ਰਾਗ ਕਾਨੜਾ – ਬਾਣੀ ਸ਼ਬਦ-Part 2 – Raag Kanrha – Bani

ਰਾਗ ਕਾਨੜਾ – ਬਾਣੀ ਸ਼ਬਦ-Part 2 – Raag Kanrha – Bani

ਕਾਨੜਾ ਮ : ੫ ਘਰੁ ੯ ॥
ਤਾਂ ਤੇ ਜਾਪਿ ਮਨਾ ਹਰਿ ਜਾਪਿ ॥

ਹੇ (ਮੇਰੇ) ਮਨ! (ਜੇ ਹਉਮੈ ਦੇ ਤਾਪ ਤੋਂ ਬਚਣਾ ਹੈ) ਤਾਂ ਪਰਮਾਤਮਾ ਦਾ ਨਾਮ ਜਪਿਆ ਕਰ, ਸਦਾ ਜਪਿਆ ਕਰ,

ਜੋ ਸੰਤ ਬੇਦ ਕਹਤ ਪੰਥੁ ਗਾਖਰੋ ਮੋਹ ਮਗਨ ਅਹੰ ਤਾਪ ॥ ਰਹਾਉ ॥

ਇਹੀ ਉਪਦੇਸ਼ ਗੁਰੂ ਦੇ ਬਚਨ ਕਰਦੇ ਹਨ। (ਨਾਮ ਜਪਣ ਤੋਂ ਬਿਨਾ ਜ਼ਿੰਦਗੀ ਦਾ) ਰਸਤਾ ਬਹੁਤ ਔਖਾ ਹੈ (ਇਸ ਤੋਂ ਬਿਨਾ) ਮੋਹ ਵਿਚ ਡੁੱਬੇ ਰਹੀਦਾ ਹੈ, ਹਉਮੈ ਦਾ ਤਾਪ ਚੜ੍ਹਿਆ ਰਹਿੰਦਾ ਹੈ ॥ ਰਹਾਉ॥

ਜੋ ਰਾਤੇ ਮਾਤੇ ਸੰਗਿ ਬਪੁਰੀ ਮਾਇਆ ਮੋਹ ਸੰਤਾਪ ॥੧॥

ਹੇ ਮਨ! ਜਿਹੜੇ ਮਨੁੱਖ ਭੈੜੀ ਮਾਇਆ ਨਾਲ ਰੱਤੇ ਮੱਤੇ ਰਹਿੰਦੇ ਹਨ, ਉਹਨਾਂ ਨੂੰ (ਮਾਇਆ ਦੇ) ਮੋਹ ਦੇ ਕਾਰਨ (ਅਨੇਕਾਂ) ਦੁੱਖ-ਕਲੇਸ਼ ਵਿਆਪਦੇ ਹਨ ॥੧॥

ਨਾਮੁ ਜਪਤ ਸੋਊ ਜਨੁ ਉਧਰੈ ਜਿਸਹਿ ਉਧਾਰਹੁ ਆਪ ॥

ਹੇ ਪ੍ਰਭੂ! ਜਿਸ (ਮਨੁੱਖ) ਨੂੰ ਤੂੰ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈਂ, ਉਹ ਮਨੁੱਖ (ਤੇਰਾ) ਨਾਮ ਜਪਦਿਆਂ ਪਾਰ ਲੰਘਦਾ ਹੈ।

ਬਿਨਸਿ ਜਾਇ ਮੋਹ ਭੈ ਭਰਮਾ ਨਾਨਕ ਸੰਤ ਪ੍ਰਤਾਪ ॥੨॥੫॥੪੪॥

ਹੇ ਨਾਨਕ! ਗੁਰੂ ਦੇ ਪਰਤਾਪ ਨਾਲ (ਮਨੁੱਖ ਦੇ ਅੰਦਰੋਂ ਮਾਇਆ ਦਾ) ਮੋਹ ਦੂਰ ਹੋ ਜਾਂਦਾ ਹੈ, ਸਾਰੇ ਡਰ ਮਿਟ ਜਾਂਦੇ ਹਨ, ਭਟਕਣਾ ਮੁੱਕ ਜਾਂਦੀ ਹੈ ॥੨॥੫॥੪੪॥


ਕਾਨੜਾ ਮਹਲਾ ੫ ਘਰੁ ੧੦ ॥

ਰਾਗ ਕਾਨੜਾ, ਘਰ ੧੦ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਐਸੋ ਦਾਨੁ ਦੇਹੁ ਜੀ ਸੰਤਹੁ ਜਾਤ ਜੀਉ ਬਲਿਹਾਰਿ ॥

ਹੇ ਸੰਤ ਜਨੋ! ਮੈਨੂੰ ਇਹੋ ਜਿਹਾ ਦਾਨ ਦੇਹੋ (ਜੋ ਕਾਮਾਦਿਕ ਪੰਜ ਵੈਰੀਆਂ ਤੋਂ ਬਚਾ ਰੱਖੇ, ਮੇਰੀ) ਜਿੰਦ (ਨਾਮ ਦੀ ਦਾਤ ਤੋਂ) ਸਦਕੇ ਜਾਂਦੀ ਹੈ।

ਮਾਨ ਮੋਹੀ ਪੰਚ ਦੋਹੀ ਉਰਝਿ ਨਿਕਟਿ ਬਸਿਓ ਤਾਕੀ ਸਰਨਿ ਸਾਧੂਆ ਦੂਤ ਸੰਗੁ ਨਿਵਾਰਿ ॥੧॥ ਰਹਾਉ ॥

(ਇਹ ਜਿੰਦ) ਅਹੰਕਾਰ ਵਿਚ ਮਸਤ ਰਹਿੰਦੀ ਹੈ, (ਕਾਮਾਦਿਕ) ਪੰਜ (ਚੋਰਾਂ ਦੇ ਹੱਥੋਂ) ਠੱਗੀ ਜਾਂਦੀ ਹੈ, (ਉਹਨਾਂ ਕਾਮਾਦਿਕਾਂ ਵਿਚ ਹੀ) ਫਸ ਕੇ (ਉਹਨਾਂ ਦੇ ਹੀ) ਨੇੜੇ ਟਿਕੀ ਰਹਿੰਦੀ ਹੈ। ਮੈਂ (ਇਹਨਾਂ ਤੋਂ ਬਚਣ ਲਈ) ਸੰਤ ਜਨਾਂ ਦੀ ਸਰਨ ਤੱਕੀ ਹੈ। (ਹੇ ਸੰਤ ਜਨੋ! ਮੇਰਾ ਇਹਨਾਂ ਕਾਮਾਦਿਕ) ਵੈਰੀਆਂ ਵਾਲਾ ਸਾਥ ਦੂਰ ਕਰੋ ॥੧॥ ਰਹਾਉ ॥

ਕੋਟਿ ਜਨਮ ਜੋਨਿ ਭ੍ਰਮਿਓ ਹਾਰਿ ਪਰਿਓ ਦੁਆਰਿ ॥੧॥

ਹੇ ਸੰਤ ਜਨੋ! (ਕਾਮਾਦਿਕ ਪੰਜਾਂ ਵੈਰੀਆਂ ਦੇ ਪ੍ਰਭਾਵ ਹੇਠ ਰਹਿ ਕੇ ਮਨੁੱਖ ਦੀ ਜਿੰਦ) ਕ੍ਰੋੜਾਂ ਜਨਮਾਂ ਜੂਨਾਂ ਵਿਚ ਭਟਕਦੀ ਰਹਿੰਦੀ ਹੈ। (ਹੇ ਸੰਤ ਜਨੋ!) ਮੈਂ ਹੋਰ ਆਸਰੇ ਛੱਡ ਕੇ ਤੁਹਾਡੇ ਦਰ ਤੇ ਆਇਆ ਹਾਂ ॥੧॥

ਕਿਰਪਾ ਗੋਬਿੰਦ ਭਈ ਮਿਲਿਓ ਨਾਮੁ ਅਧਾਰੁ ॥

ਜਿਸ ਮਨੁੱਖ ਉੱਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ, ਉਸ ਨੂੰ (ਕਾਮਾਦਿਕ ਵੈਰੀਆਂ ਦਾ ਟਾਕਰਾ ਕਰਨ ਲਈ ਪਰਮਾਤਮਾ ਦਾ) ਨਾਮ ਆਸਰਾ ਮਿਲ ਜਾਂਦਾ ਹੈ, ਉਸ ਦਾ ਇਹ ਦੁਰਲੱਭ (ਮਨੁੱਖਾ) ਜਨਮ ਕਾਮਯਾਬ ਹੋ ਜਾਂਦਾ ਹੈ।

ਦੁਲਭ ਜਨਮੁ ਸਫਲੁ ਨਾਨਕ ਭਵ ਉਤਾਰਿ ਪਾਰਿ ॥੨॥੧॥੪੫॥

ਹੇ ਨਾਨਕ! (ਪ੍ਰਭੂ-ਚਰਨਾਂ ਵਿਚ ਅਰਦਾਸ ਕਰ ਤੇ ਆਖ-ਹੇ ਪ੍ਰਭੂ! ਮੈਨੂੰ ਆਪਣੇ ਨਾਮ ਦਾ ਆਸਰਾ ਦੇ ਕੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ ॥੨॥੧॥੪੫॥


ਕਾਨੜਾ ਮਹਲਾ ੫ ਘਰੁ ੧੧ ॥

ਰਾਗ ਕਾਨੜਾ, ਘਰ ੧੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਹਜ ਸੁਭਾਏ ਆਪਨ ਆਏ ॥

(ਕਿਸੇ) ਆਤਮਕ ਅਡੋਲਤਾ ਵਾਲੇ ਪਿਆਰ ਦੀ ਪ੍ਰੇਰਨਾ ਨਾਲ (ਪ੍ਰਭੂ ਜੀ) ਆਪਣੇ ਆਪ ਹੀ (ਮੈਨੂੰ) ਆ ਮਿਲੇ ਹਨ,

ਕਛੂ ਨ ਜਾਨੌ ਕਛੂ ਦਿਖਾਏ ॥

ਮੈਂ ਤਾਂ ਨਾਹ ਕੁਝ ਜਾਣਦਾ-ਬੁੱਝਦਾ ਹਾਂ, ਨਾਹ ਮੈਂ ਕੋਈ ਚੰਗੀ ਕਰਣੀ ਵਿਖਾ ਸਕਿਆ ਹਾਂ।

ਪ੍ਰਭੁ ਮਿਲਿਓ ਸੁਖ ਬਾਲੇ ਭੋਲੇ ॥੧॥ ਰਹਾਉ ॥

ਮੈਨੂੰ ਭੋਲੇ ਬਾਲ ਨੂੰ ਉਹ ਸੁਖਾਂ ਦਾ ਮਾਲਕ ਪ੍ਰਭੂ (ਆਪ ਹੀ) ਆ ਮਿਲਿਆ ਹੈ ॥੧॥ ਰਹਾਉ ॥

ਸੰਜੋਗਿ ਮਿਲਾਏ ਸਾਧ ਸੰਗਾਏ ॥

(ਕਿਸੇ ਪਿਛਲੇ) ਸੰਜੋਗ ਨੇ (ਮੈਨੂੰ) ਸਾਧ ਸੰਗਤ ਵਿਚ ਮਿਲਾ ਦਿੱਤਾ,

ਕਤਹੂ ਨ ਜਾਏ ਘਰਹਿ ਬਸਾਏ ॥

(ਹੁਣ ਮੇਰਾ ਮਨ) ਕਿਸੇ ਭੀ ਹੋਰ ਪਾਸੇ ਨਹੀਂ ਜਾਂਦਾ, (ਹਿਰਦੇ-) ਘਰ ਵਿਚ ਹੀ ਟਿਕਿਆ ਰਹਿੰਦਾ ਹੈ।

ਗੁਨ ਨਿਧਾਨੁ ਪ੍ਰਗਟਿਓ ਇਹ ਚੋਲੈ ॥੧॥

(ਮੇਰੇ ਇਸ ਸਰੀਰ ਵਿਚ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਪਰਗਟ ਹੋ ਪਿਆ ਹੈ ॥੧॥

ਚਰਨ ਲੁਭਾਏ ਆਨ ਤਜਾਏ ॥

(ਪ੍ਰਭੂ ਦੇ) ਚਰਨਾਂ ਨੇ (ਮੈਨੂੰ ਆਪਣੇ ਵਲ) ਖਿੱਚ ਪਾ ਲਈ ਹੈ, ਮੈਥੋਂ ਹੋਰ ਸਾਰੇ ਮੋਹ-ਪਿਆਰ ਛਡਾ ਲਏ ਹਨ,

ਥਾਨ ਥਨਾਏ ਸਰਬ ਸਮਾਏ ॥

(ਹੁਣ ਮੈਨੂੰ ਇਉਂ ਦਿੱਸਦਾ ਹੈ ਕਿ ਉਹ ਪ੍ਰਭੂ) ਹਰੇਕ ਥਾਂ ਵਿਚ ਸਭਨਾਂ ਵਿਚ ਵੱਸ ਰਿਹਾ ਹੈ।

ਰਸਕਿ ਰਸਕਿ ਨਾਨਕੁ ਗੁਨ ਬੋਲੈ ॥੨॥੧॥੪੬॥

(ਹੁਣ ਉਸ ਦਾ ਦਾਸ) ਨਾਨਕ ਬੜੇ ਆਨੰਦ ਨਾਲ ਉਸ ਦੇ ਗੁਣ ਉਚਾਰਦਾ ਰਹਿੰਦਾ ਹੈ ॥੨॥੧॥੪੬॥


ਕਾਨੜਾ ਮਹਲਾ ੫ ॥
ਗੋਬਿੰਦ ਠਾਕੁਰ ਮਿਲਨ ਦੁਰਾਈਂ ॥

ਗੋਬਿੰਦ ਨੂੰ ਠਾਕੁਰ ਨੂੰ ਮਿਲਣਾ ਬਹੁਤ ਔਖਾ ਹੈ।

ਪਰਮਿਤਿ ਰੂਪੁ ਅਗੰਮ ਅਗੋਚਰ ਰਹਿਓ ਸਰਬ ਸਮਾਈ ॥੧॥ ਰਹਾਉ ॥

ਉਹ ਪਰਮਾਤਮਾ (ਉਂਞ ਤਾਂ) ਸਭਨਾਂ ਵਿਚ ਸਮਾਇਆ ਹੋਇਆ ਹੈ (ਪਰ) ਉਸ ਦਾ ਸਰੂਪ ਅੰਦਾਜ਼ੇ ਤੋਂ ਪਰੇ ਹੈ, ਉਹ ਅਪਹੁੰਚ ਹੈ, ਉਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ ॥੧॥ ਰਹਾਉ ॥

ਕਹਨਿ ਭਵਨਿ ਨਾਹੀ ਪਾਇਓ ਪਾਇਓ ਅਨਿਕ ਉਕਤਿ ਚਤੁਰਾਈ ॥੧॥

(ਨਿਰਾ ਗਿਆਨ ਦੀਆਂ) ਗੱਲਾਂ ਕਰਨ ਨਾਲ, (ਤੀਰਥ ਆਦਿਕਾਂ ਤੇ) ਭੌਣ ਨਾਲ ਪਰਮਾਤਮਾ ਨਹੀਂ ਮਿਲਦਾ, ਅਨੇਕਾਂ ਯੁਕਤੀਆਂ ਤੇ ਚਤੁਰਾਈਆਂ ਨਾਲ ਭੀ ਨਹੀਂ ਮਿਲਦਾ ॥੧॥

ਜਤਨ ਜਤਨ ਅਨਿਕ ਉਪਾਵ ਰੇ ਤਉ ਮਿਲਿਓ ਜਉ ਕਿਰਪਾਈ ॥

ਹੇ ਭਾਈ! ਅਨੇਕਾਂ ਜਤਨਾਂ ਅਤੇ ਅਨੇਕਾਂ ਹੀਲਿਆਂ ਨਾਲ ਪਰਮਾਤਮਾ ਨਹੀਂ ਮਿਲਦਾ। ਉਹ ਤਦੋਂ ਹੀ ਮਿਲਦਾ ਹੈ ਜਦੋਂ ਉਸ ਦੀ ਆਪਣੀ ਕਿਰਪਾ ਹੁੰਦੀ ਹੈ।

ਪ੍ਰਭੂ ਦਇਆਰ ਕ੍ਰਿਪਾਰ ਕ੍ਰਿਪਾ ਨਿਧਿ ਜਨ ਨਾਨਕ ਸੰਤ ਰੇਨਾਈ ॥੨॥੨॥੪੭॥

ਹੇ ਦਾਸ ਨਾਨਕ! ਦਇਆਲ, ਕਿਰਪਾਲ, ਕਿਰਪਾ ਦਾ ਖ਼ਜ਼ਾਨਾ ਪ੍ਰਭੂ ਸੰਤ ਜਨਾਂ ਦੀ ਚਰਨ-ਧੂੜ ਵਿਚ ਰਿਹਾਂ ਮਿਲਦਾ ਹੈ ॥੨॥੨॥੪੭॥


ਕਾਨੜਾ ਮਹਲਾ ੫ ॥
ਮਾਈ ਸਿਮਰਤ ਰਾਮ ਰਾਮ ਰਾਮ ॥

ਹੇ ਮਾਂ! ਉਸ ਪਰਮਾਤਮਾ ਦਾ ਨਾਮ ਹਰ ਵੇਲੇ ਸਿਮਰਦਿਆਂ (ਮੈਂ ਨਾਮ ਸਿਮਰਨ ਨੂੰ ਜੀਵਨ ਦਾ ਆਧਾਰ ਬਣਾ ਲਿਆ ਹੈ)।

ਪ੍ਰਭ ਬਿਨਾ ਨਾਹੀ ਹੋਰੁ ॥

ਪ੍ਰਭੂ ਬਿਨਾ (ਮੇਰਾ) ਕੋਈ ਹੋਰ (ਆਸਰਾ) ਨਹੀਂ ਹੈ।

ਚਿਤਵਉ ਚਰਨਾਰਬਿੰਦ ਸਾਸਨ ਨਿਸਿ ਭੋਰ ॥੧॥ ਰਹਾਉ ॥

ਮੈਂ ਦਿਨ ਰਾਤ ਹਰੇਕ ਸਾਹ ਦੇ ਨਾਲ ਉਸ ਦੇ ਸੋਹਣੇ ਚਰਨਾਂ ਦਾ ਧਿਆਨ ਧਰਦਾ ਰਹਿੰਦਾ ਹਾਂ ॥੧॥ ਰਹਾਉ ॥

ਲਾਇ ਪ੍ਰੀਤਿ ਕੀਨ ਆਪਨ ਤੂਟਤ ਨਹੀ ਜੋਰੁ ॥

ਹੇ ਮਾਂ! (ਉਸ ਪਰਮਾਤਮਾ ਨਾਲ) ਪਿਆਰ ਪਾ ਕੇ (ਮੈਂ ਉਸ ਨੂੰ) ਆਪਣਾ ਬਣਾ ਲਿਆ ਹੈ (ਹੁਣ ਇਹ) ਪ੍ਰੀਤ ਦੀ ਗੰਢ ਟੁੱਟੇਗੀ ਨਹੀਂ।

ਪ੍ਰਾਨ ਮਨੁ ਧਨੁ ਸਰਬਸੁੋ ਹਰਿ ਗੁਨ ਨਿਧੇ ਸੁਖ ਮੋਰ ॥੧॥

ਮੇਰੇ ਵਾਸਤੇ ਗੁਣਾਂ ਦਾ ਖ਼ਜ਼ਾਨਾ ਹਰੀ ਹੀ ਸੁਖ ਹੈ, ਜਿੰਦ ਹੈ, ਮਨ ਹੈ, ਧਨ ਹੈ, ਮੇਰਾ ਸਭ ਕੁਝ ਉਹੀ ਹੈ ॥੧॥

ਈਤ ਊਤ ਰਾਮ ਪੂਰਨੁ ਨਿਰਖਤ ਰਿਦ ਖੋਰਿ ॥

ਇਥੇ ਉਥੇ ਹਰ ਥਾਂ ਪਰਮਾਤਮਾ ਹੀ ਵਿਆਪਕ ਹੈ, ਮੈਂ ਉਸਨੂੰ ਆਪਣੇ ਹਿਰਦੇ ਦੇ ਲੁਕਵੇਂ ਥਾਂ ਵਿਚ (ਬੈਠਾ) ਵੇਖ ਰਿਹਾ ਹਾਂ।

ਸੰਤ ਸਰਨ ਤਰਨ ਨਾਨਕ ਬਿਨਸਿਓ ਦੁਖੁ ਘੋਰ ॥੨॥੩॥੪੮॥

(ਜੀਵਾਂ ਨੂੰ ਪਾਰ ਲੰਘਾਣ ਲਈ ਉਹ) ਜਹਾਜ਼ ਹੈ, ਸੰਤਾਂ ਦੀ ਸਰਨ ਵਿਚ ਹੇ ਨਾਨਕ! (ਜਿਨ੍ਹਾਂ ਨੂੰ ਮਿਲ ਪੈਂਦਾ ਹੈ, ਉਹਨਾਂ ਦਾ) ਸਾਰਾ ਵੱਡੇ ਤੋਂ ਵੱਡਾ ਦੁੱਖ ਭੀ ਨਾਸ ਹੋ ਜਾਂਦਾ ਹੈ ॥੨॥੩॥੪੮॥


ਕਾਨੜਾ ਮਹਲਾ ੫ ॥
ਜਨ ਕੋ ਪ੍ਰਭੁ ਸੰਗੇ ਅਸਨੇਹੁ ॥

ਹੇ ਪ੍ਰਭੂ! ਤੂੰ ਆਪਣੇ ਸੇਵਕ ਦੇ ਸਿਰ ਉਤੇ ਰਾਖਾ ਹੈਂ, (ਤੇਰੇ ਸੇਵਕ ਦਾ ਤੇਰੇ) ਨਾਲ ਪਿਆਰ (ਟਿਕਿਆ ਰਹਿੰਦਾ ਹੈ)।

ਸਾਜਨੋ ਤੂ ਮੀਤੁ ਮੇਰਾ ਗ੍ਰਿਹਿ ਤੇਰੈ ਸਭੁ ਕੇਹੁ ॥੧॥ ਰਹਾਉ ॥

ਹੇ ਪ੍ਰਭੂ! ਤੂੰ (ਹੀ) ਮੇਰਾ ਸੱਜਣ ਹੈਂ, ਤੂੰ (ਹੀ) ਮੇਰਾ ਮਿੱਤਰ ਹੈਂ, ਤੇਰੇ ਘਰ ਵਿਚ ਹਰੇਕ ਪਦਾਰਥ ਹੈ ॥੧॥ ਰਹਾਉ ॥

ਮਾਨੁ ਮਾਂਗਉ ਤਾਨੁ ਮਾਂਗਉ ਧਨੁ ਲਖਮੀ ਸੁਤ ਦੇਹ ॥੧॥

ਹੇ ਪ੍ਰਭੂ! ਮੈਂ (ਤੇਰੇ ਦਰ ਤੋਂ) ਇੱਜ਼ਤ ਮੰਗਦਾ ਹਾਂ, (ਤੇਰਾ) ਆਸਰਾ ਮੰਗਦਾ ਹਾਂ, ਧਨ-ਪਦਾਰਥ ਮੰਗਦਾ ਹਾਂ, ਪੁੱਤਰ ਮੰਗਦਾ ਹਾਂ, ਸਰੀਰਕ ਅਰੋਗਤਾ ਮੰਗਦਾ ਹਾਂ ॥੧॥

ਮੁਕਤਿ ਜੁਗਤਿ ਭੁਗਤਿ ਪੂਰਨ ਪਰਮਾਨੰਦ ਪਰਮ ਨਿਧਾਨ ॥

ਹੇ ਪ੍ਰਭੂ! ਤੂੰ ਹੀ ਵਿਕਾਰਾਂ ਤੋਂ ਖ਼ਲਾਸੀ ਦੇਣ ਵਾਲਾ ਹੈਂ, ਤੂੰ ਹੀ ਜੀਵਨ-ਜਾਚ ਸਿਖਾਂਦਾ ਹੈਂ, ਤੂੰ ਹੀ ਭੋਜਨ ਦੇਣ ਵਾਲਾ ਹੈਂ, ਤੂੰ ਸਭ ਤੋਂ ਉੱਚੇ ਆਨੰਦ ਤੇ ਸੁਖਾਂ ਦਾ ਖ਼ਜ਼ਾਨਾ ਹੈਂ।

ਭੈ ਭਾਇ ਭਗਤਿ ਨਿਹਾਲ ਨਾਨਕ ਸਦਾ ਸਦਾ ਕੁਰਬਾਨ ॥੨॥੪॥੪੯॥

ਹੇ ਨਾਨਕ! (ਆਖ-ਹੇ ਪ੍ਰਭੂ! ਮੈਂ ਤੈਥੋਂ) ਸਦਾ ਹੀ ਸਦਕੇ ਜਾਂਦਾ ਹਾਂ, (ਜਿਹੜੇ ਮਨੁੱਖ ਤੇਰੇ) ਡਰ ਵਿਚ ਪਿਆਰ ਵਿਚ (ਟਿਕ ਕੇ ਤੇਰੀ) ਭਗਤੀ (ਕਰਦੇ ਹਨ, ਉਹ) ਨਿਹਾਲ (ਹੋ ਜਾਂਦੇ ਹਨ) ॥੨॥੪॥੪੯॥


ਕਾਨੜਾ ਮਹਲਾ ੫ ॥
ਕਰਤ ਕਰਤ ਚਰਚ ਚਰਚ ਚਰਚਰੀ ॥

(ਬਹੁਤ ਸਾਰੇ ਸ਼ਾਸਤ੍ਰ ਦੇ ਗਿਆਤਾ ਜਿੱਥੇ ਕਿਤੇ ਜਾਂਦੇ ਹਨ) ਚਰਚਾ ਹੀ ਚਰਚਾ ਕਰਦੇ ਫਿਰਦੇ ਹਨ,

ਜੋਗ ਧਿਆਨ ਭੇਖ ਗਿਆਨ ਫਿਰਤ ਫਿਰਤ ਧਰਤ ਧਰਤ ਧਰਚਰੀ ॥੧॥ ਰਹਾਉ ॥

ਅਨੇਕਾਂ ਜੋਗ ਸਮਾਧੀਆਂ ਲਾਣ ਵਾਲੇ (ਛੇ) ਭੇਖਾਂ ਦੇ ਸਾਧੂ (ਸ਼ਾਸਤ੍ਰ ਦੇ) ਗਿਆਨਵਾਨ ਸਦਾ ਧਰਤੀ ਉਤੇ ਤੁਰੇ ਫਿਰਦੇ ਹਨ, (ਪਰ ਪ੍ਰਭੂ ਦੇ ਭੋਜਨ ਤੋਂ ਬਿਨਾ ਇਹ ਸਭ ਕੁਝ ਵਿਅਰਥ ਹੈ) ॥੧॥ ਰਹਾਉ ॥

ਅਹੰ ਅਹੰ ਅਹੈ ਅਵਰ ਮੂੜ ਮੂੜ ਮੂੜ ਬਵਰਈ ॥

(ਇਹੋ ਜਿਹੇ ਅਨੇਕਾਂ ਹੀ) ਹੋਰ ਹਨ, (ਉਹਨਾਂ ਦੇ ਅੰਦਰ) ਹਉਮੈ ਹੀ ਹਉਮੈ, (ਨਾਮ ਤੋਂ ਸੱਖਣੇ ਉਹ) ਮੂਰਖ ਹਨ, ਮੂਰਖ ਹਨ, ਝੱਲੇ ਹਨ।

ਜਤਿ ਜਾਤ ਜਾਤ ਜਾਤ ਸਦਾ ਸਦਾ ਸਦਾ ਸਦਾ ਕਾਲ ਹਈ ॥੧॥

(ਉਹ ਧਰਤੀ ਉੱਤੇ ਤੁਰੇ ਫਿਰਦੇ ਹਨ, ਇਸ ਨੂੰ ਧਰਮ ਦਾ ਕੰਮ ਸਮਝਦੇ ਹਨ ਪਰ ਉਹ) ਜਿੱਥੇ ਭੀ ਜਾਂਦੇ ਹਨ, ਜਿੱਥੇ ਭੀ ਜਾਂਦੇ ਹਨ, ਸਦਾ ਹੀ ਸਦਾ ਹੀ ਆਤਮਕ ਮੌਤ (ਉਹਨਾਂ ਉਤੇ ਸਵਾਰ ਰਹਿੰਦੀ) ਹੈ ॥੧॥

ਮਾਨੁ ਮਾਨੁ ਮਾਨੁ ਤਿਆਗਿ ਮਿਰਤੁ ਮਿਰਤੁ ਨਿਕਟਿ ਨਿਕਟਿ ਸਦਾ ਹਈ ॥

ਹੇ ਮੂਰਖ! (ਇਹਨਾਂ ਸਮਾਧੀਆਂ ਦਾ) ਮਾਣ, (ਭੇਖ ਦਾ) ਮਾਣ (ਸ਼ਾਸਤ੍ਰਾਂ ਦੇ ਗਿਆਨ ਦਾ) ਅਹੰਕਾਰ ਛੱਡ ਦੇਹ, (ਇਸ ਤਰ੍ਹਾਂ ਆਤਮਕ) ਮੌਤ ਸਦਾ (ਤੇਰੇ) ਨੇੜੇ ਹੈ, ਸਦਾ (ਤੇਰੇ) ਨੇੜੇ ਹੈ।

ਹਰਿ ਹਰੇ ਹਰੇ ਭਾਜੁ ਕਹਤੁ ਨਾਨਕੁ ਸੁਨਹੁ ਰੇ ਮੂੜ ਬਿਨੁ ਭਜਨ ਭਜਨ ਭਜਨ ਅਹਿਲਾ ਜਨਮੁ ਗਈ ॥੨॥੫॥੫੦॥੧੨॥੬੨॥

(ਤੈਨੂੰ) ਨਾਨਕ ਆਖਦਾ ਹੈ ਕਿ ਹੇ ਮੂਰਖ! ਪਰਮਾਤਮਾ ਦਾ ਭਜਨ ਕਰ, ਹਰੀ ਦਾ ਭਜਨ ਕਰ। ਭਜਨ ਤੋਂ ਬਿਨਾ ਕੀਮਤੀ ਮਨੁੱਖਾ ਜਨਮ (ਵਿਅਰਥ) ਜਾ ਰਿਹਾ ਹੈ ॥੨॥੫॥੫੦॥੧੨॥੬੨॥


ਕਾਨੜਾ ਅਸਟਪਦੀਆ ਮਹਲਾ ੪ ਘਰੁ ੧ ॥

ਰਾਗ ਕਾਨੜਾ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਅੱਠ ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਜਪਿ ਮਨ ਰਾਮ ਨਾਮੁ ਸੁਖੁ ਪਾਵੈਗੋ ॥

ਹੇ (ਮੇਰੇ) ਮਨ! (ਪਰਮਾਤਮਾ ਦਾ) ਨਾਮ (ਸਦਾ) ਜਪਿਆ ਕਰ (ਜਿਹੜਾ ਮਨੁੱਖ ਜਪਦਾ ਹੈ, ਉਹ) ਸੁਖ ਪਾਂਦਾ ਹੈ।

ਜਿਉ ਜਿਉ ਜਪੈ ਤਿਵੈ ਸੁਖੁ ਪਾਵੈ ਸਤਿਗੁਰੁ ਸੇਵਿ ਸਮਾਵੈਗੋ ॥੧॥ ਰਹਾਉ ॥

ਜਿਉਂ ਜਿਉਂ (ਮਨੁੱਖ ਹਰਿ-ਨਾਮ) ਜਪਦਾ ਹੈ, ਤਿਉਂ ਤਿਉਂ ਆਨੰਦ ਮਾਣਦਾ ਹੈ, ਅਤੇ ਗੁਰੂ ਦੀ ਸਰਨ ਪੈ ਕੇ (ਹਰਿ-ਨਾਮ ਵਿਚ) ਲੀਨ ਰਹਿੰਦਾ ਹੈ ॥੧॥ ਰਹਾਉ ॥

ਭਗਤ ਜਨਾਂ ਕੀ ਖਿਨੁ ਖਿਨੁ ਲੋਚਾ ਨਾਮੁ ਜਪਤ ਸੁਖੁ ਪਾਵੈਗੋ ॥

ਹੇ ਮਨ! ਭਗਤ ਜਨਾਂ ਦੀ ਹਰ ਵੇਲੇ (ਨਾਮ ਜਪਣ ਦੀ) ਤਾਂਘ ਬਣੀ ਰਹਿੰਦੀ ਹੈ, (ਪਰਮਾਤਮਾ ਦਾ ਭਗਤ) ਹਰਿ-ਨਾਮ ਜਪਦਿਆਂ ਆਨੰਦ ਪ੍ਰਾਪਤ ਕਰਦਾ ਹੈ।

ਅਨ ਰਸ ਸਾਦ ਗਏ ਸਭ ਨੀਕਰਿ ਬਿਨੁ ਨਾਵੈ ਕਿਛੁ ਨ ਸੁਖਾਵੈਗੋ ॥੧॥

(ਉਸ ਦੇ ਅੰਦਰੋਂ) ਹੋਰ ਸਾਰੇ ਰਸਾਂ ਦੇ ਸੁਆਦ ਨਿਕਲ ਜਾਂਦੇ ਹਨ, ਹਰਿ-ਨਾਮ ਤੋਂ ਬਿਨਾ (ਭਗਤ ਨੂੰ) ਹੋਰ ਕੁਝ ਚੰਗਾ ਨਹੀਂ ਲੱਗਦਾ ॥੧॥

ਗੁਰਮਤਿ ਹਰਿ ਹਰਿ ਮੀਠਾ ਲਾਗਾ ਗੁਰੁ ਮੀਠੇ ਬਚਨ ਕਢਾਵੈਗੋ ॥

ਹੇ ਮਨ! ਗੁਰੂ ਦੀ ਮੱਤ ਦੀ ਬਰਕਤਿ ਨਾਲ (ਭਗਤ ਨੂੰ) ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲਗ ਪੈਂਦਾ ਹੈ, ਗੁਰੂ (ਉਸ ਦੇ ਮੂੰਹੋਂ ਸਿਫ਼ਤ-ਸਾਲਾਹ ਦੇ) ਮਿੱਠੇ ਬਚਨ (ਹੀ) ਕਢਾਂਦਾ ਹੈ।

