ਰਾਗ ਬਿਹਾਗੜਾ – ਬਾਣੀ ਸ਼ਬਦ-Raag Bihagra – Bani

ਰਾਗ ਬਿਹਾਗੜਾ – ਬਾਣੀ ਸ਼ਬਦ-Raag Bihagra – Bani

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਵਿਆਪਕ ਉਸ ਦੀ ਵਿਅਕਤੀ। ਉਹ ਨਿੱਡਰ, ਨਿਰਵੈਰ, ਅਮਰ ਉਸ ਦੀ ਹਸਤੀ ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਰਾਗੁ ਬਿਹਾਗੜਾ ਚਉਪਦੇ ਮਹਲਾ ੫ ਘਰੁ ੨ ॥

ਰਾਗ ਬਿਹਾਗੜਾ ਚਉਪਦੇ ਪੰਜਵੀਂ ਪਾਤਸ਼ਾਹੀ।

ਦੂਤਨ ਸੰਗਰੀਆ ॥

ਕੱਟੜ ਵੈਰੀਆਂ ਦਾ ਮੇਲ-ਮਿਲਾਪ,

ਭੁਇਅੰਗਨਿ ਬਸਰੀਆ ॥

ਨਾਗਾ ਦੇ ਨਲ ਵਸਣਾ ਹੈ।

ਅਨਿਕ ਉਪਰੀਆ ॥੧॥

ਉਨ੍ਹਾਂ ਨੂੰ ਪਰੇ ਹਟਾਉਣ ਲਈ ਮੈਂ ਘਨੇਰੇ ਉਪਰਾਲੇ ਕੀਤੇ।

ਤਉ ਮੈ ਹਰਿ ਹਰਿ ਕਰੀਆ ॥

ਤਦ ਮੈਂ ਵਾਹਿਗੁਰੂ ਦੇ ਨਾਮ ਦਾ ਜਾਪ ਕੀਤਾ।

ਤਉ ਸੁਖ, ਸਹਜਰੀਆ ॥੧॥ ਰਹਾਉ ॥

ਇਸ ਲਈ ਮੈਨੂੰ ਆਰਾਮ ਅਤੇ ਅਡੋਲਤਾ ਪ੍ਰਾਪਤ ਹੋ ਗਏ। ਠਹਿਰਾੳ।

ਮਿਥਨ ਮੋਹਰੀਆ ॥

ਝੂਠੀ ਹੈ ਮਮਤਾ,

ਅਨ ਕਉ, ਮੇਰੀਆ ॥

ਕਿਸੇ ਹੋਰ ਨੂੰ ਆਪਣਾ ਸਮਝਣਾ,

ਵਿਚਿ ਘੂਮਨ ਘਿਰੀਆ ॥੨॥

ਜੋ ਬੰਦੇ ਨੂੰ ਆਵਾਗਾਉਣ ਦੀ ਘੁਮਣਘੇਰੀ ਅੰਦਰ ਪਾ ਦਿੰਦੀ ਹੈ।

ਸਗਲ ਬਟਰੀਆ ॥

ਸਾਰੇ ਪ੍ਰਾਣੀ ਮੁਸਾਫਰ ਹਨ,

ਬਿਰਖ ਇਕ ਤਰੀਆ ॥

ਜੋ ਸੰਸਾਰ ਦੇ ਰੁਖ ਹੇਠਾ ਇੱਕਤ੍ਰ ਹੋਏ ਹਨ,

ਬਹੁ ਬੰਧਹਿ ਪਰੀਆ ॥੩॥

ਅਤੇ ਘਣੇਰੇ ਜੂੜਾ ਨਾਲ ਜਕੜੇ ਹੋਏ ਹਨ।

ਥਿਰੁ ਸਾਧ ਸਫਰੀਆ ॥

ਅਡੋਲ ਹੈ ਸਤਿ ਸੰਗਤ,

ਜਹ ਕੀਰਤਨੁ ਹਰੀਆ ॥

ਜਿਸ ਵਿੱਚ ਵਾਹਿਗੁਰੂ ਦੀਆਂ ਸਿਫ਼ਤ-ਸ਼ਲਾਘਾ ਗਾਇਨ ਕੀਤੀਆਂ ਜਾਂਦੀਆਂ ਹਨ।

ਨਾਨਕ ਸਰਨਰੀਆ ॥੪॥੧॥

ਇਸ ਲਈ ਨਾਨਕ ਨੇ ਉਸ ਦੀ ਪਨਾਹ ਪਕੜੀ ਹੈ।


ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਰਾਗੁ ਬਿਹਾਗੜਾ ਮਹਲਾ ੯ ॥

ਰਾਗ ਬਿਹਾਗਤਾ ਨੋਵੀ ਪਾਤਸ਼ਾਹੀ।

ਹਰਿ ਕੀ ਗਤਿ ਨਹਿ ਕੋਉ ਜਾਨੈ ॥

ਵਾਹਿਗੁਰੂ ਦੀ ਦਸ਼ਾ ਨੂੰ ਕੋਈ ਭੀ ਨਹੀਂ ਜਾਣਦਾ।

ਜੋਗੀ ਜਤੀ ਤਪੀ ਪਚਿ ਹਾਰੇ; ਅਰੁ ਬਹੁ ਲੋਗ ਸਿਆਨੇ ॥੧॥ ਰਹਾਉ ॥

ਤਿਆਗੀ, ਬ੍ਰੀਹਮਚਾਰੀ, ਤਪੱਸਵੀ ਅਤੇ ਘਣੇਰੇ ਅਕਲਮੰਦ ਇਨਸਾਨ ਬੁਰੀ ਤਰ੍ਹਾਂ ਫੇਲ੍ਹ ਹੋ ਗਏ ਹਨ। ਠਹਿਰਾਉ।

ਛਿਨ ਮਹਿ ਰਾਉ ਰੰਕ ਕਉ ਕਰਈ; ਰਾਉ ਰੰਕ ਕਰਿ ਡਾਰੇ ॥

ਇਕ ਮੁਹਤ ਵਿੱਚ ਉਹ ਇਕ ਕੰਗਲੇ ਨੂੰ ਰਾਜਾ ਅਤੇ ਇਕ ਰਾਜੇ ਨੂੰ ਕੰਗਲਾ ਬਣਾ ਦਿੰਦਾ ਹੈ।

ਰੀਤੇ ਭਰੇ, ਭਰੇ ਸਖਨਾਵੈ; ਯਹ ਤਾ ਕੋ ਬਿਵਹਾਰੇ ॥੧॥

ਜੋ ਖਾਲੀ ਹੈ ਉਸ ਨੂੰ ਲਬਾਲਬ ਭਰ ਦਿੰਦਾ ਹੈ ਅਤੇ ਜੋ ਪਰੀਪੂਰਨ ਹੈ ਉਸ ਨੂੰ ਖਾਲੀ ਕਰ ਦਿੰਦਾ ਹੈ। ਇਹ ਹੈ ਉਸ ਦਾ ਸ਼ੁਗਲ।

ਅਪਨੀ ਮਾਇਆ ਆਪਿ ਪਸਾਰੀ; ਆਪਹਿ ਦੇਖਨਹਾਰਾ ॥

ਆਪਣੀ ਸ਼ਕਤੀ ਨੂੰ ਉਸ ਨੇ ਆਪੇ ਹੀ ਖਿਲਾਰਿਆਂ ਹੈ ਅਤੇ ਉਹ ਆਪੇ ਹੀ ਉਸ ਨੂੰ ਵੇਖਣ ਵਾਲਾ ਹੈ।

ਨਾਨਾ ਰੂਪੁ ਧਰੇ ਬਹੁ ਰੰਗੀ; ਸਭ ਤੇ ਰਹੈ ਨਿਆਰਾ ॥੨॥

ਉਹ ਅਨੇਕਾਂ ਸਰੂਪ ਧਾਰਦਾ ਹੈ ਅਤੇ ਅਨੇਕਾਂ ਖੇਡਾਂ ਖੇਡਦਾ ਹੈ, ਫੇਰ ਵੀ ਉਹ ਸਾਰਿਆਂ ਨਾਲੋਂ ਅਲੱਗ ਥਲੱਗ ਰਹਿੰਦਾ ਹੈ।

ਅਗਨਤ ਅਪਾਰੁ ਅਲਖ ਨਿਰੰਜਨ; ਜਿਹ ਸਭ ਜਗੁ ਭਰਮਾਇਓ ॥

ਬੇਸ਼ੁਮਾਰ ਹੱਦ ਬੰਨਾ-ਰਹਿਤ, ਅਗਾਧ ਅਤੇ ਪਵਿੱਤਰ ਹੈ ਸੁਆਮੀ, ਜਿਸ ਨੇ ਸਾਰੇ ਸੰਸਾਰ ਨੂੰ ਬਹਿਕਾਇਆ ਹੋਇਆ ਹੈ।

ਸਗਲ ਭਰਮ ਤਜਿ ਨਾਨਕ ਪ੍ਰਾਣੀ! ਚਰਨਿ ਤਾਹਿ, ਚਿਤੁ ਲਾਇਓ ॥੩॥੧॥੨॥

ਗੁਰੂ ਜੀ ਫੁਰਮਾਉਂਦੇ ਹਨ, ਹੇ ਫਾਨੀ ਬੰਦੇ ਤੂੰ ਆਪਣੇ ਸਮੂਹ ਸੰਸੇ ਨਵਿਰਤ ਕਰ ਦੇ ਅਤੇ ਆਪਣਾ ਮਨ ਉਸ ਦੇ ਪੈਰਾਂ ਨਾਲ ਜੋੜ।


ਰਾਗੁ ਬਿਹਾਗੜਾ ਛੰਤ ਮਹਲਾ ੪ ਘਰੁ ੧

ਰਾਗ ਬਿਹਾਗੜਾ ਛੰਤ ਚੋਥੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਹਰਿ ਹਰਿ ਨਾਮੁ ਧਿਆਈਐ ਮੇਰੀ ਜਿੰਦੁੜੀਏ! ਗੁਰਮੁਖਿ ਨਾਮੁ ਅਮੋਲੇ ਰਾਮ ॥

ਹੇ ਮੈਡੀ ਆਤਮਾ! ਤੂੰ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਕਰ। ਅਣਮੁੱਲਾ ਨਾਮ, ਗੁਰਾਂ ਦੇ ਰਾਹੀਂ ਪਾਇਆ ਜਾਂਦਾ ਹੈ।

ਹਰਿ ਰਸਿ ਬੀਧਾ, ਹਰਿ ਮਨੁ ਪਿਆਰਾ; ਮਨੁ ਹਰਿ ਰਸਿ ਨਾਮਿ ਝਕੋਲੇ ਰਾਮ ॥

ਮੇਰਾ ਚਿੱਤ ਵਾਹਿਗੁਰੂ ਦੇ ਨਾਮ ਅੰਮ੍ਰਿਤ ਨਾਲ ਵਿੰਨਿਆ ਗਿਆ ਹੈ। ਵਾਹਿਗੁਰੂ ਮੇਰੇ ਚਿੱਤ ਨੂੰ ਲਾਡਲਾ ਲੱਗਦਾ ਹੈ। ਵਾਹਿਗੁਰੂ ਦੇ ਨਾਮ ਨਾਲ ਚਿੱਤ ਧੋਤਾ ਜਾ ਕੇ ਸਾਫ ਸੁਥਰਾ ਹੋ ਗਿਆ ਹੈ।

ਗੁਰਮਤਿ ਮਨੁ ਠਹਰਾਈਐ ਮੇਰੀ ਜਿੰਦੁੜੀਏ! ਅਨਤ ਨ ਕਾਹੂ ਡੋਲੇ ਰਾਮ ॥

ਹੇ ਮੇਰੀ ਆਤਮਾ! ਗੁਰਾਂ ਦੇ ਉਪਦੇਸ਼ ਦੁਆਰਾ, ਤੂੰ ਆਪਣੇ ਮਨ ਨੂੰ ਅਸਥਿਰ ਰੱਖ ਅਤੇ ਇਹ ਮੁੜ ਕੇ ਕਿਸੇ ਹੋਰਸ ਜਗ੍ਹਾ ਅੰਦਰ ਡਿੱਕੋਡੋਲੇ ਨਹੀਂ ਖਾਵੇਗਾ।

ਮਨ ਚਿੰਦਿਅੜਾ ਫਲੁ ਪਾਇਆ, ਹਰਿ ਪ੍ਰਭੁ; ਗੁਣ ਨਾਨਕ ਬਾਣੀ ਬੋਲੇ ਰਾਮ ॥੧॥

ਜੋ ਕੋਈ ਵਾਹਿਗੁਰੂ ਸੁਆਮੀ ਦੀ ਉਪਮਾ-ਯੋਗ ਗੁਰਬਾਣੀ ਦਾ ਉਚਾਰਨ ਕਰਦਾ ਹੈ, ਹੇ ਨਾਨਕ! ਉਹ ਆਪਣੇ ਦਿਲ-ਚਾਹੁੰਦੇ ਮੇਵੇ ਪਾ ਲੈਦਾ ਹੈ।

ਗੁਰਮਤਿ ਮਨਿ ਅੰਮ੍ਰਿਤੁ ਵੁਠੜਾ ਮੇਰੀ ਜਿੰਦੁੜੀਏ! ਮੁਖਿ ਅੰਮ੍ਰਿਤ ਬੈਣ ਅਲਾਏ ਰਾਮ ॥

ਹੇ ਮੇਰੀ ਜਿੰਦੇ! ਗੁਰਾਂ ਦੀ ਸਿਖ-ਮੱਤ ਦੁਆਰਾ ਅੰਮ੍ਰਿਤ ਨਾਮ ਜੀਵ ਦੇ ਚਿੱਤ ਵਿੱਚ ਵੱਸ ਜਾਂਦਾ ਹੈ ਅਤੇ ਤਦ ਉਹ, ਆਪਣੇ ਮੂੰਹ ਨਾਲ ਅੰਮ੍ਰਿਤ ਬਚਨ ਉਚਾਰਨ ਕਰਦਾ ਹੈ।

ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੁੜੀਏ! ਮਨਿ ਸੁਣੀਐ ਹਰਿ ਲਿਵ ਲਾਏ ਰਾਮ ॥

ਅੰਮ੍ਰਿਤ ਵਰਗੀ ਮਿੱਠੜੀ ਹੈ ਗੁਰਬਾਣੀ ਸਾਧੂ-ਸਰੂਪ ਪੁਰਸ਼ਾਂ ਦੀ, ਹੇ ਮੇਰੀ ਜਿੰਦੇ! ਉਸ ਨੂੰ ਦਿਲੋ ਸ੍ਰਵਣ ਕਰਨ ਦੁਆਰਾ ਬੰਦੇ ਦਾ ਪ੍ਰਭੂ ਨਾਲ ਪਿਆਰ ਪੈ ਜਾਂਦਾ ਹੈ।

ਚਿਰੀ ਵਿਛੁੰਨਾ ਹਰਿ ਪ੍ਰਭੁ ਪਾਇਆ; ਗਲਿ ਮਿਲਿਆ ਸਹਜਿ ਸੁਭਾਏ ਰਾਮ ॥

ਮੇਰੇ ਨਾਲੋਂ ਦੇਰ ਤੋਂ ਵਿਛੁੜਿਆ ਹੋਇਆ ਸੁਆਮੀ ਵਾਹਿਗੁਰੂ ਮੈਂ ਪ੍ਰਾਪਤ ਕਰ ਲਿਆ ਹੈ। ਉਸ ਨੇ ਸੁਭਾਵਕ ਹੀ ਮੈਨੂੰ ਆਪਣੀ ਛਾਤੀ ਨਾਲ ਲਾ ਲਿਆ ਹੈ।

ਜਨ ਨਾਨਕ ਮਨਿ ਅਨਦੁ ਭਇਆ ਹੈ ਮੇਰੀ ਜਿੰਦੁੜੀਏ! ਅਨਹਤ ਸਬਦ ਵਜਾਏ ਰਾਮ ॥੨॥

ਦਾਸ ਨਾਨਕ ਦੇ ਚਿੱਤ ਅੰਦਰ ਖੁਸ਼ੀ ਹੋ ਗਈ ਹੈ, ਹੇ ਮੇਰੀ ਜਿੰਦੇ! ਅਤੇ ਬੈਕੁੰਠੀ ਕੀਰਤਨ ਉਸ ਦੇ ਅੰਦਰ ਗੂੰਜਦਾ ਹੈ।

ਸਖੀ ਸਹੇਲੀ ਮੇਰੀਆ ਮੇਰੀ ਜਿੰਦੁੜੀਏ! ਕੋਈ ਹਰਿ ਪ੍ਰਭੁ ਆਣਿ ਮਿਲਾਵੈ ਰਾਮ ॥

ਹੇ ਮੈਡੇ ਜੀਉੜਿਆ! ਮੇਰੀ ਕੋਈ ਸਾਥਣ ਅਤੇ ਹਮਜੋਲਣ ਆ ਕੇ ਮੈਨੂੰ ਮੇਰੇ ਪਾਰਬ੍ਰਹਮ ਪਰਮੇਸ਼ਰ ਨਾਲ ਜੋੜ ਦੇਵੇ।

ਹਉ ਮਨੁ ਦੇਵਉ ਤਿਸੁ ਆਪਣਾ ਮੇਰੀ ਜਿੰਦੁੜੀਏ! ਹਰਿ ਪ੍ਰਭ ਕੀ ਹਰਿ ਕਥਾ ਸੁਣਾਵੈ ਰਾਮ ॥

ਮੈਂ ਆਪਣਾ ਮਨ ਉਸ ਨੂੰ ਸਮਰਪਣ ਕਰਦਾ ਹਾਂ, ਹੇ ਮੇਰੀ ਜਿੰਦੇ! ਜਿਹੜਾ ਮੈਨੂੰ ਸੁਆਮੀ ਵਾਹਿਗੁਰੂ ਦੀ ਈਸ਼ਵਰੀ ਕਥਾ-ਵਾਰਤਾ ਸੁਣਾਉਂਦਾ ਹੈ।

ਗੁਰਮੁਖਿ ਸਦਾ ਅਰਾਧਿ ਹਰਿ ਮੇਰੀ ਜਿੰਦੁੜੀਏ! ਮਨ ਚਿੰਦਿਅੜਾ ਫਲੁ ਪਾਵੈ ਰਾਮ ॥

ਗੁਰਾਂ ਦੇ ਜ਼ਰੀਏ ਤੂੰ ਹਮੇਸ਼ਾਂ ਰੱਬ ਦਾ ਚਿੰਤਨ ਕਰ, ਹੇ ਮੇਰੀ ਜਿੰਦੇ! ਅਤੇ ਤੂੰ ਆਪਣੇ ਚਿੱਤ ਚਾਹੁੰਦੀਆਂ ਮੁਰਾਦਾ ਪਾ ਲਵੇਗੀ।

ਨਾਨਕ ਭਜੁ ਹਰਿ ਸਰਣਾਗਤੀ ਮੇਰੀ ਜਿੰਦੁੜੀਏ! ਵਡਭਾਗੀ ਨਾਮੁ ਧਿਆਵੈ ਰਾਮ ॥੩॥

ਗੁਰੂ ਜੀ ਫੁਰਮਾਉਂਦੇ ਹਨ, ਤੂੰ ਦੌੜ ਕੇ ਪ੍ਰਭੂ ਦੀ ਪਨਾਹ ਪਕੜ ਲੈ, ਹੇ ਮੇਰੀ ਜਿੰਦੇ! ਕੇਵਲ ਪਰਮ ਚੰਗੇ ਕਰਮਾਂ ਵਾਲੇ ਹੀ ਮਾਲਕ ਦੇ ਨਾਮ ਦਾ ਸਿਮਰਨ ਕਰਦੇ ਹਨ।

ਕਰਿ ਕਿਰਪਾ ਪ੍ਰਭ ਆਇ ਮਿਲੁ ਮੇਰੀ ਜਿੰਦੁੜੀਏ! ਗੁਰਮਤਿ ਨਾਮੁ ਪਰਗਾਸੇ ਰਾਮ ॥

ਹੇ ਮੈਡੇ ਜੀਉੜਿਆ! ਮਿਹਰ ਧਾਰ ਕੇ ਸੁਆਮੀ ਪ੍ਰਾਣੀ ਨੂੰ ਆ ਮਿਲਦਾ ਹੈ ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਆਪਣਾ ਨਾਮ ਉਸ ਉਤੇ ਪ੍ਰਗਟ ਕਰਦਾ ਹੈ।

ਹਉ ਹਰਿ ਬਾਝੁ ਉਡੀਣੀਆ ਮੇਰੀ ਜਿੰਦੁੜੀਏ! ਜਿਉ ਜਲ ਬਿਨੁ ਕਮਲ ਉਦਾਸੇ ਰਾਮ ॥

ਵਾਹਿਗੁਰੂ ਦੇ ਬਗੈਰ ਮੈਂ ਐਉ ਨਿਮੋਝੂਣੀ ਹਾਂ, ਹੇ ਮੇਰੇ ਜੀਉੜਿਆ। ਜਿਸ ਤਰ੍ਹਾਂ ਪਾਣੀ ਦੇ ਬਗੈਰ ਕੰਵਲ ਉਦਾਸਹੀਨ ਹੁੰਦਾ ਹੈ।

ਗੁਰਿ ਪੂਰੈ ਮੇਲਾਇਆ ਮੇਰੀ ਜਿੰਦੁੜੀਏ! ਹਰਿ ਸਜਣੁ ਹਰਿ ਪ੍ਰਭੁ ਪਾਸੇ ਰਾਮ ॥

ਪੂਰਨ ਗੁਰਾਂ ਨੇ ਮੈਨੂੰ ਸੁਆਮੀ ਵਾਹਿਗੁਰੂ ਮਾਲਕ, ਮਿੱਤ੍ਰ ਨਾਲ ਜੋੜ ਦਿੱਤਾ ਹੈ, ਹੇ ਮੇਰੇ ਜੀਵੜਿਆ!

ਧਨੁ ਧਨੁ ਗੁਰੂ ਹਰਿ ਦਸਿਆ ਮੇਰੀ ਜਿੰਦੁੜੀਏ! ਜਨ ਨਾਨਕ ਨਾਮਿ ਬਿਗਾਸੇ ਰਾਮ ॥੪॥੧॥

ਮੁਬਾਰਕ! ਮੁਬਾਰਕ! ਹਨ ਗੁਰਦੇਵ ਜੀ, ਹੇ ਮੇਰੀ ਜਿੰਦੇ! ਜਿਨ੍ਹਾਂ ਨੇ ਮੈਨੂੰ ਸੁਆਮੀ ਵਿਖਾਲ ਦਿੱਤਾ ਹੈ, ਜਿਸ ਦੇ ਨਾਮ ਨਾਲ ਗੋਲਾ ਨਾਨਕ ਪ੍ਰਫੁੱਲਤ ਹੋ ਗਿਆ ਹੈ।


ਰਾਗੁ ਬਿਹਾਗੜਾ ਮਹਲਾ ੪ ॥

ਰਾਗ ਬਿਹਾਗੜਾ ਚੋਥੀ ਪਾਤਿਸ਼ਾਹੀ।

ਅੰਮ੍ਰਿਤੁ ਹਰਿ ਹਰਿ ਨਾਮੁ ਹੈ ਮੇਰੀ ਜਿੰਦੁੜੀਏ! ਅੰਮ੍ਰਿਤੁ ਗੁਰਮਤਿ ਪਾਏ ਰਾਮ ॥

ਸੁਧਾਰਸ ਹੈ ਵਾਹਿਗੁਰੂ ਸੁਆਮੀ ਦਾ ਨਾਮ, ਹੇ ਮੇਰੀ ਜਿੰਦੇ! ਗੁਰੂ ਦੀ ਸਿਖਮੱਤ ਦੁਆਰਾ ਇਹ ਅੰਮ੍ਰਿਤ ਨਾਲ ਪਾਇਆ ਜਾਂਦਾ ਹੈ।

ਹਉਮੈ ਮਾਇਆ ਬਿਖੁ ਹੈ ਮੇਰੀ ਜਿੰਦੁੜੀਏ! ਹਰਿ ਅੰਮ੍ਰਿਤਿ ਬਿਖੁ ਲਹਿ ਜਾਏ ਰਾਮ ॥

ਜ਼ਹਿਰੀਲਾ ਹੈ ਸੰਸਾਰੀ ਪਦਾਰਥਾਂ ਦਾ ਹੰਕਾਰ, ਹੇ ਮੇਰੀ ਜਿੰਦੇ! ਵਾਹਿਗੁਰੂ ਦੇ ਨਾਮ-ਅੰਮ੍ਰਿਤ ਰਾਹੀਂ ਇਹ ਜ਼ਹਿਰ ਉੱਤਰ ਜਾਂਦੀ ਹੈ।

ਮਨੁ ਸੁਕਾ ਹਰਿਆ ਹੋਇਆ ਮੇਰੀ ਜਿੰਦੁੜੀਏ! ਹਰਿ ਹਰਿ ਨਾਮੁ ਧਿਆਏ ਰਾਮ ॥

ਸੁਆਮੀ ਮਾਲਕ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਹੇ ਮੇਰੇ ਜੀਵੜਿਆ! ਇਹ ਖੁਸ਼ਕ ਹੋ ਚੁੱਕੀ ਆਤਮਾ ਹਰੀ ਭਰੀ ਹੋ ਜਾਂਦੀ ਹੈ।

ਹਰਿ ਭਾਗ ਵਡੇ ਲਿਖਿ ਪਾਇਆ ਮੇਰੀ ਜਿੰਦੁੜੀਏ! ਜਨ ਨਾਨਕ ਨਾਮਿ ਸਮਾਏ ਰਾਮ ॥੧॥

ਆਪਣੀ ਲਿਖਤ ਦੁਆਰਾ ਪ੍ਰਭੂ ਨੇ ਮੇਰੀ ਕਿਸਮਤ ਵਿਸ਼ਾਲ ਕਰ ਦਿੱਤੀ ਹੈ, ਹੇ ਮੇਰੀ ਜਿੰਦੇ! ਅਤੇ ਗੋਲਾ ਨਾਨਕ ਨਾਮ ਅੰਦਰ ਲੀਨ ਹੋ ਗਿਆ ਹੈ।

ਹਰਿ ਸੇਤੀ ਮਨੁ ਬੇਧਿਆ ਮੇਰੀ ਜਿੰਦੁੜੀਏ! ਜਿਉ ਬਾਲਕ ਲਗਿ ਦੁਧ ਖੀਰੇ ਰਾਮ ॥

ਮੇਰਾ ਚਿੱਤ ਇਸ ਤਰ੍ਹਾਂ ਸੁਆਮੀ ਨਾਲ ਜੁੜਿਆ ਹੈ, ਹੇ ਮੇਰੀ ਜਿੰਦੇ! ਜਿਸ ਤਰ੍ਹਾਂ ਦੁੱਧ ਚੁੰਘਣ ਵਾਲਾ ਬੱਚਾ ਦੁੱਧ ਨਾਲ।

ਹਰਿ ਬਿਨੁ ਸਾਂਤਿ ਨ ਪਾਈਐ ਮੇਰੀ ਜਿੰਦੁੜੀਏ! ਜਿਉ ਚਾਤ੍ਰਿਕੁ ਜਲ ਬਿਨੁ ਟੇਰੇ ਰਾਮ ॥

ਜਿਸ ਤਰ੍ਹਾਂ ਮੀਂਹ ਦੀਆਂ ਕਣੀਆਂ ਦੇ ਬਾਝੋਂ ਬਬੀਹਾ ਕੁਰਲਾਉਂਦਾ ਹੈ, ਤਿਵੇਂ, ਵਾਹਿਗੁਰੂ ਦੇ ਬਾਝੋਂ ਮੈਨੂੰ ਵੀ ਸੁੱਖ ਆਰਾਮ ਨਹੀਂ ਆਉਂਦਾ, ਹੇ ਮੇਰੀ ਜਿੰਦ!

