ਰਾਗ ਸਾਰੰਗ – ਬਾਣੀ ਸ਼ਬਦ-Raag Sarang – Bani
ਰਾਗ ਸਾਰੰਗ – ਬਾਣੀ ਸ਼ਬਦ-Raag Sarang – Bani
ਰਾਗੁ ਸਾਰਗ ਚਉਪਦੇ ਮਹਲਾ ੧ ਘਰੁ ੧ ॥
ਰਾਗ ਸਾਰਗ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਅਪੁਨੇ ਠਾਕੁਰ ਕੀ ਹਉ ਚੇਰੀ ॥
ਜਦੋਂ ਦੀ ਮੈਂ ਆਪਣੇ ਮਾਲਕ-ਪ੍ਰਭੂ ਦੀ ਦਾਸੀ ਬਣ ਗਈ ਹਾਂ,
ਚਰਨ ਗਹੇ ਜਗਜੀਵਨ ਪ੍ਰਭ ਕੇ ਹਉਮੈ ਮਾਰਿ ਨਿਬੇਰੀ ॥੧॥ ਰਹਾਉ ॥
ਜਦੋਂ ਦੇ ਮੈਂ ਜਗਤ ਦੇ ਜੀਵਨ ਪ੍ਰਭੂ ਦੇ ਚਰਨ ਫੜੇ ਹਨ, ਉਸ ਨੇ ਮੇਰੀ ਹਉਮੈ ਮਾਰ ਕੇ ਮੁਕਾ ਦਿੱਤੀ ਹੈ ॥੧॥ ਰਹਾਉ ॥
ਪੂਰਨ ਪਰਮ ਜੋਤਿ ਪਰਮੇਸਰ ਪ੍ਰੀਤਮ ਪ੍ਰਾਨ ਹਮਾਰੇ ॥
ਪਰਮੇਸਰ ਸਭ ਵਿਚ ਵਿਆਪਕ ਹੈ ਸਭ ਤੋਂ ਉੱਚਾ ਆਤਮਕ ਜੀਵਨ ਦਾ ਚਾਨਣ ਦੇਣ ਵਾਲਾ ਹੈ, ਮੇਰਾ ਪਿਆਰਾ ਹੈ ਅਤੇ ਮੇਰੀ ਜਿੰਦ (ਦਾ ਸਹਾਰਾ) ਹੈ-
ਮੋਹਨ ਮੋਹਿ ਲੀਆ ਮਨੁ ਮੇਰਾ ਸਮਝਸਿ ਸਬਦੁ ਬੀਚਾਰੇ ॥੧॥
ਜਦੋਂ ਦਾ ਮੋਹਨ-ਪ੍ਰਭੂ ਨੇ ਮੇਰਾ ਮਨ (ਆਪਣੇ ਪਿਆਰ ਵਿਚ) ਮੋਹ ਲਿਆ ਹੈ ਤਦੋਂ ਤੋਂ ਮੇਰਾ ਮਨ ਗੁਰੂ ਦਾ ਸ਼ਬਦ ਵਿਚਾਰ ਵਿਚਾਰ ਕੇ ਇਹ ਸਮਝ ਰਿਹਾ ਹੈ ॥੧॥
ਮਨਮੁਖ ਹੀਨ ਹੋਛੀ ਮਤਿ ਝੂਠੀ ਮਨਿ ਤਨਿ ਪੀਰ ਸਰੀਰੇ ॥
ਜਿਤਨਾ ਚਿਰ ਮੈਂ ਆਪਣੇ ਮਨ ਦੇ ਪਿੱਛੇ ਤੁਰਦਾ ਰਿਹਾ, ਮੈਂ ਕਮਜ਼ੋਰ ਰਿਹਾ (ਵਿਕਾਰ ਮੇਰੇ ਉਤੇ ਜ਼ੋਰ ਪਾਂਦੇ ਰਹੇ), ਮੇਰੀ ਅਕਲ ਥੋੜ੍ਹ-ਵਿੱਤੀ ਰਹੀ, ਝੂਠ ਵਿਚ ਹੀ ਲੱਗੀ ਰਹੀ (ਇਸ ਕਾਰਨ) ਮੇਰੇ ਮਨ ਵਿਚ ਮੇਰੇ ਸਰੀਰ ਵਿਚ ਦੁੱਖ-ਕਲੇਸ਼ ਉੱਠਦੇ ਰਹੇ।
ਜਬ ਕੀ ਰਾਮ ਰੰਗੀਲੈ ਰਾਤੀ ਰਾਮ ਜਪਤ ਮਨ ਧੀਰੇ ॥੨॥
ਪਰ ਜਦੋਂ ਤੋਂ ਮੈਂ ਰੰਗੀਲੇ ਰਾਮ (ਦੇ ਪਿਆਰ) ਵਿਚ ਰੰਗੀ ਗਈ ਹਾਂ, ਮੇਰਾ ਮਨ ਉਸ ਰਾਮ ਨੂੰ ਸਿਮਰ ਸਿਮਰ ਕੇ ਧੀਰਜ ਵਾਲਾ ਹੁੰਦਾ ਜਾ ਰਿਹਾ ਹੈ ॥੨॥
ਹਉਮੈ ਛੋਡਿ ਭਈ ਬੈਰਾਗਨਿ ਤਬ ਸਾਚੀ ਸੁਰਤਿ ਸਮਾਨੀ ॥
ਜਦੋਂ ਤੋਂ (ਠਾਕੁਰ-ਪ੍ਰਭੂ ਦੀ ਦਾਸੀ ਬਣ ਕੇ) ਮੈਂ ਹਉਮੈ ਤਿਆਗ ਕੇ ਮਾਇਆ-ਮੋਹ ਵਲੋਂ ਉਪਰਾਮ ਹੋ ਚੁਕੀ ਹਾਂ, ਤਦੋਂ ਤੋਂ ਮੇਰੀ ਸੁਰਤ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਯਾਦ ਵਿਚ ਲੀਨ ਰਹਿੰਦੀ ਹੈ;
ਅਕੁਲ ਨਿਰੰਜਨ ਸਿਉ ਮਨੁ ਮਾਨਿਆ ਬਿਸਰੀ ਲਾਜ ਲੁੋਕਾਨੀ ॥੩॥
ਮੇਰਾ ਮਨ ਉਸ ਪ੍ਰਭੂ ਦੀ ਯਾਦ ਵਿਚ ਗਿੱਝਿਆ ਰਹਿੰਦਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਅਤੇ ਜਿਸ ਦੀ ਕੋਈ ਖ਼ਾਸ ਕੁਲ ਨਹੀਂ ਹੈ। (ਮੈਨੂੰ ਹਉਮੈ ਨਹੀਂ ਰਹੀ, ਇਸ ਵਾਸਤੇ) ਮੈਂ ਲੋਕ-ਲਾਜ (ਭੀ) ਭੁਲਾ ਬੈਠੀ ਹਾਂ ॥੩॥
ਭੂਰ ਭਵਿਖ ਨਾਹੀ ਤੁਮ ਜੈਸੇ ਮੇਰੇ ਪ੍ਰੀਤਮ ਪ੍ਰਾਨ ਅਧਾਰਾ ॥
ਹੇ ਮੇਰੇ ਪ੍ਰੀਤਮ! ਹੇ ਮੇਰੀ ਜਿੰਦ ਦੇ ਆਸਰੇ ਪ੍ਰਭੂ! ਹੁਣ ਮੈਨੂੰ ਤੇਰੇ ਵਰਗਾ ਕੋਈ ਨਹੀਂ ਦਿੱਸਦਾ, ਨਾਹ ਪਿਛਲੇ ਬੀਤੇ ਸਮਿਆਂ ਵਿਚ, ਨਾਹ ਹੁਣ, ਅਤੇ ਨਾਹ ਹੀ ਆਉਣ ਵਾਲੇ ਸਮਿਆਂ ਵਿਚ।
ਹਰਿ ਕੈ ਨਾਮਿ ਰਤੀ ਸੋਹਾਗਨਿ ਨਾਨਕ ਰਾਮ ਭਤਾਰਾ ॥੪॥੧॥
ਹੇ ਨਾਨਕ! ਜਿਸ ਜੀਵ-ਇਸਤ੍ਰੀ ਨੇ ਪਰਮਾਤਮਾ ਨੂੰ ਆਪਣਾ ਖਸਮ ਮੰਨ ਲਿਆ ਹੈ, ਜੇਹੜੀ ਪ੍ਰਭੂ ਦੇ ਨਾਮ ਵਿਚ ਰੰਗੀ ਰਹਿੰਦੀ ਹੈ, ਉਹ ਚੰਗੇ ਭਾਗਾਂ ਵਾਲੀ ਬਣ ਜਾਂਦੀ ਹੈ ॥੪॥੧॥
ਸਾਰਗ ਮਹਲਾ ੧ ॥
ਹਰਿ ਬਿਨੁ ਕਿਉ ਰਹੀਐ ਦੁਖੁ ਬਿਆਪੈ ॥
ਪਰਮਾਤਮਾ ਦਾ ਸਿਮਰਨ ਕਰਨ ਤੋਂ ਬਿਨਾ ਮਨੁੱਖ ਸੁਖੀ ਜੀਵਨ ਨਹੀਂ ਜੀਊ ਸਕਦਾ, ਦੁੱਖ (ਸਦਾ ਇਸ ਦੇ ਮਨ ਉਤੇ) ਦਬਾਅ ਪਾਈ ਰੱਖਦਾ ਹੈ।
ਜਿਹਵਾ ਸਾਦੁ ਨ ਫੀਕੀ ਰਸ ਬਿਨੁ ਬਿਨੁ ਪ੍ਰਭ ਕਾਲੁ ਸੰਤਾਪੈ ॥੧॥ ਰਹਾਉ ॥
(ਸਿਮਰਨ ਤੋਂ ਬਿਨਾ ਮਨੁੱਖ ਦੀ) ਜੀਭ ਵਿਚ (ਬੋਲਣ ਦੀ) ਮਿਠਾਸ ਨਹੀਂ ਪੈਦਾ ਹੁੰਦੀ, ਮਿਠਾਸ ਤੋਂ ਬਿਨਾ ਹੋਣ ਕਰਕੇ ਸਦਾ ਖਰ੍ਹਵੇ ਬੋਲ ਬੋਲਦੀ ਹੈ। ਪ੍ਰਭੂ ਦੇ ਸਿਮਰਨ ਤੋਂ ਬਿਨਾ ਮੌਤ ਦਾ ਡਰ (ਭੀ) ਦੁਖੀ ਕਰਦਾ ਰਹਿੰਦਾ ਹੈ ॥੧॥ ਰਹਾਉ ॥
ਜਬ ਲਗੁ ਦਰਸੁ ਨ ਪਰਸੈ ਪ੍ਰੀਤਮ ਤਬ ਲਗੁ ਭੂਖ ਪਿਆਸੀ ॥
ਜਦੋਂ ਤਕ ਮਨੁੱਖ ਪ੍ਰੀਤਮ-ਪ੍ਰਭੂ ਦਾ ਦੀਦਾਰ ਨਹੀਂ ਕਰਦਾ, ਤਦ ਤਕ ਮਾਇਆ ਦੀ ਭੁੱਖ ਤ੍ਰੇਹ ਜ਼ੋਰ ਪਾਈ ਰੱਖਦੀ ਹੈ।
ਦਰਸਨੁ ਦੇਖਤ ਹੀ ਮਨੁ ਮਾਨਿਆ ਜਲ ਰਸਿ ਕਮਲ ਬਿਗਾਸੀ ॥੧॥
ਦੀਦਾਰ ਕਰਦਿਆਂ ਹੀ ਮਨ ਪ੍ਰਭੂ ਦੀ ਯਾਦ ਵਿਚ ਗਿੱਝ ਜਾਂਦਾ ਹੈ (ਤੇ ਇਉਂ ਖਿੜਦਾ ਹੈ, ਜਿਵੇਂ) ਕੌਲ ਫੁੱਲ ਜਲ ਦੇ ਆਨੰਦ ਵਿਚ ਖਿੜਦਾ ਹੈ ॥੧॥
ਊਨਵਿ ਘਨਹਰੁ ਗਰਜੈ ਬਰਸੈ ਕੋਕਿਲ ਮੋਰ ਬੈਰਾਗੈ ॥
ਜਦੋਂ ਬੱਦਲ ਝੁਕ ਝੁਕ ਕੇ ਗੱਜਦਾ ਹੈ ਤੇ ਵਰ੍ਹਦਾ ਹੈ ਤਦੋਂ ਕੋਇਲ, ਮੋਰ-
ਤਰਵਰ ਬਿਰਖ ਬਿਹੰਗ ਭੁਇਅੰਗਮ ਘਰਿ ਪਿਰੁ ਧਨ ਸੋਹਾਗੈ ॥੨॥
ਰੁੱਖ, ਬਲਦ, ਪੰਛੀ, ਸੱਪ (ਆਦਿਕ) ਹੁਲਾਰੇ ਵਿਚ ਆਉਂਦੇ ਹਨ, (ਇਸੇ ਤਰ੍ਹਾਂ ਜਿਸ ਜੀਵ-ਇਸਤ੍ਰੀ ਦੇ) ਹਿਰਦੇ-ਘਰ ਵਿਚ ਪਤੀ-ਪ੍ਰਭੂ ਆ ਵੱਸਦਾ ਹੈ ਉਹ ਜੀਵ-ਇਸਤ੍ਰੀ ਆਪਣੇ ਆਪ ਨੂੰ ਭਾਗਾਂ ਵਾਲੀ ਜਾਣਦੀ ਹੈ ॥੨॥
ਕੁਚਿਲ ਕੁਰੂਪਿ ਕੁਨਾਰਿ ਕੁਲਖਨੀ ਪਿਰ ਕਾ ਸਹਜੁ ਨ ਜਾਨਿਆ ॥
(ਪਰ ਜਿਸ ਜੀਵ-ਇਸਤ੍ਰੀ ਨੇ) ਪਤੀ-ਪ੍ਰਭੂ ਦੇ ਮਿਲਾਪ ਦਾ ਆਨੰਦ ਨਹੀਂ ਮਾਣਿਆ, ਉਹ ਗੰਦੀ ਰਹਤ-ਬਹਤ ਵਾਲੀ, ਕੋਝੇ ਰੂਪ ਵਾਲੀ, ਭੈੜੀ ਤੇ ਭੈੜੇ ਲੱਛਣਾਂ ਵਾਲੀ ਹੀ ਰਹਿੰਦੀ ਹੈ।
ਹਰਿ ਰਸ ਰੰਗਿ ਰਸਨ ਨਹੀ ਤ੍ਰਿਪਤੀ ਦੁਰਮਤਿ ਦੂਖ ਸਮਾਨਿਆ ॥੩॥
ਜਿਸ ਦੀ ਜੀਭ ਪ੍ਰਭੂ ਦੇ ਆਨੰਦ ਦੇ ਰੰਗ ਵਿਚ (ਰਚ ਕੇ) ਚਸਕਿਆਂ ਵਲੋਂ ਨਹੀਂ ਪਰਤੀ, ਉਹ ਜੀਵ-ਇਸਤ੍ਰੀ ਭੈੜੀ ਮੱਤੇ ਲੱਗਣ ਕਰਕੇ ਦੁੱਖਾਂ ਵਿਚ ਹੀ ਗ੍ਰਸੀ ਰਹਿੰਦੀ ਹੈ ॥੩॥
ਆਇ ਨ ਜਾਵੈ ਨਾ ਦੁਖੁ ਪਾਵੈ ਨਾ ਦੁਖ ਦਰਦੁ ਸਰੀਰੇ ॥
ਉਹ (ਜੀਵ-ਇਸਤ੍ਰੀ) ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦੀ, ਉਸ ਦੇ ਨਾਹ ਮਨ ਨੂੰ ਤੇ ਨਾਹ ਤਨ ਨੂੰ ਕੋਈ ਦੁਖ-ਕਲੇਸ਼ ਵਿਆਪਦਾ ਹੈ,
ਨਾਨਕ ਪ੍ਰਭ ਤੇ ਸਹਜ ਸੁਹੇਲੀ ਪ੍ਰਭ ਦੇਖਤ ਹੀ ਮਨੁ ਧੀਰੇ ॥੪॥੨॥
ਹੇ ਨਾਨਕ! ਪ੍ਰਭੂ ਦੇ ਮਿਲਾਪ ਤੋਂ ਅਡੋਲਤਾ ਦਾ ਆਨੰਦ ਮਾਣਨ ਵਾਲੀ ਜਿਸ ਜੀਵ-ਇਸਤ੍ਰੀ ਦਾ ਮਨ ਪ੍ਰਭੂ ਦਾ ਦੀਦਾਰ ਕਰ ਕੇ ਧੀਰਜਵਾਨ ਰਹਿੰਦਾ ਹੈ ॥੪॥੨॥
ਸਾਰਗ ਮਹਲਾ ੧ ॥
ਦੂਰਿ ਨਾਹੀ ਮੇਰੋ ਪ੍ਰਭੁ ਪਿਆਰਾ ॥
ਮੇਰਾ ਪਿਆਰਾ ਪ੍ਰਭੂ (ਮੈਥੋਂ) ਦੂਰ ਨਹੀਂ ਹੈ-
ਸਤਿਗੁਰ ਬਚਨਿ ਮੇਰੋ ਮਨੁ ਮਾਨਿਆ ਹਰਿ ਪਾਏ ਪ੍ਰਾਨ ਅਧਾਰਾ ॥੧॥ ਰਹਾਉ ॥
ਜਦੋਂ ਤੋਂ ਮੇਰਾ ਮਨ ਗੁਰੂ ਦੇ (ਇਸ) ਬਚਨ ਵਿਚ ਯਕੀਨ ਲੈ ਆਇਆ ਹੈ, ਤਦੋਂ ਤੋਂ (ਮੈਨੂੰ ਇਉਂ ਪ੍ਰਤੀਤ ਹੋ ਰਿਹਾ ਹੈ ਕਿ) ਮੈਂ ਆਪਣੀ ਜਿੰਦ ਦਾ ਸਹਾਰਾ-ਪ੍ਰਭੂ ਲੱਭ ਲਿਆ ਹੈ ॥੧॥ ਰਹਾਉ ॥
ਇਨ ਬਿਧਿ ਹਰਿ ਮਿਲੀਐ ਵਰ ਕਾਮਨਿ ਧਨ ਸੋਹਾਗੁ ਪਿਆਰੀ ॥
ਹੇ ਜੀਵ-ਇਸਤ੍ਰੀਏ! ਇਸ ਤਰੀਕੇ ਨਾਲ ਹੀ (ਭਾਵ, ਉਸ ਪ੍ਰਭੂ ਦੇ ਅੰਗ-ਸੰਗ ਹੋਣ ਤੇ ਯਕੀਨ ਕੀਤਿਆਂ ਹੀ) ਪਤੀ-ਪ੍ਰਭੂ ਮਿਲਦਾ ਹੈ, (ਜਿਸ ਨੂੰ ਮਿਲ ਪਿਆ ਹੈ) ਉਸ ਜੀਵ-ਇਸਤ੍ਰੀ ਦਾ ਚੰਗਾ ਭਾਗ ਜਾਗ ਪਿਆ ਹੈ, ਉਹ ਪਤੀ-ਪ੍ਰਭੂ ਦੀ ਪਿਆਰੀ ਹੋ ਗਈ ਹੈ।
ਜਾਤਿ ਬਰਨ ਕੁਲ ਸਹਸਾ ਚੂਕਾ ਗੁਰਮਤਿ ਸਬਦਿ ਬੀਚਾਰੀ ॥੧॥
ਗੁਰੂ ਦੀ ਮੱਤ ਲੈ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਉਹ ਜੀਵ-ਇਸਤ੍ਰੀ ਵਿਚਾਰਵਾਨ ਹੋ ਜਾਂਦੀ ਹੈ, ਜਾਤਿ ਵਰਨ ਕੁਲ (ਆਦਿਕ) ਬਾਰੇ ਉਸ ਦਾ ਭਰਮ ਦੂਰ ਹੋ ਜਾਂਦਾ ਹੈ ॥੧॥
ਜਿਸੁ ਮਨੁ ਮਾਨੈ ਅਭਿਮਾਨੁ ਨ ਤਾ ਕਉ ਹਿੰਸਾ ਲੋਭੁ ਵਿਸਾਰੇ ॥
ਜਿਸ ਦਾ ਮਨ (ਇਹ) ਮੰਨ ਜਾਂਦਾ ਹੈ (ਕਿ ਪ੍ਰਭੂ ਸਦਾ ਮੇਰੇ ਅੰਗ-ਸੰਗ ਹੈ) ਉਸ ਨੂੰ ਅਹੰਕਾਰ ਨਹੀਂ ਰਹਿੰਦਾ, ਉਹ ਨਿਰਦਇਤਾ ਤੇ ਲਾਲਚ ਨੂੰ (ਆਪਣੇ ਅੰਦਰੋਂ) ਭੁਲਾ ਦੇਂਦੀ ਹੈ,
ਸਹਜਿ ਰਵੈ ਵਰੁ ਕਾਮਣਿ ਪਿਰ ਕੀ ਗੁਰਮੁਖਿ ਰੰਗਿ ਸਵਾਰੇ ॥੨॥
ਪਤੀ-ਪ੍ਰਭੂ ਦੀ ਪਿਆਰੀ ਉਹ ਜੀਵ-ਇਸਤ੍ਰੀ ਅਡੋਲ ਅਵਸਥਾ ਵਿਚ ਟਿਕ ਕੇ ਪਤੀ-ਪ੍ਰਭੂ ਨੂੰ ਮਿਲੀ ਰਹਿੰਦੀ ਹੈ, ਗੁਰੂ ਦੀ ਸਰਨ ਪੈ ਕੇ ਪ੍ਰਭੂ ਦੇ ਪਿਆਰ ਵਿਚ ਉਹ ਆਪਣੇ ਆਪ ਨੂੰ ਸਵਾਰਦੀ ਹੈ ॥੨॥
ਜਾਰਉ ਐਸੀ ਪ੍ਰੀਤਿ ਕੁਟੰਬ ਸਨਬੰਧੀ ਮਾਇਆ ਮੋਹ ਪਸਾਰੀ ॥
ਮੈਂ ਪਰਵਾਰ ਤੇ ਸਨਬੰਧੀਆਂ ਦੇ ਐਸੇ ਮੋਹ-ਪਿਆਰ ਨੂੰ (ਆਪਣੇ ਅੰਦਰੋਂ) ਸਾੜ ਦਿਆਂ ਜੋ (ਮੇਰੇ ਅੰਦਰ) ਮਾਇਆ ਦੇ ਮੋਹ ਦਾ ਖਿਲਾਰਾ ਹੀ ਖਿਲਾਰਦਾ ਹੈ।
ਜਿਸੁ ਅੰਤਰਿ ਪ੍ਰੀਤਿ ਰਾਮ ਰਸੁ ਨਾਹੀ ਦੁਬਿਧਾ ਕਰਮ ਬਿਕਾਰੀ ॥੩॥
ਜਿਸ ਦੇ ਹਿਰਦੇ ਵਿਚ ਪ੍ਰਭੂ ਦਾ ਪਿਆਰ ਨਹੀਂ, ਪ੍ਰਭੂ-ਮਿਲਾਪ ਦਾ ਆਨੰਦ ਨਹੀਂ (ਉਪਜਦਾ), ਉਹ ਮੇਰ-ਤੇਰ ਅਤੇ (ਹੋਰ) ਵਿਕਾਰਾਂ ਦੇ ਕੰਮਾਂ ਵਿਚ ਹੀ ਪ੍ਰਵਿਰਤ ਰਹਿੰਦੀ ਹੈ ॥੩॥
ਅੰਤਰਿ ਰਤਨ ਪਦਾਰਥ ਹਿਤ ਕੌ ਦੁਰੈ ਨ ਲਾਲ ਪਿਆਰੀ ॥
ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਦਾ ਪਿਆਰ ਪੈਦਾ ਕਰਨ ਵਾਸਤੇ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਰਤਨ ਮੌਜੂਦ ਹਨ, ਪ੍ਰਭੂ ਦੀ ਉਹ ਪਿਆਰੀ ਜੀਵ-ਇਸਤ੍ਰੀ (ਜਗਤ ਵਿਚ) ਗੁੱਝੀ ਨਹੀਂ ਰਹਿੰਦੀ।
ਨਾਨਕ ਗੁਰਮੁਖਿ ਨਾਮੁ ਅਮੋਲਕੁ ਜੁਗਿ ਜੁਗਿ ਅੰਤਰਿ ਧਾਰੀ ॥੪॥੩॥
ਹੇ ਨਾਨਕ! ਹਰੇਕ ਜੁਗ ਵਿਚ ਹੀ (ਭਾਵ, ਸਦਾ ਤੋਂ ਹੀ ਅਜੇਹੀ ਜੀਵ-ਇਸਤ੍ਰੀ) ਗੁਰੂ ਦੀ ਸਰਨ ਪੈ ਕੇ ਆਪਣੇ ਹਿਰਦੇ ਵਿਚ ਪ੍ਰਭੂ ਦਾ ਅਮੋਲਕ ਨਾਮ ਧਾਰਦੀ ਚਲੀ ਆਈ ਹੈ (ਭਾਵ, ਜਗਤ ਦੇ ਆਰੰਭ ਤੋਂ ਹੀ ਇਹ ਮਰਯਾਦਾ ਚਲੀ ਆ ਰਹੀ ਹੈ ਕਿ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ ਪ੍ਰਭੂ-ਚਰਨਾਂ ਨਾਲ ਪਿਆਰ ਬਣਦਾ ਹੈ) ॥੪॥੩॥
ਸਾਰੰਗ ਮਹਲਾ ੪ ਘਰੁ ੧ ॥
ਰਾਗ ਸਾਰੰਗ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹਰਿ ਕੇ ਸੰਤ ਜਨਾ ਕੀ ਹਮ ਧੂਰਿ ॥
ਮੈਂ ਪਰਮਾਤਮਾ ਦੇ ਸੰਤ ਜਨਾਂ ਦੇ ਚਰਨਾਂ ਦੀ ਧੂੜ (ਹੋਇਆ ਰਹਿੰਦਾ ਹਾਂ)।
ਮਿਲਿ ਸਤਸੰਗਤਿ ਪਰਮ ਪਦੁ ਪਾਇਆ ਆਤਮ ਰਾਮੁ ਰਹਿਆ ਭਰਪੂਰਿ ॥੧॥ ਰਹਾਉ ॥
ਸੰਤ ਜਨਾਂ ਦੀ ਸੰਗਤ ਵਿਚ ਮਿਲ ਕੇ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਹੋ ਜਾਂਦਾ ਹੈ, ਅਤੇ ਪਰਮਾਤਮਾ ਸਭ ਥਾਈਂ ਵੱਸਦਾ ਦਿੱਸ ਪੈਂਦਾ ਹੈ ॥੧॥ ਰਹਾਉ ॥
ਸਤਿਗੁਰੁ ਸੰਤੁ ਮਿਲੈ ਸਾਂਤਿ ਪਾਈਐ ਕਿਲਵਿਖ ਦੁਖ ਕਾਟੇ ਸਭਿ ਦੂਰਿ ॥
ਜਦੋਂ ਗੁਰੂ ਸੰਤ ਮਿਲ ਪੈਂਦਾ ਹੈ, ਤਦੋਂ ਆਤਮਕ ਠੰਢ ਪ੍ਰਾਪਤ ਹੋ ਜਾਂਦੀ ਹੈ, ਗੁਰੂ (ਮਨੁੱਖ ਦੇ) ਸਾਰੇ ਪਾਪ ਸਾਰੇ ਦੁੱਖ ਕੱਟ ਕੇ ਦੂਰ ਕਰ ਦੇਂਦਾ ਹੈ।
ਆਤਮ ਜੋਤਿ ਭਈ ਪਰਫੂਲਿਤ ਪੁਰਖੁ ਨਿਰੰਜਨੁ ਦੇਖਿਆ ਹਜੂਰਿ ॥੧॥
(ਗੁਰੂ ਨੂੰ ਮਿਲਿਆਂ) ਜਿੰਦ ਖਿੜ ਪੈਂਦੀ ਹੈ, ਨਿਰਲੇਪ ਅਤੇ ਸਰਬ-ਵਿਆਪਕ ਪ੍ਰਭੂ ਅੰਗ-ਸੰਗ ਵੱਸਦਾ ਵੇਖ ਲਈਦਾ ਹੈ ॥੧॥
ਵਡੈ ਭਾਗਿ ਸਤਸੰਗਤਿ ਪਾਈ ਹਰਿ ਹਰਿ ਨਾਮੁ ਰਹਿਆ ਭਰਪੂਰਿ ॥
ਜਿਸ ਮਨੁੱਖ ਨੇ ਵੱਡੀ ਕਿਸਮਤ ਨਾਲ ਸਾਧ ਸੰਗਤ ਪ੍ਰਾਪਤ ਕਰ ਲਈ, ਉਸ ਨੇ ਸਭ ਥਾਂ ਭਰਪੂਰ ਪਰਮਾਤਮਾ ਦਾ ਨਾਮ (ਹਿਰਦੇ ਵਿਚ ਵਸਾ ਲਿਆ),
ਅਠਸਠਿ ਤੀਰਥ ਮਜਨੁ ਕੀਆ ਸਤਸੰਗਤਿ ਪਗ ਨਾਏ ਧੂਰਿ ॥੨॥
ਸਤ-ਸੰਗੀਆਂ ਦੇ ਚਰਨਾਂ ਦੀ ਧੂੜ ਵਿਚ ਨ੍ਹਾ ਕੇ ਉਸ ਨੇ (ਮਾਨੋ) ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ ॥੨॥
ਦੁਰਮਤਿ ਬਿਕਾਰ ਮਲੀਨ ਮਤਿ ਹੋਛੀ ਹਿਰਦਾ ਕੁਸੁਧੁ ਲਾਗਾ ਮੋਹ ਕੂਰੁ ॥
ਜਿਸ ਮਨੁੱਖ ਨੂੰ ਮਾਇਆ ਦਾ ਝੂਠਾ ਮੋਹ ਚੰਬੜਿਆ ਰਹਿੰਦਾ ਹੈ, ਉਸ ਦਾ ਹਿਰਦਾ (ਵਿਕਾਰਾਂ ਨਾਲ) ਗੰਦਾ (ਹੋਇਆ ਰਹਿੰਦਾ ਹੈ) ਉਸ ਦੀ ਮੱਤ ਵਿਕਾਰਾਂ ਨਾਲ ਖੋਟੀ ਮੈਲੀ ਅਤੇ ਹੋਛੀ ਹੋਈ ਰਹਿੰਦੀ ਹੈ।
ਬਿਨੁ ਕਰਮਾ ਕਿਉ ਸੰਗਤਿ ਪਾਈਐ ਹਉਮੈ ਬਿਆਪਿ ਰਹਿਆ ਮਨੁ ਝੂਰਿ ॥੩॥
ਪਰਮਾਤਮਾ ਦੀ ਮਿਹਰ ਤੋਂ ਬਿਨਾ ਸਾਧ ਸੰਗਤ ਦਾ ਮਿਲਾਪ ਹਾਸਲ ਨਹੀਂ ਹੁੰਦਾ, ਹਉਮੈ ਵਿਚ ਫਸਿਆ ਹੋਇਆ ਮਨੁੱਖ ਦਾ ਮਨ ਸਦਾ ਚਿੰਤਾ-ਫ਼ਿਕਰਾਂ ਵਿਚ ਟਿਕਿਆ ਰਹਿੰਦਾ ਹੈ ॥੩॥
ਹੋਹੁ ਦਇਆਲ ਕ੍ਰਿਪਾ ਕਰਿ ਹਰਿ ਜੀ ਮਾਗਉ ਸਤਸੰਗਤਿ ਪਗ ਧੂਰਿ ॥
ਹੇ ਪ੍ਰਭੂ ਜੀ! (ਮੇਰੇ ਉਤੇ) ਦਇਆਵਾਨ ਹੋ, ਮਿਹਰ ਕਰ। ਮੈਂ (ਤੇਰੇ ਦਰ ਤੋਂ) ਸਤ-ਸੰਗੀਆਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ।
ਨਾਨਕ ਸੰਤੁ ਮਿਲੈ ਹਰਿ ਪਾਈਐ ਜਨੁ ਹਰਿ ਭੇਟਿਆ ਰਾਮੁ ਹਜੂਰਿ ॥੪॥੧॥
ਹੇ ਨਾਨਕ! ਜਦੋਂ ਗੁਰੂ ਮਿਲ ਪੈਂਦਾ ਹੈ, ਤਦੋਂ ਪਰਮਾਤਮਾ ਮਿਲ ਪੈਂਦਾ ਹੈ। ਜਿਸ ਨੂੰ ਪਰਮਾਤਮਾ ਦਾ ਦਾਸ (ਗੁਰੂ) ਮਿਲਦਾ ਹੈ, ਉਸ ਨੂੰ ਪਰਮਾਤਮਾ ਅੰਗ-ਸੰਗ ਵੱਸਦਾ ਦਿੱਸਦਾ ਹੈ ॥੪॥੧॥
ਸਾਰੰਗ ਮਹਲਾ ੪ ॥
ਗੋਬਿੰਦ ਚਰਨਨ ਕਉ ਬਲਿਹਾਰੀ ॥
ਪਰਮਾਤਮਾ ਦੇ ਚਰਨਾਂ ਤੋਂ ਸਦਕੇ ਜਾਣਾ ਚਾਹੀਦਾ ਹੈ।
ਭਵਜਲੁ ਜਗਤੁ ਨ ਜਾਈ ਤਰਣਾ ਜਪਿ ਹਰਿ ਹਰਿ ਪਾਰਿ ਉਤਾਰੀ ॥੧॥ ਰਹਾਉ ॥
(ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ) ਜਗਤ (ਦੇ ਵਿਕਾਰਾਂ) ਤੋਂ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘਿਆ ਜਾ ਸਕਦਾ। (ਪਰਮਾਤਮਾ ਦਾ ਨਾਮ) ਜਪਿਆ ਕਰ, ਪਰਮਾਤਮਾ (ਵਿਕਾਰਾਂ-ਭਰੇ ਜਗਤ ਤੋਂ) ਪਾਰ ਲੰਘਾ ਦੇਂਦਾ ਹੈ ॥੧॥ ਰਹਾਉ ॥
ਹਿਰਦੈ ਪ੍ਰਤੀਤਿ ਬਨੀ ਪ੍ਰਭ ਕੇਰੀ ਸੇਵਾ ਸੁਰਤਿ ਬੀਚਾਰੀ ॥
(ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਵਾਸਤੇ ਸਰਧਾ ਬਣ ਜਾਂਦੀ ਹੈ, ਮਨੁੱਖ ਦੀ ਸੁਰਤ ਸੇਵਾ-ਭਗਤੀ ਵਿਚ ਜੁੜੀ ਰਹਿੰਦੀ ਹੈ।
ਅਨਦਿਨੁ ਰਾਮ ਨਾਮੁ ਜਪਿ ਹਿਰਦੈ ਸਰਬ ਕਲਾ ਗੁਣਕਾਰੀ ॥੧॥
ਸਾਰੀਆਂ ਤਾਕਤਾਂ ਦੇ ਮਾਲਕ ਸਾਰੇ ਗੁਣਾਂ ਦੇ ਮਾਲਕ ਪਰਮਾਤਮਾ ਦਾ ਨਾਮ ਹਰ ਵੇਲੇ ਹਿਰਦੇ ਵਿਚ ਜਪ ਕੇ ਪਰਮਾਤਮਾ ਦੇ ਗੁਣ ਮਨ ਵਿਚ ਆ ਵੱਸਦੇ ਹਨ ॥੧॥
ਪ੍ਰਭੁ ਅਗਮ ਅਗੋਚਰੁ ਰਵਿਆ ਸ੍ਰਬ ਠਾਈ ਮਨਿ ਤਨਿ ਅਲਖ ਅਪਾਰੀ ॥
(ਜਿਹੜਾ) ਪਰਮਾਤਮਾ (ਜੀਵਾਂ ਦੀ) ਪਹੁੰਚ ਤੋਂ ਪਰੇ ਹੈ (ਜੀਵਾਂ ਦੇ) ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, (ਜਿਹੜਾ) ਸਭਨੀਂ ਥਾਈਂ ਮੌਜੂਦ ਹੈ, ਸਭਨਾਂ ਦੇ ਮਨ ਵਿਚ ਤਨ ਵਿਚ ਵੱਸਦਾ ਹੈ, ਅਦ੍ਰਿਸ਼ਟ ਹੈ ਤੇ ਬੇਅੰਤ ਹੈ,
ਗੁਰ ਕਿਰਪਾਲ ਭਏ ਤਬ ਪਾਇਆ ਹਿਰਦੈ ਅਲਖੁ ਲਖਾਰੀ ॥੨॥
ਉਹ ਪਰਮਾਤਮਾ ਤਦੋਂ ਮਿਲ ਪੈਂਦਾ ਹੈ ਜਦੋਂ (ਮਨੁੱਖ ਉਤੇ) ਸਤਿਗੁਰੂ ਜੀ ਦਇਆਵਾਨ ਹੁੰਦੇ ਹਨ, ਤਦੋਂ ਮਨੁੱਖ ਉਸ ਅਦ੍ਰਿਸ਼ਟ ਪ੍ਰਭੂ ਨੂੰ ਆਪਣੇ ਹਿਰਦੇ ਵਿਚ (ਹੀ) ਵੇਖ ਲੈਂਦਾ ਹੈ ॥੨॥
ਅੰਤਰਿ ਹਰਿ ਨਾਮੁ ਸਰਬ ਧਰਣੀਧਰ ਸਾਕਤ ਕਉ ਦੂਰਿ ਭਇਆ ਅਹੰਕਾਰੀ ॥
ਧਰਤੀ ਦੇ ਆਸਰੇ ਪਰਮਾਤਮਾ ਦਾ ਨਾਮ ਸਭ ਜੀਵਾਂ ਦੇ ਅੰਦਰ ਮੌਜੂਦ ਹੈ, ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਅਹੰਕਾਰੀ ਮਨੁੱਖਾਂ ਨੂੰ ਉਹ ਕਿਤੇ ਦੂਰ ਵੱਸਦਾ ਜਾਪਦਾ ਹੈ।
