Raag Basant Bani

Raag Basant Bani

Raag Basant Bani

Raag Basant Bani

ਰਾਗ ਬਸੰਤ – ਬਾਣੀ ਸ਼ਬਦ-Raag Basant – Bani

ਰਾਗੁ ਬਸੰਤੁ ਮਹਲਾ ੧ ਘਰੁ ੧ ਚਉਪਦੇ ਦੁਤੁਕੇ

ਰਾਗ ਬਸੰਤੁ ਪਹਿਲੀ ਪਾਤਿਸ਼ਾਹੀ ਚਉਪਦੇ ਦੋਤੁਕੇ।

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਹੈ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਡਰ-ਰਹਿਤ, ਦੁਸ਼ਮਨੀ ਦੇ ਬਗੈਰ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਮਾਹਾ ਮਾਹ ਮੁਮਾਰਖੀ; ਚੜਿਆ ਸਦਾ ਬਸੰਤੁ ॥

ਮਹੀਨਿਆਂ ਵਿੱਚ ਮੁਬਾਰਕ ਹੈ ਉਹ ਮਹੀਨਾ ਜਦ ਕਿ ਮੌਸਮ ਬਹਾਰ ਹਮੇਸ਼ਾਂ ਚੜ੍ਹਦਾ ਹੈ।

ਪਰਫੜੁ ਚਿਤ, ਸਮਾਲਿ ਸੋਇ; ਸਦਾ ਸਦਾ ਗੋਬਿੰਦੁ ॥੧॥

ਉਸ ਸੰਸਾਰ ਦੇ ਸੁਆਮੀ ਦਾ ਸਿਮਰਨ ਕਰਨ ਦੁਆਰਾ ਤੂੰ ਹਮੇਸ਼ਾ, ਹਮੇਸ਼ਾਂ ਪ੍ਰਫੁਲਤ ਹੋ, ਹੇ ਮੇਰੀ ਜਿੰਦੜੀਏ!

ਭੋਲਿਆ! ਹਉਮੈ ਸੁਰਤਿ ਵਿਸਾਰਿ ॥

ਹੇ ਬੇਸਮਝ ਬੰਦੇ! ਤੂੰ ਆਪਣੀ ਆਕੜ-ਖਾਂ ਅਕਲ ਨੂੰ ਭੁੱਲ ਜਾ।

ਹਉਮੈ ਮਾਰਿ, ਬੀਚਾਰਿ ਮਨ; ਗੁਣ ਵਿਚਿ ਗੁਣੁ ਲੈ ਸਾਰਿ ॥੧॥ ਰਹਾਉ ॥

ਤੂੰ ਆਪਣੀ ਹੰਗਤਾ ਨੂੰ ਮੇਟ ਦੇ, ਆਪਣੇ ਦਿਲ ਵਿੱਚ ਵਾਹਿਗੁਰੂ ਦਾ ਸਿਮਰਨ ਕਰ ਅਤੇ ਆਪਣੇ ਹਿਰਦੇ ਅੰਦਰ ਤੂੰ ਸਰੇਸ਼ਟ ਗੁਣਵਾਨ ਪ੍ਰਭੂ ਦੀਆਂ ਨੇਕੀਆਂ ਇਕੱਤਰ ਕਰ। ਠਹਿਰਾਉ।

ਕਰਮ ਪੇਡੁ, ਸਾਖਾ ਹਰੀ; ਧਰਮੁ ਫੁਲੁ, ਫਲੁ ਗਿਆਨੁ ॥

ਨੇਕ ਅਮਲ ਬ੍ਰਿਛ ਹਨ, ਰਬ ਦਾ ਨਾਮ ਇਸ ਦੀਆਂ ਟਹਿਣੀਆਂ, ਸਿਦਕ ਭਰੋਸਾ ਇਸ ਦੇ ਪੁਸ਼ਪ ਅਤੇ ਬ੍ਰਹਮ ਬੀਚਾਰ ਇਸ ਦਾ ਫਲ-ਮੇਵਾ।

ਪਤ ਪਰਾਪਤਿ ਛਾਵ ਘਣੀ; ਚੂਕਾ ਮਨ ਅਭਿਮਾਨੁ ॥੨॥

ਵਾਹਿਗੁਰੂ ਦੀ ਪਰਾਪਤੀ ਇਸ ਦੇ ਪੱਤੇ ਹਨ ਅਤੇ ਚਿੱਤ ਦੀ ਹੰਗਤਾ ਨੂੰ ਮਾਰਣਾ ਇਸ ਦੀ ਸੰਘਣੀ ਛਾਂ।

ਅਖੀ ਕੁਦਰਤਿ ਕੰਨੀ ਬਾਣੀ; ਮੁਖਿ ਆਖਣੁ ਸਚੁ ਨਾਮੁ ॥

ਜੋ ਕੋਈ ਆਪਣੇ ਨੇਤ੍ਰਾਂ ਨਾਲ ਪ੍ਰਭੂ ਦੀ ਅਪਾਰ ਸ਼ਕਤੀ ਨੂੰ ਵੇਖਦਾ ਹੈ, ਆਪਣੇ ਕੰਨਾਂ ਨਾਲ ਗੁਰਬਾਣੀ ਸੁਣਦਾ ਹੈ ਅਤੇ ਆਪਣੇ ਮੂੰਹ ਨਾਲ ਸਤਿਨਾਮ ਦਾ ਉਚਾਰਨ ਕਰਦਾ ਹੈ,

ਪਤਿ ਕਾ ਧਨੁ ਪੂਰਾ ਹੋਆ; ਲਾਗਾ ਸਹਜਿ ਧਿਆਨੁ ॥੩॥

ਉਸ ਦੀ ਇਜ਼ਤ ਆਬਰੂ ਦੀ ਮੁਕੰਮਲ ਦੌਲਤ ਮਿਲ ਜਾਂਦੀ ਹੈ ਅਤੇ ਉਸ ਦੀ ਬਿਰਤੀ ਸੁਖੈਨ ਹੀ ਸਾਈਂ ਨਾਲ ਜੁੜ ਜਾਂਦੀ ਹੈ।

ਮਾਹਾ ਰੁਤੀ ਆਵਣਾ; ਵੇਖਹੁ ਕਰਮ ਕਮਾਇ ॥

ਮਹੀਨੇ ਤੇ ਮੌਸਮ ਆਉਂਦੇ ਰਹਿੰਦੇ ਹਨ। ਦੇਖ! ਤੂੰ ਨੇਕ ਅਮਲਾਂ ਦੀ ਕਮਾਈ ਕਰ।

ਨਾਨਕ ਹਰੇ, ਨ ਸੂਕਹੀ; ਜਿ ਗੁਰਮੁਖਿ ਰਹੇ ਸਮਾਇ ॥੪॥੧॥

ਨਾਨਕ, ਜੋ ਗੁਰਾਂ ਦੀ ਦਇਆ ਦੁਆਰਾ ਹਰੀ ਅੰਦਰ ਲੀਨ ਰਹਿੰਦੇ ਹਨ, ਉਹ ਸੁਕਦੇ ਨਹੀਂ ਅਤੇ ਸਰਸਬਜ਼ ਰਹਿੰਦੇ ਹਨ।


ਮਹਲਾ ੧ ਬਸੰਤੁ ॥

ਪਹਿਲੀ ਪਾਤਿਸ਼ਾਹੀ ਬਸੰਤ।

ਰੁਤਿ ਆਈਲੇ; ਸਰਸ, ਬਸੰਤ ਮਾਹਿ ॥

ਅਨੰਦ-ਦਾਇਕ ਮੌਸਮ ਬਹਾਰ ਦੇ ਮਹੀਨੇ ਆ ਗਏ ਹਨ।

ਰੰਗਿ ਰਾਤੇ ਰਵਹਿ, ਸਿ ਤੇਰੈ ਚਾਇ ॥

ਜੋ ਤੇਰੀ ਪ੍ਰੀਤ ਨਾਲ ਰੰਗੀਜੇ ਹਨ, ਹੇ ਪ੍ਰਭੂ! ਉਹ ਖੁਸ਼ੀ ਲਾਲ ਤੇਰੇ ਨਾਮ ਦਾ ਉਚਾਰਨ ਕਰਦੇ ਹਨ।

ਕਿਸੁ ਪੂਜ ਚੜਾਵਉ? ਲਗਉ ਪਾਇ ॥੧॥

ਤੇਰੇ ਬਗੈਰ, ਮੈਂ ਹੋਰ ਕਿਸ ਦੀ ਉਪਾਸ਼ਨਾ ਕਰਾਂ, ਅਤੇ ਕੀਹਦੇ ਪੈਰੀ ਪਵਾਂ?

ਤੇਰਾ ਦਾਸਨਿ ਦਾਸਾ, ਕਹਉ ਰਾਇ ॥

ਮੇਰੇ ਪਾਤਿਸ਼ਾਹ! ਮੇ ਤੇਰੇ ਗੋਲਿਆਂ ਦਾ ਗੋਲਾ ਆਖਿਆ ਜਾਂਦਾ ਹਾਂ।

ਜਗਜੀਵਨ! ਜੁਗਤਿ ਨ ਮਿਲੈ ਕਾਇ ॥੧॥ ਰਹਾਉ ॥

ਹੈ ਜਗਤ ਦੀ ਜਿੰਦ-ਜਾਨ ਮੇਰੇ ਮਾਲਕ! ਤੂੰ ਹੋਰ ਕਿਸੇ ਢੰਗ ਨਾਲ ਨਹੀਂ ਮਿਲਦਾ। ਠਹਿਰਾਉ।

ਤੇਰੀ ਮੂਰਤਿ ਏਕਾ, ਬਹੁਤੁ ਰੂਪ ॥

ਤੇਰੀ ਇਕ ਵਿਅਕਤੀ ਹੈ, ਪ੍ਰੰਤੂ ਘਣੇਰੇ ਸਰੂਪ।

ਕਿਸੁ ਪੂਜ ਚੜਾਵਉ? ਦੇਉ ਧੂਪ ॥

ਤੇਰੇ ਸਰੂਪਾਂ ਵਿਚੋਂ ਮੈਂ ਕੀਹਦੀ ਉਪਾਸ਼ਨਾ ਕਰਾਂ ਅਤੇ ਕੀਹਦੇ ਮੂਹਰੇ ਹੋਮ ਸਮਗਰੀ ਧੁਖਾਵਾਂ!

ਤੇਰਾ ਅੰਤੁ ਨ ਪਾਇਆ, ਕਹਾ ਪਾਇ ॥

ਕਿਸੇ ਨੂੰ ਭੀ ਤੇਰੇ ਓੜਕ ਦਾ ਪਤਾ ਨਹੀਂ ਲੱਗਾ। ਕੋਈ ਜਣਾ ਕਿਸ ਤਰ੍ਹਾਂ ਇਸ ਨੂੰ ਪਾ ਸਕਦਾ ਹੈ?

ਤੇਰਾ ਦਾਸਨਿ ਦਾਸਾ, ਕਹਉ ਰਾਇ ॥੨॥

ਮੈਂ ਆਪਣੇ ਆਪ ਨੂੰ ਤੇਰਿਆਂ ਨੌਕਰਾਂ ਦਾ ਨੌਕਰ ਆਖਦਾ ਹਾਂ, ਹੇ ਮੇਰੇ ਸੁਲਤਾਨ!

ਤੇਰੇ ਸਠਿ ਸੰਬਤ, ਸਭਿ ਤੀਰਥਾ ॥

ਸੱਠ (ਸਮੂਹ) ਸਾਲ ਅਤੇ ਸਾਰੇ ਧਰਮ ਅਸਥਾਨ ਤੂੰ ਹੀ ਰਚੇ ਹਨ।

ਤੇਰਾ ਸਚੁ ਨਾਮੁ, ਪਰਮੇਸਰਾ! ॥

ਸੱਚਾ ਹੈ ਤੇਰਾ ਨਾਮ, ਹੈ ਸ਼ਰੋਮਣੀ ਸਾਹਿਬ!

ਤੇਰੀ ਗਤਿ ਅਵਿਗਤਿ, ਨਹੀ ਜਾਣੀਐ ॥

ਹੇ ਅਮਰ ਪ੍ਰਭੂ, ਤੇਰੀ ਅਵਸਥਾ ਜਾਣੀ ਨਹੀਂ ਜਾ ਸਕਦੀ।

ਅਣਜਾਣਤ, ਨਾਮੁ ਵਖਾਣੀਐ ॥੩॥

ਭਾਵੇਂ ਇਨਸਾਨ ਤੈਨੂੰ ਜਾਣਦਾ ਨਹੀਂ, ਤਾਂ ਭੀ ਉਸ ਨੂੰ ਤੇਰੇ ਨਾਮ ਦਾ ਉਚਾਰਨ ਕਰਨਾ ਉਚਿਤ ਹੈ, ਹੇ ਪ੍ਰਭੂ!

ਨਾਨਕੁ ਵੇਚਾਰਾ, ਕਿਆ ਕਹੈ? ॥

ਗਰੀਬੜਾ ਨਾਨਕ ਕੀ ਕਹਿ ਸਕਦਾ ਹੈ?

ਸਭੁ ਲੋਕੁ ਸਲਾਹੇ, ਏਕਸੈ ॥

ਸਾਰੇ ਜੀਵ ਕੇਵਲ ਇਕ ਸੁਆਮੀ ਦੀ ਹੀ ਸਿਫ਼ਤ ਕਰਦੇ ਹਨ।

ਸਿਰੁ ਨਾਨਕ, ਲੋਕਾ ਪਾਵ ਹੈ ॥

ਨਾਨਕ ਇਹੋ ਜਿਹੇ ਪੁਰਸ਼ਾਂ ਦੇ ਪੈਰਾਂ ਤੇ ਆਪਦਾ ਸੀਸ ਰਖਦਾ ਹੈ।

ਬਲਿਹਾਰੀ ਜਾਉ, ਜੇਤੇ ਤੇਰੇ ਨਾਵ ਹੈ ॥੪॥੨॥

ਮੈਂ ਜਿੰਨੇ ਭੀ ਤੇਰੇ ਨਾਮ ਹਲ, ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ, ਹੇ ਸੁਆਮੀ!


ਬਸੰਤੁ ਮਹਲਾ ੧ ॥

ਬਸੰਤ ਪਹਿਲੀ ਪਾਤਿਸ਼ਾਹੀ।

ਸੁਇਨੇ ਕਾ ਚਉਕਾ, ਕੰਚਨ ਕੁਆਰ ॥

ਚੌਕਾਂ ਸੋਨੇ ਦਾ ਹੈ ਅਤੇ ਸੋਨੇ ਦੇ ਹੀ ਹਨ ਬਰਤਨ।

ਰੁਪੇ ਕੀਆ ਕਾਰਾ, ਬਹੁਤੁ ਬਿਸਥਾਰੁ ॥

ਵਲਗਣ ਦੀਆਂ ਚਾਂਦੀ ਦੀਆਂ ਲਹਿਰਾਂ ਦੂਰ ਤਾਂਈ ਫੈਲੀਆਂ ਹੋਈਆਂ ਹਨ।

ਗੰਗਾ ਕਾ ਉਦਕੁ, ਕਰੰਤੇ ਕੀ ਆਗਿ ॥

ਪਾਣੀ ਸੁਰਸਰੀ ਦਾ ਹੈ ਅਤੇ ਅੱਗ ਯਜਨਾ ਰੁਖ ਦੀ ਲੱਕੜ ਦੀ।

ਗਰੁੜਾ ਖਾਣਾ, ਦੁਧ ਸਿਉ ਗਾਡਿ ॥੧॥

ਖੁਰਾਕ ਦੁਧ ਵਿੱਚ ਉਬਲੇ ਹੋਏ ਵਧੀਆ ਚੌਲਾ ਦੀ ਹੈ।

ਰੇ ਮਨ! ਲੇਖੈ ਕਬਹੂ ਨ ਪਾਇ ॥

ਹੇ ਮੇਰੀ ਜਿੰਦੇ, ਇਹ ਕਦਾਚਿਤ ਕਿਸੇ ਹਿਸਾਬ ਵਿੱਚ ਨਹੀਂ,

ਜਾਮਿ ਨ ਭੀਜੈ, ਸਾਚ ਨਾਇ ॥੧॥ ਰਹਾਉ ॥

ਜਦ ਤਾਂਈ ਤੂੰ ਸੱਚੇ ਨਾਮ ਅੰਦਰ ਨਹੀਂ ਭਿਜਦੀ। ਠਹਿਰਾਉ।

ਦਸ ਅਠ, ਲੀਖੇ ਹੋਵਹਿ ਪਾਸਿ ॥

ਭਾਵੇਂ ਆਦਮੀ ਕੋਲ ਆਪਦੇ ਹਥ ਨਾਲ ਲਿਖੇ ਹੋਏ ਅਠਾਰਾ ਪੁਰਾਣ ਹੋਣ,

ਚਾਰੇ ਬੇਦ, ਮੁਖਾਗਰ ਪਾਠਿ ॥

ਅਤੇ ਉਹ ਚਾਰੇ ਵੇਦ ਮੂੰਹ ਜਬਾਨੀ ਪੜ੍ਹਦਾ ਹੋਵੇ,

ਪੁਰਬੀ ਨਾਵੈ, ਵਰਨਾਂ ਕੀ ਦਾਤਿ ॥

ਅਤੇ ਉਹ ਤਿਉਹਾਰਾਂ ਦੇ ਸਮਿਆਂ ਤੇ ਇਸ਼ਨਾਨ ਕਰਦਾ ਹੋਵੇ ਅਤੇ ਜਾਤੀ ਅਨੁਸਾਰ ਪੁੰਨ-ਦਾਨ ਕਰਦਾ ਹੋਵੇ,

ਵਰਤ ਨੇਮ, ਕਰੇ ਦਿਨ ਰਾਤਿ ॥੨॥

ਅਤੇ ਉਹ ਉਪਹਾਸ ਰਖਦਾ ਹੋਵੇ ਅਤੇ ਦਿਨ ਤੇ ਰੈਣ ਧਾਰਮਕ ਸੰਸਕਾਰ ਕਰਦਾ ਹੋਵੇ;

ਕਾਜੀ ਮੁਲਾਂ, ਹੋਵਹਿ ਸੇਖ ॥

ਅਤੇ ਭਾਵੇਂ ਉਹ ਕਾਜ਼ੀ ਮੁੱਲਾਂ ਜਾਂ ਸ਼ੇਖ ਹੋਵੇ,

ਜੋਗੀ ਜੰਗਮ, ਭਗਵੇ ਭੇਖ ॥

ਅਤੇ ਭਾਵੇਂ ਉਹ ਯੋਗੀ ਹੋਵੇ, ਰਮਤਾ ਰਿਸ਼ੀ ਜਾਂ ਗੇਰੂ-ਰੰਗੇ ਬਸਤਰਾਂ ਵਾਲਾ ਸਾਧੂ,

ਕੋ ਗਿਰਹੀ, ਕਰਮਾ ਕੀ ਸੰਧਿ ॥

ਅਤੇ ਭਾਵੇਂ ਕੋਈ ਜਣਾ ਗ੍ਰਿਹਸਥੀ ਅਤੇ ਧਾਰਮਿਕ ਕਰਮ ਕਾਂਡ ਕਰਨ ਵਾਲਾ ਹੋਵੇ,

ਬਿਨੁ ਬੂਝੇ, ਸਭ ਖੜੀਅਸਿ ਬੰਧਿ ॥੩॥

ਪ੍ਰੰਤੂ ਪ੍ਰਭੂ ਨੂੰ ਜਾਣਨ ਦੇ ਬਗੈਰ ਸਾਰਿਆਂ ਨੂੰ ਜਮ ਨਰੜ ਕੇ ਲੈ ਜਾਂਦਾ ਹੈ।

ਜੇਤੇ ਜੀਅ, ਲਿਖੀ ਸਿਰਿ ਕਾਰ ॥

ਜਿੰਨੇ ਭੀ ਜੀਵ ਹਨ, ਉਨ੍ਹਾਂਸਾਰਿਆਂ ਦੇ ਸਿਰ ਉਤੇ ਉਹਨਾਂ ਦੇ ਕਾਰ-ਵਿਹਾਰ ਲਿਖੇ ਹੋਏ ਹਨ।

ਕਰਣੀ ਉਪਰਿ, ਹੋਵਗਿ ਸਾਰ ॥

ਉਹਨਾਂ ਦੇ ਅਮਲਾਂ ਅਨੁਸਾਰ ਉਹਨਾਂ ਦਾ ਫੈਸਲਾ ਹੋਵੇਗਾ।

ਹੁਕਮੁ ਕਰਹਿ, ਮੂਰਖ ਗਾਵਾਰ ॥

ਬੇਵਕੂਫ ਅਤੇ ਬੇਸਮਝ ਬੰਦੇ ਫੁਰਮਾਨ ਜਾਰੀ ਰਕਦੇ ਹਨ।

ਨਾਨਕ, ਸਾਚੇ ਕੇ ਸਿਫਤਿ ਭੰਡਾਰ ॥੪॥੩॥

ਨਾਨਕ, ਸਤਿਪੁਰਖ ਸਿਫ਼ਤ ਸ਼ਲਾਘਾ ਦੇ ਖ਼ਜ਼ਾਨਿਆਂ ਦਾ ਮਾਲਕ ਹੈ।


ਬਸੰਤੁ ਮਹਲਾ ੩ ਤੀਜਾ ॥

ਬਸੰਤ ਤੀਜੀ ਪਾਤਿਸ਼ਾਹੀ।

ਬਸਤ੍ਰ ਉਤਾਰਿ, ਦਿਗੰਬਰੁ ਹੋਗੁ ॥

ਕੀ ਹੋਇਆ, ਜੇਕਰ ਆਪਣੇ ਕਪੜੇ ਲਾਹ ਕੇ ਆਦਮੀ ਨੰਗਾ ਹੋ ਬਹਿੰਦਾ ਹੈ?

ਜਟਾਧਾਰਿ, ਕਿਆ ਕਮਾਵੈ ਜੋਗੁ? ॥

ਵਾਲਾਂ ਦੀਆਂ ਲਿਟਾਂ ਧਾਰਨ ਕਰਨ ਦੁਆਰਾ, ਉਹ ਯੋਗ ਕਿਸ ਤਰ੍ਹਾਂ ਕਮਾ ਸਕਦਾ ਹੈ?

ਮਨੁ ਨਿਰਮਲੁ, ਨਹੀ ਦਸਵੈ ਦੁਆਰ ॥

ਸੁਆਸ ਨੂੰ ਦਸਮੇ ਦੁਆਰੇ ਰੋਕਣ ਦਾ ਕੀ ਫਾਇਦਾ ਹੈ, ਜੇਕਰ ਮਨੂਆ ਪਵਿੱਤਰ ਨਹੀਂ?

ਭ੍ਰਮਿ ਭ੍ਰਮਿ ਆਵੈ, ਮੂੜ੍ਹ੍ਹਾ ਵਾਰੋ ਵਾਰ ॥੧॥

ਮੂਰਖ ਪੁਰਸ਼ ਭਟਕਦਾ ਹੈ ਭਟਕਦਾ ਹੈ ਅਤੇ ਮੁੜ ਮੁੜ ਕੇ ਆਵਾਗਉਣ ਵਿੱਚ ਪੈਦਾ ਹੈ।

ਏਕੁ ਧਿਆਵਹੁ ਮੂੜ੍ਹ੍ਹ ਮਨਾ! ॥

ਹੇ ਮੇਰੀ ਮੂਰਖ ਜਿੰਦੜੀਏ! ਤੂੰ ਕੇਵਲ ਇਕ ਸੁਆਮੀ ਦਾ ਸਿਮਰਨ ਕਰ,

ਪਾਰਿ ਉਤਰਿ ਜਾਹਿ, ਇਕ ਖਿਨਾਂ ॥੧॥ ਰਹਾਉ ॥

ਅਤੇ ਤੇਰਾ ਇਕ ਨਿਮਖ ਵਿੱਚ ਪਾਰ ਉਤਾਰਾ ਹੋ ਜਾਵੇਗਾ। ਠਹਿਰਾਉ।

ਸਿਮ੍ਰਿਤਿ ਸਾਸਤ੍ਰ ਕਰਹਿ ਵਖਿਆਣ ॥

ਜੋ 27 ਸਿਮਰਤੀਆਂ ਤੇ 6 ਸ਼ਾਸਤਰਾਂ ਦੀ ਵਿਆਖਿਆ ਕਰਦੇ ਹਨ,

ਨਾਦੀ ਬੇਦੀ ਪੜ੍ਹ੍ਹਹਿ ਪੁਰਾਣ ॥

ਅਤੇ ਬਸਰੀ ਵਜਾਣ ਵਾਲੇ ਦੇ ਪਾਠੀ ਜੋ 18 ਪੁਰਾਣਾ ਨੂੰ ਵਾਚਦੇ ਹਨ,

ਪਾਖੰਡ ਦ੍ਰਿਸਟਿ, ਮਨਿ ਕਪਟੁ ਕਮਾਹਿ ॥

ਪ੍ਰੰਤੂ ਜੇਕਰ ਉਨ੍ਹਾਂ ਦੀ ਅੱਖ ਤੇ ਚਿੱਤ, ਦੰਭ ਅਤੇ ਖੋਟ ਕਮਾਉਂਦੇ ਹਨ,

ਤਿਨ ਕੈ ਰਮਈਆ, ਨੇੜਿ ਨਾਹਿ ॥੨॥

ਵਿਆਪਕ ਵਾਹਿਗੁਰੂ ਉਨ੍ਹਾਂ ਦੇ ਨਜ਼ਦੀਕ ਨਹੀਂ ਜਾਂਦਾ।

ਜੇ ਕੋ ਐਸਾ ਸੰਜਮੀ ਹੋਇ ॥

ਜੇਕਰ ਕੋਈ ਇਹੋ ਜਿਹਾ ਸਵੈ-ਜ਼ਬਤ ਕਮਾਉਣ ਵਾਲਾ ਹੋਵੇ,

ਕ੍ਰਿਆ ਵਿਸੇਖ, ਪੂਜਾ ਕਰੇਇ ॥

ਜੋ ਚੰਗੇ ਕਰਮ ਅਤੇ ਉਪਾਸ਼ਨਾ ਕਰਦਾ ਹੈ,

ਅੰਤਰਿ ਲੋਭੁ, ਮਨੁ ਬਿਖਿਆ ਮਾਹਿ ॥

ਪ੍ਰੰਤੂ ਜੇਕਰ ਉਸ ਦੇ ਅੰਦਰ ਲਾਲਚ ਹੈ ਅਤੇ ਉਸ ਦਾ ਚਿੱਤ ਪਾਪਾਂ ਅੰਦਰ ਖਚਤ ਹੈ,

ਓਇ ਨਿਰੰਜਨੁ ਕੈਸੇ ਪਾਹਿ ॥੩॥

ਉਹ ਪਵਿੱਤ੍ਰ ਪ੍ਰਭੂ ਨੂੰ ਕਿਸ ਤਰ੍ਹਾਂ ਪਾ ਸਕਦਾ ਹੈ?

ਕੀਤਾ ਹੋਆ, ਕਰੇ ਕਿਆ ਹੋਇ? ॥

ਰਚੇ ਹੋਏ ਦੇ ਕਰਨ ਦੁਆਰਾ ਕੀ ਹੋ ਸਕਦਾ ਹੈ,

ਜਿਸ ਨੋ ਆਪਿ ਚਲਾਏ ਸੋਇ ॥

ਜਿਸ ਨੂੰ ਕਿ ਉਹ ਸੁਆਮੀ ਖੁਦ ਹੀ ਚਲਾਉਂਦਾ ਹੈ।

ਨਦਰਿ ਕਰੇ, ਤਾਂ ਭਰਮੁ ਚੁਕਾਏ ॥

ਜੇਕਰ ਸੁਆਮੀ ਮਿਹਰ ਧਾਰੇ, ਤਦ ਉਹ ਬੰਦੇ ਦਾ ਸੰਦੇਹ ਦੂਰ ਕਰ ਦਿੰਦਾ ਹੈ।

ਹੁਕਮੈ ਬੂਝੈ, ਤਾਂ ਸਾਚਾ ਪਾਏ ॥੪॥

ਜਦ ਬੰਦਾ ਉਸ ਦੀ ਰਜ਼ਾ ਨੂੰ ਅਨੁਭਵ ਕਰ ਲੈਂਦਾ ਹੈ, ਤਦ ਉਹ ਸੱਚੇ ਸੁਆਮੀ ਨੂੰ ਪਾ ਲੈਂਦਾ ਹੈ।

ਜਿਸੁ ਜੀਉ ਅੰਤਰੁ, ਮੈਲਾ ਹੋਇ ॥

ਜਿਸ ਜੀਵ ਦੀ ਆਤਮਾ ਅੰਦਰੋ ਪਲੀਤ ਹੈ,

ਤੀਰਥ ਭਵੈ, ਦਿਸੰਤਰ ਲੋਇ ॥

ਉਸ ਨੂੰ ਜਹਾਨ ਦੇ ਮੁਲਕਾਂ ਦੇ ਧਰਮ ਅਸਥਾਨਾ ਤੇ ਫਿਰਨ ਦਾ ਕੀ ਫਾਇਦਾ ਹੈ?

