਰਿਪਾਲ ਦਇਆਲ ਭਏ ਹੈ ਇਹੁ ਛੇਦਿਓ ਦੁਸਟੁ ਬਿਗਾਨਾ ॥੧॥ ਰਹਾਉ ॥

ਜਦੋਂ ਸੰਤ ਜਨ ਮੇਰੇ ਉੱਤੇ ਤ੍ਰੁੱਠ ਪਏ ਦਇਆਵਾਨ ਹੋਏ, (ਤਾਂ ਮੈਂ ਆਪਣੇ ਅੰਦਰੋਂ ਪਰਮਾਤਮਾ ਨਾਲੋਂ) ਇਹ ਭੈੜਾ ਓਪਰਾ-ਪਨ ਕੱਟ ਦਿੱਤਾ ॥੧॥ ਰਹਾਉ ॥

ਤੁਮ ਹੀ ਸੁੰਦਰ ਤੁਮਹਿ ਸਿਆਨੇ ਤੁਮ ਹੀ ਸੁਘਰ ਸੁਜਾਨਾ ॥

ਹੁਣ, ਹੇ ਪ੍ਰਭੂ! ਤੂੰ ਹੀ ਮੈਨੂੰ ਸੋਹਣਾ ਲੱਗਦਾ ਹੈਂ, ਤੂੰ ਹੀ ਸਿਆਣਾ ਜਾਪਦਾ ਹੈਂ, ਤੂੰ ਹੀ ਸੋਹਣੀ ਆਤਮਕ ਘਾੜਤ ਵਾਲਾ ਤੇ ਸੁਜਾਨ ਦਿੱਸਦਾ ਹੈਂ।

ਸਗਲ ਜੋਗ ਅਰੁ ਗਿਆਨ ਧਿਆਨ ਇਕ ਨਿਮਖ ਨ ਕੀਮਤਿ ਜਾਨਾਂ ॥੧॥

ਜੋਗ-ਸਾਧਨ, ਗਿਆਨ-ਚਰਚਾ ਕਰਨ ਵਾਲੇ ਅਤੇ ਸਮਾਧੀਆਂ ਲਾਣ ਵਾਲੇ-ਇਹਨਾਂ ਸਭਨਾਂ ਨੇ, ਹੇ ਪ੍ਰਭੂ! ਅੱਖ ਝਮਕਣ ਜਿਤਨੇ ਸਮੇ ਲਈ ਭੀ ਤੇਰੀ ਕਦਰ ਨਹੀਂ ਸਮਝੀ ॥੧॥

ਤੁਮ ਹੀ ਨਾਇਕ ਤੁਮ੍ਰਹਿ ਛਤ੍ਰਪਤਿ ਤੁਮ ਪੂਰਿ ਰਹੇ ਭਗਵਾਨਾ ॥

ਹੇ ਭਗਵਾਨ! ਤੂੰ ਹੀ (ਸਭ ਜੀਵਾਂ ਦਾ) ਮਾਲਕ ਹੈਂ, ਤੂੰ ਹੀ (ਸਭ ਰਾਜਿਆਂ ਦਾ) ਰਾਜਾ ਹੈਂ, ਤੂੰ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈਂ।

ਪਾਵਉ ਦਾਨੁ ਸੰਤ ਸੇਵਾ ਹਰਿ ਨਾਨਕ ਸਦ ਕੁਰਬਾਨਾਂ ॥੨॥੬॥੨੯॥

ਹੇ ਹਰੀ! (ਮਿਹਰ ਕਰ, ਤੇਰੇ ਦਰ ਤੋਂ) ਮੈਂ ਸੰਤ ਜਨਾਂ ਦੀ ਸੇਵਾ ਦਾ ਖੈਰ ਹਾਸਲ ਕਰਾਂ, ਮੈਂ ਨਾਨਕ ਸੰਤ ਜਨਾਂ ਤੋਂ ਸਦਾ ਸਦਕੇ ਜਾਵਾਂ ॥੨॥੬॥੨੯॥


ਸਾਰਗ ਮਹਲਾ ੫ ॥
ਮੇਰੈ ਮਨਿ ਚੀਤਿ ਆਏ ਪ੍ਰਿਅ ਰੰਗਾ ॥

(ਜਦੋਂ ਤੋਂ ਸਾਧ ਸੰਗਤ ਦੀ ਬਰਕਤਿ ਨਾਲ) ਪਿਆਰੇ ਪ੍ਰਭੂ ਦੇ ਕੌਤਕ ਮੇਰੇ ਮਨ ਵਿਚ ਮੇਰੇ ਚਿੱਤ ਵਿਚ ਆ ਵੱਸੇ ਹਨ,

ਬਿਸਰਿਓ ਧੰਧੁ ਬੰਧੁ ਮਾਇਆ ਕੋ ਰਜਨਿ ਸਬਾਈ ਜੰਗਾ ॥੧॥ ਰਹਾਉ ॥

ਮੈਨੂੰ ਮਾਇਆ ਵਾਲੀ ਭਟਕਣ ਭੁੱਲ ਗਈ ਹੈ, ਮਾਇਆ ਦੇ ਮੋਹ ਦੀ ਫਾਹੀ ਮੁੱਕ ਗਈ ਹੈ, ਮੇਰੀ ਸਾਰੀ ਉਮਰ-ਰਾਤ (ਵਿਕਾਰਾਂ ਨਾਲ) ਜੰਗ ਕਰਦਿਆਂ ਬੀਤ ਰਹੀ ਹੈ ॥੧॥ ਰਹਾਉ ॥

ਹਰਿ ਸੇਵਉ ਹਰਿ ਰਿਦੈ ਬਸਾਵਉ ਹਰਿ ਪਾਇਆ ਸਤਸੰਗਾ ॥

ਜਦੋਂ ਤੋਂ ਮੈਂ ਪ੍ਰਭੂ ਦੀ ਸਾਧ ਸੰਗਤ ਪ੍ਰਾਪਤ ਕੀਤੀ ਹੈ, ਮੈਂ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਹਾਂ, ਮੈਂ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹਾਂ।

ਐਸੋ ਮਿਲਿਓ ਮਨੋਹਰੁ ਪ੍ਰੀਤਮੁ ਸੁਖ ਪਾਏ ਮੁਖ ਮੰਗਾ ॥੧॥

ਮਨ ਨੂੰ ਮੋਹਣ ਵਾਲਾ ਪ੍ਰੀਤਮ ਪ੍ਰਭੂ ਇਸ ਤਰ੍ਹਾਂ ਮੈਨੂੰ ਮਿਲ ਗਿਆ ਹੈ ਕਿ ਮੈਂ ਮੂੰਹ-ਮੰਗੇ ਸੁਖ ਹਾਸਲ ਕਰ ਲਏ ਹਨ ॥੧॥

ਪ੍ਰਿਉ ਅਪਨਾ ਗੁਰਿ ਬਸਿ ਕਰਿ ਦੀਨਾ ਭੋਗਉ ਭੋਗ ਨਿਸੰਗਾ ॥

ਗੁਰੂ ਨੇ ਪਿਆਰਾ ਪ੍ਰਭੂ ਮੇਰੇ (ਪਿਆਰ ਦੇ) ਵੱਸ ਵਿਚ ਕਰ ਦਿੱਤਾ ਹੈ, ਹੁਣ (ਕਾਮਾਦਿਕਾਂ ਦੀ) ਰੁਕਾਵਟ ਤੋਂ ਬਿਨਾ ਮੈਂ ਉਸ ਦੇ ਮਿਲਾਪ ਦਾ ਆਤਮਕ ਆਨੰਦ ਮਾਣਦਾ ਰਹਿੰਦਾ ਹਾਂ।

ਨਿਰਭਉ ਭਏ ਨਾਨਕ ਭਉ ਮਿਟਿਆ ਹਰਿ ਪਾਇਓ ਪਾਠੰਗਾ ॥੨॥੭॥੩੦॥

ਹੇ ਨਾਨਕ! ਮੈਂ (ਜੀਵਨ ਦਾ) ਆਸਰਾ ਪ੍ਰਭੂ ਲੱਭ ਲਿਆ ਹੈ, ਮੇਰਾ ਹਰੇਕ ਡਰ ਮਿਟ ਗਿਆ ਹੈ, ਮੈਂ (ਕਾਮਾਦਿਕਾਂ ਦੇ ਹੱਲਿਆਂ ਦੇ ਖ਼ਤਰੇ ਤੋਂ) ਨਿਡਰ ਹੋ ਗਿਆ ਹਾਂ ॥੨॥੭॥੩੦॥


ਸਾਰਗ ਮਹਲਾ ੫ ॥
ਹਰਿ ਜੀਉ ਕੇ ਦਰਸਨ ਕਉ ਕੁਰਬਾਨੀ ॥

ਮੈਂ ਪ੍ਰਭੂ ਜੀ ਦੇ ਦਰਸਨ ਤੋਂ ਸਦਕੇ ਹਾਂ।

ਬਚਨ ਨਾਦ ਮੇਰੇ ਸ੍ਰਵਨਹੁ ਪੂਰੇ ਦੇਹਾ ਪ੍ਰਿਅ ਅੰਕਿ ਸਮਾਨੀ ॥੧॥ ਰਹਾਉ ॥

ਉਸ ਦੀ ਸਿਫ਼ਤ-ਸਾਲਾਹ ਦੇ ਗੀਤ ਮੇਰੇ ਕੰਨਾਂ ਵਿਚ ਭਰੇ ਰਹਿੰਦੇ ਹਨ, ਮੇਰਾ ਸਰੀਰ ਉਸ ਦੀ ਗੋਦ ਵਿਚ ਲੀਨ ਰਹਿੰਦਾ ਹੈ (ਇਹ ਸਾਰੀ ਗੁਰੂ ਦੀ ਹੀ ਕਿਰਪਾ ਹੈ) ॥੧॥ ਰਹਾਉ ॥

ਛੂਟਰਿ ਤੇ ਗੁਰਿ ਕੀਈ ਸੁੋਹਾਗਨਿ ਹਰਿ ਪਾਇਓ ਸੁਘੜ ਸੁਜਾਨੀ ॥

ਗੁਰੂ ਨੇ ਮੈਨੂੰ ਛੁੱਟੜ ਤੋਂ ਸੁਹਾਗਣ ਬਣਾ ਦਿੱਤਾ ਹੈ, ਮੈਂ ਸੋਹਣੀ ਆਤਮਕ ਘਾੜਤ ਵਾਲੇ ਸੁਜਾਨ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ।

ਜਿਹ ਘਰ ਮਹਿ ਬੈਸਨੁ ਨਹੀ ਪਾਵਤ ਸੋ ਥਾਨੁ ਮਿਲਿਓ ਬਾਸਾਨੀ ॥੧॥

(ਮੇਰੇ ਮਨ ਨੂੰ) ਉਹ (ਹਰਿ-ਚਰਨ-) ਥਾਂ ਵੱਸਣ ਲਈ ਮਿਲ ਗਿਆ ਹੈ, ਜਿਸ ਥਾਂ ਤੇ (ਅੱਗੇ ਇਹ ਕਦੇ) ਟਿਕਦਾ ਹੀ ਨਹੀਂ ਸੀ ॥੧॥

ਉਨ੍ਰ ਕੈ ਬਸਿ ਆਇਓ ਭਗਤਿ ਬਛਲੁ ਜਿਨਿ ਰਾਖੀ ਆਨ ਸੰਤਾਨੀ ॥

ਭਗਤੀ ਨਾਲ ਪਿਆਰ ਕਰਨ ਵਾਲਾ ਪਰਮਾਤਮਾ ਜਿਸ ਨੇ (ਸਦਾ ਆਪਣੇ) ਸੰਤਾਂ ਦੀ ਲਾਜ ਰੱਖੀ ਹੈ ਉਹਨਾਂ ਸੰਤ ਜਨਾਂ ਦੇ ਪਿਆਰ ਦੇ ਵੱਸ ਵਿਚ ਆਇਆ ਰਹਿੰਦਾ ਹੈ।

ਕਹੁ ਨਾਨਕ ਹਰਿ ਸੰਗਿ ਮਨੁ ਮਾਨਿਆ ਸਭ ਚੂਕੀ ਕਾਣਿ ਲੁੋਕਾਨੀ ॥੨॥੮॥੩੧॥

ਨਾਨਕ ਆਖਦਾ ਹੈ- (ਸੰਤ ਜਨਾਂ ਦੀ ਕਿਰਪਾ ਨਾਲ) ਮੇਰਾ ਮਨ ਪਰਮਾਤਮਾ ਨਾਲ ਗਿੱਝ ਗਿਆ ਹੈ, (ਮੇਰੇ ਅੰਦਰੋਂ) ਲੋਕਾਂ ਦੀ ਮੁਥਾਜੀ ਮੁੱਕ ਗਈ ਹੈ ॥੨॥੮॥੩੧॥


ਸਾਰਗ ਮਹਲਾ ੫ ॥
ਅਬ ਮੇਰੋ ਪੰਚਾ ਤੇ ਸੰਗੁ ਤੂਟਾ ॥

ਹੁਣ (ਕਾਮਾਦਿਕ) ਪੰਜਾਂ ਨਾਲੋਂ ਮੇਰਾ ਸਾਥ ਮੁੱਕ ਗਿਆ ਹੈ।

ਦਰਸਨੁ ਦੇਖਿ ਭਏ ਮਨਿ ਆਨਦ ਗੁਰ ਕਿਰਪਾ ਤੇ ਛੂਟਾ ॥੧॥ ਰਹਾਉ ॥

(ਮੇਰੇ ਅੰਦਰ ਨਾਮ-ਖ਼ਜ਼ਾਨਾ ਲੁਕਿਆ ਪਿਆ ਸੀ, ਗੁਰੂ ਦੀ ਰਾਹੀਂ ਉਸ ਦਾ) ਦਰਸਨ ਕਰ ਕੇ ਮੇਰੇ ਮਨ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਬਣ ਗਈਆਂ ਹਨ। ਗੁਰੂ ਦੀ ਮਿਹਰ ਨਾਲ ਮੈਂ (ਕਾਮਾਦਿਕ ਦੀ ਮਾਰ ਤੋਂ) ਬਚ ਗਿਆ ਹਾਂ ॥੧॥ ਰਹਾਉ ॥

ਬਿਖਮ ਥਾਨ ਬਹੁਤ ਬਹੁ ਧਰੀਆ ਅਨਿਕ ਰਾਖ ਸੂਰੂਟਾ ॥

ਜਿਸ ਥਾਂ ਨਾਮ-ਖ਼ਜ਼ਾਨੇ ਧਰੇ ਪਏ ਸਨ, ਉਥੇ ਅੱਪੜਨਾ ਬਹੁਤ ਹੀ ਔਖਾ ਸੀ (ਕਿਉਂਕਿ ਕਾਮਾਦਿਕ) ਅਨੇਕਾਂ ਸੂਰਮੇ (ਰਾਹ ਵਿਚ) ਰਾਖੇ ਬਣੇ ਪਏ ਸਨ।

ਬਿਖਮ ਗਾਰ੍ਹ ਕਰੁ ਪਹੁਚੈ ਨਾਹੀ ਸੰਤ ਸਾਨਥ ਭਏ ਲੂਟਾ ॥੧॥

(ਉਸ ਦੇ ਦੁਆਲੇ ਮਾਇਆ ਦੇ ਮੋਹ ਦੀ) ਬੜੀ ਔਖੀ ਖਾਈ ਬਣੀ ਹੋਈ ਸੀ, (ਉਸ ਖ਼ਜ਼ਾਨੇ ਤਕ) ਹੱਥ ਨਹੀਂ ਸੀ ਪਹੁੰਚਦਾ। ਜਦੋਂ ਸੰਤ ਜਨ ਮੇਰੇ ਸਾਥੀ ਬਣ ਗਏ, (ਉਹ ਟਿਕਾਣਾ) ਲੁੱਟ ਲਿਆ ॥੧॥

ਬਹੁਤੁ ਖਜਾਨੇ ਮੇਰੈ ਪਾਲੈ ਪਰਿਆ ਅਮੋਲ ਲਾਲ ਆਖੂਟਾ ॥

(ਸੰਤ ਜਨਾਂ ਦੀ ਕਿਰਪਾ ਨਾਲ) ਹਰਿ-ਨਾਮ ਦੇ ਅਮੋਲਕ ਤੇ ਅਮੁੱਕ ਲਾਲਾਂ ਦੇ ਬਹੁਤ ਖ਼ਜ਼ਾਨੇ ਮੈਨੂੰ ਮਿਲ ਗਏ।

ਜਨ ਨਾਨਕ ਪ੍ਰਭਿ ਕਿਰਪਾ ਧਾਰੀ ਤਉ ਮਨ ਮਹਿ ਹਰਿ ਰਸੁ ਘੂਟਾ ॥੨॥੯॥੩੨॥

ਹੇ ਦਾਸ ਨਾਨਕ! ਜਦੋਂ ਪ੍ਰਭੂ ਨੇ ਮੇਰੇ ਉਤੇ ਮਿਹਰ ਕੀਤੀ, ਤਦੋਂ ਮੈਂ ਆਪਣੇ ਮਨ ਵਿਚ ਹਰਿ-ਨਾਮ ਦਾ ਰਸ ਪੀਣ ਲੱਗ ਪਿਆ ॥੨॥੯॥੩੨॥


ਸਾਰਗ ਮਹਲਾ ੫ ॥
ਅਬ ਮੇਰੋ ਠਾਕੁਰ ਸਿਉ ਮਨੁ ਲੀਨਾ ॥

ਹੁਣ ਮੇਰਾ ਮਨ ਠਾਕੁਰ-ਪ੍ਰਭੂ ਨਾਲ ਇਕ-ਮਿਕ ਹੋਇਆ ਰਹਿੰਦਾ ਹੈ।

ਪ੍ਰਾਨ ਦਾਨੁ ਗੁਰਿ ਪੂਰੈ ਦੀਆ ਉਰਝਾਇਓ ਜਿਉ ਜਲ ਮੀਨਾ ॥੧॥ ਰਹਾਉ ॥

ਪੂਰੇ ਗੁਰੂ ਨੇ ਮੈਨੂੰ ਆਤਮਕ ਜੀਵਨ ਦੀ ਦਾਤ ਬਖ਼ਸ਼ੀ ਹੈ, ਮੈਨੂੰ ਠਾਕੁਰ ਪ੍ਰਭੂ ਨਾਲ ਇਉਂ ਜੋੜ ਦਿੱਤਾ ਹੈ ਜਿਵੇਂ ਮੱਛੀ ਪਾਣੀ ਨਾਲ ॥੧॥ ਰਹਾਉ ॥

ਕਾਮ ਕ੍ਰੋਧ ਲੋਭ ਮਦ ਮਤਸਰ ਇਹ ਅਰਪਿ ਸਗਲ ਦਾਨੁ ਕੀਨਾ ॥

ਮੈਂ (ਆਪਣੇ ਅੰਦਰੋਂ) ਕਾਮ ਕ੍ਰੋਧ ਲੋਭ ਹਉਮੈ ਈਰਖਾ (ਆਦਿਕ ਸਾਰੇ ਵਿਕਾਰ) ਸਦਾ ਲਈ ਕੱਢ ਦਿੱਤੇ ਹਨ।

ਮੰਤ੍ਰ ਦ੍ਰਿੜਾਇ ਹਰਿ ਅਉਖਧੁ ਗੁਰਿ ਦੀਓ ਤਉ ਮਿਲਿਓ ਸਗਲ ਪ੍ਰਬੀਨਾ ॥੧॥

ਜਦੋਂ ਤੋਂ ਗੁਰੂ ਨੇ (ਆਪਣਾ) ਉਪਦੇਸ਼ ਮੇਰੇ ਹਿਰਦੇ ਵਿਚ ਪੱਕਾ ਕਰ ਕੇ ਮੈਨੂੰ ਹਰਿ-ਨਾਮ ਦੀ ਦਵਾਈ ਦਿੱਤੀ ਹੈ, ਤਦੋਂ ਤੋਂ ਮੈਨੂੰ ਸਾਰੇ ਗੁਣਾਂ ਵਿਚ ਸਿਆਣਾ ਪ੍ਰਭੂ ਮਿਲ ਪਿਆ ਹੈ ॥੧॥

ਗ੍ਰਿਹੁ ਤੇਰਾ ਤੂ ਠਾਕੁਰੁ ਮੇਰਾ ਗੁਰਿ ਹਉ ਖੋਈ ਪ੍ਰਭੁ ਦੀਨਾ ॥

ਹੇ ਪ੍ਰਭੂ! (ਹੁਣ ਮੇਰਾ ਹਿਰਦਾ) ਤੇਰਾ ਘਰ ਬਣ ਗਿਆ ਹੈ, ਤੂੰ (ਸਚ-ਮੁਚ) ਮੇਰੇ (ਇਸ ਘਰ ਦਾ) ਮਾਲਕ ਬਣ ਗਿਆ ਹੈਂ। ਗੁਰੂ ਨੇ ਮੇਰੀ ਹਉਮੈ ਦੂਰ ਕਰ ਦਿੱਤੀ ਹੈ, ਮੈਨੂੰ ਪ੍ਰਭੂ ਮਿਲਾ ਦਿੱਤਾ ਹੈ।

ਕਹੁ ਨਾਨਕ ਮੈ ਸਹਜ ਘਰੁ ਪਾਇਆ ਹਰਿ ਭਗਤਿ ਭੰਡਾਰ ਖਜੀਨਾ ॥੨॥੧੦॥੩੩॥

ਨਾਨਕ ਆਖਦਾ ਹੈ- (ਗੁਰੂ ਦੀ ਕਿਰਪਾ ਨਾਲ) ਮੈਂ ਆਤਮਕ ਅਡੋਲਤਾ ਦਾ ਸੋਮਾ ਲੱਭ ਲਿਆ ਹੈ। ਮੈਂ ਪਰਮਾਤਮਾ ਦੀ ਭਗਤੀ ਦੇ ਭੰਡਾਰੇ ਖ਼ਜ਼ਾਨੇ ਲੱਭ ਲਏ ਹਨ ॥੨॥੧੦॥੩੩॥


ਸਾਰਗ ਮਹਲਾ ੫ ॥
ਮੋਹਨ ਸਭਿ ਜੀਅ ਤੇਰੇ ਤੂ ਤਾਰਹਿ ॥

ਹੇ ਮੋਹਨ ਪ੍ਰਭੂ! (ਜਗਤ ਦੇ) ਸਾਰੇ ਜੀਵ ਤੇਰੇ ਹੀ (ਪੈਦਾ ਕੀਤੇ ਹੋਏ ਹਨ), ਤੂੰ ਹੀ (ਇਹਨਾਂ ਨੂੰ ਦੁੱਖਾਂ ਕਲੇਸ਼ਾਂ ਆਦਿਕ ਤੋਂ) ਪਾਰ ਲੰਘਾਂਦਾ ਹੈਂ।

ਛੁਟਹਿ ਸੰਘਾਰ ਨਿਮਖ ਕਿਰਪਾ ਤੇ ਕੋਟਿ ਬ੍ਰਹਮੰਡ ਉਧਾਰਹਿ ॥੧॥ ਰਹਾਉ ॥

ਤੇਰੀ ਰਤਾ ਜਿਤਨੀ ਮਿਹਰ (ਦੀ ਨਿਗਾਹ) ਨਾਲ ਵੱਡੇ ਵੱਡੇ ਨਿਰਦਈ ਬੰਦੇ ਭੀ ਅੱਤਿਆਚਾਰਾਂ ਵਲੋਂ ਹਟ ਜਾਂਦੇ ਹਨ ॥੧॥ ਰਹਾਉ ॥

ਕਰਹਿ ਅਰਦਾਸਿ ਬਹੁਤੁ ਬੇਨੰਤੀ ਨਿਮਖ ਨਿਮਖ ਸਾਮ੍ਰਾਹਿ ॥

ਹੇ ਮੋਹਨ! (ਤੇਰੇ ਪੈਦਾ ਕੀਤੇ ਜੀਵ ਤੇਰੇ ਹੀ ਦਰ ਤੇ) ਅਰਦਾਸ ਬੇਨਤੀ ਕਰਦੇ ਹਨ, (ਤੈਨੂੰ ਹੀ) ਪਲ ਪਲ ਹਿਰਦੇ ਵਿਚ ਵਸਾਂਦੇ ਹਨ।

ਹੋਹੁ ਕ੍ਰਿਪਾਲ ਦੀਨ ਦੁਖ ਭੰਜਨ ਹਾਥ ਦੇਇ ਨਿਸਤਾਰਹਿ ॥੧॥

ਹੇ ਗਰੀਬਾਂ ਦੇ ਦੁੱਖ ਨਾਸ ਕਰਨ ਵਾਲੇ ਮੋਹਨ! ਜਦੋਂ ਤੂੰ ਦਇਆਵਾਨ ਹੁੰਦਾ ਹੈਂ, ਤਾਂ ਆਪਣੇ ਹੱਥ ਦੇ ਕੇ (ਜੀਵਾਂ ਨੂੰ ਦੁੱਖਾਂ ਤੋਂ) ਪਾਰ ਲੰਘਾ ਲੈਂਦਾ ਹੈਂ ॥੧॥

ਕਿਆ ਏ ਭੂਪਤਿ ਬਪੁਰੇ ਕਹੀਅਹਿ ਕਹੁ ਏ ਕਿਸ ਨੋ ਮਾਰਹਿ ॥

(ਹੇ ਮੋਹਨ!) ਇਹਨਾਂ ਵਿਚਾਰੇ ਰਾਜਿਆਂ ਦੀ ਕੋਈ ਪਾਂਇਆਂ ਨਹੀਂ ਕਿ ਇਹ ਕਿਸੇ ਨੂੰ ਮਾਰ ਸਕਣ (ਸਭ ਤੇਰਾ ਹੀ ਖੇਲ-ਤਮਾਸ਼ਾ ਹੈ)।

ਰਾਖੁ ਰਾਖੁ ਰਾਖੁ ਸੁਖਦਾਤੇ ਸਭੁ ਨਾਨਕ ਜਗਤੁ ਤੁਮਾ੍ਰਹਿ ॥੨॥੧੧॥੩੪॥

ਹੇ ਸੁਖਾਂ ਦੇ ਦੇਣ ਵਾਲੇ! (ਅਸਾਂ ਜੀਵਾਂ ਦੀ) ਰੱਖਿਆ ਕਰ, ਰੱਖਿਆ ਕਰ, ਰੱਖਿਆ ਕਰ। ਹੇ ਨਾਨਕ! ਸਾਰਾ ਜਗਤ ਤੇਰਾ ਹੀ (ਰਚਿਆ ਹੋਇਆ) ਹੈ ॥੨॥੧੧॥੩੪॥


ਸਾਰਗ ਮਹਲਾ ੫ ॥
ਅਬ ਮੋਹਿ ਧਨੁ ਪਾਇਓ ਹਰਿ ਨਾਮਾ ॥

(ਗੁਰੂ ਦੀ ਕਿਰਪਾ ਨਾਲ) ਹੁਣ ਮੈਂ ਪਰਮਾਤਮਾ ਦਾ ਨਾਮ-ਧਨ ਲੱਭ ਲਿਆ ਹੈ।

ਭਏ ਅਚਿੰਤ ਤ੍ਰਿਸਨ ਸਭ ਬੁਝੀ ਹੈ ਇਹੁ ਲਿਖਿਓ ਲੇਖੁ ਮਥਾਮਾ ॥੧॥ ਰਹਾਉ ॥

(ਇਸ ਧਨ ਦੀ ਬਰਕਤਿ ਨਾਲ) ਮੈਂ ਬੇ-ਫ਼ਿਕਰ ਹੋ ਗਿਆ ਹਾਂ, (ਮੇਰੇ ਅੰਦਰੋਂ) ਸਾਰੀ (ਮਾਇਆ ਦੀ) ਤ੍ਰਿਸ਼ਨਾ ਮਿਟ ਗਈ ਹੈ (ਧੁਰ ਦਰਗਾਹ ਤੋਂ ਹੀ) ਇਹ (ਪ੍ਰਾਪਤੀ ਦਾ) ਲੇਖ ਮੱਥੇ ਉੱਤੇ ਲਿਖਿਆ ਹੋਇਆ ਸੀ ॥੧॥ ਰਹਾਉ ॥

ਖੋਜਤ ਖੋਜਤ ਭਇਓ ਬੈਰਾਗੀ ਫਿਰਿ ਆਇਓ ਦੇਹ ਗਿਰਾਮਾ ॥

ਭਾਲ ਕਰਦਾ ਕਰਦਾ ਮੈਂ ਤਾਂ ਵੈਰਾਗੀ ਹੀ ਹੋ ਗਿਆ ਸਾਂ, ਆਖ਼ਿਰ ਭਟਕ ਭਟਕ ਕੇ (ਗੁਰੂ ਦੀ ਕਿਰਪਾ ਨਾਲ) ਮੈਂ ਸਰੀਰ-ਪਿੰਡ ਵਿਚ ਆ ਪਹੁੰਚਿਆ।

ਗੁਰਿ ਕ੍ਰਿਪਾਲਿ ਸਉਦਾ ਇਹੁ ਜੋਰਿਓ ਹਥਿ ਚਰਿਓ ਲਾਲੁ ਅਗਾਮਾ ॥੧॥

ਕਿਰਪਾਲ ਗੁਰੂ ਨੇ ਇਹ ਵਣਜ ਕਰਾ ਦਿੱਤਾ ਕਿ (ਸਰੀਰ ਦੇ ਅੰਦਰੋਂ ਹੀ) ਮੈਨੂੰ ਪਰਮਾਤਮਾ ਦਾ ਨਾਮ ਅਮੋਲਕ ਲਾਲ ਮਿਲ ਗਿਆ ॥੧॥

ਆਨ ਬਾਪਾਰ ਬਨਜ ਜੋ ਕਰੀਅਹਿ ਤੇਤੇ ਦੂਖ ਸਹਾਮਾ ॥

(ਪਰਮਾਤਮਾ ਦੇ ਨਾਮ ਤੋਂ ਬਿਨਾ) ਹੋਰ ਜਿਹੜੇ ਜਿਹੜੇ ਭੀ ਵਣਜ ਵਪਾਰ ਕਰੀਦੇ ਹਨ, ਉਹ ਸਾਰੇ ਦੁੱਖ ਸਹਾਰਨ (ਦਾ ਸਬਬ ਬਣਦੇ ਹਨ)।

ਗੋਬਿਦ ਭਜਨ ਕੇ ਨਿਰਭੈ ਵਾਪਾਰੀ ਹਰਿ ਰਾਸਿ ਨਾਨਕ ਰਾਮ ਨਾਮਾ ॥੨॥੧੨॥੩੫॥

ਹੇ ਨਾਨਕ! ਪਰਮਾਤਮਾ ਦੇ ਭਜਨ ਦੇ ਵਪਾਰੀ ਬੰਦੇ (ਦੁਨੀਆ ਦੇ) ਡਰਾਂ ਤੋਂ ਬਚੇ ਰਹਿੰਦੇ ਹਨ। ਉਹਨਾਂ ਦੇ ਪਾਸ ਪਰਮਾਤਮਾ ਦੇ ਨਾਮ ਦਾ ਸਰਮਾਇਆ ਟਿਕਿਆ ਰਹਿੰਦਾ ਹੈ ॥੨॥੧੨॥੩੫॥