ਤ੍ਰਿਸਨਾ ਜਲਤ ਨ ਕਬਹੂ ਬੂਝਹਿ ਜੂਐ ਬਾਜੀ ਹਾਰੀ ॥੩॥
ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿਚ ਸੜ ਰਹੇ ਉਹ ਮਨੁੱਖ ਕਦੇ (ਇਸ ਭੇਤ ਨੂੰ) ਨਹੀਂ ਸਮਝਦੇ, ਉਹਨਾਂ ਨੇ ਮਨੁੱਖਾ-ਜੀਵਨ ਦੀ ਬਾਜ਼ੀ ਹਾਰ ਦਿੱਤੀ ਹੁੰਦੀ ਹੈ (ਜਿਵੇਂ ਜੁਆਰੀਏ ਨੇ) ਜੂਏ ਵਿਚ (ਆਪਣੀ ਮਾਇਆ) ॥੩॥
ਊਠਤ ਬੈਠਤ ਹਰਿ ਗੁਨ ਗਾਵਹਿ ਗੁਰਿ ਕਿੰਚਤ ਕਿਰਪਾ ਧਾਰੀ ॥
ਜਿਨ੍ਹਾਂ ਮਨੁੱਖਾਂ ਉੱਤੇ ਗੁਰੂ ਨੇ ਥੋੜ੍ਹੀ ਜਿਤਨੀ ਭੀ ਮਿਹਰ ਕਰ ਦਿੱਤੀ, ਉਹ ਉਠਦੇ ਬੈਠਦੇ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ।
ਨਾਨਕ ਜਿਨ ਕਉ ਨਦਰਿ ਭਈ ਹੈ ਤਿਨ ਕੀ ਪੈਜ ਸਵਾਰੀ ॥੪॥੨॥
ਹੇ ਨਾਨਕ! ਜਿਨ੍ਹਾਂ ਉਤੇ ਗੁਰੂ ਪਰਮਾਤਮਾ ਦੀ ਮਿਹਰ ਦੀ ਨਿਗਾਹ ਹੋਈ, ਪਰਮਾਤਮਾ ਨੇ ਉਹਨਾਂ ਦੀ (ਲੋਕ ਪਰਲੋਕ ਵਿਚ) ਲਾਜ ਰੱਖ ਲਈ ॥੪॥੨॥
ਸਾਰਗ ਮਹਲਾ ੪ ॥
ਹਰਿ ਹਰਿ ਅੰਮ੍ਰਿਤ ਨਾਮੁ ਦੇਹੁ ਪਿਆਰੇ ॥
ਹੇ ਪਿਆਰੇ ਗੁਰੂ! ਮੈਨੂੰ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਬਖ਼ਸ਼।
ਜਿਨ ਊਪਰਿ ਗੁਰਮੁਖਿ ਮਨੁ ਮਾਨਿਆ ਤਿਨ ਕੇ ਕਾਜ ਸਵਾਰੇ ॥੧॥ ਰਹਾਉ ॥
ਜਿਨ੍ਹਾਂ ਮਨੁੱਖਾਂ ਉੱਤੇ ਗੁਰੂ ਦਾ ਮਨ ਪਤੀਜ ਜਾਂਦਾ ਹੈ, (ਗੁਰੂ) ਉਹਨਾਂ ਦੇ ਸਾਰੇ ਕੰਮ ਸਵਾਰ ਦੇਂਦਾ ਹੈ ॥੧॥ ਰਹਾਉ ॥
ਜੋ ਜਨ ਦੀਨ ਭਏ ਗੁਰ ਆਗੈ ਤਿਨ ਕੇ ਦੂਖ ਨਿਵਾਰੇ ॥
ਜਿਹੜੇ ਮਨੁੱਖ ਨਿਮਾਣੇ ਹੋ ਕੇ ਗੁਰੂ ਦੇ ਦਰ ਤੇ ਢਹਿ ਪੈਂਦੇ ਹਨ, (ਗੁਰੂ) ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦੇਂਦਾ ਹੈ।
ਅਨਦਿਨੁ ਭਗਤਿ ਕਰਹਿ ਗੁਰ ਆਗੈ ਗੁਰ ਕੈ ਸਬਦਿ ਸਵਾਰੇ ॥੧॥
ਉਹ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੇ ਰਹਿੰਦੇ ਹਨ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਉਹਨਾਂ ਦੇ ਜੀਵਨ) ਸੋਹਣੇ ਬਣ ਜਾਂਦੇ ਹਨ ॥੧॥
ਹਿਰਦੈ ਨਾਮੁ ਅੰਮ੍ਰਿਤ ਰਸੁ ਰਸਨਾ ਰਸੁ ਗਾਵਹਿ ਰਸੁ ਬੀਚਾਰੇ ॥
ਜਿਹੜੇ ਮਨੁੱਖ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਵਸਾਂਦੇ ਹਨ, ਜੀਭ ਨਾਲ ਉਸ ਨੂੰ ਸਲਾਹੁੰਦੇ ਹਨ, ਮਨ ਵਿਚ ਉਸ ਨਾਮ-ਰਸ ਨੂੰ ਵਿਚਾਰਦੇ ਹਨ,
ਗੁਰਪਰਸਾਦਿ ਅੰਮ੍ਰਿਤ ਰਸੁ ਚੀਨਿ੍ਆ ਓਇ ਪਾਵਹਿ ਮੋਖ ਦੁਆਰੇ ॥੨॥
ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਆਤਮਕ ਜੀਵਨ ਦੇਣ ਵਾਲੇ ਨਾਮ-ਰਸ ਨੂੰ (ਆਪਣੇ ਅੰਦਰ) ਪਛਾਣ ਲਿਆ, ਉਹ ਮਨੁੱਖ (ਵਿਕਾਰਾਂ ਤੋਂ) ਖ਼ਲਾਸੀ ਪਾਣ ਵਾਲਾ ਦਰਵਾਜ਼ਾ ਲੱਭ ਲੈਂਦੇ ਹਨ ॥੨॥
ਸਤਿਗੁਰੁ ਪੁਰਖੁ ਅਚਲੁ ਅਚਲਾ ਮਤਿ ਜਿਸੁ ਦ੍ਰਿੜਤਾ ਨਾਮੁ ਅਧਾਰੇ ॥
ਜਿਹੜਾ ਗੁਰੂ-ਪੁਰਖ ਅਡੋਲ-ਚਿੱਤ ਰਹਿਣ ਵਾਲਾ ਹੈ, ਜਿਸ ਦੀ ਮੱਤ (ਵਿਕਾਰਾਂ ਦੇ ਟਾਕਰੇ ਤੇ) ਸਦਾ ਅਹਿੱਲ ਰਹਿੰਦੀ ਹੈ, ਜਿਸ ਦੇ ਅੰਦਰ ਸਦਾ ਅਡੋਲਤਾ ਟਿਕੀ ਰਹਿੰਦੀ ਹੈ ਜਿਸ ਨੂੰ ਸਦਾ ਹਰਿ-ਨਾਮ ਦਾ ਸਹਾਰਾ ਹੈ,
ਤਿਸੁ ਆਗੈ ਜੀਉ ਦੇਵਉ ਅਪੁਨਾ ਹਉ ਸਤਿਗੁਰ ਕੈ ਬਲਿਹਾਰੇ ॥੩॥
ਉਸ ਗੁਰੂ ਦੇ ਅੱਗੇ ਮੈਂ ਆਪਣੀ ਜਿੰਦ ਭੇਟ ਕਰਦਾ ਹਾਂ, ਉਸ ਗੁਰੂ ਤੋਂ ਮੈਂ (ਸਦਾ) ਸਦਕੇ ਜਾਂਦਾ ਹਾਂ ॥੩॥
ਮਨਮੁਖ ਭ੍ਰਮਿ ਦੂਜੈ ਭਾਇ ਲਾਗੇ ਅੰਤਰਿ ਅਗਿਆਨ ਗੁਬਾਰੇ ॥
(ਗੁਰੂ ਵਾਲਾ ਪਾਸਾ ਛੱਡ ਕੇ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਵਾਲੀ ਦੌੜ-ਭੱਜ ਦੇ ਕਾਰਨ ਮਾਇਆ ਦੇ ਮੋਹ ਵਿਚ (ਹੀ) ਫਸੇ ਰਹਿੰਦੇ ਹਨ, ਉਹਨਾਂ ਦੇ ਅੰਦਰ ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਘੁੱਪ ਹਨੇਰਾ (ਬਣਿਆ ਰਹਿੰਦਾ ਹੈ)।
ਸਤਿਗੁਰੁ ਦਾਤਾ ਨਦਰਿ ਨ ਆਵੈ ਨਾ ਉਰਵਾਰਿ ਨ ਪਾਰੇ ॥੪॥
ਉਹਨਾਂ ਨੂੰ ਨਾਮ ਦੀ ਦਾਤ ਦੇਣ ਵਾਲਾ ਗੁਰੂ ਦਿੱਸਦਾ ਹੀ ਨਹੀਂ, ਉਹ ਮਨੁੱਖ (ਵਿਕਾਰਾਂ-ਭਰੇ ਸੰਸਾਰ-ਸਮੁੰਦਰ ਤੋਂ) ਨਾਹ ਉਰਲੇ ਪਾਸੇ ਨਾਹ ਪਾਰਲੇ ਪਾਸੇ (ਪਹੁੰਚ ਸਕਦੇ ਹਨ, ਸੰਸਾਰ-ਸਮੁੰਦਰ ਦੇ ਵਿਚ ਹੀ ਗੋਤੇ ਖਾਂਦੇ ਰਹਿੰਦੇ ਹਨ) ॥੪॥
ਸਰਬੇ ਘਟਿ ਘਟਿ ਰਵਿਆ ਸੁਆਮੀ ਸਰਬ ਕਲਾ ਕਲ ਧਾਰੇ ॥
ਜਿਹੜਾ ਪਰਮਾਤਮਾ ਸਭਨਾਂ ਵਿਚ ਵਿਆਪਕ ਹੈ, ਹਰੇਕ ਸਰੀਰ ਵਿਚ ਮੌਜੂਦ ਹੈ, ਸਾਰੀਆਂ ਤਾਕਤਾਂ ਦਾ ਮਾਲਕ ਹੈ, ਆਪਣੀ ਸੱਤਿਆ ਨਾਲ ਸ੍ਰਿਸ਼ਟੀ ਨੂੰ ਸਹਾਰਾ ਦੇ ਰਿਹਾ ਹੈ।
ਨਾਨਕੁ ਦਾਸਨਿ ਦਾਸੁ ਕਹਤ ਹੈ ਕਰਿ ਕਿਰਪਾ ਲੇਹੁ ਉਬਾਰੇ ॥੫॥੩॥
ਉਸ ਦੇ ਦਰ ਤੇ ਉਸ ਦੇ ਦਾਸਾਂ ਦਾ ਦਾਸ ਨਾਨਕ ਬੇਨਤੀ ਕਰਦਾ ਹੈ (ਤੇ ਆਖਦਾ ਹੈ ਕਿ ਹੇ ਪ੍ਰਭੂ!) ਮਿਹਰ ਕਰ ਕੇ ਮੈਨੂੰ (ਇਸ ਸੰਸਾਰ-ਸਮੁੰਦਰ ਤੋਂ) ਬਚਾਈ ਰੱਖ ॥੫॥੩॥
ਸਾਰਗ ਮਹਲਾ ੪ ॥
ਗੋਬਿਦ ਕੀ ਐਸੀ ਕਾਰ ਕਮਾਇ ॥
ਪਰਮਾਤਮਾ ਦੀ ਸੇਵਾ-ਭਗਤੀ ਦੀ ਕਾਰ ਇਸ ਤਰ੍ਹਾਂ ਕਰਿਆ ਕਰ,
ਜੋ ਕਿਛੁ ਕਰੇ ਸੁ ਸਤਿ ਕਰਿ ਮਾਨਹੁ ਗੁਰਮੁਖਿ ਨਾਮਿ ਰਹਹੁ ਲਿਵ ਲਾਇ ॥੧॥ ਰਹਾਉ ॥
ਕਿ ਜੋ ਕੁਝ ਪਰਮਾਤਮਾ ਕਰਦਾ ਹੈ ਉਸ ਨੂੰ ਠੀਕ ਮੰਨਿਆ ਕਰ, ਅਤੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜੀ ਰੱਖਿਆ ਕਰ ॥੧॥ ਰਹਾਉ ॥
ਗੋਬਿਦ ਪ੍ਰੀਤਿ ਲਗੀ ਅਤਿ ਮੀਠੀ ਅਵਰ ਵਿਸਰਿ ਸਭ ਜਾਇ ॥
(ਜਿਸ ਮਨੁੱਖ ਨੂੰ ਆਪਣੇ ਮਨ ਵਿਚ) ਪਰਮਾਤਮਾ ਦੀ ਪ੍ਰੀਤ ਬਹੁਤ ਮਿੱਠੀ ਲੱਗਦੀ ਹੈ, ਉਸ ਨੂੰ (ਦੁਨੀਆ ਵਾਲੀ) ਹੋਰ ਸਾਰੀ ਪ੍ਰੀਤ ਭੁੱਲ ਜਾਂਦੀ ਹੈ।
ਅਨਦਿਨੁ ਰਹਸੁ ਭਇਆ ਮਨੁ ਮਾਨਿਆ ਜੋਤੀ ਜੋਤਿ ਮਿਲਾਇ ॥੧॥
(ਉਸ ਦੇ ਅੰਦਰ) ਹਰ ਵੇਲੇ ਆਤਮਕ ਆਨੰਦ ਬਣਿਆ ਰਹਿੰਦਾ ਹੈ, ਉਸ ਦਾ ਮਨ (ਪ੍ਰਭੂ ਦੀ ਯਾਦ ਵਿਚ) ਗਿੱਝ ਜਾਂਦਾ ਹੈ, ਉਸ ਦੀ ਜਿੰਦ ਪਰਮਾਤਮਾ ਦੀ ਜੋਤਿ ਨਾਲ ਇਕ-ਮਿਕ ਹੋਈ ਰਹਿੰਦੀ ਹੈ ॥੧॥
ਜਬ ਗੁਣ ਗਾਇ ਤਬ ਹੀ ਮਨੁ ਤ੍ਰਿਪਤੈ ਸਾਂਤਿ ਵਸੈ ਮਨਿ ਆਇ ॥
ਜਦੋਂ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ, ਤਦੋਂ ਹੀ ਉਸ ਦਾ ਮਨ (ਮਾਇਆ ਦੀਆਂ ਭੁੱਖਾਂ ਵਲੋਂ) ਰੱਜ ਜਾਂਦਾ ਹੈ, ਉਸ ਦੇ ਮਨ ਵਿਚ ਸ਼ਾਂਤੀ ਆ ਵੱਸਦੀ ਹੈ।
ਗੁਰ ਕਿਰਪਾਲ ਭਏ ਤਬ ਪਾਇਆ ਹਰਿ ਚਰਣੀ ਚਿਤੁ ਲਾਇ ॥੨॥
ਸਤਿਗੁਰੂ ਜੀ ਜਦੋਂ ਉਸ ਉਤੇ ਦਇਆਵਾਨ ਹੁੰਦੇ ਹਨ, ਤਦੋਂ ਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜ ਕੇ ਪਰਮਾਤਮਾ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ ॥੨॥
ਮਤਿ ਪ੍ਰਗਾਸ ਭਈ ਹਰਿ ਧਿਆਇਆ ਗਿਆਨਿ ਤਤਿ ਲਿਵ ਲਾਇ ॥
ਆਤਮਕ ਜੀਵਨ ਦੀ ਸੂਝ ਦੀ ਰਾਹੀਂ ਜਿਸ ਮਨੁੱਖ ਨੇ ਜਗਤ ਦੇ ਮੂਲ-ਪ੍ਰਭੂ ਵਿਚ ਸੁਰਤ ਜੋੜ ਕੇ ਉਸ ਦਾ ਸਿਮਰਨ ਕੀਤਾ,
ਅੰਤਰਿ ਜੋਤਿ ਪ੍ਰਗਟੀ ਮਨੁ ਮਾਨਿਆ ਹਰਿ ਸਹਜਿ ਸਮਾਧਿ ਲਗਾਇ ॥੩॥
ਉਸ ਦੀ ਮੱਤ ਵਿਚ ਆਤਮਕ ਜੀਵਨ ਦਾ ਚਾਨਣ ਹੋ ਗਿਆ, ਉਸ ਦੇ ਅੰਦਰ ਪਰਮਾਤਮਾ ਦੀ ਜੋਤਿ ਪਰਗਟ ਹੋ ਗਈ, ਆਤਮਕ ਅਡੋਲਤਾ ਦੀ ਰਾਹੀਂ ਪਰਮਾਤਮਾ ਦੀ ਯਾਦ ਵਿਚ ਮਨ ਇਕਾਗ੍ਰ ਕਰ ਕੇ ਉਸ ਦਾ ਮਨ (ਉਸ ਯਾਦ ਵਿਚ) ਗਿੱਝ ਗਿਆ ॥੩॥
ਹਿਰਦੈ ਕਪਟੁ ਨਿਤ ਕਪਟੁ ਕਮਾਵਹਿ ਮੁਖਹੁ ਹਰਿ ਹਰਿ ਸੁਣਾਇ ॥
ਪਰ, (ਜਿਨ੍ਹਾਂ ਮਨੁੱਖਾਂ ਦੇ) ਹਿਰਦੇ ਵਿਚ ਠੱਗੀ ਵੱਸਦੀ ਹੈ, ਉਹ ਮਨੁੱਖ (ਨਿਰਾ) ਮੂੰਹੋਂ ਹਰਿ-ਨਾਮ ਸੁਣਾ ਸੁਣਾ ਕੇ (ਅੰਦਰੋਂ ਅੰਦਰ) ਠੱਗੀ ਦਾ ਵਿਹਾਰ ਕਰਦੇ ਰਹਿੰਦੇ ਹਨ।
ਅੰਤਰਿ ਲੋਭੁ ਮਹਾ ਗੁਬਾਰਾ ਤੁਹ ਕੂਟੈ ਦੁਖ ਖਾਇ ॥੪॥
(ਜਿਸ ਮਨੁੱਖ ਦੇ) ਹਿਰਦੇ ਵਿਚ (ਸਦਾ) ਲੋਭ ਵੱਸਦਾ ਹੈ, ਉਸ ਦੇ ਹਿਰਦੇ ਵਿਚ ਮਾਇਆ ਦੇ ਮੋਹ ਦਾ ਘੁੱਪ ਹਨੇਰਾ ਬਣਿਆ ਰਹਿੰਦਾ ਹੈ। ਉਹ ਮਨੁੱਖ ਇਉਂ ਹੈ ਜਿਵੇਂ ਉਹ ਦਾਣਿਆਂ ਤੋਂ ਸੱਖਣੇ ਨਿਰੇ ਤੋਹ ਹੀ ਕੁੱਟਦਾ ਰਹਿੰਦਾ ਹੈ ਅਤੇ ਤੋਹ ਕੁੱਟਣ ਦੀਆਂ ਖੇਚਲਾਂ ਹੀ ਸਹਾਰਦਾ ਹੈ ॥੪॥
ਜਬ ਸੁਪ੍ਰਸੰਨ ਭਏ ਪ੍ਰਭ ਮੇਰੇ ਗੁਰਮੁਖਿ ਪਰਚਾ ਲਾਇ ॥
ਜਦੋਂ ਮੇਰੇ ਪ੍ਰਭੂ ਜੀ (ਕਿਸੇ ਮਨੁੱਖ ਉੱਤੇ) ਬੜੇ ਪਰਸੰਨ ਹੁੰਦੇ ਹਨ, ਤਦੋਂ ਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਪ੍ਰਭੂ ਜੀ ਨਾਲ ਪਿਆਰ ਪਾਂਦਾ ਹੈ।
ਨਾਨਕ ਨਾਮ ਨਿਰੰਜਨੁ ਪਾਇਆ ਨਾਮੁ ਜਪਤ ਸੁਖੁ ਪਾਇ ॥੫॥੪॥
ਹੇ ਨਾਨਕ! ਤਦੋਂ ਉਹ ਮਾਇਆ ਦੇ ਮੋਹ ਤੋਂ ਨਿਰਲੇਪ ਕਰਨ ਵਾਲਾ ਹਰਿ-ਨਾਮ ਮਨ ਵਿਚ ਵਸਾਂਦਾ ਹੈ, ਅਤੇ ਨਾਮ ਜਪਦਿਆਂ ਆਤਮਕ ਆਨੰਦ ਮਾਣਦਾ ਹੈ ॥੫॥੪॥
ਸਾਰਗ ਮਹਲਾ ੪ ॥
ਮੇਰਾ ਮਨੁ ਰਾਮ ਨਾਮਿ ਮਨੁ ਮਾਨੀ ॥
(ਤਦੋਂ ਤੋਂ) ਮੇਰਾ ਮਨ ਪਰਮਾਤਮਾ ਦੇ ਨਾਮ ਵਿਚ ਗਿੱਝ ਗਿਆ ਹੈ,
ਮੇਰੈ ਹੀਅਰੈ ਸਤਿਗੁਰਿ ਪ੍ਰੀਤਿ ਲਗਾਈ ਮਨਿ ਹਰਿ ਹਰਿ ਕਥਾ ਸੁਖਾਨੀ ॥੧॥ ਰਹਾਉ ॥
(ਜਦੋਂ ਤੋਂ) ਗੁਰੂ ਨੇ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਪੈਦਾ ਕਰ ਦਿੱਤਾ ਹੈ, (ਤਦੋਂ ਤੋਂ) ਪਰਮਾਤਮਾ ਦੀ ਸਿਫ਼ਤ-ਸਾਲਾਹ ਮੇਰੇ ਮਨ ਵਿਚ ਪਿਆਰੀ ਲੱਗ ਰਹੀ ਹੈ ॥੧॥ ਰਹਾਉ ॥
ਦੀਨ ਦਇਆਲ ਹੋਵਹੁ ਜਨ ਊਪਰਿ ਜਨ ਦੇਵਹੁ ਅਕਥ ਕਹਾਨੀ ॥
ਹੇ ਪ੍ਰਭੂ ਜੀ! ਮੈਂ ਗਰੀਬ ਸੇਵਕ ਉੱਤੇ ਦਇਆਵਾਨ ਹੋਵੋ, ਮੈਨੂੰ ਦਾਸ ਨੂੰ ਕਦੇ ਨਾਹ ਮੁੱਕਣ ਵਾਲੀ ਆਪਣੀ ਸਿਫ਼ਤ-ਸਾਲਾਹ ਦੀ ਦਾਤ ਦੇਵੋ।
ਸੰਤ ਜਨਾ ਮਿਲਿ ਹਰਿ ਰਸੁ ਪਾਇਆ ਹਰਿ ਮਨਿ ਤਨਿ ਮੀਠ ਲਗਾਨੀ ॥੧॥
ਜਿਸ ਮਨੁੱਖ ਨੇ ਸੰਤ ਜਨਾਂ ਨੂੰ ਮਿਲ ਕੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ, ਉਸ ਦੇ ਮਨ ਵਿਚ ਉਸ ਦੇ ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਮਿੱਠੀ ਲੱਗਣ ਲੱਗ ਪੈਂਦੀ ਹੈ ॥੧॥
ਹਰਿ ਕੈ ਰੰਗਿ ਰਤੇ ਬੈਰਾਗੀ ਜਿਨ੍ਰ ਗੁਰਮਤਿ ਨਾਮੁ ਪਛਾਨੀ ॥
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮੱਤ ਉਤੇ ਤੁਰ ਕੇ ਪਰਮਾਤਮਾ ਦੇ ਨਾਮ ਨਾਲ ਸਾਂਝ ਪਾ ਲਈ, ਉਹ ਮਨੁੱਖ ਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗੇ ਜਾਂਦੇ ਹਨ, ਉਹ ਮਨੁੱਖ ਮਾਇਆ ਦੇ ਮੋਹ ਤੋਂ ਉਪਰਾਮ ਹੋ ਜਾਂਦੇ ਹਨ।
ਪੁਰਖੈ ਪੁਰਖੁ ਮਿਲਿਆ ਸੁਖੁ ਪਾਇਆ ਸਭ ਚੂਕੀ ਆਵਣ ਜਾਨੀ ॥੨॥
ਜਿਸ ਮਨੁੱਖ ਨੂੰ ਸਰਬ-ਵਿਆਪਕ ਪ੍ਰਭੂ ਮਿਲ ਪਿਆ, ਉਸ ਨੂੰ ਆਤਮਕ ਆਨੰਦ ਪ੍ਰਾਪਤ ਹੋ ਗਿਆ, ਉਸ ਦਾ ਜਨਮ ਮਰਨ ਦਾ ਸਾਰਾ ਗੇੜ ਮੁੱਕ ਗਿਆ ॥੨॥
ਨੈਣੀ ਬਿਰਹੁ ਦੇਖਾ ਪ੍ਰਭ ਸੁਆਮੀ ਰਸਨਾ ਨਾਮੁ ਵਖਾਨੀ ॥
ਹੇ ਪ੍ਰਭੂ! ਹੇ ਸੁਆਮੀ! ਮੇਰੇ ਅੰਦਰ ਤਾਂਘ ਹੈ ਕਿ ਅੱਖਾਂ ਨਾਲ ਮੈਂ ਤੇਰਾ ਦਰਸ਼ਨ ਕਰਦਾ ਰਹਾਂ, ਜੀਭ ਨਾਲ ਤੇਰਾ ਨਾਮ ਜਪਦਾ ਰਹਾਂ,
ਸ੍ਰਵਣੀ ਕੀਰਤਨੁ ਸੁਨਉ ਦਿਨੁ ਰਾਤੀ ਹਿਰਦੈ ਹਰਿ ਹਰਿ ਭਾਨੀ ॥੩॥
ਕੰਨਾਂ ਨਾਲ ਦਿਨ ਰਾਤ ਤੇਰੀ ਸਿਫ਼ਤ-ਸਾਲਾਹ ਸੁਣਦਾ ਰਹਾਂ, ਅਤੇ ਹਿਰਦੇ ਵਿਚ ਤੂੰ ਮੈਨੂੰ ਪਿਆਰਾ ਲੱਗਦਾ ਰਹੇਂ ॥੩॥
ਪੰਚ ਜਨਾ ਗੁਰਿ ਵਸਗਤਿ ਆਣੇ ਤਉ ਉਨਮਨਿ ਨਾਮਿ ਲਗਾਨੀ ॥
ਜਦੋਂ ਗੁਰੂ ਨੇ ਕਾਮਾਦਿਕ ਪੰਜਾਂ ਨੂੰ (ਕਿਸੇ ਵਡ-ਭਾਗੀ ਦੇ) ਵੱਸ ਵਿਚ ਕਰ ਦਿੱਤਾ, ਤਦੋਂ ਬਿਰਹੋਂ ਅਵਸਥਾ ਵਿਚ ਅੱਪੜ ਕੇ ਉਸ ਦੀ ਸੁਰਤ ਹਰਿ-ਨਾਮ ਵਿਚ ਜੁੜ ਜਾਂਦੀ ਹੈ।
ਜਨ ਨਾਨਕ ਹਰਿ ਕਿਰਪਾ ਧਾਰੀ ਹਰਿ ਰਾਮੈ ਨਾਮਿ ਸਮਾਨੀ ॥੪॥੫॥
ਦਾਸ ਨਾਨਕ ਆਖਦਾ ਹੈ- (ਹੇ ਭਾਈ!) ਜਿਸ ਮਨੁੱਖ ਉਤੇ ਪ੍ਰਭੂ ਨੇ ਮਿਹਰ ਕੀਤੀ, ਪ੍ਰਭੂ ਦੇ ਨਾਮ ਵਿਚ ਹੀ ਉਸ ਦੀ ਲੀਨਤਾ ਹੋ ਗਈ ॥੪॥੫॥
ਸਾਰਗ ਮਹਲਾ ੪ ॥
ਜਪਿ ਮਨ ਰਾਮ ਨਾਮੁ ਪੜ੍ਹੁ ਸਾਰੁ ॥
ਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਜਪਿਆ ਕਰ, ਪਰਮਾਤਮਾ ਦਾ ਨਾਮ ਪੜ੍ਹਿਆ ਕਰ, (ਇਹੀ) ਸ੍ਰੇਸ਼ਟ (ਕੰਮ ਹੈ)।
ਰਾਮ ਨਾਮ ਬਿਨੁ ਥਿਰੁ ਨਹੀ ਕੋਈ ਹੋਰੁ ਨਿਹਫਲ ਸਭੁ ਬਿਸਥਾਰੁ ॥੧॥ ਰਹਾਉ ॥
ਹੇ ਮਨ! ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ (ਇਥੇ) ਸਦਾ ਕਾਇਮ ਰਹਿਣ ਵਾਲਾ ਨਹੀਂ ਹੈ। ਹੋਰ ਸਾਰਾ ਖਿਲਾਰਾ ਐਸਾ ਹੈ ਜਿਸ ਤੋਂ (ਆਤਮਕ ਜੀਵਨ ਵਾਸਤੇ) ਕੋਈ ਫਲ ਨਹੀਂ ਮਿਲਦਾ ॥੧॥ ਰਹਾਉ ॥
ਕਿਆ ਲੀਜੈ ਕਿਆ ਤਜੀਐ ਬਉਰੇ ਜੋ ਦੀਸੈ ਸੋ ਛਾਰੁ ॥
ਹੇ ਕਮਲੇ ਮਨ! ਜੋ ਕੁਝ (ਜਗਤ ਵਿਚ) ਦਿੱਸ ਰਿਹਾ ਹੈ ਉਹ (ਸਭ) ਨਾਸਵੰਤ ਹੈ, ਇਸ ਵਿਚੋਂ ਨਾਹ ਕੁਝ ਆਪਣਾ ਬਣਾਇਆ ਜਾ ਸਕਦਾ ਹੈ ਨਾਹ ਛੱਡਿਆ ਜਾ ਸਕਦਾ ਹੈ।
ਜਿਸੁ ਬਿਖਿਆ ਕਉ ਤੁਮ੍ਰ ਅਪੁਨੀ ਕਰਿ ਜਾਨਹੁ ਸਾ ਛਾਡਿ ਜਾਹੁ ਸਿਰਿ ਭਾਰੁ ॥੧॥
ਹੇ ਕਮਲੇ! ਜਿਸ ਮਾਇਆ ਨੂੰ ਤੂੰ ਆਪਣੀ ਸਮਝੀ ਬੈਠਾ ਹੈਂ, ਉਹ ਤਾਂ ਛੱਡ ਜਾਹਿਂਗਾ, (ਉਸ ਦੀ ਖ਼ਾਤਰ ਕੀਤੇ ਪਾਪਾਂ ਦਾ) ਭਾਰ ਹੀ ਆਪਣੇ ਸਿਰ ਉੱਤੇ (ਲੈ ਜਾਹਿਂਗਾ) ॥੧॥
ਤਿਲੁ ਤਿਲੁ ਪਲੁ ਪਲੁ ਅਉਧ ਫੁਨਿ ਘਾਟੈ ਬੂਝਿ ਨ ਸਕੈ ਗਵਾਰੁ ॥</
>
ਰਤਾ ਰਤਾ ਕਰ ਕੇ ਪਲ ਪਲ ਕਰ ਕੇ ਉਮਰ ਘਟਦੀ ਜਾਂਦੀ ਹੈ, ਪਰ ਮੂਰਖ ਮਨੁੱਖ (ਇਹ ਗੱਲ) ਸਮਝ ਨਹੀਂ ਸਕਦਾ।
ਸੋ ਕਿਛੁ ਕਰੈ ਜਿ ਸਾਥਿ ਨ ਚਾਲੈ ਇਹੁ ਸਾਕਤ ਕਾ ਆਚਾਰੁ ॥੨॥
(ਮੂਰਖ) ਉਹੀ ਕੁਝ ਕਰਦਾ ਰਹਿੰਦਾ ਹੈ ਜੋ (ਅੰਤ ਵੇਲੇ) ਇਸ ਦੇ ਨਾਲ ਨਹੀਂ ਜਾਂਦਾ। ਪਰਮਾਤਮਾ ਨਾਲੋਂ ਟੁੱਟੇ ਮਨੁੱਖ ਦਾ ਸਦਾ ਇਹੀ ਕਰਤੱਬ ਰਹਿੰਦਾ ਹੈ ॥੨॥
ਸੰਤ ਜਨਾ ਕੈ ਸੰਗਿ ਮਿਲੁ ਬਉਰੇ ਤਉ ਪਾਵਹਿ ਮੋਖ ਦੁਆਰੁ ॥
ਹੇ ਕਮਲੇ! ਸੰਤ ਜਨਾਂ ਨਾਲ ਮਿਲ ਬੈਠਿਆ ਕਰ, ਤਦੋਂ ਹੀ ਤੂੰ (ਮਾਇਆ ਦੇ ਮੋਹ ਤੋਂ) ਖ਼ਲਾਸੀ ਦਾ ਦਰਵਾਜ਼ਾ ਲੱਭ ਸਕੇਂਗਾ।
ਬਿਨੁ ਸਤਸੰਗ ਸੁਖੁ ਕਿਨੈ ਨ ਪਾਇਆ ਜਾਇ ਪੂਛਹੁ ਬੇਦ ਬੀਚਾਰੁ ॥੩॥
ਬੇਸ਼ੱਕ ਵੇਦ (ਆਦਿਕ ਹੋਰ ਧਰਮ-ਪੁਸਤਕਾਂ) ਦਾ ਭੀ ਵਿਚਾਰ ਜਾ ਕੇ ਪੁੱਛ ਵੇਖੋ (ਸਭ ਇਹੀ ਦੱਸਣਗੇ ਕਿ) ਸਾਧ ਸੰਗਤ ਤੋਂ ਬਿਨਾ ਕਿਸੇ ਨੇ ਭੀ ਆਤਮਕ ਆਨੰਦ ਨਹੀਂ ਲੱਭਾ ॥੩॥
ਰਾਣਾ ਰਾਉ ਸਭੈ ਕੋਊ ਚਾਲੈ ਝੂਠੁ ਛੋਡਿ ਜਾਇ ਪਾਸਾਰੁ ॥
ਕੋਈ ਰਾਜਾ ਹੋਵੇ ਪਾਤਿਸ਼ਾਹ ਹੋਵੇ, ਹਰ ਕੋਈ (ਇਥੋਂ ਆਖ਼ਰ) ਤੁਰ ਪੈਂਦਾ ਹੈ, ਇਸ ਨਾਸਵੰਤ ਜਗਤ-ਖਿਲਾਰੇ ਨੂੰ ਛੱਡ ਜਾਂਦਾ ਹੈ।
ਨਾਨਕ ਸੰਤ ਸਦਾ ਥਿਰੁ ਨਿਹਚਲੁ ਜਿਨ ਰਾਮ ਨਾਮੁ ਆਧਾਰੁ ॥੪॥੬॥
ਹੇ ਨਾਨਕ! ਪਰਮਾਤਮਾ ਦਾ ਨਾਮ ਜਿਨ੍ਹਾਂ ਨੇ ਆਪਣੇ ਜੀਵਨ ਦਾ ਆਸਰਾ ਬਣਾਇਆ ਹੈ ਉਹ ਸੰਤ ਜਨ (ਇਸ ਮੋਹਨੀ ਮਾਇਆ ਦੇ ਪਸਾਰੇ ਵਿਚ) ਅਡੋਲ-ਚਿੱਤ ਰਹਿੰਦੇ ਹਨ ॥੪॥੬॥
ਸਾਰਗ ਮਹਲਾ ੪ ਘਰੁ ੩ ਦੁਪਦਾ ॥
ਰਾਗ ਸਾਰੰਗ, ਘਰ ੩ ਵਿੱਚ ਗੁਰੂ ਰਾਮਦਾਸ ਜੀ ਦੀ ਦੋ-ਬੰਦਾਂ ਵਾਲੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਕਾਹੇ ਪੂਤ ਝਗਰਤ ਹਉ ਸੰਗਿ ਬਾਪ ॥
ਹੇ ਪੁੱਤਰ! (ਦੁਨੀਆ ਦੇ ਧਨ ਦੀ ਖ਼ਾਤਰ) ਪਿਤਾ ਨਾਲ ਕਿਉਂ ਝਗੜਾ ਕਰਦੇ ਹੋ?
ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ ॥੧॥ ਰਹਾਉ ॥
ਹੇ ਪੁੱਤਰ! ਜਿਨ੍ਹਾਂ ਮਾਪਿਆਂ ਨੇ ਜੰਮਿਆ ਤੇ ਪਾਲਿਆ ਹੁੰਦਾ ਹੈ, ਉਹਨਾਂ ਨਾਲ (ਧਨ ਦੀ ਖ਼ਾਤਰ) ਝਗੜਾ ਕਰਨਾ ਮਾੜਾ ਕੰਮ ਹੈ ॥੧॥ ਰਹਾਉ ॥
ਜਿਸੁ ਧਨ ਕਾ ਤੁਮ ਗਰਬੁ ਕਰਤ ਹਉ ਸੋ ਧਨੁ ਕਿਸਹਿ ਨ ਆਪ ॥
ਹੇ ਪੁੱਤਰ! ਜਿਸ ਧਨ ਦਾ ਤੁਸੀਂ ਮਾਣ ਕਰਦੇ ਹੋ, ਉਹ ਧਨ (ਕਦੇ ਭੀ) ਕਿਸੇ ਦਾ ਆਪਣਾ ਨਹੀਂ ਬਣਿਆ।
ਖਿਨ ਮਹਿ ਛੋਡਿ ਜਾਇ ਬਿਖਿਆ ਰਸੁ ਤਉ ਲਾਗੈ ਪਛੁਤਾਪ ॥੧॥
ਹਰੇਕ ਮਨੁੱਖ ਮਾਇਆ ਦਾ ਚਸਕਾ (ਅੰਤ ਵੇਲੇ) ਇਕ ਖਿਨ ਵਿਚ ਹੀ ਛੱਡ ਜਾਂਦਾ ਹੈ (ਜਦੋਂ ਛੱਡਦਾ ਹੈ) ਤਦੋਂ ਉਸ ਨੂੰ (ਛੱਡਣ ਦਾ) ਹਾਹੁਕਾ ਲੱਗਦਾ ਹੈ ॥੧॥
ਜੋ ਤੁਮਰੇ ਪ੍ਰਭ ਹੋਤੇ ਸੁਆਮੀ ਹਰਿ ਤਿਨ ਕੇ ਜਾਪਹੁ ਜਾਪ ॥
ਹੇ ਪੁੱਤਰ! ਜਿਹੜੇ ਪ੍ਰਭੂ ਜੀ ਤੁਹਾਡੇ (ਸਾਡੇ ਸਭਨਾਂ ਦੇ) ਮਾਲਕ ਹਨ, ਉਹਨਾਂ ਦੇ ਨਾਮ ਦਾ ਜਾਪ ਜਪਿਆ ਕਰੋ।
ਉਪਦੇਸੁ ਕਰਤ ਨਾਨਕ ਜਨ ਤੁਮ ਕਉ ਜਉ ਸੁਨਹੁ ਤਉ ਜਾਇ ਸੰਤਾਪ ॥੨॥੧॥੭॥
ਹੇ ਨਾਨਕ! (ਆਖ-ਹੇ ਪੁੱਤਰ!) ਪ੍ਰਭੂ ਦੇ ਦਾਸ ਜਿਹੜਾ ਉਪਦੇਸ਼ ਤੁਹਾਨੂੰ ਕਰਦੇ ਹਨ ਜੇ ਤੁਸੀਂ ਉਹ ਉਪਦੇਸ਼ (ਧਿਆਨ ਨਾਲ) ਸੁਣੋ ਤਾਂ (ਤੁਹਾਡੇ ਅੰਦਰੋਂ) ਮਾਨਸਕ ਦੁੱਖ-ਕਲੇਸ਼ ਦੂਰ ਹੋ ਜਾਏ ॥੨॥੧॥੭॥
ਸਾਰਗ ਮਹਲਾ ੪ ਘਰੁ ੫ ਦੁਪਦੇ ਪੜਤਾਲ ॥
ਰਾਗ ਸਾਰੰਗ, ਘਰ ੫ ਵਿੱਚ ਗੁਰੂ ਰਾਮਦਾਸ ਜੀ ਦੀ ਦੋ-ਬੰਦਾਂ ਵਾਲੀ ਬਾਣੀ ‘ਪੜਤਾਲ’।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜਪਿ ਮਨ ਜਗੰਨਾਥ ਜਗਦੀਸਰੋ ਜਗਜੀਵਨੋ ਮਨਮੋਹਨ ਸਿਉ ਪ੍ਰੀਤਿ ਲਾਗੀ ਮੈ ਹਰਿ ਹਰਿ ਹਰਿ ਟੇਕ ਸਭ ਦਿਨਸੁ ਸਭ ਰਾਤਿ ॥੧॥ ਰਹਾਉ ॥
ਹੇ (ਮੇਰੇ) ਮਨ! ਜਗਤ ਦੇ ਮਾਲਕ ਪਰਮਾਤਮਾ ਦਾ ਨਾਮ ਜਪਿਆ ਕਰ (ਉਸ ਦਾ ਨਾਮ ਜਪਿਆਂ ਉਸ) ਮਨ ਦੇ ਮੋਹਣ ਵਾਲੇ ਪਰਮਾਤਮਾ ਨਾਲ ਪਿਆਰ ਬਣ ਜਾਂਦਾ ਹੈ। ਮੈਨੂੰ ਤਾਂ ਸਾਰਾ ਦਿਨ ਸਾਰੀ ਰਾਤ ਉਸੇ ਪਰਮਾਤਮਾ ਦਾ ਹੀ ਸਹਾਰਾ ਹੈ ॥੧॥ ਰਹਾਉ ॥
ਹਰਿ ਕੀ ਉਪਮਾ ਅਨਿਕ ਅਨਿਕ ਅਨਿਕ ਗੁਨ ਗਾਵਤ ਸੁਕ ਨਾਰਦ ਬ੍ਰਹਮਾਦਿਕ ਤਵ ਗੁਨ ਸੁਆਮੀ ਗਨਿਨ ਨ ਜਾਤਿ ॥
ਪਰਮਾਤਮਾ ਦੀਆਂ ਅਨੇਕਾਂ ਵਡਿਆਈਆਂ ਹਨ। ਹੇ ਸੁਆਮੀ ਪ੍ਰਭੂ! ਸੁਕਦੇਵ ਨਾਰਦ ਬ੍ਰਹਮਾ ਆਦਿਕ ਦੇਵਤੇ ਤੇਰੇ ਗੁਣ ਗਾਂਦੇ ਰਹਿੰਦੇ ਹਨ, ਤੇਰੇ ਗੁਣ ਗਿਣੇ ਨਹੀਂ ਜਾ ਸਕਦੇ।
ਤੂ ਹਰਿ ਬੇਅੰਤੁ ਤੂ ਹਰਿ ਬੇਅੰਤੁ ਤੂ ਹਰਿ ਸੁਆਮੀ ਤੂ ਆਪੇ ਹੀ ਜਾਨਹਿ ਆਪਨੀ ਭਾਂਤਿ ॥੧॥
ਹੇ ਹਰੀ! ਹੇ ਸੁਆਮੀ! ਤੂੰ ਬੇਅੰਤ ਹੈਂ, ਤੂੰ ਬੇਅੰਤ ਹੈਂ, ਆਪਣੀ ਅਵਸਥਾ ਤੂੰ ਆਪ ਹੀ ਜਾਣਦਾ ਹੈਂ ॥੧॥
ਹਰਿ ਕੈ ਨਿਕਟਿ ਨਿਕਟਿ ਹਰਿ ਨਿਕਟ ਹੀ ਬਸਤੇ ਤੇ ਹਰਿ ਕੇ ਜਨ ਸਾਧੂ ਹਰਿ ਭਗਾਤ ॥
ਜਿਹੜੇ ਮਨੁੱਖ ਪਰਮਾਤਮਾ ਦੇ ਨੇੜੇ ਸਦਾ ਪਰਮਾਤਮਾ ਦੇ ਨੇੜੇ ਵੱਸਦੇ ਹਨ, ਉਹ ਮਨੁੱਖ ਪਰਮਾਤਮਾ ਦੇ ਸਾਧੂ ਜਨ ਹਨ ਪਰਮਾਤਮਾ ਦੇ ਭਗਤ ਹਨ।
ਤੇ ਹਰਿ ਕੇ ਜਨ ਹਰਿ ਸਿਉ ਰਲਿ ਮਿਲੇ ਜੈਸੇ ਜਨ ਨਾਨਕ ਸਲਲੈ ਸਲਲ ਮਿਲਾਤਿ ॥੨॥੧॥੮॥
ਹੇ ਦਾਸ ਨਾਨਕ! ਪਰਮਾਤਮਾ ਦੇ ਉਹ ਸੇਵਕ ਪਰਮਾਤਮਾ ਨਾਲ ਇਕ-ਮਿਕ ਹੋ ਜਾਂਦੇ ਹਨ, ਜਿਵੇਂ ਪਾਣੀ ਪਾਣੀ ਵਿਚ ਮਿਲ ਜਾਂਦਾ ਹੈ ॥੨॥੧॥੮॥
ਸਾਰੰਗ ਮਹਲਾ ੪ ॥
ਜਪਿ ਮਨ ਨਰਹਰੇ ਨਰਹਰ ਸੁਆਮੀ ਹਰਿ ਸਗਲ ਦੇਵ ਦੇਵਾ ਸ੍ਰੀ ਰਾਮ ਰਾਮ ਨਾਮਾ ਹਰਿ ਪ੍ਰੀਤਮੁ ਮੋਰਾ ॥੧॥ ਰਹਾਉ ॥
ਹੇ (ਮੇਰੇ) ਮਨ! (ਸਭ ਦੇ) ਮਾਲਕ ਨਰਹਰ-ਪ੍ਰਭੂ ਦਾ ਨਾਮ ਜਪਿਆ ਕਰ, ਸਰਬ-ਵਿਆਪਕ ਰਾਮ ਦਾ ਨਾਮ ਜਪਿਆ ਕਰ, ਉਹ ਹਰੀ ਸਾਰੇ ਦੇਵਤਿਆਂ ਦਾ ਦੇਵਤਾ ਹੈ, ਉਹੀ ਹਰੀ ਮੇਰਾ ਪ੍ਰੀਤਮ ਹੈ ॥੧॥ ਰਹਾਉ ॥
ਜਿਤੁ ਗ੍ਰਿਹਿ ਗੁਨ ਗਾਵਤੇ ਹਰਿ ਕੇ ਗੁਨ ਗਾਵਤੇ ਰਾਮ ਗੁਨ ਗਾਵਤੇ ਤਿਤੁ ਗ੍ਰਿਹਿ ਵਾਜੇ ਪੰਚ ਸਬਦ ਵਡ ਭਾਗ ਮਥੋਰਾ ॥
ਹੇ (ਮੇਰੇ) ਮਨ! ਜਿਸ (ਹਿਰਦੇ-) ਘਰ ਵਿਚ ਪਰਮਾਤਮਾ ਦੇ ਗੁਣ ਗਾਏ ਜਾਂਦੇ ਹਨ, ਹਰੀ ਦੇ ਗੁਣ ਗਾਏ ਜਾਂਦੇ ਹਨ, ਰਾਮ ਦੇ ਗੁਣ ਗਾਏ ਜਾਂਦੇ ਹਨ, ਉਸ (ਹਿਰਦੇ-) ਘਰ ਵਿਚ (ਮਾਨੋ) ਪੰਜ ਹੀ ਕਿਸਮਾਂ ਦੇ ਸਾਜ ਵੱਜ ਰਹੇ ਹਨ ਤੇ ਆਨੰਦ ਬਣਿਆ ਹੋਇਆ ਹੈ। (ਪਰ ਇਹ ਅਵਸਥਾ ਉਹਨਾਂ ਮਨੁੱਖਾਂ ਦੇ ਅੰਦਰ ਹੀ ਬਣਦੀ ਹੈ ਜਿਨ੍ਹਾਂ ਦੇ) ਮੱਥੇ ਦੇ ਵੱਡੇ ਭਾਗ ਜਾਗਦੇ ਹਨ।
ਤਿਨ੍ਰ ਜਨ ਕੇ ਸਭਿ ਪਾਪ ਗਏ ਸਭਿ ਦੋਖ ਗਏ ਸਭਿ ਰੋਗ ਗਏ ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਗਏ ਤਿਨ੍ਰ ਜਨ ਕੇ ਹਰਿ ਮਾਰਿ ਕਢੇ ਪੰਚ ਚੋਰਾ ॥੧॥
ਹੇ ਮਨ! ਉਹਨਾਂ ਮਨੁੱਖਾਂ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ, ਸਾਰੇ ਵਿਕਾਰ ਦੂਰ ਹੋ ਜਾਂਦੇ ਹਨ, ਸਾਰੇ ਰੋਗ ਦੂਰ ਹੋ ਜਾਂਦੇ ਹਨ, (ਉਹਨਾਂ ਦੇ ਅੰਦਰੋਂ) ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨਾਸ ਹੋ ਜਾਂਦੇ ਹਨ। ਪਰਮਾਤਮਾ ਉਹਨਾਂ ਦੇ ਅੰਦਰੋਂ (ਆਤਮਕ ਜੀਵਨ ਦਾ ਸਰਮਾਇਆ ਚੁਰਾਣ ਵਾਲੇ ਇਹਨਾਂ) ਪੰਜਾਂ ਚੋਰਾਂ ਨੂੰ ਮਾਰ ਕੇ ਕੱਢ ਦੇਂਦਾ ਹੈ ॥੧॥
ਹਰਿ ਰਾਮ ਬੋਲਹੁ ਹਰਿ ਸਾਧੂ ਹਰਿ ਕੇ ਜਨ ਸਾਧੂ ਜਗਦੀਸੁ ਜਪਹੁ ਮਨਿ ਬਚਨਿ ਕਰਮਿ ਹਰਿ ਹਰਿ ਆਰਾਧੂ ਹਰਿ ਕੇ ਜਨ ਸਾਧੂ ॥
ਹੇ ਸੰਤ ਜਨੋ! ਪਰਮਾਤਮਾ ਹਰੀ ਦਾ ਨਾਮ ਉਚਾਰਿਆ ਕਰੋ। ਹੇ ਹਰੀ ਦੇ ਸੰਤ ਜਨੋ! ਜਗਤ ਦੇ ਮਾਲਕ-ਪ੍ਰਭੂ ਦਾ ਨਾਮ ਜਪਿਆ ਕਰੋ। ਹੇ ਹਰੀ ਦੇ ਸਾਧ ਜਨੋ! ਆਪਣੇ ਮਨ ਦੀ ਰਾਹੀਂ (ਹਰੇਕ) ਬਚਨ ਦੀ ਰਾਹੀਂ (ਹਰੇਕ) ਕਰਮ ਦੀ ਰਾਹੀਂ ਪ੍ਰਭੂ ਦਾ ਆਰਾਧਨ ਕਰਿਆ ਕਰੋ।
ਹਰਿ ਰਾਮ ਬੋਲਿ ਹਰਿ ਰਾਮ ਬੋਲਿ ਸਭਿ ਪਾਪ ਗਵਾਧੂ ॥
ਹਰੀ ਦਾ ਨਾਮ ਉਚਾਰ ਕੇ, ਰਾਮ ਦਾ ਨਾਮ ਜਪ ਕੇ ਸਾਰੇ ਪਾਪ ਦੂਰ ਕਰ ਲਵੋਗੇ।
ਨਿਤ ਨਿਤ ਜਾਗਰਣੁ ਕਰਹੁ ਸਦਾ ਸਦਾ ਆਨੰਦੁ ਜਪਿ ਜਗਦੀਸੁੋਰਾ ॥
ਹੇ ਸੰਤ ਜਨੋ! ਸਦਾ ਹੀ (ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹੋ। ਜਗਤ ਦੇ ਮਾਲਕ ਦਾ ਨਾਮ ਜਪ ਜਪ ਕੇ ਸਦਾ ਹੀ ਆਤਮਕ ਆਨੰਦ ਬਣਿਆ ਰਹਿੰਦਾ ਹੈ।
ਮਨ ਇਛੇ ਫਲ ਪਾਵਹੁ ਸਭੈ ਫਲ ਪਾਵਹੁ ਧਰਮੁ ਅਰਥੁ ਕਾਮ ਮੋਖੁ ਜਨ ਨਾਨਕ ਹਰਿ ਸਿਉ ਮਿਲੇ ਹਰਿ ਭਗਤ ਤੋਰਾ ॥੨॥੨॥੯॥
ਹੇ ਸੰਤ ਜਨੋ! (ਨਾਮ ਦੀ ਬਰਕਤਿ ਨਾਲ) ਸਾਰੇ ਮਨ-ਮੰਗੇ ਫਲ ਹਾਸਲ ਕਰੋਗੇ, ਸਾਰੀਆਂ ਮੁਰਾਦਾਂ ਪਾ ਲਵੋਗੇ। ਧਰਮ, ਅਰਥ, ਕਾਮ, ਮੋਖ-ਇਹ ਚਾਰੇ ਪਦਾਰਥ ਪ੍ਰਾਪਤ ਕਰ ਲਵੋਗੇ। ਹੇ ਦਾਸ ਨਾਨਕ! ਹੇ ਹਰੀ! ਜਿਹੜੇ ਮਨੁੱਖ ਤੇਰੇ (ਚਰਨਾਂ) ਨਾਲ ਜੁੜੇ ਰਹਿੰਦੇ ਹਨ ਉਹੀ ਤੇਰੇ ਭਗਤ ਹਨ ॥੨॥੨॥੯॥
ਸਾਰਗ ਮਹਲਾ ੪ ॥
ਜਪਿ ਮਨ ਮਾਧੋ ਮਧੁਸੂਦਨੋ ਹਰਿ ਸ੍ਰੀਰੰਗੋ ਪਰਮੇਸਰੋ ਸਤਿ ਪਰਮੇਸਰੋ ਪ੍ਰਭੁ ਅੰਤਰਜਾਮੀ ॥
ਹੇ ਮੇਰੇ ਮਨ! ਹਰੇਕ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ ਦਾ ਨਾਮ ਜਪਿਆ ਕਰ, ਉਹੀ ਮਾਇਆ ਦਾ ਪਤੀ ਹੈ, ਉਹੀ ਮਧੂ ਰਾਖਸ਼ ਦਾ ਮਾਰਨ ਵਾਲਾ ਹੈ, ਉਹੀ ਹਰੀ ਲੱਛਮੀ ਦਾ ਖਸਮ ਹੈ, ਉਹੀ ਸਭ ਤੋਂ ਵੱਡਾ ਮਾਲਕ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ।
ਸਭ ਦੂਖਨ ਕੋ ਹੰਤਾ ਸਭ ਸੂਖਨ ਕੋ ਦਾਤਾ ਹਰਿ ਪ੍ਰੀਤਮ ਗੁਨ ਗਾਓੁ ॥੧॥ ਰਹਾਉ ॥
ਹੇ ਮੇਰੇ ਮਨ! ਹਰੀ ਪ੍ਰੀਤਮ ਦੇ ਗੁਣ ਗਾਇਆ ਕਰ, ਉਹੀ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਉਹੀ ਸਾਰੇ ਸੁਖਾਂ ਦਾ ਦੇਣ ਵਾਲਾ ਹੈ ॥੧॥ ਰਹਾਉ ॥
ਹਰਿ ਘਟਿ ਘਟੇ ਘਟਿ ਬਸਤਾ ਹਰਿ ਜਲਿ ਥਲੇ ਹਰਿ ਬਸਤਾ ਹਰਿ ਥਾਨ ਥਾਨੰਤਰਿ ਬਸਤਾ ਮੈ ਹਰਿ ਦੇਖਨ ਕੋ ਚਾਓੁ ॥
ਹੇ ਮੇਰੇ ਮਨ! ਉਹ ਹਰੀ ਹਰੇਕ ਸਰੀਰ ਵਿਚ ਵੱਸਦਾ ਹੈ, ਜਲ ਵਿਚ ਧਰਤੀ ਵਿਚ ਵੱਸਦਾ ਹੈ, ਹਰੇਕ ਥਾਂ ਵਿਚ ਵੱਸਦਾ ਹੈ, ਮੇਰੇ ਅੰਦਰ ਉਸ ਦੇ ਦਰਸਨ ਦੀ ਤਾਂਘ ਹੈ।
ਕੋਈ ਆਵੈ ਸੰਤੋ ਹਰਿ ਕਾ ਜਨੁ ਸੰਤੋ ਮੇਰਾ ਪ੍ਰੀਤਮ ਜਨੁ ਸੰਤੋ ਮੋਹਿ ਮਾਰਗੁ ਦਿਖਲਾਵੈ ॥
ਹੇ ਮੇਰੇ ਮਨ! ਜੇ ਕੋਈ ਸੰਤ ਮੈਨੂੰ ਆ ਮਿਲੇ, ਹਰੀ ਦਾ ਕੋਈ ਸੰਤ ਆ ਮਿਲੇ, ਕੋਈ ਮੇਰਾ ਪਿਆਰਾ ਸੰਤ ਜਨ ਮੈਨੂੰ ਆ ਮਿਲੇ, ਤੇ, ਮੈਨੂੰ (ਪਰਮਾਤਮਾ ਦੇ ਮਿਲਾਪ ਦਾ) ਰਾਹ ਵਿਖਾ ਜਾਏ,
ਤਿਸੁ ਜਨ ਕੇ ਹਉ ਮਲਿ ਮਲਿ ਧੋਵਾ ਪਾਓੁ ॥੧॥
ਮੈਂ ਉਸ ਦੇ ਪੈਰ ਮਲ ਮਲ ਕੇ ਧੋਵਾਂ ॥੧॥
ਹਰਿ ਜਨ ਕਉ ਹਰਿ ਮਿਲਿਆ ਹਰਿ ਸਰਧਾ ਤੇ ਮਿਲਿਆ ਗੁਰਮੁਖਿ ਹਰਿ ਮਿਲਿਆ ॥
ਪਰਮਾਤਮਾ ਆਪਣੇ ਕਿਸੇ ਸੇਵਕ ਨੂੰ ਮਿਲਦਾ ਹੈ, (ਸੇਵਕ ਦੀ) ਸਰਧਾ-ਭਾਵਨੀ ਨਾਲ ਮਿਲਦਾ ਹੈ, ਗੁਰੂ ਦੀ ਸਰਨ ਪਿਆਂ ਮਿਲਦਾ ਹੈ।
ਮੇਰੈ ਮਨਿ ਤਨਿ ਆਨੰਦ ਭਏ ਮੈ ਦੇਖਿਆ ਹਰਿ ਰਾਓੁ ॥
(ਗੁਰੂ ਦੀ ਮਿਹਰ ਨਾਲ ਜਦੋਂ ਮੈਂ ਭੀ) ਪ੍ਰਭੂ-ਪਾਤਿਸ਼ਾਹ ਦਾ ਦਰਸਨ ਕੀਤਾ, ਤਾਂ ਮੇਰੇ ਮਨ ਵਿਚ ਮੇਰੇ ਤਨ ਵਿਚ ਖ਼ੁਸ਼ੀ ਹੀ ਖ਼ੁਸ਼ੀ ਪੈਦਾ ਹੋ ਗਈ।
ਜਨ ਨਾਨਕ ਕਉ ਕਿਰਪਾ ਭਈ ਹਰਿ ਕੀ ਕਿਰਪਾ ਭਈ ਜਗਦੀਸੁਰ ਕਿਰਪਾ ਭਈ ॥
ਦਾਸ ਨਾਨਕ ਉਤੇ (ਭੀ) ਮਿਹਰ ਹੋਈ ਹੈ, ਹਰੀ ਦੀ ਮਿਹਰ ਹੋਈ ਹੈ, ਜਗਤ ਦੇ ਮਾਲਕ ਦੀ ਮਿਹਰ ਹੋਈ ਹੈ,
ਮੈ ਅਨਦਿਨੋ ਸਦ ਸਦ ਸਦਾ ਹਰਿ ਜਪਿਆ ਹਰਿ ਨਾਓੁ ॥੨॥੩॥੧੦॥
ਮੈਂ ਹੁਣ ਹਰ ਵੇਲੇ ਸਦਾ ਹੀ ਸਦਾ ਹੀ ਸਦਾ ਹੀ ਉਸ ਹਰੀ ਦਾ ਨਾਮ ਜਪ ਰਿਹਾ ਹਾਂ ॥੨॥੩॥੧੦॥
ਸਾਰਗ ਮਹਲਾ ੪ ॥
ਜਪਿ ਮਨ ਨਿਰਭਉ ॥
ਹੇ (ਮੇਰੇ) ਮਨ! ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਜਿਸ ਨੂੰ ਕਿਸੇ ਤੋਂ ਕੋਈ ਡਰ ਨਹੀਂ,
ਸਤਿ ਸਤਿ ਸਦਾ ਸਤਿ ॥
ਜੋ ਸਦਾ ਸਦਾ ਹੀ ਕਾਇਮ ਰਹਿਣ ਵਾਲਾ ਹੈ,
ਨਿਰਵੈਰੁ ਅਕਾਲ ਮੂਰਤਿ ॥
ਜਿਸ ਦਾ ਕਿਸੇ ਨਾਲ ਕੋਈ ਵੈਰ ਨਹੀਂ, ਜਿਸ ਦੀ ਹਸਤੀ ਮੌਤ ਤੋਂ ਪਰੇ ਹੈ,
ਆਜੂਨੀ ਸੰਭਉ ॥
ਜੋ ਜੂਨਾਂ ਵਿਚ ਨਹੀਂ ਆਉਂਦਾ, ਜੋ ਆਪਣੇ ਆਪ ਤੋਂ ਪਰਗਟ ਹੁੰਦਾ ਹੈ।
ਮੇਰੇ ਮਨ ਅਨਦਿਨੁੋ ਧਿਆਇ ਨਿਰੰਕਾਰੁ ਨਿਰਾਹਾਰੀ ॥੧॥ ਰਹਾਉ ॥
ਹੇ ਮੇਰੇ ਮਨ! ਹਰ ਵੇਲੇ ਉਸ ਪਰਮਾਤਮਾ ਦਾ ਧਿਆਨ ਧਰਿਆ ਕਰ, ਜਿਸ ਦੀ ਕੋਈ ਸ਼ਕਲ ਨਹੀਂ ਦੱਸੀ ਜਾ ਸਕਦੀ, ਜਿਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ ॥੧॥ ਰਹਾਉ ॥
ਹਰਿ ਦਰਸਨ ਕਉ ਹਰਿ ਦਰਸਨ ਕਉ ਕੋਟਿ ਕੋਟਿ ਤੇਤੀਸ ਸਿਧ ਜਤੀ ਜੋਗੀ ਤਟ ਤੀਰਥ ਪਰਭਵਨ ਕਰਤ ਰਹਤ ਨਿਰਾਹਾਰੀ ॥
ਹੇ ਮੇਰੇ ਮਨ! ਉਸ ਪਰਮਾਤਮਾ ਦੇ ਦਰਸਨ ਦੀ ਖ਼ਾਤਰ ਤੇਤੀ ਕ੍ਰੋੜ ਦੇਵਤੇ, ਸਿੱਧ ਜਤੀ ਅਤੇ ਜੋਗੀ ਭੁੱਖੇ ਰਹਿ ਰਹਿ ਕੇ ਅਨੇਕਾਂ ਤੀਰਥਾਂ ਤੇ ਰਟਨ ਕਰਦੇ ਫਿਰਦੇ ਹਨ।
ਤਿਨ ਜਨ ਕੀ ਸੇਵਾ ਥਾਇ ਪਈ ਜਿਨ੍ਰ ਕਉ ਕਿਰਪਾਲ ਹੋਵਤੁ ਬਨਵਾਰੀ ॥੧॥
ਹੇ ਮਨ! ਉਹਨਾਂ (ਭਾਗਾਂ ਵਾਲਿਆਂ) ਦੀ ਹੀ ਸੇਵਾ ਕਬੂਲ ਹੁੰਦੀ ਹੈ ਜਿਨ੍ਹਾਂ ਉੱਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ ॥੧॥
ਹਰਿ ਕੇ ਹੋ ਸੰਤ ਭਲੇ ਤੇ ਊਤਮ ਭਗਤ ਭਲੇ ਜੋ ਭਾਵਤ ਹਰਿ ਰਾਮ ਮੁਰਾਰੀ ॥
ਹੇ ਭਾਈ! ਉਹ ਹਰੀ ਦੇ ਸੰਤ ਚੰਗੇ ਹਨ, ਉਹ ਹਰੀ ਦੇ ਭਗਤ ਸ੍ਰੇਸ਼ਟ ਹਨ ਜਿਹੜੇ ਦੁਸ਼ਟ-ਦਮਨ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ।
ਜਿਨ੍ਰ ਕਾ ਅੰਗੁ ਕਰੈ ਮੇਰਾ ਸੁਆਮੀ ਤਿਨ੍ਰ ਕੀ ਨਾਨਕ ਹਰਿ ਪੈਜ ਸਵਾਰੀ ॥੨॥੪॥੧੧॥
ਹੇ ਨਾਨਕ! ਮੇਰਾ ਮਾਲਕ-ਪ੍ਰਭੂ ਜਿਨ੍ਹਾਂ ਮਨੁੱਖਾਂ ਦਾ ਪੱਖ ਕਰਦਾ ਹੈ (ਲੋਕ ਪਰਲੋਕ ਵਿਚ) ਉਹਨਾਂ ਦੀ ਇੱਜ਼ਤ ਰੱਖ ਲੈਂਦਾ ਹੈ ॥੨॥੪॥੧੧॥
ਸਾਰਗ ਮਹਲਾ ੪ ਪੜਤਾਲ ॥
ਜਪਿ ਮਨ ਗੋਵਿੰਦੁ ਹਰਿ ਗੋਵਿੰਦੁ ਗੁਣੀ ਨਿਧਾਨੁ ਸਭ ਸ੍ਰਿਸਟਿ ਕਾ ਪ੍ਰਭੋ ਮੇਰੇ ਮਨ ਹਰਿ ਬੋਲਿ ਹਰਿ ਪੁਰਖੁ ਅਬਿਨਾਸੀ ॥੧॥ ਰਹਾਉ ॥
ਹੇ (ਮੇਰੇ) ਮਨ! ਗੋਬਿੰਦ (ਦਾ ਨਾਮ) ਜਪ, ਹਰੀ (ਦਾ ਨਾਮ) ਜਪ। ਹਰੀ ਗੁਣਾਂ ਦਾ ਖ਼ਜ਼ਾਨਾ ਹੈ, ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਉਚਾਰਿਆ ਕਰ, ਉਹ ਪਰਮਾਤਮਾ ਸਰਬ-ਵਿਆਪਕ ਹੈ, ਨਾਸ-ਰਹਿਤ ਹੈ ॥੧॥ ਰਹਾਉ ॥
ਹਰਿ ਕਾ ਨਾਮੁ ਅੰਮ੍ਰਿਤੁ ਹਰਿ ਹਰਿ ਹਰੇ ਸੋ ਪੀਐ ਜਿਸੁ ਰਾਮੁ ਪਿਆਸੀ ॥
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ, (ਇਹ ਜਲ) ਉਹ ਮਨੁੱਖ ਪੀਂਦਾ ਹੈ, ਜਿਸ ਨੂੰ ਪਰਮਾਤਮਾ (ਆਪ) ਪਿਲਾਂਦਾ ਹੈ।
ਹਰਿ ਆਪਿ ਦਇਆਲੁ ਦਇਆ ਕਰਿ ਮੇਲੈ ਜਿਸੁ ਸਤਿਗੁਰੂ ਸੋ ਜਨੁ ਹਰਿ ਹਰਿ ਅੰਮ੍ਰਿਤ ਨਾਮੁ ਚਖਾਸੀ ॥੧॥
