ਵਾਰ ਮਲਾਰ ਕੀ (ਮਹਲਾ 1)-Vaar Malar ki (Mahalla 1) Path in Punjabi Gurbani

ਵਾਰ ਮਲਾਰ ਕੀ (ਮਹਲਾ 1)-Vaar Malar ki (Mahalla 1) Path in Punjabi Gurbani

ਵਾਰ ਮਲਾਰ ਕੀ ਮਹਲਾ ੧ ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ ॥

ਰਾਗ ਮਲਾਰ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ। ਰਾਣੇ ਕੈਲਾਸ ਤੇ ਮਾਲਦੇ ਦੀ ਧੁਨ ਅਨੁਸਾਰ ਗਾਈ ਜਾਵੇ। ਰਾਣੇ ਕੈਲਾਸ ਤੇ ਮਾਲਦੇ ਦੀ ਧੁਨ ਅਨੁਸਾਰ ਗਾਈ ਜਾਵੇ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਲੋਕ ਮਹਲਾ ੩ ॥

ਗੁਰੂ ਅਮਰਦਾਸ ਜੀ ਦੇ ਸਲੋਕ।

ਗੁਰਿ ਮਿਲਿਐ ਮਨੁ ਰਹਸੀਐ ਜਿਉ ਵੁਠੈ ਧਰਣਿ ਸੀਗਾਰੁ ॥

ਜੇ ਗੁਰੂ ਮਿਲ ਪਏ ਤਾਂ ਮਨ ਖਿੜ ਪੈਂਦਾ ਹੈ ਜਿਵੇਂ ਮੀਂਹ ਪਿਆਂ ਧਰਤੀ ਦੀ ਸਜਾਵਟ ਬਣ ਜਾਂਦੀ ਹੈ,

ਸਭ ਦਿਸੈ ਹਰੀਆਵਲੀ ਸਰ ਭਰੇ ਸੁਭਰ ਤਾਲ ॥

ਸਾਰੀ (ਧਰਤੀ) ਹਰੀ ਹੀ ਹਰੀ ਦਿੱਸਦੀ ਹੈ ਸਰੋਵਰ ਤੇ ਤਲਾਬ ਨਕਾ ਨਕ ਪਾਣੀ ਨਾਲ ਭਰ ਜਾਂਦੇ ਹਨ।

ਅੰਦਰੁ ਰਚੈ ਸਚ ਰੰਗਿ ਜਿਉ ਮੰਜੀਠੈ ਲਾਲੁ ॥

(ਇਸੇ ਤਰ੍ਹਾਂ ਜਿਸ ਨੂੰ ਗੁਰੂ ਮਿਲਦਾ ਹੈ ਉਸ ਦਾ) ਮਨ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਪਿਆਰ ਵਿਚ ਰਚ ਜਾਂਦਾ ਹੈ ਤੇ ਮਜੀਠ ਵਾਂਗ ਰੱਤਾ (ਪੱਕੇ ਪਿਆਰ-ਰੰਗ ਵਾਲਾ ਹੋ) ਜਾਂਦਾ ਹੈ,

ਕਮਲੁ ਵਿਗਸੈ ਸਚੁ ਮਨਿ ਗੁਰ ਕੈ ਸਬਦਿ ਨਿਹਾਲੁ ॥

ਉਸ ਦਾ ਹਿਰਦਾ-ਕਉਲ ਖਿੜ ਪੈਂਦਾ ਹੈ, ਸੱਚਾ ਪ੍ਰਭੂ (ਉਸ ਦੇ) ਮਨ ਵਿਚ (ਆ ਵੱਸਦਾ ਹੈ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਸਦਾ ਪ੍ਰਸੰਨ ਰਹਿੰਦਾ ਹੈ।

ਮਨਮੁਖ ਦੂਜੀ ਤਰਫ ਹੈ ਵੇਖਹੁ ਨਦਰਿ ਨਿਹਾਲਿ ॥

ਪਰ, ਗਹੁ ਨਾਲ ਤੱਕ ਕੇ ਵੇਖੋ, ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਦੂਜਾ ਪਾਸਾ ਹੁੰਦਾ ਹੈ (ਭਾਵ, ਉਸ ਦੀ ਹਾਲਤ ਇਸ ਦੇ ਉਲਟ ਹੁੰਦੀ ਹੈ)।

ਫਾਹੀ ਫਾਥੇ ਮਿਰਗ ਜਿਉ ਸਿਰਿ ਦੀਸੈ ਜਮਕਾਲੁ ॥

ਫਾਹੀ ਵਿਚ ਫਸੇ ਹਰਨ ਵਾਂਗ ਜਮਕਾਲ (ਭਾਵ, ਮੌਤ ਦਾ ਡਰ) ਸਦਾ ਉਸ ਦੇ ਸਿਰ ਉੱਤੇ (ਖੜਾ) ਦਿੱਸਦਾ ਹੈ; (ਆਤਮਕ ਮੌਤ ਉਸ ਉਤੇ ਆਪਣਾ ਜ਼ੋਰ ਪਾਈ ਰੱਖਦੀ ਹੈ)।

ਖੁਧਿਆ ਤ੍ਰਿਸਨਾ ਨਿੰਦਾ ਬੁਰੀ ਕਾਮੁ ਕ੍ਰੋਧੁ ਵਿਕਰਾਲੁ ॥

(ਮਾਇਆ ਦੀ) ਚੰਦਰੀ ਭੁੱਖ ਤ੍ਰੇਹ ਤੇ ਨਿੰਦਿਆ, ਕਾਮ ਤੇ ਡਰਾਉਣਾ ਕ੍ਰੋਧ (ਉਸ ਨੂੰ ਸਦਾ ਸਤਾਂਦੇ ਹਨ,

ਏਨੀ ਅਖੀ ਨਦਰਿ ਨ ਆਵਈ ਜਿਚਰੁ ਸਬਦਿ ਨ ਕਰੇ ਬੀਚਾਰੁ ॥

ਪਰ ਇਹ ਹਾਲਤ ਉਸ ਨੂੰ) ਇਹਨਾਂ ਅੱਖਾਂ ਨਾਲ (ਤਦ ਤਕ) ਨਹੀਂ ਦਿੱਸਦੀ ਜਦ ਤਕ ਉਹ ਗੁਰ-ਸ਼ਬਦ ਵਿਚ ਵਿਚਾਰ ਨਹੀਂ ਕਰਦਾ।

ਤੁਧੁ ਭਾਵੈ ਸੰਤੋਖੀਆਂ ਚੂਕੈ ਆਲ ਜੰਜਾਲੁ ॥

(ਹੇ ਪ੍ਰਭੂ!) ਜਦੋਂ ਤੈਨੂੰ ਭਾਵੇ ਤਾਂ (ਇਹ ਅੱਖਾਂ) ਸੰਤੋਖ ਵਿਚ ਆਉਂਦੀਆਂ ਹਨ (ਭਾਵ, ਖੁਧਿਆ ਤ੍ਰਿਸਨਾ ਮਿਟਦੀ ਹੈ) ਤੇ ਘਰ ਦਾ ਜੰਜਾਲ ਮੁੱਕਦਾ ਹੈ।

ਮੂਲੁ ਰਹੈ ਗੁਰੁ ਸੇਵਿਐ ਗੁਰ ਪਉੜੀ ਬੋਹਿਥੁ ॥

ਗੁਰੂ ਨੂੰ ਸੇਵਿਆਂ (ਭਾਵ, ਗੁਰੂ ਦੇ ਹੁਕਮ ਵਿਚ ਤੁਰਿਆਂ) ਜੀਵ ਦੀ ਨਾਮ-ਰੂਪ ਰਾਸ ਬਚੀ ਰਹਿੰਦੀ ਹੈ, ਗੁਰੂ ਦੀ ਪਉੜੀ (ਭਾਵ, ਸਿਮਰਨ) ਦੀ ਰਾਹੀਂ (ਨਾਮ-ਰੂਪੀ) ਜਹਾਜ਼ ਪ੍ਰਾਪਤ ਹੋ ਜਾਂਦਾ ਹੈ।

ਨਾਨਕ ਲਗੀ ਤਤੁ ਲੈ ਤੂੰ ਸਚਾ ਮਨਿ ਸਚੁ ॥੧॥

ਹੇ ਨਾਨਕ! ਜੋ ਜੀਵ-ਇਸਤ੍ਰੀ (ਇਸ ਸਿਮਰਨ-ਰੂਪ ਗੁਰ-ਪਉੜੀ ਨੂੰ) ਸੰਭਾਲਦੀ ਹੈ ਉਹ ਅਸਲੀਅਤ ਲੱਭ ਲੈਂਦੀ ਹੈ। ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਉਸ ਦੇ ਮਨ ਵਿਚ ਸਦਾ ਲਈ ਆ ਵੱਸਦਾ ਹੈਂ ॥੧॥


ਮਹਲਾ ੧ ॥
ਹੇਕੋ ਪਾਧਰੁ ਹੇਕੁ ਦਰੁ ਗੁਰ ਪਉੜੀ ਨਿਜ ਥਾਨੁ ॥

ਹੇ ਨਾਨਕ! (ਇਕ ਪ੍ਰਭੂ ਹੀ) ਸੋਹਣਾ ਪਾਲਣਹਾਰ ਖਸਮ ਹੈ (ਉਸ ਪ੍ਰਭੂ ਦਾ ਹੀ) ਇਕ ਦਰ (ਜੀਵ ਦਾ) ਨਿਰੋਲ ਆਪਣਾ ਥਾਂ ਹੈ (ਜਿੱਥੋਂ ਕਦੇ ਕਿਸੇ ਨੇ ਦੁਰਕਾਰਨਾ ਨਹੀਂ, ਇਸ ‘ਦਰ’ ਤਕ ਅੱਪੜਨ ਲਈ) ਗੁਰੂ ਦੀ ਪਉੜੀ (ਭਾਵ, ਸਿਮਰਨ ਹੀ) ਇਕੋ ਸਿੱਧਾ ਰਸਤਾ ਹੈ,

ਰੂੜਉ ਠਾਕੁਰੁ ਨਾਨਕਾ ਸਭਿ ਸੁਖ ਸਾਚਉ ਨਾਮੁ ॥੨॥

(ਪ੍ਰਭੂ ਦਾ) ਸੱਚਾ ਨਾਮ (ਸਿਮਰਨਾ) ਹੀ ਸਾਰੇ ਸੁਖਾਂ (ਦਾ ਮੂਲ) ਹੈ ॥੨॥


ਪਉੜੀ ॥
ਆਪੀਨੑੈ ਆਪੁ ਸਾਜਿ ਆਪੁ ਪਛਾਣਿਆ ॥

(ਪ੍ਰਭੂ ਨੇ) ਆਪ ਹੀ ਆਪਣੇ ਆਪ ਨੂੰ ਪਰਗਟ ਕਰ ਕੇ ਆਪਣਾ ਅਸਲਾ ਸਮਝਿਆ ਹੈ,

ਅੰਬਰੁ ਧਰਤਿ ਵਿਛੋੜਿ ਚੰਦੋਆ ਤਾਣਿਆ ॥

ਆਕਾਸ਼ ਤੇ ਧਰਤੀ ਨੂੰ ਵਖੋ-ਵਖ ਕਰ ਕੇ (ਇਹ ਆਕਾਸ਼ ਉਸ ਨੇ ਮਾਨੋ, ਆਪਣੇ ਤਖ਼ਤ ਉਤੇ) ਚੰਦੋਆ ਤਾਣਿਆ ਹੋਇਆ ਹੈ;

ਵਿਣੁ ਥੰਮੑਾ ਗਗਨੁ ਰਹਾਇ ਸਬਦੁ ਨੀਸਾਣਿਆ ॥

(ਸਾਰੇ ਜਗਤ-ਰੂਪ ਦਰਬਾਰ ਉਤੇ) ਆਕਾਸ਼ ਨੂੰ ਥੰਮ੍ਹਾਂ ਤੋਂ ਬਿਨਾ ਟਿਕਾ ਕੇ ਆਪਣੇ ਹੁਕਮ ਨੂੰ ਨਗਾਰਾ ਬਣਾਇਆ ਹੈਂ;

ਸੂਰਜੁ ਚੰਦੁ ਉਪਾਇ ਜੋਤਿ ਸਮਾਣਿਆ ॥

ਸੂਰਜ ਅਤੇ ਚੰਦ੍ਰਮਾ ਬਣਾ ਕੇ (ਉਨ੍ਹਾਂ ਵਿਚ ਆਪਣੀ) ਜੋਤਿ ਟਿਕਾਈ ਹੈ;

ਕੀਏ ਰਾਤਿ ਦਿਨੰਤੁ ਚੋਜ ਵਿਡਾਣਿਆ ॥

(ਜੀਵਾਂ ਦੇ ਵਿਹਾਰ-ਕਾਰ ਲਈ) ਰਾਤ ਤੇ ਦਿਨ (-ਰੂਪ) ਅਚਰਜ ਤਮਾਸ਼ੇ ਬਣਾ ਦਿੱਤੇ ਹਨ।

ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ ॥

ਪੁਰਬਾਂ ਸਮੇ ਤੀਰਥਾਂ ਉਤੇ ਨ੍ਹਾਉਣ ਆਦਿਕ ਧਰਮਾਂ ਦੇ ਖ਼ਿਆਲ (ਭੀ ਪ੍ਰਭੂ ਨੇ ਆਪ ਹੀ ਜੀਵਾਂ ਦੇ ਅੰਦਰ ਪੈਦਾ ਕੀਤੇ ਹਨ)।

ਤੁਧੁ ਸਰਿ ਅਵਰੁ ਨ ਕੋਇ ਕਿ ਆਖਿ ਵਖਾਣਿਆ ॥

(ਹੇ ਪ੍ਰਭੂ!) (ਤੇਰੀ ਇਸ ਅਸਰਜ ਖੇਡ ਦਾ) ਕੀਹ ਬਿਆਨ ਕਰੀਏ? ਤੇਰੇ ਵਰਗਾ ਹੋਰ ਕੋਈ ਨਹੀਂ ਹੈ;

ਸਚੈ ਤਖਤਿ ਨਿਵਾਸੁ ਹੋਰ ਆਵਣ ਜਾਣਿਆ ॥੧॥

ਤੂੰ ਤਾਂ ਸਦਾ ਕਾਇਮ ਰਹਿਣ ਵਾਲੇ ਤਖ਼ਤ ਉਤੇ ਬੈਠਾ ਹੈਂ ਤੇ ਹੋਰ (ਸ੍ਰਿਸ਼ਟੀ) ਜੰਮਦੀ ਹੈ (ਪੈਦਾ ਹੁੰਦੀ ਹੈ ਤੇ ਨਾਸ ਹੁੰਦੀ ਹੈ) ॥੧॥


ਸਲੋਕ ਮਃ ੧ ॥
ਨਾਨਕ ਸਾਵਣਿ ਜੇ ਵਸੈ ਚਹੁ ਓਮਾਹਾ ਹੋਇ ॥

ਹੇ ਨਾਨਕ! ਜੇ ਸਾਵਣ ਦੇ ਮਹੀਨੇ ਮੀਂਹ ਪਏ ਤਾਂ ਚਾਰ ਧਿਰਾਂ ਨੂੰ ਚਾਉ ਹੁੰਦਾ ਹੈ,

ਨਾਗਾਂ ਮਿਰਗਾਂ ਮਛੀਆਂ ਰਸੀਆਂ ਘਰਿ ਧਨੁ ਹੋਇ ॥੧॥

ਸੱਪਾਂ ਨੂੰ ਹਰਨਾਂ ਨੂੰ, ਮੱਛੀਆਂ ਨੂੰ ਤੇ ਰਸਾਂ ਦੇ ਆਸ਼ਕਾਂ ਨੂੰ ਜਿਨ੍ਹਾਂ ਦੇ ਘਰ ਵਿਚ (ਰਸ ਮਾਨਣ ਲਈ) ਧਨ ਹੋਵੇ ॥੧॥


ਮਃ ੧ ॥
ਨਾਨਕ ਸਾਵਣਿ ਜੇ ਵਸੈ ਚਹੁ ਵੇਛੋੜਾ ਹੋਇ ॥

ਹੇ ਨਾਨਕ! ਸਾਵਣ ਵਿਚ ਜੇ ਮੀਂਹ ਪਏ ਤਾਂ ਚਾਰ ਧਿਰਾਂ ਨੂੰ (ਉਮਾਹ ਤੋਂ) ਵਿਛੋੜਾ (ਭੀ, ਭਾਵ, ਦੁੱਖ ਭੀ) ਹੁੰਦਾ ਹੈ,

ਗਾਈ ਪੁਤਾ ਨਿਰਧਨਾ ਪੰਥੀ ਚਾਕਰੁ ਹੋਇ ॥੨॥

ਬਲਦਾਂ ਨੂੰ (ਕਿਉਂਕਿ ਮੀਂਹ ਪਿਆਂ ਇਹ ਹਲੀਂ ਜੋਏ ਜਾਂਦੇ ਹਨ), ਗਰੀਬਾਂ ਨੂੰ (ਜਿਨ੍ਹਾਂ ਦੀ ਮੇਹਨਤਿ-ਮਜੂਰੀ ਵਿਚ ਰੋਕ ਪੈਂਦੀ ਹੈ), ਰਾਹੀਆਂ ਨੂੰ ਤੇ ਨੌਕਰ ਸ਼ਖ਼ਸ਼ ਨੂੰ ॥੨॥


ਪਉੜੀ ॥
ਤੂ ਸਚਾ ਸਚਿਆਰੁ ਜਿਨਿ ਸਚੁ ਵਰਤਾਇਆ ॥

(ਹੇ ਪ੍ਰਭੂ!) ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਐਸੀ ਹਸਤੀ ਦਾ ਮਾਲਕ (ਸਚਿਆਰੁ) ਹੈਂ ਕਿ ਜਿਸ ਨੇ (ਆਪਣੀ ਇਹ) ਹਸਤੀ (ਹਰ ਥਾਂ) ਵਰਤਾਈ ਹੋਈ ਹੈ;

ਬੈਠਾ ਤਾੜੀ ਲਾਇ ਕਵਲੁ ਛਪਾਇਆ ॥

ਅਜੇ ਸ੍ਰਿਸ਼ਟੀ ਦੀ ਉਤਪੱਤੀ ਨਹੀਂ ਸੀ ਹੋਈ ਜਦੋਂ ਤੂੰ (ਆਪਣੇ ਆਪ ਵਿਚ) ਸਮਾਧੀ ਲਾਈ ਬੈਠਾ ਸੈਂ,

ਬ੍ਰਹਮੈ ਵਡਾ ਕਹਾਇ ਅੰਤੁ ਨ ਪਾਇਆ ॥

ਬ੍ਰਹਮਾ ਨੇ (ਭੀ ਜੋ ਜਗਤ ਦਾ ਰਚਣ ਵਾਲਾ ਮੰਨਿਆ ਜਾਂਦਾ ਹੈ ਇਹ ਭੇਤ ਨਾਹ ਸਮਝਿਆ ਤੇ ਆਪਣੇ ਆਪ ਨੂੰ ਹੀ ਸਭ ਤੋਂ) ਵੱਡਾ ਅਖਵਾਇਆ, ਉਸ ਨੂੰ ਤੇਰੀ ਸਾਰ ਨਾਹ ਆਈ।

ਨਾ ਤਿਸੁ ਬਾਪੁ ਨ ਮਾਇ ਕਿਨਿ ਤੂ ਜਾਇਆ ॥

(ਹੇ ਪ੍ਰਭੂ!) ਕਿਸ ਨੇ ਤੈਨੂੰ ਪੈਦਾ ਕੀਤਾ ਹੈ? (ਭਾਵ, ਤੈਨੂੰ ਜਨਮ ਦੇਣ ਵਾਲਾ ਕੋਈ ਨਹੀਂ ਹੈ)। ਉਸ (ਪ੍ਰਭੂ) ਦਾ ਨਾ ਕੋਈ ਪਿਉ ਹੈ ਨਾ ਮਾਂ;

ਨਾ ਤਿਸੁ ਰੂਪੁ ਨ ਰੇਖ ਵਰਨ ਸਬਾਇਆ ॥

ਨਾਹ ਉਸ ਦਾ ਕੋਈ (ਖ਼ਾਸ) ਸਰੂਪ ਹੈ ਨਾਹ ਨਿਸ਼ਾਨ; ਸਾਰੇ ਰੂਪ ਰੰਗ ਉਸ ਦੇ ਹਨ;

ਨਾ ਤਿਸੁ ਭੁਖ ਪਿਆਸ ਰਜਾ ਧਾਇਆ ॥

ਉਸ ਨੂੰ ਕੋਈ ਭੁੱਖ ਤ੍ਰੇਹ ਭੀ ਨਹੀਂ ਹੈ, ਰੱਜਿਆ ਪੁੱਜਿਆ ਹੋਇਆ ਹੈ।

ਗੁਰ ਮਹਿ ਆਪੁ ਸਮੋਇ ਸਬਦੁ ਵਰਤਾਇਆ ॥

ਪ੍ਰਭੂ ਆਪਣੇ ਆਪ ਨੂੰ ਗੁਰੂ ਵਿਚ ਲੀਨ ਕਰ ਕੇ (ਆਪਣਾ) ਸ਼ਬਦ (ਭਾਵ, ਸਨੇਹਾ) (ਸਾਰੇ ਜਗਤ ਵਿਚ) ਵੰਡ ਰਿਹਾ ਹੈ,

ਸਚੇ ਹੀ ਪਤੀਆਇ ਸਚਿ ਸਮਾਇਆ ॥੨॥

ਤੇ ਗੁਰੂ ਇਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਪਤੀਜ ਕੇ ਸਦਾ-ਥਿਰ ਪ੍ਰਭੂ ਵਿਚ ਹੀ ਜੁੜਿਆ ਰਹਿੰਦਾ ਹੈ ॥੨॥


ਸਲੋਕ ਮਃ ੧ ॥
ਵੈਦੁ ਬੁਲਾਇਆ ਵੈਦਗੀ ਪਕੜਿ ਢੰਢੋਲੇ ਬਾਂਹ ॥

ਹਕੀਮ (ਮਰੀਜ਼ ਨੂੰ) ਦਵਾਈ ਦੇਣ ਲਈ ਸੱਦਿਆ ਜਾਂਦਾ ਹੈ, ਉਹ (ਮਰੀਜ਼ ਦੀ) ਬਾਂਹ ਫੜ ਕੇ (ਨਾੜੀ) ਟੋਲਦਾ ਹੈ (ਤੇ ਮਰਜ਼ ਲੱਭਣ ਦਾ ਜਤਨ ਕਰਦਾ ਹੈ;

ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ ॥੧॥

ਪਰ) ਅੰਞਾਣ ਹਕੀਮ ਇਹ ਨਹੀਂ ਜਾਣਦਾ ਕਿ (ਪ੍ਰਭੂ ਤੋਂ ਵਿਛੋੜੇ ਦੀ) ਪੀੜ (ਬਿਰਹੀ ਬੰਦਿਆਂ ਦੇ) ਦਿਲ ਵਿਚ ਹੋਇਆ ਕਰਦੀ ਹੈ ॥੧॥


ਮਃ ੨ ॥
ਵੈਦਾ ਵੈਦੁ ਸੁਵੈਦੁ ਤੂ ਪਹਿਲਾਂ ਰੋਗੁ ਪਛਾਣੁ ॥

ਹੇ ਵੈਦ! ਪਹਿਲਾਂ (ਆਪਣਾ ਹੀ ਆਤਮਕ) ਰੋਗ ਲੱਭ, (ਤਾਂ ਹੀ) ਤੂੰ ਹਕੀਮਾਂ ਦਾ ਹਕੀਮ ਹੈਂ (ਸਭ ਤੋਂ ਵਧੀਆ ਹਕੀਮ ਹੈਂ) (ਤਾਂ ਹੀ) ਤੂੰ ਸਿਆਣਾ ਵੈਦ (ਅਖਵਾ ਸਕਦਾ) ਹੈਂ।

ਐਸਾ ਦਾਰੂ ਲੋੜਿ ਲਹੁ ਜਿਤੁ ਵੰਞੈ ਰੋਗਾ ਘਾਣਿ ॥

(ਉਸ ਰੋਗ ਦੀ) ਅਜੇਹੀ ਦਵਾਈ ਭਾਲ ਲੈ ਜਿਸ ਨਾਲ ਸਾਰੇ (ਆਤਮਕ) ਰੋਗ ਦੂਰ ਹੋ ਜਾਣ,

ਜਿਤੁ ਦਾਰੂ ਰੋਗ ਉਠਿਅਹਿ ਤਨਿ ਸੁਖੁ ਵਸੈ ਆਇ ॥

ਜਿਸ ਦਵਾਈ ਨਾਲ (ਸਾਰੇ) ਰੋਗ ਉਠਾਏ ਜਾ ਸਕਣ ਤੇ ਸਰੀਰ ਵਿਚ ਸੁਖ ਆ ਵੱਸੇ।

ਰੋਗੁ ਗਵਾਇਹਿ ਆਪਣਾ ਤ ਨਾਨਕ ਵੈਦੁ ਸਦਾਇ ॥੨॥

ਹੇ ਨਾਨਕ! ਜੇ ਤੂੰ (ਪਹਿਲਾਂ) ਆਪਣਾ ਰੋਗ ਦੂਰ ਕਰ ਲਏਂ ਤਾਂ (ਆਪਣੇ ਆਪ ਨੂੰ) ਹਕੀਮ ਅਖਵਾ (ਅਖਵਾਣ ਦਾ ਹੱਕਦਾਰ ਹੈਂ) ॥੨॥


ਪਉੜੀ ॥
ਬ੍ਰਹਮਾ ਬਿਸਨੁ ਮਹੇਸੁ ਦੇਵ ਉਪਾਇਆ ॥

(ਪਰਮਾਤਮਾ ਨੇ ਆਪ ਹੀ) ਬ੍ਰਹਮਾ ਵਿਸ਼ਨੂ ਤੇ ਸ਼ਿਵ-(ਇਹ ਤਿੰਨ) ਦੇਵਤੇ ਪੈਦਾ ਕੀਤੇ।

ਬ੍ਰਹਮੇ ਦਿਤੇ ਬੇਦ ਪੂਜਾ ਲਾਇਆ ॥

ਬ੍ਰਹਮਾ ਨੂੰ ਉਸ ਨੇ ਵੇਦ ਦੇ ਦਿੱਤੇ (ਭਾਵ ਵੇਦਾਂ ਦਾ ਕਰਤਾ ਬਣਾਇਆ ਤੇ ਲੋਕਾਂ ਪਾਸੋਂ ਇਹਨਾਂ ਦੀ ਦੱਸੀ) ਪੂਜਾ ਕਰਾਣ ਵਿਚ ਇਸ ਨੂੰ ਰੁੰਨ੍ਹ ਦਿੱਤਾ।

ਦਸ ਅਵਤਾਰੀ ਰਾਮੁ ਰਾਜਾ ਆਇਆ ॥

(ਵਿਸ਼ਨੂ) ਦਸ ਅਵਤਾਰਾਂ ਵਿਚ ਰਾਜਾ ਰਾਮ (ਆਦਿਕ) ਰੂਪ ਧਾਰਦਾ ਰਿਹਾ,

ਦੈਤਾ ਮਾਰੇ ਧਾਇ ਹੁਕਮਿ ਸਬਾਇਆ ॥

ਤੇ ਹੱਲੇ ਕਰ ਕਰ ਦੈਤਾਂ ਨੂੰ ਮਾਰਦਾ ਰਿਹਾ (ਪਰ ਇਹ) ਸਾਰੇ (ਅਵਤਾਰ ਪ੍ਰਭੂ ਦੇ ਹੀ) ਹੁਕਮ ਵਿਚ ਹੋਏ।

ਈਸ ਮਹੇਸੁਰੁ ਸੇਵ ਤਿਨੑੀ ਅੰਤੁ ਨ ਪਾਇਆ ॥

ਸ਼ਿਵ (ਦੇ ੧੧ ਰੁੱਦ੍ਰ) ਅਵਤਾਰਾਂ ਨੇ ਸੇਵਾ ਕੀਤੀ (ਭਾਵ, ਤਪ ਸਾਧੇ, ਪਰ ਉਹਨਾਂ ਭੀ ਪ੍ਰਭੂ ਦਾ) ਅੰਤ ਨ ਪਾਇਆ।

ਸਚੀ ਕੀਮਤਿ ਪਾਇ ਤਖਤੁ ਰਚਾਇਆ ॥

(ਪ੍ਰਭੂ ਨੇ) ਸਦਾ ਅਟੱਲ ਰਹਿਣ ਵਾਲੇ ਮੁੱਲ ਵਾਲੀ (ਆਪਣੀ ਸੱਤਿਆ) ਪਾ ਕੇ (ਇਹ ਜਗਤ, ਮਾਨੋ, ਆਪਣਾ) ਤਖ਼ਤ ਬਣਾਇਆ ਹੈ,

ਦੁਨੀਆ ਧੰਧੈ ਲਾਇ ਆਪੁ ਛਪਾਇਆ ॥

ਇਸ ਵਿਚ ਦੁਨੀਆ (ਦੇ ਜੀਵਾਂ) ਨੂੰ ਧੰਧੇ ਵਿਚ ਰੁੰਨ੍ਹ ਕੇ (ਪ੍ਰਭੂ ਨੇ) ਆਪਣੇ ਆਪ ਨੂੰ ਲੁਕਾ ਰੱਖਿਆ ਹੈ।

ਧਰਮੁ ਕਰਾਏ ਕਰਮ ਧੁਰਹੁ ਫੁਰਮਾਇਆ ॥੩॥

(ਇਹ ਭੀ) ਧੁਰੋਂ (ਪ੍ਰਭੂ ਦਾ ਹੀ) ਫ਼ੁਰਮਾਨ ਹੈ ਕਿ ਧਰਮ ਰਾਜ (ਜੀਵਾਂ ਤੋਂ ਚੰਗੇ ਮੰਦੇ) ਕੰਮ ਕਰਾ ਰਿਹਾ ਹੈ ॥੩॥


ਸਲੋਕ ਮਃ ੨ ॥
ਸਾਵਣੁ ਆਇਆ ਹੇ ਸਖੀ ਕੰਤੈ ਚਿਤਿ ਕਰੇਹੁ ॥

ਹੇ ਸਖੀ! ਸਾਵਣ (ਦਾ ਮਹੀਨਾ) ਆਇਆ ਹੈ (ਭਾਵ, ਗੁਰੂ ਵਲੋਂ ਨਾਮ-ਅੰਮ੍ਰਿਤ ਦੀ ਵਰਖਾ ਹੋ ਰਹੀ ਹੈ) ਖਸਮ (-ਪ੍ਰਭੂ) ਨੂੰ ਹਿਰਦੇ ਵਿਚ ਪ੍ਰੋ ਲਉ।

ਨਾਨਕ ਝੂਰਿ ਮਰਹਿ ਦੋਹਾਗਣੀ ਜਿਨੑ ਅਵਰੀ ਲਾਗਾ ਨੇਹੁ ॥੧॥

ਹੇ ਨਾਨਕ! ਜਿਨ੍ਹਾਂ (ਜੀਵ-ਇਸਤਰੀਆਂ) ਦਾ ਪਿਆਰ (ਪ੍ਰਭੂ-ਪਤੀ ਨੂੰ ਛੱਡ ਕੇ) ਹੋਰਨਾਂ ਨਾਲ ਹੈ ਉਹ ਮੰਦ-ਭਾਗਣਾਂ ਦੁਖੀ ਹੁੰਦੀਆਂ ਹਨ ॥੧॥


ਮਃ ੨ ॥
ਸਾਵਣੁ ਆਇਆ ਹੇ ਸਖੀ ਜਲਹਰੁ ਬਰਸਨਹਾਰੁ ॥

ਹੇ ਸਖੀ! ਸਾਵਣ (ਭਾਵ ‘ਨਾਮ’ ਦੀ ਵਰਖਾ ਦਾ ਸਮਾ) ਆਇਆ ਹੈ, ਬੱਦਲ ਵਰ੍ਹਾਊ ਹੋ ਗਿਆ ਹੈ (ਭਾਵ, ਗੁਰੂ ਮੇਹਰ ਕਰ ਰਿਹਾ ਹੈ)।

ਨਾਨਕ ਸੁਖਿ ਸਵਨੁ ਸੋਹਾਗਣੀ ਜਿਨੑ ਸਹ ਨਾਲਿ ਪਿਆਰੁ ॥੨॥

ਹੇ ਨਾਨਕ! (ਇਸ ਸੁਹਾਵਣੇ ਸਮੇ) ਜਿਨ੍ਹਾਂ (ਜੀਵ-ਇਸਤ੍ਰੀਆਂ ਦਾ) ਖਸਮ (-ਪ੍ਰਭੂ) ਨਾਲ ਪਿਆਰ ਬਣਿਆ ਹੈ ਉਹ ਭਾਗਾਂ ਵਾਲੀਆਂ ਪਈਆਂ ਸੁਖ ਨਾਲ ਸਉਣ (ਭਾਵ, ਸੁਖੀ ਜੀਵਨ ਬਿਤੀਤ ਕਰਨ) ॥੨॥


ਪਉੜੀ ॥
ਆਪੇ ਛਿੰਝ ਪਵਾਇ ਮਲਾਖਾੜਾ ਰਚਿਆ ॥

(ਪ੍ਰਭੂ ਨੇ) ਆਪ ਹੀ ਛਿੰਞ ਪਵਾ ਕੇ (ਭਾਵ ਜਗਤ-ਰਚਨਾ ਕਰ ਕੇ) (ਇਹ ਜਗਤ, ਮਾਨੋ) ਭਲਵਾਨਾਂ ਦੇ ਘੁਲਣ ਦਾ ਥਾਂ ਬਣਾਇਆ ਹੈ;

ਲਥੇ ਭੜਥੂ ਪਾਇ ਗੁਰਮੁਖਿ ਮਚਿਆ ॥

(ਜੀਵ-ਰੂਪ ਭਲਵਾਨ) ਰੌਲਾ ਪਾ ਕੇ (ਇਥੇ) ਆ ਉਤਰੇ ਹਨ (ਭਾਵ, ਬੇਅੰਤ ਜੀਵ ਦਬਾਦਬ ਜਗਤ ਵਿਚ ਜਨਮ ਲੈ ਕੇ ਤੁਰੇ ਆ ਰਹੇ ਹਨ)। (ਇਹਨਾਂ ਵਿਚੋਂ) ਉਹ ਮਨੁੱਖ ਜੋ ਗੁਰੂ ਦੇ ਸਨਮੁਖ ਹਨ ਚੜ੍ਹਦੀ ਕਲਾ ਵਿਚ ਹਨ,

ਮਨਮੁਖ ਮਾਰੇ ਪਛਾੜਿ ਮੂਰਖ ਕਚਿਆ ॥

(ਪਰ) ਮਨ ਦੇ ਪਿੱਛੇ ਤੁਰਨ ਵਾਲੇ ਕੱਚੇ ਮੂਰਖਾਂ ਨੂੰ ਪਟਕਾ ਕੇ (ਭਾਵ ਮੂੰਹ-ਭਾਰ) ਮਾਰਦਾ ਹੈ;

ਆਪਿ ਭਿੜੈ ਮਾਰੇ ਆਪਿ ਆਪਿ ਕਾਰਜੁ ਰਚਿਆ ॥

(ਜੀਵਾਂ ਵਿਚ ਵਿਆਪਕ ਹੋ ਕੇ) ਪ੍ਰਭੂ ਆਪ ਹੀ ਲੜ ਰਿਹਾ ਹੈ, ਆਪ ਹੀ ਮਾਰ ਰਿਹਾ ਹੈ ਉਸ ਨੇ ਆਪ ਹੀ (ਇਹ ਛਿੰਞ ਦਾ) ਕਾਰਜ ਰਚਿਆ ਹੈ।

ਸਭਨਾ ਖਸਮੁ ਏਕੁ ਹੈ ਗੁਰਮੁਖਿ ਜਾਣੀਐ ॥

ਸਭਨਾਂ ਜੀਵਾਂ ਦਾ ਮਾਲਕ ਇਕ ਪ੍ਰਭੂ ਹੈ, ਇਸ ਗੱਲ ਦੀ ਸਮਝ ਗੁਰੂ ਦੇ ਸਨਮੁਖ ਹੋਇਆਂ ਆਉਂਦੀ ਹੈ।

ਹੁਕਮੀ ਲਿਖੈ ਸਿਰਿ ਲੇਖੁ ਵਿਣੁ ਕਲਮ ਮਸਵਾਣੀਐ ॥

ਆਪਣੇ ਹੁਕਮ-ਅਨੁਸਾਰ ਹੀ (ਹਰੇਕ ਜੀਵ ਦੇ) ਸਿਰ ਉਤੇ ਕਲਮ ਦਵਾਤ ਤੋਂ ਬਿਨਾ ਹੀ (ਰਜ਼ਾ ਦਾ) ਲੇਖ ਲਿਖ ਰਿਹਾ ਹੈ।

