Raag Jaitsiri Bani

Raag Jaitsiri Bani

Raag Jaitsiri Bani

Raag Jaitsiri Bani

ਰਾਗ ਜੈਤਸਰੀ – ਬਾਣੀ ਸ਼ਬਦ-Raag Jaitsiri – Bani

ਜੈਤਸਰੀ ਮਹਲਾ ੪ ਘਰੁ ੧ ਚਉਪਦੇ ॥

ਰਾਗ ਜੈਤਸਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥

(ਹੇ ਭਾਈ! ਜਦੋਂ) ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ, ਤਾਂ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆ ਵੱਸਿਆ।

ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥

(ਹੇ ਭਾਈ! ਜਿਸ ਭੀ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ, (ਉਸ ਦੇ ਸਿਰੋਂ ਪਾਪਾਂ ਦਾ) ਕਰਜ਼ਾ ਉਤਰ ਗਿਆ ॥੧॥

ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥

ਹੇ ਮੇਰੇ ਮਨ! (ਸਦਾ) ਪਰਮਾਤਮਾ ਦਾ ਨਾਮ ਸਿਮਰਿਆ ਕਰ, (ਪਰਮਾਤਮਾ) ਸਾਰੇ ਪਦਾਰਥ (ਦੇਣ ਵਾਲਾ ਹੈ)।

ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥

(ਹੇ ਮਨ! ਗੁਰੂ ਦੀ ਸਰਨ ਪਿਆ ਰਹੁ) ਪੂਰੇ ਗੁਰੂ ਨੇ (ਹੀ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕੀਤਾ ਹੈ। ਤੇ, ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ ਰਹਾਉ॥

ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ॥

ਹੇ ਭਾਈ! ਜੇਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ (ਦੀ ਸਰਨ) ਤੋਂ ਬਿਨਾ ਮੂਰਖ ਹੋਏ ਰਹਿੰਦੇ ਹਨ, ਉਹ ਸਦਾ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ।

ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥੨॥

ਉਹਨਾਂ ਨੇ ਕਦੇ ਭੀ ਗੁਰੂ ਦਾ ਆਸਰਾ ਨਹੀਂ ਲਿਆ, ਉਹਨਾਂ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ ॥੨॥

ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ॥

ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ, ਉਹ ਖਸਮ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ।

ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ ਹਰਿ ਦਇਆ ਧਾਰਿ ਜਗੰਨਾਥਾ ॥੩॥

ਹੇ ਹਰੀ! ਹੇ ਜਗਤ ਦੇ ਨਾਥ! ਮੇਰੇ ਉੱਤੇ ਮੇਹਰ ਕਰ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ॥੩॥

ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ॥

ਹੇ ਗੁਰੂ! ਅਸੀਂ ਮਾਇਆ ਵਿਚ ਅੰਨ੍ਹੇ ਹੋ ਰਹੇ ਹਾਂ, ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਨੂੰ ਸਹੀ ਜੀਵਨ-ਜੁਗਤਿ ਦੀ ਸੂਝ ਨਹੀਂ ਹੈ, ਅਸੀਂ ਤੇਰੇ ਦੱਸੇ ਹੋਏ ਜੀਵਨ-ਰਾਹ ਉੱਤੇ ਤੁਰ ਨਹੀਂ ਸਕਦੇ।

ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ ॥੪॥੧॥

ਹੇ ਦਾਸ ਨਾਨਕ! (ਆਖ-) ਹੇ ਗੁਰੂ! ਸਾਨੂੰ ਅੰਨ੍ਹਿਆਂ ਨੂੰ ਆਪਣਾ ਪੱਲਾ ਫੜਾ, ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀਂ ਤੇਰੇ ਦੱਸੇ ਹੋਏ ਰਸਤੇ ਉਤੇ ਤੁਰ ਸਕੀਏ ॥੪॥੧॥


ਜੈਤਸਰੀ ਮਹਲਾ ੪ ॥

ਹੀਰਾ ਲਾਲੁ ਅਮੋਲਕੁ ਹੈ ਭਾਰੀ ਬਿਨੁ ਗਾਹਕ ਮੀਕਾ ਕਾਖਾ ॥

ਹੇ ਭਾਈ! ਪਰਮਾਤਮਾ ਦਾ ਨਾਮ ਬੜਾ ਹੀ ਕੀਮਤੀ ਹੀਰਾ ਹੈ ਲਾਲ ਹੈ, ਪਰ ਗਾਹਕ ਤੋਂ ਬਿਨਾ ਇਹ ਹੀਰਾ ਕੱਖ ਵਰਗਾ ਹੋਇਆ ਪਿਆ ਹੈ।

ਰਤਨ ਗਾਹਕੁ ਗੁਰੁ ਸਾਧੂ ਦੇਖਿਓ ਤਬ ਰਤਨੁ ਬਿਕਾਨੋ ਲਾਖਾ ॥੧॥

ਜਦੋਂ ਇਸ ਰਤਨ ਦਾ ਗਾਹਕ ਗੁਰੂ ਮਿਲ ਪਿਆ, ਤਦੋਂ ਇਹ ਰਤਨ ਲੱਖੀਂ ਰੁਪਈਂ ਵਿਕਣ ਲੱਗ ਪਿਆ ॥੧॥

ਮੇਰੈ ਮਨਿ ਗੁਪਤ ਹੀਰੁ ਹਰਿ ਰਾਖਾ ॥

ਹੇ ਭਾਈ! ਮੇਰੇ ਮਨ ਵਿਚ ਪਰਮਾਤਮਾ ਨੇ ਆਪਣਾ ਨਾਮ-ਹੀਰਾ ਲੁਕਾ ਕੇ ਰੱਖਿਆ ਹੋਇਆ ਸੀ।

ਦੀਨ ਦਇਆਲਿ ਮਿਲਾਇਓ ਗੁਰੁ ਸਾਧੂ ਗੁਰਿ ਮਿਲਿਐ ਹੀਰੁ ਪਰਾਖਾ ॥ ਰਹਾਉ ॥

ਦੀਨਾਂ ਉਤੇ ਦਇਆ ਕਰਨ ਵਾਲੇ ਉਸ ਹਰੀ ਨੇ ਮੈਨੂੰ ਗੁਰੂ ਮਿਲਾ ਦਿੱਤਾ। ਗੁਰੂ ਮਿਲਣ ਨਾਲ ਮੈਂ ਉਹ ਹੀਰਾ ਪਰਖ ਲਿਆ (ਮੈਂ ਉਸ ਹੀਰੇ ਦੀ ਕਦਰ ਸਮਝ ਲਈ) ਰਹਾਉ॥

ਮਨਮੁਖ ਕੋਠੀ ਅਗਿਆਨੁ ਅੰਧੇਰਾ ਤਿਨ ਘਰਿ ਰਤਨੁ ਨ ਲਾਖਾ ॥

ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦੇ ਹਿਰਦੇ ਵਿਚ ਆਤਮਕ ਜੀਵਨ ਵਲੋਂ ਬੇ-ਸਮਝੀ (ਦਾ) ਹਨੇਰਾ ਪਿਆ ਰਹਿੰਦਾ ਹੈ, (ਤਾਹੀਏਂ) ਉਹਨਾਂ ਨੇ ਆਪਣੇ ਹਿਰਦੇ-ਘਰ ਵਿਚ ਟਿਕਿਆ ਹੋਇਆ ਨਾਮ-ਰਤਨ (ਕਦੇ) ਨਹੀਂ ਵੇਖਿਆ।

ਤੇ ਊਝੜਿ ਭਰਮਿ ਮੁਏ ਗਾਵਾਰੀ ਮਾਇਆ ਭੁਅੰਗ ਬਿਖੁ ਚਾਖਾ ॥੨॥

ਉਹ ਮਨੁੱਖ ਮਾਇਆ-ਸਪਣੀ (ਦੇ ਮੋਹ) ਦਾ ਜ਼ਹਿਰ ਖਾਂਦੇ ਰਹਿੰਦੇ ਹਨ, (ਇਸ ਵਾਸਤੇ) ਉਹ ਮੂਰਖ ਭਟਕਣਾ ਦੇ ਕਾਰਨ ਕੁਰਾਹੇ ਪੈ ਕੇ ਆਤਮਕ ਮੌਤੇ ਮਰੇ ਰਹਿੰਦੇ ਹਨ ॥੨॥

ਹਰਿ ਹਰਿ ਸਾਧ ਮੇਲਹੁ ਜਨ ਨੀਕੇ ਹਰਿ ਸਾਧੂ ਸਰਣਿ ਹਮ ਰਾਖਾ ॥

ਹੇ ਹਰੀ! ਮੈਨੂੰ ਚੰਗੇ ਸੰਤ ਜਨ ਮਿਲਾ, ਮੈਨੂੰ ਗੁਰੂ ਦੀ ਸਰਨ ਵਿਚ ਰੱਖ।

ਹਰਿ ਅੰਗੀਕਾਰੁ ਕਰਹੁ ਪ੍ਰਭ ਸੁਆਮੀ ਹਮ ਪਰੇ ਭਾਗਿ ਤੁਮ ਪਾਖਾ ॥੩॥

ਹੇ ਪ੍ਰਭੂ! ਹੇ ਮਾਲਕ! ਮੇਰੀ ਮਦਦ ਕਰ। ਮੈਂ ਹੋਰ ਪਾਸੇ ਛੱਡ ਕੇ ਤੇਰੀ ਸਰਨ ਆ ਪਿਆ ਹਾਂ ॥੩॥

ਜਿਹਵਾ ਕਿਆ ਗੁਣ ਆਖਿ ਵਖਾਣਹ ਤੁਮ ਵਡ ਅਗਮ ਵਡ ਪੁਰਖਾ ॥

ਹੇ ਪ੍ਰਭੂ! ਤੂੰ ਵੱਡਾ ਪੁਰਖ ਹੈਂ, ਤੂੰ ਅਪਹੁੰਚ ਹੈਂ, ਅਸੀਂ ਆਪਣੀ ਜੀਭ ਨਾਲ ਤੇਰੇ ਕੇਹੜੇ ਕੇਹੜੇ ਗੁਣ ਆਖ ਕੇ ਦੱਸ ਸਕਦੇ ਹਾਂ?

ਜਨ ਨਾਨਕ ਹਰਿ ਕਿਰਪਾ ਧਾਰੀ ਪਾਖਾਣੁ ਡੁਬਤ ਹਰਿ ਰਾਖਾ ॥੪॥੨॥

ਹੇ ਦਾਸ ਨਾਨਕ! (ਆਖ-) ਜਿਸ ਮਨੁੱਖ ਉਤੇ ਪ੍ਰਭੂ ਮੇਹਰ ਕੀਤੀ, ਉਸ ਪੱਥਰ ਨੂੰ (ਸੰਸਾਰ-ਸਮੁੰਦਰ ਵਿਚ) ਡੁੱਬਦੇ ਨੂੰ ਉਸ ਨੇ ਬਚਾ ਲਿਆ ॥੪॥੨॥


ਜੈਤਸਰੀ ਮ : ੪ ॥
ਹਮ ਬਾਰਿਕ ਕਛੂਅ ਨ ਜਾਨਹ ਗਤਿ ਮਿਤਿ ਤੇਰੇ ਮੂਰਖ ਮੁਗਧ ਇਆਨਾ ॥

ਹੇ ਭਾਈ! ਅਸੀਂ ਤੇਰੇ ਅੰਞਾਣ ਮੂਰਖ ਬੱਚੇ ਹਾਂ, ਅਸੀਂ ਨਹੀਂ ਜਾਣ ਸਕਦੇ ਕਿ ਤੂੰ ਕਿਹੋ ਜਿਹਾ ਹੈਂ, ਅਤੇ ਕੇਡਾ ਵੱਡਾ ਹੈਂ।

ਹਰਿ ਕਿਰਪਾ ਧਾਰਿ ਦੀਜੈ ਮਤਿ ਊਤਮ ਕਰਿ ਲੀਜੈ ਮੁਗਧੁ ਸਿਆਨਾ ॥੧॥

ਹੇ ਹਰੀ! ਮੇਹਰ ਕਰ ਕੇ ਮੈਨੂੰ ਚੰਗੀ ਅਕਲ ਦੇਹ, ਮੈਨੂੰ ਮੂਰਖ ਨੂੰ ਸਿਆਣਾ ਬਣਾ ਲੈ ॥੧॥

ਮੇਰਾ ਮਨੁ ਆਲਸੀਆ ਉਘਲਾਨਾ ॥

ਹੇ ਭਾਈ! ਮੇਰਾ ਸੁਸਤ ਮਨ (ਮਾਇਆ ਦੀ ਨੀਂਦ ਵਿਚ) ਸੌਂ ਗਿਆ ਸੀ।

ਹਰਿ ਹਰਿ ਆਨਿ ਮਿਲਾਇਓ ਗੁਰੁ ਸਾਧੂ ਮਿਲਿ ਸਾਧੂ ਕਪਟ ਖੁਲਾਨਾ ॥ ਰਹਾਉ ॥

ਪਰਮਾਤਮਾ ਨੇ ਮੈਨੂੰ ਗੁਰੂ ਲਿਆ ਕੇ ਮਿਲਾ ਦਿੱਤਾ। ਗੁਰੂ ਨੂੰ ਮਿਲ ਕੇ (ਮੇਰੇ ਮਨ ਦੇ) ਕਿਵਾੜ ਖੁੱਲ੍ਹ ਗਏ ਹਨ ਰਹਾਉ॥

ਗੁਰ ਖਿਨੁ ਖਿਨੁ ਪ੍ਰੀਤਿ ਲਗਾਵਹੁ ਮੇਰੈ ਹੀਅਰੈ ਮੇਰੇ ਪ੍ਰੀਤਮ ਨਾਮੁ ਪਰਾਨਾ ॥

ਹੇ ਗੁਰੂ! ਮੇਰੇ ਹਿਰਦੇ ਵਿਚ ਪ੍ਰਭੂ ਵਾਸਤੇ ਹਰ ਵੇਲੇ ਦੀ ਪ੍ਰੀਤਿ ਪੈਦਾ ਕਰ ਦੇਹ, ਮੇਰੇ ਪ੍ਰੀਤਮ-ਪ੍ਰਭੂ ਦਾ ਨਾਮ ਮੇਰੇ ਪ੍ਰਾਣ ਬਣ ਜਾਏ।

ਬਿਨੁ ਨਾਵੈ ਮਰਿ ਜਾਈਐ ਮੇਰੇ ਠਾਕੁਰ ਜਿਉ ਅਮਲੀ ਅਮਲਿ ਲੁਭਾਨਾ ॥੨॥

ਹੇ ਮੇਰੇ ਮਾਲਕ-ਪ੍ਰਭੂ! ਜਿਵੇਂ ਨਸ਼ਈ ਮਨੁੱਖ ਨਸ਼ੇ ਵਿਚ ਖ਼ੁਸ਼ ਰਹਿੰਦਾ ਹੈ (ਤੇ ਨਸ਼ੇ ਤੋਂ ਬਿਨਾ ਘਬਰਾ ਉਠਦਾ ਹੈ, ਤਿਵੇਂ) ਤੇਰੇ ਨਾਮ ਤੋਂ ਬਿਨਾ ਜਿੰਦ ਵਿਆਕੁਲ ਹੋ ਜਾਂਦੀ ਹੈ ॥੨॥

ਜਿਨ ਮਨਿ ਪ੍ਰੀਤਿ ਲਗੀ ਹਰਿ ਕੇਰੀ ਤਿਨ ਧੁਰਿ ਭਾਗ ਪੁਰਾਨਾ ॥

ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪਰਮਾਤਮਾ ਦੀ ਪ੍ਰੀਤਿ ਪੈਦਾ ਹੋ ਜਾਂਦੀ ਹੈ, ਉਹਨਾਂ ਦੇ ਧੁਰ ਦਰਗਾਹ ਤੋਂ ਮਿਲੇ ਚਿਰ ਦੇ ਭਾਗ ਜਾਗ ਪੈਂਦੇ ਹਨ।

ਤਿਨ ਹਮ ਚਰਣ ਸਰੇਵਹ ਖਿਨੁ ਖਿਨੁ ਜਿਨ ਹਰਿ ਮੀਠ ਲਗਾਨਾ ॥੩॥

ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ, ਅਸੀਂ ਹਰ ਵੇਲੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਦੇ ਹਾਂ ॥੩॥

ਹਰਿ ਹਰਿ ਕ੍ਰਿਪਾ ਧਾਰੀ ਮੇਰੈ ਠਾਕੁਰਿ ਜਨੁ ਬਿਛੁਰਿਆ ਚਿਰੀ ਮਿਲਾਨਾ ॥

ਹੇ ਭਾਈ! ਮੇਰੇ ਮਾਲਕ-ਪ੍ਰਭੂ ਨੇ ਜਿਸ ਮਨੁੱਖ ਉਤੇ ਮੇਹਰ ਦੀ ਨਿਗਾਹ ਕੀਤੀ, ਉਸ ਨੂੰ ਚਿਰ ਦੇ ਵਿਛੁੜੇ ਹੋਏ ਨੂੰ ਉਸ ਨੇ ਆਪਣੇ ਨਾਲ ਮਿਲਾ ਲਿਆ।

ਧਨੁ ਧਨੁ ਸਤਿਗੁਰੁ ਜਿਨਿ ਨਾਮੁ ਦ੍ਰਿੜਾਇਆ ਜਨੁ ਨਾਨਕੁ ਤਿਸੁ ਕੁਰਬਾਨਾ ॥੪॥੩॥

ਧੰਨ ਹੈ ਗੁਰੂ, ਧੰਨ ਹੈ ਗੁਰੂ, ਜਿਸ ਨੇ ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ। ਦਾਸ ਨਾਨਕ ਉਸ ਗੁਰੂ ਤੋਂ (ਸਦਾ) ਸਦਕੇ ਜਾਂਦਾ ਹੈ ॥੪॥੩॥


ਜੈਤਸਰੀ ਮਹਲਾ ੪ ॥
ਸਤਿਗੁਰੁ ਸਾਜਨੁ ਪੁਰਖੁ ਵਡ ਪਾਇਆ ਹਰਿ ਰਸਕਿ ਰਸਕਿ ਫਲ ਲਾਗਿਬਾ ॥

ਹੇ ਭਾਈ! ਗੁਰੂ (ਸਭ ਦਾ) ਸੱਜਣ ਹੈ, ਗੁਰੂ ਮਹਾ ਪੁਰਖ ਹੈ, ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ ਮਨੁੱਖ ਬੜੇ ਸੁਆਦ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਫਲ ਖਾਣ ਲੱਗ ਪੈਂਦਾ ਹੈ।

ਮਾਇਆ ਭੁਇਅੰਗ ਗ੍ਰਸਿਓ ਹੈ ਪ੍ਰਾਣੀ ਗੁਰ ਬਚਨੀ ਬਿਸੁ ਹਰਿ ਕਾਢਿਬਾ ॥੧॥

ਹੇ ਭਾਈ! ਮਨੁੱਖ ਨੂੰ ਮਾਇਆ-ਸਪਣੀ ਗ੍ਰਸੀ ਰੱਖਦੀ ਹੈ, ਪਰ ਗੁਰੂ ਦੇ ਬਚਨਾਂ ਉਤੇ ਤੁਰਨ ਦੀ ਬਰਕਤਿ ਨਾਲ ਪਰਮਾਤਮਾ (ਉਸ ਦੇ ਅੰਦਰੋਂ) ਉਹ ਜ਼ਹਿਰ ਕੱਢ ਦੇਂਦਾ ਹੈ ॥੧॥

ਮੇਰਾ ਮਨੁ ਰਾਮ ਨਾਮ ਰਸਿ ਲਾਗਿਬਾ ॥

(ਹੇ ਭਾਈ! ਗੁਰੂ ਦੀ ਕਿਰਪਾ ਨਾਲ) ਮੇਰਾ ਮਨ ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਮਗਨ ਹੋ ਗਿਆ ਹੈ।

ਹਰਿ ਕੀਏ ਪਤਿਤ ਪਵਿਤ੍ਰ ਮਿਲਿ ਸਾਧ ਗੁਰ ਹਰਿ ਨਾਮੈ ਹਰਿ ਰਸੁ ਚਾਖਿਬਾ ॥ ਰਹਾਉ ॥

ਸਾਧੂ ਗੁਰੂ ਨੂੰ ਮਿਲ ਕੇ (ਜੇਹੜੇ ਮਨੁੱਖ) ਪਰਮਾਤਮਾ ਦੇ ਨਾਮ ਵਿਚ (ਜੁੜਦੇ ਹਨ), ਪਰਮਾਤਮਾ ਦਾ ਨਾਮ ਰਸ ਚੱਖਦੇ ਹਨ ਉਹਨਾਂ ਵਿਕਾਰੀਆਂ ਨੂੰ ਭੀ ਪਰਮਾਤਮਾ ਸੁੱਚੇ ਜੀਵਨ ਵਾਲੇ ਬਣਾ ਲੈਂਦਾ ਹੈ ਰਹਾਉ॥

ਧਨੁ ਧਨੁ ਵਡਭਾਗ ਮਿਲਿਓ ਗੁਰੁ ਸਾਧੂ ਮਿਲਿ ਸਾਧੂ ਲਿਵ ਉਨਮਨਿ ਲਾਗਿਬਾ ॥

ਹੇ ਭਾਈ! ਉਹ ਮਨੁੱਖ ਸਲਾਹੁਣ-ਜੋਗ ਹੋ ਜਾਂਦਾ ਹੈ, ਵੱਡੀ ਕਿਸਮਤ ਵਾਲਾ ਹੋ ਜਾਂਦਾ ਹੈ ਜਿਸ ਨੂੰ ਗੁਰੂ ਮਿਲ ਪੈਂਦਾ ਹੈ। ਗੁਰੂ ਨੂੰ ਮਿਲ ਕੇ ਉਸ ਦੀ ਸੁਰਤਿ ਉੱਚੀ ਆਤਮਕ ਅਵਸਥਾ ਵਿਚ ਟਿਕ ਜਾਂਦੀ ਹੈ।

ਤ੍ਰਿਸਨਾ ਅਗਨਿ ਬੁਝੀ ਸਾਂਤਿ ਪਾਈ ਹਰਿ ਨਿਰਮਲ ਨਿਰਮਲ ਗੁਨ ਗਾਇਬਾ ॥੨॥

(ਜਿਉਂ ਜਿਉਂ) ਉਹ ਪਰਮਾਤਮਾ ਦੇ ਪਵਿਤ੍ਰ ਕਰਨ ਵਾਲੇ ਗੁਣ ਗਾਂਦਾ ਹੈ (ਤਿਉਂ ਤਿਉਂ ਉਸ ਦੇ ਅੰਦਰੋਂ) ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ, ਉਸ ਨੂੰ ਆਤਮਕ ਸ਼ਾਂਤੀ ਪ੍ਰਾਪਤ ਹੁੰਦੀ ਹੈ ॥੨॥

ਤਿਨ ਕੇ ਭਾਗ ਖੀਨ ਧੁਰਿ ਪਾਏ ਜਿਨ ਸਤਿਗੁਰ ਦਰਸੁ ਨ ਪਾਇਬਾ ॥

ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ (ਕਦੇ) ਗੁਰੂ ਦਾ ਦਰਸਨ ਨਾਹ ਕੀਤਾ ਉਹਨਾਂ ਦੇ ਭਾਗ ਹਿਰ ਗਏ, ਧੁਰ ਦਰਗਾਹ ਤੋਂ ਹੀ ਉਹਨਾਂ ਨੂੰ ਇਹ ਭਾਗ-ਹੀਨਤਾ ਮਿਲ ਗਈ।

ਤੇ ਦੂਜੈ ਭਾਇ ਪਵਹਿ ਗ੍ਰਭ ਜੋਨੀ ਸਭੁ ਬਿਰਥਾ ਜਨਮੁ ਤਿਨ ਜਾਇਬਾ ॥੩॥

ਮਾਇਆ ਦੇ ਮੋਹ ਦੇ ਕਾਰਨ ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ਉਹਨਾਂ ਦੀ ਸਾਰੀ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ ॥੩॥

ਹਰਿ ਦੇਹੁ ਬਿਮਲ ਮਤਿ ਗੁਰ ਸਾਧ ਪਗ ਸੇਵਹ ਹਮ ਹਰਿ ਮੀਠ ਲਗਾਇਬਾ ॥

ਹੇ ਪ੍ਰਭੂ! ਸਾਨੂੰ ਸੁਅੱਛ ਅਕਲ ਬਖ਼ਸ਼, ਅਸੀਂ ਗੁਰੂ ਦੀ ਚਰਨੀਂ ਲੱਗੇ ਰਹੀਏ, ਤੇ ਹੇ ਹਰੀ! ਤੂੰ ਸਾਨੂੰ ਪਿਆਰਾ ਲੱਗਦਾ ਰਹੇਂ।

ਜਨੁ ਨਾਨਕੁ ਰੇਣ ਸਾਧ ਪਗ ਮਾਗੈ ਹਰਿ ਹੋਇ ਦਇਆਲੁ ਦਿਵਾਇਬਾ ॥੪॥੪॥

ਹੇ ਭਾਈ! ਦਾਸ ਨਾਨਕ (ਤਾਂ ਪ੍ਰਭੂ ਦੇ ਦਰ ਤੋਂ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ। ਜਿਸ ਉਤੇ ਪ੍ਰਭੂ ਦਇਆਵਾਨ ਹੁੰਦਾ ਹੈ ਉਸ ਨੂੰ ਗੁਰੂ ਦੇ ਚਰਨਾਂ ਦੀ ਧੂੜ ਬਖ਼ਸ਼ਦਾ ਹੈ ॥੪॥੪॥


ਜੈਤਸਰੀ ਮਹਲਾ ੪ ॥
ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ ॥

ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਉਹਨਾਂ ਦੀ ਮਾਂ ਨੂੰ ਹਰੀ ਬਾਂਝ ਹੀ ਕਰ ਦਿਆ ਕਰੇ (ਤਾਂ ਚੰਗਾ ਹੈ, ਕਿਉਂਕਿ)

ਤਿਨ ਸੁੰਞੀ ਦੇਹ ਫਿਰਹਿ ਬਿਨੁ ਨਾਵੈ ਓਇ ਖਪਿ ਖਪਿ ਮੁਏ ਕਰਾਂਝਾ ॥੧॥

ਉਹਨਾਂ ਦਾ ਸਰੀਰ ਹਰਿ-ਨਾਮ ਤੋਂ ਸੁੰਞਾ ਰਹਿੰਦਾ ਹੈ, ਉਹ ਨਾਮ ਤੋਂ ਵਾਂਜੇ ਹੀ ਤੁਰੇ ਫਿਰਦੇ ਹਨ, ਅਤੇ, ਉਹ ਕ੍ਰੁਝ ਕ੍ਰੁਝ ਕੇ ਖ਼ੁਆਰ ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹਿੰਦੇ ਹਨ ॥੧॥

ਮੇਰੇ ਮਨ ਜਪਿ ਰਾਮ ਨਾਮੁ ਹਰਿ ਮਾਝਾ ॥

ਹੇ ਮੇਰੇ ਮਨ! ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਜੋ ਤੇਰੇ ਅੰਦਰ ਹੀ ਵੱਸ ਰਿਹਾ ਹੈ।

ਹਰਿ ਹਰਿ ਕ੍ਰਿਪਾਲਿ ਕ੍ਰਿਪਾ ਪ੍ਰਭਿ ਧਾਰੀ ਗੁਰਿ ਗਿਆਨੁ ਦੀਓ ਮਨੁ ਸਮਝਾ ॥ ਰਹਾਉ ॥

ਹੇ ਭਾਈ! ਕ੍ਰਿਪਾਲ ਪ੍ਰਭੂ ਨੇ (ਜਿਸ ਮਨੁੱਖ ਉਤੇ) ਕਿਰਪਾ ਕੀਤੀ ਉਸ ਨੂੰ ਗੁਰੂ ਨੇ ਆਤਮਕ ਜੀਵਨ ਦੀ ਸੂਝ ਬਖ਼ਸ਼ੀ ਉਸ ਦਾ ਮਨ (ਨਾਮ ਜਪਣ ਦੀ ਕਦਰ) ਸਮਝ ਗਿਆ ਰਹਾਉ॥

ਹਰਿ ਕੀਰਤਿ ਕਲਜੁਗਿ ਪਦੁ ਊਤਮੁ ਹਰਿ ਪਾਈਐ ਸਤਿਗੁਰ ਮਾਝਾ ॥

ਹੇ ਭਾਈ! ਜਗਤ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਸਭ ਤੋਂ ਉੱਚਾ ਦਰਜਾ ਹੈ, (ਪਰ) ਪਰਮਾਤਮਾ ਗੁਰੂ ਦੀ ਰਾਹੀਂ (ਹੀ) ਮਿਲਦਾ ਹੈ।

ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਗੁਪਤੁ ਨਾਮੁ ਪਰਗਾਝਾ ॥੨॥

ਹੇ ਭਾਈ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਜਿਸ ਨੇ ਮੇਰੇ ਅੰਦਰ ਹੀ ਗੁੱਝੇ ਵੱਸਦੇ ਪਰਮਾਤਮਾ ਦਾ ਨਾਮ ਪਰਗਟ ਕਰ ਦਿੱਤਾ ॥੨॥

ਦਰਸਨੁ ਸਾਧ ਮਿਲਿਓ ਵਡਭਾਗੀ ਸਭਿ ਕਿਲਬਿਖ ਗਏ ਗਵਾਝਾ ॥

ਹੇ ਭਾਈ! ਜਿਸ ਮਨੁੱਖ ਨੂੰ ਵੱਡੇ ਭਾਗਾਂ ਨਾਲ ਗੁਰੂ ਦਾ ਦਰਸਨ ਪ੍ਰਾਪਤ ਹੁੰਦਾ ਹੈ, ਉਸ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ।

ਸਤਿਗੁਰੁ ਸਾਹੁ ਪਾਇਆ ਵਡ ਦਾਣਾ ਹਰਿ ਕੀਏ ਬਹੁ ਗੁਣ ਸਾਝਾ ॥੩॥

ਜਿਸ ਨੂੰ ਵੱਡਾ ਸਿਆਣਾ ਤੇ ਸ਼ਾਹ ਗੁਰੂ ਮਿਲ ਪਿਆ, ਗੁਰੂ ਨੇ ਪਰਮਾਤਮਾ ਦੇ ਬਹੁਤੇ ਗੁਣਾਂ ਨਾਲ ਉਸ ਨੂੰ ਸਾਂਝੀਵਾਲ ਬਣਾ ਦਿੱਤਾ ॥੩॥

ਜਿਨ ਕਉ ਕ੍ਰਿਪਾ ਕਰੀ ਜਗਜੀਵਨਿ ਹਰਿ ਉਰਿ ਧਾਰਿਓ ਮਨ ਮਾਝਾ ॥

ਹੇ ਭਾਈ! ਜਗਤ ਦੇ ਜੀਵਨ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਉਤੇ ਕਿਰਪਾ ਕੀਤੀ, ਉਹਨਾਂ ਨੇ ਆਪਣੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦਾ ਨਾਮ ਟਿਕਾ ਲਿਆ।

ਧਰਮ ਰਾਇ ਦਰਿ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ॥੪॥੫॥

ਹੇ ਨਾਨਕ! (ਆਖ-ਹੇ ਭਾਈ) ਧਰਮਰਾਜ ਦੇ ਦਰ ਤੇ ਉਹਨਾਂ ਮਨੁੱਖਾਂ ਦੇ (ਕੀਤੇ ਕਰਮਾਂ ਦੇ ਲੇਖੇ ਦੇ ਸਾਰੇ) ਕਾਗ਼ਜ਼ ਪਾੜ ਦਿੱਤੇ ਗਏ, ਉਹਨਾਂ ਦਾਸਾਂ ਦਾ ਲੇਖਾ ਨਿੱਬੜ ਗਿਆ ॥੪॥੫॥


ਜੈਤਸਰੀ ਮਹਲਾ ੪ ॥
ਸਤਸੰਗਤਿ ਸਾਧ ਪਾਈ ਵਡਭਾਗੀ ਮਨੁ ਚਲਤੌ ਭਇਓ ਅਰੂੜਾ ॥

ਹੇ ਭਾਈ! ਜਿਸ ਮਨੁੱਖ ਨੇ ਵੱਡੇ ਭਾਗਾਂ ਨਾਲ ਗੁਰੂ ਦੀ ਸਾਧ ਸੰਗਤਿ ਪ੍ਰਾਪਤ ਕਰ ਲਈ, ਉਸ ਦਾ ਭਟਕਦਾ ਮਨ ਟਿਕ ਗਿਆ।

ਅਨਹਤ ਧੁਨਿ ਵਾਜਹਿ ਨਿਤ ਵਾਜੇ ਹਰਿ ਅੰਮ੍ਰਿਤ ਧਾਰ ਰਸਿ ਲੀੜਾ ॥੧॥

ਉਸ ਦੇ ਅੰਦਰ ਇਕ-ਰਸ ਰੌ ਨਾਲ (ਮਾਨੋ) ਸਦਾ ਵਾਜੇ ਵੱਜਦੇ ਰਹਿੰਦੇ ਹਨ। ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਧਾਰ ਪ੍ਰੇਮ ਨਾਲ (ਪੀ ਪੀ ਕੇ) ਉਹ ਰੱਜ ਜਾਂਦਾ ਹੈ ॥੧॥

ਮੇਰੇ ਮਨ ਜਪਿ ਰਾਮ ਨਾਮੁ ਹਰਿ ਰੂੜਾ ॥

ਹੇ ਮੇਰੇ ਮਨ! ਸੋਹਣੇ ਪਰਮਾਤਮਾ ਦਾ ਨਾਮ (ਸਦਾ) ਜਪਿਆ ਕਰ।

ਮੇਰੈ ਮਨਿ ਤਨਿ ਪ੍ਰੀਤਿ ਲਗਾਈ ਸਤਿਗੁਰਿ ਹਰਿ ਮਿਲਿਓ ਲਾਇ ਝਪੀੜਾ ॥ ਰਹਾਉ ॥

ਹੇ ਭਾਈ! ਗੁਰੂ ਨੇ ਮੇਰੇ ਮਨ ਵਿਚ, ਮੇਰੇ ਹਿਰਦੇ ਵਿਚ, ਪਰਮਾਤਮਾ ਦਾ ਪਿਆਰ ਪੈਦਾ ਕਰ ਦਿੱਤਾ ਹੈ, ਹੁਣ ਪਰਮਾਤਮਾ ਮੈਨੂੰ ਜੱਫੀ ਪਾ ਕੇ ਮਿਲ ਪਿਆ ਹੈ ਰਹਾਉ॥

ਸਾਕਤ ਬੰਧ ਭਏ ਹੈ ਮਾਇਆ ਬਿਖੁ ਸੰਚਹਿ ਲਾਇ ਜਕੀੜਾ ॥

ਹੇ ਭਾਈ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਮਾਇਆ ਦੇ ਮੋਹ ਵਿਚ ਬੱਝੇ ਰਹਿੰਦੇ ਹਨ। ਉਹ ਜ਼ੋਰ ਲਾ ਕੇ (ਆਤਮਕ ਮੌਤ ਲਿਆਉਣ ਵਾਲੀ ਮਾਇਆ) ਜ਼ਹਿਰ ਹੀ ਇਕੱਠੀ ਕਰਦੇ ਰਹਿੰਦੇ ਹਨ।

ਹਰਿ ਕੈ ਅਰਥਿ ਖਰਚਿ ਨਹ ਸਾਕਹਿ ਜਮਕਾਲੁ ਸਹਹਿ ਸਿਰਿ ਪੀੜਾ ॥੨॥

ਉਹ ਮਨੁੱਖ ਉਸ ਮਾਇਆ ਨੂੰ ਪਰਮਾਤਮਾ ਦੇ ਰਾਹ ਤੇ ਖ਼ਰਚ ਨਹੀਂ ਸਕਦੇ, (ਇਸ ਵਾਸਤੇ ਉਹ) ਆਤਮਕ ਮੌਤ ਦਾ ਦੁੱਖ ਆਪਣੇ ਸਿਰ ਉਤੇ ਸਹਾਰਦੇ ਹਨ ॥੨॥

ਜਿਨ ਹਰਿ ਅਰਥਿ ਸਰੀਰੁ ਲਗਾਇਆ ਗੁਰ ਸਾਧੂ ਬਹੁ ਸਰਧਾ ਲਾਇ ਮੁਖਿ ਧੂੜਾ ॥

ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਬੜੀ ਸਰਧਾ ਨਾਲ ਗੁਰੂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਉਤੇ ਲਾ ਕੇ ਆਪਣਾ ਸਰੀਰ ਪਰਮਾਤਮਾ ਦੇ ਅਰਪਣ ਕਰ ਦਿੱਤਾ,

ਹਲਤਿ ਪਲਤਿ ਹਰਿ ਸੋਭਾ ਪਾਵਹਿ ਹਰਿ ਰੰਗੁ ਲਗਾ ਮਨਿ ਗੂੜਾ ॥੩॥

ਉਹ ਮਨੁੱਖ ਇਸ ਲੋਕ ਵਿਚ ਪਰਲੋਕ ਵਿਚ ਸੋਭਾ ਖੱਟਦੇ ਹਨ, ਉਹਨਾਂ ਦੇ ਮਨ ਵਿਚ ਪਰਮਾਤਮਾ ਨਾਲ ਗੂੜ੍ਹਾ ਪਿਆਰ ਬਣ ਜਾਂਦਾ ਹੈ ॥੩॥

ਹਰਿ ਹਰਿ ਮੇਲਿ ਮੇਲਿ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ॥

ਹੇ ਹਰੀ! ਹੇ ਪ੍ਰਭੂ! ਮੈਨੂੰ ਗੁਰੂ ਮਿਲਾ, ਮੈਨੂੰ ਗੁਰੂ ਮਿਲਾ, ਮੈਂ ਗੁਰੂ ਦੇ ਸੇਵਕਾਂ ਦਾ ਨਿਮਾਣਾ ਦਾਸ ਹਾਂ।

ਜਨ ਨਾਨਕ ਪ੍ਰੀਤਿ ਲਗੀ ਪਗ ਸਾਧ ਗੁਰ ਮਿਲਿ ਸਾਧੂ ਪਾਖਾਣੁ ਹਰਿਓ ਮਨੁ ਮੂੜਾ ॥੪॥੬॥

ਹੇ ਦਾਸ ਨਾਨਕ! (ਆਖ-) ਜਿਸ ਮਨੁੱਖ ਦੇ ਅੰਦਰ ਗੁਰੂ ਦੇ ਚਰਨਾਂ ਦਾ ਪਿਆਰ ਬਣ ਜਾਂਦਾ ਹੈ, ਗੁਰੂ ਨੂੰ ਮਿਲ ਕੇ ਉਸ ਦਾ ਮੂਰਖ ਅਭਿੱਜ ਮਨ ਹਰਾ ਹੋ ਜਾਂਦਾ ਹੈ ॥੪॥੬॥


ਜੈਤਸਰੀ ਮਹਲਾ ੪ ਘਰੁ ੨ ॥

ਰਾਗ ਜੈਤਸਰੀ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਹਰਿ ਹਰਿ ਸਿਮਰਹੁ ਅਗਮ ਅਪਾਰਾ ॥

ਹੇ ਭਾਈ! ਉਸ ਅਪਹੁੰਚ ਅਤੇ ਬੇਅੰਤ ਪਰਮਾਤਮਾ ਦਾ ਨਾਮ ਸਿਮਰਿਆ ਕਰੋ,

ਜਿਸੁ ਸਿਮਰਤ ਦੁਖੁ ਮਿਟੈ ਹਮਾਰਾ ॥

ਜਿਸ ਨੂੰ ਸਿਮਰਿਆਂ ਅਸਾਂ ਜੀਵਾਂ ਦਾ ਹਰੇਕ ਦੁੱਖ ਦੂਰ ਹੋ ਸਕਦਾ ਹੈ।

ਹਰਿ ਹਰਿ ਸਤਿਗੁਰੁ ਪੁਰਖੁ ਮਿਲਾਵਹੁ ਗੁਰਿ ਮਿਲਿਐ ਸੁਖੁ ਹੋਈ ਰਾਮ ॥੧॥

ਹੇ ਹਰੀ! ਹੇ ਪ੍ਰਭੂ! ਸਾਨੂੰ ਗੁਰੂ ਮਹਾ ਪੁਰਖ ਮਿਲਾ ਦੇ। ਜੇ ਗੁਰੂ ਮਿਲ ਪਏ, ਤਾਂ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ ॥੧॥

ਹਰਿ ਗੁਣ ਗਾਵਹੁ ਮੀਤ ਹਮਾਰੇ ॥

ਹੇ ਮੇਰੇ ਮਿੱਤਰੋ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਇਆ ਕਰੋ,

ਹਰਿ ਹਰਿ ਨਾਮੁ ਰਖਹੁ ਉਰ ਧਾਰੇ ॥

ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਟਿਕਾਈ ਰੱਖੋ।

ਹਰਿ ਹਰਿ ਅੰਮ੍ਰਿਤ ਬਚਨ ਸੁਣਾਵਹੁ ਗੁਰ ਮਿਲਿਐ ਪਰਗਟੁ ਹੋਈ ਰਾਮ ॥੨॥

ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਆਤਮਕ ਜੀਵਨ ਦੇਣ ਵਾਲੇ ਬੋਲ (ਮੈਨੂੰ ਭੀ) ਸੁਣਾਇਆ ਕਰੋ। (ਹੇ ਮਿੱਤਰੋ! ਗੁਰੂ ਦੀ ਸਰਨ ਪਏ ਰਹੋ), ਜੇ ਗੁਰੂ ਮਿਲ ਪਏ, ਤਾਂ ਪਰਮਾਤਮਾ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ ॥੨॥

ਮਧੁਸੂਦਨ ਹਰਿ ਮਾਧੋ ਪ੍ਰਾਨਾ ॥

ਹੇ ਦੂਤਾਂ ਦੇ ਨਾਸ ਕਰਨ ਵਾਲੇ! ਹੇ ਮਾਇਆ ਦੇ ਪਤੀ! ਹੇ ਮੇਰੀ ਜਿੰਦ (ਦੇ ਸਹਾਰੇ)!