ਦਇਆ ਦਾ ਘਰ ਪ੍ਰਭੂ ਮਿਹਰ ਕਰ ਕੇ ਜਿਸ ਮਨੁੱਖ ਨੂੰ ਗੁਰੂ ਮਿਲਾਂਦਾ ਹੈ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਚੱਖਦਾ ਹੈ ॥੧॥
ਜੋ ਜਨ ਸੇਵਹਿ ਸਦ ਸਦਾ ਮੇਰਾ ਹਰਿ ਹਰੇ ਤਿਨ ਕਾ ਸਭੁ ਦੂਖੁ ਭਰਮੁ ਭਉ ਜਾਸੀ ॥
ਹੇ ਮੇਰੇ ਮਨ! ਜਿਹੜੇ ਮਨੁੱਖ ਸਦਾ ਹੀ ਸਦਾ ਹੀ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ, ਉਹਨਾਂ ਦਾ ਹਰੇਕ ਦੁੱਖ, ਉਹਨਾਂ ਦਾ ਹਰੇਕ ਭਰਮ, ਉਹਨਾਂ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ।
ਜਨੁ ਨਾਨਕੁ ਨਾਮੁ ਲਏ ਤਾਂ ਜੀਵੈ ਜਿਉ ਚਾਤ੍ਰਿਕੁ ਜਲਿ ਪੀਐ ਤ੍ਰਿਪਤਾਸੀ ॥੨॥੫॥੧੨॥
(ਪ੍ਰਭੂ ਦਾ) ਦਾਸ ਨਾਨਕ (ਭੀ ਜਦੋਂ) ਪ੍ਰਭੂ ਦਾ ਨਾਮ ਜਪਦਾ ਹੈ ਤਦੋਂ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ, ਜਿਵੇਂ ਪਪੀਹਾ (ਸ੍ਵਾਂਤੀ ਨਛੱਤ੍ਰ ਦੀ ਵਰਖਾ ਦਾ) ਪਾਣੀ ਪੀਣ ਨਾਲ ਰੱਜ ਜਾਂਦਾ ਹੈ ॥੨॥੫॥੧੨॥
ਸਾਰਗ ਮਹਲਾ ੪ ॥
ਜਪਿ ਮਨ ਸਿਰੀ ਰਾਮੁ ॥
ਹੇ (ਮੇਰੇ) ਮਨ! ਸ੍ਰੀ ਰਾਮ (ਦਾ ਨਾਮ) ਜਪਿਆ ਕਰ,
ਰਾਮ ਰਮਤ ਰਾਮੁ ॥
(ਉਸ ਰਾਮ ਦਾ) ਜਿਹੜਾ ਸਭ ਥਾਈਂ ਵਿਆਪਕ ਹੈ,
ਸਤਿ ਸਤਿ ਰਾਮੁ ॥
ਜਿਹੜਾ ਸਦਾ ਹੀ ਸਦਾ ਹੀ ਕਾਇਮ ਰਹਿਣ ਵਾਲਾ ਹੈ।
ਬੋਲਹੁ ਭਈਆ ਸਦ ਰਾਮ ਰਾਮੁ ਰਾਮੁ ਰਵਿ ਰਹਿਆ ਸਰਬਗੇ ॥੧॥ ਰਹਾਉ ॥
ਹੇ ਭਾਈ! ਸਦਾ ਰਾਮ ਦਾ ਨਾਮ ਬੋਲਿਆ ਕਰੋ, ਉਹ ਸਭ ਥਾਵਾਂ ਵਿਚ ਮੌਜੂਦ ਹੈ, ਉਹ ਸਭ ਕੁਝ ਜਾਣਨ ਵਾਲਾ ਹੈ ॥੧॥ ਰਹਾਉ ॥
ਰਾਮੁ ਆਪੇ ਆਪਿ ਆਪੇ ਸਭੁ ਕਰਤਾ ਰਾਮੁ ਆਪੇ ਆਪਿ ਆਪਿ ਸਭਤੁ ਜਗੇ ॥
ਉਹ ਰਾਮ (ਸਭ ਥਾਈਂ) ਆਪ ਹੀ ਆਪ ਹੈ, ਆਪ ਹੀ ਸਭ ਕੁਝ ਪੈਦਾ ਕਰਨ ਵਾਲਾ ਹੈ, ਜਗਤ ਵਿਚ ਸਭਨੀਂ ਥਾਈਂ ਆਪ ਹੀ ਆਪ ਮੌਜੂਦ ਹੈ।
ਜਿਸੁ ਆਪਿ ਕ੍ਰਿਪਾ ਕਰੇ ਮੇਰਾ ਰਾਮ ਰਾਮ ਰਾਮ ਰਾਇ ਸੋ ਜਨੁ ਰਾਮ ਨਾਮ ਲਿਵ ਲਾਗੇ ॥੧॥
ਜਿਸ ਮਨੁੱਖ ਉਤੇ ਉਹ ਮੇਰਾ ਪਿਆਰਾ ਰਾਮ ਮਿਹਰ ਕਰਦਾ ਹੈ, ਉਹ ਮਨੁੱਖ ਰਾਮ ਦੇ ਨਾਮ ਦੀ ਲਗਨ ਵਿਚ ਜੁੜਦਾ ਹੈ ॥੧॥
ਰਾਮ ਨਾਮ ਕੀ ਉਪਮਾ ਦੇਖਹੁ ਹਰਿ ਸੰਤਹੁ ਜੋ ਭਗਤ ਜਨਾਂ ਕੀ ਪਤਿ ਰਾਖੈ ਵਿਚਿ ਕਲਿਜੁਗ ਅਗੇ ॥
ਹੇ ਸੰਤ ਜਨੋ! ਉਸ ਪਰਮਾਤਮਾ ਦੇ ਨਾਮ ਦੀ ਵਡਿਆਈ ਵੇਖੋ, ਜਿਹੜਾ ਇਸ ਵਿਕਾਰਾਂ-ਭਰੇ ਜਗਤ ਦੀ ਵਿਕਾਰਾਂ ਦੀ ਅੱਗ ਵਿਚ ਆਪਣੇ ਭਗਤਾਂ ਦੀ ਆਪ ਇੱਜ਼ਤ ਰੱਖਦਾ ਹੈ।
ਜਨ ਨਾਨਕ ਕਾ ਅੰਗੁ ਕੀਆ ਮੇਰੈ ਰਾਮ ਰਾਇ ਦੁਸਮਨ ਦੂਖ ਗਏ ਸਭਿ ਭਗੇ ॥੨॥੬॥੧੩॥
ਹੇ ਨਾਨਕ! ਮੇਰੇ ਪ੍ਰਭੂ-ਪਾਤਿਸ਼ਾਹ ਨੇ (ਆਪਣੇ ਜਿਸ) ਸੇਵਕ ਦਾ ਪੱਖ ਕੀਤਾ, ਉਸ ਦੇ ਸਾਰੇ ਵੈਰੀ ਉਸ ਦੇ ਸਾਰੇ ਦੁੱਖ ਦੂਰ ਹੋ ਗਏ ॥੨॥੬॥੧੩॥
ਸਾਰੰਗ ਮਹਲਾ ੫ ਚਉਪਦੇ ਘਰੁ ੧ ॥
ਰਾਗ ਸਾਰੰਗ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਤਿਗੁਰ ਮੂਰਤਿ ਕਉ ਬਲਿ ਜਾਉ ॥
ਮੈਂ (ਤਾਂ ਆਪਣੇ) ਗੁਰੂ ਤੋਂ ਕੁਰਬਾਨ ਜਾਂਦਾ ਹਾਂ।
ਅੰਤਰਿ ਪਿਆਸ ਚਾਤ੍ਰਿਕ ਜਿਉ ਜਲ ਕੀ ਸਫਲ ਦਰਸਨੁ ਕਦਿ ਪਾਂਉ ॥੧॥ ਰਹਾਉ ॥
ਜਿਵੇਂ ਪਪੀਹੇ ਨੂੰ (ਸ੍ਵਾਂਤੀ ਨਛੱਤ੍ਰ ਦੀ ਵਰਖਾ ਦੇ) ਪਾਣੀ ਦੀ ਪਿਆਸ ਹੁੰਦੀ ਹੈ, (ਤਿਵੇਂ ਮੇਰੇ) ਅੰਦਰ ਇਹ ਤਾਂਘ ਰਹਿੰਦੀ ਹੈ ਕਿ ਮੈਂ (ਗੁਰੂ ਦੀ ਰਾਹੀਂ) ਕਦੋਂ ਉਸ ਹਰੀ ਦਾ ਦਰਸਨ ਕਰਾਂਗਾ ਜੋ ਸਾਰੀਆਂ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ ॥੧॥ ਰਹਾਉ ॥
ਅਨਾਥਾ ਕੋ ਨਾਥੁ ਸਰਬ ਪ੍ਰਤਿਪਾਲਕੁ ਭਗਤਿ ਵਛਲੁ ਹਰਿ ਨਾਉ ॥
ਹੇ ਪ੍ਰਭੂ! ਤੂੰ ਨਿਖਸਮਿਆਂ ਦਾ ਖਸਮ ਹੈਂ, ਤੂੰ ਸਭ ਜੀਵਾਂ ਦੀ ਪਾਲਣਾ ਕਰਨ ਵਾਲਾ ਹੈਂ। ਹੇ ਹਰੀ! ਤੇਰਾ ਨਾਮ ਹੀ ਹੈ ‘ਭਗਤਿ ਵਛਲੁ’ (ਭਗਤੀ ਨੂੰ ਪਿਆਰ ਕਰਨ ਵਾਲਾ)।
ਜਾ ਕਉ ਕੋਇ ਨ ਰਾਖੈ ਪ੍ਰਾਣੀ ਤਿਸੁ ਤੂ ਦੇਹਿ ਅਸਰਾਉ ॥੧॥
ਹੇ ਪ੍ਰਭੂ! ਜਿਸ ਮਨੁੱਖ ਦੀ ਹੋਰ ਕੋਈ ਪ੍ਰਾਣੀ ਰੱਖਿਆ ਨਹੀਂ ਕਰ ਸਕਦਾ, ਤੂੰ (ਆਪ) ਉਸ ਨੂੰ (ਆਪਣਾ) ਆਸਰਾ ਦੇਂਦਾ ਹੈਂ ॥੧॥
ਨਿਧਰਿਆ ਧਰ ਨਿਗਤਿਆ ਗਤਿ ਨਿਥਾਵਿਆ ਤੂ ਥਾਉ ॥
ਹੇ ਪ੍ਰਭੂ! ਜਿਨ੍ਹਾਂ ਦਾ ਹੋਰ ਕੋਈ ਸਹਾਰਾ ਨਹੀਂ ਹੁੰਦਾ, ਤੂੰ ਉਹਨਾਂ ਦਾ ਸਹਾਰਾ ਬਣਦਾ ਹੈਂ, ਮੰਦੀ ਭੈੜੀ ਹਾਲਤ ਵਾਲਿਆਂ ਦੀ ਤੂੰ ਚੰਗੀ ਹਾਲਤ ਬਣਾਂਦਾ ਹੈਂ, ਜਿਨ੍ਹਾਂ ਨੂੰ ਕਿਤੇ ਢੋਈ ਨਹੀਂ ਮਿਲਦੀ, ਤੂੰ ਉਹਨਾਂ ਦਾ ਆਸਰਾ ਹੈਂ।
ਦਹ ਦਿਸ ਜਾਂਉ ਤਹਾਂ ਤੂ ਸੰਗੇ ਤੇਰੀ ਕੀਰਤਿ ਕਰਮ ਕਮਾਉ ॥੨॥
ਹੇ ਪ੍ਰਭੂ! ਦਸੀਂ ਹੀ ਪਾਸੀਂ ਜਿਧਰ ਮੈਂ ਜਾਂਦਾ ਹਾਂ, ਉਥੇ ਹੀ ਤੂੰ (ਮੇਰੇ) ਨਾਲ ਹੀ ਦਿੱਸਦਾ ਹੈਂ, (ਤੇਰੀ ਮਿਹਰ ਨਾਲ) ਮੈਂ ਤੇਰੀ ਸਿਫ਼ਤ-ਸਾਲਾਹ ਦੀ ਕਾਰ ਕਮਾਂਦਾ ਹਾਂ ॥੨॥
ਏਕਸੁ ਤੇ ਲਾਖ ਲਾਖ ਤੇ ਏਕਾ ਤੇਰੀ ਗਤਿ ਮਿਤਿ ਕਹਿ ਨ ਸਕਾਉ ॥
ਹੇ ਪ੍ਰਭੂ! ਤੈਂ ਇੱਕ ਤੋਂ ਲੱਖਾਂ ਬ੍ਰਹਮੰਡ ਬਣਦੇ ਹਨ, ਤੇ, ਲੱਖਾਂ ਬ੍ਰਹਮੰਡਾਂ ਤੋਂ (ਫਿਰ) ਤੂੰ ਇਕ ਆਪ ਹੀ ਆਪ ਬਣ ਜਾਂਦਾ ਹੈਂ। ਮੈਂ ਦੱਸ ਨਹੀਂ ਸਕਦਾ ਕਿ ਤੂੰ ਕਿਹੋ ਜਿਹਾ ਹੈਂ ਅਤੇ ਕੇਡਾ ਵੱਡਾ ਹੈਂ।
ਤੂ ਬੇਅੰਤੁ ਤੇਰੀ ਮਿਤਿ ਨਹੀ ਪਾਈਐ ਸਭੁ ਤੇਰੋ ਖੇਲੁ ਦਿਖਾਉ ॥੩॥
ਹੇ ਪ੍ਰਭੂ! ਤੂੰ ਬੇਅੰਤ ਹੈਂ, ਤੇਰੀ ਹਸਤੀ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਇਹ ਸਾਰਾ ਜਗਤ ਮੈਂ ਤਾਂ ਤੇਰਾ ਹੀ ਰਚਿਆ ਤਮਾਸ਼ਾ ਵੇਖਦਾ ਹਾਂ ॥੩॥
ਸਾਧਨ ਕਾ ਸੰਗੁ ਸਾਧ ਸਿਉ ਗੋਸਟਿ ਹਰਿ ਸਾਧਨ ਸਿਉ ਲਿਵ ਲਾਉ ॥
(ਹੇ ਪ੍ਰਭੂ! ਤੇਰੇ ਚਰਨਾਂ ਵਿਚ ਜੁੜਨ ਵਾਸਤੇ) ਮੈਂ ਸੰਤ ਜਨਾਂ ਦਾ ਸੰਗ ਕਰਦਾ ਹਾਂ, ਮੈਂ ਸੰਤ ਜਨਾਂ ਨਾਲ (ਤੇਰੇ ਗੁਣਾਂ ਦਾ) ਵਿਚਾਰ-ਵਟਾਂਦਰਾ ਕਰਦਾ ਰਹਿੰਦਾ ਹਾਂ, ਤੇਰੇ ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ ਤੇਰੇ ਚਰਨਾਂ ਵਿਚ ਸੁਰਤ ਜੋੜਦਾ ਹਾਂ।
ਜਨ ਨਾਨਕ ਪਾਇਆ ਹੈ ਗੁਰਮਤਿ ਹਰਿ ਦੇਹੁ ਦਰਸੁ ਮਨਿ ਚਾਉ ॥੪॥੧॥
ਦਾਸ ਨਾਨਕ ਆਖਦਾ ਹੈ, ਗੁਰੂ ਦੀ ਮੱਤ ਉਤੇ ਤੁਰਿਆਂ ਹੀ ਤੇਰਾ ਮਿਲਾਪ ਹੁੰਦਾ ਹੈ। ਹੇ ਹਰੀ! (ਮੇਰੇ) ਮਨ ਵਿਚ (ਬੜੀ) ਤਾਂਘ ਹੈ, (ਮੈਨੂੰ) ਆਪਣਾ ਦਰਸਨ ਦੇਹ ॥੪॥੧॥
ਸਾਰਗ ਮਹਲਾ ੫ ॥
ਹਰਿ ਜੀਉ ਅੰਤਰਜਾਮੀ ਜਾਨ ॥
ਪ੍ਰਭੂ ਜੀ ਹਰੇਕ ਦੇ ਦਿਲ ਦੀ ਜਾਣਨ ਵਾਲੇ ਹਨ ਅਤੇ ਸੁਜਾਨ ਹਨ।
ਕਰਤ ਬੁਰਾਈ ਮਾਨੁਖ ਤੇ ਛਪਾਈ ਸਾਖੀ ਭੂਤ ਪਵਾਨ ॥੧॥ ਰਹਾਉ ॥
(ਜਿਹੜਾ ਮਨੁੱਖ) ਹੋਰਨਾਂ ਮਨੁੱਖਾਂ ਪਾਸੋਂ ਲੁਕਾ ਕੇ ਕੋਈ ਭੈੜਾ ਕੰਮ ਕਰਦਾ ਹੈ (ਉਹ ਇਹ ਨਹੀਂ ਜਾਣਦਾ ਕਿ) ਪਰਮਾਤਮਾ ਤਾਂ ਪਿਛਲੇ ਬੀਤੇ ਸਮੇ ਦੇ ਕਰਮਾਂ ਤੋਂ ਲੈ ਕੇ ਅਗਾਂਹ ਭਵਿੱਖ ਦੇ ਕੀਤੇ ਜਾਣ ਵਾਲੇ ਸਾਰੇ ਕੰਮਾਂ ਦਾ ਵੇਖਣ ਵਾਲਾ ਹੈ ॥੧॥ ਰਹਾਉ ॥
ਬੈਸਨੌ ਨਾਮੁ ਕਰਤ ਖਟ ਕਰਮਾ ਅੰਤਰਿ ਲੋਭ ਜੂਠਾਨ ॥
(ਜਿਹੜੇ ਮਨੁੱਖ) ਆਪਣੇ ਆਪ ਨੂੰ ਵੈਸ਼ਨੋ ਅਖਵਾਂਦੇ ਹਨ, (ਸ਼ਾਸਤ੍ਰਾਂ ਦੇ ਦੱਸੇ ਹੋਏ) ਛੇ ਕਰਮ ਭੀ ਕਰਦੇ ਹਨ, (ਪਰ ਜੇ ਉਹਨਾਂ ਦੇ) ਅੰਦਰ (ਮਨ ਨੂੰ) ਮੈਲਾ ਕਰਨ ਵਾਲਾ ਲੋਭ ਵੱਸ ਰਿਹਾ ਹੈ,
ਸੰਤ ਸਭਾ ਕੀ ਨਿੰਦਾ ਕਰਤੇ ਡੂਬੇ ਸਭ ਅਗਿਆਨ ॥੧॥
(ਜੇ ਉਹ) ਸਾਧ ਸੰਗਤ ਦੀ ਨਿੰਦਾ ਕਰਦੇ ਹਨ (ਤਾਂ ਉਹ ਸਾਰੇ ਮਨੁੱਖ) ਆਤਮਕ ਜੀਵਨ ਵਲੋਂ ਬੇ-ਸਮਝੀ ਦੇ ਕਾਰਨ (ਸੰਸਾਰ-ਸਮੁੰਦਰ ਵਿਚ) ਡੁੱਬ ਜਾਂਦੇ ਹਨ ॥੧॥
ਕਰਹਿ ਸੋਮ ਪਾਕੁ ਹਿਰਹਿ ਪਰ ਦਰਬਾ ਅੰਤਰਿ ਝੂਠ ਗੁਮਾਨ ॥
(ਇਹੋ ਜਿਹੇ ਵੈਸ਼ਨੋ ਅਖਵਾਣ ਵਾਲੇ ਮਨੁੱਖ) ਆਪਣੀ ਹੱਥੀਂ ਆਪਣਾ ਭੋਜਨ ਤਿਆਰ ਕਰਦੇ ਹਨ ਪਰ ਪਰਾਇਆ ਧਨ ਚੁਰਾਂਦੇ ਹਨ, ਉਹਨਾਂ ਦੇ ਅੰਦਰ ਝੂਠ ਵੱਸਦਾ ਹੈ ਅਹੰਕਾਰ ਵੱਸਦਾ ਹੈ।
ਸਾਸਤ੍ਰ ਬੇਦ ਕੀ ਬਿਧਿ ਨਹੀ ਜਾਣਹਿ ਬਿਆਪੇ ਮਨ ਕੈ ਮਾਨ ॥੨॥
ਉਹ ਮਨੁੱਖ (ਆਪਣੇ ਧਰਮ-ਪੁਸਤਕਾਂ) ਵੇਦ ਸ਼ਾਸਤ੍ਰਾਂ ਦੀ ਆਤਮਕ ਮਰਯਾਦਾ ਨਹੀਂ ਸਮਝਦੇ, ਉਹ ਤਾਂ ਆਪਣੇ ਮਨ ਦੇ ਅਹੰਕਾਰ ਵਿਚ ਹੀ ਫਸੇ ਰਹਿੰਦੇ ਹਨ ॥੨॥
ਸੰਧਿਆ ਕਾਲ ਕਰਹਿ ਸਭਿ ਵਰਤਾ ਜਿਉ ਸਫਰੀ ਦੰਫਾਨ ॥
(ਇਹੋ ਜਿਹੇ ਵੈਸ਼ਨੋ ਅਖਵਾਣ ਵਾਲੇ ਉਂਞ ਤਾਂ) ਤਿੰਨੇ ਵੇਲੇ ਸੰਧਿਆ ਕਰਦੇ ਹਨ, ਸਾਰੇ ਵਰਤ ਭੀ ਰੱਖਦੇ ਹਨ, (ਪਰ ਉਹਨਾਂ ਦਾ ਇਹ ਸਾਰਾ ਉੱਦਮ ਇਉਂ ਹੀ ਹੈ) ਜਿਵੇਂ ਕਿਸੇ ਮਦਾਰੀ ਦਾ ਤਮਾਸ਼ਾ (ਰੋਟੀ ਕਮਾਣ ਲਈ ਹੀ)।
ਪ੍ਰਭੂ ਭੁਲਾਏ ਊਝੜਿ ਪਾਏ ਨਿਹਫਲ ਸਭਿ ਕਰਮਾਨ ॥੩॥
(ਪਰ ਉਹਨਾਂ ਦੇ ਭੀ ਕੀਹ ਵੱਸ?) ਪ੍ਰਭੂ ਨੇ ਆਪ ਹੀ ਉਹਨਾਂ ਨੂੰ ਸਹੀ ਰਾਹ ਤੋਂ ਖੁੰਝਾਇਆ ਹੈ, ਗ਼ਲਤ ਰਸਤੇ ਪਾਇਆ ਹੋਇਆ ਹੈ, ਉਹਨਾਂ ਦੇ ਸਾਰੇ (ਕੀਤੇ ਹੋਏ ਧਾਰਮਿਕ) ਕਰਮ ਵਿਅਰਥ ਜਾਂਦੇ ਹਨ ॥੩॥
ਸੋ ਗਿਆਨੀ ਸੋ ਬੈਸਨੌ ਪੜਿ੍ਆ ਜਿਸੁ ਕਰੀ ਕ੍ਰਿਪਾ ਭਗਵਾਨ ॥
ਅਸਲ ਗਿਆਨਵਾਨ ਉਹ ਮਨੁੱਖ ਹੈ, ਅਸਲ ਵੈਸ਼ਨੋ ਉਹ ਹੈ, ਅਸਲ ਵਿਦਵਾਨ ਉਹ ਹੈ, ਜਿਸ ਉਤੇ ਪਰਮਾਤਮਾ ਨੇ ਮਿਹਰ ਕੀਤੀ ਹੈ,
ਓੁਨਿ ਸਤਿਗੁਰੁ ਸੇਵਿ ਪਰਮ ਪਦੁ ਪਾਇਆ ਉਧਰਿਆ ਸਗਲ ਬਿਸ੍ਵਾਨ ॥੪॥
(ਜਿਸ ਦੀ ਬਰਕਤਿ ਨਾਲ) ਉਸ ਨੇ ਗੁਰੂ ਦੀ ਸਰਨ ਪੈ ਕੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕੀਤਾ ਹੈ, (ਅਜਿਹੇ ਮਨੁੱਖ ਦੀ ਸੰਗਤ ਵਿਚ) ਸਾਰਾ ਜਗਤ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੪॥
ਕਿਆ ਹਮ ਕਥਹ ਕਿਛੁ ਕਥਿ ਨਹੀ ਜਾਣਹ ਪ੍ਰਭ ਭਾਵੈ ਤਿਵੈ ਬੁੋਲਾਨ ॥
ਪਰ, ਅਸੀਂ ਜੀਵ (ਪਰਮਾਤਮਾ ਦੀ ਰਜ਼ਾ ਬਾਰੇ) ਕੀਹ ਆਖ ਸਕਦੇ ਹਾਂ? ਅਸੀਂ ਕੁਝ ਆਖਣਾ ਜਾਣਦੇ ਨਹੀਂ ਹਾਂ। ਜਿਵੇਂ ਪ੍ਰਭੂ ਨੂੰ ਚੰਗਾ ਲੱਗਦਾ ਹੈ ਤਿਵੇਂ ਉਹ ਸਾਨੂੰ ਜੀਵਾਂ ਨੂੰ ਬੋਲਣ ਲਈ ਪ੍ਰੇਰਦਾ ਹੈ।
ਸਾਧਸੰਗਤਿ ਕੀ ਧੂਰਿ ਇਕ ਮਾਂਗਉ ਜਨ ਨਾਨਕ ਪਇਓ ਸਰਾਨ ॥੫॥੨॥
ਮੈਂ ਦਾਸ ਨਾਨਕ ਤਾਂ ਪ੍ਰਭੂ ਦੀ ਸਰਨ ਪਿਆ ਹਾਂ (ਅਤੇ ਉਸ ਦੇ ਦਰ ਤੋਂ) ਸਿਰਫ਼ ਸਾਧ ਸੰਗਤ (ਦੇ ਚਰਨਾਂ) ਦੀ ਧੂੜ ਹੀ ਮੰਗਦਾ ਹਾਂ ॥੫॥੨॥
ਸਾਰਗ ਮਹਲਾ ੫ ॥
ਅਬ ਮੋਰੋ ਨਾਚਨੋ ਰਹੋ ॥
ਹੁਣ ਮੇਰੀ ਭਟਕਣਾ ਮੁੱਕ ਗਈ ਹੈ,
ਲਾਲੁ ਰਗੀਲਾ ਸਹਜੇ ਪਾਇਓ ਸਤਿਗੁਰ ਬਚਨਿ ਲਹੋ ॥੧॥ ਰਹਾਉ ॥
ਗੁਰੂ ਦੇ ਬਚਨ ਦੀ ਰਾਹੀਂ ਆਤਮਕ ਅਡੋਲਤਾ ਵਿਚ ਟਿਕ ਕੇ ਮੈਂ ਸੋਹਣਾ ਲਾਲ ਪ੍ਰਭੂ ਲੱਭ ਲਿਆ ਹੈ ਪ੍ਰਾਪਤ ਕਰ ਲਿਆ ਹੈ ॥੧॥ ਰਹਾਉ ॥
ਕੁਆਰ ਕੰਨਿਆ ਜੈਸੇ ਸੰਗਿ ਸਹੇਰੀ ਪ੍ਰਿਅ ਬਚਨ ਉਪਹਾਸ ਕਹੋ ॥
ਜਿਵੇਂ ਕੋਈ ਕੁਆਰੀ ਕੁੜੀ ਸਹੇਲੀਆਂ ਨਾਲ ਆਪਣੇ (ਮੰਗੇਤਰ) ਪਿਆਰੇ ਦੀਆਂ ਗੱਲਾਂ ਹੱਸ ਹੱਸ ਕੇ ਕਰਦੀ ਹੈ,
ਜਉ ਸੁਰਿਜਨੁ ਗ੍ਰਿਹ ਭੀਤਰਿ ਆਇਓ ਤਬ ਮੁਖੁ ਕਾਜਿ ਲਜੋ ॥੧॥
ਪਰ ਜਦੋਂ (ਉਸ ਦਾ) ਪਤੀ ਘਰ ਵਿਚ ਆਉਂਦਾ ਹੈ ਤਦੋਂ (ਉਹ ਕੁੜੀ) ਲੱਜਿਆ ਨਾਲ ਆਪਣਾ ਮੂੰਹ ਕੱਜ ਲੈਂਦੀ ਹੈ ॥੧॥
ਜਿਉ ਕਨਿਕੋ ਕੋਠਾਰੀ ਚੜਿਓ ਕਬਰੋ ਹੋਤ ਫਿਰੋ ॥
ਜਿਵੇਂ ਕੁਠਾਲੀ ਵਿਚ ਪਿਆ ਹੋਇਆ ਸੋਨਾ (ਸੇਕ ਨਾਲ) ਕਮਲਾ ਹੋਇਆ ਫਿਰਦਾ ਹੈ,
ਜਬ ਤੇ ਸੁਧ ਭਏ ਹੈ ਬਾਰਹਿ ਤਬ ਤੇ ਥਾਨ ਥਿਰੋ ॥੨॥
ਪਰ ਜਦੋਂ ਉਹ ਬਾਰਾਂ ਵੰਨੀਂ ਦਾ ਸੁੱਧ ਬਣ ਜਾਂਦਾ ਹੈ, ਤਦੋਂ ਉਹ (ਸੇਕ ਵਿਚ ਤੜਫਣੋਂ) ਅਡੋਲ ਹੋ ਜਾਂਦਾ ਹੈ ॥੨॥
ਜਉ ਦਿਨੁ ਰੈਨਿ ਤਊ ਲਉ ਬਜਿਓ ਮੂਰਤ ਘਰੀ ਪਲੋ ॥
ਜਦੋਂ ਤਕ (ਮਨੁੱਖ ਦੀ ਜ਼ਿੰਦਗੀ ਦੀ) ਰਾਤ ਕਾਇਮ ਰਹਿੰਦੀ ਹੈ ਤਦ ਤਕ (ਉਮਰ ਦੇ ਬੀਤਦੇ ਜਾਣ ਦੀ ਖ਼ਬਰ ਦੇਣ ਲਈ ਘੜਿਆਲ ਦੀ ਰਾਹੀਂ) ਮੁਹੂਰਤ ਘੜੀਆਂ ਪਲ ਵੱਜਦੇ ਰਹਿੰਦੇ ਹਨ।
ਬਜਾਵਨਹਾਰੋ ਊਠਿ ਸਿਧਾਰਿਓ ਤਬ ਫਿਰਿ ਬਾਜੁ ਨ ਭਇਓ ॥੩॥
ਪਰ ਜਦੋਂ ਇਹਨਾਂ ਨੂੰ ਵਜਾਣ ਵਾਲਾ (ਦੁਨੀਆ ਤੋਂ) ਉੱਠ ਤੁਰਦਾ ਹੈ, ਤਦੋਂ (ਉਹਨਾਂ ਘੜੀਆਂ ਪਲਾਂ ਦਾ) ਵੱਜਣਾ ਮੁੱਕ ਜਾਂਦਾ ਹੈ ॥੩॥
ਜੈਸੇ ਕੁੰਭ ਉਦਕ ਪੂਰਿ ਆਨਿਓ ਤਬ ਓੁਹੁ ਭਿੰਨ ਦ੍ਰਿਸਟੋ ॥
ਜਿਵੇਂ ਜਦੋਂ ਕੋਈ ਘੜਾ ਪਾਣੀ ਨਾਲ ਭਰ ਕੇ ਲਿਆਂਦਾ ਜਾਏ, ਤਦੋਂ (ਘੜੇ ਵਾਲਾ) ਉਹ (ਪਾਣੀ ਖੂਹ ਆਦਿਕ ਦੇ ਹੋਰ ਪਾਣੀ ਨਾਲੋਂ) ਵੱਖਰਾ ਦਿੱਸਦਾ ਹੈ।
ਕਹੁ ਨਾਨਕ ਕੁੰਭੁ ਜਲੈ ਮਹਿ ਡਾਰਿਓ ਅੰਭੈ ਅੰਭ ਮਿਲੋ ॥੪॥੩॥
ਨਾਨਕ ਆਖਦਾ ਹੈ- ਜਦੋਂ ਉਹ (ਭਰਿਆ) ਘੜਾ ਪਾਣੀ ਵਿਚ ਪਾ ਦੇਈਦਾ ਹੈ ਤਦੋਂ (ਘੜੇ ਦਾ) ਪਾਣੀ ਹੋਰ ਪਾਣੀ ਵਿਚ ਮਿਲ ਜਾਂਦਾ ਹੈ ॥੪॥੩॥
ਸਾਰਗ ਮਹਲਾ ੫ ॥
ਅਬ ਪੂਛੇ ਕਿਆ ਕਹਾ ॥
ਹੇ ਬਾਵਰੇ! ਹੁਣ ਜੇ ਤੈਨੂੰ ਪੁੱਛਿਆ ਜਾਏ ਤਾਂ ਕੀਹ ਦੱਸੇਂਗਾ?