ਸਾਰਗ ਮਹਲਾ ੫ ॥
ਮੇਰੈ ਮਨਿ ਮਿਸਟ ਲਗੇ ਪ੍ਰਿਅ ਬੋਲਾ ॥

ਤਦੋਂ ਤੋਂ ਮੇਰੇ ਮਨ ਵਿਚ ਪਿਆਰੇ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਬਚਨ ਮਿੱਠੇ ਲੱਗ ਰਹੇ ਹਨ।

ਗੁਰਿ ਬਾਹ ਪਕਰਿ ਪ੍ਰਭ ਸੇਵਾ ਲਾਏ ਸਦ ਦਇਆਲੁ ਹਰਿ ਢੋਲਾ ॥੧॥ ਰਹਾਉ ॥

ਜਦੋਂ ਤੋਂ ਗੁਰੂ ਨੇ (ਮੇਰੀ) ਬਾਂਹ ਫੜ ਕੇ (ਮੈਨੂੰ) ਪ੍ਰਭੂ ਦੀ ਸੇਵਾ-ਭਗਤੀ ਵਿਚ ਲਾਇਆ ਹੈ, (ਹੁਣ ਮੈਨੂੰ ਇਉਂ ਸਮਝ ਆ ਗਈ ਹੈ ਕਿ) ਪਿਆਰਾ ਹਰੀ ਸਦਾ ਹੀ (ਮੇਰੇ ਉੱਤੇ) ਦਇਆਵਾਨ ਹੈ ॥੧॥ ਰਹਾਉ ॥

ਪ੍ਰਭ ਤੂ ਠਾਕੁਰੁ ਸਰਬ ਪ੍ਰਤਿਪਾਲਕੁ ਮੋਹਿ ਕਲਤ੍ਰ ਸਹਿਤ ਸਭਿ ਗੋਲਾ ॥

ਹੇ ਪ੍ਰਭੂ! (ਜਦ ਤੋਂ ਗੁਰੂ ਨੇ ਮੈਨੂੰ ਤੇਰੀ ਸੇਵਾ ਵਿਚ ਲਾਇਆ ਹੈ, ਮੈਨੂੰ ਯਕੀਨ ਹੋ ਗਿਆ ਹੈ ਕਿ) ਤੂੰ (ਸਾਡਾ) ਮਾਲਕ ਹੈਂ, ਤੂੰ ਸਭ ਜੀਵਾਂ ਦਾ ਪਾਲਣਹਾਰ ਹੈਂ। ਮੈਂ (ਆਪਣੀ) ਇਸਤ੍ਰੀ (ਪਰਵਾਰ) ਸਮੇਤ-ਅਸੀਂ ਸਾਰੇ ਤੇਰੇ ਗ਼ੁਲਾਮ ਹਾਂ।

ਮਾਣੁ ਤਾਣੁ ਸਭੁ ਤੂਹੈ ਤੂਹੈ ਇਕੁ ਨਾਮੁ ਤੇਰਾ ਮੈ ਓਲ੍ਰਾ ॥੧॥

ਹੇ ਪ੍ਰਭੂ! ਤੂੰ ਹੀ ਮੇਰਾ ਮਾਣ ਹੈਂ, ਤੂੰ ਹੀ ਮੇਰਾ ਤਾਣ ਹੈਂ। ਤੇਰਾ ਨਾਮ ਹੀ ਮੇਰਾ ਸਹਾਰਾ ਹੈ ॥੧॥

ਜੇ ਤਖਤਿ ਬੈਸਾਲਹਿ ਤਉ ਦਾਸ ਤੁਮ੍ਰਾਰੇ ਘਾਸੁ ਬਢਾਵਹਿ ਕੇਤਕ ਬੋਲਾ ॥

ਜੇ ਤੂੰ ਮੈਨੂੰ ਤਖ਼ਤ ਉੱਤੇ ਬਿਠਾ ਦੇਵੇਂ, ਤਾਂ ਭੀ ਮੈਂ ਤੇਰਾ ਦਾਸ ਹਾਂ, ਜੇ ਤੂੰ (ਮੈਨੂੰ ਘਾਹੀ ਬਣਾ ਕੇ ਮੈਥੋਂ) ਘਾਹ ਵਢਾਏਂ, ਤਾਂ ਭੀ ਮੈਨੂੰ ਕੋਈ ਇਤਰਾਜ਼ ਨਹੀਂ।

ਜਨ ਨਾਨਕ ਕੇ ਪ੍ਰਭ ਪੁਰਖ ਬਿਧਾਤੇ ਮੇਰੇ ਠਾਕੁਰ ਅਗਹ ਅਤੋਲਾ ॥੨॥੧੩॥੩੬॥

ਹੇ ਦਾਸ ਨਾਨਕ ਦੇ ਪ੍ਰਭੂ! ਹੇ ਅਕਾਲ ਪੁਰਖ! ਹੇ ਰਚਨਹਾਰ! ਹੇ ਮੇਰੇ ਅਥਾਹ ਤੇ ਅਤੋਲ ਠਾਕੁਰ! ਹੇ ਪ੍ਰਭੂ! (ਮੈਂ ਤੇਰੀ ਰਜ਼ਾ ਵਿੱਚ ਹੀ ਰਾਜ਼ੀ ਹਾਂ) ॥੨॥੧੩॥੩੬॥


ਸਾਰਗ ਮਹਲਾ ੫ ॥
ਰਸਨਾ ਰਾਮ ਕਹਤ ਗੁਣ ਸੋਹੰ ॥

ਪਰਮਾਤਮਾ ਦੇ ਗੁਣ ਉਚਾਰਦਿਆਂ ਜੀਭ ਸੋਹਣੀ ਲੱਗਦੀ ਹੈ।

ਏਕ ਨਿਮਖ ਓਪਾਇ ਸਮਾਵੈ ਦੇਖਿ ਚਰਿਤ ਮਨ ਮੋਹੰ ॥੧॥ ਰਹਾਉ ॥

ਉਹ ਪ੍ਰਭੂ ਅੱਖ ਝਮਕਣ ਜਿਤਨੇ ਸਮੇ ਵਿਚ ਪੈਦਾ ਕਰ ਕੇ (ਮੁੜ ਆਪਣੇ ਵਿਚ ਜਗਤ ਨੂੰ) ਲੀਨ ਕਰ ਸਕਦਾ ਹੈ। ਉਸ ਦੇ ਚੋਜ-ਤਮਾਸ਼ੇ ਵੇਖ ਕੇ ਮਨ ਮੋਹਿਆ ਜਾਂਦਾ ਹੈ ॥੧॥ ਰਹਾਉ ॥

ਜਿਸੁ ਸੁਣਿਐ ਮਨਿ ਹੋਇ ਰਹਸੁ ਅਤਿ ਰਿਦੈ ਮਾਨ ਦੁਖ ਜੋਹੰ ॥

(ਹੇ ਪ੍ਰਭੂ! ਤੂੰ ਐਸਾ ਹੈਂ) ਜਿਸ ਦਾ ਨਾਮ ਸੁਣਿਆਂ ਮਨ ਵਿਚ ਬਹੁਤ ਖ਼ੁਸ਼ੀ ਪੈਦਾ ਹੁੰਦੀ ਹੈ, ਜਿਸ ਨੂੰ ਹਿਰਦੇ ਵਿਚ ਵਸਾਇਆਂ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ।

ਸੁਖੁ ਪਾਇਓ ਦੁਖੁ ਦੂਰਿ ਪਰਾਇਓ ਬਣਿ ਆਈ ਪ੍ਰਭ ਤੋਹੰ ॥੧॥

ਹੇ ਪ੍ਰਭੂ! ਜਿਸ ਮਨੁੱਖ ਦੀ ਪ੍ਰੀਤ ਤੇਰੇ ਨਾਲ ਬਣ ਜਾਂਦੀ ਹੈ, ਉਸ ਦਾ ਸਾਰਾ ਦੁੱਖ ਦੂਰ ਹੋ ਜਾਂਦਾ ਹੈ, ਉਹ ਸਦਾ ਸੁਖ ਮਾਣਦਾ ਹੈ ॥੧॥

ਕਿਲਵਿਖ ਗਏ ਮਨ ਨਿਰਮਲ ਹੋਈ ਹੈ ਗੁਰਿ ਕਾਢੇ ਮਾਇਆ ਦ੍ਰੋਹੰ ॥

(ਜਿਸ ਮਨੁੱਖ ਨੇ ਜੀਭ ਨਾਲ ਰਾਮ-ਗੁਣ ਗਾਏ, ਉਸ ਦੇ ਅੰਦਰੋਂ) ਗੁਰੂ ਨੇ ਮਾਇਆ ਦੇ ਛਲ ਕੱਢ ਦਿੱਤੇ, ਉਸ ਦੇ ਸਾਰੇ ਪਾਪ ਦੂਰ ਹੋ ਗਏ, ਉਸ ਦਾ ਮਨ ਪਵਿੱਤਰ ਹੋ ਗਿਆ।

ਕਹੁ ਨਾਨਕ ਮੈ ਸੋ ਪ੍ਰਭੁ ਪਾਇਆ ਕਰਣ ਕਾਰਣ ਸਮਰਥੋਹੰ ॥੨॥੧੪॥੩੭॥

ਨਾਨਕ ਆਖਦਾ ਹੈ- (ਗੁਰੂ ਦੀ ਕਿਰਪਾ ਨਾਲ) ਮੈਂ ਉਹ ਪਰਮਾਤਮਾ ਲੱਭ ਲਿਆ ਹੈ, ਜੋ ਜਗਤ ਦਾ ਮੂਲ ਹੈ ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ ॥੨॥੧੪॥੩੭॥


ਸਾਰਗ ਮਹਲਾ ੫ ॥
ਨੈਨਹੁ ਦੇਖਿਓ ਚਲਤੁ ਤਮਾਸਾ ॥

(ਮੈਂ ਆਪਣੀ) ਅੱਖੀਂ (ਪਰਮਾਤਮਾ ਦਾ ਅਜਬ) ਕੌਤਕ ਵੇਖਿਆ ਹੈ (ਅਜਬ) ਤਮਾਸ਼ਾ ਵੇਖਿਆ ਹੈ।

ਸਭ ਹੂ ਦੂਰਿ ਸਭ ਹੂ ਤੇ ਨੇਰੈ ਅਗਮ ਅਗਮ ਘਟ ਵਾਸਾ ॥੧॥ ਰਹਾਉ ॥

ਉਹ ਪਰਮਾਤਮਾ (ਨਿਰਲੇਪ ਹੋਣ ਦੇ ਕਾਰਨ) ਸਭਨਾਂ ਜੀਵਾਂ ਤੋਂ ਦੂਰ (ਵੱਖਰਾ) ਹੈ, (ਸਰਬ-ਵਿਆਪਕ ਹੋਣ ਦੇ ਕਾਰਨ ਉਹ) ਸਭ ਜੀਵਾਂ ਤੋਂ ਨੇੜੇ, ਉਹ ਅਪਹੁੰਚ ਹੈ ਅਪਹੁੰਚ ਹੈ, ਪਰ ਉਂਞ ਸਭ ਸਰੀਰਾਂ ਵਿਚ ਉਸ ਦਾ ਨਿਵਾਸ ਹੈ ॥੧॥ ਰਹਾਉ ॥

ਅਭੂਲੁ ਨ ਭੂਲੈ ਲਿਖਿਓ ਨ ਚਲਾਵੈ ਮਤਾ ਨ ਕਰੈ ਪਚਾਸਾ ॥

ਉਹ ਪਰਮਾਤਮਾ ਭੁੱਲਾਂ ਤੋਂ ਰਹਿਤ ਹੈ, ਉਹ ਕਦੇ ਕੋਈ ਗ਼ਲਤੀ ਨਹੀਂ ਕਰਦਾ, ਨਾਹ ਉਹ ਕੋਈ ਲਿਖਿਆ ਹੋਇਆ ਹੁਕਮ ਚਲਾਂਦਾ ਹੈ, ਨਾਹ ਉਹ ਬਹੁਤੀਆਂ ਸਲਾਹਾਂ ਹੀ ਕਰਦਾ ਹੈ।

ਖਿਨ ਮਹਿ ਸਾਜਿ ਸਵਾਰਿ ਬਿਨਾਹੈ ਭਗਤਿ ਵਛਲ ਗੁਣਤਾਸਾ ॥੧॥

ਉਹ ਤਾਂ ਇਕ ਖਿਨ ਵਿਚ ਪੈਦਾ ਕਰ ਕੇ ਸੋਹਣਾ ਬਣਾ ਕੇ (ਖਿਨ ਵਿਚ ਹੀ) ਨਾਸ ਕਰ ਦੇਂਦਾ ਹੈ। ਉਹ ਪਰਮਾਤਮਾ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਅਤੇ (ਬੇਅੰਤ) ਗੁਣਾਂ ਦਾ ਖ਼ਜ਼ਾਨਾ ਹੈ ॥੧॥

ਅੰਧ ਕੂਪ ਮਹਿ ਦੀਪਕੁ ਬਲਿਓ ਗੁਰਿ ਰਿਦੈ ਕੀਓ ਪਰਗਾਸਾ ॥

ਗੁਰੂ ਨੇ (ਜਿਸ ਮਨੁੱਖ ਦੇ) ਹਿਰਦੇ ਵਿਚ (ਪਰਮਾਤਮਾ ਦੇ ਨਾਮ ਦਾ) ਚਾਨਣ ਕਰ ਦਿੱਤਾ (ਉੱਥੇ, ਮਾਨੋ) ਘੁੱਪ ਹਨੇਰੇ ਵਾਲੇ ਖੂਹ ਵਿਚ ਦੀਵਾ ਬਲ ਪਿਆ।

ਕਹੁ ਨਾਨਕ ਦਰਸੁ ਪੇਖਿ ਸੁਖੁ ਪਾਇਆ ਸਭ ਪੂਰਨ ਹੋਈ ਆਸਾ ॥੨॥੧੫॥੩੮॥

ਨਾਨਕ ਆਖਦਾ ਹੈ- (ਉਸ ਪਰਮਾਤਮਾ ਦਾ) ਦਰਸਨ ਕਰ ਕੇ ਮੈਂ ਆਤਮਕ ਆਨੰਦ ਪ੍ਰਾਪਤ ਕਰ ਲਿਆ ਹੈ, ਮੇਰੀ ਹਰੇਕ ਆਸ ਪੂਰੀ ਹੋ ਗਈ ਹੈ ॥੨॥੧੫॥੩੮॥


ਸਾਰਗ ਮਹਲਾ ੫ ॥
ਚਰਨਹ ਗੋਬਿੰਦ ਮਾਰਗੁ ਸੁਹਾਵਾ ॥

ਪੈਰਾਂ ਨਾਲ (ਨਿਰਾ) ਪਰਮਾਤਮਾ ਦਾ ਰਸਤਾ (ਹੀ ਤੁਰਨਾ) ਸੋਹਣਾ ਲੱਗਦਾ ਹੈ।

ਆਨ ਮਾਰਗ ਜੇਤਾ ਕਿਛੁ ਧਾਈਐ ਤੇਤੋ ਹੀ ਦੁਖੁ ਹਾਵਾ ॥੧॥ ਰਹਾਉ ॥

ਹੋਰ ਅਨੇਕਾਂ ਰਸਤਿਆਂ ਉੱਤੇ ਜਿਤਨੀ ਭੀ ਦੌੜ-ਭੱਜ ਕਰੀਦੀ ਹੈ, ਉਤਨਾ ਹੀ ਦੁੱਖ ਲੱਗਦਾ ਹੈ, ਉਤਨਾ ਹੀ ਹਾਹੁਕਾ ਲੱਗਦਾ ਹੈ ॥੧॥ ਰਹਾਉ ॥

ਨੇਤ੍ਰ ਪੁਨੀਤ ਭਏ ਦਰਸੁ ਪੇਖੇ ਹਸਤ ਪੁਨੀਤ ਟਹਲਾਵਾ ॥

ਪਰਮਾਤਮਾ ਦਾ ਦਰਸਨ ਕੀਤਿਆਂ ਅੱਖਾਂ ਪਵਿੱਤਰ ਹੋ ਜਾਂਦੀਆਂ ਹਨ, (ਪਰਮਾਤਮਾ ਦੇ ਸੰਤ ਜਨਾਂ ਦੀ) ਟਹਲ ਕੀਤਿਆਂ ਹੱਥ ਪਵਿੱਤਰ ਹੋ ਜਾਂਦੇ ਹਨ।

ਰਿਦਾ ਪੁਨੀਤ ਰਿਦੈ ਹਰਿ ਬਸਿਓ ਮਸਤ ਪੁਨੀਤ ਸੰਤ ਧੂਰਾਵਾ ॥੧॥

ਜਿਸ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਉਹ ਹਿਰਦਾ ਪਵਿੱਤਰ ਹੋ ਜਾਂਦਾ ਹੈ, ਉਹ ਮੱਥਾ ਪਵਿੱਤਰ ਹੋ ਜਾਂਦਾ ਹੈ ਜਿਸ ਉਤੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਲੱਗਦੀ ਹੈ ॥੧॥

ਸਰਬ ਨਿਧਾਨ ਨਾਮਿ ਹਰਿ ਹਰਿ ਕੈ ਜਿਸੁ ਕਰਮਿ ਲਿਖਿਆ ਤਿਨਿ ਪਾਵਾ ॥

ਪਰਮਾਤਮਾ ਦੇ ਨਾਮ ਵਿਚ ਸਾਰੇ (ਹੀ) ਖ਼ਜ਼ਾਨੇ ਹਨ, ਜਿਸ ਮਨੁੱਖ ਦੇ ਮੱਥੇ ਉਤੇ (ਪਰਮਾਤਮਾ ਨੇ ਆਪਣੀ) ਮਿਹਰ ਨਾਲ (ਨਾਮ ਦੀ ਪ੍ਰਾਪਤੀ ਦਾ ਲੇਖ) ਲਿਖ ਦਿੱਤਾ, ਉਸ ਮਨੁੱਖ ਨੇ (ਨਾਮ) ਪ੍ਰਾਪਤ ਕਰ ਲਿਆ।

ਜਨ ਨਾਨਕ ਕਉ ਗੁਰੁ ਪੂਰਾ ਭੇਟਿਓ ਸੁਖਿ ਸਹਜੇ ਅਨਦ ਬਿਹਾਵਾ ॥੨॥੧੬॥੩੯॥

ਹੇ ਨਾਨਕ! ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ (ਉਸ ਨੂੰ ਪ੍ਰਭੂ ਦਾ ਨਾਮ ਮਿਲ ਗਿਆ, ਤੇ ਉਸ ਦੀ ਜ਼ਿੰਦਗੀ) ਸੁਖ ਵਿਚ ਆਤਮਕ ਅਡੋਲਤਾ ਵਿਚ ਆਨੰਦ ਵਿਚ ਗੁਜ਼ਰਨ ਲੱਗ ਪਈ ॥੨॥੧੬॥੩੯॥


ਸਾਰਗ ਮਹਲਾ ੫ ॥
ਧਿਆਇਓ ਅੰਤਿ ਬਾਰ ਨਾਮੁ ਸਖਾ ॥

(ਪਰਮਾਤਮਾ ਦਾ) ਨਾਮ ਹੀ (ਅਸਲ) ਸਾਥੀ ਹੈ। (ਜਿਸ ਮਨੁੱਖ ਨੇ) ਅੰਤ ਵੇਲੇ (ਇਸ ਨਾਮ ਨੂੰ) ਸਿਮਰਿਆ, (ਉਸ ਦਾ ਸਾਥੀ ਬਣਿਆ)।

ਜਹ ਮਾਤ ਪਿਤਾ ਸੁਤ ਭਾਈ ਨ ਪਹੁਚੈ ਤਹਾ ਤਹਾ ਤੂ ਰਖਾ ॥੧॥ ਰਹਾਉ ॥

ਜਿੱਥੇ ਮਾਂ, ਪਿਉ, ਪੁੱਤਰ, ਭਰਾ, ਕੋਈ ਭੀ ਪਹੁੰਚ ਨਹੀਂ ਸਕਦਾ, ਉੱਥੇ ਉੱਥੇ (ਇਹ ਹਰਿ-ਨਾਮ ਹੀ) ਤੈਨੂੰ ਰੱਖ ਸਕਦਾ ਹੈ (ਤੇਰੀ ਰਾਖੀ ਕਰਦਾ ਹੈ) ॥੧॥ ਰਹਾਉ ॥

ਅੰਧ ਕੂਪ ਗ੍ਰਿਹ ਮਹਿ ਤਿਨਿ ਸਿਮਰਿਓ ਜਿਸੁ ਮਸਤਕਿ ਲੇਖੁ ਲਿਖਾ ॥

(ਮਾਇਆ ਦੇ ਮੋਹ ਦੇ) ਅੰਨ੍ਹੇ ਖੂਹ ਹਿਰਦੇ-ਘਰ ਵਿਚ (ਸਿਰਫ਼) ਉਸ (ਮਨੁੱਖ) ਨੇ (ਹੀ ਹਰਿ-ਨਾਮ) ਸਿਮਰਿਆ ਹੈ ਜਿਸ ਦੇ ਮੱਥੇ ਉੱਤੇ (ਨਾਮ ਸਿਮਰਨ ਦਾ) ਲੇਖ (ਧੁਰੋਂ) ਲਿਖਿਆ ਗਿਆ।

ਖੂਲ੍ਰੇ ਬੰਧਨ ਮੁਕਤਿ ਗੁਰਿ ਕੀਨੀ ਸਭ ਤੂਹੈ ਤੁਹੀ ਦਿਖਾ ॥੧॥

(ਉਸ ਮਨੁੱਖ ਦੀਆਂ) ਮਾਇਆ ਦੇ ਮੋਹ ਦੀਆਂ ਫਾਹੀਆਂ ਖੁਲ੍ਹ ਗਈਆਂ, ਗੁਰੂ ਨੇ ਉਸ ਨੂੰ (ਮੋਹ ਤੋਂ) ਖ਼ਲਾਸੀ ਦਿਵਾ ਦਿੱਤੀ, ਉਸ ਨੂੰ ਇਉਂ ਦਿੱਸ ਪਿਆ (ਕਿ ਹੇ ਪ੍ਰਭੂ!) ਸਭ ਥਾਈਂ ਤੂੰ ਹੀ ਹੈਂ ਤੂੰ ਹੀ ਹੈਂ ॥੧॥

ਅੰਮ੍ਰਿਤ ਨਾਮੁ ਪੀਆ ਮਨੁ ਤ੍ਰਿਪਤਿਆ ਆਘਾਏ ਰਸਨ ਚਖਾ ॥

ਜਿਸ ਮਨੁੱਖ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਲਿਆ, ਉਸ ਦਾ ਮਨ ਸ਼ਾਂਤ ਹੋ ਗਿਆ, ਉਸ ਦੀ ਜੀਭ ਨਾਮ-ਜਲ ਚੱਖ ਕੇ ਰੱਜ ਗਈ।

ਕਹੁ ਨਾਨਕ ਸੁਖ ਸਹਜੁ ਮੈ ਪਾਇਆ ਗੁਰਿ ਲਾਹੀ ਸਗਲ ਤਿਖਾ ॥੨॥੧੭॥੪੦॥

ਨਾਨਕ ਆਖਦਾ ਹੈ- (ਹਰਿ-ਨਾਮ ਦੀ ਦਾਤ ਦੇ ਕੇ) ਗੁਰੂ ਨੇ ਮੇਰੀ ਸਾਰੀ ਤ੍ਰਿਸ਼ਨਾ ਦੂਰ ਕਰ ਦਿੱਤੀ ਹੈ, ਮੈਂ ਸਾਰੇ ਸੁਖ ਦੇਣ ਵਾਲੀ ਆਤਮਕ ਅਡੋਲਤਾ ਹਾਸਲ ਕਰ ਲਈ ਹੈ ॥੨॥੧੭॥੪੦॥


ਸਾਰਗ ਮਹਲਾ ੫ ॥
ਗੁਰ ਮਿਲਿ ਐਸੇ ਪ੍ਰਭੂ ਧਿਆਇਆ ॥

(ਜਿਸ ਮਨੁੱਖ ਨੇ) ਗੁਰੂ ਨੂੰ ਮਿਲ ਕੇ ਇਉਂ (ਹਰੇਕ ਸਾਹ ਦੇ ਨਾਲ) ਪਰਮਾਤਮਾ ਦਾ ਸਿਮਰਨ ਕੀਤਾ,

ਭਇਓ ਕ੍ਰਿਪਾਲੁ ਦਇਆਲੁ ਦੁਖ ਭੰਜਨੁ ਲਗੈ ਨ ਤਾਤੀ ਬਾਇਆ ॥੧॥ ਰਹਾਉ ॥

ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਪਰਮਾਤਮਾ ਉਸ ਉੱਤੇ ਦਇਆਵਾਨ ਹੋਇਆ, ਉਸ ਮਨੁੱਖ ਨੂੰ (ਸਾਰੀ ਉਮਰ) ਤੱਤੀ ‘ਵਾ ਨਹੀਂ ਲੱਗਦੀ (ਕੋਈ ਦੁੱਖ-ਕਲੇਸ਼ ਨਹੀਂ ਪੋਂਹਦਾ) ॥੧॥ ਰਹਾਉ ॥

ਜੇਤੇ ਸਾਸ ਸਾਸ ਹਮ ਲੇਤੇ ਤੇਤੇ ਹੀ ਗੁਣ ਗਾਇਆ ॥

ਜਿਤਨੇ ਭੀ ਸਾਹ ਅਸੀਂ (ਜੀਵ) ਲੈਂਦੇ ਹਾਂ, ਜਿਹੜਾ ਮਨੁੱਖ ਉਹ ਸਾਰੇ ਹੀ ਸਾਹ (ਲੈਂਦਿਆਂ) ਪਰਮਾਤਮਾ ਦੇ ਗੁਣ ਗਾਂਦਾ ਹੈ,

ਨਿਮਖ ਨ ਬਿਛੁਰੈ ਘਰੀ ਨ ਬਿਸਰੈ ਸਦ ਸੰਗੇ ਜਤ ਜਾਇਆ ॥੧॥

(ਜਿਹੜਾ ਮਨੁੱਖ ਪਰਮਾਤਮਾ ਤੋਂ) ਅੱਖ ਝਮਕਣ ਜਿਤਨੇ ਸਮੇ ਲਈ ਭੀ ਨਹੀਂ ਵਿੱਛੁੜਦਾ, (ਜਿਸ ਨੂੰ ਉਸ ਦੀ ਯਾਦ) ਇਕ ਘੜੀ ਭੀ ਨਹੀਂ ਭੁੱਲਦੀ, ਉਹ ਜਿੱਥੇ ਭੀ ਜਾਂਦਾ ਹੈ, ਪਰਮਾਤਮਾ ਉਸ ਨੂੰ ਸਦਾ ਆਪਣੇ ਨਾਲ ਦਿੱਸਦਾ ਹੈ ॥੧॥

ਹਉ ਬਲਿ ਬਲਿ ਬਲਿ ਬਲਿ ਚਰਨ ਕਮਲ ਕਉ ਬਲਿ ਬਲਿ ਗੁਰ ਦਰਸਾਇਆ ॥

ਮੈਂ ਪਰਮਾਤਮਾ ਦੇ ਸੋਹਣੇ ਚਰਨਾਂ ਤੋਂ ਸਦਾ ਹੀ ਸਦਾ ਹੀ ਸਦਕੇ ਜਾਂਦਾ ਹਾਂ, ਗੁਰੂ ਦੇ ਦਰਸਨ ਤੋਂ ਕੁਰਬਾਨ ਜਾਂਦਾ ਹਾਂ।

ਕਹੁ ਨਾਨਕ ਕਾਹੂ ਪਰਵਾਹਾ ਜਉ ਸੁਖ ਸਾਗਰੁ ਮੈ ਪਾਇਆ ॥੨॥੧੮॥੪੧॥

ਨਾਨਕ ਆਖਦਾ ਹੈ- ਜਦੋਂ ਤੋਂ ਮੈਂ (ਗੁਰੂ ਦੀ ਕਿਰਪਾ ਨਾਲ) ਸਾਰੇ ਸੁਖਾਂ ਦਾ ਸਮੁੰਦਰ ਪ੍ਰਭੂ ਲੱਭਾ ਹੈ, ਮੈਨੂੰ ਕਿਸੇ ਦੀ ਮੁਥਾਜੀ ਨਹੀਂ ਰਹੀ ॥੨॥੧੮॥੪੧॥


ਸਾਰਗ ਮਹਲਾ ੫ ॥
ਮੇਰੈ ਮਨਿ ਸਬਦੁ ਲਗੋ ਗੁਰ ਮੀਠਾ ॥

ਮੇਰੇ ਮਨ ਵਿਚ ਗੁਰੂ ਦਾ ਸ਼ਬਦ ਮਿੱਠਾ ਲੱਗ ਰਿਹਾ ਹੈ।

ਖੁਲਿ੍ਓ ਕਰਮੁ ਭਇਓ ਪਰਗਾਸਾ ਘਟਿ ਘਟਿ ਹਰਿ ਹਰਿ ਡੀਠਾ ॥੧॥ ਰਹਾਉ ॥

(ਸ਼ਬਦ ਦੀ ਬਰਕਤਿ ਨਾਲ ਮੇਰੇ ਵਾਸਤੇ) ਪਰਮਾਤਮਾ ਦੀ ਮਿਹਰ (ਦਾ ਦਰਵਾਜ਼ਾ) ਖੁਲ੍ਹ ਗਿਆ ਹੈ, (ਮੇਰੇ ਹਿਰਦੇ ਵਿਚ ਆਤਮਕ ਜੀਵਨ ਦਾ) ਚਾਨਣ ਹੋ ਗਿਆ ਹੈ, ਮੈਂ ਹਰੇਕ ਸਰੀਰ ਵਿਚ ਪਰਮਾਤਮਾ ਨੂੰ (ਵੱਸਦਾ) ਵੇਖ ਲਿਆ ਹੈ ॥੧॥ ਰਹਾਉ ॥

ਪਾਰਬ੍ਰਹਮ ਆਜੋਨੀ ਸੰਭਉ ਸਰਬ ਥਾਨ ਘਟ ਬੀਠਾ ॥

(ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੈਨੂੰ ਇਉਂ ਦਿੱਸ ਪਿਆ ਹੈ ਕਿ) ਅਜੂਨੀ ਸੁਤੇ-ਪਰਕਾਸ਼ ਪਾਰਬ੍ਰਹਮ ਹਰੇਕ ਥਾਂ ਵਿਚ ਹਰੇਕ ਸਰੀਰ ਵਿਚ ਬੈਠਾ ਹੋਇਆ ਹੈ।

ਭਇਓ ਪਰਾਪਤਿ ਅੰਮ੍ਰਿਤ ਨਾਮਾ ਬਲਿ ਬਲਿ ਪ੍ਰਭ ਚਰਣੀਠਾ ॥੧॥

(ਗੁਰ-ਸ਼ਬਦ ਦੀ ਰਾਹੀਂ ਮੈਨੂੰ) ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਮਿਲ ਗਿਆ ਹੈ, ਮੈਂ ਪਰਮਾਤਮਾ ਦੇ ਚਰਨਾਂ ਤੋਂ ਸਦਕੇ ਜਾ ਰਿਹਾ ਹਾਂ ॥੧॥

ਸਤਸੰਗਤਿ ਕੀ ਰੇਣੁ ਮੁਖਿ ਲਾਗੀ ਕੀਏ ਸਗਲ ਤੀਰਥ ਮਜਨੀਠਾ ॥

(ਗੁਰੂ ਦੀ ਕਿਰਪਾ ਨਾਲ) ਸਾਧ ਸੰਗਤ ਦੇ ਚਰਨਾਂ ਦੀ ਧੂੜ ਮੇਰੇ ਮੱਥੇ ਉੱਤੇ ਲੱਗੀ ਹੈ (ਇਸ ਚਰਨ-ਧੂੜ ਦੀ ਬਰਕਤਿ ਨਾਲ ਮੈਂ ਤਾਂ, ਮਾਨੋ) ਸਾਰੇ ਹੀ ਤੀਰਥਾਂ ਦਾ ਇਸ਼ਨਾਨ ਕਰ ਲਿਆ ਹੈ।

ਕਹੁ ਨਾਨਕ ਰੰਗਿ ਚਲੂਲ ਭਏ ਹੈ ਹਰਿ ਰੰਗੁ ਨ ਲਹੈ ਮਜੀਠਾ ॥੨॥੧੯॥੪੨॥

ਨਾਨਕ ਆਖਦਾ ਹੈ- ਮੈਂ ਪਰਮਾਤਮਾ ਦੇ ਪ੍ਰੇਮ-ਰੰਗ ਨਾਲ ਗੂੜ੍ਹਾ ਰੰਗਿਆ ਗਿਆ ਹਾਂ। ਮਜੀਠ ਦੇ ਪੱਕੇ ਰੰਗ ਵਾਂਗ ਇਹ ਹਰਿ-ਪ੍ਰੇਮ ਦਾ ਰੰਗ (ਮੇਰੇ ਮਨ ਤੋਂ) ਉਤਰਦਾ ਨਹੀਂ ਹੈ ॥੨॥੧੯॥੪੨॥


ਸਾਰਗ ਮਹਲਾ ੫ ॥
ਹਰਿ ਹਰਿ ਨਾਮੁ ਦੀਓ ਗੁਰਿ ਸਾਥੇ ॥

ਗੁਰੂ ਨੇ ਪਰਮਾਤਮਾ ਦਾ ਨਾਮ ਮੇਰੇ ਨਾਲ ਸਾਥੀ ਦੇ ਦਿੱਤਾ ਹੈ।

ਨਿਮਖ ਬਚਨੁ ਪ੍ਰਭ ਹੀਅਰੈ ਬਸਿਓ ਸਗਲ ਭੂਖ ਮੇਰੀ ਲਾਥੇ ॥੧॥ ਰਹਾਉ ॥

ਹੁਣ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸ਼ਬਦ ਹਰ ਵੇਲੇ ਮੇਰੇ ਹਿਰਦੇ ਵਿਚ ਟਿਕਿਆ ਰਹਿੰਦਾ ਹੈ (ਉਸ ਦੀ ਬਰਕਤਿ ਨਾਲ) ਮੇਰੀ ਮਾਇਆ ਦੀ ਸਾਰੀ ਭੁੱਖ ਲਹਿ ਗਈ ਹੈ ॥੧॥ ਰਹਾਉ ॥

ਕ੍ਰਿਪਾ ਨਿਧਾਨ ਗੁਣ ਨਾਇਕ ਠਾਕੁਰ ਸੁਖ ਸਮੂਹ ਸਭ ਨਾਥੇ ॥

ਹੇ ਕਿਰਪਾ ਦੇ ਖ਼ਜ਼ਾਨੇ! ਹੇ ਸਾਰੇ ਗੁਣਾਂ ਦੇ ਮਾਲਕ ਠਾਕੁਰ! ਹੇ ਸਾਰੇ ਸੁਖਾਂ ਦੇ ਨਾਥ! ਹੇ ਸੁਆਮੀ!