ਸਤਿਗੁਰ ਬਾਣੀ ਪੁਰਖੁ ਪੁਰਖੋਤਮ ਬਾਣੀ ਸਿਉ ਚਿਤੁ ਲਾਵੈਗੋ ॥੨॥

ਗੁਰੂ ਦੀ ਬਾਣੀ ਦੀ ਰਾਹੀਂ (ਭਗਤ) ਸ੍ਰੇਸ਼ਟ ਪੁਰਖ ਪਰਮਾਤਮਾ ਨੂੰ (ਮਿਲ ਪੈਂਦਾ ਹੈ, ਇਸ ਵਾਸਤੇ ਭਗਤ ਸਦਾ) ਗੁਰੂ ਦੀ ਬਾਣੀ ਨਾਲ (ਆਪਣਾ) ਚਿੱਤ ਪੱਘਰ ਜਾਂਦਾ ਹੈ ॥੨॥

ਗੁਰਬਾਣੀ ਸੁਨਤ ਮੇਰਾ ਮਨੁ ਦ੍ਰਵਿਆ ਮਨੁ ਭੀਨਾ ਨਿਜ ਘਰਿ ਆਵੈਗੋ ॥

ਮੇਰਾ ਮਨ (ਨਾਮ-ਰਸ ਨਾਲ) ਭਿੱਜ ਜਾਂਦਾ ਹੈ, (ਬਾਹਰ ਭਟਕਣ ਦੇ ਥਾਂ) ਆਪਣੇ ਅਸਲ ਸਰੂਪ ਵਿਚ ਟਿਕਿਆ ਰਹਿੰਦਾ ਹੈ।

ਤਹ ਅਨਹਤ ਧੁਨੀ ਬਾਜਹਿ ਨਿਤ ਬਾਜੇ ਨੀਝਰ ਧਾਰ ਚੁਆਵੈਗੋ ॥੩॥

ਹਿਰਦੇ ਵਿਚ ਇਉਂ ਆਨੰਦ ਬਣਿਆ ਰਹਿੰਦਾ ਹੈ, (ਮਾਨੋ) ਉਸ ਹਿਰਦੇ ਵਿਚ ਇਕ-ਰਸ ਸੁਰ ਨਾਲ ਵਾਜੇ ਵੱਜਦੇ ਰਹਿੰਦੇ ਹਨ, (ਮਾਨੋ) ਚਸ਼ਮੇ (ਦੇ ਪਾਣੀ) ਦੀ ਧਾਰ ਚਲਦੀ ਰਹਿੰਦੀ ਹੈ ॥੩॥

ਰਾਮ ਨਾਮੁ ਇਕੁ ਤਿਲ ਤਿਲ ਗਾਵੈ ਮਨੁ ਗੁਰਮਤਿ ਨਾਮਿ ਸਮਾਵੈਗੋ ॥

ਹੇ ਮਨ! (ਪਰਮਾਤਮਾ ਦਾ ਭਗਤ) ਹਰ ਵੇਲੇ ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ, ਗੁਰੂ ਦੀ ਮੱਤ ਲੈ ਕੇ (ਭਗਤ ਦਾ) ਮਨ (ਸਦਾ) ਨਾਮ ਵਿਚ ਲੀਨ ਰਹਿੰਦਾ ਹੈ।

ਨਾਮੁ ਸੁਣੈ ਨਾਮੋ ਮਨਿ ਭਾਵੈ ਨਾਮੇ ਹੀ ਤ੍ਰਿਪਤਾਵੈਗੋ ॥੪॥

ਭਗਤ (ਹਰ ਵੇਲੇ ਪਰਮਾਤਮਾ ਦਾ) ਨਾਮ ਸੁਣਦਾ ਹੈ, ਨਾਮ ਹੀ (ਉਸ ਦੇ) ਮਨ ਵਿਚ ਪਿਆਰਾ ਲੱਗਦਾ ਹੈ, ਨਾਮ ਦੀ ਰਾਹੀਂ ਹੀ (ਭਗਤ ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜਿਆ ਰਹਿੰਦਾ ਹੈ ॥੪॥

ਕਨਿਕ ਕਨਿਕ ਪਹਿਰੇ ਬਹੁ ਕੰਗਨਾ ਕਾਪਰੁ ਭਾਂਤਿ ਬਨਾਵੈਗੋ ॥

(ਹੇ ਮੇਰੇ ਮਨ! ਮਾਇਆ-ਵੇੜ੍ਹਿਆ ਮਨੁੱਖ) ਸੋਨੇ (ਆਦਿਕ ਕੀਮਤੀ ਧਾਤਾਂ) ਦੇ ਅਨੇਕਾਂ ਕੰਗਣ (ਆਦਿਕ ਗਹਿਣੇ) ਪਹਿਨਦਾ ਹੈ (ਆਪਣੇ ਸਰੀਰ ਨੂੰ ਸਜਾਣ ਲਈ) ਕਈ ਕਿਸਮ ਦਾ ਕੱਪੜਾ ਬਣਾਂਦਾ ਹੈ,

ਨਾਮ ਬਿਨਾ ਸਭਿ ਫੀਕ ਫਿਕਾਨੇ ਜਨਮਿ ਮਰੈ ਫਿਰਿ ਆਵੈਗੋ ॥੫॥

(ਪਰਮਾਤਮਾ ਦੇ) ਨਾਮ ਤੋਂ ਬਿਨਾ (ਇਹ) ਸਾਰੇ (ਉੱਦਮ) ਬਿਲਕੁਲ ਬੇ-ਸੁਆਦੇ ਹਨ। (ਅਜਿਹਾ ਮਨੁੱਖ ਸਦਾ) ਜੰਮਣ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੫॥

ਮਾਇਆ ਪਟਲ ਪਟਲ ਹੈ ਭਾਰੀ ਘਰੁ ਘੂਮਨਿ ਘੇਰਿ ਘੁਲਾਵੈਗੋ ॥

ਹੇ ਮੇਰੇ ਮਨ! ਮਾਇਆ (ਦੇ ਮੋਹ) ਦਾ ਪਰਦਾ ਬੜਾ ਕਰੜਾ ਪਰਦਾ ਹੈ, (ਇਸ ਮੋਹ ਦੇ ਪਰਦੇ ਦੇ ਕਾਰਨ ਮਨੁੱਖ ਲਈ ਉਸ ਦਾ) ਘਰ ਘੁੰਮਣ-ਘੇਰੀ ਬਣ ਜਾਂਦਾ ਹੈ, (ਇਸ ਵਿਚ ਡੁੱਬਣ ਤੋਂ ਬਚਣ ਲਈ ਸਾਰੀ ਉਮਰ ਮਨੁੱਖ) ਘੋਲ ਕਰਦਾ ਹੈ।

ਪਾਪ ਬਿਕਾਰ ਮਨੂਰ ਸਭਿ ਭਾਰੇ ਬਿਖੁ ਦੁਤਰੁ ਤਰਿਓ ਨ ਜਾਵੈਗੋ ॥੬॥

(ਮੋਹ ਵਿਚ ਫਸ ਦੇ ਕੀਤੇ ਹੋਏ) ਪਾਪ ਵਿਕਾਰ ਸੜੇ ਹੋਏ ਲੋਹੇ ਵਰਗੇ ਭਾਰੇ (ਬੋਝ) ਬਣ ਜਾਂਦੇ ਹਨ, (ਇਹਨਾਂ ਦੇ ਕਾਰਨ) ਆਤਮਕ ਮੌਤ ਲਿਆਉਣ ਵਾਲੇ ਜ਼ਹਰ-ਰੂਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘਣਾ ਔਖਾ ਹੋ ਜਾਂਦਾ ਹੈ, (ਮਾਇਆ-ਵੇੜ੍ਹੇ ਮਨੁੱਖ ਪਾਸੋਂ ਉਸ ਵਿਚੋਂ) ਪਾਰ ਨਹੀਂ ਲੰਘਿਆ ਜਾ ਸਕਦਾ ॥੬॥

ਭਉ ਬੈਰਾਗੁ ਭਇਆ ਹੈ ਬੋਹਿਥੁ ਗੁਰੁ ਖੇਵਟੁ ਸਬਦਿ ਤਰਾਵੈਗੋ ॥

ਹੇ ਮੇਰੇ ਮਨ! (ਹਿਰਦੇ ਵਿਚ ਪਰਮਾਤਮਾ ਦਾ) ਅਦਬ ਅਤੇ ਪਿਆਰ (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਜਹਾਜ਼ ਬਣ ਜਾਂਦਾ ਹੈ (ਜਿਸ ਮਨੁੱਖ ਦੇ ਅੰਦਰ ਪਿਆਰ ਹੈ ਡਰ ਹੈ, ਉਸ ਨੂੰ) ਗੁਰੂ ਮਲਾਹ (ਆਪਣੇ) ਸ਼ਬਦ ਦੀ ਰਾਹੀਂ ਪਾਰ ਲੰਘਾ ਲੈਂਦਾ ਹੈ।

ਰਾਮ ਨਾਮੁ ਹਰਿ ਭੇਟੀਐ ਹਰਿ ਰਾਮੈ ਨਾਮਿ ਸਮਾਵੈਗੋ ॥੭॥

ਪਰਮਾਤਮਾ ਦਾ ਨਾਮ (ਜਪ ਕੇ) ਪਰਮਾਤਮਾ ਨੂੰ ਮਿਲ ਸਕੀਦਾ ਹੈ; (ਜਿਸ ਮਨੁੱਖ ਦੇ ਅੰਦਰ ਅਦਬ ਤੇ ਪਿਆਰ ਹੈ, ਉਹ) ਸਦਾ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੭॥

ਅਗਿਆਨਿ ਲਾਇ ਸਵਾਲਿਆ ਗੁਰ ਗਿਆਨੈ ਲਾਇ ਜਗਾਵੈਗੋ ॥

(ਪਰਮਾਤਮਾ ਕਦੇ ਜੀਵ ਨੂੰ) ਅਗਿਆਨਤਾ ਵਿਚ ਫਸਾ ਕੇ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੰਵਾਈ ਰੱਖਦਾ ਹੈ, ਕਦੇ ਗੁਰੂ ਦੀ ਬਖ਼ਸ਼ੀ ਹੋਈ ਆਤਮਕ ਸੂਝ ਵਿਚ ਟਿਕਾ ਕੇ (ਉਸ ਨੀਂਦ ਤੋਂ) ਜਗਾ ਦੇਂਦਾ ਹੈ,

ਨਾਨਕ ਭਾਣੈ ਆਪਣੈ ਜਿਉ ਭਾਵੈ ਤਿਵੈ ਚਲਾਵੈਗੋ ॥੮॥੧॥

ਹੇ ਨਾਨਕ! ਜਿਵੇਂ ਪਰਮਾਤਮਾ ਦੀ ਰਜ਼ਾ ਹੁੰਦੀ ਹੈ ਤਿਵੇਂ ਹੀ (ਜੀਵ ਨੂੰ ਜੀਵਨ ਰਾਹ ਤੇ) ਤੋਰਦਾ ਹੈ ॥੮॥੧॥


ਕਾਨੜਾ ਮਹਲਾ ੪ ॥
ਜਪਿ ਮਨ ਹਰਿ ਹਰਿ ਨਾਮੁ ਤਰਾਵੈਗੋ ॥

ਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਜਪਿਆ ਕਰ, ਹਰਿ-ਨਾਮ (ਮਨੁੱਖ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।

ਜੋ ਜੋ ਜਪੈ ਸੋਈ ਗਤਿ ਪਾਵੈ ਜਿਉ ਧ੍ਰੂ ਪ੍ਰਹਿਲਾਦੁ ਸਮਾਵੈਗੋ ॥੧॥ ਰਹਾਉ ॥

ਜਿਹੜਾ ਜਿਹੜਾ ਮਨੁੱਖ ਹਰਿ-ਨਾਮ ਜਪਦਾ ਹੈ, ਉਹ ਹੀ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ (ਤੇ, ਪਰਮਾਤਮਾ ਵਿਚ ਹੀ ਲੀਨ ਹੋ ਜਾਂਦਾ ਹੈ) ਜਿਵੇਂ ਧ੍ਰੂ ਅਤੇ ਪ੍ਰਹਿਲਾਦ (ਆਪੋ ਆਪਣੇ ਸਮੇ ਪ੍ਰਭੂ ਵਿਚ) ਲੀਨ ਹੁੰਦਾ ਰਿਹਾ ਹੈ ॥੧॥ ਰਹਾਉ ॥

ਕ੍ਰਿਪਾ ਕ੍ਰਿਪਾ ਕ੍ਰਿਪਾ ਕਰਿ ਹਰਿ ਜੀਉ ਕਰਿ ਕਿਰਪਾ ਨਾਮਿ ਲਗਾਵੈਗੋ ॥

ਹੇ ਪ੍ਰਭੂ ਜੀ! ਮਿਹਰ ਕਰ, ਮਿਹਰ ਕਰ, ਮਿਹਰ ਕਰ, (ਤੇ, ਆਪਣੇ ਨਾਮ ਵਿਚ ਜੋੜੀ ਰੱਖ। ਪਰਮਾਤਮਾ ਆਪ ਹੀ) ਮਿਹਰ ਕਰ ਕੇ (ਜੀਵ ਨੂੰ ਆਪਣੇ) ਨਾਮ ਵਿਚ ਜੋੜਦਾ ਹੈ।

ਕਰਿ ਕਿਰਪਾ ਸਤਿਗੁਰੂ ਮਿਲਾਵਹੁ ਮਿਲਿ ਸਤਿਗੁਰ ਨਾਮੁ ਧਿਆਵੈਗੋ ॥੧॥

ਹੇ ਪ੍ਰਭੂ ਜੀ! ਮਿਹਰ ਕਰ ਕੇ ਗੁਰੂ ਮਿਲਾਵੋ। ਗੁਰੂ ਨੂੰ ਮਿਲ ਕੇ ਹੀ (ਜੀਵ ਤੇਰਾ) ਨਾਮ ਸਿਮਰ ਸਕਦਾ ਹੈ ॥੧॥

ਜਨਮ ਜਨਮ ਕੀ ਹਉਮੈ ਮਲੁ ਲਾਗੀ ਮਿਲਿ ਸੰਗਤਿ ਮਲੁ ਲਹਿ ਜਾਵੈਗੋ ॥

(ਜੀਵ ਨੂੰ) ਅਨੇਕਾਂ ਜਨਮਾਂ ਦੀ ਹਉਮੈ ਦੀ ਮੈਲ ਚੰਬੜੀ ਆਉਂਦੀ ਹੈ, ਸਾਧ ਸੰਗਤ ਵਿਚ ਮਿਲ ਕੇ ਇਹ ਮੈਲ ਲਹਿ ਜਾਂਦੀ ਹੈ।

ਜਿਉ ਲੋਹਾ ਤਰਿਓ ਸੰਗਿ ਕਾਸਟ ਲਗਿ ਸਬਦਿ ਗੁਰੂ ਹਰਿ ਪਾਵੈਗੋ ॥੨॥

ਜਿਵੇਂ ਲੋਹਾ ਕਾਠ (ਦੀ ਬੇੜੀ) ਨਾਲ ਲੱਗ ਕੇ (ਨਦੀ ਤੋਂ) ਪਾਰ ਲੰਘ ਜਾਂਦਾ ਹੈ, ਤਿਵੇਂ ਗੁਰੂ ਦੇ ਸ਼ਬਦ ਵਿਚ ਜੁੜ ਕੇ (ਮਨੁੱਖ) ਪਰਮਾਤਮਾ ਨੂੰ ਮਿਲ ਪੈਂਦਾ ਹੈ ॥੨॥

ਸੰਗਤਿ ਸੰਤ ਮਿਲਹੁ ਸਤਸੰਗਤਿ ਮਿਲਿ ਸੰਗਤਿ ਹਰਿ ਰਸੁ ਆਵੈਗੋ ॥

ਸੰਤ ਜਨਾਂ ਦੀ ਸੰਗਤ ਸਾਧ ਸੰਗਤ ਵਿਚ ਮਿਲ ਬੈਠਿਆ ਕਰੋ, ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦੇ ਨਾਮ ਦਾ ਆਨੰਦ ਆਉਣ ਲੱਗ ਪੈਂਦਾ ਹੈ।

ਬਿਨੁ ਸੰਗਤਿ ਕਰਮ ਕਰੈ ਅਭਿਮਾਨੀ ਕਢਿ ਪਾਣੀ ਚੀਕੜੁ ਪਾਵੈਗੋ ॥੩॥

ਪਰ ਅਹੰਕਾਰੀ ਮਨੁੱਖ ਸਾਧ ਸੰਗਤ ਤੋਂ ਵਾਂਜਿਆ ਰਹਿ ਕੇ (ਹੋਰ ਹੋਰ) ਕਰਮ ਕਰਦਾ ਹੈ, (ਅਜਿਹਾ ਮਨੁੱਖ ਆਪਣੇ ਭਾਂਡੇ ਵਿਚੋਂ) ਪਾਣੀ ਕੱਢ ਕੇ (ਉਸ ਵਿਚ) ਚਿੱਕੜ ਪਾਈ ਜਾ ਰਿਹਾ ਹੈ ॥੩॥

ਭਗਤ ਜਨਾ ਕੇ ਹਰਿ ਰਖਵਾਰੇ ਜਨ ਹਰਿ ਰਸੁ ਮੀਠ ਲਗਾਵੈਗੋ ॥

ਪ੍ਰਭੂ ਜੀ ਆਪਣੇ ਭਗਤਾਂ ਦੇ ਆਪ ਰਾਖੇ ਬਣੇ ਰਹਿੰਦੇ ਹਨ, (ਤਾਹੀਏਂ) ਭਗਤ ਜਨਾਂ ਨੂੰ ਹਰਿ-ਨਾਮ ਦਾ ਰਸ ਮਿੱਠਾ ਲੱਗਦਾ ਹੈ।

ਖਿਨੁ ਖਿਨੁ ਨਾਮੁ ਦੇਇ ਵਡਿਆਈ ਸਤਿਗੁਰ ਉਪਦੇਸਿ ਸਮਾਵੈਗੋ ॥੪॥

ਪ੍ਰਭੂ (ਆਪਣੇ ਭਗਤਾਂ ਨੂੰ) ਹਰੇਕ ਖਿਨ (ਜਪਣ ਲਈ ਆਪਣਾ) ਨਾਮ ਦੇਂਦਾ ਹੈ (ਨਾਮ ਦੀ) ਵਡਿਆਈ ਦੇਂਦਾ ਹੈ। ਭਗਤ ਗੁਰੂ ਦੇ ਉਪਦੇਸ਼ (ਸ਼ਬਦ) ਵਿਚ ਲੀਨ ਹੋਇਆ ਰਹਿੰਦਾ ਹੈ ॥੪॥

ਭਗਤ ਜਨਾ ਕਉ ਸਦਾ ਨਿਵਿ ਰਹੀਐ ਜਨ ਨਿਵਹਿ ਤਾ ਫਲ ਗੁਨ ਪਾਵੈਗੋ ॥

ਪ੍ਰਭੂ ਦੇ ਭਗਤਾਂ ਅੱਗੇ ਸਦਾ ਸਿਰ ਨਿਵਾਣਾ ਚਾਹੀਦਾ ਹੈ, ਭਗਤ ਜਨ (ਆਪ ਭੀ) ਨਿਮ੍ਰਤਾ ਵਿਚ ਰਹਿੰਦੇ ਹਨ। (ਜਦੋਂ ਮਨੁੱਖ ਨਿਊਂਦਾ ਹੈ) ਤਦੋਂ (ਹੀ) ਆਤਮਕ ਗੁਣਾਂ ਦਾ ਫਲ ਪ੍ਰਾਪਤ ਕਰਦਾ ਹੈ।

ਜੋ ਨਿੰਦਾ ਦੁਸਟ ਕਰਹਿ ਭਗਤਾ ਕੀ ਹਰਨਾਖਸ ਜਿਉ ਪਚਿ ਜਾਵੈਗੋ ॥੫॥

ਜਿਹੜੇ ਭੈੜੇ ਮਨੁੱਖ ਭਗਤ ਜਨਾਂ ਦੀ ਨਿੰਦਾ ਕਰਦੇ ਹਨ (ਉਹ ਆਪ ਹੀ ਖ਼ੁਆਰ ਹੁੰਦੇ ਹਨ। ਨਿੰਦਕ ਮਨੁੱਖ ਸਦਾ) ਹਰਨਾਖਸ ਵਾਂਗ ਖ਼ੁਆਰ ਹੁੰਦਾ ਹੈ ॥੫॥

ਬ੍ਰਹਮ ਕਮਲ ਪੁਤੁ ਮੀਨ ਬਿਆਸਾ ਤਪੁ ਤਾਪਨ ਪੂਜ ਕਰਾਵੈਗੋ ॥

ਬ੍ਰਹਮਾ ਕੌਲ-ਨਾਭੀ ਵਿਚੋਂ ਜੰਮਿਆ ਮੰਨਿਆ ਜਾਂਦਾ ਹੈ, ਬਿਆਸ ਮੱਛੀ (ਮਛੋਦਰੀ) ਦਾ ਪੁਤ ਕਿਹਾ ਜਾਂਦਾ ਹੈ (ਪਰ ਇਤਨੇ ਨੀਵੇਂ ਥਾਂ ਤੋਂ ਜੰਮੇ ਮੰਨੇ ਜਾ ਕੇ ਭੀ, ਪਰਮਾਤਮਾ ਦੀ ਭਗਤੀ ਦਾ) ਤਪ ਕਰਨ ਦੇ ਕਾਰਨ (ਬ੍ਰਹਮਾ ਭੀ ਤੇ ਬਿਆਸ ਭੀ ਜਗਤ ਵਿਚ ਆਪਣੀ) ਪੂਜਾ ਕਰਾ ਰਿਹਾ ਹੈ।

ਜੋ ਜੋ ਭਗਤੁ ਹੋਇ ਸੋ ਪੂਜਹੁ ਭਰਮਨ ਭਰਮੁ ਚੁਕਾਵੈਗੋ ॥੬॥

ਜਿਹੜਾ ਜਿਹੜਾ ਭੀ ਕੋਈ ਭਗਤ ਬਣਦਾ ਹੈ, ਉਸ ਦਾ ਆਦਰ ਸਤਕਾਰ ਕਰੋ। (ਭਗਤ ਜਨਾਂ ਦਾ ਸਤਕਾਰ) ਵੱਡੀ ਤੋਂ ਵੱਡੀ ਭਟਕਣਾ ਦੂਰ ਕਰ ਦੇਂਦਾ ਹੈ ॥੬॥

ਜਾਤ ਨਜਾਤਿ ਦੇਖਿ ਮਤ ਭਰਮਹੁ ਸੁਕ ਜਨਕ ਪਗੀਂ ਲਗਿ ਧਿਆਵੈਗੋ ॥

ਉੱਚੀ ਤੋਂ ਉੱਚੀ ਜਾਤਿ ਵੇਖ ਕੇ (ਭੀ) ਭੁਲੇਖਾ ਨਾਹ ਖਾ ਜਾਓ (ਕਿ ਭਗਤੀ ਉੱਚੀ ਜਾਤਿ ਦਾ ਹੱਕ ਹੈ। ਵੇਖੋ) ਸੁਕਦੇਵ (ਬ੍ਰਾਹਮਣ ਰਾਜਾ) ਜਨਕ ਦੀ ਪੈਰੀਂ ਲੱਗ ਕੇ ਨਾਮ ਸਿਮਰ ਰਿਹਾ ਹੈ (ਸਿਮਰਨ ਦੀ ਜਾਚ ਸਿੱਖ ਰਿਹਾ ਹੈ।)

ਜੂਠਨ ਜੂਠਿ ਪਈ ਸਿਰ ਊਪਰਿ ਖਿਨੁ ਮਨੂਆ ਤਿਲੁ ਨ ਡੁਲਾਵੈਗੋ ॥੭॥

(ਜਦੋਂ ਉਹ ਜਨਕ ਪਾਸ ਭਗਤੀ ਦੀ ਸਿੱਖਿਆ ਲੈਣ ਆਇਆ, ਲੰਗਰ ਵਰਤਾਇਆ ਜਾ ਰਿਹਾ ਸੀ। ਸੁਕਦੇਵ ਨੂੰ ਬਾਹਰ ਹੀ ਖੜਾ ਕਰ ਦਿੱਤਾ ਗਿਆ। ਲੰਗਰ ਛਕ ਰਹੇ ਲੋਕਾਂ ਦੀਆਂ ਪੱਤਲਾਂ ਦੀ) ਸਾਰੀ ਜੂਠ (ਸੁਕਦੇਵ ਦੇ) ਸਿਰ ਉੱਤੇ ਪਈ (ਵੇਖੋ, ਫਿਰ ਭੀ ਸੁਕਦੇਵ ਬ੍ਰਾਹਮਣ ਹੁੰਦਿਆਂ ਭੀ ਆਪਣੇ) ਮਨ ਨੂੰ ਇਕ ਖਿਨ ਵਾਸਤੇ ਭੀ ਡੋਲਣ ਨਹੀਂ ਦੇ ਰਿਹਾ ॥੭॥

ਜਨਕ ਜਨਕ ਬੈਠੇ ਸਿੰਘਾਸਨਿ ਨਉ ਮੁਨੀ ਧੂਰਿ ਲੈ ਲਾਵੈਗੋ ॥

ਅਨੇਕਾਂ ਜਨਕ (ਆਪਣੀ ਵਾਰੀ ਜਿਸ) ਰਾਜ-ਗੱਦੀ ਉਤੇ ਬੈਠਣ ਆ ਰਹੇ ਸਨ (ਉਸ ਉਤੇ ਬੈਠਾ ਹੋਇਆ ਉਸੇ ਖ਼ਾਨਦਾਨ ਦਾ ਭਗਤ ਰਾਜਾ ਜਨਕ ਰਾਜਾ ਹੁੰਦਿਆਂ ਭੀ ਭਗਤੀ ਕਰਨ ਵਾਲੇ) ਨੌ ਰਿਸ਼ੀਆਂ ਦੀ ਚਰਨ-ਧੂੜ (ਆਪਣੇ ਮੱਥੇ ਉੱਤੇ) ਲਾ ਰਿਹਾ ਹੈ।

ਨਾਨਕ ਕ੍ਰਿਪਾ ਕ੍ਰਿਪਾ ਕਰਿ ਠਾਕੁਰ ਮੈ ਦਾਸਨਿ ਦਾਸ ਕਰਾਵੈਗੋ ॥੮॥੨॥

ਹੇ ਠਾਕੁਰ! (ਮੇਰੇ) ਨਾਨਕ ਉਤੇ ਮਿਹਰ ਕਰ, ਮਿਹਰ ਕਰ, (ਮੈਨੂੰ ਆਪਣਾ ਕੋਈ ਭਗਤ ਮਿਲਾ ਦੇਹ, ਜਿਹੜਾ) ਮੈਨੂੰ ਤੇਰੇ ਦਾਸਾਂ ਦਾ ਦਾਸ ਬਣਾ ਲਏ ॥੮॥੨॥


ਕਾਨੜਾ ਮਹਲਾ ੪ ॥
ਮਨੁ ਗੁਰਮਤਿ ਰਸਿ ਗੁਨ ਗਾਵੈਗੋ ॥

(ਜਿਸ ਮਨੁੱਖ ਦਾ) ਮਨ ਗੁਰੂ ਦੀ ਮੱਤ (ਲੈ ਕੇ) ਸੁਆਦ ਨਾਲ (ਪਰਮਾਤਮਾ ਦੇ) ਗੁਣ ਗਾਣ ਲੱਗ ਪੈਂਦਾ ਹੈ,

ਜਿਹਵਾ ਏਕ ਹੋਇ ਲਖ ਕੋਟੀ ਲਖ ਕੋਟੀ ਕੋਟਿ ਧਿਆਵੈਗੋ ॥੧॥ ਰਹਾਉ ॥

(ਉਸ ਦੇ ਅੰਦਰ ਇਤਨਾ ਪਿਆਰ ਜਾਗਦਾ ਹੈ ਕਿ ਉਸ ਦੀ) ਜੀਭ ਇਕ ਤੋਂ (ਮਾਨੋ) ਲੱਖਾਂ ਕ੍ਰੋੜਾਂ ਬਣ ਕੇ (ਨਾਮ) ਜਪਣ ਲੱਗ ਪੈਂਦੀ ਹੈ (ਨਾਮ ਜਪਦੀ ਥੱਕਦੀ ਹੀ ਨਹੀਂ) ॥੧॥ ਰਹਾਉ ॥

ਸਹਸ ਫਨੀ ਜਪਿਓ ਸੇਖਨਾਗੈ ਹਰਿ ਜਪਤਿਆ ਅੰਤੁ ਨ ਪਾਵੈਗੋ ॥

(ਉਸ ਆਤਮਕ ਆਨੰਦ ਦੇ ਪ੍ਰੇਰੇ ਹੋਏ ਹੀ) ਸ਼ੇਸ਼ਨਾਗ ਨੇ (ਆਪਣੀ ਹਜ਼ਾਰ) ਫ਼ਨ ਨਾਲ (ਸਦਾ ਹਰਿ-ਨਾਮ) ਜਪਿਆ ਹੈ। ਪਰ ਹੇ, ਭਾਈ! ਪਰਮਾਤਮਾ ਦਾ ਨਾਮ ਜਪਦਿਆਂ ਕੋਈ ਪਰਮਾਤਮਾ (ਦੇ ਗੁਣਾਂ) ਦਾ ਅੰਤ ਨਹੀਂ ਲੱਭ ਸਕਦਾ।

ਤੂ ਅਥਾਹੁ ਅਤਿ ਅਗਮੁ ਅਗਮੁ ਹੈ ਮਤਿ ਗੁਰਮਤਿ ਮਨੁ ਠਹਰਾਵੈਗੋ ॥੧॥

ਹੇ ਪ੍ਰਭੂ! ਤੂੰ ਅਥਾਹ (ਸਮੁੰਦਰ) ਹੈਂ, ਤੂੰ ਸਦਾ ਹੀ ਅਪਹੁੰਚ ਹੈਂ। ਗੁਰੂ ਦੀ ਮੱਤ ਦੀ ਰਾਹੀਂ (ਨਾਮ ਜਪਣ ਵਾਲੇ ਮਨੁੱਖ ਦਾ) ਮਨ ਭਟਕਣੋਂ ਹਟ ਜਾਂਦਾ ਹੈ ॥੧॥

ਜਿਨ ਤੂ ਜਪਿਓ ਤੇਈ ਜਨ ਨੀਕੇ ਹਰਿ ਜਪਤਿਅਹੁ ਕਉ ਸੁਖੁ ਪਾਵੈਗੋ ॥

ਹੇ ਪ੍ਰਭੂ! ਜਿਹੜੇ ਮਨੁੱਖਾਂ ਨੇ ਤੈਨੂੰ ਜਪਿਆ ਹੈ, ਉਹੀ ਮਨੁੱਖ ਚੰਗੇ (ਜੀਵਨ ਵਾਲੇ) ਬਣੇ ਹਨ। ਨਾਮ ਜਪਣ ਵਾਲਿਆਂ ਨੂੰ ਹਰੀ (ਆਤਮਕ) ਆਨੰਦ ਬਖ਼ਸ਼ਦਾ ਹੈ।

ਬਿਦਰ ਦਾਸੀ ਸੁਤੁ ਛੋਕ ਛੋਹਰਾ ਕ੍ਰਿਸਨੁ ਅੰਕਿ ਗਲਿ ਲਾਵੈਗੋ ॥੨॥

(ਵੇਖੋ, ਇਕ) ਦਾਸੀ ਦਾ ਪੁੱਤਰ ਬਿਦਰ ਛੋਕਰਾ ਜਿਹਾ ਹੀ ਸੀ, (ਪਰ ਨਾਮ ਜਪਣ ਦੀ ਬਰਕਤਿ ਨਾਲ) ਕ੍ਰਿਸਨ ਉਸ ਨੂੰ ਛਾਤੀ ਨਾਲ ਲਾ ਰਿਹਾ ਹੈ, ਗਲ ਨਾਲ ਲਾ ਰਿਹਾ ਹੈ ॥੨॥

ਜਲ ਤੇ ਓਪਤਿ ਭਈ ਹੈ ਕਾਸਟ ਕਾਸਟ ਅੰਗਿ ਤਰਾਵੈਗੋ ॥

ਪਾਣੀ ਤੋਂ ਕਾਠ ਦੀ ਉਤਪੱਤੀ ਹੁੰਦੀ ਹੈ (ਇਸ ਲਾਜ ਨੂੰ ਪਾਲਣ ਲਈ ਪਾਣੀ ਉਸ) ਕਾਠ ਨੂੰ (ਆਪਣੀ ਛਾਤੀ ਉੱਤੇ ਰੱਖੀ ਰੱਖਦਾ ਹੈ) ਤਰਾਂਦਾ ਰਹਿੰਦਾ ਹੈ (ਡੁੱਬਣ ਨਹੀਂ ਦੇਂਦਾ)।

ਰਾਮ ਜਨਾ ਹਰਿ ਆਪਿ ਸਵਾਰੇ ਅਪਨਾ ਬਿਰਦੁ ਰਖਾਵੈਗੋ ॥੩॥

(ਇਸੇ ਤਰ੍ਹਾਂ) ਪਰਮਾਤਮਾ ਆਪਣੇ ਸੇਵਕਾਂ ਨੂੰ ਆਪ ਸੋਹਣੇ ਜੀਵਨ ਵਾਲਾ ਬਣਾਂਦਾ ਹੈ, ਆਪਣਾ ਮੁੱਢ-ਕਦੀਮਾਂ ਦਾ ਸੁਭਾਉ ਕਾਇਮ ਰੱਖਦਾ ਹੈ ॥੩॥