ਸਤਿਗੁਰ ਸਰਣੀ ਜਾਇ ਪਉ ਮੇਰੀ ਜਿੰਦੁੜੀਏ! ਗੁਣ ਦਸੇ ਹਰਿ ਪ੍ਰਭ ਕੇਰੇ ਰਾਮ ॥

ਜਾ ਕੇ ਸੱਚੇ ਗੁਰਾਂ ਦੀ ਪਨਾਹ ਲੈ, ਹੇ ਮੇਰੀ ਜਿੰਦੇ! ਅਤੇ ਉਹ ਤੈਨੂੰ ਸੁਆਮੀ ਵਾਹਿਗੁਰੂ ਦੀਆਂ ਖੂਬੀਆਂ ਬਾਰੇ ਦੱਸਣਗੇ।

ਜਨ ਨਾਨਕ ਹਰਿ ਮੇਲਾਇਆ ਮੇਰੀ ਜਿੰਦੁੜੀਏ! ਘਰਿ ਵਾਜੇ ਸਬਦ ਘਣੇਰੇ ਰਾਮ ॥੨॥

ਦਾਸ ਨਾਨਕ ਨੂੰ ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ ਹੈ, ਹੇ ਮੇਰੇ ਜੀਵੜਿਆਂ ਅਤੇ ਉਸ ਦੇ ਗ੍ਰਿਹ (ਹਿਰਦੇ) ਵਿੱਚ ਬਹੁਤੇ ਖੁਸ਼ੀ ਦੇ ਗੀਤ ਗੂੰਜਦੇ, ਹਨ।

ਮਨਮੁਖਿ ਹਉਮੈ ਵਿਛੁੜੇ ਮੇਰੀ ਜਿੰਦੁੜੀਏ! ਬਿਖੁ ਬਾਧੇ ਹਉਮੈ ਜਾਲੇ ਰਾਮ ॥

ਸਵੈ-ਹੰਗਤਾ ਨੇ ਆਪ-ਹੁਦਰਿਆਂ ਨੂੰ ਸਾਹਿਬ ਨਾਲੋਂ ਵਿਛੋੜ ਦਿੱਤਾ ਹੈ ਅਤੇ ਉਹ ਜ਼ਹਿਰੀਲੇ ਪਾਪਾਂ ਨਾਲ ਬੱਧੇ ਹਉਮੈਂ ਅਤੇ ਹੰਕਾਰ ਦੀ ਅੱਗ ਵਿੱਚ ਸੜ ਰਹੇ ਹਨ।

ਜਿਉ ਪੰਖੀ ਕਪੋਤਿ, ਆਪੁ ਬਨ੍ਹ੍ਹਾਇਆ ਮੇਰੀ ਜਿੰਦੁੜੀਏ! ਤਿਉ ਮਨਮੁਖ ਸਭਿ ਵਸਿ ਕਾਲੇ ਰਾਮ ॥

ਕਪੋਤਿ = ਕਪੋਤ ਨੇ, ਕਬੂਤਰ ਨੇ। ਆਪੁ = ਆਪਣੇ ਆਪ ਨੂੰ। ਸਭਿ = ਸਾਰੇ। ਵਸਿ ਕਾਲੇ = ਕਾਲ ਦੇ ਵੱਸ ਵਿਚ।

ਜੋ ਮੋਹਿ ਮਾਇਆ ਚਿਤੁ ਲਾਇਦੇ ਮੇਰੀ ਜਿੰਦੁੜੀਏ! ਸੇ ਮਨਮੁਖ ਮੂੜ ਬਿਤਾਲੇ ਰਾਮ ॥

ਸ਼ਰਧਾ-ਹੀਣ, ਬੇਵਕੂਫ ਤੇ ਭੂਤਨੇ ਹਨ ਉਹ ਪ੍ਰਾਣੀ, ਹੇ ਮੇਰੇ ਜਿਊੜਿਆ! ਜੋ ਆਪਣੇ ਮਨ ਨੂੰ ਸੰਸਾਰੀ ਮਮਤਾ ਤੇ ਧਨ-ਦੌਲਤ ਨਾਲ ਜੋੜਦੇ ਹਨ।

ਜਨ ਤ੍ਰਾਹਿ ਤ੍ਰਾਹਿ ਸਰਣਾਗਤੀ ਮੇਰੀ ਜਿੰਦੁੜੀਏ! ਗੁਰ ਨਾਨਕ, ਹਰਿ ਰਖਵਾਲੇ ਰਾਮ ॥੩॥

ਹਾੜੇ ਤੇ ਤਰਲੇ ਕੱਢਦੇ ਹੋਏ ਸਾਹਿਬ ਦੇ ਗੋਲੇ ਉਸ ਦੀ ਸ਼ਰਣ ਲੈਂਦੇ ਹਨ, ਹੇ ਮੇਰੇ ਜੀਊੜਿਆ! ਅਤੇ ਨਿਰੰਕਾਰੀ ਗੁਰੂ ਨਾਨਕ ਉਨ੍ਹਾਂ ਦੀ ਰੱਖਿਆ ਕਰਨ ਵਾਲੇ ਹੋ ਜਾਂਦੇ ਹਨ।

ਹਰਿ ਜਨ ਹਰਿ ਲਿਵ ਉਬਰੇ ਮੇਰੀ ਜਿੰਦੁੜੀਏ! ਧੁਰਿ ਭਾਗ ਵਡੇ ਹਰਿ ਪਾਇਆ ਰਾਮ ॥

ਰੱਬ ਦੀ ਪ੍ਰੀਤ ਦੇ ਰਾਹੀਂ ਰੱਬ ਦੇ ਬੰਦੇ ਪਾਰ ਉਤਰ ਜਾਂਦੇ ਹਨ। ਹੇ ਮੇਰੇ ਜੀਵੜਿਆ! ਮੁੱਢ ਦੇ ਪਰਮ ਚੰਗੇ ਨਸੀਬਾਂ ਦੇ ਜ਼ਰੀਏ ਉਹ ਆਪਣੇ ਸੁਆਮੀ ਨੂੰ ਪ੍ਰਾਪਤ ਹੋ ਜਾਂਦੇ ਹਨ।

ਹਰਿ ਹਰਿ ਨਾਮੁ ਪੋਤੁ ਹੈ ਮੇਰੀ ਜਿੰਦੁੜੀਏ! ਗੁਰ ਖੇਵਟ ਸਬਦਿ ਤਰਾਇਆ ਰਾਮ ॥

ਵਾਹਿਗੁਰੂ ਸੁਆਮੀ ਦਾ ਨਾਮ ਜਹਾਜ਼ ਹੈ, ਹੇ ਮੇਰੇ ਜੀਵੜਿਆ! ਅਤੇ ਗੁਰੂ ਮਲਾਹ, ਆਪਣੇ ਉਪਦੇਸ਼ ਦੁਆਰਾ, ਬੰਦੇ ਨੂੰ ਪਾਰ ਕਰ ਦਿੰਦੇ ਹਨ।

ਹਰਿ ਹਰਿ ਪੁਰਖੁ ਦਇਆਲੁ ਹੈ ਮੇਰੀ ਜਿੰਦੁੜੀਏ! ਗੁਰ ਸਤਿਗੁਰ ਮੀਠ ਲਗਾਇਆ ਰਾਮ ॥

ਮਿਹਰਬਾਨ ਹੈ ਸਰਬ-ਸ਼ਕਤੀਵਾਨ ਪ੍ਰਭੂ-ਪ੍ਰਮੇਸ਼ਰ, ਹੇ ਮੇਰੀ ਜਿੰਦੜੀਏ! ਵਿਸ਼ਾਲ ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਇਨਸਾਨ ਨੂੰ ਮਿੱਠੜਾ ਲੱਗਣ ਲੱਗ ਜਾਂਦਾ ਹੈ।

ਕਰਿ ਕਿਰਪਾ ਸੁਣਿ ਬੇਨਤੀ ਹਰਿ ਹਰਿ! ਜਨ ਨਾਨਕ ਨਾਮੁ ਧਿਆਇਆ ਰਾਮ ॥੪॥੨॥

ਮੇਰੇ ਸੁਆਮੀ ਵਾਹਿਗੁਰੂ ਆਪਣੀ ਰਹਿਮਤ ਧਾਰ, ਗੋਲੇ ਨਾਨਕ ਦੀ ਪ੍ਰਾਰਥਨਾ ਸ੍ਰਵਣ ਕਰ ਅਤੇ ਉਸ ਤੋਂ ਆਪਣੇ ਨਾਮ ਦਾ ਸਿਮਰਨ ਕਰਵਾ।


ਬਿਹਾਗੜਾ ਮਹਲਾ ੪ ॥

ਬਿਹਾਗੜਾ ਚੌਥੀ ਪਾਤਸ਼ਾਹੀ।

ਜਗਿ ਸੁਕ੍ਰਿਤੁ ਕੀਰਤਿ ਨਾਮੁ ਹੈ ਮੇਰੀ ਜਿੰਦੁੜੀਏ! ਹਰਿ ਕੀਰਤਿ ਹਰਿ ਮਨਿ ਧਾਰੇ ਰਾਮ ॥

ਹੇ ਮੇਰੀ ਜਿੰਦੇ! ਰੱਬ ਦੇ ਨਾਮ ਦੀ ਸਿਫ਼ਤ ਸ਼ਲਾਘਾ ਕਰਨੀ ਇਕ ਚੰਗਾ ਬਿਉਹਾਰ ਹੈ, ਇਸ ਸੰਸਾਰ ਅੰਦਰ! ਸੁਆਮੀ ਦੀ ਕੀਰਤੀ ਰਾਹੀਂ ਸੁਆਮੀ ਹਿਰਦੇ ਵਿੱਚ ਟਿਕ ਜਾਂਦਾ ਹੈ।

ਹਰਿ ਹਰਿ ਨਾਮੁ ਪਵਿਤੁ ਹੈ ਮੇਰੀ ਜਿੰਦੁੜੀਏ! ਜਪਿ ਹਰਿ ਹਰਿ ਨਾਮੁ ਉਧਾਰੇ ਰਾਮ ॥

ਪਵਿੱਤ੍ਰ ਹੈ ਪ੍ਰਭੂ ਪ੍ਰਮੇਸ਼ਰ ਦਾ ਨਾਮ, ਹੇ ਮੇਰੀ ਜਿੰਦੜੀਏ! ਪ੍ਰਭੂ ਪ੍ਰਮੇਸ਼ਰ ਦੇ ਨਾਮ ਦੀ ਅਰਾਧਨਾ ਕਰਨ ਦੁਆਰਾ ਪ੍ਰਾਣੀ ਪਾਰ ਉੱਤਰ ਜਾਂਦਾ ਹੈ।

ਸਭ ਕਿਲਵਿਖ ਪਾਪ ਦੁਖ ਕਟਿਆ ਮੇਰੀ ਜਿੰਦੁੜੀਏ! ਮਲੁ ਗੁਰਮੁਖਿ ਨਾਮਿ ਉਤਾਰੇ ਰਾਮ ॥

ਸਾਰੇ ਗੁਨਾਹ, ਕੁਕਰਮ ਅਤੇ ਦੁਖੜੇ ਨਾਸ ਹੋ ਜਾਂਦੇ ਹਨ, ਹੇ ਮੇਰੀ ਜਿੰਦੇ! ਅਤੇ ਨਾਮ ਦੇ ਰਾਹੀਂ ਮੁਖੀ ਗੁਰੂ ਜੀ ਮੈਲ ਨੂੰ ਕੱਟ ਦਿੰਦੇ ਹਨ।

ਵਡ ਪੁੰਨੀ, ਹਰਿ ਧਿਆਇਆ ਜਨ ਨਾਨਕ, ਹਮ ਮੂਰਖ ਮੁਗਧ ਨਿਸਤਾਰੇ ਰਾਮ ॥੧॥

ਪਰਮ ਚੰਗੇ ਨਸੀਬਾਂ ਦੇ ਜ਼ਰੀਏ ਨੌਕਰ ਨਾਨਕ ਨੇ ਸਾਹਿਬ ਦਾ ਸਿਮਰਨ ਕੀਤਾ ਹੈ ਅਤੇ ਉਸ ਨੇ ਮੇਰੇ ਵਰਗੇ ਬੇਵਕੂਫ ਤੇ ਬੁਧੂਆ ਨੂੰ ਭੀ ਤਾਰ ਦਿੱਤਾ ਹੈ।

ਜੋ ਹਰਿ ਨਾਮੁ ਧਿਆਇਦੇ ਮੇਰੀ ਜਿੰਦੁੜੀਏ! ਤਿਨਾ ਪੰਚੇ ਵਸਗਤਿ ਆਏ ਰਾਮ ॥

ਜੋ ਵਾਹਿਗੁਰੂ ਦੇ ਨਾਮ ਦਾ ਚਿੰਤਨ ਕਰਦੇ ਹਨ, ਹੇ ਮੇਰੀ ਜਿੰਦੇ! ਪੰਜੇ ਮੰਦ ਖਾਹਿਸ਼ਾਂ ਉਨ੍ਹਾਂ ਦੇ ਵੱਸ ਵਿੱਚ ਆ ਜਾਂਦੀਆਂ ਹਨ।

ਅੰਤਰਿ ਨਵ ਨਿਧਿ ਨਾਮੁ ਹੈ ਮੇਰੀ ਜਿੰਦੁੜੀਏ! ਗੁਰੁ ਸਤਿਗੁਰੁ ਅਲਖੁ ਲਖਾਏ ਰਾਮ ॥

ਅੰਦਰਵਾਰ ਨਾਮ ਦੇ ਨੌਂ ਖਜਾਨੇ ਹਨ, ਹੇ ਮੇਰੀ ਜਿੰਦੇ! ਅਤੇ ਵੱਡੇ ਸੱਚੇ ਗੁਰੂ ਜੀ ਅਦ੍ਰਿਸ਼ਟਾ ਨੂੰ ਵਿਖਾਲ ਦਿੰਦੇ ਹਨ।

ਗੁਰਿ ਆਸਾ ਮਨਸਾ ਪੂਰੀਆ ਮੇਰੀ ਜਿੰਦੁੜੀਏ! ਹਰਿ ਮਿਲਿਆ ਭੁਖ ਸਭ ਜਾਏ ਰਾਮ ॥

ਗੁਰੂ ਨੇ ਮੇਰੀਆਂ ਉਮੈਦਾਂ ਅਤੇ ਸੱਧਰਾਂ ਪੂਰਨ ਕਰ ਦਿੱਤੀਆਂ ਹਨ, ਹੇ ਮੇਰੀ ਜਿੰਦੇ! ਵਾਹਿਗੁਰੂ ਨੂੰ ਭੇਟਣ ਦੁਆਰਾ ਮੇਰੀ ਸਾਰੀ ਖੁਧਿਆ ਨਵਿਰਤ ਹੋ ਗਈ ਹੈ।

ਧੁਰਿ ਮਸਤਕਿ ਹਰਿ ਪ੍ਰਭਿ ਲਿਖਿਆ ਮੇਰੀ ਜਿੰਦੁੜੀਏ! ਜਨ ਨਾਨਕ ਹਰਿ ਗੁਣ ਗਾਏ ਰਾਮ ॥੨॥

ਗੋਲਾ ਨਾਨਕ ਆਖਦਾ ਹੈ, ਕੇਵਲ ਓਹੀ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ, ਹੇ ਮੇਰੇ ਜੀਊੜਿਆ! ਜਿਸ ਦੇ ਮੱਥੇ ਉਤੇ ਸੁਆਮੀ ਵਾਹਿਗੁਰੂ ਨੇ ਮੁੱਢ ਤੋਂ ਐਸਾ ਲਿਖ ਛੱਡਿਆ ਹੈ।

ਹਮ ਪਾਪੀ ਬਲਵੰਚੀਆ ਮੇਰੀ ਜਿੰਦੁੜੀਏ! ਪਰਦ੍ਰੋਹੀ, ਠਗ ਮਾਇਆ ਰਾਮ ॥

ਹੇ ਮੇਰੀ ਜਿੰਦੜੀਏ! ਮੈਂ ਗੁਨਾਹਗਾਰ, ਧੋਖੇਬਾਜ ਛਲੀਆ ਅਤੇ ਹੋਰਨਾਂ ਦਾ ਮਾਲ ਧਨ ਲੁੱਟਣ ਵਾਲਾ ਹਾਂ।

ਵਡਭਾਗੀ ਗੁਰੁ ਪਾਇਆ ਮੇਰੀ ਜਿੰਦੁੜੀਏ! ਗੁਰਿ ਪੂਰੈ ਗਤਿ ਮਿਤਿ ਪਾਇਆ ਰਾਮ ॥

ਭਾਰੇ ਨਸੀਬਾਂ ਦੁਆਰਾ ਮੈਨੂੰ ਗੁਰੂ ਪ੍ਰਾਪਤ ਹੋਇਆ ਹੈ, ਹੇ ਮੇਰੀ ਜਿੰਦੜੀਏ! ਅਤੇ ਪੂਰਨ ਗੁਰਾਂ ਦੇ ਰਾਹੀਂ ਹੀ ਮੈਂਨੂੰ ਮੋਖ਼ਸ਼ ਦਾ ਮਾਰਗ ਮਿਲਿਆ ਹੈ।

ਗੁਰਿ ਅੰਮ੍ਰਿਤੁ ਹਰਿ ਮੁਖਿ ਚੋਇਆ ਮੇਰੀ ਜਿੰਦੁੜੀਏ! ਫਿਰਿ ਮਰਦਾ ਬਹੁੜਿ ਜੀਵਾਇਆ ਰਾਮ ॥

ਗੁਰਾਂ ਨੇ ਵਾਹਿਗੁਰੂ ਦਾ ਸੁਧਾਰਸ (ਅੰਮ੍ਰਿਤ) ਮੇਰੇ ਮੂੰਹ ਵਿੱਚ ਪਾਇਆ ਹੈ, ਹੇ ਮੇਰੇ ਜੀਵਿੜਿਆ! ਅਤੇ ਤਦ ਮੇਰੀ ਮੁਰਦਾ ਆਤਮਾ ਮੁੜ ਕੇ ਸੁਰਜੀਤ ਹੋ ਗਈ ਹੈ।

ਜਨ ਨਾਨਕ ਸਤਿਗੁਰ ਜੋ ਮਿਲੇ ਮੇਰੀ ਜਿੰਦੁੜੀਏ! ਤਿਨ ਕੇ ਸਭ ਦੁਖ ਗਵਾਇਆ ਰਾਮ ॥੩॥

ਗੋਲਾ ਨਾਨਕ ਆਖਦਾ ਹੈ, ਜਿਹੜੇ ਆਪਣੇ ਸੱਚੇ ਗੁਰਾਂ ਨੂੰ ਮਿਲ ਪੈਦੇ ਹਨ, ਹੇ ਮੇਰੀ ਜਿੰਦੇ! ਉਨ੍ਹਾਂ ਦੇ ਸਾਰੇ ਦੁਖੜੇ ਦੂਰ ਹੋ ਜਾਂਦੇ ਹਨ।

ਅਤਿ ਊਤਮੁ ਹਰਿ ਨਾਮੁ ਹੈ ਮੇਰੀ ਜਿੰਦੁੜੀਏ! ਜਿਤੁ ਜਪਿਐ ਪਾਪ ਗਵਾਤੇ ਰਾਮ ॥

ਪਰਮ ਸ੍ਰੇਸ਼ਟ ਹੈ ਵਾਹਿਗੁਰੂ ਦਾ ਨਾਮ, ਹੇ ਮੇਰੀ ਜਿੰਦੇ! ਜਿਸ ਦਾ ਆਰਾਧਨ ਕਰਨ ਦੁਆਰਾ ਗੁਨਾਹ ਧੋਤੇ ਜਾਂਦੇ ਹਨ।

ਪਤਿਤ ਪਵਿਤ੍ਰ ਗੁਰਿ ਹਰਿ ਕੀਏ ਮੇਰੀ ਜਿੰਦੁੜੀਏ! ਚਹੁ ਕੁੰਡੀ ਚਹੁ ਜੁਗਿ ਜਾਤੇ ਰਾਮ ॥

ਪਾਪੀਆਂ ਨੂੰ ਗੁਰੂ- ਗੋਬਿੰਦ ਪਾਵਨ ਕਰ ਦਿੰਦੇ ਹਨ, ਹੇ ਮੇਰੀ ਜਿੰਦੇ! ਅਤੇ ਉਹ ਚਾਰੀ ਪਾਸੀਂ ਅਤੇ ਚਾਰਾਂ ਹੀ ਯੁਗਾਂ ਅੰਦਰ ਪ੍ਰਸਿੱਧ ਹੋ ਜਾਂਦੇ ਹਨ।

ਹਉਮੈ ਮੈਲੁ ਸਭ ਉਤਰੀ ਮੇਰੀ ਜਿੰਦੁੜੀਏ! ਹਰਿ ਅੰਮ੍ਰਿਤਿ ਹਰਿ ਸਰਿ ਨਾਤੇ ਰਾਮ ॥

ਵਾਹਿਗੁਰੂ ਦੇ ਨਾਮ- ਸੁਧਾਰਸ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ, ਹੇ ਮੇਰੇ ਜਿੰਦੇ! ਸਵੈ- ਹੰਗਤਾ ਦੀ ਸਮੂਹ ਮਲੀਣਤਾ ਕੱਟੀ ਜਾਂਦੀ ਹੈ।

ਅਪਰਾਧੀ ਪਾਪੀ ਉਧਰੇ ਮੇਰੀ ਜਿੰਦੁੜੀਏ! ਜਨ ਨਾਨਕ ਖਿਨੁ ਹਰਿ ਰਾਤੇ ਰਾਮ ॥੪॥੩॥

ਨੌਕਰ ਨਾਨਕ ਆਖਦਾ ਹੈ, ਇੱਕ ਮੁਹਤ ਭਰ ਲਈ ਭੀ ਵਾਹਿਗੁਰੂ ਨਾਲ ਰੰਜੀਗਣ ਦੁਆਰਾ, ਹੇ ਮੇਰੇ ਜੀਊੜਿਆ! ਮੁਜਰਮ ਅਤੇ ਪਾਂਬਰ ਪਾਰ ਉਤੱਰ ਜਾਂਦੇ ਹਨ।


ਬਿਹਾਗੜਾ ਮਹਲਾ ੪ ॥

ਬਿਹਗੜਾ ਚੌਥੀ ਪਾਤਸ਼ਾਹੀ।

ਹਉ ਬਲਿਹਾਰੀ ਤਿਨ੍ਹ੍ਹ ਕਉ ਮੇਰੀ ਜਿੰਦੁੜੀਏ! ਜਿਨ੍ਹ੍ਹ ਹਰਿ ਹਰਿ ਨਾਮੁ ਅਧਾਰੋ ਰਾਮ ॥

ਹੇ ਮੇਰੀ ਜਿੰਦੇ! ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੂੰ ਪਾਰਬ੍ਰਹਮ ਪਰਮੇਸ਼ਰ ਦੇ ਨਾਮ ਦਾ ਆਸਰਾ ਹੈ।

ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਮੇਰੀ ਜਿੰਦੁੜੀਏ! ਬਿਖੁ ਭਉਜਲੁ ਤਾਰਣਹਾਰੋ ਰਾਮ ॥

ਵਿਸ਼ਾਲ ਸਤਿਗੁਰਾਂ ਨੇ ਮੇਰੇ ਅੰਦਰ ਨਾਮ ਪੱਕਾ ਕੀਤਾ ਹੈ, ਹੇ ਮੇਰੀ ਜਿੰਦੇ! ਅਤੇ ਇਸ ਨੇ ਮੈਂਨੂੰ ਸੰਸਾਰ ਦੇ ਜ਼ਹਿਰ ਦੇ ਭਿਆਨਕ ਸਮੁੰਦਰ ਤੌਂ ਪਾਰ ਕਰ ਦਿੱਤਾ ਹੈ।

ਜਿਨ ਇਕ ਮਨਿ ਹਰਿ ਧਿਆਇਆ ਮੇਰੀ ਜਿੰਦੁੜੀਏ! ਤਿਨ ਸੰਤ ਜਨਾ ਜੈਕਾਰੋ ਰਾਮ ॥

ਜਿਨ੍ਹਾਂ ਨੇ ਇੱਕ ਚਿੱਤ ਹੋ ਕੇ ਵਾਹਿਗੁਰੂ ਦਾ ਸਿਮਰਨ ਕੀਤਾ ਹੈ, ਹੇ ਮੇਰੀ ਜਿੰਦੜੀਏ! ਉਨ੍ਹਾਂ ਨੇਕ ਪੁਰਸ਼ਾਂ ਦੀ ਜਿੱਤ ਦੇ ਮੈਂ ਨਾਹਰੇ ਲਾਉਂਦਾ ਹਾਂ।

ਨਾਨਕ ਹਰਿ ਜਪਿ ਸੁਖੁ ਪਾਇਆ ਮੇਰੀ ਜਿੰਦੁੜੀਏ! ਸਭਿ ਦੂਖ ਨਿਵਾਰਣਹਾਰੋ ਰਾਮ ॥੧॥

ਹੇ ਮੇਰੀ ਜਿੰਦੇ! ਸਾਰੀਆਂ ਪੀੜਾਂ ਨੂੰ ਨਾਸ ਕਰਨ ਵਾਲੇ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ, ਨਾਨਕ ਨੂੰ ਆਰਾਮ ਪਰਾਪਤ ਹੋਇਆ ਹੈ।

ਸਾ ਰਸਨਾ ਧਨੁ ਧੰਨੁ ਹੈ ਮੇਰੀ ਜਿੰਦੁੜੀਏ! ਗੁਣ ਗਾਵੈ ਹਰਿ ਪ੍ਰਭ ਕੇਰੇ ਰਾਮ ॥

ਮੁਬਾਰਕ! ਮੁਬਾਰਕ ਹੈ ਉਹ ਜੀਭਾ, ਹੇ ਮੇਰੀ ਜਿੰਦੜੀਏ! ਜੋ ਪ੍ਰਭੂ ਪਰਮੇਸ਼ਰ ਦੇ ਗੁਣ ਗਾਇਨ ਕਰਦੀ ਹੈ।

ਤੇ ਸ੍ਰਵਨ ਭਲੇ ਸੋਭਨੀਕ ਹਹਿ ਮੇਰੀ ਜਿੰਦੁੜੀਏ! ਹਰਿ ਕੀਰਤਨੁ ਸੁਣਹਿ ਹਰਿ ਤੇਰੇ ਰਾਮ ॥

ਸ੍ਰੇਸ਼ਟ ਅਤੇ ਸੁਭਾਇਮਾਨ ਹਨ, ਉਹ ਕੰਨ, ਹੇ ਮੇਰੀ ਜਿੰਦੇ! ਜੋ ਸੁਆਮੀ ਵਾਹਿਗੁਰੂ ਦੀ ਕੀਰਤੀ ਗਾਇਨ ਹੁੰਦੀ ਸ੍ਰਵਣ ਕਰਦੇ ਹਨ।

ਸੋ ਸੀਸੁ ਭਲਾ ਪਵਿਤ੍ਰ ਪਾਵਨੁ ਹੈ ਮੇਰੀ ਜਿੰਦੁੜੀਏ! ਜੋ ਜਾਇ ਲਗੈ ਗੁਰ ਪੈਰੇ ਰਾਮ ॥

ਸ੍ਰੇਸ਼ਟ, ਪੁਨੀਤ ਤੇ ਪੁੰਨ-ਆਤਮਾ ਹੈ ਉਹ ਸਿਰ, ਹੇ ਮੇਰੀ ਜਿੰਦੇ! ਜੋ ਜਾ ਕੇ ਗੁਰਾਂ ਦੇ ਪੈਰਾਂ ਉਤੇ ਢਹਿ ਪੈਂਦਾ ਹੈ।

ਗੁਰ ਵਿਟਹੁ ਨਾਨਕੁ ਵਾਰਿਆ ਮੇਰੀ ਜਿੰਦੁੜੀਏ! ਜਿਨਿ ਹਰਿ ਹਰਿ ਨਾਮੁ ਚਿਤੇਰੇ ਰਾਮ ॥੨॥

ਹੇ ਮੇਰੀ ਜਿੰਦੇ! ਨਾਨਕ ਗੁਰਾਂ ਉਤੋਂ ਕੁਰਬਾਨ ਜਾਂਦਾ ਹੈ, ਜਿਨ੍ਹਾਂ ਨੇ ਸੁਆਮੀ ਵਾਹਿਗੁਰੂ ਦਾ ਨਾਮ ਉਸ ਦੇ ਚਿੱਤ ਵਿੱਚ ਲਿਆਂਦਾ ਹੈ।

ਤੇ ਨੇਤ੍ਰ ਭਲੇ ਪਰਵਾਣੁ ਹਹਿ ਮੇਰੀ ਜਿੰਦੁੜੀਏ! ਜੋ ਸਾਧੂ ਸਤਿਗੁਰੁ ਦੇਖਹਿ ਰਾਮ ॥

ਮੁਬਾਰਕ ਅਤੇ ਮਕਬੂਲ ਹਨ ਉਹ ਅੱਖਾਂ, ਹੇ ਮੇਰੇ ਜੀਊੜਿਆ, ਜਿਹੜੀਆਂ ਸੰਤ-ਸਰੂਪ ਸੱਚੇ ਗੁਰਾਂ ਨੂੰ ਵੇਖਦੀਆਂ ਹਨ।

ਤੇ ਹਸਤ ਪੁਨੀਤ ਪਵਿਤ੍ਰ ਹਹਿ ਮੇਰੀ ਜਿੰਦੁੜੀਏ! ਜੋ ਹਰਿ ਜਸੁ ਹਰਿ ਹਰਿ ਲੇਖਹਿ ਰਾਮ ॥

ਹੇ ਮੇਰੀ ਜਿੰਦੇ! ਪਾਰਸਾਂ ਅਤੇ ਪਾਵਨ ਹਨ ਉਹ ਹੱਥ ਜਿਹੜੇ ਪ੍ਰਭੂ ਦੀ ਸਿਫ਼ਤ ਅਤੇ ਪ੍ਰਭੂ ਦਾ ਨਾਮ ਲਿਖਦੇ ਹਨ।

ਤਿਸੁ ਜਨ ਕੇ ਪਗ ਨਿਤ ਪੂਜੀਅਹਿ ਮੇਰੀ ਜਿੰਦੁੜੀਏ! ਜੋ ਮਾਰਗਿ ਧਰਮ ਚਲੇਸਹਿ ਰਾਮ ॥

ਮੈਂ ਸਦੀਵ ਹੀ ਉਸ ਪੁਰਸ਼ ਦੇ ਪੈਰਾਂ ਦੀ ਪੂਜਾ ਕਰਦਾ ਹਾਂ, ਹੇ ਮੇਰੀ ਜਿੰਦੇ! ਜਿਹੜਾ ਸੱਚਾਈ ਦੇ ਰਸਤੇ ਤੇ ਟੁਰਦਾ ਹੈ।

ਨਾਨਕੁ ਤਿਨ ਵਿਟਹੁ ਵਾਰਿਆ ਮੇਰੀ ਜਿੰਦੁੜੀਏ! ਹਰਿ ਸੁਣਿ ਹਰਿ ਨਾਮੁ ਮਨੇਸਹਿ ਰਾਮ ॥੩॥

ਨਾਨਕ ਉਨ੍ਹਾਂ ਉਤੋਂ ਘੋਲੀ ਵੰਞਦਾ ਹੈ, ਹੇ ਮੇਰੀ ਜਿੰਦੜੀਏ! ਜੋ ਵਾਹਿਗੁਰੂ ਬਾਰੇ ਸੁਣਦੇ ਹਨ ਅਤੇ ਵਾਹਿਗੁਰੂ ਦੇ ਨਾਮ ਉਤੇ ਭਰੋਸਾ ਧਾਰਦੇ ਹਨ।

ਧਰਤਿ ਪਾਤਾਲੁ ਆਕਾਸੁ ਹੈ ਮੇਰੀ ਜਿੰਦੁੜੀਏ! ਸਭ ਹਰਿ ਹਰਿ ਨਾਮੁ ਧਿਆਵੈ ਰਾਮ ॥

ਮਾਤਲੋਕ, ਪਾਤਾਲ ਅਤੇ ਅਸਮਾਨ, ਹੇ ਮੇਰੀ ਜਿੰਦੇ! ਸਾਰੇ ਸੁਆਮੀ ਮਾਲਕ ਦੇ ਨਾਮ ਦਾ ਚਿੰਤਨ ਕਰਦੇ ਹਨ।

ਪਉਣੁ ਪਾਣੀ ਬੈਸੰਤਰੋ ਮੇਰੀ ਜਿੰਦੁੜੀਏ! ਨਿਤ ਹਰਿ ਹਰਿ ਹਰਿ ਜਸੁ ਗਾਵੈ ਰਾਮ ॥

ਹਵਾ, ਜਲ ਅਤੇ ਅੱਗ ਹੇ ਮੇਰੀ ਜਿੰਦੜੀਏ, ਸਦਾ ਹੀ, ਸੁਆਮੀ ਵਾਹਿਗੁਰੂ ਮਾਲਕ ਦੀ ਕੀਰਤੀ ਗਾਇਨ ਕਰਦੇ ਹਨ।

ਵਣੁ ਤ੍ਰਿਣੁ ਸਭੁ ਆਕਾਰੁ ਹੈ ਮੇਰੀ ਜਿੰਦੁੜੀਏ! ਮੁਖਿ ਹਰਿ ਹਰਿ ਨਾਮੁ ਧਿਆਵੈ ਰਾਮ ॥

ਜੰਗਲ, ਘਾਹ ਦੀਆਂ ਤਿੜਾਂ ਅਤੇ ਸਾਰਾ ਜਹਾਨ, ਹੇ ਮੇਰੀ ਜਿੰਦੜੀਏ! ਆਪਣੇ ਮੂੰਹ ਨਾਲ ਪ੍ਰਭੂ-ਪ੍ਰਮੇਸ਼ਵਰ ਦਾ ਨਾਮ ਉਚਾਰਨ ਕਰਦੇ ਹਨ।

ਨਾਨਕ ਤੇ ਹਰਿ ਦਰਿ ਪੈਨ੍ਹ੍ਹਾਇਆ ਮੇਰੀ ਜਿੰਦੁੜੀਏ! ਜੋ ਗੁਰਮੁਖਿ ਭਗਤਿ ਮਨੁ ਲਾਵੈ ਰਾਮ ॥੪॥੪॥

ਨਾਨਕ, ਜੋ ਗੁਰਾਂ ਦੁਆਰੇ, ਆਪਣਾ ਚਿੱਤ ਸਾਈਂ ਦੀ ਪ੍ਰੇਮਮਈ-ਸੇਵਾ ਅੰਦਰ ਜੋੜਦਾ ਹੈ, ਹੇ ਮੇਰੀ ਜਿੰਦੜੀਏ ਉਸ ਨੂੰ ਵਾਹਿਗੁਰੂ ਦੇ ਦਰਬਾਰ ਵਿੱਚ ਇਜ਼ਤ ਦੀ ਪੁਸ਼ਾਕ ਪਹਿਨਾਈ ਜਾਂਦੀ ਹੈ।


ਬਿਹਾਗੜਾ ਮਹਲਾ ੪ ॥

ਬਿਹਾਗੜਾ ਚੌਥੀ ਪਾਤਸ਼ਾਹੀ।

ਜਿਨ ਹਰਿ ਹਰਿ ਨਾਮੁ ਨ ਚੇਤਿਓ ਮੇਰੀ ਜਿੰਦੁੜੀਏ! ਤੇ ਮਨਮੁਖ ਮੂੜ ਇਆਣੇ ਰਾਮ ॥

ਜੋ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਨਹੀਂ ਕਰਦੇ, ਹੇ ਮੇਰੇ ਜੀਵੜਿਆਂ ਮਨਮੁਖ, ਮੱਤ-ਹੀਨ ਅਤੇ ਬੇਸਮਝ ਹਨ।

ਜੋ ਮੋਹਿ ਮਾਇਆ ਚਿਤੁ ਲਾਇਦੇ ਮੇਰੀ ਜਿੰਦੁੜੀਏ! ਸੇ ਅੰਤਿ ਗਏ ਪਛੁਤਾਣੇ ਰਾਮ ॥

ਜਿਹੜੇ ਆਪਣੇ ਮਨ ਨੂੰ ਸੰਸਾਰੀ ਮਮਤਾ, ਅਤੇ ਦੁਨਿਆਵੀ ਪਦਾਰਥਾਂ ਨਾਲ ਜੋੜਦੇ ਹਨ, ਹੇ ਮੇਰੇ ਜੀਊੜਿਆ! ਉਹ ਅਖ਼ੀਰ ਨੂੰ ਅਫ਼ਸੋਸ ਕਰਦੇ ਹੋਏ (ਇਸ ਜਹਾਨੋ) ਟੁਰ ਜਾਂਦੇ ਹਨ।

ਹਰਿ ਦਰਗਹ ਢੋਈ ਨਾ ਲਹਨ੍ਹ੍ਹਿ ਮੇਰੀ ਜਿੰਦੁੜੀਏ! ਜੋ ਮਨਮੁਖ ਪਾਪਿ ਲੁਭਾਣੇ ਰਾਮ ॥

ਮਨਮੱਤੀਏ ਪੁਰਸ਼, ਜਿਨ੍ਹਾਂ ਨੂੰ ਗੁਨਾਹਾਂ ਨੇ ਲੁਭਾ ਲਿਆ ਹੋਇਆ ਹੈ, ਹੇ ਮੇਰੇ ਜੀਊੜਿਆ! ਉਹ ਰੱਬ ਦੇ ਦਰਬਾਰ ਅੰਦਰ ਆਰਾਮ ਦੀ ਥਾਂ ਨਹੀਂ ਪਾਉਂਦੇ।