ਸਤਸੰਗਤਿ ਮੇਲਾਪੁ ਜਿਥੈ ਹਰਿ ਗੁਣ ਸਦਾ ਵਖਾਣੀਐ ॥

(ਉਸ ਪ੍ਰਭੂ ਦਾ) ਮਿਲਾਪ ਸਤਸੰਗ ਵਿਚ ਹੋ ਸਕਦਾ ਹੈ ਜਿਥੇ ਸਦਾ ਪ੍ਰਭੂ ਦੇ ਗੁਣ ਕਥੇ ਜਾਂਦੇ ਹਨ।

ਨਾਨਕ ਸਚਾ ਸਬਦੁ ਸਲਾਹਿ ਸਚੁ ਪਛਾਣੀਐ ॥੪॥

ਹੇ ਨਾਨਕ! (ਗੁਰੂ ਦਾ) ਸੱਚਾ ਸ਼ਬਦ ਗਾ ਕੇ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਪਛਾਣਿਆ ਜਾ ਸਕਦਾ ਹੈ (ਭਾਵ, ਪ੍ਰਭੂ ਦੀ ਸਾਰ ਪੈਂਦੀ ਹੈ, ਪ੍ਰਭੂ ਨਾਲ ਜਾਣ-ਪਛਾਣ ਬਣਦੀ ਹੈ) ॥੪॥


ਸਲੋਕ ਮਃ ੩ ॥
ਊਂਨਵਿ ਊਂਨਵਿ ਆਇਆ ਅਵਰਿ ਕਰੇਂਦਾ ਵੰਨ ॥

(ਗੁਰੂ-ਰੂਪ ਬੱਦਲ) ਨਿਉਂ ਨਿਉਂ ਕੇ ਆਇਆ ਹੈ (ਭਾਵ, ਮਿਹਰ ਕਰਨ ਤੇ ਤਿਆਰ ਹੈ) ਤੇ ਕਈ ਤਰ੍ਹਾਂ ਦੇ ਰੰਗ ਵਿਖਾ ਰਿਹਾ ਹੈ (ਭਾਵ, ਗੁਰੂ ਕਈ ਕਿਸਮ ਦੇ ਕਉਤਕ ਕਰਦਾ ਹੈ);

ਕਿਆ ਜਾਣਾ ਤਿਸੁ ਸਾਹ ਸਿਉ ਕੇਵ ਰਹਸੀ ਰੰਗੁ ॥

ਪਰ, ਕੀਹ ਪਤਾ ਮੇਰਾ ਉਸ (ਨਾਮ-ਖ਼ਜ਼ਾਨੇ ਦੇ) ਸ਼ਾਹ ਦੇ ਨਾਲ ਕਿਵੇਂ ਪਿਆਰ ਬਣਿਆ ਰਹੇਗਾ।

ਰੰਗੁ ਰਹਿਆ ਤਿਨੑ ਕਾਮਣੀ ਜਿਨੑ ਮਨਿ ਭਉ ਭਾਉ ਹੋਇ ॥

(ਉਸ ਮਿਹਰਾਂ ਦੇ ਸਾਈਂ ਨਾਲ) ਉਹਨਾਂ (ਜੀਵ-) ਇਸਤਰੀਆਂ ਦਾ ਪਿਆਰ ਟਿਕਿਆ ਰਹਿੰਦਾ ਹੈ ਜਿਨ੍ਹਾਂ ਦੇ ਮਨ ਵਿਚ ਉਸ ਦਾ ਡਰ ਤੇ ਪਿਆਰ ਹੈ।

ਨਾਨਕ ਭੈ ਭਾਇ ਬਾਹਰੀ ਤਿਨ ਤਨਿ ਸੁਖੁ ਨ ਹੋਇ ॥੧॥

ਹੇ ਨਾਨਕ! ਜੋ ਡਰ ਤੇ ਪਿਆਰ ਤੋਂ ਸੱਖਣੀਆਂ ਹਨ ਉਹਨਾਂ ਦੇ ਸਰੀਰ ਵਿਚ ਸੁਖ ਨਹੀਂ ਹੁੰਦਾ ॥੧॥


ਮਃ ੩ ॥
ਊਂਨਵਿ ਊਂਨਵਿ ਆਇਆ ਵਰਸੈ ਨੀਰੁ ਨਿਪੰਗੁ ॥

(ਗੁਰੂ-ਬੱਦਲ) ਨਿਉਂ ਨਿਉਂ ਕੇ ਆਇਆ ਹੈ ਤੇ ਸਾਫ਼ ਜਲ ਵਰਸ ਰਿਹਾ ਹੈ;

ਨਾਨਕ ਦੁਖੁ ਲਾਗਾ ਤਿਨੑ ਕਾਮਣੀ ਜਿਨੑ ਕੰਤੈ ਸਿਉ ਮਨਿ ਭੰਗੁ ॥੨॥

ਪਰ, ਹੇ ਨਾਨਕ! ਉਹਨਾਂ (ਜੀਵ-) ਇਸਤਰੀਆਂ ਨੂੰ (ਫਿਰ ਭੀ) ਦੁੱਖ ਵਿਆਪ ਰਿਹਾ ਹੈ ਜਿਨ੍ਹਾਂ ਦੇ ਮਨ ਵਿਚ ਖਸਮ-ਪ੍ਰਭੂ ਨਾਲੋਂ ਵਿਛੋੜਾ ਹੈ ॥੨॥


ਪਉੜੀ ॥
ਦੋਵੈ ਤਰਫਾ ਉਪਾਇ ਇਕੁ ਵਰਤਿਆ ॥

(‘ਗੁਰਮੁਖ’ ਤੇ ‘ਮਨਮੁਖ’) ਦੋਹਾਂ ਕਿਸਮਾਂ ਦੇ ਜੀਵ ਪੈਦਾ ਕਰ ਕੇ (ਦੋਹਾਂ ਵਿਚ) ਪ੍ਰਭੂ ਆਪ ਮੌਜੂਦ ਹੈ,

ਬੇਦ ਬਾਣੀ ਵਰਤਾਇ ਅੰਦਰਿ ਵਾਦੁ ਘਤਿਆ ॥

ਧਾਰਮਿਕ ਉਪਦੇਸ਼ (=ਬੇਦ ਬਾਣੀ) ਭੀ ਉਸ ਨੇ ਆਪ ਹੀ ਕੀਤਾ ਹੈ (ਤੇ ਇਸ ਤਰ੍ਹਾਂ ‘ਗੁਰਮੁਖ’ ਤੇ ‘ਮਨਮੁਖ’ ਦੇ ਅੰਦਰ ‘ਵਿਚਾਰ’ ਵਖੋ-ਵੱਖਰੇ ਪਾ ਕੇ, ਦੋਹਾਂ ਧਿਰਾਂ ਦੇ) ਅੰਦਰ ਝਗੜਾ ਭੀ ਆਪ ਹੀ ਪਾਇਆ ਹੈ।

ਪਰਵਿਰਤਿ ਨਿਰਵਿਰਤਿ ਹਾਠਾ ਦੋਵੈ ਵਿਚਿ ਧਰਮੁ ਫਿਰੈ ਰੈਬਾਰਿਆ ॥

ਜਗਤ ਦੇ ਧੰਧਿਆਂ ਵਿਚ ਖਚਿਤ ਹੋਣਾ ਤੇ ਜਗਤ ਤੋਂ ਨਿਰਲੇਪ ਰਹਿਣਾ-ਇਹ ਦੋਵੇਂ ਪਾਸੇ ਉਸ ਨੇ ਆਪ ਹੀ ਬਣਾ ਦਿੱਤੇ ਹਨ ਤੇ ਆਪ ਹੀ ‘ਧਰਮ’ (-ਰੂਪ ਹੋ ਕੇ ਦੋਹਾਂ ਵਿਚ) ਵਿਚੋਲਾ ਬਣਿਆ ਹੋਇਆ ਹੈ;

ਮਨਮੁਖ ਕਚੇ ਕੂੜਿਆਰ ਤਿਨੑੀ ਨਿਹਚਉ ਦਰਗਹ ਹਾਰਿਆ ॥

ਪਰ, ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਕੂੜ ਦੇ ਵਪਾਰੀ ਹਨ ਉਹ ਜ਼ਰੂਰ ਪ੍ਰਭੂ ਦੀ ਦਰਗਾਹ ਵਿਚ ਬਾਜ਼ੀ ਹਾਰ ਜਾਂਦੇ ਹਨ।

ਗੁਰਮਤੀ ਸਬਦਿ ਸੂਰ ਹੈ ਕਾਮੁ ਕ੍ਰੋਧੁ ਜਿਨੑੀ ਮਾਰਿਆ ॥

ਜਿਨ੍ਹਾਂ ਨੇ ਗੁਰੂ ਦੀ ਮੱਤ ਦਾ ਆਸਰਾ ਲਿਆ ਉਹ ਗੁਰ-ਸ਼ਬਦ ਦੀ ਬਰਕਤਿ ਨਾਲ ਸੂਰਮੇ ਬਣ ਗਏ ਕਿਉਂਕਿ ਉਹਨਾਂ ਕਾਮ ਤੇ ਕ੍ਰੋਧ ਜਿੱਤ ਲਿਆ;

ਸਚੈ ਅੰਦਰਿ ਮਹਲਿ ਸਬਦਿ ਸਵਾਰਿਆ ॥

ਉਹ ਗੁਰ-ਸ਼ਬਦ ਦੀ ਰਾਹੀਂ ਸੱਚੇ ਪ੍ਰਭੂ ਦੀ ਹਜ਼ੂਰੀ ਵਿੱਚ ਸੁਰਖ਼ਰੂ ਹੋ ਗਏ।

ਸੇ ਭਗਤ ਤੁਧੁ ਭਾਵਦੇ ਸਚੈ ਨਾਇ ਪਿਆਰਿਆ ॥

(ਹੇ ਪ੍ਰਭੂ!) ਉਹ ਤੇਰੇ ਭਗਤ ਤੈਨੂੰ ਚੰਗੇ ਲੱਗਦੇ ਹਨ, ਕਿਉਂਕਿ ਉਹ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਵਿਚ ਪਿਆਰ ਪਾਂਦੇ ਹਨ।

ਸਤਿਗੁਰੁ ਸੇਵਨਿ ਆਪਣਾ ਤਿਨੑਾ ਵਿਟਹੁ ਹਉ ਵਾਰਿਆ ॥੫॥

ਜੋ ਮਨੁੱਖ ਆਪਣੇ ਸਤਿਗੁਰੂ ਨੂੰ ਸੇਂਵਦੇ ਹਨ (ਭਾਵ, ਜੋ ਗੁਰੂ ਦੇ ਕਹੇ ਉਤੇ ਤੁਰਦੇ ਹਨ), ਮੈਂ ਉਹਨਾਂ ਤੋਂ ਸਦਕੇ ਹਾਂ ॥੫॥


ਸਲੋਕ ਮਃ ੩ ॥
ਊਂਨਵਿ ਊਂਨਵਿ ਆਇਆ ਵਰਸੈ ਲਾਇ ਝੜੀ ॥

(ਗੁਰੂ-ਬੱਦਲ) ਝੁਕ ਝੁਕ ਕੇ ਆਇਆ ਹੈ ਤੇ ਝੜੀ ਲਾ ਕੇ ਵਰ੍ਹ ਰਿਹਾ ਹੈ (ਭਾਵ, ਗੁਰੂ ‘ਨਾਮ’-ਉਪਦੇਸ਼ ਦੀ ਵਰਖਾ ਕਰ ਰਿਹਾ ਹੈ);

ਨਾਨਕ ਭਾਣੈ ਚਲੈ ਕੰਤ ਕੈ ਸੁ ਮਾਣੇ ਸਦਾ ਰਲੀ ॥੧॥

ਪਰ, ਹੇ ਨਾਨਕ! (ਇਸ ਉਪਦੇਸ਼ ਨੂੰ ਸੁਣ ਕੇ) ਜੋ ਮਨੁੱਖ ਖਸਮ (-ਪ੍ਰਭੂ) ਦੀ ਰਜ਼ਾ ਵਿਚ ਤੁਰਦਾ ਹੈ ਉਹੀ (ਉਸ ‘ਉਪਦੇਸ਼’-ਵਰਖਾ ਦਾ) ਆਨੰਦ ਮਾਣਦਾ ਹੈ ॥੧॥


ਮਃ ੩ ॥
ਕਿਆ ਉਠਿ ਉਠਿ ਦੇਖਹੁ ਬਪੁੜੇਂ ਇਸੁ ਮੇਘੈ ਹਥਿ ਕਿਛੁ ਨਾਹਿ ॥

ਹੇ ਵਿਚਾਰੇ ਬੰਦਿਓ! ਇਸ ਬੱਦਲ ਨੂੰ ਉੱਠ ਉੱਠ ਕੇ ਕੀਹ ਵੇਖਦੇ ਹਉ, ਇਸ ਦੇ ਆਪਣੇ ਵੱਸ ਕੁਝ ਨਹੀਂ (ਕਿ ਇਹ ਵਰਖਾ ਕਰ ਸਕੇ)।

ਜਿਨਿ ਏਹੁ ਮੇਘੁ ਪਠਾਇਆ ਤਿਸੁ ਰਾਖਹੁ ਮਨ ਮਾਂਹਿ ॥

ਜਿਸ ਮਾਲਕ ਨੇ ਇਹ ਬੱਦਲ ਘੱਲਿਆ ਹੈ ਉਸ ਨੂੰ ਆਪਣੇ ਮਨ ਵਿਚ ਚੇਤੇ ਕਰੋ।

ਤਿਸ ਨੋ ਮੰਨਿ ਵਸਾਇਸੀ ਜਾ ਕਉ ਨਦਰਿ ਕਰੇਇ ॥

(ਪਰ ਇਹ ਕਿਸੇ ਦੇ ਵੱਸ ਦੀ ਗੱਲ ਨਹੀਂ) ਜਿਸ ਜੀਵ ਉਤੇ ਪ੍ਰਭੂ ਆਪ ਮਿਹਰ ਦੀ ਨਜ਼ਰ ਕਰਦਾ ਹੈ ਉਸ ਦੇ ਮਨ ਵਿਚ (ਆਪਣਾ ਆਪ) ਵਸਾਂਦਾ ਹੈ।

ਨਾਨਕ ਨਦਰੀ ਬਾਹਰੀ ਸਭ ਕਰਣ ਪਲਾਹ ਕਰੇਇ ॥੨॥

ਹੇ ਨਾਨਕ! ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਬਿਨਾ ਸਾਰੀ ਸ੍ਰਿਸ਼ਟੀ ਤਰਲੈ ਲੈ ਰਹੀ ਹੈ ॥੨॥


ਪਉੜੀ ॥
ਸੋ ਹਰਿ ਸਦਾ ਸਰੇਵੀਐ ਜਿਸੁ ਕਰਤ ਨ ਲਾਗੈ ਵਾਰ ॥

ਉਸ ਪ੍ਰਭੂ ਨੂੰ ਸਦਾ ਸਿਮਰੀਏ ਜਿਸ ਨੂੰ (ਜਗਤ) ਬਣਾਦਿਆਂ ਚਿਰ ਨਹੀਂ ਲੱਗਦਾ;

ਆਡਾਣੇ ਆਕਾਸ ਕਰਿ ਖਿਨ ਮਹਿ ਢਾਹਿ ਉਸਾਰਣਹਾਰ ॥

ਇਹ ਤਣੇ ਹੋਏ ਆਕਾਸ਼ ਬਣਾ ਕੇ ਇਕ ਪਲਕ ਵਿਚ ਨਾਸ ਕਰ ਕੇ (ਮੁੜ) ਬਣਾਣ ਦੇ ਸਮਰੱਥ ਹੈ।

ਆਪੇ ਜਗਤੁ ਉਪਾਇ ਕੈ ਕੁਦਰਤਿ ਕਰੇ ਵੀਚਾਰ ॥

ਪ੍ਰਭੂ ਆਪ ਹੀ ਜਗਤ ਪੈਦਾ ਕਰ ਕੇ ਆਪ ਹੀ ਇਸ ਰਚਨਾ ਦਾ ਖ਼ਿਆਲ ਰੱਖਦਾ ਹੈ।

ਮਨਮੁਖ ਅਗੈ ਲੇਖਾ ਮੰਗੀਐ ਬਹੁਤੀ ਹੋਵੈ ਮਾਰ ॥

ਪਰ, ਜੋ ਮਨੁੱਖ (ਐਸੇ ਪ੍ਰਭੂ ਨੂੰ ਵਿਸਾਰ ਕੇ) ਆਪਣੇ ਮਨ ਦੇ ਪਿੱਛੇ ਤੁਰਦਾ ਹੈ (ਤੇ ਵਿਕਾਰਾਂ ਵਿਚ ਪ੍ਰਵਿਰਤ ਹੁੰਦਾ ਹੈ) ਉਸ ਪਾਸੋਂ ਅਗਾਂਹ ਉਸ ਦੇ ਕੀਤੇ ਕਰਮਾਂ ਦਾ ਲੇਖਾ ਮੰਗਿਆ ਜਾਂਦਾ ਹੈ (ਵਿਕਾਰਾਂ ਦੇ ਕਾਰਨ) ਉਸ ਨੂੰ ਮਾਰ ਪੈਂਦੀ ਹੈ।

ਗੁਰਮੁਖਿ ਪਤਿ ਸਿਉ ਲੇਖਾ ਨਿਬੜੈ ਬਖਸੇ ਸਿਫਤਿ ਭੰਡਾਰ ॥

ਗੁਰੂ ਦੇ ਹੁਕਮ ਵਿਚ ਤੁਰਨ ਵਾਲੇ ਬੰਦੇ ਦਾ ਲੇਖਾ ਇੱਜ਼ਤ ਨਾਲ ਨਿੱਬੜਦਾ ਹੈ ਕਿਉਂਕਿ ਗੁਰੂ ਉਸ ਨੂੰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਖ਼ਜ਼ਾਨੇ ਬਖ਼ਸ਼ਦਾ ਹੈ।

ਓਥੈ ਹਥੁ ਨ ਅਪੜੈ ਕੂਕ ਨ ਸੁਣੀਐ ਪੁਕਾਰ ॥

ਕੀਤੇ ਕਰਮਾਂ ਦਾ ਲੇਖਾ ਹੋਣ ਵੇਲੇ ਕਿਸੇ ਹੋਰ ਦੀ ਪੇਸ਼ ਨਹੀਂ ਜਾਂਦੀ, ਤੇ ਉਸ ਵੇਲੇ ਕਿਸੇ ਕੂਕ-ਪੁਕਾਰ ਦਾ ਭੀ ਕੋਈ ਫ਼ਾਇਦਾ ਨਹੀਂ ਹੁੰਦਾ।

ਓਥੈ ਸਤਿਗੁਰੁ ਬੇਲੀ ਹੋਵੈ ਕਢਿ ਲਏ ਅੰਤੀ ਵਾਰ ॥

ਉਸ ਵੇਲੇ ਵਾਸਤੇ ਤਾਂ ਸਤਿਗੁਰੂ ਹੀ ਮਦਦਗਾਰ ਹੁੰਦਾ ਹੈ ਕਿਉਂਕਿ ਆਖ਼ਰ ਗੁਰੂ ਹੀ ਵਿਕਾਰਾਂ ਤੋਂ ਬਾਹਰ ਕੱਢਦਾ ਹੈ।

ਏਨਾ ਜੰਤਾ ਨੋ ਹੋਰ ਸੇਵਾ ਨਹੀ ਸਤਿਗੁਰੁ ਸਿਰਿ ਕਰਤਾਰ ॥੬॥

ਕਿਸੇ ਹੋਰ ਕਿਸਮ ਦੀ ਸੇਵਾ ਇਹਨਾਂ ਜੀਵਾਂ ਲਈ ਲਾਭਦਾਇਕ ਨਹੀਂ ਹੈ, ਅਕਾਲ ਪੁਰਖ ਦਾ ਭੇਜਿਆ ਹੋਇਆ ਸਤਿਗੁਰੂ ਹੀ ਜੀਵਾਂ ਦੇ ਸਿਰ ਉਤੇ ਹੱਥ ਰੱਖਦਾ ਹੈ ॥੬॥


ਸਲੋਕ ਮਃ ੩ ॥
ਬਾਬੀਹਾ ਜਿਸ ਨੋ ਤੂ ਪੂਕਾਰਦਾ ਤਿਸ ਨੋ ਲੋਚੈ ਸਭੁ ਕੋਇ ॥

ਹੇ ਬਿਰਹੀ ਜੀਵ! ਜਿਸ ਪ੍ਰਭੂ ਨੂੰ ਮਿਲਣ ਲਈ ਤੂੰ ਤਰਲੇ ਲੈ ਰਿਹਾ ਹੈਂ, ਉਸ ਨੂੰ ਮਿਲਣ ਲਈ ਹਰੇਕ ਜੀਵ ਲੋਚਦਾ ਹੈ,

ਅਪਣੀ ਕਿਰਪਾ ਕਰਿ ਕੈ ਵਸਸੀ ਵਣੁ ਤ੍ਰਿਣੁ ਹਰਿਆ ਹੋਇ ॥

ਜਦੋਂ ਉਹ ਪ੍ਰਭੂ ਆਪ ਮਿਹਰ ਕਰ ਕੇ (‘ਨਾਮ’ ਦੀ) ਵਰਖਾ ਕਰੇਗਾ ਤਾਂ ਸਾਰੀ ਸ੍ਰਿਸ਼ਟੀ (ਸਾਰੀ ਬਨਸਪਤੀ) ਹਰੀ ਹੋ ਜਾਇਗੀ।

ਗੁਰਪਰਸਾਦੀ ਪਾਈਐ ਵਿਰਲਾ ਬੂਝੈ ਕੋਇ ॥

ਕੋਈ ਵਿਰਲਾ ਬੰਦਾ ਸਮਝਦਾ ਹੈ ਕਿ (‘ਨਾਮ-ਅੰਮ੍ਰਿਤੁ’) ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਬਹਦਿਆ ਉਠਦਿਆ ਨਿਤ ਧਿਆਈਐ ਸਦਾ ਸਦਾ ਸੁਖੁ ਹੋਇ ॥

ਜੇ ਬੈਠਦੇ ਉੱਠਦੇ ਹਰ ਵੇਲੇ ਪ੍ਰਭੂ ਨੂੰ ਸਿਮਰੀਏ ਤਾਂ ਸਦਾ ਹੀ ਸੁਖ ਪ੍ਰਾਪਤ ਹੁੰਦਾ ਹੈ।

ਨਾਨਕ ਅੰਮ੍ਰਿਤੁ ਸਦ ਹੀ ਵਰਸਦਾ ਗੁਰਮੁਖਿ ਦੇਵੈ ਹਰਿ ਸੋਇ ॥੧॥

ਹੇ ਨਾਨਕ! ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਵਰਖਾ ਤਾਂ ਸਦਾ ਹੀ ਹੋ ਰਹੀ ਹੈ, ਪਰ ਉਹ ਪ੍ਰਭੂ ਇਹ ਦਾਤ ਉਸ ਮਨੁੱਖ ਨੂੰ ਦੇਂਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ ॥੧॥


ਮਃ ੩ ॥
ਕਲਮਲਿ ਹੋਈ ਮੇਦਨੀ ਅਰਦਾਸਿ ਕਰੇ ਲਿਵ ਲਾਇ ॥

(ਜਦੋਂ) ਧਰਤੀ (ਮੀਂਹ ਖੁਣੋਂ) ਵਿਆਕੁਲ ਹੁੰਦੀ ਹੈ ਤੇ ਇਕ-ਮਨ ਹੋ ਕੇ ਅਰਜ਼ੋਈ ਕਰਦੀ ਹੈ ਤਾਂ ਸਦਾ-ਥਿਰ ਸੱਚਾ ਪ੍ਰਭੂ (ਇਸ ਅਰਜ਼ੋਈ ਨੂੰ) ਗਹੁ ਨਾਲ ਸੁਣਦਾ ਹੈ, ਤੇ,

ਸਚੈ ਸੁਣਿਆ ਕੰਨੁ ਦੇ ਧੀਰਕ ਦੇਵੈ ਸਹਜਿ ਸੁਭਾਇ ॥

ਸੁਤੇ ਹੀ ਆਪਣੇ ਸਦਾ ਦੇ ਬਣੇ ਸੁਭਾਉ ਅਨੁਸਾਰ (ਧਰਤੀ ਨੂੰ) ਧੀਰਜ ਦੇਂਦਾ ਹੈ;

ਇੰਦ੍ਰੈ ਨੋ ਫੁਰਮਾਇਆ ਵੁਠਾ ਛਹਬਰ ਲਾਇ ॥

ਇੰਦ੍ਰ ਨੂੰ ਹੁਕਮ ਕਰਦਾ ਹੈ, ਉਹ ਝੜੀ ਲਾ ਕੇ ਵਰਖਾ ਕਰਦਾ ਹੈ;

ਅਨੁ ਧਨੁ ਉਪਜੈ ਬਹੁ ਘਣਾ ਕੀਮਤਿ ਕਹਣੁ ਨ ਜਾਇ ॥

ਬੇਅੰਤ ਅਨਾਜ (-ਰੂਪ) ਧਨ ਪੈਦਾ ਹੁੰਦਾ ਹੈ। (ਪ੍ਰਭੂ ਦੀ ਇਸ ਬਖ਼ਸ਼ਸ਼ ਦਾ) ਮੁੱਲ ਨਹੀਂ ਪਾਇਆ ਜਾ ਸਕਦਾ।

ਨਾਨਕ ਨਾਮੁ ਸਲਾਹਿ ਤੂ ਸਭਨਾ ਜੀਆ ਦੇਦਾ ਰਿਜਕੁ ਸੰਬਾਹਿ ॥

ਹੇ ਨਾਨਕ! ਜੋ ਪ੍ਰਭੂ ਸਭ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ ਉਸ ਦਾ ਨਾਮ ਵਡਿਆਓ;

ਜਿਤੁ ਖਾਧੈ ਸੁਖੁ ਊਪਜੈ ਫਿਰਿ ਦੂਖੁ ਨ ਲਾਗੈ ਆਇ ॥੨॥

ਇਸ ਨਾਮ-ਭੋਜਨ ਦੇ ਖਾਧਿਆਂ ਸੁਖ ਪੈਦਾ ਹੁੰਦਾ ਹੈ (ਸੁਖ ਭੀ ਐਸਾ ਕਿ) ਫਿਰ ਕਦੇ ਦੁੱਖ ਆ ਕੇ ਨਹੀਂ ਲੱਗਦਾ ॥੨॥


ਪਉੜੀ ॥
ਹਰਿ ਜੀਉ ਸਚਾ ਸਚੁ ਤੂ ਸਚੇ ਲੈਹਿ ਮਿਲਾਇ ॥

ਹੇ ਪ੍ਰਭੂ ਜੀ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਜੋ ਤੇਰਾ ਰੂਪ ਹੋ ਜਾਂਦਾ ਹੈ ਤੂੰ ਉਸ ਨੂੰ (ਆਪਣੇ ਵਿਚ) ਮਿਲਾ ਲੈਂਦਾ ਹੈਂ।

ਦੂਜੈ ਦੂਜੀ ਤਰਫ ਹੈ ਕੂੜਿ ਮਿਲੈ ਨ ਮਿਲਿਆ ਜਾਇ ॥

ਜੋ ਮਨੁੱਖ ਮਾਇਆ ਵਿਚ ਲੱਗਾ ਹੋਇਆ ਹੈ ਉਸ ਦਾ (ਸੱਚ ਦੇ ਉਲਟ) ਦੂਜਾ ਪਾਸਾ ਹੈ (ਭਾਵ; ਉਹ ਦੂਜੇ ਪਾਸੇ, ਕੂੜ ਵਲ, ਜਾਂਦਾ ਹੈ; ਤੇ) ਕੂੜ ਦੀ ਰਾਹੀਂ (ਭਾਵ, ਕੂੜ ਵਿਚ ਲੱਗਿਆਂ) ਪ੍ਰਭੂ ਨਹੀਂ ਮਿਲਦਾ, ਪ੍ਰਭੂ ਨੂੰ ਮਿਲਿਆ ਨਹੀਂ ਜਾ ਸਕਦਾ।

ਆਪੇ ਜੋੜਿ ਵਿਛੋੜਿਐ ਆਪੇ ਕੁਦਰਤਿ ਦੇਇ ਦਿਖਾਇ ॥

ਪ੍ਰਭੂ ਵਿਛੋੜੇ ਹੋਏ ਜੀਵ ਨੂੰ ਭੀ ਆਪ ਹੀ (ਆਪਣੇ ਚਰਨਾਂ ਵਿਚ) ਜੋੜਦਾ ਹੈ, ਆਪ ਹੀ ਆਪਣੀ ਇਹ ਵਡਿਆਈ ਵਿਖਾਂਦਾ ਹੈ।

ਮੋਹੁ ਸੋਗੁ ਵਿਜੋਗੁ ਹੈ ਪੂਰਬਿ ਲਿਖਿਆ ਕਮਾਇ ॥

(ਕੂੜ ਵਿਚ ਲੱਗੇ ਬੰਦੇ ਨੂੰ) ਮੋਹ ਚਿੰਤਾ ਵਿਛੋੜਾ ਵਿਆਪਦਾ ਹੈ ਉਹ (ਮੁੜ) ਉਹੀ ਕੰਮ ਕਰਦਾ ਜਾਂਦਾ ਹੈ ਜੋ ਪਿਛਲੇ ਕੀਤੇ ਅਨੁਸਾਰ (ਉਸ ਦੇ ਮੱਥੇ ਉਤੇ) ਲਿਖਿਆ ਹੈ;

ਹਉ ਬਲਿਹਾਰੀ ਤਿਨ ਕਉ ਜੋ ਹਰਿ ਚਰਣੀ ਰਹੈ ਲਿਵ ਲਾਇ ॥

ਜਿਹੜੇ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਸੁਰਤ ਜੋੜਿ ਰੱਖਦੇ ਹਨ, ਮੈਂ ਉਹਨਾਂ ਤੋਂ ਸਦਕੇ ਹਾਂ;

ਜਿਉ ਜਲ ਮਹਿ ਕਮਲੁ ਅਲਿਪਤੁ ਹੈ ਐਸੀ ਬਣਤ ਬਣਾਇ ॥

ਪ੍ਰਭੂ ਨੇ ਅਜੇਹੀ ਬਣਤਰ ਬਣਾ ਰੱਖੀ ਹੈ (ਕਿ ਉਸ ਦੇ ਚਰਨਾਂ ਵਿਚ ਜੁੜਨ ਵਾਲੇ ਇਉਂ ਜਗਤ ਵਿਚ ਨਿਰਲੇਪ ਰਹਿੰਦੇ ਹਨ) ਜਿਵੇਂ ਪਾਣੀ ਵਿਚ ਕਉਲ ਫੁੱਲ ਅਛੋਹ ਰਹਿੰਦਾ ਹੈ।

ਸੇ ਸੁਖੀਏ ਸਦਾ ਸੋਹਣੇ ਜਿਨੑ ਵਿਚਹੁ ਆਪੁ ਗਵਾਇ ॥

ਜੋ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਗਵਾਂਦੇ ਹਨ ਉਹ ਸਦਾ ਸੁਖੀ ਰਹਿੰਦੇ ਹਨ ਤੇ ਸੋਹਣੇ ਲੱਗਦੇ ਹਨ (ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ)।

ਤਿਨੑ ਸੋਗੁ ਵਿਜੋਗੁ ਕਦੇ ਨਹੀ ਜੋ ਹਰਿ ਕੈ ਅੰਕਿ ਸਮਾਇ ॥੭॥

ਜੋ ਪ੍ਰਭੂ ਦੀ ਗੋਦ ਵਿੱਚ ਟਿਕੇ ਰਹਿੰਦੇ ਹਨ ਉਹਨਾਂ ਨੂੰ ਕਦੇ ਚਿੰਤਾ ਤੇ ਵਿਛੋੜਾ ਵਿਆਪਦਾ ਨਹੀਂ ॥੭॥


ਸਲੋਕ ਮਃ ੩ ॥
ਨਾਨਕ ਸੋ ਸਾਲਾਹੀਐ ਜਿਸੁ ਵਸਿ ਸਭੁ ਕਿਛੁ ਹੋਇ ॥

ਹੇ ਨਾਨਕ! ਜਿਸ ਪ੍ਰਭੂ ਦੇ ਵੱਸ ਵਿਚ ਹਰੇਕ ਗੱਲ ਹੈ ਉਸ ਦੀ ਸਦਾ ਵਡਿਆਈ ਕਰਨੀ ਚਾਹੀਦੀ ਹੈ;

ਤਿਸੈ ਸਰੇਵਿਹੁ ਪ੍ਰਾਣੀਹੋ ਤਿਸੁ ਬਿਨੁ ਅਵਰੁ ਨ ਕੋਇ ॥

ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ; ਹੇ ਬੰਦਿਓ! ਉਸ ਪ੍ਰਭੂ ਨੂੰ ਹੀ ਸਿਮਰੋ।

ਗੁਰਮੁਖਿ ਹਰਿ ਪ੍ਰਭੁ ਮਨਿ ਵਸੈ ਤਾਂ ਸਦਾ ਸਦਾ ਸੁਖੁ ਹੋਇ ॥

(ਜੇ) ਗੁਰੂ ਦੀ ਰਾਹੀਂ ਹਰੀ-ਪ੍ਰਭੂ ਮਨ ਵਿਚ ਆ ਵੱਸੇ ਤਾਂ (ਮਨ ਵਿਚ) ਸਦਾ ਹੀ ਸੁਖ ਬਣਿਆ ਰਹਿੰਦਾ ਹੈ,

ਸਹਸਾ ਮੂਲਿ ਨ ਹੋਵਈ ਸਭ ਚਿੰਤਾ ਵਿਚਹੁ ਜਾਇ ॥

ਤੌਖ਼ਲਾ ਉੱਕਾ ਹੀ ਨਹੀਂ ਹੁੰਦਾ, ਸਾਰੀ ਚਿੰਤਾ ਮਨ ਵਿਚੋਂ ਨਿਕਲ ਜਾਂਦੀ ਹੈ,

ਜੋ ਕਿਛੁ ਹੋਇ ਸੁ ਸਹਜੇ ਹੋਇ ਕਹਣਾ ਕਿਛੂ ਨ ਜਾਇ ॥

ਜੋ ਕੁਝ (ਜਗਤ ਵਿਚ) ਵਰਤ ਰਿਹਾ ਹੈ ਉਹ ਰਜ਼ਾ ਵਿਚ ਹੋ ਰਿਹਾ ਹੀ ਦਿੱਸਦਾ ਹੈ ਉਸ ਉੱਤੇ ਕੋਈ ਇਤਰਾਜ਼ (ਮਨ ਵਿਚ) ਉੱਠਦਾ ਹੀ ਨਹੀਂ।

ਸਚਾ ਸਾਹਿਬੁ ਮਨਿ ਵਸੈ ਤਾਂ ਮਨਿ ਚਿੰਦਿਆ ਫਲੁ ਪਾਇ ॥

ਜੇ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਨ ਵਿਚ ਆ ਵੱਸੇ ਤਾਂ ਮਨ ਵਿਚ ਚਿਤਵਿਆ ਹੋਇਆ (ਹਰੇਕ) ਫਲ ਹਾਸਲ ਹੁੰਦਾ ਹੈ।

ਨਾਨਕ ਤਿਨ ਕਾ ਆਖਿਆ ਆਪਿ ਸੁਣੇ ਜਿ ਲਇਅਨੁ ਪੰਨੈ ਪਾਇ ॥੧॥

ਹੇ ਨਾਨਕ! ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਲੇਖੇ ਵਿਚ ਲਿਖ ਲਿਆ ਹੈ (ਭਾਵ, ਜਿਨ੍ਹਾਂ ਉਤੇ ਮਿਹਰ ਦੀ ਨਜ਼ਰ ਕਰਦਾ ਹੈ) ਉਹਨਾਂ ਦੀ ਅਰਦਾਸ ਗਹੁ ਨਾਲ ਸੁਣਦਾ ਹੈ ॥੧॥


