ਰਾਗ ਪ੍ਰਭਾਤੀ – ਬਾਣੀ ਸ਼ਬਦ-Raag Parbhati – Bani
ਰਾਗ ਪ੍ਰਭਾਤੀ – ਬਾਣੀ ਸ਼ਬਦ-Raag Parbhati – Bani
ਪ੍ਰਭਾਤੀ ਮਹਲਾ ੧ ॥
ਤੇਰਾ ਨਾਮੁ ਰਤਨੁ ਕਰਮੁ ਚਾਨਣੁ ਸੁਰਤਿ ਤਿਥੈ ਲੋਇ ॥
(ਹੇ ਪ੍ਰਭੂ!) ਜਿਸ (ਮਨੁੱਖੀ) ਸੁਰਤ ਵਿਚ ਤੇਰਾ ਨਾਮ-ਰਤਨ (ਜੜਿਆ ਹੋਇਆ) ਹੈ, ਤੇਰੀ ਬਖ਼ਸ਼ਸ਼ ਚਾਨਣ ਕਰ ਰਹੀ ਹੈ ਉਸ ਸੁਰਤ ਦੇ ਅੰਦਰ (ਤੇਰੇ ਗਿਆਨ ਦਾ) ਪਰਕਾਸ਼ ਹੋ ਰਿਹਾ ਹੈ।
ਅੰਧੇਰੁ ਅੰਧੀ ਵਾਪਰੈ ਸਗਲ ਲੀਜੈ ਖੋਇ ॥੧॥
(ਮਾਇਆ ਦੇ ਮੋਹ ਵਿਚ) ਅੰਨ੍ਹੀ ਹੋ ਰਹੀ ਸ੍ਰਿਸ਼ਟੀ ਉਤੇ ਅਗਿਆਨਤਾ ਦਾ ਹਨੇਰਾ ਜ਼ੋਰ ਪਾ ਰਿਹਾ ਹੈ, (ਇਸ ਹਨੇਰੇ ਵਿਚ) ਸਾਰੀ ਆਤਮਕ ਰਾਸ-ਪੂੰਜੀ ਗਵਾ ਲਈਦੀ ਹੈ ॥੧॥
ਇਹੁ ਸੰਸਾਰੁ ਸਗਲ ਬਿਕਾਰੁ ॥
(ਹੇ ਪ੍ਰਭੂ! ਤੇਰੇ ਨਾਮ ਤੋਂ ਖੁੰਝ ਕੇ) ਇਹ ਸਾਰਾ ਜਗਤ ਵਿਕਾਰ ਹੀ ਵਿਕਾਰ (ਸਹੇੜ ਰਿਹਾ) ਹੈ।
ਤੇਰਾ ਨਾਮੁ ਦਾਰੂ ਅਵਰੁ ਨਾਸਤਿ ਕਰਣਹਾਰੁ ਅਪਾਰੁ ॥੧॥ ਰਹਾਉ ॥
(ਇਸ ਵਿਕਾਰ-ਰੋਗ ਦੀ) ਦਵਾਈ (ਸਿਰਫ਼) ਤੇਰਾ ਨਾਮ ਹੀ ਹੈ, (ਤੇਰੇ ਨਾਮ ਤੋਂ ਬਿਨਾ) ਹੋਰ ਕੋਈ ਦਵਾ-ਦਾਰੂ ਨਹੀਂ ਹੈ। (ਜਗਤ ਨੂੰ ਅਤੇ ਜਗਤ ਦੇ ਰੋਗਾਂ ਦੀ ਦਵਾਈ ਨੂੰ) ਬਣਾਣ ਵਾਲਾ ਤੂੰ ਬੇਅੰਤ ਪ੍ਰਭੂ ਆਪ ਹੀ ਹੈਂ ॥੧॥ ਰਹਾਉ ॥
ਪਾਤਾਲ ਪੁਰੀਆ ਏਕ ਭਾਰ ਹੋਵਹਿ ਲਾਖ ਕਰੋੜਿ ॥
ਜੋ ਸ੍ਰਿਸ਼ਟੀ ਦੇ ਸਾਰੇ ਪਾਤਾਲ ਤੇ ਪੁਰੀਆਂ (ਬੱਝ ਕੇ) ਇਕ ਪੰਡ ਬਣ ਜਾਣ, ਤੇ ਜੇ ਇਹੋ ਜੇਹੀਆਂ ਹੋਰ ਲੱਖਾਂ ਕ੍ਰੋੜਾਂ ਪੰਡਾਂ ਭੀ ਹੋ ਜਾਣ (ਤਾਂ ਇਹ ਸਾਰੇ ਮਿਲ ਕੇ ਭੀ ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ)।
ਤੇਰੇ ਲਾਲ ਕੀਮਤਿ ਤਾ ਪਵੈ ਜਾਂ ਸਿਰੈ ਹੋਵਹਿ ਹੋਰਿ ॥੨॥
ਹੇ ਪ੍ਰਭੂ! ਤੇਰੇ ਕੀਮਤੀ ਨਾਮ ਦਾ ਮੁੱਲ ਤਦੋਂ ਹੀ ਪੈ ਸਕਦਾ ਹੈ ਜਦੋਂ ਨਾਮ ਨੂੰ ਤੋਲਣ ਵਾਸਤੇ ਤਕੜੀ ਦੇ ਦੂਜੇ ਛਾਬੇ ਵਿਚ (ਸਾਰੀ ਦੁਨੀਆ ਦੇ ਧਨ ਪਦਾਰਥਾਂ ਨੂੰ ਛੱਡ ਕੇ) ਕੋਈ ਹੋਰ ਪਦਾਰਥ ਹੋਣ (ਭਾਵ, ਤੇਰੀਆਂ ਸਿਫ਼ਤਾਂ ਦੇ ਖ਼ਜ਼ਾਨੇ ਹੋਣ! ਤੇਰੇ ਨਾਮ ਵਰਗਾ ਕੀਮਤੀ ਤੇਰਾ ਨਾਮ ਹੀ ਹੈ, ਤੇਰੀਆਂ ਸਿਫ਼ਤ-ਸਾਲਾਹਾਂ ਹੀ ਹਨ) ॥੨॥
ਦੂਖਾ ਤੇ ਸੁਖ ਊਪਜਹਿ ਸੂਖੀ ਹੋਵਹਿ ਦੂਖ ॥
(ਦੁਨੀਆ ਵਾਲੇ ਦੁੱਖ-ਕਲੇਸ਼ ਭੀ ਪ੍ਰਭੂ ਦੀ ਬਖ਼ਸ਼ਸ਼ ਦਾ ਵਸੀਲਾ ਹਨ ਕਿਉਂਕਿ ਇਹਨਾਂ) ਦੁੱਖਾਂ ਤੋਂ (ਇਹਨਾਂ ਦੁੱਖਾਂ ਦੇ ਕਾਰਨ ਵਿਸ਼ੇ ਵਿਕਾਰਾਂ ਵਲੋਂ ਪਰਤਿਆਂ) ਆਤਮਕ ਸੁਖ ਪੈਦਾ ਹੋ ਜਾਂਦੇ ਹਨ, (ਤੇ ਦੁਨੀਆਵੀ ਭੋਗਾਂ ਦੇ) ਸੁਖਾਂ ਤੋਂ (ਆਤਮਕ ਤੇ ਸਰੀਰਕ) ਰੋਗ ਉਪਜਦੇ ਹਨ।
ਜਿਤੁ ਮੁਖਿ ਤੂ ਸਾਲਾਹੀਅਹਿ ਤਿਤੁ ਮੁਖਿ ਕੈਸੀ ਭੂਖ ॥੩॥
ਹੇ ਪ੍ਰਭੂ! ਜਿਸ ਮੂੰਹ ਨਾਲ ਤੇਰੀ ਸਿਫ਼ਤ-ਸਾਲਾਹ ਕੀਤੀ ਜਾਂਦੀ ਹੈ, ਉਸ ਮੂੰਹ ਵਿਚ ਮਾਇਆ ਦੀ ਭੁੱਖ ਨਹੀਂ ਰਹਿ ਜਾਂਦੀ (ਤੇ ਮਾਇਆ ਦੀ ਭੁੱਖ ਦੂਰ ਹੋਇਆਂ ਸਾਰੇ ਦੁੱਖ-ਰੋਗ ਨਾਸ ਹੋ ਜਾਂਦੇ ਹਨ) ॥੩॥
ਨਾਨਕ ਮੂਰਖੁ ਏਕੁ ਤੂ ਅਵਰੁ ਭਲਾ ਸੈਸਾਰੁ ॥
ਹੇ ਨਾਨਕ! (ਜੇ ਤੇਰੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਹੈ ਤਾਂ) ਸਿਰਫ਼ ਤੂੰ ਹੀ ਮੂਰਖ ਹੈਂ, ਤੇਰੇ ਨਾਲੋਂ ਹੋਰ ਸੰਸਾਰ ਚੰਗਾ ਹੈ।
ਜਿਤੁ ਤਨਿ ਨਾਮੁ ਨ ਊਪਜੈ ਸੇ ਤਨ ਹੋਹਿ ਖੁਆਰ ॥੪॥੨॥
ਜਿਸ ਜਿਸ ਸਰੀਰ ਵਿਚ ਪ੍ਰਭੂ ਦਾ ਨਾਮ ਨਹੀਂ, ਉਹ ਸਰੀਰ (ਵਿਕਾਰਾਂ ਵਿਚ ਪੈ ਕੇ) ਖ਼ੁਆਰ ਹੁੰਦੇ ਹਨ ॥੪॥੨॥
ਪ੍ਰਭਾਤੀ ਮਹਲਾ ੧ ॥
ਜੈ ਕਾਰਣਿ ਬੇਦ ਬ੍ਰਹਮੈ ਉਚਰੇ ਸੰਕਰਿ ਛੋਡੀ ਮਾਇਆ ॥
ਜਿਸ ਪਰਮਾਤਮਾ ਦੇ ਮਿਲਾਪ ਦੀ ਖ਼ਾਤਰ ਬ੍ਰਹਮਾ ਨੇ ਵੇਦ ਉਚਾਰੇ, ਤੇ ਸ਼ਿਵ ਜੀ ਨੇ ਦੁਨੀਆ ਦੀ ਮਾਇਆ ਤਿਆਗੀ,
ਜੈ ਕਾਰਣਿ ਸਿਧ ਭਏ ਉਦਾਸੀ ਦੇਵੀ ਮਰਮੁ ਨ ਪਾਇਆ ॥੧॥
ਜਿਸ ਪ੍ਰਭੂ ਨੂੰ ਪ੍ਰਾਪਤ ਕਰਨ ਵਾਸਤੇ ਜੋਗ-ਸਾਧਨਾ ਵਿਚ ਪੁੱਗੇ ਹੋਏ ਜੋਗੀ (ਦੁਨੀਆ ਵਲੋਂ) ਵਿਰਕਤ ਹੋ ਗਏ (ਉਹ ਬੜਾ ਬੇਅੰਤ ਹੈ), ਦੇਵਤਿਆਂ ਨੇ (ਭੀ) ਉਸ (ਦੇ ਗੁਣਾਂ) ਦਾ ਭੇਤ ਨਹੀਂ ਪਾਇਆ ॥੧॥
ਬਾਬਾ ਮਨਿ ਸਾਚਾ ਮੁਖਿ ਸਾਚਾ ਕਹੀਐ ਤਰੀਐ ਸਾਚਾ ਹੋਈ ॥
ਹੇ ਭਾਈ! ਆਪਣੇ ਮਨ ਵਿਚ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਵਸਾਣਾ ਚਾਹੀਦਾ ਹੈ, ਮੂੰਹ ਨਾਲ ਸਦਾ-ਥਿਰ ਪ੍ਰਭੂ ਦੀਆਂ ਸਿਫ਼ਤਾਂ ਕਰਨੀਆਂ ਚਾਹੀਦੀਆਂ ਹਨ, (ਇਸ ਤਰ੍ਹਾਂ ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ) ਪਾਰ ਲੰਘ ਜਾਈਦਾ ਹੈ, ਉਸ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਈਦਾ ਹੈ।
ਦੁਸਮਨੁ ਦੂਖੁ ਨ ਆਵੈ ਨੇੜੈ ਹਰਿ ਮਤਿ ਪਾਵੈ ਕੋਈ ॥੧॥ ਰਹਾਉ ॥
ਜੇਹੜਾ ਕੋਈ ਮਨੁੱਖ ਪਰਮਾਤਮਾ ਦਾ ਸਿਮਰਨ ਕਰਨ ਦੀ ਅਕਲ ਸਿੱਖ ਲੈਂਦਾ ਹੈ, ਕੋਈ ਵੈਰੀ ਉਸ ਉਤੇ ਜ਼ੋਰ ਨਹੀਂ ਪਾ ਸਕਦਾ, ਕੋਈ ਦੁੱਖ-ਕਲੇਸ਼ ਉਸ ਨੂੰ ਦਬਾ ਨਹੀਂ ਸਕਦਾ ॥੧॥ ਰਹਾਉ ॥
ਅਗਨਿ ਬਿੰਬ ਪਵਣੈ ਕੀ ਬਾਣੀ ਤੀਨਿ ਨਾਮ ਕੇ ਦਾਸਾ ॥
ਇਹ ਸਾਰਾ ਜਗਤ ਤਮੋ ਗੁਣ, ਸਤੋ ਗੁਣ ਤੇ ਰਜੋ ਗੁਣ ਦੀ ਰਚਨਾ ਹੈ (ਸਾਰੇ ਜੀਅ ਜੰਤ ਇਹਨਾਂ ਗੁਣਾਂ ਦੇ ਅਧੀਨ ਹਨ), ਪਰ ਇਹ ਤਿੰਨੇ ਗੁਣ ਪ੍ਰਭੂ ਦੇ ਨਾਮ ਦੇ ਦਾਸ ਹਨ (ਜੇਹੜੇ ਬੰਦੇ ਨਾਮ ਜਪਦੇ ਹਨ, ਉਹਨਾਂ ਉਤੇ ਇਹ ਤਿੰਨ ਗੁਣ ਆਪਣਾ ਜ਼ੋਰ ਨਹੀਂ ਪਾ ਸਕਦੇ)।
ਤੇ ਤਸਕਰ ਜੋ ਨਾਮੁ ਨ ਲੇਵਹਿ ਵਾਸਹਿ ਕੋਟ ਪੰਚਾਸਾ ॥੨॥
(ਪਰ ਹਾਂ) ਜੇਹੜੇ ਜੀਵ ਪ੍ਰਭੂ ਦਾ ਨਾਮ ਨਹੀਂ ਸਿਮਰਦੇ ਉਹ (ਇਹਨਾਂ ਤਿੰਨਾਂ ਗੁਣਾਂ ਦੇ) ਚੋਰ ਹਨ (ਇਹਨਾਂ ਤੋਂ ਕੁੱਟ ਖਾਂਦੇ ਹਨ, ਕਿਉਂਕਿ) ਉਹ ਸਦਾ (ਕਾਮਾਦਿਕ) ਸ਼ੇਰਾਂ ਦੇ ਘੁਰਨਿਆਂ ਵਿਚ ਵੱਸਦੇ ਹਨ ॥੨॥
ਜੇ ਕੋ ਏਕ ਕਰੈ ਚੰਗਿਆਈ ਮਨਿ ਚਿਤਿ ਬਹੁਤੁ ਬਫਾਵੈ ॥
(ਵੇਖੋ, ਉਸ ਪਰਮਾਤਮਾ ਦੀ ਖੁਲ੍ਹ-ਦਿਲੀ!) ਜੇ ਕੋਈ ਬੰਦਾ (ਕਿਸੇ ਨਾਲ) ਕੋਈ ਇੱਕ ਭਲਾਈ ਕਰਦਾ ਹੈ; ਤਾਂ ਉਹ ਆਪਣੇ ਮਨ ਵਿਚ ਚਿੱਤ ਵਿਚ ਬੜੀਆਂ ਫੜਾਂ ਮਰਦਾ ਹੈ (ਬੜਾ ਮਾਣ ਕਰਦਾ ਹੈ, ਪਰ)
ਏਤੇ ਗੁਣ ਏਤੀਆ ਚੰਗਿਆਈਆ ਦੇਇ ਨ ਪਛੋਤਾਵੈ ॥੩॥
ਪਰਮਾਤਮਾ ਵਿਚ ਇਤਨੇ ਬੇਅੰਤ ਗੁਣ ਹਨ, ਉਹ ਇਤਨੀਆਂ ਭਲਾਈਆਂ ਕਰਦਾ ਹੈ, ਉਹ (ਸਭ ਜੀਵਾਂ ਨੂੰ ਦਾਤਾਂ) ਦੇਂਦਾ ਹੈ, ਪਰ ਦਾਤਾਂ ਦੇ ਦੇ ਕੇ ਕਦੇ ਅਫ਼ਸੋਸ ਨਹੀਂ ਕਰਦਾ (ਕਿ ਜੀਵ ਦਾਤਾਂ ਲੈ ਕੇ ਕਦਰ ਨਹੀਂ ਕਰਦੇ) ॥੩॥
ਤੁਧੁ ਸਾਲਾਹਨਿ ਤਿਨ ਧਨੁ ਪਲੈ ਨਾਨਕ ਕਾ ਧਨੁ ਸੋਈ ॥
ਹੇ ਪ੍ਰਭੂ! ਜੇਹੜੇ ਬੰਦੇ ਤੇਰੀ ਸਿਫ਼ਤ-ਸਾਲਾਹ ਕਰਦੇ ਹਨ, ਉਹਨਾਂ ਦੇ ਹਿਰਦੇ ਵਿਚ ਤੇਰਾ ਨਾਮ-ਧਨ ਹੈ (ਉਹ ਅਸਲ ਧਨੀ ਹਨ), ਮੈਂ ਨਾਨਕ ਦਾ ਧਨ ਭੀ ਤੇਰਾ ਨਾਮ ਹੀ ਹੈ।
ਜੇ ਕੋ ਜੀਉ ਕਹੈ ਓਨਾ ਕਉ ਜਮ ਕੀ ਤਲਬ ਨ ਹੋਈ ॥੪॥੩॥
(ਜਿਨ੍ਹਾਂ ਦੇ ਪੱਲੇ ਨਾਮ-ਧਨ ਹੈ) ਜੇ ਕੋਈ ਉਹਨਾਂ ਨਾਲ ਆਦਰ-ਸਤਕਾਰ ਦਾ ਬੋਲ ਬੋਲਦਾ ਹੈ, ਤਾਂ ਜਮਰਾਜ (ਭੀ) ਉਹਨਾਂ ਤੋਂ ਕਰਮਾਂ ਦਾ ਲੇਖਾ ਨਹੀਂ ਪੁੱਛਦਾ (ਭਾਵ, ਉਹ ਮੰਦੇ ਪਾਸੇ ਵਲੋਂ ਹਟ ਜਾਂਦੇ ਹਨ) ॥੪॥੩॥
ਪ੍ਰਭਾਤੀ ਮਹਲਾ ੧ ॥
ਜਾ ਕੈ ਰੂਪੁ ਨਾਹੀ ਜਾਤਿ ਨਾਹੀ ਨਾਹੀ ਮੁਖੁ ਮਾਸਾ ॥
(ਹੇ ਜੋਗੀ!) ਜਿਨ੍ਹਾਂ ਪਾਸ ਰੂਪ ਨਹੀਂ, ਜਿਨ੍ਹਾਂ ਦੀ ਉੱਚੀ ਜਾਤਿ ਨਹੀਂ, ਜਿਨ੍ਹਾਂ ਦੇ ਸੋਹਣੇ ਨਕਸ਼ ਨਹੀਂ, ਜਿਨ੍ਹਾਂ ਪਾਸ ਸਰੀਰਕ ਬਲ ਨਹੀਂ,
ਸਤਿਗੁਰਿ ਮਿਲੇ ਨਿਰੰਜਨੁ ਪਾਇਆ ਤੇਰੈ ਨਾਮਿ ਹੈ ਨਿਵਾਸਾ ॥੧॥
ਜਦੋਂ ਉਹ ਗੁਰੂ-ਚਰਨਾਂ ਵਿਚ ਜੁੜੇ, ਤਾਂ ਉਹਨਾਂ ਨੂੰ ਮਾਇਆ-ਰਹਿਤ ਪ੍ਰਭੂ ਮਿਲ ਪਿਆ। (ਹੇ ਪ੍ਰਭੂ! ਗੁਰੂ ਦੀ ਸਰਨ ਪੈਣ ਨਾਲ) ਉਹਨਾਂ ਦਾ ਨਿਵਾਸ ਤੇਰੇ ਨਾਮ ਵਿਚ ਹੋ ਗਿਆ ॥੧॥
ਅਉਧੂ ਸਹਜੇ ਤਤੁ ਬੀਚਾਰਿ ॥
ਹੇ ਜੋਗੀ! (ਤੂੰ ਘਰ ਬਾਰ ਛੱਡ ਕੇ ਪਿੰਡੇ ਤੇ ਸੁਆਹ ਮਲ ਕੇ ਹੀ ਇਹ ਸਮਝੀ ਬੈਠਾ ਹੈਂ ਕਿ ਤੂੰ ਜਨਮ ਮਰਨ ਦੇ ਚੱਕਰ ਵਿਚੋਂ ਨਿਕਲ ਗਿਆ ਹੈਂ, ਤੈਨੂੰ ਭੁਲੇਖਾ ਹੈ)। ਅਡੋਲ ਆਤਮਕ ਅਵਸਥਾ ਵਿਚ ਟਿਕ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਸੁਰਤ ਜੋੜ।
ਜਾ ਤੇ ਫਿਰਿ ਨ ਆਵਹੁ ਸੈਸਾਰਿ ॥੧॥ ਰਹਾਉ ॥
(ਇਹੀ ਤਰੀਕਾ ਹੈ) ਜਿਸ ਨਾਲ ਤੂੰ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਆਵੇਂਗਾ ॥੧॥ ਰਹਾਉ ॥
ਜਾ ਕੈ ਕਰਮੁ ਨਾਹੀ ਧਰਮੁ ਨਾਹੀ ਨਾਹੀ ਸੁਚਿ ਮਾਲਾ ॥
(ਹੇ ਜੋਗੀ!) ਜੋ ਬੰਦੇ ਸ਼ਾਸਤ੍ਰਾਂ ਦਾ ਦੱਸਿਆ ਹੋਇਆ ਕੋਈ ਕਰਮ ਧਰਮ ਨਹੀਂ ਕਰਦੇ, ਜਿਨ੍ਹਾਂ ਚੌਕੇ ਆਦਿਕ ਦੀ ਕੋਈ ਸੁੱਚ ਨਹੀਂ ਰੱਖੀ, ਜਿਨ੍ਹਾਂ ਦੇ ਗਲ ਵਿਚ (ਤੁਲਸੀ ਆਦਿਕ ਦੀ) ਮਾਲਾ ਨਹੀਂ,
ਸਿਵ ਜੋਤਿ ਕੰਨਹੁ ਬੁਧਿ ਪਾਈ ਸਤਿਗੁਰੂ ਰਖਵਾਲਾ ॥੨॥
ਜਦੋਂ ਉਹਨਾਂ ਦਾ ਰਾਖਾ ਗੁਰੂ ਬਣ ਗਿਆ, ਉਹਨਾਂ ਨੂੰ ਕੱਲਿਆਣ-ਰੂਪ ਨਿਰੰਕਾਰੀ ਜੋਤਿ ਪਾਸੋਂ (ਉਸ ਦੀ ਸਿਫ਼ਤ-ਸਾਲਾਹ ਵਿਚ ਜੁੜਨ ਦੀ) ਅਕਲ ਮਿਲ ਗਈ ॥੨॥
ਜਾ ਕੈ ਬਰਤੁ ਨਾਹੀ ਨੇਮੁ ਨਾਹੀ ਨਾਹੀ ਬਕਬਾਈ ॥
(ਹੇ ਜੋਗੀ!) ਜਿਨ੍ਹਾਂ ਬੰਦਿਆਂ ਨੇ ਕਦੇ ਕੋਈ ਵਰਤ ਨਹੀਂ ਰੱਖਿਆ, ਕੋਈ (ਇਹੋ ਜਿਹਾ ਹੋਰ) ਨੇਮ ਨਹੀਂ ਧਾਰਿਆ, ਜੇਹੜੇ ਸ਼ਾਸਤ੍ਰ-ਚਰਚਾ ਦੇ ਕੋਈ ਚਤੁਰਾਈ ਵਾਲੇ ਬੋਲ ਬੋਲਣੇ ਨਹੀਂ ਜਾਣਦੇ,
ਗਤਿ ਅਵਗਤਿ ਕੀ ਚਿੰਤ ਨਾਹੀ ਸਤਿਗੁਰੂ ਫੁਰਮਾਈ ॥੩॥
ਜਦੋਂ ਗੁਰੂ ਦਾ ਉਪਦੇਸ਼ ਉਹਨਾਂ ਨੂੰ ਮਿਲਿਆ, ਤਾਂ ਮੁਕਤੀ ਜਾਂ ਨਰਕ ਦਾ ਉਹਨਾਂ ਨੂੰ ਕੋਈ ਫ਼ਿਕਰ ਸਹਿਮ ਨਾਹ ਰਹਿ ਗਿਆ ॥੩॥
ਜਾ ਕੈ ਆਸ ਨਾਹੀ ਨਿਰਾਸ ਨਾਹੀ ਚਿਤਿ ਸੁਰਤਿ ਸਮਝਾਈ ॥
ਜਿਸ ਜੀਵ ਪਾਸ ਧਨ-ਪਦਾਰਥ ਨਹੀਂ ਕਿ ਉਹ ਦੁਨੀਆ ਦੀਆਂ ਆਸਾਂ ਚਿੱਤ ਵਿਚ ਬਣਾਈ ਰੱਖੇ, ਜਿਸ ਜੀਵ ਦੇ ਚਿੱਤ ਵਿਚ ਮਾਇਆ ਵਲੋਂ ਉਪਰਾਮ ਹੋ ਕੇ ਗ੍ਰਿਹਸਤ-ਤਿਆਗ ਦੇ ਖ਼ਿਆਲ ਭੀ ਨਹੀਂ ਉਠਦੇ, ਜਿਸ ਨੂੰ ਕੋਈ ਅਜੇਹੀ ਸੁਰਤ ਨਹੀਂ ਸਮਝ ਨਹੀਂ,
ਤੰਤ ਕਉ ਪਰਮ ਤੰਤੁ ਮਿਲਿਆ ਨਾਨਕਾ ਬੁਧਿ ਪਾਈ ॥੪॥੪॥
ਹੇ ਨਾਨਕ! ਜਦੋਂ ਉਸ ਨੂੰ (ਸਤਿਗੁਰੂ ਪਾਸੋਂ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਜੁੜਨ ਦੀ) ਅਕਲ ਮਿਲਦੀ ਹੈ, ਤਾਂ ਉਸ ਜੀਵ ਨੂੰ ਪਰਮਾਤਮਾ ਮਿਲ ਪੈਂਦਾ ਹੈ ॥੪॥੪॥
ਪ੍ਰਭਾਤੀ ਮਹਲਾ ੧ ॥
ਤਾ ਕਾ ਕਹਿਆ ਦਰਿ ਪਰਵਾਣੁ ॥
(ਪਰਮਾਤਮਾ ਦੀ ਰਜ਼ਾ ਬਾਰੇ) ਉਸ ਮਨੁੱਖ ਦਾ ਬੋਲਿਆ ਹੋਇਆ ਬਚਨ ਪਰਮਾਤਮਾ ਦੇ ਦਰ ਤੇ ਠੀਕ ਮੰਨਿਆ ਜਾਂਦਾ ਹੈ,
ਬਿਖੁ ਅੰਮ੍ਰਿਤੁ ਦੁਇ ਸਮ ਕਰਿ ਜਾਣੁ ॥੧॥
ਜੋ ਮਨੁੱਖ ਜ਼ਹਰ ਤੇ ਅੰਮ੍ਰਿਤ (ਦੁੱਖ ਤੇ ਸੁਖ) ਦੋਹਾਂ ਨੂੰ ਇਕੋ ਜਿਹਾ ਸਮਝਣ-ਜੋਗਾ ਹੋ ਜਾਂਦਾ ਹੈ। (ਕਿਉਂਕਿ ਉਹ ਮਨੁੱਖ ਚੰਗੀ ਤਰ੍ਹਾਂ ਜਾਣਦਾ ਹੈ ਕਿ ਜਿਨ੍ਹਾਂ ਨੂੰ ਸੁਖ ਜਾਂ ਦੁੱਖ ਮਿਲਦਾ ਹੈ ਉਹਨਾਂ ਸਭਨਾਂ ਵਿਚ ਪਰਮਾਤਮਾ ਆਪ ਮੌਜੂਦ ਹੈ) ॥੧॥
ਕਿਆ ਕਹੀਐ ਸਰਬੇ ਰਹਿਆ ਸਮਾਇ ॥
(ਕਿਸੇ ਨੂੰ ਸੁਖ ਹੈ ਕਿਸੇ ਨੂੰ ਦੁੱਖ ਮਿਲ ਰਿਹਾ ਹੈ, ਪਰ ਇਸ ਦੇ ਉਲਟ) ਕੁਝ ਕਿਹਾ ਨਹੀਂ ਜਾ ਸਕਦਾ ਕਿਉਂਕਿ ਤੂੰ ਸਭ ਜੀਵਾਂ ਵਿਚ ਮੌਜੂਦ ਹੈਂ (ਜਿਨ੍ਹਾਂ ਨੂੰ ਸੁਖ ਜਾਂ ਦੁੱਖ ਮਿਲਦਾ ਹੈ ਉਹਨਾਂ ਵਿਚ ਭੀ ਤੂੰ ਆਪ ਹੀ ਵਿਆਪਕ ਹੈਂ, ਤੇ ਆਪ ਹੀ ਉਸ ਸੁਖ ਜਾਂ ਦੁੱਖ ਨੂੰ ਭੋਗ ਰਿਹਾ ਹੈਂ)
ਜੋ ਕਿਛੁ ਵਰਤੈ ਸਭ ਤੇਰੀ ਰਜਾਇ ॥੧॥ ਰਹਾਉ ॥
ਹੇ ਪ੍ਰਭੂ! (ਜਗਤ ਵਿਚ) ਜੋ ਕੁਝ ਵਾਪਰ ਰਿਹਾ ਹੈ ਸਭ ਤੇਰੇ ਹੁਕਮ ਅਨੁਸਾਰ ਵਾਪਰ ਰਿਹਾ ਹੈ ॥੧॥ ਰਹਾਉ ॥
ਪ੍ਰਗਟੀ ਜੋਤਿ ਚੂਕਾ ਅਭਿਮਾਨੁ ॥
ਉਸ ਮਨੁੱਖ ਦੇ ਅੰਦਰ ਪਰਮਾਤਮਾ ਦੀ ਜੋਤਿ ਦਾ ਚਾਨਣ ਹੋ ਜਾਂਦਾ ਹੈ (ਉਸ ਚਾਨਣ ਦੀ ਬਰਕਤਿ ਨਾਲ ਉਸ ਨੂੰ ਆਪਣੇ ਵਿਤ ਦੀ ਸਮਝ ਆ ਜਾਂਦੀ ਹੈ, ਇਸ ਵਾਸਤੇ ਉਸ ਦੇ ਅੰਦਰੋਂ) ਅਹੰਕਾਰ ਦੂਰ ਹੋ ਜਾਂਦਾ ਹੈ,
ਸਤਿਗੁਰਿ ਦੀਆ ਅੰਮ੍ਰਿਤ ਨਾਮੁ ॥੨॥
ਜਿਸ ਮਨੁੱਖ ਨੂੰ ਸਤਿਗੁਰੂ ਨੇ ਆਤਮਕ ਜੀਵਨ ਦੇਣ ਵਾਲਾ ਪ੍ਰਭੂ ਦਾ ਨਾਮ ਦਿੱਤਾ ਹੈ ॥੨॥
ਕਲਿ ਮਹਿ ਆਇਆ ਸੋ ਜਨੁ ਜਾਣੁ ॥
ਉਸੇ ਮਨੁੱਖ ਨੂੰ ਜਗਤ ਵਿਚ ਜਨਮਿਆ ਸਮਝੋ (ਭਾਵ, ਉਸੇ ਮਨੁੱਖ ਦਾ ਜਗਤ ਵਿਚ ਆਉਣਾ ਸਫਲ ਹੈ, ਜੋ ਸਰਬ-ਵਿਆਪਕ ਪਰਮਾਤਮਾ ਦੀ ਰਜ਼ਾ ਨੂੰ ਸਮਝਦਾ ਹੈ, ਤੇ ਇਸ ਵਾਸਤੇ)
ਸਾਚੀ ਦਰਗਹ ਪਾਵੈ ਮਾਣੁ ॥੩॥
ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਦਰਗਾਹ ਵਿਚ ਇੱਜ਼ਤ ਹਾਸਲ ਕਰਦਾ ਹੈ ॥੩॥
ਕਹਣਾ ਸੁਨਣਾ ਅਕਥ ਘਰਿ ਜਾਇ ॥
ਉਹੀ ਬਚਨ ਬੋਲਣੇ ਤੇ ਸੁਣਨੇ ਸਫਲ ਹਨ ਜਿਨ੍ਹਾਂ ਦੀ ਰਾਹੀਂ ਮਨੁੱਖ ਬੇਅੰਤ ਗੁਣਾਂ ਵਾਲੇ ਪਰਮਾਤਮਾ ਦੇ ਚਰਨਾਂ ਵਿਚ ਜੁੜ ਸਕਦਾ ਹੈ,
ਕਥਨੀ ਬਦਨੀ ਨਾਨਕ ਜਲਿ ਜਾਇ ॥੪॥੫॥
ਪਰ ਹੇ ਨਾਨਕ! (ਪਰਮਾਤਮਾ ਦੀ ਰਜ਼ਾ ਤੋਂ ਪਰੇ ਲੈ ਜਾਣ ਵਾਲੀ, ਪਰਮਾਤਮਾ ਦੇ ਚਰਨਾਂ ਤੋਂ ਦੂਰ ਰੱਖਣ ਵਾਲੀ) ਹੋਰ ਹੋਰ ਕਹਣੀ ਕਥਨੀ ਵਿਅਰਥ ਜਾਂਦੀ ਹੈ ॥੪॥੫॥
ਪ੍ਰਭਾਤੀ ਮਹਲਾ ੧ ॥
ਅੰਮ੍ਰਿਤੁ ਨੀਰੁ ਗਿਆਨਿ ਮਨ ਮਜਨੁ ਅਠਸਠਿ ਤੀਰਥ ਸੰਗਿ ਗਹੇ ॥
(ਗੁਰੂ ਤੋਂ ਮਿਲਣ ਵਾਲਾ) ਪ੍ਰਭੂ-ਨਾਮ (ਗੁਰੂ-ਤੀਰਥ ਦਾ) ਜਲ ਹੈ, ਗੁਰੂ ਤੋਂ ਮਿਲੇ ਆਤਮਕ ਚਾਨਣ ਵਿਚ ਮਨ ਦੀ ਚੁੱਭੀ (ਉਸ ਗੁਰ-ਤੀਰਥ ਦਾ) ਇਸ਼ਨਾਨ ਹੈ, (ਗੁਰੂ-ਤੀਰਥ ਦੇ) ਨਾਲ ਹੀ ਅਠਾਹਠ ਤੀਰਥ (ਦੇ ਇਸ਼ਨਾਨ) ਮਿਲ ਜਾਂਦੇ ਹਨ।
ਗੁਰ ਉਪਦੇਸਿ ਜਵਾਹਰ ਮਾਣਕ ਸੇਵੇ ਸਿਖੁ ਸੁੋ ਖੋਜਿ ਲਹੈ ॥੧॥
ਗੁਰੂ ਦੇ ਉਪਦੇਸ਼ (-ਰੂਪ ਡੂੰਘੇ ਪਾਣੀਆਂ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ) ਮੋਤੀ ਤੇ ਜਵਾਹਰ ਹਨ। ਜੇਹੜਾ ਸਿੱਖ (ਗੁਰੂ-ਤੀਰਥ ਨੂੰ) ਸੇਂਵਦਾ ਹੈ (ਸਰਧਾ ਨਾਲ ਆਉਂਦਾ ਹੈ) ਉਹ ਭਾਲ ਕਰ ਕੇ ਲੱਭ ਲੈਂਦਾ ਹੈ ॥੧॥
ਗੁਰ ਸਮਾਨਿ ਤੀਰਥੁ ਨਹੀ ਕੋਇ ॥
ਗੁਰੂ ਦੇ ਬਰਾਬਰ ਦਾ ਹੋਰ ਕੋਈ ਤੀਰਥ ਨਹੀਂ ਹੈ।
ਸਰੁ ਸੰਤੋਖੁ ਤਾਸੁ ਗੁਰੁ ਹੋਇ ॥੧॥ ਰਹਾਉ ॥
ਉਹ ਗੁਰੂ ਹੀ ਸੰਤੋਖ-ਰੂਪ ਸਰੋਵਰ ਹੈ ॥੧॥ ਰਹਾਉ ॥
ਗੁਰੁ ਦਰੀਆਉ ਸਦਾ ਜਲੁ ਨਿਰਮਲੁ ਮਿਲਿਆ ਦੁਰਮਤਿ ਮੈਲੁ ਹਰੈ ॥
ਗੁਰੂ ਇਕ (ਐਸਾ) ਦਰਿਆ ਹੈ ਜਿਸ ਪਾਸੋਂ ਮਿਲਦਾ ਨਾਮ-ਅੰਮ੍ਰਿਤ ਉਸ ਦਰਿਆ ਵਿਚ (ਐਸਾ) ਜਲ ਹੈ ਜੋ ਸਦਾ ਹੀ ਸਾਫ਼ ਰਹਿੰਦਾ ਹੈ, ਜਿਸ ਮਨੁੱਖ ਨੂੰ ਉਹ ਜਲ ਮਿਲਦਾ ਹੈ ਉਸ ਦੀ ਖੋਟੀ ਮੱਤ ਦੀ ਮੈਲ ਦੂਰ ਕਰ ਦੇਂਦਾ ਹੈ।
ਸਤਿਗੁਰਿ ਪਾਇਐ ਪੂਰਾ ਨਾਵਣੁ ਪਸੂ ਪਰੇਤਹੁ ਦੇਵ ਕਰੈ ॥੨॥
ਜੇ ਗੁਰੂ ਮਿਲ ਪਏ ਤਾਂ (ਉਸ ਗੁਰੂ-ਦਰਿਆ ਵਿਚ ਕੀਤਾ ਇਸ਼ਨਾਨ) ਸਫਲ ਇਸ਼ਨਾਨ ਹੁੰਦਾ ਹੈ, ਗੁਰੂ ਪਸ਼ੂਆਂ ਤੋਂ ਪਰੇਤਾਂ ਤੋਂ ਦੇਵਤੇ ਬਣਾ ਦੇਂਦਾ ਹੈ ॥੨॥
ਰਤਾ ਸਚਿ ਨਾਮਿ ਤਲ ਹੀਅਲੁ ਸੋ ਗੁਰੁ ਪਰਮਲੁ ਕਹੀਐ ॥
ਜਿਸ ਗੁਰੂ ਦੇ ਗਿਆਨ-ਇੰਦ੍ਰੇ ਜਿਸ ਗੁਰੂ ਦਾ ਹਿਰਦਾ (ਸਦਾ) ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਸ ਗੁਰੂ ਨੂੰ ਚੰਦਨ ਆਖਣਾ ਚਾਹੀਦਾ ਹੈ,
ਜਾ ਕੀ ਵਾਸੁ ਬਨਾਸਪਤਿ ਸਉਰੈ ਤਾਸੁ ਚਰਣ ਲਿਵ ਰਹੀਐ ॥੩॥
ਚੰਦਨ ਦੀ ਸੁਗੰਧੀ (ਨੇੜੇ ਉੱਗੀ) ਬਨਸਪਤੀ ਨੂੰ ਸੁਗੰਧਿਤ ਕਰ ਦੇਂਦੀ ਹੈ (ਗੁਰੂ ਦਾ ਉਪਦੇਸ਼ ਸਰਨ ਆਏ ਬੰਦਿਆਂ ਦੇ ਜੀਵਨ ਸੰਵਾਰ ਦੇਂਦਾ ਹੈ), ਉਸ ਗੁਰੂ ਦੇ ਚਰਨਾਂ ਵਿਚ ਸੁਰਤ ਜੋੜ ਰੱਖਣੀ ਚਾਹੀਦੀ ਹੈ ॥੩॥
ਗੁਰਮੁਖਿ ਜੀਅ ਪ੍ਰਾਨ ਉਪਜਹਿ ਗੁਰਮੁਖਿ ਸਿਵ ਘਰਿ ਜਾਈਐ ॥
ਗੁਰੂ ਦੀ ਸਰਨ ਪਿਆਂ ਜੀਵਾਂ ਦੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦੇ ਹਨ, ਗੁਰੂ ਦੀ ਰਾਹੀਂ ਉਸ ਪ੍ਰਭੂ ਦੇ ਦਰ ਤੇ ਪਹੁੰਚ ਜਾਈਦਾ ਹੈ ਜੋ ਸਦਾ ਆਨੰਦ-ਸਰੂਪ ਹੈ।
ਗੁਰਮੁਖਿ ਨਾਨਕ ਸਚਿ ਸਮਾਈਐ ਗੁਰਮੁਖਿ ਨਿਜ ਪਦੁ ਪਾਈਐ ॥੪॥੬॥