ਮੇਰੈ ਮਨਿ ਤਨਿ ਅੰਮ੍ਰਿਤ ਮੀਠ ਲਗਾਨਾ ॥

ਮੇਰੇ ਮਨ ਵਿਚ, ਮੇਰੇ ਹਿਰਦੇ ਵਿਚ, ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਮਿੱਠਾ ਲੱਗ ਰਿਹਾ ਹੈ।

ਹਰਿ ਹਰਿ ਦਇਆ ਕਰਹੁ ਗੁਰੁ ਮੇਲਹੁ ਪੁਰਖੁ ਨਿਰੰਜਨੁ ਸੋਈ ਰਾਮ ॥੩॥

ਹੇ ਹਰੀ! ਹੇ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੈਨੂੰ ਉਹ ਮਹਾ ਪੁਰਖ ਗੁਰੂ ਮਿਲਾ ਜੋ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ ॥੩॥

ਹਰਿ ਹਰਿ ਨਾਮੁ ਸਦਾ ਸੁਖਦਾਤਾ ॥

ਹੇ ਭਾਈ! ਪਰਮਾਤਮਾ ਦਾ ਨਾਮ ਸਦਾ ਸੁਖ ਦੇਣ ਵਾਲਾ ਹੈ।

ਹਰਿ ਕੈ ਰੰਗਿ ਮੇਰਾ ਮਨੁ ਰਾਤਾ ॥

ਮੇਰਾ ਮਨ ਉਸ ਪਰਮਾਤਮਾ ਦੇ ਪਿਆਰ ਵਿਚ ਮਸਤ ਰਹਿੰਦਾ ਹੈ।

ਹਰਿ ਹਰਿ ਮਹਾ ਪੁਰਖੁ ਗੁਰੁ ਮੇਲਹੁ ਗੁਰ ਨਾਨਕ ਨਾਮਿ ਸੁਖੁ ਹੋਈ ਰਾਮ ॥੪॥੧॥੭॥

ਹੇ ਨਾਨਕ! (ਆਖ-) ਹੇ ਹਰੀ! ਮੈਨੂੰ ਗੁਰੂ ਮਹਾ ਪੁਰਖ ਮਿਲਾ। ਹੇ ਗੁਰੂ! (ਤੇਰੇ ਬਖ਼ਸ਼ੇ) ਹਰਿ-ਨਾਮ ਵਿਚ ਜੁੜਿਆਂ ਆਤਮਕ ਆਨੰਦ ਮਿਲਦਾ ਹੈ ॥੪॥੧॥੭॥


ਜੈਤਸਰੀ ਮ : ੪ ॥
ਹਰਿ ਹਰਿ ਹਰਿ ਹਰਿ ਨਾਮੁ ਜਪਾਹਾ ॥

ਹੇ ਭਾਈ! ਸਦਾ ਹੀ ਪਰਮਾਤਮਾ ਦਾ ਨਾਮ ਜਪਿਆ ਕਰੋ।

ਗੁਰਮੁਖਿ ਨਾਮੁ ਸਦਾ ਲੈ ਲਾਹਾ ॥

ਗੁਰੂ ਦੀ ਸਰਨ ਪੈ ਕੇ ਸਦਾ ਪਰਮਾਤਮਾ ਦਾ ਨਾਮ-ਖੱਟੀ ਖੱਟਦੇ ਰਹੋ।

ਹਰਿ ਹਰਿ ਹਰਿ ਹਰਿ ਭਗਤਿ ਦ੍ਰਿੜਾਵਹੁ ਹਰਿ ਹਰਿ ਨਾਮੁ ਓੁਮਾਹਾ ਰਾਮ ॥੧॥

ਹੇ ਭਾਈ! ਪਰਮਾਤਮਾ ਦੀ ਭਗਤੀ ਆਪਣੇ ਹਿਰਦੇ ਵਿਚ ਪੱਕੀ ਕਰ ਕੇ ਟਿਕਾ ਲਵੋ। ਪਰਮਾਤਮਾ ਦਾ ਨਾਮ (ਮਨੁੱਖ ਦੇ ਮਨ ਵਿਚ) ਆਨੰਦ ਪੈਦਾ ਕਰਦਾ ਹੈ ॥੧॥

ਹਰਿ ਹਰਿ ਨਾਮੁ ਦਇਆਲੁ ਧਿਆਹਾ ॥

ਹੇ ਭਾਈ! ਪਰਮਾਤਮਾ ਦਇਆ ਦਾ ਸੋਮਾ ਹੈ, ਉਸ ਦਾ ਨਾਮ ਸਦਾ ਸਿਮਰਦੇ ਰਹੋ।

ਹਰਿ ਕੈ ਰੰਗਿ ਸਦਾ ਗੁਣ ਗਾਹਾ ॥

ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਟਿਕ ਕੇ ਉਸ ਦੇ ਗੁਣ ਗਾਂਦੇ ਰਹੋ।

ਹਰਿ ਹਰਿ ਹਰਿ ਜਸੁ ਘੂਮਰਿ ਪਾਵਹੁ ਮਿਲਿ ਸਤਸੰਗਿ ਓੁਮਾਹਾ ਰਾਮ ॥੨॥

ਹੇ ਭਾਈ! ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹੋ (ਸਿਫ਼ਤ-ਸਾਲਾਹ ਮਨ ਨੂੰ ਮਸਤ ਕਰਨ ਵਾਲਾ ਨਾਚ ਹੈ, ਇਹ) ਨਾਚ ਨੱਚੋ। ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ ਆਤਮਕ ਆਨੰਦ ਮਾਣਿਆ ਕਰੋ ॥੨॥

ਆਉ ਸਖੀ ਹਰਿ ਮੇਲਿ ਮਿਲਾਹਾ ॥

ਹੇ ਸੰਤ ਸੰਗੀਓ! ਆਓ, ਰਲ ਕੇ ਪ੍ਰਭੂ ਦੇ ਚਰਨਾਂ ਵਿਚ ਜੁੜੀਏ।

ਸੁਣਿ ਹਰਿ ਕਥਾ ਨਾਮੁ ਲੈ ਲਾਹਾ ॥

ਹੇ ਸਤ ਸੰਗੀਓ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣ ਕੇ ਪਰਮਾਤਮਾ ਦੇ ਨਾਮ-ਸਿਮਰਨ ਦੀ ਖੱਟੀ ਖੱਟਦੇ ਰਹੋ।

ਹਰਿ ਹਰਿ ਕ੍ਰਿਪਾ ਧਾਰਿ ਗੁਰ ਮੇਲਹੁ ਗੁਰਿ ਮਿਲਿਐ ਹਰਿ ਓੁਮਾਹਾ ਰਾਮ ॥੩॥

(ਪ੍ਰਭੂ-ਦਰ ਤੇ ਅਰਦਾਸ ਕਰੋ-) ਹੇ ਪ੍ਰਭੂ! ਮੇਹਰ ਕਰ, (ਸਾਨੂੰ) ਗੁਰੂ ਮਿਲਾ। ਹੇ ਸਤ ਸੰਗੀਓ! ਜੇ ਗੁਰੂ ਮਿਲ ਪਏ, ਤਾਂ (ਹਿਰਦੇ ਵਿਚ) ਆਨੰਦ ਪੈਦਾ ਹੋ ਜਾਂਦਾ ਹੈ ॥੩॥

ਕਰਿ ਕੀਰਤਿ ਜਸੁ ਅਗਮ ਅਥਾਹਾ ॥

ਹੇ ਭਾਈ! ਉਸ ਅਪਹੁੰਚ ਅਤੇ ਡੂੰਘੇ ਜਿਗਰੇ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਕੇ, ਜਸ ਕਰ ਕੇ,

ਖਿਨੁ ਖਿਨੁ ਰਾਮ ਨਾਮੁ ਗਾਵਾਹਾ ॥

ਹਰ ਵੇਲੇ ਉਸ ਦਾ ਨਾਮ ਜਪਿਆ ਕਰੋ।

ਮੋ ਕਉ ਧਾਰਿ ਕ੍ਰਿਪਾ ਮਿਲੀਐ ਗੁਰ ਦਾਤੇ ਹਰਿ ਨਾਨਕ ਭਗਤਿ ਓੁਮਾਹਾ ਰਾਮ ॥੪॥੨॥੮॥

ਹੇ ਨਾਨਕ! (ਆਖ-) ਹੇ ਨਾਮ ਦੀ ਦਾਤਿ ਦੇਣ ਵਾਲੇ ਗੁਰੂ! ਮੇਰੇ ਉਤੇ ਮੇਹਰ ਕਰ, ਮੈਨੂੰ ਮਿਲ, (ਤੇਰੇ ਮਿਲਾਪ ਦੀ ਬਰਕਤਿ ਨਾਲ ਮੇਰੇ ਅੰਦਰ) ਭਗਤੀ ਕਰਨ ਦਾ ਚਾਉ ਪੈਦਾ ਹੋਵੇ ॥੪॥੨॥੮॥


ਜੈਤਸਰੀ ਮ : ੪ ॥
ਰਸਿ ਰਸਿ ਰਾਮੁ ਰਸਾਲੁ ਸਲਾਹਾ ॥

ਹੇ ਭਾਈ! ਅਸੀਂ ਬੜੇ ਆਨੰਦ ਨਾਲ ਰਸੀਲੇ ਰਾਮ ਦੀ ਸਿਫ਼ਤ-ਸਾਲਾਹ ਕਰਦੇ ਹਾਂ।

ਮਨੁ ਰਾਮ ਨਾਮਿ ਭੀਨਾ ਲੈ ਲਾਹਾ ॥

ਸਾਡਾ ਮਨ ਰਾਮ ਦੇ ਨਾਮ-ਰਸ ਵਿਚ ਭਿੱਜ ਰਿਹਾ ਹੈ, ਅਸੀਂ (ਹਰਿ-ਨਾਮ ਦੀ) ਖੱਟੀ ਖੱਟ ਰਹੇ ਹਾਂ।

ਖਿਨੁ ਖਿਨੁ ਭਗਤਿ ਕਰਹ ਦਿਨੁ ਰਾਤੀ ਗੁਰਮਤਿ ਭਗਤਿ ਓੁਮਾਹਾ ਰਾਮ ॥੧॥

ਅਸੀਂ ਹਰ ਵੇਲੇ ਦਿਨ ਰਾਤ ਪਰਮਾਤਮਾ ਦੀ ਭਗਤੀ ਕਰਦੇ ਹਾਂ। ਗੁਰੂ ਦੀ ਮਤਿ ਦੀ ਬਰਕਤਿ ਨਾਲ (ਸਾਡੇ ਅੰਦਰ ਪ੍ਰਭੂ ਦੀ) ਭਗਤੀ ਦਾ ਚਾਉ ਬਣ ਰਿਹਾ ਹੈ ॥੧॥

ਹਰਿ ਹਰਿ ਗੁਣ ਗੋਵਿੰਦ ਜਪਾਹਾ ॥

ਹੇ ਭਾਈ! ਅਸੀਂ ਗੋਬਿੰਦ ਹਰੀ ਦੇ ਗੁਣ ਗਾ ਰਹੇ ਹਾਂ।

ਮਨੁ ਤਨੁ ਜੀਤਿ ਸਬਦੁ ਲੈ ਲਾਹਾ ॥

(ਇਸੇ ਤਰ੍ਹਾਂ ਆਪਣੇ) ਮਨ ਨੂੰ ਸਰੀਰ ਨੂੰ ਵੱਸ ਵਿਚ ਕਰ ਕੇ ਗੁਰੂ-ਸ਼ਬਦ (ਦਾ) ਲਾਭ ਪ੍ਰਾਪਤ ਕਰ ਰਹੇ ਹਾਂ।

ਗੁਰਮਤਿ ਪੰਚ ਦੂਤ ਵਸਿ ਆਵਹਿ ਮਨਿ ਤਨਿ ਹਰਿ ਓਮਾਹਾ ਰਾਮ ॥੨॥

ਹੇ ਭਾਈ! ਗੁਰੂ ਦੀ ਮਤਿ ਲਿਆਂ (ਕਾਮਾਦਿਕ) ਪੰਜੇ ਵੈਰੀ ਵੱਸ ਵਿਚ ਆ ਜਾਂਦੇ ਹਨ, ਮਨ ਵਿਚ ਹਿਰਦੇ ਵਿਚ ਹਰਿ-ਨਾਮ ਜਪਣ ਦਾ ਉਤਸ਼ਾਹ ਬਣ ਜਾਂਦਾ ਹੈ ॥੨॥

ਨਾਮੁ ਰਤਨੁ ਹਰਿ ਨਾਮੁ ਜਪਾਹਾ ॥

ਹੇ ਭਾਈ! ਹਰਿ-ਨਾਮ ਰਤਨ (ਵਰਗਾ ਕੀਮਤੀ ਪਦਾਰਥ ਹੈ, ਅਸੀਂ ਇਹ) ਹਰਿ-ਨਾਮ ਜਪ ਰਹੇ ਹਾਂ।

ਹਰਿ ਗੁਣ ਗਾਇ ਸਦਾ ਲੈ ਲਾਹਾ ॥

ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾ ਗਾ ਕੇ ਸਦਾ ਕਾਇਮ ਰਹਿਣ ਵਾਲੀ ਖੱਟੀ ਖੱਟ ਰਹੇ ਹਾਂ।

ਦੀਨ ਦਇਆਲ ਕ੍ਰਿਪਾ ਕਰਿ ਮਾਧੋ ਹਰਿ ਹਰਿ ਨਾਮੁ ਓੁਮਾਹਾ ਰਾਮ ॥੩॥

ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ! ਮੇਹਰ ਕਰ, ਸਾਡੇ ਮਨ ਵਿਚ ਤੇਰਾ ਨਾਮ ਜਪਣ ਦਾ ਚਾਉ ਬਣਿਆ ਰਹੇ ॥੩॥

ਜਪਿ ਜਗਦੀਸੁ ਜਪਉ ਮਨ ਮਾਹਾ ॥

ਹੇ ਸਲਾਹੁਣ-ਜੋਗ ਪ੍ਰਭੂ! ਹੇ ਮੇਰੇ ਸਭ ਤੋਂ ਵੱਡੇ ਮਾਲਕ! ਮੈਂ ਤੈਨੂੰ ਜਗਤ ਦੇ ਮਾਲਕ ਨੂੰ ਆਪਣੇ ਮਨ ਵਿਚ ਸਦਾ ਜਪਦਾ ਰਹਾਂ,

ਹਰਿ ਹਰਿ ਜਗੰਨਾਥੁ ਜਗਿ ਲਾਹਾ ॥

(ਕਿਉਂਕਿ) ਹੇ ਹਰੀ! ਤੈਨੂੰ ਜਗਤ ਦੇ ਨਾਥ ਨੂੰ ਸਦਾ ਜਪਣਾ ਹੀ ਜਗਤ ਵਿਚ (ਅਸਲ) ਲਾਭ ਹੈ,

ਧਨੁ ਧਨੁ ਵਡੇ ਠਾਕੁਰ ਪ੍ਰਭ ਮੇਰੇ ਜਪਿ ਨਾਨਕ ਭਗਤਿ ਓਮਾਹਾ ਰਾਮ ॥੪॥੩॥੯॥

ਹੇ ਨਾਨਕ! (ਆਖ-) ਹੇ ਸਲਾਹੁਣ ਦੇ ਯੋਗ ਮਾਲਕ! ਮੇਹਰ ਕਰ, ਤੇਰਾ ਨਾਮ ਜਪ ਕੇ (ਮੇਰੇ ਅੰਦਰ ਤੇਰੀ) ਭਗਤੀ ਦਾ ਉਤਸ਼ਾਹ ਬਣਿਆ ਰਹੇ ॥੪॥੩॥੯॥


ਜੈਤਸਰੀ ਮਹਲਾ ੪ ॥
ਆਪੇ ਜੋਗੀ ਜੁਗਤਿ ਜੁਗਾਹਾ ॥

ਹੇ ਭਾਈ! ਪਰਮਾਤਮਾ ਆਪ ਹੀ ਜੋਗੀ ਹੈ, ਆਪ ਹੀ ਸਭ ਜੁਗਾਂ ਵਿਚ ਜੋਗ ਦੀ ਜੁਗਤਿ ਹੈ,

ਆਪੇ ਨਿਰਭਉ ਤਾੜੀ ਲਾਹਾ ॥

ਆਪ ਹੀ ਨਿਡਰ ਹੋ ਕੇ ਸਮਾਧੀ ਲਾਂਦਾ ਹੈ।

ਆਪੇ ਹੀ ਆਪਿ ਆਪਿ ਵਰਤੈ ਆਪੇ ਨਾਮਿ ਓੁਮਾਹਾ ਰਾਮ ॥੧॥

ਸਭ ਥਾਂ ਆਪ ਹੀ ਆਪ ਕੰਮ ਕਰ ਰਿਹਾ ਹੈ, ਆਪ ਹੀ ਨਾਮ ਵਿਚ ਜੋੜ ਕੇ ਸਿਮਰਨ ਦਾ ਉਤਸ਼ਾਹ ਦੇ ਰਿਹਾ ਹੈ ॥੧॥

ਆਪੇ ਦੀਪ ਲੋਅ ਦੀਪਾਹਾ ॥

ਹੇ ਭਾਈ! ਪ੍ਰਭੂ ਆਪ ਹੀ ਜਜ਼ੀਰੇ ਹੈ, ਆਪ ਹੀ ਸਾਰੇ ਭਵਨ ਹੈ, ਆਪ ਹੀ (ਸਾਰੇ ਭਵਨਾਂ ਵਿਚ) ਚਾਨਣ ਹੈ।

ਆਪੇ ਸਤਿਗੁਰੁ ਸਮੁੰਦੁ ਮਥਾਹਾ ॥

ਪ੍ਰਭੂ ਆਪ ਹੀ ਗੁਰੂ ਹੈ, ਆਪ ਹੀ (ਬਾਣੀ ਦਾ) ਸਮੁੰਦਰ ਹੈ, ਆਪ ਹੀ (ਇਸ ਸਮੁੰਦਰ ਨੂੰ) ਰਿੜਕਣ ਵਾਲਾ (ਵਿਚਾਰਨ ਵਾਲਾ) ਹੈ।

ਆਪੇ ਮਥਿ ਮਥਿ ਤਤੁ ਕਢਾਏ ਜਪਿ ਨਾਮੁ ਰਤਨੁ ਓੁਮਾਹਾ ਰਾਮ ॥੨॥

ਆਪ ਹੀ (ਬਾਣੀ ਦੇ ਸਮੁੰਦਰ ਨੂੰ) ਰਿੜਕ ਰਿੜਕ (ਵਿਚਾਰ-ਵਿਚਾਰ) ਕੇ (ਇਸ ਵਿਚੋਂ) ਮੱਖਣ (ਅਸਲੀਅਤ) ਲਭਾਂਦਾ ਹੈ, ਆਪ ਹੀ (ਆਪਣਾ) ਰਤਨ ਵਰਗਾ ਕੀਮਤੀ ਨਾਮ ਜਪ ਕੇ (ਜੀਵਾਂ ਦੇ ਅੰਦਰ ਜਪਣ ਦਾ) ਚਾਉ ਪੈਦਾ ਕਰਦਾ ਹੈ ॥੨॥

ਸਖੀ ਮਿਲਹੁ ਮਿਲਿ ਗੁਣ ਗਾਵਾਹਾ ॥

ਹੇ ਸਤਸੰਗੀਓ! ਇਕੱਠੇ ਹੋਵੇ, ਆਓ, ਇਕੱਠੇ ਹੋ ਕੇ ਪ੍ਰਭੂ ਦੇ ਗੁਣ ਗਾਵੀਏ।

ਗੁਰਮੁਖਿ ਨਾਮੁ ਜਪਹੁ ਹਰਿ ਲਾਹਾ ॥

ਹੇ ਸਤਸੰਗੀਓ! ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਜਪੋ, (ਇਹੀ ਹੈ ਜੀਵਨ ਦਾ) ਲਾਭ।

ਹਰਿ ਹਰਿ ਭਗਤਿ ਦ੍ਰਿੜੀ ਮਨਿ ਭਾਈ ਹਰਿ ਹਰਿ ਨਾਮੁ ਓੁਮਾਹਾ ਰਾਮ ॥੩॥

ਜਿਸ ਮਨੁੱਖ ਨੇ ਪ੍ਰਭੂ ਦੀ ਭਗਤੀ ਆਪਣੇ ਹਿਰਦੇ ਵਿਚ ਪੱਕੀ ਬਿਠਾ ਲਈ, ਜਿਸ ਨੂੰ ਪ੍ਰਭੂ ਦੀ ਭਗਤੀ ਮਨ ਵਿਚ ਪਿਆਰੀ ਲੱਗੀ, ਪ੍ਰਭੂ ਦਾ ਨਾਮ ਉਸ ਦੇ ਅੰਦਰ (ਸਿਮਰਨ ਦਾ) ਉਤਸ਼ਾਹ ਪੈਦਾ ਕਰਦਾ ਹੈ ॥੩॥

ਆਪੇ ਵਡ ਦਾਣਾ ਵਡ ਸਾਹਾ ॥

ਹੇ ਭਾਈ! ਪ੍ਰਭੂ ਆਪ ਹੀ ਬੜਾ ਸਿਆਣਾ ਵੱਡਾ ਸ਼ਾਹ ਹੈ।

ਗੁਰਮੁਖਿ ਪੂੰਜੀ ਨਾਮੁ ਵਿਸਾਹਾ ॥

ਹੇ ਭਾਈ! ਗੁਰੂ ਦੀ ਸਰਨ ਪੈ ਕੇ ਉਸ ਦਾ ਨਾਮ-ਸਰਮਾਇਆ ਇਕੱਠਾ ਕਰੋ।

ਹਰਿ ਹਰਿ ਦਾਤਿ ਕਰਹੁ ਪ੍ਰਭ ਭਾਵੈ ਗੁਣ ਨਾਨਕ ਨਾਮੁ ਓੁਮਾਹਾ ਰਾਮ ॥੪॥੪॥੧੦॥

ਹੇ ਨਾਨਕ! (ਆਖ-) ਹੇ ਹਰੀ! ਹੇ ਪ੍ਰਭੂ! (ਮੈਨੂੰ ਆਪਣੇ ਨਾਮ ਦੀ) ਦਾਤਿ ਬਖ਼ਸ਼, ਜੇ ਤੈਨੂੰ ਚੰਗਾ ਲੱਗੇ, ਤਾਂ ਮੇਰੇ ਅੰਦਰ ਤੇਰਾ ਨਾਮ ਵੱਸੇ, ਤੇਰੇ ਗੁਣਾਂ ਨੂੰ ਯਾਦ ਕਰਨ ਦਾ ਚਾਉ ਪੈਦਾ ਹੋਵੇ ॥੪॥੪॥੧੦॥


ਜੈਤਸਰੀ ਮਹਲਾ ੪ ॥
ਮਿਲਿ ਸਤਸੰਗਤਿ ਸੰਗਿ ਗੁਰਾਹਾ ॥

(ਹੇ ਪ੍ਰਭੂ! ਆਪਣੀ ਮਿਹਰ ਕਰ ਕਿ ਅਸੀਂ) ਸਾਧ ਸੰਗਤਿ ਵਿਚ ਮਿਲ ਕੇ, ਗੁਰੂ ਦੀ ਸੰਗਤਿ ਵਿਚ ਮਿਲ ਕੇ,

ਪੂੰਜੀ ਨਾਮੁ ਗੁਰਮੁਖਿ ਵੇਸਾਹਾ ॥

ਗੁਰੂ ਦੀ ਸਰਨ ਪੈ ਕੇ, ਤੇਰੇ ਨਾਮ ਦਾ ਸਰਮਾਇਆ ਇਕੱਠਾ ਕਰੀਏ

ਹਰਿ ਹਰਿ ਕ੍ਰਿਪਾ ਧਾਰਿ ਮਧੁਸੂਦਨ ਮਿਲਿ ਸਤਸੰਗਿ ਓੁਮਾਹਾ ਰਾਮ ॥੧॥

ਹੇ ਵੈਰੀਆਂ ਦੇ ਨਾਸ ਕਰਨ ਵਾਲੇ ਹਰੀ! (ਅਸਾਂ ਜੀਵਾਂ ਉਤੇ) ਕਿਰਪਾ ਕਰ (ਕਿ) ਸਾਧ ਸੰਗਤਿ ਵਿਚ ਮਿਲ ਕੇ (ਸਾਡੇ ਅੰਦਰ ਤੇਰੇ ਨਾਮ ਦਾ) ਚਾਉ ਪੈਦਾ ਹੋਵੇ ॥੧॥

ਹਰਿ ਗੁਣ ਬਾਣੀ ਸ੍ਰਵਣਿ ਸੁਣਾਹਾ ॥

ਹੇ ਹਰੀ! ਤੇਰੇ ਗੁਣਾਂ ਵਾਲੀ ਬਾਣੀ ਅਸੀਂ ਕੰਨ ਨਾਲ ਸੁਣੀਏ,

ਕਰਿ ਕਿਰਪਾ ਸਤਿਗੁਰੂ ਮਿਲਾਹਾ ॥

ਕਿਰਪਾ ਕਰ ਕੇ (ਮੈਨੂੰ) ਗੁਰੂ ਮਿਲਾ,

ਗੁਣ ਗਾਵਹ ਗੁਣ ਬੋਲਹ ਬਾਣੀ ਹਰਿ ਗੁਣ ਜਪਿ ਓੁਮਾਹਾ ਰਾਮ ॥੨॥
ਗੁਰੂ ਦੀ ਬਾਣੀ ਦੀ ਰਾਹੀਂ ਅਸੀਂ ਤੇਰੇ ਗੁਣ ਗਾਵੀਏ, ਤੇਰੇ ਗੁਣ ਉਚਾਰੀਏ। ਤੇਰੇ ਗੁਣ ਯਾਦ ਕਰ ਕਰ ਕੇ (ਸਾਡੇ ਅੰਦਰ ਤੇਰੀ ਭਗਤੀ ਦਾ) ਚਾਉ ਪੈਦਾ ਹੋਵੇ ॥੨॥
ਸਭਿ ਤੀਰਥ ਵਰਤ ਜਗ ਪੁੰਨ ਤੁੋਲਾਹਾ ॥

ਹੇ ਭਾਈ! ਜੇ ਸਾਰੇ ਤੀਰਥ (-ਇਸ਼ਨਾਨ), ਵਰਤ, ਜੱਗ ਅਤੇ ਪੁੰਨ (ਮਿਥੇ ਹੋਏ ਨੇਕ ਕੰਮ) (ਇਕੱਠੇ ਰਲਾ ਕੇ) ਤੋਲੀਏ,

ਹਰਿ ਹਰਿ ਨਾਮ ਨ ਪੁਜਹਿ ਪੁਜਾਹਾ ॥

ਇਹ ਪਰਮਾਤਮਾ ਦੇ ਨਾਮ ਤਕ ਨਹੀਂ ਅੱਪੜ ਸਕਦੇ।

ਹਰਿ ਹਰਿ ਅਤੁਲੁ ਤੋਲੁ ਅਤਿ ਭਾਰੀ ਗੁਰਮਤਿ ਜਪਿ ਓੁਮਾਹਾ ਰਾਮ ॥੩॥

ਪਰਮਾਤਮਾ (ਦਾ ਨਾਮ) ਤੋਲਿਆ ਨਹੀਂ ਜਾ ਸਕਦਾ, ਉਸ ਦਾ ਬਹੁਤ ਭਾਰਾ ਤੋਲ ਹੈ। ਗੁਰੂ ਦੀ ਮਤਿ ਦੀ ਰਾਹੀਂ ਜਪ ਕੇ (ਮਨ ਵਿਚ ਹੋਰ ਜਪਣ ਦਾ) ਉਤਸ਼ਾਹ ਪੈਦਾ ਹੁੰਦਾ ਹੈ ॥੩॥

ਸਭਿ ਕਰਮ ਧਰਮ ਹਰਿ ਨਾਮੁ ਜਪਾਹਾ ॥

ਹੇ ਹਰੀ! ਤੇਰਾ ਨਾਮ ਹੀ ਸਾਰੇ (ਮਿੱਥੇ ਹੋਏ) ਧਾਰਮਿਕ ਕੰਮ ਹੈ,

ਕਿਲਵਿਖ ਮੈਲੁ ਪਾਪ ਧੋਵਾਹਾ ॥

(ਤੇਰੇ ਨਾਮ ਦੀ ਬਰਕਤਿ ਨਾਲ) ਸਾਰੇ ਪਾਪਾਂ ਵਿਕਾਰਾਂ ਦੀ ਮੈਲ ਧੁਪ ਜਾਂਦੀ ਹੈ

ਦੀਨ ਦਇਆਲ ਹੋਹੁ ਜਨ ਊਪਰਿ ਦੇਹੁ ਨਾਨਕ ਨਾਮੁ ਓਮਾਹਾ ਰਾਮ ॥੪॥੫॥੧੧॥

ਹੇ ਨਾਨਕ! (ਆਖ-) ਹੇ ਹਰੀ! ਆਪਣੇ ਨਿਮਾਣੇ ਦਾਸਾਂ ਉੱਤੇ ਦਇਆਵਾਨ ਹੋ, ਦਾਸਾਂ ਨੂੰ ਆਪਣਾ ਨਾਮ ਬਖ਼ਸ਼, (ਨਾਮ ਜਪਣ ਦਾ) ਉਤਸ਼ਾਹ ਦੇਹ, ਅਸੀਂ ਤੇਰਾ ਨਾਮ ਜਪੀਏ ॥੪॥੫॥੧੧॥


ਜੈਤਸਰੀ ਮਹਲਾ ੫ ਘਰੁ ੩ ॥

ਰਾਗ ਜੈਤਸਰੀ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਕੋਈ ਜਾਨੈ ਕਵਨੁ ਈਹਾ ਜਗਿ ਮੀਤੁ ॥

ਹੇ ਭਾਈ! ਕੋਈ ਵਿਰਲਾ ਮਨੁੱਖ ਜਾਣਦਾ ਹੈ (ਕਿ) ਇਥੇ ਜਗਤ ਵਿਚ (ਅਸਲੀ) ਮਿੱਤਰ ਕੌਣ ਹੈ।

ਜਿਸੁ ਹੋਇ ਕ੍ਰਿਪਾਲੁ ਸੋਈ ਬਿਧਿ ਬੂਝੈ ਤਾ ਕੀ ਨਿਰਮਲ ਰੀਤਿ ॥੧॥ ਰਹਾਉ ॥

ਜਿਸ ਮਨੁੱਖ ਉੱਤੇ (ਪਰਮਾਤਮਾ) ਦਇਆਵਾਨ ਹੁੰਦਾ ਹੈ, ਉਹੀ ਮਨੁੱਖ ਇਸ ਗੱਲ ਨੂੰ ਸਮਝਦਾ ਹੈ, (ਫਿਰ) ਉਸ ਮਨੁੱਖ ਦੀ ਜੀਵਨਿ-ਜੁਗਤਿ ਪਵਿੱਤ੍ਰ ਹੋ ਜਾਂਦੀ ਹੈ ॥੧॥ ਰਹਾਉ ॥

ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ ॥

ਹੇ ਭਾਈ! ਮਾਂ ਪਿਉ, ਇਸਤ੍ਰੀ, ਪੁੱਤਰ, ਰਿਸ਼ਤੇਦਾਰ, ਪਿਆਰੇ ਮਿੱਤਰ ਅਤੇ ਭਰਾ-

ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ ॥੧॥

ਇਹ ਸਾਰੇ ਪਹਿਲੇ ਜਨਮਾਂ ਦੇ ਸੰਜੋਗਾਂ ਕਰਕੇ (ਇਥੇ) ਮਿਲ ਪਏ ਹਨ। ਅਖ਼ੀਰ ਵੇਲੇ ਇਹਨਾਂ ਵਿਚੋਂ ਕੋਈ ਭੀ ਸਾਥੀ ਨਹੀਂ ਬਣਦਾ ॥੧॥

ਮੁਕਤਿ ਮਾਲ ਕਨਿਕ ਲਾਲ ਹੀਰਾ ਮਨ ਰੰਜਨ ਕੀ ਮਾਇਆ ॥

ਹੇ ਭਾਈ! ਮੋਤੀਆਂ ਦੀ ਮਾਲਾ, ਸੋਨਾ, ਲਾਲ, ਹੀਰੇ, ਮਨ ਨੂੰ ਖ਼ੁਸ਼ ਕਰਨ ਵਾਲੀ ਮਾਇਆ-

ਹਾ ਹਾ ਕਰਤ ਬਿਹਾਨੀ ਅਵਧਹਿ ਤਾ ਮਹਿ ਸੰਤੋਖੁ ਨ ਪਾਇਆ ॥੨॥

ਇਹਨਾਂ ਵਿਚ (ਲੱਗਿਆਂ) ਸਾਰੀ ਉਮਰ ‘ਹਾਇ, ਹਾਇ’ ਕਰਦਿਆਂ ਗੁਜ਼ਰ ਜਾਂਦੀ ਹੈ, ਮਨ ਨਹੀਂ ਰੱਜਦਾ ॥੨॥

ਹਸਤਿ ਰਥ ਅਸ੍ਵ ਪਵਨ ਤੇਜ ਧਣੀ ਭੂਮਨ ਚਤੁਰਾਂਗਾ ॥

ਹੇ ਭਾਈ! ਹਾਥੀ, ਰਥ, ਹਵਾ ਦੇ ਵੇਗ ਵਰਗੇ ਘੋੜੇ (ਹੋਣ), ਧਨਾਢ ਹੋਵੇ, ਜ਼ਿਮੀ ਦਾ ਮਾਲਕ ਹੋਵੇ, ਚਾਰ ਕਿਸਮ ਦੀ ਫ਼ੌਜ ਦਾ ਮਾਲਕ ਹੋਵੇ-

