Raag Kanara Bani

Raag Kanara Bani

Raag Kanara Bani

Raag Kanara Bani

ਰਾਗ ਕਾਨੜਾ – ਬਾਣੀ ਸ਼ਬਦ-Raag Kanrha – Bani

Raag Kanara Bani

ਰਾਗੁ ਕਾਨੜਾ ਚਉਪਦੇ ਮਹਲਾ ੪ ਘਰੁ ੧ ॥

ਰਾਗ ਕਾਨੜਾ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਮੇਰਾ ਮਨੁ ਸਾਧ ਜਨਾਂ ਮਿਲਿ ਹਰਿਆ ॥

ਮੇਰਾ ਮਨ ਸੰਤ ਜਨਾਂ ਨੂੰ ਮਿਲ ਕੇ ਆਤਮਕ ਜੀਵਨ ਵਾਲਾ ਬਣ ਗਿਆ ਹੈ।

ਹਉ ਬਲਿ ਬਲਿ ਬਲਿ ਬਲਿ ਸਾਧ ਜਨਾਂ ਕਉ ਮਿਲਿ ਸੰਗਤਿ ਪਾਰਿ ਉਤਰਿਆ ॥੧॥ ਰਹਾਉ ॥

ਮੈਂ ਸੰਤ ਜਨਾਂ ਤੋਂ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ। (ਸੰਤ ਜਨਾਂ ਦੀ) ਸੰਗਤ ਵਿਚ ਮਿਲ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ ॥੧॥ ਰਹਾਉ ॥

ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ ਹਮ ਸਾਧ ਜਨਾਂ ਪਗ ਪਰਿਆ ॥

ਹੇ ਹਰੀ! ਹੇ ਪ੍ਰਭੂ! (ਮੇਰੇ ਉਤੇ) ਆਪਣੀ ਮਿਹਰ ਕਰ, ਮੈਂ ਸੰਤ ਜਨਾਂ ਦੀ ਚਰਨੀਂ ਲੱਗਾ ਰਹਾਂ।

ਧਨੁ ਧਨੁ ਸਾਧ ਜਿਨ ਹਰਿ ਪ੍ਰਭੁ ਜਾਨਿਆ ਮਿਲਿ ਸਾਧੂ ਪਤਿਤ ਉਧਰਿਆ ॥੧॥

ਸ਼ਾਬਾਸ਼ ਹੈ ਸੰਤ ਜਨਾਂ ਨੂੰ ਜਿਨ੍ਹਾਂ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਹੋਈ ਹੈ। ਸੰਤ ਜਨਾਂ ਨੂੰ ਮਿਲ ਕੇ ਵਿਕਾਰਾਂ ਵਿਚ ਡਿੱਗੇ ਹੋਏ ਮਨੁੱਖ ਵਿਕਾਰਾਂ ਤੋਂ ਬਚ ਜਾਂਦੇ ਹਨ ॥੧॥

ਮਨੂਆ ਚਲੈ ਚਲੈ ਬਹੁ ਬਹੁ ਬਿਧਿ ਮਿਲਿ ਸਾਧੂ ਵਸਗਤਿ ਕਰਿਆ ॥

(ਮਨੁੱਖ ਦਾ) ਮਨ (ਆਮ ਤੌਰ ਤੇ) ਕਈ ਤਰੀਕਿਆਂ ਨਾਲ ਸਦਾ ਭਟਕਦਾ ਫਿਰਦਾ ਹੈ, ਸੰਤ ਜਨਾਂ ਨੂੰ ਮਿਲ ਕੇ (ਇਉਂ) ਵੱਸ ਵਿਚ ਕਰ ਲਈਦਾ ਹੈ,

ਜਿਉਂ ਜਲ ਤੰਤੁ ਪਸਾਰਿਓ ਬਧਕਿ ਗ੍ਰਸਿ ਮੀਨਾ ਵਸਗਤਿ ਖਰਿਆ ॥੨॥

ਜਿਵੇਂ ਕਿਸੇ ਸ਼ਿਕਾਰੀ ਨੇ ਜਾਲ ਖਿਲਾਰਿਆ, ਅਤੇ ਮੱਛੀ ਨੂੰ (ਕੁੰਡੇ ਵਿਚ) ਫਸਾ ਕੇ ਕਾਬੂ ਕਰ ਕੇ ਲੈ ਗਿਆ ॥੨॥

ਹਰਿ ਕੇ ਸੰਤ ਸੰਤ ਭਲ ਨੀਕੇ ਮਿਲਿ ਸੰਤ ਜਨਾ ਮਲੁ ਲਹੀਆ ॥

ਪਰਮਾਤਮਾ ਦੇ ਸੇਵਕ ਸੰਤ ਜਨ ਭਲੇ ਅਤੇ ਚੰਗੇ ਜੀਵਨ ਵਾਲੇ ਹੁੰਦੇ ਹਨ, ਸੰਤ ਜਨਾਂ ਨੂੰ ਮਿਲ ਕੇ (ਮਨ ਦੀ ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ।

ਹਉਮੈ ਦੁਰਤੁ ਗਇਆ ਸਭੁ ਨੀਕਰਿ ਜਿਉ ਸਾਬੁਨਿ ਕਾਪਰੁ ਕਰਿਆ ॥੩॥

ਜਿਵੇਂ ਸਾਬਣ ਨਾਲ ਕੱਪੜਾ (ਸਾਫ਼) ਕਰ ਲਈਦਾ ਹੈ, (ਤਿਵੇਂ ਸੰਤ ਜਨਾਂ ਦੀ ਸੰਗਤ ਵਿਚ ਮਨੁੱਖ ਦੇ ਅੰਦਰੋਂ) ਹਉਮੈ ਦਾ ਵਿਕਾਰ ਸਾਰਾ ਨਿਕਲ ਜਾਂਦਾ ਹੈ ॥੩॥

ਮਸਤਕਿ ਲਿਲਾਟਿ ਲਿਖਿਆ ਧੁਰਿ ਠਾਕੁਰਿ ਗੁਰ ਸਤਿਗੁਰ ਚਰਨ ਉਰ ਧਰਿਆ ॥

ਹੇ ਦਾਸ ਨਾਨਕ! ਜਿਸ ਮਨੁੱਖ ਦੇ ਮੱਥੇ ਉੱਤੇ ਠਾਕੁਰ-ਪ੍ਰਭੂ ਨੇ ਧੁਰ ਦਰਗਾਹ ਤੋਂ (ਗੁਰੂ-ਮਿਲਾਪ ਦਾ ਲੇਖ) ਲਿਖ ਦਿੱਤਾ, ਉਸ ਨੇ ਗੁਰੂ ਦੇ ਚਰਨ ਆਪਣੇ ਹਿਰਦੇ ਵਿਚ ਵਸਾ ਲਏ।

ਸਭੁ ਦਾਲਦੁ ਦੂਖ ਭੰਜ ਪ੍ਰਭੁ ਪਾਇਆ ਜਨ ਨਾਨਕ ਨਾਮਿ ਉਧਰਿਆ ॥੪॥੧॥

ਉਸ ਨੇ ਉਹ ਪਰਮਾਤਮਾ ਲੱਭ ਲਿਆ ਜਿਹੜਾ ਸਾਰੀ ਗ਼ਰੀਬੀ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ। ਉਹ ਮਨੁੱਖ ਨਾਮ ਵਿਚ (ਜੁੜ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਿਆ ॥੪॥੧॥


Raag Kanara Bani

ਕਾਨੜਾ ਮਹਲਾ ੪ ॥
ਮੇਰਾ ਮਨੁ ਸੰਤ ਜਨਾ ਪਗ ਰੇਨ ॥

ਮੇਰਾ ਮਨ ਸੰਤ ਜਨਾਂ ਦੇ ਚਰਨਾਂ ਦੀ ਧੂੜ (ਮੰਗਦਾ ਹੈ)।

ਹਰਿ ਹਰਿ ਕਥਾ ਸੁਨੀ ਮਿਲਿ ਸੰਗਤਿ ਮਨੁ ਕੋਰਾ ਹਰਿ ਰੰਗਿ ਭੇਨ ॥੧॥ ਰਹਾਉ ॥

ਸੰਤ ਜਨਾਂ ਦੀ ਸੰਗਤ ਵਿਚ ਮਿਲ ਕੇ (ਜਿਸ ਨੇ ਭੀ) ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣੀ, ਉਸ ਦਾ ਕੋਰਾ ਮਨ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਭਿੱਜ ਗਿਆ ॥੧॥ ਰਹਾਉ ॥

ਹਮ ਅਚਿਤ ਅਚੇਤ ਨ ਜਾਨਹਿ ਗਤਿ ਮਿਤਿ ਗੁਰਿ ਕੀਏ ਸੁਚਿਤ ਚਿਤੇਨ ॥

ਅਸੀਂ ਜੀਵ (ਪਰਮਾਤਮਾ ਵਲੋਂ) ਬੇ-ਧਿਆਨੇ ਗ਼ਾਫ਼ਿਲ ਰਹਿੰਦੇ ਹਾਂ, ਅਸੀਂ ਨਹੀਂ ਜਾਣਦੇ ਕਿ ਪਰਮਾਤਮਾ ਕਿਹੋ ਜਿਹਾ ਉੱਚੀ ਆਤਮਕ ਅਵਸਥਾ ਵਾਲਾ ਹੈ ਅਤੇ ਕੇਡਾ ਬੇਅੰਤ ਵੱਡਾ ਹੈ। (ਜਿਹੜੇ ਗੁਰੂ ਦੀ ਸਰਨ ਪੈ ਗਏ, ਉਹਨਾਂ ਨੂੰ) ਗੁਰੂ ਨੇ ਸਿਆਣੇ ਚਿੱਤ ਵਾਲੇ ਬਣਾ ਦਿੱਤਾ।

ਪ੍ਰਭਿ ਦੀਨ ਦਇਆਲਿ ਕੀਓ ਅੰਗੀਕ੍ਰਿਤੁ ਮਨਿ ਹਰਿ ਹਰਿ ਨਾਮੁ ਜਪੇਨ ॥੧॥

ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ ਨੇ ਜਿਸ ਦਾ ਪੱਖ ਕੀਤਾ, ਉਸ ਨੇ ਆਪਣੇ ਮਨ ਵਿਚ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ॥੧॥

ਹਰਿ ਕੇ ਸੰਤ ਮਿਲਹਿ ਮਨ ਪ੍ਰੀਤਮ ਕਟਿ ਦੇਵਉ ਹੀਅਰਾ ਤੇਨ ॥

ਜੇ (ਮੇਰੇ) ਮਨ ਦੇ ਪਿਆਰੇ ਸੰਤ ਜਨ (ਮੈਨੂੰ) ਮਿਲ ਪੈਣ, ਤਾਂ ਮੈਂ ਉਹਨਾਂ ਨੂੰ (ਆਪਣਾ) ਹਿਰਦਾ ਕੱਟ ਕੇ ਦੇ ਦਿਆਂ।

ਹਰਿ ਕੇ ਸੰਤ ਮਿਲੇ ਹਰਿ ਮਿਲਿਆ ਹਮ ਕੀਏ ਪਤਿਤ ਪਵੇਨ ॥੨॥

(ਜਿਨ੍ਹਾਂ ਨੂੰ) ਪਰਮਾਤਮਾ ਦੇ ਸੰਤ ਮਿਲ ਪਏ, ਉਹਨਾਂ ਨੂੰ ਪਰਮਾਤਮਾ ਮਿਲ ਪਿਆ। ਸੰਤ ਜਨ ਅਸਾਂ ਜੀਵਾਂ ਨੂੰ ਪਤਿਤਾਂ ਤੋਂ ਪਵਿੱਤਰ ਕਰ ਲੈਂਦੇ ਹਨ ॥੨॥

ਹਰਿ ਕੇ ਜਨ ਊਤਮ ਜਗਿ ਕਹੀਅਹਿ ਜਿਨ ਮਿਲਿਆ ਪਾਥਰ ਸੇਨ ॥

ਪਰਮਾਤਮਾ ਦੇ ਸੇਵਕ ਜਗਤ ਵਿਚ ਉੱਚੇ ਜੀਵਨ ਵਾਲੇ ਅਖਵਾਂਦੇ ਹਨ, ਕਿਉਂਕਿ ਉਹਨਾਂ ਨੂੰ ਮਿਲਿਆਂ ਪੱਥਰ (ਭੀ ਅੰਦਰੋਂ) ਸਿੱਜ ਜਾਂਦੇ ਹਨ (ਪੱਥਰ-ਦਿਲ ਮਨੁੱਖ ਭੀ ਨਰਮ-ਦਿਲ ਹੋ ਜਾਂਦੇ ਹਨ)।

ਜਨ ਕੀ ਮਹਿਮਾ ਬਰਨਿ ਨ ਸਾਕਉ ਓਇ ਊਤਮ ਹਰਿ ਹਰਿ ਕੇਨ ॥੩॥

ਮੈਂ ਸੰਤ ਜਨਾਂ ਦੀ ਵਡਿਆਈ ਬਿਆਨ ਨਹੀਂ ਕਰ ਸਕਦਾ। ਪਰਮਾਤਮਾ ਨੇ (ਆਪ) ਉਹਨਾਂ ਨੂੰ ਉੱਚੇ ਜੀਵਨ ਵਾਲੇ ਬਣਾ ਦਿੱਤਾ ਹੈ ॥੩॥

ਤੁਮ੍ਰ ਹਰਿ ਸਾਹ ਵਡੇ ਪ੍ਰਭ ਸੁਆਮੀ ਹਮ ਵਣਜਾਰੇ ਰਾਸਿ ਦੇਨ ॥

ਹੇ ਪ੍ਰਭੂ! ਹੇ ਹਰੀ! ਹੇ ਸੁਆਮੀ! ਤੂੰ ਨਾਮ-ਖ਼ਜ਼ਾਨੇ ਦਾ ਮਾਲਕ ਹੈਂ, ਅਸੀਂ ਜੀਵ ਉਸ ਨਾਮ-ਧਨ ਦੇ ਵਪਾਰੀ ਹਾਂ, ਸਾਨੂੰ ਆਪਣਾ ਨਾਮ-ਸਰਮਾਇਆ ਦੇਹ।

ਜਨ ਨਾਨਕ ਕਉ ਦਇਆ ਪ੍ਰਭ ਧਾਰਹੁ ਲਦਿ ਵਾਖਰੁ ਹਰਿ ਹਰਿ ਲੇਨ ॥੪॥੨॥

ਹੇ ਪ੍ਰਭੂ! ਆਪਣੇ ਦਾਸ ਨਾਨਕ ਉੱਤੇ ਮਿਹਰ ਕਰ, ਮੈਂ ਤੇਰਾ ਨਾਮ-ਸੌਦਾ ਲੱਦ ਸਕਾਂ ॥੪॥੨॥


Raag Kanara Bani

ਕਾਨੜਾ ਮਹਲਾ ੪ ॥
ਜਪਿ ਮਨ ਰਾਮ ਨਾਮ ਪਰਗਾਸ ॥

ਹੇ ਮਨ! ਪਰਮਾਤਮਾ ਦਾ ਨਾਮ ਜਪਿਆ ਕਰ, (ਨਾਮ ਦੀ ਬਰਕਤਿ ਨਾਲ ਆਤਮਕ ਜੀਵਨ ਦੀ ਸੂਝ ਦਾ) ਚਾਨਣ (ਹੋ ਜਾਂਦਾ ਹੈ)।

ਹਰਿ ਕੇ ਸੰਤ ਮਿਲਿ ਪ੍ਰੀਤਿ ਲਗਾਨੀ ਵਿਚੇ ਗਿਰਹ ਉਦਾਸ ॥੧॥ ਰਹਾਉ ॥

ਪਰਮਾਤਮਾ ਦੇ ਸੰਤ ਜਨਾਂ ਨੂੰ ਮਿਲ ਕੇ (ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ) ਪਿਆਰ ਬਣ ਜਾਂਦਾ ਹੈ, ਉਹ ਗ੍ਰਿਹਸਤ ਵਿਚ ਹੀ (ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦੇ ਹਨ ॥੧॥ ਰਹਾਉ ॥

ਹਮ ਹਰਿ ਹਿਰਦੈ ਜਪਿਓ ਨਾਮੁ ਨਰਹਰਿ ਪ੍ਰਭਿ ਕ੍ਰਿਪਾ ਕਰੀ ਕਿਰਪਾਸ ॥

ਕਿਰਪਾਲ ਪ੍ਰਭੂ ਨੇ (ਜਦੋਂ ਅਸਾਂ ਜੀਵਾਂ ਉੱਤੇ) ਮਿਹਰ ਕੀਤੀ, ਅਸਾਂ ਹਿਰਦੇ ਵਿਚ ਉਸ ਦਾ ਨਾਮ ਜਪਿਆ।

ਅਨਦਿਨੁ ਅਨਦੁ ਭਇਆ ਮਨੁ ਬਿਗਸਿਆ ਉਦਮ ਭਏ ਮਿਲਨ ਕੀ ਆਸ ॥੧॥

(ਨਾਮ ਦੀ ਬਰਕਤਿ ਨਾਲ) ਹਰ ਵੇਲੇ (ਸਾਡੇ ਅੰਦਰ) ਆਨੰਦ ਬਣ ਗਿਆ, (ਸਾਡਾ) ਮਨ ਖਿੜ ਪਿਆ, (ਸਿਮਰਨ ਦਾ ਹੋਰ) ਉੱਦਮ ਹੁੰਦਾ ਗਿਆ, (ਪ੍ਰਭੂ ਨੂੰ) ਮਿਲਣ ਦੀ ਆਸ ਬਣਦੀ ਗਈ ॥੧॥

ਹਮ ਹਰਿ ਸੁਆਮੀ ਪ੍ਰੀਤਿ ਲਗਾਈ ਜਿਤਨੇ ਸਾਸ ਲੀਏ ਹਮ ਗ੍ਰਾਸ ॥

ਅਸਾਂ ਜਿਨ੍ਹਾਂ ਜੀਵਾਂ ਦੇ ਅੰਦਰ ਪਰਮਾਤਮਾ ਦਾ ਪਿਆਰ ਬਣਿਆ (ਤੇ) ਜਿਨ੍ਹਾਂ ਨੇ ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ (ਨਾਮ ਜਪਿਆ),

ਕਿਲਬਿਖ ਦਹਨ ਭਏ ਖਿਨ ਅੰਤਰਿ ਤੂਟਿ ਗਏ ਮਾਇਆ ਕੇ ਫਾਸ ॥੨॥

(ਉਹਨਾਂ ਦੇ) ਇਕ ਖਿਨ ਵਿਚ ਹੀ ਸਾਰੇ ਪਾਪ ਸੜ ਗਏ, ਮਾਇਆ ਦੀਆਂ ਫਾਹੀਆਂ ਟੁੱਟ ਗਈਆਂ ॥੨॥

ਕਿਆ ਹਮ ਕਿਰਮ ਕਿਆ ਕਰਮ ਕਮਾਵਹਿ ਮੂਰਖ ਮੁਗਧ ਰਖੇ ਪ੍ਰਭ ਤਾਸ ॥

ਪਰ, ਅਸਾਂ ਜੀਵਾਂ ਦੀ ਕੀਹ ਪਾਂਇਆਂ ਹੈ? ਅਸੀਂ ਤਾਂ ਕੀੜੇ ਹਾਂ। ਅਸੀਂ ਕੀਹ ਕਰਮ ਕਰ ਸਕਦੇ ਹਾਂ? ਸਾਡੀ ਮੂਰਖਾਂ ਦੀ ਤਾਂ ਉਹ ਪ੍ਰਭੂ (ਆਪ ਹੀ) ਰੱਖਿਆ ਕਰਦਾ ਹੈ।

ਅਵਗਨੀਆਰੇ ਪਾਥਰ ਭਾਰੇ ਸਤਸੰਗਤਿ ਮਿਲਿ ਤਰੇ ਤਰਾਸ ॥੩॥

ਅਸੀਂ ਔਗੁਣਾਂ ਨਾਲ ਭਰੇ ਰਹਿੰਦੇ ਹਾਂ, (ਔਗੁਣਾਂ ਦੇ ਭਾਰ ਨਾਲ) ਪੱਥਰ ਵਰਗੇ ਭਾਰੇ ਹਾਂ (ਅਸੀਂ ਕਿਵੇਂ ਇਸ ਸੰਸਾਰ-ਸਮੁੰਦਰ ਵਿਚੋਂ ਤਰ ਸਕਦੇ ਹਾਂ?) ਸਾਧ ਸੰਗਤ ਵਿਚ ਮਿਲ ਕੇ ਹੀ ਪਾਰ ਲੰਘ ਸਕਦੇ ਹਾਂ, (ਉਹ ਮਾਲਕ) ਪਾਰ ਲੰਘਾਂਦਾ ਹੈ ॥੩॥

ਜੇਤੀ ਸ੍ਰਿਸਟਿ ਕਰੀ ਜਗਦੀਸਰਿ ਤੇ ਸਭਿ ਊਚ ਹਮ ਨੀਚ ਬਿਖਿਆਸ ॥

ਜਗਤ ਦੇ ਮਾਲਕ-ਪ੍ਰਭੂ ਨੇ ਜਿਤਨੀ ਭੀ ਸ੍ਰਿਸ਼ਟੀ ਰਚੀ ਹੈ (ਇਸ ਦੇ) ਸਾਰੇ ਜੀਵ ਜੰਤ (ਅਸਾਂ ਮਨੁੱਖ ਅਖਵਾਣ ਵਾਲਿਆਂ ਨਾਲੋਂ) ਉੱਚੇ ਹਨ, ਅਸੀਂ ਵਿਸ਼ੇ-ਵਿਕਾਰਾਂ ਵਿਚ ਪੈ ਕੇ ਨੀਵੇਂ ਹਾਂ।

ਹਮਰੇ ਅਵਗੁਨ ਸੰਗਿ ਗੁਰ ਮੇਟੇ ਜਨ ਨਾਨਕ ਮੇਲਿ ਲੀਏ ਪ੍ਰਭ ਪਾਸ ॥੪॥੩॥

ਹੇ ਦਾਸ ਨਾਨਕ! ਪ੍ਰਭੂ ਸਾਡੇ ਔਗੁਣ ਗੁਰੂ ਦੀ ਸੰਗਤ ਵਿਚ ਮਿਟਾਂਦਾ ਹੈ। ਗੁਰੂ ਸਾਨੂੰ ਪ੍ਰਭੂ ਨਾਲ ਮਿਲਾਂਦਾ ਹੈ ॥੪॥੩॥


ਕਾਨੜਾ ਮਹਲਾ ੪ ॥
ਮੇਰੈ ਮਨਿ ਰਾਮ ਨਾਮੁ ਜਪਿਓ ਗੁਰ ਵਾਕ ॥

ਮੇਰੇ ਮਨ ਨੇ (ਭੀ) ਗੁਰੂ ਦੇ ਬਚਨਾਂ ਉੱਤੇ ਤੁਰ ਕੇ ਪਰਮਾਤਮਾ ਦਾ ਨਾਮ ਜਪਿਆ ਹੈ।

ਹਰਿ ਹਰਿ ਕ੍ਰਿਪਾ ਕਰੀ ਜਗਦੀਸਰਿ ਦੁਰਮਤਿ ਦੂਜਾ ਭਾਉ ਗਇਓ ਸਭ ਝਾਕ ॥੧॥ ਰਹਾਉ ॥

(ਜਿਸ ਮਨੁੱਖ ਉੱਤੇ) ਜਗਤ ਦੇ ਮਾਲਕ ਹਰੀ ਨੇ ਮਿਹਰ ਕੀਤੀ (ਉਸਨੇ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਪ੍ਰਭੂ ਦਾ ਨਾਮ ਜਪਿਆ, ਤੇ, ਉਸ ਦੇ ਅੰਦਰੋਂ) ਖੋਟੀ ਬੁੱਧੀ ਦੂਰ ਹੋ ਗਈ, ਮਾਇਆ ਦਾ ਮੋਹ ਮੁੱਕ ਗਿਆ, (ਮਾਇਆ ਵਾਲੀ) ਸਾਰੀ ਝਾਕ ਖ਼ਤਮ ਹੋਈ ॥੧॥ ਰਹਾਉ ॥

ਨਾਨਾ ਰੂਪ ਰੰਗ ਹਰਿ ਕੇਰੇ ਘਟਿ ਘਟਿ ਰਾਮੁ ਰਵਿਓ ਗੁਪਲਾਕ ॥

ਪਰਮਾਤਮਾ ਦੇ ਕਈ ਕਿਸਮਾਂ ਦੇ ਰੂਪ ਹਨ, ਕਈ ਕਿਸਮਾਂ ਦੇ ਰੰਗ ਹਨ। ਹਰੇਕ ਸਰੀਰ ਵਿਚ ਪਰਮਾਤਮਾ ਗੁਪਤ ਵੱਸ ਰਿਹਾ ਹੈ।

ਹਰਿ ਕੇ ਸੰਤ ਮਿਲੇ ਹਰਿ ਪ੍ਰਗਟੇ ਉਘਰਿ ਗਏ ਬਿਖਿਆ ਕੇ ਤਾਕ ॥੧॥

ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦੇ ਸੰਤ ਜਨ ਮਿਲ ਪੈਂਦੇ ਹਨ, ਉਹਨਾਂ ਦੇ ਅੰਦਰ ਪਰਮਾਤਮਾ ਪਰਗਟ ਹੋ ਜਾਂਦਾ ਹੈ। ਉਹਨਾਂ ਮਨੁੱਖਾਂ ਦੇ ਮਾਇਆ ਦੇ (ਮੋਹ ਵਾਲੇ ਬੰਦ) ਭਿੱਤ ਖੁਲ੍ਹ ਜਾਂਦੇ ਹਨ ॥੧॥

ਸੰਤ ਜਨਾ ਕੀ ਬਹੁਤੁ ਬਹੁ ਸੋਭਾ ਜਿਨ ਉਰਿ ਧਾਰਿਓ ਹਰਿ ਰਸਿਕ ਰਸਾਕ ॥

ਜਿਨ੍ਹਾਂ ਰਸੀਏ ਸੰਤ ਜਨਾਂ ਨੇ ਆਪਣੇ ਹਿਰਦੇ ਵਿਚ ਪਰਮਾਤਮਾ ਨੂੰ ਵਸਾ ਲਿਆ, ਉਹਨਾਂ ਦੀ (ਜਗਤ ਵਿਚ) ਬਹੁਤ ਸੋਭਾ ਹੁੰਦੀ ਹੈ।

ਹਰਿ ਕੇ ਸੰਤ ਮਿਲੇ ਹਰਿ ਮਿਲਿਆ ਜੈਸੇ ਗਊ ਦੇਖਿ ਬਛਰਾਕ ॥੨॥

ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਦੇ ਇਹੋ (ਜਿਹੇ) ਸੰਤ ਮਿਲ ਪੈਂਦੇ ਹਨ, ਉਹਨਾਂ ਨੂੰ ਪਰਮਾਤਮਾ ਮਿਲ ਪੈਂਦਾ ਹੈ (ਉਹ ਇਉਂ ਪ੍ਰਸੰਨ ਚਿੱਤ ਰਹਿੰਦੇ ਹਨ) ਜਿਵੇਂ ਗਾਂ ਨੂੰ ਵੇਖ ਕੇ ਉਸ ਦਾ ਵੱਛਾ ॥੨॥

ਹਰਿ ਕੇ ਸੰਤ ਜਨਾ ਮਹਿ ਹਰਿ ਹਰਿ ਤੇ ਜਨ ਊਤਮ ਜਨਕ ਜਨਾਕ ॥

ਪਰਮਾਤਮਾ ਆਪਣੇ ਸੰਤ ਜਨਾਂ ਦੇ ਅੰਦਰ (ਪ੍ਰਤੱਖ ਵੱਸਦਾ ਹੈ), ਉਹ ਸੰਤ ਜਨ ਹੋਰ ਸਭ ਮਨੁੱਖਾਂ ਨਾਲੋਂ ਉੱਚੇ ਜੀਵਨ ਵਾਲੇ ਹੁੰਦੇ ਹਨ।

ਤਿਨ ਹਰਿ ਹਿਰਦੈ ਬਾਸੁ ਬਸਾਨੀ ਛੂਟਿ ਗਈ ਮੁਸਕੀ ਮੁਸਕਾਕ ॥੩॥

ਉਹਨਾਂ ਨੇ ਆਪਣੇ ਹਿਰਦੇ ਵਿਚ ਹਰਿ-ਨਾਮ ਦੀ ਸੁਗੰਧੀ ਵਸਾ ਲਈ ਹੁੰਦੀ ਹੈ (ਇਸ ਵਾਸਤੇ ਉਹਨਾਂ ਦੇ ਅੰਦਰੋਂ ਵਿਕਾਰਾਂ ਦੀ) ਬਦਬੂ ਮੁੱਕ ਜਾਂਦੀ ਹੈ ॥੩॥

ਤੁਮਰੇ ਜਨ ਤੁਮ੍ਰ ਹੀ ਪ੍ਰਭ ਕੀਏ ਹਰਿ ਰਾਖਿ ਲੇਹੁ ਆਪਨ ਅਪਨਾਕ ॥

ਹੇ ਪ੍ਰਭੂ! ਆਪਣੇ ਸੇਵਕਾਂ ਨੂੰ ਤੂੰ ਆਪ ਹੀ (ਚੰਗੇ) ਬਣਾਂਦਾ ਹੈਂ, ਉਹਨਾਂ ਨੂੰ ਤੂੰ ਆਪ ਹੀ ਆਪਣੇ ਬਣਾ ਕੇ ਉਹਨਾਂ ਦੀ ਰੱਖਿਆ ਕਰਦਾ ਹੈਂ।

ਜਨ ਨਾਨਕ ਕੇ ਸਖਾ ਹਰਿ ਭਾਈ ਮਾਤ ਪਿਤਾ ਬੰਧਪ ਹਰਿ ਸਾਕ ॥੪॥੪॥

ਹੇ ਨਾਨਕ! ਪ੍ਰਭੂ ਜੀ ਆਪਣੇ ਸੇਵਕਾਂ ਦੇ ਮਿੱਤਰ ਹਨ, ਭਰਾ ਹਨ, ਮਾਂ ਹਨ, ਪਿਉ ਹਨ, ਅਤੇ ਸਾਕ-ਸਨਬੰਧੀ ਹਨ ॥੪॥੪॥


ਕਾਨੜਾ ਮਹਲਾ ੪ ॥
ਮੇਰੇ ਮਨ ਹਰਿ ਹਰਿ ਰਾਮ ਨਾਮੁ ਜਪਿ ਚੀਤਿ ॥

ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਦਾ ਆਪਣੇ ਅੰਦਰ ਜਪਿਆ ਕਰ।

ਹਰਿ ਹਰਿ ਵਸਤੁ ਮਾਇਆ ਗੜਿ੍ ਵੇੜ੍ਰੀ  ਗੁਰ ਕੈ ਸਬਦਿ ਲੀਓ ਗੜੁ ਜੀਤਿ ॥੧॥ ਰਹਾਉ ॥

(ਤੇਰੇ ਅੰਦਰ) ਪਰਮਾਤਮਾ ਦਾ ਨਾਮ ਇਕ ਕੀਮਤੀ ਚੀਜ਼ (ਹੈ, ਪਰ ਉਹ) ਮਾਇਆ ਦੇ (ਮੋਹ ਦੇ) ਕਿਲ੍ਹੇ ਵਿਚ ਘਿਰੀ ਪਈ ਹੈ (ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਉਸ) ਕਿਲ੍ਹੇ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ ਜਿੱਤ ਲੈਂਦਾ ਹੈ ॥੧॥ ਰਹਾਉ ॥

ਮਿਥਿਆ ਭਰਮਿ ਭਰਮਿ ਬਹੁ ਭ੍ਰਮਿਆ ਲੁਬਧੋ ਪੁਤ੍ਰ ਕਲਤ੍ਰ ਮੋਹ ਪ੍ਰੀਤਿ ॥

(ਜੀਵ) ਨਾਸਵੰਤ ਪਦਾਰਥਾਂ ਦੀ ਖ਼ਾਤਰ ਸਦਾ ਹੀ ਭਟਕਦਾ ਫਿਰਦਾ ਹੈ, ਪੁੱਤਰ ਇਸਤ੍ਰੀ ਦੇ ਮੋਹ ਪਿਆਰ ਵਿਚ ਫਸਿਆ ਰਹਿੰਦਾ ਹੈ।

ਜੈਸੇ ਤਰਵਰ ਕੀ ਤੁਛ ਛਾਇਆ ਖਿਨ ਮਹਿ ਬਿਨਸਿ ਜਾਇ ਦੇਹ ਭੀਤਿ ॥੧॥

ਪਰ ਜਿਵੇਂ ਰੁੱਖ ਦੀ ਛਾਂ ਥੋੜ੍ਹੇ ਹੀ ਸਮੇ ਲਈ ਹੁੰਦੀ ਹੈ, ਤਿਵੇਂ ਮਨੁੱਖ ਦਾ ਆਪਣਾ ਹੀ ਸਰੀਰ ਇਕ ਖਿਨ ਵਿਚ ਢਹਿ ਜਾਂਦਾ ਹੈ (ਜਿਵੇਂ ਕੱਚੀ) ਕੰਧ ॥੧॥