ਏਕ ਆਸ ਮੋਹਿ ਤੇਰੀ ਸੁਆਮੀ ਅਉਰ ਦੁਤੀਆ ਆਸ ਬਿਰਾਥੇ ॥੧॥

(ਹੁਣ ਹਰੇਕ ਸੁਖ ਦੁਖ ਵਿਚ) ਮੈਨੂੰ ਸਿਰਫ਼ ਤੇਰੀ ਹੀ (ਸਹਾਇਤਾ ਦੀ) ਆਸ ਰਹਿੰਦੀ ਹੈ। ਕੋਈ ਹੋਰ ਦੂਜੀ ਆਸ ਮੈਨੂੰ ਵਿਅਰਥ ਜਾਪਦੀ ਹੈ ॥੧॥

ਨੈਣ ਤ੍ਰਿਪਤਾਸੇ ਦੇਖਿ ਦਰਸਾਵਾ ਗੁਰਿ ਕਰ ਧਾਰੇ ਮੇਰੈ ਮਾਥੇ ॥

ਜਦੋਂ ਤੋਂ ਗੁਰੂ ਨੇ ਮੇਰੇ ਮੱਥੇ ਉੱਤੇ ਆਪਣੇ ਹੱਥ ਰੱਖੇ ਹਨ, ਮੇਰੀਆਂ ਅੱਖਾਂ (ਪ੍ਰਭੂ ਦਾ) ਦਰਸਨ ਕਰ ਕੇ ਰੱਜ ਗਈਆਂ ਹਨ।

ਕਹੁ ਨਾਨਕ ਮੈ ਅਤੁਲ ਸੁਖੁ ਪਾਇਆ ਜਨਮ ਮਰਣ ਭੈ ਲਾਥੇ ॥੨॥੨੦॥੪੩॥

ਨਾਨਕ ਆਖਦਾ ਹੈ- ਮੈਂ ਇਤਨਾ ਸੁਖ ਪ੍ਰਾਪਤ ਕੀਤਾ ਹੈ ਕਿ ਉਹ ਤੋਲਿਆ-ਮਿਣਿਆ ਨਹੀਂ ਜਾ ਸਕਦਾ, ਮੇਰੇ ਜੰਮਣ ਮਰਨ ਦੇ ਭੀ ਸਾਰੇ ਡਰ ਲਹਿ ਗਏ ਹਨ ॥੨॥੨੦॥੪੩॥


ਸਾਰਗ ਮਹਲਾ ੫ ॥
ਰੇ ਮੂੜ੍ਰੇ ਆਨ ਕਾਹੇ ਕਤ ਜਾਈ ॥

ਹੇ ਮੂਰਖ! ਤੂੰ ਹੋਰ ਕਿਤੇ ਕਿਉਂ ਭਟਕਦਾ ਫਿਰਦਾ ਹੈਂ?

ਸੰਗਿ ਮਨੋਹਰੁ ਅੰਮ੍ਰਿਤੁ ਹੈ ਰੇ ਭੂਲਿ ਭੂਲਿ ਬਿਖੁ ਖਾਈ ॥੧॥ ਰਹਾਉ ॥

ਆਤਮਕ ਜੀਵਨ ਦੇਣ ਵਾਲਾ ਸੁੰਦਰ ਹਰਿ-ਨਾਮ-ਜਲ ਤੇਰੇ ਨਾਲ ਹੈ, ਤੂੰ ਉਸ ਤੋਂ ਖੁੰਝ ਖੁੰਝ ਕੇ (ਹੁਣ ਤਕ) ਆਤਮਕ ਮੌਤ ਲਿਆਉਣ ਵਾਲੀ ਜ਼ਹਰ ਹੀ ਖਾਧੀ ਹੈ ॥੧॥ ਰਹਾਉ ॥

ਪ੍ਰਭ ਸੁੰਦਰ ਚਤੁਰ ਅਨੂਪ ਬਿਧਾਤੇ ਤਿਸ ਸਿਉ ਰੁਚ ਨਹੀ ਰਾਈ ॥

ਪਰਮਾਤਮਾ ਸੁੰਦਰ ਹੈ, ਸੁਜਾਨ ਹੈ, ਉਪਮਾ-ਰਹਿਤ ਹੈ, ਰਚਨਹਾਰ ਹੈ-ਉਸ ਨਾਲ ਤੇਰੀ ਰਤਾ ਭੀ ਪ੍ਰੀਤ ਨਹੀਂ।

ਮੋਹਨਿ ਸਿਉ ਬਾਵਰ ਮਨੁ ਮੋਹਿਓ ਝੂਠਿ ਠਗਉਰੀ ਪਾਈ ॥੧॥

ਹੇ ਝੱਲੇ! ਮਨ ਨੂੰ ਮੋਹ ਲੈਣ ਵਾਲੀ ਮਾਇਆ ਨਾਲ ਤੇਰਾ ਮਨ ਪਰਚਿਆ ਰਹਿੰਦਾ ਹੈ। ਨਾਸਵੰਤ ਜਗਤ ਵਿਚ ਫਸਾਣ ਵਾਲੀ ਇਹ ਠਗ-ਬੂਟੀ ਹੀ ਤੂੰ ਸਾਂਭ ਰੱਖੀ ਹੈ ॥੧॥

ਭਇਓ ਦਇਆਲੁ ਕ੍ਰਿਪਾਲੁ ਦੁਖ ਹਰਤਾ ਸੰਤਨ ਸਿਉ ਬਨਿ ਆਈ ॥

ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਉੱਤੇ ਦਇਆਵਾਨ ਹੋ ਗਿਆ, ਉਸ ਦੀ ਪ੍ਰੀਤ ਸੰਤ ਜਨਾਂ ਨਾਲ ਬਣ ਗਈ।

ਸਗਲ ਨਿਧਾਨ ਘਰੈ ਮਹਿ ਪਾਏ ਕਹੁ ਨਾਨਕ ਜੋਤਿ ਸਮਾਈ ॥੨॥੨੧॥੪੪॥

ਨਾਨਕ ਆਖਦਾ ਹੈ- ਉਸ ਮਨੁੱਖ ਨੇ ਸਾਰੇ ਖ਼ਜ਼ਾਨੇ ਹਿਰਦੇ-ਘਰ ਵਿਚ ਹੀ ਲੱਭ ਲਏ, ਪਰਮਾਤਮਾ ਦੀ ਜੋਤਿ ਵਿਚ ਉਸ ਦੀ (ਸਦਾ ਲਈ) ਲੀਨਤਾ ਹੋ ਗਈ ॥੨॥੨੧॥੪੪॥


ਸਾਰਗ ਮਹਲਾ ੫ ॥
ਓਅੰ ਪ੍ਰਿਅ ਪ੍ਰੀਤਿ ਚੀਤਿ ਪਹਿਲਰੀਆ ॥

(ਉਂਞ ਤਾਂ ਮੇਰੇ) ਚਿੱਤ ਵਿਚ ਪਿਆਰੇ ਦੀ ਪ੍ਰੀਤ ਮੁੱਢ-ਕਦੀਮਾਂ ਦੀ (ਟਿਕੀ ਹੋਈ ਹੈ),

ਜੋ ਤਉ ਬਚਨੁ ਦੀਓ ਮੇਰੇ ਸਤਿਗੁਰ ਤਉ ਮੈ ਸਾਜ ਸੀਗਰੀਆ ॥੧॥ ਰਹਾਉ ॥

ਪਰ ਹੇ ਸਤਿਗੁਰੂ! ਜਦੋਂ ਤੂੰ ਉਪਦੇਸ਼ ਦਿੱਤਾ (ਉਹ ਪ੍ਰੀਤ ਜਾਗ ਪਈ, ਤੇ) ਮੇਰਾ ਆਤਮਕ ਜੀਵਨ ਸੋਹਣਾ ਬਣ ਗਿਆ ॥੧॥ ਰਹਾਉ ॥

ਹਮ ਭੂਲਹ ਤੁਮ ਸਦਾ ਅਭੂਲਾ ਹਮ ਪਤਿਤ ਤੁਮ ਪਤਿਤ ਉਧਰੀਆ ॥

ਹੇ ਗੁਰੂ! ਅਸੀਂ ਜੀਵ (ਸਦਾ) ਭੁੱਲਾਂ ਕਰਦੇ ਹਾਂ, ਤੂੰ ਸਦਾ ਅਭੁੱਲ ਹੈਂ, ਅਸੀਂ ਜੀਵ ਵਿਕਾਰਾਂ ਵਿਚ ਡਿੱਗੇ ਰਹਿੰਦੇ ਹਾਂ, ਤੂੰ ਵਿਕਾਰੀਆਂ ਨੂੰ ਬਚਾਣ ਵਾਲਾ ਹੈਂ।

ਹਮ ਨੀਚ ਬਿਰਖ ਤੁਮ ਮੈਲਾਗਰ ਲਾਜ ਸੰਗਿ ਸੰਗਿ ਬਸਰੀਆ ॥੧॥

ਅਸੀਂ (ਅਰਿੰਡ ਵਰਗੇ) ਨੀਚ ਰੁੱਖ ਹਾਂ ਤੂੰ ਚੰਦਨ ਹੈਂ, ਜੋ ਨਾਲ ਵੱਸਣ ਵਾਲੇ ਰੁੱਖਾਂ ਨੂੰ ਸੁਗੰਧਿਤ ਕਰ ਦੇਂਦਾ ਹੈ। ਹੇ ਗੁਰੂ! ਤੂੰ ਆਪਣੇ ਚਰਨਾਂ ਵਿਚ ਰਹਿਣ ਵਾਲਿਆਂ ਦੀ ਇੱਜ਼ਤ ਰੱਖਣ ਵਾਲਾ ਹੈਂ ॥੧॥

ਤੁਮ ਗੰਭੀਰ ਧੀਰ ਉਪਕਾਰੀ ਹਮ ਕਿਆ ਬਪੁਰੇ ਜੰਤਰੀਆ ॥

ਹੇ ਗੁਰੂ! ਤੂੰ ਜਿਗਰੇ ਵਾਲਾ ਹੈਂ, ਧੀਰਜ ਵਾਲਾ ਹੈਂ, ਉਪਕਾਰ ਕਰਨ ਵਾਲਾ ਹੈਂ, ਅਸਾਂ ਨਿਮਾਣੇ ਜੀਵਾਂ ਦੀ ਕੋਈ ਪਾਂਇਆਂ ਨਹੀਂ ਹੈ।

ਗੁਰ ਕ੍ਰਿਪਾਲ ਨਾਨਕ ਹਰਿ ਮੇਲਿਓ ਤਉ ਮੇਰੀ ਸੂਖਿ ਸੇਜਰੀਆ ॥੨॥੨੨॥੪੫॥

ਹੇ ਕ੍ਰਿਪਾਲ ਗੁਰੂ! ਜਦੋਂ ਤੂੰ ਮੈਨੂੰ ਨਾਨਕ ਨੂੰ ਪ੍ਰਭੂ ਦਾ ਮੇਲ ਕਰਾਇਆ, ਤਦੋਂ ਤੋਂ ਮੇਰੀ ਹਿਰਦਾ-ਸੇਜ ਸੁਖ-ਭਰਪੂਰ ਹੋ ਗਈ ਹੈ ॥੨॥੨੨॥੪੫॥


ਸਾਰਗ ਮਹਲਾ ੫ ॥
ਮਨ ਓਇ ਦਿਨਸ ਧੰਨਿ ਪਰਵਾਨਾਂ ॥

ਹੇ ਮਨ! ਉਹ ਦਿਨ ਭਾਗਾਂ ਵਾਲੇ ਹੁੰਦੇ ਹਨ, (ਪ੍ਰਭੂ ਦੇ ਦਰ ਤੇ) ਕਬੂਲ ਹੁੰਦੇ ਹਨ।

ਸਫਲ ਤੇ ਘਰੀ ਸੰਜੋਗ ਸੁਹਾਵੇ ਸਤਿਗੁਰ ਸੰਗਿ ਗਿਆਨਾਂ ॥੧॥ ਰਹਾਉ ॥

(ਜ਼ਿੰਦਗੀ ਦੀਆਂ) ਉਹ ਘੜੀਆਂ ਸਫਲ ਹਨ, (ਗੁਰੂ ਨਾਲ) ਮੇਲ ਦੇ ਉਹ ਸਮੇ ਸੋਹਣੇ ਹੁੰਦੇ ਹਨ, ਜਦੋਂ ਗੁਰੂ ਦੀ ਸੰਗਤ ਵਿਚ (ਰਹਿ ਕੇ) ਆਤਮਕ ਜੀਵਨ ਦੀ ਸੂਝ ਪ੍ਰਾਪਤ ਹੁੰਦੀ ਹੈ ॥੧॥ ਰਹਾਉ ॥

ਧੰਨਿ ਸੁਭਾਗ ਧੰਨਿ ਸੋਹਾਗਾ ਧੰਨਿ ਦੇਤ ਜਿਨਿ ਮਾਨਾਂ ॥

ਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਨੂੰ ਤੂੰ (ਆਪਣੇ ਦਰ ਤੇ) ਆਦਰ ਦੇਂਦਾ ਹੈਂ, ਉਹ ਧੰਨ ਹਨ, ਸੁਭਾਗ ਹਨ, ਕਿਸਮਤ ਵਾਲੇ ਹਨ।

ਇਹੁ ਤਨੁ ਤੁਮ੍ਰਰਾ ਸਭੁ ਗ੍ਰਿਹੁ ਧਨੁ ਤੁਮਰਾ ਹੀਂਉ ਕੀਓ ਕੁਰਬਾਨਾਂ ॥੧॥

ਹੇ ਪ੍ਰਭੂ! ਮੇਰਾ ਇਹ ਸਰੀਰ ਤੇਰੇ ਹਵਾਲੇ ਹੈ, ਮੇਰਾ ਸਾਰਾ ਘਰ ਤੇ ਧਨ ਤੈਥੋਂ ਸਦਕੇ ਹੈ, ਮੈਂ ਆਪਣਾ ਹਿਰਦਾ (ਤੇਰੇ ਚਰਨਾਂ ਤੋਂ) ਸਦਕੇ ਕਰਦਾ ਹਾਂ ॥੧॥

ਕੋਟਿ ਲਾਖ ਰਾਜ ਸੁਖ ਪਾਏ ਇਕ ਨਿਮਖ ਪੇਖਿ ਦ੍ਰਿਸਟਾਨਾਂ ॥

ਅੱਖ ਝਮਕਣ ਜਿਤਨੇ ਸਮੇ ਲਈ ਤੇਰਾ ਦਰਸਨ ਕਰ ਕੇ (ਮਾਨੋ) ਰਾਜ ਦੇ ਲੱਖਾਂ ਕ੍ਰੋੜਾਂ ਸੁਖ ਪ੍ਰਾਪਤ ਹੋ ਜਾਂਦੇ ਹਨ।

ਜਉ ਕਹਹੁ ਮੁਖਹੁ ਸੇਵਕ ਇਹ ਬੈਸੀਐ ਸੁਖ ਨਾਨਕ ਅੰਤੁ ਨ ਜਾਨਾਂ ॥੨॥੨੩॥੪੬॥

ਜੇ ਤੂੰ ਮੂੰਹੋਂ ਆਖੇਂ, ਹੇ ਸੇਵਕ! ਇਥੇ ਬੈਠ, (ਮੈਨੂੰ ਇਤਨਾ ਆਨੰਦ ਆਉਂਦਾ ਹੈ ਕਿ ਉਸ) ਆਨੰਦ ਦਾ ਮੈਂ ਨਾਨਕ ਅੰਤ ਨਹੀਂ ਜਾਣ ਸਕਦਾ ॥੨॥੨੩॥੪੬॥


ਸਾਰਗ ਮਹਲਾ ੫ ॥
ਅਬ ਮੋਰੋ ਸਹਸਾ ਦੂਖੁ ਗਇਆ ॥

(ਗੁਰ ਸਰਨ ਦੀ ਬਰਕਤਿ ਨਾਲ) ਹੁਣ ਮੇਰਾ ਹਰੇਕ ਸਹਿਮ ਹਰੇਕ ਦੁੱਖ ਦੂਰ ਹੋ ਗਿਆ ਹੈ।

ਅਉਰ ਉਪਾਵ ਸਗਲ ਤਿਆਗਿ ਛੋਡੇ ਸਤਿਗੁਰ ਸਰਣਿ ਪਇਆ ॥੧॥ ਰਹਾਉ ॥

(ਜਦੋਂ ਦਾ) ਮੈਂ ਗੁਰੂ ਦੀ ਸਰਨ ਪਿਆ ਹਾਂ, (ਮੈਂ ਮਨ ਨੂੰ ਕਾਬੂ ਕਰਨ ਦੇ) ਹੋਰ ਸਾਰੇ ਹੀਲੇ ਛੱਡ ਦਿੱਤੇ ਹਨ ॥੧॥ ਰਹਾਉ ॥

ਸਰਬ ਸਿਧਿ ਕਾਰਜ ਸਭਿ ਸਵਰੇ ਅਹੰ ਰੋਗ ਸਗਲ ਹੀ ਖਇਆ ॥

ਮੈਨੂੰ ਸਾਰੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਗਈਆਂ ਹਨ, ਮੇਰੇ ਸਾਰੇ ਕੰਮ ਸੰਵਰ ਗਏ ਹਨ, ਮੇਰੇ ਅੰਦਰੋਂ ਹਉਮੈ ਦਾ ਰੋਗ ਸਾਰਾ ਹੀ ਮਿਟ ਗਿਆ ਹੈ,

ਕੋਟਿ ਪਰਾਧ ਖਿਨ ਮਹਿ ਖਉ ਭਈ ਹੈ ਗੁਰ ਮਿਲਿ ਹਰਿ ਹਰਿ ਕਹਿਆ ॥੧॥

ਜਦੋਂ ਤੋਂ ਮੈਂ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕੀਤਾ ਹੈ, ਇਕ ਖਿਨ ਵਿਚ ਹੀ ਮੇਰੇ ਕ੍ਰੋੜਾਂ ਹੀ ਅਪਰਾਧਾਂ ਦਾ ਨਾਸ ਹੋ ਗਿਆ ਹੈ ॥੧॥

ਪੰਚ ਦਾਸ ਗੁਰਿ ਵਸਗਤਿ ਕੀਨੇ ਮਨ ਨਿਹਚਲ ਨਿਰਭਇਆ ॥

ਗੁਰੂ ਨੇ (ਕਾਮਾਦਿਕ) ਪੰਜਾਂ ਨੂੰ ਮੇਰੇ ਦਾਸ ਬਣਾ ਦਿੱਤਾ ਹੈ, ਮੇਰੇ ਵੱਸ ਵਿਚ ਕਰ ਦਿੱਤਾ ਹੈ, (ਇਹਨਾਂ ਦੇ ਟਾਕਰੇ ਤੇ) ਮੇਰਾ ਮਨ ਅਹਿੱਲ ਹੋ ਗਿਆ ਹੈ ਨਿਡਰ ਹੋ ਗਿਆ ਹੈ।

ਆਇ ਨ ਜਾਵੈ ਨ ਕਤ ਹੀ ਡੋਲੈ ਥਿਰੁ ਨਾਨਕ ਰਾਜਇਆ ॥੨॥੨੪॥੪੭॥

ਹੇ ਨਾਨਕ! (ਗੁਰੂ ਦੀ ਕਿਰਪਾ ਨਾਲ ਮੇਰਾ ਮਨ) ਕਿਤੇ ਦੌੜ ਭੱਜ ਨਹੀਂ ਕਰਦਾ, ਕਿਤੇ ਨਹੀਂ ਡੋਲਦਾ (ਇਸ ਨੂੰ, ਮਾਨੋ) ਸਦਾ ਕਾਇਮ ਰਹਿਣ ਵਾਲਾ ਰਾਜ ਮਿਲ ਗਿਆ ਹੈ ॥੨॥੨੪॥੪੭॥


ਸਾਰਗ ਮਹਲਾ ੫ ॥
ਪ੍ਰਭੁ ਮੇਰੋ ਇਤ ਉਤ ਸਦਾ ਸਹਾਈ ॥

ਮੇਰਾ ਪ੍ਰਭੂ! ਇਸ ਲੋਕ ਵਿਚ ਪਰਲੋਕ ਵਿਚ ਸਦਾ ਸਹਾਇਤਾ ਕਰਨ ਵਾਲਾ ਹੈ।

ਮਨਮੋਹਨੁ ਮੇਰੇ ਜੀਅ ਕੋ ਪਿਆਰੋ ਕਵਨ ਕਹਾ ਗੁਨ ਗਾਈ ॥੧॥ ਰਹਾਉ ॥

ਮੇਰੇ ਮਨ ਨੂੰ ਮੋਹਣ ਵਾਲਾ ਉਹ ਮੇਰਾ ਪ੍ਰਭੂ ਮੇਰੀ ਜਿੰਦ ਦਾ ਪਿਆਰਾ ਹੈ। ਮੈਂ ਉਸ ਦੇ ਕਿਹੜੇ-ਕਿਹੜੇ ਗੁਣ ਗਾ ਕੇ ਦੱਸਾਂ? ॥੧॥ ਰਹਾਉ ॥

ਖੇਲਿ ਖਿਲਾਇ ਲਾਡ ਲਾਡਾਵੈ ਸਦਾ ਸਦਾ ਅਨਦਾਈ ॥

ਉਹ ਸਾਨੂੰ (ਜਗਤ-) ਤਮਾਸ਼ੇ ਵਿਚ ਖਿਡਾਂਦਾ ਹੈ, ਲਾਡ ਲਡਾਂਦਾ ਹੈ, ਉਹ ਸਦਾ ਹੀ ਸੁਖ ਦੇਣ ਵਾਲਾ ਹੈ।

ਪ੍ਰਤਿਪਾਲੈ ਬਾਰਿਕ ਕੀ ਨਿਆਈ ਜੈਸੇ ਮਾਤ ਪਿਤਾਈ ॥੧॥

ਜਿਵੇਂ ਮਾਂ ਪਿਉ ਆਪਣੇ ਬੱਚੇ ਦੀ ਪਾਲਣਾ ਕਰਦੇ ਹਨ, ਤਿਵੇਂ ਉਹ ਸਾਡੀ ਪਾਲਣਾ ਕਰਦਾ ਹੈ ॥੧॥

ਤਿਸੁ ਬਿਨੁ ਨਿਮਖ ਨਹੀ ਰਹਿ ਸਕੀਐ ਬਿਸਰਿ ਨ ਕਬਹੂ ਜਾਈ ॥

ਉਸ (ਪਰਮਾਤਮਾ ਦੀ ਯਾਦ) ਤੋਂ ਬਿਨਾ ਅੱਖ ਝਮਕਣ ਜਿਤਨੇ ਸਮੇ ਲਈ ਭੀ ਰਿਹਾ ਨਹੀਂ ਜਾ ਸਕਦਾ, ਉਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।

ਕਹੁ ਨਾਨਕ ਮਿਲਿ ਸੰਤਸੰਗਤਿ ਤੇ ਮਗਨ ਭਏ ਲਿਵ ਲਾਈ ॥੨॥੨੫॥੪੮॥

ਨਾਨਕ ਆਖਦਾ ਹੈ- ਜਿਹੜੇ ਮਨੁੱਖ ਸਾਧ ਸੰਗਤ ਵਿਚ ਮਿਲਦੇ ਹਨ, ਉਹ ਮਨੁੱਖ ਪਰਮਾਤਮਾ ਵਿਚ ਸੁਰਤ ਜੋੜ ਕੇ ਮਸਤ ਰਹਿੰਦੇ ਹਨ ॥੨॥੨੫॥੪੮॥


ਸਾਰਗ ਮਹਲਾ ੫ ॥
ਅਪਨਾ ਮੀਤੁ ਸੁਆਮੀ ਗਾਈਐ ॥

ਮਾਲਕ-ਪ੍ਰਭੂ ਹੀ ਆਪਣਾ ਅਸਲ ਮਿੱਤਰ ਹੈ। ਉਸ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ।

ਆਸ ਨ ਅਵਰ ਕਾਹੂ ਕੀ ਕੀਜੈ ਸੁਖਦਾਤਾ ਪ੍ਰਭੁ ਧਿਆਈਐ ॥੧॥ ਰਹਾਉ ॥

(ਪਰਮਾਤਮਾ ਤੋਂ ਬਿਨਾ) ਕਿਸੇ ਭੀ ਹੋਰ ਦੀ ਆਸ ਨਹੀਂ ਕਰਨੀ ਚਾਹੀਦੀ, ਉਹ ਪ੍ਰਭੂ ਹੀ ਸਾਰੇ ਸੁਖ ਦੇਣ ਵਾਲਾ ਹੈ, ਉਸੇ ਦਾ ਸਿਮਰਨ ਕਰਨਾ ਚਾਹੀਦਾ ਹੈ ॥੧॥ ਰਹਾਉ ॥

ਸੂਖ ਮੰਗਲ ਕਲਿਆਣ ਜਿਸਹਿ ਘਰਿ ਤਿਸ ਹੀ ਸਰਣੀ ਪਾਈਐ ॥

ਜਿਸ ਪਰਮਾਤਮਾ ਦੇ ਹੀ ਘਰ ਵਿਚ ਸਾਰੇ ਸੁਖ ਹਨ ਖ਼ੁਸ਼ੀਆਂ ਤੇ ਆਨੰਦ ਹਨ, ਉਸ ਦੀ ਹੀ ਸਰਨ ਪਏ ਰਹਿਣਾ ਚਾਹੀਦਾ ਹੈ।

ਤਿਸਹਿ ਤਿਆਗਿ ਮਾਨੁਖੁ ਜੇ ਸੇਵਹੁ ਤਉ ਲਾਜ ਲੋਨੁ ਹੋਇ ਜਾਈਐ ॥੧॥

ਜੇ ਤੁਸੀਂ ਉਸ ਪ੍ਰਭੂ ਨੂੰ ਛੱਡ ਕੇ ਮਨੁੱਖ ਦੀ ਖ਼ੁਸ਼ਾਮਦ ਕਰਦੇ ਫਿਰੋਗੇ, ਤਾਂ ਸ਼ਰਮਸਾਰ ਹੋਣਾ ਪੈਂਦਾ ਹੈ ॥੧॥

ਏਕ ਓਟ ਪਕਰੀ ਠਾਕੁਰ ਕੀ ਗੁਰ ਮਿਲਿ ਮਤਿ ਬੁਧਿ ਪਾਈਐ ॥

ਗੁਰੂ ਨੂੰ ਮਿਲ ਕੇ ਜਿਸ ਮਨੁੱਖ ਨੇ ਉੱਚੀ ਬੁੱਧੀ ਪ੍ਰਾਪਤ ਕਰ ਲਈ, ਉਸ ਨੇ ਸਿਰਫ਼ ਮਾਲਕ-ਪ੍ਰਭੂ ਦਾ ਹੀ ਆਸਰਾ ਲਿਆ।

ਗੁਣ ਨਿਧਾਨ ਨਾਨਕ ਪ੍ਰਭੁ ਮਿਲਿਆ ਸਗਲ ਚੁਕੀ ਮੁਹਤਾਈਐ ॥੨॥੨੬॥੪੯॥

ਹੇ ਨਾਨਕ! ਸਾਰੇ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਜਿਸ ਮਨੁੱਖ ਨੂੰ ਮਿਲ ਪਿਆ, ਉਸ ਦੀ ਸਾਰੀ ਮੁਥਾਜੀ ਮੁੱਕ ਗਈ ॥੨॥੨੬॥੪੯॥


ਸਾਰਗ ਮਹਲਾ ੫ ॥
ਓਟ ਸਤਾਣੀ ਪ੍ਰਭ ਜੀਉ ਮੇਰੈ ॥

ਹੇ ਪ੍ਰਭੂ ਜੀ! ਮੇਰੇ ਹਿਰਦੇ ਵਿਚ ਤੇਰਾ ਹੀ ਤਕੜਾ ਸਹਾਰਾ ਹੈ।

ਦ੍ਰਿਸਟਿ ਨ ਲਿਆਵਉ ਅਵਰ ਕਾਹੂ ਕਉ ਮਾਣਿ ਮਹਤਿ ਪ੍ਰਭ ਤੇਰੈ ॥੧॥ ਰਹਾਉ ॥

ਹੇ ਪ੍ਰਭੂ! ਤੇਰੇ ਮਾਣ ਦੇ ਆਸਰੇ ਤੇਰੇ ਵਡੱਪਣ ਦੇ ਆਸਰੇ ਮੈਂ ਹੋਰ ਕਿਸੇ ਨੂੰ ਨਿਗਾਹ ਵਿਚ ਨਹੀਂ ਲਿਆਉਂਦਾ (ਮੈਂ ਕਿਸੇ ਹੋਰ ਨੂੰ ਤੇਰੇ ਬਰਾਬਰ ਦਾ ਨਹੀਂ ਸਮਝਦਾ) ॥੧॥ ਰਹਾਉ ॥

ਅੰਗੀਕਾਰੁ ਕੀਓ ਪ੍ਰਭਿ ਅਪੁਨੈ ਕਾਢਿ ਲੀਆ ਬਿਖੁ ਘੇਰੈ ॥

ਪਿਆਰੇ ਪ੍ਰਭੂ ਨੇ ਜਿਸ ਮਨੁੱਖ ਦਾ ਪੱਖ ਕੀਤਾ, ਉਸ ਨੂੰ ਉਸ (ਪ੍ਰਭੂ) ਨੇ ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਦੇ ਘੇਰੇ ਵਿਚੋਂ ਕੱਢ ਲਿਆ।

ਅੰਮ੍ਰਿਤ ਨਾਮੁ ਅਉਖਧੁ ਮੁਖਿ ਦੀਨੋ ਜਾਇ ਪਇਆ ਗੁਰ ਪੈਰੈ ॥੧॥

ਉਹ ਮਨੁੱਖ ਗੁਰੂ ਦੇ ਚਰਨਾਂ ਉੱਤੇ ਜਾ ਡਿੱਗਾ, ਤੇ, (ਗੁਰੂ ਨੇ ਉਸ ਦੇ) ਮੂੰਹ ਵਿਚ ਆਤਮਕ ਜੀਵਨ ਦੇਣ ਵਾਲੀ ਨਾਮ-ਦਵਾਈ ਦਿੱਤੀ ॥੧॥

ਕਵਨ ਉਪਮਾ ਕਹਉ ਏਕ ਮੁਖ ਨਿਰਗੁਣ ਕੇ ਦਾਤੇਰੈ ॥

ਗੁਣ-ਹੀਨਾਂ ਨੂੰ ਗੁਣ ਦੇਣ ਵਾਲੇ ਪ੍ਰਭੂ ਦੀਆਂ ਮੈਂ ਆਪਣੇ ਇਕ ਮੂੰਹ ਨਾਲ ਕਿਹੜੀਆਂ-ਕਿਹੜੀਆਂ ਵਡਿਆਈਆਂ ਬਿਆਨ ਕਰਾਂ?

