Raag Suhi Bani

Raag Suhi Bani

Raag-Suhi-Bani

Raag-Suhi-Bani

ਰਾਗ ਸੂਹੀ – ਬਾਣੀ ਸ਼ਬਦ-Raag Suhi – Bani


Raag Suhi Bani

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਰਾਗੁ ਸੂਹੀ ਮਹਲਾ ੧ ਚਉਪਦੇ ਘਰੁ ੧ ॥

ਰਾਗ ਸੂਹੀ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।

ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਦੂਧੈ ਕਉ ਜਾਵਹੁ ॥

(ਮੱਖਣ ਹਾਸਲ ਕਰਨ ਲਈ, ਹੇ ਭਾਈ!) ਤੁਸੀ (ਪਹਿਲਾਂ) ਭਾਂਡਾ ਧੋ ਕੇ ਬੈਠ ਕੇ (ਉਸ ਭਾਂਡੇ ਨੂੰ) ਧੂਪ ਦੇ ਕੇ ਤਦੋਂ ਦੁੱਧ ਲੈਣ ਜਾਂਦੇ ਹੋ (ਫਿਰ ਜਾਗ ਲਾ ਕੇ ਉਸ ਨੂੰ ਜਮਾਂਦੇ ਹੋ। ਇਸੇ ਤਰ੍ਹਾਂ ਜੇ ਨਾਮ-ਅੰਮ੍ਰਿਤ ਪ੍ਰਾਪਤ ਕਰਨਾ ਹੈ, ਤਾਂ) ਹਿਰਦੇ ਨੂੰ ਪਵਿਤ੍ਰ ਕਰ ਕੇ ਮਨ ਨੂੰ ਰੋਕੋ-ਇਹ ਇਸ ਹਿਰਦਾ-ਭਾਂਡੇ ਨੂੰ ਧੂਪ ਦਿਉ। ਤਦੋਂ ਦੁੱਧ ਲੈਣ ਜਾਵੋ।

ਦੂਧੁ ਕਰਮ ਫੁਨਿ ਸੁਰਤਿ ਸਮਾਇਣੁ ਹੋਇ ਨਿਰਾਸ ਜਮਾਵਹੁ ॥੧॥

ਰੋਜ਼ਾਨਾ ਕਿਰਤ-ਕਾਰ ਦੁੱਧ ਹੈ, ਪ੍ਰਭੂ-ਚਰਨਾਂ ਵਿਚ (ਹਰ ਵੇਲੇ) ਸੁਰਤ ਜੋੜੀ ਰੱਖਣੀ (ਰੋਜ਼ਾਨਾ ਕਿਰਤ-ਕਾਰ ਵਿੱਚ) ਜਾਗ ਲਾਣੀ ਹੈ, (ਜੁੜੀ ਸੁਰਤ ਦੀ ਬਰਕਤਿ ਨਾਲ) ਦੁਨੀਆਂ ਦੀਆਂ ਆਸਾਂ ਤੋਂ ਉਤਾਂਹ ਉੱਠੋ, ਇਸ ਤਰ੍ਹਾਂ ਇਹ ਦੁੱਧ ਜਮਾਵੋ (ਭਾਵ, ਜੁੜੀ ਸੁਰਤ ਦੀ ਸਹਾਇਤਾ ਨਾਲ ਰੋਜ਼ਾਨਾ ਕਿਰਤ-ਕਾਰ ਕਰਦਿਆਂ ਭੀ ਮਾਇਆ ਵਲੋਂ ਉਪਰਾਮਤਾ ਜੇਹੀ ਹੀ ਰਹੇਗੀ) ॥੧॥

ਜਪਹੁ ਤ ਏਕੋ ਨਾਮਾ ॥

(ਹੇ ਭਾਈ! ਜੇ ਪ੍ਰਭੂ ਨੂੰ ਪ੍ਰਸੰਨ ਕਰਨਾ ਹੈ) ਤਾਂ ਸਿਰਫ਼ ਪ੍ਰਭੂ-ਨਾਮ ਹੀ ਜਪੋ।

ਅਵਰਿ ਨਿਰਾਫਲ ਕਾਮਾ ॥੧॥ ਰਹਾਉ ॥

(ਸਿਮਰਨ ਛੱਡ ਕੇ ਪ੍ਰਭੂ ਨੂੰ ਪ੍ਰਸੰਨ ਕਰਨ ਦੇ) ਹੋਰ ਸਾਰੇ ਉੱਦਮ ਵਿਅਰਥ ਹਨ ॥੧॥ ਰਹਾਉ ॥

ਇਹੁ ਮਨੁ ਈਟੀ ਹਾਥਿ ਕਰਹੁ ਫੁਨਿ ਨੇਤ੍ਰਉ ਨੀਦ ਨ ਆਵੈ ॥

(ਦੁੱਧ ਰਿੜਕਣ ਵੇਲੇ ਤੁਸੀ ਨੇਤ੍ਰੇ ਦੀਆਂ ਈਟੀਆਂ ਹੱਥ ਵਿਚ ਫੜਦੇ ਹੋ) ਆਪਣੇ ਇਸ ਮਨ ਨੂੰ ਵੱਸ ਵਿਚ ਕਰੋ (ਆਤਮਕ ਜੀਵਨ ਦੇ ਵਾਸਤੇ ਇਸ ਤਰ੍ਹਾਂ ਇਹ ਮਨ-ਰੂਪ) ਈਟੀਆਂ ਹੱਥ ਵਿਚ ਫੜੋ। ਮਾਇਆ ਦੇ ਮੋਹ ਦੀ ਨੀਂਦ (ਮਨ ਉੱਤੇ) ਪ੍ਰਭਾਵ ਨ ਪਾਏ-ਇਹ ਹੈ ਨੇਤ੍ਰਾ।

ਰਸਨਾ ਨਾਮੁ ਜਪਹੁ ਤਬ ਮਥੀਐ ਇਨ ਬਿਧਿ ਅੰਮ੍ਰਿਤੁ ਪਾਵਹੁ ॥੨॥

ਜੀਭ ਨਾਲ ਪਰਮਾਤਮਾ ਦਾ ਨਾਮ ਜਪੋ (ਜਿਉਂ ਜਿਉਂ ਨਾਮ ਜਪੋਗੇ,) ਤਿਉਂ ਤਿਉਂ (ਇਹ ਰੋਜ਼ਾਨਾ ਕਿਰਤ-ਕਾਰ-ਰੂਪ ਦੁੱਧ) ਰਿੜਕੀਂਦਾ ਰਹੇਗਾ, ਇਹਨਾਂ ਤਰੀਕਿਆਂ ਨਾਲ (ਰੋਜ਼ਾਨਾ ਕਿਰਤ-ਕਾਰ ਕਰਦੇ ਹੋਏ ਹੀ) ਨਾਮ-ਅੰਮ੍ਰਿਤ ਪ੍ਰਾਪਤ ਕਰ ਲਵੋਗੇ ॥੨॥

ਮਨੁ ਸੰਪਟੁ ਜਿਤੁ ਸਤ ਸਰਿ ਨਾਵਣੁ ਭਾਵਨ ਪਾਤੀ ਤ੍ਰਿਪਤਿ ਕਰੇ ॥

(ਪੁਜਾਰੀ ਮੂਰਤੀ ਨੂੰ ਡੱਬੇ ਵਿਚ ਪਾਂਦਾ ਹੈ, ਜੇ ਜੀਵ) ਆਪਣੇ ਮਨ ਨੂੰ ਡੱਬਾ ਬਣਾਏ (ਉਸ ਵਿਚ ਪਰਮਾਤਮਾ ਦਾ ਨਾਮ ਟਿਕਾ ਕੇ ਰੱਖੇ) ਉਸ ਨਾਮ ਦੀ ਰਾਹੀਂ ਸਾਧ ਸੰਗਤਿ ਸਰੋਵਰ ਵਿਚ ਇਸ਼ਨਾਨ ਕਰੇ, (ਮਨ ਵਿਚ ਟਿਕੇ ਹੋਏ ਪ੍ਰਭੂ-ਠਾਕੁਰ ਨੂੰ) ਸਰਧਾ ਦੇ ਪੱਤਰਾਂ ਨਾਲ ਪ੍ਰਸੰਨ ਕਰੇ।

ਪੂਜਾ ਪ੍ਰਾਣ ਸੇਵਕੁ ਜੇ ਸੇਵੇ ਇਨ੍ਰ ਬਿਧਿ ਸਾਹਿਬੁ ਰਵਤੁ ਰਹੈ ॥੩॥

ਜੇ ਜੀਵ ਸੇਵਕ ਬਣ ਕੇ ਆਪਾ-ਭਾਵ ਛੱਡ ਕੇ (ਅੰਦਰ-ਵੱਸਦੇ ਠਾਕੁਰ-ਪ੍ਰਭੂ ਦੀ) ਸੇਵਾ (ਸਿਮਰਨ) ਕਰੇ, ਤਾਂ ਇਹਨਾਂ ਤਰੀਕਿਆਂ ਨਾਲ ਉਹ ਜੀਵ ਮਾਲਕ-ਪ੍ਰਭੂ ਨੂੰ ਸਦਾ ਮਿਲਿਆ ਰਹਿੰਦਾ ਹੈ ॥੩॥

ਕਹਦੇ ਕਹਹਿ ਕਹੇ ਕਹਿ ਜਾਵਹਿ ਤੁਮ ਸਰਿ ਅਵਰੁ ਨ ਕੋਈ ॥

(ਸਿਮਰਨ ਤੋਂ ਬਿਨਾ ਪ੍ਰਭੂ ਨੂੰ ਪ੍ਰਸੰਨ ਕਰਨ ਦੇ ਹੋਰ ਹੋਰ ਉੱਦਮ) ਦੱਸਣ ਵਾਲੇ ਬੰਦੇ ਜੋ ਜੋ ਭੀ ਹੋਰ ਹੋਰ ਉੱਦਮ ਦੱਸਦੇ ਹਨ, ਉਹ ਦੱਸ ਦੱਸ ਕੇ ਆਪਣਾ ਜੀਵਨ-ਸਮਾ ਵਿਅਰਥ ਗਵਾ ਜਾਂਦੇ ਹਨ (ਕਿਉਂਕਿ) ਹੇ ਪ੍ਰਭੂ! ਤੇਰੇ ਸਿਮਰਨ ਵਰਗਾ ਹੋਰ ਕੋਈ ਉੱਦਮ ਨਹੀਂ ਹੈ।

ਭਗਤਿ ਹੀਣੁ ਨਾਨਕੁ ਜਨੁ ਜੰਪੈ ਹਉ ਸਾਲਾਹੀ ਸਚਾ ਸੋਈ ॥੪॥੧॥

(ਭਾਵੇਂ) ਨਾਨਕ (ਤੇਰਾ) ਦਾਸ ਭਗਤੀ ਤੋਂ ਸੱਖਣਾ (ਹੀ ਹੈ ਫਿਰ ਭੀ ਇਹ ਇਹੀ) ਬੇਨਤੀ ਕਰਦਾ ਹੈ ਕਿ ਮੈਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਦਾ ਸਿਫ਼ਤਿ-ਸਾਲਾਹ ਕਰਦਾ ਰਹਾਂ ॥੪॥੧॥


Raag Suhi Bani

ਸੂਹੀ ਮਹਲਾ ੧ ਘਰੁ ੨ ॥

ਰਾਗ ਸੂਹੀ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਅੰਤਰਿ ਵਸੈ ਨ ਬਾਹਰਿ ਜਾਇ ॥

(ਸੇਵਕ ਉਹ ਹੈ ਜਿਸ ਦਾ ਮਨ) ਦੁਨੀਆ ਦੇ ਰਸਾਂ ਪਦਾਰਥਾਂ ਵਲ ਨਹੀਂ ਦੌੜਦਾ, ਤੇ ਆਪਣੇ ਅੰਤਰ ਆਤਮੇ ਹੀ (ਪ੍ਰਭੂ-ਚਰਨਾਂ ਵਿਚ) ਟਿਕਿਆ ਰਹਿੰਦਾ ਹੈ;

ਅੰਮ੍ਰਿਤੁ ਛੋਡਿ ਕਾਹੇ ਬਿਖੁ ਖਾਇ ॥੧॥

ਪਰਮਾਤਮਾ ਦਾ ਨਾਮ-ਅੰਮ੍ਰਿਤ ਛੱਡ ਕੇ ਉਹ ਵਿਸ਼ਿਆਂ ਦਾ ਜ਼ਹਿਰ ਨਹੀਂ ਖਾਂਦਾ ॥੧॥

ਐਸਾ ਗਿਆਨੁ ਜਪਹੁ ਮਨ ਮੇਰੇ ॥

ਹੇ ਮਨ! ਪਰਮਾਤਮਾ ਨਾਲ ਅਜੇਹੀ ਡੂੰਘੀ ਸਾਂਝ ਪੱਕੀ ਕਰ,

ਹੋਵਹੁ ਚਾਕਰ ਸਾਚੇ ਕੇਰੇ ॥੧॥ ਰਹਾਉ ॥

(ਜਿਸ ਦੀ ਬਰਕਤਿ ਨਾਲ) ਤੂੰ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ (ਸੱਚਾ) ਸੇਵਕ ਬਣ ਸਕੇਂ ॥੧॥ ਰਹਾਉ ॥

ਗਿਆਨੁ ਧਿਆਨੁ ਸਭੁ ਕੋਈ ਰਵੈ ॥

ਜ਼ਬਾਨੀ ਜ਼ਬਾਨੀ ਤਾਂ ਹਰ ਕੋਈ ਆਖਦਾ ਹੈ ਕਿ ਮੈਨੂੰ ਗਿਆਨ ਪ੍ਰਾਪਤ ਹੋ ਗਿਆ ਹੈ, ਮੇਰੀ ਸੁਰਤ ਜੁੜੀ ਹੋਈ ਹੈ,

ਬਾਂਧਨਿ ਬਾਂਧਿਆ ਸਭੁ ਜਗੁ ਭਵੈ ॥੨॥

ਪਰ (ਵੇਖਣ ਵਿਚ ਇਹ ਆਉਂਦਾ ਹੈ ਕਿ) ਸਾਰਾ ਜਗਤ ਮਾਇਆ ਦੇ ਮੋਹ ਦੀ ਫਾਹੀ ਵਿਚ ਬੱਝਾ ਹੋਇਆ ਭਟਕ ਰਿਹਾ ਹੈ (ਜ਼ਬਾਨੀ ਆਖਿਆਂ ਪ੍ਰਭੂ ਦਾ ਸੇਵਕ ਬਣ ਨਹੀਂ ਸਕੀਦਾ) ॥੨॥

ਸੇਵਾ ਕਰੇ ਸੁ ਚਾਕਰੁ ਹੋਇ ॥

ਜੋ ਮਨੁੱਖ (ਮਨ ਨੂੰ ਬਾਹਰ ਭਟਕਣੋਂ ਹਟਾ ਕੇ ਪ੍ਰਭੂ ਦਾ) ਸਿਮਰਨ ਕਰਦਾ ਹੈ ਉਹੀ (ਪ੍ਰਭੂ ਦਾ) ਸੇਵਕ ਬਣਦਾ ਹੈ,

ਜਲਿ ਥਲਿ ਮਹੀਅਲਿ ਰਵਿ ਰਹਿਆ ਸੋਇ ॥੩॥

ਉਸ ਸੇਵਕ ਨੂੰ ਪ੍ਰਭੂ ਜਲ ਵਿਚ ਧਰਤੀ ਦੇ ਅੰਦਰ ਆਕਾਸ਼ ਵਿਚ ਹਰ ਥਾਂ ਵਿਆਪਕ ਦਿੱਸਦਾ ਹੈ ॥੩॥

ਹਮ ਨਹੀ ਚੰਗੇ ਬੁਰਾ ਨਹੀ ਕੋਇ ॥

ਜੋ ਮਨੁੱਖ (ਹਉਮੈ ਦਾ ਤਿਆਗ ਕਰਦਾ ਹੈ ਤੇ) ਸਮਝਦਾ ਹੈ ਕਿ ਮੈਂ ਹੋਰਨਾਂ ਨਾਲੋਂ ਚੰਗਾ ਨਹੀਂ ਤੇ ਕੋਈ ਮੈਥੋਂ ਮਾੜਾ ਨਹੀਂ,

ਪ੍ਰਣਵਤਿ ਨਾਨਕੁ ਤਾਰੇ ਸੋਇ ॥੪॥੧॥੨॥

ਨਾਨਕ ਬੇਨਤੀ ਕਰਦਾ ਹੈ- ਅਜੇਹੇ ਸੇਵਕ ਨੂੰ ਪਰਮਾਤਮਾ (ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ) ਪਾਰ ਲੰਘਾ ਲੈਂਦਾ ਹੈ ॥੪॥੧॥੨॥


ਸੂਹੀ ਮਹਲਾ ੧ ਘਰੁ ੬ ॥

ਰਾਗ ਸੂਹੀ, ਘਰ ੬ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥

ਮੈਂ ਕੈਂਹ (ਦਾ) ਸਾਫ਼ ਤੇ ਲਿਸ਼ਕਵਾਂ (ਭਾਂਡਾ) ਘਸਾਇਆ (ਤਾਂ ਉਸ ਵਿਚੋਂ) ਮਾੜੀ ਮਾੜੀ ਕਾਲੀ ਸਿਆਹੀ (ਲੱਗ ਗਈ)।

ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥

ਜੇ ਮੈਂ ਸੌ ਵਾਰੀ ਭੀ ਉਸ ਕੈਂਹ ਦੇ ਭਾਂਡੇ ਨੂੰ ਧੋਵਾਂ (ਸਾਫ਼ ਕਰਾਂ) ਤਾਂ ਭੀ (ਬਾਹਰੋਂ) ਧੋਣ ਨਾਲ ਉਸ ਦੀ (ਅੰਦਰਲੀ) ਜੂਠ (ਕਾਲਖ) ਦੂਰ ਨਹੀਂ ਹੁੰਦੀ ॥੧॥

ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿ੍ ॥

ਮੇਰੇ ਅਸਲ ਮਿੱਤ੍ਰ ਉਹੀ ਹਨ ਜੋ (ਸਦਾ) ਮੇਰੇ ਨਾਲ ਰਹਿਣ, ਤੇ (ਇਥੋਂ) ਤੁਰਨ ਵੇਲੇ ਭੀ ਮੇਰੇ ਨਾਲ ਹੀ ਚੱਲਣ,

ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ ॥੧॥ ਰਹਾਉ ॥

(ਅਗਾਂਹ) ਜਿਥੇ (ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ ਉਥੇ ਅਝੱਕ ਹੋ ਕੇ ਹਿਸਾਬ ਦੇ ਸਕਣ (ਭਾਵ, ਹਿਸਾਬ ਦੇਣ ਵਿਚ ਕਾਮਯਾਬ ਹੋ ਸਕਣ) ॥੧॥ ਰਹਾਉ ॥

ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ ॥

ਜੇਹੜੇ ਘਰ ਮੰਦਰ ਮਹਲ ਚੌਹਾਂ ਪਾਸਿਆਂ ਤੋਂ ਤਾਂ ਚਿੱਤਰੇ ਹੋਏ ਹੋਣ,

ਢਠੀਆ ਕੰਮਿ ਨ ਆਵਨ੍ਰੀ ਵਿਚਹੁ ਸਖਣੀਆਹਾ ॥੨॥

ਪਰ ਅੰਦਰੋਂ ਖ਼ਾਲੀ ਹੋਣ, (ਉਹ ਢਹਿ ਜਾਂਦੇ ਹਨ ਤੇ) ਢੱਠੇ ਹੋਏ ਕਿਸੇ ਕੰਮ ਨਹੀਂ ਆਉਂਦੇ ॥੨॥

ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿ੍॥

ਬਗਲਿਆਂ ਦੇ ਚਿੱਟੇ ਖੰਭ ਹੁੰਦੇ ਹਨ, ਵੱਸਦੇ ਭੀ ਉਹ ਤੀਰਥਾਂ ਉਤੇ ਹੀ ਹਨ।

ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨਿ੍॥

ਪਰ ਜੀਆਂ ਨੂੰ (ਗਲੋਂ) ਘੁੱਟ ਘੁੱਟ ਕੇ ਖਾ ਜਾਣ ਵਾਲੇ (ਅੰਦਰੋਂ) ਸਾਫ਼ ਸੁਥਰੇ ਨਹੀਂ ਆਖੇ ਜਾਂਦੇ ॥੩॥

ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨਿ੍

(ਜਿਵੇਂ) ਸਿੰਬਲ ਦਾ ਰੁੱਖ (ਹੈ ਤਿਵੇਂ) ਮੇਰਾ ਸਰੀਰ ਹੈ, (ਸਿੰਬਲ ਦੇ ਫਲਾਂ ਨੂੰ) ਵੇਖ ਕੇ ਤੋਤੇ ਭੁਲੇਖਾ ਖਾ ਜਾਂਦੇ ਹਨ,

ਸੇ ਫਲ ਕੰਮਿ ਨ ਆਵਨ੍ਰੀ ਤੇ ਗੁਣ ਮੈ ਤਨਿ ਹੰਨਿ੍ ॥੪॥

(ਸਿੰਬਲ ਦੇ) ਉਹ ਫਲ (ਤੋਤਿਆਂ ਦੇ) ਕੰਮ ਨਹੀਂ ਆਉਂਦੇ, ਉਹੋ ਜੇਹੇ ਹੀ ਗੁਣ ਮੇਰੇ ਸਰੀਰ ਵਿਚ ਹਨ ॥੪॥

ਅੰਧੁਲੈ ਭਾਰੁ ਉਠਾਇਆ ਡੂਗਰ ਵਾਟ ਬਹੁਤੁ ॥

ਮੈਂ ਅੰਨ੍ਹੇ ਨੇ (ਸਿਰ ਉਤੇ ਵਿਕਾਰਾਂ ਦਾ) ਭਾਰ ਚੁੱਕਿਆ ਹੋਇਆ ਹੈ, (ਅਗਾਂਹ ਮੇਰਾ ਜੀਵਨ-ਪੰਧ) ਬੜਾ ਪਹਾੜੀ ਰਸਤਾ ਹੈ।

ਅਖੀ ਲੋੜੀ ਨਾ ਲਹਾ ਹਉ ਚੜਿ ਲੰਘਾ ਕਿਤੁ ॥੫॥

ਅੱਖਾਂ ਨਾਲ ਭਾਲਿਆਂ ਭੀ ਮੈਂ ਰਾਹ-ਖਹਿੜਾ ਲੱਭ ਨਹੀਂ ਸਕਦਾ (ਕਿਉਂਕਿ ਅੱਖਾਂ ਹੀ ਨਹੀਂ ਹਨ। ਇਸ ਹਾਲਤ ਵਿਚ) ਕਿਸ ਤਰੀਕੇ ਨਾਲ (ਪਹਾੜੀ ਤੇ) ਚੜ੍ਹ ਕੇ ਮੈਂ ਪਾਰ ਲੰਘਾਂ? ॥੫॥

ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤੁ ॥

ਹੇ ਨਾਨਕ! (ਪਹਾੜੀ ਰਸਤੇ ਵਰਗੇ ਬਿਖੜੇ ਜੀਵਨ-ਪੰਧ ਵਿਚੋਂ ਪਾਰ ਲੰਘਣ ਲਈ) ਦੁਨੀਆ ਦੇ ਲੋਕਾਂ ਦੀਆਂ ਖ਼ੁਸ਼ਾਮਦਾਂ, ਲੋਕ-ਵਿਖਾਵੇ ਤੇ ਚਲਾਕੀਆਂ ਕਿਸੇ ਕੰਮ ਨਹੀਂ ਆ ਸਕਦੀਆਂ।

ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ ਜਿਤੁ ॥੬॥੧॥੩॥

ਪਰਮਾਤਮਾ ਦਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖ। (ਮਾਇਆ ਦੇ ਮੋਹ ਵਿਚ) ਬੱਝਾ ਹੋਇਆ ਤੂੰ ਇਸ ਨਾਮ (-ਸਿਮਰਨ) ਦੀ ਰਾਹੀਂ ਹੀ (ਮੋਹ ਦੇ ਬੰਧਨਾਂ ਤੋਂ) ਖ਼ਲਾਸੀ ਪਾ ਸਕੇਂਗਾ ॥੬॥੧॥੩॥


ਸੂਹੀ ਮਹਲਾ ੧ ॥
ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ ॥

(ਹੇ ਜੀਵਨ-ਸਫ਼ਰ ਦੇ ਰਾਹੀ!) ਪ੍ਰਭੂ-ਸਿਮਰਨ ਦਾ ਸੋਹਣਾ ਜੇਹਾ ਬੇੜਾ ਤਿਆਰ ਕਰ, ਜਿਸ (ਬੇੜੇ) ਵਿਚ ਤੂੰ (ਇਸ ਸੰਸਾਰ-ਸਮੁੰਦਰ ਵਿਚੋਂ) ਛੇਤੀ ਪਾਰ ਲੰਘ ਜਾਵੇਂਗਾ।

ਨਾ ਸਰਵਰੁ ਨਾ ਊਛਲੈ ਐਸਾ ਪੰਥੁ ਸੁਹੇਲਾ ॥੧॥

(ਸਿਮਰਨ ਦੀ ਬਰਕਤਿ ਨਾਲ) ਤੇਰਾ ਜੀਵਨ-ਰਸਤਾ ਐਸਾ ਸੌਖਾ ਹੋ ਜਾਇਗਾ ਕਿ (ਤੇਰੇ ਰਸਤੇ ਵਿਚ) ਨਾਹ ਇਹ (ਸੰਸਾਰ-) ਸਰੋਵਰ ਆਵੇਗਾ ਅਤੇ ਨਾਹ ਹੀ (ਇਸ ਦਾ ਮੋਹ) ਉਛਾਲੇ ਮਾਰੇਗਾ ॥੧॥

ਤੇਰਾ ਏਕੋ ਨਾਮੁ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ ॥੧॥ ਰਹਾਉ ॥

ਹੇ ਮਿੱਤਰ (-ਪ੍ਰਭੂ!) ਤੇਰਾ ਨਾਮ ਹੀ ਸੋਹਣੀ ਮਜੀਠ ਹੈ ਜਿਸ ਦੇ ਪੱਕੇ ਰੰਗ ਨਾਲ ਮੇਰਾ (ਆਤਮਕ ਜੀਵਨ ਦਾ) ਚੋਲਾ ਰੰਗਿਆ ਗਿਆ ਹੈ ॥੧॥ ਰਹਾਉ ॥

ਸਾਜਨ ਚਲੇ ਪਿਆਰਿਆ ਕਿਉ ਮੇਲਾ ਹੋਈ ॥

ਹੇ ਸੱਜਣ! ਜੀਵਨ-ਸਫ਼ਰ ਦੇ ਹੇ ਪਿਆਰੇ ਪਾਂਧੀ! (ਕੀ ਤੈਨੂੰ ਪਤਾ ਹੈ ਕਿ) ਪ੍ਰਭੂ ਨਾਲ ਮਿਲਾਪ ਕਿਵੇਂ ਹੁੰਦਾ ਹੈ?

ਜੇ ਗੁਣ ਹੋਵਹਿ ਗੰਠੜੀਐ ਮੇਲੇਗਾ ਸੋਈ ॥੨॥

(ਵੇਖ!) ਜੇ ਪੱਲੇ ਗੁਣ ਹੋਣ ਤਾਂ ਉਹ ਆਪ ਹੀ (ਆਪਣੇ ਨਾਲ) ਮਿਲਾ ਲੈਂਦਾ ਹੈ ॥੨॥

ਮਿਲਿਆ ਹੋਇ ਨ ਵੀਛੁੜੈ ਜੇ ਮਿਲਿਆ ਹੋਈ ॥

ਜੇਹੜਾ ਜੀਵ ਪ੍ਰਭੂ-ਚਰਨਾਂ ਵਿਚ ਜੁੜ ਜਾਏ ਜੇ ਉਹ ਸਚ-ਮੁਚ ਦਿਲੋਂ ਮਿਲਿਆ ਹੋਇਆ ਹੈ ਤਾਂ ਫਿਰ ਕਦੇ ਉਹ ਉਸ ਮਿਲਾਪ ਵਿਚੋਂ ਵਿਛੁੜਦਾ ਨਹੀਂ।

ਆਵਾ ਗਉਣੁ ਨਿਵਾਰਿਆ ਹੈ ਸਾਚਾ ਸੋਈ ॥੩॥

ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ, ਉਸ ਨੂੰ ਹਰ ਥਾਂ ਉਹ ਸਦਾ-ਥਿਰ ਪ੍ਰਭੂ ਹੀ ਦਿੱਸਦਾ ਹੈ ॥੩॥

ਹਉਮੈ ਮਾਰਿ ਨਿਵਾਰਿਆ ਸੀਤਾ ਹੈ ਚੋਲਾ ॥

ਜਿਸ ਜੀਵ ਨੇ ਹਉਮੈ ਮਾਰ ਕੇ ਆਪਾ-ਭਾਵ ਦੂਰ ਕੀਤਾ ਹੈ ਤੇ (ਇਸ ਤਰ੍ਹਾਂ) ਆਪਣਾ ਆਪਾ ਸੰਵਾਰ ਲਿਆ ਹੈ,

ਗੁਰ ਬਚਨੀ ਫਲੁ ਪਾਇਆ ਸਹ ਕੇ ਅੰਮ੍ਰਿਤ ਬੋਲਾ ॥੪॥

ਸਤਿਗੁਰੂ ਦੇ ਬਚਨਾਂ ਤੇ ਤੁਰ ਕੇ ਫਲ ਵਜੋਂ ਉਸ ਨੂੰ ਖਸਮ-ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਬੋਲ ਪ੍ਰਾਪਤ ਹੁੰਦੇ ਹਨ ਜੋ ਆਤਮਕ ਜੀਵਨ ਦੇਣ ਦੇ ਸਮਰੱਥ ਹਨ ॥੪॥

ਨਾਨਕੁ ਕਹੈ ਸਹੇਲੀਹੋ ਸਹੁ ਖਰਾ ਪਿਆਰਾ ॥

ਨਾਨਕ ਆਖਦਾ ਹੈ-ਹੇ ਸਤਸੰਗੀ ਸਹੇਲੀਹੋ! (ਸਿਮਰਨ ਦੀ ਬਰਕਤਿ ਨਾਲ) ਖਸਮ-ਪ੍ਰਭੂ ਬਹੁਤ ਪਿਆਰਾ ਲੱਗਣ ਲੱਗ ਪੈਂਦਾ ਹੈ,

ਹਮ ਸਹ ਕੇਰੀਆ ਦਾਸੀਆ ਸਾਚਾ ਖਸਮੁ ਹਮਾਰਾ ॥੫॥੨॥੪॥

(ਫਿਰ ਇਉਂ ਯਕੀਨ ਬਣਿਆ ਰਹਿੰਦਾ ਹੈ ਕਿ) ਅਸੀਂ ਖਸਮ ਦੀਆਂ ਗੋਲੀਆਂ ਹਾਂ, ਤੇ ਉਹ ਖਸਮ-ਪ੍ਰਭੂ ਸਦਾ ਸਾਡੇ (ਸਿਰ ਉਤੇ) ਕਾਇਮ ਹੈ ॥੫॥੨॥੪॥


ਸੂਹੀ ਮਹਲਾ ੧ ॥
ਜਿਨ ਕਉ ਭਾਂਡੈ ਭਾਉ ਤਿਨਾ ਸਵਾਰਸੀ ॥

(ਪ੍ਰਭੂ) ਜਿਨ੍ਹਾਂ (ਜੀਵਾਂ) ਨੂੰ (ਹਿਰਦੇ-ਰੂਪ) ਭਾਂਡੇ ਵਿਚ ਪ੍ਰੇਮ (ਦੀ ਭਿੱਛਿਆ ਦੇਂਦਾ ਹੈ), (ਉਸ ਪ੍ਰੇਮ ਦੀ ਬਰਕਤਿ ਨਾਲ ਪ੍ਰਭੂ) ਉਹਨਾਂ ਦਾ ਜੀਵਨ ਸੋਹਣਾ ਬਣਾ ਦੇਂਦਾ ਹੈ।

ਸੂਖੀ ਕਰੈ ਪਸਾਉ ਦੂਖ ਵਿਸਾਰਸੀ ॥

ਉਹਨਾਂ ਉਤੇ ਸੁਖਾਂ ਦੀ ਬਖ਼ਸ਼ਸ਼ ਕਰਦਾ ਹੈ, ਉਹਨਾਂ ਦੇ ਦੁੱਖ ਭੁਲਾ ਦੇਂਦਾ ਹੈ।

ਸਹਸਾ ਮੂਲੇ ਨਾਹਿ ਸਰਪਰ ਤਾਰਸੀ ॥੧॥

ਇਸ ਗੱਲ ਵਿਚ ਰਤਾ ਭੀ ਸ਼ੱਕ ਨਹੀਂ ਕਿ ਅਜੇਹੇ ਜੀਵਾਂ ਨੂੰ ਪ੍ਰਭੂ ਜ਼ਰੂਰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧॥

ਤਿਨ੍ਰਾ ਮਿਲਿਆ ਗੁਰੁ ਆਇ ਜਿਨ ਕਉ ਲੀਖਿਆ ॥

ਜਿਨ੍ਹਾਂ ਬੰਦਿਆਂ ਨੂੰ (ਧੁਰੋਂ ਲਿਖਿਆ ਬਖ਼ਸ਼ਸ਼ ਦਾ) ਲੇਖ ਮਿਲ ਜਾਂਦਾ ਹੈ, ਉਹਨਾਂ ਨੂੰ ਗੁਰੂ ਆ ਕੇ ਮਿਲ ਪੈਂਦਾ ਹੈ।

ਅੰਮ੍ਰਿਤੁ ਹਰਿ ਕਾ ਨਾਉ ਦੇਵੈ ਦੀਖਿਆ ॥

ਗੁਰੂ ਉਹਨਾਂ ਨੂੰ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਸਿੱਖਿਆ ਵਜੋਂ ਦੇਂਦਾ ਹੈ।

ਚਾਲਹਿ ਸਤਿਗੁਰ ਭਾਇ ਭਵਹਿ ਨ ਭੀਖਿਆ ॥੨॥

ਉਹ ਬੰਦੇ (ਜੀਵਨ-ਸਫ਼ਰ ਵਿਚ) ਗੁਰੂ ਦੇ ਦੱਸੇ ਅਨੁਸਾਰ ਤੁਰਦੇ ਹਨ, ਤੇ (ਹੋਰ ਹੋਰ ਪਾਸੇ) ਭਟਕਦੇ ਨਹੀਂ ਫਿਰਦੇ ॥੨॥

ਜਾ ਕਉ ਮਹਲੁ ਹਜੂਰਿ ਦੂਜੇ ਨਿਵੈ ਕਿਸੁ ॥

(ਗੁਰੂ ਦੇ ਦੱਸੇ ਰਾਹ ਤੇ ਤੁਰ ਕੇ) ਜਿਸ ਬੰਦੇ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਥਾਂ ਮਿਲ ਜਾਂਦਾ ਹੈ ਉਹ ਕਿਸੇ ਹੋਰ ਦੇ ਅੱਗੇ ਤਰਲੇ ਨਹੀਂ ਕਰਦਾ ਫਿਰਦਾ।