ਜਨ ਨਾਨਕ ਗੁਰ ਮਿਲਿ ਉਬਰੇ ਮੇਰੀ ਜਿੰਦੁੜੀਏ! ਹਰਿ ਜਪਿ ਹਰਿ ਨਾਮਿ ਸਮਾਣੇ ਰਾਮ ॥੧॥

ਗੋਲਾ ਨਾਨਕ ਆਖਦਾ ਹੈ, ਜੋ ਗੁਰਾਂ ਨੂੰ ਮਿਲਦੇ ਹਨ, ਅਤੇ ਵਾਹਿਗੁਰੂ ਦੇ ਨਾਮ ਨੂੰ ਸਿਮਰਦੇ ਹਨ, ਉਹ ਤਰ ਜਾਂਦੇ ਹਨ, ਹੇ ਮੇਰੀ ਜਿੰਦੇ! ਅਤੇ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ।

ਸਭਿ ਜਾਇ ਮਿਲਹੁ ਸਤਿਗੁਰੂ ਕਉ ਮੇਰੀ ਜਿੰਦੁੜੀਏ! ਜੋ ਹਰਿ ਹਰਿ ਨਾਮੁ ਦ੍ਰਿੜਾਵੈ ਰਾਮ ॥

ਤੁਸੀਂ ਸਾਰੇ ਜਣੇ ਜਾ ਕੇ ਸੱਚੇ ਗੁਰਾਂ ਨੂੰ ਮਿਲੋ। ਹੇ ਮੇਰੀ ਜਿੰਦੇ! ਜੋ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਦਿਲ ਅੰਦਰ ਪੱਕਾ ਕਰਦੇ ਹਨ।

ਹਰਿ ਜਪਦਿਆ ਖਿਨੁ ਢਿਲ ਨ ਕੀਜਈ ਮੇਰੀ ਜਿੰਦੁੜੀਏ! ਮਤੁ ਕਿ ਜਾਪੈ ਸਾਹੁ ਆਵੈ, ਕਿ ਨ ਆਵੈ ਰਾਮ ॥

ਵਾਹਿਗੁਰੂ ਦਾ ਸਿਮਰਨ ਕਰਨ ਅੰਦਰ ਇਕ ਮੁਹਤ ਭਰ ਦੀ ਭੀ ਦੇਰੀ ਨਾਂ ਕਰ, ਹੇ ਮੇਰੀ ਆਤਮਾਂ! ਕੀ ਮਲੂਮ ਹੈ ਕਿ ਪ੍ਰਾਣੀ ਨੂੰ ਅਗਲਾ ਸੁਆਸ ਆਊਗਾ ਕਿ ਆਊਗਾ ਹੀ ਨਹੀਂ।

ਸਾ ਵੇਲਾ, ਸੋ ਮੂਰਤੁ, ਸਾ ਘੜੀ, ਸੋ ਮੁਹਤੁ ਸਫਲੁ ਹੈ ਮੇਰੀ ਜਿੰਦੁੜੀਏ! ਜਿਤੁ ਹਰਿ ਮੇਰਾ ਚਿਤਿ ਆਵੈ ਰਾਮ ॥

ਉਹ ਸਮਾਂ, ਉਹ ਬਿੰਦ, ਉਹ ਲਮ੍ਹਾ ਅਤੇ ਉਹ ਖਿਣ ਲਾਭਦਾਇਕ ਹਨ, ਹੇ ਮੇਰੇ ਜੀਊੜਿਆ! ਜਦ ਮੇਰਾ ਵਾਹਿਗੁਰੂ ਮੇਰਾ ਵਾਹਿਗੁਰੂ ਮੇਰੇ ਅੰਦਰ-ਆਤਮੇ ਆਉਂਦਾ ਹੈ।

ਜਨ ਨਾਨਕ ਨਾਮੁ ਧਿਆਇਆ ਮੇਰੀ ਜਿੰਦੁੜੀਏ! ਜਮਕੰਕਰੁ ਨੇੜਿ ਨ ਆਵੈ ਰਾਮ ॥੨॥

ਸੇਵਕ ਨਾਨਕ ਨੇ ਸੁਆਮੀ ਦੇ ਨਾਮ ਦਾ ਸਿਮਰਨ ਕੀਤਾ ਹੈ, ਹੇ ਮੇਰੀ ਜਿੰਦੜੀਏ! ਅਤੇ ਹੁਣ ਮੌਤ ਦਾ ਦੂਤ ਉਸ ਦੇ ਲਾਗੇ ਨਹੀਂ ਲੱਗਦਾ।

ਹਰਿ ਵੇਖੈ ਸੁਣੈ ਨਿਤ ਸਭੁ ਕਿਛੁ ਮੇਰੀ ਜਿੰਦੁੜੀਏ! ਸੋ ਡਰੈ ਜਿਨਿ ਪਾਪ ਕਮਤੇ ਰਾਮ ॥

ਵਾਹਿਗੁਰੂ ਸਦਾ ਹੀ ਸਾਰਾ ਕੁਛ ਦੇਖਦਾ ਅਤੇ ਸੁਣਦਾ ਹੈ ਹੇ ਮੇਰੀ ਜਿੰਦੜੀਏ! ਕੇਵਲ ਉਸ ਨੂੰ ਹੀ ਭੈ ਵਿਆਪਕਦਾ ਹੈ ਜੋ ਗੁਨਾਹ ਕਰਦਾ ਹੈ।

ਜਿਸੁ ਅੰਤਰੁ ਹਿਰਦਾ ਸੁਧੁ ਹੈ ਮੇਰੀ ਜਿੰਦੁੜੀਏ! ਤਿਨਿ ਜਨਿ ਸਭਿ ਡਰ ਸੁਟਿ ਘਤੇ ਰਾਮ ॥

ਜਿਸ ਇਨਸਾਨ ਦਾ ਦਿਲ ਅੰਦਰੋਂ ਪਵਿੱਤ੍ਰ ਹੈ, ਹੇ ਮੇਰੀ ਜਿੰਦੇ! ਉਹ ਆਪਣੇ ਸਾਰੇ ਤ੍ਰਾਸਾਂ ਨੂੰ ਪਰ੍ਹੇ ਸੁੱਟ ਦਿੰਦਾ ਹੈ।

ਹਰਿ ਨਿਰਭਉ ਨਾਮਿ ਪਤੀਜਿਆ ਮੇਰੀ ਜਿੰਦੁੜੀਏ! ਸਭਿ ਝਖ ਮਾਰਨੁ ਦੁਸਟ ਕੁਪਤੇ ਰਾਮ ॥
ਜਿਸ ਦਾ ਭੈ-ਰਹਿਤ ਸੁਆਮੀ ਦੇ ਨਾਮ ਉਤੇ ਨਿਸਚਾ ਹੈ, ਹੇ ਮੇਰੀ ਜਿੰਦੜੀਏ! ਉਸ ਖਿਲਾਫ ਸਾਰੇ ਗੁੰਡੇ ਅਤੇ ਹੁੱਜਤੀ ਬੇਫ਼ਾਇਦਾ ਬਕਵਾਸ ਹਨ।
ਗੁਰੁ ਪੂਰਾ ਨਾਨਕਿ ਸੇਵਿਆ ਮੇਰੀ ਜਿੰਦੁੜੀਏ! ਜਿਨਿ ਪੈਰੀ ਆਣਿ ਸਭਿ ਘਤੇ ਰਾਮ ॥੩॥

ਨਾਨਕ ਨੇ ਆਪਣੇ ਪੂਰਨ ਗੁਰਾਂ ਦੀ ਘਾਲ ਕਮਾਈ ਹੈ, ਹੇ ਮੇਰੀ ਜਿੰਦੜੀਏ! ਜਿਸ ਨੇ ਸਾਰਿਆਂ ਨੂੰ ਲਿਆ ਕੇ ਉਸ ਦੇ ਪੈਂਰੀਂ ਪਾਇਆ ਹੈ।

ਸੋ ਐਸਾ ਹਰਿ ਨਿਤ ਸੇਵੀਐ ਮੇਰੀ ਜਿੰਦੁੜੀਏ! ਜੋ ਸਭ ਦੂ ਸਾਹਿਬੁ ਵਡਾ ਰਾਮ ॥

ਤੂੰ ਸਦਾ ਹੀ ਐਹੋ ਜੇਹੇ ਵਾਹਿਗੁਰੂ ਦੀ ਘਾਲ ਕਮਾ, ਹੇ ਮੇਰੀ ਜਿੰਦੇ! ਜਿਹੜਾ ਸਾਰਿਆਂ ਦਾ ਭਾਰਾ ਸੁਆਮੀ ਹੈ।

ਜਿਨ੍ਹ੍ਹੀ ਇਕ ਮਨਿ ਇਕੁ ਅਰਾਧਿਆ ਮੇਰੀ ਜਿੰਦੁੜੀਏ! ਤਿਨਾ ਨਾਹੀ ਕਿਸੈ ਦੀ ਕਿਛੁ ਚਡਾ ਰਾਮ ॥

ਜੋ ਇਕ ਚਿੱਤ ਇਕ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਹੇ ਮੇਰੀ ਜਿੰਦੇ! ਉਹ ਕਿਸੇ ਦੀ ਮੁਛੰਦਗੀ ਨਹੀਂ ਧਰਾਉਂਦੇ।

ਗੁਰ ਸੇਵਿਐ ਹਰਿ ਮਹਲੁ ਪਾਇਆ ਮੇਰੀ ਜਿੰਦੁੜੀਏ! ਝਖ ਮਾਰਨੁ ਸਭਿ ਨਿੰਦਕ ਘੰਡਾ ਰਾਮ ॥

ਗੁਰਾਂ ਦੀ ਚਾਕਰੀ ਕਮਾਉਣ ਦੁਆਰਾ ਮੈਂ ਵਾਹਿਗੁਰੂ ਦਾ ਮੰਦਰ (ਟਿਕਾਣਾ) ਪਾ ਲਿਆ ਹੈ, ਹੇ ਮੇਰੀ ਜਿੰਦੇ! ਅਤੇ ਸਾਰੇ ਕਲੰਕ ਲਾਉਣ ਵਾਲੇ ਤੇ ਸ਼ਰਾਰਤੀ ਬੇਹੂਦਾ ਬਕਵਾਸ ਕਰਦੇ ਹਨ।

ਜਨ ਨਾਨਕ ਨਾਮੁ ਧਿਆਇਆ ਮੇਰੀ ਜਿੰਦੁੜੀਏ! ਧੁਰਿ ਮਸਤਕਿ ਹਰਿ ਲਿਖਿ ਛਡਾ ਰਾਮ ॥੪॥੫॥

ਗੋਲੇ ਨਾਨਕ ਨੇ, ਹੇ ਮੇਰੀ ਜਿੰਦੜੀਏ, ਨਾਮ ਦਾ ਸਿਮਰਨ ਕੀਤਾ ਹੈ, ਜੋ ਪ੍ਰਭੂ ਨੇ ਆਰੰਭ ਤੋਂ ਹੀ ਉਸ ਦੇ ਮੱਥੇ ਉਤੇ ਲਿਖਿਆ ਹੋਇਆ ਸੀ।


ਬਿਹਾਗੜਾ ਮਹਲਾ ੪ ॥

ਬਿਹਾਗੜਾ ਚੌਥੀ ਪਾਤਸ਼ਾਹੀ।

ਸਭਿ ਜੀਅ ਤੇਰੇ ਤੂੰ ਵਰਤਦਾ ਮੇਰੇ ਹਰਿ ਪ੍ਰਭ! ਤੂੰ ਜਾਣਹਿ, ਜੋ ਜੀਇ ਕਮਾਈਐ ਰਾਮ ॥

ਸਮੂਹ ਜੀਵ ਤੈਡੇ ਹਨ ਅਤੇ ਤੂੰ ਉਨ੍ਹਾਂ ਅੰਦਰ ਰਮਿਆ ਹੋਇਆ ਹੈਂ। ਜਿਹੜਾ ਕੁਛ ਉਹ ਆਪਣੇ ਅੰਤਰ-ਆਤਮੇ ਕਰਦੇ ਹਨ, ਤੂੰ ਉਸ ਨੂੰ ਜਾਣਦਾ ਹੈਂ, ਹੇ ਸਾਈਂ ਵਾਹਿਗੁਰੂ।

ਹਰਿ ਅੰਤਰਿ ਬਾਹਰਿ ਨਾਲਿ ਹੈ ਮੇਰੀ ਜਿੰਦੁੜੀਏ! ਸਭ ਵੇਖੈ ਮਨਿ ਮੁਕਰਾਈਐ ਰਾਮ ॥

ਅੰਦਰ ਤੇ ਬਾਹਰ ਵਾਹਿਗੁਰੂ ਬੰਦੇ ਦੇ ਨਾਲ ਹੈ, ਹੇ ਮੇਰੀ ਜਿੰਦੇ! ਅਤੇ ਸਾਰਾ ਕੁਛ ਦੇਖਦਾ ਹੈ। ਪ੍ਰੰਤੂ ਬੰਦਾ ਆਪਣੇ ਚਿੱਤ ਅੰਦਰ ਸਾਹਿਬ ਤੋਂ ਮੁਨਕਰ ਹੈ।

ਮਨਮੁਖਾ ਨੋ ਹਰਿ ਦੂਰਿ ਹੈ ਮੇਰੀ ਜਿੰਦੁੜੀਏ! ਸਭ ਬਿਰਥੀ ਘਾਲ ਗਵਾਈਐ ਰਾਮ ॥

ਆਪ ਹੁਦਰਿਆਂ ਪੁਰਸ਼ਾਂ ਦੇ ਭਾਣੇ ਵਾਹਿਗੁਰੂ ਬਹੁਤ ਦੁਰੇਡੇ ਹੈ, ਹੇ ਮੇਰੇ ਮਨ! ਅਤੇ ਉਨ੍ਹਾਂ ਦੀ ਸਾਰੀ ਮਿਹਨਤ ਮੁਸ਼ੱਕਤ ਨਿਸਫਲ ਜਾਂਦੀ ਹੈ।

ਜਨ ਨਾਨਕ ਗੁਰਮੁਖਿ ਧਿਆਇਆ ਮੇਰੀ ਜਿੰਦੁੜੀਏ! ਹਰਿ ਹਾਜਰੁ ਨਦਰੀ ਆਈਐ ਰਾਮ ॥੧॥

ਗੋਲੇ ਨਾਨਕ ਨੇ, ਗੁਰਾਂ ਦੇ ਜ਼ਰੀਏ ਵਾਹਿਗੁਰੂ ਦਾ ਆਰਾਧਨ ਕੀਤਾ ਹੈ, ਹੇ ਮੇਰੀ ਜਿੰਦੇ! ਅਤੇ ਉਹ ਸਾਹਿਬ ਦੀ ਹਜੂਰੀ ਨੂੰ ਹਰ ਪਾਸੇ ਵੇਖਦਾ ਹੈ।

ਸੇ ਭਗਤ ਸੇ ਸੇਵਕ ਮੇਰੀ ਜਿੰਦੁੜੀਏ! ਜੋ ਪ੍ਰਭ ਮੇਰੇ ਮਨਿ ਭਾਣੇ ਰਾਮ ॥

ਕੇਵਲ ਓਹੀ ਅਨਿੱਨ ਸ਼੍ਰਧਾਲੂ ਹਨ ਤੇ ਕੇਵਲ ਓਹੀ ਦਾਸ ਹੇ ਮੇਰਿਆ ਮਨਾ! ਜਿਹੜੇ ਮੈਡੇ ਸੁਆਮੀ ਦੇ ਚਿੱਤ ਨੂੰ ਚੰਗੇ ਲੱਗਦੇ ਹਨ।

ਸੇ ਹਰਿ ਦਰਗਹ ਪੈਨਾਇਆ ਮੇਰੀ ਜਿੰਦੁੜੀਏ! ਅਹਿਨਿਸਿ ਸਾਚਿ ਸਮਾਣੇ ਰਾਮ ॥

ਰੱਬ ਦੇ ਦਰਬਾਰ ਵਿੰਚ ਉਨ੍ਹਾਂ ਨੂੰ ਇੱਜ਼ਤ ਦੀ ਪੁਸ਼ਾਕ ਪਹਿਨਾਈ ਜਾਂਦੀ ਹੈ ਹੇ ਮੇਰੇ ਮਨਾ! ਅਤੇ ਦਿਹੂੰ ਰੈਣ ਉਹ ਸੱਚੇ ਸੁਆਮੀ ਅੰਦਰ ਲੀਨ ਰਹਿੰਦੇ ਹਨ।

ਤਿਨ ਕੈ ਸੰਗਿ ਮਲੁ ਉਤਰੈ ਮੇਰੀ ਜਿੰਦੁੜੀਏ! ਰੰਗਿ ਰਾਤੇ ਨਦਰਿ ਨੀਸਾਣੇ ਰਾਮ ॥

ਉਨ੍ਹਾਂ ਦੀ ਸੰਗਤ ਅੰਦਰ ਪਾਪਾਂ ਦੀ ਮੈਲ ਧੋਤੀ ਜਾਂਦੀ ਹੈ, ਹੇ ਮੇਰੇ ਮਨਾ! ਬੰਦਾ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਜਾਂਦਾ ਹੈ ਅਤੇ ਉਸ ਉਤੇ ਮਾਲਕ ਦੀ ਮਿਹਰ ਦਾ ਚਿੰਨ੍ਹ ਪੈ ਜਾਂਦਾ ਹੈ।

ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੁੜੀਏ! ਮਿਲਿ ਸਾਧੂ ਸੰਗਿ ਅਘਾਣੇ ਰਾਮ ॥੨॥

ਨਾਨਕ, ਸੁਆਮੀ ਅੱਗੇ ਬਿਨੇ ਕਰਦਾ ਹੈ, ਹੇ ਮੇਰੇ ਮਨਾ! ਕਿ ਉਹ ਸਤਿ ਸੰਗਤ ਨਾਲ ਜੁੜ ਕੇ ਤ੍ਰਿਪਤ ਹੋਇਆ ਰਹੇ।

ਹੇ ਰਸਨਾ ਜਪਿ ਗੋਬਿੰਦੋ ਮੇਰੀ ਜਿੰਦੁੜੀਏ! ਜਪਿ ਹਰਿ ਹਰਿ ਤ੍ਰਿਸਨਾ ਜਾਏ ਰਾਮ ॥

ਹੇ ਮੇਰੀ ਜਿੰਦੇ! ਹੇ ਮੇਰੀ ਜੀਭੇ! ਤੂੰ ਸ੍ਰਿਸ਼ਟੀ ਦੇ ਸੁਆਮੀ ਦਾ ਭਜਨ ਕਰ, ਤਾਂ ਜੋ ਸੁਆਮੀ ਵਾਹਿਗੁਰੂ ਨੂੰ ਚੇਤੇ ਕਰਨ ਨਾਲ ਤੇਰੀਆਂ ਦੁਨਿਆਵੀ-ਖਾਹਿਸ਼ਾਂ ਬੁਝ ਜਾਣ।

ਜਿਸੁ ਦਇਆ ਕਰੇ ਮੇਰਾ ਪਾਰਬ੍ਰਹਮੁ ਮੇਰੀ ਜਿੰਦੁੜੀਏ! ਤਿਸੁ ਮਨਿ ਨਾਮੁ ਵਸਾਏ ਰਾਮ ॥

ਜਿਸ ਉਤੇ ਮੈਡਾਂ ਪਰਮ ਪ੍ਰਭੂ ਮਿਹਰ ਧਾਰਦਾ ਹੈ, ਹੇ ਮੇਰੇ ਮਨਾ! ਉਸ ਦੇ ਹਿਰਦੇ ਅੰਦਰ ਉਹ ਆਪਣੇ ਨਾਮ ਨੂੰ ਟਿਕਾਉਂਦਾ ਹੈ।

ਜਿਸੁ ਭੇਟੇ ਪੂਰਾ ਸਤਿਗੁਰੂ ਮੇਰੀ ਜਿੰਦੁੜੀਏ! ਸੋ ਹਰਿ ਧਨੁ ਨਿਧਿ ਪਾਏ ਰਾਮ ॥

ਜੋ ਪੂਰਨ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ, ਹੇ ਮੇਰੀ ਜਿੰਦੇ! ਉਹ ਵਾਹਿਗੁਰੂ ਦੀ ਦੌਲਤ ਦੇ ਖ਼ਜ਼ਾਨੇ ਨੂੰ ਪਾ ਲੈਂਦਾ ਹੈ।

ਵਡਭਾਗੀ ਸੰਗਤਿ ਮਿਲੈ ਮੇਰੀ ਜਿੰਦੁੜੀਏ! ਨਾਨਕ ਹਰਿ ਗੁਣ ਗਾਏ ਰਾਮ ॥੩॥

ਨਾਨਕ ਭਾਰੇ ਚੰਗੇ ਨਸੀਬਾਂ ਦੇ ਰਾਹੀਂ ਸਤਿ ਸੰਗਤ ਪ੍ਰਾਪਤ ਹੁੰਦੀ ਹੈ, ਹੇ ਮੇਰੀ ਜਿੰਦੇ! ਜਿਸ ਵਿੱਚ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਹੁੰਦੀਆਂ ਹਨ।

ਥਾਨ ਥਨੰਤਰਿ ਰਵਿ ਰਹਿਆ ਮੇਰੀ ਜਿੰਦੁੜੀਏ! ਪਾਰਬ੍ਰਹਮੁ ਪ੍ਰਭੁ ਦਾਤਾ ਰਾਮ ॥

ਸਾਰੀਆਂ ਥਾਵਾਂ ਅਤੇ ਥਾਵਾਂ ਦੀਆਂ ਵਿੱਥਾਂ ਅੰਦਰ ਸ਼੍ਰੋਮਣੀ ਸਾਹਿਬ ਤੇ ਦਾਤਾਰ ਮਾਲਕ ਪਰੀਪੂਰਨ ਹੈ, ਹੇ ਮੇਰੇ ਜੀਵੜਿਆ!

ਤਾ ਕਾ ਅੰਤੁ ਨ ਪਾਈਐ ਮੇਰੀ ਜਿੰਦੁੜੀਏ! ਪੂਰਨ ਪੁਰਖੁ ਬਿਧਾਤਾ ਰਾਮ ॥

ਉਸ ਦਾ ਓੜਕ ਜਾਣਿਆ ਨਹੀਂ ਜਾ ਸਕਦਾ। ਉਹ ਸਰਬ-ਵਿਆਪਕ ਸੰਪੂਰਨ ਕਿਸਮਤ ਦਾ ਲਿਖਾਰੀ ਹੈ।

ਸਰਬ ਜੀਆ ਪ੍ਰਤਿਪਾਲਦਾ ਮੇਰੀ ਜਿੰਦੁੜੀਏ! ਜਿਉ ਬਾਲਕ ਪਿਤ ਮਾਤਾ ਰਾਮ ॥

ਹੇ ਮੇਰੀ ਜਿੰਦੇ! ਸੁਆਮੀ ਸਾਰੇ ਜੀਵਾਂ ਨੂੰ ਐਉ ਪਾਲਦਾ ਪੋਸਦਾ ਹੈ, ਜਿਸ ਤਰ੍ਹਾਂ ਪਿਓ ਤੇ ਮਾਂ ਆਪਣੇ ਬੱਚੇ ਨੂੰ ਪਾਲਦੇ ਪੋਸਦੇ ਹਨ।

ਸਹਸ ਸਿਆਣਪ ਨਹ ਮਿਲੈ ਮੇਰੀ ਜਿੰਦੁੜੀਏ! ਜਨ ਨਾਨਕ ਗੁਰਮੁਖਿ ਜਾਤਾ ਰਾਮ ॥੪॥੬॥ ਛਕਾ ੧ ॥

ਹਜ਼ਾਰਾਂ ਹੀ ਚਤੁਰਾਈਆਂ ਦੁਆਰਾ ਉਹ ਪ੍ਰਾਪਤ ਨਹੀਂ ਹੁੰਦਾ ਹੇ ਮੇਰੀ ਜਿੰਦੜੀਏ! ਗੋਲੇ ਨਾਨਕ ਨੇ ਆਪਣੇ ਸੁਆਮੀ ਨੂੰ ਗੁਰਾਂ ਦੇ ਰਾਹੀਂ ਜਾਣ ਲਿਆ ਹੈ।


ਬਿਹਾਗੜਾ ਮਹਲਾ ੫ ਛੰਤ ਘਰੁ ੧

ਬਿਹਾਗੜਾ ਪੰਜਵੀਂ ਪਾਤਸ਼ਾਹੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਹਰਿ ਕਾ ਏਕੁ ਅਚੰਭਉ ਦੇਖਿਆ ਮੇਰੇ ਲਾਲ ਜੀਉ! ਜੋ ਕਰੇ ਸੁ ਧਰਮ ਨਿਆਏ ਰਾਮ ॥

ਮੈਂ ਵਾਹਿਗੁਰੂ ਦੀ ਇਕ ਕਰਾਮਾਤ ਦੇਖੀ ਹੈ, ਹੇ ਮੇਰੇ ਪ੍ਰੀਤਮ! ਜਿਹੜਾ ਕੁਛ ਭੀ ਉਹ ਕਰਦਾ ਹੈ ਉਹ ਸੱਚਾ ਤੇ ਨਿਆਇਕਾਰੀ ਹੁੰਦਾ ਹੈ।

ਹਰਿ ਰੰਗੁ ਅਖਾੜਾ ਪਾਇਓਨੁ ਮੇਰੇ ਲਾਲ ਜੀਉ! ਆਵਣੁ ਜਾਣੁ ਸਬਾਏ ਰਾਮ ॥

ਵਾਹਿਗੁਰੂ ਨੇ ਇਸ ਸੰਸਾਰ ਨੂੰ ਇੱਕ ਸੁੰਦਰ ਖੇਲ ਦਾ ਮੈਦਾਨ ਬਣਾਇਆ ਹੈ, ਹੇ ਮੇਰੇ ਪੂਜਯ ਪਿਆਰੇ! ਜਿਥੇ ਸਾਰੇ ਪ੍ਰਾਣੀ ਆਉਂਦੇ ਤੇ ਜਾਂਦੇ ਰਹਿੰਦੇ ਹਨ।

ਆਵਣੁ ਤ ਜਾਣਾ ਤਿਨਹਿ ਕੀਆ; ਜਿਨਿ ਮੇਦਨਿ ਸਿਰਜੀਆ ॥

ਜਿਸ ਨੇ ਸੰਸਾਰ ਰਚਿਆ ਹੈ, ਜੀਵਾਂ ਦਾ ਆਉਣਾ ਤੇ ਜਾਣਾ ਓਸੇ ਨੇ ਹੀ ਨੀਅਤ ਕੀਤਾ ਹੈ।

ਇਕਨਾ ਮੇਲਿ ਸਤਿਗੁਰੁ ਮਹਲਿ ਬੁਲਾਏ; ਇਕਿ ਭਰਮਿ ਭੂਲੇ ਫਿਰਦਿਆ ॥

ਕਈਆਂ ਨੂੰ ਜੋ ਸੱਚੇ ਗੁਰਾਂ ਨੂੰ ਮਿਲ ਪੈਦੇ ਹਨ, ਵਾਹਿਗੁਰੂ ਆਪਣੇ ਮੰਦਰ ਵਿੱਚ ਸੱਦ ਲੈਂਦਾ ਹੈ ਅਤੇ ਕਈ ਸੰਦੇਹ ਵਿੱਚ ਭਟਕਦੇ ਫਿਰਦੇ ਹਨ।

ਅੰਤੁ ਤੇਰਾ ਤੂੰਹੈ ਜਾਣਹਿ; ਤੂੰ ਸਭ ਮਹਿ ਰਹਿਆ ਸਮਾਏ ॥

ਤੇਰਾ ਹੱਦ ਬੰਨਾ ਕੇਵਲ ਤੂੰ ਹੀ ਜਾਣਦਾ ਹੈਂ, ਹੇ ਪ੍ਰਭੂ! ਤੂੰ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈਂ।

ਸਚੁ ਕਹੈ ਨਾਨਕੁ, ਸੁਣਹੁ ਸੰਤਹੁ! ਹਰਿ ਵਰਤੈ ਧਰਮ ਨਿਆਏ ॥੧॥

ਨਾਨਕ ਸੱਚੋ ਸੱਚ ਆਖਦਾ ਹੈ, ਸ੍ਰਵਣ ਕਰੋ ਤੁਸੀਂ ਹੇ ਸੰਤੋ! ਵਾਹਿਗੁਰੂ ਸੋਲਾਂ ਆਨੇ ਖਰਾ ਇਨਸਾਫ ਕਰਦਾ ਹੈ।

ਆਵਹੁ ਮਿਲਹੁ ਸਹੇਲੀਹੋ! ਮੇਰੇ ਲਾਲ ਜੀਉ! ਹਰਿ ਹਰਿ ਨਾਮੁ ਅਰਾਧੇ ਰਾਮ ॥

ਆਓ ਤੇ ਮੈਨੂੰ ਮਿਲੋ, ਹੇ ਸਖੀਓ! ਮੇਰੀ ਪੂਜਨੀਯ ਪਿਆਰੀਓ! ਆਉ ਆਪਾਂ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰੀਏ।

ਕਰਿ ਸੇਵਹੁ ਪੂਰਾ ਸਤਿਗੁਰੂ ਮੇਰੇ ਲਾਲ ਜੀਉ! ਜਮ ਕਾ ਮਾਰਗੁ ਸਾਧੇ ਰਾਮ ॥

ਆਓ ਆਪਾਂ ਪੂਰਨ ਸੱਚੇ ਗੁਰਾਂ ਦੀ ਘਾਲ ਕਮਾਈਏ, ਹੇ ਮੇਰੀ ਪਿਆਰੀਓ! ਅਤੇ ਮੌਤ ਦੇ ਰਸਤੇ ਨੂੰ ਪੱਧਰਾ ਕਰੀਏ।

ਮਾਰਗੁ ਬਿਖੜਾ ਸਾਧਿ ਗੁਰਮੁਖਿ; ਹਰਿ ਦਰਗਹ ਸੋਭਾ ਪਾਈਐ ॥

ਔਖੇ ਰਸਤੇ ਨੂੰ ਗੁਰਾਂ ਦੇ ਰਾਹੀਂ ਸੁਖਦਾਈ ਬਣਾ ਕੇ, ਅਸੀਂ ਵਾਹਿਗੁਰੂ ਦੇ ਦਰਬਾਰ ਵਿੱਚ ਇੱਜ਼ਤ ਆਬਰੂ ਪਾਵਾਂਗੇ।

ਜਿਨ ਕਉ ਬਿਧਾਤੈ ਧੁਰਹੁ ਲਿਖਿਆ; ਤਿਨ੍ਹ੍ਹਾ ਰੈਣਿ ਦਿਨੁ ਲਿਵ ਲਾਈਐ ॥

ਜਿਨ੍ਹਾਂ ਲਈ ਸਿਰਜਣਹਾਰ ਨੇ ਮੁੱਢ ਤੋਂ ਐਸੀ ਲਿਖਤਾਕਾਰ ਕਰ ਛੱਡੀ ਹੈ, ਉਹ ਰਾਤ ਦਿਹੁੰ ਸਾਈਂ ਨਾਲ ਆਪਣੀ ਬਿਰਤੀ ਜੋੜਦੇ ਹਨ।

ਹਉਮੈ ਮਮਤਾ ਮੋਹੁ ਛੁਟਾ; ਜਾ ਸੰਗਿ ਮਿਲਿਆ ਸਾਧੇ ॥

ਸਵੈ-ਹੰਗਤਾ, ਅਪਣੱਤ ਅਤੇ ਸੰਸਾਰੀ ਲਗਨ ਦੂਰ ਹੋ ਜਾਂਦੇ ਹਨ, ਜਦ ਬੰਦਾ ਸਤਿ ਸੰਗਤ ਅੰਦਰ ਜੁੜ ਜਾਂਦਾ ਹੈ।

ਜਨੁ ਕਹੈ ਨਾਨਕੁ ਮੁਕਤੁ ਹੋਆ; ਹਰਿ ਹਰਿ ਨਾਮੁ ਅਰਾਧੇ ॥੨॥

ਦਾਸ ਨਾਨਕ ਆਖਦਾ ਹੈ, ਕਿ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਜੀਵ ਬੰਦ-ਖਲਾਸ ਹੋ ਜਾਂਦਾ ਹੈ।

ਕਰ ਜੋੜਿਹੁ ਸੰਤ ਇਕਤ੍ਰ ਹੋਇ ਮੇਰੇ ਲਾਲ ਜੀਉ! ਅਬਿਨਾਸੀ ਪੁਰਖੁ ਪੂਜੇਹਾ ਰਾਮ ॥

ਹੇ ਮੇਰੇ ਪੂਜਨੀਯ ਪਿਆਰੇ ਸਾਧੂਓ! ਆਓ ਆਪਾਂ ਇਕੱਠੇ ਹੋਈਏ ਅਤੇ ਹੱਥ ਬੰਨ੍ਹ ਕੇ ਅਮਰ ਅਤੇ ਸਰਬ-ਸ਼ਕਤੀਵਾਨ ਸੁਆਮੀ ਦੀ ਉਪਾਸ਼ਨਾ ਕਰੀਏ।

ਬਹੁ ਬਿਧਿ ਪੂਜਾ ਖੋਜੀਆ ਮੇਰੇ ਲਾਲ ਜੀਉ! ਇਹੁ ਮਨੁ ਤਨੁ ਸਭੁ ਅਰਪੇਹਾ ਰਾਮ ॥

(ਬੇਅਰਥ ਹੀ) ਮੈਂ ਉਸ ਨੂੰ ਅਨੇਕਾਂ ਤਰ੍ਹਾਂ ਦੀਆਂ ਉਪਾਸ਼ਨਾਵਾਂ ਦੇ ਜਰੀਏ ਭਾਲਿਆ ਹੈ। ਆਓ, ਆਪਾਂ ਹੁਣ ਇਹ ਆਤਮਾ ਤੇ ਦੇਹ ਸਮੂਹ ਸੁਆਮੀ ਨੂੰ ਭੇਟ ਕਰ ਦੇਈਏ, ਹੇ ਮੇਰੇ ਪਿਆਰੇ!