ਨਾਨਕ, ਮਿਲੀਐ ਸਤਿਗੁਰ ਸੰਗ ॥

ਨਾਨਕ, ਜਦ ਜੀਵ ਸਚੇ ਗੁਰਾਂ ਦੀ ਸੰਗ ਨਾਲ ਜੁੜ ਜਾਂਦਾ ਹੈ,

ਤਉ, ਭਵਜਲ ਕੇ ਤੂਟਸਿ ਬੰਧ ॥੫॥੪॥

ਤਦ ਉਸ ਦੇ ਭਿਆਨਕ ਸੰਸਾਰ ਸਮੁੰਦਰ ਦੇ ਜੁੜ ਵਢੇ ਜਾਂਦੇ ਹਨ।


ਬਸੰਤੁ ਮਹਲਾ ੧ ॥

ਬਸੰਤ ਪਹਿਲੀ ਪਾਤਿਸ਼ਾਹੀ।

ਸਗਲ ਭਵਨ, ਤੇਰੀ ਮਾਇਆ ਮੋਹ ॥

ਤੇਰੀ ਮੋਹਨੀ ਨੇ ਹੇ ਪ੍ਰਭੂ! ਸਾਰਿਆਂ ਜਹਾਨਾਂ ਨੂੰ ਮੋਹਿਤ ਕਰ ਲਿਆ ਹੈ।

ਮੈ ਅਵਰੁ ਨ ਦੀਸੈ, ਸਰਬ ਤੋਹ ॥

ਮੈਨੂੰ ਹੋਰ ਕੋਈ ਨਹੀਂ ਦਿਸਦਾ, ਸਾਰੇ ਥਾਈ ਤੂੰ ਹੀ ਹੈ।

ਤੂ ਸੁਰਿ ਨਾਥਾ, ਦੇਵਾ ਦੇਵ ॥

ਤੂੰ ਵਡਿਆਂ ਯੋਗੀਆਂ ਅਤੇ ਦੇਵਤਿਆਂ ਦਾ ਸੁਆਮੀ ਹੈ।

ਹਰਿ ਨਾਮੁ ਮਿਲੈ, ਗੁਰ ਚਰਨ ਸੇਵ ॥੧॥

ੋਗੁਰਾਂ ਦੇ ਪੈਰਾਂ ਦੀ ਘਾਲ ਕਮਾਉਣ ਦੁਆਰਾ, ਵਾਹਿਗੁਰੂ ਦਾ ਨਾਮ ਪਰਾਪਤ ਹੋ ਜਾਂਦਾ ਹੈ।

ਤੂ ਸੁਰਿ ਨਾਥਾ, ਦੇਵਾ ਦੇਵ ॥

ਤੂੰ ਵਡਿਆਂ ਯੋਗੀਆਂ ਅਤੇ ਦੇਵਤਿਆਂ ਦਾ ਸੁਆਮੀ ਹੈ।

ਹਰਿ ਨਾਮੁ ਮਿਲੈ, ਗੁਰ ਚਰਨ ਸੇਵ ॥੧॥

ੋਗੁਰਾਂ ਦੇ ਪੈਰਾਂ ਦੀ ਘਾਲ ਕਮਾਉਣ ਦੁਆਰਾ, ਵਾਹਿਗੁਰੂ ਦਾ ਨਾਮ ਪਰਾਪਤ ਹੋ ਜਾਂਦਾ ਹੈ।

ਮੇਰੇ ਸੁੰਦਰ! ਗਹਿਰ ਗੰਭੀਰ ਲਾਲ! ॥

ਹੇ ਮੇਰੇ ਸੋਹਣੇ ਸੁਨੱਖੇ, ਡੂੰਘੇ ਅਤੇ ਬੇਥਾਹ ਪਿਆਰੇ ਪ੍ਰਭੂ,

ਗੁਰਮੁਖਿ ਰਾਮ ਨਾਮ ਗੁਨ ਗਾਏ; ਤੂ ਅਪਰੰਪਰੁ ਸਰਬ ਪਾਲ ॥੧॥ ਰਹਾਉ ॥

ਗੁਰਾਂ ਦੀ ਦਇਆ ਦੁਆਰਾ, ਮੈਂ ਤੇਰੀ ਮਹਿਮਾ ਗਾਹਿਨ ਕਰਦਾ ਹਾਂ; ਤੂੰ ਬੇਅੰਤ ਅਤੇ ਸਾਰਿਆਂ ਦਾ ਪਾਲਣ-ਪੋਸਣਹਾਰ ਹੈ। ਠਹਿਰਾਉ।

ਬਿਨੁ ਸਾਧ; ਨ ਪਾਈਐ, ਹਰਿ ਕਾ ਸੰਗੁ ॥

ਸੰਤ ਦੇ ਬਗੈਰ ਹਰੀ ਦੀ ਸੰਗਤ ਪਰਾਪਤ ਨਹੀਂ ਹੁੰਦੀ।

ਬਿਨੁ ਗੁਰ ਮੈਲ, ਮਲੀਨ ਅੰਗੁ ॥

ਗੁਰਾਂ ਦੇ ਬਾਝੋਂ, ਜੀਵ ਦਾ ਹਿਰਦਾ ਗੰਦਗੀ ਨਾਲ ਗੰਦਾ ਰਹਿੰਦਾ ਹੈ।

ਬਿਨੁ ਹਰਿ ਨਾਮ, ਨ ਸੁਧੁ ਹੋਇ ॥

ਰੱਬ ਦੇ ਨਾਮ ਦੇ ਬਾਝੋਂ ਬੰਦਾ ਪਵਿੱਤਰ ਨਹੀਂ ਹੁੰਦਾ।

ਗੁਰ ਸਬਦਿ ਸਲਾਹੇ, ਸਾਚੁ ਸੋਇ ॥੨॥

ਗੁਰਾਂ ਦੀ ਬਾਣੀ ਰਾਹੀਂ, ਪ੍ਰਾਣੀ ਉਸ ਸੱਚੇ ਸੁਆਮੀ ਦਾ ਜੱਸ ਗਾਇਨ ਕਰਦਾ ਹੈ।

ਜਾ ਕਉ ਤੂ ਰਾਖਹਿ, ਰਖਨਹਾਰ ॥

ਜਿਸ ਦੀ ਤੂੰ ਰੱਖਿਆ ਕਰਦਾ ਹੈ, ਹੇ ਰੱਖਿਅਕ ਪ੍ਰਭੂ,

ਸਤਿਗੁਰੂ ਮਿਲਾਵਹਿ, ਕਰਹਿ ਸਾਰ ॥

ਉਸ ਨੂੰ ਤੁੰ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈ ਅਤੇ ਇਸ ਤਰ੍ਹਾਂ ਤੂੰ ਉਸ ਦੀ ਸੰਭਾਲ ਕਰਦਾ ਹੈ।

ਬਿਖੁ ਹਉਮੈ ਮਮਤਾ, ਪਰਹਰਾਇ ॥

ਤੂੰ ਉਸ ਦਾ ਜ਼ਹਿਰੀਲਾ ਹੰਕਾਰ ਅਤੇ ਸੰਸਾਰੀ ਮੋਹ ਨਵਿਰਤ ਕਰ ਦਿੰਦਾ ਹੈ।

ਸਭਿ ਦੂਖ ਬਿਨਾਸੇ, ਰਾਮ ਰਾਇ ॥੩॥

ਤੇਰੇ ਰਾਹੀਂ, ਹੇ ਪਾਤਿਸ਼ਾਹ ਪਰੇਮਸ਼ਰ! ਉਸ ਦੇ ਸਾਰੇ ਦੁਖੜੇ ਦੂਰ ਹੋ ਜਾਂਦੇ ਹਨ।

ਊਤਮ ਗਤਿ ਮਿਤਿ, ਹਰਿ ਗੁਨ ਸਰੀਰ ॥

ਜੇਕਰ ਉਹ ਆਪਦੀ ਦੇਹਿ ਅੰਦਰ ਰੱਬ ਦੀਆਂ ਨੇਕੀਆਂ ਕਾਸ਼ਤ ਕਰ ਲਵੇ, ਤਾਂ ਬੰੇਦ ਦੀ ਦਸ਼ਾ ਤੇਹਾਲਤ ਸ਼੍ਰੇਸ਼ਟ ਹੋ ਜਾਂਦੀ ਹੈ।

ਗੁਰਮਤਿ ਪ੍ਰਗਟੇ, ਰਾਮ ਨਾਮ ਹੀਰ ॥

ਗੁਰਾਂ ਦੇ ਉਪਦੇਸ਼ ਦੁਆਰਾ ਸਾਈਂ ਦੇ ਨਾਮ ਦਾ ਹੀਰਾ ਜਾਹਰ ਹੋ ਜਾਂਦਾ ਹੈ।

ਲਿਵ ਲਾਗੀ ਨਾਮਿ, ਤਜਿ ਦੂਜਾ ਭਾਉ ॥

ਤਦ ਇਨਸਾਨ ਦਾ ਪ੍ਰਭੂ ਦੇ ਨਾਮ ਨਾਲ ਪਿਆਰ ਪੈ ਜਾਂਦਾ ਹੈ ਤੇ ਉਹ ਦਵੈਤ-ਭਾਵ ਤੋਂ ਖਲਾਸੀ ਪਾ ਜਾਂਦਾ ਹੈ।

ਜਨ ਨਾਨਕ, ਹਰਿ ਗੁਰੁ! ਗੁਰ ਮਿਲਾਉ ॥੪॥੫॥

ਹੇ ਵਾਹਿਗੁਰੂ! ਤੂੰ ਗੋਲੇ ਨਾਨਕ ਨੂੰ ਵਿਸ਼ਾਲ ਗੁਰਾਂ ਨਾਲ ਮਿਲਾ ਦੇ।


ਬਸੰਤੁ ਮਹਲਾ ੧ ॥

ਬਸੰਤ ਪਹਿਲੀ ਪਾਤਿਸ਼ਾਹੀ।

ਮੇਰੀ ਸਖੀ ਸਹੇਲੀ! ਸੁਨਹੁ ਭਾਇ ॥

ਹੇ ਮੇਰੀਓ ਸਹੀਓ ਅਤੇ ਸਜਣੀਓ! ਮੇਰੀ ਗੱਲ ਪਿਆਰ ਨਾਲ ਸੁਣੋ।

ਮੇਰਾ ਪਿਰੁ ਰੀਸਾਲੂ, ਸੰਗਿ ਸਾਇ ॥

ਉਹ ਮੇਰਾ ਸੁੰਦਰ ਕੰਤ ਸਦਾ ਮੇਰੇ ਅੰਗ ਸੰਗ ਹੈ।

ਓਹੁ ਅਲਖੁ ਨ ਲਖੀਐ, ਕਹਹੁ ਕਾਇ ॥

ਉਹ ਅਦ੍ਰਿਸ਼ਟ ਹੈ ਅਤੇ ਵੇਖਿਆ ਨਹੀਂ ਜਾ ਸਕਦਾ। ਮੈਂ ਉਸ ਨੂੰ ਕਿਸ ਤਰ੍ਹਾਂ ਵਰਣਨ ਕਰ ਸਕਦੀ ਹਾਂ?

ਗੁਰਿ ਸੰਗਿ ਦਿਖਾਇਓ, ਰਾਮ ਰਾਇ ॥੧॥

ਪਾਤਿਸ਼ਾਹ ਪ੍ਰਮੇਸ਼ਰ ਨੂੰ ਗੁਰਾਂ ਨੇ ਮੇਰੇ ਨਾਲ ਹੀ ਵਿਖਾਲ ਦਿਤਾ ਹੈ।

ਮਿਲੁ ਸਖੀ ਸਹੇਲੀ, ਹਰਿ ਗੁਨ ਬਨੇ ॥

ਆਪਣੀਆਂ ਸਹੇਲੀਆਂ ਅਤੇ ਸਜਣੀਆਂ ਨਾਲ ਮਿਲ ਕੇ, ਮੈਂ ਵਾਹਿਗੁਰੂ ਦਾ ਜੱਸ ਗਾਉਣ ਦੁਆਰਾ ਸ਼ਸ਼ੋਭਤ ਹੋ ਗਈ ਹਾਂ।

ਹਰਿ ਪ੍ਰਭ ਸੰਗਿ ਖੇਲਹਿ ਵਰ ਕਾਮਨਿ; ਗੁਰਮੁਖਿ ਖੋਜਤ ਮਨ ਮਨੇ ॥੧॥ ਰਹਾਉ ॥

ਸ੍ਰੇਸ਼ਟ ਪਤਨੀਆਂ ਆਪਣੇ ਸੁਆਮੀ ਮਾਲਕ ਨਾਲ ਖੇਡਦੀਆਂ ਹਨ। ਗੁਰਾਂ ਦੀ ਦਇਆ ਦੁਆਰਾ, ਆਪਣੇ ਅੰਦਰ ਨੂੰ ਭਾਲ, ਉਨ੍ਹਾਂ ਦਾ ਚਿੱਤ ਪ੍ਰਸੰਨ ਹੋ ਜਾਂਦਾ ਹੈ। ਠਹਿਰਾਉ।

ਮਨਮੁਖੀ ਦੁਹਾਗਣਿ, ਨਾਹਿ ਭੇਉ ॥

ਵਿਛੜੀਆਂ ਹੋਈਆਂ ਮਨਮਤੀਆਂ ਇਸ ਭੇਤ ਨੂੰ ਨਹੀਂ ਜਾਣਦੀਆਂ,

ਓਹੁ ਘਟਿ ਘਟਿ ਰਾਵੈ, ਸਰਬ ਪ੍ਰੇਉ ॥

ਕਿ ਉਹ ਸਾਰਿਆਂ ਦਾ ਸੁਆਮੀ ਸਾਰਿਆਂ ਦਿਲਾਂ ਅੰਦਰ ਅਨੰਦ ਮਾਣ ਰਿਹਾ ਹੈ।

ਗੁਰਮੁਖਿ ਥਿਰੁ ਚੀਨੈ, ਸੰਗਿ ਦੇਉ ॥

ਵਾਹਿਗੁਰੂ ਨੂੰ ਆਪਣੇ ਨਾਲ ਵੇਖ, ਗੁਰੂ-ਅਨੁਸਾਰੀ ਸਦੀਵੀ ਸਥਿਰ ਹੋ ਜਾਂਦਾ ਹੈ।

ਗੁਰਿ ਨਾਮੁ ਦ੍ਰਿੜਾਇਆ, ਜਪੁ ਜਪੇਉ ॥੨॥

ਗੁਰਾਂ ਨੇ ਮੇਰਾ ਅੰਦਰ ਨਾਮ ਪੱਕਾ ਕੀਤਾ ਹੈ, ਅਤੇ ਮੈਂ ਇਸ ਦਾ ਆਰਾਧਨ ਤੇ ਸਿਰਮਨ ਕਰਦਾ ਹਾਂ।

ਬਿਨੁ ਗੁਰ, ਭਗਤਿ ਨ ਭਾਉ ਹੋਇ ॥

ਗੁਰਾਂ ਦੇ ਬਗੈਰ, ਪ੍ਰਾਣੀ ਦੇ ਅੰਦਰ ਵਾਹਿਗੁਰੂ ਦੀ ਸੇਵਾ ਦਾ ਪਿਆਰ ਉਤਪੰਨ ਨਹੀਂ ਹੁੰਦਾ।

ਬਿਨੁ ਗੁਰ, ਸੰਤ ਨ ਸੰਗੁ ਦੇਇ ॥

ਗੁਰਾਂ ਦੇ ਬਗੈਰ, ਪ੍ਰਭੂ ਪ੍ਰਾਣੀ ਨੂੰ ਸਾਧੂਆਂ ਦੀ ਸੰਗਤ ਪਰਦਾਨ ਨਹੀਂ ਕਰਦਾ।

ਬਿਨੁ ਗੁਰ, ਅੰਧੁਲੇ ਧੰਧੁ ਰੋਇ ॥

ਗੁਰਾਂ ਦੇ ਬਾਝੋਂ, ਅੰਨ੍ਹਾਂ ਇਨਸਾਨ ਸੰਸਾਰੀ ਧੰਦਿਆਂ ਅੰਦਰ ਰੋਂਦਾ ਹੈ।

ਮਨੁ ਗੁਰਮੁਖਿ ਨਿਰਮਲੁ, ਮਲੁ ਸਬਦਿ ਖੋਇ ॥੩॥

ਮੁਖੀ ਗੁਰਾਂ ਦੇ ਉਪਦੇਸ਼ ਦੁਆਰਾ, ਗਿਲਾਜ਼ਤ ਨੂੰ ਧੋ ਕੇ ਇਨਸਾਨ ਪਵਿੱਤਰ ਹੋ ਜਾਂਦਾ ਹੈ।

ਗੁਰਿ ਮਨੁ ਮਾਰਿਓ, ਕਰਿ ਸੰਜੋਗੁ ॥

ਗੁਰਾਂ ਨਾਲ ਮਿਲ ਕੇ ਬੰਦਾ ਆਪਣੇ ਮਨੂਏ ਨੂੰ ਜਿੱਤ ਲੈਂਦਾ ਹੈ।

ਅਹਿਨਿਸਿ ਰਾਵੇ, ਭਗਤਿ ਜੋਗੁ ॥

ਤਾਂ ਦਿਨ ਤੇ ਰੈਣ ਉਹ ਸੁਆਮੀ ਦੀ ਪਿਆਰੀ ਉਪਾਸ਼ਨਾ ਦੇ ਯੋਗ ਅੰਦਰ ਮੌਜਾਂ ਮਾਣਦਾ ਹੈ।

ਗੁਰ ਸੰਤ ਸਭਾ, ਦੁਖ ਮਿਟੈ ਰੋਗੁ ॥

ਸਾਧੂ-ਗੁਰਾਂ ਦੀ ਸੰਗਤ ਕਰਨ ਦੁਆਰਾ ਦੁਖੜੇ ਅਤੇ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ।

ਜਨ ਨਾਨਕ, ਹਰਿ ਵਰੁ ਸਹਜ ਜੋਗੁ ॥੪॥੬॥

ਨੌਕਰ ਨਾਨਕ ਸੁਖੈਨ ਹੀ ਆਪਣੇ ਵਾਹਿਗੁਰੂ ਕੰਤ ਨੂੰ ਮਿਲ ਪਿਆ ਹੈ।


ਬਸੰਤੁ ਮਹਲਾ ੧ ॥

ਬਸੰਤ ਪਹਿਲੀ ਪਾਤਿਸ਼ਾਹੀ।

ਆਪੇ, ਕੁਦਰਤਿ ਕਰੇ ਸਾਜਿ ॥

ਆਪਣੀ ਸ਼ਕਤੀ ਦੁਆਰਾ, ਸਾਈਂ ਨੇ ਖੁਦ ਹੀ ਬਨਾਵਟ ਬਣਾਈ ਹੈ।

ਸਚੁ ਆਪਿ ਨਿਬੇੜੇ, ਰਾਜੁ ਰਾਜਿ ॥

ਰਾਜਿਆਂ ਦਾ ਰਾਜਾ, ਆਪੇ ਹੀ ਸੱਚਾ ਨਿਆ ਕਰਦਾ ਹੈ।

ਗੁਰਮਤਿ ਊਤਮ, ਸੰਗਿ ਸਾਥਿ ॥

ਜੋ ਕੋਈ ਭੀ ਗੁਰਾਂ ਦੇ ਸਰੇਸ਼ਟ ਉਪਦੇਸ਼ ਦੁਆਰਾ ਸੁਆਮੀ ਨੂੰ ਆਪਣੇ ਅੰਗ ਸੰਗ ਅਨੁਭਵ ਕਰਦਾ ਹੈ,

ਹਰਿ ਨਾਮੁ ਰਸਾਇਣੁ, ਸਹਜਿ ਆਥਿ ॥੧॥

ਉਹ ਅੰਮ੍ਰਿਤ ਦੇ ਘਰ, ਵਾਹਿਗੁਰੂ ਦੇ ਨਾਮ ਦੀ ਦੌਲਤ ਨੂੰ ਸੁਖੈਨ ਹੀ ਪਾ ਲੈਂਦਾ ਹੈ।

ਮਤ ਬਿਸਰਸਿ, ਰੇ ਮਨ! ਰਾਮ ਬੋਲਿ ॥

ਹੇ ਮੇਰੀ ਜਿੰਦੜੀਏ! ਤੂੰ ਪ੍ਰਭੂ ਦੇ ਨਾਮ ਦਾ ਉਚਾਰਨ ਕਰ ਅਤੇ ਇਸ ਨੂੰ ਨਾਂ ਭੁਲਾ।

ਅਪਰੰਪਰੁ ਅਗਮ ਅਗੋਚਰੁ ਗੁਰਮੁਖਿ; ਹਰਿ ਆਪਿ ਤੁਲਾਏ ਅਤੁਲੁ ਤੋਲਿ ॥੧॥ ਰਹਾਉ ॥

ਵਾਹਿਗੁਰੂ ਅਪੁਜ, ਅਗਾਧ ਅਤੇ ਪਰੇ ਤੋਂ ਪਰੇ ਹੈ। ਗੁਰਾਂ ਦੀ ਦਇਆ ਦੁਆਰਾ, ਸੁਆਮੀ, ਜਿਸ ਦਾ ਭਾਰ ਅਮਾਪ ਹੈ ਆਪਣੇ ਆਪ ਨੂੰ ਜਖਵਾ ਦਿੰਦਾ ਹੈ। ਠਹਿਰਾਉ।

ਗੁਰ ਚਰਨ ਸਰੇਵਹਿ, ਗੁਰਸਿਖ ਤੋਰ ॥

ਹੇ ਸੁਆਮੀ! ਤੇਰੇ ਗੁਰਾਂ ਦੇ ਮੁਰੀਦ ਗੁਰਾਂ ਦੇ ਪੈਰਾਂ ਦੀ ਟਹਿਲ ਸੇਵਾ ਕਰਦੇ ਹਨ।

ਗੁਰ ਸੇਵ ਤਰੇ, ਤਜਿ ਮੇਰ ਤੋਰ ॥

ਮੇਰੇ ਅਤੇ ਤੇਰੇ ਦੇ ਫਰਕ ਨੂੰ ਤਿਲਾਂਜਲੀ ਦੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਉਹ ਪਾਰ ਉਤਰ ਜਾਂਦੇ ਹਨ।

ਨਰ ਨਿੰਦਕ ਲੋਭੀ, ਮਨਿ ਕਠੋਰ ॥

ਕਲੰਕ ਲਾਉਣ ਵਾਲੇ ਅਤੇ ਲਾਲਚੀ ਪੁਰਸ਼ ਪੱਥਰ-ਦਿਲ ਹੁੰਦੇ ਹਨ।

ਗੁਰ ਸੇਵ ਨ ਭਾਈ, ਸਿ ਚੋਰ ਚੋਰ ॥੨॥

ਜੋ ਗੁਰਾਂ ਦੀ ਟਹਿਲ ਸੇਵਾ ਨੂੰ ਪਿਆਰ ਨਹੀਂ ਕਰਦੇ ਉਹ ਤਸਕਰਾਂ ਦੇ ਤਸਕਰ ਹਨ।

ਗੁਰੁ ਤੁਠਾ, ਬਖਸੇ ਭਗਤਿ ਭਾਉ ॥

ਪ੍ਰਸੰਨ ਹੋ, ਗੁਰੂ ਜੀ ਜੀਵ ਨੂੰ ਪ੍ਰਭੂ ਦੀ ਪਿਆਰੀ-ਉਪਾਸ਼ਨਾ ਪਰਦਾਨ ਕਰਦੇ ਹਨ।

ਗੁਰਿ ਤੁਠੈ, ਪਾਈਐ ਹਰਿ ਮਹਲਿ ਠਾਉ ॥

ਜਦ ਗੁਰੂ ਜੀ ਮਿਹਰਬਾਨ ਹੋ ਜਾਂਦੇ ਹਨ, ਬੰਦੇ ਨੂੰ ਸੁਆਮੀ ਦੇ ਮੰਦਰ ਅੰਦਰ ਟਿਕਾਣਾ ਮਿਲ ਜਾਂਦਾ ਹੈ।

ਪਰਹਰਿ ਨਿੰਦਾ, ਹਰਿ ਭਗਤਿ ਜਾਗੁ ॥

ਤੂੰ ਹੋਰਨਾ ਦੀ ਬਦਖੋਈ ਕਰਨੀ ਛੱਡ ਦੇ ਅਤੇ ਸੁਆਮੀ ਦੇ ਸਿਰਮਨ ਅੰਦਰ ਜਾਗਦਾ ਰਹੋ।

ਹਰਿ ਭਗਤਿ ਸੁਹਾਵੀ, ਕਰਮਿ ਭਾਗੁ ॥੩॥

ਸੁੰਦਰ ਹੈ ਵਾਹਿਗੁਰੂ ਦਾ ਸਿਮਰਨ। ਉਸ ਦੀ ਦਇਆ ਦੁਆਰਾ ਜੀਵ ਨੂੰ ਇਸ ਵਿੱਚ ਹਿੱਸਾ ਪਰਾਪਤ ਹੁੰਦਾ ਹੈ।

ਗੁਰੁ ਮੇਲਿ ਮਿਲਾਵੈ, ਕਰੇ ਦਾਤਿ ॥

ਵਾਹਿਗੁਰੂ ਦੇ ਨਾਮ ਦਾ ਦਾਨ ਦੇ ਕੇ, ਗੁਰੂ ਜੀ ਇਨਸਾਨ ਨੂੰ ਉਸ ਦੇ ਮਿਲਾਪ ਅੰਦਰ ਮਿਲਾ ਦਿੰਦੇ ਹਨ।

ਗੁਰਸਿਖ ਪਿਆਰੇ, ਦਿਨਸੁ ਰਾਤਿ ॥

ਆਪਣੇ ਸਿੱਖਾਂ ਨੂੰ ਗੁਰੂ ਜੀ ਦਿਨ ਤੇ ਰੈਣ ਪਿਆਰ ਕਰਦੇ ਹਨ।

ਫਲੁ ਨਾਮੁ ਪਰਾਪਤਿ, ਗੁਰੁ ਤੁਸਿ ਦੇਇ ॥

ਸਿੱਖ ਰੱਬ ਦੇ ਨਾਮ ਦੇ ਮੇਵੇ ਨੂੰ ਪਾ ਲੈਂਦਾ ਹੈ, ਜਦ ਮਿਹਰਬਾਨ ਹੋ ਕੇ, ਗੁਰੂ ਜੀ ਉਸ ਨੂੰ ਇਸ ਦੀ ਦਾਤ ਦਿੰਦੇ ਹਨ।

ਕਹੁ ਨਾਨਕ, ਪਾਵਹਿ ਵਿਰਲੇ ਕੇਇ ॥੪॥੭॥

ਗੁਰੂ ਜੀ ਆਖਦੇ ਹਨ, ਕੋਈ ਟਾਂਵਾਂ ਟਾਂਵਾਂ ਜਣਾ ਹੀ ਨਾਮ ਦੇ ਮੇਵੇ ਨੂੰ ਪਰਾਪਤ ਕਰਦਾ ਹੈ।


ਬਸੰਤੁ ਮਹਲਾ ੩ ਇਕ ਤੁਕਾ ॥

ਬਸੰਤ ਤੀਜੀ ਪਾਤਿਸ਼ਾਹੀ ਇਕ ਤੁਕਾ।

ਸਾਹਿਬ ਭਾਵੈ, ਸੇਵਕੁ ਸੇਵਾ ਕਰੈ ॥

ਜੇਕਰ ਸੁਆਮੀ ਨੂੰ ਚੰਗਾ ਲੱਗੇ, ਸੁਆਮੀ ਦਾ ਗੋਲਾ ਉਸ ਦੀ ਟਹਿਲ ਕਮਾਉਂਦਾ ਹੈ।

ਜੀਵਤੁ ਮਰੈ, ਸਭਿ ਕੁਲ ਉਧਰੈ ॥੧॥

ਉਹ ਜੀਉਂਦੇ ਜੀ ਮਰਿਆ ਰਹਿੰਦਾ ਹੈ ਅਤੇ ਆਪਣੀ ਸਾਰੀ ਵੰਸ਼ ਦਾ ਪਾਰ ਉਤਾਰਾ ਕਰ ਦਿੰਦਾ ਹੈ।

ਤੇਰੀ ਭਗਤਿ ਨ ਛੋਡਉ, ਕਿਆ ਕੋ ਹਸੈ? ॥

ਮੈਂ ਤੇਰੀ ਬੰਦਗੀ ਨੂੰ ਨਹੀਂ ਤਿਆਗਦਾ ਹੇ ਪ੍ਰਭੂ! ਕੀ ਹੋਇਆ ਜੇ ਲੋਕ ਮੇਰੀ ਹਾਸੀ ਉਡਾਉਂਦੇ ਹਨ।

ਸਾਚੁ ਨਾਮੁ, ਮੇਰੈ ਹਿਰਦੈ ਵਸੈ ॥੧॥ ਰਹਾਉ ॥

ਤੇਰਾ ਸੱਚਾ ਨਾਮ ਮੇਰੇ ਅੰਤਹਕਰਨ ਵਿੱਚ ਨਿਵਾਸ ਰਖਦਾ ਹੈ। ਠਹਿਰਾਉ।

ਜੈਸੇ, ਮਾਇਆ ਮੋਹਿ ਪ੍ਰਾਣੀ ਗਲਤੁ ਰਹੈ ॥

ਜਿਸ ਤਰ੍ਹਾਂ ਫਾਨੀ ਬੰਦਾ ਸੰਸਾਰੀ ਪਦਾਰਥ ਦੀ ਮਮਤਾ ਅੰਦਰ ਖਚਤ ਰਹਿੰਦਾ ਹੈ,

ਤੈਸੇ, ਸੰਤ ਜਨ ਰਾਮ ਨਾਮ ਰਵਤ ਰਹੈ ॥੨॥

ਏਸੇ ਤਰ੍ਰਾਂ ਹੀ ਨੇਕ ਪੁਰਸ਼ ਸੁਆਮੀ ਦੇ ਨਾਮ ਅੰਦਰ ਲੀਨ ਹੋਇਆ ਰਹਿੰਦਾ ਹੈ।

ਮੈ ਮੂਰਖ ਮੁਗਧ ਊਪਰਿ, ਕਰਹੁ ਦਇਆ ॥

ਮੇਰੇ ਕਮ ਅਕਲ ਅਤੇ ਬੇਸਮਝ ਉਤੇ ਹੈ ਸੁਆਮੀ, ਤੂੰ ਆਪਣੀ ਮਿਹਰ ਧਾਰ,

ਤਉ ਸਰਣਾਗਤਿ, ਰਹਉ ਪਇਆ ॥੩॥

ਤਾਂ ਜੋ ਮੈਂ ਸਦਾ ਹੀ ਤੇਰੀ ਸ਼ਰਣ ਤਾਬੇ ਟਿਕਿਆ ਰਹਾਂ।

ਕਹਤੁ ਨਾਨਕੁ, ਸੰਸਾਰ ਕੇ ਨਿਹਫਲ ਕਾਮਾ ॥

ਗੁਰੂ ਜੀ ਆਖਦੇ ਹਨ, ਨਿਸਫਲ ਹਨ ਸੰਸਾਰੀ ਧੰਦੇ।

ਗੁਰ ਪ੍ਰਸਾਦਿ, ਕੋ ਪਾਵੈ ਅੰਮ੍ਰਿਤ ਨਾਮਾ ॥੪॥੮॥

ਗੁਰਾਂ ਦੀ ਦਇਆ ਦੁਆਰਾ ਕੋਈ ਵਿਰਲਾ ਜਣਾ ਹੀ ਨਾਮ ਦੇ ਸੁਧਾਰਸ ਨੂੰ ਪਰਾਪਤ ਹੁੰਦਾ ਹੈ।


ਬਸੰਤੁ ਮਹਲਾ ੩ ਘਰੁ ੧ ਦੁਤੁਕੇ

ਬਸੰਤੁ ਤੀਜੀ ਪਾਤਿਸ਼ਾਹੀ ਦੋ ਤੁਕੇ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਮਾਹਾ ਰੁਤੀ ਮਹਿ, ਸਦ ਬਸੰਤੁ ॥

ਸਾਰਿਆਂ ਮਹੀਨਿਆਂ ਅਤੇ ਮੌਸਮਾਂ ਅੰਦਰ, ਪ੍ਰਭੂ ਸਦੀਵ ਹੀ ਪ੍ਰਫੁਲਤਾ ਰਹਿੰਦਾ ਹੈ।

ਜਿਤੁ ਹਰਿਆ, ਸਭੁ ਜੀਅ ਜੰਤੁ ॥

ਉਸ ਦੇ ਰਾਹੀਂ ਹੀ ਸਮੂਹ ਜੀਵ ਜੰਤੂ ਹਰੇ ਭਰੇ ਹੁੰਦੇ ਹਨ।

ਕਿਆ ਹਉ ਆਖਾ? ਕਿਰਮ ਜੰਤੁ ॥

ਮੈਂ ਕੀੜੇ ਵਰਗਾ ਜੀਵ ਕੀ ਕਹਿ ਸਕਦਾ ਹਾਂ?

ਤੇਰਾ, ਕਿਨੈ ਨ ਪਾਇਆ, ਆਦਿ ਅੰਤੁ ॥੧॥

ਕਿਸੇ ਜਣੇ ਨੂੰ ਭੀ ਤੇਰੇ ਅਰੰਭ ਅਤੇ ਅਖੀਰ ਦਾ ਪਤਾ ਨਹੀਂ ਲੱਗਾ, ਹੇ ਮੇਰੇ ਸੁਆਮੀ!

ਤੈ ਸਾਹਿਬ ਕੀ, ਕਰਹਿ ਸੇਵ ॥

ਜੋ ਤੇਰੀ ਘਾਲ ਕਮਾਉਂਦੇ ਹਨ, ਹੇ ਸੁਆਮੀ!