ਸੰਗਿ ਨ ਚਾਲਿਓ ਇਨ ਮਹਿ ਕਛੂਐ ਊਠਿ ਸਿਧਾਇਓ ਨਾਂਗਾ ॥੩॥

ਇਹਨਾਂ ਵਿਚੋਂ (ਭੀ) ਕੋਈ ਚੀਜ਼ ਭੀ ਨਾਲ ਨਹੀਂ ਜਾਂਦੀ, (ਇਹਨਾਂ ਦਾ ਮਾਲਕ ਮਨੁੱਖ ਇਥੋਂ) ਨੰਗਾ ਹੀ ਉੱਠ ਕੇ ਤੁਰ ਪੈਂਦਾ ਹੈ ॥੩॥

ਹਰਿ ਕੇ ਸੰਤ ਪ੍ਰਿਅ ਪ੍ਰੀਤਮ ਪ੍ਰਭ ਕੇ ਤਾ ਕੈ ਹਰਿ ਹਰਿ ਗਾਈਐ ॥

ਪਰਮਾਤਮਾ ਦੇ ਸੰਤ ਜਨ ਪਰਮਾਤਮਾ ਦੇ ਪਿਆਰੇ ਹੁੰਦੇ ਹਨ, ਉਹਨਾਂ ਦੀ ਸੰਗਤਿ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ।

ਨਾਨਕ ਈਹਾ ਸੁਖੁ ਆਗੈ ਮੁਖ ਊਜਲ ਸੰਗਿ ਸੰਤਨ ਕੈ ਪਾਈਐ ॥੪॥੧॥

ਹੇ ਨਾਨਕ! (ਅਜਿਹਾ ਕਰਨ ਨਾਲ) ਇਸ ਲੋਕ ਵਿਚ ਸੁਖ ਮਿਲਦਾ ਹੈ, ਪਰਲੋਕ ਵਿਚ ਸੁਰਖ਼-ਰੂ ਹੋ ਜਾਈਦਾ ਹੈ। (ਪਰ ਇਹ ਦਾਤਿ) ਸੰਤ ਜਨਾਂ ਦੀ ਸੰਗਤਿ ਵਿਚ ਹੀ ਮਿਲਦੀ ਹੈ ॥੪॥੧॥


ਜੈਤਸਰੀ ਮਹਲਾ ੫ ਘਰੁ ੩ ਦੁਪਦੇ ॥

ਰਾਗ ਜੈਤਸਰੀ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਦੇਹੁ ਸੰਦੇਸਰੋ ਕਹੀਅਉ ਪ੍ਰਿਅ ਕਹੀਅਉ ॥

(ਹੇ ਗੁਰ-ਸਿੱਖੋ!) ਮੈਨੂੰ ਪਿਆਰੇ ਪ੍ਰਭੂ ਦਾ ਮਿੱਠਾ ਜਿਹਾ ਸਨੇਹਾ ਦਿਹੋ,

ਬਿਸਮੁ ਭਈ ਮੈ ਬਹੁ ਬਿਧਿ ਸੁਨਤੇ ਕਹਹੁ ਸੁਹਾਗਨਿ ਸਹੀਅਉ ॥੧॥ ਰਹਾਉ ॥

ਮੈਂ (ਉਸ ਪਿਆਰੇ ਦੀ ਬਾਬਤ) ਕਈ ਕਿਸਮਾਂ (ਦੀਆਂ ਗੱਲਾਂ) ਸੁਣ ਸੁਣ ਕੇ ਹੈਰਾਨ ਹੋ ਰਹੀ ਹਾਂ। ਹੇ ਸੁਹਾਗਵਤੀ ਸਹੇਲੀਹੋ! (ਤੁਸੀਂ) ਦੱਸੋ (ਉਹ ਕਿਹੋ ਜਿਹਾ ਹੈ?) ॥੧॥ ਰਹਾਉ ॥

ਕੋ ਕਹਤੋ ਸਭ ਬਾਹਰਿ ਬਾਹਰਿ ਕੋ ਕਹਤੋ ਸਭ ਮਹੀਅਉ ॥

ਕੋਈ ਆਖਦਾ ਹੈ, ਉਹ ਸਭਨਾਂ ਤੋਂ ਬਾਹਰ ਹੀ ਵੱਸਦਾ ਹੈ, ਕੋਈ ਆਖਦਾ ਹੈ, ਉਹ ਸਭਨਾਂ ਦੇ ਵਿੱਚ ਵੱਸਦਾ ਹੈ।

ਬਰਨੁ ਨ ਦੀਸੈ ਚਿਹਨੁ ਨ ਲਖੀਐ ਸੁਹਾਗਨਿ ਸਾਤਿ ਬੁਝਹੀਅਉ ॥੧॥

ਉਸ ਦਾ ਰੰਗ ਨਹੀਂ ਦਿੱਸਦਾ, ਉਸ ਦਾ ਕੋਈ ਲੱਛਣ ਨਜ਼ਰ ਨਹੀਂ ਆਉਂਦਾ। ਹੇ ਸੁਗਾਗਣੋ! ਤੁਸੀ ਮੈਨੂੰ ਸੱਚੀ ਗੱਲ ਸਮਝਾਓ ॥੧॥

ਸਰਬ ਨਿਵਾਸੀ ਘਟਿ ਘਟਿ ਵਾਸੀ ਲੇਪੁ ਨਹੀ ਅਲਪਹੀਅਉ ॥

ਉਹ ਪਰਮਾਤਮਾ ਸਾਰਿਆਂ ਵਿਚ ਨਿਵਾਸ ਰੱਖਣ ਵਾਲਾ ਹੈ, ਹਰੇਕ ਸਰੀਰ ਵਿਚ ਵੱਸਣ ਵਾਲਾ ਹੈ (ਫਿਰ ਭੀ, ਉਸ ਨੂੰ ਮਾਇਆ ਦਾ) ਰਤਾ ਭੀ ਲੇਪ ਨਹੀਂ ਹੈ।

ਨਾਨਕੁ ਕਹਤ ਸੁਨਹੁ ਰੇ ਲੋਗਾ ਸੰਤ ਰਸਨ ਕੋ ਬਸਹੀਅਉ ॥੨॥੧॥੨॥

ਨਾਨਕ ਆਖਦਾ ਹੈ-ਹੇ ਲੋਕੋ! ਸੁਣੋ, ਉਹ ਪ੍ਰਭੂ ਸੰਤ ਜਨਾਂ ਦੀ ਜੀਭ ਉਤੇ ਵੱਸਦਾ ਹੈ (ਸੰਤ ਜਨ ਹਰ ਵੇਲੇ ਉਸ ਦਾ ਨਾਮ ਜਪਦੇ ਹਨ) ॥੨॥੧॥੨॥


ਜੈਤਸਰੀ ਮ : ੫ ॥
ਧੀਰਉ ਸੁਨਿ ਧੀਰਉ ਪ੍ਰਭ ਕਉ ॥੧॥ ਰਹਾਉ ॥

ਹੇ ਭਾਈ! ਮੈਂ ਪ੍ਰਭੂ (ਦੀਆਂ ਗੱਲਾਂ) ਨੂੰ ਸੁਣ ਸੁਣ ਕੇ (ਆਪਣੇ ਮਨ ਵਿਚ) ਸਦਾ ਧੀਰਜ ਹਾਸਲ ਕਰਦਾ ਰਹਿੰਦਾ ਹਾਂ ॥੧॥ ਰਹਾਉ ॥

ਜੀਅ ਪ੍ਰਾਨ ਮਨੁ ਤਨੁ ਸਭੁ ਅਰਪਉ ਨੀਰਉ ਪੇਖਿ ਪ੍ਰਭ ਕਉ ਨੀਰਉ ॥੧॥

ਹੇ ਭਾਈ! ਪ੍ਰਭੂ ਨੂੰ ਹਰ ਵੇਲੇ (ਆਪਣੇ) ਨੇੜੇ ਵੇਖ ਵੇਖ ਕੇ ਮੈਂ ਆਪਣੀ ਜਿੰਦ-ਪ੍ਰਾਣ, ਆਪਣਾ ਮਨ ਤਨ ਸਭ ਕੁਝ ਉਸ ਦੀ ਭੇਟ ਕਰਦਾ ਰਹਿੰਦਾ ਹਾਂ ॥੧॥

ਬੇਸੁਮਾਰ ਬੇਅੰਤੁ ਬਡ ਦਾਤਾ ਮਨਹਿ ਗਹੀਰਉ ਪੇਖਿ ਪ੍ਰਭ ਕਉ ॥੨॥

ਹੇ ਭਾਈ! ਉਹ ਪ੍ਰਭੂ ਵੱਡਾ ਦਾਤਾ ਹੈ, ਬੇਅੰਤ ਹੈ, ਉਸ ਦੇ ਗੁਣਾਂ ਦਾ ਲੇਖਾ ਨਹੀਂ ਹੋ ਸਕਦਾ। ਉਸ ਪ੍ਰਭੂ ਨੂੰ (ਹਰ ਥਾਂ) ਵੇਖ ਕੇ ਮੈਂ ਉਸ ਨੂੰ ਆਪਣੇ ਮਨ ਵਿਚ ਟਿਕਾਈ ਰੱਖਦਾ ਹਾਂ ॥੨॥

ਜੋ ਚਾਹਉ ਸੋਈ ਸੋਈ ਪਾਵਉ ਆਸਾ ਮਨਸਾ ਪੂਰਉ ਜਪਿ ਪ੍ਰਭ ਕਉ ॥੩॥

ਹੇ ਭਾਈ! ਮੈਂ (ਜੇਹੜੀ ਜੇਹੜੀ ਚੀਜ਼) ਚਾਹੁੰਦਾ ਹਾਂ, ਉਹੀ ਉਹੀ (ਉਸ ਪ੍ਰਭੂ ਪਾਸੋਂ) ਪ੍ਰਾਪਤ ਕਰ ਲੈਂਦਾ ਹਾਂ। ਪ੍ਰਭੂ (ਦੇ ਨਾਮ) ਨੂੰ ਜਪ ਜਪ ਕੇ ਮੈਂ ਆਪਣੀ ਹਰੇਕ ਆਸ ਹਰੇਕ ਮੁਰਾਦ (ਉਸ ਦੇ ਦਰ ਤੋਂ) ਪੂਰੀ ਕਰ ਲੈਂਦਾ ਹਾਂ ॥੩॥

ਗੁਰਪ੍ਰਸਾਦਿ ਨਾਨਕ ਮਨਿ ਵਸਿਆ ਦੂਖਿ ਨ ਕਬਹੂ ਝੂਰਉ ਬੁਝਿ ਪ੍ਰਭ ਕਉ ॥੪॥੨॥੩॥

ਹੇ ਨਾਨਕ! (ਆਖ-ਹੇ ਭਾਈ!) ਗੁਰੂ ਦੀ ਕਿਰਪਾ ਨਾਲ (ਉਹ ਪ੍ਰਭੂ ਮੇਰੇ) ਮਨ ਵਿਚ ਆ ਵੱਸਿਆ ਹੈ, ਹੁਣ ਮੈਂ ਪ੍ਰਭੂ (ਦੀ ਉਦਾਰਤਾ) ਨੂੰ ਸਮਝ ਕੇ ਕਿਸੇ ਭੀ ਦੁੱਖ ਵਿਚ ਚਿੰਤਾਤੁਰ ਨਹੀਂ ਹੁੰਦਾ ॥੪॥੨॥੩॥


ਜੈਤਸਰੀ ਮਹਲਾ ੫ ॥
ਲੋੜੀਦੜਾ ਸਾਜਨੁ ਮੇਰਾ ॥

ਹੇ ਭਾਈ! ਮੇਰਾ ਸੱਜਣ ਪ੍ਰਭੂ ਐਸਾ ਹੈ ਜਿਸ ਨੂੰ ਹਰੇਕ ਜੀਵ ਮਿਲਣਾ ਚਾਹੁੰਦਾ ਹੈ।

ਘਰਿ ਘਰਿ ਮੰਗਲ ਗਾਵਹੁ ਨੀਕੇ ਘਟਿ ਘਟਿ ਤਿਸਹਿ ਬਸੇਰਾ ॥੧॥ ਰਹਾਉ ॥

ਹੇ ਭਾਈ! ਹਰੇਕ ਗਿਆਨ-ਇੰਦ੍ਰੇ ਦੀ ਰਾਹੀਂ ਉਸ ਦੀ ਸਿਫ਼ਤ-ਸਾਲਾਹ ਦੇ ਸੋਹਣੇ ਗੀਤ ਗਾਇਆ ਕਰੋ। ਹਰੇਕ ਸਰੀਰ ਵਿਚ ਉਸ ਦਾ ਹੀ ਨਿਵਾਸ ਹੈ ॥੧॥ ਰਹਾਉ ॥

ਸੂਖਿ ਅਰਾਧਨੁ ਦੂਖਿ ਅਰਾਧਨੁ ਬਿਸਰੈ ਨ ਕਾਹੂ ਬੇਰਾ ॥

ਹੇ ਭਾਈ! ਸੁਖ ਵਿਚ (ਭੀ ਉਸ ਪਰਮਾਤਮਾ ਦਾ) ਸਿਮਰਨ ਕਰਨਾ ਚਾਹੀਦਾ ਹੈ, ਦੁਖ ਵਿਚ (ਉਸ ਦਾ ਹੀ) ਸਿਮਰਨ ਕਰਨਾ ਚਾਹੀਦਾ ਹੈ, ਉਹ ਪਰਮਾਤਮਾ ਕਿਸੇ ਭੀ ਵੇਲੇ ਸਾਨੂੰ ਨਾਹ ਭੁੱਲੇ।

ਨਾਮੁ ਜਪਤ ਕੋਟਿ ਸੂਰ ਉਜਾਰਾ ਬਿਨਸੈ ਭਰਮੁ ਅੰਧੇਰਾ ॥੧॥

ਉਸ ਪਰਮਾਤਮਾ ਦਾ ਨਾਮ ਜਪਦਿਆਂ (ਮਨੁੱਖ ਦੇ ਮਨ ਵਿਚ, ਮਾਨੋ) ਕ੍ਰੋੜਾਂ ਸੂਰਜਾਂ ਦਾ ਚਾਨਣ ਹੋ ਜਾਂਦਾ ਹੈ (ਮਨ ਵਿਚੋਂ) ਮਾਇਆ ਵਾਲੀ ਭਟਕਣਾ ਮੁੱਕ ਜਾਂਦੀ ਹੈ, (ਆਤਮਕ ਜੀਵਨ ਵਲੋਂ ਬੇ-ਸਮਝੀ ਦਾ) ਹਨੇਰਾ ਦੂਰ ਹੋ ਜਾਂਦਾ ਹੈ ॥੧॥

ਥਾਨਿ ਥਨੰਤਰਿ ਸਭਨੀ ਜਾਈ ਜੋ ਦੀਸੈ ਸੋ ਤੇਰਾ ॥

ਹੇ ਨਾਨਕ! (ਆਖ-ਹੇ ਪ੍ਰਭੂ!) ਹਰੇਕ ਥਾਂ ਵਿਚ, ਸਭਨਾਂ ਥਾਵਾਂ ਵਿਚ (ਤੂੰ ਵੱਸ ਰਿਹਾ ਹੈਂ) ਜੋ ਕੁਝ ਦਿੱਸ ਰਿਹਾ ਹੈ, ਉਹ ਸਭ ਕੁਝ ਤੇਰਾ ਹੀ ਸਰੂਪ ਹੈ।

ਸੰਤਸੰਗਿ ਪਾਵੈ ਜੋ ਨਾਨਕ ਤਿਸੁ ਬਹੁਰਿ ਨ ਹੋਈ ਹੈ ਫੇਰਾ ॥੨॥੩॥੪॥

ਸਾਧ ਸੰਗਤਿ ਵਿਚ ਰਹਿ ਕੇ ਜੇਹੜਾ ਮਨੁੱਖ ਤੈਨੂੰ ਲੱਭ ਲੈਂਦਾ ਹੈ ਉਸ ਨੂੰ ਮੁੜ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ ॥੨॥੩॥੪॥


ਜੈਤਸਰੀ ਮਹਲਾ ੫ ਘਰੁ ੪ ਦੁਪਦੇ ॥

ਰਾਗ ਜੈਤਸਰੀ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਅਬ ਮੈ ਸੁਖੁ ਪਾਇਓ ਗੁਰ ਆਗ੍ਹਿ ॥

ਹੇ ਭਾਈ! ਹੁਣ ਮੈਂ ਗੁਰੂ ਦੀ ਆਗਿਆ ਵਿਚ (ਤੁਰ ਕੇ) ਆਨੰਦ ਪ੍ਰਾਪਤ ਕਰ ਲਿਆ ਹੈ।

ਤਜੀ ਸਿਆਨਪ ਚਿੰਤ ਵਿਸਾਰੀ ਅਹੰ ਛੋਡਿਓ ਹੈ ਤਿਆਗ੍ਹਿ ॥੧॥ ਰਹਾਉ ॥

ਮੈਂ ਆਪਣੀ ਚਤੁਰਾਈ ਛੱਡ ਦਿੱਤੀ ਹੈ, ਮੈਂ ਚਿੰਤਾ ਭੁਲਾ ਦਿੱਤੀ ਹੈ, ਮੈਂ ਹਉਮੈ (ਆਪਣੇ ਅੰਦਰੋਂ) ਪਰੇ ਸੁੱਟ ਦਿੱਤੀ ਹੈ ॥੧॥ ਰਹਾਉ ॥

ਜਉ ਦੇਖਉ ਤਉ ਸਗਲ ਮੋਹਿ ਮੋਹੀਅਉ ਤਉ ਸਰਨਿ ਪਰਿਓ ਗੁਰ ਭਾਗਿ ॥

ਹੇ ਭਾਈ! ਜਦੋਂ ਮੈਂ ਵੇਖਦਾ ਹਾਂ (ਵੇਖਿਆ ਕਿ) ਸਾਰੀ ਲੁਕਾਈ ਮੋਹ ਵਿਚ ਫਸੀ ਹੋਈ ਹੈ, ਤਦੋਂ ਮੈਂ ਭੱਜ ਕੇ ਗੁਰੂ ਦੀ ਸਰਨ ਜਾ ਪਿਆ।

ਕਰਿ ਕਿਰਪਾ ਟਹਲ ਹਰਿ ਲਾਇਓ ਤਉ ਜਮਿ ਛੋਡੀ ਮੋਰੀ ਲਾਗਿ ॥੧॥

(ਗੁਰੂ ਨੇ) ਕਿਰਪਾ ਕਰ ਕੇ ਮੈਨੂੰ ਪਰਮਾਤਮਾ ਦੀ ਸੇਵਾ-ਭਗਤੀ ਵਿਚ ਜੋੜ ਦਿੱਤਾ। ਤਦੋਂ ਜਮਰਾਜ ਨੇ ਮੇਰਾ ਖਹੜਾ ਛੱਡ ਦਿੱਤਾ ॥੧॥

ਤਰਿਓ ਸਾਗਰੁ ਪਾਵਕ ਕੋ ਜਉ ਸੰਤ ਭੇਟੇ ਵਡ ਭਾਗਿ ॥

ਜਦੋਂ ਵੱਡੀ ਕਿਸਮਤ ਨਾਲ ਮੈਨੂੰ ਗੁਰੂ ਮਿਲ ਪਏ, ਮੈਂ (ਵਿਕਾਰਾਂ ਦੀ) ਅੱਗ ਦਾ ਸਮੁੰਦਰ ਤਰ ਲਿਆ ਹੈ।

ਜਨ ਨਾਨਕ ਸਰਬ ਸੁਖ ਪਾਏ ਮੋਰੋ ਹਰਿ ਚਰਨੀ ਚਿਤੁ ਲਾਗਿ ॥੨॥੧॥੫॥

ਹੇ ਦਾਸ ਨਾਨਕ! (ਆਖ-) ਹੁਣ ਮੈਂ ਸਾਰੇ ਸੁਖ ਪ੍ਰਾਪਤ ਕਰ ਲਏ ਹਨ, ਮੇਰਾ ਮਨ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ ॥੨॥੧॥੫॥


ਜੈਤਸਰੀ ਮਹਲਾ ੫ ॥
ਮਨ ਮਹਿ ਸਤਿਗੁਰ ਧਿਆਨੁ ਧਰਾ ॥

ਹੇ ਭਾਈ! (ਜਦੋਂ ਮੈਂ) ਗੁਰੂ (ਦੇ ਚਰਨਾਂ) ਦਾ ਧਿਆਨ (ਆਪਣੇ) ਮਨ ਵਿਚ ਧਰਿਆ,

ਦਿ੍ੜਿ੍ਓ ਗਿਆਨੁ ਮੰਤ੍ਰੁ ਹਰਿ ਨਾਮਾ ਪ੍ਰਭ ਜੀਉ ਮਇਆ ਕਰਾ ॥੧॥ ਰਹਾਉ ॥

ਪਰਮਾਤਮਾ ਨੇ (ਮੇਰੇ ਉਤੇ) ਮੇਹਰ ਕੀਤੀ, ਮੈਂ ਪਰਮਾਤਮਾ ਦਾ ਨਾਮ-ਮੰਤ੍ਰ ਹਿਰਦੇ ਟਿਕਾ ਲਿਆ, ਆਤਮਕ ਜੀਵਨ ਦੀ ਸੂਝ ਹਿਰਦੇ ਵਿਚ ਪੱਕੀ ਕਰ ਲਈ ॥੧॥ ਰਹਾਉ ॥

ਕਾਲ ਜਾਲ ਅਰੁ ਮਹਾ ਜੰਜਾਲਾ ਛੁਟਕੇ ਜਮਹਿ ਡਰਾ ॥

(ਹੇ ਭਾਈ! ਗੁਰੂ ਦੀ ਸਹਾਇਤਾ ਨਾਲ) ਆਤਮਕ ਮੌਤ ਲਿਅਉਣ ਵਾਲੀਆਂ ਮੇਰੀਆਂ ਫਾਹੀਆਂ ਟੁੱਟ ਗਈਆਂ, ਮਾਇਆ ਦੇ ਵੱਡੇ ਜੰਜਾਲ ਮੁੱਕ ਗਏ, ਜਮਾਂ ਦਾ ਡਰ ਦੂਰ ਹੋ ਗਿਆ,

ਆਇਓ ਦੁਖ ਹਰਣ ਸਰਣ ਕਰੁਣਾਪਤਿ ਗਹਿਓ ਚਰਣ ਆਸਰਾ ॥੧॥

(ਜਦੋਂ ਤੋਂ ਮੈਂ) ਮੈਂ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਦੀ ਸਰਨ ਆ ਪਿਆ, ਤਰਸ ਦੇ ਮਾਲਕ ਹਰੀ ਦਾ ਮੈਂ ਆਸਰਾ ਲੈ ਲਿਆ ॥੧॥

ਨਾਵ ਰੂਪ ਭਇਓ ਸਾਧਸੰਗੁ ਭਵ ਨਿਧਿ ਪਾਰਿ ਪਰਾ ॥

ਹੇ ਭਾਈ! ਗੁਰੂ ਦੀ ਸੰਗਤਿ ਨੇ ਮੇਰੇ ਵਾਸਤੇ ਬੇੜੀ ਦਾ ਕੰਮ ਦਿੱਤਾ, ਮੈਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ ਹਾਂ।

ਅਪਿਉ ਪੀਓ ਗਤੁ ਥੀਓ ਭਰਮਾ ਕਹੁ ਨਾਨਕ ਅਜਰੁ ਜਰਾ ॥੨॥੨॥੬॥

ਨਾਨਕ ਆਖਦਾ ਹੈ- ਮੈਂ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਲਿਆ ਹੈ, ਮੇਰੇ ਮਨ ਦੀ ਭਟਕਣਾ ਦੂਰ ਹੋ ਗਈ ਹੈ, ਮੈਂ ਉਹ ਆਤਮਕ ਦਰਜਾ ਪ੍ਰਾਪਤ ਕਰ ਲਿਆ ਹੈ ਜਿਸ ਨੂੰ ਬੁਢੇਪਾ ਨਹੀਂ ਆ ਸਕਦਾ ॥੨॥੨॥੬॥


ਜੈਤਸਰੀ ਮਹਲਾ ੫ ॥
ਜਾ ਕਉ ਭਏ ਗੋਵਿੰਦ ਸਹਾਈ ॥

ਹੇ ਭਾਈ! ਜਿਨ੍ਹਾਂ ਮਨੁੱਖਾਂ ਵਾਸਤੇ ਪਰਮਾਤਮਾ ਮਦਦਗਾਰ ਬਣ ਜਾਂਦਾ ਹੈ,

ਸੂਖ ਸਹਜ ਆਨੰਦ ਸਗਲ ਸਿਉ ਵਾ ਕਉ ਬਿਆਧਿ ਨ ਕਾਈ ॥੧॥ ਰਹਾਉ ॥

(ਉਹਨਾਂ ਦੀ ਉਮਰ) ਆਤਮਕ ਅਡੋਲਤਾ ਦੇ ਸਾਰੇ ਸੁਖਾਂ ਆਨੰਦਾਂ ਨਾਲ (ਬੀਤਦੀ ਹੈ) ਉਹਨਾਂ ਨੂੰ ਕੋਈ ਰੋਗ ਨਹੀਂ ਪੋਂਹਦਾ ॥੧॥ ਰਹਾਉ ॥

ਦੀਸਹਿ ਸਭ ਸੰਗਿ ਰਹਹਿ ਅਲੇਪਾ ਨਹ ਵਿਆਪੈ ਉਨ ਮਾਈ ॥

ਹੇ ਭਾਈ! ਉਹ ਮਨੁੱਖ ਸਭਨਾਂ ਨਾਲ (ਵਰਤਦੇ) ਦਿੱਸਦੇ ਹਨ, ਪਰ ਉਹ (ਮਾਇਆ ਤੋਂ) ਨਿਰਲੇਪ ਰਹਿੰਦੇ ਹਨ, ਮਾਇਆ ਉਹਨਾਂ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੀ।

ਏਕੈ ਰੰਗਿ ਤਤ ਕੇ ਬੇਤੇ ਸਤਿਗੁਰ ਤੇ ਬੁਧਿ ਪਾਈ ॥੧॥

ਉਹ ਇਕ ਪਰਮਾਤਮਾ ਦੇ ਪ੍ਰੇਮ ਵਿਚ ਟਿਕੇ ਰਹਿੰਦੇ ਹਨ, ਉਹ ਜੀਵਨ ਦੀ ਅਸਲੀਅਤ ਦੇ ਜਾਣਨ ਵਾਲੇ ਬਣ ਜਾਂਦੇ ਹਨ-ਇਹ ਅਕਲ ਉਹਨਾਂ ਗੁਰੂ ਪਾਸੋਂ ਪ੍ਰਾਪਤ ਕਰ ਲਈ ਹੁੰਦੀ ਹੈ ॥੧॥

ਦਇਆ ਮਇਆ ਕਿਰਪਾ ਠਾਕੁਰ ਕੀ ਸੇਈ ਸੰਤ ਸੁਭਾਈ ॥

ਉਹ ਮਨੁੱਖ ਪ੍ਰੇਮ-ਭਰੇ ਹਿਰਦੇ ਵਾਲੇ ਸੰਤ ਬਣ ਜਾਂਦੇ ਹਨ, ਜਿਨ੍ਹਾਂ ਉਤੇ ਮਾਲਕ-ਪ੍ਰਭੂ ਦੀ ਕਿਰਪਾ ਮੇਹਰ ਦਇਆ ਹੁੰਦੀ ਹੈ।

ਤਿਨ ਕੈ ਸੰਗਿ ਨਾਨਕ ਨਿਸਤਰੀਐ ਜਿਨ ਰਸਿ ਰਸਿ ਹਰਿ ਗੁਨ ਗਾਈ ॥੨॥੩॥੭॥

ਹੇ ਨਾਨਕ! ਜੇਹੜੇ ਮਨੁੱਖ ਸਦਾ ਪ੍ਰੇਮ ਨਾਲ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਦੀ ਸੰਗਤਿ ਵਿਚ ਰਹਿ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ॥੨॥੩॥੭॥


ਜੈਤਸਰੀ ਮਹਲਾ ੫ ॥
ਗੋਬਿੰਦ ਜੀਵਨ ਪ੍ਰਾਨ ਧਨ ਰੂਪ ॥

ਹੇ ਗੋਬਿੰਦ! ਤੂੰ ਅਸਾਂ ਜੀਵਾਂ ਦੀ ਜ਼ਿੰਦਗੀ ਹੈਂ, ਪ੍ਰਾਨ ਹੈਂ, ਧਨ ਹੈਂ, ਸੁਹਜ ਹੈਂ।

ਅਗਿਆਨ ਮੋਹ ਮਗਨ ਮਹਾ ਪ੍ਰਾਨੀ ਅੰਧਿਆਰੇ ਮਹਿ ਦੀਪ ॥੧॥ ਰਹਾਉ ॥

ਜੀਵ ਆਤਮਕ ਜੀਵਨ ਵਲੋਂ ਬੇ-ਸਮਝੀ ਵਿਚ, ਮੋਹ ਵਿਚ ਬਹੁਤ ਡੁੱਬੇ ਰਹਿੰਦੇ ਹਨ, ਇਸ ਹਨੇਰੇ ਵਿਚ ਤੂੰ (ਜੀਵਾਂ ਲਈ) ਦੀਵਾ ਹੈਂ ॥੧॥ ਰਹਾਉ ॥

ਸਫਲ ਦਰਸਨੁ ਤੁਮਰਾ ਪ੍ਰਭ ਪ੍ਰੀਤਮ ਚਰਨ ਕਮਲ ਆਨੂਪ ॥

ਹੇ ਪ੍ਰੀਤਮ ਪ੍ਰਭੂ! ਤੇਰਾ ਦਰਸ਼ਨ ਜੀਵਨ ਮਨੋਰਥ ਪੂਰਾ ਕਰਨ ਵਾਲਾ ਹੈ, ਤੇਰੇ ਸੋਹਣੇ ਚਰਨ ਬੇ-ਮਿਸਾਲ ਹਨ।

ਅਨਿਕ ਬਾਰ ਕਰਉ ਤਿਹ ਬੰਦਨ ਮਨਹਿ ਚਰ੍ਹਾਵਉ ਧੂਪ ॥੧॥

ਮੈਂ (ਤੇਰੇ) ਇਹਨਾਂ ਚਰਨਾਂ ਉਤੇ ਅਨੇਕਾਂ ਵਾਰੀ ਨਮਸਕਾਰ ਕਰਦਾ ਹਾਂ, ਆਪਣਾ ਮਨ ਹੀ (ਤੇਰੇ ਚਰਨਾਂ ਅੱਗੇ) ਭੇਟਾ ਧਰਦਾ ਹਾਂ ਇਹੀ ਧੂਪ ਅਰਪਣ ਕਰਦਾ ਹਾਂ ॥੧॥

ਹਾਰਿ ਪਰਿਓ ਤੁਮ੍ਰਰੈ ਪ੍ਰਭ ਦੁਆਰੈ ਦਿ੍ੜ੍ਰੂ ਕਰਿ ਗਹੀ ਤੁਮ੍ਰਾਰੀ ਲੂਕ ॥

ਹੇ ਪ੍ਰਭੂ! (ਹੋਰ ਆਸਰਿਆਂ ਵਲੋਂ) ਥੱਕ ਕੇ ਮੈਂ ਤੇਰੇ ਦਰ ਤੇ ਆ ਡਿੱਗਾ ਹਾਂ। ਮੈਂ ਤੇਰੀ ਓਟ ਪੱਕੀ ਕਰ ਕੇ ਫੜ ਲਈ ਹੈ।

ਕਾਢਿ ਲੇਹੁ ਨਾਨਕ ਅਪੁਨੇ ਕਉ ਸੰਸਾਰ ਪਾਵਕ ਕੇ ਕੂਪ ॥੨॥੪॥੮॥

ਹੇ ਪ੍ਰਭੂ! ਸੰਸਾਰ-ਅੱਗ ਦੇ ਖੂਹ ਵਿਚੋਂ ਆਪਣੇ ਦਾਸ ਨਾਨਕ ਨੂੰ ਕੱਢ ਲੈ ॥੨॥੪॥੮॥


ਜੈਤਸਰੀ ਮਹਲਾ ੫ ॥
ਕੋਈ ਜਨੁ ਹਰਿ ਸਿਉ ਦੇਵੈ ਜੋਰਿ ॥

ਹੇ ਭਾਈ! ਜੇ ਕੋਈ ਮਨੁੱਖ ਮੈਨੂੰ ਪਰਮਾਤਮਾ (ਦੇ ਚਰਨਾਂ) ਨਾਲ ਜੋੜ ਦੇਵੇ,

ਚਰਨ ਗਹਉ ਬਕਉ ਸੁਭ ਰਸਨਾ ਦੀਜਹਿ ਪ੍ਰਾਨ ਅਕੋਰਿ ॥੧॥ ਰਹਾਉ ॥

ਤਾਂ ਮੈਂ ਉਸ ਦੇ ਚਰਨ ਫੜ ਲਵਾਂ, ਮੈਂ ਜੀਭ ਨਾਲ (ਉਸ ਦੇ ਧੰਨਵਾਦ ਦੇ) ਮਿੱਠੇ ਬੋਲ ਬੋਲਾਂ। ਮੇਰੇ ਇਹ ਪ੍ਰਾਣ ਉਸ ਅੱਗੇ ਭੇਟਾ ਦੇ ਤੌਰ ਤੇ ਦਿੱਤੇ ਜਾਣ ॥੧॥ ਰਹਾਉ ॥

ਮਨੁ ਤਨੁ ਨਿਰਮਲ ਕਰਤ ਕਿਆਰੋ ਹਰਿ ਸਿੰਚੈ ਸੁਧਾਸੰ ਜੋਰਿ ॥

ਹੇ ਭਾਈ! ਕੋਈ ਵਿਰਲਾ ਮਨੁੱਖ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਮਨ ਨੂੰ ਸਰੀਰ ਨੂੰ, ਪਵਿਤ੍ਰ ਕਿਆਰਾ ਬਣਾਂਦਾ ਹੈ, ਉਸ ਵਿਚ ਪ੍ਰਭੂ ਦਾ ਨਾਮ-ਜਲ ਚੰਗੀ ਤਰ੍ਹਾਂ ਸਿੰਜਦਾ ਹੈ,

ਇਆ ਰਸ ਮਹਿ ਮਗਨੁ ਹੋਤ ਕਿਰਪਾ ਤੇ ਮਹਾ ਬਿਖਿਆ ਤੇ ਤੋਰਿ ॥੧॥

ਤੇ, ਵੱਡੀ (ਮੋਹਣੀ) ਮਾਇਆ ਨਾਲੋਂ (ਸੰਬੰਧ) ਤੋੜ ਕੇ ਇਸ (ਨਾਮ-) ਰਸ ਵਿਚ ਮਸਤ ਰਹਿੰਦਾ ਹੈ ॥੧॥

ਆਇਓ ਸਰਣਿ ਦੀਨ ਦੁਖ ਭੰਜਨ ਚਿਤਵਉ ਤੁਮ੍ਰਰੀ ਓਰਿ ॥

ਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ! ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੇਰਾ ਹੀ ਆਸਰਾ (ਆਪਣੇ ਮਨ ਵਿਚ) ਚਿਤਾਰਦਾ ਰਹਿੰਦਾ ਹਾਂ।

ਅਭੈ ਪਦੁ ਦਾਨੁ ਸਿਮਰਨੁ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰਿ ॥੨॥੫॥੯॥

ਹੇ ਪ੍ਰਭੂ! (ਮੈਂ) ਨਾਨਕ ਦੇ (ਮਾਇਆ ਵਾਲੇ) ਬੰਧਨ ਛੁਡਾ ਕੇ ਮੈਨੂੰ ਆਪਣੇ ਨਾਮ ਦਾ ਸਿਮਰਨ ਦੇਹ, ਮੈਨੂੰ (ਵਿਕਾਰਾਂ ਦੇ ਟਾਕਰੇ ਤੇ) ਨਿਰਭੈਤਾ ਵਾਲੀ ਅਵਸਥਾ ਬਖ਼ਸ਼ ॥੨॥੫॥੯॥


ਜੈਤਸਰੀ ਮਹਲਾ ੫ ॥
ਚਾਤ੍ਰਿਕ ਚਿਤਵਤ ਬਰਸਤ ਮੇਂਹ ॥

ਜਿਵੇਂ ਪਪੀਹਾ (ਹਰ ਵੇਲੇ) ਮੀਂਹ ਦਾ ਵੱਸਣਾ ਚਿਤਵਦਾ ਰਹਿੰਦਾ ਹੈ (ਵਰਖਾ ਚਾਹੁੰਦਾ ਹੈ),

ਕ੍ਰਿਪਾ ਸਿੰਧੁ ਕਰੁਣਾ ਪ੍ਰਭ ਧਾਰਹੁ ਹਰਿ ਪ੍ਰੇਮ ਭਗਤਿ ਕੋ ਨੇਂਹ ॥੧॥ ਰਹਾਉ ॥

ਤਿਵੇਂ, ਹੇ ਕਿਰਪਾ ਦੇ ਸਮੁੰਦਰ! ਹੇ ਪ੍ਰਭੂ! (ਮੈਂ ਚਿਤਵਦਾ ਰਹਿੰਦਾ ਹਾਂ ਕਿ ਮੇਰੇ ਉੱਤੇ) ਤਰਸ ਕਰੋ, ਮੈਨੂੰ ਆਪਣੀ ਪਿਆਰ-ਭਰੀ ਭਗਤੀ ਦੀ ਲਗਨ ਬਖ਼ਸ਼ੋ ॥੧॥ ਰਹਾਉ ॥

ਅਨਿਕ ਸੂਖ ਚਕਵੀ ਨਹੀ ਚਾਹਤ ਅਨਦ ਪੂਰਨ ਪੇਖਿ ਦੇਂਹ ॥

ਹੇ ਭਾਈ! ਚਕਵੀ (ਹੋਰ) ਅਨੇਕਾਂ ਸੁਖ (ਭੀ) ਨਹੀਂ ਮੰਗਦੀ, ਸੂਰਜ ਨੂੰ ਵੇਖ ਕੇ ਉਸ ਦੇ ਅੰਦਰ ਪੂਰਨ ਆਨੰਦ ਪੈਦਾ ਹੋ ਜਾਂਦਾ ਹੈ।