ਮਃ ੩ ॥
ਅੰਮ੍ਰਿਤੁ ਸਦਾ ਵਰਸਦਾ ਬੂਝਨਿ ਬੂਝਣਹਾਰ ॥

‘ਅੰਮ੍ਰਿਤ’ ਦੀ ਵਰਖਾ ਸਦਾ ਹੋ ਰਹੀ ਹੈ (ਪਰ ਇਸ ਭੇਤ ਨੂੰ) ਉਹੀ ਸਮਝਦੇ ਹਨ ਜੋ ਸਮਝਣ-ਜੋਗੇ ਹਨ;

ਗੁਰਮੁਖਿ ਜਿਨੑੀ ਬੁਝਿਆ ਹਰਿ ਅੰਮ੍ਰਿਤੁ ਰਖਿਆ ਉਰਿ ਧਾਰਿ ॥

ਜਿਨ੍ਹਾਂ ਨੇ ਗੁਰੂ ਦੀ ਰਾਹੀਂ (ਇਹ ਭੇਤ) ਸਮਝ ਲਿਆ ਹੈ ਉਹ ‘ਅੰਮ੍ਰਿਤ’ ਹਿਰਦੇ ਵਿਚ ਸਾਂਭ ਰੱਖਦੇ ਹਨ;

ਹਰਿ ਅੰਮ੍ਰਿਤੁ ਪੀਵਹਿ ਸਦਾ ਰੰਗਿ ਰਾਤੇ ਹਉਮੈ ਤ੍ਰਿਸਨਾ ਮਾਰਿ ॥

ਉਹ ਮਨੁੱਖ ਹਉਮੈ ਤੇ (ਮਾਇਆ ਦੀ) ਤ੍ਰਿਸ਼ਨਾ ਮਿਟਾ ਕੇ, ਪ੍ਰਭੂ ਦੇ ਪਿਆਰ ਵਿਚ ਰੰਗੇ ਹੋਏ ਸਦਾ ‘ਅੰਮ੍ਰਿਤ’ ਪੀਂਦੇ ਹਨ।

ਅੰਮ੍ਰਿਤੁ ਹਰਿ ਕਾ ਨਾਮੁ ਹੈ ਵਰਸੈ ਕਿਰਪਾ ਧਾਰਿ ॥

(ਉਹ ਅੰਮ੍ਰਿਤ ਕੀਹ ਹੈ?) ‘ਅੰਮ੍ਰਿਤ’ ਪ੍ਰਭੂ ਦਾ ‘ਨਾਮ’ ਹੈ ਤੇ ਇਸ ਦੀ ਵਰਖਾ ਹੁੰਦੀ ਹੈ ਪ੍ਰਭੂ ਦੀ ਕਿਰਪਾ ਨਾਲ।

ਨਾਨਕ ਗੁਰਮੁਖਿ ਨਦਰੀ ਆਇਆ ਹਰਿ ਆਤਮ ਰਾਮੁ ਮੁਰਾਰਿ ॥੨॥

ਹੇ ਨਾਨਕ! ਸਭ ਵਿਚ ਵਿਆਪਕ ਮੁਰਾਰੀ ਪਰਮਾਤਮਾ ਸਤਿਗੁਰੂ ਦੀ ਰਾਹੀਂ ਨਜ਼ਰੀਂ ਆਉਂਦਾ ਹੈ ॥੨॥


ਪਉੜੀ ॥
ਅਤੁਲੁ ਕਿਉ ਤੋਲੀਐ ਵਿਣੁ ਤੋਲੇ ਪਾਇਆ ਨ ਜਾਇ ॥

ਪਰਮਾਤਮਾ ਅਤੁੱਲ ਹੈ, ਉਸ ਦੇ ਸਾਰੇ ਗੁਣ ਜਾਚੇ ਨਹੀਂ ਜਾ ਸਕਦੇ; ਪਰ ਉਸ ਦੇ ਗੁਣਾਂ ਦੀ ਵਿਚਾਰ ਕਰਨ ਤੋਂ ਬਿਨਾ ਉਸ ਦੀ ਪ੍ਰਾਪਤੀ ਭੀ ਨਹੀਂ ਹੁੰਦੀ।

ਗੁਰ ਕੈ ਸਬਦਿ ਵੀਚਾਰੀਐ ਗੁਣ ਮਹਿ ਰਹੈ ਸਮਾਇ ॥

ਪ੍ਰਭੂ ਦੇ ਗੁਣਾਂ ਦੀ ਵਿਚਾਰ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹੋ ਸਕਦੀ ਹੈ (ਜੋ ਮਨੁੱਖ ਵਿਚਾਰ ਕਰਦਾ ਹੈ ਉਹ) ਉਸ ਦੇ ਗੁਣਾਂ ਵਿਚ ਮਗਨ ਰਹਿੰਦਾ ਹੈ।

ਅਪਣਾ ਆਪੁ ਆਪਿ ਤੋਲਸੀ ਆਪੇ ਮਿਲੈ ਮਿਲਾਇ ॥

ਆਪਣੇ ਆਪ ਨੂੰ ਪ੍ਰਭੂ ਆਪ ਹੀ ਤੋਲ ਸਕਦਾ ਹੈ (ਭਾਵ, ਪ੍ਰਭੂ ਕਿਤਨਾ ਵੱਡਾ ਹੈ ਇਹ ਗੱਲ ਉਹ ਆਪ ਹੀ ਜਾਣਦਾ ਹੈ) ਉਹ ਆਪ ਹੀ (ਆਪਣੇ ਸੇਵਕਾਂ ਨੂੰ ਗੁਰੂ ਦਾ) ਮਿਲਾਇਆ ਮਿਲਦਾ ਹੈ।

ਤਿਸ ਕੀ ਕੀਮਤਿ ਨਾ ਪਵੈ ਕਹਣਾ ਕਿਛੂ ਨ ਜਾਇ ॥

ਪ੍ਰਭੂ ਦਾ ਮੁੱਲ ਨਹੀਂ ਪੈ ਸਕਦਾ; (ਉਹ ਕੇਡਾ ਵੱਡਾ ਹੈ ਇਸ ਬਾਰੇ) ਕੋਈ ਗੱਲ ਆਖੀ ਨਹੀਂ ਜਾ ਸਕਦੀ।

ਹਉ ਬਲਿਹਾਰੀ ਗੁਰ ਆਪਣੇ ਜਿਨਿ ਸਚੀ ਬੂਝ ਦਿਤੀ ਬੁਝਾਇ ॥

ਮੈਂ ਕੁਰਬਾਨ ਹਾਂ ਆਪਣੇ ਗੁਰੂ ਤੋਂ ਜਿਸ ਨੇ (ਮੈਨੂੰ ਸੱਚੀ ਸੂਝ ਦੇ ਦਿੱਤੀ ਹੈ)।

ਜਗਤੁ ਮੁਸੈ ਅੰਮ੍ਰਿਤੁ ਲੁਟੀਐ ਮਨਮੁਖ ਬੂਝ ਨ ਪਾਇ ॥

(ਗੁਰੂ ਦੀ ਮੱਤ ਤੋਂ ਬਿਨਾ) ਜਗਤ ਠੱਗਿਆ ਜਾ ਰਿਹਾ ਹੈ, ਅੰਮ੍ਰਿਤ ਲੁਟਿਆ ਜਾ ਰਿਹਾ ਹੈ, ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨੂੰ ਇਹ ਸਮਝ ਨਹੀਂ ਪੈਂਦੀ।

ਵਿਣੁ ਨਾਵੈ ਨਾਲਿ ਨ ਚਲਸੀ ਜਾਸੀ ਜਨਮੁ ਗਵਾਇ ॥

ਪ੍ਰਭੂ ਦੇ ਨਾਮ ਤੋਂ ਬਿਨਾ (ਕੋਈ ਹੋਰ ਸ਼ੈ ਮਨੁੱਖ ਦੇ) ਨਾਲ ਨਹੀਂ ਜਾਇਗੀ (ਸੋ, ‘ਨਾਮ’ ਤੋਂ ਭੁੱਲਾ ਹੋਇਆ ਮਨੁੱਖ ਆਪਣਾ ਜਨਮ ਅਜਾਈਂ ਗਵਾ ਕੇ ਜਾਇਗਾ।

ਗੁਰਮਤੀ ਜਾਗੇ ਤਿਨੑੀ ਘਰੁ ਰਖਿਆ ਦੂਤਾ ਕਾ ਕਿਛੁ ਨ ਵਸਾਇ ॥੮॥

ਜਿਹੜੇ ਮਨੁੱਖ ਗੁਰੂ ਦੀ ਮੱਤ ਲੈ ਕੇ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪੈਂਦੇ ਹਨ ਉਹ ਆਪਣਾ ਘਰ (ਭਾਵ, ਆਪਣਾ ਸਰੀਰ, ਵਿਕਾਰਾਂ ਤੋਂ) ਬਚਾ ਰੱਖਦੇ ਹਨ, ਇਹਨਾਂ ਦੂਤਾਂ (ਵਿਕਾਰਾਂ) ਦਾ ਉਹਨਾਂ ਉਤੇ ਕੋਈ ਜ਼ੋਰ ਨਹੀਂ ਚਲਦਾ ॥੮॥


ਸਲੋਕ ਮਃ ੩ ॥
ਬਾਬੀਹਾ ਨਾ ਬਿਲਲਾਇ ਨਾ ਤਰਸਾਇ ਏਹੁ ਮਨੁ ਖਸਮ ਕਾ ਹੁਕਮੁ ਮੰਨਿ ॥

ਹੇ ਪਪੀਹੇ! ਨਾਹ ਵਿਲਕ, ਆਪਣਾ ਮਨ ਨਾਹ ਤਰਸਾ ਤੇ ਮਾਲਕ ਦਾ ਹੁਕਮ ਮੰਨ (ਉਸ ਦੇ ਹੁਕਮ ਵਿਚ ਹੀ ਵਰਖਾ ਹੋਵੇਗੀ)।

ਨਾਨਕ ਹੁਕਮਿ ਮੰਨਿਐ ਤਿਖ ਉਤਰੈ ਚੜੈ ਚਵਗਲਿ ਵੰਨੁ ॥੧॥

ਹੇ ਨਾਨਕ! ਪ੍ਰਭੂ ਦੀ ਰਜ਼ਾ ਵਿਚ ਟੁਰਿਆਂ ਹੀ (ਮਾਇਆ ਦੀ ਤ੍ਰੇਹ ਮਿਟਦੀ ਹੈ ਤੇ ਚੌਗੁਣਾ ਰੰਗ ਚੜ੍ਹਦਾ ਹੈ (ਭਾਵ, ਮਨ ਪੂਰੇ ਤੌਰ ਤੇ ਖਿੜਦਾ ਹੈ) ॥੧॥


ਮਃ ੩ ॥
ਬਾਬੀਹਾ ਜਲ ਮਹਿ ਤੇਰਾ ਵਾਸੁ ਹੈ ਜਲ ਹੀ ਮਾਹਿ ਫਿਰਾਹਿ ॥

ਹੇ ਪਪੀਹੇ! ਪਾਣੀ ਵਿਚ ਤੂੰ ਵੱਸਦਾ ਹੈਂ, ਪਾਣੀ ਵਿਚ ਹੀ ਤੂੰ ਤੁਰਦਾ ਫਿਰਦਾ ਹੈਂ (ਭਾਵ, ਹੇ ਜੀਵ! ਸਰਬ ਵਿਆਪਕ ਹਰੀ ਵਿਚ ਹੀ ਤੂੰ ਜੀਉਂਦਾ ਵੱਸਦਾ ਹੈ)

ਜਲ ਕੀ ਸਾਰ ਨ ਜਾਣਹੀ ਤਾਂ ਤੂੰ ਕੂਕਣ ਪਾਹਿ ॥

ਪਰ ਉਸ ਪਾਣੀ ਦੀ ਤੈਨੂੰ ਕਦਰ ਨਹੀਂ, ਇਸ ਵਾਸਤੇ ਤੂੰ ਵਿਲਕ ਰਿਹਾ ਹੈਂ।

ਜਲ ਥਲ ਚਹੁ ਦਿਸਿ ਵਰਸਦਾ ਖਾਲੀ ਕੋ ਥਾਉ ਨਾਹਿ ॥

ਚਹੁੰ ਪਾਸੀਂ ਹੀ ਜਲਾਂ ਵਿਚ ਥਲਾਂ ਵਿਚ ਵਰਖਾ ਹੋ ਰਹੀ ਹੈ ਕੋਈ ਥਾਂ ਐਸਾ ਨਹੀਂ ਜਿਥੇ ਵਰਖਾ ਨਹੀਂ ਹੁੰਦੀ;

ਏਤੈ ਜਲਿ ਵਰਸਦੈ ਤਿਖ ਮਰਹਿ ਭਾਗ ਤਿਨਾ ਕੇ ਨਾਹਿ ॥

ਇਤਨੀ ਵਰਖਾ ਹੁੰਦਿਆਂ ਜੋ ਤਿਹਾਏ ਮਰ ਰਹੇ ਹਨ ਉਹਨਾਂ ਦੇ (ਚੰਗੇ) ਭਾਗ ਨਹੀਂ ਹਨ।

ਨਾਨਕ ਗੁਰਮੁਖਿ ਤਿਨ ਸੋਝੀ ਪਈ ਜਿਨ ਵਸਿਆ ਮਨ ਮਾਹਿ ॥੨॥

ਹੇ ਨਾਨਕ! ਗੁਰੂ ਦੀ ਰਾਹੀਂ ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਆ ਵੱਸਦਾ ਹੈ ਉਹਨਾਂ ਨੂੰ ਇਹ ਸੂਝ ਆਉਂਦੀ ਹੈ (ਕਿ ਪ੍ਰਭੂ ਹਰ ਥਾਂ ਵੱਸਦਾ ਹੈ) ॥੨॥


ਪਉੜੀ ॥
ਨਾਥ ਜਤੀ ਸਿਧ ਪੀਰ ਕਿਨੈ ਅੰਤੁ ਨ ਪਾਇਆ ॥

(ਹੇ ਪ੍ਰਭੂ!) ਨਾਥ, ਜਤੀ, ਪੁੱਗੇ ਹੋਏ ਜੋਗੀ, ਪੀਰ (ਕਈ ਹੋ ਗੁਜ਼ਰੇ ਹਨ, ਪਰ,) ਕਿਸੇ ਨੇ ਤੇਰਾ ਅੰਤ ਨਹੀਂ ਪਾਇਆ (ਭਾਵ, ਤੂੰ ਕਿਹੋ ਜਿਹਾ ਹੈਂ ਕਦੋਂ ਤੋਂ ਹੈਂ, ਕੇਡਾ ਹੈਂ-ਇਹ ਗੱਲ ਕੋਈ ਨਹੀਂ ਦੱਸ ਸਕਿਆ, ਕਈ ਜਤਨ ਕਰ ਚੁਕੇ)।

ਗੁਰਮੁਖਿ ਨਾਮੁ ਧਿਆਇ ਤੁਝੈ ਸਮਾਇਆ ॥

ਗੁਰੂ ਦੀ ਸਿੱਖਿਆ ਉਤੇ ਤੁਰਨ ਵਾਲੇ ਮਨੁੱਖ (ਅਜੇਹੇ ਨਿਸਫਲ ਉੱਦਮ ਛੱਡ ਕੇ, ਕੇਵਲ ਤੇਰਾ) ਨਾਮ ਸਿਮਰ ਕੇ ਤੇਰੇ (ਚਰਨਾਂ ਵਿਚ) ਲੀਨ ਰਹਿੰਦੇ ਹਨ।

ਜੁਗ ਛਤੀਹ ਗੁਬਾਰੁ ਤਿਸ ਹੀ ਭਾਇਆ ॥

ਇਹ ਗੱਲ ਉਸ ਪ੍ਰਭੂ ਨੂੰ ਇਉਂ ਹੀ ਚੰਗੀ ਲੱਗੀ ਹੈ ਕਿ ਅਨੇਕਾਂ ਜੁਗ ਹਨੇਰਾ ਹੀ ਹਨੇਰਾ ਸੀ (ਭਾਵ, ਇਹ ਕਿਹਾ ਨਹੀਂ ਜਾ ਸਕਦਾ ਕਿ ਜਦੋਂ ਜਗਤ-ਰਚਨਾ ਨਹੀਂ ਸੀ ਹੋਈ ਤਦੋਂ ਕੀਹ ਸੀ);

ਜਲਾ ਬਿੰਬੁ ਅਸਰਾਲੁ ਤਿਨੈ ਵਰਤਾਇਆ ॥

ਫਿਰ ਭਿਆਨਕ ਜਲ ਹੀ ਜਲ-ਇਹ ਖੇਡ ਭੀ ਉਸੇ ਨੇ ਵਰਤਾਈ;

ਨੀਲੁ ਅਨੀਲੁ ਅਗੰਮੁ ਸਰਜੀਤੁ ਸਬਾਇਆ ॥

ਤੇ, ਉਹ ਸਦਾ ਜੀਉਂਦਾ ਰਹਿਣ ਵਾਲਾ ਪ੍ਰਭੂ ਆਪ ਬੇਅੰਤ ਹੀ ਬੇਅੰਤ ਅਤੇ ਪਹੁੰਚ ਤੋਂ ਪਰੇ-

ਅਗਨਿ ਉਪਾਈ ਵਾਦੁ ਭੁਖ ਤਿਹਾਇਆ ॥

(ਜਦੋਂ ਉਸ ਨੇ ਜਗਤ-ਰਚਨਾ ਕਰ ਦਿੱਤੀ, ਤਦੋਂ) ਤ੍ਰਿਸ਼ਨਾ ਦੀ ਅੱਗ, ਵਾਦ-ਵਿਵਾਦ ਤੇ ਭੁੱਖ ਤ੍ਰਿਹ ਭੀ ਉਸ ਨੇ ਆਪ ਹੀ ਪੈਦਾ ਕਰ ਦਿੱਤੇ।

ਦੁਨੀਆ ਕੈ ਸਿਰਿ ਕਾਲੁ ਦੂਜਾ ਭਾਇਆ ॥

ਦੁਨੀਆ (ਭਾਵ, ਜੀਵਾਂ) ਦੇ ਸਿਰ ਉਤੇ ਮੌਤ (ਦਾ ਡਰ ਭੀ ਉਸੇ ਨੇ ਪੈਦਾ ਕੀਤਾ ਹੈ; ਕਿਉਂਕਿ ਇਹਨਾਂ ਨੂੰ) ਇਹ ਦੂਜਾ (ਭਾਵ, ਪ੍ਰਭੂ ਨੂੰ ਛੱਡ ਕੇ ਇਹ ਦਿੱਸਦਾ ਜਗਤ) ਪਿਆਰਾ ਲੱਗ ਰਿਹਾ ਹੈ।

ਰਖੈ ਰਖਣਹਾਰੁ ਜਿਨਿ ਸਬਦੁ ਬੁਝਾਇਆ ॥੯॥

ਪਰ, ਰੱਖਣ ਦੇ ਸਮਰੱਥ ਪ੍ਰਭੂ ਜਿਸ ਨੇ (ਗੁਰੂ ਦੀ ਰਾਹੀਂ) ਸ਼ਬਦ ਦੀ ਸੂਝ ਬਖ਼ਸ਼ੀ ਹੈ (ਇਹਨਾਂ ਅਗਨਿ, ਵਾਦ, ਭੁਖ, ਤ੍ਰਿਹ ਤੇ ਕਾਲ ਆਦਿਕ ਤੋਂ) ਰੱਖਦਾ ਭੀ ਆਪ ਹੀ ਹੈ ॥੯॥


ਸਲੋਕ ਮਃ ੩ ॥
ਇਹੁ ਜਲੁ ਸਭ ਤੈ ਵਰਸਦਾ ਵਰਸੈ ਭਾਇ ਸੁਭਾਇ ॥

(ਪ੍ਰਭੂ ਦਾ ਨਾਮ-ਰੂਪ) ਇਹ ਜਲ (ਭਾਵ, ਮੀਂਹ) ਹਰ ਥਾਂ ਵੱਸ ਰਿਹਾ ਹੈ ਤੇ ਵਰ੍ਹਦਾ ਭੀ ਹੈ ਪ੍ਰੇਮ ਨਾਲ ਤੇ ਆਪਣੀ ਮੌਜ ਨਾਲ (ਭਾਵ, ਕਿਸੇ ਵਿਤਕਰੇ ਨਾਲ ਨਹੀਂ),

ਸੇ ਬਿਰਖਾ ਹਰੀਆਵਲੇ ਜੋ ਗੁਰਮੁਖਿ ਰਹੇ ਸਮਾਇ ॥

ਪਰ, ਕੇਵਲ ਉਹੀ (ਜੀਵ-ਰੂਪ) ਰੁੱਖ ਹਰੇ ਹੁੰਦੇ ਹਨ ਜੋ ਗੁਰੂ ਦੇ ਸਨਮੁਖ ਹੋ ਕੇ (ਇਸ ‘ਨਾਮ’ ਵਰਖਾ ਵਿਚ) ਲੀਨ ਰਹਿੰਦੇ ਹਨ।

ਨਾਨਕ ਨਦਰੀ ਸੁਖੁ ਹੋਇ ਏਨਾ ਜੰਤਾ ਕਾ ਦੁਖੁ ਜਾਇ ॥੧॥

ਹੇ ਨਾਨਕ! ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਸੁਖ ਪੈਦਾ ਹੁੰਦਾ ਹੈ ਤੇ ਇਹਨਾਂ ਜੀਵਾਂ ਦਾ ਦੁੱਖ ਦੂਰ ਹੁੰਦਾ ਹੈ ॥੧॥


ਮਃ ੩ ॥
ਭਿੰਨੀ ਰੈਣਿ ਚਮਕਿਆ ਵੁਠਾ ਛਹਬਰ ਲਾਇ ॥

(ਤਦੋਂ) ਸੁਹਾਵਣੀ ਰਾਤੇ (ਬੱਦਲ) ਚਮਕਦਾ ਹੈ ਤੇ ਝੜੀ ਲਾ ਕੇ ਵਰ੍ਹਦਾ ਹੈ,

ਜਿਤੁ ਵੁਠੈ ਅਨੁ ਧਨੁ ਬਹੁਤੁ ਊਪਜੈ ਜਾਂ ਸਹੁ ਕਰੇ ਰਜਾਇ ॥

ਜਦੋਂ ਪ੍ਰਭੂ ਨੂੰ ਭਾਉਂਦਾ ਹੈ। ਇਸ ਦੇ ਵੱਸਣ ਨਾਲ ਬੜਾ ਅੰਨ (-ਰੂਪ) ਧਨ ਪੈਦਾ ਹੁੰਦਾ ਹੈ।

ਜਿਤੁ ਖਾਧੈ ਮਨੁ ਤ੍ਰਿਪਤੀਐ ਜੀਆਂ ਜੁਗਤਿ ਸਮਾਇ ॥

ਇਸ ਧਨ ਦੇ ਵਰਤਣ ਨਾਲ ਮਨ ਰੱਜਦਾ ਹੈ ਤੇ ਜੀਵਾਂ ਵਿਚ ਜੀਊਣ ਦੀ ਜੁਗਤੀ ਆਉਂਦੀ ਹੈ (ਭਾਵ, ਅੰਨ ਖਾਧਿਆਂ ਜੀਵ ਜੀਊਂਦੇ ਹਨ)।

ਇਹੁ ਧਨੁ ਕਰਤੇ ਕਾ ਖੇਲੁ ਹੈ ਕਦੇ ਆਵੈ ਕਦੇ ਜਾਇ ॥

ਪਰ, ਇਹ (ਅੰਨ-ਰੂਪ) ਧਨ ਤਾਂ ਕਰਤਾਰ ਦਾ ਇਕ ਤਮਾਸ਼ਾ ਹੈ ਜੋ ਕਦੇ ਪੈਦਾ ਹੁੰਦਾ ਹੈ ਕਦੇ ਨਾਸ ਹੋ ਜਾਂਦਾ ਹੈ।

ਗਿਆਨੀਆ ਕਾ ਧਨੁ ਨਾਮੁ ਹੈ ਸਦ ਹੀ ਰਹੈ ਸਮਾਇ ॥

ਪਰਮਾਤਮਾ ਨਾਲ ਡੂੰਘੀ ਸਾਂਝ ਰੱਖਣ ਵਾਲੇ ਬੰਦਿਆਂ ਲਈ ਪ੍ਰਭੂ ਦਾ ਨਾਮ ਹੀ ਧਨ ਹੈ ਜੋ ਸਦਾ ਟਿਕਿਆ ਰਹਿੰਦਾ ਹੈ।

ਨਾਨਕ ਜਿਨ ਕਉ ਨਦਰਿ ਕਰੇ ਤਾਂ ਇਹੁ ਧਨੁ ਪਲੈ ਪਾਇ ॥੨॥

ਹੇ ਨਾਨਕ! ਜਿਨ੍ਹਾਂ ਉਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ ਉਹਨਾਂ ਨੂੰ ਇਹ ਧਨ ਬਖ਼ਸ਼ਦਾ ਹੈ ॥੨॥


ਪਉੜੀ ॥
ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ ॥

ਪ੍ਰਭੂ (ਸਭ ਕੁਝ) ਆਪ ਹੀ ਕਰ ਰਿਹਾ ਹੈ ਤੇ (ਜੀਵਾਂ ਪਾਸੋਂ) ਆਪ ਹੀ ਕਰਾ ਰਿਹਾ ਹੈ (ਸੋ, ਇਸ ਅਗਨਿ, ਵਾਦੁ, ਭੁੱਖ, ਤ੍ਰੇਹ, ਕਾਲ ਆਦਿਕ ਬਾਰੇ) ਕਿਸੇ ਹੋਰ ਪਾਸ ਫ਼ਰਿਆਦ ਨਹੀਂ ਕੀਤੀ ਜਾ ਸਕਦੀ।

ਆਪੇ ਲੇਖਾ ਮੰਗਸੀ ਆਪਿ ਕਰਾਏ ਕਾਰ ॥

(ਜੀਵਾਂ ਪਾਸੋਂ) ਆਪ ਹੀ (ਭੁੱਖ ਤ੍ਰਿਹ ਆਦਿਕ ਵਾਲੇ) ਕੰਮ ਕਰਾ ਰਿਹਾ ਹੈ ਤੇ (ਇਹਨਾਂ ਕੀਤੇ ਕੰਮਾਂ ਦਾ) ਲੇਖਾ ਭੀ ਆਪ ਹੀ ਮੰਗਦਾ ਹੈ।

ਜੋ ਤਿਸੁ ਭਾਵੈ ਸੋ ਥੀਐ ਹੁਕਮੁ ਕਰੇ ਗਾਵਾਰੁ ॥

ਮੂਰਖ ਜੀਵ (ਐਵੇਂ ਹੀ) ਹੈਂਕੜ ਵਿਖਾਂਦਾ ਹੈ (ਅਸਲ ਵਿਚ) ਉਹੀ ਕੁਝ ਹੁੰਦਾ ਹੈ ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ।

ਆਪਿ ਛਡਾਏ ਛੁਟੀਐ ਆਪੇ ਬਖਸਣਹਾਰੁ ॥

(ਇਹਨਾਂ ਅਗਨਿ ਭੁੱਖ ਆਦਿਕਾਂ ਤੋਂ) ਜੇ ਪ੍ਰਭੂ ਆਪ ਹੀ ਬਚਾਏ ਤਾਂ ਬਚੀਦਾ ਹੈ, ਇਹ ਬਖ਼ਸ਼ਸ਼ ਉਹ ਆਪ ਹੀ ਕਰਨ ਵਾਲਾ ਹੈ।

ਆਪੇ ਵੇਖੈ ਸੁਣੇ ਆਪਿ ਸਭਸੈ ਦੇ ਆਧਾਰੁ ॥

ਜੀਵਾਂ ਦੀ ਸੰਭਾਲ ਪ੍ਰਭੂ ਆਪ ਹੀ ਕਰਦਾ ਹੈ, ਆਪ ਹੀ (ਜੀਵਾਂ ਦੀਆਂ ਅਰਦਾਸਾਂ) ਸੁਣਦਾ ਹੈ ਤੇ ਹਰੇਕ ਜੀਵ ਨੂੰ ਆਸਰਾ ਦੇਂਦਾ ਹੈ।

ਸਭ ਮਹਿ ਏਕੁ ਵਰਤਦਾ ਸਿਰਿ ਸਿਰਿ ਕਰੇ ਬੀਚਾਰੁ ॥

ਸਭ ਜੀਵਾਂ ਵਿਚ ਪ੍ਰਭੂ ਆਪ ਹੀ ਮੌਜੂਦ ਹੈ ਤੇ ਹਰੇਕ ਜੀਵ ਦਾ ਧਿਆਨ ਰੱਖਦਾ ਹੈ।

ਗੁਰਮੁਖਿ ਆਪੁ ਵੀਚਾਰੀਐ ਲਗੈ ਸਚਿ ਪਿਆਰੁ ॥

ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਤੇ ਉਸ ਦਾ ਪਿਆਰ (ਇਹਨਾਂ ਭੁੱਖ ਤ੍ਰਿਹ ਆਦਿਕ ਵਾਲੇ ਪਦਾਰਥਾਂ ਦੇ ਥਾਂ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਬਣਦਾ ਹੈ।

ਨਾਨਕ ਕਿਸ ਨੋ ਆਖੀਐ ਆਪੇ ਦੇਵਣਹਾਰੁ ॥੧੦॥

ਪਰ, ਹੇ ਨਾਨਕ! ਇਹ ਦਾਤ ਉਹ ਆਪ ਹੀ ਦੇਂਦਾ ਹੈ, ਕਿਸੇ ਹੋਰ ਅੱਗੇ ਕੁਝ ਕਿਹਾ ਨਹੀਂ ਜਾ ਸਕਦਾ ॥੧੦॥


ਸਲੋਕ ਮਃ ੩ ॥
ਬਾਬੀਹਾ ਏਹੁ ਜਗਤੁ ਹੈ ਮਤ ਕੋ ਭਰਮਿ ਭੁਲਾਇ ॥

(ਲਫ਼ਜ਼ ਪਪੀਹਾ ਸੁਣ ਕੇ) ਮਤਾਂ ਕੋਈ ਭੁਲੇਖਾ ਖਾ ਜਾਏ, ਪਪੀਹਾ ਇਹ ਜਗਤ ਹੈ,

ਇਹੁ ਬਾਬੀਂਹਾ ਪਸੂ ਹੈ ਇਸ ਨੋ ਬੂਝਣੁ ਨਾਹਿ ॥

ਇਹ ਪਪੀਹਾ (-ਜੀਵ) ਪਸ਼ੂ (-ਸੁਭਾਉ) ਹੈ, ਇਸ ਨੂੰ ਇਹ ਸਮਝ ਨਹੀਂ,

ਅੰਮ੍ਰਿਤੁ ਹਰਿ ਕਾ ਨਾਮੁ ਹੈ ਜਿਤੁ ਪੀਤੈ ਤਿਖ ਜਾਇ ॥

(ਕਿ) ਪਰਮਾਤਮਾ ਦਾ ਨਾਮ (ਐਸਾ) ਅੰਮ੍ਰਿਤ ਹੈ ਜਿਸ ਨੂੰ ਪੀਤਿਆਂ (ਮਾਇਆ ਦੀ) ਤ੍ਰਿਹ ਮਿਟ ਜਾਂਦੀ ਹੈ।

ਨਾਨਕ ਗੁਰਮੁਖਿ ਜਿਨੑ ਪੀਆ ਤਿਨੑ ਬਹੁੜਿ ਨ ਲਾਗੀ ਆਇ ॥੧॥

ਹੇ ਨਾਨਕ! ਜਿਨ੍ਹਾਂ ਬੰਦਿਆਂ ਨੇ ਗੁਰੂ ਦੇ ਸਨਮੁਖ ਹੋ ਕੇ (ਨਾਮ-ਅੰਮ੍ਰਿਤ) ਪੀਤਾ ਹੈ ਉਹਨਾਂ ਨੂੰ ਮੁੜ ਕੇ (ਮਾਇਆ ਦੀ) ਤ੍ਰੇਹ ਨਹੀਂ ਲੱਗਦੀ ॥੧॥


ਮਃ ੩ ॥
ਮਲਾਰੁ ਸੀਤਲ ਰਾਗੁ ਹੈ ਹਰਿ ਧਿਆਇਐ ਸਾਂਤਿ ਹੋਇ ॥

(ਭਾਵੇਂ) ‘ਮਲਾਰ’ ਠੰਢਾ ਰਾਗ ਹੈ (ਭਾਵ, ਠੰਢ ਪਾਣ ਵਾਲਾ ਹੈ), ਪਰ (ਅਸਲ) ਸ਼ਾਂਤੀ ਤਾਂ ਹੀ ਹੁੰਦੀ ਹੈ ਜੇ (ਇਸ ਰਾਗ ਦੀ ਰਾਹੀਂ) ਪ੍ਰਭੂ ਦੀ ਸਿਫ਼ਤ-ਸਾਲਾਹ ਕਰੀਏ।

ਹਰਿ ਜੀਉ ਅਪਣੀ ਕ੍ਰਿਪਾ ਕਰੇ ਤਾਂ ਵਰਤੈ ਸਭ ਲੋਇ ॥

ਜੇ ਪ੍ਰਭੂ ਆਪਣੀ ਦਇਆ ਕਰੇ ਤਾਂ (ਇਹ ਸ਼ਾਂਤੀ) ਸਾਰੇ ਜਗਤ ਵਿਚ (ਇਉਂ) ਵਰਤੇ,

ਵੁਠੈ ਜੀਆ ਜੁਗਤਿ ਹੋਇ ਧਰਣੀ ਨੋ ਸੀਗਾਰੁ ਹੋਇ ॥

ਜਿਵੇਂ ਮੀਂਹ ਪਿਆਂ ਜੀਵਾਂ ਵਿਚ ਜੀਵਨ-ਜੁਗਤੀ (ਭਾਵ, ਸੱਤਿਆ) ਆਉਂਦੀ ਹੈ ਅਤੇ ਧਰਤੀ ਨੂੰ ਹੀ ਹਰਿਆਵਲ ਰੂਪ ਸੁਹੱਪਣ ਮਿਲ ਜਾਂਦਾ ਹੈ।

ਨਾਨਕ ਇਹੁ ਜਗਤੁ ਸਭੁ ਜਲੁ ਹੈ ਜਲ ਹੀ ਤੇ ਸਭ ਕੋਇ ॥

ਹੇ ਨਾਨਕ! (ਅਸਲ ਵਿਚ) ਇਹ ਜਗਤ ਪਰਮਾਤਮਾ ਦਾ ਰੂਪ ਹੈ (ਕਿਉਂਕਿ) ਹਰੇਕ ਜੀਵ ਪਰਮਾਤਮਾ ਤੋਂ ਹੀ ਪੈਦਾ ਹੁੰਦਾ ਹੈ;

ਗੁਰਪਰਸਾਦੀ ਕੋ ਵਿਰਲਾ ਬੂਝੈ ਸੋ ਜਨੁ ਮੁਕਤੁ ਸਦਾ ਹੋਇ ॥੨॥

ਪਰ ਕੋਈ ਵਿਰਲਾ ਬੰਦਾ (ਇਹ ਗੱਲ) ਗੁਰੂ ਦੀ ਮਿਹਰ ਨਾਲ ਸਮਝਦਾ ਹੈ (ਤੇ ਜੋ ਸਮਝ ਲੈਂਦਾ ਹੈ) ਉਹ ਮਨੁੱਖ ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ ॥੨॥


ਪਉੜੀ ॥
ਸਚਾ ਵੇਪਰਵਾਹੁ ਇਕੋ ਤੂ ਧਣੀ ॥

ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਵੇਪਰਵਾਹ (ਬੇ-ਮੁਥਾਜ) ਮਾਲਕ ਹੈ;

ਤੂ ਸਭੁ ਕਿਛੁ ਆਪੇ ਆਪਿ ਦੂਜੇ ਕਿਸੁ ਗਣੀ ॥

ਤੂੰ ਆਪ ਹੀ ਸਭ ਕੁਝ (ਕਰਨ ਕਰਾਨ ਜੋਗਾ) ਹੈਂ, ਕੇਹੜੇ ਦੂਜੇ ਨੂੰ ਮੈਂ ਤੇਰੇ ਵਰਗਾ ਮਿਥਾਂ?