ਲੈਨੋ ਨਾਮੁ ਅੰਮ੍ਰਿਤ ਰਸੁ ਨੀਕੋ ਬਾਵਰ ਬਿਖੁ ਸਿਉ ਗਹਿ ਰਹਾ ॥੧॥ ਰਹਾਉ ॥
(ਤੂੰ ਇਥੇ ਜਗਤ ਵਿਚ ਆ ਕੇ) ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਸੋਹਣਾ ਨਾਮ-ਰਸ ਲੈਣਾ ਸੀ, ਪਰ ਹੇ ਕਮਲੇ! ਤੂੰ ਤਾਂ ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਦੇ ਨਾਲ ਹੀ ਚੰਬੜ ਰਿਹਾ ਹੈਂ ॥੧॥ ਰਹਾਉ ॥
ਦੁਲਭ ਜਨਮੁ ਚਿਰੰਕਾਲ ਪਾਇਓ ਜਾਤਉ ਕਉਡੀ ਬਦਲਹਾ ॥
ਹੇ ਝੱਲੇ! ਬੜੇ ਚਿਰਾਂ ਪਿੱਛੋਂ (ਤੈਨੂੰ) ਦੁਰਲੱਭ (ਮਨੁੱਖਾ) ਜਨਮ ਮਿਲਿਆ ਸੀ, ਪਰ ਇਹ ਤਾਂ ਕੌਡੀ ਦੇ ਵੱਟੇ ਜਾ ਰਿਹਾ ਹੈ।
ਕਾਥੂਰੀ ਕੋ ਗਾਹਕੁ ਆਇਓ ਲਾਦਿਓ ਕਾਲਰ ਬਿਰਖ ਜਿਵਹਾ ॥੧॥
ਤੂੰ (ਇਥੇ) ਕਸਤੂਰੀ ਦਾ ਗਾਹਕ ਬਣਨ ਲਈ ਆਇਆ ਸੀ, ਪਰ ਤੂੰ ਇਥੋਂ ਕੱਲਰ ਲੱਦ ਲਿਆ ਹੈ, ਜਿਵਾਂਹਾਂ ਦੇ ਬੂਟੇ ਲੱਦ ਲਏ ਹਨ ॥੧॥
ਆਇਓ ਲਾਭੁ ਲਾਭਨ ਕੈ ਤਾਈ ਮੋਹਨਿ ਠਾਗਉਰੀ ਸਿਉ ਉਲਝਿ ਪਹਾ ॥
ਹੇ ਕਮਲੇ! (ਤੂੰ ਜਗਤ ਵਿਚ ਆਤਮਕ ਜੀਵਨ ਦਾ) ਲਾਭ ਖੱਟਣ ਲਈ ਆਇਆ ਸੀ, ਪਰ ਤੂੰ ਤਾਂ ਮਨ ਨੂੰ ਮੋਹਣ ਵਾਲੀ ਮਾਇਆ ਠਗ-ਬੂਟੀ ਨਾਲ ਹੀ ਆਪਣਾ ਮਨ ਜੋੜ ਬੈਠਾ ਹੈਂ।
ਕਾਚ ਬਾਦਰੈ ਲਾਲੁ ਖੋਈ ਹੈ ਫਿਰਿ ਇਹੁ ਅਉਸਰੁ ਕਦਿ ਲਹਾ ॥੨॥
ਤੂੰ ਕੱਚ ਦੇ ਵੱਟੇ ਲਾਲ ਗਵਾ ਰਿਹਾ ਹੈਂ। (ਹੇ ਕਮਲੇ!) ਇਹ ਮਨੁੱਖਾ ਜਨਮ ਵਾਲਾ ਸਮਾ ਫਿਰ ਕਦੋਂ ਲੱਭੇਂਗਾ? ॥੨॥
ਸਗਲ ਪਰਾਧ ਏਕੁ ਗੁਣੁ ਨਾਹੀ ਠਾਕੁਰੁ ਛੋਡਹ ਦਾਸਿ ਭਜਹਾ ॥
ਅਸਾਂ ਜੀਵਾਂ ਵਿਚ ਸਾਰੀਆਂ ਖ਼ੁਨਾਮੀਆਂ ਹੀ ਹਨ, ਗੁਣ ਇੱਕ ਭੀ ਨਹੀਂ। ਅਸੀਂ ਮਾਲਕ-ਪ੍ਰਭੂ ਨੂੰ ਛੱਡ ਦੇਂਦੇ ਹਾਂ ਅਤੇ ਉਸ ਦੀ ਦਾਸੀ ਦੀ ਹੀ ਸੇਵਾ ਕਰਦੇ ਰਹਿੰਦੇ ਹਾਂ।
ਆਈ ਮਸਟਿ ਜੜਵਤ ਕੀ ਨਿਆਈ ਜਿਉ ਤਸਕਰੁ ਦਰਿ ਸਾਂਨਿ੍ਹਾ ॥੩॥
ਜਿਵੇਂ ਕੋਈ ਚੋਰ ਸੰਨ੍ਹ ਦੇ ਬੂਹੇ ਤੇ (ਫੜਿਆ ਜਾ ਕੇ ਮਾਰ ਖਾ ਖਾ ਕੇ ਬੇਹੋਸ਼ ਹੋ ਜਾਂਦਾ ਹੈ, ਤਿਵੇਂ ਨਾਮ ਜਪਣ ਵਲੋਂ ਸਾਨੂੰ) ਜੜ੍ਹ ਪਦਾਰਥਾਂ ਵਾਂਗ ਮੂਰਛਾ ਹੀ ਆਈ ਰਹਿੰਦੀ ਹੈ ॥੩॥
ਆਨ ਉਪਾਉ ਨ ਕੋਊ ਸੂਝੈ ਹਰਿ ਦਾਸਾ ਸਰਣੀ ਪਰਿ ਰਹਾ ॥
(ਇਸ ਮੋਹਨੀ ਮਾਇਆ ਦੇ ਪੰਜੇ ਵਿਚੋਂ ਨਿਕਲਣ ਵਾਸਤੇ ਮੈਨੂੰ ਤਾਂ) ਕੋਈ ਹੋਰ ਢੰਗ ਨਹੀਂ ਸੁੱਝਦਾ, ਮੈਂ ਤਾਂ ਪਰਮਾਤਮਾ ਦੇ ਦਾਸਾਂ ਦੀ ਸਰਨ ਪਿਆ ਰਹਿੰਦਾ ਹਾਂ।
ਕਹੁ ਨਾਨਕ ਤਬ ਹੀ ਮਨ ਛੁਟੀਐ ਜਉ ਸਗਲੇ ਅਉਗਨ ਮੇਟਿ ਧਰਹਾ ॥੪॥੪॥
ਨਾਨਕ ਆਖਦਾ ਹੈ- ਹੇ ਮਨ! ਮਾਇਆ ਦੇ ਮੋਹ ਵਿਚੋਂ ਤਦੋਂ ਹੀ ਬਚੀਦਾ ਹੈ ਜਦੋਂ (ਪ੍ਰਭੂ ਦੇ ਸੇਵਕਾਂ ਦੀ ਸਰਨੀ ਪੈ ਕੇ ਆਪਣੇ ਅੰਦਰੋਂ) ਅਸੀਂ ਸਾਰੇ ਔਗੁਣ ਮਿਟਾ ਦੇਈਏ ॥੪॥੪॥
ਸਾਰਗ ਮਹਲਾ ੫ ॥
ਮਾਈ ਧੀਰਿ ਰਹੀ ਪ੍ਰਿਅ ਬਹੁਤੁ ਬਿਰਾਗਿਓ ॥
ਹੇ (ਮੇਰੀ) ਮਾਂ! (ਮੇਰੇ ਅੰਦਰ) ਪਿਆਰੇ ਤੋਂ ਵਿਛੋੜੇ ਦਾ ਦਰਦ ਬਹੁਤ ਤੇਜ਼ ਹੋ ਗਿਆ ਹੈ ਇਸ ਨੂੰ ਸਹਾਰਨ ਦੀ ਤਾਕਤ ਨਹੀਂ ਰਹਿ ਗਈ।
ਅਨਿਕ ਭਾਂਤਿ ਆਨੂਪ ਰੰਗ ਰੇ ਤਿਨ੍ਰ ਸਿਉ ਰੁਚੈ ਨ ਲਾਗਿਓ ॥੧॥ ਰਹਾਉ ॥
ਹੇ ਭਾਈ! (ਦੁਨੀਆ ਦੇ) ਅਨੇਕਾਂ ਕਿਸਮਾਂ ਦੇ ਸੋਹਣੇ ਸੋਹਣੇ ਰੰਗ-ਤਮਾਸ਼ੇ ਹਨ, ਪਰ ਮੇਰੇ ਅੰਦਰ ਇਹਨਾਂ ਵਾਸਤੇ ਕੋਈ ਖਿੱਚ ਹੀ ਨਹੀਂ ਪੈਂਦੀ ॥੧॥ ਰਹਾਉ ॥
ਨਿਸਿ ਬਾਸੁਰ ਪ੍ਰਿਅ ਪ੍ਰਿਅ ਮੁਖਿ ਟੇਰਉ ਨਂੀਦ ਪਲਕ ਨਹੀ ਜਾਗਿਓ ॥
ਹੇ (ਵੀਰ)! ਰਾਤ ਦਿਨ ਮੈਂ (ਆਪਣੇ) ਮੂੰਹੋਂ ‘ਹੇ ਪਿਆਰੇ! ਹੇ ਪਿਆਰੇ’! ਬੋਲਦੀ ਰਹਿੰਦੀ ਹਾਂ, ਮੈਨੂੰ ਇਕ ਪਲ ਭਰ ਭੀ ਨੀਂਦ ਨਹੀਂ ਆਉਂਦੀ, ਸਦਾ ਜਾਗ ਕੇ (ਸਮਾ ਗੁਜ਼ਾਰ ਰਹੀ ਹਾਂ)।
ਹਾਰ ਕਜਰ ਬਸਤ੍ਰ ਅਨਿਕ ਸੀਗਾਰ ਰੇ ਬਿਨੁ ਪਿਰ ਸਭੈ ਬਿਖੁ ਲਾਗਿਓ ॥੧॥
ਹੇ (ਵੀਰ)! ਹਾਰ, ਕੱਜਲ, ਕੱਪੜੇ, ਅਨੇਕਾਂ ਗਹਿਣੇ-ਇਹ ਸਾਰੇ ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਮੈਨੂੰ ਆਤਮਕ ਮੌਤ ਲਿਆਉਣ ਵਾਲੀ ਜ਼ਹਰ ਦਿੱਸ ਰਹੇ ਹਨ ॥੧॥
ਪੂਛਉ ਪੂਛਉ ਦੀਨ ਭਾਂਤਿ ਕਰਿ ਕੋਊ ਕਹੈ ਪ੍ਰਿਅ ਦੇਸਾਂਗਿਓ ॥
(ਹੇ ਮਾਂ!) ਨਿਮਾਣਿਆਂ ਵਾਂਗ ਮੈਂ ਮੁੜ ਮੁੜ ਪੁੱਛਦੀ ਫਿਰਦੀ ਹਾਂ, ਭਲਾ ਜੇ ਕੋਈ ਮੈਨੂੰ ਪਿਆਰੇ ਦਾ ਦੇਸ ਦੱਸ ਦੇਵੇ।
ਹੀਂਓੁ ਦੇਂਉ ਸਭੁ ਮਨੁ ਤਨੁ ਅਰਪਉ ਸੀਸੁ ਚਰਣ ਪਰਿ ਰਾਖਿਓ ॥੨॥
(ਪਿਆਰੇ ਦਾ ਦੇਸ ਦੱਸਣ ਵਾਲੇ ਦੇ) ਚਰਨਾਂ ਉਤੇ (ਆਪਣਾ) ਸਿਰ ਰੱਖ ਕੇ ਮੈਂ ਆਪਣਾ ਹਿਰਦਾ, ਆਪਣਾ ਮਨ ਆਪਣਾ ਤਨ ਸਭ ਕੁਝ ਭੇਟਾ ਕਰਨ ਨੂੰ ਤਿਆਰ ਹਾਂ ॥੨॥
ਚਰਣ ਬੰਦਨਾ ਅਮੋਲ ਦਾਸਰੋ ਦੇਂਉ ਸਾਧਸੰਗਤਿ ਅਰਦਾਗਿਓ ॥
ਹੇ ਭਾਈ! ਮੈਂ ਸਾਧ ਸੰਗਤ ਦੇ ਚਰਨਾਂ ਤੇ ਨਮਸਕਾਰ ਕਰਦਾ ਹਾਂ, ਮੈਂ ਸਾਧ ਸੰਗਤ ਦਾ ਦੰਮਾਂ ਤੋਂ ਬਿਨਾ ਹੀ ਇਕ ਨਿਮਾਣਾ ਜਿਹਾ ਦਾਸ ਹਾਂ, ਮੈਂ ਸਾਧ ਸੰਗਤ ਅੱਗੇ ਅਰਦਾਸ ਕਰਦਾ ਹਾਂ-
ਕਰਹੁ ਕ੍ਰਿਪਾ ਮੋਹਿ ਪ੍ਰਭੂ ਮਿਲਾਵਹੁ ਨਿਮਖ ਦਰਸੁ ਪੇਖਾਗਿਓ ॥੩॥
(ਮੇਰੇ ਉਤੇ) ਮਿਹਰ ਕਰੋ, ਮੈਨੂੰ ਪਰਮਾਤਮਾ ਮਿਲਾ ਦੇਉ, ਮੈਂ (ਉਸ ਦਾ) ਅੱਖ ਝਮਕਣ ਜਿਤਨੇ ਸਮੇ ਲਈ ਹੀ ਦਰਸਨ ਕਰ ਲਵਾਂ ॥੩॥
ਦ੍ਰਿਸਟਿ ਭਈ ਤਬ ਭੀਤਰਿ ਆਇਓ ਮੇਰਾ ਮਨੁ ਅਨਦਿਨੁ ਸੀਤਲਾਗਿਓ ॥
(ਜਦੋਂ ਪਰਮਾਤਮਾ ਦੀ ਮਿਹਰ ਦੀ) ਨਿਗਾਹ (ਮੇਰੇ ਉਤੇ) ਹੋਈ, ਤਦੋਂ ਉਹ ਮੇਰੇ ਹਿਰਦੇ ਵਿਚ ਆ ਵੱਸਿਆ। ਹੁਣ ਮੇਰਾ ਮਨ ਹਰ ਵੇਲੇ ਠੰਢਾ-ਠਾਰ ਰਹਿੰਦਾ ਹੈ।
ਕਹੁ ਨਾਨਕ ਰਸਿ ਮੰਗਲ ਗਾਏ ਸਬਦੁ ਅਨਾਹਦੁ ਬਾਜਿਓ ॥੪॥੫॥
ਨਾਨਕ ਆਖਦਾ ਹੈ- ਹੁਣ ਮੈਂ ਉਸ ਦੀ ਸਿਫ਼ਤ-ਸਾਲਾਹ ਦੇ ਗੀਤ ਸੁਆਦ ਨਾਲ ਗਾਂਦਾ ਹਾਂ, (ਮੇਰੇ ਅੰਦਰ) ਗੁਰੂ ਦਾ ਸ਼ਬਦ ਇਕ-ਰਸ ਆਪਣਾ ਪੂਰਾ ਪ੍ਰਭਾਵ ਪਾਈ ਰੱਖਦਾ ਹੈ ॥੪॥੫॥
ਸਾਰਗ ਮਹਲਾ ੫ ॥
ਮਾਈ ਸਤਿ ਸਤਿ ਸਤਿ ਹਰਿ ਸਤਿ ਸਤਿ ਸਤਿ ਸਾਧਾ ॥
ਹੇ ਮਾਂ! ਪਰਮਾਤਮਾ ਸਦਾ ਹੀ ਕਾਇਮ ਰਹਿਣ ਵਾਲਾ ਹੈ, ਪਰਮਾਤਮਾ ਦੇ ਸੰਤ ਜਨ ਭੀ ਅਟੱਲ ਆਤਮਕ ਜੀਵਨ ਵਾਲੇ ਹਨ-
ਬਚਨੁ ਗੁਰੂ ਜੋ ਪੂਰੈ ਕਹਿਓ ਮੈ ਛੀਕਿ ਗਾਂਠਰੀ ਬਾਧਾ ॥੧॥ ਰਹਾਉ ॥
ਇਹ ਜਿਹੜਾ ਬਚਨ (ਮੈਨੂੰ) ਪੂਰੇ ਗੁਰੂ ਨੇ ਦੱਸਿਆ ਹੈ, ਮੈਂ ਇਸ ਨੂੰ ਘੁੱਟ ਕੇ ਆਪਣੇ ਪੱਲੇ ਬੰਨ੍ਹ ਲਿਆ ਹੈ ॥੧॥ ਰਹਾਉ ॥
ਨਿਸਿ ਬਾਸੁਰ ਨਖਿਅਤ੍ਰ ਬਿਨਾਸੀ ਰਵਿ ਸਸੀਅਰ ਬੇਨਾਧਾ ॥
ਹੇ ਮਾਂ! ਰਾਤ, ਦਿਨ, ਤਾਰੇ, ਸੂਰਜ, ਚੰਦ੍ਰਮਾ-ਇਹ ਸਾਰੇ ਨਾਸਵੰਤ ਹਨ।
ਗਿਰਿ ਬਸੁਧਾ ਜਲ ਪਵਨ ਜਾਇਗੋ ਇਕਿ ਸਾਧ ਬਚਨ ਅਟਲਾਧਾ ॥੧॥
ਪਹਾੜ, ਧਰਤੀ, ਪਾਣੀ, ਹਵਾ-ਹਰੇਕ ਚੀਜ਼ ਨਾਸ ਹੋ ਜਾਇਗੀ। ਸਿਰਫ਼ ਗੁਰੂ ਦੇ ਬਚਨ ਹੀ ਕਦੇ ਟਲ ਨਹੀਂ ਸਕਦੇ ॥੧॥
ਅੰਡ ਬਿਨਾਸੀ ਜੇਰ ਬਿਨਾਸੀ ਉਤਭੁਜ ਸੇਤ ਬਿਨਾਧਾ ॥
ਹੇ ਮਾਂ! ਅੰਡਿਆਂ ਤੋਂ, ਜਿਓਰ ਤੋਂ, ਧਰਤੀ ਤੋਂ, ਮੁੜ੍ਹਕੇ ਤੋਂ ਪੈਦਾ ਹੋਣ ਵਾਲੇ ਸਭ ਜੀਵ ਨਾਸਵੰਤ ਹਨ।
ਚਾਰਿ ਬਿਨਾਸੀ ਖਟਹਿ ਬਿਨਾਸੀ ਇਕਿ ਸਾਧ ਬਚਨ ਨਿਹਚਲਾਧਾ ॥੨॥
ਚਾਰ ਵੇਦ, ਛੇ ਸ਼ਾਸਤ੍ਰ-ਇਹ ਭੀ ਨਾਸਵੰਤ ਹਨ। ਸਿਰਫ਼ ਗੁਰੂ ਦੇ ਬਚਨ ਹੀ ਸਦਾ ਕਾਇਮ ਰਹਿਣ ਵਾਲੇ ਹਨ। ਧਰਮ ਪੁਸਤਕ ਤਾਂ ਕਈ ਬਣੇ ਤੇ ਕਈ ਮਿਟੇ, ਪਰ ਸਾਧ ਦਾ ਬਚਨ, ਭਾਵ, ਸਿਮਰਨ ਦੀ ਪੱਧਤੀ ਸਦਾ ਅਟੱਲ ਰਹਿੰਦੀ ਹੈ ॥੨॥
ਰਾਜ ਬਿਨਾਸੀ ਤਾਮ ਬਿਨਾਸੀ ਸਾਤਕੁ ਭੀ ਬੇਨਾਧਾ ॥
ਹੇ ਮਾਂ! (ਮਾਇਆ ਦੇ ਤਿੰਨ ਗੁਣ) ਰਾਜਸ ਤਾਮਸ ਸਾਤਕ ਨਾਸਵੰਤ ਹਨ।
ਦ੍ਰਿਸਟਿਮਾਨ ਹੈ ਸਗਲ ਬਿਨਾਸੀ ਇਕਿ ਸਾਧ ਬਚਨ ਆਗਾਧਾ ॥੩॥
ਜੋ ਕੁਝ (ਇਹ ਜਗਤ) ਦਿੱਸ ਰਿਹਾ ਹੈ ਸਾਰਾ ਨਾਸਵੰਤ ਹੈ। ਸਿਰਫ਼ ਗੁਰੂ ਦੇ ਬਚਨ ਹੀ ਐਸੇ ਹਨ ਜੋ ਅਟੱਲ ਹਨ (ਭਾਵ, ਆਤਮਕ ਜੀਵਨ ਵਾਸਤੇ ਜੋ ਮਰਯਾਦਾ ਗੁਰੂ ਨੇ ਦੱਸੀ ਹੈ ਉਹ ਕਦੇ ਭੀ ਕਿਤੇ ਭੀ ਬਦਲ ਨਹੀਂ ਸਕਦੀ) ॥੩॥
ਆਪੇ ਆਪਿ ਆਪ ਹੀ ਆਪੇ ਸਭੁ ਆਪਨ ਖੇਲੁ ਦਿਖਾਧਾ ॥
ਹੇ ਭਾਈ! ਜਿਹੜਾ ਪਰਮਾਤਮਾ (ਆਪਣੇ ਵਰਗਾ) ਆਪ ਹੀ ਆਪ ਹੈ, ਜਿਸ ਨੇ ਇਹ ਸਾਰਾ ਆਪਣਾ ਜਗਤ-ਤਮਾਸ਼ਾ ਵਿਖਾਇਆ ਹੋਇਆ ਹੈ,
ਪਾਇਓ ਨ ਜਾਈ ਕਹੀ ਭਾਂਤਿ ਰੇ ਪ੍ਰਭੁ ਨਾਨਕ ਗੁਰ ਮਿਲਿ ਲਾਧਾ ॥੪॥੬॥
ਹੇ ਭਾਈ! ਉਹ ਹੋਰ ਕਿਸੇ ਭੀ ਤਰੀਕੇ ਨਾਲ ਨਹੀਂ ਮਿਲ ਸਕਦਾ। ਹੇ ਨਾਨਕ! ਉਹ ਪ੍ਰਭੂ ਗੁਰੂ ਨੂੰ ਮਿਲ ਕੇ (ਹੀ) ਲੱਭ ਸਕੀਦਾ ਹੈ ॥੪॥੬॥
ਸਾਰਗ ਮਹਲਾ ੫ ॥
ਮੇਰੈ ਮਨਿ ਬਾਸਿਬੋ ਗੁਰ ਗੋਬਿੰਦ ॥
ਮੇਰੇ ਮਨ ਵਿਚ ਗੁਰੂ ਗੋਬਿੰਦ ਵੱਸ ਰਿਹਾ ਹੈ।
ਜਹਾਂ ਸਿਮਰਨੁ ਭਇਓ ਹੈ ਠਾਕੁਰ ਤਹਾਂ ਨਗਰ ਸੁਖ ਆਨੰਦ ॥੧॥ ਰਹਾਉ ॥
(ਮੈਨੂੰ ਇਉਂ ਸਮਝ ਆ ਰਹੀ ਹੈ ਕਿ) ਜਿੱਥੇ ਠਾਕੁਰ-ਪ੍ਰਭੂ ਦਾ ਸਿਮਰਨ ਹੁੰਦਾ ਰਹਿੰਦਾ ਹੈ, ਉਹਨਾਂ (ਹਿਰਦੇ-) ਨਗਰਾਂ ਵਿਚ ਸੁਖ ਆਨੰਦ ਬਣੇ ਰਹਿੰਦੇ ਹਨ ॥੧॥ ਰਹਾਉ ॥
ਜਹਾਂ ਬੀਸਰੈ ਠਾਕੁਰੁ ਪਿਆਰੋ ਤਹਾਂ ਦੂਖ ਸਭ ਆਪਦ ॥
ਜਿਸ ਹਿਰਦੇ ਵਿਚ ਮਾਲਕ-ਪ੍ਰਭੂ (ਦੀ ਯਾਦ) ਭੁੱਲ ਜਾਂਦੀ ਹੈ, ਉਥੇ ਸਾਰੇ ਦੁੱਖ ਸਾਰੀਆਂ ਮੁਸੀਬਤਾਂ ਆਈਆਂ ਰਹਿੰਦੀਆਂ ਹਨ।
ਜਹ ਗੁਨ ਗਾਇ ਆਨੰਦ ਮੰਗਲ ਰੂਪ ਤਹਾਂ ਸਦਾ ਸੁਖ ਸੰਪਦ ॥੧॥
ਜਿੱਥੇ (ਕੋਈ ਮਨੁੱਖ) ਆਨੰਦ ਅਤੇ ਖ਼ੁਸ਼ੀਆਂ ਦੇਣ ਵਾਲੇ ਹਰਿ-ਗੁਣ ਗਾਂਦਾ ਰਹਿੰਦਾ ਹੈ, ਉਸ ਹਿਰਦੇ ਵਿਚ ਖ਼ੁਸ਼ੀਆਂ ਉਸ ਹਿਰਦੇ ਵਿਚ ਚੜ੍ਹਦੀ ਕਲਾ ਬਣੀ ਰਹਿੰਦੀ ਹੈ ॥੧॥
ਜਹਾ ਸ੍ਰਵਨ ਹਰਿ ਕਥਾ ਨ ਸੁਨੀਐ ਤਹ ਮਹਾ ਭਇਆਨ ਉਦਿਆਨਦ ॥
ਜਿੱਥੇ ਕੰਨਾਂ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਨਹੀਂ ਸੁਣੀ ਜਾਂਦੀ, ਉਸ ਹਿਰਦੇ ਵਿਚ (ਮਾਨੋ) ਭਾਰਾ ਭਿਆਨਕ ਜੰਗਲ ਬਣਿਆ ਪਿਆ ਹੈ;
ਜਹਾਂ ਕੀਰਤਨੁ ਸਾਧਸੰਗਤਿ ਰਸੁ ਤਹ ਸਘਨ ਬਾਸ ਫਲਾਂਨਦ ॥੨॥
ਤੇ, ਜਿਥੇ ਸਿਫ਼ਤ-ਸਾਲਾਹ ਹੋ ਰਹੀ ਹੈ, ਸਾਧ ਸੰਗਤ ਵਾਲਾ ਰੰਗ ਬਣਿਆ ਹੋਇਆ ਹੈ, ਉੱਥੇ (ਮਾਨੋ, ਐਸਾ ਬਾਗ਼ ਹੈ ਜਿੱਥੇ) ਸੰਘਣੀ ਸੁਗੰਧੀ ਹੈ ਤੇ ਫਲਾਂ ਦਾ ਆਨੰਦ ਹੈ ॥੨॥
ਬਿਨੁ ਸਿਮਰਨ ਕੋਟਿ ਬਰਖ ਜੀਵੈ ਸਗਲੀ ਅਉਧ ਬ੍ਰਿਥਾਨਦ ॥
ਪਰਮਾਤਮਾ ਦੇ ਸਿਮਰਨ ਤੋਂ ਬਿਨਾ ਜੇ ਕੋਈ ਮਨੁੱਖ ਕ੍ਰੋੜਾਂ ਵਰ੍ਹੇ ਭੀ ਜੀਊਂਦਾ ਰਹੇ, (ਤਾਂ ਭੀ ਉਸ ਦੀ) ਸਾਰੀ ਉਮਰ ਵਿਅਰਥ ਜਾਂਦੀ ਹੈ।
ਏਕ ਨਿਮਖ ਗੋਬਿੰਦ ਭਜਨੁ ਕਰਿ ਤਉ ਸਦਾ ਸਦਾ ਜੀਵਾਨਦ ॥੩॥
ਪਰ ਜੇ ਮਨੁੱਖ ਗੋਬਿੰਦ ਦਾ ਭਜਨ ਅੱਖ ਝਮਕਣ ਜਿਤਨੇ ਸਮੇ ਲਈ ਭੀ ਕਰੇ, ਤਾਂ ਉਹ ਸਦਾ ਹੀ ਆਤਮਕ ਜੀਵਨ ਜੀਊਂਦਾ ਹੈ ॥੩॥
ਸਰਨਿ ਸਰਨਿ ਸਰਨਿ ਪ੍ਰਭ ਪਾਵਉ ਦੀਜੈ ਸਾਧਸੰਗਤਿ ਕਿਰਪਾਨਦ ॥
ਹੇ ਪ੍ਰਭੂ! ਮਿਹਰ ਕਰ ਕੇ ਮੈਨੂੰ ਆਪਣੀ ਸਾਧ ਸੰਗਤ (ਦਾ ਮਿਲਾਪ) ਬਖ਼ਸ਼ (ਤਾ ਕਿ) ਮੈਂ ਸਦਾ ਲਈ ਤੇਰੀ ਸਰਨ ਪ੍ਰਾਪਤ ਕਰੀ ਰੱਖਾਂ।
ਨਾਨਕ ਪੂਰਿ ਰਹਿਓ ਹੈ ਸਰਬ ਮੈ ਸਗਲ ਗੁਣਾ ਬਿਧਿ ਜਾਂਨਦ ॥੪॥੭॥
ਹੇ ਨਾਨਕ! ਉਹ ਪਰਮਾਤਮਾ ਸਭਨਾਂ ਵਿਚ ਵਿਆਪਕ ਹੈ (ਆਪਣੇ ਜੀਵਾਂ ਦੇ ਅੰਦਰ ਆਪਣੇ) ਸਾਰੇ ਗੁਣ ਪੈਦਾ ਕਰਨ ਦਾ ਢੰਗ ਉਹ ਆਪ ਹੀ ਜਾਣਦਾ ਹੈ ॥੪॥੭॥
ਸਾਰਗ ਮਹਲਾ ੫ ॥
ਅਬ ਮੋਹਿ ਰਾਮ ਭਰੋਸਉ ਪਾਏ ॥
(ਪਰਮਾਤਮਾ ਦੀ ਸਰਨ ਪੈ ਕੇ) ਹੁਣ ਮੈਂ ਪਰਮਾਤਮਾ ਦੀ ਬਾਬਤ ਇਹ ਨਿਸ਼ਚਾ ਬਣਾ ਲਿਆ ਹੈ,
ਜੋ ਜੋ ਸਰਣਿ ਪਰਿਓ ਕਰੁਣਾਨਿਧਿ ਤੇ ਤੇ ਭਵਹਿ ਤਰਾਏ ॥੧॥ ਰਹਾਉ ॥
ਕਿ ਜਿਹੜਾ ਜਿਹੜਾ ਮਨੁੱਖ ਉਸ ਤਰਸ-ਦੇ-ਸਮੁੰਦਰ ਪ੍ਰਭੂ ਦੀ ਸਰਨ ਪੈਂਦਾ ਹੈ, ਉਹਨਾਂ ਸਭਨਾਂ ਨੂੰ ਪਰਮਾਤਮਾ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੧॥ ਰਹਾਉ ॥
ਸੁਖਿ ਸੋਇਓ ਅਰੁ ਸਹਜਿ ਸਮਾਇਓ ਸਹਸਾ ਗੁਰਹਿ ਗਵਾਏ ॥
(ਪਰਮਾਤਮਾ ਦੀ ਸਰਨ ਪੈ ਕੇ ਹੁਣ ਮੈਂ ਇਹ ਨਿਸ਼ਚਾ ਬਣਾ ਲਿਆ ਹੈ ਕਿ ਜਿਹੜਾ ਮਨੁੱਖ ਪਰਮਾਤਮਾ ਦੀ ਸਰਨ ਪੈਂਦਾ ਹੈ ਉਹ) ਆਤਮਕ ਆਨੰਦ ਵਿਚ ਲੀਨ ਰਹਿੰਦਾ ਹੈ ਅਤੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਗੁਰੂ ਉਸ ਦੇ ਸਾਰੇ ਚਿੰਤਾ-ਫ਼ਿਕਰ ਦੂਰ ਕਰ ਦੇਂਦਾ ਹੈ।
ਜੋ ਚਾਹਤ ਸੋਈ ਹਰਿ ਕੀਓ ਮਨ ਬਾਂਛਤ ਫਲ ਪਾਏ ॥੧॥
ਉਹ ਜੋ ਕੁਝ ਚਾਹੁੰਦਾ ਹੈ ਪ੍ਰਭੂ (ਉਹੀ ਕੁਝ ਉਸ ਵਾਸਤੇ) ਕਰ ਦੇਂਦਾ ਹੈ, ਉਹ ਮਨੁੱਖ ਮਨ-ਮੰਗੀਆਂ ਮੁਰਾਦਾਂ ਹਾਸਲ ਕਰ ਲੈਂਦਾ ਹੈ ॥੧॥
ਹਿਰਦੈ ਜਪਉ ਨੇਤ੍ਰ ਧਿਆਨੁ ਲਾਵਉ ਸ੍ਰਵਨੀ ਕਥਾ ਸੁਨਾਏ ॥
(ਜਦੋਂ ਦਾ ਮੈਂ ਪਰਮਾਤਮਾ ਦੀ ਸਰਨ ਪਿਆ ਹਾਂ, ਤਦੋਂ ਤੋਂ ਹੁਣ) ਮੈਂ ਆਪਣੇ ਹਿਰਦੇ ਵਿਚ (ਪਰਮਾਤਮਾ ਦਾ ਨਾਮ) ਜਪਦਾ ਹਾਂ, ਅੱਖਾਂ ਵਿਚ ਉਸ ਦਾ ਧਿਆਨ ਧਰਦਾ ਹਾਂ, ਕੰਨਾਂ ਨਾਲ ਉਸ ਦੀ ਸਿਫ਼ਤ-ਸਾਲਾਹ ਸੁਣਦਾ ਹਾਂ,
ਚਰਣੀ ਚਲਉ ਮਾਰਗਿ ਠਾਕੁਰ ਕੈ ਰਸਨਾ ਹਰਿ ਗੁਣ ਗਾਏ ॥੨॥
ਪੈਰਾਂ ਨਾਲ ਉਸ ਮਾਲਕ-ਪ੍ਰਭੂ ਦੇ ਰਸਤੇ ਤੇ ਤੁਰਦਾ ਹਾਂ, ਮੇਰੀ ਜੀਭ ਉਸ ਦੇ ਗੁਣ ਗਾਂਦੀ ਰਹਿੰਦੀ ਹੈ ॥੨॥
ਦੇਖਿਓ ਦ੍ਰਿਸਟਿ ਸਰਬ ਮੰਗਲ ਰੂਪ ਉਲਟੀ ਸੰਤ ਕਰਾਏ ॥