ਕਾਟਿ ਸਿਲਕ ਜਉ ਅਪੁਨਾ ਕੀਨੋ ਨਾਨਕ ਸੂਖ ਘਨੇਰੈ ॥੨॥੨੭॥੫੦॥

ਹੇ ਨਾਨਕ! ਜਦੋਂ ਉਸ ਨੇ ਕਿਸੇ ਭਾਗਾਂ ਵਾਲੇ ਨੂੰ ਉਸ ਦੀ ਮਾਇਆ ਦੀ ਫਾਹੀ ਕੱਟ ਕੇ ਆਪਣਾ ਬਣਾ ਲਿਆ, ਉਸ ਨੂੰ ਬੇਅੰਤ ਸੁਖ ਪ੍ਰਾਪਤ ਹੋ ਗਏ ॥੨॥੨੭॥੫੦॥


ਸਾਰਗ ਮਹਲਾ ੫ ॥
ਪ੍ਰਭ ਸਿਮਰਤ ਦੂਖ ਬਿਨਾਸੀ ॥

ਸਾਰੇ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਦਾ ਨਾਮ ਸਿਮਰਦਿਆਂ-

ਭਇਓ ਕ੍ਰਿਪਾਲੁ ਜੀਅ ਸੁਖਦਾਤਾ ਹੋਈ ਸਗਲ ਖਲਾਸੀ ॥੧॥ ਰਹਾਉ ॥

ਜਿੰਦ ਦੇਣ ਵਾਲਾ ਅਤੇ ਸੁਖ ਦੇਣ ਵਾਲਾ ਪ੍ਰਭੂ ਜਿਸ ਮਨੁੱਖ ਉੱਤੇ ਦਇਆਵਾਨ ਹੁੰਦਾ ਹੈ, ਸਾਰੇ ਹੀ ਵਿਕਾਰਾਂ ਤੋਂ ਉਸ ਦੀ ਖ਼ਲਾਸੀ ਹੋ ਜਾਂਦੀ ਹੈ ॥੧॥ ਰਹਾਉ ॥

ਅਵਰੁ ਨ ਕੋਊ ਸੂਝੈ ਪ੍ਰਭ ਬਿਨੁ ਕਹੁ ਕੋ ਕਿਸੁ ਪਹਿ ਜਾਸੀ ॥

(ਹਰਿ-ਨਾਮ ਸਿਮਰਨ ਵਾਲੇ ਮਨੁੱਖ ਨੂੰ) ਪਰਮਾਤਮਾ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਸੁੱਝਦਾ (ਉਹ ਸਦਾ ਇਹੀ ਆਖਦਾ ਹੈ ਕਿ) ਦੱਸ, (ਪ੍ਰਭੂ ਨੂੰ ਛੱਡ ਕੇ) ਕੌਣ ਕਿਸ ਕੋਲ ਜਾ ਸਕਦਾ ਹੈ?

ਜਿਉ ਜਾਣਹੁ ਤਿਉ ਰਾਖਹੁ ਠਾਕੁਰ ਸਭੁ ਕਿਛੁ ਤੁਮ ਹੀ ਪਾਸੀ ॥੧॥

(ਉਹ ਸਦਾ ਅਰਦਾਸ ਕਰਦਾ ਹੈ-) ਹੇ ਠਾਕੁਰ! ਜਿਵੇਂ ਹੋ ਸਕੇ ਤਿਵੇਂ ਮੇਰੀ ਰੱਖਿਆ ਕਰ, ਹਰੇਕ ਚੀਜ਼ ਤੇਰੇ ਹੀ ਕੋਲ ਹੈ ॥੧॥

ਹਾਥ ਦੇਇ ਰਾਖੇ ਪ੍ਰਭਿ ਅਪੁਨੇ ਸਦ ਜੀਵਨ ਅਬਿਨਾਸੀ ॥

ਪਿਆਰੇ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਨੂੰ ਹੱਥ ਦੇ ਕੇ ਰੱਖ ਲਿਆ, ਉਹ ਅਟੱਲ ਆਤਮਕ ਜੀਵਨ ਵਾਲੇ ਬਣ ਗਏ, ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਢੁਕਦੀ,

ਕਹੁ ਨਾਨਕ ਮਨਿ ਅਨਦੁ ਭਇਆ ਹੈ ਕਾਟੀ ਜਮ ਕੀ ਫਾਸੀ ॥੨॥੨੮॥੫੧॥

ਨਾਨਕ ਆਖਦਾ ਹੈ- ਉਹਨਾਂ ਦੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ, ਉਹਨਾਂ ਦੀ ਜਮਾਂ ਵਾਲੀ ਫਾਹੀ ਕੱਟੀ ਜਾਂਦੀ ਹੈ ॥੨॥੨੮॥੫੧॥


ਸਾਰਗ ਮਹਲਾ ੫ ॥
ਮੇਰੋ ਮਨੁ ਜਤ ਕਤ ਤੁਝਹਿ ਸਮ੍ਰਾਰੈ ॥

ਹੇ ਪ੍ਰਭੂ! ਮੇਰਾ ਮਨ ਹਰ ਥਾਂ ਤੈਨੂੰ ਯਾਦ ਕਰਦਾ ਹੈ।

ਹਮ ਬਾਰਿਕ ਦੀਨ ਪਿਤਾ ਪ੍ਰਭ ਮੇਰੇ ਜਿਉ ਜਾਨਹਿ ਤਿਉ ਪਾਰੈ ॥੧॥ ਰਹਾਉ ॥

ਹੇ ਮੇਰੇ ਪ੍ਰਭੂ-ਪਿਤਾ! ਅਸੀਂ (ਤੇਰੇ) ਗਰੀਬ ਬੱਚੇ ਹਾਂ, ਜਿਵੇਂ ਹੋ ਸਕੇ ਤਿਵੇਂ (ਸਾਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ ॥੧॥ ਰਹਾਉ ॥

ਜਬ ਭੁਖੌ ਤਬ ਭੋਜਨੁ ਮਾਂਗੈ ਅਘਾਏ ਸੂਖ ਸਘਾਰੈ ॥

ਹੇ ਪ੍ਰਭੂ! ਜਦੋਂ (ਬੱਚਾ) ਭੁੱਖਾ ਹੁੰਦਾ ਹੈ ਤਦੋਂ (ਖਾਣ ਨੂੰ) ਭੋਜਨ ਮੰਗਦਾ ਹੈ, ਜਦੋਂ ਰੱਜ ਜਾਂਦਾ ਹੈ, ਤਦੋਂ ਉਸ ਨੂੰ ਸਾਰੇ ਸੁਖ (ਪ੍ਰਤੀਤ ਹੁੰਦੇ ਹਨ)।

ਤਬ ਅਰੋਗ ਜਬ ਤੁਮ ਸੰਗਿ ਬਸਤੌ ਛੁਟਕਤ ਹੋਇ ਰਵਾਰੈ ॥੧॥

(ਇਸੇ ਤਰ੍ਹਾਂ ਇਹ ਜੀਵ) ਜਦੋਂ ਤੇਰੇ ਨਾਲ (ਤੇਰੇ ਚਰਨਾਂ ਵਿਚ) ਵੱਸਦਾ ਹੈ, ਤਦੋਂ ਇਸ ਨੂੰ ਕੋਈ ਰੋਗ ਨਹੀਂ ਸਤਾਂਦਾ, (ਤੈਥੋਂ) ਵਿਛੁੜਿਆ ਹੋਇਆ (ਇਹ) ਮਿੱਟੀ ਹੋ ਜਾਂਦਾ ਹੈ ॥੧॥

ਕਵਨ ਬਸੇਰੋ ਦਾਸ ਦਾਸਨ ਕੋ ਥਾਪਿਉ ਥਾਪਨਹਾਰੈ ॥

ਹੇ ਪ੍ਰਭੂ! ਤੇਰੇ ਦਾਸਾਂ ਦੇ ਦਾਸ ਦਾ ਕੀਹ ਜ਼ੋਰ ਚੱਲ ਸਕਦਾ ਹੈ? ਤੂੰ ਆਪ ਹੀ ਪੈਦਾ ਕਰਨ ਵਾਲਾ ਹੈਂ।

ਨਾਮੁ ਨ ਬਿਸਰੈ ਤਬ ਜੀਵਨੁ ਪਾਈਐ ਬਿਨਤੀ ਨਾਨਕ ਇਹ ਸਾਰੈ ॥੨॥੨੯॥੫੨॥

(ਤੇਰਾ ਦਾਸ) ਨਾਨਕ ਇਹ (ਹੀ) ਬੇਨਤੀ ਕਰਦਾ ਹੈ- ਜਦੋਂ ਤੇਰਾ ਨਾਮ ਨਹੀਂ ਭੁੱਲਦਾ, ਤਦੋਂ (ਆਤਮਕ) ਜੀਵਨ ਹਾਸਲ ਕਰੀਦਾ ਹੈ ॥੨॥੨੯॥੫੨॥


ਸਾਰਗ ਮਹਲਾ ੫ ॥
ਮਨ ਤੇ ਭੈ ਭਉ ਦੂਰਿ ਪਰਾਇਓ ॥

ਮੇਰੇ ਮਨ ਤੋਂ ਦੁਨੀਆ ਦੇ ਖ਼ਤਰਿਆਂ ਦਾ ਸਹਿਮ ਦੂਰ ਹੋ ਗਿਆ,

ਲਾਲ ਦਇਆਲ ਗੁਲਾਲ ਲਾਡਿਲੇ ਸਹਜਿ ਸਹਜਿ ਗੁਨ ਗਾਇਓ ॥੧॥ ਰਹਾਉ ॥

(ਜਦੋਂ) ਹਰ ਵੇਲੇ ਆਤਮਕ ਅਡੋਲਤਾ ਵਿਚ ਟਿਕ ਕੇ ਸੋਹਣੇ ਦਿਆਲ ਪ੍ਰੇਮ-ਰਸ ਵਿਚ ਭਿੱਜੇ ਹੋਏ ਪਿਆਰੇ ਪ੍ਰਭੂ ਦੇ ਗੁਣ ਮੈਂ ਗਾਣੇ ਸ਼ੁਰੂ ਕੀਤੇ ॥੧॥ ਰਹਾਉ ॥

ਗੁਰ ਬਚਨਾਤਿ ਕਮਾਤ ਕ੍ਰਿਪਾ ਤੇ ਬਹੁਰਿ ਨ ਕਤਹੂ ਧਾਇਓ ॥

ਗੁਰੂ ਦੇ ਬਚਨਾਂ ਨੂੰ (ਪ੍ਰਭੂ ਦੀ) ਕਿਰਪਾ ਨਾਲ ਕਮਾਂਦਿਆਂ (ਗੁਰੂ ਦੇ ਦੱਸੇ ਰਸਤੇ ਉੱਤੇ ਤੁਰਦਿਆਂ ਹੁਣ ਮੇਰਾ ਮਨ) ਹੋਰ ਕਿਸੇ ਭੀ ਪਾਸੇ ਨਹੀਂ ਭਟਕਦਾ।

ਰਹਤ ਉਪਾਧਿ ਸਮਾਧਿ ਸੁਖ ਆਸਨ ਭਗਤਿ ਵਛਲੁ ਗ੍ਰਿਹਿ ਪਾਇਓ ॥੧॥

(ਮੇਰਾ ਮਨ) ਵਿਕਾਰਾਂ ਤੋਂ ਬਚ ਗਿਆ ਹੈ, ਪ੍ਰਭੂ-ਚਰਨਾਂ ਵਿਚ ਲੀਨਤਾ ਦੇ ਸੁਖਾਂ ਵਿਚ ਟਿਕ ਗਿਆ ਹੈ, ਮੈਂ ਭਗਤੀ ਨਾਲ ਪਿਆਰ ਕਰਨ ਵਾਲੇ ਪ੍ਰਭੂ ਨੂੰ ਹਿਰਦੇ-ਘਰ ਵਿਚ ਲੱਭ ਲਿਆ ਹੈ ॥੧॥

ਨਾਦ ਬਿਨੋਦ ਕੋਡ ਆਨੰਦਾ ਸਹਜੇ ਸਹਜਿ ਸਮਾਇਓ ॥

(ਹੁਣ ਮੇਰਾ ਮਨ) ਸਦਾ ਹੀ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ,-(ਮਾਨੋ) ਸਾਰੇ ਰਾਗਾਂ ਅਤੇ ਤਮਾਸ਼ਿਆਂ ਦੇ ਕ੍ਰੋੜਾਂ ਹੀ ਆਨੰਦ ਪ੍ਰਾਪਤ ਹੋ ਗਏ ਹਨ,

ਕਰਨਾ ਆਪਿ ਕਰਾਵਨ ਆਪੇ ਕਹੁ ਨਾਨਕ ਆਪਿ ਆਪਾਇਓ ॥੨॥੩੦॥੫੩॥

ਨਾਨਕ ਆਖਦਾ ਹੈ- (ਹੁਣ ਇਉਂ ਨਿਸ਼ਚਾ ਹੋ ਗਿਆ ਹੈ ਕਿ) ਪਰਮਾਤਮਾ ਆਪ ਹੀ ਸਭ ਕੁਝ ਕਰਨ ਵਾਲਾ ਹੈ ਆਪ ਹੀ (ਜੀਵਾਂ ਪਾਸੋਂ) ਕਰਾਣ ਵਾਲਾ ਹੈ, ਸਭ ਥਾਂ ਆਪ ਹੀ ਆਪ ਹੈ ॥੨॥੩੦॥੫੩॥


ਸਾਰਗ ਮਹਲਾ ੫ ॥
ਅੰਮ੍ਰਿਤ ਨਾਮੁ ਮਨਹਿ ਆਧਾਰੋ ॥

ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ (ਹੁਣ ਮੇਰੇ) ਮਨ ਦਾ ਆਸਰਾ (ਬਣ ਗਿਆ) ਹੈ।

ਜਿਨ ਦੀਆ ਤਿਸ ਕੈ ਕੁਰਬਾਨੈ ਗੁਰ ਪੂਰੇ ਨਮਸਕਾਰੋ ॥੧॥ ਰਹਾਉ ॥

ਜਿਸ (ਗੁਰੂ) ਨੇ (ਇਹ ਹਰਿ-ਨਾਮ ਮੈਨੂੰ) ਦਿੱਤਾ ਹੈ, ਮੈਂ ਉਸ ਤੋਂ ਸਦਕੇ ਜਾਂਦਾ ਹਾਂ, ਉਸ ਪੂਰੇ ਗੁਰੂ ਅੱਗੇ ਸਿਰ ਨਿਵਾਂਦਾ ਹਾਂ ॥੧॥ ਰਹਾਉ ॥

ਬੂਝੀ ਤ੍ਰਿਸਨਾ ਸਹਜਿ ਸੁਹੇਲਾ ਕਾਮੁ ਕ੍ਰੋਧੁ ਬਿਖੁ ਜਾਰੋ ॥

(ਅੰਮ੍ਰਿਤ ਨਾਮ ਦੀ ਬਰਕਤਿ ਨਾਲ) ਮੇਰੀ ਤ੍ਰਿਸ਼ਨਾ ਮਿਟ ਗਈ ਹੈ, ਮੈਂ ਆਤਮਕ ਅਡੋਲਤਾ ਵਿਚ (ਟਿਕ ਕੇ) ਸੁਖੀ (ਹੋ ਗਿਆ) ਹਾਂ, ਆਤਮਕ ਮੌਤ ਲਿਆਉਣ ਵਾਲੇ ਕ੍ਰੋਧ ਜ਼ਹਰ ਨੂੰ (ਆਪਣੇ ਅੰਦਰੋਂ) ਸਾੜ ਦਿੱਤਾ ਹੈ।

ਆਇ ਨ ਜਾਇ ਬਸੈ ਇਹ ਠਾਹਰ ਜਹ ਆਸਨੁ ਨਿਰੰਕਾਰੋ ॥੧॥

(ਹੁਣ ਮੇਰਾ ਮਨ) ਕਿਸੇ ਪਾਸੇ ਭਟਕਦਾ ਨਹੀਂ, ਉਸ ਟਿਕਾਣੇ ਤੇ ਟਿਕਿਆ ਰਹਿੰਦਾ ਹੈ ਜਿਥੇ ਪਰਮਾਤਮਾ ਦਾ ਨਿਵਾਸ ਹੈ ॥੧॥

ਏਕੈ ਪਰਗਟੁ ਏਕੈ ਗੁਪਤਾ ਏਕੈ ਧੁੰਧੂਕਾਰੋ ॥

ਇਹ ਪਰਤੱਖ ਜਗਤ ਉਹ ਆਪ ਹੀ ਹੈ, (ਇਸ ਜਗਤ ਵਿਚ) ਲੁਕਿਆ ਹੋਇਆ (ਆਤਮਾ ਭੀ) ਉਹ ਆਪ ਹੀ ਹੈ, ਘੁੱਪ ਹਨੇਰਾ ਭੀ (ਜਦੋਂ ਕੋਈ ਜਗਤ-ਰਚਨਾ ਨਹੀਂ ਸੀ) ਉਹ ਆਪ ਹੀ ਹੈ।

ਆਦਿ ਮਧਿ ਅੰਤਿ ਪ੍ਰਭੁ ਸੋਈ ਕਹੁ ਨਾਨਕ ਸਾਚੁ ਬੀਚਾਰੋ ॥੨॥੩੧॥੫੪॥

ਨਾਨਕ ਆਖਦਾ ਹੈ- (ਹੁਣ ਮੇਰੇ ਅੰਦਰ ਇਹ) ਅਟੱਲ ਵਿਸ਼ਵਾਸ (ਬਣ ਗਿਆ) ਹੈ ਕਿ ਜਗਤ ਦੇ ਆਰੰਭ ਵਿਚ, ਹੁਣ ਵਿਚਕਾਰਲੇ ਸਮੇ, ਜਗਤ ਦੇ ਅਖ਼ੀਰ ਵਿਚ ਉਹ ਪਰਮਾਤਮਾ ਆਪ ਹੀ ਆਪ ਹੈ ॥੨॥੩੧॥੫੪॥


ਸਾਰਗ ਮਹਲਾ ੫ ॥
ਬਿਨੁ ਪ੍ਰਭ ਰਹਨੁ ਨ ਜਾਇ ਘਰੀ ॥

ਉਹ ਮਨੁੱਖ ਪਰਮਾਤਮਾ ਦੀ ਯਾਦ ਤੋਂ ਬਿਨਾ ਇਕ ਘੜੀ ਭੀ ਨਹੀਂ ਰਹਿ ਸਕਦਾ,

ਸਰਬ ਸੂਖ ਤਾਹੂ ਕੈ ਪੂਰਨ ਜਾ ਕੈ ਸੁਖੁ ਹੈ ਹਰੀ ॥੧॥ ਰਹਾਉ ॥

ਜਿਸ (ਮਨੁੱਖ) ਦੇ ਹਿਰਦੇ ਵਿਚ ਸੁਖਾਂ ਦਾ ਮੂਲ ਪਰਮਾਤਮਾ ਆ ਵੱਸਦਾ ਹੈ, ਉਸ ਮਨੁੱਖ ਦੇ ਹੀ (ਹਿਰਦੇ ਵਿਚ ਸਾਰੇ ਸੁਖ ਆ ਵੱਸਦੇ ਹਨ ॥੧॥ ਰਹਾਉ ॥

ਮੰਗਲ ਰੂਪ ਪ੍ਰਾਨ ਜੀਵਨ ਧਨ ਸਿਮਰਤ ਅਨਦ ਘਨਾ ॥

ਉਹ ਪ੍ਰਭੂ ਖ਼ੁਸ਼ੀਆਂ ਦਾ ਰੂਪ ਹੈ, ਪ੍ਰਾਣਾਂ ਦਾ ਜੀਵਨ ਦਾ ਆਸਰਾ ਹੈ, ਉਸ ਨੂੰ ਸਿਮਰਦਿਆਂ ਬਹੁਤ ਆਨੰਦ ਪ੍ਰਾਪਤ ਹੁੰਦੇ ਹਨ।

ਵਡ ਸਮਰਥੁ ਸਦਾ ਸਦ ਸੰਗੇ ਗੁਨ ਰਸਨਾ ਕਵਨ ਭਨਾ ॥੧॥

ਉਹ ਪ੍ਰਭੂ ਵੱਡੀਆਂ ਤਾਕਤਾਂ ਦਾ ਮਾਲਕ ਹੈ, ਸਦਾ ਹੀ ਸਦਾ ਹੀ (ਸਾਡੇ) ਨਾਲ ਰਹਿੰਦਾ ਹੈ। ਮੈਂ ਆਪਣੀ ਜੀਭ ਨਾਲ ਉਸ ਦੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ? ॥੧॥

ਥਾਨ ਪਵਿਤ੍ਰਾ ਮਾਨ ਪਵਿਤ੍ਰਾ ਪਵਿਤ੍ਰ ਸੁਨਨ ਕਹਨਹਾਰੇ ॥

ਹੇ ਪ੍ਰਭੂ! (ਜਿਥੇ ਤੇਰਾ ਨਾਮ ਉਚਾਰਿਆ ਜਾਂਦਾ ਹੈ) ਉਹ ਥਾਂ ਪਵਿੱਤਰ ਹੋ ਜਾਂਦੇ ਹਨ, ਤੇਰੇ ਨਾਮ ਨੂੰ ਮੰਨਣ ਵਾਲੇ (ਸਰਧਾ ਨਾਲ ਮਨ ਵਿਚ ਵਸਾਣ ਵਾਲੇ) ਪਵਿੱਤਰ ਹੋ ਜਾਂਦੇ ਹਨ, ਤੇਰੇ ਨਾਮ ਨੂੰ ਸੁਣਨ ਵਾਲੇ ਤੇ ਜਪਣ ਵਾਲੇ ਪਵਿੱਤਰ ਹੋ ਜਾਂਦੇ ਹਨ।

ਕਹੁ ਨਾਨਕ ਤੇ ਭਵਨ ਪਵਿਤ੍ਰਾ ਜਾ ਮਹਿ ਸੰਤ ਤੁਮ੍ਰਾਰੇ ॥੨॥੩੨॥੫੫॥

ਨਾਨਕ ਆਖਦਾ ਹੈ- ਜਿਨ੍ਹਾਂ ਘਰਾਂ ਵਿਚ ਤੇਰੇ ਸੰਤ ਵੱਸਦੇ ਹਨ ਉਹ ਪਵਿੱਤਰ ਹੋ ਜਾਂਦੇ ਹਨ ॥੨॥੩੨॥੫੫॥


ਸਾਰਗ ਮਹਲਾ ੫ ॥
ਰਸਨਾ ਜਪਤੀ ਤੂਹੀ ਤੂਹੀ ॥

ਹੇ ਪ੍ਰਭੂ! ਮੇਰੀ ਜੀਭ ਸਦਾ ਤੇਰਾ ਜਾਪ ਹੀ ਜਪਦੀ ਹੈ।

ਮਾਤ ਗਰਭ ਤੁਮ ਹੀ ਪ੍ਰਤਿਪਾਲਕ ਮ੍ਰਿਤ ਮੰਡਲ ਇਕ ਤੁਹੀ ॥੧॥ ਰਹਾਉ ॥

ਮਾਂ ਦੇ ਪੇਟ ਵਿਚ ਤੂੰ ਹੀ (ਜੀਵਾਂ ਦੀ) ਪਾਲਣਾ ਕਰਨ ਵਾਲਾ ਹੈਂ, ਜਗਤ ਵਿਚ ਹੀ ਸਿਰਫ਼ ਤੂੰ ਹੀ ਪਾਲਣਹਾਰ ਹੈਂ ॥੧॥ ਰਹਾਉ ॥

ਤੁਮਹਿ ਪਿਤਾ ਤੁਮ ਹੀ ਫੁਨਿ ਮਾਤਾ ਤੁਮਹਿ ਮੀਤ ਹਿਤ ਭ੍ਰਾਤਾ ॥

ਹੇ ਪ੍ਰਭੂ! ਤੂੰ ਹੀ ਸਾਡਾ ਪਿਉ ਹੈਂ, ਤੂੰ ਹੀ ਸਾਡੀ ਮਾਂ ਭੀ ਹੈਂ, ਤੂੰ ਹੀ ਮਿੱਤਰ ਹੈਂ ਤੂੰ ਹੀ ਹਿਤੂ ਹੈਂ ਤੂੰ ਹੀ ਭਰਾ ਹੈਂ।

ਤੁਮ ਪਰਵਾਰ ਤੁਮਹਿ ਆਧਾਰਾ ਤੁਮਹਿ ਜੀਅ ਪ੍ਰਾਨਦਾਤਾ ॥੧॥

ਤੂੰ ਹੀ ਸਾਡਾ ਪਰਵਾਰ ਹੈਂ, ਤੂੰ ਹੀ ਆਸਰਾ ਹੈਂ, ਤੂੰ ਹੀ ਜਿੰਦ ਦੇਣ ਵਾਲਾ ਹੈਂ, ਤੂੰ ਹੀ ਪ੍ਰਾਣ ਦੇਣ ਵਾਲਾ ਹੈਂ ॥੧॥

ਤੁਮਹਿ ਖਜੀਨਾ ਤੁਮਹਿ ਜਰੀਨਾ ਤੁਮ ਹੀ ਮਾਣਿਕ ਲਾਲਾ ॥

ਹੇ ਪ੍ਰਭੂ! ਤੂੰ ਹੀ (ਮੇਰੇ ਵਾਸਤੇ) ਖ਼ਜ਼ਾਨਾ ਹੈਂ, ਤੂੰ ਹੀ ਮੇਰਾ ਧਨ-ਦੌਲਤ ਹੈਂ, ਤੂੰ ਹੀ (ਮੇਰੇ ਲਈ) ਮੋਤੀ ਹੀਰੇ ਹੈਂ।

ਤੁਮਹਿ ਪਾਰਜਾਤ ਗੁਰ ਤੇ ਪਾਏ ਤਉ ਨਾਨਕ ਭਏ ਨਿਹਾਲਾ ॥੨॥੩੩॥੫੬॥

ਤੂੰ ਹੀ (ਸਵਰਗ ਦਾ) ਪਾਰਜਾਤ ਰੁੱਖ ਹੈਂ। ਹੇ ਨਾਨਕ! ਜਦੋਂ ਤੂੰ ਗੁਰੂ ਦੀ ਰਾਹੀਂ ਮਿਲ ਪੈਂਦਾ ਹੈਂ, ਤਦੋਂ ਪ੍ਰਸੰਨ-ਚਿੱਤ ਹੋ ਜਾਈਦਾ ਹੈ ॥੨॥੩੩॥੫੬॥


ਸਾਰਗ ਮਹਲਾ ੫ ॥
ਜਾਹੂ ਕਾਹੂ ਅਪੁਨੋ ਹੀ ਚਿਤਿ ਆਵੈ ॥

ਹਰ ਕਿਸੇ ਨੂੰ (ਕੋਈ) ਆਪਣਾ ਹੀ (ਪਿਆਰਾ) ਚਿੱਤ ਵਿਚ ਯਾਦ ਆਉਂਦਾ ਹੈ।

ਜੋ ਕਾਹੂ ਕੋ ਚੇਰੋ ਹੋਵਤ ਠਾਕੁਰ ਹੀ ਪਹਿ ਜਾਵੈ ॥੧॥ ਰਹਾਉ ॥

ਜਿਹੜਾ ਮਨੁੱਖ ਕਿਸੇ ਦਾ ਸੇਵਕ ਹੁੰਦਾ ਹੈ, (ਉਹ ਸੇਵਕ ਆਪਣੇ) ਮਾਲਕ ਪਾਸ ਹੀ (ਲੋੜ ਪਿਆਂ) ਜਾਂਦਾ ਹੈ ॥੧॥ ਰਹਾਉ ॥