ਮਾਣਸ ਕੂੜਾ ਗਰਬੁ ਸਚੀ ਤੁਧੁ ਮਣੀ ॥

(ਦੁਨੀਆ ਦੀ ਕਿਸੇ ਵਡਿਆਈ ਨੂੰ ਪ੍ਰਾਪਤ ਕਰ ਕੇ) ਮਨੁੱਖ ਦਾ (ਕੋਈ) ਅਹੰਕਾਰ ਕਰਨਾ ਵਿਅਰਥ ਹੈ ਤੇਰੀ ਵਡਿਆਈ ਹੀ ਸਦਾ ਕਾਇਮ ਰਹਿਣ ਵਾਲੀ ਹੈ;

ਆਵਾ ਗਉਣੁ ਰਚਾਇ ਉਪਾਈ ਮੇਦਨੀ ॥

ਤੂੰ ਹੀ ‘ਜਨਮ ਮਰਨ’ (ਦੀ ਮਰਯਾਦਾ) ਬਣਾ ਕੇ ਸ੍ਰਿਸ਼ਟੀ ਪੈਦਾ ਕੀਤੀ ਹੈ।

ਸਤਿਗੁਰੁ ਸੇਵੇ ਆਪਣਾ ਆਇਆ ਤਿਸੁ ਗਣੀ ॥

ਜਿਹੜਾ ਮਨੁੱਖ ਆਪਣੇ ਗੁਰੂ ਦੇ ਕਹੇ ਉਤੇ ਤੁਰਦਾ ਹੈ ਉਸ ਦਾ (ਜਗਤ ਵਿਚ) ਆਉਣਾ ਸਫਲ ਹੈ।

ਜੇ ਹਉਮੈ ਵਿਚਹੁ ਜਾਇ ਤ ਕੇਹੀ ਗਣਤ ਗਣੀ ॥

ਜੇ ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਏ ਤਾਂ (ਤ੍ਰਿਸ਼ਨਾ ਆਦਿਕ ਦੇ ਅਧੀਨ ਹੋ ਕੇ) ਤੌਖ਼ਲੇ ਕਰਨ ਦੀ ਲੋੜ ਨਹੀਂ ਰਹਿ ਜਾਂਦੀ।

ਮਨਮੁਖ ਮੋਹਿ ਗੁਬਾਰਿ ਜਿਉ ਭੁਲਾ ਮੰਝਿ ਵਣੀ ॥

(ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮੋਹ-ਰੂਪ ਹਨੇਰੇ ਵਿਚ (ਇਉਂ) ਭਟਕ ਰਿਹਾ ਹੈ, ਜਿਵੇਂ (ਰਾਹੋਂ) ਭੁੱਲਾ ਹੋਇਆ ਮਨੁੱਖ ਜੰਗਲਾਂ ਵਿਚ (ਭਟਕਦਾ ਹੈ)।

ਕਟੇ ਪਾਪ ਅਸੰਖ ਨਾਵੈ ਇਕ ਕਣੀ ॥੧੧॥

ਪ੍ਰਭੂ ਆਪਣੇ ‘ਨਾਮ’ ਦਾ ਇਕ ਕਿਣਕਾ ਦੇ ਕੇ ਬੇਅੰਤ ਪਾਪ ਕੱਟ ਦੇਂਦਾ ਹੈ ॥੧੧॥


ਸਲੋਕ ਮਃ ੩ ॥
ਬਾਬੀਹਾ ਖਸਮੈ ਕਾ ਮਹਲੁ ਨ ਜਾਣਹੀ ਮਹਲੁ ਦੇਖਿ ਅਰਦਾਸਿ ਪਾਇ ॥

ਹੇ (ਜੀਵ) ਪਪੀਹੇ! ਤੂੰ ਆਪਣੇ ਮਾਲਕ ਦਾ ਘਰ ਨਹੀਂ ਜਾਣਦਾ (ਤਾਹੀਂਏ ਮਾਇਆ ਦੀ ਤ੍ਰਿਸ਼ਨਾ ਨਾਲ ਆਤੁਰ ਹੋ ਰਿਹਾ ਹੈਂ), (ਮਾਲਕ ਦਾ) ਘਰ ਵੇਖਣ ਲਈ ਅਰਜ਼ੋਈ ਕਰ।

ਆਪਣੈ ਭਾਣੈ ਬਹੁਤਾ ਬੋਲਹਿ ਬੋਲਿਆ ਥਾਇ ਨ ਪਾਇ ॥

(ਜਿਤਨਾ ਚਿਰ) ਤੂੰ ਆਪਣੇ (ਮਨ ਦੀ) ਮਰਜ਼ੀ ਪਿੱਛੇ ਤੁਰ ਕੇ ਬਹੁਤਾ ਬੋਲਦਾ ਹੈਂ, ਇਹ ਬੋਲਣਾ ਪ੍ਰਵਾਨ ਨਹੀਂ ਹੁੰਦਾ।

ਖਸਮੁ ਵਡਾ ਦਾਤਾਰੁ ਹੈ ਜੋ ਇਛੇ ਸੋ ਫਲ ਪਾਇ ॥

(ਹੇ ਜੀਵ!) ਮਾਲਕ ਬੜੀਆਂ ਬਖ਼ਸ਼ਸ਼ਾਂ ਕਰਨ ਵਾਲਾ ਹੈ (ਉਸ ਦੇ ਦਰ ਤੇ ਪਿਆਂ) ਜੋ ਮੰਗੀਏ ਸੋ ਮਿਲ ਜਾਂਦਾ ਹੈ।

ਬਾਬੀਹਾ ਕਿਆ ਬਪੁੜਾ ਜਗਤੈ ਕੀ ਤਿਖ ਜਾਇ ॥੧॥

ਇਹ (ਜੀਵ) ਪਪੀਹਾ ਵਿਚਾਰਾ ਕੀਹ ਹੈ? (ਪ੍ਰਭੂ ਦੇ ਦਰ ਤੇ ਅਰਜ਼ੋਈ ਕੀਤਿਆਂ) ਸਾਰੇ ਜਗਤ ਦੀ (ਮਾਇਆ ਦੀ) ਤ੍ਰੇਹ ਮਿਟ ਜਾਂਦੀ ਹੈ ॥੧॥


ਮਃ ੩ ॥
ਬਾਬੀਹਾ ਭਿੰਨੀ ਰੈਣਿ ਬੋਲਿਆ ਸਹਜੇ ਸਚਿ ਸੁਭਾਇ ॥

(ਜਦੋਂ) (ਜੀਵ-) ਪਪੀਹਾ ਅੰਮ੍ਰਿਤ ਵੇਲੇ ਅਡੋਲ ਅਵਸਥਾ ਵਿਚ ਪ੍ਰਭੂ-ਚਰਨਾਂ ਵਿਚ ਜੁੜ ਕੇ (ਜੁੜੇ) ਮਨ ਦੀ ਮੌਜ ਨਾਲ ਅਰਜ਼ੋਈ ਕਰਦਾ ਹੈ,

ਇਹੁ ਜਲੁ ਮੇਰਾ ਜੀਉ ਹੈ ਜਲ ਬਿਨੁ ਰਹਣੁ ਨ ਜਾਇ ॥

ਕਿ ਪ੍ਰਭੂ ਦਾ ਨਾਮ ਮੇਰੀ ਜਿੰਦ ਹੈ, ‘ਨਾਮ’ ਤੋਂ ਬਿਨਾ ਮੈਂ ਜੀਊ ਨਹੀਂ ਸਕਦਾ,

ਗੁਰਸਬਦੀ ਜਲੁ ਪਾਈਐ ਵਿਚਹੁ ਆਪੁ ਗਵਾਇ ॥

(ਤਾਂ ਇਸ ਤਰ੍ਹਾਂ) ਮਨ ਵਿਚੋਂ ਆਪਾ-ਭਾਵ ਗਵਾ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਨਾਮ-ਅੰਮ੍ਰਿਤ ਮਿਲਦਾ ਹੈ।

ਨਾਨਕ ਜਿਸੁ ਬਿਨੁ ਚਸਾ ਨ ਜੀਵਦੀ ਸੋ ਸਤਿਗੁਰਿ ਦੀਆ ਮਿਲਾਇ ॥੨॥

ਹੇ ਨਾਨਕ! ਜਿਸ ਪ੍ਰਭੂ ਤੋਂ ਬਿਨਾ ਇਕ ਪਲਕ ਭਰ ਭੀ ਜੀਵਿਆ ਨਹੀਂ ਜਾ ਸਕਦਾ, ਸਤਿਗੁਰੂ ਨੇ (ਅਰਜ਼ੋਈ ਕਰਨ ਵਾਲੇ ਨੂੰ) ਉਹ ਪ੍ਰਭੂ ਮਿਲਾ ਦਿੱਤਾ ਹੈ (ਭਾਵ, ਮਿਲਾ ਦੇਂਦਾ ਹੈ) ॥੨॥


ਪਉੜੀ ॥
ਖੰਡ ਪਤਾਲ ਅਸੰਖ ਮੈ ਗਣਤ ਨ ਹੋਈ ॥

(ਇਸ ਸ੍ਰਿਸ਼ਟੀ ਦੇ) ਬੇਅੰਤ ਧਰਤੀਆਂ ਤੇ ਪਾਤਾਲ ਹਨ, ਮੈਥੋਂ ਗਿਣੇ ਨਹੀਂ ਜਾ ਸਕਦੇ।

ਤੂ ਕਰਤਾ ਗੋਵਿੰਦੁ ਤੁਧੁ ਸਿਰਜੀ ਤੁਧੈ ਗੋਈ ॥

(ਹੇ ਪ੍ਰਭੂ!) ਤੂੰ (ਇਸ ਸ੍ਰਿਸ਼ਟੀ ਨੂੰ) ਪੈਦਾ ਕਰਨ ਵਾਲਾ ਹੈਂ ਤੂੰ ਹੀ ਇਸ ਦੀ ਸਾਰ ਲੈਣ ਵਾਲਾ ਹੈਂ, ਤੂੰ ਹੀ ਪੈਦਾ ਕੀਤੀ ਹੈ ਤੂੰ ਹੀ ਨਾਸ ਕਰਦਾ ਹੈਂ।

ਲਖ ਚਉਰਾਸੀਹ ਮੇਦਨੀ ਤੁਝ ਹੀ ਤੇ ਹੋਈ ॥

ਸ੍ਰਿਸ਼ਟੀ ਦੀ ਚੌਰਾਸੀ ਲਖ ਜੂਨ ਤੈਥੋਂ ਹੀ ਪੈਦਾ ਹੋਈ ਹੈ।

ਇਕਿ ਰਾਜੇ ਖਾਨ ਮਲੂਕ ਕਹਹਿ ਕਹਾਵਹਿ ਕੋਈ ॥

(ਇਥੇ) ਕਈ ਆਪਣੇ ਆਪ ਨੂੰ ਰਾਜੇ ਖ਼ਾਨ ਤੇ ਮਲਕ ਆਖਦੇ ਹਨ ਤੇ ਅਖਵਾਂਦੇ ਹਨ,

ਇਕਿ ਸਾਹ ਸਦਾਵਹਿ ਸੰਚਿ ਧਨੁ ਦੂਜੈ ਪਤਿ ਖੋਈ ॥

ਕਈ ਧਨ ਇਕੱਠਾ ਕਰ ਕੇ (ਆਪਣੇ ਆਪ ਨੂੰ) ਸ਼ਾਹ ਸਦਾਂਦੇ ਹਨ, (ਪਰ) ਇਸ ਦੂਜੇ ਮੋਹ ਵਿਚ ਪੈ ਕੇ ਇੱਜ਼ਤ ਗਵਾ ਲੈਂਦੇ ਹਨ।

ਇਕਿ ਦਾਤੇ ਇਕ ਮੰਗਤੇ ਸਭਨਾ ਸਿਰਿ ਸੋਈ ॥

ਇਥੇ ਕਈ ਦਾਤੇ ਹਨ ਕਈ ਮੰਗਤੇ ਹਨ (ਪਰ ਕੀਹ ਦਾਤੇ ਤੇ ਕੀਹ ਮੰਗਤੇ) ਸਭਨਾਂ ਦੇ ਸਿਰ ਉਤੇ ਉਹ ਪ੍ਰਭੂ ਹੀ ਖਸਮ ਹੈ।

ਵਿਣੁ ਨਾਵੈ ਬਾਜਾਰੀਆ ਭੀਹਾਵਲਿ ਹੋਈ ॥

(ਭਾਵੇਂ ਰਾਜੇ ਸਦਾਣ ਭਾਵੇਂ ਸ਼ਾਹ ਅਖਵਾਣ) ਪ੍ਰਭੂ ਦੇ ਨਾਮ ਤੋਂ ਬਿਨਾ ਜੀਵ (ਮਾਨੋ) ਬਹੁ-ਰੂਪੀਏ ਹਨ (ਧਰਤੀ ਇਹਨਾਂ ਦੇ ਭਾਰ ਨਾਲ) ਭੈ-ਭੀਤ ਹੋਈ ਹੋਈ ਹੈ।

ਕੂੜ ਨਿਖੁਟੇ ਨਾਨਕਾ ਸਚੁ ਕਰੇ ਸੁ ਹੋਈ ॥੧੨॥

ਹੇ ਨਾਨਕ! (ਇਹ ਰਾਜੇ ਤੇ ਸ਼ਾਹੂਕਾਰ ਆਦਿਕ) ਕੂੜ ਦੇ ਸੌਦੇ ਮੁੱਕ ਜਾਂਦੇ ਹਨ (ਭਾਵ ਤ੍ਰਿਸ਼ਨਾ-ਅਧੀਨ ਹੋ ਕੇ ਰਾਜ ਧਨ ਆਦਿਕ ਦਾ ਮਾਣ ਕੂੜਾ ਹੈ) ਜੋ ਕੁਝ ਸਦਾ-ਥਿਰ ਰਹਿਣ ਵਾਲਾ ਪ੍ਰਭੂ ਕਰਦਾ ਹੈ ਉਹੀ ਹੈ ॥੧੨॥


ਸਲੋਕ ਮਃ ੩ ॥
ਬਾਬੀਹਾ ਗੁਣਵੰਤੀ ਮਹਲੁ ਪਾਇਆ ਅਉਗਣਵੰਤੀ ਦੂਰਿ ॥

ਹੇ (ਜੀਵ-) ਪਪੀਹੇ! ਗੁਣਾਂ ਵਾਲੀ (ਜੀਵ-ਇਸਤ੍ਰੀ) ਨੂੰ ਰੱਬ ਦਾ ਘਰ ਲੱਭ ਪੈਂਦਾ ਹੈ, ਪਰ ਅਉਗਣਿਆਰੀ ਉਸ ਤੋਂ ਵਿਥ ਤੇ ਰਹਿੰਦੀ ਹੈ।

ਅੰਤਰਿ ਤੇਰੈ ਹਰਿ ਵਸੈ ਗੁਰਮੁਖਿ ਸਦਾ ਹਜੂਰਿ ॥

ਹੇ (ਜੀਵ-) ਪਪੀਹੇ! ਤੇਰੇ ਅੰਦਰ ਹੀ ਰੱਬ ਵੱਸਦਾ ਹੈ, ਗੁਰੂ ਦੇ ਸਨਮੁਖ ਹੋਇਆਂ ਸਦਾ ਅੰਗ-ਸੰਗ ਦਿੱਸਦਾ ਹੈ।

ਕੂਕ ਪੁਕਾਰ ਨ ਹੋਵਈ ਨਦਰੀ ਨਦਰਿ ਨਿਹਾਲ ॥

(ਗੁਰੂ ਦੀ ਸਰਨ ਪਿਆਂ) ਕਿਸੇ ਕੂਕ ਪੁਕਾਰ ਦੀ ਲੋੜ ਨਹੀਂ ਰਹਿੰਦੀ, ਮੇਹਰਾਂ ਦੇ ਸਾਂਈ ਦੀ ਮਿਹਰ ਦੀ ਨਜ਼ਰ ਨਾਲ ਨਿਹਾਲ ਹੋ ਜਾਈਦਾ ਹੈ।

ਨਾਨਕ ਨਾਮਿ ਰਤੇ ਸਹਜੇ ਮਿਲੇ ਸਬਦਿ ਗੁਰੂ ਕੈ ਘਾਲ ॥੧॥

ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਬੰਦੇ ਗੁਰੂ ਦੇ ਸ਼ਬਦ ਵਿਚ (ਜੁੜ ਕੇ) ਘਾਲ ਕਮਾਈ ਕਰ ਕੇ ਆਤਮਕ ਅਡੋਲਤਾ ਵਿਚ ਟਿਕੇ ਰਹਿ ਕੇ ਉਸ ਨੂੰ ਮਿਲ ਪੈਂਦੇ ਹਨ ॥੧॥


ਮਃ ੩ ॥
ਬਾਬੀਹਾ ਬੇਨਤੀ ਕਰੇ ਕਰਿ ਕਿਰਪਾ ਦੇਹੁ ਜੀਅ ਦਾਨ ॥

(ਜਦੋਂ) (ਜੀਵ-) ਪਪੀਹਾ (ਪ੍ਰਭੂ ਅੱਗੇ) ਬੇਨਤੀ ਕਰਦਾ ਹੈ ਕਿ-(ਹੇ ਪ੍ਰਭੂ!) ਮਿਹਰ ਕਰ ਕੇ ਮੈਨੂੰ ਜੀਵਨ- ਦਾਤ ਬਖ਼ਸ਼;

ਜਲ ਬਿਨੁ ਪਿਆਸ ਨ ਊਤਰੈ ਛੁਟਕਿ ਜਾਂਹਿ ਮੇਰੇ ਪ੍ਰਾਨ ॥

ਤੇਰੇ ਨਾਮ-ਅੰਮ੍ਰਿਤ ਤੋਂ ਬਿਨਾ (ਮੇਰੀ) ਤ੍ਰਿਸ਼ਨਾ ਨਹੀਂ ਮੁੱਕਦੀ, (ਤੇਰੇ ਨਾਮ ਤੋਂ ਬਿਨਾ) ਮੇਰੀ ਜਿੰਦ ਵਿਆਕੁਲ ਹੋ ਜਾਂਦੀ ਹੈ।

ਤੂ ਸੁਖਦਾਤਾ ਬੇਅੰਤੁ ਹੈ ਗੁਣਦਾਤਾ ਨੇਧਾਨੁ ॥

ਤੂੰ ਸੁਖ ਦੇਣ ਵਾਲਾ ਹੈਂ, ਤੂੰ ਬੇਅੰਤ ਹੈਂ, ਤੂੰ ਗੁਣ ਬਖ਼ਸ਼ਣ ਵਾਲਾ ਹੈ; ਤੇ ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ-

ਨਾਨਕ ਗੁਰਮੁਖਿ ਬਖਸਿ ਲਏ ਅੰਤਿ ਬੇਲੀ ਹੋਇ ਭਗਵਾਨੁ ॥੨॥

ਹੇ ਨਾਨਕ! (ਇਹ ਬੇਨਤੀ ਸੁਣ ਕੇ) ਭਗਵਾਨ ਗੁਰੂ ਦੇ ਸਨਮੁਖ ਹੋਏ ਮਨੁੱਖ ਉਤੇ ਮਿਹਰ ਕਰਦਾ ਹੈ ਤੇ ਅੰਤ ਸਮੇ ਉਸ ਦਾ ਸਹਾਈ ਬਣਦਾ ਹੈ ॥੨॥


ਪਉੜੀ ॥
ਆਪੇ ਜਗਤੁ ਉਪਾਇ ਕੈ ਗੁਣ ਅਉਗਣ ਕਰੇ ਬੀਚਾਰੁ ॥

(ਪ੍ਰਭੂ) ਆਪ ਹੀ ਜਗਤ ਬਣਾ ਕੇ (ਜੀਵਾਂ ਦੇ) ਗੁਣਾਂ ਤੇ ਔਗੁਣਾਂ ਦਾ ਲੇਖਾ ਕਰਦਾ ਹੈ।

ਤ੍ਰੈ ਗੁਣ ਸਰਬ ਜੰਜਾਲੁ ਹੈ ਨਾਮਿ ਨ ਧਰੇ ਪਿਆਰੁ ॥

(ਮਾਇਆ ਦੇ) ਤਿੰਨ ਗੁਣ (ਭੀ ਜੋ) ਨਿਰਾ ਜੰਜਾਲ (ਭਾਵ, ਵਿਕਾਰਾਂ ਵਿਚ ਫਸਾਣ ਵਾਲਾ) ਹੀ ਹੈ (ਇਹ ਭੀ ਪ੍ਰਭੂ ਨੇ ਆਪ ਹੀ ਰਚਿਆ ਹੈ, ਇਸ ਵਿਚ ਫਸ ਕੇ ਜਗਤ) ਪ੍ਰਭੂ ਦੇ ਨਾਮ ਵਿਚ ਪਿਆਰ ਨਹੀਂ ਪਾਂਦਾ;

ਗੁਣ ਛੋਡਿ ਅਉਗਣ ਕਮਾਵਦੇ ਦਰਗਹ ਹੋਹਿ ਖੁਆਰੁ ॥

(ਇਸ ਵਾਸਤੇ ਜੀਵ) ਗੁਣ ਛੱਡ ਕੇ ਅਉਗਣ ਕਮਾਂਦੇ ਹਨ ਤੇ (ਆਖ਼ਰ) ਪ੍ਰਭੂ ਦੀ ਹਜ਼ੂਰੀ ਵਿਚ ਸ਼ਰਮਿੰਦੇ ਹੁੰਦੇ ਹਨ।

ਜੂਐ ਜਨਮੁ ਤਿਨੀ ਹਾਰਿਆ ਕਿਤੁ ਆਏ ਸੰਸਾਰਿ ॥

ਅਜੇਹੇ ਜੀਵ (ਮਾਨੋ) ਜੂਏ ਵਿਚ ਮਨੁੱਖਾ-ਜਨਮ ਹਾਰ ਜਾਂਦੇ ਹਨ, ਉਹਨਾਂ ਦਾ ਜਗਤ ਵਿਚ ਆਉਣਾ ਕਿਸੇ ਅਰਥ ਨਹੀਂ ਹੁੰਦਾ ਹੈ।

ਸਚੈ ਸਬਦਿ ਮਨੁ ਮਾਰਿਆ ਅਹਿਨਿਸਿ ਨਾਮਿ ਪਿਆਰਿ ॥

(ਪਰ) ਜਿਨ੍ਹਾਂ ਮਨੁੱਖਾਂ ਨੇ (ਗੁਰੂ ਦੇ) ਸੱਚੇ ਸ਼ਬਦ ਦੀ ਰਾਹੀਂ ਆਪਣਾ ਮਨ ਵੱਸ ਵਿਚ ਲਿਆਂਦਾ ਹੈ, ਜੋ ਦਿਨ ਰਾਤ ਪ੍ਰਭੂ ਦੇ ਨਾਮ ਵਿਚ ਪਿਆਰ ਪਾਂਦੇ ਹਨ,

ਜਿਨੀ ਪੁਰਖੀ ਉਰਿ ਧਾਰਿਆ ਸਚਾ ਅਲਖ ਅਪਾਰੁ ॥

ਜਿਨ੍ਹਾਂ ਨੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਵਸਾਇਆ ਹੈ,

ਤੂ ਗੁਣਦਾਤਾ ਨਿਧਾਨੁ ਹਹਿ ਅਸੀ ਅਵਗਣਿਆਰ ॥

(ਉਹ ਇਉਂ ਬੇਨਤੀ ਕਰਦੇ ਹਨ)-“ਹੇ ਪ੍ਰਭੂ! ਤੂੰ ਗੁਣਾਂ ਦਾ ਦਾਤਾ ਹੈਂ, ਤੂੰ ਗੁਣਾਂ ਦਾ ਖ਼ਜ਼ਾਨਾ ਹੈ, ਅਸੀਂ ਜੀਵ ਅਉਗਣੀ ਹਾਂ।”

ਜਿਸੁ ਬਖਸੇ ਸੋ ਪਾਇਸੀ ਗੁਰਸਬਦੀ ਵੀਚਾਰੁ ॥੧੩॥

ਗੁਰੂ ਦੇ ਸ਼ਬਦ ਦੀ ਰਾਹੀਂ (ਅਜੇਹੀ ਸੁਅੱਛ) ਵਿਚਾਰ ਉਹ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਉਤੇ (ਪਰਮਾਤਮਾ ਆਪ) ਮਿਹਰ ਕਰਦਾ ਹੈ ॥੧੩॥


ਸਲੋਕ ਮਃ ੫ ॥
ਰਾਤਿ ਨ ਵਿਹਾਵੀ ਸਾਕਤਾਂ ਜਿਨੑਾ ਵਿਸਰੈ ਨਾਉ ॥

ਜੋ ਬੰਦੇ ਪਰਮਾਤਮਾ ਦੇ ਚਰਨਾਂ ਨਾਲੋਂ ਵਿੱਛੁੜੇ ਹੋਏ ਹਨ, ਜਿਨ੍ਹਾਂ ਨੂੰ ਕਰਤਾਰ ਦਾ ਨਾਮ ਭੁੱਲਿਆ ਹੋਇਆ ਹੈ ਉਹਨਾਂ ਦੀ ਰਾਤਿ ਬੀਤਣ ਵਿਚ ਨਹੀਂ ਆਉਂਦੀ (ਭਾਵ, ਉਹਨਾਂ ਦੀ ਜ਼ਿੰਦਗੀ-ਰੂਪ ਰਾਤ ਦੁੱਖਾਂ ਵਿਚ ਹੀ ਲੰਘਦੀ ਹੈ; ਉਹ ਇਤਨੇ ਦੁਖੀ ਹੁੰਦੇ ਹਨ ਕਿ ਉਹਨਾਂ ਨੂੰ ਉਮਰ ਭਾਰੂ ਹੋਈ ਜਾਪਦੀ ਹੈ)।

ਰਾਤੀ ਦਿਨਸ ਸੁਹੇਲੀਆ ਨਾਨਕ ਹਰਿ ਗੁਣ ਗਾਂਉ ॥੧॥

ਪਰ, ਹੇ ਨਾਨਕ! ਜਿਹੜੀਆਂ ਜੀਵ-ਇਸਤ੍ਰੀਆਂ ਪ੍ਰਭੂ ਦੇ ਗੁਣ ਗਾਂਦੀਆਂ ਹਨ, ਉਹਨਾਂ ਦੇ ਦਿਨ ਰਾਤ (ਭਾਵ, ਸਾਰੀ ਉਮਰ) ਸੁਖੀ ਗੁਜ਼ਰਦੇ ਹਨ ॥੧॥


ਮਃ ੫ ॥
ਰਤਨ ਜਵੇਹਰ ਮਾਣਕਾ ਹਭੇ ਮਣੀ ਮਥੰਨਿ ॥

ਉਹਨਾਂ ਦੇ ਮੱਥੇ ਉਤੇ (ਮਾਨੋ) ਸਾਰੇ ਰਤਨ ਜਵਾਹਰ ਮੋਤੀ ਤੇ ਮਣੀਆਂ ਹਨ (ਭਾਵ, ਗੁਣਾਂ ਕਰਕੇ ਉਹਨਾਂ ਦੇ ਮੱਥੇ ਉਤੇ ਨੂਰ ਹੀ ਨੂਰ ਹੈ),

ਨਾਨਕ ਜੋ ਪ੍ਰਭਿ ਭਾਣਿਆ ਸਚੈ ਦਰਿ ਸੋਹੰਨਿ ॥੨॥

ਹੇ ਨਾਨਕ! ਜੋ ਜੀਵ ਪ੍ਰਭੂ ਨੂੰ ਪਿਆਰੇ ਲੱਗ ਗਏ ਹਨ। ਉਹ ਉਸ ਸਦਾ-ਥਿਰ ਰਹਿਣ ਵਾਲੇ ਦੇ ਦਰ ਤੇ ਸੋਭਾ ਪਾਂਦੇ ਹਨ ॥੨॥


ਪਉੜੀ ॥
ਸਚਾ ਸਤਿਗੁਰੁ ਸੇਵਿ ਸਚੁ ਸਮੑਾਲਿਆ ॥

ਜਿਨ੍ਹਾਂ ਮਨੁੱਖਾਂ ਨੇ ਸੱਚੇ ਗੁਰੂ ਦੇ ਹੁਕਮ ਵਿਚ ਤੁਰ ਕੇ ਸਦਾ-ਥਿਰ ਰਹਿਣ ਵਾਲਾ ਪ੍ਰਭੂ ਅਰਾਧਿਆ,

ਅੰਤਿ ਖਲੋਆ ਆਇ ਜਿ ਸਤਿਗੁਰ ਅਗੈ ਘਾਲਿਆ ॥

ਜੋ ਕਮਾਈ ਉਹਨਾਂ ਗੁਰੂ ਦੇ ਸਨਮੁਖ ਹੋ ਕੇ ਕੀਤੀ ਹੈ ਉਹ ਅੰਤ ਵੇਲੇ (ਜਦੋਂ ਹੋਰ ਸਾਰੇ ਸਾਥ ਮੁੱਕ ਜਾਂਦੇ ਹਨ) ਉਹਨਾਂ ਦਾ ਸਾਥ ਆ ਦੇਂਦੀ ਹੈ।

ਪੋਹਿ ਨ ਸਕੈ ਜਮਕਾਲੁ ਸਚਾ ਰਖਵਾਲਿਆ ॥

ਸੱਚਾ ਪ੍ਰਭੂ ਉਹਨਾਂ ਦੇ ਸਿਰ ਉਤੇ ਰਾਖਾ ਹੁੰਦਾ ਹੈ, ਇਸ ਲਈ ਮੌਤ ਦਾ ਡਰ ਉਹਨਾਂ ਨੂੰ ਪੋਹ ਨਹੀਂ ਸਕਦਾ,

ਗੁਰ ਸਾਖੀ ਜੋਤਿ ਜਗਾਇ ਦੀਵਾ ਬਾਲਿਆ ॥

ਗੁਰੂ ਦੀ ਬਾਣੀ-ਰੂਪ ਜੋਤਿ (ਉਹਨਾਂ ਆਪਣੇ ਅੰਦਰ) ਜਗਾਈ ਹੋਈ ਹੈ, ਬਾਣੀ-ਰੂਪ ਦੀਵਾ ਬਾਲਿਆ ਹੋਇਆ ਹੈ।

ਮਨਮੁਖ ਵਿਣੁ ਨਾਵੈ ਕੂੜਿਆਰ ਫਿਰਹਿ ਬੇਤਾਲਿਆ ॥

ਪਰ ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਪ੍ਰਭੂ ਦੇ ਨਾਮ ਤੋਂ ਵਾਂਜੇ ਹੋਏ ਹਨ ਤੇ ਕੂੜ ਦੇ ਵਪਾਰੀ ਹਨ, ਬੇ-ਥਵ੍ਹੇ ਭਟਕਦੇ ਫਿਰਦੇ ਹਨ;

ਪਸੂ ਮਾਣਸ ਚੰਮਿ ਪਲੇਟੇ ਅੰਦਰਹੁ ਕਾਲਿਆ ॥

ਉਹ (ਅਸਲ ਵਿਚ) ਪਸ਼ੂ ਹਨ ਅੰਦਰੋਂ ਕਾਲੇ ਹਨ (ਵੇਖਣ ਨੂੰ) ਮਨੁੱਖਾ ਚੰਮ ਨਾਲ ਵਲ੍ਹੇਟੇ ਹੋਏ ਹਨ (ਭਾਵ, ਵੇਖਣ ਨੂੰ ਮਨੁੱਖ ਦਿੱਸਦੇ ਹਨ)।

ਸਭੋ ਵਰਤੈ ਸਚੁ ਸਚੈ ਸਬਦਿ ਨਿਹਾਲਿਆ ॥

(ਪਰ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ) ਹਰ ਥਾਂ ਸਦਾ-ਥਿਰ ਰਹਿਣ ਵਾਲਾ ਪ੍ਰਭੂ ਆਪ ਵੱਸਦਾ ਹੈ-ਇਹ ਗੱਲ ਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ ਵੇਖਣ ਵਿਚ ਆਉਂਦੀ ਹੈ।

ਨਾਨਕ ਨਾਮੁ ਨਿਧਾਨੁ ਹੈ ਪੂਰੈ ਗੁਰਿ ਦੇਖਾਲਿਆ ॥੧੪॥

ਹੇ ਨਾਨਕ! ਪ੍ਰਭੂ ਦਾ ਨਾਮ ਹੀ (ਅਸਲ) ਖ਼ਜ਼ਾਨਾ ਹੈ ਜੋ ਪੂਰੇ ਗੁਰੂ ਨੇ (ਕਿਸੇ ਭਾਗਾਂ ਵਾਲੇ ਨੂੰ) ਵਿਖਾਇਆ ਹੈ ॥੧੪॥


ਸਲੋਕ ਮਃ ੩ ॥
ਬਾਬੀਹੈ ਹੁਕਮੁ ਪਛਾਣਿਆ ਗੁਰ ਕੈ ਸਹਜਿ ਸੁਭਾਇ ॥

ਜਿਸ (ਜੀਵ-) ਪਪੀਹੇ ਨੇ ਆਤਮਕ ਅਡੋਲਤਾ ਵਿਚ ਟਿਕ ਕੇ ਗੁਰੂ ਦੇ ਅਨੁਸਾਰ ਤੁਰ ਕੇ ਪ੍ਰਭੂ ਦਾ ਹੁਕਮ ਸਮਝਿਆ ਹੈ,

ਮੇਘੁ ਵਰਸੈ ਦਇਆ ਕਰਿ ਗੂੜੀ ਛਹਬਰ ਲਾਇ ॥

(ਸਤਿਗੁਰੂ-) ਬੱਦਲ ਮਿਹਰ ਕਰ ਕੇ ਲੰਮੀ ਝੜੀ ਲਾ ਕੇ (ਉਸ ਉਤੇ ‘ਨਾਮ’-ਅੰਮ੍ਰਿਤ ਦੀ) ਵਰਖਾ ਕਰਦਾ ਹੈ,

ਬਾਬੀਹੇ ਕੂਕ ਪੁਕਾਰ ਰਹਿ ਗਈ ਸੁਖੁ ਵਸਿਆ ਮਨਿ ਆਇ ॥

ਉਸ (ਜੀਵ-) ਪਪੀਹੇ ਦੀ ਕੂਕ ਪੁਕਾਰ ਮੁੱਕ ਜਾਂਦੀ ਹੈ, ਉਸ ਦੇ ਮਨ ਵਿਚ ਸੁਖ ਆ ਵੱਸਦਾ ਹੈ।

ਨਾਨਕ ਸੋ ਸਾਲਾਹੀਐ ਜਿ ਦੇਂਦਾ ਸਭਨਾਂ ਜੀਆ ਰਿਜਕੁ ਸਮਾਇ ॥੧॥

ਹੇ ਨਾਨਕ! ਜੋ ਪ੍ਰਭੂ ਸਭ ਜੀਵਾਂ ਨੂੰ ਰੋਜ਼ੀ ਅਪੜਾਂਦਾ ਹੈ, ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ॥੧॥


ਮਃ ੩ ॥
ਚਾਤ੍ਰਿਕ ਤੂ ਨ ਜਾਣਹੀ ਕਿਆ ਤੁਧੁ ਵਿਚਿ ਤਿਖਾ ਹੈ ਕਿਤੁ ਪੀਤੈ ਤਿਖ ਜਾਇ ॥

ਹੇ ਪਪੀਹੇ (ਜੀਵ)! ਤੈਨੂੰ ਨਹੀਂ ਪਤਾ ਕਿ ਤੇਰੇ ਅੰਦਰ ਕੇਹੜੀ ਤ੍ਰੇਹ ਹੈ (ਜੋ ਤੈਨੂੰ ਭਟਕਣਾ ਵਿਚ ਪਾ ਰਹੀ ਹੈ; ਨਾਹ ਹੀ ਤੈਨੂੰ ਇਹ ਪਤਾ ਹੈ ਕਿ) ਕੀਹ ਪੀਤਿਆਂ ਇਹ ਤ੍ਰੇਹ ਮਿਟੇਗੀ;

ਦੂਜੈ ਭਾਇ ਭਰੰਮਿਆ ਅੰਮ੍ਰਿਤ ਜਲੁ ਪਲੈ ਨ ਪਾਇ ॥

ਤੂੰ ਮਾਇਆ ਦੇ ਮੋਹ ਵਿਚ ਭਟਕ ਰਿਹਾ ਹੈਂ, ਤੈਨੂੰ (ਤ੍ਰੇਹ ਮਿਟਾਣ ਲਈ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਲੱਭਦਾ ਨਹੀਂ।