ਹਮ ਪਾਥਰ ਲੋਹ ਲੋਹ ਬਡ ਪਾਥਰ ਗੁਰ ਸੰਗਤਿ ਨਾਵ ਤਰਾਵੈਗੋ ॥

ਅਸੀਂ ਜੀਵ ਪੱਥਰ (ਵਾਂਗ ਪਾਪਾਂ ਨਾਲ ਭਾਰੇ) ਹਾਂ, ਲੋਹੇ (ਵਾਂਗ ਵਿਕਾਰਾਂ ਨਾਲ ਭਾਰੇ) ਹਾਂ, (ਪਰ ਪ੍ਰਭੂ ਆਪ ਮਿਹਰ ਕਰ ਕੇ) ਗੁਰੂ ਦੀ ਸੰਗਤ ਵਿਚ ਰੱਖ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ (ਜਿਵੇਂ) ਬੇੜੀ (ਪੱਥਰਾਂ ਨੂੰ ਲੋਹੇ ਨੂੰ ਨਦੀ ਤੋਂ ਪਾਰ ਲੰਘਾਂਦੀ ਹੈ)।

ਜਿਉ ਸਤਸੰਗਤਿ ਤਰਿਓ ਜੁਲਾਹੋ ਸੰਤ ਜਨਾ ਮਨਿ ਭਾਵੈਗੋ ॥੪॥

ਜਿਵੇਂ ਸਾਧ ਸੰਗਤ ਦੀ ਬਰਕਤਿ ਨਾਲ (ਕਬੀਰ) ਜੁਲਾਹਾ ਪਾਰ ਲੰਘ ਗਿਆ। ਪਰਮਾਤਮਾ ਆਪਣੇ ਸੰਤ ਜਨਾਂ ਦੇ ਮਨ ਵਿਚ (ਸਦਾ) ਪਿਆਰਾ ਲੱਗਦਾ ਹੈ ॥੪॥

ਖਰੇ ਖਰੋਏ ਬੈਠਤ ਊਠਤ ਮਾਰਗਿ ਪੰਥਿ ਧਿਆਵੈਗੋ ॥

(ਜਿਸ ਮਨੁੱਖ ਦਾ ਮਨ ਗੁਰੂ ਦੀ ਮੱਤ ਲੈ ਕੇ ਸੁਆਦ ਨਾਲ ਹਰਿ-ਗੁਣ ਗਾਣ ਲੱਗ ਪੈਂਦਾ ਹੈ, ਉਹ ਮਨੁੱਖ) ਖਲੇ-ਖਲੋਤਿਆਂ, ਬੈਠਦਿਆਂ, ਉੱਠਦਿਆਂ, ਰਸਤੇ ਵਿਚ (ਤੁਰਦਿਆਂ, ਹਰ ਵੇਲੇ ਪਰਮਾਤਮਾ ਦਾ ਨਾਮ) ਜਪਦਾ ਰਹਿੰਦਾ ਹੈ,

ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਧਰੁ ਮੁਕਤਿ ਜਨਾਵੈਗੋ ॥੫॥

(ਉਹ ਮਨੁੱਖ ਸਦਾ) ਗੁਰੂ ਦੇ ਬਚਨਾਂ ਵਿਚ (ਮਗਨ ਰਹਿੰਦਾ) ਹੈ, ਗੁਰੂ ਦਾ ਉਪਦੇਸ਼ (ਉਸ ਨੂੰ ਵਿਕਾਰਾਂ ਤੋਂ) ਖ਼ਲਾਸੀ ਦਾ ਸਿੱਧਾ ਰਸਤਾ ਦੱਸਦਾ ਰਹਿੰਦਾ ਹੈ ॥੫॥

ਸਾਸਨਿ ਸਾਸਿ ਸਾਸਿ ਬਲੁ ਪਾਈ ਹੈ ਨਿਹਸਾਸਨਿ ਨਾਮੁ ਧਿਆਵੈਗੋ ॥

(ਜਿਸ ਮਨੁੱਖ ਨੂੰ ਹਰਿ-ਨਾਮ ਦੀ ਲਗਨ ਲੱਗ ਜਾਂਦੀ ਹੈ, ਉਹ ਮਨੁੱਖ ਸਾਹ ਦੇ ਹੁੰਦਿਆਂ ਹਰੇਕ ਸਾਹ ਦੇ ਨਾਲ (ਨਾਮ ਜਪ ਜਪ ਕੇ ਆਤਮਕ) ਤਾਕਤ ਹਾਸਲ ਕਰਦਾ ਰਹਿੰਦਾ ਹੈ, ਸਾਹ ਦੇ ਨਾਹ ਹੁੰਦਿਆਂ ਭੀ ਉਹ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ।

ਗੁਰਪਰਸਾਦੀ ਹਉਮੈ ਬੂਝੈ ਤੌ ਗੁਰਮਤਿ ਨਾਮਿ ਸਮਾਵੈਗੋ ॥੬॥

(ਜਦੋਂ) ਗੁਰੂ ਦੀ ਕਿਰਪਾ ਨਾਲ (ਉਸ ਦੇ ਅੰਦਰੋਂ) (ਹਉਮੈ ਦੀ ਅੱਗ) ਬੁੱਝ ਜਾਂਦੀ ਹੈ, ਤਦੋਂ ਗੁਰੂ ਦੀ ਮੱਤ ਦੀ ਬਰਕਤਿ ਨਾਲ ਉਹ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ॥੬॥

ਸਤਿਗੁਰੁ ਦਾਤਾ ਜੀਅ ਜੀਅਨ ਕੋ ਭਾਗਹੀਨ ਨਹੀ ਭਾਵੈਗੋ ॥

ਗੁਰੂ ਸਭ ਜੀਵਾਂ ਦਾ ਆਤਮਕ ਜੀਵਨ ਦਾ ਦਾਤਾ ਹੈ, ਪਰ ਬਦ-ਕਿਸਮਤ ਮਨੁੱਖ ਨੂੰ ਗੁਰੂ ਪਿਆਰਾ ਨਹੀਂ ਲੱਗਦਾ। (ਉਹ ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੀ ਦਾਤ ਨਹੀਂ ਲੈਂਦਾ। ਜ਼ਿੰਦਗੀ ਦਾ ਸਮਾ ਲੰਘ ਜਾਂਦਾ ਹੈ)।

ਫਿਰਿ ਏਹ ਵੇਲਾ ਹਾਥਿ ਨ ਆਵੈ ਪਰਤਾਪੈ ਪਛੁਤਾਵੈਗੋ ॥੭॥

ਮੁੜ ਇਹ ਸਮਾ ਹੱਥ ਨਹੀਂ ਆਉਂਦਾ, ਤਦੋਂ ਦੁੱਖੀ ਹੁੰਦਾ ਹੈ ਤੇ ਹੱਥ ਮਲਦਾ ਹੈ ॥੭॥

ਜੇ ਕੋ ਭਲਾ ਲੋੜੈ ਭਲ ਅਪਨਾ ਗੁਰ ਆਗੈ ਢਹਿ ਢਹਿ ਪਾਵੈਗੋ ॥

ਜੇ ਕੋਈ ਮਨੁੱਖ ਆਪਣਾ ਭਲਾ ਚਾਹੁੰਦਾ ਹੈ (ਤਾਂ ਉਸ ਨੂੰ ਚਾਹੀਦਾ ਹੈ ਕਿ ਉਹ) ਗੁਰੂ ਦੇ ਦਰ ਤੇ ਆਪਾ-ਭਾਵ ਗਵਾ ਕੇ ਪਿਆ ਰਹੇ।

ਨਾਨਕ ਦਇਆ ਦਇਆ ਕਰਿ ਠਾਕੁਰ ਮੈ ਸਤਿਗੁਰ ਭਸਮ ਲਗਾਵੈਗੋ ॥੮॥੩॥

ਹੇ ਮੇਰੇ ਠਾਕੁਰ! ਨਾਨਕ ਉਤੇ ਮਿਹਰ ਕਰ, ਮਿਹਰ ਕਰ, ਮੇਰੇ ਮੱਥੇ ਉੱਤੇ ਗੁਰੂ ਦੇ ਚਰਨਾਂ ਦੀ ਧੂੜ ਲੱਗੀ ਰਹੇ ॥੮॥੩॥


ਕਾਨੜਾ ਮਹਲਾ ੪ ॥
ਮਨੁ ਹਰਿ ਰੰਗਿ ਰਾਤਾ ਗਾਵੈਗੋ ॥

(ਜਿਹੜਾ ਮਨੁੱਖ ਆਪਣੇ ਮਨ ਨੂੰ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਣ ਵਾਸਤੇ ਮਨ ਨੂੰ) ਗੁਰੂ ਦੀ ਮੱਤ ਦੀ ਪਾਣ ਦੇਂਦਾ ਹੈ, (ਉਸ ਦਾ) ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ।

ਭੈ ਭੈ ਤ੍ਰਾਸ ਭਏ ਹੈ ਨਿਰਮਲ ਗੁਰਮਤਿ ਲਾਗਿ ਲਗਾਵੈਗੋ ॥੧॥ ਰਹਾਉ ॥

(ਇਸ ਰੰਗ ਵਿਚ ਰੰਗੀਜ ਕੇ ਉਹ ਮਨੁੱਖ ਸਦਾ ਪਰਮਾਤਮਾ ਦੇ ਗੁਣ) ਗਾਂਦਾ ਰਹਿੰਦਾ ਹੈ, ਉਸ ਦੇ ਸਾਰੇ (ਮਲੀਨ) ਡਰ ਤੇ ਸਹਮ ਪਵਿੱਤਰ (ਅਦਬ-ਸਤਕਾਰ) ਬਣ ਜਾਂਦੇ ਹਨ ॥੧॥ ਰਹਾਉ ॥

ਹਰਿ ਰੰਗਿ ਰਾਤਾ ਸਦ ਬੈਰਾਗੀ ਹਰਿ ਨਿਕਟਿ ਤਿਨਾ ਘਰਿ ਆਵੈਗੋ ॥

ਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗਿਆ ਹੋਇਆ ਮਨੁੱਖ ਮਾਇਆ ਦੇ ਮੋਹ ਵਲੋਂ ਉਪਰਾਮ ਰਹਿੰਦਾ ਹੈ, ਪ੍ਰਭੂ (ਪ੍ਰੇਮ-ਰੰਗ ਵਿਚ ਰੰਗੇ ਮਨੁੱਖਾਂ ਦੇ ਸਦਾ) ਨੇੜੇ ਵੱਸਦਾ ਹੈ, ਉਹਨਾਂ ਦੇ (ਹਿਰਦੇ-) ਘਰ ਵਿਚ ਆ ਟਿਕਦਾ ਹੈ।

ਤਿਨ ਕੀ ਪੰਕ ਮਿਲੈ ਤਾਂ ਜੀਵਾ ਕਰਿ ਕਿਰਪਾ ਆਪਿ ਦਿਵਾਵੈਗੋ ॥੧॥

ਜੇ ਮੈਨੂੰ ਉਹਨਾਂ (ਵਡ-ਭਾਗੀ ਮਨੁੱਖਾਂ) ਦੀ ਚਰਨ-ਧੂੜ ਮਿਲੇ, ਤਾਂ ਮੈਂ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹਾਂ। (ਪਰ ਇਹ ਚਰਨ-ਧੂੜ ਪ੍ਰਭੂ) ਆਪ ਹੀ ਕਿਰਪਾ ਕਰ ਕੇ ਦਿਵਾਂਦਾ ਹੈ ॥੧॥

ਦੁਬਿਧਾ ਲੋਭਿ ਲਗੇ ਹੈ ਪ੍ਰਾਣੀ ਮਨਿ ਕੋਰੈ ਰੰਗੁ ਨ ਆਵੈਗੋ ॥

ਜਿਹੜੇ ਮਨੁੱਖ ਮੇਰ-ਤੇਰ ਵਿਚ ਲੋਭ ਵਿਚ ਫਸੇ ਰਹਿੰਦੇ ਹਨ, ਉਹਨਾਂ ਦੇ ਕੋਰੇ ਮਨ ਉੱਤੇ (ਪ੍ਰਭੂ ਦਾ ਪਿਆਰ-) ਰੰਗ ਨਹੀਂ ਚੜ੍ਹ ਸਕਦਾ।

ਫਿਰਿ ਉਲਟਿਓ ਜਨਮੁ ਹੋਵੈ ਗੁਰ ਬਚਨੀ ਗੁਰੁ ਪੁਰਖੁ ਮਿਲੈ ਰੰਗੁ ਲਾਵੈਗੋ ॥੨॥

ਫਿਰ ਜਦੋਂ ਗੁਰੂ ਦੇ ਬਚਨਾਂ ਦੀ ਰਾਹੀਂ (ਉਹਨਾਂ ਦਾ ਮਨ ਦੁਬਿਧਾ ਲੋਭ ਆਦਿਕ ਵਲੋਂ) ਪਰਤਦਾ ਹੈ, (ਤਾਂ ਉਹਨਾਂ ਨੂੰ ਨਵਾਂ ਆਤਮਕ) ਜਨਮ ਮਿਲਦਾ ਹੈ। (ਜਿਸ ਮਨੁੱਖ ਨੂੰ) ਗੁਰੂ ਪੁਰਖ ਮਿਲ ਪੈਂਦਾ ਹੈ (ਉਸ ਦੇ ਮਨ ਨੂੰ ਪ੍ਰਭੂ-ਪਿਆਰ ਦਾ) ਰੰਗ ਚਾੜ੍ਹ ਦੇਂਦਾ ਹੈ ॥੨॥

ਇੰਦ੍ਰੀ ਦਸੇ ਦਸੇ ਫੁਨਿ ਧਾਵਤ ਤ੍ਰੈ ਗੁਣੀਆ ਖਿਨੁ ਨ ਟਿਕਾਵੈਗੋ ॥

ਮਨੁੱਖ ਦੀਆਂ ਇਹ ਦਸੇ ਹੀ ਇੰਦ੍ਰੀਆਂ ਮੁੜ ਮੁੜ ਭਟਕਦੀਆਂ ਫਿਰਦੀਆਂ ਹਨ। (ਮਾਇਆ ਦੇ) ਤਿੰਨ ਗੁਣਾਂ ਵਿਚ ਗ੍ਰਸਿਆ ਮਨ ਰਤਾ-ਭਰ ਸਮੇ ਲਈ ਭੀ (ਇਕ ਥਾਂ) ਨਹੀਂ ਟਿਕਦਾ।

ਸਤਿਗੁਰ ਪਰਚੈ ਵਸਗਤਿ ਆਵੈ ਮੋਖ ਮੁਕਤਿ ਸੋ ਪਾਵੈਗੋ ॥੩॥

ਜਦੋਂ ਗੁਰੂ (ਕਿਸੇ ਮਨੁੱਖ ਉੱਤੇ) ਤ੍ਰੱਠਦਾ ਹੈ ਤਾਂ ਉਸ ਦਾ ਮਨ ਵੱਸ ਵਿਚ ਆ ਜਾਂਦਾ ਹੈ, ਉਹ ਮਨੁੱਖ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰ ਲੈਂਦਾ ਹੈ ॥੩॥

ਓਅੰਕਾਰਿ ਏਕੋ ਰਵਿ ਰਹਿਆ ਸਭੁ ਏਕਸ ਮਾਹਿ ਸਮਾਵੈਗੋ ॥

ਪਰਮਾਤਮਾ ਇਕ ਆਪ ਹੀ ਸਭ ਥਾਂ ਵਿਆਪਕ ਹੈ, ਉਸ ਇਕੋ ਸਰਬ-ਵਿਆਪਕ ਵਿਚ ਹੀ ਸਾਰਾ ਜਗਤ ਲੀਨ ਹੋ ਜਾਂਦਾ ਹੈ।

ਏਕੋ ਰੂਪੁ ਏਕੋ ਬਹੁ ਰੰਗੀ ਸਭੁ ਏਕਤੁ ਬਚਨਿ ਚਲਾਵੈਗੋ ॥੪॥

ਉਹ ਪਰਮਾਤਮਾ (ਕਦੇ) ਇਕ ਆਪ ਹੀ ਆਪ ਹੁੰਦਾ ਹੈ, ਉਹ ਆਪ ਹੀ (ਜਗਤ ਰਚ ਕੇ) ਅਨੇਕਾਂ ਰੰਗਾਂ ਵਾਲਾ ਬਣ ਜਾਂਦਾ ਹੈ। ਸਾਰੇ ਜਗਤ ਨੂੰ ਉਹ ਪ੍ਰਭੂ ਇਕ ਆਪਣੇ ਹੀ ਹੁਕਮ ਵਿਚ ਤੋਰ ਰਿਹਾ ਹੈ ॥੪॥

ਗੁਰਮੁਖਿ ਏਕੋ ਏਕੁ ਪਛਾਤਾ ਗੁਰਮੁਖਿ ਹੋਇ ਲਖਾਵੈਗੋ ॥

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਹਰ ਥਾਂ) ਇਕ ਪਰਮਾਤਮਾ ਨੂੰ ਹੀ (ਵੱਸਦਾ) ਪਛਾਣਦਾ ਹੈ। ਗੁਰੂ ਦੇ ਸਨਮੁਖ ਹੋ ਕੇ (ਮਨੁੱਖ) ਇਹ ਭੇਤ ਸਮਝ ਲੈਂਦਾ ਹੈ।

ਗੁਰਮੁਖਿ ਜਾਇ ਮਿਲੈ ਨਿਜ ਮਹਲੀ ਅਨਹਦ ਸਬਦੁ ਬਜਾਵੈਗੋ ॥੫॥

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ-ਚਰਨਾਂ ਵਿਚ ਜਾ ਪਹੁੰਚਦਾ ਹੈ, ਉਹ (ਆਪਣੇ ਅੰਦਰ) ਗੁਰੂ ਦੇ ਸ਼ਬਦ ਦਾ ਇਕ-ਰਸ ਪ੍ਰਬਲ ਪ੍ਰਭਾਵ ਪਾਈ ਰੱਖਦਾ ਹੈ ॥੫॥

ਜੀਅ ਜੰਤ ਸਭ ਸਿਸਟਿ ਉਪਾਈ ਗੁਰਮੁਖਿ ਸੋਭਾ ਪਾਵੈਗੋ ॥

(ਉਂਞ ਤਾਂ) ਸਾਰੇ ਜੀਅ ਜੰਤ (ਪ੍ਰਭੂ ਦੇ ਪੈਦਾ ਕੀਤੇ ਹੋਏ ਹਨ), ਸਾਰੀ ਸ੍ਰਿਸ਼ਟੀ (ਪ੍ਰਭੂ ਨੇ ਹੀ) ਪੈਦਾ ਕੀਤੀ ਹੋਈ ਹੈ, (ਪਰ) ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ (ਲੋਕ ਪਰਲੋਕ ਵਿਚ) ਵਡਿਆਈ ਹਾਸਲ ਕਰਦਾ ਹੈ।

ਬਿਨੁ ਗੁਰ ਭੇਟੇ ਕੋ ਮਹਲੁ ਨ ਪਾਵੈ ਆਇ ਜਾਇ ਦੁਖੁ ਪਾਵੈਗੋ ॥੬॥

ਗੁਰੂ ਨੂੰ ਮਿਲਣ ਤੋਂ ਬਿਨਾ ਕੋਈ ਭੀ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਥਾਂ ਨਹੀਂ ਲੈ ਸਕਦਾ (ਸਗੋਂ) ਜਨਮ ਮਰਨ ਦੇ ਗੇੜ ਵਿਚ ਪੈ ਕੇ ਦੁੱਖ ਭੋਗਦਾ ਰਹਿੰਦਾ ਹੈ ॥੬॥

ਅਨੇਕ ਜਨਮ ਵਿਛੁੜੇ ਮੇਰੇ ਪ੍ਰੀਤਮ ਕਰਿ ਕਿਰਪਾ ਗੁਰੂ ਮਿਲਾਵੈਗੋ ॥

ਹੇ ਮੇਰੇ ਪ੍ਰੀਤਮ ਪ੍ਰਭੂ! (ਜੀਵ) ਅਨੇਕਾਂ ਹੀ ਜਨਮ (ਤੇਰੇ ਚਰਨਾਂ ਤੋਂ) ਵਿਛੁੜੇ ਰਹਿੰਦੇ ਹਨ। ਗੁਰੂ (ਹੀ) ਮਿਹਰ ਕਰ ਕੇ (ਇਹਨਾਂ ਨੂੰ ਤੇਰੇ ਨਾਲ) ਮਿਲਾਂਦਾ ਹੈ।

ਸਤਿਗੁਰ ਮਿਲਤ ਮਹਾ ਸੁਖੁ ਪਾਇਆ ਮਤਿ ਮਲੀਨ ਬਿਗਸਾਵੈਗੋ ॥੭॥

ਗੁਰੂ ਨੂੰ ਮਿਲਦਿਆਂ (ਹੀ ਮਨੁੱਖ) ਬੜਾ ਆਨੰਦ ਪ੍ਰਾਪਤ ਕਰ ਲੈਂਦਾ ਹੈ। (ਮਨੁੱਖ ਦੀ ਵਿਕਾਰਾਂ ਵਿਚ) ਮੈਲੀ ਹੋ ਚੁਕੀ ਮੱਤ ਨੂੰ (ਗੁਰੂ) ਖੇੜੇ ਵਿਚ ਲੈ ਆਉਂਦਾ ਹੈ ॥੭॥

ਹਰਿ ਹਰਿ ਕ੍ਰਿਪਾ ਕਰਹੁ ਜਗਜੀਵਨ ਮੈ ਸਰਧਾ ਨਾਮਿ ਲਗਾਵੈਗੋ ॥

ਹੇ ਜਗਤ ਦੇ ਜੀਵਨ ਹਰੀ! ਮਿਹਰ ਕਰ, (ਗੁਰੂ) ਮੇਰੀ ਸਰਧਾ (ਤੇਰੇ) ਨਾਮ ਵਿਚ ਬਣਾਈ ਰੱਖੇ।

ਨਾਨਕ ਗੁਰੂ ਗੁਰੂ ਹੈ ਸਤਿਗੁਰੁ ਮੈ ਸਤਿਗੁਰੁ ਸਰਨਿ ਮਿਲਾਵੈਗੋ ॥੮॥੪॥

ਹੇ ਨਾਨਕ! (ਪ੍ਰਭੂ-ਚਰਨਾਂ ਵਿਚ ਜੁੜਨ ਲਈ) ਗੁਰੂ ਹੀ (ਵਸੀਲਾ) ਹੈ, ਗੁਰੂ ਹੀ (ਵਿਚੋਲਾ) ਹੈ। ਗੁਰੂ ਹੀ ਮੈਨੂੰ ਪ੍ਰਭੂ ਦੀ ਸਰਨ ਵਿਚ ਟਿਕਾਈ ਰੱਖ ਸਕਦਾ ਹੈ ॥੮॥੪॥


ਕਾਨੜਾ ਮਹਲਾ ੪ ॥
ਮਨ ਗੁਰਮਤਿ ਚਾਲ ਚਲਾਵੈਗੋ ॥

ਹੇ ਮਨ (ਤੈਨੂੰ) ਗੁਰੂ ਦੀ ਸਿੱਖਿਆ (ਹੀ ਸਹੀ ਜੀਵਨ ਦੀ) ਚਾਲ ਚਲਾ ਸਕਦੀ ਹੈ।

ਜਿਉ ਮੈਗਲੁ ਮਸਤੁ ਦੀਜੈ ਤਲਿ ਕੁੰਡੇ ਗੁਰ ਅੰਕਸੁ ਸਬਦੁ ਦ੍ਰਿੜਾਵੈਗੋ ॥੧॥ ਰਹਾਉ ॥

ਗੁਰੂ ਦਾ ਸ਼ਬਦ (ਮਾਨੋ, ਉਹ) ਕੁੰਡਾ ਹੈ (ਜਿਸ ਨਾਲ ਹਾਥੀ ਨੂੰ ਤੋਰੀਦਾ ਹੈ)। ਜਿਵੇਂ ਮਸਤ ਹਾਥੀ ਨੂੰ ਕੁੰਡੇ ਹੇਠ ਰੱਖੀਦਾ ਹੈ (ਤਿਵੇਂ ਗੁਰੂ ਆਪਣਾ) ਸ਼ਬਦ (ਮਨੁੱਖ ਦੇ) ਹਿਰਦੇ ਵਿਚ ਪੱਕਾ ਕਰ ਦੇਂਦਾ ਹੈ ॥੧॥ ਰਹਾਉ ॥

ਚਲਤੌ ਚਲੈ ਚਲੈ ਦਹ ਦਹ ਦਿਸਿ ਗੁਰੁ ਰਾਖੈ ਹਰਿ ਲਿਵ ਲਾਵੈਗੋ ॥

(ਮਨੁੱਖ ਦਾ ਮਨ) ਮੁੜ ਮੁੜ ਦਸੀਂ ਪਾਸੀਂ ਭਟਕਦਾ ਫਿਰਦਾ ਹੈ, ਗੁਰੂ (ਇਸ ਨੂੰ) ਭਟਕਣ ਤੋਂ ਬਚਾਂਦਾ ਹੈ (ਇਸਦੇ ਅੰਦਰ) ਪਰਮਾਤਮਾ ਦਾ ਪਿਆਰ ਪੈਦਾ ਕਰਦਾ ਹੈ।

ਸਤਿਗੁਰੁ ਸਬਦੁ ਦੇਇ ਰਿਦ ਅੰਤਰਿ ਮੁਖਿ ਅੰਮ੍ਰਿਤੁ ਨਾਮੁ ਚੁਆਵੈਗੋ ॥੧॥

ਗੁਰੂ (ਆਪਣਾ) ਸ਼ਬਦ (ਮਨੁੱਖ ਦੇ) ਹਿਰਦੇ ਵਿਚ ਟਿਕਾ ਦੇਂਦਾ ਹੈ, ਅਤੇ ਉਸ ਦੇ ਮੂੰਹ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਚੋਂਦਾ ਹੈ ॥੧॥

ਬਿਸੀਅਰ ਬਿਸੂ ਭਰੇ ਹੈ ਪੂਰਨ ਗੁਰੁ ਗਰੁੜ ਸਬਦੁ ਮੁਖਿ ਪਾਵੈਗੋ ॥

ਸੱਪ ਜ਼ਹਰ ਨਾਲ ਨਕਾ-ਨਕ ਭਰੇ ਹੁੰਦੇ ਹਨ (ਉਹਨਾਂ ਦੇ ਅਸਰ ਤੋਂ ਬਚਾਣ ਲਈ) ਗਾਰੁੜ ਮੰਤਰ ਹੈ (ਇਸੇ ਤਰ੍ਹਾਂ) ਗੁਰੂ (ਆਪਣਾ) ਸ਼ਬਦ (-ਮੰਤ੍ਰ ਜਿਸ ਮਨੁੱਖ ਦੇ) ਮੂੰਹ ਵਿਚ ਪਾ ਦੇਂਦਾ ਹੈ,

ਮਾਇਆ ਭੁਇਅੰਗ ਤਿਸੁ ਨੇੜਿ ਨ ਆਵੈ ਬਿਖੁ ਝਾਰਿ ਝਾਰਿ ਲਿਵ ਲਾਵੈਗੋ ॥੨॥

ਮਾਇਆ ਸਪਣੀ ਉਸ ਦੇ ਨੇੜੇ ਨਹੀਂ ਢੁਕਦੀ। (ਗੁਰੂ ਸ਼ਬਦ-ਮੰਤ੍ਰ ਦੀ ਬਰਕਤਿ ਨਾਲ ਉਸ ਦਾ) ਜ਼ਹਰ ਝਾੜ ਝਾੜ ਕੇ (ਉਸ ਦੇ ਅੰਦਰ) ਪਰਮਾਤਮਾ ਦੀ ਲਗਨ ਪੈਦਾ ਕਰ ਦੇਂਦਾ ਹੈ ॥੨॥

ਸੁਆਨੁ ਲੋਭੁ ਨਗਰ ਮਹਿ ਸਬਲਾ ਗੁਰੁ ਖਿਨ ਮਹਿ ਮਾਰਿ ਕਢਾਵੈਗੋ ॥

ਲੋਭ-ਕੁੱਤਾ (ਮਨੁੱਖ ਦੇ) ਸਰੀਰ-ਨਗਰ ਵਿਚ ਬਲਵਾਨ ਹੋਇਆ ਰਹਿੰਦਾ ਹੈ, ਪਰ ਗੁਰੂ ਇਕ ਛਿਨ ਵਿਚ (ਇਸ ਕੁੱਤੇ ਨੂੰ) ਮਾਰ ਕੇ (ਉਸ ਦੇ ਅੰਦਰੋਂ) ਕੱਢ ਦੇਂਦਾ ਹੈ।

ਸਤੁ ਸੰਤੋਖੁ ਧਰਮੁ ਆਨਿ ਰਾਖੇ ਹਰਿ ਨਗਰੀ ਹਰਿ ਗੁਨ ਗਾਵੈਗੋ ॥੩॥

(ਗੁਰੂ ਨੇ) ਸਤ ਸੰਤੋਖ ਧਰਮ (ਇਹ ਗੁਣ) ਸਾਧ ਸੰਗਤ-ਨਗਰੀ ਵਿਚ ਲਿਆ ਕੇ ਰੱਖੇ ਹੋਏ ਹਨ (ਲੋਭ-ਕੁੱਤੇ ਤੋਂ ਬਚਣ ਲਈ ਮਨੁੱਖ) ਸਾਧ ਸੰਗਤ ਵਿਚ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੩॥

ਪੰਕਜ ਮੋਹ ਨਿਘਰਤੁ ਹੈ ਪ੍ਰਾਨੀ ਗੁਰੁ ਨਿਘਰਤ ਕਾਢਿ ਕਢਾਵੈਗੋ ॥

ਮਨੁੱਖ (ਮਾਇਆ ਦੇ) ਮੋਹ ਦੇ ਖੋਭੇ ਵਿਚ ਖੁੱਭਦਾ ਜਾਂਦਾ ਹੈ, ਗੁਰੂ (ਇਸ ਖੋਭੇ ਵਿਚ) ਖੁੱਭ ਰਹੇ ਮਨੁੱਖ ਨੂੰ (ਖੋਭੇ ਵਿਚੋਂ) ਕੱਢ ਕੇ ਬੰਨੇ ਲਾ ਦੇਂਦਾ ਹੈ।

ਤ੍ਰਾਹਿ ਤ੍ਰਾਹਿ ਸਰਨਿ ਜਨ ਆਏ ਗੁਰੁ ਹਾਥੀ ਦੇ ਨਿਕਲਾਵੈਗੋ ॥੪॥

‘ਬਚਾ ਲੈ ਬਚਾ ਲੈ’-ਇਹ ਆਖਦੇ (ਜਿਹੜੇ) ਮਨੁੱਖ (ਗੁਰੂ ਦੀ) ਸਰਨ ਆਉਂਦੇ ਹਨ, ਗੁਰੂ ਆਪਣਾ ਹੱਥ ਫੜਾ ਕੇ ਉਹਨਾਂ ਨੂੰ (ਮਾਇਆ ਦੇ ਮੋਹ ਦੇ ਚਿੱਕੜ ਵਿਚੋਂ) ਬਾਹਰ ਕੱਢ ਲੈਂਦਾ ਹੈ ॥੪॥

ਸੁਪਨੰਤਰੁ ਸੰਸਾਰੁ ਸਭੁ ਬਾਜੀ ਸਭੁ ਬਾਜੀ ਖੇਲੁ ਖਿਲਾਵੈਗੋ ॥

ਇਹ ਸੰਸਾਰ (ਮਨੁੱਖ ਦੇ) ਮਨ ਦੀ ਭਟਕਣਾ (ਦਾ ਮੂਲ) ਹੈ, (ਜੀਵਾਂ ਨੂੰ ਪਰਚਾਣ ਲਈ) ਸਾਰਾ ਜਗਤ (ਇਕ) ਖੇਡ (ਜਿਹੀ ਹੀ) ਹੈ। ਇਹ ਖੇਡ (ਜੀਵਾਂ ਨੂੰ ਪਰਮਾਤਮਾ ਆਪ) ਖਿਡਾ ਰਿਹਾ ਹੈ।

ਲਾਹਾ ਨਾਮੁ ਗੁਰਮਤਿ ਲੈ ਚਾਲਹੁ ਹਰਿ ਦਰਗਹ ਪੈਧਾ ਜਾਵੈਗੋ ॥੫॥

(ਇਸ ਖੇਡ ਵਿਚ ਪਰਮਾਤਮਾ ਦਾ) ਨਾਮ (ਹੀ) ਲਾਭ ਹੈ। ਗੁਰੂ ਦੀ ਮੱਤ ਦੀ ਰਾਹੀਂ ਇਹ ਲਾਭ ਖੱਟ ਕੇ ਜਾਵੋ। (ਜਿਹੜਾ ਮਨੁੱਖ ਇਹ ਲਾਭ ਖੱਟ ਕੇ ਇਥੋਂ ਜਾਂਦਾ ਹੈ, ਉਹ) ਪਰਮਾਤਮਾ ਦੀ ਹਜ਼ੂਰੀ ਵਿਚ ਇੱਜ਼ਤ ਨਾਲ ਜਾਂਦਾ ਹੈ ॥੫॥

ਹਉਮੈ ਕਰੈ ਕਰਾਵੈ ਹਉਮੈ ਪਾਪ ਕੋਇਲੇ ਆਨਿ ਜਮਾਵੈਗੋ ॥

ਜਿਹੜਾ ਮਨੁੱਖ ਸਾਰੀ ਉਮਰ ‘ਹਉਂ, ਹਉਂ’ ਹੀ ਕਰਦਾ ਰਹਿੰਦਾ ਹੈ, ਉਹ ਮਨੁੱਖ (ਆਪਣੀ ਮਾਨਸਿਕ ਖੇਤੀ ਵਿਚ) ਪਾਪ ਕੋਲੇ ਲਿਆ ਕੇ ਬੀਜਦਾ ਰਹਿੰਦਾ ਹੈ।