ਪਰਮ ਸੁਖ ਪਾਵਹਿ, ਆਤਮ ਦੇਵ ॥੧॥ ਰਹਾਉ ॥

ਉਹ ਮਹਾਨ ਆਰਾਮ ਪਾਉਂਦੇ ਹਨ ਅਤੇ ਉਹਨਾਂ ਦੀ ਆਤਮਾ ਰੌਸ਼ਨ ਹੋ ਜਾਂਦੀ ਹੈ। ਠਹਿਰਾਉ।

ਕਰਮੁ ਹੋਵੈ, ਤਾਂ ਸੇਵਾ ਕਰੈ ॥

ਜੇਕਰ ਮਾਲਕ ਮਇਆਵਾਨ ਹੋਵੇ, ਤਦ ਬੰਦਾ ਉਸ ਦੀ ਟਹਿਲ ਕਰਦਾ ਹੈ,

ਗੁਰ ਪਰਸਾਦੀ, ਜੀਵਤ ਮਰੈ ॥

ਅਤੇ ਗੁਰਾਂ ਦੀ ਦਇਆ ਦੁਆਰਾ, ਜੀਉਂਦੇ ਜੀ ਮਰਿਆ ਰਹਿੰਦਾ ਹੈ।

ਅਨਦਿਨੁ, ਸਾਚੁ ਨਾਮੁ ਉਚਰੈ ॥

ਜੋ ਰੈਣ ਤੇ ਦਿਨ, ਬੰਦਾ ਸਤਿਨਾਮ ਦਾ ਜਾਪ ਕਰਦਾ ਹੈ,

ਇਨ ਬਿਧਿ ਪ੍ਰਾਣੀ, ਦੁਤਰੁ ਤਰੈ ॥੨॥

ਉਹ ਇਸ ਤਰ੍ਹਾਂ ਨਾਂ-ਤਰੇ ਜਾਣ ਵਾਲੇ ਜਗ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।

ਬਿਖੁ ਅੰਮ੍ਰਿਤੁ, ਕਰਤਾਰਿ ਉਪਾਏ ॥

ਜ਼ਹਿਰ ਤੇ ਆਬਿ-ਹਿਯਾਤ, ਰਚਨਹਾਰ ਨੇ ਰਚੇ ਹਨ।

ਸੰਸਾਰ ਬਿਰਖ ਕਉ, ਦੁਇ ਫਲ ਲਾਏ ॥

ਜਗਤ ਦੇ ਬ੍ਰਿਛ ਨੂੰ ਉਸ ਨੇ ਦੋ ਮੇਵੇ ਲਾ ਦਿਤੇ ਹਨ।

ਆਪੇ ਕਰਤਾ, ਕਰੇ ਕਰਾਏ ॥

ਕਰਤਾਰ ਆਪ ਹੀ ਕਰਨ ਵਾਲਾ ਤੇ ਕਰਾਉਣ ਵਾਲਾ ਹੈ।

ਜੋ ਤਿਸੁ ਭਾਵੈ, ਤਿਸੈ ਖਵਾਏ ॥੩॥

ਜੋ ਉਸ ਨੂੰ ਚੰਗਾ ਲਗਦਾ ਹੈ, ਉਸ ਨੂੰ ਹੀ ਉਹ ਖੁਆਲਦਾ ਹੈ।

ਨਾਨਕ, ਜਿਸ ਨੋ ਨਦਰਿ ਕਰੇਇ ॥

ਜਿਸ ਕਿਸੇ ਤੇ ਸੁਆਮੀ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ,

ਅੰਮ੍ਰਿਤ ਨਾਮੁ, ਆਪੇ ਦੇਇ ॥

ਉਸ ਨੂੰ ਉਹ ਖੁਦ ਹੀ ਅੰਮ੍ਰਿਤਮਈ ਨਾਮ ਬਖਸ਼ ਦਿੰਦਾ ਹੈ।

ਬਿਖਿਆ ਕੀ ਬਾਸਨਾ, ਮਨਹਿ ਕਰੇਇ ॥

ਉਸ ਦੀ ਪਾਪਾਂ ਦੀ ਜ਼ਾਹਿਸ਼ ਨੂੰ ਸਾਈਂ ਮੇਟ ਦਿੰਦਾ ਹੈ।

ਅਪਣਾ ਭਾਣਾ, ਆਪਿ ਕਰੇਇ ॥੪॥੧॥

ਆਪਣੀ ਰਜਾ ਨੂੰ ਪ੍ਰਭੂ ਆਪੇ ਹੀ ਅਮਲ ਵਿੱਚ ਲਿਆਉਂਦਾ ਹੈ।


ਬਸੰਤੁ ਮਹਲਾ ੩ ॥

ਬਸੰਤ ਤੀਜੀ ਪਾਤਿਸ਼ਾਹੀ।

ਰਾਤੇ ਸਾਚਿ, ਹਰਿ ਨਾਮਿ ਨਿਹਾਲਾ ॥

ਖੁਸ਼ ਹਨ ਉਹ, ਜੋ ਪ੍ਰਭੂ ਦੇ ਸੱਚੇ ਨਾਮ ਨਾਲ ਰੰਗੀਜੇ ਹਨ।

ਦਇਆ ਕਰਹੁ, ਪ੍ਰਭ ਦੀਨ ਦਇਆਲਾ! ॥

ਹੇ ਗਰੀਬਾਂ ਦੇ ਮਇਆਵਾਨ ਮਾਲਕ! ਤੂੰ ਮੇਰੇ ਉਤੇ ਤਰਸ ਕਰ।

ਤਿਸੁ ਬਿਨੁ, ਅਵਰੁ ਨਹੀ ਮੈ ਕੋਇ ॥

ਉਸ ਦੇ ਬਾਝੋਂ ਮੈਨੂੰ ਹੋਰ ਕਿਸੇ ਦਾ ਆਸਰਾ ਨਹੀਂ।

ਜਿਉ ਭਾਵੈ, ਤਿਉ ਰਾਖੈ ਸੋਇ ॥੧॥

ਜਿਸ ਤਰ੍ਹਾਂ ਉਸ ਨੂੰ ਭਾਉਂਦਾ ਹੈ, ਉਸੇ ਤਰ੍ਹਾਂ ਹੀ ਉਹ ਮੈਨੂੰ ਰਖਦਾ ਹੈ।

ਗੁਰ ਗੋਪਾਲ, ਮੇਰੈ ਮਨਿ ਭਾਏ ॥

ਗੁਰੂ-ਪ੍ਰਮੇਸ਼ਰ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ।

ਰਹਿ ਨ ਸਕਉ, ਦਰਸਨ ਦੇਖੇ ਬਿਨੁ; ਸਹਜਿ ਮਿਲਉ, ਗੁਰੁ ਮੇਲਿ ਮਿਲਾਏ ॥੧॥ ਰਹਾਉ ॥

ਪ੍ਰਭੂ ਦਾ ਦੀਦਾਰ ਵੇਖਣ ਦੇ ਬਗੇਰ ਮੈਂ ਰਹਿ ਨਹੀਂ ਸਕਦਾ। ਜੇਕਰ ਗੁਰੂ ਜੀ ਮੈਨੂੰ ਸੁਆਮੀ ਦੇ ਮਿਲਾਪ ਅੰਦਰ ਮਿਲਾ ਦੇਣ, ਮੈਂ ਸੁਖੈਨ ਹੀ ਉਸ ਨੂੰ ਮਿਲ ਪਵਾਂਗਾ। ਠਹਿਰਾਉ।

ਇਹੁ ਮਨੁ ਲੋਭੀ, ਲੋਭਿ ਲੁਭਾਨਾ ॥

ਇਹ ਲਾਲਚੀ ਆਤਮਾ ਤਮ੍ਹਾ ਦੇ ਬਹਿਕਾਈ ਹੋਈ ਹੈ।

ਰਾਮ ਬਿਸਾਰਿ, ਬਹੁਰਿ ਪਛੁਤਾਨਾ ॥

ਪ੍ਰਭੂ ਨੂੰ ਭੁਲਾ ਕੇ ਇਹ ਅਖੀਰ ਨੂੰ ਪਛਤਾਉਂਦੀ ਹੈ।

ਬਿਛੁਰਤ ਮਿਲਾਇ, ਗੁਰ ਸੇਵ ਰਾਂਗੇ ॥

ਵਿਛੁੰਨੀਆਂ ਹੋਈਆਂ ਰੂਹਾਂ, ਜੋ ਗੁਰਾਂ ਦੀ ਸੇਵਾ ਟਹਿਲ ਨਾਲ ਰੰਗੀਜ ਜਾਂਦੀਆਂ ਹਨ, ਉਨ੍ਹਾਂ ਨੂੰ ਸੁਆਮੀ ਨਾਲ ਮਿਲਾ ਲੈਂਦਾ ਹੈ।

ਹਰਿ ਨਾਮੁ ਦੀਓ, ਮਸਤਕਿ ਵਡਭਾਗੇ ॥੨॥

ਜਿਨ੍ਹਾਂ ਦੇ ਮੱਥੇ ਉਤੇ ਭਾਰੇ ਭਾਗ ਲਿਖੇ ਹੋਏ ਹਨ ਉਨ੍ਹਾਂ ਨੂੰ ਰੱਬ ਦੇ ਨਾਮ ਦੀ ਦਾਤ ਦਿੰਦੇ ਹਨ।

ਪਉਣ ਪਾਣੀ ਕੀ, ਇਹ ਦੇਹ ਸਰੀਰਾ ॥

ਇਹ ਜਿਸਮ ਦਾ ਢਾਂਚਾ ਹਵਾ ਅਤੇ ਜਲ ਦਾ ਬਣਿਆ ਹੋਇਆ ਹੈ।

ਹਉਮੈ ਰੋਗੁ, ਕਠਿਨ ਤਨਿ ਪੀਰਾ ॥

ਸਰੀਰ ਸਵੈ-ਹੰਗਤਾ ਦੀ ਸਖਤ, ਬੀਮਾਰੀ ਦੀ ਪੀੜਾ ਨਾਲ ਪਕੜਿਆਂ ਹੋਇਆ ਹੈ।

ਗੁਰਮੁਖਿ ਰਾਮ ਨਾਮ, ਦਾਰੂ ਗੁਣ ਗਾਇਆ ॥

ਗੁਰਾਂ ਦੀ ਦਇਆ ਦੁਆਰਾ, ਮੈਂ ਪ੍ਰਭੂ ਦੇ ਨਾਮ ਦਾ ਜੱਸ ਗਾਇਨ ਕਰਨ ਦੀ ਦਵਾਈ ਲਈ ਹੈ,

ਕਰਿ ਕਿਰਪਾ, ਗੁਰਿ ਰੋਗੁ ਗਵਾਇਆ ॥੩॥

ਅਤੇ ਗੁਰਾਂ ਨੇ ਮਿਹਰ ਧਾਰ ਕੇ ਮੇਰੀ ਬੀਮਾਰੀ ਕਟ ਦਿੱਤੀ ਹੈ।

ਚਾਰਿ ਨਦੀਆ ਅਗਨੀ, ਤਨਿ ਚਾਰੇ ॥

(ਬੇ-ਰਹਿਮੀ, ਮੋਹ, ਲੋਭ ਤੇ ਗੁੱਸੇ) ਚਾਰ ਬਦੀਆਂ ਦੀਆਂ ਚਾਰੇ ਅੱਗਾਂ ਦੇ ਦਰਿਆ ਸਰੀਰ ਵਿੱਚ ਹਨ।

ਤ੍ਰਿਸਨਾ ਜਲਤ, ਜਲੇ ਅਹੰਕਾਰੇ ॥

ਬੰਦਾ ਖਾਹਿਸ਼ ਅੰਦਰ ਸੜਦਾ ਹੈ ਅਤੇ ਸੜਦਾ ਹੈ ਉਹ ਹੰਗਤਾ ਅੰਦਰ ਭੀ।

ਗੁਰਿ ਰਾਖੇ, ਵਡਭਾਗੀ ਤਾਰੇ ॥

ਭਾਰੇ ਨਸੀਬਾਂ ਵਾਲੇ ਹਨ ਉਹ ਜਿਨ੍ਹਾਂ ਨੂੰ ਗੁਰੂ ਜੀ ਬਚਾਉਂਦੇ ਅਤੇ ਪਾਰ ਉਤਾਰਦੇ ਹਨ।

ਜਨ ਨਾਨਕ, ਉਰਿ ਹਰਿ ਅੰਮ੍ਰਿਤੁ ਧਾਰੇ ॥੪॥੨॥

ਐਹੋ ਜੇਹੇ ਗੋਲੇ, ਹੇ ਨਾਨਕ! ਵਾਹਿਗੁਰੂ ਦੇ ਅੰਮ੍ਰਿਤਮਈ ਨਾਮ ਨੂੰ ਹਿਰਦੇ ਅੰਦਰ ਟਿਕਾਉਂਦੇ ਹਨ।


ਬਸੰਤੁ ਮਹਲਾ ੩ ॥

ਬਸੰਤ ਤੀਜੀ ਪਾਤਿਸ਼ਾਹੀ।

ਹਰਿ ਸੇਵੇ, ਸੋ ਹਰਿ ਕਾ ਲੋਗੁ ॥

ਜੋ ਕੋਈ ਭੀ ਵਾਹਿਗੁਰੂ ਦੀ ਘਾਲ ਕਮਾਉਂਦਾ ਹੈ, ਕੇਵਲ ਉਹ ਹੀ ਵਾਹਿਗੁਰੂ ਦਾ ਬੰਦਾ ਹੈ।

ਸਾਚੁ ਸਹਜੁ, ਕਦੇ ਨ ਹੋਵੈ ਸੋਗੁ ॥

ਉਹ ਸੱਚ ਅਤੇ ਅਡੋਲਤਾ ਅੰਦਰ ਵਸਦਾ ਹੈ ਅਤੇ ਉਸ ਨੂੰ ਕਦਾਚਿਤ ਰੰਜ ਗਮ ਨਹੀਂ ਵਿਆਪਣਾ।

ਮਨਮੁਖ ਮੁਏ, ਨਾਹੀ ਹਰਿ ਮਨ ਮਾਹਿ ॥

ਆਪ-ਹੁਦਰੇ ਮੁਰਦਾ ਹਨ ਕਿਉਂ ਜੋ ਹਿਰਦੇ ਅੰਦਰ ਉਹ ਸੁਆਮੀ ਦਾ ਸਿਮਰਨ ਨਹੀਂ ਕਰਦੇ।

ਮਰਿ ਮਰਿ ਜੰਮਹਿ, ਭੀ ਮਰਿ ਜਾਹਿ ॥੧॥

ਉਹ ਮਰ ਜਾਂਦੇ ਹਨ, ਆਵਾਗਉਣ ਵਿੱਚ ਪੈਦੇ ਹਨ ਅਤੇ ਮੁੜ ਬਿਨਸ ਜਾਂਦੇ ਹਨ।

ਸੇ ਜਨ ਜੀਵੇ, ਜਿਨ ਹਰਿ ਮਨ ਮਾਹਿ ॥

ਕੇਵਲ ਉਹ ਪੁਰਸ਼ ਹੀ ਜੀਉਂਦੇ ਹਨ ਜੋ ਹਿਰਦੇ ਅੰਦਰ ਵਾਹਿਗੁਰੂ ਨੂੰ ਟਿਕਾਉਂਦੇ ਹਨ।

ਸਾਚੁ ਸਮ੍ਹ੍ਹਾਲਹਿ, ਸਾਚਿ ਸਮਾਹਿ ॥੧॥ ਰਹਾਉ ॥

ਉਹ ਸੱਚੇ ਸਾਹਿਬ ਦਾ ਸਿਮਰਨ ਕਰਦੇ ਹਨ ਅਤੇ ਸੱਚੇ ਸਾਹਿਬ ਅੰਦਰ ਹੀ ਲੀਨ ਹੋ ਜਾਂਦੇ ਹਨ। ਠਹਿਰਾਉ।

ਹਰਿ ਨ ਸੇਵਹਿ, ਤੇ ਹਰਿ ਤੇ ਦੂਰਿ ॥

ਉਹ ਜੋ ਹਰੀ ਦੀ ਟਹਿਲ ਨਹੀਂ ਕਮਾਉਂਦੇ ਅਤੇ ਹਰੀ ਤੋਂ ਦੁਰੇਡੇ ਹਨ।

ਦਿਸੰਤਰੁ ਭਵਹਿ, ਸਿਰਿ ਪਾਵਹਿ ਧੂਰਿ ॥

ਬੇਫਾਇਦਾ ਹੀ ਉਹ ਪ੍ਰਦੇਸ਼ਾਂ ਅੰਦਰ ਭਟਕਦੇ ਹਨ ਅਤੇ ਸਿਰ ਤੇ ਖੇਹ ਪਾਉਂਦੇ ਹਨ।

ਹਰਿ ਆਪੇ, ਜਨ ਲੀਏ ਲਾਇ ॥

ਆਪਣਿਆਂ ਦਾਸਾਂ ਨੂੰ ਵਾਹਿਗੁਰੂ ਆਪਣੀ ਸੇਵਾ ਵਿੱਚ ਜੋੜ ਲੈਂਦਾ ਹੈ।

ਤਿਨ ਸਦਾ ਸੁਖੁ ਹੈ, ਤਿਲੁ ਨ ਤਮਾਇ ॥੨॥

ਉਹ ਹਮੇਸ਼ਾਂ ਖੁਸ਼ੀ ਅੰਦਰ ਵਸਦੇ ਹਨ ਅਤੇ ਉਹਨਾਂ ਨੂੰ ਇਕ ਭੋਰਾ ਭਰ ਭੀ ਲਾਲਚ ਨਹੀਂ।

ਨਦਰਿ ਕਰੇ, ਚੂਕੈ ਅਭਿਮਾਨੁ ॥

ਜਦ ਵਾਹਿਗੁਰੂ ਮਿਹਰ ਧਾਰਦਾ ਹੈ, ਬੰਦੇ ਦੀ ਹੰਗਤਾ ਦੂਰ ਹੋ ਜਾਂਦੀ ਹੈ।

ਸਾਚੀ ਦਰਗਹ, ਪਾਵੈ ਮਾਨੁ ॥

ਤਦ ਉਹ ਸੱਚੇ ਦਰਬਾਰ ਅੰਦਰ ਪਤਿ ਆਬਰੂ ਪਾਉਂਦਾ ਹੈ।

ਹਰਿ ਜੀਉ ਵੇਖੈ, ਸਦ ਹਜੂਰਿ ॥

ਉਹ ਮਹਾਰਾਜ ਮਾਲਕ ਨੂੰ ਹਮੇਸ਼ਾਂ ਹੀ ਅੰਗ ਸੰਗ ਵੇਖਦਾ ਹੈ,

ਗੁਰ ਕੈ ਸਬਦਿ, ਰਹਿਆ ਭਰਪੂਰਿ ॥੩॥

ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਉਹ ਸੁਆਮੀ ਨੂੰ ਸਾਰੇ ਪਰੀਪੂਰਨ ਹੋਇਆ ਅਨੁਭਵ ਕਰਦਾ ਹੈ।

ਜੀਅ ਜੰਤ ਕੀ, ਕਰੇ ਪ੍ਰਤਿਪਾਲ ॥

ਸਾਰੇ ਪ੍ਰਾਣਧਾਰੀਆਂ ਦੀ ਪ੍ਰਭੂ ਪਾਲਣਾ-ਪੋਸ਼ਣਾ ਕਰਦਾ ਹੈ।

ਗੁਰ ਪਰਸਾਦੀ, ਸਦ ਸਮ੍ਹ੍ਹਾਲ ॥

ਗੁਰਾਂ ਦੀ ਦਇਆ ਦੁਆਰਾ ਤੂੰ ਹਮੇਸ਼ਾਂ ਉਸ ਦਾ ਸਿਮਰਨ ਕਰ।

ਦਰਿ ਸਾਚੈ, ਪਤਿ ਸਿਉ ਘਰਿ ਜਾਇ ॥

ਸੱਚੇ ਦਰਬਾਰ ਦਾ ਸੇਵਕ ਇਜ਼ਤ ਨਾਲ ਗ੍ਰਹਿ ਨੂੰ ਜਾਂਦਾ ਹੈ।

ਨਾਨਕ, ਨਾਮਿ ਵਡਾਈ ਪਾਇ ॥੪॥੩॥

ਪ੍ਰਭੂ ਦੇ ਨਾਮ ਦੇ ਰਾਹੀਂ, ਹੇ ਨਾਨਕ! ਉਸ ਨੂੰ ਪ੍ਰਭਤਾ ਦੀ ਦਾਤ ਪਰਾਪਤ ਹੁੰਦੀ ਹੈ।


ਬਸੰਤੁ ਮਹਲਾ ੩ ॥

ਬਸੰਤ ਤੀਜੀ ਪਾਤਿਸ਼ਾਹੀ।

ਅੰਤਰਿ ਪੂਜਾ, ਮਨ ਤੇ ਹੋਇ ॥

ਜੋ ਚਿੱਤ ਅੰਦਰ ਪ੍ਰਭੂ ਦੀ ਉਪਾਸ਼ਨਾ ਕਰਦਾ ਹੈ,

ਏਕੋ ਵੇਖੈ, ਅਉਰੁ ਨ ਕੋਇ ॥

ਉਹ ਕੇਵਲ ਉਸ ਨੂੰ ਹੀ ਵੇਖਦਾ ਹੈ, ਹੋਰ ਕਿਸੇ ਨੂੰ ਨਹੀਂ।

ਦੂਜੈ ਲੋਕੀ, ਬਹੁਤੁ ਦੁਖੁ ਪਾਇਆ ॥

ਦਵੈਤ-ਭਾਵ ਨਾਲ ਜੁੜ ਕੇ, ਬੰਦੇ ਬੜੀ ਤਕਲੀਫ ਉਠਾਉਂਦੇ ਹਨ।

ਸਤਿਗੁਰਿ ਮੈਨੋ, ਏਕੁ ਦਿਖਾਇਆ ॥੧॥

ਸੱਚੇ ਗੁਰਾਂ ਨੇ ਮੈਨੂੰ ਇਕ ਸੁਆਮੀ ਵਿਖਾਲ ਦਿੱਤਾ ਹੈ।

ਮੇਰਾ ਪ੍ਰਭੁ ਮਉਲਿਆ, ਸਦ ਬਸੰਤੁ ॥

ਮੇਰਾ ਮਾਲਕ ਹਮੇਸ਼ਾਂ ਖਿੜਾਉ ਅਤੇ ਖੁਸ਼ੀ ਅੰਦਰ ਵਸਦਾ ਹੈ।

ਇਹੁ ਮਨੁ ਮਉਲਿਆ, ਗਾਇ ਗੁਣ ਗੋਬਿੰਦ ॥੧॥ ਰਹਾਉ ॥

ਆਲਮ ਦੇ ਸੁਆਮੀ ਦੀ ਸਿਫ਼ਤ ਗਾਇਨ ਕਰਨ ਦੁਆਰਾ ਇਹ ਮਨੂਆ ਪ੍ਰਫੁਲਤ ਹੁੰਦਾ ਹੈ। ਠਹਿਰਾਉ।

ਗੁਰ ਪੂਛਹੁ, ਤੁਮ੍ਹ੍ਹ ਕਰਹੁ ਬੀਚਾਰੁ ॥

ਜੇਕਰ ਤੂੰ ਗੁਰਾਂ ਤੋਂ ਸਿਖਮਤ ਲਵੇਂ ਅਤੇ ਉਸ ਨੂੰ ਸੋਚੇ ਸਮਝੇ,

ਤਾਂ ਪ੍ਰਭ ਸਾਚੇ, ਲਗੈ ਪਿਆਰੁ ॥

ਤਦ ਤੇਰਾ ਸੱਚੇ ਸੁਆਮੀ ਨਾਲ ਪ੍ਰੇਮ ਪੈ ਜਾਵੇ।

ਆਪੁ ਛੋਡਿ, ਹੋਹਿ ਦਾਸਤ ਭਾਇ ॥

ਤੂੰ ਆਪਣੀ ਸਵੈ-ਹੰਗਤਾ ਛੱਡ ਦੇ ਤੇ ਗੋਲੇ ਵਾਲੇ ਜ਼ਜਬੇ ਧਾਰਨ ਕਰ ਲੈ,

ਤਉ ਜਗਜੀਵਨੁ, ਵਸੈ ਮਨਿ ਆਇ ॥੨॥

ਤਦ ਜਗਤ ਦੀ ਜਿੰਦ-ਜਾਨ ਪ੍ਰਭੂ ਤੇਰੇ ਚਿੱਤ ਵਿੱਚ ਟਿਕ ਜਾਵੇਗਾ।

ਭਗਤਿ ਕਰੇ, ਸਦ ਵੇਖੈ ਹਜੂਰਿ ॥

ਬੰਦੇ ਨੂੰ ਸਾਈਂ ਦਾ ਸਿਮਰਨ ਕਰਨਾ ਅਤੇ ਉਸ ਨੂੰ ਹਮੇਸ਼ਾਂ ਐਨ ਨੇੜੇ ਦੇਖਣਾ ਚਾਹੀਦਾ ਹੈ।

ਮੇਰਾ ਪ੍ਰਭੁ, ਸਦ ਰਹਿਆ ਭਰਪੂਰਿ ॥

ਮੇਰਾ ਮਾਲਕ ਸਦੀਵ ਹੀ ਸਾਰਿਆਂ ਨੂੰ ਪਰੀਪੂਰਨ ਕਰ ਰਿਹਾ ਹੈ।

ਇਸੁ ਭਗਤੀ ਕਾ, ਕੋਈ ਜਾਣੈ ਭੇਉ ॥

ਕੋਈ ਵਿਰਲਾ ਜਣਾ ਹੀ ਪ੍ਰਭੂ ਦੀ ਇਸ ਪਿਆਰੀ ਉਪਾਸ਼ਨਾ ਦੇ ਭੇਤ ਨੂੰ ਜਾਣਦਾ ਹੈ।

ਸਭੁ ਮੇਰਾ ਪ੍ਰਭੁ ਆਤਮ ਦੇਉ ॥੩॥

ਮੇਰਾ ਮਾਲਕ ਸਾਰੀਆਂ ਆਤਮਾਵਾਂ ਨੂੰ ਰੌਸ਼ਨ ਕਰਨ ਵਾਲਾ ਹੈ।

ਆਪੇ ਸਤਿਗੁਰੁ ਮੇਲਿ ਮਿਲਾਏ ॥

ਸੱਚੇ ਗੁਰੂ ਜੀ, ਖੁਦ ਹੀ ਬੰਦੇ ਨੂੰ ਪ੍ਰਭੂ ਦੇ ਮਿਲਾਪ ਅੰਦਰ ਮਿਲਾ ਦਿੰਦੇ ਹਨ।

ਜਗਜੀਵਨ ਸਿਉ, ਆਪਿ ਚਿਤੁ ਲਾਏ ॥

ਆਪੇ ਹੀ ਗੁਰੂ ਜੀ, ਉਸ ਦੇ ਮਨ ਨੂੰ ਜਗ ਦੀ ਜਿੰਦ-ਜਾਨ ਪ੍ਰਭੂ ਨਾਲ ਜੋੜ ਦਿੰਦੇ ਹਨ।

ਮਨੁ ਤਨੁ ਹਰਿਆ, ਸਹਜਿ ਸੁਭਾਏ ॥

ਉਸ ਦੀ ਆਤਮਾ ਤੇ ਦੇਹਿ ਸੁਤੇ ਸਿਧ ਹੀ ਰੇ ਭਰੇ ਹੋ ਜਾਂਦੇ ਹਨ।

ਨਾਨਕ, ਨਾਮਿ ਰਹੇ ਲਿਵ ਲਾਏ ॥੪॥੪॥

ਨਾਨਕ, ਉਹ ਪ੍ਰਭੂ ਦੇ ਨਾਮ ਦੇ ਪਿਆਰ ਅੰਦਰ ਲੀਨ ਹੋਇਆ ਰਹਿੰਦਾ ਹੈ।


ਬਸੰਤੁ ਮਹਲਾ ੩ ॥

ਬਸੰਤ ਤੀਜੀ ਪਾਤਿਸ਼ਾਹੀ।

ਭਗਤਿ ਵਛਲੁ ਹਰਿ, ਵਸੈ ਮਨਿ ਆਇ ॥

ਸੰਤਾਂ ਦਾ ਪਿਆਰਾ ਵਾਹਿਗੁਰੂ, ਚਿੱਤ ਅੰਦਰ ਟਿਕ ਜਾਂਦਾ ਹੈ,

ਗੁਰ ਕਿਰਪਾ ਤੇ ਸਹਜ ਸੁਭਾਇ ॥

ਗੁਰਾਂ ਦੀ ਦਇਆ ਦੁਆਰਾ, ਸੁਖੈਨ ਹੀ।

ਭਗਤਿ ਕਰੇ, ਵਿਚਹੁ ਆਪੁ ਖੋਇ ॥

ਆਪਣੇ ਅੰਦਰੋ ਹੰਗਤਾ ਨੂੰ ਮਾਰ ਕੇ ਜਦ ਬੰਦਾ ਉਸ ਦੀ ਪੂਜਾ ਕਰਦਾ ਹੈ,

ਤਦ ਹੀ, ਸਾਚਿ ਮਿਲਾਵਾ ਹੋਇ ॥੧॥

ਤਾਂ ਉਹ ਸੱਚੇ ਸੁਆਮੀ ਨੂੰ ਮਿਲ ਪੈਦਾ ਹੈ।

ਭਗਤ ਸੋਹਹਿ ਸਦਾ ਹਰਿ ਪ੍ਰਭ ਦੁਆਰਿ ॥

ਉਸ ਦੇ ਸੰਤ, ਸੁਆਮੀ ਵਾਹਿਗੁਰੂ ਦੇ ਬੂਹੇ ਤੇ ਹਮੇਸ਼ਾਂ ਸੁੰਦਰ ਲਗਦੇ ਹਨ।

ਗੁਰ ਕੈ ਹੇਤਿ, ਸਾਚੈ ਪ੍ਰੇਮ ਪਿਆਰਿ ॥੧॥ ਰਹਾਉ ॥

ਗੁਰਾਂ ਨਾਲ ਪਿਆਰ ਕਰਨ ਦੁਆਰਾ, ਉਨ੍ਹਾਂ ਦੀ ਸੱਚੇ ਸੁਆਮੀ ਨਾਲ ਪ੍ਰੀਤ ਤੇ ਪਿਰਹੜੀ ਪੈ ਜਾਂਦੀ ਹੈ। ਠਹਿਰਾਉ।

ਭਗਤਿ ਕਰੇ, ਸੋ ਜਨੁ ਨਿਰਮਲੁ ਹੋਇ ॥

ਜਿਹੜਾ ਜੀਵ ਸੁਆਮੀ ਦੀ ਸੇਵਾ ਕਰਦਾ ਹੈ, ਉਹ ਪਵਿੱਤਰ ਹੋ ਜਾਂਦਾ ਹੈ,

ਗੁਰ ਸਬਦੀ, ਵਿਚਹੁ ਹਉਮੈ ਖੋਇ ॥

ਤੇ ਗੁਰਾਂ ਦੇ ਉਪਦੇਸ਼ ਰਾਹੀਂ, ਆਪਣੀ ਸਵੈ-ਹੰਗਤਾ ਅੰਦਰੋ ਦੂਰ ਕਰ ਦਿੰਦਾ ਹੈ।

ਹਰਿ ਜੀਉ ਆਪਿ, ਵਸੈ ਮਨਿ ਆਇ ॥

ਪੂਜਨੀਯ ਪ੍ਰਭੂ ਖੁਦ ਆ ਕੇ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ,

ਸਦਾ ਸਾਂਤਿ, ਸੁਖਿ ਸਹਜਿ ਸਮਾਇ ॥੨॥

ਅਤੇ ਉਹ ਸਦੀਵ ਹੀ ਸ਼ਾਤੀ ਆਰਾਮ ਤੇ ਅਡੋਲਤਾ ਅੰਦਰ ਲੀਨ ਹੋਇਆ ਰਹਿੰਦਾ ਹੈ।

ਸਾਚਿ ਰਤੇ, ਤਿਨ ਸਦ ਬਸੰਤ ॥

ਜੋ ਸੱਚ ਨਾਲ ਰੰਗੀਜੇ ਹਨ ਉਹ ਹਮੇਸ਼ਾਂ ਖੁਸ਼ੀ ਅੰਦਰ ਹਨ।

ਮਨੁ ਤਨੁ ਹਰਿਆ, ਰਵਿ ਗੁਣ ਗੁਵਿੰਦ ॥

ਪ੍ਰਭੂ ਦਾ ਜੱਸ ਉਚਾਰਨ ਕਰਨ ਦੁਆਰਾ ਉਹਨਾਂ ਦੀ ਆਤਮਾ ਤੇ ਦੇਹਿ ਸਰਸਬਜ਼ ਹੋ ਜਾਂਦੇ ਹਨ।

ਬਿਨੁ ਨਾਵੈ, ਸੂਕਾ ਸੰਸਾਰੁ ॥

ਨਾਮ ਦੇ ਬਗੈਰ ਸੁੱਕੀ ਸੜੀ ਹੋਈ ਹੈ ਦੁਨੀਆਂ।

ਅਗਨਿ ਤ੍ਰਿਸਨਾ, ਜਲੈ ਵਾਰੋ ਵਾਰ ॥੩॥

ਖਾਹਿਸ਼ ਦੀ ਅੱਗ ਵਿੱਚ ਇਹ ਮੁੜ ਮੁੜ ਕੇ ਮੱਚਦੀ ਹੈ।

ਸੋਈ ਕਰੇ, ਜਿ ਹਰਿ ਜੀਉ ਭਾਵੈ ॥

ਜੇਕਰ ਇਨਸਾਨ ਕੇਵਲ ਓਹੀ ਕੁਛ ਕਰੇ, ਜਿਹੜਾ ਮਹਾਰਾਜ ਮਾਲਕ ਨੂੰ ਚੰਗਾ ਲਗਦਾ ਹੈ,

ਸੋਈ ਕਰੇ, ਜਿ ਹਰਿ ਜੀਉ ਭਾਵੈ ॥

ਜੇਕਰ ਇਨਸਾਨ ਕੇਵਲ ਓਹੀ ਕੁਛ ਕਰੇ, ਜਿਹੜਾ ਮਹਾਰਾਜ ਮਾਲਕ ਨੂੰ ਚੰਗਾ ਲਗਦਾ ਹੈ,

ਸਦਾ ਸੁਖੁ ਸਰੀਰਿ, ਭਾਣੈ ਚਿਤੁ ਲਾਵੈ ॥

ਤਾਂ ਉਸ ਦੀ ਦੇਹਿ ਹਮੇਸ਼ਾਂ ਆਰਾਮ ਅੰਦਰ ਵਸਦੀ ਹੈ, ਅਤੇ ਉਸ ਦਾ ਮਨ ਸੁਆਮੀ ਦੀ ਰਜ਼ਾ ਨਾਲ ਜੁੜਿਆ ਰਹਿੰਦਾ ਹੈ।

ਅਪਣਾ ਪ੍ਰਭੁ ਸੇਵੇ, ਸਹਜਿ ਸੁਭਾਇ ॥

ਉਹ ਆਪਣੇ-ਆਪ ਹੀ ਸਾਈਂ ਦੀ ਸੇਵਾ ਕਮਾਉਂਦਾ ਹੈ,

ਨਾਨਕ, ਨਾਮੁ ਵਸੈ ਮਨਿ ਆਇ ॥੪॥੫॥

ਅਤੇ ਨਾਮ ਆ ਕੇ ਉਸ ਦੇ ਚਿੱਤ ਅੰਦਰ ਟਿਕ ਜਾਂਦਾ ਹੈ, ਹੇ ਨਾਨਕ!