ਨਦਰਿ ਕਰੇ ਜੇ ਆਪਣੀ ਤਾਂ ਸਤਿਗੁਰੁ ਮਿਲੈ ਸੁਭਾਇ ॥

ਜੇ ਅਕਾਲ ਪੁਰਖ ਆਪਣੀ ਮਿਹਰ ਦੀ ਨਜ਼ਰ ਕਰੇ ਤਾਂ ਉਸ ਦੀ ਰਜ਼ਾ ਵਿਚ ਗੁਰੂ ਮਿਲ ਪੈਂਦਾ ਹੈ।

ਨਾਨਕ ਸਤਿਗੁਰ ਤੇ ਅੰਮ੍ਰਿਤ ਜਲੁ ਪਾਇਆ ਸਹਜੇ ਰਹਿਆ ਸਮਾਇ ॥੨॥

ਹੇ ਨਾਨਕ! ਗੁਰੂ ਤੋਂ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਮਿਲਦਾ ਹੈ (ਤੇ ਉਸ ਦੀ ਬਰਕਤਿ ਨਾਲ) ਅਡੋਲ ਅਵਸਥਾ ਵਿਚ ਟਿਕੇ ਰਹੀਦਾ ਹੈ ॥੨॥


ਪਉੜੀ ॥
ਇਕਿ ਵਣ ਖੰਡਿ ਬੈਸਹਿ ਜਾਇ ਸਦੁ ਨ ਦੇਵਹੀ ॥

ਕਈ ਮਨੁੱਖ ਜੰਗਲ ਦੇ ਗੋਸ਼ੇ ਵਿਚ ਜਾ ਬੈਠਦੇ ਹਨ ਤੇ ਮੋਨ ਧਾਰ ਲੈਂਦੇ ਹਨ;

ਇਕਿ ਪਾਲਾ ਕਕਰੁ ਭੰਨਿ ਸੀਤਲੁ ਜਲੁ ਹੇਂਵਹੀ ॥

ਕਈ ਪਾਲਾ-ਕੱਕਰ ਭੰਨ ਕੇ ਠੰਢਾ ਪਾਣੀ ਸਹਾਰਦੇ ਹਨ (ਭਾਵ, ਉਸ ਠੰਢੇ ਪਾਣੀ ਵਿਚ ਬੈਠਦੇ ਹਨ, ਜਿਸ ਉੱਤੇ ਕੱਕਰ ਜੰਮਿਆ ਪਿਆ ਹੈ);

ਇਕਿ ਭਸਮ ਚੜੑਾਵਹਿ ਅੰਗਿ ਮੈਲੁ ਨ ਧੋਵਹੀ ॥

ਕਈ ਮਨੁੱਖ ਪਿੰਡੇ ਤੇ ਸੁਆਹ ਮਲਦੇ ਹਨ ਤੇ (ਪਿੰਡੇ ਦੀ) ਮੈਲ ਕਦੇ ਨਹੀਂ ਧੋਂਦੇ (ਭਾਵ, ਇਸ਼ਨਾਨ ਨਹੀਂ ਕਰਦੇ);

ਇਕਿ ਜਟਾ ਬਿਕਟ ਬਿਕਰਾਲ ਕੁਲੁ ਘਰੁ ਖੋਵਹੀ ॥

ਕਈ ਮਨੁੱਖ ਔਖੀਆਂ ਡਰਾਉਣੀਆਂ ਜਟਾਂ ਵਧਾ ਲੈਂਦੇ ਹਨ (ਫ਼ਕੀਰ ਬਣ ਕੇ ਆਪਣੀ) ਕੁਲ ਤੇ ਆਪਣਾ ਘਰ ਗਵਾ ਲੈਂਦੇ ਹਨ;

ਇਕਿ ਨਗਨ ਫਿਰਹਿ ਦਿਨੁ ਰਾਤਿ ਨਂੀਦ ਨ ਸੋਵਹੀ ॥

ਕਈ ਬੰਦੇ ਦਿਨੇ ਰਾਤ ਨੰਗੇ ਪਏ ਫਿਰਦੇ ਹਨ, ਕਈ ਸੌਂਦੇ ਭੀ ਨਹੀਂ ਹਨ;

ਇਕਿ ਅਗਨਿ ਜਲਾਵਹਿ ਅੰਗੁ ਆਪੁ ਵਿਗੋਵਹੀ ॥

ਕਈ ਮਨੁੱਖ ਅੱਗ ਨਾਲ ਆਪਣਾ ਸਰੀਰ ਸਾੜਦੇ ਹਨ (ਭਾਵ; ਧੂਣੀਆਂ ਤਪਾਂਦੇ ਹਨ ਤੇ ਇਸ ਤਰ੍ਹਾਂ) ਅਪਾਣਾ ਆਪ ਖ਼ੁਆਰ ਕਰਦੇ ਹਨ।

ਵਿਣੁ ਨਾਵੈ ਤਨੁ ਛਾਰੁ ਕਿਆ ਕਹਿ ਰੋਵਹੀ ॥

ਪਰ ਪ੍ਰਭੂ ਦੇ ਨਾਮ ਤੋਂ ਵਾਂਜੇ ਰਹਿ ਕੇ ਮਨੁੱਖਾ-ਸਰੀਰ ਵਿਅਰਥ ਗਵਾਇਆ, ਹੁਣ ਉਹ ਕੀਹ ਆਖ ਕੇ ਰੋਣ? (ਨਾਮ-ਸਿਮਰਨ ਦਾ ਮੌਕਾ ਗਵਾ ਕੇ ਪਛੁਤਾਣ ਦਾ ਕੋਈ ਲਾਭ ਨਹੀਂ)।

ਸੋਹਨਿ ਖਸਮ ਦੁਆਰਿ ਜਿ ਸਤਿਗੁਰੁ ਸੇਵਹੀ ॥੧੫॥

ਕੇਵਲ ਉਹ ਜੀਵ ਮਾਲਕ-ਪ੍ਰਭੂ ਦੀ ਹਜ਼ੂਰੀ ਵਿਚ ਸੋਭਦੇ ਹਨ ਜੋ ਗੁਰੂ ਦੇ ਹੁਕਮ ਵਿਚ ਤੁਰਦੇ ਹਨ ॥੧੫॥


ਸਲੋਕ ਮਃ ੩ ॥
ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ ॥

(ਜਦੋਂ ਜੀਵ-) ਪਪੀਹਾ ਅੰਮ੍ਰਿਤ ਵੇਲੇ ਅਰਜ਼ੋਈ ਕਰਦਾ ਹੈ ਤਾਂ ਉਸ ਦੀ ਅਰਦਾਸ ਪ੍ਰਭੂ ਦੀ ਦਰਗਾਹ ਵਿਚ ਸੁਣੀ ਜਾਂਦੀ ਹੈ।

ਮੇਘੈ ਨੋ ਫੁਰਮਾਨੁ ਹੋਆ ਵਰਸਹੁ ਕਿਰਪਾ ਧਾਰਿ ॥

(ਪ੍ਰਭੂ ਵਲੋਂ ਗੁਰੂ-) ਬੱਦਲ ਨੂੰ ਹੁਕਮ ਦੇਂਦਾ ਹੈ ਕਿ (ਇਸ ਅਰਜ਼ੋਈ ਕਰਨ ਵਾਲੇ ਉਤੇ) ਮਿਹਰ ਕਰ ਕੇ (‘ਨਾਮ’ ਦੀ) ਵਰਖਾ ਕਰੋ।

ਹਉ ਤਿਨ ਕੈ ਬਲਿਹਾਰਣੈ ਜਿਨੀ ਸਚੁ ਰਖਿਆ ਉਰਿ ਧਾਰਿ ॥

ਜਿਨ੍ਹਾਂ ਮਨੁੱਖਾਂ ਨੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੈ, ਮੈਂ ਉਹਨਾਂ ਤੋਂ ਸਦਕੇ ਹਾਂ।

ਨਾਨਕ ਨਾਮੇ ਸਭ ਹਰੀਆਵਲੀ ਗੁਰ ਕੈ ਸਬਦਿ ਵੀਚਾਰਿ ॥੧॥

ਹੇ ਨਾਨਕ! ਸਤਿਗੁਰੂ ਦੇ ਸ਼ਬਦ ਦੀ ਰਾਹੀਂ (‘ਨਾਮ’ ਦੀ) ਵੀਚਾਰ ਕੀਤਿਆਂ (ਭਾਵ, ਨਾਮ ਸਿਮਰਿਆਂ) ‘ਨਾਮ’ ਦੀ ਬਰਕਤਿ ਨਾਲ ਸਾਰੀ ਸ੍ਰਿਸ਼ਟੀ ਹਰੀ-ਭਰੀ ਹੋ ਜਾਂਦੀ ਹੈ ॥੧॥


ਮਃ ੩ ॥
ਬਾਬੀਹਾ ਇਵ ਤੇਰੀ ਤਿਖਾ ਨ ਉਤਰੈ ਜੇ ਸਉ ਕਰਹਿ ਪੁਕਾਰ ॥

ਹੇ (ਜੀਵ-) ਪਪੀਹੇ! ਜੇ ਤੂੰ ਸੌ ਵਾਰੀ ਤਰਲੇ ਲਏਂ ਤਾਂ ਭੀ ਇਸ ਤਰ੍ਹਾਂ ਤੇਰੀ (ਮਾਇਆ ਦੀ) ਤ੍ਰਿਸ਼ਨਾ ਮਿਟ ਨਹੀਂ ਸਕਦੀ,

ਨਦਰੀ ਸਤਿਗੁਰੁ ਪਾਈਐ ਨਦਰੀ ਉਪਜੈ ਪਿਆਰੁ ॥

(ਕੇਵਲ) ਪ੍ਰਭੂ ਦੀ ਮੇਹਰ ਦੀ ਨਜ਼ਰ ਨਾਲ ਹੀ ਗੁਰੂ ਮਿਲਦਾ ਹੈ, ਤੇ ਮੇਹਰ ਨਾਲ ਹੀ ਹਿਰਦੇ ਵਿਚ ਪਿਆਰ ਪੈਦਾ ਹੁੰਦਾ ਹੈ।

ਨਾਨਕ ਸਾਹਿਬੁ ਮਨਿ ਵਸੈ ਵਿਚਹੁ ਜਾਹਿ ਵਿਕਾਰ ॥੨॥

ਹੇ ਨਾਨਕ! (ਜਦੋਂ ਆਪਣੀ ਮੇਹਰ ਨਾਲ) ਮਾਲਕ-ਪ੍ਰਭੂ (ਜੀਵ ਦੇ) ਮਨ ਵਿਚ ਆ ਵੱਸਦਾ ਹੈ ਤਾਂ (ਉਸ ਦੇ ਅੰਦਰੋਂ) ਸਾਰੇ ਵਿਕਾਰ ਨਾਸ ਹੋ ਜਾਂਦੇ ਹਨ ॥੨॥


ਪਉੜੀ ॥
ਇਕਿ ਜੈਨੀ ਉਝੜ ਪਾਇ ਧੁਰਹੁ ਖੁਆਇਆ ॥

ਕਈ ਬੰਦੇ (ਜੋ) ਜੈਨੀ (ਅਖਵਾਂਦੇ ਹਨ) ਪ੍ਰਭੂ ਨੇ ਔਝੜੇ ਪਾ ਕੇ ਮੁੱਢ ਤੋਂ ਹੀ ਕੁਰਾਹੇ ਪਾ ਦਿੱਤੇ ਹਨ;

ਤਿਨ ਮੁਖਿ ਨਾਹੀ ਨਾਮੁ ਨ ਤੀਰਥਿ ਨੑਾਇਆ ॥

ਉਹਨਾਂ ਦੇ ਮੂੰਹ ਵਿਚ ਕਦੇ ਪ੍ਰਭੂ ਦਾ ਨਾਮ ਨਹੀਂ ਆਉਂਦਾ, ਨਾਹ ਹੀ ਉਹ (ਪ੍ਰਭੂ) ਤੀਰਥ ਉਤੇ ਇਸ਼ਨਾਨ ਕਰਦੇ ਹਨ;

ਹਥੀ ਸਿਰ ਖੋਹਾਇ ਨ ਭਦੁ ਕਰਾਇਆ ॥

ਉਹ ਸਿਰ ਮੁਨਾਂਦੇ ਨਹੀਂ ਹਨ; ਹੱਥਾਂ ਨਾਲ ਸਿਰ (ਦੇ ਵਾਲ) ਪੁੱਟ ਲੈਂਦੇ ਹਨ;

ਕੁਚਿਲ ਰਹਹਿ ਦਿਨ ਰਾਤਿ ਸਬਦੁ ਨ ਭਾਇਆ ॥

ਦਿਨ ਰਾਤ ਗੰਦੇ ਰਹਿੰਦੇ ਹਨ; ਉਹਨਾਂ ਨੂੰ ਗੁਰ-ਸ਼ਬਦ ਚੰਗਾ ਨਹੀਂ ਲੱਗਦਾ।

ਤਿਨ ਜਾਤਿ ਨ ਪਤਿ ਨ ਕਰਮੁ ਜਨਮੁ ਗਵਾਇਆ ॥

ਇਹ ਲੋਕ ਜਨਮ (ਵਿਅਰਥ ਹੀ) ਗਵਾਂਦੇ ਹਨ, ਕੋਈ ਕੰਮ ਐਸਾ ਨਹੀਂ ਕਰਦੇ ਜਿਸ ਤੋਂ ਚੰਗੀ ਜਾਤਿ ਦੇ ਸਮਝੇ ਜਾ ਸਕਣ ਜਾਂ ਇੱਜ਼ਤ ਪਾ ਸਕਣ;

ਮਨਿ ਜੂਠੈ ਵੇਜਾਤਿ ਜੂਠਾ ਖਾਇਆ ॥

ਇਹ ਕੁਜਾਤੀ ਲੋਕ ਮਨੋਂ ਭੀ ਜੂਠੇ ਹਨ ਤੇ ਜੂਠਾ ਭੋਜਨ ਹੀ ਖਾਂਦੇ ਹਨ।

ਬਿਨੁ ਸਬਦੈ ਆਚਾਰੁ ਨ ਕਿਨ ਹੀ ਪਾਇਆ ॥

ਗੁਰੂ ਦੇ ਸ਼ਬਦ ਤੋਂ ਬਿਨਾ ਕਿਸੇ ਨੇ ਭੀ ਚੰਗੀ ਰਹਿਣੀ ਨਹੀਂ ਲੱਭੀ।

ਗੁਰਮੁਖਿ ਓਅੰਕਾਰਿ ਸਚਿ ਸਮਾਇਆ ॥੧੬॥

ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੈ ਉਹ ਸਦਾ-ਥਿਰ ਰਹਿਣ ਵਾਲੇ ਅਕਾਲ ਪੁਰਖ ਵਿਚ ਟਿਕਿਆ ਰਹਿੰਦਾ ਹੈ ॥੧੬॥


ਸਲੋਕ ਮਃ ੩ ॥
ਸਾਵਣਿ ਸਰਸੀ ਕਾਮਣੀ ਗੁਰਸਬਦੀ ਵੀਚਾਰਿ ॥

(ਜਿਵੇਂ) ਸਾਵਣ ਦੇ ਮਹੀਨੇ ਵਿਚ (ਵਰਖਾ ਨਾਲ ਸਾਰੇ ਬੂਟੇ ਹਰੇ ਹੋ ਜਾਂਦੇ ਹਨ; ਤਿਵੇਂ) ਜੀਵ-ਇਸਤ੍ਰੀ ਸਤਿਗੁਰੂ ਦੇ ਸ਼ਬਦ ਦੀ ਰਾਹੀਂ ‘ਨਾਮ’ ਦੀ ਵੀਚਾਰ ਕਰ ਕੇ (‘ਨਾਮ’-ਵਰਖਾ ਨਾਲ) ਰਸ ਵਾਲੀ (ਰਸੀਏ ਜੀਵਨ ਵਾਲੀ) ਹੋ ਜਾਂਦੀ ਹੈ।

ਨਾਨਕ ਸਦਾ ਸੁਹਾਗਣੀ ਗੁਰ ਕੈ ਹੇਤਿ ਅਪਾਰਿ ॥੧॥

ਹੇ ਨਾਨਕ! ਸਤਿਗੁਰੂ ਨਾਲ ਅਪਾਰ ਪਿਆਰ ਕੀਤਿਆਂ ਜੀਵ-ਇਸਤ੍ਰੀ ਸਦਾ ਸੁਹਾਗਵਤੀ ਰਹਿੰਦੀ ਹੈ ॥੧॥


ਮਃ ੩ ॥
ਸਾਵਣਿ ਦਝੈ ਗੁਣ ਬਾਹਰੀ ਜਿਸੁ ਦੂਜੈ ਭਾਇ ਪਿਆਰੁ ॥

(ਜਿਵੇਂ) ਸਾਵਣ ਦੇ ਮਹੀਨੇ ਵਿਚ (ਮੀਂਹ ਪਿਆਂ ਹੋਰ ਤਾਂ ਸਾਰੇ ਵਣਤ੍ਰਿਣ ਹਰੇ ਹੁੰਦੇ ਹਨ, ਪਰ ਅੱਕ ਤੇ ਜਿਵਾਹ ਸੜ ਜਾਂਦੇ ਹਨ, ਜਿਵੇਂ ਨਾਮ-ਅੰਮ੍ਰਿਤ ਦੀ ਵਰਖਾ ਹੋਇਆਂ) ਗੁਣ-ਵਿਹੂਣੀ ਜੀਵ-ਇਸਤ੍ਰੀ (ਸਗੋਂ) ਸੜਦੀ ਹੈ ਕਿਉਂਕਿ ਉਸ ਦਾ ਪਿਆਰ ਦੂਜੇ ਪਾਸੇ ਹੈ।

ਨਾਨਕ ਪਿਰ ਕੀ ਸਾਰ ਨ ਜਾਣਈ ਸਭੁ ਸੀਗਾਰੁ ਖੁਆਰੁ ॥੨॥

ਹੇ ਨਾਨਕ! ਇਸਤ੍ਰੀ ਨੂੰ ਪਤੀ ਦੀ ਸਾਰ ਨਹੀਂ ਪਈ, ਉਸ ਦਾ (ਹੋਰ) ਸਾਰਾ ਸਿੰਗਾਰ (ਉਸ ਨੂੰ) ਖ਼ੁਆਰ ਕਰਨ ਵਾਲਾ ਹੀ ਹੈ ॥੨॥


ਪਉੜੀ ॥
ਸਚਾ ਅਲਖ ਅਭੇਉ ਹਠਿ ਨ ਪਤੀਜਈ ॥

(ਜੀਵਾਂ ਦੇ) ਹਠ ਨਾਲ (ਭਾਵ, ਕਿਸੇ ਹਠ-ਕਰਮ ਨਾਲ) ਉਹ ਸੱਚਾ ਪ੍ਰਭੂ ਰਾਜ਼ੀ ਨਹੀਂ ਹੁੰਦਾ ਜੋ ਅਦ੍ਰਿਸ਼ਟ ਹੈ ਤੇ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ।

ਇਕਿ ਗਾਵਹਿ ਰਾਗ ਪਰੀਆ ਰਾਗਿ ਨ ਭੀਜਈ ॥

ਕਈ ਲੋਕ ਰਾਗ ਰਾਗਣੀਆਂ ਗਾਂਦੇ ਹਨ, ਪਰ ਪ੍ਰਭੂ ਰਾਗ ਨਾਲ ਭੀ ਨਹੀਂ ਪ੍ਰਸੰਨ ਹੁੰਦਾ;

ਇਕਿ ਨਚਿ ਨਚਿ ਪੂਰਹਿ ਤਾਲ ਭਗਤਿ ਨ ਕੀਜਈ ॥

ਕਈ ਬੰਦੇ ਨੱਚ ਨੱਚ ਕੇ ਤਾਲ ਪੂਰਦੇ ਹਨ, ਪਰ (ਇਸ ਤਰ੍ਹਾਂ ਭੀ ਭਗਤੀ ਨਹੀਂ ਕੀਤੀ ਜਾ ਸਕਦੀ;

ਇਕਿ ਅੰਨੁ ਨ ਖਾਹਿ ਮੂਰਖ ਤਿਨਾ ਕਿਆ ਕੀਜਈ ॥

ਕਈ ਮੂਰਖ ਬੰਦੇ ਅੰਨ ਨਹੀਂ ਖਾਂਦੇ, ਪਰ (ਦੱਸੋ) ਇਹਨਾਂ ਦਾ ਕੀਹ ਕੀਤਾ ਜਾਏ? (ਇਹਨਾਂ ਨੂੰ ਕਿਵੇਂ ਸਮਝਾਈਏ ਕਿ ਇਸ ਤਰ੍ਹਾਂ ਪ੍ਰਭੂ ਖ਼ੁਸ਼ ਨਹੀਂ ਕੀਤਾ ਜਾ ਸਕਦਾ)।

ਤ੍ਰਿਸਨਾ ਹੋਈ ਬਹੁਤੁ ਕਿਵੈ ਨ ਧੀਜਈ ॥

(ਜੀਵ ਦੀ) ਵਧੀ ਹੋਈ ਤ੍ਰਿਸ਼ਨਾ (ਇਹਨਾਂ ਹਠ-ਕਰਮਾਂ ਨਾਲ) ਕਿਸੇ ਤਰ੍ਹਾਂ ਭੀ ਸ਼ਾਂਤ ਨਹੀਂ ਕੀਤੀ ਜਾ ਸਕਦੀ;

ਕਰਮ ਵਧਹਿ ਕੈ ਲੋਅ ਖਪਿ ਮਰੀਜਈ ॥

ਭਾਵੇਂ ਕਈ ਹੋਰ ਧਰਤੀਆਂ (ਦੇ ਬੰਦਿਆਂ ਦੇ) ਕਰਮ-ਕਾਂਡ (ਇਥੇ) ਵਧ ਜਾਣ (ਤਾਂ ਭੀ) ਖਪ ਕੇ ਹੀ ਮਰੀਦਾ ਹੈ।

ਲਾਹਾ ਨਾਮੁ ਸੰਸਾਰਿ ਅੰਮ੍ਰਿਤੁ ਪੀਜਈ ॥

ਜਗਤ ਵਿਚ ਪ੍ਰਭੂ ਦਾ ਨਾਮ ਹੀ ਖੱਟੀ ਹੈ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਹੀ ਪੀਣਾ ਚਾਹੀਦਾ ਹੈ।

ਹਰਿ ਭਗਤੀ ਅਸਨੇਹਿ ਗੁਰਮੁਖਿ ਘੀਜਈ ॥੧੭॥

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ ਦੀ ਬੰਦਗੀ ਨਾਲ ਤੇ ਪ੍ਰਭੂ ਦੇ ਪਿਆਰ ਨਾਲ ਭਿੱਜਦਾ ਹੈ ॥੧੭॥


ਸਲੋਕ ਮਃ ੩ ॥
ਗੁਰਮੁਖਿ ਮਲਾਰ ਰਾਗੁ ਜੋ ਕਰਹਿ ਤਿਨ ਮਨੁ ਤਨੁ ਸੀਤਲੁ ਹੋਇ ॥

(ਆਮ ਪਰਚਲਤ ਖ਼ਿਆਲ ਇਹ ਹੈ ਕਿ ਜਦੋਂ ਕੋਈ ਮਨੁੱਖ ਮਲਾਰ ਰਾਗ ਗਾਵੇ ਤਾਂ ਘਟਾ ਆ ਜਾਂਦੀ ਹੈ ਤੇ ਮੀਂਹ ਪੈਣ ਲੱਗ ਪੈਂਦਾ ਹੈ, ਪਰ) ਜਿਹੜੇ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਮਲਾਰ ਰਾਗ ਗਾਂਦੇ ਹਨ (ਨਾਮ-ਜਲ ਦੀ ਵਰਖਾ ਨਾਲ) ਉਹਨਾਂ ਦਾ ਮਨ ਤੇ ਸਰੀਰ ਠੰਢੇ ਹੋ ਜਾਂਦੇ ਹਨ (ਭਾਵ, ਉਹਨਾਂ ਦੇ ਮਨ ਵਿਚ ਤੇ ਇੰਦ੍ਰਿਆਂ ਵਿਚ ਸ਼ਾਂਤੀ ਆ ਜਾਂਦੀ ਹੈ)

ਗੁਰਸਬਦੀ ਏਕੁ ਪਛਾਣਿਆ ਏਕੋ ਸਚਾ ਸੋਇ ॥

ਕਿਉਂਕਿ ਸਤਿਗੁਰ ਦੇ ਸ਼ਬਦ ਦੀ ਰਾਹੀਂ ਉਹ ਉਸ ਇੱਕ ਪ੍ਰਭੂ ਨੂੰ ਪਛਾਣਦੇ ਹਨ (ਪ੍ਰਭੂ ਨਾਲ ਡੂੰਘੀ ਸਾਂਝ ਪਾਂਦੇ ਹਨ) ਜੋ ਸਦਾ ਕਾਇਮ ਰਹਿਣ ਵਾਲਾ ਹੈ।

ਮਨੁ ਤਨੁ ਸਚਾ ਸਚੁ ਮਨਿ ਸਚੇ ਸਚੀ ਸੋਇ ॥

ਉਹਨਾਂ ਦਾ ਮਨ ਤੇ ਤਨ ਸੱਚੇ ਦਾ ਰੂਪ ਹੋ ਜਾਂਦਾ ਹੈ (ਭਾਵ, ਮਨ ਤੇ ਸਰੀਰ ਸੱਚੇ ਦੇ ਪ੍ਰੇਮ ਵਿਚ ਰੰਗੇ ਜਾਂਦੇ ਹਨ), ਸੱਚਾ ਪ੍ਰਭੂ ਉਹਨਾਂ ਦੇ ਮਨ ਵਿਚ ਵੱਸ ਪੈਂਦਾ ਹੈ ਤੇ ਸੱਚੇ ਦਾ ਰੂਪ ਹੋਣ ਕਰਕੇ ਉਹਨਾਂ ਦੀ ਸੋਭਾ ਸਦਾ-ਥਿਰ ਹੋ ਜਾਂਦੀ ਹੈ।

ਅੰਦਰਿ ਸਚੀ ਭਗਤਿ ਹੈ ਸਹਜੇ ਹੀ ਪਤਿ ਹੋਇ ॥

ਉਹਨਾਂ ਦੇ ਅੰਦਰ ਸਦਾ-ਟਿਕਵੀਂ ਭਗਤੀ ਪੈਦਾ ਹੁੰਦੀ ਹੈ, ਸਦਾ ਆਤਮਕ ਅਡੋਲਤਾ ਵਿਚ ਟਿਕੇ ਰਹਿਣ ਦੇ ਕਾਰਨ ਉਹਨਾਂ ਨੂੰ ਇੱਜ਼ਤ ਮਿਲਦੀ ਹੈ।

ਕਲਿਜੁਗ ਮਹਿ ਘੋਰ ਅੰਧਾਰੁ ਹੈ ਮਨਮੁਖ ਰਾਹੁ ਨ ਕੋਇ ॥

ਕਲਿਜੁਗ ਵਿਚ (ਭਾਵ, ਇਸ ਵਿਕਾਰਾਂ-ਭਰੇ ਜਗਤ ਵਿਚ ਵਿਕਾਰਾਂ ਦਾ) ਘੁੱਪ ਹਨੇਰਾ ਹੈ, (ਆਪਣੇ) ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ (ਇਸ ਹਨੇਰੇ ਵਿਚੋਂ ਨਿਕਲਣ ਲਈ) ਰਾਹ ਨਹੀਂ ਲੱਭਦਾ।

ਸੇ ਵਡਭਾਗੀ ਨਾਨਕਾ ਜਿਨ ਗੁਰਮੁਖਿ ਪਰਗਟੁ ਹੋਇ ॥੧॥

ਹੇ ਨਾਨਕ! ਉਹ ਮਨੁੱਖ ਭਾਗਾਂ ਵਾਲੇ ਹਨ ਜਿਨ੍ਹਾਂ ਦੇ ਅੰਦਰ ਪਰਮਾਤਮਾ ਗੁਰੂ ਰਾਹੀਂ ਪਰਗਟ ਹੁੰਦਾ ਹੈ ॥੧॥


ਮਃ ੩ ॥
ਇੰਦੁ ਵਰਸੈ ਕਰਿ ਦਇਆ ਲੋਕਾਂ ਮਨਿ ਉਪਜੈ ਚਾਉ ॥

ਜਦੋਂ ਮਿਹਰ ਕਰ ਕੇ ਇੰਦਰ ਵਰਖਾ ਕਰਦਾ ਹੈ, ਲੋਕਾਂ ਦੇ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ,

ਜਿਸ ਕੈ ਹੁਕਮਿ ਇੰਦੁ ਵਰਸਦਾ ਤਿਸ ਕੈ ਸਦ ਬਲਿਹਾਰੈ ਜਾਂਉ ॥

ਪਰ ਮੈਂ ਉਸ ਪ੍ਰਭੂ ਤੋਂ ਸਦਕੇ ਜਾਂਦਾ ਹਾਂ ਜਿਸ ਦੇ ਹੁਕਮ ਨਾਲ ਇੰਦਰ ਵਰਖਾ ਕਰਦਾ ਹੈ।

ਗੁਰਮੁਖਿ ਸਬਦੁ ਸਮੑਾਲੀਐ ਸਚੇ ਕੇ ਗੁਣ ਗਾਉ ॥

ਗੁਰੂ ਦੇ ਸਨਮੁਖ ਹੋਇਆਂ ਹੀ (ਪ੍ਰਭੂ ਦੀ ਸਿਫ਼ਤ-ਸਾਲਾਹ ਦਾ) ਸ਼ਬਦ (ਹਿਰਦੇ ਵਿਚ) ਸੰਭਾਲਿਆ ਜਾ ਸਕਦਾ ਹੈ ਤੇ ਸਦਾ-ਥਿਰ ਹਰੀ ਦੇ ਗੁਣ ਗਾਏ ਜਾ ਸਕਦੇ ਹਨ।

ਨਾਨਕ ਨਾਮਿ ਰਤੇ ਜਨ ਨਿਰਮਲੇ ਸਹਜੇ ਸਚਿ ਸਮਾਉ ॥੨॥

ਹੇ ਨਾਨਕ! ਉਹ ਮਨੁੱਖ ਪਵਿੱਤ੍ਰ ਹਨ ਜੋ ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਹਨ, ਉਹ ਆਤਮਕ ਅਡੋਲਤਾ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਜੁੜੇ ਰਹਿੰਦੇ ਹਨ ॥੨॥


ਪਉੜੀ ॥
ਪੂਰਾ ਸਤਿਗੁਰੁ ਸੇਵਿ ਪੂਰਾ ਪਾਇਆ ॥

ਜਿਸ ਨੇ ਪੂਰੇ ਗੁਰੂ ਦਾ ਹੁਕਮ ਮੰਨਿਆ ਹੈ ਉਸ ਨੂੰ ਪੂਰਾ ਪ੍ਰਭੂ ਮਿਲ ਪੈਂਦਾ ਹੈ;

ਪੂਰੈ ਕਰਮਿ ਧਿਆਇ ਪੂਰਾ ਸਬਦੁ ਮੰਨਿ ਵਸਾਇਆ ॥

ਪੂਰੇ (ਭਾਵ, ਅਭੁੱਲ) ਪ੍ਰਭੂ ਦੀ ਬਖ਼ਸ਼ਸ਼ ਨਾਲ ਪ੍ਰਭੂ ਨੂੰ ਸਿਮਰ ਕੇ ਸਿਫ਼ਤ-ਸਾਲਾਹ ਦੀ ਬਾਣੀ ਉਹ ਮਨੁੱਖ ਆਪਣੇ ਮਨ ਵਿਚ ਵਸਾਂਦਾ ਹੈ;

ਪੂਰੈ ਗਿਆਨਿ ਧਿਆਨਿ ਮੈਲੁ ਚੁਕਾਇਆ ॥

ਪੂਰਨ ਆਤਮਕ ਸਮਝ ਤੇ ਅਡੋਲ ਸੁਰਤ ਦੀ ਬਰਕਤਿ ਨਾਲ ਉਹ ਆਪਣੇ ਮਨ ਦੀ ਮੈਲ ਦੂਰ ਕਰਦਾ ਹੈ।

ਹਰਿ ਸਰਿ ਤੀਰਥਿ ਜਾਣਿ ਮਨੂਆ ਨਾਇਆ ॥

(ਇਸ ਤਰ੍ਹਾਂ ਉਸ ਦਾ) ਸੋਹਣਾ (ਹੋਇਆ) ਮਨ ਆਤਮਕ ਜੀਵਨ ਦੀ ਸੂਝ ਹਾਸਲ ਕਰ ਕੇ ਪ੍ਰਭੂ-ਰੂਪ ਸਰੋਵਰ ਵਿਚ ਪ੍ਰਭੂ-ਰੂਪ ਤੀਰਥ ਉਤੇ ਇਸ਼ਨਾਨ ਕਰਦਾ ਹੈ।

ਸਬਦਿ ਮਰੈ ਮਨੁ ਮਾਰਿ ਧੰਨੁ ਜਣੇਦੀ ਮਾਇਆ ॥

ਉਸ ਮਨੁੱਖ ਦੀ ਮਾਂ ਭਾਗਾਂ ਵਾਲੀ ਹੈ ਜੋ ਗੁਰ-ਸ਼ਬਦ ਦੀ ਰਾਹੀਂ ਮਨ ਨੂੰ ਵੱਸ ਵਿਚ ਲਿਆ ਕੇ (ਮਾਇਆ ਦੇ ਮੋਹ ਵਲੋਂ, ਮਾਨੋ) ਮਰ ਜਾਂਦਾ ਹੈ;

ਦਰਿ ਸਚੈ ਸਚਿਆਰੁ ਸਚਾ ਆਇਆ ॥

ਉਹ ਮਨੁੱਖ ਸੱਚੇ ਪ੍ਰਭੂ ਦੀ ਹਜ਼ੂਰੀ ਵਿਚ ਸੱਚਾ ਤੇ ਸੱਚ ਦਾ ਵਪਾਰੀ ਮੰਨਿਆ ਜਾਂਦਾ ਹੈ।

ਪੁਛਿ ਨ ਸਕੈ ਕੋਇ ਜਾਂ ਖਸਮੈ ਭਾਇਆ ॥

ਉਸ ਮਨੁੱਖ ਦੇ ਜੀਵਨ ਤੇ ਕੋਈ ਹੋਰ ਉਂਗਲ ਨਹੀਂ ਕਰ ਸਕਦਾ ਕਿਉਂਕਿ ਉਹ ਖਸਮ-ਪ੍ਰਭੂ ਨੂੰ ਭਾ ਜਾਂਦਾ ਹੈ।

ਨਾਨਕ ਸਚੁ ਸਲਾਹਿ ਲਿਖਿਆ ਪਾਇਆ ॥੧੮॥

ਹੇ ਨਾਨਕ! ਸਦਾ-ਥਿਰ ਪ੍ਰਭੂ ਦੇ ਗੁਣ ਗਾ ਕੇ ਉਹ (ਸਿਫ਼ਤ ਸਾਲਾਹ-ਰੂਪ ਮੱਥੇ ਉਤੇ) ਲਿਖਿਆ (ਭਾਗ) ਹਾਸਲ ਕਰ ਲੈਂਦਾ ਹੈ ॥੧੮॥


ਸਲੋਕ ਮਃ ੧ ॥
ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ ॥

ਉਹ ਲੋਕ ਮੂਰਖ ਕਮਲੇ ਹਨ ਜੋ (ਚੇਲਿਆਂ ਨੂੰ) (ਸੇਹਲੀ-) ਟੋਪੀ ਦੇਂਦੇ ਹਨ (ਤੇ ਆਪਣੇ ਆਪ ਨੂੰ ਮਸ਼ਹੂਰ ਕਰਨ ਲਈ ਆਪਣੇ ਥਾਂ ਗੱਦੀ ਦੇਂਦੇ ਹਨ; ਇਹ ਸੇਹਲੀ-ਟੋਪੀ) ਲੈਣ ਵਾਲੇ ਭੀ ਬਦੀਦ ਹਨ (ਜੋ ਨਿਰੀ ਸੇਹਲੀ-ਟੋਪੀ ਨਾਲ ਆਪਣੇ ਆਪ ਨੂੰ ਬਰਕਤਿ ਦੇਣ ਦੇ ਸਮਰੱਥ ਸਮਝ ਲੈਂਦੇ ਹਨ)