ਮਨੁ ਤਨੁ ਧਨੁ ਸਭੁ ਪ੍ਰਭੂ ਕੇਰਾ; ਕਿਆ ਕੋ ਪੂਜ ਚੜਾਵਏ? ॥

ਆਤਮਾ, ਦੇਹ ਅਤੇ ਦੌਲਤ ਸਮੂਹ ਸੁਆਮੀ ਦੇ ਹਨ। ਕੋਈ ਜਣਾ ਉਪਾਸ਼ਨਾ ਵਜੋਂ ਉਸ ਨੂੰ ਕੀ ਭੇਟਾ ਕਰ ਸਕਦਾ ਹੈ?

ਜਿਸੁ ਹੋਇ ਕ੍ਰਿਪਾਲੁ ਦਇਆਲੁ ਸੁਆਮੀ; ਸੋ ਪ੍ਰਭ ਅੰਕਿ ਸਮਾਵਏ ॥

ਕੇਵਲ ਓਹੀ ਸਾਹਿਬ ਦੀ ਗੋਦ ਅੰਦਰ ਲੀਨ ਹੁੰਦਾ ਹੈ, ਜਿਸ ਉਤੇ ਕ੍ਰਿਪਾਲੂ ਮਾਲਕ ਮੇਹਰਵਾਨ ਹੁੰਦਾ ਹੈ।

ਭਾਗੁ ਮਸਤਕਿ ਹੋਇ ਜਿਸ ਕੈ; ਤਿਸੁ ਗੁਰ ਨਾਲਿ ਸਨੇਹਾ ॥

ਜਿਸ ਦੇ ਮੱਥੇ ਉਤੇ ਐਹੋ ਜੇਹੀ ਕਿਸਮਤ ਲਿਖੀ ਹੋਈ ਹੈ, ਉਸ ਦੀ ਪ੍ਰੀਤ ਗੁਰਾਂ ਦੇ ਨਾਲ ਲੱਗ ਜਾਂਦੀ ਹੈ।

ਜਨੁ ਕਹੈ ਨਾਨਕੁ ਮਿਲਿ ਸਾਧਸੰਗਤਿ; ਹਰਿ ਹਰਿ ਨਾਮੁ ਪੂਜੇਹਾ ॥੩॥

ਗੋਲਾ ਨਾਨਕ ਆਖਦਾ ਹੈ, ਸਤਿ ਸੰਗਤ ਅੰਦਰ ਜੁੜ ਕੇ ਆਓ ਆਪਾਂ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਪੂਜੀਏ।

ਦਹ ਦਿਸ ਖੋਜਤ ਹਮ ਫਿਰੇ ਮੇਰੇ ਲਾਲ ਜੀਉ! ਹਰਿ ਪਾਇਅੜਾ ਘਰਿ ਆਏ ਰਾਮ ॥

ਮੈਂ ਦਸੀਂ ਪਾਸੀਂ ਲੱਭਦਾ ਫਿਰਿਆ ਹਾਂ, ਹੇ ਮੇਰੇ ਪਤਵੰਤ ਪਿਆਰਿਆ! ਪ੍ਰੰਤੂ ਵਾਪਸ ਆ ਕੇ ਮੈਂ ਵਾਹਿਗੁਰੂ ਨੂੰ ਆਪਣੇ ਹਿਰਦੇ-ਧਾਮ ਵਿਚੋਂ ਹੀ ਪਾ ਲਿਆ ਹੈ।

ਹਰਿ ਮੰਦਰੁ ਹਰਿ ਜੀਉ ਸਾਜਿਆ ਮੇਰੇ ਲਾਲ ਜੀਉ! ਹਰਿ ਤਿਸੁ ਮਹਿ ਰਹਿਆ ਸਮਾਏ ਰਾਮ ॥

ਪੂਜਨੀਯ ਪ੍ਰਭੂ ਨੇ ਦੇਹ ਰੂਪੀ ਮਹਿਲ ਬਣਾਇਆ ਹੈ, ਹੇ ਮੇਰੇ ਪਿਆਰਿਆ! ਉਸ ਅੰਦਰ ਪ੍ਰਭੂ ਵੱਸ ਰਿਹਾ ਹੈ।

ਸਰਬੇ ਸਮਾਣਾ ਆਪਿ ਸੁਆਮੀ; ਗੁਰਮੁਖਿ ਪਰਗਟੁ ਹੋਇਆ ॥

ਸਾਹਿਬ ਸਾਰਿਆਂ ਅੰਦਰ ਰਮਿਆ ਹੋਇਆ ਹੈ ਅਤੇ ਗੁਰਾਂ ਦੇ ਰਾਹੀਂ ਹੀ, ਉਹ ਆਪਣੇ ਆਪ ਨੂੰ ਜ਼ਾਹਰ ਕਰਦਾ ਹੈ।

ਮਿਟਿਆ ਅਧੇਰਾ ਦੂਖੁ ਨਾਠਾ; ਅਮਿਉ ਹਰਿ ਰਸੁ ਚੋਇਆ ॥

ਜਦ ਗੁਰੂ ਜੀ ਬੰਦੇ ਦੇ ਮੂੰਹ ਵਿੱਚ ਵਾਹਿਗੁਰੂ ਦੇ ਅੰਮ੍ਰਿਤ ਦਾ ਰੱਸ ਚੋਦੇਂ ਹਨ, ਉਸ ਦਾ ਅੰਧੇਰਾ ਦੁਰ ਹੋ ਜਾਂਦਾ ਹੈ ਅਤੇ ਦੁਖੜੇ ਮਿਟ ਜਾਂਦੇ ਹਨ।

ਜਹਾ ਦੇਖਾ ਤਹਾ ਸੁਆਮੀ; ਪਾਰਬ੍ਰਹਮੁ ਸਭ ਠਾਏ ॥

ਜਿੱਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਹੀ ਸਾਹਿਬ ਨੂੰ ਪਾਉਂਦਾ ਹਾਂ, ਪਰਮ ਪ੍ਰਭੂ ਹਰ ਥਾਂ ਰਮਿਆ ਹੋਇਆ ਹੈ।

ਜਨੁ ਕਹੈ ਨਾਨਕੁ, ਸਤਿਗੁਰਿ ਮਿਲਾਇਆ; ਹਰਿ ਪਾਇਅੜਾ ਘਰਿ ਆਏ ॥੪॥੧॥

ਗੁਲਾਮ ਨਾਨਕ ਆਖਦਾ ਹੈ, ਸੱਚੇ ਗੁਰਾਂ ਨੇ ਮੈਨੂੰ ਵਾਹਿਗੁਰੂ ਨਾਲ ਮਿਲਾ ਦਿੱਤਾ ਹੈ। ਹਿਰਦੇ-ਗ੍ਰਿਹ ਵਿੱਚ ਵਾਪਸ ਮੁੜ ਕੇ ਮੈਂ ਉਸ ਨੂੰ ਪਾ ਲਿਆ ਹੈ।


ਰਾਗੁ ਬਿਹਾਗੜਾ ਮਹਲਾ ੫ ॥

ਰਾਗ ਬਿਹਾਗੜਾ ਪੰਜਵੀਂ ਪਾਤਸ਼ਾਹੀ।

ਅਤਿ ਪ੍ਰੀਤਮ ਮਨ ਮੋਹਨਾ, ਘਟ ਸੋਹਨਾ; ਪ੍ਰਾਨ ਅਧਾਰਾ ਰਾਮ ॥

ਚਿੱਤ ਨੂੰ ਚੁਰਾਉਣ ਵਾਲਾ, ਆਤਮਾਂ ਦਾ ਗਹਿਣਾ ਅਤੇ ਜੀਵਨ ਦਾ ਆਸਰਾ ਸੁਆਮੀ ਮੈਨੂੰ ਪਰਮ ਪਿਆਰਾ ਲੱਗਦਾ ਹੈ।

ਸੁੰਦਰ ਸੋਭਾ ਲਾਲ ਗੋਪਾਲ ਦਇਆਲ ਕੀ; ਅਪਰ ਅਪਾਰਾ ਰਾਮ ॥

ਸੁਹਣੀ ਹੈ ਕੀਰਤੀ ਮਿਹਰਬਾਨ ਅਤੇ ਪਿਆਰੇ ਮਾਲਕ ਦੀ ਜੋ ਪਰ੍ਹੇ ਤੋਂ ਪਰੇਡੇ ਹੈ।

ਗੋਪਾਲ ਦਇਆਲ ਗੋਬਿੰਦ ਲਾਲਨ; ਮਿਲਹੁ ਕੰਤ ਨਿਮਾਣੀਆ ॥

ਤੂੰ ਹੇ ਮਿਹਰਬਾਨ ਅਤੇ ਮਿੱਠੜੇ ਪ੍ਰਭੂ ਪਰਮੇਸ਼ਰ! ਹੇ ਮੇਰੇ ਭਰਤੇ! ਤੂੰ ਆਪਣੀ ਮਸਕੀਨ ਨੂੰ ਦਰਸ਼ਨ ਦੇ।

ਨੈਨ ਤਰਸਨ, ਦਰਸ ਪਰਸਨ; ਨਹ ਨੀਦ, ਰੈਣਿ ਵਿਹਾਣੀਆ ॥

ਮੇਰੀਆਂ ਅੱਖਾਂ ਤੇਰਾ ਦੀਦਾਰ ਦੇਖਣ ਨੂੰ ਲੋਚਦੀਆਂ ਹਨ। ਰਾਤ ਬੀਤਦੀ ਜਾਂਦੀ ਹੈ, ਪਰ ਮੈਨੂੰ ਨੀਦਰਂ ਨਹੀਂ ਪੈਦੀ।

ਗਿਆਨ ਅੰਜਨ ਨਾਮ ਬਿੰਜਨ; ਭਏ ਸਗਲ ਸੀਗਾਰਾ ॥

ਮੈਂ ਬ੍ਰਹਮ-ਗਿਆਨ ਦਾ ਸੁਰਮਾ ਆਪਣੀਆਂ ਅੱਖਾਂ ਵਿੱਚ ਪਾਇਆ ਹੈ ਅਤੇ ਰੱਬ ਦੇ ਨਾਮ ਨੂੰ ਆਪਣਾ ਭਜਨ ਬਣਾਇਆ ਹੈ। ਇਸ ਤਰ੍ਹਾਂ ਮੇਰੇ ਸਾਰੇ ਹਾਰ-ਸ਼ਿੰਗਾਰ ਲੱਗ ਗਏ ਹਨ।

ਨਾਨਕੁ ਪਇਅੰਪੈ, ਸੰਤ ਜੰਪੈ; ਮੇਲਿ ਕੰਤੁ ਹਮਾਰਾ ॥੧॥

ਨਾਨਕ ਆਖਦਾ ਹੈ, ਕਿ ਉਹ ਸਾਧੂ ਗੁਰਾਂ ਨੂੰ ਸਿਮਰਦਾ ਤੇ ਬੇਨਤੀ ਕਰਦਾ ਹੈ ਕਿ ਉਹ ਉਸ ਨੂੰ ਉਸਦੇ ਭਰਤੇ ਨਾਲ ਮਿਲਾ ਦੇਣ।

ਲਾਖ ਉਲਾਹਨੇ ਮੋਹਿ; ਹਰਿ ਜਬ ਲਗੁ ਨਹ ਮਿਲੈ ਰਾਮ ॥

ਜਦ ਤਾਈਂ ਮੇਰਾ ਸੁਆਮੀ ਮਾਲਕ ਮੈਨੂੰ ਨਹੀਂ ਮਿਲਦਾ, ਮੈਨੂੰ ਲੱਖਾਂ ਹੀ ਉਲ੍ਹਾਮੇ ਸਹਾਰਨੇ ਪੈਦੇ ਹਨ।

ਮਿਲਨ ਕਉ ਕਰਉ ਉਪਾਵ; ਕਿਛੁ ਹਮਾਰਾ ਨਹ ਚਲੈ ਰਾਮ ॥

ਮੈਂ ਵਾਹਿਗੁਰੂ ਨੂੰ ਮਿਲਣ ਦੇ ਉਪਰਾਲੇ ਕਰਦਾ ਹਾਂ, ਪਰ ਮੇਰਾ ਕੋਈ ਉਪਰਾਲਾ ਭੀ ਕਾਰਗਰ ਨਹੀਂ ਹੁੰਦਾ।

ਚਲ ਚਿਤ, ਬਿਤ ਅਨਿਤ, ਪ੍ਰਿਅ ਬਿਨੁ; ਕਵਨ ਬਿਧੀ ਨ ਧੀਜੀਐ ॥

ਚੰਚਲ ਹੈ ਮਨੂਆ ਅਤੇ ਅਸਥਿਰ ਹੈ ਧਨ ਦੌਲਤ ਆਪਣੇ ਪਿਆਰੇ ਦੇ ਬਗੈਰ ਕਿਸੇ ਤ੍ਰੀਕੇ ਨਾਲ ਭੀ ਮੈਨੂੰ ਧੀਰਜ ਨਹੀਂ ਆਉਂਦਾ।

ਖਾਨ ਪਾਨ ਸੀਗਾਰ ਬਿਰਥੇ; ਹਰਿ ਕੰਤ ਬਿਨੁ ਕਿਉ ਜੀਜੀਐ? ॥

ਵਿਅਰਥ ਹਨ, ਖਾਣ, ਪੀਣ ਤੇ ਹਾਰ-ਸ਼ਿੰਗਾਰ ਦੀਆਂ ਵਸਤੂਆਂ। ਆਪਣੇ ਭਰਤੇ, ਵਾਹਿਗੁਰੂ ਦੇ ਬਾਝੋਂ ਮੈਂ ਕਿਸ ਤਰ੍ਹਾਂ ਜੀਉ ਸਕਦੀ ਹਾਂ?

ਆਸਾ ਪਿਆਸੀ ਰੈਨਿ ਦਿਨੀਅਰੁ; ਰਹਿ ਨ ਸਕੀਐ ਇਕੁ ਤਿਲੈ ॥

ਰਾਤੀ ਅਤੇ ਦਿਹੂੰ ਮੈਂ ਉਸ ਦੇ ਵਾਸਤੇ ਤਰਸਦੀ ਅਤੇ ਤਿਹਾਈ ਹਾਂ। ਉਸ ਦੇ ਬਗੈਰ ਮੈਂ ਇੱਕ ਮੁਹਤ ਭਰ ਭੀ ਨਹੀਂ ਬਚ ਸਕਦੀ।

ਨਾਨਕੁ ਪਇਅੰਪੈ ਸੰਤ ਦਾਸੀ; ਤਉ ਪ੍ਰਸਾਦਿ ਮੇਰਾ ਪਿਰੁ ਮਿਲੈ ॥੨॥

ਗੁਰੂ ਜੀ ਆਖਦੇ ਹਨ, ਹੇ ਸਾਧੂ ਗੁਰਦੇਵ ਜੀ! ਮੈਂ ਤੁਹਾਡੀ ਬਾਂਦੀ ਹਾਂ। ਕੇਵਲ ਤੁਹਾਡੀ ਦਇਆ ਦੁਆਰਾ ਹੀ ਮੈਂ ਆਪਣੇ ਪ੍ਰੀਤਮ ਨੂੰ ਮਿਲ ਸਕਦੀ ਹਾਂ।

ਸੇਜ ਏਕ ਪ੍ਰਿਉ ਸੰਗਿ; ਦਰਸੁ ਨ ਪਾਈਐ ਰਾਮ ॥

ਆਪਣੇ ਪਤੀ ਨਾਲ ਮੇਰੀ ਇਕ ਸਾਂਝੀ ਛੇਜਾ (ਸੇਜਾ) ਹੈ, ਪ੍ਰੰਤੂ ਮੈਨੂੰ ਉਸ ਦਾ ਦਰਸ਼ਨ ਨਸੀਬ ਨਹੀਂ।

ਅਵਗਨ ਮੋਹਿ ਅਨੇਕ, ਕਤ ਮਹਲਿ ਬੁਲਾਈਐ ਰਾਮ ॥

ਮੇਰੇ ਵਿੱਚ ਅਣਗਿਣਤ ਬੁਰਿਆਈਆਂ ਹਨ ਮੇਰਾ ਸੁਆਮੀ ਭਰਤਾ ਕਿਸ ਤਰ੍ਹਾਂ ਮੈਨੂੰ ਆਪਣੀ ਹਜ਼ੂਰੀ ਵਿੱਚ ਸੱਦ ਸਕਦਾ ਹੈ?

ਨਿਰਗੁਨਿ ਨਿਮਾਣੀ ਅਨਾਥਿ ਬਿਨਵੈ; ਮਿਲਹੁ ਪ੍ਰਭ ਕਿਰਪਾ ਨਿਧੇ ॥

ਨੇਕੀ ਵਿਹੂਣ, ਆਬਰੂ-ਰਹਿਤ ਅਤੇ ਯਤੀਮ ਪਤਨੀ ਬੇਨਤੀ ਕਰਦੀ ਹੈ, ਹੇ ਰਹਿਮਤ ਦੇ ਖਜ਼ਾਨੇ ਸੁਆਮੀ ਮੈਨੂੰ ਦਰਸ਼ਨ ਦੇ।

ਭ੍ਰਮ ਭੀਤਿ ਖੋਈਐ, ਸਹਜਿ ਸੋਈਐ; ਪ੍ਰਭ ਪਲਕ ਪੇਖਤ ਨਵ ਨਿਧੇ ॥

ਇਕ ਛਿਨ ਭਰ ਲਈ ਭੀ ਨੌਂ ਖ਼ਜ਼ਾਨਿਆ ਦੇ ਸੁਆਮੀ ਨੂੰ ਵੇਖਣ ਦੁਆਰਾ ਮੇਰੀ ਸੰਦੇਹ ਦੀ ਕੰਧ ਢੈ ਗਈ ਹੈ ਤੇ ਮੈਂ ਆਰਾਮ ਨਾਲ ਸੌਦੀ ਹਾਂ।

ਗ੍ਰਿਹਿ ਲਾਲੁ ਆਵੈ, ਮਹਲੁ ਪਾਵੈ; ਮਿਲਿ ਸੰਗਿ ਮੰਗਲੁ ਗਾਈਐ ॥

ਜੇਕਰ ਮੇਰਾ ਪ੍ਰੀਤਮ ਮੇਰੇ ਘਰ (ਮਨ-ਮੰਦਰ) ਵਿੱਚ ਆ ਜਾਵੇ ਤੇ ਉਥੇ ਟਿਕੇ ਤਾਂ ਮੈਂ ਉਸ ਨਾਲ ਮਿਲ ਕੇ ਖੁਸ਼ੀ ਦੇ ਗੀਤ ਗਾਇਨ ਕਰਾਂਗੀ।

ਨਾਨਕੁ ਪਇਅੰਪੈ ਸੰਤ ਸਰਣੀ ਮੋਹਿ ਦਰਸੁ ਦਿਖਾਈਐ ॥੩॥

ਨਾਨਕ ਆਖਦਾ ਹੈ, ਮੈਂ ਸਾਧੂ ਗੁਰਾਂ ਦੀ ਪਨਾਹ ਲਈ ਹੈ, ਹੇ ਪ੍ਰਭੂ! ਮੈਨੂੰ ਆਪਣਾ ਦਰਸ਼ਨ ਵਿਖਾਲ।

ਸੰਤਨ ਕੈ ਪਰਸਾਦਿ; ਹਰਿ ਹਰਿ ਪਾਇਆ ਰਾਮ ॥

ਸਾਧੂਆਂ ਦੀ ਦਇਆ ਦੁਆਰਾ ਮੈਂ ਸੁਆਮੀ ਵਾਹਿਗੁਰੂ ਨੂੰ ਪਾ ਲਿਆ ਹੈ।

ਇਛ ਪੁੰਨੀ ਮਨਿ ਸਾਂਤਿ; ਤਪਤਿ ਬੁਝਾਇਆ ਰਾਮ ॥

ਮੇਰੀ ਖਾਹਿਸ਼ ਪੂਰੀ ਹੋ ਗਈ ਹੈ, ਮੇਰਾ ਮਨੂਆ ਠੰਢਾ ਠਾਰ ਹੋ ਗਿਆ ਹੈ ਤੇ ਮੇਰੇ ਅੰਦਰ ਦੀ ਅੱਗ ਬੁੱਝ ਗਈ ਹੈ।

ਸਫਲਾ ਸੁ ਦਿਨਸ ਰੈਣੇ ਸੁਹਾਵੀ; ਅਨਦ ਮੰਗਲ ਰਸੁ ਘਨਾ ॥

ਫਲਦਾਇਕ ਹੈ ਉਹ ਦਿਹਾੜਾ, ਸ਼ੋਭਨੀਕ ਉਹ ਰਾਤ ਅਤੇ ਘਣੇਰੀਆਂ ਹਨ ਖੁਸ਼ੀਆਂ, ਮਲ੍ਹਾਰ ਅਤੇ ਰੰਗ-ਰਲੀਆਂ,

ਪ੍ਰਗਟੇ ਗੁਪਾਲ ਗੋਬਿੰਦ ਲਾਲਨ; ਕਵਨ ਰਸਨਾ ਗੁਣ ਭਨਾ? ॥

ਜਦ ਪ੍ਰੀਤਮ ਪ੍ਰਭੂ ਪ੍ਰਮੇਸ਼ਰ ਆ ਪ੍ਰਕਾਸ਼ਦਾ ਹੈ। ਕਿਹੜੀ ਜੀਭਾ ਨਾਲ ਮੈਂ ਉਸ ਦੀਆਂ ਵਡਿਆਈਆਂ ਵਰਨਣ ਕਰ ਸਕਦੀ ਹਾਂ?

ਭ੍ਰਮ ਲੋਭ ਮੋਹ ਬਿਕਾਰ ਥਾਕੇ; ਮਿਲਿ ਸਖੀ ਮੰਗਲੁ ਗਾਇਆ ॥

ਮੇਰਾ ਸੰਦੇਹ, ਲਾਲਚ, ਸੰਸਾਰੀ ਮਮਤਾ ਅਤੇ ਐਬ ਮਿੱਟ ਗਏ ਹਨ ਅਤੇ ਆਪਣੀਆਂ ਸਹੇਲੀਆਂ ਨੂੰ ਮਿਲ ਕੇ ਮੈਂ ਖੁਸ਼ੀ ਦੇ ਗੀਤ ਗਾਉਂਦੀ ਹਾਂ।

ਨਾਨਕੁ ਪਇਅੰਪੈ ਸੰਤ ਜੰਪੈ; ਜਿਨਿ ਹਰਿ ਹਰਿ ਸੰਜੋਗਿ ਮਿਲਾਇਆ ॥੪॥੨॥

ਗੁਰੂ ਜੀ ਆਖਦੇ ਹਨ, ਮੈਂ ਸਾਧੂ ਗੁਰਾਂ ਦਾ ਸਿਮਰਨ ਕਰਦਾ ਹਾਂ ਜਿਨ੍ਹਾਂ ਨੇ ਸੁਆਮੀ ਵਾਹਿਗੁਰੂ ਨਾਲ ਮੇਰਾ ਮਿਲਾਪ ਬਣਾ ਦਿੱਤਾ ਹੈ।


ਬਿਹਾਗੜਾ ਮਹਲਾ ੫ ॥

ਬਿਹਾਗੜਾ ਪੰਜਵੀਂ ਪਾਤਸ਼ਾਹੀ।

ਕਰਿ ਕਿਰਪਾ ਗੁਰ ਪਾਰਬ੍ਰਹਮ ਪੂਰੇ; ਅਨਦਿਨੁ ਨਾਮੁ ਵਖਾਣਾ ਰਾਮ ॥

ਹੇ ਮੇਰੇ ਪੂਰਨ ਗੁਰੂ-ਪ੍ਰਮੇਸ਼ਵਰ! ਮੇਰੇ ਤੇ ਰਹਿਮਤ ਧਾਰ। ਤਾਂ ਜੋ ਮੈਂ ਰੈਣ ਦਿਹੁੰ ਸੁਆਮੀ ਦੇ ਨਾਮ ਦਾ ਉਚਾਰਨ ਕਰ ਸਕਾਂ।

ਅੰਮ੍ਰਿਤ ਬਾਣੀ ਉਚਰਾ ਹਰਿ ਜਸੁ; ਮਿਠਾ ਲਾਗੈ ਤੇਰਾ ਭਾਣਾ ਰਾਮ ॥

ਹੇ ਵਾਹਿਗੁਰੂ, ਮੇਰੀ ਕੀਰਤੀ ਨਾਲ ਪਰੀਪੂਰਨ ਅੰਮ੍ਰਿਤ ਗੁਰਬਾਣੀ ਮੈਂ ਉਚਾਰਨ ਕਰਦਾ ਹਾਂ। ਤੇਰੀ ਰਜਾ ਮੈਨੂੰ ਮਿੱਠੜੀ ਲੱਗਦੀ ਹੈ।

ਕਰਿ ਦਇਆ ਮਇਆ ਗੋਪਾਲ ਗੋਬਿੰਦ; ਕੋਇ ਨਾਹੀ ਤੁਝ ਬਿਨਾ ॥

ਹੇ ਜੱਗ ਦੇ ਪਾਲਣਹਾਰ ਅਤੇ ਸ੍ਰਿਸ਼ਟੀ ਦੇ ਮਾਲਕ ਮੇਰੇ ਉੱਤੇ ਕ੍ਰਿਪਾਲਤਾ ਤੇ ਮਿਹਰ ਧਾਰ, ਤੇਰੇ ਬਗੈਰ ਮੇਰਾ ਹੋਰ ਕੋਈ ਨਹੀਂ ਹੈ।

ਸਮਰਥ ਅਗਥ ਅਪਾਰ ਪੂਰਨ ਜੀਉ; ਤਨੁ ਧਨੁ ਤੁਮ੍ਹ੍ਹ ਮਨਾ ॥

ਹੇ ਮੇਰੇ ਸਰਬ-ਸ਼ਕਤੀਵਾਨ, ਅਕਥ, ਬੇਅੰਤ ਅਤੇ ਸਰਬ-ਵਿਆਪਕ ਮਾਲਕ, ਮੇਰੀ ਜਿੰਦਗੀ, ਦੇਹ ਦੌਲਤ ਤੇ ਆਤਮਾ ਸਮੂਹ ਤੈਡੇ ਹੀ ਹਨ।

ਮੂਰਖ ਮੁਗਧ ਅਨਾਥ ਚੰਚਲ; ਬਲਹੀਨ ਨੀਚ ਅਜਾਣਾ ॥

ਮੈਂ ਬੇਵਕੂਫ ਮੂੜ੍ਹ ਨਿਖਸਮਾ ਬੇਚੈਨ, ਕਮਜ਼ੋਰ ਕਮੀਨਾ ਅਤੇ ਬੇਅਕਲ ਹਾਂ।

ਬਿਨਵੰਤਿ ਨਾਨਕ ਸਰਣਿ ਤੇਰੀ; ਰਖਿ ਲੇਹੁ ਆਵਣ ਜਾਣਾ ॥੧॥

ਨਾਨਕ ਬੇਨਤੀ ਕਰਦਾ ਹੈ, ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ ਹੇ ਸੁਆਮੀ! ਮੈਨੂੰ ਜੰਮਣ ਤੇ ਮਰਨ ਤੋਂ ਬਚਾ ਲੈ।

ਸਾਧਹ ਸਰਣੀ ਪਾਈਐ ਹਰਿ ਜੀਉ; ਗੁਣ ਗਾਵਹ ਹਰਿ ਨੀਤਾ ਰਾਮ ॥

ਸੰਤਾਂ ਦੀ ਸ਼ਰਨਾਗਤ ਅੰਦਰ ਮੈਂ ਮਾਣਨੀਯ ਵਾਹਿਗੁਰੂ ਨੂੰ ਪ੍ਰਾਪਤ ਹੋਇਆ ਹਾਂ ਤੇ ਸਦਾ ਹੀ ਸਾਈਂ ਦਾ ਜੱਸ ਗਾਉਂਦਾ ਹਾਂ।

ਧੂਰਿ ਭਗਤਨ ਕੀ ਮਨਿ ਤਨਿ ਲਗਉ, ਹਰਿ ਜੀਉ! ਸਭ ਪਤਿਤ ਪੁਨੀਤਾ ਰਾਮ ॥

ਜੇਕਰ ਸ਼ਰਧਾਲੂਆਂ ਦੇ ਪੈਰਾਂ ਦੀ ਧੂੜ ਚਿੱਤ ਅਤੇ ਦੇਹ ਨੂੰ ਲੱਗ ਜਾਵੇ ਹੇ ਪੂਜਯ ਪ੍ਰਭੂ! ਤਾਂ ਸਾਰੇ ਪਾਪੀ ਪਵਿੱਤਰ ਹੋ ਜਾਂਦੇ ਹਨ।

ਪਤਿਤਾ ਪੁਨੀਤਾ ਹੋਹਿ ਤਿਨ੍ਹ੍ਹ ਸੰਗਿ; ਜਿਨ੍ਹ੍ਹ ਬਿਧਾਤਾ ਪਾਇਆ ॥

ਉਹਨਾਂ ਦੀ ਸੰਗਤ ਅੰਦਰ ਭ੍ਰਿਸ਼ਟੇ ਹੋਏ ਪਾਵਨ ਹੋ ਜਾਂਦੇ ਹਨ, ਜਿਨ੍ਹਾਂ ਨੇ ਆਪਣੇ ਸਿਰਜਣਹਾਰ ਨੂੰ ਪਾ ਲਿਆ ਹੈ।

ਨਾਮ ਰਾਤੇ ਜੀਅ ਦਾਤੇ; ਨਿਤ ਦੇਹਿ ਚੜਹਿ ਸਵਾਇਆ ॥

ਨਾਮ ਨਾਲ ਰੰਗੀਜੇ ਹੋਏ ਉਹ ਪ੍ਰਾਣੀਆਂ ਨੂੰ ਸਦਾ ਹੀ ਰੱਬੀ ਰੂਹ ਪ੍ਰਦਾਨ ਕਰਦੇ ਹਨ ਅਤੇ ਉਨ੍ਹਾਂ ਦੀਆਂ ਦਾਤਾਂ ਰੋਜ਼ ਬਰੋਜ਼ ਵਧਦੀਆਂ ਜਾਂਦੀਆਂ ਹਨ।

ਰਿਧਿ ਸਿਧਿ ਨਵ ਨਿਧਿ, ਹਰਿ ਜਪਿ; ਜਿਨੀ ਆਤਮੁ ਜੀਤਾ ॥

ਜੋ ਹਰੀ ਦਾ ਸਿਮਰਨ ਕਰਦੇ ਅਤੇ ਆਪਣੇ ਮਨ ਨੂੰ ਜਿਤਦੇ ਹਨ ਉਹ ਧਨ-ਦੌਲਤ ਕਾਮਯਾਬੀ ਅਤੇ ਨੌਂ ਖ਼ਜ਼ਾਨੇ ਪਾ ਲੈਂਦੇ ਹਨ।