ਬਸੰਤੁ ਮਹਲਾ ੩ ॥

ਬਸੰਤ ਤੀਜੀ ਪਾਤਸ਼ਾਹੀ।

ਮਾਇਆ ਮੋਹੁ, ਸਬਦਿ ਜਲਾਏ ॥

ਸਾਈਂ ਦੇ ਨਾਮ ਦੁਆਰਾ, ਦੌਲਤ ਦੀ ਲਗਨ ਮੱਚ ਜਾਂਦੀ ਹੈ।

ਮਨੁ ਤਨੁ ਹਰਿਆ, ਸਤਿਗੁਰ ਭਾਏ ॥

ਸੱਚੇ ਗੁਰਾਂ ਦੀ ਪ੍ਰੀਤ ਰਾਹੀਂ ਜਿਦੜੀ ਅਤੇ ਦੇਹ ਹਰੇ ਭਰੇ ਹੋ ਜਾਂਦੇ ਹਨ।

ਸਫਲਿਓੁ ਬਿਰਖੁ, ਹਰਿ ਕੈ ਦੁਆਰਿ ॥

ਵਾਹਿਗੁਰੂ ਦੇ ਦਰ ਉਤੇ ਬੰਦੇ ਦੀ ਆਤਮਾ ਦਾ ਬਿਰਛ ਫਲ ਲੈ ਆਉਂਦਾ ਹੈ,

ਸਾਚੀ ਬਾਣੀ, ਨਾਮ ਪਿਆਰਿ ॥੧॥

ਅਤੇ ਉਸ ਦਾ ਮਨ ਸੱਚੀ ਗੁਰਬਾਣੀ ਅਤੇ ਪ੍ਰਭੂ ਦੇ ਨਾਲ ਮੁਹੱਬਤ ਕਰਨ ਲਗ ਜਾਂਦਾ ਹੈ।

ਏ ਮਨ ਹਰਿਆ, ਸਹਜ ਸੁਭਾਇ ॥

ਸੱਚੇ ਗੁਰਾਂ ਨੂੰ ਪਿਆਰ ਕਰਨ ਦੁਆਰਾ ਇਹ ਆਤਮਾ ਸੁਖੈਨ ਹੀ ਸਰਸਬਜ਼ ਹੋ ਜਾਂਦੀ ਹੈ,

ਸਚ ਫਲੁ ਲਾਗੈ, ਸਤਿਗੁਰ ਭਾਇ ॥੧॥ ਰਹਾਉ ॥

ਅਤੇ ਇਸ ਨੂੰ ਸੱਚਾ ਮੇਵਾ ਲੱਗ ਆਉਂਦਾ ਹੈ। ਠਹਿਰਾਉ।

ਆਪੇ ਨੇੜੈ, ਆਪੇ ਦੂਰਿ ॥

ਖੁਦ ਸੁਆਮੀ ਨਜ਼ਦੀਕ ਹੈ ਤੇ ਖੁਦ ਹੀ ਦੁਰੇਡੇ।

ਗੁਰ ਕੈ ਸਬਦਿ, ਵੇਖੈ ਸਦ ਹਜੂਰਿ ॥

ਗੁਰਾਂ ਦੇ ਉਪਦੇਸ਼ ਦੁਆਰਾ ਜੀਵ ਉਸ ਨੂੰ ਹਮੇਸ਼ਾਂ ਅੰਗ ਸੰਗ ਦੇਖਦਾ ਹੈ।

ਛਾਵ ਘਣੀ, ਫੂਲੀ ਬਨਰਾਇ ॥

ਬਨਾਸਪਤੀ ਪ੍ਰਫੁਲਤ ਹੋ ਗਈ ਹੈ ਅਤੇ ਸੰਘਣੀ ਛਾਂ ਦਿੰਦੀ ਹੈ।

ਗੁਰਮੁਖਿ ਬਿਗਸੈ, ਸਹਜਿ ਸੁਭਾਇ ॥੨॥

ਗੁਰਾਂ ਦੀ ਦਇਆ ਦੁਆਰਾ ਜੀਵ ਆਪ ਹੀ ਪ੍ਰਫੁਲਤ ਹੋ ਜਾਂਦਾ ਹੈ।

ਅਨਦਿਨੁ ਕੀਰਤਨੁ ਕਰਹਿ ਦਿਨ ਰਾਤਿ ॥

ਜੋ ਰੈਣ ਤੇ ਦਿਨ ਹਮੇਸ਼ਾਂ ਹੀ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ,

ਸਤਿਗੁਰਿ ਗਵਾਈ, ਵਿਚਹੁ ਜੂਠਿ ਭਰਾਂਤਿ ॥

ਉਸ ਦੇ ਅੰਦਰੋ ਸੱਚੇ ਗੁਰੂ ਜੀ ਪਾਪ ਅਤੇ ਭਰਮ ਕੱਢ ਦਿੰਦੇ ਹਨ।

ਪਰਪੰਚ ਵੇਖਿ, ਰਹਿਆ ਵਿਸਮਾਦੁ ॥

ਪ੍ਰਭੂ ਦੀ ਰਚਨਾ ਦੇਖ, ਮੈਂ ਹੈਰਾਨ ਹੋ ਰਿਹਾ ਹਾਂ।

ਗੁਰਮੁਖਿ ਪਾਈਐ, ਨਾਮ ਪ੍ਰਸਾਦੁ ॥੩॥

ਮੁਖੀ ਗੁਰਾਂ ਦੀ ਦਇਆ ਦੁਆਰਾ, ਪ੍ਰਭੂ ਦਾ ਨਾਮ ਪਰਾਪਤ ਹੁੰਦਾ ਹੈ।

ਆਪੇ ਕਰਤਾ, ਸਭਿ ਰਸ ਭੋਗ ॥

ਕਰਤਾਰ ਆਪ ਹੀ ਸਾਰੀਆਂ ਨਿਆਮਤਾਂ ਮਾਣਦਾ ਹੈ।

ਜੋ ਕਿਛੁ ਕਰੇ, ਸੋਈ ਪਰੁ ਹੋਗ ॥

ਜਿਹੜਾ ਕੁਝ ਸੁਆਮੀ ਕਰਦਾ ਹੈ, ਉਹ ਅਵੱਸ਼ ਹੀ ਹੋ ਆਉਂਦਾ ਹੈ।

ਵਡਾ ਦਾਤਾ, ਤਿਲੁ ਨ ਤਮਾਇ ॥

ਪ੍ਰਭੂ ਭਾਰਾ ਦਾਤਾਰ ਹੈ ਅਤੇ ਉਸ ਨੂੰ ਭੋਰਾ ਭਰ ਭੀ ਤਮ੍ਹਾਂ ਨਹੀਂ।

ਨਾਨਕ, ਮਿਲੀਐ ਸਬਦੁ ਕਮਾਇ ॥੪॥੬॥

ਨਾਮ ਦੀ ਕਮਾਈ ਕਰਨ ਦੁਆਰਾ ਹੇ ਨਾਨਕ! ਜੀਵ ਵਾਹਿਗੁਰੂ ਨਾਲ ਮਿਲ ਜਾਂਦਾ ਹੈ।


ਬਸੰਤੁ ਮਹਲਾ ੩ ॥

ਬਸੰਤ ਤੀਜੀ ਪਾਤਿਸ਼ਾਹੀ।

ਪੂਰੈ ਭਾਗਿ, ਸਚੁ ਕਾਰ ਕਮਾਵੈ ॥

ਪੂਰਨ ਪ੍ਰਾਲਬਧ ਰਾਹੀਂ ਬੰਦਾ ਸੱਚੇ ਕੰਮ ਕਰਦਾ ਹੈ।

ਏਕੋ ਚੇਤੈ, ਫਿਰਿ ਜੋਨਿ ਨ ਆਵੈ ॥

ਇੱਕ ਸੁਆਮੀ ਦਾ ਸਿਮਰਨ ਕਰਨ ਦੁਆਰਾ ਇਨਸਾਨ ਦੁਆਰਾ ਜੂਨੀਆਂ ਅੰਦਰ ਨਹੀਂ ਪੈਦਾ।

ਸਫਲ ਜਨਮੁ, ਇਸੁ ਜਗ ਮਹਿ ਆਇਆ ॥

ਇਸ ਜਹਾਨ ਵਿੱਚ ਫਲਦਾਇਕ ਹੈ ਆਗਮਨ ਤੇ ਜੀਵਨ ਉਸ ਦਾ,

ਸਾਚਿ ਨਾਮਿ, ਸਹਜਿ ਸਮਾਇਆ ॥੧॥

ਜੋ ਸੁਭਾਵਿਕ ਹੀ ਸਤਨਾਮ ਅੰਦਰ ਲੀਨ ਰਹਿੰਦਾ ਹੈ।

ਗੁਰਮੁਖਿ ਕਾਰ ਕਰਹੁ, ਲਿਵ ਲਾਇ ॥

ਗੁਰਾਂ ਦੀ ਦਇਆ ਦੁਆਰਾ ਤੂੰ ਪ੍ਰੇਮ ਨਾਲ ਪ੍ਰਭੂ ਦੀ ਸੇਵਾ ਕਮਾ।

ਹਰਿ ਨਾਮੁ ਸੇਵਹੁ, ਵਿਚਹੁ ਆਪੁ ਗਵਾਇ ॥੧॥ ਰਹਾਉ ॥

ਅੰਦਰੋ ਹੰਕਾਰ ਨੂੰ ਗੁਆ ਕੇ ਤੂੰ ਪ੍ਰਭੂ ਦੇ ਨਾਮ ਦੀ ਉਪਾਸ਼ਨਾ ਕਰ। ਠਹਿਰਾਉ।

ਤਿਸੁ ਜਨ ਕੀ ਹੈ, ਸਾਚੀ ਬਾਣੀ ॥

ਸੱਚੀ ਹੈ ਬੋਲ ਬਾਣੀ ਐਸੇ ਪੁਰਸ਼ ਦੀ,

ਗੁਰ ਕੈ ਸਬਦਿ, ਜਗ ਮਾਹਿ ਸਮਾਣੀ ॥

ਜੋ ਗੁਰਾਂ ਦੇ ਉਪਦੇਸ਼ ਦੇ ਅਨੁਕੂਲ ਹੋਣ ਕਰਕੇ, ਇਹ ਜਹਾਨ ਅੰਦਰ ਪ੍ਰਚੱਲਤ ਹੋ ਜਾਂਦੀ ਹੈ।

ਚਹੁ ਜੁਗ ਪਸਰੀ, ਸਾਚੀ ਸੋਇ ॥

ਉਸ ਦੀ ਸੱਚੀ ਸੋਭਾ ਚੌਹਾਂ ਹੀ ਯੁਗਾਂ ਵਿੱਚ ਫੈਲ ਰਹੀ ਹੈ।

ਨਾਮਿ ਰਤਾ, ਜਨੁ ਪਰਗਟੁ ਹੋਇ ॥੨॥

ਨਾਮ ਨਾਲ ਰੰਗਿਆ ਹੋਇਆ ਰੱਬ ਦਾ ਗੋਲਾ ਪ੍ਰਸਿੱਧ ਹੋ ਜਾਂਦਾ ਹੈ।

ਇਕਿ ਸਾਚੈ ਸਬਦਿ, ਰਹੈ ਲਿਵ ਲਾਇ ॥

ਕਈ ਸੱਚੇ ਨਾਮ ਦੀ ਪ੍ਰੀਤ ਅੰਦਰ ਲੀਨ ਰਹਿੰਦੇ ਹਨ।

ਸੇ ਜਨ ਸਾਚੇ, ਸਾਚੈ ਭਾਇ ॥

ਸੱਚੇ ਹਨ ਊਹ ਪੁਰਸ਼, ਜੋ ਸੱਚੇ ਪ੍ਰਭੂ ਨੂੰ ਪਿਆਰ ਕਰਦੇ ਹਨ।

ਸਾਚੁ ਧਿਆਇਨਿ, ਦੇਖਿ ਹਜੂਰਿ ॥

ਸੱਚੇ ਸਾਈਂ ਨੂੰ ਐਨ ਲਾਗੇ ਵੇਖ, ਉਹ ਉਸਦਾ ਚਿੰਤਨ ਕਰਦੇ ਹਨ।

ਸੰਤ ਜਨਾ ਕੀ, ਪਗ ਪੰਕਜ ਧੂਰਿ ॥੩॥

ਊਹ ਆਪਣੇ ਆਪ ਨੂੰ ਸਾਧ-ਸਰੂਪ ਪੁਰਸ਼ਾਂ ਦੇ ਕੰਵਲ ਰੂਪੀ ਪੈਰਾਂ ਦੀ ਧੂੜ ਖਿਆਲ ਕਰਦੇ ਹਨ।

ਏਕੋ ਕਰਤਾ, ਅਵਰੁ ਨ ਕੋਇ ॥

ਕੇਵਲ ਇਕੋ ਹੀ ਸਿਰਜਣਹਾਰ ਸੁਆਮੀ ਹੈ। ਹੋਰ ਕੋਈ ਨਹੀਂ।

ਗੁਰ ਸਬਦੀ, ਮੇਲਾਵਾ ਹੋਇ ॥

ਗੁਰਾਂ ਦੀ ਬਾਣੀ ਰਾਹੀਂ, ਜੀਵ ਹਰੀ ਨਾਲ ਮਿਲ ਜਾਂਦਾ ਹੈ।

ਜਿਨਿ ਸਚੁ ਸੇਵਿਆ, ਤਿਨਿ ਰਸੁ ਪਾਇਆ ॥

ਜੋ ਕੋਈ ਸੱਚੇ ਸਾਈਂ ਦੀ ਘਾਲ ਕਮਾਊਦਾ ਹੈ, ਉਹ ਖੁਸ਼ੀ ਨੂੰ ਪ੍ਰਾਪਤ ਹੋ ਜਾਂਦਾ ਹੈ।

ਨਾਨਕ, ਸਹਜੇ ਨਾਮਿ ਸਮਾਇਆ ॥੪॥੭॥
ਨਾਨਕ ਊਹ ਸੁਖੈਨ ਹੀ ਸਾਹਿਬ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।

ਬਸੰਤੁ ਮਹਲਾ ੩ ॥

ਬਸੰਤ ਤੀਜੀ ਪਾਤਸ਼ਾਹੀ।

ਭਗਤਿ ਕਰਹਿ ਜਨ, ਦੇਖਿ ਹਜੂਰਿ ॥

ਸਾਹਿਬ ਨੂੰ ਐਨ ਹਾਜਰ ਨਾਜਰ ਵੇਖ, ਉਸ ਦਾ ਗੋਲਾ ਉਸ ਦੀ ਘਾਲ ਕਮਾਉਂਦਾ ਹੈ,

ਸੰਤ ਜਨਾ ਕੀ, ਪਗ ਪੰਕਜ ਧੂਰਿ ॥

ਅਤੇ ਆਪ ਨੂੰ ਸਾਧੂ ਪੁਰਸ਼ਾਂ ਦੇ ਕੰਵਲ ਪੈਰਾਂ ਦੀ ਧੂੜ ਖਿਆਲ ਕਰਦਾ ਹੈ।

ਹਰਿ ਸੇਤੀ ਸਦ ਰਹਹਿ ਲਿਵ ਲਾਇ ॥

ਜੋ ਪ੍ਰੇਮ ਅੰਦਰ ਹਮੇਸ਼ਾਂ ਵਾਹਿਗੁਰੂ ਨਾਲ ਜੁੜੇ ਰਹਿੰਦੇ ਹਨ,

ਪੂਰੈ ਸਤਿਗੁਰਿ ਦੀਆ ਬੁਝਾਇ ॥੧॥

ਪੂਰਨ ਸੱਚੇ ਗੁਰਦੇਵ ਜੀ ਊਨ੍ਹਾਂ ਨੂੰ ਗਿਆਤ ਦਰਸਾ ਦਿੰਦੇ ਹਨ।

ਦਾਸਾ ਕਾ ਦਾਸੁ, ਵਿਰਲਾ ਕੋਈ ਹੋਇ ॥

ਕੋਈ ਇੱਕ ਅੱਧਾ ਹੀ ਸਾਈਂ ਦੇ ਗੋਲਿਆਂ ਦਾ ਗੋਲਾ ਬਣਦਾ ਹੈ।

ਊਤਮ ਪਦਵੀ ਪਾਵੈ ਸੋਇ ॥੧॥ ਰਹਾਉ ॥

ਊਹ ਸਰੇਸ਼ਟ ਮਰਤਬੇ ਨੂੰ ਪ੍ਰਾਪਤ ਹੋ ਜਾਂਦਾ ਹੈ। ਠਹਿਰਾਉ।

ਏਕੋ ਸੇਵਹੁ, ਅਵਰੁ ਨ ਕੋਇ ॥

ਤੂੰ ਇੱਕ ਪ੍ਰਭੂ ਦੀ ਘਾਲ ਕਮਾ ਤੇ ਹੋਰ ਕਿਸੇ ਦੀ ਨਹੀਂ,

ਜਿਤੁ ਸੇਵਿਐ, ਸਦਾ ਸੁਖੁ ਹੋਇ ॥

ਜਿਸ ਦੀ ਸੇਵਾ ਕਰਨ ਨਾਲ ਸਦੀਵੀ ਆਰਾਮ ਪ੍ਰਾਪਤ ਹੋ ਜਾਂਦਾ ਹੈ।

ਨਾ ਓਹੁ ਮਰੈ, ਨ ਆਵੈ ਜਾਇ ॥

ਊਹ ਪ੍ਰਭ ਮਰਦਾ ਨਹੀਂ, ਨਾਂ ਹੀ ਊਹ ਆਉਂਦਾ ਤੇ ਜਾਂਦਾ ਹੈ।

ਤਿਸੁ ਬਿਨੁ, ਅਵਰੁ ਸੇਵੀ ਕਿਉ? ਮਾਇ! ॥੨॥

ਉਸ ਦੇ ਬਾਝੋਂ, ਮੈਂ ਹੋਰ ਕਿਸੇ ਦੀ ਕਿਉਂ ਟਹਿਲ ਕਰਾਂ, ਹੇ ਮਾਤਾ?

ਸੇ ਜਨ ਸਾਚੇ, ਜਿਨੀ ਸਾਚੁ ਪਛਾਣਿਆ ॥

ਸੱਚੇ ਹਨ ਊਹ ਪੁਰਸ਼, ਜੋ ਸੱਚੇ ਸੁਆਮੀ ਨੂੰ ਅਨੁਭਵ ਕਰਦੇ ਹਨ।

ਆਪੁ ਮਾਰਿ, ਸਹਜੇ ਨਾਮਿ ਸਮਾਣਿਆ ॥

ਆਪਣੀ ਸ੍ਵੈ-ਹੰਗਤਾ ਨੂੰ ਮੇਟ ਕੇ ਉਹ ਸੁਖੈਨ ਹੀ ਨਾਮ ਵਿੱਚ ਲੀਨ ਹੋ ਜਾਂਣੇ ਹਨ।

ਗੁਰਮੁਖਿ, ਨਾਮੁ ਪਰਾਪਤਿ ਹੋਇ ॥

ਗੁਰਾਂ ਦੀ ਦਇਆ ਦੁਆਰਾ, ਨਾਮ ਪਾਇਆ ਜਾਂਦਾ ਹੈ।

ਮਨੁ ਨਿਰਮਲੁ, ਨਿਰਮਲ ਸਚੁ ਸੋਇ ॥੩॥

ਪਵਿੱਤਰ ਹੋ ਜਾਂਦੀ ਹੈ ਐਸੇ ਪੁਰਸ਼ ਦੀ ਆਤਮਾਂ ਅਤੇ ਬੇਦਾਗ ਤੇ ਸੱਚੀ ਹੋ ਜਾਂਦੀ ਹੈ ਉਸ ਦੀ ਸ਼ੁਹਰਤ।

ਜਿਨਿ ਗਿਆਨੁ ਕੀਆ, ਤਿਸੁ ਹਰਿ ਤੂ ਜਾਣੁ ॥

ਤੂੰ ਉਸ ਵਾਹਿਗੁਰੂ ਦੀ ਸਿੰਞਾਣ ਕਰ, ਜਿਸ ਨੇ ਤੈਨੂੰ ਗਿਆਨਵਾਨ ਬਣਾਇਆ ਹੈ,

ਸਾਚ ਸਬਦਿ, ਪ੍ਰਭੁ ਏਕੁ ਸਿਞਾਣੁ ॥

ਅਤੇ ਗੁਰਾਂ ਦੇ ਸੱਚੇ ਉਪਦੇਸ਼ ਰਾਹੀਂ ਤੂੰ ਇੱਕ ਸੁਆਮੀ ਨੂੰ ਹੀ ਅਨੁਭਵ ਕਰ।

ਹਰਿ ਰਸੁ ਚਾਖੈ, ਤਾਂ ਸੁਧਿ ਹੋਇ ॥

ਜਦ ਇਨਸਾਨ ਵਾਹਿਗੁਰੂ ਦੇ ਅੰਮ੍ਰਿਤ ਨੂੰ ਚੱਖਦਾ; ਹੈ, ਤਦ ਹੀ ਉਹ ਪਵਿੱਤਰ ਹੁੰਦਾ ਹੈ।

ਨਾਨਕ, ਨਾਮਿ ਰਤੇ ਸਚੁ ਸੋਇ ॥੪॥੮॥

ਨਾਨਕ ਸੱਚੀ ਹੈ ਸ਼ੋਭਾ ਉਹਨਾਂ ਦੀ ਜੋ ਨਾਮ ਨਾਲ ਰੰਗੀਜੇ ਹਨ।


ਬਸੰਤੁ ਮਹਲਾ ੩ ॥

ਬਸੰਤ ਤੀਜੀ ਪਾਤਿਸ਼ਾਹੀ।

ਨਾਮਿ ਰਤੇ, ਕੁਲਾਂ ਕਾ ਕਰਹਿ ਉਧਾਰੁ ॥

ਜੋ ਨਾਮ ਨਾਲ ਰੰਗੇ ਹਨ ਊਹ ਆਪਣੀਆਂ ਪੀੜੀਆਂ ਦਾ ਪਾਰ ਊਤਾਰਾ ਕਰ ਦਿੰਦੇ ਹਨ।

ਸਾਚੀ ਬਾਣੀ, ਨਾਮ ਪਿਆਰੁ ॥

ਸੱਚੀ ਹੈ ਉਹਨਾਂ ਦੀ ਬੋਲਬਾਣੀ ਕਿਉਂ ਜੋ ਉਹ ਨਾਮ ਨਾਲ ਪ੍ਰੇਮ ਕਰਦੇ ਹਨ।

ਮਨਮੁਖ ਭੂਲੇ, ਕਾਹੇ ਆਏ ॥

ਕੁਰਾਹੇ ਪਏ ਹੋਏ ਮਨਮਤੀਏ ਕਿਉਂ ਸੰਸਾਰ ਵਿੱਚ ਆਏ ਹਨ?

ਨਾਮਹੁ ਭੂਲੇ, ਜਨਮੁ ਗਵਾਏ ॥੧॥

ਨਾਮ ਨੂੰ ਭੁਲਾ ਕੇ ਉਹ ਮਨੁਖਾ ਜੀਵਨ ਨੂੰ ਗੁਆ ਲੈਂਦੇ ਹਨ।

ਜੀਵਤ ਮਰੈ, ਮਰਿ ਮਰਣੁ ਸਵਾਰੈ ॥

ਜੋ ਜੀਉਂਦੇ ਜੀ ਮਰ ਜਾਂਦਾ ਹੈ, ਐਸ ਤਰ੍ਹਾਂ ਮਰਨ ਦੁਆਰਾ, ਉਹ ਆਪਣੀ ਮੌਤ ਨੂੰ ਸ਼ਸ਼ੋਭਤ ਕਰ ਲੈਂਦਾ ਹੈ।

ਗੁਰ ਕੈ ਸਬਦਿ, ਸਾਚੁ ਉਰ ਧਾਰੈ ॥੧॥ ਰਹਾਉ ॥

ਗੁਰਾਂ ਦੇ ਉਪਦੇਸ਼ ਦੁਆਰਾ ਸੱਚੇ ਨਾਮ ਨੂੰ ਦਿਲ ਅੰਦਰ ਟਿਕਾ ਲੈਂਦਾ ਹੈ। ਠਹਿਰਾਉ।

ਗੁਰਮੁਖਿ ਸਚੁ ਭੋਜਨੁ, ਪਵਿਤੁ ਸਰੀਰਾ ॥

ਸੱਚ ਹੈ ਗੁਰੂ ਅਨੁਸਾਰੀ ਦਾ ਖਾਣਾ ਅਤੇ ਪਾਵਨ ਉਸ ਦੀ ਦੇਹ,

ਮਨੁ ਨਿਰਮਲੁ, ਸਦ ਗੁਣੀ ਗਹੀਰਾ ॥

ਤੇ ਉਸ ਦਾ ਹਿਰਦਾ ਪਵਿੱਤਰ ਹੈ ਅਤੇ ਉਹ ਸਦੀਵ ਹੀ ਨੇਕੀਆਂ ਦਾ ਸਮੁੰਦਰ ਹੈ।

ਜੰਮੈ ਮਰੈ ਨ ਆਵੈ ਜਾਇ ॥

ਊਹ ਆਉਂਦਾ ਤੇ ਜਾਂਦਾ ਨਹੀਂ, ਨਾਂ ਹੀ ਉਹ ਆਵਾਗਉਣ ਵਿੱਚ ਪੈਦਾ ਹੈ।

ਗੁਰ ਪਰਸਾਦੀ, ਸਾਚਿ ਸਮਾਇ ॥੨॥

ਗੁਰਾਂ ਦੀ ਮਿਹਰ ਸਦਕਾ, ਉਹ ਸੱਚੇ ਸਾਈਂ ਅੰਦਰ ਲੀਨ ਹੋ ਜਾਂਦਾ ਹੈ।

ਸਾਚਾ ਸੇਵਹੁ, ਸਾਚੁ ਪਛਾਣੈ ॥

ਜੇਕਰ ਜੀਵ ਸੱਚੇ ਸਾਹਿਬ ਨੂੰ ਸੇਵਦਾ ਅਤੇ ਸੱਚੇ ਸਾਹਿਬ ਨੂੰ ਹੀ ਅਨੁਭਵ ਕਰਦਾ ਹੈ,

ਗੁਰ ਕੈ ਸਬਦਿ, ਹਰਿ ਦਰਿ ਨੀਸਾਣੈ ॥

ਤਦ ਗੁਰਾਂ ਦੀ ਬਾਣੀ ਰਾਹੀਂ ਉਹ ਝੰਡੇ ਝੁਲਾਉਂਦਾ ਵਾਹਿਗੁਰੂ ਦੇ ਦਰਬਾਰ ਨੂੰ ਜਾਂਦਾ ਹੈ।

ਦਰਿ ਸਾਚੈ, ਸਚੁ ਸੋਭਾ ਹੋਇ ॥

ਸੱਚੀ ਦਰਗਾਹ ਵਿਚ ਉਸ ਨੂੰ ਸੱਚੀ ਪ੍ਰਭਤਾ ਪ੍ਰਾਪਤ ਹੁੰਦੀ ਹੈ,

ਨਿਜ ਘਰਿ ਵਾਸਾ, ਪਾਵੈ ਸੋਇ ॥੩॥

ਅਤੇ ਉਹ ਨਿਜ ਦੇ ਗ੍ਰਹਿ ਅੰਦਰ ਵਸੇਬਾ ਪਾ ਲੈਂਦਾ ਹੈ।

ਆਪਿ ਅਭੁਲੁ, ਸਚਾ ਸਚੁ ਸੋਇ ॥

ਉਹ ਸਚਿਆਰਾਂ ਦਾ ਪਰਮ ਸਚਿਆਰਾ, ਖੁਦ ਅਚੂਕ ਹੈ।

ਹੋਰਿ ਸਭਿ ਭੂਲਹਿ, ਦੂਜੈ ਪਤਿ ਖੋਇ ॥

ਹੋਰ ਸਾਰੇ ਭੁਲਦੇ ਹਨ ਅਤੇ ਦਵੈਤ ਭਾਵ ਅੰਦਰ ਆਪਣੀ ਇਜਤ ਆਬਰੂ ਗੁਆ ਲੈਂਦੇ ਹਨ।

ਸਾਚਾ ਸੇਵਹੁ, ਸਾਚੀ ਬਾਣੀ ॥

ਸੱਚੀ ਗੁਰਬਾਣੀ ਦੇ ਰਾਹੀਂ, ਤੂੰ ਸੱਚੇ ਸਾਹਿਬ ਦੀ ਘਾਲ ਕਮਾ।

ਨਾਨਕ, ਨਾਮੇ ਸਾਚਿ ਸਮਾਣੀ ॥੪॥੯॥

ਨਾਨਕ ਨਾਮ ਦਾ ਆਰਾਧਨ ਕਰਨ ਦੁਆਰਾ ਇਨਸਾਨ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।


ਬਸੰਤੁ ਮਹਲਾ ੩ ॥

ਬਸੰਤ ਤੀਜੀ ਪਾਤਿਸ਼ਾਹੀ।

ਬਿਨੁ ਕਰਮਾ, ਸਭ ਭਰਮਿ ਭੁਲਾਈ ॥

ਵਾਹਿਗੁਰੂ ਦੀ ਮਿਹਰ ਦੇ ਬਾਝੋਂ ਸਾਰੇ ਹੀ ਸੰਦੇਹ ਅੰਦਰ ਭੁਲੇ ਫਿਰਦੇ ਹਨ।

ਮਾਇਆ ਮੋਹਿ, ਬਹੁਤੁ ਦੁਖੁ ਪਾਈ ॥

ਧਨ ਦੌਲਤ ਦੀ ਲਗਨ ਰਾਹੀਂ ਬੰਦਾ ਘਣੇਰੀ ਤਕਲੀਫ ਭੋਗਦਾ ਹੈ।

ਮਨਮੁਖ ਅੰਧੇ, ਠਉਰ ਨ ਪਾਈ ॥

ਅੰਨ੍ਹੇ ਆਪ ਹੁਦਰੇ ਨੂੰ ਕੋਈ ਭੀ ਆਰਾਮ ਦੀ ਥਾਂ ਨਹੀਂ ਮਿਲਦੀ।

ਬਿਸਟਾ ਕਾ ਕੀੜਾ, ਬਿਸਟਾ ਮਾਹਿ ਸਮਾਈ ॥੧॥

ਉਹ ਗੰਦਗੀ ਦਾ ਕਿਰਮ ਹੈ ਅਤੇ ਗੰਦਗੀ ਅੰਦਰ ਹੀ ਗਲ ਸੜ ਜਾਂਦਾ ਹੈ।

ਹੁਕਮੁ ਮੰਨੇ, ਸੋ ਜਨੁ ਪਰਵਾਣੁ ॥

ਜੋ ਕੋਈ ਪ੍ਰਭੂ ਦੀ ਰਜਾ ਨੂੰ ਮੰਨਦਾ ਹੈ, ਉਹ ਪੁਰਸ਼ ਕਬੂਲ ਪੈ ਜਾਂਦਾ ਹੈ।

ਗੁਰ ਕੈ ਸਬਦਿ, ਨਾਮਿ ਨੀਸਾਣੁ ॥੧॥ ਰਹਾਉ ॥

ਗੁਰਾਂ ਦੇ ਉਪਦੇਸ਼ ਦੁਆਰਾ, ਉਸ ਨੂੰ ਨਾਮ ਦਾ ਝੰਡਾ ਪ੍ਰਾਪਤ ਹੋ ਜਾਂਦਾ ਹੈ। ਠਹਿਰਾਉ।

ਸਾਚਿ ਰਤੇ, ਜਿਨ੍ਹ੍ਹਾ ਧੁਰਿ ਲਿਖਿ ਪਾਇਆ ॥

ਜਿਨ੍ਹਾਂ ਦੇ ਭਾਗਾਂ ਵਿੱਚ ਮੁਢਲੀ ਐਸੀ ਲਿਖਤਾਕਾਰ ਹੈ, ਉਹ ਸੱਚੇ ਨਾਮ ਨਾਲ ਰੰਗੇ ਜਾਂਦੇ ਹਨ।

ਹਰਿ ਕਾ ਨਾਮੁ, ਸਦਾ ਮਨਿ ਭਾਇਆ ॥

ਰੱਬ ਦਾ ਨਾਮ ਹਮੇਸ਼ਾਂ ਉਹਨਾਂ ਦੇ ਚਿੱਤ ਨੂੰ ਚੰਗਾ ਲੱਗਦਾ ਹੈ।

ਸਤਿਗੁਰ ਕੀ ਬਾਣੀ, ਸਦਾ ਸੁਖੁ ਹੋਇ ॥

ਸੱਚੇ ਗੁਰਾਂ ਦੀ ਬਾਣੀ ਦੁਆਰਾ, ਕਾਲ ਸਤਾਈ ਆਰਾਮ ਪ੍ਰਾਪਤ ਹੋ ਜਾਂਦਾ ਹੈ।

ਜੋਤੀ ਜੋਤਿ ਮਿਲਾਏ ਸੋਇ ॥੨॥

ਇਸ ਦੇ ਰਾਹੀਂ ਜੀਵ ਦੀ ਆਤਮਾ ਉਸ ਪਰਮ ਆਤਮਾ ਅੰਦਰ ਲੀਨ ਹੋ ਜਾਂਦੀ ਹੈ।

ਏਕੁ ਨਾਮੁ, ਤਾਰੇ ਸੰਸਾਰੁ ॥

ਕੇਵਲ ਨਾਮ ਹੀ ਜਗਤ ਦਾ ਪਾਰ ਉਤਾਰਾ ਕਰਦਾ ਹੈ।

ਗੁਰ ਪਰਸਾਦੀ, ਨਾਮ ਪਿਆਰੁ ॥

ਗੁਰਾਂ ਦੀ ਦਇਆ ਦੁਆਰਾ, ਬੰਦੇ ਦਾ ਨਾਮ ਨਾਲ ਪ੍ਰੇਮ ਪੈ ਜਾਂਦਾ ਹੈ।

ਬਿਨੁ ਨਾਮੈ, ਮੁਕਤਿ ਕਿਨੈ ਨ ਪਾਈ ॥

ਨਾਮ ਦੇ ਬਾਝੋਂ, ਕਿਸੇ ਨੂੰ ਭੀ ਕਲਿਆਣ ਪ੍ਰਾਪਤ ਨਹੀਂ ਹੁੰਦਾ।

ਪੂਰੇ ਗੁਰ ਤੇ, ਨਾਮੁ ਪਲੈ ਪਾਈ ॥੩॥

ਪੂਰਨ ਗੁਰਾਂ ਦੇ ਰਾਹੀਂ ਹੀ ਭਾਣੀ ਨੂੰ ਪ੍ਰਭੂ ਦੇ ਨਾਮ ਦੀ ਦਾਤ ਪ੍ਰਦਾਨ ਹੁਦੀ ਹੈ।

ਸੋ ਬੂਝੈ, ਜਿਸੁ ਆਪਿ ਬੁਝਾਏ ॥

ਕੇਵਲ ਉਹ ਹੀ ਸਮਝਦਾ ਹੈ, ਜਿਸ ਨੂੰ ਸੁਆਮੀ ਖੁਦ ਦਰਸਾਉਂਦਾ ਹੈ।

ਸਤਿਗੁਰ ਸੇਵਾ, ਨਾਮੁ ਦ੍ਰਿੜ੍ਹ੍ਹਾਏ ॥

ਸੱਚੇ ਗੁਰਾਂ ਦੀ ਚਾਕਰੀ ਰਾਹੀਂ, ਪਾਣੀ ਦੇ ਅੰਦਰ ਨਾਮ ਪੱਕਾ ਹੋ ਜਾਂਦਾ ਹੈ।

ਜਿਨ ਇਕੁ ਜਾਤਾ, ਸੇ ਜਨ ਪਰਵਾਣੁ ॥

ਜੋ ਇਥੇ ਸੁਆਮੀ ਨੂੰ ਜਾਣਦੇ ਹਨ, ਪ੍ਰਮਾਣੀਕ ਹਨ ਉਹ ਪੁਰਸ਼।

ਨਾਨਕ ਨਾਮਿ ਰਤੇ, ਦਰਿ ਨੀਸਾਣੁ ॥੪॥੧੦॥

ਨਾਨਕ ਜੋ ਨਾਮ ਨਾਲ ਰੰਗੀਜੇ ਹਨ, ਉਹ ਨਾਮ ਦਾ ਝੰਡਾ ਲਹਿਰਾਉਂਦੇ ਹੋਏ ਪ੍ਰਭੂ ਦੇ ਦਰਬਾਰ ਨੂੰ ਜਾਂਦੇ ਹਨ, ਹੇ ਨਾਨਕ!