ਦਰਿ ਦਰਵਾਣੀ ਨਾਹਿ ਮੂਲੇ ਪੁਛ ਤਿਸੁ ॥

ਪਰਮਾਤਮਾ ਦੇ ਦਰਵਾਜ਼ੇ ਤੇ (ਪਹੁੰਚੇ ਹੋਏ ਨੂੰ ਜਮ ਆਦਿਕ) ਦਰਬਾਨਾਂ ਵਲੋਂ ਕੋਈ ਰਤਾ ਭਰ ਭੀ ਪੁੱਛ-ਗਿੱਛ ਨਹੀਂ ਹੁੰਦੀ,

ਛੁਟੈ ਤਾ ਕੈ ਬੋਲਿ ਸਾਹਿਬ ਨਦਰਿ ਜਿਸੁ ॥੩॥

ਕਿਉਂਕਿ ਜਿਸ ਗੁਰੂ ਉਤੇ ਮਾਲਕ-ਪ੍ਰਭੂ ਦੀ ਮੇਹਰ ਦੀ ਨਜ਼ਰ ਹੈ ਉਸ ਗੁਰੂ ਦੇ ਬਚਨ ਵਿਚ (ਚੱਲ ਕੇ) ਉਹ ਬੰਦਾ (ਵਿਕਾਰਾਂ ਤੋਂ) ਮੁਕਤ ਹੋ ਜਾਂਦਾ ਹੈ ॥੩॥

ਘਲੇ ਆਣੇ ਆਪਿ ਜਿਸੁ ਨਾਹੀ ਦੂਜਾ ਮਤੈ ਕੋਇ ॥

ਜਿਸ ਮਾਲਕ ਪ੍ਰਭੂ ਨੂੰ ਕੋਈ ਹੋਰ ਦੂਜਾ ਕੋਈ ਮੱਤਾਂ ਨਹੀਂ ਦੇ ਸਕਦਾ ਹੈ ਉਹ ਆਪ ਹੀ ਜੀਵਾਂ ਨੂੰ ਜਗਤ ਵਿਚ ਭੇਜਦਾ ਹੈ ਆਪ ਹੀ ਵਾਪਸ ਸੱਦ ਲੈਂਦਾ ਹੈ।

ਢਾਹਿ ਉਸਾਰੇ ਸਾਜਿ ਜਾਣੈ ਸਭ ਸੋਇ ॥

ਪ੍ਰਭੂ ਆਪ ਹੀ ਜਗਤ-ਰਚਨਾ ਢਾਹੁੰਦਾ ਹੈ ਤੇ ਉਸਾਰਦਾ ਹੈ, ਉਹ ਸਭ ਕੁਝ ਆਪ ਹੀ ਪੈਦਾ ਕਰਨੀ ਜਾਣਦਾ ਹੈ।

ਨਾਉ ਨਾਨਕ ਬਖਸੀਸ ਨਦਰੀ ਕਰਮੁ ਹੋਇ ॥੪॥੩॥੫॥

ਹੇ ਨਾਨਕ! ਜਿਸ ਮਨੁੱਖ ਉਤੇ ਮੇਹਰ ਦੀ ਨਜ਼ਰ ਕਰਨ ਵਾਲੇ ਪ੍ਰਭੂ ਦੀ ਨਿਗਾਹ ਹੋ ਜਾਂਦੀ ਹੈ ਉਸ ਨੂੰ ਬਖ਼ਸ਼ਸ਼ ਵਜੋਂ ਉਸ ਦਾ ਨਾਮ ਮਿਲਦਾ ਹੈ ॥੪॥੩॥੫॥


ਸੂਹੀ ਮਹਲਾ ੧ ॥
ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ ॥

ਉਹੀ ਹਿਰਦਾ ਪਵਿੱਤ੍ਰ ਹੈ ਜੇਹੜਾ ਉਸ ਪਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ।

ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ ॥

ਜੇ ਮਨੁੱਖ ਦਾ ਹਿਰਦਾ (ਅੰਦਰੋਂ ਵਿਕਾਰਾਂ ਨਾਲ) ਬਹੁਤ ਗੰਦਾ ਹੋਇਆ ਪਿਆ ਹੈ ਤਾਂ ਬਾਹਰੋਂ ਸਰੀਰ ਨੂੰ ਤੀਰਥ ਆਦਿਕ ਤੇ ਇਸ਼ਨਾਨ ਕਰਾਇਆਂ ਹਿਰਦਾ ਅੰਦਰੋਂ ਸੁੱਧ ਨਹੀਂ ਹੋ ਸਕਦਾ।

ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥

ਜੇ ਗੁਰੂ ਦੇ ਦਰ ਤੇ (ਆਪਾ-ਭਾਵ ਦੂਰ ਕਰ ਕੇ ਸਵਾਲੀ) ਬਣੀਏ, ਤਾਂ ਹੀ (ਹਿਰਦੇ ਨੂੰ ਪਵਿਤ੍ਰ ਕਰਨ ਦੀ) ਅਕਲ ਮਿਲਦੀ ਹੈ।

ਏਤੁ ਦੁਆਰੈ ਧੋਇ ਹਛਾ ਹੋਇਸੀ ॥

ਗੁਰੂ ਦੇ ਦਰ ਤੇ ਰਹਿ ਕੇ ਹੀ (ਵਿਕਾਰਾਂ ਦੀ ਮੈਲ) ਧੋਤਿਆਂ ਹਿਰਦਾ ਪਵਿਤ੍ਰ ਹੁੰਦਾ ਹੈ।

ਮੈਲੇ ਹਛੇ ਕਾ ਵੀਚਾਰੁ ਆਪਿ ਵਰਤਾਇਸੀ ॥

(ਜੇ ਗੁਰੂ ਦੇ ਦਰ ਤੇ ਟਿਕੀਏ ਤਾਂ) ਪਰਮਾਤਮਾ ਆਪ ਹੀ ਇਹ (ਵਿਚਾਰਨ ਦੀ) ਸਮਝ ਬਖ਼ਸ਼ਦਾ ਹੈ ਕਿ ਅਸੀਂ ਚੰਗੇ ਹਾਂ ਜਾਂ ਮੰਦੇ।

ਮਤੁ ਕੋ ਜਾਣੈ ਜਾਇ ਅਗੈ ਪਾਇਸੀ ॥

(ਜੇ ਇਸ ਮਨੁੱਖਾ ਜੀਵਨ ਸਮੇ ਗੁਰੂ ਦਾ ਆਸਰਾ ਨਹੀਂ ਲਿਆ ਤਾਂ) ਕੋਈ ਜੀਵ ਇਹ ਨਾਹ ਸਮਝ ਲਏ ਕਿ (ਇਥੋਂ ਖ਼ਾਲੀ-ਹੱਥ) ਜਾ ਕੇ ਪਰਲੋਕ ਵਿਚ (ਜੀਵਨ ਪਵਿਤ੍ਰ ਕਰਨ ਦੀ ਸੂਝ) ਮਿਲੇਗੀ।

ਜੇਹੇ ਕਰਮ ਕਮਾਇ ਤੇਹਾ ਹੋਇਸੀ ॥

(ਇਹ ਇਕ ਕੁਦਰਤੀ ਨਿਯਮ ਹੈ ਕਿ ਇਥੇ) ਮਨੁੱਖ ਜੇਹੋ ਜੇਹੇ ਕਰਮ ਕਰਦਾ ਹੈ ਉਹੋ ਜੇਹਾ ਉਹ ਬਣ ਜਾਂਦਾ ਹੈ।

ਅੰਮ੍ਰਿਤੁ ਹਰਿ ਕਾ ਨਾਉ ਆਪਿ ਵਰਤਾਇਸੀ ॥

(ਜੋ ਮਨੁੱਖ ਗੁਰੂ ਦੇ ਦਰ ਤੇ ਡਿੱਗਦਾ ਹੈ ਉਸ ਨੂੰ) ਆਤਮਕ ਜੀਵਨ ਦੇਣ ਵਾਲਾ ਆਪਣਾ ਨਾਮ ਆਪ ਬਖ਼ਸ਼ਦਾ ਹੈ।

ਚਲਿਆ ਪਤਿ ਸਿਉ ਜਨਮੁ ਸਵਾਰਿ ਵਾਜਾ ਵਾਇਸੀ ॥

(ਜਿਸ ਮਨੁੱਖ ਨੂੰ ਇਹ ਦਾਤ ਮਿਲਦੀ ਹੈ) ਉਹ ਆਪਣਾ ਮਨੁੱਖਾ ਜਨਮ ਸੁਚੱਜਾ ਬਣਾ ਕੇ ਇੱਜ਼ਤ ਖੱਟ ਕੇ ਇਥੋਂ ਜਾਂਦਾ ਹੈ, ਉਹ ਆਪਣੀ ਸੋਭਾ ਦਾ ਵਾਜਾ (ਇਥੇ) ਵਜਾ ਜਾਂਦਾ ਹੈ।

ਮਾਣਸੁ ਕਿਆ ਵੇਚਾਰਾ ਤਿਹੁ ਲੋਕ ਸੁਣਾਇਸੀ ॥

ਕੋਈ ਇੱਕ ਮਨੁੱਖ ਕੀਹ? ਤਿੰਨਾਂ ਹੀ ਲੋਕਾਂ ਵਿਚ ਪਰਮਾਤਮਾ ਉਸ ਦੀ ਸੋਭਾ ਖਿਲਾਰਦਾ ਹੈ।

ਨਾਨਕ ਆਪਿ ਨਿਹਾਲ ਸਭਿ ਕੁਲ ਤਾਰਸੀ ॥੧॥੪॥੬॥

ਹੇ ਨਾਨਕ! ਉਹ ਮਨੁੱਖ ਆਪ ਸਦਾ ਪ੍ਰਸੰਨ-ਚਿੱਤ ਰਹਿੰਦਾ ਹੈ, ਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਹੀ ਤਾਰ ਲੈਂਦਾ ਹੈ (ਸੋਭਾ ਦਿਵਾਂਦਾ ਹੈ) ॥੧॥੪॥੬॥


ਸੂਹੀ ਮਹਲਾ ੧ ॥

ਜੋਗੀ ਹੋਵੈ ਜੋਗਵੈ ਭੋਗੀ ਹੋਵੈ ਖਾਇ ॥
ਜੇਹੜਾ ਮਨੁੱਖ ਜੋਗੀ ਬਣ ਜਾਂਦਾ ਹੈ ਉਹ ਜੋਗ ਹੀ ਕਮਾਂਦਾ ਹੈ (ਜੋਗ ਕਮਾਣ ਨੂੰ ਹੀ ਸਹੀ ਰਸਤਾ ਸਮਝਦਾ ਹੈ), ਜੋ ਮਨੁੱਖ ਗ੍ਰਿਹਸਤੀ ਬਣਦਾ ਹੈ ਉਹ ਭੋਗਾਂ ਵਿਚ ਹੀ ਮਸਤ ਹੈ।

ਤਪੀਆ ਹੋਵੈ ਤਪੁ ਕਰੇ ਤੀਰਥਿ ਮਲਿ ਮਲਿ ਨਾਇ ॥੧॥

ਜੇਹੜਾ ਮਨੁੱਖ ਤਪੀ ਬਣਦਾ ਹੈ ਉਹ (ਸਦਾ) ਤਪ (ਹੀ) ਕਰਦਾ ਹੈ, ਤੇ ਤੀਰਥ ਉਤੇ (ਜਾ ਕੇ) ਮਲ ਮਲ ਕੇ (ਭਾਵ, ਬੜੇ ਸਿਦਕ-ਸਰਧਾ ਨਾਲ) ਇਸ਼ਨਾਨ ਕਰਦਾ ਹੈ ॥੧॥

ਤੇਰਾ ਸਦੜਾ ਸੁਣੀਜੈ ਭਾਈ ਜੇ ਕੋ ਬਹੈ ਅਲਾਇ ॥੧॥ ਰਹਾਉ ॥

(ਪਰ) ਹੇ ਪਿਆਰੇ (ਪ੍ਰਭੂ)! ਮੈਂ ਤਾਂ ਤੇਰੀ ਸਿਫ਼ਤਿ-ਸਾਲਾਹ ਦਾ ਸ਼ਬਦ ਹੀ ਸੁਣਨਾ ਚਾਹੁੰਦਾ ਹਾਂ, ਜੇ ਕੋਈ (ਮੇਰੇ ਕੋਲ) ਬੈਠ ਜਾਏ ਤੇ ਮੈਨੂੰ ਸੁਣਾਵੇ ॥੧॥ ਰਹਾਉ ॥

ਜੈਸਾ ਬੀਜੈ ਸੋ ਲੁਣੇ ਜੋ ਖਟੇ ਸੁੋ ਖਾਇ ॥

(ਮਨੁੱਖ) ਜੇਹੋ ਜੇਹਾ ਬੀਜ ਬੀਜਦਾ ਹੈ ਉਹੋ (ਜੇਹਾ ਫਲ) ਵੱਢਦਾ ਹੈ, ਜੋ ਕੁਝ ਖੱਟੀ-ਕਮਾਈ ਕਰਦਾ ਹੈ, ਉਹੀ ਵਰਤਦਾ ਹੈ (ਜੋਗ ਭੋਗ ਤੇ ਤਪ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਕਮਾਈ ਨਹੀਂ ਹੈ ਪਰ ਪ੍ਰਭੂ ਦੀ ਹਜ਼ੂਰੀ ਵਿਚ ਸਿਫ਼ਤਿ-ਸਾਲਾਹ ਹੀ ਪਰਵਾਨ ਹੈ)।

ਅਗੈ ਪੁਛ ਨ ਹੋਵਈ ਜੇ ਸਣੁ ਨੀਸਾਣੈ ਜਾਇ ॥੨॥

ਜੇ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਪਰਵਾਨਾ ਲੈ ਕੇ (ਇਥੋਂ) ਜਾਏ ਤਾਂ ਅਗਾਂਹ (ਪ੍ਰਭੂ ਦੇ ਦਰ ਤੇ) ਉਸ ਨੂੰ ਰੋਕ-ਟੋਕ ਨਹੀਂ ਹੁੰਦੀ ॥੨॥

ਤੈਸੋ ਜੈਸਾ ਕਾਢੀਐ ਜੈਸੀ ਕਾਰ ਕਮਾਇ ॥

ਮਨੁੱਖ ਜਿਹੋ ਜੇਹੀ ਕਾਰ ਕਮਾਂਦਾ ਹੈ ਉਹੋ ਜੇਹਾ ਉਸ ਦਾ ਨਾਮ ਪੈ ਜਾਂਦਾ ਹੈ (ਆਤਮਕ ਜੀਵਨ ਦੇ ਪੰਧ ਵਿਚ ਭੀ ਇਹੀ ਨਿਯਮ ਹੈ। ਭਗਤ ਉਹੀ ਜੋ ਭਗਤੀ ਕਰਦਾ ਹੈ। ਜੋਗ ਭੋਗ ਜਾਂ ਤਪ ਵਿਚੋਂ ਭਗਤੀ-ਭਾਵ ਪੈਦਾ ਨਹੀਂ ਹੋ ਸਕਦਾ)।

ਜੋ ਦਮੁ ਚਿਤਿ ਨ ਆਵਈ ਸੋ ਦਮੁ ਬਿਰਥਾ ਜਾਇ ॥੩॥

(ਮਨੁੱਖ ਦਾ) ਜੇਹੜਾ ਸੁਆਸ (ਕਿਸੇ ਐਸੇ ਉੱਦਮ ਵਿਚ ਲੰਘਦਾ ਹੈ ਕਿ ਪਰਮਾਤਮਾ) ਉਸ ਦੇ ਮਨ ਵਿਚ ਨਹੀਂ ਵੱਸਦਾ ਤਾਂ ਉਹ ਸੁਆਸ ਵਿਅਰਥ ਹੀ ਜਾਂਦਾ ਹੈ ॥੩॥

ਇਹੁ ਤਨੁ ਵੇਚੀ ਬੈ ਕਰੀ ਜੇ ਕੋ ਲਏ ਵਿਕਾਇ ॥

(ਇਸ ਵਾਸਤੇ) ਜੇ ਕੋਈ ਮਨੁੱਖ ਮੈਨੂੰ ਪ੍ਰਭੂ ਦਾ ਨਾਮ ਵੱਟੇ ਵਿਚ ਦੇ ਕੇ ਮੇਰਾ ਸਰੀਰ ਲੈਣਾ ਚਾਹੇ ਤਾਂ ਮੈਂ ਇਹ ਸਰੀਰ ਵੇਚਣ ਨੂੰ ਤਿਆਰ ਹਾਂ ਮੁੱਲ ਦੇਣ ਨੂੰ ਤਿਆਰ ਹਾਂ।

ਨਾਨਕ ਕੰਮਿ ਨ ਆਵਈ ਜਿਤੁ ਤਨਿ ਨਾਹੀ ਸਚਾ ਨਾਉ ॥੪॥੫॥੭॥

ਹੇ ਨਾਨਕ! ਜਿਸ (ਮਨੁੱਖਾ) ਸਰੀਰ ਵਿਚ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ ਨਹੀਂ ਵੱਸਦਾ ਉਹ ਸਰੀਰ ਕਿਸੇ ਕੰਮ ਨਹੀਂ ਆਉਂਦਾ (ਉਹ ਸਰੀਰ ਵਿਅਰਥ ਹੀ ਗਿਆ ਸਮਝੋ ॥੪॥੫॥੭॥

ਸੂਹੀ ਮਹਲਾ ੧ ਘਰੁ ੭ ॥

ਰਾਗ ਸੂਹੀ, ਘਰ ੭ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ ॥

ਗੋਦੜੀ ਪਹਿਨ ਲੈਣਾ ਪਰਮਾਤਮਾ ਨਾਲ ਮਿਲਾਪ ਦਾ ਸਾਧਨ ਨਹੀਂ ਹੈ, ਡੰਡਾ ਹੱਥ ਵਿਚ ਫੜ ਲਿਆਂ ਹਰੀ-ਮੇਲ ਨਹੀਂ ਹੋ ਜਾਂਦਾ, ਜੇ ਸਰੀਰ ਉਤੇ ਸੁਆਹ ਮਲ ਲਈਏ ਤਾਂ ਭੀ ਪ੍ਰਭੂ ਦਾ ਮਿਲਾਪ ਨਹੀਂ ਹੁੰਦਾ।

ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿੰਙੀ ਵਾਈਐ ॥

(ਕੰਨਾਂ ਵਿਚ) ਮੁੰਦ੍ਰਾਂ ਪਾਇਆਂ ਰੱਬ ਦਾ ਮੇਲ ਨਹੀਂ, ਜੇ ਸਿਰ ਮੁਨਾ ਲਈਏ ਤਾਂ ਭੀ ਪ੍ਰਭੂ-ਮਿਲਾਪ ਨਹੀਂ ਹੋ ਸਕਦਾ, ਸਿੰਙੀ ਵਜਾਇਆਂ ਭੀ ਜੋਗ ਸਿੱਧ ਨਹੀਂ ਹੋ ਜਾਂਦਾ।

ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੧॥

ਪਰਮਾਤਮਾ ਨਾਲ ਮਿਲਾਪ ਦਾ ਢੰਗ ਸਿਰਫ਼ ਇਸ ਤਰ੍ਹਾਂ ਹੀ ਹਾਸਲ ਹੁੰਦਾ ਹੈ ਕਿ ਮਾਇਆ ਦੇ ਮੋਹ ਦੀ ਕਾਲਖ ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ ਵਿਚ ਜੁੜੇ ਰਹੀਏ ॥੧॥

ਗਲੀ ਜੋਗੁ ਨ ਹੋਈ ॥

ਨਿਰੀਆਂ ਗੱਲਾਂ ਕਰਨ ਨਾਲ ਪ੍ਰਭੂ-ਮਿਲਾਪ ਨਹੀਂ ਹੁੰਦਾ।

ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ ॥੧॥ ਰਹਾਉ ॥

ਉਹੀ ਮਨੁੱਖ ਜੋਗੀ ਅਖਵਾ ਸਕਦਾ ਹੈ ਜੋ ਇਕੋ ਜੇਹੀ ਨਿਗਾਹ ਨਾਲ ਸਭ (ਜੀਵਾਂ) ਨੂੰ ਬਰਾਬਰ (ਦੇ ਇਨਸਾਨ) ਸਮਝੇ ॥੧॥ ਰਹਾਉ ॥

ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ ॥

(ਘਰੋਂ) ਬਾਹਰ ਮੜ੍ਹੀਆਂ ਵਿਚ ਮਸਾਣਾਂ ਵਿਚ ਰਿਹਾਂ ਪ੍ਰਭੂ-ਮੇਲ ਨਹੀਂ ਹੁੰਦਾ, ਸਮਾਧੀਆਂ ਲਾਇਆਂ ਭੀ ਰੱਬ ਨਹੀਂ ਮਿਲਦਾ।

ਜੋਗੁ ਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥਿ ਨਾਈਐ ॥

ਜੇ ਦੇਸ ਪਰਦੇਸ ਵਿਚ ਭੌਂਦੇ ਫਿਰੀਏ ਤਾਂ ਭੀ ਪ੍ਰਭੂ-ਮਿਲਾਪ ਨਹੀਂ ਹੁੰਦਾ। ਤੀਰਥ ਉਤੇ ਇਸ਼ਨਾਨ ਕੀਤਿਆਂ ਭੀ ਪ੍ਰਭੂ-ਪ੍ਰਾਪਤੀ ਨਹੀਂ।

ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੨॥

ਪਰਮਾਤਮਾ ਨਾਲ ਮਿਲਾਪ ਦਾ ਢੰਗ ਸਿਰਫ਼ ਇਸ ਤਰ੍ਹਾਂ ਹੀ ਆਉਂਦਾ ਹੈ ਕਿ ਮਾਇਆ ਦੇ ਮੋਹ ਦੀ ਕਾਲਖ ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ ਵਿਚ ਜੁੜੇ ਰਹੀਏ ॥੨॥

ਸਤਿਗੁਰੁ ਭੇਟੈ ਤਾ ਸਹਸਾ ਤੂਟੈ ਧਾਵਤੁ ਵਰਜਿ ਰਹਾਈਐ ॥

ਜਦੋਂ ਗੁਰੂ ਮਿਲ ਪਏ ਤਾਂ ਮਨ ਦਾ ਸਹਿਮ ਮੁੱਕ ਜਾਂਦਾ ਹੈ, ਵਿਕਾਰਾਂ ਵਲ ਦੌੜਦੇ ਮਨ ਨੂੰ ਰੋਕ ਕੇ ਰੱਖ ਸਕੀਦਾ ਹੈ,

ਨਿਝਰੁ ਝਰੈ ਸਹਜ ਧੁਨਿ ਲਾਗੈ ਘਰ ਹੀ ਪਰਚਾ ਪਾਈਐ ॥

(ਮਨ ਵਿਚ ਪ੍ਰਭੂ ਦੇ ਅੰਮ੍ਰਿਤ ਨਾਮ ਦਾ ਇਕ) ਚਸ਼ਮਾ ਚੱਲ ਪੈਂਦਾ ਹੈ, ਅਡੋਲ ਅਵਸਥਾ ਦੀ ਰੌ ਬਣ ਜਾਂਦੀ ਹੈ; ਹਿਰਦੇ ਦੇ ਅੰਦਰ ਹੀ ਪਰਮਾਤਮਾ ਨਾਲ ਸਾਂਝ ਬਣ ਜਾਂਦੀ ਹੈ।

ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੩॥

ਪਰਮਾਤਮਾ ਨਾਲ ਮਿਲਾਪ ਦੀ ਜਾਚ ਸਿਰਫ਼ ਇਸੇ ਤਰ੍ਹਾਂ ਆਉਂਦੀ ਹੈ ਕਿ ਮਾਇਆ ਦੇ ਮੋਹ ਦੀ ਕਾਲਖ ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ ਵਿਚ ਜੁੜੇ ਰਹੀਏ ॥੩॥

ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ ॥

ਹੇ ਨਾਨਕ! ਪਰਮਾਤਮਾ ਦੇ ਮਿਲਾਪ ਦਾ ਅੱਭਿਆਸ ਇਉਂ ਕਰਨਾ ਚਾਹੀਦਾ ਹੈ ਕਿ ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਹੀ ਵਿਕਾਰਾਂ ਵਲੋਂ ਪਰੇ ਹਟੇ ਰਹਿਣਾ ਚਾਹੀਦਾ ਹੈ।

ਵਾਜੇ ਬਾਝਹੁ ਸਿੰਙੀ ਵਾਜੈ ਤਉ ਨਿਰਭਉ ਪਦੁ ਪਾਈਐ ॥

(ਜੋਗੀ ਤਾਂ ਸਿੰਙ ਦਾ ਵਾਜਾ ਵਜਾਂਦਾ ਹੈ, ਪਰ ਸਿਮਰਨ-ਅੱਭਿਆਸ ਕਰਨ ਵਾਲੇ ਦੇ ਅੰਦਰ ਇਕ ਅਜੇਹਾ ਸੁਰੀਲਾ ਆਨੰਦ ਬਣਦਾ ਹੈ ਕਿ, ਮਾਨੋ) ਬਿਨਾ ਵਾਜਾ ਵਜਾਇਆਂ ਸਿੰਙ ਦਾ ਵਾਜਾ ਵੱਜ ਰਿਹਾ ਹੈ। (ਜਦੋਂ ਮਨੁੱਖ ਇਸ ਆਤਮਕ ਆਨੰਦ ਨੂੰ ਮਾਣਨ ਲੱਗ ਪੈਂਦਾ ਹੈ) ਤਦੋਂ ਉਹ ਐਸੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਜਿਸ ਵਿਚ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਰਹਿ ਜਾਂਦਾ।

ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਤਉ ਪਾਈਐ ॥੪॥੧॥੮॥

ਜਦੋਂ ਮਾਇਆ ਦੇ ਮੋਹ ਦੀ ਕਾਲਖ ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ ਵਿਚ ਜੁੜੇ ਰਹਿ ਸਕੀਏ, ਤਦੋਂ ਪ੍ਰਭੂ-ਮਿਲਾਪ ਦੀ ਜਾਚ ਆ ਜਾਂਦੀ ਹੈ ॥੪॥੧॥੮॥

ਸੂਹੀ ਮਹਲਾ ੧ ॥
ਕਉਣ ਤਰਾਜੀ ਕਵਣੁ ਤੁਲਾ ਤੇਰਾ ਕਵਣੁ ਸਰਾਫੁ ਬੁਲਾਵਾ ॥

ਹੇ ਪ੍ਰਭੂ! ਕੋਈ ਐਸੀ ਤੱਕੜੀ ਨਹੀਂ ਕੋਈ ਐਸਾ ਵੱਟਾ ਨਹੀਂ (ਜੋ ਤੇਰੇ ਗੁਣਾਂ ਦਾ ਅੰਦਾਜ਼ਾ ਲਾ ਸਕਣ), ਕੋਈ ਐਸਾ ਸਰਾਫ਼ ਨਹੀਂ ਜਿਸ ਨੂੰ ਮੈਂ (ਤੇਰੇ ਗੁਣਾਂ ਦਾ ਅੰਦਾਜ਼ਾ ਲਾਣ ਵਾਸਤੇ) ਸੱਦ ਸਕਾਂ।

ਕਉਣੁ ਗੁਰੂ ਕੈ ਪਹਿ ਦੀਖਿਆ ਲੇਵਾ ਕੈ ਪਹਿ ਮੁਲੁ ਕਰਾਵਾ ॥੧॥

ਮੈਨੂੰ ਕੋਈ ਐਸਾ ਉਸਤਾਦ ਨਹੀਂ ਦਿੱਸਦਾ ਜਿਸ ਪਾਸੋਂ ਮੈਂ ਤੇਰਾ ਮੁੱਲ ਪਵਾ ਸਕਾਂ ਜਾਂ ਮੁੱਲ ਪਾਣ ਦੀ ਜਾਚ ਸਿੱਖ ਸਕਾਂ ॥੧॥

ਮੇਰੇ ਲਾਲ ਜੀਉ ਤੇਰਾ ਅੰਤੁ ਨ ਜਾਣਾ ॥

ਹੇ ਮੇਰੇ ਸੋਹਣੇ ਪ੍ਰਭੂ ਜੀ! ਮੈਂ ਤੇਰੇ ਗੁਣਾਂ ਦਾ ਅੰਤ ਨਹੀਂ ਜਾਣ ਸਕਦਾ (ਮੈਨੂੰ ਇਹ ਸਮਝ ਨਹੀਂ ਆ ਸਕਦੀ ਕਿ ਤੇਰੇ ਵਿਚ ਕਿਤਨੀਆਂ ਕੁ ਸਿਫ਼ਤਾਂ ਹਨ)।

ਤੂੰ ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਤੂੰ ਆਪੇ ਸਰਬ ਸਮਾਣਾ ॥੧॥ ਰਹਾਉ ॥

ਤੂੰ ਪਾਣੀ ਵਿਚ ਭਰਪੂਰ ਹੈਂ, ਤੂੰ ਧਰਤੀ ਦੇ ਅੰਦਰ ਵਿਆਪਕ ਹੈਂ, ਤੂੰ ਆਕਾਸ਼ ਵਿਚ ਹਰ ਥਾਂ ਮੌਜੂਦ ਹੈਂ, ਤੂੰ ਆਪ ਹੀ ਸਭ ਜੀਵਾਂ ਵਿਚ ਸਭ ਥਾਵਾਂ ਵਿਚ ਸਮਾਇਆ ਹੋਇਆ ਹੈਂ ॥੧॥ ਰਹਾਉ ॥

ਮਨੁ ਤਾਰਾਜੀ ਚਿਤੁ ਤੁਲਾ ਤੇਰੀ ਸੇਵ ਸਰਾਫੁ ਕਮਾਵਾ ॥

ਹੇ ਪ੍ਰਭੂ! ਜੇ ਮੇਰਾ ਮਨ ਤੱਕੜੀ ਬਣ ਜਾਏ, ਜੇ ਮੇਰਾ ਚਿੱਤ ਤੋਲਣ ਵਾਲਾ ਵੱਟਾ ਬਣ ਜਾਏ, ਜੇ ਮੈਂ ਤੇਰੀ ਸੇਵਾ ਕਰ ਸਕਾਂ, ਤੇਰਾ ਸਿਮਰਨ ਕਰ ਸਕਾਂ (ਜੇ ਇਹ ਸੇਵਾ-ਸਿਮਰਨ ਮੇਰੇ ਵਾਸਤੇ) ਸਰਾਫ਼ ਬਣ ਜਾਏ,

ਘਟ ਹੀ ਭੀਤਰਿ ਸੋ ਸਹੁ ਤੋਲੀ ਇਨ ਬਿਧਿ ਚਿਤੁ ਰਹਾਵਾ ॥੨॥

(ਤੇਰੇ ਗੁਣਾਂ ਦਾ ਮੈਂ ਅੰਤ ਤਾਂ ਨਹੀਂ ਪਾ ਸਕਾਂਗਾ, ਪਰ) ਇਹਨਾਂ ਤਰੀਕਿਆਂ ਨਾਲ ਮੈਂ ਆਪਣੇ ਚਿੱਤ ਨੂੰ ਤੇਰੇ ਚਰਨਾਂ ਵਿਚ ਟਿਕਾ ਕੇ ਰੱਖ ਸਕਾਂਗਾ। (ਹੇ ਭਾਈ!) ਮੈਂ ਆਪਣੇ ਹਿਰਦੇ ਵਿਚ ਹੀ ਉਸ ਖਸਮ-ਪ੍ਰਭੂ ਨੂੰ ਬੈਠਾ ਜਾਚ ਸਕਾਂਗਾ ॥੨॥

ਆਪੇ ਕੰਡਾ ਤੋਲੁ ਤਰਾਜੀ ਆਪੇ ਤੋਲਣਹਾਰਾ ॥

(ਹੇ ਭਾਈ! ਪ੍ਰਭੂ ਹਰੇਕ ਥਾਂ ਵਿਆਪਕ ਹੈ, ਆਪਣੀ ਵਡਿਆਈ ਭੀ ਉਹ ਆਪ ਹੀ ਜਾਣਦਾ ਹੈ ਤੇ ਜਾਚ ਸਕਦਾ ਹੈ ਉਹ) ਆਪ ਹੀ ਤੱਕੜੀ ਹੈ, ਤੱਕੜੀ ਦਾ ਵੱਟਾ ਹੈ, ਤੱਕੜੀ ਦੀ ਬੋਦੀ ਹੈ, ਉਹ ਆਪ ਹੀ (ਆਪਣੇ ਗੁਣਾਂ ਨੂੰ) ਤੋਲਣ ਵਾਲਾ ਹੈ।

ਆਪੇ ਦੇਖੈ ਆਪੇ ਬੂਝੈ ਆਪੇ ਹੈ ਵਣਜਾਰਾ ॥੩॥

ਉਹ ਆਪ ਹੀ ਸਭ ਜੀਵਾਂ ਦੀ ਸੰਭਾਲ ਕਰਦਾ ਹੈ, ਆਪ ਹੀ ਸਭ ਦੇ ਦਿਲਾਂ ਦੀ ਸਮਝਦਾ ਹੈ, ਆਪ ਹੀ ਜੀਵ-ਰੂਪ ਹੋ ਕੇ ਜਗਤ ਵਿਚ (ਨਾਮ) ਵਣਜ ਕਰ ਰਿਹਾ ਹੈ ॥੩॥

ਅੰਧੁਲਾ ਨੀਚ ਜਾਤਿ ਪਰਦੇਸੀ ਖਿਨੁ ਆਵੈ ਤਿਲੁ ਜਾਵੈ ॥

ਜੋ (ਮਨ ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਪਿਆ ਹੈ ਜੋ (ਜਨਮਾਂ ਜਨਮਾਂਤਰਾਂ ਦੇ ਵਿਕਾਰਾਂ ਦੀ ਮੈਲ ਨਾਲ) ਨੀਵੀਂ ਜਾਤਿ ਦਾ ਬਣਿਆ ਹੋਇਆ ਹੈ, ਜੋ ਸਦਾ ਭਟਕਦਾ ਰਹਿੰਦਾ ਹੈ, ਰਤਾ ਮਾਤ੍ਰ ਭੀ ਕਿਤੇ ਇਕ ਥਾਂ ਟਿਕ ਨਹੀਂ ਸਕਦਾ

ਤਾ ਕੀ ਸੰਗਤਿ ਨਾਨਕੁ ਰਹਦਾ ਕਿਉ ਕਰਿ ਮੂੜਾ ਪਾਵੈ ॥੪॥੨॥੯॥

ਨਾਨਕ ਦੀ ਸੰਗਤਿ ਸਦਾ ਉਸ ਮਨ ਨਾਲ ਹੈ, ਜਿਸ ਕਰ ਕੇ ਅੰਞਾਣ ਨਾਨਕ ਪਰਮਾਤਮਾ ਦੇ ਗੁਣਾਂ ਦੀ ਕਦਰ ਨਹੀਂ ਪਾ ਸਕਦਾ ॥੪॥੨॥੯॥


ਰਾਗੁ ਸੂਹੀ ਮਹਲਾ ੪ ਘਰੁ ੧ ॥

ਰਾਗ ਸੂਹੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਮਨਿ ਰਾਮ ਨਾਮੁ ਆਰਾਧਿਆ ਗੁਰ ਸਬਦਿ ਗੁਰੂ ਗੁਰ ਕੇ ॥

ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ,

ਸਭਿ ਇਛਾ ਮਨਿ ਤਨਿ ਪੂਰੀਆ ਸਭੁ ਚੂਕਾ ਡਰੁ ਜਮ ਕੇ ॥੧॥

ਉਸ ਦੇ ਮਨ ਵਿਚ ਤਨ ਵਿਚ (ਉਪਜੀਆਂ) ਸਾਰੀਆਂ ਇੱਛਾਂ ਪੂਰੀਆਂ ਹੋ ਜਾਂਦੀਆਂ ਹਨ, ਉਸ ਦੇ ਦਿਲ ਵਿਚੋਂ) ਜਮ ਦਾ ਭੀ ਸਾਰਾ ਡਰ ਲਹਿ ਜਾਂਦਾ ਹੈ ॥੧॥

ਮੇਰੇ ਮਨ ਗੁਣ ਗਾਵਹੁ ਰਾਮ ਨਾਮ ਹਰਿ ਕੇ ॥

ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਦੇ ਗੁਣ ਗਾਇਆ ਕਰ।

ਗੁਰਿ ਤੁਠੈ ਮਨੁ ਪਰਬੋਧਿਆ ਹਰਿ ਪੀਆ ਰਸੁ ਗਟਕੇ ॥੧॥ ਰਹਾਉ ॥

ਜੇ (ਕਿਸੇ ਮਨੁੱਖ ਉਤੇ) ਗੁਰੂ ਦਇਆਵਾਨ ਹੋ ਜਾਏ, ਤਾਂ (ਉਸ ਦਾ) ਮਨ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪੈਂਦਾ ਹੈ, ਉਹ ਮਨੁੱਖ ਪਰਮਾਤਮਾ ਦੇ ਨਾਮ ਦਾ ਰਸ ਸੁਆਦ ਨਾਲ ਪੀਂਦਾ ਹੈ ॥੧॥ ਰਹਾਉ ॥

ਸਤਸੰਗਤਿ ਊਤਮ ਸਤਿਗੁਰ ਕੇਰੀ ਗੁਨ ਗਾਵੈ ਹਰਿ ਪ੍ਰਭ ਕੇ ॥

ਹੇ ਭਾਈ! ਗੁਰੂ ਦੀ ਸਾਧ ਸੰਗਤਿ ਬੜਾ ਸ੍ਰੇਸ਼ਟ ਥਾਂ ਹੈ (ਸਾਧ ਸੰਗਤਿ ਵਿਚ ਮਨੁੱਖ) ਹਰਿ-ਪ੍ਰਭੂ ਦੇ ਗੁਣ ਗਾਂਦਾ ਹੈ।

ਹਰਿ ਕਿਰਪਾ ਧਾਰਿ ਮੇਲਹੁ ਸਤਸੰਗਤਿ ਹਮ ਧੋਵਹ ਪਗ ਜਨ ਕੇ ॥੨॥

ਹੇ ਹਰੀ! ਮੇਹਰ ਕਰ, ਮੈਨੂੰ ਸਾਧ ਸੰਗਤਿ ਮਿਲਾ (ਉਥੇ) ਮੈਂ ਤੇਰੇ ਸੰਤ ਜਨਾਂ ਦੇ ਪੈਰ ਧੋਵਾਂਗਾ ॥੨॥

ਰਾਮ ਨਾਮੁ ਸਭੁ ਹੈ ਰਾਮ ਨਾਮਾ ਰਸੁ ਗੁਰਮਤਿ ਰਸੁ ਰਸਕੇ ॥

ਹੇ ਭਾਈ! ਪਰਮਾਤਮਾ ਦਾ ਨਾਮ ਹਰੇਕ ਸੁਖ ਦੇਣ ਵਾਲਾ ਹੈ। (ਪਰ) ਗੁਰੂ ਦੀ ਮਤਿ ਉਤੇ ਤੁਰ ਕੇ ਹੀ ਹਰਿ-ਨਾਮ ਦਾ ਰਸ ਸੁਆਦ ਨਾਲ ਲਿਆ ਜਾ ਸਕਦਾ ਹੈ।

ਹਰਿ ਅੰਮ੍ਰਿਤੁ ਹਰਿ ਜਲੁ ਪਾਇਆ ਸਭ ਲਾਥੀ ਤਿਸ ਤਿਸ ਕੇ ॥੩॥

ਜਿਸ ਮਨੁੱਖ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪ੍ਰਾਪਤ ਕਰ ਲਿਆ, ਉਸ ਦੀ (ਮਾਇਆ ਦੀ) ਸਾਰੀ ਤ੍ਰੇਹ ਲਹਿ ਗਈ ॥੩॥

ਹਮਰੀ ਜਾਤਿ ਪਾਤਿ ਗੁਰੁ ਸਤਿਗੁਰੁ ਹਮ ਵੇਚਿਓ ਸਿਰੁ ਗੁਰ ਕੇ ॥

ਹੇ ਭਾਈ! ਗੁਰੂ ਹੀ ਮੇਰੀ ਜਾਤਿ ਹੈ, ਗੁਰੂ ਹੀ ਮੇਰੀ ਇੱਜ਼ਤ ਹੈ, ਮੈਂ ਆਪਣਾ ਸਿਰ ਗੁਰੂ ਦੇ ਪਾਸ ਵੇਚ ਦਿੱਤਾ ਹੈ।

ਜਨ ਨਾਨਕ ਨਾਮੁ ਪਰਿਓ ਗੁਰ ਚੇਲਾ ਗੁਰ ਰਾਖਹੁ ਲਾਜ ਜਨ ਕੇ ॥੪॥੧॥

ਹੇ ਦਾਸ ਨਾਨਕ! (ਆਖ-) ਹੇ ਗੁਰੂ! ਮੇਰਾ ਨਾਮ ‘ਗੁਰੂ ਕਾ ਸਿੱਖ’ ਪੈ ਗਿਆ ਹੈ, ਹੁਣ ਤੂੰ ਆਪਣੇ ਇਸ ਸੇਵਕ ਦੀ ਇੱਜ਼ਤ ਰੱਖ ਲੈ (ਤੇ, ਹਰਿ-ਨਾਮ ਦੀ ਦਾਤ ਬਖ਼ਸ਼ੀ ਰੱਖ) ॥੪॥੧॥

ਸੂਹੀ ਮਹਲਾ ੪ ॥

ਹਰਿ ਹਰਿ ਨਾਮੁ ਭਜਿਓ ਪੁਰਖੋਤਮੁ ਸਭਿ ਬਿਨਸੇ ਦਾਲਦ ਦਲਘਾ ॥

ਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਹਰੀ ਉੱਤਮ ਪੁਰਖ ਨੂੰ ਜਪਿਆ ਹੈ, ਉਸ ਦੇ ਸਾਰੇ ਦਰਿੱਦ੍ਰ, ਦਲਾਂ ਦੇ ਦਲ ਨਾਸ ਹੋ ਗਏ ਹਨ।

ਭਉ ਜਨਮ ਮਰਣਾ ਮੇਟਿਓ ਗੁਰਸਬਦੀ ਹਰਿ ਅਸਥਿਰੁ ਸੇਵਿ ਸੁਖਿ ਸਮਘਾ ॥੧॥

ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਮਨੁੱਖ ਨੇ ਜਨਮ ਮਰਨ ਦਾ ਡਰ ਭੀ ਮੁਕਾ ਲਿਆ। ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸੇਵਾ-ਭਗਤੀ ਕਰ ਕੇ ਉਹ ਆਨੰਦ ਵਿਚ ਲੀਨ ਹੋ ਗਿਆ ॥੧॥

ਮੇਰੇ ਮਨ ਭਜੁ ਰਾਮ ਨਾਮ ਅਤਿ ਪਿਰਘਾ ॥

ਹੇ ਮੇਰੇ ਮਨ! ਸਦਾ ਪਰਮਾਤਮਾ ਦਾ ਅੱਤ ਪਿਆਰਾ ਨਾਮ ਸਿਮਰਿਆ ਕਰ।

ਮੈ ਮਨੁ ਤਨੁ ਅਰਪਿ ਧਰਿਓ ਗੁਰ ਆਗੈ ਸਿਰੁ ਵੇਚਿ ਲੀਓ ਮੁਲਿ ਮਹਘਾ ॥੧॥ ਰਹਾਉ ॥

ਹੇ ਭਾਈ! ਮੈਂ ਆਪਣਾ ਮਨ ਆਪਣਾ ਸਰੀਰ ਭੇਟਾ ਕਰ ਕੇ ਗੁਰੂ ਦੇ ਅੱਗੇ ਰੱਖ ਦਿੱਤਾ ਹੈ। ਮੈਂ ਆਪਣਾ ਸਿਰ ਮਹਿੰਗੇ ਮੁੱਲ ਦੇ ਵੱਟੇ ਵੇਚ ਦਿੱਤਾ ਹੈ (ਮੈਂ ਸਿਰ ਦੇ ਇਵਜ਼ ਕੀਮਤੀ ਹਰਿ-ਨਾਮ ਲੈ ਲਿਆ ਹੈ) ॥੧॥ ਰਹਾਉ ॥

ਨਰਪਤਿ ਰਾਜੇ ਰੰਗ ਰਸ ਮਾਣਹਿ ਬਿਨੁ ਨਾਵੈ ਪਕੜਿ ਖੜੇ ਸਭਿ ਕਲਘਾ ॥

ਹੇ ਭਾਈ! ਦੁਨੀਆ ਦੇ ਰਾਜੇ ਮਹਾਰਾਜੇ (ਮਾਇਆ ਦੇ) ਰੰਗ ਰਸ ਮਾਣਦੇ ਰਹਿੰਦੇ ਹਨ, ਨਾਮ ਤੋਂ ਸੱਖਣੇ ਰਹਿੰਦੇ ਹਨ, ਉਹਨਾਂ ਸਭਨਾਂ ਨੂੰ ਆਤਮਕ ਮੌਤ ਫੜ ਕੇ ਅੱਗੇ ਲਾ ਲੈਂਦੀ ਹੈ।

ਧਰਮ ਰਾਇ ਸਿਰਿ ਡੰਡੁ ਲਗਾਨਾ ਫਿਰਿ ਪਛੁਤਾਨੇ ਹਥ ਫਲਘਾ ॥੨॥

ਜਦੋਂ ਉਹਨਾਂ ਨੂੰ ਕੀਤੇ ਕਰਮਾਂ ਦਾ ਫਲ ਮਿਲਦਾ ਹੈ, ਜਦੋਂ ਉਹਨਾਂ ਦੇ ਸਿਰ ਉਤੇ ਪਰਮਾਤਮਾ ਦਾ ਡੰਡਾ ਵੱਜਦਾ ਹੈ, ਤਦੋਂ ਪਛਤਾਂਦੇ ਹਨ ॥੨॥

ਹਰਿ ਰਾਖੁ ਰਾਖੁ ਜਨ ਕਿਰਮ ਤੁਮਾਰੇ ਸਰਣਾਗਤਿ ਪੁਰਖ ਪ੍ਰਤਿਪਲਘਾ ॥

ਹੇ ਹਰੀ! ਹੇ ਪਾਲਣਹਾਰ ਸਰਬ-ਵਿਆਪਕ! ਅਸੀਂ ਤੇਰੇ (ਪੈਦਾ ਕੀਤੇ) ਨਿਮਾਣੇ ਜੀਵ ਹਾਂ, ਅਸੀਂ ਤੇਰੀ ਸਰਨ ਆਏ ਹਾਂ, ਤੂੰ ਆਪ (ਆਪਣੇ) ਸੇਵਕਾਂ ਦੀ ਰੱਖਿਆ ਕਰ।

ਦਰਸਨੁ ਸੰਤ ਦੇਹੁ ਸੁਖੁ ਪਾਵੈ ਪ੍ਰਭ ਲੋਚ ਪੂਰਿ ਜਨੁ ਤੁਮਘਾ ॥੩॥

ਹੇ ਪ੍ਰਭੂ! ਮੈਂ ਤੇਰਾ ਦਾਸ ਹਾਂ, ਦਾਸ ਦੀ ਤਾਂਘ ਪੂਰੀ ਕਰ, ਇਸ ਦਾਸ ਨੂੰ ਸੰਤ ਜਨਾਂ ਦਾ ਦਰਸਨ ਬਖ਼ਸ਼ (ਤਾ ਕਿ ਇਹ ਦਾਸ) ਆਤਮਕ ਆਨੰਦ ਪ੍ਰਾਪਤ ਕਰ ਸਕੇ ॥੩॥

ਤੁਮ ਸਮਰਥ ਪੁਰਖ ਵਡੇ ਪ੍ਰਭ ਸੁਆਮੀ ਮੋ ਕਉ ਕੀਜੈ ਦਾਨੁ ਹਰਿ ਨਿਮਘਾ ॥

ਹੇ ਪ੍ਰਭੂ! ਹੇ ਸਭ ਤੋਂ ਵੱਡੇ ਮਾਲਕ! ਤੂੰ ਸਾਰੀਆਂ ਤਾਕਤਾਂ ਦਾ ਮਾਲਕ ਪੁਰਖ ਹੈਂ। ਮੈਨੂੰ ਇਕ ਛਿਨ ਵਾਸਤੇ ਹੀ ਆਪਣੇ ਨਾਮ ਦਾ ਦਾਨ ਦੇਹ।

ਜਨ ਨਾਨਕ ਨਾਮੁ ਮਿਲੈ ਸੁਖੁ ਪਾਵੈ ਹਮ ਨਾਮ ਵਿਟਹੁ ਸਦ ਘੁਮਘਾ ॥੪॥੨॥

ਹੇ ਦਾਸ ਨਾਨਕ! (ਆਖ-) ਜਿਸ ਨੂੰ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ, ਉਹ ਆਨੰਦ ਮਾਣਦਾ ਹੈ। ਮੈਂ ਸਦਾ ਹਰਿ-ਨਾਮ ਤੋਂ ਸਦਕੇ ਹਾਂ ॥੪॥੨॥


ਸੂਹੀ ਮਹਲਾ ੪ ॥
ਹਰਿ ਨਾਮਾ ਹਰਿ ਰੰਙੁ ਹੈ ਹਰਿ ਰੰਙੁ ਮਜੀਠੈ ਰੰਙੁ ॥

ਹੇ ਭਾਈ! ਹਰਿ-ਨਾਮ ਦਾ ਸਿਮਰਨ (ਮਨੁੱਖ ਦੇ ਮਨ ਵਿਚ) ਹਰੀ ਦਾ ਪਿਆਰ ਪੈਦਾ ਕਰਦਾ ਹੈ, ਤੇ, ਇਹ ਹਰੀ-ਨਾਲ-ਪਿਆਰ ਮਜੀਠ ਦੇ ਰੰਗ ਵਰਗਾ ਪੱਕਾ ਪਿਆਰ ਹੁੰਦਾ ਹੈ।

ਗੁਰਿ ਤੁਠੈ ਹਰਿ ਰੰਗੁ ਚਾੜਿਆ ਫਿਰਿ ਬਹੁੜਿ ਨ ਹੋਵੀ ਭੰਙੁ ॥੧॥

ਜੇ (ਕਿਸੇ ਮਨੁੱਖ ਉਤੇ) ਗੁਰੂ ਤ੍ਰੁੱਠ ਕੇ ਉਸ ਨੂੰ ਹਰਿ-ਨਾਮ ਦਾ ਰੰਗ ਚਾੜ੍ਹ ਦੇਵੇ ਤਾਂ ਮੁੜ ਉਸ ਰੰਗ (ਪਿਆਰ) ਦਾ ਕਦੇ ਨਾਸ ਨਹੀਂ ਹੁੰਦਾ ॥੧॥

ਮੇਰੇ ਮਨ ਹਰਿ ਰਾਮ ਨਾਮਿ ਕਰਿ ਰੰਙੁ ॥

ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਵਿਚ ਪਿਆਰ ਜੋੜ।

ਗੁਰਿ ਤੁਠੈ ਹਰਿ ਉਪਦੇਸਿਆ ਹਰਿ ਭੇਟਿਆ ਰਾਉ ਨਿਸੰਙੁ ॥੧॥ ਰਹਾਉ ॥

ਜੇ (ਕਿਸੇ ਮਨੁੱਖ ਉਤੇ) ਗੁਰੂ ਮੇਹਰਬਾਨ ਹੋ ਕੇ, ਉਸ ਨੂੰ ਹਰਿ-ਨਾਮ ਸਿਮਰਨ ਦਾ ਉਪਦੇਸ਼ ਦੇਵੇ, ਤਾਂ ਉਸ ਮਨੁੱਖ ਨੂੰ ਪ੍ਰਭੂ-ਪਾਤਿਸ਼ਾਹ ਜ਼ਰੂਰ ਮਿਲ ਪੈਂਦਾ ਹੈ ॥੧॥ ਰਹਾਉ ॥

ਮੁੰਧ ਇਆਣੀ ਮਨਮੁਖੀ ਫਿਰਿ ਆਵਣ ਜਾਣਾ ਅੰਙੁ ॥

ਹੇ ਭਾਈ! ਜੇਹੜੀ ਅੰਞਾਣ ਜੀਵ-ਇਸਤ੍ਰੀ (ਗੁਰੂ ਦਾ ਆਸਰਾ ਛੱਡ ਕੇ) ਆਪਣੇ ਹੀ ਮਨ ਦੇ ਪਿੱਛੇ ਤੁਰਦੀ ਹੈ, ਉਸ ਦਾ ਜਨਮ ਮਰਨ ਦੇ ਗੇੜ ਨਾਲ ਸਾਥ ਬਣਿਆ ਰਹਿੰਦਾ ਹੈ।

ਹਰਿ ਪ੍ਰਭੁ ਚਿਤਿ ਨ ਆਇਓ ਮਨਿ ਦੂਜਾ ਭਾਉ ਸਹਲੰਙੁ ॥੨॥

ਉਸ (ਜੀਵ-ਇਸਤ੍ਰੀ) ਦੇ ਚਿੱਤ ਵਿਚ ਹਰੀ-ਪ੍ਰਭੂ ਨਹੀਂ ਵੱਸਦਾ, ਉਸ ਦੇ ਮਨ ਵਿਚ ਮਾਇਆ ਦਾ ਮੋਹ ਹੀ ਸਾਥੀ ਬਣਿਆ ਰਹਿੰਦਾ ਹੈ ॥੨॥

ਹਮ ਮੈਲੁ ਭਰੇ ਦੁਹਚਾਰੀਆ ਹਰਿ ਰਾਖਹੁ ਅੰਗੀ ਅੰਙੁ ॥

ਹੇ ਹਰੀ! ਅਸੀਂ ਜੀਵ (ਵਿਕਾਰਾਂ ਦੀ) ਮੈਲ ਨਾਲ ਭਰੇ ਰਹਿੰਦੇ ਹਾਂ, ਅਸੀਂ ਮੰਦ-ਕਰਮੀ ਹਾਂ। ਹੇ ਅੰਗ ਪਾਲਣ ਵਾਲੇ ਪ੍ਰਭੂ! ਸਾਡੀ ਰੱਖਿਆ ਕਰ, ਸਾਡੀ ਸਹਾਇਤਾ ਕਰ।

ਗੁਰਿ ਅੰਮ੍ਰਿਤ ਸਰਿ ਨਵਲਾਇਆ ਸਭਿ ਲਾਥੇ ਕਿਲਵਿਖ ਪੰਙੁ ॥੩॥

ਹੇ ਭਾਈ! ਗੁਰੂ ਨੇ (ਜਿਸ ਮਨੁੱਖ ਨੂੰ) ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸਰੋਵਰ ਵਿਚ ਇਸ਼ਨਾਨ ਕਰਾ ਦਿੱਤਾ, (ਉਸ ਦੇ ਅੰਦਰੋਂ) ਸਾਰੇ ਪਾਪ ਲਹਿ ਜਾਂਦੇ ਹਨ, ਪਾਪਾਂ ਦਾ ਚਿੱਕੜ ਧੁਪ ਜਾਂਦਾ ਹੈ ॥੩॥

ਹਰਿ ਦੀਨਾ ਦੀਨ ਦਇਆਲ ਪ੍ਰਭੁ ਸਤਸੰਗਤਿ ਮੇਲਹੁ ਸੰਙੁ ॥

ਹੇ ਅੱਤ ਕੰਗਾਲਾਂ ਉਤੇ ਦਇਆ ਕਰਨ ਵਾਲੇ ਹਰੀ-ਪ੍ਰਭੂ! ਮੈਨੂੰ ਸਾਧ ਸੰਗਤਿ ਦਾ ਸਾਥ ਮਿਲਾ।

ਮਿਲਿ ਸੰਗਤਿ ਹਰਿ ਰੰਗੁ ਪਾਇਆ ਜਨ ਨਾਨਕ ਮਨਿ ਤਨਿ ਰੰਙੁ ॥੪॥੩॥

ਹੇ ਦਾਸ ਨਾਨਕ! (ਆਖ-) ਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੇ ਨਾਮ ਦਾ ਪ੍ਰੇਮ ਪ੍ਰਾਪਤ ਕਰ ਲਿਆ, ਉਸ ਦੇ ਮਨ ਵਿਚ ਉਸ ਦੇ ਹਿਰਦੇ ਵਿਚ ਉਹ ਪ੍ਰੇਮ (ਸਦਾ ਟਿਕਿਆ ਰਹਿੰਦਾ ਹੈ) ॥੪॥੩॥


ਸੂਹੀ ਮਹਲਾ ੪ ॥
ਹਰਿ ਹਰਿ ਕਰਹਿ ਨਿਤ ਕਪਟੁ ਕਮਾਵਹਿ ਹਿਰਦਾ ਸੁਧੁ ਨ ਹੋਈ ॥

ਹੇ ਭਾਈ! (ਜੇਹੜੇ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦੇ ਉਂਞ) ਜ਼ਬਾਨੀ ਰਾਮ ਰਾਮ ਉਚਾਰਦੇ ਹਨ, ਸਦਾ ਧੋਖਾ-ਫਰੇਬ (ਭੀ) ਕਰਦੇ ਰਹਿੰਦੇ ਹਨ, ਉਹਨਾਂ ਦਾ ਦਿਲ ਪਵਿਤ੍ਰ ਨਹੀਂ ਹੋ ਸਕਦਾ।

ਅਨਦਿਨੁ ਕਰਮ ਕਰਹਿ ਬਹੁਤੇਰੇ ਸੁਪਨੈ ਸੁਖੁ ਨ ਹੋਈ ॥੧॥

ਉਹ ਮਨੁੱਖ (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ) ਅਨੇਕਾਂ ਧਾਰਮਿਕ ਕਰਮ ਹਰ ਵੇਲੇ ਕਰਦੇ ਰਹਿੰਦੇ ਹਨ, ਪਰ ਉਹਨਾਂ ਨੂੰ ਕਦੇ ਸੁਪਨੇ ਵਿਚ ਭੀ ਆਤਮਕ ਆਨੰਦ ਨਹੀਂ ਮਿਲਦਾ ॥੧॥

ਗਿਆਨੀ ਗੁਰ ਬਿਨੁ ਭਗਤਿ ਨ ਹੋਈ ॥

ਹੇ ਗਿਆਨਵਾਨ! ਗੁਰੂ ਦੀ ਸਰਨ ਪੈਣ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ।

ਕੋਰੈ ਰੰਗੁ ਕਦੇ ਨ ਚੜੈ ਜੇ ਲੋਚੈ ਸਭੁ ਕੋਈ ॥੧॥ ਰਹਾਉ ॥

(ਮਨ ਉਤੇ ਪ੍ਰਭੂ ਦੀ ਭਗਤੀ ਦਾ ਰੰਗ ਨਹੀਂ ਚੜ੍ਹ ਸਕਦਾ, ਜਿਵੇਂ) ਭਾਵੇਂ ਹਰੇਕ ਮਨੁੱਖ ਪਿਆ ਤਰਲੇ ਲਏ, ਕਦੇ ਕੋਰੇ ਕੱਪੜੇ ਉੱਤੇ ਰੰਗ ਨਹੀਂ ਚੜ੍ਹਦਾ ॥੧॥ ਰਹਾਉ ॥

ਜਪੁ ਤਪ ਸੰਜਮ ਵਰਤ ਕਰੇ ਪੂਜਾ ਮਨਮੁਖ ਰੋਗੁ ਨ ਜਾਈ ॥

ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮੰਤ੍ਰਾਂ ਦਾ) ਜਾਪ (ਧੂਣੀਆਂ ਦਾ) ਤਪਾਣਾ (ਆਦਿਕ) ਕਸ਼ਟ ਦੇਣ ਵਾਲੇ ਸਾਧਨ ਕਰਦਾ ਹੈ, ਵਰਤ ਰੱਖਦਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਸ ਮਨੁੱਖ ਦਾ (ਆਤਮਕ) ਰੋਗ ਦੂਰ ਨਹੀਂ ਹੁੰਦਾ।

ਅੰਤਰਿ ਰੋਗੁ ਮਹਾ ਅਭਿਮਾਨਾ ਦੂਜੈ ਭਾਇ ਖੁਆਈ ॥੨॥

ਉਸ ਦੇ ਮਨ ਵਿਚ ਅਹੰਕਾਰ ਦਾ ਵੱਡਾ ਰੋਗ ਟਿਕਿਆ ਰਹਿੰਦਾ ਹੈ। ਉਹ ਮਾਇਆ ਦੇ ਮੋਹ ਵਿਚ ਫਸ ਕੇ ਕੁਰਾਹੇ ਪਿਆ ਰਹਿੰਦਾ ਹੈ ॥੨॥

ਬਾਹਰਿ ਭੇਖ ਬਹੁਤੁ ਚਤੁਰਾਈ ਮਨੂਆ ਦਹ ਦਿਸਿ ਧਾਵੈ ॥

ਹੇ ਭਾਈ! (ਗੁਰੂ ਤੋਂ ਖੁੰਝਿਆ ਹੋਇਆ ਮਨੁੱਖ) ਲੋਕਾਂ ਨੂੰ ਵਿਖਾਣ ਵਾਸਤੇ ਧਾਰਮਿਕ ਭੇਖ ਬਣਾਂਦਾ ਹੈ, ਬਥੇਰੀ ਚੁਸਤੀ-ਚਾਲਾਕੀ ਵਿਖਾਂਦਾ ਹੈ, ਪਰ ਉਸ ਦਾ ਕੋਝਾ ਮਨ ਦਸੀਂ ਪਾਸੀਂ ਦੌੜਿਆ ਫਿਰਦਾ ਹੈ।

ਹਉਮੈ ਬਿਆਪਿਆ ਸਬਦੁ ਨ ਚੀਨੈ੍ ਫਿਰਿ ਫਿਰਿ ਜੂਨੀ ਆਵੈ ॥੩॥

ਹਉਮੈ-ਅਹੰਕਾਰ ਵਿਚ ਫਸਿਆ ਹੋਇਆ ਉਹ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦਾ, ਉਹ ਮੁੜ ਮੁੜ ਜੂਨਾਂ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੩॥

ਨਾਨਕ ਨਦਰਿ ਕਰੇ ਸੋ ਬੂਝੈ ਸੋ ਜਨੁ ਨਾਮੁ ਧਿਆਏ ॥

ਹੇ ਨਾਨਕ! (ਆਖ-ਹੇ ਭਾਈ!) ਜਿਸ ਮਨੁੱਖ ਉਤੇ ਪਰਮਾਤਮਾ ਮੇਹਰ ਦੀ ਨਿਗਾਹ ਕਰਦਾ ਹੈ, ਉਹ (ਆਤਮਕ ਜੀਵਨ ਦੇ ਰਸਤੇ ਨੂੰ) ਸਮਝ ਲੈਂਦਾ ਹੈ, ਉਹ ਮਨੁੱਖ (ਸਦਾ) ਪਰਮਾਤਮਾ ਦਾ ਨਾਮ ਸਿਮਰਦਾ ਹੈ,

ਗੁਰਪਰਸਾਦੀ ਏਕੋ ਬੂਝੈ ਏਕਸੁ ਮਾਹਿ ਸਮਾਏ ॥੪॥੪॥

ਗੁਰੂ ਦੀ ਕਿਰਪਾ ਨਾਲ ਉਹ ਇਕ ਪਰਮਾਤਮਾ ਨਾਲ ਹੀ ਸਾਂਝ ਬਣਾਈ ਰੱਖਦਾ ਹੈ, ਉਹ ਇਕ ਪਰਮਾਤਮਾ ਵਿਚ ਹੀ ਲੀਨ ਰਹਿੰਦਾ ਹੈ ॥੪॥੪॥


ਸੂਹੀ ਮਹਲਾ ੪ ਘਰੁ ੨ ॥

ਰਾਗ ਸੂਹੀ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਗੁਰਮਤਿ ਨਗਰੀ ਖੋਜਿ ਖੋਜਾਈ ॥

ਹੇ ਭਾਈ! ਗੁਰੂ ਦੀ ਮਤਿ ਲੈ ਕੇ ਮੈਂ ਆਪਣੇ ਸਰੀਰ-ਨਗਰ ਦੀ ਚੰਗੀ ਤਰ੍ਹਾਂ ਖੋਜ ਕੀਤੀ ਹੈ,

ਹਰਿ ਹਰਿ ਨਾਮੁ ਪਦਾਰਥੁ ਪਾਈ ॥੧॥

ਅਤੇ, (ਸਰੀਰ ਦੇ ਵਿਚੋਂ ਹੀ) ਪਰਮਾਤਮਾ ਦਾ ਕੀਮਤੀ ਨਾਮ ਮੈਂ ਲੱਭ ਲਿਆ ਹੈ ॥੧॥

ਮੇਰੈ ਮਨਿ ਹਰਿ ਹਰਿ ਸਾਂਤਿ ਵਸਾਈ ॥

ਹੇ ਭਾਈ! (ਗੁਰੂ ਨੇ ਮੈਨੂੰ ਹਰਿ-ਨਾਮ ਦੀ ਦਾਤ ਦੇ ਕੇ) ਮੇਰੇ ਮਨ ਵਿਚ ਠੰਢ ਪਾ ਦਿੱਤੀ ਹੈ।

ਤਿਸਨਾ ਅਗਨਿ ਬੁਝੀ ਖਿਨ ਅੰਤਰਿ ਗੁਰਿ ਮਿਲਿਐ ਸਭ ਭੁਖ ਗਵਾਈ ॥੧॥ ਰਹਾਉ ॥

(ਮੇਰੇ ਅੰਦਰੋਂ) ਇਕ ਛਿਨ ਵਿਚ (ਮਾਇਆ ਦੀ) ਤ੍ਰਿਸ਼ਨਾ ਦੀ ਅੱਗ ਬੁੱਝ ਗਈ ਹੈ। ਗੁਰੂ ਦੇ ਮਿਲਣ ਨਾਲ ਮੇਰੀ ਸਾਰੀ (ਮਾਇਆ ਦੀ) ਭੁੱਖ ਦੂਰ ਹੋ ਗਈ ਹੈ ॥੧॥ ਰਹਾਉ ॥

ਹਰਿ ਗੁਣ ਗਾਵਾ ਜੀਵਾ ਮੇਰੀ ਮਾਈ ॥

ਹੇ ਮੇਰੀ ਮਾਂ! (ਹੁਣ ਜਿਉਂ ਜਿਉਂ) ਮੈਂ ਪਰਮਾਤਮਾ ਦੇ ਗੁਣ ਗਾਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਰਿਹਾ ਹੈ।

ਸਤਿਗੁਰਿ ਦਇਆਲਿ ਗੁਣ ਨਾਮੁ ਦ੍ਰਿੜਾਈ ॥੨॥

ਦਇਆ ਦੇ ਘਰ ਸਤਿਗੁਰੂ ਨੇ ਮੇਰੇ ਹਿਰਦੇ ਵਿਚ ਪ੍ਰਭੂ ਦੇ ਗੁਣ ਪੱਕੇ ਕਰ ਦਿੱਤੇ ਹਨ, ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ ਹੈ ॥੨॥

ਹਉ ਹਰਿ ਪ੍ਰਭੁ ਪਿਆਰਾ ਢੂਢਿ ਢੂਢਾਈ ॥

ਹੇ ਭਾਈ! ਹੁਣ ਮੈਂ ਪਿਆਰੇ ਹਰਿ-ਪ੍ਰਭੂ ਦੀ ਭਾਲ ਕਰਦਾ ਹਾਂ, (ਸਤਸੰਗੀਆਂ ਪਾਸੋਂ) ਭਾਲ ਕਰਾਂਦਾ ਹਾਂ।

ਸਤਸੰਗਤਿ ਮਿਲਿ ਹਰਿ ਰਸੁ ਪਾਈ ॥੩॥

ਸਾਧ ਸੰਗਤਿ ਵਿਚ ਮਿਲ ਕੇ ਮੈਂ ਪਰਮਾਤਮਾ ਦੇ ਨਾਮ ਦਾ ਸੁਆਦ ਮਾਣਦਾ ਹਾਂ ॥੩॥

ਧੁਰਿ ਮਸਤਕਿ ਲੇਖ ਲਿਖੇ ਹਰਿ ਪਾਈ ॥

ਹੇ ਭਾਈ! ਧੁਰ ਦਰਗਾਹ ਤੋਂ (ਜਿਸ ਮਨੁੱਖ ਦੇ) ਮੱਥੇ ਉੱਤੇ ਪ੍ਰਭੂ-ਮਿਲਾਪ ਦਾ ਲਿਖਿਆ ਲੇਖ ਉੱਘੜਦਾ ਹੈ,

ਗੁਰੁ ਨਾਨਕੁ ਤੁਠਾ ਮੇਲੈ ਹਰਿ ਭਾਈ ॥੪॥੧॥੫॥

ਉਸ ਉਤੇ ਗੁਰੂ ਨਾਨਕ ਪ੍ਰਸੰਨ ਹੁੰਦਾ ਹੈ ਅਤੇ, ਉਸ ਨੂੰ ਪਰਮਾਤਮਾ ਮਿਲਾ ਦੇਂਦਾ ਹੈ ॥੪॥੧॥੫॥


ਸੂਹੀ ਮਹਲਾ ੪ ॥
ਹਰਿ ਕ੍ਰਿਪਾ ਕਰੇ ਮਨਿ ਹਰਿ ਰੰਗੁ ਲਾਏ ॥

ਹੇ ਭਾਈ! ਪਰਮਾਤਮਾ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ, ਉਸ ਦੇ ਮਨ ਵਿਚ (ਆਪਣੇ ਚਰਨਾਂ ਦਾ) ਪਿਆਰ ਪੈਦਾ ਕਰਦਾ ਹੈ।

ਗੁਰਮੁਖਿ ਹਰਿ ਹਰਿ ਨਾਮਿ ਸਮਾਏ ॥੧॥

ਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਵਿਚ ਸਦਾ ਲੀਨ ਰਹਿੰਦਾ ਹੈ ॥੧॥

ਹਰਿ ਰੰਗਿ ਰਾਤਾ ਮਨੁ ਰੰਗ ਮਾਣੇ ॥

ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਸ ਦਾ ਮਨ ਆਤਮਕ ਆਨੰਦ ਮਾਣਦਾ ਰਹਿੰਦਾ ਹੈ।

ਸਦਾ ਅਨੰਦਿ ਰਹੈ ਦਿਨ ਰਾਤੀ ਪੂਰੇ ਗੁਰ ਕੈ ਸਬਦਿ ਸਮਾਣੇ ॥੧॥ ਰਹਾਉ ॥

ਉਹ ਮਨੁੱਖ ਦਿਨ ਰਾਤ ਹਰ ਵੇਲੇ ਆਨੰਦ ਵਿਚ ਮਗਨ ਰਹਿੰਦਾ ਹੈ, ਉਹ ਪੂਰੇ ਗੁਰੂ ਦੀ ਬਾਣੀ ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥

ਹਰਿ ਰੰਗ ਕਉ ਲੋਚੈ ਸਭੁ ਕੋਈ ॥

ਹੇ ਭਾਈ! (ਉਂਞ ਤਾਂ) ਹਰੇਕ ਮਨੁੱਖ ਪ੍ਰਭੂ (ਚਰਨਾਂ) ਦੇ ਪਿਆਰ ਦੀ ਖ਼ਾਤਰ ਤਰਲੇ ਲੈਂਦਾ ਹੈ,

ਗੁਰਮੁਖਿ ਰੰਗੁ ਚਲੂਲਾ ਹੋਈ ॥੨॥

ਪਰ ਗੁਰੂ ਦੀ ਸਰਨ ਪਿਆਂ ਹੀ (ਮਨ ਉਤੇ ਪ੍ਰੇਮ ਦਾ) ਗੂੜ੍ਹਾ ਰੰਗ ਚੜ੍ਹਦਾ ਹੈ ॥੨॥

ਮਨਮੁਖਿ ਮੁਗਧੁ ਨਰੁ ਕੋਰਾ ਹੋਇ ॥

ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ ਪਿਆਰ ਤੋਂ ਸੱਖਣੇ ਹਿਰਦੇ ਵਾਲਾ ਹੀ ਰਹਿੰਦਾ ਹੈ।

ਜੇ ਸਉ ਲੋਚੈ ਰੰਗੁ ਨ ਹੋਵੈ ਕੋਇ ॥੩॥

ਅਜੇਹਾ ਮਨੁੱਖ ਜੇ ਸੌ ਵਾਰੀ ਭੀ ਤਾਂਘ ਕਰੇ, ਉਸ ਨੂੰ (ਪ੍ਰਭੂ ਦੇ ਪਿਆਰੇ ਦਾ) ਰੰਗ ਨਹੀਂ ਚੜ੍ਹ ਸਕਦਾ ॥੩॥

ਨਦਰਿ ਕਰੇ ਤਾ ਸਤਿਗੁਰੁ ਪਾਵੈ ॥

ਹੇ ਨਾਨਕ! (ਆਖ-ਜਦੋਂ ਪਰਮਾਤਮਾ ਕਿਸੇ ਮਨੁੱਖ ਉੱਤੇ) ਮੇਹਰ ਦੀ ਨਿਗਾਹ ਕਰਦਾ ਹੈ, ਤਾਂ ਉਹ ਗੁਰੂ (ਦਾ ਮਿਲਾਪ) ਪ੍ਰਾਪਤ ਕਰਦਾ ਹੈ,

ਨਾਨਕ ਹਰਿ ਰਸਿ ਹਰਿ ਰੰਗਿ ਸਮਾਵੈ ॥੪॥੨॥੬॥

(ਫਿਰ ਉਹ) ਪਰਮਾਤਮਾ ਦੇ ਨਾਮ-ਰਸ ਵਿਚ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਸਮਾਇਆ ਰਹਿੰਦਾ ਹੈ ॥੪॥੨॥੬॥


ਸੂਹੀ ਮਹਲਾ ੪ ॥
ਜਿਹਵਾ ਹਰਿ ਰਸਿ ਰਹੀ ਅਘਾਇ ॥

ਹੇ ਭਾਈ! ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਦੀ ਜੀਭ ਪਰਮਾਤਮਾ ਦੇ ਨਾਮ ਦੇ ਰਸ ਵਿਚ ਰੱਜੀ ਰਹਿੰਦੀ ਹੈ,

ਗੁਰਮੁਖਿ ਪੀਵੈ ਸਹਜਿ ਸਮਾਇ ॥੧॥

ਉਹ ਸਦਾ ਉਹ ਨਾਮ-ਰਸ ਹੀ ਪੀਂਦਾ ਹੈ, ਅਤੇ, ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੧॥

ਹਰਿ ਰਸੁ ਜਨ ਚਾਖਹੁ ਜੇ ਭਾਈ ॥

ਹੇ ਪਿਆਰੇ ਸੱਜਣੋ! ਜੇ ਤੁਸੀ ਪਰਮਾਤਮਾ ਦੇ ਨਾਮ ਦਾ ਸੁਆਦ ਚੱਖ ਲਵੋ,

ਤਉ ਕਤ ਅਨਤ ਸਾਦਿ ਲੋਭਾਈ ॥੧॥ ਰਹਾਉ ॥

ਤਾਂ ਫਿਰ ਕਿਸੇ ਭੀ ਹੋਰ ਸੁਆਦ ਵਿਚ ਨਹੀਂ ਫਸੋਗੇ ॥੧॥ ਰਹਾਉ ॥

ਗੁਰਮਤਿ ਰਸੁ ਰਾਖਹੁ ਉਰ ਧਾਰਿ ॥

ਹੇ ਭਾਈ! ਗੁਰੂ ਦੀ ਸਿੱਖਿਆ ਉਤੇ ਤੁਰ ਕੇ ਪ੍ਰਭੂ ਦੇ ਨਾਮ ਦਾ ਸੁਆਦ ਆਪਣੇ ਹਿਰਦੇ ਵਿਚ ਵਸਾਈ ਰੱਖੋ।

ਹਰਿ ਰਸਿ ਰਾਤੇ ਰੰਗਿ ਮੁਰਾਰਿ ॥੨॥

ਜੇਹੜੇ ਮਨੁੱਖ ਪ੍ਰਭੂ ਦੇ ਨਾਮ-ਰਸ ਵਿਚ ਮਗਨ ਹੋ ਜਾਂਦੇ ਹਨ, ਉਹ ਮੁਰਾਰੀ-ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ ॥੨॥

ਮਨਮੁਖਿ ਹਰਿ ਰਸੁ ਚਾਖਿਆ ਨ ਜਾਇ ॥

ਪਰ, ਹੇ ਭਾਈ! ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਉਹ ਪਰਮਾਤਮਾ ਦੇ ਨਾਮ ਦਾ ਸੁਆਦ ਨਹੀਂ ਚੱਖ ਸਕਦਾ,

ਹਉਮੈ ਕਰੈ ਬਹੁਤੀ ਮਿਲੈ ਸਜਾਇ ॥੩॥

(ਉਹ ਜਿਉਂ ਜਿਉਂ ਆਪਣੀ ਸਿਆਣਪ ਦਾ) ਅਹੰਕਾਰ ਕਰਦਾ ਹੈ (ਤਿਉਂ ਤਿਉਂ) ਉਸ ਨੂੰ ਵਧੀਕ ਵਧੀਕ ਸਜ਼ਾ ਮਿਲਦੀ ਹੈ (ਆਤਮਕ ਕਲੇਸ਼ ਸਹਾਰਨਾ ਪੈਂਦਾ ਹੈ) ॥੩॥

ਨਦਰਿ ਕਰੇ ਤਾ ਹਰਿ ਰਸੁ ਪਾਵੈ ॥

(ਹੇ ਭਾਈ!) ਜਦੋਂ ਪਰਮਾਤਮਾ (ਕਿਸੇ ਮਨੁੱਖ ਉਤੇ) ਮੇਹਰ ਦੀ ਨਿਗਾਹ ਕਰਦਾ ਹੈ ਤਦੋਂ ਉਹ ਪ੍ਰਭੂ ਦੇ ਨਾਮ ਦਾ ਸੁਆਦ ਹਾਸਲ ਕਰਦਾ ਹੈ,

ਨਾਨਕ ਹਰਿ ਰਸਿ ਹਰਿ ਗੁਣ ਗਾਵੈ ॥੪॥੩॥੭॥

ਹੇ ਨਾਨਕ! (ਆਖ-ਫਿਰ) ਉਹ ਹਰਿ-ਨਾਮ ਦੇ ਸੁਆਦ ਵਿਚ ਮਗਨ ਹੋ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ ॥੪॥੩॥੭॥


ਸੂਹੀ ਮਹਲਾ ੪ ਘਰੁ ੬ ॥

ਰਾਗ ਸੂਹੀ, ਘਰ ੬ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਨੀਚ ਜਾਤਿ ਹਰਿ ਜਪਤਿਆ ਉਤਮ ਪਦਵੀ ਪਾਇ ॥

ਹੇ ਭਾਈ! ਨੀਵੀਂ ਜਾਤਿ ਵਾਲਾ ਮਨੁੱਖ ਭੀ ਪਰਮਾਤਮਾ ਦਾ ਨਾਮ ਜਪਣ ਨਾਲ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ।

ਪੂਛਹੁ ਬਿਦਰ ਦਾਸੀ ਸੁਤੈ ਕਿਸਨੁ ਉਤਰਿਆ ਘਰਿ ਜਿਸੁ ਜਾਇ ॥੧॥

(ਜੇ ਯਕੀਨ ਨਹੀਂ ਆਉਂਦਾ, ਤਾਂ ਕਿਸੇ ਪਾਸੋਂ) ਦਾਸੀ ਦੇ ਪੁੱਤਰ ਬਿਦਰ ਦੀ ਗੱਲ ਪੁੱਛ ਵੇਖੋ। ਉਸ ਬਿਦਰ ਦੇ ਘਰ ਵਿਚ ਕ੍ਰਿਸ਼ਨ ਜੀ ਜਾ ਕੇ ਠਹਿਰੇ ਸਨ ॥੧॥

ਹਰਿ ਕੀ ਅਕਥ ਕਥਾ ਸੁਨਹੁ ਜਨ ਭਾਈ ਜਿਤੁ ਸਹਸਾ ਦੂਖ ਭੂਖ ਸਭ ਲਹਿ ਜਾਇ ॥੧॥ ਰਹਾਉ ॥

ਹੇ ਸੱਜਣੋ! ਪਰਮਾਤਮਾ ਦੀ ਅਸਚਰਜ ਸਿਫ਼ਤਿ-ਸਾਲਾਹ ਸੁਣਿਆ ਕਰੋ, ਜਿਸ ਦੀ ਬਰਕਤਿ ਨਾਲ ਹਰੇਕ ਕਿਸਮ ਦਾ ਸਹਿਮ ਹਰੇਕ ਦੁੱਖ ਦੂਰ ਹੋ ਜਾਂਦਾ ਹੈ, (ਮਾਇਆ ਦੀ) ਭੁੱਖ ਮਿਟ ਜਾਂਦੀ ਹੈ ॥੧॥ ਰਹਾਉ ॥

ਰਵਿਦਾਸੁ ਚਮਾਰੁ ਉਸਤਤਿ ਕਰੇ ਹਰਿ ਕੀਰਤਿ ਨਿਮਖ ਇਕ ਗਾਇ ॥

ਹੇ ਭਾਈ! (ਭਗਤ) ਰਵਿਦਾਸ (ਜਾਤਿ ਦਾ) ਚਮਾਰ (ਸੀ, ਉਹ ਪਰਮਾਤਮਾ ਦੀ) ਸਿਫ਼ਤਿ-ਸਾਲਾਹ ਕਰਦਾ ਸੀ, ਉਹ ਹਰ ਵੇਲੇ ਪ੍ਰਭੂ ਦੀ ਕੀਰਤੀ ਗਾਂਦਾ ਰਹਿੰਦਾ ਸੀ।

ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ ॥੨॥

ਨੀਵੀਂ ਜਾਤਿ ਦਾ ਰਵਿਦਾਸ ਮਹਾਂ ਪੁਰਖ ਬਣ ਗਿਆ। ਚੌਹਾਂ ਵਰਨਾਂ ਦੇ ਮਨੁੱਖ ਉਸ ਦੇ ਪੈਰੀਂ ਆ ਕੇ ਲੱਗ ਪਏ ॥੨॥

ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ ਲੋਕੁ ਛੀਪਾ ਕਹੈ ਬੁਲਾਇ ॥

ਹੇ ਭਾਈ! (ਭਗਤ) ਨਾਮਦੇਵ ਦੀ ਪਰਮਾਤਮਾ ਨਾਲ ਪ੍ਰੀਤ ਬਣ ਗਈ। ਜਗਤ ਉਸ ਨੂੰ ਛੀਂਬਾ ਆਖ ਕੇ ਸੱਦਿਆ ਕਰਦਾ ਸੀ।

ਖਤ੍ਰੀ ਬ੍ਰਾਹਮਣ ਪਿਠਿ ਦੇ ਛੋਡੇ ਹਰਿ ਨਾਮਦੇਉ ਲੀਆ ਮੁਖਿ ਲਾਇ ॥੩॥

ਪਰਮਾਤਮਾ ਨੇ ਖਤ੍ਰੀਆਂ ਬ੍ਰਾਹਮਣਾਂ ਨੂੰ ਪਿੱਠ ਦੇ ਦਿੱਤੀ, ਤੇ, ਨਾਮਦੇਵ ਨੂੰ ਮੱਥੇ ਲਾਇਆ ਸੀ ॥੩॥

ਜਿਤਨੇ ਭਗਤ ਹਰਿ ਸੇਵਕਾ ਮੁਖਿ ਅਠਸਠਿ ਤੀਰਥ ਤਿਨ ਤਿਲਕੁ ਕਢਾਇ ॥

ਹੇ ਭਾਈ! ਪਰਮਾਤਮਾ ਦੇ ਜਿਤਨੇ ਭੀ ਭਗਤ ਹਨ, ਸੇਵਕ ਹਨ, ਉਹਨਾਂ ਦੇ ਮੱਥੇ ਉਤੇ ਅਠਾਹਠ ਤੀਰਥ ਤਿਲਕ ਲਾਂਦੇ ਹਨ (ਸਾਰੇ ਹੀ ਤੀਰਥ ਭੀ ਉਹਨਾਂ ਦਾ ਆਦਰ-ਮਾਣ ਕਰਦੇ ਹਨ)।

ਜਨੁ ਨਾਨਕੁ ਤਿਨ ਕਉ ਅਨਦਿਨੁ ਪਰਸੇ ਜੇ ਕ੍ਰਿਪਾ ਕਰੇ ਹਰਿ ਰਾਇ ॥੪॥੧॥੮॥

ਹੇ ਭਾਈ! ਜੇ ਪ੍ਰਭੂ-ਪਾਤਿਸ਼ਾਹ ਮੇਹਰ ਕਰੇ, ਤਾਂ ਦਾਸ ਨਾਨਕ ਹਰ ਵੇਲੇ ਉਹਨਾਂ (ਭਗਤਾਂ ਸੇਵਕਾਂ) ਦੇ ਚਰਨ ਛੁੰਹਦਾ ਰਹੇ ॥੪॥੧॥੮॥


ਸੂਹੀ ਮਹਲਾ ੪ ॥
ਤਿਨ੍ਰੀ ਅੰਤਰਿ ਹਰਿ ਆਰਾਧਿਆ ਜਿਨ ਕਉ ਧੁਰਿ ਲਿਖਿਆ ਲਿਖਤੁ ਲਿਲਾਰਾ ॥

ਹੇ ਭਾਈ! ਧੁਰ ਦਰਗਾਹ ਤੋਂ ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ ਲੇਖ ਲਿਖਿਆ ਹੁੰਦਾ ਹੈ, ਉਹੀ ਮਨੁੱਖ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਆਰਾਧਨ ਕਰਦੇ ਹਨ (ਅਤੇ ਪਰਮਾਤਮਾ ਉਹਨਾਂ ਦੀ ਹੀ ਪੱਖ ਕਰਦਾ ਹੈ)।

ਤਿਨ ਕੀ ਬਖੀਲੀ ਕੋਈ ਕਿਆ ਕਰੇ ਜਿਨ ਕਾ ਅੰਗੁ ਕਰੇ ਮੇਰਾ ਹਰਿ ਕਰਤਾਰਾ ॥੧॥

ਪਿਆਰਾ ਕਰਤਾਰ ਜਿਨ੍ਹਾਂ ਦਾ ਪੱਖ ਕਰਦਾ ਹੈ, ਕੋਈ ਮਨੁੱਖ ਉਹਨਾਂ ਦੀ ਨਿੰਦਾ ਕਰ ਕੇ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦਾ ॥੧॥

ਹਰਿ ਹਰਿ ਧਿਆਇ ਮਨ ਮੇਰੇ ਮਨ ਧਿਆਇ ਹਰਿ ਜਨਮ ਜਨਮ ਕੇ ਸਭਿ ਦੂਖ ਨਿਵਾਰਣਹਾਰਾ ॥੧॥ ਰਹਾਉ ॥

ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਿਮਰਿਆ ਕਰ। ਹੇ ਮਨ! ਪ੍ਰਭੂ ਦਾ ਧਿਆਨ ਧਰਿਆ ਕਰ। ਪਰਮਾਤਮਾ (ਜੀਵ ਦੇ) ਜਨਮਾਂ ਜਨਮਾਂਤਰਾਂ ਦੇ ਵਿਕਾਰ ਦੂਰ ਕਰਨ ਦੀ ਸਮਰਥਾ ਰੱਖਦਾ ਹੈ ॥੧॥ ਰਹਾਉ ॥

ਧੁਰਿ ਭਗਤ ਜਨਾ ਕਉ ਬਖਸਿਆ ਹਰਿ ਅੰਮ੍ਰਿਤ ਭਗਤਿ ਭੰਡਾਰਾ ॥

ਹੇ ਭਾਈ! ਧੁਰ ਦਰਗਾਹ ਤੋਂ ਪਰਮਾਤਮਾ ਨੇ ਆਪਣੇ ਭਗਤਾਂ ਨੂੰ ਆਪਣੀ ਆਤਮਕ ਜੀਵਨ ਦੇਣ ਵਾਲੀ ਭਗਤੀ ਦਾ ਖ਼ਜ਼ਾਨਾ ਬਖ਼ਸ਼ਿਆ ਹੋਇਆ ਹੈ।

ਮੂਰਖੁ ਹੋਵੈ ਸੁ ਉਨ ਕੀ ਰੀਸ ਕਰੇ ਤਿਸੁ ਹਲਤਿ ਪਲਤਿ ਮੁਹੁ ਕਾਰਾ ॥੨॥

ਜੇਹੜਾ ਮਨੁੱਖ ਮੂਰਖ ਹੁੰਦਾ ਹੈ ਉਹੀ ਉਹਨਾਂ ਦੀ ਬਰਾਬਰੀ ਕਰਦਾ ਹੈ (ਇਸ ਈਰਖਾ ਦੇ ਕਾਰਨ, ਸਗੋਂ) ਉਸ ਦਾ ਮੂੰਹ ਇਸ ਲੋਕ ਤੇ ਪਰਲੋਕ ਵਿਚ ਕਾਲਾ ਹੁੰਦਾ ਹੈ (ਉਹ ਲੋਕ ਪਰਲੋਕ ਵਿਚ ਬਦਨਾਮੀ ਖੱਟਦਾ ਹੈ) ॥੨॥

ਸੇ ਭਗਤ ਸੇ ਸੇਵਕਾ ਜਿਨਾ ਹਰਿ ਨਾਮੁ ਪਿਆਰਾ ॥

ਹੇ ਭਾਈ! ਉਹੀ ਮਨੁੱਖ ਭਗਤ ਹਨ, ਉਹ ਮਨੁੱਖ (ਪਰਮਾਤਮਾ ਦੇ) ਸੇਵਕ ਹਨ, ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ।

ਤਿਨ ਕੀ ਸੇਵਾ ਤੇ ਹਰਿ ਪਾਈਐ ਸਿਰਿ ਨਿੰਦਕ ਕੈ ਪਵੈ ਛਾਰਾ ॥੩॥

ਉਹਨਾਂ (ਸੇਵਕਾਂ ਭਗਤਾਂ) ਦੀ ਸਰਨ ਪਿਆਂ ਪਰਮਾਤਮਾ (ਦਾ ਮਿਲਾਪ) ਪ੍ਰਾਪਤ ਹੁੰਦਾ ਹੈ। (ਸੇਵਕਾਂ ਭਗਤਾਂ ਦੇ) ਨਿੰਦਕ ਦੇ ਸਿਰ ਉਤੇ (ਤਾਂ ਜਗਤ ਵਲੋਂ) ਸੁਆਹ (ਹੀ) ਪੈਂਦੀ ਹੈ ॥੩॥

ਜਿਸੁ ਘਰਿ ਵਿਰਤੀ ਸੋਈ ਜਾਣੈ ਜਗਤ ਗੁਰ ਨਾਨਕ ਪੂਛਿ ਕਰਹੁ ਬੀਚਾਰਾ ॥

ਹੇ ਭਾਈ! (ਉਂਞ ਤਾਂ ਆਪਣੇ ਅੰਦਰ ਦੀ ਫਿਟਕਾਰ ਨੂੰ) ਉਹੀ ਮਨੁੱਖ ਜਾਣਦਾ ਹੈ ਜਿਸ ਦੇ ਹਿਰਦੇ ਵਿਚ ਇਹ ਬਖ਼ੀਲੀ ਵਾਲੀ ਦਸ਼ਾ) ਵਾਪਰਦੀ ਹੈ। (ਪਰ) ਤੁਸੀ ਜਗਤ ਦੇ ਗੁਰੂ ਨਾਨਕ (ਪਾਤਸ਼ਾਹ) ਨੂੰ ਭੀ ਪੁੱਛ ਕੇ ਵਿਚਾਰ ਕਰ ਵੇਖੋ,

ਚਹੁ ਪੀੜੀ ਆਦਿ ਜੁਗਾਦਿ ਬਖੀਲੀ ਕਿਨੈ ਨ ਪਾਇਓ ਹਰਿ ਸੇਵਕ ਭਾਇ ਨਿਸਤਾਰਾ ॥੪॥੨॥੯॥

(ਇਹ ਯਕੀਨ ਜਾਣੋ ਕਿ) ਜਗਤ ਦੇ ਸ਼ੁਰੂ ਤੋਂ ਲੈ ਕੇ ਯੁਗਾਂ ਦੇ ਸ਼ੁਰੂ ਤੋਂ ਲੈ ਕੇ, ਕਦੇ ਵੀ ਕਿਸੇ ਮਨੁੱਖ ਨੇ (ਮਹਾ ਪੁਰਖਾਂ ਨਾਲ) ਈਰਖਾ ਦੀ ਰਾਹੀਂ (ਆਤਮਕ ਜੀਵਨ ਦਾ ਧਨ) ਨਹੀਂ ਲੱਭਾ। (ਮਹਾਂ ਪੁਰਖਾਂ ਨਾਲ) ਸੇਵਕ-ਭਾਵਨਾ ਰੱਖਿਆਂ ਹੀ (ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਹੁੰਦਾ ਹੈ ॥੪॥੨॥੯॥


ਸੂਹੀ ਮਹਲਾ ੪ ॥

ਜਿਥੈ ਹਰਿ ਆਰਾਧੀਐ ਤਿਥੈ ਹਰਿ ਮਿਤੁ ਸਹਾਈ ॥
ਹੇ ਭਾਈ! ਜਿਸ ਭੀ ਥਾਂ ਪਰਮਾਤਮਾ ਦਾ ਆਰਾਧਨ ਕੀਤਾ ਜਾਏ, ਉਹ ਮਿੱਤਰ ਪਰਮਾਤਮਾ ਉੱਥੇ ਹੀ ਆ ਮਦਦਗਾਰ ਬਣਦਾ ਹੈ।

ਗੁਰ ਕਿਰਪਾ ਤੇ ਹਰਿ ਮਨਿ ਵਸੈ ਹੋਰਤੁ ਬਿਧਿ ਲਇਆ ਨ ਜਾਈ ॥੧॥

(ਪਰ ਉਹ) ਪਰਮਾਤਮਾ ਗੁਰੂ ਦੀ ਕਿਰਪਾ ਨਾਲ (ਹੀ ਮਨੁੱਖ ਦੇ) ਮਨ ਵਿਚ ਵੱਸ ਸਕਦਾ ਹੈ, ਕਿਸੇ ਭੀ ਹੋਰ ਤਰੀਕੇ ਨਾਲ ਉਸ ਨੂੰ ਲੱਭਿਆ ਨਹੀਂ ਜਾ ਸਕਦਾ ॥੧॥

ਹਰਿ ਧਨੁ ਸੰਚੀਐ ਭਾਈ ॥

ਹੇ ਭਾਈ! ਉਸ ਹਰੀ ਦਾ ਨਾਮ-ਧਨ ਇਕੱਠਾ ਕਰਨਾ ਚਾਹੀਦਾ ਹੈ,

ਜਿ ਹਲਤਿ ਪਲਤਿ ਹਰਿ ਹੋਇ ਸਖਾਈ ॥੧॥ ਰਹਾਉ ॥

ਜੇਹੜਾ ਹਰੀ ਇਸ ਲੋਕ ਵਿਚ ਅਤੇ ਪਰਲੋਕ ਵਿਚ ਮਿੱਤਰ ਬਣਦਾ ਹੈ ॥੧॥ ਰਹਾਉ ॥

ਸਤਸੰਗਤੀ ਸੰਗਿ ਹਰਿ ਧਨੁ ਖਟੀਐ ਹੋਰ ਥੈ ਹੋਰਤੁ ਉਪਾਇ ਹਰਿ ਧਨੁ ਕਿਤੈ ਨ ਪਾਈ ॥

ਹੇ ਭਾਈ! ਸਤਸੰਗੀਆਂ ਨਾਲ (ਮਿਲ ਕੇ) ਪਰਮਾਤਮਾ ਦਾ ਨਾਮ-ਧਨ ਖੱਟਿਆ ਜਾ ਸਕਦਾ ਹੈ, (ਸਤਸੰਗ ਤੋਂ ਬਿਨਾ) ਕਿਸੇ ਭੀ ਹੋਰ ਥਾਂ, ਕਿਸੇ ਭੀ ਹੋਰ ਜਤਨ ਨਾਲ ਹਰਿ-ਨਾਮ ਧਨ ਪ੍ਰਾਪਤ ਨਹੀਂ ਕੀਤਾ ਜਾ ਸਕਦਾ।

ਹਰਿ ਰਤਨੈ ਕਾ ਵਾਪਾਰੀਆ ਹਰਿ ਰਤਨ ਧਨੁ ਵਿਹਾਝੇ ਕਚੈ ਕੇ ਵਾਪਾਰੀਏ ਵਾਕਿ ਹਰਿ ਧਨੁ ਲਇਆ ਨ ਜਾਈ ॥੨॥

ਹਰਿ ਨਾਮ ਧਨ ਦਾ ਸਤਸੰਗੀ ਵਾਪਾਰੀ ਨਾਮ ਧਨ ਖ਼ਰੀਦਦਾ ਹੈ, ਨਾਸਵੰਤ ਪਦਾਰਥਾਂ ਦੇ ਵਪਾਰੀ (ਮਾਇਕ ਪਦਾਰਥ ਹੀ ਖ਼ਰੀਦਦੇ ਹਨ ਉਹਨਾਂ ਦੀ) ਸਿੱਖਿਆ ਨਾਲ ਹਰਿ-ਨਾਮ-ਧਨ ਪ੍ਰਾਪਤ ਨਹੀਂ ਕੀਤਾ ਜਾ ਸਕਦਾ ॥੨॥

ਹਰਿ ਧਨੁ ਰਤਨੁ ਜਵੇਹਰੁ ਮਾਣਕੁ ਹਰਿ ਧਨੈ ਨਾਲਿ ਅੰਮ੍ਰਿਤ ਵੇਲੈ ਵਤੈ ਹਰਿ ਭਗਤੀ ਹਰਿ ਲਿਵ ਲਾਈ ॥

ਹੇ ਭਾਈ! ਪਰਮਾਤਮਾ ਦਾ ਨਾਮ (ਭੀ) ਧਨ (ਹੈ, ਇਹ ਧਨ) ਰਤਨ ਜਵਾਹਰ ਮੋਤੀ (ਵਰਗਾ ਕੀਮਤੀ) ਹੈ। ਪ੍ਰਭੂ ਦੇ ਭਗਤਾਂ ਨੇ ਵੱਤਰ ਦੇ ਵੇਲੇ ਉੱਠ ਕੇ ਅੰਮ੍ਰਿਤ ਵੇਲੇ ਉੱਠ ਕੇ (ਉਸ ਵੇਲੇ ਉੱਠ ਕੇ ਜਦੋਂ ਆਤਮਕ ਜੀਵਨ ਪਲ੍ਹਰਦਾ ਹੈ) ਇਸ ਹਰਿ-ਨਾਮ ਧਨ ਨਾਲ ਸੁਰਤ ਜੋੜੀ ਹੁੰਦੀ ਹੈ।

ਹਰਿ ਧਨੁ ਅੰਮ੍ਰਿਤ ਵੇਲੈ ਵਤੈ ਕਾ ਬੀਜਿਆ ਭਗਤ ਖਾਇ ਖਰਚਿ ਰਹੇ ਨਿਖੁਟੈ ਨਾਹੀ ॥ ਹਲਤਿ ਪਲਤਿ ਹਰਿ ਧਨੈ ਕੀ ਭਗਤਾ ਕਉ ਮਿਲੀ ਵਡਿਆਈ ॥੩॥

ਵੱਤਰ ਦੇ ਵੇਲੇ ਅੰਮ੍ਰਿਤ ਵੇਲੇ (ਉੱਠ ਕੇ) ਬੀਜਿਆ ਹੋਇਆ ਇਹ ਹਰਿ-ਨਾਮ-ਧਨ ਭਗਤ ਜਨ ਆਪ ਵਰਤਦੇ ਰਹਿੰਦੇ ਹਨ, ਹੋਰਨਾਂ ਨੂੰ ਵੰਡਦੇ ਰਹਿੰਦੇ ਹਨ, ਪਰ ਇਹ ਮੁੱਕਦਾ ਨਹੀਂ। ਭਗਤ ਜਨਾਂ ਨੂੰ ਇਸ ਲੋਕ ਵਿਚ ਪਰਲੋਕ ਵਿਚ ਇਸ ਹਰਿ-ਨਾਮ-ਧਨ ਦੇ ਕਾਰਨ ਇੱਜ਼ਤ ਮਿਲਦੀ ਹੈ ॥੩॥

ਹਰਿ ਧਨੁ ਨਿਰਭਉ ਸਦਾ ਸਦਾ ਅਸਥਿਰੁ ਹੈ ਸਾਚਾ ਇਹੁ ਹਰਿ ਧਨੁ ਅਗਨੀ ਤਸਕਰੈ ਪਾਣੀਐ ਜਮਦੂਤੈ ਕਿਸੈ ਕਾ ਗਵਾਇਆ ਨ ਜਾਈ ॥

ਹੇ ਭਾਈ! ਇਸ ਹਰਿ-ਨਾਮ-ਧਨ ਨੂੰ ਕਿਸੇ ਕਿਸਮ ਦਾ ਕੋਈ ਡਰ-ਖ਼ਤਰਾ ਨਹੀਂ, ਇਹ ਸਦਾ ਹੀ ਕਾਇਮ ਰਹਿਣ ਵਾਲਾ ਹੈ, ਸਦਾ ਹੀ ਟਿਕਿਆ ਰਹਿੰਦਾ ਹੈ। ਅੱਗ, ਚੋਰ, ਪਾਣੀ, ਮੌਤ-ਕਿਸੇ ਪਾਸੋਂ ਭੀ ਇਸ ਧਨ ਦਾ ਨੁਕਸਾਨ ਨਹੀਂ ਕੀਤਾ ਜਾ ਸਕਦਾ।

ਹਰਿ ਧਨ ਕਉ ਉਚਕਾ ਨੇੜਿ ਨ ਆਵਈ ਜਮੁ ਜਾਗਾਤੀ ਡੰਡੁ ਨ ਲਗਾਈ ॥੪॥

ਕੋਈ ਲੁਟੇਰਾ ਇਸ ਹਰਿ-ਨਾਮ-ਧਨ ਦੇ ਨੇੜੇ ਨਹੀਂ ਢੁਕ ਸਕਦਾ। ਜਮ ਮਸੂਲੀਆ ਇਸ ਧਨ ਨੂੰ ਮਸੂਲ ਨਹੀਂ ਲਾ ਸਕਦਾ ॥੪॥

ਸਾਕਤੀ ਪਾਪ ਕਰਿ ਕੈ ਬਿਖਿਆ ਧਨੁ ਸੰਚਿਆ ਤਿਨਾ ਇਕ ਵਿਖ ਨਾਲਿ ਨ ਜਾਈ ॥

ਹੇ ਭਾਈ! ਮਾਇਆ-ਵੇੜ੍ਹੇ ਮਨੁੱਖਾਂ ਨੇ (ਸਦਾ) ਪਾਪ ਕਰ ਕਰ ਕੇ ਮਾਇਆ-ਧਨ (ਹੀ) ਜੋੜਿਆ, (ਪਰ) ਉਹਨਾਂ ਦੇ ਨਾਲ (ਜਗਤ ਤੋਂ ਤੁਰਨ ਵੇਲੇ) ਇਹ ਧਨ ਇਕ ਕਦਮ ਭੀ ਸਾਥ ਨਾਹ ਕਰ ਸਕਿਆ।

ਹਲਤੈ ਵਿਚਿ ਸਾਕਤ ਦੁਹੇਲੇ ਭਏ ਹਥਹੁ ਛੁੜਕਿ ਗਇਆ ਅਗੈ ਪਲਤਿ ਸਾਕਤੁ ਹਰਿ ਦਰਗਹ ਢੋਈ ਨ ਪਾਈ ॥੫॥

(ਇਸ ਮਾਇਆ-ਧਨ ਦੇ ਕਾਰਨ) ਮਾਇਆ-ਵੇੜ੍ਹੇ ਮਨੁੱਖ ਇਸ ਲੋਕ ਵਿਚ ਦੁਖੀ ਹੀ ਰਹੇ (ਮਰਨ ਵੇਲੇ ਇਹ ਧਨ) ਹੱਥੋਂ ਖੁੱਸ ਗਿਆ, ਅਗਾਂਹ ਪਰਲੋਕ ਵਿਚ ਜਾ ਕੇ ਮਾਇਆ-ਵੇੜ੍ਹੇ ਮਨੁੱਖ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਕੋਈ ਥਾਂ ਨਹੀਂ ਮਿਲਦੀ ॥੫॥

ਇਸੁ ਹਰਿ ਧਨ ਕਾ ਸਾਹੁ ਹਰਿ ਆਪਿ ਹੈ ਸੰਤਹੁ ਜਿਸ ਨੋ ਦੇਇ ਸੁ ਹਰਿ ਧਨੁ ਲਦਿ ਚਲਾਈ ॥

ਹੇ ਸੰਤ ਜਨੋ! ਇਸ ਹਰਿ-ਨਾਮ-ਧਨ ਦਾ ਮਾਲਕ ਪਰਮਾਤਮਾ ਆਪ ਹੀ ਹੈ। ਜਿਸ ਮਨੁੱਖ ਨੂੰ ਸ਼ਾਹ ਪ੍ਰਭੂ ਇਹ ਧਨ ਦੇਂਦਾ ਹੈ, ਉਹ ਮਨੁੱਖ (ਇਸ ਜਗਤ ਵਿਚ) ਇਹ ਹਰਿ-ਨਾਮ-ਸੌਦਾ ਵਿਹਾਝ ਕੇ ਇਥੋਂ ਤੁਰਦਾ ਹੈ।

ਇਸੁ ਹਰਿ ਧਨੈ ਕਾ ਤੋਟਾ ਕਦੇ ਨ ਆਵਈ ਜਨ ਨਾਨਕ ਕਉ ਗੁਰਿ ਸੋਝੀ ਪਾਈ ॥੬॥੩॥੧੦॥

ਹੇ ਨਾਨਕ! (ਆਖ-ਹੇ ਭਾਈ!) ਇਸ ਹਰਿ-ਨਾਮ-ਧਨ ਦੇ ਵਪਾਰ ਵਿਚ ਕਦੇ ਘਾਟਾ ਨਹੀਂ ਪੈਂਦਾ। ਗੁਰੂ ਨੇ ਆਪਣੇ ਸੇਵਕ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਾ ਦਿੱਤੀ ਹੈ ॥੬॥੩॥੧੦॥


ਸੂਹੀ ਮਹਲਾ ੪ ॥
ਜਿਸ ਨੋ ਹਰਿ ਸੁਪ੍ਰਸੰਨੁ ਹੋਇ ਸੋ ਹਰਿ ਗੁਣਾ ਰਵੈ ਸੋ ਭਗਤੁ ਸੋ ਪਰਵਾਨੁ ॥

ਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਚੰਗੀ ਤਰ੍ਹਾਂ ਖ਼ੁਸ਼ ਹੁੰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ ਉਹ ਮਨੁੱਖ (ਉਸ ਦੀਆਂ ਨਜ਼ਰਾਂ ਵਿਚ) ਭਗਤ ਹੈ (ਉਸ ਦੇ ਦਰ ਤੇ) ਕਬੂਲ ਹੈ।

ਤਿਸ ਕੀ ਮਹਿਮਾ ਕਿਆ ਵਰਨੀਐ ਜਿਸ ਕੈ ਹਿਰਦੈ ਵਸਿਆ ਹਰਿ ਪੁਰਖੁ ਭਗਵਾਨੁ ॥੧॥

ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਭਗਵਾਨ ਪੁਰਖ ਆ ਵੱਸਦਾ ਹੈ, ਉਸ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ॥੧॥

ਗੋਵਿੰਦ ਗੁਣ ਗਾਈਐ ਜੀਉ ਲਾਇ ਸਤਿਗੁਰੂ ਨਾਲਿ ਧਿਆਨੁ ॥੧॥ ਰਹਾਉ ॥

ਹੇ ਭਾਈ! ਆਓ, ਚਿੱਤ ਜੋੜ ਕੇ, ਗੁਰੂ (ਦੀ ਬਾਣੀ) ਨਾਲ ਸੁਰਤ ਜੋੜ ਕੇ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰੀਏ ॥੧॥ ਰਹਾਉ ॥

ਸੋ ਸਤਿਗੁਰੂ ਸਾ ਸੇਵਾ ਸਤਿਗੁਰ ਕੀ ਸਫਲ ਹੈ ਜਿਸ ਤੇ ਪਾਈਐ ਪਰਮ ਨਿਧਾਨੁ ॥

ਹੇ ਭਾਈ! ਉਹ ਗੁਰੂ (ਐਸਾ ਸਮਰਥ ਹੈ) ਕਿ ਉਸ ਪਾਸੋਂ ਸਭ ਤੋਂ ਉੱਚਾ ਖ਼ਜ਼ਾਨਾ ਮਿਲ ਜਾਂਦਾ ਹੈ, ਉਸ ਗੁਰੂ ਦੀ ਦੱਸੀ ਹੋਈ ਉਹ ਸੇਵਾ ਭੀ ਫਲ ਲਿਆਉਂਦੀ ਹੈ।

ਜੋ ਦੂਜੈ ਭਾਇ ਸਾਕਤ ਕਾਮਨਾ ਅਰਥਿ ਦੁਰਗੰਧ ਸਰੇਵਦੇ ਸੋ ਨਿਹਫਲ ਸਭੁ ਅਗਿਆਨੁ ॥੨॥

ਜੇਹੜੇ ਮਾਇਆ-ਵੇੜ੍ਹੇ ਮਨੁੱਖ ਮਾਇਆ ਦੇ ਪਿਆਰ ਵਿਚ (ਫਸ ਕੇ) ਮਨ ਦੀਆਂ ਵਾਸਨਾਂ (ਪੂਰੀਆਂ ਕਰਨ) ਦੀ ਖ਼ਾਤਰ ਵਿਸ਼ੇ ਵਿਕਾਰਾਂ ਵਿਚ ਲੱਗੇ ਰਹਿੰਦੇ ਹਨ, ਉਹ ਜੀਵਨ ਵਿਅਰਥ ਗਵਾ ਲੈਂਦੇ ਹਨ, ਉਹਨਾਂ ਦਾ ਸਾਰਾ ਜੀਵਨ ਹੀ ਆਤਮਕ ਜੀਵਨ ਵਲੋਂ ਬੇ-ਸਮਝੀ ਹੈ ॥੨॥

ਜਿਸ ਨੋ ਪਰਤੀਤਿ ਹੋਵੈ ਤਿਸ ਕਾ ਗਾਵਿਆ ਥਾਇ ਪਵੈ ਸੋ ਪਾਵੈ ਦਰਗਹ ਮਾਨੁ ॥

ਹੇ ਭਾਈ! ਜਿਸ ਮਨੁੱਖ ਨੂੰ (ਗੁਰੂ ਉੱਤੇ) ਸਰਧਾ ਹੁੰਦੀ ਹੈ, ਉਸ ਦਾ ਹਰਿ-ਜਸ ਗਾਣਾ (ਹਰੀ ਦੀ ਹਜ਼ੂਰੀ ਵਿਚ) ਕਬੂਲ ਪੈਂਦਾ ਹੈ; ਉਹ ਮਨੁੱਖ ਪਰਮਾਤਮਾ ਦੀ ਦਰਗਾਹ ਵਿਚ ਆਦਰ ਪਾਂਦਾ ਹੈ।

ਜੋ ਬਿਨੁ ਪਰਤੀਤੀ ਕਪਟੀ ਕੂੜੀ ਕੂੜੀ ਅਖੀ ਮੀਟਦੇ ਉਨ ਕਾ ਉਤਰਿ ਜਾਇਗਾ ਝੂਠੁ ਗੁਮਾਨੁ ॥੩॥

ਪਰ ਜੇਹੜੇ ਫ਼ਰੇਬੀ ਮਨੁੱਖ (ਗੁਰੂ ਉਤੇ) ਨਿਸਚਾ ਰੱਖਣ ਤੋਂ ਬਿਨਾ ਝੂਠ-ਮੂਠ ਹੀ ਅੱਖਾਂ ਮੀਟਦੇ ਹਨ (ਮਾਨੋ, ਸਮਾਧੀ ਲਾਈ ਬੈਠੇ ਹਨ) ਉਹਨਾਂ ਦਾ (ਆਪਣੀ ਉੱਚਤਾ ਬਾਰੇ) ਝੂਠਾ ਅਹੰਕਾਰ (ਆਖ਼ਰ) ਲਹਿ ਜਾਇਗਾ ॥੩॥

ਜੇਤਾ ਜੀਉ ਪਿੰਡੁ ਸਭੁ ਤੇਰਾ ਤੂੰ ਅੰਤਰਜਾਮੀ ਪੁਰਖੁ ਭਗਵਾਨੁ ॥

ਹੇ ਪ੍ਰਭੂ! ਜਿਤਨਾ ਭੀ (ਜੀਵਾਂ ਦਾ) ਜਿੰਦ-ਸਰੀਰ ਹੈ, ਇਹ ਸਭ ਤੇਰਾ ਦਿੱਤਾ ਹੋਇਆ ਹੈ, ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਸਰਬ-ਵਿਆਪਕ ਪ੍ਰਭੂ ਹੈਂ।

ਦਾਸਨਿ ਦਾਸੁ ਕਹੈ ਜਨੁ ਨਾਨਕੁ ਜੇਹਾ ਤੂੰ ਕਰਾਇਹਿ ਤੇਹਾ ਹਉ ਕਰੀ ਵਖਿਆਨੁ ॥੪॥੪॥੧੧॥

ਹੇ ਪ੍ਰਭੂ! ਤੇਰੇ ਦਾਸਾਂ ਦਾ ਦਾਸ ਨਾਨਕ ਆਖਦਾ ਹੈ-(ਹੇ ਪ੍ਰਭੂ!) ਤੂੰ ਜੋ ਕੁਝ ਮੈਥੋਂ ਅਖਵਾਂਦਾ ਹੈਂ, ਮੈਂ ਉਹੀ ਕੁਝ ਆਖਦਾ ਹਾਂ ॥੪॥੪॥੧੧॥


Raag Suhi Bani

ਸੂਹੀ ਮਹਲਾ ੪ ਘਰੁ ੭ ॥

ਰਾਗ ਸੂਹੀ, ਘਰ ੭ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ॥

ਮੈਂ ਤੇਰੇ ਕੇਹੜੇ ਕੇਹੜੇ ਗੁਣ ਦੱਸ ਕੇ ਤੇਰੀ ਸਿਫ਼ਤਿ-ਸਾਲਾਹ ਕਰ ਸਕਦਾ ਹਾਂ? ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ, ਤੂੰ ਸਭ ਦਾ ਮਾਲਕ ਹੈਂ।

ਤੁਮਰੀ ਮਹਿਮਾ ਬਰਨਿ ਨ ਸਾਕਉ ਤੂੰ ਠਾਕੁਰ ਊਚ ਭਗਵਾਨਾ ॥੧॥

ਹੇ ਸਭ ਤੋਂ ਉੱਚੇ ਭਗਵਾਨ! ਤੂੰ ਸਭ ਦਾ ਪਾਲਣ ਵਾਲਾ ਹੈਂ। ਮੈਂ ਤੇਰੀ ਵਡਿਆਈ ਬਿਆਨ ਨਹੀਂ ਕਰ ਸਕਦਾ ॥੧॥

ਮੈ ਹਰਿ ਹਰਿ ਨਾਮੁ ਧਰ ਸੋਈ ॥

ਹੇ ਹਰੀ! ਮੇਰੇ ਵਾਸਤੇ ਤੇਰਾ ਉਹ ਨਾਮ ਹੀ ਆਸਰਾ ਹੈ।

ਜਿਉ ਭਾਵੈ ਤਿਉ ਰਾਖੁ ਮੇਰੇ ਸਾਹਿਬ ਮੈ ਤੁਝ ਬਿਨੁ ਅਵਰੁ ਨ ਕੋਈ ॥੧॥ ਰਹਾਉ ॥

ਹੇ ਮੇਰੇ ਮਾਲਕ! ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਮੇਰੀ ਰੱਖਿਆ ਕਰ। ਤੈਥੋਂ ਬਿਨਾ ਮੇਰਾ ਹੋਰ ਕੋਈ (ਸਹਾਰਾ) ਨਹੀਂ ਹੈ ॥੧॥ ਰਹਾਉ ॥

ਮੈ ਤਾਣੁ ਦੀਬਾਣੁ ਤੂਹੈ ਮੇਰੇ ਸੁਆਮੀ ਮੈ ਤੁਧੁ ਆਗੈ ਅਰਦਾਸਿ ॥

ਹੇ ਮੇਰੇ ਮਾਲਕ! ਤੂੰ ਹੀ ਮੇਰੇ ਵਾਸਤੇ ਬਲ ਹੈਂ, ਤੂੰ ਹੀ ਮੇਰੇ ਵਾਸਤੇ ਆਸਰਾ ਹੈਂ। ਮੈਂ ਤੇਰੇ ਅੱਗੇ ਹੀ ਅਰਜ਼ੋਈ ਕਰ ਸਕਦਾ ਹਾਂ।

ਮੈ ਹੋਰੁ ਥਾਉ ਨਾਹੀ ਜਿਸੁ ਪਹਿ ਕਰਉ ਬੇਨੰਤੀ ਮੇਰਾ ਦੁਖੁ ਸੁਖੁ ਤੁਝ ਹੀ ਪਾਸਿ ॥੨॥

ਮੇਰੇ ਵਾਸਤੇ ਕੋਈ ਹੋਰ ਅਜੇਹਾ ਥਾਂ ਨਹੀਂ, ਜਿਸ ਕੋਲ ਮੈਂ ਬੇਨਤੀ ਕਰ ਸਕਾਂ। ਮੈਂ ਆਪਣਾ ਹਰੇਕ ਸੁਖ ਹਰੇਕ ਦੁੱਖ ਤੇਰੇ ਕੋਲ ਹੀ ਪੇਸ਼ ਕਰ ਸਕਦਾ ਹਾਂ ॥੨॥

ਵਿਚੇ ਧਰਤੀ ਵਿਚੇ ਪਾਣੀ ਵਿਚਿ ਕਾਸਟ ਅਗਨਿ ਧਰੀਜੈ ॥

ਹੇ ਮੇਰੇ ਮਨ! ਵੇਖ, (ਪਾਣੀ ਦੇ) ਵਿਚ ਹੀ ਧਰਤੀ ਹੈ, (ਧਰਤੀ ਦੇ) ਵਿਚ ਹੀ ਪਾਣੀ ਹੈ, ਲੱਕੜ ਵਿਚ ਅੱਗ ਰੱਖੀ ਹੋਈ ਹੈ,

ਬਕਰੀ ਸਿੰਘੁ ਇਕਤੈ ਥਾਇ ਰਾਖੇ ਮਨ ਹਰਿ ਜਪਿ ਭ੍ਰਮੁ ਭਉ ਦੂਰਿ ਕੀਜੈ ॥੩॥

(ਮਾਲਕ-ਪ੍ਰਭੂ ਨੇ, ਮਾਨੋ) ਸ਼ੇਰ ਤੇ ਬੱਕਰੀ ਇਕੋ ਥਾਂ ਰੱਖੇ ਹੋਏ ਹਨ। ਹੇ ਮਨ! (ਤੂੰ ਕਿਉਂ ਡਰਦਾ ਹੈਂ? ਅਜੇਹੀ ਸ਼ਕਤੀ ਵਾਲੇ) ਪਰਮਾਤਮਾ ਦਾ ਨਾਮ ਜਪ ਕੇ ਤੂੰ ਆਪਣਾ ਹਰੇਕ ਡਰ ਭਰਮ ਦੂਰ ਕਰ ਲਿਆ ਕਰ ॥੩॥

ਹਰਿ ਕੀ ਵਡਿਆਈ ਦੇਖਹੁ ਸੰਤਹੁ ਹਰਿ ਨਿਮਾਣਿਆ ਮਾਣੁ ਦੇਵਾਏ ॥

ਹੇ ਸੰਤ ਜਨੋ! ਵੇਖੋ ਪਰਮਾਤਮਾ ਦੀ ਵੱਡੀ ਤਾਕਤ! ਪਰਮਾਤਮਾ ਉਹਨਾਂ ਨੂੰ ਆਦਰ ਦਿਵਾਂਦਾ ਹੈ, ਜਿਨ੍ਹਾਂ ਦੀ ਕੋਈ ਇੱਜ਼ਤ ਨਹੀਂ ਸੀ ਕਰਦਾ।

ਜਿਉ ਧਰਤੀ ਚਰਣ ਤਲੇ ਤੇ ਊਪਰਿ ਆਵੈ ਤਿਉ ਨਾਨਕ ਸਾਧ ਜਨਾ ਜਗਤੁ ਆਣਿ ਸਭੁ ਪੈਰੀ ਪਾਏ ॥੪॥੧॥੧੨॥

ਹੇ ਨਾਨਕ! ਜਿਵੇਂ ਧਰਤੀ (ਮਨੁੱਖ ਦੇ) ਪੈਰਾਂ ਹੇਠੋਂ (ਮੌਤ ਆਉਣ ਤੇ ਉਸ ਦੇ) ਉੱਪਰ ਆ ਜਾਂਦੀ ਹੈ, ਤਿਵੇਂ ਪਰਮਾਤਮਾ ਸਾਰੇ ਜਗਤ ਨੂੰ ਲਿਆ ਕੇ ਸਾਧ ਜਨਾਂ ਦੇ ਚਰਨਾਂ ਵਿਚ ਪਾ ਦੇਂਦਾ ਹੈ ॥੪॥੧॥੧੨॥


ਸੂਹੀ ਮਹਲਾ ੪ ॥
ਤੂੰ ਕਰਤਾ ਸਭੁ ਕਿਛੁ ਆਪੇ ਜਾਣਹਿ ਕਿਆ ਤੁਧੁ ਪਹਿ ਆਖਿ ਸੁਣਾਈਐ ॥

ਹੇ ਪ੍ਰਭੂ! ਤੂੰ (ਸਾਰੀ ਸ੍ਰਿਸ਼ਟੀ ਦਾ) ਪੈਦਾ ਕਰਨ ਵਾਲਾ ਹੈਂ, (ਆਪਣੀ ਰਚੀ ਸ੍ਰਿਸ਼ਟੀ ਬਾਬਤ) ਹਰੇਕ ਗੱਲ ਤੂੰ ਆਪ ਹੀ ਜਾਣਦਾ ਹੈਂ। ਤੇਰੇ ਪਾਸੋਂ ਕੋਈ ਗੱਲ ਗੁੱਝੀ ਨਹੀਂ (ਇਸ ਵਾਸਤੇ) ਤੈਨੂੰ ਕੇਹੜੀ ਗੱਲ ਆਖ ਕੇ ਸੁਣਾਈ ਜਾਏ।

ਬੁਰਾ ਭਲਾ ਤੁਧੁ ਸਭੁ ਕਿਛੁ ਸੂਝੈ ਜੇਹਾ ਕੋ ਕਰੇ ਤੇਹਾ ਕੋ ਪਾਈਐ ॥੧॥

ਹਰੇਕ ਜੀਵ ਦੀ ਬੁਰਾਈ ਅਤੇ ਭਲਾਈ ਦਾ ਤੈਨੂੰ ਆਪ ਹੀ ਪਤਾ ਲੱਗ ਜਾਂਦਾ ਹੈ। (ਤਾਹੀਏਂ) ਜਿਹੋ ਜਿਹਾ ਕਰਮ ਕੋਈ ਜੀਵ ਕਰਦਾ ਹੈ, ਉਸ ਦਾ ਉਹੋ ਜਿਹਾ ਫਲ ਉਹ ਪਾ ਲੈਂਦਾ ਹੈ ॥੧॥

ਮੇਰੇ ਸਾਹਿਬ ਤੂੰ ਅੰਤਰ ਕੀ ਬਿਧਿ ਜਾਣਹਿ ॥

ਹੇ ਮੇਰੇ ਮਾਲਕ! ਤੂੰ (ਹਰੇਕ ਜੀਵ ਦੇ) ਅੰਦਰ ਦੀ ਹਾਲਤ ਜਾਣਦਾ ਹੈਂ।

ਬੁਰਾ ਭਲਾ ਤੁਧੁ ਸਭੁ ਕਿਛੁ ਸੂਝੈ ਤੁਧੁ ਭਾਵੈ ਤਿਵੈ ਬੁਲਾਵਹਿ ॥੧॥ ਰਹਾਉ ॥

ਕਿਸੇ ਦੇ ਅੰਦਰ ਬੁਰਾਈ ਹੈ, ਕਿਸੇ ਦੇ ਅੰਦਰ ਭਲਾਈ, ਤੈਨੂੰ ਹਰੇਕ ਗੱਲ ਦਾ ਪਤਾ ਲੱਗ ਜਾਂਦਾ ਹੈ। ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤਿਵੇਂ ਹੀ ਤੂੰ (ਹਰੇਕ ਜੀਵ ਨੂੰ ਚੰਗੇ ਜਾਂ ਮੰਦੇ ਨਾਮ ਨਾਲ) ਸੱਦਦਾ ਹੈਂ ॥੧॥ ਰਹਾਉ ॥

ਸਭੁ ਮੋਹੁ ਮਾਇਆ ਸਰੀਰੁ ਹਰਿ ਕੀਆ ਵਿਚਿ ਦੇਹੀ ਮਾਨੁਖ ਭਗਤਿ ਕਰਾਈ ॥

ਹੇ ਭਾਈ! ਮਾਇਆ ਦਾ ਸਾਰਾ ਮੋਹ ਪਰਮਾਤਮਾ ਨੇ ਬਣਾਇਆ ਹੈ, ਹਰੇਕ ਸਰੀਰ (ਭੀ) ਪ੍ਰਭੂ ਨੇ ਹੀ ਬਣਾਇਆ ਹੈ। ਮਨੁੱਖ ਸਰੀਰ ਵਿਚ ਭਗਤੀ ਭੀ ਪ੍ਰਭੂ ਆਪ ਹੀ ਕਰਾਂਦਾ ਹੈ।

ਇਕਨਾ ਸਤਿਗੁਰੁ ਮੇਲਿ ਸੁਖੁ ਦੇਵਹਿ ਇਕਿ ਮਨਮੁਖਿ ਧੰਧੁ ਪਿਟਾਈ ॥੨॥

ਹੇ ਪ੍ਰਭੂ! ਕਈ ਜੀਵਾਂ ਨੂੰ ਤੂੰ ਗੁਰੂ ਮਿਲਾ ਕੇ ਆਤਮਕ ਆਨੰਦ ਬਖ਼ਸ਼ਦਾ ਹੈਂ। ਹੇ ਭਾਈ! ਅਨੇਕਾਂ ਜੀਵ ਐਸੇ ਹਨ ਜੋ ਆਪਣੇ ਮਨ ਦੇ ਪਿੱਛੇ ਤੁਰਦੇ ਹਨ, ਉਹਨਾਂ ਨੂੰ ਉਹ ਆਪ ਹੀ ਮਾਇਆ ਵਿਚ ਫਸਾਈ ਰੱਖਦਾ ਹੈ ॥੨॥

ਸਭੁ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੁਧੁ ਸਭਨਾ ਸਿਰਿ ਲਿਖਿਆ ਲੇਖੁ ॥

ਹੇ ਮੇਰੇ ਕਰਤਾਰ! ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ) ਹੈ, ਤੂੰ ਸਭ ਜੀਵਾਂ ਦਾ (ਖਸਮ) ਹੈਂ। ਸਭ ਜੀਵਾਂ ਦੇ ਸਿਰ ਉਤੇ ਤੂੰ ਹੀ (ਕਿਰਤ ਦਾ) ਲੇਖ ਲਿਖਿਆ ਹੋਇਆ ਹੈ।

ਜੇਹੀ ਤੂੰ ਨਦਰਿ ਕਰਹਿ ਤੇਹਾ ਕੋ ਹੋਵੈ ਬਿਨੁ ਨਦਰੀ ਨਾਹੀ ਕੋ ਭੇਖੁ ॥੩॥

ਉਸ ਲੇਖ (ਅਨੁਸਾਰ) ਜਿਹੋ ਜਿਹੀ ਨਿਗਾਹ ਤੂੰ ਕਿਸੇ ਜੀਵ ਉਤੇ ਕਰਦਾ ਹੈਂ ਉਹੋ ਜਿਹਾ ਉਹ ਬਣ ਜਾਂਦਾ ਹੈ। (ਚਾਹੇ ਕੋਈ ਚੰਗਾ ਹੈ, ਚਾਹੇ ਕੋਈ ਮੰਦਾ ਹੈ) ਤੇਰੀ ਨਿਗਾਹ ਤੋਂ ਬਿਨਾ ਕੋਈ ਭੀ ਜੀਵ (ਚੰਗਾ ਜਾਂ ਮੰਦਾ) ਨਹੀਂ (ਬਣਿਆ) ॥੩॥

ਤੇਰੀ ਵਡਿਆਈ ਤੂੰਹੈ ਜਾਣਹਿ ਸਭ ਤੁਧਨੋ ਨਿਤ ਧਿਆਏ ॥

ਹੇ ਦਾਸ ਨਾਨਕ (ਆਖ-) ਹੇ ਮੇਰੇ ਕਰਤਾਰ! ਤੂੰ ਕਿਤਨਾ ਵੱਡਾ ਹੈਂ-ਇਹ ਗੱਲ ਤੂੰ ਆਪ ਹੀ ਜਾਣਦਾ ਹੈਂ। ਸਾਰੀ ਲੁਕਾਈ ਸਦਾ ਤੇਰਾ ਧਿਆਨ ਧਰਦੀ ਹੈ।

ਜਿਸ ਨੋ ਤੁਧੁ ਭਾਵੈ ਤਿਸ ਨੋ ਤੂੰ ਮੇਲਹਿ ਜਨ ਨਾਨਕ ਸੋ ਥਾਇ ਪਾਏ ॥੪॥੨॥੧੩॥

ਜਿਸ ਨੂੰ ਤੂੰ ਚਾਹੁੰਦਾ ਹੈਂ ਉਸ ਨੂੰ (ਆਪਣੇ ਚਰਨਾਂ ਵਿਚ) ਤੂੰ ਜੋੜ ਲੈਂਦਾ ਹੈਂ। ਉਹ ਮਨੁੱਖ (ਤੇਰੀ ਦਰਗਾਹ ਵਿਚ) ਕਬੂਲ ਹੋ ਜਾਂਦਾ ਹੈ ॥੪॥੨॥੧੩॥


ਸੂਹੀ ਮਹਲਾ ੪ ॥
ਜਿਨ ਕੈ ਅੰਤਰਿ ਵਸਿਆ ਮੇਰਾ ਹਰਿ ਹਰਿ ਤਿਨ ਕੇ ਸਭਿ ਰੋਗ ਗਵਾਏ ॥

ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਮੇਰਾ ਹਰਿ-ਪ੍ਰਭੂ ਆ ਵੱਸਦਾ ਹੈ, ਉਹਨਾਂ ਦੇ ਉਹ ਹਰੀ ਸਾਰੇ ਰੋਗ ਦੂਰ ਕਰ ਦੇਂਦਾ ਹੈ।

ਤੇ ਮੁਕਤ ਭਏ ਜਿਨ ਹਰਿ ਨਾਮੁ ਧਿਆਇਆ ਤਿਨ ਪਵਿਤੁ ਪਰਮ ਪਦੁ ਪਾਏ ॥੧॥

ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ, ਉਹ (ਹਉਮੈ ਆਦਿਕ ਰੋਗਾਂ ਤੋਂ) ਸੁਤੰਤਰ ਹੋ ਗਏ, ਉਹਨਾਂ ਨੇ ਸਭ ਤੋਂ ਉੱਚਾ ਤੇ ਪਵਿਤ੍ਰ ਆਤਮਕ ਦਰਜਾ ਪ੍ਰਾਪਤ ਕਰ ਲਿਆ ॥੧॥

ਮੇਰੇ ਰਾਮ ਹਰਿ ਜਨ ਆਰੋਗ ਭਏ ॥

ਹੇ ਭਾਈ! ਮੇਰੇ ਰਾਮ ਦੇ, ਮੇਰੇ ਹਰੀ ਦੇ, ਦਾਸ (ਹਉਮੈ ਆਦਿਕ ਤੋਂ) ਨਰੋਏ ਹੋ ਗਏ ਹਨ।

ਗੁਰ ਬਚਨੀ ਜਿਨਾ ਜਪਿਆ ਮੇਰਾ ਹਰਿ ਹਰਿ ਤਿਨ ਕੇ ਹਉਮੈ ਰੋਗ ਗਏ ॥੧॥ ਰਹਾਉ ॥

ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਮੇਰੇ ਹਰਿ ਪ੍ਰਭੂ ਦਾ ਨਾਮ ਜਪਿਆ ਉਹਨਾਂ ਦੇ ਹਉਮੈ (ਆਦਿਕ) ਰੋਗ ਦੂਰ ਹੋ ਗਏ ॥੧॥ ਰਹਾਉ ॥

ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਰੋਗੀ ਵਿਚਿ ਹਉਮੈ ਕਾਰ ਕਮਾਈ ॥

(ਹੇ ਭਾਈ! ਪੁਰਾਣਾਂ ਦੀਆਂ ਦੱਸੀਆਂ ਸਾਖੀਆਂ ਅਨੁਸਾਰ) ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਦੇ ਕਾਰਨ (ਵੱਡੇ ਦੇਵਤੇ) ਬ੍ਰਹਮਾ, ਵਿਸ਼ਨੂੰ, ਸ਼ਿਵ (ਭੀ) ਰੋਗੀ ਹੀ ਰਹੇ, (ਕਿਉਂਕਿ ਉਹਨਾਂ ਨੇ ਭੀ) ਹਉਮੈ ਵਿਚ ਹੀ ਕਾਰ ਕੀਤੀ।

ਜਿਨਿ ਕੀਏ ਤਿਸਹਿ ਨ ਚੇਤਹਿ ਬਪੁੜੇ ਹਰਿ ਗੁਰਮੁਖਿ ਸੋਝੀ ਪਾਈ ॥੨॥

ਜਿਸ ਪਰਮਾਤਮਾ ਨੇ ਉਹਨਾਂ ਨੂੰ ਪੈਦਾ ਕੀਤਾ ਸੀ, ਉਸ ਨੂੰ ਉਹ ਵਿਚਾਰੇ ਚੇਤਦੇ ਨਾਹ ਰਹੇ। ਹੇ ਭਾਈ! ਪਰਮਾਤਮਾ ਦੀ ਸੂਝ (ਤਾਂ) ਗੁਰੂ ਦੀ ਸਰਨ ਪਿਆਂ ਹੀ ਪੈਂਦੀ ਹੈ ॥੨॥

ਹਉਮੈ ਰੋਗਿ ਸਭੁ ਜਗਤੁ ਬਿਆਪਿਆ ਤਿਨ ਕਉ ਜਨਮ ਮਰਣ ਦੁਖੁ ਭਾਰੀ ॥

ਹੇ ਭਾਈ! ਸਾਰਾ ਜਗਤ ਹਉਮੈ ਦੇ ਰੋਗ ਵਿਚ ਫਸਿਆ ਰਹਿੰਦਾ ਹੈ (ਤੇ, ਹਉਮੈ ਵਿਚ ਫਸੇ ਹੋਏ) ਉਹਨਾਂ ਮਨੁੱਖਾਂ ਨੂੰ ਜਨਮ ਮਰਨ ਦੇ ਗੇੜ ਦਾ ਭਾਰਾ ਦੁੱਖ ਲੱਗਾ ਰਹਿੰਦਾ ਹੈ।

ਗੁਰਪਰਸਾਦੀ ਕੋ ਵਿਰਲਾ ਛੂਟੈ ਤਿਸੁ ਜਨ ਕਉ ਹਉ ਬਲਿਹਾਰੀ ॥੩॥

ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਇਸ ਹਉਮੈ ਰੋਗ ਤੋਂ) ਖ਼ਲਾਸੀ ਪਾਂਦਾ ਹੈ। ਮੈਂ (ਅਜੇਹੇ) ਉਸ ਮਨੁੱਖ ਤੋਂ ਸਦਕੇ ਜਾਂਦਾ ਹਾਂ ॥੩॥

ਜਿਨਿ ਸਿਸਟਿ ਸਾਜੀ ਸੋਈ ਹਰਿ ਜਾਣੈ ਤਾ ਕਾ ਰੂਪੁ ਅਪਾਰੋ ॥

ਹੇ ਭਾਈ! ਜਿਸ ਪਰਮਾਤਮਾ ਨੇ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਆਪ ਹੀ (ਇਸ ਦੇ ਰੋਗ ਨੂੰ) ਜਾਣਦਾ ਹੈ (ਤੇ, ਦੂਰ ਕਰਦਾ ਹੈ)। ਉਸ ਪਰਮਾਤਮਾ ਦਾ ਸਰੂਪ ਹੱਦ ਬੰਨੇ ਤੋਂ ਪਰੇ ਹੈ।

ਨਾਨਕ ਆਪੇ ਵੇਖਿ ਹਰਿ ਬਿਗਸੈ ਗੁਰਮੁਖਿ ਬ੍ਰਹਮ ਬੀਚਾਰੋ ॥੪॥੩॥੧੪॥

ਹੇ ਨਾਨਕ! ਉਹ ਪਰਮਾਤਮਾ ਆਪ ਹੀ (ਆਪਣੀ ਰਚੀ ਸ੍ਰਿਸ਼ਟੀ ਨੂੰ) ਵੇਖ ਕੇ ਖ਼ੁਸ਼ ਹੁੰਦਾ ਹੈ। ਗੁਰੂ ਦੀ ਸਰਨ ਪੈ ਕੇ ਹੀ ਪਰਮਾਤਮਾ ਦੇ ਗੁਣਾਂ ਦੀ ਸੂਝ ਆਉਂਦੀ ਹੈ ॥੪॥੩॥੧੪॥


ਸੂਹੀ ਮਹਲਾ ੪ ॥
ਕੀਤਾ ਕਰਣਾ ਸਰਬ ਰਜਾਈ ਕਿਛੁ ਕੀਚੈ ਜੇ ਕਰਿ ਸਕੀਐ ॥

ਹੇ ਭਾਈ! ਜੋ ਕੁਝ ਜਗਤ ਵਿਚ ਬਣਿਆ ਹੈ ਜੋ ਕੁਝ ਕਰ ਰਿਹਾ ਹੈ, ਇਹ ਸਭ ਰਜ਼ਾ ਦਾ ਮਾਲਕ ਪਰਮਾਤਮਾ ਕਰ ਰਿਹਾ ਹੈ। ਅਸੀਂ ਜੀਵ (ਤਾਂ ਹੀ) ਕੁਝ ਕਰੀਏ, ਜੇ ਕਰ ਸਕਦੇ ਹੋਵੀਏ।

ਆਪਣਾ ਕੀਤਾ ਕਿਛੂ ਨ ਹੋਵੈ ਜਿਉ ਹਰਿ ਭਾਵੈ ਤਿਉ ਰਖੀਐ ॥੧॥

ਅਸਾਂ ਜੀਵਾਂ ਦਾ ਕੀਤਾ ਕੁਝ ਨਹੀਂ ਹੋ ਸਕਦਾ। ਜਿਵੇਂ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਤਿਵੇਂ ਜੀਵਾਂ ਨੂੰ ਰੱਖਦਾ ਹੈ ॥੧॥

ਮੇਰੇ ਹਰਿ ਜੀਉ ਸਭੁ ਕੋ ਤੇਰੈ ਵਸਿ ॥

ਹੇ ਮੇਰੇ ਪ੍ਰਭੂ ਜੀ! ਹਰੇਕ ਜੀਵ ਤੇਰੇ ਵੱਸ ਵਿਚ ਹੈ।

ਅਸਾ ਜੋਰੁ ਨਾਹੀ ਜੇ ਕਿਛੁ ਕਰਿ ਹਮ ਸਾਕਹ ਜਿਉ ਭਾਵੈ ਤਿਵੈ ਬਖਸਿ ॥੧॥ ਰਹਾਉ ॥

ਅਸਾਂ ਜੀਵਾਂ ਵਿਚ ਕੋਈ ਸਮਰਥਾ ਨਹੀਂ ਹੈ ਕਿ (ਤੈਥੋਂ ਬਾਹਰਾ) ਕੁਝ ਕਰ ਸਕੀਏ। ਹੇ ਪ੍ਰਭੂ! ਜਿਵੇਂ ਤੈਨੂੰ ਚੰਗਾ ਲੱਗੇ, ਸਾਡੇ ਉਤੇ ਮੇਹਰ ਕਰ ॥੧॥ ਰਹਾਉ ॥

ਸਭੁ ਜੀਉ ਪਿੰਡੁ ਦੀਆ ਤੁਧੁ ਆਪੇ ਤੁਧੁ ਆਪੇ ਕਾਰੈ ਲਾਇਆ ॥

ਹੇ ਪ੍ਰਭੂ! ਇਹ ਜਿੰਦ, ਇਹ ਸਰੀਰ, ਸਭ ਕੁਝ (ਹਰੇਕ ਜੀਵ ਨੂੰ) ਤੂੰ ਆਪ ਹੀ ਦਿੱਤਾ ਹੈ, ਤੂੰ ਆਪ ਹੀ (ਹਰੇਕ ਜੀਵ ਨੂੰ) ਕੰਮ ਵਿਚ ਲਾਇਆ ਹੋਇਆ ਹੈ।

ਜੇਹਾ ਤੂੰ ਹੁਕਮੁ ਕਰਹਿ ਤੇਹੇ ਕੋ ਕਰਮ ਕਮਾਵੈ ਜੇਹਾ ਤੁਧੁ ਧੁਰਿ ਲਿਖਿ ਪਾਇਆ ॥੨॥

ਜਿਹੋ ਜਿਹਾ ਹੁਕਮ ਤੂੰ ਕਰਦਾ ਹੈਂ, ਜੀਵ ਉਹੋ ਜਿਹਾ ਹੀ ਕੰਮ ਕਰਦਾ ਹੈ (ਜੀਵ ਉਹੋ ਜਿਹਾ ਬਣਦਾ ਹੈ) ਜਿਹੋ ਜਿਹਾ ਤੂੰ ਧੁਰ ਦਰਗਾਹ ਤੋਂ (ਉਸ ਦੇ ਮੱਥੇ ਉਤੇ) ਲੇਖ ਲਿਖ ਕੇ ਰੱਖ ਦਿੱਤਾ ਹੈ ॥੨॥

ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ ਕੋਈ ਛੇਵਾ ਕਰਿਉ ਜੇ ਕਿਛੁ ਕੀਤਾ ਹੋਵੈ ॥

ਹੇ ਪ੍ਰਭੂ! ਤੂੰ ਪੰਜ ਤੱਤ ਬਣਾ ਕੇ ਸਾਰੀ ਦੁਨੀਆ ਪੈਦਾ ਕੀਤੀ ਹੈ। ਜੇ (ਤੈਥੋਂ ਬਾਹਰਾ) ਜੀਵ ਪਾਸੋਂ ਕੁਝ ਹੋ ਸਕਦਾ ਹੋਵੇ, ਤਾਂ ਉਹ ਬੇਸ਼ੱਕ ਛੇਵਾਂ ਤੱਤ ਬਣਾ ਕੇ ਵਿਖਾ ਦੇਵੇ।

ਇਕਨਾ ਸਤਿਗੁਰੁ ਮੇਲਿ ਤੂੰ ਬੁਝਾਵਹਿ ਇਕਿ ਮਨਮੁਖਿ ਕਰਹਿ ਸਿ ਰੋਵੈ ॥੩॥

ਹੇ ਪ੍ਰਭੂ! ਕਈ ਜੀਵਾਂ ਨੂੰ ਤੂੰ ਗੁਰੂ ਮਿਲਾ ਕੇ ਆਤਮਕ ਜੀਵਨ ਦੀ ਸੂਝ ਬਖ਼ਸ਼ਦਾ ਹੈਂ। ਕਈ ਜੀਵਾਂ ਨੂੰ ਤੂੰ ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲਾ ਬਣਾ ਦੇਂਦਾ ਹੈਂ। ਫਿਰ ਉਹ (ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ) ਦੁੱਖੀ ਹੁੰਦਾ ਰਹਿੰਦਾ ਹੈ ॥੩॥

ਹਰਿ ਕੀ ਵਡਿਆਈ ਹਉ ਆਖਿ ਨ ਸਾਕਾ ਹਉ ਮੂਰਖੁ ਮੁਗਧੁ ਨੀਚਾਣੁ ॥

ਹੇ ਭਾਈ! ਮੈਂ (ਤਾਂ) ਮੂਰਖ ਹਾਂ, ਨੀਵੇਂ ਜੀਵਨ ਵਾਲਾ ਹਾਂ, ਮੈਂ ਪਰਮਾਤਮਾ ਦੀ ਬਜ਼ੁਰਗੀ ਬਿਆਨ ਨਹੀਂ ਕਰ ਸਕਦਾ।

ਜਨ ਨਾਨਕ ਕਉ ਹਰਿ ਬਖਸਿ ਲੈ ਮੇਰੇ ਸੁਆਮੀ ਸਰਣਾਗਤਿ ਪਇਆ ਅਜਾਣੁ ॥੪॥੪॥੧੫॥੨੪॥

ਹੇ ਹਰੀ! ਦਾਸ ਨਾਨਕ ਉਤੇ ਮੇਹਰ ਕਰ, (ਇਹ) ਅੰਞਾਣ ਦਾਸ ਤੇਰੀ ਸਰਨ ਆ ਪਿਆ ਹੈ ॥੪॥੪॥੧੫॥੨੪॥


ਰਾਗੁ ਸੂਹੀ ਮਹਲਾ ੫ ਘਰੁ ੧ ॥

ਰਾਗ ਸੂਹੀ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਬਾਜੀਗਰਿ ਜੈਸੇ ਬਾਜੀ ਪਾਈ ॥

ਹੇ ਭਾਈ! ਜਿਵੇਂ ਕਿਸੇ ਬਾਜ਼ੀਗਰ ਨੇ (ਕਦੇ) ਬਾਜ਼ੀ ਪਾ ਕੇ ਵਿਖਾਈ ਹੋਵੇ,

ਨਾਨਾ ਰੂਪ ਭੇਖ ਦਿਖਲਾਈ ॥

ਉਹ ਕਈ ਕਿਸਮਾਂ ਦੇ ਰੂਪ ਤੇ ਭੇਖ ਵਿਖਾਂਦਾ ਹੈ (ਇਸੇ ਤਰ੍ਹਾਂ ਪਰਮਾਤਮਾ ਨੇ ਇਹ ਜਗਤ-ਤਮਾਸ਼ਾ ਰਚਿਆ ਹੋਇਆ ਹੈ। ਇਸ ਵਿਚ ਅਨੇਕਾਂ ਰੂਪ ਭੇਖ ਵਿਖਾ ਰਿਹਾ ਹੈ)।

ਸਾਂਗੁ ਉਤਾਰਿ ਥੰਮਿ੍ਓ ਪਾਸਾਰਾ ॥

ਜਦੋਂ ਪ੍ਰਭੂ ਆਪਣੀ ਇਹ (ਜਗਤ-ਰੂਪ) ਨਕਲੀ ਸ਼ਕਲ ਲਾਹ ਕੇ ਖੇਡ ਦਾ ਖਿਲਾਰਾ ਰੋਕ ਦੇਂਦਾ ਹੈ,

ਤਬ ਏਕੋ ਏਕੰਕਾਰਾ ॥੧॥

ਤਦੋਂ ਇਕ ਆਪ ਹੀ ਆਪ ਰਹਿ ਜਾਂਦਾ ਹੈ ॥੧॥

ਕਵਨ ਰੂਪ ਦ੍ਰਿਸਟਿਓ ਬਿਨਸਾਇਓ ॥

ਹੇ ਭਾਈ! (ਪਰਮਾਤਮਾ ਦੇ) ਅਨੇਕਾਂ ਹੀ ਰੂਪ ਦਿੱਸਦੇ ਰਹਿੰਦੇ ਹਨ, ਅਨੇਕਾਂ ਹੀ ਰੂਪ ਨਾਸ ਹੁੰਦੇ ਰਹਿੰਦੇ ਹਨ।

ਕਤਹਿ ਗਇਓ ਉਹੁ ਕਤ ਤੇ ਆਇਓ ॥੧॥ ਰਹਾਉ ॥

(ਕੋਈ ਨਹੀਂ ਦੱਸ ਸਕਦਾ ਕਿ) ਜੀਵ ਕਿੱਥੋਂ ਆਇਆ ਸੀ, ਤੇ, ਕਿੱਥੇ ਚਲਾ ਜਾਂਦਾ ਹੈ ॥੧॥ ਰਹਾਉ ॥

ਜਲ ਤੇ ਊਠਹਿ ਅਨਿਕ ਤਰੰਗਾ ॥

ਹੇ ਭਾਈ! ਪਾਣੀ ਤੋਂ ਅਨੇਕਾਂ ਲਹਿਰਾਂ ਉਠਦੀਆਂ ਹਨ (ਮੁੜ ਪਾਣੀ ਵਿਚ ਰਲ ਜਾਂਦੀਆਂ ਹਨ)।

ਕਨਿਕ ਭੂਖਨ ਕੀਨੇ ਬਹੁ ਰੰਗਾ ॥

ਸੋਨੇ ਤੋਂ ਕਈ ਕਿਸਮਾਂ ਦੇ ਗਹਿਣੇ ਘੜੇ ਜਾਂਦੇ ਹਨ (ਉਹ ਅਸਲ ਵਿਚ ਸੋਨਾ ਹੀ ਹੁੰਦੇ ਹਨ)।

ਬੀਜੁ ਬੀਜਿ ਦੇਖਿਓ ਬਹੁ ਪਰਕਾਰਾ ॥

(ਕਿਸੇ ਰੁੱਖ ਦਾ) ਬੀ ਬੀਜ ਕੇ (ਸ਼ਾਖ਼ਾਂ ਪੱਤੇ ਆਦਿਕ ਉਸ ਦਾ) ਕਈ ਕਿਸਮਾਂ ਦਾ ਸਰੂਪ ਵੇਖਣ ਵਿਚ ਆ ਜਾਂਦਾ ਹੈ।

ਫਲ ਪਾਕੇ ਤੇ ਏਕੰਕਾਰਾ ॥੨॥

(ਰੁੱਖ ਦੇ) ਫਲ ਪੱਕਣ ਤੇ (ਉਹੀ ਪਹਿਲੀ ਕਿਸਮ ਦੇ ਬੀਜ ਬਣ ਜਾਂਦੇ ਹਨ) (ਤਿਵੇਂ ਇਸ ਬਹੁ-ਰੰਗੀ ਸੰਸਾਰ ਦਾ ਅਸਲਾ) ਇਕ ਪਰਮਾਤਮਾ ਹੀ ਹੈ ॥੨॥

ਸਹਸ ਘਟਾ ਮਹਿ ਏਕੁ ਆਕਾਸੁ ॥

ਹੇ ਭਾਈ! ਇਕੋ ਆਕਾਸ਼ (ਪਾਣੀ ਨਾਲ ਭਰੇ ਹੋਏ) ਹਜ਼ਾਰਾਂ ਘੜਿਆਂ ਵਿਚ (ਵਖ ਵਖ ਦਿੱਸਦਾ ਹੈ)।

ਘਟ ਫੂਟੇ ਤੇ ਓਹੀ ਪ੍ਰਗਾਸੁ ॥

ਜਦੋਂ ਘੜੇ ਟੁੱਟ ਜਾਂਦੇ ਹਨ, ਤਾਂ ਉਹ (ਆਕਾਸ਼) ਹੀ ਦਿੱਸਦਾ ਰਹਿ ਜਾਂਦਾ ਹੈ।

ਭਰਮ ਲੋਭ ਮੋਹ ਮਾਇਆ ਵਿਕਾਰ ॥

ਮਾਇਆ ਦੇ ਭ੍ਰਮ ਦੇ ਕਾਰਨ (ਪਰਮਾਤਮਾ ਦੀ ਅੰਸ਼ ਜੀਵਾਤਮਾ ਵਿਚ) ਭਟਕਣਾ, ਲੋਭ ਮੋਹ ਆਦਿਕ ਵਿਕਾਰ ਉੱਠਦੇ ਹਨ।

ਭ੍ਰਮ ਛੂਟੇ ਤੇ ਏਕੰਕਾਰ ॥੩॥

ਭ੍ਰਮ ਮਿਟ ਜਾਣ ਨਾਲ ਇਕ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ ॥੩॥

ਓਹੁ ਅਬਿਨਾਸੀ ਬਿਨਸਤ ਨਾਹੀ ॥

ਹੇ ਭਾਈ! ਉਹ ਪਰਮਾਤਮਾ ਨਾਸ-ਰਹਿਤ ਹੈ, ਉਸ ਕਦੇ ਨਾਸ ਨਹੀਂ ਹੁੰਦਾ।

ਨਾ ਕੋ ਆਵੈ ਨਾ ਕੋ ਜਾਹੀ ॥

(ਉਹ ਪ੍ਰਭੂ ਜੀਵਾਤਮਾ ਰੂਪ ਹੋ ਕੇ ਭੀ) ਨਾਹ ਕੋਈ ਆਤਮਾ ਜੰਮਦਾ ਹੈ, ਨਾਹ ਕੋਈ ਆਤਮਾ ਮਰਦਾ ਹੈ।

ਗੁਰਿ ਪੂਰੈ ਹਉਮੈ ਮਲੁ ਧੋਈ ॥

ਪੂਰੇ ਗੁਰੂ ਨੇ (ਮੇਰੇ ਅੰਦਰੋਂ) ਹਉਮੈ ਦੀ ਮੈਲ ਧੋ ਦਿੱਤੀ ਹੈ,

ਕਹੁ ਨਾਨਕ ਮੇਰੀ ਪਰਮ ਗਤਿ ਹੋਈ ॥੪॥੧॥

ਨਾਨਕ ਆਖਦਾ ਹੈ- ਹੁਣ ਮੇਰੀ ਉੱਚੀ ਆਤਮਕ ਅਵਸਥਾ ਬਣ ਗਈ ਹੈ (ਤੇ, ਮੈਨੂੰ ਇਹ ਜਗਤ ਉਸ ਪਰਮਾਤਮਾ ਦਾ ਆਪਣਾ ਹੀ ਰੂਪ ਦਿੱਸ ਰਿਹਾ ਹੈ) ॥੪॥੧॥


ਸੂਹੀ ਮਹਲਾ ੫ ॥
ਕੀਤਾ ਲੋੜਹਿ ਸੋ ਪ੍ਰਭ ਹੋਇ ॥

ਹੇ ਪ੍ਰਭੂ! ਜੋ ਕੁਝ ਤੂੰ ਕਰਨਾ ਚਾਹੁੰਦਾ ਹੈਂ। (ਜਗਤ ਵਿਚ) ਉਹੀ ਕੁਝ ਹੁੰਦਾ ਹੈ,

ਤੁਝ ਬਿਨੁ ਦੂਜਾ ਨਾਹੀ ਕੋਇ ॥

(ਕਿਉਂਕਿ) ਤੈਥੋਂ ਬਿਨਾ (ਕੁਝ ਕਰ ਸਕਣ ਵਾਲਾ) ਹੋਰ ਕੋਈ ਨਹੀਂ ਹੈ।

ਜੋ ਜਨੁ ਸੇਵੇ ਤਿਸੁ ਪੂਰਨ ਕਾਜ ॥

ਜੇਹੜਾ ਸੇਵਕ ਤੇਰੀ ਸਰਨ ਆਉਂਦਾ ਹੈ, ਉਸ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ।

ਦਾਸ ਅਪੁਨੇ ਕੀ ਰਾਖਹੁ ਲਾਜ ॥੧॥

ਤੂੰ ਆਪਣੇ ਸੇਵਕ ਦੀ ਇੱਜ਼ਤ ਆਪ ਰੱਖਦਾ ਹੈਂ ॥੧॥

ਤੇਰੀ ਸਰਣਿ ਪੂਰਨ ਦਇਆਲਾ ॥

ਹੇ ਸਦਾ ਦਇਆਵਾਨ ਰਹਿਣ ਵਾਲੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ।

ਤੁਝ ਬਿਨੁ ਕਵਨੁ ਕਰੇ ਪ੍ਰਤਿਪਾਲਾ ॥੧॥ ਰਹਾਉ ॥

ਤੈਥੋਂ ਬਿਨਾ ਅਸਾਂ ਜੀਵਾਂ ਦੀ ਪਾਲਣਾ ਹੋਰ ਕੋਈ ਨਹੀਂ ਕਰ ਸਕਦਾ ॥੧॥ ਰਹਾਉ ॥

ਜਲਿ ਥਲਿ ਮਹੀਅਲਿ ਰਹਿਆ ਭਰਪੂਰਿ ॥

ਹੇ ਭਾਈ! ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ, ਹਰ ਥਾਂ ਪਰਮਾਤਮਾ ਮੌਜੂਦ ਹੈ।

ਨਿਕਟਿ ਵਸੈ ਨਾਹੀ ਪ੍ਰਭੁ ਦੂਰਿ ॥

(ਹਰੇਕ ਜੀਵ ਦੇ) ਨੇੜੇ ਵੱਸਦਾ ਹੈ (ਕਿਸੇ ਤੋਂ ਭੀ) ਪ੍ਰਭੂ ਦੂਰ ਨਹੀਂ ਹੈ।

ਲੋਕ ਪਤੀਆਰੈ ਕਛੂ ਨ ਪਾਈਐ ॥

ਪਰ ਨਿਰਾ ਲੋਕਾਂ ਦੀਆਂ ਨਜ਼ਰਾਂ ਵਿਚ ਚੰਗਾ ਬਣਨ ਨਾਲ (ਉਸ ਪਰਮਾਤਮਾ ਦੇ ਦਰ ਤੋਂ ਆਤਮਕ ਜੀਵਨ ਦੀ ਦਾਤ ਦਾ) ਕੁਝ ਭੀ ਨਹੀਂ ਮਿਲਦਾ।

ਸਾਚਿ ਲਗੈ ਤਾ ਹਉਮੈ ਜਾਈਐ ॥੨॥

ਜਦੋਂ ਮਨੁੱਖ ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਹੁੰਦਾ ਹੈ, ਤਦੋਂ (ਇਸ ਦੇ ਅੰਦਰੋਂ) ਹਉਮੈ ਦੂਰ ਹੋ ਜਾਂਦੀ ਹੈ ॥੨॥

ਜਿਸ ਨੋ ਲਾਇ ਲਏ ਸੋ ਲਾਗੈ ॥

ਹੇ ਭਾਈ! ਉਹੀ ਮਨੁੱਖ ਪ੍ਰਭੂ (ਦੇ ਚਰਨਾਂ) ਵਿਚ ਲੀਨ ਹੁੰਦਾ ਹੈ, ਜਿਸ ਨੂੰ ਪ੍ਰਭੂ ਆਪ (ਆਪਣੇ ਚਰਨਾਂ ਵਿਚ) ਜੋੜਦਾ ਹੈ।

ਗਿਆਨ ਰਤਨੁ ਅੰਤਰਿ ਤਿਸੁ ਜਾਗੈ ॥

ਉਸ ਮਨੁੱਖ ਦੇ ਅੰਦਰ ਰਤਨ (ਵਰਗੀ ਕੀਮਤੀ) ਆਤਮਕ ਜੀਵਨ ਦੀ ਸੂਝ ਉੱਘੜ ਪੈਂਦੀ ਹੈ।

ਦੁਰਮਤਿ ਜਾਇ ਪਰਮ ਪਦੁ ਪਾਏ ॥

(ਉਸ ਮਨੁੱਖ ਦੇ ਅੰਦਰੋਂ) ਖੋਟੀ ਮਤਿ ਦੂਰ ਹੋ ਜਾਂਦੀ ਹੈ, ਉਹ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ।

ਗੁਰਪਰਸਾਦੀ ਨਾਮੁ ਧਿਆਏ ॥੩॥

ਗੁਰੂ ਦੀ ਕਿਰਪਾ ਨਾਲ ਉਹ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ॥੩॥

ਦੁਇ ਕਰ ਜੋੜਿ ਕਰਉ ਅਰਦਾਸਿ ॥

(ਹੇ ਪ੍ਰਭੂ!) ਮੈਂ (ਆਪਣੇ) ਦੋਵੇਂ ਹੱਥ ਜੋੜ ਕੇ (ਤੇਰੇ ਦਰ ਤੇ) ਅਰਦਾਸ ਕਰਦਾ ਹਾਂ।

ਤੁਧੁ ਭਾਵੈ ਤਾ ਆਣਹਿ ਰਾਸਿ ॥

ਜਦੋਂ ਤੈਨੂੰ ਚੰਗਾ ਲੱਗੇ (ਤੇਰੀ ਰਜ਼ਾ ਹੋਵੇ) ਤਦੋਂ ਹੀ ਤੂੰ ਉਸ ਅਰਦਾਸ ਨੂੰ ਸਫਲ ਕਰਦਾ ਹੈਂ।

ਕਰਿ ਕਿਰਪਾ ਅਪਨੀ ਭਗਤੀ ਲਾਇ ॥

ਹੇ ਭਾਈ! ਕਿਰਪਾ ਕਰ ਕੇ ਪਰਮਾਤਮਾ (ਜਿਸ ਮਨੁੱਖ ਨੂੰ) ਆਪਣੀ ਭਗਤੀ ਵਿਚ ਜੋੜਦਾ ਹੈ,

ਜਨ ਨਾਨਕ ਪ੍ਰਭੁ ਸਦਾ ਧਿਆਇ ॥੪॥੨॥

ਹੇ ਦਾਸ ਨਾਨਕ! (ਆਖ-) ਉਹ ਉਸ ਨੂੰ ਸਦਾ ਸਿਮਰਦਾ ਰਹਿੰਦਾ ਹੈ ॥੪॥੨॥


ਸੂਹੀ ਮਹਲਾ ੫ ॥
ਧਨੁ ਸੋਹਾਗਨਿ ਜੋ ਪ੍ਰਭੂ ਪਛਾਨੈ ॥

ਹੇ ਸਹੇਲੀਏ! ਉਹ ਜੀਵ-ਇਸਤ੍ਰੀ ਸਲਾਹੁਣ-ਜੋਗ ਹੈ, ਸੁਹਾਗ-ਭਾਗ ਵਾਲੀ ਹੈ, ਜੇਹੜੀ ਪ੍ਰਭੂ-ਪਤੀ ਨਾਲ ਸਾਂਝ ਬਣਾਂਦੀ ਹੈ,

ਮਾਨੈ ਹੁਕਮੁ ਤਜੈ ਅਭਿਮਾਨੈ ॥

ਜੇਹੜੀ ਅਹੰਕਾਰ ਛੱਡ ਕੇ ਪ੍ਰਭੂ-ਪਤੀ ਦਾ ਹੁਕਮ ਮੰਨਦੀ ਰਹਿੰਦੀ ਹੈ।

ਪ੍ਰਿਅ ਸਿਉ ਰਾਤੀ ਰਲੀਆ ਮਾਨੈ ॥੧॥

ਉਹ ਜੀਵ-ਇਸਤ੍ਰੀ ਪਭੂ-ਪਤੀ (ਦੇ ਪਿਆਰ-ਰੰਗ) ਵਿਚ ਰੰਗੀ ਹੋਈ ਉਸ ਦੇ ਮਿਲਾਪ ਦਾ ਆਤਮਕ ਆਨੰਦ ਮਾਣਦੀ ਰਹਿੰਦੀ ਹੈ ॥੧॥

ਸੁਨਿ ਸਖੀਏ ਪ੍ਰਭ ਮਿਲਣ ਨੀਸਾਨੀ ॥

ਹੇ ਸਹੇਲੀਏ! ਪਰਮਾਤਮਾ ਨੂੰ ਮਿਲਣ ਦੀ ਨਿਸ਼ਾਨੀ (ਮੈਥੋਂ) ਸੁਣ ਲੈ।

ਮਨੁ ਤਨੁ ਅਰਪਿ ਤਜਿ ਲਾਜ ਲੋਕਾਨੀ ॥੧॥ ਰਹਾਉ ॥

(ਉਹ ਨਿਸ਼ਾਨੀ ਉਹ ਤਰੀਕਾ ਇਹ ਹੈ ਕਿ) ਲੋਕ-ਲਾਜ ਦੀ ਖ਼ਾਤਰ ਕੰਮ ਕਰਨੇ ਛੱਡ ਕੇ ਆਪਣਾ ਮਨ ਆਪਣਾ ਸਰੀਰ ਪਰਮਾਤਮਾ ਦੇ ਹਵਾਲੇ ਕਰ ਦੇਹ ॥੧॥ ਰਹਾਉ ॥

ਸਖੀ ਸਹੇਲੀ ਕਉ ਸਮਝਾਵੈ ॥

(ਇਕ ਸਤਸੰਗੀ) ਸਹੇਲੀ (ਦੂਜੇ ਸਤਸੰਗੀ) ਸਹੇਲੀ ਨੂੰ (ਪ੍ਰਭੂ-ਪਤੀ ਦੇ ਮਿਲਾਪ ਦੇ ਤਰੀਕੇ ਬਾਰੇ) ਸਮਝਾਂਦੀ ਹੈ (ਤੇ ਆਖਦੀ ਹੈ ਕਿ)

ਸੋਈ ਕਮਾਵੈ ਜੋ ਪ੍ਰਭ ਭਾਵੈ ॥

ਜੇਹੜੀ ਜੀਵ-ਇਸਤ੍ਰੀ ਉਹੀ ਕੁਝ ਕਰਦੀ ਹੈ ਜੋ ਪ੍ਰਭੂ-ਪਤੀ ਨੂੰ ਪਸੰਦ ਆ ਜਾਂਦਾ ਹੈ,

ਸਾ ਸੋਹਾਗਣਿ ਅੰਕਿ ਸਮਾਵੈ ॥੨॥

ਉਹ ਸੁਹਾਗ-ਭਾਗ ਵਾਲੀ ਜੀਵ-ਇਸਤ੍ਰੀ ਉਸ ਪ੍ਰਭੂ ਦੇ ਚਰਨਾਂ ਵਿਚ ਲੀਨ ਰਹਿੰਦੀ ਹੈ ॥੨॥

ਗਰਬਿ ਗਹੇਲੀ ਮਹਲੁ ਨ ਪਾਵੈ ॥

(ਪਰ) ਜੇਹੜੀ ਜੀਵ-ਇਸਤ੍ਰੀ ਅਹੰਕਾਰ ਵਿਚ ਫਸੀ ਰਹਿੰਦੀ ਹੈ, ਉਹ ਪ੍ਰਭੂ-ਪਤੀ ਦੇ ਚਰਨਾਂ ਵਿਚ ਥਾਂ ਪ੍ਰਾਪਤ ਨਹੀਂ ਕਰ ਸਕਦੀ।

ਫਿਰਿ ਪਛੁਤਾਵੈ ਜਬ ਰੈਣਿ ਬਿਹਾਵੈ ॥

ਜਦੋਂ (ਜ਼ਿੰਦਗੀ ਦੀ) ਰਾਤ ਬੀਤ ਜਾਂਦੀ ਹੈ, ਤਦੋਂ ਉਹ ਪਛੁਤਾਂਦੀ ਹੈ।

ਕਰਮਹੀਣਿ ਮਨਮੁਖਿ ਦੁਖੁ ਪਾਵੈ ॥੩॥

ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲੀ ਉਹ ਮੰਦ-ਭਾਗਣ ਜੀਵ-ਇਸਤ੍ਰੀ ਸਦਾ ਦੁੱਖ ਪਾਂਦੀ ਰਹਿੰਦੀ ਹੈ ॥੩॥

ਬਿਨਉ ਕਰੀ ਜੇ ਜਾਣਾ ਦੂਰਿ ॥

ਹੇ ਭਾਈ! (ਲੋਕ-ਲਾਜ ਦੀ ਖ਼ਾਤਰ ਮੈਂ ਤਾਂ ਹੀ ਪਰਮਾਤਮਾ ਦੇ ਦਰ ਤੇ) ਅਰਦਾਸ ਕਰਾਂ, ਜੇ ਮੈਂ ਉਸ ਨੂੰ ਕਿਤੇ ਦੂਰ ਵੱਸਦਾ ਸਮਝਾਂ।

ਪ੍ਰਭੁ ਅਬਿਨਾਸੀ ਰਹਿਆ ਭਰਪੂਰਿ ॥

ਉਹ ਨਾਸ-ਰਹਿਤ ਪਰਮਾਤਮਾ ਤਾਂ ਹਰ ਥਾਂ ਵਿਆਪਕ ਹੈ।

ਜਨੁ ਨਾਨਕੁ ਗਾਵੈ ਦੇਖਿ ਹਦੂਰਿ ॥੪॥੩॥

ਦਾਸ ਨਾਨਕ (ਤਾਂ ਉਸ ਨੂੰ ਆਪਣੇ) ਅੰਗ-ਸੰਗ (ਵੱਸਦਾ) ਵੇਖ ਕੇ ਉਸ ਦੀ ਸਿਫ਼ਤਿ-ਸਾਲਾਹ ਕਰਦਾ ਹੈ ॥੪॥੩॥


ਸੂਹੀ ਮਹਲਾ ੫ ॥
ਗ੍ਰਿਹੁ ਵਸਿ ਗੁਰਿ ਕੀਨਾ ਹਉ ਘਰ ਕੀ ਨਾਰਿ ॥

(ਹੇ ਸਖੀ!) ਉਸ ਖਸਮ-ਪ੍ਰਭੂ ਨੇ ਗੁਰੂ ਦੀ ਰਾਹੀਂ (ਮੇਰਾ) ਸਰੀਰ-ਘਰ (ਮੇਰੇ) ਵੱਸ ਵਿਚ ਕਰ ਦਿੱਤਾ ਹੈ (ਹੁਣ) ਮੈਂ (ਉਸ ਦੀ ਕਿਰਪਾ ਨਾਲ ਇਸ) ਘਰ ਦੀ ਮਾਲਕਾ ਬਣ ਗਈ ਹਾਂ।

ਦਸ ਦਾਸੀ ਕਰਿ ਦੀਨੀ ਭਤਾਰਿ ॥

ਉਸ ਖਸਮ ਨੇ ਦਸਾਂ ਹੀ ਇੰਦ੍ਰਿਆਂ ਨੂੰ ਮੇਰੀਆਂ ਦਾਸੀਆਂ ਬਣਾ ਦਿੱਤਾ ਹੈ।

ਸਗਲ ਸਮਗ੍ਰੀ ਮੈ ਘਰ ਕੀ ਜੋੜੀ ॥

(ਉੱਚੇ ਆਤਮਕ ਗੁਣਾਂ ਦਾ) ਮੈਂ ਆਪਣੇ ਸਰੀਰ-ਘਰ ਦਾ ਸਾਰਾ ਸਾਮਾਨ ਜੋੜ ਕੇ (ਸਜਾ ਕੇ) ਰੱਖ ਦਿੱਤਾ ਹੈ।

ਆਸ ਪਿਆਸੀ ਪਿਰ ਕਉ ਲੋੜੀ ॥੧॥

ਹੁਣ ਮੈਂ ਪ੍ਰਭੂ-ਪਤੀ ਦੇ ਦਰਸਨ ਦੀ ਆਸ ਤੇ ਤਾਂਘ ਵਿਚ ਉਸ ਦੀ ਉਡੀਕ ਕਰ ਰਹੀ ਹਾਂ ॥੧॥

ਕਵਨ ਕਹਾ ਗੁਨ ਕੰਤ ਪਿਆਰੇ ॥

(ਹੇ ਸਖੀ!) ਪਿਆਰੇ ਕੰਤ ਪ੍ਰਭੂ ਦੇ ਮੈਂ ਕੇਹੜੇ ਕੇਹੜੇ ਗੁਣ ਦੱਸਾਂ?

ਸੁਘੜ ਸਰੂਪ ਦਇਆਲ ਮੁਰਾਰੇ ॥੧॥ ਰਹਾਉ ॥

ਸੁਚੱਜੇ, ਦਇਆਵਾਨ, ਪ੍ਰਭੂ ਦੇ- ॥੧॥ ਰਹਾਉ ॥

ਸਤੁ ਸੀਗਾਰੁ ਭਉ ਅੰਜਨੁ ਪਾਇਆ ॥

(ਹੇ ਸਖੀ! ਖਸਮ-ਪ੍ਰਭੂ ਦੀ ਕਿਰਪਾ ਨਾਲ ਹੀ) ਸੁੱਚੇ ਆਚਰਨ ਨੂੰ ਮੈਂ (ਆਪਣੇ ਜੀਵਨ ਦਾ) ਸਿੰਗਾਰ ਬਣਾ ਲਿਆ ਹੈ, ਉਸ ਦੇ ਡਰ-ਅਦਬ (ਦਾ) ਮੈਂ (ਅੱਖਾਂ ਵਿਚ) ਸੁਰਮਾ ਪਾ ਲਿਆ ਹੈ।

ਅੰਮ੍ਰਿਤ ਨਾਮੁ ਤੰਬੋਲੁ ਮੁਖਿ ਖਾਇਆ ॥

(ਉਸ ਦੀ ਮੇਹਰ ਨਾਲ ਹੀ) ਆਤਮਕ ਜੀਵਨ ਦੇਣ ਵਾਲਾ ਨਾਮ-ਪਾਨ ਮੈਂ ਮੂੰਹ ਨਾਲ ਖਾਧਾ ਹੈ।

ਕੰਗਨ ਬਸਤ੍ਰ ਗਹਨੇ ਬਨੇ ਸੁਹਾਵੇ ॥

ਹੇ ਸਖੀ! ਉਸ ਦੇ ਕੰਗਣ, ਕੱਪੜੇ, ਗਹਿਣੇ ਸੋਹਣੇ ਲੱਗਣ ਲੱਗ ਪੈਂਦੇ ਹਨ (ਸਾਰੇ ਧਾਰਮਿਕ ਉੱਦਮ ਸਫਲ ਹੋ ਜਾਂਦੇ ਹਨ)

ਧਨ ਸਭ ਸੁਖ ਪਾਵੈ ਜਾਂ ਪਿਰੁ ਘਰਿ ਆਵੈ ॥੨॥

ਜਦੋਂ ਪ੍ਰਭੂ-ਪਤੀ ਹਿਰਦੇ-ਘਰ ਵਿਚ ਆ ਵੱਸਦਾ ਹੈ, ਤਦੋਂ ਜੀਵ-ਇਸਤ੍ਰੀ ਸਾਰੇ ਸੁਖ ਹਾਸਲ ਕਰ ਲੈਂਦੀ ਹੈ ॥੨॥

ਗੁਣ ਕਾਮਣ ਕਰਿ ਕੰਤੁ ਰੀਝਾਇਆ ॥

ਹੇ ਸਖੀ! ਗੁਣਾਂ ਦੇ ਟੂਣੇ ਬਣਾ ਕੇ ਉਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਨੂੰ ਖ਼ੁਸ਼ ਕਰ ਲਿਆ,

ਵਸਿ ਕਰਿ ਲੀਨਾ ਗੁਰਿ ਭਰਮੁ ਚੁਕਾਇਆ ॥

ਗੁਰੂ ਨੇ (ਜਿਸ ਦੀ) ਭਟਕਣਾ ਦੂਰ ਕਰ ਦਿੱਤੀ। ਉਸ ਨੇ ਪ੍ਰਭੂ-ਪਤੀ ਨੂੰ ਆਪਣੇ ਵੱਸ ਵਿਚ ਕਰ ਲਿਆ।

ਸਭ ਤੇ ਊਚਾ ਮੰਦਰੁ ਮੇਰਾ ॥

(ਹੇ ਸਖੀ! ਉਸ ਖਸਮ-ਪ੍ਰਭੂ ਦੀ ਕਿਰਪਾ ਨਾਲ ਹੀ) ਮੇਰਾ ਹਿਰਦਾ-ਘਰ ਸਭ (ਵਾਸਨਾਵਾਂ) ਤੋਂ ਉੱਚਾ ਹੋ ਗਿਆ ਹੈ।

ਸਭ ਕਾਮਣਿ ਤਿਆਗੀ ਪ੍ਰਿਉ ਪ੍ਰੀਤਮੁ ਮੇਰਾ ॥੩॥

ਹੋਰ ਸਾਰੀਆਂ ਇਸਤ੍ਰੀਆਂ ਨੂੰ ਛੱਡ ਕੇ ਉਹ ਪ੍ਰੀਤਮ ਮੇਰਾ ਪਿਆਰਾ ਬਣ ਗਿਆ ਹੈ ॥੩॥

ਪ੍ਰਗਟਿਆ ਸੂਰੁ ਜੋਤਿ ਉਜੀਆਰਾ ॥

ਹੇ ਸਖੀ! (ਉਸ ਕੰਤ ਦੀ ਕਿਰਪਾ ਨਾਲ ਮੇਰੇ ਅੰਦਰ ਆਤਮਕ ਜੀਵਨ ਦਾ) ਸੂਰਜ ਚੜ੍ਹ ਪਿਆ ਹੈ, (ਆਤਮਕ ਜੀਵਨ ਦੀ) ਜੋਤਿ ਜਗ ਪਈ ਹੈ।

ਸੇਜ ਵਿਛਾਈ ਸਰਧ ਅਪਾਰਾ ॥

ਬੇਅੰਤ ਪ੍ਰਭੂ ਦੀ ਸਰਧਾ ਦੀ ਸੇਜ ਮੈਂ ਵਿਛਾ ਦਿੱਤੀ ਹੈ (ਮੇਰੇ ਹਿਰਦੇ ਵਿਚ ਪ੍ਰਭੂ ਵਾਸਤੇ ਪੂਰੀ ਸਰਧਾ ਬਣ ਗਈ ਹੈ),

ਨਵ ਰੰਗ ਲਾਲੁ ਸੇਜ ਰਾਵਣ ਆਇਆ ॥

(ਹੁਣ ਆਪਣੀ ਮੇਹਰ ਨਾਲ ਹੀ) ਉਹ ਨਿੱਤ ਨਵੇਂ ਪਿਆਰ ਵਾਲਾ ਪ੍ਰੀਤਮ ਮੇਰੇ ਹਿਰਦੇ ਦੀ ਸੇਜ ਉਤੇ ਆ ਬੈਠਾ ਹੈ।

ਜਨ ਨਾਨਕ ਪਿਰ ਧਨ ਮਿਲਿ ਸੁਖੁ ਪਾਇਆ ॥੪॥੪॥

ਹੇ ਦਾਸ ਨਾਨਕ! (ਆਖ-) ਪ੍ਰਭੂ-ਪਤੀ ਨੂੰ ਮਿਲ ਕੇ ਜੀਵ-ਇਸਤ੍ਰੀ ਆਤਮਕ ਆਨੰਦ ਮਾਣਦੀ ਹੈ ॥੪॥੪॥


ਸੂਹੀ ਮਹਲਾ ੫ ॥
ਉਮਕਿਓ ਹੀਉ ਮਿਲਨ ਪ੍ਰਭ ਤਾਈ ॥

ਮੇਰਾ ਹਿਰਦਾ ਪ੍ਰਭੂ ਨੂੰ ਮਿਲਣ ਵਾਸਤੇ ਖ਼ੁਸ਼ੀ ਨਾਲ ਨੱਚ ਪਿਆ,

ਖੋਜਤ ਚਰਿਓ ਦੇਖਉ ਪ੍ਰਿਅ ਜਾਈ ॥

(ਪ੍ਰਭੂ ਨੂੰ) ਲੱਭਣ ਚੜ੍ਹ ਪਿਆ (ਕਿ) ਮੈਂ ਪਿਆਰੇ ਦੇ ਰਹਿਣ ਦੀ ਥਾਂ (ਕਿਤੇ) ਵੇਖਾਂ।

ਸੁਨਤ ਸਦੇਸਰੋ ਪ੍ਰਿਅ ਗ੍ਰਿਹਿ ਸੇਜ ਵਿਛਾਈ ॥

ਹੇ ਸਖੀ! ਪਿਆਰੇ ਦਾ ਸਨੇਹਾ ਸੁਣਦਿਆਂ ਮੈਂ ਹਿਰਦੇ-ਘਰ ਵਿਚ ਸੇਜ ਵਿਛਾ ਦਿੱਤੀ।

ਭ੍ਰਮਿ ਭ੍ਰਮਿ ਆਇਓ ਤਉ ਨਦਰਿ ਨ ਪਾਈ ॥੧॥

(ਪਰ) ਭਟਕ ਭਟਕ ਕੇ ਮੁੜ ਆਇਆ, ਤਦੋਂ (ਪ੍ਰਭੂ ਦੀ ਮੇਹਰ ਦੀ) ਨਿਗਾਹ ਹਾਸਲ ਨਾਹ ਹੋਈ ॥੧॥

ਕਿਨ ਬਿਧਿ ਹੀਅਰੋ ਧੀਰੈ ਨਿਮਾਨੋ ॥

(ਤੇਰੇ ਦਰਸਨ ਤੋਂ ਬਿਨਾ) ਮੇਰਾ ਇਹ ਨਿਮਾਣਾ ਦਿਲ ਕਿਵੇਂ ਧੀਰਜ ਫੜੇ?

ਮਿਲੁ ਸਾਜਨ ਹਉ ਤੁਝੁ ਕੁਰਬਾਨੋ ॥੧॥ ਰਹਾਉ ॥

ਹੇ ਸੱਜਣ ਪ੍ਰਭੂ! (ਮੈਨੂੰ) ਮਿਲ, ਮੈਂ ਤੈਥੋਂ ਸਦਕੇ ਜਾਂਦੀ ਹਾਂ ॥੧॥ ਰਹਾਉ ॥

ਏਕਾ ਸੇਜ ਵਿਛੀ ਧਨ ਕੰਤਾ ॥

ਹੇ ਸਖੀ! ਜੀਵ-ਇਸਤ੍ਰੀ ਅਤੇ ਪ੍ਰਭੂ-ਪਤੀ ਦੀ ਇਕੋ ਹੀ ਸੇਜ (ਜੀਵ-ਇਸਤ੍ਰੀ ਦੇ ਹਿਰਦੇ ਵਿਚ) ਵਿਛੀ ਹੋਈ ਹੈ;

ਧਨ ਸੂਤੀ ਪਿਰੁ ਸਦ ਜਾਗੰਤਾ ॥

ਪਰ ਜੀਵ-ਇਸਤ੍ਰੀ (ਸਦਾ ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੀ ਰਹਿੰਦੀ ਹੈ, ਪ੍ਰਭੂ-ਪਤੀ ਸਦਾ ਜਾਗਦਾ ਰਹਿੰਦਾ ਹੈ (ਮਾਇਆ ਦੇ ਪ੍ਰਭਾਵ ਤੋਂ ਉਤਾਂਹ ਰਹਿੰਦਾ ਹੈ)।

ਪੀਓ ਮਦਰੋ ਧਨ ਮਤਵੰਤਾ ॥

ਜੀਵ-ਇਸਤ੍ਰੀ ਇਉਂ ਮਸਤ ਰਹਿੰਦੀ ਹੈ ਜਿਵੇਂ ਇਸ ਨੇ ਸ਼ਰਾਬ ਪੀਤੀ ਹੋਈ ਹੈ।

ਧਨ ਜਾਗੈ ਜੇ ਪਿਰੁ ਬੋਲੰਤਾ ॥੨॥

(ਹਾਂ) ਜੀਵ-ਇਸਤ੍ਰੀ ਜਾਗ ਭੀ ਸਕਦੀ ਹੈ, ਜੇ ਪ੍ਰਭੂ-ਪਤੀ (ਆਪ) ਜਗਾਏ ॥੨॥

ਭਈ ਨਿਰਾਸੀ ਬਹੁਤੁ ਦਿਨ ਲਾਗੇ ॥

ਹੇ ਸਖੀ! (ਉਮਰ ਦੇ) ਬਹੁਤ ਸਾਰੇ ਦਿਨ ਬੀਤ ਗਏ ਹਨ, (ਹੁਣ) ਮੈਂ ਨਿਰਾਸ ਹੋ ਗਈ ਹਾਂ।

ਦੇਸ ਦਿਸੰਤਰ ਮੈ ਸਗਲੇ ਝਾਗੇ ॥

ਮੈਂ (ਬਾਹਰ) ਹੋਰ ਹੋਰ ਸਾਰੇ ਦੇਸ ਭਾਲ ਵੇਖੇ ਹਨ (ਪਰ ਬਾਹਰ ਪ੍ਰਭੂ-ਪਤੀ ਕਿਤੇ ਲੱਭਾ ਨਹੀਂ।)

ਖਿਨੁ ਰਹਨੁ ਨ ਪਾਵਉ ਬਿਨੁ ਪਗ ਪਾਗੇ ॥

ਉਸ ਪ੍ਰਭੂ-ਪਤੀ ਦੇ ਚਰਨਾਂ ਉਤੇ ਪੈਣ ਤੋਂ ਬਿਨਾ ਮੈਨੂੰ ਇਕ ਛਿਨ ਵਾਸਤੇ ਭੀ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ।

ਹੋਇ ਕ੍ਰਿਪਾਲੁ ਪ੍ਰਭ ਮਿਲਹ ਸਭਾਗੇ ॥੩॥

(ਹਾਂ, ਹੇ ਸਖੀ!) ਜੇ ਉਹ ਆਪ ਕਿਰਪਾਲ ਹੋਵੇ, ਤਾਂ ਸਹੀ ਜੀਵ-ਇਸਤ੍ਰੀਆਂ ਚੰਗੇ ਭਾਗ ਜਾਗਣ ਨਾਲ ਉਸ ਪ੍ਰਭੂ ਨੂੰ ਮਿਲ ਸਕਦੀਆਂ ਹਾਂ ॥੩॥

ਭਇਓ ਕ੍ਰਿਪਾਲੁ ਸਤਸੰਗਿ ਮਿਲਾਇਆ ॥

ਪ੍ਰਭੂ ਮੇਰੇ ਉਤੇ ਦਇਆਵਾਨ ਹੋ ਗਿਆ ਹੈ। ਮੈਨੂੰ ਉਸ ਨੇ ਸਤਸੰਗ ਵਿਚ ਮਿਲਾ ਦਿੱਤਾ ਹੈ।

ਬੂਝੀ ਤਪਤਿ ਘਰਹਿ ਪਿਰੁ ਪਾਇਆ ॥

ਮੇਰੀ (ਵਿਕਾਰਾਂ ਦੀ) ਤਪਸ਼ ਮਿਟ ਗਈ ਹੈ, ਮੈਂ ਉਸ ਪ੍ਰਭੂ-ਪਤੀ ਨੂੰ ਹਿਰਦੇ-ਘਰ ਵਿਚ ਹੀ ਲੱਭ ਲਿਆ ਹੈ।

ਸਗਲ ਸੀਗਾਰ ਹੁਣਿ ਮੁਝਹਿ ਸੁਹਾਇਆ ॥

ਹੁਣ ਮੈਨੂੰ (ਆਪਣੇ) ਸਾਰੇ ਸਿੰਗਾਰ (ਉੱਦਮ) ਸੋਹਣੇ ਲੱਗ ਰਹੇ ਹਨ।

ਕਹੁ ਨਾਨਕ ਗੁਰਿ ਭਰਮੁ ਚੁਕਾਇਆ ॥੪॥

ਨਾਨਕ ਆਖਦਾ ਹੈ- ਗੁਰੂ ਨੇ ਮੇਰੀ ਭਟਕਣਾ ਦੂਰ ਕਰ ਦਿੱਤੀ ਹੈ ॥੪॥

ਜਹ ਦੇਖਾ ਤਹ ਪਿਰੁ ਹੈ ਭਾਈ ॥

ਹੇ ਭਾਈ! ਹੁਣ ਮੈਂ ਜਿਧਰ ਵੇਖਦਾ ਹਾਂ, ਮੈਨੂੰ ਪ੍ਰਭੂ ਹੀ ਦਿੱਸਦਾ ਹੈ।

ਖੋਲਿ੍ਓ ਕਪਾਟੁ ਤਾ ਮਨੁ ਠਹਰਾਈ ॥੧॥ ਰਹਾਉ ਦੂਜਾ ॥੫॥

(ਗੁਰੂ ਨੇ ਮੇਰੇ ਅੰਦਰੋਂ) ਭਰਮ ਦਾ ਪਰਦਾ ਲਾਹ ਦਿੱਤਾ ਹੈ, ਮੇਰਾ ਮਨ ਟਿਕ ਗਿਆ ਹੈ ॥੧॥ਰਹਾਉ ਦੂਜਾ॥੫॥


ਸੂਹੀ ਮਹਲਾ ੫ ॥
ਕਿਆ ਗੁਣ ਤੇਰੇ ਸਾਰਿ ਸਮ੍ਰਾਲੀ ਮੋਹਿ ਨਿਰਗੁਨ ਕੇ ਦਾਤਾਰੇ ॥

ਮੈਂ ਗੁਣ-ਹੀਨ ਦੇ ਹੇ ਦਾਤਾਰ! ਮੈਂ ਤੇਰੇ ਕੇਹੜੇ ਕੇਹੜੇ ਗੁਣ ਚੇਤੇ ਕਰ ਕੇ ਆਪਣੇ ਹਿਰਦੇ ਵਿਚ ਵਸਾਵਾਂ?

ਬੈ ਖਰੀਦੁ ਕਿਆ ਕਰੇ ਚਤੁਰਾਈ ਇਹੁ ਜੀਉ ਪਿੰਡੁ ਸਭੁ ਥਾਰੇ ॥੧॥

(ਮੈਂ ਤਾਂ ਤੇਰਾ ਮੁੱਲ-ਖ਼ਰੀਦਿਆ ਸੇਵਕ ਹਾਂ) ਮੁੱਲ-ਖ਼ਰੀਦਿਆ ਨੌਕਰ ਕੋਈ ਚਲਾਕੀ ਦੀ ਗੱਲ ਨਹੀਂ ਕਰ ਸਕਦਾ। (ਹੇ ਦਾਤਾਰ! ਮੇਰਾ) ਇਹ ਸਰੀਰ ਤੇ ਮੇਰੀ ਇਹ ਜਿੰਦ ਸਭ ਤੇਰੇ ਹੀ ਦਿੱਤੇ ਹੋਏ ਹਨ ॥੧॥

ਲਾਲ ਰੰਗੀਲੇ ਪ੍ਰੀਤਮ ਮਨਮੋਹਨ ਤੇਰੇ ਦਰਸਨ ਕਉ ਹਮ ਬਾਰੇ ॥੧॥ ਰਹਾਉ ॥

ਹੇ ਚੋਜੀ ਲਾਲ! ਹੇ ਪ੍ਰੀਤਮ! ਹੇ ਮਨ ਨੂੰ ਮੋਹ ਲੈਣ ਵਾਲੇ! ਅਸੀਂ ਜੀਵ ਤੇਰੇ ਦਰਸਨ ਤੋਂ ਕੁਰਬਾਨ ਹਾਂ ॥੧॥ ਰਹਾਉ ॥

ਪ੍ਰਭੁ ਦਾਤਾ ਮੋਹਿ ਦੀਨੁ ਭੇਖਾਰੀ ਤੁਮ੍ਰ ਸਦਾ ਸਦਾ ਉਪਕਾਰੇ ॥

(ਹੇ ਦਾਤਾਰ!) ਤੂੰ ਮਾਲਕ ਹੈਂ, ਦਾਤਾਂ ਦੇਣ ਵਾਲਾ ਹੈਂ, ਮੈਂ (ਤੇਰੇ ਦਰ ਤੇ) ਕੰਗਾਲ ਮੰਗਤਾ ਹਾਂ, ਤੂੰ ਸਦਾ ਹੀ ਤੂੰ ਸਦਾ ਹੀ ਮੇਰੇ ਉਤੇ ਮੇਹਰਬਾਨੀਆਂ ਕਰਦਾ ਹੈਂ।

ਸੋ ਕਿਛੁ ਨਾਹੀ ਜਿ ਮੈ ਤੇ ਹੋਵੈ ਮੇਰੇ ਠਾਕੁਰ ਅਗਮ ਅਪਾਰੇ ॥੨॥

ਹੇ ਮੇਰੇ ਅਪਹੁੰਚ ਅਤੇ ਬੇਅੰਤ ਮਾਲਕ! ਕੋਈ ਐਸਾ ਕੰਮ ਨਹੀਂ ਜੋ (ਤੇਰੀ ਮਦਦ ਤੋਂ ਬਿਨਾ) ਮੈਥੋਂ ਹੋ ਸਕੇ ॥੨॥

ਕਿਆ ਸੇਵ ਕਮਾਵਉ ਕਿਆ ਕਹਿ ਰੀਝਾਵਉ ਬਿਧਿ ਕਿਤੁ ਪਾਵਉ ਦਰਸਾਰੇ ॥

ਹੇ ਪ੍ਰਭੂ! ਮੈਂ ਤੇਰੀ ਕੇਹੜੀ ਸੇਵਾ ਕਰਾਂ? ਮੈਂ ਕੀਹ ਆਖ ਕੇ ਤੈਨੂੰ ਖ਼ੁਸ਼ ਕਰਾਂ? ਮੈਂ ਕਿਸ ਤਰ੍ਹਾਂ ਤੇਰਾ ਦੀਦਾਰ ਹਾਸਲ ਕਰਾਂ?

ਮਿਤਿ ਨਹੀ ਪਾਈਐ ਅੰਤੁ ਨ ਲਹੀਐ ਮਨੁ ਤਰਸੈ ਚਰਨਾਰੇ ॥੩॥

ਤੇਰੀ ਹਸਤੀ ਦਾ ਮਾਪ ਨਹੀਂ ਲੱਭ ਸਕਦਾ, ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ। ਮੇਰਾ ਮਨ ਸਦਾ ਤੇਰੇ ਚਰਨਾਂ ਵਿਚ ਪਏ ਰਹਿਣ ਨੂੰ ਤਰਸਦਾ ਹੈ ॥੩॥

ਪਾਵਉ ਦਾਨੁ ਢੀਠੁ ਹੋਇ ਮਾਗਉ ਮੁਖਿ ਲਾਗੈ ਸੰਤ ਰੇਨਾਰੇ ॥

ਹੇ ਪ੍ਰਭੂ! ਮੈਂ ਢੀਠ ਹੋ ਕੇ (ਮੁੜ ਮੁੜ, ਤੇਰੇ ਦਰ ਤੋਂ) ਮੰਗਦਾ ਹਾਂ, ਮੈਨੂੰ ਇਹ ਦਾਨ ਮਿਲ ਜਾਏ ਕਿ ਮੇਰੇ ਮੱਥੇ ਉਤੇ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਲੱਗਦੀ ਰਹੇ।

ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਪ੍ਰਭਿ ਹਾਥ ਦੇਇ ਨਿਸਤਾਰੇ ॥੪॥੬॥

ਹੇ ਨਾਨਕ! (ਆਖ-) ਜਿਸ ਦਾਸ ਉਤੇ ਗੁਰੂ ਨੇ ਮੇਹਰ ਕਰ ਦਿੱਤੀ, ਪ੍ਰਭੂ ਨੇ (ਉਸ ਨੂੰ ਆਪਣੇ) ਹੱਥ ਦੇ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਿਆ ॥੪॥੬॥


ਸੂਹੀ ਮਹਲਾ ੫ ਘਰੁ ੩ ॥

ਰਾਗ ਸੂਹੀ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸੇਵਾ ਥੋਰੀ ਮਾਗਨੁ ਬਹੁਤਾ ॥

ਹੇ ਭਾਈ! ਇਹ ਮੂਰਖ ਕੰਮ ਤਾਂ ਥੋੜਾ ਕਰਦਾ ਹੈ, ਪਰ ਉਸ ਦੇ ਇਵਜ਼ ਵਿਚ ਇਸ ਦੀ ਮੰਗ ਬਹੁਤ ਜ਼ਿਆਦਾ ਹੈ।

ਮਹਲੁ ਨ ਪਾਵੈ ਕਹਤੋ ਪਹੁਤਾ ॥੧॥

ਪ੍ਰਭੂ ਦੇ ਚਰਨਾਂ ਤਕ ਪਹੁੰਚ ਤਾਂ ਹਾਸਲ ਨਹੀਂ ਕਰ ਸਕਦਾ, ਪਰ ਆਖਦਾ ਹੈ ਕਿ ਮੈਂ (ਪ੍ਰਭੂ ਦੀ ਹਜ਼ੂਰੀ ਵਿਚ) ਪਹੁੰਚਿਆ ਹੋਇਆ ਹਾਂ ॥੧॥

ਜੋ ਪ੍ਰਿਅ ਮਾਨੇ ਤਿਨ ਕੀ ਰੀਸਾ ॥

ਹੇ ਭਾਈ! ਇਹ ਉਹਨਾਂ ਦੀ ਰੀਸ ਕਰਦਾ ਹੈ ਜੇਹੜੇ ਪਿਆਰੇ ਪ੍ਰਭੂ ਦੇ ਦਰ ਤੋਂ ਸਤਕਾਰ ਹਾਸਲ ਕਰ ਚੁਕੇ ਹਨ।

ਕੂੜੇ ਮੂਰਖ ਕੀ ਹਾਠੀਸਾ ॥੧॥ ਰਹਾਉ ॥

(ਇਹ ਹੈ) ਝੂਠੇ ਮੂਰਖ ਮਨੁੱਖ ਦੇ ਹਠ ਦੀ ਗੱਲ ॥੧॥ ਰਹਾਉ ॥

ਭੇਖ ਦਿਖਾਵੈ ਸਚੁ ਨ ਕਮਾਵੈ ॥

(ਹੇ ਭਾਈ! ਝੂਠਾ ਮੂਰਖ ਹੋਰਨਾਂ ਨੂੰ ਆਪਣੇ ਧਰਮੀ ਹੋਣ ਦੇ ਨਿਰੇ) ਭੇਖ ਵਿਖਾ ਰਿਹਾ ਹੈ, ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਮਾਈ ਨਹੀਂ ਕਰਦਾ।

ਕਹਤੋ ਮਹਲੀ ਨਿਕਟਿ ਨ ਆਵੈ ॥੨॥

ਮੂੰਹੋਂ ਆਖਦਾ ਹੈ ਕਿ ਮੈਂ ਹਜ਼ੂਰੀ ਵਿਚ ਪਹੁੰਚਿਆ ਹੋਇਆ ਹਾਂ, ਪਰ (ਪ੍ਰਭੂ-ਚਰਨਾਂ ਦੇ ਕਿਤੇ) ਨੇੜੇ ਭੀ ਨਹੀਂ ਢੁਕਿਆ ॥੨॥

ਅਤੀਤੁ ਸਦਾਏ ਮਾਇਆ ਕਾ ਮਾਤਾ ॥

(ਹੇ ਭਾਈ! ਵੇਖ ਮੂਰਖ ਦੀ ਹਠ ਦੀ ਗੱਲ! ਇਹ ਆਪਣੇ ਆਪ ਨੂੰ) ਤਿਆਗੀ ਅਖਵਾਂਦਾ ਹੈ ਪਰ ਮਾਇਆ (ਦੀ ਲਾਲਸਾ) ਵਿਚ ਮਸਤ ਰਹਿੰਦਾ ਹੈ।

ਮਨਿ ਨਹੀ ਪ੍ਰੀਤਿ ਕਹੈ ਮੁਖਿ ਰਾਤਾ ॥੩॥

(ਇਸ ਦੇ) ਮਨ ਵਿਚ (ਪ੍ਰਭੂ-ਚਰਨਾਂ ਦਾ) ਪਿਆਰ ਨਹੀਂ ਹੈ, ਪਰ ਮੂੰਹੋਂ ਆਖਦਾ ਹੈ ਕਿ ਮੈਂ (ਪ੍ਰਭੂ ਦੇ ਪ੍ਰੇਮ-ਰੰਗ ਵਿਚ) ਰੰਗਿਆ ਹੋਇਆ ਹਾਂ ॥੩॥

ਕਹੁ ਨਾਨਕ ਪ੍ਰਭ ਬਿਨਉ ਸੁਨੀਜੈ ॥

ਨਾਨਕ ਆਖਦਾ ਹੈ- ਹੇ ਪ੍ਰਭੂ! ਮੇਰੀ ਬੇਨਤੀ ਸੁਣ!

ਕੁਚਲੁ ਕਠੋਰੁ ਕਾਮੀ ਮੁਕਤੁ ਕੀਜੈ ॥੪॥

(ਜੀਵ ਵਿਚਾਰਾ ਕੁਝ ਕਰਨ-ਜੋਗਾ ਨਹੀਂ, ਇਹ) ਮੰਦ-ਕਰਮੀ ਹੈ, ਨਿਰਦਈ ਹੈ, ਵਿਸ਼ਈ ਹੈ (ਫਿਰ ਭੀ ਤੇਰਾ) ਹੈ ਇਸ ਨੂੰ ਇਹਨਾਂ ਵਿਕਾਰਾਂ ਤੋਂ ਖ਼ਲਾਸੀ ਬਖ਼ਸ਼ ॥੪॥

ਦਰਸਨ ਦੇਖੇ ਕੀ ਵਡਿਆਈ ॥

(ਅਸਾਂ ਜੀਵਾਂ ਨੂੰ) ਇਹ ਵਡਿਆਈ ਬਖ਼ਸ਼ ਕਿ ਤੇਰਾ ਦਰਸਨ ਕਰ ਸਕੀਏ।

ਤੁਮ੍ਰ ਸੁਖਦਾਤੇ ਪੁਰਖ ਸੁਭਾਈ ॥੧॥ ਰਹਾਉ ਦੂਜਾ ॥੧॥੭॥

ਹੇ ਪੁਰਖ ਪ੍ਰਭੂ! ਤੂੰ ਸਭ ਸੁਖ ਦੇਣ-ਜੋਗ ਹੈਂ, ਤੂੰ ਪਿਆਰ-ਭਰਪੂਰ ਹੈਂ ॥੧॥ਰਹਾਉ ਦੂਜਾ॥੧॥੭॥


ਸੂਹੀ ਮਹਲਾ ੫ ॥
ਬੁਰੇ ਕਾਮ ਕਉ ਊਠਿ ਖਲੋਇਆ ॥

ਹੇ ਭਾਈ! ਮੂਰਖ ਮਨੁੱਖ ਮੰਦੇ ਕੰਮ ਕਰਨ ਲਈ (ਤਾਂ) ਛੇਤੀ ਤਿਆਰ ਹੋ ਪੈਂਦਾ ਹੈ,

ਨਾਮ ਕੀ ਬੇਲਾ ਪੈ ਪੈ ਸੋਇਆ ॥੧॥

ਪਰ ਪਰਮਾਤਮਾ ਦਾ ਨਾਮ ਸਿਮਰਨ ਦੇ ਵੇਲੇ (ਅੰਮ੍ਰਿਤ ਵੇਲੇ) ਲੰਮੀਆਂ ਤਾਣ ਕੇ ਪਿਆ ਰਹਿੰਦਾ ਹੈ (ਬੇ-ਪਰਵਾਹ ਹੋ ਕੇ ਸੁੱਤਾ ਰਹਿੰਦਾ ਹੈ) ॥੧॥

ਅਉਸਰੁ ਅਪਨਾ ਬੂਝੈ ਨ ਇਆਨਾ ॥

ਹੇ ਭਾਈ! ਬੇਸਮਝ ਮਨੁੱਖ ਇਹ ਨਹੀਂ ਸਮਝਦਾ ਕਿ ਇਹ ਮਨੁੱਖਾ ਜੀਵਨ ਹੀ ਆਪਣਾ ਅਸਲ ਮੌਕਾ ਹੈ (ਜਦੋਂ ਪ੍ਰਭੂ ਨੂੰ ਯਾਦ ਕੀਤਾ ਜਾ ਸਕਦਾ ਹੈ)

ਮਾਇਆ ਮੋਹ ਰੰਗਿ ਲਪਟਾਨਾ ॥੧॥ ਰਹਾਉ ॥

(ਮੂਰਖ ਮਨੁੱਖ) ਮਾਇਆ ਦੇ ਮੋਹ ਦੀ ਲਗਨ ਵਿਚ ਮਸਤ ਰਹਿੰਦਾ ਹੈ ॥੧॥ ਰਹਾਉ ॥

ਲੋਭ ਲਹਰਿ ਕਉ ਬਿਗਸਿ ਫੂਲਿ ਬੈਠਾ ॥

ਹੇ ਭਾਈ! (ਅੰਦਰ ਉੱਠ ਰਹੀ) ਲੋਭ ਦੀ ਲਹਿਰ ਦੇ ਕਾਰਨ (ਮਾਇਕ ਲਾਭ ਦੀ ਆਸ ਤੇ) ਖ਼ੁਸ਼ ਹੋ ਕੇ ਫੁੱਲ ਫੁੱਲ ਬੈਠਦਾ ਹੈ,

ਸਾਧ ਜਨਾ ਕਾ ਦਰਸੁ ਨ ਡੀਠਾ ॥੨॥

ਕਦੇ ਸੰਤ ਜਨਾਂ ਦਾ ਦਰਸਨ (ਭੀ) ਨਹੀਂ ਕਰਦਾ ॥੨॥

ਕਬਹੂ ਨ ਸਮਝੈ ਅਗਿਆਨੁ ਗਵਾਰਾ ॥

ਹੇ ਭਾਈ! ਆਤਮਕ ਜੀਵਨ ਦੀ ਸੂਝ ਤੋਂ ਸੱਖਣਾ ਮੂਰਖ ਮਨੁੱਖ (ਆਪਣੇ ਅਸਲ ਭਲੇ ਦੀ ਗੱਲ) ਕਦੇ ਭੀ ਨਹੀਂ ਸਮਝਦਾ,

ਬਹੁਰਿ ਬਹੁਰਿ ਲਪਟਿਓ ਜੰਜਾਰਾ ॥੧॥ ਰਹਾਉ ॥

ਮੁੜ ਮੁੜ (ਮਾਇਆ ਦੇ) ਧੰਧਿਆਂ ਵਿਚ ਰੁੱਝਾ ਰਹਿੰਦਾ ਹੈ ॥੧॥ ਰਹਾਉ ॥

ਬਿਖੈ ਨਾਦ ਕਰਨ ਸੁਣਿ ਭੀਨਾ ॥

ਹੇ ਭਾਈ! (ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ) ਵਿਸ਼ੇ-ਵਿਕਾਰਾਂ ਦੇ ਗੀਤ ਕੰਨੀਂ ਸੁਣ ਕੇ ਖ਼ੁਸ਼ ਹੁੰਦਾ ਹੈ।

ਹਰਿ ਜਸੁ ਸੁਨਤ ਆਲਸੁ ਮਨਿ ਕੀਨਾ ॥੩॥

ਪਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਨੋਂ ਮਨ ਵਿਚ ਆਲਸ ਕਰਦਾ ਹੈ ॥੩॥

ਦ੍ਰਿਸਟਿ ਨਾਹੀ ਰੇ ਪੇਖਤ ਅੰਧੇ ॥

ਹੇ ਅੰਨ੍ਹੇ! ਤੂੰ ਅੱਖਾਂ ਨਾਲ (ਕਿਉਂ) ਨਹੀਂ ਵੇਖਦਾ,

ਛੋਡਿ ਜਾਹਿ ਝੂਠੇ ਸਭਿ ਧੰਧੇ ॥੧॥ ਰਹਾਉ ॥

ਕਿ ਇਹ ਸਾਰੇ (ਦੁਨੀਆ ਵਾਲੇ) ਧੰਧੇ ਛੱਡ ਕੇ (ਆਖ਼ਰ ਇਥੋਂ) ਚਲਾ ਜਾਏਂਗਾ? ॥੧॥ ਰਹਾਉ ॥

ਕਹੁ ਨਾਨਕ ਪ੍ਰਭ ਬਖਸ ਕਰੀਜੈ ॥

ਨਾਨਕ ਆਖਦਾ ਹੈ- ਹੇ ਪ੍ਰਭੂ! (ਮੇਰੇ ਉਤੇ) ਮੇਹਰ ਕਰ।

ਕਰਿ ਕਿਰਪਾ ਮੋਹਿ ਸਾਧਸੰਗੁ ਦੀਜੈ ॥੪॥

ਕਿਰਪਾ ਕਰ ਕੇ ਮੈਨੂੰ ਗੁਰਮੁਖਾਂ ਦੀ ਸੰਗਤਿ ਬਖ਼ਸ਼ ॥੪॥

ਤਉ ਕਿਛੁ ਪਾਈਐ ਜਉ ਹੋਈਐ ਰੇਨਾ ॥

ਹੇ ਭਾਈ! (ਸਾਧ ਸੰਗਤਿ ਵਿਚੋਂ ਭੀ) ਤਦੋਂ ਹੀ ਕੁਝ ਹਾਸਲ ਕਰ ਸਕੀਦਾ ਹੈ, ਜਦੋਂ ਗੁਰਮੁਖਾਂ ਦੇ ਚਰਨਾਂ ਦੀ ਧੂੜ ਬਣ ਜਾਈਏ।

ਜਿਸਹਿ ਬੁਝਾਏ ਤਿਸੁ ਨਾਮੁ ਲੈਨਾ ॥੧॥ ਰਹਾਉ ॥੨॥੮॥

ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ (ਚਰਨ-ਧੂੜ ਹੋਣ ਦੀ) ਸੂਝ ਬਖ਼ਸ਼ਦਾ ਹੈ, ਓਹ (ਸਾਧ ਸੰਗਤਿ ਵਿਚ ਟਿਕ ਕੇ ਓਸ ਦਾ) ਨਾਮ ਸਿਮਰਦਾ ਹੈ।੧।ਰਹਾਉ ॥੧॥ ਰਹਾਉ ॥੨॥੮॥


ਸੂਹੀ ਮਹਲਾ ੫ ॥
ਘਰ ਮਹਿ ਠਾਕੁਰੁ ਨਦਰਿ ਨ ਆਵੈ ॥

(ਸਾਕਤ ਨੂੰ ਆਪਣੇ) ਹਿਰਦੇ-ਘਰ ਵਿਚ ਮਾਲਕ-ਪ੍ਰਭੂ (ਵੱਸਦਾ) ਨਹੀਂ ਦਿੱਸਦਾ,

ਗਲ ਮਹਿ ਪਾਹਣੁ ਲੈ ਲਟਕਾਵੈ ॥੧॥

ਪੱਥਰ (ਦੀ ਮੂਰਤੀ) ਲੈ ਕੇ ਆਪਣੇ ਗਲ ਵਿਚ ਲਟਕਾਈ ਫਿਰਦਾ ਹੈ ॥੧॥

ਭਰਮੇ ਭੂਲਾ ਸਾਕਤੁ ਫਿਰਤਾ ॥

ਹੇ ਭਾਈ! ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ ਭਟਕਣਾ ਵਿਚ ਪੈ ਕੇ ਕੁਰਾਹੇ ਤੁਰਿਆ ਫਿਰਦਾ ਹੈ।

ਨੀਰੁ ਬਿਰੋਲੈ ਖਪਿ ਖਪਿ ਮਰਤਾ ॥੧॥ ਰਹਾਉ ॥

(ਮੂਰਤੀ ਪੂਜਾ ਕਰ ਕੇ) ਪਾਣੀ (ਹੀ) ਰਿੜਕਦਾ ਹੈ, ਇਹ ਵਿਅਰਥ ਮੇਹਨਤ ਕਰ ਕੇ ਆਤਮਕ ਮੌਤ ਸਹੇੜਦਾ ਰਹਿੰਦਾ ਹੈ ॥੧॥ ਰਹਾਉ ॥

ਜਿਸੁ ਪਾਹਣ ਕਉ ਠਾਕੁਰੁ ਕਹਤਾ ॥

ਹੇ ਭਾਈ! ਸਾਕਤ ਮਨੁੱਖ ਜਿਸ ਪੱਥਰ ਨੂੰ ਪਰਮਾਤਮਾ ਆਖਦਾ (ਸਮਝਦਾ) ਰਹਿੰਦਾ ਹੈ,

ਓਹੁ ਪਾਹਣੁ ਲੈ ਉਸ ਕਉ ਡੁਬਤਾ ॥੨॥

ਉਹ ਪੱਥਰ (ਆਪਣੇ) ਉਸ (ਪੁਜਾਰੀ) ਨੂੰ ਭੀ ਲੈ ਕੇ (ਪਾਣੀ ਵਿਚ) ਡੁੱਬ ਜਾਂਦਾ ਹੈ ॥੨॥

ਗੁਨਹਗਾਰ ਲੂਣ ਹਰਾਮੀ ॥

ਹੇ ਪਾਪੀ! ਹੇ ਅਕਿਰਤਘਣ!