ਹਮਰੇ ਪ੍ਰਾਨ ਪ੍ਰੀਤਮ ਜਨ ਊਤਮ ਜਿਨ ਮਿਲਿਆ ਮਨਿ ਹੋਇ ਪ੍ਰਤੀਤਿ ॥

ਪਰਮਾਤਮਾ ਦੇ ਸੇਵਕ ਉੱਚੇ ਜੀਵਨ ਵਾਲੇ ਹੁੰਦੇ ਹਨ, ਉਹ ਸਾਨੂੰ ਪ੍ਰਾਣਾਂ ਤੋਂ ਭੀ ਪਿਆਰੇ ਲੱਗਦੇ ਹਨ, ਕਿਉਂਕਿ ਉਹਨਾਂ ਨੂੰ ਮਿਲਿਆਂ ਮਨ ਵਿਚ (ਪਰਮਾਤਮਾ ਵਾਸਤੇ) ਸਰਧਾ ਪੈਂਦੀ ਹੁੰਦੀ ਹੈ,

ਪਰਚੈ ਰਾਮੁ ਰਵਿਆ ਘਟ ਅੰਤਰਿ ਅਸਥਿਰੁ ਰਾਮੁ ਰਵਿਆ ਰੰਗਿ ਪ੍ਰੀਤਿ ॥੨॥

ਪਰਮਾਤਮਾ ਪ੍ਰਸੰਨ ਹੁੰਦਾ ਹੈ, ਸਭ ਸਰੀਰਾਂ ਵਿਚ ਵੱਸਦਾ ਦਿੱਸਦਾ ਹੈ, ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਪ੍ਰੇਮ-ਰੰਗ ਵਿਚ ਸਿਮਰਿਆ ਜਾ ਸਕਦਾ ਹੈ ॥੨॥

ਹਰਿ ਕੇ ਸੰਤ ਸੰਤ ਜਨ ਨੀਕੇ ਜਿਨ ਮਿਲਿਆਂ ਮਨੁ ਰੰਗਿ ਰੰਗੀਤਿ ॥

ਪਰਮਾਤਮਾ ਦੇ ਭਗਤ ਚੰਗੇ ਜੀਵਨ ਵਾਲੇ ਹੁੰਦੇ ਹਨ, ਕਿਉਂਕਿ ਉਹਨਾਂ ਨੂੰ ਮਿਲਿਆਂ ਮਨ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ।

ਹਰਿ ਰੰਗੁ ਲਹੈ ਨ ਉਤਰੈ ਕਬਹੂ ਹਰਿ ਹਰਿ ਜਾਇ ਮਿਲੈ ਹਰਿ ਪ੍ਰੀਤਿ ॥੩॥

ਪ੍ਰਭੂ-ਪ੍ਰੇਮ ਦਾ ਉਹ ਰੰਗ ਕਦੇ ਭੀ ਲਹਿੰਦਾ ਨਹੀਂ, ਕਦੇ ਭੀ ਉਤਰਦਾ ਨਹੀਂ। ਉਸ ਪ੍ਰੇਮ ਦੀ ਬਰਕਤਿ ਨਾਲ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਆ ਪਹੁੰਚਦਾ ਹੈ ॥੩॥

ਹਮ ਬਹੁ ਪਾਪ ਕੀਏ ਅਪਰਾਧੀ ਗੁਰਿ ਕਾਟੇ ਕਟਿਤ ਕਟੀਤਿ ॥

ਅਸੀਂ ਜੀਵ ਬੜੇ ਪਾਪ ਕਰਦੇ ਰਹਿੰਦੇ ਹਾਂ, ਅਸੀਂ ਬੜੇ ਮੰਦ-ਕਰਮੀ ਹਾਂ (ਜਿਹੜੇ ਭੀ ਮਨੁੱਖ ਗੁਰੂ ਦੀ ਸਰਨ ਜਾ ਪਏ) ਗੁਰੂ ਨੇ (ਉਹਨਾਂ ਦੇ ਸਾਰੇ ਪਾਪ) ਪੂਰਨ ਤੌਰ ਤੇ ਕੱਟ ਦਿੱਤੇ।

ਹਰਿ ਹਰਿ ਨਾਮੁ ਦੀਓ ਮੁਖਿ ਅਉਖਧੁ ਜਨ ਨਾਨਕ ਪਤਿਤ ਪੁਨੀਤਿ ॥੪॥੫॥

ਹੇ ਦਾਸ ਨਾਨਕ! (ਗੁਰੂ ਨੇ ਜਿਨ੍ਹਾਂ ਦੇ) ਮੁਖ ਵਿਚ ਪਰਮਾਤਮਾ ਦਾ ਨਾਮ-ਦਾਰੂ ਦਿੱਤਾ, ਉਹਨਾਂ ਨੂੰ ਵਿਕਾਰੀਆਂ ਤੋਂ ਪਵਿੱਤਰ ਜੀਵਨ ਵਾਲੇ ਬਣਾ ਦਿੱਤਾ ॥੪॥੫॥


ਕਾਨੜਾ ਮਹਲਾ ੪ ॥
ਜਪਿ ਮਨ ਰਾਮ ਨਾਮ ਜਗੰਨਾਥ ॥

ਹੇ ਮਨ! ਜਗਤ ਦੇ ਨਾਥ ਪਰਮਾਤਮਾ ਦਾ ਨਾਮ ਜਪਿਆ ਕਰ।

ਘੂਮਨ ਘੇਰ ਪਰੇ ਬਿਖੁ ਬਿਖਿਆ ਸਤਿਗੁਰ ਕਾਢਿ ਲੀਏ ਦੇ ਹਾਥ ॥੧॥ ਰਹਾਉ ॥

(ਜਿਹੜੇ ਮਨੁੱਖ) ਆਤਮਕ ਮੌਤ ਲਿਆਉਣ ਵਾਲੀ ਮਾਇਆ ਦੀਆਂ ਘੁੰਮਣ ਘੇਰੀਆਂ ਵਿਚ ਡਿੱਗੇ ਰਹਿੰਦੇ ਹਨ, ਉਹਨਾਂ ਨੂੰ ਭੀ ਗੁਰੂ (ਆਪਣਾ) ਹੱਥ ਦੇ ਕੇ (ਹਰਿ ਨਾਮ ਵਿਚ ਜੋੜ ਕੇ ਉਹਨਾਂ ਵਿਚੋਂ) ਕੱਢ ਲੈਂਦਾ ਹੈ ॥੧॥ ਰਹਾਉ ॥

ਸੁਆਮੀ ਅਭੈ ਨਿਰੰਜਨ ਨਰਹਰਿ ਤੁਮ੍ਰ ਰਾਖਿ ਲੇਹੁ ਹਮ ਪਾਪੀ ਪਾਥ ॥

ਹੇ (ਸਾਡੇ) ਮਾਲਕ-ਪ੍ਰਭੂ! ਹੇ ਨਿਰਭਉ ਪ੍ਰਭੂ! ਹੇ ਨਿਰਲੇਪ ਪ੍ਰਭੂ! ਅਸੀਂ ਜੀਵ ਪਾਪੀ ਹਾਂ, ਪੱਥਰ (ਹੋ ਚੁਕੇ) ਹਾਂ, (ਮਿਹਰ ਕਰ) ਸਾਨੂੰ (ਗੁਰੂ ਦੀ ਸੰਗਤ ਵਿਚ ਰੱਖ ਕੇ ਵਿਕਾਰਾਂ ਵਿਚ ਡੁੱਬਣੋਂ) ਬਚਾ ਲੈ।

ਕਾਮ ਕ੍ਰੋਧ ਬਿਖਿਆ ਲੋਭਿ ਲੁਭਤੇ ਕਾਸਟ ਲੋਹ ਤਰੇ ਸੰਗਿ ਸਾਥ ॥੧॥

(ਅਸੀਂ) ਕਾਮ ਕ੍ਰੋਧ ਅਤੇ ਮਾਇਆ ਦੇ ਲੋਭ ਵਿਚ ਗ੍ਰਸੇ ਰਹਿੰਦੇ ਹਾਂ। (ਜਿਵੇਂ) ਕਾਠ (ਬੇੜੀ) ਦੀ ਸੰਗਤ ਵਿਚ ਲੋਹਾ (ਨਦੀ ਤੋਂ) ਪਾਰ ਲੰਘ ਜਾਂਦਾ ਹੈ (ਸਾਨੂੰ ਵੀ ਸੰਸਾਰ ਸਮੁੰਦ੍ਰ ਤੋਂ ਪਾਰ ਕਰ ਲੈ) ॥੧॥

ਤੁਮ੍ਰ ਵਡ ਪੁਰਖ ਬਡ ਅਗਮ ਅਗੋਚਰ ਹਮ ਢੂਢਿ ਰਹੇ ਪਾਈ ਨਹੀ ਹਾਥ ॥

ਹੇ ਸੁਆਮੀ! ਤੂੰ (ਅਸਾਂ ਜੀਵਾਂ ਦੇ ਵਿਤ ਨਾਲੋਂ) ਬਹੁਤ ਹੀ ਵੱਡਾ ਹੈਂ, ਤੂੰ ਅਪਹੁੰਚ ਹੈਂ, ਜੀਵਾਂ ਦੇ ਗਿਆਨ-ਇੰਦ੍ਰਿਆਂ ਦੀ ਤੇਰੇ ਤਕ ਪਹੁੰਚ ਨਹੀਂ ਹੈ। ਅਸੀਂ ਜੀਵ ਭਾਲ ਕਰ ਕੇ ਥੱਕ ਗਏ ਹਾਂ, ਤੇਰੀ ਡੂੰਘਾਈ ਅਸੀਂ ਲੱਭ ਨਹੀਂ ਸਕੇ।

ਤੂ ਪਰੈ ਪਰੈ ਅਪਰੰਪਰੁ ਸੁਆਮੀ ਤੂ ਆਪਨ ਜਾਨਹਿ ਆਪਿ ਜਗੰਨਾਥ ॥੨॥

ਤੂੰ ਬੇਅੰਤ ਹੈਂ, ਪਰੇ ਤੋਂ ਪਰੇ ਹੈਂ। ਹੇ ਜਗਤ ਦੇ ਨਾਥ! ਆਪਣੇ ਆਪ ਨੂੰ ਤੂੰ ਆਪ ਹੀ ਜਾਣਦਾ ਹੈਂ ॥੨॥

ਅਦ੍ਰਿਸਟੁ ਅਗੋਚਰ ਨਾਮੁ ਧਿਆਏ ਸਤਸੰਗਤਿ ਮਿਲਿ ਸਾਧੂ ਪਾਥ ॥

ਪਰਮਾਤਮਾ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ। (ਮਨੁੱਖ) ਉਸ ਅਗੋਚਰ ਪ੍ਰਭੂ ਦਾ ਨਾਮ ਸਾਧ-ਸੰਗਤ ਵਿਚ ਮਿਲ ਕੇ ਗੁਰੂ ਦਾ ਦਸਿਆ ਰਸਤਾ ਫੜ ਕੇ ਹੀ ਜਪ ਸਕਦਾ ਹੈ।

ਹਰਿ ਹਰਿ ਕਥਾ ਸੁਨੀ ਮਿਲਿ ਸੰਗਤਿ ਹਰਿ ਹਰਿ ਜਪਿਓ ਅਕਥ ਕਥ ਕਾਥ ॥੩॥

ਸਾਧ-ਸੰਗਤ ਵਿਚ ਮਿਲ ਕੇ ਹੀ ਪਰਮਾਤਮ ਦੀ ਸਿਫ਼ਤ-ਸਾਲਾਹ ਸੁਣੀ ਜਾ ਸਕਦੀ ਹੈ, ਉਸ ਹਰੀ ਦਾ ਨਾਮ ਜਪਿਆ ਜਾ ਸਕਦਾ ਹੈ ਜਿਸ ਦੇ ਸਾਰੇ ਗੁਣਾਂ ਦਾ ਬਿਆਨ (ਜੀਵਾਂ ਪਾਸੋਂ) ਨਹੀਂ ਹੋ ਸਕਦਾ ॥੩॥

ਹਮਰੇ ਪ੍ਰਭ ਜਗਦੀਸ ਗੁਸਾਈ ਹਮ ਰਾਖਿ ਲੇਹੁ ਜਗੰਨਾਥ ॥

ਹੇ ਸਾਡੇ ਪ੍ਰਭੂ! ਹੇ ਜਗਤ ਦੇ ਮਾਲਕ! ਹੇ ਸ੍ਰਿਸ਼ਟੀ ਦੇ ਖਸਮ! ਹੇ ਜਗਤ ਦੇ ਨਾਥ! ਅਸਾਂ ਜੀਵਾਂ ਨੂੰ (ਕਾਮ ਕ੍ਰੋਧ ਲੋਭ ਆਦਿਕ ਤੋਂ) ਬਚਾਈ ਰੱਖ।

ਜਨ ਨਾਨਕੁ ਦਾਸੁ ਦਾਸ ਦਾਸਨ ਕੋ ਪ੍ਰਭ ਕਰਹੁ ਕ੍ਰਿਪਾ ਰਾਖਹੁ ਜਨ ਸਾਥ ॥੪॥੬॥

ਹੇ ਪ੍ਰਭੂ! ਤੇਰਾ ਦਾਸ ਨਾਨਕ ਤੇਰੇ ਦਾਸਾਂ ਦੇ ਦਾਸਾਂ ਦਾ ਦਾਸ ਹੈ। ਮਿਹਰ ਕਰ, (ਮੈਨੂੰ) ਆਪਣੇ ਸੇਵਕਾਂ ਦੀ ਸੰਗਤ ਵਿਚ ਰੱਖ ॥੪॥੬॥


ਕਾਨੜਾ ਮਹਲਾ ੪ ਪੜਤਾਲ ਘਰੁ ੫ ॥

ਰਾਗ ਕਾਨੜਾ, ਘਰ ੫ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ‘ਪੜਤਾਲ’।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਮਨ ਜਾਪਹੁ ਰਾਮ ਗੁਪਾਲ ॥

ਹੇ (ਮੇਰੇ) ਮਨ! ਸ੍ਰਿਸ਼ਟੀ ਦੇ ਪਾਲਣਹਾਰ ਪਰਮਾਤਮਾ (ਦਾ ਨਾਮ) ਜਪਿਆ ਕਰ।

ਹਰਿ ਰਤਨ ਜਵੇਹਰ ਲਾਲ ॥

ਹੇ ਮਨ! ਹਰੀ ਦਾ ਨਾਮ ਰਤਨ ਹਨ, ਜਵਾਹਰ ਹਨ, ਲਾਲ ਹਨ।

ਹਰਿ ਗੁਰਮੁਖਿ ਘੜਿ ਟਕਸਾਲ ॥

ਹੇ ਮਨ! ਹਰੀ ਦਾ ਨਾਮ (ਤੇਰੇ ਵਾਸਤੇ ਇਕ ਸੁੰਦਰ ਗਹਿਣਾ ਹੈ, ਇਸ ਨੂੰ) ਗੁਰੂ ਦੀ ਸਰਨ ਪੈ ਕੇ (ਸਾਧ ਸੰਗਤ ਦੀ) ਟਕਸਾਲ ਵਿਚ ਘੜਿਆ ਕਰ।

ਹਰਿ ਹੋ ਹੋ ਕਿਰਪਾਲ ॥੧॥ ਰਹਾਉ ॥

ਹੇ ਮਨ! ਹਰੀ ਸਦਾ ਦਇਆਵਾਨ ਹੈ ॥੧॥ ਰਹਾਉ ॥

ਤੁਮਰੇ ਗੁਨ ਅਗਮ ਅਗੋਚਰ ਏਕ ਜੀਹ ਕਿਆ ਕਥੈ ਬਿਚਾਰੀ ਰਾਮ ਰਾਮ ਰਾਮ ਰਾਮ ਲਾਲ ॥

ਹੇ ਪ੍ਰਭੂ! ਹੇ ਸੋਹਣੇ ਲਾਲ! ਤੇਰੇ ਗੁਣਾਂ ਤਕ ਪਹੁੰਚ ਨਹੀਂ ਹੋ ਸਕਦੀ, ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, (ਜੀਵ ਦੀ) ਵਿਚਾਰੀ ਇੱਕ ਜੀਭ (ਤੇਰੇ ਗੁਣਾਂ ਨੂੰ) ਬਿਆਨ ਨਹੀਂ ਕਰ ਸਕਦੀ।

ਤੁਮਰੀ ਜੀ ਅਕਥ ਕਥਾ ਤੂ ਤੂ ਤੂ ਹੀ ਜਾਨਹਿ ਹਉ ਹਰਿ ਜਪਿ ਭਈ ਨਿਹਾਲ ਨਿਹਾਲ ਨਿਹਾਲ ॥੧॥

ਹੇ ਪ੍ਰਭੂ ਜੀ! ਤੇਰੀ ਸਿਫ਼ਤ-ਸਾਲਾਹ ਬਿਆਨ ਤੋਂ ਪਰੇ ਹੈ, ਤੂੰ ਆਪ ਹੀ (ਆਪਣੀਆਂ ਸਿਫ਼ਤਾਂ) ਜਾਣਦਾ ਹੈਂ। ਹੇ ਹਰੀ! ਮੈਂ (ਤੇਰਾ ਨਾਮ) ਜਪ ਕੇ ਸਦਾ ਲਈ ਪ੍ਰਸੰਨ-ਚਿੱਤ ਹੋ ਗਈ ਹਾਂ ॥੧॥

ਹਮਰੇ ਹਰਿ ਪ੍ਰਾਨ ਸਖਾ ਸੁਆਮੀ ਹਰਿ ਮੀਤਾ ਮੇਰੇ ਮਨਿ ਤਨਿ ਜੀਹ ਹਰਿ ਹਰੇ ਹਰੇ ਰਾਮ ਨਾਮ ਧਨੁ ਮਾਲ ॥

ਪ੍ਰਭੂ ਜੀ ਅਸਾਂ ਜੀਵਾਂ ਦੇ ਪ੍ਰਾਣਾਂ ਦੇ ਮਿੱਤਰ ਹਨ, ਸਾਡੇ ਮਾਲਕ ਹਨ, ਸਾਡੇ ਮਿੱਤਰ ਹਨ। ਮੇਰੇ ਮਨ ਵਿਚ, ਮੇਰੇ ਤਨ ਵਿਚ, ਮੇਰੀ ਜੀਭ ਵਾਸਤੇ ਪਰਮਾਤਮਾ ਦਾ ਨਾਮ ਹੀ ਧਨ ਹੈ ਨਾਮ ਹੀ ਸਰਮਾਇਆ ਹੈ।

ਜਾ ਕੋ ਭਾਗੁ ਤਿਨਿ ਲੀਓ ਰੀ ਸੁਹਾਗੁ ਹਰਿ ਹਰਿ ਹਰੇ ਹਰੇ ਗੁਨ ਗਾਵੈ ਗੁਰਮਤਿ ਹਉ ਬਲਿ ਬਲੇ ਹਉ ਬਲਿ ਬਲੇ ਜਨ ਨਾਨਕ ਹਰਿ ਜਪਿ ਭਈ ਨਿਹਾਲ ਨਿਹਾਲ ਨਿਹਾਲ ॥੨॥੧॥੭॥

ਹੇ ਸਹੇਲੀ! ਜਿਸ ਦੇ ਮੱਥੇ ਦਾ ਭਾਗ ਜਾਗ ਪਿਆ, ਉਸ ਨੇ ਆਪਣਾ ਖਸਮ-ਪ੍ਰਭੂ ਲੱਭ ਲਿਆ, ਉਹ ਗੁਰੂ ਦੀ ਮੱਤ ਉੱਤੇ ਤੁਰ ਕੇ ਸਦਾ ਪ੍ਰਭੂ ਦੇ ਗੁਣ ਗਾਂਦੀ ਹੈ। ਹੇ ਦਾਸ ਨਾਨਕ! ਮੈਂ ਪ੍ਰਭੂ ਤੋਂ ਸਦਾ ਸਦਕੇ ਹਾਂ, ਉਸ ਦਾ ਨਾਮ ਜਪ ਜਪ ਕੇ ਮੇਰੇ ਅੰਦਰ ਖਿੜਾਉ ਪੈਦਾ ਹੋ ਜਾਂਦਾ ਹੈ ॥੨॥੧॥੭॥


ਕਾਨੜਾ ਮਹਲਾ ੪ ॥
ਹਰਿ ਗੁਨ ਗਾਵਹੁ ਜਗਦੀਸ ॥

ਉਸ ਜਗਤ ਦੇ ਮਾਲਕ-ਪ੍ਰਭੂ ਦੇ ਗੁਣ ਸਦਾ ਗਾਂਦੇ ਰਹੋ।

ਏਕਾ ਜੀਹ ਕੀਚੈ ਲਖ ਬੀਸ ॥

(ਪਰਮਾਤਮਾ ਦਾ ਨਾਮ ਜਪਣ ਵਾਸਤੇ) ਆਪਣੀ ਇੱਕ ਜੀਭ ਨੂੰ ਵੀਹ ਲੱਖ ਜੀਭਾਂ ਬਣਾ ਲੈਣਾ ਚਾਹੀਦਾ ਹੈ।

ਜਪਿ ਹਰਿ ਹਰਿ ਸਬਦਿ ਜਪੀਸ ॥

ਗੁਰੂ ਦੇ ਸ਼ਬਦ ਦੀ ਰਾਹੀਂ ਉਸ ਜਪਣ-ਯੋਗ ਹਰੀ ਦਾ ਨਾਮ ਸਦਾ ਜਪਿਆ ਕਰੋ।

ਹਰਿ ਹੋ ਹੋ ਕਿਰਪੀਸ ॥੧॥ ਰਹਾਉ ॥

ਹੇ ਭਾਈ! ਹਰੀ ਪ੍ਰਭੂ ਦਇਆ ਦਾ ਘਰ ਹੈ ॥੧॥ ਰਹਾਉ ॥

ਹਰਿ ਕਿਰਪਾ ਕਰਿ ਸੁਆਮੀ ਹਮ ਲਾਇ ਹਰਿ ਸੇਵਾ ਹਰਿ ਜਪਿ ਜਪੇ ਹਰਿ ਜਪਿ ਜਪੇ ਜਪੁ ਜਾਪਉ ਜਗਦੀਸ ॥

ਹੇ ਹਰੀ! ਹੇ ਸੁਆਮੀ! ਮਿਹਰ ਕਰ, ਅਸਾਂ ਜੀਵਾਂ ਨੂੰ ਆਪਣੀ ਭਗਤੀ ਵਿਚ ਲਾਈ ਰੱਖ। ਹੇ ਹਰੀ! ਹੇ ਜਗਤ ਦੇ ਈਸ਼ਵਰ! ਮੈਂ ਸਦਾ ਹੀ ਤੇਰਾ ਨਾਮ ਜਪਦਾ ਰਹਾਂ।

ਤੁਮਰੇ ਜਨ ਰਾਮੁ ਜਪਹਿ ਤੇ ਊਤਮ ਤਿਨ ਕਉ ਹਉ ਘੁਮਿ ਘੁਮੇ ਘੁਮਿ ਘੁਮਿ ਜੀਸ ॥੧॥

ਹੇ ਪ੍ਰਭੂ! ਜਿਹੜੇ ਤੇਰੇ ਸੇਵਕ ਤੇਰਾ ਰਾਮ-ਨਾਮ ਜਪਦੇ ਹਨ ਉਹ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ, ਸਦਾ ਸਦਕੇ ਜਾਂਦਾ ਹਾਂ ॥੧॥

ਹਰਿ ਤੁਮ ਵਡ ਵਡੇ ਵਡੇ ਵਡ ਊਚੇ ਸੋ ਕਰਹਿ ਜਿ ਤੁਧੁ ਭਾਵੀਸ ॥

ਹੇ ਹਰੀ! ਤੂੰ ਸਭ ਤੋਂ ਵੱਡਾ ਹੈਂ ਤੂੰ ਬਹੁਤ ਵੱਡਾ ਹੈਂ, ਤੂੰ ਉਹ ਕਰਦਾ ਹੈਂ ਜੋ ਤੈਨੂੰ ਚੰਗਾ ਲੱਗਦਾ ਹੈ।

ਜਨ ਨਾਨਕ ਅੰਮ੍ਰਿਤੁ ਪੀਆ ਗੁਰਮਤੀ ਧਨੁ ਧੰਨੁ ਧਨੁ ਧੰਨੁ ਧੰਨੁ ਗੁਰੂ ਸਾਬੀਸ ॥੨॥੨॥੮॥

ਹੇ ਦਾਸ ਨਾਨਕ! ਉਹ ਗੁਰੂ ਧੰਨ ਹੈ, ਸਲਾਹੁਣ-ਜੋਗ ਹੈ, ਜਿਸ ਦੀ ਮੱਤ ਲੈ ਕੇ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਲਈਦਾ ਹੈ ॥੨॥੨॥੮॥


ਕਾਨੜਾ ਮਹਲਾ ੪ ॥
ਭਜੁ ਰਾਮੋ ਮਨਿ ਰਾਮ ॥

ਹੇ ਭਾਈ! ਉਸ ਦੇ ਨਾਮ ਦਾ ਭਜਨ ਆਪਣੇ ਮਨ ਵਿਚ ਕਰਿਆ ਕਰ,

ਜਿਸੁ ਰੂਪ ਨ ਰੇਖ ਵਡਾਮ ॥

ਜਿਸ ਰਾਮ ਦੀ ਸ਼ਕਲ ਜਿਸ ਦੇ ਚਿਹਨ-ਚੱਕਰ ਨਹੀਂ ਦੱਸੇ ਜਾ ਸਕਦੇ, ਜੋ ਰਾਮ ਸਭ ਤੋਂ ਵੱਡਾ ਹੈ।

ਸਤਸੰਗਤਿ ਮਿਲੁ ਭਜੁ ਰਾਮ ॥

ਹੇ ਭਾਈ! ਸਾਧ ਸੰਗਤ ਵਿਚ ਮਿਲ ਅਤੇ ਰਾਮ ਦਾ ਭਜਨ ਕਰ,

ਬਡ ਹੋ ਹੋ ਭਾਗ ਮਥਾਮ ॥੧॥ ਰਹਾਉ ॥

ਤੇਰੇ ਮੱਥੇ ਦੇ ਵੱਡੇ ਭਾਗ ਹੋ ਜਾਣਗੇ ॥੧॥ ਰਹਾਉ ॥

ਜਿਤੁ ਗ੍ਰਿਹਿ ਮੰਦਰਿ ਹਰਿ ਹੋਤੁ ਜਾਸੁ ਤਿਤੁ ਘਰਿ ਆਨਦੋ ਆਨੰਦੁ ਭਜੁ ਰਾਮ ਰਾਮ ਰਾਮ ॥

ਜਿਸ ਹਿਰਦੇ-ਘਰ ਵਿਚ ਜਿਸ ਹਿਰਦੇ-ਮੰਦਰ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਹੁੰਦੀ ਹੈ, ਉਸ ਹਿਰਦੇ-ਘਰ ਵਿਚ ਆਨੰਦ ਹੀ ਆਨੰਦ ਬਣਿਆ ਰਹਿੰਦਾ ਹੈ। ਸਦਾ ਰਾਮ ਦਾ ਭਜਨ ਕਰਦਾ ਰਹੁ।

ਰਾਮ ਨਾਮ ਗੁਨ ਗਾਵਹੁ ਹਰਿ ਪ੍ਰੀਤਮ ਉਪਦੇਸਿ ਗੁਰੂ ਗੁਰ ਸਤਿਗੁਰਾ ਸੁਖੁ ਹੋਤੁ ਹਰਿ ਹਰੇ ਹਰਿ ਹਰੇ ਹਰੇ ਭਜੁ ਰਾਮ ਰਾਮ ਰਾਮ ॥੧॥

ਹਰੀ ਪ੍ਰੀਤਮ ਦੇ ਨਾਮ ਦੇ ਗੁਣ ਗਾਂਦਾ ਰਹੁ, ਗੁਰੂ ਸਤਿਗੁਰ ਦੇ ਉਪਦੇਸ਼ ਦੀ ਰਾਹੀਂ ਗੁਣ ਗਾਂਦਾ ਰਹੁ। ਰਾਮ ਨਾਮ ਦਾ ਭਜਨ ਕਰਦਾ ਰਹੁ, ਹਰਿ-ਨਾਮ ਜਪਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ॥੧॥

ਸਭ ਸਿਸਟਿ ਧਾਰ ਹਰਿ ਤੁਮ ਕਿਰਪਾਲ ਕਰਤਾ ਸਭੁ ਤੂ ਤੂ ਤੂ ਰਾਮ ਰਾਮ ਰਾਮ ॥

ਹੇ ਹਰੀ! ਤੂੰ ਸਾਰੀ ਸ੍ਰਿਸ਼ਟੀ ਦਾ ਆਸਰਾ ਹੈਂ, ਤੂੰ ਦਇਆ ਦਾ ਘਰ ਹੈਂ, ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ, ਹਰ ਥਾਂ ਤੂੰ ਹੀ ਤੂੰ ਹੈਂ।

ਜਨ ਨਾਨਕੋ ਸਰਣਾਗਤੀ ਦੇਹੁ ਗੁਰਮਤੀ ਭਜੁ ਰਾਮ ਰਾਮ ਰਾਮ ॥੨॥੩॥੯॥

ਦਾਸ ਨਾਨਕ ਤੇਰੀ ਸਰਨ ਆਇਆ ਹੈ, (ਦਾਸ ਨੂੰ) ਗੁਰੂ ਦੀ ਸਿੱਖਿਆ ਬਖ਼ਸ਼। ਸਦਾ ਰਾਮ ਦੇ ਨਾਮ ਦਾ ਭਜਨ ਕਰਦਾ ਰਹੁ ॥੨॥੩॥੯॥


ਕਾਨੜਾ ਮਹਲਾ ੪ ॥
ਸਤਿਗੁਰ ਚਾਟਉ ਪਗ ਚਾਟ ॥

ਮੈਂ ਉਸ ਗੁਰੂ ਦੇ ਚਰਨ ਚੁੰਮਦਾ ਹਾਂ,

ਜਿਤੁ ਮਿਲਿ ਹਰਿ ਪਾਧਰ ਬਾਟ ॥

ਜਿਸ ਗੁਰੂ ਨੂੰ ਮਿਲ ਕੇ ਪਰਮਾਤਮਾ ਦੇ ਮਿਲਾਪ ਦਾ ਸਿੱਧਾ ਰਾਹ ਲੱਭ ਪੈਂਦਾ ਹੈ।

ਭਜੁ ਹਰਿ ਰਸੁ ਰਸ ਹਰਿ ਗਾਟ ॥

(ਤੂੰ ਭੀ ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਭਜਨ ਕਰਿਆ ਕਰ, ਪਰਮਾਤਮਾ ਦਾ ਨਾਮ-ਜਲ ਗਟ ਗਟ ਕਰ ਕੇ ਪੀਆ ਕਰ।

ਹਰਿ ਹੋ ਹੋ ਲਿਖੇ ਲਿਲਾਟ ॥੧॥ ਰਹਾਉ ॥

ਹੇ ਭਾਈ! ਤੇਰੇ ਮੱਥੇ ਦੇ ਲੇਖ ਉੱਘੜ ਪੈਣਗੇ ॥੧॥ ਰਹਾਉ ॥

ਖਟ ਕਰਮ ਕਿਰਿਆ ਕਰਿ ਬਹੁ ਬਹੁ ਬਿਸਥਾਰ ਸਿਧ ਸਾਧਿਕ ਜੋਗੀਆ ਕਰਿ ਜਟ ਜਟਾ ਜਟ ਜਾਟ ॥

(ਪੰਡਿਤਾਂ ਵਾਂਗ ਸ਼ਾਸਤ੍ਰਾਂ ਦੇ ਦੱਸੇ ਹੋਏ) ਛੇ ਕਰਮਾਂ ਦੀ ਕਿਰਿਆ ਕਰ ਕੇ (ਇਹੋ ਜਿਹੇ) ਹੋਰ ਬਥੇਰੇ ਖਿਲਾਰੇ ਕਰ ਕੇ, ਸਿੱਧਾਂ ਜੋਗੀਆਂ ਸਾਧਿਕਾਂ ਵਾਂਗ ਜਟਾਂ ਧਾਰ ਕੇ,

ਕਰਿ ਭੇਖ ਨ ਪਾਈਐ ਹਰਿ ਬ੍ਰਹਮ ਜੋਗੁ ਹਰਿ ਪਾਈਐ ਸਤਸੰਗਤੀ ਉਪਦੇਸਿ ਗੁਰੂ ਗੁਰ ਸੰਤ ਜਨਾ ਖੋਲਿ ਖੋਲਿ ਕਪਾਟ ॥੧॥

ਧਾਰਮਿਕ ਪਹਿਰਾਵੇ ਪਾਣ ਨਾਲ ਪਰਮਾਤਮਾ ਦਾ ਮਿਲਾਪ ਹਾਸਲ ਨਹੀਂ ਕਰ ਸਕੀਦਾ। ਪਰਮਾਤਮਾ ਮਿਲਦਾ ਹੈ ਸਾਧ ਸੰਗਤ ਵਿਚ। (ਇਸ ਵਾਸਤੇ, ਹੇ ਭਾਈ!) ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ ਗੁਰੂ ਦੇ ਉਪਦੇਸ਼ ਨਾਲ ਤੂੰ ਆਪਣੇ ਮਨ ਦੇ ਕਵਾੜ ਖੋਲ੍ਹ ॥੧॥