ਅਪਨੇ ਪਹਿ ਦੂਖ ਅਪੁਨੇ ਪਹਿ ਸੂਖਾ ਅਪਨੇ ਹੀ ਪਹਿ ਬਿਰਥਾ ॥

ਆਪਣੇ ਸਨੇਹੀ ਕੋਲ ਦੁੱਖ ਫੋਲੀਦੇ ਹਨ ਆਪਣੇ ਸਨੇਹੀ ਪਾਸ ਸੁਖ ਦੀਆਂ ਗੱਲਾਂ ਕਰੀਦੀਆਂ ਹਨ, ਆਪਣੇ ਹੀ ਸਨੇਹੀ ਕੋਲ ਦਿਲ ਦਾ ਦੁੱਖ ਦੱਸੀਦਾ ਹੈ।

ਅਪੁਨੇ ਪਹਿ ਮਾਨੁ ਅਪੁਨੇ ਪਹਿ ਤਾਨਾ ਅਪਨੇ ਹੀ ਪਹਿ ਅਰਥਾ ॥੧॥

ਆਪਣੇ ਸਨੇਹੀ ਉਤੇ ਹੀ ਮਾਣ ਕਰੀਦਾ ਹੈ, ਆਪਣੇ ਸਨੇਹੀ ਦਾ ਹੀ ਆਸਰਾ ਤੱਕੀਦਾ ਹੈ, ਆਪਣੇ ਸਨੇਹੀ ਨੂੰ ਹੀ ਆਪਣੀਆਂ ਲੋੜਾਂ ਦੱਸੀਦੀਆਂ ਹਨ ॥੧॥

ਕਿਨ ਹੀ ਰਾਜ ਜੋਬਨੁ ਧਨ ਮਿਲਖਾ ਕਿਨ ਹੀ ਬਾਪ ਮਹਤਾਰੀ ॥

ਕਿਸੇ ਨੇ ਰਾਜ ਦਾ ਮਾਣ ਕੀਤਾ, ਕਿਸੇ ਨੇ ਜਵਾਨੀ ਨੂੰ (ਆਪਣੀ ਸਮਝਿਆ), ਕਿਸੇ ਨੇ ਧਨ ਧਰਤੀ ਦਾ ਮਾਣ ਕੀਤਾ, ਕਿਸੇ ਨੇ ਪਿਉ ਮਾਂ ਦਾ ਆਸਰਾ ਤੱਕਿਆ।

ਸਰਬ ਥੋਕ ਨਾਨਕ ਗੁਰ ਪਾਏ ਪੂਰਨ ਆਸ ਹਮਾਰੀ ॥੨॥੩੪॥੫੭॥

ਹੇ ਗੁਰੂ! ਮੈਂ ਨਾਨਕ ਨੇ ਸਾਰੇ ਪਦਾਰਥ ਤੈਥੋਂ ਪ੍ਰਾਪਤ ਕਰ ਲਏ ਹਨ, ਮੇਰੀ ਹਰੇਕ ਆਸ (ਤੇਰੇ ਦਰ ਤੋਂ) ਪੂਰੀ ਹੁੰਦੀ ਹੈ ॥੨॥੩੪॥੫੭॥


ਸਾਰਗ ਮਹਲਾ ੫ ॥
ਝੂਠੋ ਮਾਇਆ ਕੋ ਮਦ ਮਾਨੁ ॥

ਹੇ ਅੰਞਾਣ! ਮਾਇਆ ਦਾ ਨਸ਼ਾ ਮਾਇਆ ਦਾ ਅਹੰਕਾਰ ਝੂਠਾ ਹੈ (ਸਦਾ ਕਾਇਮ ਰਹਿਣ ਵਾਲਾ ਨਹੀਂ)।

ਧ੍ਰੋਹ ਮੋਹ ਦੂਰਿ ਕਰਿ ਬਪੁਰੇ ਸੰਗਿ ਗੋਪਾਲਹਿ ਜਾਨੁ ॥੧॥ ਰਹਾਉ ॥

(ਮਾਇਆ ਦਾ) ਮੋਹ (ਆਪਣੇ ਅੰਦਰੋਂ) ਦੂਰ ਕਰ, (ਮਾਇਆ ਦੀ ਖ਼ਾਤਰ) ਠੱਗੀ ਕਰਨੀ ਦੂਰ ਕਰ, ਪਰਮਾਤਮਾ ਨੂੰ ਸਦਾ ਆਪਣੇ ਨਾਲ ਵੱਸਦਾ ਸਮਝ ॥੧॥ ਰਹਾਉ ॥

ਮਿਥਿਆ ਰਾਜ ਜੋਬਨ ਅਰੁ ਉਮਰੇ ਮੀਰ ਮਲਕ ਅਰੁ ਖਾਨ ॥

ਰਾਜ ਨਾਸਵੰਤ ਹੈ ਜਵਾਨੀ ਨਾਸਵੰਤ ਹੈ। ਅਮੀਰ ਪਾਤਿਸ਼ਾਹ ਮਾਲਕ ਖ਼ਾਨ ਸਭ ਨਾਸਵੰਤ ਹਨ (ਇਹਨਾਂ ਹਕੂਮਤਾਂ ਦਾ ਨਸ਼ਾ ਸਦਾ ਕਾਇਮ ਨਹੀਂ ਰਹੇਗਾ)।

ਮਿਥਿਆ ਕਾਪਰ ਸੁਗੰਧ ਚਤੁਰਾਈ ਮਿਥਿਆ ਭੋਜਨ ਪਾਨ ॥੧॥

ਇਹ ਕੱਪੜੇ ਤੇ ਸੁਗੰਧੀਆਂ ਸਭ ਨਾਸਵੰਤ ਹਨ, (ਇਹਨਾਂ ਦੇ ਆਸਰੇ) ਚਤੁਰਾਈ ਕਰਨੀ ਝੂਠਾ ਕੰਮ ਹੈ। ਖਾਣ ਪੀਣ ਦੇ (ਵਧੀਆ) ਪਦਾਰਥ ਸਭ ਨਾਸਵੰਤ ਹਨ ॥੧॥

ਦੀਨ ਬੰਧਰੋ ਦਾਸ ਦਾਸਰੋ ਸੰਤਹ ਕੀ ਸਾਰਾਨ ॥

ਹੇ ਗਰੀਬਾਂ ਦੇ ਸਹਾਈ! ਮੈਂ ਤੇਰੇ ਦਾਸਾਂ ਦਾ ਦਾਸ ਹਾਂ, ਮੈਂ ਤੇਰੇ ਸੰਤਾਂ ਦੀ ਸਰਨ ਹਾਂ।

ਮਾਂਗਨਿ ਮਾਂਗਉ ਹੋਇ ਅਚਿੰਤਾ ਮਿਲੁ ਨਾਨਕ ਕੇ ਹਰਿ ਪ੍ਰਾਨ ॥੨॥੩੫॥੫੮॥

ਹੇ ਨਾਨਕ ਦੀ ਜਿੰਦ-ਜਾਨ ਹਰੀ! ਹੋਰ ਆਸਰੇ ਛੱਡ ਕੇ ਮੈਂ (ਤੇਰੇ ਦਰ ਤੋਂ) ਮੰਗ ਮੰਗਦਾ ਹਾਂ ਕਿ ਮੈਨੂੰ ਦਰਸਨ ਦੇਹ ॥੨॥੩੫॥੫੮॥


ਸਾਰਗ ਮਹਲਾ ੫ ॥
ਅਪੁਨੀ ਇਤਨੀ ਕਛੂ ਨ ਸਾਰੀ ॥

ਹੇ ਗਵਾਰ! (ਜਿਹੜੀ ਆਤਮਕ ਜਾਇਦਾਦ) ਆਪਣੀ (ਬਣਨੀ ਸੀ, ਉਸ ਦੀ) ਰਤਾ ਭਰ ਭੀ ਸੰਭਾਲ ਨਾਹ ਕੀਤੀ।

ਅਨਿਕ ਕਾਜ ਅਨਿਕ ਧਾਵਰਤਾ ਉਰਝਿਓ ਆਨ ਜੰਜਾਰੀ ॥੧॥ ਰਹਾਉ ॥

(ਤੂੰ ਸਾਰੀ ਉਮਰ) ਅਨੇਕਾਂ ਕੰਮਾਂ ਵਿਚ, ਅਨੇਕਾਂ ਦੌੜ-ਭੱਜਾਂ ਵਿਚ ਅਤੇ ਹੋਰ ਹੋਰ ਜੰਜਾਲਾਂ ਵਿਚ ਹੀ ਫਸਿਆ ਰਿਹਾ ॥੧॥ ਰਹਾਉ ॥

ਦਿਉਸ ਚਾਰਿ ਕੇ ਦੀਸਹਿ ਸੰਗੀ ਊਹਾਂ ਨਾਹੀ ਜਹ ਭਾਰੀ ॥

ਹੇ ਗਵਾਰ! (ਦੁਨੀਆ ਵਾਲੇ ਇਹ) ਸਾਥੀ ਚਾਰ ਦਿਨਾਂ ਦੇ ਹੀ (ਸਾਥੀ) ਦਿੱਸਦੇ ਹਨ, ਜਿੱਥੇ ਬਿਪਤਾ ਪੈਂਦੀ ਹੈ, ਉਥੇ ਇਹ (ਸਹਾਇਤਾ) ਨਹੀਂ (ਕਰ ਸਕਦੇ)।

ਤਿਨ ਸਿਉ ਰਾਚਿ ਮਾਚਿ ਹਿਤੁ ਲਾਇਓ ਜੋ ਕਾਮਿ ਨਹੀ ਗਾਵਾਰੀ ॥੧॥

ਹੇ ਗਵਾਰ! ਤੂੰ ਉਹਨਾਂ ਨਾਲ ਪਰਚ ਕੇ ਪਿਆਰ ਪਾਇਆ ਹੋਇਆ ਹੈ ਜੋ (ਆਖ਼ਿਰ) ਤੇਰੇ ਕੰਮ ਨਹੀਂ ਆ ਸਕਦੇ ॥੧॥

ਹਉ ਨਾਹੀ ਨਾਹੀ ਕਿਛੁ ਮੇਰਾ ਨਾ ਹਮਰੋ ਬਸੁ ਚਾਰੀ ॥

ਹੇ ਪ੍ਰਭੂ! ਮੇਰੀ ਕੋਈ ਪਾਂਇਆਂ ਨਹੀਂ, ਮੇਰੀ ਕੋਈ ਸਮਰਥਾ ਨਹੀਂ, (ਮਾਇਆ ਦੇ ਟਾਕਰੇ ਤੇ) ਮੇਰਾ ਕੋਈ ਵੱਸ ਨਹੀਂ ਚੱਲਦਾ ਮੇਰਾ ਕੋਈ ਜ਼ੋਰ ਨਹੀਂ ਪੈਂਦਾ।

ਕਰਨ ਕਰਾਵਨ ਨਾਨਕ ਕੇ ਪ੍ਰਭ ਸੰਤਨ ਸੰਗਿ ਉਧਾਰੀ ॥੨॥੩੬॥੫੯॥

ਹੇ ਸਭ ਕੁਝ ਕਰਨ ਦੀ ਸਮਰਥਾ ਵਾਲੇ! ਹੇ ਸਭ ਕੁਝ ਕਰਾ ਸਕਣ ਵਾਲੇ! ਹੇ ਨਾਨਕ ਦੇ ਪ੍ਰਭੂ! ਮੈਨੂੰ ਆਪਣੇ ਸੰਤਾਂ ਦੀ ਸੰਗਤ ਵਿਚ ਰੱਖ ਕੇ (ਇਸ ਸੰਸਾਰ-ਸਮੁੰਦਰ ਤੋਂ) ਮੇਰਾ ਪਾਰ-ਉਤਾਰਾ ਕਰ ॥੨॥੩੬॥੫੯॥


ਸਾਰਗ ਮਹਲਾ ੫ ॥
ਮੋਹਨੀ ਮੋਹਤ ਰਹੈ ਨ ਹੋਰੀ ॥

ਹੇ ਭਾਈ ! ਮੋਹਨੀ ਮਾਇਆ (ਜੀਵਾਂ ਨੂੰ) ਆਪਣੇ ਮੋਹ ਵਿਚ ਫਸਾਂਦੀ ਰਹਿੰਦੀ ਹੈ, ਕਿਸੇ ਪਾਸੋਂ ਰੋਕਿਆਂ ਰੁਕਦੀ ਨਹੀਂ।

ਸਾਧਿਕ ਸਿਧ ਸਗਲ ਕੀ ਪਿਆਰੀ ਤੁਟੈ ਨ ਕਾਹੂ ਤੋਰੀ ॥੧॥ ਰਹਾਉ ॥

ਜੋਗ-ਸਾਧਨਾ ਕਰਨ ਵਾਲੇ ਸਾਧੂ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ-(ਮਾਇਆ ਇਹਨਾਂ) ਸਭਨਾਂ ਦੀ ਹੀ ਪਿਆਰੀ ਹੈ। ਕਿਸੇ ਪਾਸੋਂ (ਉਸ ਦਾ ਪਿਆਰ) ਤੋੜਿਆਂ ਟੁੱਟਦਾ ਨਹੀਂ ॥੧॥ ਰਹਾਉ ॥

ਖਟੁ ਸਾਸਤ੍ਰ ਉਚਰਤ ਰਸਨਾਗਰ ਤੀਰਥ ਗਵਨ ਨ ਥੋਰੀ ॥

ਛੇ ਸ਼ਾਸਤ੍ਰ ਮੂੰਹ-ਜ਼ਬਾਨੀਂ ਉਚਾਰਿਆਂ, ਤੀਰਥਾਂ ਦਾ ਰਟਨ ਕੀਤਿਆਂ ਭੀ (ਮਾਇਆ ਵਾਲੀ ਪ੍ਰੀਤ) ਘਟਦੀ ਨਹੀਂ ਹੈ।

ਪੂਜਾ ਚਕ੍ਰ ਬਰਤ ਨੇਮ ਤਪੀਆ ਊਹਾ ਗੈਲਿ ਨ ਛੋਰੀ ॥੧॥

ਅਨੇਕਾਂ ਲੋਕ ਹਨ ਦੇਵ-ਪੂਜਾ ਕਰਨ ਵਾਲੇ, (ਆਪਣੇ ਸਰੀਰ ਉੱਤੇ ਗਣੇਸ਼ ਆਦਿਕ ਦੇ) ਨਿਸ਼ਾਨ ਲਾਣ ਵਾਲੇ, ਵਰਤ ਆਦਿਕਾਂ ਦੇ ਨੇਮ ਨਿਬਾਹੁਣ ਵਾਲੇ, ਤਪ ਕਰਨ ਵਾਲੇ। ਪਰ ਮਾਇਆ ਉਥੇ ਭੀ ਪਿੱਛਾ ਨਹੀਂ ਛੱਡਦੀ (ਖ਼ਲਾਸੀ ਨਹੀਂ ਕਰਦੀ) ॥੧॥

ਅੰਧ ਕੂਪ ਮਹਿ ਪਤਿਤ ਹੋਤ ਜਗੁ ਸੰਤਹੁ ਕਰਹੁ ਪਰਮ ਗਤਿ ਮੋਰੀ ॥

ਹੇ ਸੰਤ ਜਨੋ! ਜਗਤ ਮਾਇਆ ਦੇ ਮੋਹ ਦੇ ਅੰਨ੍ਹੇ ਖੂਹ ਵਿਚ ਡਿੱਗ ਰਿਹਾ ਹੈ (ਤੁਸੀਂ ਮਿਹਰ ਕਰੋ) ਮੇਰੀ ਉੱਚੀ ਆਤਮਕ ਅਵਸਥਾ ਬਣਾਓ (ਅਤੇ ਮੈਨੂੰ ਮਾਇਆ ਦੇ ਪੰਜੇ ਵਿਚੋਂ ਬਚਾਓ)।

ਸਾਧਸੰਗਤਿ ਨਾਨਕੁ ਭਇਓ ਮੁਕਤਾ ਦਰਸਨੁ ਪੇਖਤ ਭੋਰੀ ॥੨॥੩੭॥੬੦॥

ਹੇ ਨਾਨਕ! ਜਿਹੜਾ ਮਨੁੱਖ ਸਾਧ ਸੰਗਤ ਵਿਚ (ਪਰਮਾਤਮਾ ਦਾ) ਥੋੜਾ ਜਿਤਨਾ ਭੀ ਦਰਸਨ ਕਰਦਾ ਹੈ, (ਉਹ ਮਾਇਆ ਦੇ ਪੰਜੇ ਤੋਂ) ਆਜ਼ਾਦ ਹੋ ਜਾਂਦਾ ਹੈ ॥੨॥੩੭॥੬੦॥


ਸਾਰਗ ਮਹਲਾ ੫ ॥
ਕਹਾ ਕਰਹਿ ਰੇ ਖਾਟਿ ਖਾਟੁਲੀ ॥

ਹੇ (ਮੂਰਖ)! (ਮਾਇਆ ਵਾਲੀ) ਕੋਝੀ ਖੱਟੀ ਖੱਟ ਕੇ ਤੂੰ ਕੀਹ ਕਰਦਾ ਰਹਿੰਦਾ ਹੈ?

ਪਵਨਿ ਅਫਾਰ ਤੋਰ ਚਾਮਰੋ ਅਤਿ ਜਜਰੀ ਤੇਰੀ ਰੇ ਮਾਟੁਲੀ ॥੧॥ ਰਹਾਉ ॥

ਹੇ ਮੂਰਖ! (ਤੂੰ ਧਿਆਨ ਹੀ ਨਹੀਂ ਦੇਂਦਾ ਕਿ) ਹਵਾ ਨਾਲ ਤੇਰੀ ਚਮੜੀ ਫੁੱਲੀ ਹੋਈ ਹੈ, ਤੇ, ਤੇਰਾ ਸਰੀਰ ਬਹੁਤ ਜਰਜਰਾ ਹੁੰਦਾ ਜਾ ਰਿਹਾ ਹੈ ॥੧॥ ਰਹਾਉ ॥

ਊਹੀ ਤੇ ਹਰਿਓ ਊਹਾ ਲੇ ਧਰਿਓ ਜੈਸੇ ਬਾਸਾ ਮਾਸ ਦੇਤ ਝਾਟੁਲੀ ॥

ਹੇ ਮੂਰਖ! ਜਿਵੇਂ ਬਾਸ਼ਾ ਮਾਸ ਵਾਸਤੇ ਝਪਟ ਮਾਰਦਾ ਹੈ, ਤਿਵੇਂ ਤੂੰ ਭੀ ਧਰਤੀ ਤੋਂ ਹੀ (ਧਨ ਝਪਟ ਮਾਰ ਕੇ) ਖੋਂਹਦਾ ਹੈਂ, ਤੇ, ਧਰਤੀ ਵਿਚ ਹੀ ਸਾਂਭ ਰੱਖਦਾ ਹੈਂ।

ਦੇਵਨਹਾਰੁ ਬਿਸਾਰਿਓ ਅੰਧੁਲੇ ਜਿਉ ਸਫਰੀ ਉਦਰੁ ਭਰੈ ਬਹਿ ਹਾਟੁਲੀ ॥੧॥

ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨੁੱਖ! ਤੂੰ ਸਾਰੇ ਪਦਾਰਥ ਦੇਣ ਵਾਲੇ ਪ੍ਰਭੂ ਨੂੰ ਭੁਲਾ ਦਿੱਤਾ ਹੈ, ਜਿਵੇਂ ਕੋਈ ਰਾਹੀ ਕਿਸੇ ਹੱਟੀ ਤੇ ਬੈਠ ਕੇ ਆਪਣਾ ਪੇਟ ਭਰੀ ਜਾਂਦਾ ਹੈ (ਤੇ, ਇਹ ਚੇਤਾ ਹੀ ਭੁਲਾ ਦੇਂਦਾ ਹੈ ਕਿ ਮੇਰਾ ਪੈਂਡਾ ਖੋਟਾ ਹੋ ਰਿਹਾ ਹੈ) ॥੧॥

ਸਾਦ ਬਿਕਾਰ ਬਿਕਾਰ ਝੂਠ ਰਸ ਜਹ ਜਾਨੋ ਤਹ ਭੀਰ ਬਾਟੁਲੀ ॥

ਹੇ ਮੂਰਖ! ਤੂੰ ਵਿਕਾਰਾਂ ਦੇ ਸੁਆਦਾਂ ਵਿਚ ਨਾਸਵੰਤ ਪਦਾਰਥਾਂ ਦੇ ਰਸਾਂ ਵਿਚ (ਮਸਤ ਹੈਂ) ਜਿੱਥੇ ਤੂੰ ਜਾਣਾ ਹੈ, ਉਹ ਰਸਤਾ (ਇਹਨਾਂ ਰਸਾਂ ਤੇ ਸੁਆਦਾਂ ਦੇ ਕਾਰਨ) ਔਖਾ ਹੁੰਦਾ ਜਾ ਰਿਹਾ ਹੈ।

ਕਹੁ ਨਾਨਕ ਸਮਝੁ ਰੇ ਇਆਨੇ ਆਜੁ ਕਾਲਿ ਖੂਲ੍ਰੇ  ਤੇਰੀ ਗਾਂਠੁਲੀ ॥੨॥੩੮॥੬੧॥

ਨਾਨਕ ਆਖਦਾ ਹੈ- ਹੇ ਮੂਰਖ! ਝਬਦੇ ਹੀ ਤੇਰੇ ਪ੍ਰਾਣਾਂ ਦੀ ਗੰਢ ਖੁਲ੍ਹ ਜਾਣੀ ਹੈ ॥੨॥੩੮॥੬੧॥


ਸਾਰਗ ਮਹਲਾ ੫ ॥
ਗੁਰ ਜੀਉ ਸੰਗਿ ਤੁਹਾਰੈ ਜਾਨਿਓ ॥

ਹੇ ਸਤਿਗੁਰੂ ਜੀ! ਤੇਰੀ ਸੰਗਤ ਵਿਚ (ਰਹਿ ਕੇ) ਇਹ ਸਮਝ ਆਈ ਹੈ,

ਕੋਟਿ ਜੋਧ ਉਆ ਕੀ ਬਾਤ ਨ ਪੁਛੀਐ ਤਾਂ ਦਰਗਹ ਭੀ ਮਾਨਿਓ ॥੧॥ ਰਹਾਉ ॥

ਕਿ (ਜਿਹੜੇ ਜਗਤ ਵਿਚ) ਕ੍ਰੋੜਾਂ ਸੂਰਮੇ (ਅਖਵਾਂਦੇ ਸਨ) ਉਹਨਾਂ ਦੀ ਜਿੱਥੇ ਵਾਤ ਭੀ ਨਹੀਂ ਪੁੱਛੀ ਜਾਂਦੀ (ਜੇ ਤੇਰੀ ਸੰਗਤ ਵਿਚ ਟਿਕੇ ਰਹੀਏ) ਤਾਂ ਉਸ ਦਰਗਾਹ ਵਿਚ ਭੀ ਆਦਰ ਮਿਲਦਾ ਹੈ ॥੧॥ ਰਹਾਉ ॥

ਕਵਨ ਮੂਲੁ ਪ੍ਰਾਨੀ ਕਾ ਕਹੀਐ ਕਵਨ ਰੂਪੁ ਦ੍ਰਿਸਟਾਨਿਓ ॥

(ਰਕਤ ਬਿੰਦ ਦਾ) ਜੀਵ ਦਾ ਗੰਦਾ ਜਿਹਾ ਹੀ ਮੁੱਢ ਆਖਿਆ ਜਾਂਦਾ ਹੈ (ਪਰ ਇਸ ਗੰਦੇ ਮੂਲ ਤੋਂ ਭੀ) ਕੈਸੀ ਸੋਹਣੀ ਸ਼ਕਲ ਦਿੱਸ ਪੈਂਦੀ ਹੈ।

ਜੋਤਿ ਪ੍ਰਗਾਸ ਭਈ ਮਾਟੀ ਸੰਗਿ ਦੁਲਭ ਦੇਹ ਬਖਾਨਿਓ ॥੧॥

ਜਦੋਂ ਮਿੱਟੀ ਦੇ ਅੰਦਰ (ਪ੍ਰਭੂ ਦੀ) ਜੋਤਿ ਦਾ ਪ੍ਰਕਾਸ਼ ਹੁੰਦਾ ਹੈ, ਤਾਂ ਇਸ ਨੂੰ ਦੁਰਲੱਭ (ਮਨੁੱਖਾ) ਸਰੀਰ ਆਖੀਦਾ ਹੈ ॥੧॥

ਤੁਮ ਤੇ ਸੇਵ ਤੁਮ ਤੇ ਜਪ ਤਾਪਾ ਤੁਮ ਤੇ ਤਤੁ ਪਛਾਨਿਓ ॥

ਹੇ ਗੁਰੂ! ਤੈਥੋਂ ਹੀ (ਮੈਂ) ਸੇਵਾ-ਭਗਤੀ ਦੀ ਜਾਚ ਸਿੱਖੀ, ਤੈਥੋਂ ਹੀ ਜਪ ਤਪ ਦੀ ਸਮਝ ਆਈ, ਤੈਥੋਂ ਹੀ ਸਹੀ ਜੀਵਨ-ਰਸਤਾ ਸਮਝਿਆ।

ਕਰੁ ਮਸਤਕਿ ਧਰਿ ਕਟੀ ਜੇਵਰੀ ਨਾਨਕ ਦਾਸ ਦਸਾਨਿਓ ॥੨॥੩੯॥੬੨॥

ਮੇਰੇ ਮੱਥੇ ਉੱਤੇ ਤੂੰ ਆਪਣਾ ਹੱਥ ਰੱਖ ਕੇ ਮੇਰੀ ਮਾਇਆ ਦੇ ਮੋਹ ਦੀ ਫਾਹੀ ਕੱਟ ਦਿੱਤੀ ਹੈ, ਮੈਂ ਨਾਨਕ ਤੇਰੇ ਦਾਸਾਂ ਦਾ ਦਾਸ ਹਾਂ ॥੨॥੩੯॥੬੨॥


ਸਾਰਗ ਮਹਲਾ ੫ ॥
ਹਰਿ ਹਰਿ ਦੀਓ ਸੇਵਕ ਕਉ ਨਾਮ ॥

ਹੇ ਭਾਈ! ਆਪਣੇ ਸੇਵਕ ਨੂੰ ਪਰਮਾਤਮਾ ਆਪਣਾ ਨਾਮ ਆਪ ਦੇਂਦਾ ਹੈ।

ਮਾਨਸੁ ਕਾ ਕੋ ਬਪੁਰੋ ਭਾਈ ਜਾ ਕੋ ਰਾਖਾ ਰਾਮ ॥੧॥ ਰਹਾਉ ॥

ਹੇ ਭਾਈ! ਜਿਸ ਮਨੁੱਖ ਦਾ ਰਖਵਾਲਾ ਪਰਮਾਤਮਾ ਆਪ ਬਣਦਾ ਹੈ, ਮਨੁੱਖ ਕਿਸ ਦਾ ਵਿਚਾਰਾ ਹੈ (ਕਿ ਉਸ ਦਾ ਕੁਝ ਵਿਗਾੜ ਸਕੇ?) ॥੧॥ ਰਹਾਉ ॥

ਆਪਿ ਮਹਾ ਜਨੁ ਆਪੇ ਪੰਚਾ ਆਪਿ ਸੇਵਕ ਕੈ ਕਾਮ ॥

ਪਰਮਾਤਮਾ ਆਪ ਹੀ ਆਪਣੇ ਸੇਵਕ ਦੇ ਕੰਮ ਆਉਂਦਾ ਹੈ, ਆਪ ਹੀ (ਉਸ ਦੇ ਵਾਸਤੇ) ਮੁਖੀਆ ਹੈ।

ਆਪੇ ਸਗਲੇ ਦੂਤ ਬਿਦਾਰੇ ਠਾਕੁਰ ਅੰਤਰਜਾਮ ॥੧॥

ਅੰਤਰਜਾਮੀ ਮਾਲਕ-ਪ੍ਰਭੂ ਆਪ ਹੀ (ਆਪਣੇ ਸੇਵਕ ਦੇ) ਸਾਰੇ ਵੈਰੀ ਮੁਕਾ ਦੇਂਦਾ ਹੈ ॥੧॥

ਆਪੇ ਪਤਿ ਰਾਖੀ ਸੇਵਕ ਕੀ ਆਪਿ ਕੀਓ ਬੰਧਾਨ ॥

ਪਰਮਾਤਮਾ ਆਪ ਹੀ ਆਪਣੇ ਸੇਵਕ ਦੀ ਇੱਜ਼ਤ ਰੱਖਦਾ ਹੈ, (ਉਸ ਦੀ ਇੱਜ਼ਤ ਬਚਾਣ ਲਈ) ਆਪ ਹੀ ਪੱਕੇ ਨਿਯਮ ਥਾਪ ਦੇਂਦਾ ਹੈ।

ਆਦਿ ਜੁਗਾਦਿ ਸੇਵਕ ਕੀ ਰਾਖੈ ਨਾਨਕ ਕੋ ਪ੍ਰਭੁ ਜਾਨ ॥੨॥੪੦॥੬੩॥

ਨਾਨਕ ਦਾ ਜਾਣੀਜਾਣ ਪ੍ਰਭੂ ਆਦਿ ਤੋਂ ਜੁਗਾਂ ਦੇ ਆਦਿ ਤੋਂ ਆਪਣੇ ਸੇਵਕ ਦੀ ਇੱਜ਼ਤ ਰੱਖਦਾ ਆਇਆ ਹੈ ॥੨॥੪੦॥੬੩॥


ਸਾਰਗ ਮਹਲਾ ੫ ॥
ਤੂ ਮੇਰੇ ਮੀਤ ਸਖਾ ਹਰਿ ਪ੍ਰਾਨ ॥

ਹੇ ਹਰੀ! ਤੂੰ ਹੀ ਮੇਰਾ ਮਿੱਤਰ ਹੈਂ, ਤੂੰ ਹੀ ਮੇਰੇ ਪ੍ਰਾਣਾਂ ਦਾ ਸਹਾਈ ਹੈਂ।

ਮਨੁ ਧਨੁ ਜੀਉ ਪਿੰਡੁ ਸਭੁ ਤੁਮਰਾ ਇਹੁ ਤਨੁ ਸੀਤੋ ਤੁਮਰੈ ਧਾਨ ॥੧॥ ਰਹਾਉ ॥

ਮੇਰਾ ਇਹ ਮਨ ਧਨ ਇਹ ਜਿੰਦ ਇਹ ਸਰੀਰ-ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ। ਮੇਰਾ ਇਹ ਸਰੀਰ ਤੇਰੀ ਹੀ ਬਖ਼ਸ਼ੀ ਖ਼ੁਰਾਕ ਨਾਲ ਪਲਿਆ ਹੈ ॥੧॥ ਰਹਾਉ ॥