ਆਇਆ ਕਾਲੁ ਦੁਖਦਾਈ ਹੋਏ ਜੋ ਬੀਜੇ ਸੋ ਖਵਲਾਵੈਗੋ ॥੬॥

ਜਦੋਂ ਮੌਤ ਆਉਂਦੀ ਹੈ; (ਉਹ ਬੀਜੇ ਹੋਏ ਕਮਾਏ ਹੋਏ ਪਾਪ) ਦੁਖਦਾਈ ਬਣ ਜਾਂਦੇ ਹਨ (ਪਰ ਉਸ ਵੇਲੇ ਕੀਹ ਹੋ ਸਕਦਾ ਹੈ?) ਜਿਹੜੇ ਕੋਲੇ-ਪਾਪ ਬੀਜੇ ਹੋਏ ਹੁੰਦੇ ਹਨ (ਸਾਰੀ ਉਮਰ ਕੀਤੇ ਹੁੰਦੇ ਹਨ) ਉਹਨਾਂ ਦਾ ਫਲ ਖਾਣਾ ਪੈਂਦਾ ਹੈ ॥੬॥

ਸੰਤਹੁ ਰਾਮ ਨਾਮੁ ਧਨੁ ਸੰਚਹੁ ਲੈ ਖਰਚੁ ਚਲੇ ਪਤਿ ਪਾਵੈਗੋ ॥

ਹੇ ਸੰਤ ਜਨੋ! ਪਰਮਾਤਮਾ ਦਾ ਨਾਮ-ਧਨ ਇਕੱਠਾ ਕਰਦੇ ਰਹੋ, (ਜਿਹੜੇ ਮਨੁੱਖ ਜੀਵਨ-ਸਫ਼ਰ ਵਿਚ ਵਰਤਣ ਲਈ ਨਾਮ-) ਖ਼ਰਚ ਲੈ ਕੇ ਤੁਰਦੇ ਹਨ, (ਪਰਮਾਤਮਾ ਉਹਨਾਂ ਨੂੰ) ਇੱਜ਼ਤ-ਮਾਣ ਦੇਂਦਾ ਹੈ।

ਖਾਇ ਖਰਚਿ ਦੇਵਹਿ ਬਹੁਤੇਰਾ ਹਰਿ ਦੇਦੇ ਤੋਟਿ ਨ ਆਵੈਗੋ ॥੭॥

ਉਹ ਮਨੁੱਖ (ਇਹ ਨਾਮ-ਧਨ ਆਪ) ਖੁਲ੍ਹਾ ਵਰਤ ਕੇ (ਹੋਰਨਾਂ ਨੂੰ ਭੀ) ਬਹੁਤ ਵੰਡਦੇ ਹਨ, ਇਸ ਹਰਿ-ਨਾਮ ਧਨ ਦੇ ਵੰਡਦਿਆਂ ਇਸ ਵਿਚ ਕਮੀ ਨਹੀਂ ਹੁੰਦੀ ॥੭॥

ਰਾਮ ਨਾਮ ਧਨੁ ਹੈ ਰਿਦ ਅੰਤਰਿ ਧਨੁ ਗੁਰ ਸਰਣਾਈ ਪਾਵੈਗੋ ॥

(ਹੇ ਭਾਈ!) ਇਹ ਨਾਮ-ਧਨ ਗੁਰੂ ਦੀ ਸਰਨ ਪਿਆਂ ਮਿਲਦਾ ਹੈ। ਜਿਸ ਮਨੁੱਖ ਦੇ ਹਿਰਦੇ ਵਿਚ ਇਹ ਨਾਮ-ਧਨ ਵੱਸਦਾ ਹੈ,

ਨਾਨਕ ਦਇਆ ਦਇਆ ਕਰਿ ਦੀਨੀ ਦੁਖੁ ਦਾਲਦੁ ਭੰਜਿ ਸਮਾਵੈਗੋ ॥੮॥੫॥

ਜਿਸ ਮਨੁੱਖ ਨੂੰ ਪਰਮਾਤਮਾ ਨਾਮ-ਧਨ ਦੀ ਦਾਤ ਮਿਹਰ ਕਰ ਕੇ ਦੇਂਦਾ ਹੈ, ਹੇ ਨਾਨਕ! ਉਹ ਆਪਣਾ ਹਰੇਕ ਦੁੱਖ ਦੂਰ ਕਰ ਕੇ (ਆਤਮਕ) ਗਰੀਬੀ ਮੁਕਾ ਕੇ ਨਾਮ ਵਿਚ ਲੀਨ ਰਹਿੰਦਾ ਹੈ ॥੮॥੫॥


ਕਾਨੜਾ ਮਹਲਾ ੪ ॥
ਮਨੁ ਸਤਿਗੁਰ ਸਰਨਿ ਧਿਆਵੈਗੋ ॥

(ਜਿਸ ਮਨੁੱਖ ਦਾ) ਮਨ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ,

ਲੋਹਾ ਹਿਰਨੁ ਹੋਵੈ ਸੰਗਿ ਪਾਰਸ ਗੁਨੁ ਪਾਰਸ ਕੋ ਹੋਇ ਆਵੈਗੋ ॥੧॥ ਰਹਾਉ ॥

(ਉਹ ਪ੍ਰਭੂ-ਚਰਨਾਂ ਦੀ ਛੁਹ ਨਾਲ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ, ਜਿਵੇਂ) ਪਾਰਸ ਨਾਲ (ਛੁਹ ਕੇ) ਲੋਹਾ ਸੋਨਾ ਬਣ ਜਾਂਦਾ ਹੈ, ਪਾਰਸ ਦੀ ਛੁਹ ਦਾ ਗੁਣ ਉਸ ਵਿਚ ਆ ਜਾਂਦਾ ਹੈ ॥੧॥ ਰਹਾਉ ॥

ਸਤਿਗੁਰੁ ਮਹਾ ਪੁਰਖੁ ਹੈ ਪਾਰਸੁ ਜੋ ਲਾਗੈ ਸੋ ਫਲੁ ਪਾਵੈਗੋ ॥

ਗੁਰੂ (ਭੀ) ਬਹੁਤ ਵੱਡਾ ਪੁਰਖ ਹੈ, (ਗੁਰੂ ਭੀ) ਪਾਰਸ ਹੈ। ਜਿਹੜਾ ਮਨੁੱਖ (ਗੁਰੂ ਦੀ ਚਰਨੀਂ) ਲੱਗਦਾ ਹੈ ਉਹ (ਸ੍ਰੇਸ਼ਟ) ਫਲ ਪ੍ਰਾਪਤ ਕਰਦਾ ਹੈ,

ਜਿਉ ਗੁਰ ਉਪਦੇਸਿ ਤਰੇ ਪ੍ਰਹਿਲਾਦਾ ਗੁਰੁ ਸੇਵਕ ਪੈਜ ਰਖਾਵੈਗੋ ॥੧॥

ਜਿਵੇਂ ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਪ੍ਰਹਿਲਾਦ (ਆਦਿਕ ਕਈ) ਪਾਰ ਲੰਘ ਗਏ। ਗੁਰੂ ਆਪਣੇ (ਸੇਵਕ) ਦੀ ਇੱਜ਼ਤ (ਜ਼ਰੂਰ) ਰੱਖਦਾ ਹੈ ॥੧॥

ਸਤਿਗੁਰ ਬਚਨੁ ਬਚਨੁ ਹੈ ਨੀਕੋ ਗੁਰ ਬਚਨੀ ਅੰਮ੍ਰਿਤੁ ਪਾਵੈਗੋ ॥

ਯਕੀਨ ਜਾਣ ਕਿ ਗੁਰੂ ਦਾ ਬਚਨ (ਬੜਾ) ਸ੍ਰੇਸ਼ਟ ਹੈ। ਗੁਰੂ ਦੇ ਬਚਨਾਂ ਦੀ ਬਰਕਤਿ ਨਾਲ (ਮਨੁੱਖ) ਆਤਮਕ ਜੀਵਨ ਦੇਣ ਵਾਲਾ ਨਾਮ ਹਾਸਲ ਕਰ ਲੈਂਦਾ ਹੈ।

ਜਿਉ ਅੰਬਰੀਕਿ ਅਮਰਾ ਪਦ ਪਾਏ ਸਤਿਗੁਰ ਮੁਖ ਬਚਨ ਧਿਆਵੈਗੋ ॥੨॥

(ਜਿਹੜਾ ਭੀ ਮਨੁੱਖ) ਗੁਰੂ ਦਾ ਉਚਾਰਿਆ ਸ਼ਬਦ ਹਿਰਦੇ ਵਿਚ ਵਸਾਂਦਾ ਹੈ (ਉਹ ਉੱਚਾ ਆਤਮਕ ਜੀਵਨ ਪ੍ਰਾਪਤ ਕਰਦਾ ਹੈ) ਜਿਵੇਂ ਅੰਬਰੀਕ ਨੇ ਉਹ ਆਤਮਕ ਦਰਜਾ ਹਾਸਲ ਕਰ ਲਿਆ ਜਿੱਥੇ ਆਤਮਕ ਮੌਤ ਪੋਹ ਨਹੀਂ ਸਕਦੀ ॥੨॥

ਸਤਿਗੁਰ ਸਰਨਿ ਸਰਨਿ ਮਨਿ ਭਾਈ ਸੁਧਾ ਸੁਧਾ ਕਰਿ ਧਿਆਵੈਗੋ ॥

ਜਿਸ ਮਨੁੱਖ ਨੂੰ ਗੁਰੂ ਦੀ ਸਰਨ ਪਏ ਰਹਿਣਾ (ਆਪਣੇ) ਮਨ ਵਿਚ ਪਸੰਦ ਆ ਜਾਂਦਾ ਹੈ, ਉਹ (ਗੁਰੂ ਦੇ ਬਚਨ ਨੂੰ) ਆਤਮਕ ਜੀਵਨ-ਦਾਤਾ ਨਿਸ਼ਚੇ ਕਰ ਕੇ (ਉਸਨੂੰ) ਆਪਣੇ ਅੰਦਰ ਵਸਾਈ ਰੱਖਦਾ ਹੈ।

ਦਇਆਲ ਦੀਨ ਭਏ ਹੈ ਸਤਿਗੁਰ ਹਰਿ ਮਾਰਗੁ ਪੰਥੁ ਦਿਖਾਵੈਗੋ ॥੩॥

ਗੁਰੂ ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਗੁਰੂ ਪਰਮਾਤਮਾ ਦੇ ਮਿਲਾਪ ਦਾ ਰਸਤਾ ਵਿਖਾ ਦੇਂਦਾ ਹੈ ॥੩॥

ਸਤਿਗੁਰ ਸਰਨਿ ਪਏ ਸੇ ਥਾਪੇ ਤਿਨ ਰਾਖਨ ਕਉ ਪ੍ਰਭੁ ਆਵੈਗੋ ॥

ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹਨਾਂ ਨੂੰ ਆਦਰ ਮਿਲਦਾ ਹੈ, ਪਰਮਾਤਮਾ ਉਹਨਾਂ ਦੀ ਰੱਖਿਆ ਕਰਨ ਲਈ ਆਪ ਬਹੁੜਦਾ ਹੈ।

ਜੇ ਕੋ ਸਰੁ ਸੰਧੈ ਜਨ ਊਪਰਿ ਫਿਰਿ ਉਲਟੋ ਤਿਸੈ ਲਗਾਵੈਗੋ ॥੪॥

ਜੇ ਕੋਈ ਮਨੁੱਖ ਉਹਨਾਂ ਸੇਵਕਾਂ ਉਤੇ ਤੀਰ ਚਲਾਂਦਾ ਹੈ, ਉਹ ਤੀਰ ਪਰਤ ਕੇ ਉਸੇ ਨੂੰ ਹੀ ਆ ਲੱਗਦਾ ਹੈ ॥੪॥

ਹਰਿ ਹਰਿ ਹਰਿ ਹਰਿ ਹਰਿ ਸਰੁ ਸੇਵਹਿ ਤਿਨ ਦਰਗਹ ਮਾਨੁ ਦਿਵਾਵੈਗੋ ॥

ਜਿਹੜੇ ਮਨੁੱਖ ਸਦਾ ਹੀ ਸਾਧ ਸੰਗਤ ਦਾ ਆਸਰਾ ਲਈ ਰੱਖਦੇ ਹਨ, ਪਰਮਾਤਮਾ ਉਹਨਾਂ ਨੂੰ ਆਪਣੀ ਹਜ਼ੂਰੀ ਵਿਚ ਇੱਜ਼ਤ ਦਿਵਾਂਦਾ ਹੈ।

ਗੁਰਮਤਿ ਗੁਰਮਤਿ ਗੁਰਮਤਿ ਧਿਆਵਹਿ ਹਰਿ ਗਲਿ ਮਿਲਿ ਮੇਲਿ ਮਿਲਾਵੈਗੋ ॥੫॥

ਜਿਹੜੇ ਮਨੁੱਖ ਸਦਾ ਹੀ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਪਰਮਾਤਮਾ ਦਾ ਨਾਮ ਸਿਮਰਦੇ ਹਨ, ਪਰਮਾਤਮਾ ਉਹਨਾਂ ਦੇ ਗਲ ਨਾਲ ਮਿਲ ਕੇ ਉਹਨਾਂ ਨੂੰ ਆਪਣੇ ਨਾਲ ਇਕ-ਮਿਕ ਕਰ ਲੈਂਦਾ ਹੈ ॥੫॥

ਗੁਰਮੁਖਿ ਨਾਦੁ ਬੇਦੁ ਹੈ ਗੁਰਮੁਖਿ ਗੁਰ ਪਰਚੈ ਨਾਮੁ ਧਿਆਵੈਗੋ ॥

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਵਾਸਤੇ ਗੁਰੂ ਦੀ ਸਰਨ ਹੀ ਨਾਦ ਹੈ ਗੁਰੂ ਦੀ ਸਰਨ ਹੀ ਵੇਦ ਹੈ। ਗੁਰੂ ਦੀ ਸਰਨ ਪਏ ਰਹਿਣ ਵਾਲਾ ਮਨੁੱਖ ਗੁਰੂ ਦੀ ਪ੍ਰਸੰਨਤਾ ਪ੍ਰਾਪਤ ਕਰ ਕੇ ਹਰਿ-ਨਾਮ ਸਿਮਰਦਾ ਹੈ।

ਹਰਿ ਹਰਿ ਰੂਪੁ ਹਰਿ ਰੂਪੋ ਹੋਵੈ ਹਰਿ ਜਨ ਕਉ ਪੂਜ ਕਰਾਵੈਗੋ ॥੬॥

ਉਹ ਮਨੁੱਖ ਪਰਮਾਤਮਾ ਦਾ ਰੂਪ ਹੀ ਹੋ ਜਾਂਦਾ ਹੈ, ਪਰਮਾਤਮਾ (ਭੀ ਹਰ ਥਾਂ) ਉਸ ਦੀ ਇੱਜ਼ਤ ਕਰਾਂਦਾ ਹੈ ॥੬॥

ਸਾਕਤ ਨਰ ਸਤਿਗੁਰੁ ਨਹੀ ਕੀਆ ਤੇ ਬੇਮੁਖ ਹਰਿ ਭਰਮਾਵੈਗੋ ॥

ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਗੁਰੂ ਨੂੰ (ਆਪਣਾ ਆਸਰਾ) ਨਹੀਂ ਬਣਾਂਦੇ, ਉਹ ਗੁਰੂ ਵਲੋਂ ਮੂੰਹ ਭਵਾਈ ਰੱਖਦੇ ਹਨ, ਪ੍ਰਭੂ ਉਹਨਾਂ ਨੂੰ ਭਟਕਣਾ ਵਿਚ ਪਾਈ ਰੱਖਦਾ ਹੈ,

ਲੋਭ ਲਹਰਿ ਸੁਆਨ ਕੀ ਸੰਗਤਿ ਬਿਖੁ ਮਾਇਆ ਕਰੰਗਿ ਲਗਾਵੈਗੋ ॥੭॥

(ਉਹਨਾਂ ਦੇ ਅੰਦਰ) ਲੋਭ ਦੀ ਲਹਿਰ ਚੱਲਦੀ ਰਹਿੰਦੀ ਹੈ, (ਇਹ ਲਹਿਰ) ਕੁੱਤੇ ਦੇ ਸੁਭਾਵ ਵਰਗੀ ਹੈ, (ਜਿਵੇਂ ਕੁੱਤਾ) ਮੁਰਦਾਰ ਉੱਤੇ ਜਾਂਦਾ ਹੈ (ਮੁਰਦਾਰ ਨੂੰ ਖ਼ੁਸ਼ ਹੋ ਕੇ ਖਾਂਦਾ ਹੈ, ਤਿਵੇਂ ਲੋਭ-ਲਹਿਰ ਦਾ ਪ੍ਰੇਰਿਆ ਹੋਇਆ ਮਨੁੱਖ) ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਨੂੰ ਚੰਬੜਿਆ ਰਹਿਦਾ ਹੈ ॥੭॥

ਰਾਮ ਨਾਮੁ ਸਭ ਜਗ ਕਾ ਤਾਰਕੁ ਲਗਿ ਸੰਗਤਿ ਨਾਮੁ ਧਿਆਵੈਗੋ ॥

ਪਰਮਾਤਮਾ ਦਾ ਨਾਮ ਸਾਰੇ ਜਗਤ ਦਾ ਪਾਰ ਲੰਘਾਣ ਵਾਲਾ ਹੈ। (ਜਿਹੜਾ ਮਨੁੱਖ) ਸਾਧ ਸੰਗਤ ਵਿਚ ਟਿਕ ਕੇ ਹਰਿ-ਨਾਮ ਸਿਮਰਦਾ ਹੈ (ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ)।

ਨਾਨਕ ਰਾਖੁ ਰਾਖੁ ਪ੍ਰਭ ਮੇਰੇ ਸਤਸੰਗਤਿ ਰਾਖਿ ਸਮਾਵੈਗੋ ॥੮॥੬॥ ਛਕਾ ੧ ॥

ਹੇ ਨਾਨਕ! (ਅਰਦਾਸ ਕਰ) ਹੇ ਮੇਰੇ ਪ੍ਰਭੂ! (ਮੈਨੂੰ ਭੀ ਸਾਧ ਸੰਗਤ ਵਿਚ) ਰੱਖੀ ਰੱਖ। (ਪਰਮਾਤਮਾ ਪ੍ਰਾਣੀ ਨੂੰ) ਸਾਧ ਸੰਗਤ ਵਿਚ ਰੱਖ ਕੇ (ਆਪਣੇ ਵਿਚ) ਲੀਨ ਕਰੀ ਰੱਖਦਾ ਹੈ ॥੮॥੬॥ਛਕਾ ੧ ॥


ਕਾਨੜਾ ਛੰਤ ਮਹਲਾ ੫ ॥

ਰਾਗ ਕਾਨੜਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਛੰਤ’ (ਛੰਦ)।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸੇ ਉਧਰੇ ਜਿਨ ਰਾਮ ਧਿਆਏ ॥

ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ, ਉਹ (ਵਿਕਾਰਾਂ ਦੀ ਮਾਰ ਤੋਂ) ਬਚ ਗਏ (ਅੰਤ ਵੇਲੇ ਭੀ ਹਰਿ-ਨਾਮ ਹੀ ਉਹਨਾਂ ਦਾ ਸਾਥੀ ਬਣਿਆ)।

ਜਤਨ ਮਾਇਆ ਕੇ ਕਾਮਿ ਨ ਆਏ ॥

ਮਾਇਆ (ਇਕੱਠੀ ਕਰਨ) ਦੇ ਜਤਨ (ਤਾਂ) ਕਿਸੇ ਕੰਮ ਨਹੀਂ ਆਉਂਦੇ (ਮਾਇਆ ਇਥੇ ਹੀ ਧਰੀ ਰਹਿ ਜਾਂਦੀ ਹੈ)।

ਰਾਮ ਧਿਆਏ ਸਭਿ ਫਲ ਪਾਏ ਧਨਿ ਧੰਨਿ ਤੇ ਬਡਭਾਗੀਆ ॥

ਜਿਨ੍ਹਾਂ ਨੇ ਪ੍ਰਭੂ ਦਾ ਨਾਮ ਸਿਮਰਿਆ, ਉਹਨਾਂ (ਮਨੁੱਖਾ ਜੀਵਨ ਦੇ) ਸਾਰੇ ਫਲ ਪ੍ਰਾਪਤ ਕਰ ਲਏ, ਉਹ ਮਨੁੱਖ ਭਾਗਾਂ ਵਾਲੇ ਹੁੰਦੇ ਹਨ, ਉਹ ਮਨੁੱਖ ਸੋਭਾ ਖੱਟ ਜਾਂਦੇ ਹਨ।

ਸਤਸੰਗਿ ਜਾਗੇ ਨਾਮਿ ਲਾਗੇ ਏਕ ਸਿਉ ਲਿਵ ਲਾਗੀਆ ॥

ਉਹ ਮਨੁੱਖ ਸਾਧ ਸੰਗਤ ਵਿਚ ਟਿਕ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹੇ, ਉਹ ਹਰਿ-ਨਾਮ ਵਿਚ ਜੁੜੇ ਰਹੇ, ਉਹਨਾਂ ਦੀ (ਸਦਾ) ਇਕ ਪਰਮਾਤਮਾ ਨਾਲ ਹੀ ਸੁਰਤ ਜੁੜੀ ਰਹੀ।

ਤਜਿ ਮਾਨ ਮੋਹ ਬਿਕਾਰ ਸਾਧੂ ਲਗਿ ਤਰਉ ਤਿਨ ਕੈ ਪਾਏ ॥

(ਜਿਹੜੇ ਮਨੁੱਖ ਆਪਣੇ ਅੰਦਰੋਂ) ਮਾਣ ਮੋਹ ਵਿਕਾਰ ਤਿਆਗ ਕੇ ਉੱਚੇ ਆਚਰਣ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਚਰਣੀਂ ਲੱਗ ਕੇ ਮੈਂ (ਭੀ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕਾਂ।

ਬਿਨਵੰਤਿ ਨਾਨਕ ਸਰਣਿ ਸੁਆਮੀ ਬਡਭਾਗਿ ਦਰਸਨੁ ਪਾਏ ॥੧॥

ਨਾਨਕ ਬੇਨਤੀ ਕਰਦਾ ਹੈ, ਹੇ ਮੇਰੇ ਮਾਲਕ-ਪ੍ਰਭੂ! (ਮੈਨੂੰ ਉਹਨਾਂ ਦੀ) ਸਰਨ ਵਿਚ (ਰੱਖ। ਪਰ) ਵੱਡੀ ਕਿਸਮਤ ਨਾਲ (ਅਜਿਹੇ ਸਾਧੂ ਜਨਾਂ ਦਾ) ਦਰਸਨ ਪ੍ਰਾਪਤ ਹੁੰਦਾ ਹੈ ॥੧॥

ਮਿਲਿ ਸਾਧੂ ਨਿਤ ਭਜਹ ਨਾਰਾਇਣ ॥

ਆਓ, ਸੰਤ ਜਨਾਂ ਨੂੰ ਮਿਲ ਕੇ ਸਦਾ ਪਰਮਾਤਮਾ ਦਾ ਭਜਨ ਕਰਿਆ ਕਰੀਏ,

ਰਸਕਿ ਰਸਕਿ ਸੁਆਮੀ ਗੁਣ ਗਾਇਣ ॥

ਅਤੇ ਪੂਰੇ ਆਨੰਦ ਨਾਲ ਮਾਲਕ-ਪ੍ਰਭੂ ਦੇ ਗੁਣ ਗਾਇਆ ਕਰੀਏ।

ਗੁਣ ਗਾਇ ਜੀਵਹ ਹਰਿ ਅਮਿਉ ਪੀਵਹ ਜਨਮ ਮਰਣਾ ਭਾਗਏ ॥

ਪ੍ਰਭੂ ਦੇ ਗੁਣ ਗਾ ਗਾ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਅਸੀਂ ਪੀਂਦੇ ਰਹੀਏ ਅਤੇ ਆਤਮਕ ਜੀਵਨ ਹਾਸਲ ਕਰੀਏ। (ਹਰਿ-ਨਾਮ-ਜਲ ਦੀ ਬਰਕਤਿ ਨਾਲ) ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।

ਸਤਸੰਗਿ ਪਾਈਐ ਹਰਿ ਧਿਆਈਐ ਬਹੁੜਿ ਦੂਖੁ ਨ ਲਾਗਏ ॥

(ਸੰਤ ਜਨਾਂ ਦੀ ਸੰਗਤ ਵਿਚ) ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, ਸਤਸੰਗ ਵਿਚ (ਹੀ) ਪਰਮਾਤਮਾ ਮਿਲਦਾ ਹੈ, ਅਤੇ ਮੁੜ ਕੋਈ ਦੁੱਖ ਪੋਹ ਨਹੀਂ ਸਕਦਾ।

ਕਰਿ ਦਇਆ ਦਾਤੇ ਪੁਰਖ ਬਿਧਾਤੇ ਸੰਤ ਸੇਵ ਕਮਾਇਣ ॥

ਹੇ ਦਾਤਾਰ! ਹੇ ਸਰਬ ਵਿਆਪਕ ਸਿਰਜਣਹਾਰ! (ਮੇਰੇ ਉਤੇ) ਮਿਹਰ ਕਰ, ਸੰਤ ਜਨਾਂ ਦੀ ਸੇਵਾ ਕਰਨ ਦਾ ਅਵਸਰ ਦੇਹ।

ਬਿਨਵੰਤਿ ਨਾਨਕ ਜਨ ਧੂਰਿ ਬਾਂਛਹਿ ਹਰਿ ਦਰਸਿ ਸਹਜਿ ਸਮਾਇਣ ॥੨॥

ਨਾਨਕ ਬੇਨਤੀ ਕਰਦਾ ਹੈ (ਜਿਹੜੇ ਮਨੁੱਖ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦੇ ਹਨ ਉਹ ਪਰਮਾਤਮਾ ਦੇ ਦਰਸਨ ਵਿਚ ਆਤਮਕ ਅਡੋਲਤਾ ਵਿਚ ਲੀਨਤਾ ਹਾਸਲ ਕਰ ਲੈਂਦੇ ਹਨ ॥੨॥

ਸਗਲੇ ਜੰਤ ਭਜਹੁ ਗੋਪਾਲੈ ॥

ਹੇ ਸਾਰੇ ਪ੍ਰਾਣੀਓ! ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦਾ ਭਜਨ ਕਰਿਆ ਕਰੋ।

ਜਪ ਤਪ ਸੰਜਮ ਪੂਰਨ ਘਾਲੈ ॥

(ਇਹ ਭਜਨ ਹੀ) ਜਪ ਤਪ ਸੰਜਮ ਆਦਿਕ ਸਾਰੀ ਮਿਹਨਤ ਹੈ।

ਨਿਤ ਭਜਹੁ ਸੁਆਮੀ ਅੰਤਰਜਾਮੀ ਸਫਲ ਜਨਮੁ ਸਬਾਇਆ ॥

ਹੇ ਪ੍ਰਾਣੀਓ! ਸਦਾ ਅੰਤਰਜਾਮੀ ਮਾਲਕ ਪ੍ਰਭੂ ਦਾ ਭਜਨ ਕਰਿਆ ਕਰੋ (ਭਜਨ ਦੀ ਬਰਕਤਿ ਨਾਲ) ਸਾਰਾ ਹੀ ਜੀਵਨ ਕਾਮਯਾਬ ਹੋ ਜਾਂਦਾ ਹੈ।

ਗੋਬਿਦੁ ਗਾਈਐ ਨਿਤ ਧਿਆਈਐ ਪਰਵਾਣੁ ਸੋਈ ਆਇਆ ॥

ਹੇ ਪ੍ਰਾਣੀਓ! ਗੋਬਿੰਦ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਸਦਾ ਸਿਮਰਨ ਕਰਨਾ ਚਾਹੀਦਾ ਹੈ, (ਜਿਹੜਾ ਸਿਮਰਨ-ਭਜਨ ਕਰਦਾ ਹੈ) ਉਹੀ ਜਗਤ ਵਿਚ ਜੰਮਿਆ ਕਬੂਲ ਸਮਝੋ।

ਜਪ ਤਾਪ ਸੰਜਮ ਹਰਿ ਹਰਿ ਨਿਰੰਜਨ ਗੋਬਿੰਦ ਧਨੁ ਸੰਗਿ ਚਾਲੈ ॥

ਹੇ ਪ੍ਰਾਣੀਓ! ਮਾਇਆ-ਰਹਿਤ ਹਰੀ ਦਾ ਸਿਮਰਨ ਹੀ ਜਪ ਤਪ ਸੰਜਮ (ਆਦਿਕ ਉੱਦਮ) ਹੈ। ਪਰਮਾਤਮਾ ਦਾ (ਨਾਮ-) ਧਨ ਹੀ (ਮਨੁੱਖ ਦੇ) ਨਾਲ ਜਾਂਦਾ ਹੈ।

ਬਿਨਵੰਤਿ ਨਾਨਕ ਕਰਿ ਦਇਆ ਦੀਜੈ ਹਰਿ ਰਤਨੁ ਬਾਧਉ ਪਾਲੈ ॥੩॥

ਨਾਨਕ ਬੇਨਤੀ ਕਰਦਾ ਹੈ (ਤੇ, ਆਖਦਾ ਹੈ ਕਿ ਹੇ ਪ੍ਰਭੂ) ਮਿਹਰ ਕਰ ਕੇ (ਮੈਨੂੰ ਆਪਣਾ) ਨਾਮ-ਰਤਨ ਦੇਹ ਮੈਂ (ਆਪਣੇ) ਪੱਲੇ ਬੰਨ੍ਹ ਲਵਾਂ ॥੩॥

ਮੰਗਲਚਾਰ ਚੋਜ ਆਨੰਦਾ ॥

(ਉਸ ਦੇ ਹਿਰਦੇ ਵਿਚ) ਆਤਮਕ ਆਨੰਦ ਖ਼ੁਸ਼ੀਆਂ ਪੈਦਾ ਹੋ ਜਾਂਦੀਆਂ ਹਨ,

ਕਰਿ ਕਿਰਪਾ ਮਿਲੇ ਪਰਮਾਨੰਦਾ ॥

(ਜਿਸ ਜੀਵ-ਇਸਤ੍ਰੀ ਨੂੰ) ਸਭ ਤੋਂ ਉੱਚੇ ਆਨੰਦ ਦੇ ਮਾਲਕ ਪ੍ਰਭੂ ਜੀ ਮਿਹਰ ਕਰ ਕੇ ਮਿਲ ਪੈਂਦੇ ਹਨ।

ਪ੍ਰਭ ਮਿਲੇ ਸੁਆਮੀ ਸੁਖਹਗਾਮੀ ਇਛ ਮਨ ਕੀ ਪੁੰਨੀਆ ॥

ਸੁਖ ਦੇਣ ਵਾਲੇ ਮਾਲਕ-ਪ੍ਰਭੂ ਜੀ (ਜਿਸ ਜੀਵ-ਇਸਤ੍ਰੀ ਨੂੰ) ਮਿਲ ਪੈਂਦੇ ਹਨ, (ਉਸ ਦੇ) ਮਨ ਦੀ (ਹਰੇਕ) ਇੱਛਾ ਪੂਰੀ ਹੋ ਜਾਂਦੀ ਹੈ,

ਬਜੀ ਬਧਾਈ ਸਹਜੇ ਸਮਾਈ ਬਹੁੜਿ ਦੂਖਿ ਨ ਰੁੰਨੀਆ ॥

ਉਸ ਦੇ ਚਿੱਤ ਵਿਚ ਹੁਲਾਰਾ ਜਿਹਾ ਆਇਆ ਰਹਿੰਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ, ਉਹ ਫਿਰ ਕਦੇ ਕਿਸੇ ਦੁੱਖ ਦੇ ਕਾਰਨ ਘਬਰਾਂਦੀ ਨਹੀਂ।

ਲੇ ਕੰਠਿ ਲਾਏ ਸੁਖ ਦਿਖਾਏ ਬਿਕਾਰ ਬਿਨਸੇ ਮੰਦਾ ॥

(ਪ੍ਰਭੂ ਜੀ) ਜਿਸ (ਜੀਵ-ਇਸਤ੍ਰੀ) ਨੂੰ ਗਲ ਨਾਲ ਲਾ ਲੈਂਦੇ ਹਨ, ਉਸ ਨੂੰ (ਸਾਰੇ) ਸੁਖ ਵਿਖਾਂਦੇ ਹਨ, ਉਸ ਦੇ ਅੰਦਰੋਂ ਸਾਰੇ ਵਿਕਾਰ ਸਾਰੇ ਭੈੜ ਨਾਸ ਹੋ ਜਾਂਦੇ ਹਨ।

ਬਿਨਵੰਤਿ ਨਾਨਕ ਮਿਲੇ ਸੁਆਮੀ ਪੁਰਖ ਪਰਮਾਨੰਦਾ ॥੪॥੧॥

ਨਾਨਕ ਬੇਨਤੀ ਕਰਦਾ ਹੈ ਕਿ (ਇਉਂ ਉਸ ਜੀਵ-ਇਸਤਰੀ ਨੂੰ) ਸਭ ਤੋਂ ਉੱਚੇ ਆਨੰਦ ਦੇ ਮਾਲਕ ਪ੍ਰਭੂ ਜੀ ਦਾ ਮਿਲਾਪ ਹੋ ਜਾਂਦਾ ਹੈ ॥੪॥੧॥


ਕਾਨੜੇ ਕੀ ਵਾਰ ਮਹਲਾ ੪ ਮੂਸੇ ਕੀ ਵਾਰ ਕੀ ਧੁਨੀ ॥

ਗੁਰੂ ਰਾਮਦਾਸ ਜੀ ਦੀ ਇਸ ਵਾਰ ਨੂੰ ਮੂਸੇ ਦੀ ਵਾਰ ਦੀ ਸੁਰ ਤੇ ਗਾਉਣਾ ਹੈ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਲੋਕ ਮ : ੪ ॥
ਗੁਰੂ ਰਾਮਦਾਸ ਜੀ ਦੇ ਸਲੋਕ।
ਰਾਮ ਨਾਮੁ ਨਿਧਾਨੁ ਹਰਿ ਗੁਰਮਤਿ ਰਖੁ ਉਰ ਧਾਰਿ ॥