ਪਾਹਣ ਨਾਵ ਨ ਪਾਰਗਿਰਾਮੀ ॥੩॥

ਪੱਥਰ ਦੀ ਬੇੜੀ (ਨਦੀ ਤੋਂ) ਪਾਰ ਨਹੀਂ ਲੰਘ ਸਕਦੀ (ਪੱਥਰ ਦੀ ਮੂਰਤੀ ਦੀ ਪੂਜਾ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘਾ ਸਕਦੀ) ॥੩॥

ਗੁਰ ਮਿਲਿ ਨਾਨਕ ਠਾਕੁਰੁ ਜਾਤਾ ॥

ਹੇ ਨਾਨਕ! ਜਿਸ ਮਨੁੱਖ ਨੇ ਗੁਰੂ ਨੂੰ ਮਿਲ ਕੇ ਮਾਲਕ-ਪ੍ਰਭੂ ਨਾਲ ਡੂੰਘੀ ਸਾਂਝ ਪਾਈ ਹੈ,

ਜਲਿ ਥਲਿ ਮਹੀਅਲਿ ਪੂਰਨ ਬਿਧਾਤਾ ॥੪॥੩॥੯॥

ਉਸ ਨੂੰ ਉਹ ਕਰਤਾਰ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਹਰ ਥਾਂ ਵੱਸਦਾ ਦਿੱਸਦਾ ਹੈ ॥੪॥੩॥੯॥


ਸੂਹੀ ਮਹਲਾ ੫ ॥
ਲਾਲਨੁ ਰਾਵਿਆ ਕਵਨ ਗਤੀ ਰੀ ॥

ਹੇ ਸਖੀ! ਤੂੰ ਕਿਸ ਤਰੀਕੇ ਨਾਲ ਸੋਹਣੇ ਲਾਲ ਦਾ ਮਿਲਾਪ ਪ੍ਰਾਪਤ ਕੀਤਾ ਹੈ?

ਸਖੀ ਬਤਾਵਹੁ ਮੁਝਹਿ ਮਤੀ ਰੀ ॥੧॥

ਹੇ ਸਖੀ! ਮੈਨੂੰ ਭੀ ਉਹ ਅਕਲ ਦੱਸ ॥੧॥

ਸੂਹਬ ਸੂਹਬ ਸੂਹਵੀ ॥

ਹੇ ਸਖੀ! ਤੇਰੇ ਮੂੰਹ ਉਤੇ ਲਾਲੀ ਭਖ ਰਹੀ ਹੈ,

ਅਪਨੇ ਪ੍ਰੀਤਮ ਕੈ ਰੰਗਿ ਰਤੀ ॥੧॥ ਰਹਾਉ ॥

ਤੂੰ ਆਪਣੇ ਪਿਆਰੇ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ ਹੈਂ ॥੧॥ ਰਹਾਉ ॥

ਪਾਵ ਮਲੋਵਉ ਸੰਗਿ ਨੈਨ ਭਤੀਰੀ ॥

ਹੇ ਸਖੀ! (ਮੈਨੂੰ ਭੀ ਦੱਸ) ਮੈਂ ਤੇਰੇ ਪੈਰ ਆਪਣੀਆਂ ਅੱਖਾਂ ਦੀਆਂ ਪੁਤਲੀਆਂ ਨਾਲ ਮਲਾਂਗੀ,

ਜਹਾ ਪਠਾਵਹੁ ਜਾਂਉ ਤਤੀ ਰੀ ॥੨॥

ਤੂੰ ਮੈਨੂੰ ਜਿਥੇ ਭੀ (ਕਿਸੇ ਕੰਮ) ਭੇਜੇਂਗੀ ਮੈਂ ਉਥੇ ਹੀ (ਖ਼ੁਸ਼ੀ ਨਾਲ) ਜਾਵਾਂਗੀ ॥੨॥

ਜਪ ਤਪ ਸੰਜਮ ਦੇਉ ਜਤੀ ਰੀ ॥

ਹੇ ਸਖੀ! ਮੈਂ ਉਸ ਦੇ ਇਵਜ਼ ਵਿਚ ਸਾਰੇ ਜਪ ਤਪ ਸੰਜਮ ਦੇ ਦਿਆਂਗੀ,

ਇਕ ਨਿਮਖ ਮਿਲਾਵਹੁ ਮੋਹਿ ਪ੍ਰਾਨਪਤੀ ਰੀ ॥੩॥

ਅੱਖ ਝਮਕਣ ਜਿਤਨੇ ਸਮੇ ਵਾਸਤੇ ਹੀ ਤੂੰ ਮੈਨੂੰ ਜਿੰਦ ਦਾ ਮਾਲਕ ਪ੍ਰਭੂ ਮਿਲਾ ਦੇ ॥੩॥

ਮਾਣੁ ਤਾਣੁ ਅਹੰਬੁਧਿ ਹਤੀ ਰੀ ॥

ਜੇਹੜੀ ਜੀਵ-ਇਸਤ੍ਰੀ (ਕਿਸੇ ਭੀ ਆਪਣੇ ਮਿਥੇ ਹੋਏ ਪਦਾਰਥ ਜਾਂ ਉੱਦਮ ਆਦਿਕ ਦਾ) ਮਾਣ ਤੇ ਆਸਰਾ ਛੱਡ ਦੇਂਦੀ ਹੈ, ਹਉਮੈ ਵਾਲੀ ਅਕਲ ਤਿਆਗ ਦੇਂਦੀ ਹੈ,

ਸਾ ਨਾਨਕ ਸੋਹਾਗਵਤੀ ਰੀ ॥੪॥੪॥੧੦॥

ਹੇ ਨਾਨਕ! ਉਹ ਸੁਹਾਗ-ਭਾਗ ਵਾਲੀ ਹੋ ਜਾਂਦੀ ਹੈ ॥੪॥੪॥੧੦॥


ਸੂਹੀ ਮਹਲਾ ੫ ॥
ਤੂੰ ਜੀਵਨੁ ਤੂੰ ਪ੍ਰਾਨ ਅਧਾਰਾ ॥

ਹੇ ਪ੍ਰਭੂ! ਤੂੰ ਹੀ ਮੇਰੀ ਜਿੰਦ ਹੈਂ, ਤੂੰ ਹੀ ਮੇਰੀ ਜਿੰਦ ਦਾ ਸਹਾਰਾ ਹੈਂ।

ਤੁਝ ਹੀ ਪੇਖਿ ਪੇਖਿ ਮਨੁ ਸਾਧਾਰਾ ॥੧॥

ਤੈਨੂੰ ਹੀ ਵੇਖ ਕੇ ਮੇਰਾ ਮਨ ਧੀਰਜ ਫੜਦਾ ਹੈ ॥੧॥

ਤੂੰ ਸਾਜਨੁ ਤੂੰ ਪ੍ਰੀਤਮੁ ਮੇਰਾ ॥

ਹੇ ਪ੍ਰਭੂ! ਤੂੰ ਹੀ ਮੇਰਾ ਸੱਜਣ ਹੈਂ ਤੂੰ ਹੀ ਮੇਰਾ ਪਿਆਰਾ ਹੈਂ,

ਚਿਤਹਿ ਨ ਬਿਸਰਹਿ ਕਾਹੂ ਬੇਰਾ ॥੧॥ ਰਹਾਉ ॥

(ਮੇਹਰ ਕਰ) ਕਿਸੇ ਭੀ ਵੇਲੇ ਮਨ ਤੋਂ ਨਾਹ ਵਿੱਸਰ ॥੧॥ ਰਹਾਉ ॥

ਬੈ ਖਰੀਦੁ ਹਉ ਦਾਸਰੋ ਤੇਰਾ ॥

ਹੇ ਪ੍ਰਭੂ! ਮੈਂ ਮੁੱਲ ਖ਼ਰੀਦਿਆ ਹੋਇਆ ਤੇਰਾ ਨਿਮਾਣਾ ਜਿਹਾ ਸੇਵਕ ਹਾਂ,

ਤੂੰ ਭਾਰੋ ਠਾਕੁਰੁ ਗੁਣੀ ਗਹੇਰਾ ॥੨॥

ਤੂੰ ਮੇਰਾ ਵੱਡਾ ਮਾਲਕ ਹੈਂ, ਤੂੰ ਸਾਰੇ ਗੁਣਾਂ ਨਾਲ ਭਰਪੂਰ ਹੈਂ, ਤੂੰ ਡੂੰਘੇ ਜਿਗਰੇ ਵਾਲਾ ਹੈਂ ॥੨॥

ਕੋਟਿ ਦਾਸ ਜਾ ਕੈ ਦਰਬਾਰੇ ॥

ਹੇ ਭਾਈ! ਉਹ ਪ੍ਰਭੂ ਐਸਾ ਹੈ ਕਿ ਕ੍ਰੋੜਾਂ ਸੇਵਕ ਉਸ ਦੇ ਦਰ ਤੇ (ਡਿੱਗੇ ਰਹਿੰਦੇ ਹਨ)

ਨਿਮਖ ਨਿਮਖ ਵਸੈ ਤਿਨ੍ਰ ਨਾਲੇ ॥੩॥

ਉਹ ਹਰ ਵੇਲੇ ਉਹਨਾਂ ਦੇ ਨਾਲ ਵੱਸਦਾ ਹੈ ॥੩॥

ਹਉ ਕਿਛੁ ਨਾਹੀ ਸਭੁ ਕਿਛੁ ਤੇਰਾ ॥

(ਹੇ ਪ੍ਰਭੂ!) ਮੇਰੀ ਆਪਣੀ ਪਾਂਇਆਂ ਕੁਝ ਭੀ ਨਹੀਂ, (ਮੇਰੇ ਪਾਸ ਜੋ ਕੁਝ ਭੀ ਹੈ) ਸਭ ਕੁਝ ਤੇਰਾ ਬਖ਼ਸ਼ਿਆ ਹੋਇਆ ਹੈ।

ਓਤਿ ਪੋਤਿ ਨਾਨਕ ਸੰਗਿ ਬਸੇਰਾ ॥੪॥੫॥੧੧॥

ਹੇ ਨਾਨਕ! (ਆਖ-) ਤਾਣੇ ਪੇਟੇ ਵਾਂਗ ਤੂੰ ਹੀ ਮੇਰੇ ਨਾਲ ਵੱਸਦਾ ਹੈਂ ॥੪॥੫॥੧੧॥


ਸੂਹੀ ਮਹਲਾ ੫ ॥
ਸੂਖ ਮਹਲ ਜਾ ਕੇ ਊਚ ਦੁਆਰੇ ॥

ਹੇ ਭਾਈ! ਜਿਸ ਪਰਮਾਤਮਾ ਦੇ ਮਹਲ ਆਨੰਦ-ਭਰਪੂਰ ਹਨ, ਤੇ ਜਿਸ ਦੇ ਦਰਵਾਜ਼ੇ ਉੱਚੇ ਹਨ (ਭਾਵ, ਉਥੇ ਆਤਮਕ ਆਨੰਦ ਤੋਂ ਬਿਨਾ ਹੋਰ ਕਿਸੇ ਵਿਕਾਰ ਆਦਿਕ ਦੀ ਪਹੁੰਚ ਨਹੀਂ ਹੈ)

ਤਾ ਮਹਿ ਵਾਸਹਿ ਭਗਤ ਪਿਆਰੇ ॥੧॥

ਉਸ (ਆਤਮਕ ਅਡੋਲਤਾ ਪੈਦਾ ਕਰਨ ਵਾਲੀ ਸਿਫ਼ਤਿ-ਸਾਲਾਹ) ਵਿਚ ਉਸ ਪਰਮਾਤਮਾ ਦੇ ਪਿਆਰੇ ਭਗਤ (ਹੀ) ਵੱਸਦੇ ਹਨ ॥੧॥

ਸਹਜ ਕਥਾ ਪ੍ਰਭ ਕੀ ਅਤਿ ਮੀਠੀ ॥

ਹੇ ਭਾਈ! ਆਤਮਕ ਅਡੋਲਤਾ ਪੈਦਾ ਕਰਨ ਵਾਲੀ ਪ੍ਰਭੂ ਦੀ ਸਿਫ਼ਤਿ-ਸਾਲਾਹ ਬੜੀ ਹੀ ਸੁਆਦਲੀ ਹੈ,

ਵਿਰਲੈ ਕਾਹੂ ਨੇਤ੍ਰਹੁ ਡੀਠੀ ॥੧॥ ਰਹਾਉ ॥

ਪਰ ਕਿਸੇ ਵਿਰਲੇ ਹੀ ਮਨੁੱਖ ਨੇ ਉਸ ਨੂੰ ਅੱਖੀਂ ਵੇਖਿਆ ਹੈ (ਮਾਣਿਆ ਹੈ) ॥੧॥ ਰਹਾਉ ॥

ਤਹ ਗੀਤ ਨਾਦ ਅਖਾਰੇ ਸੰਗਾ ॥

ਹੇ ਭਾਈ! ਆਤਮਕ ਅਡੋਲਤਾ ਪੈਦਾ ਕਰਨ ਵਾਲੀ ਉਸ ਸਿਫ਼ਤਿ-ਸਾਲਾਹ ਵਿਚ (ਮਾਨੋ) ਗੀਤ ਤੇ ਰਾਗ ਹੋ ਰਹੇ ਹੁੰਦੇ ਹਨ (ਉਸ ਵਿਚ, ਮਾਨੋ) ਪਿੜ ਬੱਝੇ ਹੁੰਦੇ ਹਨ (ਜਿੱਥੇ ਕਾਮਾਦਿਕ ਪਹਿਲਵਾਨਾਂ ਨਾਲ ਟਾਕਰਾ ਕਰਨ ਦੀ ਜਾਚ ਸਿੱਖੀਦੀ ਹੈ)।

ਊਹਾ ਸੰਤ ਕਰਹਿ ਹਰਿ ਰੰਗਾ ॥੨॥

ਉਸ ਸਿਫ਼ਤਿ-ਸਾਲਾਹ ਵਿਚ ਜੁੜ ਕੇ ਸੰਤ ਜਨ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦੇ ਹਨ ॥੨॥

ਤਹ ਮਰਣੁ ਨ ਜੀਵਣੁ ਸੋਗੁ ਨ ਹਰਖਾ ॥

ਹੇ ਭਾਈ! ਸਿਫ਼ਤਿ-ਸਾਲਾਹ ਵਿਚ ਜੁੜਿਆਂ ਜਨਮ ਮਰਨ ਦਾ ਗੇੜ ਨਹੀਂ ਰਹਿੰਦਾ, ਖ਼ੁਸ਼ੀ ਗ਼ਮੀ ਨਹੀਂ ਪੋਹ ਸਕਦੀ।

ਸਾਚ ਨਾਮ ਕੀ ਅੰਮ੍ਰਿਤ ਵਰਖਾ ॥੩॥

ਉਸ ਅਵਸਥਾ ਵਿਚ ਸਦਾ-ਥਿਰ ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਵਰਖਾ ਹੁੰਦੀ ਰਹਿੰਦੀ ਹੈ ॥੩॥

ਗੁਹਜ ਕਥਾ ਇਹ ਗੁਰ ਤੇ ਜਾਣੀ ॥

ਹੇ ਭਾਈ! (ਸਿਫ਼ਤਿ-ਸਾਲਾਹ ਬਾਰੇ) ਇਹ ਭੇਤ ਦੀ ਗੱਲ (ਨਾਨਕ ਨੇ) ਗੁਰੂ ਪਾਸੋਂ ਸਮਝੀ ਹੈ,

ਨਾਨਕੁ ਬੋਲੈ ਹਰਿ ਹਰਿ ਬਾਣੀ ॥੪॥੬॥੧੨॥

(ਤਾਹੀਏਂ) ਨਾਨਕ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਰਹਿੰਦਾ ਹੈ ॥੪॥੬॥੧੨॥


ਸੂਹੀ ਮਹਲਾ ੫ ॥
ਜਾ ਕੈ ਦਰਸਿ ਪਾਪ ਕੋਟਿ ਉਤਾਰੇ ॥

ਹੇ ਭਾਈ! (ਉਹ ਸੰਤ ਜਨ ਹੀ ਮੇਰੇ ਪਿਆਰੇ ਮਿੱਤਰ ਹਨ) ਜਿਨ੍ਹਾਂ ਦੇ ਦਰਸਨ ਨਾਲ ਕ੍ਰੋੜਾਂ ਪਾਪ ਲਹਿ ਜਾਂਦੇ ਹਨ,

ਭੇਟਤ ਸੰਗਿ ਇਹੁ ਭਵਜਲੁ ਤਾਰੇ ॥੧॥

(ਜਿਨ੍ਹਾਂ ਦੇ ਚਰਨਾਂ) ਨਾਲ ਛੁਹਿਆਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ॥੧॥

ਓਇ ਸਾਜਨ ਓਇ ਮੀਤ ਪਿਆਰੇ ॥

ਹੇ ਭਾਈ! ਉਹ (ਸੰਤ ਜਨ ਹੀ) ਮੇਰੇ ਸੱਜਣ ਹਨ, ਉਹ (ਹੀ) ਮੇਰੇ ਪਿਆਰੇ ਮਿੱਤਰ ਹਨ,

ਜੋ ਹਮ ਕਉ ਹਰਿ ਨਾਮੁ ਚਿਤਾਰੇ ॥੧॥ ਰਹਾਉ ॥

ਜੇਹੜੇ ਮੈਨੂੰ ਪਰਮਾਤਮਾ ਦਾ ਨਾਮ ਚੇਤੇ ਕਰਾਂਦੇ ਹਨ ॥੧॥ ਰਹਾਉ ॥

ਜਾ ਕਾ ਸਬਦੁ ਸੁਨਤ ਸੁਖ ਸਾਰੇ ॥

ਹੇ ਭਾਈ! (ਉਹੀ ਹਨ ਮੇਰੇ ਮਿੱਤਰ) ਜਿਨ੍ਹਾਂ ਦਾ ਬਚਨ ਸੁਣਦਿਆਂ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ,

ਜਾ ਕੀ ਟਹਲ ਜਮਦੂਤ ਬਿਦਾਰੇ ॥੨॥

ਜਿਨ੍ਹਾਂ ਦੀ ਟਹਲ ਕੀਤਿਆਂ ਜਮਦੂਤ (ਭੀ) ਨਾਸ ਹੋ ਜਾਂਦੇ ਹਨ ॥੨॥

ਜਾ ਕੀ ਧੀਰਕ ਇਸੁ ਮਨਹਿ ਸਧਾਰੇ ॥

ਹੇ ਭਾਈ! (ਉਹੀ ਹਨ ਮੇਰੇ ਮਿੱਤਰ) ਜਿਨ੍ਹਾਂ ਦੀ (ਦਿੱਤੀ ਹੋਈ) ਧੀਰਜ (ਮੇਰੇ) ਇਸ ਮਨ ਨੂੰ ਸਹਾਰਾ ਦੇਂਦੀ ਹੈ,

ਜਾ ਕੈ ਸਿਮਰਣਿ ਮੁਖ ਉਜਲਾਰੇ ॥੩॥

ਜਿਨ੍ਹਾਂ (ਦੇ ਦਿੱਤੇ ਹੋਏ ਹਰਿ-ਨਾਮ) ਦੇ ਸਿਮਰਨ ਨਾਲ (ਲੋਕ ਪਰਲੋਕ ਵਿਚ) ਮੂੰਹ ਉਜਲਾ ਹੁੰਦਾ ਹੈ ॥੩॥

ਪ੍ਰਭ ਕੇ ਸੇਵਕ ਪ੍ਰਭਿ ਆਪਿ ਸਵਾਰੇ ॥

ਹੇ ਨਾਨਕ! ਪ੍ਰਭੂ ਨੇ ਆਪ ਹੀ ਆਪਣੇ ਸੇਵਕਾਂ ਦਾ ਜੀਵਨ ਸੋਹਣਾ ਬਣਾ ਦਿੱਤਾ ਹੈ।

ਸਰਣਿ ਨਾਨਕ ਤਿਨ੍ਰ ਸਦ ਬਲਿਹਾਰੇ ॥੪॥੭॥੧੩॥

ਹੇ ਭਾਈ! ਉਹਨਾਂ ਸੇਵਕਾਂ ਦੀ ਸਰਨ ਪੈਣਾ ਚਾਹੀਦਾ ਹੈ, ਉਹਨਾਂ ਤੋਂ ਸਦਾ ਕੁਰਬਾਨ ਹੋਣਾ ਚਾਹੀਦਾ ਹੈ ॥੪॥੭॥੧੩॥


ਸੂਹੀ ਮਹਲਾ ੫ ॥
ਰਹਣੁ ਨ ਪਾਵਹਿ ਸੁਰਿ ਨਰ ਦੇਵਾ ॥

ਹੇ ਭਾਈ! (ਅਨੇਕਾਂ ਮਨੁੱਖ ਆਪਣੇ ਆਪ ਨੂੰ) ਦੈਵੀ ਮਨੁੱਖ, ਦੇਵਤੇ (ਅਖਵਾਉਣ ਵਾਲੇ ਕੋਈ ਭੀ ਇਥੇ) ਸਦਾ ਲਈ ਟਿਕੇ ਨਹੀਂ ਰਹਿ ਸਕਦੇ।

ਊਠਿ ਸਿਧਾਰੇ ਕਰਿ ਮੁਨਿ ਜਨ ਸੇਵਾ ॥੧॥

(ਅਨੇਕਾਂ ਆਪਣੇ ਆਪ ਨੂੰ) ਰਿਸ਼ੀ ਮੁਨੀ (ਅਖਵਾ ਗਏ, ਅਨੇਕਾਂ ਹੀ ਉਹਨਾਂ ਦੀ) ਸੇਵਾ ਕਰ ਕੇ (ਜਗਤ ਤੋਂ ਆਖ਼ਰ ਆਪੋ ਆਪਣੀ ਵਾਰੀ) ਚਲੇ ਜਾਂਦੇ ਰਹੇ ॥੧॥

ਜੀਵਤ ਪੇਖੇ ਜਿਨ੍ਰੀ ਹਰਿ ਹਰਿ ਧਿਆਇਆ ॥

ਹੇ ਭਾਈ! ਆਤਮਕ ਜੀਵਨ ਵਾਲੇ (ਸਫਲ ਜੀਵਨ ਵਾਲੇ ਸਿਰਫ਼ ਉਹੀ) ਵੇਖੇ ਜਾਂਦੇ ਹਨ ਜਿਨ੍ਹਾਂ ਨੇ ਪਰਮਾਤਮਾ ਦਾ ਸਿਮਰਨ ਕੀਤਾ ਹੈ।

ਸਾਧਸੰਗਿ ਤਿਨ੍ਰੀ ਦਰਸਨੁ ਪਾਇਆ ॥੧॥ ਰਹਾਉ ॥

ਉਹਨਾਂ ਨੇ ਹੀ ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਦਰਸਨ ਕੀਤਾ ਹੈ ॥੧॥ ਰਹਾਉ ॥

ਬਾਦਿਸਾਹ ਸਾਹ ਵਾਪਾਰੀ ਮਰਨਾ ॥

ਹੇ ਭਾਈ! ਸ਼ਾਹ, ਵਾਪਾਰੀ, ਬਾਦਸ਼ਾਹ (ਸਭਨਾਂ ਨੇ ਆਖ਼ਰ) ਮਰਨਾ ਹੈ।

ਜੋ ਦੀਸੈ ਸੋ ਕਾਲਹਿ ਖਰਨਾ ॥੨॥

ਜੇਹੜਾ ਭੀ ਕੋਈ (ਇਥੇ) ਦਿੱਸਦਾ ਹੈ, ਹਰੇਕ ਨੂੰ ਮੌਤ ਨੇ ਲੈ ਜਾਣਾ ਹੈ ॥੨॥

ਕੂੜੈ ਮੋਹਿ ਲਪਟਿ ਲਪਟਾਨਾ ॥

ਹੇ ਭਾਈ! ਮਨੁੱਖ ਝੂਠੇ ਮੋਹ ਵਿਚ ਸਦਾ ਫਸਿਆ ਰਹਿੰਦਾ ਹੈ (ਤੇ, ਪਰਮਾਤਮਾ ਨੂੰ ਭੁਲਾਈ ਰੱਖਦਾ ਹੈ,

ਛੋਡਿ ਚਲਿਆ ਤਾ ਫਿਰਿ ਪਛੁਤਾਨਾ ॥੩॥

ਪਰ ਜਦੋਂ ਦੁਨੀਆ ਦੇ ਪਦਾਰਥ) ਛੱਡ ਕੇ ਤੁਰਦਾ ਹੈ, ਤਾਂ ਤਦੋਂ ਪਛੁਤਾਂਦਾ ਹੈ ॥੩॥

ਕ੍ਰਿਪਾ ਨਿਧਾਨ ਨਾਨਕ ਕਉ ਕਰਹੁ ਦਾਤਿ ॥

ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! (ਮੈਨੂੰ) ਨਾਨਕ ਨੂੰ (ਇਹ) ਦਾਤ ਦੇਹ (ਕਿ)

ਨਾਮੁ ਤੇਰਾ ਜਪੀ ਦਿਨੁ ਰਾਤਿ ॥੪॥੮॥੧੪॥

ਮੈਂ (ਨਾਨਕ) ਦਿਨ ਰਾਤ ਤੇਰਾ ਨਾਮ ਜਪਦਾ ਰਹਾਂ ॥੪॥੮॥੧੪॥


Raag-Suhi-Bani
ਸੂਹੀ ਮਹਲਾ ੫ ॥
ਘਟ ਘਟ ਅੰਤਰਿ ਤੁਮਹਿ ਬਸਾਰੇ ॥

ਹੇ ਪ੍ਰਭੂ! ਹਰੇਕ ਸਰੀਰ ਵਿਚ ਤੂੰ ਹੀ ਵੱਸਦਾ ਹੈਂ,

ਸਗਲ ਸਮਗ੍ਰੀ ਸੂਤਿ ਤੁਮਾਰੇ ॥੧॥

(ਦੁਨੀਆ ਦੀਆਂ) ਸਾਰੀਆਂ ਚੀਜ਼ਾਂ ਤੇਰੀ ਹੀ ਮਰਯਾਦਾ ਦੇ ਧਾਗੇ ਵਿਚ (ਪ੍ਰੋਤੀਆਂ ਹੋਈਆਂ) ਹਨ ॥੧॥

ਤੂੰ ਪ੍ਰੀਤਮ ਤੂੰ ਪ੍ਰਾਨ ਅਧਾਰੇ ॥

ਹੇ ਪ੍ਰਭੂ! ਤੂੰ ਸਾਡਾ ਪ੍ਰੀਤਮ ਹੈਂ, ਤੂੰ ਸਾਡੀ ਜਿੰਦ ਦਾ ਆਸਰਾ ਹੈਂ।

ਤੁਮ ਹੀ ਪੇਖਿ ਪੇਖਿ ਮਨੁ ਬਿਗਸਾਰੇ ॥੧॥ ਰਹਾਉ ॥

ਤੈਨੂੰ ਹੀ ਵੇਖ ਵੇਖ ਕੇ (ਸਾਡਾ) ਮਨ ਖ਼ੁਸ਼ ਹੁੰਦਾ ਹੈ ॥੧॥ ਰਹਾਉ ॥

ਅਨਿਕ ਜੋਨਿ ਭ੍ਰਮਿ ਭ੍ਰਮਿ ਭ੍ਰਮਿ ਹਾਰੇ ॥

ਹੇ ਪ੍ਰਭੂ! (ਤੈਥੋਂ ਵਿਛੁੜ ਕੇ ਜੀਵ) ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ ਥੱਕ ਜਾਂਦੇ ਹਨ।

ਓਟ ਗਹੀ ਅਬ ਸਾਧ ਸੰਗਾਰੇ ॥੨॥

ਮਨੁੱਖਾ ਜਨਮ ਵਿਚ ਆ ਕੇ (ਤੇਰੀ ਮੇਹਰ ਨਾਲ) ਸਾਧ ਸੰਗਤਿ ਦਾ ਆਸਰਾ ਲੈਂਦੇ ਹਨ ॥੨॥

ਅਗਮ ਅਗੋਚਰੁ ਅਲਖ ਅਪਾਰੇ ॥

ਹੇ ਭਾਈ! (ਪਰਮਾਤਮਾ) ਜੋ ਅਪਹੁੰਚ ਹੈ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਜੋ ਮਨੁੱਖ ਦੀ ਸਮਝ ਤੋਂ ਪਰੇ ਹੈ, ਅਤੇ ਜੋ ਬੇਅੰਤ ਹੈ,

ਨਾਨਕੁ ਸਿਮਰੈ ਦਿਨੁ ਰੈਨਾਰੇ ॥੩॥੯॥੧੫॥

(ਸਾਧ ਸੰਗਤਿ ਦੀ ਬਰਕਤਿ ਨਾਲ) ਨਾਨਕ ਦਿਨ ਰਾਤ ਉਸ ਦਾ ਨਾਮ ਸਿਮਰਦਾ ਹੈ ॥੩॥੯॥੧੫॥


Raag-Suhi-Bani

ਸੂਹੀ ਮਹਲਾ ੫ ॥
ਕਵਨ ਕਾਜ ਮਾਇਆ ਵਡਿਆਈ ॥

ਹੇ ਭਾਈ! ਉਸ ਮਾਇਆ ਦੇ ਕਾਰਨ ਮਿਲੀ ਵਡਿਆਈ ਭੀ ਕਿਸੇ ਕੰਮ ਨਹੀਂ,

ਜਾ ਕਉ ਬਿਨਸਤ ਬਾਰ ਨ ਕਾਈ ॥੧॥

ਜਿਸ ਮਾਇਆ ਦੇ ਨਾਸ ਹੁੰਦਿਆਂ ਰਤਾ ਚਿਰ ਨਹੀਂ ਲੱਗਦਾ ॥੧॥

ਇਹੁ ਸੁਪਨਾ ਸੋਵਤ ਨਹੀ ਜਾਨੈ ॥

ਹੇ ਭਾਈ! ਇਹ (ਜਗਤ ਇਉਂ ਹੈ, ਜਿਵੇਂ) ਸੁਪਨਾ (ਹੁੰਦਾ) ਹੈ, (ਸੁਪਨੇ ਵਿਚ) ਸੁੱਤਾ ਹੋਇਆ ਮਨੁੱਖ (ਇਹ) ਨਹੀਂ ਜਾਣਦਾ (ਕਿ ਮੈਂ ਸੁੱਤਾ ਪਿਆ ਹਾਂ, ਤੇ ਸੁਪਨਾ ਵੇਖ ਰਿਹਾ ਹਾਂ।

ਅਚੇਤ ਬਿਵਸਥਾ ਮਹਿ ਲਪਟਾਨੈ ॥੧॥ ਰਹਾਉ ॥

ਇਸੇ ਤਰ੍ਹਾਂ ਮਨੁੱਖ ਜਗਤ ਦੇ ਮੋਹ ਵਾਲੀ) ਗ਼ਾਫ਼ਲ ਹਾਲਤ ਵਿਚ (ਜਗਤ ਦੇ ਮੋਹ ਨਾਲ) ਚੰਬੜਿਆ ਰਹਿੰਦਾ ਹੈ ॥੧॥ ਰਹਾਉ ॥

ਮਹਾ ਮੋਹਿ ਮੋਹਿਓ ਗਾਵਾਰਾ ॥

ਹੇ ਭਾਈ! ਮੂਰਖ ਮਨੁੱਖ ਮਾਇਆ ਦੇ ਵੱਡੇ ਮੋਹ ਵਿਚ ਮਸਤ ਰਹਿੰਦਾ ਹੈ,

ਪੇਖਤ ਪੇਖਤ ਊਠਿ ਸਿਧਾਰਾ ॥੨॥

ਪਰ ਵੇਂਹਦਿਆਂ ਵੇਂਹਦਿਆਂ ਹੀ (ਇਥੋਂ) ਉਠ ਕੇ ਤੁਰ ਪੈਂਦਾ ਹੈ ॥੨॥

ਊਚ ਤੇ ਊਚ ਤਾ ਕਾ ਦਰਬਾਰਾ ॥

ਹੇ ਭਾਈ! (ਪਰਮਾਤਮਾ ਦਾ ਨਾਮ ਹੀ ਜਪ) ਉਸ ਦਾ ਦਰਬਾਰ ਉੱਚੇ ਤੋਂ ਉੱਚਾ ਹੈ।

ਕਈ ਜੰਤ ਬਿਨਾਹਿ ਉਪਾਰਾ ॥੩॥

ਉਹ ਅਨੇਕਾਂ ਜੀਵਾਂ ਨੂੰ ਨਾਸ ਭੀ ਕਰਦਾ ਹੈ, ਤੇ, ਪੈਦਾ ਭੀ ਕਰਦਾ ਹੈ ॥੩॥

ਦੂਸਰ ਹੋਆ ਨਾ ਕੋ ਹੋਈ ॥

ਜਿਸ ਪਰਮਾਤਮਾ ਵਰਗਾ ਹੋਰ ਕੋਈ ਦੂਜਾ ਨਾਹ ਅਜੇ ਤਕ ਕੋਈ ਹੋਇਆ ਹੈ, ਨਾਹ ਹੀ (ਅਗਾਂਹ ਨੂੰ) ਹੋਵੇਗਾ,

ਜਪਿ ਨਾਨਕ ਪ੍ਰਭ ਏਕੋ ਸੋਈ ॥੪॥੧੦॥੧੬॥

ਹੇ ਨਾਨਕ! ਉਸ ਇਕ ਪਰਮਾਤਮਾ ਦਾ ਨਾਮ ਹੀ ਜਪਿਆ ਕਰ ॥੪॥੧੦॥੧੬॥
1
2
3
4
5
6