ਤੁਮ ਹੀ ਦੀਏ ਅਨਿਕ ਪ੍ਰਕਾਰਾ ਤੁਮ ਹੀ ਦੀਏ ਮਾਨ ॥

ਹੇ ਪ੍ਰਭੂ! ਮੈਨੂੰ ਤੂੰ ਹੀ ਅਨੇਕਾਂ ਕਿਸਮਾਂ ਦੇ ਪਦਾਰਥ ਦੇਂਦਾ ਹੈਂ, ਤੂੰ ਹੀ ਮੈਨੂੰ ਆਦਰ ਦਿੰਦਾ ਹੈਂ।

ਸਦਾ ਸਦਾ ਤੁਮ ਹੀ ਪਤਿ ਰਾਖਹੁ ਅੰਤਰਜਾਮੀ ਜਾਨ ॥੧॥

ਹੇ ਦਿਲ ਦੀ ਜਾਣਨ ਵਾਲੇ! ਹੇ ਜਾਣੀਜਾਣ! ਤੂੰ ਹੀ ਸਦਾ ਸਦਾ ਮੇਰੀ ਇੱਜ਼ਤ ਰੱਖਦਾ ਹੈਂ ॥੧॥

ਜਿਨ ਸੰਤਨ ਜਾਨਿਆ ਤੂ ਠਾਕੁਰ ਤੇ ਆਏ ਪਰਵਾਨ ॥

ਹੇ (ਮੇਰੇ) ਮਾਲਕ! ਜਿਨ੍ਹਾਂ ਸੰਤ ਜਨਾਂ ਨੇ ਤੈਨੂੰ ਜਾਣ ਲਿਆ (ਤੇਰੇ ਨਾਲ ਡੂੰਘੀ ਸਾਂਝ ਪਾ ਲਈ), ਉਹਨਾਂ ਦਾ ਹੀ ਜਗਤ ਵਿਚ ਆਉਣਾ ਸਫਲ ਹੈ।

ਜਨ ਕਾ ਸੰਗੁ ਪਾਈਐ ਵਡਭਾਗੀ ਨਾਨਕ ਸੰਤਨ ਕੈ ਕੁਰਬਾਨ ॥੨॥੪੧॥੬੪॥

ਹੇ ਨਾਨਕ! ਸੰਤ ਜਨਾਂ ਦੀ ਸੰਗਤ ਵੱਡੇ ਭਾਗਾਂ ਨਾਲ ਮਿਲਦੀ ਹੈ। ਮੈਂ ਤਾਂ ਸੰਤ ਜਨਾਂ ਤੋਂ ਸਦਕੇ ਜਾਂਦਾ ਹਾਂ ॥੨॥੪੧॥੬੪॥


ਸਾਰਗ ਮਹਲਾ ੫ ॥
ਕਰਹੁ ਗਤਿ ਦਇਆਲ ਸੰਤਹੁ ਮੋਰੀ ॥

ਹੇ ਦਇਆ ਦੇ ਸੋਮੇ ਸੰਤ ਜਨੋ! (ਮਿਹਰ ਕਰ ਕੇ) ਮੇਰੀ ਉੱਚੀ ਆਤਮਕ ਅਵਸਥਾ ਕਰ ਦਿਉ।

ਤੁਮ ਸਮਰਥ ਕਾਰਨ ਕਰਨਾ ਤੂਟੀ ਤੁਮ ਹੀ ਜੋਰੀ ॥੧॥ ਰਹਾਉ ॥

ਤੁਸੀਂ ਸਭ ਤਾਕਤਾਂ ਦੇ ਮਾਲਕ ਅਤੇ ਜਗਤ ਦੇ ਮੂਲ ਪਰਮਾਤਮਾ ਦਾ ਰੂਪ ਹੋ। ਪਰਮਾਤਮਾ ਨਾਲੋਂ ਟੁੱਟੀ ਹੋਈ ਸੁਰਤ ਤੁਸੀਂ ਹੀ ਜੋੜਨ ਵਾਲੇ ਹੋ ॥੧॥ ਰਹਾਉ ॥

ਜਨਮ ਜਨਮ ਕੇ ਬਿਖਈ ਤੁਮ ਤਾਰੇ ਸੁਮਤਿ ਸੰਗਿ ਤੁਮਾਰੈ ਪਾਈ ॥

ਹੇ ਸੰਤ ਜਨੋ! ਅਨੇਕਾਂ ਜਨਮਾਂ ਦੇ ਵਿਕਾਰੀਆਂ ਨੂੰ ਤੁਸੀਂ (ਵਿਕਾਰਾਂ ਤੋਂ) ਬਚਾ ਲੈਂਦੇ ਹੋ, ਤੁਹਾਡੀ ਸੰਗਤ ਵਿਚ ਰਿਹਾਂ ਸ੍ਰੇਸ਼ਟ ਅਕਲ ਪ੍ਰਾਪਤ ਹੋ ਜਾਂਦੀ ਹੈ।

ਅਨਿਕ ਜੋਨਿ ਭ੍ਰਮਤੇ ਪ੍ਰਭ ਬਿਸਰਤ ਸਾਸਿ ਸਾਸਿ ਹਰਿ ਗਾਈ ॥੧॥

ਪਰਮਾਤਮਾ ਨੂੰ ਭੁਲਾ ਕੇ ਅਨੇਕਾਂ ਜੂਨਾਂ ਵਿਚ ਭਟਕਦਿਆਂ ਨੇ ਭੀ (ਤੁਹਾਡੀ ਸੰਗਤ ਵਿਚ) ਹਰੇਕ ਸਾਹ ਦੇ ਨਾਲ ਪ੍ਰਭੂ ਦੀ ਸਿਫ਼ਤ-ਸਾਲਾਹ ਸ਼ੁਰੂ ਕਰ ਦਿੱਤੀ ॥੧॥

ਜੋ ਜੋ ਸੰਗਿ ਮਿਲੇ ਸਾਧੂ ਕੈ ਤੇ ਤੇ ਪਤਿਤ ਪੁਨੀਤਾ ॥

ਜਿਹੜੇ ਜਿਹੜੇ ਮਨੁੱਖ ਗੁਰੂ ਦੀ ਸੰਗਤ ਵਿਚ ਮਿਲਦੇ ਹਨ, ਉਹ ਸਾਰੇ ਵਿਕਾਰੀਆਂ ਤੋਂ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ।

ਕਹੁ ਨਾਨਕ ਜਾ ਕੇ ਵਡਭਾਗਾ ਤਿਨਿ ਜਨਮੁ ਪਦਾਰਥੁ ਜੀਤਾ ॥੨॥੪੨॥੬੫॥

ਨਾਨਕ ਆਖਦਾ ਹੈ- ਜਿਸ ਮਨੁੱਖ ਦੇ ਵੱਡੇ ਭਾਗ ਜਾਗ ਪਏ, ਉਸ ਨੇ (ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ) ਇਹ ਕੀਮਤੀ ਮਨੁੱਖਾ ਜਨਮ (ਵਿਕਾਰਾਂ ਅੱਗੇ) ਹਾਰਨ ਤੋਂ ਬਚਾ ਲਿਆ ॥੨॥੪੨॥੬੫॥


ਸਾਰਗ ਮਹਲਾ ੫ ॥
ਠਾਕੁਰ ਬਿਨਤੀ ਕਰਨ ਜਨੁ ਆਇਓ ॥

ਹੇ (ਮੇਰੇ) ਮਾਲਕ-ਪ੍ਰਭੂ! (ਤੇਰਾ) ਦਾਸ (ਤੇਰੇ ਦਰ ਤੇ) ਬੇਨਤੀ ਕਰਨ ਆਇਆ ਹੈ।

ਸਰਬ ਸੂਖ ਆਨੰਦ ਸਹਜ ਰਸ ਸੁਨਤ ਤੁਹਾਰੋ ਨਾਇਓ ॥੧॥ ਰਹਾਉ ॥

ਤੇਰਾ ਨਾਮ ਸੁਣਦਿਆਂ ਆਤਮਕ ਅਡੋਲਤਾ ਦੇ ਸਾਰੇ ਸੁਖ ਸਾਰੇ ਆਨੰਦ ਸਾਰੇ ਰਸ (ਮਿਲ ਜਾਂਦੇ ਹਨ) ॥੧॥ ਰਹਾਉ ॥

ਕ੍ਰਿਪਾ ਨਿਧਾਨ ਸੂਖ ਕੇ ਸਾਗਰ ਜਸੁ ਸਭ ਮਹਿ ਜਾ ਕੋ ਛਾਇਓ ॥

ਹੇ ਦਇਆ ਦੇ ਖ਼ਜ਼ਾਨੇ! ਹੇ ਸੁਖਾਂ ਦੇ ਸਮੁੰਦਰ! (ਤੂੰ ਐਸਾ ਹੈਂ) ਜਿਸ ਦੀ ਸੋਭਾ ਸਾਰੀ ਸ੍ਰਿਸ਼ਟੀ ਵਿਚ ਆਪਣਾ ਪ੍ਰਭਾਵ ਪਾਂਦੀ ਹੈ।

ਸੰਤਸੰਗਿ ਰੰਗ ਤੁਮ ਕੀਏ ਅਪਨਾ ਆਪੁ ਦ੍ਰਿਸਟਾਇਓ ॥੧॥

ਸੰਤਾਂ ਦੀ ਸੰਗਤ ਵਿਚ ਤੂੰ ਅਨੇਕਾਂ ਆਨੰਦ-ਚੋਜ ਕਰਦਾ ਹੈਂ, ਤੇ, ਆਪਣੇ ਆਪ ਨੂੰ ਪਰਗਟ ਕਰਦਾ ਹੈਂ ॥੧॥

ਨੈਨਹੁ ਸੰਗਿ ਸੰਤਨ ਕੀ ਸੇਵਾ ਚਰਨ ਝਾਰੀ ਕੇਸਾਇਓ ॥

(ਹੇ ਪ੍ਰਭੂ! ਮਿਹਰ ਕਰ) ਅੱਖਾਂ ਨਾਲ (ਦਰਸਨ ਕਰ ਕੇ) ਮੈਂ ਸੰਤ ਜਨਾਂ ਦੀ ਸੇਵਾ ਕਰਦਾ ਰਹਾਂ, ਉਹਨਾਂ ਦੇ ਚਰਨ ਆਪਣੇ ਕੇਸਾਂ ਨਾਲ ਝਾੜਦਾ ਰਹਾਂ।

ਆਠ ਪਹਰ ਦਰਸਨੁ ਸੰਤਨ ਕਾ ਸੁਖੁ ਨਾਨਕ ਇਹੁ ਪਾਇਓ ॥੨॥੪੩॥੬੬॥

ਮੈਂ ਅੱਠੇ ਪਹਰ ਸੰਤ ਜਨਾਂ ਦਾ ਦਰਸਨ ਕਰਦਾ ਰਹਾਂ, ਮੈਨੂੰ ਨਾਨਕ ਨੂੰ ਇਹ ਸੁਖ ਮਿਲਿਆ ਰਹੇ ॥੨॥੪੩॥੬੬॥


ਸਾਰਗ ਮਹਲਾ ੫ ॥
ਜਾ ਕੀ ਰਾਮ ਨਾਮ ਲਿਵ ਲਾਗੀ ॥

ਜਿਸ ਮਨੁੱਖ ਦੀ ਲਗਨ ਪਰਮਾਤਮਾ ਦੇ ਨਾਮ ਨਾਲ ਲੱਗ ਜਾਂਦੀ ਹੈ,

ਸਜਨੁ ਸੁਰਿਦਾ ਸੁਹੇਲਾ ਸਹਜੇ ਸੋ ਕਹੀਐ ਬਡਭਾਗੀ ॥੧॥ ਰਹਾਉ ॥

ਉਹ ਭਲਾ ਮਨੁੱਖ ਬਣ ਜਾਂਦਾ ਹੈ, ਉਹ ਸੋਹਣੇ ਹਿਰਦੇ ਵਾਲਾ ਹੋ ਜਾਂਦਾ ਹੈ, ਉਹ ਸੁਖੀ ਹੋ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ। ਉਸ ਨੂੰ ਵੱਡੇ ਭਾਗਾਂ ਵਾਲਾ ਆਖਣਾ ਚਾਹੀਦਾ ਹੈ ॥੧॥ ਰਹਾਉ ॥

ਰਹਿਤ ਬਿਕਾਰ ਅਲਪ ਮਾਇਆ ਤੇ ਅਹੰਬੁਧਿ ਬਿਖੁ ਤਿਆਗੀ ॥

(ਜਿਸ ਮਨੁੱਖ ਦੀ ਸੁਰਤ ਪਰਮਾਤਮਾ ਦੇ ਨਾਮ ਵਿਚ ਜੁੜਦੀ ਹੈ, ਉਹ) ਵਿਕਾਰਾਂ ਤੋਂ ਬਚਿਆ ਰਹਿੰਦਾ ਹੈ, ਮਾਇਆ ਤੋਂ ਨਿਰਲੇਪ ਰਹਿੰਦਾ ਹੈ, ਆਤਮਕ ਮੌਤ ਲਿਆਉਣ ਵਾਲੀ ਹਉਮੈ-ਜ਼ਹਰ ਉਹ ਤਿਆਗ ਦੇਂਦਾ ਹੈ।

ਦਰਸ ਪਿਆਸ ਆਸ ਏਕਹਿ ਕੀ ਟੇਕ ਹੀਐਂ ਪ੍ਰਿਅ ਪਾਗੀ ॥੧॥

ਉਸ ਨੂੰ ਸਿਰਫ਼ ਪਰਮਾਤਮਾ ਦੇ ਦਰਸਨ ਦੀ ਤਾਂਘ ਤੇ ਉਡੀਕ ਲੱਗੀ ਰਹਿੰਦੀ ਹੈ, ਉਹ ਮਨੁੱਖ ਆਪਣੇ ਹਿਰਦੇ ਵਿਚ ਪਿਆਰੇ ਪ੍ਰਭੂ ਦੇ ਚਰਨਾਂ ਦਾ ਆਸਰਾ ਬਣਾਈ ਰੱਖਦਾ ਹੈ ॥੧॥

ਅਚਿੰਤ ਸੋਇ ਜਾਗਨੁ ਉਠਿ ਬੈਸਨੁ ਅਚਿੰਤ ਹਸਤ ਬੈਰਾਗੀ ॥

(ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜੀ ਰੱਖਣ ਵਾਲਾ ਮਨੁੱਖ) ਸੁੱਤ ਜਾਗਦਾ ਉੱਠਦਾ ਬੈਠਦਾ, ਹੱਸਦਾ, ਵੈਰਾਗ ਕਰਦਾ-ਹਰ ਵੇਲੇ ਹੀ ਚਿੰਤਾ ਤੋਂ ਰਹਿਤ ਰਹਿੰਦਾ ਹੈ।

ਕਹੁ ਨਾਨਕ ਜਿਨਿ ਜਗਤੁ ਠਗਾਨਾ ਸੁ ਮਾਇਆ ਹਰਿ ਜਨ ਠਾਗੀ ॥੨॥੪੪॥੬੭॥

ਨਾਨਕ ਆਖਦਾ ਹੈ- ਜਿਸ ਮਾਇਆ ਨੇ ਸਾਰੇ ਜਗਤ ਨੂੰ ਭਰਮਾਇਆ ਹੈ, ਸੰਤ ਜਨਾਂ ਨੇ ਉਸ ਮਾਇਆ ਨੂੰ ਆਪਣੇ ਵੱਸ ਵਿਚ ਰੱਖਿਆ ਹੋਇਆ ਹੈ ॥੨॥੪੪॥੬੭॥


ਸਾਰਗ ਮਹਲਾ ੫ ॥
ਅਬ ਜਨ ਊਪਰਿ ਕੋ ਨ ਪੁਕਾਰੈ ॥

(ਜਦੋਂ ਮਨੁੱਖ ਗੁਰੂ ਦੇ ਬਚਨ ਉੱਤੇ ਤੁਰ ਕੇ ਹਰਿ-ਨਾਮ ਜਪਦਾ ਹੈ) ਤਦੋਂ ਉਸ ਸੇਵਕ ਉੱਤੇ ਕੋਈ ਮਨੁੱਖ ਕੋਈ ਦੂਸ਼ਣ ਨਹੀਂ ਲਾ ਸਕਦਾ।

ਪੂਕਾਰਨ ਕਉ ਜੋ ਉਦਮੁ ਕਰਤਾ ਗੁਰੁ ਪਰਮੇਸਰੁ ਤਾ ਕਉ ਮਾਰੈ ॥੧॥ ਰਹਾਉ ॥

ਜਿਹੜਾ ਮਨੁੱਖ ਪ੍ਰਭੂ ਦੇ ਸੇਵਕ ਉੱਤੇ ਦੂਸ਼ਣ ਥੱਪਣ ਦਾ ਜਤਨ ਕਰਦਾ ਹੈ, ਗੁਰੂ ਪਰਮਾਤਮਾ ਉਸ ਦਾ ਆਤਮਕ ਜੀਵਨ ਨੀਵਾਂ ਕਰ ਦੇਂਦਾ ਹੈ ॥੧॥ ਰਹਾਉ ॥

ਨਿਰਵੈਰੈ ਸੰਗਿ ਵੈਰੁ ਰਚਾਵੈ ਹਰਿ ਦਰਗਹ ਓਹੁ ਹਾਰੈ ॥

ਜਿਹੜਾ ਮਨੁੱਖ ਕਦੇ ਕਿਸੇ ਨਾਲ ਵੈਰ ਨਹੀਂ ਕਰਦਾ, ਉਸ ਨਾਲ ਜਿਹੜਾ ਵੈਰ ਕਮਾਂਦਾ ਹੈ, ਉਹ ਮਨੁੱਖ ਪਰਮਾਤਮਾ ਦੀ ਦਰਗਾਹ ਵਿਚ ਆਤਮਕ ਜੀਵਨ ਦੇ ਤੋਲ ਵਿਚ ਪੂਰਾ ਨਹੀਂ ਉਤਰਦਾ।

ਆਦਿ ਜੁਗਾਦਿ ਪ੍ਰਭ ਕੀ ਵਡਿਆਈ ਜਨ ਕੀ ਪੈਜ ਸਵਾਰੈ ॥੧॥

ਜਗਤ ਦੇ ਸ਼ੁਰੂ ਤੋਂ, ਜੁਗਾਂ ਦੇ ਮੁੱਢ ਤੋਂ ਹੀ ਪਰਮਾਤਮਾ ਦਾ ਇਹ ਗੁਣ ਚਲਿਆ ਆ ਰਿਹਾ ਹੈ ਕਿ ਉਹ ਆਪਣੇ ਸੇਵਕ ਦੀ ਲਾਜ ਰੱਖਦਾ ਹੈ ॥੧॥

ਨਿਰਭਉ ਭਏ ਸਗਲ ਭਉ ਮਿਟਿਆ ਚਰਨ ਕਮਲ ਆਧਾਰੈ ॥

ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਸਰਾ ਲਿਆਂ ਪ੍ਰਭੂ ਦਾ ਸੇਵਕ ਨਿਰਭਉ ਹੋ ਜਾਂਦਾ ਹੈ, ਉਸ ਦਾ (ਦੁਨੀਆ ਵਾਲਾ) ਹਰੇਕ ਡਰ ਮਿਟ ਜਾਂਦਾ ਹੈ।

ਗੁਰ ਕੈ ਬਚਨਿ ਜਪਿਓ ਨਾਉ ਨਾਨਕ ਪ੍ਰਗਟ ਭਇਓ ਸੰਸਾਰੈ ॥੨॥੪੫॥੬੮॥

ਹੇ ਨਾਨਕ! ਗੁਰੂ ਦੇ ਉਪਦੇਸ਼ ਤੇ ਤੁਰ ਕੇ ਜਿਸ ਨੇ ਭੀ ਪਰਮਾਤਮਾ ਦਾ ਨਾਮ ਜਪਿਆ, ਉਹ ਜਗਤ ਵਿਚ ਨਾਮਣੇ ਵਾਲਾ ਹੋ ਗਿਆ ॥੨॥੪੫॥੬੮॥


ਸਾਰਗ ਮਹਲਾ ੫ ॥
ਹਰਿ ਜਨ ਛੋਡਿਆ ਸਗਲਾ ਆਪੁ ॥

ਹੇ ਪ੍ਰਭੂ! (ਜਿਵੇਂ) ਤੇਰੇ ਭਗਤਾਂ ਨੇ ਆਪਾ-ਭਾਵ ਤਿਆਗਿਆ ਹੁੰਦਾ ਹੈ (ਤੇ, ਤੇਰੇ ਦਰ ਤੇ ਅਰਜ਼ੋਈ ਕਰਦੇ ਹਨ ਤਿਵੇਂ ਮੈਂ ਭੀ ਆਪਾ-ਭਾਵ ਛੱਡ ਕੇ ਬੇਨਤੀ ਕਰਦਾ ਹਾਂ-)

ਜਿਉ ਜਾਨਹੁ ਤਿਉ ਰਖਹੁ ਗੁਸਾਈ ਪੇਖਿ ਜੀਵਾਂ ਪਰਤਾਪੁ ॥੧॥ ਰਹਾਉ ॥

ਹੇ ਜਗਤ ਦੇ ਖਸਮ! ਜਿਵੇਂ ਹੋ ਸਕੇ ਤਿਵੇਂ (ਇਸ ਮਾਇਆ ਦੇ ਹੱਥੋਂ) ਮੇਰੀ ਰੱਖਿਆ ਕਰ। ਤੇਰਾ ਪਰਤਾਪ ਵੇਖ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਰਹਾਂ ॥੧॥ ਰਹਾਉ ॥

ਗੁਰ ਉਪਦੇਸਿ ਸਾਧ ਕੀ ਸੰਗਤਿ ਬਿਨਸਿਓ ਸਗਲ ਸੰਤਾਪੁ ॥

ਗੁਰੂ ਦੇ ਉਪਦੇਸ਼ ਦੀ ਰਾਹੀਂ, ਸਾਧ ਸੰਗਤ ਦੀ ਬਰਕਤਿ ਨਾਲ (ਜਿਸ ਮਨੁੱਖ ਦੇ ਅੰਦਰੋਂ) ਸਾਰਾ ਦੁੱਖ-ਕਲੇਸ਼ ਨਾਸ ਹੋ ਜਾਂਦਾ ਹੈ,

ਮਿਤ੍ਰ ਸਤ੍ਰ ਪੇਖਿ ਸਮਤੁ ਬੀਚਾਰਿਓ ਸਗਲ ਸੰਭਾਖਨ ਜਾਪੁ ॥੧॥

ਉਹ ਆਪਣੇ ਮਿੱਤਰਾਂ ਤੇ ਵੈਰੀਆਂ ਨੂੰ ਵੇਖ ਕੇ (ਸਭਨਾਂ ਵਿਚ ਪ੍ਰਭੂ ਦੀ ਹੀ ਜੋਤਿ) ਇਕ-ਸਮਾਨ ਸਮਝਦਾ ਹੈ, ਪਰਮਾਤਮਾ ਦੇ ਨਾਮ ਦਾ ਸਿਮਰਨ ਹੀ ਉਸ ਦਾ ਹਰ ਵੇਲੇ ਦਾ ਬੋਲ-ਚਾਲ ਹੈ ॥੧॥

ਤਪਤਿ ਬੁਝੀ ਸੀਤਲ ਆਘਾਨੇ ਸੁਨਿ ਅਨਹਦ ਬਿਸਮ ਭਏ ਬਿਸਮਾਦ ॥

(ਉਹਨਾਂ ਦੇ ਅੰਦਰ ਦੀ) ਸੜਨ ਬੁੱਝ ਜਾਂਦੀ ਹੈ, (ਉਹਨਾਂ ਦਾ ਹਿਰਦਾ) ਸ਼ਾਂਤ ਹੋ ਜਾਂਦਾ ਹੈ, ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ; ਇਕ-ਰਸ ਨਾਮ ਦੀ ਧੁਨਿ ਸੁਣ ਕੇ ਉਹ ਅਸਚਰਜ ਹੀ ਅਸਚਰਜ ਹੋਏ ਰਹਿੰਦੇ ਹਨ,

ਅਨਦੁ ਭਇਆ ਨਾਨਕ ਮਨਿ ਸਾਚਾ ਪੂਰਨ ਪੂਰੇ ਨਾਦ ॥੨॥੪੬॥੬੯॥

ਹੇ ਨਾਨਕ! (ਜਿਨ੍ਹਾਂ ਮਨੁੱਖਾਂ ਦੇ) ਮਨ ਵਿਚ ਸਦਾ-ਥਿਰ ਪ੍ਰਭੂ ਆ ਵੱਸਦਾ ਹੈ। ਉਹਨਾਂ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ (ਜਿਵੇਂ ਕਿ ਉਹਨਾਂ ਦੇ ਅੰਦਰ) ਪੂਰੇ ਤੌਰ ਤੇ ਸੰਖ ਆਦਿਕ ਨਾਦ ਵੱਜ ਰਹੇ ਹਨ ॥੨॥੪੬॥੬੯॥


ਸਾਰਗ ਮਹਲਾ ੫ ॥
ਮੇਰੈ ਗੁਰਿ ਮੋਰੋ ਸਹਸਾ ਉਤਾਰਿਆ ॥

ਮੇਰੇ ਗੁਰੂ ਨੇ (ਮੇਰੇ ਅੰਦਰੋਂ ਹਰ ਵੇਲੇ ਦਾ) ਸਹਿਮ ਦੂਰ ਕਰ ਦਿੱਤਾ ਹੈ।

ਤਿਸੁ ਗੁਰ ਕੈ ਜਾਈਐ ਬਲਿਹਾਰੀ ਸਦਾ ਸਦਾ ਹਉ ਵਾਰਿਆ ॥੧॥ ਰਹਾਉ ॥

ਉਸ ਗੁਰੂ ਤੋਂ ਸਦਕੇ ਜਾਣਾ ਚਾਹੀਦਾ ਹੈ। ਮੈਂ (ਉਸ ਗੁਰੂ ਤੋਂ) ਸਦਾ ਹੀ ਸਦਾ ਹੀ ਕੁਰਬਾਨ ਜਾਂਦਾ ਹਾਂ ॥੧॥ ਰਹਾਉ ॥

ਗੁਰ ਕਾ ਨਾਮੁ ਜਪਿਓ ਦਿਨੁ ਰਾਤੀ ਗੁਰ ਕੇ ਚਰਨ ਮਨਿ ਧਾਰਿਆ ॥

ਮੈਂ ਦਿਨ ਰਾਤ (ਆਪਣੇ) ਗੁਰੂ ਦਾ ਨਾਮ ਚੇਤੇ ਰੱਖਦਾ ਹਾਂ, ਮੈਂ ਆਪਣੇ ਮਨ ਵਿਚ ਗੁਰੂ ਦੇ ਚਰਨ ਟਿਕਾਈ ਰੱਖਦਾ ਹਾਂ (ਭਾਵ, ਅਦਬ-ਸਤਕਾਰ ਨਾਲ ਗੁਰੂ ਦੀ ਯਾਦ ਹਿਰਦੇ ਵਿਚ ਵਸਾਈ ਰੱਖਦਾ ਹਾਂ)।

ਗੁਰ ਕੀ ਧੂਰਿ ਕਰਉ ਨਿਤ ਮਜਨੁ ਕਿਲਵਿਖ ਮੈਲੁ ਉਤਾਰਿਆ ॥੧॥

ਮੈਂ ਸਦਾ ਗੁਰੂ ਦੇ ਚਰਨਾਂ ਦੀ ਧੂੜ ਵਿਚ ਇਸ਼ਨਾਨ ਕਰਦਾ ਰਹਿੰਦਾ ਹਾਂ, (ਇਸ ਇਸ਼ਨਾਨ ਨੇ ਮੇਰੇ ਮਨ ਤੋਂ) ਪਾਪਾਂ ਦੀ ਮੈਲ ਲਾਹ ਦਿੱਤੀ ਹੈ ॥੧॥

ਗੁਰ ਪੂਰੇ ਕੀ ਕਰਉ ਨਿਤ ਸੇਵਾ ਗੁਰੁ ਅਪਨਾ ਨਮਸਕਾਰਿਆ ॥

ਮੈਂ ਸਦਾ ਪੂਰੇ ਗੁਰੂ ਦੀ (ਦੱਸੀ) ਸੇਵਾ ਕਰਦਾ ਹਾਂ, ਗੁਰੂ ਅੱਗੇ ਸਿਰ ਨਿਵਾਈ ਰੱਖਦਾ ਹਾਂ।

ਸਰਬ ਫਲਾ ਦੀਨ੍ਰੇ  ਗੁਰਿ ਪੂਰੈ ਨਾਨਕ ਗੁਰਿ ਨਿਸਤਾਰਿਆ ॥੨॥੪੭॥੭੦॥

ਹੇ ਨਾਨਕ! ਪੂਰੇ ਗੁਰੂ ਨੇ ਮੈਨੂੰ (ਦੁਨੀਆ ਦੇ) ਸਾਰੇ (ਮੂੰਹ-ਮੰਗੇ) ਫਲ ਦਿੱਤੇ ਹਨ, ਗੁਰੂ ਨੇ (ਮੈਨੂੰ ਜਗਤ ਦੇ ਵਿਕਾਰਾਂ ਤੋਂ) ਪਾਰ ਲੰਘਾ ਲਿਆ ਹੈ ॥੨॥੪੭॥੭੦॥


ਸਾਰਗ ਮਹਲਾ ੫ ॥
ਸਿਮਰਤ ਨਾਮੁ ਪ੍ਰਾਨ ਗਤਿ ਪਾਵੈ ॥

ਪਰਮਾਤਮਾ ਦਾ ਨਾਮ ਸਿਮਰਦਿਆਂ ਮਨੁੱਖ ਜੀਵਨ ਦੀ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ।

ਮਿਟਹਿ ਕਲੇਸ ਤ੍ਰਾਸ ਸਭ ਨਾਸੈ ਸਾਧਸੰਗਿ ਹਿਤੁ ਲਾਵੈ ॥੧॥ ਰਹਾਉ ॥

ਜਿਹੜਾ ਮਨੁੱਖ ਸਾਧ ਸੰਗਤ ਵਿਚ ਪਿਆਰ ਪਾਂਦਾ ਹੈ, ਉਸ ਦੇ ਸਾਰੇ ਕਲੇਸ਼ ਮਿਟ ਜਾਂਦੇ ਹਨ, ਉਸ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ ॥੧॥ ਰਹਾਉ ॥

ਹਰਿ ਹਰਿ ਹਰਿ ਹਰਿ ਮਨਿ ਆਰਾਧੇ ਰਸਨਾ ਹਰਿ ਜਸੁ ਗਾਵੈ ॥

(ਜਿਹੜਾ ਮਨੁੱਖ) ਸਦਾ (ਆਪਣੇ) ਮਨ ਵਿਚ ਪਰਮਾਤਮਾ ਦਾ ਆਰਾਧਨ ਕਰਦਾ ਰਹਿੰਦਾ ਹੈ, ਜਿਹੜਾ ਆਪਣੀ ਜੀਭ ਨਾਲ ਪ੍ਰਭੂ ਦੀ ਸਿਫ਼ਤ-ਸਾਲਾਹ ਗਾਂਦਾ ਰਹਿੰਦਾ ਹੈ,