ਜਦੋਂ ਤੋਂ ਸੰਤ-ਜਨਾਂ ਨੇ ਮੇਰੀ ਬ੍ਰਿਤੀ ਮਾਇਆ ਵਲੋਂ ਪਰਤਾ ਦਿੱਤੀ ਹੈ, ਮੈਂ ਆਪਣੀਆਂ ਅੱਖਾਂ ਨਾਲ ਉਸ ਸਾਰੀਆਂ ਖ਼ੁਸ਼ੀਆਂ ਦੇ ਮਾਲਕ-ਹਰੀ ਨੂੰ ਵੇਖ ਲਿਆ ਹੈ।
ਪਾਇਓ ਲਾਲੁ ਅਮੋਲੁ ਨਾਮੁ ਹਰਿ ਛੋਡਿ ਨ ਕਤਹੂ ਜਾਏ ॥੩॥
ਮੈਂ ਪਰਮਾਤਮਾ ਦਾ ਕੀਮਤੀ ਅਮੋਲਕ ਨਾਮ ਲੱਭ ਲਿਆ ਹੈ, ਉਸ ਨੂੰ ਛੱਡ ਕੇ (ਮੇਰਾ ਮਨ ਹੁਣ) ਹੋਰ ਕਿਸੇ ਭੀ ਪਾਸੇ ਨਹੀਂ ਜਾਂਦਾ ॥੩॥
ਕਵਨ ਉਪਮਾ ਕਉਨ ਬਡਾਈ ਕਿਆ ਗੁਨ ਕਹਉ ਰੀਝਾਏ ॥
ਮੈਂ ਉਸ ਪਰਮਾਤਮਾ ਦੀ ਕਿਹੜੀ ਸਿਫ਼ਤ ਕਰਾਂ? ਕਿਹੜੀ ਵਡਿਆਈ ਦੱਸਾਂ? ਕਿਹੜੇ ਗੁਣ ਬਿਆਨ ਕਰਾਂ? ਜਿਸ ਕਰਕੇ ਉਹ ਮੇਰੇ ਉੱਤੇ ਪਸੰਨ ਹੋ ਜਾਏ।
ਹੋਤ ਕ੍ਰਿਪਾਲ ਦੀਨ ਦਇਆ ਪ੍ਰਭ ਜਨ ਨਾਨਕ ਦਾਸ ਦਸਾਏ ॥੪॥੮॥
ਹੇ ਦਾਸ ਨਾਨਕ! ਦੀਨਾਂ ਉੱਤੇ ਦਇਆ ਕਰਨ ਵਾਲਾ ਪ੍ਰਭੂ ਆਪ ਹੀ ਜਿਸ ਉੱਤੇ ਦਇਆਵਾਨ ਹੁੰਦਾ ਹੈ, ਉਸ ਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈਂਦਾ ਹੈ ॥੪॥੮॥
ਸਾਰਗ ਮਹਲਾ ੫ ॥
ਓੁਇ ਸੁਖ ਕਾ ਸਿਉ ਬਰਨਿ ਸੁਨਾਵਤ ॥
ਉਹਨਾਂ ਸੁਖਾਂ ਦਾ ਬਿਆਨ ਕਿਸੇ ਪਾਸੋਂ ਭੀ ਨਹੀਂ ਕੀਤਾ ਜਾ ਸਕਦਾ,
ਅਨਦ ਬਿਨੋਦ ਪੇਖਿ ਪ੍ਰਭ ਦਰਸਨ ਮਨਿ ਮੰਗਲ ਗੁਨ ਗਾਵਤ ॥੧॥ ਰਹਾਉ ॥
ਜਿਹੜੇ ਆਨੰਦ ਕੌਤਕ ਪ੍ਰਭੂ ਦਾ ਦਰਸਨ ਕਰਦਿਆਂ ਪੈਦਾ ਹੁੰਦੇ ਹਨ, ਪ੍ਰਭੂ ਦੇ ਗੁਣ ਗਾਂਦਿਆਂ ਮਨ ਦੀਆਂ ਜਿਹੜੀਆਂ ਖ਼ੁਸ਼ੀਆਂ ਪੈਦਾ ਹੁੰਦੀਆਂ ਹਨ (ਉਹ ਬਿਆਨ ਨਹੀਂ ਹੋ ਸਕਦੀਆਂ) ॥੧॥ ਰਹਾਉ ॥
ਬਿਸਮ ਭਈ ਪੇਖਿ ਬਿਸਮਾਦੀ ਪੂਰਿ ਰਹੇ ਕਿਰਪਾਵਤ ॥
ਉਸ ਅਚਰਜ-ਰੂਪ ਅਤੇ ਕਿਰਪਾ ਦੇ ਸੋਮੇ ਸਰਬ-ਵਿਆਪਕ ਪ੍ਰਭੂ ਦਾ ਦਰਸ਼ਨ ਕਰ ਕੇ ਮੈਂ ਹੈਰਾਨ ਹੋ ਗਈ ਹਾਂ।
ਪੀਓ ਅੰਮ੍ਰਿਤ ਨਾਮੁ ਅਮੋਲਕ ਜਿਉ ਚਾਖਿ ਗੂੰਗਾ ਮੁਸਕਾਵਤ ॥੧॥
ਜਦੋਂ ਮੈਂ ਉਸ ਦਾ ਆਤਮਕ ਜੀਵਨ ਦੇਣ ਵਾਲਾ ਅਮੋਲਕ ਨਾਮ-ਜਲ ਪੀਤਾ (ਤਾਂ ਮੇਰੀ ਹਾਲਤ ਇਉਂ ਹੋ ਗਈ) ਜਿਵੇਂ ਕੋਈ ਗੁੰਗਾ ਮਨੁੱਖ (ਗੁੜ ਆਦਿਕ) ਚੱਖ ਕੇ (ਸਿਰਫ਼) ਮੁਸਕ੍ਰਾਉਂਦਾ ਹੀ ਹੈ। (ਸੁਆਦ ਦੱਸ ਨਹੀਂ ਸਕਦਾ) ॥੧॥
ਜੈਸੇ ਪਵਨੁ ਬੰਧ ਕਰਿ ਰਾਖਿਓ ਬੂਝ ਨ ਆਵਤ ਜਾਵਤ ॥
ਜਿਵੇਂ (ਕੋਈ ਜੋਗੀ) ਆਪਣੇ ਪ੍ਰਾਣ ਰੋਕ ਲੈਂਦਾ ਹੈ, ਉਹਨਾਂ ਦੇ ਆਉਣ ਜਾਣ ਦੀ (ਕਿਸੇ ਹੋਰ ਨੂੰ) ਸਮਝ ਨਹੀਂ ਪੈ ਸਕਦੀ,
ਜਾ ਕਉ ਰਿਦੈ ਪ੍ਰਗਾਸੁ ਭਇਓ ਹਰਿ ਉਆ ਕੀ ਕਹੀ ਨ ਜਾਇ ਕਹਾਵਤ ॥੨॥
(ਇਸੇ ਤਰ੍ਹਾਂ) ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਪਰਕਾਸ਼ ਹੋ ਜਾਂਦਾ ਹੈ, ਉਸ ਮਨੁੱਖ ਦੀ ਆਤਮਕ ਦਸ਼ਾ ਬਿਆਨ ਨਹੀਂ ਕੀਤੀ ਜਾ ਸਕਦੀ ॥੨॥
ਆਨ ਉਪਾਵ ਜੇਤੇ ਕਿਛੁ ਕਹੀਅਹਿ ਤੇਤੇ ਸੀ ਖੇਪਾਵਤ ॥
(ਦੁਨੀਆ ਵਾਲੇ ਗੁਣ ਸਿੱਖਣ ਵਾਸਤੇ) ਹੋਰ ਜਿਤਨੇ ਭੀ ਜਤਨ ਦੱਸੇ ਜਾਂਦੇ ਹਨ, ਉਹ (ਹੋਰਨਾਂ ਪਾਸੋਂ) ਸਿੱਖਿਆਂ ਹੀ ਸਿੱਖੇ ਜਾ ਸਕਦੇ ਹਨ।
ਅਚਿੰਤ ਲਾਲੁ ਗ੍ਰਿਹ ਭੀਤਰਿ ਪ੍ਰਗਟਿਓ ਅਗਮ ਜੈਸੇ ਪਰਖਾਵਤ ॥੩॥
ਪਰ ਚਿੰਤਾ ਦੂਰ ਕਰਨ ਵਾਲਾ ਸੋਹਣਾ ਪ੍ਰਭੂ ਮਨੁੱਖ ਦੇ ਹਿਰਦੇ-ਘਰ ਦੇ ਅੰਦਰ ਹੀ ਪਰਗਟ ਹੋ ਜਾਂਦਾ ਹੈ (ਜਿਸ ਦੇ ਹਿਰਦੇ ਵਿਚ ਪਰਗਟਦਾ ਹੈ, ਉਸ ਦੀ) ਪਰਖ ਕਰਨੀ ਕਠਨ ਜਿਹਾ ਕੰਮ ਹੈ ॥੩॥
ਨਿਰਗੁਣ ਨਿਰੰਕਾਰ ਅਬਿਨਾਸੀ ਅਤੁਲੋ ਤੁਲਿਓ ਨ ਜਾਵਤ ॥
ਪਰਮਾਤਮਾ ਮਾਇਆ ਦੇ ਤਿੰਨ ਗੁਣਾਂ ਦੀ ਪਹੁੰਚ ਤੋਂ ਪਰੇ ਹੈ, ਪਰਮਾਤਮਾ ਦਾ ਕੋਈ ਖ਼ਾਸ ਸਰੂਪ ਦੱਸਿਆ ਨਹੀਂ ਜਾ ਸਕਦਾ, ਪਰਮਾਤਮਾ ਨਾਸ-ਰਹਿਤ ਹੈ, ਉਹ ਅਤੋਲ ਹੈ, ਉਸ ਨੂੰ ਤੋਲਿਆ ਨਹੀਂ ਜਾ ਸਕਦਾ।
ਕਹੁ ਨਾਨਕ ਅਜਰੁ ਜਿਨਿ ਜਰਿਆ ਤਿਸ ਹੀ ਕਉ ਬਨਿ ਆਵਤ ॥੪॥੯॥
ਨਾਨਕ ਆਖਦਾ ਹੈ- ਜਿਸ ਮਨੁੱਖ ਨੇ ਉਸ ਸਦਾ ਜਵਾਨ ਰਹਿਣ ਵਾਲੇ (ਜਰਾ-ਰਹਿਤ) ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾ ਲਿਆ, ਉਸ ਦੀ ਆਤਮਕ ਦਸ਼ਾ ਉਹ ਆਪ ਹੀ ਜਾਣਦਾ ਹੈ (ਬਿਆਨ ਨਹੀਂ ਕੀਤੀ ਜਾ ਸਕਦੀ) ॥੪॥੯॥
ਸਾਰਗ ਮਹਲਾ ੫ ॥
ਬਿਖਈ ਦਿਨੁ ਰੈਨਿ ਇਵ ਹੀ ਗੁਦਾਰੈ ॥
ਵਿਸ਼ਈ ਮਨੁੱਖ ਇਸੇ ਤਰ੍ਹਾਂ (ਵਿਕਾਰਾਂ ਵਿਚ) ਹੀ ਦਿਨ ਰਾਤ (ਆਪਣੀ ਉਮਰ) ਗੁਜ਼ਾਰਦਾ ਹੈ।
ਗੋਬਿੰਦੁ ਨ ਭਜੈ ਅਹੰਬੁਧਿ ਮਾਤਾ ਜਨਮੁ ਜੂਐ ਜਿਉ ਹਾਰੈ ॥੧॥ ਰਹਾਉ ॥
(ਵਿਸ਼ਈ ਮਨੁੱਖ) ਪਰਮਾਤਮਾ ਦਾ ਭਜਨ ਨਹੀਂ ਕਰਦਾ, ਅਹੰਕਾਰ ਵਿਚ ਮੱਤਾ ਹੋਇਆ (ਆਪਣਾ ਮਨੁੱਖਾ) ਜਨਮ (ਇਉਂ) ਹਾਰ ਜਾਂਦਾ ਹੈ ਜਿਵੇਂ (ਜੁਆਰੀਆ) ਜੂਏ ਵਿਚ (ਬਾਜ਼ੀ ਹਾਰਦਾ ਹੈ) ॥੧॥ ਰਹਾਉ ॥
ਨਾਮੁ ਅਮੋਲਾ ਪ੍ਰੀਤਿ ਨ ਤਿਸ ਸਿਉ ਪਰ ਨਿੰਦਾ ਹਿਤਕਾਰੈ ॥
ਪਰਮਾਤਮਾ ਦਾ ਨਾਮ ਬਹੁਤ ਹੀ ਕੀਮਤੀ ਹੈ (ਵਿਸ਼ਈ ਮਨੁੱਖ) ਉਸ ਨਾਲ ਪਿਆਰ ਨਹੀਂ ਪਾਂਦਾ, ਦੂਜਿਆਂ ਦੀ ਨਿੰਦਾ ਨਾਲ ਪਿਆਰ ਕਰਦਾ ਹੈ।
ਛਾਪਰੁ ਬਾਂਧਿ ਸਵਾਰੈ ਤ੍ਰਿਣ ਕੋ ਦੁਆਰੈ ਪਾਵਕੁ ਜਾਰੈ ॥੧॥
(ਵਿਸ਼ਈ ਮਨੁੱਖ, ਮਾਨੋ) ਕੱਖਾਂ ਦਾ ਛੱਪਰ ਬਣਾ ਕੇ (ਉਸ ਨੂੰ) ਸਜਾਂਦਾ ਰਹਿੰਦਾ ਹੈ (ਪਰ ਉਸ ਦੇ) ਬੂਹੇ ਅੱਗੇ ਅੱਗ ਬਾਲ ਦੇਂਦਾ ਹੈ (ਜਿਸ ਕਰਕੇ ਹਰ ਵੇਲੇ ਉਸ ਦੇ ਸੜਨ ਦਾ ਖ਼ਤਰਾ ਰਹਿੰਦਾ ਹੈ) ॥੧॥
ਕਾਲਰ ਪੋਟ ਉਠਾਵੈ ਮੂੰਡਹਿ ਅੰਮ੍ਰਿਤੁ ਮਨ ਤੇ ਡਾਰੈ ॥
(ਵਿਕਾਰਾਂ ਵਿਚ ਫਸਿਆ ਮਨੁੱਖ, ਮਾਨੋ) ਕੱਲਰ ਦੀ ਪੰਡ (ਆਪਣੇ) ਸਿਰ ਉੱਤੇ ਚੁੱਕੀ ਫਿਰਦਾ ਹੈ, ਅਤੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਆਪਣੇ) ਮਨ ਵਿਚੋਂ (ਬਾਹਰ) ਸੁੱਟ ਦੇਂਦਾ ਹੈ,
ਓਢੈ ਬਸਤ੍ਰ ਕਾਜਰ ਮਹਿ ਪਰਿਆ ਬਹੁਰਿ ਬਹੁਰਿ ਫਿਰਿ ਝਾਰੈ ॥੨॥
ਕਾਲਖ (-ਭਰੇ ਕਮਰੇ) ਵਿਚ ਬੈਠਾ ਹੋਇਆ (ਚਿੱਟੇ) ਕੱਪੜੇ ਪਹਿਨਦਾ ਹੈ ਅਤੇ (ਕੱਪੜਿਆਂ ਉੱਤੇ ਪਈ ਕਾਲਖ ਨੂੰ) ਮੁੜ ਮੁੜ ਝਾੜਦਾ ਰਹਿੰਦਾ ਹੈ ॥੨॥
ਕਾਟੈ ਪੇਡੁ ਡਾਲ ਪਰਿ ਠਾਢੌ ਖਾਇ ਖਾਇ ਮੁਸਕਾਰੈ ॥
(ਵਿਕਾਰਾਂ ਵਿਚ ਫਸਿਆ ਹੋਇਆ ਮਨੁੱਖ, ਮਾਨੋ, ਰੁੱਖ ਦੇ ਹੀ) ਟਾਹਣ ਉੱਤੇ ਖਲੋਤਾ ਹੋਇਆ (ਉਸੇ) ਰੁੱਖ ਨੂੰ ਵੱਢ ਰਿਹਾ ਹੈ, (ਨਾਲ ਨਾਲ ਹੀ ਮਿਠਿਆਈ ਆਦਿਕ) ਖਾ ਖਾ ਕੇ ਮੁਸਕ੍ਰਾ ਰਿਹਾ ਹੈ।
ਗਿਰਿਓ ਜਾਇ ਰਸਾਤਲਿ ਪਰਿਓ ਛਿਟੀ ਛਿਟੀ ਸਿਰ ਭਾਰੈ ॥੩॥
(ਪਰ ਰੁੱਖ ਵੱਢਿਆ ਜਾਣ ਤੇ ਉਹ ਮਨੁੱਖ) ਡੂੰਘੇ ਟੋਏ ਵਿਚ ਜਾ ਡਿੱਗਦਾ ਹੈ, ਸਿਰ-ਭਾਰ ਡਿੱਗ ਕੇ ਹੱਡੀ ਹੱਡੀ ਹੋ ਜਾਂਦਾ ਹੈ ॥੩॥
ਨਿਰਵੈਰੈ ਸੰਗਿ ਵੈਰੁ ਰਚਾਏ ਪਹੁਚਿ ਨ ਸਕੈ ਗਵਾਰੈ ॥
ਮੂਰਖ (ਵਿਕਾਰੀ) ਮਨੁੱਖ ਉਸ ਸੰਤ ਜਨ ਨਾਲ ਸਦਾ ਵੈਰ ਬਣਾਈ ਰੱਖਦਾ ਹੈ ਜੋ ਕਿਸੇ ਨਾਲ ਭੀ ਵੈਰ ਨਹੀਂ ਕਰਦਾ। (ਮੂਰਖ ਉਸ ਸੰਤ ਜਨ ਨਾਲ ਬਰਾਬਰੀ ਕਰਨ ਦਾ ਜਤਨ ਕਰਦਾ ਹੈ, ਪਰ) ਉਸ ਦੀ ਬਰਾਬਰੀ ਨਹੀਂ ਕਰ ਸਕਦਾ।
ਕਹੁ ਨਾਨਕ ਸੰਤਨ ਕਾ ਰਾਖਾ ਪਾਰਬ੍ਰਹਮੁ ਨਿਰੰਕਾਰੈ ॥੪॥੧੦॥
ਨਾਨਕ ਆਖਦਾ ਹੈ- (ਵਿਕਾਰੀ ਮੂਰਖ ਮਨੁੱਖ ਸੰਤ ਜਨਾਂ ਦਾ ਕੁਝ ਵਿਗਾੜ ਨਹੀਂ ਸਕਦਾ, ਕਿਉਂਕਿ) ਸੰਤ ਜਨਾਂ ਦਾ ਰਾਖਾ ਨਿਰੰਕਾਰ ਪਾਰਬ੍ਰਹਮ (ਸਦਾ ਆਪ) ਹੈ ॥੪॥੧੦॥
ਸਾਰਗ ਮਹਲਾ ੫ ॥
ਅਵਰਿ ਸਭਿ ਭੂਲੇ ਭ੍ਰਮਤ ਨ ਜਾਨਿਆ ॥
ਹੋਰ ਸਾਰੇ ਜੀਵ ਕੁਰਾਹੇ ਪਏ ਰਹਿੰਦੇ ਹਨ, (ਮਾਇਆ ਦੀ ਖ਼ਾਤਰ) ਭਟਕਦਿਆਂ ਉਹਨਾਂ ਨੂੰ (ਸਹੀ ਜੀਵਨ-ਰਾਹ ਦੀ) ਸੂਝ ਨਹੀਂ ਪੈਂਦੀ।
ਏਕੁ ਸੁਧਾਖਰੁ ਜਾ ਕੈ ਹਿਰਦੈ ਵਸਿਆ ਤਿਨਿ ਬੇਦਹਿ ਤਤੁ ਪਛਾਨਿਆ ॥੧॥ ਰਹਾਉ ॥
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਪਵਿੱਤਰ ਨਾਮ ਵੱਸਦਾ ਹੈ, ਉਸ ਨੇ (ਸਮਝੋ) ਵੇਦ (ਆਦਿਕ ਧਰਮ-ਪੁਸਤਕਾਂ) ਦਾ ਤੱਤ ਸਮਝ ਲਿਆ ॥੧॥ ਰਹਾਉ ॥
ਪਰਵਿਰਤਿ ਮਾਰਗੁ ਜੇਤਾ ਕਿਛੁ ਹੋਈਐ ਤੇਤਾ ਲੋਗ ਪਚਾਰਾ ॥
ਦੁਨੀਆ ਦੇ ਧੰਧਿਆਂ ਵਿਚ ਰੁੱਝੇ ਰਹਿਣ ਵਾਲਾ ਜਿਤਨਾ ਭੀ ਜੀਵਨ-ਰਸਤਾ ਹੈ, ਇਹ ਸਾਰਾ ਲੋਕਾਂ ਵਿਚ ਆਪਣੀ ਇੱਜ਼ਤ ਬਣਾਈ ਰੱਖਣ ਵਾਲਾ ਰਸਤਾ ਹੈ।
ਜਉ ਲਉ ਰਿਦੈ ਨਹੀ ਪਰਗਾਸਾ ਤਉ ਲਉ ਅੰਧ ਅੰਧਾਰਾ ॥੧॥
ਜਦੋਂ ਤਕ (ਮਨੁੱਖ ਦੇ) ਹਿਰਦੇ ਵਿਚ (ਹਰਿ-ਨਾਮ ਦਾ) ਚਾਨਣ ਨਹੀਂ ਹੁੰਦਾ, ਤਦ ਤਕ (ਆਤਮਕ ਜੀਵਨ ਵੱਲੋਂ) ਘੁੱਪ ਹਨੇਰਾ ਟਿਕਿਆ ਰਹਿੰਦਾ ਹੈ ॥੧॥
ਜੈਸੇ ਧਰਤੀ ਸਾਧੈ ਬਹੁ ਬਿਧਿ ਬਿਨੁ ਬੀਜੈ ਨਹੀ ਜਾਂਮੈ ॥
ਜਿਵੇਂ (ਕੋਈ ਕਿਸਾਨ ਆਪਣੀ) ਜ਼ਮੀਨ ਨੂੰ ਕਈ ਤਰੀਕਿਆਂ ਨਾਲ ਤਿਆਰ ਕਰਦਾ ਹੈ, ਪਰ ਉਸ ਵਿਚ ਬੀ ਬੀਜਣ ਤੋਂ ਬਿਨਾ ਕੁਝ ਭੀ ਨਹੀਂ ਉੱਗਦਾ।
ਰਾਮ ਨਾਮ ਬਿਨੁ ਮੁਕਤਿ ਨ ਹੋਈ ਹੈ ਤੁਟੈ ਨਾਹੀ ਅਭਿਮਾਨੈ ॥੨॥
(ਇਸੇ ਤਰ੍ਹਾਂ) ਪਰਮਾਤਮਾ ਦਾ ਨਾਮ (ਹਿਰਦੇ ਵਿਚ ਬੀਜਣ) ਤੋਂ ਬਿਨਾ ਮਨੁੱਖ ਨੂੰ ਵਿਕਾਰਾਂ ਤੋਂ ਖ਼ਲਾਸੀ ਹਾਸਲ ਨਹੀਂ ਹੁੰਦੀ, ਉਸ ਦੇ ਅੰਦਰੋਂ ਅਹੰਕਾਰ ਨਹੀਂ ਮੁੱਕਦਾ ॥੨॥
ਨੀਰੁ ਬਿਲੋਵੈ ਅਤਿ ਸ੍ਰਮੁ ਪਾਵੈ ਨੈਨੂ ਕੈਸੇ ਰੀਸੈ ॥
ਜਿਹੜਾ ਮਨੁੱਖ ਪਾਣੀ ਨੂੰ ਹੀ ਰਿੜਕਦਾ ਰਹਿੰਦਾ ਹੈ ਉਹ ਨਿਰਾ ਬਹੁਤ ਥਕੇਵਾਂ ਹੀ ਖੱਟਦਾ ਹੈ, (ਪਾਣੀ ਰਿੜਕਣ ਨਾਲ ਉਸ ਵਿਚੋਂ) ਮੱਖਣ ਨਹੀਂ ਨਿਕਲ ਸਕਦਾ।
ਬਿਨੁ ਗੁਰ ਭੇਟੇ ਮੁਕਤਿ ਨ ਕਾਹੂ ਮਿਲਤ ਨਹੀ ਜਗਦੀਸੈ ॥੩॥
(ਤਿਵੇਂ ਹੀ) ਗੁਰੂ ਨੂੰ ਮਿਲਣ ਤੋਂ ਬਿਨਾ ਕਿਸੇ ਨੂੰ ਭੀ ਮੁਕਤੀ (ਵਿਕਾਰਾਂ ਤੋਂ ਖ਼ਲਾਸੀ) ਪ੍ਰਾਪਤ ਨਹੀਂ ਹੁੰਦੀ, ਮਨੁੱਖ ਪਰਮਾਤਮਾ ਨੂੰ ਨਹੀਂ ਮਿਲ ਸਕਦਾ ॥੩॥
ਖੋਜਤ ਖੋਜਤ ਇਹੈ ਬੀਚਾਰਿਓ ਸਰਬ ਸੁਖਾ ਹਰਿ ਨਾਮਾ ॥
ਖੋਜ ਕਰਦਿਆਂ ਕਰਦਿਆਂ (ਅਸਾਂ) ਇਹੀ ਵਿਚਾਰ ਕੀਤੀ ਹੈ ਕਿ ਪਰਮਾਤਮਾ ਦਾ ਨਾਮ (ਹੀ) ਸਾਰੇ ਸੁਖ ਦੇਣ ਵਾਲਾ ਹੈ।
ਕਹੁ ਨਾਨਕ ਤਿਸੁ ਭਇਓ ਪਰਾਪਤਿ ਜਾ ਕੈ ਲੇਖੁ ਮਥਾਮਾ ॥੪॥੧੧॥
ਪਰ ਨਾਨਕ ਆਖਦਾ ਹੈ- ਇਹ ਹਰਿ-ਨਾਮ ਉਸ ਮਨੁੱਖ ਨੂੰ ਮਿਲਦਾ ਹੈ ਜਿਸ ਦੇ ਮੱਥੇ ਉਤੇ (ਹਰਿ-ਨਾਮ ਦੀ ਪ੍ਰਾਪਤੀ ਦਾ) ਲੇਖ (ਜਾਗਦਾ) ਹੈ ॥੪॥੧੧॥
ਸਾਰਗ ਮਹਲਾ ੫ ॥
ਅਨਦਿਨੁ ਰਾਮ ਕੇ ਗੁਣ ਕਹੀਐ ॥
ਆਓ, ਅਸੀਂ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦੇ ਰਹੀਏ।
ਸਗਲ ਪਦਾਰਥ ਸਰਬ ਸੂਖ ਸਿਧਿ ਮਨ ਬਾਂਛਤ ਫਲ ਲਹੀਐ ॥੧॥ ਰਹਾਉ ॥
(ਗੁਣ ਗਾਣ ਦੀ ਬਰਕਤਿ ਨਾਲ) ਆਓ, ਸਾਰੇ ਪਦਾਰਥ, ਸਾਰੇ ਸੁਖ, ਸਾਰੀਆਂ ਸਿੱਧੀਆਂ, ਸਾਰੇ ਮਨ-ਮੰਗੇ ਫਲ ਹਾਸਲ ਕਰੀਏ ॥੧॥ ਰਹਾਉ ॥
ਆਵਹੁ ਸੰਤ ਪ੍ਰਾਨ ਸੁਖਦਾਤੇ ਸਿਮਰਹ ਪ੍ਰਭੁ ਅਬਿਨਾਸੀ ॥
ਹੇ ਸੰਤ ਜਨੋ! ਆਓ, ਅਸੀਂ ਪ੍ਰਾਣ-ਦਾਤੇ ਸੁਖ-ਦਾਤੇ ਅਬਿਨਾਸੀ ਪ੍ਰਭੂ (ਦਾ ਨਾਮ) ਸਿਮਰੀਏ।
ਅਨਾਥਹ ਨਾਥੁ ਦੀਨ ਦੁਖ ਭੰਜਨ ਪੂਰਿ ਰਹਿਓ ਘਟ ਵਾਸੀ ॥੧॥
ਉਹ ਪ੍ਰਭੂ ਨਿਖਸਮਿਆਂ ਦਾ ਖਸਮ ਹੈ, ਉਹ ਪ੍ਰਭੂ ਗ਼ਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਹੈ, ਉਹ ਪ੍ਰਭੂ ਸਭ ਥਾਈਂ ਵਿਆਪਕ ਹੈ, ਉਹ ਪ੍ਰਭੂ ਸਾਰੇ ਸਰੀਰਾਂ ਵਿਚ ਮੌਜੂਦ ਹੈ ॥੧॥
ਗਾਵਤ ਸੁਨਤ ਸੁਨਾਵਤ ਸਰਧਾ ਹਰਿ ਰਸੁ ਪੀ ਵਡਭਾਗੇ ॥
ਹੇ ਸੰਤ ਜਨੋ! ਪਰਮਾਤਮਾ ਦੇ ਗੁਣ ਸਰਧਾ ਨਾਲ ਗਾਂਦਿਆਂ ਸੁਣਦਿਆਂ ਸੁਣਾਂਦਿਆਂ ਪਰਮਾਤਮਾ ਦਾ ਨਾਮ-ਰਸ ਪੀ ਕੇ ਵੱਡੇ ਭਾਗਾਂ ਵਾਲੇ ਬਣ ਜਾਈਦਾ ਹੈ।
ਕਲਿ ਕਲੇਸ ਮਿਟੇ ਸਭਿ ਤਨ ਤੇ ਰਾਮ ਨਾਮ ਲਿਵ ਜਾਗੇ ॥੨॥
ਹੇ ਸੰਤ ਜਨੋ! ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜ ਕੇ (ਵਿਕਾਰਾਂ ਦੇ ਹੱਲਿਆਂ ਵੱਲੋਂ ਸਦਾ) ਸੁਚੇਤ ਰਹਿੰਦੇ ਹਨ, ਉਹਨਾਂ ਦੇ ਸਰੀਰ ਵਿਚੋਂ ਸਾਰੇ ਝਗੜੇ ਸਾਰੇ ਦੁੱਖ ਮਿਟ ਜਾਂਦੇ ਹਨ ॥੨॥
ਕਾਮੁ ਕ੍ਰੋਧੁ ਝੂਠੁ ਤਜਿ ਨਿੰਦਾ ਹਰਿ ਸਿਮਰਨਿ ਬੰਧਨ ਤੂਟੇ ॥
ਹੇ ਸੰਤ ਜਨੋ! ਕਾਮ ਕ੍ਰੋਧ ਝੂਠ ਨਿੰਦਿਆ ਛੱਡ ਕੇ ਪਰਮਾਤਮਾ ਦਾ ਨਾਮ ਸਿਮਰਨ ਦੀ ਰਾਹੀਂ (ਮਨੁੱਖ ਦੇ ਅੰਦਰੋਂ ਮਾਇਆ ਦੇ ਮੋਹ ਦੀਆਂ ਸਾਰੀਆਂ) ਫਾਹੀਆਂ ਟੁੱਟ ਜਾਂਦੀਆਂ ਹਨ।
ਮੋਹ ਮਗਨ ਅਹੰ ਅੰਧ ਮਮਤਾ ਗੁਰ ਕਿਰਪਾ ਤੇ ਛੂਟੇ ॥੩॥
ਮੋਹ ਵਿਚ ਡੁੱਬੇ ਰਹਿਣਾ, ਹਉਮੈ ਵਿਚ ਅੰਨ੍ਹੇ ਹੋਏ ਰਹਿਣਾ, ਮਾਇਆ ਦੇ ਕਬਜ਼ੇ ਦੀ ਲਾਲਸਾ-ਇਹ ਸਾਰੇ ਗੁਰੂ ਦੀ ਕਿਰਪਾ ਨਾਲ (ਮਨੁੱਖ ਦੇ ਅੰਦਰੋਂ) ਖ਼ਤਮ ਹੋ ਜਾਂਦੇ ਹਨ ॥੩॥
ਤੂ ਸਮਰਥੁ ਪਾਰਬ੍ਰਹਮ ਸੁਆਮੀ ਕਰਿ ਕਿਰਪਾ ਜਨੁ ਤੇਰਾ ॥
ਹੇ ਪਾਰਬ੍ਰਹਮ! ਹੇ ਸੁਆਮੀ! ਤੂੰ ਸਭ ਤਾਕਤਾਂ ਦਾ ਮਾਲਕ ਹੈਂ (ਮੇਰੇ ਉਤੇ) ਮਿਹਰ ਕਰ (ਮੈਨੂੰ ਆਪਣਾ ਨਾਮ ਸਿਮਰਨ ਦਾ ਖੈਰ ਪਾ, ਮੈਂ) ਤੇਰਾ ਦਾਸ ਹਾਂ।
ਪੂਰਿ ਰਹਿਓ ਸਰਬ ਮਹਿ ਠਾਕੁਰੁ ਨਾਨਕ ਸੋ ਪ੍ਰਭੁ ਨੇਰਾ ॥੪॥੧੨॥
ਹੇ ਨਾਨਕ! ਮਾਲਕ-ਪ੍ਰਭੂ ਸਭ ਜੀਵਾਂ ਵਿਚ ਵਿਆਪਕ ਹੈ, ਉਹ ਪ੍ਰਭੂ ਸਭ ਦੇ ਨੇੜੇ ਵੱਸਦਾ ਹੈ ॥੪॥੧੨॥
ਸਾਰਗ ਮਹਲਾ ੫ ॥
ਬਲਿਹਾਰੀ ਗੁਰਦੇਵ ਚਰਨ ॥
(ਮੈਂ ਆਪਣੇ) ਗੁਰੂ ਦੇ ਚਰਨਾਂ ਤੋਂ ਸਦਕੇ ਜਾਂਦਾ ਹਾਂ,
ਜਾ ਕੈ ਸੰਗਿ ਪਾਰਬ੍ਰਹਮੁ ਧਿਆਈਐ ਉਪਦੇਸੁ ਹਮਾਰੀ ਗਤਿ ਕਰਨ ॥੧॥ ਰਹਾਉ ॥