ਹੇ ਨਾਨਕ! ਗੁਰੂ ਦੀ ਸਰਨ ਪਿਆਂ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਈਦਾ ਹੈ, ਗੁਰੂ ਦੀ ਰਾਹੀਂ ਉੱਚਾ ਆਤਮਕ ਦਰਜਾ ਮਿਲ ਜਾਂਦਾ ਹੈ ਜੋ ਸਦਾ ਹੀ ਆਪਣਾ ਬਣਿਆ ਰਹਿੰਦਾ ਹੈ (ਅਟੱਲ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ) ॥੪॥੬॥
ਪ੍ਰਭਾਤੀ ਮਹਲਾ ੧ ॥
ਗੁਰਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ ॥
ਜੇਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦਾ ਨਾਮ ਸਿਮਰਨ ਦੀ) ਵਿੱਦਿਆ ਵਿਚਾਰਦਾ ਹੈ (ਸਿੱਖਦਾ ਹੈ) ਉਹ ਇਸ ਵਿੱਦਿਆ ਨੂੰ ਪੜ੍ਹ ਪੜ੍ਹ ਕੇ (ਜਗਤ ਵਿਚ) ਆਦਰ ਹਾਸਲ ਕਰਦਾ ਹੈ,
ਆਪਾ ਮਧੇ ਆਪੁ ਪਰਗਾਸਿਆ ਪਾਇਆ ਅੰਮ੍ਰਿਤੁ ਨਾਮੁ ॥੧॥
ਉਸ ਦੇ ਅੰਦਰ ਹੀ ਉਸ ਦਾ ਆਪਣਾ ਆਪ ਚਮਕ ਪੈਂਦਾ ਹੈ (ਉਸ ਦਾ ਆਤਮਕ ਜੀਵਨ ਰੌਸ਼ਨ ਹੋ ਜਾਂਦਾ ਹੈ, ਉਸ ਦੇ ਮਨ ਵਿਚੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ), ਉਸ ਮਨੁੱਖ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਮਿਲ ਜਾਂਦਾ ਹੈ ॥੧॥
ਕਰਤਾ ਤੂ ਮੇਰਾ ਜਜਮਾਨੁ ॥
ਹੇ ਕਰਤਾਰ! ਤੂੰ ਮੇਰਾ ਦਾਤਾ ਹੈਂ।
ਇਕ ਦਖਿਣਾ ਹਉ ਤੈ ਪਹਿ ਮਾਗਉ ਦੇਹਿ ਆਪਣਾ ਨਾਮੁ ॥੧॥ ਰਹਾਉ ॥
ਮੈਂ ਤੇਰੇ ਪਾਸੋਂ ਇਕ ਦਾਨ ਮੰਗਦਾ ਹਾਂ। ਮੈਨੂੰ ਆਪਣਾ ਨਾਮ ਬਖ਼ਸ਼ ॥੧॥ ਰਹਾਉ ॥
ਪੰਚ ਤਸਕਰ ਧਾਵਤ ਰਾਖੇ ਚੂਕਾ ਮਨਿ ਅਭਿਮਾਨੁ ॥
(ਇਸ ਨਾਮ ਸਿਮਰਨ ਦੀ ਬਰਕਤ ਨਾਲ ਵਿਕਾਰਾਂ ਵਲ) ਦੌੜਦੇ ਪੰਜੇ ਗਿਆਨ-ਇੰਦ੍ਰੇ ਰੋਕ ਲਈਦੇ ਹਨ, ਮਨ ਵਿਚ (ਟਿਕਿਆ ਹੋਇਆ) ਅਹੰਕਾਰ ਦੂਰ ਹੋ ਜਾਂਦਾ ਹੈ।
ਦਿਸਟਿ ਬਿਕਾਰੀ ਦੁਰਮਤਿ ਭਾਗੀ ਐਸਾ ਬ੍ਰਹਮ ਗਿਆਨੁ ॥੨॥
(ਸਿਮਰਨ ਦੀ ਰਾਹੀਂ) ਪਰਮਾਤਮਾ ਨਾਲ ਪਾਈ ਹੋਈ ਡੂੰਘੀ ਸਾਂਝ ਐਸੀ (ਬਰਕਤਿ ਵਾਲੀ ਹੈ ਜਿਸ ਦਾ ਸਦਕਾ) ਵਿਕਾਰਾਂ ਵਾਲੀ ਨਿਗਾਹ ਤੇ ਖੋਟੀ ਮੱਤ ਮੁੱਕ ਜਾਂਦੀ ਹੈ ॥੨॥
ਜਤੁ ਸਤੁ ਚਾਵਲ ਦਇਆ ਕਣਕ ਕਰਿ ਪ੍ਰਾਪਤਿ ਪਾਤੀ ਧਾਨੁ ॥
(ਬ੍ਰਾਹਮਣ ਆਪਣੇ ਜਜਮਾਨ ਪਾਸੋਂ ਚਾਵਲ, ਕਣਕ, ਧਨ, ਦੁੱਧ, ਘਿਉ ਆਦਿਕ ਸਾਰੇ ਪਦਾਰਥ ਮੰਗਦਾ ਤੇ ਲੈਂਦਾ ਹੈ ਹੇ ਪ੍ਰਭੂ! ਤੂੰ ਮੇਰਾ ਜਜਮਾਨ ਹੈ, ਮੈਂ ਤੇਰੇ ਨਾਮ ਦਾ ਜੱਗ ਰਚਾਇਆ ਹੋਇਆ ਹੈ,) ਮੈਂ ਤੈਥੋਂ ਇਹੋ ਜਿਹਾ ਦਾਨ ਮੰਗਦਾ ਹਾਂ ਕਿ ਮੈਨੂੰ ਚਾਵਲਾਂ ਦੇ ਥਾਂ ਜਤ ਸਤ ਦੇਹ (ਮੈਨੂੰ ਸੱਚਾ ਆਚਰਨ ਦੇਹ ਕਿ ਮੈਂ ਗਿਆਨ-ਇੰਦ੍ਰਿਆਂ ਨੂੰ ਮੰਦੇ ਪਾਸੇ ਵਲੋਂ ਰੋਕ ਸਕਾਂ), ਕਣਕ ਦੇ ਥਾਂ ਮੇਰੇ ਹਿਰਦੇ ਵਿਚ ਦਇਆ ਪੈਦਾ ਕਰ, ਮੈਨੂੰ ਇਹ ਧਨ ਦੇਹ ਕਿ ਮੈਂ ਤੇਰੇ ਚਰਨਾਂ ਵਿਚ ਜੁੜਨ ਦੀ ਯੋਗਤਾ ਵਾਲਾ ਹੋ ਜਾਵਾਂ।
ਦੂਧੁ ਕਰਮੁ ਸੰਤੋਖੁ ਘੀਉ ਕਰਿ ਐਸਾ ਮਾਂਗਉ ਦਾਨੁ ॥੩॥
ਮੈਨੂੰ ਸ਼ੁਭ ਕਰਮ (ਕਰਨ ਦੀ ਸਮਰੱਥਾ) ਬਖ਼ਸ਼, ਸੰਤੋਖ ਬਖ਼ਸ਼, ਇਹ ਹਨ ਮੇਰੇ ਵਾਸਤੇ ਦੁੱਧ ਤੇ ਘਿਉ ॥੩॥
ਖਿਮਾ ਧੀਰਜੁ ਕਰਿ ਗਊ ਲਵੇਰੀ ਸਹਜੇ ਬਛਰਾ ਖੀਰੁ ਪੀਐ ॥
(ਹੇ ਪ੍ਰਭੂ! ਮੇਰੇ ਅੰਦਰ) ਦੂਜਿਆਂ ਦੀ ਵਧੀਕੀ ਸਹਾਰਨ ਦਾ ਸੁਭਾਵ ਤੇ ਜਿਗਰਾ ਪੈਦਾ ਕਰ, ਇਹ ਹੈ ਮੇਰੇ ਲਈ ਲਵੇਰੀ ਗਾਂ, ਤਾਕਿ ਮੇਰਾ ਮਨ-ਵੱਛਾ ਸ਼ਾਂਤ ਅਵਸਥਾ ਵਿਚ ਟਿਕ ਕੇ (ਇਹ ਸ਼ਾਂਤੀ ਦਾ) ਦੁੱਧ ਪੀ ਸਕੇ।
ਸਿਫਤਿ ਸਰਮ ਕਾ ਕਪੜਾ ਮਾਂਗਉ ਹਰਿ ਗੁਣ ਨਾਨਕ ਰਵਤੁ ਰਹੈ ॥੪॥੭॥
ਮੈਂ ਤੈਥੋਂ ਤੇਰੀ ਸਿਫ਼ਤ-ਸਾਲਾਹ ਕਰਨ ਦੇ ਉੱਦਮ ਦਾ ਕੱਪੜਾ ਮੰਗਦਾ ਹਾਂ, ਤਾਕਿ ਹੇ ਨਾਨਕ! ਮੇਰਾ ਮਨ ਸਦਾ ਤੇਰੇ ਗੁਣ ਗਾਂਦਾ ਰਹੇ ॥੪॥੭॥
ਪ੍ਰਭਾਤੀ ਮਹਲਾ ੧ ॥
ਆਵਤੁ ਕਿਨੈ ਨ ਰਾਖਿਆ ਜਾਵਤੁ ਕਿਉ ਰਾਖਿਆ ਜਾਇ ॥
ਪ੍ਰਭੂ ਦੀ ਰਜ਼ਾ ਅਨੁਸਾਰ ਜੇਹੜਾ ਜੀਵ ਜਗਤ ਵਿਚ ਜੰਮਦਾ ਹੈ ਉਸ ਨੂੰ ਜੰਮਣੋਂ ਕੋਈ ਰੋਕ ਨਹੀਂ ਸਕਦਾ, ਜੇਹੜਾ (ਮਰ ਕੇ ਇਥੋਂ) ਜਾਣ ਲਗਦਾ ਹੈ ਉਸ ਨੂੰ ਕੋਈ ਇਥੇ ਰੋਕ ਕੇ ਨਹੀਂ ਰੱਖ ਸਕਦਾ।
ਜਿਸ ਤੇ ਹੋਆ ਸੋਈ ਪਰੁ ਜਾਣੈ ਜਾਂ ਉਸ ਹੀ ਮਾਹਿ ਸਮਾਇ ॥੧॥
ਜਿਸ ਪਰਮਾਤਮਾ ਤੋਂ ਜਗਤ ਪੈਦਾ ਹੁੰਦਾ ਹੈ, ਉਸੇ ਵਿਚ ਹੀ ਇਹ ਲੀਨ ਹੋ ਜਾਂਦਾ ਹੈ (ਇਸ ਜਗਤ-ਰਚਨਾ ਦੇ ਭੇਤ ਨੂੰ) ਉਹ ਪਰਮਾਤਮਾ ਹੀ ਠੀਕ ਤਰ੍ਹਾਂ ਜਾਣਦਾ ਹੈ (ਜੀਵ ਨੂੰ ਇਹ ਗੱਲ ਨਹੀਂ ਸੋਭਦੀ ਕਿ ਜਗਤ ਨੂੰ ਮਾੜਾ ਆਖ ਕੇ ਇਸ ਤੋਂ ਨਫ਼ਰਤ ਕਰ ਕੇ ਪਰੇ ਹਟੇ) ॥੧॥
ਤੂਹੈ ਹੈ ਵਾਹੁ ਤੇਰੀ ਰਜਾਇ ॥
ਹੇ ਪ੍ਰਭੂ! (ਇਸ ਜਗਤ ਦਾ ਰਚਨਹਾਰ) ਤੂੰ ਆਪ ਹੀ ਹੈਂ (ਤੂੰ ਆਪ ਹੀ ਇਸ ਨੂੰ ਆਪਣੀ ਰਜ਼ਾ ਅਨੁਸਾਰ ਪੈਦਾ ਕੀਤਾ ਹੈ) ਤੇਰੀ ਰਜ਼ਾ ਭੀ ਅਚਰਜ ਹੈ (ਭਾਵ, ਜੀਵਾਂ ਦੀ ਸਮਝ ਤੋਂ ਪਰੇ ਹੈ)।
ਜੋ ਕਿਛੁ ਕਰਹਿ ਸੋਈ ਪਰੁ ਹੋਇਬਾ ਅਵਰੁ ਨ ਕਰਣਾ ਜਾਇ ॥੧॥ ਰਹਾਉ ॥
ਹੇ ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ, ਜ਼ਰੂਰ ਉਹੀ ਕੁਝ ਵਾਪਰਦਾ ਹੈ, ਤੇਰੀ ਰਜ਼ਾ ਦੇ ਉਲਟ (ਕਿਸੇ ਜੀਵ ਪਾਸੋਂ) ਕੁਝ ਨਹੀਂ ਕੀਤਾ ਜਾ ਸਕਦਾ (ਜੀਵ ਦਾ ਇਹ ਅੰਞਾਣਪੁਣਾ ਹੈ ਕਿ ਤੇਰੇ ਰਚੇ ਜਗਤ ਤੋਂ ਨਫ਼ਰਤ ਕਰੇ, ਤੇ ਗ੍ਰਿਹਸਤ ਛੱਡ ਕੇ ਫ਼ਕੀਰ ਜਾ ਬਣੇ) ॥੧॥ ਰਹਾਉ ॥
ਜੈਸੇ ਹਰਹਟ ਕੀ ਮਾਲਾ ਟਿੰਡ ਲਗਤ ਹੈ ਇਕ ਸਖਨੀ ਹੋਰ ਫੇਰ ਭਰੀਅਤ ਹੈ ॥
ਜਿਵੇਂ ਵਗਦੇ ਖੂਹ ਦੀ ਮਾਹਲ ਨਾਲ ਟਿੰਡਾਂ ਬੱਧੀਆਂ ਹੁੰਦੀਆਂ ਹਨ (ਜਿਉਂ ਜਿਉਂ ਖੂਹ ਚੱਲਦਾ ਹੈ, ਤਿਉਂ ਤਿਉਂ) ਕੁਝ ਟਿੰਡਾਂ ਖ਼ਾਲੀ ਹੁੰਦੀਆਂ ਜਾਂਦੀਆਂ ਹਨ ਤੇ ਕੁਝ (ਟਿੰਡਾਂ ਖੂਹ ਦੇ ਪਾਣੀ ਨਾਲ) ਮੁੜ ਭਰਦੀਆਂ ਜਾਂਦੀਆਂ ਹਨ।
ਤੈਸੋ ਹੀ ਇਹੁ ਖੇਲੁ ਖਸਮ ਕਾ ਜਿਉ ਉਸ ਕੀ ਵਡਿਆਈ ॥੨॥
ਇਸੇ ਤਰ੍ਹਾਂ ਦਾ ਹੀ ਜਗਤ-ਰਚਨਾ ਦਾ ਇਹ ਤਮਾਸ਼ਾ ਹੈ ਜੋ ਖਸਮ-ਪ੍ਰਭੂ ਨੇ ਰਚਿਆ ਹੋਇਆ ਹੈ (ਕੁਝ ਇਥੋਂ ਕੂਚ ਕਰ ਕੇ ਥਾਂ ਖ਼ਾਲੀ ਕਰ ਜਾਂਦੇ ਹਨ, ਤੇ ਕੁਝ ਸਰੀਰ ਧਾਰ ਕੇ ਥਾਂ ਆ ਮੱਲਦੇ ਹਨ)। ਜਿਵੇਂ ਪਰਮਾਤਮਾ ਦੀ ਰਜ਼ਾ ਹੈ ਤਿਵੇਂ ਇਹ ਤਮਾਸ਼ਾ ਹੋ ਰਿਹਾ ਹੈ (ਇਸ ਤੋਂ ਨੱਕ ਵੱਟਣਾ ਫਬਦਾ ਨਹੀਂ) ॥੨॥
ਸੁਰਤੀ ਕੈ ਮਾਰਗਿ ਚਲਿ ਕੈ ਉਲਟੀ ਨਦਰਿ ਪ੍ਰਗਾਸੀ ॥
(ਪਰ ਹਾਂ) ਉਸ ਮਨੁੱਖ ਦੀ ਨਿਗਾਹ ਵਿਚ ਚਾਨਣ ਹੋਇਆ ਹੈ (ਭਾਵ, ਉਸ ਮਨੁੱਖ ਨੂੰ ਜੀਵਨ-ਜੁਗਤਿ ਦੀ ਸਹੀ ਸਮਝ ਪਈ ਹੈ) ਜਿਸ ਨੇ (ਜਗਤ ਦੇ ਰਚਨਹਾਰ) ਕਰਤਾਰ ਦੇ ਚਰਨਾਂ ਵਿਚ ਸੁਰਤ ਜੋੜਨ ਦੇ ਰਸਤੇ ਤੇ ਤੁਰ ਕੇ ਆਪਣੀ ਸੁਰਤ ਮਾਇਆ ਦੇ ਮੋਹ ਵਲੋਂ ਹਟਾਈ ਹੈ।
ਮਨਿ ਵੀਚਾਰਿ ਦੇਖੁ ਬ੍ਰਹਮ ਗਿਆਨੀ ਕਉਨੁ ਗਿਰਹੀ ਕਉਨੁ ਉਦਾਸੀ ॥੩॥
ਹੇ ਪਰਮਾਤਮਾ ਨਾਲ ਸਾਂਝ ਪਾਣ ਦਾ ਜਤਨ ਕਰਨ ਵਾਲੇ! ਆਪਣੇ ਮਨ ਵਿਚ ਸੋਚ ਕੇ (ਅੱਖਾਂ ਖੋਲ੍ਹ ਕੇ) ਵੇਖ (ਜੇ ਸੁਰਤ ਟਿਕਾਣੇ ਤੇ ਨਹੀਂ ਹੈ; ਤਾਂ) ਨਾਹ ਹੀ ਗ੍ਰਿਹਸਤੀ ਜੀਵਨ-ਸਫ਼ਰ ਵਿਚ ਠੀਕ ਰਾਹੇ ਤੁਰ ਰਿਹਾ ਹੈ ਤੇ ਨਾਹ ਹੀ (ਉਹ ਮਨੁੱਖ ਜੋ ਆਪਣੇ ਆਪ ਨੂੰ) ਵਿਰਕਤ (ਸਮਝਦਾ ਹੈ) ॥੩॥
ਜਿਸ ਕੀ ਆਸਾ ਤਿਸ ਹੀ ਸਉਪਿ ਕੈ ਏਹੁ ਰਹਿਆ ਨਿਰਬਾਣੁ ॥
ਜਿਸ ਪਰਮਾਤਮਾ ਨੇ ਦੁਨੀਆ ਵਾਲੀ ਮੋਹ ਮਾਇਆ ਦੀ ਆਸਾ ਮਨੁੱਖ ਨੂੰ ਚੰਬੋੜ ਦਿੱਤੀ ਹੈ, ਜੋ ਮਨੁੱਖ ਉਸੇ ਪਰਮਾਤਮਾ ਦੇ (ਇਹ ਆਸਾ ਤ੍ਰਿਸ਼ਨਾ) ਹਵਾਲੇ ਕਰਦਾ ਹੈ, ਤੇ ਵਾਸਨਾ-ਰਹਿਤ ਹੋ ਕੇ ਜੀਵਨ ਗੁਜ਼ਾਰਦਾ ਹੈ,
ਜਿਸ ਤੇ ਹੋਆ ਸੋਈ ਕਰਿ ਮਾਨਿਆ ਨਾਨਕ ਗਿਰਹੀ ਉਦਾਸੀ ਸੋ ਪਰਵਾਣੁ ॥੪॥੮॥
ਤੇ ਇਸ ਪਰਮਾਤਮਾ ਦੀ ਰਜ਼ਾ ਵਿਚ ਇਹ ਜਗਤ-ਰਚਨਾ ਹੋਈ ਹੈ ਉਸ ਨੂੰ ਰਜ਼ਾ ਦਾ ਮਾਲਕ ਜਾਣ ਕੇ ਉਸ ਵਿਚ ਆਪਣਾ ਮਨ ਜੋੜਦਾ ਹੈ, ਹੇ ਨਾਨਕ! ਉਹ ਚਾਹੇ ਗ੍ਰਿਹਸਤੀ ਹੈ ਚਾਹੇ ਵਿਰਕਤ, ਉਹ ਪਰਮਾਤਮਾ ਦੀ ਦਰਗਾਹ ਵਿਚ ਕਬੂਲ ਹੈ ॥੪॥੮॥
ਪ੍ਰਭਾਤੀ ਮਹਲਾ ੧ ॥
ਦਿਸਟਿ ਬਿਕਾਰੀ ਬੰਧਨਿ ਬਾਂਧੈ ਹਉ ਤਿਸ ਕੈ ਬਲਿ ਜਾਈ ॥
ਮੈਂ ਉਸ ਬੰਦੇ ਤੋਂ ਕੁਰਬਾਨ ਜਾਂਦਾ ਹਾਂ ਜੇਹੜਾ (ਆਪਣੀ) ਵਿਕਾਰਾਂ ਵਲ ਜਾਂਦੀ ਸੁਰਤ ਨੂੰ (ਹਰਿ-ਨਾਮ ਸਿਮਰਨ ਦੀ) ਡੋਰੀ ਲਾਲ ਬੰਨ੍ਹ ਰੱਖਦਾ ਹੈ।
ਪਾਪ ਪੁੰਨ ਕੀ ਸਾਰ ਨ ਜਾਣੈ ਭੂਲਾ ਫਿਰੈ ਅਜਾਈ ॥੧॥
(ਪਰ ਜੇਹੜਾ ਮਨੁੱਖ ਸਿਮਰਨ ਤੋਂ ਖੁੰਝ ਕੇ) ਭਲੇ ਬੁਰੇ ਕੰਮ ਦੇ ਭੇਤ ਨੂੰ ਨਹੀਂ ਸਮਝਦਾ, ਉਹ (ਜੀਵਨ ਦੇ ਸਹੀ ਰਸਤੇ ਤੋਂ) ਖੁੰਝਿਆ ਫਿਰਦਾ ਹੈ ਤੇ (ਜੀਵਨ) ਵਿਅਰਥ ਗਵਾਂਦਾ ਹੈ ॥੧॥
ਬੋਲਹੁ ਸਚੁ ਨਾਮੁ ਕਰਤਾਰ ॥
ਕਰਤਾਰ ਦਾ ਸਦਾ ਕਾਇਮ ਰਹਿਣ ਵਾਲਾ ਨਾਮ (ਸਦਾ) ਸਿਮਰੋ।
ਫੁਨਿ ਬਹੁੜਿ ਨ ਆਵਣ ਵਾਰ ॥੧॥ ਰਹਾਉ ॥
(ਨਾਮ ਸਿਮਰਨ ਦੀ ਬਰਕਤਿ ਨਾਲ ਜਗਤ ਵਿਚ) ਮੁੜ ਮੁੜ ਜਨਮ ਲੈਣ ਦੀ ਵਾਰੀ ਨਹੀਂ ਆਵੇਗੀ ॥੧॥ ਰਹਾਉ ॥
ਊਚਾ ਤੇ ਫੁਨਿ ਨੀਚੁ ਕਰਤੁ ਹੈ ਨੀਚ ਕਰੈ ਸੁਲਤਾਨੁ ॥
(ਉਸ ਕਰਤਾਰ ਦਾ ਨਾਮ ਸਦਾ ਸਿਮਰੋ) ਜੋ ਉੱਚਿਆਂ ਤੋਂ ਨੀਵੇਂ ਕਰ ਦੇਂਦਾ ਹੈ ਤੇ ਨੀਵਿਆਂ (ਗਰੀਬਾਂ) ਨੂੰ ਬਾਦਸ਼ਾਹ ਬਣਾ ਦੇਂਦਾ ਹੈ।
ਜਿਨੀ ਜਾਣੁ ਸੁਜਾਣਿਆ ਜਗਿ ਤੇ ਪੂਰੇ ਪਰਵਾਣੁ ॥੨॥
ਜਿਨ੍ਹਾਂ ਬੰਦਿਆਂ ਨੇ ਉਸ (ਘਟ ਘਟ ਦੀ) ਜਾਣਨ ਵਾਲੇ ਪਰਮਾਤਮਾ ਨੂੰ ਚੰਗੀ ਤਰ੍ਹਾਂ ਜਾਣ ਲਿਆ ਹੈ (ਭਾਵ, ਉਸ ਨਾਲ ਡੂੰਘੀ ਸਾਂਝ ਪਾ ਲਈ ਹੈ) ਜਗਤ ਵਿਚ ਆਏ ਉਹੀ ਬੰਦੇ ਸਫਲ ਹਨ ਤੇ ਕਬੂਲ ਹਨ ॥੨॥
ਤਾ ਕਉ ਸਮਝਾਵਣ ਜਾਈਐ ਜੇ ਕੋ ਭੂਲਾ ਹੋਈ ॥
(ਪਰ ਜੀਵਾਂ ਦੇ ਕੀਹ ਵੱਸ?) ਉਸੇ ਜੀਵ ਨੂੰ ਮੱਤ ਦੇਣ ਦਾ ਜਤਨ ਕੀਤਾ ਜਾ ਸਕਦਾ ਹੈ ਜੇਹੜਾ (ਆਪ) ਕੁਰਾਹੇ ਪਿਆ ਹੋਵੇ,
ਆਪੇ ਖੇਲ ਕਰੇ ਸਭ ਕਰਤਾ ਐਸਾ ਬੂਝੈ ਕੋਈ ॥੩॥
(ਇਥੇ ਤਾਂ ਰਾਹੇ ਪੈਣ ਜਾਂ ਕੁਰਾਹੇ ਪੈਣ ਵਾਲਾ) ਸਾਰਾ ਹੀ ਤਮਾਸ਼ਾ ਕਰਤਾਰ ਆਪ ਹੀ ਕਰ ਰਿਹਾ ਹੈ-ਇਹ ਭੇਤ ਭੀ ਕੋਈ ਵਿਰਲਾ ਬੰਦਾ ਹੀ ਸਮਝਦਾ ਹੈ। (ਤੇ ਉਹ ਰਜ਼ਾ ਦੇ ਮਾਲਕ ਕਰਤਾਰ ਦਾ ਨਾਮ ਸਿਮਰਦਾ ਹੈ) ॥੩॥
ਨਾਉ ਪ੍ਰਭਾਤੈ ਸਬਦਿ ਧਿਆਈਐ ਛੋਡਹੁ ਦੁਨੀ ਪਰੀਤਾ ॥
ਅੰਮ੍ਰਿਤ ਵੇਲੇ ਹੀ (ਉੱਠ ਕੇ) ਗੁਰੂ ਦੇ ਸ਼ਬਦ ਵਿਚ ਜੁੜ ਕੇ ਕਰਤਾਰ ਦਾ ਨਾਮ ਸਿਮਰਨਾ ਚਾਹੀਦਾ ਹੈ, ਮਾਇਆ ਦਾ ਮੋਹ ਤਿਆਗੋ (ਇਹ ਮੋਹ ਹੀ ਕਰਤਾਰ ਦੀ ਯਾਦ ਭੁਲਾਂਦਾ ਹੈ)।
ਪ੍ਰਣਵਤਿ ਨਾਨਕ ਦਾਸਨਿ ਦਾਸਾ ਜਗਿ ਹਾਰਿਆ ਤਿਨਿ ਜੀਤਾ ॥੪॥੯॥
ਕਰਤਾਰ ਦੇ ਸੇਵਕਾਂ ਦਾ ਸੇਵਕ ਨਾਨਕ ਬੇਨਤੀ ਕਰਦਾ ਹੈ ਕਿ ਜੇਹੜਾ ਬੰਦਾ (ਮਾਇਆ ਦਾ ਮੋਹ ਤਿਆਗ ਕੇ) ਜਗਤ ਵਿਚ ਨਿਮ੍ਰਤਾ ਨਾਲ ਜ਼ਿੰਦਗੀ ਗੁਜ਼ਾਰਦਾ ਹੈ, ਉਸੇ ਨੇ ਹੀ (ਜੀਵਨ ਦੀ ਬਾਜ਼ੀ) ਜਿੱਤੀ ਹੈ ॥੪॥੯॥
ਪ੍ਰਭਾਤੀ ਮਹਲਾ ੧ ॥
ਮਨੁ ਮਾਇਆ ਮਨੁ ਧਾਇਆ ਮਨੁ ਪੰਖੀ ਆਕਾਸਿ ॥
(ਹੇ ਪ੍ਰਭੂ! ਤੇਰੇ ਨਾਮ-ਖ਼ਜ਼ਾਨੇ ਤੋਂ ਸੱਖਣਾ) ਮਨ (ਕਾਮਾਦਿਕ ਚੋਰਾਂ ਦੇ ਢਹੇ ਚੜ੍ਹ ਕੇ, ਸਦਾ) ਮਾਇਆ ਹੀ ਮਾਇਆ (ਲੋੜਦਾ ਹੈ), (ਮਾਇਆ ਦੇ ਪਿੱਛੇ ਹੀ) ਦੌੜਦਾ ਹੈ, ਮਨ (ਮਾਇਆ ਦੀ ਖ਼ਾਤਰ ਹੀ ਉਡਾਰੀਆਂ ਲਾਂਦਾ ਰਹਿੰਦਾ ਹੈ ਜਿਵੇਂ) ਪੰਛੀ ਆਕਾਸ਼ ਵਿਚ (ਉਡਾਰੀਆਂ ਲਾਂਦਾ ਹੈ, ਤੇ ਸਰੀਰ-ਨਗਰ ਸੁੰਞਾ ਪਿਆ ਰਹਿੰਦਾ ਹੈ, ਕਾਮਾਦਿਕ ਚੋਰ ਸ਼ੁਭ ਗੁਣਾਂ ਦੀ ਰਾਸਿ-ਪੂੰਜੀ ਲੁੱਟਦੇ ਰਹਿੰਦੇ ਹਨ)।
ਤਸਕਰ ਸਬਦਿ ਨਿਵਾਰਿਆ ਨਗਰੁ ਵੁਠਾ ਸਾਬਾਸਿ ॥
ਜਦੋਂ ਗੁਰੂ ਦੇ ਸ਼ਬਦ ਦੀ ਰਾਹੀਂ ਇਹ ਚੋਰ (ਸਰੀਰ-ਨਗਰ ਵਿਚੋਂ) ਕੱਢ ਦੇਈਦੇ ਹਨ, ਤਾਂ (ਸਰੀਰ-) ਨਗਰ ਵੱਸ ਪੈਂਦਾ ਹੈ (ਭਾਵ, ਮਨ ਬਾਹਰ ਮਾਇਆ ਦੇ ਪਿੱਛੇ ਭਟਕਣੋਂ ਹਟ ਕੇ ਅੰਦਰ ਟਿਕ ਜਾਂਦਾ ਹੈ, ਤੇ ਇਸ ਨੂੰ) ਸੋਭਾ-ਵਡਿਆਈ ਮਿਲਦੀ ਹੈ।
ਜਾ ਤੂ ਰਾਖਹਿ ਰਾਖਿ ਲੈਹਿ ਸਾਬਤੁ ਹੋਵੈ ਰਾਸਿ ॥੧॥
(ਪਰ, ਹੇ ਪ੍ਰਭੂ!) ਜਦੋਂ ਤੂੰ ਆਪ (ਇਸ ਮਨ ਦੀ) ਰਾਖੀ ਕਰਦਾ ਹੈਂ, (ਜਦੋਂ ਤੂੰ ਆਪ ਇਸ ਨੂੰ ਕਾਮਾਦਿਕ ਚੋਰਾਂ ਤੋਂ) ਬਚਾਂਦਾ ਹੈਂ, ਤਦੋਂ (ਮਨੁੱਖਾ ਸਰੀਰ ਦੀ ਸ਼ੁਭ ਗੁਣਾਂ ਦੀ) ਰਾਸਿ-ਮੂੜੀ, ਸਹੀ ਸਲਾਮਤ ਬਚੀ ਰਹਿੰਦੀ ਹੈ ॥੧॥
ਐਸਾ ਨਾਮੁ ਰਤਨੁ ਨਿਧਿ ਮੇਰੈ ॥
ਹੇ ਪ੍ਰਭੂ! ਤੇਰਾ ਨਾਮ ਸ੍ਰੇਸ਼ਟ ਰਤਨ ਹੈ।
ਗੁਰਮਤਿ ਦੇਹਿ ਲਗਉ ਪਗਿ ਤੇਰੈ ॥੧॥ ਰਹਾਉ ॥
ਗੁਰੂ ਦੀ ਮੱਤ ਦੀ ਰਾਹੀਂ ਇਹ ਨਾਮ ਮੈਨੂੰ ਦੇਹ, ਮੈਂ ਤੇਰੀ ਸਰਨ ਆਇਆ ਹਾਂ। (ਮੇਹਰ ਕਰ ਤੇਰਾ ਇਹ ਨਾਮ) ਮੇਰੇ ਪਾਸ ਖ਼ਜ਼ਾਨਾ ਬਣ ਜਾਏ ॥੧॥ ਰਹਾਉ ॥
ਮਨੁ ਜੋਗੀ ਮਨੁ ਭੋਗੀਆ ਮਨੁ ਮੂਰਖੁ ਗਾਵਾਰੁ ॥
(ਜਿਤਨਾ ਚਿਰ ਮਨ ਦੇ ਸਿਰ ਉਤੇ ਗੁਰੂ ਦਾ ਕਰਤਾਰ ਦਾ ਕੁੰਡਾ ਨਾਹ ਹੋਵੇ ਤਦ ਤਕ) ਮਨ ਮੂਰਖ ਹੈ ਮਨ ਗੰਵਾਰ ਹੈ (ਆਪਣੇ ਮੂਰਖਪੁਣੇ ਵਿਚ ਕਦੇ ਇਹ) ਮਨ (ਮਾਇਆ ਤੋਂ ਨਫ਼ਰਤ ਕਰ ਕੇ) ਵਿਰਕਤ ਬਣ ਜਾਂਦਾ ਹੈ, ਕਦੇ ਮਨ ਦੁਨੀਆ ਦੇ ਭੋਗਾਂ ਵਿਚ ਰੁੱਝ ਜਾਂਦਾ ਹੈ।
ਮਨੁ ਦਾਤਾ ਮਨੁ ਮੰਗਤਾ ਮਨ ਸਿਰਿ ਗੁਰੁ ਕਰਤਾਰੁ ॥
(ਕਦੇ ਮਾਇਆ ਦੀ ਖ਼ੁਮਾਰੀ ਵਿਚ ਆਪਣੇ ਆਪ ਨੂੰ) ਦਾਨੀ ਸਮਝਦਾ ਹੈ (ਕਦੇ ਧਨ ਗਵਾਚਣ ਤੇ) ਕੰਗਾਲ ਬਣ ਜਾਂਦਾ ਹੈ। ਜਦੋਂ ਮਨ ਦੇ ਸਿਰ ਉਤੇ ਗੁਰੂ ਰਾਖਾ ਬਣਦਾ ਹੈ, ਕਰਤਾਰ ਹੱਥ ਰੱਖਦਾ ਹੈ,
ਪੰਚ ਮਾਰਿ ਸੁਖੁ ਪਾਇਆ ਐਸਾ ਬ੍ਰਹਮੁ ਵੀਚਾਰੁ ॥੨॥
ਤਦੋਂ ਇਹ ਸ੍ਰੇਸ਼ਟ ਰੱਬੀ ਸਿਫ਼ਤ-ਸਾਲਾਹ (ਦਾ ਖ਼ਜ਼ਾਨਾ ਲੱਭ ਪੈਂਦਾ ਹੈ, ਤੇ ਉਸਦੀ ਬਰਕਤਿ ਨਾਲ) ਕਾਮਾਦਿਕ ਪੰਜ ਚੋਰਾਂ ਨੂੰ ਮਾਰ ਕੇ ਆਤਮਕ ਆਨੰਦ ਮਾਣਦਾ ਹੈ ॥੨॥
ਘਟਿ ਘਟਿ ਏਕੁ ਵਖਾਣੀਐ ਕਹਉ ਨ ਦੇਖਿਆ ਜਾਇ ॥
ਹੇ ਪ੍ਰਭੂ! ਇਹ ਕਿਹਾ ਤਾਂ ਜਾਂਦਾ ਹੈ (ਭਾਵ, ਹਰੇਕ ਜੀਵ ਇਹ ਆਖਦਾ ਤਾਂ ਹੈ) ਕਿ ਤੂੰ ਹੀ ਹਰੇਕ ਸਰੀਰ ਵਿਚ ਮੌਜੂਦ ਹੈਂ, ਮੈਂ ਭੀ ਇਹ ਆਖਦਾ ਹਾਂ (ਪਰ ਨਿਰੇ ਆਖਣ ਨਾਲ ਹਰੇਕ ਵਿਚ) ਤੇਰਾ ਦਰਸਨ ਨਹੀਂ ਹੁੰਦਾ।
ਖੋਟੋ ਪੂਠੋ ਰਾਲੀਐ ਬਿਨੁ ਨਾਵੈ ਪਤਿ ਜਾਇ ॥
ਅੰਦਰੋਂ ਖੋਟਾ ਹੋਣ ਕਰਕੇ ਜੀਵ (ਚੌਰਾਸੀ ਦੀ ਗਰਭ ਜੋਨਿ ਵਿਚ) ਪੁੱਠਾ (ਲਟਕਾ ਕੇ) ਰੋਲੀਦਾ ਹੈ, ਤੇਰਾ ਨਾਮ ਸਿਮਰਨ ਤੋਂ ਬਿਨਾ ਇਸ ਦੀ ਇੱਜ਼ਤ-ਆਬਰੋ ਭੀ ਚਲੀ ਜਾਂਦੀ ਹੈ।
ਜਾ ਤੂ ਮੇਲਹਿ ਤਾ ਮਿਲਿ ਰਹਾਂ ਜਾਂ ਤੇਰੀ ਹੋਇ ਰਜਾਇ ॥੩॥
ਹੇ ਪ੍ਰਭੂ! ਜਦੋਂ ਤੂੰ ਆਪ ਮੈਨੂੰ ਆਪਣੇ ਚਰਨਾਂ ਵਿਚ ਜੋੜਦਾ ਹੈਂ, ਜਦੋਂ ਤੇਰੀ ਆਪਣੀ ਮੇਹਰ ਹੁੰਦੀ ਹੈ, ਤਦੋਂ ਹੀ ਮੈਂ ਤੇਰੀ ਯਾਦ ਵਿਚ ਜੁੜਿਆ ਰਹਿ ਸਕਦਾ ਹਾਂ ॥੩॥
ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ ॥
ਹੇ ਨਾਨਕ! (ਪ੍ਰਭੂ ਹਰੇਕ ਜੀਵ ਦੇ ਅੰਦਰ ਮੌਜੂਦ ਹੈ, ਪ੍ਰਭੂ ਹੀ ਹਰੇਕ ਦੀ ਜਾਤਿ ਪਾਤ ਹੈ। ਵਖੇਵਿਆਂ ਵਿਚ ਪੈ ਕੇ) ਇਹ ਨਹੀਂ ਪੁੱਛਣਾ ਚਾਹੀਦਾ ਕਿ (ਫਲਾਣੇ ਦੀ) ਜਾਤਿ ਕੇਹੜੀ ਹੈ ਕਿਸ ਕੁਲ ਵਿਚ ਉਸ ਦਾ ਜਨਮ ਹੋਇਆ। (ਪੁੱਛਣਾ ਹੈ ਤਾਂ) ਪੁੱਛੋ ਕਿ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਕਿਸ ਹਿਰਦੇ-ਘਰ ਵਿਚ ਪਰਗਟ ਹੋਇਆ ਹੈ।
ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ ॥
ਜਾਤਿ ਪਾਤਿ ਤਾਂ ਜੀਵ ਦੀ ਉਹੀ ਹੈ ਜਿਹੋ ਜਿਹੇ ਜੀਵ ਕਰਮ ਕਮਾਂਦਾ ਹੈ।
ਜਨਮ ਮਰਨ ਦੁਖੁ ਕਾਟੀਐ ਨਾਨਕ ਛੂਟਸਿ ਨਾਇ ॥੪॥੧੦॥
ਜਨਮ ਮਰਨ (ਦੇ ਗੇੜ) ਦਾ ਦੁਖ ਤਦੋਂ ਹੀ ਦੂਰ ਹੁੰਦਾ ਹੈ ਜਦੋਂ ਜੀਵ ਪ੍ਰਭੂ ਦੇ ਨਾਮ ਵਿਚ ਜੁੜਦਾ ਹੈ। ਨਾਮ ਵਿਚ ਜੁੜਿਆਂ ਹੀ (ਕਾਮਾਦਿਕ ਪੰਜ ਚੋਰਾਂ ਤੋਂ) ਖ਼ਲਾਸੀ ਹੁੰਦੀ ਹੈ ॥੪॥੧੦॥
ਪ੍ਰਭਾਤੀ ਮਹਲਾ ੧ ॥
ਜਾਗਤੁ ਬਿਗਸੈ ਮੂਠੋ ਅੰਧਾ ॥
ਜੀਵ ਆਪਣੇ ਵਲੋਂ ਸਿਆਣਾ ਹੈ, ਪਰ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਪਿਆ ਹੈ, ਲੁੱਟਿਆ ਜਾ ਰਿਹਾ ਹੈ (ਅਨੇਕਾਂ ਵਿਕਾਰ ਇਸ ਦੀ ਆਤਮਕ ਰਾਸਿ ਪੂੰਜੀ ਨੂੰ ਲੁੱਟ ਰਹੇ ਹਨ) ਪਰ ਇਹ ਖ਼ੁਸ਼ ਖ਼ੁਸ਼ ਫਿਰਦਾ ਹੈ।
ਗਲਿ ਫਾਹੀ ਸਿਰਿ ਮਾਰੇ ਧੰਧਾ ॥
ਇਸ ਦੇ ਗਲ ਵਿਚ ਮਾਇਆ ਦੇ ਮੋਹ ਦੀ ਫਾਹੀ ਪਈ ਹੋਈ ਹੈ (ਜੋ ਇਸ ਨੂੰ ਦੁਨੀਆ ਦੇ ਪਦਾਰਥਾਂ ਦੇ ਪਿੱਛੇ ਧੂਹੀ ਫਿਰਦਾ ਹੈ)। ਜਗਤ ਦੇ ਜੰਜਾਲਾਂ ਦਾ ਫ਼ਿਕਰ ਇਸ ਦੇ ਸਿਰ ਉਤੇ ਚੋਟਾਂ ਮਾਰਦਾ ਰਹਿੰਦਾ ਹੈ।
ਆਸਾ ਆਵੈ ਮਨਸਾ ਜਾਇ ॥