ਪਰਮਾਤਮਾ ਦਾ ਨਾਮ (ਅਸਲ) ਖ਼ਜ਼ਾਨਾ (ਹੈ) ਸਤਿਗੁਰੂ ਦੀ ਸਿੱਖਿਆ ਉਤੇ ਤੁਰ ਕੇ (ਇਸ ਨੂੰ ਆਪਣੇ) ਹਿਰਦੇ ਵਿਚ ਪ੍ਰੋ ਰੱਖ।

ਦਾਸਨ ਦਾਸਾ ਹੋਇ ਰਹੁ ਹਉਮੈ ਬਿਖਿਆ ਮਾਰਿ ॥

(ਇਸ ਨਾਮ ਦੀ ਬਰਕਤਿ ਨਾਲ) ਹਉਮੈ (-ਰੂਪ) ਮਾਇਆ (ਦੇ ਪ੍ਰਭਾਵ) ਨੂੰ (ਆਪਣੇ ਅੰਦਰੋਂ) ਮੁਕਾ ਕੇ (ਪਰਮਾਤਮਾ ਦੇ) ਸੇਵਕਾਂ ਦਾ ਸੇਵਕ ਬਣਿਆ ਰਹੁ।

ਜਨਮੁ ਪਦਾਰਥੁ ਜੀਤਿਆ ਕਦੇ ਨ ਆਵੈ ਹਾਰਿ ॥

(ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ, ਉਹ) ਮਨੁੱਖਾ ਜਨਮ ਦਾ ਕੀਮਤੀ ਮਨੋਰਥ ਹਾਸਲ ਕਰ ਕੇ (ਜਗਤ ਤੋਂ ਮਨੁੱਖਾ ਜੀਵਨ ਦੀ ਬਾਜ਼ੀ) ਹਾਰ ਕੇ ਕਦੇ ਨਹੀਂ ਆਉਂਦਾ।

ਧਨੁ ਧਨੁ ਵਡਭਾਗੀ ਨਾਨਕਾ ਜਿਨ ਗੁਰਮਤਿ ਹਰਿ ਰਸੁ ਸਾਰਿ ॥੧॥

ਹੇ ਨਾਨਕ! ਧੰਨ ਹਨ ਉਹ ਵੱਡੇ ਭਾਗਾਂ ਵਾਲੇ ਮਨੁੱਖ; ਜਿਨ੍ਹਾਂ ਨੇ ਸਤਿਗੁਰ ਦੀ ਸਿੱਖਿਆ ਉਤੇ ਤੁਰ ਕੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ ਹੈ ॥੧॥


ਮ : ੪ ॥
ਗੋਵਿੰਦੁ ਗੋਵਿਦੁ ਗੋਵਿਦੁ ਹਰਿ ਗੋਵਿਦੁ ਗੁਣੀ ਨਿਧਾਨੁ ॥

ਸਿਰਫ਼ ਪਰਮਾਤਮਾ ਹੀ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ।

ਗੋਵਿਦੁ ਗੋਵਿਦੁ ਗੁਰਮਤਿ ਧਿਆਈਐ ਤਾਂ ਦਰਗਹ ਪਾਈਐ ਮਾਨੁ ॥

ਜਦੋਂ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਪਰਮਾਤਮਾ ਨੂੰ ਸਿਮਰਿਆ ਜਾਏ ਤਦੋਂ ਪਰਮਾਤਮਾ ਦੀ ਹਜੂਰੀ ਵਿਚ ਆਦਰ ਮਿਲਦਾ ਹੈ।

ਗੋਵਿਦੁ ਗੋਵਿਦੁ ਗੋਵਿਦੁ ਜਪਿ ਮੁਖੁ ਊਜਲਾ ਪਰਧਾਨੁ ॥

ਸਦਾ ਪ੍ਰਭੂ ਦਾ ਨਾਮ ਜਪ ਕੇ (ਲੋਕ ਪਰਲੋਕ ਵਿਚ) ਸੁਰਖ਼ਰੂ ਹੋਈਦਾ ਹੈ ਤੇ ਪ੍ਰਧਾਨਤਾ ਮਿਲਦੀ ਹੈ।

ਨਾਨਕ ਗੁਰੁ ਗੋਵਿੰਦੁ ਹਰਿ ਜਿਤੁ ਮਿਲਿ ਹਰਿ ਪਾਇਆ ਨਾਮੁ ॥੨॥

ਹੇ ਨਾਨਕ! ਗੁਰੂ ਪਰਮਾਤਮਾ (ਦਾ ਰੂਪ) ਹੈ; ਉਸ (ਗੁਰੂ) ਵਿਚ ਮਿਲ ਕੇ (ਗੁਰੂ ਦੇ ਦੱਸੇ ਰਾਹ ਤੇ ਤੁਰ ਕੇ) ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ ॥੨॥


ਪਉੜੀ ॥
ਤੂੰ ਆਪੇ ਹੀ ਸਿਧ ਸਾਧਿਕੋ ਤੂ ਆਪੇ ਹੀ ਜੁਗ ਜੋਗੀਆ ॥

ਹੇ ਪ੍ਰਭੂ! ਤੂੰ ਆਪ ਹੀ (ਜੋਗ-ਸਾਧਨਾਂ ਵਿਚ) ਪੁੱਗਾ ਹੋਇਆ ਜੋਗੀ ਹੈਂ, ਤੂੰ ਆਪ ਹੀ ਸਾਧਨ ਕਰਨ ਵਾਲਾ ਹੈਂ, ਤੂੰ ਆਪ ਹੀ ਜੋਗ ਵਿਚ ਜੁੜਨ ਵਾਲਾ ਹੈਂ।

ਤੂ ਆਪੇ ਹੀ ਰਸ ਰਸੀਅੜਾ ਤੂ ਆਪੇ ਹੀ ਭੋਗ ਭੋਗੀਆ ॥

ਤੂੰ ਆਪ ਹੀ (ਮਾਇਕ ਪਦਾਰਥਾਂ ਦੇ) ਰਸ ਚੱਖਣ ਵਾਲਾ ਹੈਂ, ਤੂੰ ਆਪ ਹੀ (ਮਾਇਕ ਪਦਾਰਥਾਂ ਦੇ) ਭੋਗ ਭੋਗਣ ਵਾਲਾ ਹੈਂ,

ਤੂ ਆਪੇ ਆਪਿ ਵਰਤਦਾ ਤੂ ਆਪੇ ਕਰਹਿ ਸੁ ਹੋਗੀਆ ॥

(ਕਿਉਂਕਿ ਜੋਗੀਆਂ ਵਿਚ ਭੀ ਤੇ ਗ੍ਰਿਹਸਤੀਆਂ ਵਿਚ ਭੀ ਹਰ ਥਾਂ) ਤੂੰ ਆਪ ਹੀ ਆਪ ਮੌਜੂਦ ਹੈਂ, ਜੋ ਕੁਝ ਤੂੰ ਕਰਦਾ ਹੈਂ, ਉਹੀ ਹੁੰਦਾ ਹੈ।

ਸਤਸੰਗਤਿ ਸਤਿਗੁਰ ਧੰਨੁ ਧਨੁੋ ਧੰਨ ਧੰਨ ਧਨੋ ਜਿਤੁ ਮਿਲਿ ਹਰਿ ਬੁਲਗ ਬੁਲੋਗੀਆ ॥

ਗੁਰੂ ਦੀ ਸਾਧ ਸੰਗਤ ਧੰਨ ਹੈ ਧੰਨ ਹੈ ਜਿਸ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਬੋਲ ਬੋਲੇ ਜਾ ਸਕਦੇ ਹਨ।

ਸਭਿ ਕਹਹੁ ਮੁਖਹੁ ਹਰਿ ਹਰਿ ਹਰੇ ਹਰਿ ਹਰਿ ਹਰੇ ਹਰਿ ਬੋਲਤ ਸਭਿ ਪਾਪ ਲਹੋਗੀਆ ॥੧॥

(ਸਾਧ ਸੰਗਤ ਵਿਚ ਬੈਠ ਕੇ) ਸਾਰੇ (ਆਪਣੇ ਮੂੰਹੋਂ ਸਦਾ ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆਂ ਸਾਰੇ ਪਿਛਲੇ ਕੀਤੇ) ਪਾਪ ਦੂਰ ਹੋ ਜਾਂਦੇ ਹਨ ॥੧॥


ਸਲੋਕ ਮ : ੪ ॥
ਹਰਿ ਹਰਿ ਹਰਿ ਹਰਿ ਨਾਮੁ ਹੈ ਗੁਰਮੁਖਿ ਪਾਵੈ ਕੋਇ ॥

ਸਦਾ ਹੀ ਪਰਮਾਤਮਾ ਦਾ ਨਾਮ (ਸਿਮਰਨ ਦੀ ਦਾਤਿ) ਕੋਈ ਵਿਰਲਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਹਾਸਲ ਕਰਦਾ ਹੈ,

ਹਉਮੈ ਮਮਤਾ ਨਾਸੁ ਹੋਇ ਦੁਰਮਤਿ ਕਢੈ ਧੋਇ ॥

(ਜਿਹੜਾ ਮਨੁੱਖ ਇਹ ਦਾਤ ਪ੍ਰਾਪਤ ਕਰਦਾ ਹੈ, ਉਸ ਦੇ ਅੰਦਰੋਂ) ਹਉਮੈ ਅਤੇ ਅਪਣੱਤ ਦਾ ਨਾਸ ਹੋ ਜਾਂਦਾ ਹੈ (ਉਹ ਮਨੁੱਖ ਆਪਣੇ ਅੰਦਰੋਂ ਨਾਮ ਦੀ ਬਰਕਤਿ ਨਾਲ) ਭੈੜੀ ਮੱਤ (ਦੀ ਮੈਲ) ਧੋ ਕੇ ਕੱਢ ਦੇਂਦਾ ਹੈ;

ਨਾਨਕ ਅਨਦਿਨੁ ਗੁਣ ਉਚਰੈ ਜਿਨ ਕਉ ਧੁਰਿ ਲਿਖਿਆ ਹੋਇ ॥੧॥

ਹੇ ਨਾਨਕ! (ਉਹ ਮਨੁੱਖ) ਹਰ ਵੇਲੇ (ਪਰਮਾਤਮਾ ਦੇ) ਗੁਣ ਉਚਾਰਦਾ ਹੈ (ਪਰ ਉਹੀ ਮਨੁੱਖ ਪਰਮਾਤਮਾ ਦੇ ਗੁਣ ਉਚਾਰਦੇ ਹਨ) ਜਿਨ੍ਹਾਂ ਦੇ ਭਾਗਾਂ ਵਿਚ ਧੁਰ ਤੋਂ (ਕੀਤੇ ਕਰਮਾਂ ਅਨੁਸਾਰ ਨਾਮ ਸਿਮਰਨ ਦੇ ਸੰਸਕਾਰਾਂ ਦਾ ਲੇਖ) ਲਿਖਿਆ ਹੁੰਦਾ ਹੈ ॥੧॥


ਮ : ੪ ॥
ਹਰਿ ਆਪੇ ਆਪਿ ਦਇਆਲੁ ਹਰਿ ਆਪੇ ਕਰੇ ਸੁ ਹੋਇ ॥

ਪਰਮਾਤਮਾ ਆਪ ਹੀ ਦਇਆ ਦਾ ਸੋਮਾ ਹੈ (ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਉਹ ਪਰਮਾਤਮਾ ਆਪ ਹੀ ਕਰਦਾ ਹੈ।

ਹਰਿ ਆਪੇ ਆਪਿ ਵਰਤਦਾ ਹਰਿ ਜੇਵਡੁ ਅਵਰੁ ਨ ਕੋਇ ॥

ਪਰਮਾਤਮਾ ਆਪ ਹੀ (ਹਰ ਥਾਂ) ਮੌਜੂਦ ਹੈ, ਕੋਈ ਹੋਰ ਉਸ ਦੇ ਬਰਾਬਰ ਦਾ ਨਹੀਂ ਹੈ।

ਜੋ ਹਰਿ ਪ੍ਰਭੁ ਭਾਵੈ ਸੋ ਥੀਐ ਜੋ ਹਰਿ ਪ੍ਰਭ ਕਰੇ ਸੁ ਹੋਇ ॥

ਜੋ ਕੁਝ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ, ਜੋ ਕੁਝ ਉਹ ਪ੍ਰਭੂ ਕਰਦਾ ਹੈ ਉਹੀ ਹੁੰਦਾ ਹੈ।

ਕੀਮਤਿ ਕਿਨੈ ਨ ਪਾਈਆ ਬੇਅੰਤੁ ਪ੍ਰਭੂ ਹਰਿ ਸੋਇ ॥

ਉਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਕਿਸੇ (ਮਨੁੱਖ) ਨੇ ਉਸ ਦਾ ਮੁੱਲ ਨਹੀਂ ਪਾਇਆ।

ਨਾਨਕ ਗੁਰਮੁਖਿ ਹਰਿ ਸਾਲਾਹਿਆ ਤਨੁ ਮਨੁ ਸੀਤਲੁ ਹੋਇ ॥੨॥

ਹੇ ਨਾਨਕ! ਜਿਸ ਮਨੁੱਖ ਨੇ ਗੁਰੂ ਦੇ ਦੱਸੇ ਰਸਤੇ ਤੇ ਤੁਰ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਹੈ, ਉਸ ਦਾ ਤਨ ਉਸ ਦਾ ਮਨ (ਵਿਕਾਰਾਂ ਵਲੋਂ) ਠੰਢਾ-ਠਾਰ ਹੋ ਜਾਂਦਾ ਹੈ ॥੨॥


ਪਉੜੀ ॥
ਸਭ ਜੋਤਿ ਤੇਰੀ ਜਗਜੀਵਨਾ ਤੂ ਘਟਿ ਘਟਿ ਹਰਿ ਰੰਗ ਰੰਗਨਾ ॥

ਹੇ ਜਗਤ ਦੇ ਜੀਵਨ ਪ੍ਰਭੂ! ਸਾਰੀ ਸ੍ਰਿਸ਼ਟੀ ਵਿਚ ਤੇਰਾ ਹੀ ਨੂਰ (ਚਾਨਣ ਕਰ ਰਿਹਾ ਹੈ), ਤੂੰ ਹਰੇਕ ਸਰੀਰ ਵਿਚ (ਮੌਜੂਦ ਹੈਂ ਤੇ ਆਪਣੇ ਨਾਮ ਦੀ) ਰੰਗਣ ਚਾੜ੍ਹਨ ਵਾਲਾ ਹੈਂ।

ਸਭਿ ਧਿਆਵਹਿ ਤੁਧੁ ਮੇਰੇ ਪ੍ਰੀਤਮਾ ਤੂ ਸਤਿ ਸਤਿ ਪੁਰਖ ਨਿਰੰਜਨਾ ॥

ਹੇ ਮੇਰੇ ਪ੍ਰੀਤਮ! ਸਾਰੇ ਜੀਵ ਤੈਨੂੰ (ਹੀ) ਸਿਮਰਦੇ ਹਨ। ਹੇ ਸਰਬ-ਵਿਆਪਕ (ਤੇ ਫਿਰ ਭੀ) ਨਿਰਲੇਪ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ।

ਇਕੁ ਦਾਤਾ ਸਭੁ ਜਗਤੁ ਭਿਖਾਰੀਆ ਹਰਿ ਜਾਚਹਿ ਸਭ ਮੰਗ ਮੰਗਨਾ ॥

ਹੇ ਪ੍ਰਭੂ! ਤੂੰ ਹੀ ਦਾਤਾ ਦੇਣ ਵਾਲਾ ਹੈਂ, ਸਾਰਾ ਜਗਤ (ਤੇਰੇ ਦਰ ਦਾ) ਮੰਗਤਾ ਹੈ। ਹੇ ਹਰੀ! ਹਰੇਕ ਮੰਗ (ਜੀਵ ਤੈਥੋਂ ਹੀ) ਮੰਗਦੇ ਹਨ।

ਸੇਵਕੁ ਠਾਕੁਰੁ ਸਭੁ ਤੂਹੈ ਤੂਹੈ ਗੁਰਮਤੀ ਹਰਿ ਚੰਗ ਚੰਗਨਾ ॥

ਤੂੰ ਆਪ ਹੀ ਮਾਲਕ ਹੈਂ। ਹੇ ਹਰੀ! ਗੁਰੂ ਦੀ ਮੱਤ ਉਤੇ ਤੁਰਿਆ ਤੂੰ ਬਹੁਤ ਪਿਆਰਾ ਲੱਗਦਾ ਹੈਂ।

ਸਭਿ ਕਹਹੁ ਮੁਖਹੁ ਰਿਖੀਕੇਸੁ ਹਰੇ ਰਿਖੀਕੇਸੁ ਹਰੇ ਜਿਤੁ ਪਾਵਹਿ ਸਭ ਫਲ ਫਲਨਾ ॥੨॥

ਪਰਮਾਤਮਾ (ਸਾਰੇ) ਇੰਦ੍ਰਿਆਂ ਦਾ ਮਾਲਕ ਹੈ, ਤੁਸੀਂ ਸਾਰੇ ਆਪਣੇ ਮੂੰਹੋਂ ਉਸ ਦੀ ਸਿਫ਼ਤ-ਸਾਲਾਹ ਕਰੋ, ਉਸ ਦਾ ਨਾਮ ਜਪੋ, ਉਸ ਦੇ ਨਾਮ ਦੀ ਬਰਕਤਿ ਨਾਲ ਹੀ (ਜੀਵ) ਸਾਰੇ ਫਲ ਪ੍ਰਾਪਤ ਕਰਦੇ ਹਨ ॥੨॥


ਸਲੋਕ ਮ : ੪ ॥
ਹਰਿ ਹਰਿ ਨਾਮੁ ਧਿਆਇ ਮਨ ਹਰਿ ਦਰਗਹ ਪਾਵਹਿ ਮਾਨੁ ॥

ਹੇ (ਮੇਰੇ) ਮਨ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ, ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਹਾਸਲ ਕਰੇਂਗਾ।

ਜੋ ਇਛਹਿ ਸੋ ਫਲੁ ਪਾਇਸੀ ਗੁਰਸਬਦੀ ਲਗੈ ਧਿਆਨੁ ॥

(ਪਰਮਾਤਮਾ ਪਾਸੋਂ) ਜੋ ਤੂੰ ਮੰਗੇਂਗਾ ਉਹੀ ਫਲ (ਉਹ) ਦੇਵੇਗਾ। (ਪਰ) ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਪ੍ਰਭੂ ਵਿਚ) ਸੁਰਤ ਜੁੜ ਸਕਦੀ ਹੈ।

ਕਿਲਵਿਖ ਪਾਪ ਸਭਿ ਕਟੀਅਹਿ ਹਉਮੈ ਚੁਕੈ ਗੁਮਾਨੁ ॥

(ਜਿਸ ਮਨੁੱਖ ਦੀ ਜੁੜਦੀ ਹੈ, ਉਸ ਦੇ) ਸਾਰੇ ਪਾਪ ਵਿਕਾਰ ਕੱਟੇ ਜਾਂਦੇ ਹਨ; (ਉਸ ਦੇ ਅੰਦਰੋਂ) ਹਉਮੈ ਮੁੱਕ ਜਾਂਦੀ ਹੈ ਅਹੰਕਾਰ ਦੂਰ ਹੋ ਜਾਂਦਾ ਹੈ।

ਗੁਰਮੁਖਿ ਕਮਲੁ ਵਿਗਸਿਆ ਸਭੁ ਆਤਮ ਬ੍ਰਹਮੁ ਪਛਾਨੁ ॥

ਹੇ ਮੇਰੇ ਮਨ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਾ ਹਿਰਦਾ-ਕੌਲ-ਫੁੱਲ ਖਿੜ ਪੈਂਦਾ ਹੈ, ਉਹ ਥਾਂ ਪਰਮਾਤਮਾ ਨੂੰ ਵੱਸਦਾ ਪਛਾਨਣ-ਜੋਗ ਹੋ ਜਾਂਦਾ ਹੈ।

ਹਰਿ ਹਰਿ ਕਿਰਪਾ ਧਾਰਿ ਪ੍ਰਭ ਜਨ ਨਾਨਕ ਜਪਿ ਹਰਿ ਨਾਮੁ ॥੧॥

ਹੇ ਪ੍ਰਭੂ! ਦਾਸ (ਨਾਨਕ) ਉਤੇ ਮਿਹਰ ਕਰ, (ਮੈਂ ਤੇਰਾ ਦਾਸ ਭੀ) ਨਾਮ ਜਪਦਾ ਰਹਾਂ ॥੧॥


ਮ : ੪ ॥
ਹਰਿ ਹਰਿ ਨਾਮੁ ਪਵਿਤੁ ਹੈ ਨਾਮੁ ਜਪਤ ਦੁਖੁ ਜਾਇ ॥

ਪਰਮਾਤਮਾ ਦਾ ਨਾਮ (ਆਤਮਕ ਜੀਵਨ ਨੂੰ) ਸੁੱਚਾ ਬਨਾਣ-ਜੋਗ ਹੈ, ਨਾਮ ਜਪਿਆਂ (ਹਰੇਕ) ਦੁੱਖ ਦੂਰ ਹੋ ਜਾਂਦਾ ਹੈ।

ਜਿਨ ਕਉ ਪੂਰਬਿ ਲਿਖਿਆ ਤਿਨ ਮਨਿ ਵਸਿਆ ਆਇ ॥

(ਪਰ ਇਹ ਨਾਮ) ਉਹਨਾਂ (ਮਨੁੱਖਾਂ) ਦੇ ਮਨ ਵਿਚ ਆ ਕੇ ਵੱਸਦਾ ਹੈ ਜਿਨ੍ਹਾਂ ਦੇ ਭਾਗਾਂ ਵਿਚ ਮੁੱਢ ਤੋਂ (ਪਿਛਲੇ ਕੀਤੇ ਕਰਮਾਂ ਅਨੁਸਾਰ ਨਾਮ ਜਪਣ ਦੇ ਸੰਸਕਾਰਾਂ ਦਾ ਲੇਖਾ) ਲਿਖਿਆ ਹੁੰਦਾ ਹੈ।

ਸਤਿਗੁਰ ਕੈ ਭਾਣੈ ਜੋ ਚਲੈ ਤਿਨ ਦਾਲਦੁ ਦੁਖੁ ਲਹਿ ਜਾਇ ॥

ਜਿਹੜਾ ਜਿਹੜਾ ਮਨੁੱਖ ਗੁਰੂ ਦੀ ਰਜ਼ਾ ਵਿਚ ਤੁਰਦਾ ਹੈ ਉਹਨਾਂ ਦਾ ਦੁੱਖ ਦਰਿੱਦ੍ਰ ਦੂਰ ਹੋ ਜਾਂਦਾ ਹੈ।

ਆਪਣੈ ਭਾਣੈ ਕਿਨੈ ਨ ਪਾਇਓ ਜਨ ਵੇਖਹੁ ਮਨਿ ਪਤੀਆਇ ॥

ਪਰ ਆਪਣੇ ਮਨ ਵਿਚ ਤਸੱਲੀ ਕਰ ਕੇ ਵੇਖ ਲਵੋ, ਆਪਣੇ ਮਨ ਦੀ ਮਰਜ਼ੀ ਵਿਚ ਤੁਰ ਕੇ ਕਿਸੇ ਨੇ ਭੀ ਹਰਿ-ਨਾਮ ਪ੍ਰਾਪਤ ਨਹੀਂ ਕੀਤਾ।

ਜਨੁ ਨਾਨਕੁ ਦਾਸਨ ਦਾਸੁ ਹੈ ਜੋ ਸਤਿਗੁਰ ਲਾਗੇ ਪਾਇ ॥੨॥

ਜਿਹੜੇ ਮਨੁੱਖ ਗੁਰੂ ਦੀ ਚਰਨੀਂ ਪਏ ਰਹਿੰਦੇ ਹਨ, ਦਾਸ ਨਾਨਕ ਉਹਨਾਂ ਦੇ ਦਾਸਾਂ ਦਾ ਦਾਸ ਹੈ ॥੨॥


ਪਉੜੀ ॥
ਤੂੰ ਥਾਨ ਥਨੰਤਰਿ ਭਰਪੂਰੁ ਹਹਿ ਕਰਤੇ ਸਭ ਤੇਰੀ ਬਣਤ ਬਣਾਵਣੀ ॥

ਹੇ ਕਰਤਾਰ! ਤੂੰ ਹਰੇਕ ਥਾਂ ਵਿਚ ਵਿਆਪਕ ਹੈਂ, ਸੰਸਾਰ ਦੀ ਸਾਰੀ ਬਣਤਰ ਤੇਰੀ ਹੀ ਬਣਾਈ ਹੋਈ ਹੈ।

ਰੰਗ ਪਰੰਗ ਸਿਸਟਿ ਸਭ ਸਾਜੀ ਬਹੁ ਬਹੁ ਬਿਧਿ ਭਾਂਤਿ ਉਪਾਵਣੀ ॥

ਸਾਰੀ ਸ੍ਰਿਸ਼ਟੀ ਤੂੰ ਕਈ ਰੰਗਾਂ ਦੀ ਬਣਾਈ ਹੈ, ਕਈ ਕਿਸਮਾਂ ਦੀ ਪੈਦਾ ਕੀਤੀ ਹੈ।

ਸਭ ਤੇਰੀ ਜੋਤਿ ਜੋਤੀ ਵਿਚਿ ਵਰਤਹਿ ਗੁਰਮਤੀ ਤੁਧੈ ਲਾਵਣੀ ॥

ਹੇ ਕਰਤਾਰ! ਸਾਰੀ ਸ੍ਰਿਸ਼ਟੀ ਵਿਚ ਤੇਰਾ ਹੀ ਨੂਰ ਹੈ, ਤੇ ਨੂਰ ਵਿਚ ਤੂੰ ਆਪ ਹੀ ਮੌਜੂਦ ਹੈਂ। ਤੂੰ ਆਪ ਹੀ (ਜਗਤ ਦੇ ਜੀਵਾਂ ਨੂੰ) ਗੁਰੂ ਦੀ ਸਿੱਖਿਆ ਵਿਚ ਜੋੜਦਾ ਹੈਂ।

ਜਿਨ ਹੋਹਿ ਦਇਆਲੁ ਤਿਨ ਸਤਿਗੁਰੁ ਮੇਲਹਿ ਮੁਖਿ ਗੁਰਮੁਖਿ ਹਰਿ ਸਮਝਾਵਣੀ ॥

ਜਿਨ੍ਹਾਂ ਉਤੇ ਤੂੰ ਦਇਅਵਾਨ ਹੁੰਦਾ ਹੈਂ, ਉਹਨਾਂ ਨੂੰ ਤੂੰ ਗੁਰੂ ਮਿਲਾਂਦਾ ਹੈਂ, ਤੇ, ਗੁਰੂ ਦੇ ਮੂੰਹੋਂ ਤੂੰ ਉਹਨਾਂ ਨੂੰ ਆਪਣਾ ਗਿਆਨ ਦੇਂਦਾ ਹੈ।

ਸਭਿ ਬੋਲਹੁ ਰਾਮ ਰਮੋ ਸ੍ਰੀ ਰਾਮ ਰਮੋ ਜਿਤੁ ਦਾਲਦੁ ਦੁਖ ਭੁਖ ਸਭ ਲਹਿ ਜਾਵਣੀ ॥੩॥

ਤੁਸੀਂ ਸਾਰੇ ਸੋਹਣੇ ਰਾਮ ਦਾ ਨਾਮ ਜਪੋ, ਸੋਹਣੇ ਰਾਮ ਦਾ ਨਾਮ ਜਪੋ, ਜਿਸ ਦੀ ਬਰਕਤਿ ਨਾਲ ਸਾਰੇ ਦੁੱਖ ਭੁੱਖ ਦਰਿੱਦ੍ਰ ਦੂਰ ਹੋ ਜਾਂਦੇ ਹਨ ॥੩॥


ਸਲੋਕ ਮ : ੪ ॥
ਹਰਿ ਹਰਿ ਅੰਮ੍ਰਿਤੁ ਨਾਮ ਰਸੁ ਹਰਿ ਅੰਮ੍ਰਿਤੁ ਹਰਿ ਉਰ ਧਾਰਿ ॥

ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ; ਇਸ ਨਾਮ-ਜਲ ਨੂੰ ਇਸ ਦੇ ਸੁਆਦ ਨੂੰ ਆਪਣੇ ਹਿਰਦੇ ਵਿਚ ਸਾਂਭ ਰੱਖ।

ਵਿਚਿ ਸੰਗਤਿ ਹਰਿ ਪ੍ਰਭੁ ਵਰਤਦਾ ਬੁਝਹੁ ਸਬਦ ਵੀਚਾਰਿ ॥

(ਪਰ) ਗੁਰੂ ਦੇ ਸ਼ਬਦ ਦੀ ਵਿਚਾਰ ਦੀ ਰਾਹੀਂ (ਇਹ ਗੱਲ) ਸਮਝ ਲਵੋ (ਕਿ) ਪਰਮਾਤਮਾ ਸਾਧ ਸੰਗਤ ਵਿਚ ਵੱਸਦਾ ਹੈ।

ਮਨਿ ਹਰਿ ਹਰਿ ਨਾਮੁ ਧਿਆਇਆ ਬਿਖੁ ਹਉਮੈ ਕਢੀ ਮਾਰਿ ॥

(ਜਿਸ ਮਨੁੱਖ ਨੇ ਆਪਣੇ) ਮਨ ਵਿਚ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ, (ਉਸ ਨੇ ਆਪਣੇ ਅੰਦਰੋਂ ਆਤਮਕ ਮੌਤ ਲਿਆਉਣ ਵਾਲੀ) ਹਉਮੈ-ਜ਼ਹਰ ਮਾਰ ਕੇ ਕੱਢ ਦਿੱਤੀ।

ਜਿਨ ਹਰਿ ਹਰਿ ਨਾਮੁ ਨ ਚੇਤਿਓ ਤਿਨ ਜੂਐ ਜਨਮੁ ਸਭੁ ਹਾਰਿ ॥

ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਯਾਦ ਨਹੀਂ ਕੀਤਾ, ਉਹਨਾਂ (ਆਪਣਾ) ਸਾਰਾ (ਮਨੁੱਖਾ) ਜੀਵਨ (ਮਾਨੋ) ਜੂਏ (ਦੀ ਖੇਡ) ਵਿਚ ਹਾਰ ਦਿੱਤਾ।

ਗੁਰਿ ਤੁਠੈ ਹਰਿ ਚੇਤਾਇਆ ਹਰਿ ਨਾਮਾ ਹਰਿ ਉਰ ਧਾਰਿ ॥

ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਇਆ ਜਿਨ੍ਹਾਂ ਨੂੰ ਗੁਰੂ ਨੇ ਮਿਹਰ ਕਰ ਕੇ ਹਰਿ-ਨਾਮ ਦਾ ਸਿਮਰਨ ਸਿਖਾਇਆ,

ਜਨ ਨਾਨਕ ਤੇ ਮੁਖ ਉਜਲੇ ਤਿਤੁ ਸਚੈ ਦਰਬਾਰਿ ॥੧॥

ਹੇ ਦਾਸ ਨਾਨਕ! ਉਸ ਸਦਾ ਕਾਇਮ ਰਹਿਣ ਵਾਲੇ ਦਰਬਾਰ ਵਿਚ ਉਹ ਮਨੁੱਖ ਸੁਰਖ਼ਰੂ ਹੁੰਦੇ ਹਨ ॥੧॥


ਮ : ੪ ॥
ਹਰਿ ਕੀਰਤਿ ਉਤਮੁ ਨਾਮੁ ਹੈ ਵਿਚਿ ਕਲਿਜੁਗ ਕਰਣੀ ਸਾਰੁ ॥

ਇਸ ਵਿਕਾਰਾਂ-ਵੇੜ੍ਹੇ ਜਗਤ ਵਿਚ ਪਰਮਾਤਮਾ ਦਾ ਨਾਮ ਜਪਣਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਹੀ ਸਭ ਤੋਂ ਸ੍ਰੇਸ਼ਟ ਕਰਨ-ਜੋਗ ਕੰਮ ਹੈ।

ਮਤਿ ਗੁਰਮਤਿ ਕੀਰਤਿ ਪਾਈਐ ਹਰਿ ਨਾਮਾ ਹਰਿ ਉਰਿ ਹਾਰੁ ॥

ਪਰ ਗੁਰੂ ਦੀ ਮੱਤ ਉਤੇ ਤੁਰਿਆਂ ਹੀ ਇਹ ਸਿਫ਼ਤ-ਸਾਲਾਹ ਮਿਲਦੀ ਹੈ ਇਹ ਹਰਿ-ਨਾਮ ਹਿਰਦੇ ਵਿਚ (ਪ੍ਰੋ ਰੱਖਣ ਲਈ) ਹਾਰ ਮਿਲਦਾ ਹੈ।

ਵਡਭਾਗੀ ਜਿਨ ਹਰਿ ਧਿਆਇਆ ਤਿਨ ਸਉਪਿਆ ਹਰਿ ਭੰਡਾਰੁ ॥

ਵੱਡੇ ਭਾਗਾਂ ਵਾਲੇ ਹਨ ਉਹ ਮਨੁੱਖ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, (ਗੁਰੂ ਨੇ) ਉਹਨਾਂ ਨੂੰ ਹਰਿ-ਨਾਮ ਖ਼ਜਾਨਾ ਸੌਂਪ ਦਿੱਤਾ ਹੈ।

ਬਿਨੁ ਨਾਵੈ ਜਿ ਕਰਮ ਕਮਾਵਣੇ ਨਿਤ ਹਉਮੈ ਹੋਇ ਖੁਆਰੁ ॥

ਪਰਮਾਤਮਾ ਦਾ ਨਾਮ ਛੱਡ ਕੇ ਜਿਹੜੇ ਹੋਰ ਹੋਰ (ਮਿਥੇ ਹੋਏ ਧਾਰਮਿਕ) ਕਰਮ ਕਰੀਦੇ ਹਨ (ਉਹਨਾਂ ਦੇ ਕਾਰਨ ਪੈਦਾ ਹੋਈ) ਹਉਮੈ ਵਿਚ (ਫਸ ਕੇ ਮਨੁੱਖ) ਸਦਾ ਖ਼ੁਆਰ ਹੁੰਦਾ ਹੈ।