ਬਸੰਤੁ ਮਹਲਾ ੩ ॥

ਬਸੰਤ ਤੀਜੀ ਪਾਤਸ਼ਾਹੀ।

ਕ੍ਰਿਪਾ ਕਰੇ, ਸਤਿਗੁਰੂ ਮਿਲਾਏ ॥

ਆਪਣੀ ਮਿਹਰ ਧਾਰ, ਪਭੂ ਜੀਵ ਨੂੰ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈ।

ਆਪੇ ਆਪਿ, ਵਸੈ ਮਨਿ ਆਏ ॥

ਖੁਦ ਆ ਕੇ ਪ੍ਰਭੂ ਜੀਵ ਦੇ ਚਿੱਤ ਅੰਦਰ ਟਿਕ ਜਾਂਦਾ ਹੈ।

ਨਿਹਚਲ ਮਤਿ, ਸਦਾ ਮਨ ਧੀਰ ॥

ਅਹਿਲ ਹੋ ਜਾਂਦੀ ਹੈ ਅਕਲ ਅਤੇ ਸਦੀਵੀ ਧੀਰਜਵਾਨ ਉਸ ਦਾ ਮਨੂਆ,

ਹਰਿ ਗੁਣ ਗਾਵੈ, ਗੁਣੀ ਗਹੀਰ ॥੧॥

ਜੋ ਨੇਕੀਆਂ ਦੇ ਸਮੁੰਦਰ ਵਾਹਿਗੁਰੂ ਦਾ ਜਸ ਗਾਇਨ ਕਰਦਾ ਹੈ।

ਨਾਮਹੁ ਭੂਲੇ, ਮਰਹਿ ਬਿਖੁ ਖਾਇ ॥

ਜੋ ਨਾਮ ਨੂੰ ਭੁਲਾਊਦੇ ਹਨ ਉਹ ਜਹਿਰ ਖਾ ਕੇ ਮਰ ਜਾਂਦੇ ਹਨ।

ਬ੍ਰਿਥਾ ਜਨਮੁ, ਫਿਰਿ ਆਵਹਿ ਜਾਇ ॥੧॥ ਰਹਾਉ ॥

ਵਿਅਰਥ ਹੈ ਉਹਨਾਂ ਦਾ ਜੀਵਨ ਅਤੇ ਉਹ ਮੁੜ ਮੁੜ ਕੇ ਆਉਂਦੇ ਤੇ ਜਾਂਦੇ ਰਹਿੰਦੇ ਹਨ। ਠਹਿਰਾਉ।

ਬਹੁ ਭੇਖ ਕਰਹਿ, ਮਨਿ ਸਾਂਤਿ ਨ ਹੋਇ ॥

ਘਣੇਰੇ ਧਾਰਮਕ ਭੇਸ ਧਾਰਨ ਕਰਨ ਦੁਆਰਾ ਆਤਮਾਂ ਠੰਢੀ ਠਾਰ ਨਹੀਂ ਹੁੰਦੀ।

ਬਹੁ ਅਭਿਮਾਨਿ, ਅਪਣੀ ਪਤਿ ਖੋਇ ॥

ਬਹੁਤੇ ਹੰਕਾਰੀ ਦੇ ਰਾਹੀਂ, ਆਦਮੀ ਆਪਣੀ ਇਜਤ ਗੁਆ ਲੈਂਦਾ ਹੈ।

ਸੇ ਵਡਭਾਗੀ, ਜਿਨ ਸਬਦੁ ਪਛਾਣਿਆ ॥

ਭਾਰੇ ਨਸੀਬਾਂ ਵਾਲੇ ਹਨ ਊਹ ਜੋ ਪ੍ਰਭੂ ਦੇ ਨਾਮ ਨੂੰ ਅਨੁਭਵ ਕਰਦੇ ਹਨ,

ਬਾਹਰਿ ਜਾਦਾ, ਘਰ ਮਹਿ ਆਣਿਆ ॥੨॥

ਤੇ ਬਾਹਰ ਫਿਰਦੇ ਮਨ ਨੂੰ ਘਰ ਵਿੱਚ ਲੈ ਆਉਂਦੇ ਹਨ।

ਘਰ ਮਹਿ ਵਸਤੁ, ਅਗਮ ਅਪਾਰਾ ॥

ਧਾਮ ਦੇ ਅੰਦਰ ਹੀ ਅਪੁਜ ਅਤੇ ਅਨੰਤ ਵਸਤੂ ਹੈ।

ਗੁਰਮਤਿ ਖੋਜਹਿ, ਸਬਦਿ ਬੀਚਾਰਾ ॥

ਜੋ ਗੁਰਾਂ ਦੇ ਉਪਦੇਸ਼ ਰਾਹੀਂ ਇਸ ਨੂੰ ਲੱਭ ਪੈਦੇ ਹਨ, ਉਹ ਨਾਮ ਦਾ ਚਿੰਤਨ ਕਰਦੇ ਹਨ।

ਨਾਮੁ ਨਵ ਨਿਧਿ ਪਾਈ, ਘਰ ਹੀ ਮਾਹਿ ॥

ਜੋ ਧਾਮ ਅੰਦਰ ਹੀ ਨਾਮ ਦੇ ਨੌ ਖਜਾਨਿਆਂ ਨੂੰ ਪਾ ਲੈਂਦੇ ਹਨ,

ਸਦਾ ਰੰਗਿ ਰਾਤੇ, ਸਚਿ ਸਮਾਹਿ ॥੩॥

ਉਹ ਹਮੇਸ਼ਾਂ ਪ੍ਰਭੂ ਦੇ ਪ੍ਰੇਮ ਨਾਲ ਰੰਗੇ ਰਹਿੰਦੇ ਹਨ ਅਤੇ ਸੱਚ ਵਿੱਚ ਲੀਨ ਹੋ ਜਾਂਦੇ ਹਨ।

ਆਪਿ ਕਰੇ ਕਿਛੁ, ਕਰਣੁ ਨ ਜਾਇ ॥

ਵਾਹਿਗੁਰੂ ਖੁਦ ਹੀ ਸਾਰਾ ਕੁਛ ਕਰਦਾ ਹੈ। ਆਪ, ਇਨਸਾਨ ਕੁਛ ਭੀ ਨਹੀਂ ਕਰ ਸਕਦਾ।

ਆਪੇ ਭਾਵੈ, ਲਏ ਮਿਲਾਇ ॥

ਜਦ ਪ੍ਰਭੂ ਨੂੰ ਭਾਊਦਾ ਹੈ, ਊਹ ਬੰਦੇ ਨੂੰ ਨਾਲ ਮਿਲਾ ਲੈਂਦਾ ਹੈ।

ਤਿਸ ਤੇ ਨੇੜੈ, ਨਾਹੀ ਕੋ ਦੂਰਿ ॥

ਸਾਰੇ ਹੀ ਉਸ ਦੇ ਨਜਦੀਕ ਹਨ, ਤੇ ਕੋਈ ਭੀ ਦੁਰੇਡੇ ਨਹੀਂ।

ਨਾਨਕ, ਨਾਮਿ ਰਹਿਆ ਭਰਪੂਰਿ ॥੪॥੧੧॥

ਨਾਨਕ, ਸੁਆਮੀ ਦਾ ਨਾਮ ਸਾਰੇ ਹੀ ਪਰੀਪੂਰਨ ਹੋ ਰਿਹਾ ਹੈ।


ਬਸੰਤੁ ਮਹਲਾ ੩ ॥

ਬਸੰਤ ਤੀਜੀ ਪਾਤਿਸ਼ਾਹੀ।

ਗੁਰ ਸਬਦੀ, ਹਰਿ ਚੇਤਿ ਸੁਭਾਇ ॥

ਗੁਰਾਂ ਦੇ ਉਪਦੇਸ਼ ਰਾਹੀਂ ਤੂੰ ਪਿਆਰ ਨਾਲ ਆਪਣੇ ਵਾਹਿਗੁਰੂ ਦਾ ਸਿਮਰਨ ਕਰ,

ਰਾਮ ਨਾਮ ਰਸਿ, ਰਹੈ ਅਘਾਇ ॥

ਅਤੇ ਪ੍ਰਭੂ ਦੇ ਨਾਮ ਦੇ ਅੰਮ੍ਰਿਤ ਲਾਲ, ਤੂੰ ਰੱਜਿਆ ਰਹੇਗਾਂ।

ਕੋਟ ਕੋਟੰਤਰ ਕੇ, ਪਾਪ ਜਲਿ ਜਾਹਿ ॥

ਤੇਰੇ ਕ੍ਰੋੜਾਂ ਉਤੇ ਕ੍ਰੋੜਾਂ ਜਨਮਾਂ ਦੇ ਪਾਪ ਸੜ ਬਲ ਜਾਣਗੇ।

ਜੀਵਤ ਮਰਹਿ, ਹਰਿ ਨਾਮਿ ਸਮਾਹਿ ॥੧॥

ਜੀਉਂਦੇ ਜੀ ਮਰ ਰਹਿਣ ਦੁਆਰਾ, ਤੂੰ ਪ੍ਰਭੂ ਦੇ ਨਾਮ ਅੰਦਰ ਲੀਨ ਹੋ ਜਾਵੇਗਾ।

ਹਰਿ ਕੀ ਦਾਤਿ, ਹਰਿ ਜੀਉ ਜਾਣੈ ॥

ਸਾਈਂ ਦੀਆਂ ਬਖਸ਼ਸ਼ਾਂ ਨੂੰ ਮਹਾਰਾਜ ਸਾਈਂ ਖੁਦ ਹੀ ਜਾਣਦਾ ਹੈ।

ਗੁਰ ਕੈ ਸਬਦਿ, ਇਹੁ ਮਨੁ ਮਉਲਿਆ; ਹਰਿ ਗੁਣਦਾਤਾ ਨਾਮੁ ਵਖਾਣੈ ॥੧॥ ਰਹਾਉ ॥

ਗੁਰਾਂ ਦੇ ਊਪਦੇਸ਼ ਰਾਹੀਂ ਇਹ ਆਤਮਾਂ ਪ੍ਰਫੁਲਤ ਹੋ ਜਾਂਦੀ ਹੈ ਅਤੇ ਨੇਕੀਆਂ ਬਖਸ਼ਣਹਾਰ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦੀ ਹੈ। ਠਹਿਰਾਉ।

ਭਗਵੈ ਵੇਸਿ ਭ੍ਰਮਿ, ਮੁਕਤਿ ਨ ਹੋਇ ॥

ਗੇਰੂਏ ਰੰਗੇ ਬਸਤਰ ਪਾ ਕੇ ਰਟਨ ਕਰਨ ਦੁਆਰਾ ਬੰਦੇ ਦੀ ਕਲਿਆਣ ਨਹੀਂ ਹੁੰਦੀ।

ਬਹੁ ਸੰਜਮਿ, ਸਾਂਤਿ ਨ ਪਾਵੈ ਕੋਇ ॥

ਭਾਰੀ ਸਵੈ-ਰਿਆਜਤ ਦੇ ਰਾਹੀਂ ਕਿਸੇ ਨੂੰ ਭੀ ਮਨ ਦੀ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ।

ਗੁਰਮਤਿ, ਨਾਮੁ ਪਰਾਪਤਿ ਹੋਇ ॥

ਗੁਰਾਂ ਦੇ ਉਪਦੇਸ਼ ਦੁਆਰਾ ਦੁਆਰਾ, ਨਾਮ ਦੀ ਦਾਤ ਮਿਲਦੀ ਹੈ।

ਵਡਭਾਗੀ, ਹਰਿ ਪਾਵੈ ਸੋਇ ॥੨॥

ਭਾਰੇ ਨਸੀਬਾਂ ਵਾਲਾ ਹੈ ਉਹ, ਜੋ ਪ੍ਰਭੂ ਨੂੰ ਪਾ ਲੈਂਦਾ ਹੈ।

ਕਲਿ ਮਹਿ, ਰਾਮ ਨਾਮਿ ਵਡਿਆਈ ॥

ਕਲਜੁਗ ਅੰਦਰ ਬਜੁਰਗੀ, ਪ੍ਰਭੂ ਦੇ ਨਾਮ ਅੰਦਰ ਹੈ,

ਗੁਰ ਪੂਰੇ ਤੇ, ਪਾਇਆ ਜਾਈ ॥

ਜੋ ਪੂਰਨ ਗੁਰਾਂ ਦੇ ਰਾਹੀਂ ਪਰਾਪਤ ਹੁੰਦਾ ਹੈ।

ਨਾਮਿ ਰਤੇ, ਸਦਾ ਸੁਖੁ ਪਾਈ ॥

ਨਾਮ ਨਾਲ ਰੰਗੀਜਣ ਦੁਆਰਾ ਬੰਦਾ ਹਮੇਸ਼ਾਂ ਖੁਸ਼ੀ ਅੰਦਰ ਰਹਿੰਦਾ ਹੈ।

ਬਿਨੁ ਨਾਮੈ, ਹਉਮੈ ਜਲਿ ਜਾਈ ॥੩॥

ਨਾਮ ਦੇ ਬਗੈਰ ਉਹ ਹੰਕਾਰ ਅੰਦਰ ਸੜ ਕੇ ਸੁਆਹ ਹੋ ਜਾਂਦਾ ਹੈ।

ਵਡਭਾਗੀ, ਹਰਿ ਨਾਮੁ ਬੀਚਾਰਾ ॥

ਭਾਰੇ ਨਸੀਬਾਂ ਵਾਲੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦੇ ਹਨ,

ਛੂਟੈ ਰਾਮ ਨਾਮਿ, ਦੁਖੁ ਸਾਰਾ ॥

ਅਤੇ ਸੁਆਮੀ ਦੇ ਨਾਮ ਰਾਹੀਂ ਉਹਨਾਂ ਦੇ ਸਾਰੇ ਦੁਖੜੇ ਦੂਰ ਹੋ ਜਾਂਦੇ ਹਨ।

ਹਿਰਦੈ ਵਸਿਆ, ਸੁ ਬਾਹਰਿ ਪਾਸਾਰਾ ॥

ਜੋ ਮਨ ਅੰਦਰ ਵੱਸਦਾ ਹੈ ਉਹੀ ਬਾਹਰ ਸੰਸਾਰ ਅੰਦਰ ਵਿਆਪਕ ਹੋ ਰਿਹਾ ਹੈ।

ਨਾਨਕ, ਜਾਣੈ ਸਭੁ ਉਪਾਵਣਹਾਰਾ ॥੪॥੧੨॥

ਨਾਨਕ, ਸਿਰਜਣਹਾਰ-ਸੁਆਮੀ ਸਾਰਾ ਕੁਝ ਜਾਣਦਾ ਹੈ।


ਬਸੰਤੁ ਮਹਲਾ ੩ ਇਕ ਤੁਕੇ ॥

ਬਸੰਤ ਤੀਜੀ ਪਾਤਿਸ਼ਾਹੀ ਇਕ ਤੁਕੇ।

ਤੇਰਾ ਕੀਆ, ਕਿਰਮ ਜੰਤੁ ॥

ਕੀੜੇ ਵਰਗਾ ਜੀਵ ਤੂੰ ਹੀ ਰਚਿਆ ਹੈ, ਹੇ ਸੁਆਮੀ!

ਦੇਹਿ ਤ, ਜਾਪੀ ਆਦਿ ਮੰਤੁ ॥੧॥

ਜੇਕਰ ਤੂੰ ਦੇਵੇ ਤਾਂ ਹੀ ਮੈਂ ਤੇਰੇ ਆਦੀ ਨਾਮ ਨੂੰ ਉਚਾਰਦਾ ਹਾਂ।

ਗੁਣ ਆਖਿ ਵੀਚਾਰੀ, ਮੇਰੀ ਮਾਇ! ॥

ਹੇ ਮੇਰੀ ਮਾਤਾ! ਮੈਂ ਮਾਲਕ ਦੀਆਂ ਨੇਕੀਆਂ! ਉਚਾਰਦੀ ਅਤੇ ਸੋਚਦੀ ਸਮਝਦੀ ਹਾਂ।

ਹਰਿ ਜਪਿ, ਹਰਿ ਕੈ ਲਗਉ ਪਾਇ ॥੧॥ ਰਹਾਉ ॥

ਮੈਂ ਵਾਹਿਗੁਰੂ ਦਾ ਸਿਮਰਨ ਕਰਦਾ ਹਾਂ ਅਤੇ ਮੈਂ ਵਾਹਿਗੁਰੂ ਦੇ ਪੈਰੀ ਹੀ ਪੈਦਾ ਹਾਂ। ਠਹਿਰਾਉ।

ਗੁਰ ਪ੍ਰਸਾਦਿ ਲਾਗੇ ਨਾਮ ਸੁਆਦਿ ॥

ਗੁਰਾਂ ਦੀ ਦਇਆ ਦੁਆਰਾ ਮੈਂ ਪ੍ਰਭੂ ਦੇ ਨਾਮ ਦੇ ਰਸ ਨਾਲ ਜੁੜਿਆ ਹੋਇਆ ਹਾਂ।

ਕਾਹੇ ਜਨਮੁ ਗਵਾਵਹੁ, ਵੈਰਿ ਵਾਦਿ ॥੨॥

ਦੁਸ਼ਮਨੀ ਅਤੇ ਬਖੇਵੇ ਰਾਹੀਂ ਤੂੰ ਜੀਵਨ ਨੂੰ ਕਿਉਂ ਨਸ਼ਟ ਕਰਦਾ ਹੈ?

ਗੁਰਿ ਕਿਰਪਾ ਕੀਨ੍ਹ੍ਹੀ, ਚੂਕਾ ਅਭਿਮਾਨੁ ॥

ਜਦ ਗੁਰਾਂ ਨੇ ਮੇਰੇ ਉਤੇ ਮਿਹਰ ਧਾਰੀ, ਤਦ ਮੇਰਾ ਹੰਕਾਰ ਦੂਰ ਹੋ ਗਿਆ,

ਸਹਜ ਭਾਇ, ਪਾਇਆ ਹਰਿ ਨਾਮੁ ॥੩॥

ਅਤੇ ਮੈਨੂੰ ਸੁਖੈਨ ਹੀ ਪ੍ਰਭੂ ਦਾ ਨਾਮ ਪ੍ਰਾਪਤ ਹੋ ਗਿਆ।

ਊਤਮੁ ਊਚਾ, ਸਬਦ ਕਾਮੁ ॥

ਸਰੇਸ਼ਟ ਅਤੇ ਬੁਲੰਦ ਹੈ ਨਾਮ ਦੇ ਸਿਮਰਨ ਦਾ ਕਾਰ-ਵਿਹਾਰ।

ਨਾਨਕੁ ਵਖਾਣੈ, ਸਾਚੁ ਨਾਮੁ ॥੪॥੧॥੧੩॥

ਨਾਨਕ ਸਦੀਵ ਹੀ ਸੁਆਮੀ ਦੇ ਸੱਚੇ ਨਾਮ ਦਾ ਉਚਾਰਨ ਕਰਦਾ ਹੈ।


ਬਸੰਤੁ ਮਹਲਾ ੩ ॥

ਬਸੰਤ ਤੀਜੀ ਪਾਤਿਸ਼ਾਹੀ।

ਬਨਸਪਤਿ ਮਉਲੀ, ਚੜਿਆ ਬਸੰਤੁ ॥

ਬਹਾਰ ਦੀ ਰੁੱਤ ਆ ਗਈ ਹੈ ਅਤੇ ਨਬਾਤਾਤ ਖਿੜਾਓ ਅੰਦਰ ਹੈ।

ਇਹੁ ਮਨੁ ਮਉਲਿਆ, ਸਤਿਗੁਰੂ ਸੰਗਿ ॥੧॥

ਇਹ ਆਤਮਾਂ ਸੱਚੇ ਗੁਰਾਂ ਦੀ ਸੰਗਤ ਅੰਦਰ ਪ੍ਰਫੁਲਤ ਹੁੰਦੀ ਹੈ।

ਤੁਮ੍ਹ੍ਹ ਸਾਚੁ ਧਿਆਵਹੁ, ਮੁਗਧ ਮਨਾ! ॥

ਤੂੰ ਸੱਚੇ ਸਾਈਂ ਦਾ ਸਿਮਰਨ ਕਰ, ਹੇ ਮੇਰੀ ਮੂਰਖ ਜਿੰਦੜੀਏ!

ਤਾਂ ਸੁਖੁ ਪਾਵਹੁ ਮੇਰੇ ਮਨਾ! ॥੧॥ ਰਹਾਉ ॥

ਕੇਵਲ ਤਦ ਹੀ ਤੈਨੂੰ ਆਰਾਮ ਪ੍ਰਾਪਤ ਹੋਵੇਗਾ, ਹੇ ਮੇਰੀ ਜਿੰਦੜੀਏ! ਠਹਿਰਾਉ!

ਇਤੁ ਮਨਿ ਮਉਲਿਐ, ਭਇਆ ਅਨੰਦੁ ॥

ਇਸ ਚਿੱਤ ਦੇ ਖਿੜ ਜਾਣ ਨਾਲ ਮੈਂ ਖੁਸ਼ੀ ਵਿੱਚ ਹਾਂ,

ਅੰਮ੍ਰਿਤ ਫਲੁ ਪਾਇਆ, ਨਾਮੁ ਗੋਬਿੰਦ ॥੨॥

ਅਤੇ ਮੈਨੂੰ ਆਲਮ ਦੇ ਮਾਲਕ ਦੇ ਨਾਮ ਦੇ ਸੁਧਾ ਸਰੂਪ ਮੇਵੇ ਦੀ ਦਾਤ ਮਿਲ ਗਈ ਹੈ।

ਏਕੋ ਏਕੁ, ਸਭੁ ਆਖਿ ਵਖਾਣੈ ॥

ਹਰ ਕੋਈ ਕਹਿੰਦਾ ਤੇ ਉਚਾਰਦਾ ਹੈ, ਉਹ ਸੁਆਮੀ ਕੇਵਲ ਇਕ ਹੈ।

ਹੁਕਮੁ ਬੂਝੈ, ਤਾਂ ਏਕੋ ਜਾਣੈ ॥੩॥

ਜੇਕਰ ਇਨਸਾਨ ਉਸ ਦੀ ਰਜਾ ਨੂੰ ਸਮਝ ਲਵੇ, ਕੇਵਲ ਤਦ ਹੀ ਉਹ ਇੱਕ ਸੁਆਮੀ ਨੂੰ ਅਨੁਭਵ ਕਰ ਸਕਦਾ ਹੈ।

ਕਹਤ ਨਾਨਕੁ, ਹਉਮੈ ਕਹੈ ਨ ਕੋਇ ॥

ਗੁਰੂ ਜੀ ਆਖਦੇ ਹਨ, ਹੰਗਤ ਦੇ ਰਾਹੀਂ ਕੋਈ ਨਹੀਂ ਆਖ ਸਕਦਾ ਕਿ ਸੁਆਮੀ ਕੇਹੋ ਜੇਹਾ ਹੈ।

ਆਖਣੁ ਵੇਖਣੁ, ਸਭੁ ਸਾਹਿਬ ਤੇ ਹੋਇ ॥੪॥੨॥੧੪॥

ਉਸ ਦਾ ਉਚਾਰਨ ਅਤੇ ਸਮੂਹ ਸੁਆਮੀ ਦੀ ਮਿਹਰ ਰਾਹੀਂ ਹੀ ਹੈ।


ਬਸੰਤੁ ਮਹਲਾ ੩ ॥

ਬਸੰਤ ਤੀਜੀ ਪਾਤਿਸ਼ਾਹੀ।

ਸਭਿ ਜੁਗ, ਤੇਰੇ ਕੀਤੇ ਹੋਏ ॥

ਤੇਰੇ ਰਚੇ ਹੋਏ, ਹੇ ਸੁਆਮੀ! ਸਾਰੇ ਯੁਗ ਹੋਂਦ ਵਿੱਚ ਆਏ ਹਨ।

ਸਤਿਗੁਰੁ ਭੇਟੈ, ਮਤਿ ਬੁਧਿ ਹੋਏ ॥੧॥

ਸੱਚੇ ਗੁਰਾਂ ਨਾਲ ਮਿਲਣ ਦੁਆਰਾ ਇਨਸਾਨ ਦੀ ਅਕਲ ਅਤੇ ਸਮਝ ਜਾਗ ਉਠਦੀਆਂ ਹਨ।

ਹਰਿ ਜੀਉ! ਆਪੇ ਲੈਹੁ ਮਿਲਾਇ ॥

ਮੇਰੇ ਮਹਾਰਾਜ ਵਾਹਿਗੁਰੂ! ਤੂੰ ਮੈਨੂੰ ਨਾਲ ਮਿਲਾ ਲੈ,

ਗੁਰ ਕੈ ਸਬਦਿ, ਸਚ ਨਾਮਿ ਸਮਾਇ ॥੧॥ ਰਹਾਉ ॥

ਅਤੇ ਗੁਰਾਂ ਦੀ ਬਾਣੀ ਰਾਹੀਂ ਮੈਨੂੰ ਸਤਿਨਾਮ ਅੰਦਰ ਲੀਨ ਕਰ ਲੈ। ਠਹਿਰਾਉ।

ਮਨਿ ਬਸੰਤੁ, ਹਰੇ ਸਭਿ ਲੋਇ ॥

ਜਦ ਚਿੱਤ ਅੰਦਰ ਖੁਸ਼ੀ ਹੈ, ਸਾਰੇ ਲੋਕੀਂ ਸਰਸਬਜ ਮਲੂਮ ਹੁੰਦੇ ਹਨ।

ਫਲਹਿ ਫੁਲੀਅਹਿ, ਰਾਮ ਨਾਮਿ ਸੁਖੁ ਹੋਇ ॥੨॥

ਸੁਆਮੀ ਦੇ ਨਾਮ ਦੇ ਰਾਹੀਂ, ਇਨਸਾਨ ਫਲਦਾ ਫੁਲਦਾ ਅਤੇ ਸਦਾ ਖੁਸ਼ੀ ਵਿੱਚ ਰਹਿੰਦਾ ਹੈ।

ਸਦਾ ਬਸੰਤੁ, ਗੁਰ ਸਬਦੁ ਵੀਚਾਰੇ ॥

ਸਦੀਵ ਹੀ ਪ੍ਰਸੰਨ ਹੈ ਉਹ, ਜੋ ਗੁਰਬਾਣੀ ਨੂੰ ਸੋਚਦਾ ਸਮਝਦਾ,

ਰਾਮ ਨਾਮੁ, ਰਾਖੈ ਉਰ ਧਾਰੇ ॥੩॥

ਅਤੇ ਸੁਆਮੀ ਦੇ ਨਾਮ ਨੂੰ ਆਪਣੇ ਚਿੱਤ ਅੰਦਰ ਟਿਕਾਉਂਦਾ ਹੈ।

ਮਨਿ ਬਸੰਤੁ, ਤਨੁ ਮਨੁ ਹਰਿਆ ਹੋਇ ॥

ਜਦ ਚਿੱਤ ਬਹਾਰ ਹੁੰਦੀ ਹੈ, ਦੇਹਿ ਅਤੇ ਜਿੰਦੜੀ ਹਰੇ ਭਰੇ ਹੋ ਜਾਂਦੇ ਹਨ।

ਨਾਨਕ, ਇਹੁ ਤਨੁ ਬਿਰਖੁ; ਰਾਮ ਨਾਮੁ ਫਲੁ ਪਾਏ ਸੋਇ ॥੪॥੩॥੧੫॥

ਨਾਨਕ ਇਹ ਸਰੀਰ ਇੱਕ ਬਿਰਛ ਹੈ ਅਤੇ ਇਸ ਨੂੰ ਪ੍ਰਭੂ ਦੇ ਨਾਮ ਦਾ ਮੇਵਾ ਲੱਗਦਾ ਹੈ।


ਬਸੰਤੁ ਮਹਲਾ ੩ ॥

ਬਸੰਤ ਤੀਜੀ ਪਾਤਿਸ਼ਾਹੀ।

ਤਿਨ੍ਹ੍ਹ ਬਸੰਤੁ, ਜੋ ਹਰਿ ਗੁਣ ਗਾਇ ॥

ਕੇਵਲ ਉਹਨਾਂ ਲਈ ਹੀ ਬਹਾਰ ਰੁੱਤ ਹੈ ਜੋ ਵਾਹਿਗੁਰੂ ਦੀ ਮਹਿਮਾ ਗਾਇਨ ਕਰਦੇ ਹਨ।

ਪੂਰੈ ਭਾਗਿ, ਹਰਿ ਭਗਤਿ ਕਰਾਇ ॥੧॥

ਪੂਰਨ ਚੰਗੇ ਨਸੀਬਾਂ ਰਾਹੀਂ ਵਾਹਿਗੁਰੂ ਦੀ ਪ੍ਰੇਮ ਮਈ ਉਪਾਸ਼ਨਾ ਕੀਤੀ ਜਾਂਦੀ ਹੈ।

ਇਸੁ ਮਨ ਕਉ, ਬਸੰਤ ਕੀ ਲਗੈ ਨ ਸੋਇ ॥

ਇਸ ਮਨੂਏ ਨੂੰ ਈਸ਼ਵਰੀ ਅਨੰਦ ਦੀ ਖਬਰ ਤੱਕ ਨਹੀਂ।

ਇਹੁ ਮਨੁ ਜਲਿਆ, ਦੂਜੈ ਦੋਇ ॥੧॥ ਰਹਾਉ ॥

ਇਸ ਮਨੂਏ ਨੂੰ ਦੁਚਿਤੇਪਣ ਅਤੇ ਦਵੈਤ ਭਾਵ ਨੇ ਸਾੜ ਸੁੱਟਿਆ ਹੈ। ਠਹਿਰਾਉ।

ਇਹੁ ਮਨੁ; ਧੰਧੈ ਬਾਂਧਾ, ਕਰਮ ਕਮਾਇ ॥

ਸੰਸਾਰੀ ਵਿਹਾਰਾਂ ਅੰਦਰ ਜਕੜਿਆ ਹੋਇਆ ਇਹ ਮਨੂਆ ਮੰਦੇ ਅਮਲ ਕਰਦਾ ਹੈ।

ਮਾਇਆ ਮੂਠਾ, ਸਦਾ ਬਿਲਲਾਇ ॥੨॥

ਮੋਹਨੀ ਦਾ ਠੱਗਿਆ ਹੋਇਆ, ਇਹ ਹਮੇਸ਼ਾਂ ਵਿਰਲਾਪ ਕਰਦਾ ਹੈ।

ਇਹੁ ਮਨੁ ਛੂਟੈ, ਜਾਂ ਸਤਿਗੁਰੁ ਭੇਟੈ ॥

ਜਦ ਸੱਚੇ ਗੁਰਾਂ ਨਾਲ ਮਿਲ ਜਾਂਦਾ ਹੈ ਤਾਂ ਇਹ ਮਨੂਆ ਬੰਦਖਲਾਸ ਹੋ ਜਾਂਦਾ ਹੈ।

ਜਮਕਾਲ ਕੀ ਫਿਰਿ ਆਵੈ ਨ ਫੇਟੈ ॥੩॥

ਇਹ ਤਦ ਮੌਤ ਦੇ ਫ਼ਰਿਸ਼ਤੇ ਦੀ ਮਾਰ ਹੇਠਾਂ ਨਹੀਂ ਆਉਂਦਾ।

ਇਹੁ ਮਨੁ ਛੂਟਾ, ਗੁਰਿ ਲੀਆ ਛਡਾਇ ॥

ਜਦ ਗੁਰੂ ਜੀ ਇਸ ਨੂੰ ਬੰਦਖਾਸ ਕਰਾਉਂਦੇ ਹਨ, ਤਦ ਇਹ ਮਨੂਆ ਖਲਾਸੀ ਪਾ ਜਾਂਦਾ ਹੈ।

ਨਾਨਕ, ਮਾਇਆ ਮੋਹੁ ਸਬਦਿ ਜਲਾਇ ॥੪॥੪॥੧੬॥

ਨਾਨਕ ਸੁਆਮੀ ਦੇ ਨਾਮ ਦੇ ਰਾਹੀਂ ਸੰਸਾਰੀ ਪਦਾਰਥਾਂ ਦੀ ਲਗਨ ਸੜ ਜਾਂਦੀ ਹੈ।


ਬਸੰਤੁ ਮਹਲਾ ੩ ॥

ਬਸੰਤ ਤੀਜੀ ਪਾਤਿਸ਼ਾਹੀ।

ਬਸੰਤੁ ਚੜਿਆ, ਫੂਲੀ ਬਨਰਾਇ ॥

ਬਹਾਰ ਦੇ ਆਉਣ ਨਾਲ ਬਨਾਸਪਤੀ ਪ੍ਰਫੁਲਤ ਹੋ ਜਾਂਦੀ ਹੈ।

ਏਹਿ ਜੀਅ ਜੰਤ ਫੂਲਹਿ, ਹਰਿ ਚਿਤੁ ਲਾਇ ॥੧॥

ਇਹ ਪ੍ਰਾਣਧਾਰੀ ਕੇਵਲ ਉਦੋਂ ਹੀ ਪ੍ਰਫੁਲਤ ਹੁੰਦੇ ਹਨ ਜਦ ਇਹ ਮਨ ਨੂੰ ਪ੍ਰਭੂ ਨਾਲ ਜੋੜਦੇ ਹਨ।

ਇਨ ਬਿਧਿ ਇਹੁ ਮਨੁ, ਹਰਿਆ ਹੋਇ ॥

ਇਸ ਤਰੀਕੇ ਨਾਲ ਇਹ ਮਨੂਆ ਸਰਸਬਜ ਹੋ ਜਾਂਦਾ ਹੈ।

ਹਰਿ ਹਰਿ ਨਾਮੁ ਜਪੈ ਦਿਨੁ ਰਾਤੀ; ਗੁਰਮੁਖਿ ਹਉਮੈ ਕਢੈ ਧੋਇ ॥੧॥ ਰਹਾਉ ॥

ਗੁਰਾਂ ਦੀ ਦਇਆ ਦੁਆਰਾ, ਦਿਨ ਤੇ ਰੈਣ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਸਵੈ ਹੰਗਤਾ ਧੋਤੀ ਜਾ ਕੇ ਦੂਰ ਹੋ ਜਾਂਦੀ ਹੈ। ਠਹਿਰਾਉ।