ਤਜਿ ਅਭਿਮਾਨੁ ਕਾਮ ਕ੍ਰੋਧੁ ਨਿੰਦਾ ਬਾਸੁਦੇਵ ਰੰਗੁ ਲਾਵੈ ॥੧॥

ਉਹ ਮਨੁੱਖ (ਆਪਣੇ ਅੰਦਰੋਂ) ਕਾਮ ਕ੍ਰੋਧ ਅਹੰਕਾਰ ਨਿੰਦਾ (ਆਦਿਕ ਵਿਕਾਰ) ਦੂਰ ਕਰ ਕੇ (ਆਪਣੇ ਅੰਦਰ) ਪਰਮਾਤਮਾ ਦਾ ਪ੍ਰੇਮ ਪੈਦਾ ਕਰ ਲੈਂਦਾ ਹੈ ॥੧॥

ਦਾਮੋਦਰ ਦਇਆਲ ਆਰਾਧਹੁ ਗੋਬਿੰਦ ਕਰਤ ਸੁੋਹਾਵੈ ॥

ਦਇਆ ਦੇ ਸੋਮੇ ਪਰਮਾਤਮਾ ਦਾ ਨਾਮ ਸਿਮਰਦੇ ਰਿਹਾ ਕਰੋ। ਗੋਬਿੰਦ (ਦਾ ਨਾਮ) ਸਿਮਰਦਿਆਂ ਹੀ ਜੀਵਨ ਸੋਹਣਾ ਬਣਦਾ ਹੈ।

ਕਹੁ ਨਾਨਕ ਸਭ ਕੀ ਹੋਇ ਰੇਨਾ ਹਰਿ ਹਰਿ ਦਰਸਿ ਸਮਾਵੈ ॥੨॥੪੮॥੭੧॥

ਨਾਨਕ ਆਖਦਾ ਹੈ- ਸਭਨਾਂ ਦੀ ਚਰਨ-ਧੂੜ ਹੋ ਕੇ ਮਨੁੱਖ ਪਰਮਾਤਮਾ ਦੇ ਦਰਸਨ ਵਿਚ ਲੀਨ ਹੋਇਆ ਰਹਿੰਦਾ ਹੈ ॥੨॥੪੮॥੭੧॥


ਸਾਰਗ ਮਹਲਾ ੫ ॥
ਅਪੁਨੇ ਗੁਰ ਪੂਰੇ ਬਲਿਹਾਰੈ ॥

ਮੈਂ ਆਪਣੇ ਪੂਰੇ ਗੁਰੂ ਤੋਂ ਕੁਰਬਾਨ ਜਾਂਦਾ ਹੈ।

ਪ੍ਰਗਟ ਪ੍ਰਤਾਪੁ ਕੀਓ ਨਾਮ ਕੋ ਰਾਖੇ ਰਾਖਨਹਾਰੈ ॥੧॥ ਰਹਾਉ ॥

(ਗੁਰੂ ਪਰਮਾਤਮਾ ਦੇ) ਨਾਮ ਦਾ ਪਰਤਾਪ (ਜਗਤ ਵਿਚ) ਪ੍ਰਸਿੱਧ ਕਰਦਾ ਹੈ। ਰੱਖਿਆ ਕਰਨ ਦੀ ਸਮਰਥਾ ਵਾਲਾ ਪ੍ਰਭੂ (ਨਾਮ ਜਪਣ ਵਾਲਿਆਂ ਨੂੰ ਅਨੇਕਾਂ ਦੁੱਖਾਂ ਤੋਂ) ਬਚਾਂਦਾ ਹੈ ॥੧॥ ਰਹਾਉ ॥

ਨਿਰਭਉ ਕੀਏ ਸੇਵਕ ਦਾਸ ਅਪਨੇ ਸਗਲੇ ਦੂਖ ਬਿਦਾਰੈ ॥

(ਗੁਰੂ ਦੀ ਕਿਰਪਾ ਨਾਲ ਹੀ) ਪ੍ਰਭੂ ਆਪਣੇ ਸੇਵਕਾਂ ਦਾਸਾਂ ਨੂੰ (ਦੁੱਖਾਂ ਵਿਕਾਰਾਂ ਦੇ ਟਾਕਰੇ ਤੇ) ਦਲੇਰ ਕਰ ਦੇਂਦਾ ਹੈ, (ਸੇਵਕਾਂ ਦੇ) ਸਾਰੇ ਦੁੱਖ ਨਾਸ ਕਰਦਾ ਹੈ।

ਆਨ ਉਪਾਵ ਤਿਆਗਿ ਜਨ ਸਗਲੇ ਚਰਨ ਕਮਲ ਰਿਦ ਧਾਰੈ ॥੧॥

(ਪ੍ਰਭੂ ਦਾ) ਸੇਵਕ (ਭੀ) ਹੋਰ ਸਾਰੇ ਹੀਲੇ ਛੱਡ ਕੇ ਪਰਮਾਤਮਾ ਦੇ ਸੋਹਣੇ ਚਰਨ (ਆਪਣੇ) ਹਿਰਦੇ ਵਿਚ ਵਸਾਈ ਰੱਖਦਾ ਹੈ ॥੧॥

ਪ੍ਰਾਨ ਅਧਾਰ ਮੀਤ ਸਾਜਨ ਪ੍ਰਭ ਏਕੈ ਏਕੰਕਾਰੈ ॥

(ਜਿਹੜੇ ਮਨੁੱਖ ਗੁਰੂ ਦੀ ਮਿਹਰ ਨਾਲ ਨਾਮ ਜਪਦੇ ਹਨ, ਉਹਨਾਂ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਸਿਰਫ਼ ਪਰਮਾਤਮਾ ਹੀ ਸਿਰਫ਼ ਪ੍ਰਭੂ ਹੀ ਪ੍ਰਾਣਾਂ ਦਾ ਆਸਰਾ ਹੈ ਤੇ ਸੱਜਣ ਮਿੱਤਰ ਹੈ।

ਸਭ ਤੇ ਊਚ ਠਾਕੁਰੁ ਨਾਨਕ ਕਾ ਬਾਰ ਬਾਰ ਨਮਸਕਾਰੈ ॥੨॥੪੯॥੭੨॥

(ਦਾਸ) ਨਾਨਕ ਦਾ (ਤਾਂ ਪਰਮਾਤਮਾ ਹੀ) ਸਭ ਤੋਂ ਉੱਚਾ ਮਾਲਕ ਹੈ। (ਨਾਨਕ) ਸਦਾ ਮੁੜ ਮੁੜ (ਪਰਮਾਤਮਾ ਨੂੰ ਹੀ) ਸਿਰ ਨਿਵਾਂਦਾ ਹੈ ॥੨॥੪੯॥੭੨॥


ਸਾਰਗ ਮਹਲਾ ੫ ॥
ਬਿਨੁ ਹਰਿ ਹੈ ਕੋ ਕਹਾ ਬਤਾਵਹੁ ॥

ਦੱਸੋ, ਪਰਮਾਤਮਾ ਤੋਂ ਬਿਨਾ ਹੋਰ ਕੌਣ (ਸਹਾਈ) ਹੈ ਤੇ ਕਿੱਥੇ ਹੈ?

ਸੁਖ ਸਮੂਹ ਕਰੁਣਾ ਮੈ ਕਰਤਾ ਤਿਸੁ ਪ੍ਰਭ ਸਦਾ ਧਿਆਵਹੁ ॥੧॥ ਰਹਾਉ ॥

ਉਹ ਸਿਰਜਣਹਾਰ ਸਾਰੇ ਸੁਖਾਂ ਦਾ ਸੋਮਾ ਹੈ, ਉਹ ਪ੍ਰਭੂ ਤਰਸ-ਸਰੂਪ ਹੈ। ਸਦਾ ਉਸ ਦਾ ਸਿਮਰਨ ਕਰਦੇ ਰਹੋ ॥੧॥ ਰਹਾਉ ॥

ਜਾ ਕੈ ਸੂਤਿ ਪਰੋਏ ਜੰਤਾ ਤਿਸੁ ਪ੍ਰਭ ਕਾ ਜਸੁ ਗਾਵਹੁ ॥

ਜਿਸ ਪਰਮਾਤਮਾ ਦੇ (ਹੁਕਮ-ਰੂਪ) ਧਾਗੇ ਵਿਚ ਸਾਰੇ ਜੀਵ ਪ੍ਰੋਤੇ ਹੋਏ ਹਨ, ਉਸ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਰਿਹਾ ਕਰੋ।

ਸਿਮਰਿ ਠਾਕੁਰੁ ਜਿਨਿ ਸਭੁ ਕਿਛੁ ਦੀਨਾ ਆਨ ਕਹਾ ਪਹਿ ਜਾਵਹੁ ॥੧॥

ਜਿਸ (ਮਾਲਕ-ਪ੍ਰਭੂ) ਨੇ ਹਰੇਕ ਚੀਜ਼ ਦਿੱਤੀ ਹੋਈ ਹੈ ਉਸ ਦਾ ਸਿਮਰਨ ਕਰਿਆ ਕਰੋ। (ਉਸ ਦਾ ਆਸਰਾ ਛੱਡ ਕੇ) ਹੋਰ ਕਿੱਥੇ ਕਿਸੇ ਪਾਸ ਜਾਂਦੇ ਹੋ? ॥੧॥

ਸਫਲ ਸੇਵਾ ਸੁਆਮੀ ਮੇਰੇ ਕੀ ਮਨ ਬਾਂਛਤ ਫਲ ਪਾਵਹੁ ॥

ਮੇਰੇ ਮਾਲਕ-ਪ੍ਰਭੂ ਦੀ ਹੀ ਭਗਤੀ ਸਾਰੇ ਫਲ ਦੇਣ ਵਾਲੀ ਹੈ (ਉਸੇ ਦੇ ਦਰ ਤੋਂ ਹੀ) ਮਨ-ਮੰਗੇ ਫਲ ਪ੍ਰਾਪਤ ਕਰ ਸਕਦੇ ਹੋ।

ਕਹੁ ਨਾਨਕ ਲਾਭੁ ਲਾਹਾ ਲੈ ਚਾਲਹੁ ਸੁਖ ਸੇਤੀ ਘਰਿ ਜਾਵਹੁ ॥੨॥੫੦॥੭੩॥

ਨਾਨਕ ਆਖਦਾ ਹੈ- (ਜਗਤ ਤੋਂ ਪਰਮਾਤਮਾ ਦੀ ਭਗਤੀ ਦਾ) ਲਾਭ ਖੱਟ ਕੇ ਤੁਰੋ, ਬੜੇ ਆਨੰਦ ਨਾਲ ਪ੍ਰਭੂ ਦੇ ਚਰਨਾਂ ਵਿਚ ਪਹੁੰਚੋਗੇ ॥੨॥੫੦॥੭੩॥


ਸਾਰਗ ਮਹਲਾ ੫ ॥
ਠਾਕੁਰ ਤੁਮ੍ਰ ਸਰਣਾਈ ਆਇਆ ॥

ਹੇ (ਮੇਰੇ) ਮਾਲਕ-ਪ੍ਰਭੂ! (ਮੈਂ) ਤੇਰੀ ਸਰਨ ਆਇਆ ਹਾਂ।

ਉਤਰਿ ਗਇਓ ਮੇਰੇ ਮਨ ਕਾ ਸੰਸਾ ਜਬ ਤੇ ਦਰਸਨੁ ਪਾਇਆ ॥੧॥ ਰਹਾਉ ॥

ਜਦੋਂ ਤੋਂ ਮੈਂ ਤੇਰਾ ਦਰਸਨ ਕੀਤਾ ਹੈ (ਤਦੋਂ ਤੋਂ ਹੀ) ਮੇਰੇ ਮਨ ਤੋਂ (ਹਰੇਕ) ਸਹਿਮ ਲਹਿ ਗਿਆ ਹੈ ॥੧॥ ਰਹਾਉ ॥

ਅਨਬੋਲਤ ਮੇਰੀ ਬਿਰਥਾ ਜਾਨੀ ਅਪਨਾ ਨਾਮੁ ਜਪਾਇਆ ॥

ਹੇ (ਮੇਰੇ) ਮਾਲਕ-ਪ੍ਰਭੂ! ਤੂੰ (ਸਦਾ ਹੀ ਮੇਰੇ) ਬਿਨਾ ਬੋਲਣ ਦੇ ਮੇਰਾ ਦੁੱਖ ਸਮਝ ਲਿਆ ਹੈ, ਤੂੰ ਆਪ ਹੀ ਮੈਥੋਂ ਆਪਣਾ ਨਾਮ ਜਪਾਇਆ ਹੈ।

ਦੁਖ ਨਾਠੇ ਸੁਖ ਸਹਜਿ ਸਮਾਏ ਅਨਦ ਅਨਦ ਗੁਣ ਗਾਇਆ ॥੧॥

ਜਦੋਂ ਤੋਂ ਬੜੇ ਆਨੰਦ ਨਾਲ ਮੈਂ ਤੇਰੇ ਗੁਣ ਗਾਂਦਾ ਹਾਂ, ਮੇਰੇ (ਸਾਰੇ) ਦੁੱਖ ਦੂਰ ਹੋ ਗਏ ਹਨ, ਸੁਖਾਂ ਵਿਚ ਆਤਮਕ ਅਡੋਲਤਾ ਵਿਚ ਮੈਂ ਮਗਨ ਰਹਿੰਦਾ ਹਾਂ ॥੧॥

ਬਾਹ ਪਕਰਿ ਕਢਿ ਲੀਨੇ ਅਪੁਨੇ ਗ੍ਰਿਹ ਅੰਧ ਕੂਪ ਤੇ ਮਾਇਆ ॥

(ਪਰਮਾਤਮਾ) ਆਪਣੇ (ਸੇਵਕਾਂ) ਦੀ ਬਾਂਹ ਫੜ ਕੇ ਉਹਨਾਂ ਨੂੰ ਮਾਇਆ ਦੇ (ਮੋਹ ਦੇ) ਅੰਨ੍ਹੇ ਖੂਹ ਵਿਚੋਂ ਅੰਨ੍ਹੇ ਘਰ ਵਿਚੋਂ ਕੱਢ ਲੈਂਦਾ ਹੈ।

ਕਹੁ ਨਾਨਕ ਗੁਰਿ ਬੰਧਨ ਕਾਟੇ ਬਿਛੁਰਤ ਆਨਿ ਮਿਲਾਇਆ ॥੨॥੫੧॥੭੪॥

ਨਾਨਕ ਆਖਦਾ ਹੈ- ਗੁਰੂ ਨੇ (ਜਿਸ ਮਨੁੱਖ ਦੀਆਂ ਮਾਇਆ ਦੇ ਮੋਹ ਦੀਆਂ) ਫਾਹੀਆਂ ਕੱਟ ਦਿੱਤੀਆਂ, (ਪ੍ਰਭੂ-ਚਰਨਾਂ ਤੋਂ) ਵਿਛੁੜਦੇ ਉਸ ਨੂੰ ਲਿਆ ਕੇ (ਪ੍ਰਭੂ ਦੇ ਚਰਨਾਂ ਵਿਚ) ਮੇਲ ਦਿੱਤਾ ॥੨॥੫੧॥੭੪॥


ਸਾਰਗ ਮਹਲਾ ੫ ॥
ਹਰਿ ਕੇ ਨਾਮ ਕੀ ਗਤਿ ਠਾਂਢੀ ॥

ਪਰਮਾਤਮਾ ਦਾ ਨਾਮ ਸ਼ਾਂਤੀ ਦੇਣ ਵਾਲਾ ਪ੍ਰਭਾਵ ਹੈ-

ਬੇਦ ਪੁਰਾਨ ਸਿਮ੍ਰਿਤਿ ਸਾਧੂ ਜਨ ਖੋਜਤ ਖੋਜਤ ਕਾਢੀ ॥੧॥ ਰਹਾਉ ॥

ਇਹੀ ਗੱਲ ਵੇਦਾਂ ਪੁਰਾਣਾਂ ਸਿਮ੍ਰਿਤੀਆਂ ਅਤੇ ਸਾਧੂ ਜਨਾਂ ਨੇ ਖੋਜ ਖੋਜ ਕੇ ਦੱਸੀ ਹੈ ॥੧॥ ਰਹਾਉ ॥

ਸਿਵ ਬਿਰੰਚ ਅਰੁ ਇੰਦ੍ਰ ਲੋਕ ਤਾ ਮਹਿ ਜਲਤੌ ਫਿਰਿਆ ॥

ਸ਼ਿਵ-ਲੋਕ, ਬ੍ਰਹਮ-ਲੋਕ, ਇੰਦ੍ਰ-ਲੋਕ-ਇਹਨਾਂ (ਲੋਕਾਂ) ਵਿਚ ਪਹੁੰਚਿਆ ਹੋਇਆ ਭੀ ਤ੍ਰਿਸ਼ਨਾ ਦੀ ਅੱਗ ਵਿਚ ਸੜਦਾ ਹੀ ਫਿਰਦਾ ਹੈ।

ਸਿਮਰਿ ਸਿਮਰਿ ਸੁਆਮੀ ਭਏ ਸੀਤਲ ਦੂਖੁ ਦਰਦੁ ਭ੍ਰਮੁ ਹਿਰਿਆ ॥੧॥

ਸੁਆਮੀ-ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਜੀਵ ਸ਼ਾਂਤ-ਮਨ ਹੋ ਜਾਂਦੇ ਹਨ। (ਸਿਮਰਨ ਦੀ ਬਰਕਤਿ ਨਾਲ) ਸਾਰਾ ਦੁੱਖ ਦਰਦ ਅਤੇ ਭਟਕਣਾ ਦੂਰ ਹੋ ਜਾਂਦਾ ਹੈ ॥੧॥

ਜੋ ਜੋ ਤਰਿਓ ਪੁਰਾਤਨੁ ਨਵਤਨੁ ਭਗਤਿ ਭਾਇ ਹਰਿ ਦੇਵਾ ॥

ਪੁਰਾਣੇ ਸਮੇ ਦਾ ਚਾਹੇ ਨਵੇਂ ਸਮੇ ਦਾ ਜਿਹੜਾ ਜਿਹੜਾ ਭੀ (ਭਗਤ) ਸੰਸਾਰ-ਸਮੁੰਦਰ ਤੋਂ ਪਾਰ ਲੰਘਿਆ ਹੈ, ਉਹ ਪ੍ਰਭੂ-ਦੇਵ ਦੀ ਭਗਤੀ ਦੀ ਬਰਕਤਿ ਨਾਲ ਪ੍ਰੇਮ ਦੀ ਬਰਕਤਿ ਨਾਲ ਹੀ ਲੰਘਿਆ ਹੈ।

ਨਾਨਕ ਕੀ ਬੇਨੰਤੀ ਪ੍ਰਭ ਜੀਉ ਮਿਲੈ ਸੰਤ ਜਨ ਸੇਵਾ ॥੨॥੫੨॥੭੫॥

ਹੇ ਪ੍ਰਭੂ ਜੀ! (ਤੇਰੇ ਦਾਸ) ਨਾਨਕ ਦੀ (ਤੇਰੇ ਦਰ ਤੇ ਇਹੀ) ਬੇਨਤੀ ਹੈ ਕਿ (ਮੈਨੂੰ ਤੇਰੇ) ਸੰਤ ਜਨਾਂ ਦੀ (ਸਰਨ ਵਿਚ ਰਹਿ ਕੇ) ਸੇਵਾ ਕਰਨ ਦਾ ਮੌਕਾ ਮਿਲ ਜਾਏ ॥੨॥੫੨॥੭੫॥


ਸਾਰਗ ਮਹਲਾ ੫ ॥
ਜਿਹਵੇ ਅੰਮ੍ਰਿਤ ਗੁਣ ਹਰਿ ਗਾਉ ॥

ਹੇ (ਮੇਰੀ) ਜੀਭ! ਪਰਮਾਤਮਾ ਦੇ ਆਤਮਕ ਜੀਵਨ ਦੇਣ ਵਾਲੇ ਗੁਣ ਗਾਇਆ ਕਰ।

ਹਰਿ ਹਰਿ ਬੋਲਿ ਕਥਾ ਸੁਨਿ ਹਰਿ ਕੀ ਉਚਰਹੁ ਪ੍ਰਭ ਕੋ ਨਾਉ ॥੧॥ ਰਹਾਉ ॥

ਪਰਮਾਤਮਾ ਦਾ ਨਾਮ ਉਚਾਰਿਆ ਕਰ, ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਿਆ ਕਰ, ਪ੍ਰਭੂ ਦਾ ਨਾਮ ਉਚਾਰਿਆ ਕਰ ॥੧॥ ਰਹਾਉ ॥

ਰਾਮ ਨਾਮੁ ਰਤਨ ਧਨੁ ਸੰਚਹੁ ਮਨਿ ਤਨਿ ਲਾਵਹੁ ਭਾਉ ॥

ਪਰਮਾਤਮਾ ਦਾ ਨਾਮ ਹੀ ਕੀਮਤੀ ਧਨ ਹੈ, ਇਹ ਧਨ ਇਕੱਠਾ ਕਰਿਆ ਕਰ। ਆਪਣੇ ਮਨ ਵਿਚ ਆਪਣੇ ਹਿਰਦੇ ਵਿਚ ਪ੍ਰਭੂ ਦਾ ਪਿਆਰ ਬਣਾਇਆ ਕਰ।

ਆਨ ਬਿਭੂਤ ਮਿਥਿਆ ਕਰਿ ਮਾਨਹੁ ਸਾਚਾ ਇਹੈ ਸੁਆਉ ॥੧॥

(ਨਾਮ ਤੋਂ ਬਿਨਾ) ਹੋਰ ਹੋਰ ਧਨ-ਪਦਾਰਥ ਨੂੰ ਨਾਸਵੰਤ ਸਮਝ। (ਪਰਮਾਤਮਾ ਦਾ ਨਾਮ ਹੀ) ਸਦਾ ਕਾਇਮ ਰਹਿਣ ਵਾਲਾ ਜੀਵਨ-ਮਨੋਰਥ ਹੈ ॥੧॥

ਜੀਅ ਪ੍ਰਾਨ ਮੁਕਤਿ ਕੋ ਦਾਤਾ ਏਕਸ ਸਿਉ ਲਿਵ ਲਾਉ ॥

ਸਿਰਫ਼ ਪਰਮਾਤਮਾ (ਦੇ ਨਾਮ) ਨਾਲ ਲਗਨ ਪੈਦਾ ਕਰ, ਪਰਮਾਤਮਾ ਹੀ ਜਿੰਦ ਦੇਣ ਵਾਲਾ ਹੈ, ਪ੍ਰਾਣ ਦੇਣ ਵਾਲਾ ਹੈ, ਮੁਕਤੀ (ਉੱਚੀ ਆਤਮਕ ਦਸ਼ਾ) ਦੇਣ ਵਾਲਾ ਹੈ।

ਕਹੁ ਨਾਨਕ ਤਾ ਕੀ ਸਰਣਾਈ ਦੇਤ ਸਗਲ ਅਪਿਆਉ ॥੨॥੫੩॥੭੬॥

ਨਾਨਕ ਆਖਦਾ ਹੈ- ਉਸ ਪਰਮਾਤਮਾ ਦੀ ਸਰਨ ਪਿਆ ਰਹੁ ਜੋ ਸਾਰੇ ਖਾਣ ਪੀਣ ਦੇ ਪਦਾਰਥ ਦੇਂਦਾ ਹੈ ॥੨॥੫੩॥੭੬॥


ਸਾਰਗ ਮਹਲਾ ੫ ॥
ਹੋਤੀ ਨਹੀ ਕਵਨ ਕਛੁ ਕਰਣੀ ॥

ਮੈਥੋਂ ਕੋਈ ਸੁਚੱਜਾ ਕਰਤੱਬ ਨਹੀਂ ਹੋ ਸਕਿਆ।

ਇਹੈ ਓਟ ਪਾਈ ਮਿਲਿ ਸੰਤਹ ਗੋਪਾਲ ਏਕ ਕੀ ਸਰਣੀ ॥੧॥ ਰਹਾਉ ॥

ਸੰਤ ਜਨਾਂ ਨੂੰ ਮਿਲ ਕੇ ਸਿਰਫ਼ ਪਰਮਾਤਮਾ ਦੀ ਸਰਨ ਪਏ ਰਹਿਣਾ-ਸਿਰਫ਼ ਇਹੀ ਆਸਰਾ ਮੈਂ ਲੱਭਾ ਹੈ ॥੧॥ ਰਹਾਉ ॥

ਪੰਚ ਦੋਖ ਛਿਦ੍ਰ ਇਆ ਤਨ ਮਹਿ ਬਿਖੈ ਬਿਆਧਿ ਕੀ ਕਰਣੀ ॥

(ਕਾਮਾਦਿਕ) ਪੰਜੇ ਵਿਕਾਰ ਅਤੇ ਹੋਰ ਐਬ (ਜੀਵ ਦੇ) ਇਸ ਸਰੀਰ ਵਿਚ ਟਿਕੇ ਰਹਿੰਦੇ ਹਨ, ਵਿਸ਼ੇ-ਵਿਕਾਰਾਂ ਵਾਲੀ ਕਰਣੀ (ਜੀਵ ਦੀ) ਬਣੀ ਰਹਿੰਦੀ ਹੈ।

ਆਸ ਅਪਾਰ ਦਿਨਸ ਗਣਿ ਰਾਖੇ ਗ੍ਰਸਤ ਜਾਤ ਬਲੁ ਜਰਣੀ ॥੧॥

(ਜੀਵ ਦੀਆਂ) ਆਸਾਂ ਬੇਅੰਤ ਹੁੰਦੀਆਂ ਹਨ, ਪਰ ਜ਼ਿੰਦਗੀ ਦੇ ਦਿਨ ਗਿਣੇ-ਮਿੱਥੇ ਹੁੰਦੇ ਹਨ। ਬੁਢੇਪਾ (ਜੀਵ ਦੇ ਸਰੀਰਕ) ਬਲ ਨੂੰ ਖਾਈ ਜਾਂਦਾ ਹੈ ॥੧॥

ਅਨਾਥਹ ਨਾਥ ਦਇਆਲ ਸੁਖ ਸਾਗਰ ਸਰਬ ਦੋਖ ਭੈ ਹਰਣੀ ॥

ਹੇ ਅਨਾਥਾਂ ਦੇ ਨਾਥ ਪ੍ਰਭੂ! ਹੇ ਦਇਆ ਦੇ ਸੋਮੇ ਪ੍ਰਭੂ! ਹੇ ਸੁਖਾਂ ਦੇ ਸਮੁੰਦਰ! ਹੇ (ਜੀਵਾਂ ਦੇ) ਸਾਰੇ ਵਿਕਾਰ ਤੇ ਡਰ ਦੂਰ ਕਰਨ ਵਾਲੇ!

ਮਨਿ ਬਾਂਛਤ ਚਿਤਵਤ ਨਾਨਕ ਦਾਸ ਪੇਖਿ ਜੀਵਾ ਪ੍ਰਭ ਚਰਣੀ ॥੨॥੫੪॥੭੭॥

ਤੇਰਾ ਦਾਸ ਨਾਨਕ (ਤੇਰੇ ਦਰ ਤੋਂ ਇਹ) ਮਨ-ਮੰਗੀ ਮੁਰਾਦ ਚਾਹੁੰਦਾ ਹੈ ਕਿ ਹੇ ਪ੍ਰਭੂ! ਤੇਰੇ ਚਰਨਾਂ ਦਾ ਦਰਸਨ ਕਰ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਰਹਾਂ ॥੨॥੫੪॥੭੭॥


ਸਾਰਗ ਮਹਲਾ ੫ ॥
ਫੀਕੇ ਹਰਿ ਕੇ ਨਾਮ ਬਿਨੁ ਸਾਦ ॥

ਪਰਮਾਤਮਾ ਦੇ ਨਾਮ ਤੋਂ ਬਿਨਾ (ਮਾਇਕ ਪਦਾਰਥਾਂ ਦੇ) ਸੁਆਦ ਫਿੱਕੇ ਹਨ।

ਅੰਮ੍ਰਿਤ ਰਸੁ ਕੀਰਤਨੁ ਹਰਿ ਗਾਈਐ ਅਹਿਨਿਸਿ ਪੂਰਨ ਨਾਦ ॥੧॥ ਰਹਾਉ ॥

ਪ੍ਰਭੂ ਦਾ ਕੀਰਤਨ ਹੀ ਆਤਮਕ ਜੀਵਨ ਦੇਣ ਵਾਲਾ ਰਸ ਹੈ, ਹਰੀ ਦਾ ਕੀਰਤਨ ਹੀ ਗਾਣਾ ਚਾਹੀਦਾ ਹੈ (ਜਿਹੜਾ ਮਨੁੱਖ ਗਾਂਦਾ ਹੈ, ਉਸ ਦੇ ਅੰਦਰ) ਦਿਨ ਰਾਤ ਆਤਮਕ ਆਨੰਦ ਦੇ ਵਾਜੇ ਵੱਜਦੇ ਰਹਿੰਦੇ ਹਨ ॥੧॥ ਰਹਾਉ ॥

ਸਿਮਰਤ ਸਾਂਤਿ ਮਹਾ ਸੁਖੁ ਪਾਈਐ ਮਿਟਿ ਜਾਹਿ ਸਗਲ ਬਿਖਾਦ ॥

ਪਰਮਾਤਮਾ ਦਾ ਨਾਮ ਸਿਮਰਦਿਆਂ ਆਤਮਕ ਸ਼ਾਂਤੀ ਮਿਲਦੀ ਹੈ ਬੜਾ ਸੁਖ ਪ੍ਰਾਪਤ ਕਰੀਦਾ ਹੈ, (ਅੰਦਰੋਂ) ਸਾਰੇ ਦੁੱਖ-ਕਲੇਸ਼ ਮਿਟ ਜਾਂਦੇ ਹਨ।

ਹਰਿ ਹਰਿ ਲਾਭੁ ਸਾਧਸੰਗਿ ਪਾਈਐ ਘਰਿ ਲੈ ਆਵਹੁ ਲਾਦਿ ॥੧॥

ਪਰ ਪਰਮਾਤਮਾ ਦਾ ਨਾਮ ਸਿਮਰਨ ਦਾ ਇਹ ਲਾਭ ਸਾਧ ਸੰਗਤ ਵਿਚ ਹੀ ਮਿਲਦਾ ਹੈ। (ਜਿਹੜੇ ਮਨੁੱਖ ਗੁਰੂ ਦੀ ਸੰਗਤ ਵਿਚ ਮਿਲ ਬੈਠਦੇ ਹਨ ਉਹ) ਆਪਣੇ ਹਿਰਦੇ-ਘਰ ਵਿਚ ਇਹ ਖੱਟੀ ਲੱਦ ਕੇ ਲੈ ਆਉਂਦੇ ਹਨ ॥੧॥

ਸਭ ਤੇ ਊਚ ਊਚ ਤੇ ਊਚੋ ਅੰਤੁ ਨਹੀ ਮਰਜਾਦ ॥

(ਹੇ ਭਾਈ!) ਪਰਮਾਤਮਾ ਸਭਨਾਂ ਨਾਲੋਂ ਉੱਚਾ ਹੈ, ਉੱਚਿਆਂ ਤੋਂ ਉੱਚਾ ਹੈ, ਉਸ ਦੇ ਹੱਦ-ਬੰਨੇ ਦਾ ਅੰਤ ਨਹੀਂ ਪਾਇਆ ਜਾ ਸਕਦਾ।