ਜਿਸ ਦਾ ਉਪਦੇਸ਼ ਅਸਾਂ ਜੀਵਾਂ ਦੀ ਉੱਚੀ ਆਤਮਕ ਦਸ਼ਾ ਬਣਾ ਦੇਂਦਾ ਹੈ ॥੧॥ ਰਹਾਉ ॥
ਦੂਖ ਰੋਗ ਭੈ ਸਗਲ ਬਿਨਾਸੇ ਜੋ ਆਵੈ ਹਰਿ ਸੰਤ ਸਰਨ ॥
ਜਿਹੜਾ ਮਨੁੱਖ ਹਰੀ ਦੇ ਸੰਤ ਗੁਰਦੇਵ ਦੀ ਸਰਨ ਪੈਂਦਾ ਹੈ, ਉਸ ਦੇ ਸਾਰੇ ਦੁੱਖ ਸਾਰੇ ਰੋਗ ਸਾਰੇ ਡਰ ਨਾਸ ਹੋ ਜਾਂਦੇ ਹਨ।
ਆਪਿ ਜਪੈ ਅਵਰਹ ਨਾਮੁ ਜਪਾਵੈ ਵਡ ਸਮਰਥ ਤਾਰਨ ਤਰਨ ॥੧॥
ਉਹ ਮਨੁੱਖ ਵੱਡੀ ਸਮਰਥਾ ਵਾਲੇ ਹਰੀ ਦਾ ਸਭ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ-ਜੋਗ ਹਰੀ ਦਾ ਨਾਮ ਆਪ ਜਪਦਾ ਹੈ ਅਤੇ ਹੋਰਨਾਂ ਪਾਸੋਂ ਜਪਾਂਦਾ ਹੈ ॥੧॥
ਜਾ ਕੋ ਮੰਤ੍ਰੁ ਉਤਾਰੈ ਸਹਸਾ ਊਣੇ ਕਉ ਸੁਭਰ ਭਰਨ ॥
(ਮੈਂ ਆਪਣੇ ਗੁਰੂ ਦੇ ਚਰਨਾਂ ਤੋਂ ਸਦਕੇ ਜਾਂਦਾ ਹਾਂ) ਜਿਸ ਦਾ ਉਪਦੇਸ਼ ਮਨੁੱਖ ਦਾ ਸਹਮ ਦੂਰ ਕਰ ਦੇਂਦਾ ਹੈ ਜਿਹੜਾ ਗੁਰੂ ਆਤਮਕ ਜੀਵਨ ਤੋਂ ਸੱਖਣੇ ਮਨੁੱਖਾਂ ਨੂੰ ਨਕਾ-ਨਕ ਭਰ ਦੇਂਦਾ ਹੈ।
ਹਰਿ ਦਾਸਨ ਕੀ ਆਗਿਆ ਮਾਨਤ ਤੇ ਨਾਹੀ ਫੁਨਿ ਗਰਭ ਪਰਨ ॥੨॥
ਜਿਹੜੇ ਮਨੁੱਖ ਹਰੀ ਦੇ ਦਾਸਾਂ ਦੀ ਰਜ਼ਾ ਵਿਚ ਤੁਰਦੇ ਹਨ, ਉਹ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦੇ ॥੨॥
ਭਗਤਨ ਕੀ ਟਹਲ ਕਮਾਵਤ ਗਾਵਤ ਦੁਖ ਕਾਟੇ ਤਾ ਕੇ ਜਨਮ ਮਰਨ ॥
ਸੰਤ ਜਨਾਂ ਦੀ ਸੇਵਾ ਕਰਦਿਆਂ ਪਰਮਾਤਮਾ ਦੇ ਗੁਣ ਗਾਂਦਿਆਂ (ਗੁਰੂ) ਉਹਨਾਂ ਦੇ ਜਨਮ ਮਰਨ ਦੇ ਸਾਰੇ ਦੁੱਖ ਕੱਟ ਦੇਂਦਾ ਹੈ।
ਜਾ ਕਉ ਭਇਓ ਕ੍ਰਿਪਾਲੁ ਬੀਠੁਲਾ ਤਿਨਿ ਹਰਿ ਹਰਿ ਅਜਰ ਜਰਨ ॥੩॥
(ਗੁਰੂ ਦੀ ਮਿਹਰ ਨਾਲ) ਜਿਸ ਮਨੁੱਖ ਉੱਤੇ ਮਾਇਆ ਤੋਂ ਨਿਰਲੇਪ ਪ੍ਰਭੂ ਦਇਆਵਾਨ ਹੁੰਦਾ ਹੈ, ਉਸ ਮਨੁੱਖ ਨੇ ਸਦਾ ਜਵਾਨ ਰਹਿਣ ਵਾਲੇ (ਜਰਾ-ਰਹਿਤ) ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ਹੈ ॥੩॥
ਹਰਿ ਰਸਹਿ ਅਘਾਨੇ ਸਹਜਿ ਸਮਾਨੇ ਮੁਖ ਤੇ ਨਾਹੀ ਜਾਤ ਬਰਨ ॥
ਹੇ ਨਾਨਕ! ਜਿਹੜੇ ਮਨੁੱਖ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਨਾਮ-ਰਸ ਨਾਲ ਰੱਜ ਜਾਂਦੇ ਹਨ, ਆਤਮਕ ਅਡੋਲਤਾ ਵਿਚ ਲੀਨ ਹੋ ਜਾਂਦੇ ਹਨ (ਉਹਨਾਂ ਦੀ ਉੱਚੀ ਆਤਮਕ ਅਵਸਥਾ) ਮੂੰਹੋਂ ਬਿਆਨ ਨਹੀਂ ਕੀਤੀ ਜਾ ਸਕਦੀ।
ਗੁਰਪ੍ਰਸਾਦਿ ਨਾਨਕ ਸੰਤੋਖੇ ਨਾਮੁ ਪ੍ਰਭੂ ਜਪਿ ਜਪਿ ਉਧਰਨ ॥੪॥੧੩॥
ਉਹ ਮਨੁੱਖ ਪ੍ਰਭੂ ਦਾ ਨਾਮ ਜਪ ਕੇ ਸੰਤੋਖੀ ਜੀਵਨ ਵਾਲੇ ਹੋ ਜਾਂਦੇ ਹਨ, ਉਹ ਮਨੁੱਖ ਪ੍ਰਭੂ ਦਾ ਨਾਮ ਜਪ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੪॥੧੩॥
ਸਾਰਗ ਮਹਲਾ ੫ ॥
ਗਾਇਓ ਰੀ ਮੈ ਗੁਣ ਨਿਧਿ ਮੰਗਲ ਗਾਇਓ ॥
(ਹੇ ਭੈਣ!) ਮੈਂ ਭੀ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੇ ਸਿਫ਼ਤ-ਸਾਲਾਹ ਦੇ ਗੀਤ ਗਾ ਰਹੀ ਹਾਂ।
ਭਲੇ ਸੰਜੋਗ ਭਲੇ ਦਿਨ ਅਉਸਰ ਜਉ ਗੋਪਾਲੁ ਰੀਝਾਇਓ ॥੧॥ ਰਹਾਉ ॥
(ਜਿੰਦ ਵਾਸਤੇ ਉਹ) ਭਲੇ ਸਬਬ ਹੁੰਦੇ ਹਨ, ਭਾਗਾਂ ਵਾਲੇ ਦਿਨ ਹੁੰਦੇ ਹਨ, ਸੋਹਣੇ ਸਮੇ ਹੁੰਦੇ ਹਨ, ਜਦੋਂ (ਕੋਈ ਜਿੰਦ) ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਨੂੰ ਖ਼ੁਸ਼ ਕਰ ਲਏ ॥੧॥ ਰਹਾਉ ॥
ਸੰਤਹ ਚਰਨ ਮੋਰਲੋ ਮਾਥਾ ॥
ਹੇ ਭੈਣ! ਮੇਰਾ ਮੱਥਾ ਹੁਣ ਸੰਤਾਂ ਦੇ ਚਰਨਾਂ ਤੇ ਹੈ,
ਹਮਰੇ ਮਸਤਕਿ ਸੰਤ ਧਰੇ ਹਾਥਾ ॥੧॥
ਮੇਰੇ ਮੱਥੇ ਉਤੇ ਸੰਤਾਂ ਨੇ ਆਪਣੇ ਹੱਥ ਰੱਖੇ ਹਨ-(ਮੇਰੇ ਵਾਸਤੇ ਇਹ ਬੜਾ ਹੀ ਸੁਭਾਗ ਸਮਾ ਹੈ) ॥੧॥
ਸਾਧਹ ਮੰਤ੍ਰੁ ਮੋਰਲੋ ਮਨੂਆ ॥
ਗੁਰੂ ਦਾ ਉਪਦੇਸ਼ ਮੇਰੇ ਅੰਞਾਣ ਮਨ ਵਿਚ ਆ ਵੱਸਿਆ ਹੈ,
ਤਾ ਤੇ ਗਤੁ ਹੋਏ ਤ੍ਰੈ ਗੁਨੀਆ ॥੨॥
ਉਸ ਦੀ ਬਰਕਤਿ ਨਾਲ (ਮੇਰੇ ਅੰਦਰੋਂ) ਮਾਇਆ ਦੇ ਤਿੰਨਾਂ ਹੀ ਗੁਣਾਂ ਦਾ ਪ੍ਰਭਾਵ ਦੂਰ ਹੋ ਗਿਆ ਹੈ ॥੨॥
ਭਗਤਹ ਦਰਸੁ ਦੇਖਿ ਨੈਨ ਰੰਗਾ ॥
ਸੰਤ ਜਨਾਂ ਦਾ ਦਰਸਨ ਕਰ ਕੇ ਮੇਰੀਆਂ ਅੱਖਾਂ ਵਿਚ (ਅਜਿਹਾ) ਪ੍ਰੇਮ ਪੈਦਾ ਹੋ ਗਿਆ ਹੈ,
ਲੋਭ ਮੋਹ ਤੂਟੇ ਭ੍ਰਮ ਸੰਗਾ ॥੩॥
ਕਿ ਲੋਭ ਮੋਹ ਭਟਕਣਾ ਦਾ ਸਾਥ (ਮੇਰੇ ਅੰਦਰੋਂ) ਮੁੱਕ ਗਿਆ ਹੈ ॥੩॥
ਕਹੁ ਨਾਨਕ ਸੁਖ ਸਹਜ ਅਨੰਦਾ ॥
ਨਾਨਕ ਆਖਦਾ ਹੈ- (ਹੁਣ ਮੇਰੇ ਅੰਦਰ) ਆਤਮਕ ਅਡੋਲਤਾ ਦੇ ਸੁਖ ਆਨੰਦ ਬਣੇ ਪਏ ਹਨ।
ਖੋਲਿ੍ ਭੀਤਿ ਮਿਲੇ ਪਰਮਾਨੰਦਾ ॥੪॥੧੪॥
(ਮੇਰੇ ਅੰਦਰੋਂ ਹਉਮੈ ਦੀ) ਕੰਧ ਤੋੜ ਕੇ ਸਭ ਤੋਂ ਉੱਚੇ ਆਨੰਦ ਦੇ ਮਾਲਕ-ਪ੍ਰਭੂ ਜੀ ਮੈਨੂੰ ਮਿਲ ਪਏ ਹਨ ॥੪॥੧੪॥
ਸਾਰਗ ਮਹਲਾ ੫ ਘਰੁ ੨ ॥
ਰਾਗ ਸਾਰੰਗ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਕੈਸੇ ਕਹਉ ਮੋਹਿ ਜੀਅ ਬੇਦਨਾਈ ॥
ਹੇ ਵੀਰ! ਮੈਂ ਆਪਣੇ ਦਿਲ ਦੀ ਪੀੜ ਕਿਵੇਂ ਬਿਆਨ ਕਰਾਂ? (ਬਿਆਨ ਕਰ ਨਹੀਂ ਸਕਦੀ)।
ਦਰਸਨ ਪਿਆਸ ਪ੍ਰਿਅ ਪ੍ਰੀਤਿ ਮਨੋਹਰ ਮਨੁ ਨ ਰਹੈ ਬਹੁ ਬਿਧਿ ਉਮਕਾਈ ॥੧॥ ਰਹਾਉ ॥
ਮੇਰੇ ਅੰਦਰ ਮਨ ਨੂੰ ਮੋਹ ਲੈਣ ਵਾਲੇ ਪਿਆਰੇ ਪ੍ਰਭੂ ਦੀ ਪ੍ਰੀਤ ਹੈ ਉਸ ਦੇ ਦਰਸਨ ਦੀ ਤਾਂਘ ਹੈ (ਦਰਸਨ ਤੋਂ ਬਿਨਾ ਮੇਰਾ) ਮਨ ਧੀਰਜ ਨਹੀਂ ਕਰਦਾ, (ਮੇਰਾ ਅੰਦਰ) ਕਈ ਤਰੀਕਿਆਂ ਨਾਲ ਉਮੰਗ ਉਠ ਰਹੀ ਹੈ ॥੧॥ ਰਹਾਉ ॥
ਚਿਤਵਨਿ ਚਿਤਵਉ ਪ੍ਰਿਅ ਪ੍ਰੀਤਿ ਬੈਰਾਗੀ ਕਦਿ ਪਾਵਉ ਹਰਿ ਦਰਸਾਈ ॥
ਹੇ ਵੀਰ! ਮੈਂ ਪਿਆਰੇ ਦੀ ਪ੍ਰੀਤ ਨਾਲ ਵੈਰਾਗਣ ਹੋਈ ਪਈ ਹਾਂ, ਮੈਂ (ਹਰ ਵੇਲੇ ਇਹ) ਸੋਚ ਸੋਚਦੀ ਰਹਿੰਦੀ ਹਾਂ ਕਿ ਮੈਂ ਹਰੀ ਦਾ ਦਰਸਨ ਕਦੋਂ ਕਰਾਂਗੀ।
ਜਤਨ ਕਰਉ ਇਹੁ ਮਨੁ ਨਹੀ ਧੀਰੈ ਕੋਊ ਹੈ ਰੇ ਸੰਤੁ ਮਿਲਾਈ ॥੧॥
(ਇਸ ਮਨ ਨੂੰ ਧੀਰਜ ਦੇਣ ਲਈ) ਮੈਂ ਜਤਨ ਕਰਦੀ ਰਹਿੰਦੀ ਹਾਂ, ਪਰ ਇਹ ਮਨ ਧੀਰਜ ਨਹੀਂ ਕਰਦਾ। ਹੇ ਵੀਰ! ਕੋਈ ਅਜਿਹਾ ਭੀ ਸੰਤ ਹੈ ਜਿਹੜਾ ਮੈਨੂੰ ਪ੍ਰਭੂ ਮਿਲਾ ਦੇਵੇ? ॥੧॥
ਜਪ ਤਪ ਸੰਜਮ ਪੁੰਨ ਸਭਿ ਹੋਮਉ ਤਿਸੁ ਅਰਪਉ ਸਭਿ ਸੁਖ ਜਾਂਈ ॥
ਹੇ ਵੀਰ! ਮੈਂ ਸਾਰੇ ਜਪ ਸਾਰੇ ਤਪ ਸਾਰੇ ਸੰਜਮ ਸਾਰੇ ਪੁੰਨ ਕੁਰਬਾਨ ਕਰ ਦਿਆਂ, ਸਾਰੇ ਸੁਖਾਂ ਦੇ ਵਸੀਲੇ (ਪਿਆਰੇ ਪ੍ਰਭੂ ਨਾਲ ਮਿਲਣ ਵਾਲੇ ਸੰਤ ਅੱਗੇ) ਭੇਟਾ ਰੱਖ ਦਿਆਂਗੀ।
ਏਕ ਨਿਮਖ ਪ੍ਰਿਅ ਦਰਸੁ ਦਿਖਾਵੈ ਤਿਸੁ ਸੰਤਨ ਕੈ ਬਲਿ ਜਾਂਈ ॥੨॥
ਹੇ ਵੀਰ! ਜੇ ਕੋਈ ਅੱਖ ਝਮਕਣ ਜਿਤਨੇ ਸਮੇ ਲਈ ਹੀ ਮੈਨੂੰ ਪਿਆਰੇ ਦਾ ਦਰਸਨ ਕਰਾ ਦੇਵੇ, ਤਾਂ ਮੈਂ ਉਸ ਪਿਆਰੇ ਦੇ ਉਹਨਾਂ ਸੰਤਾਂ ਤੋਂ ਸਦਕੇ ਕੁਰਬਾਨ ਜਾਵਾਂ ॥੨॥
ਕਰਉ ਨਿਹੋਰਾ ਬਹੁਤੁ ਬੇਨਤੀ ਸੇਵਉ ਦਿਨੁ ਰੈਨਾਈ ॥
ਹੇ ਵੀਰ! ਮੈਂ ਉਸ ਦੇ ਅੱਗੇ ਬਹੁਤ ਤਰਲਾ ਕਰਾਂਗੀ, ਬੇਨਤੀ ਕਰਾਂਗੀ, ਮੈਂ ਦਿਨ ਰਾਤ ਉਸ ਦੀ ਸੇਵਾ ਕਰਾਂਗੀ।
ਮਾਨੁ ਅਭਿਮਾਨੁ ਹਉ ਸਗਲ ਤਿਆਗਉ ਜੋ ਪ੍ਰਿਅ ਬਾਤ ਸੁਨਾਈ ॥੩॥
ਜਿਹੜਾ ਕੋਈ ਸੰਤ ਮੈਨੂੰ ਪਿਆਰੇ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਗੱਲ ਸੁਣਾਏ, ਮੈਂ ਉਸ ਦੇ ਅੱਗੇ ਆਪਣਾ ਸਾਰਾ ਮਾਣ ਅਹੰਕਾਰ ਤਿਆਗ ਦਿਆਂਗੀ ॥੩॥
ਦੇਖਿ ਚਰਿਤ੍ਰ ਭਈ ਹਉ ਬਿਸਮਨਿ ਗੁਰਿ ਸਤਿਗੁਰਿ ਪੁਰਖਿ ਮਿਲਾਈ ॥
ਮੈਂ ਇਹ ਕੌਤਕ ਵੇਖ ਕੇ ਹੈਰਾਨ ਹੋ ਗਈ ਕਿ ਗੁਰੂ ਨੇ ਸਤਿਗੁਰੂ ਨੇ ਮੈਨੂੰ ਅਕਾਲ ਪੁਰਖ (ਦੇ ਚਰਨਾਂ) ਵਿਚ ਜੋੜ ਦਿੱਤਾ।
ਪ੍ਰਭ ਰੰਗ ਦਇਆਲ ਮੋਹਿ ਗ੍ਰਿਹ ਮਹਿ ਪਾਇਆ ਜਨ ਨਾਨਕ ਤਪਤਿ ਬੁਝਾਈ ॥੪॥੧॥੧੫॥
ਹੇ ਦਾਸ ਨਾਨਕ! ਦਇਆ ਦਾ ਸੋਮਾ ਪਿਆਰ-ਸਰੂਪ ਪਰਮਾਤਮਾ ਮੈਂ ਆਪਣੇ ਹਿਰਦੇ-ਘਰ ਵਿਚ ਹੀ ਲੱਭ ਲਿਆ, (ਤੇ, ਮੇਰੇ ਅੰਦਰੋਂ ਮਾਇਆ ਵਾਲੀ ਸਾਰੀ) ਤਪਸ਼ ਮਿਟ ਗਈ ॥੪॥੧॥੧੫॥
ਸਾਰਗ ਮਹਲਾ ੫ ॥
ਰੇ ਮੂੜ੍ਰੇ ਕਿਉ ਸਿਮਰਤ ਅਬ ਨਾਹੀ ॥
ਹੇ ਮੂਰਖ! ਹੁਣ (ਜਨਮ ਲੈ ਕੇ) ਤੂੰ ਕਿਉਂ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ?
ਨਰਕ ਘੋਰ ਮਹਿ ਉਰਧ ਤਪੁ ਕਰਤਾ ਨਿਮਖ ਨਿਮਖ ਗੁਣ ਗਾਂਹੀ ॥੧॥ ਰਹਾਉ ॥
(ਜਦੋਂ) ਤੂੰ ਭਿਆਨਕ ਨਰਕ (ਵਰਗੇ ਮਾਂ ਦੇ ਪੇਟ) ਵਿਚ (ਸੀ ਤਦੋਂ ਤੂੰ) ਪੁੱਠਾ (ਲਟਕਿਆ ਹੋਇਆ) ਤਪ ਕਰਦਾ ਸੀ, (ਉਥੇ ਤੂੰ) ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਸੀ ॥੧॥ ਰਹਾਉ ॥
ਅਨਿਕ ਜਨਮ ਭ੍ਰਮਤੌ ਹੀ ਆਇਓ ਮਾਨਸ ਜਨਮੁ ਦੁਲਭਾਹੀ ॥
ਹੇ ਮੂਰਖ! ਤੂੰ ਅਨੇਕਾਂ ਹੀ ਜਨਮਾਂ ਵਿਚ ਭਟਕਦਾ ਆਇਆ ਹੈਂ। ਹੁਣ ਤੈਨੂੰ ਦੁਰਲੱਭ ਮਨੁੱਖਾ ਜਨਮ ਮਿਲਿਆ ਹੈ।
ਗਰਭ ਜੋਨਿ ਛੋਡਿ ਜਉ ਨਿਕਸਿਓ ਤਉ ਲਾਗੋ ਅਨ ਠਾਂਹੀ ॥੧॥
ਪਰ ਮਾਂ ਦਾ ਪੇਟ ਛੱਡ ਕੇ ਜਦੋਂ ਤੂੰ ਜਗਤ ਵਿਚ ਆ ਗਿਆ, ਤਦੋਂ ਤੂੰ (ਸਿਮਰਨ ਛੱਡ ਕੇ) ਹੋਰ ਹੋਰ ਥਾਈਂ ਰੁੱਝ ਗਿਆ ॥੧॥
ਕਰਹਿ ਬੁਰਾਈ ਠਗਾਈ ਦਿਨੁ ਰੈਨਿ ਨਿਹਫਲ ਕਰਮ ਕਮਾਹੀ ॥
ਹੇ ਮੂਰਖ! ਤੂੰ ਦਿਨ ਰਾਤ ਬੁਰਾਈਆਂ ਕਰਦਾ ਹੈਂ, ਠੱਗੀਆਂ ਕਰਦਾ ਹੈਂ, ਤੂੰ ਸਦਾ ਉਹੀ ਕੰਮ ਕਰਦਾ ਰਹਿੰਦਾ ਹੈਂ ਜਿਨ੍ਹਾਂ ਤੋਂ ਕੁਝ ਭੀ ਹੱਥ ਨਹੀਂ ਆਉਣਾ।
ਕਣੁ ਨਾਹੀ ਤੁਹ ਗਾਹਣ ਲਾਗੇ ਧਾਇ ਧਾਇ ਦੁਖ ਪਾਂਹੀ ॥੨॥
(ਵੇਖ, ਜਿਹੜੇ ਕਿਸਾਨ ਉਹਨਾਂ) ਤੁਹਾਂ ਨੂੰ ਹੀ ਗਾਂਹਦੇ ਰਹਿੰਦੇ ਹਨ ਜਿਨ੍ਹਾਂ ਵਿਚ ਦਾਣੇ ਨਹੀਂ ਹੁੰਦੇ, ਉਹ ਦੌੜ ਦੌੜ ਕੇ ਦੁੱਖ (ਹੀ) ਪਾਂਦੇ ਹਨ ॥੨॥
ਮਿਥਿਆ ਸੰਗਿ ਕੂੜਿ ਲਪਟਾਇਓ ਉਰਝਿ ਪਰਿਓ ਕੁਸਮਾਂਹੀ ॥
ਹੇ ਕਮਲੇ! ਤੂੰ ਨਾਸਵੰਤ ਮਾਇਆ ਨਾਲ ਨਾਸਵੰਤ ਜਗਤ ਨਾਲ ਚੰਬੜਿਆ ਰਹਿੰਦਾ ਹੈਂ, ਤੂੰ ਕੁਸੁੰਭੇ ਦੇ ਫੁੱਲਾਂ ਨਾਲ ਹੀ ਪਿਆਰ ਪਾਈ ਬੈਠਾ ਹੈਂ।
ਧਰਮ ਰਾਇ ਜਬ ਪਕਰਸਿ ਬਵਰੇ ਤਉ ਕਾਲ ਮੁਖਾ ਉਠਿ ਜਾਹੀ ॥੩॥
ਜਦੋਂ ਤੈਨੂੰ ਧਰਮ-ਰਾਜ ਆ ਫੜੇਗਾ (ਜਦੋਂ ਮੌਤ ਆ ਗਈ) ਤਦੋਂ (ਭੈੜੇ ਕੰਮਾਂ ਦੀ) ਕਾਲਖ ਹੀ ਮੂੰਹ ਤੇ ਲੈ ਕੇ (ਇਥੋਂ) ਚਲਾ ਜਾਹਿਂਗਾ ॥੩॥
ਸੋ ਮਿਲਿਆ ਜੋ ਪ੍ਰਭੂ ਮਿਲਾਇਆ ਜਿਸੁ ਮਸਤਕਿ ਲੇਖੁ ਲਿਖਾਂਹੀ ॥
(ਪਰ, ਹੇ ਭਾਈ! ਜੀਵਾਂ ਦੇ ਭੀ ਕੀਹ ਵੱਸ?) ਉਹ ਮਨੁੱਖ (ਹੀ ਪਰਮਾਤਮਾ ਨੂੰ) ਮਿਲਦਾ ਹੈ ਜਿਸ ਮਨੁੱਖ ਨੂੰ ਪਰਮਾਤਮਾ ਆਪ ਮਿਲਾਂਦਾ ਹੈ, ਜਿਸ ਮਨੁੱਖ ਦੇ ਮੱਥੇ ਉਤੇ (ਪ੍ਰਭੂ-ਮਿਲਾਪ ਦੇ) ਲੇਖ ਲਿਖੇ ਹੁੰਦੇ ਹਨ।
ਕਹੁ ਨਾਨਕ ਤਿਨ੍ਰ ਜਨ ਬਲਿਹਾਰੀ ਜੋ ਅਲਿਪ ਰਹੇ ਮਨ ਮਾਂਹੀ ॥੪॥੨॥੧੬॥
ਨਾਨਕ ਆਖਦਾ ਹੈ- ਮੈਂ ਉਹਨਾਂ ਮਨੁੱਖਾਂ ਤੋਂ ਕੁਰਬਾਨ ਹਾਂ, ਜਿਹੜੇ (ਪ੍ਰਭੂ-ਮਿਲਾਪ ਦੀ ਬਰਕਤਿ ਨਾਲ) ਮਨ ਵਿਚ (ਮਾਇਆ ਤੋਂ) ਨਿਰਲੇਪ ਰਹਿੰਦੇ ਹਨ ॥੪॥੨॥੧੬॥
ਸਾਰਗ ਮਹਲਾ ੫ ॥
ਕਿਉ ਜੀਵਨੁ ਪ੍ਰੀਤਮ ਬਿਨੁ ਮਾਈ ॥
ਹੇ (ਮੇਰੀ) ਮਾਂ! ਉਸ ਪ੍ਰੀਤਮ ਪ੍ਰਭੂ ਦੀ ਯਾਦ ਤੋਂ ਬਿਨਾ ਆਤਮਕ ਜੀਵਨ ਹਾਸਲ ਨਹੀਂ ਹੋ ਸਕਦਾ,
ਜਾ ਕੇ ਬਿਛੁਰਤ ਹੋਤ ਮਿਰਤਕਾ ਗ੍ਰਿਹ ਮਹਿ ਰਹਨੁ ਨ ਪਾਈ ॥੧॥ ਰਹਾਉ ॥
ਜਿਸ ਪਰਮਾਤਮਾ ਦੀ ਜੋਤਿ ਸਰੀਰ ਤੋਂ ਵਿੱਛੁੜਿਆਂ ਸਰੀਰ ਮੁਰਦਾ ਹੋ ਜਾਂਦਾ ਹੈ, (ਤੇ ਮੁਰਦਾ ਸਰੀਰ) ਘਰ ਵਿਚ ਟਿਕਿਆ ਨਹੀਂ ਰਹਿ ਸਕਦਾ ॥੧॥ ਰਹਾਉ ॥
ਜੀਅ ਹੀਂਅ ਪ੍ਰਾਨ ਕੋ ਦਾਤਾ ਜਾ ਕੈ ਸੰਗਿ ਸੁਹਾਈ ॥
ਜਿਹੜਾ ਪਰਮਾਤਮਾ (ਸਭ ਜੀਵਾਂ ਨੂੰ) ਜਿੰਦ ਦੇਣ ਵਾਲਾ ਹੈ ਹਿਰਦਾ ਦੇਣ ਵਾਲਾ ਹੈ ਪ੍ਰਾਣ ਦੇਣ ਵਾਲਾ ਹੈ, ਤੇ, ਜਿਸ ਦੀ ਸੰਗਤ ਵਿਚ ਹੀ (ਇਹ ਸਰੀਰ) ਸੋਹਣਾ ਲੱਗਦਾ ਹੈ,
ਕਰਹੁ ਕ੍ਰਿਪਾ ਸੰਤਹੁ ਮੋਹਿ ਅਪੁਨੀ ਪ੍ਰਭ ਮੰਗਲ ਗੁਣ ਗਾਈ ॥੧॥
ਹੇ ਸੰਤ ਜਨੋ! ਮੇਰੇ ਉਤੇ ਆਪਣੀ ਮਿਹਰ ਕਰੋ, ਮੈਂ ਉਸ ਪਰਮਾਤਮਾ ਦੇ ਗੁਣ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਾਂ ॥੧॥
ਚਰਨ ਸੰਤਨ ਕੇ ਮਾਥੇ ਮੇਰੇ ਊਪਰਿ ਨੈਨਹੁ ਧੂਰਿ ਬਾਂਛਾਈਂ ॥
ਹੇ ਮਾਂ! ਮੇਰੀ ਤਾਂਘ ਹੈ ਕਿ ਸੰਤ ਜਨਾਂ ਦੇ ਚਰਨ ਮੇਰੇ ਮੱਥੇ ਉੱਤੇ ਟਿਕੇ ਰਹਿਣ, ਸੰਤ ਜਨਾਂ ਦੇ ਚਰਨਾਂ ਦੀ ਧੂੜ ਮੇਰੀਆਂ ਅੱਖਾਂ ਨੂੰ ਲੱਗਦੀ ਰਹੇ।
ਜਿਹ ਪ੍ਰਸਾਦਿ ਮਿਲੀਐ ਪ੍ਰਭ ਨਾਨਕ ਬਲਿ ਬਲਿ ਤਾ ਕੈ ਹਉ ਜਾਈ ॥੨॥੩॥੧੭॥
ਹੇ ਨਾਨਕ! ਜਿਨ੍ਹਾਂ ਸੰਤ ਜਨਾਂ ਦੀ ਕਿਰਪਾ ਨਾਲ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ॥੨॥੩॥੧੭॥
ਸਾਰਗ ਮਹਲਾ ੫ ॥
ਉਆ ਅਉਸਰ ਕੈ ਹਉ ਬਲਿ ਜਾਈ ॥
ਮੈਂ ਉਸ ਮੌਕੇ ਤੋਂ ਸਦਕੇ ਜਾਂਦਾ ਹਾਂ (ਜਦੋਂ ਮੈਨੂੰ ਸੰਤ ਜਨਾਂ ਦੀ ਸੰਗਤ ਪ੍ਰਾਪਤ ਹੋਈ)।
ਆਠ ਪਹਰ ਅਪਨਾ ਪ੍ਰਭੁ ਸਿਮਰਨੁ ਵਡਭਾਗੀ ਹਰਿ ਪਾਂਈ ॥੧॥ ਰਹਾਉ ॥
(ਹੁਣ ਮੈਨੂੰ) ਅੱਠੇ ਪਹਿਰ ਆਪਣੇ ਪ੍ਰਭੂ ਦਾ ਸਿਮਰਨ (ਮਿਲ ਗਿਆ ਹੈ), ਤੇ, ਵੱਡੇ ਭਾਗਾਂ ਨਾਲ ਮੈਂ ਹਰੀ ਨੂੰ ਲੱਭ ਲਿਆ ਹੈ ॥੧॥ ਰਹਾਉ ॥
ਭਲੋ ਕਬੀਰੁ ਦਾਸੁ ਦਾਸਨ ਕੋ ਊਤਮੁ ਸੈਨੁ ਜਨੁ ਨਾਈ ॥
ਕਬੀਰ (ਪਰਮਾਤਮਾ ਦੇ) ਦਾਸਾਂ ਦਾ ਦਾਸ ਬਣ ਕੇ ਭਲਾ ਬਣ ਗਿਆ, ਸੈਣ ਨਾਈ ਸੰਤ ਜਨਾਂ ਦਾ ਦਾਸ ਬਣ ਕੇ ਉੱਤਮ ਜੀਵਨ ਵਾਲਾ ਹੋ ਗਿਆ।