ਆਨ ਉਪਾਵ ਨ ਜੀਵਤ ਮੀਨਾ ਬਿਨੁ ਜਲ ਮਰਨਾ ਤੇਂਹ ॥੧॥

(ਪਾਣੀ ਤੋਂ ਬਿਨਾ) ਹੋਰ ਹੋਰ ਅਨੇਕਾਂ ਉਪਾਵਾਂ ਨਾਲ ਭੀ ਮੱਛੀ ਜੀਊਂਦੀ ਨਹੀਂ ਰਹਿ ਸਕਦੀ, ਪਾਣੀ ਤੋਂ ਬਿਨਾ ਉਸ ਦੀ ਮੌਤ ਹੋ ਜਾਂਦੀ ਹੈ ॥੧॥

ਹਮ ਅਨਾਥ ਨਾਥ ਹਰਿ ਸਰਣੀ ਅਪੁਨੀ ਕ੍ਰਿਪਾ ਕਰੇਂਹ ॥

ਹੇ ਨਾਥ! (ਤੈਥੋਂ ਬਿਨਾ) ਅਸੀਂ ਨਿਆਸਰੇ ਸਾਂ। ਆਪਣੀ ਮੇਹਰ ਕਰ, ਤੇ, ਸਾਨੂੰ ਆਪਣੀ ਸਰਨ ਵਿਚ ਰੱਖ।

ਚਰਣ ਕਮਲ ਨਾਨਕੁ ਆਰਾਧੈ ਤਿਸੁ ਬਿਨੁ ਆਨ ਨ ਕੇਂਹ ॥੨॥੬॥੧੦॥

(ਤੇਰਾ ਦਾਸ) ਨਾਨਕ ਤੇਰੇ ਸੋਹਣੇ ਚਰਨਾਂ ਦੀ ਆਰਾਧਨਾ ਕਰਦਾ ਰਹੇ, ਸਿਮਰਨ ਤੋਂ ਬਿਨਾ (ਨਾਨਕ ਨੂੰ) ਹੋਰ ਕੁਝ ਭੀ ਚੰਗਾ ਨਹੀਂ ਲੱਗਦਾ ॥੨॥੬॥੧੦॥


ਜੈਤਸਰੀ ਮਹਲਾ ੫ ॥
ਮਨਿ ਤਨਿ ਬਸਿ ਰਹੇ ਮੇਰੇ ਪ੍ਰਾਨ ॥

ਹੇ ਭਾਈ! ਮੇਰੇ ਪ੍ਰਾਣਾਂ ਦੇ ਆਸਰੇ ਪ੍ਰਭੂ ਜੀ ਹੁਣ ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਵੱਸ ਰਹੇ ਹਨ।

ਕਰਿ ਕਿਰਪਾ ਸਾਧੂ ਸੰਗਿ ਭੇਟੇ ਪੂਰਨ ਪੁਰਖ ਸੁਜਾਨ ॥੧॥ ਰਹਾਉ ॥

ਉਹ ਸਰਬ-ਗੁਣ-ਭਰਪੂਰ, ਸਰਬ-ਵਿਆਪਕ, ਸਭ ਦੇ ਦਿਲਾਂ ਦੀ ਜਾਣਨ ਵਾਲੇ ਪ੍ਰਭੂ ਜੀ (ਆਪਣੀ) ਮੇਹਰ ਕਰ ਕੇ ਮੈਨੂੰ ਗੁਰੂ ਦੀ ਸੰਗਤਿ ਵਿਚ ਮਿਲ ਪਏ ॥੧॥ ਰਹਾਉ ॥

ਪ੍ਰੇਮ ਠਗਉਰੀ ਜਿਨ ਕਉ ਪਾਈ ਤਿਨ ਰਸੁ ਪੀਅਉ ਭਾਰੀ ॥

ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ (ਗੁਰੂ ਪਾਸੋਂ ਪਰਮਾਤਮਾ ਦੇ) ਪਿਆਰ ਦੀ ਠੱਗ-ਬੂਟੀ ਲੱਭ ਪਈ, ਉਹਨਾਂ ਨਾਮ-ਜਲ ਰੱਜ ਰੱਜ ਕੇ ਪੀ ਲਿਆ।

ਤਾ ਕੀ ਕੀਮਤਿ ਕਹਣੁ ਨ ਜਾਈ ਕੁਦਰਤਿ ਕਵਨ ਹਮ੍ਰਾਰੀ ॥੧॥

ਉਸ (ਨਾਮ-ਜਲ) ਦੀ ਕੀਮਤ ਦੱਸੀ ਨਹੀਂ ਜਾ ਸਕਦੀ। ਮੇਰੀ ਕੀਹ ਤਾਕਤ ਹੈ (ਕਿ ਮੈਂ ਉਸ ਨਾਮ-ਜਲ ਦਾ ਮੁੱਲ ਦੱਸ ਸਕਾਂ)? ॥੧॥

ਲਾਇ ਲਏ ਲੜਿ ਦਾਸ ਜਨ ਅਪੁਨੇ ਉਧਰੇ ਉਧਰਨਹਾਰੇ ॥

ਹੇ ਨਾਨਕ! ਪ੍ਰਭੂ ਨੇ (ਸਦਾ) ਆਪਣੇ ਦਾਸ ਆਪਣੇ ਸੇਵਕ ਆਪਣੇ ਲੜ ਲਾ ਕੇ ਰੱਖੇ ਹਨ, (ਤੇ, ਇਸ ਤਰ੍ਹਾਂ) ਉਸ ਬਚਾਣ ਦੀ ਸਮਰਥਾ ਵਾਲੇ ਪ੍ਰਭੂ ਨੇ (ਸੇਵਕਾਂ ਨੂੰ ਸੰਸਾਰ ਦੇ ਵਿਕਾਰਾਂ ਤੋਂ ਸਦਾ) ਬਚਾਇਆ ਹੈ।

ਪ੍ਰਭੁ ਸਿਮਰਿ ਸਿਮਰਿ ਸਿਮਰਿ ਸੁਖੁ ਪਾਇਓ ਨਾਨਕ ਸਰਣਿ ਦੁਆਰੇ ॥੨॥੭॥੧੧॥

ਪ੍ਰਭੂ ਦੇ ਦਰ ਤੇ ਆ ਕੇ, ਪ੍ਰਭੂ ਦੀ ਸਰਨ ਪੈ ਕੇ, ਸੇਵਕਾਂ ਨੇ ਪ੍ਰਭੂ ਨੂੰ ਸਦਾ ਸਦਾ ਸਿਮਰ ਕੇ (ਸਦਾ) ਆਤਮਕ ਆਨੰਦ ਮਾਣਿਆ ਹੈ ॥੨॥੭॥੧੧॥


ਜੈਤਸਰੀ ਮਹਲਾ ੫ ॥
ਆਏ ਅਨਿਕ ਜਨਮ ਭ੍ਰਮਿ ਸਰਣੀ ॥

ਹੇ ਪ੍ਰਭੂ! ਅਸੀਂ ਜੀਵ ਕਈ ਜਨਮਾਂ ਵਿਚ ਭੌਂ ਕੇ ਹੁਣ ਤੇਰੀ ਸਰਨ ਆਏ ਹਾਂ।

ਉਧਰੁ ਦੇਹ ਅੰਧ ਕੂਪ ਤੇ ਲਾਵਹੁ ਅਪੁਨੀ ਚਰਣੀ ॥੧॥ ਰਹਾਉ ॥

ਸਾਡੇ ਸਰੀਰ ਨੂੰ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਖੂਹ ਤੋਂ ਬਚਾ ਲੈ, ਆਪਣੇ ਚਰਨਾਂ ਵਿਚ ਜੋੜੀ ਰੱਖ ॥੧॥ ਰਹਾਉ ॥

ਗਿਆਨੁ ਧਿਆਨੁ ਕਿਛੁ ਕਰਮੁ ਨ ਜਾਨਾ ਨਾਹਿਨ ਨਿਰਮਲ ਕਰਣੀ ॥

ਹੇ ਪ੍ਰਭੂ! ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ, ਮੇਰੀ ਸੁਰਤ ਤੇਰੇ ਚਰਨਾਂ ਵਿਚ ਜੁੜੀ ਨਹੀਂ ਰਹਿੰਦੀ, ਮੈਨੂੰ ਕੋਈ ਚੰਗਾ ਕੰਮ ਕਰਨਾ ਨਹੀਂ ਆਉਂਦਾ, ਮੇਰਾ ਕਰਤੱਬ ਭੀ ਸੁੱਚਾ ਨਹੀਂ ਹੈ।

ਸਾਧਸੰਗਤਿ ਕੈ ਅੰਚਲਿ ਲਾਵਹੁ ਬਿਖਮ ਨਦੀ ਜਾਇ ਤਰਣੀ ॥੧॥

ਹੇ ਪ੍ਰਭੂ! ਮੈਨੂੰ ਸਾਧ ਸੰਗਤਿ ਦੇ ਲੜ ਲਾ ਦੇ, ਤਾ ਕਿ ਇਹ ਔਖੀ (ਸੰਸਾਰ-) ਨਦੀ ਤਰੀ ਜਾ ਸਕੇ ॥੧॥

ਸੁਖ ਸੰਪਤਿ ਮਾਇਆ ਰਸ ਮੀਠੇ ਇਹ ਨਹੀ ਮਨ ਮਹਿ ਧਰਣੀ ॥

ਦੁਨੀਆ ਦੇ ਸੁਖ, ਧਨ, ਮਾਇਆ ਦੇ ਮਿੱਠੇ ਸੁਆਦ-ਪਰਮਾਤਮਾ ਦੇ ਦਾਸ ਇਹਨਾਂ ਪਦਾਰਥਾਂ ਨੂੰ (ਆਪਣੇ) ਮਨ ਵਿਚ ਨਹੀਂ ਵਸਾਂਦੇ।

ਹਰਿ ਦਰਸਨ ਤ੍ਰਿਪਤਿ ਨਾਨਕ ਦਾਸ ਪਾਵਤ ਹਰਿ ਨਾਮ ਰੰਗ ਆਭਰਣੀ ॥੨॥੮॥੧੨॥

ਹੇ ਨਾਨਕ! ਪਰਮਾਤਮਾ ਦੇ ਦਰਸਨ ਨਾਲ ਹੀ ਉਹ ਸੰਤੋਖ ਹਾਸਲ ਕਰਦੇ ਹਨ, ਪਰਮਾਤਮਾ ਦੇ ਨਾਮ ਦਾ ਪਿਆਰ ਹੀ ਉਹਨਾਂ (ਦੇ ਜੀਵਨ) ਦਾ ਗਹਣਾ ਹੈ ॥੨॥੮॥੧੨॥


ਜੈਤਸਰੀ ਮਹਲਾ ੫ ॥
ਹਰਿ ਜਨ ਸਿਮਰਹੁ ਹਿਰਦੈ ਰਾਮ ॥

ਹੇ ਪਰਮਾਤਮਾ ਦੇ ਪਿਆਰਿਓ! ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਿਮਰਿਆ ਕਰੋ।

ਹਰਿ ਜਨ ਕਉ ਅਪਦਾ ਨਿਕਟਿ ਨ ਆਵੈ ਪੂਰਨ ਦਾਸ ਕੇ ਕਾਮ ॥੧॥ ਰਹਾਉ ॥

ਕੋਈ ਭੀ ਬਿਪਤਾ ਪ੍ਰਭੂ ਦੇ ਸੇਵਕਾਂ ਦੇ ਨੇੜੇ ਨਹੀਂ ਆਉਂਦੀ, ਸੇਵਕਾਂ ਦੇ ਸਾਰੇ ਕੰਮ ਸਿਰੇ ਚੜ੍ਹਦੇ ਰਹਿੰਦੇ ਹਨ ॥੧॥ ਰਹਾਉ ॥

ਕੋਟਿ ਬਿਘਨ ਬਿਨਸਹਿ ਹਰਿ ਸੇਵਾ ਨਿਹਚਲੁ ਗੋਵਿਦ ਧਾਮ ॥

ਹੇ ਸੰਤ ਜਨੋ! ਪਰਮਾਤਮਾ ਦੀ ਭਗਤੀ (ਦੀ ਬਰਕਤਿ) ਨਾਲ (ਜ਼ਿੰਦਗੀ ਦੇ ਰਾਹ ਵਿਚੋਂ) ਕ੍ਰੋੜਾਂ ਔਕੜਾਂ ਨਾਸ ਹੋ ਜਾਂਦੀਆਂ ਹਨ, ਅਤੇ, ਪਰਮਾਤਮਾ ਦਾ ਸਦਾ ਅਟੱਲ ਰਹਿਣ ਵਾਲਾ ਘਰ (ਭੀ ਮਿਲ ਜਾਂਦਾ ਹੈ)।

ਭਗਵੰਤ ਭਗਤ ਕਉ ਭਉ ਕਿਛੁ ਨਾਹੀ ਆਦਰੁ ਦੇਵਤ ਜਾਮ ॥੧॥

ਭਗਵਾਨ ਦੇ ਭਗਤਾਂ ਨੂੰ ਕੋਈ ਭੀ ਡਰ ਪੋਹ ਨਹੀਂ ਸਕਦਾ, ਜਮਰਾਜ ਭੀ ਉਹਨਾਂ ਦਾ ਸਤਕਾਰ ਕਰਦਾ ਹੈ ॥੧॥

ਤਜਿ ਗੋਪਾਲ ਆਨ ਜੋ ਕਰਣੀ ਸੋਈ ਸੋਈ ਬਿਨਸਤ ਖਾਮ ॥

ਹੇ ਨਾਨਕ! ਪਰਮਾਤਮਾ (ਦਾ ਸਿਮਰਨ) ਭੁਲਾ ਕੇ ਹੋਰ ਜੇਹੜਾ ਭੀ ਕੰਮ ਕਰੀਦਾ ਹੈ ਉਹ ਨਾਸਵੰਤ ਹੈ ਅਤੇ ਕੱਚਾ ਹੈ।

ਚਰਨ ਕਮਲ ਹਿਰਦੈ ਗਹੁ ਨਾਨਕ ਸੁਖ ਸਮੂਹ ਬਿਸਰਾਮ ॥੨॥੯॥੧੩॥

(ਇਸ ਵਾਸਤੇ, ਹੇ ਨਾਨਕ!) ਪਰਮਾਤਮਾ ਦੇ ਸੋਹਣੇ ਚਰਨ (ਆਪਣੇ) ਹਿਰਦੇ ਵਿਚ ਵਸਾਈ ਰੱਖ, (ਇਹ ਹਰਿ-ਚਰਨ ਹੀ) ਸਾਰੇ ਸੁਖਾਂ ਦਾ ਘਰ ਹਨ ॥੨॥੯॥੧੩॥


ਜੈਤਸਰੀ ਮਹਲਾ ੯ ॥

ਰਾਗ ਜੈਤਸਰੀ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਭੂਲਿਓ ਮਨੁ ਮਾਇਆ ਉਰਝਾਇਓ ॥

ਹੇ ਭਾਈ! (ਸਹੀ ਜੀਵਨ-ਰਾਹ) ਭੁੱਲਿਆ ਹੋਇਆ ਮਨ ਮਾਇਆ (ਦੇ ਮੋਹ ਵਿਚ) ਫਸਿਆ ਰਹਿੰਦਾ ਹੈ।

ਜੋ ਜੋ ਕਰਮ ਕੀਓ ਲਾਲਚ ਲਗਿ ਤਿਹ ਤਿਹ ਆਪੁ ਬੰਧਾਇਓ ॥੧॥ ਰਹਾਉ ॥

(ਫਿਰ, ਇਹ) ਲਾਲਚ ਵਿਚ ਫਸ ਕੇ ਜੇਹੜਾ ਜੇਹੜਾ ਕੰਮ ਕਰਦਾ ਹੈ, ਉਹਨਾਂ ਦੀ ਰਾਹੀਂ ਆਪਣੇ ਆਪ ਨੂੰ (ਮਾਇਆ ਦੇ ਮੋਹ ਵਿਚ ਹੋਰ) ਫਸਾ ਲੈਂਦਾ ਹੈ ॥੧॥ ਰਹਾਉ ॥

ਸਮਝ ਨ ਪਰੀ ਬਿਖੈ ਰਸ ਰਚਿਓ ਜਸੁ ਹਰਿ ਕੋ ਬਿਸਰਾਇਓ ॥

(ਹੇ ਭਾਈ! ਸਹੀ ਜੀਵਨ-ਰਾਹ ਤੋਂ ਖੁੰਝੇ ਹੋਏ ਮਨੁੱਖ ਨੂੰ) ਆਤਮਕ ਜੀਵਨ ਦੀ ਸਮਝ ਨਹੀਂ ਪੈਂਦੀ, ਵਿਸ਼ਿਆਂ ਦੇ ਸੁਆਦ ਵਿਚ ਮਸਤ ਰਹਿੰਦਾ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਭੁਲਾਈ ਰੱਖਦਾ ਹੈ।

ਸੰਗਿ ਸੁਆਮੀ ਸੋ ਜਾਨਿਓ ਨਾਹਿਨ ਬਨੁ ਖੋਜਨ ਕਉ ਧਾਇਓ ॥੧॥

ਪਰਮਾਤਮਾ (ਤਾਂ ਇਸ ਦੇ) ਅੰਗ-ਸੰਗ (ਵੱਸਦਾ ਹੈ) ਉਸ ਨਾਲ ਡੂੰਘੀ ਸਾਂਝ ਨਹੀਂ ਪਾਂਦਾ, ਜੰਗਲ ਭਾਲਣ ਵਾਸਤੇ ਦੌੜ ਪੈਂਦਾ ਹੈ ॥੧॥

ਰਤਨੁ ਰਾਮੁ ਘਟ ਹੀ ਕੇ ਭੀਤਰਿ ਤਾ ਕੋ ਗਿਆਨੁ ਨ ਪਾਇਓ ॥

ਹੇ ਭਾਈ! ਰਤਨ (ਵਰਗਾ ਕੀਮਤੀ) ਹਰਿ-ਨਾਮ ਹਿਰਦੇ ਦੇ ਅੰਦਰ ਹੀ ਵੱਸਦਾ ਹੈ (ਪਰ ਭੁੱਲਾ ਹੋਇਆ ਮਨੁੱਖ) ਉਸ ਨਾਲ ਸਾਂਝ ਨਹੀਂ ਬਣਾਂਦਾ।

ਜਨ ਨਾਨਕ ਭਗਵੰਤ ਭਜਨ ਬਿਨੁ ਬਿਰਥਾ ਜਨਮੁ ਗਵਾਇਓ ॥੨॥੧॥

ਹੇ ਦਾਸ ਨਾਨਕ! (ਆਖ-) ਪਰਮਾਤਮਾ ਦੇ ਭਜਨ ਤੋਂ ਬਿਨਾ ਮਨੁੱਖ ਆਪਣਾ ਜੀਵਨ ਵਿਅਰਥ ਗਵਾ ਦੇਂਦਾ ਹੈ ॥੨॥੧॥


ਜੈਤਸਰੀ ਮਹਲਾ ੯ ॥
ਹਰਿ ਜੂ ਰਾਖਿ ਲੇਹੁ ਪਤਿ ਮੇਰੀ ॥

ਹੇ ਪ੍ਰਭੂ ਜੀ! ਮੇਰੀ ਇੱਜ਼ਤ ਰੱਖ ਲਵੋ।

ਜਮ ਕੋ ਤ੍ਰਾਸ ਭਇਓ ਉਰ ਅੰਤਰਿ ਸਰਨਿ ਗਹੀ ਕਿਰਪਾ ਨਿਧਿ ਤੇਰੀ ॥੧॥ ਰਹਾਉ ॥

ਮੇਰੇ ਹਿਰਦੇ ਵਿਚ ਮੌਤ ਦਾ ਡਰ ਵੱਸ ਰਿਹਾ ਹੈ, (ਇਸ ਤੋਂ ਬਚਣ ਲਈ) ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮੈਂ ਤੇਰਾ ਆਸਰਾ ਲਿਆ ਹੈ ॥੧॥ ਰਹਾਉ ॥

ਮਹਾ ਪਤਿਤ ਮੁਗਧ ਲੋਭੀ ਫੁਨਿ ਕਰਤ ਪਾਪ ਅਬ ਹਾਰਾ ॥

ਹੇ ਪ੍ਰਭੂ! ਮੈਂ ਵੱਡਾ ਵਿਕਾਰੀ ਹਾਂ, ਮੂਰਖ ਹਾਂ, ਲਾਲਚੀ ਭੀ ਹਾਂ, ਪਾਪ ਕਰਦਾ ਕਰਦਾ ਹੁਣ ਮੈਂ ਥੱਕ ਗਿਆ ਹਾਂ।

ਭੈ ਮਰਬੇ ਕੋ ਬਿਸਰਤ ਨਾਹਿਨ ਤਿਹ ਚਿੰਤਾ ਤਨੁ ਜਾਰਾ ॥੧॥

ਮੈਨੂੰ ਮਰਨ ਦਾ ਡਰ (ਕਿਸੇ ਵੇਲੇ) ਭੁੱਲਦਾ ਨਹੀਂ, ਇਸ (ਮਰਨ) ਦੀ ਚਿੰਤਾ ਨੇ ਮੇਰਾ ਸਰੀਰ ਸਾੜ ਦਿੱਤਾ ਹੈ ॥੧॥

ਕੀਏ ਉਪਾਵ ਮੁਕਤਿ ਕੇ ਕਾਰਨਿ ਦਹ ਦਿਸਿ ਕਉ ਉਠਿ ਧਾਇਆ ॥

ਹੇ ਭਾਈ! (ਮੌਤ ਦੇ ਇਸ ਸਹਿਮ ਤੋਂ) ਖ਼ਲਾਸੀ ਹਾਸਲ ਕਰਨ ਲਈ ਮੈਂ ਅਨੇਕਾਂ ਹੀਲੇ ਕੀਤੇ ਹਨ, ਦਸੀਂ ਪਾਸੀਂ ਉਠ ਉਠ ਕੇ ਦੌੜਿਆ ਹਾਂ।

ਘਟ ਹੀ ਭੀਤਰਿ ਬਸੈ ਨਿਰੰਜਨੁ ਤਾ ਕੋ ਮਰਮੁ ਨ ਪਾਇਆ ॥੨॥

(ਮਾਇਆ ਦੇ ਮੋਹ ਤੋਂ) ਨਿਰਲੇਪ ਪਰਮਾਤਮਾ ਹਿਰਦੇ ਵਿਚ ਹੀ ਵੱਸਦਾ ਹੈ, ਉਸ ਦਾ ਭੇਤ ਮੈਂ ਨਹੀਂ ਸਮਝਿਆ ॥੨॥

ਨਾਹਿਨ ਗੁਨੁ ਨਾਹਿਨ ਕਛੁ ਜਪੁ ਤਪੁ ਕਉਨੁ ਕਰਮੁ ਅਬ ਕੀਜੈ ॥

(ਪਰਮਾਤਮਾ ਦੀ ਸਰਨ ਤੋਂ ਬਿਨਾ ਹੋਰ) ਕੋਈ ਗੁਣ ਨਹੀਂ ਕੋਈ ਜਪ ਤਪ ਨਹੀਂ (ਜੋ ਮੌਤ ਦੇ ਸਹਿਮ ਤੋਂ ਬਚਾ ਲਏ, ਫਿਰ) ਹੁਣ ਕੇਹੜਾ ਕੰਮ ਕੀਤਾ ਜਾਏ?

ਨਾਨਕ ਹਾਰਿ ਪਰਿਓ ਸਰਨਾਗਤਿ ਅਭੈ ਦਾਨੁ ਪ੍ਰਭ ਦੀਜੈ ॥੩॥੨॥

ਹੇ ਨਾਨਕ! (ਆਖ-) ਹੇ ਪ੍ਰਭੂ! (ਹੋਰ ਸਾਧਨਾਂ ਵਲੋਂ) ਹਾਰ ਕੇ ਮੈਂ ਤੇਰੀ ਸਰਨ ਆ ਪਿਆ ਹਾਂ, ਤੂੰ ਮੈਨੂੰ ਮੌਤ ਦੇ ਡਰ ਤੋਂ ਖ਼ਲਾਸੀ ਦਾ ਦਾਨ ਦੇਹ ॥੩॥੨॥


ਜੈਤਸਰੀ ਮਹਲਾ ੯ ॥
ਮਨ ਰੇ ਸਾਚਾ ਗਹੋ ਬਿਚਾਰਾ ॥

ਹੇ ਮੇਰੇ ਮਨ! ਇਹ ਅਟੱਲ ਵਿਚਾਰ (ਆਪਣੇ ਅੰਦਰ) ਸਾਂਭ ਕੇ ਰੱਖ-

ਰਾਮ ਨਾਮ ਬਿਨੁ ਮਿਥਿਆ ਮਾਨੋ ਸਗਰੋ ਇਹੁ ਸੰਸਾਰਾ ॥੧॥ ਰਹਾਉ ॥

ਪਰਮਾਤਮਾ ਦੇ ਨਾਮ ਤੋਂ ਛੁਟ ਬਾਕੀ ਇਸ ਸਾਰੇ ਸੰਸਾਰ ਨੂੰ ਨਾਸਵੰਤ ਜਾਣ ॥੧॥ ਰਹਾਉ ॥

ਜਾ ਕਉ ਜੋਗੀ ਖੋਜਤ ਹਾਰੇ ਪਾਇਓ ਨਾਹਿ ਤਿਹ ਪਾਰਾ ॥

ਹੇ ਮੇਰੇ ਮਨ! ਜੋਗੀ ਲੋਕ ਜਿਸ ਪਰਮਾਤਮਾ ਨੂੰ ਲੱਭਦੇ ਲੱਭਦੇ ਥੱਕ ਗਏ, ਤੇ, ਉਸ ਦੇ ਸਰੂਪ ਦਾ ਅੰਤ ਨਾਹ ਲੱਭ ਸਕੇ,

ਸੋ ਸੁਆਮੀ ਤੁਮ ਨਿਕਟਿ ਪਛਾਨੋ ਰੂਪ ਰੇਖ ਤੇ ਨਿਆਰਾ ॥੧॥

ਉਸ ਮਾਲਕ ਨੂੰ ਤੂੰ ਆਪਣੇ ਅੰਗ-ਸੰਗ ਵੱਸਦਾ ਜਾਣ, ਪਰ ਉਸ ਦਾ ਕੋਈ ਰੂਪ ਉਸ ਦਾ ਕੋਈ ਚਿਹਨ ਦੱਸਿਆ ਨਹੀਂ ਜਾ ਸਕਦਾ ॥੧॥

ਪਾਵਨ ਨਾਮੁ ਜਗਤ ਮੈ ਹਰਿ ਕੋ ਕਬਹੂ ਨਾਹਿ ਸੰਭਾਰਾ ॥

ਹੇ ਮੇਰੇ ਮਨ! ਜਗਤ ਵਿਚ ਪਰਮਾਤਮਾ ਦਾ ਨਾਮ (ਹੀ) ਪਵਿਤ੍ਰ ਕਰਨ ਵਾਲਾ ਹੈ, ਤੂੰ ਉਸ ਨਾਮ ਨੂੰ (ਆਪਣੇ ਅੰਦਰ) ਕਦੇ ਸਾਂਭ ਕੇ ਨਹੀਂ ਰੱਖਿਆ।

ਨਾਨਕ ਸਰਨਿ ਪਰਿਓ ਜਗ ਬੰਦਨ ਰਾਖਹੁ ਬਿਰਦੁ ਤੁਹਾਰਾ ॥੨॥੩॥

ਹੇ ਨਾਨਕ! (ਆਖ-) ਹੇ ਸਾਰੇ ਜਗਤ ਦੇ ਨਮਸਕਾਰ-ਜੋਗ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਰੱਖਿਆ ਕਰ। ਇਹ ਤੇਰਾ ਮੁੱਢ-ਕਦੀਮਾਂ ਦਾ ਸੁਭਾਉ ਹੈ (ਕਿ ਤੂੰ ਸਰਨ ਆਏ ਦੀ ਰੱਖਿਆ ਕਰਦਾ ਹੈਂ) ॥੨॥੩॥


ਜੈਤਸਰੀ ਮਹਲਾ ੫ ਛੰਤ ਘਰੁ ੧ ॥

ਰਾਗ ਜੈਤਸਰੀ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਛੰਤ’ (ਛੰਦ)।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਲੋਕ ॥
ਦਰਸਨ ਪਿਆਸੀ ਦਿਨਸੁ ਰਾਤਿ ਚਿਤਵਉ ਅਨਦਿਨੁ ਨੀਤ ॥

ਮੈਨੂੰ ਮਿੱਤਰ ਪ੍ਰਭੂ ਦੇ ਦਰਸਨ ਦੀ ਤਾਂਘ ਲੱਗੀ ਹੋਈ ਹੈ, ਮੈਂ ਦਿਨ ਰਾਤ ਹਰ ਵੇਲੇ ਸਦਾ ਹੀ, (ਉਸ ਦਾ ਦਰਸਨ ਹੀ) ਚਿਤਾਰਦੀ ਰਹਿੰਦੀ ਹਾਂ।

ਖੋਲਿ੍ ਕਪਟ ਗੁਰਿ ਮੇਲੀਆ ਨਾਨਕ ਹਰਿ ਸੰਗਿ ਮੀਤ ॥੧॥

ਹੇ ਨਾਨਕ! (ਆਖ-) ਗੁਰੂ ਨੇ (ਮੇਰੇ) ਮਾਇਆ ਦੇ ਮੋਹ ਦੇ ਛੌੜ ਕੱਟ ਕੇ ਮੈਨੂੰ ਮਿੱਤਰ ਹਰੀ ਨਾਲ ਮਿਲਾ ਦਿੱਤਾ ਹੈ ॥੧॥


ਛੰਤ ॥
ਸੁਣਿ ਯਾਰ ਹਮਾਰੇ ਸਜਣ ਇਕ ਕਰਉ ਬੇਨੰਤੀਆ ॥

ਛੰਤ! ਹੇ ਮੇਰੇ ਸਤਸੰਗੀ ਮਿੱਤਰ! ਹੇ ਮੇਰੇ ਸੱਜਣ! ਮੈਂ (ਤੇਰੇ ਅੱਗੇ) ਇਕ ਅਰਜ਼ੋਈ ਕਰਦੀ ਹਾਂ!

ਤਿਸੁ ਮੋਹਨ ਲਾਲ ਪਿਆਰੇ ਹਉ ਫਿਰਉ ਖੋਜੰਤੀਆ ॥

ਮੈਂ ਉਸ ਮਨ ਨੂੰ ਮੋਹ ਲੈਣ ਵਾਲੇ ਪਿਆਰੇ ਲਾਲ ਨੂੰ ਲੱਭਦੀ ਫਿਰਦੀ ਹਾਂ।

ਤਿਸੁ ਦਸਿ ਪਿਆਰੇ ਸਿਰੁ ਧਰੀ ਉਤਾਰੇ ਇਕ ਭੋਰੀ ਦਰਸਨੁ ਦੀਜੈ ॥

(ਹੇ ਮਿੱਤਰ!) ਮੈਨੂੰ ਉਸ ਪਿਆਰੇ ਦੀ ਦੱਸ ਪਾ, ਮੈਂ (ਉਸ ਦੇ ਅੱਗੇ ਆਪਣਾ) ਸਿਰ ਲਾਹ ਕੇ ਰੱਖ ਦਿਆਂਗੀ (ਤੇ ਆਖਾਂਗੀ-ਹੇ ਪਿਆਰੇ!) ਰਤਾ ਭਰ ਸਮੇ ਲਈ ਹੀ ਮੈਨੂੰ ਦਰਸਨ ਦੇਹ।

ਨੈਨ ਹਮਾਰੇ ਪ੍ਰਿਅ ਰੰਗ ਰੰਗਾਰੇ ਇਕੁ ਤਿਲੁ ਭੀ ਨਾ ਧੀਰੀਜੈ ॥

(ਹੇ ਗੁਰੂ!) ਮੇਰੀਆਂ ਅੱਖਾਂ ਪਿਆਰੇ ਦੇ ਪ੍ਰੇਮ-ਰੰਗ ਨਾਲ ਰੰਗੀਆਂ ਗਈਆਂ ਹਨ, (ਉਸ ਦੇ ਦਰਸਨ ਤੋਂ ਬਿਨਾ ਮੈਨੂੰ) ਰਤਾ ਜਿਤਨੇ ਸਮੇ ਲਈ ਭੀ ਚੈਨ ਨਹੀਂ ਆਉਂਦਾ।

ਪ੍ਰਭ ਸਿਉ ਮਨੁ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੈ ਤਿਸੰਤੀਆ ॥

ਮੇਰਾ ਮਨ ਪ੍ਰਭੂ ਨਾਲ ਮਸਤ ਹੈ ਜਿਵੇਂ ਪਾਣੀ ਦੀ ਮੱਛੀ (ਪਾਣੀ ਵਿਚ ਮਸਤ ਰਹਿੰਦੀ ਹੈ), ਜਿਵੇਂ ਪਪੀਹੇ ਨੂੰ (ਵਰਖਾ ਦੀ ਬੂੰਦ ਦੀ) ਪਿਆਸ ਲੱਗੀ ਰਹਿੰਦੀ ਹੈ।

ਜਨ ਨਾਨਕ ਗੁਰੁ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ ॥੧॥

ਹੇ ਦਾਸ ਨਾਨਕ! (ਆਖ-ਜਿਸ ਵਡ-ਭਾਗੀ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ (ਉਸ ਦੀ ਦਰਸਨ ਦੀ) ਸਾਰੀ ਤ੍ਰੇਹ ਬੁੱਝ ਜਾਂਦੀ ਹੈ ॥੧॥

ਯਾਰ ਵੇ ਪ੍ਰਿਅ ਹਭੇ ਸਖੀਆ ਮੂ ਕਹੀ ਨ ਜੇਹੀਆ ॥

ਯਾਰ ਵੇ ਹਿਕ ਡੂੰ ਹਿਕ ਚਾੜੈ ਹਉ ਕਿਸੁ ਚਿਤੇਹੀਆ ॥
ਇਹ ਇਕ ਤੋਂ ਇਕ ਸੋਹਣੀਆਂ (ਸੋਹਣੇ ਆਤਮਕ ਜੀਵਨ ਵਾਲੀਆਂ) ਹਨ, ਮੈਂ ਕਿਸ ਗਿਣਤੀ ਵਿਚ ਹਾਂ?