ਸਤਿਗੁਰ ਬਾਣੀ, ਸਬਦੁ ਸੁਣਾਏ ॥

ਸੱਚੇ ਗੁਰੂ ਗੁਰਬਾਣੀ ਅਤੇ ਨਾਮ ਦਾ ਉਚਾਰਨ ਕਰਦੇ ਹਨ।

ਇਹੁ ਜਗੁ ਹਰਿਆ, ਸਤਿਗੁਰ ਭਾਏ ॥੨॥

ਸੱਚੇ ਗੁਰਾਂ ਦੇ ਰਾਹੀਂ ਪਿਆਰ ਨਾਲ ਇਹ ਸੰਸਾਰ ਪ੍ਰਫੁਲਤ ਹੁੰਦਾ ਹੈ।

ਫਲ ਫੂਲ ਲਾਗੇ, ਜਾਂ ਆਪੇ ਲਾਏ ॥

ਜਦ ਖੁਦ ਪ੍ਰਭੂ ਦੀ ਐਸੀ ਰਜਾ ਹੁੰਦੀ ਹੈ ਤਾਂ ਪ੍ਰਾਣੀ ਫੁਲਦਾ ਹੈ।

ਮੂਲਿ ਲਗੈ, ਤਾਂ ਸਤਿਗੁਰੁ ਪਾਏ ॥੩॥

ਜਦ ਇਨਸਾਨ ਸੱਚੇ ਗੁਰਾਂ ਨੂੰ ਪਾ ਲੈਂਦਾ ਹੈ, ਕੇਵਲ ਤਦ ਹੀ ਉਹ ਆਪ ਨੂੰ ਹਰ ਸ਼ੈ ਦੀ ਜੜ ਵਾਹਿਗੁਰੂ ਨਾਲ ਜੋੜਦਾ ਹੈ।

ਆਪਿ ਬਸੰਤੁ, ਜਗਤੁ ਸਭੁ ਵਾੜੀ ॥

ਸਾਹਿਬ ਖੁਦ ਮੌਸਮ ਬਹਾਰ ਹੈ ਤੇ ਸਾਰਾ ਜੱਗ ਉਸ ਦਾ ਬਗੀਚਾ ਹੈ।

ਨਾਨਕ, ਪੂਰੈ ਭਾਗਿ ਭਗਤਿ ਨਿਰਾਲੀ ॥੪॥੫॥੧੭॥

ਨਾਨਕ, ਪੂਰਨ ਚੰਗੀ ਪ੍ਰਾਲਬਧ ਦੁਆਰਾ, ਪ੍ਰਭੂ ਦੀ ਅਲੌਕਿਕ ਸੇਵਾ ਕੀਤੀ ਜਾਂਦੀ ਹੈ।


ਰਾਗੁ ਬਸੰਤੁ ਮਹਲਾ ੪ ਘਰੁ ੧ ਇਕ ਤੁਕੇ

ਰਾਗ ਬਸੰਤ ਚੌਥੀ ਪਾਤਿਸ਼ਾਹੀ। ਇਕ ਤੁਕੇ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਜਿਉ ਪਸਰੀ, ਸੂਰਜ ਕਿਰਣਿ ਜੋਤਿ ॥

ਜਿਸ ਤਰ੍ਹਾਂ ਸੂਰਜ ਦੀਆਂ ਸ਼ੁਆਵਾਂ ਦਾ ਚਾਨਣ ਫੈਲਿਆ ਹੋਇਆ ਹੈ,

ਤਿਉ ਘਟਿ ਘਟਿ ਰਮਈਆ, ਓਤਿ ਪੋਤਿ ॥੧॥

ਏਸੇ ਤਰ੍ਹਾਂ ਹੀ ਤਾਣੇ ਅਤੇ ਪੇਟੇ ਦੀ ਮਾਨੰਦ ਸੁਆਮੀ ਹਰ ਦਿਲ ਅੰਦਰ ਸਮਾ ਰਿਹਾ ਹੈ।

ਏਕੋ ਹਰਿ, ਰਵਿਆ ਸ੍ਰਬ ਥਾਇ ॥

ਇਕ ਪ੍ਰਭੂ ਹੀ ਸਾਰਿਆਂ ਥਾਂਵਾਂ ਵਿੱਚ ਵਿਆਪਕ ਹੋ ਰਿਹਾ ਹੈ।

ਗੁਰ ਸਬਦੀ, ਮਿਲੀਐ ਮੇਰੀ ਮਾਇ ॥੧॥ ਰਹਾਉ ॥

ਗੁਰਾਂ ਦੀ ਬਾਣੀ ਰਾਹੀਂ ਮਨੁਖ ਮਾਲਕ ਨੂੰ ਮਿਲ ਪੈਦਾ ਹੈ, ਮੇਰੀ ਮਾਤਾ! ਠਹਿਰਾਉ।

ਘਟਿ ਘਟਿ ਅੰਤਰਿ, ਏਕੋ ਹਰਿ ਸੋਇ ॥

ਸਾਰਿਆਂ ਦਿਲਾਂ ਅੰਦਰ ਉਹ ਇਕ ਵਾਹਿਗੁਰੂ ਹੀ ਹੈ।

ਗੁਰਿ ਮਿਲਿਐ, ਇਕੁ ਪ੍ਰਗਟੁ ਹੋਇ ॥੨॥

ਗੁਰਾਂ ਨਾਲ ਮਿਲਣ ਦੁਆਰਾ, ਅਦੁੱਤੀ ਪ੍ਰਭੂ ਪ੍ਰਤੱਖ ਹੋ ਜਾਂਦਾ ਹੈ।

ਏਕੋ ਏਕੁ, ਰਹਿਆ ਭਰਪੂਰਿ ॥

ਇੱਕ ਸੁਆਮੀ ਹੀ ਸਾਰਿਆਂ ਨੂੰ ਪਰੀਪੂਰਨ ਕਰ ਰਿਹਾ ਹੈ।

ਸਾਕਤ ਨਰ ਲੋਭੀ, ਜਾਣਹਿ ਦੂਰਿ ॥੩॥

ਅਧਰਮੀ ਅਤੇ ਲਾਲਚੀ ਪੁਰਸ਼ ਪ੍ਰਭੂ ਨੂੰ ਦੁਰੇਡੇ ਖਿਆਲ ਕਰਦੇ ਹਨ।

ਏਕੋ ਏਕੁ, ਵਰਤੈ ਹਰਿ ਲੋਇ ॥

ਇਕ ਪ੍ਰਭੂ ਹੀ ਹਰ ਇਕ ਆਲਮ ਅੰਦਰ ਰਮ ਰਿਹਾ ਹੈ।

ਨਾਨਕ, ਹਰਿ ਏਕੋੁ ਕਰੇ; ਸੁ ਹੋਇ ॥੪॥੧॥

ਨਾਨਕ, ਜਿਹੜਾ ਕੁਝ ਇਕ ਪ੍ਰਭੂ ਕਰਦਾ ਹੈ, ਕੇਵਲ ਉਹ ਹੀ ਹਬੰਦਾ ਹੈ।


ਬਸੰਤੁ ਮਹਲਾ ੪ ॥

ਬਸੰਤ ਚੌਥੀ ਪਾਤਿਸ਼ਾਹੀ।

ਰੈਣਿ ਦਿਨਸੁ, ਦੁਇ ਸਦੇ ਪਏ ॥

ਰਾਤ ਅਤੇ ਦਿਨ ਦੋ ਹਾਕਾਂ ਹਨ ਜੋ ਮੌਤ ਮਾਰਦੀ ਹੈ।

ਮਨ! ਹਰਿ ਸਿਮਰਹੁ, ਅੰਤਿ ਸਦਾ ਰਖਿ ਲਏ ॥੧॥

ਹੇ ਮੇਰੀ ਜਿੰਦੇ! ਤੂੰ ਸੁਆਮੀ ਦਾ ਆਰਾਧਨ ਕਰ। ਜੋ ਸਦੀਵ ਹੀ ਜੀਵ ਦੀ ਅਖੀਰ ਨੂੰ ਰੱਖਿਆ ਕਰਦਾ ਹੈ।

ਹਰਿ ਹਰਿ ਚੇਤਿ, ਸਦਾ ਮਨ ਮੇਰੇ! ॥

ਮੇਰੇ ਮਨੂਏ! ਤੂੰ ਹਮੇਸ਼ਾਂ ਹੀ ਸੁਆਮੀ ਮਾਲਕ ਦਾ ਸਿਮਰਨ ਕਰ।

ਸਭੁ ਆਲਸੁ ਦੂਖ ਭੰਜਿ ਪ੍ਰਭੁ ਪਾਇਆ; ਗੁਰਮਤਿ ਗਾਵਹੁ ਗੁਣ ਪ੍ਰਭ ਕੇਰੇ ॥੧॥ ਰਹਾਉ ॥

ਗੁਰਾਂ ਦੇ ਉਪਦੇਸ਼ ਦੁਆਰਾ, ਸੁਆਮੀ ਦੀ ਮਹਿਮਾਂ ਗਾਇਨ ਕਰਨ, ਨਾਲ ਪ੍ਰਾਣੀ ਸਾਰੀ ਸੁਸਤੀ ਤੇ ਪੀੜਾ ਦੇ ਨਵਿਰਤ ਕਰਨਹਾਰ ਮਾਲਕ ਨੂੰ ਪਾ ਲੈਂਦਾ ਹੈ। ਠਹਿਰਾਉ।

ਮਨਮੁਖ ਫਿਰਿ ਫਿਰਿ, ਹਉਮੈ ਮੁਏ ॥

ਮਨ ਮਤੀਏ ਮੁੜ ਮੁੜ ਕੇ ਹੰਕਾਰ ਅੰਦਰ ਮਰਦੇ ਹਨ।

ਕਾਲਿ ਦੈਤਿ ਸੰਘਾਰੇ, ਜਮ ਪੁਰਿ ਗਏ ॥੨॥

ਉਹਨਾਂ ਨੂੰ ਮੌਤ ਦੇ ਭੂਤਨੇ ਨੇ ਮਾਰ ਸੁੱਟਿਆ ਹੈ ਅਤੇ ਉਹ ਯਮ ਦੇ ਸ਼ਹਿਰ ਨੂੰ ਜਾਂਦੇ ਹਨ।

ਗੁਰਮੁਖਿ ਹਰਿ ਹਰਿ, ਹਰਿ ਲਿਵ ਲਾਗੇ ॥

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਿੱਚ ਪਿਆਰ ਨਾਲ ਜੁੜੇ ਹੋਏ ਹਨ, ਪ੍ਰਭੂ ਨੂੰ ਜਾਨਣ ਵਾਲੇ ਜੀਵ।

ਜਨਮ ਮਰਣ, ਦੋਊ ਦੁਖ ਭਾਗੇ ॥੩॥

ਉਹਨਾਂ ਦੇ ਜੰਮਣ ਤੇ ਮਰਨ ਦੀਆਂ ਦੋਵੇ ਪੀੜਾਂ ਨਵਿਰਤ ਹੋ ਜਾਂਦੀਆਂ ਹਨ।

ਭਗਤ ਜਨਾ ਕਉ, ਹਰਿ ਕਿਰਪਾ ਧਾਰੀ ॥

ਵਾਹਿਗੁਰੂ ਨੇਕ ਬੰਦਿਆਂ ਉਤੇ ਮਿਹਰ ਕਰਦਾ ਹੈ।

ਗੁਰੁ ਨਾਨਕੁ ਤੁਠਾ, ਮਿਲਿਆ ਬਨਵਾਰੀ ॥੪॥੨॥

ਜਦ ਗੁਰੂ ਜੀ ਮਿਹਰਬਾਨ ਹੋ ਜਾਂਦੇ ਹਨ, ਹੇ ਨਾਨਕ! ਤਾਂ ਜੀਵ ਜੰਗਲ ਦੇ ਸੁਆਮੀ ਨੂੰ ਮਿਲ ਪੈਦਾ ਹੈ।


ਬਸੰਤੁ ਮਹਲਾ ੫ ਘਰੁ ੧ ਦੁਤੁਕੇ

ਬਸੰਤ ਪੰਜਵੀਂ ਪਾਤਿਸ਼ਾਹੀ। ਦੋ-ਤੁਕੇ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਗੁਰੁ ਸੇਵਉ, ਕਰਿ ਨਮਸਕਾਰ ॥

ਮੈਂ ਗੁਰਾਂ ਦੀ ਘਾਲ ਕਮਾਉਂਦਾ ਤੇ ਉਹਨਾਂ ਨੂੰ ਬੰਦਨਾ ਕਰਦਾ ਹਾਂ।

ਆਜੁ ਹਮਾਰੈ, ਮੰਗਲਚਾਰ ॥

ਅੱਜ ਮੇਰੇ ਲਈ ਖੁਸ਼ੀ ਦਾ ਅਵਸਰ ਹੈ।

ਆਜੁ ਹਮਾਰੈ, ਮਹਾ ਅਨੰਦ ॥

ਅੱਜ ਮੈਂ ਪਰਮ ਖੁਸ਼ੀ ਵਿੱਚ ਹਾਂ।

ਚਿੰਤ ਲਥੀ, ਭੇਟੇ ਗੋਬਿੰਦ ॥੧॥

ਮੇਰੀ ਚਿੰਤਾ ਦੂਰ ਹੋ ਗਈ ਹੈ ਅਤੇ ਆਲਮ ਦੇ ਮਾਲਕ ਵਾਹਿਗੁਰੂ ਨੂੰ ਮਿਲ ਪਿਆ ਹਾਂ।

ਆਜੁ ਹਮਾਰੈ, ਗ੍ਰਿਹਿ ਬਸੰਤ ॥

ਅੱਜ ਮੇਰੇ ਘਰ ਵਿੱਚ ਬਹਾਰ ਹੈ,

ਗੁਨ ਗਾਏ ਪ੍ਰਭ! ਤੁਮ੍ਹ੍ਹ ਬੇਅੰਤ ॥੧॥ ਰਹਾਉ ॥

ਅਤੇ ਮੈਂ ਤੇਰੀਆਂ ਸਿਫਤਾਂ ਗਾਇਨ ਕਰਦਾ ਹਾਂ, ਹੇ ਮੇਰੇ ਅਨੰਤ ਠਾਕੁਰ! ਠਹਿਰਾਉ।

ਆਜੁ ਹਮਾਰੈ, ਬਨੇ ਫਾਗ ॥

ਅੱਜ ਮੈਂ ਫੱਗਣ ਦੇ ਮਹੀਨੇ ਦਾ ਤਿਉਹਾਰ ਮਨਾ ਰਿਹਾ ਹਾਂ।

ਪ੍ਰਭ ਸੰਗੀ, ਮਿਲਿ ਖੇਲਨ ਲਾਗ ॥

ਸੁਆਮੀ ਦੇ ਸਾਥੀਆਂ ਦੇ ਨਾਲ ਮਿਲ ਕੇ, ਮੈਂ ਖੇਡਣ ਲੱਗ ਗਿਆ ਹਾਂ।

ਹੋਲੀ ਕੀਨੀ, ਸੰਤ ਸੇਵ ॥

ਸਾਧੂਆਂ ਦੀ ਟਹਿਲ ਸੇਵਾ ਮੇਰਾ ਹੋਲੀ ਖੇਡਣਾ ਹੈ।

ਰੰਗੁ ਲਾਗਾ, ਅਤਿ ਲਾਲ ਦੇਵ ॥੨॥

ਸੁਆਮੀ ਦਾ ਪਰਮ ਸੂਹਾ ਰੰਗ ਮੈਨੂੰ ਚੜਿ੍ਹਆ ਹੋਇਆ ਹੈ।

ਮਨੁ ਤਨੁ ਮਉਲਿਓ, ਅਤਿ ਅਨੂਪ ॥

ਮੇਰਾ ਚਿੱਤ ਅਤੇ ਦੇਹਿ ਪ੍ਰਫੁਲਤ ਹੋ ਗਏ ਹਨ ਅਤੇ ਉਹ ਨਿਹਾਇਤ ਹੀ ਸੁੰਦਰ ਹਨ।

ਸੂਕੈ ਨਾਹੀ, ਛਾਵ ਧੂਪ ॥

ਉਹ ਛਾਂਵੇ ਜਾਂ ਧੁੱਪੇ ਮੁਰਝਾਉਂਦੇ ਨਹੀਂ,

ਸਗਲੀ ਰੂਤੀ, ਹਰਿਆ ਹੋਇ ॥

ਅਤੇ ਉਹ ਸਾਰਿਆਂ ਮੌਸਮਾਂ ਅੰਦਰ ਸਰਸਬਜ ਰਹਿੰਦੇ ਹਨ।

ਸਦ ਬਸੰਤ, ਗੁਰ ਮਿਲੇ ਦੇਵ ॥੩॥

ਆਪਣੇ ਗੁਰੂ ਪ੍ਰਮੇਸ਼ਵਰ ਨਾਂ ਮਿਲ ਕੇ ਮੈਂ ਹਮੇਸ਼ਾਂ ਖਿੜਾਓ ਅੰਦਰ ਵੱਸਦਾ ਹਾਂ।

ਬਿਰਖੁ ਜਮਿਓ ਹੈ, ਪਾਰਜਾਤ ॥

ਮੇਰੇ ਲਈ ਸਵਰਗੀ ਬਿਰਛ ਲੈਂਦਾ ਹੋ ਗਿਆ ਹੈ।

ਫੂਲ ਲਗੇ, ਫਲ ਰਤਨ ਭਾਂਤਿ ॥

ਇਸ ਨੂੰ ਫੁਲ ਅਤੇ ਕਈ ਕਿਸਮਾਂ ਦੇ ਜਵੇਹਰ ਵਰਗੇ ਮੇਵੇ ਲੱਗੇ ਹੋਏ ਹਨ।

ਤ੍ਰਿਪਤਿ ਅਘਾਨੇ, ਹਰਿ ਗੁਣਹ ਗਾਇ ॥

ਮੈਂ ਹਰੀ ਦੀਆਂ ਸਿਫਤਾਂ ਗਾਇਨ ਕਰ ਰਜ ਅਤੇ ਧ੍ਰਾਪਾਂ ਗਿਆ ਹਾਂ।

ਜਨ ਨਾਨਕ, ਹਰਿ ਹਰਿ ਹਰਿ ਧਿਆਇ ॥੪॥੧॥

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਦਾ ਸਿਮਰਨ ਕਰਦਾ ਹੈ ਗੋਲਾ ਨਾਨਕ।


ਬਸੰਤੁ ਮਹਲਾ ੫ ॥

ਬਸੰਤ ਪੰਜਵੀਂ ਪਾਤਿਸ਼ਾਹੀ।

ਹਟਵਾਣੀ, ਧਨ ਮਾਲ ਹਾਟੁ ਕੀਤੁ ॥

ਦੁਕਾਨਦਾਰ ਦੌਲਤ ਕਮਾਉਣ ਲਈ ਸੌਦਾ ਸੂਤ ਵੇਚਦਾ ਹੈ।

ਜੂਆਰੀ, ਜੂਏ ਮਾਹਿ ਚੀਤੁ ॥

ਜਿਵੇਂ ਜੂਏ-ਬਾਜ ਦਾ ਮਨ ਜੂਏ ਵਿੱਚ ਹੈ,

ਅਮਲੀ ਜੀਵੈ, ਅਮਲੁ ਖਾਇ ॥

ਅਫੀਮੀ ਫੀਮ ਖਾ ਕੇ ਜੀਉਂਦਾ ਹੈ,

ਤਿਉ ਹਰਿ ਜਨੁ ਜੀਵੈ, ਹਰਿ ਧਿਆਇ ॥੧॥

ਏਸੇ ਤਰ੍ਹਾਂ ਹੀ ਰੱਬ ਦਾ ਗੋਲਾ ਰੱਬ ਨੂੰ ਸਿਮਰ ਕੇ ਜੀਉਂਦਾ ਹੈ।

ਅਪਨੈ ਰੰਗਿ, ਸਭੁ ਕੋ ਰਚੈ ॥

ਹਰ ਜਣਾ ਆਪਣੀ ਨਿਜ ਦੀ ਖੁਸ਼ੀ ਵਿੱਚ ਹੀ ਲੀਨ ਹੈ।

ਜਿਤੁ ਪ੍ਰਭਿ ਲਾਇਆ, ਤਿਤੁ ਤਿਤੁ ਲਗੈ ॥੧॥ ਰਹਾਉ ॥

ਜਿਥੇ ਕਿਤੇ ਸੁਆਮੀ ਉਸ ਨੂੰ ਜੋੜਦਾ ਹੈ ਉਥੇ ਓਥੇ ਹੀ ਉਹ ਜੁੜਦਾ ਹੈ। ਠਹਿਰਾਉ।

ਮੇਘ ਸਮੈ, ਮੋਰ ਨਿਰਤਿਕਾਰ ॥

ਜਿਵੇਂ ਬੱਦਲਾਂ ਦੇ ਵੇਲੇ ਮੋਰ ਨੱਚਦਾ ਹੈ,

ਚੰਦ ਦੇਖਿ, ਬਿਗਸਹਿ ਕਉਲਾਰ ॥

ਚੰਦਰਮੇ ਨੂੰ ਵੇਖ ਕੇ ਕੰਵਲ ਖਿੜ ਜਾਂਦਾ ਹੈ,

ਮਾਤਾ, ਬਾਰਿਕ ਦੇਖਿ ਅਨੰਦ ॥

ਤੇ ਮਾਂ ਬੱਚੇ ਨੂੰ ਵੇਖ ਕੇ ਖੁਸ਼ ਹੁੰਦੀ ਹੈ,

ਤਿਉ ਹਰਿ ਜਨ ਜੀਵਹਿ, ਜਪਿ ਗੋਬਿੰਦ ॥੨॥

ਏਸੇ ਤਰ੍ਹਾਂ ਹੀ ਰੱਬ ਦਾ ਬੰਦਾ ਸੁਆਮੀ ਦਾ ਸਿਮਰਨ ਕਰਨ ਦੁਆਰਾ ਜੀਉਂਦਾ ਹੈ।

ਸਿੰਘ ਰੁਚੈ, ਸਦ ਭੋਜਨੁ ਮਾਸ ॥

ਸ਼ੇਰ ਹਮੇਸ਼ਾਂ ਹੀ ਗੋਸ਼ਤ ਦਾ ਖਾਣਾ ਚਾਹੁੰਦਾ ਹੈ।

ਰਣੁ ਦੇਖਿ ਸੂਰੇ, ਚਿਤ ਉਲਾਸ ॥

ਲੜਾਈ ਹੁੰਦੀ ਵੇਖ ਸੂਰਮੇ ਦ ਮਨ ਵਿੱਚ ਉਮੰਗ ਪੈਦਾ ਹੁੰਦੀ ਹੈ।

ਕਿਰਪਨ ਕਉ, ਅਤਿ ਧਨ ਪਿਆਰੁ ॥

ਕੰਜੂਸ ਆਪਣੀ ਦੌਲਤ ਨੂੰ ਨਿਹਾਇਤ ਹੀ ਮੁਹੱਬਤ ਕਰਦਾ ਹੈ।

ਹਰਿ ਜਨ ਕਉ, ਹਰਿ ਹਰਿ ਆਧਾਰੁ ॥੩॥

ਰੱਬ ਦੇ ਗੋਲੇ ਨੂੰ ਕੇਵਲ ਸਾਈਂ ਮਾਲਕ ਦਾ ਹੀ ਆਸਰਾ ਹੈ।

ਸਰਬ ਰੰਗ, ਇਕ ਰੰਗ ਮਾਹਿ ॥

ਸਾਰੇ ਪਿਆਰ ਪ੍ਰਭੂ ਦੇ ਇਸ ਪਿਆਰ ਵਿੱਚ ਆ ਜਾਂਦੇ ਹਨ।

ਸਰਬ ਸੁਖਾ ਸੁਖ, ਹਰਿ ਕੈ ਨਾਇ ॥

ਸਾਰੇ ਆਰਾਮ ਸੁਆਮੀ ਦੇ ਇਸ ਨਾਮ ਦੇ ਅੰਦਰ ਆ ਜਾਂਦੇ ਹਨ।

ਤਿਸਹਿ ਪਰਾਪਤਿ, ਇਹੁ ਨਿਧਾਨੁ ॥

ਕੇਵਲ ਉਹ ਹੀ ਇਸ ਖਜਾਨੇ ਨੂੰ ਪਾਉਂਦਾ ਹੈ,

ਨਾਨਕ, ਗੁਰੁ ਜਿਸੁ ਕਰੇ ਦਾਨੁ ॥੪॥੨॥

ਜਿਸ ਨੂੰ ਗੁਰੂ ਜੀ ਇਸ ਦੀ ਦਾਤ ਬਖਸ਼ਦੇ ਹਨ, ਹੇ ਨਾਨਕ!