ਤੂ ਅਪਰੰਪਰੁ ਸੁਆਮੀ ਅਤਿ ਅਗਾਹੁ ਤੂ ਭਰਪੁਰਿ ਰਹਿਆ ਜਲ ਥਲੇ ਹਰਿ ਇਕੁ ਇਕੋ ਇਕ ਏਕੈ ਹਰਿ ਥਾਟ ॥

ਹੇ ਪ੍ਰਭੂ! ਹੇ ਮਾਲਕ! ਤੂੰ ਪਰੇ ਤੋਂ ਪਰੇ ਹੈਂ, ਤੂੰ ਬਹੁਤ ਅਥਾਹ ਹੈਂ, ਤੂੰ ਪਾਣੀ ਵਿਚ ਧਰਤੀ ਵਿਚ ਹਰ ਥਾਂ ਵਿਆਪਕ ਹੈਂ। ਹੇ ਹਰੀ! ਇਹ ਸਾਰੀ ਜਗਤ-ਉਤਪੱਤੀ ਸਿਰਫ਼ ਤੇਰੀ ਹੀ ਹੈ।

ਤੂ ਜਾਣਹਿ ਸਭ ਬਿਧਿ ਬੂਝਹਿ ਆਪੇ ਜਨ ਨਾਨਕ ਕੇ ਪ੍ਰਭ ਘਟਿ ਘਟੇ ਘਟਿ ਘਟੇ ਘਟਿ ਹਰਿ ਘਾਟ ॥੨॥੪॥੧੦॥

(ਇਸ ਸ੍ਰਿਸ਼ਟੀ ਬਾਰੇ) ਤੂੰ ਸਾਰੇ ਢੰਗ ਜਾਣਦਾ ਹੈਂ, ਤੂੰ ਆਪ ਹੀ ਸਮਝਦਾ ਹੈਂ। ਹੇ ਦਾਸ ਨਾਨਕ ਦੇ ਪ੍ਰਭੂ! ਤੂੰ ਹਰੇਕ ਸਰੀਰ ਵਿਚ ਹਰੇਕ ਸਰੀਰ ਵਿਚ ਮੌਜੂਦ ਹੈਂ ॥੨॥੪॥੧੦॥


ਕਾਨੜਾ ਮਹਲਾ ੪ ॥
ਜਪਿ ਮਨ ਗੋਬਿਦ ਮਾਧੋ ॥

ਹੇ ਮਨ! ਮਾਇਆ ਦੇ ਪਤੀ ਗੋਬਿੰਦ ਦਾ ਨਾਮ ਜਪਿਆ ਕਰੋ,

ਹਰਿ ਹਰਿ ਅਗਮ ਅਗਾਧੋ ॥

ਜੋ ਅਪਹੁੰਚ ਹੈ ਤੇ ਅਥਾਹ ਹੈ।

ਮਤਿ ਗੁਰਮਤਿ ਹਰਿ ਪ੍ਰਭੁ ਲਾਧੋ ॥

ਉਸ ਮਨੁੱਖ ਨੂੰ ਗੁਰੂ ਦੀ ਮੱਤ ਦੀ ਰਾਹੀਂ ਪਰਮਾਤਮਾ ਲੱਭ ਪੈਂਦਾ ਹੈ,

ਧੁਰਿ ਹੋ ਹੋ ਲਿਖੇ ਲਿਲਾਧੋ ॥੧॥ ਰਹਾਉ ॥

ਜਿਸ ਦੇ ਮੱਥੇ ਤੇ ਧੁਰ ਦਰਗਾਹ ਤੋਂ (ਪ੍ਰਭੂ-ਮਿਲਾਪ ਦਾ ਲੇਖ) ਲਿਖਿਆ ਹੁੰਦਾ ਹੈ ॥੧॥ ਰਹਾਉ ॥

ਬਿਖੁ ਮਾਇਆ ਸੰਚਿ ਬਹੁ ਚਿਤੈ ਬਿਕਾਰ ਸੁਖੁ ਪਾਈਐ ਹਰਿ ਭਜੁ ਸੰਤ ਸੰਤ ਸੰਗਤੀ ਮਿਲਿ ਸਤਿਗੁਰੂ ਗੁਰੁ ਸਾਧੋ ॥

ਆਤਮਕ ਮੌਤ ਲਿਆਉਣ ਵਾਲੀ ਮਾਇਆ ਨੂੰ ਇਕੱਠੀ ਕਰ ਕੇ ਮਨੁੱਖ ਅਨੇਕਾਂ ਵਿਕਾਰ ਚਿਤਵਨ ਲੱਗ ਪੈਂਦਾ ਹੈ। ਸਾਧ ਸੰਗਤ ਵਿਚ ਮਿਲ ਕੇ, ਗੁਰੂ ਸਤਿਗੁਰੂ ਨੂੰ ਮਿਲ ਕੇ ਹਰਿ-ਨਾਮ ਦਾ ਭਜਨ ਕਰਿਆ ਕਰ (ਇਸ ਤਰ੍ਹਾਂ ਹੀ) ਸੁਖ ਮਿਲ ਸਕਦਾ ਹੈ।

ਜਿਉ ਛੁਹਿ ਪਾਰਸ ਮਨੂਰ ਭਏ ਕੰਚਨ ਤਿਉ ਪਤਿਤ ਜਨ ਮਿਲਿ ਸੰਗਤੀ ਸੁਧ ਹੋਵਤ ਗੁਰਮਤੀ ਸੁਧ ਹਾਧੋ ॥੧॥

ਜਿਵੇਂ ਪਾਰਸ ਨਾਲ ਛੁਹ ਕੇ ਸੜਿਆ ਹੋਇਆ ਲੋਹਾ ਸੋਨਾ ਬਣ ਜਾਂਦਾ ਹੈ; ਤਿਵੇਂ ਹੀ ਵਿਕਾਰੀ ਮਨੁੱਖ ਸਾਧ ਸੰਗਤ ਵਿਚ ਮਿਲ ਕੇ, ਗੁਰੂ ਦੀ ਮੱਤ ਲੈ ਕੇ, ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ ॥੧॥

ਜਿਉ ਕਾਸਟ ਸੰਗਿ ਲੋਹਾ ਬਹੁ ਤਰਤਾ ਤਿਉ ਪਾਪੀ ਸੰਗਿ ਤਰੇ ਸਾਧ ਸਾਧ ਸੰਗਤੀ ਗੁਰ ਸਤਿਗੁਰੂ ਗੁਰ ਸਾਧੋ ॥

ਜਿਵੇਂ ਕਾਠ (ਬੇੜੀ) ਦੀ ਸੰਗਤ ਵਿਚ ਬਹੁਤ ਲੋਹਾ (ਨਦੀ ਤੋਂ) ਪਾਰ ਲੰਘ ਜਾਂਦਾ ਹੈ, ਤਿਵੇਂ ਵਿਕਾਰੀ ਮਨੁੱਖ ਭੀ ਸਾਧ ਸੰਗਤ ਵਿਚ ਗੁਰੂ ਦੀ ਸੰਗਤ ਵਿਚ ਰਹਿ ਕੇ (ਸੰਸਾਰ-ਸਮੁੰਦਰ ਤੋਂ) ਤਰ ਜਾਂਦੇ ਹਨ।

ਚਾਰਿ ਬਰਨ ਚਾਰਿ ਆਸ੍ਰਮ ਹੈ ਕੋਈ ਮਿਲੈ ਗੁਰੂ ਗੁਰ ਨਾਨਕ ਸੋ ਆਪਿ ਤਰੈ ਕੁਲ ਸਗਲ ਤਰਾਧੋ ॥੨॥੫॥੧੧॥

ਹੇ ਨਾਨਕ! (ਬ੍ਰਾਹਮਣ ਖੱਤ੍ਰੀ ਆਦਿਕ) ਚਾਰ ਵਰਨ (ਪ੍ਰਸਿੱਧ) ਹਨ, (ਬ੍ਰਹਮ ਚਰਜ ਆਦਿਕ) ਚਾਰ ਆਸ਼੍ਰਮ (ਪ੍ਰਸਿੱਧ) ਹਨ, (ਇਹਨਾਂ ਵਿਚੋਂ) ਜਿਹੜਾ ਭੀ ਕੋਈ ਗੁਰੂ ਨੂੰ ਮਿਲਦਾ ਹੈ, ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਅਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ ॥੨॥੫॥੧੧॥


ਕਾਨੜਾ ਮਹਲਾ ੪ ॥
ਹਰਿ ਜਸੁ ਗਾਵਹੁ ਭਗਵਾਨ ॥

ਹੇ ਭਾਈ! ਹਰੀ ਦੇ ਭਗਵਾਨ ਦੇ ਗੁਣ ਗਾਇਆ ਕਰੋ।

ਜਸੁ ਗਾਵਤ ਪਾਪ ਲਹਾਨ ॥

(ਹਰੀ ਦੇ) ਗੁਣ ਗਾਂਦਿਆਂ ਪਾਪ ਦੂਰ ਹੋ ਜਾਂਦੇ ਹਨ।

ਮਤਿ ਗੁਰਮਤਿ ਸੁਨਿ ਜਸੁ ਕਾਨ ॥

ਹੇ ਭਾਈ! ਗੁਰੂ ਦੀ ਮੱਤ ਲੈ ਕੇ (ਆਪਣੇ) ਕੰਨਾਂ ਨਾਲ ਹਰੀ ਦੀ ਸਿਫ਼ਤ-ਸਾਲਾਹ ਸੁਣਿਆ ਕਰ,

ਹਰਿ ਹੋ ਹੋ ਕਿਰਪਾਨ ॥੧॥ ਰਹਾਉ ॥

ਹਰਿ ਦਇਆਵਾਨ ਹੋ ਜਾਂਦਾ ਹੈ ॥੧॥ ਰਹਾਉ ॥

ਤੇਰੇ ਜਨ ਧਿਆਵਹਿ ਇਕ ਮਨਿ ਇਕ ਚਿਤਿ ਤੇ ਸਾਧੂ ਸੁਖ ਪਾਵਹਿ ਜਪਿ ਹਰਿ ਹਰਿ ਨਾਮੁ ਨਿਧਾਨ ॥

ਹੇ ਪ੍ਰਭੂ! ਤੇਰੇ ਸੇਵਕ ਇਕ-ਮਨ ਇਕ-ਚਿੱਤ ਹੋ ਕੇ ਤੇਰਾ ਧਿਆਨ ਕਰਦੇ ਹਨ, ਸੁਖਾਂ ਦਾ ਖ਼ਜ਼ਾਨਾ ਤੇਰਾ ਨਾਮ ਜਪ ਜਪ ਕੇ ਉਹ ਗੁਰਮੁਖ ਮਨੁੱਖ ਆਤਮਕ ਆਨੰਦ ਮਾਣਦੇ ਹਨ।

ਉਸਤਤਿ ਕਰਹਿ ਪ੍ਰਭ ਤੇਰੀਆ ਮਿਲਿ ਸਾਧੂ ਸਾਧ ਜਨਾ ਗੁਰ ਸਤਿਗੁਰੂ ਭਗਵਾਨ ॥੧॥

ਹੇ ਪ੍ਰਭੂ! ਹੇ ਭਗਵਾਨ! ਤੇਰੇ ਸੰਤ ਜਨ ਗੁਰੂ ਸਤਿਗੁਰੂ ਨੂੰ ਮਿਲ ਕੇ ਤੇਰੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ ॥੧॥

ਜਿਨ ਕੈ ਹਿਰਦੈ ਤੂ ਸੁਆਮੀ ਤੇ ਸੁਖ ਫਲ ਪਾਵਹਿ ਤੇ ਤਰੇ ਭਵ ਸਿੰਧੁ ਤੇ ਭਗਤ ਹਰਿ ਜਾਨ ॥

ਹੇ ਮਾਲਕ! ਜਿਨ੍ਹਾਂ ਦੇ ਹਿਰਦੇ ਵਿਚ ਤੂੰ ਵੱਸ ਪੈਂਦਾ ਹੈਂ, ਉਹ ਆਤਮਕ ਆਨੰਦ ਦਾ ਫਲ ਹਾਸਲ ਕਰਦੇ ਹਨ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ। ਉਹਨਾਂ ਨੂੰ ਭੀ ਹਰੀ ਦੇ ਭਗਤ ਜਾਣੋ।

ਤਿਨ ਸੇਵਾ ਹਮ ਲਾਇ ਹਰੇ ਹਮ ਲਾਇ ਹਰੇ ਜਨ ਨਾਨਕ ਕੇ ਹਰਿ ਤੂ ਤੂ ਤੂ ਤੂ ਤੂ ਭਗਵਾਨ ॥੨॥੬॥੧੨॥

ਹੇ ਹਰੀ! ਹੇ ਦਾਸ ਨਾਨਕ ਦੇ ਭਗਵਾਨ! ਮੈਨੂੰ (ਆਪਣੇ) ਉਹਨਾਂ ਸੰਤ ਜਨਾਂ ਦੀ ਸੇਵਾ ਵਿਚ ਲਾਈ ਰੱਖ, ਸੇਵਾ ਵਿਚ ਲਾਈ ਰੱਖ ॥੨॥੬॥੧੨॥


ਕਾਨੜਾ ਮਹਲਾ ੫ ਘਰੁ ੨ ॥

ਰਾਗ ਕਾਨੜਾ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਗਾਈਐ ਗੁਣ ਗੋਪਾਲ ਕ੍ਰਿਪਾ ਨਿਧਿ ॥

ਆਓ, (ਗੁਰੂ ਨੂੰ ਮਿਲ ਕੇ) ਰਲ ਕੇ ਦਇਆ-ਦੇ-ਖ਼ਜ਼ਾਨੇ ਗੋਪਾਲ ਦੇ ਗੁਣ ਗਾਵਿਆ ਕਰੀਏ,

ਦੁਖ ਬਿਦਾਰਨ ਸੁਖਦਾਤੇ ਸਤਿਗੁਰ ਜਾ ਕਉ ਭੇਟਤ ਹੋਇ ਸਗਲ ਸਿਧਿ ॥੧॥ ਰਹਾਉ ॥

ਜਿਸ ਗੁਰੂ ਨੂੰ ਮਿਲਿਆਂ (ਜ਼ਿੰਦਗੀ ਵਿਚ) ਸਾਰੀ ਸਫਲਤਾ ਹੋ ਜਾਂਦੀ ਹੈ, ਉਸ ਦੁਖਾਂ ਦੇ ਨਾਸ ਕਰਨ ਵਾਲੇ ਅਤੇ ਸੁਖਾਂ ਦੇ ਦੇਣ ਵਾਲੇ ਗੁਰੂ ਨੂੰ ਮਿਲ ਕੇ (ਗੋਪਾਲ ਦੇ ਗੁਣ ਗਾਵੀਏ) ॥੧॥ ਰਹਾਉ ॥

ਸਿਮਰਤ ਨਾਮੁ ਮਨਹਿ ਸਾਧਾਰੈ ॥

ਨਾਮ ਸਿਮਰਿਆਂ ਨਾਮ (ਮਨੁੱਖ ਦੇ) ਮਨ ਨੂੰ (ਵਿਕਾਰਾਂ ਦੇ ਟਾਕਰੇ ਤੇ) ਸਹਾਰਾ ਦੇਂਦਾ ਹੈ।

ਕੋਟਿ ਪਰਾਧੀ ਖਿਨ ਮਹਿ ਤਾਰੈ ॥੧॥

ਹਰਿ-ਨਾਮ ਕ੍ਰੋੜਾਂ ਪਾਪੀਆਂ ਨੂੰ ਇਕ ਖਿਨ ਵਿਚ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧॥

ਜਾ ਕਉ ਚੀਤਿ ਆਵੈ ਗੁਰੁ ਅਪਨਾ ॥

ਜਿਸ ਮਨੁੱਖ ਨੂੰ ਆਪਣਾ ਸਤਿਗੁਰੂ ਚੇਤੇ ਰਹਿੰਦਾ ਹੈ (ਉਹ ਮਨੁੱਖ ਸਦਾ ਹਰਿ-ਨਾਮ ਜਪਦਾ ਹੈ, ਜਿਸ ਦੀ ਬਰਕਤਿ ਨਾਲ)

ਤਾ ਕਉ ਦੂਖੁ ਨਹੀ ਤਿਲੁ ਸੁਪਨਾ ॥੨॥

ਉਸ ਨੂੰ ਸੁਪਨੇ ਵਿਚ ਭੀ ਰਤਾ ਭਰ ਭੀ ਕੋਈ ਦੁੱਖ ਪੋਹ ਨਹੀਂ ਸਕਦਾ ॥੨॥

ਜਾ ਕਉ ਸਤਿਗੁਰੁ ਅਪਨਾ ਰਾਖੈ ॥

ਪਿਆਰਾ ਗੁਰੂ ਜਿਸ ਮਨੁੱਖ ਦੀ ਰੱਖਿਆ ਕਰਦਾ ਹੈ,

ਸੋ ਜਨੁ ਹਰਿ ਰਸੁ ਰਸਨਾ ਚਾਖੈ ॥੩॥

ਉਹ ਮਨੁੱਖ (ਆਪਣੀ) ਜੀਭ ਨਾਲ ਪਰਮਾਤਮਾ ਦਾ ਨਾਮ-ਰਸ ਚੱਖਦਾ ਰਹਿੰਦਾ ਹੈ ॥੩॥

ਕਹੁ ਨਾਨਕ ਗੁਰਿ ਕੀਨੀ ਮਇਆ ॥

ਨਾਨਕ ਆਖਦਾ ਹੈ- (ਜਿਨ੍ਹਾਂ ਮਨੁੱਖਾਂ ਉਤੇ) ਗੁਰੂ ਨੇ ਮਿਹਰ ਕੀਤੀ,

ਹਲਤਿ ਪਲਤਿ ਮੁਖ ਊਜਲ ਭਇਆ ॥੪॥੧॥

ਉਹਨਾਂ ਦੇ ਮੂੰਹ ਇਸ ਲੋਕ ਵਿਚ ਅਤੇ ਪਰਲੋਕ ਵਿਚ ਉਜਲੇ ਹੋ ਗਏ ॥੪॥੧॥


ਕਾਨੜਾ ਮਹਲਾ ੫ ॥
ਆਰਾਧਉ ਤੁਝਹਿ ਸੁਆਮੀ ਅਪਨੇ ॥

ਹੇ (ਮੇਰੇ) ਆਪਣੇ ਮਾਲਕ! ਮੈਂ (ਸਦਾ) ਤੈਨੂੰ ਹੀ ਯਾਦ ਕਰਦਾ ਰਹਿੰਦਾ ਹਾਂ।

ਊਠਤ ਬੈਠਤ ਸੋਵਤ ਜਾਗਤ ਸਾਸਿ ਸਾਸਿ ਸਾਸਿ ਹਰਿ ਜਪਨੇ ॥੧॥ ਰਹਾਉ ॥

ਹੇ ਹਰੀ! ਉਠਦਿਆਂ, ਬੈਠਦਿਆਂ, ਸੁੱਤਿਆਂ, ਜਾਗਦਿਆਂ, ਹਰੇਕ ਸਾਹ ਦੇ ਨਾਲ ਮੈਂ ਤੇਰਾ ਹੀ ਨਾਮ ਜਪਦਾ ਹਾਂ ॥੧॥ ਰਹਾਉ ॥

ਤਾ ਕੈ ਹਿਰਦੈ ਬਸਿਓ ਨਾਮੁ ॥

ਉਸ ਮਨੁੱਖ ਦੇ ਹਿਰਦੇ ਵਿਚ (ਉਸ ਮਾਲਕ ਦਾ) ਨਾਮ ਟਿਕ ਜਾਂਦਾ ਹੈ,

ਜਾ ਕਉ ਸੁਆਮੀ ਕੀਨੋ ਦਾਨੁ ॥੧॥

ਮਾਲਕ-ਪ੍ਰਭੂ ਜਿਸ ਮਨੁੱਖ ਨੂੰ (ਨਾਮ ਦੀ) ਦਾਤ ਬਖ਼ਸ਼ਦਾ ਹੈ ॥੧॥

ਤਾ ਕੈ ਹਿਰਦੈ ਆਈ ਸਾਂਤਿ ॥

ਉਸ ਮਨੁੱਖ ਦੇ ਹਿਰਦੇ ਵਿਚ (ਵਿਕਾਰਾਂ ਦੀ ਅੱਗ ਵਲੋਂ) ਠੰਢ ਪੈ ਜਾਂਦੀ ਹੈ,

ਠਾਕੁਰ ਭੇਟੇ ਗੁਰ ਬਚਨਾਂਤਿ ॥੨॥

ਜਿਹੜਾ ਮਨੁੱਖ ਗੁਰੂ ਦੇ ਉਪਦੇਸ਼ ਉੱਤੇ ਤੁਰ ਕੇ ਮਾਲਕ-ਪ੍ਰਭੂ ਨੂੰ ਮਿਲ ਪੈਂਦਾ ਹੈ ॥੨॥

ਸਰਬ ਕਲਾ ਸੋਈ ਪਰਬੀਨ ॥

ਉਹੀ ਮਨੁੱਖ ਸਾਰੀਆਂ ਆਤਮਕ ਤਾਕਤਾਂ ਵਿਚ ਸਿਆਣਾ ਹੈ,

ਨਾਮ ਮੰਤ੍ਰੁ ਜਾ ਕਉ ਗੁਰਿ ਦੀਨ ॥੩॥

ਜਿਸ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ-ਮੰਤ੍ਰ ਦੇ ਦਿੱਤਾ ॥੩॥

ਕਹੁ ਨਾਨਕ ਤਾ ਕੈ ਬਲਿ ਜਾਉ ॥

ਨਾਨਕ ਆਖਦਾ ਹੈ- ਮੈਂ ਉਸ (ਮਨੁੱਖ) ਤੋਂ ਸਦਕੇ ਜਾਂਦਾ ਹਾਂ,

ਕਲਿਜੁਗ ਮਹਿ ਪਾਇਆ ਜਿਨਿ ਨਾਉ ॥੪॥੨॥

ਜਿਸ ਮਨੁੱਖ ਨੇ ਇਸ ਬਖੇੜਿਆਂ-ਭਰੇ ਜਗਤ ਵਿਚ ਪਰਮਾਤਮਾ ਦਾ ਨਾਮ-ਖ਼ਜ਼ਾਨਾ ਲੱਭ ਲਿਆ ॥੪॥੨॥


ਕਾਨੜਾ ਮਹਲਾ ੫ ॥
ਕੀਰਤਿ ਪ੍ਰਭ ਕੀ ਗਾਉ ਮੇਰੀ ਰਸਨਾਂ ॥

ਹੇ ਮੇਰੀ ਜੀਭ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਇਆ ਕਰ।

ਅਨਿਕ ਬਾਰ ਕਰਿ ਬੰਦਨ ਸੰਤਨ ਊਹਾਂ ਚਰਨ ਗੋਬਿੰਦ ਜੀ ਕੇ ਬਸਨਾ ॥੧॥ ਰਹਾਉ ॥

ਸੰਤ-ਜਨਾਂ ਦੇ ਚਰਨਾਂ ਉਤੇ ਅਨੇਕਾਂ ਵਾਰੀ ਨਮਸਕਾਰ ਕਰਿਆ ਕਰ, ਸੰਤ ਜਨਾਂ ਦੇ ਹਿਰਦੇ ਵਿਚ ਸਦਾ ਪਰਮਾਤਮਾ ਦੇ ਚਰਨ ਵੱਸਦੇ ਹਨ ॥੧॥ ਰਹਾਉ ॥

ਅਨਿਕ ਭਾਂਤਿ ਕਰਿ ਦੁਆਰੁ ਨ ਪਾਵਉ ॥

ਅਨੇਕਾਂ ਢੰਗ ਵਰਤ ਕੇ ਭੀ ਮੈਂ ਪਰਮਾਤਮਾ ਦਾ ਦਰ ਨਹੀਂ ਲੱਭ ਸਕਦਾ।

ਹੋਇ ਕ੍ਰਿਪਾਲੁ ਤ ਹਰਿ ਹਰਿ ਧਿਆਵਉ ॥੧॥

ਜੇ ਪਰਮਾਤਮਾ ਆਪ ਹੀ ਦਇਵਾਨ ਹੋਵੇ ਤਾਂ ਮੈਂ ਉਸ ਦਾ ਧਿਆਨ ਧਰ ਸਕਦਾ ਹਾਂ ॥੧॥

ਕੋਟਿ ਕਰਮ ਕਰਿ ਦੇਹ ਨ ਸੋਧਾ ॥

(ਤੀਰਥ-ਯਾਤ੍ਰਾ ਆਦਿਕ) ਕ੍ਰੋੜਾਂ ਹੀ (ਮਿਥੇ ਹੋਏ ਧਾਰਮਿਕ) ਕਰਮ ਕਰ ਕੇ (ਮਨੁੱਖ ਦਾ) ਸਰੀਰ ਪਵਿੱਤਰ ਨਹੀਂ ਹੋ ਸਕਦਾ।

ਸਾਧਸੰਗਤਿ ਮਹਿ ਮਨੁ ਪਰਬੋਧਾ ॥੨॥

ਮਨੁੱਖ ਦਾ ਮਨ ਸਾਧ ਸੰਗਤ ਵਿਚ ਹੀ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗਦਾ ਹੈ ॥੨॥

ਤ੍ਰਿਸਨ ਨ ਬੂਝੀ ਬਹੁ ਰੰਗ ਮਾਇਆ ॥

(ਕ੍ਰੋੜਾਂ ਕਰਮ ਕਰ ਕੇ ਭੀ ਇਸ) ਬਹੁ-ਰੰਗੀ ਮਾਇਆ ਦੀ ਤ੍ਰਿਸ਼ਨਾ ਨਹੀਂ ਮਿਟਦੀ।

ਨਾਮੁ ਲੈਤ ਸਰਬ ਸੁਖ ਪਾਇਆ ॥੩॥

ਪਰ ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਸੁਖ ਮਿਲ ਜਾਂਦੇ ਹਨ ॥੩॥

ਪਾਰਬ੍ਰਹਮ ਜਬ ਭਏ ਦਇਆਲ ॥

ਜਦੋਂ (ਕਿਸੇ ਪ੍ਰਾਣੀ ਉੱਤੇ) ਪ੍ਰਭੂ ਜੀ ਦਇਆਵਾਨ ਹੁੰਦੇ ਹਨ,

ਕਹੁ ਨਾਨਕ ਤਉ ਛੂਟੇ ਜੰਜਾਲ ॥੪॥੩॥

ਨਾਨਕ ਆਖਦਾ ਹੈ- ਤਦੋਂ (ਪਰਮਾਤਮਾ ਦਾ ਨਾਮ ਸਿਮਰ ਕੇ ਉਸ ਮਨੁੱਖ ਦੀਆਂ) ਮਾਇਆ ਦੇ ਮੋਹ ਦੀਆਂ (ਸਾਰੀਆਂ) ਫਾਹੀਆਂ ਟੁੱਟ ਜਾਂਦੀਆਂ ਹਨ ॥੪॥੩॥


ਕਾਨੜਾ ਮਹਲਾ ੫ ॥
ਐਸੀ ਮਾਂਗੁ ਗੋਬਿਦ ਤੇ ॥

ਪਰਮਾਤਮਾ ਪਾਸੋਂ ਇਹੋ ਜਿਹੀ (ਦਾਤਿ) ਮੰਗ,

ਟਹਲ ਸੰਤਨ ਕੀ ਸੰਗੁ ਸਾਧੂ ਕਾ ਹਰਿ ਨਾਮਾਂ ਜਪਿ ਪਰਮ ਗਤੇ ॥੧॥ ਰਹਾਉ ॥

(ਕਿ ਮੈਨੂੰ) ਸੰਤ ਜਨਾਂ ਦੀ ਟਹਲ (ਕਰਨ ਦਾ ਮੌਕਾ ਮਿਲਿਆ ਰਹੇ, ਮੈਨੂੰ) ਗੁਰੂ ਦਾ ਸਾਥ (ਮਿਲਿਆ ਰਹੇ, ਅਤੇ) ਹਰਿ ਨਾਮ ਜਪ ਕੇ (ਮੈਂ) ਸਭ ਤੋਂ ਉੱਚੀ ਆਤਮਕ ਅਵਸਥਾ (ਪ੍ਰਾਪਤ ਕਰ ਸਕਾਂ) ॥੧॥ ਰਹਾਉ ॥

ਪੂਜਾ ਚਰਨਾ ਠਾਕੁਰ ਸਰਨਾ ॥

(ਇਹ ਮੰਗ ਪ੍ਰਭੂ ਤੋਂ ਮੰਗ ਕਿ ਮੈਂ) ਪ੍ਰਭੂ-ਚਰਨਾਂ ਦੀ ਭਗਤੀ ਕਰਦਾ ਰਹਾਂ, ਪ੍ਰਭੂ ਦੀ ਸਰਨ ਪਿਆ ਰਹਾਂ।

ਸੋਈ ਕੁਸਲੁ ਜੁ ਪ੍ਰਭ ਜੀਉ ਕਰਨਾ ॥੧॥

(ਇਹ ਮੰਗ ਕਿ) ਜੋ ਕੁਝ ਪ੍ਰਭੂ ਜੀ ਕਰਦੇ ਹਨ, ਉਸੇ ਨੂੰ ਮੈਂ ਸੁਖ ਸਮਝਾਂ ॥੧॥

ਸਫਲ ਹੋਤ ਇਹ ਦੁਰਲਭ ਦੇਹੀ ॥

ਉਸ ਮਨੁੱਖ ਦਾ ਇਹ ਦੁਰਲੱਭ ਮਨੁੱਖਾ ਜਨਮ ਸਫਲ ਹੋ ਜਾਂਦਾ ਹੈ,

ਜਾ ਕਉ ਸਤਿਗੁਰੁ ਮਇਆ ਕਰੇਹੀ ॥੨॥

ਜਿਸ ਉਤੇ ਗੁਰੂ ਜੀ ਕਿਰਪਾ ਕਰਦੇ ਹਨ (ਉਹ ਮਨੁੱਖ ਪਰਮਾਤਮਾ ਪਾਸੋਂ ਸਾਧ ਸੰਗਤ ਦਾ ਮਿਲਾਪ ਅਤੇ ਹਰਿ-ਨਾਮ ਦਾ ਸਿਮਰਨ ਮੰਗਦਾ ਹੈ) ॥੨॥

ਅਗਿਆਨ ਭਰਮੁ ਬਿਨਸੈ ਦੁਖ ਡੇਰਾ ॥

ਉਸ ਮਨੁੱਖ ਦੇ ਅੰਦਰ ਆਤਮਕ ਜੀਵਨ ਵਲੋਂ ਬੇ-ਸਮਝੀ ਦੂਰ ਹੋ ਜਾਂਦੀ ਹੈ, ਭਟਕਣਾ ਮੁੱਕ ਜਾਂਦੀ ਹੈ; ਸਾਰੇ ਦੁਖਾਂ ਦਾ ਡੇਰਾ ਹੀ ਉੱਠ ਜਾਂਦਾ ਹੈ,

ਜਾ ਕੈ ਹ੍ਰਿਦੈ ਬਸਹਿ ਗੁਰ ਪੈਰਾ ॥੩॥
ਜਿਸ ਦੇ ਹਿਰਦੇ ਵਿਚ ਗੁਰੂ ਦੇ ਚਰਨ ਵੱਸਦੇ ਹਨ ॥੩॥
ਸਾਧਸੰਗਿ ਰੰਗਿ ਪ੍ਰਭੁ ਧਿਆਇਆ ॥

ਜਿਸ (ਮਨੁੱਖ) ਨੇ ਗੁਰੂ ਦੀ ਸੰਗਤ ਵਿਚ (ਟਿਕ ਕੇ) ਪਿਆਰ ਨਾਲ ਪਰਮਾਤਮਾ ਦਾ ਸਿਮਰਨ ਕੀਤਾ ਹੈ,

ਕਹੁ ਨਾਨਕ ਤਿਨਿ ਪੂਰਾ ਪਾਇਆ ॥੪॥੪॥

ਨਾਨਕ ਆਖਦਾ ਹੈ- ਉਸ ਨੇ ਉਸ ਪੂਰਨ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ਹੈ ॥੪॥੪॥


ਕਾਨੜਾ ਮਹਲਾ ੫ ॥
ਭਗਤਿ ਭਗਤਨ ਹੂੰ ਬਨਿ ਆਈ ॥

(ਪਰਮਾਤਮਾ ਦੀ) ਭਗਤੀ ਭਗਤ-ਜਨਾਂ ਪਾਸੋਂ ਹੀ ਹੋ ਸਕਦੀ ਹੈ।

ਤਨ ਮਨ ਗਲਤ ਭਏ ਠਾਕੁਰ ਸਿਉ ਆਪਨ ਲੀਏ ਮਿਲਾਈ ॥੧॥ ਰਹਾਉ ॥

ਉਹਨਾਂ ਦੇ ਤਨ ਉਹਨਾਂ ਦੇ ਮਨ ਪਰਮਾਤਮਾ ਦੀ ਯਾਦ ਵਿਚ ਮਸਤ ਰਹਿੰਦੇ ਹਨ। ਉਹਨਾਂ ਨੂੰ ਪ੍ਰਭੂ ਆਪਣੇ ਨਾਲ ਮਿਲਾਈ ਰੱਖਦਾ ਹੈ ॥੧॥ ਰਹਾਉ ॥