ਦੁਨੀਆ ਦੀਆਂ ਆਸਾਂ ਦਾ ਬੱਧਾ ਜਗਤ ਵਿਚ ਆਉਂਦਾ ਹੈ, ਮਨ ਦੇ ਅਨੇਕਾਂ ਫੁਰਨੇ ਲੈ ਕੇ ਇਥੋਂ ਤੁਰ ਪੈਂਦਾ ਹੈ।
ਉਰਝੀ ਤਾਣੀ ਕਿਛੁ ਨ ਬਸਾਇ ॥੧॥
ਇਸ ਦੀ ਜ਼ਿੰਦਗੀ ਦੀ ਤਾਣੀ ਦੁਨੀਆ ਦੀਆਂ ਆਸਾਂ ਤੇ ਮਨ ਦੀਆਂ ਦੌੜਾਂ ਨਾਲ ਪਿਲਚੀ ਪਈ ਹੈ। (ਇਸ ਤਾਣੀ ਨੂੰ ਇਹਨਾਂ ਪੇਚਿਆਂ ਤੋਂ ਸਾਫ਼ ਰੱਖਣ ਵਾਸਤੇ) ਇਸ ਦੀ ਕੋਈ ਪੇਸ਼ ਨਹੀਂ ਜਾਂਦੀ ॥੧॥
ਜਾਗਸਿ ਜੀਵਣ ਜਾਗਣਹਾਰਾ ॥
ਹੇ ਪ੍ਰਭੂ! ਤੂੰ ਸਾਰੇ ਜਗਤ ਦਾ ਜੀਵਨ ਹੈਂ; ਇਕ ਤੂੰ ਹੀ ਜਾਗਦਾ ਹੈਂ, ਸਿਰਫ਼ ਤੇਰੇ ਵਿਚ ਹੀ ਸਮਰੱਥਾ ਹੈ ਕਿ ਮਾਇਆ ਤੈਨੂੰ ਆਪਣੇ ਮੋਹ ਦੀ ਨੀਂਦ ਵਿਚ ਸੁਆ ਨਹੀਂ ਸਕਦੀ।
ਸੁਖ ਸਾਗਰ ਅੰਮ੍ਰਿਤ ਭੰਡਾਰਾ ॥੧॥ ਰਹਾਉ ॥
ਹੇ ਸੁਖਾਂ ਦੇ ਸਮੁੰਦਰ ਪ੍ਰਭੂ! (ਤੇਰੇ ਘਰ ਵਿਚ) ਨਾਮ-ਅੰਮ੍ਰਿਤ ਦੇ ਭੰਡਾਰੇ ਭਰੇ ਪਏ ਹਨ (ਜੋ ਮਾਇਆ ਦੇ ਮੋਹ ਵਿਚ ਆਤਮਕ ਮੌਤੇ ਮਰੇ ਪਿਆਂ ਨੂੰ ਜ਼ਿੰਦਾ ਕਰ ਸਕਦਾ ਹੈ) ॥੧॥ ਰਹਾਉ ॥
ਕਹਿਓ ਨ ਬੂਝੈ ਅੰਧੁ ਨ ਸੂਝੈ ਭੋਂਡੀ ਕਾਰ ਕਮਾਈ ॥
(ਮਾਇਆ ਦੇ ਮੋਹ ਵਿਚ) ਜੀਵਨ ਇਤਨਾ ਅੰਨ੍ਹਾ ਹੋਇਆ ਪਿਆ ਹੈ ਕਿ ਕਿਸੇ ਆਖੀ ਹੋਈ ਸਿੱਖਿਆ ਨੂੰ ਇਹ ਸਮਝ ਨਹੀਂ ਸਕਦਾ, ਆਪਣੇ ਆਪ ਇਸ ਨੂੰ (ਆਤਮਕ ਜੀਵਨ ਬਚਾਣ ਦੀ ਕੋਈ ਗੱਲ) ਸੁੱਝਦੀ ਨਹੀਂ, ਨਿੱਤ ਮੰਦੇ ਕੰਮ ਹੀ ਕਰੀ ਜਾ ਰਿਹਾ ਹੈ।
ਆਪੇ ਪ੍ਰੀਤਿ ਪ੍ਰੇਮ ਪਰਮੇਸੁਰੁ ਕਰਮੀ ਮਿਲੈ ਵਡਾਈ ॥੨॥
(ਪਰ ਜੀਵ ਦੇ ਵੱਸ ਦੀ ਗੱਲ ਨਹੀਂ ਹੈ) ਪਰਮੇਸਰ ਆਪ ਹੀ ਆਪਣੇ ਚਰਨਾਂ ਦੀ ਪ੍ਰੀਤ ਪ੍ਰੇਮ ਬਖ਼ਸ਼ਦਾ ਹੈ, ਉਸ ਦੀ ਮੇਹਰ ਨਾਲ ਹੀ ਉਸ ਦਾ ਨਾਮ-ਸਿਮਰਨ ਦਾ ਮਾਣ ਮਿਲਦਾ ਹੈ ॥੨॥
ਦਿਨੁ ਦਿਨੁ ਆਵੈ ਤਿਲੁ ਤਿਲੁ ਛੀਜੈ ਮਾਇਆ ਮੋਹੁ ਘਟਾਈ ॥
ਜ਼ਿੰਦਗੀ ਦਾ ਇਕ ਇਕ ਕਰ ਕੇ ਦਿਨ ਆਉਂਦਾ ਹੈ ਤੇ ਇਸ ਤਰ੍ਹਾਂ ਥੋੜੀ ਥੋੜੀ ਕਰ ਕੇ ਉਮਰ ਘਟਦੀ ਜਾਂਦੀ ਹੈ; ਪਰ ਮਾਇਆ ਦਾ ਮੋਹ ਜੀਵ ਦੇ ਹਿਰਦੇ ਵਿਚ (ਉਸੇ ਤਰ੍ਹਾਂ) ਟਿਕਿਆ ਰਹਿੰਦਾ ਹੈ।
ਬਿਨੁ ਗੁਰ ਬੂਡੋ ਠਉਰ ਨ ਪਾਵੈ ਜਬ ਲਗ ਦੂਜੀ ਰਾਈ ॥੩॥
ਗੁਰੂ ਦੀ ਸਰਨ ਆਉਣ ਤੋਂ ਬਿਨਾ ਜੀਵ (ਮਾਇਆ ਦੇ ਮੋਹ ਵਿਚ) ਡੁੱਬਾ ਰਹਿੰਦਾ ਹੈ। ਜਦੋਂ ਤਕ ਇਸ ਦੇ ਅੰਦਰ ਰਤਾ ਭਰ ਭੀ ਮਾਇਆ ਦੀ ਪ੍ਰੀਤ ਕਾਇਮ ਹੈ, ਇਹ ਭਟਕਦਾ ਫਿਰਦਾ ਹੈ ਇਸ ਨੂੰ (ਆਤਮਕ ਸੁਖ ਦੀ) ਥਾਂ ਨਹੀਂ ਲੱਭਦੀ ॥੩॥
ਅਹਿਨਿਸਿ ਜੀਆ ਦੇਖਿ ਸਮਾਲੈ੍ ਸੁਖੁ ਦੁਖੁ ਪੁਰਬਿ ਕਮਾਈ ॥
(ਆਤਮਕ ਜੀਵਨ ਦੀ ਦਾਤ ਪ੍ਰਭੂ ਤੋਂ ਹੀ ਮਿਲ ਸਕਦੀ ਹੈ ਜੋ) ਦਿਨ ਰਾਤ ਬੜੇ ਗਹੁ ਨਾਲ ਜੀਵਾਂ ਦੀ ਸੰਭਾਲ ਕਰਦਾ ਹੈ ਤੇ ਜੀਵਾਂ ਦੀ ਪੂਰਬਲੀ ਕਮਾਈ ਅਨੁਸਾਰ ਇਹਨਾਂ ਨੂੰ ਸੁਖ ਜਾਂ ਦੁਖ (ਭੋਗਣ ਨੂੰ) ਦੇਂਦਾ ਹੈ।
ਕਰਮਹੀਣੁ ਸਚੁ ਭੀਖਿਆ ਮਾਂਗੈ ਨਾਨਕ ਮਿਲੈ ਵਡਾਈ ॥੪॥੧੧॥
ਹੇ ਪ੍ਰਭੂ! ਮੈਂ ਚੰਗੇ ਕੀਤੇ ਕਰਮਾਂ ਦਾ ਮਾਣ ਨਹੀਂ ਕਰਦਾ, ਮੈਨੂੰ ਨਾਨਕ ਨੂੰ ਤੇਰਾ ਨਾਮ ਸਿਮਰਨ ਦੀ ਵਡਿਆਈ ਮਿਲ ਜਾਏ, ਨਾਨਕ ਤੇਰੇ ਦਰ ਤੋਂ ਤੇਰਾ ਨਾਮ ਸਿਮਰਨ ਦੀ ਭਿੱਛਿਆ ਹੀ ਮੰਗਦਾ ਹੈ ॥੪॥੧੧॥
ਪ੍ਰਭਾਤੀ ਮਹਲਾ ੧ ॥
ਮਸਟਿ ਕਰਉ ਮੂਰਖੁ ਜਗਿ ਕਹੀਆ ॥
(ਦੁਨੀਆਵੀ ਰਸਮ-ਰਿਵਾਜ ਵਲੋਂ ਬੇ-ਪਰਵਾਹ ਹੋ ਕੇ ਤੇਰੀ ਸਿਫ਼ਤ-ਸਾਲਾਹ ਵਿਚ ਮਸਤ ਹੋ ਕੇ) ਜੇ ਮੈਂ ਚੁੱਪ ਕਰ ਰਹਿੰਦਾ ਹਾਂ, ਤਾਂ ਜਗਤ ਵਿਚ ਮੈਂ ਮੂਰਖ ਆਖਿਆ ਜਾਂਦਾ ਹਾਂ,
ਅਧਿਕ ਬਕਉ ਤੇਰੀ ਲਿਵ ਰਹੀਆ ॥
ਪਰ ਜੇ (ਇਹਨਾਂ ਖੁੰਝੇ ਹੋਏ ਲੋਕਾਂ ਨੂੰ ਇਹਨਾਂ ਦੀਆਂ ਇਹ ਉਕਾਈਆਂ ਸਮਝਾਣ ਵਾਸਤੇ) ਮੈਂ ਬਹੁਤਾ ਬੋਲਦਾ ਹਾਂ, ਤਾਂ ਤੇਰੇ ਚਰਨਾਂ ਵਿਚ ਸੁਰਤ ਦਾ ਟਿਕਾਉ ਘਟਦਾ ਹੈ।
ਭੂਲ ਚੂਕ ਤੇਰੈ ਦਰਬਾਰਿ ॥
(ਇਹ ਲੋਕ ਨਿਰੀਆਂ ਭਾਈਚਾਰਕ ਰਸਮਾਂ ਦੇ ਕਰਨ ਨੂੰ ਹੀ ਜੀਵਨ ਦਾ ਸਹੀ ਰਸਤਾ ਸਮਝਦੇ ਹਨ, ਤੇਰੇ ਸਿਮਰਨ ਦੇ ਉੱਦਮ ਨੂੰ ਇਹ ਨਿੰਦਦੇ ਹਨ। ਇਹਨਾਂ ਵਿਚੋਂ ਉਕਾਈ ਵਾਲਾ ਰਸਤਾ ਕੇਹੜਾ ਹੈ?) ਅਸਲ ਉਕਾਈਆਂ ਉਹੀ ਹਨ ਜੋ ਤੇਰੀ ਹਜ਼ੂਰੀ ਵਿਚ ਉਕਾਈਆਂ ਮੰਨੀਆਂ ਜਾਣ।
ਨਾਮ ਬਿਨਾ ਕੈਸੇ ਆਚਾਰ ॥੧॥
ਉਹ ਭਾਈਚਾਰਕ ਰਸਮਾਂ ਕਿਸੇ ਅਰਥ ਨਹੀਂ ਜੋ ਤੇਰਾ ਨਾਮ ਸਿਮਰਨ ਤੋਂ ਵਿਛੋੜਦੀਆਂ ਹਨ ॥੧॥
ਐਸੇ ਝੂਠਿ ਮੁਠੇ ਸੰਸਾਰਾ ॥
ਹੇ ਪ੍ਰਭੂ! ਸੰਸਾਰੀ ਜੀਵ ਵਿਅਰਥ ਰਸਮਾਂ ਦੇ ਵਹਿਮ ਵਿਚ ਫਸ ਕੇ ਮਾਇਆ ਦੇ ਢਹੇ ਚੜ੍ਹ ਕੇ ਅਜੇਹੇ ਲੁੱਟੇ ਜਾ ਰਹੇ ਹਨ (ਆਤਮਕ ਜੀਵਨ ਅਜੇਹੇ ਲੁਟਾ ਰਹੇ ਹਨ ਕਿ ਇਹਨਾਂ ਨੂੰ ਇਹ ਸਮਝ ਹੀ ਨਹੀਂ ਪੈਂਦੀ)।
ਨਿੰਦਕੁ ਨਿੰਦੈ ਮੁਝੈ ਪਿਆਰਾ ॥੧॥ ਰਹਾਉ ॥
(ਨਿਰੀਆਂ ਭਾਈਚਾਰਕ ਰਸਮਾਂ ਦੇ ਟਾਕਰੇ ਤੇ ਤੇਰੇ ਨਾਮ-ਸਿਮਰਨ ਦੀ) ਨਿੰਦਾ ਕਰਨ ਵਾਲਾ ਮਨੁੱਖ (ਤੇਰੇ ਨਾਮ ਨੂੰ) ਮਾੜਾ ਆਖਦਾ ਹੈ (ਪਰ ਤੇਰੀ ਮੇਹਰ ਨਾਲ) ਮੈਨੂੰ (ਤੇਰਾ ਨਾਮ) ਪਿਆਰਾ ਲੱਗਦਾ ਹੈ ॥੧॥ ਰਹਾਉ ॥
ਜਿਸੁ ਨਿੰਦਹਿ ਸੋਈ ਬਿਧਿ ਜਾਣੈ ॥
(ਇਹ ਕਰਮ-ਕਾਂਡੀ ਲੋਕ ਪ੍ਰਭੂ ਦੀ ਭਗਤੀ ਕਰਨ ਵਾਲੇ ਨੂੰ ਨਿੰਦਦੇ ਹਨ, ਪਰ) ਜਿਸ ਨੂੰ ਇਹ ਮਾੜਾ ਆਖਦੇ ਹਨ (ਅਸਲ ਵਿਚ) ਉਹੀ ਮਨੁੱਖ ਜੀਵਨ ਦੀ ਸਹੀ ਜੁਗਤਿ ਜਾਣਦਾ ਹੈ,
ਗੁਰ ਕੈ ਸਬਦੇ ਦਰਿ ਨੀਸਾਣੈ ॥
ਉਹ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦੇ ਦਰ ਤੇ ਆਦਰ-ਮਾਣ ਹਾਸਲ ਕਰਦਾ ਹੈ,
ਕਾਰਣ ਨਾਮੁ ਅੰਤਰ ਗਤਿ ਜਾਣੈ ॥
ਸਾਰੀ ਸ੍ਰਿਸ਼ਟੀ ਦੇ ਮੂਲ ਪ੍ਰਭੂ ਦੇ ਨਾਮ ਨੂੰ ਉਹ ਆਪਣੇ ਹਿਰਦੇ ਵਿਚ ਵਸਾਂਦਾ ਹੈ।
ਜਿਸ ਨੋ ਨਦਰਿ ਕਰੇ ਸੋਈ ਬਿਧਿ ਜਾਣੈ ॥੨॥
ਪਰ ਸਿਫ਼ਤ-ਸਾਲਾਹ ਦੀ ਇਹ ਜੁਗਤਿ ਉਹੀ ਮਨੁੱਖ ਸਮਝਦਾ ਹੈ ਜਿਸ ਉਤੇ ਪ੍ਰਭੂ ਆਪ ਮੇਹਰ ਦੀ ਨਜ਼ਰ ਕਰਦਾ ਹੈ ॥੨॥
ਮੈ ਮੈਲੌ ਊਜਲੁ ਸਚੁ ਸੋਇ ॥
(ਪ੍ਰਭੂ ਦੇ ਨਾਮ ਤੋਂ ਖੁੰਝ ਕੇ) ਅਸੀਂ ਜੀਵ ਮਲੀਨ-ਮਨ ਹੋ ਰਹੇ ਹਾਂ, ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੀ (ਵਿਕਾਰਾਂ ਦੀ ਮੈਲ ਤੋਂ) ਸਾਫ਼ ਹੈ।
ਊਤਮੁ ਆਖਿ ਨ ਊਚਾ ਹੋਇ ॥
(ਪ੍ਰਭੂ ਦੀ ਯਾਦ ਭੁਲਾ ਕੇ ਨਿਰੇ ਕਰਮ-ਕਾਂਡ ਦੇ ਆਸਰੇ ਆਪਣੇ ਆਪ ਨੂੰ) ਉੱਤਮ ਆਖ ਕੇ ਕੋਈ ਮਨੁੱਖ ਉੱਚੇ ਜੀਵਨ ਵਾਲਾ ਨਹੀਂ ਹੋ ਸਕਦਾ।
ਮਨਮੁਖੁ ਖੂਲਿ੍ ਮਹਾ ਬਿਖੁ ਖਾਇ ॥
ਜਿਹੜਾ ਮਨੁੱਖ (ਗੁਰੂ ਦੇ ਸ਼ਬਦ ਤੋਂ ਖੁੰਝਦਾ ਹੈ ਤੇ) ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਹ ਅਝੱਕ ਹੋ ਕੇ (ਮਾਇਆ-ਮੋਹ ਦਾ) ਜ਼ਹਿਰ ਖਾਂਦਾ ਰਹਿੰਦਾ ਹੈ (ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ। ਫਿਰ ਇਹ ਸੁੱਚਾ ਤੇ ਉੱਚਾ ਕਿਵੇਂ?)।
ਗੁਰਮੁਖਿ ਹੋਇ ਸੁ ਰਾਚੈ ਨਾਇ ॥੩॥
ਜੋ ਮਨੁੱਖ ਗੁਰੂ ਦੇ ਦੱਸੇ ਰਸਤੇ ਤੁਰਦਾ ਹੈ, ਉਹ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦਾ ਹੈ (ਤੇ ਉਹ ਸੁੱਚੇ ਜੀਵਨ ਵਾਲਾ ਹੈ) ॥੩॥
ਅੰਧੌ ਬੋਲੌ ਮੁਗਧੁ ਗਵਾਰੁ ॥
ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ, ਪ੍ਰਭੂ ਦੀ ਸਿਫ਼ਤ-ਸਾਲਾਹ ਤੋਂ ਕੰਨ ਮੂੰਦ ਰੱਖਣ ਵਾਲਾ ਮਨੁੱਖ ਮੂਰਖ ਹੈ, ਗੰਵਾਰ ਹੈ,
ਹੀਣੌ ਨੀਚੁ ਬੁਰੌ ਬੁਰਿਆਰੁ ॥
ਆਤਮਕ ਜੀਵਨ ਤੋਂ ਸੱਖਣਾ ਹੈ। ਨੀਵੇਂ ਪਾਸੇ ਜਾ ਰਿਹਾ ਹੈ, ਮੰਦਿਆਂ ਤੋਂ ਮੰਦਾ ਹੈ।
ਨੀਧਨ ਕੌ ਧਨੁ ਨਾਮੁ ਪਿਆਰੁ ॥
ਪਰਮਾਤਮਾ ਦਾ ਨਾਮ ਪਰਮਾਤਮਾ ਦੇ ਚਰਨਾਂ ਦਾ ਪਿਆਰ (ਆਤਮਕ ਜੀਵਨ ਵਲੋਂ) ਕੰਗਾਲਾਂ ਵਾਸਤੇ ਧਨ ਹੈ।
ਇਹੁ ਧਨੁ ਸਾਰੁ ਹੋਰੁ ਬਿਖਿਆ ਛਾਰੁ ॥੪॥
ਇਹੀ ਧਨ ਸ੍ਰੇਸ਼ਟ ਧਨ ਹੈ, ਇਸ ਤੋਂ ਬਿਨਾ ਦੁਨੀਆ ਦੀ ਮਾਇਆ ਸੁਆਹ ਸਮਾਨ ਹੈ ॥੪॥
ਉਸਤਤਿ ਨਿੰਦਾ ਸਬਦੁ ਵੀਚਾਰੁ ॥
(ਪਰ ਜੀਵਾਂ ਦੇ ਕੀਹ ਵੱਸ?) ਸਿਫ਼ਤ-ਸਾਲਾਹ ਜਾਂ ਇਸ ਵਲੋਂ ਨਫ਼ਰਤ, ਗੁਰੂ ਦੇ ਸ਼ਬਦ ਦਾ ਪਿਆਰ, ਪ੍ਰਭੂ ਦੇ ਗੁਣਾਂ ਦੀ ਵੀਚਾਰ- (ਇਹ ਜੋ ਕੁਝ ਭੀ ਦੇਂਦਾ ਹੈ ਪ੍ਰਭੂ ਆਪ ਹੀ ਦੇਂਦਾ ਹੈ),
ਜੋ ਦੇਵੈ ਤਿਸ ਕਉ ਜੈਕਾਰੁ ॥
ਜੇਹੜਾ ਜੇਹੜਾ ਪ੍ਰਭੂ ਜੀਵਾਂ ਨੂੰ ਇਹ ਦੇਂਦਾ ਹੈ ਸਦਾ ਉਸੇ ਨੂੰ ਨਮਸਕਾਰ ਕਰਨੀ ਚਾਹੀਦੀ ਹੈ,
ਤੂ ਬਖਸਹਿ ਜਾਤਿ ਪਤਿ ਹੋਇ ॥
(ਤੇ ਆਖਣਾ ਚਾਹੀਦਾ ਹੈ ਕਿ) ਹੇ ਪ੍ਰਭੂ! ਜਿਸ ਨੂੰ ਤੂੰ ਆਪਣੀ ਸਿਫ਼ਤ-ਸਾਲਾਹ ਬਖ਼ਸ਼ਦਾ ਹੈਂ, ਉਸ ਦੀ, ਮਾਨੋ, ਉੱਚੀ ਜਾਤਿ ਹੋ ਜਾਂਦੀ ਹੈ, ਉਸ ਨੂੰ ਇੱਜ਼ਤ ਮਿਲਦੀ ਹੈ।
ਨਾਨਕੁ ਕਹੈ ਕਹਾਵੈ ਸੋਇ ॥੫॥੧੨॥
(ਪ੍ਰਭੂ ਦਾ ਦਾਸ) ਨਾਨਕ (ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਬੋਲ ਤਦੋਂ ਹੀ) ਆਖ ਸਕਦਾ ਹੈ ਜੇ ਪ੍ਰਭੂ ਆਪ ਹੀ ਅਖਵਾਏ ॥੫॥੧੨॥
ਪ੍ਰਭਾਤੀ ਮਹਲਾ ੧ ॥
ਖਾਇਆ ਮੈਲੁ ਵਧਾਇਆ ਪੈਧੈ ਘਰ ਕੀ ਹਾਣਿ ॥
ਪ੍ਰਭੂ ਦਾ ਸਿਮਰਨ ਛੱਡ ਕੇ ਜਿਉਂ ਜਿਉਂ ਮਨੁੱਖ ਸੁਆਦਲੇ ਖਾਣੇ ਖਾਂਦਾ ਹੈ ਤਿਉਂ ਤਿਉਂ ਖਾਣ ਦੇ ਚਸਕੇ ਦੀ ਮੈਲ ਆਪਣੇ ਮਨ ਵਿਚ ਵਧਾਂਦਾ ਹੈ, (ਸੁੰਦਰ ਬਸਤ੍ਰ) ਪਹਿਨਣ ਦੇ ਰਸ ਵਿਚ ਫਸਿਆਂ ਭੀ ਮਨੁੱਖ ਦੇ ਆਤਮਕ ਜੀਵਨ ਨੂੰ ਹੀ ਘਾਟ ਪੈਂਦੀ ਹੈ।
ਬਕਿ ਬਕਿ ਵਾਦੁ ਚਲਾਇਆ ਬਿਨੁ ਨਾਵੈ ਬਿਖੁ ਜਾਣਿ ॥੧॥
(ਆਪਣੇ ਆਪ ਨੂੰ ਵਡਿਆਉਣ ਦੇ) ਬੋਲ ਬੋਲ ਕੇ ਭੀ (ਦੂਜਿਆਂ ਨਾਲ) ਝਗੜਾ ਖੜਾ ਕਰ ਲੈਂਦਾ ਹੈ। (ਸੋ, ਸਿਮਰਨ ਤੋਂ ਖੁੰਝ ਕੇ ਇਹੀ) ਸਮਝ ਕਿ ਮਨੁੱਖ ਜ਼ਹਿਰ (ਵਿਹਾਝਦਾ ਹੈ) ॥੧॥
ਬਾਬਾ ਐਸਾ ਬਿਖਮ ਜਾਲਿ ਮਨੁ ਵਾਸਿਆ ॥
ਹੇ ਭਾਈ! (ਖਾਣ ਹੰਢਾਣ ਤੇ ਆਪਣੀ ਸੋਭਾ ਕਰਾਣ ਆਦਿਕ ਤੇ) ਔਖੇ ਜਾਲ ਵਿਚ ਮਨ ਅਜੇਹਾ ਫਸਦਾ ਹੈ (ਕਿ ਇਸ ਵਿਚੋਂ ਨਿਕਲਣਾ ਕਠਨ ਹੋ ਜਾਂਦਾ ਹੈ।)
ਬਿਬਲੁ ਝਾਗਿ ਸਹਜਿ ਪਰਗਾਸਿਆ ॥੧॥ ਰਹਾਉ ॥
(ਸੰਸਾਰ-ਸਮੁੰਦਰ ਵਿਚ ਮਾਇਆ ਦੇ ਰਸਾਂ ਦੀਆਂ ਠਿੱਲਾਂ ਪੈ ਰਹੀਆਂ ਹਨ, ਇਸ) ਝਗੂਲੇ ਪਾਣੀ ਨੂੰ ਔਖਿਆਈ ਨਾਲ ਲੰਘ ਕੇ ਹੀ ਜਦੋਂ ਟਿਕਵੀਂ ਅਵਸਥਾ ਵਿਚ ਅਪੜੀਦਾ ਹੈ ਤਦੋਂ ਮਨੁੱਖ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ॥੧॥ ਰਹਾਉ ॥
ਬਿਖੁ ਖਾਣਾ ਬਿਖੁ ਬੋਲਣਾ ਬਿਖੁ ਕੀ ਕਾਰ ਕਮਾਇ ॥
(ਮੋਹ ਦੇ ਜਾਲ ਵਿਚ ਫਸ ਕੇ) ਮਨੁੱਖ ਜੋ ਕੁਝ ਖਾਂਦਾ ਹੈ ਉਹ ਭੀ (ਆਤਮਕ ਜੀਵਨ ਲਈ) ਜ਼ਹਿਰ, ਜੋ ਕੁਝ ਬੋਲਦਾ ਹੈ ਉਹ ਭੀ ਜ਼ਹਿਰ, ਜੋ ਕੁਝ ਕਰਦਾ ਕਮਾਂਦਾ ਹੈ ਉਹ ਭੀ ਜ਼ਹਿਰ ਹੀ ਹੈ।
ਜਮ ਦਰਿ ਬਾਧੇ ਮਾਰੀਅਹਿ ਛੂਟਸਿ ਸਾਚੈ ਨਾਇ ॥੨॥
(ਅਜੇਹੇ ਬੰਦੇ ਆਖ਼ਿਰ) ਜਮ ਰਾਜ ਦੇ ਬੂਹੇ ਤੇ ਬੱਧੇ ਹੋਏ (ਮਾਨਸਕ ਦੁੱਖਾਂ ਦੀ) ਮਾਰ ਖਾਂਦੇ ਹਨ। (ਇਹਨਾਂ ਮਾਨਸਕ ਦੁੱਖਾਂ ਤੋਂ) ਉਹੀ ਖ਼ਲਾਸੀ ਹਾਸਲ ਕਰਦਾ ਹੈ ਜੋ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਦਾ ਹੈ ॥੨॥
ਜਿਵ ਆਇਆ ਤਿਵ ਜਾਇਸੀ ਕੀਆ ਲਿਖਿ ਲੈ ਜਾਇ ॥
ਜਗਤ ਵਿਚ ਜਿਵੇਂ ਜੀਵ ਨੰਗਾ ਆਉਂਦਾ ਹੈ ਤਿਵੇਂ ਨੰਗਾ ਹੀ ਇਥੋਂ ਚਲਾ ਜਾਂਦਾ ਹੈ (ਪਰ ਮੋਹ ਦੇ ਕਰੜੇ ਜਾਲ ਵਿਚ ਫਸਿਆ ਰਹਿ ਕੇ ਇਥੋਂ) ਕੀਤੇ ਮੰਦੇ ਕਰਮਾਂ ਦੇ ਸੰਸਕਾਰ ਆਪਣੇ ਮਨ ਵਿਚ ਉੱਕਰ ਕੇ ਆਪਣੇ ਨਾਲ ਲੈ ਤੁਰਦਾ ਹੈ।
ਮਨਮੁਖਿ ਮੂਲੁ ਗਵਾਇਆ ਦਰਗਹ ਮਿਲੈ ਸਜਾਇ ॥੩॥
(ਸਾਰੀ ਉਮਰ) ਆਪਣੇ ਮਨ ਦੇ ਪਿੱਛੇ ਤੁਰ ਕੇ (ਭਲੇ ਗੁਣਾਂ ਦੀ) ਰਾਸਿ-ਪੂੰਜੀ (ਜੋ ਥੋੜੀ ਬਹੁਤ ਪੱਲੇ ਸੀ ਇਥੇ ਹੀ) ਗਵਾ ਜਾਂਦਾ ਹੈ, ਤੇ ਪਰਮਾਤਮਾ ਦੀ ਦਰਗਾਹ ਵਿਚ ਇਸ ਨੂੰ ਸਜ਼ਾ ਮਿਲਦੀ ਹੈ ॥੩॥
ਜਗੁ ਖੋਟੌ ਸਚੁ ਨਿਰਮਲੌ ਗੁਰਸਬਦੀਂ ਵੀਚਾਰਿ ॥
ਜਗਤ (ਦਾ ਮੋਹ) ਖੋਟਾ ਹੈ (ਭਾਵ, ਮਨੁੱਖ ਦੇ ਮਨ ਨੂੰ ਖੋਟਾ ਮੈਲਾ ਬਣਾ ਦੇਂਦਾ ਹੈ), ਪਰਮਾਤਮਾ ਦਾ ਸਦਾ-ਥਿਰ ਨਾਮ ਪਵਿਤ੍ਰ ਹੈ (ਮਨ ਨੂੰ ਭੀ ਪਵਿਤ੍ਰ ਕਰਦਾ ਹੈ), (ਇਹ ਸੱਚਾ ਨਾਮ ਗੁਰੂ ਦੇ ਸ਼ਬਦ ਵਿਚ ਸੁਰਤ ਜੋੜਿਆਂ ਹੀ ਪ੍ਰਾਪਤ ਹੁੰਦਾ ਹੈ।
ਤੇ ਨਰ ਵਿਰਲੇ ਜਾਣੀਅਹਿ ਜਿਨ ਅੰਤਰਿ ਗਿਆਨੁ ਮੁਰਾਰਿ ॥੪॥
(ਪਰ) ਅਜੇਹੇ ਬੰਦੇ ਕੋਈ ਵਿਰਲੇ ਵਿਰਲੇ ਹੀ ਲੱਭਦੇ ਹਨ ਜਿਨ੍ਹਾਂ ਨੇ ਆਪਣੇ ਹਿਰਦੇ ਵਿਚ ਪਰਮਾਤਮਾ ਨਾਲ ਜਾਣ-ਪਛਾਣ ਪਾਈ ਹੈ ॥੪॥
ਅਜਰੁ ਜਰੈ ਨੀਝਰੁ ਝਰੈ ਅਮਰ ਅਨੰਦ ਸਰੂਪ ॥
(ਮਾਇਆ ਦੇ ਮੋਹ ਦੀ ਸੱਟ ਸਹਾਰਨੀ ਬੜੀ ਔਖੀ ਖੇਡ ਹੈ, ਇਹ ਸੱਟ ਆਤਮਾ ਨੂੰ ਮਾਰ ਕੇ ਰੱਖ ਦੇਂਦੀ ਹੈ, ਪਰ ਜੇਹੜਾ ਕੋਈ) ਇਸ ਨਾਹ ਸਹਾਰੀ ਜਾਣ ਵਾਲੀ ਸੱਟ ਨੂੰ ਸਹਾਰ ਲੈਂਦਾ ਹੈ (ਉਸ ਦੇ ਅੰਦਰ) ਸਦਾ ਅਟੱਲ ਤੇ ਆਨੰਦ-ਸਰੂਪ ਪਰਮਾਤਮਾ (ਦੇ ਪਿਆਰ) ਦਾ ਚਸ਼ਮਾ ਫੁੱਟ ਪੈਂਦਾ ਹੈ।
ਨਾਨਕੁ ਜਲ ਕੌ ਮੀਨੁ ਸੈ ਥੇ ਭਾਵੈ ਰਾਖਹੁ ਪ੍ਰੀਤਿ ॥੫॥੧੩॥
ਹੇ ਪ੍ਰਭੂ! ਜਿਵੇਂ ਮੱਛੀ (ਵਧੀਕ ਵਧੀਕ) ਜਲ ਨੂੰ ਤਾਂਘਦੀ ਹੈ, ਜਿਵੇਂ (ਤੇਰਾ ਦਾਸ) ਨਾਨਕ (ਤੇਰੀ ਪ੍ਰੀਤ ਲੋੜਦਾ ਹੈ) ਤੇਰੀ ਮੇਹਰ ਹੋਵੇ, ਤਾਂ ਤੂੰ ਆਪਣਾ ਪਿਆਰ (ਮੇਰੇ ਹਿਰਦੇ ਵਿਚ) ਟਿਕਾਈ ਰੱਖ (ਤਾ ਕਿ ਨਾਨਕ ਮਾਇਆ ਦੇ ਮੋਹ-ਜਾਲ ਵਿਚ ਫਸਣੋਂ ਬਚਿਆ ਰਹੇ) ॥੫॥੧੩॥
ਪ੍ਰਭਾਤੀ ਮਹਲਾ ੧ ॥
ਗੀਤ ਨਾਦ ਹਰਖ ਚਤੁਰਾਈ ॥
ਦੁਨੀਆ ਵਾਲੇ ਗੀਤ ਗਾਣੇ, ਦੁਨੀਆ ਵਾਲੀਆਂ ਖ਼ੁਸ਼ੀਆਂ ਤੇ ਚਤੁਰਾਈਆਂ,
ਰਹਸ ਰੰਗ ਫੁਰਮਾਇਸਿ ਕਾਈ ॥
ਦੁਨੀਆ ਵਾਲੇ ਚਾਉ ਮਲ੍ਹਾਰ ਤੇ ਹਕੂਮਤਾਂ, (ਇਹਨਾਂ ਵਿਚੋਂ) ਕੁਝ ਭੀ-
ਪੈਨ੍ਰਣੁ ਖਾਣਾ ਚੀਤਿ ਨ ਪਾਈ ॥
ਅਨੇਕਾਂ ਪਦਾਰਥ ਖਾਣੇ ਤੇ ਸੁੰਦਰ ਬਸਤ੍ਰ ਪਹਿਨਣੇ- ਮੇਰੇ ਚਿੱਤ ਵਿਚ ਨਹੀਂ ਭਾਉਂਦੇ।
ਸਾਚੁ ਸਹਜੁ ਸੁਖੁ ਨਾਮਿ ਵਸਾਈ ॥੧॥
(ਜਿਤਨਾ ਚਿਰ) ਸਿਮਰਨ ਦੀ ਰਾਹੀਂ ਮੈਂ (ਪਰਮਾਤਮਾ ਨੂੰ ਆਪਣੇ ਹਿਰਦੇ ਵਿਚ) ਵਸਾਂਦਾ ਹਾਂ, ਮੇਰੇ ਅੰਦਰ ਅਟੱਲ ਅਡੋਲਤਾ ਬਣੀ ਰਹਿੰਦੀ ਹੈ, ਮੇਰੇ ਅੰਦਰ ਸੁਖ ਬਣਿਆ ਰਹਿੰਦਾ ਹੈ ॥੧॥
ਕਿਆ ਜਾਨਾਂ ਕਿਆ ਕਰੈ ਕਰਾਵੈ ॥
ਮੈਨੂੰ ਇਹ ਸਮਝ ਨਹੀਂ ਕਿ (ਮੇਰਾ ਸਿਰਜਣਹਾਰ ਮੇਰੇ ਵਾਸਤੇ) ਕੀਹ ਕੁਝ ਕਰ ਰਿਹਾ ਤੇ (ਮੈਥੋਂ) ਕੀ ਕਰਾ ਰਿਹਾ ਹੈ।
ਨਾਮ ਬਿਨਾ ਤਨਿ ਕਿਛੁ ਨ ਸੁਖਾਵੈ ॥੧॥ ਰਹਾਉ ॥
(ਪਰ ਮੈਂ ਇਹ ਸਮਝਦਾ ਹਾਂ ਕਿ) ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੁਝ ਭੀ ਮੇਰੇ ਹਿਰਦੇ ਵਿਚ ਚੰਗਾ ਨਹੀਂ ਲਗਦਾ ॥੧॥ ਰਹਾਉ ॥
ਜੋਗ ਬਿਨੋਦ ਸ੍ਵਾਦ ਆਨੰਦਾ ॥
(ਪਰਮਾਤਮਾ ਦੀ ਭਗਤੀ) ਵਿਚੋਂ ਮੈਨੂੰ ਜੋਗ ਦੇ ਕੌਤਕਾਂ ਦੇ ਸੁਆਦ ਤੇ ਆਨੰਦ ਆ ਰਹੇ ਹਨ।
ਮਤਿ ਸਤ ਭਾਇ ਭਗਤਿ ਗੋਬਿੰਦਾ ॥
(ਪ੍ਰਭੂ-ਚਰਨਾਂ ਦੇ) ਸੱਚੇ ਪ੍ਰੇਮ ਦੀ ਬਰਕਤਿ ਨਾਲ ਮੇਰੀ ਮੱਤ ਵਿਚ ਗੋਬਿੰਦ ਦੀ ਭਗਤੀ ਟਿਕੀ ਹੋਈ ਹੈ,
ਕੀਰਤਿ ਕਰਮ ਕਾਰ ਨਿਜ ਸੰਦਾ ॥
ਪ੍ਰਭੂ ਦੀ ਸਿਫ਼ਤ-ਸਾਲਾਹ ਕਰਨੀ ਹੀ ਮੇਰੀ ਆਪਣੀ ਨਿੱਤ ਦੀ ਕਾਰ ਬਣ ਗਈ ਹੈ।
ਅੰਤਰਿ ਰਵਤੌ ਰਾਜ ਰਵਿੰਦਾ ॥੨॥
(ਸਾਰੇ ਜਗਤ ਵਿਚ) ਪ੍ਰਕਾਸ਼ ਕਰਨ ਵਾਲਾ ਪ੍ਰਭੂ ਮੇਰੇ ਹਿਰਦੇ ਵਿਚ ਹਰ ਵੇਲੇ ਹੁਲਾਰੇ ਦੇ ਰਿਹਾ ਹੈ ॥੨॥
ਪ੍ਰਿਉ ਪ੍ਰਿਉ ਪ੍ਰੀਤਿ ਪ੍ਰੇਮਿ ਉਰ ਧਾਰੀ ॥
ਪ੍ਰਭੂ ਦੇ ਪ੍ਰੇਮ ਵਿਚ (ਜੁੜ ਕੇ) ਮੈਂ ਉਸ ਪਿਆਰੇ ਨੂੰ ਨਿਤ ਪੁਕਾਰਦਾ ਹਾਂ, ਉਸ ਦੀ ਪ੍ਰੀਤ ਮੈਂ ਆਪਣੇ ਹਿਰਦੇ ਵਿਚ ਟਿਕਾਂਦਾ ਹਾਂ।
ਦੀਨਾ ਨਾਥੁ ਪੀਉ ਬਨਵਾਰੀ ॥
(ਮੈਨੂੰ ਯਕੀਨ ਬਣ ਗਿਆ ਹੈ ਕਿ) ਉਹ ਦੀਨਾਂ ਦਾ ਨਾਥ ਹੈ, ਉਹ ਸਭ ਦਾ ਪਤੀ ਹੈ; ਉਹ ਜਗਤ ਦਾ ਮਾਲਕ ਹੈ।
ਅਨਦਿਨੁ ਨਾਮੁ ਦਾਨੁ ਬ੍ਰਤਕਾਰੀ ॥
ਹਰ ਰੋਜ਼ (ਹਰ ਵੇਲੇ) ਉਸ ਦਾ ਨਾਮ ਸਿਮਰਨਾ ਤੇ ਹੋਰਨਾਂ ਨੂੰ ਸਿਮਰਨ ਲਈ ਪ੍ਰੇਰਨਾ-ਇਹ ਨੇਮ ਮੈਂ ਸਦਾ ਨਿਬਾਹ ਰਿਹਾ ਹਾਂ।
ਤ੍ਰਿਪਤਿ ਤਰੰਗ ਤਤੁ ਬੀਚਾਰੀ ॥੩॥
ਜਿਉਂ ਜਿਉਂ ਮੈਂ ਜਗਤ ਦੇ ਮੂਲ ਪ੍ਰਭੂ (ਦੇ ਗੁਣਾਂ) ਨੂੰ ਵਿਚਾਰਦਾ ਹਾਂ; ਮਾਇਆ ਦੇ ਮੋਹ ਦੀਆਂ ਲਹਿਰਾਂ ਵਲੋਂ ਮੈਂ ਤ੍ਰਿਪਤ ਹੁੰਦਾ ਜਾ ਰਿਹਾ ਹਾਂ ॥੩॥
ਅਕਥੌ ਕਥਉ ਕਿਆ ਮੈ ਜੋਰੁ ॥
ਹੇ ਪ੍ਰਭੂ! ਤੇਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ। ਮੇਰੀ ਕੀਹ ਤਾਕਤ ਹੈ ਕਿ ਮੈਂ ਤੇਰੇ ਗੁਣ ਬਿਆਨ ਕਰਾਂ?