ਬਿਨਵੰਤਿ ਨਾਨਕੁ ਵਡਭਾਗਿ ਪਾਈਅਹਿ; ਸਾਧ ਸਾਜਨ ਮੀਤਾ ॥੨॥

ਨਾਨਕ ਬੇਨਤੀ ਕਰਦਾ ਹੈ, ਹੇ ਮਿੱਤ੍ਰ ਚੰਗੀ ਕਿਸਮਤ ਦੁਆਰਾ ਹੀ ਵਾਹਿਗੁਰੂ ਦੇ ਯਾਰ, ਸੰਤ ਪ੍ਰਾਪਤ ਹੁੰਦੇ ਹਨ।

ਜਿਨੀ ਸਚੁ ਵਣੰਜਿਆ ਹਰਿ ਜੀਉ! ਸੇ ਪੂਰੇ ਸਾਹਾ ਰਾਮ ॥

ਕੇਵਲ ਉਹੀ ਜੋ ਸੱਚ ਦਾ ਵਪਾਰ ਕਰਦੇ ਹਨ, ਹੇ ਪੂਜਨੀਯ ਪ੍ਰਭੂ! ਪੂਰਨ ਸਾਹੂਕਾਰ ਹਨ।

ਬਹੁਤੁ ਖਜਾਨਾ ਤਿੰਨ ਪਹਿ ਹਰਿ ਜੀਉ; ਹਰਿ ਕੀਰਤਨੁ ਲਾਹਾ ਰਾਮ ॥

ਹੇ ਮਾਣਨੀਯ ਵਾਹਿਗੁਰੂ! ਉਨ੍ਹਾਂ ਕੋਲ ਬੇਅੰਤ ਖ਼ਜ਼ਾਨਾ ਹੈ ਅਤੇ ਉਹ ਸਾਈਂ ਦੀ ਸਿਫ਼ਤ ਸ਼ਲਾਘਾ ਦਾ ਨਫ਼ਾ ਖੱਟਦੇ ਹਨ।

ਕਾਮੁ ਕ੍ਰੋਧੁ ਨ ਲੋਭੁ ਬਿਆਪੈ; ਜੋ ਜਨ ਪ੍ਰਭ ਸਿਉ ਰਾਤਿਆ ॥

ਭੋਗ-ਬਿਲਾਸ ਗੁੱਸਾ ਅਤੇ ਲਾਲਚ ਉਨ੍ਹਾਂ ਪੁਰਸ਼ਾਂ ਨੂੰ ਨਹੀਂ ਚਿਮੜਦੇ, ਜੋ ਸੁਆਮੀ ਦੇ ਨਾਲ ਰੰਗੀਜੇ ਹੋਏ ਹਨ।

ਏਕੁ ਜਾਨਹਿ, ਏਕੁ ਮਾਨਹਿ; ਰਾਮ ਕੈ ਰੰਗਿ ਮਾਤਿਆ ॥

ਉਹ ਇਕ ਨੂੰ ਸਿੰਞਾਣਦੇ ਹਨ ਇਕ ਤੇ ਹੀ ਭਰੋਸਾ ਧਾਰਦੇ ਹਨ ਅਤੇ ਇਕ ਪ੍ਰਭੂ ਦੀ ਪ੍ਰੀਤ ਨਾਲ ਹੀ ਮਤਵਾਲੇ ਹੋਏ ਹੋਏ ਹਨ।

ਲਗਿ ਸੰਤ ਚਰਣੀ, ਪੜੇ ਸਰਣੀ; ਮਨਿ ਤਿਨਾ ਓਮਾਹਾ ॥

ਉਹ ਸਾਧੂ ਗੁਰਾਂ ਦੇ ਪੈਰੀਂ ਪੈਦੇ ਹਨ ਅਤੇ ਉਹਨਾਂ ਦੀ ਪਨਾਹ ਲੈਂਦੇ ਹਨ, ਉਹਨਾਂ ਦੇ ਚਿੱਤ ਅੰਦਰ ਖੁਸ਼ੀ ਹੈ।

ਬਿਨਵੰਤਿ ਨਾਨਕੁ ਜਿਨ ਨਾਮੁ ਪਲੈ; ਸੇਈ ਸਚੇ ਸਾਹਾ ॥੩॥

ਨਾਨਕ ਬੇਨਤੀ ਕਰਦਾ ਹੈ, ਕੇਵਲ ਓਹੀ ਸੱਚੇ ਸ਼ਾਹੂਕਾਰ ਹਨ, ਜਿਨ੍ਹਾਂ ਦੀ ਝੋਲੀ ਵਿੱਚ ਨਾਮ ਹੈ।

ਨਾਨਕ ਸੋਈ ਸਿਮਰੀਐ ਹਰਿ ਜੀਉ; ਜਾ ਕੀ ਕਲ ਧਾਰੀ ਰਾਮ ॥

ਤੂੰ ਉਸ ਮਾਣਨੀਯ ਵਾਹਿਗੁਰੂ ਦਾ ਆਰਾਧਨ ਕਰ, ਹੇ ਨਾਨਕ! ਜੋ ਆਪਣੀ ਸ਼ਕਤੀ ਦੁਆਰਾ ਸਾਰਿਆਂ ਨੂੰ ਆਸਰਾ ਦਿੰਦਾ ਹੈ।

ਗੁਰਮੁਖਿ ਮਨਹੁ ਨ ਵੀਸਰੈ ਹਰਿ ਜੀਉ; ਕਰਤਾ ਪੁਰਖੁ ਮੁਰਾਰੀ ਰਾਮ ॥

ਆਪਣੇ ਚਿੱਤ ਅੰਦਰ ਪਵਿੱਤ੍ਰ ਪੁਰਸ਼ ਬਲਵਾਨ ਸਿਰਜਨਹਾਰ ਅਤੇ ਮੁਰ ਰਾਖਸ਼ ਨੂੰ ਮਾਰਨ ਵਾਲੇ ਪਤਵੰਤੇ ਵਾਹਿਗੁਰੂ ਨੂੰ ਨਹੀਂ ਭੁਲਾਉਂਦੇ।

ਦੂਖੁ ਰੋਗੁ ਨ ਭਉ ਬਿਆਪੈ; ਜਿਨ੍ਹ੍ਹੀ ਹਰਿ ਹਰਿ ਧਿਆਇਆ ॥

ਪੀੜਾ, ਬੀਮਾਰੀ ਅਤੇ ਡਰ ਉਨ੍ਹਾਂ ਨੂੰ ਨਹੀਂ ਚਿੰਮੜਦੇ, ਜੋ ਸੁਆਮੀ ਮਾਲਕ ਦਾ ਸਿਮਰਨ ਕਰਦੇ ਹਨ।

ਸੰਤ ਪ੍ਰਸਾਦਿ ਤਰੇ ਭਵਜਲੁ; ਪੂਰਬਿ ਲਿਖਿਆ ਪਾਇਆ ॥

ਸੰਤਾਂ ਦੀ ਦਇਆ ਦੁਆਰਾ ਉਹ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ ਅਤੇ ਉਹ ਕੁਛ ਪਾ ਲੈਂਦੇ ਹਨ, ਜੋ ਉਨ੍ਹਾਂ ਲਈ ਮੁੱਢ ਤੋਂ ਲਿਖਿਆ ਹੋਇਆ ਹੈ।

ਵਜੀ ਵਧਾਈ ਮਨਿ ਸਾਂਤਿ ਆਈ; ਮਿਲਿਆ ਪੁਰਖੁ ਅਪਾਰੀ ॥

ਉਨ੍ਹਾਂ ਨੂੰ ਮੁਬਾਰਕਾ ਮਿਲਦੀਆਂ ਹਨ, ਉਨ੍ਹਾਂ ਦੀ ਆਤਮਾ ਸੀਤਲ ਹੋ ਜਾਂਦੀ ਹੈ ਅਤੇ ਬੇਅੰਤ ਸੁਆਮੀ ਉਨ੍ਹਾਂ ਨੂੰ ਮਿਲ ਪੈਦਾ ਹੈ।

ਬਿਨਵੰਤਿ ਨਾਨਕੁ ਸਿਮਰਿ ਹਰਿ ਹਰਿ; ਇਛ ਪੁੰਨੀ ਹਮਾਰੀ ॥੪॥੩॥

ਗੁਰੂ ਜੀ ਬੇਨਤੀ ਕਰਦੇ ਹਨ, ਸੁਆਮੀ ਵਾਹਿਗੁਰੂ ਦਾ ਚਿੰਤਨ ਕਰਨ ਦੁਆਰਾ ਮੇਰੀ ਖਾਹਿਸ਼ ਪੂਰੀ ਹੋ ਗਈ ਹੈ।


ਬਿਹਾਗੜਾ ਮਹਲਾ ੫ ਘਰੁ ੨

ਬਿਹਾਗੜਾ ਪੰਜਵੀਂ ਪਾਤਸ਼ਾਹੀ।

ੴ ਸਤਿ ਨਾਮੁ ਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਵਧੁ ਸੁਖੁ ਰੈਨੜੀਏ; ਪ੍ਰਿਅ ਪ੍ਰੇਮੁ ਲਗਾ ॥

ਹੇ ਆਰਾਮ ਦੇਣ ਵਾਲੀਏ ਰਾਤੇ ਲਮੇਰੀ ਹੋ ਵੰਞ, ਕਿਉਂਕਿ ਮੇਰਾ ਪਿਆਰ ਪ੍ਰੀਤਮ ਨਾਲ ਪੈ ਗਿਆ ਹੈ।

ਘਟੁ ਦੁਖ ਨੀਦੜੀਏ; ਪਰਸਉ ਸਦਾ ਪਗਾ ॥

ਹੇ ਦੁੱਖ ਦੇਣ ਵਾਲੀਏ ਨੀਦਰੇ, ਤੂੰ ਛੁਟੇਰੀ ਹੋ ਜਾ, ਤਾਂ ਜੋ ਮੈਂ ਹਮੇਸ਼ਾਂ ਉਸ ਦੇ ਪੈਰਾਂ ਨੂੰ ਪਕੜੀ ਰੱਖਾਂ।

ਪਗ ਧੂਰਿ ਬਾਂਛਉ, ਸਦਾ ਜਾਚਉ; ਨਾਮ ਰਸਿ ਬੈਰਾਗਨੀ ॥

ਮੈਂ ਵਾਹਿਗੁਰੂ ਦੇ ਚਰਨਾਂ ਦੀ ਧੂੜ ਨੂੰ ਚਾਹੁੰਦੀ ਹਾਂ ਅਤੇ ਹਮੇਸ਼ਾਂ ਉਸ ਦੇ ਨਾਮ ਦੀ ਖੈਰ ਮੰਗਦੀ ਹਾਂ, ਜਿਸ ਦੇ ਪਿਆਰ ਦੀ ਖਾਤਰ ਮੈਂ ਸੰਸਾਰ ਵੱਲੋਂ ਉਪਰਾਮ ਹੋਈ ਹਾਂ।

ਪ੍ਰਿਅ ਰੰਗਿ ਰਾਤੀ, ਸਹਜ ਮਾਤੀ; ਮਹਾ ਦੁਰਮਤਿ ਤਿਆਗਨੀ ॥

ਆਪਣੀ ਪਰਮ ਖੋਟੀ ਰੁਚੀ ਨੂੰ ਛੱਡ ਕੇ, ਮੈਂ ਆਪਣੇ ਪ੍ਰੀਤਮ ਦੀ ਪ੍ਰੀਤ ਨਾਲ ਰੰਗੀ ਗਈ ਹਾਂ ਅਤੇ ਇਸ ਨਾਲ ਸੁਖੈਨ ਹੀ ਮਤਵਾਲੀ ਹੋ ਗਈ ਹਾਂ।

ਗਹਿ ਭੁਜਾ ਲੀਨ੍ਹ੍ਹੀ, ਪ੍ਰੇਮ ਭੀਨੀ; ਮਿਲਨੁ ਪ੍ਰੀਤਮ ਸਚ ਮਗਾ ॥

ਸੱਚੇ ਮਾਰਗ ਉੱਤੇ ਮੈਂ ਆਪਣੇ ਪਿਆਰੇ ਨੂੰ ਮਿਲ ਪਈ ਹਾਂ, ਉਸ ਨੇ ਮੈਨੂੰ ਮੇਰੀ ਬਾਂਹ ਤੋਂ ਪਕੜ ਲਿਆ ਹੈ ਅਤੇ ਉਸ ਦੀ ਪ੍ਰੀਤ ਵਿੱਚ ਮੈਂ ਗੱਚ ਹੋ ਗਈ ਹਾਂ।

ਬਿਨਵੰਤਿ ਨਾਨਕ ਧਾਰਿ ਕਿਰਪਾ; ਰਹਉ ਚਰਣਹ ਸੰਗਿ ਲਗਾ ॥੧॥

ਨਾਨਕ ਤੇਰੇ ਅੱਗੇ ਜੋਦੜੀ ਕਰਦਾ ਹੈ, ਹੇ ਸਾਈਂ! ਉਸ ਉਤੇ ਇਹ ਮਿਹਰ ਕਰ ਕਿ ਉਹ ਤੇਰੇ ਚਰਨਾਂ ਨਾਲ ਜੁੜਿਆ ਰਹੇ।

ਮੇਰੀ ਸਖੀ ਸਹੇਲੜੀਹੋ! ਪ੍ਰਭ ਕੈ ਚਰਣਿ ਲਗਹ ॥

ਹੇ ਮੇਰੀਓ ਸੱਜਣੀਓ ਅਤੇ ਸਾਥਣੋ, ਆਓ ਆਪਾਂ ਸਾਹਿਬ ਦੇ ਚਰਨਾਂ ਨਾਲ ਜੁੜੇ ਰਹੀਏ।

ਮਨਿ ਪ੍ਰਿਅ ਪ੍ਰੇਮੁ ਘਣਾ; ਹਰਿ ਕੀ ਭਗਤਿ ਮੰਗਹ ॥

ਮੇਰੇ ਹਿਰਦੇ ਅੰਦਰ ਪਿਆਰੇ ਲਈ ਬਹੁਤਾ ਪਿਆਰ ਹੈ। ਮੈਂ ਵਾਹਿਗੁਰੂ ਦੀ ਪ੍ਰੇਮ-ਮਈ ਸੇਵਾ ਲਈ ਪ੍ਰਾਰਥਨਾ ਕਰਦੀ ਹਾਂ।

ਹਰਿ ਭਗਤਿ ਪਾਈਐ, ਪ੍ਰਭੁ ਧਿਆਈਐ; ਜਾਇ ਮਿਲੀਐ ਹਰਿ ਜਨਾ ॥

ਆਓ ਆਪਾਂ ਚੱਲ ਕੇ ਵਾਹਿਗੁਰੂ ਦੇ ਸੇਵਕਾਂ ਨੂੰ ਮਿਲੀਏ ਅਤੇ ਸੁਆਮੀ ਦਾ ਸਿਮਰਨ ਕਰੀਏ। ਇਸ ਤਰ੍ਹਾਂ ਆਪਾਂ ਵਾਹਿਗੁਰੂ ਦੀ ਪ੍ਰੇਮ ਮਈ ਸੇਵਾ ਨੂੰ ਪ੍ਰਾਪਤ ਹੋ ਜਾਵਾਂਗੇ।

ਮਾਨੁ ਮੋਹੁ ਬਿਕਾਰੁ ਤਜੀਐ; ਅਰਪਿ ਤਨੁ ਧਨੁ ਇਹੁ ਮਨਾ ॥

ਆਪਾਂ ਹੰਕਾਰ, ਸੰਸਾਰੀ ਲਗਨ ਅਤੇ ਪਾਪਜ ਨੂੰ ਛੱਡ ਦੇਈਏ ਤੇ ਆਪਣੀ ਦੇਹ ਦੌਲਤ ਤੇ ਇਹ ਆਤਮਾ ਉਸ ਨੂੰ ਭੇਟਾ ਕਰ ਦੇਈਏ।

ਬਡ ਪੁਰਖ ਪੂਰਨ, ਗੁਣ ਸੰਪੂਰਨ; ਭ੍ਰਮ ਭੀਤਿ ਹਰਿ ਹਰਿ ਮਿਲਿ ਭਗਹ ॥

ਸੁਆਮੀ ਵਾਹਿਗੁਰੂ ਵਿਸ਼ਾਲ ਸਰਬ ਸ਼ਕਤੀਵਾਨ, ਸਰਬ-ਵਿਆਪਕ ਅਤੇ ਨੇਕੀਆਂ ਨਾਲ ਪਰੀ-ਪੂਰਨ ਹੈ। ਉਸ ਨੂੰ ਭੇਟਣ ਦੁਆਰਾ ਸੰਦੇਹ ਦੀ ਕੰਧ ਢਹਿ ਜਾਂਦੀ ਹੈ।

ਬਿਨਵੰਤਿ ਨਾਨਕ ਸੁਣਿ ਮੰਤ੍ਰੁ ਸਖੀਏ; ਹਰਿ ਨਾਮੁ ਨਿਤ ਨਿਤ ਨਿਤ ਜਪਹ ॥੨॥

ਨਾਨਕ ਬਿਨੇ ਕਰਦਾ ਹੈ, ਮੇਰੀ ਨਸੀਹਤ ਸੁਣ ਹੇ ਮੇਰੀ ਸਹੇਲੀਏ ਆਪਾਂ ਸਦਾ, ਸਦਾ, ਸਦਾ ਹੀ ਰੱਬ ਦੇ ਨਾਮ ਦਾ ਉਚਾਰਨ ਕਰੀਏ।

ਹਰਿ ਨਾਰਿ ਸੁਹਾਗਣੇ; ਸਭਿ ਰੰਗ ਮਾਣੇ ॥

ਵਾਹਿਗੁਰੂ ਦੀ ਪਤਨੀ ਰੰਗੀ ਵੱਸਣ ਵਾਲੀ ਵਹੁਟੀ ਹੈ ਅਤੇ ਉਹ ਸਾਰੇ ਅਨੰਦ ਭੋਗਦੀ ਹੈ।

ਰਾਂਡ ਨ ਬੈਸਈ, ਪ੍ਰਭ ਪੁਰਖ ਚਿਰਾਣੇ ॥

ਉਹ ਵਿਧਵਾ ਨਹੀਂ ਬਹਿੰਦੀ (ਹੁੰਦੀ) ਸੁਆਮੀ ਉਸ ਦਾ ਕੰਤ ਚਿਰੰਜੀਵੀ ਹੈ।

ਨਹ ਦੂਖ ਪਾਵੈ ਪ੍ਰਭ ਧਿਆਵੈ ਧੰਨਿ ਤੇ ਬਡਭਾਗੀਆ ॥

ਉਹ ਕਸ਼ਟ ਨਹੀਂ ਉਠਾਉਂਦੀ ਆਪਣੇ ਸਾਹਿਬ ਦਾ ਸਿਮਰਨ ਕਰਦੀ ਹੈ ਅਤੇ ਮੁਬਾਰਕ ਤੇ ਚੰਗੇ ਨਸੀਬਾਂ ਵਾਲੀ ਹੈ ਉਹ।

ਸੁਖ ਸਹਜਿ ਸੋਵਹਿ, ਕਿਲਬਿਖ ਖੋਵਹਿ; ਨਾਮ ਰਸਿ ਰੰਗਿ ਜਾਗੀਆ ॥

ਉਹ ਆਰਾਮ ਤੇ ਚੈਨ ਅੰਦਰ ਸਉਂਦੀ ਹੈ, ਉਸ ਦੇ ਪਾਪ ਕੱਟੇ ਜਾਂਦੇ ਹਨ ਅਤੇ ਉਹ ਨਾਮ ਦੀ ਖੁਸ਼ੀ ਤੇ ਪਿਆਰ ਅੰਦਰ ਜਾਗਦੀ ਹੈ।

ਮਿਲਿ ਪ੍ਰੇਮ ਰਹਣਾ, ਹਰਿ ਨਾਮੁ ਗਹਣਾ; ਪ੍ਰਿਅ ਬਚਨ ਮੀਠੇ ਭਾਣੇ ॥

ਪ੍ਰਭੂ ਦੀ ਪ੍ਰੀਤ ਵਿੱਚ ਉਹ ਲੀਨ ਰਹਿੰਦੀ ਹੈ ਅਤੇ ਰੱਬ ਦਾ ਨਾਮ ਉਸ ਦਾ ਜੇਵਰ ਹੈ। ਪਿਆਰੇ ਪਤੀ ਦੇ ਬਚਨ ਬਿਲਾਸ ਉਸ ਨੂੰ ਮਿੱਠੜੇ ਤੇ ਚੰਗੇ ਲੱਗਦੇ ਹਨ।

ਬਿਨਵੰਤਿ ਨਾਨਕ ਮਨ ਇਛ ਪਾਈ; ਹਰਿ ਮਿਲੇ ਪੁਰਖ ਚਿਰਾਣੇ ॥੩॥

ਨਾਨਕ ਪ੍ਰਾਰਥਨਾ ਕਰਦਾ ਹੈ ਮੈਨੂੰ ਆਪਣੇ ਦਿਲ ਦੀ ਖਾਹਿਸ਼ ਪ੍ਰਾਪਤ ਹੋ ਗਈ ਹੈ ਅਤੇ ਮੈਂ ਆਪਣੇ ਚਿਰੰਜੀਵੀ ਪਤੀ ਰੱਬ ਨੂੰ ਮਿਲ ਪਿਆ ਹਾਂ।

ਤਿਤੁ ਗ੍ਰਿਹਿ ਸੋਹਿਲੜੇ, ਕੋਡ ਅਨੰਦਾ ॥

ਉਸ ਘਰ ਵਿੱਚ ਗੂੰਜਦੇ ਹਨ ਖੁਸ਼ੀ ਦੇ ਗੀਤ ਅਤੇ ਕਰੋੜਾਂ ਹੀ ਮੰਗਲ,

ਮਨਿ ਤਨਿ ਰਵਿ ਰਹਿਆ, ਪ੍ਰਭ ਪਰਮਾਨੰਦਾ ॥

ਜਿੱਥੇ ਇਨਸਾਨ ਦੀ ਆਤਮਾ ਤੇ ਦੇਹ ਅੰਦਰ ਪਰਮ ਪ੍ਰਸੰਨਤਾ ਦਾ ਸੁਆਮੀ ਰਵਿਆ ਹੋਇਆ ਹੈ।

ਹਰਿ ਕੰਤ ਅਨੰਤੁ ਦਇਆਲ ਸ੍ਰੀਧਰ; ਗੋਬਿੰਦ ਪਤਿਤ ਉਧਾਰਣੋ ॥

ਵਾਹਿਗੁਰੂ ਮੇਰਾ ਪਤੀ, ਬੇਅੰਤ ਮਿਹਰਵਾਨ ਮਾਇਆ ਦਾ ਸੁਆਮੀ ਆਲਮ ਦਾ ਰੱਖਿਅਕ ਅਤੇ ਪਾਪੀਆਂ ਨੂੰ ਤਾਰਨ ਵਾਲਾ ਹੈ।

ਪ੍ਰਭਿ ਕ੍ਰਿਪਾ ਧਾਰੀ, ਹਰਿ ਮੁਰਾਰੀ; ਭੈ ਸਿੰਧੁ ਸਾਗਰ ਤਾਰਣੋ ॥

ਮਿਹਰ ਕਰਣਹਾਰ ਅਤੇ ਹੰਕਾਰ ਦਾ ਵੈਰੀ ਸੁਆਮੀ ਵਾਹਿਗੁਰੂ ਹੀ ਬੰਦੇ ਨੂੰ ਭਿਆਨਕ ਅਤੇ ਜ਼ਹਿਰੀਲੇ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਲਾ ਹੈ।

ਜੋ ਸਰਣਿ ਆਵੈ, ਤਿਸੁ ਕੰਠਿ ਲਾਵੈ; ਇਹੁ ਬਿਰਦੁ ਸੁਆਮੀ ਸੰਦਾ ॥

ਜੋ ਕੋਈ ਭੀ ਸਾਈਂ ਦੀ ਪਨਾਹ ਲੈਦਾ ਹੈ, ਉਸ ਨੂੰ ਉਹ ਆਪਣੀ ਛਾਤੀ ਨਾਲ ਲਾ ਲੈਦਾ ਹੈ। ਇਹ ਹੈ ਸਾਹਿਬ ਦਾ ਨਿੱਤ ਦਾ ਕਰਮ।

ਬਿਨਵੰਤਿ ਨਾਨਕ ਹਰਿ ਕੰਤੁ ਮਿਲਿਆ; ਸਦਾ ਕੇਲ ਕਰੰਦਾ ॥੪॥੧॥੪॥

ਨਾਨਕ ਅਰਦਾਸ ਕਰਦਾ ਹੈ, ਮੈਂ ਭਗਵਾਨ ਨੂੰ ਆਪਣੇ ਭਰਤੇ ਵਜੋਂ ਪਾ ਲਿਆ ਹੈ ਜੋ ਸਦੀਵ ਹੀ ਮੇਰੇ ਨਾਲ ਨਾਜ-ਨਖਰੇ ਕਰਦਾ ਹੈ।


ਬਿਹਾਗੜਾ ਮਹਲਾ ੫ ॥

ਬਿਹਾਗੜਾ ਪੰਜਵੀਂ ਪਾਤਸ਼ਾਹੀ।

ਹਰਿ ਚਰਣ ਸਰੋਵਰ, ਤਹ ਕਰਹੁ ਨਿਵਾਸੁ ਮਨਾ ॥

ਵਾਹਿਗੁਰੂ ਦੇ ਚਰਨ ਅੰਮ੍ਰਿਤ ਦਾ ਤਾਲਾਬ ਹਨ। ਓਥੇ ਤੂੰ ਆਪਣਾ ਵਸੇਬਾ ਕਰ, ਹੇ ਮੇਰੀ ਜਿੰਦੜੀਏ!

ਕਰਿ ਮਜਨੁ ਹਰਿ ਸਰੇ; ਸਭਿ ਕਿਲਬਿਖ ਨਾਸੁ ਮਨਾ ॥

ਵਾਹਿਗੁਰੂ ਦੇ ਨਾਮ-ਤਾਲਾਬ ਵਿੱਚ ਤੂੰ ਇਸ਼ਨਾਨ ਕਰ ਅਤੇ ਤੇਰੇ ਸਾਰੇ ਪਾਪ ਧੋਤੇ ਜਾਣਗੇ ਹੇ ਮੇਰੀ ਜਿੰਦੜੀਏ!

ਕਰਿ ਸਦਾ ਮਜਨੁ ਗੋਬਿੰਦ ਸਜਨੁ; ਦੁਖ ਅੰਧੇਰਾ ਨਾਸੇ ॥

ਸਾਹਿਬ, ਮਿੱਤ੍ਰ ਦੇ ਨਾਮ ਅੰਦਰ ਤੂੰ ਹਮੇਸ਼ਾਂ ਇਸ਼ਨਾਨ ਕਰ, ਤੇਰੀ ਤਕਲੀਫ ਦਾ ਅੰਨ੍ਹੇਰਾ ਦੂਰ ਹੋ ਜਾਵੇਗਾ।

ਜਨਮ ਮਰਣੁ ਨ ਹੋਇ ਤਿਸ ਕਉ; ਕਟੈ ਜਮ ਕੇ ਫਾਸੇ ॥

ਉਹ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ ਜਾਂਦਾ ਹੈ ਕਿਉਂਕਿ ਉਸ ਦੀ ਮੌਤ ਦੀ ਫਾਹੀ ਕੱਟੀ ਜਾਂਦੀ ਹੈ।

ਮਿਲੁ ਸਾਧਸੰਗੇ ਨਾਮ ਰੰਗੇ; ਤਹਾ ਪੂਰਨ ਆਸੋ ॥

ਸਤਿ ਸੰਗਤ ਨਾਲ ਜੁੜ ਤਾਂ ਜੋ ਤੂੰ ਨਾਮ ਨਾਲ ਰੰਗਿਆ ਜਾਵੇਂ। ਉਥੇ ਤੇਰੀ ਮਨਸ਼ਾਂ ਪੂਰੀ ਹੋ ਜਾਵੇਗੀ।

ਬਿਨਵੰਤਿ ਨਾਨਕ ਧਾਰਿ ਕਿਰਪਾ; ਹਰਿ ਚਰਣ ਕਮਲ ਨਿਵਾਸੋ ॥੧॥

ਨਾਨਕ ਬਿਨੇ ਕਰਦਾ ਹੈ, ਹੇ ਵਾਹਿਗੁਰੂ! ਮੇਰੇ ਉੱਤੇ ਤਰਸ ਕਰ ਤਾਂ ਜੋ ਮੇਰਾ ਤੇਰੇ ਕੰਵਲ ਰੂਪੀ ਚਰਨਾਂ ਵਿੱਚ ਵਾਸਾ ਹੋ ਜਾਵੇ।

ਤਹ ਅਨਦ ਬਿਨੋਦ ਸਦਾ, ਅਨਹਦ ਝੁਣਕਾਰੋ ਰਾਮ ॥

ਉੱਥੇ ਹਮੇਸ਼ਾਂ ਖੁਸ਼ੀ ਤੇ ਮੌਜ-ਬਹਾਰਾ ਹਨ ਅਤੇ ਬੈਕੁੰਠੀ ਕੀਰਤਨ ਓਥੇ ਗੂੰਜਦਾ ਹੈ।

ਮਿਲਿ ਗਾਵਹਿ ਸੰਤ ਜਨਾ, ਪ੍ਰਭ ਕਾ ਜੈਕਾਰੋ ਰਾਮ ॥

ਇਕੱਤ੍ਰ ਹੋ ਕੇ ਨੇਕ ਪੁਰਸ਼ ਸੁਆਮੀ ਦਾ ਜੱਸ ਗਾਇਨ ਕਰਦੇ ਹਨ ਅਤੇ ਮਾਲਕ ਦੀ ਜਿੱਤ ਦੇ ਨਾਹਰੇ ਲਾਉਂਦੇ ਹਨ।

ਮਿਲਿ ਸੰਤ ਗਾਵਹਿ, ਖਸਮ ਭਾਵਹਿ; ਹਰਿ ਪ੍ਰੇਮ ਰਸ ਰੰਗਿ ਭਿੰਨੀਆ ॥

ਇਕੱਤ੍ਰ ਹੋ ਅਤੇ ਉਸ ਦੇ ਪਿਆਰ ਤੇ ਪ੍ਰੀਤ ਦੇ ਅੰਮ੍ਰਿਤ ਅੰਦਰ ਭਿੱਜ ਸਾਧੂ ਸੱਜਣ ਮਿਲ ਕੇ ਸੁਆਮੀ ਦਾ ਜੱਸ ਗਾਇਨ ਕਰਦੇ ਅਤੇ ਆਪਣੇ ਭਰਤੇ ਨੂੰ ਚੰਗੇ ਲੱਗਦੇ ਹਨ।

ਹਰਿ ਲਾਭੁ ਪਾਇਆ, ਆਪੁ ਮਿਟਾਇਆ; ਮਿਲੇ ਚਿਰੀ ਵਿਛੁੰਨਿਆ ॥

ਸਵੈ-ਹੰਗਤਾ ਨੂੰ ਮਾਰ ਕੇ ਉਹ ਹਰੀ ਦੇ ਨਫੇ ਨੂੰ ਹਾਸਲ ਕਰਦੇ ਹਨ ਅਤੇ ਆਪਣੇ ਨਾਲੋਂ ਦੇਰ ਤੋਂ ਵਿਛੜੇ ਕੰਤ ਨੂੰ ਮਿਲ ਪੈਦੇ ਹਨ।

ਗਹਿ ਭੁਜਾ ਲੀਨੇ, ਦਇਆ ਕੀਨ੍ਹ੍ਹੇ; ਪ੍ਰਭ ਏਕ ਅਗਮ ਅਪਾਰੋ ॥

ਅਦੁੱਤੀ, ਪਹੁੰਚ ਤੋਂ ਪਰ੍ਹੇ ਅਤੇ ਬੇਅੰਤ ਸਾਹਿਬ ਆਪਣੀ ਰਹਿਮਤ ਧਾਰਦਾ ਹੈ ਅਤੇ ਉਨ੍ਹਾਂ ਨੂੰ ਬਾਹੋਂ ਫੜ ਆਪਣੇ ਨਿੱਜ ਦੇ ਬਣਾ ਲੈਦਾ ਹੈ।