ਚੂਹਾ ਖਡ ਨ ਮਾਵਈ ਤਿਕਲਿ ਬੰਨੑੈ ਛਜ ॥

(ਇਹਨਾਂ ਦੀ ਹਾਲਤ ਤਾਂ ਇਉਂ ਹੀ ਹੈ ਜਿਵੇਂ) ਚੂਹਾ (ਆਪ ਹੀ) ਖੁੱਡ ਵਿਚ ਸਮਾ (ਵੜ) ਨਹੀਂ ਸਕਦਾ, (ਤੇ ਉਤੋਂ) ਲੱਕ ਨਾਲ ਛੱਜ ਬੰਨ੍ਹ ਲੈਂਦਾ ਹੈ।

ਦੇਨਿੑ ਦੁਆਈ ਸੇ ਮਰਹਿ ਜਿਨ ਕਉ ਦੇਨਿ ਸਿ ਜਾਹਿ ॥

(ਇਹੋ ਜਿਹੀਆਂ ਗੱਦੀਆਂ ਥਾਪ ਕੇ) ਜੋ ਹੋਰਨਾਂ ਨੂੰ ਅਸੀਸਾਂ ਦੇਂਦੇ ਹਨ ਉਹ ਭੀ ਮਰ ਜਾਂਦੇ ਹਨ ਤੇ ਅਸੀਸਾਂ ਲੈਣ ਵਾਲੇ ਭੀ ਮਰ ਜਾਂਦੇ ਹਨ,

ਨਾਨਕ ਹੁਕਮੁ ਨ ਜਾਪਈ ਕਿਥੈ ਜਾਇ ਸਮਾਹਿ ॥

ਪਰ ਹੇ ਨਾਨਕ! ਪਰਮਾਤਮਾ ਦੀ ਰਜ਼ਾ ਸਮਝੀ ਨਹੀਂ ਜਾ ਸਕਦੀ ਕਿ ਉਹ (ਮਰ ਕੇ) ਕਿਥੇ ਜਾ ਪੈਂਦੇ ਹਨ (ਭਾਵ, ਨਿਰੀਆਂ ਸੇਹਲੀ-ਟੋਪੀ ਤੇ ਅਸੀਸਾਂ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਪੈਣ ਲਈ ਕਾਫ਼ੀ ਨਹੀਂ ਹਨ; ਮੁਰਸ਼ਿਦ ਦੀ ਚੇਲੇ ਨੂੰ ਅਸੀਸ ਤੇ ਸੇਹਲੀ-ਟੋਪੀ ਜੀਵਨ ਦਾ ਸਹੀ ਰਸਤਾ ਨਹੀਂ ਹੈ)।

ਫਸਲਿ ਅਹਾੜੀ ਏਕੁ ਨਾਮੁ ਸਾਵਣੀ ਸਚੁ ਨਾਉ ॥

ਮੈਂ ਤਾਂ ਸਿਰਫ਼ ‘ਨਾਮ’ ਹੀ ਹਾੜੀ ਦੀ ਫ਼ਸਲ ਬਣਾਇਆ ਹੈ ਤੇ ਸੱਚਾ ਨਾਮ ਹੀ ਸਾਉਣੀ ਦੀ ਫ਼ਸਲ, (ਭਾਵ, ‘ਨਾਮ’ ਹੀ ਮੇਰੇ ਜੀਵਨ-ਸਫ਼ਰ ਦੀ ਪੂੰਜੀ ਹੈ),

ਮੈ ਮਹਦੂਦੁ ਲਿਖਾਇਆ ਖਸਮੈ ਕੈ ਦਰਿ ਜਾਇ ॥

ਇਹ ਮੈਂ ਇਕ ਐਸਾ ਪਟਾ ਲਿਖਾਇਆ ਹੈ ਜੋ ਖਸਮ-ਪ੍ਰਭੂ ਦੀ ਹਜ਼ੂਰੀ ਵਿਚ ਜਾ ਅੱਪੜਦਾ ਹੈ (ਨੋਟ: ਪੀਰ ਆਪਣੇ ਚੇਲਿਆਂ ਤੋਂ ਹਾੜੀ ਤੇ ਸਾਵਣੀ ਦੇ ਫ਼ਸਲ ਸਮੇ ਜਾ ਕੇ ਕਾਰ-ਭੇਟ ਲੈਂਦੇ ਹਨ)।

ਦੁਨੀਆ ਕੇ ਦਰ ਕੇਤੜੇ ਕੇਤੇ ਆਵਹਿ ਜਾਂਹਿ ॥

ਦੁਨੀਆ ਦੇ (ਪੀਰਾਂ ਮੁਰਸ਼ਿਦਾਂ ਦੇ ਤਾਂ) ਬੜੇ ਅੱਡੇ ਹਨ, ਕਈ ਇਥੇ ਆਉਂਦੇ ਤੇ ਜਾਂਦੇ ਹਨ;

ਕੇਤੇ ਮੰਗਹਿ ਮੰਗਤੇ ਕੇਤੇ ਮੰਗਿ ਮੰਗਿ ਜਾਹਿ ॥੧॥

ਕਈ ਮੰਗਤੇ ਇਹਨਾਂ ਪਾਸੋਂ ਮੰਗਦੇ ਹਨ ਤੇ ਕਈ ਮੰਗ ਮੰਗ ਕੇ ਤੁਰ ਜਾਂਦੇ ਹਨ (ਪਰ ਪ੍ਰਭੂ ਦਾ ‘ਨਾਮ’-ਰੂਪ ਪਟਾ ਇਹਨਾਂ ਤੋਂ ਨਹੀਂ ਮਿਲ ਸਕਦਾ) ॥੧॥


ਮਃ ੧ ॥
ਸਉ ਮਣੁ ਹਸਤੀ ਘਿਉ ਗੁੜੁ ਖਾਵੈ ਪੰਜਿ ਸੈ ਦਾਣਾ ਖਾਇ ॥

ਹਾਥੀ ਕਿਤਨਾ ਹੀ ਘਿਉ ਗੁੜ ਤੇ ਕਈ ਮਣਾਂ ਦਾਣਾ ਖਾਂਦਾ ਹੈ;

ਡਕੈ ਫੂਕੈ ਖੇਹ ਉਡਾਵੈ ਸਾਹਿ ਗਇਐ ਪਛੁਤਾਇ ॥

(ਰੱਜ ਕੇ) ਡਕਾਰਦਾ ਹੈ, ਸ਼ੂਕਦਾ ਹੈ, ਮਿੱਟੀ (ਸੁੰਡ ਨਾਲ) ਉਡਾਂਦਾ ਹੈ, ਪਰ ਜਦੋਂ ਸਾਹ ਨਿਕਲ ਜਾਂਦਾ ਹੈ ਤਾਂ ਉਸ ਦਾ ਡਕਾਰਨਾ ਸ਼ੂਕਣਾ ਮੁੱਕ ਜਾਂਦਾ ਹੈ।

ਅੰਧੀ ਫੂਕਿ ਮੁਈ ਦੇਵਾਨੀ ॥

(ਧਨ-ਪਦਾਰਥ ਦੇ ਮਾਣ ਵਿਚ) ਅੰਨ੍ਹੀ ਤੇ ਕਮਲੀ (ਹੋਈ ਦੁਨੀਆ ਭੀ ਹਾਥੀ ਵਾਂਗ) ਫੂਕਰਾਂ ਮਾਰ ਕੇ ਮਰਦੀ ਹੈ: (ਆਤਮਕ ਮੌਤ ਸਹੇੜਦੀ ਹੈ)।

ਖਸਮਿ ਮਿਟੀ ਫਿਰਿ ਭਾਨੀ ॥

ਜੇ (ਅਹੰਕਾਰ ਗਵਾ ਕੇ) ਖਸਮ ਵਿਚ ਸਮਾਏ ਤਾਂ ਹੀ ਖਸਮ ਨੂੰ ਭਾਉਂਦੀ ਹੈ।

ਅਧੁ ਗੁਲ੍ਹਾ ਚਿੜੀ ਕਾ ਚੁਗਣੁ ਗੈਣਿ ਚੜੀ ਬਿਲਲਾਇ ॥

ਚਿੜੀ ਦੀ ਚੋਗ ਹੈ ਅੱਧਾ ਦਾਣਾ (ਭਾਵ, ਬਹੁਤ ਥੋੜ੍ਹੀ ਜਿਹੀ), (ਇਹ ਥੋੜ੍ਹੀ ਜਿਹੀ ਚੋਗ ਚੁਗ ਕੇ) ਉਹ ਆਕਾਸ਼ ਵਿਚ ਉੱਡਦੀ ਹੈ ਤੇ ਬੋਲਦੀ ਹੈ;

ਖਸਮੈ ਭਾਵੈ ਓਹਾ ਚੰਗੀ ਜਿ ਕਰੇ ਖੁਦਾਇ ਖੁਦਾਇ ॥

ਜੇ ਜੋ ਉਹ ਮਾਲਕ-ਪ੍ਰਭੂ ਨੂੰ ਯਾਦ ਕਰਦੀ ਹੈ ਤੇ ਉਸ ਨੂੰ ਭਾਉਂਦੀ ਹੈ ਤਾਂ ਉਹ ਚਿੜੀ ਹੀ ਚੰਗੀ ਹੈ (ਡਕਾਰਨ ਤੇ ਫੂਕਰਾਂ ਮਾਰਨ ਵਾਲੇ ਹਾਥੀ ਨਾਲੋਂ ਇਹ ਨਿੱਕੀ ਜਿਹੀ ਚਿੜੀ ਚੰਗੀ ਹੈ)।

ਸਕਤਾ ਸੀਹੁ ਮਾਰੇ ਸੈ ਮਿਰਿਆ ਸਭ ਪਿਛੈ ਪੈ ਖਾਇ ॥

ਇਕ ਬਲੀ ਸ਼ੇਰ ਸੈਂਕੜੇ ਮਿਰਗਾਂ ਨੂੰ ਮਾਰਦਾ ਹੈ, ਉਸ ਸ਼ੇਰ ਦੇ ਪਿੱਛੇ ਕਈ ਹੋਰ ਜੰਗਲੀ ਪਸ਼ੂ ਭੀ ਪੇਟ ਭਰਦੇ ਹਨ;

ਹੋਇ ਸਤਾਣਾ ਘੁਰੈ ਨ ਮਾਵੈ ਸਾਹਿ ਗਇਐ ਪਛੁਤਾਇ ॥

ਤਾਕਤ ਦੇ ਮਾਣ ਵਿਚ ਉਹ ਸ਼ੇਰ ਆਪਣੇ ਘੁਰਨੇ ਵਿਚ ਨਹੀਂ ਸਮਾਂਦਾ, ਪਰ ਜਦੋਂ ਉਸ ਦਾ ਸਾਹ ਨਿਕਲ ਜਾਂਦਾ ਹੈ ਤਾਂ ਉਸ ਦਾ ਬੁੱਕਣਾ ਮੁੱਕ ਜਾਂਦਾ ਹੈ।

ਅੰਧਾ ਕਿਸ ਨੋ ਬੁਕਿ ਸੁਣਾਵੈ ॥

ਉਹ ਅੰਨ੍ਹਾ ਕਿਸ ਨੂੰ ਬੁੱਕ ਬੁੱਕ ਕੇ ਸੁਣਾਂਦਾ ਹੈ?

ਖਸਮੈ ਮੂਲਿ ਨ ਭਾਵੈ ॥

ਖਸਮ-ਪ੍ਰਭੂ ਨੂੰ ਤਾਂ ਉਸ ਦਾ ਬੁੱਕਣਾ ਚੰਗਾ ਨਹੀਂ ਲੱਗਦਾ।

ਅਕ ਸਿਉ ਪ੍ਰੀਤਿ ਕਰੇ ਅਕ ਤਿਡਾ ਅਕ ਡਾਲੀ ਬਹਿ ਖਾਇ ॥

(ਇਸ ਸ਼ੇਰ ਦੇ ਟਾਕਰੇ ਤੇ, ਵੇਖੋ,) ਅੱਕ-ਤਿੱਡਾ ਅੱਕ ਨਾਲ ਪਿਆਰ ਕਰਦਾ ਹੈ, ਅੱਕ ਦੀ ਡਾਲੀ ਉਤੇ ਬੈਠ ਕੇ ਅੱਕ ਹੀ ਖਾਂਦਾ ਹੈ;

ਖਸਮੈ ਭਾਵੈ ਓਹੋ ਚੰਗਾ ਜਿ ਕਰੇ ਖੁਦਾਇ ਖੁਦਾਇ ॥

ਪਰ ਜੇ ਉਹ ਮਾਲਕ-ਪ੍ਰਭੂ ਨੂੰ ਯਾਦ ਕਰਦਾ ਹੈ ਤੇ ਉਸ ਨੂੰ ਭਾਉਂਦਾ ਹੈ ਤਾਂ (ਬੁੱਕ ਬੁੱਕ ਕੇ ਹੋਰਨਾਂ ਨੂੰ ਡਰਾਣ ਵਾਲੇ ਸ਼ੇਰ ਨਾਲੋਂ) ਉਹ ਅੱਕ-ਤਿੱਡਾ ਹੀ ਚੰਗਾ ਹੈ।

ਨਾਨਕ ਦੁਨੀਆ ਚਾਰਿ ਦਿਹਾੜੇ ਸੁਖਿ ਕੀਤੈ ਦੁਖੁ ਹੋਈ ॥

ਹੇ ਨਾਨਕ! ਦੁਨੀਆ (ਵਿਚ ਜੀਉਣ) ਚਾਰ ਦਿਨਾਂ ਦਾ ਹੈ, ਇਥੇ ਮੌਜ ਮਾਣਿਆਂ ਦੁੱਖ ਹੀ ਨਿਕਲਦਾ ਹੈ,

ਗਲਾ ਵਾਲੇ ਹੈਨਿ ਘਣੇਰੇ ਛਡਿ ਨ ਸਕੈ ਕੋਈ ॥

(ਇਹ ਦੁਨੀਆ ਦੀ ਮਿਠਾਸ ਐਸੀ ਹੈ ਕਿ ਜ਼ਬਾਨੀ ਗਿਆਨ ਦੀਆਂ) ਗੱਲਾਂ ਕਰਨ ਵਾਲੇ ਤਾਂ ਬੜੇ ਹਨ ਪਰ (ਇਸ ਮਿਠਾਸ ਨੂੰ) ਕੋਈ ਛੱਡ ਨਹੀਂ ਸਕਦਾ।

ਮਖਂੀ ਮਿਠੈ ਮਰਣਾ ॥

ਮੱਖੀਆਂ ਇਸ ਮਿਠਾਸ ਉਤੇ ਮਰਦੀਆਂ ਹਨ।

ਜਿਨ ਤੂ ਰਖਹਿ ਤਿਨ ਨੇੜਿ ਨ ਆਵੈ ਤਿਨ ਭਉ ਸਾਗਰੁ ਤਰਣਾ ॥੨॥

ਪਰ, ਹੇ ਪ੍ਰਭੂ! ਜਿਨ੍ਹਾਂ ਨੂੰ ਤੂੰ ਬਚਾਏਂ ਉਹਨਾਂ ਦੇ ਇਹ ਮਿਠਾਸ ਨੇੜੇ ਨਹੀਂ ਢੁਕਦੀ, ਉਹ ਸੰਸਾਰ-ਸਮੁੰਦਰ ਤੋਂ (ਸਾਫ਼) ਤਰ ਕੇ ਲੰਘ ਜਾਂਦੇ ਹਨ ॥੨॥


ਪਉੜੀ ॥
ਅਗਮ ਅਗੋਚਰੁ ਤੂ ਧਣੀ ਸਚਾ ਅਲਖ ਅਪਾਰੁ ॥

ਹੇ ਪ੍ਰਭੂ! ਤੂੰ ਅਪਹੁੰਚ ਹੈਂ, ਤੂੰ (ਮਾਨੁੱਖੀ) ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈਂ, ਤੂੰ ਸਭ ਦਾ ਮਾਲਕ ਹੈਂ ਸਦਾ-ਥਿਰ ਹੈਂ, ਅਦ੍ਰਿਸ਼ਟ ਹੈਂ ਤੇ ਬੇਅੰਤ ਹੈਂ।

ਤੂ ਦਾਤਾ ਸਭਿ ਮੰਗਤੇ ਇਕੋ ਦੇਵਣਹਾਰੁ ॥

ਸਾਰੇ ਜੀਵ ਮੰਗਤੇ ਹਨ ਤੂੰ ਦਾਤਾ ਹੈਂ, ਤੂੰ ਇਕੋ ਹੀ ਸਭ ਨੂੰ ਦੇਣ-ਜੋਗਾ ਹੈਂ।

ਜਿਨੀ ਸੇਵਿਆ ਤਿਨੀ ਸੁਖੁ ਪਾਇਆ ਗੁਰਮਤੀ ਵੀਚਾਰੁ ॥

ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮੱਤ ਦੀ ਰਾਹੀਂ (ਉੱਚੀ) ਸਮਝ ਹਾਸਲ ਕਰ ਕੇ ਤੈਨੂੰ ਸਿਮਰਿਆ ਹੈ ਉਹਨਾਂ ਨੇ ਸੁਖ ਪ੍ਰਾਪਤ ਕੀਤਾ ਹੈ;

ਇਕਨਾ ਨੋ ਤੁਧੁ ਏਵੈ ਭਾਵਦਾ ਮਾਇਆ ਨਾਲਿ ਪਿਆਰੁ ॥

ਪਰ, ਹੇ ਪ੍ਰਭੂ! ਕਈ ਜੀਵਾਂ ਨੂੰ ਤੂੰ ਮਾਇਆ ਨਾਲ ਪਿਆਰ ਕਰਨਾ ਹੀ ਦਿੱਤਾ ਹੈ, ਤੈਨੂੰ ਇਉਂ ਹੀ ਚੰਗਾ ਲੱਗਦਾ ਹੈ।

ਗੁਰ ਕੈ ਸਬਦਿ ਸਲਾਹੀਐ ਅੰਤਰਿ ਪ੍ਰੇਮ ਪਿਆਰੁ ॥

ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਿਰਦੇ ਵਿਚ ਪ੍ਰੇਮ-ਪਿਆਰ ਪੈਦਾ ਕਰ ਕੇ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ;

ਵਿਣੁ ਪ੍ਰੀਤੀ ਭਗਤਿ ਨ ਹੋਵਈ ਵਿਣੁ ਸਤਿਗੁਰ ਨ ਲਗੈ ਪਿਆਰੁ ॥

ਪ੍ਰੇਮ ਤੋਂ ਬਿਨਾ ਬੰਦਗੀ ਨਹੀਂ ਹੋ ਸਕਦੀ, ਤੇ ਪ੍ਰੇਮ ਸਤਿਗੁਰੂ ਤੋਂ ਬਿਨਾ ਨਹੀਂ ਮਿਲਦਾ।

ਤੂ ਪ੍ਰਭੁ ਸਭਿ ਤੁਧੁ ਸੇਵਦੇ ਇਕ ਢਾਢੀ ਕਰੇ ਪੁਕਾਰ ॥

ਤੂੰ ਸਭ ਦਾ ਮਾਲਕ ਹੈਂ, ਸਾਰੇ ਜੀਵ ਤੈਨੂੰ ਹੀ ਸਿਮਰਦੇ ਹਨ; ਮੈਂ (ਤੇਰਾ) ਢਾਢੀ (ਤੇਰੇ ਅੱਗੇ) ਇਕ ਇਹੀ ਅਰਜ਼ੋਈ ਕਰਦਾ ਹਾਂ-

ਦੇਹਿ ਦਾਨੁ ਸੰਤੋਖੀਆ ਸਚਾ ਨਾਮੁ ਮਿਲੈ ਆਧਾਰੁ ॥੧੯॥

ਹੇ ਪ੍ਰਭੂ! ਮੈਨੂੰ ਆਪਣਾ ‘ਨਾਮ’ ਬਖ਼ਸ਼, ਮੈਨੂੰ ਤੇਰਾ ਸਦਾ ਕਾਇਮ ਰਹਿਣ ਵਾਲਾ ਨਾਮ ਹੀ (ਜ਼ਿੰਦਗੀ ਦਾ) ਆਸਰਾ ਮਿਲੇ, (ਜਿਸ ਦੀ ਬਰਕਤਿ ਨਾਲ) ਮੈਂ ਸੰਤੋਖ ਵਾਲਾ ਹੋ ਜਾਵਾਂ ॥੧੯॥


ਸਲੋਕ ਮਃ ੧ ॥
ਰਾਤੀ ਕਾਲੁ ਘਟੈ ਦਿਨਿ ਕਾਲੁ ॥

ਜਿਉਂ ਜਿਉਂ ਰਾਤਿ ਦਿਨ ਬੀਤਦੇ ਹਨ ਉਮਰ ਦਾ ਸਮਾ ਘਟਦਾ ਹੈ,

ਛਿਜੈ ਕਾਇਆ ਹੋਇ ਪਰਾਲੁ ॥

ਸਰੀਰ ਬੁੱਢਾ ਹੁੰਦਾ ਜਾਂਦਾ ਹੈ ਤੇ ਕਮਜ਼ੋਰ ਪੈਂਦਾ ਜਾਂਦਾ ਹੈ;

ਵਰਤਣਿ ਵਰਤਿਆ ਸਰਬ ਜੰਜਾਲੁ ॥

ਜਗਤ ਦਾ ਵਰਤਣਿ-ਵਲੇਵਾ (ਜੀਵ ਲਈ) ਸਾਰਾ ਫਾਹੀ ਬਣਦਾ ਜਾਂਦਾ ਹੈ।

ਭੁਲਿਆ ਚੁਕਿ ਗਇਆ ਤਪ ਤਾਲੁ ॥

(ਇਸ ਵਿਚ) ਭੁੱਲੇ ਹੋਏ ਨੂੰ ਬੰਦਗੀ ਦੀ ਜਾਚ ਵਿੱਸਰ ਜਾਂਦੀ ਹੈ।

ਅੰਧਾ ਝਖਿ ਝਖਿ ਪਇਆ ਝੇਰਿ ॥

(ਜਗਤ ਦੇ ਵਰਤਣਿ-ਵਲੇਵੇ ਵਿਚ) ਅੰਨ੍ਹਾ ਹੋਇਆ ਜੀਵ (ਇਸ ਵਿਚ) ਝਖਾਂ ਮਾਰ ਮਾਰ ਕੇ (ਕਿਸੇ ਲੰਮੇ) ਝੰਬੇਲੇ ਵਿਚ ਜਾ ਪੈਂਦਾ ਹੈ,

ਪਿਛੈ ਰੋਵਹਿ ਲਿਆਵਹਿ ਫੇਰਿ ॥

ਤੇ, (ਉਸ ਦੇ ਮਰਨ) ਪਿਛੋਂ (ਉਸ ਦੇ ਸਨਬੰਧੀ) ਰੋਂਦੇ ਹਨ (ਤੇ ਵੈਣ ਕਰਦੇ ਹਨ ਕਿ ਉਸ ਨੂੰ ਕਿਵੇਂ) ਮੋੜ ਲਿਆਈਏ।

ਬਿਨੁ ਬੂਝੇ ਕਿਛੁ ਸੂਝੈ ਨਾਹੀ ॥

ਸਮਝਣ ਤੋਂ ਬਿਨਾ ਜਗਤ ਨੂੰ (ਵਰਤਣਿ-ਵਲੇਵੇ ਵਿਚ) ਕੁਝ ਸੁੱਝਦਾ ਨਹੀਂ;

ਮੋਇਆ ਰੋਂਹਿ ਰੋਂਦੇ ਮਰਿ ਜਾਂਹਂੀ ॥

(ਮਰਨ ਵਾਲਾ ਤਾਂ) ਮਰ ਗਿਆ, (ਪਿਛਲੇ) ਰੋਂਦੇ ਹਨ ਤੇ ਰੋ ਰੋ ਕੇ ਖਪਦੇ ਹਨ।

ਨਾਨਕ ਖਸਮੈ ਏਵੈ ਭਾਵੈ ॥

ਪਰ, ਹੇ ਨਾਨਕ! ਖਸਮ ਪ੍ਰਭੂ ਨੂੰ ਇਉਂ ਹੀ ਚੰਗਾ ਲੱਗਦਾ ਹੈ (ਕਿ ਜੀਵ ਇਸੇ ਤਰ੍ਹਾਂ ਪਏ ਖਪਣ)।

ਸੇਈ ਮੁਏ ਜਿਨਿ ਚਿਤਿ ਨ ਆਵੈ ॥੧॥

(ਅਸਲ ਵਿਚ) ਆਤਮਕ ਮੌਤੇ ਮਰੇ ਹੋਏ ਉਹੀ ਹਨ ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਨਹੀਂ ਵੱਸਦਾ ॥੧॥


ਮਃ ੧ ॥
ਮੁਆ ਪਿਆਰੁ ਪ੍ਰੀਤਿ ਮੁਈ ਮੁਆ ਵੈਰੁ ਵਾਦੀ ॥

(ਜਦੋਂ ਮਨੁੱਖ ਮਰ ਜਾਂਦਾ ਹੈ ਤਾਂ ਉਸ ਦਾ ਉਹ) ਪ੍ਰੀਤ-ਪਿਆਰ ਮੁੱਕ ਜਾਂਦਾ ਹੈ (ਜੋ ਉਹ ਆਪਣੇ ਸਨਬੰਧੀਆਂ ਨਾਲ ਕਰਦਾ ਸੀ) ਝਗੜਿਆਂ ਦਾ ਮੂਲ ਵੈਰ ਭੀ ਖ਼ਤਮ ਹੋ ਜਾਂਦਾ ਹੈ;

ਵੰਨੁ ਗਇਆ ਰੂਪੁ ਵਿਣਸਿਆ ਦੁਖੀ ਦੇਹ ਰੁਲੀ ॥

(ਸਰੀਰ ਦਾ ਸੋਹਣਾ) ਰੰਗ ਰੂਪ ਨਾਸ ਹੋ ਜਾਂਦਾ ਹੈ, ਵਿਚਾਰਾ ਸਰੀਰ ਭੀ ਰੁਲ ਜਾਂਦਾ ਹੈ (ਅੱਗ ਜਾਂ ਮਿੱਟੀ ਆਦਿਕ ਦੇ ਹਵਾਲੇ ਹੋ ਜਾਂਦਾ ਹੈ)।

ਕਿਥਹੁ ਆਇਆ ਕਹ ਗਇਆ ਕਿਹੁ ਨ ਸੀਓ ਕਿਹੁ ਸੀ ॥

(ਉਸ ਦੇ ਸਨਬੰਧੀ ਤੇ ਭਾਈਚਾਰੇ ਦੇ ਬੰਦੇ) ਮਨ ਵਿਚ (ਖ਼ਿਆਲ ਕਰਦੇ ਹਨ) ਤੇ ਮੂੰਹੋਂ ਗੱਲਾਂ ਕਰਦੇ ਹਨ ਕਿ ਉਹ ਕਿਥੋਂ ਆਇਆ ਸੀ ਕਿਥੇ ਤੁਰ ਗਿਆ (ਭਾਵ, ਜਿਥੋਂ ਆਇਆ ਸੀ ਓਥੇ ਚਲਾ ਗਿਆ) ਉਹ ਇਹੋ ਜਿਹਾ ਨਹੀਂ ਸੀ ਤੇ ਇਹੋ ਜਿਹਾ ਹੈਸੀ (ਭਾਵ ਉਸ ਵਿਚ ਫਲਾਣੇ ਐਬ ਨਹੀਂ ਸਨ, ਤੇ, ਉਸ ਵਿਚ ਫਲਾਣੇ ਗੁਣ ਸਨ),

ਮਨਿ ਮੁਖਿ ਗਲਾ ਗੋਈਆ ਕੀਤਾ ਚਾਉ ਰਲੀ ॥

ਮਨ ਵਿਚ ਅਤੇ ਮੂੰਹ ਨਾਲ ਆਖਦੇ ਹਨ ਉਹ ਬੜੇ ਚਾਉ ਤੇ ਰਲੀਆਂ ਮਾਣ ਗਿਆ ਹੈ।

ਨਾਨਕ ਸਚੇ ਨਾਮ ਬਿਨੁ ਸਿਰ ਖੁਰ ਪਤਿ ਪਾਟੀ ॥੨॥

ਪਰ, ਹੇ ਨਾਨਕ! (ਲੋਕ ਜੋ ਚਾਹੇ ਆਖੇ) ਪਰਮਾਤਮਾ ਦੇ ਨਾਮ ਤੋਂ ਬਿਨਾ (ਲੋਕਾਂ ਵਲੋਂ ਹੋਈ ਹੋਈ) ਸਾਰੀ ਦੀ ਸਾਰੀ ਇੱਜ਼ਤ ਲੀਰਾਂ ਹੋ ਗਈ (ਸਮਝੋ) ॥੨॥


ਪਉੜੀ ॥
ਅੰਮ੍ਰਿਤ ਨਾਮੁ ਸਦਾ ਸੁਖਦਾਤਾ ਅੰਤੇ ਹੋਇ ਸਖਾਈ ॥

ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਸੁਖ ਦੇਣ ਵਾਲਾ ਹੈ, ਆਖ਼ਰ (‘ਨਾਮ’ ਹੀ) ਮਿੱਤਰ ਬਣਦਾ ਹੈ।

ਬਾਝੁ ਗੁਰੂ ਜਗਤੁ ਬਉਰਾਨਾ ਨਾਵੈ ਸਾਰ ਨ ਪਾਈ ॥

ਪਰ ਜਗਤ, ਗੁਰੂ ਤੋਂ ਬਿਨਾ ਕਮਲਾ ਜਿਹਾ ਹੋ ਰਿਹਾ ਹੈ, (ਕਿਉਂਕਿ ਗੁਰੂ ਤੋਂ ਬਿਨਾ ਇਸ ਨੂੰ) ਨਾਮ ਦੀ ਕਦਰ ਨਹੀਂ ਪੈਂਦੀ।

ਸਤਿਗੁਰੁ ਸੇਵਹਿ ਸੇ ਪਰਵਾਣੁ ਜਿਨੑ ਜੋਤੀ ਜੋਤਿ ਮਿਲਾਈ ॥

ਜਿਹੜੇ ਬੰਦੇ ਗੁਰੂ ਦੇ ਕਹੇ ਅਨੁਸਾਰ ਤੁਰਦੇ ਹਨ (ਤੇ ਇਸ ਤਰ੍ਹਾਂ) ਜਿਨ੍ਹਾਂ ਨੇ ਪ੍ਰਭੂ ਵਿਚ ਆਪਣੀ ਸੁਰਤ ਜੋੜੀ ਹੈ ਉਹ (ਪ੍ਰਭੂ-ਦਰ ਤੇ) ਕਬੂਲ ਹਨ।

ਸੋ ਸਾਹਿਬੁ ਸੋ ਸੇਵਕੁ ਤੇਹਾ ਜਿਸੁ ਭਾਣਾ ਮੰਨਿ ਵਸਾਈ ॥

ਜਿਸ ਮਨੁੱਖ ਨੂੰ ਪ੍ਰਭੂ ਆਪਣਾ ਭਾਣਾ (ਮਿੱਠਾ ਕਰ) ਮਨਾਂਦਾ ਹੈ ਉਹ ਸੇਵਕ ਉਹੋ ਜਿਹਾ ਹੋ ਜਾਂਦਾ ਹੈ ਜੈਸਾ ਪ੍ਰਭੂ-ਮਾਲਕ ਹੈ।

ਆਪਣੈ ਭਾਣੈ ਕਹੁ ਕਿਨਿ ਸੁਖੁ ਪਾਇਆ ਅੰਧਾ ਅੰਧੁ ਕਮਾਈ ॥

ਆਪਣੀ ਮਰਜ਼ੀ ਅਨੁਸਾਰ ਤੁਰ ਕੇ ਕਦੇ ਕੋਈ ਮਨੁੱਖ ਸੁਖ ਨਹੀਂ ਪਾਂਦਾ, ਅੰਨ੍ਹਾ ਸਦਾ ਅੰਨ੍ਹਿਆਂ ਵਾਲਾ ਕੰਮ ਹੀ ਕਰਦਾ ਹੈ;

ਬਿਖਿਆ ਕਦੇ ਹੀ ਰਜੈ ਨਾਹੀ ਮੂਰਖ ਭੁਖ ਨ ਜਾਈ ॥

ਮੂਰਖ ਦੀ (ਮਾਇਆ ਦੀ) ਭੁੱਖ ਮੁੱਕਦੀ ਨਹੀਂ, ਮਾਇਆ ਵਿਚ ਕਦੇ ਉਹ ਰੱਜਦਾ ਨਹੀਂ ਹੈ।

ਦੂਜੈ ਸਭੁ ਕੋ ਲਗਿ ਵਿਗੁਤਾ ਬਿਨੁ ਸਤਿਗੁਰ ਬੂਝ ਨ ਪਾਈ ॥

ਮਾਇਆ ਵਿਚ ਲੱਗ ਕੇ ਹਰ ਕੋਈ ਖ਼ੁਆਰ ਹੀ ਹੁੰਦਾ ਹੈ, ਗੁਰੂ ਤੋਂ ਬਿਨਾ ਸਮਝ ਨਹੀਂ ਪੈਂਦੀ (ਕਿ ਮਾਇਆ ਦਾ ਮੋਹ ਖ਼ੁਆਰੀ ਦਾ ਹੀ ਮੂਲ ਹੈ)।

ਸਤਿਗੁਰੁ ਸੇਵੇ ਸੋ ਸੁਖੁ ਪਾਏ ਜਿਸ ਨੋ ਕਿਰਪਾ ਕਰੇ ਰਜਾਈ ॥੨੦॥

ਜਿਸ ਮਨੁੱਖ ਉਤੇ ਪ੍ਰਭੂ ਮਿਹਰ ਕਰਦਾ ਹੈ ਉਹ ਗੁਰੂ ਦੇ ਕਹੇ ਅਨੁਸਾਰ ਤੁਰਦਾ ਹੈ ਤੇ ਸੁਖ ਪਾਂਦਾ ਹੈ ॥੨੦॥


ਸਲੋਕ ਮਃ ੧ ॥
ਸਰਮੁ ਧਰਮੁ ਦੁਇ ਨਾਨਕਾ ਜੇ ਧਨੁ ਪਲੈ ਪਾਇ ॥

ਹੇ ਨਾਨਕ! (ਜਗਤ ਸਮਝਦਾ ਹੈ ਕਿ) ਜੇ ਧਨ ਮਿਲ ਜਾਏ ਤਾਂ ਇੱਜ਼ਤ ਬਣੀ ਰਹਿੰਦੀ ਹੈ ਤੇ ਧਰਮ ਕਮਾ ਸਕੀਦਾ ਹੈ।

ਸੋ ਧਨੁ ਮਿਤ੍ਰੁ ਨ ਕਾਂਢੀਐ ਜਿਤੁ ਸਿਰਿ ਚੋਟਾਂ ਖਾਇ ॥

ਪਰ, ਜਿਸ (ਧਨ) ਦੇ ਕਾਰਣ ਸਿਰ ਉਤੇ ਚੋਟਾਂ ਪੈਣ ਉਹ ਧਨ ਮਿੱਤ੍ਰ (ਭਾਵ, ਸ਼ਰਮ ਧਰਮ ਵਿਚ ਸਹਾਈ) ਨਹੀਂ ਕਿਹਾ ਜਾ ਸਕਦਾ।

ਜਿਨ ਕੈ ਪਲੈ ਧਨੁ ਵਸੈ ਤਿਨ ਕਾ ਨਾਉ ਫਕੀਰ ॥

ਜਿਨ੍ਹਾਂ ਪਾਸ ਧਨ ਹੈ ਉਹਨਾਂ ਦਾ ਨਾਮ ‘ਕੰਗਾਲ’ ਹੈ; (ਉਹ ਆਤਮਕ ਜੀਵਨ ਵਿਚ ਕੰਗਾਲ ਹਨ);