ਬਸੰਤੁ ਮਹਲਾ ੫ ॥

ਬਸੰਤ ਪੰਜਵੀਂ ਪਾਤਿਸ਼ਾਹੀ।

ਤਿਸੁ ਬਸੰਤੁ, ਜਿਸੁ ਪ੍ਰਭੁ ਕ੍ਰਿਪਾਲੁ ॥

ਕੇਵਲ ਉਹ ਹੀ ਖੁਸ਼ੀ ਵਿੱਚ ਹੈ, ਜਿਸ ਤੇ ਸਾਈਂ ਮਿਹਰਬਾਨ ਹੈ।

ਤਿਸੁ ਬਸੰਤੁ, ਜਿਸੁ ਗੁਰੁ ਦਇਆਲੁ ॥

ਕੇਵਲ ਉਹ ਹੀ ਬਹਾਰ ਅੰਦਰ ਹੈ, ਜਿਸ ਤੇ ਗੁਰਦੇਵ ਮਾਇਵਾਨ ਹਨ।

ਮੰਗਲੁ ਤਿਸ ਕੈ, ਜਿਸੁ ਏਕੁ ਕਾਮੁ ॥

ਹੁਲਾਸ ਕੇਵਲ ਉਸ ਅੰਦਰ ਹੈ, ਜੋ ਸੁਆਮੀ ਦੀ ਸੇਵਾ ਦੇ ਹੀ ਸਮਰਪਨ ਹੋਇਆ ਹੈ।

ਤਿਸੁ ਸਦ ਬਸੰਤੁ, ਜਿਸੁ ਰਿਦੈ ਨਾਮੁ ॥੧॥

ਉਸ ਲਈ ਹਮੇਸ਼ਾਂ ਹੀ ਬਹਾਰ ਦੀ ਰੁਤ ਹੈ, ਜਿਸ ਦੇ ਹਿਰਦੇ ਅੰਦਰ ਨਾਮ ਵੱਸਦਾ ਹੈ।

ਗ੍ਰਿਹਿ ਤਾ ਕੇ, ਬਸੰਤੁ ਗਨੀ ॥

ਕੇਵਲ ਉਸ ਦੇ ਘਰ ਅੰਦਰ ਹੀ ਬਹਾਰ ਗਿਣੀ ਜਾਂਦੀ ਹੈ।

ਜਾ ਕੈ, ਕੀਰਤਨੁ ਹਰਿ ਧੁਨੀ ॥੧॥ ਰਹਾਉ ॥

ਜਿਸ ਦੇ ਮਨ ਵਿੱਚ ਪ੍ਰਭੂ ਦੇ ਜੱਸ ਦਾ ਰਾਗ ਗੂੰਜਦਾ ਹੈ। ਠਹਿਰਾਉ।

ਪ੍ਰੀਤਿ ਪਾਰਬ੍ਰਹਮ, ਮਉਲਿ ਮਨਾ ॥

ਹੇ ਮੇਰੀ ਜਿੰਦੜੀਏ! ਤੂੰ ਪਰਮ ਪ੍ਰਭੂ ਦੀ ਪਿਰਹੜੀ ਅੰਦਰ ਪ੍ਰਫੁਲਤ ਹੋ।

ਗਿਆਨੁ ਕਮਾਈਐ, ਪੂਛਿ ਜਨਾਂ ॥

ਸਾਹਿਬ ਦੇ ਗੋਲਿਆਂ ਦੀ ਸਲਾਹ ਲੈ ਕੇ ਤੂੰ ਬ੍ਰਹਮ ਗਿਆਤ ਦੀ ਕਮਾਈ ਕਰ।

ਸੋ ਤਪਸੀ, ਜਿਸੁ ਸਾਧਸੰਗੁ ॥

ਕੇਵਲ ਉਹ ਹੀ ਤਪੀਸ਼ਰ ਹੈ ਜੋ ਸੰਤਾਂ ਦੀ ਸੰਗਤ ਕਰਦਾ ਹੈ।

ਸਦ ਧਿਆਨੀ, ਜਿਸੁ ਗੁਰਹਿ ਰੰਗੁ ॥੨॥

ਉਹ ਸਦੀਵ ਹੀ ਬ੍ਰਹਮ ਬੇਤਾ ਹੈ ਜੋ ਗੁਰਾਂ ਨੂੰ ਪਿਆਰ ਕਰਦਾ ਹੈ।

ਸੇ ਨਿਰਭਉ, ਜਿਨ੍ਹ੍ਹ ਭਉ ਪਇਆ ॥

ਕੇਵਲ ਉਹ ਹੀ ਡਰ ਰਹਿਤ ਹੈ, ਜੋ ਆਪਣੇ ਪ੍ਰਭੂ ਤੋਂ ਡਰਦਾ ਹੈ।

ਸੋ ਸੁਖੀਆ, ਜਿਸੁ ਭ੍ਰਮੁ ਗਇਆ ॥

ਕੇਵਲ ਉਹ ਹੀ ਸੁਖੀ ਹੈ, ਜਿਸ ਦਾ ਵਹਿਮ ਦੂਰ ਹੋ ਗਿਆ ਹੈ।

ਸੋ ਇਕਾਂਤੀ, ਜਿਸੁ ਰਿਦਾ ਥਾਇ ॥

ਕੇਵਲ ਉਹ ਹੀ ਗੋਸ਼ਾ ਨਸ਼ੀਨ ਹੈ, ਜਿਸ ਦਾ ਮਨ ਸਥਿਰ ਹੈ।

ਸੋਈ ਨਿਹਚਲੁ, ਸਾਚ ਠਾਇ ॥੩॥

ਕੇਵਲ ਉਹ ਹੀ ਅਹਿੱਲ ਹੈ, ਜਿਸ ਨੂੰ ਸੱਚਾ ਟਿਕਾਣਾ ਪ੍ਰਾਪਤ ਹੋ ਗਿਆ ਹੈ।

ਏਕਾ ਖੋਜੈ, ਏਕ ਪ੍ਰੀਤਿ ॥

ਜੋ ਕੋਈ ਕੇਵਲ ਇੱਕ ਨੂੰ ਹੀ ਲੱਭਦਾ ਹੈ ਤੇ ਪਿਆਰ ਕਰਦਾ ਹੈ।

ਦਰਸਨ ਪਰਸਨ, ਹੀਤ ਚੀਤਿ ॥

ਜੋ ਕੋਈ ਸਾਈਂ ਦੇ ਦੀਦਾਰ ਦੇਖਣ ਨੂੰ ਦਿਲੋਂ ਪਿਆਰ ਕਰਦਾ ਹੈ,

ਹਰਿ ਰੰਗ ਰੰਗਾ, ਸਹਜਿ ਮਾਣੁ ॥

ਅਤੇ ਜੋ ਕੋਈ ਭੀ ਸਾਰੀਆਂ ਮੁਹੱਬਤਾਂ ਵਿਚੋਂ ਵਾਹਿਗੁਰੂ ਦੀ ਮੁਹੱਬਤ ਦਾ ਸੁਤੇ ਸਿਧ ਹੀ ਅਨੰਦ ਲੈਂਦਾ ਹੈ;

ਨਾਨਕ ਦਾਸ, ਤਿਸੁ ਜਨ ਕੁਰਬਾਣੁ ॥੪॥੩॥

ਗੋਲਾ ਨਾਨਕ ਉਸ ਪੁਰਸ਼ ਉਤੋਂ ਬਲਿਹਾਰਨੇ ਜਾਂਦਾ ਹੈ।


ਬਸੰਤੁ ਮਹਲਾ ੫ ॥

ਬਸੰਤ ਪੰਜਵੀਂ ਪਾਤਿਸ਼ਾਹੀ।

ਜੀਅ ਪ੍ਰਾਣ, ਤੁਮ੍ਹ੍ਹ ਪਿੰਡ ਦੀਨ੍ਹ੍ਹ ॥

ਤੂੰ ਹੇ ਪ੍ਰਭੂ! ਮੈਨੂੰ ਜਿੰਦੜੀ ਜਿੰਦ ਜਾਨ ਅਤੇ ਦੇਹਿ ਪ੍ਰਦਾਨ ਕੀਤੇ ਹਨ।

ਮੁਗਧ ਸੁੰਦਰ, ਧਾਰਿ ਜੋਤਿ ਕੀਨ੍ਹ੍ਹ ॥

ਆਪਣਾ ਪ੍ਰਕਾਸ਼ ਅੰਦਰ ਟਿਕਾ ਮੈਂ ਮੂਰਖ ਨੂੰ ਤੂੰ ਸੁਹਣਾ ਸੁਨੱਖਾ ਬਣਾ ਦਿੱਤਾ ਹੈ।

ਸਭਿ ਜਾਚਿਕ ਪ੍ਰਭ ਤੁਮ੍ਹ੍ਹ ਦਇਆਲ ॥

ਹੇ ਸਾਈਂ! ਤੂੰ ਮਿਹਰਬਾਨ ਹੈ, ਸਾਰੇ ਹੀ ਤੇਰੇ ਮੰਗਤੇ ਹਨ।

ਨਾਮੁ ਜਪਤ, ਹੋਵਤ ਨਿਹਾਲ ॥੧॥

ਤੇਰੇ ਨਾਮ ਨੂੰ ਉਚਾਰ ਕੇ ਪ੍ਰਾਣੀ ਪਰਮ ਪ੍ਰਸੰਨ ਹੋ ਜਾਂਦਾ ਹੈ।

ਮੇਰੇ ਪ੍ਰੀਤਮ ਕਾਰਣ ਕਰਣ ਜੋਗ! ॥

ਮੇਰੇ ਪਿਆਰਿਆ! ਤੂੰ ਮਿਹਰਬਾਨ ਹੈ, ਸਾਰੇ ਹੀ ਤੇਰੇ ਮੰਗਤੇ ਹਨ।

ਹਉ ਪਾਵਉ ਤੁਮ ਤੇ, ਸਗਲ ਥੋਕ ॥੧॥ ਰਹਾਉ ॥

ਸਾਰੀਆਂ ਵਸਤੂਆਂ ਮੈਨੂੰ ਤੇਰੇ ਪਾਸੋਂ ਪ੍ਰਾਪਤ ਹੁੰਦੀਆਂ ਹਨ। ਠਹਿਰਾਉ।

ਨਾਮੁ ਜਪਤ, ਹੋਵਤ ਉਧਾਰ ॥

ਨਾਮ ਦਾ ਸਿਮਰਨ ਕਰਨ ਨਾਲ ਜੀਵ ਮੁਕਤ ਹੋ ਜਾਂਦਾ ਹੈ।

ਨਾਮੁ ਜਪਤ, ਸੁਖ ਸਹਜ ਸਾਰ ॥

ਨਾਮ ਦਾ ਸਿਮਰਨ ਕਰਨ ਨਾਲ ਜੀਵ ਨੂੰ ਸਰੇਸ਼ਟ ਆਰਾਮ ਅਤੇ ਅਡੋਲਤਾ ਪ੍ਰਾਪਤ ਹੋ ਜਾਂਦੇ ਹਨ।

ਨਾਮੁ ਜਪਤ, ਪਤਿ ਸੋਭਾ ਹੋਇ ॥

ਨਾਮ ਦਾ ਸਿਮਰਨ ਕਰਨ ਦੁਆਰਾ ਇਨਸਾਨ ਨੂੰ ਇਜਤ ਆਬਰੂ ਤੇ ਪ੍ਰਭਤਾ ਦੀ ਦਾਤ ਮਿਲਦੀ ਹੈ।

ਨਾਮੁ ਜਪਤ, ਬਿਘਨੁ ਨਾਹੀ ਕੋਇ ॥੨॥

ਨਾਮ ਦਾ ਸਿਮਰਨ ਕਰਨ ਦੁਆਰਾ ਪ੍ਰਾਣੀ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ।

ਜਾ ਕਾਰਣਿ, ਇਹ ਦੁਲਭ ਦੇਹ ॥

ਜਿਸ ਕਾਰਨ ਇਹ ਅਮੋਲਕ ਕਾਇਆ ਹੱਥ ਲੱਗੀ ਹੈ,

ਸੋ ਬੋਲੁ, ਮੇਰੇ ਪ੍ਰਭੂ! ਦੇਹਿ ॥

ਉਸ ਦੇ ਨਾਮ ਦਾ ਉਚਾਰਨ ਮੈਨੂੰ ਪ੍ਰਦਾਨ ਕਰ, ਹੇ ਮੇਰੇ ਸੁਆਮੀ!

ਸਾਧਸੰਗਤਿ ਮਹਿ, ਇਹੁ ਬਿਸ੍ਰਾਮੁ ॥

ਹੇ ਸੁਆਮੀ! ਤੂੰ ਮੈਨੂੰ ਸਤਿਸੰਗਤ ਅੰਦਰ ਇਹ ਆਰਾਮ ਬਖਸ਼,

ਸਦਾ ਰਿਦੈ ਜਪੀ, ਪ੍ਰਭ ਤੇਰੋ ਨਾਮੁ ॥੩॥

ਕਿ ਮੈਂ ਆਪਣੇ ਮਨ ਵਿੱਚ ਹਮੇਸ਼ਾਂ ਤੇਰੇ ਨਾਮ ਦਾ ਆਰਾਧਨ ਕਰਾਂ;

ਤੁਝ ਬਿਨੁ ਦੂਜਾ, ਕੋਇ ਨਾਹਿ ॥

ਤੇਰੇ ਬਗੈਰ ਹੋਰ ਕੋਈ ਨਹੀਂ।

ਸਭੁ ਤੇਰੋ ਖੇਲੁ, ਤੁਝ ਮਹਿ ਸਮਾਹਿ ॥

ਸਾਰੀਆਂ ਤੇਰੀਆਂ ਹੀ ਖੇਡਾਂ ਹਨ। ਹਰ ਸ਼ੈ ਤੇਰੇ ਵਿੱਚ ਹੀ ਲੀਨ ਹੋ ਜਾਂਦੀ ਹੈ।

ਜਿਉ ਭਾਵੈ, ਤਿਉ ਰਾਖਿ ਲੇ ॥

ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ।

ਸੁਖੁ ਨਾਨਕ, ਪੂਰਾ ਗੁਰੁ ਮਿਲੇ ॥੪॥੪॥

ਹੇ ਨਾਨਕ! ਪੂਰਨ ਗੁਰਾਂ ਦੇ ਮਿਲਣ ਦੁਆਰਾ ਆਰਾਮ ਪ੍ਰਾਪਤ ਹੁੰਦਾ ਹੈ।


ਬਸੰਤੁ ਮਹਲਾ ੫ ॥

ਬਸੰਤ ਪੰਜਵੀਂ ਪਾਤਿਸ਼ਾਹੀ।

ਪ੍ਰਭ ਪ੍ਰੀਤਮ, ਮੇਰੈ ਸੰਗਿ ਰਾਇ ॥

ਮੇਰਾ ਪਿਆਰਾ ਪ੍ਰਭੂ ਪਾਤਿਸ਼ਾਹ ਮੇਰੇ ਨਾਲ ਹੈ,

ਜਿਸਹਿ ਦੇਖਿ, ਹਉ ਜੀਵਾ ਮਾਇ ॥

ਜਿਸ ਨੂੰ ਵੇਖ ਕੇ ਮੈਂ ਜਿਉਂਦਾ ਹਾਂ, ਹੇ ਮੇਰੀ ਮਾਤਾ!

ਜਾ ਕੈ ਸਿਮਰਨਿ, ਦੁਖੁ ਨ ਹੋਇ ॥

ਜਿਸ ਦੀ ਬੰਦਗੀ ਕਰਨ ਦੁਆਰਾ, ਬੰਦੇ ਨੂੰ ਰੰਜ ਗਮ ਨਹੀਂ ਵਿਆਪਦਾ,

ਕਰਿ ਦਇਆ, ਮਿਲਾਵਹੁ ਤਿਸਹਿ ਮੋਹਿ ॥੧॥

ਮੇਰੇ ਗੁਰਦੇਵ ਤੂੰ ਮੇਰੇ ਤੇ ਤਰਸ ਕਰ ਅਤੇ ਮੈਨੂੰ ਉਸ ਨਾਲ ਮਿਲਾ ਦੇ।

ਮੇਰੇ ਪ੍ਰੀਤਮ ਪ੍ਰਾਨ ਅਧਾਰ ਮਨ! ॥

ਮੇਰਾ ਪਿਆਰਾ ਮੇਰੀ ਜਿੰਦ ਜਾਨ ਅਤੇ ਜਿੰਦੜੀ ਦਾ ਆਸਰਾ ਹੈ।

ਜੀਉ ਪ੍ਰਾਨ ਸਭੁ ਤੇਰੋ ਧਨ ॥੧॥ ਰਹਾਉ ॥

ਮੇਰਾ ਮਨ ਜਿੰਦਗੀ ਅਤੇ ਦੌਲਤ ਸਮੂਹ ਤੇਰੇ ਹਨ, ਹੇ ਮੇਰੇ ਮਾਲਕ! ਠਹਿਰਾਉ।

ਜਾ ਕਉ ਖੋਜਹਿ, ਸੁਰਿ ਨਰ ਦੇਵ ॥

ਜਿਸ ਨੂੰ ਫ਼ਰਿਸ਼ਤੇ, ਮਨੁੱਖ ਤੇ ਦੇਵਤੇ ਭਾਲਦੇ ਹਨ,

ਮੁਨਿ ਜਨ ਸੇਖ, ਨ ਲਹਹਿ ਭੇਵ ॥

ਜਿਸ ਦੇ ਭੇਤ ਨੂੰ ਖਾਮੋਸ਼ ਰਿਸ਼ੀ ਤੇ ਸ਼ੇਖ ਜਾਣ ਨਹੀਂ ਸਕਦੇ,

ਜਾ ਕੀ ਗਤਿ ਮਿਤਿ, ਕਹੀ ਨ ਜਾਇ ॥

ਤੇ ਜਿਸ ਦੀ ਅਵਸਥਾ ਤੇ ਵਿਸਥਾਰ ਵਰਣਨ ਕੀਤੇ ਨਹੀਂ ਜਾ ਸਕਦੇ,

ਘਟਿ ਘਟਿ ਘਟਿ ਘਟਿ, ਰਹਿਆ ਸਮਾਇ ॥੨॥

ਹਰ ਦਿਲ ਅਤੇ ਹਰ ਜਞਾ ਅੰਦਰ, ਉਹ ਸੁਆਮੀ ਵਿਆਪਕ ਹੋ ਰਿਹਾ ਹੈ।

ਜਾ ਕੇ ਭਗਤ, ਆਨੰਦ ਮੈ ॥

ਤੂੰ ਉਸ ਦਾ ਸਿਮਰਨ ਕਰ, ਜਿਸ ਦੇ ਵੈਰਾਗੀ ਪ੍ਰਸੰਨਤਾ ਦਾ ਸਰੂਪ ਹਨ।

ਜਾ ਕੇ ਭਗਤ ਕਉ, ਨਾਹੀ ਖੈ ॥

ਜਿਸ ਦਾ ਭਗਤ ਨਾਸ ਨਹੀਂ ਹੁੰਦਾ,

ਜਾ ਕੇ ਭਗਤ ਕਉ, ਨਾਹੀ ਭੈ ॥

ਤੇ ਜਿਸ ਦੇ ਵੈਰਾਗੀ ਨੂੰ ਡਰ ਨਹੀਂ ਲੱਗਦਾ,

ਜਾ ਕੇ ਭਗਤ ਕਉ, ਸਦਾ ਜੈ ॥੩॥

ਅਤੇ ਜਿਸ ਦੇ ਵੈਰਾਗੀ ਦੀ ਹਮੇਸ਼ਾਂ, ਜੈ ਜੈ ਕਾਰ ਹੁੰਦੀ ਹੈ।

ਕਉਨੁ ਉਪਮਾ? ਤੇਰੀ ਕਹੀ ਜਾਇ ॥

ਮੈਂ ਤੇਰੀ ਕਿਹੜੀ ਮਹਿਮਾ ਵਰਣਨ ਕਰ ਸਕਦਾ ਹਾਂ, ਹੇ ਪ੍ਰਭੂ?

ਸੁਖਦਾਤਾ, ਪ੍ਰਭੁ ਰਹਿਓ ਸਮਾਇ ॥

ਮੇਰਾ ਆਰਾਮ-ਦੇਣਹਾਰ ਪ੍ਰਭੂ ਸਾਰੇ ਵਿਆਪਕ ਹੋ ਰਿਹਾ ਹੈ।

ਨਾਨਕ ਜਾਚੈ, ਏਕੁ ਦਾਨੁ ॥

ਨਾਨਕ ਤੇਰੇ ਪਾਸੋਂ, ਹੇ ਸਾਈਂ! ਕੇਵਲ ਇਕ ਦਾਤ ਮੰਗਦਾ ਹੈ।

ਕਰਿ ਕਿਰਪਾ, ਮੋਹਿ ਦੇਹੁ ਨਾਮੁ ॥੪॥੫॥

ਮਿਹਰ ਧਾਰ ਕੇ ਤੂੰ ਮੈਨੂੰ ਆਪਣਾ ਨਾਮ ਪ੍ਰਦਾਨ ਕਰ।


ਬਸੰਤੁ ਮਹਲਾ ੫ ॥

ਬਸੰਤ ਪੰਜਵੀਂ ਪਾਤਿਸ਼ਾਹੀ।

ਮਿਲਿ ਪਾਣੀ, ਜਿਉ ਹਰੇ ਬੂਟ ॥

ਜਲ ਪ੍ਰਾਪਤ ਹੋਣ ਨਾਲ ਜਿਸ ਤਰ੍ਹਾਂ ਬੂਟਾ ਹਰਾਭਰਾ ਹੋ ਜਾਂਦਾ ਹੈ।

ਸਾਧਸੰਗਤਿ, ਤਿਉ ਹਉਮੈ ਛੂਟ ॥

ਏਸੇ ਤਰ੍ਹਾਂ ਹੀ ਸਤਿਸੰਗਤ ਅੰਦਰ ਜੀਵ ਹੰਗਤਾ ਤੋਂ ਖਲਾਸੀ ਪਾ ਜਾਂਦਾ ਹੈ।

ਜੈਸੀ ਦਾਸੇ, ਧੀਰ ਮੀਰ ॥

ਜਿਸ ਤਰ੍ਹਾਂ ਰਾਜਾ ਆਪਣੇ ਨੌਕਰ ਨੂੰ ਧੀਰਜ ਦਿੰਦਾ ਹੈ,

ਤੈਸੇ ਉਧਾਰਨ, ਗੁਰਹ ਪੀਰ ॥੧॥

ਏਸੇ ਤਰ੍ਹਾਂ ਹੀ ਮੁਖੀ ਗੁਰਦੇਵ ਆਪਣੇ ਸਿੱਖ ਨੂੰ ਤਾਰ ਦਿੰਦੇ ਹਨ।

ਤੁਮ ਦਾਤੇ, ਪ੍ਰਭ ਦੇਨਹਾਰ ॥

ਕੇਵਲ ਤੂੰ ਹੀ, ਹੇ ਦਾਤਾਰ ਸੁਆਮੀ! ਦੇਣ ਵਾਲਾ ਹੈ।

ਨਿਮਖ ਨਿਮਖ, ਤਿਸੁ ਨਮਸਕਾਰ ॥੧॥ ਰਹਾਉ ॥

ਹਰ ਮੁਹਤ ਮੈਂ ਤੈਨੂੰ ਪ੍ਰਣਾਮ ਕਰਦਾ ਹਾਂ, ਹੇ ਮੇਰੇ ਮਾਲਕ! ਠਹਿਰਾਉ।

ਜਿਸਹਿ ਪਰਾਪਤਿ, ਸਾਧਸੰਗੁ ॥

ਜਿਸ ਨੂੰ ਸਤਿਸੰਗਤ ਪ੍ਰਦਾਨ ਹੋਈ ਹੈ,

ਤਿਸੁ ਜਨ ਲਾਗਾ, ਪਾਰਬ੍ਰਹਮ ਰੰਗੁ ॥

ਉਹ ਪੁਰਸ਼ ਪਰਮ ਪ੍ਰਭੂ ਦੇ ਪਿਆਰ ਨਾਲ ਰੰਗਿਆ ਜਾਂਦਾ ਹੈ।

ਤੇ ਬੰਧਨ, ਤੇ ਭਏ ਮੁਕਤਿ ॥

ਉਸ ਦੀਆਂ ਸਾਰੀਆਂ ਬੜੀਆਂ ਕੱਟੀਆਂ ਜਾਂਦੀਆਂ ਹਨ।

ਭਗਤ ਅਰਾਧਹਿ, ਜੋਗ ਜੁਗਤਿ ॥੨॥

ਸਾਧੂ ਆਪਣੇ ਸੁਆਮੀ ਦਾ ਸਿਮਰਨ ਕਰਦੇ ਹਨ ਅਤੇ ਉਸ ਦੇ ਮਿਲਾਪ ਅੰਦਰ ਮਿਲ ਜਾਂਦੇ ਹਨ।

ਨੇਤ੍ਰ ਸੰਤੋਖੇ, ਦਰਸੁ ਪੇਖਿ ॥

ਸਾਹਿਬ ਦਾ ਦੀਦਾਰ ਦੇਖ, ਮੇਰੀਆਂ ਅੱਖਾਂ ਰੱਜ ਗਈਆਂ ਹਨ।

ਰਸਨਾ ਗਾਏ, ਗੁਣ ਅਨੇਕ ॥

ਆਪਣੀ ਜੀਭਾ ਨਾਲ, ਮੈਂ ਸਾਈਂ ਦੀਆਂ ਬੇਅੰਤ ਸਿਫਤਾਂ ਗਾਉਂਦਾ ਹਾਂ।

ਤ੍ਰਿਸਨਾ ਬੂਝੀ, ਗੁਰ ਪ੍ਰਸਾਦਿ ॥

ਗੁਰਾਂ ਦੀ ਦਇਆ ਦੁਆਰਾ ਮੇਰੀ ਖਾਹਿਸ਼ ਮਿਟ ਗਈ ਹੈ।

ਮਨੁ ਆਘਾਨਾ, ਹਰਿ ਰਸਹਿ ਸੁਆਦਿ ॥੩॥

ਮੇਰਾ ਚਿੱਤ ਹਰੀ ਦੇ ਅੰਮ੍ਰਿਤ ਦੇ ਰਸ ਨਾਲ ਰੱਜ ਗਿਆ ਹੈ।

ਸੇਵਕੁ ਲਾਗੋ, ਚਰਣ ਸੇਵ ॥

ਮੈਂ ਤੇਰਾ ਗੋਲਾ, ਤੇਰੇ ਪੈਰਾਂ ਦੀ ਚਾਕਰੀ ਦੇ ਸਮਰਪਨ ਹੋਇਆ ਹੋਇਆ ਹਾਂ,

ਆਦਿ ਪੁਰਖ, ਅਪਰੰਪਰ ਦੇਵ ॥

ਹੇ ਮੇਰੇ ਹੱਦ ਬੰਨਾ ਰਹਿਤ ਪਰਾਪੂਰਬਲੇ ਪ੍ਰਭੂ!

ਸਗਲ ਉਧਾਰਣ, ਤੇਰੋ ਨਾਮੁ ॥

ਤੇਰਾ ਨਾਮ, ਹੇ ਪ੍ਰਭੂ! ਸਾਰਿਆਂ ਦਾ ਪਾਰ ਉਤਾਰਾ ਕਰਨ ਵਾਲਾ ਹੈ।

ਨਾਨਕ ਪਾਇਓ ਇਹੁ ਨਿਧਾਨੁ ॥੪॥੬॥

ਨਾਨਕ ਨੂੰ ਇਹ ਨਾਮ ਦਾ ਖਜਾਨਾ ਪ੍ਰਾਪਤ ਹੋਇਆ ਹੈ।


ਬਸੰਤੁ ਮਹਲਾ ੫ ॥

ਬਸੰਤ ਪੰਜਵੀਂ ਪਾਤਿਸ਼ਾਹੀ।

ਤੁਮ ਬਡ ਦਾਤੇ, ਦੇ ਰਹੇ ॥

ਤੂੰ, ਹੇ ਵੱਡੇ ਦਾਤਾਰ ਪ੍ਰਭੂ! ਦਾਤਾਂ ਦੇ ਰਿਹਾ ਹੈਂ।

ਜੀਅ ਪ੍ਰਾਣ ਮਹਿ, ਰਵਿ ਰਹੇ ॥

ਤੂੰ ਮੇਰੀ ਜਿੰਦੜੀ ਤੇ ਜਿੰਦ ਜਾਨ ਅੰਦਰ ਰਮ ਰਿਹਾ ਹੈਂ।

ਦੀਨੇ ਸਗਲੇ, ਭੋਜਨ ਖਾਨ ॥

ਤੂੰ ਮੈਨੂੰ ਸਾਰੇ ਖਾਣੇ ਅਤੇ ਨਿਆਮਤਾਂ ਬਖਸ਼ੀਆਂ ਹਨ।

ਮੋਹਿ ਨਿਰਗੁਨ, ਇਕੁ ਗੁਨੁ ਨ ਜਾਨ ॥੧॥

ਮੈਂ, ਨਾਸ਼ੁਕਰੇ ਨੇ ਤੇਰੇ ਇਕ ਉਪਕਾਰ ਦੀ ਕਦਰ ਨਹੀਂ ਪਾਈ।

ਹਉ ਕਛੂ ਨ ਜਾਨਉ, ਤੇਰੀ ਸਾਰ ॥

ਤੇਰੀ ਕਦਰ ਨੂੰ ਹੇ ਪ੍ਰਭੂ! ਮੈਂ ਭੋਰਾ ਭਰ ਭੀ ਅਨੁਭਵ ਨਹੀਂ ਕਰਦਾ।

ਤੂ ਕਰਿ ਗਤਿ ਮੇਰੀ, ਪ੍ਰਭ ਦਇਆਰ! ॥੧॥ ਰਹਾਉ ॥

ਤੂੰ ਮੇਰੀ ਕਲਿਆਨ ਕਰ, ਹੇ ਮੇਰੇ ਮਿਹਰਬਾਨ ਮਾਲਕ! ਠਹਿਰਾਉ।

ਜਾਪ ਨ ਤਾਪ, ਨ ਕਰਮ ਕੀਤਿ ॥

ਮੈਂ ਸਿਮਰਨ, ਕਰੜੀ ਘਾਲ ਅਤੇ ਚੰਗੇ ਅਮਲ ਦੀ ਕਮਾਈ ਨਹੀਂ ਕੀਤੀ।

ਆਵੈ ਨਾਹੀ, ਕਛੂ ਰੀਤਿ ॥

ਮੈਨੂੰ ਤੇਰੇ ਨਾਲ ਮਿਲਣ ਦਾ ਮਾਰਗ ਨਹੀਂ ਆਉਂਦਾ।

ਮਨ ਮਹਿ ਰਾਖਉ, ਆਸ ਏਕ ॥

ਆਪਣੇ ਰਿਦੇ ਅੰਦਰ ਮੈਂ ਕੇਵਲ ਸੁਆਮੀ ਦੀ ਊਮੈਦ ਹੀ ਧਾਰਨ ਕੀਤੀ ਹੋਈ ਹੈ।

ਨਾਮ ਤੇਰੇ ਕੀ, ਤਰਉ ਟੇਕ ॥੨॥

ਤੇਰੇ ਨਾਮ ਦੇ ਆਸਰੇ ਰਾਹੀਂ ਮੇਰਾ ਪਾਰ ਉਤਾਰਾ ਹੋਵੇਗਾ।

ਸਰਬ ਕਲਾ ਪ੍ਰਭ! ਤੁਮ੍ਹ੍ਹ ਪ੍ਰਬੀਨ ॥

ਤੂੰ ਸਾਰਿਆਂ ਹੁਨਰਾਂ ਦਾ ਮਾਹਰ ਹੈ, ਹੇ ਸਾਹਿਬ!