ਗਾਵਨਹਾਰੀ ਗਾਵੈ ਗੀਤ ॥

ਲੋਕਾਈ ਰਿਵਾਜੀ ਤੌਰ ਤੇ ਹੀ (ਸਿਫ਼ਤ-ਸਾਲਾਹ ਦੇ) ਗੀਤ ਗਾਂਦੀ ਹੈ।

ਤੇ ਉਧਰੇ ਬਸੇ ਜਿਹ ਚੀਤ ॥੧॥

ਪਰ ਸੰਸਾਰ-ਸਮੁੰਦਰ ਤੋਂ ਪਾਰ ਉਹੀ ਲੰਘਦੇ ਹਨ, ਜਿਨ੍ਹਾਂ ਦੇ ਹਿਰਦੇ ਵਿਚ ਵੱਸਦੇ ਹਨ ॥੧॥

ਪੇਖੇ ਬਿੰਜਨ ਪਰੋਸਨਹਾਰੈ ॥

ਹੋਰਨਾਂ ਅੱਗੇ (ਖਾਣੇ) ਧਰਨ ਵਾਲੇ ਨੇ (ਤਾਂ ਸਦਾ) ਸੁਆਦਲੇ ਖਾਣੇ ਵੇਖੇ ਹਨ,

ਜਿਹ ਭੋਜਨੁ ਕੀਨੋ ਤੇ ਤ੍ਰਿਪਤਾਰੈ ॥੨॥

ਪਰ ਰੱਜਦੇ ਉਹੀ ਹਨ ਜਿਨ੍ਹਾਂ ਨੇ ਉਹ ਖਾਣੇ ਖਾਧੇ ॥੨॥

ਅਨਿਕ ਸ੍ਵਾਂਗ ਕਾਛੇ ਭੇਖਧਾਰੀ ॥

ਸ੍ਵਾਂਗੀ ਮਨੁੱਖ (ਮਾਇਆ ਦੀ ਖ਼ਾਤਰ) ਅਨੇਕਾਂ ਮਨ-ਬਾਂਛਤ ਸ੍ਵਾਂਗ ਬਣਾਂਦਾ ਹੈ,

ਜੈਸੋ ਸਾ ਤੈਸੋ ਦ੍ਰਿਸਟਾਰੀ ॥੩॥

ਪਰ ਜਿਹੋ ਜਿਹਾ ਉਹ (ਅਸਲ ਵਿਚ) ਹੈ, ਉਹੋ ਜਿਹਾ ਹੀ (ਉਹਨਾਂ ਨੂੰ) ਦਿੱਸਦਾ ਹੈ (ਜਿਹੜੇ ਉਸ ਨੂੰ ਜਾਣਦੇ ਹਨ) ॥੩॥

ਕਹਨ ਕਹਾਵਨ ਸਗਲ ਜੰਜਾਰ ॥

(ਹਰਿ-ਨਾਮ ਸਿਮਰਨ ਤੋਂ ਬਿਨਾ) ਹੋਰ ਹੋਰ ਗੱਲਾਂ ਆਖਣੀਆਂ ਅਖਵਾਣੀਆਂ- ਇਹ ਸਾਰੇ ਉੱਦਮ ਮਾਇਆ ਦੇ ਮੋਹ ਦੀਆਂ ਫਾਹੀਆਂ ਦਾ ਮੂਲ ਹਨ।

ਨਾਨਕ ਦਾਸ ਸਚੁ ਕਰਣੀ ਸਾਰ ॥੪॥੫॥

ਹੇ ਦਾਸ ਨਾਨਕ! ਪਰਮਾਤਮਾ ਦਾ ਨਾਮ ਸਿਮਰਨਾ ਹੀ ਸਭ ਤੋਂ ਸ੍ਰੇਸ਼ਟ ਕਰਤੱਬ ਹੈ ॥੪॥੫॥


ਕਾਨੜਾ ਮਹਲਾ ੫ ॥
ਤੇਰੋ ਜਨੁ ਹਰਿ ਜਸੁ ਸੁਨਤ ਉਮਾਹਿਓ ॥੧॥ ਰਹਾਉ ॥

ਹੇ ਪ੍ਰਭੂ! ਤੇਰਾ ਸੇਵਕ ਤੇਰੀ ਸਿਫ਼ਤ-ਸਾਲਾਹ ਸੁਣਦਿਆਂ ਉਮਾਹ ਵਿਚ ਆ ਜਾਂਦਾ ਹੈ ॥੧॥ ਰਹਾਉ ॥

ਮਨਹਿ ਪ੍ਰਗਾਸੁ ਪੇਖਿ ਪ੍ਰਭ ਕੀ ਸੋਭਾ ਜਤ ਕਤ ਪੇਖਉ ਆਹਿਓ ॥੧॥

ਪ੍ਰਭੂ ਦੀ ਵਡਿਆਈ ਵੇਖ ਕੇ (ਮੇਰੇ) ਮਨ ਵਿਚ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ। ਮੈਂ ਜਿਧਰ ਕਿਧਰ ਵੇਖਦਾ ਹਾਂ, (ਮੈਨੂੰ ਉਹ ਹਰ ਪਾਸੇ) ਮੌਜੂਦ (ਦਿੱਸਦਾ) ਹੈ ॥੧॥

ਸਭ ਤੇ ਪਰੈ ਪਰੈ ਤੇ ਊਚਾ ਗਹਿਰ ਗੰਭੀਰ ਅਥਾਹਿਓ ॥੨॥

ਪਰਮਾਤਮਾ ਸਭ ਜੀਵਾਂ ਤੋਂ ਵੱਡਾ ਹੈ ਸਭ ਜੀਵਾਂ ਤੋਂ ਉੱਚਾ ਹੈ; ਡੂੰਘਾ (ਸਮੁੰਦਰ) ਹੈ, ਵੱਡੇ ਜਿਗਰੇ ਵਾਲਾ ਹੈ, ਉਸ ਦੀ ਹਾਥ ਨਹੀਂ ਲੱਭ ਸਕਦੀ ॥੨॥

ਓਤਿ ਪੋਤਿ ਮਿਲਿਓ ਭਗਤਨ ਕਉ ਜਨ ਸਿਉ ਪਰਦਾ ਲਾਹਿਓ ॥੩॥

(ਜਿਵੇਂ) ਤਾਣੇ ਵਿਚ ਪੇਟੇ ਵਿਚ (ਧਾਗਾ ਮਿਲਿਆ ਹੋਇਆ ਹੁੰਦਾ ਹੈ, ਤਿਵੇਂ) ਪਰਮਾਤਮਾ ਆਪਣੇ ਭਗਤਾਂ ਨੂੰ ਮਿਲਿਆ ਹੁੰਦਾ ਹੈ, ਆਪਣੇ ਸੇਵਕਾਂ ਤੋਂ ਉਸ ਨੇ ਉਹਲਾ ਦੂਰ ਕੀਤਾ ਹੁੰਦਾ ਹੈ ॥੩॥

ਗੁਰਪ੍ਰਸਾਦਿ ਗਾਵੈ ਗੁਣ ਨਾਨਕ ਸਹਜ ਸਮਾਧਿ ਸਮਾਹਿਓ ॥੪॥੬॥

ਹੇ ਨਾਨਕ! ਗੁਰੂ ਦੀ ਕਿਰਪਾ ਨਾਲ (ਜਿਹੜਾ ਮਨੁੱਖ ਪਰਮਾਤਮਾ ਦੇ) ਗੁਣ ਗਾਂਦਾ ਰਹਿੰਦਾ ਹੈ ਉਹ ਆਤਮਕ ਅਡੋਲਤਾ ਦੀ ਸਮਾਧੀ ਵਿਚ ਲੀਨ ਰਹਿੰਦਾ ਹੈ ॥੪॥੬॥


ਕਾਨੜਾ ਮਹਲਾ ੫ ॥
ਸੰਤਨ ਪਹਿ ਆਪਿ ਉਧਾਰਨ ਆਇਓ ॥੧॥ ਰਹਾਉ ॥

(ਜਗਤ ਦੇ ਜੀਵਾਂ ਨੂੰ) ਵਿਕਾਰਾਂ ਤੋਂ ਬਚਾਣ ਲਈ (ਪਰਮਾਤਮਾ) ਆਪ ਸੰਤ ਜਨਾਂ ਦੇ ਹਿਰਦੇ ਵਿਚ ਆ ਵੱਸਦਾ ਹੈ ॥੧॥ ਰਹਾਉ ॥

ਦਰਸਨ ਭੇਟਤ ਹੋਤ ਪੁਨੀਤਾ ਹਰਿ ਹਰਿ ਮੰਤ੍ਰੁ ਦ੍ਰਿੜਾਇਓ ॥੧॥

(ਜੀਵ ਗੁਰੂ ਦਾ) ਦਰਸਨ ਕਰਦਿਆਂ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ, (ਗੁਰੂ ਉਹਨਾਂ ਦੇ ਹਿਰਦੇ ਵਿਚ) ਪਰਮਾਤਮਾ ਦਾ ਨਾਮ ਪੱਕਾ ਕਰ ਦੇਂਦਾ ਹੈ ॥੧॥

ਕਾਟੇ ਰੋਗ ਭਏ ਮਨ ਨਿਰਮਲ ਹਰਿ ਹਰਿ ਅਉਖਧੁ ਖਾਇਓ ॥੨॥

(ਜਿਹੜੇ ਮਨੁੱਖ ਗੁਰੂ ਪਾਸੋਂ) ਹਰਿ-ਨਾਮ ਦੀ ਦਵਾਈ (ਲੈ ਕੇ) ਖਾਂਦੇ ਹਨ (ਉਹਨਾਂ ਦੇ) ਸਾਰੇ ਰੋਗ ਕੱਟੇ ਜਾਂਦੇ ਹਨ, (ਉਹਨਾਂ ਦੇ) ਮਨ ਪਵਿੱਤਰ ਹੋ ਜਾਂਦੇ ਹਨ ॥੨॥

ਅਸਥਿਤ ਭਏ ਬਸੇ ਸੁਖ ਥਾਨਾ ਬਹੁਰਿ ਨ ਕਤਹੂ ਧਾਇਓ ॥੩॥

(ਗੁਰੂ ਪਾਸੋਂ ਨਾਮ-ਦਵਾਈ ਲੈ ਕੇ ਖਾਣ ਵਾਲੇ ਮਨੁੱਖ) ਅਡੋਲ-ਚਿੱਤ ਹੋ ਜਾਂਦੇ ਹਨ; ਆਤਮਕ ਆਨੰਦ ਵਿਚ ਟਿਕੇ ਰਹਿੰਦੇ ਹਨ, (ਇਸ ਆਨੰਦ ਨੂੰ ਛੱਡ ਕੇ ਉਹ) ਮੁੜ ਹੋਰ ਕਿਸੇ ਭੀ ਪਾਸੇ ਨਹੀਂ ਭਟਕਦੇ ॥੩॥

ਸੰਤ ਪ੍ਰਸਾਦਿ ਤਰੇ ਕੁਲ ਲੋਗਾ ਨਾਨਕ ਲਿਪਤ ਨ ਮਾਇਓ ॥੪॥੭॥

ਹੇ ਨਾਨਕ! ਗੁਰੂ ਦੀ ਕਿਰਪਾ ਨਾਲ (ਨਾਮ-ਦਵਾਈ ਖਾ ਕੇ ਉਹ ਨਿਰੇ ਆਪ ਹੀ ਨਹੀਂ ਤਰਦੇ; ਉਹਨਾਂ ਦੀ) ਕੁਲ ਦੇ ਲੋਕ ਭੀ (ਸੰਸਾਰ-ਸਮੁੰਦਰ ਤੋਂ ਪਾਰ) ਲੰਘ ਜਾਂਦੇ ਹਨ; ਉਹਨਾਂ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ ॥੪॥੭॥


ਕਾਨੜਾ ਮਹਲਾ ੫ ॥
ਬਿਸਰਿ ਗਈ ਸਭ ਤਾਤਿ ਪਰਾਈ ॥

(ਤਦੋਂ ਤੋਂ) ਦੂਜਿਆਂ ਦਾ ਸੁਖ ਵੇਖ ਕੇ ਅੰਦਰੇ ਅੰਦਰ ਸੜਨ ਦੀ ਸਾਰੀ ਆਦਤ ਭੁੱਲ ਗਈ ਹੈ,

ਜਬ ਤੇ ਸਾਧਸੰਗਤਿ ਮੋਹਿ ਪਾਈ ॥੧॥ ਰਹਾਉ ॥

ਜਦੋਂ ਤੋਂ ਮੈਂ ਗੁਰੂ ਦੀ ਸੰਗਤ ਪ੍ਰਾਪਤ ਕੀਤੀ ਹੈ ॥੧॥ ਰਹਾਉ ॥

ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥੧॥

(ਹੁਣ) ਮੈਨੂੰ ਕੋਈ ਵੈਰੀ ਨਹੀਂ ਦਿੱਸਦਾ, ਕੋਈ ਓਪਰਾ ਨਹੀਂ ਦਿੱਸਦਾ; ਸਭਨਾਂ ਨਾਲ ਮੇਰਾ ਪਿਆਰ ਬਣਿਆ ਹੋਇਆ ਹੈ ॥੧॥

ਜੋ ਪ੍ਰਭ ਕੀਨੋ ਸੋ ਭਲ ਮਾਨਿਓ ਏਹ ਸੁਮਤਿ ਸਾਧੂ ਤੇ ਪਾਈ ॥੨॥

(ਹੁਣ) ਜੋ ਕੁਝ ਪਰਮਾਤਮਾ ਕਰਦਾ ਹੈ, ਮੈਂ ਉਸ ਨੂੰ (ਸਭ ਜੀਵਾਂ ਲਈ) ਭਲਾ ਹੀ ਮੰਨਦਾ ਹਾਂ। ਇਹ ਚੰਗੀ ਅਕਲ ਮੈਂ (ਆਪਣੇ) ਗੁਰੂ ਪਾਸੋਂ ਸਿੱਖੀ ਹੈ ॥੨॥

ਸਭ ਮਹਿ ਰਵਿ ਰਹਿਆ ਪ੍ਰਭੁ ਏਕੈ ਪੇਖਿ ਪੇਖਿ ਨਾਨਕ ਬਿਗਸਾਈ ॥੩॥੮॥

ਹੇ ਨਾਨਕ! (ਆਖ-ਜਦੋਂ ਤੋਂ ਸਾਧ ਸੰਗਤ ਮਿਲੀ ਹੈ, ਮੈਨੂੰ ਇਉਂ ਦਿੱਸਦਾ ਹੈ ਕਿ) ਇਕ ਪਰਮਾਤਮਾ ਹੀ ਸਭ ਜੀਵਾਂ ਵਿਚ ਮੌਜੂਦ ਹੈ (ਤਾਹੀਏਂ ਸਭ ਨੂੰ) ਵੇਖ ਵੇਖ ਕੇ ਮੈਂ ਖ਼ੁਸ਼ ਹੁੰਦਾ ਹਾਂ ॥੩॥੮॥


ਕਾਨੜਾ ਮਹਲਾ ੫ ॥
ਠਾਕੁਰ ਜੀਉ ਤੁਹਾਰੋ ਪਰਨਾ ॥

ਹੇ ਪ੍ਰਭੂ ਜੀ! (ਮੈਨੂੰ) ਤੇਰਾ ਹੀ ਆਸਰਾ ਹੈ।

ਮਾਨੁ ਮਹਤੁ ਤੁਮ੍ਰਾਰੈ ਊਪਰਿ ਤੁਮ੍ਰਰੀ ਓਟ ਤੁਮ੍ਰਾਰੀ ਸਰਨਾ ॥੧॥ ਰਹਾਉ


ਮੈਨੂੰ ਤੇਰੇ ਉਤੇ ਹੀ ਮਾਣ ਹੈ; ਫ਼ਖ਼ਰ ਹੈ, ਮੈਨੂੰ ਤੇਰੀ ਹੀ ਓਟ ਹੈ, ਮੈਂ ਤੇਰੀ ਹੀ ਸਰਨ ਆ ਪਿਆ ਹਾਂ ॥੧॥ ਰਹਾਉ ॥

ਤੁਮ੍ਰਰੀ ਆਸ ਭਰੋਸਾ ਤੁਮ੍ਰਰਾ ਤੁਮਰਾ ਨਾਮੁ ਰਿਦੈ ਲੈ ਧਰਨਾ ॥

ਹੇ ਪ੍ਰਭੂ ਜੀ! ਮੈਨੂੰ ਤੇਰੀ ਹੀ ਆਸ ਹੈ, ਤੇਰੇ ਉਤੇ ਹੀ ਭਰੋਸਾ ਹੈ, ਮੈਂ ਤੇਰਾ ਹੀ ਨਾਮ (ਆਪਣੇ) ਹਿਰਦੇ ਵਿਚ ਟਿਕਾਇਆ ਹੋਇਆ ਹੈ।

ਤੁਮਰੋ ਬਲੁ ਤੁਮ ਸੰਗਿ ਸੁਹੇਲੇ ਜੋ ਜੋ ਕਹਹੁ ਸੋਈ ਸੋਈ ਕਰਨਾ ॥੧॥

ਮੈਨੂੰ ਤੇਰਾ ਹੀ ਤਾਣ ਹੈ, ਤੇਰੇ ਚਰਨਾਂ ਵਿਚ ਮੈਂ ਸੁਖੀ ਰਹਿੰਦਾ ਹਾਂ। ਜੋ ਕੁਝ ਤੂੰ ਆਖਦਾ ਹੈਂ, ਮੈਂ ਉਹੀ ਕੁਝ ਕਰ ਸਕਦਾ ਹਾਂ ॥੧॥

ਤੁਮਰੀ ਦਇਆ ਮਇਆ ਸੁਖੁ ਪਾਵਉ ਹੋਹੁ ਕ੍ਰਿਪਾਲ ਤ ਭਉਜਲੁ ਤਰਨਾ ॥

ਹੇ ਪ੍ਰਭੂ! ਤੇਰੀ ਮਿਹਰ ਨਾਲ, ਤੇਰੀ ਕਿਰਪਾ ਨਾਲ ਹੀ ਮੈਂ ਸੁਖ ਮਾਣਦਾ ਹਾਂ। ਜੇ ਤੂੰ ਦਇਆਵਾਨ ਹੋਵੇਂ, ਤਾਂ ਮੈਂ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕਦਾ ਹਾਂ।

ਅਭੈ ਦਾਨੁ ਨਾਮੁ ਹਰਿ ਪਾਇਓ ਸਿਰੁ ਡਾਰਿਓ ਨਾਨਕ ਸੰਤ ਚਰਨਾ ॥੨॥੯॥

ਹੇ ਨਾਨਕ! (ਆਖ-ਹੇ ਭਾਈ!) ਨਿਰਭੈਤਾ ਦਾ ਦਾਨ ਦੇਣ ਵਾਲਾ, ਹਰਿ-ਨਾਮ ਮੈਂ (ਗੁਰੂ ਪਾਸੋਂ) ਹਾਸਲ ਕੀਤਾ ਹੈ (ਇਸ ਵਾਸਤੇ) ਮੈਂ ਆਪਣਾ ਸਿਰ ਗੁਰੂ ਦੇ ਚਰਨਾਂ ਉਤੇ ਰੱਖਿਆ ਹੋਇਆ ਹੈ ॥੨॥੯॥


ਕਾਨੜਾ ਮਹਲਾ ੫ ॥
ਸਾਧ ਸਰਨਿ ਚਰਨ ਚਿਤੁ ਲਾਇਆ ॥

(ਜਦੋਂ ਤੋਂ) ਗੁਰੂ ਦੀ ਸਰਨ ਪੈ ਕੇ ਪ੍ਰਭੂ ਦੇ ਚਰਨਾਂ ਵਿਚ ਚਿੱਤ ਜੋੜਿਆ ਹੈ,

ਸੁਪਨ ਕੀ ਬਾਤ ਸੁਨੀ ਪੇਖੀ ਸੁਪਨਾ ਨਾਮ ਮੰਤ੍ਰੁ ਸਤਿਗੁਰੂ ਦ੍ਰਿੜਾਇਆ ॥੧॥ ਰਹਾਉ ॥

(ਜਦੋਂ ਤੋਂ) ਗੁਰੂ ਨੇ ਪਰਮਾਤਮਾ ਦਾ ਨਾਮ-ਮੰਤ੍ਰ (ਮੇਰੇ ਹਿਰਦੇ ਵਿਚ) ਪੱਕਾ ਕਰ ਕੇ ਟਿਕਾਇਆ ਹੈ (ਤਦੋਂ ਤੋਂ ਉਸ ਜਗਤ ਨੂੰ) ਸੁਪਨਾ ਹੀ (ਅਖੀਂ) ਵੇਖ ਲਿਆ ਹੈ ਜਿਸ ਨੂੰ ਸੁਪਨੇ ਦੀ ਗੱਲ ਸੁਣਿਆ ਹੋਇਆ ਸੀ ॥੧॥ ਰਹਾਉ ॥

ਨਹ ਤ੍ਰਿਪਤਾਨੋ ਰਾਜ ਜੋਬਨਿ ਧਨਿ ਬਹੁਰਿ ਬਹੁਰਿ ਫਿਰਿ ਧਾਇਆ ॥

(ਇਹ ਮਨ) ਰਾਜ ਜੋਬਨ ਧਨ ਨਾਲ ਨਹੀਂ ਰੱਜਦਾ, ਮੁੜ ਮੁੜ (ਇਹਨਾਂ ਪਦਾਰਥਾਂ ਦੇ ਪਿੱਛੇ) ਭਟਕਦਾ ਫਿਰਦਾ ਹੈ।

ਸੁਖੁ ਪਾਇਆ ਤ੍ਰਿਸਨਾ ਸਭ ਬੁਝੀ ਹੈ ਸਾਂਤਿ ਪਾਈ ਗੁਨ ਗਾਇਆ ॥੧॥

ਪਰ ਜਦੋਂ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ, ਤਾਂ ਮਾਇਆ ਦੀ ਸਾਰੀ ਤ੍ਰਿਸ਼ਨਾ ਬੁੱਝ ਜਾਂਦੀ ਹੈ, ਆਤਮਕ ਆਨੰਦ ਮਿਲ ਜਾਂਦਾ ਹੈ, ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ ॥੧॥

ਬਿਨੁ ਬੂਝੇ ਪਸੂ ਕੀ ਨਿਆਈ ਭ੍ਰਮਿ ਮੋਹਿ ਬਿਆਪਿਓ ਮਾਇਆ ॥

(ਆਤਮਕ ਜੀਵਨ ਦੀ) ਸੂਝ ਤੋਂ ਬਿਨਾ ਮਨੁੱਖ ਪਸ਼ੂ ਵਰਗਾ ਹੀ ਰਹਿੰਦਾ ਹੈ, ਮਾਇਆ ਦੀ ਭਟਕਣਾ ਵਿਚ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ।

ਸਾਧਸੰਗਿ ਜਮ ਜੇਵਰੀ ਕਾਟੀ ਨਾਨਕ ਸਹਜਿ ਸਮਾਇਆ ॥੨॥੧੦॥

ਪਰ, ਹੇ ਨਾਨਕ! ਸਾਧ ਸੰਗਤ ਵਿਚ ਟਿਕਿਆਂ ਜਮਾਂ ਵਾਲੀ ਫਾਹੀ ਕੱਟੀ ਜਾਂਦੀ ਹੈ, ਮਨੁੱਖ ਆਤਮਕ ਅਡੋਲਤਾ ਵਿਚ ਲੀਨ ਹੋ ਜਾਂਦਾ ਹੈ ॥੨॥੧੦॥


ਕਾਨੜਾ ਮਹਲਾ ੫ ॥
ਹਰਿ ਕੇ ਚਰਨ ਹਿਰਦੈ ਗਾਇ ॥

ਪਰਮਾਤਮਾ ਦੇ ਚਰਨ ਹਿਰਦੇ ਵਿਚ (ਟਿਕਾ ਕੇ; ਉਸ ਦੇ ਗੁਣ) ਗਾਇਆ ਕਰ।

ਸੀਤਲਾ ਸੁਖ ਸਾਂਤਿ ਮੂਰਤਿ ਸਿਮਰਿ ਸਿਮਰਿ ਨਿਤ ਧਿਆਇ ॥੧॥ ਰਹਾਉ ॥

ਉਸ ਪ੍ਰਭੂ ਦਾ ਸਦਾ ਧਿਆਨ ਧਰਿਆ ਕਰ, ਉਸ ਪ੍ਰਭੂ ਦਾ ਸਦਾ ਸਿਮਰਨ ਕਰਿਆ ਕਰ ਜੋ ਠੰਢ-ਸਰੂਪ ਹੈ ਜੋ ਸੁਖ-ਸਰੂਪ ਹੈ ਜੋ ਸ਼ਾਂਤੀ-ਸਰੂਪ ਹੈ ॥੧॥ ਰਹਾਉ ॥

ਸਗਲ ਆਸ ਹੋਤ ਪੂਰਨ ਕੋਟਿ ਜਨਮ ਦੁਖੁ ਜਾਇ ॥੧॥

(ਸਿਮਰਨ ਦੀ ਬਰਕਤਿ ਨਾਲ ਮਨੁੱਖ ਦੀ) ਸਾਰੀ ਆਸ ਪੂਰੀ ਹੋ ਜਾਂਦੀ ਹੈ, ਕ੍ਰੋੜਾਂ ਜਨਮਾਂ ਦਾ ਦੁੱਖ ਦੂਰ ਹੋ ਜਾਂਦਾ ਹੈ ॥੧॥

ਪੁੰਨ ਦਾਨ ਅਨੇਕ ਕਿਰਿਆ ਸਾਧੂ ਸੰਗਿ ਸਮਾਇ ॥

ਗੁਰੂ ਦੀ ਸੰਗਤ ਵਿਚ ਟਿਕਿਆ ਰਹੁ-ਇਹੀ ਹੈ ਅਨੇਕਾਂ ਪੁੰਨ ਦਾਨ ਆਦਿਕ ਕਰਮ।

ਤਾਪ ਸੰਤਾਪ ਮਿਟੇ ਨਾਨਕ ਬਾਹੁੜਿ ਕਾਲੁ ਨ ਖਾਇ ॥੨॥੧੧॥

(ਸੰਗਤ ਦੀ ਬਰਕਤਿ ਨਾਲ ਸਾਰੇ) ਦੁੱਖ ਕਲੇਸ਼ ਮਿਟ ਜਾਂਦੇ ਹਨ। ਹੇ ਨਾਨਕ! ਆਤਮਕ ਮੌਤ (ਆਤਮਕ ਜੀਵਨ ਨੂੰ) ਫਿਰ ਨਹੀਂ ਖਾ ਸਕਦੀ ॥੨॥੧੧॥


ਕਾਨੜਾ ਮਹਲਾ ੫ ਘਰੁ ੩ ॥

ਰਾਗ ਕਾਨੜਾ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਕਥੀਐ ਸੰਤਸੰਗਿ ਪ੍ਰਭ ਗਿਆਨੁ ॥

ਸੰਤ ਜਨਾਂ ਦੀ ਸੰਗਤ ਵਿਚ (ਟਿਕ ਕੇ) ਪਰਮਾਤਮਾ ਦੇ ਗੁਣਾਂ ਦੀ ਗੱਲ ਤੋਰਨੀ ਚਾਹੀਦੀ ਹੈ।

ਪੂਰਨ ਪਰਮ ਜੋਤਿ ਪਰਮੇਸੁਰ ਸਿਮਰਤ ਪਾਈਐ ਮਾਨੁ ॥੧॥ ਰਹਾਉ ॥

ਸਰਬ-ਵਿਆਪਕ ਸਭ ਤੋਂ ਉੱਚੇ ਨੂਰ ਪਰਮੇਸਰ ਦਾ (ਨਾਮ) ਸਿਮਰਦਿਆਂ (ਲੋਕ ਪਰਲੋਕ ਵਿਚ) ਇਜ਼ਤ ਹਾਸਲ ਕਰੀਦੀ ਹੈ ॥੧॥ ਰਹਾਉ ॥

ਆਵਤ ਜਾਤ ਰਹੇ ਸ੍ਰਮ ਨਾਸੇ ਸਿਮਰਤ ਸਾਧੂ ਸੰਗਿ ॥

ਗੁਰੂ ਦੀ ਸੰਗਤ ਵਿਚ (ਹਰਿ-ਨਾਮ) ਸਿਮਰਦਿਆਂ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ (ਭਟਕਣਾਂ ਦੇ) ਥਕੇਵੇਂ ਨਾਸ ਹੋ ਜਾਂਦੇ ਹਨ।

ਪਤਿਤ ਪੁਨੀਤ ਹੋਹਿ ਖਿਨ ਭੀਤਰਿ ਪਾਰਬ੍ਰਹਮ ਕੈ ਰੰਗਿ ॥੧॥

ਪਰਮਾਤਮਾ ਦੇ ਪ੍ਰੇਮ-ਰੰਗ ਦੀ ਬਰਕਤਿ ਨਾਲ ਵਿਕਾਰੀ ਮਨੁੱਖ ਭੀ ਇਕ ਖਿਨ ਵਿਚ ਸੁੱਚੇ ਜੀਵਨ ਵਾਲੇ ਹੋ ਜਾਂਦੇ ਹਨ ॥੧॥

ਜੋ ਜੋ ਕਥੈ ਸੁਨੈ ਹਰਿ ਕੀਰਤਨੁ ਤਾ ਕੀ ਦੁਰਮਤਿ ਨਾਸ ॥

ਜਿਹੜਾ ਜਿਹੜਾ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਉਚਾਰਦਾ ਹੈ ਸੁਣਦਾ ਹੈ, ਉਸ ਦੀ ਖੋਟੀ ਮੱਤ ਦਾ ਨਾਸ ਹੋ ਜਾਂਦਾ ਹੈ।

ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੈ ਆਸ ॥੨॥੧॥੧੨॥

ਹੇ ਨਾਨਕ! ਉਹ ਮਨੁੱਖ ਸਾਰੀਆਂ ਮਨੋ-ਕਾਮਨਾਂ ਹਾਸਲ ਕਰ ਲੈਂਦਾ ਹੈ, ਉਸ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ ॥੨॥੧॥੧੨॥


ਕਾਨੜਾ ਮਹਲਾ ੫ ॥
ਸਾਧਸੰਗਤਿ ਨਿਧਿ ਹਰਿ ਕੋ ਨਾਮ ॥

ਗੁਰੂ ਦੀ ਸੰਗਤ ਵਿਚ (ਰਿਹਾਂ) ਪਰਮਾਤਮਾ ਦਾ ਨਾਮ-ਖ਼ਜ਼ਾਨਾ (ਮਿਲ ਜਾਂਦਾ ਹੈ),

ਸੰਗਿ ਸਹਾਈ ਜੀਅ ਕੈ ਕਾਮ ॥੧॥ ਰਹਾਉ ॥

(ਜੋ ਜੀਵ ਦੇ) ਨਾਲ (ਸਦਾ) ਸਾਥੀ ਬਣਿਆ ਰਹਿੰਦਾ ਹੈ ਜੋ ਜਿੰਦ ਦੇ (ਸਦਾ) ਕੰਮ ਆਉਂਦਾ ਹੈ ॥੧॥ ਰਹਾਉ ॥

ਸੰਤ ਰੇਨੁ ਨਿਤਿ ਮਜਨੁ ਕਰੈ ॥

ਜਿਹੜਾ ਮਨੁੱਖ ਸੰਤ ਜਨਾਂ ਦੀ ਚਰਨ-ਧੂੜ ਵਿਚ ਸਦਾ ਇਸ਼ਨਾਨ ਕਰਦਾ ਹੈ,

ਜਨਮ ਜਨਮ ਕੇ ਕਿਲਬਿਖ ਹਰੈ ॥੧॥

ਉਹ ਆਪਣੇ ਅਨੇਕਾਂ ਜਨਮਾਂ ਦੇ ਪਾਪ ਦੂਰ ਕਰ ਲੈਂਦਾ ਹੈ ॥੧॥

ਸੰਤ ਜਨਾ ਕੀ ਊਚੀ ਬਾਨੀ ॥

ਸੰਤ ਜਨਾਂ ਦੀ (ਮਨੁੱਖੀ ਜੀਵਨ ਨੂੰ) ਉੱਚਾ ਕਰਨ ਵਾਲੀ ਬਾਣੀ ਨੂੰ ਸਿਮਰ ਸਿਮਰ ਕੇ

ਸਿਮਰਿ ਸਿਮਰਿ ਤਰੇ ਨਾਨਕ ਪ੍ਰਾਨੀ ॥੨॥੨॥੧੩॥

ਹੇ ਨਾਨਕ! ਅਨੇਕਾਂ ਹੀ ਪ੍ਰਾਣੀ ਸੰਸਾਰ-ਸਮੁੰਦਰ ਤੋਂ ਪਾਰ ਲੰਘਦੇ ਆ ਰਹੇ ਹਨ ॥੨॥੨॥੧੩॥


ਕਾਨੜਾ ਮਹਲਾ ੫ ॥
ਸਾਧੂ ਹਰਿ ਹਰੇ ਗੁਨ ਗਾਇ ॥

(ਤੂੰ) ਗੁਰੂ (ਦੀ ਸਰਨ ਪੈ ਕੇ) ਉਸ ਪ੍ਰਭੂ ਦੇ ਗੁਣ ਗਾਇਆ ਕਰ,

ਮਾਨ ਤਨੁ ਧਨੁ ਪ੍ਰਾਨ ਪ੍ਰਭ ਕੇ ਸਿਮਰਤ ਦੁਖੁ ਜਾਇ ॥੧॥ ਰਹਾਉ ॥

(ਜਿਸ) ਪ੍ਰਭੂ ਦੇ (ਦਿੱਤੇ ਹੋਏ) ਇਹ ਮਨ, ਇਹ ਤਨ, ਇਹ ਧਨ, ਇਹ ਜਿੰਦ, (ਹਨ। ਉਸ ਦਾ ਨਾਮ) ਸਿਮਰਦਿਆਂ (ਹਰੇਕ) ਦੁੱਖ ਦੂਰ ਹੋ ਜਾਂਦਾ ਹੈ ॥੧॥ ਰਹਾਉ ॥