ਊਚ ਤੇ ਊਚ ਨਾਮਦੇਉ ਸਮਦਰਸੀ ਰਵਿਦਾਸ ਠਾਕੁਰ ਬਣਿ ਆਈ ॥੧॥
(ਸੰਤ ਜਨਾਂ ਦੀ ਸੰਗਤ ਨਾਲ) ਨਾਮਦੇਵ ਉੱਚੇ ਤੋਂ ਉੱਚੇ ਜੀਵਨ ਵਾਲਾ ਬਣਿਆ, ਅਤੇ ਸਭ ਵਿਚ ਪਰਮਾਤਮਾ ਦੀ ਜੋਤ ਨੂੰ ਵੇਖਣ ਵਾਲਾ ਬਣ ਗਿਆ, (ਸੰਤ ਜਨਾਂ ਦੀ ਕਿਰਪਾ ਨਾਲ ਹੀ) ਰਵਿਦਾਸ ਦੀ ਪਰਮਾਤਮਾ ਨਾਲ ਪ੍ਰੀਤ ਬਣ ਗਈ ॥੧॥
ਜੀਉ ਪਿੰਡੁ ਤਨੁ ਧਨੁ ਸਾਧਨ ਕਾ ਇਹੁ ਮਨੁ ਸੰਤ ਰੇਨਾਈ ॥
(ਹੇ ਭਾਈ!) ਮੇਰੀ ਇਹ ਜਿੰਦ, ਮੇਰਾ ਇਹ ਸਰੀਰ, ਇਹ ਤਨ, ਇਹ ਧਨ-ਸਭ ਕੁਝ ਸੰਤ ਜਨਾਂ ਦਾ ਹੋ ਚੁਕਿਆ ਹੈ, ਮੇਰਾ ਇਹ ਮਨ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹੈ।
ਸੰਤ ਪ੍ਰਤਾਪਿ ਭਰਮ ਸਭਿ ਨਾਸੇ ਨਾਨਕ ਮਿਲੇ ਗੁਸਾਈ ॥੨॥੪॥੧੮॥
ਹੇ ਨਾਨਕ! ਸੰਤ ਜਨਾਂ ਦੇ ਪ੍ਰਤਾਪ ਨਾਲ ਸਾਰੇ ਭਰਮ ਨਾਸ ਹੋ ਜਾਂਦੇ ਹਨ ਅਤੇ ਜਗਤ ਦਾ ਖਸਮ ਪ੍ਰਭੂ ਮਿਲ ਪੈਂਦਾ ਹੈ ॥੨॥੪॥੧੮॥
ਸਾਰਗ ਮਹਲਾ ੫ ॥
ਮਨੋਰਥ ਪੂਰੇ ਸਤਿਗੁਰ ਆਪਿ ॥
(ਸਰਨ ਪਏ ਮਨੁੱਖ ਦੀਆਂ) ਸਾਰੀਆਂ ਲੋੜਾਂ ਗੁਰੂ ਆਪ ਪੂਰੀਆਂ ਕਰਦਾ ਹੈ।
ਸਗਲ ਪਦਾਰਥ ਸਿਮਰਨਿ ਜਾ ਕੈ ਆਠ ਪਹਰ ਮੇਰੇ ਮਨ ਜਾਪਿ ॥੧॥ ਰਹਾਉ ॥
ਹੇ ਮੇਰੇ ਮਨ! ਜਿਸ ਪਰਮਾਤਮਾ ਦੇ ਸਿਮਰਨ ਦੀ ਬਰਕਤਿ ਨਾਲ ਸਾਰੇ ਪਦਾਰਥ ਮਿਲਦੇ ਹਨ (ਗੁਰੂ ਦੀ ਸਰਨ ਪੈ ਕੇ) ਅੱਠੇ ਪਹਰ ਉਸ ਦਾ ਨਾਮ ਜਪਿਆ ਕਰ ॥੧॥ ਰਹਾਉ ॥
ਅੰਮ੍ਰਿਤ ਨਾਮੁ ਸੁਆਮੀ ਤੇਰਾ ਜੋ ਪੀਵੈ ਤਿਸ ਹੀ ਤ੍ਰਿਪਤਾਸ ॥
ਹੇ ਮਾਲਕ-ਪ੍ਰਭੂ! ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਜਿਹੜਾ ਮਨੁੱਖ (ਇਹ ਨਾਮ ਜਲ) ਪੀਂਦਾ ਹੈ, ਉਸ ਨੂੰ ਸ਼ਾਂਤੀ ਮਿਲਦੀ ਹੈ,
ਜਨਮ ਜਨਮ ਕੇ ਕਿਲਬਿਖ ਨਾਸਹਿ ਆਗੈ ਦਰਗਹ ਹੋਇ ਖਲਾਸ ॥੧॥
ਉਸ ਦੇ ਅਨੇਕਾਂ ਜਨਮਾਂ ਦੇ ਪਾਪ ਨਾਸ ਹੋ ਜਾਂਦੇ ਹਨ, ਅਗਾਂਹ (ਤੇਰੀ) ਹਜ਼ੂਰੀ ਵਿਚ ਉਸ ਨੂੰ ਸੁਰਖ਼ਰੋਈ ਹਾਸਲ ਹੁੰਦੀ ਹੈ ॥੧॥
ਸਰਨਿ ਤੁਮਾਰੀ ਆਇਓ ਕਰਤੇ ਪਾਰਬ੍ਰਹਮ ਪੂਰਨ ਅਬਿਨਾਸ ॥
ਹੇ ਕਰਤਾਰ! ਹੇ ਪਾਰਬ੍ਰਹਮ! ਹੇ ਸਰਬ-ਵਿਆਪਕ! ਹੇ ਨਾਸ-ਰਹਿਤ! ਮੈਂ ਤੇਰੀ ਸਰਨ ਆਇਆ ਹਾਂ।
ਕਰਿ ਕਿਰਪਾ ਤੇਰੇ ਚਰਨ ਧਿਆਵਉ ਨਾਨਕ ਮਨਿ ਤਨਿ ਦਰਸ ਪਿਆਸ ॥੨॥੫॥੧੯॥
ਮਿਹਰ ਕਰ, ਮੈਂ (ਸਦਾ) ਤੇਰੇ ਚਰਨਾਂ ਦਾ ਧਿਆਨ ਧਰਦਾ ਰਹਾਂ, ਮੈਂ ਨਾਨਕ ਦੇ ਮਨ ਵਿਚ ਹਿਰਦੇ ਵਿਚ (ਤੇਰੇ) ਦਰਸਨ ਦੀ ਤਾਂਘ ਹੈ ॥੨॥੫॥੧੯॥
ਸਾਰਗ ਮਹਲਾ ੫ ਘਰੁ ੩ ॥
ਰਾਗ ਸਾਰੰਗ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮਨ ਕਹਾ ਲੁਭਾਈਐ ਆਨ ਕਉ ॥
ਹੇ ਮਨ! ਹੋਰ ਹੋਰ ਪਦਾਰਥਾਂ ਦੀ ਖ਼ਾਤਰ ਲੋਭ ਵਿਚ ਨਹੀਂ ਫਸਣਾ ਚਾਹੀਦਾ।
ਈਤ ਊਤ ਪ੍ਰਭੁ ਸਦਾ ਸਹਾਈ ਜੀਅ ਸੰਗਿ ਤੇਰੇ ਕਾਮ ਕਉ ॥੧॥ ਰਹਾਉ ॥
ਇਸ ਲੋਕ ਵਿਚ ਅਤੇ ਪਰਲੋਕ ਵਿਚ ਪਰਮਾਤਮਾ (ਹੀ) ਸਦਾ ਸਹਾਇਤਾ ਕਰਨ ਵਾਲਾ ਹੈ, ਤੇ, ਜਿੰਦ ਦੇ ਨਾਲ ਰਹਿਣ ਵਾਲਾ ਹੈ। ਹੇ ਮਨ! ਉਹ ਪ੍ਰਭੂ ਹੀ ਤੇਰੇ ਕੰਮ ਆਉਣ ਵਾਲਾ ਹੈ ॥੧॥ ਰਹਾਉ ॥
ਅੰਮ੍ਰਿਤ ਨਾਮੁ ਪ੍ਰਿਅ ਪ੍ਰੀਤਿ ਮਨੋਹਰ ਇਹੈ ਅਘਾਵਨ ਪਾਂਨ ਕਉ ॥
ਮਨ ਨੂੰ ਮੋਹਣ ਵਾਲੇ ਪਿਆਰੇ ਪ੍ਰਭੂ ਦੀ ਪ੍ਰੀਤਿ, ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ-ਇਹ ਹੀ ਪੀਣਾ ਤ੍ਰਿਪਤੀ ਦੇਣ ਵਾਸਤੇ ਹੈ।
ਅਕਾਲ ਮੂਰਤਿ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਉ ॥੧॥
ਅਕਾਲ-ਮੂਰਤਿ ਪ੍ਰਭੂ ਦਾ ਧਿਆਨ ਧਰਨ ਵਾਸਤੇ ਸਾਧ ਸੰਗਤ ਹੀ ਸੋਹਣੀ ਥਾਂ ਹੈ ॥੧॥
ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ ॥
ਮਹਾਂ ਪੁਰਖਾਂ ਦੀ ਬਾਣੀ, ਮਹਾਂ ਪੁਰਖਾਂ ਦਾ ਉਪਦੇਸ਼ ਹੀ ਮਨ ਦਾ ਮਾਣ ਦੂਰ ਕਰਨ ਲਈ ਸਮਰਥ ਹੈ।
ਖੋਜਿ ਲਹਿਓ ਨਾਨਕ ਸੁਖ ਥਾਨਾਂ ਹਰਿ ਨਾਮਾ ਬਿਸ੍ਰਾਮ ਕਉ ॥੨॥੧॥੨੦॥
ਹੇ ਨਾਨਕ! ਆਤਮਕ ਸ਼ਾਂਤੀ ਵਾਸਤੇ ਪਰਮਾਤਮਾ ਦਾ ਨਾਮ ਹੀ ਸੁਖਾਂ ਦਾ ਥਾਂ ਹੈ (ਇਹ ਥਾਂ ਸਾਧ ਸੰਗਤ ਵਿਚ) ਖੋਜ ਕੀਤਿਆਂ ਲੱਭਦੀ ਹੈ ॥੨॥੧॥੨੦॥
ਸਾਰਗ ਮਹਲਾ ੫ ॥
ਮਨ ਸਦਾ ਮੰਗਲ ਗੋਬਿੰਦ ਗਾਇ ॥
ਹੇ (ਮੇਰੇ) ਮਨ! ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਇਆ ਕਰ।
ਰੋਗ ਸੋਗ ਤੇਰੇ ਮਿਟਹਿ ਸਗਲ ਅਘ ਨਿਮਖ ਹੀਐ ਹਰਿ ਨਾਮੁ ਧਿਆਇ ॥੧॥ ਰਹਾਉ ॥
ਜੇ ਤੂੰ ਅੱਖ ਝਮਕਣ ਜਿਤਨੇ ਸਮੇ ਲਈ ਹਿਰਦੇ ਵਿਚ ਹਰੀ ਦਾ ਨਾਮ ਸਿਮਰੇਂ, ਤਾਂ ਤੇਰੇ ਸਾਰੇ ਰੋਗ ਸਾਰੇ ਚਿੰਤਾ-ਫ਼ਿਕਰ ਸਾਰੇ ਪਾਪ ਦੂਰ ਹੋ ਜਾਣ ॥੧॥ ਰਹਾਉ ॥
ਛੋਡਿ ਸਿਆਨਪ ਬਹੁ ਚਤੁਰਾਈ ਸਾਧੂ ਸਰਣੀ ਜਾਇ ਪਾਇ ॥
ਆਪਣੀ ਬਹੁਤ ਸਿਆਪਣ ਚਤੁਰਾਈ ਛੱਡ ਕੇ (ਇਹ ਖ਼ਿਆਲ ਦੂਰ ਕਰ ਕੇ ਕਿ ਤੂੰ ਬੜਾ ਸਿਆਣਾ ਤੇ ਅਕਲ ਵਾਲਾ ਹੈਂ) ਗੁਰੂ ਦੀ ਸਰਨ ਜਾ ਪਉ।
ਜਉ ਹੋਇ ਕ੍ਰਿਪਾਲੁ ਦੀਨ ਦੁਖ ਭੰਜਨ ਜਮ ਤੇ ਹੋਵੈ ਧਰਮ ਰਾਇ ॥੧॥
ਜਦੋਂ ਗਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਪ੍ਰਭੂ (ਕਿਸੇ ਉਤੇ) ਦਇਆਵਾਨ ਹੁੰਦਾ ਹੈ, ਤਾਂ (ਉਸ ਮਨੁੱਖ ਵਾਸਤੇ) ਜਮਰਾਜ ਤੋਂ ਧਰਮਰਾਜ ਬਣ ਜਾਂਦਾ ਹੈ (ਪਰਲੋਕ ਵਿਚ ਮਨੁੱਖ ਨੂੰ ਜਮਾਂ ਦਾ ਕੋਈ ਡਰ ਨਹੀਂ ਰਹਿ ਜਾਂਦਾ) ॥੧॥
ਏਕਸ ਬਿਨੁ ਨਾਹੀ ਕੋ ਦੂਜਾ ਆਨ ਨ ਬੀਓ ਲਵੈ ਲਾਇ ॥
ਇਕ ਪਰਮਾਤਮਾ ਤੋਂ ਬਿਨਾ ਕੋਈ ਹੋਰ (ਅਸਾਂ ਜੀਵਾਂ ਦਾ ਰਾਖਾ) ਨਹੀਂ ਹੈ, ਕੋਈ ਹੋਰ ਦੂਜਾ ਉਸ ਪਰਮਾਤਮਾ ਦੀ ਬਰਾਬਰੀ ਨਹੀਂ ਕਰ ਸਕਦਾ।
ਮਾਤ ਪਿਤਾ ਭਾਈ ਨਾਨਕ ਕੋ ਸੁਖਦਾਤਾ ਹਰਿ ਪ੍ਰਾਨ ਸਾਇ ॥੨॥੨॥੨੧॥
ਨਾਨਕ ਦਾ ਤਾਂ ਉਹ ਪਰਮਾਤਮਾ ਹੀ ਮਾਂ ਪਿਉ ਭਰਾ ਤੇ ਪ੍ਰਾਣਾਂ ਨੂੰ ਸੁਖ ਦੇਣ ਵਾਲਾ ਹੈ ॥੨॥੨॥੨੧॥
ਸਾਰਗ ਮਹਲਾ ੫ ॥
ਹਰਿ ਜਨ ਸਗਲ ਉਧਾਰੇ ਸੰਗ ਕੇ ॥
ਪਰਮਾਤਮਾ ਦੇ ਸੰਤ ਜਨ (ਆਪਣੇ) ਨਾਲ ਬੈਠਣ ਵਾਲੇ ਸਾਰਿਆਂ ਨੂੰ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦੇ ਹਨ।
ਭਏ ਪੁਨੀਤ ਪਵਿਤ੍ਰ ਮਨ ਜਨਮ ਜਨਮ ਕੇ ਦੁਖ ਹਰੇ ॥੧॥ ਰਹਾਉ ॥
(ਸੰਤ ਜਨਾਂ ਦੇ ਨਾਲ ਸੰਗਤ ਕਰਨ ਵਾਲੇ ਮਨੁੱਖ) ਪਵਿਤੱਰ ਮਨ ਵਾਲੇ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ, ਉਹਨਾਂ ਦੇ ਅਨੇਕਾਂ ਜਨਮਾਂ ਦੇ ਦੁੱਖ ਦੂਰ ਹੋ ਜਾਂਦੇ ਹਨ ॥੧॥ ਰਹਾਉ ॥
ਮਾਰਗਿ ਚਲੇ ਤਿਨ੍ਰੀ ਸੁਖੁ ਪਾਇਆ ਜਿਨ੍ਰ ਸਿਉ ਗੋਸਟਿ ਸੇ ਤਰੇ ॥
ਜਿਹੜੇ ਮਨੁੱਖ (ਸਾਧ ਸੰਗਤ ਦੇ) ਰਸਤੇ ਉਤੇ ਤੁਰਦੇ ਹਨ, ਉਹ ਸੁਖ-ਆਨੰਦ ਮਾਣਦੇ ਹਨ, ਜਿਨ੍ਹਾਂ ਨਾਲ ਸੰਤ ਜਨਾਂ ਦਾ ਬਹਿਣ-ਖਲੋਣ ਹੋ ਜਾਂਦਾ ਹੈ ਉਹ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ।
ਬੂਡਤ ਘੋਰ ਅੰਧ ਕੂਪ ਮਹਿ ਤੇ ਸਾਧੂ ਸੰਗਿ ਪਾਰਿ ਪਰੇ ॥੧॥
ਜਿਹੜੇ ਮਨੁੱਖ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਖੂਹ ਵਿਚ ਡੁੱਬੇ ਰਹਿੰਦੇ ਹਨ, ਉਹ ਭੀ ਸਾਧ ਸੰਗਤ ਦੀ ਬਰਕਤਿ ਨਾਲ ਪਾਰ ਲੰਘ ਜਾਂਦੇ ਹਨ ॥੧॥
ਜਿਨ੍ਰ ਕੇ ਭਾਗ ਬਡੇ ਹੈ ਭਾਈ ਤਿਨ੍ਰ ਸਾਧੂ ਸੰਗਿ ਮੁਖ ਜੁਰੇ ॥
ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਵੱਡੇ ਭਾਗ (ਜਾਗਦੇ) ਹਨ, ਉਹਨਾਂ ਦੇ ਮੂੰਹ ਸਾਧ ਸੰਗਤ ਵਿਚ ਜੁੜਦੇ ਹਨ (ਉਹ ਮਨੁੱਖ ਸਾਧ ਸੰਗਤ ਵਿਚ ਸਤਸੰਗੀਆਂ ਨਾਲ ਮਿਲਦੇ ਹਨ)।
ਤਿਨ੍ਰ ਕੀ ਧੂਰਿ ਬਾਂਛੈ ਨਿਤ ਨਾਨਕੁ ਪ੍ਰਭੁ ਮੇਰਾ ਕਿਰਪਾ ਕਰੇ ॥੨॥੩॥੨੨॥
ਨਾਨਕ ਉਹਨਾਂ ਦੇ ਚਰਨਾਂ ਦੀ ਧੂੜ ਸਦਾ ਮੰਗਦਾ ਹੈ (ਪਰ ਇਹ ਤਦੋਂ ਹੀ ਮਿਲ ਸਕਦੀ ਹੈ, ਜੇ) ਮੇਰਾ ਪ੍ਰਭੂ ਮਿਹਰ ਕਰੇ ॥੨॥੩॥੨੨॥
ਸਾਰਗ ਮਹਲਾ ੫ ॥
ਹਰਿ ਜਨ ਰਾਮ ਰਾਮ ਰਾਮ ਧਿਆਂਏ ॥
ਪਰਮਾਤਮਾ ਦੇ ਭਗਤ ਸਦਾ ਹੀ ਪਰਮਾਤਮਾ ਦਾ ਨਾਮ ਸਿਮਰਦੇ ਹਨ।
ਏਕ ਪਲਕ ਸੁਖ ਸਾਧ ਸਮਾਗਮ ਕੋਟਿ ਬੈਕੁੰਠਹ ਪਾਂਏ ॥੧॥ ਰਹਾਉ ॥
ਸਾਧ ਸੰਗਤ ਦੇ ਇਕ ਪਲ ਭਰ ਦੇ ਸੁਖ (ਨੂੰ ਉਹ ਇਉਂ ਸਮਝਦੇ ਹਨ ਕਿ) ਕ੍ਰੋੜਾਂ ਬੈਕੁੰਠ ਹਾਸਲ ਕਰ ਲਏ ਹਨ ॥੧॥ ਰਹਾਉ ॥
ਦੁਲਭ ਦੇਹ ਜਪਿ ਹੋਤ ਪੁਨੀਤਾ ਜਮ ਕੀ ਤ੍ਰਾਸ ਨਿਵਾਰੈ ॥
ਨਾਮ ਜਪ ਕੇ ਉਸ ਦਾ ਦੁਰਲੱਭ ਮਨੁੱਖਾ ਸਰੀਰ ਪਵਿੱਤਰ ਹੋ ਜਾਂਦਾ ਹੈ, (ਨਾਮ ਉਸ ਦੇ ਅੰਦਰੋਂ) ਜਮਾਂ ਦਾ ਡਰ ਦੂਰ ਕਰ ਦੇਂਦਾ ਹੈ।
ਮਹਾ ਪਤਿਤ ਕੇ ਪਾਤਿਕ ਉਤਰਹਿ ਹਰਿ ਨਾਮਾ ਉਰਿ ਧਾਰੈ ॥੧॥
ਜਿਹੜਾ ਮਨੁੱਖ ਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿਚ ਵਸਾਂਦਾ ਹੈ, ਨਾਮ ਦੀ ਬਰਕਤਿ ਨਾਲ ਵੱਡੇ ਵੱਡੇ ਵਿਕਾਰੀਆਂ ਦੇ ਪਾਪ ਲਹਿ ਜਾਂਦੇ ਹਨ ॥੧॥
ਜੋ ਜੋ ਸੁਨੈ ਰਾਮ ਜਸੁ ਨਿਰਮਲ ਤਾ ਕਾ ਜਨਮ ਮਰਣ ਦੁਖੁ ਨਾਸਾ ॥
ਜਿਹੜਾ ਜਿਹੜਾ ਮਨੁੱਖ ਪਰਮਾਤਮਾ ਦੀ ਪਵਿੱਤਰ ਸਿਫ਼ਤ-ਸਾਲਾਹ ਸੁਣਦਾ ਹੈ, ਉਸ ਦਾ ਸਾਰੀ ਉਮਰ ਦਾ ਦੁੱਖ ਨਾਸ ਹੋ ਜਾਂਦਾ ਹੈ।
ਕਹੁ ਨਾਨਕ ਪਾਈਐ ਵਡਭਾਗੀਂ ਮਨ ਤਨ ਹੋਇ ਬਿਗਾਸਾ ॥੨॥੪॥੨੩॥
ਨਾਨਕ ਆਖਦਾ ਹੈ- (ਇਹ ਸਿਫ਼ਤ-ਸਾਲਾਹ) ਵੱਡੇ ਭਾਗਾਂ ਨਾਲ ਮਿਲਦੀ ਹੈ (ਜਿਨ੍ਹਾਂ ਨੂੰ ਮਿਲਦੀ ਹੈ ਉਹਨਾਂ ਦੇ) ਮਨਾਂ ਵਿਚ ਤਨਾਂ ਵਿਚ ਖਿੜਾਉ ਪੈਦਾ ਹੋ ਜਾਂਦਾ ਹੈ ॥੨॥੪॥੨੩॥
ਸਾਰਗ ਮਹਲਾ ੫ ਦੁਪਦੇ ਘਰੁ ੪ ॥
ਰਾਗ ਸਾਰੰਗ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮੋਹਨ ਘਰਿ ਆਵਹੁ ਕਰਉ ਜੋਦਰੀਆ ॥
ਹੇ ਮੋਹਨ-ਪ੍ਰਭੂ! ਮੈਂ ਮਿੰਨਤ ਕਰਦੀ ਹਾਂ ਮੇਰੇ ਹਿਰਦੇ-ਘਰ ਵਿਚ ਆ ਵੱਸ।
ਮਾਨੁ ਕਰਉ ਅਭਿਮਾਨੈ ਬੋਲਉ ਭੂਲ ਚੂਕ ਤੇਰੀ ਪ੍ਰਿਅ ਚਿਰੀਆ ॥੧॥ ਰਹਾਉ ॥
ਹੇ ਮੋਹਨ! ਮੈਂ (ਸਦਾ) ਮਾਣ ਕਰਦੀ ਰਹਿੰਦੀ ਹਾਂ, ਮੈਂ (ਸਦਾ) ਅਹੰਕਾਰ ਨਾਲ ਗੱਲਾਂ ਕਰਦੀ ਹਾਂ, ਮੈਂ ਬਥੇਰੀਆਂ ਭੁੱਲਾਂ-ਚੁੱਕਾਂ ਕਰਦੀ ਹਾਂ, (ਫਿਰ ਭੀ) ਹੇ ਪਿਆਰੇ! ਮੈਂ ਤੇਰੀ (ਹੀ) ਦਾਸੀ ਹਾਂ ॥੧॥ ਰਹਾਉ ॥
ਨਿਕਟਿ ਸੁਨਉ ਅਰੁ ਪੇਖਉ ਨਾਹੀ ਭਰਮਿ ਭਰਮਿ ਦੁਖ ਭਰੀਆ ॥
ਹੇ ਮੋਹਨ! ਮੈਂ ਸੁਣਦੀ ਹਾਂ (ਤੂੰ) ਨੇੜੇ (ਵੱਸਦਾ ਹੈਂ), ਪਰ ਮੈਂ (ਤੈਨੂੰ) ਵੇਖ ਨਹੀਂ ਸਕਦੀ। ਸਦਾ ਭਟਕ ਭਟਕ ਕੇ ਮੈਂ ਦੁੱਖਾਂ ਵਿਚ ਫਸੀ ਰਹਿੰਦੀ ਹਾਂ।
ਹੋਇ ਕ੍ਰਿਪਾਲ ਗੁਰ ਲਾਹਿ ਪਾਰਦੋ ਮਿਲਉ ਲਾਲ ਮਨੁ ਹਰੀਆ ॥੧॥
ਹੇ ਗੁਰੂ! ਜੇ ਤੂੰ ਦਇਆਵਾਨ ਹੋ ਕੇ (ਮੇਰੇ ਅੰਦਰੋਂ ਮਾਇਆ ਦੇ ਮੋਹ ਦਾ) ਪਰਦਾ ਦੂਰ ਕਰ ਦੇਵੇਂ, ਮੈਂ (ਸੋਹਣੇ) ਲਾਲ (ਪ੍ਰਭੂ) ਨੂੰ ਮਿਲ ਪਵਾਂ, ਤੇ, ਮੇਰਾ ਮਨ (ਆਤਮਕ ਜੀਵਨ ਨਾਲ) ਹਰ-ਭਰਾ ਹੋ ਜਾਏ ॥੧॥
ਏਕ ਨਿਮਖ ਜੇ ਬਿਸਰੈ ਸੁਆਮੀ ਜਾਨਉ ਕੋਟਿ ਦਿਨਸ ਲਖ ਬਰੀਆ ॥
ਜੇ ਅੱਖ ਝਮਕਣ ਜਿਤਨੇ ਸਮੇ ਲਈ ਭੀ ਮਾਲਕ-ਪ੍ਰਭੂ (ਮਨ ਤੋਂ) ਭੁੱਲ ਜਾਏ, ਤਾਂ ਮੈਂ ਇਉਂ ਸਮਝਦੀ ਹਾਂ ਕਿ ਕ੍ਰੋੜਾਂ ਦਿਨ ਲੱਖਾਂ ਵਰ੍ਹੇ ਲੰਘ ਗਏ ਹਨ।
ਸਾਧਸੰਗਤਿ ਕੀ ਭੀਰ ਜਉ ਪਾਈ ਤਉ ਨਾਨਕ ਹਰਿ ਸੰਗਿ ਮਿਰੀਆ ॥੨॥੧॥੨੪॥
ਹੇ ਨਾਨਕ! ਜਦੋਂ ਮੈਨੂੰ ਸਾਧ ਸੰਗਤ ਦਾ ਸਮਾਗਮ ਪ੍ਰਾਪਤ ਹੋਇਆ, ਤਦੋਂ ਪਰਮਾਤਮਾ ਨਾਲ ਮੇਲ ਹੋ ਗਿਆ ॥੨॥੧॥੨੪॥
ਸਾਰਗ ਮਹਲਾ ੫ ॥
ਅਬ ਕਿਆ ਸੋਚਉ ਸੋਚ ਬਿਸਾਰੀ ॥
(ਤੇਰੇ ਨਾਮ ਦੀ ਬਰਕਤਿ ਨਾਲ) ਹੁਣ ਮੈਂ ਹੋਰ ਹੋਰ ਕਿਹੜੀਆਂ ਸੋਚਾਂ ਸੋਚਾਂ? ਮੈਂ ਹਰੇਕ ਸੋਚ ਵਿਸਾਰ ਦਿੱਤੀ ਹੈ।
ਕਰਣਾ ਸਾ ਸੋਈ ਕਰਿ ਰਹਿਆ ਦੇਹਿ ਨਾਉ ਬਲਿਹਾਰੀ ॥੧॥ ਰਹਾਉ ॥
(ਉਸ ਦੇ ਨਾਮ ਦਾ ਸਦਕਾ ਹੁਣ ਮੈਨੂੰ ਯਕੀਨ ਬਣ ਗਿਆ ਹੈ ਕਿ) ਜੋ ਕੁਝ ਕਰਨਾ ਚਾਹੁੰਦਾ ਹੈ ਉਹੀ ਕੁਝ ਉਹ ਕਰ ਰਿਹਾ ਹੈ। ਹੇ ਪ੍ਰਭੂ! ਮੈਨੂੰ ਆਪਣਾ ਨਾਮ ਬਖ਼ਸ਼, ਮੈਂ ਕੁਰਬਾਨ ਜਾਂਦਾ ਹਾਂ ॥੧॥ ਰਹਾਉ ॥
ਚਹੁ ਦਿਸ ਫੂਲਿ ਰਹੀ ਬਿਖਿਆ ਬਿਖੁ ਗੁਰ ਮੰਤ੍ਰੁ ਮੂਖਿ ਗਰੁੜਾਰੀ ॥
ਸਾਰੇ ਜਗਤ ਵਿਚ ਮਾਇਆ (ਸਪਣੀ) ਦੀ ਜ਼ਹਰ ਵਧ-ਫੁੱਲ ਰਹੀ ਹੈ (ਇਸ ਤੋਂ ਉਹੀ ਬਚਦਾ ਹੈ ਜਿਸ ਦੇ) ਮੂੰਹ ਵਿਚ ਗੁਰੂ ਦਾ ਉਪਦੇਸ਼ ਗਰੁੜ-ਮੰਤ੍ਰ ਹੈ।
ਹਾਥ ਦੇਇ ਰਾਖਿਓ ਕਰਿ ਅਪੁਨਾ ਜਿਉ ਜਲ ਕਮਲਾ ਅਲਿਪਾਰੀ ॥੧॥
ਜਿਸ ਮਨੁੱਖ ਨੂੰ ਪ੍ਰਭੂ ਆਪਣੇ ਹੱਥ ਦੇ ਕੇ ਆਪਣਾ ਬਣਾ ਕੇ ਰੱਖਿਆ ਕਰਦਾ ਹੈ, ਉਹ ਜਗਤ ਵਿਚ ਇਉਂ ਨਿਰਲੇਪ ਰਹਿੰਦਾ ਹੈ ਜਿਵੇਂ ਪਾਣੀ ਵਿਚ ਕੌਲ ਫੁੱਲ ॥੧॥
ਹਉ ਨਾਹੀ ਕਿਛੁ ਮੈ ਕਿਆ ਹੋਸਾ ਸਭ ਤੁਮ ਹੀ ਕਲ ਧਾਰੀ ॥
ਨਾਹ ਹੁਣ ਹੀ ਮੇਰੀ ਕੋਈ ਪਾਂਇਆਂ ਹੈ, ਨਾਹ ਅਗਾਂਹ ਨੂੰ ਭੀ ਮੇਰੀ ਕੋਈ ਪਾਂਇਆਂ ਹੋ ਸਕਦੀ ਹੈ। ਹਰ ਥਾਂ ਤੂੰ ਹੀ ਆਪਣੀ ਸੱਤਿਆ ਟਿਕਾਈ ਹੋਈ ਹੈ।
ਨਾਨਕ ਭਾਗਿ ਪਰਿਓ ਹਰਿ ਪਾਛੈ ਰਾਖੁ ਸੰਤ ਸਦਕਾਰੀ ॥੨॥੨॥੨੫॥
ਹੇ ਹਰੀ! (ਮਾਇਆ ਸਪਣੀ ਤੋਂ ਬਚਣ ਲਈ) ਮੈਂ ਨਾਨਕ ਭੱਜ ਕੇ ਤੇਰੇ ਸੰਤਾਂ ਦੀ ਸਰਨ ਪਿਆ ਹਾਂ, ਸੰਤ-ਸਰਨ ਦਾ ਸਦਕਾ ਮੇਰੀ ਰੱਖਿਆ ਕਰ ॥੨॥੨॥੨੫॥