ਹਿਕ ਦੂੰ ਹਿਕਿ ਚਾੜੇ ਅਨਿਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ॥

ਪ੍ਰਭੂ ਨਾਲ ਅਨੇਕਾਂ ਹੀ ਪਿਆਰ ਕਰਨ ਵਾਲੇ ਹਨ, ਇਕ ਦੂਜੇ ਤੋਂ ਸੋਹਣੇ ਜੀਵਨ ਵਾਲੇ ਹਨ, ਸਦਾ ਪ੍ਰਭੂ ਨਾਲ ਆਤਮਕ ਮਿਲਾਪ ਦਾ ਆਨੰਦ ਮਾਣਦੇ ਹਨ।

ਤਿਨਾ ਦੇਖਿ ਮਨਿ ਚਾਉ ਉਠੰਦਾ ਹਉ ਕਦਿ ਪਾਈ ਗੁਣਤਾਸਾ ॥

ਇਹਨਾਂ ਨੂੰ ਵੇਖ ਕੇ ਮੇਰੇ ਮਨ ਵਿਚ (ਭੀ) ਚਾਉ ਪੈਦਾ ਹੁੰਦਾ ਹੈ ਕਿ ਮੈਂ ਭੀ ਕਦੇ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਮਿਲ ਸਕਾਂ।

ਜਿਨੀ ਮੈਡਾ ਲਾਲੁ ਰੀਝਾਇਆ ਹਉ ਤਿਸੁ ਆਗੈ ਮਨੁ ਡੇਂਹੀਆ ॥

(ਹੇ ਗੁਰੂ!) ਜਿਸ ਨੇ (ਹੀ) ਮੇਰੇ ਪਿਆਰੇ ਹਰੀ ਨੂੰ ਪ੍ਰਸੰਨ ਕਰ ਲਿਆ ਹੈ, ਮੈਂ ਉਸ ਅੱਗੇ ਆਪਣਾ ਮਨ ਭੇਟਾ ਕਰਨ ਨੂੰ ਤਿਆਰ ਹਾਂ।

ਨਾਨਕੁ ਕਹੈ ਸੁਣਿ ਬਿਨਉ ਸੁਹਾਗਣਿ ਮੂ ਦਸਿ ਡਿਖਾ ਪਿਰੁ ਕੇਹੀਆ ॥੨॥

ਨਾਨਕ ਆਖਦਾ ਹੈ-ਹੇ ਸੋਹਾਗ ਵਾਲੀਏ! ਮੇਰੀ ਬੇਨਤੀ ਸੁਣ। ਮੈਨੂੰ ਦੱਸ, ਮੈਂ ਵੇਖਾਂ, ਪ੍ਰਭੂ-ਪਤੀ ਕਿਹੋ ਜਿਹਾ ਹੈ ॥੨॥

ਯਾਰ ਵੇ ਪਿਰੁ ਆਪਣ ਭਾਣਾ ਕਿਛੁ ਨੀਸੀ ਛੰਦਾ ॥

ਹੇ ਸਤਸੰਗੀ ਸੱਜਣ! (ਜਿਸ ਜੀਵ-ਇਸਤ੍ਰੀ ਨੂੰ) ਆਪਣਾ ਪ੍ਰਭੂ-ਪਤੀ ਪਿਆਰਾ ਲੱਗਣ ਲੱਗ ਪੈਂਦਾ ਹੈ (ਉਸ ਨੂੰ ਕਿਸੇ ਦੀ) ਕੋਈ ਮੁਥਾਜੀ ਨਹੀਂ ਰਹਿ ਜਾਂਦੀ।

ਯਾਰ ਵੇ ਤੈ ਰਾਵਿਆ ਲਾਲਨੁ ਮੂ ਦਸਿ ਦਸੰਦਾ ॥

ਹੇ ਸਤਸੰਗੀ ਸੱਜਣ! ਤੂੰ ਸੋਹਣੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ, ਮੈਂ ਪੁੱਛਦਾ ਹਾਂ, ਮੈਨੂੰ ਭੀ ਉਸ ਦੀ ਦੱਸ ਪਾ।

ਲਾਲਨੁ ਤੈ ਪਾਇਆ ਆਪੁ ਗਵਾਇਆ ਜੈ ਧਨ ਭਾਗ ਮਥਾਣੇ ॥

ਤੂੰ ਸੋਹਣੇ ਲਾਲ ਨੂੰ ਲੱਭ ਲਿਆ ਹੈ, ਤੇ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਲਿਆ ਹੈ। ਜਿਸ ਜੀਵ-ਇਸਤ੍ਰੀ ਦੇ ਮੱਥੇ ਦੇ ਭਾਗ ਜਾਗਦੇ ਹਨ (ਉਸ ਨੂੰ ਮਿਲਾਪ ਹੁੰਦਾ ਹੈ)।

ਬਾਂਹ ਪਕੜਿ ਠਾਕੁਰਿ ਹਉ ਘਿਧੀ ਗੁਣ ਅਵਗਣ ਨ ਪਛਾਣੇ ॥

(ਹੇ ਸਖੀ!) ਮਾਲਕ-ਪ੍ਰਭੂ ਨੇ (ਮੇਰੀ ਭੀ) ਬਾਂਹ ਫੜ ਕੇ ਮੈਨੂੰ ਆਪਣੀ ਬਣਾ ਲਿਆ ਹੈ, ਮੇਰਾ ਕੋਈ ਗੁਣ ਔਗੁਣ ਉਸ ਨੇ ਨਹੀਂ ਪਰਖਿਆ।

ਗੁਣ ਹਾਰੁ ਤੈ ਪਾਇਆ ਰੰਗੁ ਲਾਲੁ ਬਣਾਇਆ ਤਿਸੁ ਹਭੋ ਕਿਛੁ ਸੁਹੰਦਾ ॥

ਹੇ ਪ੍ਰਭੂ! ਤੈਂ ਜਿਸ ਜੀਵ ਇਸਤ੍ਰੀ ਨੂੰ ਗੁਣਾਂ ਦਾ ਹਾਰ ਨੂੰ ਪਹਿਨਾਇਆ ਹੈ, ਨਾਮ ਦੇ ਰੰਗ ਵਿੱਚ ਰੰਗਿਆ, ਉਸ ਦਾ ਸਾਰਾ ਜੀਵਨ ਹੀ ਸ਼ੋਭਨੀਕ ਹੋ ਜਾਂਦਾ ਹੈ।

ਜਨ ਨਾਨਕ ਧੰਨਿ ਸੁਹਾਗਣਿ ਸਾਈ ਜਿਸੁ ਸੰਗਿ ਭਤਾਰੁ ਵਸੰਦਾ ॥੩॥

ਹੇ ਦਾਸ ਨਾਨਕ! (ਆਖ-) ਉਹੀ ਜੀਵ-ਇਸਤ੍ਰੀ ਭਾਗਾਂ ਵਾਲੀ ਹੈ, ਜਿਸ ਦੇ ਨਾਲ (ਜਿਸ ਦੇ ਹਿਰਦੇ ਵਿਚ) ਖਸਮ-ਪ੍ਰਭੂ ਵੱਸਦਾ ਹੈ ॥੩॥

ਯਾਰ ਵੇ ਨਿਤ ਸੁਖ ਸੁਖੇਦੀ ਸਾ ਮੈ ਪਾਈ ॥

ਹੇ ਸਤਸੰਗੀ ਸੱਜਣ! ਜੇਹੜੀ ਸੁੱਖਣਾ ਮੈਂ ਸਦਾ ਸੁੱਖਦੀ ਰਹਿੰਦੀ ਸਾਂ, ਉਹ (ਸੁੱਖਣਾ) ਮੈਂ ਪਾ ਲਈ ਹੈ (ਮੇਰੀ ਉਹ ਮੁਰਾਦ ਪੂਰੀ ਹੋ ਗਈ ਹੈ)।

ਵਰੁ ਲੋੜੀਦਾ ਆਇਆ ਵਜੀ ਵਾਧਾਈ ॥

ਜਿਸ ਪ੍ਰਭੂ-ਪਤੀ ਨੂੰ ਮੈਂ (ਚਿਰਾਂ ਤੋਂ) ਲੱਭਦੀ ਆ ਰਹੀ ਸਾਂ ਉਹ (ਮੇਰੇ ਹਿਰਦੇ ਵਿਚ) ਆ ਵੱਸਿਆ ਹੈ।

ਮਹਾ ਮੰਗਲੁ ਰਹਸੁ ਥੀਆ ਪਿਰੁ ਦਇਆਲੁ ਸਦ ਨਵ ਰੰਗੀਆ ॥

ਹੁਣ ਮੇਰੇ ਅੰਦਰ ਆਤਮਕ ਉਤਸ਼ਾਹ ਦੇ ਵਾਜੇ ਵੱਜ ਰਹੇ ਹਨ। ਸਦਾ ਨਵੇਂ ਪ੍ਰੇਮ-ਰੰਗ ਵਾਲਾ ਤੇ ਦਇਆ ਦਾ ਸੋਮਾ ਪ੍ਰਭੂ-ਪਤੀ (ਮੇਰੇ ਅੰਦਰ ਆ ਵੱਸਿਆ ਹੈ, ਹੁਣ ਮੇਰੇ ਅੰਦਰ) ਬੜਾ ਆਨੰਦ ਤੇ ਉਤਸ਼ਾਹ ਬਣ ਰਿਹਾ ਹੈ।

ਵਡ ਭਾਗਿ ਪਾਇਆ ਗੁਰਿ ਮਿਲਾਇਆ ਸਾਧ ਕੈ ਸਤਸੰਗੀਆ ॥

ਹੇ ਸਤਸੰਗੀ ਸੱਜਣ! ਵੱਡੀ ਕਿਸਮਤ ਨਾਲ ਉਹ ਪ੍ਰਭੂ-ਪਤੀ ਮੈਨੂੰ ਲੱਭਾ ਹੈ, ਗੁਰੂ ਨੇ ਮੈਨੂੰ ਸਾਧ ਸੰਗਤਿ ਵਿਚ (ਉਸ ਨਾਲ) ਮਿਲਾ ਦਿੱਤਾ ਹੈ।

ਆਸਾ ਮਨਸਾ ਸਗਲ ਪੂਰੀ ਪ੍ਰਿਅ ਅੰਕਿ ਅੰਕੁ ਮਿਲਾਈ ॥

(ਗੁਰੂ ਨੇ) ਮੇਰਾ ਆਪਾ ਪਿਆਰੇ ਦੇ ਅੰਕ ਵਿਚ ਮਿਲਾ ਦਿੱਤਾ ਹੈ, ਮੇਰੀ ਹਰੇਕ ਆਸ ਮੁਰਾਦ ਪੂਰੀ ਹੋ ਗਈ ਹੈ।

ਬਿਨਵੰਤਿ ਨਾਨਕੁ ਸੁਖ ਸੁਖੇਦੀ ਸਾ ਮੈ ਗੁਰ ਮਿਲਿ ਪਾਈ ॥੪॥੧॥

ਨਾਨਕ ਬੇਨਤੀ ਕਰਦਾ ਹੈ-ਜੇਹੜੀ ਸੁੱਖਣਾ ਮੈਂ (ਸਦਾ) ਸੁੱਖਦੀ ਰਹਿੰਦੀ ਸਾਂ, ਗੁਰੂ ਨੂੰ ਮਿਲ ਕੇ ਉਹ (ਸੁੱਖਣਾ) ਮੈਂ ਹਾਸਲ ਕਰ ਲਈ ਹੈ ॥੪॥੧॥


ਜੈਤਸਰੀ ਮਹਲਾ ੫ ਘਰੁ ੨ ਛੰਤ ॥

ਰਾਗ ਜੈਤਸਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਛੰਤ’ (ਛੰਦ)।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਲੋਕੁ ॥
ਸਲੋਕੁ।
ਊਚਾ ਅਗਮ ਅਪਾਰ ਪ੍ਰਭੁ ਕਥਨੁ ਨ ਜਾਇ ਅਕਥੁ ॥

ਹੇ ਨਾਨਕ! (ਆਖ-) ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਤੂੰ (ਸਰਨ ਆਏ ਦੀ) ਰੱਖਿਆ ਕਰਨ ਦੀ ਤਾਕਤ ਰੱਖਦਾ ਹੈਂ।

ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰਥੁ ॥੧॥

ਹੇ ਸਭ ਤੋਂ ਉੱਚੇ! ਹੇ ਅਪਹੁੰਚ! ਹੇ ਬੇਅੰਤ! ਤੂੰ ਸਭ ਦਾ ਮਾਲਕ ਹੈਂ, ਤੇਰਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਬਿਆਨ ਤੋਂ ਪਰੇ ਹੈ ॥੧॥


ਛੰਤੁ ॥

ਛੰਤੁ।

ਜਿਉ ਜਾਨਹੁ ਤਿਉ ਰਾਖੁ ਹਰਿ ਪ੍ਰਭ ਤੇਰਿਆ ॥

ਹੇ ਹਰੀ! ਹੇ ਪ੍ਰਭੂ! ਮੈਂ ਤੇਰਾ ਹਾਂ, ਜਿਵੇਂ ਜਾਣੋ ਤਿਵੇਂ (ਮਾਇਆ ਦੇ ਮੋਹ ਤੋਂ) ਮੇਰੀ ਰੱਖਿਆ ਕਰ।

ਕੇਤੇ ਗਨਉ ਅਸੰਖ ਅਵਗਣ ਮੇਰਿਆ ॥

ਮੈਂ (ਆਪਣੇ) ਕਿਤਨੇ ਕੁ ਔਗੁਣ ਗਿਣਾਂ? ਮੇਰੇ ਅੰਦਰ ਅਣਗਿਣਤ ਔਗੁਣ ਹਨ।

ਅਸੰਖ ਅਵਗਣ ਖਤੇ ਫੇਰੇ ਨਿਤਪ੍ਰਤਿ ਸਦ ਭੂਲੀਐ ॥

ਹੇ ਪ੍ਰਭੂ! ਮੇਰੇ ਅਣਿਗਣਤ ਹੀ ਔਗੁਣ ਹਨ, ਪਾਪਾਂ ਦੇ ਗੇੜਾਂ ਵਿਚ ਫਸਿਆ ਰਹਿੰਦਾ ਹਾਂ, ਨਿੱਤ ਹੀ ਸਦਾ ਹੀ ਉਕਾਈ ਖਾ ਜਾਈਦੀ ਹੈ।

ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੂਲੀਐ ॥

ਭਿਆਨਕ ਮਾਇਆ ਦੇ ਮੋਹ ਵਿਚ ਮਸਤ ਰਹੀਦਾ ਹੈ, ਤੇਰੀ ਕਿਰਪਾ ਨਾਲ ਹੀ ਬਚ ਸਕੀਦਾ ਹੈ।

ਲੂਕ ਕਰਤ ਬਿਕਾਰ ਬਿਖੜੇ ਪ੍ਰਭ ਨੇਰ ਹੂ ਤੇ ਨੇਰਿਆ ॥

ਅਸੀਂ ਜੀਵ ਦੁਖਦਾਈ ਵਿਕਾਰ (ਆਪਣੇ ਵਲੋਂ) ਪਰਦੇ ਵਿਚ ਕਰਦੇ ਹਾਂ, ਪਰ, ਹੇ ਪ੍ਰਭੂ! ਤੂੰ ਸਾਡੇ ਨੇੜੇ ਤੋਂ ਨੇੜੇ (ਸਾਡੇ ਨਾਲ ਹੀ) ਵੱਸਦਾ ਹੈ।

ਬਿਨਵੰਤਿ ਨਾਨਕ ਦਇਆ ਧਾਰਹੁ ਕਾਢਿ ਭਵਜਲ ਫੇਰਿਆ ॥੧॥

ਨਾਨਕ ਬੇਨਤੀ ਕਰਦਾ ਹੈ ਹੇ ਪ੍ਰਭੂ! ਸਾਡੇ ਉਤੇ ਮੇਹਰ ਕਰ, ਸਾਨੂੰ ਜੀਵਾਂ ਨੂੰ ਸੰਸਾਰ-ਸਮੁੰਦਰ ਦੇ (ਵਿਕਾਰਾਂ ਦੇ) ਗੇੜ ਵਿਚੋਂ ਕੱਢ ਲੈ ॥੧॥


ਸਲੋਕੁ ॥
ਨਿਰਤਿ ਨ ਪਵੈ ਅਸੰਖ ਗੁਣ ਊਚਾ ਪ੍ਰਭ ਕਾ ਨਾਉ ॥

ਹੇ ਭਾਈ! ਪਰਮਾਤਮਾ ਦੇ ਅਣਗਿਣਤ ਗੁਣਾਂ ਦਾ ਨਿਰਨਾ ਨਹੀਂ ਹੋ ਸਕਦਾ, ਉਸ ਦਾ ਨਾਮਣਾ (ਵਡੱਪਣ) ਸਭ ਤੋਂ ਉੱਚਾ ਹੈ।

ਨਾਨਕ ਕੀ ਬੇਨੰਤੀਆ ਮਿਲੈ ਨਿਥਾਵੇ ਥਾਉ ॥੨॥

ਨਾਨਕ ਦੀ (ਉਸੇ ਦੇ ਦਰ ਤੇ ਹੀ) ਅਰਦਾਸ ਹੈ ਕਿ (ਮੈਨੂੰ) ਨਿਆਸਰੇ ਨੂੰ (ਉਸ ਦੇ ਚਰਨਾਂ ਵਿਚ) ਥਾਂ ਮਿਲ ਜਾਏ ॥੨॥


ਛੰਤੁ ॥
ਛੰਤੁ।
ਦੂਸਰ ਨਾਹੀ ਠਾਉ ਕਾ ਪਹਿ ਜਾਈਐ ॥

ਹੇ ਭਾਈ! ਅਸਾਂ ਜੀਵਾਂ ਵਾਸਤੇ ਪਰਮਾਤਮਾ ਤੋਂ ਬਿਨਾ ਕੋਈ ਹੋਰ ਥਾਂ ਨਹੀਂ ਹੈ, (ਪਰਮਾਤਮਾ ਦਾ ਦਰ ਛੱਡ ਕੇ) ਅਸੀਂ ਹੋਰ ਕਿਸ ਦੇ ਪਾਸ ਜਾ ਸਕਦੇ ਹਾਂ?

ਆਠ ਪਹਰ ਕਰ ਜੋੜਿ ਸੋ ਪ੍ਰਭੁ ਧਿਆਈਐ ॥

ਦੋਵੇਂ ਹੱਥ ਜੋੜ ਕੇ ਅੱਠੇ ਪਹਰ (ਹਰ ਵੇਲੇ) ਪ੍ਰਭੂ ਦਾ ਧਿਆਨ ਧਰਨਾ ਚਾਹੀਦਾ ਹੈ।

ਧਿਆਇ ਸੋ ਪ੍ਰਭੁ ਸਦਾ ਅਪੁਨਾ ਮਨਹਿ ਚਿੰਦਿਆ ਪਾਈਐ ॥

ਹੇ ਭਾਈ! ਆਪਣੇ ਉਸ ਪ੍ਰਭੂ ਦਾ ਧਿਆਨ ਧਰ ਕੇ (ਉਸ ਦੇ ਦਰ ਤੋਂ) ਮਨ-ਮੰਗੀ ਮੁਰਾਦ ਹਾਸਲ ਕਰ ਲਈਦੀ ਹੈ।

ਤਜਿ ਮਾਨ ਮੋਹੁ ਵਿਕਾਰੁ ਦੂਜਾ ਏਕ ਸਿਉ ਲਿਵ ਲਾਈਐ ॥

(ਆਪਣੇ ਅੰਦਰੋਂ) ਅਹੰਕਾਰ, ਮੋਹ, ਅਤੇ ਕੋਈ ਹੋਰ ਆਸਰਾ ਭਾਲਣ ਦਾ ਭੈੜ ਤਿਆਗ ਕੇ ਇਕ ਪਰਮਾਤਮਾ ਦੇ ਚਰਨਾਂ ਨਾਲ ਹੀ ਸੁਰਤ ਜੋੜਨੀ ਚਾਹੀਦੀ ਹੈ।

ਅਰਪਿ ਮਨੁ ਤਨੁ ਪ੍ਰਭੂ ਆਗੈ ਆਪੁ ਸਗਲ ਮਿਟਾਈਐ ॥

ਹੇ ਭਾਈ! ਪ੍ਰਭੂ ਦੀ ਹਜ਼ੂਰੀ ਵਿਚ ਆਪਣਾ ਮਨ ਆਪਣਾ ਸਰੀਰ ਭੇਟਾ ਕਰ ਕੇ (ਆਪਣੇ ਅੰਦਰੋਂ) ਸਾਰਾ ਆਪਾ-ਭਾਵ ਮਿਟਾ ਦੇਣਾ ਚਾਹੀਦਾ ਹੈ।

ਬਿਨਵੰਤਿ ਨਾਨਕੁ ਧਾਰਿ ਕਿਰਪਾ ਸਾਚਿ ਨਾਮਿ ਸਮਾਈਐ ॥੨॥

ਨਾਨਕ (ਤਾਂ ਪ੍ਰਭੂ ਦੇ ਦਰ ਤੇ ਹੀ) ਬੇਨਤੀ ਕਰਦਾ ਹੈ (ਤੇ ਆਖਦਾ ਹੈ-ਹੇ ਪ੍ਰਭੂ!) ਮੇਹਰ ਕਰ (ਤੇਰੀ ਮੇਹਰ ਨਾਲ ਹੀ ਤੇਰੇ) ਸਦਾ-ਥਿਰ ਰਹਿਣ ਵਾਲੇ ਨਾਮ ਵਿਚ ਲੀਨ ਹੋ ਸਕੀਦਾ ਹੈ ॥੨॥


ਸਲੋਕੁ ॥
ਰੇ ਮਨ ਤਾ ਕਉ ਧਿਆਈਐ ਸਭ ਬਿਧਿ ਜਾ ਕੈ ਹਾਥਿ ॥

ਹੇ (ਮੇਰੇ) ਮਨ! ਜਿਸ ਪਰਮਾਤਮਾ ਦੇ ਹੱਥ ਵਿਚ (ਸਾਡੀ) ਹਰੇਕ (ਜੀਵਨ-) ਜੁਗਤਿ ਹੈ, ਉਸ ਦਾ ਨਾਮ ਸਿਮਰਨਾ ਚਾਹੀਦਾ ਹੈ।

ਰਾਮ ਨਾਮ ਧਨੁ ਸੰਚੀਐ ਨਾਨਕ ਨਿਬਹੈ ਸਾਥਿ ॥੩॥

ਹੇ ਨਾਨਕ! ਪਰਮਾਤਮਾ ਦਾ ਨਾਮ-ਧਨ ਇਕੱਠਾ ਕਰਨਾ ਚਾਹੀਦਾ ਹੈ, (ਇਹੀ ਧਨ) ਸਾਡੇ ਨਾਲ ਸਾਥ ਕਰਦਾ ਹੈ ॥੩॥


ਛੰਤੁ ॥
ਛੰਤੁ।
ਸਾਥੀਅੜਾ ਪ੍ਰਭੁ ਏਕੁ ਦੂਸਰ ਨਾਹਿ ਕੋਇ ॥

ਹੇ ਭਾਈ! ਸਿਰਫ਼ ਪਰਮਾਤਮਾ ਹੀ (ਸਦਾ ਨਾਲ ਨਿਭਣ ਵਾਲਾ) ਸਾਥੀ ਹੈ, ਉਸ ਤੋਂ ਬਿਨਾ ਹੋਰ ਕੋਈ (ਸਾਥੀ) ਨਹੀਂ।

ਥਾਨ ਥਨੰਤਰਿ ਆਪਿ ਜਲਿ ਥਲਿ ਪੂਰ ਸੋਇ ॥

ਉਹੀ ਪਰਮਾਤਮਾ ਪਾਣੀ ਵਿਚ ਧਰਤੀ ਵਿਚ ਹਰੇਕ ਥਾਂ ਵਿਚ ਵੱਸ ਰਿਹਾ ਹੈ।

ਜਲਿ ਥਲਿ ਮਹੀਅਲਿ ਪੂਰਿ ਰਹਿਆ ਸਰਬ ਦਾਤਾ ਪ੍ਰਭੁ ਧਨੀ ॥

ਹੇ ਭਾਈ! ਉਹ ਮਾਲਕ-ਪ੍ਰਭੂ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਵਿਆਪ ਰਿਹਾ ਹੈ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ।

ਗੋਪਾਲ ਗੋਬਿੰਦ ਅੰਤੁ ਨਾਹੀ ਬੇਅੰਤ ਗੁਣ ਤਾ ਕੇ ਕਿਆ ਗਨੀ ॥

ਉਸ ਗੋਪਾਲ ਗੋਬਿੰਦ (ਦੇ ਗੁਣਾਂ) ਦਾ ਅੰਤ ਨਹੀਂ ਪੈ ਸਕਦਾ, ਉਸ ਦੇ ਗੁਣ ਬੇਅੰਤ ਹਨ, ਮੈਂ ਉਸ ਦੇ ਗੁਣ ਕੀਹ ਗਿਣ ਸਕਦਾ ਹਾਂ?

ਭਜੁ ਸਰਣਿ ਸੁਆਮੀ ਸੁਖਹ ਗਾਮੀ ਤਿਸੁ ਬਿਨਾ ਅਨ ਨਾਹਿ ਕੋਇ ॥

ਹੇ ਭਾਈ! ਉਸ ਮਾਲਕ ਦੀ ਸਰਨ ਪਿਆ ਰਹੁ, ਉਹ ਹੀ ਸਾਰੇ ਸੁਖ ਅਪੜਾਣ ਵਾਲਾ ਹੈ। ਉਸ ਤੋਂ ਬਿਨਾ (ਅਸਾਂ ਜੀਵਾਂ ਦਾ) ਹੋਰ ਕੋਈ (ਸਹਾਰਾ) ਨਹੀਂ ਹੈ।

ਬਿਨਵੰਤਿ ਨਾਨਕ ਦਇਆ ਧਾਰਹੁ ਤਿਸੁ ਪਰਾਪਤਿ ਨਾਮੁ ਹੋਇ ॥੩॥

ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਜਿਸ ਉਤੇ ਤੂੰ ਮੇਹਰ ਕਰਦਾ ਹੈਂ, ਉਸ ਨੂੰ ਤੇਰਾ ਨਾਮ ਹਾਸਲ ਹੋ ਜਾਂਦਾ ਹੈ ॥੩॥


ਸਲੋਕੁ ॥
ਚਿਤਿ ਜਿ ਚਿਤਵਿਆ ਸੋ ਮੈ ਪਾਇਆ ॥

ਹੇ ਨਾਨਕ! (ਆਖ-ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਿਆ ਕਰ, (ਉਸ ਦੇ ਦਰ ਤੋਂ) ਸਾਰੇ ਸੁਖ (ਮਿਲ ਜਾਂਦੇ ਹਨ),

ਨਾਨਕ ਨਾਮੁ ਧਿਆਇ ਸੁਖ ਸਬਾਇਆ ॥੪॥

ਮੈਂ ਤਾਂ ਜੇਹੜੀ ਭੀ ਮੰਗ ਆਪਣੇ ਚਿੱਤ ਵਿਚ (ਉਸ ਪਾਸੋਂ) ਮੰਗੀ ਹੈ, ਉਹ ਮੈਨੂੰ (ਸਦਾ) ਮਿਲ ਗਈ ਹੈ ॥੪॥


ਛੰਤੁ ॥
ਛੰਤੁ।
ਅਬ ਮਨੁ ਛੂਟਿ ਗਇਆ ਸਾਧੂ ਸੰਗਿ ਮਿਲੇ ॥

ਹੇ ਭਾਈ! ਗੁਰੂ ਦੀ ਸੰਗਤਿ ਵਿਚ ਮਿਲ ਕੇ ਹੁਣ (ਮੇਰਾ) ਮਨ (ਮਾਇਆ ਦੇ ਮੋਹ ਤੋਂ) ਸੁਤੰਤਰ ਹੋ ਗਿਆ ਹੈ।

ਗੁਰਮੁਖਿ ਨਾਮੁ ਲਇਆ ਜੋਤੀ ਜੋਤਿ ਰਲੇ ॥

(ਜਿਨ੍ਹਾਂ ਨੇ ਭੀ) ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹਨਾਂ ਦੀ ਜਿੰਦ ਪਰਮਾਤਮਾ ਦੀ ਜੋਤੀ ਵਿਚ ਲੀਨ ਰਹਿੰਦੀ ਹੈ।

ਹਰਿ ਨਾਮੁ ਸਿਮਰਤ ਮਿਟੇ ਕਿਲਬਿਖ ਬੁਝੀ ਤਪਤਿ ਅਘਾਨਿਆ ॥

ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਿਆਂ ਸਾਰੇ ਪਾਪ ਮਿਟ ਜਾਂਦੇ ਹਨ, (ਵਿਕਾਰਾਂ ਦੀ) ਸੜਨ ਮੁੱਕ ਜਾਂਦੀ ਹੈ, (ਮਨ ਮਾਇਆ ਵਲੋਂ) ਰੱਜ ਜਾਂਦਾ ਹੈ।

ਗਹਿ ਭੁਜਾ ਲੀਨੇ ਦਇਆ ਕੀਨੇ ਆਪਨੇ ਕਰਿ ਮਾਨਿਆ ॥

ਜਿਨ੍ਹਾਂ ਉਤੇ ਪ੍ਰਭੂ ਦਇਆ ਕਰਦਾ ਹੈ, ਜਿਨ੍ਹਾਂ ਦੀ ਬਾਂਹ ਫੜ ਕੇ ਆਪਣੇ ਬਣਾ ਲੈਂਦਾ ਹੈ, ਤੇ, ਆਦਰ ਦੇਂਦਾ ਹੈ।

ਲੈ ਅੰਕਿ ਲਾਏ ਹਰਿ ਮਿਲਾਏ ਜਨਮ ਮਰਣਾ ਦੁਖ ਜਲੇ ॥

ਜਿਨ੍ਹਾਂ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ਆਪਣੇ ਨਾਲ ਮਿਲਾ ਲੈਂਦਾ ਹੈ, ਉਹਨਾਂ ਦੇ ਜਨਮ ਮਰਨ ਦੇ ਸਾਰੇ ਦੁੱਖ ਸੜ (ਕੇ ਸੁਆਹ ਹੋ) ਜਾਂਦੇ ਹਨ।

ਬਿਨਵੰਤਿ ਨਾਨਕ ਦਇਆ ਧਾਰੀ ਮੇਲਿ ਲੀਨੇ ਇਕ ਪਲੇ ॥੪॥੨॥

ਨਾਨਕ ਬੇਨਤੀ ਕਰਦਾ ਹੈ-(ਹੇ ਭਾਈ! ਜਿਨ੍ਹਾਂ ਉਤੇ ਪ੍ਰਭੂ) ਮੇਹਰ ਕਰਦਾ ਹੈ, ਉਹਨਾਂ ਨੂੰ ਇਕ ਪਲ ਵਿਚ ਆਪਣੇ ਨਾਲ ਮਿਲਾ ਲੈਂਦਾ ਹੈ ॥੪॥੨॥


ਜੈਤਸਰੀ ਛੰਤ ਮ : ੫ ॥
ਪਾਧਾਣੂ ਸੰਸਾਰੁ ਗਾਰਬਿ ਅਟਿਆ ॥

ਹੇ ਭਾਈ! ਜਗਤ ਮੁਸਾਫ਼ਿਰ ਹੈ (ਫਿਰ ਭੀ,) ਅਹੰਕਾਰ ਵਿਚ ਲਿਬੜਿਆ ਰਹਿੰਦਾ ਹੈ।

ਕਰਤੇ ਪਾਪ ਅਨੇਕ ਮਾਇਆ ਰੰਗ ਰਟਿਆ ॥

ਮਾਇਆ ਦੇ ਕੌਤਕਾਂ ਵਿਚ ਮਸਤ ਜੀਵ ਅਨੇਕਾਂ ਪਾਪ ਕਰਦੇ ਰਹਿੰਦੇ ਹਨ।

ਲੋਭਿ ਮੋਹਿ ਅਭਿਮਾਨਿ ਬੂਡੇ ਮਰਣੁ ਚੀਤਿ ਨ ਆਵਏ ॥

(ਜੀਵ) ਲੋਭ ਵਿਚ, (ਮਾਇਆ ਦੇ) ਮੋਹ ਵਿਚ, ਅਹੰਕਾਰ ਵਿਚ ਡੁੱਬੇ ਰਹਿੰਦੇ ਹਨ (ਇਹਨਾਂ ਨੂੰ) ਮੌਤ ਯਾਦ ਹੀ ਨਹੀਂ ਆਉਂਦੀ।

ਪੁਤ੍ਰ ਮਿਤ੍ਰ ਬਿਉਹਾਰ ਬਨਿਤਾ ਏਹ ਕਰਤ ਬਿਹਾਵਏ ॥

ਪੁੱਤਰ, ਮਿੱਤਰ, ਇਸਤ੍ਰੀ (ਆਦਿਕ) ਦੇ ਮੇਲ-ਮਿਲਾਪ-ਇਹੀ ਕਰਦਿਆਂ (ਜੀਵਾਂ ਦੀ ਉਮਰ) ਗੁਜ਼ਰਦੀ ਜਾਂਦੀ ਹੈ।

ਪੁਜਿ ਦਿਵਸ ਆਏ ਲਿਖੇ ਮਾਏ ਦੁਖੁ ਧਰਮ ਦੂਤਹ ਡਿਠਿਆ ॥

ਹੇ ਮਾਂ (ਧੁਰੋਂ) ਲਿਖੇ ਹੋਏ (ਉਮਰ ਦੇ) ਦਿਨ ਜਦੋਂ ਮੁੱਕ ਜਾਂਦੇ ਹਨ, ਤਾਂ ਧਰਮਰਾਜ ਦੇ ਦੂਤਾਂ ਨੂੰ ਵੇਖਿਆਂ ਬੜੀ ਤਕਲੀਫ਼ ਹੁੰਦੀ ਹੈ।

ਕਿਰਤ ਕਰਮ ਨ ਮਿਟੈ ਨਾਨਕ ਹਰਿ ਨਾਮ ਧਨੁ ਨਹੀ ਖਟਿਆ ॥੧॥

ਹੇ ਨਾਨਕ! (ਮਨੁੱਖ ਇਥੇ) ਪਰਮਾਤਮਾ ਦਾ ਨਾਮ-ਧਨ ਨਹੀਂ ਕਮਾਂਦਾ, (ਹੋਰ ਹੋਰ) ਕੀਤੇ ਹੋਏ ਕਰਮਾਂ (ਦਾ ਲੇਖਾ) ਨਹੀਂ ਮਿਟਦਾ ॥੧॥

ਉਦਮ ਕਰਹਿ ਅਨੇਕ ਹਰਿ ਨਾਮੁ ਨ ਗਾਵਹੀ ॥

ਹੇ ਭਾਈ! ਜੇਹੜੇ ਮਨੁੱਖ ਹੋਰ ਹੋਰ ਉੱਦਮ ਤਾਂ ਅਨੇਕਾਂ ਹੀ ਕਰਦੇ ਹਨ, ਪਰ ਪਰਮਾਤਮਾ ਦਾ ਨਾਮ ਨਹੀਂ ਜਪਦੇ,

ਭਰਮਹਿ ਜੋਨਿ ਅਸੰਖ ਮਰਿ ਜਨਮਹਿ ਆਵਹੀ ॥

ਉਹ ਅਣਗਿਣਤ ਜੂਨਾਂ ਵਿਚ ਭਟਕਦੇ ਫਿਰਦੇ ਹਨ, ਆਤਮਕ ਮੌਤ ਸਹੇੜ ਕੇ (ਮੁੜ ਮੁੜ) ਜੰਮਦੇ ਹਨ (ਮੁੜ ਮੁੜ ਜਗਤ ਵਿਚ) ਆਉਂਦੇ ਹਨ।

ਪਸੂ ਪੰਖੀ ਸੈਲ ਤਰਵਰ ਗਣਤ ਕਛੂ ਨ ਆਵਏ ॥

(ਉਹ ਮਨੁੱਖ) ਪਸ਼ੂ ਪੰਛੀ, ਪੱਥਰ, ਰੁੱਖ (ਆਦਿਕ ਅਨੇਕਾਂ ਜੂਨਾਂ ਵਿਚ ਪੈਂਦੇ ਹਨ, ਜਿਨ੍ਹਾਂ ਦੀ) ਕੋਈ ਗਿਣਤੀ ਹੀ ਨਹੀਂ ਹੋ ਸਕਦੀ।

ਬੀਜੁ ਬੋਵਸਿ ਭੋਗ ਭੋਗਹਿ ਕੀਆ ਅਪਣਾ ਪਾਵਏ ॥

(ਹੇ ਭਾਈ! ਚੇਤੇ ਰੱਖ, ਜਿਹੋ ਜਿਹਾ) ਤੂੰ ਬੀ ਬੀਜੇਂਗਾ (ਉਹੋ ਜਿਹੇ) ਫਲ ਖਾਏਂਗਾ। (ਹਰੇਕ ਮਨੁੱਖ) ਆਪਣਾ ਕੀਤਾ ਪਾਂਦਾ ਹੈ।

ਰਤਨ ਜਨਮੁ ਹਾਰੰਤ ਜੂਐ ਪ੍ਰਭੂ ਆਪਿ ਨ ਭਾਵਹੀ ॥

ਜੇਹੜੇ ਮਨੁੱਖ ਇਸ ਕੀਮਤੀ ਮਨੁੱਖਾ ਜਨਮ ਨੂੰ ਜੂਏ ਵਿਚ ਹਾਰ ਰਹੇ ਹਨ, ਉਹ ਪਰਮਾਤਮਾ ਨੂੰ ਭੀ ਚੰਗੇ ਨਹੀਂ ਲਗਦੇ।

ਬਿਨਵੰਤਿ ਨਾਨਕ ਭਰਮਹਿ ਭ੍ਰਮਾਏ ਖਿਨੁ ਏਕੁ ਟਿਕਣੁ ਨ ਪਾਵਹੀ ॥੨॥

ਨਾਨਕ ਬੇਨਤੀ ਕਰਦਾ ਹੈ ਅਜੇਹੇ ਮਨੁੱਖ (ਮਾਇਆ ਦੀ ਹੱਥੀਂ) ਕੁਰਾਹੇ ਪਏ ਹੋਏ (ਜੂਨਾਂ ਵਿਚ) ਭਟਕਦੇ ਫਿਰਦੇ ਹਨ, (ਜੂਨਾਂ ਦੇ ਗੇੜ ਵਿਚੋਂ) ਇਕ ਛਿਨ ਭਰ ਭੀ ਟਿਕ ਨਹੀਂ ਸਕਦੇ ॥੨॥

ਜੋਬਨੁ ਗਇਆ ਬਿਤੀਤਿ ਜਰੁ ਮਲਿ ਬੈਠੀਆ ॥

ਹੇ ਭਾਈ! ਆਖ਼ਰ ਜਵਾਨੀ ਬੀਤ ਜਾਂਦੀ ਹੈ, (ਉਸ ਦੀ ਥਾਂ) ਬੁਢੇਪਾ ਮੱਲ ਕੇ ਬਹਿ ਜਾਂਦਾ ਹੈ।

ਕਰ ਕੰਪਹਿ ਸਿਰੁ ਡੋਲ ਨੈਣ ਨ ਡੀਠਿਆ ॥

ਹੱਥ ਕੰਬਣ ਲੱਗ ਪੈਂਦੇ ਹਨ, ਸਿਰ ਝੋਲਾ ਖਾਣ ਲੱਗ ਪੈਂਦਾ ਹੈ, ਅੱਖਾਂ ਨਾਲ ਕੁਝ ਦਿੱਸਦਾ ਨਹੀਂ।

ਨਹ ਨੈਣ ਦੀਸੈ ਬਿਨੁ ਭਜਨ ਈਸੈ ਛੋਡਿ ਮਾਇਆ ਚਾਲਿਆ ॥

ਅੱਖੀਂ ਕੁਝ ਦਿੱਸਦਾ ਨਹੀਂ, (ਜਿਸ ਮਾਇਆ ਦੀ ਖ਼ਾਤਰ) ਪਰਮਾਤਮਾ ਦੇ ਭਜਨ ਤੋਂ ਵਾਂਜਿਆ ਰਿਹਾ, (ਆਖ਼ਰ ਉਸ) ਮਾਇਆ ਨੂੰ (ਭੀ ਛੱਡ ਕੇ ਤੁਰ ਪੈਂਦਾ ਹੈ।

ਕਹਿਆ ਨ ਮਾਨਹਿ ਸਿਰਿ ਖਾਕੁ ਛਾਨਹਿ ਜਿਨ ਸੰਗਿ ਮਨੁ ਤਨੁ ਜਾਲਿਆ ॥

ਜਿਨ੍ਹਾਂ (ਪੁੱਤਰ ਆਦਿਕ ਸੰਬੰਧੀਆਂ ਦੇ) ਨਾਲ (ਆਪਣਾ) ਮਨ (ਆਪਣਾ) ਸਰੀਰ (ਤ੍ਰਿਸ਼ਨਾ ਦੀ ਅੱਗ ਵਿਚ) ਸੜਦਾ ਰਿਹਾ; (ਬੁਢੇਪੇ ਵੇਲੇ ਉਹ ਭੀ) ਆਖਾ ਨਹੀਂ ਮੰਨਦੇ, ਸਿਰ ਉਤੇ ਸੁਆਹ ਹੀ ਪਾਂਦੇ ਹਨ (ਗੱਲੇ ਗੱਲੇ ਟਕੇ ਵਰਗਾ ਕੋਰਾ ਜਵਾਬ ਦੇਂਦੇ ਹਨ)।