ਈਤ ਊਤ ਕਹਾ ਲੁੋਭਾਵਹਿ ਏਕ ਸਿਉ ਮਨੁ ਲਾਇ ॥੧॥

ਤੂੰ ਇਧਰ ਉਧਰ ਕਿਉਂ ਲੋਭ ਵਿਚ ਫਸ ਰਿਹਾ ਹੈਂ? ਇਕ ਪਰਮਾਤਮਾ ਨਾਲ ਆਪਣਾ ਮਨ ਜੋੜ ॥੧॥

ਮਹਾ ਪਵਿਤ੍ਰ ਸੰਤ ਆਸਨੁ ਮਿਲਿ ਸੰਗਿ ਗੋਬਿਦੁ ਧਿਆਇ ॥੨॥

ਗੁਰੂ ਦਾ ਟਿਕਾਣਾ (ਜੀਵਨ ਨੂੰ) ਬਹੁਤ ਸੁੱਚਾ ਬਣਾਣ ਵਾਲਾ ਹੈ। ਗੁਰੂ ਨਾਲ ਮਿਲ ਕੇ ਗੋਬਿੰਦ ਨੂੰ (ਆਪਣੇ ਮਨ ਵਿਚ) ਧਿਆਇਆ ਕਰ ॥੨॥

ਸਗਲ ਤਿਆਗਿ ਸਰਨਿ ਆਇਓ ਨਾਨਕ ਲੇਹੁ ਮਿਲਾਇ ॥੩॥੩॥੧੪॥

ਹੇ ਨਾਨਕ! (ਆਖ)ਸਾਰੇ (ਆਸਰੇ) ਛੱਡ ਕੇ ਮੈਂ ਤੇਰੀ ਸਰਨ ਆਇਆ ਹਾਂ। ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖ ॥੩॥੩॥੧੪॥


ਕਾਨੜਾ ਮਹਲਾ ੫ ॥
ਪੇਖਿ ਪੇਖਿ ਬਿਗਸਾਉ ਸਾਜਨ ਪ੍ਰਭੁ ਆਪਨਾ ਇਕਾਂਤ ॥੧॥ ਰਹਾਉ ॥

ਮੈਂ ਆਪਣੇ ਸੱਜਣ ਪ੍ਰਭੂ ਨੂੰ (ਹਰ ਥਾਂ ਵੱਸਦਾ) ਵੇਖ ਵੇਖ ਕੇ ਖ਼ੁਸ਼ ਹੋ ਜਾਂਦਾ ਹਾਂ, (ਉਹ ਸਰਬ-ਵਿਆਪਕ ਹੁੰਦਿਆਂ ਭੀ ਮਾਇਆ ਦੇ ਪ੍ਰਭਾਵ ਤੋਂ) ਵੱਖਰਾ ਰਹਿੰਦਾ ਹੈ ॥੧॥ ਰਹਾਉ ॥

ਆਨਦਾ ਸੁਖ ਸਹਜ ਮੂਰਤਿ ਤਿਸੁ ਆਨ ਨਾਹੀ ਭਾਂਤਿ ॥੧॥

ਉਹ ਸੱਜਣ ਪ੍ਰਭੂ ਆਨੰਦ-ਰੂਪ ਹੈ, ਸੁਖ-ਸਰੂਪ ਹੈ, ਆਤਮਕ ਅਡੋਲਤਾ ਦਾ ਸਰੂਪ ਹੈ। ਉਸ ਵਰਗਾ ਹੋਰ ਕੋਈ ਨਹੀਂ ਹੈ ॥੧॥

ਸਿਮਰਤ ਇਕ ਬਾਰ ਹਰਿ ਹਰਿ ਮਿਟਿ ਕੋਟਿ ਕਸਮਲ ਜਾਂਤਿ ॥੨॥

ਉਸ ਹਰੀ ਪ੍ਰਭੂ ਦਾ ਨਾਮ ਸਦਾ ਸਿਮਰਦਿਆਂ ਕ੍ਰੋੜਾਂ ਪਾਪ ਮਿਟ ਜਾਂਦੇ ਹਨ ॥੨॥

ਗੁਣ ਰਮੰਤ ਦੂਖ ਨਾਸਹਿ ਰਿਦ ਭਇਅੰਤ ਸਾਂਤਿ ॥੩॥

ਉਹ ਸੱਜਣ-ਪ੍ਰਭੂ ਦੇ ਗੁਣ ਗਾਂਦਿਆਂ (ਸਾਰੇ) ਦੁੱਖ ਨਾਸ ਹੋ ਜਾਂਦੇ ਹਨ, ਹਿਰਦੇ ਵਿਚ ਠੰਢ ਪੈ ਜਾਂਦੀ ਹੈ ॥੩॥

ਅੰਮ੍ਰਿਤਾ ਰਸੁ ਪੀਉ ਰਸਨਾ ਨਾਨਕ ਹਰਿ ਰੰਗਿ ਰਾਤ ॥੪॥੪॥੧੫॥

ਹੇ ਨਾਨਕ! (ਉਸ ਸੱਜਣ-ਪ੍ਰਭੂ ਦਾ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਆਪਣੀ) ਜੀਭ ਨਾਲ ਪੀਂਦਾ ਰਹੁ, ਅਤੇ ਉਸ ਹਰੀ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹੁ ॥੪॥੪॥੧੫॥


ਕਾਨੜਾ ਮਹਲਾ ੫ ॥
ਸਾਜਨਾ ਸੰਤ ਆਉ ਮੇਰੈ ॥੧॥ ਰਹਾਉ ॥

ਹੇ ਸੰਤ ਜਨੋ! ਹੇ ਸੱਜਣੋ! ਤੁਸੀਂ ਮੇਰੇ ਘਰ ਆਓ ॥੧॥ ਰਹਾਉ ॥

ਆਨਦਾ ਗੁਨ ਗਾਇ ਮੰਗਲ ਕਸਮਲਾ ਮਿਟਿ ਜਾਹਿ ਪਰੇਰੈ ॥੧॥

ਹੇ ਸੱਜਣੋ! (ਤੁਹਾਡੀ ਸੰਗਤ ਵਿਚ ਪਰਮਾਤਮਾ ਦੇ) ਗੁਣ ਗਾ ਕੇ (ਮੇਰੇ ਹਿਰਦੇ ਵਿਚ) ਆਨੰਦ ਪੈਦਾ ਹੋ ਜਾਂਦਾ ਹੈ, ਖ਼ੁਸ਼ੀਆਂ ਬਣ ਜਾਂਦੀਆਂ ਹਨ, (ਮੇਰੇ ਅੰਦਰੋਂ) ਸਾਰੇ ਪਾਪ ਮਿਟ ਜਾਂਦੇ ਹਨ, ਦੂਰ ਹੋ ਜਾਂਦੇ ਹਨ ॥੧॥

ਸੰਤ ਚਰਨ ਧਰਉ ਮਾਥੈ ਚਾਂਦਨਾ ਗ੍ਰਿਹਿ ਹੋਇ ਅੰਧੇਰੈ ॥੨॥

ਜਦੋਂ ਮੈਂ ਸੰਤ ਜਨਾਂ ਦੇ ਚਰਨ (ਆਪਣੇ) ਮੱਥੇ ਉੱਤੇ ਰੱਖਦਾ ਹਾਂ, ਮੇਰੇ ਹਨੇਰੇ (ਹਿਰਦੇ-) ਘਰ ਵਿੱਚ (ਆਤਮਕ) ਚਾਨਣ ਹੋ ਜਾਂਦਾ ਹੈ ॥੨॥

ਸੰਤ ਪ੍ਰਸਾਦਿ ਕਮਲੁ ਬਿਗਸੈ ਗੋਬਿੰਦ ਭਜਉ ਪੇਖਿ ਨੇਰੈ ॥੩॥

ਸੰਤ ਜਨਾਂ ਦੀ ਕਿਰਪਾ ਨਾਲ (ਮੇਰਾ ਹਿਰਦਾ-) ਕੌਲ ਖਿੜ ਪੈਂਦਾ ਹੈ, ਗੋਬਿੰਦ ਨੂੰ (ਆਪਣੇ) ਨੇੜੇ ਵੇਖ ਕੇ ਮੈਂ ਉਸ ਦਾ ਭਜਨ ਕਰਦਾ ਹਾਂ ॥੩॥

ਪ੍ਰਭ ਕ੍ਰਿਪਾ ਤੇ ਸੰਤ ਪਾਏ ਵਾਰਿ ਵਾਰਿ ਨਾਨਕ ਉਹ ਬੇਰੈ ॥੪॥੫॥੧੬॥

ਪਰਮਾਤਮਾ ਦੀ ਮਿਹਰ ਨਾਲ ਮੈਂ ਸੰਤ ਜਨਾਂ ਨੂੰ ਮਿਲਿਆ। ਹੇ ਨਾਨਕ! ਮੈਂ ਉਸ ਵੇਲੇ ਤੋਂ ਸਦਾ ਕੁਰਬਾਨ ਜਾਂਦਾ ਹਾਂ (ਜਦੋਂ ਸੰਤਾਂ ਦੀ ਸੰਗਤ ਪ੍ਰਾਪਤ ਹੋਈ) ॥੪॥੫॥੧੬॥


ਕਾਨੜਾ ਮਹਲਾ ੫ ॥
ਚਰਨ ਸਰਨ ਗੋਪਾਲ ਤੇਰੀ ॥

ਹੇ ਸ੍ਰਿਸ਼ਟੀ ਦੇ ਪਾਲਣਹਾਰ! ਮੈਂ ਤੇਰੇ ਚਰਨਾਂ ਦੀ ਸਰਨ ਆਇਆ ਹਾਂ।

ਮੋਹ ਮਾਨ ਧੋਹ ਭਰਮ ਰਾਖਿ ਲੀਜੈ ਕਾਟਿ ਬੇਰੀ ॥੧॥ ਰਹਾਉ ॥

(ਮੇਰੇ ਅੰਦਰੋਂ) ਮੋਹ, ਅਹੰਕਾਰ, ਠੱਗੀ, ਭਟਕਣਾ (ਆਦਿਕ ਦੀਆਂ) ਫਾਹੀਆਂ ਕੱਟ ਕੇ (ਮੇਰੀ) ਰੱਖਿਆ ਕਰ ॥੧॥ ਰਹਾਉ ॥

ਬੂਡਤ ਸੰਸਾਰ ਸਾਗਰ ॥

ਸੰਸਾਰ-ਸਮੁੰਦਰ ਵਿਚ ਡੁੱਬ ਰਹੇ ਜੀਵ-

ਉਧਰੇ ਹਰਿ ਸਿਮਰਿ ਰਤਨਾਗਰ ॥੧॥

ਹੇ ਰਤਨਾਂ ਦੀ ਖਾਣ ਹਰੀ! (ਤੇਰਾ ਨਾਮ) ਸਿਮਰ ਕੇ ਬਚ ਨਿਕਲਦੇ ਹਨ ॥੧॥

ਸੀਤਲਾ ਹਰਿ ਨਾਮੁ ਤੇਰਾ ॥

ਹੇ ਹਰੀ! ਤੇਰਾ ਨਾਮ (ਜੀਵਾਂ ਦੇ ਹਿਰਦੇ ਵਿਚ) ਠੰਢ ਪਾਣ ਵਾਲਾ ਹੈ।

ਪੂਰਨੋ ਠਾਕੁਰ ਪ੍ਰਭੁ ਮੇਰਾ ॥੨॥

ਹੇ ਠਾਕੁਰ! ਤੂੰ ਸਰਬ-ਵਿਆਪਕ ਹੈਂ, ਤੂੰ ਮੇਰਾ ਪ੍ਰਭੂ ਹੈਂ ॥੨॥

ਦੀਨ ਦਰਦ ਨਿਵਾਰਿ ਤਾਰਨ ॥

ਪਰਮਾਤਮਾ ਗ਼ਰੀਬਾਂ ਦੇ ਦੁੱਖ ਦੂਰ ਕਰ ਕੇ (ਉਹਨਾਂ ਨੂੰ ਦੁਖਾਂ ਦੇ ਸਮੁੰਦਰ ਵਿਚੋਂ) ਪਾਰ ਲੰਘਾਣ ਵਾਲਾ ਹੈ।

ਹਰਿ ਕ੍ਰਿਪਾ ਨਿਧਿ ਪਤਿਤ ਉਧਾਰਨ ॥੩॥

ਹਰੀ ਦਇਆ ਦਾ ਖ਼ਜ਼ਾਨਾ ਹੈ, ਵਿਕਾਰੀਆਂ ਨੂੰ (ਵਿਕਾਰਾਂ ਵਿਚੋਂ) ਬਚਾਣ ਵਾਲਾ ਹੈ ॥੩॥

ਕੋਟਿ ਜਨਮ ਦੂਖ ਕਰਿ ਪਾਇਓ ॥

(ਮਨੁੱਖ) ਕ੍ਰੋੜਾਂ ਜਨਮਾਂ ਦੇ ਦੁੱਖ ਸਹਾਰ ਕੇ (ਮਨੁੱਖਾ ਜਨਮ) ਹਾਸਲ ਕਰਦਾ ਹੈ,

ਸੁਖੀ ਨਾਨਕ ਗੁਰਿ ਨਾਮੁ ਦ੍ਰਿੜਾਇਓ ॥੪॥੬॥੧੭॥

(ਪਰ) ਹੇ ਨਾਨਕ! ਸੁਖੀ (ਉਹੀ) ਹੈ ਜਿਸ ਦੇ ਹਿਰਦੇ ਵਿਚ) ਗੁਰੂ ਨੇ (ਪਰਮਾਤਮਾ ਦਾ) ਨਾਮ ਪੱਕਾ ਕਰ ਦਿੱਤਾ ਹੈ ॥੪॥੬॥੧੭॥


ਕਾਨੜਾ ਮਹਲਾ ੫ ॥
ਧਨਿ ਉਹ ਪ੍ਰੀਤਿ ਚਰਨ ਸੰਗਿ ਲਾਗੀ ॥

ਉਹ ਪ੍ਰੀਤ ਸਲਾਹੁਣ-ਜੋਗ ਹੈ ਜਿਹੜੀ (ਪਰਮਾਤਮਾ ਦੇ) ਚਰਨਾਂ ਨਾਲ ਲੱਗਦੀ ਹੈ।

ਕੋਟਿ ਜਾਪ ਤਾਪ ਸੁਖ ਪਾਏ ਆਇ ਮਿਲੇ ਪੂਰਨ ਬਡਭਾਗੀ ॥੧॥ ਰਹਾਉ ॥

(ਉਸ ਪ੍ਰੀਤ ਦੀ ਬਰਕਤਿ ਨਾਲ, ਮਾਨੋ) ਕ੍ਰੋੜਾਂ ਜਪਾਂ ਤਪਾਂ ਦੇ ਸੁਖ ਪ੍ਰਾਪਤ ਹੋ ਜਾਂਦੇ ਹਨ, ਅਤੇ ਪੂਰਨ ਪ੍ਰਭੂ ਜੀ ਵੱਡੇ ਭਾਗਾਂ ਨਾਲ ਆ ਮਿਲਦੇ ਹਨ ॥੧॥ ਰਹਾਉ ॥

ਮੋਹਿ ਅਨਾਥੁ ਦਾਸੁ ਜਨੁ ਤੇਰਾ ਅਵਰ ਓਟ ਸਗਲੀ ਮੋਹਿ ਤਿਆਗੀ ॥

ਹੇ ਪ੍ਰਭੂ! ਮੈਂ ਤੇਰਾ ਦਾਸ ਹਾਂ ਤੇਰਾ ਸੇਵਕ ਹਾਂ, ਮੈਨੂੰ ਹੋਰ ਕੋਈ ਆਸਰਾ ਨਹੀਂ (ਤੈਥੋਂ ਬਿਨਾ) ਮੈਂ ਹੋਰ ਸਾਰੀ ਓਟ ਛੱਡ ਚੁੱਕਾ ਹਾਂ।

ਭੋਰ ਭਰਮ ਕਾਟੇ ਪ੍ਰਭ ਸਿਮਰਤ ਗਿਆਨ ਅੰਜਨ ਮਿਲਿ ਸੋਵਤ ਜਾਗੀ ॥੧॥

ਹੇ ਪ੍ਰਭੂ! ਤੇਰਾ ਨਾਮ ਸਿਮਰਦਿਆਂ ਤੇਰੇ ਨਾਲ ਡੂੰਘੀ ਸਾਂਝ ਦਾ ਸੁਰਮਾ ਪਾਇਆਂ ਮੇਰੇ ਛੋਟੇ ਤੋਂ ਛੋਟੇ ਭਰਮ ਭੀ ਕੱਟੇ ਗਏ ਹਨ, (ਤੇਰੇ ਚਰਨਾਂ ਵਿਚ) ਮਿਲ ਕੇ ਮੈਂ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੀ ਜਾਗ ਪਈ ਹਾਂ ॥੧॥

ਤੂ ਅਥਾਹੁ ਅਤਿ ਬਡੋ ਸੁਆਮੀ ਕ੍ਰਿਪਾ ਸਿੰਧੁ ਪੂਰਨ ਰਤਨਾਗੀ ॥

ਹੇ ਸੁਆਮੀ! ਤੂੰ ਇਕ ਬਹੁਤ ਵੱਡਾ ਅਥਾਹ ਦਇਆ-ਦਾ-ਸਮੁੰਦਰ ਹੈਂ, ਤੂੰ ਸਰਬ-ਵਿਆਪਕ ਹੈਂ, ਤੂੰ ਰਤਨਾਂ ਦੀ ਖਾਣ ਹੈਂ।

ਨਾਨਕੁ ਜਾਚਕੁ ਹਰਿ ਹਰਿ ਨਾਮੁ ਮਾਂਗੈ ਮਸਤਕੁ ਆਨਿ ਧਰਿਓ ਪ੍ਰਭ ਪਾਗੀ ॥੨॥੭॥੧੮॥

ਹੇ ਹਰੀ! (ਤੇਰੇ ਦਰ ਦਾ) ਮੰਗਤਾ ਨਾਨਕ ਤੇਰਾ ਨਾਮ ਮੰਗਦਾ ਹੈ। (ਨਾਨਕ ਨੇ ਆਪਣਾ) ਮੱਥਾ, ਹੇ ਪ੍ਰਭੂ! ਤੇਰੇ ਚਰਨਾਂ ਤੇ ਲਿਆ ਕੇ ਰੱਖ ਦਿੱਤਾ ਹੈ ॥੨॥੭॥੧੮॥


ਕਾਨੜਾ ਮਹਲਾ ੫ ॥
ਕੁਚਿਲ ਕਠੋਰ ਕਪਟ ਕਾਮੀ ॥

ਹੇ ਸੁਆਮੀ! ਅਸੀਂ ਜੀਵ ਗੰਦੇ ਆਚਰਨ ਵਾਲੇ ਤੇ ਨਿਰਦਈ ਰਹਿੰਦੇ ਹਾਂ, ਠੱਗੀਆਂ ਕਰਨ ਵਾਲੇ ਹਾਂ, ਵਿਸ਼ਈ ਹਾਂ।

ਜਿਉ ਜਾਨਹਿ ਤਿਉ ਤਾਰਿ ਸੁਆਮੀ ॥੧॥ ਰਹਾਉ ॥

ਹੇ ਸੁਆਮੀ! ਜਿਸ ਭੀ ਤਰੀਕੇ ਨਾਲ ਤੂੰ (ਜੀਵਾਂ ਨੂੰ ਪਾਰ ਲੰਘਾਣਾ ਠੀਕ) ਸਮਝਦਾ ਹੈਂ, ਉਸੇ ਤਰ੍ਹਾਂ (ਇਹਨਾਂ ਵਿਕਾਰਾਂ ਤੋਂ) ਪਾਰ ਲੰਘਾ ॥੧॥ ਰਹਾਉ ॥

ਤੂ ਸਮਰਥੁ ਸਰਨਿ ਜੋਗੁ ਤੂ ਰਾਖਹਿ ਅਪਨੀ ਕਲ ਧਾਰਿ ॥੧॥

ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈਂ, ਤੂੰ ਸਰਨ-ਪਏ ਦੀ ਰੱਖਿਆ ਕਰਨ-ਜੋਗ ਹੈਂ, ਤੂੰ (ਜੀਵਾਂ ਨੂੰ) ਆਪਣੀ ਤਾਕਤ ਵਰਤ ਕੇ ਬਚਾਂਦਾ (ਆ ਰਿਹਾ) ਹੈਂ ॥੧॥

ਜਾਪ ਤਾਪ ਨੇਮ ਸੁਚਿ ਸੰਜਮ ਨਾਹੀ ਇਨ ਬਿਧੇ ਛੁਟਕਾਰ ॥

ਜਪ, ਤਪ, ਵਰਤ-ਨੇਮ; ਸਰੀਰਕ ਪਵਿੱਤ੍ਰਤਾ, ਸੰਜਮ-ਇਹਨਾਂ ਤਰੀਕਿਆਂ ਨਾਲ (ਵਿਕਾਰਾਂ ਤੋਂ ਜੀਵਾਂ ਦੀ) ਖ਼ਲਾਸੀ ਨਹੀਂ ਹੋ ਸਕਦੀ।

ਗਰਤ ਘੋਰ ਅੰਧ ਤੇ ਕਾਢਹੁ ਪ੍ਰਭ ਨਾਨਕ ਨਦਰਿ ਨਿਹਾਰਿ ॥੨॥੮॥੧੯॥

ਹੇ ਪ੍ਰਭੂ! ਨਾਨਕ ਨੂੰ ਤੂੰ (ਆਪ ਹੀ) ਮਿਹਰ ਦੀ ਨਿਗਾਹ ਨਾਲ ਤੱਕ ਕੇ (ਵਿਕਾਰਾਂ ਦੇ) ਘੁੱਪ ਹਨੇਰੇ ਟੋਏ ਵਿਚੋਂ ਬਾਹਰ ਕੱਢ ॥੨॥੮॥੧੯॥


ਕਾਨੜਾ ਮਹਲਾ ੫ ਘਰੁ ੪ ॥

ਰਾਗ ਕਾਨੜਾ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਨਾਰਾਇਨ ਨਰਪਤਿ ਨਮਸਕਾਰੈ ॥

(ਪ੍ਰਭੂ ਦੇ ਬੇਅੰਤ ਰੰਗ ਵੇਖ ਵੇਖ ਕੇ ਜਿਹੜਾ ਗੁਰੂ) ਪ੍ਰਭੂ-ਪਾਤਿਸ਼ਾਹ ਨੂੰ ਸਦਾ ਸਿਰ ਨਿਵਾਂਦਾ ਰਹਿੰਦਾ ਹੈ,

ਐਸੇ ਗੁਰ ਕਉ ਬਲਿ ਬਲਿ ਜਾਈਐ ਆਪਿ ਮੁਕਤੁ ਮੋਹਿ ਤਾਰੈ ॥੧॥ ਰਹਾਉ ॥

ਜਿਹੜਾ (ਨਾਮ ਦੀ ਬਰਕਤਿ ਨਾਲ) (ਦੁਨੀਆ ਦੇ ਬੰਧਨਾਂ ਤੋਂ) ਆਪ ਨਿਰਲੇਪ ਹੈ, ਤੇ ਮੈਨੂੰ ਪਾਰ ਲੰਘਾਣ ਦੀ ਸਮਰੱਥਾ ਰੱਖਦਾ ਹੈ, ਉਸ ਗੁਰੂ ਤੋਂ ਸਦਾ ਹੀ ਕੁਰਬਾਨ ਜਾਣਾ ਚਾਹੀਦਾ ਹੈ ॥੧॥ ਰਹਾਉ ॥

ਕਵਨ ਕਵਨ ਕਵਨ ਗੁਨ ਕਹੀਐ ਅੰਤੁ ਨਹੀ ਕਛੁ ਪਾਰੈ ॥

ਪਰਮਾਤਮਾ ਦੇ ਸਾਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ, ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਪਰਮਾਤਮਾ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।

ਲਾਖ ਲਾਖ ਲਾਖ ਕਈ ਕੋਰੈ ਕੋ ਹੈ ਐਸੋ ਬੀਚਾਰੈ ॥੧॥

ਜੋ ਇਉਂ ਸੋਚਦਾ ਹੈ, ਲੱਖਾਂ ਬੰਦਿਆਂ ਵਿਚੋਂ ਕ੍ਰੋੜਾਂ ਬੰਦਿਆਂ ਵਿਚੋਂ ਕੋਈ ਵਿਰਲਾ (ਅਜਿਹਾ ਮਨੁੱਖ) ਹੁੰਦਾ ਹੈ ॥੧॥

ਬਿਸਮ ਬਿਸਮ ਬਿਸਮ ਹੀ ਭਈ ਹੈ ਲਾਲ ਗੁਲਾਲ ਰੰਗਾਰੈ ॥

ਸੋਹਣੇ ਪ੍ਰਭੂ ਅਤੇ ਸੋਹਣੇ ਪ੍ਰਭੂ ਦੇ (ਅਸਚਰਜ) ਕੌਤਕਾਂ ਤੋਂ ਹੈਰਾਨ ਹੋ ਜਾਈਦਾ ਹੈ ਹੈਰਾਨ ਹੀ ਹੋ ਜਾਈਦਾ ਹੈ।

ਕਹੁ ਨਾਨਕ ਸੰਤਨ ਰਸੁ ਆਈ ਹੈ ਜਿਉ ਚਾਖਿ ਗੂੰਗਾ ਮੁਸਕਾਰੈ ॥੨॥੧॥੨੦॥

ਨਾਨਕ ਆਖਦਾ ਹੈ- ਸੰਤ ਜਨਾਂ ਨੂੰ (ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ) ਸੁਆਦ ਆਉਂਦਾ ਹੈ (ਪਰ ਇਸ ਸੁਆਦ ਨੂੰ ਉਹ ਬਿਆਨ ਨਹੀਂ ਕਰ ਸਕਦੇ) ਜਿਵੇਂ (ਕੋਈ) ਗੁੰਗਾ ਮਨੁੱਖ (ਕੋਈ ਸੁਆਦਲਾ ਪਦਾਰਥ) ਚੱਖ ਕੇ (ਸਿਰਫ਼) ਮੁਸਕਰਾ ਹੀ ਦੇਂਦਾ ਹੈ (ਪਰ ਸੁਆਦ ਨੂੰ ਬਿਆਨ ਨਹੀਂ ਕਰ ਸਕਦਾ) ॥੨॥੧॥੨੦॥


ਕਾਨੜਾ ਮਹਲਾ ੫ ॥
ਨ ਜਾਨੀ ਸੰਤਨ ਪ੍ਰਭ ਬਿਨੁ ਆਨ ॥

ਸੰਤ ਜਨਾਂ ਨੇ ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ (ਕਿਤੇ ਵੱਸਦਾ) ਨਹੀਂ ਜਾਣਿਆ।

ਊਚ ਨੀਚ ਸਭ ਪੇਖਿ ਸਮਾਨੋ ਮੁਖਿ ਬਕਨੋ ਮਨਿ ਮਾਨ ॥੧॥ ਰਹਾਉ ॥

ਸੰਤ ਜਨ ਉੱਚੇ ਨੀਵੇਂ ਸਭ ਜੀਵਾਂ ਵਿਚ (ਸਿਰਫ਼ ਪਰਮਾਤਮਾ ਨੂੰ) ਇੱਕ-ਸਮਾਨ (ਵੱਸਦਾ) ਵੇਖ ਕੇ ਮੂੰਹੋਂ (ਪਰਮਾਤਮਾ ਦਾ ਨਾਮ) ਉਚਾਰਦੇ ਹਨ ਅਤੇ (ਆਪਣੇ) ਮਨ ਵਿਚ ਉਸ ਦਾ ਧਿਆਨ ਧਰਦੇ ਹਨ ॥੧॥ ਰਹਾਉ ॥

ਘਟਿ ਘਟਿ ਪੂਰਿ ਰਹੇ ਸੁਖ ਸਾਗਰ ਭੈ ਭੰਜਨ ਮੇਰੇ ਪ੍ਰਾਨ ॥

ਮੇਰੇ ਪ੍ਰਾਣਾਂ ਤੋਂ ਪਿਆਰੇ ਪ੍ਰਭੂ ਜੀ, ਸਾਰੇ ਡਰ ਦੂਰ ਕਰਨ ਵਾਲੇ ਪ੍ਰਭੂ ਜੀ, ਸਾਰੇ ਸੁਖਾਂ ਦੇ ਸਮੁੰਦਰ ਪ੍ਰਭੂ ਜੀ ਹਰੇਕ ਸਰੀਰ ਵਿਚ ਮੌਜੂਦ ਹਨ।

ਮਨਹਿ ਪ੍ਰਗਾਸੁ ਭਇਓ ਭ੍ਰਮੁ ਨਾਸਿਓ ਮੰਤ੍ਰੁ ਦੀਓ ਗੁਰ ਕਾਨ ॥੧॥

ਜਿਨ੍ਹਾਂ ਦੇ ਅੰਦਰ ਪਰਮਾਤਮਾ ਗੁਰੂ ਦਾ ਸ਼ਬਦ ਪੱਕਾ ਕਰ ਦੇਂਦਾ ਹੈ, ਉਹਨਾਂ ਦੇ ਮਨ ਵਿਚ (ਆਤਮਕ ਜੀਵਨ ਦੀ ਸੂਝ ਦਾ) ਚਾਨਣ ਪੈਦਾ ਹੋ ਜਾਂਦਾ ਹੈ (ਉਹਨਾਂ ਦੇ ਅੰਦਰੋਂ) ਭਟਕਣਾ ਦੂਰ ਹੋ ਜਾਂਦੀ ਹੈ ॥੧॥

ਕਰਤ ਰਹੇ ਕ੍ਰਕ੍ਰਤਗ੍ਹ ਕਰੁਣਾ ਮੈ ਅੰਤਰਜਾਮੀ ਗ੍ਹਿਾਨ ॥

ਪਰਮਾਤਮਾ ਦੇ ਕੀਤੇ ਨੂੰ ਜਾਨਣ ਵਾਲੇ (ਸੰਤ ਜਨ) ਅੰਤਰਜਾਮੀ ਤਰਸ-ਰੂਪ ਪਰਮਾਤਮਾ ਦੇ ਗੁਣਾਂ ਦੀਆਂ ਗੱਲਾਂ ਕਰਦੇ ਰਹਿੰਦੇ ਹਨ।

ਆਠ ਪਹਰ ਨਾਨਕ ਜਸੁ ਗਾਵੈ ਮਾਂਗਨ ਕਉ ਹਰਿ ਦਾਨ ॥੨॥੨॥੨੧॥

ਨਾਨਕ (ਭੀ) ਪਰਮਾਤਮਾ (ਦੇ ਨਾਮ) ਦਾ ਦਾਨ ਮੰਗਣ ਵਾਸਤੇ ਅੱਠੇ ਪਹਰ ਉਸ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ ॥੨॥੨॥੨੧॥


ਕਾਨੜਾ ਮਹਲਾ ੫ ॥
ਕਹਨ ਕਹਾਵਨ ਕਉ ਕਈ ਕੇਤੈ ॥

ਜ਼ਬਾਨੀ ਆਖਣ ਅਖਵਾਣ ਵਾਲੇ ਤਾਂ ਅਨੇਕਾਂ ਹੀ ਹਨ,

ਐਸੋ ਜਨੁ ਬਿਰਲੋ ਹੈ ਸੇਵਕੁ ਜੋ ਤਤ ਜੋਗ ਕਉ ਬੇਤੈ ॥੧॥ ਰਹਾਉ ॥

ਪਰ ਅਜਿਹਾ ਕੋਈ ਵਿਰਲਾ ਸੰਤ-ਜਨ ਹੈ, ਕੋਈ ਵਿਰਲਾ ਸੇਵਕ ਹੈ, ਜਿਹੜਾ ਜਗਤ-ਦੇ-ਮੂਲ ਪਰਮਾਤਮਾ ਦੇ ਮਿਲਾਪ ਨੂੰ ਮਾਣਦਾ ਹੈ ॥੧॥ ਰਹਾਉ ॥

ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ ਏਕੈ ਏਕੀ ਨੇਤੈ ॥

ਹੇ ਭਾਈ! (ਜਿਹੜਾ ਕੋਈ ਵਿਰਲਾ ਸੰਤ-ਜਨ ਪ੍ਰਭੂ-ਮਿਲਾਪ ਮਾਣਦਾ ਹੈ, ਉਸ ਨੂੰ) ਕੋਈ ਦੁੱਖ ਨਹੀਂ ਪੋਹ ਸਕਦਾ, (ਉਸ ਦੇ ਅੰਦਰ ਸਦਾ) ਆਨੰਦ ਹੀ ਆਨੰਦ ਹੈ, ਉਹ ਇਕ ਪਰਮਾਤਮਾ ਨੂੰ ਹੀ (ਹਰ ਥਾਂ) ਅੱਖਾਂ ਨਾਲ ਵੇਖਦਾ ਹੈ।

ਬੁਰਾ ਨਹੀ ਸਭੁ ਭਲਾ ਹੀ ਹੈ ਰੇ ਹਾਰ ਨਹੀ ਸਭ ਜੇਤੈ ॥੧॥

ਹੇ ਭਾਈ! ਉਸ ਨੂੰ ਕੋਈ ਮਨੁੱਖ ਬੁਰਾ ਨਹੀਂ ਜਾਪਦਾ, ਹਰੇਕ ਭਲਾ ਹੀ ਦਿੱਸਦਾ ਹੈ, (ਦੁਨੀਆ ਦੇ ਵਿਕਾਰਾਂ ਦੇ ਟਾਕਰੇ ਤੇ ਉਸ ਨੂੰ) ਕਦੇ ਹਾਰ ਨਹੀਂ ਹੁੰਦੀ, ਸਦਾ ਜਿੱਤ ਹੀ ਹੁੰਦੀ ਹੈ ॥੧॥