ਜਲਿ ਹਸਤੀ ਮਲਿ ਨਾਵਾਲੀਐ ਸਿਰਿ ਭੀ ਫਿਰਿ ਪਾਵੈ ਛਾਰੁ ॥

(ਵੇਖੋ) ਹਾਥੀ ਨੂੰ ਪਾਣੀ ਵਿਚ ਮਲ ਮਲ ਕੇ ਨਵ੍ਹਾਈਦਾ ਹੈ, ਫਿਰ ਭੀ ਉਹ (ਆਪਣੇ) ਸਿਰ ਉਤੇ ਸੁਆਹ (ਹੀ) ਪਾ ਲੈਂਦਾ ਹੈ।

ਹਰਿ ਮੇਲਹੁ ਸਤਿਗੁਰੁ ਦਇਆ ਕਰਿ ਮਨਿ ਵਸੈ ਏਕੰਕਾਰੁ ॥

ਹੇ ਪ੍ਰਭੂ! ਮਿਹਰ ਕਰ ਕੇ (ਜੀਵਾਂ ਨੂੰ) ਗੁਰੂ ਮਿਲਾ। (ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਸ ਦੇ) ਮਨ ਵਿਚ ਪਰਮਾਤਮਾ ਆ ਵੱਸਦਾ ਹੈ।

ਜਿਨ ਗੁਰਮੁਖਿ ਸੁਣਿ ਹਰਿ ਮੰਨਿਆ ਜਨ ਨਾਨਕ ਤਿਨ ਜੈਕਾਰੁ ॥੨॥

ਹੇ ਦਾਸ ਨਾਨਕ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਨਾਮ ਸੁਣ ਕੇ (ਉਸ ਨਾਲ) ਡੂੰਘੀ ਸਾਂਝ ਪਾਈ ਹੈ ਉਹਨਾਂ ਨੂੰ ਹਰ ਵੇਲੇ (ਲੋਕ ਪਰਲੋਕ ਵਿਚ) ਸੋਭਾ ਮਿਲਦੀ ਹੈ ॥੨॥


ਪਉੜੀ ॥
ਰਾਮ ਨਾਮੁ ਵਖਰੁ ਹੈ ਊਤਮੁ ਹਰਿ ਨਾਇਕੁ ਪੁਰਖੁ ਹਮਾਰਾ ॥

(ਇਹ ਜਗਤ-ਖੇਲ ਵਿਚ) ਪਰਮਾਤਮਾ ਦਾ ਨਾਮ (ਖ਼ਰੀਦਣ ਲਈ ਸਭ ਤੋਂ) ਵਧੀਆ ਸੌਦਾ ਹੈ, ਪਰਮਾਤਮਾ ਆਪ ਅਸਾਂ (ਇਸ ਸੌਦੇ ਦਾ ਵਣਜ ਕਰਨ ਵਾਲੇ) ਵਣਜਾਰਿਆਂ ਦਾ ਸਰਦਾਰ ਹੈ।

ਹਰਿ ਖੇਲੁ ਕੀਆ ਹਰਿ ਆਪੇ ਵਰਤੈ ਸਭੁ ਜਗਤੁ ਕੀਆ ਵਣਜਾਰਾ ॥

(ਜਗਤ ਦਾ ਇਹ) ਖੇਲ ਪਰਮਾਤਮਾ ਨੇ ਆਪ ਬਣਾਇਆ ਹੈ, (ਤੇ ਇਸ ਵਿਚ) ਪਰਮਾਤਮਾ ਆਪ ਹੀ (ਹਰ ਥਾਂ) ਮੌਜੂਦ ਹੈ। ਸਾਰਾ ਜਗਤ (ਹਰੇਕ ਜੀਵ ਇਸ ਸੌਦੇ ਦਾ) ਵਣਜ ਕਰਨ ਵਾਲਾ ਹੈ।

ਸਭ ਜੋਤਿ ਤੇਰੀ ਜੋਤੀ ਵਿਚਿ ਕਰਤੇ ਸਭੁ ਸਚੁ ਤੇਰਾ ਪਾਸਾਰਾ ॥

ਹੇ ਕਰਤਾਰ! ਇਹ ਸਾਰਾ ਤੇਰਾ (ਬਣਾਇਆ ਹੋਇਆ ਜਗਤ-) ਖਿਲਾਰਾ ਸਚਮੁਚ ਹੋਂਦ ਵਾਲਾ ਹੈ, ਇਸ ਵਿਚ ਹਰ ਥਾਂ ਤੇਰਾ ਹੀ ਨੂਰ ਹੈ, ਤੇ ਉਸ ਨੂਰ ਵਿਚ ਤੂੰ ਆਪ ਹੀ ਹੈਂ।

ਸਭਿ ਧਿਆਵਹਿ ਤੁਧੁ ਸਫਲ ਸੇ ਗਾਵਹਿ ਗੁਰਮਤੀ ਹਰਿ ਨਿਰੰਕਾਰਾ ॥

ਹੇ ਨਿਰੰਕਾਰ! ਸਾਰੇ ਜੀਵ ਤੇਰਾ ਹੀ ਧਿਆਨ ਧਰਦੇ ਹਨ। ਜਿਹੜੇ ਗੁਰੂ ਦੀ ਸਿੱਖਿਆ ਉਤੇ ਤੁਰ ਕੇ (ਤੇਰੀ ਸਿਫ਼ਤ-ਸਾਲਾਹ ਦੇ ਗੀਤ) ਗਾਂਦੇ ਹਨ ਉਹ ਮਨੁੱਖਾ ਜੀਵਨ ਦਾ ਮਨੋਰਥ ਹਾਸਲ ਕਰ ਲੈਂਦੇ ਹਨ।

ਸਭਿ ਚਵਹੁ ਮੁਖਹੁ ਜਗੰਨਾਥੁ ਜਗੰਨਾਥੁ ਜਗਜੀਵਨੋ ਜਿਤੁ ਭਵਜਲ ਪਾਰਿ ਉਤਾਰਾ ॥੪॥

ਉਹ ਪਰਮਾਤਮਾ ਹੀ ਜਗਤ ਦਾ ਖਸਮ ਹੈ ਜਗਤ ਦਾ ਨਾਥ ਹੈ ਜਗਤ ਦੀ ਜ਼ਿੰਦਗੀ (ਦਾ ਸਹਾਰਾ) ਹੈ ਸਾਰੇ (ਆਪਣੇ) ਮੂੰਹੋਂ (ਉਸ ਦਾ ਨਾਮ) ਬੋਲੋ। ਉਸ (ਦਾ ਨਾਮ ਉਚਾਰਨ) ਨਾਲ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ॥੪॥


ਸਲੋਕ ਮ : ੪ ॥
ਹਮਰੀ ਜਿਹਬਾ ਏਕ ਪ੍ਰਭ ਹਰਿ ਕੇ ਗੁਣ ਅਗਮ ਅਥਾਹ ॥

ਹੇ ਪ੍ਰਭੂ! ਹੇ ਹਰੀ! ਅਸਾਂ ਜੀਵਾਂ ਦੀ (ਸਿਰਫ਼) ਇੱਕ ਜੀਭ ਹੈ, ਪਰ ਤੇਰੇ ਗੁਣ ਬੇਅੰਤ ਹਨ (ਇਕ ਐਸਾ ਸਮੁੰਦਰ ਹਨ) ਜਿਸ ਦੀ ਹਾਥ ਨਹੀਂ ਪੈ ਸਕਦੀ।

ਹਮ ਕਿਉ ਕਰਿ ਜਪਹ ਇਆਣਿਆ ਹਰਿ ਤੁਮ ਵਡ ਅਗਮ ਅਗਾਹ ॥

ਹੇ ਪ੍ਰਭੂ! ਤੂੰ ਬਹੁਤ ਅਪਹੁੰਚ ਹੈਂ ਤੇ ਡੂੰਘਾ ਹੈਂ ਅਸੀਂ ਅੰਞਾਣ ਜੀਵ ਤੈਨੂੰ ਕਿਵੇਂ ਜਪ ਸਕਦੇ ਹਾਂ?

ਹਰਿ ਦੇਹੁ ਪ੍ਰਭੂ ਮਤਿ ਊਤਮਾ ਗੁਰ ਸਤਿਗੁਰ ਕੈ ਪਗਿ ਪਾਹ ॥

ਹੇ ਹਰੀ! ਸਾਨੂੰ ਕੋਈ ਸ੍ਰੇਸ਼ਟ ਅਕਲ ਬਖ਼ਸ਼ ਜਿਸ ਦਾ ਸਦਕਾ ਅਸੀਂ ਗੁਰੂ ਦੇ ਚਰਨਾਂ ਉਤੇ ਢਹਿ ਪਈਏ।

ਸਤਸੰਗਤਿ ਹਰਿ ਮੇਲਿ ਪ੍ਰਭ ਹਮ ਪਾਪੀ ਸੰਗਿ ਤਰਾਹ ॥

ਹੇ ਪ੍ਰਭੂ! ਹੇ ਹਰੀ! ਸਾਨੂੰ ਸਾਧ ਸੰਗਤ ਮਿਲਾ ਕਿ (ਸਤ ਸੰਗੀਆਂ ਦੀ) ਸੰਗਤ ਵਿਚ ਅਸੀਂ ਪਾਪੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਏ।

ਜਨ ਨਾਨਕ ਕਉ ਹਰਿ ਬਖਸਿ ਲੈਹੁ ਹਰਿ ਤੁਠੈ ਮੇਲਿ ਮਿਲਾਹ ॥

ਹੇ ਹਰੀ! (ਆਪਣੇ) ਦਾਸ ਨਾਨਕ ਉਤੇ ਮਿਹਰ ਕਰ, ਜੇ ਤੂੰ ਮਿਹਰ ਕਰੇਂ ਤਾਂ ਹੀ ਅਸੀਂ ਤੇਰੇ ਚਰਨਾਂ ਵਿਚ ਮਿਲ ਸਕਦੇ ਹਾਂ।

ਹਰਿ ਕਿਰਪਾ ਕਰਿ ਸੁਣਿ ਬੇਨਤੀ ਹਮ ਪਾਪੀ ਕਿਰਮ ਤਰਾਹ ॥੧॥

ਹੇ ਹਰੀ! ਕਿਰਪਾ ਕਰ, (ਅਸਾਡੀ) ਬੇਨਤੀ ਸੁਣ, ਅਸੀਂ ਪਾਪੀ ਅਸੀਂ ਕੀੜੇ (ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਏ ॥੧॥


ਮ : ੪ ॥
ਹਰਿ ਕਰਹੁ ਕ੍ਰਿਪਾ ਜਗਜੀਵਨਾ ਗੁਰੁ ਸਤਿਗੁਰੁ ਮੇਲਿ ਦਇਆਲੁ ॥

ਹੇ ਜਗਤ ਦੇ ਜ਼ਿੰਦਗੀ ਦੇ ਆਸਰੇ ਹਰੀ! ਮਿਹਰ ਕਰ (ਸਾਨੂੰ) ਦਇਆ ਦਾ ਸੋਮਾ ਗੁਰੂ ਮਿਲਾ।

ਗੁਰ ਸੇਵਾ ਹਰਿ ਹਮ ਭਾਈਆ ਹਰਿ ਹੋਆ ਹਰਿ ਕਿਰਪਾਲੁ ॥

ਜਦੋਂ ਹਰੀ ਆਪ (ਸਾਡੇ ਉਤੇ) ਦਇਆਵਾਨ ਹੋਇਆ, ਤਦੋਂ ਗੁਰੂ ਦੀ (ਦੱਸੀ ਹੋਈ) ਸੇਵਾ ਸਾਨੂੰ ਚੰਗੀ ਲੱਗਣ ਲੱਗ ਪਈ।

ਸਭ ਆਸਾ ਮਨਸਾ ਵਿਸਰੀ ਮਨਿ ਚੂਕਾ ਆਲ ਜੰਜਾਲੁ ॥

ਸਾਰੀ ਆਸਾ ਤੇ ਤ੍ਰਿਸ਼ਨਾ ਵਿੱਸਰ ਗਈ, ਮਨ ਵਿਚ (ਟਿਕਿਆ ਹੋਇਆ) ਘਰ ਦਾ ਮੋਹ (ਭੀ) ਮੁਕ ਗਿਆ।

ਗੁਰਿ ਤੁਠੈ ਨਾਮੁ ਦ੍ਰਿੜਾਇਆ ਹਮ ਕੀਏ ਸਬਦਿ ਨਿਹਾਲੁ ॥

ਪ੍ਰਸੰਨ ਹੋਏ ਗੁਰੂ ਨੇ ਪਰਮਾਤਮਾ ਦਾ ਨਾਮ (ਸਾਡੇ ਮਨ ਵਿਚ) ਪੱਕਾ ਕਰ ਦਿੱਤਾ, ਆਪਣੇ ਸ਼ਬਦ ਦੀ ਰਾਹੀਂ ਸਾਨੂੰ (ਉਸ ਨੇ) ਨਿਹਾਲ ਕਰ ਦਿੱਤਾ।

ਜਨ ਨਾਨਕਿ ਅਤੁਟੁ ਧਨੁ ਪਾਇਆ ਹਰਿ ਨਾਮਾ ਹਰਿ ਧਨੁ ਮਾਲੁ ॥੨॥

(ਗੁਰੂ ਦੀ ਕਿਰਪਾ ਨਾਲ) ਦਾਸ ਨਾਨਕ ਨੇ ਪਰਮਾਤਮਾ ਦਾ ਨਾਮ-ਧਨ ਹਾਸਲ ਕਰ ਲਿਆ ਹੈ ਜੋ ਕਦੇ ਮੁੱਕਣ ਵਾਲਾ ਨਹੀਂ ॥੨॥


ਪਉੜੀ ॥
ਹਰਿ ਤੁਮ੍ਰ ਵਡ ਵਡੇ ਵਡੇ ਵਡ ਊਚੇ ਸਭ ਊਪਰਿ ਵਡੇ ਵਡੌਨਾ ॥

ਹੇ ਹਰੀ! ਤੂੰ ਵੱਡਿਆਂ ਤੋਂ ਵੱਡਾ ਹੈਂ ਬੜਾ ਉੱਚਾ ਹੈਂ ਸਭ ਤੋਂ ਉਪਰ ਵੱਡਾ ਹੈਂ।

ਜੋ ਧਿਆਵਹਿ ਹਰਿ ਅਪਰੰਪਰੁ ਹਰਿ ਹਰਿ ਹਰਿ ਧਿਆਇ ਹਰੇ ਤੇ ਹੋਨਾ ॥

ਹਰੀ ਪਰਮਾਤਮਾ ਬੇਅੰਤ ਹੈ, ਜਿਹੜੇ ਮਨੁੱਖ ਉਸ ਦਾ ਧਿਆਨ ਧਰਦੇ ਹਨ, ਉਹ ਬੰਦੇ ਉਸ ਹਰੀ ਨੂੰ ਸਦਾ ਸਿਮਰ ਕੇ ਉਸ ਦਾ ਰੂਪ ਹੀ ਹੋ ਜਾਂਦੇ ਹਨ।

ਜੋ ਗਾਵਹਿ ਸੁਣਹਿ ਤੇਰਾ ਜਸੁ ਸੁਆਮੀ ਤਿਨ ਕਾਟੇ ਪਾਪ ਕਟੋਨਾ ॥

ਹੇ ਸੁਆਮੀ! ਜਿਹੜੇ ਮਨੁੱਖ ਤੇਰੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਹਨ ਸੁਣਦੇ ਹਨ, ਉਹ (ਆਪਣੇ) ਕ੍ਰੋੜਾਂ ਪਾਪ ਨਾਸ ਕਰ ਲੈਂਦੇ ਹਨ।

ਤੁਮ ਜੈਸੇ ਹਰਿ ਪੁਰਖ ਜਾਨੇ ਮਤਿ ਗੁਰਮਤਿ ਮੁਖਿ ਵਡ ਵਡ ਭਾਗ ਵਡੋਨਾ ॥

ਹੇ ਸਰਬ-ਵਿਆਪਕ ਹਰੀ! ਉਹ ਮਨੁੱਖ ਵੱਡੇ ਭਾਗਾਂ ਵਾਲੇ ਗਿਣੇ ਜਾਂਦੇ ਹਨ (ਸਭ ਮਨੁੱਖਾਂ ਵਿਚ) ਮੁਖੀ ਮੰਨੇ ਜਾਂਦੇ ਹਨ, ਸਤਿਗੁਰੂ ਦੀ ਮੱਤ ਉਤੇ ਕੇ ਉਹ ਮਨੁੱਖ ਤੇਰੇ ਵਰਗੇ ਹੀ ਜਾਣੇ ਜਾਂਦੇ ਹਨ।

ਸਭਿ ਧਿਆਵਹੁ ਆਦਿ ਸਤੇ ਜੁਗਾਦਿ ਸਤੇ ਪਰਤਖਿ ਸਤੇ ਸਦਾ ਸਦਾ ਸਤੇ ਜਨੁ ਨਾਨਕੁ ਦਾਸੁ ਦਸੋਨਾ ॥੫॥

ਜੋ ਪਰਮਾਤਮਾ ਆਦਿ ਤੋਂ ਜੁਗਾਂ ਦੇ ਆਦਿ ਤੋਂ ਹੋਂਦ ਵਾਲਾ ਹੈ; ਜੋ (ਹੁਣ ਭੀ) ਪਰਤੱਖ ਕਾਇਮ ਹੈ ਤੇ ਸਦਾ ਹੀ ਕਾਇਮ ਰਹਿਣ ਵਾਲਾ ਹੈ, ਤੁਸੀਂ ਸਾਰੇ ਉਸ ਦਾ ਸਿਮਰਨ ਕਰਦੇ ਰਹੋ। ਦਾਸ ਨਾਨਕ ਉਸ (ਹਰੀ ਦੇ) ਦਾਸਾਂ ਦਾ ਦਾਸ ਹੈ ॥੫॥


ਸਲੋਕ ਮ : ੪ ॥
ਹਮਰੇ ਹਰਿ ਜਗਜੀਵਨਾ ਹਰਿ ਜਪਿਓ ਹਰਿ ਗੁਰ ਮੰਤ ॥

(ਜਿਹੜਾ) ਹਰੀ (ਸਾਰੇ) ਜਗਤ ਦੀ ਜ਼ਿੰਦਗੀ ਦਾ ਆਸਰਾ (ਹੈ ਉਹ) ਸਾਡੇ ਹਿਰਦੇ ਵਿਚ ਭੀ ਵੱਸਦਾ ਹੈ; ਅਸਾਂ ਗੁਰੂ ਦੇ ਉਪਦੇਸ਼ ਤੇ ਤੁਰ ਕੇ ਉਸ ਨੂੰ ਜਪਿਆ ਹੈ।

ਹਰਿ ਅਗਮੁ ਅਗੋਚਰੁ ਅਗਮੁ ਹਰਿ ਹਰਿ ਮਿਲਿਆ ਆਇ ਅਚਿੰਤ ॥

ਉਹ ਹੈ ਤਾਂ ਅਪਹੁੰਚ ਤੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ (ਪਰ ਗੁਰੂ ਦੀ ਸਿੱਖਿਆ ਅਨੁਸਾਰ ਸਿਮਰਨ ਦੀ ਬਰਕਤਿ ਨਾਲ) ਉਹ ਹਰੀ ਸਾਨੂੰ ਆਪਣੇ ਆਪ ਆ ਮਿਲਿਆ ਹੈ।

ਹਰਿ ਆਪੇ ਘਟਿ ਘਟਿ ਵਰਤਦਾ ਹਰਿ ਆਪੇ ਆਪਿ ਬਿਅੰਤ ॥

ਉਹ ਹਰੀ ਆਪ ਹੀ ਹਰੇਕ ਸਰੀਰ ਵਿਚ ਵੱਸਦਾ ਹੈ, (ਹਰ ਥਾਂ) ਉਹ ਆਪ ਹੀ ਆਪ ਹੈ ਤੇ ਉਸ ਦੀ ਹਸਤੀ ਦਾ ਅੰਤ ਨਹੀਂ ਪਾਇਆ ਜਾ ਸਕਦਾ।

ਹਰਿ ਆਪੇ ਸਭ ਰਸ ਭੋਗਦਾ ਹਰਿ ਆਪੇ ਕਵਲਾ ਕੰਤ ॥

ਉਹ ਹਰੀ ਆਪ ਹੀ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਸਾਰੇ ਰਸ ਭੋਗ ਰਿਹਾ ਹੈ, ਉਹ ਆਪ ਹੀ ਮਾਇਆ ਦਾ ਮਾਲਕ ਹੈ।

ਹਰਿ ਆਪੇ ਭਿਖਿਆ ਪਾਇਦਾ ਸਭ ਸਿਸਟਿ ਉਪਾਈ ਜੀਅ ਜੰਤ ॥

ਇਹ ਸਾਰੀ ਦੁਨੀਆ ਉਸ ਨੇ ਆਪ ਹੀ ਪੈਦਾ ਕੀਤੀ ਹੈ, ਇਸ ਸਾਰੇ ਜੀਅ ਜੰਤ ਉਸ ਨੇ ਆਪ ਹੀ ਪੈਦਾ ਕੀਤੇ ਹਨ, ਤੇ, (ਸਭ ਜੀਵਾਂ ਨੂੰ ਰਿਜ਼ਕ ਦਾ) ਖੈਰ ਭੀ ਉਹ ਆਪ ਹੀ ਪਾਂਦਾ ਹੈ।

ਹਰਿ ਦੇਵਹੁ ਦਾਨੁ ਦਇਆਲ ਪ੍ਰਭ ਹਰਿ ਮਾਂਗਹਿ ਹਰਿ ਜਨ ਸੰਤ ॥

ਹੇ ਦਇਆ ਦੇ ਸੋਮੇ ਹਰੀ ਪ੍ਰਭੂ! (ਸਾਨੂੰ ਭੀ ਉਹ ਨਾਮ-) ਦਾਨ ਦੇਹ ਜਿਹੜਾ (ਤੇਰੇ) ਸੰਤ ਜਨ (ਸਦਾ ਤੈਥੋਂ) ਮੰਗਦੇ (ਰਹਿੰਦੇ) ਹਨ।

ਜਨ ਨਾਨਕ ਕੇ ਪ੍ਰਭ ਆਇ ਮਿਲੁ ਹਮ ਗਾਵਹ ਹਰਿ ਗੁਣ ਛੰਤ ॥੧॥

ਹੇ ਦਾਸ ਨਾਨਕ ਦੇ (ਮਾਲਕ) ਪ੍ਰਭੂ! (ਸਾਨੂੰ) ਆ ਮਿਲ, (ਮਿਹਰ ਕਰ) ਅਸੀਂ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਹੀਏ ॥੧॥


ਮ : ੪ ॥
ਹਰਿ ਪ੍ਰਭੁ ਸਜਣੁ ਨਾਮੁ ਹਰਿ ਮੈ ਮਨਿ ਤਨਿ ਨਾਮੁ ਸਰੀਰਿ ॥

ਹਰੀ ਪ੍ਰਭੂ (ਹੀ ਅਸਲ) ਮਿੱਤਰ ਹੈ, ਹਰੀ ਦਾ ਨਾਮ ਹੀ (ਨਾਲ ਨਿਭਣ ਵਾਲਾ) ਮਿੱਤਰ ਹੈ; ਮੇਰੇ ਮਨ ਵਿਚ ਮੇਰੇ ਤਨ ਵਿਚ ਮੇਰੇ ਹਿਰਦੇ ਵਿਚ (ਹਰੀ ਦਾ) ਨਾਮ ਵੱਸ ਰਿਹਾ ਹੈ।

ਸਭਿ ਆਸਾ ਗੁਰਮੁਖਿ ਪੂਰੀਆ ਜਨ ਨਾਨਕ ਸੁਣਿ ਹਰਿ ਧੀਰ ॥੨॥

ਹੇ ਦਾਸ ਨਾਨਕ! ਗੁਰੂ ਦੀ ਸਰਨ ਪੈ ਕੇ (ਹਰਿ-ਨਾਮ ਸਿਮਰਿਆਂ) ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਹਨ, ਹਰੀ ਦਾ ਨਾਮ ਸੁਣ ਕੇ (ਮਨ ਵਿਚ) ਸ਼ਾਂਤੀ ਪੈਦਾ ਹੁੰਦੀ ਹੈ ॥੨॥


ਪਉੜੀ ॥
ਹਰਿ ਊਤਮੁ ਹਰਿਆ ਨਾਮੁ ਹੈ ਹਰਿ ਪੁਰਖੁ ਨਿਰੰਜਨੁ ਮਉਲਾ ॥

ਪਰਮਾਤਮਾ ਸਭ ਵਿਚ ਵਿਆਪਕ ਹੈ ਸਭ ਵਿਚ ਮਿਲਿਆ ਹੋਇਆ ਹੈ ਤੇ ਨਿਰਲੇਪ (ਭੀ) ਹੈ, ਉਸ ਦਾ ਨਾਮ ਸ੍ਰੇਸ਼ਟ ਹੈ (ਉੱਚਾ ਜੀਵਨ ਬਣਾਣ ਵਾਲਾ ਹੈ) ਤੇ ਆਤਮਕ ਜੀਵਨ ਦੇਣ ਵਾਲਾ ਹੈ।

ਜੋ ਜਪਦੇ ਹਰਿ ਹਰਿ ਦਿਨਸੁ ਰਾਤਿ ਤਿਨ ਸੇਵੇ ਚਰਨ ਨਿਤ ਕਉਲਾ ॥

ਜਿਹੜੇ ਮਨੁੱਖ ਦਿਨ ਰਾਤ ਹਰ ਵੇਲੇ ਪਰਮਾਤਮਾ (ਦਾ ਨਾਮ) ਜਪਦੇ ਹਨ, ਲੱਛਮੀ (ਭੀ) ਹਰ ਵੇਲੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਦੀ ਹੈ (ਉਹਨਾਂ ਉਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ)।

ਨਿਤ ਸਾਰਿ ਸਮ੍ਰਾਲੇ ਸਭ ਜੀਅ ਜੰਤ ਹਰਿ ਵਸੈ ਨਿਕਟਿ ਸਭ ਜਉਲਾ ॥

ਪਰਮਾਤਮਾ ਸਭ ਜੀਵਾਂ ਦੀ ਚੰਗੀ ਤਰ੍ਹਾਂ ਸੰਭਾਲ ਕਰਦਾ ਹੈ, ਉਹ (ਸਭ ਜੀਵਾਂ ਦੇ) ਨੇੜੇ ਵੱਸਦਾ ਹੈ, (ਫਿਰ ਸਭ ਤੋਂ) ਵੱਖਰਾ (ਭੀ) ਹੈ।

ਸੋ ਬੂਝੈ ਜਿਸੁ ਆਪਿ ਬੁਝਾਇਸੀ ਜਿਸੁ ਸਤਿਗੁਰੁ ਪੁਰਖੁ ਪ੍ਰਭੁ ਸਉਲਾ ॥

ਪਰ ਇਹ ਗੱਲ ਉਹ ਮਨੁੱਖ ਸਮਝਦਾ ਹੈ ਜਿਸ ਨੂੰ ਪਰਮਾਤਮਾ ਆਪ ਸਮਝ ਦੇਂਦਾ ਹੈ ਜਿਸ ਉਤੇ ਗੁਰੂ ਮਿਹਰ ਕਰਦਾ ਹੈ ਜਿਸ ਉਤੇ ਸਰਬ-ਵਿਆਪਕ ਪ੍ਰਭੂ ਕਿਰਪਾ ਕਰਦਾ ਹੈ।

ਸਭਿ ਗਾਵਹੁ ਗੁਣ ਗੋਵਿੰਦ ਹਰੇ ਗੋਵਿੰਦ ਹਰੇ ਗੋਵਿੰਦ ਹਰੇ ਗੁਣ ਗਾਵਤ ਗੁਣੀ ਸਮਉਲਾ ॥੬॥

ਤੁਸੀਂ ਸਾਰੇ, ਧਰਤੀ ਦੀ ਸਾਰ ਲੈਣ ਵਾਲੇ ਉਸ ਹਰੀ ਦੇ ਗੁਣ ਸਦਾ ਗਾਂਦੇ ਰਹੋ, ਗੁਣ ਗਾਂਦਿਆਂ ਗਾਂਦਿਆਂ ਉਸ ਗੁਣਾਂ ਦੇ ਮਾਲਕ ਪ੍ਰਭੂ ਵਿਚ ਲੀਨ ਹੋ ਜਾਈਦਾ ਹੈ ॥੬॥


ਸਲੋਕ ਮ : ੪ ॥
ਸੁਤਿਆ ਹਰਿ ਪ੍ਰਭੁ ਚੇਤਿ ਮਨਿ ਹਰਿ ਸਹਜਿ ਸਮਾਧਿ ਸਮਾਇ ॥

(ਜਾਗਦਿਆਂ ਕਿਰਤ-ਕਾਰ ਕਰਦਿਆਂ ਸਿਮਰਨ ਦੀ ਇਹੋ ਜਿਹੀ ਆਦਤ ਬਣਾ ਕਿ) ਸੁੱਤੇ ਪਿਆਂ ਭੀ (ਆਪਣੇ) ਮਨ ਵਿਚ ਪਰਮਾਤਮਾ ਨੂੰ ਯਾਦ ਕਰ (ਯਾਦ ਕਰਦਾ ਰਹੇਂ), (ਇਸ ਤਰ੍ਹਾਂ) ਸਦਾ ਆਤਮਕ ਅਡੋਲਤਾ ਵਿਚ (ਆਤਮਕ ਅਡੋਲਤਾ ਦੀ) ਸਮਾਧੀ ਵਿਚ ਟਿਕਿਆ ਰਹੁ।

ਜਨ ਨਾਨਕ ਹਰਿ ਹਰਿ ਚਾਉ ਮਨਿ ਗੁਰੁ ਤੁਠਾ ਮੇਲੇ ਮਾਇ ॥੧॥

ਹੇ ਮਾਂ! ਦਾਸ ਨਾਨਕ ਦੇ ਮਨ ਵਿਚ ਭੀ ਪਰਮਾਤਮਾ ਨੂੰ ਮਿਲਣ ਦੀ ਤਾਂਘ ਹੈ, ਗੁਰੂ (ਹੀ) ਪ੍ਰਸੰਨ ਹੋ ਕੇ ਮੇਲ ਕਰਾਂਦਾ ਹੈ ॥੧॥


ਮ : ੪ ॥

ਹਰਿ ਇਕਸੁ ਸੇਤੀ ਪਿਰਹੜੀ ਹਰਿ ਇਕੋ ਮੇਰੈ ਚਿਤਿ ॥
ਸਿਰਫ਼ ਇਕ ਪਰਮਾਤਮਾ ਨਾਲ ਹੀ ਮੇਰਾ ਸੋਹਣਾ ਪਿਆਰ ਹੈ, ਇਕ ਪਰਮਾਤਮਾ ਹੀ (ਸਦਾ) ਮੇਰੇ ਚਿੱਤ ਵਿਚ ਵੱਸਦਾ ਹੈ।

ਜਨ ਨਾਨਕ ਇਕੁ ਅਧਾਰੁ ਹਰਿ ਪ੍ਰਭ ਇਕਸ ਤੇ ਗਤਿ ਪਤਿ ॥੨॥

ਇਕ ਪ੍ਰਭੂ ਹੀ ਦਾਸ ਨਾਨਕ (ਦੀ ਜ਼ਿੰਦਗੀ ਦਾ) ਆਸਰਾ ਹੈ, ਇਕ ਪ੍ਰਭੂ ਤੋਂ ਹੀ ਉੱਚੀ ਆਤਮਕ ਅਵਸਥਾ ਮਿਲਦੀ ਹੈ (ਤੇ ਲੋਕ ਪਰਲੋਕ ਦੀ) ਇੱਜ਼ਤ ਹਾਸਲ ਹੁੰਦੀ ਹੈ ॥੨॥


ਪਉੜੀ ॥
ਪੰਚੇ ਸਬਦ ਵਜੇ ਮਤਿ ਗੁਰਮਤਿ ਵਡਭਾਗੀ ਅਨਹਦੁ ਵਜਿਆ ॥

ਜਿਸ ਵੱਡੇ ਭਾਗਾਂ ਵਾਲੇ ਮਨੁੱਖ ਦੀ ਮੱਤ ਵਿਚ ਗੁਰੂ ਦਾ ਉਪਦੇਸ਼ ਵੱਸ ਪੈਂਦਾ ਹੈ ਉਸ ਦੇ ਅੰਦਰ (ਆਤਮਕ ਆਨੰਦ ਦਾ) ਇਕ-ਰਸ ਵਾਜਾ ਵੱਜ ਪੈਂਦਾ ਹੈ (ਉਸ ਦੇ ਅੰਦਰ, ਮਾਨੋ) ਪੰਜਾਂ ਹੀ ਕਿਸਮਾਂ ਦੇ ਸਾਜ਼ ਵੱਜ ਪੈਂਦੇ ਹਨ।

ਆਨਦ ਮੂਲੁ ਰਾਮੁ ਸਭੁ ਦੇਖਿਆ ਗੁਰਸਬਦੀ ਗੋਵਿਦੁ ਗਜਿਆ ॥

ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਉਸ ਦੇ ਅੰਦਰ) ਪਰਮਾਤਮਾ ਗੱਜ ਪੈਂਦਾ ਹੈ ਅਤੇ ਉਹ ਹਰ ਥਾਂ ਆਨੰਦ ਦੇ ਸੋਮੇ ਪਰਮਾਤਮਾ ਨੂੰ (ਵੱਸਦਾ) ਵੇਖਦਾ ਹੈ।

ਆਦਿ ਜੁਗਾਦਿ ਵੇਸੁ ਹਰਿ ਏਕੋ ਮਤਿ ਗੁਰਮਤਿ ਹਰਿ ਪ੍ਰਭੁ ਭਜਿਆ ॥

(ਜਿਹੜਾ ਮਨੁੱਖ) ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦਾ ਭਜਨ ਕਰਦਾ ਹੈ (ਉਸ ਨੂੰ ਇਹ ਨਿਸਚਾ ਆ ਜਾਂਦਾ ਹੈ ਕਿ ਸ੍ਰਿਸ਼ਟੀ ਦੇ) ਆਦਿ ਤੋਂ ਜੁਗਾਂ ਦੇ ਆਦਿ ਤੋਂ ਪਰਮਾਤਮਾ ਦੀ ਇਕੋ ਹੀ ਅਟੱਲ ਹਸਤੀ ਹੈ।

ਹਰਿ ਦੇਵਹੁ ਦਾਨੁ ਦਇਆਲ ਪ੍ਰਭ ਜਨ ਰਾਖਹੁ ਹਰਿ ਪ੍ਰਭ ਲਜਿਆ ॥

ਹੇ ਹਰੀ! ਹੇ ਦਇਆ ਦੇ ਸੋਮੇ ਪ੍ਰਭੂ! ਤੂੰ ਆਪਣੇ ਦਾਸਾਂ ਨੂੰ (ਆਪਣੇ ਨਾਮ ਦਾ) ਦਾਨ ਦੇਂਦਾ ਹੈਂ, (ਤੇ, ਇਸ ਤਰ੍ਹਾਂ ਵਿਕਾਰਾਂ ਦੇ ਟਾਕਰੇ ਤੇ ਉਹਨਾਂ ਦੀ) ਲਾਜ ਰੱਖਦਾ ਹੈਂ।

ਸਭਿ ਧੰਨੁ ਕਹਹੁ ਗੁਰੁ ਸਤਿਗੁਰੂ ਗੁਰੁ ਸਤਿਗੁਰੂ ਜਿਤੁ ਮਿਲਿ ਹਰਿ ਪੜਦਾ ਕਜਿਆ ॥੭॥

ਤੁਸੀਂ ਸਾਰੇ ਗੁਰੂ ਨੂੰ ਧੰਨ-ਧੰਨ ਆਖੋ, ਗੁਰੂ ਨੂੰ ਧੰਨ-ਧੰਨ ਆਖੋ ਜਿਸ ਦੀ ਰਾਹੀਂ ਪਰਮਾਤਮਾ ਨੂੰ ਮਿਲ ਕੇ (ਵਿਕਾਰਾਂ ਦੇ ਟਾਕਰੇ ਤੇ) ਇੱਜ਼ਤ ਬਚ ਜਾਂਦੀ ਹੈ ॥੭॥


ਸਲੋਕੁ ਮ : ੪ ॥
ਭਗਤਿ ਸਰੋਵਰੁ ਉਛਲੈ ਸੁਭਰ ਭਰੇ ਵਹੰਨਿ ॥

ਗੁਰੂ (ਇਕ ਐਸਾ) ਸਰੋਵਰ ਹੈ ਜਿਸ ਵਿਚ ਭਗਤੀ ਉਛਾਲੇ ਮਾਰ ਰਹੀ ਹੈ, (ਗੁਰੂ ਇਕ ਐਸਾ ਦਰੀਆ ਹੈ ਜਿਸ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ) ਨਾਲ ਨਕਾ-ਨਕ ਭਰੇ ਹੋਏ ਵਹਿਣ ਚੱਲ ਰਹੇ ਹਨ।

ਜਿਨਾ ਸਤਿਗੁਰੁ ਮੰਨਿਆ ਜਨ ਨਾਨਕ ਵਡਭਾਗ ਲਹੰਨਿ ॥੧॥

ਹੇ ਦਾਸ ਨਾਨਕ! ਜਿਹੜੇ ਮਨੁੱਖ ਗੁਰੂ ਵਿਚ ਸਰਧਾ ਬਣਾਂਦੇ ਹਨ ਉਹ ਵੱਡੇ ਭਾਗਾਂ ਨਾਲ (ਪਰਮਾਤਮਾ ਦੇ ਗੁਣਾਂ ਦੇ ਮੋਤੀ) ਲੱਭ ਲੈਂਦੇ ਹਨ ॥੧॥


ਮ : ੪ ॥
ਹਰਿ ਹਰਿ ਨਾਮ ਅਸੰਖ ਹਰਿ ਹਰਿ ਕੇ ਗੁਨ ਕਥਨੁ ਨ ਜਾਹਿ ॥

ਪਰਮਾਤਮਾ ਦੇ ਨਾਮ ਅਣਗਿਣਤ ਹਨ, ਪਰਮਾਤਮਾ ਦੇ ਗੁਣ (ਭੀ ਬੇਅੰਤ ਹਨ) ਬਿਆਨ ਨਹੀਂ ਕੀਤੇ ਜਾ ਸਕਦੇ, ਪਰਮਾਤਮਾ ਅਪਹੁੰਚ ਹੈ, (ਮਾਨੋ) ਅਥਾਹ (ਸਮੁੰਦਰ) ਹੈ।

ਹਰਿ ਹਰਿ ਅਗਮੁ ਅਗਾਧਿ ਹਰਿ ਜਨ ਕਿਤੁ ਬਿਧਿ ਮਿਲਹਿ ਮਿਲਾਹਿ ॥

ਉਸ ਦੇ ਸੇਵਕ ਭਗਤ ਉਸ ਨੂੰ ਕਿਵੇਂ ਮਿਲਦੇ ਹਨ? (ਹੋਰਨਾਂ ਨੂੰ) ਕਿਵੇਂ ਮਿਲਾਂਦੇ ਹਨ?