ਭਗਤਿ ਕਰੀ ਕਰਾਇਹਿ ਮੋਰ ॥
ਜਦੋਂ ਤੂੰ ਮੈਥੋਂ ਆਪਣੀ ਭਗਤੀ ਕਰਾਂਦਾ ਹੈਂ ਤਦੋਂ ਹੀ ਮੈਂ ਕਰ ਸਕਦਾ ਹਾਂ।
ਅੰਤਰਿ ਵਸੈ ਚੂਕੈ ਮੈ ਮੋਰ ॥
ਜਦੋਂ ਤੇਰਾ ਨਾਮ ਮੇਰੇ ਅੰਦਰ ਆ ਵੱਸਦਾ ਹੈ ਤਾਂ (ਮੇਰੇ ਅੰਦਰੋਂ) ‘ਮੈਂ ਮੇਰੀ’ ਮੁੱਕ ਜਾਂਦੀ ਹੈ (ਹਉਮੈ ਤੇ ਮਮਤਾ ਦੋਵੇਂ ਨਾਸ ਹੋ ਜਾਂਦੀਆਂ ਹਨ)।
ਕਿਸੁ ਸੇਵੀ ਦੂਜਾ ਨਹੀ ਹੋਰੁ ॥੪॥
ਤੈਥੋਂ ਬਿਨਾ ਮੈਂ ਕਿਸੇ ਹੋਰ ਦੀ ਭਗਤੀ ਨਹੀਂ ਕਰ ਸਕਦਾ, ਮੈਨੂੰ ਤੇਰੇ ਵਰਗਾ ਕੋਈ ਹੋਰ ਦਿੱਸਦਾ ਹੀ ਨਹੀਂ ॥੪॥
ਗੁਰ ਕਾ ਸਬਦੁ ਮਹਾ ਰਸੁ ਮੀਠਾ ॥
(ਹੇ ਪ੍ਰਭੂ! ਤੇਰੀ ਮੇਹਰ ਨਾਲ) ਤੇਰਾ ਨਾਮ-ਅੰਮ੍ਰਿਤ ਮੇਰੇ ਅੰਦਰ ਅਜੇਹਾ ਪਰਗਟ ਹੋ ਗਿਆ ਹੈ ਕਿ ਗੁਰੂ ਦਾ ਸ਼ਬਦ (ਜਿਸ ਦੀ ਰਾਹੀਂ ਤੇਰਾ ਨਾਮ-ਅੰਮ੍ਰਿਤ ਮਿਲਦਾ ਹੈ) ਮੈਨੂੰ ਮਿੱਠਾ ਲੱਗ ਰਿਹਾ ਹੈ,
ਐਸਾ ਅੰਮ੍ਰਿਤੁ ਅੰਤਰਿ ਡੀਠਾ ॥
ਮੈਨੂੰ ਹੋਰ ਸਾਰੇ ਰਸਾਂ ਨਾਲੋਂ ਸ਼ਿਰੋਮਣੀ ਰਸ ਜਾਪ ਰਿਹਾ ਹੈ।
ਜਿਨਿ ਚਾਖਿਆ ਪੂਰਾ ਪਦੁ ਹੋਇ ॥
ਜਿਸ ਮਨੁੱਖ ਨੇ ਪ੍ਰਭੂ ਦਾ ਨਾਮ-ਰਸ ਚੱਖਿਆ ਹੈ ਉਸ ਨੂੰ ਪੂਰਨ ਆਤਮਕ ਅਵਸਥਾ ਦਾ ਦਰਜਾ ਮਿਲ ਜਾਂਦਾ ਹੈ,
ਨਾਨਕ ਧ੍ਰਾਪਿਓ ਤਨਿ ਸੁਖੁ ਹੋਇ ॥੫॥੧੪॥
ਹੇ ਨਾਨਕ! ਉਹ ਦੁਨੀਆ ਦੇ ਪਦਾਰਥਾਂ ਵਲੋਂ ਰੱਜ ਜਾਂਦਾ ਹੈ, ਉਸ ਦੇ ਹਿਰਦੇ ਵਿਚ ਆਤਮਕ ਸੁਖ ਬਣਿਆ ਰਹਿੰਦਾ ਹੈ ॥੫॥੧੪॥
ਪ੍ਰਭਾਤੀ ਮਹਲਾ ੧ ॥
ਅੰਤਰਿ ਦੇਖਿ ਸਬਦਿ ਮਨੁ ਮਾਨਿਆ ਅਵਰੁ ਨ ਰਾਂਗਨਹਾਰਾ ॥
(ਜੀਵਾਂ ਦੇ ਮਨਾਂ ਉਤੇ ਪ੍ਰੇਮ ਦਾ) ਰੰਗ ਚਾੜ੍ਹਨ ਵਾਲਾ (ਪ੍ਰੇਮ ਦੇ ਸੋਮੇ ਪਰਮਾਤਮਾ ਤੋਂ ਬਿਨਾ) ਕੋਈ ਹੋਰ ਨਹੀਂ ਹੈ, (ਉਸੇ ਦੀ ਮੇਹਰ ਨਾਲ) ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ (ਵੱਸਦਾ) ਵੇਖ ਕੇ ਜੀਵ ਦਾ ਮਨ ਉਸ ਦੇ ਪ੍ਰੇਮ-ਰੰਗ ਨੂੰ ਕਬੂਲ ਕਰ ਲੈਂਦਾ ਹੈ।
ਅਹਿਨਿਸਿ ਜੀਆ ਦੇਖਿ ਸਮਾਲੇ ਤਿਸ ਹੀ ਕੀ ਸਰਕਾਰਾ ॥੧॥
(ਪ੍ਰੇਮ ਦਾ ਸੋਮਾ) ਪ੍ਰਭੂ ਦਿਨ ਰਾਤ ਗਹੁ ਨਾਲ ਜੀਵਾਂ ਦੀ ਸੰਭਾਲ ਕਰਦਾ ਹੈ, ਉਸੇ ਦੀ ਹੀ ਸਾਰੀ ਸ੍ਰਿਸ਼ਟੀ ਵਿਚ ਬਾਦਸ਼ਾਹੀ ਹੈ (ਪ੍ਰੇਮ ਦੀ ਦਾਤ ਉਸ ਦੇ ਆਪਣੇ ਹੀ ਹੱਥ ਵਿਚ ਹੈ) ॥੧॥
ਮੇਰਾ ਪ੍ਰਭੁ ਰਾਂਗਿ ਘਣੌ ਅਤਿ ਰੂੜੌ ॥
ਮੇਰਾ ਪ੍ਰਭੂ ਬੜੇ ਗੂੜ੍ਹੇ ਪ੍ਰੇਮ-ਰੰਗ ਵਾਲਾ ਹੈ ਬੜਾ ਸੋਹਣਾ ਹੈ,
ਦੀਨ ਦਇਆਲੁ ਪ੍ਰੀਤਮ ਮਨਮੋਹਨੁ ਅਤਿ ਰਸ ਲਾਲ ਸਗੂੜੌ ॥੧॥ ਰਹਾਉ ॥
ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਸਭ ਦਾ ਪਿਆਰਾ ਹੈ, ਸਭ ਦੇ ਮਨ ਨੂੰ ਮੋਹਣ ਵਾਲਾ ਹੈ, ਪ੍ਰੇਮ ਦਾ ਸੋਮਾ ਹੈ, ਪ੍ਰੇਮ ਦੇ ਗੂੜ੍ਹੇ ਲਾਲ ਰੰਗ ਵਿਚ ਰੰਗਿਆ ਹੋਇਆ ਹੈ ॥੧॥ ਰਹਾਉ ॥
ਊਪਰਿ ਕੂਪੁ ਗਗਨ ਪਨਿਹਾਰੀ ਅੰਮ੍ਰਿਤੁ ਪੀਵਣਹਾਰਾ ॥
ਨਾਮ-ਅੰਮ੍ਰਿਤ ਦਾ ਸੋਮਾ ਪਰਮਾਤਮਾ ਸਭ ਤੋਂ ਉੱਚਾ ਹੈ; ਉੱਚੀ ਬ੍ਰਿਤੀ ਵਾਲਾ ਜੀਵ ਹੀ (ਉਸ ਦੀ ਮੇਹਰ ਨਾਲ) ਨਾਮ-ਅੰਮ੍ਰਿਤ ਪੀ ਸਕਦਾ ਹੈ।
ਜਿਸ ਕੀ ਰਚਨਾ ਸੋ ਬਿਧਿ ਜਾਣੈ ਗੁਰਮੁਖਿ ਗਿਆਨੁ ਵੀਚਾਰਾ ॥੨॥
ਨਾਮ-ਅੰਮ੍ਰਿਤ ਪਿਲਾਣ ਦਾ ਤਰੀਕਾ (ਭੀ) ਉਹ ਪਰਮਾਤਮਾ ਆਪ ਹੀ ਜਾਣਦਾ ਹੈ ਜਿਸ ਦੀ ਰਚੀ ਹੋਈ ਇਹ ਸ੍ਰਿਸ਼ਟੀ ਹੈ। (ਉਸ ਤਰੀਕੇ ਅਨੁਸਾਰ ਪ੍ਰਭੂ ਦੀ ਮੇਹਰ ਨਾਲ) ਜੀਵ ਗੁਰੂ ਦੀ ਸਰਨ ਪੈ ਕੇ ਪ੍ਰਭੂ ਨਾਲ ਡੂੰਘੀ ਸਾਂਝ ਪਾਂਦਾ ਹੈ ਤੇ ਉਸ ਦੇ ਗੁਣਾਂ ਦੀ ਵਿਚਾਰ ਕਰਦਾ ਹੈ ॥੨॥
ਪਸਰੀ ਕਿਰਣਿ ਰਸਿ ਕਮਲ ਬਿਗਾਸੇ ਸਸਿ ਘਰਿ ਸੂਰੁ ਸਮਾਇਆ ॥
ਜਿਵੇਂ ਸੂਰਜ ਦੀਆਂ ਕਿਰਨਾਂ ਖਿਲਰਿਆਂ ਕੌਲ ਫੁਲ ਖਿੜ ਪੈਂਦੇ ਹਨ ਤਿਵੇਂ ਪ੍ਰਭੂ ਦੀ ਜੋਤਿ-ਕਿਰਨ ਦਾ ਪ੍ਰਕਾਸ਼ ਹੋਇਆਂ ਮਨੁੱਖ ਦਾ ਮਨ ਨਾਮ-ਅੰਮ੍ਰਿਤ ਦੇ ਰਸ ਨਾਲ ਖਿੜ ਪੈਂਦਾ ਹੈ (ਮਨ ਸ਼ਾਂਤ ਅਵਸਥਾ ਪ੍ਰਾਪਤ ਕਰ ਲੈਂਦਾ ਹੈ, ਤੇ ਉਸ) ਸ਼ਾਂਤ ਅਵਸਥਾ ਵਿਚ ਮਨੁੱਖ ਦਾ ਤਾਮਸੀ ਸੁਭਾਉ ਸਮਾ ਜਾਂਦਾ ਹੈ।
ਕਾਲੁ ਬਿਧੁੰਸਿ ਮਨਸਾ ਮਨਿ ਮਾਰੀ ਗੁਰਪ੍ਰਸਾਦਿ ਪ੍ਰਭੁ ਪਾਇਆ ॥੩॥
ਮਨੁੱਖ ਮੌਤ ਦੇ ਡਰ ਨੂੰ ਮੁਕਾ ਕੇ ਮਾਇਕ ਫੁਰਨੇ ਆਪਣੇ ਮਨ ਵਿਚ ਹੀ ਮਾਰ ਦੇਂਦਾ ਹੈ, ਤੇ ਗੁਰੂ ਦੀ ਮੇਹਰ ਨਾਲ ਪਰਮਾਤਮਾ ਨੂੰ (ਆਪਣੇ ਅੰਦਰ ਹੀ) ਲੱਭ ਲੈਂਦਾ ਹੈ ॥੩॥
ਅਤਿ ਰਸਿ ਰੰਗਿ ਚਲੂਲੈ ਰਾਤੀ ਦੂਜਾ ਰੰਗੁ ਨ ਕੋਈ ॥
ਜਿਨ੍ਹਾਂ ਮਨੁੱਖਾਂ ਦੀ ਜੀਭ ਪ੍ਰੇਮ ਦੇ ਸੋਮੇ ਪ੍ਰਭੂ ਵਿਚ ਪ੍ਰਭੂ ਦੇ ਗੂੜ੍ਹੇ ਪਿਆਰ-ਰੰਗ ਵਿਚ ਰੰਗੀ ਜਾਂਦੀ ਹੈ, ਉਹਨਾਂ ਨੂੰ ਮਾਇਆ ਦੇ ਮੋਹ ਦਾ ਰੰਗ ਪੋਹ ਨਹੀਂ ਸਕਦਾ।
ਨਾਨਕ ਰਸਨਿ ਰਸਾਏ ਰਾਤੇ ਰਵਿ ਰਹਿਆ ਪ੍ਰਭੁ ਸੋਈ ॥੪॥੧੫॥
ਹੇ ਨਾਨਕ! ਜਿਨ੍ਹਾਂ ਨੇ ਜੀਭ ਨੂੰ ਨਾਮ-ਰਸ ਨਾਲ ਰਸਾਇਆ ਹੈ, ਉਹ ਪ੍ਰਭੂ-ਪ੍ਰੇਮ ਵਿਚ ਰੱਤੇ ਗਏ ਹਨ, ਉਹਨਾਂ ਨੂੰ ਪਰਮਾਤਮਾ ਹਰ ਥਾਂ ਵਿਆਪਕ ਦਿੱਸਦਾ ਹੈ ॥੪॥੧੫॥
ਪ੍ਰਭਾਤੀ ਮਹਲਾ ੧ ॥
ਬਾਰਹ ਮਹਿ ਰਾਵਲ ਖਪਿ ਜਾਵਹਿ ਚਹੁ ਛਿਅ ਮਹਿ ਸੰਨਿਆਸੀ ॥
ਪਰਮਾਤਮਾ ਦੀ ਸਿਫ਼ਤ-ਸਾਲਾਹ ਤੋਂ ਖੁੰਝ ਕੇ ਬਾਰਾਂ ਹੀ ਫ਼ਿਰਕਿਆਂ ਵਿਚ ਦੇ ਜੋਗੀ ਅਤੇ ਦਸਾਂ ਹੀ ਫ਼ਿਰਕਿਆਂ ਵਿਚ ਦੇ ਸੰਨਿਆਸੀ ਖਪਦੇ ਫਿਰਦੇ ਹਨ।
ਜੋਗੀ ਕਾਪੜੀਆ ਸਿਰਖੂਥੇ ਬਿਨੁ ਸਬਦੈ ਗਲਿ ਫਾਸੀ ॥੧॥
ਟਾਕੀਆਂ ਦੀ ਗੋਦੜੀ ਪਹਿਨਣ ਵਾਲੇ ਜੋਗੀ ਅਤੇ ਸਿਰ ਦੇ ਵਾਲਾਂ ਨੂੰ ਜੜ੍ਹਾਂ ਤੋਂ ਹੀ ਪੁਟਾਣ ਵਾਲੇ ਢੂੰਢੀਏ ਜੈਨੀ ਭੀ (ਖ਼ੁਆਰ ਹੀ ਹੁੰਦੇ ਰਹਿੰਦੇ ਹਨ)। ਗੁਰੂ ਦੇ ਸ਼ਬਦ ਤੋਂ ਬਿਨਾ ਇਹਨਾਂ ਸਭਨਾਂ ਦੇ ਗਲ ਵਿਚ (ਮਾਇਆ ਦੇ ਮੋਹ ਦੀ) ਫਾਹੀ ਪਈ ਰਹਿੰਦੀ ਹੈ ॥੧॥
ਸਬਦਿ ਰਤੇ ਪੂਰੇ ਬੈਰਾਗੀ ॥
ਜੇਹੜੇ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਰੰਗੇ ਰਹਿੰਦੇ ਹਨ, ਉਹ (ਮਾਇਆ ਦੇ ਮੋਹ ਤੋਂ) ਪੂਰੇ ਤੌਰ ਤੇ ਉਪਰਾਮ ਰਹਿੰਦੇ ਹਨ।
ਅਉਹਠਿ ਹਸਤ ਮਹਿ ਭੀਖਿਆ ਜਾਚੀ ਏਕ ਭਾਇ ਲਿਵ ਲਾਗੀ ॥੧॥ ਰਹਾਉ ॥
ਉਹਨਾਂ ਨੇ ਆਪਣੇ ਹਿਰਦੇ ਵਿਚ ਟਿਕੇ ਪਰਮਾਤਮਾ (ਦੇ ਚਰਨਾਂ) ਵਿਚ (ਜੁੜ ਕੇ ਸਦਾ ਉਸ ਦੇ ਨਾਮ ਦੀ) ਭਿੱਛਿਆ ਮੰਗੀ ਹੈ, ਉਹਨਾਂ ਦੀ ਸੁਰਤ ਸਿਰਫ਼ ਪਰਮਾਤਮਾ ਦੇ ਪਿਆਰ ਵਿਚ ਟਿਕੀ ਰਹਿੰਦੀ ਹੈ ॥੧॥ ਰਹਾਉ ॥
ਬ੍ਰਹਮਣ ਵਾਦੁ ਪੜਹਿ ਕਰਿ ਕਿਰਿਆ ਕਰਣੀ ਕਰਮ ਕਰਾਏ ॥
ਬ੍ਰਾਹਮਣ ਉੱਚੇ ਆਚਰਨ (ਤੇ ਜ਼ੋਰ ਦੇਣ ਦੇ ਥਾਂ) ਕਰਮ ਕਾਂਡ ਕਰਾਂਦਾ ਹੈ, ਇਹ ਕਰਮ ਕਾਂਡ ਕਰ ਕੇ (ਇਸੇ ਦੇ ਆਧਾਰ ਤੇ ਸ਼ਾਸਤ੍ਰਾਂ ਵਿਚੋਂ) ਚਰਚਾ ਪੜ੍ਹਦੇ ਹਨ।
ਬਿਨੁ ਬੂਝੇ ਕਿਛੁ ਸੂਝੈ ਨਾਹੀ ਮਨਮੁਖੁ ਵਿਛੁੜਿ ਦੁਖੁ ਪਾਏ ॥੨॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਪਰਮਾਤਮਾ ਦੀ ਯਾਦ ਤੋਂ ਖੁੰਝ ਕੇ ਆਤਮਕ ਦੁੱਖ ਸਹਾਰਦਾ ਹੈ, ਕਿਉਂਕਿ (ਗੁਰੂ ਦੇ ਸ਼ਬਦ ਨੂੰ) ਨਾਹ ਸਮਝਣ ਦੇ ਕਾਰਨ ਇਸ ਨੂੰ ਜੀਵਨ ਦਾ ਸਹੀ ਰਸਤਾ ਸੁੱਝਦਾ ਨਹੀਂ ਹੈ ॥੨॥
ਸਬਦਿ ਮਿਲੇ ਸੇ ਸੂਚਾਚਾਰੀ ਸਾਚੀ ਦਰਗਹ ਮਾਨੇ ॥
ਪਵਿਤ੍ਰ ਕਰਤੱਬ ਵਾਲੇ ਸਿਰਫ਼ ਉਹ ਬੰਦੇ ਹਨ ਜੋ (ਮਨੋਂ) ਗੁਰੂ ਦੇ ਸ਼ਬਦ ਵਿਚ ਜੁੜੇ ਹੋਏ ਹਨ, ਪਰਮਾਤਮਾ ਦੀ ਸਦਾ ਕਾਇਮ ਰਹਿਣ ਵਾਲੀ ਦਰਗਾਹ ਵਿਚ ਉਹਨਾਂ ਨੂੰ ਆਦਰ ਮਿਲਦਾ ਹੈ।
ਅਨਦਿਨੁ ਨਾਮਿ ਰਤਨਿ ਲਿਵ ਲਾਗੇ ਜੁਗਿ ਜੁਗਿ ਸਾਚਿ ਸਮਾਨੇ ॥੩॥
ਉਹਨਾਂ ਦੀ ਲਿਵ ਹਰ ਰੋਜ਼ ਪ੍ਰਭੂ ਦੇ ਸ੍ਰੇਸ਼ਟ ਨਾਮ ਵਿਚ ਲਗੀ ਰਹਿੰਦੀ ਹੈ, ਉਹ ਸਦਾ ਹੀ ਸਦਾ-ਥਿਰ (ਦੀ ਯਾਦ) ਵਿਚ ਲੀਨ ਰਹਿੰਦੇ ਹਨ ॥੩॥
ਸਗਲੇ ਕਰਮ ਧਰਮ ਸੁਚਿ ਸੰਜਮ ਜਪ ਤਪ ਤੀਰਥ ਸਬਦਿ ਵਸੇ ॥
(ਮੁੱਕਦੀ ਗੱਲ,) ਕਰਮ ਕਾਂਡ ਦੇ ਸਾਰੇ ਧਰਮ, (ਬਾਹਰਲੀ) ਸੁੱਚ, (ਬਾਹਰਲੇ) ਸੰਜਮ, ਜਪ ਤਪ ਤੇ ਤੀਰਥ-ਇਸ਼ਨਾਨ-ਇਹ ਸਾਰੇ ਹੀ ਗੁਰੂ ਦੇ ਸ਼ਬਦ ਵਿਚ ਵੱਸਦੇ ਹਨ (ਭਾਵ, ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਜੁੜਨ ਵਾਲੇ ਨੂੰ ਇਹਨਾਂ ਕਰਮਾਂ ਧਰਮਾਂ ਦੀ ਲੋੜ ਨਹੀਂ ਰਹਿ ਜਾਂਦੀ)।
ਨਾਨਕ ਸਤਿਗੁਰ ਮਿਲੈ ਮਿਲਾਇਆ ਦੂਖ ਪਰਾਛਤ ਕਾਲ ਨਸੇ ॥੪॥੧੬॥
ਹੇ ਨਾਨਕ! ਜੇਹੜਾ ਮਨੁੱਖ ਪ੍ਰਭੂ ਦੀ ਮੇਹਰ ਨਾਲ ਗੁਰੂ ਨੂੰ ਮਿਲ ਪੈਂਦਾ ਹੈ (ਗੁਰੂ ਦੀ ਸਰਨ ਆ ਜਾਂਦਾ ਹੈ) ਉਸ ਦੇ ਸਾਰੇ ਦੁੱਖ-ਕਲੇਸ਼, ਪਾਪ ਤੇ ਮੌਤ ਆਦਿਕ ਦੇ ਡਰ ਦੂਰ ਹੋ ਜਾਂਦੇ ਹਨ ॥੪॥੧੬॥
ਪ੍ਰਭਾਤੀ ਮਹਲਾ ੧ ॥
ਸੰਤਾ ਕੀ ਰੇਣੁ ਸਾਧ ਜਨ ਸੰਗਤਿ ਹਰਿ ਕੀਰਤਿ ਤਰੁ ਤਾਰੀ ॥
(ਹੇ ਮੇਰੇ ਮਨ!) ਸੰਤ ਜਨਾਂ ਦੀ ਚਰਨ-ਧੂੜ (ਆਪਣੇ ਮੱਥੇ ਤੇ ਲਾ), ਸਾਧ ਜਨਾਂ ਦੀ ਸੰਗਤ ਕਰ, (ਸਤਸੰਗ ਵਿਚ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ (ਸੰਸਾਰ ਸਮੁੰਦਰ ਦੀਆਂ ਲਹਿਰਾਂ ਵਿਚੋਂ ਪਾਰ ਲੰਘਣ ਲਈ ਇਹ) ਤਾਰੀ ਲਾ।
ਕਹਾ ਕਰੈ ਬਪੁਰਾ ਜਮੁ ਡਰਪੈ ਗੁਰਮੁਖਿ ਰਿਦੈ ਮੁਰਾਰੀ ॥੧॥
ਗੁਰੂ ਦੀ ਸਰਨ ਪੈ ਕੇ (ਜਿਸ ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ (ਆ ਵੱਸਦਾ) ਹੈ, ਵਿਚਾਰਾ ਜਮਰਾਜ (ਭੀ) ਉਸਦਾ ਕੁਝ ਵਿਗਾੜ ਨਹੀਂ ਸਕਦਾ, ਸਗੋਂ ਜਮਰਾਜ (ਉਸ ਪਾਸੋਂ) ਡਰਦਾ ਹੈ ॥੧॥
ਜਲਿ ਜਾਉ ਜੀਵਨੁ ਨਾਮ ਬਿਨਾ ॥
ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ (ਮਨੁੱਖ ਦਾ) ਜੀਵਨ (ਵਿਕਾਰਾਂ ਦੀ ਅੱਗ ਵਿਚ ਸੜਦਾ ਹੈ ਤਾਂ) ਪਿਆ ਸੜੇ (ਸਿਮਰਨ ਤੋਂ ਬਿਨਾ ਕੋਈ ਹੋਰ ਉੱਦਮ ਇਸ ਨੂੰ ਸੜਨ ਤੋਂ ਬਚਾ ਨਹੀਂ ਸਕਦਾ)।
ਹਰਿ ਜਪਿ ਜਾਪੁ ਜਪਉ ਜਪਮਾਲੀ ਗੁਰਮੁਖਿ ਆਵੈ ਸਾਦੁ ਮਨਾ ॥੧॥ ਰਹਾਉ ॥
(ਇਸ ਵਾਸਤੇ) ਹੇ (ਮੇਰੇ) ਮਨ! ਮੈਂ ਪਰਮਾਤਮਾ ਦਾ ਨਾਮ ਜਪ ਕੇ ਜਪਦਾ ਹਾਂ (ਭਾਵ, ਮੁੜ ਮੁੜ ਪਰਮਾਤਮਾ ਦਾ ਨਾਮ ਹੀ ਜਪਦਾ ਹਾਂ), ਮੈਂ ਪਰਮਾਤਮਾ ਦੇ ਜਾਪ ਨੂੰ ਹੀ ਮਾਲਾ (ਬਣਾ ਲਿਆ ਹੈ)। ਗੁਰੂ ਦੀ ਸਰਨ ਪੈ ਕੇ (ਜਪਿਆਂ ਇਸ ਜਾਪ ਦਾ) ਆਨੰਦ ਆਉਂਦਾ ਹੈ ॥੧॥ ਰਹਾਉ ॥
ਗੁਰ ਉਪਦੇਸ ਸਾਚੁ ਸੁਖੁ ਜਾ ਕਉ ਕਿਆ ਤਿਸੁ ਉਪਮਾ ਕਹੀਐ ॥
ਜਿਸ ਮਨੁੱਖ ਨੂੰ ਸਤਿਗੁਰੂ ਦੇ ਉਪਦੇਸ਼ ਦਾ ਸਦਾ ਕਾਇਮ ਰਹਿਣ ਵਾਲਾ ਆਤਮਕ ਆਨੰਦ ਆ ਜਾਂਦਾ ਹੈ, ਉਸ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।
ਲਾਲ ਜਵੇਹਰ ਰਤਨ ਪਦਾਰਥ ਖੋਜਤ ਗੁਰਮੁਖਿ ਲਹੀਐ ॥੨॥
ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ (ਗੁਰੂ ਦੇ ਉਪਦੇਸ਼ ਵਿਚੋਂ) ਖੋਜਦਾ ਖੋਜਦਾ ਲਾਲ ਹੀਰੇ ਰਤਨ (ਆਦਿਕ ਪਦਾਰਥਾਂ ਵਰਗੇ ਕੀਮਤੀ ਆਤਮਕ ਗੁਣ) ਹਾਸਲ ਕਰ ਲੈਂਦਾ ਹੈ ॥੨॥
ਚੀਨੈ ਗਿਆਨੁ ਧਿਆਨੁ ਧਨੁ ਸਾਚੌ ਏਕ ਸਬਦਿ ਲਿਵ ਲਾਵੈ ॥
ਜੇਹੜਾ ਮਨੁੱਖ ਇਕ (ਪ੍ਰਭੂ ਦੀ ਸਿਫ਼ਤ) ਦੇ ਸ਼ਬਦ ਵਿਚ ਸੁਰਤ ਜੋੜਦਾ ਹੈ ਉਹ ਪਰਮਾਤਮਾ ਨਾਲ ਡੂੰਘੀ ਸਾਂਝ ਪਾਣੀ ਸਮਝ ਲੈਂਦਾ ਹੈ, ਪਰਮਾਤਮਾ ਵਿਚ ਜੁੜੀ ਸੁਰਤ ਉਸ ਦਾ ਸਦਾ-ਥਿਰ ਧਨ ਬਣ ਜਾਂਦਾ ਹੈ।
ਨਿਰਾਲੰਬੁ ਨਿਰਹਾਰੁ ਨਿਹਕੇਵਲੁ ਨਿਰਭਉ ਤਾੜੀ ਲਾਵੈ ॥੩॥
ਉਹ ਮਨੁੱਖ ਆਪਣੀ ਸੁਰਤ ਵਿਚ ਉਸ ਪਰਮਾਤਮਾ ਨੂੰ ਟਿਕਾ ਲੈਂਦਾ ਹੈ ਜਿਸ ਨੂੰ ਕਿਸੇ ਹੋਰ ਆਸਰੇ ਦੀ ਲੋੜ ਨਹੀਂ ਜਿਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ ਜਿਸ ਨੂੰ ਕੋਈ ਵਾਸਨਾ ਪੋਹ ਨਹੀਂ ਸਕਦੀ ॥੩॥
ਸਾਇਰ ਸਪਤ ਭਰੇ ਜਲ ਨਿਰਮਲਿ ਉਲਟੀ ਨਾਵ ਤਰਾਵੈ ॥
(ਪੰਜੇ ਗਿਆਨ-ਇੰਦ੍ਰੇ, ਮਨ ਅਤੇ ਬੱਧ ਇਹ ਸੱਤੇ ਹੀ ਮਾਨੋ, ਚਸ਼ਮੇ ਹਨ ਜਿਨ੍ਹਾਂ ਤੋਂ ਹਰੇਕ ਇਨਸਾਨ ਨੂੰ ਆਤਮਕ ਜੀਵਨ ਦੀ ਪ੍ਰਫੁੱਲਤਾ ਵਾਸਤੇ ਚੰਗੀ ਮੰਦੀ ਪ੍ਰੇਰਨਾ ਦਾ ਪਾਣੀ ਮਿਲਦਾ ਰਹਿੰਦਾ ਹੈ) ਜਿਸ ਮਨੁੱਖ ਦੇ ਇਹ ਸੱਤੇ ਹੀ ਸਰੋਵਰ ਨਾਮ-ਸਿਮਰਨ ਦੇ ਪਵਿਤ੍ਰ ਜਲ ਨਾਲ ਭਰੇ ਰਹਿੰਦੇ ਹਨ (ਉਸ ਨੂੰ ਇਹਨਾਂ ਤੋਂ ਪਵਿੱਤ੍ਰ ਪ੍ਰੇਰਨਾ ਦਾ ਜਲ ਮਿਲਦਾ ਹੈ ਤੇ) ਉਹ ਵਿਕਾਰਾਂ ਵਲੋਂ ਉਲਟਾ ਕੇ ਆਪਣੀ ਜਿੰਦਗੀ ਦੀ ਬੇੜੀ ਨਾਮ-ਜਲ ਵਿਚ ਤਰਾਂਦਾ ਹੈ।
ਬਾਹਰਿ ਜਾਤੌ ਠਾਕਿ ਰਹਾਵੈ ਗੁਰਮੁਖਿ ਸਹਜਿ ਸਮਾਵੈ ॥੪॥
(ਨਾਮ ਦੀ ਬਰਕਤਿ ਨਾਲ) ਉਹ ਬਾਹਰ ਭਟਕਦੇ ਮਨ ਨੂੰ ਰੋਕ ਰੱਖਦਾ ਹੈ, ਤੇ ਗੁਰੂ ਦੀ ਸਰਨ ਪੈ ਕੇ ਅਡੋਲ ਅਵਸਥਾ ਵਿਚ ਲੀਨ ਰਹਿੰਦਾ ਹੈ ॥੪॥
ਸੋ ਗਿਰਹੀ ਸੋ ਦਾਸੁ ਉਦਾਸੀ ਜਿਨਿ ਗੁਰਮੁਖਿ ਆਪੁ ਪਛਾਨਿਆ ॥
(ਜੇ ਮਨ ਵਿਕਾਰਾਂ ਵਲ ਭਟਕਦਾ ਹੀ ਰਹੇ ਤਾਂ ਗ੍ਰਿਹਸਤੀ ਜਾਂ ਵਿਰਕਤ ਅਖਵਾਣ ਵਿਚ ਕੋਈ ਫ਼ਰਕ ਨਹੀਂ ਪੈਂਦਾ) ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਆਪਣੇ ਆਪ ਨੂੰ ਪਛਾਣ ਲਿਆ ਹੈ ਉਹੀ (ਅਸਲ) ਗ੍ਰਿਹਸਤੀ ਹੈ ਤੇ ਉਹੀ (ਪ੍ਰਭੂ ਦਾ) ਸੇਵਕ ਵਿਰਕਤ ਹੈ।
ਨਾਨਕੁ ਕਹੈ ਅਵਰੁ ਨਹੀ ਦੂਜਾ ਸਾਚ ਸਬਦਿ ਮਨੁ ਮਾਨਿਆ ॥੫॥੧੭॥
ਨਾਨਕ ਆਖਦਾ ਹੈ ਜਿਸ ਮਨੁੱਖ ਦਾ ਮਨ ਸਦਾ-ਥਿਰ ਰਹਿਣ ਵਾਸਤੇ ਪਰਮਾਤਮਾ (ਦੀ ਸਿਫ਼ਤ-ਸਾਲਾਹ) ਦੇ ਸ਼ਬਦ ਵਿਚ ਗਿੱਝ ਜਾਂਦਾ ਹੈ, ਉਸ ਨੂੰ ਪ੍ਰਭੂ ਤੋਂ ਬਿਨਾ (ਕਿਤੇ ਭੀ) ਕੋਈ ਹੋਰ ਦੂਜਾ ਨਹੀਂ ਦਿੱਸਦਾ ॥੫॥੧੭॥
ਰਾਗੁ ਪ੍ਰਭਾਤੀ ਮਹਲਾ ੩ ਚਉਪਦੇ ॥
ਰਾਗ ਪ੍ਰਭਾਤੀ ਵਿੱਚ ਗੁਰੂ ਅਮਰਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਗੁਰਮੁਖਿ ਵਿਰਲਾ ਕੋਈ ਬੂਝੈ ਸਬਦੇ ਰਹਿਆ ਸਮਾਈ ॥
ਕੋਈ ਵਿਰਲਾ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਗੁਰੂ ਦੇ ਸ਼ਬਦ ਦੀ ਰਾਹੀਂ (ਇਹ) ਸਮਝ ਲੈਂਦਾ ਹੈ ਕਿ ਪਰਮਾਤਮਾ ਸਭ ਥਾਈਂ ਵਿਆਪਕ ਹੈ।
ਨਾਮਿ ਰਤੇ ਸਦਾ ਸੁਖੁ ਪਾਵੈ ਸਾਚਿ ਰਹੈ ਲਿਵ ਲਾਈ ॥੧॥
ਪਰਮਾਤਮਾ ਦੇ ਨਾਮ ਵਿਚ ਰੱਤਾ ਰਹਿ ਕੇ (ਮਨੁੱਖ) ਸਦਾ ਆਤਮਕ ਆਨੰਦ ਮਾਣਦਾ ਹੈ, ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਸੁਰਤ ਜੋੜੀ ਰੱਖਦਾ ਹੈ ॥੧॥
ਹਰਿ ਹਰਿ ਨਾਮੁ ਜਪਹੁ ਜਨ ਭਾਈ ॥
ਹੇ ਭਾਈ ਜਨੋ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰੋ।
ਗੁਰਪ੍ਰਸਾਦਿ ਮਨੁ ਅਸਥਿਰੁ ਹੋਵੈ ਅਨਦਿਨੁ ਹਰਿ ਰਸਿ ਰਹਿਆ ਅਘਾਈ ॥੧॥ ਰਹਾਉ ॥
(ਨਾਮ ਜਪਣ ਦੀ ਰਾਹੀਂ) ਗੁਰੂ ਦੀ ਕਿਰਪਾ ਨਾਲ (ਮਨੁੱਖ ਦਾ) ਮਨ (ਮਾਇਆ ਦੇ ਹੱਲਿਆਂ ਦੇ ਟਾਕਰੇ ਤੇ) ਅਡੋਲ ਰਹਿੰਦਾ ਹੈ। ਹਰਿ-ਨਾਮ ਦੇ ਸੁਆਦ ਦੀ ਬਰਕਤਿ ਨਾਲ (ਮਨੁੱਖ) ਹਰ ਵੇਲੇ (ਮਾਇਆ ਦੇ ਲਾਲਚ ਵਲੋਂ) ਰੱਜਿਆ ਰਹਿੰਦਾ ਹੈ ॥੧॥ ਰਹਾਉ ॥
ਅਨਦਿਨੁ ਭਗਤਿ ਕਰਹੁ ਦਿਨੁ ਰਾਤੀ ਇਸੁ ਜੁਗ ਕਾ ਲਾਹਾ ਭਾਈ ॥
ਹੇ ਭਾਈ! ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੇ ਰਹੋ। ਇਹੀ ਹੈ ਇਸ ਮਨੁੱਖਾ ਜੀਵਨ ਦਾ ਲਾਭ।
ਸਦਾ ਜਨ ਨਿਰਮਲ ਮੈਲੁ ਨ ਲਾਗੈ ਸਚਿ ਨਾਮਿ ਚਿਤੁ ਲਾਈ ॥੨॥
(ਭਗਤੀ ਕਰਨ ਵਾਲੇ) ਮਨੁੱਖ ਸਦਾ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ। ਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਚਿੱਤ ਜੋੜਦਾ ਹੈ (ਉਸ ਦੇ ਮਨ ਨੂੰ ਵਿਕਾਰਾਂ ਦੀ) ਮੈਲ ਨਹੀਂ ਲੱਗਦੀ ॥੨॥
ਸੁਖੁ ਸੀਗਾਰੁ ਸਤਿਗੁਰੂ ਦਿਖਾਇਆ ਨਾਮਿ ਵਡੀ ਵਡਿਆਈ ॥