ਸ੍ਰੀਰਾਮ ਰੰਗ ਅਪਾਰ ਪੂਰਨ ਨਹ ਨਿਮਖ ਮਨ ਮਹਿ ਵੂਠਿਆ ॥

(ਮਾਇਆ ਦੇ ਮੋਹ ਵਿਚ ਫਸੇ ਰਹਿਣ ਦੇ ਕਾਰਨ) ਬੇਅੰਤ, ਸਰਬ-ਵਿਆਪਕ ਪਰਮਾਤਮਾ ਦੇ ਪ੍ਰੇਮ ਦੀਆਂ ਗੱਲਾਂ ਇਕ ਛਿਨ ਵਾਸਤੇ ਭੀ ਮਨ ਵਿਚ ਨਾਹ ਵੱਸੀਆਂ।

ਬਿਨਵੰਤਿ ਨਾਨਕ ਕੋਟਿ ਕਾਗਰ ਬਿਨਸ ਬਾਰ ਨ ਝੂਠਿਆ ॥੩॥

ਨਾਨਕ ਬੇਨਤੀ ਕਰਦਾ ਹੈ-ਇਹ ਨਾਸਵੰਤ (ਸਰੀਰ) ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ਜਿਵੇਂ ਕ੍ਰੋੜਾਂ (ਮਣ) ਕਾਗ਼ਜ਼ (ਪਲ ਵਿਚ ਸੜ ਕੇ ਸੁਆਹ ਹੋ ਜਾਂਦੇ ਹਨ) ॥੩॥

ਚਰਨ ਕਮਲ ਸਰਣਾਇ ਨਾਨਕੁ ਆਇਆ ॥

ਹੇ ਭਾਈ! ਨਾਨਕ (ਤਾਂ ਪ੍ਰਭੂ ਦੇ) ਕੋਮਲ ਚਰਨਾਂ ਦੀ ਸਰਨ ਆ ਪਿਆ ਹੈ।

ਦੁਤਰੁ ਭੈ ਸੰਸਾਰੁ ਪ੍ਰਭਿ ਆਪਿ ਤਰਾਇਆ ॥

ਇਹ ਸੰਸਾਰ (-ਸਮੁੰਦਰ) ਅਨੇਕਾਂ ਡਰਾਂ ਨਾਲ ਭਰਪੂਰ ਹੈ, ਇਸ ਤੋਂ ਪਾਰ ਲੰਘਣਾ ਔਖਾ ਹੈ, (ਜੇਹੜੇ ਭੀ ਮਨੁੱਖ ਪ੍ਰਭੂ ਦੀ ਸਰਨ ਆ ਪਏ ਉਹਨਾਂ ਨੂੰ ਸਦਾ ਹੀ) ਪ੍ਰਭੂ ਨੇ ਆਪ (ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਿਆ।

ਮਿਲਿ ਸਾਧਸੰਗੇ ਭਜੇ ਸ੍ਰੀਧਰ ਕਰਿ ਅੰਗੁ ਪ੍ਰਭ ਜੀ ਤਾਰਿਆ ॥

ਸਾਧ ਸੰਗਤਿ ਵਿੱਚ ਮਿਲ ਕੇ ਜਿਸ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਪਰਮਾਤਮਾ ਨੇ ਉਸ ਦਾ ਪੱਖ ਕਰ ਕੇ ਉਸ ਨੂੰ (ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ।

ਹਰਿ ਮਾਨਿ ਲੀਏ ਨਾਮ ਦੀਏ ਅਵਰੁ ਕਛੁ ਨ ਬੀਚਾਰਿਆ ॥

ਪ੍ਰਭੂ ਨੇ ਸਦਾ ਉਹਨਾਂ ਨੂੰ ਆਦਰ-ਮਾਣ ਦਿੱਤਾ, ਆਪਣੇ ਨਾਮ ਦੀ ਦਾਤ ਦਿੱਤੀ ਉਹਨਾਂ ਦੇ ਕਿਸੇ ਹੋਰ (ਗੁਣ ਔਗੁਣ ਦੀ) ਵਿਚਾਰ ਨਾਹ ਕੀਤੀ।

ਗੁਣ ਨਿਧਾਨ ਅਪਾਰ ਠਾਕੁਰ ਮਨਿ ਲੋੜੀਦਾ ਪਾਇਆ ॥

ਉਹ (ਮਨੁੱਖ ਮਾਇਆ ਦੀ ਤ੍ਰਿਸ਼ਨਾ ਵਲੋਂ) ਸਦਾ ਲਈ ਰੱਜ ਗਏ, ਉਹਨਾਂ ਨੇ ਉਸ ਗੁਣਾਂ ਦੇ ਖ਼ਜ਼ਾਨੇ ਬੇਅੰਤ ਮਾਲਕ-ਪ੍ਰਭੂ ਨੂੰ ਆਪਣੇ ਮਨ ਵਿਚ ਲੱਭ ਲਿਆ, ਜਿਸ ਨੂੰ ਮਿਲਣ ਦੀ ਉਹਨਾਂ ਤਾਂਘ ਰੱਖੀ ਹੋਈ ਸੀ,

ਬਿਨਵੰਤਿ ਨਾਨਕੁ ਸਦਾ ਤ੍ਰਿਪਤੇ ਹਰਿ ਨਾਮੁ ਭੋਜਨੁ ਖਾਇਆ ॥੪॥੨॥੩॥

ਨਾਨਕ ਬੇਨਤੀ ਕਰਦਾ ਹੈ-ਜਿਨ੍ਹਾਂ ਮਨੁੱਖਾਂ ਨੇ (ਆਤਮਕ ਜੀਵਨ ਜ਼ਿੰਦਾ ਰੱਖਣ ਲਈ) ਪਰਮਾਤਮਾ ਦਾ ਨਾਮ-ਭੋਜਨ ਖਾਧਾ ॥੪॥੨॥੩॥


ਜੈਤਸਰੀ ਮਹਲਾ ੫ ਵਾਰ ਸਲੋਕਾ ਨਾਲਿ ॥

ਰਾਗ ਜੈਤਸਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਵਾਰ’, ਸਲੋਕਾਂ ਸਮੇਤ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਲੋਕ ॥
ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ ॥

ਸੰਤ ਜਨ ਉਸ ਸਰਬ-ਵਿਆਪਕ ਪਰਮੇਸਰ ਨੂੰ ਸਿਮਰਦੇ ਹਨ ਜੋ ਜਗਤ ਦੇ ਸ਼ੁਰੂ ਤੋਂ ਹਰ ਥਾਂ ਮੌਜੂਦ ਹੈ, ਹੁਣ ਭੀ ਸਰਬ-ਵਿਆਪਕ ਹੈ ਤੇ ਅਖ਼ੀਰ ਵਿਚ ਭੀ ਹਰ ਥਾਂ ਹਾਜ਼ਰ ਨਾਜ਼ਰ ਰਹੇਗਾ।

ਸਿਮਰੰਤਿ ਸੰਤ ਸਰਬਤ੍ਰ ਰਮਣੰ ਨਾਨਕ ਅਘਨਾਸਨ ਜਗਦੀਸੁਰਹ ॥੧॥

ਹੇ ਨਾਨਕ! ਉਹ ਜਗਤ ਦਾ ਮਾਲਕ ਪ੍ਰਭੂ ਸਭ ਪਾਪਾਂ ਦੇ ਨਾਸ ਕਰਨ ਵਾਲਾ ਹੈ ॥੧॥

ਪੇਖਨ ਸੁਨਨ ਸੁਨਾਵਨੋ ਮਨ ਮਹਿ ਦ੍ਰਿੜੀਐ ਸਾਚੁ ॥

ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਮਨ ਵਿਚ ਚੰਗੀ ਤਰ੍ਹਾਂ ਧਾਰਨ ਕਰਨਾ ਚਾਹੀਦਾ ਹੈ ਜੋ (ਹਰ ਥਾਂ) ਆਪ ਹੀ ਵੇਖਣ ਵਾਲਾ ਹੈ, ਆਪ ਹੀ ਸੁਣਨ ਵਾਲਾ ਹੈ ਤੇ ਆਪ ਹੀ ਸੁਣਾਉਣ ਵਾਲਾ ਹੈ।

ਪੂਰਿ ਰਹਿਓ ਸਰਬਤ੍ਰ ਮੈ ਨਾਨਕ ਹਰਿ ਰੰਗਿ ਰਾਚੁ ॥੨॥

ਹੇ ਨਾਨਕ! ਉਸ ਹਰੀ ਦੀ ਪਿਆਰੀ ਯਾਦ ਵਿਚ ਲੀਨ ਹੋ ਜਾ ਜੋ ਸਭ ਥਾਈਂ ਮੌਜੂਦ ਹੈ ॥੨॥


ਪਉੜੀ ॥
ਹਰਿ ਏਕੁ ਨਿਰੰਜਨੁ ਗਾਈਐ ਸਭ ਅੰਤਰਿ ਸੋਈ ॥

ਜੋ ਪ੍ਰਭੂ ਮਾਇਆ ਤੋਂ ਨਿਰਲੇਪ ਹੈ ਸਿਰਫ਼ ਉਸ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਉਹੀ ਸਭ ਦੇ ਅੰਦਰ ਮੌਜੂਦ ਹੈ।

ਕਰਣ ਕਾਰਣ ਸਮਰਥ ਪ੍ਰਭੁ ਜੋ ਕਰੇ ਸੁ ਹੋਈ ॥

ਉਹ ਪ੍ਰਭੂ ਸਾਰੇ ਜਗਤ ਦਾ ਮੂਲ ਹੈ, ਸਭ ਕਿਸਮ ਦੀ ਤਾਕਤ ਵਾਲਾ ਹੈ, (ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਉਹ ਪ੍ਰਭੂ ਕਰਦਾ ਹੈ।

ਖਿਨ ਮਹਿ ਥਾਪਿ ਉਥਾਪਦਾ ਤਿਸੁ ਬਿਨੁ ਨਹੀ ਕੋਈ ॥

ਇਕ ਪਲਕ ਵਿਚ (ਜੀਵਾਂ ਨੂੰ) ਪੈਂਦਾ ਕਰ ਕੇ ਨਾਸ ਕਰ ਦੇਂਦਾ ਹੈ, ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਹੈ।

ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ॥

ਸਭ ਦੇਸਾਂ ਵਿਚ, ਸਾਰੇ ਬ੍ਰਹਮੰਡ ਵਿਚ, ਹੇਠਲੀ ਧਰਤੀ, ਜਜ਼ੀਰਿਆਂ ਵਿਚ, ਸਾਰੇ ਹੀ ਜਗਤ ਵਿਚ ਉਹ ਪ੍ਰਭੂ ਵਿਆਪਕ ਹੈ।

ਜਿਸੁ ਆਪਿ ਬੁਝਾਏ ਸੋ ਬੁਝਸੀ ਨਿਰਮਲ ਜਨੁ ਸੋਈ ॥੧॥

ਜਿਸ ਮਨੁੱਖ ਨੂੰ (ਇਹ) ਸਮਝ ਆਪ ਪ੍ਰਭੂ ਦੇਂਦਾ ਹੈ, ਉਸ ਨੂੰ ਸਮਝ ਪੈਂਦੀ ਹੈ ਤੇ ਉਹ ਮਨੁੱਖ ਪਵਿਤ੍ਰ ਹੋ ਜਾਂਦਾ ਹੈ ॥੧॥


ਸਲੋਕ ॥
ਰਚੰਤਿ ਜੀਅ ਰਚਨਾ ਮਾਤ ਗਰਭ ਅਸਥਾਪਨੰ ॥

ਜੋ ਪਰਮਾਤਮਾ ਜੀਵਾਂ ਦੀ ਬਣਤਰ ਬਣਾਉਂਦਾ ਹੈ ਤੇ ਉਹਨਾਂ ਨੂੰ ਮਾਂ ਦੇ ਪੇਟ ਵਿਚ ਥਾਂ ਦੇਂਦਾ ਹੈ,

ਸਾਸਿ ਸਾਸਿ ਸਿਮਰੰਤਿ ਨਾਨਕ ਮਹਾ ਅਗਨਿ ਨ ਬਿਨਾਸਨੰ ॥੧॥

ਹੇ ਨਾਨਕ! ਜੀਵ ਉਸ ਨੂੰ ਹਰੇਕ ਸਾਹ ਦੇ ਨਾਲ ਨਾਲ ਯਾਦ ਕਰਦੇ ਰਹਿੰਦੇ ਹਨ ਤੇ (ਮਾਂ ਦੇ ਪੇਟ ਦੀ) ਵੱਡੀ (ਭਿਆਨਕ) ਅੱਗ ਉਹਨਾਂ ਦਾ ਨਾਸ ਨਹੀਂ ਕਰ ਸਕਦੀ ॥੧॥

ਮੁਖੁ ਤਲੈ ਪੈਰ ਉਪਰੇ ਵਸੰਦੋ ਕੁਹਥੜੈ ਥਾਇ ॥

(ਹੇ ਭਾਈ!) ਜਦੋਂ ਤੇਰਾ ਮੂੰਹ ਹੇਠਾਂ ਨੂੰ ਸੀ, ਪੈਰ ਉਤਾਂਹ ਨੂੰ ਸਨ, ਬੜੇ ਔਖੇ ਥਾਂ ਤੂੰ ਵੱਸਦਾ ਸੈਂ,

ਨਾਨਕ ਸੋ ਧਣੀ ਕਿਉ ਵਿਸਾਰਿਓ ਉਧਰਹਿ ਜਿਸ ਦੈ ਨਾਇ ॥੨॥

ਹੇ ਨਾਨਕ! (ਆਖ-) ਤਦੋਂ ਜਿਸ ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਤੂੰ ਬਚਿਆ ਰਿਹਾ, ਹੁਣ ਉਸ ਮਾਲਕ ਨੂੰ ਤੂੰ ਕਿਉਂ ਭੁਲਾ ਦਿੱਤਾ? ॥੨॥


ਪਉੜੀ ॥
ਰਕਤੁ ਬਿੰਦੁ ਕਰਿ ਨਿੰਮਿਆ ਅਗਨਿ ਉਦਰ ਮਝਾਰਿ ॥

(ਹੇ ਜੀਵ!) (ਮਾਂ ਦੀ) ਰੱਤ ਤੇ (ਪਿਉ ਦੇ) ਵੀਰਜ ਤੋਂ (ਮਾਂ ਦੇ) ਪੇਟ ਦੀ ਅੱਗ ਵਿਚ ਤੂੰ ਉੱਗਿਆ।

ਉਰਧ ਮੁਖੁ ਕੁਚੀਲ ਬਿਕਲੁ ਨਰਕਿ ਘੋਰਿ ਗੁਬਾਰਿ ॥

ਤੇਰਾ ਮੂੰਹ ਹੇਠਾਂ ਨੂੰ ਸੀ, ਗੰਦਾ ਤੇ ਡਰਾਉਣਾ ਸੈਂ, (ਮਾਨੋ) ਇਕ ਹਨੇਰੇ ਘੋਰ ਨਰਕ ਵਿਚ ਪਿਆ ਹੋਇਆ ਸੈਂ।

ਹਰਿ ਸਿਮਰਤ ਤੂ ਨਾ ਜਲਹਿ ਮਨਿ ਤਨਿ ਉਰ ਧਾਰਿ ॥

ਜਿਸ ਪ੍ਰਭੂ ਨੂੰ ਸਿਮਰ ਕੇ ਤੂੰ ਨਹੀਂ ਸੈਂ ਸੜਦਾ-ਉਸ ਨੂੰ (ਹੁਣ ਭੀ) ਮਨੋਂ ਤਨੋਂ ਹਿਰਦੇ ਵਿਚ ਯਾਦ ਕਰ।

ਬਿਖਮ ਥਾਨਹੁ ਜਿਨਿ ਰਖਿਆ ਤਿਸੁ ਤਿਲੁ ਨ ਵਿਸਾਰਿ ॥

ਜਿਸ ਪ੍ਰਭੂ ਨੇ ਤੈਨੂੰ ਔਖੇ ਥਾਂ ਤੋਂ ਬਚਾਇਆ, ਉਸ ਨੂੰ ਰਤਾ ਭੀ ਨਾਹ ਭੁਲਾ।

ਪ੍ਰਭ ਬਿਸਰਤ ਸੁਖੁ ਕਦੇ ਨਾਹਿ ਜਾਸਹਿ ਜਨਮੁ ਹਾਰਿ ॥੨॥

ਪ੍ਰਭੂ ਨੂੰ ਭੁਲਾਇਆਂ ਕਦੇ ਸੁਖ ਨਹੀਂ ਹੁੰਦਾ, (ਜੇ ਭੁਲਾਇਂਗਾ ਤਾਂ) ਮਨੁੱਖਾ ਜਨਮ (ਦੀ ਬਾਜ਼ੀ) ਹਾਰ ਕੇ ਜਾਵੇਂਗਾ ॥੨॥


ਸਲੋਕ ॥
ਮਨ ਇਛਾ ਦਾਨ ਕਰਣੰ ਸਰਬਤ੍ਰ ਆਸਾ ਪੂਰਨਹ ॥

ਹੇ ਨਾਨਕ! ਜੋ ਪ੍ਰਭੂ ਅਸਾਨੂੰ ਮਨ-ਮੰਨੀਆਂ ਦਾਤਾਂ ਦੇਂਦਾ ਹੈ ਜੋ ਸਭ ਥਾਂ (ਸਭ ਜੀਵਾਂ ਦੀਆਂ) ਆਸਾਂ ਪੂਰੀਆਂ ਕਰਦਾ ਹੈ,

ਖੰਡਣੰ ਕਲਿ ਕਲੇਸਹ ਪ੍ਰਭ ਸਿਮਰਿ ਨਾਨਕ ਨਹ ਦੂਰਣਹ ॥੧॥

ਜੋ ਅਸਾਡੇ ਝਗੜੇ ਤੇ ਕਲੇਸ਼ ਨਾਸ ਕਰਨ ਵਾਲਾ ਹੈ ਉਸ ਨੂੰ ਯਾਦ ਕਰ, ਉਹ ਤੈਥੋਂ ਦੂਰ ਨਹੀਂ ਹੈ ॥੧॥

ਹਭਿ ਰੰਗ ਮਾਣਹਿ ਜਿਸੁ ਸੰਗਿ ਤੈ ਸਿਉ ਲਾਈਐ ਨੇਹੁ ॥

ਜਿਸ ਪ੍ਰਭੂ ਦੀ ਬਰਕਤਿ ਨਾਲ ਤੂੰ ਸਾਰੀਆਂ ਮੌਜਾਂ ਮਾਣਦਾ ਹੈਂ, ਉਸ ਨਾਲ ਪ੍ਰੀਤ ਜੋੜ।

ਸੋ ਸਹੁ ਬਿੰਦ ਨ ਵਿਸਰਉ ਨਾਨਕ ਜਿਨਿ ਸੁੰਦਰੁ ਰਚਿਆ ਦੇਹੁ ॥੨॥

ਜਿਸ ਪ੍ਰਭੂ ਨੇ ਤੇਰਾ ਸੋਹਣਾ ਸਰੀਰ ਬਣਾਇਆ ਹੈ, ਹੇ ਨਾਨਕ! ਰੱਬ ਕਰ ਕੇ ਉਹ ਤੈਨੂੰ ਕਦੇ ਭੀ ਨਾਹ ਭੁੱਲੇ ॥੨॥


ਪਉੜੀ ॥
ਜੀਉ ਪ੍ਰਾਨ ਤਨੁ ਧਨੁ ਦੀਆ ਦੀਨੇ ਰਸ ਭੋਗ ॥

(ਪ੍ਰਭੂ ਨੇ ਤੈਨੂੰ) ਜਿੰਦ ਪ੍ਰਾਣ ਸਰੀਰ ਤੇ ਧਨ ਦਿੱਤਾ ਤੇ ਸੁਆਦਲੇ ਪਦਾਰਥ ਭੋਗਣ ਨੂੰ ਦਿੱਤੇ।

ਗ੍ਰਿਹ ਮੰਦਰ ਰਥ ਅਸੁ ਦੀਏ ਰਚਿ ਭਲੇ ਸੰਜੋਗ ॥

ਤੇਰੇ ਚੰਗੇ ਭਾਗ ਬਣਾ ਕੇ, ਤੈਨੂੰ ਉਸ ਨੇ ਘਰ ਸੋਹਣੇ ਮਕਾਨ, ਰਥ ਤੇ ਘੋੜੇ ਦਿੱਤੇ।

ਸੁਤ ਬਨਿਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ॥

ਸਭ ਕੁਝ ਦੇਣ-ਜੋਗੇ ਪ੍ਰਭੂ ਨੇ ਤੈਨੂੰ ਪੁੱਤਰ, ਵਹੁਟੀ ਮਿੱਤ੍ਰ ਤੇ ਨੌਕਰ ਦਿੱਤੇ।

ਹਰਿ ਸਿਮਰਤ ਤਨੁ ਮਨੁ ਹਰਿਆ ਲਹਿ ਜਾਹਿ ਵਿਜੋਗ ॥

ਉਸ ਪ੍ਰਭੂ ਨੂੰ ਸਿਮਰਿਆਂ ਮਨ ਤਨ ਖਿੜਿਆ ਰਹਿੰਦਾ ਹੈ, ਸਾਰੇ ਦੁੱਖ ਮਿਟ ਜਾਂਦੇ ਹਨ।

ਸਾਧਸੰਗਿ ਹਰਿ ਗੁਣ ਰਮਹੁ ਬਿਨਸੇ ਸਭਿ ਰੋਗ ॥੩॥

(ਹੇ ਭਾਈ!) ਸਤਸੰਗ ਵਿਚ ਉਸ ਹਰੀ ਦੇ ਗੁਣ ਚੇਤੇ ਕਰਿਆ ਕਰੋ, ਸਾਰੇ ਰੋਗ (ਉਸ ਨੂੰ ਸਿਮਰਿਆਂ) ਨਾਸ ਹੋ ਜਾਂਦੇ ਹਨ ॥੩॥


ਸਲੋਕ ॥
ਕੁਟੰਬ ਜਤਨ ਕਰਣੰ ਮਾਇਆ ਅਨੇਕ ਉਦਮਹ ॥

ਮਨੁੱਖ ਆਪਣੇ ਟੱਬਰ ਵਾਸਤੇ ਕਈ ਕੋਸ਼ਿਸ਼ਾਂ ਕਰਦੇ ਹਨ, ਮਾਇਆ ਦੀ ਖ਼ਾਤਰ ਅਨੇਕਾਂ ਆਹਰ ਕਰਦੇ ਹਨ,

ਹਰਿ ਭਗਤਿ ਭਾਵ ਹੀਣੰ ਨਾਨਕ ਪ੍ਰਭ ਬਿਸਰਤ ਤੇ ਪ੍ਰੇਤਤਹ ॥੧॥

ਪਰ ਪ੍ਰਭੂ ਦੀ ਭਗਤੀ ਦੀ ਤਾਂਘ ਤੋਂ ਸੱਖਣੇ ਰਹਿੰਦੇ ਹਨ, ਤੇ ਹੇ ਨਾਨਕ! ਜੋ ਜੀਵ ਪ੍ਰਭੂ ਨੂੰ ਵਿਸਾਰਦੇ ਹਨ ਉਹ (ਮਾਨੋ) ਜਿੰਨ ਭੂਤ ਹਨ ॥੧॥

ਤੁਟੜੀਆ ਸਾ ਪ੍ਰੀਤਿ ਜੋ ਲਾਈ ਬਿਅੰਨ ਸਿਉ ॥

ਜੇਹੜੀ ਪ੍ਰੀਤ (ਪ੍ਰਭੂ ਤੋਂ ਬਿਨਾ) ਕਿਸੇ ਹੋਰ ਨਾਲ ਲਾਈਦੀ ਹੈ, ਉਹ ਆਖ਼ਰ ਟੁੱਟ ਜਾਂਦੀ ਹੈ।

ਨਾਨਕ ਸਚੀ ਰੀਤਿ ਸਾਂਈ ਸੇਤੀ ਰਤਿਆ ॥੨॥

ਪਰ, ਹੇ ਨਾਨਕ! ਜੇ ਸਾਈਂ ਪ੍ਰਭੂ ਨਾਲ ਰੱਤੇ ਰਹੀਏ, ਤਾਂ ਇਹੋ ਜਿਹੀ ਜੀਵਨ-ਜੁਗਤਿ ਸਦਾ ਕਾਇਮ ਰਹਿੰਦੀ ਹੈ ॥੨॥


ਪਉੜੀ ॥
ਜਿਸੁ ਬਿਸਰਤ ਤਨੁ ਭਸਮ ਹੋਇ ਕਹਤੇ ਸਭਿ ਪ੍ਰੇਤੁ ॥

ਜਿਸ ਜਿੰਦ ਦੇ ਵਿਛੁੜਨ ਨਾਲ (ਮਨੁੱਖ ਦਾ) ਸਰੀਰ ਸੁਆਹ ਹੋ ਜਾਂਦਾ ਹੈ, ਸਾਰੇ ਲੋਕ (ਉਸ ਸਰੀਰ) ਨੂੰ ਅਪਵਿੱਤ੍ਰ ਆਖਣ ਲੱਗ ਪੈਂਦੇ ਹਨ;

ਖਿਨੁ ਗ੍ਰਿਹ ਮਹਿ ਬਸਨ ਨ ਦੇਵਹੀ ਜਿਨ ਸਿਉ ਸੋਈ ਹੇਤੁ ॥

ਜਿਨ੍ਹਾਂ ਸਨਬੰਧੀਆਂ ਨਾਲ ਇਤਨਾ ਪਿਆਰ ਹੁੰਦਾ ਹੈ, ਉਹ ਇਕ ਪਲਕ ਲਈ ਭੀ ਘਰ ਵਿਚ ਰਹਿਣ ਨਹੀਂ ਦੇਂਦੇ।

ਕਰਿ ਅਨਰਥ ਦਰਬੁ ਸੰਚਿਆ ਸੋ ਕਾਰਜਿ ਕੇਤੁ ॥

ਪਾਪ ਕਰ ਕਰ ਕੇ ਧਨ ਇਕੱਠਾ ਕਰਦਾ ਰਿਹਾ, ਪਰ ਉਸ ਜਿੰਦ ਦੇ ਕਿਸੇ ਕੰਮ ਨਾਹ ਆਇਆ।

ਜੈਸਾ ਬੀਜੈ ਸੋ ਲੁਣੈ ਕਰਮ ਇਹੁ ਖੇਤੁ ॥

ਇਹ ਸਰੀਰ (ਕੀਤੇ) ਕਰਮਾਂ ਦੀ (ਮਾਨੋ) ਪੈਲੀ ਹੈ (ਇਸ ਵਿਚ) ਜਿਹੋ ਜਿਹਾ (ਕਰਮ-ਰੂਪ ਬੀਜ ਕੋਈ) ਬੀਜਦਾ ਹੈ ਉਹੀ ਵੱਢਦਾ ਹੈ।

ਅਕਿਰਤਘਣਾ ਹਰਿ ਵਿਸਰਿਆ ਜੋਨੀ ਭਰਮੇਤੁ ॥੪॥

ਜੋ ਮਨੁੱਖ (ਪ੍ਰਭੂ ਦੇ) ਕੀਤੇ (ਉਪਕਾਰਾਂ) ਨੂੰ ਭੁਲਾਉਂਦੇ ਹਨ ਉਹ ਉਸ ਨੂੰ ਵਿਸਾਰ ਦੇਂਦੇ ਹਨ (ਆਖ਼ਰ) ਜੂਨਾਂ ਵਿਚ ਭਟਕਦੇ ਹਨ ॥੪॥


ਸਲੋਕ ॥
ਕੋਟਿ ਦਾਨ ਇਸਨਾਨੰ ਅਨਿਕ ਸੋਧਨ ਪਵਿਤ੍ਰਤਹ ॥

ਉਹਨਾਂ ਨੇ (ਮਾਨੋ) ਕ੍ਰੋੜਾਂ (ਰੁਪਏ) ਦਾਨ ਕਰ ਲਏ, ਕ੍ਰੋੜਾਂ ਵਾਰੀ ਤੀਰਥ-ਇਸ਼ਨਾਨ ਕਰ ਲਏ ਹਨ ਤੇ ਅਨੇਕਾਂ ਹੀ ਸੁੱਚ ਤੇ ਪਵਿਤ੍ਰਤਾ ਦੇ ਸਾਧਨ ਕਰ ਲਏ ਹਨ,

ਉਚਰੰਤਿ ਨਾਨਕ ਹਰਿ ਹਰਿ ਰਸਨਾ ਸਰਬ ਪਾਪ ਬਿਮੁਚਤੇ ॥੧॥

ਹੇ ਨਾਨਕ! ਜੋ ਮਨੁੱਖ ਜੀਭ ਨਾਲ ਪ੍ਰਭੂ ਦਾ ਨਾਮ ਉਚਾਰਦੇ ਹਨ। ਉਨ੍ਹਾਂ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ ॥੧॥

ਈਧਣੁ ਕੀਤੋਮੂ ਘਣਾ ਭੋਰੀ ਦਿਤੀਮੁ ਭਾਹਿ ॥

ਮੈਂ ਬਹੁਤ ਸਾਰਾ ਬਾਲਣ ਇਕੱਠਾ ਕੀਤਾ ਤੇ ਉਸ ਨੂੰ ਰਤਾ ਕੁ ਅੱਗ ਲਾ ਦਿੱਤੀ। (ਉਹ ਸਾਰਾ ਹੀ ਬਾਲਣ ਸੜ ਕੇ ਸੁਆਹ ਹੋ ਗਿਆ, ਇਸੇ ਤਰ੍ਹਾਂ)

ਮਨਿ ਵਸੰਦੜੋ ਸਚੁ ਸਹੁ ਨਾਨਕ ਹਭੇ ਡੁਖੜੇ ਉਲਾਹਿ ॥੨॥

ਹੇ ਨਾਨਕ! ਜੇ ਮਨ ਵਿਚ ਸੱਚਾ ਸਾਂਈ ਵੱਸ ਪਏ ਤਾਂ ਸਾਰੇ ਕੋਝੇ ਦੁੱਖ ਲਹਿ ਜਾਂਦੇ ਹਨ ॥੨॥


ਪਉੜੀ ॥
ਕੋਟਿ ਅਘਾ ਸਭਿ ਨਾਸ ਹੋਹਿ ਸਿਮਰਤ ਹਰਿ ਨਾਉ ॥

ਪ੍ਰਭੂ ਦਾ ਨਾਮ ਸਿਮਰਿਆਂ ਕ੍ਰੋੜਾਂ ਪਾਪ ਸਾਰੇ ਦੇ ਸਾਰੇ ਨਾਸ ਹੋ ਜਾਂਦੇ ਹਨ।

ਮਨ ਚਿੰਦੇ ਫਲ ਪਾਈਅਹਿ ਹਰਿ ਕੇ ਗੁਣ ਗਾਉ ॥

ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ ਮਨ-ਇੱਛਤ ਫਲ ਪਾਈਦੇ ਹਨ।

ਜਨਮ ਮਰਣ ਭੈ ਕਟੀਅਹਿ ਨਿਹਚਲ ਸਚੁ ਥਾਉ ॥

ਜੰਮਣ ਤੋਂ ਮਰਣ ਤਕ ਦੇ ਸਾਰੇ ਸਹਿਮ ਕੱਟੇ ਜਾਂਦੇ ਹਨ ਤੇ ਅਟੱਲ ਸੱਚੀ ਪਦਵੀ ਮਿਲ ਜਾਂਦੀ ਹੈ।

ਪੂਰਬਿ ਹੋਵੈ ਲਿਖਿਆ ਹਰਿ ਚਰਣ ਸਮਾਉ ॥

(ਪਰ) ਪ੍ਰਭੂ ਦੇ ਚਰਨਾਂ ਵਿਚ ਸਮਾਈ ਤਾਂ ਹੀ ਹੁੰਦੀ ਹੈ ਜੇ ਧੁਰੋਂ ਮੱਥੇ ਤੇ ਭਾਗ ਲਿਖਿਆ ਹੋਵੇ।

ਕਰਿ ਕਿਰਪਾ ਪ੍ਰਭ ਰਾਖਿ ਲੇਹੁ ਨਾਨਕ ਬਲਿ ਜਾਉ ॥੫॥

(ਇਸ ਵਾਸਤੇ) ਹੇ ਨਾਨਕ! (ਪ੍ਰਭੂ ਅੱਗੇ ਅਰਦਾਸ ਕਰ ਕਿ) ਹੇ ਪ੍ਰਭੂ! ਮੇਹਰ ਕਰ, ਮੈਨੂੰ (ਪਾਪਾਂ ਤੋਂ) ਬਚਾ ਲੈ, ਮੈਂ ਤੈਥੋਂ ਕੁਰਬਾਨ ਹਾਂ ॥੫॥


ਸਲੋਕ ॥
ਗ੍ਰਿਹ ਰਚਨਾ ਅਪਾਰੰ ਮਨਿ ਬਿਲਾਸ ਸੁਆਦੰ ਰਸਹ ॥

ਘਰ ਦੀਆਂ ਬੇਅੰਤ ਸਜਾਵਟਾਂ, ਮਨ ਵਿਚ ਚਾਉ ਮਲ੍ਹਾਰ, ਸੁਆਦਲੇ ਪਦਾਰਥਾਂ ਦੇ ਚਸਕੇ-(ਇਹਨਾਂ ਵਿਚ ਲੱਗ ਕੇ)

ਕਦਾਂਚ ਨਹ ਸਿਮਰੰਤਿ ਨਾਨਕ ਤੇ ਜੰਤ ਬਿਸਟਾ ਕ੍ਰਿਮਹ ॥੧॥

ਹੇ ਨਾਨਕ! ਜੋ ਮਨੁੱਖ ਕਦੇ ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਉਹ (ਮਾਨੋ) ਵਿਸ਼ਟੇ ਦੇ ਕੀੜੇ ਹਨ ॥੧॥

ਮੁਚੁ ਅਡੰਬਰੁ ਹਭੁ ਕਿਹੁ ਮੰਝਿ ਮੁਹਬਤਿ ਨੇਹ ॥

ਬੜੀ ਸਜ-ਧਜ ਹੋਵੇ, ਹਰੇਕ ਸ਼ੈ (ਮਿਲੀ) ਹੋਵੇ, ਹਿਰਦੇ ਵਿਚ (ਇਹਨਾਂ ਦੁਨੀਆਵੀ ਪਦਾਰਥਾਂ ਦੀ) ਮੁਹੱਬਤਿ ਤੇ ਖਿੱਚ ਹੋਵੇ-ਇਹਨਾਂ ਦੇ ਕਾਰਨ,

ਸੋ ਸਾਂਈ ਜੈਂ ਵਿਸਰੈ ਨਾਨਕ ਸੋ ਤਨੁ ਖੇਹ ॥੨॥

ਹੇ ਨਾਨਕ! ਜਿਸ ਨੂੰ ਸਾਈਂ (ਦੀ ਯਾਦ) ਭੁੱਲ ਗਈ ਹੈ ਉਹ ਸਰੀਰ (ਮਾਨੋ) ਸੁਆਹ (ਹੀ) ਹੈ ॥੨॥


ਪਉੜੀ ॥
ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ॥

ਜੇ ਸੋਹਣੀ ਸੇਜ ਮਿਲੀ ਹੋਵੇ, ਅਨੇਕਾਂ ਸੁਖ ਹੋਣ, ਸਭ ਕਿਸਮ ਦੇ ਸੁਆਦਲੇ ਭੋਗ ਭੋਗਣ ਨੂੰ ਹੋਣ।

ਗ੍ਰਿਹ ਸੋਇਨ ਚੰਦਨ ਸੁਗੰਧ ਲਾਇ ਮੋਤੀ ਹੀਰੇ ॥

ਜੇ ਮੋਤੀ ਹੀਰਿਆਂ ਨਾਲ ਜੁੜੇ ਹੋਏ ਸੋਨੇ ਦੇ ਘਰ ਹੋਣ ਜਿਨ੍ਹਾਂ ਵਿਚ ਚੰਦਨ ਦੀ ਸੁਗੰਧੀ ਹੋਵੇ।

ਮਨ ਇਛੇ ਸੁਖ ਮਾਣਦਾ ਕਿਛੁ ਨਾਹਿ ਵਿਸੂਰੇ ॥

ਜੇ ਮਨੁੱਖ ਮਨ-ਮੰਨੀਆਂ ਮੌਜਾਂ ਮਾਣਦਾ ਹੋਵੇ, ਤੇ ਕੋਈ ਚਿੰਤਾ ਝੌਰਾ ਨਾਹ ਹੋਵੇ,

ਸੋ ਪ੍ਰਭੁ ਚਿਤਿ ਨ ਆਵਈ ਵਿਸਟਾ ਕੇ ਕੀਰੇ ॥

(ਪਰ ਇਹ ਸਭ ਕੁਝ ਹੁੰਦਿਆਂ) ਜੇ (ਇਹ ਦਾਤਾਂ ਦੇਣ ਵਾਲਾ) ਉਹ ਪ੍ਰਭੂ ਮਨ ਵਿਚ ਯਾਦ ਨਹੀਂ ਹੈ ਤਾਂ (ਇਹ ਭੋਗ ਭੋਗਣ ਵਾਲਿਆਂ ਨੂੰ) ਗੰਦ ਦੇ ਕੀੜੇ ਜਾਣੋ,

ਬਿਨੁ ਹਰਿ ਨਾਮ ਨ ਸਾਂਤਿ ਹੋਇ ਕਿਤੁ ਬਿਧਿ ਮਨੁ ਧੀਰੇ ॥੬॥

(ਕਿਉਂਕਿ) ਪ੍ਰਭੂ ਦੇ ਨਾਮ ਤੋਂ ਬਿਨਾ ਸ਼ਾਂਤੀ ਨਹੀਂ ਮਿਲਦੀ, ਹੋਰ ਕਿਸੇ ਤਰ੍ਹਾਂ ਭੀ ਮਨ ਧੀਰਜ ਨਹੀਂ ਫੜਦਾ ॥੬॥


ਸਲੋਕ ॥
ਚਰਨ ਕਮਲ ਬਿਰਹੰ ਖੋਜੰਤ ਬੈਰਾਗੀ ਦਹ ਦਿਸਹ ॥

ਹੇ ਨਾਨਕ! ਪ੍ਰਭੂ ਦਾ ਪ੍ਰੇਮੀ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਜੁੜਨ ਦੀ ਖਿੱਚ ਵਿਚ ਦਸੀਂ ਪਾਸੀਂ ਭੌਂਦਾ ਹੈ,