ਹਰਿ ਹਰਿ ਜਸੁ ਜਪਤ ਜਪੰਤ ਜਨ ਇਕੁ ਤਿਲੁ ਨਹੀ ਕੀਮਤਿ ਪਾਇ ॥

(ਪਰਮਾਤਮਾ ਦੇ ਸੇਵਕ) ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦਿਆਂ (ਆਪ ਉਸ ਨੂੰ ਮਿਲਦੇ ਹਨ, ਤੇ ਹੋਰਨਾਂ ਤੋਂ) ਜਪਾਂਦਿਆਂ (ਉਹਨਾਂ ਨੂੰ ਭੀ ਉਸ ਨਾਲ ਮਿਲਾਂਦੇ ਹਨ)। (ਪਰ ਪਰਮਾਤਮਾ ਦੇ ਗੁਣਾਂ ਦੀ) ਕੀਮਤ ਰਤਾ ਭਰ ਭੀ ਨਹੀਂ ਪੈ ਸਕਦੀ।

ਜਨ ਨਾਨਕ ਹਰਿ ਅਗਮ ਪ੍ਰਭ ਹਰਿ ਮੇਲਿ ਲੈਹੁ ਲੜਿ ਲਾਇ ॥੨॥

(ਉਸ ਦੇ ਦਰ ਤੇ ਅਰਦਾਸ ਹੀ ਕਰਨੀ ਚਾਹੀਦੀ ਹੈ ਕਿ) ਹੇ ਅਪਹੁੰਚ ਹਰੀ ਪ੍ਰਭੂ! ਆਪਣੇ ਦਾਸ ਨਾਨਕ ਨੂੰ ਆਪਣੇ ਲੜ ਲਾ ਕੇ (ਆਪਣੇ ਚਰਨਾਂ ਵਿਚ) ਮਿਲਾ ਲੈ ॥੨॥


ਪਉੜੀ ॥
ਹਰਿ ਅਗਮੁ ਅਗੋਚਰੁ ਅਗਮੁ ਹਰਿ ਕਿਉ ਕਰਿ ਹਰਿ ਦਰਸਨੁ ਪਿਖਾ ॥

ਮੈਂ ਪਰਮਾਤਮਾ ਦਾ ਦਰਸਨ ਕਿਵੇਂ ਕਰ ਸਕਦਾ ਹਾਂ? ਉਹ ਤਾਂ ਅਪਹੁੰਚ ਹੈ, ਉਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ।

ਕਿਛੁ ਵਖਰੁ ਹੋਇ ਸੁ ਵਰਨੀਐ ਤਿਸੁ ਰੂਪੁ ਨ ਰਿਖਾ ॥

ਜੇ ਕੋਈ ਖ਼ਰੀਦਿਆ ਜਾ ਸਕਣ ਵਾਲਾ ਪਦਾਰਥ ਹੋਵੇ ਤਾਂ (ਉਸ ਦਾ ਰੂਪ ਰੇਖ) ਬਿਆਨ ਕੀਤਾ ਜਾ ਸਕਦਾ ਹੈ, ਪਰ ਉਸ ਪਰਮਾਤਮਾ ਦਾ ਨਾਹ ਕੋਈ ਰੂਪ ਹੈ ਨਾਹ ਰੇਖਾ ਹੈ।

ਜਿਸੁ ਬੁਝਾਏ ਆਪਿ ਬੁਝਾਇ ਦੇਇ ਸੋਈ ਜਨੁ ਦਿਖਾ ॥

ਉਹੀ ਮਨੁੱਖ ਉਸ ਦਾ ਦਰਸਨ ਕਰ ਸਕਦਾ ਹੈ ਜਿਸ ਨੂੰ ਪ੍ਰਭੂ ਆਪ ਮੱਤ ਦੇ ਕੇ ਸਮਝਾਂਦਾ ਹੈ।

ਸਤਸੰਗਤਿ ਸਤਿਗੁਰ ਚਟਸਾਲ ਹੈ ਜਿਤੁ ਹਰਿ ਗੁਣ ਸਿਖਾ ॥

(ਤੇ, ਇਹ ਮੱਤ ਮਿਲਦੀ ਹੈ ਸਾਧ ਸੰਗਤ ਵਿਚ) ਸਾਧ ਸੰਗਤ ਸਤਿਗੁਰੂ ਦੀ ਪਾਠਸ਼ਾਲਾ ਹੈ ਜਿਸ ਵਿਚ ਪਰਮਾਤਮਾ ਦੇ ਗੁਣ ਸਿੱਖੇ ਜਾ ਸਕਦੇ ਹਨ।

ਧਨੁ ਧੰਨੁ ਸੁ ਰਸਨਾ ਧੰਨੁ ਕਰ ਧੰਨੁ ਸੁ ਪਾਧਾ ਸਤਿਗੁਰੂ ਜਿਤੁ ਮਿਲਿ ਹਰਿ ਲੇਖਾ ਲਿਖਾ ॥੮॥

ਧੰਨ ਹੈ ਉਹ ਜੀਭ (ਜਿਹੜੀ ਪਰਮਾਤਮਾ ਦਾ ਨਾਮ ਜਪਦੀ ਹੈ) ਧੰਨ ਹਨ ਉਹ ਹੱਥ (ਜਿਹੜੇ ਸਾਧ ਸੰਗਤ ਵਿਚ ਪੱਖੇ ਆਦਿਕ ਦੀ ਸੇਵਾ ਕਰਦੇ ਹਨ) ਧੰਨ ਹੈ ਉਹ ਪਾਂਧਾ ਗੁਰੂ ਜਿਸ ਦੀ ਰਾਹੀਂ ਪਰਮਾਤਮਾ ਨੂੰ ਮਿਲ ਕੇ ਉਸ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਕਰੀਦੀਆਂ ਹਨ ॥੮॥


ਸਲੋਕ ਮ : ੪ ॥
ਹਰਿ ਹਰਿ ਨਾਮੁ ਅੰਮ੍ਰਿਤੁ ਹੈ ਹਰਿ ਜਪੀਐ ਸਤਿਗੁਰ ਭਾਇ ॥

ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ (ਪਰ ਇਹ ਨਾਮ) ਗੁਰੂ ਦੇ ਅਨੁਸਾਰ ਰਹਿ ਕੇ ਜਪਿਆ ਜਾ ਸਕਦਾ ਹੈ।

ਹਰਿ ਹਰਿ ਨਾਮੁ ਪਵਿਤੁ ਹੈ ਹਰਿ ਜਪਤ ਸੁਨਤ ਦੁਖੁ ਜਾਇ ॥

ਪ੍ਰਭੂ ਦਾ ਨਾਮ ਜੀਵਨ ਨੂੰ ਸੁੱਚਾ ਕਰਨ ਵਾਲਾ ਹੈ, ਇਸ ਨੂੰ ਜਪਦਿਆਂ ਸੁਣਦਿਆਂ (ਹਰੇਕ) ਦੁੱਖ ਦੂਰ ਹੋ ਜਾਂਦਾ ਹੈ,

ਹਰਿ ਨਾਮੁ ਤਿਨੀ ਆਰਾਧਿਆ ਜਿਨ ਮਸਤਕਿ ਲਿਖਿਆ ਧੁਰਿ ਪਾਇ ॥

(ਪਰ ਇਹ) ਹਰਿ-ਨਾਮ ਉਹਨਾਂ ਮਨੁੱਖਾਂ ਨੇ ਹੀ ਸਿਮਰਿਆ ਹੈ ਜਿਨ੍ਹਾਂ ਨੇ (ਪਿਛਲੇ ਕੀਤੇ ਕਰਮਾਂ ਅਨੁਸਾਰ) ਮੱਥੇ ਉਤੇ ਧੁਰੋਂ ਲਿਖਿਆ ਲੇਖ ਪ੍ਰਾਪਤ ਕੀਤਾ ਹੈ।

ਹਰਿ ਦਰਗਹ ਜਨ ਪੈਨਾਈਅਨਿ ਜਿਨ ਹਰਿ ਮਨਿ ਵਸਿਆ ਆਇ ॥

ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ, ਪਰਮਾਤਮਾ ਦੀ ਹਜ਼ੂਰੀ ਵਿਚ ਉਹਨਾਂ ਨੂੰ ਆਦਰ ਮਿਲਦਾ ਹੈ।

ਜਨ ਨਾਨਕ ਤੇ ਮੁਖ ਉਜਲੇ ਜਿਨ ਹਰਿ ਸੁਣਿਆ ਮਨਿ ਭਾਇ ॥੧॥

ਹੇ ਦਾਸ ਨਾਨਕ! ਜਿਨ੍ਹਾਂ ਮਨੁੱਖਾਂ ਨੇ ਪ੍ਰੇਮ ਨਾਲ ਆਪਣੇ ਮਨ ਵਿਚ ਪਰਮਾਤਮਾ (ਦਾ ਨਾਮ) ਸੁਣਿਆ ਹੈ ਉਹ (ਲੋਕ ਪਰਲੋਕ ਵਿਚ) ਸੁਰਖ਼ਰੂ ਹੁੰਦੇ ਹਨ ॥੧॥


ਮ : ੪ ॥
ਹਰਿ ਹਰਿ ਨਾਮੁ ਨਿਧਾਨੁ ਹੈ ਗੁਰਮੁਖਿ ਪਾਇਆ ਜਾਇ ॥

ਪਰਮਾਤਮਾ ਦਾ ਨਾਮ (ਸਾਰੇ ਸੁਖਾਂ ਦਾ) ਖ਼ਜ਼ਾਨਾ ਹੈ, (ਪਰ) ਇਹ ਮਿਲਦਾ ਹੈ ਗੁਰੂ ਦੀ ਸਰਨ ਪਿਆਂ।

ਜਿਨ ਧੁਰਿ ਮਸਤਕਿ ਲਿਖਿਆ ਤਿਨ ਸਤਿਗੁਰੁ ਮਿਲਿਆ ਆਇ ॥

ਤੇ, ਗੁਰੂ ਮਿਲਦਾ ਹੈ ਉਹਨਾਂ ਮਨੁੱਖਾਂ ਨੂੰ, ਜਿਨ੍ਹਾਂ ਦੇ ਮੱਥੇ ਉਤੇ (ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਗੁਰੂ-ਮਿਲਾਪ ਦਾ) ਲੇਖ ਲਿਖਿਆ ਹੁੰਦਾ ਹੈ।

ਤਨੁ ਮਨੁ ਸੀਤਲੁ ਹੋਇਆ ਸਾਂਤਿ ਵਸੀ ਮਨਿ ਆਇ ॥

ਉਹਨਾਂ ਦੇ ਮਨ ਵਿਚ ਸ਼ਾਂਤੀ ਬਣੀ ਰਹਿੰਦੀ ਹੈ ਉਹਨਾਂ ਦਾ ਮਨ ਉਹਨਾਂ ਦਾ ਤਨ ਠੰਢਾ-ਠਾਰ ਟਿਕਿਆ ਰਹਿੰਦਾ ਹੈ (ਉਹਨਾਂ ਦੇ ਅੰਦਰ ਵਿਕਾਰਾਂ ਦੀ ਤਪਸ਼ ਨਹੀਂ ਹੁੰਦੀ)।

ਨਾਨਕ ਹਰਿ ਹਰਿ ਚਉਦਿਆ ਸਭੁ ਦਾਲਦੁ ਦੁਖੁ ਲਹਿ ਜਾਇ ॥੨॥

ਹੇ ਨਾਨਕ! (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਜਪਦਿਆਂ ਹਰੇਕ ਦੁੱਖ ਹਰੇਕ ਦਰਿੱਦ੍ਰ ਦੂਰ ਹੋ ਜਾਂਦਾ ਹੈ ॥੨॥


ਪਉੜੀ ॥
ਹਉ ਵਾਰਿਆ ਤਿਨ ਕਉ ਸਦਾ ਸਦਾ ਜਿਨਾ ਸਤਿਗੁਰੁ ਮੇਰਾ ਪਿਆਰਾ ਦੇਖਿਆ ॥

ਮੈਂ ਸਦਕੇ ਜਾਂਦਾ ਹਾਂ ਸਦਾ ਹੀ ਉਹਨਾਂ (ਮਨੁੱਖਾਂ) ਤੋਂ, ਜਿਨ੍ਹਾਂ ਨੇ ਮੇਰੇ ਪਿਆਰੇ ਗੁਰੂ ਦਾ ਦਰਸਨ (ਸਦਾ) ਕੀਤਾ ਹੈ,

ਤਿਨ ਕਉ ਮਿਲਿਆ ਮੇਰਾ ਸਤਿਗੁਰੂ ਜਿਨ ਕਉ ਧੁਰਿ ਮਸਤਕਿ ਲੇਖਿਆ ॥

(ਪਰ) ਪਿਆਰਾ ਗੁਰੂ ਉਹਨਾਂ ਨੂੰ ਹੀ ਮਿਲਦਾ ਹੈ, ਜਿਨ੍ਹਾਂ ਦੇ ਮੱਥੇ ਉਤੇ (ਉਹਨਾਂ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ) ਧੁਰ ਦਰਗਾਹ ਤੋਂ (ਗੁਰੂ-ਮਿਲਾਪ ਦਾ) ਲੇਖ ਲਿਖਿਆ ਹੁੰਦਾ ਹੈ।

ਹਰਿ ਅਗਮੁ ਧਿਆਇਆ ਗੁਰਮਤੀ ਤਿਸੁ ਰੂਪੁ ਨਹੀ ਪ੍ਰਭ ਰੇਖਿਆ ॥

ਉਹ ਮਨੁੱਖ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਉਸ ਅਪਹੁੰਚ ਪਰਮਾਤਮਾ ਦਾ ਸਿਮਰਨ ਕਰਦੇ ਰਹਿੰਦੇ ਹਨ ਜਿਸ ਦਾ ਕੋਈ ਰੂਪ-ਰੇਖ ਬਿਆਨ ਨਹੀਂ ਕੀਤਾ ਜਾ ਸਕਦਾ।

ਗੁਰ ਬਚਨਿ ਧਿਆਇਆ ਜਿਨਾ ਅਗਮੁ ਹਰਿ ਤੇ ਠਾਕੁਰ ਸੇਵਕ ਰਲਿ ਏਕਿਆ ॥

ਜਿਹੜੇ ਮਨੁੱਖ ਗੁਰੂ ਦੇ ਹੁਕਮ ਵਿਚ ਤੁਰ ਕੇ ਉਸ ਅਪਹੁੰਚ ਪਰਮਾਤਮਾ ਦਾ ਧਿਆਨ ਧਰਦੇ ਹਨ, ਪਰਮਾਤਮਾ ਦੇ ਉਹ ਸੇਵਕ (ਪਰਮਾਤਮਾ ਵਿਚ) ਮਿਲ ਕੇ (ਉਸ ਨਾਲ) ਇੱਕ-ਰੂਪ ਹੋ ਜਾਂਦੇ ਹਨ।

ਸਭਿ ਕਹਹੁ ਮੁਖਹੁ ਨਰ ਨਰਹਰੇ ਨਰ ਨਰਹਰੇ ਨਰ ਨਰਹਰੇ ਹਰਿ ਲਾਹਾ ਹਰਿ ਭਗਤਿ ਵਿਸੇਖਿਆ ॥੯॥

ਤੁਸੀਂ ਸਾਰੇ (ਆਪਣੇ) ਮੂੰਹੋਂ ਸਦਾ ਪਰਮਾਤਮਾ ਦਾ ਨਾਮ ਉਚਾਰਦੇ ਰਹੋ। ਪਰਮਾਤਮਾ ਦਾ ਨਾਮ ਜਪਣ ਦਾ ਇਹ ਨਫ਼ਾ ਹੋਰ ਸਾਰੇ ਨਫ਼ਿਆਂ ਨਾਲੋਂ ਵਧੀਆ ਹੈ ॥੯॥


ਸਲੋਕ ਮ : ੪ ॥
ਰਾਮ ਨਾਮੁ ਰਮੁ ਰਵਿ ਰਹੇ ਰਮੁ ਰਾਮੋ ਰਾਮੁ ਰਮੀਤਿ ॥

ਹੇ ਭਾਈ! ਉਸ ਪਰਮਾਤਮਾ ਦਾ ਨਾਮ ਸਦਾ ਸਿਮਰ, ਸਦਾ ਸਿਮਰ, ਜੋ ਹਰ ਥਾਂ ਰਮਿਆ ਹੋਇਆ ਹੈ,

ਘਟਿ ਘਟਿ ਆਤਮ ਰਾਮੁ ਹੈ ਪ੍ਰਭਿ ਖੇਲੁ ਕੀਓ ਰੰਗਿ ਰੀਤਿ ॥

ਜੋ ਪਰਮਾਤਮਾ ਹਰੇਕ ਸਰੀਰ ਵਿਚ ਮੌਜੂਦ ਹੈ, ਜਿਸ ਪ੍ਰਭੂ ਨੇ ਆਪਣੀ ਮੌਜ ਵਿਚ ਆਪਣੇ ਹੀ ਢੰਗ ਨਾਲ ਇਹ ਜਗਤ-ਖੇਡ ਬਣਾਈ ਹੈ।

ਹਰਿ ਨਿਕਟਿ ਵਸੈ ਜਗਜੀਵਨਾ ਪਰਗਾਸੁ ਕੀਓ ਗੁਰ ਮੀਤਿ ॥

(ਜਿਸ ਮਨੁੱਖ ਦੇ ਅੰਦਰ) ਮਿੱਤਰ ਗੁਰੂ ਨੇ ਸੂਝ-ਬੂਝ ਪੈਦਾ ਕੀਤੀ (ਉਸ ਨੂੰ ਸਮਝ ਆ ਜਾਂਦੀ ਹੈ ਕਿ) ਜਗਤ ਦਾ ਜੀਵਨ ਪ੍ਰਭੂ (ਹਰੇਕ ਦੇ) ਨੇੜੇ ਵੱਸਦਾ ਹੈ।

ਹਰਿ ਸੁਆਮੀ ਹਰਿ ਪ੍ਰਭੁ ਤਿਨ ਮਿਲੇ ਜਿਨ ਲਿਖਿਆ ਧੁਰਿ ਹਰਿ ਪ੍ਰੀਤਿ ॥

(ਪਰ) ਸੁਆਮੀ ਪ੍ਰਭੂ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਦੇ ਮੱਥੇ ਉਤੇ (ਪਿਛਲੇ ਕੀਤੇ ਕਰਮਾਂ ਅਨੁਸਾਰ) ਧੁਰੋਂ ਹੀ ਪਰਮਾਤਮਾ ਨਾਲ ਪਿਆਰ ਦਾ ਲੇਖ ਲਿਖਿਆ ਹੁੰਦਾ ਹੈ।

ਜਨ ਨਾਨਕ ਨਾਮੁ ਧਿਆਇਆ ਗੁਰ ਬਚਨਿ ਜਪਿਓ ਮਨਿ ਚੀਤਿ ॥੧॥

ਹੇ ਦਾਸ ਨਾਨਕ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਬਚਨ ਦੀ ਰਾਹੀਂ (ਗੁਰੂ ਦੇ ਦੱਸੇ ਰਸਤੇ ਤੁਰ ਕੇ) ਮਨ ਵਿਚ ਚਿੱਤ ਵਿਚ ਨਾਮ ਜਪਿਆ ਹੈ (ਅਸਲ ਵਿਚ ਉਹਨਾਂ ਨੇ ਹੀ) ਨਾਮ ਸਿਮਰਿਆ ਹੈ ॥੧॥


ਮ : ੪ ॥
ਹਰਿ ਪ੍ਰਭੁ ਸਜਣੁ ਲੋੜਿ ਲਹੁ ਭਾਗਿ ਵਸੈ ਵਡਭਾਗਿ ॥

(ਗੁਰੂ ਦੀ ਸਰਨ ਪੈ ਕੇ) ਮਿੱਤਰ ਪ੍ਰਭੂ ਨੂੰ ਲੱਭ ਲੈ, (ਉਹ ਮਿੱਤਰ-ਪ੍ਰਭੂ) ਕਿਸਮਤ ਨਾਲ ਵੱਡੀ ਕਿਸਮਤ ਨਾਲ (ਹਿਰਦੇ ਵਿਚ ਆ) ਵੱਸਦਾ ਹੈ।

ਗੁਰਿ ਪੂਰੈ ਦੇਖਾਲਿਆ ਨਾਨਕ ਹਰਿ ਲਿਵ ਲਾਗਿ ॥੨॥

ਹੇ ਨਾਨਕ! ਜਿਸ ਮਨੁੱਖ ਨੂੰ ਪੂਰੇ ਗੁਰੂ ਨੇ (ਉਸ ਦਾ) ਦਰਸਨ ਕਰਾ ਦਿੱਤਾ, ਉਸ ਦੀ ਸੁਰਤ (ਹਰ ਵੇਲੇ) ਹਰੀ-ਪ੍ਰਭੂ ਵਿਚ ਲੱਗੀ ਰਹਿੰਦੀ ਹੈ ॥੨॥


ਪਉੜੀ ॥
ਧਨੁ ਧਨੁ ਸੁਹਾਵੀ ਸਫਲ ਘੜੀ ਜਿਤੁ ਹਰਿ ਸੇਵਾ ਮਨਿ ਭਾਣੀ ॥

(ਮਨੁੱਖ ਵਾਸਤੇ ਉਹ) ਘੜੀ ਭਾਗਾਂ ਵਾਲੀ ਹੁੰਦੀ ਹੈ ਸੋਹਣੀ ਹੁੰਦੀ ਹੈ ਮਨੁੱਖਾ ਜੀਵਨ ਦਾ ਮਨੋਰਥ ਪੂਰਾ ਕਰਨ ਵਾਲੀ ਹੁੰਦੀ ਹੈ। ਜਿਸ ਵਿਚ (ਮਨੁੱਖ ਨੂੰ ਆਪਣੇ) ਮਨ ਵਿਚ ਪਰਮਾਤਮਾ ਦੀ ਸੇਵਾ-ਭਗਤੀ ਚੰਗੀ ਲੱਗਦੀ ਹੈ।

ਹਰਿ ਕਥਾ ਸੁਣਾਵਹੁ ਮੇਰੇ ਗੁਰਸਿਖਹੁ ਮੇਰੇ ਹਰਿ ਪ੍ਰਭ ਅਕਥ ਕਹਾਣੀ ॥

ਹੇ ਮੇਰੇ ਗੁਰੂ ਦੇ ਸਿੱਖੋ! ਤੁਸੀਂ ਮੈਨੂੰ ਭੀ ਅਕੱਥ ਪ੍ਰਭੂ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਾਵੋ,

ਕਿਉ ਪਾਈਐ ਕਿਉ ਦੇਖੀਐ ਮੇਰਾ ਹਰਿ ਪ੍ਰਭੁ ਸੁਘੜੁ ਸੁਜਾਣੀ ॥

(ਤੇ ਦੱਸੋ ਕਿ) ਉਹ ਸੋਹਣਾ ਸਿਆਣਾ ਪ੍ਰਭੂ ਕਿਵੇਂ ਮਿਲ ਸਕਦਾ ਹੈ ਕਿਵੇਂ ਉਸ ਦਾ ਦਰਸਨ ਹੋ ਸਕਦਾ ਹੈ।

ਹਰਿ ਮੇਲਿ ਦਿਖਾਏ ਆਪਿ ਹਰਿ ਗੁਰ ਬਚਨੀ ਨਾਮਿ ਸਮਾਣੀ ॥

ਗੁਰੂ ਦੇ ਬਚਨਾਂ ਉਤੇ ਤੁਰ ਕੇ ਜਿਨ੍ਹਾਂ ਮਨੁੱਖਾਂ ਦੀ ਸੁਰਤ ਪਰਮਾਤਮਾ ਦੇ ਨਾਮ ਵਿਚ ਲੀਨ ਹੁੰਦੀ ਹੈ ਉਹਨਾਂ ਨੂੰ ਪਰਮਾਤਮਾ ਆਪ (ਆਪਣੇ ਚਰਨਾਂ ਵਿਚ) ਜੋੜ ਕੇ ਆਪਣਾ ਦਰਸਨ ਕਰਾਂਦਾ ਹੈ।

ਤਿਨ ਵਿਟਹੁ ਨਾਨਕੁ ਵਾਰਿਆ ਜੋ ਜਪਦੇ ਹਰਿ ਨਿਰਬਾਣੀ ॥੧੦॥

ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ ਜਿਹੜੇ ਨਿਰਲੇਪ ਪਰਮਾਤਮਾ (ਦਾ ਨਾਮ ਹਰ ਵੇਲੇ) ਜਪਦੇ ਹਨ ॥੧੦॥


ਸਲੋਕ ਮ : ੪ ॥
ਹਰਿ ਪ੍ਰਭ ਰਤੇ ਲੋਇਣਾ ਗਿਆਨ ਅੰਜਨੁ ਗੁਰੁ ਦੇਇ ॥

(ਜਿਨ੍ਹਾਂ ਮਨੁੱਖਾਂ ਨੂੰ) ਗੁਰੂ ਆਤਮਕ ਜੀਵਨ ਦੀ ਸੂਝ ਦਾ ਸੁਰਮਾ ਦੇਂਦਾ ਹੈ, ਉਹਨਾਂ ਦੀਆਂ ਅੱਖਾਂ ਪ੍ਰਭੂ ਦੇ ਪਿਆਰ ਨਾਲ ਰੰਗੀਆਂ ਜਾਂਦੀਆਂ ਹਨ,

ਮੈ ਪ੍ਰਭੁ ਸਜਣੁ ਪਾਇਆ ਜਨ ਨਾਨਕ ਸਹਜਿ ਮਿਲੇਇ ॥੧॥

ਉਹਨਾਂ ਨੂੰ ਮੇਰਾ ਪਿਆਰਾ ਪ੍ਰਭੂ ਮਿਲ ਪੈਂਦਾ ਹੈ, ਹੇ ਨਾਨਕ! ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ ॥੧॥


ਸਲੋਕੁ ਮ : ੪ ॥
ਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ ਸਮਾਇ ॥

ਜੇ ਮਨੁੱਖ ਸਤਿਗੁਰੂ ਦੇ ਸਨਮੁਖ ਹੈ ਉਸ ਦੇ ਅੰਦਰ ਠੰਢ ਹੈ ਤੇ ਉਹ ਮਨੋਂ ਤਨੋਂ ਨਾਮ ਵਿਚ ਲੀਨ ਰਹਿੰਦੀ ਹੈ।

ਨਾਮੋ ਚਿਤਵੈ ਨਾਮੁ ਪੜੈ ਨਾਮਿ ਰਹੈ ਲਿਵ ਲਾਇ ॥

ਉਹ ਨਾਮ ਹੀ ਚਿਤਾਰਦਾ ਹੈ, ਨਾਮ ਹੀ ਪੜ੍ਹਦਾ ਹੈ ਤੇ ਨਾਮ ਵਿਚ ਹੀ ਬ੍ਰਿਤੀ ਜੋੜੀ ਰੱਖਦਾ ਹੈ।

ਨਾਮੁ ਪਦਾਰਥੁ ਪਾਇਆ ਚਿੰਤਾ ਗਈ ਬਿਲਾਇ ॥

ਨਾਮ (ਰੂਪ) ਸੁੰਦਰ ਵਸਤ ਲੱਭ ਕੇ ਉਸ ਦੀ ਚਿੰਤਾ ਦੂਰ ਹੋ ਜਾਂਦੀ ਹੈ।

ਸਤਿਗੁਰਿ ਮਿਲਿਐ ਨਾਮੁ ਊਪਜੈ ਤਿਸਨਾ ਭੁਖ ਸਭ ਜਾਇ ॥

ਜੇ ਗੁਰੂ ਮਿਲ ਪਏ ਤਾਂ ਨਾਮ (ਹਿਰਦੇ ਵਿਚ) ਪੁੰਗਰਦਾ ਹੈ, ਤ੍ਰਿਸ਼ਨਾ ਦੂਰ ਹੋ ਜਾਂਦੀ ਹੈ (ਮਾਇਆ ਦੀ) ਭੁੱਖ ਸਾਰੀ ਦੂਰ ਹੋ ਜਾਂਦੀ ਹੈ।

ਨਾਨਕ ਨਾਮੇ ਰਤਿਆ ਨਾਮੋ ਪਲੈ ਪਾਇ ॥੧॥

ਹੇ ਨਾਨਕ! ਨਾਮ ਵਿਚ ਰੰਗੇ ਜਾਣ ਕਰਕੇ ਨਾਮ ਹੀ (ਹਿਰਦੇ-ਰੂਪ) ਪੱਲੇ ਵਿਚ ਉੱਕਰਿਆ ਜਾਂਦਾ ਹੈ ॥੧॥


ਪਉੜੀ ॥
ਤੁਧੁ ਆਪੇ ਜਗਤੁ ਉਪਾਇ ਕੈ ਤੁਧੁ ਆਪੇ ਵਸਗਤਿ ਕੀਤਾ ॥

ਹੇ ਪ੍ਰਭੂ! ਤੂੰ ਆਪ ਹੀ ਜਗਤ ਪੈਦਾ ਕਰ ਕੇ (ਇਸ ਨੂੰ) ਤੂੰ ਆਪ ਹੀ (ਆਪਣੇ) ਵੱਸ ਵਿਚ ਰੱਖਿਆ ਹੋਇਆ ਹੈ।