ਆਤਮਕ ਆਨੰਦ (ਮਨੁੱਖਾ ਜੀਵਨ ਵਾਸਤੇ ਇਕ) ਗਹਿਣਾ ਹੈ। (ਜਿਸ ਮਨੁੱਖ ਨੂੰ) ਗੁਰੂ ਨੇ (ਇਹ ਗਹਿਣਾ) ਵਿਖਾ ਦਿੱਤਾ, ਉਸ ਨੇ ਹਰਿ-ਨਾਮ ਵਿਚ ਜੁੜ ਕੇ (ਲੋਕ ਪਰਲੋਕ ਦੀ) ਇੱਜ਼ਤ ਖੱਟ ਲਈ।
ਅਖੁਟ ਭੰਡਾਰ ਭਰੇ ਕਦੇ ਤੋਟਿ ਨ ਆਵੈ ਸਦਾ ਹਰਿ ਸੇਵਹੁ ਭਾਈ ॥੩॥
ਹੇ ਭਾਈ! ਸਦਾ ਪ੍ਰਭੂ ਦੀ ਸੇਵਾ-ਭਗਤੀ ਕਰਦੇ ਰਹੋ (ਸਦਾ ਭਗਤੀ ਕਰਦੇ ਰਿਹਾਂ ਇਹ) ਕਦੇ ਨਾਹ ਮੁੱਕਣ ਵਾਲੇ ਖ਼ਜ਼ਾਨੇ (ਮਨੁੱਖ ਦੇ ਅੰਦਰ) ਭਰੇ ਰਹਿੰਦੇ ਹਨ, (ਇਹਨਾਂ ਖ਼ਜ਼ਾਨਿਆਂ ਵਿਚ) ਕਦੇ ਕਮੀ ਨਹੀਂ ਹੁੰਦੀ ॥੩॥
ਆਪੇ ਕਰਤਾ ਜਿਸ ਨੋ ਦੇਵੈ ਤਿਸੁ ਵਸੈ ਮਨਿ ਆਈ ॥
ਪਰ, ਇਹ ਨਾਮ-ਖ਼ਜ਼ਾਨਾ ਜਿਸ ਮਨੁੱਖ ਨੂੰ ਕਰਤਾਰ ਆਪ ਹੀ ਦੇਂਦਾ ਹੈ, ਉਸ ਦੇ ਮਨ ਵਿਚ ਆ ਵੱਸਦਾ ਹੈ।
ਨਾਨਕ ਨਾਮੁ ਧਿਆਇ ਸਦਾ ਤੂ ਸਤਿਗੁਰਿ ਦੀਆ ਦਿਖਾਈ ॥੪॥੧॥
ਹੇ ਨਾਨਕ! ਤੂੰ ਸਦਾ ਹਰਿ-ਨਾਮ ਸਿਮਰਦਾ ਰਹੁ। (ਭਗਤੀ-ਸਿਮਰਨ ਦਾ ਇਹ ਰਸਤਾ) ਗੁਰੂ ਨੇ (ਹੀ) ਵਿਖਾਇਆ ਹੈ (ਇਹ ਰਸਤਾ ਗੁਰੂ ਦੀ ਰਾਹੀਂ ਹੀ ਲੱਭਦਾ ਹੈ) ॥੪॥੧॥
ਪ੍ਰਭਾਤੀ ਮਹਲਾ ੩ ॥
ਨਿਰਗੁਣੀਆਰੇ ਕਉ ਬਖਸਿ ਲੈ ਸੁਆਮੀ ਆਪੇ ਲੈਹੁ ਮਿਲਾਈ ॥
ਹੇ ਮੇਰੇ ਸੁਆਮੀ! (ਮੈਂ) ਗੁਣ-ਹੀਨ ਨੂੰ ਬਖ਼ਸ਼ ਲੈ, ਤੂੰ ਆਪ ਹੀ (ਮੈਨੂੰ ਆਪਣੇ) ਚਰਨਾਂ ਵਿਚ ਜੋੜੀ ਰੱਖ।
ਤੂ ਬਿਅੰਤੁ ਤੇਰਾ ਅੰਤੁ ਨ ਪਾਇਆ ਸਬਦੇ ਦੇਹੁ ਬੁਝਾਈ ॥੧॥
ਤੂੰ ਬੇਅੰਤ ਹੈਂ, ਤੇਰੇ ਗੁਣਾਂ ਦਾ ਕਿਸੇ ਨੇ ਅੰਤ ਨਹੀਂ ਪਾਇਆ। (ਹੇ ਸੁਆਮੀ! ਗੁਰੂ ਦੇ) ਸ਼ਬਦ ਵਿਚ (ਜੋੜ ਕੇ) ਮੈਨੂੰ (ਆਤਮਕ ਜੀਵਨ ਦੀ) ਸੂਝ ਬਖ਼ਸ਼ ॥੧॥
ਹਰਿ ਜੀਉ ਤੁਧੁ ਵਿਟਹੁ ਬਲਿ ਜਾਈ ॥
ਹੇ ਪ੍ਰਭੂ ਜੀ! ਮੈਂ ਤੈਥੋਂ ਸਦਕੇ ਜਾਂਦਾ ਹਾਂ।
ਤਨੁ ਮਨੁ ਅਰਪੀ ਤੁਧੁ ਆਗੈ ਰਾਖਉ ਸਦਾ ਰਹਾਂ ਸਰਣਾਈ ॥੧॥ ਰਹਾਉ ॥
ਮੈਂ (ਆਪਣਾ) ਤਨ (ਆਪਣਾ) ਮਨ ਭੇਟ ਕਰਦਾ ਹਾਂ, ਤੇਰੇ ਅੱਗੇ ਰੱਖਦਾ ਹਾਂ (ਮਿਹਰ ਕਰ,) ਮੈਂ ਸਦਾ ਤੇਰੀ ਸਰਨ ਪਿਆ ਰਹਾਂ ॥੧॥ ਰਹਾਉ ॥
ਆਪਣੇ ਭਾਣੇ ਵਿਚਿ ਸਦਾ ਰਖੁ ਸੁਆਮੀ ਹਰਿ ਨਾਮੋ ਦੇਹਿ ਵਡਿਆਈ ॥
ਹੇ ਮੇਰੇ ਸੁਆਮੀ! ਮੈਨੂੰ ਸਦਾ ਆਪਣੀ ਰਜ਼ਾ ਵਿਚ ਰੱਖ, ਮੈਨੂੰ ਆਪਣਾ ਨਾਮ ਹੀ ਦੇਹ (ਇਹ ਹੀ ਮੇਰੇ ਵਾਸਤੇ) ਇੱਜ਼ਤ (ਹੈ)।
ਪੂਰੇ ਗੁਰ ਤੇ ਭਾਣਾ ਜਾਪੈ ਅਨਦਿਨੁ ਸਹਜਿ ਸਮਾਈ ॥੨॥
ਪੂਰੇ ਗੁਰੂ ਪਾਸੋਂ (ਪਰਮਾਤਮਾ ਦੀ) ਰਜ਼ਾ ਦੀ ਸਮਝ ਆਉਂਦੀ ਹੈ, ਅਤੇ ਹਰ ਵੇਲੇ ਆਤਮਕ ਅਡੋਲਤਾ ਵਿਚ ਲੀਨਤਾ ਹੋ ਸਕਦੀ ਹੈ ॥੨॥
ਤੇਰੈ ਭਾਣੈ ਭਗਤਿ ਜੇ ਤੁਧੁ ਭਾਵੈ ਆਪੇ ਬਖਸਿ ਮਿਲਾਈ ॥
ਹੇ ਮੇਰੇ ਸੁਆਮੀ! ਜੇ ਤੈਨੂੰ ਚੰਗਾ ਲੱਗੇ ਤਾਂ ਤੇਰੀ ਰਜ਼ਾ ਵਿਚ ਹੀ ਤੇਰੀ ਭਗਤੀ ਹੋ ਸਕਦੀ ਹੈ, ਤੂੰ ਆਪ ਹੀ ਮਿਹਰ ਕਰ ਕੇ ਆਪਣੇ ਚਰਨਾਂ ਵਿਚ ਜੋੜਦਾ ਹੈਂ।
ਤੇਰੈ ਭਾਣੈ ਸਦਾ ਸੁਖੁ ਪਾਇਆ ਗੁਰਿ ਤ੍ਰਿਸਨਾ ਅਗਨਿ ਬੁਝਾਈ ॥੩॥
(ਜਿਸ ਮਨੁੱਖ ਦੇ ਅੰਦਰੋਂ) ਗੁਰੂ ਨੇ ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ, ਉਸ ਨੇ (ਹੇ ਪ੍ਰਭੂ!) ਤੇਰੀ ਰਜ਼ਾ ਵਿਚ ਰਹਿ ਕੇ ਸਦਾ ਆਤਮਕ ਆਨੰਦ ਮਾਣਿਆ ॥੩॥
ਜੋ ਤੂ ਕਰਹਿ ਸੁ ਹੋਵੈ ਕਰਤੇ ਅਵਰੁ ਨ ਕਰਣਾ ਜਾਈ ॥
ਹੇ ਕਰਤਾਰ! (ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਤੂੰ (ਆਪ) ਕਰਦਾ ਹੈਂ (ਤੇਰੀ ਮਰਜ਼ੀ ਦੇ ਉਲਟ) ਹੋਰ ਕੁਝ ਨਹੀਂ ਕੀਤਾ ਜਾ ਸਕਦਾ।
ਨਾਨਕ ਨਾਵੈ ਜੇਵਡੁ ਅਵਰੁ ਨ ਦਾਤਾ ਪੂਰੇ ਗੁਰ ਤੇ ਪਾਈ ॥੪॥੨॥
ਹੇ ਨਾਨਕ! ਪਰਮਾਤਮਾ ਦੇ ਨਾਮ ਦੇ ਬਰਾਬਰ ਦਾ ਹੋਰ ਕੋਈ ਦਾਤਾਂ ਦੇਣ ਵਾਲਾ ਨਹੀਂ ਹੈ। ਇਹ ਨਾਮ ਗੁਰੂ ਪਾਸੋਂ (ਹੀ) ਮਿਲਦਾ ਹੈ ॥੪॥੨॥
ਪ੍ਰਭਾਤੀ ਮਹਲਾ ੩ ॥
ਗੁਰਮੁਖਿ ਹਰਿ ਸਾਲਾਹਿਆ ਜਿੰਨਾ ਤਿਨ ਸਲਾਹਿ ਹਰਿ ਜਾਤਾ ॥
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ, ਉਹਨਾਂ ਨੇ ਹੀ ਸਿਫ਼ਤ-ਸਾਲਾਹ ਕਰਨੀ ਸਿੱਖੀ।
ਵਿਚਹੁ ਭਰਮੁ ਗਇਆ ਹੈ ਦੂਜਾ ਗੁਰ ਕੈ ਸਬਦਿ ਪਛਾਤਾ ॥੧॥
ਉਹਨਾਂ ਦੇ ਅੰਦਰੋਂ ਮਾਇਆ ਵਾਲੀ ਭਟਕਣਾ ਦੂਰ ਹੋ ਜਾਂਦੀ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪਰਮਾਤਮਾ ਨਾਲ ਸਾਂਝ ਪਾ ਲੈਂਦੇ ਹਨ ॥੧॥
ਹਰਿ ਜੀਉ ਤੂ ਮੇਰਾ ਇਕੁ ਸੋਈ ॥
ਹੇ ਪ੍ਰਭੂ ਜੀ! ਮੇਰੀ ਸਾਰ ਲੈਣ ਵਾਲਾ ਸਿਰਫ਼ ਇਕ ਤੂੰ ਹੀ ਹੈਂ।
ਤੁਧੁ ਜਪੀ ਤੁਧੈ ਸਾਲਾਹੀ ਗਤਿ ਮਤਿ ਤੁਝ ਤੇ ਹੋਈ ॥੧॥ ਰਹਾਉ ॥
ਮੈਂ (ਸਦਾ) ਤੈਨੂੰ (ਹੀ) ਜਪਦਾ ਹਾਂ, ਮੈਂ (ਸਦਾ) ਤੈਨੂੰ ਹੀ ਸਲਾਹੁੰਦਾ ਹਾਂ। ਉੱਚੀ ਆਤਮਕ ਅਵਸਥਾ ਤੇ ਉੱਚੀ ਅਕਲ ਤੈਥੋਂ ਹੀ ਮਿਲਦੀ ਹੈ ॥੧॥ ਰਹਾਉ ॥
ਗੁਰਮੁਖਿ ਸਾਲਾਹਨਿ ਸੇ ਸਾਦੁ ਪਾਇਨਿ ਮੀਠਾ ਅੰਮ੍ਰਿਤੁ ਸਾਰੁ ॥
ਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਹਨ, ਉਹ (ਉਸ ਦਾ) ਆਨੰਦ ਮਾਣਦੇ ਹਨ। ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਉਹਨਾਂ ਨੂੰ ਮਿੱਠਾ ਲੱਗਦਾ ਹੈ (ਹੋਰ ਸਭ ਪਦਾਰਥਾਂ ਨਾਲੋਂ) ਸ੍ਰੇਸ਼ਟ ਲੱਗਦਾ ਹੈ।
ਸਦਾ ਮੀਠਾ ਕਦੇ ਨ ਫੀਕਾ ਗੁਰਸਬਦੀ ਵੀਚਾਰੁ ॥੨॥
(ਉਹ ਮਨੁੱਖ) ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਨਾਮ ਦਾ) ਵਿਚਾਰ (ਕਰਦੇ ਹਨ, ਉਸ ਦਾ ਸੁਆਦ ਉਹਨਾਂ ਨੂੰ) ਸਦਾ ਮਿੱਠਾ ਲੱਗਦਾ ਹੈ, ਕਦੇ ਬੇ-ਸੁਆਦਾ ਨਹੀਂ ਜਾਪਦਾ ॥੨॥
ਜਿਨਿ ਮੀਠਾ ਲਾਇਆ ਸੋਈ ਜਾਣੈ ਤਿਸੁ ਵਿਟਹੁ ਬਲਿ ਜਾਈ ॥
ਪਰ, ਜਿਸ (ਪਰਮਾਤਮਾ) ਨੇ (ਆਪਣਾ ਨਾਮ) ਮਿੱਠਾ ਮਹਿਸੂਸ ਕਰਾਇਆ ਹੈ, ਉਹ ਆਪ ਹੀ (ਇਸ ਭੇਤ ਨੂੰ) ਜਾਣਦਾ ਹੈ। ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ।
ਸਬਦਿ ਸਲਾਹੀ ਸਦਾ ਸੁਖਦਾਤਾ ਵਿਚਹੁ ਆਪੁ ਗਵਾਈ ॥੩॥
ਮੈਂ (ਗੁਰੂ ਦੇ) ਸ਼ਬਦ ਦੀ ਰਾਹੀਂ (ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਕੇ ਉਸ ਸੁਖ-ਦਾਤੇ ਪਰਮਾਤਮਾ ਦੀ ਸਦਾ ਸਿਫ਼ਤ-ਸਾਲਾਹ ਕਰਦਾ ਹਾਂ ॥੩॥
ਸਤਿਗੁਰੁ ਮੇਰਾ ਸਦਾ ਹੈ ਦਾਤਾ ਜੋ ਇਛੈ ਸੋ ਫਲੁ ਪਾਏ ॥
ਪਿਆਰਾ ਗੁਰੂ ਸਦਾ (ਹਰੇਕ) ਦਾਤ ਦੇਣ ਵਾਲਾ ਹੈ ਜਿਹੜਾ ਮਨੁੱਖ (ਗੁਰੂ ਪਾਸੋਂ) ਮੰਗਦਾ ਹੈ, ਉਹ ਫਲ ਹਾਸਲ ਕਰ ਲੈਂਦਾ ਹੈ।
ਨਾਨਕ ਨਾਮੁ ਮਿਲੈ ਵਡਿਆਈ ਗੁਰਸਬਦੀ ਸਚੁ ਪਾਏ ॥੪॥੩॥
ਹੇ ਨਾਨਕ! (ਗੁਰੂ ਪਾਸੋਂ ਪਰਮਾਤਮਾ ਦਾ) ਨਾਮ ਮਿਲਦਾ ਹੈ (ਇਹੀ ਹੈ ਅਸਲ) ਇੱਜ਼ਤ। ਗੁਰੂ ਦੇ ਸ਼ਬਦ ਦੀ ਰਾਹੀਂ (ਮਨੁੱਖ) ਸਦਾ-ਥਿਰ ਪ੍ਰਭੂ ਨੂੰ ਮਿਲ ਪੈਂਦਾ ਹੈ ॥੪॥੩॥
ਪ੍ਰਭਾਤੀ ਮਹਲਾ ੩ ॥
ਜੋ ਤੇਰੀ ਸਰਣਾਈ ਹਰਿ ਜੀਉ ਤਿਨ ਤੂ ਰਾਖਨ ਜੋਗੁ ॥
ਹੇ ਪ੍ਰਭੂ ਜੀ! ਜਿਹੜੇ ਮਨੁੱਖ ਤੇਰੀ ਸਰਨ ਆ ਪੈਂਦੇ ਹਨ, ਤੂੰ ਉਹਨਾਂ ਦੀ ਰੱਖਿਆ ਕਰਨ ਦੇ ਸਮਰੱਥ ਹੈਂ।
ਤੁਧੁ ਜੇਵਡੁ ਮੈ ਅਵਰੁ ਨ ਸੂਝੈ ਨਾ ਕੋ ਹੋਆ ਨ ਹੋਗੁ ॥੧॥
ਹੇ ਪ੍ਰਭੂ ਜੀ! ਤੇਰੇ ਬਰਾਬਰ ਦਾ ਮੈਨੂੰ ਹੋਰ ਕੋਈ ਨਹੀਂ ਸੁੱਝਦਾ। (ਅਜੇ ਤਕ ਤੇਰੇ ਬਰਾਬਰ ਦਾ) ਨਾਹ ਕੋਈ ਹੋਇਆ ਹੈ, (ਅਤੇ ਅਗਾਂਹ ਨੂੰ) ਨਾਹ ਕੋਈ ਹੋਵੇਗਾ ॥੧॥
ਹਰਿ ਜੀਉ ਸਦਾ ਤੇਰੀ ਸਰਣਾਈ ॥
ਹੇ ਪ੍ਰਭੂ ਜੀ! (ਮਿਹਰ ਕਰ, ਮੈਂ) ਸਦਾ ਤੇਰੀ ਸਰਨ ਪਿਆ ਰਹਾਂ।
ਜਿਉ ਭਾਵੈ ਤਿਉ ਰਾਖਹੁ ਮੇਰੇ ਸੁਆਮੀ ਏਹ ਤੇਰੀ ਵਡਿਆਈ ॥੧॥ ਰਹਾਉ ॥
ਹੇ ਮੇਰੇ ਸੁਆਮੀ! ਜਿਵੇਂ ਤੈਨੂੰ ਭਾਵੇ (ਮੇਰੀ) ਰੱਖਿਆ ਕਰ (ਅਸਾਂ ਜੀਵਾਂ ਦੀ ਰੱਖਿਆ ਕਰ ਸਕਣਾ) ਇਹ ਤੇਰੀ ਹੀ ਸਮਰਥਾ ਹੈ ॥੧॥ ਰਹਾਉ ॥
ਜੋ ਤੇਰੀ ਸਰਣਾਈ ਹਰਿ ਜੀਉ ਤਿਨ ਕੀ ਕਰਹਿ ਪ੍ਰਤਿਪਾਲ ॥
ਹੇ ਪ੍ਰਭੂ ਜੀ! ਜਿਹੜੇ ਮਨੁੱਖ ਤੇਰੀ ਸਰਨ ਆ ਪੈਂਦੇ ਹਨ, ਤੂੰ (ਆਪ) ਉਹਨਾਂ ਦੀ ਪਾਲਣਾ ਕਰਦਾ ਹੈਂ।
ਆਪਿ ਕ੍ਰਿਪਾ ਕਰਿ ਰਾਖਹੁ ਹਰਿ ਜੀਉ ਪੋਹਿ ਨ ਸਕੈ ਜਮਕਾਲੁ ॥੨॥
ਮਿਹਰ ਕਰ ਕੇ ਤੂੰ ਆਪ ਉਹਨਾਂ ਦੀ ਰੱਖਿਆ ਕਰਦਾ ਹੈਂ, ਉਹਨਾਂ ਨੂੰ (ਫਿਰ) ਮੌਤ ਦਾ ਡਰ ਭੀ ਪੋਹ ਨਹੀਂ ਸਕਦਾ ॥੨॥
ਤੇਰੀ ਸਰਣਾਈ ਸਚੀ ਹਰਿ ਜੀਉ ਨਾ ਓਹ ਘਟੈ ਨ ਜਾਇ ॥
ਹੇ ਪ੍ਰਭੂ ਜੀ! ਤੇਰੀ ਓਟ ਸਦਾ ਕਾਇਮ ਰਹਿਣ ਵਾਲੀ ਹੈ, ਨਾਹ ਉਹ ਘਟਦੀ ਹੈ ਨਾਹ ਉਹ ਖ਼ਤਮ ਹੁੰਦੀ ਹੈ।
ਜੋ ਹਰਿ ਛੋਡਿ ਦੂਜੈ ਭਾਇ ਲਾਗੈ ਓਹੁ ਜੰਮੈ ਤੈ ਮਰਿ ਜਾਇ ॥੩॥
ਪਰ, ਜਿਹੜਾ ਮਨੁੱਖ ਪ੍ਰਭੂ (ਦੀ ਓਟ) ਛੱਡ ਕੇ ਮਾਇਆ ਦੇ ਪਿਆਰ ਵਿਚ ਲੱਗ ਪੈਂਦਾ ਹੈ, ਉਹ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ ॥੩॥
ਜੋ ਤੇਰੀ ਸਰਣਾਈ ਹਰਿ ਜੀਉ ਤਿਨਾ ਦੂਖ ਭੂਖ ਕਿਛੁ ਨਾਹਿ ॥
ਹੇ ਪ੍ਰਭੂ ਜੀ! ਜਿਹੜੇ ਮਨੁੱਖ ਤੇਰੀ ਸਰਨ ਪੈਂਦੇ ਹਨ, ਉਹਨਾਂ ਨੂੰ ਕੋਈ ਦੁੱਖ ਨਹੀਂ ਦਬਾ ਸਕਦੇ, ਉਹਨਾਂ ਨੂੰ (ਮਾਇਆ ਦੀ) ਭੁੱਖ ਨਹੀਂ ਵਿਆਪਦੀ।
ਨਾਨਕ ਨਾਮੁ ਸਲਾਹਿ ਸਦਾ ਤੂ ਸਚੈ ਸਬਦਿ ਸਮਾਹਿ ॥੪॥੪॥
ਹੇ ਨਾਨਕ! ਪਰਮਾਤਮਾ ਦਾ ਨਾਮ ਸਦਾ ਸਲਾਹੁੰਦਾ ਰਿਹਾ ਕਰ, ਇਸ ਤਰ੍ਹਾਂ ਤੂੰ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਲੀਨ ਰਹੇਂਗਾ ॥੪॥੪॥
ਪ੍ਰਭਾਤੀ ਮਹਲਾ ੩ ॥
ਗੁਰਮੁਖਿ ਹਰਿ ਜੀਉ ਸਦਾ ਧਿਆਵਹੁ ਜਬ ਲਗੁ ਜੀਅ ਪਰਾਨ ॥
ਜਦੋਂ ਤਕ ਜਿੰਦ ਕਾਇਮ ਹੈ ਤੇ ਸੁਆਸ ਆ ਰਹੇ ਹਨ ਗੁਰੂ ਦੀ ਸਰਨ ਪੈ ਕੇ ਸਦਾ ਪਰਮਾਤਮਾ ਦਾ ਨਾਮ ਸਿਮਰਦੇ ਰਹੋ।
ਗੁਰਸਬਦੀ ਮਨੁ ਨਿਰਮਲੁ ਹੋਆ ਚੂਕਾ ਮਨਿ ਅਭਿਮਾਨੁ ॥
(ਜਿਹੜਾ ਮਨੁੱਖ ਨਾਮ ਸਿਮਰਦਾ ਹੈ, ਉਸ ਦਾ) ਮਨ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪਵਿੱਤਰ ਹੋ ਜਾਂਦਾ ਹੈ, ਉਸ ਦਾ ਮਨ ਵਿਚ (ਵੱਸਦਾ) ਅਹੰਕਾਰ ਮੁੱਕ ਜਾਂਦਾ ਹੈ।
ਸਫਲੁ ਜਨਮੁ ਤਿਸੁ ਪ੍ਰਾਨੀ ਕੇਰਾ ਹਰਿ ਕੈ ਨਾਮਿ ਸਮਾਨ ॥੧॥
ਉਸ ਮਨੁੱਖ ਦਾ ਸਾਰਾ ਜੀਵਨ ਕਾਮਯਾਬ ਹੋ ਜਾਂਦਾ ਹੈ, ਉਹ ਮਨੁੱਖ (ਸਦਾ) ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੧॥
ਮੇਰੇ ਮਨ ਗੁਰ ਕੀ ਸਿਖ ਸੁਣੀਜੈ ॥
ਹੇ ਮੇਰੇ ਮਨ! ਗੁਰੂ ਦਾ (ਇਹ) ਉਪਦੇਸ਼ (ਸਦਾ) ਸੁਣਦੇ ਰਹਿਣਾ ਚਾਹੀਦਾ ਹੈ,
ਹਰਿ ਕਾ ਨਾਮੁ ਸਦਾ ਸੁਖਦਾਤਾ ਸਹਜੇ ਹਰਿ ਰਸੁ ਪੀਜੈ ॥੧॥ ਰਹਾਉ ॥
(ਕਿ) ਪਰਮਾਤਮਾ ਦਾ ਨਾਮ ਸਦਾ ਸੁਖ ਦੇਣ ਵਾਲਾ ਹੈ (ਇਸ ਵਾਸਤੇ) ਆਤਮਕ ਅਡੋਲਤਾ ਵਿਚ (ਟਿਕ ਕੇ) ਪਰਮਾਤਮਾ ਦਾ ਨਾਮ-ਜਲ ਪੀਂਦੇ ਰਹਿਣਾ ਚਾਹੀਦਾ ਹੈ ॥੧॥ ਰਹਾਉ ॥
ਮੂਲੁ ਪਛਾਣਨਿ ਤਿਨ ਨਿਜ ਘਰਿ ਵਾਸਾ ਸਹਜੇ ਹੀ ਸੁਖੁ ਹੋਈ ॥
ਜਿਹੜੇ ਮਨੁੱਖ ਜਗਤ ਦੇ ਰਚਨਹਾਰ ਨਾਲ ਸਾਂਝ ਪਾਂਦੇ ਹਨ, ਉਹਨਾਂ ਦਾ ਨਿਵਾਸ ਪ੍ਰਭੂ-ਚਰਨਾਂ ਵਿਚ ਹੋਇਆ ਰਹਿੰਦਾ ਹੈ ਸਦਾ ਆਤਮਕ ਅਡੋਲਤਾ ਵਿਚ ਟਿਕੇ ਰਹਿਣ ਦੇ ਕਾਰਨ ਉਹਨਾਂ ਨੂੰ ਆਤਮਕ ਆਨੰਦ ਮਿਲਿਆ ਰਹਿੰਦਾ ਹੈ।
ਗੁਰ ਕੈ ਸਬਦਿ ਕਮਲੁ ਪਰਗਾਸਿਆ ਹਉਮੈ ਦੁਰਮਤਿ ਖੋਈ ॥
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਦਾ ਹਿਰਦਾ ਖਿੜਿਆ ਰਹਿੰਦਾ ਹੈ। (ਉਹਨਾਂ ਦੇ ਅੰਦਰੋਂ) ਹਉਮੈ ਵਾਲੀ ਖੋਟੀ ਮੱਤ ਨਾਸ ਹੋ ਜਾਂਦੀ ਹੈ।
ਸਭਨਾ ਮਹਿ ਏਕੋ ਸਚੁ ਵਰਤੈ ਵਿਰਲਾ ਬੂਝੈ ਕੋਈ ॥੨॥
(ਉਂਞ ਤਾਂ) ਸਭ ਜੀਵਾਂ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਮੌਜੂਦ ਹੈ, ਪਰ ਕੋਈ ਵਿਰਲਾ ਮਨੁੱਖ (ਗੁਰੂ ਦੇ ਸ਼ਬਦ ਦੀ ਰਾਹੀਂ ਇਹ ਗੱਲ) ਸਮਝਦਾ ਹੈ ॥੨॥
ਗੁਰਮਤੀ ਮਨੁ ਨਿਰਮਲੁ ਹੋਆ ਅੰਮ੍ਰਿਤੁ ਤਤੁ ਵਖਾਨੈ ॥
ਗੁਰੂ ਦੀ ਮੱਤ ਉਤੇ ਤੁਰ ਕੇ (ਜਿਸ ਮਨੁੱਖ ਦਾ) ਮਨ ਪਵਿੱਤਰ ਹੋ ਜਾਂਦਾ ਹੈ, ਉਹ ਮਨੁੱਖ ਜਗਤ ਦੇ ਅਸਲੇ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਜਪਦਾ ਰਹਿੰਦਾ ਹੈ।
ਹਰਿ ਕਾ ਨਾਮੁ ਸਦਾ ਮਨਿ ਵਸਿਆ ਵਿਚਿ ਮਨ ਹੀ ਮਨੁ ਮਾਨੈ ॥
ਪਰਮਾਤਮਾ ਦਾ ਨਾਮ ਸਦਾ ਉਸ ਦੇ ਮਨ ਵਿਚ ਟਿਕਿਆ ਰਹਿੰਦਾ ਹੈ, ਉਸ ਦਾ ਮਨ ਆਪਣੇ ਅੰਦਰੋਂ ਹੀ ਪਤੀਜਿਆ ਰਹਿੰਦਾ ਹੈ।
ਸਦ ਬਲਿਹਾਰੀ ਗੁਰ ਅਪੁਨੇ ਵਿਟਹੁ ਜਿਤੁ ਆਤਮ ਰਾਮੁ ਪਛਾਨੈ ॥੩॥
ਉਹ ਮਨੁੱਖ ਸਦਾ ਆਪਣੇ ਗੁਰੂ ਤੋਂ ਸਦਕੇ ਜਾਂਦਾ ਹੈ ਜਿਸ ਦੀ ਰਾਹੀਂ ਉਹ ਪਰਮਾਤਮਾ ਨਾਲ ਸਾਂਝ ਪਾ ਲੈਂਦਾ ਹੈ ॥੩॥
ਮਾਨਸ ਜਨਮਿ ਸਤਿਗੁਰੂ ਨ ਸੇਵਿਆ ਬਿਰਥਾ ਜਨਮੁ ਗਵਾਇਆ ॥
ਜਿਸ ਮਨੁੱਖ ਨੇ ਇਸ ਮਨੁੱਖਾ ਜੀਵਨ ਵਿਚ ਗੁਰੂ ਦੀ ਸਰਨ ਨਹੀਂ ਲਈ, ਉਸ ਨੇ ਆਪਣੀ ਜ਼ਿੰਦਗੀ ਵਿਅਰਥ ਗਵਾ ਲਈ।
ਨਦਰਿ ਕਰੇ ਤਾਂ ਸਤਿਗੁਰੁ ਮੇਲੇ ਸਹਜੇ ਸਹਜਿ ਸਮਾਇਆ ॥
(ਪਰ ਜੀਵ ਦੇ ਭੀ ਕੀਹ ਵੱਸ?) ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ, ਉਸ ਨੂੰ ਗੁਰੂ ਮਿਲਾਂਦਾ ਹੈ, ਉਹ ਮਨੁੱਖ ਫਿਰ ਹਰ ਵੇਲੇ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ।
ਨਾਨਕ ਨਾਮੁ ਮਿਲੈ ਵਡਿਆਈ ਪੂਰੈ ਭਾਗਿ ਧਿਆਇਆ ॥੪॥੫॥
ਹੇ ਨਾਨਕ! ਜਿਸ ਮਨੁੱਖ ਨੂੰ ਨਾਮ (ਜਪਣ ਦੀ) ਵਡਿਆਈ ਮਿਲ ਜਾਂਦੀ ਹੈ, ਉਹ ਵੱਡੀ ਕਿਸਮਤ ਨਾਲ ਨਾਮ ਸਿਮਰਦਾ ਰਹਿੰਦਾ ਹੈ ॥੪॥੫॥
ਪ੍ਰਭਾਤੀ ਮਹਲਾ ੩ ॥
ਆਪੇ ਭਾਂਤਿ ਬਣਾਏ ਬਹੁ ਰੰਗੀ ਸਿਸਟਿ ਉਪਾਇ ਪ੍ਰਭਿ ਖੇਲੁ ਕੀਆ ॥
ਪ੍ਰਭੂ ਆਪ ਹੀ ਕਈ ਕਿਸਮਾਂ ਦੀ ਕਈ ਰੰਗਾਂ ਦੀ ਸ੍ਰਿਸ਼ਟੀ ਰਚਦਾ ਹੈ। ਸ੍ਰਿਸ਼ਟੀ ਰਚ ਕੇ ਪ੍ਰਭੂ ਨੇ ਆਪ ਹੀ ਇਹ ਜਗਤ-ਤਮਾਸ਼ਾ ਬਣਾਇਆ ਹੈ।
ਕਰਿ ਕਰਿ ਵੇਖੈ ਕਰੇ ਕਰਾਏ ਸਰਬ ਜੀਆ ਨੋ ਰਿਜਕੁ ਦੀਆ ॥੧॥
(ਇਹ ਜਗਤ-ਤਮਾਸ਼ਾ) ਰਚ ਰਚ ਕੇ (ਆਪ ਹੀ ਇਸ ਦੀ) ਸੰਭਾਲ ਕਰਦਾ ਹੈ, (ਸਭ ਕੁਝ ਆਪ ਹੀ) ਕਰ ਰਿਹਾ ਹੈ (ਜੀਵਾਂ ਪਾਸੋਂ) ਕਰਾ ਰਿਹਾ ਹੈ। ਸਭ ਜੀਵਾਂ ਨੂੰ ਆਪ ਹੀ ਰਿਜ਼ਕ ਦੇਂਦਾ ਆ ਰਿਹਾ ਹੈ ॥੧॥
ਕਲੀ ਕਾਲ ਮਹਿ ਰਵਿਆ ਰਾਮੁ ॥
ਜਿਸ ਮਨੁੱਖ ਨੇ ਇਸ ਬਖੇੜਿਆਂ-ਭਰੇ ਜੀਵਨ-ਸਮੇ ਵਿਚ ਉਸ ਰਾਮ ਨੂੰ ਸਿਮਰਿਆ ਹੈ,
ਘਟਿ ਘਟਿ ਪੂਰਿ ਰਹਿਆ ਪ੍ਰਭੁ ਏਕੋ ਗੁਰਮੁਖਿ ਪਰਗਟੁ ਹਰਿ ਹਰਿ ਨਾਮੁ ॥੧॥ ਰਹਾਉ ॥
ਜੋ ਪ੍ਰਭੂ ਹਰੇਕ ਘਟ ਵਿਚ ਵਿਆਪਕ ਹੈ, ਗੁਰੂ ਦੀ ਸਰਨ ਪੈ ਕੇ ਉਸ ਦੇ ਅੰਦਰ ਉਸ ਦਾ ਨਾਮ ਪਰਗਟ ਹੋ ਜਾਂਦਾ ਹੈ (ਅਤੇ ਝਗੜੇ-ਬਖੇੜੇ ਉਸ ਉੱਤੇ ਜ਼ੋਰ ਨਹੀਂ ਪਾ ਸਕਦੇ) ॥੧॥ ਰਹਾਉ ॥
ਗੁਪਤਾ ਨਾਮੁ ਵਰਤੈ ਵਿਚਿ ਕਲਜੁਗਿ ਘਟਿ ਘਟਿ ਹਰਿ ਭਰਪੂਰਿ ਰਹਿਆ ॥
(ਹਰੇਕ ਸਰੀਰ ਵਿਚ) ਪਰਮਾਤਮਾ ਦਾ ਨਾਮ ਗੁਪਤ ਮੌਜੂਦ ਹੈ, ਬਖੇੜਿਆਂ-ਭਰੇ ਜੀਵਨ-ਸਮੇ ਵਿਚ (ਉਹ ਆਪ ਹੀ ਸਭ ਦੇ ਅੰਦਰ ਲੁਕਿਆ ਪਿਆ ਹੈ)। ਪ੍ਰਭੂ ਹਰੇਕ ਸਰੀਰ ਵਿਚ ਵਿਆਪਕ ਹੈ।
ਨਾਮੁ ਰਤਨੁ ਤਿਨਾ ਹਿਰਦੈ ਪ੍ਰਗਟਿਆ ਜੋ ਗੁਰ ਸਰਣਾਈ ਭਜਿ ਪਇਆ ॥੨॥
(ਫਿਰ ਭੀ ਉਸ ਦਾ) ਸ੍ਰੇਸ਼ਟ ਨਾਮ ਉਹਨਾਂ ਮਨੁੱਖਾਂ ਦੇ ਹਿਰਦੇ ਵਿਚ (ਹੀ) ਪਰਗਟ ਹੁੰਦਾ ਹੈ, ਜਿਹੜੇ ਗੁਰੂ ਦੀ ਸਰਨ ਜਾ ਪੈਂਦੇ ਹਨ ॥੨॥
ਇੰਦ੍ਰੀ ਪੰਚ ਪੰਚੇ ਵਸਿ ਆਣੈ ਖਿਮਾ ਸੰਤੋਖੁ ਗੁਰਮਤਿ ਪਾਵੈ ॥
ਜਿਹੜਾ ਮਨੁੱਖ ਗੁਰੂ ਦੀ ਮੱਤ ਦੀ ਰਾਹੀਂ ਖਿਮਾ ਸੰਤੋਖ (ਆਦਿਕ ਗੁਣ) ਹਾਸਲ ਕਰ ਲੈਂਦਾ ਹੈ, (ਇਹ ਜੋ ਬਲਵਾਨ) ਪੰਜ ਇੰਦ੍ਰੇ ਹਨ ਇਹਨਾਂ ਪੰਜਾਂ ਨੂੰ ਆਪਣੇ ਵੱਸ ਵਿਚ ਲੈ ਆਉਂਦਾ ਹੈ,
ਸੋ ਧਨੁ ਧਨੁ ਹਰਿ ਜਨੁ ਵਡ ਪੂਰਾ ਜੋ ਭੈ ਬੈਰਾਗਿ ਹਰਿ ਗੁਣ ਗਾਵੈ ॥੩॥