ਬਿਨਵੰਤਿ ਨਾਨਕ ਸਦਾ ਨਿਰਮਲ; ਸਚੁ ਸਬਦੁ ਰੁਣ ਝੁਣਕਾਰੋ ॥੨॥

ਨਾਨਕ ਜੋਦੜੀ ਕਰਦਾ ਹੈ, ਹਮੇਸ਼ਾਂ ਹੀ ਪਵਿੱਤ੍ਰ ਹਨ ਉਹ ਜੋ ਸੱਚੇ ਨਾਮ ਦੀ ਉਸਤਤੀ ਗਾਇਨ ਕਰਦੇ ਹਨ।

ਸੁਣਿ ਵਡਭਾਗੀਆ! ਹਰਿ ਅੰਮ੍ਰਿਤ ਬਾਣੀ ਰਾਮ ॥

ਤੂੰ ਹੇ ਪਰਮ ਚੰਗੇ ਕਰਮਾਂ ਵਾਲਿਆ ਗੁਰੂ ਗੋਬਿੰਦ ਦੀ ਸੁਰਜੀਤ ਕਰਨ ਵਾਲੀ ਗੁਰਬਾਣੀ ਸ੍ਰਵਣ ਕਰ।

ਜਿਨ ਕਉ ਕਰਮਿ ਲਿਖੀ; ਤਿਸੁ ਰਿਦੈ ਸਮਾਣੀ ਰਾਮ ॥

ਜਿਸ ਦੇ ਭਾਗਾਂ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ ਕੇਵਲ ਉਸ ਦੇ ਹਿਰਦੇ ਅੰਦਰ ਹੀ ਪ੍ਰਵੇਸ਼ ਕਰਦੀ ਹੈ।

ਅਕਥ ਕਹਾਣੀ, ਤਿਨੀ ਜਾਣੀ; ਜਿਸੁ ਆਪਿ ਪ੍ਰਭੁ ਕਿਰਪਾ ਕਰੇ ॥

ਕੇਵਲ ਉਹੀ ਇਸ ਅਕਹਿ ਵਾਰਤਾ ਨੂੰ ਸਮਝਦਾ ਹੈ, ਜਿਸ ਤੇ ਵਾਹਿਗੁਰੂ ਆਪ ਮਿਹਰ ਧਾਰਦਾ ਹੈ।

ਅਮਰੁ ਥੀਆ, ਫਿਰਿ ਨ ਮੂਆ; ਕਲਿ ਕਲੇਸਾ ਦੁਖ ਹਰੇ ॥

ਉਹ ਅਬਿਨਾਸ਼ੀ ਹੋ ਜਾਂਦਾ ਹੈ ਅਤੇ ਮੁੜ ਕੇ ਮਰਦਾ ਨਹੀਂ। ਉਸ ਦੇ ਝਗੜੇ, ਬਖੇੜੇ ਅਤੇ ਦੁਖੜੇ ਦੂਰ ਹੋ ਜਾਂਦੇ ਹਨ।

ਹਰਿ ਸਰਣਿ ਪਾਈ, ਤਜਿ ਨ ਜਾਈ; ਪ੍ਰਭ ਪ੍ਰੀਤਿ ਮਨਿ ਤਨਿ ਭਾਣੀ ॥

ਉਹ ਵਾਹਿਗੁਰੂ ਦੀ ਪਨਾਹ ਪਾ ਲੈਦਾ ਹੈ, ਜੋ ਉਸ ਨੂੰ ਛੱਡ ਕੇ ਹੋਰ ਕਿਧਰੇ ਨਹੀਂ ਜਾਂਦਾ। ਉਸ ਦੀ ਆਤਮਾ ਤੇ ਦੇਹ ਨੂੰ ਸੁਆਮੀ ਦਾ ਪਿਆਰ ਚੰਗਾ ਲੱਗਦਾ ਹੈ।

ਬਿਨਵੰਤਿ ਨਾਨਕ ਸਦਾ ਗਾਈਐ; ਪਵਿਤ੍ਰ ਅੰਮ੍ਰਿਤ ਬਾਣੀ ॥੩॥

ਨਾਨਕ ਪ੍ਰਾਰਥਨਾ ਕਰਦਾ ਹੈ, ਹੇ ਪ੍ਰਾਣੀ! ਤੂੰ ਸਦੀਵ ਹੀ ਪਾਲਨ ਅਤੇ ਸੁਧਾ-ਸਰੂਪ ਗੁਰੂ ਕੀ ਬਾਣੀ ਦਾ ਗਾਇਨ ਕਰ।

ਮਨ ਤਨ ਗਲਤੁ ਭਏ, ਕਿਛੁ ਕਹਣੁ ਨ ਜਾਈ ਰਾਮ ॥

ਮੇਰਾ ਮਨੂਆ ਤੇ ਸਰੀਰ ਪ੍ਰਭੂ ਦੇ ਪਿਆਰ ਵਿੱਚ ਗਲਤਾਨ ਹੋਏ ਹੋਏ ਹਨ। ਮੇਰੀ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ ਹੈ।

ਜਿਸ ਤੇ ਉਪਜਿਅੜਾ, ਤਿਨਿ ਲੀਆ ਸਮਾਈ ਰਾਮ ॥

ਜਿਸ ਤੋਂ ਮੈਂ ਉਤਪੰਨ ਹੋਇਆ ਸੀ ਉਸ ਸੁਆਮੀ ਨੇ ਮੈਨੂੰ ਆਪਣੇ ਵਿੱਚ ਲੀਨ ਕਰ ਲਿਆ ਹੈ।

ਮਿਲਿ ਬ੍ਰਹਮ ਜੋਤੀ, ਓਤਿ ਪੋਤੀ; ਉਦਕੁ ਉਦਕਿ ਸਮਾਇਆ ॥

ਜਿਸ ਤਰ੍ਹਾਂ ਪਾਣੀ ਪਾਣੀ ਨਾਲ ਅਭੇਦ ਹੋ ਜਾਂਦਾ ਹੈ ਏਸੇ ਤਰ੍ਹਾਂ ਹੀ ਮੈਂ ਤਾਣੇ ਪੇਟੇ ਦੀ ਮਾਨੰਦ ਪ੍ਰਭੂ ਦੇ ਪ੍ਰਕਾਸ਼ ਨਾਲ ਮਿਲ ਗਿਆ ਹਾਂ।

ਜਲਿ ਥਲਿ ਮਹੀਅਲਿ ਏਕੁ ਰਵਿਆ; ਨਹ ਦੂਜਾ ਦ੍ਰਿਸਟਾਇਆ ॥

ਇਕ ਸੁਆਮੀ ਹੀ ਸਮੁੰਦਰ, ਧਰਤੀ ਅਤੇ ਆਕਾਸ਼ ਅੰਦਰ ਰਮਿਆ ਹੋਇਆ ਹੈ। ਮੈਨੂੰ ਹੋਰ ਕੋਈ ਨਜ਼ਰੀਂ ਨਹੀਂ ਪੈਂਦਾ।

ਬਣਿ ਤ੍ਰਿਣਿ ਤ੍ਰਿਭਵਣਿ ਪੂਰਿ ਪੂਰਨ; ਕੀਮਤਿ ਕਹਣੁ ਨ ਜਾਈ ॥

ਉਹ ਜੰਗਲਾਂ ਘਾਅ ਦੀਆਂ ਤਿੜਾਂ ਅਤੇ ਤਿੰਨਾਂ ਜਹਾਨਾਂ ਅੰਦਰ ਪੂਰੀ ਤਰ੍ਹਾਂ ਵਿਆਪਕ ਹੋ ਰਿਹਾ ਹੈ। ਉਸ ਦਾ ਮੁੱਲ ਮੈਂ ਦੱਸ ਨਹੀਂ ਸਕਦਾ।

ਬਿਨਵੰਤਿ ਨਾਨਕ ਆਪਿ ਜਾਣੈ; ਜਿਨਿ ਏਹ ਬਣਤ ਬਣਾਈ ॥੪॥੨॥੫॥

ਨਾਨਕ ਬੇਨਤੀ ਕਰਦਾ ਹੈ ਜਿਸ ਨੇ ਇਹ ਰਚਨਾ ਰਚੀ ਹੈ ਉਹ ਖੁਦ ਹੀ ਇਸ ਬਾਰੇ ਸਭ ਕੁਝ ਜਾਣਦਾ ਹੈ।


ਬਿਹਾਗੜਾ ਮਹਲਾ ੫ ॥

ਬਿਹਾਗੜਾ ਪੰਜਵੀਂ ਪਾਤਸ਼ਾਹੀ।

ਖੋਜਤ ਸੰਤ ਫਿਰਹਿ, ਪ੍ਰਭ ਪ੍ਰਾਣ ਅਧਾਰੇ ਰਾਮ ॥

ਸਾਧੂ ਆਪਣੇ ਸੁਆਮੀ ਨੂੰ ਭਾਲਦੇ ਫਿਰਦੇ ਹਨ ਜੋ ਉਨ੍ਹਾਂ ਦੀ ਜਿੰਦ ਜਾਨ ਦਾ ਆਸਰਾ ਹੈ।

ਤਾਣੁ ਤਨੁ ਖੀਨ ਭਇਆ, ਬਿਨੁ ਮਿਲਤ ਪਿਆਰੇ ਰਾਮ ॥

ਆਪਣੇ ਪ੍ਰੀਤਮ ਪ੍ਰਭੂ ਨੂੰ ਮਿਲਣ ਦੇ ਬਾਝੋਂ ਉਨ੍ਹਾਂ ਦੀ ਦੇਹ ਦੀ ਤਾਕਤ ਨਾਸ ਹੋ ਜਾਂਦੀ ਹੈ।

ਪ੍ਰਭ ਮਿਲਹੁ ਪਿਆਰੇ! ਮਇਆ ਧਾਰੇ; ਕਰਿ ਦਇਆ ਲੜਿ ਲਾਇ ਲੀਜੀਐ ॥

ਹੇ ਮੇਰੇ ਪ੍ਰੀਤਮ ਸੁਆਮੀ, ਮਿਹਰ ਕਰ ਅਤੇ ਮੈਨੂੰ ਆਪਣੇ ਨਾਲ ਮਿਲਾ ਲੈ ਅਤੇ ਆਪਣੀ ਰਹਿਮਤ ਰਾਹੀਂ ਮੈਨੂੰ ਆਪਣੇ ਪੱਲੇ ਨਾਲ ਜੋੜ ਲੈ।

ਦੇਹਿ ਨਾਮੁ ਅਪਨਾ ਜਪਉ ਸੁਆਮੀ; ਹਰਿ ਦਰਸ ਪੇਖੇ ਜੀਜੀਐ ॥

ਮੈਨੂੰ ਆਪਣਾ ਨਾਮ ਬਖਸ਼, ਤਾਂ ਜੋ ਮੈਂ ਇਸ ਦਾ ਆਰਾਧਨ ਕਰਾਂ, ਹੇ ਮੇਰੇ ਵਾਹਿਗੁਰੂ! ਮੈਂ ਤੇਰਾ ਦਰਸ਼ਨ ਦੇਖ ਕੇ ਜੀਉਂਦਾ ਹਾਂ।

ਸਮਰਥ ਪੂਰਨ ਸਦਾ ਨਿਹਚਲ; ਊਚ ਅਗਮ ਅਪਾਰੇ ॥

ਸਾਹਿਬ ਸਰਬ-ਸ਼ਕਤੀਵਾਨ, ਸਰਬ-ਵਿਆਪਕ, ਹਮੇਸ਼ਾਂ ਲਈ ਅਹਿੱਲ ਉਤਕ੍ਰਿਸ਼ਟਤਾ ਪਹੁੰਚ ਤੋਂ ਪਰੇ ਅਤੇ ਬੇਅੰਤ ਹੈ।

ਬਿਨਵੰਤਿ ਨਾਨਕ ਧਾਰਿ ਕਿਰਪਾ; ਮਿਲਹੁ ਪ੍ਰਾਨ ਪਿਆਰੇ ॥੧॥

ਨਾਨਕ ਜੋਦੜੀ ਕਰਦਾ ਹੈ, ਮਿਹਰ ਕਰ ਅਤੇ ਮੈਨੂੰ ਮਿਲ, ਹੇ ਮੇਰੀ ਜਿੰਦ ਜਾਨ ਦੇ ਪ੍ਰੀਤਮ! ਪ੍ਰਭੂ!

ਜਪ ਤਪ ਬਰਤ ਕੀਨੇ, ਪੇਖਨ ਕਉ ਚਰਣਾ ਰਾਮ ॥

ਤੇਰੇ ਚਰਨ ਵੇਖਣ ਲਈ ਹੇ ਪ੍ਰਭੂ ਮੈਂ ਉਪਾਸ਼ਨਾ ਤਪੱਸਿਆ ਅਤੇ ਉਪਹਾਸ ਕੀਤੇ ਹਨ।

ਤਪਤਿ ਨ ਕਤਹਿ ਬੁਝੈ, ਬਿਨੁ ਸੁਆਮੀ ਸਰਣਾ ਰਾਮ ॥

ਪਰ ਪ੍ਰਭੂ ਪਰਮੇਸ਼ਰ ਦੀ ਪਨਾਹ ਦੇ ਬਾਝੋਂ, ਮਨ ਦੀ ਅੱਗ ਕਦਾਚਿਤ ਨਹੀਂ ਬੁਝਦੀ।

ਪ੍ਰਭ ਸਰਣਿ ਤੇਰੀ, ਕਾਟਿ ਬੇਰੀ; ਸੰਸਾਰੁ ਸਾਗਰੁ ਤਾਰੀਐ ॥

ਮੇਰੇ ਮਾਲਕ ਮੈਂ ਤੇਰੀ ਸ਼ਰਣਾਗਤਿ ਸੰਭਾਲੀ ਹੈ, ਮੇਰੀਆਂ ਬੇੜੀਆਂ ਕੱਟ ਦੇ ਅਤੇ ਮੈਨੂੰ ਜਗਤ ਸਮੁੰਦਰ ਤੋਂ ਪਾਰ ਕਰ ਦੇ।

ਅਨਾਥ ਨਿਰਗੁਨਿ ਕਛੁ ਨ ਜਾਨਾ; ਮੇਰਾ ਗੁਣੁ ਅਉਗਣੁ ਨ ਬੀਚਾਰੀਐ ॥

ਮੈਂ ਨਿਖਸਮਾ ਅਤੇ ਨੇਕੀ-ਵਿਹੁਣ ਹਾਂ। ਮੈਂ ਕੁਝ ਭੀ ਜਾਣਦਾ ਬੁਝਦਾ ਨਹੀਂ ਤੂੰ ਮੇਰੀਆਂ ਨੇਕੀਆਂ ਤੇ ਬਦੀਆਂ ਵੱਲ ਧਿਆਨ ਨਾਂ ਦੇ।

ਦੀਨ ਦਇਆਲ ਗੋਪਾਲ ਪ੍ਰੀਤਮ; ਸਮਰਥ ਕਾਰਣ ਕਰਣਾ ॥

ਮੇਰਾ ਪਿਆਰਾ ਮਸਕੀਨਾਂ ਤੇ ਮਿਹਰਬਾਨ (ਪ੍ਰਭੂ) ਸੰਸਾਰ ਦਾ ਪਾਲਣਹਾਰ, ਸਰਬ-ਸ਼ਕਤੀਵਾਨ ਅਤੇ ਢੋ ਮੇਲ ਮੇਲਣਹਾਰ ਹੈ।

ਨਾਨਕ ਚਾਤ੍ਰਿਕ ਹਰਿ ਬੂੰਦ ਮਾਗੈ; ਜਪਿ ਜੀਵਾ ਹਰਿ ਹਰਿ ਚਰਣਾ ॥੨॥

ਨਾਨਕ, ਪਪੀਹਾ, ਰੱਬ ਦੇ ਨਾਮ ਦੀ ਕਣੀ ਮੰਗਦਾ ਹੈ ਅਤੇ ਸੁਅਮੀ ਵਾਹਿਗੁਰੂ ਦੇ ਪੈਰਾਂ (ਨਾਮ) ਦਾ ਚਿੰਤਨ ਕਰਨ ਦੁਆਰਾ ਜੀਉਂਦਾ ਹੈ।

ਅਮਿਅ ਸਰੋਵਰੋ, ਪੀਉ ਹਰਿ ਹਰਿ ਨਾਮਾ ਰਾਮ ॥

ਤੂੰ ਸੁਆਮੀ ਦੇ ਸਮੁੰਦਰ ਵਿਚੋਂ ਅੰਮ੍ਰਿਤ ਪਾਨ ਕਰ ਅਤੇ ਤੂੰ ਪ੍ਰਭੂ ਪ੍ਰਮੇਸ਼ਰ ਦੇ ਨਾਮ ਨੂੰ ਉਚਾਰ।

ਸੰਤਹ ਸੰਗਿ ਮਿਲੈ, ਜਪਿ ਪੂਰਨ ਕਾਮਾ ਰਾਮ ॥

ਸਤਿ ਸੰਗਤ ਅੰਦਰ ਸੁਆਮੀ ਮਿਲ ਪੈਦਾ ਹੈ ਉਸ ਦਾ ਸਿਮਰਨ ਕਰਨ ਦੁਆਰਾ ਕਾਰਜ ਰਾਸ ਹੋ ਜਾਂਦੇ ਹਨ।

ਸਭ ਕਾਮ ਪੂਰਨ, ਦੁਖ ਬਿਦੀਰਨ; ਹਰਿ ਨਿਮਖ ਮਨਹੁ ਨ ਬੀਸਰੈ ॥

ਮਾਲਕ ਸਾਰੇ ਕੰਮਾਂ ਨੂੰ ਨੇਪਰੇ ਚਾੜ੍ਹਨ ਵਾਲਾ ਅਤੇ ਕਲੇਸ਼-ਹਰਤਾ ਹੈ। ਆਪਣੇ ਚਿੱਤ ਅੰਦਰ ਇਕ ਮੁਹਤ ਲਈ ਭੀ ਉਸ ਨੂੰ ਨਾਂ ਭੁਲਾ।

ਆਨੰਦ ਅਨਦਿਨੁ ਸਦਾ ਸਾਚਾ; ਸਰਬ ਗੁਣ ਜਗਦੀਸਰੈ ॥

ਉਹ ਹਮੇਸ਼ਾਂ ਪ੍ਰਸੰਨ ਅਤੇ ਸਦੀਵੀ ਸਤਿ ਹੈ। ਸਾਰੀਆਂ ਖੁਬੀਆਂ ਸ੍ਰਿਸ਼ਟੀ ਦੇ ਸੁਆਮੀ ਵਿੱਚ ਹਨ।

ਅਗਣਤ ਊਚ ਅਪਾਰ ਠਾਕੁਰ; ਅਗਮ ਜਾ ਕੋ ਧਾਮਾ ॥

ਬੇ-ਅੰਦਾਜ, ਬੁਲੰਦ ਅਤੇ ਹਦਬੰਨਾ-ਰਹਿਤ ਹੈ ਸਾਹਿਬ, ਪਹੁੰਚ ਤੋਂ ਪਰੇ ਹੈ ਜਿਸ ਦਾ ਘਰ।

ਬਿਨਵੰਤਿ ਨਾਨਕ ਮੇਰੀ ਇਛ ਪੂਰਨ; ਮਿਲੇ ਸ੍ਰੀਰੰਗ ਰਾਮਾ ॥੩॥

ਨਾਨਕ ਬੇਨਤੀ ਕਰਦਾ ਹੈ ਕਿ ਮੇਰੀ ਖਾਹਿਸ਼ ਪੂਰੀ ਹੋ ਗਈ ਹੈ ਅਤੇ ਮੈਂ ਉਤਕ੍ਰਿਸ਼ਟਤਾ ਦੇ ਪਿਆਰੇ ਪ੍ਰਭੂ ਨੂੰ ਮਿਲ ਪਿਆ ਹਾਂ।

ਕਈ ਕੋਟਿਕ ਜਗ ਫਲਾ, ਸੁਣਿ ਗਾਵਨਹਾਰੇ ਰਾਮ ॥

ਪ੍ਰਭੂ ਦੀ ਕੀਰਤੀ ਸੁਨਣ ਅਤੇ ਗਾਉਣ ਵਾਲਿਆਂ ਨੂੰ ਅਨੇਕਾਂ ਕ੍ਰੋੜ ਪਵਿੱਤ੍ਰ ਯਗਾਂ ਦਾ ਮਹਾਤਮ ਪ੍ਰਾਪਤ ਹੁੰਦਾ ਹੈ।

ਹਰਿ ਹਰਿ ਨਾਮੁ ਜਪਤ, ਕੁਲ ਸਗਲੇ ਤਾਰੇ ਰਾਮ ॥

ਸੁਆਮੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਸਾਰੀਆਂ ਪੀੜ੍ਹੀਆਂ ਪਾਰ ਉਤਰ ਜਾਂਦੀਆਂ ਹਨ।

ਹਰਿ ਨਾਮੁ ਜਪਤ, ਸੋਹੰਤ ਪ੍ਰਾਣੀ; ਤਾ ਕੀ ਮਹਿਮਾ ਕਿਤ ਗਨਾ ॥

ਰੱਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਜੀਵ ਸੁੰਦਰ ਲਗਦਾ ਹੈ। ਉਸ ਦੀ ਉਪਮਾ ਮੈਂ ਕਿੰਨੀ ਕੁ ਵਰਨਣ ਕਰਾ।

ਹਰਿ ਬਿਸਰੁ ਨਾਹੀ ਪ੍ਰਾਨ ਪਿਆਰੇ! ਚਿਤਵੰਤਿ ਦਰਸਨੁ ਸਦ ਮਨਾ ॥

ਮੈਂ ਤੈਨੂੰ ਨਹੀਂ ਭੁਲਾਉਂਦਾ, ਹੇ ਮੇਰੇ ਭਗਵਾਨ! ਤੂੰ ਮੇਰੀ ਜਿੰਦ ਜਾਨ ਵਰਗਾ ਲਾਡਲਾ ਹੈਂ ਮੇਰੀ ਜਿੰਦੜੀ ਸਦੀਵ ਹੀ ਤੇਰੇ ਦੀਦਾਰ ਨੂੰ ਲੋਚਦੀ ਹੈ।

ਸੁਭ ਦਿਵਸ ਆਏ, ਗਹਿ ਕੰਠਿ ਲਾਏ; ਪ੍ਰਭ ਊਚ ਅਗਮ ਅਪਾਰੇ ॥

ਮੁਬਾਰਕ ਹੈ ਉਹ ਦਿਹਾੜਾ ਜਦ ਬੁਲੰਦ, ਪਹੁੰਚ ਤੋਂ ਪਰੇ ਅਤੇ ਅਨੰਤ ਸੁਆਮੀ ਮੈਨੂੰ ਆਪਣੀ ਛਾਤੀ ਨਾਲ ਲਾਉਂਦਾ ਹੈ।

ਬਿਨਵੰਤਿ ਨਾਨਕ ਸਫਲੁ ਸਭੁ ਕਿਛੁ; ਪ੍ਰਭ ਮਿਲੇ ਅਤਿ ਪਿਆਰੇ ॥੪॥੩॥੬॥

ਨਾਨਕ ਬਿਨੇ ਕਰਦਾ ਹੈ, ਹਰ ਸ਼ੈ ਲਾਭਦਾਇਤ ਹੋ ਗਈ ਹੈ। ਮੈਂ ਆਪਣੇ ਪਰਮ ਪ੍ਰੀਤਵਾਨ ਪ੍ਰਭੂ ਨੂੰ ਮਿਲ ਪਿਆ ਹਾਂ।


ਬਿਹਾਗੜਾ ਮਹਲਾ ੫ ਛੰਤ ॥

ਬਿਹਾਗੜਾ ਪੰਜਵੀਂ ਪਾਤਿਸ਼ਾਹੀ ਛੰਤ।

ਅਨ ਕਾਏ ਰਾਤੜਿਆ; ਵਾਟ ਦੁਹੇਲੀ ਰਾਮ ॥

ਤੂੰ ਕਿਉਂ ਹੋਰਸ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈਂ? ਬਿਖੜਾ ਹੈ ਤੇਰਾ ਮਾਰਗ।

ਪਾਪ ਕਮਾਵਦਿਆ, ਤੇਰਾ ਕੋਇ ਨ ਬੇਲੀ ਰਾਮ ॥

ਹੇ ਪਾਪ ਕਮਾਉਣ ਵਾਲਿਆ, ਕੋਈ ਭੀ ਤੇਰਾ ਯਾਰ ਨਹੀਂ।

ਕੋਏ ਨ ਬੇਲੀ ਹੋਇ ਤੇਰਾ; ਸਦਾ ਪਛੋਤਾਵਹੇ ॥

ਕੋਈ ਭੀ ਤੇਰਾ ਸਹਾਇਕ ਨਹੀਂ ਹੋਣਾ। ਤੂੰ ਆਪਣੇ ਅਮਲਾਂ ਤੇ ਹਮੇਸ਼ਾਂ ਹੀ ਪਸਚਾਤਾਪ ਕਰੇਗਾ।

ਗੁਨ ਗੁਪਾਲ ਨ ਜਪਹਿ ਰਸਨਾ; ਫਿਰਿ ਕਦਹੁ ਸੇ ਦਿਹ ਆਵਹੇ ॥

ਆਪਣੀ ਜੀਭ ਨਾਲ ਤੂੰ ਸ੍ਰਿਸ਼ਟੀ ਦੇ ਪਾਲਣਹਾਰ ਦੀ ਕੀਰਤੀ ਉਚਾਰਨ ਨਹੀਂ ਕਰਦਾ। ਇਹ ਦਿਨ ਮੁੜ ਕੇ ਕਦੋ ਆਉਣਗੇ?

ਤਰਵਰ ਵਿਛੁੰਨੇ ਨਹ ਪਾਤ ਜੁੜਤੇ; ਜਮ ਮਗਿ ਗਉਨੁ ਇਕੇਲੀ ॥

ਸ਼ਰੀਰ ਬ੍ਰਿਛ ਨਾਲੋਂ ਵਿਛੜਿਆ ਹੋਇਆ ਪੱਤਾ, ਮੁੜ ਇਸ ਨਾਲ ਨਹੀਂ ਜੁੜਦਾ। ਕੱਲਮਕੱਲਾ ਇਹ ਮੌਤ ਦੇ ਰਾਹੇ ਜਾਂਦਾ ਹੈ।

ਬਿਨਵੰਤ ਨਾਨਕ ਬਿਨੁ ਨਾਮ ਹਰਿ ਕੇ; ਸਦਾ ਫਿਰਤ ਦੁਹੇਲੀ ॥੧॥

ਨਾਨਕ ਅਰਜ਼ ਕਰਦਾ ਹੈ, ਵਾਹਿਗੁਰੂ ਦੇ ਨਾਮ ਦੇ ਬਾਝੋਂ ਆਤਮਾ, ਹਮੇਸ਼ਾਂ ਹੀ ਕਲੇਸ਼ ਅੰਦਰ ਭਟਕਦੀ ਹੈ।

ਤੂੰ ਵਲਵੰਚ ਲੂਕਿ ਕਰਹਿ; ਸਭ ਜਾਣੈ ਜਾਣੀ ਰਾਮ ॥

ਤੂੰ ਵਲਛਲ ਲੁਕ ਕੇ ਕਮਾਉਂਦਾ ਹੈਂ ਪ੍ਰੰਤੂ ਅੰਦਰ ਦੀਆਂ ਜਾਨਣਹਾਰ, ਸਾਹਿਬ ਸਾਰਾ ਕੁਝ ਜਾਣਦਾ ਹੈ।

ਲੇਖਾ ਧਰਮ ਭਇਆ; ਤਿਲ ਪੀੜੇ ਘਾਣੀ ਰਾਮ ॥

ਜਦ ਧਰਮਰਾਜ ਨੇ ਤੇਰਾ ਹਿਸਾਬ ਕਿਤਾਬ ਕੀਤਾ, ਤਦ ਤੂੰ ਕੋਲੂ ਵਿੱਚ ਤਿਲਾਂ ਦੇ ਪਰਾਗੇ ਦੀ ਤਰ੍ਹਾਂ ਪੀੜਿਆ ਜਾਵੇਗਾ।

ਕਿਰਤ ਕਮਾਣੇ ਦੁਖ ਸਹੁ ਪਰਾਣੀ; ਅਨਿਕ ਜੋਨਿ ਭ੍ਰਮਾਇਆ ॥

ਹੇ ਜੀਵ! ਕੀਤੇ ਹੋਏ ਕਰਮ ਦੀ ਖਾਤਰ ਤੈਨੂੰ ਸਜ਼ਾ ਭੁਗਤਣੀ ਪਉਗੀ ਅਤੇ ਤੂੰ ਬਹੁਤੀਆਂ ਜੂਨੀਆਂ ਅੰਦਰ ਧਕਿਆ ਜਾਵੇਗਾ।

ਮਹਾ ਮੋਹਨੀ ਸੰਗਿ ਰਾਤਾ; ਰਤਨ ਜਨਮੁ ਗਵਾਇਆ ॥

ਪਰਮ ਠਗਣੀ ਦੇ ਮੋਹ ਨਾਲ ਰੰਗੀਜ ਕੇ ਤੂੰ ਆਪਣੇ ਮਨੁਖੀ ਜੀਵਨ ਦੇ ਹੀਰੇ ਨੂੰ ਵੰਞਾ ਲਵੇਗਾ।

ਇਕਸੁ ਹਰਿ ਕੇ ਨਾਮ ਬਾਝਹੁ; ਆਨ ਕਾਜ ਸਿਆਣੀ ॥

ਇਕ ਰੱਬ ਦੇ ਨਾਮ ਦੇ ਬਗੈਰ, ਤੂੰ ਹੋਰ ਸਾਰਿਆਂ ਕੰਮਾਂ ਵਿੱਚ ਚਤੁਰ ਹੈਂ।

ਬਿਨਵੰਤਿ ਨਾਨਕ ਲੇਖੁ ਲਿਖਿਆ; ਭਰਮਿ ਮੋਹਿ ਲੁਭਾਣੀ ॥੨॥

ਨਾਨਕ ਬੇਨਤੀ ਕਰਦਾ ਹੈ, ਜਿਨ੍ਹਾਂ ਦੀ ਭਾਵੀ ਇਸ ਤਰ੍ਹਾਂ ਲਿਖੀ ਹੋਈ ਹੈ, ਉਹ ਸੰਦੇਹ ਤੇ ਸੰਸਾਰੀ ਮਮਤਾ ਨਾਲ ਲੰਪਟ ਹੁੰਦੇ ਹਨ।

ਬੀਚੁ ਨ ਕੋਇ ਕਰੇ, ਅਕ੍ਰਿਤਘਣੁ ਵਿਛੁੜਿ ਪਇਆ ॥

ਨਾਂ-ਸ਼ੁਕਰਾ ਪੁਰਸ਼ ਪ੍ਰਭੂ ਨਾਲੋ ਵੱਖਰਾ ਹੋ ਜਾਂਦਾ ਹੈ। ਕੋਈ ਭੀ ਉਸ ਦੀ ਵਿਚੋਲਗੀ ਨਹੀਂ ਕਰਦਾ।

ਆਏ ਖਰੇ ਕਠਿਨ, ਜਮਕੰਕਰਿ ਪਕੜਿ ਲਇਆ ॥

ਮੌਤ ਦੇ ਪਰਮ ਕਠੋਰ ਫਰੇਸ਼ਤੇ ਆ ਕੇ ਊਸ ਨੂੰ ਫੜ ਲੈਂਦੇ ਹਨ।

ਪਕੜੇ ਚਲਾਇਆ, ਅਪਣਾ ਕਮਾਇਆ; ਮਹਾ ਮੋਹਨੀ ਰਾਤਿਆ ॥

ਉਸ ਦੇ ਮੰਦੇ ਅਮਲਾਂ ਦੀ ਖਾਤਿਰ ਫੜ ਕੇ ਉਹ ਉਸ ਨੂੰ ਅਗੇ ਲਾ ਲੈਂਦੇ ਹਨ ਕਿਉਂਕਿ ਉਹ ਪਰਮ ਠਗਣੀ ਮਾਇਆ ਨਾਲ ਜੁੜਿਆ ਹੋਇਆ ਸੀ।

ਗੁਨ ਗੋਵਿੰਦ ਗੁਰਮੁਖਿ ਨ ਜਪਿਆ; ਤਪਤ ਥੰਮ੍ਹ੍ਹ ਗਲਿ ਲਾਤਿਆ ॥

ਉਸ ਨੇ ਸ੍ਰਿਸ਼ਟੀ ਦੇ ਸੁਆਮੀ ਦੀ ਕੀਰਤੀ ਗੁਰਾਂ ਦੇ ਉਪਦੇਸ਼ ਤਾਬੇ ਉਚਾਰਨ ਨਹੀਂ ਕੀਤੀ, ਇਸ ਲਈ ਉਸ ਦੀ ਛਾਤੀ ਤੱਤਿਆਂ ਥਮਲਿਆਂ ਨਾਲ ਲਾਈ ਜਾਂਦੀ ਹੈ।

ਕਾਮ ਕ੍ਰੋਧਿ ਅਹੰਕਾਰਿ ਮੂਠਾ; ਖੋਇ ਗਿਆਨੁ ਪਛੁਤਾਪਿਆ ॥

ਵਿਸ਼ੇ ਭੋਗ ਗੁੱਸੇ ਅਤੇ ਹੰਕਾਰ ਨੇ ਉਸ ਨੂੰ ਬਰਬਾਦ ਕਰ ਦਿੱਤਾ ਹੈ। ਬ੍ਰਹਮ ਬੋਧ ਤੋਂ ਸਖਣਾ ਹੋ ਉਹ ਪਸਚਾਤਾਪ ਕਰਦਾ ਹੈ।

ਬਿਨਵੰਤ ਨਾਨਕ ਸੰਜੋਗਿ ਭੂਲਾ; ਹਰਿ ਜਾਪੁ ਰਸਨ ਨ ਜਾਪਿਆ ॥੩॥

ਨਾਨਕ ਬੇਨਤੀ ਕਰਦਾ ਹੈ ਮੰਦ ਭਾਵੀ ਕਾਰਨ ਉਹ ਕੁਰਾਹੇ ਪਿਆ ਹੋਇਆ ਹੈ। ਆਪਣੀ ਜੀਭ ਦੁਆਰਾ ਉਹ ਰਾਮ ਦੇ ਨਾਮ ਦਾ ਜਾਪ ਨਹੀਂ ਕਰਦਾ।

ਤੁਝ ਬਿਨੁ ਕੋ ਨਾਹੀ, ਪ੍ਰਭ ਰਾਖਨਹਾਰਾ ਰਾਮ ॥

ਤੇਰੇ ਬਾਝੋਂ ਹੇ ਪ੍ਰਭੂ ਪ੍ਰਮੇਸ਼ਰ! ਬੰਦੇ ਨੂੰ ਕੋਈ ਭੀ ਬਚਾਉਣ ਵਾਲਾ ਨਹੀਂ।

ਪਤਿਤ ਉਧਾਰਣ, ਹਰਿ! ਬਿਰਦੁ ਤੁਮਾਰਾ ਰਾਮ ॥

ਪਾਪੀਆਂ ਨੂੰ ਪਾਰ ਉਤਾਰਨਾ ਤੇਰਾ ਨਿਤ-ਕ੍ਰਮ ਹੈ, ਹੇ ਸੁਆਮੀ ਵਾਹਿਗੁਰੂ!