ਤਿਆਗੰਤ ਕਪਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗਮਹ ॥੧॥

ਛਲ-ਰੂਪ ਮਾਇਆ (ਦਾ ਖਹਿੜਾ) ਛੱਡਦਾ ਹੈ ਤੇ (ਭਾਲਦਿਆਂ ਭਾਲਦਿਆਂ ਉਸ ਨੂੰ) ਆਨੰਦ-ਰੂਪ ਸਾਧ ਸੰਗਤਿ ਪ੍ਰਾਪਤ ਹੁੰਦੀ ਹੈ (ਜਿਥੇ ਉਸ ਨੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਨ ਦਾ ਅਵਸਰ ਮਿਲਦਾ ਹੈ) ॥੧॥

ਮਨਿ ਸਾਂਈ ਮੁਖਿ ਉਚਰਾ ਵਤਾ ਹਭੇ ਲੋਅ ॥

ਮੇਰੇ ਮਨ ਵਿਚ ਸਾਂਈ (ਦੀ ਯਾਦ) ਹੈ, ਮੈਂ ਮੂੰਹੋਂ ਉਸ ਦਾ ਨਾਮ ਉਚਾਰਦਾ ਹਾਂ ਤੇ ਸਾਰੇ ਜਗਤ ਵਿਚ ਚੱਕਰ ਲਾਉਂਦਾ ਹਾਂ (ਕਿ ਕਿਤੇ ਉਸ ਦੀ ਸਿਫ਼ਤਿ-ਸਾਲਾਹ ਸੁਣ ਸਕਾਂ)

ਨਾਨਕ ਹਭਿ ਅਡੰਬਰ ਕੂੜਿਆ ਸੁਣਿ ਜੀਵਾ ਸਚੀ ਸੋਇ ॥੨॥

ਹੇ ਨਾਨਕ! (ਜਗਤ ਵਾਲੇ) ਸਾਰੇ ਵਿਖਾਵੇ ਮੈਨੂੰ ਨਾਸਵੰਤ ਦਿੱਸ ਰਹੇ ਹਨ। ਉਸ ਦੀ ਸਦਾ-ਥਿਰ ਰਹਿਣ ਵਾਲੀ ਸੋਭਾ ਸੁਣ ਕੇ ਮੈਂ ਜੀਉ ਪੈਂਦਾ ਹਾਂ ॥੨॥


ਪਉੜੀ ॥
ਬਸਤਾ ਤੂਟੀ ਝੁੰਪੜੀ ਚੀਰ ਸਭਿ ਛਿੰਨਾ ॥

ਜੇ ਕੋਈ ਮਨੁੱਖ ਟੁੱਟੀ ਹੋਈ ਕੁੱਲੀ ਵਿਚ ਰਹਿੰਦਾ ਹੋਵੇ, ਉਸ ਦੇ ਕੱਪੜੇ ਸਾਰੇ ਪਾਟੇ ਹੋਏ ਹੋਣ,

ਜਾਤਿ ਨ ਪਤਿ ਨ ਆਦਰੋ ਉਦਿਆਨ ਭ੍ਰਮਿੰਨਾ ॥

ਨਾਹ ਉਸ ਦੀ ਉੱਚੀ ਜਾਤਿ ਹੋਵੇ, ਨਾਹ ਕੋਈ ਇੱਜ਼ਤ ਆਦਰ ਕਰਦਾ ਹੋਵੇ, ਤੇ ਉਹ ਉਜਾੜ ਵਿਚ ਭਟਕਦਾ ਹੋਵੇ (ਭਾਵ, ਕਿਤੇ ਇੱਜ਼ਤ ਆਦਰ ਨਾਹ ਹੋਣ ਕਰਕੇ ਉਸ ਦੇ ਭਾ ਦੀ ਹਰ ਪਾਸੇ ਉਜਾੜ ਹੀ ਹੋਵੇ)।

ਮਿਤ੍ਰ ਨ ਇਠ ਧਨ ਰੂਪਹੀਣ ਕਿਛੁ ਸਾਕੁ ਨ ਸਿੰਨਾ ॥

ਕੋਈ ਉਸ ਦਾ ਮਿਤ੍ਰ ਪਿਆਰਾ ਨਾਹ ਹੋਵੇ, ਨਾਹ ਧਨ ਹੀ ਹੋਵੇ, ਨਾਹ ਰੂਪ ਹੀ ਹੋਵੇ, ਤੇ ਕੋਈ ਸਾਕ ਸੈਣ ਭੀ ਨਾਹ ਹੋਵੇ,

ਰਾਜਾ ਸਗਲੀ ਸ੍ਰਿਸਟਿ ਕਾ ਹਰਿ ਨਾਮਿ ਮਨੁ ਭਿੰਨਾ ॥

(ਅਜੇਹਾ ਨਿਥਾਵਾਂ ਹੁੰਦਿਆਂ ਭੀ) ਜੇ ਉਸ ਦਾ ਮਨ ਪ੍ਰਭੂ ਦੇ ਨਾਮ ਵਿਚ ਭਿੱਜਾ ਹੋਇਆ ਹੈ ਤਾਂ ਉਸ ਨੂੰ ਸਾਰੀ ਧਰਤੀ ਦਾ ਰਾਜਾ ਸਮਝੋ।

ਤਿਸ ਕੀ ਧੂੜਿ ਮਨੁ ਉਧਰੈ ਪ੍ਰਭੁ ਹੋਇ ਸੁਪ੍ਰਸੰਨਾ ॥੭॥

ਉਸ ਮਨੁੱਖ ਦੇ ਚਰਨਾਂ ਦੀ ਧੂੜੀ ਲੈ ਕੇ ਮਨ ਵਿਕਾਰਾਂ ਤੋਂ ਬਚਦਾ ਹੈ ਅਤੇ ਪਰਮਾਤਮਾ ਪਰਸੰਨ ਹੁੰਦਾ ਹੈ ॥੭॥


ਸਲੋਕ ॥
ਅਨਿਕ ਲੀਲਾ ਰਾਜ ਰਸ ਰੂਪੰ ਛਤ੍ਰ ਚਮਰ ਤਖਤ ਆਸਨੰ ॥

ਅਨੇਕਾਂ ਚੋਜ ਤਮਾਸ਼ੇ, ਰਾਜ ਦੀਆਂ ਮੌਜਾਂ, ਸੁੰਦਰਤਾ, (ਸਿਰ ਤੇ) ਛਤਰ ਚਉਰ, ਤੇ ਬੈਠਣ ਨੂੰ ਸ਼ਾਹੀ ਤਖ਼ਤ-

ਰਚੰਤਿ ਮੂੜ ਅਗਿਆਨ ਅੰਧਹ ਨਾਨਕ ਸੁਪਨ ਮਨੋਰਥ ਮਾਇਆ ॥੧॥

ਇਹਨਾਂ ਪਦਾਰਥਾਂ ਵਿਚ, ਹੇ ਨਾਨਕ! ਅੰਨ੍ਹੇ ਮੂਰਖ ਅਗਿਆਨੀ ਬੰਦੇ ਹੀ ਮਸਤ ਹੁੰਦੇ ਹਨ, ਮਾਇਆ ਦੇ ਇਹ ਕੌਤਕ ਤਾਂ ਸੁਪਨੇ ਦੀਆਂ ਚੀਜ਼ਾਂ (ਸਮਾਨ) ਹਨ ॥੧॥

ਸੁਪਨੈ ਹਭਿ ਰੰਗ ਮਾਣਿਆ ਮਿਠਾ ਲਗੜਾ ਮੋਹੁ ॥

(ਇਹ ਇਉਂ ਹੈ ਜਿਵੇਂ) ਸੁਪਨੇ ਵਿਚ ਸਾਰੀਆਂ ਮੌਜਾਂ ਮਾਣੀਆਂ, ਉਹਨਾਂ ਦੇ ਮੋਹ ਨੇ ਖਿੱਚ ਪਾ ਲਈ (ਪਰ ਜਦੋਂ ਜਾਗ ਆਈ ਤਾਂ ਪੱਲੇ ਕੁਝ ਭੀ ਨਾਹ ਰਿਹਾ)

ਨਾਨਕ ਨਾਮ ਵਿਹੂਣੀਆ ਸੁੰਦਰਿ ਮਾਇਆ ਧ੍ਰੋਹੁ ॥੨॥

ਹੇ ਨਾਨਕ! ਜੇ ਪ੍ਰਭੂ ਦੇ ਨਾਮ ਤੋਂ ਵਾਂਜੇ ਰਹੇ ਤਾਂ ਸੋਹਣੀ ਮਾਇਆ ਧੋਖਾ ਹੀ ਹੈ ॥੨॥


ਪਉੜੀ ॥
ਸੁਪਨੇ ਸੇਤੀ ਚਿਤੁ ਮੂਰਖਿ ਲਾਇਆ ॥

ਮੂਰਖ ਮਨੁੱਖ ਨੇ ਸੁਪਨੇ ਨਾਲ ਪਿਆਰ ਪਾਇਆ ਹੋਇਆ ਹੈ।

ਬਿਸਰੇ ਰਾਜ ਰਸ ਭੋਗ ਜਾਗਤ ਭਖਲਾਇਆ ॥

ਇਸ ਰਾਜ ਤੇ ਰਸਾਂ ਦੇ ਭੋਗਾਂ ਵਿਚ ਪ੍ਰਭੂ ਨੂੰ ਵਿਸਾਰ ਕੇ ਜਾਗਦਾ ਹੀ ਬਰੜਾ ਰਿਹਾ ਹੈ।

ਆਰਜਾ ਗਈ ਵਿਹਾਇ ਧੰਧੈ ਧਾਇਆ ॥

ਦੁਨੀਆ ਦੇ ਧੰਧੇ ਵਿਚ ਭਟਕਦੇ ਦੀ ਸਾਰੀ ਹੀ ਉਮਰ ਬੀਤ ਜਾਂਦੀ ਹੈ,

ਪੂਰਨ ਭਏ ਨ ਕਾਮ ਮੋਹਿਆ ਮਾਇਆ ॥

ਪਰ ਮਾਇਆ ਵਿਚ ਮੋਹੇ ਹੋਏ ਦੇ ਕੰਮ ਮੁੱਕਣ ਵਿਚ ਨਹੀਂ ਆਉਂਦੇ।

ਕਿਆ ਵੇਚਾਰਾ ਜੰਤੁ ਜਾ ਆਪਿ ਭੁਲਾਇਆ ॥੮॥

ਵਿਚਾਰੇ ਜੀਵ ਦੇ ਭੀ ਕੀ ਵੱਸ? ਉਸ ਪ੍ਰਭੂ ਨੇ ਆਪ ਹੀ ਇਸ ਨੂੰ ਭੁਲੇਖੇ ਵਿਚ ਪਾਇਆ ਹੋਇਆ ਹੈ ॥੮॥


ਸਲੋਕ ॥
ਬਸੰਤਿ ਸ੍ਵਰਗ ਲੋਕਹ ਜਿਤਤੇ ਪ੍ਰਿਥਵੀ ਨਵ ਖੰਡਣਹ ॥

ਜੇ ਸੁਰਗ ਵਰਗੇ ਦੇਸ ਵਿਚ ਵੱਸਦੇ ਹੋਣ, ਜੇ ਸਾਰੀ ਧਰਤੀ ਨੂੰ ਜਿੱਤ ਲੈਣ,

ਬਿਸਰੰਤ ਹਰਿ ਗੋਪਾਲਹ ਨਾਨਕ ਤੇ ਪ੍ਰਾਣੀ ਉਦਿਆਨ ਭਰਮਣਹ ॥੧॥

ਪਰ, ਹੇ ਨਾਨਕ! ਜੇ ਜਗਤ ਦੇ ਰੱਖਕ ਪ੍ਰਭੂ ਨੂੰ ਵਿਸਾਰ ਦੇਣ, ਤਾਂ ਉਹ ਮਨੁੱਖ (ਮਾਨੋ) ਜੰਗਲ ਵਿਚ ਭਟਕ ਰਹੇ ਹਨ ॥੧॥

ਕਉਤਕ ਕੋਡ ਤਮਾਸਿਆ ਚਿਤਿ ਨ ਆਵਸੁ ਨਾਉ ॥

ਜਗਤ ਦੇ ਕ੍ਰੋੜਾਂ ਚੋਜ ਤਮਾਸ਼ਿਆਂ ਦੇ ਕਾਰਨ ਜੇ ਪ੍ਰਭੂ ਦਾ ਨਾਮ ਚਿੱਤ ਵਿਚ (ਯਾਦ) ਨਾਹ ਰਹੇ,

ਨਾਨਕ ਕੋੜੀ ਨਰਕ ਬਰਾਬਰੇ ਉਜੜੁ ਸੋਈ ਥਾਉ ॥੨॥

ਤਾਂ ਹੇ ਨਾਨਕ! ਉਹ ਥਾਂ ਉਜਾੜ ਸਮਝੋ, ਉਹ ਥਾਂ ਭਿਆਨਕ ਨਰਕ ਦੇ ਬਰਾਬਰ ਹੈ ॥੨॥


ਪਉੜੀ ॥
ਮਹਾ ਭਇਆਨ ਉਦਿਆਨ ਨਗਰ ਕਰਿ ਮਾਨਿਆ ॥

ਬੜੇ ਡਰਾਉਣੇ ਜੰਗਲ ਨੂੰ ਜੀਵਾਂ ਨੇ ਸ਼ਹਿਰ ਕਰ ਕੇ ਮੰਨ ਲਿਆ ਹੈ,

ਝੂਠ ਸਮਗ੍ਰੀ ਪੇਖਿ ਸਚੁ ਕਰਿ ਜਾਨਿਆ ॥

ਇਹਨਾਂ ਨਾਸਵੰਤ ਪਦਾਰਥਾਂ ਨੂੰ ਵੇਖ ਕੇ ਸਦਾ ਟਿਕੇ ਰਹਿਣ ਵਾਲੇ ਸਮਝ ਲਿਆ ਹੈ।

ਕਾਮ ਕ੍ਰੋਧਿ ਅਹੰਕਾਰਿ ਫਿਰਹਿ ਦੇਵਾਨਿਆ ॥

(ਇਸ ਵਾਸਤੇ ਇਹਨਾਂ ਦੀ ਖ਼ਾਤਰ) ਕਾਮ ਵਿਚ ਕ੍ਰੋਧ ਵਿਚ ਅਹੰਕਾਰ ਵਿਚ ਝੱਲੇ ਹੋਏ ਫਿਰਦੇ ਹਨ,

ਸਿਰਿ ਲਗਾ ਜਮ ਡੰਡੁ ਤਾ ਪਛੁਤਾਨਿਆ ॥

ਜਦੋਂ ਮੌਤ ਦਾ ਡੰਡਾ ਸਿਰ ਤੇ ਆ ਵੱਜਦਾ ਹੈ, ਤਦੋਂ ਪਛੁਤਾਉਂਦੇ ਹਨ।

ਬਿਨੁ ਪੂਰੇ ਗੁਰਦੇਵ ਫਿਰੈ ਸੈਤਾਨਿਆ ॥੯॥

(ਹੇ ਭਾਈ! ਮਨੁੱਖ) ਪੂਰੇ ਗੁਰੂ ਦੀ ਸਰਨ ਤੋਂ ਬਿਨਾ ਸ਼ੈਤਾਨ ਵਾਂਗ ਫਿਰਦਾ ਹੈ ॥੯॥


ਸਲੋਕ ॥
ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤਹ ॥

ਹੇ ਨਾਨਕ! ਇਹ ਰਾਜ ਰੂਪ ਧਨ ਤੇ (ਉੱਚੀ) ਕੁਲ ਦਾ ਮਾਣ-ਸਭ ਛਲ-ਰੂਪ ਹੈ।

ਸੰਚੰਤਿ ਬਿਖਿਆ ਛਲੰ ਛਿਦ੍ਰੰ ਨਾਨਕ ਬਿਨੁ ਹਰਿ ਸੰਗਿ ਨ ਚਾਲਤੇ ॥੧॥

ਜੀਵ ਛਲ ਕਰ ਕੇ ਦੂਜਿਆਂ ਤੇ ਦੂਸ਼ਣ ਲਾ ਲਾ ਕੇ (ਕਈ ਢੰਗਾਂ ਨਾਲ) ਮਾਇਆ ਜੋੜਦੇ ਹਨ, ਪਰ ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਭੀ ਚੀਜ਼ ਏਥੋਂ ਨਾਲ ਨਹੀਂ ਜਾਂਦੀ ॥੧॥

ਪੇਖੰਦੜੋ ਕੀ ਭੁਲੁ ਤੁੰਮਾ ਦਿਸਮੁ ਸੋਹਣਾ ॥

ਤੁੰਮਾ ਵੇਖਣ ਨੂੰ ਮੈਨੂੰ ਸੋਹਣਾ ਦਿੱਸਿਆ। ਕੀ ਇਹ ਉਕਾਈ ਲੱਗ ਗਈ?

ਅਢੁ ਨ ਲਹੰਦੜੋ ਮੁਲੁ ਨਾਨਕ ਸਾਥਿ ਨ ਜੁਲਈ ਮਾਇਆ ॥੨॥

ਇਸ ਦਾ ਤਾਂ ਅੱਧੀ ਕੌਡੀ ਭੀ ਮੁੱਲ ਨਹੀਂ ਮਿਲਦਾ। ਹੇ ਨਾਨਕ! (ਇਹੀ ਹਾਲ ਮਾਇਆ ਦਾ ਹੈ, ਜੀਵ ਦੇ ਭਾ ਦੀ ਤਾਂ ਇਹ ਭੀ ਕੌਡੀ ਮੁੱਲ ਦੀ ਨਹੀਂ ਹੁੰਦੀ ਕਿਉਂਕਿ ਏਥੋਂ ਤੁਰਨ ਵੇਲੇ) ਇਹ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ ॥੨॥


ਪਉੜੀ ॥
ਚਲਦਿਆ ਨਾਲਿ ਨ ਚਲੈ ਸੋ ਕਿਉ ਸੰਜੀਐ ॥

ਉਸ ਮਾਇਆ ਨੂੰ ਇਕੱਠੀ ਕਰਨ ਦਾ ਕੀ ਲਾਭ, ਜੋ (ਜਗਤ ਤੋਂ ਤੁਰਨ ਵੇਲੇ) ਨਾਲ ਨਹੀਂ ਜਾਂਦੀ,

ਤਿਸ ਕਾ ਕਹੁ ਕਿਆ ਜਤਨੁ ਜਿਸ ਤੇ ਵੰਜੀਐ ॥

ਜਿਸ ਤੋਂ ਆਖ਼ਰ ਵਿਛੁੜ ਹੀ ਜਾਣਾ ਹੈ, ਉਸ ਦੀ ਖ਼ਾਤਰ ਦੱਸੋ ਕੀਹ ਜਤਨ ਕਰਨਾ ਹੋਇਆ?

ਹਰਿ ਬਿਸਰਿਐ ਕਿਉ ਤ੍ਰਿਪਤਾਵੈ ਨਾ ਮਨੁ ਰੰਜੀਐ ॥

ਪ੍ਰਭੂ ਨੂੰ ਵਿਸਾਰਿਆਂ (ਨਿਰੀ ਮਾਇਆ ਨਾਲ) ਰੱਜੀਦਾ ਭੀ ਨਹੀਂ ਤੇ ਨਾਹ ਹੀ ਮਨ ਪ੍ਰਸੰਨ ਹੁੰਦਾ ਹੈ।

ਪ੍ਰਭੂ ਛੋਡਿ ਅਨ ਲਾਗੈ ਨਰਕਿ ਸਮੰਜੀਐ ॥

ਪਰਮਾਤਮਾ ਨੂੰ ਛੱਡ ਕੇ ਜੇ ਮਨ ਹੋਰ ਪਾਸੇ ਲਗਾਇਆਂ ਨਰਕ ਵਿੱਚ ਸਮਾਈਦਾ ਹੈ।

ਹੋਹੁ ਕ੍ਰਿਪਾਲ ਦਇਆਲ ਨਾਨਕ ਭਉ ਭੰਜੀਐ ॥੧੦॥

ਹੇ ਪ੍ਰਭੂ! ਕਿਰਪਾ ਕਰ, ਦਇਆ ਕਰ, ਨਾਨਕ ਦਾ ਸਹਿਮ ਦੂਰ ਕਰ ਦੇਹ ॥੧੦॥


ਸਲੋਕ ॥
ਨਚ ਰਾਜ ਸੁਖ ਮਿਸਟੰ ਨਚ ਭੋਗ ਰਸ ਮਿਸਟੰ ਨਚ ਮਿਸਟੰ ਸੁਖ ਮਾਇਆ ॥

ਨਾਹ ਹੀ ਰਾਜ ਦੇ ਸੁਖ, ਨਾਹ ਹੀ ਭੋਗਾਂ ਦੇ ਚਸਕੇ ਅਤੇ ਨਾਹ ਹੀ ਮਾਇਆ ਦੀਆਂ ਮੌਜਾਂ-ਇਹ ਕੋਈ ਭੀ ਸੁਆਦਲੇ ਨਹੀਂ ਹਨ,

ਮਿਸਟੰ ਸਾਧਸੰਗਿ ਹਰਿ ਨਾਨਕ ਦਾਸ ਮਿਸਟੰ ਪ੍ਰਭ ਦਰਸਨੰ ॥੧॥

ਹੇ ਨਾਨਕ! ਸਤਸੰਗ ਵਿਚੋਂ (ਮਿਲਿਆ) ਪ੍ਰਭੂ ਦਾ ਨਾਮ ਮਿੱਠਾ ਹੈ ਤੇ ਸੇਵਕਾਂ ਨੂੰ ਪ੍ਰਭੂ ਦਾ ਦੀਦਾਰ ਮਿੱਠਾ ਲੱਗਦਾ ਹੈ ॥੧॥

ਲਗੜਾ ਸੋ ਨੇਹੁ ਮੰਨ ਮਝਾਹੂ ਰਤਿਆ ॥

ਜਿਸ ਮਨੁੱਖ ਨੂੰ ਉਹ ਪਿਆਰ ਲੱਗ ਜਾਏ ਜਿਸ ਨਾਲ ਅੰਦਰੋਂ ਮਨ (ਪ੍ਰਭੂ ਦੇ ਨਾਲ) ਰੰਗਿਆ ਜਾਏ,

ਵਿਧੜੋ ਸਚ ਥੋਕਿ ਨਾਨਕ ਮਿਠੜਾ ਸੋ ਧਣੀ ॥੨॥

ਤੇ ਜਿਸ ਦਾ ਮਨ ਸੱਚੇ ਨਾਮ-ਰੂਪ ਪਦਾਰਥ (ਭਾਵ, ਮੋਤੀ) ਨਾਲ ਪ੍ਰੋਤਾ ਜਾਏ, ਹੇ ਨਾਨਕ! ਉਸ ਮਨੁੱਖ ਨੂੰ ਮਾਲਕ ਪ੍ਰਭੂ ਪਿਆਰਾ ਲੱਗਦਾ ਹੈ ॥੨॥


ਪਉੜੀ ॥
ਹਰਿ ਬਿਨੁ ਕਛੂ ਨ ਲਾਗਈ ਭਗਤਨ ਕਉ ਮੀਠਾ ॥

ਪਰਮਾਤਮਾ (ਦੇ ਨਾਮ) ਤੋਂ ਬਿਨਾ ਭਗਤਾਂ ਨੂੰ ਹੋਰ ਕੋਈ ਚੀਜ਼ ਮਿੱਠੀ ਨਹੀਂ ਲੱਗਦੀ।

ਆਨ ਸੁਆਦ ਸਭਿ ਫੀਕਿਆ ਕਰਿ ਨਿਰਨਉ ਡੀਠਾ ॥

ਉਹਨਾਂ ਨੇ ਖੋਜ ਕੇ ਵੇਖ ਲਿਆ ਹੈ ਕਿ (ਨਾਮ ਤੋਂ ਬਿਨਾ) ਹੋਰ ਸਾਰੇ ਸੁਆਦ ਫਿੱਕੇ ਹਨ।

ਅਗਿਆਨੁ ਭਰਮੁ ਦੁਖੁ ਕਟਿਆ ਗੁਰ ਭਏ ਬਸੀਠਾ ॥

ਸਤਿਗੁਰੂ (ਉਹਨਾਂ ਵਾਸਤੇ) ਵਕੀਲ ਬਣਿਆ ਤੇ (ਪ੍ਰਭੂ ਨੂੰ ਮਿਲਣ ਕਰ ਕੇ ਉਹਨਾਂ ਦਾ) ਅਗਿਆਨ ਭਟਕਣਾ ਤੇ ਦੁੱਖ ਸਭ ਕੁਝ ਦੂਰ ਹੋ ਗਿਆ ਹੈ।

ਚਰਨ ਕਮਲ ਮਨੁ ਬੇਧਿਆ ਜਿਉ ਰੰਗੁ ਮਜੀਠਾ ॥

ਜਿਵੇਂ ਮਜੀਠ ਨਾਲ (ਕੱਪੜੇ ਤੇ ਪੱਕਾ) ਰੰਗ ਚੜ੍ਹਦਾ ਹੈ, ਤਿਵੇਂ ਉਹਨਾਂ ਦਾ ਮਨ ਪ੍ਰਭੂ ਦੇ ਸੋਹਣੇ ਚਰਨਾਂ ਵਿਚ (ਪੱਕੀ ਤਰ੍ਹਾਂ) ਵਿੱਝ ਜਾਂਦਾ ਹੈ।

ਜੀਉ ਪ੍ਰਾਣ ਤਨੁ ਮਨੁ ਪ੍ਰਭੂ ਬਿਨਸੇ ਸਭਿ ਝੂਠਾ ॥੧੧॥

ਪ੍ਰਭੂ ਹੀ ਉਹਨਾਂ ਦੀ ਜਿੰਦ ਪ੍ਰਾਣ ਹੈ ਤੇ ਤਨ ਮਨ ਹੈ, ਹੋਰ ਨਾਸਵੰਤ ਪਿਆਰ ਉਹਨਾਂ ਦੇ ਅੰਦਰੋਂ ਨਾਸ ਹੋ ਗਏ ਹਨ ॥੧੧॥


ਸਲੋਕ ॥
ਤਿਅਕਤ ਜਲੰ ਨਹ ਜੀਵ ਮੀਨੰ ਨਹ ਤਿਆਗਿ ਚਾਤ੍ਰਿਕ ਮੇਘ ਮੰਡਲਹ ॥

ਪਾਣੀ ਨੂੰ ਛੱਡ ਕੇ ਮੱਛੀ ਜੀਊ ਨਹੀਂ ਸਕਦੀ, ਬੱਦਲਾਂ ਦੇ ਦੇਸ ਨੂੰ ਛੱਡ ਕੇ ਪਪੀਹਾ ਨਹੀਂ ਜੀਊ ਸਕਦਾ,

ਬਾਣ ਬੇਧੰਚ ਕੁਰੰਕ ਨਾਦੰ ਅਲਿ ਬੰਧਨ ਕੁਸਮ ਬਾਸਨਹ ॥

ਹਰਨ ਰਾਗ ਦੇ ਤੀਰ ਨਾਲ ਵਿੰਨ੍ਹਿਆ ਜਾਂਦਾ ਹੈ ਤੇ ਫੁੱਲਾਂ ਦੀ ਸੁਗੰਧੀ ਭੌਰੇ ਦੇ ਬੱਝਣ ਦਾ ਕਾਰਨ ਬਣ ਜਾਂਦੀ ਹੈ।

ਚਰਨ ਕਮਲ ਰਚੰਤਿ ਸੰਤਹ ਨਾਨਕ ਆਨ ਨ ਰੁਚਤੇ ॥੧॥

ਇਸੇ ਤਰ੍ਹਾਂ, ਹੇ ਨਾਨਕ! ਸੰਤ ਪ੍ਰਭੂ ਦੇ ਚਰਨ ਕਮਲਾਂ ਵਿਚ ਮਸਤ ਰਹਿੰਦੇ ਹਨ, ਪ੍ਰਭੂ-ਚਰਨਾਂ ਤੋਂ ਬਿਨਾ ਉਹਨਾਂ ਨੂੰ ਹੋਰ ਕੁਝ ਨਹੀਂ ਭਾਉਂਦਾ ॥੧॥

ਮੁਖੁ ਡੇਖਾਊ ਪਲਕ ਛਡਿ ਆਨ ਨ ਡੇਊ ਚਿਤੁ ॥

ਜੇ ਇਕ ਪਲਕ ਮਾਤ੍ਰ ਹੀ ਮੈਂ ਤੇਰਾ ਮੁਖ ਵੇਖ ਲਵਾਂ, ਤਾਂ ਤੈਨੂੰ ਛੱਡ ਕੇ ਮੈਂ ਕਿਸੇ ਹੋਰ ਪਾਸੇ ਚਿੱਤ (ਦੀ ਪ੍ਰੀਤ) ਨਾਹ ਜੋੜਾਂ।

ਜੀਵਣ ਸੰਗਮੁ ਤਿਸੁ ਧਣੀ ਹਰਿ ਨਾਨਕ ਸੰਤਾਂ ਮਿਤੁ ॥੨॥

ਹੇ ਨਾਨਕ! ਜੀਊਣ ਦਾ ਜੋੜ ਉਸ ਮਾਲਕ-ਪ੍ਰਭੂ ਨਾਲ ਹੀ ਹੋ ਸਕਦਾ ਹੈ, ਉਹ ਪ੍ਰਭੂ ਸੰਤਾਂ ਦਾ ਮਿੱਤਰ ਹੈ ॥੨॥


ਪਉੜੀ ॥
ਜਿਉ ਮਛੁਲੀ ਬਿਨੁ ਪਾਣੀਐ ਕਿਉ ਜੀਵਣੁ ਪਾਵੈ ॥

ਜਿਵੇਂ ਮੱਛੀ ਪਾਣੀ ਤੋਂ ਬਿਨਾ ਜੀਊ ਨਹੀਂ ਸਕਦੀ,

ਬੂੰਦ ਵਿਹੂਣਾ ਚਾਤ੍ਰਿਕੋ ਕਿਉ ਕਰਿ ਤ੍ਰਿਪਤਾਵੈ ॥

ਜਿਵੇਂ ਮੀਂਹ ਦੀ ਕਣੀ ਤੋਂ ਬਿਨਾ ਪਪੀਹਾ ਰੱਜ ਨਹੀਂ ਸਕਦਾ,

ਨਾਦ ਕੁਰੰਕਹਿ ਬੇਧਿਆ ਸਨਮੁਖ ਉਠਿ ਧਾਵੈ ॥

ਜਿਵੇਂ, (ਘੰਡੇਹੇੜੇ ਦੀ) ਆਵਾਜ਼ ਹਰਨ ਨੂੰ ਮੋਹ ਲੈਂਦੀ ਹੈ, ਉਹ ਓਧਰ ਹੀ ਉੱਠ ਦੌੜਦਾ ਹੈ,

ਭਵਰੁ ਲੋਭੀ ਕੁਸਮ ਬਾਸੁ ਕਾ ਮਿਲਿ ਆਪੁ ਬੰਧਾਵੈ ॥

ਜਿਵੇਂ, ਭੌਰਾ ਫੁੱਲ ਦੀ ਸੁਗੰਧੀ ਦਾ ਆਸ਼ਕ ਹੁੰਦਾ ਹੈ, (ਫੁੱਲ ਨਾਲ) ਮਿਲ ਕੇ ਆਪਣੇ ਆਪ ਨੂੰ ਫਸਾ ਲੈਂਦਾ ਹੈ।

ਤਿਉ ਸੰਤ ਜਨਾ ਹਰਿ ਪ੍ਰੀਤਿ ਹੈ ਦੇਖਿ ਦਰਸੁ ਅਘਾਵੈ ॥੧੨॥

ਤਿਵੇਂ, ਸੰਤਾਂ ਨੂੰ ਪ੍ਰਭੂ ਨਾਲ ਪ੍ਰੇਮ ਹੁੰਦਾ ਹੈ, ਪ੍ਰਭੂ ਦਾ ਦੀਦਾਰ ਕਰ ਕੇ ਉਹ ਰੱਜ ਜਾਂਦੇ ਹਨ ॥੧੨॥


ਸਲੋਕ ॥
ਚਿਤਵੰਤਿ ਚਰਨ ਕਮਲੰ ਸਾਸਿ ਸਾਸਿ ਅਰਾਧਨਹ ॥

ਜੋ ਮਨੁੱਖ ਪ੍ਰਭੂ ਦੇ ਚਰਨ ਕਮਲਾਂ ਦਾ ਧਿਆਨ ਧਰਦੇ ਹਨ ਤੇ ਸੁਆਸ ਸੁਆਸ ਉਸ ਦਾ ਸਿਮਰਨ ਕਰਦੇ ਹਨ,

ਨਹ ਬਿਸਰੰਤਿ ਨਾਮ ਅਚੁਤ ਨਾਨਕ ਆਸ ਪੂਰਨ ਪਰਮੇਸੁਰਹ ॥੧॥

ਜੋ ਅਬਿਨਾਸੀ ਪ੍ਰਭੂ ਦਾ ਨਾਮ ਕਦੇ ਭੁਲਾਉਂਦੇ ਨਹੀਂ, ਹੇ ਨਾਨਕ! ਪਰਮੇਸਰ ਉਹਨਾਂ ਦੀਆਂ ਆਸਾਂ ਪੂਰੀਆਂ ਕਰਦਾ ਹੈ ॥੧॥

ਸੀਤੜਾ ਮੰਨ ਮੰਝਾਹਿ ਪਲਕ ਨ ਥੀਵੈ ਬਾਹਰਾ ॥

ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪ੍ਰਭੂ (ਸਦਾ) ਪ੍ਰੋਤਾ ਰਹਿੰਦਾ ਹੈ, ਜਿਨ੍ਹਾਂ ਤੋਂ ਇਕ ਖਿਨ ਲਈ ਭੀ ਜੁਦਾ ਨਹੀਂ ਹੁੰਦਾ,

ਨਾਨਕ ਆਸੜੀ ਨਿਬਾਹਿ ਸਦਾ ਪੇਖੰਦੋ ਸਚੁ ਧਣੀ ॥੨॥

ਹੇ ਨਾਨਕ! ਉਹਨਾਂ ਦੀਆਂ ਉਹ ਸੱਚਾ ਮਾਲਕ ਆਸਾਂ ਪੂਰੀਆਂ ਕਰਦਾ ਹੈ ਤੇ ਸਦਾ ਉਹਨਾਂ ਦੀ ਸੰਭਾਲ ਕਰਦਾ ਹੈ ॥੨॥


ਪਉੜੀ ॥
ਆਸਾਵੰਤੀ ਆਸ ਗੁਸਾਈ ਪੂਰੀਐ ॥

ਹੇ ਧਰਤੀ ਦੇ ਖਸਮ! ਮੈਂ ਆਸਵੰਤ ਦੀ ਆਸ ਪੂਰੀ ਕਰ,

ਮਿਲਿ ਗੋਪਾਲ ਗੋਬਿੰਦ ਨ ਕਬਹੂ ਝੂਰੀਐ ॥

ਹੇ ਧਰਤੀ ਦੇ ਰੱਖਕ! ਹੇ ਗੋਬਿੰਦ! ਮੈਨੂੰ ਮਿਲ, ਤਾਕਿ ਮੈਂ ਕਦੇ ਤੌਖ਼ਲੇ ਨਾਹ ਕਰਾਂ।

ਦੇਹੁ ਦਰਸੁ ਮਨਿ ਚਾਉ ਲਹਿ ਜਾਹਿ ਵਿਸੂਰੀਐ ॥

ਮੇਰੇ ਮਨ ਵਿਚ ਖਿੱਚ ਹੈ, ਮੈਨੂੰ ਦੀਦਾਰ ਦੇਹ ਤੇ ਮੇਰੇ ਝੋਰੇ ਮਿਟ ਜਾਣ।

ਹੋਇ ਪਵਿਤ੍ਰ ਸਰੀਰੁ ਚਰਨਾ ਧੂਰੀਐ ॥

ਤੇਰੇ ਪੈਰਾਂ ਦੀ ਖ਼ਾਕ ਨਾਲ ਮੇਰਾ ਸਰੀਰ ਪਵਿੱਤ੍ਰ ਹੋ ਜਾਏ।

ਪਾਰਬ੍ਰਹਮ ਗੁਰਦੇਵ ਸਦਾ ਹਜੂਰੀਐ ॥੧੩॥

ਹੇ ਪ੍ਰਭੂ! ਹੇ ਗੁਰਦੇਵ! (ਮੇਹਰ ਕਰ) ਮੈਂ ਸਦਾ ਤੇਰੀ ਹਜ਼ੂਰੀ ਵਿਚ ਰਹਾਂ ॥੧੩॥


ਸਲੋਕ ॥
ਰਸਨਾ ਉਚਰੰਤਿ ਨਾਮੰ ਸ੍ਰਵਣੰ ਸੁਨੰਤਿ ਸਬਦ ਅੰਮ੍ਰਿਤਹ ॥

ਜੋ ਮਨੁੱਖ ਜੀਭ ਨਾਲ ਪਾਰਬ੍ਰਹਮ ਦਾ ਨਾਮ ਉਚਾਰਦੇ ਹਨ, ਜੋ ਕੰਨਾਂ ਨਾਲ ਸਿਫ਼ਤਿ-ਸਾਲਾਹ ਦੀ ਪਵਿਤ੍ਰ ਬਾਣੀ ਸੁਣਦੇ ਹਨ,

ਨਾਨਕ ਤਿਨ ਸਦ ਬਲਿਹਾਰੰ ਜਿਨਾ ਧਿਆਨੁ ਪਾਰਬ੍ਰਹਮਣਹ ॥੧॥

ਤੇ ਜੋ ਪਾਰਬ੍ਰਹਮ ਦਾ ਧਿਆਨ (ਧਰਦੇ ਹਨ) ਹੇ ਨਾਨਕ! ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਹਾਂ ॥੧॥

ਹਭਿ ਕੂੜਾਵੇ ਕੰਮ ਇਕਸੁ ਸਾਈ ਬਾਹਰੇ ॥

ਇਕ ਖਸਮ-ਪ੍ਰਭੂ ਦੀ ਯਾਦ ਤੋਂ ਬਿਨਾ ਹੋਰ ਸਾਰੇ ਹੀ ਕੰਮ ਵਿਅਰਥ ਹਨ।

ਨਾਨਕ ਸੇਈ ਧੰਨੁ ਜਿਨਾ ਪਿਰਹੜੀ ਸਚ ਸਿਉ ॥੨॥

ਹੇ ਨਾਨਕ! ਸਿਰਫ਼ ਉਹੀ ਬੰਦੇ ਭਾਗਾਂ ਵਾਲੇ ਹਨ, ਜਿਨ੍ਹਾਂ ਦਾ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨਾਲ ਪਿਆਰ ਹੈ ॥੨॥


ਪਉੜੀ ॥
ਸਦ ਬਲਿਹਾਰੀ ਤਿਨਾ ਜਿ ਸੁਨਤੇ ਹਰਿ ਕਥਾ ॥

ਮੈਂ ਉਹਨਾਂ ਬੰਦਿਆਂ ਤੋਂ ਸਦਾ ਕੁਰਬਾਨ ਜਾਂਦਾ ਹਾਂ ਜੋ ਪ੍ਰਭੂ ਦੀਆਂ ਗੱਲਾਂ ਸੁਣਦੇ ਹਨ।

ਪੂਰੇ ਤੇ ਪਰਧਾਨ ਨਿਵਾਵਹਿ ਪ੍ਰਭ ਮਥਾ ॥

ਉਹ ਮਨੁੱਖ ਸਭ ਗੁਣਾਂ ਵਾਲੇ ਤੇ ਸਭ ਤੋਂ ਚੰਗੇ ਹਨ ਜੋ ਪ੍ਰਭੂ ਅੱਗੇ ਸਿਰ ਨਿਵਾਉਂਦੇ ਹਨ।

ਹਰਿ ਜਸੁ ਲਿਖਹਿ ਬੇਅੰਤ ਸੋਹਹਿ ਸੇ ਹਥਾ ॥

(ਉਹਨਾਂ ਦੇ) ਉਹ ਹੱਥ ਸੋਹਣੇ ਲੱਗਦੇ ਹਨ ਜੋ ਬੇਅੰਤ ਪ੍ਰਭੂ ਦੀ ਸਿਫ਼ਤਿ-ਸਾਲਾਹ ਲਿਖਦੇ ਹਨ।

ਚਰਨ ਪੁਨੀਤ ਪਵਿਤ੍ਰ ਚਾਲਹਿ ਪ੍ਰਭ ਪਥਾ ॥

ਉਹ ਪੈਰ ਪਵਿੱਤ੍ਰ ਹਨ ਜੋ ਪ੍ਰਭੂ ਦੇ ਰਾਹ ਤੇ ਤੁਰਦੇ ਹਨ।

ਸੰਤਾਂ ਸੰਗਿ ਉਧਾਰੁ ਸਗਲਾ ਦੁਖੁ ਲਥਾ ॥੧੪॥

(ਅਜੇਹੇ) ਸੰਤਾਂ ਦੀ ਸੰਗਤਿ ਵਿਚ (ਦੁੱਖ ਵਿਕਾਰਾਂ ਤੋਂ) ਬਚਾਉ ਹੋ ਜਾਂਦਾ ਹੈ, ਸਾਰਾ ਦੁੱਖ ਦੂਰ ਹੋ ਜਾਂਦਾ ਹੈ ॥੧੪॥


ਸਲੋਕੁ ॥
ਭਾਵੀ ਉਦੋਤ ਕਰਣੰ ਹਰਿ ਰਮਣੰ ਸੰਜੋਗ ਪੂਰਨਹ ॥

ਜਦੋਂ ਪੂਰਨ ਸੰਜੋਗਾਂ ਨਾਲ ਮੱਥੇ ਦੇ ਲਿਖੇ ਲੇਖ ਉੱਘੜਦੇ ਹਨ, ਪ੍ਰਭੂ ਦਾ ਸਿਮਰਨ ਕਰੀਦਾ ਹੈ,

ਗੋਪਾਲ ਦਰਸ ਭੇਟੰ ਸਫਲ ਨਾਨਕ ਸੋ ਮਹੂਰਤਹ ॥੧॥

ਹੇ ਨਾਨਕ! ਉਹ ਘੜੀ ਬਰਕਤਿ ਵਾਲੀ ਹੁੰਦੀ ਹੈ ਜਦੋਂ ਗੋਪਾਲ ਹਰੀ ਦਾ ਦੀਦਾਰ ਹੁੰਦਾ ਹੈ ॥੧॥

ਕੀਮ ਨ ਸਕਾ ਪਾਇ ਸੁਖ ਮਿਤੀ ਹੂ ਬਾਹਰੇ ॥

ਇਤਨੇ ਅਮਿਣਵੇਂ ਸੁਖ ਪ੍ਰਭੂ ਦੇਂਦਾ ਹੈ ਕਿ ਮੈਂ ਉਹਨਾਂ ਦਾ ਮੁੱਲ ਨਹੀਂ ਪਾ ਸਕਦਾ,

ਨਾਨਕ ਸਾ ਵੇਲੜੀ ਪਰਵਾਣੁ ਜਿਤੁ ਮਿਲੰਦੜੋ ਮਾ ਪਿਰੀ ॥੨॥

(ਪਰ) ਹੇ ਨਾਨਕ! ਉਹੀ ਸੁਲੱਖਣੀ ਘੜੀ ਕਬੂਲ ਪੈਂਦੀ ਹੈ ਜਦੋਂ ਆਪਣਾ ਪਿਆਰਾ ਪ੍ਰਭੂ ਮਿਲ ਪਏ ॥੨॥


ਪਉੜੀ ॥
ਸਾ ਵੇਲਾ ਕਹੁ ਕਉਣੁ ਹੈ ਜਿਤੁ ਪ੍ਰਭ ਕਉ ਪਾਈ ॥

(ਰੱਬ ਕਰਕੇ) ਉਹ ਵੇਲਾ ਛੇਤੀ ਆਵੇ ਜਦੋਂ ਮੈਂ ਪ੍ਰਭੂ ਨੂੰ ਮਿਲਾਂ।

ਸੋ ਮੂਰਤੁ ਭਲਾ ਸੰਜੋਗੁ ਹੈ ਜਿਤੁ ਮਿਲੈ ਗੁਸਾਈ ॥

ਉਹ ਮੁਹੂਰਤ, ਉਹ ਮਿਲਣ ਦਾ ਸਮਾਂ ਭਾਗਾਂ ਵਾਲਾ ਹੁੰਦਾ ਹੈ, ਜਦੋਂ ਧਰਤੀ ਦਾ ਸਾਂਈ ਮਿਲਦਾ ਹੈ।

ਆਠ ਪਹਰ ਹਰਿ ਧਿਆਇ ਕੈ ਮਨ ਇਛ ਪੁਜਾਈ ॥

(ਮੇਹਰ ਕਰ) ਅੱਠੇ ਪਹਿਰ ਪ੍ਰਭੂ ਨੂੰ ਸਿਮਰ ਕੇ ਮੈਂ ਆਪਣੇ ਮਨ ਦੀ ਚਾਹ ਪੂਰੀ ਕਰਾਂ।

ਵਡੈ ਭਾਗਿ ਸਤਸੰਗੁ ਹੋਇ ਨਿਵਿ ਲਾਗਾ ਪਾਈ ॥

ਚੰਗੀ ਕਿਸਮਤਿ ਨਾਲ ਸਤਸੰਗ ਮਿਲ ਜਾਏ ਤੇ ਮੈਂ ਨਿਊਂ ਨਿਊਂ ਕੇ (ਸਤ ਸੰਗੀਆਂ ਦੇ) ਪੈਰੀਂ ਲੱਗਾਂ।

ਮਨਿ ਦਰਸਨ ਕੀ ਪਿਆਸ ਹੈ ਨਾਨਕ ਬਲਿ ਜਾਈ ॥੧੫॥

ਮੇਰੇ ਮਨ ਵਿਚ (ਪ੍ਰਭੂ ਦੇ) ਦਰਸਨ ਦੀ ਤ੍ਰੇਹ ਹੈ। ਹੇ ਨਾਨਕ! (ਆਖ) ਮੈਂ (ਸਤਸੰਗੀਆਂ ਤੋਂ) ਸਦਕੇ ਜਾਂਦਾ ਹਾਂ ॥੧੫॥


ਸਲੋਕ ॥
ਪਤਿਤ ਪੁਨੀਤ ਗੋਬਿੰਦਹ ਸਰਬ ਦੋਖ ਨਿਵਾਰਣਹ ॥

ਗੋਬਿੰਦ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲਾ ਹੈ। (ਪਾਪੀਆਂ ਦੇ) ਸਾਰੇ ਐਬ ਦੂਰ ਕਰਨ ਵਾਲਾ ਹੈ।

ਸਰਣਿ ਸੂਰ ਭਗਵਾਨਹ ਜਪੰਤਿ ਨਾਨਕ ਹਰਿ ਹਰਿ ਹਰੇ ॥੧॥

ਹੇ ਨਾਨਕ! ਜੋ ਮਨੁੱਖ ਉਸ ਪ੍ਰਭੂ ਨੂੰ ਜਪਦੇ ਹਨ, ਭਗਵਾਨ ਉਹਨਾਂ ਸਰਨ ਆਇਆਂ ਦੀ ਲਾਜ ਰੱਖਣ ਦੇ ਸਮਰੱਥ ਹੈ ॥੧॥

ਛਡਿਓ ਹਭੁ ਆਪੁ ਲਗੜੋ ਚਰਣਾ ਪਾਸਿ ॥

ਜਿਸ ਮਨੁੱਖ ਨੇ ਸਾਰਾ ਆਪਾ-ਭਾਵ ਮਿਟਾ ਦਿੱਤਾ, ਜੋ ਮਨੁੱਖ ਪ੍ਰਭੂ ਦੇ ਚਰਨਾਂ ਨਾਲ ਜੁੜਿਆ ਰਿਹਾ,

ਨਠੜੋ ਦੁਖ ਤਾਪੁ ਨਾਨਕ ਪ੍ਰਭੁ ਪੇਖੰਦਿਆ ॥੨॥

ਹੇ ਨਾਨਕ! ਪ੍ਰਭੂ ਦਾ ਦੀਦਾਰ ਕਰਨ ਨਾਲ ਉਸ ਦੇ ਸਾਰੇ ਦੁੱਖ ਕਲੇਸ਼ ਨਾਸ ਹੋ ਜਾਂਦੇ ਹਨ ॥੨॥


ਪਉੜੀ ॥
ਮੇਲਿ ਲੈਹੁ ਦਇਆਲ ਢਹਿ ਪਏ ਦੁਆਰਿਆ ॥

ਹੇ ਦਿਆਲ! ਮੈਂ ਤੇਰੇ ਦਰ ਤੇ ਆ ਡਿੱਗਾ ਹਾਂ, ਮੈਨੂੰ (ਆਪਣੇ ਚਰਨਾਂ ਵਿਚ) ਜੋੜ ਲੈ।

ਰਖਿ ਲੇਵਹੁ ਦੀਨ ਦਇਆਲ ਭ੍ਰਮਤ ਬਹੁ ਹਾਰਿਆ ॥

ਹੇ ਦੀਨਾਂ ਤੇ ਦਇਆ ਕਰਨ ਵਾਲੇ! ਮੈਨੂੰ ਰੱਖ ਲੈ, ਮੈਂ ਭਟਕਦਾ ਭਟਕਦਾ ਹੁਣ ਬੜਾ ਥੱਕ ਗਿਆ ਹਾਂ।

ਭਗਤਿ ਵਛਲੁ ਤੇਰਾ ਬਿਰਦੁ ਹਰਿ ਪਤਿਤ ਉਧਾਰਿਆ ॥

ਭਗਤੀ ਨੂੰ ਪਿਆਰ ਕਰਨਾ ਤੇ ਡਿੱਗਿਆਂ ਨੂੰ ਬਚਾਉਣਾ-ਇਹ ਤੇਰਾ ਮੁੱਢ ਕਦੀਮਾਂ ਦਾ ਸੁਭਾਉ ਹੈ।

ਤੁਝ ਬਿਨੁ ਨਾਹੀ ਕੋਇ ਬਿਨਉ ਮੋਹਿ ਸਾਰਿਆ ॥

ਹੇ ਪ੍ਰਭੂ! ਤੈਥੋਂ ਬਿਨਾ ਹੋਰ ਕੋਈ ਨਹੀਂ ਜੋ ਮੇਰੀ ਇਸ ਬੇਨਤੀ ਨੂੰ ਸਿਰੇ ਚਾੜ੍ਹ ਸਕੇ।

ਕਰੁ ਗਹਿ ਲੇਹੁ ਦਇਆਲ ਸਾਗਰ ਸੰਸਾਰਿਆ ॥੧੬॥

ਹੇ ਦਿਆਲ! ਮੇਰਾ ਹੱਥ ਫੜ ਲੈ (ਤੇ ਮੈਨੂੰ) ਸੰਸਾਰ-ਸਮੁੰਦਰ ਵਿਚੋਂ (ਬਚਾ ਲੈ) ॥੧੬॥


ਸਲੋਕ ॥
ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥

ਜੋ ਸੰਤ ਜਨ ਗੋਪਾਲ-ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਦਿਆਲ ਪ੍ਰਭੂ ਉਹਨਾਂ ਸੰਤਾਂ ਨੂੰ (ਮਾਇਆ ਦੀ ਤਪਸ਼ ਤੋਂ) ਬਚਾ ਲੈਂਦਾ ਹੈ,

ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥

ਉਹਨਾਂ ਸੰਤਾਂ ਦੀ ਸੰਗਤਿ ਕੀਤਿਆਂ ਪਵਿਤ੍ਰ ਹੋ ਜਾਈਦਾ ਹੈ। ਹੇ ਨਾਨਕ! (ਤੂੰ ਭੀ ਅਜੇਹੇ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਪਰਮੇਸਰ ਦਾ ਪੱਲਾ ਫੜ ॥੧॥

ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ॥

ਭਾਵੇਂ ਚੰਦਨ (ਦਾ ਲੇਪ ਕੀਤਾ) ਹੋਵੇ ਚਾਹੇ ਚੰਦ੍ਰਮਾ (ਦੀ ਚਾਨਣੀ) ਹੋਵੇ, ਤੇ ਭਾਵੇਂ ਠੰਢੀ ਰੁੱਤ ਹੋਵੇ-ਇਹਨਾਂ ਦੀ ਰਾਹੀਂ ਮਨ ਦੀ ਤਪਸ਼ ਉੱਕਾ ਹੀ ਮਿਟ ਨਹੀਂ ਸਕਦੀ।

ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ ॥੨॥

ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆਂ ਹੀ ਮਨੁੱਖ (ਦਾ ਮਨ) ਸ਼ਾਂਤ ਹੁੰਦਾ ਹੈ ॥੨॥


ਪਉੜੀ ॥
ਚਰਨ ਕਮਲ ਕੀ ਓਟ ਉਧਰੇ ਸਗਲ ਜਨ ॥

ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਜੀਵ (ਦੁਨੀਆ ਦੀ ਤਪਸ਼ ਤੋਂ) ਬਚ ਜਾਂਦੇ ਹਨ।

ਸੁਣਿ ਪਰਤਾਪੁ ਗੋਵਿੰਦ ਨਿਰਭਉ ਭਏ ਮਨ ॥

ਗੋਬਿੰਦ ਦੀ ਵਡਿਆਈ ਸੁਣ ਕੇ (ਬੰਦਗੀ ਵਾਲਿਆਂ ਦੇ) ਮਨ ਨਿਡਰ ਹੋ ਜਾਂਦੇ ਹਨ।

ਤੋਟਿ ਨ ਆਵੈ ਮੂਲਿ ਸੰਚਿਆ ਨਾਮੁ ਧਨ ॥

ਉਹ ਪ੍ਰਭੂ ਦਾ ਨਾਮ-ਧਨ ਇਕੱਠਾ ਕਰਦੇ ਹਨ ਤੇ ਉਸ ਧਨ ਵਿਚ ਕਦੇ ਘਾਟਾ ਨਹੀਂ ਪੈਂਦਾ।

ਸੰਤ ਜਨਾ ਸਿਉ ਸੰਗੁ ਪਾਈਐ ਵਡੈ ਪੁਨ ॥

ਅਜੇਹੇ ਗੁਰਮੁਖਾਂ ਦੀ ਸੰਗਤਿ ਬੜੇ ਭਾਗਾਂ ਨਾਲ ਮਿਲਦੀ ਹੈ,

ਆਠ ਪਹਰ ਹਰਿ ਧਿਆਇ ਹਰਿ ਜਸੁ ਨਿਤ ਸੁਨ ॥੧੭॥

ਇਹ ਸੰਤ ਜਨ ਅੱਠੇ ਪਹਿਰ ਪ੍ਰਭੂ ਨੂੰ ਸਿਮਰਦੇ ਹਨ ਤੇ ਸਦਾ ਪ੍ਰਭੂ ਦਾ ਜਸ ਸੁਣਦੇ ਹਨ ॥੧੭॥


ਸਲੋਕ ॥
ਦਇਆ ਕਰਣੰ ਦੁਖ ਹਰਣੰ ਉਚਰਣੰ ਨਾਮ ਕੀਰਤਨਹ ॥

ਹੇ ਨਾਨਕ! ਜੇ ਮਨੁੱਖ ਦਿਆਲ ਸਰਬ-ਵਿਆਪੀ ਭਗਵਾਨ ਦੇ ਨਾਮ ਦੀ ਵਡਿਆਈ ਕਰੇ,

ਦਇਆਲ ਪੁਰਖ ਭਗਵਾਨਹ ਨਾਨਕ ਲਿਪਤ ਨ ਮਾਇਆ ॥੧॥

ਤਾਂ ਪ੍ਰਭੂ ਮੇਹਰ ਕਰਦਾ ਹੈ, ਉਸ ਦੇ ਦੁੱਖਾਂ ਦਾ ਨਾਸ ਕਰਦਾ ਹੈ ਤੇ ਉਹ ਮਨੁੱਖ ਮਾਇਆ ਦੇ ਮੋਹ ਵਿਚ ਨਹੀਂ ਫਸਦਾ ॥੧॥

ਭਾਹਿ ਬਲੰਦੜੀ ਬੁਝਿ ਗਈ ਰਖੰਦੜੋ ਪ੍ਰਭੁ ਆਪਿ ॥

ਉਹ ਪ੍ਰਭੂ (ਸਿਮਰਨ ਕੀਤਿਆਂ) ਆਪ ਜੀਵ ਦਾ ਰਾਖਾ ਬਣਦਾ ਹੈ ਤੇ ਉਸ ਦੇ ਅੰਦਰ ਦੀ ਬਲਦੀ (ਤ੍ਰਿਸਨਾ ਦੀ) ਅੱਗ ਬੁੱਝ ਜਾਂਦੀ ਹੈ।

ਜਿਨਿ ਉਪਾਈ ਮੇਦਨੀ ਨਾਨਕ ਸੋ ਪ੍ਰਭੁ ਜਾਪਿ ॥੨॥

ਹੇ ਨਾਨਕ! ਜਿਸ ਪ੍ਰਭੂ ਨੇ ਸਾਰੀ ਸ੍ਰਿਸ਼ਟੀ ਰਚੀ ਹੈ ਉਸ ਦਾ ਸਿਮਰਨ ਕਰ ॥੨॥


ਪਉੜੀ ॥
ਜਾ ਪ੍ਰਭ ਭਏ ਦਇਆਲ ਨ ਬਿਆਪੈ ਮਾਇਆ ॥

ਜਦੋਂ (ਜੀਵ ਉੱਤੇ) ਪ੍ਰਭੂ ਜੀ ਮੇਹਰਬਾਨ ਹੋਣ ਤਾਂ ਮਾਇਆ ਜ਼ੋਰ ਨਹੀਂ ਪਾ ਸਕਦੀ।

ਕੋਟਿ ਅਘਾ ਗਏ ਨਾਸ ਹਰਿ ਇਕੁ ਧਿਆਇਆ ॥

ਇਕ ਪ੍ਰਭੂ ਨੂੰ ਸਿਮਰਿਆਂ ਕਰੋੜਾਂ ਹੀ ਪਾਪ ਨਾਸ ਹੋ ਜਾਂਦੇ ਹਨ।

ਨਿਰਮਲ ਭਏ ਸਰੀਰ ਜਨ ਧੂਰੀ ਨਾਇਆ ॥

ਸਿਮਰਨ ਕਰਨ ਵਾਲੇ ਬੰਦਿਆਂ ਦੀ ਚਰਨ-ਧੂੜ ਵਿਚ ਨ੍ਹਾਤਿਆਂ ਸਰੀਰ ਪਵਿਤ੍ਰ ਹੋ ਜਾਂਦੇ ਹਨ।

ਮਨ ਤਨ ਭਏ ਸੰਤੋਖ ਪੂਰਨ ਪ੍ਰਭੁ ਪਾਇਆ ॥

(ਸੰਤਾਂ ਦੀ ਸੰਗਤਿ ਵਿਚ) ਪੂਰਨ ਪ੍ਰਭੂ ਮਿਲ ਪੈਂਦਾ ਹੈ ਤੇ ਮਨ ਤੇ ਤਨ ਦੋਹਾਂ ਨੂੰ ਸੰਤੋਖ ਪ੍ਰਾਪਤ ਹੁੰਦਾ ਹੈ।

ਤਰੇ ਕੁਟੰਬ ਸੰਗਿ ਲੋਗ ਕੁਲ ਸਬਾਇਆ ॥੧੮॥

ਅਜੇਹੇ ਮਨੁੱਖਾਂ ਦੀ ਸੰਗਤਿ ਵਿਚ ਉਹਨਾਂ ਦੇ ਪਰਵਾਰ ਦੇ ਲੋਕ ਤੇ ਸਾਰੀਆਂ ਕੁਲਾਂ ਤਰ ਜਾਂਦੀਆਂ ਹਨ ॥੧੮॥


ਸਲੋਕ ॥
ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣਹ ॥

ਗੁਰੂ ਗੋਬਿੰਦ-ਰੂਪ ਹੈ, ਗੋਪਾਲ-ਰੂਪ ਹੈ, ਸਰਬ-ਵਿਆਪਕ ਨਾਰਾਇਣ ਦਾ ਰੂਪ ਹੈ।

ਗੁਰ ਦਇਆਲ ਸਮਰਥ ਗੁਰ ਗੁਰ ਨਾਨਕ ਪਤਿਤ ਉਧਾਰਣਹ ॥੧॥

ਗੁਰੂ ਦਇਆ ਦਾ ਘਰ ਹੈ, ਸਮਰੱਥਾ ਵਾਲਾ ਹੈ ਤੇ ਹੇ ਨਾਨਕ! ਵਿਕਾਰੀਆਂ ਨੂੰ ਭੀ ਤਾਰਨਹਾਰ ਹੈ ॥੧॥

ਭਉਜਲੁ ਬਿਖਮੁ ਅਸਗਾਹੁ ਗੁਰਿ ਬੋਹਿਥੈ ਤਾਰਿਅਮੁ ॥

ਸੰਸਾਰ-ਸਮੁੰਦਰ ਬੜਾ ਭਿਆਨਕ ਤੇ ਅਥਾਹ ਹੈ, ਪਰ ਗੁਰੂ-ਜਹਾਜ਼ ਨੇ ਮੈਨੂੰ ਇਸ ਵਿਚੋਂ ਬਚਾ ਲਿਆ ਹੈ।

ਨਾਨਕ ਪੂਰ ਕਰੰਮ ਸਤਿਗੁਰ ਚਰਣੀ ਲਗਿਆ ॥੨॥

ਹੇ ਨਾਨਕ! ਜੋ ਮਨੁੱਖ ਸਤਿਗੁਰੂ ਦੀ ਚਰਨੀਂ ਲੱਗਦੇ ਹਨ, ਉਹਨਾਂ ਦੇ ਚੰਗੇ ਭਾਗ ਹੁੰਦੇ ਹਨ ॥੨॥


ਪਉੜੀ ॥
ਧੰਨੁ ਧੰਨੁ ਗੁਰਦੇਵ ਜਿਸੁ ਸੰਗਿ ਹਰਿ ਜਪੇ ॥

ਸਦਕੇ ਹਾਂ ਗੁਰੂ ਤੋਂ ਜਿਸ ਦੀ ਸੰਗਤਿ ਵਿਚ ਰਿਹਾਂ ਪ੍ਰਭੂ ਦਾ ਭਜਨ ਕੀਤਾ ਜਾ ਸਕਦਾ ਹੈ,

ਗੁਰ ਕ੍ਰਿਪਾਲ ਜਬ ਭਏ ਤ ਅਵਗੁਣ ਸਭਿ ਛਪੇ ॥

ਜਦੋਂ ਸਤਿਗੁਰੂ ਮੇਹਰਬਾਨ ਹੁੰਦਾ ਹੈ ਤਾਂ ਸਾਰੇ ਔਗੁਣ ਦੂਰ ਹੋ ਜਾਂਦੇ ਹਨ,

ਪਾਰਬ੍ਰਹਮ ਗੁਰਦੇਵ ਨੀਚਹੁ ਉਚ ਥਪੇ ॥

ਪ੍ਰਭੂ ਦਾ ਰੂਪ ਗੁਰੂ ਨੀਵਿਆਂ ਤੋਂ ਉੱਚੇ ਕਰ ਦੇਂਦਾ ਹੈ।

ਕਾਟਿ ਸਿਲਕ ਦੁਖ ਮਾਇਆ ਕਰਿ ਲੀਨੇ ਅਪ ਦਸੇ ॥

ਮਾਇਆ ਦੇ ਦੁਖਾਂ ਦੀ ਫਾਹੀ ਕੱਟ ਕੇ ਆਪਣੇ ਸੇਵਕ ਬਣਾ ਲੈਂਦਾ ਹੈ,

ਗੁਣ ਗਾਏ ਬੇਅੰਤ ਰਸਨਾ ਹਰਿ ਜਸੇ ॥੧੯॥

(ਗੁਰੂ ਦੀ ਸੰਗਤਿ ਵਿਚ ਰਿਹਾਂ) ਜੀਭ ਨਾਲ ਬੇਅੰਤ ਪ੍ਰਭੂ ਦੇ ਗੁਣ ਗਾ ਸਕੀਦੇ ਹਨ, ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਸਕੀਦੀ ਹੈ ॥੧੯॥


ਸਲੋਕ ॥
ਦ੍ਰਿਸਟੰਤ ਏਕੋ ਸੁਨੀਅੰਤ ਏਕੋ ਵਰਤੰਤ ਏਕੋ ਨਰਹਰਹ ॥

ਉਹਨਾਂ ਨੂੰ ਹਰ ਥਾਂ ਉਹ ਖ਼ਲਕਤਿ ਦਾ ਸਾਈਂ ਹੀ ਦਿੱਸਦਾ ਹੈ, ਸੁਣੀਦਾ ਹੈ, ਵਿਆਪਕ ਜਾਪਦਾ ਹੈ,

ਨਾਮ ਦਾਨੁ ਜਾਚੰਤਿ ਨਾਨਕ ਦਇਆਲ ਪੁਰਖ ਕ੍ਰਿਪਾ ਕਰਹ ॥੧॥

ਹੇ ਨਾਨਕ! ਜਿਨ੍ਹਾਂ ਉਤੇ ਦਿਆਲ ਪ੍ਰਭੂ ਮੇਹਰ ਕਰਦਾ ਹੈ। ਉਹ ਉਸ ਪਾਸੋਂ ਬੰਦਗੀ ਦਾ ਖ਼ੈਰ ਮੰਗਦੇ ਹਨ ॥੧॥

ਹਿਕੁ ਸੇਵੀ ਹਿਕੁ ਸੰਮਲਾ ਹਰਿ ਇਕਸੁ ਪਹਿ ਅਰਦਾਸਿ ॥

ਮੇਰੀ ਇਕ ਪ੍ਰਭੂ ਦੇ ਪਾਸ ਹੀ ਅਰਜ਼ੋਈ ਹੈ ਕਿ ਮੈਂ ਪ੍ਰਭੂ ਨੂੰ ਹੀ ਸਿਮਰਾਂ ਤੇ ਪ੍ਰਭੂ ਨੂੰ ਹੀ ਹਿਰਦੇ ਵਿਚ ਸੰਭਾਲ ਰੱਖਾਂ।

ਨਾਮ ਵਖਰੁ ਧਨੁ ਸੰਚਿਆ ਨਾਨਕ ਸਚੀ ਰਾਸਿ ॥੨॥

ਹੇ ਨਾਨਕ! ਜਿਨ੍ਹਾਂ ਬੰਦਿਆਂ ਨੇ ਨਾਮ-ਰੂਪ ਸੌਦਾ ਨਾਮ-ਰੂਪ ਧਨ ਜੋੜਿਆ ਹੈ, ਉਹਨਾਂ ਦੀ ਇਹ ਪੂੰਜੀ ਸਦਾ ਹੀ ਕਾਇਮ ਰਹਿੰਦੀ ਹੈ ॥੨॥


ਪਉੜੀ ॥
ਪ੍ਰਭ ਦਇਆਲ ਬੇਅੰਤ ਪੂਰਨ ਇਕੁ ਏਹੁ ॥

ਸਿਰਫ਼ ਇਹ ਦਿਆਲ ਤੇ ਬੇਅੰਤ ਪ੍ਰਭੂ ਹੀ ਹਰ ਥਾਂ ਮੌਜੂਦ ਹੈ, ਉਹ ਆਪ ਹੀ ਆਪ ਸਭ ਕੁਝ ਹੈ,

ਸਭੁ ਕਿਛੁ ਆਪੇ ਆਪਿ ਦੂਜਾ ਕਹਾ ਕੇਹੁ ॥

ਹੋਰ ਦੂਜਾ ਕੇਹੜਾ ਦੱਸਾਂ (ਜੇ ਉਸ ਵਰਗਾ ਹੋਵੇ)?

ਆਪਿ ਕਰਹੁ ਪ੍ਰਭ ਦਾਨੁ ਆਪੇ ਆਪਿ ਲੇਹੁ ॥

ਹੇ ਪ੍ਰਭੂ! ਤੂੰ ਆਪ ਹੀ ਦਾਨ ਕਰਨ ਵਾਲਾ ਹੈਂ ਤੇ ਆਪ ਹੀ ਉਹ ਦਾਨ ਲੈਣ ਵਾਲਾ ਹੈਂ।

ਆਵਣ ਜਾਣਾ ਹੁਕਮੁ ਸਭੁ ਨਿਹਚਲੁ ਤੁਧੁ ਥੇਹੁ ॥

(ਜੀਵਾਂ ਦਾ) ਜੰਮਣਾ ਤੇ ਮਰਨਾ-ਇਹ ਤੇਰਾ ਹੁਕਮ ਹੈ (ਭਾਵ, ਤੇਰੀ ਖੇਡ ਹੈ), ਤੇਰਾ ਆਪਣਾ ਟਿਕਾਣਾ ਸਦਾ ਅਟੱਲ ਹੈ।

ਨਾਨਕੁ ਮੰਗੈ ਦਾਨੁ ਕਰਿ ਕਿਰਪਾ ਨਾਮੁ ਦੇਹੁ ॥੨੦॥੧॥

ਨਾਨਕ (ਤੈਥੋਂ) ਖ਼ੈਰ ਮੰਗਦਾ ਹੈ, ਮੇਹਰ ਕਰ ਤੇ ਨਾਮ ਬਖ਼ਸ਼ ॥੨੦॥੧॥


ਜੈਤਸਰੀ ਬਾਣੀ ਭਗਤਾ ਕੀ ॥
ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਨਾਥ ਕਛੂਅ ਨ ਜਾਨਉ ॥

ਹੇ ਪ੍ਰਭੂ! ਮੇਰੀ ਇਸ ਅੱਗੇ (ਹੁਣ) ਕੋਈ ਪੇਸ਼ ਨਹੀਂ ਜਾਂਦੀ।

ਮਨੁ ਮਾਇਆ ਕੈ ਹਾਥਿ ਬਿਕਾਨਉ ॥੧॥ ਰਹਾਉ ॥

ਮੈਂ ਆਪਣਾ ਮਨ ਮਾਇਆ ਦੇ ਹੱਥ ਵੇਚ ਚੁਕਿਆ ਹਾਂ ॥੧॥ ਰਹਾਉ ॥

ਤੁਮ ਕਹੀਅਤ ਹੌ ਜਗਤ ਗੁਰ ਸੁਆਮੀ ॥

ਹੇ ਨਾਥ! ਤੂੰ ਜਗਤ ਦਾ ਖਸਮ ਅਖਵਾਉਂਦਾ ਹੈਂ,

ਹਮ ਕਹੀਅਤ ਕਲਿਜੁਗ ਕੇ ਕਾਮੀ ॥੧॥

ਅਸੀਂ ਕਲਜੁਗੀ ਵਿਸ਼ਈ ਜੀਵ ਹਾਂ (ਮੇਰੀ ਸਹਾਇਤਾ ਕਰ) ॥੧॥

ਇਨ ਪੰਚਨ ਮੇਰੋ ਮਨੁ ਜੁ ਬਿਗਾਰਿਓ ॥

(ਕਾਮਾਦਿਕ) ਇਹਨਾਂ ਪੰਜਾਂ ਨੇ ਹੀ ਮੇਰਾ ਮਨ ਇਤਨਾ ਵਿਗਾੜ ਦਿੱਤਾ ਹੈ,

ਪਲੁ ਪਲੁ ਹਰਿ ਜੀ ਤੇ ਅੰਤਰੁ ਪਾਰਿਓ ॥੨॥

ਕਿ ਹਰ ਦਮ ਮੇਰੀ ਪਰਮਾਤਮਾ ਨਾਲੋਂ ਵਿੱਥ ਪਵਾ ਰਹੇ ਹਨ ॥੨॥

ਜਤ ਦੇਖਉ ਤਤ ਦੁਖ ਕੀ ਰਾਸੀ ॥

(ਇਹਨਾਂ ਨੇ ਜਗਤ ਨੂੰ ਬੜਾ ਖ਼ੁਆਰ ਕੀਤਾ ਹੈ) ਮੈਂ ਜਿੱਧਰ ਵੇਖਦਾ ਹਾਂ, ਉੱਧਰ ਦੁੱਖਾਂ ਦੀ ਰਾਸਿ-ਪੂੰਜੀ ਬਣੀ ਪਈ ਹੈ।

ਅਜੌਂ ਨ ਪੜ੍ਹਾਇ ਨਿਗਮ ਭਏ ਸਾਖੀ ॥੩॥

ਇਹ ਵੇਖ ਕੇ ਭੀ (ਕਿ ਵਿਕਾਰਾਂ ਦਾ ਸਿੱਟਾ ਹੈ ਦੁੱਖ) ਮੇਰਾ ਮਨ ਮੰਨਿਆ ਨਹੀਂ, ਵੇਦਾਦਿਕ ਧਰਮ-ਪੁਸਤਕ ਭੀ (ਸਾਖੀਆਂ ਦੀ ਰਾਹੀਂ) ਇਹੀ ਗਵਾਹੀ ਦੇ ਰਹੇ ਹਨ ॥੩॥

ਗੋਤਮ ਨਾਰਿ ਉਮਾਪਤਿ ਸ੍ਵਾਮੀ ॥

ਗੌਤਮ ਦੀ ਵਹੁਟੀ ਅਹੱਲਿਆ, ਪਾਰਵਤੀ ਦਾ ਪਤੀ ਸ਼ਿਵ,

ਸੀਸੁ ਧਰਨਿ ਸਹਸ ਭਗ ਗਾਂਮੀ ॥੪॥

ਬ੍ਰਹਮਾ, ਹਜ਼ਾਰ ਭਗਾਂ ਦੇ ਚਿੰਨ੍ਹ ਵਾਲਾ ਇੰਦਰ-(ਇਹਨਾਂ ਸਭਨਾਂ ਨੂੰ ਇਹਨਾਂ ਪੰਜਾਂ ਨੇ ਹੀ ਖ਼ੁਆਰ ਕੀਤਾ) ॥੪॥

ਇਨ ਦੂਤਨ ਖਲੁ ਬਧੁ ਕਰਿ ਮਾਰਿਓ ॥

ਇਹਨਾਂ ਚੰਦ੍ਰਿਆਂ ਨੇ (ਮੇਰੇ) ਮੂਰਖ (ਮਨ) ਨੂੰ ਬੁਰੀ ਤਰ੍ਹਾਂ ਮਾਰ ਕੀਤੀ ਹੈ,

ਬਡੋ ਨਿਲਾਜੁ ਅਜਹੂ ਨਹੀ ਹਾਰਿਓ ॥੫॥

ਪਰ ਇਹ ਮਨ ਬੜਾ ਬੇ-ਸ਼ਰਮ ਹੈ, ਅਜੇ ਭੀ ਵਿਕਾਰਾਂ ਵਲੋਂ ਮੁੜਿਆ ਨਹੀਂ ॥੫॥

ਕਹਿ ਰਵਿਦਾਸ ਕਹਾ ਕੈਸੇ ਕੀਜੈ ॥

ਰਵਿਦਾਸ ਆਖਦਾ ਹੈ-ਹੋਰ ਕਿੱਥੇ ਜਾਵਾਂ? ਹੋਰ ਕੀਹ ਕਰਾਂ?

ਬਿਨੁ ਰਘੁਨਾਥ ਸਰਨਿ ਕਾ ਕੀ ਲੀਜੈ ॥੬॥੧॥

(ਇਹਨਾਂ ਵਿਕਾਰਾਂ ਤੋਂ ਬਚਣ ਲਈ) ਪਰਮਾਤਮਾ ਤੋਂ ਬਿਨਾ ਹੋਰ ਕਿਸੇ ਦਾ ਆਸਰਾ ਲਿਆ ਨਹੀਂ ਜਾ ਸਕਦਾ ॥੬॥੧॥

Raag Jaitsiri Bani