ਜਿਨੑ ਕੈ ਹਿਰਦੈ ਤੂ ਵਸਹਿ ਤੇ ਨਰ ਗੁਣੀ ਗਹੀਰ ॥੧॥

ਤੇ ਹੇ ਪ੍ਰਭੂ! ਜਿਨ੍ਹਾਂ ਦੇ ਹਿਰਦੇ ਵਿਚ ਤੂੰ ਆਪ ਵੱਸਦਾ ਹੈਂ ਉਹ ਹਨ ਗੁਣਾਂ ਦੇ ਸਮੁੰਦਰ ॥੧॥


ਮਃ ੧ ॥
ਦੁਖੀ ਦੁਨੀ ਸਹੇੜੀਐ ਜਾਇ ਤ ਲਗਹਿ ਦੁਖ ॥

ਦੁੱਖ ਸਹਿ ਸਹਿ ਕੇ ਧਨ ਇਕੱਠਾ ਕਰੀਦਾ ਹੈ, ਜੇ ਇਹ ਗੁਆਚ ਜਾਏ ਤਾਂ ਭੀ ਦੁੱਖ ਹੀ ਮਾਰਦੇ ਹਨ।

ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੀ ਭੁਖ ॥

ਹੇ ਨਾਨਕ! ਪ੍ਰਭੂ ਦੇ ਸੱਚੇ ਨਾਮ ਤੋਂ ਬਿਨਾ ਕਿਸੇ ਦੀ ਤ੍ਰਿਸ਼ਨਾ ਮਿਟਦੀ ਨਹੀਂ।

ਰੂਪੀ ਭੁਖ ਨ ਉਤਰੈ ਜਾਂ ਦੇਖਾਂ ਤਾਂ ਭੁਖ ॥

‘ਰੂਪ’ ਵੇਖਣ ਨਾਲ (ਰੂਪ ਵੇਖਣ ਦੀ) ਤ੍ਰਿਸ਼ਨਾ ਜਾਂਦੀ ਨਹੀਂ (ਸਗੋਂ) ਜਿਉਂ ਜਿਉਂ ਵੇਖੀਏ, ਤਿਉਂ ਤਿਉਂ ਹੋਰ ਤ੍ਰਿਸ਼ਨਾ (ਵਧਦੀ ਹੈ)।

ਜੇਤੇ ਰਸ ਸਰੀਰ ਕੇ ਤੇਤੇ ਲਗਹਿ ਦੁਖ ॥੨॥

ਜਿਸਮ ਦੇ ਜਿਤਨੇ ਭੀ ਵਧੀਕ ਚਸਕੇ ਹਨ, ਉਤਨੇ ਹੀ ਵਧੀਕ ਇਸ ਨੂੰ ਦੁੱਖ ਵਿਆਪਦੇ ਹਨ ॥੨॥


ਮਃ ੧ ॥
ਅੰਧੀ ਕੰਮੀ ਅੰਧੁ ਮਨੁ ਮਨਿ ਅੰਧੈ ਤਨੁ ਅੰਧੁ ॥

ਜਿਉਂ ਜਿਉਂ ਵਿਚਾਰ-ਹੀਣ ਹੋ ਕੇ ਮੰਦੇ ਕੰਮ ਕੀਤੇ ਜਾਣ, ਤਿਉਂ ਤਿਉਂ ਮਨ ਅੰਨ੍ਹਾ (ਭਾਵ, ਵਿਚਾਰੋਂ ਸੱਖਣਾ) ਹੁੰਦਾ ਜਾਂਦਾ ਹੈ; ਤੇ ਮਨ ਵਿਚਾਰ-ਹੀਣ ਹੋਇਆ ਗਿਆਨ-ਇੰਦ੍ਰੇ ਭੀ ਅੰਨ੍ਹੇ ਹੋ ਜਾਂਦੇ ਹਨ (ਭਾਵ, ਅੱਖਾਂ ਕੰਨ ਆਦਿਕ ਭੀ ਮੰਦੇ ਪਾਸੇ ਲੈ ਤੁਰਦੇ ਹਨ)।

ਚਿਕੜਿ ਲਾਇਐ ਕਿਆ ਥੀਐ ਜਾਂ ਤੁਟੈ ਪਥਰ ਬੰਧੁ ॥

ਸੋ, ਜਦੋਂ ਪੱਥਰਾਂ ਦਾ ਬੰਨ੍ਹ (ਭਾਵ, ਪ੍ਰਭੂ-ਨਾਮ ਦੇ ਵਿਚਾਰ ਦਾ ਪੱਕਾ ਆਸਰਾ) ਟੁੱਟ ਜਾਂਦਾ ਹੈ ਤਾਂ ਚਿੱਕੜ ਲਾਇਆਂ ਕੁਝ ਨਹੀਂ ਬਣਦਾ (ਭਾਵ, ਹੋਰ ਹੋਰ ਆਸਰੇ ਢੂੰਢਿਆਂ)।

ਬੰਧੁ ਤੁਟਾ ਬੇੜੀ ਨਹੀ ਨਾ ਤੁਲਹਾ ਨਾ ਹਾਥ ॥

(ਜਦੋਂ) ਬੰਨ੍ਹ ਟੁੱਟ ਗਿਆ, ਨਾਹ ਬੇੜੀ ਰਹੀ, ਨਾਹ ਤੁਲਹਾ ਰਿਹਾ, ਨਾਹ (ਪਾਣੀ ਦੀ) ਹਾਥ ਪੈ ਸਕੀ।

ਨਾਨਕ ਸਚੇ ਨਾਮ ਵਿਣੁ ਕੇਤੇ ਡੁਬੇ ਸਾਥ ॥੩॥

(ਭਾਵ, ਪਾਣੀ ਭੀ ਬਹੁਤ ਡੂੰਘਾ ਹੋਇਆ), (ਅਜੇਹੀ ਹਾਲਤ ਵਿਚ) ਹੇ ਨਾਨਕ! ਪ੍ਰਭੂ ਦੇ ਸੱਚੇ ਨਾਮ (-ਰੂਪ ਬੰਨ੍ਹ ਬੇੜੀ ਤੁਲਹੇ) ਤੋਂ ਬਿਨਾ ਕਈ ਪੂਰਾਂ ਦੇ ਪੂਰ ਡੁੱਬਦੇ ਹਨ ॥੩॥


ਮਃ ੧ ॥
ਲਖ ਮਣ ਸੁਇਨਾ ਲਖ ਮਣ ਰੁਪਾ ਲਖ ਸਾਹਾ ਸਿਰਿ ਸਾਹ ॥

ਲੱਖਾਂ ਮਣਾਂ ਸੋਨਾ ਹੋਵੇ ਤੇ ਲੱਖਾਂ ਮਣਾਂ ਚਾਂਦੀ-ਅਜੇਹੇ ਲੱਖਾਂ ਧਨੀਆਂ ਨਾਲੋਂ ਭੀ ਜੇ ਵੱਡੇ ਧਨੀ ਹੋਣ,

ਲਖ ਲਸਕਰ ਲਖ ਵਾਜੇ ਨੇਜੇ ਲਖੀ ਘੋੜੀ ਪਾਤਿਸਾਹ ॥

ਲੱਖਾਂ ਸਿਪਾਹੀਆਂ ਦੀਆਂ ਫ਼ੌਜਾਂ ਹੋਣ ਲੱਖਾਂ ਵਾਜੇ ਵੱਜਦੇ ਹੋਣ, ਨੇਜ਼ੇ-ਬਰਦਾਰ ਲੱਖਾਂ ਫ਼ੌਜੀ ਰਸਾਲਿਆਂ ਦੇ ਮਾਲਕ ਬਾਦਸ਼ਾਹ ਹੋਣ;

ਜਿਥੈ ਸਾਇਰੁ ਲੰਘਣਾ ਅਗਨਿ ਪਾਣੀ ਅਸਗਾਹ ॥

ਪਰ, ਜਿੱਥੇ (ਵਿਕਾਰਾਂ ਦੀ) ਅੱਗ ਤੇ ਪਾਣੀ ਦਾ ਅਥਾਹ ਸਮੁੰਦਰ ਲੰਘਣਾ ਪੈਂਦਾ ਹੈ,

ਕੰਧੀ ਦਿਸਿ ਨ ਆਵਈ ਧਾਹੀ ਪਵੈ ਕਹਾਹ ॥

(ਇਸ ਸਮੁੰਦਰ ਦਾ) ਕੰਢਾ ਭੀ ਨਹੀਂ ਦਿੱਸਦਾ, ਹਾਏ ਹਾਏ ਦਾ ਕੁਰਲਾਟ ਭੀ ਪੈ ਰਿਹਾ ਹੈ,

ਨਾਨਕ ਓਥੈ ਜਾਣੀਅਹਿ ਸਾਹ ਕੇਈ ਪਾਤਿਸਾਹ ॥੪॥

ਓਥੇ, ਹੇ ਨਾਨਕ! ਪਰਖੇ ਜਾਂਦੇ ਹਨ ਕਿ ਕੌਣ ਧਨੀ ਹਨ ਤੇ ਕੌਣ ਬਾਦਸ਼ਾਹ (ਭਾਵ, ਦੁਨੀਆ ਦਾ ਧਨ ਤੇ ਬਾਦਸ਼ਾਹੀ ਵਿਕਾਰਾਂ ਦੀ ਅੱਗ ਵਿਚ ਸੜਨੋਂ ਤੇ ਵਿਕਾਰਾਂ ਦੀਆਂ ਲਹਿਰਾਂ ਵਿਚ ਡੁੱਬਣੋਂ ਬਚਾ ਨਹੀਂ ਸਕਦੇ; ਧਨ ਤੇ ਬਾਦਸ਼ਾਹੀ ਹੁੰਦਿਆਂ ਭੀ ‘ਹਾਏ ਹਾਏ’ ਨਹੀਂ ਮਿਟਦੀ) ॥੪॥


ਪਉੜੀ ॥
ਇਕਨਾ ਗਲੀਂ ਜੰਜੀਰ ਬੰਦਿ ਰਬਾਣੀਐ ॥

(ਜੋ ‘ਬਿਖਿਆ’ ਵਿਚ ਲੱਗੇ ਰਹੇ) ਉਹਨਾਂ ਦੇ ਗਲਾਂ ਵਿਚ (ਮਾਇਆ ਦੇ ਮੋਹ ਦੇ ਬੰਧਨ-ਰੂਪ) ਜ਼ੰਜੀਰ ਪਏ ਹੋਏ ਹਨ, ਉਹ, (ਮਾਨੋ,) ਰੱਬ ਦੇ ਬੰਦੀਖ਼ਾਨੇ ਵਿਚ (ਕੈਦ) ਹਨ;

ਬਧੇ ਛੁਟਹਿ ਸਚਿ ਸਚੁ ਪਛਾਣੀਐ ॥

ਜੇ ਸੱਚੇ ਪ੍ਰਭੂ ਦੀ ਪਛਾਣ ਆ ਜਾਏ (ਜੇ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਬਣ ਜਾਏ) ਤਾਂ ਸਦਾ-ਥਿਰ ਹਰਿ-ਨਾਮ ਦੀ ਰਾਹੀਂ ਹੀ (ਇਹਨਾਂ ਜ਼ੰਜੀਰਾਂ ਵਿਚ) ਬੱਝੇ ਹੋਏ ਛੁੱਟ ਸਕਦੇ ਹਨ।

ਲਿਖਿਆ ਪਲੈ ਪਾਇ ਸੋ ਸਚੁ ਜਾਣੀਐ ॥

ਤਾਂ ਤੇ ਉਸ ਸੱਚੇ ਪ੍ਰਭੂ ਨਾਲ ਸਾਂਝ ਬਣਾਈਏ, ਤਦੋਂ ਹੀ (ਨਾਮ-ਸਿਮਰਨ-ਰੂਪ) ਲਿਖਿਆ ਹੋਇਆ (ਲੇਖ) ਮਿਲਦਾ ਹੈ।

ਹੁਕਮੀ ਹੋਇ ਨਿਬੇੜੁ ਗਇਆ ਜਾਣੀਐ ॥

ਇਹ ਸਾਰਾ ਨਿਰਨਾ ਪ੍ਰਭੂ ਦੇ ਹੁਕਮ ਵਿਚ ਹੀ ਹੁੰਦਾ ਹੈ, ਤੇ ਇਸ ਦੀ ਸਮਝ (ਇਥੋਂ ਜਗਤ ਤੋਂ) ਤੁਰਿਆਂ ਹੀ ਪੈਂਦੀ ਹੈ।

ਭਉਜਲ ਤਾਰਣਹਾਰੁ ਸਬਦਿ ਪਛਾਣੀਐ ॥

(ਸੋ,) ਗੁਰੂ ਦੇ ਸ਼ਬਦ ਦੀ ਰਾਹੀਂ ਉਸ ਪ੍ਰਭੂ ਨਾਲ ਡੂੰਘੀ ਸਾਂਝ ਪਾਣੀ ਚਾਹੀਦੀ ਹੈ ਜੋ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੇ ਸਮਰਥ ਹੈ।

ਚੋਰ ਜਾਰ ਜੂਆਰ ਪੀੜੇ ਘਾਣੀਐ ॥

ਚੋਰਾਂ ਵਿਭਚਾਰੀਆਂ ਤੇ ਜੂਏ-ਬਾਜ਼ (ਆਦਿਕ ਵਿਕਾਰੀਆਂ ਦਾ ਇਉਂ ਹਾਲ ਹੁੰਦਾ ਹੈ ਜਿਵੇਂ) ਕੋਲ੍ਹੂ ਵਿਚ ਪੀੜੇ ਜਾ ਰਹੇ ਹਨ;

ਨਿੰਦਕ ਲਾਇਤਬਾਰ ਮਿਲੇ ਹੜੑਵਾਣੀਐ ॥

ਨਿੰਦਕਾਂ ਤੇ ਚੁਗ਼ਲਖ਼ੋਰਾਂ ਨੂੰ (ਮਾਨੋ, ਨਿੰਦਾ ਤੇ ਚੁਗ਼ਲੀ ਦੀ) ਹਥਕੜੀ ਵੱਜੀ ਹੋਈ ਹੈ (ਭਾਵ, ਇਸ ਭੈੜੀ ਵਾਦੀ ਵਿਚੋਂ ਉਹ ਆਪਣੇ ਆਪ ਨੂੰ ਕੱਢ ਨਹੀਂ ਸਕਦੇ)।

ਗੁਰਮੁਖਿ ਸਚਿ ਸਮਾਇ ਸੁ ਦਰਗਹ ਜਾਣੀਐ ॥੨੧॥

ਪਰ ਜੋ ਮਨੁੱਖ ਗੁਰੂ ਦੇ ਸਨਮੁਖ ਹਨ ਉਹ ਪ੍ਰਭੂ ਵਿਚ ਲੀਨ ਹੋ ਕੇ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਂਦੇ ਹਨ ॥੨੧॥


ਸਲੋਕ ਮਃ ੨ ॥
ਨਾਉ ਫਕੀਰੈ ਪਾਤਿਸਾਹੁ ਮੂਰਖ ਪੰਡਿਤੁ ਨਾਉ ॥

ਕੰਗਾਲ ਦਾ ਨਾਮ ਬਾਦਸ਼ਾਹ (ਰੱਖਿਆ ਜਾਂਦਾ ਹੈ), ਮੂਰਖ ਦਾ ਪੰਡਿਤ ਨਾਮ (ਪਾਇਆ ਜਾਂਦਾ ਹੈ),

ਅੰਧੇ ਕਾ ਨਾਉ ਪਾਰਖੂ ਏਵੈ ਕਰੇ ਗੁਆਉ ॥

ਅੰਨ੍ਹੇ ਨੂੰ ਪਾਰਖੂ (ਆਖਿਆ ਜਾਂਦਾ ਹੈ)-(ਬੱਸ! ਜਗਤ) ਇਸ ਤਰ੍ਹਾਂ ਦੀਆਂ (ਉਲਟੀਆਂ) ਗੱਲਾਂ ਕਰਦਾ ਹੈ।

ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ ਥਾਉ ॥

ਸ਼ਰਾਰਤਿ (ਕਰਨ ਵਾਲੇ) ਦਾ ਨਾਮ ਚੌਧਰੀ (ਪੈ ਜਾਂਦਾ ਹੈ) ਤੇ ਝੂਠੀ ਜ਼ਨਾਨੀ ਸਭ ਤੋਂ ਅੱਗੇ ਥਾਂ ਮੱਲਦੀ ਹੈ (ਭਾਵ, ਹਰ ਥਾਂ ਪ੍ਰਧਾਨ ਬਣਦੀ ਹੈ)।

ਨਾਨਕ ਗੁਰਮੁਖਿ ਜਾਣੀਐ ਕਲਿ ਕਾ ਏਹੁ ਨਿਆਉ ॥੧॥

ਹੇ ਨਾਨਕ! ਇਹ ਹੈ ਨਿਆਂ ਕਲਿਜੁਗ ਦਾ (ਭਾਵ, ਜਿੱਥੇ ਇਹ ਰਵਈਆ ਵਰਤੀਂਦਾ ਹੈ ਓਥੇ ਕਲਿਜੁਗ ਦਾ ਪਹਰਾ ਜਾਣੋ)। ਪਰ, ਗੁਰੂ ਦੇ ਸਨਮੁਖ ਹੋਇਆਂ ਹੀ ਇਹ ਸਮਝ ਪੈਂਦੀ ਹੈ (ਕਿ ਇਹ ਵਤੀਰਾ ਮਾੜਾ ਹੈ। ਮਨ ਦੇ ਪਿੱਛੇ ਤੁਰਨ ਵਾਲੇ ਲੋਕ ਇਸ ਰਵਈਏ ਦੇ ਆਦੀ ਹੋਏ ਰਹਿੰਦੇ ਹਨ) ॥੧॥


ਮਃ ੧ ॥
ਹਰਣਾਂ ਬਾਜਾਂ ਤੈ ਸਿਕਦਾਰਾਂ ਏਨੑਾ ਪੜਿੑਆ ਨਾਉ ॥

ਹਰਨ, ਬਾਜ਼ ਤੇ ਅਹਲਕਾਰ-ਇਹਨਾਂ ਦਾ ਨਾਮ ਲੋਕ “ਪੜ੍ਹੇ ਹੋਏ” ਰੱਖਦੇ ਹਨ,

ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ ॥

(ਪਰ ਇਹ ਵਿੱਦਿਆ ਕਾਹਦੀ ਹੈ? ਇਹ ਤਾਂ) ਫਾਹੀ ਲੱਗੀ ਹੋਈ ਹੈ ਜਿਸ ਵਿਚ ਆਪਣੇ ਹੀ ਜਾਤਿ-ਭਰਾਵਾਂ ਨੂੰ ਫਸਾਂਦੇ ਹਨ; ਪ੍ਰਭੂ ਦੀ ਹਜ਼ੂਰੀ ਵਿਚ ਐਸੇ ਪੜ੍ਹੇ ਹੋਏ ਕਬੂਲ ਨਹੀਂ ਹਨ।

ਸੋ ਪੜਿਆ ਸੋ ਪੰਡਿਤੁ ਬੀਨਾ ਜਿਨੑੀ ਕਮਾਣਾ ਨਾਉ ॥

ਜਿਸ ਜਿਸ ਨੇ ‘ਨਾਮ’ ਦੀ ਕਮਾਈ ਕੀਤੀ ਹੈ ਉਹੀ ਵਿਦਵਾਨ ਹੈ ਪੰਡਿਤ ਹੈ ਤੇ ਸਿਆਣਾ ਹੈ,

ਪਹਿਲੋ ਦੇ ਜੜ ਅੰਦਰਿ ਜੰਮੈ ਤਾ ਉਪਰਿ ਹੋਵੈ ਛਾਂਉ ॥

(ਕਿਉਂਕਿ ਰੁੱਖ ਦੀ) ਜੜ੍ਹ ਸਭ ਤੋਂ ਪਹਿਲਾਂ (ਜ਼ਮੀਨ ਦੇ) ਅੰਦਰ ਜੰਮਦੀ ਹੈ ਤਾਂ ਹੀ (ਰੁੱਖ ਉੱਗ ਕੇ) ਬਾਹਰ ਛਾਂ ਬਣਦੀ ਹੈ (ਸੋ, ਸੁਖਦਾਤੀ ਵਿੱਦਿਆ ਉਹੀ ਹੈ ਜੇ ਪਹਿਲਾਂ ਮਨੁੱਖ ਆਪਣੇ ਮਨ ਵਿਚ ‘ਨਾਮ’ ਬੀਜੇ)।

ਰਾਜੇ ਸੀਹ ਮੁਕਦਮ ਕੁਤੇ ॥

(‘ਨਾਮ’ ਤੋਂ ਸੱਖਣੀ ਵਿੱਦਿਆ ਦਾ ਹਾਲ ਤੱਕੋ), ਰਾਜੇ (ਮਾਨੋ) ਸ਼ੇਰ ਹਨ (ਉਹਨਾਂ ਦੇ, ਪੜ੍ਹੇ ਹੋਏ) ਅਹਲਕਾਰ (ਮਾਨੋ) ਕੁੱਤੇ ਹਨ,

ਜਾਇ ਜਗਾਇਨਿੑ ਬੈਠੇ ਸੁਤੇ ॥

ਬੈਠੇ-ਸੁੱਤੇ ਬੰਦਿਆਂ ਨੂੰ (ਭਾਵ, ਵੇਲੇ ਕੁਵੇਲੇ) ਜਾ ਜਗਾਂਦੇ ਹਨ (ਭਾਵ, ਤੰਗ ਕਰਦੇ ਹਨ)।

ਚਾਕਰ ਨਹਦਾ ਪਾਇਨਿੑ ਘਾਉ ॥

ਇਹ ਅਹਲਕਾਰ (ਮਾਨੋ ਸ਼ੇਰਾਂ ਦੀਆਂ) ਨਹੁੰਦ੍ਰਾਂ ਹਨ, ਜੋ (ਲੋਕਾਂ ਦਾ) ਘਾਤ ਕਰਦੀਆਂ ਹਨ,

ਰਤੁ ਪਿਤੁ ਕੁਤਿਹੋ ਚਟਿ ਜਾਹੁ ॥

(ਰਾਜੇ-ਸ਼ੀਂਹ ਇਹਨਾਂ ਮੁਕੱਦਮ) ਕੁੱਤਿਆਂ ਦੀ ਰਾਹੀਂ (ਲੋਕਾਂ ਦਾ) ਲਹੂ ਪੀਂਦੇ ਹਨ।

ਜਿਥੈ ਜੀਆਂ ਹੋਸੀ ਸਾਰ ॥

ਪਰ ਜਿੱਥੇ ਜੀਵਾਂ ਦੀ (ਕਰਣੀ ਦੀ) ਪਰਖ ਹੁੰਦੀ ਹੈ,

ਨਕਂੀ ਵਢਂੀ ਲਾਇਤਬਾਰ ॥੨॥

ਓਥੇ ਅਜੇਹੇ (ਪੜ੍ਹੇ ਹੋਏ ਬੰਦੇ) ਬੇ-ਇਤਬਾਰੇ ਨੱਕ-ਵੱਢੇ (ਸਮਝੇ ਜਾਂਦੇ ਹਨ) ॥੨॥


ਪਉੜੀ ॥
ਆਪਿ ਉਪਾਏ ਮੇਦਨੀ ਆਪੇ ਕਰਦਾ ਸਾਰ ॥

(ਜੋ ਪ੍ਰਭੂ) ਆਪ ਜਗਤ ਪੈਦਾ ਕਰਦਾ ਹੈ ਤੇ ਆਪ ਹੀ ਇਸ ਦੀ ਸੰਭਾਲ ਕਰਦਾ ਹੈ,

ਭੈ ਬਿਨੁ ਭਰਮੁ ਨ ਕਟੀਐ ਨਾਮਿ ਨ ਲਗੈ ਪਿਆਰੁ ॥

(ਉਸ ਦਾ ਡਰ ਰੱਖਣ ਤੋਂ ਬਿਨਾ (ਮਾਇਆ ਪਿੱਛੇ) ਭਟਕਣ (-ਰੂਪ ਬੰਧਨ) ਕੱਟਿਆ ਨਹੀਂ ਜਾਂਦਾ, ਨਾਹ ਹੀ ਉਸ ਦੇ ਨਾਮ ਵਿਚ ਪਿਆਰ ਬਣਦਾ ਹੈ।

ਸਤਿਗੁਰ ਤੇ ਭਉ ਊਪਜੈ ਪਾਈਐ ਮੋਖ ਦੁਆਰ ॥

ਪ੍ਰਭੂ ਦਾ ਡਰ ਗੁਰੂ ਦੀ ਸਰਣ ਪਿਆਂ ਪੈਦਾ ਹੁੰਦਾ ਹੈ ਤੇ (‘ਰਬਾਣੀ ਬੰਦ’ ਵਿਚੋਂ) ਖ਼ਲਾਸੀ ਦਾ ਰਸਤਾ ਮਿਲਦਾ ਹੈ,

ਭੈ ਤੇ ਸਹਜੁ ਪਾਈਐ ਮਿਲਿ ਜੋਤੀ ਜੋਤਿ ਅਪਾਰ ॥

(ਕਿਉਂਕਿ ਪ੍ਰਭੂ ਦਾ) ਡਰ ਰੱਖਿਆਂ ਬੇਅੰਤ ਪ੍ਰਭੂ ਦੀ ਜੋਤਿ ਵਿਚ ਜੋਤਿ ਮਿਲਿਆਂ ਮਨ ਦੀ ਅਡੋਲਤਾ ਪ੍ਰਾਪਤ ਹੁੰਦੀ ਹੈ।

ਭੈ ਤੇ ਭੈਜਲੁ ਲੰਘੀਐ ਗੁਰਮਤੀ ਵੀਚਾਰੁ ॥

ਇਸ ਡਰ ਕਰਕੇ ਹੀ ਗੁਰਮੱਤ ਦੀ ਰਾਹੀਂ (ਉੱਚੀ) ਵੀਚਾਰ ਬਣਦੀ ਹੈ, ਤੇ, ਸੰਸਾਰ-ਸਮੁੰਦਰ ਤੋਂ ਪਾਰ ਲੰਘੀਦਾ ਹੈ,

ਭੈ ਤੇ ਨਿਰਭਉ ਪਾਈਐ ਜਿਸ ਦਾ ਅੰਤੁ ਨ ਪਾਰਾਵਾਰੁ ॥

ਇਸ ਡਰ ਦੀ ਰਾਹੀਂ ਹੀ ਡਰ-ਰਹਿਤ ਪ੍ਰਭੂ ਮਿਲਦਾ ਹੈ ਜਿਸ ਦਾ ਅੰਤ ਨਹੀਂ ਪੈਂਦਾ ਜਿਸ ਦਾ ਪਾਰਲਾ ਉਰਲਾ ਬੰਨਾ ਨਹੀਂ ਲੱਭਦਾ।

ਮਨਮੁਖ ਭੈ ਕੀ ਸਾਰ ਨ ਜਾਣਨੀ ਤ੍ਰਿਸਨਾ ਜਲਤੇ ਕਰਹਿ ਪੁਕਾਰ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ ਪ੍ਰਭੂ ਦੇ ਡਰ (ਵਿਚ ਰਹਿਣ ਦੀ) ਸਾਰ ਨਹੀਂ ਪੈਂਦੀ (ਸਿੱਟਾ ਇਹ ਨਿਕਲਦਾ ਹੈ ਕਿ ਉਹ ਮਾਇਆ ਦੀ) ਤ੍ਰਿਸ਼ਨਾ (-ਅੱਗ) ਵਿਚ ਸੜਦੇ ਵਿਲਕਦੇ ਹਨ।

ਨਾਨਕ ਨਾਵੈ ਹੀ ਤੇ ਸੁਖੁ ਪਾਇਆ ਗੁਰਮਤੀ ਉਰਿ ਧਾਰ ॥੨੨॥

ਹੇ ਨਾਨਕ! ਪ੍ਰਭੂ ਦੇ ‘ਨਾਮ’ ਤੋਂ ਹੀ ਸੁਖ ਮਿਲਦਾ ਹੈ ਤੇ (ਇਹ ‘ਨਾਮ’) ਗੁਰੂ ਦੀ ਮੱਤ ਉਤੇ ਤੁਰਿਆਂ ਹੀ ਹਿਰਦੇ ਵਿਚ ਟਿਕਦਾ ਹੈ ॥੨੨॥


ਸਲੋਕ ਮਃ ੧ ॥
ਰੂਪੈ ਕਾਮੈ ਦੋਸਤੀ ਭੁਖੈ ਸਾਦੈ ਗੰਢੁ ॥

ਰੂਪ ਦੀ ਕਾਮ (-ਵਾਸਨਾ) ਨਾਲ ਮਿੱਤ੍ਰਤਾ ਹੈ, ਭੁੱਖ ਦਾ ਸੁਆਦ ਨਾਲ ਸੰਬੰਧ ਹੈ।

ਲਬੈ ਮਾਲੈ ਘੁਲਿ ਮਿਲਿ ਮਿਚਲਿ ਊਂਘੈ ਸਉੜਿ ਪਲੰਘੁ ॥

ਲੱਬ ਦੀ ਧਨ ਨਾਲ ਚੰਗੀ ਤਰ੍ਹਾਂ ਮਿਲਵੀਂ ਇਕ-ਮਿਕਤਾ ਹੈ (ਨੀਂਦਰ ਨਾਲ) ਊਂਘ ਰਹੇ ਨੂੰ ਸਉੜੀ ਥਾਂ ਹੀ ਪਲੰਘ ਹੈ।

ਭੰਉਕੈ ਕੋਪੁ ਖੁਆਰੁ ਹੋਇ ਫਕੜੁ ਪਿਟੇ ਅੰਧੁ ॥

ਕ੍ਰੋਧ ਬਹੁਤ ਬੋਲਦਾ ਹੈ, (ਕ੍ਰੋਧ ਵਿਚ) ਅੰਨ੍ਹਾ (ਹੋਇਆ ਬੰਦਾ) ਖ਼ੁਆਰ ਹੋ ਕੇ ਬਦ-ਜ਼ਬਾਨੀ ਹੀ ਕਰਦਾ ਹੈ।

ਚੁਪੈ ਚੰਗਾ ਨਾਨਕਾ ਵਿਣੁ ਨਾਵੈ ਮੁਹਿ ਗੰਧੁ ॥੧॥

ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ (ਮਨੁੱਖ ਦੇ) ਮੂੰਹ ਵਿਚ (ਬਦ-ਕਲਾਮੀ ਦੀ) ਬੋ ਹੀ ਹੁੰਦੀ ਹੈ (ਬੋਲਣ ਨਾਲੋਂ ਇਸ ਦਾ) ਚੁੱਪ ਰਹਿਣਾ ਚੰਗਾ ਹੈ ॥੧॥


ਮਃ ੧ ॥/

ਰਾਜੁ ਮਾਲੁ ਰੂਪੁ ਜਾਤਿ ਜੋਬਨੁ ਪੰਜੇ ਠਗ ॥

ਰਾਜ, ਧਨ, ਸੁੰਦਰਤਾ, (ਉੱਚੀ) ਜਾਤਿ, ਤੇ ਜੁਆਨੀ-ਇਹ ਪੰਜੇ ਹੀ (ਮਾਨੋ) ਠੱਗ ਹਨ,

ਏਨੀ ਠਗੀਂ ਜਗੁ ਠਗਿਆ ਕਿਨੈ ਨ ਰਖੀ ਲਜ ॥

ਇਹਨਾਂ ਠੱਗਾਂ ਨੇ ਜਗਤ ਨੂੰ ਠੱਗ ਲਿਆ ਹੈ (ਜੋ ਭੀ ਇਹਨਾਂ ਦੇ ਅੱਡੇ ਚੜ੍ਹਿਆ) ਕਿਸੇ ਨੇ (ਇਹਨਾਂ ਤੋਂ) ਆਪਣੀ ਇੱਜ਼ਤ ਨਹੀਂ ਬਚਾਈ।

ਏਨਾ ਠਗਨਿੑ ਠਗ ਸੇ ਜਿ ਗੁਰ ਕੀ ਪੈਰੀ ਪਾਹਿ ॥

ਇਹਨਾਂ (ਠੱਗਾਂ) ਨੂੰ ਭੀ ਉਹ ਠੱਗ (ਭਾਵ, ਸਿਆਣੇ ਬੰਦੇ) ਦਾਉ ਲਾ ਜਾਂਦੇ ਹਨ (ਭਾਵ, ਉਹ ਬੰਦੇ ਇਹਨਾਂ ਦੀ ਚਾਲ ਵਿਚ ਨਹੀਂ ਆਉਂਦੇ) ਜੋ ਸਤਿਗੁਰੂ ਦੀ ਸਰਨ ਆਉਂਦੇ ਹਨ।

ਨਾਨਕ ਕਰਮਾ ਬਾਹਰੇ ਹੋਰਿ ਕੇਤੇ ਮੁਠੇ ਜਾਹਿ ॥੨॥

(ਪਰ) ਹੇ ਨਾਨਕ! ਹੋਰ ਬੜੇ ਭਾਗ-ਹੀਣ (ਇਹਨਾਂ ਦੇ ਢਹੇ ਚੜ੍ਹ ਕੇ) ਲੁੱਟੇ ਜਾ ਰਹੇ ਹਨ ॥੨॥


ਪਉੜੀ ॥
ਪੜਿਆ ਲੇਖੇਦਾਰੁ ਲੇਖਾ ਮੰਗੀਐ ॥

ਜੇ ਮਨੁੱਖ ਵਿਦਵਾਨ ਭੀ ਹੋਵੇ ਤੇ ਚਤੁਰਾਈ ਦੀਆਂ ਗੱਲਾਂ ਭੀ ਕਰਨਾ ਜਾਣਦਾ ਹੋਵੇ (‘ਤ੍ਰਿਸ਼ਨਾ’ ਬਾਰੇ) ਉਸ ਤੋਂ ਭੀ ਲੇਖਾ ਲਈਦਾ ਹੈ (ਭਾਵ, ‘ਤ੍ਰਿਸ਼ਨਾ’ ਉਸ ਤੋਂ ਭੀ ਲੇਖਾ ਲੈਂਦੀ ਹੈ, ਨਿਰੀ ਵਿੱਦਿਆ ਤੇ ਚਤੁਰਾਈ ‘ਤ੍ਰਿਸ਼ਨਾ’ ਤੋਂ ਬਚਾ ਨਹੀਂ ਸਕਦੀ),

ਵਿਣੁ ਨਾਵੈ ਕੂੜਿਆਰੁ ਅਉਖਾ ਤੰਗੀਐ ॥

(ਕਿਉਂਕਿ) ਪ੍ਰਭੂ ਦੇ ਨਾਮ ਤੋਂ ਬਿਨਾ (ਪੜ੍ਹਿਆ ਹੋਇਆ ਭੀ) ਕੂੜ ਦਾ ਹੀ ਵਪਾਰੀ ਹੈ; ਔਖਾ ਹੁੰਦਾ ਹੈ ਔਖਿਆਈ ਹੀ ਪਾਂਦਾ ਹੈ।

ਅਉਘਟ ਰੁਧੇ ਰਾਹ ਗਲੀਆਂ ਰੋਕੀਆਂ ॥

ਉਸ ਦੇ (ਜ਼ਿੰਦਗੀ ਦੇ) ਗਲੀਆਂ ਤੇ ਰਸਤੇ (ਤ੍ਰਿਸ਼ਨਾ ਦੀ ਅੱਗ ਨਾਲ) ਰੁਕੇ ਪਏ ਹਨ (ਉਹਨਾਂ ਵਿਚੋਂ ਦੀ ਲੰਘਣਾ) ਔਖਾ ਹੈ।

ਸਚਾ ਵੇਪਰਵਾਹੁ ਸਬਦਿ ਸੰਤੋਖੀਆਂ ॥

ਗੁਰ-ਸ਼ਬਦ ਦੀ ਰਾਹੀਂ ਸੰਤੋਖੀ ਬੰਦਿਆਂ ਨੂੰ ਸਦਾ ਕਾਇਮ ਰਹਿਣ ਵਾਲਾ ਬੇ-ਮੁਥਾਜ ਪਰਮਾਤਮਾ ਮਿਲਦਾ ਹੈ।

ਗਹਿਰ ਗਭੀਰ ਅਥਾਹੁ ਹਾਥ ਨ ਲਭਈ ॥

ਪ੍ਰਭੂ (ਮਾਨੋ) ਬੜਾ ਡੂੰਘਾ (ਸਮੁੰਦਰ) ਹੈ, (ਵਿੱਦਿਆ ਚਤੁਰਾਈ ਦੇ ਆਸਰੇ) ਉਸ ਦੀ ਥਾਹ ਨਹੀਂ ਪੈ ਸਕਦੀ।

ਮੁਹੇ ਮੁਹਿ ਚੋਟਾ ਖਾਹੁ ਵਿਣੁ ਗੁਰ ਕੋਇ ਨ ਛੁਟਸੀ ॥

(ਸਗੋਂ ‘ਪੜ੍ਹਿਆ ਕੂੜਿਆਰੁ’ ਵਿੱਦਿਆ ਦੇ ਮਾਣ ਵਿਚ ਰਹਿ ਕੇ ਤ੍ਰਿਸ਼ਨਾ ਦੀਆਂ) ਚੋਟਾਂ ਦਬਾਦਬ ਖਾਂਦਾ ਹੈ; (ਪਿਆ ਪੜ੍ਹਿਆ ਹੋਇਆ ਹੋਵੇ) ਕੋਈ ਮਨੁੱਖ ਗੁਰੂ (ਦੀ ਸਰਨ) ਤੋਂ ਬਿਨਾ (ਤ੍ਰਿਸ਼ਨਾ ਤੋਂ) ਬੱਚ ਨਹੀਂ ਸਕਦਾ।