ਪਤਿਤ ਉਧਾਰਨ ਸਰਨਿ ਸੁਆਮੀ; ਕ੍ਰਿਪਾ ਨਿਧਿ ਦਇਆਲਾ ॥

ਹੇ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ! ਅਤੇ ਰਹਿਮਤ ਦੇ ਸਮੁੰਦਰ, ਮਿਹਰਬਾਨ ਮਾਲਕ, ਮੈਂ ਤੇਰੀ ਪਨਾਹ ਲਈ ਹੈ।

ਅੰਧ ਕੂਪ ਤੇ ਉਧਰੁ ਕਰਤੇ; ਸਗਲ ਘਟ ਪ੍ਰਤਿਪਾਲਾ ॥

ਹੇ ਸਾਰਿਆਂ ਦਿਲਾਂ, ਦੇ ਪਾਲਣ-ਪੋਸਣਹਾਰ, ਸਿਰਜਣਹਾਰ ਮੈਨੂੰ ਸੰਸਾਰ ਦੇ ਅੰਨ੍ਹੇ ਖੂਹ ਤੋਂ ਬਾਹਰ ਕੱਢ ਲੈ।

ਸਰਨਿ ਤੇਰੀ ਕਟਿ ਮਹਾ ਬੇੜੀ; ਇਕੁ ਨਾਮੁ ਦੇਹਿ ਅਧਾਰਾ ॥

ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ, ਮੇਰੀਆਂ ਭਾਰੀਆਂ ਜ਼ੰਜੀਰਾਂ ਨੂੰ ਵੱਢ ਸੁਟ ਅਤੇ ਮੈਨੂੰ ਕੇਵਲ ਆਪਣੇ ਨਾਮ ਦਾ ਆਸਰਾ ਬਖਸ਼।

ਬਿਨਵੰਤ ਨਾਨਕ ਕਰ ਦੇਇ ਰਾਖਹੁ; ਗੋਬਿੰਦ ਦੀਨ ਦਇਆਰਾ ॥੪॥

ਨਾਨਕ ਪ੍ਰਾਰਥਨਾ ਕਰਦਾ ਹੈ, ਹੇ ਆਲਮ ਦੇ ਮਾਲਕ ਅਤੇ ਮਸਕੀਨਾਂ ਤੇ ਮਿਹਰਬਾਨ ਵਾਹਿਗੁਰੂ! ਆਪਣਾ ਹੱਥ ਦੇ, ਕੇ ਮੈਨੂੰ ਬਚਾ ਲੈ।

ਸੋ ਦਿਨੁ ਸਫਲੁ ਗਣਿਆ, ਹਰਿ ਪ੍ਰਭੂ ਮਿਲਾਇਆ ਰਾਮ ॥

ਫਲਦਾਇਕ ਗਿਣਿਆ ਜਾਂਦਾ ਹੈ ਉਹ ਦਿਹਾੜਾ ਜਦ ਮੈਂ ਵਾਹਿਗੁਰੂ ਆਪਣੇ ਸੁਆਮੀ ਮਾਲਕ ਨੂੰ ਪ੍ਰਾਪਤ ਹੋਈ।

ਸਭਿ ਸੁਖ ਪਰਗਟਿਆ, ਦੁਖ ਦੂਰਿ ਪਰਾਇਆ ਰਾਮ ॥

ਸਾਰੀਆਂ ਖੁਸ਼ੀਆਂ ਪਰਕਾਸ਼ ਹੋ ਆਈਆਂ ਹਨ ਅਤੇ ਮੁਸੀਬਤ ਮੇਰੇ ਕੋਲੋ ਬੜੀ ਦੁਰੇਡੇ ਚਲੀ ਗਈ ਹੈ।

ਸੁਖ ਸਹਜ ਅਨਦ ਬਿਨੋਦ ਸਦ ਹੀ; ਗੁਨ ਗੁਪਾਲ ਨਿਤ ਗਾਈਐ ॥

ਹਮੇਸ਼ਾਂ ਹੀ ਸ੍ਰਿਸ਼ਟੀ ਦੇ ਪਾਲਕ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਆਰਾਮ, ਚੈਨ, ਖੁਸ਼ੀ ਅਤੇ ਪ੍ਰਸੰਨਤਾ ਸਦੀਵ ਹੀ ਪ੍ਰਕਾਸ਼ ਹੁੰਦੇ ਹਨ।

ਭਜੁ ਸਾਧਸੰਗੇ ਮਿਲੇ ਰੰਗੇ; ਬਹੁੜਿ ਜੋਨਿ ਨ ਧਾਈਐ ॥

ਸਤਿ ਸੰਗਤ ਨਾਲ ਮਿਲ ਕੇ ਮੈਂ ਸੁਆਮੀ ਨੂੰ ਪਿਆਰ ਨਾਲ ਸਿਮਰਦਾ ਹਾਂ ਤੇ ਇਸ ਲਈ ਮੈਂ ਮੁੜ ਕੇ ਜੂਨੀਆਂ ਅੰਦਰ ਨਹੀਂ ਭਟਕਾਂਗਾ।

ਗਹਿ ਕੰਠਿ ਲਾਏ, ਸਹਜਿ ਸੁਭਾਏ; ਆਦਿ ਅੰਕੁਰੁ ਆਇਆ ॥

ਸਾਹਿਬ ਨੇ ਸੁਭਾਵਕ ਹੀ ਮੈਨੂੰ ਆਪਣੀ ਛਾਤੀ ਨਾਲ ਲਾ ਲਿਆ ਹੈ ਅਤੇ ਇਸ ਵਾਸਤੇ ਮੇਰੀ ਪੂਰਬਲੀ ਪਰਾਲਬਧ ਦਾ ਬੀਜ ਪੁੰਗਰ ਆਇਆ ਹੈ।

ਬਿਨਵੰਤ ਨਾਨਕ ਆਪਿ ਮਿਲਿਆ; ਬਹੁੜਿ ਕਤਹੂ ਨ ਜਾਇਆ ॥੫॥੪॥੭॥

ਗੁਰੂ ਜੀ ਬੇਨਤੀ ਕਰਦੇ ਹਨ, ਆਪਣੇ ਆਪ ਹੀ ਸੁਆਮੀ ਮੈਨੂੰ ਮਿਲ ਪਿਆ ਹੈ ਅਤੇ ਉਹ ਕਦਾਚਿੱਤ ਮੁੜ ਕੇ ਮੇਰੇ ਕੋਲੋ ਪਰੇ ਨਹੀਂ ਜਾਂਦਾ।


ਬਿਹਾਗੜਾ ਮਹਲਾ ੫ ਛੰਤ ॥

ਬਿਹਾਗੜਾ ਪੰਜਵੀਂ ਪਾਤਿਸ਼ਾਹੀ ਛੰਤ।

ਸੁਨਹੁ ਬੇਨੰਤੀਆ, ਸੁਆਮੀ ਮੇਰੇ ਰਾਮ! ॥

ਤੂੰ ਮੇਰੀਆਂ ਜੋਦੜੀਆਂ ਸ੍ਰਵਣ ਕਰ, ਹੇ ਮੇਰੇ ਪ੍ਰਭੂ ਪਰਮੇਸ਼ਰ।

ਕੋਟਿ ਅਪ੍ਰਾਧ ਭਰੇ, ਭੀ ਤੇਰੇ ਚੇਰੇ ਰਾਮ ॥

ਮੈਂ ਕ੍ਰੋੜਾਂ ਹੀ ਪਾਪਾਂ ਨਾਲ ਭਰਿਆ ਪਿਆ ਹਾਂ, ਤਾਂ ਭੀ ਮੈਂ ਤੈਡਾ ਹੀ ਗਮਾਸ਼ਤਾ ਹਾਂ।

ਦੁਖ ਹਰਨ, ਕਿਰਪਾ ਕਰਨ ਮੋਹਨ! ਕਲਿ ਕਲੇਸਹ ਭੰਜਨਾ! ॥

ਹੇ ਰੰਜ ਦੂਰ ਕਰਨਹਾਰ, ਮਿਹਰ ਕਰਨ ਵਾਲੇ, ਮੁਹਤ ਕਰ ਲੈਣ ਵਾਲੇ ਅਤੇ ਗਮ ਤੇ ਝਗੜਿਆਂ ਨੂੰ ਕੱਟਣਹਾਰ,

ਸਰਨਿ ਤੇਰੀ, ਰਖਿ ਲੇਹੁ ਮੇਰੀ; ਸਰਬ ਮੈ ਨਿਰੰਜਨਾ ॥

ਮੈਂ ਤੇਰੀ ਪਨਾਹ ਲਈ ਹੈ। ਤੂੰ ਮੇਰੀ ਇੱਜ਼ਤ-ਆਬਰੂ ਬਰਕਰਾਰ ਰੱਖ। ਤੂੰ ਸਾਰਿਆਂ ਅੰਦਰ ਰਵਿਆ ਹੋਇਆ ਹੈ, ਹੇ ਪਵਿੱਤ੍ਰ ਪ੍ਰਭੂ!

ਸੁਨਤ ਪੇਖਤ ਸੰਗਿ ਸਭ ਕੈ; ਪ੍ਰਭ ਨੇਰਹੂ ਤੇ ਨੇਰੇ ॥

ਸੁਆਮੀ ਸਾਰਿਆਂ ਨੂੰ ਸੁਣਦਾ ਤੇ ਵੇਖਦਾ ਹੈ। ਉਹ ਸਾਡੇ ਸਾਰਿਆਂ ਦੇ ਨਾਲ ਹੈ ਅਤੇ ਨੇੜੇ ਤੋਂ ਪਰਮ ਨੇੜੇ ਹੈ।

ਅਰਦਾਸਿ ਨਾਨਕ, ਸੁਨਿ ਸੁਆਮੀ; ਰਖਿ ਲੇਹੁ ਘਰ ਕੇ ਚੇਰੇ ॥੧॥

ਹੇ ਪ੍ਰਭੂ! ਤੂੰ ਨਾਨਕ ਦੀ ਬੇਨਤੀ ਸ੍ਰਵਣ ਕਰ ਅਤੇ ਅਤੇ ਆਪਣੇ ਗ੍ਰਿਹ ਦੇ ਸੇਵਕ ਦੀ ਰੱਖਿਆ ਕਰ।

ਤੂ ਸਮਰਥੁ ਸਦਾ, ਹਮ ਦੀਨ ਭੇਖਾਰੀ ਰਾਮ ॥

ਤੂੰ ਸਦੀਵ ਹੀ ਸਰਬ-ਸ਼ਕਤੀਵਾਨ ਹੈ। ਮੈਂ ਤੇਰੇ ਦਰ ਦਾ ਮਸਕੀਨ ਮੰਗਤਾ ਹਾਂ, ਹੇ ਸੁਆਮੀ!

ਮਾਇਆ ਮੋਹਿ ਮਗਨੁ, ਕਢਿ ਲੇਹੁ ਮੁਰਾਰੀ ਰਾਮ ॥

ਹੇ ਹੰਕਾਰ ਦੇ ਵੈਰੀ ਵਾਹਿਗੁਰੂ! ਮੇਰੀ ਰੱਖਿਆ ਕਰ, ਮੈਂ ਸੰਸਾਰੀ ਪਦਾਰਥਾਂ ਦੀ ਮਮਤਾ ਅੰਦਰ ਗਰਕ ਹੋਇਆ ਹੋਇਆ ਹਾਂ।

ਲੋਭਿ ਮੋਹਿ ਬਿਕਾਰਿ ਬਾਧਿਓ; ਅਨਿਕ ਦੋਖ ਕਮਾਵਨੇ ॥

ਲਾਲਚ, ਸੰਸਾਰੀ ਮਮਤਾ ਅਤੇ ਪਾਪ ਨਾਲ ਬੱਝ ਕੇ ਮੈਂ ਅਨੇਕ ਕੁਕਰਮ ਕੀਤੇ ਹਨ।

ਅਲਿਪਤ ਬੰਧਨ ਰਹਤ ਕਰਤਾ; ਕੀਆ ਅਪਨਾ ਪਾਵਨੇ ॥

ਸਿਰਜਣਹਾਰ ਨਿਰਲੇਪ ਅਤੇ ਜੰਜਾਲਾ ਤੋਂ ਬਿਨਾਂ ਹੈ। ਇਨਸਾਨ ਆਪਣੇ ਅਮਲਾਂ ਦਾ ਫਲ ਪਾਉਂਦਾ ਹੈ।

ਕਰਿ ਅਨੁਗ੍ਰਹੁ, ਪਤਿਤ ਪਾਵਨ! ਬਹੁ ਜੋਨਿ ਭ੍ਰਮਤੇ ਹਾਰੀ ॥

ਮੇਰੇ ਉਤੇ ਰਹਿਮਤ ਧਾਰ! ਹੇ ਪਾਪੀਆਂ ਨੂੰ ਪਵਿੱਤ੍ਰ ਕਰਨ ਵਾਲੇ। ਮੈਂ ਅਨੇਕਾਂ ਜੂਨਾ ਅੰਦਰ ਭਟਕਦਾ ਹੋਇਆ ਹੰਭ ਗਿਆ ਹਾਂ।

ਬਿਨਵੰਤਿ ਨਾਨਕ ਦਾਸੁ ਹਰਿ ਕਾ; ਪ੍ਰਭ ਜੀਅ ਪ੍ਰਾਨ ਅਧਾਰੀ ॥੨॥

ਨਾਨਕ ਪ੍ਰਾਰਥਨਾ ਕਰਦਾ ਹੈ, ਮੈਂ ਵਾਹਿਗੁਰੂ ਦਾ ਗੋਲਾ ਹਾਂ। ਸੁਆਮੀ ਮੇਰੀ ਆਤਮਾ ਤੇ ਜਿੰਦ ਜਾਨ ਦਾ ਆਸਰਾ ਹੈ।

ਤੂ ਸਮਰਥੁ ਵਡਾ, ਮੇਰੀ ਮਤਿ ਥੋਰੀ ਰਾਮ ॥

ਤੂੰ ਸਰਬ-ਸ਼ਕਤੀਵਾਨ ਅਤੇ ਵਿਸ਼ਾਲ ਹੈ ਅਤੇ ਕੇਵਲ ਤੁੱਛ ਹੈ ਮੇਰੀ ਅਕਲ, ਹੇ ਸਾਹਿਬ!

ਪਾਲਹਿ ਅਕਿਰਤਘਨਾ, ਪੂਰਨ ਦ੍ਰਿਸਟਿ ਤੇਰੀ ਰਾਮ ॥

ਤੂੰ ਨਾਂ ਸ਼ੁਕਰਿਆਂ ਦੀ ਵੀ ਪ੍ਰਤਿਪਾਲਣਾ ਕਰਦਾ ਹੈ। ਰਹਿਮਤ ਨਾਲ ਪਰੀ-ਪੂਰਨ ਹੈ ਤੇਰੀ ਨਜ਼ਰ ਹੇ ਵਾਹਿਗੁਰੂ!

ਅਗਾਧਿ ਬੋਧਿ ਅਪਾਰ ਕਰਤੇ; ਮੋਹਿ ਨੀਚੁ ਕਛੂ ਨ ਜਾਨਾ ॥

ਅਥਾਹ ਹੇ ਤੇਰੀ ਗਿਆਤ ਹੇ ਬੇਅੰਤ ਸਿਰਜਣਹਾਰ! ਮੈਂ ਨੀਵਾਂ ਹਾਂ ਅਤੇ ਕੁਝ ਭੀ ਨਹੀਂ ਜਾਣਦਾ।

ਰਤਨੁ ਤਿਆਗਿ, ਸੰਗ੍ਰਹਨ ਕਉਡੀ; ਪਸੂ ਨੀਚੁ ਇਆਨਾ ॥

ਨਾਮ ਦੇ ਹੀਰੇ ਨੂੰ ਛੱਡ ਕੇ ਮੈਂ ਸਿੱਪੀਆ ਘੋਗੇ ਇਕੱਤਰ ਕੀਤੇ ਹਨ। ਮੈਂ ਅਧਮ ਅਤੇ ਬੇਸਮਝ ਡੰਗਰ ਹਾਂ।

ਤਿਆਗਿ ਚਲਤੀ ਮਹਾ ਚੰਚਲਿ; ਦੋਖ ਕਰਿ ਕਰਿ ਜੋਰੀ ॥

ਪਾਪਾਂ ਨੂੰ ਲਗਾਤਾਰ ਕਮਾ ਕੇ ਮੈਂ ਮਾਇਆ ਉਸ ਨੂੰ ਇਕੱਤਰ ਕੀਤਾ ਹੈ ਜੋ ਪਰਮ ਅਨ-ਸਥਿਰ ਹੈ ਅਤੇ ਇਨਸਾਨ ਨੂੰ ਛੱਡ ਜਾਂਦੀ ਹੈ।

ਨਾਨਕ ਸਰਨਿ ਸਮਰਥ ਸੁਆਮੀ; ਪੈਜ ਰਾਖਹੁ ਮੋਰੀ ॥੩॥

ਨਾਨਕ ਨੇ ਤੇਰੀ ਪਲਾਹ ਲਈ ਹੈ, ਹੇ ਸਰਬ-ਸ਼ਕਤੀਵਾਨ ਸਾਹਿਬ! ਹੁਣ ਤੂੰ ਮੇਰੀ ਪੱਤ-ਆਬਰੂ ਰੱਖ।

ਜਾ ਤੇ ਵੀਛੁੜਿਆ, ਤਿਨਿ ਆਪਿ ਮਿਲਾਇਆ ਰਾਮ ॥

ਜਿਸ ਤੋਂ ਮੈਂ ਜੁਦਾ ਹੋਇਆ ਹੋਇਆ ਸਾਂ ਉਸ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ।

ਸਾਧੂ ਸੰਗਮੇ, ਹਰਿ ਗੁਣ ਗਾਇਆ ਰਾਮ ॥

ਸਤਿ-ਸੰਗਤ ਨਾਲ ਜੁੜ ਕੇ ਮੈਂ ਸੁਆਮੀ ਵਾਹਿਗੁਰੂ ਦੀ ਸਿਫ਼ਤ-ਸ਼ਲਾਘਾ ਗਾਇਨ ਕੀਤੀ ਹੈ।

ਗੁਣ ਗਾਇ ਗੋਵਿਦ ਸਦਾ ਨੀਕੇ; ਕਲਿਆਣ ਮੈ ਪਰਗਟ ਭਏ ॥

ਮੈਂ ਸੰਸਾਰ ਦੇ ਸਦੀਵੀ ਸ੍ਰੇਸ਼ਟ ਰੱਖਿਅਕ ਦਾ ਜੱਸ ਗਾਇਨ ਕੀਤਾ ਹੈ ਅਤੇ ਪ੍ਰਸੰਨਤਾ ਸਰੂਪ-ਪ੍ਰਭੂ ਮੇਰੇ ਉਤੇ ਪ੍ਰਗਟ ਹੋ ਗਿਆ ਹੈ।

ਸੇਜਾ ਸੁਹਾਵੀ ਸੰਗਿ ਪ੍ਰਭ ਕੈ; ਆਪਣੇ ਪ੍ਰਭ ਕਰਿ ਲਏ ॥

ਮੇਰਾ ਪਲੰਘ, ਮੇਰੇ ਸੁਆਮੀ ਦੀ ਹਜ਼ੂਰੀ ਨਾਲ ਸਸ਼ੋਭਤ ਹੋ ਗਿਆ ਹੈ। ਮੇਰੇ ਮਾਲਕ ਨੇ ਮੈਨੂੰ ਆਪਣੀ ਨਿੱਜ ਦੀ ਬਣਾ ਲਿਆ ਹੈ।

ਛੋਡਿ ਚਿੰਤ, ਅਚਿੰਤ ਹੋਏ; ਬਹੁੜਿ ਦੂਖੁ ਨ ਪਾਇਆ ॥

ਫਿਕਰ ਨੂੰ ਤਿਆਗ ਕੇ ਮੈਂ ਬੇਫਿਕਰ ਹੋ ਗਿਆ ਹਾਂ ਅਤੇ ਮੈਂ ਮੁੜ ਕੇ ਰੰਜ-ਗਮ ਨਹੀਂ ਉਠਾਵਾਂਗਾ।

ਨਾਨਕ ਦਰਸਨੁ ਪੇਖਿ ਜੀਵੇ; ਗੋਵਿੰਦ ਗੁਣ ਨਿਧਿ ਗਾਇਆ ॥੪॥੫॥੮॥

ਨਾਨਕ, ਸ੍ਰਿਸ਼ਟੀ ਦੇ ਸੁਆਮੀ ਦਾ ਦੀਦਾਰ ਦੇਖ ਅਤੇ ਗੁਣਾ ਦੇ ਸਮੁੰਦਰ ਦਾ ਜੱਸ ਗਾਇਨ ਕਰ ਕੇ ਜੀਉਂਦਾ ਹੈ।


ਬਿਹਾਗੜਾ ਮਹਲਾ ੫ ਛੰਤ ॥

ਬਿਹਾਗੜਾ ਪੰਜਵੀਂ ਪਾਤਸ਼ਾਹੀ ਛੰਤ।

ਬੋਲਿ ਸੁਧਰਮੀੜਿਆ! ਮੋਨਿ ਕਤ ਧਾਰੀ ਰਾਮ ॥

ਹੇ ਸ੍ਰੇਸ਼ਟ ਧਰਮੀ ਜਨ, ਤੂੰ ਸਾਹਿਬ ਦੇ ਨਾਮ ਦਾ ਉਚਾਰਨ ਕਰ। ਤੂੰ ਚੁਪ ਕਿਉਂ ਵੱਟੀ ਹੋਈ ਹੈ?

ਤੂ ਨੇਤ੍ਰੀ ਦੇਖਿ ਚਲਿਆ; ਮਾਇਆ ਬਿਉਹਾਰੀ ਰਾਮ ॥

ਆਪਣੀਆਂ ਅੱਖਾਂ ਨਾਲ ਤੂੰ ਦੁਨੀਆਂ ਦੇ ਕਪਟੀ ਕਾਰ-ਵਿਹਾਰ ਵੇਖ ਲਏ ਹਨ।

ਸੰਗਿ ਤੇਰੈ ਕਛੁ ਨ ਚਾਲੈ; ਬਿਨਾ ਗੋਬਿੰਦ ਨਾਮਾ ॥

ਸ੍ਰਿਸ਼ਟੀ ਦੇ ਸੁਆਮੀ ਦੇ ਨਾਮ ਦੇ ਇਲਾਵਾ ਤੇਰੇ ਨਾਲ ਕੁਝ ਭੀ ਨਹੀਂ ਜਾਣਾ।

ਦੇਸ ਵੇਸ ਸੁਵਰਨ ਰੂਪਾ; ਸਗਲ ਊਣੇ ਕਾਮਾ ॥

ਜਮੀਨ, ਪੁਸ਼ਾਕ, ਸੋਨਾ ਅਤੇ ਚਾਂਦੀ ਵਿਅਰਥ ਹਨ ਇਹ ਸਾਰੇ ਕਾਰ-ਵਿਹਾਰ।

ਪੁਤ੍ਰ ਕਲਤ੍ਰ ਨ ਸੰਗਿ ਸੋਭਾ; ਹਸਤ ਘੋਰਿ ਵਿਕਾਰੀ ॥

ਪੁੱਤ੍ਰ, ਪਤਨੀ, ਦੁਨਿਆਵੀ ਸੁਹਰਤ, ਹਾਥੀ ਘੋੜੇ ਅਤੇ ਹੋਰ ਚੰਦਰਾ ਸਾਜੋ-ਸਾਮਾਨ ਤੇਰੇ ਨਾਲ ਨਹੀਂ ਜਾਣੇ।

ਬਿਨਵੰਤ ਨਾਨਕ ਬਿਨੁ ਸਾਧਸੰਗਮ; ਸਭ ਮਿਥਿਆ ਸੰਸਾਰੀ ॥੧॥

ਨਾਨਕ ਬੇਨਤੀ ਕਰਦਾ ਹੈ, ਸਤਿ ਸੰਗਤ ਦੇ ਬਗੈਰ ਸਾਰਾ ਜਹਾਨ ਝੂਠਾ ਹੈ।

ਰਾਜਨ! ਕਿਉ ਸੋਇਆ ਤੂ ਨੀਦ ਭਰੇ? ਜਾਗਤ ਕਤ ਨਾਹੀ? ਰਾਮ ॥

ਹੇ ਪਾਤਿਸ਼ਾਹ (ਭੋਲੇ ਇਨਸਾਨ)! ਤੂੰ ਕਿਉਂ ਘੂਕ ਸੁੱਤਾ ਪਿਆ ਹੈ? ਤੂੰ ਅਸਲੀਅਤ ਵਲ ਕਿਉਂ ਨਹੀਂ ਜਾਗਦਾ?

ਮਾਇਆ ਝੂਠੁ ਰੁਦਨੁ, ਕੇਤੇ ਬਿਲਲਾਹੀ ਰਾਮ ॥

ਸੰਸਾਰੀ ਪਦਾਰਥਾ ਲਈ ਵਿਰਲਾਪ ਕਰਨਾ ਵਿਅਰਥ ਹੈ। ਬਹੁਤੇ ਪ੍ਰਾਣੀ ਧਨ-ਦੌਲਤ ਮਗਰ ਵਿਲਕਦੇ ਫਿਰਦੇ ਹਨ।

ਬਿਲਲਾਹਿ ਕੇਤੇ ਮਹਾ ਮੋਹਨ; ਬਿਨੁ ਨਾਮ ਹਰਿ ਕੇ ਸੁਖੁ ਨਹੀ॥

ਇਸ ਭਾਰੀ ਫਰੇਫਤਾ ਕਰਨ ਵਾਲੀ ਦੀ ਖਾਤਿਰ ਘਣੇਰਿਆਂ ਨੇ ਰੋਣਾ ਕੁਰਲਾਣਾ ਕੀਤਾ ਹੈ, ਪ੍ਰੰਤੂ ਸਾਈਂ ਦੇ ਨਾਮ ਬਾਝੋਂ ਕੋਈ ਆਰਾਮ ਨਹੀਂ।

ਸਹਸ ਸਿਆਣਪ ਉਪਾਵ ਥਾਕੇ; ਜਹ ਭਾਵਤ ਤਹ ਜਾਹੀ ॥

ਹਜ਼ਾਰਾਂ ਹੀ ਚਤੁਰਾਈਆਂ ਤੇ ਯਤਨ ਕਿਸੇ ਕੰਮ ਨਹੀਂ ਆਉਂਦੇ। ਜਿਥੇ ਕਿਤੇ (ਜਿਵੇਂ) ਰੱਬ ਦੀ ਰਜ਼ਾ ਹੁੰਦੀ ਹੈ, ਉਥੇ ਹੀ ਪ੍ਰਾਣੀ ਜਾਂਦਾ ਹੈ।

ਆਦਿ ਅੰਤੇ ਮਧਿ ਪੂਰਨ; ਸਰਬਤ੍ਰ ਘਟਿ ਘਟਿ ਆਹੀ ॥

ਸ਼ੁਰੂ, ਅਖੀਰ ਤੇ ਵਿਚਕਾਰ ਸੁਆਮੀ ਪਰੀਪੂਰਨ ਹੋ ਰਿਹਾ ਹੈ। ਸਮੂਹ ਜੀਵਾਂ ਦੇ ਸਾਰਿਆਂ ਦਿਲਾਂ ਵਿੱਚ ਉਹ ਰਮਿਆ ਹੋਇਆ ਹੈ।

ਬਿਨਵੰਤ ਨਾਨਕ ਜਿਨ ਸਾਧਸੰਗਮੁ; ਸੇ ਪਤਿ ਸੇਤੀ ਘਰਿ ਜਾਹੀ ॥੨॥

ਨਾਨਕ ਜੋਦੜੀ ਕਰਦਾ ਹੈ ਜੋ ਸਤਿ ਸੰਗਤ ਨਾਲ ਜੁੜਦੇ ਹਨ, ਉਹ ਇੱਜ਼ਤ-ਆਬਰੂ ਸਹਿਤ ਪ੍ਰਭੂ ਦੀ ਹਜੂਰੀ ਵਿੱਚ ਜਾਂਦੇ ਹਨ।

ਨਰਪਤਿ ਜਾਣਿ ਗ੍ਰਹਿਓ, ਸੇਵਕ ਸਿਆਣੇ ਰਾਮ ॥

ਹੇ ਮਨੁੱਖਾਂ ਦੇ ਮਾਲਕ, ਪਾਤਿਸ਼ਾਹ! ਜਾਣ ਲੈ, ਕਿ ਮਹਿਲ ਮਾੜੀਆਂ ਅਤੇ ਅਕਲਮੰਦ (ਚਤੁਰ) ਨੌਕਰ ਤੇਰੇ ਕਿਸੇ ਕੰਮ ਨਹੀਂ ਆਉਣੇ।

ਸਰਪਰ ਵੀਛੁੜਣਾ, ਮੋਹੇ ਪਛੁਤਾਣੇ ਰਾਮ ॥

ਨਿਸਚਿੱਤ ਹੀ ਤੂੰ ਉਨ੍ਹਾਂ ਨਾਲੋਂ ਵੱਖਰਾ ਹੋਣਾ ਹੈ, ਉਸ ਦੀ ਮੁਹੱਬਤ ਤੈਨੂੰ ਅਫਸੋਸ (ਪਛਤਾਵਾ) ਲਾ ਦੇਵੇਗੀ।

ਹਰਿਚੰਦਉਰੀ ਦੇਖਿ ਭੂਲਾ; ਕਹਾ ਅਸਥਿਤਿ ਪਾਈਐ ॥

ਗੰਧਰਬ ਨਗਰੀ ਵੇਖ ਕੇ ਤੂੰ ਕੁਰਾਹੇ ਪੈ ਗਿਆ ਹੈ। ਉਸ ਅੰਦਰ ਤੈਨੂੰ ਸਥਿਰਤਾ ਕਿਸ ਤਰ੍ਹਾਂ ਪ੍ਰਾਪਤ ਹੋ ਸਕਦੀ ਹੈ?