ਜਿਹੜਾ ਮਨੁੱਖ ਡਰ-ਅਦਬ ਵਿਚ ਰਹਿ ਕੇ ਵੈਰਾਗ ਨਾਲ ਪਰਮਾਤਮਾ ਦੇ ਗੁਣ ਗਾਂਦਾ ਹੈ, ਉਹ ਮਨੁੱਖ ਭਾਗਾਂ ਵਾਲਾ ਹੈ, ਉਹ ਮਨੁੱਖ ਵੱਡਾ ਹੈ ਗੁਣਾਂ ਵਿਚ ਪੂਰਨ ਹੈ ॥੩॥
ਗੁਰ ਤੇ ਮੁਹੁ ਫੇਰੇ ਜੇ ਕੋਈ ਗੁਰ ਕਾ ਕਹਿਆ ਨ ਚਿਤਿ ਧਰੈ ॥
ਪਰ, ਜੇ ਕੋਈ ਮਨੁੱਖ ਗੁਰੂ ਵਲੋਂ ਮੂੰਹ ਪਰਤਾਈ ਰੱਖਦਾ ਹੈ, ਗੁਰੂ ਦਾ ਬਚਨ ਆਪਣੇ ਮਨ ਵਿਚ ਨਹੀਂ ਵਸਾਂਦਾ,
ਕਰਿ ਆਚਾਰ ਬਹੁ ਸੰਪਉ ਸੰਚੈ ਜੋ ਕਿਛੁ ਕਰੈ ਸੁ ਨਰਕਿ ਪਰੈ ॥੪॥
(ਉਂਞ ਤੀਰਥ-ਜਾਤ੍ਰਾ ਆਦਿਕ ਮਿਥੇ ਹੋਏ) ਧਾਰਮਿਕ ਕਰਮ ਕਰ ਕੇ ਬਹੁਤ ਧਨ ਭੀ ਇਕੱਠਾ ਕਰ ਲੈਂਦਾ ਹੈ, (ਫਿਰ ਭੀ) ਉਹ ਜੋ ਕੁਝ ਕਰਦਾ ਹੈ (ਉਹ ਕਰਦਿਆਂ) ਨਰਕ ਵਿਚ ਹੀ ਪਿਆ ਰਹਿੰਦਾ ਹੈ (ਸਦਾ ਦੁੱਖੀ ਹੀ ਰਹਿੰਦਾ ਹੈ) ॥੪॥
ਏਕੋ ਸਬਦੁ ਏਕੋ ਪ੍ਰਭੁ ਵਰਤੈ ਸਭ ਏਕਸੁ ਤੇ ਉਤਪਤਿ ਚਲੈ ॥
(ਜੀਵਾਂ ਦੇ ਭੀ ਕੀਹ ਵੱਸ?) ਇਕ ਪਰਮਾਤਮਾ ਹੀ (ਸਾਰੇ ਜਗਤ ਵਿਚ) ਮੌਜੂਦ ਹੈ, (ਪਰਮਾਤਮਾ ਦਾ ਹੀ) ਹੁਕਮ ਚੱਲ ਰਿਹਾ ਹੈ। ਇਕ ਪਰਮਾਤਮਾ ਤੋਂ ਹੀ ਸਾਰੀ ਸ੍ਰਿਸ਼ਟੀ ਦੀ ਕਾਰ ਚੱਲ ਰਹੀ ਹੈ।
ਨਾਨਕ ਗੁਰਮੁਖਿ ਮੇਲਿ ਮਿਲਾਏ ਗੁਰਮੁਖਿ ਹਰਿ ਹਰਿ ਜਾਇ ਰਲੈ ॥੫॥੬॥
ਹੇ ਨਾਨਕ! ਗੁਰੂ ਦੀ ਸਰਨ ਪਾ ਕੇ ਪ੍ਰਭੂ ਆਪ ਹੀ ਜਿਸ ਜੀਵ ਨੂੰ ਆਪਣੇ ਨਾਲ ਮਿਲਾਂਦਾ ਹੈ, ਉਹ ਜੀਵ ਗੁਰੂ ਦੀ ਰਾਹੀਂ ਪਰਮਾਤਮਾ ਵਿਚ ਜਾ ਮਿਲਦਾ ਹੈ ॥੫॥੬॥
ਪ੍ਰਭਾਤੀ ਮਹਲਾ ੩ ॥
ਮੇਰੇ ਮਨ ਗੁਰੁ ਅਪਣਾ ਸਾਲਾਹਿ ॥
ਹੇ ਮੇਰੇ ਮਨ! (ਸਦਾ) ਆਪਣੇ ਗੁਰੂ ਦੀ ਸੋਭਾ ਕਰਿਆ ਕਰ,
ਪੂਰਾ ਭਾਗੁ ਹੋਵੈ ਮੁਖਿ ਮਸਤਕਿ ਸਦਾ ਹਰਿ ਕੇ ਗੁਣ ਗਾਹਿ ॥੧॥ ਰਹਾਉ ॥
(ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਗੁਣਾਂ ਵਿਚ ਚੁੱਭੀ ਲਾਇਆ ਕਰ। ਤੇਰੇ ਮੱਥੇ ਉੱਤੇ ਪੂਰੀ ਕਿਸਮਤ ਜਾਗ ਪਵੇਗੀ ॥੧॥ ਰਹਾਉ ॥
ਅੰਮ੍ਰਿਤ ਨਾਮੁ ਭੋਜਨੁ ਹਰਿ ਦੇਇ ॥
(ਪਰਮਾਤਮਾ ਉਸ ਮਨੁੱਖ ਨੂੰ ਉਸ ਦੀ ਜਿੰਦ ਵਾਸਤੇ) ਖ਼ੁਰਾਕ (ਆਪਣਾ) ਆਤਮਕ ਜੀਵਨ ਦੇਣ ਵਾਲਾ ਨਾਮ ਬਖ਼ਸ਼ਦਾ ਹੈ,
ਕੋਟਿ ਮਧੇ ਕੋਈ ਵਿਰਲਾ ਲੇਇ ॥
(ਪਰ) ਕ੍ਰੋੜਾਂ ਵਿਚੋਂ ਕੋਈ ਵਿਰਲਾ ਮਨੁੱਖ ਹੀ (ਇਹ ਦਾਤਿ) ਹਾਸਲ ਕਰਦਾ ਹੈ,
ਜਿਸ ਨੋ ਅਪਣੀ ਨਦਰਿ ਕਰੇਇ ॥੧॥
ਜਿਸ ਮਨੁੱਖ ਉਤੇ ਪਰਮਾਤਮਾ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ ॥੧॥
ਗੁਰ ਕੇ ਚਰਣ ਮਨ ਮਾਹਿ ਵਸਾਇ ॥
ਗੁਰੂ ਦੇ (ਸੋਹਣੇ) ਚਰਨ (ਆਪਣੇ) ਮਨ ਵਿਚ ਟਿਕਾਈ ਰੱਖ,
ਦੁਖੁ ਅਨ੍ਰੇਰਾ ਅੰਦਰਹੁ ਜਾਇ ॥
(ਇਸ ਤਰ੍ਹਾਂ) ਮਨ ਵਿਚੋਂ (ਹਰੇਕ) ਦੁੱਖ ਦੂਰ ਹੋ ਜਾਂਦਾ ਹੈ, (ਆਤਮਕ ਜੀਵਨ ਵਲੋਂ) ਬੇ-ਸਮਝੀ ਦਾ ਹਨੇਰਾ ਹਟ ਜਾਂਦਾ ਹੈ,
ਆਪੇ ਸਾਚਾ ਲਏ ਮਿਲਾਇ ॥੨॥
(ਅਤੇ) ਸਦਾ ਕਾਇਮ ਰਹਿਣ ਵਾਲਾ ਆਪ ਹੀ (ਜੀਵ ਨੂੰ ਆਪਣੇ ਨਾਲ) ਮਿਲਾ ਲੈਂਦਾ ਹੈ ॥੨॥
ਗੁਰ ਕੀ ਬਾਣੀ ਸਿਉ ਲਾਇ ਪਿਆਰੁ ॥
ਸਤਿਗੁਰੂ ਦੀ ਬਾਣੀ ਨਾਲ ਪਿਆਰ ਜੋੜ।
ਐਥੈ ਓਥੈ ਏਹੁ ਅਧਾਰੁ ॥
(ਇਹ ਬਾਣੀ ਹੀ) ਇਸ ਲੋਕ ਅਤੇ ਪਰਲੋਕ ਵਿਚ (ਜ਼ਿੰਦਗੀ ਦਾ) ਆਸਰਾ ਹੈ,
ਆਪੇ ਦੇਵੈ ਸਿਰਜਨਹਾਰੁ ॥੩॥
(ਪਰ ਇਹ ਦਾਤਿ) ਜਗਤ ਨੂੰ ਪੈਦਾ ਕਰਨ ਵਾਲਾ ਪ੍ਰਭੂ ਆਪ ਹੀ ਦੇਂਦਾ ਹੈ ॥੩॥
ਸਚਾ ਮਨਾਏ ਅਪਣਾ ਭਾਣਾ ॥
ਸਦਾ-ਥਿਰ ਰਹਿਣ ਵਾਲਾ ਪਰਮਾਤਮਾ (ਗੁਰੂ ਦੀ ਸਰਨ ਪਾ ਕੇ) ਆਪਣੀ ਰਜ਼ਾ ਮਿੱਠੀ ਕਰ ਕੇ ਮੰਨਣ ਲਈ (ਮਨੁੱਖ ਦੀ) ਸਹਾਇਤਾ ਕਰਦਾ ਹੈ।
ਸੋਈ ਭਗਤੁ ਸੁਘੜੁ ਸੁੋਜਾਣਾ ॥
(ਜਿਹੜਾ ਮਨੁੱਖ ਰਜ਼ਾ ਨੂੰ ਮੰਨ ਲੈਂਦਾ ਹੈ) ਉਹੀ ਹੈ ਸੋਹਣਾ ਸੁਚੱਜਾ ਸਿਆਣਾ ਭਗਤ।
ਨਾਨਕੁ ਤਿਸ ਕੈ ਸਦ ਕੁਰਬਾਣਾ ॥੪॥੭॥੧੭॥੭॥੨੪॥
(ਅਜਿਹੇ ਮਨੁੱਖ ਤੋਂ) ਨਾਨਕ ਸਦਾ ਸਦਕੇ ਜਾਂਦਾ ਹੈ ॥੪॥੭॥੧੭॥੭॥੨੪॥
ਪ੍ਰਭਾਤੀ ਮਹਲਾ ੪ ॥
ਉਗਵੈ ਸੂਰੁ ਗੁਰਮੁਖਿ ਹਰਿ ਬੋਲਹਿ ਸਭ ਰੈਨਿ ਸਮ੍ਰਾਲਹਿ ਹਰਿ ਗਾਲ ॥
(ਜਦੋਂ) ਸੂਰਜ ਚੜ੍ਹਦਾ ਹੈ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪਰਮਾਤਮਾ ਦਾ ਨਾਮ ਜਪਣ ਲੱਗ ਪੈਂਦੇ ਹਨ, ਸਾਰੀ ਰਾਤ ਭੀ ਉਹ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਹੀ ਕਰਦੇ ਹਨ।
ਹਮਰੈ ਪ੍ਰਭਿ ਹਮ ਲੋਚ ਲਗਾਈ ਹਮ ਕਰਹ ਪ੍ਰਭੂ ਹਰਿ ਭਾਲ ॥੧॥
ਮੇਰੇ ਪ੍ਰਭੂ ਨੇ ਮੇਰੇ ਅੰਦਰ ਭੀ ਇਹ ਲਗਨ ਪੈਦਾ ਕਰ ਦਿੱਤੀ ਹੈ, (ਇਸ ਵਾਸਤੇ) ਮੈਂ ਭੀ ਪ੍ਰਭੂ ਦੀ ਢੂੰਢ ਕਰਦਾ ਰਹਿੰਦਾ ਹਾਂ ॥੧॥
ਮੇਰਾ ਮਨੁ ਸਾਧੂ ਧੂਰਿ ਰਵਾਲ ॥
ਮੇਰਾ ਮਨ ਗੁਰੂ ਦੇ ਚਰਨਾਂ ਦੀ ਧੂੜ ਹੋਇਆ ਰਹਿੰਦਾ ਹੈ।
ਹਰਿ ਹਰਿ ਨਾਮੁ ਦ੍ਰਿੜਾਇਓ ਗੁਰਿ ਮੀਠਾ ਗੁਰ ਪਗ ਝਾਰਹ ਹਮ ਬਾਲ ॥੧॥ ਰਹਾਉ ॥
ਗੁਰੂ ਨੇ ਪਰਮਾਤਮਾ ਦਾ ਮਿੱਠਾ ਨਾਮ ਮੇਰੇ ਹਿਰਦੇ ਵਿਚ ਪੱਕਾ ਕਰ ਦਿੱਤਾ ਹੈ। ਮੈਂ (ਆਪਣੇ) ਕੇਸਾਂ ਨਾਲ ਗੁਰੂ ਦੇ ਚਰਨ ਝਾੜਦਾ ਹਾਂ ॥੧॥ ਰਹਾਉ ॥
ਸਾਕਤ ਕਉ ਦਿਨੁ ਰੈਨਿ ਅੰਧਾਰੀ ਮੋਹਿ ਫਾਥੇ ਮਾਇਆ ਜਾਲ ॥
ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਵਾਸਤੇ (ਸਾਰਾ) ਦਿਨ (ਸਾਰੀ) ਰਾਤ ਘੁੱਪ ਹਨੇਰਾ ਹੁੰਦੀ ਹੈ, (ਕਿਉਂਕਿ ਉਹ) ਮਾਇਆ ਦੇ ਮੋਹ ਵਿਚ, ਮਾਇਆ (ਦੇ ਮੋਹ) ਦੀਆਂ ਫਾਹੀਆਂ ਵਿਚ ਫਸੇ ਰਹਿੰਦੇ ਹਨ।
ਖਿਨੁ ਪਲੁ ਹਰਿ ਪ੍ਰਭੁ ਰਿਦੈ ਨ ਵਸਿਓ ਰਿਨਿ ਬਾਧੇ ਬਹੁ ਬਿਧਿ ਬਾਲ ॥੨॥
ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਇਕ ਖਿਨ ਭਰ ਭੀ ਇਕ ਪਲ ਭਰ ਭੀ ਨਹੀਂ ਵੱਸਦਾ। ਉਹ ਕਈ ਤਰੀਕਿਆਂ ਨਾਲ (ਵਿਕਾਰਾਂ ਦੇ) ਕਰਜ਼ੇ ਵਿਚ ਵਾਲ ਵਾਲ ਬੱਝੇ ਰਹਿੰਦੇ ਹਨ ॥੨॥
ਸਤਸੰਗਤਿ ਮਿਲਿ ਮਤਿ ਬੁਧਿ ਪਾਈ ਹਉ ਛੂਟੇ ਮਮਤਾ ਜਾਲ ॥
ਜਿਨ੍ਹਾਂ ਮਨੁੱਖਾਂ ਨੇ ਸਾਧ ਸੰਗਤ ਵਿਚ ਮਿਲ ਕੇ (ਉੱਚੀ) ਮੱਤ (ਉੱਚੀ) ਅਕਲ ਪ੍ਰਾਪਤ ਕਰ ਲਈ, (ਉਹਨਾਂ ਦੇ ਅੰਦਰੋਂ) ਹਉਮੈ ਮੁੱਕ ਜਾਂਦੀ ਹੈ, ਮਾਇਆ ਦੇ ਮੋਹ ਦੀਆਂ ਫਾਹੀਆਂ ਟੁੱਟ ਜਾਂਦੀਆਂ ਹਨ।
ਹਰਿ ਨਾਮਾ ਹਰਿ ਮੀਠ ਲਗਾਨਾ ਗੁਰਿ ਕੀਏ ਸਬਦਿ ਨਿਹਾਲ ॥੩॥
ਉਹਨਾਂ ਨੂੰ ਪ੍ਰਭੂ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ। ਗੁਰੂ ਨੇ (ਉਹਨਾਂ ਨੂੰ ਆਪਣੇ) ਸ਼ਬਦ ਦੀ ਬਰਕਤਿ ਨਾਲ ਨਿਹਾਲ ਕਰ ਦਿੱਤਾ ਹੁੰਦਾ ਹੈ ॥੩॥
ਹਮ ਬਾਰਿਕ ਗੁਰ ਅਗਮ ਗੁਸਾਈ ਗੁਰ ਕਰਿ ਕਿਰਪਾ ਪ੍ਰਤਿਪਾਲ ॥
ਹੇ ਗੁਰੂ! ਹੇ ਅਪਹੁੰਚ ਮਾਲਕ! ਅਸੀਂ ਜੀਵ ਤੇਰੇ (ਅੰਞਾਣ) ਬੱਚੇ ਹਾਂ। ਹੇ ਗੁਰੂ ਮਿਹਰ ਕਰ, ਸਾਡੀ ਰੱਖਿਆ ਕਰ।
ਬਿਖੁ ਭਉਜਲ ਡੁਬਦੇ ਕਾਢਿ ਲੇਹੁ ਪ੍ਰਭ ਗੁਰ ਨਾਨਕ ਬਾਲ ਗੁਪਾਲ ॥੪॥੨॥
ਹੇ ਨਾਨਕ! ਹੇ ਗੁਰੂ! ਹੇ ਪ੍ਰਭੂ! ਹੇ ਧਰਤੀ ਦੇ ਰਾਖੇ! ਅਸੀਂ ਤੇਰੇ (ਅੰਞਾਣ) ਬੱਚੇ ਹਾਂ, ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਮੋਹ ਦੇ ਸਮੁੰਦਰ ਵਿਚ ਡੁੱਬਦਿਆਂ ਨੂੰ ਸਾਨੂੰ ਬਚਾ ਲੈ ॥੪॥੨॥
ਪ੍ਰਭਾਤੀ ਮਹਲਾ ੪ ॥
ਇਕੁ ਖਿਨੁ ਹਰਿ ਪ੍ਰਭਿ ਕਿਰਪਾ ਧਾਰੀ ਗੁਨ ਗਾਏ ਰਸਕ ਰਸੀਕ ॥
(ਜਿਨ੍ਹਾਂ ਮਨੁੱਖਾਂ ਉਤੇ) ਪ੍ਰਭੂ ਨੇ ਇਕ ਖਿਨ ਭਰ ਭੀ ਮਿਹਰ ਕੀਤੀ, ਉਹਨਾਂ ਨੇ ਨਾਮ-ਰਸ ਦੇ ਰਸੀਏ ਬਣ ਕੇ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ।
ਗਾਵਤ ਸੁਨਤ ਦੋਊ ਭਏ ਮੁਕਤੇ ਜਿਨਾ ਗੁਰਮੁਖਿ ਖਿਨੁ ਹਰਿ ਪੀਕ ॥੧॥
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਖਿਨ ਖਿਨ ਹਰਿ-ਨਾਮ ਰਸ ਪੀਣਾ ਸ਼ੁਰੂ ਕਰ ਦਿੱਤਾ, ਉਹ ਹਰਿ-ਗੁਣ ਗਾਣ ਵਾਲੇ ਅਤੇ ਸੁਣਨ ਵਾਲੇ ਦੋਵੇਂ ਹੀ ਵਿਕਾਰਾਂ ਤੋਂ ਬਚ ਗਏ ॥੧॥
ਮੇਰੈ ਮਨਿ ਹਰਿ ਹਰਿ ਰਾਮ ਨਾਮੁ ਰਸੁ ਟੀਕ ॥
(ਗੁਰੂ ਦੀ ਕਿਰਪਾ ਨਾਲ) ਮੇਰੇ ਮਨ ਵਿਚ ਹਰ ਵੇਲੇ ਪਰਮਾਤਮਾ ਦਾ ਨਾਮ-ਰਸ ਟਿਕਿਆ ਰਹਿੰਦਾ ਹੈ।
ਗੁਰਮੁਖਿ ਨਾਮੁ ਸੀਤਲ ਜਲੁ ਪਾਇਆ ਹਰਿ ਹਰਿ ਨਾਮੁ ਪੀਆ ਰਸੁ ਝੀਕ ॥੧॥ ਰਹਾਉ ॥
(ਜਿਸ ਮਨੁੱਖ ਨੂੰ) ਗੁਰੂ ਦੇ ਸਨਮੁਖ ਹੋ ਕੇ (ਆਤਮਕ) ਠੰਢ ਪਾਣ ਵਾਲਾ ਨਾਮ-ਜਲ ਮਿਲ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦਾ ਨਾਮ-ਰਸ ਡੀਕ ਲਾ ਕੇ ਪੀਂਦਾ ਰਹਿੰਦਾ ਹੈ ॥੧॥ ਰਹਾਉ ॥
ਜਿਨ ਹਰਿ ਹਿਰਦੈ ਪ੍ਰੀਤਿ ਲਗਾਨੀ ਤਿਨਾ ਮਸਤਕਿ ਊਜਲ ਟੀਕ ॥
(ਗੁਰੂ ਨੇ) ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਪੈਦਾ ਕਰ ਦਿੱਤਾ (ਲੋਕ ਪਰਲੋਕ ਵਿਚ) ਉਹਨਾਂ ਦੇ ਮੱਥੇ ਉਤੇ (ਸੋਭਾ ਦਾ) ਰੌਸ਼ਨ ਟਿੱਕਾ ਲੱਗਾ ਰਹਿੰਦਾ ਹੈ।
ਹਰਿ ਜਨ ਸੋਭਾ ਸਭ ਜਗ ਊਪਰਿ ਜਿਉ ਵਿਚਿ ਉਡਵਾ ਸਸਿ ਕੀਕ ॥੨॥
ਪਰਮਾਤਮਾ ਦੇ ਭਗਤਾਂ ਦੀ ਸੋਭਾ ਸਾਰੇ ਜਹਾਨ ਉਤੇ ਖਿਲਰ ਜਾਂਦੀ ਹੈ; ਜਿਵੇਂ (ਆਕਾਸ਼ ਦੇ) ਤਾਰਿਆਂ ਵਿਚ ਚੰਦ੍ਰਮਾ (ਸੋਹਣਾ) ਬਣਾਇਆ ਹੋਇਆ ਹੈ ॥੨॥
ਜਿਨ ਹਰਿ ਹਿਰਦੈ ਨਾਮੁ ਨ ਵਸਿਓ ਤਿਨ ਸਭਿ ਕਾਰਜ ਫੀਕ ॥
ਪਰ, ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਉਹਨਾਂ ਦੇ (ਦੁਨੀਆ ਵਾਲੇ) ਸਾਰੇ ਹੀ ਕੰਮ ਫਿੱਕੇ ਹੁੰਦੇ ਹਨ (ਉਹਨਾਂ ਦੇ ਜੀਵਨ ਨੂੰ ਰੁੱਖਾ ਬਣਾਈ ਰੱਖਦੇ ਹਨ),
ਜੈਸੇ ਸੀਗਾਰੁ ਕਰੈ ਦੇਹ ਮਾਨੁਖ ਨਾਮ ਬਿਨਾ ਨਕਟੇ ਨਕ ਕੀਕ ॥੩॥
ਜਿਵੇਂ (ਕੋਈ ਨਕ-ਵੱਢਾ ਮਨੁੱਖ ਆਪਣੇ) ਮਨੁੱਖਾ ਸਰੀਰ ਦੀ ਸਜਾਵਟ ਕਰਦਾ ਹੈ, ਪਰ ਨੱਕ ਤੋਂ ਬਿਨਾ (‘ਬਿਨਾ ਨਕ’) ਉਹ ਸਜਾਵਟ ਕਿਸ ਅਰਥ? ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਨਕ-ਵੱਢੇ ਹੀ ਹਨ ॥੩॥
ਘਟਿ ਘਟਿ ਰਮਈਆ ਰਮਤ ਰਾਮ ਰਾਇ ਸਭ ਵਰਤੈ ਸਭ ਮਹਿ ਈਕ ॥
(ਉਂਞ ਤਾਂ) ਸੋਹਣਾ ਰਾਮ ਪ੍ਰਭੂ ਪਾਤਿਸ਼ਾਹ ਹਰੇਕ ਸਰੀਰ ਵਿਚ ਵਿਆਪਕ ਹੈ, ਸਾਰੀ ਸ੍ਰਿਸ਼ਟੀ ਵਿਚ ਸਾਰੇ ਜੀਵਾਂ ਵਿਚ ਉਹ ਆਪ ਹੀ ਮੌਜੂਦ ਹੈ,
ਜਨ ਨਾਨਕ ਕਉ ਹਰਿ ਕਿਰਪਾ ਧਾਰੀ ਗੁਰ ਬਚਨ ਧਿਆਇਓ ਘਰੀ ਮੀਕ ॥੪॥੩॥
(ਪਰ) ਹੇ ਨਾਨਕ! ਜਿਨ੍ਹਾਂ ਸੇਵਕਾਂ ਉਤੇ ਉਸ ਨੇ ਮਿਹਰ ਕੀਤੀ, ਉਹ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਘੜੀ ਘੜੀ (ਹਰ ਵੇਲੇ) ਉਸ ਦਾ ਨਾਮ ਸਿਮਰਨ ਲੱਗ ਪਏ ॥੪॥੩॥
ਪ੍ਰਭਾਤੀ ਮਹਲਾ ੪ ॥
ਅਗਮ ਦਇਆਲ ਕ੍ਰਿਪਾ ਪ੍ਰਭਿ ਧਾਰੀ ਮੁਖਿ ਹਰਿ ਹਰਿ ਨਾਮੁ ਹਮ ਕਹੇ ॥
ਅਪਹੁੰਚ ਅਤੇ ਦਇਆ ਦੇ ਸੋਮੇ ਪ੍ਰਭੂ ਨੇ (ਜਦੋਂ ਅਸਾਂ ਜੀਵਾਂ ਉੱਤੇ) ਮਿਹਰ ਕੀਤੀ, ਤਾਂ ਅਸਾਂ ਮੂੰਹ ਨਾਲ ਉਸ ਦਾ ਨਾਮ ਜਪਿਆ।
ਪਤਿਤ ਪਾਵਨ ਹਰਿ ਨਾਮੁ ਧਿਆਇਓ ਸਭਿ ਕਿਲਬਿਖ ਪਾਪ ਲਹੇ ॥੧॥
ਜਿਨ੍ਹਾਂ ਮਨੁੱਖਾਂ ਨੇ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਪਰਮਾਤਮਾ ਦਾ ਨਾਮ ਸਿਮਰਿਆ, ਉਹਨਾਂ ਦੇ ਸਾਰੇ ਹੀ ਪਾਪ ਦੂਰ ਹੋ ਗਏ ॥੧॥
ਜਪਿ ਮਨ ਰਾਮ ਨਾਮੁ ਰਵਿ ਰਹੇ ॥
ਹੇ (ਮੇਰੇ) ਮਨ! ਜਿਹੜਾ ਪਰਮਾਤਮਾ ਸਭ ਵਿਚ ਵਿਆਪਕ ਹੈ ਉਸ ਦਾ ਨਾਮ ਜਪਿਆ ਕਰ।
ਦੀਨ ਦਇਆਲੁ ਦੁਖ ਭੰਜਨੁ ਗਾਇਓ ਗੁਰਮਤਿ ਨਾਮੁ ਪਦਾਰਥੁ ਲਹੇ ॥੧॥ ਰਹਾਉ ॥
ਜਿਸ ਮਨੁੱਖ ਨੇ ਦੀਨਾਂ ਉਤੇ ਦਇਆ ਕਰਨ ਵਾਲੇ ਦੁੱਖਾਂ ਦਾ ਨਾਸ ਕਰਨ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ, ਗੁਰੂ ਦੀ ਮੱਤ ਦੀ ਰਾਹੀਂ ਉਸ ਨੇ ਬਹੁ-ਮੁੱਲਾ ਹਰਿ-ਨਾਮ ਲੱਭ ਲਿਆ ॥੧॥ ਰਹਾਉ ॥
ਕਾਇਆ ਨਗਰਿ ਨਗਰਿ ਹਰਿ ਬਸਿਓ ਮਤਿ ਗੁਰਮਤਿ ਹਰਿ ਹਰਿ ਸਹੇ ॥
(ਉਂਞ ਤਾਂ) ਹਰੇਕ ਸਰੀਰ-ਸ਼ਹਰ ਵਿਚ ਪਰਮਾਤਮਾ ਵੱਸਦਾ ਹੈ, ਪਰ ਗੁਰੂ ਦੀ ਮੱਤ ਦੀ ਬਰਕਤਿ ਨਾਲ ਹੀ ਇਹ ਨਿਸ਼ਚਾ ਬਣਦਾ ਹੈ।
ਸਰੀਰਿ ਸਰੋਵਰਿ ਨਾਮੁ ਹਰਿ ਪ੍ਰਗਟਿਓ ਘਰਿ ਮੰਦਰਿ ਹਰਿ ਪ੍ਰਭੁ ਲਹੇ ॥੨॥
ਜਿਸ ਸਰੀਰ-ਸਰੋਵਰ ਵਿਚ ਪਰਮਾਤਮਾ ਦਾ ਨਾਮ ਪਰਗਟ ਹੁੰਦਾ ਹੈ, ਉਸ ਹਿਰਦੇ-ਘਰ ਵਿਚ ਉਸ ਹਿਰਦੇ-ਮੰਦਰ ਵਿਚ ਪਰਮਾਤਮਾ ਲੱਭ ਪੈਂਦਾ ਹੈ ॥੨॥
ਜੋ ਨਰ ਭਰਮਿ ਭਰਮਿ ਉਦਿਆਨੇ ਤੇ ਸਾਕਤ ਮੂੜ ਮੁਹੇ ॥
ਪਰ, ਜਿਹੜੇ ਮਨੁੱਖ (ਮਾਇਆ ਦੀ ਖ਼ਾਤਰ ਹੀ ਇਸ ਸੰਸਾਰ) ਜੰਗਲ ਵਿਚ ਭਟਕ ਕੇ (ਉਮਰ ਗੁਜ਼ਾਰਦੇ ਹਨ) ਉਹ ਮਨੁੱਖ ਪਰਮਾਤਮਾ ਨਾਲੋਂ ਟੁੱਟੇ ਰਹਿੰਦੇ ਹਨ, (ਉਹ ਆਪਣਾ ਆਤਮਕ ਜੀਵਨ) ਲੁਟਾ ਬੈਠਦੇ ਹਨ;
ਜਿਉ ਮ੍ਰਿਗ ਨਾਭਿ ਬਸੈ ਬਾਸੁ ਬਸਨਾ ਭ੍ਰਮਿ ਭ੍ਰਮਿਓ ਝਾਰ ਗਹੇ ॥੩॥
ਜਿਵੇਂ ਕਸਤੂਰੀ ਦੀ ਸੁਗੰਧੀ (ਤਾਂ) ਹਿਰਨ ਦੀ ਧੁੰਨੀ ਵਿਚ ਵੱਸਦੀ ਹੈ, ਪਰ ਉਹ (ਬਾਹਰ ਭਟਕ ਭਟਕ ਕੇ ਝਾੜੀਆਂ ਸੁੰਘਦਾ ਫਿਰਦਾ ਹੈ ॥੩॥
ਤੁਮ ਵਡ ਅਗਮ ਅਗਾਧਿ ਬੋਧਿ ਪ੍ਰਭ ਮਤਿ ਦੇਵਹੁ ਹਰਿ ਪ੍ਰਭ ਲਹੇ ॥
ਹੇ ਹਰੀ! ਹੇ ਪ੍ਰਭੂ! ਤੂੰ ਬਹੁਤ ਅਪਹੁੰਚ ਹੈਂ, ਤੂੰ ਜੀਵਾਂ ਦੀ ਸਮਝ ਤੋਂ ਪਰੇ ਹੈਂ। ਜੇ ਤੂੰ ਆਪ ਹੀ ਅਕਲ ਬਖ਼ਸ਼ੇਂ, ਤਾਂ ਹੀ ਤੈਨੂੰ ਜੀਵ ਮਿਲ ਸਕਦੇ ਹਨ।
ਜਨ ਨਾਨਕ ਕਉ ਗੁਰਿ ਹਾਥੁ ਸਿਰਿ ਧਰਿਓ ਹਰਿ ਰਾਮ ਨਾਮਿ ਰਵਿ ਰਹੇ ॥੪॥੪॥
ਹੇ ਨਾਨਕ! ਜਿਸ ਸੇਵਕ ਦੇ ਸਿਰ ਉੱਤੇ ਗੁਰੂ ਨੇ (ਆਪਣਾ ਮਿਹਰ-ਭਰਿਆ) ਹੱਥ ਰੱਖਿਆ ਉਹ ਮਨੁੱਖ ਸਦਾ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੪॥੪॥
ਪ੍ਰਭਾਤੀ ਮਹਲਾ ੪ ॥
ਮਨਿ ਲਾਗੀ ਪ੍ਰੀਤਿ ਰਾਮ ਨਾਮ ਹਰਿ ਹਰਿ ਜਪਿਓ ਹਰਿ ਪ੍ਰਭੁ ਵਡਫਾ ॥
ਉਸ ਮਨੁੱਖ ਦੇ ਮਨ ਵਿਚ ਪਰਮਾਤਮਾ ਦੇ ਨਾਮ ਦੀ ਪ੍ਰੀਤ ਪੈਦਾ ਹੋ ਗਈ, ਉਸ ਨੇ ਸਭ ਤੋਂ ਵੱਡੇ ਹਰੀ-ਪ੍ਰਭੂ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ,
ਸਤਿਗੁਰ ਬਚਨ ਸੁਖਾਨੇ ਹੀਅਰੈ ਹਰਿ ਧਾਰੀ ਹਰਿ ਪ੍ਰਭ ਕ੍ਰਿਪਫਾ ॥੧॥
ਜਿਸ ਉਤੇ ਹਰੀ-ਪ੍ਰਭੂ ਨੇ ਮਿਹਰ ਕੀਤੀ। ਉਸ ਦੇ ਹਿਰਦੇ ਵਿਚ ਗੁਰੂ ਦੇ ਬਚਨ ਪਿਆਰੇ ਲੱਗਣ ਲੱਗ ਪਏ ॥੧॥
ਮੇਰੇ ਮਨ ਭਜੁ ਰਾਮ ਨਾਮ ਹਰਿ ਨਿਮਖਫਾ ॥
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਹਰ ਨਿਮਖ (ਹਰ ਵੇਲੇ) ਜਪਿਆ ਕਰ।
ਹਰਿ ਹਰਿ ਦਾਨੁ ਦੀਓ ਗੁਰਿ ਪੂਰੈ ਹਰਿ ਨਾਮਾ ਮਨਿ ਤਨਿ ਬਸਫਾ ॥੧॥ ਰਹਾਉ ॥
ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ ਜਪਣ ਦੀ ਦਾਤ ਦੇ ਦਿੱਤੀ, ਉਸ ਦੇ ਮਨ ਵਿਚ ਉਸਦੇ ਹਿਰਦੇ ਵਿਚ ਹਰਿ-ਨਾਮ ਵੱਸ ਪਿਆ ॥੧॥ ਰਹਾਉ ॥
ਕਾਇਆ ਨਗਰਿ ਵਸਿਓ ਘਰਿ ਮੰਦਰਿ ਜਪਿ ਸੋਭਾ ਗੁਰਮੁਖਿ ਕਰਪਫਾ ॥
(ਉਂਞ ਤਾਂ) ਹਰੇਕ ਸਰੀਰ-ਨਗਰ ਵਿਚ, ਸਰੀਰ-ਘਰ ਵਿਚ, ਸਰੀਰ-ਮੰਦਰ ਵਿਚ ਪਰਮਾਤਮਾ ਵੱਸਦਾ ਹੈ, ਪਰ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਹੀ ਉਸ ਦਾ ਨਾਮ) ਜਪ ਕੇ ਉਸ ਦੀ ਸਿਫ਼ਤ-ਸਾਲਾਹ ਕਰਦੇ ਹਨ।
ਹਲਤਿ ਪਲਤਿ ਜਨ ਭਏ ਸੁਹੇਲੇ ਮੁਖ ਊਜਲ ਗੁਰਮੁਖਿ ਤਰਫਾ ॥੨॥
ਪ੍ਰਭੂ ਦੇ ਸੇਵਕ ਇਸ ਲੋਕ ਵਿਚ ਪਰਲੋਕ ਵਿਚ (ਨਾਮ ਦੀ ਬਰਕਤਿ ਨਾਲ) ਸੁਖੀ ਰਹਿੰਦੇ ਹਨ, ਉਹਨਾਂ ਦੇ ਮੁਖ (ਲੋਕ ਪਰਲੋਕ ਵਿਚ) ਰੌਸ਼ਨ ਰਹਿੰਦੇ ਹਨ, ਉਹ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੨॥
ਅਨਭਉ ਹਰਿ ਹਰਿ ਹਰਿ ਲਿਵ ਲਾਗੀ ਹਰਿ ਉਰ ਧਾਰਿਓ ਗੁਰਿ ਨਿਮਖਫਾ ॥
ਪਰਮਾਤਮਾ ਉਤੇ ਕੋਈ ਡਰ-ਭਉ ਪ੍ਰਭਾਵ ਨਹੀਂ ਪਾ ਸਕਦਾ। ਗੁਰੂ ਦੀ ਰਾਹੀਂ ਜਿਸ ਮਨੁੱਖ ਨੇ ਉਸ ਪਰਮਾਤਮਾ ਵਿਚ ਸੁਰਤ ਜੋੜੀ, ਉਸ ਪਰਮਾਤਮਾ ਨੂੰ ਇਕ ਨਿਮਖ ਵਾਸਤੇ ਭੀ ਹਿਰਦੇ ਵਿਚ ਵਸਾਇਆ,