ਸੋਗੁ ਨਾਹੀ ਸਦਾ ਹਰਖੀ ਹੈ ਰੇ ਛੋਡਿ ਨਾਹੀ ਕਿਛੁ ਲੇਤੈ ॥

ਹੇ ਭਾਈ! ਜਿਹੜਾ ਕੋਈ ਵਿਰਲਾ ਮਨੁੱਖ ਪ੍ਰਭੂ-ਮਿਲਾਪ ਮਾਣਦਾ ਹੈ, ਉਸ ਨੂੰ ਕਦੇ) ਚਿੰਤਾ ਨਹੀਂ ਵਿਆਪਦੀ, (ਉਸ ਦੇ ਅੰਦਰ ਸਦਾ) ਖ਼ੁਸ਼ੀ ਹੀ ਰਹਿੰਦੀ ਹੈ, (ਇਸ ਆਤਮਕ ਆਨੰਦ ਨੂੰ) ਛੱਡ ਕੇ ਉਹ ਕੁਝ ਹੋਰ ਗ੍ਰਹਣ ਨਹੀਂ ਕਰਦਾ।

ਕਹੁ ਨਾਨਕ ਜਨੁ ਹਰਿ ਹਰਿ ਹਰਿ ਹੈ ਕਤ ਆਵੈ ਕਤ ਰਮਤੈ ॥੨॥੩॥੨੨॥

ਨਾਨਕ ਆਖਦਾ ਹੈ- ਪਰਮਾਤਮਾ ਦਾ ਜਿਹੜਾ ਇਹੋ ਜਿਹਾ ਸੇਵਕ ਬਣਦਾ ਹੈ, ਉਹ ਮੁੜ ਮੁੜ ਜੰਮਣ ਮਰਨ ਦੇ ਗੇੜ ਵਿਚ ਨਹੀਂ ਪੈਂਦਾ ॥੨॥੩॥੨੨॥


ਕਾਨੜਾ ਮਹਲਾ ੫ ॥
ਹੀਏ ਕੋ ਪ੍ਰੀਤਮੁ ਬਿਸਰਿ ਨ ਜਾਇ ॥

ਹੇ ਮੇਰੀ ਮਾਂ! (ਮੈਂ ਤਾਂ ਸਦਾ ਇਹੀ ਅਰਦਾਸ ਕਰਦਾ ਹਾਂ ਕਿ ਮੇਰੇ) ਦਿਲ ਦਾ ਜਾਨੀ ਪ੍ਰਭੂ (ਮੈਨੂੰ ਕਦੇ ਭੀ) ਨਾਹ ਭੁੱਲੇ।

ਤਨ ਮਨ ਗਲਤ ਭਏ ਤਿਹ ਸੰਗੇ ਮੋਹਨੀ ਮੋਹਿ ਰਹੀ ਮੋਰੀ ਮਾਇ ॥੧॥ ਰਹਾਉ ॥

(ਉਸ ਨੂੰ ਭੁਲਾਇਆਂ) ਮਨ ਨੂੰ ਮੋਹਣ ਵਾਲੀ ਮਾਇਆ ਆਪਣੇ ਮੋਹ ਵਿਚ ਫਸਾਣ ਲੱਗ ਪੈਂਦੀ ਹੈ, ਸਰੀਰ ਅਤੇ ਮਨ (ਦੋਵੇਂ ਹੀ) ਉਸ (ਮੋਹਨੀ) ਦੇ ਨਾਲ ਹੀ ਮਸਤ ਰਹਿੰਦੇ ਹਨ ॥੧॥ ਰਹਾਉ ॥

ਜੈ ਜੈ ਪਹਿ ਕਹਉ ਬ੍ਰਿਥਾ ਹਉ ਅਪੁਨੀ ਤੇਊ ਤੇਊ ਗਹੇ ਰਹੇ ਅਟਕਾਇ ॥

ਹੇ ਮਾਂ! ਜਿਨ੍ਹਾਂ ਜਿਨ੍ਹਾਂ ਪਾਸ ਮੈਂ ਆਪਣੀ ਇਹ ਔਖਿਆਈ ਦੱਸਦਾ ਹਾਂ, ਉਹ ਭੀ ਸਾਰੇ (ਇਸ ਮੋਹਨੀ ਦੇ ਪੰਜੇ ਵਿਚ) ਫਸੇ ਪਏ ਹਨ ਅਤੇ (ਜੀਵਨ-ਪੰਧ ਵਿਚ) ਰੁਕੇ ਹੋਏ ਹਨ।

ਅਨਿਕ ਭਾਂਤਿ ਕੀ ਏਕੈ ਜਾਲੀ ਤਾ ਕੀ ਗੰਠਿ ਨਹੀ ਛੋਰਾਇ ॥੧॥

(ਇਹ ਮੋਹਨੀ) ਅਨੇਕਾਂ ਹੀ ਰੂਪਾਂ ਦੀ ਇਕੋ ਹੀ ਜਾਲੀ ਹੈ, ਇਸ ਦੀ (ਪਈ ਹੋਈ) ਗੰਢ ਨੂੰ ਕੋਈ ਭੀ ਛੁੜਾ ਨਹੀਂ ਸਕਦਾ ॥੧॥

ਫਿਰਤ ਫਿਰਤ ਨਾਨਕ ਦਾਸੁ ਆਇਓ ਸੰਤਨ ਹੀ ਸਰਨਾਇ ॥

ਹੇ ਨਾਨਕ! (ਅਨੇਕਾਂ ਜੂਨਾਂ ਵਿਚ) ਭਟਕਦਾ ਭਟਕਦਾ ਜਿਹੜਾ (ਮਨੁੱਖ ਸੰਤ ਜਨਾਂ ਦਾ) ਦਾਸ (ਬਣ ਕੇ) ਸੰਤ ਜਨਾਂ ਦੀ ਸਰਨ ਆਉਂਦਾ ਹੈ,

ਕਾਟੇ ਅਗਿਆਨ ਭਰਮ ਮੋਹ ਮਾਇਆ ਲੀਓ ਕੰਠਿ ਲਗਾਇ ॥੨॥੪॥੨੩॥

(ਉਸ ਦੇ ਅੰਦਰੋਂ) ਆਤਮਕ ਜੀਵਨ ਵਲੋਂ ਬੇ-ਸਮਝੀ, ਭਟਕਣਾ ਅਤੇ ਮਾਇਆ ਦੇ ਮੋਹ (ਦੀਆਂ ਗੰਢਾਂ) ਕੱਟੀਆਂ ਜਾਂਦੀਆਂ ਹਨ, (ਪ੍ਰਭੂ ਜੀ) ਉਸ ਨੂੰ ਆਪਣੇ ਗਲ ਨਾਲ ਲਾ ਲੈਂਦੇ ਹਨ ॥੨॥੪॥੨੩॥


ਕਾਨੜਾ ਮਹਲਾ ੫ ॥
ਆਨਦ ਰੰਗ ਬਿਨੋਦ ਹਮਾਰੈ ॥

(ਗੁਰੂ ਦੇ ਚਰਨਾਂ ਨਾਲ) ਮੇਰੇ ਹਿਰਦੇ ਵਿਚ ਸਦਾ ਆਤਮਕ ਆਨੰਦ ਤੇ ਚਾਉ ਬਣਿਆ ਰਹਿੰਦਾ ਹੈ,

ਨਾਮੋ ਗਾਵਨੁ ਨਾਮੁ ਧਿਆਵਨੁ ਨਾਮੁ ਹਮਾਰੇ ਪ੍ਰਾਨ ਅਧਾਰੈ ॥੧॥ ਰਹਾਉ ॥

(ਕਿਉਂਕਿ ਪਰਮਾਤਮਾ ਦਾ) ਨਾਮ ਮੇਰੀ ਜ਼ਿੰਦਗੀ ਦਾ ਸਹਾਰਾ ਬਣ ਗਿਆ ਹੈ, ਹਰਿ-ਨਾਮ ਹੀ (ਮੇਰਾ ਹਰ ਵੇਲੇ ਦਾ) ਗੀਤ ਹੈ, ਹਰਿ-ਨਾਮ ਹੀ ਮੇਰੀ ਸੁਰਤ ਦਾ ਨਿਸ਼ਾਨਾ (ਬਣ ਚੁਕਾ) ਹੈ ॥੧॥ ਰਹਾਉ ॥

ਨਾਮੋ ਗਿਆਨੁ ਨਾਮੁ ਇਸਨਾਨਾ ਹਰਿ ਨਾਮੁ ਹਮਾਰੇ ਕਾਰਜ ਸਵਾਰੈ ॥

(ਗੁਰੂ ਦੇ ਚਰਨਾਂ ਦਾ ਸਦਕਾ ਹੁਣ ਪਰਮਾਤਮਾ ਦਾ) ਨਾਮ ਹੀ (ਮੇਰੇ ਵਾਸਤੇ ਸ਼ਾਸਤ੍ਰਾਂ ਦਾ) ਗਿਆਨ ਹੈ, ਨਾਮ (ਮੇਰੇ ਵਾਸਤੇ ਤੀਰਥਾਂ ਦਾ) ਇਸ਼ਨਾਨ ਹੈ ਹਰਿ ਨਾਮ ਮੇਰੇ ਸਾਰੇ ਕੰਮ ਸਿਰੇ ਚਾੜ੍ਹਦਾ ਹੈ।

ਹਰਿ ਨਾਮੋ ਸੋਭਾ ਨਾਮੁ ਬਡਾਈ ਭਉਜਲੁ ਬਿਖਮੁ ਨਾਮੁ ਹਰਿ ਤਾਰੈ ॥੧॥

ਪਰਮਾਤਮਾ ਦਾ ਨਾਮ (ਮੇਰੇ) ਵਾਸਤੇ (ਦੁਨੀਆ ਦੀ) ਸੋਭਾ-ਵਡਿਆਈ ਹੈ। ਪਰਮਾਤਮਾ ਦਾ ਨਾਮ (ਹੀ) ਇਸ ਔਖੇ ਤਰੇ ਜਾਣ ਵਾਲੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ ॥੧॥

ਅਗਮ ਪਦਾਰਥ ਲਾਲ ਅਮੋਲਾ ਭਇਓ ਪਰਾਪਤਿ ਗੁਰ ਚਰਨਾਰੈ ॥

ਇਹ ਹਰਿ-ਨਾਮ ਇਕ ਐਸਾ ਕੀਮਤੀ ਪਦਾਰਥ ਹੈ ਜਿਸ ਤਕ (ਆਪਣੇ ਉੱਦਮ ਨਾਲ) ਪਹੁੰਚ ਨਹੀਂ ਹੋ ਸਕਦੀ, ਇਕ ਐਸਾ ਲਾਲ ਹੈ ਜੋ ਕਿਸੇ ਮੁੱਲ ਤੋਂ ਨਹੀਂ ਮਿਲਦਾ। ਪਰ ਇਹ ਗੁਰੂ ਦੇ ਚਰਨਾਂ ਵਿਚ ਟਿਕਿਆਂ ਲੱਭ ਪੈਂਦਾ ਹੈ।

ਕਹੁ ਨਾਨਕ ਪ੍ਰਭ ਭਏ ਕ੍ਰਿਪਾਲਾ ਮਗਨ ਭਏ ਹੀਅਰੈ ਦਰਸਾਰੈ ॥੨॥੫॥੨੪॥

ਨਾਨਕ ਆਖਦਾ ਹੈ- (ਗੁਰੂ ਦੇ ਚਰਨਾਂ ਦੀ ਬਰਕਤਿ ਨਾਲ ਜਿਸ ਮਨੁੱਖ ਉੱਤੇ) ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਉਹ ਆਪਣੇ ਹਿਰਦੇ ਵਿਚ ਹੀ ਪ੍ਰਭੂ ਦੇ ਦਰਸਨ ਵਿਚ ਮਸਤ ਰਹਿੰਦਾ ਹੈ ॥੨॥੫॥੨੪॥


ਕਾਨੜਾ ਮਹਲਾ ੫ ॥
ਸਾਜਨ ਮੀਤ ਸੁਆਮੀ ਨੇਰੋ ॥

(ਸਭਨਾਂ ਦਾ) ਸੱਜਣ ਮਿੱਤਰ ਮਾਲਕ ਪ੍ਰਭੂ (ਹਰ ਵੇਲੇ ਤੇਰੇ) ਨੇੜੇ (ਵੱਸ ਰਿਹਾ ਹੈ)।

ਪੇਖਤ ਸੁਨਤ ਸਭਨ ਕੈ ਸੰਗੇ ਥੋਰੈ ਕਾਜ ਬੁਰੋ ਕਹ ਫੇਰੋ ॥੧॥ ਰਹਾਉ ॥

ਉਹ ਸਭ ਜੀਵਾਂ ਦੇ ਨਾਲ ਵੱਸਦਾ ਹੈ (ਸਭਨਾਂ ਦੇ ਕਰਮ) ਵੇਖਦਾ ਹੈ (ਸਭਨਾਂ ਦੀਆਂ) ਸੁਣਦਾ ਹੈ ਥੋੜੀ ਜਿਹੀ ਜ਼ਿੰਦਗੀ ਦੇ ਮਨੋਰਥਾਂ ਦੀ ਖ਼ਾਤਰ ਮੰਦੇ ਕੰਮ ਕਿਉਂ ਕੀਤੇ ਜਾਣ? ॥੧॥ ਰਹਾਉ ॥

ਨਾਮ ਬਿਨਾ ਜੇਤੋ ਲਪਟਾਇਓ ਕਛੂ ਨਹੀ ਨਾਹੀ ਕਛੁ ਤੇਰੋ ॥

ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਜਿਤਨੇ ਭੀ ਪਦਾਰਥਾਂ ਨਾਲ ਤੂੰ ਚੰਬੜ ਰਿਹਾ ਹੈਂ ਉਹਨਾਂ ਵਿਚੋਂ ਤੇਰਾ (ਆਖ਼ਰ) ਕੁਝ ਭੀ ਨਹੀਂ ਬਣਨਾ।

ਆਗੈ ਦ੍ਰਿਸਟਿ ਆਵਤ ਸਭ ਪਰਗਟ ਈਹਾ ਮੋਹਿਓ ਭਰਮ ਅੰਧੇਰੋ ॥੧॥

ਇਥੇ ਤੂੰ ਮਾਇਆ ਦੇ ਮੋਹ ਵਿਚ ਫਸ ਰਿਹਾ ਹੈਂ, ਭਰਮਾਂ ਦੇ ਹਨੇਰੇ ਵਿਚ (ਠੇਢੇ ਖਾ ਰਿਹਾ ਹੈਂ) ਪਰ ਪਰਲੋਕ ਵਿਚ (ਇਥੋਂ ਦਾ ਕੀਤਾ ਹੋਇਆ) ਸਭ ਕੁਝ ਪ੍ਰਤੱਖ ਤੌਰ ਤੇ ਦਿੱਸ ਪੈਂਦਾ ਹੈ ॥੧॥

ਅਟਕਿਓ ਸੁਤ ਬਨਿਤਾ ਸੰਗ ਮਾਇਆ ਦੇਵਨਹਾਰੁ ਦਾਤਾਰੁ ਬਿਸੇਰੋ ॥

ਤੂੰ ਪੁੱਤਰ ਇਸਤ੍ਰੀ ਅਤੇ ਮਾਇਆ ਦੇ ਮੋਹ ਵਿਚ (ਆਤਮਕ ਜੀਵਨ ਦੇ ਪੰਧ ਵਲੋਂ) ਰੁਕਿਆ ਪਿਆ ਹੈਂ, ਸਭ ਕੁਝ ਦੇ ਸਕਣ ਵਾਲੇ ਦਾਤਾਰ ਪ੍ਰਭੂ ਨੂੰ ਭੁਲਾ ਰਿਹਾ ਹੈਂ।

ਕਹੁ ਨਾਨਕ ਏਕੈ ਭਾਰੋਸਉ ਬੰਧਨ ਕਾਟਨਹਾਰੁ ਗੁਰੁ ਮੇਰੋ ॥੨॥੬॥੨੫॥

ਨਾਨਕ ਆਖਦਾ ਹੈ ਕਿ ਸਿਰਫ਼ ਇੱਕ (ਗੁਰੂ ਪਰਮੇਸਰ ਦਾ) ਭਰੋਸਾ (ਰੱਖ)। ਪਿਆਰਾ ਗੁਰੂ (ਮਾਇਆ ਦੇ ਸਾਰੇ) ਬੰਧਨ ਕੱਟਣ ਦੀ ਸਮਰੱਥਾ ਵਾਲਾ ਹੈ (ਉਸ ਦੀ ਸਰਨ ਪਿਆ ਰਹੁ) ॥੨॥੬॥੨੫॥


Raag Kanara Bani

ਕਾਨੜਾ ਮਹਲਾ ੫ ॥
ਬਿਖੈ ਦਲੁ ਸੰਤਨਿ ਤੁਮ੍ਰਰੈ ਗਾਹਿਓ ॥

(ਹੇ ਪ੍ਰਭੂ) ਤੇਰੇ ਸੰਤ ਜਨਾਂ ਦੀ (ਸੰਗਤ ਦੀ) ਰਾਹੀਂ ਮੈਂ (ਸਾਰੇ) ਵਿਸ਼ਿਆਂ ਦੀ ਫ਼ੌਜ ਨੂੰ ਵੱਸ ਵਿਚ ਕਰ ਲਿਆ ਹੈ।

ਤੁਮਰੀ ਟੇਕ ਭਰੋਸਾ ਠਾਕੁਰ ਸਰਨਿ ਤੁਮ੍ਰਾਰੀ ਆਹਿਓ ॥੧॥ ਰਹਾਉ ॥

ਹੇ (ਮੇਰੇ) ਠਾਕੁਰ! ਮੈਨੂੰ ਤੇਰੀ ਟੇਕ ਹੈ, ਮੈਨੂੰ ਤੇਰਾ (ਹੀ) ਭਰੋਸਾ ਹੈ, ਮੈਂ (ਸਦਾ) ਤੇਰੀ ਹੀ ਸਰਨ ਲੋੜਦਾ ਹਾਂ ॥੧॥ ਰਹਾਉ ॥

ਜਨਮ ਜਨਮ ਕੇ ਮਹਾ ਪਰਾਛਤ ਦਰਸਨੁ ਭੇਟਿ ਮਿਟਾਹਿਓ ॥

ਹੇ ਮੇਰੇ ਠਾਕੁਰ! (ਜਿਹੜੇ ਭੀ ਵਡਭਾਗੀ ਤੇਰੀ ਸਰਨ ਪੈਂਦੇ ਹਨ, ਉਹ) ਤੇਰਾ ਦਰਸਨ ਕਰ ਕੇ ਜਨਮਾਂ ਜਨਮਾਂਤਰਾਂ ਦੇ ਪਾਪ ਮਿਟਾ ਲੈਂਦੇ ਹਨ,

ਭਇਓ ਪ੍ਰਗਾਸੁ ਅਨਦ ਉਜੀਆਰਾ ਸਹਜਿ ਸਮਾਧਿ ਸਮਾਹਿਓ ॥੧॥

(ਉਹਨਾਂ ਦੇ ਅੰਦਰ ਆਤਮਕ ਜੀਵਨ ਦੀ ਸੂਝ ਦਾ) ਚਾਨਣ ਹੋ ਜਾਂਦਾ ਹੈ, ਆਤਮਕ ਆਨੰਦ ਦੀ ਰੌਸ਼ਨੀ ਹੋ ਜਾਂਦੀ ਹੈ, ਉਹ ਸਦਾ ਆਤਮਕ ਅਡੋਲਤਾ ਦੀ ਸਮਾਧੀ ਵਿਚ ਲੀਨ ਰਹਿੰਦੇ ਹਨ ॥੧॥

ਕਉਨੁ ਕਹੈ ਤੁਮ ਤੇ ਕਛੁ ਨਾਹੀ ਤੁਮ ਸਮਰਥ ਅਥਾਹਿਓ ॥

ਹੇ ਮੇਰੇ ਠਾਕੁਰ! ਕੌਣ ਆਖਦਾ ਹੈ ਕਿ ਤੈਥੋਂ ਕੁਝ ਭੀ ਹਾਸਲ ਨਹੀਂ ਹੁੰਦਾ? ਤੂੰ ਸਾਰੀਆਂ ਤਾਕਤਾਂ ਦਾ ਮਾਲਕ ਪ੍ਰਭੂ (ਸੁਖਾਂ ਦਾ) ਅਥਾਹ (ਸਮੁੰਦਰ) ਹੈਂ।

ਕ੍ਰਿਪਾ ਨਿਧਾਨ ਰੰਗ ਰੂਪ ਰਸ ਨਾਮੁ ਨਾਨਕ ਲੈ ਲਾਹਿਓ ॥੨॥੭॥੨੬॥

ਹੇ ਨਾਨਕ! ਹੇ ਕਿਰਪਾ ਦੇ ਖ਼ਜ਼ਾਨੇ! (ਜਿਹੜਾ ਮਨੁੱਖ ਤੇਰੀ ਸਰਨ ਪੈਂਦਾ ਹੈ, ਉਹ ਤੇਰੇ ਦਰ ਤੋਂ ਤੇਰਾ) ਨਾਮ-ਲਾਭ ਹਾਸਲ ਕਰਦਾ ਹੈ (ਇਹ ਨਾਮ ਹੀ ਉਸ ਦੇ ਵਾਸਤੇ ਦੁਨੀਆ ਦੇ) ਰੰਗ ਰੂਪ ਰਸ ਹਨ ॥੨॥੭॥੨੬॥


Raag Kanara Bani

ਕਾਨੜਾ ਮਹਲਾ ੫ ॥
ਬੂਡਤ ਪ੍ਰਾਨੀ ਹਰਿ ਜਪਿ ਧੀਰੈ ॥

(ਸੰਸਾਰ-ਸਮੁੰਦਰ ਵਿਚ) ਡੁੱਬ ਰਿਹਾ ਮਨੁੱਖ (ਗੁਰੂ ਦੀ ਰਾਹੀਂ) ਪਰਮਾਤਮਾ ਦਾ ਨਾਮ ਜਪ ਕੇ (ਪਾਰ ਲੰਘ ਸਕਣ ਲਈ) ਹੌਸਲਾ ਪ੍ਰਾਪਤ ਕਰ ਲੈਂਦਾ ਹੈ,

ਬਿਨਸੈ ਮੋਹੁ ਭਰਮੁ ਦੁਖੁ ਪੀਰੈ ॥੧॥ ਰਹਾਉ ॥

(ਉਸ ਦੇ ਅੰਦਰੋਂ) ਮਾਇਆ ਦਾ ਮੋਹ ਮਿਟ ਜਾਂਦਾ ਹੈ, ਭਟਕਣਾ ਦੂਰ ਹੋ ਜਾਂਦੀ ਹੈ, ਦੁੱਖ-ਦਰਦ ਨਾਸ ਹੋ ਜਾਂਦਾ ਹੈ ॥੧॥ ਰਹਾਉ ॥

ਸਿਮਰਉ ਦਿਨੁ ਰੈਨਿ ਗੁਰ ਕੇ ਚਰਨਾ ॥

ਮੈਂ (ਭੀ) ਦਿਨ ਰਾਤ ਗੁਰੂ ਦੇ ਚਰਨਾਂ ਦਾ ਧਿਆਨ ਧਰਦਾ ਹਾਂ।

ਜਤ ਕਤ ਪੇਖਉ ਤੁਮਰੀ ਸਰਨਾ ॥੧॥

ਹੇ ਪ੍ਰਭੂ! ਮੈਂ ਜਿਧਰ ਕਿਧਰ ਵੇਖਦਾ ਹਾਂ (ਗੁਰੂ ਦੀ ਕਿਰਪਾ ਨਾਲ) ਮੈਨੂੰ ਤੇਰਾ ਹੀ ਸਹਾਰਾ ਦਿੱਸ ਰਿਹਾ ਹੈ ॥੧॥

ਸੰਤ ਪ੍ਰਸਾਦਿ ਹਰਿ ਕੇ ਗੁਨ ਗਾਇਆ ॥

ਗੁਰੂ ਦੀ ਕਿਰਪਾ ਨਾਲ (ਜਿਹੜਾ ਮਨੁੱਖ) ਪਰਮਾਤਮਾ ਦੇ ਗੁਣ ਗਾਣ ਲੱਗ ਪਿਆ,

ਗੁਰ ਭੇਟਤ ਨਾਨਕ ਸੁਖੁ ਪਾਇਆ ॥੨॥੮॥੨੭॥

ਹੇ ਨਾਨਕ! ਗੁਰੂ ਨੂੰ ਮਿਲਦਿਆਂ ਉਸ ਨੇ ਆਤਮਕ ਆਨੰਦ ਪ੍ਰਾਪਤ ਕਰ ਲਿਆ ॥੨॥੮॥੨੭॥


Raag Kanara Bani

ਕਾਨੜਾ ਮਹਲਾ ੫ ॥
ਸਿਮਰਤ ਨਾਮੁ ਮਨਹਿ ਸੁਖੁ ਪਾਈਐ ॥

ਪਰਮਾਤਮਾ ਦਾ ਨਾਮ ਸਿਮਰਦਿਆਂ ਮਨ ਵਿਚ ਆਨੰਦ ਪ੍ਰਾਪਤ ਕਰ ਸਕੀਦਾ ਹੈ,

ਸਾਧ ਜਨਾ ਮਿਲਿ ਹਰਿ ਜਸੁ ਗਾਈਐ ॥੧॥ ਰਹਾਉ ॥

ਸੰਤ ਜਨਾਂ ਦੀ ਸੰਗਤ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਰਹਿਣਾ ਚਾਹੀਦਾ ਹੈ ॥੧॥ ਰਹਾਉ ॥

ਕਰਿ ਕਿਰਪਾ ਪ੍ਰਭ ਰਿਦੈ ਬਸੇਰੋ ॥

ਹੇ ਪ੍ਰਭੂ! ਮਿਹਰ ਕਰ ਕੇ (ਮੇਰੇ) ਹਿਰਦੇ ਵਿਚ (ਆਪਣਾ) ਟਿਕਾਣਾ ਬਣਾਈ ਰੱਖ।

ਚਰਨ ਸੰਤਨ ਕੈ ਮਾਥਾ ਮੇਰੋ ॥੧॥

ਹੇ ਪ੍ਰਭੂ! ਮੇਰਾ ਮੱਥਾ (ਤੇਰੇ) ਸੰਤ ਜਨਾਂ ਦੇ ਚਰਨਾਂ ਉਤੇ ਟਿਕਿਆ ਰਹੇ ॥੧॥

ਪਾਰਬ੍ਰਹਮ ਕਉ ਸਿਮਰਹੁ ਮਨਾਂ ॥

ਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਸਿਮਰਦਾ ਰਹੁ।

ਗੁਰਮੁਖਿ ਨਾਨਕ ਹਰਿ ਜਸੁ ਸੁਨਾਂ ॥੨॥੯॥੨੮॥

ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਸੁਣਿਆ ਕਰ ॥੨॥੯॥੨੮॥


Raag Kanara Bani

ਕਾਨੜਾ ਮਹਲਾ ੫ ॥
ਮੇਰੇ ਮਨ ਪ੍ਰੀਤਿ ਚਰਨ ਪ੍ਰਭ ਪਰਸਨ ॥

ਹੇ ਮੇਰੇ ਮਨ! (ਜਿਨ੍ਹਾਂ ਮਨੁੱਖਾਂ ਦੇ ਅੰਦਰ) ਪ੍ਰਭੂ ਦੇ ਚਰਨ ਛੁਹਣ ਲਈ ਤਾਂਘ ਹੁੰਦੀ ਹੈ,

ਰਸਨਾ ਹਰਿ ਹਰਿ ਭੋਜਨਿ ਤ੍ਰਿਪਤਾਨੀ ਅਖੀਅਨ ਕਉ ਸੰਤੋਖੁ ਪ੍ਰਭ ਦਰਸਨ ॥੧॥ ਰਹਾਉ ॥

ਉਹਨਾਂ ਦੀ ਜੀਭ ਪਰਮਾਤਮਾ ਦੇ ਨਾਮ ਦੀ (ਆਤਮਕ) ਖ਼ੁਰਾਕ ਨਾਲ ਰੱਜੀ ਰਹਿੰਦੀ ਹੈ, ਉਹਨਾਂ ਦੀਆਂ ਅੱਖਾਂ ਨੂੰ ਪ੍ਰਭੂ ਦੇ ਦੀਦਾਰ ਦੀ ਠੰਢ ਮਿਲੀ ਰਹਿੰਦੀ ਹੈ ॥੧॥ ਰਹਾਉ ॥

ਕਰਨਨਿ ਪੂਰਿ ਰਹਿਓ ਜਸੁ ਪ੍ਰੀਤਮ ਕਲਮਲ ਦੋਖ ਸਗਲ ਮਲ ਹਰਸਨ ॥

ਹੇ ਮੇਰੇ ਮਨ! (ਜਿਨ੍ਹਾਂ ਮਨੁੱਖਾਂ ਦੇ ਅੰਦਰ ਪ੍ਰਭੂ ਦੇ ਚਰਨ ਛੁਹਣ ਦੀ ਤਾਂਘ ਹੁੰਦੀ ਹੈ, ਉਹਨਾਂ ਦੇ) ਕੰਨਾਂ ਵਿਚ ਪ੍ਰੀਤਮ ਪ੍ਰਭੂ ਦੀ ਸਿਫ਼ਤ-ਸਾਲਾਹ ਟਿਕੀ ਰਹਿੰਦੀ ਹੈ ਜੋ ਸਾਰੇ ਪਾਪਾਂ ਸਾਰੇ ਐਬਾਂ ਦੀ ਮੈਲ ਦੂਰ ਕਰਨ ਦੇ ਸਮਰੱਥ ਹੈ।

ਪਾਵਨ ਧਾਵਨ ਸੁਆਮੀ ਸੁਖ ਪੰਥਾ ਅੰਗ ਸੰਗ ਕਾਇਆ ਸੰਤ ਸਰਸਨ ॥੧॥

ਉਹਨਾਂ ਦੇ ਪੈਰਾਂ ਦੀ ਦੌੜ-ਭੱਜ ਮਾਲਕ-ਪ੍ਰਭੂ (ਦੇ ਮਿਲਾਪ) ਦੇ ਸੁਖਦਾਈ ਰਸਤੇ ਉਤੇ ਬਣੀ ਰਹਿੰਦੀ ਹੈ, ਉਹਨਾਂ ਦੇ ਸਰੀਰਕ ਅੰਗ ਸੰਤ ਜਨਾਂ (ਦੇ ਚਰਨਾਂ) ਨਾਲ (ਛੁਹ ਕੇ) ਹੁਲਾਰੇ ਵਿਚ ਟਿਕੇ ਰਹਿੰਦੇ ਹਨ ॥੧॥

ਸਰਨਿ ਗਹੀ ਪੂਰਨ ਅਬਿਨਾਸੀ ਆਨ ਉਪਾਵ ਥਕਿਤ ਨਹੀ ਕਰਸਨ ॥

ਹੇ ਮੇਰੇ ਮਨ ਜਿਨ੍ਹਾਂ ਮਨੁੱਖਾਂ ਨੇ ਸਰਬ-ਵਿਆਪਕ ਨਾਸ-ਰਹਿਤ ਪਰਮਾਤਮਾ ਦੀ ਸਰਨ ਫੜ ਲਈ, ਉਹ (ਇਸ ਸਰਨ ਨੂੰ ਛੱਡ ਕੇ ਉਸ ਦੇ ਮਿਲਾਪ ਵਾਸਤੇ) ਹੋਰ ਹੋਰ ਹੀਲੇ ਕਰ ਕੇ ਨਹੀਂ ਥੱਕਦੇ ਫਿਰਦੇ।

ਕਰੁ ਗਹਿ ਲੀਏ ਨਾਨਕ ਜਨ ਅਪਨੇ ਅੰਧ ਘੋਰ ਸਾਗਰ ਨਹੀ ਮਰਸਨ ॥੨॥੧੦॥੨੯॥

ਹੇ ਨਾਨਕ! ਪ੍ਰਭੂ ਨੇ ਜਿਨ੍ਹਾਂ ਆਪਣੇ ਸੇਵਕਾਂ ਦਾ ਹੱਥ ਫੜ ਲਿਆ ਹੁੰਦਾ ਹੈ, ਉਹ ਸੇਵਕ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਸੰਸਾਰ-ਸਮੁੰਦਰ ਵਿਚ ਆਤਮਕ ਮੌਤ ਨਹੀਂ ਸਹੇੜਦੇ ॥੨॥੧੦॥੨੯॥


Raag Kanara Bani

ਕਾਨੜਾ ਮਹਲਾ ੫ ॥
ਕੁਹਕਤ ਕਪਟ ਖਪਟ ਖਲ ਗਰਜਤ ਮਰਜਤ ਮੀਚੁ ਅਨਿਕ ਬਰੀਆ ॥੧॥ ਰਹਾਉ ॥

(ਜਿਨ੍ਹਾਂ ਮਨੁੱਖਾਂ ਦੇ ਅੰਦਰ ਆਤਮਕ ਜੀਵਨ ਦਾ) ਨਾਸ ਕਰਨ ਵਾਲੇ ਖੋਟ ਭੜਕੇ ਰਹਿੰਦੇ ਹਨ, (ਜਿਨ੍ਹਾਂ ਦੇ ਅੰਦਰ ਕਾਮਾਦਿਕ) ਦੁਸ਼ਟ ਗੱਜਦੇ ਰਹਿੰਦੇ ਹਨ, (ਉਹਨਾਂ ਨੂੰ) ਮੌਤ ਅਨੇਕਾਂ ਵਾਰੀ ਮਾਰਦੀ ਰਹਿੰਦੀ ਹੈ ॥੧॥ ਰਹਾਉ ॥