ਬਿਨੁ ਨਾਮ ਹਰਿ ਕੇ ਆਨ ਰਚਨਾ; ਅਹਿਲਾ ਜਨਮੁ ਗਵਾਈਐ ॥

ਸੁਆਮੀ ਦੇ ਨਾਮ ਦੇ ਬਾਝੋਂ ਹੋਰਨਾ ਸ਼ੈਆਂ ਵਿੱਚ ਲੀਨ ਹੋਣ ਦੁਆਰਾ ਮਨੁੱਖੀ ਜੀਵਨ ਵਿਅਰਥ ਗੁਆਚ ਜਾਂਦਾ ਹੈ।

ਹਉ ਹਉ ਕਰਤ ਨ ਤ੍ਰਿਸਨ ਬੂਝੈ; ਨਹ ਕਾਂਮ ਪੂਰਨ ਗਿਆਨੇ ॥

ਬਹੁਤਾ ਹੰਕਾਰ ਕਰਨ ਕਰਕੇ ਤੇਰੀ ਵਧੀ ਹੋਈ ਤ੍ਰਿਸ਼ਨਾ ਨਹੀਂ ਬੁੱਝਦੀ, ਨਾਂ ਤੇਰੀਆਂ ਰੁੱਚੀਆਂ ਦੀ ਪੂਰਤੀ ਹੁੰਦੀ ਹੈ ਅਤੇ ਨਾਂ ਹੀ ਤੈਨੂੰ ਬ੍ਰਹਮ-ਬੋਧ ਪ੍ਰਾਪਤ ਹੁੰਦਾ ਹੈ।

ਬਿਨਵੰਤਿ ਨਾਨਕ ਬਿਨੁ ਨਾਮ ਹਰਿ ਕੇ; ਕੇਤਿਆ ਪਛੁਤਾਨੇ ॥੩॥

ਨਾਨਕ, ਵਾਹਿਗੁਰੂ ਦੇ ਨਾਮ ਦੇ ਬਗੈਰ, ਘਣੇਰੇ ਹੀ ਅਫਸੋਸ ਕਰਦੇ ਹੋਏ ਟੁਰ ਗਏ ਹਨ।

ਧਾਰਿ ਅਨੁਗ੍ਰਹੋ, ਅਪਨਾ ਕਰਿ ਲੀਨਾ ਰਾਮ ॥

ਆਪਣੀ ਰਹਿਮਤ ਧਾਰ ਕੇ ਪ੍ਰਭੂ ਨੇ ਮੈਨੂੰ ਅਪਣਾ ਨਿੱਜ ਦਾ ਬਣਾ ਲਿਆ ਹੈ।

ਭੁਜਾ ਗਹਿ ਕਾਢਿ ਲੀਓ; ਸਾਧੂ ਸੰਗੁ ਦੀਨਾ ਰਾਮ ॥

ਬਾਹ ਤੋਂ ਪਕੜ ਕੇ ਵਾਹਿਗੁਰੂ ਨੇ ਮੈਨੂੰ ਚਿੱਕੜ ਵਿਚੋਂ ਬਾਹਰ ਧੂ ਲਿਆ ਹੈ ਤੇ ਮੈਨੂੰ ਸਤਿ ਸੰਗਤ ਦੀ ਦਾਤ ਬਖਸ਼ੀ ਹੈ।

ਸਾਧਸੰਗਮਿ ਹਰਿ ਅਰਾਧੇ; ਸਗਲ ਕਲਮਲ ਦੁਖ ਜਲੇ ॥

ਸਾਧ ਸੰਗਤ ਅੰਦਰ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਮੇਰੇ ਸਾਰੇ ਪਾਪ ਤੇ ਦੁਖੜੇ ਸੜ ਗਏ ਹਨ।

ਮਹਾ ਧਰਮ, ਸੁਦਾਨ ਕਿਰਿਆ; ਸੰਗਿ ਤੇਰੈ ਸੇ ਚਲੇ ॥

ਰੱਬ ਦੀ ਬੰਦਗੀ ਹੀ ਸਭ ਤੋਂ ਉੱਚਾ ਮਜ਼ਹਬ ਅਤੇ ਚੰਗਾ ਪੁੰਨ ਦਾ ਕਰਮ ਹੈ। ਕੇਵਲ ਓਹ ਹੀ ਤੈਡੇ ਨਾਲ ਜਾਵੇਗਾ।

ਰਸਨਾ ਅਰਾਧੈ ਏਕੁ ਸੁਆਮੀ; ਹਰਿ ਨਾਮਿ ਮਨੁ ਤਨੁ ਭੀਨਾ ॥

ਮੇਰੀ ਜੀਭਾਂ ਇੱਕ ਪ੍ਰਭੂ ਦੇ ਨਾਮ ਨੂੰ ਹੀ ਉਚਾਰਦੀ ਹੈ ਅਤੇ ਮੇਰੀ ਆਤਮਾ ਤੇ ਦੇਹ ਵਾਹਿਗੁਰੂ ਦੇ ਨਾਮ ਨਾਲ ਭਿੱਜੀਆਂ ਹੋਈਆਂ ਹਨ।

ਨਾਨਕ, ਜਿਸ ਨੋ ਹਰਿ ਮਿਲਾਏ; ਸੋ ਸਰਬ ਗੁਣ ਪਰਬੀਨਾ ॥੪॥੬॥੯॥

ਨਾਨਕ, ਜਿਸ ਕਿਸੇ ਨੂੰ ਭੀ ਪ੍ਰਭੂ ਆਪਣੇ ਨਾਲ ਮਿਲਾ ਲੈਦਾ ਹੈ, ਉਹ ਸਮੂਹ ਨੇਕੀਆਂ ਨਿਪੁੰਨ ਥੀ ਜਾਂਦਾ ਹੈ।


ਬਿਹਾਗੜੇ ਕੀ ਵਾਰ ਮਹਲਾ ੪

ਬਿਹਾਗੜੇ ਦੀ ਵਾਰ ਚੋਥੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਸਲੋਕ ਮ : ੩ ॥

ਸਲੋਕ ਤੀਜੀ ਪਾਤਿਸ਼ਾਹੀ।

ਗੁਰ ਸੇਵਾ ਤੇ ਸੁਖੁ ਪਾਈਐ; ਹੋਰ ਥੈ, ਸੁਖੁ ਨ ਭਾਲਿ ॥

ਗੁਰਾਂ ਦੀ ਚਾਕਰੀ ਦੁਆਰਾ ਆਰਾਮ ਪ੍ਰਾਪਤ ਹੁੰਦਾ ਹੈ। ਕਿਸੇ ਹੋਰਸ ਥਾਂ ਉੱਤੇ ਤੂੰ ਆਰਾਮ ਨੂੰ ਨਾਂ ਖੋਜ।

ਗੁਰ ਕੈ ਸਬਦਿ ਮਨੁ ਭੇਦੀਐ; ਸਦਾ ਵਸੈ ਹਰਿ ਨਾਲਿ ॥

ਗੁਰਾਂ ਦੀ ਬਾਣੀ ਦੁਆਰਾ ਆਤਮਾ ਵਿੰਨ੍ਹੀ ਜਾਂਦੀ ਹੈ ਅਤੇ ਸੁਆਮੀ ਸਦੀਵ ਹੀ ਬੰਦੇ ਦੇ ਨਾਲ ਵਸਦਾ ਹੈ।

ਨਾਨਕ ਨਾਮੁ ਤਿਨਾ ਕਉ ਮਿਲੈ; ਜਿਨ ਹਰਿ ਵੇਖੈ ਨਦਰਿ ਨਿਹਾਲਿ ॥੧॥

ਨਾਨਕ, ਕੇਵਲ ਓਹੀ ਨਾਮ ਨੂੰ ਪਾਉਂਦੇ ਹਨ, ਜਿਨ੍ਹਾਂ ਨੂੰ ਸੁਆਮੀ ਆਪਣੀ ਪ੍ਰਸੰਨ ਕਰਨ ਵਾਲੀ ਤੇ ਮਿਹਰ ਦੀ ਨਜ਼ਰ ਨਾਲ ਦੇਖਦਾ ਹੈ।


ਮ : ੩ ॥

ਤੀਜੀ ਪਾਤਿਸ਼ਾਹੀ।

ਸਿਫਤਿ ਖਜਾਨਾ ਬਖਸ ਹੈ; ਜਿਸੁ ਬਖਸੈ ਸੋ ਖਰਚੈ ਖਾਇ ॥

ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਦਾ ਭੰਡਾਰਾ ਇੱਕ ਦਾਤ ਹੈ। ਕੇਵਲ ਓਹੀ ਇਸ ਨੂੰ ਖਰਚਦਾ ਤੇ ਖਾਂਦਾ ਹੈ, ਜਿਸ ਨੂੰ ਉਹ ਬਖਸ਼ਦਾ ਹੈ।

ਸਤਿਗੁਰ ਬਿਨੁ ਹਥਿ ਨ ਆਵਈ; ਸਭ ਥਕੇ ਕਰਮ ਕਮਾਇ ॥

ਸੱਚੇ ਗੁਰਾਂ ਦੇ ਬਾਝੋਂ ਇਹ ਹੱਥ ਨਹੀਂ ਲਗਦਾ। ਸਾਰੇ ਕਰਮ ਕਾਂਡ ਕਰ ਕੇ ਹਾਰ ਹੁੱਟ ਗਏ ਹਨ।

ਨਾਨਕ ਮਨਮੁਖੁ ਜਗਤੁ ਧਨਹੀਣੁ ਹੈ; ਅਗੈ ਭੁਖਾ ਕਿ ਖਾਇ ॥੨॥

ਨਾਨਕ, ਆਪ-ਹੁਦਰੀ ਦੁਨੀਆ ਇਸ ਪਦਾਰਥ ਤੋਂ ਸੱਖਣੀ ਹੈ। ਜਦ ਭੁਖ ਲੱਗੀ ਤਾਂ ਇਹ ਪ੍ਰਲੋਕ ਵਿੱਚ ਕੀ ਖਾਉਗੀ?


ਪਉੜੀ ॥

ਪਉੜੀ।

ਸਭ ਤੇਰੀ, ਤੂ ਸਭਸ ਦਾ; ਸਭ ਤੁਧੁ ਉਪਾਇਆ ॥

ਸਾਰੇ ਤੈਡੇ ਹਨ ਅਤੇ ਤੂੰ ਸਾਰਿਆਂ ਦਾ ਹੈ, ਹੇ ਸਾਹਿਬ! ਸਭ ਤੂੰ ਹੀ ਪੈਦਾ ਕੀਤੇ ਹਨ।

ਸਭਨਾ ਵਿਚਿ ਤੂ ਵਰਤਦਾ; ਤੂ ਸਭਨੀ ਧਿਆਇਆ ॥

ਸਾਰਿਆਂ ਅੰਦਰ ਤੂੰ ਰਮਿਆ ਹੋਇਆ ਹੈਂ ਅਤੇ ਸਾਰੇ ਤੇਰਾ ਹੀ ਸਿਮਰਨ ਕਰਦੇ ਹਨ।

ਤਿਸ ਦੀ ਤੂ ਭਗਤਿ ਥਾਇ ਪਾਇਹਿ; ਜੋ ਤੁਧੁ ਮਨਿ ਭਾਇਆ ॥

ਤੂੰ ਉਸ ਦੀ ਪ੍ਰੇਮ-ਮਈ ਸੇਵਾ ਕਬੂਲ ਕਰ ਲੈਦਾ ਹੈ, ਜੋ ਤੇਰੇ ਚਿੱਤ ਨੂੰ ਚੰਗਾ ਲਗਦਾ ਹੈ।

ਜੋ ਹਰਿ ਪ੍ਰਭ ਭਾਵੈ, ਸੋ ਥੀਐ; ਸਭਿ ਕਰਨਿ ਤੇਰਾ ਕਰਾਇਆ ॥

ਜਿਹੜਾ ਕੁੱਛ ਸੁਆਮੀ ਵਾਹਿਗੁਰੂ ਨੂੰ ਚੰਗਾ ਲਗਦਾ ਹੈ, ਉਹੀ ਹੁੰਦਾ ਹੈ। ਜੋ ਤੂੰ ਕਰਵਾਉਂਦਾ ਹੈਂ, ਸਾਰੇ ਓਹੀ ਕਰਦੇ ਹਨ।

ਸਲਾਹਿਹੁ ਹਰਿ ਸਭਨਾ ਤੇ ਵਡਾ; ਜੋ ਸੰਤ ਜਨਾਂ ਕੀ ਪੈਜ ਰਖਦਾ ਆਇਆ ॥੧॥

ਤੂੰ ਪਰਮ ਉਤਕ੍ਰਿਸ਼ਟ ਪ੍ਰਭੂ ਦੀ ਪ੍ਰਸੰਸਾ ਕਰ, ਜੋ ਸਦੀਵ ਹੀ ਪਵਿੱਤ੍ਰ ਪੁਰਸ਼ਾਂ ਦੀ ਇੱਜ਼ਤ ਬਰਕਰਾਰ ਰਖਦਾ ਹੈ।


ਸਲੋਕ ਮ : ੩ ॥

ਸਲੋਕ ਤੀਜੀ ਪਾਤਿਸ਼ਾਹੀ।

ਨਾਨਕ ਗਿਆਨੀ ਜਗੁ ਜੀਤਾ; ਜਗਿ ਜੀਤਾ ਸਭੁ ਕੋਇ ॥

ਨਾਨਕ, ਬ੍ਰਹਮ ਬੇਤੇ (ਪੁਰਖ) ਨੇ ਸੰਸਾਰ ਨੂੰ ਜਿੱਤ ਲਿਆ ਹੈ, ਪ੍ਰੰਤੂ ਸੰਸਾਰ ਨੇ ਹੋਰ ਸਭਨਾ ਨੂੰ ਜਿੱਤ ਲਿਆ ਹੈ।

ਨਾਮੇ ਕਾਰਜ ਸਿਧਿ ਹੈ; ਸਹਜੇ ਹੋਇ ਸੁ ਹੋਇ ॥

ਨਾਮ ਦੇ ਰਾਹੀਂ ਉਸ ਦੇ ਕਾਰਜ ਰਾਸ ਹੋ ਜਾਂਦੇ ਹਨ। ਜੋ ਕੁੱਛ ਹੁੰਦਾ ਹੈ, ਉਹ ਸਾਹਿਬ ਦੀ ਰਜ਼ਾ ਦੁਆਰਾ ਹੁੰਦਾ ਹੈ।

ਗੁਰਮਤਿ, ਮਤਿ ਅਚਲੁ ਹੈ; ਚਲਾਇ ਨ ਸਕੈ ਕੋਇ ॥

ਗੁਰਾਂ ਦੀ ਸਿੱਖਮਤ ਰਾਹੀਂ ਉਸ ਦਾ ਮਨ ਅਸਥਿਰ ਹੈ। ਕੋਈ ਭੀ ਉਸ ਨੂੰ ਹਿਲਾ ਨਹੀਂ ਸਕਦਾ।

ਭਗਤਾ ਕਾ ਹਰਿ ਅੰਗੀਕਾਰੁ ਕਰੇ; ਕਾਰਜੁ ਸੁਹਾਵਾ ਹੋਇ ॥

ਆਪਣੇ ਸ਼੍ਰਧਾਲੂ ਦਾ ਵਾਹਿਗੁਰੂ ਪੱਖ ਪੂਰਦਾ ਹੈ ਅਤੇ ਸ਼ੋਭਨੀਕ ਹੋ ਵੰਝਦਾ ਹੈ ਉਸ ਦਾ ਕਾਰ-ਵਿਹਾਰ।

ਮਨਮੁਖ ਮੂਲਹੁ ਭੁਲਾਇਅਨੁ; ਵਿਚਿ ਲਬੁ ਲੋਭੁ ਅਹੰਕਾਰੁ ॥

ਮਨਮੱਤੀਏ ਐਨ ਆਰੰਭ ਤੋਂ ਹੀ ਕੁਰਾਹੇ ਪਾਏ ਹੋਏ ਹਨ। ਉਨ੍ਹਾਂ ਦੇ ਅੰਦਰ ਲਾਲਚ, ਤਮ੍ਹਾ ਅਤੇ ਹੰਗਤਾ ਹੈ।

ਝਗੜਾ ਕਰਦਿਆ ਅਨਦਿਨੁ ਗੁਦਰੈ; ਸਬਦਿ ਨ ਕਰੈ ਵੀਚਾਰੁ ॥

ਉਨ੍ਹਾਂ ਦੀਆਂ ਰਾਤਾ ਅਤੇ ਦਿਹੂੰ ਬਖੇੜੇ ਕਰਦਿਆਂ ਹੀ ਲੰਘ ਜਾਂਦੇ ਹਨ ਤੇ ਉਹ ਗੁਰਬਾਣੀ ਦੀ ਸੋਚ ਵਿਚਾਰ ਨਹੀਂ ਕਰਦੇ।

ਸੁਧਿ ਮਤਿ ਕਰਤੈ ਹਿਰਿ ਲਈ; ਬੋਲਨਿ ਸਭੁ ਵਿਕਾਰੁ ॥

ਸਿਰਜਣਹਾਰ ਨੇ ਉਨ੍ਹਾਂ ਪਾਸੋਂ ਸ਼੍ਰੇਸ਼ਟ ਸਮਝ ਖੋਹ ਲਈ ਹੈ, ਸੋ ਉਨ੍ਹਾਂ ਦੇ ਸਮੂਹ ਬਚਨ-ਬਿਲਾਸ ਪਾਪ ਭਰੇ ਹਨ।

ਦਿਤੈ ਕਿਤੈ ਨ ਸੰਤੋਖੀਅਨਿ; ਅੰਤਰਿ ਤ੍ਰਿਸਨਾ ਬਹੁਤੁ ਅਗ੍ਯ੍ਯਾਨੁ ਅੰਧਾਰੁ ॥

ਜਿਨ੍ਹਾਂ ਬਹੁਤਾ ਵੀ ਉਨ੍ਹਾਂ ਨੂੰ ਦੇ ਦਿੱਤਾ ਜਾਵੇ, ਉਹ ਰੱਜਦੇ ਨਹੀਂ। ਉਨ੍ਹਾਂ ਦੇ ਅੰਦਰ ਲਾਲਚ ਅਤੇ ਆਤਮਿਕ ਬੇਸਮਝੀ ਦਾ ਘੋਰ ਅਨ੍ਹੇਰਾ ਹੈ।

ਨਾਨਕ ਮਨਮੁਖਾ ਨਾਲਹੁ ਤੁਟੀਆ ਭਲੀ; ਜਿਨਾ ਮਾਇਆ ਮੋਹਿ ਪਿਆਰੁ ॥੧॥

ਨਾਨਕ, ਉਹਨਾਂ ਆਪ ਹੁਦਰਿਆਂ ਨਾਲੋਂ ਤਾਂ ਤੋੜ-ਵਿਛੋੜੀ ਹੀ ਚੰਗੀ ਹੈ, ਜਿਨ੍ਹਾਂ ਨੂੰ ਧਨ-ਦੌਲਤ ਦੀ ਪ੍ਰੀਤ ਮਿੱਠੀ ਲਗਦੀ ਹੈ।


ਮ: ੩ ॥
ਤੀਜੀ ਪਾਤਿਸ਼ਾਹੀ।
ਤਿਨ੍ਹ੍ਹ ਭਉ ਸੰਸਾ ਕਿਆ ਕਰੇ? ਜਿਨ ਸਤਿਗੁਰੁ ਸਿਰਿ ਕਰਤਾਰੁ ॥

ਡਰ ਤੇ ਸੰਦੇਹ ਉਨ੍ਹਾਂ ਦਾ ਕੀ ਕਰ ਸਕਦੇ ਹਨ, ਜਿਨ੍ਹਾਂ ਦੇ ਸੀਸ ਉਤੇ ਸਤਿਗੁਰੂ-ਸਿਰਜਣਹਾਰ ਹਨ।

ਧੁਰਿ ਤਿਨ ਕੀ ਪੈਜ ਰਖਦਾ; ਆਪੇ ਰਖਣਹਾਰੁ ॥

ਬਚਾਉਣਹਾਰ, ਵਾਹਿਗੁਰੂ ਖੁਦ ਹੀ ਉਨ੍ਹਾਂ ਦੀ ਇੱਜ਼ਤ ਬਚਾਉਂਦਾ ਹੈ।

ਮਿਲਿ ਪ੍ਰੀਤਮ ਸੁਖੁ ਪਾਇਆ; ਸਚੈ ਸਬਦਿ ਵੀਚਾਰਿ ॥

ਉਹ ਸੱਚੇ ਨਾਮ ਦਾ ਸਿਮਰਨ ਕਰਦੇ ਹਨ ਅਤੇ ਆਪਣੇ ਪਿਆਰੇ ਨੂੰ ਮਿਲ ਕੇ ਆਰਾਮ ਪਾਉਂਦੇ ਹਨ।

ਨਾਨਕ ਸੁਖਦਾਤਾ ਸੇਵਿਆ; ਆਪੇ ਪਰਖਣਹਾਰੁ ॥੨॥

ਨਾਨਕ ਮੈਂ ਆਰਾਮ-ਬਖਸ਼ਣਹਾਰ ਸੁਆਮੀ ਦੀ ਸੇਵਾ ਕਮਾਈ ਹੈ ਜੋ ਖੁਦ ਹੀ ਜਾਚ-ਪੜਤਾਲ ਕਰਣਹਾਰ ਹੈ।


ਪਉੜੀ ॥

ਪਉੜੀ।

ਜੀਅ ਜੰਤ ਸਭਿ ਤੇਰਿਆ; ਤੂ ਸਭਨਾ ਰਾਸਿ ॥

ਸਾਰੇ ਮਨੁੱਖ ਅਤੇ ਨੀਵੀਆਂ ਜੂਨੀਆਂ ਤੈਡੀਆਂ ਹਨ ਅਤੇ ਤੂੰ ਸਭ ਦੀ ਪੂੰਜੀ ਹੈ।

ਜਿਸ ਨੋ ਤੂ ਦੇਹਿ ਤਿਸੁ ਸਭੁ ਕਿਛੁ ਮਿਲੈ; ਕੋਈ ਹੋਰੁ ਸਰੀਕੁ ਨਾਹੀ ਤੁਧੁ ਪਾਸਿ ॥

ਜਿਸ ਨੂੰ ਤੂੰ ਦਿੰਦਾ ਹੈ ਉਸ ਨੂੰ ਸਭ ਕੁੱਝ ਮਿਲ ਜਾਂਦਾ ਹੈ। ਤੇਰੇ ਬਰਾਬਰ ਦਾ ਹੋਰ ਕੋਈ ਨਹੀਂ।

ਤੂ ਇਕੋ ਦਾਤਾ ਸਭਸ ਦਾ; ਹਰਿ ਪਹਿ ਅਰਦਾਸਿ ॥

ਕੇਵਲ ਤੂੰ ਹੀ ਸਾਰਿਆਂ ਨੂੰ ਦੇਣ ਵਾਲਾ ਸੁਆਮੀ ਹੈ। ਮੇਰੀ ਬੇਨਤੀ ਤੇਰੇ ਕੋਲ ਹੈ, ਹੇ ਮਾਲਕ!

ਜਿਸ ਦੀ ਤੁਧੁ ਭਾਵੈ, ਤਿਸ ਦੀ ਤੂ ਮੰਨਿ ਲੈਹਿ; ਸੋ ਜਨੁ ਸਾਬਾਸਿ ॥

ਤੂੰ ਉਸ ਦੀ ਅਰਦਾਸ ਕਬੂਲ ਕਰ ਲੈਦਾ ਹੈ ਜਿਹੜਾ ਤੈਨੂੰ ਚੰਗਾ ਲਗਦਾ ਹੈ। ਮੁਬਾਰਕ ਹੈ ਐਹੋ ਜਿਹਾ ਪੁਰਸ਼।

ਸਭੁ ਤੇਰਾ ਚੋਜੁ ਵਰਤਦਾ; ਦੁਖੁ ਸੁਖੁ ਤੁਧੁ ਪਾਸਿ ॥੨॥

ਤੈਡਾ ਅਦਭੁਤ ਕੋਤਕ ਹਰ ਥਾਂ ਜ਼ਾਹਰ ਹੋ ਰਿਹਾ ਹੈ। ਮੇਰੀ ਖੁਸ਼ੀ ਤੇ ਗਮੀ ਤੇਰੇ ਅੱਗੇ ਹੀ ਹੈ।


ਸਲੋਕ ਮ: ੩ ॥

ਸਲੋਕ ਤੀਜੀ ਪਾਤਿਸ਼ਾਹੀ।

ਗੁਰਮੁਖਿ ਸਚੈ ਭਾਵਦੇ; ਦਰਿ ਸਚੈ ਸਚਿਆਰ ॥

ਗੁਰੂ-ਸਮਰਪਨ ਸੱਚੇ ਸੁਆਮੀ ਨੂੰ ਚੰਗੇ ਲਗਦੇ ਹਨ। ਸੱਚੇ ਦਰਬਾਰ ਅੰਦਰ ਉਹ ਸੱਚੇ ਕਰਾਰ ਦਿੱਤੇ ਜਾਂਦੇ ਹਨ।

ਸਾਜਨ ਮਨਿ ਆਨੰਦੁ ਹੈ; ਗੁਰ ਕਾ ਸਬਦੁ ਵੀਚਾਰ ॥

ਵਾਹਿਗੁਰੂ ਦੇ ਐਹੋ ਜੇਹੇ ਮਿੱਤ੍ਰਾਂ ਦੇ ਚਿੱਤ ਅੰਦਰ ਖੁਸ਼ੀ ਹੈ। ਉਹ ਗੁਰਾਂ ਦੀ ਬਾਣੀ ਦਾ ਧਿਆਨ ਧਾਰਦੇ ਹਨ।

ਅੰਤਰਿ ਸਬਦੁ ਵਸਾਇਆ, ਦੁਖੁ ਕਟਿਆ; ਚਾਨਣੁ ਕੀਆ ਕਰਤਾਰਿ ॥

ਆਪਣੇ ਹਿਰਦੇ ਅੰਦਰ ਉਹ ਨਾਮ ਨੂੰ ਟਿਕਾਉਂਦੇ ਹਨ। ਉਨ੍ਹਾਂ ਦੀ ਪੀੜ ਦੂਰ ਹੋ ਜਾਂਦਾੀ ਹੈ ਅਤੇ ਸਿਰਜਣਹਾਰ ਉਨ੍ਹਾਂ ਨੂੰ ਰੱਬੀ ਨੂਰ ਦੀ ਦਾਤ ਦਿੰਦਾ ਹੈ।

ਨਾਨਕ ਰਖਣਹਾਰਾ ਰਖਸੀ; ਆਪਣੀ ਕਿਰਪਾ ਧਾਰਿ ॥੧॥

ਨਾਨਕ, ਆਪਣੀ ਰਹਿਮਤ ਧਾਰ ਕੇ, ਬਚਾਉਣ ਵਾਲਾ ਉਨ੍ਹਾਂ ਨੂੰ ਬਚਾ ਲਵੇਗਾ।


ਮ : ੩ ॥

ਤੀਜੀ ਪਾਤਿਸ਼ਾਹੀ।

ਗੁਰ ਕੀ ਸੇਵਾ ਚਾਕਰੀ; ਭੈ ਰਚਿ ਕਾਰ ਕਮਾਇ ॥

ਤੂੰ ਗੁਰਾਂ ਦੀ ਖਿਦਮਤ ਤੇ ਟਹਿਲ ਕਮਾ ਅਤੇ ਘਾਲ ਕਮਾਉਂਦਾ ਹੋਇਆ ਸੁਆਮੀ ਦੇ ਡਰ ਅੰਦਰ ਵਿਚਰ।

ਜੇਹਾ ਸੇਵੈ ਤੇਹੋ ਹੋਵੈ; ਜੇ ਚਲੈ ਤਿਸੈ ਰਜਾਇ ॥

ਜੇਕਰ ਤੂੰ ਉਸ ਦੇ ਭਾਣੇ ਅਨੁਸਾਰ ਟੁਰੇ, ਤਦ ਤੂੰ ਉਹੋ ਜੇਹਾ ਹੋ ਜਾਵੇਗਾ, ਜੇਹੋ ਜੇਹੇ ਦੀ ਤੂੰ ਸੇਵਾ ਕਰਦਾ ਹੈਂ।

ਨਾਨਕ ਸਭੁ ਕਿਛੁ ਆਪਿ ਹੈ; ਅਵਰੁ ਨ ਦੂਜੀ ਜਾਇ ॥੨॥

ਨਾਨਕ, ਸਾਹਿਬ ਖੁਦ ਹੀ ਸਾਰਾ ਕੁਝ ਹੈ। ਕੋਈ ਹੋਰ ਦੂਸਰੀ ਥਾਂ ਜਾਣ ਲਈ ਨਹੀਂ।


ਪਉੜੀ ॥

ਪਉੜੀ।

ਤੇਰੀ ਵਡਿਆਈ ਤੂਹੈ ਜਾਣਦਾ; ਤੁਧੁ ਜੇਵਡੁ ਅਵਰੁ ਨ ਕੋਈ ॥

ਮੇਰੇ ਮਾਲਕ! ਤੈਡੀ ਵਿਸ਼ਾਲਤਾ ਨੂੰ ਕੇਵਲ ਤੂੰ ਹੀ ਜਾਣਦਾ ਹੈ। ਤੇਰੇ ਜਿੱਡਾ ਵੱਡਾ ਹੋਰ ਕੋਈ ਨਹੀਂ।

ਤੁਧੁ ਜੇਵਡੁ ਹੋਰੁ ਸਰੀਕੁ ਹੋਵੈ, ਤਾ ਆਖੀਐ; ਤੁਧੁ ਜੇਵਡੁ, ਤੂਹੈ ਹੋਈ ॥

ਜੇਕਰ ਕੋਈ ਤੇਰੇ ਬਰਾਬਰ ਦਾ ਤੇਰੇ ਜਿੱਡਾ ਵੱਡਾ ਹੋਵੇ ਤਦ ਮੈਂ ਉਸ ਦਾ ਨਾਮ ਦੱਸਾ। ਤੇਰੇ ਜਿੰਨ੍ਹਾਂ ਉੱਚਾ ਕੇਵਲ ਤੂੰ ਆਪ ਹੀ ਹੈ।

ਜਿਨਿ ਤੂ ਸੇਵਿਆ, ਤਿਨਿ ਸੁਖੁ ਪਾਇਆ; ਹੋਰੁ ਤਿਸ ਦੀ ਰੀਸ ਕਰੇ ਕਿਆ ਕੋਈ? ॥

ਜੋ ਤੇਰੀ ਘਾਲ ਕਮਾਉਂਦਾ ਹੈ, ਉਹ ਆਰਾਮ ਪਾਉਂਦਾ ਹੈ। ਹੋਰ ਕਿਹੜਾ ਉਸ ਦੀ ਬਰਾਬਰੀ ਕਰ ਸਕਦਾ ਹੈ?

ਤੂ ਭੰਨਣ ਘੜਣ ਸਮਰਥੁ ਦਾਤਾਰੁ ਹਹਿ; ਤੁਧੁ ਅਗੈ ਮੰਗਣ ਨੋ, ਹਥ ਜੋੜਿ ਖਲੀ ਸਭ ਹੋਈ ॥

ਮੇਰੇ ਸਖੀ ਸੁਆਮੀ! ਤੂੰ ਉਸਾਰਨ ਅਤੇ ਢਾਉਣ ਵਾਲਾ ਸਰਬ-ਸ਼ਕਤੀਵਾਨ ਹੈ। ਹੱਥ ਬੰਨ੍ਹ ਸਾਰੇ ਤੇਰੇ ਮੂਹਰੇ ਖੈਰ ਮੰਗਣ ਨੂੰ ਖੜੋਤੇ ਹਨ।

ਤੁਧੁ ਜੇਵਡੁ ਦਾਤਾਰੁ, ਮੈ ਕੋਈ ਨਦਰਿ ਨ ਆਵਈ; ਤੁਧੁ ਸਭਸੈ ਨੋ ਦਾਨੁ ਦਿਤਾ; ਖੰਡੀ ਵਰਭੰਡੀ ਪਾਤਾਲੀ ਪੁਰਈ, ਸਭ ਲੋਈ ॥੩॥

ਤੇਰੇ ਜਿੱਡਾ ਵੱਡਾ ਦਾਨੀ ਮੈਨੂੰ ਕੋਈ ਦਿੱਸ ਨਹੀਂ ਆਉਂਦਾ। ਤੂੰ ਸਾਰਿਆਂ ਮਹਾਂ ਦੀਪਾਂ, ਬ੍ਰਹਮੰਡਾਂ, ਪਤਾਲਾ, ਸੰਸਾਰਾ ਆਲਮਾਂ ਦੇ ਸਮੂਹ ਜੀਵਾਂ ਨੂੰ ਦਾਨ ਦਿੰਦਾ ਹੈਂ।

1
2