ਪਤਿ ਸੇਤੀ ਘਰਿ ਜਾਹੁ ਨਾਮੁ ਵਖਾਣੀਐ ॥

(ਪਰਮਾਤਮਾ ਦਾ) ਨਾਮ ਸਿਮਰਨਾ ਚਾਹੀਦਾ ਹੈ (ਜੇ ਨਾਮ ਸਿਮਰੀਏ) ਤਾਂ ਬੇਸ਼ਕ ਇੱਜ਼ਤ ਨਾਲ ਪ੍ਰਭੂ ਦੇ ਦਰ ਤੇ ਅੱਪੜੋ।

ਹੁਕਮੀ ਸਾਹ ਗਿਰਾਹ ਦੇਂਦਾ ਜਾਣੀਐ ॥੨੩॥

(ਸਿਮਰਨ ਦੀ ਬਰਕਤਿ ਨਾਲ) ਇਹ ਨਿਸਚਾ ਬਣਦਾ ਹੈ ਕਿ ਪ੍ਰਭੂ ਆਪਣੇ ਹੁਕਮ ਵਿਚ ਜੀਵਾਂ ਨੂੰ ਜੀਵਨ ਤੇ ਰੋਜ਼ੀ ਦੇਂਦਾ ਹੈ ॥੨੩॥


ਸਲੋਕ ਮਃ ੧ ॥
ਪਉਣੈ ਪਾਣੀ ਅਗਨੀ ਜੀਉ ਤਿਨ ਕਿਆ ਖੁਸੀਆ ਕਿਆ ਪੀੜ ॥

ਹਵਾ ਪਾਣੀ ਤੇ ਅੱਗ (ਆਦਿਕ ਤੱਤਾਂ ਦਾ ਮੇਲ ਮਿਲਾ ਕੇ ਤੇ ਜੀਵਾਤਮਾ ਪਾ ਕੇ ਪ੍ਰਭੂ ਨੇ) ਜੀਵ ਬਣਾਇਆ, (ਤੱਤ ਸਭ ਜੀਵਾਂ ਦੇ ਇਕੋ ਜਿਹੇ ਹਨ, ਪਰ ਅਚਰਜ ਖੇਡ ਹੈ ਕਿ) ਇਹਨਾਂ ਨੂੰ ਕਈਆਂ ਨੂੰ ਦੁੱਖ ਤੇ ਕਈਆਂ ਨੂੰ ਸੁਖ (ਮਿਲ ਰਹੇ ਹਨ)।

ਧਰਤੀ ਪਾਤਾਲੀ ਆਕਾਸੀ ਇਕਿ ਦਰਿ ਰਹਨਿ ਵਜੀਰ ॥

ਕਈ ਧਰਤੀ ਤੇ ਹਨ (ਭਾਵ, ਸਾਧਾਰਨ ਜਿਹੀ ਹਾਲਤ ਵਿਚ ਹਨ) ਕਈ (ਮਾਨੋ) ਪਤਾਲ ਵਿਚ ਪਏ ਹਨ (ਭਾਵ, ਕਈ ਨਿੱਘਰੇ ਹੋਏ ਹਨ) ਕਈ (ਮਾਨੋ) ਅਕਾਸ਼ ਵਿਚ ਹਨ (ਭਾਵ, ਕਈ ਹੁਕਮ ਕਰ ਰਹੇ ਹਨ), ਤੇ ਕਈ (ਰਾਜਿਆਂ ਦੇ) ਦਰਬਾਰ ਵਿਚ ਵਜ਼ੀਰ ਬਣੇ ਹੋਏ ਹਨ।

ਇਕਨਾ ਵਡੀ ਆਰਜਾ ਇਕਿ ਮਰਿ ਹੋਹਿ ਜਹੀਰ ॥

ਕਈ ਬੰਦਿਆਂ ਦੀ ਵੱਡੀ ਉਮਰ ਹੈ, ਕਈ (ਘਟ ਉਮਰੇ) ਮਰ ਕੇ ਦੁਖੀ ਹੁੰਦੇ ਹਨ।

ਇਕਿ ਦੇ ਖਾਹਿ ਨਿਖੁਟੈ ਨਾਹੀ ਇਕਿ ਸਦਾ ਫਿਰਹਿ ਫਕੀਰ ॥

ਕਈ ਬੰਦੇ (ਹੋਰਨਾਂ ਨੂੰ ਭੀ) ਦੇ ਕੇ ਆਪ ਹੀ ਵਰਤਦੇ ਹਨ (ਪਰ ਉਹਨਾਂ ਦਾ ਧਨ) ਮੁੱਕਦਾ ਨਹੀਂ, ਕਈ ਸਦਾ ਕੰਗਾਲ ਫਿਰਦੇ ਹਨ।

ਹੁਕਮੀ ਸਾਜੇ ਹੁਕਮੀ ਢਾਹੇ ਏਕ ਚਸੇ ਮਹਿ ਲਖ ॥

ਪ੍ਰਭੂ ਆਪਣੇ ਹੁਕਮ ਅਨੁਸਾਰ ਇਕ ਪਲਕ ਵਿਚ ਲੱਖਾਂ ਜੀਵ ਪੈਦਾ ਕਰਦਾ ਹੈ ਲੱਖਾਂ ਨਾਸ ਕਰਦਾ ਹੈ,

ਸਭੁ ਕੋ ਨਥੈ ਨਥਿਆ ਬਖਸੇ ਤੋੜੇ ਨਥ ॥

ਹਰੇਕ ਜੀਵ (ਆਪਣੇ ਕੀਤੇ ਕਰਮਾਂ ਅਨੁਸਾਰ ਰਜ਼ਾ-ਰੂਪ) ਨੱਥ ਵਿਚ ਜਕੜਿਆ ਪਿਆ ਹੈ। ਜਿਸ ਉਤੇ ਬਖ਼ਸ਼ਸ਼ ਕਰਦਾ ਹੈ ਉਸ ਦੇ ਬੰਧਨ ਤੋੜਦਾ ਹੈ।

ਵਰਨਾ ਚਿਹਨਾ ਬਾਹਰਾ ਲੇਖੇ ਬਾਝੁ ਅਲਖੁ ॥

ਪਰ ਪ੍ਰਭੂ ਆਪ ਕਰਮਾਂ ਦੇ ਲੇਖੇ ਤੋਂ ਉਤਾਂਹ ਹੈ, ਉਸ ਦਾ ਕੋਈ ਰੰਗ ਰੂਪ ਨਹੀਂ ਹੈ ਤੇ ਕੋਈ ਚਿਹਨ ਚੱਕ੍ਰ ਨਹੀਂ ਹੈ।

ਕਿਉ ਕਥੀਐ ਕਿਉ ਆਖੀਐ ਜਾਪੈ ਸਚੋ ਸਚੁ ॥

ਉਸ ਦੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ; ਉਂਞ ਉਹ ਹਰ ਥਾਂ ਹੋਂਦ ਵਾਲਾ ਦਿੱਸਦਾ ਹੈ।

ਕਰਣਾ ਕਥਨਾ ਕਾਰ ਸਭ ਨਾਨਕ ਆਪਿ ਅਕਥੁ ॥

ਹੇ ਨਾਨਕ! ਜੀਵ ਜੋ ਕੁਝ ਕਰ ਰਹੇ ਹਨ ਤੇ ਬੋਲ ਰਹੇ ਹਨ ਉਹ ਸਭ ਪ੍ਰਭੂ ਦੀ ਪਾਈ ਹੋਈ ਕਾਰ ਹੀ ਹੈ, ਤੇ ਉਹ ਆਪ ਐਸਾ ਹੈ ਜਿਸ ਦਾ ਬਿਆਨ ਨਹੀਂ ਹੋ ਸਕਦਾ।

ਅਕਥ ਕੀ ਕਥਾ ਸੁਣੇਇ ॥

ਜਿਹੜਾ ਮਨੁੱਖ ਉਸ ਅਕੱਥ ਪ੍ਰਭੂ ਦੀਆਂ ਗੱਲਾਂ ਸੁਣਦਾ ਹੈ (ਭਾਵ, ਗੁਣ ਗਾਂਦਾ ਹੈ)

ਰਿਧਿ ਬੁਧਿ ਸਿਧਿ ਗਿਆਨੁ ਸਦਾ ਸੁਖੁ ਹੋਇ ॥੧॥

ਉਸ ਨੂੰ ਉੱਚੀ ਸਮਝ ਪ੍ਰਾਪਤ ਹੁੰਦੀ ਹੈ ਉਸ ਨੂੰ ਸੁਖ ਮਿਲਦਾ ਹੈ (ਮਾਨੋ) ਉਸ ਨੂੰ ਰਿੱਧੀਆਂ ਸਿੱਧੀਆਂ ਮਿਲ ਗਈਆਂ ਹਨ ॥੧॥


ਮਃ ੧ ॥
ਅਜਰੁ ਜਰੈ ਤ ਨਉ ਕੁਲ ਬੰਧੁ ॥

ਜਦੋਂ ਮਨੁੱਖ ਮਨ ਦੀ ਉਸ ਅਵਸਥਾ ਤੇ ਕਾਬੂ ਪਾ ਲੈਂਦਾ ਹੈ ਜਿਸ ਤੇ ਕਾਬੂ ਪਾਣਾ ਔਖਾ ਹੁੰਦਾ ਹੈ (ਭਾਵ, ਜਦੋਂ ਮਨੁੱਖ ਮਨ ਨੂੰ ਵਿਕਾਰਾਂ ਵਿਚ ਡਿੱਗਣ ਤੋਂ ਰੋਕ ਲੈਂਦਾ ਹੈ), ਤਾਂ ਇਸ ਦੇ ਨੌ ਹੀ (ਕਰਮ ਤੇ ਗਿਆਨ) ਇੰਦ੍ਰੇ ਜਾਇਜ਼ ਹੱਦ ਵਿਚ ਰਹਿੰਦੇ ਹਨ,

ਪੂਜੈ ਪ੍ਰਾਣ ਹੋਵੈ ਥਿਰੁ ਕੰਧੁ ॥

ਜਦੋਂ ਮਨੁੱਖ ਸੁਆਸ ਸੁਆਸ ਪ੍ਰਭੂ ਨੂੰ ਸਿਮਰਦਾ ਹੈ, ਇਸ ਦਾ ਸਰੀਰ ਵਿਕਾਰਾਂ ਵਲੋਂ ਅਡੋਲ ਹੋ ਜਾਂਦਾ ਹੈ।

ਕਹਾਂ ਤੇ ਆਇਆ ਕਹਾਂ ਏਹੁ ਜਾਣੁ ॥

ਕਿੱਥੋਂ ਆਇਆ ਹੈ ਤੇ ਕਿੱਥੇ ਇਸ ਨੇ ਜਾਣਾ ਹੈ? (ਭਾਵ, ਇਸ ਦਾ ‘ਜਨਮ ਮਰਨ ਦਾ ਚੱਕਰ’ ਮਿਟ ਜਾਂਦਾ ਹੈ),

ਜੀਵਤ ਮਰਤ ਰਹੈ ਪਰਵਾਣੁ ॥

ਜੀਵਤ-ਭਾਵ (ਭਾਵ, ਨਫ਼ਸਾਨੀ ਖ਼ਾਹਸ਼ਾਂ) ਤੋਂ ਮਰ ਕੇ (ਪ੍ਰਭੂ ਦਰ ਤੇ) ਪ੍ਰਵਾਨ ਹੋ ਜਾਂਦਾ ਹੈ।

ਹੁਕਮੈ ਬੂਝੈ ਤਤੁ ਪਛਾਣੈ ॥

ਤਦੋਂ ਜੀਵ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ, ਅਸਲੀਅਤ ਨੂੰ ਪਛਾਣ ਲੈਂਦਾ ਹੈ-

ਇਹੁ ਪਰਸਾਦੁ ਗੁਰੂ ਤੇ ਜਾਣੈ ॥

ਇਹ ਮਿਹਰ ਇਸ ਨੂੰ ਗੁਰੂ ਤੋਂ ਮਿਲਦੀ ਹੈ।

ਹੋਂਦਾ ਫੜੀਅਗੁ ਨਾਨਕ ਜਾਣੁ ॥

ਹੇ ਨਾਨਕ! ਇਹ ਸਮਝ ਲੈ ਕਿ ਉਹੀ ਫਸਦਾ ਹੈ ਜੋ ਕਹਿੰਦਾ ਹੈ ‘ਮੈਂ ਹਾਂ’ ‘ਮੈਂ ਹਾਂ’,

ਨਾ ਹਉ ਨਾ ਮੈ ਜੂਨੀ ਪਾਣੁ ॥੨॥

ਜਿਥੇ ‘ਹਉ’ ਨਹੀਂ ਜਿਥੇ ‘ਮੈਂ’ ਨਹੀਂ, ਓਥੇ ਜੂਨੀਆਂ ਵਿਚ ਪੈਣ (ਦਾ ਦੁੱਖ ਭੀ) ਨਹੀਂ ਹੈ ॥੨॥


ਪਉੜੀ ॥
ਪੜੑੀਐ ਨਾਮੁ ਸਾਲਾਹ ਹੋਰਿ ਬੁਧਂੀ ਮਿਥਿਆ ॥

ਪ੍ਰਭੂ ਦਾ ‘ਨਾਮ’ ਪੜ੍ਹਨਾ ਚਾਹੀਦਾ ਹੈ, ਸਿਫ਼ਤ-ਸਾਲਾਹ ਪੜ੍ਹਨੀ ਚਾਹੀਦੀ ਹੈ, ‘ਨਾਮ’ ਤੋਂ ਬਿਨਾ ਹੋਰ ਅਕਲਾਂ ਵਿਅਰਥ ਹਨ;

ਬਿਨੁ ਸਚੇ ਵਾਪਾਰ ਜਨਮੁ ਬਿਰਥਿਆ ॥

(‘ਨਾਮ’ ਹੀ ਸੱਚਾ ਵਪਾਰ ਹੈ, ਇਸ) ਸੱਚੇ ਵਪਾਰ ਤੋਂ ਬਿਨਾ ਜੀਵਨ ਅਜਾਈਂ ਜਾਂਦਾ ਹੈ।

ਅੰਤੁ ਨ ਪਾਰਾਵਾਰੁ ਨ ਕਿਨ ਹੀ ਪਾਇਆ ॥

(ਇਹਨਾਂ ਹੋਰ ਹੋਰ ਕਿਸਮਾਂ ਦੀਆਂ ਅਕਲਾਂ ਤੇ ਚਤੁਰਾਈਆਂ ਨਾਲ) ਕਦੇ ਕਿਸੇ ਨੇ ਪ੍ਰਭੂ ਦਾ ਅੰਤ ਨਹੀਂ ਪਾਇਆ, ਉਸਦਾ ਪਾਰਲਾ ਉਰਲਾ ਬੰਨਾ ਨਹੀਂ ਲੱਭਾ,

ਸਭੁ ਜਗੁ ਗਰਬਿ ਗੁਬਾਰੁ ਤਿਨ ਸਚੁ ਨ ਭਾਇਆ ॥

(ਹਾਂ, ਇਹਨਾਂ ਅਕਲਾਂ ਦੇ ਕਾਰਨ) ਸਾਰਾ ਜਗਤ ਅਹੰਕਾਰ ਵਿਚ ਅੰਨ੍ਹਾ ਹੋ ਜਾਂਦਾ ਹੈ, ਇਹਨਾਂ (ਨਾਮ-ਹੀਣ ਵਿਦਵਾਨਾਂ) ਨੂੰ ‘ਸਚੁ’ (ਭਾਵ, ‘ਨਾਮ’ ਸਿਮਰਨਾ) ਚੰਗਾ ਨਹੀਂ ਲੱਗਦਾ।

ਚਲੇ ਨਾਮੁ ਵਿਸਾਰਿ ਤਾਵਣਿ ਤਤਿਆ ॥

(ਜਿਉਂ ਜਿਉਂ) ਇਹ ਨਾਮ ਵਿਸਾਰ ਕੇ ਤੁਰਦੇ ਹਨ (‘ਹਉਮੈ’ ਦੇ ਕਾਰਨ, ਮਾਨੋ,) ਕੜਾਹੇ ਵਿਚ ਤਲੀਦੇ ਹਨ।

ਬਲਦੀ ਅੰਦਰਿ ਤੇਲੁ ਦੁਬਿਧਾ ਘਤਿਆ ॥

(ਇਹਨਾਂ ਦੇ ਹਿਰਦੇ ਵਿਚ ਪੈਦਾ ਹੋਈ ਹੋਈ) ਦੁਬਿਧਾ, ਮਾਨੋ, ਬਲਦੀ ਵਿਚ ਤੇਲ ਪਾਇਆ ਜਾਂਦਾ ਹੈ (ਭਾਵ, ‘ਦੁਬਿਧਾ’ ਦੇ ਕਾਰਨ ਵਿੱਦਿਆ ਤੋਂ ਪੈਦਾ ਹੋਇਆ ਅਹੰਕਾਰ ਹੋਰ ਵਧੀਕ ਦੁਖੀ ਕਰਦਾ ਹੈ)।

ਆਇਆ ਉਠੀ ਖੇਲੁ ਫਿਰੈ ਉਵਤਿਆ ॥

(ਅਜੇਹਾ ਬੰਦਾ ਜਗਤ ਵਿਚ) ਆਉਂਦਾ ਹੈ ਤੇ ਮਰ ਜਾਂਦਾ ਹੈ (ਭਾਵ, ਵਿਅਰਥ ਜੀਵਨ ਗੁਜ਼ਾਰ ਜਾਂਦਾ ਹੈ, ਤੇ ਸਾਰੀ ਉਮਰ) ਅਵੈੜਾ ਹੀ ਭੌਂਦਾ ਫਿਰਦਾ ਹੈ।

ਨਾਨਕ ਸਚੈ ਮੇਲੁ ਸਚੈ ਰਤਿਆ ॥੨੪॥

ਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਉਸ ਬੰਦੇ ਦਾ ਮੇਲ ਹੁੰਦਾ ਹੈ ਜੋ ਉਸ ਸੱਚੇ (ਦੇ ਪਿਆਰ) ਵਿਚ ਰੰਗਿਆ ਹੁੰਦਾ ਹੈ ॥੨੪॥


ਸਲੋਕ ਮਃ ੧ ॥
ਪਹਿਲਾਂ ਮਾਸਹੁ ਨਿੰਮਿਆ ਮਾਸੈ ਅੰਦਰਿ ਵਾਸੁ ॥

ਸਭ ਤੋਂ ਪਹਿਲਾਂ ਮਾਸ (ਭਾਵ, ਪਿਤਾ ਦੇ ਵੀਰਜ) ਤੋਂ ਹੀ (ਜੀਵ ਦੀ ਹਸਤੀ ਦਾ) ਮੁੱਢ ਬੱਝਦਾ ਹੈ, (ਫਿਰ) ਮਾਸ (ਭਾਵ, ਮਾਂ ਦੇ ਪੇਟ) ਵਿਚ ਹੀ ਇਸ ਦਾ ਵਸੇਬਾ ਹੁੰਦਾ ਹੈ;

ਜੀਉ ਪਾਇ ਮਾਸੁ ਮੁਹਿ ਮਿਲਿਆ ਹਡੁ ਚੰਮੁ ਤਨੁ ਮਾਸੁ ॥

ਜਦੋਂ (ਪੁਤਲੇ ਵਿਚ) ਜਾਨ ਪੈਂਦੀ ਹੈ ਤਾਂ ਵੀ (ਜੀਭ-ਰੂਪ) ਮਾਸ ਮੂੰਹ ਵਿਚ ਮਿਲਦਾ ਹੈ (ਇਸ ਦੇ ਸਰੀਰ ਦੀ ਸਾਰੀ ਹੀ ਘਾੜਤ) ਹੱਡ ਚੰਮ ਸਰੀਰ ਸਭ ਕੁਝ ਮਾਸ (ਹੀ ਬਣਦਾ ਹੈ)।

ਮਾਸਹੁ ਬਾਹਰਿ ਕਢਿਆ ਮੰਮਾ ਮਾਸੁ ਗਿਰਾਸੁ ॥

ਜਦੋਂ (ਮਾਂ ਦੇ ਪੇਟ-ਰੂਪ) ਮਾਸ ਵਿਚੋਂ ਬਾਹਰ ਭੇਜਿਆ ਜਾਂਦਾ ਹੈ ਤਾਂ ਭੀ ਮੰਮਾ (-ਰੂਪ) ਮਾਸ ਖ਼ੁਰਾਕ ਮਿਲਦੀ ਹੈ;

ਮੁਹੁ ਮਾਸੈ ਕਾ ਜੀਭ ਮਾਸੈ ਕੀ ਮਾਸੈ ਅੰਦਰਿ ਸਾਸੁ ॥

ਇਸ ਦਾ ਮੂੰਹ ਭੀ ਮਾਸ ਦਾ ਹੈ ਜੀਭ ਭੀ ਮਾਸ ਦੀ ਹੈ, ਮਾਸ ਵਿਚ ਸਾਹ ਲੈਂਦਾ ਹੈ।

ਵਡਾ ਹੋਆ ਵੀਆਹਿਆ ਘਰਿ ਲੈ ਆਇਆ ਮਾਸੁ ॥

ਜਦੋਂ ਜੁਆਨ ਹੁੰਦਾ ਹੈ ਤੇ ਵਿਆਹਿਆ ਜਾਂਦਾ ਹੈ ਤਾਂ ਭੀ (ਇਸਤ੍ਰੀ-ਰੂਪ) ਮਾਸ ਹੀ ਘਰ ਲੈ ਆਉਂਦਾ ਹੈ;

ਮਾਸਹੁ ਹੀ ਮਾਸੁ ਊਪਜੈ ਮਾਸਹੁ ਸਭੋ ਸਾਕੁ ॥

(ਫਿਰ) ਮਾਸ ਤੋਂ ਹੀ (ਬੱਚਾ-ਰੂਪ) ਮਾਸ ਜੰਮਦਾ ਹੈ; (ਸੋ, ਜਗਤ ਦਾ ਸਾਰਾ) ਸਾਕ-ਸੰਬੰਧ ਮਾਸ ਤੋਂ ਹੀ ਹੈ।

ਸਤਿਗੁਰਿ ਮਿਲਿਐ ਹੁਕਮੁ ਬੁਝੀਐ ਤਾਂ ਕੋ ਆਵੈ ਰਾਸਿ ॥

(ਮਾਸ ਖਾਣ ਜਾਂ ਨਾਹ ਖਾਣ ਦਾ ਨਿਰਨਾ ਸਮਝਣ ਦੇ ਥਾਂ) ਜੇ ਸਤਿਗੁਰੂ ਮਿਲ ਪਏ ਤੇ ਪ੍ਰਭੂ ਦੀ ਰਜ਼ਾ ਸਮਝੀਏ ਤਾਂ ਜੀਵ (ਦਾ ਜਗਤ ਵਿਚ ਆਉਣਾ) ਨੇਪਰੇ ਚੜ੍ਹਦਾ ਹੈ,

ਆਪਿ ਛੁਟੇ ਨਹ ਛੂਟੀਐ ਨਾਨਕ ਬਚਨਿ ਬਿਣਾਸੁ ॥੧॥

(ਨਹੀਂ ਤਾਂ ਜੀਵ ਨੂੰ ਮਾਸ ਨਾਲ ਜੰਮਣ ਤੋਂ ਲੈ ਕੇ ਮਰਨ ਤਕ ਇਤਨਾ ਡੂੰਘਾ ਵਾਸਤਾ ਪੈਂਦਾ ਹੈ ਕਿ) ਆਪਣੇ ਜ਼ੋਰ ਨਾਲ ਇਸ ਤੋਂ ਬਚਿਆਂ ਖ਼ਲਾਸੀ ਨਹੀਂ ਹੁੰਦੀ; ਤੇ, ਹੇ ਨਾਨਕ! (ਇਸ ਕਿਸਮ ਦੀ) ਚਰਚਾ ਨਾਲ (ਨਿਰੀ) ਹਾਨੀ ਹੀ ਹੁੰਦੀ ਹੈ ॥੧॥


ਮਃ ੧ ॥
ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥

(ਆਪਣੇ ਵਲੋਂ ਮਾਸ ਦਾ ਤਿਆਗੀ) ਮੂਰਖ (ਪੰਡਿਤ) ਮਾਸ ਮਾਸ ਆਖ ਕੇ ਚਰਚਾ ਕਰਦਾ ਹੈ, ਪਰ ਨਾਹ ਇਸ ਨੂੰ ਆਤਮਕ ਜੀਵਨ ਦੀ ਸਮਝ ਨਾਹ ਇਸ ਨੂੰ ਸੁਰਤ ਹੈ,

ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥

(ਨਹੀਂ ਤਾਂ ਇਹ ਗਹੁ ਨਾਲ ਵਿਚਾਰੇ ਕਿ) ਮਾਸ ਤੇ ਸਾਗ ਵਿਚ ਕੀਹ ਫ਼ਰਕ ਹੈ, ਤੇ ਕਿਸ (ਦੇ ਖਾਣ) ਵਿਚ ਪਾਪ ਹੈ।

ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ ॥

(ਪੁਰਾਣੇ ਸਮੇ ਵਿਚ ਭੀ, ਲੋਕ) ਦੇਵਤਿਆਂ ਦੇ ਸੁਭਾਉ ਅਨੁਸਾਰ (ਭਾਵ, ਦੇਵਤਿਆਂ ਨੂੰ ਖ਼ੁਸ਼ ਕਰਨ ਲਈ) ਗੈਂਡਾ ਮਾਰ ਕੇ ਹੋਮ ਤੇ ਜੱਗ ਕਰਦੇ ਸਨ।

ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੇ ॥

ਜੋ ਮਨੁੱਖ (ਆਪਣੇ ਵਲੋਂ) ਮਾਸ ਤਿਆਗ ਕੇ (ਜਦ ਕਦੇ ਕਿਤੇ ਮਾਸ ਵੇਖਣ ਤਾਂ) ਬੈਠ ਕੇ ਆਪਣਾ ਨੱਕ ਬੰਦ ਕਰ ਲੈਂਦੇ ਹਨ (ਕਿ ਮਾਸ ਦੀ ਬੋ ਆ ਗਈ ਹੈ) ਉਹ ਰਾਤ ਨੂੰ ਮਨੁੱਖ ਨੂੰ ਖਾਂ ਜਾਂਦੇ ਹਨ (ਭਾਵ, ਲੁਕ ਕੇ ਮਨੁੱਖਾਂ ਦਾ ਲਹੂ ਪੀਣ ਦੇ ਮਨਸੂਬੇ ਬੰਨ੍ਹਦੇ ਹਨ);

ਫੜੁ ਕਰਿ ਲੋਕਾਂ ਨੋ ਦਿਖਲਾਵਹਿ ਗਿਆਨੁ ਧਿਆਨੁ ਨਹੀ ਸੂਝੈ ॥

(ਮਾਸ ਨਾਹ ਖਾਣ ਦਾ ਇਹ) ਪਖੰਡ ਕਰਕੇ ਲੋਕਾਂ ਨੂੰ ਵਿਖਾਂਦੇ ਹਨ, ਉਂਞ ਇਹਨਾਂ ਨੂੰ ਆਪ ਨਾਹ ਸਮਝ ਹੈ ਨਾਹ ਸੁਰਤ ਹੈ।

ਨਾਨਕ ਅੰਧੇ ਸਿਉ ਕਿਆ ਕਹੀਐ ਕਹੈ ਨ ਕਹਿਆ ਬੂਝੈ ॥

ਪਰ, ਹੇ ਨਾਨਕ! ਕਿਸੇ ਅੰਨ੍ਹੇ ਮਨੁੱਖ ਨੂੰ ਸਮਝਾਣ ਦਾ ਕੋਈ ਲਾਭ ਨਹੀਂ, (ਜੇ ਕੋਈ ਇਸ ਨੂੰ) ਸਮਝਾਵੇ (ਭੀ), ਤਾਂ ਭੀ ਇਹ ਸਮਝਾਇਆ ਸਮਝਦਾ ਨਹੀਂ ਹੈ।

ਅੰਧਾ ਸੋਇ ਜਿ ਅੰਧੁ ਕਮਾਵੈ ਤਿਸੁ ਰਿਦੈ ਸਿ ਲੋਚਨ ਨਾਹੀ ॥

(ਜੇ ਕਹੋ ਅੰਨ੍ਹਾ ਕੌਣ ਹੈ ਤਾਂ) ਅੰਨ੍ਹਾ ਉਹ ਹੈ ਜੋ ਅੰਨ੍ਹਿਆਂ ਵਾਲਾ ਕੰਮ ਕਰਦਾ ਹੈ, ਜਿਸ ਦੇ ਦਿਲ ਵਿਚ ਉਹ ਅੱਖਾਂ ਨਹੀਂ ਹਨ (ਭਾਵ, ਜੋ ਸਮਝ ਤੋਂ ਸੱਖਣਾ ਹੈ),

ਮਾਤ ਪਿਤਾ ਕੀ ਰਕਤੁ ਨਿਪੰਨੇ ਮਛੀ ਮਾਸੁ ਨ ਖਾਂਹੀ ॥

(ਨਹੀਂ ਤਾਂ ਸੋਚਣ ਵਾਲੀ ਗੱਲ ਹੈ ਕਿ ਆਪ ਭੀ ਤਾਂ) ਮਾਂ ਤੇ ਪਿਉ ਦੀ ਰੱਤ ਤੋਂ ਹੀ ਹੋਏ ਹਨ ਤੇ ਮੱਛੀ (ਆਦਿਕ) ਦੇ ਮਾਸ ਤੋਂ ਪਰਹੇਜ਼ ਕਰਦੇ ਹਨ (ਭਾਵ, ਮਾਸ ਤੋਂ ਹੀ ਪੈਦਾ ਹੋ ਕੇ ਮਾਸ ਤੋਂ ਪਰਹੇਜ਼ ਕਰਨ ਦਾ ਕੀਹ ਭਾਵ? ਪਹਿਲਾਂ ਭੀ ਤਾਂ ਮਾਂ ਪਿਉ ਦੇ ਮਾਸ ਤੋਂ ਹੀ ਸਰੀਰ ਪਲਿਆ ਹੈ)।

ਇਸਤ੍ਰੀ ਪੁਰਖੈ ਜਾਂ ਨਿਸਿ ਮੇਲਾ ਓਥੈ ਮੰਧੁ ਕਮਾਹੀ ॥

(ਫਿਰ), ਜਦੋਂ ਰਾਤ ਨੂੰ ਜ਼ਨਾਨੀ ਤੇ ਮਰਦ ਇਕੱਠੇ ਹੁੰਦੇ ਹਨ ਤਦੋਂ ਭੀ (ਮਾਸ ਨਾਲ ਹੀ) ਮੰਦ (ਭਾਵ, ਭੋਗ) ਕਰਦੇ ਹਨ।

ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥

ਅਸੀਂ ਸਾਰੇ ਮਾਸ ਦੇ ਪੁਤਲੇ ਹਾਂ, ਸਾਡਾ ਮੁੱਢ ਮਾਸ ਤੋਂ ਹੀ ਬੱਝਾ, ਅਸੀਂ ਮਾਸ ਤੋਂ ਹੀ ਪੈਦਾ ਹੋਏ,

ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥

(ਮਾਸ ਦਾ ਤਿਆਗੀ) ਪੰਡਿਤ (ਮਾਸ ਦੀ ਚਰਚਾ ਛੇੜ ਕੇ ਐਵੇਂ ਆਪਣੇ ਆਪ ਨੂੰ) ਸਿਆਣਾ ਅਖਵਾਂਦਾ ਹੈ, (ਅਸਲ ਵਿਚ) ਇਸ ਨੂੰ ਨਾਹ ਸਮਝ ਹੈ ਨਾਹ ਸੁਰਤ ਹੈ।

ਬਾਹਰ ਕਾ ਮਾਸੁ ਮੰਦਾ ਸੁਆਮੀ ਘਰ ਕਾ ਮਾਸੁ ਚੰਗੇਰਾ ॥

(ਭਲਾ ਦੱਸੋ,) ਪੰਡਿਤ ਜੀ! (ਇਹ ਕੀਹ ਕਿ) ਬਾਹਰੋਂ ਲਿਆਂਦਾ ਹੋਇਆ ਮਾਸ ਮਾੜਾ ਤੇ ਘਰ ਦਾ (ਵਰਤਿਆ) ਮਾਸ ਚੰਗਾ?

ਜੀਅ ਜੰਤ ਸਭਿ ਮਾਸਹੁ ਹੋਏ ਜੀਇ ਲਇਆ ਵਾਸੇਰਾ ॥

(ਫਿਰ) ਸਾਰੇ ਜੀਅ ਜੰਤ ਮਾਸ ਤੋਂ ਪੈਦਾ ਹੋਏ ਹਨ, ਜਿੰਦ ਨੇ (ਮਾਸ ਵਿਚ ਹੀ) ਡੇਰਾ ਲਾਇਆ ਹੋਇਆ ਹੈ;

ਅਭਖੁ ਭਖਹਿ ਭਖੁ ਤਜਿ ਛੋਡਹਿ ਅੰਧੁ ਗੁਰੂ ਜਿਨ ਕੇਰਾ ॥

ਸੋ ਜਿਨ੍ਹਾਂ ਨੂੰ ਰਾਹ ਦੱਸਣ ਵਾਲਾ ਆਪ ਅੰਨ੍ਹਾ ਹੈ ਉਹ ਨਾਹ ਖਾਣ-ਜੋਗ ਚੀਜ਼ (ਭਾਵ, ਪਰਾਇਆ ਹੱਕ) ਤਾਂ ਖਾਂਦੇ ਹਨ ਤੇ ਖਾਣ-ਜੋਗ ਚੀਜ਼ (ਭਾਵ ਜਿਸ ਚੀਜ਼ ਤੋਂ ਜ਼ਿੰਦਗੀ ਦਾ ਹੀ ਮੁੱਢ ਬੱਝਾ ਤਿਆਗਦੇ ਹਨ।)

ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥

ਅਸੀਂ ਸਾਰੇ ਮਾਸ ਦੇ ਪੁਤਲੇ ਹਾਂ, ਅਸਾਡਾ ਮੁੱਢ ਮਾਸ ਤੋਂ ਹੀ ਬੱਝਾ, ਅਸੀਂ ਮਾਸ ਤੋਂ ਹੀ ਪੈਦਾ ਹੋਏ,

ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥

(ਮਾਸ ਦਾ ਤਿਆਗੀ) ਪੰਡਿਤ (ਮਾਸ ਦੀ ਚਰਚਾ ਛੇੜ ਕੇ ਐਵੇਂ ਆਪਣੇ ਆਪ ਨੂੰ) ਸਿਆਣਾ ਅਖਵਾਂਦਾ ਹੈ, (ਅਸਲ ਵਿਚ) ਇਸ ਨੂੰ ਨਾਹ ਸਮਝ ਹੈ ਨਾਹ ਸੁਰਤ ਹੈ।

ਮਾਸੁ ਪੁਰਾਣੀ ਮਾਸੁ ਕਤੇਬਂੀ ਚਹੁ ਜੁਗਿ ਮਾਸੁ ਕਮਾਣਾ ॥

ਪੁਰਾਣਾਂ ਵਿਚ ਮਾਸ (ਦਾ ਜ਼ਿਕਰ), ਮੁਸਲਮਾਨੀ ਮਜ਼ਹਬੀ ਕਿਤਾਬਾਂ ਵਿਚ ਭੀ ਮਾਸ (ਵਰਤਣ ਦਾ ਜ਼ਿਕਰ); ਜਗਤ ਦੇ ਸ਼ੁਰੂ ਤੋਂ ਹੀ ਮਾਸ ਵਰਤੀਂਦਾ ਚਲਾ ਆਇਆ ਹੈ।

ਜਜਿ ਕਾਜਿ ਵੀਆਹਿ ਸੁਹਾਵੈ ਓਥੈ ਮਾਸੁ ਸਮਾਣਾ ॥

ਜੱਗ ਵਿਚ, ਵਿਆਹ ਆਦਿਕ ਕਾਜ ