ਵਾਰ ਸੂਹੀ ਕੀ (ਮਹਲਾ 3)-Vaar Suhi ki (Mahalla 3) Path in Punjabi Gurbani
ਵਾਰ ਸੂਹੀ ਕੀ (ਮਹਲਾ 3)-Vaar Suhi ki (Mahalla 3) Path in Punjabi Gurbani
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਵਾਰ ਸੂਹੀ ਕੀ ਸਲੋਕਾ ਨਾਲਿ ਮਹਲਾ ੩ ॥
ਰਾਗ ਸੂਹੀ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ ‘ਵਾਰ’, ਸਲੋਕਾਂ ਸਮੇਤ।
ਸਲੋਕੁ ਮਃ ੩ ॥
ਸੂਹੈ ਵੇਸਿ ਦੋਹਾਗਣੀ ਪਰ ਪਿਰੁ ਰਾਵਣ ਜਾਇ ॥
ਜੋ ਜੀਵ-ਇਸਤ੍ਰੀ ਦੁਨੀਆ ਦੇ ਸੋਹਣੇ ਪਦਾਰਥ-ਰੂਪ ਕਸੁੰਭੇ ਦੇ ਚੁਹਚੁਹੇ ਰੰਗ ਵਾਲੇ ਵੇਸ ਵਿਚ (ਮਸਤ) ਹੈ ਉਹ ਮੰਦੇ ਭਾਗਾਂ ਵਾਲੀ ਹੈ, ਉਹ (ਮਾਨੋ) ਪਰਾਏ ਖਸਮ ਨੂੰ ਭੋਗਣ ਤੁਰ ਪੈਂਦੀ ਹੈ।
ਪਿਰੁ ਛੋਡਿਆ ਘਰਿ ਆਪਣੈ ਮੋਹੀ ਦੂਜੈ ਭਾਇ ॥
ਮਾਇਆ ਦੇ ਪਿਆਰ ਵਿਚ ਉਹ ਲੁੱਟੀ ਜਾ ਰਹੀ ਹੈ (ਕਿਉਂਕਿ) ਉਹ ਆਪਣੇ ਹਿਰਦੇ-ਘਰ ਵਿਚ ਵੱਸਦੇ ਖਸਮ-ਪ੍ਰਭੂ ਨੂੰ ਵਿਸਾਰ ਦੇਂਦੀ ਹੈ।
ਮਿਠਾ ਕਰਿ ਕੈ ਖਾਇਆ ਬਹੁ ਸਾਦਹੁ ਵਧਿਆ ਰੋਗੁ ॥
(ਜਿਸ ਜੀਵ-ਇਸਤ੍ਰੀ ਨੇ ਦੁਨੀਆ ਦੇ ਪਦਾਰਥਾਂ ਨੂੰ) ਸੁਆਦਲੇ ਜਾਣ ਕੇ ਭੋਗਿਆ ਹੈ (ਉਸ ਦੇ ਮਨ ਵਿਚ) ਇਹਨਾਂ ਬਹੁਤੇ ਚਸਕਿਆਂ ਤੋਂ ਰੋਗ ਵਧਦਾ ਹੈ।
ਸੁਧੁ ਭਤਾਰੁ ਹਰਿ ਛੋਡਿਆ ਫਿਰਿ ਲਗਾ ਜਾਇ ਵਿਜੋਗੁ ॥
(ਭਾਵ), ਉਹ ਨਿਰੋਲ ਆਪਣੇ ਖਸਮ-ਪ੍ਰਭੂ ਨੂੰ ਛੱਡ ਬਹਿੰਦੀ ਹੈ ਤੇ ਇਸ ਤਰ੍ਹਾਂ ਉਸ ਨਾਲੋਂ ਇਸ ਦਾ ਵਿਛੋੜਾ ਹੋ ਜਾਂਦਾ ਹੈ।
ਗੁਰਮੁਖਿ ਹੋਵੈ ਸੁ ਪਲਟਿਆ ਹਰਿ ਰਾਤੀ ਸਾਜਿ ਸੀਗਾਰਿ ॥
ਜੋ ਜੀਵ-ਇਸਤ੍ਰੀ ਗੁਰੂ ਦੇ ਹੁਕਮ ਵਿਚ ਤੁਰਦੀ ਹੈ ਉਸ ਦਾ ਮਨ (ਦੁਨੀਆ ਦੇ ਭੋਗਾਂ ਵਲੋਂ) ਪਰਤਦਾ ਹੈ, ਉਹ (ਪ੍ਰਭੂ-ਪਿਆਰ ਰੂਪ ਗਹਣੇ ਨਾਲ ਆਪਣੇ ਆਪ ਨੂੰ) ਸਜਾ ਬਣਾ ਕੇ ਪਰਮਾਤਮਾ (ਦੇ ਪਿਆਰ) ਵਿਚ ਰੱਤੀ ਰਹਿੰਦੀ ਹੈ।
ਸਹਜਿ ਸਚੁ ਪਿਰੁ ਰਾਵਿਆ ਹਰਿ ਨਾਮਾ ਉਰ ਧਾਰਿ ॥
ਪ੍ਰਭੂ ਦਾ ਨਾਮ ਹਿਰਦੇ ਵਿਚ ਧਾਰ ਕੇ ਸਹਜ ਅਵਸਥਾ ਵਿਚ (ਟਿਕ ਕੇ) ਸਦਾ-ਥਿਰ ਰਹਿਣ ਵਾਲੇ ਖਸਮ ਨੂੰ ਮਾਣਦੀ ਹੈ।
ਆਗਿਆਕਾਰੀ ਸਦਾ ਸੁੋਹਾਗਣਿ ਆਪਿ ਮੇਲੀ ਕਰਤਾਰਿ ॥
ਪ੍ਰਭੂ ਦੇ ਹੁਕਮ ਵਿਚ ਤੁਰਨ ਵਾਲੀ ਜੀਵ-ਇਸਤ੍ਰੀ ਸਦਾ ਸੁਹਾਗ ਭਾਗ ਵਾਲੀ ਹੈ, ਕਰਤਾਰ (ਖਸਮ) ਨੇ ਉਸ ਨੂੰ ਆਪਣੇ ਨਾਲ ਮਿਲਾ ਲਿਆ ਹੈ।
ਨਾਨਕ ਪਿਰੁ ਪਾਇਆ ਹਰਿ ਸਾਚਾ ਸਦਾ ਸੁੋਹਾਗਣਿ ਨਾਰਿ ॥੧॥
ਹੇ ਨਾਨਕ! ਜਿਸ ਨੇ ਸਦਾ-ਥਿਰ ਪ੍ਰਭੂ ਖਸਮ ਪ੍ਰਾਪਤ ਕਰ ਲਿਆ ਹੈ ਉਹ (ਜੀਵ-) ਇਸਤ੍ਰੀ ਸਦਾ ਸੁਹਾਗ ਭਾਗ ਵਾਲੀ ਹੈ ॥੧॥
ਮਃ ੩ ॥
ਸੂਹਵੀਏ ਨਿਮਾਣੀਏ ਸੋ ਸਹੁ ਸਦਾ ਸਮੑਾਲਿ ॥
ਹੇ ਚੁਹਚੁਹੇ ਕਸੁੰਭੇ-ਰੰਗ ਨਾਲ ਪਿਆਰ ਕਰਨ ਵਾਲੀਏ ਵਿਚਾਰੀਏ! ਖਸਮ-ਪ੍ਰਭੂ ਨੂੰ ਸਦਾ ਚੇਤੇ ਰੱਖ।
ਨਾਨਕ ਜਨਮੁ ਸਵਾਰਹਿ ਆਪਣਾ ਕੁਲੁ ਭੀ ਛੁਟੀ ਨਾਲਿ ॥੨॥
ਹੇ ਨਾਨਕ! (ਆਖ ਕਿ ਇਸ ਤਰ੍ਹਾਂ) ਤੂੰ ਆਪਣਾ ਜੀਵਨ ਸਵਾਰ ਲਏਂਗੀ, ਤੇਰੀ ਕੁਲ ਭੀ ਤੇਰੇ ਨਾਲ ਮੁਕਤ ਹੋ ਜਾਇਗੀ ॥੨॥
ਪਉੜੀ ॥
ਆਪੇ ਤਖਤੁ ਰਚਾਇਓਨੁ ਆਕਾਸ ਪਤਾਲਾ ॥
ਆਕਾਸ਼ ਤੇ ਪਾਤਾਲ ਦੇ ਵਿਚਲਾ ਸਾਰਾ ਜਗਤ-ਰੂਪ ਤਖ਼ਤ ਪ੍ਰਭੂ ਨੇ ਹੀ ਬਣਾਇਆ ਹੈ।
ਹੁਕਮੇ ਧਰਤੀ ਸਾਜੀਅਨੁ ਸਚੀ ਧਰਮਸਾਲਾ ॥
ਉਸ ਨੇ ਆਪਣੇ ਹੁਕਮ ਵਿਚ ਹੀ ਧਰਤੀ ਜੀਵਾਂ ਦੇ ਧਰਮ ਕਮਾਣ ਲਈ ਥਾਂ ਬਣਾਈ ਹੈ।
ਆਪਿ ਉਪਾਇ ਖਪਾਇਦਾ ਸਚੇ ਦੀਨ ਦਇਆਲਾ ॥
ਹੇ ਦੀਨਾਂ ਤੇ ਦਇਆ ਕਰਨ ਵਾਲੇ ਸਦਾ ਕਾਇਮ ਰਹਿਣ ਵਾਲੇ! ਤੂੰ ਆਪ ਹੀ ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈਂ।
ਸਭਨਾ ਰਿਜਕੁ ਸੰਬਾਹਿਦਾ ਤੇਰਾ ਹੁਕਮੁ ਨਿਰਾਲਾ ॥
(ਹੇ ਪ੍ਰਭੂ!) ਤੇਰਾ ਹੁਕਮ ਅਨੋਖਾ ਹੈ (ਭਾਵ, ਕੋਈ ਇਸ ਨੂੰ ਮੋੜ ਨਹੀਂ ਸਕਦਾ) ਤੂੰ ਸਭ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈਂ।
ਆਪੇ ਆਪਿ ਵਰਤਦਾ ਆਪੇ ਪ੍ਰਤਿਪਾਲਾ ॥੧॥
ਹਰ ਥਾਂ ਤੂੰ ਖ਼ੁਦ ਆਪ ਮੌਜੂਦ ਹੈਂ ਤੇ ਤੂੰ ਆਪ ਹੀ ਜੀਵਾਂ ਦੀ ਪਾਲਣਾ ਕਰਦਾ ਹੈਂ ॥੧॥
ਸਲੋਕੁ ਮਃ ੩ ॥
ਸੂਹਬ ਤਾ ਸੋਹਾਗਣੀ ਜਾ ਮੰਨਿ ਲੈਹਿ ਸਚੁ ਨਾਉ ॥
ਹੇ ਸੂਹੇ ਵੇਸ ਵਾਲੀਏ! ਜੇ ਤੂੰ ਸਦਾ-ਥਿਰ (ਪ੍ਰਭੂ ਦਾ) ਨਾਮ ਮੰਨ ਲਏਂ ਤਾਂ ਤੂੰ ਸੁਹਾਗ ਭਾਗ ਵਾਲੀ ਹੋ ਜਾਏਂ।
ਸਤਿਗੁਰੁ ਅਪਣਾ ਮਨਾਇ ਲੈ ਰੂਪੁ ਚੜੀ ਤਾ ਅਗਲਾ ਦੂਜਾ ਨਾਹੀ ਥਾਉ ॥
ਆਪਣੇ ਗੁਰੂ ਨੂੰ ਪ੍ਰਸੰਨ ਕਰ ਲੈ, ਬੜੀ (ਨਾਮ-) ਰੰਗਣ ਚੜ੍ਹ ਆਵੇਗੀ (ਪਰ ਇਸ ਰੰਗਣ ਲਈ ਗੁਰੂ ਤੋਂ ਬਿਨਾ) ਕੋਈ ਹੋਰ ਥਾਂ ਨਹੀਂ ਹੈ।
ਐਸਾ ਸੀਗਾਰੁ ਬਣਾਇ ਤੂ ਮੈਲਾ ਕਦੇ ਨ ਹੋਵਈ ਅਹਿਨਿਸਿ ਲਾਗੈ ਭਾਉ ॥
(ਸੋ ਗੁਰੂ ਦੀ ਸਰਨ ਪੈ ਕੇ) ਅਜੇਹਾ (ਸੋਹਣਾ ਸਿੰਗਾਰ ਬਣਾ ਜੋ ਕਦੇ ਮੈਲਾ ਨਾਹ ਹੋਵੇ ਤੇ ਦਿਨ ਰਾਤ ਤੇਰਾ ਪਿਆਰ (ਪ੍ਰਭੂ ਨਾਲ) ਬਣਿਆ ਰਹੇ।
ਨਾਨਕ ਸੋਹਾਗਣਿ ਕਾ ਕਿਆ ਚਿਹਨੁ ਹੈ ਅੰਦਰਿ ਸਚੁ ਮੁਖੁ ਉਜਲਾ ਖਸਮੈ ਮਾਹਿ ਸਮਾਇ ॥੧॥
ਹੇ ਨਾਨਕ! (ਇਸ ਤੋਂ ਬਿਨਾ) ਸੁਹਾਗ ਭਾਗ ਵਾਲੀ ਜੀਵ-ਇਸਤ੍ਰੀ ਦਾ ਹੋਰ ਕੀਹ ਲੱਛਣ ਹੋ ਸਕਦਾ ਹੈ? ਉਸ ਦੇ ਅੰਦਰ ਸੱਚਾ ਨਾਮ ਹੋਵੇ, ਮੂੰਹ (ਉਤੇ ਨਾਮ ਦੀ) ਲਾਲੀ ਹੋਵੇ ਤੇ ਉਹ ਖਸਮ-ਪ੍ਰਭੂ ਵਿਚ ਜੁੜੀ ਰਹੇ ॥੧॥
ਮਃ ੩ ॥
ਲੋਕਾ ਵੇ ਹਉ ਸੂਹਵੀ ਸੂਹਾ ਵੇਸੁ ਕਰੀ ॥
ਹੇ ਲੋਕੋ! ਮੈਂ (ਨਿਰੀ) ਸੂਹੇ ਵੇਸੁ ਵਾਲੀ (ਹੀ) ਹਾਂ, ਮੈਂ (ਨਿਰੇ) ਸੂਹੇ ਕੱਪੜੇ (ਹੀ) ਪਾਂਦੀ ਹਾਂ;
ਵੇਸੀ ਸਹੁ ਨ ਪਾਈਐ ਕਰਿ ਕਰਿ ਵੇਸ ਰਹੀ ॥
ਪਰ (ਨਿਰੇ) ਵੇਸਾਂ ਨਾਲ ਖਸਮ (-ਪ੍ਰਭੂ) ਨਹੀਂ ਮਿਲਦਾ, ਮੈਂ ਵੇਸ ਕਰ ਕਰ ਕੇ ਥੱਕ ਗਈ ਹਾਂ।
ਨਾਨਕ ਤਿਨੀ ਸਹੁ ਪਾਇਆ ਜਿਨੀ ਗੁਰ ਕੀ ਸਿਖ ਸੁਣੀ ॥
ਹੇ ਨਾਨਕ! ਖਸਮ ਉਹਨਾਂ ਨੂੰ (ਹੀ) ਮਿਲਦਾ ਹੈ ਜਿਨ੍ਹਾਂ ਨੇ ਸਤਿਗੁਰੂ ਦੀ ਸਿੱਖਿਆ ਸੁਣੀ ਹੈ।
ਜੋ ਤਿਸੁ ਭਾਵੈ ਸੋ ਥੀਐ ਇਨ ਬਿਧਿ ਕੰਤ ਮਿਲੀ ॥੨॥
(ਜਦੋਂ ਜੀਵ-ਇਸਤ੍ਰੀ ਇਸ ਅਵਸਥਾ ਤੇ ਅੱਪੜ ਜਾਏ ਕਿ) ਜੋ ਪ੍ਰਭੂ ਨੂੰ ਭਾਉਂਦਾ ਹੈ ਉਹੀ ਹੁੰਦਾ ਹੈ, ਤਾਂ ਇਸ ਤਰ੍ਹਾਂ ਉਹ ਖਸਮ-ਪ੍ਰਭੂ ਨੂੰ ਮਿਲ ਪੈਂਦੀ ਹੈ ॥੨॥
ਪਉੜੀ ॥
ਹੁਕਮੀ ਸ੍ਰਿਸਟਿ ਸਾਜੀਅਨੁ ਬਹੁ ਭਿਤਿ ਸੰਸਾਰਾ ॥
ਉਸ ਪ੍ਰਭੂ ਨੇ ਇਹ ਸ੍ਰਿਸ਼ਟੀ ਇਹ ਸੰਸਾਰ ਆਪਣੇ ਹੁਕਮ ਅਨੁਸਾਰ ਕਈ ਕਿਸਮਾਂ ਦਾ ਬਣਾਇਆ ਹੈ।
ਤੇਰਾ ਹੁਕਮੁ ਨ ਜਾਪੀ ਕੇਤੜਾ ਸਚੇ ਅਲਖ ਅਪਾਰਾ ॥
ਹੇ ਸੱਚੇ! ਹੇ ਅਲੱਖ! ਤੇ ਹੇ ਬੇਅੰਤ ਪ੍ਰਭੂ! ਇਹ ਸਮਝ ਨਹੀਂ ਪੈਂਦੀ ਕਿ ਤੇਰਾ ਹੁਕਮ ਕੇਡਾ ਕੁ (ਬਲਵਾਨ) ਹੈ।
ਇਕਨਾ ਨੋ ਤੂ ਮੇਲਿ ਲੈਹਿ ਗੁਰ ਸਬਦਿ ਬੀਚਾਰਾ ॥
ਕਈ ਜੀਵਾਂ ਨੂੰ ਤੂੰ ਗੁਰ-ਸ਼ਬਦ ਵਿਚ ਜੋੜ ਕੇ ਆਪਣੇ ਨਾਲ ਮਿਲਾ ਲੈਂਦਾ ਹੈਂ,
ਸਚਿ ਰਤੇ ਸੇ ਨਿਰਮਲੇ ਹਉਮੈ ਤਜਿ ਵਿਕਾਰਾ ॥
ਉਹ ਹਉਮੈ-ਰੂਪ ਵਿਕਾਰ ਤਿਆਗ ਕੇ ਤੇਰੇ ਨਾਮ ਵਿਚ ਰੰਗੇ ਜਾਂਦੇ ਹਨ ਤੇ ਪਵਿਤ੍ਰ ਹੋ ਜਾਂਦੇ ਹਨ।
ਜਿਸੁ ਤੂ ਮੇਲਹਿ ਸੋ ਤੁਧੁ ਮਿਲੈ ਸੋਈ ਸਚਿਆਰਾ ॥੨॥
ਹੇ ਪ੍ਰਭੂ! ਜਿਸ ਨੂੰ ਤੂੰ ਮਿਲਾਂਦਾ ਹੈਂ ਉਹ ਤੈਨੂੰ ਮਿਲਦਾ ਹੈ ਤੇ ਉਹੀ ਸੱਚ ਦਾ ਵਪਾਰੀ ਹੈ ॥੨॥
ਸਲੋਕੁ ਮਃ ੩ ॥
ਸੂਹਵੀਏ ਸੂਹਾ ਸਭੁ ਸੰਸਾਰੁ ਹੈ ਜਿਨ ਦੁਰਮਤਿ ਦੂਜਾ ਭਾਉ ॥
ਹੇ ਕਸੁੰਭੇ-ਰੰਗ ਨਾਲ ਪਿਆਰ ਕਰਨ ਵਾਲੀਏ! ਜਿਨ੍ਹਾਂ ਦੇ ਅੰਦਰ ਮਾਇਆ ਦਾ ਮੋਹ ਹੈ ਤੇ ਭੈੜੀ ਮਤਿ ਹੈ ਉਹਨਾਂ ਨੂੰ ਸੰਸਾਰ ਚੁਹਚੁਹਾ ਜਾਪਦਾ ਹੈ (ਭਾਵ ਉਹਨਾਂ ਨੂੰ ਦੁਨੀਆ ਦਾ ਮੋਹ ਖਿੱਚ ਪਾਂਦਾ ਹੈ);
ਖਿਨ ਮਹਿ ਝੂਠੁ ਸਭੁ ਬਿਨਸਿ ਜਾਇ ਜਿਉ ਟਿਕੈ ਨ ਬਿਰਖ ਕੀ ਛਾਉ ॥
ਪਰ ਇਹ ਕਸੁੰਭਾ-ਰੰਗ ਝੂਠਾ ਹੈ ਪਲ ਵਿਚ ਨਾਸ ਹੋ ਜਾਂਦਾ ਹੈ ਜਿਵੇਂ ਰੁੱਖ ਦੀ ਛਾਂ ਨਹੀਂ ਟਿਕਦੀ।