ਅਹੰ ਮਤ ਅਨ ਰਤ ਕੁਮਿਤ ਹਿਤ ਪ੍ਰੀਤਮ ਪੇਖਤ ਭ੍ਰਮਤ ਲਾਖ ਗਰੀਆ ॥੧॥

(ਅਜਿਹੇ ਮਨੁੱਖ) ਹਉਮੈ ਦੇ ਮੱਤੇ ਹੋਏ (ਪ੍ਰਭੂ ਨੂੰ ਭੁਲਾ ਕੇ) ਹੋਰ ਹੋਰ (ਰਸਾਂ) ਵਿਚ ਰੱਤੇ ਰਹਿੰਦੇ ਹਨ, (ਅਜਿਹੇ ਮਨੁੱਖ) ਖੋਟੇ ਮਿੱਤਰਾਂ ਨਾਲ ਪਿਆਰ ਪਾਂਦੇ ਹਨ, ਖੋਟਿਆਂ ਨੂੰ ਆਪਣੇ ਸੱਜਣ ਬਣਾਂਦੇ ਹਨ, (ਅਜਿਹੇ ਮਨੁੱਖ ਕਾਮਾਦਿਕ ਵਿਕਾਰਾਂ ਦੀਆਂ) ਲੱਖਾਂ ਗਲੀਆਂ ਨੂੰ ਝਾਕਦੇ ਭਟਕਦੇ ਫਿਰਦੇ ਹਨ ॥੧॥

ਅਨਿਤ ਬਿਉਹਾਰ ਅਚਾਰ ਬਿਧਿ ਹੀਨਤ ਮਮ ਮਦ ਮਾਤ ਕੋਪ ਜਰੀਆ ॥

(ਅਜਿਹੇ ਮਨੁੱਖ) ਨਾਸਵੰਤ ਪਦਾਰਥਾਂ ਦੇ ਕਾਰ-ਵਿਹਾਰ ਵਿਚ ਹੀ ਰੁੱਝੇ ਰਹਿੰਦੇ ਹਨ, ਉਹਨਾਂ ਦਾ ਆਚਰਨ ਚੰਗੀ ਮਰਯਾਦਾ ਤੋਂ ਸੱਖਣਾ ਹੁੰਦਾ ਹੈ, ਉਹ (ਮਾਇਆ ਦੀ) ਮਮਤਾ ਦੇ ਨਸ਼ੇ ਵਿਚ ਮਸਤ ਰਹਿੰਦੇ ਹਨ, ਅਤੇ ਕ੍ਰੋਧ ਦੀ ਅੱਗ ਵਿਚ ਸੜਦੇ ਰਹਿੰਦੇ ਹਨ।

ਕਰੁਣ ਕ੍ਰਿਪਾਲ ਗੁੋਪਾਲ ਦੀਨ ਬੰਧੁ ਨਾਨਕ ਉਧਰੁ ਸਰਨਿ ਪਰੀਆ ॥੨॥੧੧॥੩੦॥

ਹੇ ਤਰਸ-ਰੂਪ ਪ੍ਰਭੂ! ਹੇ ਦਇਆ ਦੇ ਘਰ ਪ੍ਰਭੂ! ਹੇ ਸ੍ਰਿਸ਼ਟੀ ਦੇ ਪਾਲਕ! ਤੂੰ ਗਰੀਬਾਂ ਦਾ ਪਿਆਰਾ ਹੈਂ, ਮੈਂ ਨਾਨਕ ਤੇਰੀ ਸਰਨ ਆ ਪਿਆ ਹਾਂ, (ਮੈਨੂੰ ਇਹਨਾਂ ਕਾਮਾਦਿਕ ਦੁਸ਼ਟਾਂ ਤੋਂ) ਬਚਾਈ ਰੱਖ ॥੨॥੧੧॥੩੦॥


Raag Kanara Bani

ਕਾਨੜਾ ਮਹਲਾ ੫ ॥
ਜੀਅ ਪ੍ਰਾਨ ਮਾਨ ਦਾਤਾ ॥

ਪਰਮਾਤਮਾ (ਤੈਨੂੰ) ਜਿੰਦ ਦੇਣ ਵਾਲਾ ਹੈ, ਪ੍ਰਾਣ ਦੇਣ ਵਾਲਾ ਹੈ, ਇੱਜ਼ਤ ਦੇਣ ਵਾਲਾ ਹੈ।

ਹਰਿ ਬਿਸਰਤੇ ਹੀ ਹਾਨਿ ॥੧॥ ਰਹਾਉ ॥

(ਅਜਿਹੇ) ਪਰਮਾਤਮਾ ਨੂੰ ਵਿਸਾਰਦਿਆਂ (ਆਤਮਕ ਜੀਵਨ ਵਿਚ) ਘਾਟਾ ਹੀ ਘਾਟਾ ਪੈਂਦਾ ਹੈ ॥੧॥ ਰਹਾਉ ॥

ਗੋਬਿੰਦ ਤਿਆਗਿ ਆਨ ਲਾਗਹਿ ਅੰਮ੍ਰਿਤੋ ਡਾਰਿ ਭੂਮਿ ਪਾਗਹਿ ॥

ਹੇ ਮੂਰਖ! ਪਰਮਾਤਮਾ (ਦੀ ਯਾਦ) ਛੱਡ ਕੇ ਤੂੰ ਹੋਰ ਹੋਰ (ਪਦਾਰਥਾਂ) ਵਿਚ ਲੱਗਾ ਰਹਿੰਦਾ ਹੈਂ, ਤੂੰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਡੋਲ੍ਹ ਕੇ ਧਰਤੀ ਵਿਚ ਸੁੱਟ ਰਿਹਾ ਹੈਂ,

ਬਿਖੈ ਰਸ ਸਿਉ ਆਸਕਤ ਮੂੜੇ ਕਾਹੇ ਸੁਖ ਮਾਨਿ ॥੧॥

ਵਿਸ਼ੇ-ਵਿਕਾਰਾਂ ਦੇ ਸੁਆਦਾਂ ਨਾਲ ਚੰਬੜਿਆ ਹੋਇਆ ਤੂੰ ਕਿਵੇਂ ਸੁਖ ਹਾਸਲ ਕਰ ਸਕਦਾ ਹੈਂ? ॥੧॥

ਕਾਮਿ ਕ੍ਰੋਧਿ ਲੋਭਿ ਬਿਆਪਿਓ ਜਨਮ ਹੀ ਕੀ ਖਾਨਿ ॥

ਹੇ ਮੂਰਖ! ਤੂੰ (ਸਦਾ) ਕਾਮ ਵਿਚ, ਕ੍ਰੋਧ ਵਿਚ, ਲੋਭ ਵਿਚ ਫਸਿਆ ਰਹਿੰਦਾ ਹੈਂ, (ਇਹ ਕਾਮ ਕ੍ਰੋਧ ਲੋਭ ਆਦਿਕ ਤਾਂ) ਜਨਮਾਂ ਦੇ ਗੇੜ ਦਾ ਹੀ ਵਸੀਲਾ ਹਨ।

ਪਤਿਤ ਪਾਵਨ ਸਰਨਿ ਆਇਓ ਉਧਰੁ ਨਾਨਕ ਜਾਨਿ ॥੨॥੧੨॥੩੧॥

ਹੇ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ ਪ੍ਰਭੂ! (ਮੈਂ ਤੇਰੀ) ਸਰਨ ਆਇਆ ਹਾਂ, ਮੈਨੂੰ ਨਾਨਕ ਨੂੰ (ਆਪਣੇ ਦਰ ਤੇ ਡਿਗਾ) ਜਾਣ ਕੇ (ਇਹਨਾਂ ਵਿਕਾਰਾਂ ਤੋਂ ਬਚਾਈ ਰੱਖ) ॥੨॥੧੨॥੩੧॥


Raag Kanara Bani

ਕਾਨੜਾ ਮਹਲਾ ੫ ॥
ਅਵਿਲੋਕਉ ਰਾਮ ਕੋ ਮੁਖਾਰਬਿੰਦ ॥

(ਹੁਣ ਮੇਰੀ ਇਹੀ ਤਾਂਘ ਰਹਿੰਦੀ ਹੈ ਕਿ) ਮੈਂ ਪ੍ਰਭੂ ਦਾ ਸੋਹਣਾ ਮੁਖੜਾ (ਸਦਾ) ਵੇਖਦਾ ਰਹਾਂ।

ਖੋਜਤ ਖੋਜਤ ਰਤਨੁ ਪਾਇਓ ਬਿਸਰੀ ਸਭ ਚਿੰਦ ॥੧॥ ਰਹਾਉ ॥

(ਗੁਰੂ ਦੀ ਰਾਹੀਂ) ਭਾਲ ਕਰਦਿਆਂ ਕਰਦਿਆਂ (ਮੈਂ ਪਰਮਾਤਮਾ ਦਾ ਨਾਮ-) ਰਤਨ ਲੱਭ ਲਿਆ ਹੈ (ਜਿਸ ਦੀ ਬਰਕਤਿ ਨਾਲ ਮੇਰੇ ਅੰਦਰੋਂ) ਸਾਰੀ ਚਿੰਤਾ ਦੂਰ ਹੋ ਗਈ ਹੈ ॥੧॥ ਰਹਾਉ ॥

ਚਰਨ ਕਮਲ ਰਿਦੈ ਧਾਰਿ ॥

ਪ੍ਰਭੂ ਦੇ ਸੋਹਣੇ ਚਰਨ ਹਿਰਦੇ ਵਿਚ ਵਸਾ ਕੇ-

ਉਤਰਿਆ ਦੁਖੁ ਮੰਦ ॥੧॥

(ਮੇਰੇ ਅੰਦਰੋਂ) ਭੈੜਾ (ਸਾਰਾ) ਦੁੱਖ ਦੂਰ ਹੋ ਗਿਆ ਹੈ ॥੧॥

ਰਾਜ ਧਨੁ ਪਰਵਾਰੁ ਮੇਰੈ ਸਰਬਸੋ ਗੋਬਿੰਦ ॥

(ਹੁਣ) ਮੇਰੇ ਵਾਸਤੇ ਪਰਮਾਤਮਾ (ਦਾ ਨਾਮ ਹੀ) ਸਭ ਕੁਝ ਹੈ, (ਨਾਮ ਹੀ ਮੇਰੇ ਵਾਸਤੇ) ਰਾਜ (ਹੈ, ਨਾਮ ਹੀ ਮੇਰੇ ਵਾਸਤੇ) ਧਨ (ਹੈ, ਨਾਮ ਹੀ ਮੇਰਾ) ਪਰਵਾਰ ਹੈ।

ਸਾਧਸੰਗਮਿ ਲਾਭੁ ਪਾਇਓ ਨਾਨਕ ਫਿਰਿ ਨ ਮਰੰਦ ॥੨॥੧੩॥੩੨॥

ਹੇ ਨਾਨਕ! (ਜਿਨ੍ਹਾਂ ਮਨੁੱਖਾਂ ਨੇ) ਗੁਰੂ ਦੀ ਸੰਗਤ ਵਿਚ (ਟਿਕ ਕੇ ਪਰਮਾਤਮਾ ਦਾ ਨਾਮ ਦਾ) ਲਾਭ ਖੱਟ ਲਿਆ, ਉਹਨਾਂ ਨੂੰ ਮੁੜ ਆਤਮਕ ਮੌਤ ਨਹੀਂ ਆਉਂਦੀ ॥੨॥੧੩॥੩੨॥


Raag Kanara Bani

ਕਾਨੜਾ ਮਹਲਾ ੫ ਘਰੁ ੫ ॥

ਰਾਗ ਕਾਨੜਾ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪ੍ਰਭ ਪੂਜਹੋ ਨਾਮੁ ਅਰਾਧਿ ॥

ਹੇ ਭਾਈ! ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਪ੍ਰਭੂ ਦੀ ਪੂਜਾ-ਭਗਤੀ ਕਰਿਆ ਕਰੋ,

ਗੁਰ ਸਤਿਗੁਰ ਚਰਨੀ ਲਾਗਿ ॥

ਗੁਰੂ ਸਤਿਗੁਰੂ ਦੀ ਚਰਨੀਂ ਲੱਗ ਕੇ (ਪਰਮਾਤਮਾ ਦੀ ਭਗਤੀ ਕਰੋ)।

ਹਰਿ ਪਾਵਹੁ ਮਨੁ ਅਗਾਧਿ ॥

(ਇਸ ਤਰ੍ਹਾਂ ਉਸ) ਅਥਾਹ ਮਨ (ਦੇ ਮਾਲਕ) ਪ੍ਰਭੂ ਦਾ ਮਿਲਾਪ ਹਾਸਲ ਕਰ ਲਵੋਗੇ।

ਜਗੁ ਜੀਤੋ ਹੋ ਹੋ ਗੁਰ ਕਿਰਪਾਧਿ ॥੧॥ ਰਹਾਉ ॥

ਹੇ ਭਾਈ! ਗੁਰੂ ਦੀ ਕਿਰਪਾ ਨਾਲ (ਪ੍ਰਭੂ ਦਾ ਸਿਮਰਨ ਕੀਤਿਆਂ) ਜਗਤ (ਦਾ ਮੋਹ) ਜਿੱਤਿਆ ਜਾਂਦਾ ਹੈ ॥੧॥ ਰਹਾਉ ॥

ਅਨਿਕ ਪੂਜਾ ਮੈ ਬਹੁ ਬਿਧਿ ਖੋਜੀ ਸਾ ਪੂਜਾ ਜਿ ਹਰਿ ਭਾਵਾਸਿ ॥

(ਜਗਤ ਵਿਚ) ਅਨੇਕਾਂ ਪੂਜਾ (ਹੋ ਰਹੀਆਂ ਹਨ) ਮੈਂ (ਇਹਨਾਂ ਦੀ) ਕਈ ਤਰ੍ਹਾਂ ਖੋਜ-ਭਾਲ ਕੀਤੀ ਹੈ, (ਪਰ) ਉਹੀ ਪੂਜਾ (ਸ੍ਰੇਸ਼ਟ) ਹੈ ਜਿਹੜੀ ਪਰਮਾਤਮਾ ਨੂੰ ਚੰਗੀ ਲੱਗਦੀ ਹੈ (ਜਿਸ ਨਾਲ ਪਰਮਾਤਮਾ ਪ੍ਰਸੰਨ ਹੁੰਦਾ ਹੈ)।

ਮਾਟੀ ਕੀ ਇਹ ਪੁਤਰੀ ਜੋਰੀ ਕਿਆ ਏਹ ਕਰਮ ਕਮਾਸਿ ॥

(ਪਰ ਅਜਿਹੀ ਪੂਜਾ ਭੀ ਪ੍ਰਭੂ ਆਪ ਹੀ ਕਰਾਂਦਾ ਹੈ)। (ਪਰਮਾਤਮਾ ਨੇ ਮਨੁੱਖ ਦੀ ਇਹ) ਮਿੱਟੀ ਦੀ ਪੁਤਲੀ ਬਣਾ ਦਿੱਤੀ (ਪੁਤਲੀਆਂ ਦਾ ਮਾਲਕ ਪੁਤਲੀਆਂ ਨੂੰ ਆਪ ਹੀ ਨਚਾਂਦਾ ਹੈ), ਇਹ ਜੀਵ-ਪੁਤਲੀ (ਪੁਤਲੀਆਂ ਘੜਨ ਵਾਲੇ ਪ੍ਰਭੂ ਦੀ ਪ੍ਰੇਰਨਾ ਤੋਂ ਬਿਨਾ) ਕੋਈ ਕੰਮ ਨਹੀਂ ਕਰ ਸਕਦੀ।

ਪ੍ਰਭ ਬਾਹ ਪਕਰਿ ਜਿਸੁ ਮਾਰਗਿ ਪਾਵਹੁ ਸੋ ਤੁਧੁ ਜੰਤ ਮਿਲਾਸਿ ॥੧॥

ਹੇ ਪ੍ਰਭੂ! ਜਿਸ ਜੀਵ ਨੂੰ (ਉਸ ਦੀ) ਬਾਂਹ ਫੜ ਕੇ ਤੂੰ (ਜੀਵਨ ਦੇ ਸਹੀ) ਰਸਤੇ ਉੱਤੇ ਤੋਰਦਾ ਹੈਂ, ਉਹ ਜੀਵ ਤੈਨੂੰ ਮਿਲ ਪੈਂਦਾ ਹੈ ॥੧॥

ਅਵਰ ਓਟ ਮੈ ਕੋਇ ਨ ਸੂਝੈ ਇਕ ਹਰਿ ਕੀ ਓਟ ਮੈ ਆਸ ॥

(ਪ੍ਰਭੂ ਤੋਂ ਬਿਨਾ) ਮੈਨੂੰ ਕੋਈ ਹੋਰ ਆਸਰਾ ਨਹੀਂ ਸੁੱਝਦਾ, ਮੈਨੂੰ ਸਿਰਫ਼ ਪ੍ਰਭੂ ਦੀ ਓਟ ਹੈ ਪ੍ਰਭੂ ਦੀ (ਸਹਾਇਤਾ ਦੀ) ਆਸ ਹੈ।

ਕਿਆ ਦੀਨੁ ਕਰੇ ਅਰਦਾਸਿ ॥

(ਉਸ ਦੀ ਪ੍ਰੇਰਨਾ ਤੋਂ ਬਿਨਾ) ਵਿਚਾਰਾ ਜੀਵ ਕੋਈ ਅਰਦਾਸ ਭੀ ਨਹੀਂ ਕਰ ਸਕਦਾ,

ਜਉ ਸਭ ਘਟਿ ਪ੍ਰਭੂ ਨਿਵਾਸ ॥

ਕਿਉਂਕਿ ਹਰੇਕ ਸਰੀਰ ਵਿਚ ਪ੍ਰਭੂ ਦਾ ਹੀ ਨਿਵਾਸ ਹੈ ।

ਪ੍ਰਭ ਚਰਨਨ ਕੀ ਮਨਿ ਪਿਆਸ ॥

(ਉਸ ਦੀ ਮਿਹਰ ਨਾਲ ਹੀ ਮੇਰੇ) ਮਨ ਵਿਚ ਪ੍ਰਭੂ ਦੇ ਚਰਨਾਂ (ਦੇ ਮਿਲਾਪ) ਦੀ ਤਾਂਘ ਹੈ।

ਜਨ ਨਾਨਕ ਦਾਸੁ ਕਹੀਅਤੁ ਹੈ ਤੁਮ੍ਰਰਾ ਹਉ ਬਲਿ ਬਲਿ ਸਦ ਬਲਿ ਜਾਸ ॥੨॥੧॥੩੩॥

ਹੇ ਪ੍ਰਭੂ! ਦਾਸ ਨਾਨਕ ਤੇਰਾ ਦਾਸ ਅਖਵਾਂਦਾ ਹੈ (ਇਸ ਦੀ ਲਾਜ ਰੱਖ, ਇਸ ਨੂੰ ਆਪਣੇ ਚਰਨਾਂ ਵਿਚ ਜੋੜੀ ਰੱਖ)। ਹੇ ਪ੍ਰਭੂ ਮੈਂ ਤੈਥੋਂ ਸਦਾ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ॥੨॥੧॥੩੩॥


Raag Kanara Bani

ਕਾਨੜਾ ਮਹਲਾ ੫ ਘਰੁ ੬ ॥

ਰਾਗ ਕਾਨੜਾ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਜਗਤ ਉਧਾਰਨ ਨਾਮ ਪ੍ਰਿਅ ਤੇਰੈ ॥

ਹੇ ਪਿਆਰੇ ਪ੍ਰਭੂ! ਜਗਤ (ਦੇ ਜੀਵਾਂ ਨੂੰ ਵਿਕਾਰਾਂ ਤੋਂ) ਬਚਾਵਣ ਵਾਲਾ ਤੇਰਾ ਨਾਮ ਤੇਰੇ (ਹੀ ਹੱਥ) ਵਿਚ ਹੈ।

ਨਵ ਨਿਧਿ ਨਾਮੁ ਨਿਧਾਨੁ ਹਰਿ ਕੇਰੈ ॥

ਪਰਮਾਤਮਾ ਦਾ ਨਾਮ-ਖ਼ਜ਼ਾਨਾ (ਮਾਨੋ, ਧਰਤੀ ਦੇ) ਨੌ ਹੀ ਖ਼ਜ਼ਾਨੇ ਹੈ।

ਹਰਿ ਰੰਗ ਰੰਗ ਰੰਗ ਅਨੂਪੇਰੈ ॥

ਹੇ ਮਨ! ਸੋਹਣੇ ਹਰੀ ਦੇ (ਇਸ ਜਗਤ ਵਿਚ) ਅਨੇਕਾਂ ਹੀ ਰੰਗ ਤਮਾਸ਼ੇ ਹਨ,

ਕਾਹੇ ਰੇ ਮਨ ਮੋਹਿ ਮਗਨੇਰੈ ॥

ਤੂੰ (ਇਹਨਾਂ ਰੰਗਾਂ ਦੇ) ਮੋਹ ਵਿਚ ਕਿਉਂ ਮਸਤ ਹੋ ਰਿਹਾ ਹੈਂ?

ਨੈਨਹੁ ਦੇਖੁ ਸਾਧ ਦਰਸੇਰੈ ॥

(ਆਪਣੀਆਂ) ਅੱਖਾਂ ਨਾਲ ਗੁਰੂ ਦਾ ਦਰਸਨ ਕਰਿਆ ਕਰ।

ਸੋ ਪਾਵੈ ਜਿਸੁ ਲਿਖਤੁ ਲਿਲੇਰੈ ॥੧॥ ਰਹਾਉ ॥

(ਪਰ ਜੀਵ ਦੇ ਕੀਹ ਵੱਸ? ਗੁਰੂ ਦਾ ਦਰਸਨ) ਉਹ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਦੇ ਮੱਥੇ ਉਤੇ (ਇਸ ਦਰਸਨ ਦਾ) ਲੇਖ ਲਿਖਿਆ ਹੁੰਦਾ ਹੈ ॥੧॥ ਰਹਾਉ ॥

ਸੇਵਉ ਸਾਧ ਸੰਤ ਚਰਨੇਰੈ ॥

ਮੈਂ (ਤਾਂ) ਸੰਤ ਜਨਾਂ ਦੇ ਚਰਨਾਂ ਦੀ ਓਟ ਲੈਂਦਾ ਹਾਂ,

ਬਾਂਛਉ ਧੂਰਿ ਪਵਿਤ੍ਰ ਕਰੇਰੈ ॥

ਮੈਂ (ਸੰਤ ਜਨਾਂ ਦੇ ਚਰਨਾਂ ਦੀ) ਧੂੜ ਮੰਗਦਾ ਹਾਂ (ਇਹ ਚਰਨ-ਧੂੜ ਮਨੁੱਖ ਦਾ ਜੀਵਨ) ਪਵਿੱਤਰ ਕਰਦੀ ਹੈ।

ਅਠਸਠਿ ਮਜਨੁ ਮੈਲੁ ਕਟੇਰੈ ॥

(ਇਹ ਚਰਨ-ਧੂੜ ਹੀ) ਅਠਾਹਠ ਤੀਰਥਾਂ ਦਾ ਇਸ਼ਨਾਨ ਹੈ (ਸੰਤ ਜਨਾਂ ਦੀ ਚਰਨ-ਧੂੜ ਦਾ ਇਸ਼ਨਾਨ ਜੀਵਾਂ ਦੇ ਮਨ ਦੀ) ਮੈਲ ਦੂਰ ਕਰਦਾ ਹੈ।

ਸਾਸਿ ਸਾਸਿ ਧਿਆਵਹੁ ਮੁਖੁ ਨਹੀ ਮੋਰੈ ॥

(ਆਪਣੇ) ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਨਾਮ ਸਿਮਰਿਆ ਕਰ। (ਜਿਹੜਾ ਮਨੁੱਖ ਨਾਮ ਸਿਮਰਦਾ ਹੈ, ਉਸ ਵਲੋਂ ਪਰਮਾਤਮਾ ਆਪਣਾ) ਮੂੰਹ ਨਹੀਂ ਮੋੜਦਾ।

ਕਿਛੁ ਸੰਗਿ ਨ ਚਾਲੈ ਲਾਖ ਕਰੋਰੈ ॥

(ਜਮ੍ਹਾਂ ਕੀਤੇ ਹੋਏ) ਲੱਖਾਂ ਕ੍ਰੋੜਾਂ ਰੁਪਿਆਂ ਵਿਚੋਂ ਕੁਝ ਭੀ (ਅਖ਼ੀਰ ਵੇਲੇ ਮਨੁੱਖ ਦੇ) ਨਾਲ ਨਹੀਂ ਜਾਂਦਾ।

ਪ੍ਰਭ ਜੀ ਕੋ ਨਾਮੁ ਅੰਤਿ ਪੁਕਰੋਰੈ ॥੧॥

ਅਖ਼ੀਰ ਵੇਲੇ (ਜਦੋਂ ਹਰੇਕ ਪਦਾਰਥ ਦਾ ਸਾਥ ਮੁੱਕ ਜਾਂਦਾ ਹੈ) ਪਰਮਾਤਮਾ ਦਾ ਨਾਮ ਹੀ ਸਾਥ ਨਿਬਾਹੁੰਦਾ ਹੈ ॥੧॥

ਮਨਸਾ ਮਾਨਿ ਏਕ ਨਿਰੰਕੇਰੈ ॥

(ਆਪਣੇ) ਮਨ ਦੇ ਫੁਰਨੇ ਨੂੰ ਸਿਰਫ਼ ਨਿਰੰਕਾਰ (ਦੀ ਯਾਦ) ਵਿਚ ਸ਼ਾਂਤ ਕਰ ਲੈ।

ਸਗਲ ਤਿਆਗਹੁ ਭਾਉ ਦੂਜੇਰੈ ॥

(ਪ੍ਰਭੂ ਤੋਂ ਬਿਨਾ) ਹੋਰ ਹੋਰ ਪਦਾਰਥ ਵਿਚ (ਪਾਇਆ ਹੋਇਆ) ਪਿਆਰ ਸਾਰਾ ਹੀ ਛੱਡ ਦੇ।

ਕਵਨ ਕਹਾਂ ਹਉ ਗੁਨ ਪ੍ਰਿਅ ਤੇਰੈ ॥

ਹੇ ਪਿਆਰੇ ਪ੍ਰਭੂ! ਤੇਰੇ ਅੰਦਰ (ਅਨੇਕਾਂ ਹੀ) ਗੁਣ (ਹਨ), ਮੈਂ (ਤੇਰੇ) ਕਿਹੜੇ ਕਿਹੜੇ ਗੁਣ ਦੱਸ ਸਕਦਾ ਹਾਂ?

ਬਰਨਿ ਨ ਸਾਕਉ ਏਕ ਟੁਲੇਰੈ ॥

ਮੈਂ ਤਾਂ ਤੇਰੇ ਇਕ ਉਪਕਾਰ ਨੂੰ ਭੀ ਬਿਆਨ ਨਹੀਂ ਕਰ ਸਕਦਾ।

ਦਰਸਨ ਪਿਆਸ ਬਹੁਤੁ ਮਨਿ ਮੇਰੈ ॥

ਮੇਰੇ ਮਨ ਵਿਚ ਤੇਰੇ ਦਰਸਨ ਦੀ ਬਹੁਤ ਤਾਂਘ ਹੈ,

ਮਿਲੁ ਨਾਨਕ ਦੇਵ ਜਗਤ ਗੁਰ ਕੇਰੈ ॥੨॥੧॥੩੪॥

ਹੇ ਜਗਤ ਦੇ ਗੁਰਦੇਵ! (ਮੈਨੂੰ) ਨਾਨਕ ਨੂੰ ਮਿਲ ॥੨॥੧॥੩੪॥


Raag Kanara Bani

ਕਾਨੜਾ ਮਹਲਾ ੫ ॥
ਐਸੀ ਕਉਨ ਬਿਧੇ ਦਰਸਨ ਪਰਸਨਾ ॥੧॥ ਰਹਾਉ ॥

(ਮੈਨੂੰ ਦੱਸ) ਇਹੋ ਜਿਹਾ ਕਿਹੜਾ ਤਰੀਕਾ ਹੈ ਜਿਸ ਨਾਲ ਪ੍ਰਭੂ ਦਾ ਦਰਸਨ (ਹੋ ਜਾਏ, ਪ੍ਰਭੂ ਦੇ ਚਰਨਾਂ ਦੀ) ਛੁਹ ਮਿਲ ਜਾਏ? ॥੧॥ ਰਹਾਉ ॥

ਆਸ ਪਿਆਸ ਸਫਲ ਮੂਰਤਿ ਉਮਗਿ ਹੀਉ ਤਰਸਨਾ ॥੧॥

ਸਭ ਜੀਵਾਂ ਨੂੰ ਮਨ-ਮੰਗੀਆਂ ਮੁਰਾਦਾਂ ਦੇਣ ਵਾਲੇ ਪ੍ਰਭੂ ਦੇ ਦਰਸਨ ਦੀ ਮੇਰੇ ਅੰਦਰ ਤਾਂਘ ਹੈ ਉਡੀਕ ਹੈ। ਉਮੰਗ ਵਿਚ ਮੇਰਾ ਹਿਰਦਾ (ਦਰਸ਼ਨ ਨੂੰ) ਤਰਸ ਰਿਹਾ ਹੈ ॥੧॥

ਦੀਨ ਲੀਨ ਪਿਆਸ ਮੀਨ ਸੰਤਨਾ ਹਰਿ ਸੰਤਨਾ ॥

(ਉੱਤਰ:) ਜੇ ਨਿਮਾਣੇ ਹੋ ਕੇ ਸੰਤ ਜਨਾਂ ਦੇ ਚਰਨਾਂ ਤੇ ਢਹਿ ਪਈਏ (ਜੇ ਪ੍ਰਭੂ ਦੇ ਦਰਸਨ ਦੀ ਇਤਨੀ ਤਾਂਘ ਹੋਵੇ, ਜਿਵੇਂ) ਮੱਛੀ ਨੂੰ (ਪਾਣੀ ਦੀ) ਪਿਆਸ ਹੁੰਦੀ ਹੈ,

ਹਰਿ ਸੰਤਨਾ ਕੀ ਰੇਨ ॥

ਜੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਦੀ ਖ਼ਾਤਰ-

ਹੀਉ ਅਰਪਿ ਦੇਨ ॥

ਆਪਣਾ ਹਿਰਦਾ ਭੇਟ ਕਰ ਦੇਈਏ,

ਪ੍ਰਭ ਭਏ ਹੈ ਕਿਰਪੇਨ ॥

ਤਾਂ, ਪ੍ਰਭੂ ਦਇਆਵਾਨ ਹੁੰਦਾ ਹੈ।

ਮਾਨੁ ਮੋਹੁ ਤਿਆਗਿ ਛੋਡਿਓ ਤਉ ਨਾਨਕ ਹਰਿ ਜੀਉ ਭੇਟਨਾ ॥੨॥੨॥੩੫॥

ਹੇ ਨਾਨਕ! (ਜਦੋਂ ਕਿਸੇ ਨੇ ਆਪਣੇ ਅੰਦਰੋਂ) ਅਹੰਕਾਰ ਅਤੇ ਮੋਹ ਤਿਆਗ ਦਿੱਤਾ, ਤਦੋਂ (ਉਸ ਨੂੰ) ਪ੍ਰਭੂ ਜੀ ਮਿਲ ਪੈਂਦੇ ਹਨ ॥੨॥੨॥੩੫॥


Raag Kanara Bani

ਕਾਨੜਾ ਮਹਲਾ ੫ ॥
ਰੰਗਾ ਰੰਗ ਰੰਗਨ ਕੇ ਰੰਗਾ ॥

ਪਰਮਾਤਮਾ (ਇਸ ਜਗਤ-ਤਮਾਸ਼ੇ ਵਿਚ) ਅਨੇਕਾਂ ਹੀ ਰੰਗਾਂ ਵਿਚ (ਵੱਸ ਰਿਹਾ ਹੈ)।

ਕੀਟ ਹਸਤ ਪੂਰਨ ਸਭ ਸੰਗਾ ॥੧॥ ਰਹਾਉ ॥

ਕੀੜੀ ਤੋਂ ਲੈ ਕੇ ਹਾਥੀ ਤਕ ਸਭਨਾਂ ਦੇ ਨਾਲ ਵੱਸਦਾ ਹੈ ॥੧॥ ਰਹਾਉ ॥

ਬਰਤ ਨੇਮ ਤੀਰਥ ਸਹਿਤ ਗੰਗਾ ॥

(ਉਸ ਪਰਮਾਤਮਾ ਦਾ ਦਰਸਨ ਕਰਨ ਲਈ) ਕੋਈ ਵਰਤ ਨੇਮ ਰੱਖ ਰਿਹਾ ਹੈ, ਕੋਈ ਗੰਗਾ ਸਮੇਤ ਸਾਰੇ ਤੀਰਥਾਂ ਦਾ ਇਸ਼ਨਾਨ ਕਰਦਾ ਹੈ;

ਜਲੁ ਹੇਵਤ ਭੂਖ ਅਰੁ ਨੰਗਾ ॥

ਕੋਈ (ਠੰਢੇ) ਪਾਣੀ ਅਤੇ ਬਰਫ਼ (ਦੀ ਠੰਢ ਸਹਾਰ ਰਿਹਾ ਹੈ), ਕੋਈ ਭੁੱਖਾਂ ਕੱਟਦਾ ਹੈ ਕੋਈ ਨੰਗਾ ਰਹਿੰਦਾ ਹੈ;

ਪੂਜਾਚਾਰ ਕਰਤ ਮੇਲੰਗਾ ॥

ਕੋਈ ਆਸਣ ਜਮਾ ਦੇ ਪੂਜਾ ਆਦਿਕ ਦੇ ਕਰਮ ਕਰਦਾ ਹੈ;

ਚਕ੍ਰ ਕਰਮ ਤਿਲਕ ਖਾਟੰਗਾ ॥

ਕੋਈ ਆਪਣੇ ਸਰੀਰ ਦੇ ਛੇ ਅੰਗਾਂ ਉਤੇ ਚੱਕਰ ਤਿਲਕ ਆਦਿਕ ਲਾਣ ਦੇ ਕਰਮ ਕਰਦਾ ਹੈ।

ਦਰਸਨੁ ਭੇਟੇ ਬਿਨੁ ਸਤਸੰਗਾ ॥੧॥

ਪਰ ਸਾਧ ਸੰਗਤ ਦਾ ਦਰਸਨ ਕਰਨ ਤੋਂ ਬਿਨਾ (ਇਹ ਸਾਰੇ ਕਰਮ ਵਿਅਰਥ ਹਨ) ॥੧॥

ਹਠਿ ਨਿਗ੍ਰਹਿ ਅਤਿ ਰਹਤ ਬਿਟੰਗਾ ॥

(ਅਨੇਕਾਂ ਰੰਗਾਂ ਵਿਚ ਵਿਆਪਕ ਉਸ ਪ੍ਰਭੂ ਦਾ ਦਰਸਨ ਕਰਨ ਲਈ) ਕੋਈ ਮਨੁੱਖ ਹਠ ਨਾਲ ਇੰਦ੍ਰਿਆਂ ਨੂੰ ਰੋਕਣ ਦੇ ਜਤਨ ਨਾਲ ਸਿਰ ਪਰਨੇ ਹੋਇਆ ਹੈ।

ਹਉ ਰੋਗੁ ਬਿਆਪੈ ਚੁਕੈ ਨ ਭੰਗਾ ॥

(ਪਰ ਇਸ ਤਰ੍ਹਾਂ ਸਗੋਂ) ਹਉਮੈ ਦਾ ਰੋਗ (ਮਨੁੱਖ ਉਤੇ) ਜ਼ੋਰ ਪਾ ਲੈਂਦਾ ਹੈ,

ਕਾਮ ਕ੍ਰੋਧ ਅਤਿ ਤ੍ਰਿਸਨ ਜਰੰਗਾ ॥

(ਉਸ ਦੇ ਅੰਦਰੋਂ ਆਤਮਕ ਜੀਵਨ ਦੀ) ਤੋਟ ਮੁੱਕਦੀ ਨਹੀਂ, ਕਾਮ ਕ੍ਰੋਧ ਤ੍ਰਿਸ਼ਨਾ (ਦੀ ਅੱਗ) ਵਿਚ ਸੜਦਾ ਰਹਿੰਦਾ ਹੈ।

ਸੋ ਮੁਕਤੁ ਨਾਨਕ ਜਿਸੁ ਸਤਿਗੁਰੁ ਚੰਗਾ ॥੨॥੩॥੩੬॥

ਹੇ ਨਾਨਕ! (ਕਾਮ ਕ੍ਰੋਧ ਤ੍ਰਿਸ਼ਨਾ ਤੋਂ) ਉਹ ਮਨੁੱਖ ਬਚਿਆ ਰਹਿੰਦਾ ਹੈ ਜਿਸ ਨੂੰ ਸੋਹਣਾ ਗੁਰੂ ਮਿਲ ਪੈਂਦਾ ਹੈ ॥੨॥੩॥੩੬॥


Raag Kanara Bani

ਕਾਨੜਾ ਮਹਲਾ ੫ ਘਰੁ ੭ ॥

ਰਾਗ ਕਾਨੜਾ, ਘਰ ੭ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਤਿਖ ਬੂਝਿ ਗਈ ਗਈ ਮਿਲਿ ਸਾਧ ਜਨਾ ॥

ਸੰਤ ਜਨਾਂ ਨੂੰ ਮਿਲ ਕੇ (ਮੇਰੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ ਉੱਕੀ ਹੀ ਮੁੱਕ ਗਈ ਹੈ।

ਪੰਚ ਭਾਗੇ ਚੋਰ ਸਹਜੇ ਸੁਖੈਨੋ ਹਰੇ ਗੁਨ ਗਾਵਤੀ ਗਾਵਤੀ ਗਾਵਤੀ ਦਰਸ ਪਿਆਰਿ ॥੧॥ ਰਹਾਉ ॥

ਪ੍ਰਭੂ ਦੇ ਦਰਸ਼ਨ ਦੀ ਤਾਂਘ ਵਿਚ ਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ ਬੜੇ ਹੀ ਸੌਖ ਨਾਲ (ਕਾਮਾਦਿਕ) ਪੰਜੇ ਚੋਰ (ਮੇਰੇ ਅੰਦਰੋਂ) ਭੱਜ ਗਏ ਹਨ ॥੧॥ ਰਹਾਉ ॥

ਜੈਸੀ ਕਰੀ ਪ੍ਰਭ ਮੋ ਸਿਉ ਮੋ ਸਿਉ ਐਸੀ ਹਉ ਕੈਸੇ ਕਰਉ ॥

ਹੇ ਪ੍ਰਭੂ! ਜਿਹੋ ਜਿਹੀ ਮਿਹਰ ਤੂੰ ਮੇਰੇ ਉੱਤੇ ਕੀਤੀ ਹੈ, (ਉਸ ਦੇ ਵੱਟੇ ਵਿਚ) ਉਹੋ ਜਿਹੀ (ਤੇਰੀ ਸੇਵਾ) ਮੈਂ ਕਿਵੇਂ ਕਰ ਸਕਦਾ ਹਾਂ?

ਹੀਉ ਤੁਮ੍ਰਾਰੇ ਬਲਿ ਬਲੇ ਬਲਿ ਬਲੇ ਬਲਿ ਗਈ ॥੧॥

ਹੇ ਪ੍ਰਭੂ! ਮੇਰਾ ਹਿਰਦਾ ਤੈਥੋਂ ਸਦਕੇ ਜਾਂਦਾ ਹੈ, ਕੁਰਬਾਨ ਹੁੰਦਾ ਹੈ ॥੧॥

ਪਹਿਲੇ ਪੈ ਸੰਤ ਪਾਇ ਧਿਆਇ ਧਿਆਇ ਪ੍ਰੀਤਿ ਲਾਇ ॥

ਹੇ ਪ੍ਰਭੂ! ਪਹਿਲਾਂ (ਤੇਰੇ) ਸੰਤ ਜਨਾਂ ਦੀ ਪੈਰੀਂ ਪੈ ਕੇ (ਤੇ, ਤੇਰਾ ਨਾਮ) ਸਿਮਰ ਸਿਮਰ ਸਿਮਰ ਕੇ ਮੈਂ (ਤੇਰੇ ਨਾਲ) ਪ੍ਰੀਤ ਬਣਾਈ ਹੈ।

ਪ੍ਰਭ ਥਾਨੁ ਤੇਰੋ ਕੇਹਰੋ ਜਿਤੁ ਜੰਤਨ ਕਰਿ ਬੀਚਾਰੁ ॥

ਹੇ ਪ੍ਰਭੂ! ਤੇਰਾ ਉਹ ਥਾਂ ਬੜਾ ਹੀ ਅਸਚਰਜ ਹੋਵੇਗਾ ਜਿੱਥੇ (ਬੈਠ ਕੇ) ਤੂੰ (ਸਾਰੇ) ਜੀਵਾਂ ਦੀ ਸੰਭਾਲ ਕਰਦਾ ਹੈਂ।

ਅਨਿਕ ਦਾਸ ਕੀਰਤਿ ਕਰਹਿ ਤੁਹਾਰੀ ॥

ਤੇਰੇ ਅਨੇਕਾਂ ਹੀ ਦਾਸ ਤੇਰੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ।

ਸੋਈ ਮਿਲਿਓ ਜੋ ਭਾਵਤੋ ਜਨ ਨਾਨਕ ਠਾਕੁਰ ਰਹਿਓ ਸਮਾਇ ॥

ਹੇ ਦਾਸ ਨਾਨਕ! ਹੇ ਠਾਕੁਰ! ਤੈਨੂੰ ਉਹੀ (ਦਾਸ) ਮਿਲ ਸਕਿਆ ਹੈ ਜੋ ਤੈਨੂੰ ਪਿਆਰਾ ਲੱਗਾ।

ਏਕ ਤੂਹੀ ਤੂਹੀ ਤੂਹੀ ॥੨॥੧॥੩੭॥

ਹੇ ਠਾਕੁਰ! ਤੂੰ ਹਰ ਥਾਂ ਵਿਆਪਕ ਹੈਂ, ਹਰ ਥਾਂ ਸਿਰਫ਼ ਤੂੰ ਹੀ ਹੈਂ ॥੨॥੧॥੩੭॥


Raag Kanara Bani

ਕਾਨੜਾ ਮਹਲਾ ੫ ਘਰੁ ੮ ॥

ਰਾਗ ਕਾਨੜਾ, ਘਰ ੮ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਤਿਆਗੀਐ ਗੁਮਾਨੁ ਮਾਨੁ ਪੇਖਤਾ ਦਇਆਲ ਲਾਲ ਹਾਂ ਹਾਂ ਮਨ ਚਰਨ ਰੇਨ ॥੧॥ ਰਹਾਉ ॥

(ਆਪਣੇ ਅੰਦਰੋਂ) ਮਾਣ ਅਹੰਕਾਰ ਦੂਰ ਕਰ ਦੇਣਾ ਚਾਹੀਦਾ ਹੈ। ਦਇਆ-ਦਾ-ਘਰ ਸੋਹਣਾ ਪ੍ਰਭੂ (ਸਾਡੇ ਹਰੇਕ ਕੰਮ ਨੂੰ) ਵੇਖ ਰਿਹਾ ਹੈ। ਹੇ ਮਨ! (ਸਭਨਾਂ ਦੇ) ਚਰਨਾਂ ਦੀ ਧੂੜ (ਬਣਿਆ ਰਹੁ) ॥੧॥ ਰਹਾਉ ॥

ਹਰਿ ਸੰਤ ਮੰਤ ਗੁਪਾਲ ਗਿਆਨ ਧਿਆਨ ॥੧॥

ਹਰੀ ਗੋਪਾਲ ਦੇ ਸੰਤ ਜਨਾਂ ਦੇ ਉਪਦੇਸ਼ ਦੀ ਡੂੰਘੀ ਵਿਚਾਰ ਵਿਚ ਸੁਰਤ ਜੋੜੀ ਰੱਖ ॥੧॥

ਹਿਰਦੈ ਗੋਬਿੰਦ ਗਾਇ ਚਰਨ ਕਮਲ ਪ੍ਰੀਤਿ ਲਾਇ ਦੀਨ ਦਇਆਲ ਮੋਹਨਾ ॥

ਗੋਬਿੰਦ ਦੇ ਗੁਣ (ਆਪਣੇ) ਹਿਰਦੇ ਵਿਚ (ਸਦਾ) ਗਾਇਆ ਕਰ, ਦੀਨਾਂ ਉਤੇ ਦਇਆ ਕਰਨ ਵਾਲੇ ਮੋਹਨ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਪ੍ਰੀਤ ਬਣਾਈ ਰੱਖ।

ਕ੍ਰਿਪਾਲ ਦਇਆ ਮਇਆ ਧਾਰਿ ॥

ਹੇ ਕਿਰਪਾ ਦੇ ਸੋਮੇ ਪ੍ਰਭੂ! (ਮੇਰੇ ਉਤੇ ਸਦਾ) ਮਿਹਰ ਕਰ,

ਨਾਨਕੁ ਮਾਗੈ ਨਾਮੁ ਦਾਨੁ ॥

(ਤੇਰਾ ਦਾਸ) ਨਾਨਕ (ਤੇਰੇ ਦਰ ਤੋਂ ਤੇਰਾ) ਨਾਮ-ਦਾਨ ਮੰਗਦਾ ਹੈ,

ਤਜਿ ਮੋਹੁ ਭਰਮੁ ਸਗਲ ਅਭਿਮਾਨੁ ॥੨॥੧॥੩੮॥

(ਆਪਣੇ ਅੰਦਰੋਂ) ਮੋਹ ਭਰਮ ਤੇ ਸਾਰਾ ਮਾਣ ਦੂਰ ਕਰ ਕੇ (ਇਹ ਦਾਤ ਮੰਗਦਾ ਹੈ) ॥੨॥੧॥੩੮॥


Raag Kanara Bani

ਕਾਨੜਾ ਮਹਲਾ ੫ ॥
ਪ੍ਰਭ ਕਹਨ ਮਲਨ ਦਹਨ ਲਹਨ ਗੁਰ ਮਿਲੇ ਆਨ ਨਹੀ ਉਪਾਉ ॥੧॥ ਰਹਾਉ ॥

ਗੁਰੂ ਨੂੰ ਮਿਲ ਕੇ (ਹੀ, ਵਿਕਾਰਾਂ ਦੀ) ਮੈਲ ਨੂੰ ਸਾੜਨ ਦੀ ਸਮਰੱਥਾ ਵਾਲੀ ਪ੍ਰਭੂ ਦੀ ਸਿਫ਼ਤ-ਸਾਲਾਹ ਪ੍ਰਾਪਤ ਹੁੰਦੀ ਹੈ। ਹੋਰ ਕੋਈ ਹੀਲਾ (ਇਸ ਦੀ ਪ੍ਰਾਪਤੀ ਦਾ) ਨਹੀਂ ਹੈ ॥੧॥ ਰਹਾਉ ॥

ਤਟਨ ਖਟਨ ਜਟਨ ਹੋਮਨ ਨਾਹੀ ਡੰਡਧਾਰ ਸੁਆਉ ॥੧॥

ਤੀਰਥਾਂ ਦੇ ਇਸ਼ਨਾਨ, ਬ੍ਰਾਹਮਣਾਂ ਵਾਲੇ ਛੇ ਕਰਮਾਂ ਦਾ ਰੋਜ਼ਾਨਾ ਅੱਭਿਆਸ, ਜਟਾਂ ਧਾਰਨ ਕਰਨੀਆਂ, ਹੋਮ-ਜੱਗ ਕਰਨੇ, ਡੰਡਾ ਧਾਰੀ ਜੋਗੀ ਬਣਨਾ-(ਮੇਰਾ ਇਹਨਾਂ ਕੰਮਾਂ ਨਾਲ ਕੋਈ) ਵਾਸਤਾ ਨਹੀਂ ॥੧॥

ਜਤਨ ਭਾਂਤਨ ਤਪਨ ਭ੍ਰਮਨ ਅਨਿਕ ਕਥਨ ਕਥਤੇ ਨਹੀ ਥਾਹ ਪਾਈ ਠਾਉ ॥

(ਧੂਣੀਆਂ ਆਦਿਕ ਤਪਾ ਕੇ) ਤਪ ਕਰਨੇ, ਧਰਤੀ ਦਾ ਭ੍ਰਮਣ ਕਰਦੇ ਰਹਿਣਾ-ਇਹੋ ਜਿਹੇ ਅਨੇਕਾਂ ਕਿਸਮਾਂ ਦੇ ਜਤਨ ਕੀਤਿਆਂ, ਅਨੇਕਾਂ ਵਖਿਆਨ ਕੀਤਿਆਂ (ਪਰਮਾਤਮਾ ਦੇ ਗੁਣਾਂ ਦੀ) ਹਾਥ ਨਹੀਂ ਲੱਭਦੀ (ਸੁਖ-ਸ਼ਾਂਤੀ ਦਾ) ਥਾਂ ਨਹੀਂ ਮਿਲਦਾ।

ਸੋਧਿ ਸਗਰ ਸੋਧਨਾ ਸੁਖੁ ਨਾਨਕਾ ਭਜੁ ਨਾਉ ॥੨॥੨॥੩੯॥

ਹੇ ਨਾਨਕ! ਸਾਰੀਆਂ ਵਿਚਾਰਾਂ ਵਿਚਾਰ ਕੇ (ਇਹੀ ਗੱਲ ਲੱਭੀ ਹੈ ਕਿ) ਪਰਮਾਤਮਾ ਦਾ ਨਾਮ ਸਿਮਰਿਆ ਕਰੋ (ਇਸੇ ਵਿਚ ਹੀ) ਆਨੰਦ ਹੈ ॥੨॥੨॥੩੯॥


Raag Kanara Bani

ਕਾਨੜਾ ਮਹਲਾ ੫ ਘਰੁ ੯ ॥

ਰਾਗ ਕਾਨੜਾ, ਘਰ ੯ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪਤਿਤ ਪਾਵਨੁ ਭਗਤਿ ਬਛਲੁ ਭੈ ਹਰਨ ਤਾਰਨ ਤਰਨ ॥੧॥ ਰਹਾਉ ॥

ਹੇ ਪ੍ਰਭੂ! ਤੂੰ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈਂ, ਤੂੰ ਭਗਤੀ-ਭਾਵ ਨਾਲ ਪਿਆਰ ਕਰਨ ਵਾਲਾ ਹੈਂ, ਤੂੰ (ਜੀਵਾਂ ਦੇ ਸਾਰੇ) ਡਰ ਦੂਰ ਕਰਨ ਵਾਲਾ ਹੈਂ, ਤੂੰ (ਜੀਵਨ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਲਈ ਜਹਾਜ਼ ਹੈਂ ॥੧॥ ਰਹਾਉ ॥

ਨੈਨ ਤਿਪਤੇ ਦਰਸੁ ਪੇਖਿ ਜਸੁ ਤੋਖਿ ਸੁਨਤ ਕਰਨ ॥੧॥

ਹੇ ਪ੍ਰਭੂ! ਤੇਰਾ ਦਰਸਨ ਕਰ ਕੇ (ਮੇਰੀਆਂ) ਅੱਖਾਂ ਰੱਜ ਜਾਂਦੀਆਂ ਹਨ, (ਮੇਰੇ) ਕੰਨ ਤੇਰਾ ਜਸ ਸੁਣ ਕੇ ਠੰਢ ਹਾਸਲ ਕਰਦੇ ਹਨ ॥੧॥

ਪ੍ਰਾਨ ਨਾਥ ਅਨਾਥ ਦਾਤੇ ਦੀਨ ਗੋਬਿਦ ਸਰਨ ॥

ਹੇ (ਜੀਵਾਂ ਦੇ) ਪ੍ਰਾਣਾਂ ਦੇ ਨਾਥ! ਹੇ ਅਨਾਥਾਂ ਦੇ ਦਾਤੇ! ਹੇ ਦੀਨਾਂ ਦੇ ਦਾਤੇ! ਹੇ ਗੋਬਿੰਦ! ਮੈਂ ਤੇਰੀ ਸਰਨ ਆਇਆ ਹਾਂ।

ਆਸ ਪੂਰਨ ਦੁਖ ਬਿਨਾਸਨ ਗਹੀ ਓਟ ਨਾਨਕ ਹਰਿ ਚਰਨ ॥੨॥੧॥੪੦॥

ਹੇ ਹਰੀ! ਹੇ (ਸਭ ਜੀਵਾਂ ਦੀਆਂ) ਆਸਾਂ ਪੂਰਨ ਕਰਨ ਵਾਲੇ! ਹੇ (ਸਭ ਦੇ) ਦੁੱਖ ਨਾਸ ਕਰਨ ਵਾਲੇ! ਮੈਂ ਨਾਨਕ ਨੇ ਤੇਰੇ ਚਰਨਾਂ ਦੀ ਓਟ ਲਈ ਹੈ ॥੨॥੧॥੪੦॥


Raag Kanara Bani

ਕਾਨੜਾ ਮਹਲਾ ੫ ॥
ਚਰਨ ਸਰਨ ਦਇਆਲ ਠਾਕੁਰ ਆਨ ਨਾਹੀ ਜਾਇ ॥

ਹੇ ਦਇਆ-ਦੇ-ਘਰ ਠਾਕੁਰ ਪ੍ਰਭੂ! (ਮੈਂ ਤੇਰੇ) ਚਰਨਾਂ ਦੀ ਸਰਨ (ਆਇਆ ਹਾਂ। ਦੁਨੀਆ ਦੇ ਵਿਕਾਰਾਂ ਤੋਂ ਬਚਣ ਲਈ ਤੈਥੋਂ ਬਿਨਾ) ਹੋਰ ਕੋਈ ਥਾਂ ਨਹੀਂ।

ਪਤਿਤ ਪਾਵਨ ਬਿਰਦੁ ਸੁਆਮੀ ਉਧਰਤੇ ਹਰਿ ਧਿਆਇ ॥੧॥ ਰਹਾਉ ॥

ਹੇ ਸੁਆਮੀ! ਵਿਕਾਰੀਆਂ ਨੂੰ ਪਵਿੱਤਰ ਕਰਨਾ ਤੇਰਾ ਮੁੱਢ-ਕਦੀਮਾਂ ਦਾ ਸੁਭਾਉ ਹੈ। ਹੇ ਹਰੀ! ਤੇਰਾ ਨਾਮ ਸਿਮਰ ਸਿਮਰ ਕੇ (ਅਨੇਕਾਂ ਜੀਵ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੧॥ ਰਹਾਉ ॥

ਸੈਸਾਰ ਗਾਰ ਬਿਕਾਰ ਸਾਗਰ ਪਤਿਤ ਮੋਹ ਮਾਨ ਅੰਧ ॥

ਹੇ ਪ੍ਰਭੂ ਪਾਤਿਸ਼ਾਹ! ਜਗਤ ਵਿਕਾਰਾਂ ਦੀ ਜਿੱਲ੍ਹਣ ਹੈ, ਵਿਕਾਰਾਂ ਦਾ ਸਮੁੰਦਰ ਹੈ, ਮਾਇਆ ਦੇ ਮੋਹ ਅਤੇ ਮਾਣ ਨਾਲ ਅੰਨ੍ਹੇ ਹੋਏ ਜੀਵ (ਇਸ ਵਿਚ) ਡਿੱਗੇ ਰਹਿੰਦੇ ਹਨ,

ਬਿਕਲ ਮਾਇਆ ਸੰਗਿ ਧੰਧ ॥

ਮਾਇਆ ਦੇ ਝੰਬੇਲਿਆਂ ਨਾਲ ਵਿਆਕੁਲ ਹੋਏ ਰਹਿੰਦੇ ਹਨ।

ਕਰੁ ਗਹੇ ਪ੍ਰਭ ਆਪਿ ਕਾਢਹੁ ਰਾਖਿ ਲੇਹੁ ਗੋਬਿੰਦ ਰਾਇ ॥੧॥

ਹੇ ਪ੍ਰਭੂ! (ਇਹਨਾਂ ਦਾ) ਹੱਥ ਫੜ ਕੇ ਤੂੰ ਆਪ (ਇਹਨਾਂ ਨੂੰ ਇਸ ਜਿੱਲ੍ਹਣ ਵਿਚੋਂ) ਕੱਢ, ਤੂੰ ਆਪ (ਇਹਨਾਂ ਦੀ) ਰੱਖਿਆ ਕਰ ॥੧॥

ਅਨਾਥ ਨਾਥ ਸਨਾਥ ਸੰਤਨ ਕੋਟਿ ਪਾਪ ਬਿਨਾਸ ॥

ਹੇ ਅਨਾਥਾਂ ਦੇ ਨਾਥ! ਹੇ ਸੰਤਾਂ ਦੇ ਸਹਾਰੇ! ਹੇ (ਜੀਵਾਂ ਦੇ) ਕ੍ਰੋੜਾਂ ਪਾਪ ਨਾਸ ਕਰਨ ਵਾਲੇ!

ਮਨਿ ਦਰਸਨੈ ਕੀ ਪਿਆਸ ॥

(ਮੇਰੇ) ਮਨ ਵਿਚ (ਤੇਰੇ) ਦਰਸਨ ਦੀ ਤਾਂਘ ਹੈ।

ਪ੍ਰਭ ਪੂਰਨ ਗੁਨਤਾਸ ॥

ਹੇ ਪੂਰਨ ਪ੍ਰਭੂ! ਹੇ ਗੁਣਾਂ ਦੇ ਖ਼ਜ਼ਾਨੇ!

ਕ੍ਰਿਪਾਲ ਦਇਆਲ ਗੁਪਾਲ ਨਾਨਕ ਹਰਿ ਰਸਨਾ ਗੁਨ ਗਾਇ ॥੨॥੨॥੪੧॥

ਹੇ ਕ੍ਰਿਪਾਲ! ਹੇ ਦਇਆਲ! ਹੇ ਗੁਪਾਲ! ਹੇ ਹਰੀ! (ਮਿਹਰ ਕਰ) ਨਾਨਕ ਦੀ ਜੀਭ (ਤੇਰੇ) ਗੁਣ ਗਾਂਦੀ ਰਹੇ ॥੨॥੨॥੪੧॥


Raag Kanara Bani

ਕਾਨੜਾ ਮਹਲਾ ੫ ॥
ਵਾਰਿ ਵਾਰਉ ਅਨਿਕ ਡਾਰਉ ॥

ਹੇ ਸਖੀ! ਮੈਂ (ਹੋਰ) ਅਨੇਕਾਂ (ਸੁਖ) ਵਾਰਦੀ ਹਾਂ, ਸਦਕੇ ਰਹਿੰਦੀ ਹਾਂ-

ਸੁਖੁ ਪ੍ਰਿਅ ਸੁਹਾਗ ਪਲਕ ਰਾਤ ॥੧॥ ਰਹਾਉ ॥

(ਪਤਿਬ੍ਰਤਾ ਇਸਤ੍ਰੀ ਵਾਂਗ) ਮੈਂ ਪਿਆਰੇ ਪ੍ਰਭੂ-ਪਤੀ ਦੇ ਸੁਹਾਗ ਦੀ ਰਾਤ ਦੇ ਸੁਖ ਤੋਂ (ਸਭ ਕੁਝ ਵਾਰਨ ਵਾਸਤੇ ਤਿਆਰ ਹਾਂ) ॥੧॥ ਰਹਾਉ ॥

ਕਨਿਕ ਮੰਦਰ ਪਾਟ ਸੇਜ ਸਖੀ ਮੋਹਿ ਨਾਹਿ ਇਨ ਸਿਉ ਤਾਤ ॥੧॥

ਹੇ ਸਹੇਲੀਏ! ਸੋਨੇ ਦੇ ਮਹਲ ਅਤੇ ਰੇਸ਼ਮੀ ਕਪੜਿਆਂ ਦੀ ਸੇਜ-ਇਹਨਾਂ ਨਾਲ ਮੈਨੂੰ ਕੋਈ ਲਗਨ ਨਹੀਂ ਹੈ ॥੧॥

ਮੁਕਤ ਲਾਲ ਅਨਿਕ ਭੋਗ ਬਿਨੁ ਨਾਮ ਨਾਨਕ ਹਾਤ ॥

ਹੇ ਨਾਨਕ! ਮੋਤੀ, ਹੀਰੇ (ਮਾਇਕ ਪਦਾਰਥਾਂ ਦੇ) ਅਨੇਕਾਂ ਭੋਗ ਪਰਮਾਤਮਾ ਦੇ ਨਾਮ ਤੋਂ ਬਿਨਾ (ਆਤਮਕ) ਮੌਤ (ਦਾ ਕਾਰਨ) ਹਨ।

ਰੂਖੋ ਭੋਜਨੁ ਭੂਮਿ ਸੈਨ ਸਖੀ ਪ੍ਰਿਅ ਸੰਗਿ ਸੂਖਿ ਬਿਹਾਤ ॥੨॥੩॥੪੨॥

(ਇਸ ਵਾਸਤੇ) ਹੇ ਸਹੇਲੀਏ! ਰੁੱਖੀ ਰੋਟੀ (ਖਾਣੀ, ਅਤੇ) ਭੁੰਞੇ ਸੌਣਾ (ਚੰਗਾ ਹੈ ਕਿਉਂਕਿ) ਪਿਆਰੇ, ਪ੍ਰਭੂ ਦੀ ਸੰਗਤ ਵਿਚ ਜ਼ਿੰਦਗੀ ਸੁਖ ਵਿਚ ਬੀਤਦੀ ਹੈ ॥੨॥੩॥੪੨॥


Raag Kanara Bani

ਕਾਨੜਾ ਮਹਲਾ ੫ ॥
ਅਹੰ ਤੋਰੋ ਮੁਖੁ ਜੋਰੋ ॥

ਹੇ ਸਖੀ! (ਸਾਧ ਸੰਗਤ ਵਿਚ) ਮਿਲ ਬੈਠਿਆ ਕਰ (ਸਾਧ ਸੰਗਤ ਦੀ ਬਰਕਤਿ ਨਾਲ ਆਪਣੇ ਅੰਦਰੋਂ) ਹਉਮੈ ਦੂਰ ਕਰ।

ਗੁਰੁ ਗੁਰੁ ਕਰਤ ਮਨੁ ਲੋਰੋ ॥

ਹੇ ਸਹੇਲੀ! ਗੁਰੂ ਨੂੰ ਹਰ ਵੇਲੇ ਆਪਣੇ ਅੰਦਰ ਵਸਾਂਦਿਆਂ (ਆਪਣੇ) ਮਨ ਨੂੰ ਖੋਜਿਆ ਕਰ,

ਪ੍ਰਿਅ ਪ੍ਰੀਤਿ ਪਿਆਰੋ ਮੋਰੋ ॥੧॥ ਰਹਾਉ ॥

(ਇਸ ਤਰ੍ਹਾਂ ਆਪਣੇ ਮਨ ਨੂੰ) ਪਿਆਰੇ ਪ੍ਰਭੂ ਦੀ ਪ੍ਰੀਤ ਵਲ ਪਰਤਾਇਆ ਕਰ ॥੧॥ ਰਹਾਉ ॥

ਗ੍ਰਿਹਿ ਸੇਜ ਸੁਹਾਵੀ ਆਗਨਿ ਚੈਨਾ ਤੋਰੋ ਰੀ ਤੋਰੋ ਪੰਚ ਦੂਤਨ ਸਿਉ ਸੰਗੁ ਤੋਰੋ ॥੧॥

ਹੇ ਸਹੇਲੀ! (ਸਾਧ ਸੰਗਤ ਵਿਚ ਮਨ ਦੀ ਖੋਜ ਅਤੇ ਪ੍ਰਭੂ ਦੀ ਪ੍ਰੀਤ ਦੀ ਸਹਾਇਤਾ ਨਾਲ ਆਪਣੇ ਅੰਦਰੋਂ) (ਕਾਮਾਦਿਕ) ਪੰਜ ਵੈਰੀਆਂ ਨਾਲੋਂ (ਆਪਣਾ) ਸਾਥ ਤੋੜਨ ਦਾ ਸਦਾ ਜਤਨ ਕਰਿਆ ਕਰ, (ਇਸ ਤਰ੍ਹਾਂ ਤੇਰੇ) ਹਿਰਦੇ-ਘਰ ਵਿਚ (ਪ੍ਰਭੂ-ਮਿਲਾਪ ਦੀ) ਸੋਹਣੀ ਸੇਜ ਬਣ ਜਾਇਗੀ, ਤੇਰੇ (ਹਿਰਦੇ ਦੇ) ਵਿਹੜੇ ਵਿਚ ਸ਼ਾਂਤੀ ਆ ਟਿਕੇਗੀ ॥੧॥

ਆਇ ਨ ਜਾਇ ਬਸੇ ਨਿਜ ਆਸਨਿ ਊਂਧ ਕਮਲ ਬਿਗਸੋਰੋ ॥

ਹੇ ਸਖੀ! ਉਹ ਜੀਵ-ਇਸਤ੍ਰੀ ਸਦਾ ਆਪਣੇ ਆਸਣ ਉਤੇ ਬੈਠੀ ਰਹਿੰਦੀ ਹੈ (ਅਡੋਲ-ਚਿੱਤ ਰਹਿੰਦੀ ਹੈ), ਉਸ ਦੀ ਭਟਕਣਾ ਮੁੱਕ ਜਾਂਦੀ ਹੈ, ਉਸ ਦਾ (ਪ੍ਰਭੂ ਵਲੋਂ) ਉਲਟਿਆ ਹੋਇਆ ਹਿਰਦਾ-ਕੌਲ-ਫੁੱਲ ਖਿੜ ਪੈਂਦਾ ਹੈ,

ਛੁਟਕੀ ਹਉਮੈ ਸੋਰੋ ॥

(ਉਸ ਦੇ ਅੰਦਰੋਂ) ਹਉਮੈ ਦਾ ਰੌਲਾ ਮੁੱਕ ਗਿਆ,

ਗਾਇਓ ਰੀ ਗਾਇਓ ਪ੍ਰਭ ਨਾਨਕ ਗੁਨੀ ਗਹੇਰੋ ॥੨॥੪॥੪੩॥

ਹੇ ਨਾਨਕ! ਜਿਸ ਜੀਵ-ਇਸਤ੍ਰੀ ਨੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਣੇ ਸ਼ੁਰੂ ਕਰ ਦਿੱਤੇ ॥੨॥੪॥੪੩॥

1
2

Raag Kanara Bani