ਕੋਟਿ ਕੋਟਿ ਕੇ ਦੋਖ ਸਭ ਜਨ ਕੇ ਹਰਿ ਦੂਰਿ ਕੀਏ ਇਕ ਪਲਫਾ ॥੩॥
ਪਰਮਾਤਮਾ ਨੇ ਉਸ ਸੇਵਕ ਦੇ ਕ੍ਰੋੜਾਂ ਜਨਮਾਂ ਦੇ ਸਾਰੇ ਪਾਪ ਇਕ ਪਲ ਵਿਚ ਦੂਰ ਕਰ ਦਿੱਤੇ ॥੩॥
ਤੁਮਰੇ ਜਨ ਤੁਮ ਹੀ ਤੇ ਜਾਨੇ ਪ੍ਰਭ ਜਾਨਿਓ ਜਨ ਤੇ ਮੁਖਫਾ ॥
ਹੇ ਪ੍ਰਭੂ! ਤੇਰੇ ਭਗਤ ਤੇਰੀ ਹੀ ਮਿਹਰ ਨਾਲ (ਜਗਤ ਵਿਚ) ਪਰਗਟ ਹੁੰਦੇ ਹਨ। ਹੇ ਪ੍ਰਭੂ! ਜਿਨ੍ਹਾਂ ਨੇ ਤੇਰੇ ਨਾਲ ਸਾਂਝ ਪਾਈ, ਉਹ ਸੇਵਕ ਇੱਜ਼ਤ ਵਾਲੇ ਹੋ ਜਾਂਦੇ ਹਨ।
ਹਰਿ ਹਰਿ ਆਪੁ ਧਰਿਓ ਹਰਿ ਜਨ ਮਹਿ ਜਨ ਨਾਨਕੁ ਹਰਿ ਪ੍ਰਭੁ ਇਕਫਾ ॥੪॥੫॥
ਪਰਮਾਤਮਾ ਨੇ ਆਪਣਾ ਆਪ ਆਪਣੇ ਭਗਤਾਂ ਦੇ ਅੰਦਰ ਰੱਖਿਆ ਹੁੰਦਾ ਹੈ। (ਤਾਹੀਏਂ, ਪਰਮਾਤਮਾ ਦਾ) ਸੇਵਕ (ਗੁਰੂ) ਨਾਨਕ ਅਤੇ ਹਰੀ-ਪ੍ਰਭੂ ਇੱਕ-ਰੂਪ ਹੈ ॥੪॥੫॥
ਪ੍ਰਭਾਤੀ ਮਹਲਾ ੪ ॥
ਗੁਰ ਸਤਿਗੁਰਿ ਨਾਮੁ ਦ੍ਰਿੜਾਇਓ ਹਰਿ ਹਰਿ ਹਮ ਮੁਏ ਜੀਵੇ ਹਰਿ ਜਪਿਭਾ ॥
ਅਸੀਂ ਜੀਵ ਆਤਮਕ ਮੌਤੇ ਮਰੇ ਰਹਿੰਦੇ ਹਾਂ। ਸਤਿਗੁਰੂ ਨੇ ਜਦੋਂ ਸਾਡੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ ਤਾਂ ਹਰਿ-ਨਾਮ ਜਪ ਕੇ ਅਸੀਂ ਆਤਮਕ ਜੀਵਨ ਹਾਸਲ ਕਰ ਲੈਂਦੇ ਹਾਂ।
ਧਨੁ ਧੰਨੁ ਗੁਰੂ ਗੁਰੁ ਸਤਿਗੁਰੁ ਪੂਰਾ ਬਿਖੁ ਡੁਬਦੇ ਬਾਹ ਦੇਇ ਕਢਿਭਾ ॥੧॥
ਪੂਰਾ ਗੁਰੂ ਧੰਨ ਹੈ, ਗੁਰੂ ਸਲਾਹੁਣ-ਜੋਗ ਹੈ। (ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਮੋਹ ਦੇ) ਵਿਹੁਲੇ ਸਮੁੰਦਰ ਵਿਚ ਡੁੱਬਦਿਆਂ ਨੂੰ ਗੁਰੂ (ਆਪਣੀ) ਬਾਂਹ ਫੜਾ ਕੇ ਕੱਢ ਲੈਂਦਾ ਹੈ ॥੧॥
ਜਪਿ ਮਨ ਰਾਮ ਨਾਮੁ ਅਰਧਾਂਭਾ ॥
ਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਜਪਿਆ ਕਰ; (ਇਹ ਨਾਮ) ਜਪਣ-ਜੋਗ ਹੈ।
ਉਪਜੰਪਿ ਉਪਾਇ ਨ ਪਾਈਐ ਕਤਹੂ ਗੁਰਿ ਪੂਰੈ ਹਰਿ ਪ੍ਰਭੁ ਲਾਭਾ ॥੧॥ ਰਹਾਉ ॥
ਕੰਨਾਂ ਵਿਚ ਜੋਈ ਗੁਪਤ ਮੰਤ੍ਰ ਦੇਣ ਆਦਿਕ ਦੇ ਢੰਗ ਨਾਲ ਕਦੇ ਭੀ ਪਰਮਾਤਮਾ ਨਹੀਂ ਮਿਲਦਾ। ਪੂਰੇ ਗੁਰੂ ਦੀ ਰਾਹੀਂ (ਨਾਮ ਜਪ ਕੇ ਹੀ) ਪਰਮਾਤਮਾ ਲੱਭਦਾ ਹੈ ॥੧॥ ਰਹਾਉ ॥
ਰਾਮ ਨਾਮੁ ਰਸੁ ਰਾਮ ਰਸਾਇਣੁ ਰਸੁ ਪੀਆ ਗੁਰਮਤਿ ਰਸਭਾ ॥
ਪਰਮਾਤਮਾ ਦਾ ਨਾਮ-ਰਸ (ਦੁਨੀਆ ਦੇ ਹੋਰ ਸਾਰੇ) ਰਸਾਂ ਦਾ ਘਰ ਹੈ (ਸਭ ਰਸਾਂ ਤੋਂ ਸ੍ਰੇਸ਼ਟ ਹੈ, ਪਰ) ਇਹ ਨਾਮ-ਰਸ ਗੁਰਮੱਤ ਦੇ ਰਸ ਦੀ ਰਾਹੀਂ ਪੀਤਾ ਜਾ ਸਕਦਾ ਹੈ।
ਲੋਹ ਮਨੂਰ ਕੰਚਨੁ ਮਿਲਿ ਸੰਗਤਿ ਹਰਿ ਉਰ ਧਾਰਿਓ ਗੁਰਿ ਹਰਿਭਾ ॥੨॥
ਸੜਿਆ ਹੋਇਆ ਲੋਹਾ (ਪਾਰਸ ਨੂੰ ਮਿਲ ਕੇ) ਸੋਨਾ (ਹੋ ਜਾਂਦਾ ਹੈ, ਤਿਵੇਂ) ਸੰਗਤ ਵਿਚ ਮਿਲ ਕੇ (ਮਨੁੱਖ) ਪਰਮਾਤਮਾ ਦਾ ਨਾਮ-ਰਸ (ਆਪਣੇ) ਹਿਰਦੇ ਵਿਚ ਵਸਾ ਲੈਂਦਾ ਹੈ, ਗੁਰੂ ਦੀ ਰਾਹੀਂ ਰੱਬੀ ਜੋਤਿ ਉਸ ਦੇ ਅੰਦਰ ਪਰਗਟ ਹੋ ਜਾਂਦੀ ਹੈ ॥੨॥
ਹਉਮੈ ਬਿਖਿਆ ਨਿਤ ਲੋਭਿ ਲੁਭਾਨੇ ਪੁਤ ਕਲਤ ਮੋਹਿ ਲੁਭਿਭਾ ॥
ਜਿਹੜੇ ਮਨੁੱਖ ਹਉਮੈ ਵਿਚ ਗ੍ਰਸੇ ਰਹਿੰਦੇ ਹਨ, ਮਾਇਆ ਦੇ ਲੋਭ ਵਿਚ ਸਦਾ ਫਸੇ ਰਹਿੰਦੇ ਹਨ, ਪੁੱਤਰ ਇਸਤ੍ਰੀ ਦੇ ਮੋਹ ਵਿਚ ਘਿਰੇ ਰਹਿੰਦੇ ਹਨ,
ਤਿਨ ਪਗ ਸੰਤ ਨ ਸੇਵੇ ਕਬਹੂ ਤੇ ਮਨਮੁਖ ਭੂੰਭਰ ਭਰਭਾ ॥੩॥
ਉਹਨਾਂ ਨੇ ਕਦੇ ਸੰਤ-ਜਨਾਂ ਦੇ ਚਰਨ ਨਹੀਂ ਛੁਹੇ ਹੁੰਦੇ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹਨਾਂ ਮਨੁੱਖਾਂ ਦੇ ਅੰਦਰ (ਤ੍ਰਿਸ਼ਨਾ ਦੀ) ਭੁੱਬਲ ਧੁੱਖਦੀ ਰਹਿੰਦੀ ਹੈ ॥੩॥
ਤੁਮਰੇ ਗੁਨ ਤੁਮ ਹੀ ਪ੍ਰਭ ਜਾਨਹੁ ਹਮ ਪਰੇ ਹਾਰਿ ਤੁਮ ਸਰਨਭਾ ॥
ਹੇ ਪ੍ਰਭੂ! ਆਪਣੇ ਗੁਣ ਤੂੰ ਆਪ ਹੀ ਜਾਣਦਾ ਹੈਂ। ਅਸੀਂ ਜੀਵ (ਹੋਰ ਸਭ ਪਾਸਿਆਂ ਵਲੋਂ) ਹਾਰ ਕੇ ਤੇਰੀ ਹੀ ਸਰਨ ਆ ਪੈਂਦੇ ਹਾਂ।
ਜਿਉ ਜਾਨਹੁ ਤਿਉ ਰਾਖਹੁ ਸੁਆਮੀ ਜਨ ਨਾਨਕੁ ਦਾਸੁ ਤੁਮਨਭਾ ॥੪॥੬॥ ਛਕਾ ੧ ॥
ਹੇ ਸੁਆਮੀ! ਜਿਵੇਂ ਹੋ ਸਕੇ, ਮੇਰੀ ਰੱਖਿਆ ਕਰ (ਮੈਂ) ਨਾਨਕ ਤੇਰਾ ਹੀ ਦਾਸ ਹਾਂ ॥੪॥੬॥ ਛਕਾ ੧ ॥
ਪ੍ਰਭਾਤੀ ਮਹਲਾ ੫ ॥
ਪ੍ਰਭ ਕੀ ਸੇਵਾ ਜਨ ਕੀ ਸੋਭਾ ॥
ਪਰਮਾਤਮਾ ਦੀ ਭਗਤੀ ਨਾਲ ਪਰਮਾਤਮਾ ਦੇ ਭਗਤ ਦੀ ਵਡਿਆਈ (ਲੋਕ ਪਰਲੋਕ ਵਿਚ) ਹੁੰਦੀ ਹੈ,
ਕਾਮ ਕ੍ਰੋਧ ਮਿਟੇ ਤਿਸੁ ਲੋਭਾ ॥
ਉਸ ਦੇ ਅੰਦਰੋਂ ਕਾਮ ਕ੍ਰੋਧ ਲੋਭ (ਆਦਿਕ ਵਿਕਾਰ) ਮਿਟ ਜਾਂਦੇ ਹਨ।
ਨਾਮੁ ਤੇਰਾ ਜਨ ਕੈ ਭੰਡਾਰਿ ॥
ਹੇ ਪ੍ਰਭੂ! ਤੇਰਾ ਨਾਮ-ਧਨ ਤੇਰੇ ਭਗਤਾਂ ਦੇ ਖ਼ਜ਼ਾਨੇ ਵਿਚ (ਭਰਪੂਰ ਰਹਿੰਦਾ ਹੈ)।
ਗੁਨ ਗਾਵਹਿ ਪ੍ਰਭ ਦਰਸ ਪਿਆਰਿ ॥੧॥
ਹੇ ਪ੍ਰਭੂ! ਤੇਰੇ ਭਗਤ ਤੇਰੇ ਦੀਦਾਰ ਦੀ ਤਾਂਘ ਵਿਚ ਤੇਰੇ ਗੁਣ ਗਾਂਦੇ ਰਹਿੰਦੇ ਹਨ ॥੧॥
ਤੁਮਰੀ ਭਗਤਿ ਪ੍ਰਭ ਤੁਮਹਿ ਜਨਾਈ ॥
ਹੇ ਪ੍ਰਭੂ! ਆਪਣੀ ਭਗਤੀ (ਆਪਣੇ ਸੇਵਕਾਂ ਨੂੰ) ਤੂੰ ਆਪ ਹੀ ਸਮਝਾਈ ਹੈ,
ਕਾਟਿ ਜੇਵਰੀ ਜਨ ਲੀਏ ਛਡਾਈ ॥੧॥ ਰਹਾਉ ॥
(ਉਹਨਾਂ ਦੀ ਮੋਹ ਦੀ) ਫਾਹੀ ਕੱਟ ਕੇ ਆਪਣੇ ਸੇਵਕਾਂ ਨੂੰ ਤੂੰ ਆਪ ਹੀ (ਮਾਇਆ ਦੇ ਮੋਹ ਤੋਂ) ਬਚਾਇਆ ਹੈ ॥੧॥ ਰਹਾਉ ॥
ਜੋ ਜਨੁ ਰਾਤਾ ਪ੍ਰਭ ਕੈ ਰੰਗਿ ॥
ਜਿਹੜਾ ਜਿਹੜਾ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਗਿਆ,
ਤਿਨਿ ਸੁਖੁ ਪਾਇਆ ਪ੍ਰਭ ਕੈ ਸੰਗਿ ॥
ਉਹਨਾਂ ਨੇ ਪਰਮਾਤਮਾ ਦੇ (ਚਰਨਾਂ) ਨਾਲ (ਲੱਗ ਕੇ) ਆਤਮਕ ਆਨੰਦ ਪ੍ਰਾਪਤ ਕੀਤਾ।
ਜਿਸੁ ਰਸੁ ਆਇਆ ਸੋਈ ਜਾਨੈ ॥
(ਪਰ ਉਸ ਆਨੰਦ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ) ਜਿਸ ਮਨੁੱਖ ਨੂੰ ਉਹ ਆਨੰਦ ਆਉਂਦਾ ਹੈ, ਉਹੀ ਉਸ ਨੂੰ ਜਾਣਦਾ ਹੈ।
ਪੇਖਿ ਪੇਖਿ ਮਨ ਮਹਿ ਹੈਰਾਨੈ ॥੨॥
ਉਹ ਮਨੁੱਖ (ਪਰਮਾਤਮਾ ਦਾ) ਦਰਸਨ ਕਰ ਕਰ ਕੇ (ਆਪਣੇ) ਮਨ ਵਿਚ ਵਾਹ ਵਾਹ ਕਰ ਉੱਠਦਾ ਹੈ ॥੨॥
ਸੋ ਸੁਖੀਆ ਸਭ ਤੇ ਊਤਮੁ ਸੋਇ ॥
ਉਹ ਮਨੁੱਖ ਸੁਖੀ ਹੋ ਜਾਂਦਾ ਹੈ, ਉਹ ਹੋਰ ਸਭਨਾਂ ਨਾਲੋਂ ਸ੍ਰੇਸ਼ਟ ਜੀਵਨ ਵਾਲਾ ਹੋ ਜਾਂਦਾ ਹੈ,
ਜਾ ਕੈ ਹ੍ਰਿਦੈ ਵਸਿਆ ਪ੍ਰਭੁ ਸੋਇ ॥
ਜਿਸ (ਮਨੁੱਖ) ਦੇ ਹਿਰਦੇ ਵਿਚ ਉਹ ਪਰਮਾਤਮਾ ਆ ਵੱਸਦਾ ਹੈ।
ਸੋਈ ਨਿਹਚਲੁ ਆਵੈ ਨ ਜਾਇ ॥
ਉਹ ਮਨੁੱਖ ਸਦਾ ਅਡੋਲ ਚਿੱਤ ਰਹਿੰਦਾ ਹੈ, ਉਹ ਕਦੇ ਭਟਕਦਾ ਨਹੀਂ ਫਿਰਦਾ,
ਅਨਦਿਨੁ ਪ੍ਰਭ ਕੇ ਹਰਿ ਗੁਣ ਗਾਇ ॥੩॥
ਉਹ ਮਨੁੱਖ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੩॥
ਤਾ ਕਉ ਕਰਹੁ ਸਗਲ ਨਮਸਕਾਰੁ ॥
ਹੇ ਭਾਈ! ਉਸ ਮਨੁੱਖ ਦੇ ਅੱਗੇ ਸਾਰੇ ਆਪਣਾ ਸਿਰ ਨਿਵਾਇਆ ਕਰੋ,
ਜਾ ਕੈ ਮਨਿ ਪੂਰਨੁ ਨਿਰੰਕਾਰੁ ॥
ਜਿਸ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ।
ਕਰਿ ਕਿਰਪਾ ਮੋਹਿ ਠਾਕੁਰ ਦੇਵਾ ॥
ਹੇ ਠਾਕੁਰ ਪ੍ਰਭੂ! ਹੇ ਪ੍ਰਕਾਸ਼-ਰੂਪ ਪ੍ਰਭੂ! ਮੇਰੇ ਉਤੇ ਮਿਹਰ ਕਰ,
ਨਾਨਕੁ ਉਧਰੈ ਜਨ ਕੀ ਸੇਵਾ ॥੪॥੨॥
(ਤੇਰਾ ਸੇਵਕ) ਨਾਨਕ ਤੇਰੇ ਭਗਤ ਦੀ ਸਰਨ ਵਿਚ ਰਹਿ ਕੇ (ਵਿਕਾਰਾਂ ਤੋਂ) ਬਚਿਆ ਰਹੇ ॥੪॥੨॥
ਪ੍ਰਭਾਤੀ ਮਹਲਾ ੫ ॥
ਗੁਨ ਗਾਵਤ ਮਨਿ ਹੋਇ ਅਨੰਦ ॥
ਪਰਮਾਤਮਾ ਦੇ ਗੁਣ ਗਾਂਦਿਆਂ ਮਨ ਵਿਚ ਆਨੰਦ ਪੈਦਾ ਹੁੰਦਾ ਹੈ,
ਆਠ ਪਹਰ ਸਿਮਰਉ ਭਗਵੰਤ ॥
(ਤਾਹੀਏਂ) ਮੈਂ ਅੱਠੇ ਪਹਰ ਭਗਵਾਨ (ਦਾ ਨਾਮ) ਸਿਮਰਦਾ ਹਾਂ।
ਜਾ ਕੈ ਸਿਮਰਨਿ ਕਲਮਲ ਜਾਹਿ ॥
ਜਿਸ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਸਿਮਰਨ ਦੀ ਰਾਹੀਂ (ਸਾਰੇ) ਪਾਪ ਦੂਰ ਹੋ ਜਾਂਦੇ ਹਨ,
ਤਿਸੁ ਗੁਰ ਕੀ ਹਮ ਚਰਨੀ ਪਾਹਿ ॥੧॥
ਮੈਂ ਉਸ ਗੁਰੂ ਦੀ (ਸਦਾ) ਚਰਨੀਂ ਲੱਗਾ ਰਹਿੰਦਾ ਹਾਂ ॥੧॥
ਸੁਮਤਿ ਦੇਵਹੁ ਸੰਤ ਪਿਆਰੇ ॥
ਹੇ ਪਿਆਰੇ ਸਤਿਗੁਰੂ! (ਮੈਨੂੰ) ਚੰਗੀ ਅਕਲ ਬਖ਼ਸ਼,
ਸਿਮਰਉ ਨਾਮੁ ਮੋਹਿ ਨਿਸਤਾਰੇ ॥੧॥ ਰਹਾਉ ॥
(ਜਿਸ ਦੀ ਰਾਹੀਂ) ਮੈਂ ਪਰਮਾਤਮਾ ਦਾ ਨਾਮ ਸਿਮਰਦਾ ਰਹਾਂ (ਜਿਹੜਾ ਨਾਮ) ਮੈਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਏ ॥੧॥ ਰਹਾਉ ॥
ਜਿਨਿ ਗੁਰਿ ਕਹਿਆ ਮਾਰਗੁ ਸੀਧਾ ॥
ਜਿਸ ਗੁਰੂ ਨੇ (ਆਤਮਕ ਜੀਵਨ ਦਾ) ਸਿੱਧਾ ਰਸਤਾ ਦੱਸਿਆ ਹੈ,
ਸਗਲ ਤਿਆਗਿ ਨਾਮਿ ਹਰਿ ਗੀਧਾ ॥
(ਜਿਸ ਦੀ ਬਰਕਤਿ ਨਾਲ ਮਨੁੱਖ) ਹੋਰ ਸਾਰੇ (ਮੋਹ) ਛੱਡ ਕੇ ਪਰਮਾਤਮਾ ਦੇ ਨਾਮ ਵਿਚ ਪਰਚਿਆ ਰਹਿੰਦਾ ਹੈ,
ਤਿਸੁ ਗੁਰ ਕੈ ਸਦਾ ਬਲਿ ਜਾਈਐ ॥
ਉਸ ਗੁਰੂ ਤੋਂ ਸਦਾ ਕੁਰਬਾਨ ਜਾਣਾ ਚਾਹੀਦਾ ਹੈ,
ਹਰਿ ਸਿਮਰਨੁ ਜਿਸੁ ਗੁਰ ਤੇ ਪਾਈਐ ॥੨॥
ਜਿਸ ਗੁਰੂ ਪਾਸੋਂ ਪਰਮਾਤਮਾ ਦਾ ਨਾਮ ਸਿਮਰਨ (ਦੀ ਦਾਤਿ) ਮਿਲਦੀ ਹੈ ॥੨॥
ਬੂਡਤ ਪ੍ਰਾਨੀ ਜਿਨਿ ਗੁਰਹਿ ਤਰਾਇਆ ॥
ਜਿਸ ਗੁਰੂ ਨੇ (ਸੰਸਾਰ-ਸਮੁੰਦਰ ਵਿਚ) ਡੁੱਬ ਰਹੇ ਪ੍ਰਾਣੀਆਂ ਨੂੰ ਪਾਰ ਲੰਘਾਇਆ,
ਜਿਸੁ ਪ੍ਰਸਾਦਿ ਮੋਹੈ ਨਹੀ ਮਾਇਆ ॥
ਜਿਸ (ਗੁਰੂ) ਦੀ ਮਿਹਰ ਨਾਲ ਮਾਇਆ ਠੱਗ ਨਹੀਂ ਸਕਦੀ,
ਹਲਤੁ ਪਲਤੁ ਜਿਨਿ ਗੁਰਹਿ ਸਵਾਰਿਆ ॥
ਜਿਸ ਗੁਰੂ ਨੇ (ਸਰਨ ਪਏ ਮਨੁੱਖ ਦਾ) ਇਹ ਲੋਕ ਅਤੇ ਪਰਲੋਕ ਸੋਹਣਾ ਬਣਾ ਦਿੱਤਾ,
ਤਿਸੁ ਗੁਰ ਊਪਰਿ ਸਦਾ ਹਉ ਵਾਰਿਆ ॥੩॥
ਮੈਂ ਉਸ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ॥੩॥
ਮਹਾ ਮੁਗਧ ਤੇ ਕੀਆ ਗਿਆਨੀ ॥
(ਜਿਸ ਗੁਰੂ ਨੇ) ਮਹਾ ਮੂਰਖ ਮਨੁੱਖ ਤੋਂ ਆਤਮਕ ਜੀਵਨ ਦੀ ਸੂਝ ਵਾਲਾ ਬਣਾ ਦਿੱਤਾ।
ਗੁਰ ਪੂਰੇ ਕੀ ਅਕਥ ਕਹਾਨੀ ॥
ਪੂਰੇ ਗੁਰੂ ਦੀ ਸਿਫ਼ਤ-ਸਾਲਾਹ ਪੂਰੇ ਤੌਰ ਤੇ ਬਿਆਨ ਨਹੀਂ ਕੀਤੀ ਜਾ ਸਕਦੀ।
ਪਾਰਬ੍ਰਹਮ ਨਾਨਕ ਗੁਰਦੇਵ ॥
ਹੇ ਨਾਨਕ! (ਗੁਰੂ ਦੀ ਸਰਨ ਪੈ ਕੇ) ਪਾਰਬ੍ਰਹਮ ਗੁਰਦੇਵ-
ਵਡੈ ਭਾਗਿ ਪਾਈਐ ਹਰਿ ਸੇਵ ॥੪॥੩॥
ਹਰੀ ਦੀ ਸੇਵਾ-ਭਗਤੀ ਵੱਡੀ ਕਿਸਮਤ ਨਾਲ ਪ੍ਰਾਪਤ ਹੁੰਦੀ ਹੈ ॥੪॥੩॥
ਪ੍ਰਭਾਤੀ ਮਹਲਾ ੫ ॥
ਸਗਲੇ ਦੂਖ ਮਿਟੇ ਸੁਖ ਦੀਏ ਅਪਨਾ ਨਾਮੁ ਜਪਾਇਆ ॥
ਜਿਨ੍ਹਾਂ ਨੂੰ ਉਸ (ਪ੍ਰਭੂ) ਨੇ ਆਪਣਾ ਨਾਮ ਜਪਣ ਦੀ ਪ੍ਰੇਰਨਾ ਕੀਤੀ, ਉਹਨਾਂ ਨੂੰ ਉਸ ਨੇ ਸਾਰੇ ਸੁਖ ਬਖ਼ਸ਼ ਦਿੱਤੇ, (ਉਹਨਾਂ ਅੰਦਰੋਂ) ਸਾਰੇ ਦੁੱਖ ਦੂਰ ਹੋ ਗਏ।
ਕਰਿ ਕਿਰਪਾ ਅਪਨੀ ਸੇਵਾ ਲਾਏ ਸਗਲਾ ਦੁਰਤੁ ਮਿਟਾਇਆ ॥੧॥
(ਪ੍ਰਭੂ ਨੇ) ਮਿਹਰ ਕਰ ਕੇ (ਜਿਨ੍ਹਾਂ ਨੂੰ) ਆਪਣੀ ਭਗਤੀ ਵਿਚ ਜੋੜਿਆ, (ਉਹਨਾਂ ਦੇ ਅੰਦਰੋਂ ਉਸ ਨੇ) ਸਾਰਾ ਪਾਪ ਦੂਰ ਕਰ ਦਿੱਤਾ ॥੧॥
ਹਮ ਬਾਰਿਕ ਸਰਨਿ ਪ੍ਰਭ ਦਇਆਲ ॥
ਹੇ ਦਇਆ ਦੇ ਸੋਮੇ ਪ੍ਰਭੂ! ਅਸੀਂ (ਜੀਵ ਤੇਰੇ) ਬੱਚੇ (ਤੇਰੀ) ਸਰਨ ਹਾਂ।
ਅਵਗਣ ਕਾਟਿ ਕੀਏ ਪ੍ਰਭਿ ਅਪੁਨੇ ਰਾਖਿ ਲੀਏ ਮੇਰੈ ਗੁਰ ਗੋਪਾਲਿ ॥੧॥ ਰਹਾਉ ॥
ਧਰਤੀ ਦੇ ਰੱਖਿਅਕ ਪ੍ਰਭੂ ਨੇ (ਜਿਨ੍ਹਾਂ ਦੀ) ਰੱਖਿਆ ਕੀਤੀ, (ਉਹਨਾਂ ਦੇ ਅੰਦਰੋਂ) ਔਗੁਣ ਦੂਰ ਕਰ ਕੇ (ਉਹਨਾਂ ਨੂੰ ਉਸ) ਪ੍ਰਭੂ ਨੇ ਆਪਣੇ ਬਣਾ ਲਿਆ ॥੧॥ ਰਹਾਉ ॥
ਤਾਪ ਪਾਪ ਬਿਨਸੇ ਖਿਨ ਭੀਤਰਿ ਭਏ ਕ੍ਰਿਪਾਲ ਗੁਸਾਈ ॥
ਧਰਤੀ ਦੇ ਖਸਮ ਪ੍ਰਭੂ ਜੀ (ਜਿਨ੍ਹਾਂ ਉੱਤੇ) ਦਇਆਵਾਨ ਹੋਏ, (ਉਹਨਾਂ ਦੇ) ਸਾਰੇ ਦੁੱਖ-ਕਲੇਸ਼ ਸਾਰੇ ਪਾਪ ਇਕ ਖਿਨ ਵਿਚ ਨਾਸ ਹੋ ਗਏ।
ਸਾਸਿ ਸਾਸਿ ਪਾਰਬ੍ਰਹਮੁ ਅਰਾਧੀ ਅਪੁਨੇ ਸਤਿਗੁਰ ਕੈ ਬਲਿ ਜਾਈ ॥੨॥
ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, (ਉਸ ਦੀ ਮਿਹਰ ਨਾਲ) ਮੈਂ ਆਪਣੇ ਹਰੇਕ ਸਾਹ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ ॥੨॥
ਅਗਮ ਅਗੋਚਰੁ ਬਿਅੰਤੁ ਸੁਆਮੀ ਤਾ ਕਾ ਅੰਤੁ ਨ ਪਾਈਐ ॥
ਮਾਲਕ-ਪ੍ਰਭੂ ਅਪਹੁੰਚ ਹੈ, ਉਸ ਤਕ (ਜੀਵਾਂ ਦੇ) ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਉਹ ਬੇਅੰਤ ਹੈ, ਉਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ।
ਲਾਹਾ ਖਾਟਿ ਹੋਈਐ ਧਨਵੰਤਾ ਅਪੁਨਾ ਪ੍ਰਭੂ ਧਿਆਈਐ ॥੩॥
ਆਪਣੇ ਉਸ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ, (ਉਸ ਦਾ ਨਾਮ ਹੀ ਅਸਲ ਧਨ ਹੈ, ਇਹ) ਲਾਭ ਖੱਟ ਕੇ ਧਨਵਾਨ ਬਣ ਜਾਈਦਾ ਹੈ ॥੩॥
ਆਠ ਪਹਰ ਪਾਰਬ੍ਰਹਮੁ ਧਿਆਈ ਸਦਾ ਸਦਾ ਗੁਨ ਗਾਇਆ ॥
ਹੁਣ ਮੈਂ ਅੱਠੇ ਪਹਰ ਉਸ ਦਾ ਨਾਮ ਸਿਮਰਦਾ ਹਾਂ ਸਦਾ ਹੀ ਉਸ ਦੇ ਗੁਣ ਗਾਂਦਾ ਰਹਿੰਦਾ ਹਾਂ।
ਕਹੁ ਨਾਨਕ ਮੇਰੇ ਪੂਰੇ ਮਨੋਰਥ ਪਾਰਬ੍ਰਹਮੁ ਗੁਰੁ ਪਾਇਆ ॥੪॥੪॥
ਨਾਨਕ ਆਖਦਾ ਹੈ- ਮੈਨੂੰ ਗੁਰੂ ਮਿਲ ਪਿਆ ਹੈ (ਗੁਰੂ ਦੀ ਕਿਰਪਾ ਨਾਲ) ਮੈਨੂੰ ਪਰਮਾਤਮਾ ਮਿਲ ਪਿਆ ਹੈ, ਮੇਰੀਆਂ ਸਾਰੀਆਂ ਮਨੋ-ਕਾਮਨਾਂ ਪੂਰੀਆਂ ਹੋ ਗਈਆਂ ਹਨ ॥੪॥੪॥
ਪ੍ਰਭਾਤੀ ਮਹਲਾ ੫ ॥
ਸਿਮਰਤ ਨਾਮੁ ਕਿਲਬਿਖ ਸਭਿ ਨਾਸੇ ॥
ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ।
ਸਚੁ ਨਾਮੁ ਗੁਰਿ ਦੀਨੀ ਰਾਸੇ ॥
(ਜਿਨ੍ਹਾਂ ਨੂੰ) ਗੁਰੂ ਨੇ ਸਦਾ-ਥਿਰ ਹਰਿ-ਨਾਮ ਦਾ ਸਰਮਾਇਆ ਬਖ਼ਸ਼ਿਆ,
ਪ੍ਰਭ ਕੀ ਦਰਗਹ ਸੋਭਾਵੰਤੇ ॥
ਪਰਮਾਤਮਾ ਦੀ ਦਰਗਾਹ ਵਿਚ ਉਹ ਇੱਜ਼ਤ ਵਾਲੇ ਬਣੇ।
ਸੇਵਕ ਸੇਵਿ ਸਦਾ ਸੋਹੰਤੇ ॥੧॥
ਪਰਮਾਤਮਾ ਦੇ ਭਗਤ (ਪਰਮਾਤਮਾ ਦੀ) ਭਗਤੀ ਕਰ ਕੇ ਸਦਾ (ਲੋਕ ਪਰਲੋਕ ਵਿਚ) ਸੋਹਣੇ ਲੱਗਦੇ ਹਨ ॥੧॥
ਹਰਿ ਹਰਿ ਨਾਮੁ ਜਪਹੁ ਮੇਰੇ ਭਾਈ ॥
ਹੇ ਮੇਰੇ ਭਾਈ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰੋ।
ਸਗਲੇ ਰੋਗ ਦੋਖ ਸਭਿ ਬਿਨਸਹਿ ਅਗਿਆਨੁ ਅੰਧੇਰਾ ਮਨ ਤੇ ਜਾਈ ॥੧॥ ਰਹਾਉ ॥
(ਸਿਮਰਨ ਦੀ ਬਰਕਤਿ ਨਾਲ ਮਨ ਦੇ) ਸਾਰੇ ਰੋਗ ਦੂਰ ਹੋ ਜਾਂਦੇ ਹਨ, ਸਾਰੇ ਪਾਪ ਨਾਸ ਹੋ ਜਾਂਦੇ ਹਨ, ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਹਨੇਰਾ ਮਨ ਤੋਂ ਦੂਰ ਹੋ ਜਾਂਦਾ ਹੈ ॥੧॥ ਰਹਾਉ ॥
ਜਨਮ ਮਰਨ ਗੁਰਿ ਰਾਖੇ ਮੀਤ ॥
ਹੇ ਮਿੱਤਰ! ਗੁਰੂ ਨੇ (ਉਹਨਾਂ ਦੇ) ਜਨਮ ਮਰਨ (ਦੇ ਗੇੜ) ਮੁਕਾ ਦਿੱਤੇ,
ਹਰਿ ਕੇ ਨਾਮ ਸਿਉ ਲਾਗੀ ਪ੍ਰੀਤਿ ॥
(ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਨਾਮ ਵਿਚ (ਜਿਨ੍ਹਾਂ ਮਨੁੱਖਾਂ ਦਾ) ਪਿਆਰ ਬਣਿਆ।
ਕੋਟਿ ਜਨਮ ਕੇ ਗਏ ਕਲੇਸ ॥
(ਹਰਿ-ਨਾਮ ਨਾਲ ਪ੍ਰੀਤ ਦੀ ਬਰਕਤਿ ਨਾਲ ਉਹਨਾਂ ਦੇ) ਕ੍ਰੋੜਾਂ ਜਨਮਾਂ ਦੇ ਦੁੱਖ-ਕਲੇਸ਼ ਦੂਰ ਹੋ ਗਏ।
ਜੋ ਤਿਸੁ ਭਾਵੈ ਸੋ ਭਲ ਹੋਸ ॥੨॥
(ਉਹਨਾਂ ਨੂੰ) ਉਹ ਕੁਝ ਭਲਾ ਜਾਪਦਾ ਹੈ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਹੈ ॥੨॥
ਤਿਸੁ ਗੁਰ ਕਉ ਹਉ ਸਦ ਬਲਿ ਜਾਈ ॥
ਮੈਂ ਉਸ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ,
ਜਿਸੁ ਪ੍ਰਸਾਦਿ ਹਰਿ ਨਾਮੁ ਧਿਆਈ ॥
ਜਿਸ ਦੀ ਮਿਹਰ ਨਾਲ ਮੈਂ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹਾਂ।
ਐਸਾ ਗੁਰੁ ਪਾਈਐ ਵਡਭਾਗੀ ॥
ਇਹੋ ਜਿਹਾ ਗੁਰੂ ਵੱਡੀ ਕਿਸਮਤ ਨਾਲ ਹੀ ਮਿਲਦਾ ਹੈ,
ਜਿਸੁ ਮਿਲਤੇ ਰਾਮ ਲਿਵ ਲਾਗੀ ॥੩॥
ਜਿਸ ਦੇ ਮਿਲਿਆਂ ਪਰਮਾਤਮਾ ਨਾਲ ਪਿਆਰ ਬਣਦਾ ਹੈ ॥੩॥
ਕਰਿ ਕਿਰਪਾ ਪਾਰਬ੍ਰਹਮ ਸੁਆਮੀ ॥
ਹੇ ਪਾਰਬ੍ਰਹਮ! ਹੇ ਸੁਆਮੀ! (ਮੇਰੇ ਉਤੇ) ਮਿਹਰ ਕਰ।
ਸਗਲ ਘਟਾ ਕੇ ਅੰਤਰਜਾਮੀ ॥
ਹੇ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲੇ!
ਆਠ ਪਹਰ ਅਪੁਨੀ ਲਿਵ ਲਾਇ ॥
(ਮੇਰੇ ਅੰਦਰ) ਅੱਠੇ ਪਹਰ ਆਪਣੀ ਲਗਨ ਲਾਈ ਰੱਖ,
ਜਨੁ ਨਾਨਕੁ ਪ੍ਰਭ ਕੀ ਸਰਨਾਇ ॥੪॥੫॥
(ਤੇਰਾ) ਦਾਸ ਨਾਨਕ ਤੇਰੀ ਸਰਨ ਪਿਆ ਰਹੇ ॥੪॥੫॥
ਪ੍ਰਭਾਤੀ ਮਹਲਾ ੫ ॥
ਕਰਿ ਕਿਰਪਾ ਅਪੁਨੇ ਪ੍ਰਭਿ ਕੀਏ ॥
(ਜਿਹੜੇ ਮਨੁੱਖ ਗੁਰੂ ਦੀ ਸਰਨ ਪਏ) ਪ੍ਰਭੂ ਨੇ (ਉਹਨਾਂ ਨੂੰ) ਮਿਹਰ ਕਰ ਕੇ ਆਪਣੇ ਬਣਾ ਲਿਆ,
ਹਰਿ ਕਾ ਨਾਮੁ ਜਪਨ ਕਉ ਦੀਏ ॥
(ਕਿਉਂਕਿ ਗੁਰੂ ਨੇ) ਪਰਮਾਤਮਾ ਦਾ ਨਾਮ ਜਪਣ ਵਾਸਤੇ ਉਹਨਾਂ ਨੂੰ ਦਿੱਤਾ।
ਆਠ ਪਹਰ ਗੁਨ ਗਾਇ ਗੁਬਿੰਦ ॥
(ਗੁਰੂ ਦੀ ਸਰਨ ਪੈ ਕੇ) ਅੱਠੇ ਪਹਰ ਪਰਮਾਤਮਾ ਦੇ ਗੁਣ ਗਾਇਆ ਕਰ,
ਭੈ ਬਿਨਸੇ ਉਤਰੀ ਸਭ ਚਿੰਦ ॥੧॥
(ਇਸ ਤਰ੍ਹਾਂ) ਸਾਰੇ ਡਰ ਨਾਸ ਹੋ ਜਾਂਦੇ ਹਨ, ਸਾਰੀ ਚਿੰਤਾ ਦੂਰ ਜਾਂਦੀ ਹੈ ॥੧॥
ਉਬਰੇ ਸਤਿਗੁਰ ਚਰਨੀ ਲਾਗਿ ॥
ਸਤਿਗੁਰੂ ਦੀ ਚਰਨੀਂ ਲੱਗ ਕੇ (ਅਨੇਕਾਂ ਪ੍ਰਾਣੀ ਵਿਕਾਰਾਂ ਵਿਚ ਡੁੱਬਣੋਂ) ਬਚ ਜਾਂਦੇ ਹਨ।
ਜੋ ਗੁਰੁ ਕਹੈ ਸੋਈ ਭਲ ਮੀਠਾ ਮਨ ਕੀ ਮਤਿ ਤਿਆਗਿ ॥੧॥ ਰਹਾਉ ॥
ਆਪਣੇ ਮਨ ਦੀ ਚਤੁਰਾਈ ਛੱਡ ਕੇ (ਗੁਰੂ ਦੀ ਸਰਨ ਪਿਆਂ) ਜੋ ਕੁਝ ਗੁਰੂ ਦੱਸਦਾ ਹੈ, ਉਹ ਚੰਗਾ ਤੇ ਪਿਆਰਾ ਲੱਗਦਾ ਹੈ ॥੧॥ ਰਹਾਉ ॥
ਮਨਿ ਤਨਿ ਵਸਿਆ ਹਰਿ ਪ੍ਰਭੁ ਸੋਈ ॥
(ਗੁਰੂ ਦੀ ਸਰਨ ਪਿਆਂ) ਮਨ ਵਿਚ ਤਨ ਵਿਚ ਉਹ ਪਰਮਾਤਮਾ ਹੀ ਵੱਸਿਆ ਰਹਿੰਦਾ ਹੈ,
ਕਲਿ ਕਲੇਸ ਕਿਛੁ ਬਿਘਨੁ ਨ ਹੋਈ ॥
ਕੋਈ ਦੁੱਖ-ਕਲੇਸ਼ (ਆਦਿਕ ਜ਼ਿੰਦਗੀ ਦੇ ਰਸਤੇ ਵਿਚ) ਰੁਕਾਵਟ ਨਹੀਂ ਪੈਂਦੀ।
ਸਦਾ ਸਦਾ ਪ੍ਰਭੁ ਜੀਅ ਕੈ ਸੰਗਿ ॥
ਪਰਮਾਤਮਾ ਹਰ ਵੇਲੇ ਹੀ ਜਿੰਦ ਦੇ ਨਾਲ (ਵੱਸਦਾ ਪ੍ਰਤੀਤ ਹੁੰਦਾ ਹੈ),
ਉਤਰੀ ਮੈਲੁ ਨਾਮ ਕੈ ਰੰਗਿ ॥੨॥
ਪਰਮਾਤਮਾ ਨਾਮ ਦੇ ਪਿਆਰ-ਰੰਗ ਵਿਚ ਟਿਕੇ ਰਿਹਾਂ (ਵਿਕਾਰਾਂ ਦੀ) ਸਾਰੀ ਮੈਲ (ਮਨ ਤੋਂ) ਲਹਿ ਜਾਂਦੀ ਹੈ ॥੨॥
ਚਰਨ ਕਮਲ ਸਿਉ ਲਾਗੋ ਪਿਆਰੁ ॥
(ਗੁਰੂ ਦੀ ਸਰਨ ਪਿਆਂ) ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਪਿਆਰ ਬਣ ਜਾਂਦਾ ਹੈ,
ਬਿਨਸੇ ਕਾਮ ਕ੍ਰੋਧ ਅਹੰਕਾਰ ॥
ਕਾਮ ਕ੍ਰੋਧ ਅਹੰਕਾਰ (ਆਦਿਕ ਵਿਕਾਰ ਅੰਦਰੋਂ) ਮੁੱਕ ਜਾਂਦੇ ਹਨ।
ਪ੍ਰਭ ਮਿਲਨ ਕਾ ਮਾਰਗੁ ਜਾਨਾਂ ॥
(ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਮਿਲਾਪ ਦਾ ਰਸਤਾ ਸਮਝ ਲਿਆ,
ਭਾਇ ਭਗਤਿ ਹਰਿ ਸਿਉ ਮਨੁ ਮਾਨਾਂ ॥੩॥
ਪਿਆਰ ਦੀ ਬਰਕਤਿ ਨਾਲ ਭਗਤੀ ਦੀ ਬਰਕਤਿ ਨਾਲ ਉਸ ਦਾ ਮਨ ਪ੍ਰਭੂ ਦੀ ਯਾਦ ਵਿਚ ਗਿੱਝ ਜਾਂਦਾ ਹੈ ॥੩॥
ਸੁਣਿ ਸਜਣ ਸੰਤ ਮੀਤ ਸੁਹੇਲੇ ॥
ਹੇ ਸੱਜਣ! ਹੇ ਸੰਤ! ਹੇ ਮਿੱਤਰ! ਸੁਣ, ਉਹ ਸਦਾ ਸੁਖੀ ਜੀਵਨ ਵਾਲੇ ਹੋ ਗਏ,
ਨਾਮੁ ਰਤਨੁ ਹਰਿ ਅਗਹ ਅਤੋਲੇ ॥
(ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਨੇ) ਅਪਹੁੰਚ ਅਤੇ ਅਤੋਲ ਹਰੀ ਦਾ ਕੀਮਤੀ ਨਾਮ ਹਾਸਲ ਕਰ ਲਿਆ।
ਸਦਾ ਸਦਾ ਪ੍ਰਭੁ ਗੁਣ ਨਿਧਿ ਗਾਈਐ ॥
ਸਦਾ ਹੀ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ,
ਕਹੁ ਨਾਨਕ ਵਡਭਾਗੀ ਪਾਈਐ ॥੪॥੬॥
ਪਰ, ਨਾਨਕ ਆਖਦਾ ਹੈ- ਇਹ ਦਾਤ ਵੱਡੀ ਕਿਸਮਤ ਨਾਲ ਮਿਲਦੀ ਹੈ ॥੪॥੬॥
ਪ੍ਰਭਾਤੀ ਮਹਲਾ ੫ ॥
ਸੇ ਧਨਵੰਤ ਸੇਈ ਸਚੁ ਸਾਹਾ ॥
ਉਹੀ ਮਨੁੱਖ ਯਕੀਨੀ ਤੌਰ ਤੇ ਸ਼ਾਹੂਕਾਰ (ਸਮਝੇ ਜਾਂਦੇ ਹਨ),
ਹਰਿ ਕੀ ਦਰਗਹ ਨਾਮੁ ਵਿਸਾਹਾ ॥੧॥
(ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਨੇ ਇਥੇ) ਪਰਮਾਤਮਾ ਦਾ ਨਾਮ-ਸੌਦਾ ਖ਼ਰੀਦਿਆ, ਪਰਮਾਤਮਾ ਦੀ ਹਜ਼ੂਰੀ ਵਿਚ ਮਨੁੱਖ ਧਨਾਢ (ਗਿਣੇ ਜਾਂਦੇ ਹਨ) ॥੧॥
ਹਰਿ ਹਰਿ ਨਾਮੁ ਜਪਹੁ ਮਨ ਮੀਤ ॥
ਹੇ ਮਿੱਤਰ! ਹੇ ਮਨ! (ਗੁਰੂ ਦੀ ਸਰਨ ਪੈ ਕੇ) ਸਦਾ ਪਰਮਾਤਮਾ ਦਾ ਨਾਮ ਜਪਿਆ ਕਰ।
ਗੁਰੁ ਪੂਰਾ ਪਾਈਐ ਵਡਭਾਗੀ ਨਿਰਮਲ ਪੂਰਨ ਰੀਤਿ ॥੧॥ ਰਹਾਉ ॥
(ਪਰ ਨਾਮ ਜਪਣ ਵਾਲੀ) ਪਵਿੱਤਰ ਤੇ ਮੁਕੰਮਲ ਮਰਯਾਦਾ (ਚਲਾਣ ਵਾਲਾ) ਪੂਰਾ ਗੁਰੂ ਵੱਡੀ ਕਿਸਮਤ ਨਾਲ (ਹੀ) ਮਿਲਦਾ ਹੈ ॥੧॥ ਰਹਾਉ ॥
ਪਾਇਆ ਲਾਭੁ ਵਜੀ ਵਾਧਾਈ ॥
(ਉਹੀ ਮਨੁੱਖ ਇਥੇ ਅਸਲ) ਨਫ਼ਾ ਖੱਟਦਾ ਹੈ, (ਉਸ ਦੇ ਅੰਦਰ) ਆਤਮਕ ਉਤਸ਼ਾਹ ਵਾਲੀ ਅਵਸਥਾ ਪ੍ਰਬਲ ਬਣੀ ਰਹਿੰਦੀ ਹੈ,
ਸੰਤ ਪ੍ਰਸਾਦਿ ਹਰਿ ਕੇ ਗੁਨ ਗਾਈ ॥੨॥
(ਜਿਹੜਾ) ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਗੁਣ ਗਾਂਦਾ ਹੈ ॥੨॥
ਸਫਲ ਜਨਮੁ ਜੀਵਨ ਪਰਵਾਣੁ ॥
(ਨਾਮ ਜਪਣ ਵਾਲੇ ਦਾ) ਮਨੁੱਖਾ ਜਨਮ ਕਾਮਯਾਬ ਹੈ, ਜੀਵਨ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੈ।
ਗੁਰਪਰਸਾਦੀ ਹਰਿ ਰੰਗੁ ਮਾਣੁ ॥੩॥
(ਤਾਂ ਤੇ) ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਨਾਮ ਦਾ ਆਨੰਦ ਮਾਣਦਾ ਰਹੁ ॥੩॥
ਬਿਨਸੇ ਕਾਮ ਕ੍ਰੋਧ ਅਹੰਕਾਰ ॥
(ਨਾਮ ਜਪਣ ਵਾਲਿਆਂ ਦੇ ਅੰਦਰੋਂ) ਕਾਮ ਕ੍ਰੋਧ ਅਹੰਕਾਰ (ਆਦਿਕ ਵਿਕਾਰ) ਨਾਸ ਹੋ ਜਾਂਦੇ ਹਨ।
ਨਾਨਕ ਗੁਰਮੁਖਿ ਉਤਰਹਿ ਪਾਰਿ ॥੪॥੭॥
ਹੇ ਨਾਨਕ! ਗੁਰੂ ਦੀ ਸਰਨ ਪੈ ਕੇ (ਨਾਮ ਜਪਣ ਵਾਲੇ ਮਨੁੱਖ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੪॥੭॥
ਪ੍ਰਭਾਤੀ ਮਹਲਾ ੫ ॥
ਗੁਰੁ ਪੂਰਾ ਪੂਰੀ ਤਾ ਕੀ ਕਲਾ ॥
ਗੁਰੂ (ਸਾਰੇ ਗੁਣਾਂ ਨਾਲ) ਪੂਰਨ ਹੈ, ਗੁਰੂ ਦੀ (ਆਤਮਕ) ਸ਼ਕਤੀ ਹਰੇਕ ਸਮਰਥਾ ਵਾਲੀ ਹੈ,
ਗੁਰ ਕਾ ਸਬਦੁ ਸਦਾ ਸਦ ਅਟਲਾ ॥
ਗੁਰੂ ਦਾ ਸ਼ਬਦ ਸਦਾ ਹੀ ਅਟੱਲ ਰਹਿੰਦਾ ਹੈ (ਕਦੇ ਉਕਾਈ ਵਾਲਾ ਨਹੀਂ)।
ਗੁਰ ਕੀ ਬਾਣੀ ਜਿਸੁ ਮਨਿ ਵਸੈ ॥
ਜਿਸ (ਮਨੁੱਖ) ਦੇ ਮਨ ਵਿਚ ਸਤਿਗੁਰੂ ਦੀ ਬਾਣੀ ਟਿਕੀ ਰਹਿੰਦੀ ਹੈ,
ਦੂਖੁ ਦਰਦੁ ਸਭੁ ਤਾ ਕਾ ਨਸੈ ॥੧॥
ਉਸ (ਮਨੁੱਖ) ਦਾ ਹਰੇਕ ਦਰਦ ਨਾਸ ਹੋ ਜਾਂਦਾ ਹੈ ॥੧॥
ਹਰਿ ਰੰਗਿ ਰਾਤਾ ਮਨੁ ਰਾਮ ਗੁਨ ਗਾਵੈ ॥
(ਜਿਸ ਮਨੁੱਖ ਦਾ) ਮਨ ਪਰਮਾਤਮਾ ਦੇ (ਪਿਆਰ-) ਰੰਗ ਵਿਚ ਰੰਗਿਆ ਰਹਿੰਦਾ ਹੈ (ਜਿਹੜਾ ਮਨੁੱਖ) ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ,
ਮੁਕਤੁੋ ਸਾਧੂ ਧੂਰੀ ਨਾਵੈ ॥੧॥ ਰਹਾਉ ॥
(ਜਿਹੜਾ ਮਨੁੱਖ) ਗੁਰੂ ਦੀ ਚਰਨ-ਧੂੜ ਵਿਚ ਇਸ਼ਨਾਨ ਕਰਦਾ ਰਹਿੰਦਾ ਹੈ, ਉਹ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ (ਉਹੀ ਹੈ ‘ਮੁਕਤ’) ॥੧॥ ਰਹਾਉ ॥
ਗੁਰਪਰਸਾਦੀ ਉਤਰੇ ਪਾਰਿ ॥
ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ,
ਭਉ ਭਰਮੁ ਬਿਨਸੇ ਬਿਕਾਰ ॥
(ਉਹਨਾਂ ਦੇ ਅੰਦਰੋਂ) ਡਰ ਭਟਕਣਾ (ਆਦਿਕ ਸਾਰੇ) ਵਿਕਾਰ ਨਾਸ ਹੋ ਜਾਂਦੇ ਹਨ,
ਮਨ ਤਨ ਅੰਤਰਿ ਬਸੇ ਗੁਰ ਚਰਨਾ ॥
ਜਿਨ੍ਹਾਂ ਦੇ ਮਨ ਵਿਚ ਤਨ ਵਿਚ ਗੁਰੂ ਦੇ ਚਰਨ ਟਿਕੇ ਰਹਿੰਦੇ ਹਨ।
ਨਿਰਭੈ ਸਾਧ ਪਰੇ ਹਰਿ ਸਰਨਾ ॥੨॥
ਉਹਨਾਂ ਸੰਤ ਜਨਾਂ ਨੂੰ ਕੋਈ ਡਰ ਪੋਹ ਨਹੀਂ ਸਕਦਾ, ਉਹ ਸਦਾ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ ॥੨॥
ਅਨਦ ਸਹਜ ਰਸ ਸੂਖ ਘਨੇਰੇ ॥
(ਉਹਨਾਂ ਦੇ ਅੰਦਰ) ਆਤਮਕ ਅਡਲੋਤਾ ਦੇ ਅਨੇਕਾਂ ਆਨੰਦ ਤੇ ਸੁਖ ਬਣੇ ਰਹਿੰਦੇ ਹਨ।
ਦੁਸਮਨੁ ਦੂਖੁ ਨ ਆਵੈ ਨੇਰੇ ॥
ਕੋਈ ਵੈਰੀ ਦੁੱਖ ਉਹਨਾਂ ਦੇ ਨੇੜੇ ਨਹੀਂ ਢੁਕ ਸਕਦਾ (ਉਹਨਾਂ ਉਤੇ ਆਪਣਾ ਦਬਾਉ ਨਹੀਂ ਪਾ ਸਕਦਾ)।
ਗੁਰਿ ਪੂਰੈ ਅਪੁਨੇ ਕਰਿ ਰਾਖੇ ॥
ਪੂਰੇ ਗੁਰੂ ਨੇ ਜਿਨ੍ਹਾਂ ਨੂੰ ਆਪਣੇ ਬਣਾ ਕੇ (ਉਹਨਾਂ ਦੀ) ਰੱਖਿਆ ਕੀਤੀ,
ਹਰਿ ਨਾਮੁ ਜਪਤ ਕਿਲਬਿਖ ਸਭਿ ਲਾਥੇ ॥੩॥
ਪਰਮਾਤਮਾ ਦਾ ਨਾਮ ਜਪਦਿਆਂ (ਉਹਨਾਂ ਦੇ) ਸਾਰੇ ਪਾਪ ਦੂਰ ਹੋ ਗਏ ॥੩॥
ਸੰਤ ਸਾਜਨ ਸਿਖ ਭਏ ਸੁਹੇਲੇ ॥
(ਉਹ) ਸੰਤ-ਜਨ ਸੱਜਣ ਸਿੱਖ ਸੁਖੀ ਜੀਵਨ ਵਾਲੇ ਹੋ ਗਏ,
ਗੁਰਿ ਪੂਰੈ ਪ੍ਰਭ ਸਿਉ ਲੈ ਮੇਲੇ ॥
ਜਿਨ੍ਹਾਂ ਨੂੰ ਪੂਰੇ ਗੁਰੂ ਨੇ ਪਰਮਾਤਮਾ ਨਾਲ ਲਿਆ ਜੋੜਿਆ।
ਜਨਮ ਮਰਨ ਦੁਖ ਫਾਹਾ ਕਾਟਿਆ ॥
ਉਹਨਾਂ ਦੇ ਜਨਮ ਮਰਨ ਦੇ ਗੇੜ ਦੇ ਦੁੱਖਾਂ ਦੀ ਫਾਹੀ (ਗੁਰੂ ਨੇ) ਕੱਟ ਦਿੱਤੀ ਹੈ
ਕਹੁ ਨਾਨਕ ਗੁਰਿ ਪੜਦਾ ਢਾਕਿਆ ॥੪॥੮॥
ਨਾਨਕ ਆਖਦਾ ਹੈ- ਗੁਰੂ ਨੇ ਉਹਨਾਂ ਦੀ ਇੱਜ਼ਤ ਰੱਖ ਲਈ ॥੪॥੮॥
ਪ੍ਰਭਾਤੀ ਮਹਲਾ ੫ ॥
ਸਤਿਗੁਰਿ ਪੂਰੈ ਨਾਮੁ ਦੀਆ ॥
(ਜਿਸ ਮਨੁੱਖ ਨੂੰ) ਪੂਰੇ ਗੁਰੂ ਨੇ (ਪਰਮਾਤਮਾ ਦਾ) ਨਾਮ (-ਖ਼ਜ਼ਾਨਾ ਬਖ਼ਸ਼ਿਆ,
ਅਨਦ ਮੰਗਲ ਕਲਿਆਣ ਸਦਾ ਸੁਖੁ ਕਾਰਜੁ ਸਗਲਾ ਰਾਸਿ ਥੀਆ ॥੧॥ ਰਹਾਉ ॥
ਉਸ ਦੇ ਅੰਦਰ ਆਨੰਦ ਖ਼ੁਸ਼ੀ ਸ਼ਾਂਤੀ ਅਤੇ ਸਦਾ ਦਾ ਸੁਖ ਬਣ ਗਿਆ, ਉਸ (ਦੀ ਜ਼ਿੰਦਗੀ) ਦਾ ਸਾਰਾ ਹੀ ਮਨੋਰਥ ਸਫਲ ਹੋ ਗਿਆ ॥੧॥ ਰਹਾਉ ॥
ਚਰਨ ਕਮਲ ਗੁਰ ਕੇ ਮਨਿ ਵੂਠੇ ॥
(ਜਿਸ ਮਨੁੱਖ ਦੇ) ਮਨ ਵਿਚ ਗੁਰੂ ਦੇ ਸੋਹਣੇ ਚਰਨ ਆ ਵੱਸੇ,
ਦੂਖ ਦਰਦ ਭ੍ਰਮ ਬਿਨਸੇ ਝੂਠੇ ॥੧॥
ਉਸ ਦੇ ਸਾਰੇ ਦੁੱਖ ਦੂਰ ਹੋ ਗਏ, ਨਾਸਵੰਤ ਪਦਾਰਥਾਂ ਦੀ ਖ਼ਾਤਰ ਸਾਰੀਆਂ ਭਟਕਣਾਂ (ਉਸ ਦੇ ਅੰਦਰੋਂ) ਮੁੱਕ ਗਈਆਂ ॥੧॥
ਨਿਤ ਉਠਿ ਗਾਵਹੁ ਪ੍ਰਭ ਕੀ ਬਾਣੀ ॥
ਸਦਾ ਉੱਠ ਕੇ (ਨਿੱਤ ਆਹਰ ਨਾਲ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਗਾਵਿਆ ਕਰੋ।
ਆਠ ਪਹਰ ਹਰਿ ਸਿਮਰਹੁ ਪ੍ਰਾਣੀ ॥੨॥
ਹੇ ਪ੍ਰਾਣੀਓ! ਅੱਠੇ ਪਹਰ ਪਰਮਾਤਮਾ ਦਾ ਸਿਮਰਨ ਕਰਿਆ ਕਰੋ ॥੨॥
ਘਰਿ ਬਾਹਰਿ ਪ੍ਰਭੁ ਸਭਨੀ ਥਾਈ ॥
ਘਰ ਦੇ ਅੰਦਰ ਤੇ ਬਾਹਰ (ਹਰ ਥਾਂ) ਸਭ ਥਾਵਾਂ ਵਿਚ (ਮੈਨੂੰ) ਪ੍ਰਭੂ ਹੀ (ਦਿੱਸਦਾ) ਹੈ।
ਸੰਗਿ ਸਹਾਈ ਜਹ ਹਉ ਜਾਈ ॥੩॥
ਮੈਂ (ਤਾਂ) ਜਿੱਥੇ (ਭੀ) ਜਾਂਦਾ ਹਾਂ, ਮੈਨੂੰ ਪਰਮਾਤਮਾ (ਤੇਰੇ) ਨਾਲ ਮਦਦਗਾਰ (ਦਿੱਸਦਾ) ਹੈ ॥੩॥
ਦੁਇ ਕਰ ਜੋੜਿ ਕਰੀ ਅਰਦਾਸਿ ॥
ਮੈਂ (ਤਾਂ) ਦੋਵੇਂ ਹੱਥ ਜੋੜ ਕੇ ਅਰਜ਼ੋਈ ਕਰਦਾ ਰਹਿੰਦਾ ਹਾਂ,
ਸਦਾ ਜਪੇ ਨਾਨਕੁ ਗੁਣਤਾਸੁ ॥੪॥੯॥
ਕਿ (ਉਸ ਪ੍ਰਭੂ ਦਾ ਦਾਸ) ਨਾਨਕ ਸਦਾ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦਾ ਨਾਮ ਜਪਦਾ ਰਹੇ ॥੪॥੯॥
ਪ੍ਰਭਾਤੀ ਮਹਲਾ ੫ ॥
ਪਾਰਬ੍ਰਹਮੁ ਪ੍ਰਭੁ ਸੁਘੜ ਸੁਜਾਣੁ ॥
ਸੋਹਣੀ ਆਤਮਕ ਘਾੜਤ ਵਾਲਾ ਸਿਆਣਾ ਪ੍ਰਭੂ ਪਾਰਬ੍ਰਹਮ-
ਗੁਰੁ ਪੂਰਾ ਪਾਈਐ ਵਡਭਾਗੀ ਦਰਸਨ ਕਉ ਜਾਈਐ ਕੁਰਬਾਣੁ ॥੧॥ ਰਹਾਉ ॥
(ਤਦੋਂ ਮਿਲਦਾ ਹੈ, ਜਦੋਂ) ਵੱਡੇ ਭਾਗਾਂ ਨਾਲ ਪੂਰਾ ਗੁਰੂ ਮਿਲ ਪੈਂਦਾ ਹੈ। (ਗੁਰੂ ਦਾ) ਦਰਸਨ ਕਰਨ ਦੀ ਖ਼ਾਤਰ ਆਪਣਾ-ਆਪ (ਗੁਰੂ ਦੇ) ਹਵਾਲੇ ਕਰਨ ਦੀ ਲੋੜ ਹੁੰਦੀ ਹੈ ॥੧॥ ਰਹਾਉ ॥
ਕਿਲਬਿਖ ਮੇਟੇ ਸਬਦਿ ਸੰਤੋਖੁ ॥
(ਗੁਰੂ ਨੇ ਆਪਣੇ) ਸ਼ਬਦ ਦੀ ਰਾਹੀਂ (ਜਿਸ ਮਨੁੱਖ ਦੇ ਸਾਰੇ) ਪਾਪ ਮਿਟਾ ਦਿੱਤੇ (ਅਤੇ ਉਸ ਨੂੰ) ਸੰਤੋਖ ਬਖ਼ਸ਼ਿਆ,
ਨਾਮੁ ਅਰਾਧਨ ਹੋਆ ਜੋਗੁ ॥
ਉਹ ਮਨੁੱਖ ਪਰਮਾਤਮਾ ਦਾ ਨਾਮ ਸਿਮਰਨ ਜੋਗਾ ਹੋ ਜਾਂਦਾ ਹੈ।
ਸਾਧਸੰਗਿ ਹੋਆ ਪਰਗਾਸੁ ॥
ਗੁਰੂ ਦੀ ਸੰਗਤ ਵਿਚ (ਰਹਿ ਕੇ ਉਸ ਮਨੁੱਖ ਦੇ ਅੰਦਰ ਆਤਮਕ ਜੀਵਨ ਦੀ ਸੂਝ ਦਾ) ਚਾਨਣ ਹੋ ਜਾਂਦਾ ਹੈ,
ਚਰਨ ਕਮਲ ਮਨ ਮਾਹਿ ਨਿਵਾਸੁ ॥੧॥
ਪਰਮਾਤਮਾ ਦੇ ਸੋਹਣੇ ਚਰਨ ਉਸ ਦੇ ਮਨ ਵਿਚ ਟਿਕ ਜਾਂਦੇ ਹਨ ॥੧॥
ਜਿਨਿ ਕੀਆ ਤਿਨਿ ਲੀਆ ਰਾਖਿ ॥
ਜਿਸ (ਪਰਮਾਤਮਾ) ਨੇ (ਮਨੁੱਖ ਨੂੰ) ਪੈਦਾ ਕੀਤਾ ਹੈ (ਜਦੋਂ ਉਹ ਮਨੁੱਖ ਗੁਰੂ ਦੀ ਸਰਨ ਪੈ ਗਿਆ ਤਾਂ) ਉਸ (ਪੈਦਾ ਕਰਨ ਵਾਲੇ ਪ੍ਰਭੂ) ਨੇ (ਉਸ ਨੂੰ ਵਿਕਾਰਾਂ ਤੋਂ) ਬਚਾ ਲਿਆ।
ਪ੍ਰਭੁ ਪੂਰਾ ਅਨਾਥ ਕਾ ਨਾਥੁ ॥
ਪ੍ਰਭੂ (ਸਾਰੇ ਗੁਣਾਂ ਨਾਲ) ਪੂਰਨ ਹੈ, ਅਤੇ ਨਿਖਸਮਿਆਂ ਦਾ ਖਸਮ ਹੈ।
ਜਿਸਹਿ ਨਿਵਾਜੇ ਕਿਰਪਾ ਧਾਰਿ ॥
ਮਿਹਰ ਕਰ ਕੇ ਪਰਮਾਤਮਾ ਜਿਸ (ਮਨੁੱਖ) ਨੂੰ ਇੱਜ਼ਤ ਬਖ਼ਸ਼ਦਾ ਹੈ,
ਪੂਰਨ ਕਰਮ ਤਾ ਕੇ ਆਚਾਰ ॥੨॥
ਉਸ ਮਨੁੱਖ ਦੇ ਸਾਰੇ ਕਰਮ ਸਾਰੇ ਕਰਤੱਬ ਸਫਲ ਹੋ ਜਾਂਦੇ ਹਨ ॥੨॥
ਗੁਣ ਗਾਵੈ ਨਿਤ ਨਿਤ ਨਿਤ ਨਵੇ ॥
(ਗੁਰੂ ਦੀ ਸਰਨ ਪੈ ਕੇ ਜਿਹੜਾ ਮਨੁੱਖ) ਸਦਾ ਹੀ ਪਰਮਾਤਮਾ ਦੇ ਗੁਣ ਇਉਂ ਗਾਂਦਾ ਰਹਿੰਦਾ ਹੈ (ਜਿਵੇਂ ਉਹ ਗੁਣ ਉਸ ਦੇ ਵਾਸਤੇ ਅਜੇ) ਨਵੇਂ (ਹਨ, ਜਿਵੇਂ ਪਹਿਲਾਂ ਕਦੇ ਨਾਹ ਵੇਖੀ ਹੋਈ ਚੀਜ਼ ਮਨ ਨੂੰ ਖਿੱਚ ਪਾਂਦੀ ਹੈ),
ਲਖ ਚਉਰਾਸੀਹ ਜੋਨਿ ਨ ਭਵੇ ॥
ਉਹ ਮਨੁੱਖ ਚੌਰਾਸੀ ਲੱਖ ਜੂਨਾਂ ਦੇ ਗੇੜ ਵਿਚ ਨਹੀਂ ਭਟਕਦਾ।
ਈਹਾਂ ਊਹਾਂ ਚਰਣ ਪੂਜਾਰੇ ॥
ਉਸ ਮਨੁੱਖ ਦੀ ਇਸ ਲੋਕ ਅਤੇ ਪਰਲੋਕ ਵਿਚ ਇੱਜ਼ਤ ਹੁੰਦੀ ਹੈ।
ਮੁਖੁ ਊਜਲੁ ਸਾਚੇ ਦਰਬਾਰੇ ॥੩॥
ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿਚ ਉਸ ਮਨੁੱਖ ਦਾ ਮੂੰਹ ਰੌਸ਼ਨ ਹੁੰਦਾ ਹੈ ॥੩॥
ਜਿਸੁ ਮਸਤਕਿ ਗੁਰਿ ਧਰਿਆ ਹਾਥੁ ॥
ਗੁਰੂ ਨੇ ਜਿਸ (ਮਨੁੱਖ) ਦੇ ਮੱਥੇ ਉੱਤੇ ਹੱਥ ਰੱਖਿਆ,
ਕੋਟਿ ਮਧੇ ਕੋ ਵਿਰਲਾ ਦਾਸੁ ॥
ਉਹ ਮਨੁੱਖ ਪਰਮਾਤਮਾ ਦਾ ਦਾਸ ਬਣ ਜਾਂਦਾ ਹੈ (ਪਰ ਅਜਿਹਾ ਮਨੁੱਖ) ਕ੍ਰੋੜਾਂ ਵਿਚੋਂ ਕੋਈ ਵਿਰਲਾ ਹੀ ਹੁੰਦਾ ਹੈ।
ਜਲਿ ਥਲਿ ਮਹੀਅਲਿ ਪੇਖੈ ਭਰਪੂਰਿ ॥
(ਫਿਰ, ਉਹ ਮਨੁੱਖ) ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ (ਹਰ ਥਾਂ) ਪਰਮਾਤਮਾ ਨੂੰ ਵੱਸਦਾ ਵੇਖਦਾ ਹੈ।
ਨਾਨਕ ਉਧਰਸਿ ਤਿਸੁ ਜਨ ਕੀ ਧੂਰਿ ॥੪॥੧੦॥
ਹੇ ਨਾਨਕ! ਅਜਿਹੇ ਮਨੁੱਖ ਦੀ ਚਰਨ-ਧੂੜ ਲੈ ਕੇ ਤੂੰ ਭੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਹਿਂਗਾ ॥੪॥੧੦॥
ਪ੍ਰਭਾਤੀ ਮਹਲਾ ੫ ॥
ਕੁਰਬਾਣੁ ਜਾਈ ਗੁਰ ਪੂਰੇ ਅਪਨੇ ॥
ਮੈਂ ਆਪਣੇ ਉਸ ਪੂਰੇ ਗੁਰੂ ਤੋਂ ਸਦਕੇ ਜਾਂਦਾ ਹਾਂ (ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰਦਾ ਹਾਂ)
ਜਿਸੁ ਪ੍ਰਸਾਦਿ ਹਰਿ ਹਰਿ ਜਪੁ ਜਪਨੇ ॥੧॥ ਰਹਾਉ ॥
ਜਿਸ (ਗੁਰੂ) ਦੀ ਕਿਰਪਾ ਨਾਲ ਸਦਾ ਪਰਮਾਤਮਾ (ਦੇ ਨਾਮ) ਦਾ ਜਾਪ ਜਪਿਆ ਜਾ ਸਕਦਾ ਹੈ ॥੧॥ ਰਹਾਉ ॥
ਅੰਮ੍ਰਿਤ ਬਾਣੀ ਸੁਣਤ ਨਿਹਾਲ ॥
(ਮੈਂ ਆਪਣੇ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਦੀ) ਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ ਦੀ ਬਾਣੀ ਸੁਣਦਿਆਂ ਮਨ ਖਿੜ ਆਉਂਦਾ ਹੈ,
ਬਿਨਸਿ ਗਏ ਬਿਖਿਆ ਜੰਜਾਲ ॥੧॥
ਅਤੇ ਮਾਇਆ (ਦੇ ਮੋਹ) ਦੀਆਂ ਫਾਹੀਆਂ ਨਾਸ ਹੋ ਜਾਂਦੀਆਂ ਹਨ ॥੧॥
ਸਾਚ ਸਬਦ ਸਿਉ ਲਾਗੀ ਪ੍ਰੀਤਿ ॥
(ਮੈਂ ਆਪਣੇ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਦੀ ਰਾਹੀਂ) ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਨਾਲ ਪਿਆਰ ਬਣ ਜਾਂਦਾ ਹੈ,
ਹਰਿ ਪ੍ਰਭੁ ਅਪੁਨਾ ਆਇਆ ਚੀਤਿ ॥੨॥
ਅਤੇ ਆਪਣਾ ਹਰੀ-ਪ੍ਰਭੂ ਮਨ ਵਿਚ ਆ ਵੱਸਦਾ ਹੈ ॥੨॥
ਨਾਮੁ ਜਪਤ ਹੋਆ ਪਰਗਾਸੁ ॥
(ਮੈਂ ਆਪਣੇ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਦੀ ਕਿਰਪਾ ਨਾਲ ਪਰਮਾਤਮਾ ਦਾ) ਨਾਮ ਜਪਦਿਆਂ (ਮਨ ਵਿਚ ਆਤਮਕ ਜੀਵਨ ਦੀ ਸੂਝ ਦਾ) ਚਾਨਣ ਹੋ ਜਾਂਦਾ ਹੈ,
ਗੁਰਸਬਦੇ ਕੀਨਾ ਰਿਦੈ ਨਿਵਾਸੁ ॥੩॥
(ਜਿਸ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਪਰਮਾਤਮਾ ਮਨੁੱਖ ਦੇ) ਹਿਰਦੇ ਵਿਚ ਆ ਨਿਵਾਸ ਕਰਦਾ ਹੈ ॥੩॥
ਗੁਰ ਸਮਰਥ ਸਦਾ ਦਇਆਲ ॥
(ਹੇ ਭਾਈ!) ਗੁਰੂ ਸਭ ਤਾਕਤਾਂ ਦਾ ਮਾਲਕ ਹੈ, ਗੁਰੂ ਸਦਾ ਹੀ ਦਇਆਵਾਨ ਰਹਿੰਦਾ ਹੈ,
ਹਰਿ ਜਪਿ ਜਪਿ ਨਾਨਕ ਭਏ ਨਿਹਾਲ ॥੪॥੧੧॥
ਹੇ ਨਾਨਕ! (ਗੁਰੂ ਦੀ ਮਿਹਰ ਨਾਲ) ਪਰਮਾਤਮਾ ਦਾ ਨਾਮ ਜਪ ਜਪ ਕੇ ਮਨ ਖਿੜਿਆ ਰਹਿੰਦਾ ਹੈ ॥੪॥੧੧॥