ਅੰਤੁ ਨ ਪਾਵਹਿ, ਜਲਹਿ ਮੀਨ ॥

ਮੈਂ ਮੱਛੀ ਦੀ ਮਾਨਿੰਦ ਹਾਂ, ਜੋ ਪਾਣੀ ਦੇ ਓੜਕ ਨੂੰ ਨਹੀਂ ਪਾ ਸਕਦੀ।

ਅਗਮ ਅਗਮ, ਊਚਹ ਤੇ ਊਚ ॥

ਤੂੰ ਹੇ ਪ੍ਰਭੂ! ਅਥਾਹ ਪਹੁੰਚ ਤੋਂ ਪਰ੍ਹੇ ਅਤੇ ਬੁਲੰਦਾ ਦਾ ਪਰਮ ਬੁਲੰਦ ਹੈ।

ਹਮ ਥੋਰੇ, ਤੁਮ ਬਹੁਤ ਮੂਚ ॥੩॥

ਮੈਂ ਛੋਟਾ ਹਾਂ ਅਤੇ ਤੂੰ ਨਿਹਾਇਤ ਹੀ ਵੱਡਾ ਹੈ।

ਜਿਨ ਤੂ ਧਿਆਇਆ, ਸੇ ਗਨੀ ॥

ਅਮੀਰ ਹਨ ਉਹ, ਜੋ ਤੇਰਾ ਸਿਮਰਨ ਕਰਦੇ ਹਨ।

ਜਿਨ ਤੂ ਪਾਇਆ, ਸੇ ਧਨੀ ॥

ਜੋ ਤੈਨੂੰ ਪ੍ਰਾਪਤ ਹੋਏ ਹਨ, ਕੇਵਲ ਉਹ ਹੀ ਧਨਾਢ ਹਨ।

ਜਿਨਿ ਤੂ ਸੇਵਿਆ, ਸੁਖੀ ਸੇ ॥

ਕੇਵਲ ਉਹ ਹੀ ਆਰਾਮ ਵਿੱਚ ਹਨ, ਜੋ ਤੇਰੀ ਚਾਕਰੀ ਕਰਦੇ ਹਨ।

ਸੰਤ ਸਰਣਿ, ਨਾਨਕ ਪਰੇ ॥੪॥੭॥

ਨਾਨਕ ਨੇ ਸਾਧੂਆਂ ਦੀ ਪਨਾਹ ਲਈ ਹੈ।


ਬਸੰਤੁ ਮਹਲਾ ੫ ॥

ਬਸੰਤ ਪੰਜਵੀਂ ਪਾਤਸ਼ਾਹੀ।

ਤਿਸੁ ਤੂ ਸੇਵਿ, ਜਿਨਿ ਤੂ ਕੀਆ ॥

ਤੂੰ ਉਸ ਦੀ ਟਹਿਲ ਕਮਾ, ਹੇ ਬੰਦੇ! ਜਿਸ ਨੇ ਤੈਨੂੰ ਰਚਿਆ ਹੈ।

ਤਿਸੁ ਅਰਾਧਿ, ਜਿਨਿ ਜੀਉ ਦੀਆ ॥

ਤੂੰ ਉਸ ਨੂੰ ਸਿਮਰ, ਜਿਸ ਨੇ ਤੈਨੂੰ ਜਿੰਦਗੀ ਬਖਸ਼ੀ ਹੈ।

ਤਿਸ ਕਾ ਚਾਕਰੁ ਹੋਹਿ, ਫਿਰਿ ਡਾਨੁ ਨ ਲਾਗੈ ॥

ਤੂੰ ਉਸ ਦਾ ਸੇਵਕ ਹੋ ਜਾ, ਤਦ ਤੈਨੂੰ ਮੁੜ ਕੇ ਸਜਾ ਨਹੀਂ ਮਿਲੇਗੀ।

ਤਿਸ ਕੀ ਕਰਿ ਪੋਤਦਾਰੀ, ਫਿਰਿ ਦੂਖੁ ਨ ਲਾਗੈ ॥੧॥

ਤੂੰ ਉਸ ਦਾ ਖਜਾਨਚੀਪੁਣਾ ਇਖਤਿਆਰ ਕਰ, ਤਦ ਤੈਨੂੰ ਮੁੜ ਕੇ ਕਸ਼ਟ ਨਹੀਂ ਵਾਪਰੇਗਾ।

ਏਵਡ ਭਾਗ ਹੋਹਿ, ਜਿਸੁ ਪ੍ਰਾਣੀ ॥

ਜਿਸ ਦੀ ਐਹੋ ਜੇਹੀ ਪਰਮ ਚੰਗੀ ਕਿਸਮਤ ਹੈ,

ਸੋ ਪਾਏ, ਇਹੁ ਪਦੁ ਨਿਰਬਾਣੀ ॥੧॥ ਰਹਾਉ ॥

ਉਹ ਫਾਨੀ ਬੰਦਾ ਇਸ ਭੈ-ਭੀਤ ਮਰਤਬੇ ਨੂੰ ਪਾ ਲੈਂਦਾ ਹੈ। ਠਹਿਰਾਓ।

ਦੂਜੀ ਸੇਵਾ, ਜੀਵਨੁ ਬਿਰਥਾ ॥

ਵਿਅਰਥ ਹੈ, ਉਸ ਦੀ ਜਿੰਦਗੀ ਜੋ ਹੋਰਸ ਦੀ ਟਹਿਲ ਕਮਾਉਂਦਾ ਹੈ।

ਕਛੂ ਨ ਹੋਈ ਹੈ, ਪੂਰਨ ਅਰਥਾ ॥

ਇਸ ਤਰ੍ਹਾਂ ਕੋਈ ਭੀ ਕੰਮ ਭੀ ਨੇਪਰੇ ਨਹੀਂ ਚੜ੍ਹਦਾ।

ਮਾਣਸ ਸੇਵਾ, ਖਰੀ ਦੁਹੇਲੀ ॥

ਬੜੀ ਦੁਖਦਾਈ ਹੈ ਮਨੁੱਖ ਦੀ ਟਹਿਲ ਸੇਵਾ।

ਸਾਧ ਕੀ ਸੇਵਾ, ਸਦਾ ਸੁਹੇਲੀ ॥੨॥

ਸੰਤ ਦੀ ਘਾਲ ਬੰਦੇ ਨੂੰ ਸਦੀਵੀ ਖੁਸ਼ੀ ਬਖਸ਼ਦੀ ਹੈ।

ਜੇ ਲੋੜਹਿ, ਸਦਾ ਸੁਖੁ ਭਾਈ! ॥

ਜੇਕਰ ਤੂੰ ਸਦੀਵੀ ਆਰਾਮ ਚਾਹੁੰਦਾ ਹੈ, ਹੇ ਵੀਰ,

ਸਾਧੂ ਸੰਗਤਿ, ਗੁਰਹਿ ਬਤਾਈ ॥

ਤਾਂ ਸੰਤਾਂ ਨਾਲ ਮੇਲ-ਜੋਲ ਕਰ; ਇਹ ਸਲਾਹ ਗੁਰੂ ਜੀ ਦੇਂਦੇ ਹਨ।

ਊਹਾ ਜਪੀਐ, ਕੇਵਲ ਨਾਮ ॥

ਓਥੇ ਸਿਰਫ ਸਾਈਂ ਦੇ ਨਾਮ ਦਾ ਹੀ ਸਿਮਰਨ ਹੁੰਦਾ ਹੈ।

ਸਾਧੂ ਸੰਗਤਿ, ਪਾਰਗਰਾਮ ॥੩॥

ਸਤਿਸੰਗਤ ਦੁਆਰਾ ਬੰਦਾ ਮੁਕਤ ਹੋ ਜਾਂਦਾ ਹੈ।

ਸਗਲ ਤਤ ਮਹਿ, ਤਤੁ ਗਿਆਨੁ ॥

ਸਾਰਿਆਂ ਜੌਹਰਾਂ ਦਾ ਜੌਹਰ ਪ੍ਰਭੂ ਦੀ ਗਿਆਤ ਹੈ।

ਸਰਬ ਧਿਆਨ ਮਹਿ, ਏਕੁ ਧਿਆਨੁ ॥

ਸਾਰਿਆਂ ਸਿਮਰਨਾਂ ਵਿੱਚੋ ਸ਼ਰੋਮਣੀ ਹੈ ਇਕ ਸਾਹਿਬ ਦਾ ਸਿਮਰਨ।

ਹਰਿ ਕੀਰਤਨ ਮਹਿ, ਊਤਮ ਧੁਨਾ ॥

ਵਾਹਿਗੁਰੂ ਦੀ ਸਿਫ਼ਤ ਗਾਇਨ ਕਰਨਾ ਸਾਰਿਆਂ ਰਾਗਾਂ ਵਿਚੋਂ ਸਰੇਸ਼ਟ ਹੈ।

ਨਾਨਕ, ਗੁਰ ਮਿਲਿ ਗਾਇ ਗੁਨਾ ॥੪॥੮॥

ਗੁਰਾਂ ਨਾਲ ਮਿਲ ਕੇ ਨਾਨਕ, ਸੁਆਮੀ ਦੀਆਂ ਸਿਫ਼ਤ ਸ਼ਲਾਘਾ ਗਾਇਨ ਕਰਦਾ ਹੈ।


ਬਸੰਤੁ ਮਹਲਾ ੫ ॥

ਬਸੰਤ ਪੰਜਵੀਂ ਪਾਤਿਸ਼ਾਹੀ।

ਜਿਸੁ ਬੋਲਤ, ਮੁਖੁ ਪਵਿਤੁ ਹੋਇ ॥

ਜਿਸ ਦਾ ਨਾਮ ਉਚਾਰਨ ਕਰਨ ਨਾਲ, ਮਨੁੱਖ ਦਾ ਮੂੰਹ ਪਾਵਨ ਹੋ ਜਾਂਦਾ ਹੈ।

ਜਿਸੁ ਸਿਮਰਤ, ਨਿਰਮਲ ਹੈ ਸੋਇ ॥

ਜਿਸ ਦਾ ਆਰਾਧਨ ਕਰਨ ਨਾਲ ਪਵਿੱਤਰ ਹੋ ਜਾਂਦੀ ਹੈ ਜੀਵ ਦੀ ਸੋਭਾ।

ਜਿਸੁ ਅਰਾਧੇ, ਜਮੁ ਕਿਛੁ ਨ ਕਹੈ ॥

ਜਿਸ ਨੂੰ ਯਾਦ ਕਰਨ ਦੁਆਰਾ ਜਮ ਦੁਖ ਨਹੀਂ ਦਿੰਦਾ!

ਜਿਸ ਕੀ ਸੇਵਾ, ਸਭੁ ਕਿਛੁ ਲਹੈ ॥੧॥

ਜਿਸ ਦੀ ਘਾਲ ਰਾਹੀਂ, ਹਰ ਵਸਤੂ ਪ੍ਰਾਪਤ ਹੋ ਜਾਂਦੀ ਹੈ।

ਰਾਮ ਰਾਮ ਬੋਲਿ ਰਾਮ ਰਾਮ ॥

ਪ੍ਰਭੂ ਦੇ ਨਾਮ, ਪ੍ਰਭੂ ਦੇ ਨਾਮ ਦਾ ਤੂੰ ਉਚਾਰਨ ਕਰ।

ਤਿਆਗਹੁ ਮਨ ਕੇ ਸਗਲ ਕਾਮ ॥੧॥ ਰਹਾਉ ॥

ਹੇ ਬੰਦੇ! ਅਤੇ ਆਪਣੇ ਚਿੱਤ ਦੇ ਸਾਰੇ ਸੰਕਲਪ ਛੱਡ ਦੇ। ਠਹਿਰਾਉ।

ਜਿਸ ਕੇ ਧਾਰੇ, ਧਰਣਿ ਅਕਾਸੁ ॥

ਤੂੰ ਉਸ ਦਾ ਆਰਾਧਨ ਕਰ, ਜੋ ਧਰਤੀ ਅਤੇ ਅਸਮਾਨ ਨੂੰ ਆਸਰਾ ਦੇ ਰਿਹਾ ਹੈ।

ਘਟਿ ਘਟਿ ਜਿਸ ਕਾ, ਹੈ ਪ੍ਰਗਾਸੁ ॥

ਜਿਸ ਦੀ ਰੌਸ਼ਨੀ ਸਾਰਿਆਂ ਦਿਲਾਂ ਵਿੱਚ ਰਮ ਰਹੀ ਹੈ,

ਜਿਸੁ ਸਿਮਰਤ, ਪਤਿਤ ਪੁਨੀਤ ਹੋਇ ॥

ਤੇ ਜਿਸ ਦਾ ਚਿੰਤਨ ਕਰਨ ਦੁਆਰਾ ਪਾਪੀ ਪਵਿੱਤਰ ਹੋ ਜਾਂਦੇ ਹਨ,

ਅੰਤ ਕਾਲਿ, ਫਿਰਿ ਫਿਰਿ ਨ ਰੋਇ ॥੨॥

ਅਤੇ ਅਖੀਰ ਨੂੰ ਉਹ ਮੁੜ ਮੁੜ ਕੇ ਨਹੀਂ ਰੋਂਦੇ।

ਸਗਲ ਧਰਮ ਮਹਿ, ਊਤਮ ਧਰਮ ॥

ਸਾਰਿਆਂ ਧਰਮੀ-ਕਮਾਂ ਵਿਚੋਂ ਉਤਮ ਧਰਮੀ-ਕਮ ਹੈ (ਨਾਮ-ਜਪਣ)।

ਕਰਮ ਕਰਤੂਤਿ ਕੈ, ਊਪਰਿ ਕਰਮ ॥

ਸਮੂਹ ਕਰਮਕਾਂਡਾਂ ਅਤੇ ਆਚਰਨਾਂ ਵਿਚੋਂ ਹਰੀ ਦੀ ਸੇਵਾ ਦਾ ਕੰਮ ਮਹਾਨ ਸਰੇਸ਼ਟ ਹੈ।

ਜਿਸ ਕਉ ਚਾਹਹਿ, ਸੁਰਿ ਨਰ ਦੇਵ ॥

ਜਿਸ ਨੂੰ ਦੈਵੀ ਪੁਰਸ਼ ਅਤੇ ਦੇਵਤੇ ਲੋਚਦੇ ਹਨ,

ਸੰਤ ਸਭਾ ਕੀ, ਲਗਹੁ ਸੇਵ ॥੩॥

ਉਹ ਸਤਿਸੰਗਤ ਦੀ ਸੇਵਾ ਟਹਿਲ ਅੰਦਰ ਜੁੜਨ ਦੁਆਰਾ ਪ੍ਰਾਪਤ ਹੁੰਦਾ ਹੈ।

ਆਦਿ ਪੁਰਖਿ, ਜਿਸੁ ਕੀਆ ਦਾਨੁ ॥

ਜਿਸ ਨੂੰ ਆਦੀ ਪ੍ਰਭੂ ਆਪਣੀ ਬਖਸ਼ੀਸ਼ ਬਖਸ਼ਦਾ ਹੈ,

ਤਿਸ ਕਉ ਮਿਲਿਆ, ਹਰਿ ਨਿਧਾਨੁ ॥

ਉਸ ਨੂੰ ਹੀ ਪ੍ਰਭੂ ਦਾ ਖਜਾਨਾਂ ਪ੍ਰਾਪਤ ਹੁੰਦਾ ਹੈ।

ਤਿਸ ਕੀ ਗਤਿ ਮਿਤਿ, ਕਹੀ ਨ ਜਾਇ ॥

ਉਸ ਦੀ ਅਵਸਥਾ ਤੇ ਵਿਸਥਾਰ ਆਖੇ ਨਹੀਂ ਜਾ ਸਕਦੇ।

ਨਾਨਕ ਜਨ, ਹਰਿ ਹਰਿ ਧਿਆਇ ॥੪॥੯॥

ਗੋਲਾ ਨਾਨਕ, ਆਪਣੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦਾ ਹੈ।


ਬਸੰਤੁ ਮਹਲਾ ੫ ॥

ਬਸੰਤ ਪੰਜਵੀਂ ਪਾਤਿਸ਼ਾਹੀ।

ਮਨ ਤਨ ਭੀਤਰਿ, ਲਾਗੀ ਪਿਆਸ ॥

ਮੇਰੀ ਜਿੰਦੜੀ ਤੇ ਦੇਹਿ ਅੰਦਰ ਪ੍ਰਭੂ ਦੇ ਦੀਦਾਰ ਦੀ ਤ੍ਰੇਹ ਹੈ।

ਗੁਰਿ ਦਇਆਲਿ, ਪੂਰੀ ਮੇਰੀ ਆਸ ॥

ਦਇਆਵਾਨ ਗੁਰਾਂ ਨੇ ਮੇਰੀ ਖਾਹਿਸ਼ ਪੂਰਨ ਕਰ ਦਿੱਤੀ ਹੈ।

ਕਿਲਵਿਖ ਕਾਟੇ ਸਾਧਸੰਗਿ ॥

ਸਤਿਸੰਗਤ ਅੰਦਰ ਮੇਰੇ ਪਾਪ ਮਿਟ ਗਏ ਹਨ।

ਨਾਮੁ ਜਪਿਓ, ਹਰਿ ਨਾਮ ਰੰਗਿ ॥੧॥

ਮੈਂ ਪਿਆਰ ਨਾਲ ਸਾਈਂ ਹਰੀ ਦੇ ਨਾਮ ਦਾ ਸਿਮਰਨ ਕਰਦਾ ਹਾਂ।

ਗੁਰ ਪਰਸਾਦਿ, ਬਸੰਤੁ ਬਨਾ ॥

ਗੁਰਾਂ ਦੀ ਦਇਆ ਦੁਆਰਾ, ਮੈਂ ਆਨੰਦ ਅੰਦਰ ਵੱਸਦਾ ਹਾਂ।

ਚਰਨ ਕਮਲ ਹਿਰਦੈ ਉਰਿ ਧਾਰੇ; ਸਦਾ ਸਦਾ ਹਰਿ ਜਸੁ ਸੁਨਾ ॥੧॥ ਰਹਾਉ ॥

ਮੈਂ ਪ੍ਰਭੂ ਦੇ ਕੰਵਲ ਰੂਪੀ ਪੈਰਾਂ ਨੂੰ ਆਪਣੇ ਦਿਲ ਅਤੇ ਮਨ ਅੰਦਰ ਟਿਕਾਉਂਦਾ ਹਾਂ ਅਤੇ ਹਮੇਸ਼ਾਂ, ਹਮੇਸ਼ਾਂ ਹੀ ਪ੍ਰਭੂ ਦੀ ਮਹਿਮਾਂ ਸ੍ਰਵਣ ਕਰਦਾ ਹਾਂ। ਠਹਿਰਾਉ।

ਸਮਰਥ ਸੁਆਮੀ, ਕਾਰਣ ਕਰਣ ॥

ਸਰਬ-ਸ਼ਕਤੀਮਾਨ ਸਾਹਿਬ ਸਾਰਿਆਂ ਕੰਮਾਂ ਦੇ ਕਰਨ ਵਾਲਾ ਹੈ।

ਮੋਹਿ ਅਨਾਥ, ਪ੍ਰਭ! ਤੇਰੀ ਸਰਣ ॥

ਮੈਂ ਯਤੀਮ, ਨੇ ਤੇਰੀ ਪਨਾਹ ਲਈ ਹੈ, ਹੇ ਸੁਆਮੀ!

ਜੀਅ ਜੰਤ, ਤੇਰੇ ਆਧਾਰਿ ॥

ਇਨਸਾਨਾਂ ਤੇ ਹੋਰ ਜੀਵਾਂ ਨੂੰ ਤੇਰਾ ਤੇਰਾ ਹੀ ਆਸਰਾ ਹੈ।

ਕਰਿ ਕਿਰਪਾ ਪ੍ਰਭ! ਲੇਹਿ ਨਿਸਤਾਰਿ ॥੨॥

ਆਪਣੀ ਰਹਿਮਤ ਧਾਰ ਕੇ, ਹੇ ਸਾਹਿਬ! ਤੂੰ ਮੇਰਾ ਪਾਰ ਉਤਾਰਾ ਕਰ ਦੇ।

ਭਵ ਖੰਡਨ, ਦੁਖ ਨਾਸ ਦੇਵ ॥

ਵਾਹਿਗੁਰੂ ਡਰ ਨਾਸ ਕਰਨਹਾਰ ਅਤੇ ਪੀੜ ਦੂਰ ਕਰਨ ਵਾਲਾ ਹੈ।

ਸੁਰਿ ਨਰ ਮੁਨਿ ਜਨ, ਤਾ ਕੀ ਸੇਵ ॥

ਦੈਵੀ ਪੁਰਸ਼ ਅਤੇ ਖਾਮੋਸ਼ ਰਿਸ਼ੀ ਉਸ ਦੀ ਟਹਿਲ ਕਮਾਉਂਦੇ ਹਨ।

ਧਰਣਿ ਅਕਾਸੁ, ਜਾ ਕੀ ਕਲਾ ਮਾਹਿ ॥

ਐਸਾ ਹੈ ਮੇਰਾ ਸਾਹਿਬ, ਜਿਸ ਦੇ ਇਖਤਿਆਰ ਵਿੱਚ ਹਨ, ਧਰਤੀ ਅਤੇ ਅਸਮਾਨ।

ਤੇਰਾ ਦੀਆ, ਸਭਿ ਜੰਤ ਖਾਹਿ ॥੩॥

ਸਾਰੇ ਜੀਵ ਉਹ ਕੁਛ ਖਾਂਦੇ ਹਨ, ਜੋ ਤੂੰ ਉਹਨਾਂ ਨੂੰ ਦਿੰਦਾ ਹੈਂ, ਹੇ ਠਾਕੁਰ!

ਅੰਤਰਜਾਮੀ ਪ੍ਰਭ ਦਇਆਲ! ॥

ਦਿਲਾਂ ਦੀਆਂ ਜਾਣਨਹਾਰ, ਮੇਰੇ ਮਿਹਰਬਾਨ ਮਾਲਕ,

ਅਪਣੇ ਦਾਸ ਕਉ, ਨਦਰਿ ਨਿਹਾਲਿ ॥

ਤੂੰ ਆਪਣੇ ਗੋਲੇ ਨੂੰ ਆਪਣੀ ਮਿਹਰ ਤੀ ਅੱਖ ਨਾਲ ਤੱਕ।

ਕਰਿ ਕਿਰਪਾ, ਮੋਹਿ ਦੇਹੁ ਦਾਨੁ ॥

ਹੇ ਸਾਹਿਬ! ਤੂੰ ਮੇਰੇ ਤੇ ਰਹਿਮਤ ਧਾਰ ਅਤੇ ਮੈਨੂੰ ਇਹ ਦਾਤ ਬਖਸ਼,

ਜਪਿ ਜੀਵੈ ਨਾਨਕੁ, ਤੇਰੋ ਨਾਮੁ ॥੪॥੧੦॥

ਕਿ ਨਾਨਕ ਤੇਰੇ ਨਾਮ ਨੂੰ ਸਿਮਰਦਾ ਹੋਇਆ ਆਪਣਾ ਜੀਵਨ ਬਤੀਤ ਕਰੇ।


ਬਸੰਤੁ ਮਹਲਾ ੫ ॥

ਬਸੰਤ ਪੰਜਵੀਂ ਪਾਤਿਸ਼ਾਹੀ।

ਰਾਮ ਰੰਗਿ, ਸਭ ਗਏ ਪਾਪ ॥

ਪ੍ਰਭੂ ਦੇ ਪਿਆਰ ਦੁਆਰਾ, ਸਾਰੇ ਗੁਨਾਹ ਧੋਤੇ ਜਾਂਦੇ ਹਨ।

ਰਾਮ ਜਪਤ, ਕਛੁ ਨਹੀ ਸੰਤਾਪ ॥

ਸਾਈਂ ਦਾ ਸਿਮਰਨ ਕਰਨ ਨਾਲ, ਬੰਦੇ ਨੂੰ ਰੰਜ ਤੇ ਗਮ ਨਹੀਂ ਵਿਆਪਦਾ।

ਗੋਬਿੰਦ ਜਪਤ, ਸਭਿ ਮਿਟੇ ਅੰਧੇਰ ॥

ਆਲਮ ਦੇ ਮਾਲਿਕ ਦਾ ਆਰਾਧਨ ਕਰਨ ਦੁਆਰਾ ਬੰਦੇ ਦਾ ਸਮੂਹ ਅੰਨ੍ਹੇਰਾ ਦੂਰ ਹੋ ਜਾਂਦਾ ਹੈ।

ਹਰਿ ਸਿਮਰਤ, ਕਛੁ ਨਾਹਿ ਫੇਰ ॥੧॥

ਹਰੀ ਦਾ ਚਿੰਤਨ ਕਰਨ ਦੁਆਰਾ ਆਵਾਗਊਣ, ਮੁੱਕ ਜਾਂਦਾ ਹੈ।

ਬਸੰਤੁ ਹਮਾਰੈ, ਰਾਮ ਰੰਗੁ ॥

ਪ੍ਰਭੂ ਦਾ ਪ੍ਰੇਮ ਮੇਰੇ ਲਈ ਬਹਾਰ ਦੀ ਰੁੱਤ ਹੈ।

ਸੰਤ ਜਨਾ ਸਿਉ, ਸਦਾ ਸੰਗੁ ॥੧॥ ਰਹਾਉ ॥

ਮੈਂ ਹਮੇਸ਼ਾਂ ਸਾਧ ਸਰੂਪ ਪੁਰਸ਼ਾਂ ਦੀ ਸੰਗਤ ਕਰਦਾ ਹਾਂ। ਠਹਿਰਾਉ।

ਸੰਤ ਜਨੀ, ਕੀਆ ਉਪਦੇਸੁ ॥

ਸਾਧੂਆਂ ਨੇ ਮੈਨੂੰ ਇਸ ਤਰ੍ਹਾਂ ਸਿਖ ਮਤ ਦਿੱਤੀ ਹੈ।

ਜਹ ਗੋਬਿੰਦ ਭਗਤੁ, ਸੋ ਧੰਨਿ ਦੇਸੁ ॥

ਮੁਬਾਰਕ ਊਹ ਮੁਲਕ ਜਿਥੇ ਸੁਆਮੀ ਦਾ ਸਾਧੂ ਵੱਸਦਾ ਹੈ।

ਹਰਿ ਭਗਤਿਹੀਨ, ਉਦਿਆਨ ਥਾਨੁ ॥

ਉਜਾੜ ਹੈ ਉਹ ਜਗ੍ਹਾਂ ਜਿਥੇ ਵਾਹਿਗੁਰੂ ਦਾ ਵੈਰਾਗੀ ਵੱਸਦਾ ਨਹੀਂ।

ਗੁਰ ਪ੍ਰਸਾਦਿ, ਘਟਿ ਘਟਿ ਪਛਾਨੁ ॥੨॥

ਗੁਰਾਂ ਦੀ ਦਇਆ ਦੁਆਰਾ ਤੂੰ ਪ੍ਰਭੂ ਨੂੰ ਸਾਰਿਆਂ ਦਿਲਾਂ ਅੰਦਰ ਅਨੁਭਵ ਕਰ।

ਹਰਿ ਕੀਰਤਨ, ਰਸ ਭੋਗ ਰੰਗੁ ॥

ਤੂੰ ਆਪਣੇ ਵਾਹਿਗੁਰੂ ਦਾ ਜੱਸ ਗਾਇਨ ਕਰ ਅਤੇ ਉਸ ਦੇ ਪਿਆਰ ਦੇ ਅੰਮ੍ਰਿਤ ਦਾ ਅਨੰਦ ਲੈ।

ਮਨ! ਪਾਪ ਕਰਤ, ਤੂ ਸਦਾ ਸੰਗੁ ॥

ਹੇ ਬੰਦੇ! ਗੁਨਾਹ ਕਰਨ ਤੋਂ ਤੂੰ ਹਮੇਸ਼ਾਂ ਹੀ ਪਿੱਛੇ ਹਟ।

ਨਿਕਟਿ ਪੇਖੁ ਪ੍ਰਭੁ ਕਰਣਹਾਰ ॥

ਤੂੰ ਆਪਣੇ ਸਿਰਜਣਹਾਰ ਸੁਆਮੀ ਨੂੰ ਆਪਣੇ ਨੇੜੇ ਹੀ ਵੇਖ,

ਈਤ ਊਤ ਪ੍ਰਭ ਕਾਰਜ ਸਾਰ ॥੩॥

ਅਤੇ ਏਥੇ ਤੇ ਓਥੇ ਸੁਆਮੀ ਤੇਰੇ ਕੰਮਕਾਜ ਰਾਸ ਕਰ ਦੇਵੇਗਾ।

ਚਰਨ ਕਮਲ ਸਿਉ, ਲਗੋ ਧਿਆਨੁ ॥

ਪ੍ਰਭੂ ਦੇ ਕੰਵਲ ਰੂਪੀ ਪੈਰਾਂ ਨਾਲ ਮੇਰੀ ਬਿਰਤੀ ਜੁੜੀ ਹੋਈ ਹੈ।

ਕਰਿ ਕਿਰਪਾ ਪ੍ਰਭਿ ਕੀਨੋ ਦਾਨੁ ॥

ਆਪਣੀ ਰਹਿਮਤ ਧਾਰ ਕੇ ਸੁਆਮੀ ਨੇ ਮੈਨੂੰ ਇਹ ਦਾਤ ਬਖਸ਼ੀ ਹੈ।

ਤੇਰਿਆ ਸੰਤ ਜਨਾ ਕੀ, ਬਾਛਉ ਧੂਰਿ ॥

ਮੈਂ ਤੇਰੇ ਸਾਧੂਆਂ ਦੇ ਪੈਰਾਂ ਦੀ ਖਾਕ ਦੀ ਚਾਹਨਾ ਕਰਦਾ ਹਾਂ।

ਜਪਿ ਨਾਨਕ ਸੁਆਮੀ, ਸਦ ਹਜੂਰਿ ॥੪॥੧੧॥

ਸਦੀਵ ਹੀ ਉਸ ਦੀ ਹਜੂਰੀ ਅੰਦਰ ਵੱਸਦਾ ਹੋਇਆ, ਨਾਨਕ ਆਪਣੇ ਸਾਹਿਬ ਦ; ਸਿਮਰਨ ਕਰਦਾ ਹੈ।


ਬਸੰਤੁ ਮਹਲਾ ੫ ॥

ਬਸੰਤ ਪੰਜਵੀਂ ਪਾਤਿਸ਼ਾਹੀ।

ਸਚੁ ਪਰਮੇਸਰੁ, ਨਿਤ ਨਵਾ ॥

ਮੇਰਾ ਸੱਚਾ ਸੁਆਮੀ ਸਦਾ ਨਵਾਂ ਨੁੱਕ ਹੈ।

ਗੁਰ ਕਿਰਪਾ ਤੇ, ਨਿਤ ਚਵਾ ॥

ਗੁਰਾਂ ਦੀ ਦਇਆ ਦੁਆਰਾ, ਮੈਂ ਸਦਾ ਉਸ ਦੇ ਨਾਮ ਨੂੰ ਉਚਾਰਦਾ ਹਾਂ।

ਪ੍ਰਭ ਰਖਵਾਲੇ, ਮਾਈ ਬਾਪ ॥

ਪ੍ਰਭੂ ਮੇਰਾ ਰਾਖਾ, ਮੇਰੀ ਮਾਤਾ ਅਤੇ ਪਿਓ ਹੈ,

ਜਾ ਕੈ ਸਿਮਰਣਿ, ਨਹੀ ਸੰਤਾਪ ॥੧॥

ਜਿਸ ਦੀ ਬੰਦਗੀ ਰਾਹੀਂ ਬੰਦੇ ਨੂੰ ਰੰਜ ਗਮ ਨਹੀਂ ਵਿਆਪਦਾ।

ਖਸਮੁ ਧਿਆਈ, ਇਕ ਮਨਿ ਇਕ ਭਾਇ ॥

ਇਕ ਚਿੱਤ ਤੇ ਇੱਕ ਸਾਰ ਪਿਆਰ ਨਾਲ, ਮੈਂ ਆਪਣੇ ਮਾਲਕ ਨੂੰ ਯਾਦ ਕਰਦਾ ਹਾਂ।

ਗੁਰ ਪੂਰੇ ਕੀ ਸਦਾ ਸਰਣਾਈ, ਸਾਚੈ ਸਾਹਿਬਿ ਰਖਿਆ ਕੰਠਿ ਲਾਇ ॥੧॥ ਰਹਾਉ ॥

ਮੈਂ ਹਮੇਸ਼ਾਂ ਆਪਣੇ ਪੂਰਨ ਗੁਰਾਂ ਦੀ ਪਨਾਹ ਲੋੜਦਾ ਹਾਂ ਅਤੇ ਸੱਚਾ ਸੁਆਮੀ ਮੈਨੂੰ ਆਪਣੀ ਛਾਤੀ ਨਾਲ ਲਾਈ ਰੱਖਦਾ ਹੈ। ਠਹਿਰਾਓ।

ਅਪਣੇ ਜਨ, ਪ੍ਰਭਿ ਆਪਿ ਰਖੇ ॥

ਆਪਣੇ ਗੋਲਿਆਂ ਦੀ ਸੁਆਮੀ ਆਪੇ ਹੀ ਰੱਖਿਆ ਕਰਦਾ ਹੈ।

ਦੁਸਟ ਦੂਤ, ਸਭਿ ਭ੍ਰਮਿ ਥਕੇ ॥

ਭੂਤਨੇ ਤੇ ਵੈਰੀ ਉਸ ਨਾਲ ਜੂਝਦੇ ਸਭ ਹਾਰ ਟੁੱਟ ਜਾਂਦੇ ਹਨ।

ਬਿਨੁ ਗੁਰ ਸਾਚੇ, ਨਹੀ ਜਾਇ ॥

ਸੱਚੇ ਗੁਰਾਂ ਦੇ ਬਾਝੋਂ, ਹੋਰ ਕੋਈ ਆਰਾਮ ਦਾ ਟਿਕਾਣਾ ਨਹੀਂ,

ਦੁਖੁ, ਦੇਸ ਦਿਸੰਤਰਿ; ਰਹੇ ਧਾਇ ॥੨॥

ਭਾਵੇਂ ਬੰਦੇ ਮੁਲਕ ਅਤੇ ਪਰਦੇਸ ਅੰਦਰ ਭਟਕਦੇ ਹਾਰ ਹੁਟ ਜਾਣ, ਪਰ ਉਹਨਾਂ ਦੇ ਪੱਲੇ ਨਿਰੋਲ ਤਕਲੀਫ ਹੀ ਪੈਦੀ ਹੈ।

ਕਿਰਤੁ ਓਨ੍ਹ੍ਹਾ ਕਾ, ਮਿਟਸਿ ਨਾਹਿ ॥

ਉਹਨਾਂ ਦੇ ਪੂਰਬਲੇ ਕਰਮਾਂ ਦੀ ਲਿਖਤਕਾਰ ਮੇਟੀ ਨਹੀਂ ਜਾ ਸਕਦੀ।

ਓਇ ਅਪਣਾ ਬੀਜਿਆ, ਆਪਿ ਖਾਹਿ ॥

ਜਿਹੜਾ ਕੁਛ ਉਹਨਾਂ ਬੀਜਿਆ ਹੈ, ਉਸ ਨੂੰ ਉਹ ਆਪੇ ਹੀ ਖਾਂਦੇ ਹਨ।

ਜਨ ਕਾ ਰਖਵਾਲਾ, ਆਪਿ ਸੋਇ ॥

ਉਹ ਸਾਹਿਬ ਖੁਦ ਹੀ ਆਪਣੇ ਗੋਲੇ ਦਾ ਰਾਖਾ ਹੈ।

ਜਨ ਕਉ, ਪਹੁਚਿ ਨ ਸਕਸਿ ਕੋਇ ॥੩॥

ਕੋਈ ਜਣਾ ਸੁਆਮੀ ਦੇ ਗੋਲੇ ਦੀ ਬਰਾਬਰੀ ਨਹੀਂ ਕਰ ਸਕਦਾ।

ਪ੍ਰਭਿ ਦਾਸ ਰਖੇ, ਕਰਿ ਜਤਨੁ ਆਪਿ ॥

ਉਪਰਾਲਾ ਧਾਰ, ਪ੍ਰਭੂ ਆਪੇ ਹੀ ਆਪਣੇ ਸੇਵਕ ਦੀ ਰੱਖਿਆ ਕਰਦਾ ਹੈ।

ਅਖੰਡ ਪੂਰਨ, ਜਾ ਕੋ ਪ੍ਰਤਾਪੁ ॥

ਐਸਾ ਹੈ ਸਾਹਿਬ, ਜਿਸ ਦੀ ਪ੍ਰਭਤਾ ਅਟੱਲ ਅਤੇ ਪੂਰੀ ਹੈ।

ਗੁਣ ਗੋਬਿੰਦ, ਨਿਤ ਰਸਨ ਗਾਇ ॥

ਸ਼੍ਰਿਸ਼ਟੀ ਦੇ ਸੁਆਮੀ ਦੀਆਂ ਸਿਫਤਾਂ, ਤੂੰ ਹਮੇਸ਼ਾਂ ਹੀ ਆਪਣੀ ਜੀਹਭਾ ਨਾਲ ਗਾਇਨ ਕਰ।

ਨਾਨਕੁ ਜੀਵੈ, ਹਰਿ ਚਰਣ ਧਿਆਇ ॥੪॥੧੨॥

ਨਾਨਕ ਵਾਹਿਗੁਰੂ ਦੇ ਪੈਰਾਂ ਦਾ ਆਰਾਧਨ ਕਰਨ ਦੁਆਰਾ ਜੀਉਂਦਾ ਹੈ।

1
2