ਬਰਨਿ ਨ ਸਾਕਉ ਨਾਨਕ ਮਹਿਮਾ ਪੇਖਿ ਰਹੇ ਬਿਸਮਾਦ ॥੨॥੫੫॥੭੮॥

ਹੇ ਨਾਨਕ! ਮੈਂ ਉਸ ਦੀ ਵਡਿਆਈ ਬਿਆਨ ਨਹੀਂ ਕਰ ਸਕਦਾ, ਵੇਖ ਕੇ ਹੀ ਹੈਰਾਨ ਰਹਿ ਜਾਈਦਾ ਹੈ ॥੨॥੫੫॥੭੮॥


ਸਾਰਗ ਮਹਲਾ ੫ ॥
ਆਇਓ ਸੁਨਨ ਪੜਨ ਕਉ ਬਾਣੀ ॥

(ਜਗਤ ਵਿਚ ਜੀਵ) ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣਨ ਪੜ੍ਹਨ ਵਾਸਤੇ ਆਇਆ ਹੈ (ਇਹੀ ਹੈ ਇਸ ਦਾ ਅਸਲ ਜਨਮ-ਮਨੋਰਥ)।

ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ ॥੧॥ ਰਹਾਉ ॥

ਪਰ ਜਿਹੜੇ ਪ੍ਰਾਣੀ (ਪਰਮਾਤਮਾ ਦਾ) ਨਾਮ ਭੁਲਾ ਕੇ ਹੋਰ ਲਾਲਚ ਵਿਚ ਲੱਗੇ ਰਹਿੰਦੇ ਹਨ, ਉਹਨਾਂ ਦਾ ਮਨੁੱਖ ਜਨਮ ਵਿਅਰਥ ਚਲਾ ਜਾਂਦਾ ਹੈ ॥੧॥ ਰਹਾਉ ॥

ਸਮਝੁ ਅਚੇਤ ਚੇਤਿ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ॥

ਹੇ ਮੇਰੇ ਗ਼ਾਫ਼ਿਲ ਮਨ! ਹੋਸ਼ ਕਰ, ਅਕੱਥ ਪ੍ਰਭੂ ਦੀ ਜਿਹੜੀ ਸਿਫ਼ਤ-ਸਾਲਾਹ ਸੰਤ ਜਨਾਂ ਨੇ ਦੱਸੀ ਹੈ ਉਸ ਨੂੰ ਚੇਤੇ ਕਰਿਆ ਕਰ।

ਲਾਭੁ ਲੈਹੁ ਹਰਿ ਰਿਦੈ ਅਰਾਧਹੁ ਛੁਟਕੈ ਆਵਣ ਜਾਣੀ ॥੧॥

ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਓ, ਇਹ ਲਾਭ ਖੱਟੋ। (ਇਸ ਖੱਟੀ ਨਾਲ) ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ॥੧॥

ਉਦਮੁ ਸਕਤਿ ਸਿਆਣਪ ਤੁਮ੍ਰਰੀ ਦੇਹਿ ਤ ਨਾਮੁ ਵਖਾਣੀ ॥

ਹੇ ਪ੍ਰਭੂ! ਤੇਰਾ ਹੀ ਦਿੱਤਾ ਉੱਦਮ ਤੇਰੀ ਹੀ ਦਿੱਤੀ ਸ਼ਕਤੀ ਤੇ ਸਿਆਣਪ (ਅਸੀਂ ਜੀਵ ਵਰਤ ਸਕਦੇ ਹਾਂ), ਜੇ ਤੂੰ (ਉੱਦਮ ਸ਼ਕਤੀ ਸਿਆਣਪ) ਦੇਵੇਂ, ਤਾਂ ਹੀ ਮੈਂ ਨਾਮ ਜਪ ਸਕਦਾ ਹਾਂ।

ਸੇਈ ਭਗਤ ਭਗਤਿ ਸੇ ਲਾਗੇ ਨਾਨਕ ਜੋ ਪ੍ਰਭ ਭਾਣੀ ॥੨॥੫੬॥੭੯॥

ਹੇ ਨਾਨਕ! ਉਹੀ ਮਨੁੱਖ ਭਗਤ (ਬਣ ਸਕਦੇ ਹਨ) ਉਹੀ ਪਰਮਾਤਮਾ ਦੀ ਭਗਤੀ ਵਿਚ ਲੱਗ ਸਕਦੇ ਹਨ, ਜਿਹੜੇ ਪ੍ਰਭੂ ਨੂੰ ਪਸੰਦ ਆ ਜਾਂਦੇ ਹਨ ॥੨॥੫੬॥੭੯॥


ਸਾਰਗ ਮਹਲਾ ੫ ॥
ਧਨਵੰਤ ਨਾਮ ਕੇ ਵਣਜਾਰੇ ॥

ਅਸਲ ਧਨਾਢ ਮਨੁੱਖ ਉਹ ਹਨ ਜਿਹੜੇ ਪਰਮਾਤਮਾ ਦੇ ਨਾਮ ਦਾ ਵਣਜ ਕਰਦੇ ਹਨ।

ਸਾਂਝੀ ਕਰਹੁ ਨਾਮ ਧਨੁ ਖਾਟਹੁ ਗੁਰ ਕਾ ਸਬਦੁ ਵੀਚਾਰੇ ॥੧॥ ਰਹਾਉ ॥

ਉਹਨਾਂ ਨਾਲ ਸਾਂਝ ਬਣਾਓ, ਅਤੇ ਗੁਰੂ ਦਾ ਸ਼ਬਦ ਆਪਣੇ ਮਨ ਵਿਚ ਵਸਾ ਕੇ ਪਰਮਾਤਮਾ ਦਾ ਨਾਮ-ਧਨ ਖੱਟੋ ॥੧॥ ਰਹਾਉ ॥

ਛੋਡਹੁ ਕਪਟੁ ਹੋਇ ਨਿਰਵੈਰਾ ਸੋ ਪ੍ਰਭੁ ਸੰਗਿ ਨਿਹਾਰੇ ॥

(ਆਪਣੇ ਅੰਦਰੋਂ) ਨਿਰਵੈਰ ਹੋ ਕੇ (ਦੂਜਿਆਂ ਨਾਲ) ਠੱਗੀ ਕਰਨੀ ਛੱਡੋ, ਉਹ ਪਰਮਾਤਮਾ (ਤੁਹਾਡੇ) ਨਾਲ (ਵੱਸਦਾ ਹੋਇਆ, ਤੁਹਾਡੇ ਹਰੇਕ ਕੰਮ ਨੂੰ) ਵੇਖ ਰਿਹਾ ਹੈ।

ਸਚੁ ਧਨੁ ਵਣਜਹੁ ਸਚੁ ਧਨੁ ਸੰਚਹੁ ਕਬਹੂ ਨ ਆਵਹੁ ਹਾਰੇ ॥੧॥

ਸਦਾ ਕਾਇਮ ਰਹਿਣ ਵਾਲੇ ਧਨ ਦਾ ਵਣਜ ਕਰੋ, ਸਦਾ ਕਾਇਮ ਰਹਿਣ ਵਾਲਾ ਧਨ ਇਕੱਠਾ ਕਰੋ। ਕਦੇ ਭੀ ਜੀਵਨ-ਬਾਜ਼ੀ ਹਾਰ ਕੇ ਨਹੀਂ ਆਉਗੇ ॥੧॥

ਖਾਤ ਖਰਚਤ ਕਿਛੁ ਨਿਖੁਟਤ ਨਾਹੀ ਅਗਨਤ ਭਰੇ ਭੰਡਾਰੇ ॥

(ਪ੍ਰਭੂ ਦੇ ਦਰ ਤੇ ਨਾਮ-ਧਨ ਦੇ) ਅਣ-ਗਿਣਤ ਖ਼ਜ਼ਾਨੇ ਭਰੇ ਪਏ ਹਨ, ਇਸ ਨੂੰ ਆਪ ਵਰਤਦਿਆਂ ਹੋਰਨਾਂ ਨੂੰ ਵਰਤਾਂਦਿਆਂ ਕੋਈ ਘਾਟ ਨਹੀਂ ਪੈਂਦੀ।

ਕਹੁ ਨਾਨਕ ਸੋਭਾ ਸੰਗਿ ਜਾਵਹੁ ਪਾਰਬ੍ਰਹਮ ਕੈ ਦੁਆਰੇ ॥੨॥੫੭॥੮੦॥

ਨਾਨਕ ਆਖਦਾ ਹੈ- (ਨਾਮ-ਧਨ ਖੱਟ ਕੇ) ਪਰਮਾਤਮਾ ਦੇ ਦਰ ਤੇ ਇੱਜ਼ਤ ਨਾਲ ਜਾਉਗੇ ॥੨॥੫੭॥੮੦॥


ਸਾਰਗ ਮਹਲਾ ੫ ॥
ਪ੍ਰਭ ਜੀ ਮੋਹਿ ਕਵਨੁ ਅਨਾਥੁ ਬਿਚਾਰਾ ॥

ਹੇ ਪ੍ਰਭੂ ਜੀ! (ਤੇਰੀ ਮਿਹਰ ਤੋਂ ਬਿਨਾ) ਮੇਰੀ ਕੋਈ ਪਾਂਇਆਂ ਨਹੀਂ, ਮੈਂ ਤਾਂ ਵਿਚਾਰਾ ਅਨਾਥ ਹੀ ਹਾਂ।

ਕਵਨ ਮੂਲ ਤੇ ਮਾਨੁਖੁ ਕਰਿਆ ਇਹੁ ਪਰਤਾਪੁ ਤੁਹਾਰਾ ॥੧॥ ਰਹਾਉ ॥

ਕਿਸ ਮੁੱਢ ਤੋਂ (ਇਕ ਬੂੰਦ ਤੋਂ) ਤੂੰ ਮੈਨੂੰ ਮਨੁੱਖ ਬਣਾ ਦਿੱਤਾ, ਇਹ ਤੇਰਾ ਹੀ ਪਰਤਾਪ ਹੈ ॥੧॥ ਰਹਾਉ ॥

ਜੀਅ ਪ੍ਰਾਣ ਸਰਬ ਕੇ ਦਾਤੇ ਗੁਣ ਕਹੇ ਨ ਜਾਹਿ ਅਪਾਰਾ ॥

ਹੇ ਜਿੰਦ ਦੇਣ ਵਾਲੇ! ਹੇ ਪ੍ਰਾਣ ਦਾਤੇ! ਹੇ ਸਭ ਪਦਾਰਥ ਦੇਣ ਵਾਲੇ! ਤੇਰੇ ਗੁਣ ਬੇਅੰਤ ਹਨ, ਬਿਆਨ ਨਹੀਂ ਕੀਤੇ ਜਾ ਸਕਦੇ।

ਸਭ ਕੇ ਪ੍ਰੀਤਮ ਸ੍ਰਬ ਪ੍ਰਤਿਪਾਲਕ ਸਰਬ ਘਟਾਂ ਆਧਾਰਾ ॥੧॥

ਹੇ ਸਭ ਜੀਵਾਂ ਦੇ ਪਿਆਰੇ! ਹੇ ਸਭਨਾਂ ਦੇ ਪਾਲਣਹਾਰ! ਤੂੰ ਸਭ ਸਰੀਰਾਂ ਨੂੰ ਆਸਰਾ ਦੇਂਦਾ ਹੈਂ ॥੧॥

ਕੋਇ ਨ ਜਾਣੈ ਤੁਮਰੀ ਗਤਿ ਮਿਤਿ ਆਪਹਿ ਏਕ ਪਸਾਰਾ ॥

ਹੇ ਪ੍ਰਭੂ! ਤੂੰ ਕਿਹੋ ਜਿਹਾ ਹੈਂ ਅਤੇ ਕੇਡਾ ਵੱਡਾ ਹੈਂ-ਕੋਈ ਜੀਵ ਇਹ ਨਹੀਂ ਜਾਣ ਸਕਦਾ। ਤੂੰ ਆਪ ਇਸ ਜਗਤ-ਖਿਲਾਰੇ ਦਾ ਖਿਲਾਰਨ ਵਾਲਾ ਹੈਂ।

ਸਾਧ ਨਾਵ ਬੈਠਾਵਹੁ ਨਾਨਕ ਭਵ ਸਾਗਰੁ ਪਾਰਿ ਉਤਾਰਾ ॥੨॥੫੮॥੮੧॥

ਹੇ ਨਾਨਕ! ਮੈਨੂੰ ਸਾਧ ਸੰਗਤ ਦੀ ਬੇੜੀ ਵਿਚ ਬਿਠਾਲ ਅਤੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਹ ॥੨॥੫੮॥੮੧॥


ਸਾਰਗ ਮਹਲਾ ੫ ॥
ਆਵੈ ਰਾਮ ਸਰਣਿ ਵਡਭਾਗੀ ॥

ਕੋਈ ਵੱਡੇ ਭਾਗਾਂ ਵਾਲਾ ਮਨੁੱਖ ਹੀ ਪਰਮਾਤਮਾ ਦੀ ਸਰਨ ਆਉਂਦਾ ਹੈ।

ਏਕਸ ਬਿਨੁ ਕਿਛੁ ਹੋਰੁ ਨ ਜਾਣੈ ਅਵਰਿ ਉਪਾਵ ਤਿਆਗੀ ॥੧॥ ਰਹਾਉ ॥

ਇਕ ਪਰਮਾਤਮਾ ਦੀ ਸ਼ਰਨ ਤੋਂ ਬਿਨਾ ਉਹ ਮਨੁੱਖ ਕੋਈ ਹੋਰ ਹੀਲਾ ਨਹੀਂ ਜਾਣਦਾ। ਉਹ ਹੋਰ ਸਾਰੇ ਹੀਲੇ ਛੱਡ ਦੇਂਦਾ ਹੈ ॥੧॥ ਰਹਾਉ ॥

ਮਨ ਬਚ ਕ੍ਰਮ ਆਰਾਧੈ ਹਰਿ ਹਰਿ ਸਾਧਸੰਗਿ ਸੁਖੁ ਪਾਇਆ ॥

(ਪ੍ਰਭੂ ਦੀ ਸਰਨ ਆਉਣ ਵਾਲਾ ਮਨੁੱਖ) ਆਪਣੇ ਮਨ ਦੀ ਰਾਹੀਂ ਬਚਨ ਦੀ ਰਾਹੀਂ ਕੰਮ ਦੀ ਰਾਹੀਂ ਪਰਮਾਤਮਾ ਦਾ ਹੀ ਆਰਾਧਨ ਕਰਦਾ ਹੈ। ਉਹ ਗੁਰੂ ਦੀ ਸੰਗਤ ਵਿਚ ਟਿਕ ਕੇ ਆਤਮਕ ਆਨੰਦ ਮਾਣਦਾ ਹੈ।

ਅਨਦ ਬਿਨੋਦ ਅਕਥ ਕਥਾ ਰਸੁ ਸਾਚੈ ਸਹਜਿ ਸਮਾਇਆ ॥੧॥

(ਉਸ ਦੇ ਹਿਰਦੇ ਵਿਚ) ਆਤਮਕ ਆਨੰਦ ਤੇ ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ। ਉਹ ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸੁਆਦ (ਮਾਣਦਾ ਰਹਿੰਦਾ ਹੈ)। ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਅਤੇ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੧॥

ਕਰਿ ਕਿਰਪਾ ਜੋ ਅਪੁਨਾ ਕੀਨੋ ਤਾ ਕੀ ਊਤਮ ਬਾਣੀ ॥

(ਪ੍ਰਭੂ) ਮਿਹਰ ਕਰ ਕੇ ਜਿਸ ਮਨੁੱਖ ਨੂੰ ਆਪਣਾ (ਸੇਵਕ) ਬਣਾ ਲੈਂਦਾ ਹੈ, ਉਸ ਦੀ ਉੱਚੀ ਸੋਭਾ ਹੁੰਦੀ ਹੈ।

ਸਾਧਸੰਗਿ ਨਾਨਕ ਨਿਸਤਰੀਐ ਜੋ ਰਾਤੇ ਪ੍ਰਭ ਨਿਰਬਾਣੀ ॥੨॥੫੯॥੮੨॥

ਹੇ ਨਾਨਕ! ਜਿਹੜੇ ਸਾਧ ਜਨ ਨਿਰਲੇਪ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗੇ ਰਹਿੰਦੇ ਹਨ ਉਹਨਾਂ ਦੀ ਸੰਗਤ ਵਿਚ (ਰਿਹਾਂ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ ॥੨॥੫੯॥੮੨॥


ਸਾਰਗ ਮਹਲਾ ੫ ॥
ਜਾ ਤੇ ਸਾਧੂ ਸਰਣਿ ਗਹੀ ॥

ਜਦੋਂ ਤੋਂ (ਮੈਂ) ਗੁਰੂ ਦਾ ਪੱਲਾ ਫੜਿਆ ਹੈ,

ਸਾਂਤਿ ਸਹਜੁ ਮਨਿ ਭਇਓ ਪ੍ਰਗਾਸਾ ਬਿਰਥਾ ਕਛੁ ਨ ਰਹੀ ॥੧॥ ਰਹਾਉ ॥

(ਮੇਰੇ) ਮਨ ਵਿਚ ਸ਼ਾਂਤੀ ਅਤੇ ਆਤਮਕ ਅਡੋਲਤਾ ਪੈਦਾ ਹੋ ਗਈ ਹੈ, (ਮੇਰੇ) ਮਨ ਵਿਚ ਆਤਮਕ ਜੀਵਨ ਦਾ ਚਾਨਣ ਹੋ ਗਿਆ ਹੈ, (ਮੇਰੇ ਮਨ ਵਿਚ) ਕੋਈ ਦੁੱਖ-ਦਰਦ ਨਹੀਂ ਰਹਿ ਗਿਆ ॥੧॥ ਰਹਾਉ ॥

ਹੋਹੁ ਕ੍ਰਿਪਾਲ ਨਾਮੁ ਦੇਹੁ ਅਪੁਨਾ ਬਿਨਤੀ ਏਹ ਕਹੀ ॥

ਜਦੋਂ ਤੋਂ ਮੈਂ ਗੁਰੂ ਦਾ ਦਰ ਮੱਲਿਆ ਹੈ ਤਦੋਂ ਤੋਂ ਪ੍ਰਭੂ-ਦਰ ਤੇ) ਇਹੀ ਅਰਦਾਸ ਕਰਦਾ ਰਹਿੰਦਾ ਹਾਂ-‘ਹੇ ਪ੍ਰਭੂ! ਦਇਆਵਾਨ ਹੋ, ਮੈਨੂੰ ਆਪਣਾ ਨਾਮ ਬਖ਼ਸ਼’।

ਆਨ ਬਿਉਹਾਰ ਬਿਸਰੇ ਪ੍ਰਭ ਸਿਮਰਤ ਪਾਇਓ ਲਾਭੁ ਸਹੀ ॥੧॥

ਪ੍ਰਭੂ ਦਾ ਨਾਮ ਸਿਮਰਦਿਆਂ ਹੋਰ ਹੋਰ ਵਿਹਾਰਾਂ ਵਿਚ ਮੇਰਾ ਮਨ ਖਚਿਤ ਨਹੀਂ ਹੁੰਦਾ (ਹੋਰ ਹੋਰ ਵਿਹਾਰ ਮੈਨੂੰ ਭੁੱਲ ਗਏ ਹਨ)। ਮੈਂ ਅਸਲ ਖੱਟੀ ਖੱਟ ਲਈ ਹੈ ॥੧॥

ਜਹ ਤੇ ਉਪਜਿਓ ਤਹੀ ਸਮਾਨੋ ਸਾਈ ਬਸਤੁ ਅਹੀ ॥

ਜਿਸ ਪ੍ਰਭੂ ਤੋਂ ਇਹ ਜਿੰਦੜੀ ਪੈਦਾ ਹੋਈ ਸੀ ਉਸੇ ਵਿਚ ਟਿਕੀ ਰਹਿੰਦੀ ਹੈ, ਮੈਨੂੰ ਹੁਣ ਇਹ (ਨਾਮ-) ਵਸਤੂ ਹੀ ਚੰਗੀ ਲੱਗਦੀ ਹੈ।

ਕਹੁ ਨਾਨਕ ਭਰਮੁ ਗੁਰਿ ਖੋਇਓ ਜੋਤੀ ਜੋਤਿ ਸਮਹੀ ॥੨॥੬੦॥੮੩॥

ਨਾਨਕ ਆਖਦਾ ਹੈ- ਗੁਰੂ ਨੇ (ਮੇਰੇ ਮਨ ਦੀ) ਭਟਕਣਾ ਦੂਰ ਕਰ ਦਿੱਤੀ ਹੈ, ਮੇਰੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਰਹਿੰਦੀ ਹੈ ॥੨॥੬੦॥੮੩॥


ਸਾਰਗ ਮਹਲਾ ੫ ॥
ਰਸਨਾ ਰਾਮ ਕੋ ਜਸੁ ਗਾਉ ॥

(ਆਪਣੀ) ਜੀਭ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਗਾਇਆ ਕਰ।

ਆਨ ਸੁਆਦ ਬਿਸਾਰਿ ਸਗਲੇ ਭਲੋ ਨਾਮ ਸੁਆਉ ॥੧॥ ਰਹਾਉ ॥

(ਨਾਮ ਤੋਂ ਬਿਨਾ) ਹੋਰ ਸਾਰੇ ਸੁਆਦ ਭੁਲਾ ਦੇ, (ਪਰਮਾਤਮਾ ਦੇ) ਨਾਮ ਦਾ ਸੁਆਦ (ਸਭ ਸੁਆਦਾਂ ਨਾਲੋਂ) ਚੰਗਾ ਹੈ ॥੧॥ ਰਹਾਉ ॥

ਚਰਨ ਕਮਲ ਬਸਾਇ ਹਿਰਦੈ ਏਕ ਸਿਉ ਲਿਵ ਲਾਉ ॥

ਪਰਮਾਤਮਾ ਦੇ ਸੋਹਣੇ ਚਰਨ (ਆਪਣੇ) ਹਿਰਦੇ ਵਿਚ ਟਿਕਾਈ ਰੱਖ, ਸਿਰਫ਼ ਪਰਮਾਤਮਾ ਨਾਲ ਸੁਰਤ ਜੋੜੀ ਰੱਖ।

ਸਾਧਸੰਗਤਿ ਹੋਹਿ ਨਿਰਮਲੁ ਬਹੁੜਿ ਜੋਨਿ ਨ ਆਉ ॥੧॥

ਸਾਧ ਸੰਗਤ ਵਿਚ ਰਹਿ ਕੇ ਸੁੱਚੇ ਜੀਵਨ ਵਾਲਾ ਹੋ ਜਾਹਿਂਗਾ, ਮੁੜ ਮੁੜ ਜੂਨਾਂ ਵਿਚ ਨਹੀਂ ਆਵੇਂਗਾ ॥੧॥

ਜੀਉ ਪ੍ਰਾਨ ਅਧਾਰੁ ਤੇਰਾ ਤੂ ਨਿਥਾਵੇ ਥਾਉ ॥

ਹੇ ਹਰੀ! ਮੇਰੀ ਜਿੰਦ ਅਤੇ ਪ੍ਰਾਣਾਂ ਨੂੰ ਤੇਰਾ ਹੀ ਆਸਰਾ ਹੈ, ਜਿਸ ਦਾ ਹੋਰ ਕੋਈ ਸਹਾਰਾ ਨਾਹ ਹੋਵੇ, ਤੂੰ ਉਸ ਦਾ ਸਹਾਰਾ ਹੈਂ।

ਸਾਸਿ ਸਾਸਿ ਸਮ੍ਰਾਲਿ ਹਰਿ ਹਰਿ ਨਾਨਕ ਸਦ ਬਲਿ ਜਾਉ ॥੨॥੬੧॥੮੪॥

ਹੇ ਹਰੀ! ਮੈਂ ਤਾਂ ਆਪਣੇ ਹਰੇਕ ਸਾਹ ਦੇ ਨਾਲ ਤੈਨੂੰ ਯਾਦ ਕਰਦਾ ਹਾਂ, ਅਤੇ ਮੈਂ ਨਾਨਕ ਤੈਥੋਂ ਸਦਕੇ ਜਾਂਦਾ ਹਾਂ ॥੨॥੬੧॥੮੪॥


ਸਾਰਗ ਮਹਲਾ ੫ ॥
ਬੈਕੁੰਠ ਗੋਬਿੰਦ ਚਰਨ ਨਿਤ ਧਿਆਉ ॥

ਮੈਂ ਤਾਂ ਸਦਾ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਦਾ ਹਾਂ-(ਇਹ ਮੇਰੇ ਲਈ) ਬੈਕੁੰਠ ਹੈ।

ਮੁਕਤਿ ਪਦਾਰਥੁ ਸਾਧੂ ਸੰਗਤਿ ਅੰਮ੍ਰਿਤੁ ਹਰਿ ਕਾ ਨਾਉ ॥੧॥ ਰਹਾਉ ॥

ਗੁਰੂ ਦੀ ਸੰਗਤ ਵਿਚ ਟਿਕੇ ਰਹਿਣਾ-(ਮੇਰੇ ਵਾਸਤੇ ਚੌਹਾਂ ਪਦਾਰਥਾਂ ਵਿਚੋਂ ਸ੍ਰੇਸ਼ਟ) ਮੁਕਤੀ ਪਦਾਰਥ ਹੈ। ਪਰਮਾਤਮਾ ਦਾ ਨਾਮ ਹੀ (ਮੇਰੇ ਲਈ) ਆਤਮਕ ਜੀਵਨ ਦੇਣ ਵਾਲਾ ਜਲ ਹੈ ॥੧॥ ਰਹਾਉ ॥

ਊਤਮ ਕਥਾ ਸੁਣੀਜੈ ਸ੍ਰਵਣੀ ਮਇਆ ਕਰਹੁ ਭਗਵਾਨ ॥

ਹੇ ਭਗਵਾਨ! (ਮੇਰੇ ਉੱਤੇ) ਮਿਹਰ ਕਰ, (ਤਾ ਕਿ) ਤੇਰੀ ਉੱਤਮ ਸਿਫ਼ਤ-ਸਾਲਾਹ ਕੰਨਾਂ ਨਾਲ ਸੁਣੀ ਜਾ ਸਕੇ।

ਆਵਤ ਜਾਤ ਦੋਊ ਪਖ ਪੂਰਨ ਪਾਈਐ ਸੁਖ ਬਿਸ੍ਰਾਮ ॥੧॥

(ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਜੰਮਣਾ ਤੇ ਮਰਨਾ-ਇਹ ਦੋਵੇਂ ਪੱਖ ਮੁੱਕ ਜਾਂਦੇ ਹਨ। ਸੁਖਾਂ ਦੇ ਮੂਲ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ॥੧॥

ਸੋਧਤ ਸੋਧਤ ਤਤੁ ਬੀਚਾਰਿਓ ਭਗਤਿ ਸਰੇਸਟ ਪੂਰੀ ॥

ਵਿਚਾਰ ਕਰਦਿਆਂ ਕਰਦਿਆਂ ਇਹ ਅਸਲੀਅਤ ਲੱਭੀ ਹੈ ਕਿ ਪਰਮਾਤਮਾ ਦੀ ਭਗਤੀ ਹੀ ਪੂਰਨ ਤੌਰ ਤੇ ਹੀ ਚੰਗੀ (ਕ੍ਰਿਆ) ਹੈ।

ਕਹੁ ਨਾਨਕ ਇਕ ਰਾਮ ਨਾਮ ਬਿਨੁ ਅਵਰ ਸਗਲ ਬਿਧਿ ਊਰੀ ॥੨॥੬੨॥੮੫॥

ਨਾਨਕ ਆਖਦਾ ਹੈ- ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਹਰੇਕ (ਜੀਵਨ-) ਢੰਗ ਅਧੂਰਾ ਹੈ ॥੨॥੬੨॥੮੫॥


ਸਾਰਗ ਮਹਲਾ ੫ ॥
ਸਾਚੇ ਸਤਿਗੁਰੂ ਦਾਤਾਰਾ ॥

ਹੇ ਸਦਾ ਕਾਇਮ ਰਹਿਣ ਵਾਲੇ! ਹੇ ਸਤਿਗੁਰੂ! ਹੇ ਸਭ ਦਾਤਾਂ ਦੇਣ ਵਾਲੇ ਪ੍ਰਭੂ!

ਦਰਸਨੁ ਦੇਖਿ ਸਗਲ ਦੁਖ ਨਾਸਹਿ ਚਰਨ ਕਮਲ ਬਲਿਹਾਰਾ ॥੧॥ ਰਹਾਉ ॥

ਤੇਰਾ ਦਰਸਨ ਕਰ ਕੇ (ਜੀਵ ਦੇ) ਸਾਰੇ ਦੁੱਖ ਨਾਸ ਹੋ ਜਾਂਦੇ ਹਨ। ਮੈਂ ਤੇਰੇ ਸੋਹਣੇ ਚਰਨਾਂ ਤੋਂ ਸਦਕੇ ਜਾਂਦਾ ਹਾਂ ॥੧॥ ਰਹਾਉ ॥

ਸਤਿ ਪਰਮੇਸਰੁ ਸਤਿ ਸਾਧ ਜਨ ਨਿਹਚਲੁ ਹਰਿ ਕਾ ਨਾਉ ॥

ਪਰਮੇਸਰ ਸਦਾ ਕਾਇਮ ਰਹਿਣ ਵਾਲਾ ਹੈ, (ਉਸ ਦੇ) ਸੰਤ ਜਨ ਅਟੱਲ ਜੀਵਨ ਵਾਲੇ ਹੁੰਦੇ ਹਨ। ਪਰਮਾਤਮਾ ਦਾ ਨਾਮ ਅਟੱਲ ਰਹਿਣ ਵਾਲਾ ਹੈ।

ਭਗਤਿ ਭਾਵਨੀ ਪਾਰਬ੍ਰਹਮ ਕੀ ਅਬਿਨਾਸੀ ਗੁਣ ਗਾਉ ॥੧॥

(ਪੂਰੀ) ਸਰਧਾ ਨਾਲ ਉਸ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ, ਉਸ ਕਦੇ ਨਾਹ ਨਾਸ ਹੋਣ ਵਾਲੇ ਪ੍ਰਭੂ ਦੇ ਗੁਣ ਗਾਇਆ ਕਰੋ ॥੧॥

ਅਗਮੁ ਅਗੋਚਰੁ ਮਿਤਿ ਨਹੀ ਪਾਈਐ ਸਗਲ ਘਟਾ ਆਧਾਰੁ ॥

ਪਰਮਾਤਮਾ ਅਪਹੁੰਚ ਹੈ, ਉਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਉਹ ਕੇਡਾ ਵੱਡਾ ਹੈ-ਇਹ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਉਹ ਪਰਮਾਤਮਾ ਸਾਰੇ ਸਰੀਰਾਂ ਦਾ ਆਸਰਾ ਹੈ।

ਨਾਨਕ ਵਾਹੁ ਵਾਹੁ ਕਹੁ ਤਾ ਕਉ ਜਾ ਕਾ ਅੰਤੁ ਨ ਪਾਰੁ ॥੨॥੬੩॥੮੬॥

ਹੇ ਨਾਨਕ! ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰਿਆ ਕਰੋ, ਜਿਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੨॥੬੩॥੮੬॥

 

1
2
3
4
5

Raag-Sarang-Bani-Page-2