ਗੁਰਮੁਖਿ ਲਾਲੋ ਲਾਲੁ ਹੈ ਜਿਉ ਰੰਗਿ ਮਜੀਠ ਸਚੜਾਉ ॥
ਜੋ ਜੀਵ-ਇਸਤ੍ਰੀ ਗੁਰੂ ਦੇ ਸਨਮੁਖ ਹੁੰਦੀ ਹੈ ਉਸਨੂੰ ਨਿਰੋਲ ਪੱਕਾ ਲਾਲ (ਨਾਮ) ਰੰਗ ਚੜ੍ਹਦਾ ਹੈ ਜਿਵੇਂ ਉਹ ਮਜੀਠ ਦੇ ਰੰਗ ਵਿਚ (ਰੰਗੀ ਹੁੰਦੀ) ਹੈ।
ਉਲਟੀ ਸਕਤਿ ਸਿਵੈ ਘਰਿ ਆਈ ਮਨਿ ਵਸਿਆ ਹਰਿ ਅੰਮ੍ਰਿਤ ਨਾਉ ॥
ਉਹ ਮਾਇਆ ਵਲੋਂ ਪਰਤ ਕੇ ਪਰਮਾਤਮਾ ਦੇ ਸਰੂਪ ਵਿਚ ਟਿਕਦੀ ਹੈ, ਉਸ ਦੇ ਮਨ ਵਿਚ ਪਰਮਾਤਮਾ ਦਾ ਅੰਮ੍ਰਿਤ ਨਾਮ ਵੱਸਦਾ ਹੈ।
ਨਾਨਕ ਬਲਿਹਾਰੀ ਗੁਰ ਆਪਣੇ ਜਿਤੁ ਮਿਲਿਐ ਹਰਿ ਗੁਣ ਗਾਉ ॥੧॥
ਹੇ ਨਾਨਕ! ਆਪਣੇ ਗੁਰੂ ਤੋਂ ਸਦਕੇ ਹੋਵੀਏ ਜਿਸ ਨੂੰ ਮਿਲਿਆਂ ਪਰਮਾਤਮਾ ਦੇ ਗੁਣ ਗਾਵੀਦੇ ਹਨ ॥੧॥
ਮਃ ੩ ॥
ਸੂਹਾ ਰੰਗੁ ਵਿਕਾਰੁ ਹੈ ਕੰਤੁ ਨ ਪਾਇਆ ਜਾਇ ॥
(ਜਿਵੇਂ) ਚੁਹਚੁਹਾ ਰੰਗ (ਇਸਤ੍ਰੀ ਦੇ ਮਨ ਨੂੰ ਖਿੱਚ ਪਾਂਦਾ ਹੈ, ਤਿਵੇਂ) ਵਿਕਾਰ (ਜੀਵ-ਇਸਤ੍ਰੀ ਨੂੰ) ਖਿੱਚਦਾ ਹੈ (ਇਸ ਖਿੱਚ ਵਿਚ ਫਸਿਆਂ) ਖਸਮ-ਪ੍ਰਭੂ ਨਹੀਂ ਮਿਲ ਸਕਦਾ,
ਇਸੁ ਲਹਦੇ ਬਿਲਮ ਨ ਹੋਵਈ ਰੰਡ ਬੈਠੀ ਦੂਜੈ ਭਾਇ ॥
(ਵਿਕਾਰ ਦੇ) ਇਸ (ਚੁਹਚੁਹੇ ਰੰਗ) ਦੇ ਉਤਰਦਿਆਂ ਢਿੱਲ ਭੀ ਨਹੀਂ ਲੱਗਦੀ (ਸੋ) ਮਾਇਆ ਦੇ ਮੋਹ ਵਿਚ (ਫਸੀ ਜੀਵ-ਇਸਤ੍ਰੀ ਨੂੰ) ਰੰਡੀ ਹੋਈ ਜਾਣੋ।
ਮੁੰਧ ਇਆਣੀ ਦੁੰਮਣੀ ਸੂਹੈ ਵੇਸਿ ਲੁੋਭਾਇ ॥
ਜੋ (ਮਾਇਆ ਦੇ) ਚੁਹਚੁਹੇ ਵੇਸ ਵਿਚ ਲੁਭਿਤ ਹੈ ਉਹ (ਜੀਵ-) ਇਸਤ੍ਰੀ ਅੰਞਾਣੀ ਹੈ ਉਸ ਦਾ ਮਨ ਸਦਾ ਡੋਲਦਾ ਹੈ।
ਸਬਦਿ ਸਚੈ ਰੰਗੁ ਲਾਲੁ ਕਰਿ ਭੈ ਭਾਇ ਸੀਗਾਰੁ ਬਣਾਇ ॥
(ਜੋ ਜੋ ਜੀਵ-ਇਸਤ੍ਰੀ) ਸੱਚੇ ਸਬਦ ਦੀ ਰਾਹੀਂ (ਪ੍ਰਭੂ-ਨਾਮ ਦਾ ਪੱਕਾ) ਲਾਲ ਰੰਗ ਬਣਾ ਕੇ, ਪ੍ਰਭੂ ਦੇ ਡਰ ਤੇ ਪ੍ਰੇਮ ਦੀ ਰਾਹੀਂ (ਆਪਣੇ ਮਨ ਦਾ) ਸੋਹਜ ਬਣਾਂਦੀ ਹੈ,
ਨਾਨਕ ਸਦਾ ਸੋਹਾਗਣੀ ਜਿ ਚਲਨਿ ਸਤਿਗੁਰ ਭਾਇ ॥੨॥
ਜੋ ਸਤਿਗੁਰੂ ਦੇ ਪਿਆਰ ਵਿਚ (ਇਸ ਜੀਵਨ-ਪੰਧ ਤੇ) ਤੁਰਦੀਆਂ ਹਨ, ਹੇ ਨਾਨਕ! ਉਹ ਸਦਾ ਸੁਹਾਗ ਭਾਗ ਵਾਲੀਆਂ ਹਨ ॥੨॥
ਪਉੜੀ ॥
ਆਪੇ ਆਪਿ ਉਪਾਇਅਨੁ ਆਪਿ ਕੀਮਤਿ ਪਾਈ ॥
ਪ੍ਰਭੂ ਨੇ ਆਪ ਹੀ (ਸਾਰੇ ਜੀਵ) ਪੈਦਾ ਕੀਤੇ ਹਨ ਉਹ ਆਪ ਹੀ (ਇਹਨਾਂ ਦੀ) ਕਦਰ ਜਾਣਦਾ ਹੈ;
ਤਿਸ ਦਾ ਅੰਤੁ ਨ ਜਾਪਈ ਗੁਰ ਸਬਦਿ ਬੁਝਾਈ ॥
ਉਸ ਪ੍ਰਭੂ ਦਾ ਅੰਤ ਨਹੀਂ ਪੈ ਸਕਦਾ (ਭਾਵ, ਉਸ ਦੀ ਇਸ ਖੇਡ ਦੀ ਸਮਝ ਨਹੀਂ ਪੈ ਸਕਦੀ), ਗੁਰੂ ਦੇ ਸਬਦ ਦੀ ਰਾਹੀਂ ਸਮਝ (ਆਪ ਹੀ) ਬਖ਼ਸ਼ਦਾ ਹੈ।
ਮਾਇਆ ਮੋਹੁ ਗੁਬਾਰੁ ਹੈ ਦੂਜੈ ਭਰਮਾਈ ॥
ਮਾਇਆ ਦਾ ਮੋਹ (ਮਾਨੋ) ਘੁੱਪ ਹਨੇਰਾ ਹੈ (ਇਸ ਹਨੇਰੇ ਵਿਚ ਤੁਰ ਕੇ ਜੀਵ ਜ਼ਿੰਦਗੀ ਦਾ ਅਸਲ ਰਾਹ ਭੁੱਲ ਕੇ) ਹੋਰ ਪਾਸੇ ਭਟਕਣ ਲੱਗ ਪੈਂਦਾ ਹੈ।
ਮਨਮੁਖ ਠਉਰ ਨ ਪਾਇਨੑੀ ਫਿਰਿ ਆਵੈ ਜਾਈ ॥
ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ (ਜ਼ਿੰਦਗੀ ਦੇ ਸਫ਼ਰ ਦੀ) ਅਸਲ ਮੰਜ਼ਲ ਨਹੀਂ ਲੱਭਦੀ, ਮਨਮੁਖ ਮਨੁੱਖ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ।
ਜੋ ਤਿਸੁ ਭਾਵੈ ਸੋ ਥੀਐ ਸਭ ਚਲੈ ਰਜਾਈ ॥੩॥
(ਪਰ ਕੁਝ ਕਿਹਾ ਨਹੀਂ ਜਾ ਸਕਦਾ) ਜੋ ਉਸ ਪ੍ਰਭੂ ਨੂੰ ਭਾਂਦਾ ਹੈ ਉਹੀ ਹੁੰਦਾ ਹੈ, ਸਾਰੀ ਸ੍ਰਿਸ਼ਟੀ ਉਸ ਦੀ ਰਜ਼ਾ ਵਿਚ ਤੁਰ ਰਹੀ ਹੈ ॥੩॥
ਸਲੋਕੁ ਮਃ ੩ ॥
ਸੂਹੈ ਵੇਸਿ ਕਾਮਣਿ ਕੁਲਖਣੀ ਜੋ ਪ੍ਰਭ ਛੋਡਿ ਪਰ ਪੁਰਖ ਧਰੇ ਪਿਆਰੁ ॥
(ਮਾਇਆ ਦੇ) ਚੁਹਚੁਹੇ ਵੇਸ ਵਿਚ (ਮਸਤ ਜੀਵ-ਇਸਤ੍ਰੀ, ਮਾਨੋ,) ਬਦਕਾਰ ਇਸਤ੍ਰੀ ਹੈ ਜੋ ਪ੍ਰਭੂ (ਖਸਮ) ਨੂੰ ਵਿਸਾਰ ਕੇ ਪਰਾਏ ਮਨੁੱਖ ਨਾਲ ਪਿਆਰ ਕਰਦੀ ਹੈ;
ਓਸੁ ਸੀਲੁ ਨ ਸੰਜਮੁ ਸਦਾ ਝੂਠੁ ਬੋਲੈ ਮਨਮੁਖਿ ਕਰਮ ਖੁਆਰੁ ॥
ਉਸ ਦਾ ਨਾਹ ਚੰਗਾ ਆਚਰਨ ਹੈ, ਨਾਹ ਜੁਗਤਿ ਵਾਲਾ ਜੀਵਨ ਹੈ, ਸਦਾ ਝੂਠ ਬੋਲਦੀ ਹੈ, ਆਪ-ਹੁਦਰੇ ਕੰਮਾਂ ਕਰਕੇ ਖ਼ੁਆਰ ਹੁੰਦੀ ਹੈ।
ਜਿਸੁ ਪੂਰਬਿ ਹੋਵੈ ਲਿਖਿਆ ਤਿਸੁ ਸਤਿਗੁਰੁ ਮਿਲੈ ਭਤਾਰੁ ॥
ਜਿਸ ਦੇ ਮੱਥੇ ਤੇ ਧੁਰ ਦਰਗਾਹੋਂ ਭਾਗ ਹੋਣ, ਉਸ ਨੂੰ ਗੁਰੂ ਰਾਖਾ ਮਿਲ ਪੈਂਦਾ ਹੈ,
ਸੂਹਾ ਵੇਸੁ ਸਭੁ ਉਤਾਰਿ ਧਰੇ ਗਲਿ ਪਹਿਰੈ ਖਿਮਾ ਸੀਗਾਰੁ ॥
ਫਿਰ ਉਹ ਚੁਹਚੁਹਾ ਵੇਸ ਸਾਰਾ ਲਾਹ ਦੇਂਦੀ ਹੈ ਤੇ ਸਹਿਣ-ਸ਼ੀਲਤਾ ਦਾ ਗਹਣਾ ਗਲ ਵਿਚ ਪਾਂਦੀ ਹੈ।
ਪੇਈਐ ਸਾਹੁਰੈ ਬਹੁ ਸੋਭਾ ਪਾਏ ਤਿਸੁ ਪੂਜ ਕਰੇ ਸਭੁ ਸੈਸਾਰੁ ॥
ਇਸ ਲੋਕ ਤੇ ਪਰਲੋਕ ਵਿਚ ਉਸ ਦੀ ਬੜੀ ਇੱਜ਼ਤ ਹੁੰਦੀ ਹੈ, ਸਾਰਾ ਜਗਤ ਉਸ ਦਾ ਆਦਰ ਕਰਦਾ ਹੈ।
ਓਹ ਰਲਾਈ ਕਿਸੈ ਦੀ ਨਾ ਰਲੈ ਜਿਸੁ ਰਾਵੇ ਸਿਰਜਨਹਾਰੁ ॥
ਜਿਸ ਨੂੰ ਸਾਰੇ ਜਗ ਦਾ ਪੈਦਾ ਕਰਨ ਵਾਲਾ ਖਸਮ ਮਿਲ ਜਾਏ, ਉਸ ਦਾ ਜੀਵਨ ਨਿਰਾਲਾ ਹੀ ਹੋ ਜਾਂਦਾ ਹੈ;
ਨਾਨਕ ਗੁਰਮੁਖਿ ਸਦਾ ਸੁਹਾਗਣੀ ਜਿਸੁ ਅਵਿਨਾਸੀ ਪੁਰਖੁ ਭਰਤਾਰੁ ॥੧॥
ਹੇ ਨਾਨਕ! ਜਿਸ ਦੇ ਸਿਰ ਤੇ ਕਦੇ ਨਾਹ ਮਰਨ ਵਾਲਾ ਖਸਮ ਹੋਵੇ, ਜੋ ਸਦਾ ਗੁਰੂ ਦੇ ਹੁਕਮ ਵਿਚ ਤੁਰੇ ਉਹ ਜੀਵ-ਇਸਤ੍ਰੀ ਸਦਾ ਸੁਹਾਗ ਭਾਗ ਵਾਲੀ ਹੁੰਦੀ ਹੈ ॥੧॥
ਮਃ ੧ ॥
ਸੂਹਾ ਰੰਗੁ ਸੁਪਨੈ ਨਿਸੀ ਬਿਨੁ ਤਾਗੇ ਗਲਿ ਹਾਰੁ ॥
(ਮਾਇਆ ਦਾ) ਚੁਹਚੁਹਾ ਰੰਗ (ਮਾਨੋ) ਰਾਤ ਦਾ ਸੁਫ਼ਨਾ ਹੈ, (ਮਾਨੋ) ਧਾਗੇ ਤੋਂ ਬਿਨਾ ਹਾਰ ਗਲ ਵਿਚ ਪਾਇਆ ਹੋਇਆ ਹੈ;
ਸਚਾ ਰੰਗੁ ਮਜੀਠ ਕਾ ਗੁਰਮੁਖਿ ਬ੍ਰਹਮ ਬੀਚਾਰੁ ॥
ਗੁਰੂ ਦੇ ਸਨਮੁਖ ਹੋ ਕੇ ਰੱਬ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ, (ਮਾਨੋ) ਮਜੀਠ ਦਾ ਪੱਕਾ ਰੰਗ ਹੈ।
ਨਾਨਕ ਪ੍ਰੇਮ ਮਹਾ ਰਸੀ ਸਭਿ ਬੁਰਿਆਈਆ ਛਾਰੁ ॥੨॥
ਹੇ ਨਾਨਕ! ਜੋ ਜੀਵ-ਇਸਤ੍ਰੀ (ਪ੍ਰਭੂ ਦੇ) ਪਿਆਰ ਦੇ ਮਹਾ ਰਸ ਵਿਚ ਭਿੱਜੀ ਹੋਈ ਹੈ ਉਸ ਦੇ ਸਾਰੇ ਭੈੜ (ਸੜ ਕੇ) ਸੁਆਹ ਹੋ ਜਾਂਦੇ ਹਨ ॥੨॥
ਪਉੜੀ ॥
ਇਹੁ ਜਗੁ ਆਪਿ ਉਪਾਇਓਨੁ ਕਰਿ ਚੋਜ ਵਿਡਾਨੁ ॥
ਹੈਰਾਨ ਕਰਨ ਵਾਲੇ ਕੌਤਕ ਕਰ ਕੇ ਪ੍ਰਭੂ ਨੇ ਆਪ ਇਹ ਜਗਤ ਪੈਦਾ ਕੀਤਾ,
ਪੰਚ ਧਾਤੁ ਵਿਚਿ ਪਾਈਅਨੁ ਮੋਹੁ ਝੂਠੁ ਗੁਮਾਨੁ ॥
ਇਸ ਵਿਚ ਪੰਜ ਤੱਤ ਪਾ ਦਿੱਤੇ ਜੋ ਮੋਹ ਝੂਠ ਤੇ ਗੁਮਾਨ (ਆਦਿਕ ਦਾ ਮੂਲ) ਹਨ।
ਆਵੈ ਜਾਇ ਭਵਾਈਐ ਮਨਮੁਖੁ ਅਗਿਆਨੁ ॥
ਗਿਆਨ-ਹੀਨ ਆਪ-ਹੁਦਰਾ ਮਨੁੱਖ (ਇਹਨਾਂ ਵਿਚ ਫਸ ਕੇ) ਭਟਕਦਾ ਹੈ ਤੇ ਜੰਮਦਾ ਮਰਦਾ ਹੈ।
ਇਕਨਾ ਆਪਿ ਬੁਝਾਇਓਨੁ ਗੁਰਮੁਖਿ ਹਰਿ ਗਿਆਨੁ ॥
ਕਈ ਜੀਵਾਂ ਨੂੰ ਪ੍ਰਭੂ ਨੇ ਗੁਰੂ ਦੇ ਸਨਮੁਖ ਕਰ ਕੇ ਆਪਣਾ ਗਿਆਨ ਆਪ ਸਮਝਾਇਆ ਹੈ,
ਭਗਤਿ ਖਜਾਨਾ ਬਖਸਿਓਨੁ ਹਰਿ ਨਾਮੁ ਨਿਧਾਨੁ ॥੪॥
ਤੇ ਉਸ ਪ੍ਰਭੂ ਨੇ ਭਗਤੀ ਤੇ ਨਾਮ-ਰੂਪ ਖ਼ਜ਼ਾਨਾ ਬਖ਼ਸ਼ਿਆ ਹੈ ॥੪॥
ਸਲੋਕੁ ਮਃ ੩ ॥
ਸੂਹਵੀਏ ਸੂਹਾ ਵੇਸੁ ਛਡਿ ਤੂ ਤਾ ਪਿਰ ਲਗੀ ਪਿਆਰੁ ॥
ਹੇ ਕਸੁੰਭੇ-ਰੰਗ ਨਾਲ ਪਿਆਰ ਕਰਨ ਵਾਲੀਏ! ਮਨ ਨੂੰ ਮੋਹਣ ਵਾਲੇ ਪਦਾਰਥਾਂ ਦਾ ਪਿਆਰ ਛੱਡ, ਤਾਂ ਹੀ ਤੇਰਾ ਆਪਣੇ ਪਤੀ-ਪ੍ਰਭੂ ਨੂੰ ਪਿਆਰ ਬਣੇਗਾ।
ਸੂਹੈ ਵੇਸਿ ਪਿਰੁ ਕਿਨੈ ਨ ਪਾਇਓ ਮਨਮੁਖਿ ਦਝਿ ਮੁਈ ਗਾਵਾਰਿ ॥
ਇਸ ਚੁਹਚੁਹੇ ਰੰਗ ਵਿਚ (ਮੋਹ ਪਾ ਕੇ) ਕਦੇ ਕਿਸੇ ਨੇ ਖਸਮ-ਪ੍ਰਭੂ ਨਹੀਂ ਪਾਇਆ, (ਅਜੇਹੀ) ਆਪ-ਹੁਦਰੀ ਮੂਰਖ ਇਸਤ੍ਰੀ (ਇਸ ਮੋਹ ਵਿਚ ਹੀ) ਸੜ ਮਰਦੀ ਹੈ।
ਸਤਿਗੁਰਿ ਮਿਲਿਐ ਸੂਹਾ ਵੇਸੁ ਗਇਆ ਹਉਮੈ ਵਿਚਹੁ ਮਾਰਿ ॥
ਜੇ ਗੁਰੂ ਮਿਲ ਪਏ ਤਾਂ ਅੰਦਰੋਂ ਹਉਮੈ ਦੂਰ ਕੀਤਿਆਂ ਸ਼ੋਖ਼-ਰੰਗ ਮਾਇਆ ਦਾ ਮੋਹ ਦੂਰ ਹੋ ਜਾਂਦਾ ਹੈ।
ਮਨੁ ਤਨੁ ਰਤਾ ਲਾਲੁ ਹੋਆ ਰਸਨਾ ਰਤੀ ਗੁਣ ਸਾਰਿ ॥
ਮਨ ਤੇ ਸਰੀਰ (ਨਾਮ-ਰੂਪ ਮਜੀਠ ਰੰਗ ਨਾਲ) ਰੱਤਾ ਲਾਲ ਹੋ ਜਾਂਦਾ ਹੈ, ਜੀਭ ਪ੍ਰਭੂ ਦੇ ਗੁਣ ਯਾਦ ਕਰ ਕੇ ਰੰਗੀ ਜਾਂਦੀ ਹੈ।
ਸਦਾ ਸੋਹਾਗਣਿ ਸਬਦੁ ਮਨਿ ਭੈ ਭਾਇ ਕਰੇ ਸੀਗਾਰੁ ॥
ਜਿਸ ਜੀਵ-ਇਸਤ੍ਰੀ ਨੇ ਪ੍ਰਭੂ ਤੇ ਡਰ ਤੇ ਪਿਆਰ ਦੀ ਰਾਹੀਂ (ਆਪਣੇ ਮਨ ਦਾ) ਸੋਹਜ ਬਣਾਇਆ ਹੈ ਜਿਸ ਦੇ ਮਨ ਵਿਚ ਗੁਰ-ਸ਼ਬਦ ਵੱਸਦਾ ਹੈ ਉਹ ਸਦਾ ਲਈ ਸੁਹਾਗ ਭਾਗ ਵਾਲੀ ਹੋ ਜਾਂਦੀ ਹੈ।
ਨਾਨਕ ਕਰਮੀ ਮਹਲੁ ਪਾਇਆ ਪਿਰੁ ਰਾਖਿਆ ਉਰ ਧਾਰਿ ॥੧॥
ਹੇ ਨਾਨਕ! ਪ੍ਰਭੂ ਦੀ ਮਿਹਰ ਨਾਲ ਪ੍ਰਭੂ ਨੂੰ ਹਿਰਦੇ ਵਿਚ ਟਿਕਾਇਆਂ ਉਸ ਦੀ ਹਜ਼ੂਰੀ ਪ੍ਰਾਪਤ ਹੁੰਦੀ ਹੈ ॥੧॥
ਮਃ ੩ ॥
ਮੁੰਧੇ ਸੂਹਾ ਪਰਹਰਹੁ ਲਾਲੁ ਕਰਹੁ ਸੀਗਾਰੁ ॥
ਹੇ ਜੀਵ-ਇਸਤ੍ਰੀ! ਮਨ ਨੂੰ ਮੋਹਣ ਵਾਲੇ ਪਦਾਰਥਾਂ ਦਾ ਪਿਆਰ ਛੱਡ ਤੇ ਪਰਮਾਤਮਾ ਦਾ ਨਾਮ-ਸਿੰਗਾਰ ਬਣਾ ਜੋ (ਮਾਨੋ, ਮਜੀਠ ਦਾ ਪੱਕਾ) ਲਾਲ ਰੰਗ ਹੈ।
ਆਵਣ ਜਾਣਾ ਵੀਸਰੈ ਗੁਰਸਬਦੀ ਵੀਚਾਰੁ ॥
ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਨਾਮ ਦਾ) ਵਿਚਾਰ ਕਰ, ਜਨਮ ਮਰਨ ਵਾਲਾ ਸਿਲਸਿਲਾ ਮੁੱਕ ਜਾਇਗਾ।
ਮੁੰਧ ਸੁਹਾਵੀ ਸੋਹਣੀ ਜਿਸੁ ਘਰਿ ਸਹਜਿ ਭਤਾਰੁ ॥
ਉਹ ਜੀਵ-ਇਸਤ੍ਰੀ ਸੋਹਣੀ ਸੁੰਦਰ ਹੈ ਜਿਸ ਦੇ ਹਿਰਦੇ-ਘਰ ਵਿਚ ਅਡੋਲ ਅਵਸਥਾ ਬਣ ਜਾਣ ਕਰਕੇ ਖਸਮ-ਪ੍ਰਭੂ ਆ ਵੱਸਦਾ ਹੈ,
ਨਾਨਕ ਸਾ ਧਨ ਰਾਵੀਐ ਰਾਵੇ ਰਾਵਣਹਾਰੁ ॥੨॥
ਹੇ ਨਾਨਕ! ਉਸ ਜੀਵ-ਇਸਤ੍ਰੀ ਨੂੰ ਚੋਜੀ ਪ੍ਰਭੂ ਆਪਣੇ ਨਾਲ ਮਿਲਾ ਲੈਂਦਾ ਹੈ ॥੨॥
ਪਉੜੀ ॥
ਮੋਹੁ ਕੂੜੁ ਕੁਟੰਬੁ ਹੈ ਮਨਮੁਖੁ ਮੁਗਧੁ ਰਤਾ ॥
(ਇਸ ਜਗਤ ਵਿਚ) ਮੋਹ ਕੂੜ ਤੇ ਜੰਜਾਲ (ਪ੍ਰਬਲ) ਹੈ, ਮੂਰਖ ਆਪ-ਹੁਦਰਾ ਮਨੁੱਖ ਇਸ ਵਿਚ ਰੱਤਾ ਹੋਇਆ ਹੈ;
ਹਉਮੈ ਮੇਰਾ ਕਰਿ ਮੁਏ ਕਿਛੁ ਸਾਥਿ ਨ ਲਿਤਾ ॥
ਮੈਂ, ਮੇਰੀ ਵਿਚ (ਭਾਵ, “ਮੈਂ ਵੱਡਾ ਹਾਂ”, “ਇਹ ਧਨ ਪਦਾਰਥ ਮੇਰਾ ਹੈ” ਇਹ ਆਖ ਆਖ ਕੇ) ਮਨਮੁਖ ਬੰਦੇ (ਏਥੇ ਖ਼ੁਆਰ ਹੁੰਦੇ ਹਨ, (ਤੇ ਮਰਨ ਵੇਲੇ ਏਥੋਂ) ਕੁਝ ਨਾਲ ਨਹੀਂ ਲੈ ਤੁਰਦੇ।
ਸਿਰ ਉਪਰਿ ਜਮਕਾਲੁ ਨ ਸੁਝਈ ਦੂਜੈ ਭਰਮਿਤਾ ॥
ਮਾਇਆ ਵਿਚ ਭਟਕਣ ਦੇ ਕਾਰਨ (ਇਹਨਾਂ ਨੂੰ) ਸਿਰ ਤੇ ਮੌਤ ਖਲੋਤੀ ਭੀ ਨਹੀਂ ਸੁੱਝਦੀ,
ਫਿਰਿ ਵੇਲਾ ਹਥਿ ਨ ਆਵਈ ਜਮਕਾਲਿ ਵਸਿ ਕਿਤਾ ॥
ਤੇ ਜਦੋਂ ਮੌਤ ਨੇ ਆ ਨੱਪਿਆ ਤਦੋਂ ਇਹ ਗੁਆਚਾ ਸਮਾ ਮੁੜ ਮਿਲਦਾ ਨਹੀਂ।
ਜੇਹਾ ਧੁਰਿ ਲਿਖਿ ਪਾਇਓਨੁ ਸੇ ਕਰਮ ਕਮਿਤਾ ॥੫॥
(ਪਰ ਮਨਮੁਖ ਭੀ ਕੀਹ ਕਰਨ?) ਪ੍ਰਭੂ ਨੇ (ਜੀਵਾਂ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ) ਜੋ ਲੇਖ ਧੁਰੋਂ ਮੱਥੇ ਤੇ ਲਿਖ ਦਿੱਤੇ, ਜੀਵ ਉਹੋ ਜਿਹੇ ਹੀ ਕਰਮ ਕਮਾਂਦੇ ਹਨ ॥੫॥
ਸਲੋਕੁ ਮਃ ੩ ॥
ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿੑ ॥
ਉਹ ਇਸਤ੍ਰੀਆਂ ਸਤੀ (ਹੋ ਗਈਆਂ) ਨਹੀਂ ਆਖੀਦੀਆਂ ਜੋ (ਪਤੀ ਦੀ) ਲੋਥ ਦੇ ਨਾਲ ਸੜ ਮਰਦੀਆਂ ਹਨ।
ਨਾਨਕ ਸਤੀਆ ਜਾਣੀਅਨਿੑ ਜਿ ਬਿਰਹੇ ਚੋਟ ਮਰੰਨਿੑ ॥੧॥
ਹੇ ਨਾਨਕ! ਜੋ (ਪਤੀ ਦੀ ਮੌਤ ਤੇ) ਵਿਛੋੜੇ ਦੀ ਹੀ ਸੱਟ ਨਾਲ ਮਰ ਜਾਣ ਉਹਨਾਂ ਨੂੰ ਸਤੀ (ਹੋ ਗਈਆਂ) ਸਮਝਣਾ ਚਾਹੀਦਾ ਹੈ ॥੧॥
ਮਃ ੩ ॥
ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨਿੑ ॥
ਉਹਨਾਂ ਜ਼ਨਾਨੀਆਂ ਨੂੰ ਭੀ ਸਤੀਆਂ ਹੀ ਸਮਝਣਾ ਚਾਹੀਦਾ ਹੈ, ਜੋ ਪਤਿਬ੍ਰਤ-ਧਰਮ ਵਿਚ ਰਹਿੰਦੀਆਂ ਹਨ,
ਸੇਵਨਿ ਸਾਈ ਆਪਣਾ ਨਿਤ ਉਠਿ ਸੰਮੑਾਲੰਨਿੑ ॥੨॥
ਜੋ ਆਪਣੇ ਖਸਮ ਦੀ ਸੇਵਾ ਕਰਦੀਆਂ ਹਨ ਤੇ ਸਦਾ ਉੱਦਮ ਨਾਲ ਆਪਣਾ ਇਹ ਧਰਮ ਚੇਤੇ ਰੱਖਦੀਆਂ ਹਨ ॥੨॥
ਮਃ ੩ ॥
ਕੰਤਾ ਨਾਲਿ ਮਹੇਲੀਆ ਸੇਤੀ ਅਗਿ ਜਲਾਹਿ ॥
(ਸਤੀ) ਇਸਤ੍ਰੀਆਂ ਆਪਣੇ ਖਸਮ ਦੇ ਜੀਉਂਦਿਆਂ ਉਸ ਦੀ ਸੇਵਾ ਕਰਦੀਆਂ ਹਨ, ਅੱਗ ਨਾਲ ਸੜਦੀਆਂ ਭਾਵ ਜਗਤ ਦੇ ਦੁਖ ਸੁਖ ਵਿਚ ਕੰਤ ਦਾ ਸਾਥ ਦੇਂਦੀਆਂ ਹਨ।
ਜੇ ਜਾਣਹਿ ਪਿਰੁ ਆਪਣਾ ਤਾ ਤਨਿ ਦੁਖ ਸਹਾਹਿ ॥
ਪਤੀ ਨੂੰ “ਆਪਣਾ” ਸਮਝਦੀਆਂ ਹਨ ਤਾਂਹੀਏਂ ਸਰੀਰ ਦੇ ਦੁੱਖ ਸਹਿੰਦੀਆਂ ਹਨ।
ਨਾਨਕ ਕੰਤ ਨ ਜਾਣਨੀ ਸੇ ਕਿਉ ਅਗਿ ਜਲਾਹਿ ॥
ਪਰ, ਹੇ ਨਾਨਕ! ਜਿਨ੍ਹਾਂ ਨੇ ਖਸਮ ਨੂੰ ਖਸਮ ਨਾਹ ਜਾਤਾ, ਉਹ ਕਿਉਂ ਦੁੱਖ ਸਹਿਣ?
ਭਾਵੈ ਜੀਵਉ ਕੈ ਮਰਉ ਦੂਰਹੁ ਹੀ ਭਜਿ ਜਾਹਿ ॥੩॥
ਪਤੀ ਚਾਹੇ ਸੁਖੀ ਹੋਵੇ ਚਾਹੇ ਦੁਖੀ ਹੋਵੇ ਉਹ (ਔਖੇ ਵੇਲੇ) ਨੇੜੇ ਨਹੀਂ ਢੁਕਦੀਆਂ ॥੩॥
ਪਉੜੀ ॥
ਤੁਧੁ ਦੁਖੁ ਸੁਖੁ ਨਾਲਿ ਉਪਾਇਆ ਲੇਖੁ ਕਰਤੈ ਲਿਖਿਆ ॥
ਹੇ ਕਰਤਾਰ! (ਜਗਤ ਵਿਚ ਜੀਵ ਪੈਦਾ ਕਰ ਕੇ) ਦੁੱਖ ਤੇ ਸੁਖ ਭੀ ਤੂੰ ਉਹਨਾਂ ਦੇ ਨਾਲ ਹੀ ਪੈਦਾ ਕਰ ਦਿੱਤੇ, (ਦੁੱਖ ਤੇ ਸੁੱਖ ਦਾ) ਲੇਖ ਭੀ (ਤੂੰ ਉਹਨਾਂ ਦੇ ਮੱਥੇ ਤੇ) ਲਿਖ ਦਿੱਤਾ।
ਨਾਵੈ ਜੇਵਡ ਹੋਰ ਦਾਤਿ ਨਾਹੀ ਤਿਸੁ ਰੂਪੁ ਨ ਰਿਖਿਆ ॥
ਜਿਸ ਪ੍ਰਭੂ ਦਾ ਨਾਹ ਕੋਈ ਖ਼ਾਸ ਰੂਪ ਤੇ ਨਾਹ ਰੇਖ ਹੈ, ਉਸ ਦੇ ਨਾਮ ਦੇ ਬਰਾਬਰ (ਜੀਵਾਂ ਲਈ) ਹੋਰ ਕੋਈ ਬਖ਼ਸ਼ਸ਼ ਨਹੀਂ ਹੈ।
ਨਾਮੁ ਅਖੁਟੁ ਨਿਧਾਨੁ ਹੈ ਗੁਰਮੁਖਿ ਮਨਿ ਵਸਿਆ ॥
‘ਨਾਮ’ ਇਕ ਐਸਾ ਖ਼ਜ਼ਾਨਾ ਹੈ ਜੋ ਕਦੇ ਮੁੱਕਦਾ ਨਹੀਂ, ਗੁਰੂ ਦੇ ਸਨਮੁਖ ਹੋਇਆਂ ਇਹ ਮਨ ਵਿਚ ਵੱਸਦਾ ਹੈ।
ਕਰਿ ਕਿਰਪਾ ਨਾਮੁ ਦੇਵਸੀ ਫਿਰਿ ਲੇਖੁ ਨ ਲਿਖਿਆ ॥
ਜਿਸ ਮਨੁੱਖ ਨੂੰ ਮਿਹਰ ਕਰ ਕੇ ਪ੍ਰਭੂ ‘ਨਾਮ’ ਦੇਂਦਾ ਹੈ, ਉਸ (ਦੇ ਚੰਗੇ ਮੰਦੇ ਕਰਮਾਂ) ਦਾ ਲੇਖ ਮੁੜ ਨਹੀਂ ਲਿਖਦਾ।
ਸੇਵਕ ਭਾਇ ਸੇ ਜਨ ਮਿਲੇ ਜਿਨ ਹਰਿ ਜਪੁ ਜਪਿਆ ॥੬॥
ਪਰ, ਉਹੀ ਮਨੁੱਖ ਪ੍ਰਭੂ ਨੂੰ ਮਿਲਦੇ ਹਨ ਜੋ ਸੇਵਕ-ਭਾਵ ਵਿਚ ਰਹਿ ਕੇ ਹਰਿ-ਨਾਮ ਦਾ ਜਾਪ ਜਪਦੇ ਹਨ ॥੬॥
ਸਲੋਕੁ ਮਃ ੨ ॥
ਜਿਨੀ ਚਲਣੁ ਜਾਣਿਆ ਸੇ ਕਿਉ ਕਰਹਿ ਵਿਥਾਰ ॥
ਉਹ ਮਨੁੱਖ ਦੁਨੀਆ ਦੇ ਬਹੁਤੇ ਖਿਲਾਰੇ ਨਹੀਂ ਖਿਲਾਰਦੇ (ਭਾਵ, ਮਨ ਨੂੰ ਜਗਤ ਦੇ ਧੰਧਿਆਂ ਵਿਚ ਨਹੀਂ ਖਿਲਾਰ ਦੇਂਦੇ) ਜਿਨ੍ਹਾਂ ਇਹ ਸਮਝ ਲਿਆ ਹੈ ਕਿ ਇਥੋਂ ਚਲੇ ਜਾਣਾ ਹੈ;
ਚਲਣ ਸਾਰ ਨ ਜਾਣਨੀ ਕਾਜ ਸਵਾਰਣਹਾਰ ॥੧॥
ਪਰ, ਨਿਰੇ ਦੁਨੀਆ ਦੇ ਕੰਮ ਨਿਜਿੱਠਣ ਵਾਲੇ ਬੰਦੇ (ਇਥੋਂ ਆਖ਼ਰ) ਤੁਰ ਜਾਣ ਦਾ ਖ਼ਿਆਲ ਭੀ ਨਹੀਂ ਕਰਦੇ ॥੧॥
ਮਃ ੨ ॥
ਰਾਤਿ ਕਾਰਣਿ ਧਨੁ ਸੰਚੀਐ ਭਲਕੇ ਚਲਣੁ ਹੋਇ ॥
ਜੇ ਸਿਰਫ਼ ਰਾਤ ਦੀ ਖ਼ਾਤਰ ਧਨ ਇਕੱਠਾ ਕਰੀਏ ਤੇ ਸਵੇਰੇ (ਉੱਠ ਕੇ ਓਥੋਂ) ਤੁਰ ਪੈਣਾ ਹੋਵੇ,
ਨਾਨਕ ਨਾਲਿ ਨ ਚਲਈ ਫਿਰਿ ਪਛੁਤਾਵਾ ਹੋਇ ॥੨॥
ਹੇ ਨਾਨਕ! (ਤੁਰਨ ਲੱਗਿਆਂ ਉਹ ਧਨ) ਨਾਲ ਜਾ ਨਾ ਸਕੇ ਤਾਂ ਹੱਥ ਮਲਣੇ ਪੈਂਦੇ ਹਨ ॥੨॥
ਮਃ ੨ ॥
ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ ॥
ਜੋ ਮਨੁੱਖ ਕੋਈ ਕੰਮ ਬੱਧਾ-ਰੁੱਧਾ ਕਰੇ, ਉਸ ਦਾ ਲਾਭ ਨਾਹ ਆਪਣੇ ਆਪ ਨੂੰ ਤੇ ਨਾਹ ਕਿਸੇ ਹੋਰ ਨੂੰ।
ਸੇਤੀ ਖੁਸੀ ਸਵਾਰੀਐ ਨਾਨਕ ਕਾਰਜੁ ਸਾਰੁ ॥੩॥
ਹੇ ਨਾਨਕ! ਉਹੀ ਕੰਮ ਸਿਰੇ ਚੜ੍ਹਿਆ ਜਾਣੋ ਜੋ ਖ਼ੁਸ਼ੀ ਨਾਲ ਕੀਤਾ ਜਾਏ ॥੩॥
ਮਃ ੨ ॥
ਮਨਹਠਿ ਤਰਫ ਨ ਜਿਪਈ ਜੇ ਬਹੁਤਾ ਘਾਲੇ ॥
ਭਾਵੇਂ ਕਿਤਨੀ ਹੀ ਮਿਹਨਤ ਮਨੁੱਖ ਕਰੇ, ਰੱਬ ਵਾਲਾ ਪਾਸਾ ਮਨ ਦੇ ਹਠ ਨਾਲ ਜਿੱਤਿਆ ਨਹੀਂ ਜਾ ਸਕਦਾ;
ਤਰਫ ਜਿਣੈ ਸਤ ਭਾਉ ਦੇ ਜਨ ਨਾਨਕ ਸਬਦੁ ਵੀਚਾਰੇ ॥੪॥
ਹੇ ਦਾਸ ਨਾਨਕ! ਉਹ ਮਨੁੱਖ (ਇਹ) ਪਾਸਾ ਜਿੱਤਦਾ ਹੈ ਜੋ ਸੁਭ ਭਾਵਨਾ ਵਰਤਦਾ ਹੈ ਤੇ ਗੁਰੂ ਦੇ ਸ਼ਬਦ ਨੂੰ ਵੀਚਾਰਦਾ ਹੈ ॥੪॥
ਪਉੜੀ ॥
ਕਰਤੈ ਕਾਰਣੁ ਜਿਨਿ ਕੀਆ ਸੋ ਜਾਣੈ ਸੋਈ ॥
ਜਿਸ ਕਰਤਾਰ ਨੇ ਇਹ ਜਗਤ ਬਣਾਇਆ ਹੈ ਇਸ ਦੀ ਸੰਭਾਲ ਕਰਨੀ ਉਹ ਆਪ ਹੀ ਜਾਣਦਾ ਹੈ।
ਆਪੇ ਸ੍ਰਿਸਟਿ ਉਪਾਈਅਨੁ ਆਪੇ ਫੁਨਿ ਗੋਈ ॥
ਉਸ ਨੇ ਆਪ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ ਤੇ ਆਪ ਹੀ ਮੁੜ ਨਾਸ ਕਰਦਾ ਹੈ।
ਜੁਗ ਚਾਰੇ ਸਭ ਭਵਿ ਥਕੀ ਕਿਨਿ ਕੀਮਤਿ ਹੋਈ ॥
ਜਦੋਂ ਤੋਂ ਜਗਤ ਬਣਿਆ ਹੈ ਉਸ ਸਮੇ ਤੋਂ ਲੈ ਕੇ ਹੁਣ ਤਕ ਧਿਆਨ ਮਾਰ ਕੇ ਵੇਖਿਆ ਹੈ ਕਿਸੇ ਜੀਵ ਪਾਸੋਂ ਪ੍ਰਭੂ ਦੀ ਬਜ਼ੁਰਗੀ ਦਾ ਮੁੱਲ ਨਹੀਂ ਪੈ ਸਕਿਆ।
ਸਤਿਗੁਰਿ ਏਕੁ ਵਿਖਾਲਿਆ ਮਨਿ ਤਨਿ ਸੁਖੁ ਹੋਈ ॥
ਜਿਸ ਮਨੁੱਖ ਨੂੰ ਗੁਰੂ ਨੇ ਉਹ ਇੱਕ ਪ੍ਰਭੂ ਵਿਖਾ ਦਿੱਤਾ ਹੈ ਉਸ ਦੇ ਮਨ ਵਿਚ ਉਸ ਦੇ ਤਨ ਵਿਚ ਸੁਖ ਹੁੰਦਾ ਹੈ।
ਗੁਰਮੁਖਿ ਸਦਾ ਸਲਾਹੀਐ ਕਰਤਾ ਕਰੇ ਸੁ ਹੋਈ ॥੭॥
ਜੋ ਕਰਤਾਰ ਸਭ ਕੁਝ ਕਰਨ ਦੇ ਆਪ ਸਮਰੱਥ ਹੈ ਉਸ ਦੀ ਗੁਰੂ ਦੀ ਰਾਹੀਂ ਹੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ ॥੭॥
ਸਲੋਕ ਮਹਲਾ ੨ ॥
ਜਿਨਾ ਭਉ ਤਿਨੑ ਨਾਹਿ ਭਉ ਮੁਚੁ ਭਉ ਨਿਭਵਿਆਹ ॥
ਜਿਨ੍ਹਾਂ ਮਨੁੱਖਾਂ ਨੂੰ (ਰੱਬ ਦਾ) ਡਰ ਹੈ ਉਹਨਾਂ ਨੂੰ (ਦੁਨੀਆ ਵਾਲਾ ਕੋਈ) ਡਰ ਨਹੀਂ (ਮਾਰਦਾ), (ਰੱਬ ਵਲੋਂ) ਨਿਡਰਾਂ ਨੂੰ (ਦੁਨੀਆ ਦਾ) ਬਹੁਤ ਡਰ ਵਿਆਪਦਾ ਹੈ।
ਨਾਨਕ ਏਹੁ ਪਟੰਤਰਾ ਤਿਤੁ ਦੀਬਾਣਿ ਗਇਆਹ ॥੧॥
ਹੇ ਨਾਨਕ! ਇਹ ਨਿਰਣਾ ਤਦੋਂ ਹੁੰਦਾ ਹੈ ਜਦੋਂ ਮਨੁੱਖ ਉਸ (ਰੱਬੀ) ਹਜ਼ੂਰੀ ਵਿਚ ਅੱਪੜੇ (ਭਾਵ, ਜਦੋਂ ਪ੍ਰਭੂ ਦੇ ਚਰਨਾਂ ਵਿਚ ਜੁੜੇ) ॥੧॥
ਮਃ ੨ ॥
ਤੁਰਦੇ ਕਉ ਤੁਰਦਾ ਮਿਲੈ ਉਡਤੇ ਕਉ ਉਡਤਾ ॥
(ਕੀੜੀ ਤੋਂ ਲੈ ਕੇ ਹਾਥੀ ਤੇ ਮਨੁੱਖ ਤਕ) ਤੁਰਨ ਵਾਲੇ ਨਾਲ ਤੁਰਨ ਵਾਲਾ ਸਾਥ ਕਰਦਾ ਹੈ ਤੇ ਉੱਡਣ ਵਾਲੇ (ਭਾਵ, ਪੰਛੀ) ਨਾਲ ਉੱਡਣ ਵਾਲਾ।
ਜੀਵਤੇ ਕਉ ਜੀਵਤਾ ਮਿਲੈ ਮੂਏ ਕਉ ਮੂਆ ॥
ਜ਼ਿੰਦਾ-ਦਿਲ ਨੂੰ ਜ਼ਿੰਦਾ-ਦਿਲ ਮਨੁੱਖ ਆ ਮਿਲਦਾ ਹੈ ਤੇ ਮੁਰਦਾ-ਦਿਲ ਨੂੰ ਮੁਰਦਾ-ਦਿਲ, (ਭਾਵ, ਹਰੇਕ ਜੀਵ ਆਪੋ ਆਪਣੇ ਸੁਭਾਵ ਵਾਲੇ ਨਾਲ ਹੀ ਸੰਗ ਕਰਨਾ ਪਸੰਦ ਕਰਦਾ ਹੈ)।
ਨਾਨਕ ਸੋ ਸਾਲਾਹੀਐ ਜਿਨਿ ਕਾਰਣੁ ਕੀਆ ॥੨॥
ਹੇ ਨਾਨਕ! (ਜੀਵ ਭੀ ਰੱਬੀ ਅਸਲੇ ਵਾਲਾ ਹੈ, ਸੋ, ਇਸ ਨੂੰ) ਚਾਹੀਦਾ ਹੈ ਕਿ ਜਿਸ ਪ੍ਰਭੂ ਨੇ ਇਹ ਜਗਤ ਰਚਿਆ ਹੈ ਉਸ ਦੀ ਸਿਫ਼ਤਿ-ਸਾਲਾਹ ਕਰੇ (ਭਾਵ, ਉਸ ਨਾਲ ਮਨ ਜੋੜੇ) ॥੨॥
ਪਉੜੀ ॥
ਸਚੁ ਧਿਆਇਨਿ ਸੇ ਸਚੇ ਗੁਰ ਸਬਦਿ ਵੀਚਾਰੀ ॥
ਗੁਰੂ ਦੇ ਸਬਦ ਦੀ ਰਾਹੀਂ ਉੱਚੀ ਵਿਚਾਰ ਵਾਲੇ ਹੋ ਕੇ ਜੋ ਮਨੁੱਖ ਸਦਾ-ਥਿਰ ਪ੍ਰਭੂ ਨੂੰ ਸਿਮਰਦੇ ਹਨ ਉਹ ਭੀ ਉਸ ਦਾ ਰੂਪ ਹੋ ਜਾਂਦੇ ਹਨ।
ਹਉਮੈ ਮਾਰਿ ਮਨੁ ਨਿਰਮਲਾ ਹਰਿ ਨਾਮੁ ਉਰਿ ਧਾਰੀ ॥
ਪ੍ਰਭੂ ਦਾ ਨਾਮ ਹਿਰਦੇ ਵਿਚ ਰੱਖ ਕੇ ਤੇ ਹਉਮੈ ਮਾਰ ਕੇ ਉਹਨਾਂ ਦਾ ਮਨ ਪਵਿਤ੍ਰ ਹੋ ਜਾਂਦਾ ਹੈ।
ਕੋਠੇ ਮੰਡਪ ਮਾੜੀਆ ਲਗਿ ਪਏ ਗਾਵਾਰੀ ॥
ਪਰ ਮੂਰਖ ਮਨੁੱਖ ਘਰਾਂ ਮਹਲ ਮਾੜੀਆਂ (ਦੇ ਮੋਹ) ਵਿਚ ਲੱਗ ਪੈਂਦੇ ਹਨ।
ਜਿਨਿੑ ਕੀਏ ਤਿਸਹਿ ਨ ਜਾਣਨੀ ਮਨਮੁਖਿ ਗੁਬਾਰੀ ॥
ਮਨਮੁਖ (ਮੋਹ ਦੇ) ਘੁੱਪ ਹਨੇਰੇ ਵਿਚ ਫਸ ਕੇ ਉਸ ਨੂੰ ਪਛਾਣਦੇ ਹੀ ਨਹੀਂ ਜਿਸ ਨੇ ਪੈਦਾ ਕੀਤਾ ਹੈ।
ਜਿਸੁ ਬੁਝਾਇਹਿ ਸੋ ਬੁਝਸੀ ਸਚਿਆ ਕਿਆ ਜੰਤ ਵਿਚਾਰੀ ॥੮॥
ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! ਜੀਵ ਵਿਚਾਰੇ ਕੀਹ ਹਨ? ਤੂੰ ਜਿਸ ਨੂੰ ਸਮਝ ਬਖ਼ਸ਼ਦਾ ਹੈਂ ਉਹੀ ਸਮਝਦਾ ਹੈ ॥੮॥
ਸਲੋਕ ਮਃ ੩ ॥
ਕਾਮਣਿ ਤਉ ਸੀਗਾਰੁ ਕਰਿ ਜਾ ਪਹਿਲਾਂ ਕੰਤੁ ਮਨਾਇ ॥
ਹੇ ਇਸਤ੍ਰੀ! ਤਦੋਂ ਸਿੰਗਾਰ ਬਣਾ ਜਦੋਂ ਪਹਿਲਾਂ ਖਸਮ ਨੂੰ ਪ੍ਰਸੰਨ ਕਰ ਲਏਂ,
ਮਤੁ ਸੇਜੈ ਕੰਤੁ ਨ ਆਵਈ ਏਵੈ ਬਿਰਥਾ ਜਾਇ ॥
(ਨਹੀਂ ਤਾਂ) ਮਤਾਂ ਖਸਮ ਸੇਜ ਤੇ ਆਵੇ ਹੀ ਨਾਹ ਤੇ ਸਿੰਗਾਰ ਐਵੇਂ ਵਿਅਰਥ ਹੀ ਚਲਾ ਜਾਏ।
ਕਾਮਣਿ ਪਿਰ ਮਨੁ ਮਾਨਿਆ ਤਉ ਬਣਿਆ ਸੀਗਾਰੁ ॥
ਹੇ ਇਸਤ੍ਰੀ! ਜੇ ਖਸਮ ਦਾ ਮਨ ਮੰਨ ਜਾਏ ਤਾਂ ਹੀ ਸਿੰਗਾਰ ਬਣਿਆ ਸਮਝ।
ਕੀਆ ਤਉ ਪਰਵਾਣੁ ਹੈ ਜਾ ਸਹੁ ਧਰੇ ਪਿਆਰੁ ॥
ਇਸਤ੍ਰੀ ਦਾ ਸਿੰਗਾਰ ਕੀਤਾ ਹੋਇਆ ਤਾਂ ਹੀ ਕਬੂਲ ਹੈ ਜੇ ਖਸਮ ਉਸ ਨੂੰ ਪਿਆਰ ਕਰੇ।
ਭਉ ਸੀਗਾਰੁ ਤਬੋਲ ਰਸੁ ਭੋਜਨੁ ਭਾਉ ਕਰੇਇ ॥
ਜੇ ਜੀਵ-ਇਸਤ੍ਰੀ ਪ੍ਰਭੂ ਦੇ ਡਰ (ਵਿਚ ਰਹਿਣ) ਨੂੰ ਸਿੰਗਾਰ ਤੇ ਪਾਨ ਦਾ ਰਸ ਬਣਾਂਦੀ ਹੈ, ਪ੍ਰਭੂ ਦੇ ਪਿਆਰ ਨੂੰ ਭੋਜਨ (ਭਾਵ, ਜ਼ਿੰਦਗੀ ਦਾ ਆਧਾਰ) ਬਣਾਂਦੀ ਹੈ,
ਤਨੁ ਮਨੁ ਸਉਪੇ ਕੰਤ ਕਉ ਤਉ ਨਾਨਕ ਭੋਗੁ ਕਰੇਇ ॥੧॥
ਤੇ ਆਪਣਾ ਤਨ ਮਨ ਖਸਮ-ਪ੍ਰਭੂ ਦੇ ਹਵਾਲੇ ਕਰ ਦੇਂਦੀ ਹੈ (ਭਾਵ, ਪੂਰਨ ਤੌਰ ਤੇ ਪ੍ਰਭੂ ਦੀ ਰਜ਼ਾ ਵਿਚ ਤੁਰਦੀ ਹੈ) ਤਾਂ ਹੇ ਨਾਨਕ! ਉਸ ਨੂੰ ਖਸਮ-ਪ੍ਰਭੂ ਮਿਲਦਾ ਹੈ ॥੧॥
ਮਃ ੩ ॥
ਕਾਜਲ ਫੂਲ ਤੰਬੋਲ ਰਸੁ ਲੇ ਧਨ ਕੀਆ ਸੀਗਾਰੁ ॥
ਇਸਤ੍ਰੀ ਨੇ ਸੁਰਮਾ, ਫੁੱਲ ਤੇ ਪਾਨਾਂ ਦਾ ਰਸ ਲੈ ਕੇ ਸਿੰਗਾਰ ਕੀਤਾ,
ਸੇਜੈ ਕੰਤੁ ਨ ਆਇਓ ਏਵੈ ਭਇਆ ਵਿਕਾਰੁ ॥੨॥
(ਪਰ ਜੇ) ਖਸਮ ਸੇਜ ਤੇ ਨਾਹ ਆਇਆ ਤਾਂ ਇਹ ਸਿੰਗਾਰ ਸਗੋਂ ਵਿਕਾਰ ਬਣ ਗਿਆ (ਕਿਉਂਕਿ ਵਿਛੋੜੇ ਦੇ ਕਾਰਣ ਇਹ ਦੁਖਦਾਈ ਹੋ ਗਿਆ) ॥੨॥
ਮਃ ੩ ॥
ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ ॥
ਜੋ (ਸਿਰਫ਼ ਸਰੀਰਕ ਤੌਰ ਤੇ) ਰਲ ਕੇ ਬਹਿਣ ਉਹਨਾਂ ਨੂੰ ਅਸਲ ਇਸਤ੍ਰੀ ਖਸਮ ਨਹੀਂ ਆਖੀਦਾ;
ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ ॥੩॥
ਜਿਨ੍ਹਾਂ ਦੇ ਦੋਹਾਂ ਜਿਸਮਾਂ ਵਿਚ ਇੱਕੋ ਆਤਮਾ ਹੋ ਜਾਏ ਉਹ ਹੈ ਇਸਤ੍ਰੀ ਤੇ ਉਹ ਹੈ ਪਤੀ ॥੩॥
ਪਉੜੀ ॥
ਭੈ ਬਿਨੁ ਭਗਤਿ ਨ ਹੋਵਈ ਨਾਮਿ ਨ ਲਗੈ ਪਿਆਰੁ ॥
ਪ੍ਰਭੂ ਦੇ ਡਰ (ਵਿਚ ਰਹਿਣ) ਤੋਂ ਬਿਨਾ ਉਸ ਦੀ ਭਗਤੀ ਨਹੀਂ ਹੋ ਸਕਦੀ ਤੇ ਉਸ ਦੇ ਨਾਮ ਵਿਚ ਪਿਆਰ ਨਹੀਂ ਬਣ ਸਕਦਾ (ਭਾਵ, ਉਸ ਦਾ ਨਾਮ ਪਿਆਰਾ ਨਹੀਂ ਲੱਗ ਸਕਦਾ)।
ਸਤਿਗੁਰਿ ਮਿਲਿਐ ਭਉ ਊਪਜੈ ਭੈ ਭਾਇ ਰੰਗੁ ਸਵਾਰਿ ॥
ਇਹ ਡਰ ਤਾਂ ਹੀ ਪੈਦਾ ਹੁੰਦਾ ਹੈ ਜੇ ਗੁਰੂ ਮਿਲੇ, (ਇਸ ਤਰ੍ਹਾਂ) ਡਰ ਦੀ ਰਾਹੀਂ ਤੇ ਪਿਆਰ ਦੀ ਰਾਹੀਂ (ਭਗਤੀ ਦਾ) ਰੰਗ ਸੋਹਣਾ ਚੜ੍ਹਦਾ ਹੈ।
ਤਨੁ ਮਨੁ ਰਤਾ ਰੰਗ ਸਿਉ ਹਉਮੈ ਤ੍ਰਿਸਨਾ ਮਾਰਿ ॥
(ਪ੍ਰਭੂ ਦੇ ਡਰ ਤੇ ਪਿਆਰ ਦੀ ਸਹੈਤਾ ਨਾਲ) ਹਉਮੈ ਤੇ ਤ੍ਰਿਸ਼ਨਾ ਨੂੰ ਮਾਰ ਕੇ ਮਨੁੱਖ ਦਾ ਮਨ ਤੇ ਸਰੀਰ (ਪ੍ਰਭੂ ਦੀ ਭਗਤੀ ਦੇ) ਰੰਗ ਨਾਲ ਰੰਗੇ ਜਾਂਦੇ ਹਨ।
ਮਨੁ ਤਨੁ ਨਿਰਮਲੁ ਅਤਿ ਸੋਹਣਾ ਭੇਟਿਆ ਕ੍ਰਿਸਨ ਮੁਰਾਰਿ ॥
ਪ੍ਰਭੂ ਨੂੰ ਮਿਲਿਆਂ ਮਨ ਤੇ ਸਰੀਰ ਪਵਿਤ੍ਰ ਤੇ ਸੁੰਦਰ ਹੋ ਜਾਂਦੇ ਹਨ।
ਭਉ ਭਾਉ ਸਭੁ ਤਿਸ ਦਾ ਸੋ ਸਚੁ ਵਰਤੈ ਸੰਸਾਰਿ ॥੯॥
ਇਹ ਡਰ ਤੇ ਪ੍ਰੇਮ ਸਭ ਕੁਝ ਜਿਸ ਪ੍ਰਭੂ ਦਾ (ਬਖ਼ਸ਼ਿਆ ਮਿਲਦਾ) ਹੈ ਉਹ ਆਪ ਜਗਤ ਵਿਚ (ਹਰ ਥਾਂ) ਮੌਜੂਦ ਹੈ ॥੯॥
ਸਲੋਕ ਮਃ ੧ ॥
ਵਾਹੁ ਖਸਮ ਤੂ ਵਾਹੁ ਜਿਨਿ ਰਚਿ ਰਚਨਾ ਹਮ ਕੀਏ ॥
ਹੇ ਖਸਮ! ਤੂੰ ਧੰਨ ਹੈਂ! ਤੂੰ ਧੰਨ ਹੈਂ! ਜਿਸ ਜਗਤ-ਰਚਨਾ ਰਚ ਕੇ ਅਸਾਨੂੰ (ਜੀਵਾਂ ਨੂੰ) ਪੈਦਾ ਕੀਤਾ।
ਸਾਗਰ ਲਹਰਿ ਸਮੁੰਦ ਸਰ ਵੇਲਿ ਵਰਸ ਵਰਾਹੁ ॥
ਸਮੁੰਦਰ, ਸਮੁੰਦਰ ਦੀਆਂ ਲਹਿਰਾਂ, ਤਲਾਬ, ਹਰੀਆਂ ਵੇਲਾਂ, ਵਰਖਾ ਕਰਨ ਵਾਲੇ ਬੱਦਲ- (ਇਹ ਸਾਰੀ ਰਚਨਾ ਕਰਨ ਵਾਲਾ ਤੂੰ ਹੀ ਹੈਂ)।
ਆਪਿ ਖੜੋਵਹਿ ਆਪਿ ਕਰਿ ਆਪੀਣੈ ਆਪਾਹੁ ॥
ਤੂੰ ਆਪ ਹੀ ਸਭ ਨੂੰ ਪੈਦਾ ਕਰਕੇ ਸਭ ਵਿਚ ਆਪ ਵਿਆਪਕ ਹੈਂ ਤੇ (ਨਿਰਲੇਪ ਭੀ ਹੈਂ)।
ਗੁਰਮੁਖਿ ਸੇਵਾ ਥਾਇ ਪਵੈ ਉਨਮਨਿ ਤਤੁ ਕਮਾਹੁ ॥
ਉਤਸ਼ਾਹ ਨਾਲ ਤੇਰੇ ਨਾਮ ਦੀ ਕਮਾਈ ਕਰ ਕੇ ਗੁਰਮੁਖਾਂ ਦੀ ਮਿਹਨਤ (ਤੇਰੇ ਦਰ ਤੇ) ਕਬੂਲ ਪੈਂਦੀ ਹੈ।
ਮਸਕਤਿ ਲਹਹੁ ਮਜੂਰੀਆ ਮੰਗਿ ਮੰਗਿ ਖਸਮ ਦਰਾਹੁ ॥
ਉਹ ਬੰਦਗੀ ਦੀ ਘਾਲ ਘਾਲ ਕੇ, ਹੇ ਖਸਮ! ਤੇਰੇ ਦਰ ਤੋਂ ਮੰਗ ਮੰਗ ਕੇ ਮਜੂਰੀ ਲੈਂਦੇ ਹਨ।
ਨਾਨਕ ਪੁਰ ਦਰ ਵੇਪਰਵਾਹ ਤਉ ਦਰਿ ਊਣਾ ਨਾਹਿ ਕੋ ਸਚਾ ਵੇਪਰਵਾਹੁ ॥੧॥
ਹੇ ਨਾਨਕ! (ਆਖ-) ਹੇ ਵੇਪਰਵਾਹ ਪ੍ਰਭੂ! ਤੇਰੇ ਦਰ (ਬਰਕਤਾਂ ਨਾਲ) ਭਰੇ ਹੋਏ ਹਨ, ਕੋਈ ਜੀਵ ਤੇਰੇ ਦਰ ਤੇ (ਆ ਕੇ) ਖ਼ਾਲੀ ਨਹੀਂ ਗਿਆ, ਤੂੰ ਸਦਾ ਕਾਇਮ ਰਹਿਣ ਵਾਲਾ ਤੇ ਬੇ-ਮੁਥਾਜ ਹੈਂ ॥੧॥
ਮਹਲਾ ੧ ॥
ਉਜਲ ਮੋਤੀ ਸੋਹਣੇ ਰਤਨਾ ਨਾਲਿ ਜੁੜੰਨਿ ॥
ਜੋ ਸਰੀਰ ਸੋਹਣੇ ਚਿੱਟੇ ਦੰਦਾਂ ਨਾਲ ਤੇ ਸੋਹਣੇ ਨੈਣਾਂ ਨਾਲ ਸੋਭ ਰਹੇ ਹਨ,
ਤਿਨ ਜਰੁ ਵੈਰੀ ਨਾਨਕਾ ਜਿ ਬੁਢੇ ਥੀਇ ਮਰੰਨਿ ॥੨॥
ਹੇ ਨਾਨਕ! ਬੁਢੇਪਾ ਇਹਨਾਂ ਦਾ ਵੈਰੀ ਹੈ, ਕਿਉਂਕਿ ਬੁੱਢੇ ਹੋ ਕੇ ਇਹ ਨਾਸ ਹੋ ਜਾਂਦੇ ਹਨ ॥੨॥
ਪਉੜੀ ॥
ਹਰਿ ਸਾਲਾਹੀ ਸਦਾ ਸਦਾ ਤਨੁ ਮਨੁ ਸਉਪਿ ਸਰੀਰੁ ॥
(ਹੇ ਜੀਵ!) ਤਨ ਮਨ ਸਰੀਰ (ਆਪਣਾ ਆਪ) ਪ੍ਰਭੂ ਦੇ ਹਵਾਲੇ ਕਰ ਕੇ (ਭਾਵ, ਪ੍ਰਭੂ ਦੀ ਪੂਰਨ ਰਜ਼ਾ ਵਿਚ ਰਹਿ ਕੇ) ਸਦਾ ਉਸ ਦੀ ਸਿਫ਼ਤਿ-ਸਾਲਾਹ ਕਰ।
ਗੁਰਸਬਦੀ ਸਚੁ ਪਾਇਆ ਸਚਾ ਗਹਿਰ ਗੰਭੀਰੁ ॥
(ਜਿਸ ਮਨੁੱਖ ਨੇ) ਗੁਰ-ਸ਼ਬਦ ਦੀ ਰਾਹੀਂ (ਸਿਮਰਿਆ ਹੈ, ਉਸ ਨੂੰ) ਸਦਾ-ਥਿਰ ਰਹਿਣ ਵਾਲਾ, ਡੂੰਘੇ ਵੱਡੇ ਦਿਲ ਵਾਲਾ ਪ੍ਰਭੂ ਮਿਲ ਪੈਂਦਾ ਹੈ।
ਮਨਿ ਤਨਿ ਹਿਰਦੈ ਰਵਿ ਰਹਿਆ ਹਰਿ ਹੀਰਾ ਹੀਰੁ ॥
ਉਸ ਦੇ ਮਨ ਵਿਚ ਤਨ ਵਿਚ ਹੀਰਿਆਂ ਦਾ ਹੀਰਾ ਪ੍ਰਭੂ ਸਦਾ ਵੱਸਦਾ ਹੈ।
ਜਨਮ ਮਰਣ ਕਾ ਦੁਖੁ ਗਇਆ ਫਿਰਿ ਪਵੈ ਨ ਫੀਰੁ ॥
ਉਸ ਦਾ ਜਨਮ ਮਰਨ ਦਾ ਦੁੱਖ ਮਿਟ ਜਾਂਦਾ ਹੈ, ਉਸ ਨੂੰ ਫਿਰ (ਇਸ ਗੇੜ ਵਿਚ) ਚੱਕਰ ਨਹੀਂ ਲਾਣਾ ਪੈਂਦਾ।
ਨਾਨਕ ਨਾਮੁ ਸਲਾਹਿ ਤੂ ਹਰਿ ਗੁਣੀ ਗਹੀਰੁ ॥੧੦॥
(ਸੋ) ਹੇ ਨਾਨਕ! ਤੂੰ ਭੀ ਉਸ ਪ੍ਰਭੂ ਦਾ ਨਾਮ ਸਿਮਰ ਜੋ ਗੁਣਾਂ ਦਾ ਮਾਲਕ ਹੈ ਤੇ ਵੱਡੇ ਦਿਲ ਵਾਲਾ ਹੈ ॥੧੦॥
ਸਲੋਕ ਮਃ ੧ ॥
ਨਾਨਕ ਇਹੁ ਤਨੁ ਜਾਲਿ ਜਿਨਿ ਜਲਿਐ ਨਾਮੁ ਵਿਸਾਰਿਆ ॥
ਹੇ ਨਾਨਕ! (ਤ੍ਰਿਸ਼ਨਾ-ਅੱਗ ਵਿਚ) ਸੜੇ ਹੋਏ ਇਸ ਸਰੀਰ ਨੇ ਪ੍ਰਭੂ ਦਾ ‘ਨਾਮ’ ਵਿਸਾਰ ਦਿੱਤਾ ਹੈ, ਸੋ, ਸਰੀਰ ਦੇ ਮੋਹ ਨੂੰ ਮੁਕਾ ਦੇਹ।
ਪਉਦੀ ਜਾਇ ਪਰਾਲਿ ਪਿਛੈ ਹਥੁ ਨ ਅੰਬੜੈ ਤਿਤੁ ਨਿਵੰਧੈ ਤਾਲਿ ॥੧॥
(ਤ੍ਰਿਸ਼ਨਾ ਦੇ ਕਾਰਣ) ਗਿਰਾਵਟ ਵਿਚ ਆਏ ਇਸ ਹਿਰਦੇ-ਤਲਾਬ ਵਿਚ (ਪਾਪਾਂ ਦੀ) ਪਰਾਲੀ ਇਕੱਠੀ ਹੋ ਰਹੀ ਹੈ (ਇਸ ਨੂੰ ਕੱਢਣ ਲਈ) ਫਿਰ ਪੇਸ਼ ਨਹੀਂ ਜਾਇਗੀ ॥੧॥
ਮਃ ੧ ॥
ਨਾਨਕ ਮਨ ਕੇ ਕੰਮ ਫਿਟਿਆ ਗਣਤ ਨ ਆਵਹੀ ॥
ਹੇ ਨਾਨਕ! ਮੇਰੇ ਮਨ ਦੇ ਤਾਂ ਇਤਨੇ ਮੰਦੇ ਕੰਮ ਹਨ ਕਿ ਗਿਣੇ ਨਹੀਂ ਜਾ ਸਕਦੇ।
ਕਿਤੀ ਲਹਾ ਸਹੰਮ ਜਾ ਬਖਸੇ ਤਾ ਧਕਾ ਨਹੀ ॥੨॥
(ਇਹਨਾਂ ਦੇ ਕਾਰਣ) ਮੈਨੂੰ ਸਹਿਮ ਭੀ ਬੜੇ ਸਹਾਰਨੇ ਪੈ ਰਹੇ ਹਨ, ਜਦੋਂ ਪ੍ਰਭੂ ਆਪ ਬਖ਼ਸ਼ਦਾ ਹੈ ਤਾਂ (ਉਸ ਦੀ ਹਜ਼ੂਰੀ ਵਿਚੋਂ) ਧੱਕਾ ਨਹੀਂ ਮਿਲਦਾ ॥੨॥
ਪਉੜੀ ॥
ਸਚਾ ਅਮਰੁ ਚਲਾਇਓਨੁ ਕਰਿ ਸਚੁ ਫੁਰਮਾਣੁ ॥
ਨਾਮ ਸਿਮਰਨ ਦਾ ਨੇਮ ਬਣਾ ਕੇ ਪ੍ਰਭੂ ਨੇ ਇਹ ਅਟੱਲ ਹੁਕਮ ਚਲਾ ਦਿੱਤਾ ਹੈ।
ਸਦਾ ਨਿਹਚਲੁ ਰਵਿ ਰਹਿਆ ਸੋ ਪੁਰਖੁ ਸੁਜਾਣੁ ॥
ਉਹ ਪ੍ਰਭੂ ਸਭ ਜੀਵਾਂ ਵਿਚ ਵਿਆਪਕ ਹੈ (ਹਰੇਕ ਦੀ ਭਲਾਈ ਨੂੰ) ਚੰਗੀ ਤਰ੍ਹਾਂ ਜਾਣਨ ਵਾਲਾ ਹੈ, ਸਦਾ ਕਾਇਮ ਰਹਿਣ ਵਾਲਾ ਹੈ ਤੇ ਹਰ ਥਾਂ ਮੌਜੂਦ ਹੈ।
ਗੁਰਪਰਸਾਦੀ ਸੇਵੀਐ ਸਚੁ ਸਬਦਿ ਨੀਸਾਣੁ ॥
ਗੁਰੂ ਦੇ ਸਬਦ ਦੀ ਰਾਹੀਂ ਪ੍ਰਭ-ਸਿਮਰਨ-ਰੂਪ ਜੀਵਨ-ਆਦਰਸ਼ ਮਿਲਦਾ ਹੈ, ਸੋ, ਗੁਰੂ ਦੀ ਮਿਹਰ ਪ੍ਰਾਪਤ ਕਰ ਕੇ ਸਿਮਰਨ ਕਰੀਏ।
ਪੂਰਾ ਥਾਟੁ ਬਣਾਇਆ ਰੰਗੁ ਗੁਰਮਤਿ ਮਾਣੁ ॥
ਪ੍ਰਭੂ ਨੇ ਸਿਮਰਨ ਦੀ ਬਣਤਰ ਐਸੀ ਬਣਾਈ ਹੈ ਜੋ ਮੁਕੰਮਲ ਹੈ (ਜਿਸ ਵਿਚ ਕੋਈ ਊਣਤਾ ਨਹੀਂ); (ਹੇ ਜੀਵ!) ਗੁਰੂ ਦੀ ਸਿੱਖਿਆ ਤੇ ਤੁਰ ਕੇ ਸਿਮਰਨ ਦਾ ਰੰਗ ਮਾਣ।
ਅਗਮ ਅਗੋਚਰੁ ਅਲਖੁ ਹੈ ਗੁਰਮੁਖਿ ਹਰਿ ਜਾਣੁ ॥੧੧॥
ਪ੍ਰਭੂ ਹੈ ਤਾਂ ਅਪਹੁੰਚ, ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਤੇ ਅਦ੍ਰਿਸ਼ਟ; ਪਰ ਗੁਰੂ ਦੇ ਸਨਮੁਖ ਹੋਇਆਂ ਉਸ ਦੀ ਸੂਝ ਪੈ ਜਾਂਦੀ ਹੈ ॥੧੧॥
ਸਲੋਕ ਮਃ ੧ ॥
ਨਾਨਕ ਬਦਰਾ ਮਾਲ ਕਾ ਭੀਤਰਿ ਧਰਿਆ ਆਣਿ ॥
ਹੇ ਨਾਨਕ! (ਕਿਸੇ ਮਾਲਕ ਦਾ ਨੌਕਰ) ਰੁਪਇਆਂ ਦੀ ਥੈਲੀ (ਕਮਾ ਕੇ) ਅੰਦਰ ਲਿਆ ਰੱਖਦਾ ਹੈ। (ਇਹ ਜੀਵ-ਵਣਜਾਰਾ ਸ਼ਾਹ-ਪ੍ਰਭੂ ਦਾ ਭੇਜਿਆ ਹੋਇਆ ਏਥੇ ਵਣਜ ਕਰ ਕੇ ਚੰਗੇ ਮੰਦੇ ਕੰਮਾਂ ਦੇ ਸੰਸਕਾਰ ਇਕੱਠੇ ਕਰਦਾ ਰਹਿੰਦਾ ਹੈ)
ਖੋਟੇ ਖਰੇ ਪਰਖੀਅਨਿ ਸਾਹਿਬ ਕੈ ਦੀਬਾਣਿ ॥੧॥
ਮਾਲਕ ਦੇ ਸਾਹਮਣੇ ਖੋਟੇ ਤੇ ਖਰੇ ਰੁਪਏ ਪਰਖੇ ਜਾਂਦੇ ਹਨ। (ਮਾਲਕ-ਪ੍ਰਭੂ ਦੀ ਹਜ਼ੂਰੀ ਵਿਚ ਨਿਤਾਰਾ ਹੋ ਜਾਂਦਾ ਹੈ ਕਿ ਏਥੇ ਖੋਟ ਹੀ ਕਮਾ ਰਿਹਾ ਹੈ ਜਾਂ ਭਲਾਈ ਭੀ) ॥੧॥
ਮਃ ੧ ॥
ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥
ਜੇ ਖੋਟੇ ਮਨ ਨਾਲ ਤੀਰਥਾਂ ਤੇ ਨ੍ਹਾਉਣ ਤੁਰ ਪਏ ਤੇ ਸਰੀਰ ਵਿਚ ਕਾਮਾਦਿਕ ਚੋਰ ਭੀ ਟਿਕੇ ਰਹੇ,
ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥
ਤਾਂ ਨ੍ਹਾਉਣ ਨਾਲ ਇਕ ਹਿੱਸਾ (ਭਾਵ, ਸਰੀਰ ਦੀ ਬਾਹਰਲੀ) ਮੈਲ ਤਾਂ ਲਹਿ ਗਈ ਪਰ (ਮਨ ਵਿਚ ਅਹੰਕਾਰ ਆਦਿਕ ਦੀ) ਦੂਣੀ ਮੈਲ ਹੋਰ ਚੜ੍ਹ ਗਈ।
ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥
(ਤੁੰਮੀ ਵਾਲਾ ਹਾਲ ਹੀ ਹੋਇਆ) ਤੁੰਮੀ ਬਾਹਰੋਂ ਤਾਂ ਧੋਤੀ ਗਈ, ਪਰ ਉਸ ਦੇ ਅੰਦਰ ਨਿਰੋਲ ਵਿਸੁ (ਭਾਵ, ਕੌੜੱਤਣ) ਟਿਕੀ ਰਹੀ।
ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ ॥੨॥
ਭਲੇ ਮਨੁੱਖ (ਤੀਰਥਾਂ ਤੇ) ਨ੍ਹਾਉਣ ਤੋਂ ਬਿਨਾ ਹੀ ਭਲੇ ਹਨ, ਤੇ ਚੋਰ (ਤੀਰਥਾਂ ਤੇ ਨ੍ਹਾ ਕੇ ਭੀ) ਚੋਰ ਹੀ ਹਨ ॥੨॥
ਪਉੜੀ ॥
ਆਪੇ ਹੁਕਮੁ ਚਲਾਇਦਾ ਜਗੁ ਧੰਧੈ ਲਾਇਆ ॥
ਪ੍ਰਭੂ ਆਪ ਹੀ ਆਪਣਾ ਹੁਕਮ ਵਰਤਾ ਰਿਹਾ ਹੈ ਤੇ ਜਗਤ ਨੂੰ ਉਸ ਨੇ ਆਪ ਹੀ ਮਾਇਕ ਧੰਧੇ ਵਿਚ ਲਾ ਰੱਖਿਆ ਹੈ।
ਇਕਿ ਆਪੇ ਹੀ ਆਪਿ ਲਾਇਅਨੁ ਗੁਰ ਤੇ ਸੁਖੁ ਪਾਇਆ ॥
ਜਿਨ੍ਹਾਂ ਨੂੰ ਉਸ ਨੇ ਆਪ ਹੀ (ਨਾਮ ਵਿਚ) ਜੋੜ ਰੱਖਿਆ ਹੈ ਉਹਨਾਂ ਨੇ ਗੁਰੂ ਦੀ ਸਰਨ ਪੈ ਕੇ ਸੁਖ ਹਾਸਲ ਕੀਤਾ ਹੈ।
ਦਹ ਦਿਸ ਇਹੁ ਮਨੁ ਧਾਵਦਾ ਗੁਰਿ ਠਾਕਿ ਰਹਾਇਆ ॥
ਮਨੁੱਖ ਦਾ ਇਹ ਮਨ ਦਸੀਂ ਪਾਸੀਂ ਦੌੜਦਾ ਹੈ, (ਸਰਨ ਆਏ ਮਨੁੱਖ ਦਾ ਮਨ) ਗੁਰੂ ਨੇ (ਹੀ) ਰੋਕ ਕੇ ਰੱਖਿਆ ਹੈ।
ਨਾਵੈ ਨੋ ਸਭ ਲੋਚਦੀ ਗੁਰਮਤੀ ਪਾਇਆ ॥
ਸਾਰੀ ਲੋਕਾਈ ਪ੍ਰਭੂ ਦੇ ਨਾਮ ਦੀ ਤਾਂਘ ਕਰਦੀ ਹੈ, ਪਰ ਮਿਲਦਾ ਗੁਰੂ ਦੀ ਮਤਿ ਲਿਆਂ ਹੀ ਹੈ।
ਧੁਰਿ ਲਿਖਿਆ ਮੇਟਿ ਨ ਸਕੀਐ ਜੋ ਹਰਿ ਲਿਖਿ ਪਾਇਆ ॥੧੨॥
(ਗੁਰੂ ਦਾ ਮਿਲਣਾ ਭੀ ਭਾਗਾਂ ਦੀ ਗੱਲ ਹੈ, ਤੇ) ਜੋ ਲੇਖ ਪ੍ਰਭੂ ਨੇ ਮੁੱਢ ਤੋਂ ਬੰਦੇ ਦੇ ਮੱਥੇ ਲਿਖ ਦਿੱਤਾ ਹੈ ਉਹ ਮਿਟਾਇਆ ਨਹੀਂ ਜਾ ਸਕਦਾ ॥੧੨॥
ਸਲੋਕ ਮਃ ੧ ॥
ਦੁਇ ਦੀਵੇ ਚਉਦਹ ਹਟਨਾਲੇ ॥
ਜਗਤ-ਰੂਪ ਸ਼ਹਰ ਵਿਚ ਚੰਦ ਤੇ ਸੂਰਜ, ਮਾਨੋ, ਦੋ ਲੈਂਪ ਜਗ ਰਹੇ ਹਨ, ਤੇ ਚੌਦਾਂ ਲੋਕ (ਇਹ ਜਗਤ-ਸ਼ਹਰ ਦੇ, ਮਾਨੋ) ਬਜ਼ਾਰ ਹਨ।
ਜੇਤੇ ਜੀਅ ਤੇਤੇ ਵਣਜਾਰੇ ॥
ਸਾਰੇ ਜੀਵ (ਇਸ ਸ਼ਹਰ ਦੇ) ਵਪਾਰੀ ਹਨ।
ਖੁਲੑੇ ਹਟ ਹੋਆ ਵਾਪਾਰੁ ॥
ਜਦੋਂ ਹੱਟ ਖੁਲ੍ਹ ਪਏ (ਜਗਤ-ਰਚਨਾ ਹੋਈ), ਵਪਾਰ ਹੋਣ ਲੱਗ ਪਿਆ।
ਜੋ ਪਹੁਚੈ ਸੋ ਚਲਣਹਾਰੁ ॥
ਜੋ ਜੋ ਵਪਾਰੀ ਏਥੇ ਆਉਂਦਾ ਹੈ ਉਹ ਮੁਸਾਫ਼ਿਰ ਹੀ ਹੁੰਦਾ ਹੈ।
ਧਰਮੁ ਦਲਾਲੁ ਪਾਏ ਨੀਸਾਣੁ ॥
(ਹਰੇਕ ਜੀਵ-ਵਪਾਰੀ ਦੀ ਕਰਣੀ-ਰੂਪ ਸਉਦੇ ਤੇ) ਧਰਮ-ਰੂਪ ਦਲਾਲ ਨਿਸ਼ਾਨ ਲਾਈ ਜਾਂਦਾ ਹੈ (ਕਿ ਇਸ ਦਾ ਸਉਦਾ ਖਰਾ ਹੈ ਜਾਂ ਖੋਟਾ),
ਨਾਨਕ ਨਾਮੁ ਲਾਹਾ ਪਰਵਾਣੁ ॥
ਹੇ ਨਾਨਕ! (ਸ਼ਾਹ-ਪ੍ਰਭੂ ਦੇ ਹੱਟ ਤੇ) ‘ਨਾਮ’ ਨਫ਼ਾ ਹੀ ਕਬੂਲ ਹੁੰਦਾ ਹੈ।
ਘਰਿ ਆਏ ਵਜੀ ਵਾਧਾਈ ॥
ਜੋ (ਇਹ ਨਫ਼ਾ ਖੱਟ ਕੇ) ਹਜ਼ੂਰੀ ਵਿਚ ਅੱਪੜਦਾ ਹੈ ਉਸ ਨੂੰ ਲਾਲੀ ਚੜ੍ਹਦੀ ਹੈ,
ਸਚ ਨਾਮ ਕੀ ਮਿਲੀ ਵਡਿਆਈ ॥੧॥
ਤੇ ਸੱਚੇ ਨਾਮ ਦੀ (ਪ੍ਰਾਪਤੀ ਦੀ) ਉਸ ਨੂੰ ਵਡਿਆਈ ਮਿਲਦੀ ਹੈ ॥੧॥
ਮਃ ੧ ॥
ਰਾਤੀ ਹੋਵਨਿ ਕਾਲੀਆ ਸੁਪੇਦਾ ਸੇ ਵੰਨ ॥
ਰਾਤਾਂ ਕਾਲੀਆਂ ਹੁੰਦੀਆਂ ਹਨ (ਪਰ) ਚਿੱਟੀਆਂ ਚੀਜ਼ਾਂ ਦੇ ਉਹੀ ਚਿੱਟੇ ਰੰਗ ਹੀ ਰਹਿੰਦੇ ਹਨ (ਰਾਤ ਦੀ ਕਾਲਖ ਦਾ ਅਸਰ ਉਹਨਾਂ ਤੇ ਨਹੀਂ ਪੈਂਦਾ)।
ਦਿਹੁ ਬਗਾ ਤਪੈ ਘਣਾ ਕਾਲਿਆ ਕਾਲੇ ਵੰਨ ॥
ਦਿਨ ਚਿੱਟਾ ਹੁੰਦਾ ਹੈ, ਚੰਗਾ ਤਕੜਾ ਚਮਕਦਾ ਹੈ, ਪਰ ਕਾਲੇ ਪਦਾਰਥਾਂ ਦੇ ਰੰਗ ਕਾਲੇ ਹੀ ਰਹਿੰਦੇ ਹਨ (ਦਿਨ ਦੀ ਰੌਸ਼ਨੀ ਦਾ ਅਸਰ ਇਹਨਾਂ ਕਾਲੀਆਂ ਚੀਜ਼ਾਂ ਤੇ ਨਹੀਂ ਪੈਂਦਾ)।
ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨੁ ॥
(ਏਸੇ ਤਰ੍ਹਾਂ) ਜੋ ਮਨੁੱਖ ਅੰਨ੍ਹੇ ਮੂਰਖ ਅਕਲ-ਹੀਣ ਹਨ ਉਹਨਾਂ ਦੀ ਅੰਨ੍ਹੀ ਹੀ ਮਤਿ ਰਹਿੰਦੀ ਹੈ;
ਨਾਨਕ ਨਦਰੀ ਬਾਹਰੇ ਕਬਹਿ ਨ ਪਾਵਹਿ ਮਾਨੁ ॥੨॥
ਹੇ ਨਾਨਕ! ਜਿਨ੍ਹਾਂ ਉਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਨਹੀਂ ਹੋਈ ਉਹਨਾਂ ਨੂੰ ਕਦੇ (‘ਨਾਮ’ ਦੀ ਪ੍ਰਾਪਤੀ ਦਾ) ਮਾਣ ਨਹੀਂ ਮਿਲਦਾ ॥੨॥
ਪਉੜੀ ॥
ਕਾਇਆ ਕੋਟੁ ਰਚਾਇਆ ਹਰਿ ਸਚੈ ਆਪੇ ॥
ਇਹ ਮਨੁੱਖਾ-ਸਰੀਰ (ਮਾਨੋ,) ਕਿਲ੍ਹਾ ਹੈ ਜੋ ਸੱਚੇ ਪ੍ਰਭੂ ਨੇ ਆਪ ਬਣਾਇਆ ਹੈ,
ਇਕਿ ਦੂਜੈ ਭਾਇ ਖੁਆਇਅਨੁ ਹਉਮੈ ਵਿਚਿ ਵਿਆਪੇ ॥
(ਪਰ ਇਸ ਕਿਲ੍ਹੇ ਵਿਚ ਰਹਿੰਦੇ ਹੋਏ ਭੀ) ਕਈ ਜੀਵ ਮਾਇਆ ਦੇ ਮੋਹ ਵਿਚ ਪਾ ਕੇ ਉਸ ਨੇ ਆਪ ਹੀ ਕੁਰਾਹੇ ਪਾ ਦਿੱਤੇ ਹਨ, ਉਹ (ਵਿਚਾਰੇ) ਹਉਮੈ ਵਿਚ ਫਸੇ ਪਏ ਹਨ।
ਇਹੁ ਮਾਨਸ ਜਨਮੁ ਦੁਲੰਭੁ ਸਾ ਮਨਮੁਖ ਸੰਤਾਪੇ ॥
ਇਹ ਮਨੁੱਖਾ ਸਰੀਰ ਬੜੀ ਮੁਸ਼ਕਲ ਨਾਲ ਲੱਭਾ ਸੀ, ਪਰ ਮਨ ਦੇ ਪਿੱਛੇ ਤੁਰ ਕੇ ਜੀਵ ਦੁਖੀ ਹੋ ਰਹੇ ਹਨ।
ਜਿਸੁ ਆਪਿ ਬੁਝਾਏ ਸੋ ਬੁਝਸੀ ਜਿਸੁ ਸਤਿਗੁਰੁ ਥਾਪੇ ॥
(ਇਹ ਸਰੀਰ ਪ੍ਰਾਪਤ ਕਰ ਕੇ ਕੀਹ ਕਰਨਾ ਸੀ) ਇਹ ਸਮਝ ਉਸ ਨੂੰ ਆਉਂਦੀ ਹੈ ਜਿਸ ਨੂੰ ਪ੍ਰਭੂ ਆਪ ਸਮਝ ਬਖ਼ਸ਼ੇ ਤੇ ਸਤਿਗੁਰੂ ਥਾਪਣਾ ਦੇਵੇ।
ਸਭੁ ਜਗੁ ਖੇਲੁ ਰਚਾਇਓਨੁ ਸਭ ਵਰਤੈ ਆਪੇ ॥੧੩॥
(ਪਰ ਕਿਸੇ ਨੂੰ ਨਿੰਦਿਆ ਭੀ ਨਹੀਂ ਜਾ ਸਕਦਾ) ਇਹ ਸਾਰਾ ਜਗਤ ਉਸ ਪ੍ਰਭੂ ਨੇ ਇਕ ਖੇਡ ਬਣਾਈ ਹੈ ਤੇ ਇਸ ਵਿਚ ਹਰ ਥਾਂ ਆਪ ਹੀ ਮੌਜੂਦ ਹੈ ॥੧੩॥
ਸਲੋਕ ਮਃ ੧ ॥
ਚੋਰਾ ਜਾਰਾ ਰੰਡੀਆ ਕੁਟਣੀਆ ਦੀਬਾਣੁ ॥
ਚੋਰਾਂ, ਲੁੱਚੇ ਬੰਦਿਆਂ, ਵਿਭਚਾਰਨ ਔਰਤਾਂ ਤੇ ਦੱਲੀਆਂ ਦਾ ਆਪੋ ਵਿਚ ਬਹਿਣ ਖਲੋਣ ਹੁੰਦਾ ਹੈ,
ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ ॥
ਇਹਨਾਂ ਧਰਮ ਤੋਂ ਵਾਂਜਿਆਂ ਦੀ ਆਪੋ ਵਿਚ ਮਿਤ੍ਰਤਾ ਤੇ ਆਪੋ ਵਿਚ ਖਾਣ ਪੀਣ ਹੁੰਦਾ ਹੈ।
ਸਿਫਤੀ ਸਾਰ ਨ ਜਾਣਨੀ ਸਦਾ ਵਸੈ ਸੈਤਾਨੁ ॥
ਰੱਬ ਦੀ ਸਿਫ਼ਤਿ-ਸਾਲਾਹ ਕਰਨ ਦੀ ਇਹਨਾਂ ਨੂੰ ਸੂਝ ਨਹੀਂ ਹੁੰਦੀ, (ਇਹਨਾਂ ਦੇ ਮਨ ਵਿਚ, ਮਾਨੋ) ਸਦਾ ਸ਼ੈਤਾਨ ਵੱਸਦਾ ਹੈ।
ਗਦਹੁ ਚੰਦਨਿ ਖਉਲੀਐ ਭੀ ਸਾਹੂ ਸਿਉ ਪਾਣੁ ॥
(ਸਮਝਾਇਆਂ ਭੀ ਸਮਝਦੇ ਨਹੀਂ, ਜਿਵੇਂ) ਖੋਤੇ ਨੂੰ ਜੇ ਚੰਦਨ ਨਾਲ ਮਲੀਏ ਤਾਂ ਭੀ ਉਸ ਦੀ ਵਰਤੋਂ ਵਿਹਾਰ ਸੁਆਹ ਨਾਲ ਹੀ ਹੁੰਦੀ ਹੈ (ਪਿਛਲੇ ਕੀਤੇ ਕਰਮਾਂ ਦਾ ਗੇੜ ਇਸ ਮੰਦੇ ਰਾਹ ਤੋਂ ਹਟਣ ਨਹੀਂ ਦੇਂਦਾ)।
ਨਾਨਕ ਕੂੜੈ ਕਤਿਐ ਕੂੜਾ ਤਣੀਐ ਤਾਣੁ ॥
ਹੇ ਨਾਨਕ! “ਕੂੜ” (ਦਾ ਸੂਤਰ) ਕੱਤਣ ਨਾਲ “ਕੂੜ” ਦਾ ਹੀ ਤਾਣਾ ਚਾਹੀਦਾ ਹੈ,
ਕੂੜਾ ਕਪੜੁ ਕਛੀਐ ਕੂੜਾ ਪੈਨਣੁ ਮਾਣੁ ॥੧॥
ਕੂੜ ਦਾ ਹੀ ਕੱਪੜਾ ਕੱਛੀਦਾ ਹੈ ਤੇ ਪਹਿਨੀਦਾ ਹੈ (ਇਸ “ਕੂੜ”-ਰੂਪ ਪੁਸ਼ਾਕ ਦੇ ਕਾਰਨ “ਕੂੜ” ਹੀ ਵਡਿਆਈ ਮਿਲਦੀ ਹੈ (ਭਾਵ, “ਖਤਿਅਹੁ ਜੰਮੇ ਖਤੇ ਕਰਨਿ ਤ ਖਤਿਆ ਵਿਚਿ ਪਾਹਿ”) ॥੧॥
ਮਃ ੧ ॥
ਬਾਂਗਾ ਬੁਰਗੂ ਸਿੰਙੀਆ ਨਾਲੇ ਮਿਲੀ ਕਲਾਣ ॥
(ਮੁੱਲਾਂ) ਬਾਂਗ ਦੇ ਕੇ, (ਫ਼ਕੀਰ) ਤੂਤੀ ਵਜਾ ਕੇ, (ਜੋਗੀ) ਸਿੰਙੀ ਵਜਾ ਕੇ, (ਮਿਰਾਸੀ) ਕਲਾਣ ਕਰ ਕੇ (ਲੋਕਾਂ ਦੇ ਦਰ ਤੋਂ ਮੰਗਦੇ ਹਨ);
ਇਕਿ ਦਾਤੇ ਇਕਿ ਮੰਗਤੇ ਨਾਮੁ ਤੇਰਾ ਪਰਵਾਣੁ ॥
(ਸੰਸਾਰ ਵਿਚ ਇਸ ਤਰ੍ਹਾਂ ਦੇ) ਕਈ ਮੰਗਤੇ ਤੇ ਕਈ ਦਾਤੇ ਹਨ, ਪਰ ਮੈਨੂੰ ਤੇਰਾ ਨਾਮ ਹੀ ਚਾਹੀਦਾ ਹੈ।
ਨਾਨਕ ਜਿਨੑੀ ਸੁਣਿ ਕੈ ਮੰਨਿਆ ਹਉ ਤਿਨਾ ਵਿਟਹੁ ਕੁਰਬਾਣੁ ॥੨॥
ਹੇ ਨਾਨਕ! ਜਿਨ੍ਹਾਂ ਬੰਦਿਆਂ ਨੇ ਪ੍ਰਭੂ ਦਾ ਨਾਮ ਸੁਣ ਕੇ ਉਸ ਵਿਚ ਮਨ ਨੂੰ ਜੋੜ ਲਿਆ ਹੈ, ਮੈਂ ਉਹਨਾਂ ਤੋਂ ਸਦਕੇ ਹਾਂ ॥੨॥
ਪਉੜੀ ॥
ਮਾਇਆ ਮੋਹੁ ਸਭੁ ਕੂੜੁ ਹੈ ਕੂੜੋ ਹੋਇ ਗਇਆ ॥
ਮਾਇਆ ਦਾ ਮੋਹ ਨਿਰੋਲ ਇਕ ਛਲ ਹੈ, (ਆਖ਼ਰ) ਛਲ ਹੀ (ਸਾਬਤ) ਹੁੰਦਾ ਹੈ,
ਹਉਮੈ ਝਗੜਾ ਪਾਇਓਨੁ ਝਗੜੈ ਜਗੁ ਮੁਇਆ ॥
ਪਰ ਪ੍ਰਭੂ ਨੇ (ਮਾਇਆ ਦੇ ਮੋਹ ਵਿਚ ਜੀਵ ਫਸਾ ਕੇ) ‘ਹਉਮੈ’ ਦਾ ਗੇੜ ਪੈਦਾ ਕਰ ਦਿੱਤਾ ਹੈ ਇਸ ਗੇੜ ਵਿਚ (ਪੈ ਕੇ) ਜਗਤ ਦੁਖੀ ਹੋ ਰਿਹਾ ਹੈ।
ਗੁਰਮੁਖਿ ਝਗੜੁ ਚੁਕਾਇਓਨੁ ਇਕੋ ਰਵਿ ਰਹਿਆ ॥
ਜੋ ਮਨੁੱਖ ਗੁਰੂ ਦੇ ਸਨਮੁਖ ਹੈ ਉਸ ਦਾ ਇਹ ਝੰਬੇਲਾ ਪ੍ਰਭੂ ਨੇ ਆਪ ਮੁਕਾ ਦਿੱਤਾ ਹੈ, ਉਸ ਨੂੰ ਇਕ ਪ੍ਰਭੂ ਹੀ ਵਿਆਪਕ ਦਿੱਸਦਾ ਹੈ।
ਸਭੁ ਆਤਮ ਰਾਮੁ ਪਛਾਣਿਆ ਭਉਜਲੁ ਤਰਿ ਗਇਆ ॥
ਗੁਰਮੁਖ ਹਰ ਥਾਂ ਪਰਮਾਤਮਾ ਨੂੰ ਹੀ ਪਛਾਣਦਾ ਹੈ ਤੇ ਇਸ ਤਰ੍ਹਾਂ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।
ਜੋਤਿ ਸਮਾਣੀ ਜੋਤਿ ਵਿਚਿ ਹਰਿ ਨਾਮਿ ਸਮਇਆ ॥੧੪॥
ਉਸ ਦੀ ਆਤਮਾ ਪਰਮਾਤਮਾ ਵਿਚ ਲੀਨ ਹੁੰਦੀ ਰਹਿੰਦੀ ਹੈ ਉਹ ਪ੍ਰਭੂ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ ॥੧੪॥
ਸਲੋਕ ਮਃ ੧ ॥
ਸਤਿਗੁਰ ਭੀਖਿਆ ਦੇਹਿ ਮੈ ਤੂੰ ਸੰਮ੍ਰਥੁ ਦਾਤਾਰੁ ॥
ਹੇ ਗੁਰੂ! ਤੂੰ ਬਖ਼ਸ਼ਸ਼ ਕਰਨ ਜੋਗਾ ਹੈਂ, ਮੈਨੂੰ ਖ਼ੈਰ ਪਾ (‘ਨਾਮ’ ਦਾ),
ਹਉਮੈ ਗਰਬੁ ਨਿਵਾਰੀਐ ਕਾਮੁ ਕ੍ਰੋਧੁ ਅਹੰਕਾਰੁ ॥
(ਤਾਂ ਜੋ) ਮੇਰੀ ਹਉਮੈ ਮੇਰਾ ਅਹੰਕਾਰ ਕਾਮ ਤੇ ਕ੍ਰੋਧ ਦੂਰ ਹੋ ਜਾਏ।
ਲਬੁ ਲੋਭੁ ਪਰਜਾਲੀਐ ਨਾਮੁ ਮਿਲੈ ਆਧਾਰੁ ॥
(ਹੇ ਗੁਰੂ! ਤੇਰੇ ਦਰ ਤੋਂ ਮੈਨੂੰ) ਪ੍ਰਭੂ ਦਾ ਨਾਮ (ਜ਼ਿੰਦਗੀ ਲਈ) ਸਹਾਰਾ ਮਿਲ ਜਾਏ ਤੇ ਮੇਰਾ ਚਸਕਾ ਤੇ ਲੋਭ ਚੰਗੀ ਤਰ੍ਹਾਂ ਸੜ ਜਾਏ।
ਅਹਿਨਿਸਿ ਨਵਤਨ ਨਿਰਮਲਾ ਮੈਲਾ ਕਬਹੂੰ ਨ ਹੋਇ ॥
ਪ੍ਰਭੂ ਦਾ ਨਾਮ ਦਿਨ ਰਾਤ ਨਵੇਂ ਤੋਂ ਨਵਾਂ ਹੁੰਦਾ ਹੈ (ਭਾਵ, ਜਿਉਂ ਜਿਉਂ ਜਪੀਏ, ਇਸ ਨਾਲ ਪਿਆਰ ਵਧਦਾ ਹੈ) ‘ਨਾਮ’ ਪਵਿਤ੍ਰ ਹੈ, ਇਹ ਕਦੇ ਮੈਲਾ ਨਹੀਂ ਹੁੰਦਾ।
ਨਾਨਕ ਇਹ ਬਿਧਿ ਛੁਟੀਐ ਨਦਰਿ ਤੇਰੀ ਸੁਖੁ ਹੋਇ ॥੧॥
(ਤਾਹੀਏਂ) ਹੇ ਨਾਨਕ! ‘ਨਾਮ’ ਜਪਿਆਂ (ਹਉਮੈ ਦੇ) ਗੇੜ ਤੋਂ ਬਚੀਦਾ ਹੈ। ਹੇ ਪ੍ਰਭੂ! ਇਹ ਸੁਖ ਤੇਰੀ ਮਿਹਰ ਦੀ ਨਜ਼ਰ ਨਾਲ ਮਿਲਦਾ ਹੈ ॥੧॥
ਮਃ ੧ ॥
ਇਕੋ ਕੰਤੁ ਸਬਾਈਆ ਜਿਤੀ ਦਰਿ ਖੜੀਆਹ ॥
ਜਿਤਨੀਆਂ ਭੀ ਜੀਵ-ਇਸਤ੍ਰੀਆਂ ਖਸਮ-ਪ੍ਰਭੂ ਦੇ ਬੂਹੇ ਤੇ ਖਲੋਤੀਆਂ ਹੋਈਆਂ ਹਨ। ਉਹਨਾਂ ਸਭਨਾਂ ਦਾ ਇੱਕ ਪ੍ਰਭੂ ਹੀ ਰਾਖਾ ਹੈ।
ਨਾਨਕ ਕੰਤੈ ਰਤੀਆ ਪੁਛਹਿ ਬਾਤੜੀਆਹ ॥੨॥
ਹੇ ਨਾਨਕ! ਖਸਮ-ਪ੍ਰਭੂ ਦੇ ਪਿਆਰ ਰੰਗ ਵਿਚ ਰੰਗੀਆਂ ਹੋਈਆਂ ਪ੍ਰਭੂ ਦੀਆਂ ਹੀ ਮੋਹਣੀਆਂ ਗੱਲਾਂ (ਇਕ ਦੂਜੀ ਪਾਸੋਂ) ਪੁੱਛਦੀਆਂ ਹਨ ॥੨॥
ਮਃ ੧ ॥
ਸਭੇ ਕੰਤੈ ਰਤੀਆ ਮੈ ਦੋਹਾਗਣਿ ਕਿਤੁ ॥
ਸਾਰੀਆਂ ਜੀਵ-ਇਸਤ੍ਰੀਆਂ ਖਸਮ-ਪ੍ਰਭੂ ਦੇ ਪਿਆਰ ਵਿਚ ਰੰਗੀਆਂ ਹੋਈਆਂ ਹਨ, (ਉਹਨਾਂ ਸੋਹਾਗਣਾਂ ਦੇ ਸਾਮ੍ਹਣੇ) ਮੈਂ ਮੰਦੇ ਭਾਗਾਂ ਵਾਲੀ ਕਿਸ ਗਿਣਤੀ ਵਿਚ ਹਾਂ?
ਮੈ ਤਨਿ ਅਵਗਣ ਏਤੜੇ ਖਸਮੁ ਨ ਫੇਰੇ ਚਿਤੁ ॥੩॥
ਮੇਰੇ ਸਰੀਰ ਵਿਚ ਇਤਨੇ ਔਗੁਣ ਹਨ ਕਿ ਖਸਮ ਮੇਰੇ ਵਲ ਧਿਆਨ ਭੀ ਨਹੀਂ ਕਰਦਾ ॥੩॥
ਮਃ ੧ ॥
ਹਉ ਬਲਿਹਾਰੀ ਤਿਨ ਕਉ ਸਿਫਤਿ ਜਿਨਾ ਦੈ ਵਾਤਿ ॥
ਮੈਂ ਸਦਕੇ ਹਾਂ ਉਹਨਾਂ ਤੋਂ ਜਿਨ੍ਹਾਂ ਦੇ ਮੂੰਹ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਹੈ।
ਸਭਿ ਰਾਤੀ ਸੋਹਾਗਣੀ ਇਕ ਮੈ ਦੋਹਾਗਣਿ ਰਾਤਿ ॥੪॥
(ਹੇ ਪ੍ਰਭੂ!) ਤੂੰ ਸਾਰੀਆਂ ਰਾਤਾਂ ਸੁਹਾਗਣਾਂ ਨੂੰ ਦੇ ਰਿਹਾ ਹੈਂ, ਇਕ ਰਾਤ ਮੈਨੂੰ ਛੁੱਟੜ ਨੂੰ ਭੀ ਦੇਹ ॥੪॥
ਪਉੜੀ ॥
ਦਰਿ ਮੰਗਤੁ ਜਾਚੈ ਦਾਨੁ ਹਰਿ ਦੀਜੈ ਕ੍ਰਿਪਾ ਕਰਿ ॥
ਹੇ ਪ੍ਰਭੂ! ਮੈਂ ਮੰਗਤਾ ਤੇਰੇ ਬੂਹੇ ਤੇ (ਆ ਕੇ) ਖ਼ੈਰ ਮੰਗਦਾ ਹਾਂ, ਮਿਹਰ ਕਰ ਕੇ ਮੈਨੂੰ ਖ਼ੈਰ ਪਾ।
ਗੁਰਮੁਖਿ ਲੇਹੁ ਮਿਲਾਇ ਜਨੁ ਪਾਵੈ ਨਾਮੁ ਹਰਿ ॥
ਮੈਨੂੰ ਗੁਰੂ ਦੇ ਸਨਮੁਖ ਕਰ ਕੇ (ਆਪਣੇ ਚਰਨਾਂ ਵਿਚ) ਜੋੜ ਲੈ, ਮੈਂ ਤੇਰਾ ਸੇਵਕ ਤੇਰਾ ਨਾਮ ਪ੍ਰਾਪਤ ਕਰ ਲਵਾਂ,
ਅਨਹਦ ਸਬਦੁ ਵਜਾਇ ਜੋਤੀ ਜੋਤਿ ਧਰਿ ॥
ਤੇਰੀ ਜੋਤਿ ਵਿਚ ਆਪਣੀ ਆਤਮਾ ਟਿਕਾ ਕੇ ਮੈਂ ਤੇਰੀ ਸਿਫ਼ਤਿ-ਸਾਲਾਹ ਦਾ ਇਕ-ਰਸ ਗੀਤ ਗਾਵਾਂ,
ਹਿਰਦੈ ਹਰਿ ਗੁਣ ਗਾਇ ਜੈ ਜੈ ਸਬਦੁ ਹਰਿ ॥
ਤੇਰੀ ਜੈ ਜੈਕਾਰ ਦੀ ਬਾਣੀ ਤੇ ਗੁਣ ਮੈਂ ਹਿਰਦੇ ਵਿਚ ਗਾਵਾਂ,
ਜਗ ਮਹਿ ਵਰਤੈ ਆਪਿ ਹਰਿ ਸੇਤੀ ਪ੍ਰੀਤਿ ਕਰਿ ॥੧੫॥
ਮੈਂ ਤੇਰੇ ਨਾਲ ਪਿਆਰ ਕਰਾਂ (ਤੇ ਇਸ ਤਰ੍ਹਾਂ ਮੈਨੂੰ ਯਕੀਨ ਬਣੇ ਕਿ) ਜਗਤ ਵਿਚ ਪ੍ਰਭੂ ਆਪ ਹਰ ਥਾਂ ਮੌਜੂਦ ਹੈ ॥੧੫॥
ਸਲੋਕ ਮਃ ੧ ॥
ਜਿਨੀ ਨ ਪਾਇਓ ਪ੍ਰੇਮ ਰਸੁ ਕੰਤ ਨ ਪਾਇਓ ਸਾਉ ॥
ਜਿਨ੍ਹਾਂ ਜੀਵ-ਇਸਤ੍ਰੀਆਂ ਨੇ ਪ੍ਰਭੂ ਦੇ ਪਿਆਰ ਦਾ ਆਨੰਦ ਨਾਹ ਮਾਣਿਆ, ਜਿਨ੍ਹਾਂ ਨੇ ਖਸਮ-ਪ੍ਰਭੂ ਦੇ ਮਿਲਾਪ ਦਾ ਸੁਆਦ ਨਾਹ ਚੱਖਿਆ,
ਸੁੰਞੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਉ ॥੧॥
(ਉਹ ਇਸ ਮਨੁੱਖਾ ਸਰੀਰ ਵਿਚ ਆ ਕੇ ਇਉਂ ਹੀ ਖ਼ਾਲੀ ਗਈਆਂ) ਜਿਵੇਂ ਕਿਸੇ ਸੁੰਞੇ ਘਰ ਵਿਚ ਆਇਆ ਪਰਾਹੁਣਾ ਜਿਵੇਂ ਆਉਂਦਾ ਹੈ ਤਿਵੇਂ ਤੁਰ ਜਾਂਦਾ ਹੈ (ਓਦੋਂ ਉਸ ਨੂੰ ਖਾਣ ਪੀਣ ਨੂੰ ਕੁਝ ਭੀ ਹਾਸਲ ਨਹੀਂ ਹੁੰਦਾ) ॥੧॥
ਮਃ ੧ ॥
ਸਉ ਓਲਾਮੑੇ ਦਿਨੈ ਕੇ ਰਾਤੀ ਮਿਲਨਿੑ ਸਹੰਸ ॥
(ਇਸ ਜੀਵ ਨੂੰ) ਦਿਨ ਦੇ ਵੇਲੇ (ਕੀਤੇ ਮੰਦ ਕਰਮਾਂ ਦੇ) ਸੌ ਉਲਾਮੇ ਮਿਲਦੇ ਹਨ ਤੇ ਰਾਤ ਵੇਲੇ (ਕੀਤਿਆਂ) ਦੇ ਹਜ਼ਾਰਾਂ;
ਸਿਫਤਿ ਸਲਾਹਣੁ ਛਡਿ ਕੈ ਕਰੰਗੀ ਲਗਾ ਹੰਸੁ ॥
(ਕਿਉਂਕਿ ਜੀਵ-) ਹੰਸ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਰੂਪ ਮੋਤੀ) ਛੱਡ ਕੇ (ਵਿਕਾਰ ਰੂਪ) ਮੁਰਦਾਰਾਂ (ਦੇ ਖਾਣ) ਵਿਚ ਲੱਗਾ ਹੋਇਆ ਹੈ (ਦਿਨੇ ਰਾਤ ਮੰਦ ਕਰਮ ਕਰਦਾ ਰਿਹਾ ਹੈ।
ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ ॥
ਫਿਟੇ-ਮੂੰਹ ਅਜੇਹੇ ਜੀਊਣ ਨੂੰ ਜਿਸ ਵਿਚ ਸਿਰਫ਼ ਖਾ ਖਾ ਕੇ ਹੀ ਢਿੱਡ ਵਧਾ ਲਿਆ।
ਨਾਨਕ ਸਚੇ ਨਾਮ ਵਿਣੁ ਸਭੋ ਦੁਸਮਨੁ ਹੇਤੁ ॥੨॥
ਹੇ ਨਾਨਕ! ਪ੍ਰਭੂ ਦੇ ਇਸ ਨਾਮ ਤੋਂ ਵਾਂਜੇ ਰਹਿਣ ਕਰਕੇ ਇਹ ਸਾਰਾ ਮੋਹ ਵੈਰੀ ਹੋ ਢੁਕਦਾ ਹੈ ॥੨॥
ਪਉੜੀ ॥
ਢਾਢੀ ਗੁਣ ਗਾਵੈ ਨਿਤ ਜਨਮੁ ਸਵਾਰਿਆ ॥
ਢਾਢੀ ਸਦਾ ਪ੍ਰਭੂ ਦੇ ਗੁਣ ਗਾਉਂਦਾ ਹੈ ਤੇ ਆਪਣਾ ਜੀਵਨ ਸੋਹਣਾ ਬਣਾਂਦਾ ਹੈ;
ਗੁਰਮੁਖਿ ਸੇਵਿ ਸਲਾਹਿ ਸਚਾ ਉਰ ਧਾਰਿਆ ॥
ਗੁਰੂ ਦੀ ਰਾਹੀਂ ਉਹ ਪ੍ਰਭੂ ਦੀ ਬੰਦਗੀ ਕਰ ਕੇ ਸਿਫ਼ਤਿ-ਸਾਲਾਹ ਕਰ ਕੇ ਸੱਚੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ।
ਘਰੁ ਦਰੁ ਪਾਵੈ ਮਹਲੁ ਨਾਮੁ ਪਿਆਰਿਆ ॥
ਪ੍ਰਭੂ ਦੇ ਨਾਮ ਨੂੰ ਪਿਆਰ ਕਰ ਕੇ ਉਹ ਪ੍ਰਭੂ ਦਾ ਘਰ, ਪ੍ਰਭੂ ਦਾ ਦਰ ਤੇ ਮਹਲ ਲੱਭ ਲੈਂਦਾ ਹੈ।
ਗੁਰਮੁਖਿ ਪਾਇਆ ਨਾਮੁ ਹਉ ਗੁਰ ਕਉ ਵਾਰਿਆ ॥
ਮੈਂ ਕੁਰਬਾਨ ਹਾਂ ਗੁਰੂ ਤੋਂ, ਪ੍ਰਭੂ ਦਾ ਨਾਮ ਗੁਰੂ ਦੀ ਰਾਹੀਂ ਹੀ ਮਿਲਦਾ ਹੈ।
ਤੂ ਆਪਿ ਸਵਾਰਹਿ ਆਪਿ ਸਿਰਜਨਹਾਰਿਆ ॥੧੬॥
ਹੇ ਸਿਰਜਣਹਾਰ ਪ੍ਰਭੂ! ਤੂੰ ਆਪ ਹੀ (ਗੁਰੂ ਦੇ ਰਾਹ ਤੇ ਤੋਰ ਕੇ ਜੀਵ ਦਾ) ਜੀਵਨ ਸਵਾਰਦਾ ਹੈਂ ॥੧੬॥
ਸਲੋਕ ਮਃ ੧ ॥
ਦੀਵਾ ਬਲੈ ਅੰਧੇਰਾ ਜਾਇ ॥
(ਜਿਵੇਂ ਜਦੋਂ) ਦੀਵਾ ਜਗਦਾ ਹੈ ਤਾਂ ਹਨੇਰਾ ਦੂਰ ਹੋ ਜਾਂਦਾ ਹੈ।
ਬੇਦ ਪਾਠ ਮਤਿ ਪਾਪਾ ਖਾਇ ॥
(ਏਸੇ ਤਰ੍ਹਾਂ) ਵੇਦ (ਆਦਿਕ ਧਰਮ-ਪੁਸਤਕਾਂ ਦੀ) ਬਾਣੀ ਅਨੁਸਾਰ ਢਲੀ ਹੋਈ ਮਤਿ ਪਾਪਾਂ ਦਾ ਨਾਸ ਕਰ ਦੇਂਦੀ ਹੈ।
ਉਗਵੈ ਸੂਰੁ ਨ ਜਾਪੈ ਚੰਦੁ ॥
ਜਦੋਂ ਸੂਰਜ ਚੜ੍ਹ ਪੈਂਦਾ ਹੈ ਚੰਦ੍ਰਮਾ (ਚੜ੍ਹਿਆ ਹੋਇਆ) ਨਹੀਂ ਜਾਪਦਾ,
ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ ॥
(ਤਿਵੇਂ) ਜਿਥੇ ਮਤਿ ਉੱਜਲੀ (ਗਿਆਨ ਦਾ ਪ੍ਰਕਾਸ਼) ਹੋ ਜਾਏ ਓਥੇ ਅਗਿਆਨਤਾ ਮਿਟ ਜਾਂਦੀ ਹੈ।
ਬੇਦ ਪਾਠ ਸੰਸਾਰ ਕੀ ਕਾਰ ॥
ਵੇਦ ਆਦਿਕ ਧਰਮ-ਪੁਸਤਕਾਂ ਦੇ (ਨਿਰੇ) ਪਾਠ ਤਾਂ ਦੁਨੀਆਵੀ ਵਿਹਾਰ (ਸਮਝੋ),
ਪੜਿੑ ਪੜਿੑ ਪੰਡਿਤ ਕਰਹਿ ਬੀਚਾਰ ॥
ਵਿਦਵਾਨ ਲੋਕ ਇਹਨਾਂ ਨੂੰ ਪੜ੍ਹ ਪੜ੍ਹ ਕੇ ਇਹਨਾਂ ਦੇ ਸਿਰਫ਼ ਅਰਥ ਹੀ ਵਿਚਾਰਦੇ ਹਨ।
ਬਿਨੁ ਬੂਝੇ ਸਭ ਹੋਇ ਖੁਆਰ ॥
ਜਦ ਤਕ ਮਤਿ ਨਹੀਂ ਬਦਲਦੀ (ਨਿਰੇ ਪਾਠ ਤੇ ਅਰਥ-ਵਿਚਾਰ ਨਾਲ ਤਾਂ) ਲੁਕਾਈ ਖ਼ੁਆਰ ਹੀ ਹੁੰਦੀ ਹੈ।
ਨਾਨਕ ਗੁਰਮੁਖਿ ਉਤਰਸਿ ਪਾਰਿ ॥੧॥
ਹੇ ਨਾਨਕ! ਉਹ ਮਨੁੱਖ ਹੀ (ਪਾਪਾਂ ਦੇ ਹਨੇਰੇ ਤੋਂ) ਪਾਰ ਲੰਘਦਾ ਹੈ ਜਿਸ ਨੇ ਆਪਣੀ ਮਤਿ ਗੁਰੂ ਦੇ ਹਵਾਲੇ ਕਰ ਦਿੱਤੀ ਹੈ ॥੧॥
ਮਃ ੩ ॥
ਸਬਦੈ ਸਾਦੁ ਨ ਆਇਓ ਨਾਮਿ ਨ ਲਗੋ ਪਿਆਰੁ ॥
ਜਿਸ ਮਨੁੱਖ ਨੂੰ ਸਤਿਗੁਰੂ ਦੇ ਸ਼ਬਦ ਵਿਚ ਰਸ ਨਹੀਂ ਆਉਂਦਾ, ਨਾਮ ਵਿਚ ਜਿਸ ਦਾ ਪਿਆਰ ਨਹੀਂ ਜੁੜਿਆ,
ਰਸਨਾ ਫਿਕਾ ਬੋਲਣਾ ਨਿਤ ਨਿਤ ਹੋਇ ਖੁਆਰੁ ॥
ਉਹ ਮਨੁੱਖ ਜੀਭ ਨਾਲ ਫਿੱਕੇ ਬਚਨ ਹੀ ਬੋਲਦਾ ਹੈ ਤੇ ਸਦਾ ਖ਼ੁਆਰ ਹੁੰਦਾ ਹੈ।
ਨਾਨਕ ਕਿਰਤਿ ਪਇਐ ਕਮਾਵਣਾ ਕੋਇ ਨ ਮੇਟਣਹਾਰੁ ॥੨॥
ਹੇ ਨਾਨਕ! ਉਸ ਨੂੰ (ਪਿਛਲੇ ਕੀਤੇ ਕੰਮਾਂ ਦੇ) ਉੱਕਰੇ ਹੋਏ ਸੰਸਕਾਰਾਂ ਅਨੁਸਾਰ ਕਾਰ ਕਰਨੀ ਪੈਂਦੀ ਹੈ; ਕੋਈ ਵੀ (ਸੰਸਕਾਰਾਂ ਨੂੰ) ਮਿਟਾ ਨਹੀਂ ਸਕਦਾ ॥੨॥
ਪਉੜੀ ॥
ਜਿ ਪ੍ਰਭੁ ਸਾਲਾਹੇ ਆਪਣਾ ਸੋ ਸੋਭਾ ਪਾਏ ॥
ਜੋ ਮਨੁੱਖ ਆਪਣੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ ਉਹ ਸੋਭਾ ਖੱਟਦਾ ਹੈ।
ਹਉਮੈ ਵਿਚਹੁ ਦੂਰਿ ਕਰਿ ਸਚੁ ਮੰਨਿ ਵਸਾਏ ॥
ਮਨ ਵਿਚੋਂ ‘ਹਉਮੈ’ ਮਿਟਾ ਕੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਵਸਾਂਦਾ ਹੈ।
ਸਚੁ ਬਾਣੀ ਗੁਣ ਉਚਰੈ ਸਚਾ ਸੁਖੁ ਪਾਏ ॥
ਸਤਿਗੁਰੂ ਦੀ ਬਾਣੀ ਦੀ ਰਾਹੀਂ ਪ੍ਰਭੂ ਦੇ ਗੁਣ ਉਚਾਰਦਾ ਹੈ ਤੇ ਨਾਮ ਸਿਮਰਦਾ ਹੈ (ਇਸ ਤਰ੍ਹਾਂ) ਅਸਲ ਸੁਖ ਮਾਣਦਾ ਹੈ।
ਮੇਲੁ ਭਇਆ ਚਿਰੀ ਵਿਛੁੰਨਿਆ ਗੁਰ ਪੁਰਖਿ ਮਿਲਾਏ ॥
ਚਿਰ ਤੋਂ (ਰੱਬ ਨਾਲੋਂ) ਵਿਛੁੜੇ ਹੋਏ ਦਾ (ਮੁੜ ਰੱਬ ਨਾਲ) ਮੇਲ ਹੋ ਜਾਂਦਾ ਹੈ, ਸਤਿਗੁਰੂ ਮਰਦ ਨੇ (ਜੂ) ਮਿਲਾ ਦਿੱਤਾ।
ਮਨੁ ਮੈਲਾ ਇਵ ਸੁਧੁ ਹੈ ਹਰਿ ਨਾਮੁ ਧਿਆਏ ॥੧੭॥
ਸੋ, ਪ੍ਰਭੂ ਦਾ ਨਾਮ ਸਿਮਰ ਕੇ ਇਸ ਤਰ੍ਹਾਂ ਮੈਲਾ ਮਨ ਪਵਿਤ੍ਰ ਹੋ ਜਾਂਦਾ ਹੈ ॥੧੭॥
ਸਲੋਕ ਮਃ ੧ ॥
ਕਾਇਆ ਕੂਮਲ ਫੁਲ ਗੁਣ ਨਾਨਕ ਗੁਪਸਿ ਮਾਲ ॥
ਹੇ ਨਾਨਕ! ਸਰੀਰ (ਮਾਨੋ, ਫੁੱਲਾਂ ਵਾਲੇ ਬੂਟਿਆਂ ਦੀ) ਕੂਮਲੀ ਹੈ, (ਪਰਮਾਤਮਾ ਦੇ) ਗੁਣ (ਇਸ ਕੋਮਲ ਟਹਣੀ ਨੂੰ, ਮਾਨੋ) ਫੁੱਲ ਹਨ, (ਕੋਈ ਭਾਗਾਂ ਵਾਲਾ ਬੰਦਾ ਇਹਨਾਂ ਫੁੱਲਾਂ ਦਾ) ਹਾਰ ਗੁੰਦਦਾ ਹੈ;
ਏਨੀ ਫੁਲੀ ਰਉ ਕਰੇ ਅਵਰ ਕਿ ਚੁਣੀਅਹਿ ਡਾਲ ॥੧॥
ਜੇ ਮਨੁੱਖ ਇਹਨਾਂ ਫੁੱਲਾਂ ਵਿਚ ਲਗਨ ਲਾਏ ਤਾਂ (ਮੂਰਤੀਆਂ ਅੱਗੇ ਭੇਟ ਰੱਖਣ ਲਈ) ਹੋਰ ਡਾਲੀਆਂ ਚੁਣਨ ਦੀ ਕੀਹ ਲੋੜ? ॥੧॥
ਮਹਲਾ ੨ ॥
ਨਾਨਕ ਤਿਨਾ ਬਸੰਤੁ ਹੈ ਜਿਨੑ ਘਰਿ ਵਸਿਆ ਕੰਤੁ ॥
ਹੇ ਨਾਨਕ! ਜਿਨ੍ਹਾਂ (ਜੀਵ-) ਇਸਤ੍ਰੀਆਂ ਦਾ ਖਸਮ ਘਰ ਵਿਚ ਵੱਸਦਾ ਹੈ ਉਹਨਾਂ ਦੇ ਭਾ ਦੀ ਬਸੰਤ ਰੁੱਤ ਆਈ ਹੋਈ ਹੈ;
ਜਿਨ ਕੇ ਕੰਤ ਦਿਸਾਪੁਰੀ ਸੇ ਅਹਿਨਿਸਿ ਫਿਰਹਿ ਜਲੰਤ ॥੨॥
ਪਰ ਜਿਨ੍ਹਾਂ ਦੇ ਖਸਮ ਪਰਦੇਸ ਵਿਚ (ਗਏ ਹੋਏ) ਹਨ, ਉਹ ਦਿਨ ਰਾਤ ਸੜਦੀਆਂ ਫਿਰਦੀਆਂ ਹਨ ॥੨॥
ਪਉੜੀ ॥
ਆਪੇ ਬਖਸੇ ਦਇਆ ਕਰਿ ਗੁਰ ਸਤਿਗੁਰ ਬਚਨੀ ॥
ਗੁਰੂ ਸਤਿਗੁਰੂ ਦੀ ਬਾਣੀ ਵਿਚ ਜੋੜ ਕੇ ਪ੍ਰਭੂ ਆਪ ਹੀ ਮਿਹਰ ਕਰ ਕੇ (‘ਨਾਮ’ ਦੀ) ਬਖ਼ਸ਼ਸ਼ ਕਰਦਾ ਹੈ।
ਅਨਦਿਨੁ ਸੇਵੀ ਗੁਣ ਰਵਾ ਮਨੁ ਸਚੈ ਰਚਨੀ ॥
(ਹੇ ਪ੍ਰਭੂ! ਮਿਹਰ ਕਰ) ਮੈਂ ਹਰ ਵੇਲੇ ਤੈਨੂੰ ਸਿਮਰਾਂ ਤੇਰੇ ਗੁਣ ਚੇਤੇ ਕਰਾਂ ਤੇ ਮੇਰਾ ਮਨ ਤੈਂ ਸੱਚੇ ਵਿਚ ਜੁੜਿਆ ਰਹੇ।
ਪ੍ਰਭੁ ਮੇਰਾ ਬੇਅੰਤੁ ਹੈ ਅੰਤੁ ਕਿਨੈ ਨ ਲਖਨੀ ॥
ਮੇਰਾ ਪਰਮਾਤਮਾ ਬੇਅੰਤ ਹੈ ਕਿਸੇ ਜੀਵ ਨੇ ਉਸ ਦਾ ਅੰਤ ਨਹੀਂ ਪਾਇਆ।
ਸਤਿਗੁਰ ਚਰਣੀ ਲਗਿਆ ਹਰਿ ਨਾਮੁ ਨਿਤ ਜਪਨੀ ॥
ਗੁਰੂ ਦੀ ਸਰਨ ਪਿਆਂ ਪ੍ਰਭੂ ਦਾ ਨਾਮ ਨਿੱਤ ਸਿਮਰਿਆ ਜਾ ਸਕਦਾ ਹੈ।
ਜੋ ਇਛੈ ਸੋ ਫਲੁ ਪਾਇਸੀ ਸਭਿ ਘਰੈ ਵਿਚਿ ਜਚਨੀ ॥੧੮॥
(ਜੋ ਸਿਮਰਦਾ ਹੈ) ਉਸ ਦੀਆਂ ਸਾਰੀਆਂ ਲੋੜਾਂ ਘਰ ਵਿਚ ਹੀ ਪੂਰੀਆਂ ਹੋ ਜਾਂਦੀਆਂ ਹਨ, ਉਹ ਜਿਸ ਫਲ ਦੀ ਤਾਂਘ ਕਰਦਾ ਹੈ ਉਹੀ ਉਸ ਨੂੰ ਮਿਲ ਜਾਂਦਾ ਹੈ ॥੧੮॥
ਸਲੋਕ ਮਃ ੧ ॥
ਪਹਿਲ ਬਸੰਤੈ ਆਗਮਨਿ ਪਹਿਲਾ ਮਉਲਿਓ ਸੋਇ ॥
ਜੋ ਪ੍ਰਭੂ ਬਸੰਤ ਰੁੱਤ ਆਉਣ ਤੋਂ ਪਹਿਲਾਂ ਦਾ ਹੈ ਉਹ ਹੀ ਸਭ ਤੋਂ ਪਹਿਲਾਂ ਦਾ ਖਿੜਿਆ ਹੋਇਆ ਹੈ।
ਜਿਤੁ ਮਉਲਿਐ ਸਭ ਮਉਲੀਐ ਤਿਸਹਿ ਨ ਮਉਲਿਹੁ ਕੋਇ ॥੧॥
ਉਸ ਦੇ ਖਿੜਨ ਨਾਲ ਸਾਰੀ ਸ੍ਰਿਸ਼ਟੀ ਖਿੜਦੀ ਹੈ ਪਰ ਉਸ ਨੂੰ ਹੋਰ ਕੋਈ ਨਹੀਂ ਖਿੜਾਂਦਾ ॥੧॥
ਮਃ ੨ ॥
ਪਹਿਲ ਬਸੰਤੈ ਆਗਮਨਿ ਤਿਸ ਕਾ ਕਰਹੁ ਬੀਚਾਰੁ ॥
ਉਸ ਪ੍ਰਭੂ (ਦੇ ਗੁਣਾਂ) ਦੀ ਵਿਚਾਰ ਕਰੋ ਜੋ ਬਸੰਤ ਰੁੱਤ ਦੇ ਆਉਣ ਤੋਂ ਪਹਿਲਾਂ ਦਾ ਹੈ (ਭਾਵ, ਜਿਸ ਦੀ ਬਰਕਤਿ ਨਾਲ ਸਾਰਾ ਜਗਤ ਮਉਲਦਾ ਹੈ)।
ਨਾਨਕ ਸੋ ਸਾਲਾਹੀਐ ਜਿ ਸਭਸੈ ਦੇ ਆਧਾਰੁ ॥੨॥
ਹੇ ਨਾਨਕ! ਉਸ ਪ੍ਰਭੂ ਨੂੰ ਸਿਮਰੀਏ ਜੋ ਸਭ ਦਾ ਆਸਰਾ ਹੈ ॥੨॥
ਮਃ ੨ ॥
ਮਿਲਿਐ ਮਿਲਿਆ ਨਾ ਮਿਲੈ ਮਿਲੈ ਮਿਲਿਆ ਜੇ ਹੋਇ ॥
ਨਿਰਾ ਕਹਿਣ ਨਾਲ ਕਿ ਮੈਂ ਮਿਲਿਆ ਹੋਇਆ ਹਾਂ ਮੇਲ ਨਹੀਂ ਹੁੰਦਾ, ਮੇਲ ਤਾਂ ਹੀ ਹੁੰਦਾ ਹੈ ਜੇ ਸਚੁ-ਮੁਚ ਮਿਲਿਆ ਹੋਵੇ।
ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਐ ਸੋਇ ॥੩॥
ਜੋ ਅੰਦਰੋਂ ਆਤਮਾ ਵਿਚ ਮਿਲੇ, ਉਸ ਨੂੰ ਮਿਲਿਆ ਹੋਇਆ ਆਖਣਾ ਚਾਹੀਦਾ ਹੈ ॥੩॥
ਪਉੜੀ ॥
ਹਰਿ ਹਰਿ ਨਾਮੁ ਸਲਾਹੀਐ ਸਚੁ ਕਾਰ ਕਮਾਵੈ ॥
ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ (ਜੋ ਸਿਮਰਨ ਵਿਚ ਲੱਗਦਾ ਹੈ ਉਹ) ਇਹ ਸਿਮਰਨ ਦੀ ਕਾਰ ਸਦਾ ਕਰਦਾ ਹੈ।
ਦੂਜੀ ਕਾਰੈ ਲਗਿਆ ਫਿਰਿ ਜੋਨੀ ਪਾਵੈ ॥
‘ਨਾਮ’ ਤੋਂ ਬਿਨਾ ਹੋਰ ਆਹਰਾਂ ਵਿਚ ਰੁੱਝਿਆ ਮੁੜ ਮੁੜ ਜੂਨਾਂ ਵਿਚ ਮਨੁੱਖ ਪੈਂਦਾ ਹੈ।
ਨਾਮਿ ਰਤਿਆ ਨਾਮੁ ਪਾਈਐ ਨਾਮੇ ਗੁਣ ਗਾਵੈ ॥
‘ਨਾਮ’ ਵਿਚ ਜੁੜਿਆਂ ‘ਨਾਮ’ ਹੀ ਕਮਾਈਦਾ ਹੈ ਪ੍ਰਭੂ ਦੇ ਹੀ ਗੁਣ ਗਾਈਦੇ ਹਨ।
ਗੁਰ ਕੈ ਸਬਦਿ ਸਲਾਹੀਐ ਹਰਿ ਨਾਮਿ ਸਮਾਵੈ ॥
ਜਿਸ ਨੇ ਗੁਰ-ਸਬਦ ਦੀ ਰਾਹੀਂ ਸਿਫ਼ਤਿ-ਸਾਲਾਹ ਕੀਤੀ ਹੈ ਉਹ ਨਾਮ ਵਿਚ ਹੀ ਲੀਨ ਰਹਿੰਦਾ ਹੈ।
ਸਤਿਗੁਰ ਸੇਵਾ ਸਫਲ ਹੈ ਸੇਵਿਐ ਫਲ ਪਾਵੈ ॥੧੯॥
ਗੁਰੂ ਦੇ ਹੁਕਮ ਵਿਚ ਤੁਰਨਾ ਬੜਾ ਗੁਣਕਾਰੀ ਹੈ, ਹੁਕਮ ਵਿਚ ਤੁਰਿਆਂ ਨਾਮ-ਧਨ ਰੂਪ ਫਲ ਮਿਲਦਾ ਹੈ ॥੧੯॥
ਸਲੋਕ ਮਃ ੨ ॥
ਕਿਸ ਹੀ ਕੋਈ ਕੋਇ ਮੰਞੁ ਨਿਮਾਣੀ ਇਕੁ ਤੂ ॥
(ਹੇ ਪ੍ਰਭੂ!) ਕਿਸੇ ਦਾ ਕੋਈ (ਮਿਥਿਆ) ਆਸਰਾ ਹੈ, ਕਿਸੇ ਦਾ ਕੋਈ ਆਸਰਾ ਹੈ, ਮੈਂ ਨਿਮਾਣੀ ਦਾ ਇਕ ਤੂੰ ਹੀ ਤੂੰ ਹੈਂ।
ਕਿਉ ਨ ਮਰੀਜੈ ਰੋਇ ਜਾ ਲਗੁ ਚਿਤਿ ਨ ਆਵਹੀ ॥੧॥
ਜਦ ਤਕ ਤੂੰ ਮੇਰੇ ਚਿੱਤ ਵਿਚ ਨਾਹ ਵਸੇਂ, ਕਿਉਂ ਨ ਰੋ ਕੇ ਮਰਾਂ? (ਤੈਨੂੰ ਵਿਸਾਰ ਕੇ ਦੁੱਖਾਂ ਵਿਚ ਹੀ ਖਪੀਦਾ ਹੈ) ॥੧॥
ਮਃ ੨ ॥
ਜਾਂ ਸੁਖੁ ਤਾ ਸਹੁ ਰਾਵਿਓ ਦੁਖਿ ਭੀ ਸੰਮੑਾਲਿਓਇ ॥
ਜੇ ਸੁਖ ਹੈ ਤਾਂ ਭੀ ਖਸਮ-ਪ੍ਰਭੂ ਨੂੰ ਯਾਦ ਕਰੀਏ, ਦੁੱਖ ਵਿਚ ਭੀ ਮਾਲਕ ਨੂੰ ਚੇਤੇ ਰੱਖੀਏ,
ਨਾਨਕੁ ਕਹੈ ਸਿਆਣੀਏ ਇਉ ਕੰਤ ਮਿਲਾਵਾ ਹੋਇ ॥੨॥
ਤਾਂ, ਨਾਨਕ ਆਖਦਾ ਹੈ, ਹੇ ਸਿਆਣੀ ਜੀਵ-ਇਸਤ੍ਰੀਏ! ਇਸ ਤਰ੍ਹਾਂ ਖਸਮ ਨਾਲ ਮੇਲ ਹੁੰਦਾ ਹੈ ॥੨॥
ਪਉੜੀ ॥
ਹਉ ਕਿਆ ਸਾਲਾਹੀ ਕਿਰਮ ਜੰਤੁ ਵਡੀ ਤੇਰੀ ਵਡਿਆਈ ॥
ਹੇ ਪ੍ਰਭੂ! ਮੈਂ ਇਕ ਕੀੜਾ ਜਿਹਾ ਹਾਂ, ਤੇਰੀ ਵਡਿਆਈ ਵੱਡੀ ਹੈ, ਮੈਂ ਤੇਰੇ ਕੀਹ ਕੀਹ ਗੁਣ ਬਿਆਨ ਕਰਾਂ?
ਤੂ ਅਗਮ ਦਇਆਲੁ ਅਗੰਮੁ ਹੈ ਆਪਿ ਲੈਹਿ ਮਿਲਾਈ ॥
ਤੂੰ ਬੜਾ ਹੀ ਦਿਆਲ ਹੈਂ, ਅਪਹੁੰਚ ਹੈਂ ਤੂੰ ਆਪ ਹੀ ਆਪਣੇ ਨਾਲ ਮਿਲਾਂਦਾ ਹੈਂ।
ਮੈ ਤੁਝ ਬਿਨੁ ਬੇਲੀ ਕੋ ਨਹੀ ਤੂ ਅੰਤਿ ਸਖਾਈ ॥
ਮੈਨੂੰ ਤੈਥੋਂ ਬਿਨਾ ਕੋਈ ਬੇਲੀ ਨਹੀਂ ਦਿੱਸਦਾ, ਆਖ਼ਰ ਤੂੰ ਹੀ ਸਾਥੀ ਹੋ ਕੇ ਪੁਕਾਰਦਾ ਹੈਂ।
ਜੋ ਤੇਰੀ ਸਰਣਾਗਤੀ ਤਿਨ ਲੈਹਿ ਛਡਾਈ ॥
ਜੋ ਜੋ ਜੀਵ ਤੇਰੀ ਸਰਨ ਆਉਂਦਾ ਹੈ ਉਹਨਾਂ ਨੂੰ (ਹਉਮੈ ਦੇ ਗੇੜ ਤੋਂ) ਬਚਾ ਲੈਂਦਾ ਹੈਂ।
ਨਾਨਕ ਵੇਪਰਵਾਹੁ ਹੈ ਤਿਸੁ ਤਿਲੁ ਨ ਤਮਾਈ ॥੨੦॥੧॥
ਹੇ ਨਾਨਕ! ਪ੍ਰਭੂ ਆਪ ਬੇ-ਮੁਥਾਜ ਹੈ, ਉਸ ਨੂੰ ਰਤਾ ਭੀ ਕੋਈ ਲਾਲਚ ਨਹੀਂ ਹੈ ॥੨੦॥੧॥