ਇਕਿ ਮਨਮੁਖ ਕਰਿ ਹਾਰਾਇਅਨੁ ਇਕਨਾ ਮੇਲਿ ਗੁਰੂ ਤਿਨਾ ਜੀਤਾ ॥

ਕਈ ਜੀਵਾਂ ਨੂੰ ਮਨ ਦੇ ਮੁਰੀਦ ਬਣਾ ਕੇ ਉਸ (ਪਰਮਾਤਮਾ) ਨੇ (ਜੀਵਨ-ਖੇਡ ਵਿਚ) ਹਾਰ ਦੇ ਦਿੱਤੀ ਹੈ, ਪਰ ਕਈਆਂ ਨੂੰ ਗੁਰੂ ਮਿਲਾ ਕੇ (ਉਸ ਨੇ ਇਹੋ ਜਿਹਾ ਬਣਾ ਦਿੱਤਾ ਹੈ ਕਿ) ਉਹਨਾਂ ਨੇ (ਜੀਵਨ ਦੀ ਬਾਜ਼ੀ) ਜਿੱਤ ਲਈ ਹੈ।

ਹਰਿ ਊਤਮੁ ਹਰਿ ਪ੍ਰਭ ਨਾਮੁ ਹੈ ਗੁਰ ਬਚਨਿ ਸਭਾਗੈ ਲੀਤਾ ॥

ਪਰਮਾਤਮਾ ਦਾ ਨਾਮ (ਮਨੁੱਖ ਦੇ ਜੀਵਨ ਨੂੰ) ਉੱਚਾ ਕਰਨ ਵਾਲਾ ਹੈ, ਪਰ ਕਿਸੇ ਭਾਗਾਂ ਵਾਲੇ ਨੇ (ਹੀ) ਗੁਰੂ ਦੇ ਉਪਦੇਸ਼ ਦੀ ਰਾਹੀਂ (ਇਹ ਨਾਮ) ਸਿਮਰਿਆ ਹੈ।

ਦੁਖੁ ਦਾਲਦੁ ਸਭੋ ਲਹਿ ਗਇਆ ਜਾਂ ਨਾਉ ਗੁਰੂ ਹਰਿ ਦੀਤਾ ॥

ਜਦੋਂ ਗੁਰੂ ਨੇ ਪਰਮਾਤਮਾ ਦਾ ਨਾਮ (ਕਿਸੇ ਭਾਗਾਂ ਵਾਲੇ ਨੂੰ) ਦਿੱਤਾ, ਤਾਂ ਉਸ ਦਾ ਸਾਰਾ ਦੁੱਖ ਸਾਰਾ ਦਰਿੱਦ੍ਰ ਦੂਰ ਹੋ ਗਿਆ।

ਸਭਿ ਸੇਵਹੁ ਮੋਹਨੋ ਮਨਮੋਹਨੋ ਜਗਮੋਹਨੋ ਜਿਨਿ ਜਗਤੁ ਉਪਾਇ ਸਭੋ ਵਸਿ ਕੀਤਾ ॥੧੧॥

ਤੁਸੀਂ ਸਾਰੇ ਉਸ ਮੋਹਨ ਪ੍ਰਭੂ ਦਾ ਮਨ-ਮੋਹਨ ਪ੍ਰਭੂ ਦਾ ਜਗ-ਮੋਹਨ ਪ੍ਰਭੂ ਦਾ ਨਾਮ ਸਿਮਰਿਆ ਕਰੋ, ਜਿਸ ਨੇ ਜਗਤ ਪੈਦਾ ਕਰ ਕੇ ਇਹ ਸਾਰਾ ਆਪਣੇ ਵੱਸ ਵਿਚ ਰੱਖਿਆ ਹੋਇਆ ਹੈ ॥੧੧॥


ਸਲੋਕ ਮ : ੪ ॥
ਮਨ ਅੰਤਰਿ ਹਉਮੈ ਰੋਗੁ ਹੈ ਭ੍ਰਮਿ ਭੂਲੇ ਮਨਮੁਖ ਦੁਰਜਨਾ ॥

ਜਿਨ੍ਹਾਂ ਦੇ ਮਨ ਵਿਚ ਹਉਮੈ ਦਾ ਰੋਗ ਹੈ, ਉਹ ਮਨ-ਦੇ-ਮੁਰੀਦ ਵਿਕਾਰੀ ਬੰਦੇ ਭਰਮ ਵਿਚ ਭੁੱਲੇ ਹੋਏ ਹਨ।

ਨਾਨਕ ਰੋਗੁ ਗਵਾਇ ਮਿਲਿ ਸਤਿਗੁਰ ਸਾਧੂ ਸਜਨਾ ॥੧॥

ਹੇ ਨਾਨਕ! ਇਹ ਹਉਮੈ ਦਾ ਰੋਗ ਸਤਿਗੁਰੂ ਨੂੰ ਮਿਲ ਕੇ ਤੇ ਸਤਸੰਗ ਵਿਚ ਰਹਿ ਕੇ ਦੂਰ ਕਰ ॥੧॥


ਮ : ੪ ॥
ਮਨੁ ਤਨੁ ਤਾਮਿ ਸਗਾਰਵਾ ਜਾਂ ਦੇਖਾ ਹਰਿ ਨੈਣੇ ॥

(ਮੇਰਾ ਇਹ) ਮਨ ਅਤੇ ਸਰੀਰ ਤਦੋਂ ਹੀ ਆਦਰ ਜੋਗ ਹੋ ਸਕਦਾ ਹੈ, ਜਦੋਂ ਮੈਂ (ਆਪਣੀਆਂ) ਅੱਖਾਂ ਨਾਲ ਪਰਮਾਤਮਾ ਦਾ ਦਰਸਨ ਕਰ ਸਕਾਂ।

ਨਾਨਕ ਸੋ ਪ੍ਰਭੁ ਮੈ ਮਿਲੈ ਹਉ ਜੀਵਾ ਸਦੁ ਸੁਣੇ ॥੨॥

ਹੇ ਨਾਨਕ! (ਜਦੋਂ) ਉਹ ਪ੍ਰਭੂ ਮੈਨੂੰ ਮਿਲਦਾ ਹੈ, ਤਦੋਂ ਮੈਂ ਉਸ ਦੀ ਸਿਫ਼ਤ-ਸਾਲਾਹ ਦੀ ਗੱਲ ਸੁਣ ਕੇ ਆਤਮਕ ਜੀਵਨ ਹਾਸਲ ਕਰਦਾ ਹਾਂ ॥੨॥


ਪਉੜੀ ॥
ਜਗੰਨਾਥ ਜਗਦੀਸਰ ਕਰਤੇ ਅਪਰੰਪਰ ਪੁਰਖੁ ਅਤੋਲੁ ॥

ਹੇ ਜਗਤ ਦੇ ਨਾਥ! ਹੇ ਜਗਤ ਦੇ ਮਾਲਕ! ਹੇ ਬੇਅੰਤ ਕਰਤਾਰ! ਤੂੰ ਸਰਬ-ਵਿਆਪਕ ਹੈਂ, ਤੇਰੀ ਹਸਤੀ ਦਾ ਅੰਦਾਜ਼ਾ ਨਹੀਂ ਲੱਗ ਸਕਦਾ।

ਹਰਿ ਨਾਮੁ ਧਿਆਵਹੁ ਮੇਰੇ ਗੁਰਸਿਖਹੁ ਹਰਿ ਊਤਮੁ ਹਰਿ ਨਾਮੁ ਅਮੋਲੁ ॥

ਹੇ ਮੇਰੇ ਗੁਰੂ ਦੇ ਸਿੱਖੋ! ਪਰਮਾਤਮਾ ਦਾ ਨਾਮ ਸਿਮਰਿਆ ਕਰੋ, ਪਰਮਾਤਮਾ ਦਾ ਨਾਮ ਜੀਵਨ ਨੂੰ ਉੱਚਾ ਕਰਨ ਵਾਲਾ ਹੈ (ਪਰ) ਉਹ ਨਾਮ ਕਿਸੇ ਮੁੱਲ ਤੋਂ ਨਹੀਂ ਮਿਲਦਾ।

ਜਿਨ ਧਿਆਇਆ ਹਿਰਦੈ ਦਿਨਸੁ ਰਾਤਿ ਤੇ ਮਿਲੇ ਨਹੀ ਹਰਿ ਰੋਲੁ ॥

ਜਿਨ੍ਹਾਂ ਮਨੁੱਖਾਂ ਨੇ ਦਿਨ ਰਾਤ (ਹਰ ਵੇਲੇ) ਆਪਣੇ ਹਿਰਦੇ ਵਿਚ ਹਰਿ-ਨਾਮ ਸਿਮਰਿਆ, ਉਹ ਮਨੁੱਖ ਪਰਮਾਤਮਾ ਨਾਲ ਇੱਕ-ਰੂਪ ਹੋ ਗਏ, ਇਸ ਵਿਚ ਕੋਈ ਸ਼ੱਕ ਨਹੀਂ ਹੈ।

ਵਡਭਾਗੀ ਸੰਗਤਿ ਮਿਲੈ ਗੁਰ ਸਤਿਗੁਰ ਪੂਰਾ ਬੋਲੁ ॥

(ਪਰ) ਵੱਡੇ ਭਾਗਾਂ ਨਾਲ ਮਨੁੱਖ ਗੁਰੂ ਦੀ ਸੰਗਤ ਵਿਚ ਮਿਲਦਾ ਹੈ (ਤੇ ਸੰਗਤ ਵਿਚੋਂ ਉਸ ਨੂੰ) ਗੁਰੂ ਦਾ ਪੂਰਨ ਉਪਦੇਸ਼ ਮਿਲਦਾ ਹੈ (ਜਿਸ ਦੀ ਬਰਕਤਿ ਨਾਲ ਉਹ ਹਰਿ-ਨਾਮ ਸਿਮਰਦਾ ਹੈ)।

ਸਭਿ ਧਿਆਵਹੁ ਨਰ ਨਾਰਾਇਣੋ ਨਾਰਾਇਣੋ ਜਿਤੁ ਚੂਕਾ ਜਮ ਝਗੜੁ ਝਗੋਲੁ ॥੧੨॥

(ਸੋ, ਗੁਰੂ ਦੀ ਸੰਗਤ ਵਿਚ ਮਿਲ ਕੇ) ਸਾਰੇ ਪਰਮਾਤਮਾ ਦਾ ਨਾਮ ਸਿਮਰਿਆ ਕਰੋ ਜਿਸ ਦੀ ਬਰਕਤਿ ਨਾਲ ਜਮ ਦਾ ਰਗੜਾ-ਝਗੜਾ ਮੁੱਕ ਜਾਂਦਾ ਹੈ ॥੧੨॥


ਸਲੋਕ ਮ : ੪ ॥
ਹਰਿ ਜਨ ਹਰਿ ਹਰਿ ਚਉਦਿਆ ਸਰੁ ਸੰਧਿਆ ਗਾਵਾਰ ॥

ਮੂਰਖ ਮਨੁੱਖ ਹੀ ਪਰਮਾਤਮਾ ਦਾ ਨਾਮ ਜਪਦੇ ਸੰਤ ਜਨਾਂ ਉਤੇ ਤੀਰ ਚਲਾਂਦੇ ਹਨ।

ਨਾਨਕ ਹਰਿ ਜਨ ਹਰਿ ਲਿਵ ਉਬਰੇ ਜਿਨ ਸੰਧਿਆ ਤਿਸੁ ਫਿਰਿ ਮਾਰ ॥੧॥

ਪਰ ਹੇ ਨਾਨਕ! ਉਹ ਸੰਤ ਜਨ ਤਾਂ ਪਰਮਾਤਮਾ ਵਿਚ ਸੁਰਤ ਜੋੜ ਕੇ ਬਚ ਨਿਕਲਦੇ ਹਨ; ਜਿਸ (ਮੂਰਖ) ਨੇ (ਤੀਰ) ਚਲਾਇਆ ਹੁੰਦਾ ਹੈ, ਉਸ ਨੂੰ ਹੀ ਪਰਤ ਕੇ ਮੌਤ ਆਉਂਦੀ ਹੈ (ਭਾਵ, ਸੰਤ ਨਾਲ ਵੈਰ ਕਰਨ ਵਾਲੇ ਮਨੁੱਖ ਆਤਮਕ ਮੌਤ ਸਹੇੜ ਲੈਂਦੇ ਹਨ) ॥੧॥


ਮ : ੪ ॥
ਅਖੀ ਪ੍ਰੇਮਿ ਕਸਾਈਆ ਹਰਿ ਹਰਿ ਨਾਮੁ ਪਿਖੰਨਿ੍ ॥

(ਉਹੀ ਬੰਦੇ ਹਰ ਥਾਂ) ਪਰਮਾਤਮਾ ਦਾ ਨਾਮ ਵੇਖਦੇ ਹਨ, ਜਿਨ੍ਹਾਂ ਦੀਆਂ ਅੱਖਾਂ ਨੂੰ ਪਰੇਮ ਨੇ ਖਿੱਚ ਪਾਈ ਹੁੰਦੀ ਹੈ।

ਜੇ ਕਰਿ ਦੂਜਾ ਦੇਖਦੇ ਜਨ ਨਾਨਕ ਕਢਿ ਦਿਚੰਨਿ੍ ॥੨॥

ਪਰ, ਹੇ ਨਾਨਕ! ਜਿਹੜੇ ਮਨੁੱਖ (ਪ੍ਰਭੂ ਨੂੰ ਛੱਡ ਕੇ) ਹੋਰ ਹੋਰ ਨੂੰ ਵੇਖਦੇ ਹਨ ਉਹ ਪ੍ਰਭੂ ਦੀ ਹਜ਼ੂਰੀ ਵਿਚੋਂ ਰੱਦੇ ਜਾਂਦੇ ਹਨ ॥੨॥


ਪਉੜੀ ॥
ਜਲਿ ਥਲਿ ਮਹੀਅਲਿ ਪੂਰਨੋ ਅਪਰੰਪਰੁ ਸੋਈ ॥

ਉਹ ਬੇਅੰਤ (ਪਰਮਾਤਮਾ) ਹੀ ਜਲ ਵਿਚ ਧਰਤੀ ਵਿਚ ਅਕਾਸ਼ ਵਿਚ (ਹਰ ਥਾਂ) ਵਿਆਪਕ ਹੈ,

ਜੀਅ ਜੰਤ ਪ੍ਰਤਿਪਾਲਦਾ ਜੋ ਕਰੇ ਸੁ ਹੋਈ ॥

ਉਹ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ, ਜੋ ਕੁਝ ਉਹ ਕਰਦਾ ਹੈ ਉਹੀ ਹੁੰਦਾ ਹੈ।

ਮਾਤ ਪਿਤਾ ਸੁਤ ਭ੍ਰਾਤ ਮੀਤ ਤਿਸੁ ਬਿਨੁ ਨਹੀ ਕੋਈ ॥

(ਸਦਾ ਨਾਲ ਨਿਭਣ ਵਾਲਾ) ਮਾਂ ਪਿਉ ਪੁੱਤਰ ਭਰਾ ਮਿੱਤਰ ਉਸ (ਪਰਮਾਤਮਾ) ਤੋਂ ਬਿਨਾ ਹੋਰ ਕੋਈ ਨਹੀਂ ਹੈ।

ਘਟਿ ਘਟਿ ਅੰਤਰਿ ਰਵਿ ਰਹਿਆ ਜਪਿਅਹੁ ਜਨ ਕੋਈ ॥

ਹੇ ਸੰਤ ਜਨੋਂ! ਕੋਈ ਧਿਰ ਭੀ ਜਪ ਕੇ ਵੇਖ ਲਵੋ (ਜਿਹੜਾ ਭੀ ਜਪਦਾ ਹੈ ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਉਹ ਪਰਮਾਤਮਾ) ਹਰੇਕ ਸਰੀਰ ਵਿਚ (ਸਭ ਦੇ) ਅੰਦਰ ਵਿਆਪਕ ਹੈ।

ਸਗਲ ਜਪਹੁ ਗੋਪਾਲ ਗੁਨ ਪਰਗਟੁ ਸਭ ਲੋਈ ॥੧੩॥

ਸਾਰੇ ਉਸ ਗੋਪਾਲ ਪ੍ਰਭੂ ਦੇ ਗੁਣ ਚੇਤੇ ਕਰਦੇ ਰਹੋ, ਉਹ ਪ੍ਰਭੂ ਸਾਰੀ ਸ੍ਰਿਸ਼ਟੀ ਵਿਚ ਪਰਤੱਖ (ਵੱਸਦਾ ਦਿੱਸ ਰਿਹਾ) ਹੈ ॥੧੩॥


ਸਲੋਕ ਮ : ੪ ॥
ਗੁਰਮੁਖਿ ਮਿਲੇ ਸਿ ਸਜਣਾ ਹਰਿ ਪ੍ਰਭ ਪਾਇਆ ਰੰਗੁ ॥

ਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਪ੍ਰਭੂ ਦੀ ਯਾਦ ਵਿਚ) ਜੁੜੇ ਰਹਿੰਦੇ ਹਨ (ਤੇ ਇਸ ਤਰ੍ਹਾਂ ਜਿਨ੍ਹਾਂ ਨੇ) ਪਰਮਾਤਮਾ ਦਾ ਪ੍ਰੇਮ ਹਾਸਲ ਕਰ ਲਿਆ, ਉਹ ਚੰਗੇ ਜੀਵਨ ਵਾਲੇ ਬਣ ਜਾਂਦੇ ਹਨ।

ਜਨ ਨਾਨਕ ਨਾਮੁ ਸਲਾਹਿ ਤੂ ਲੁਡਿ ਲੁਡਿ ਦਰਗਹਿ ਵੰਞੁ ॥੧॥

ਹੇ ਦਾਸ ਨਾਨਕ! ਤੂੰ ਭੀ ਪ੍ਰਭੂ ਦੀ ਸਿਫ਼ਤ-ਸਾਲਾਹ (ਸਦਾ) ਕਰਦਾ ਰਹੁ, ਪਰਮਾਤਮਾ ਦੀ ਹਜ਼ੂਰੀ ਵਿਚ ਬੇ-ਫ਼ਿਕਰ ਹੋ ਕੇ ਜਾਇਂਗਾ ॥੧॥


ਮ : ੪ ॥
ਹਰਿ ਤੂਹੈ ਦਾਤਾ ਸਭਸ ਦਾ ਸਭਿ ਜੀਅ ਤੁਮ੍ਰਾਰੇ ॥

ਹੇ ਪ੍ਰਭੂ! ਤੂੰ ਹੀ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ, ਸਾਰੇ ਜੀਵ ਤੇਰੇ ਹੀ (ਪੈਦਾ ਕੀਤੇ ਹੋਏ) ਹਨ।

ਸਭਿ ਤੁਧੈ ਨੋ ਆਰਾਧਦੇ ਦਾਨੁ ਦੇਹਿ ਪਿਆਰੇ ॥

ਸਾਰੇ ਜੀਵ (ਦੁਨੀਆ ਦੇ ਪਦਾਰਥਾਂ ਵਾਸਤੇ) ਤੈਨੂੰ ਹੀ ਯਾਦ ਕਰਦੇ ਹਨ, ਤੇ ਹੇ ਪਿਆਰੇ! ਤੂੰ (ਸਭ ਨੂੰ) ਦਾਨ ਦੇਂਦਾ ਹੈਂ।

ਹਰਿ ਦਾਤੈ ਦਾਤਾਰਿ ਹਥੁ ਕਢਿਆ ਮੀਹੁ ਵੁਠਾ ਸੈਸਾਰੇ ॥

ਹਰਿ ਦਾਤੇ ਨੇ ਹਰਿ ਦਾਤਾਰ ਨੇ (ਜਦੋਂ ਆਪਣੀ ਮਿਹਰ ਦਾ) ਹੱਥ ਕੱਢਿਆ ਤਦੋਂ ਜਗਤ ਵਿਚ (ਗੁਰੂ ਦੇ ਉਪਦੇਸ਼ ਦਾ) ਮੀਂਹ ਵੱਸਿਆ।

ਅੰਨੁ ਜੰਮਿਆ ਖੇਤੀ ਭਾਉ ਕਰਿ ਹਰਿ ਨਾਮੁ ਸਮ੍ਰਾਰੇ ॥

(ਜਿਹੜਾ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ) ਪ੍ਰੇਮ (-ਰੂਪ) ਵਾਹੀ ਕਰਨ ਨਾਲ (ਉਸ ਦੇ ਅੰਦਰ ਪਰਮਾਤਮਾ ਦਾ ਨਾਮ-) ਫ਼ਸਲ ਉੱਗ ਪੈਂਦਾ ਹੈ, (ਉਹ ਹਰ ਵੇਲੇ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਵਸਾਂਦਾ ਹੈ।

ਜਨੁ ਨਾਨਕੁ ਮੰਗੈ ਦਾਨੁ ਪ੍ਰਭ ਹਰਿ ਨਾਮੁ ਅਧਾਰੇ ॥੨॥

ਹੇ ਪ੍ਰਭੂ! (ਤੇਰਾ) ਦਾਸ ਨਾਨਕ (ਭੀ ਤੇਰੇ ਨਾਮ ਦਾ) ਖੈਰ (ਤੈਥੋਂ) ਮੰਗਦਾ ਹੈ, ਤੇਰਾ ਨਾਮ (ਦਾਸ ਨਾਨਕ ਦੀ ਜ਼ਿੰਦਗੀ ਦਾ) ਆਸਰਾ (ਬਣਿਆ ਰਹੇ) ॥੨॥


ਪਉੜੀ ॥
ਇਛਾ ਮਨ ਕੀ ਪੂਰੀਐ ਜਪੀਐ ਸੁਖ ਸਾਗਰੁ ॥

ਸੁਖਾਂ ਦੇ ਸਮੁੰਦਰ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, (ਸਿਮਰਨ-ਆਰਾਧਨ ਦੀ ਬਰਕਤਿ ਨਾਲ) ਮਨ ਦੀ (ਹਰੇਕ) ਇੱਛਾ ਪੂਰੀ ਹੋ ਜਾਂਦੀ ਹੈ (ਮਨ ਦੀਆਂ ਵਾਸਨਾਂ ਮੁੱਕ ਜਾਂਦੀਆਂ ਹਨ)।

ਹਰਿ ਕੇ ਚਰਨ ਅਰਾਧੀਅਹਿ ਗੁਰ ਸਬਦਿ ਰਤਨਾਗਰੁ ॥

ਗੁਰੂ ਦੇ ਸ਼ਬਦ ਦੀ ਰਾਹੀਂ ਰਤਨਾਂ ਦੀ ਖਾਣ ਪ੍ਰਭੂ ਦਾ, ਪ੍ਰਭੂ ਦੇ ਚਰਨਾਂ ਦਾ ਆਰਾਧਨ ਕਰਨਾ ਚਾਹੀਦਾ ਹੈ।

ਮਿਲਿ ਸਾਧੂ ਸੰਗਿ ਉਧਾਰੁ ਹੋਇ ਫਾਟੈ ਜਮ ਕਾਗਰੁ ॥

ਗੁਰੂ ਦੀ ਸੰਗਤ ਵਿਚ ਮਿਲ ਕੇ (ਨਾਮ ਜਪਿਆਂ ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ, ਜਮਰਾਜ ਦਾ (ਲੇਖੇ ਵਾਲਾ) ਕਾਗਜ਼ ਪਾਟ ਜਾਂਦਾ ਹੈ।

ਜਨਮ ਪਦਾਰਥੁ ਜੀਤੀਐ ਜਪਿ ਹਰਿ ਬੈਰਾਗਰੁ ॥

ਪਿਆਰ ਦੇ ਸੋਮੇ ਪਰਮਾਤਮਾ ਦਾ ਨਾਮ ਜਪ ਕੇ ਕੀਮਤੀ ਮਨੁੱਖਾ ਜਨਮ ਦੀ ਬਾਜ਼ੀ ਜਿੱਤ ਲਈਦੀ ਹੈ।

ਸਭਿ ਪਵਹੁ ਸਰਨਿ ਸਤਿਗੁਰੂ ਕੀ ਬਿਨਸੈ ਦੁਖ ਦਾਗਰੁ ॥੧੪॥

ਸਾਰੇ ਗੁਰੂ ਦੀ ਸਰਨ ਪਏ ਰਹੋ (ਗੁਰੂ ਦੀ ਸਰਨ ਪੈ ਕੇ ਨਾਮ ਜਪਿਆਂ ਮਨ ਵਿਚੋਂ) ਦੁੱਖਾਂ ਦਾ ਨਿਸ਼ਾਨ ਹੀ ਮਿਟ ਜਾਂਦਾ ਹੈ ॥੧੪॥


ਸਲੋਕ ਮ : ੪ ॥
ਹਉ ਢੂੰਢੇਂਦੀ ਸਜਣਾ ਸਜਣੁ ਮੈਡੈ ਨਾਲਿ ॥

(ਹੇ ਸਹੇਲੀਏ!) ਮੈਂ ਸੱਜਣ (ਪ੍ਰਭੂ) ਨੂੰ (ਬਾਹਰ) ਢੂੰਢ ਰਹੀ ਸਾਂ (ਪਰ ਗੁਰੂ ਤੋਂ ਸਮਝ ਆਈ ਹੈ ਕਿ ਉਹ) ਸੱਜਣ (ਪ੍ਰਭੂ ਤਾਂ) ਮੇਰੇ ਨਾਲ ਹੀ ਹੈ (ਮੇਰੇ ਅੰਦਰ ਹੀ ਵੱਸਦਾ ਹੈ)।

ਜਨ ਨਾਨਕ ਅਲਖੁ ਨ ਲਖੀਐ ਗੁਰਮੁਖਿ ਦੇਹਿ ਦਿਖਾਲਿ ॥੧॥

ਹੇ ਦਾਸ ਨਾਨਕ! ਉਹ ਪ੍ਰਭੂ ਅਲੱਖ ਹੈ ਉਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਗੁਰੂ ਦੇ ਸਨਮੁਖ ਰਹਿਣ ਵਾਲੇ (ਸੰਤ ਜਨ ਉਸ ਦਾ) ਦਰਸਨ ਕਰਾ ਦੇਂਦੇ ਹਨ ॥੧॥


ਮ :੪ ॥
ਨਾਨਕ ਪ੍ਰੀਤਿ ਲਾਈ ਤਿਨਿ ਸਚੈ ਤਿਸੁ ਬਿਨੁ ਰਹਣੁ ਨ ਜਾਈ ॥

ਹੇ ਨਾਨਕ! (ਆਖ ਕਿ ਜਿਸ ਮਨੁੱਖ ਦੇ ਅੰਦਰ) ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ (ਆਪਣਾ) ਪਿਆਰ (ਆਪ ਹੀ) ਪੈਦਾ ਕੀਤਾ ਹੈ (ਉਹ ਮਨੁੱਖ) ਉਸ (ਦੀ ਯਾਦ) ਤੋਂ ਬਿਨਾ ਰਹਿ ਨਹੀਂ ਸਕਦਾ।

ਸਤਿਗੁਰੁ ਮਿਲੈ ਤ ਪੂਰਾ ਪਾਈਐ ਹਰਿ ਰਸਿ ਰਸਨ ਰਸਾਈ ॥੨॥

(ਜਿਸ ਗੁਰੂ ਦੀ) ਜੀਭ ਪਰਮਾਤਮਾ ਦੇ ਨਾਮ-ਰਸ ਵਿਚ ਸਦਾ ਰਸੀ ਰਹਿੰਦੀ ਹੈ (ਜਦੋਂ ਉਹ) ਗੁਰੂ ਮਿਲਦਾ ਹੈ ਤਦੋਂ ਉਹ ਪੂਰਨ ਪ੍ਰਭੂ ਭੀ ਮਿਲ ਪੈਂਦਾ ਹੈ ॥੨॥


ਪਉੜੀ ॥
ਕੋਈ ਗਾਵੈ ਕੋ ਸੁਣੈ ਕੋ ਉਚਰਿ ਸੁਨਾਵੈ ॥

ਜਿਹੜਾ ਕੋਈ ਮਨੁੱਖ (ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ) ਗਾਂਦਾ ਹੈ ਜਾਂ ਸੁਣਦਾ ਹੈ ਜਾਂ ਬੋਲ ਕੇ (ਹੋਰਨਾਂ ਨੂੰ) ਸੁਣਾਂਦਾ ਹੈ,

ਜਨਮ ਜਨਮ ਕੀ ਮਲੁ ਉਤਰੈ ਮਨ ਚਿੰਦਿਆ ਪਾਵੈ ॥

ਉਸ ਦੀ ਅਨੇਕਾਂ ਜਨਮਾਂ ਦੀ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ ਉਹ ਮਨ-ਇੱਛਤ ਫਲ ਪਾ ਲੈਂਦਾ ਹੈ।

ਆਵਣੁ ਜਾਣਾ ਮੇਟੀਐ ਹਰਿ ਕੇ ਗੁਣ ਗਾਵੈ ॥

ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ ਉਸ ਦਾ ਜੰਮਣ ਮਰਨ ਦਾ ਗੇੜ ਮੁੱਕ ਜਾਂਦਾ ਹੈ।

ਆਪਿ ਤਰਹਿ ਸੰਗੀ ਤਰਾਹਿ ਸਭ ਕੁਟੰਬੁ ਤਰਾਵੈ ॥

(ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਣ ਵਾਲੇ ਮਨੁੱਖ) ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ, ਸਾਥੀਆਂ ਨੂੰ ਪਾਰ ਲੰਘਾ ਲੈਂਦੇ ਹਨ। (ਸਿਫ਼ਤ-ਸਾਲਾਹ ਕਰਨ ਵਾਲਾ ਮਨੁੱਖ ਆਪਣੇ) ਸਾਰੇ ਪਰਵਾਰ ਨੂੰ ਪਾਰ ਲੰਘਾ ਲੈਂਦਾ ਹੈ।

ਜਨੁ ਨਾਨਕੁ ਤਿਸੁ ਬਲਿਹਾਰਣੈ ਜੋ ਮੇਰੇ ਹਰਿ ਪ੍ਰਭ ਭਾਵੈ ॥੧੫॥੧॥ ਸੁਧੁ ॥

ਦਾਸ ਨਾਨਕ ਉਸ ਮਨੁੱਖ ਤੋਂ ਸਦਕੇ ਜਾਂਦਾ ਹੈ ਜਿਹੜਾ (ਸਿਫ਼ਤ-ਸਾਲਾਹ ਕਰਨ ਦੀ ਬਰਕਤਿ ਨਾਲ) ਪਿਆਰੇ ਪ੍ਰਭੂ ਨੂੰ ਪਿਆਰਾ ਲੱਗਦਾ ਹੈ ॥੧੫॥੧॥ਸੁਧੁ ॥


ਰਾਗੁ ਕਾਨੜਾ ਬਾਣੀ ਨਾਮਦੇਵ ਜੀਉ ਕੀ ॥

ਰਾਗ ਕਾਨੜਾ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਐਸੋ ਰਾਮ ਰਾਇ ਅੰਤਰਜਾਮੀ ॥

ਸੁੱਧ-ਸਰੂਪ ਪਰਮਾਤਮਾ ਐਸਾ ਹੈ ਕਿ ਉਹ ਹਰੇਕ ਜੀਵ ਦੇ ਅੰਦਰ ਬੈਠਾ ਹੋਇਆ ਹੈ,

ਜੈਸੇ ਦਰਪਨ ਮਾਹਿ ਬਦਨ ਪਰਵਾਨੀ ॥੧॥ ਰਹਾਉ ॥

(ਪਰ ਹਰੇਕ ਦੇ ਅੰਦਰ ਵੱਸਦਾ ਭੀ ਇਉਂ) ਪ੍ਰਤੱਖ (ਨਿਰਲੇਪ ਰਹਿੰਦਾ ਹੈ) ਜਿਵੇਂ ਸ਼ੀਸ਼ੇ ਵਿਚ (ਸ਼ੀਸ਼ਾ ਵੇਖਣ ਵਾਲੇ ਦਾ) ਮੂੰਹ ॥੧॥ ਰਹਾਉ ॥

ਬਸੈ ਘਟਾ ਘਟ ਲੀਪ ਨ ਛੀਪੈ ॥

ਉਹ ਸੁੱਧ-ਸਰੂਪ ਹਰੇਕ ਘਟ ਵਿਚ ਵੱਸਦਾ ਹੈ, ਪਰ ਉਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ, ਉਸ ਨੂੰ ਮਾਇਆ ਦਾ ਦਾਗ਼ ਨਹੀਂ ਲੱਗਦਾ,

ਬੰਧਨ ਮੁਕਤਾ ਜਾਤੁ ਨ ਦੀਸੈ ॥੧॥

ਉਹ (ਸਦਾ ਮਾਇਆ ਦੇ) ਬੰਧਨਾਂ ਤੋਂ ਨਿਰਾਲਾ ਹੈ, ਕਦੇ ਭੀ ਉਹ (ਬੰਧਨਾਂ ਵਿਚ ਫਸਿਆ) ਨਹੀਂ ਦਿੱਸਦਾ ॥੧॥

ਪਾਨੀ ਮਾਹਿ ਦੇਖੁ ਮੁਖੁ ਜੈਸਾ ॥

ਤੁਸੀਂ ਜਿਵੇਂ ਪਾਣੀ ਵਿਚ (ਆਪਣਾ) ਮੂੰਹ ਵੇਖਦੇ ਹੋ, (ਮੂੰਹ ਪਾਣੀ ਵਿਚ ਟਿਕਿਆ ਦਿੱਸਦਾ ਹੈ, ਪਰ ਉਸ ਉੱਤੇ ਪਾਣੀ ਦਾ ਕੋਈ ਅਸਰ ਨਹੀਂ ਹੁੰਦਾ),

ਨਾਮੇ ਕੋ ਸੁਆਮੀ ਬੀਠਲੁ ਐਸਾ ॥੨॥੧॥

ਇਸੇ ਤਰ੍ਹਾਂ ਹੈ ਨਾਮੇ ਦਾ ਮਾਲਕ (ਜਿਸ ਨੂੰ ਨਾਮਾ) ਬੀਠਲ (ਆਖਦਾ) ਹੈ ॥੨॥੧॥

1
2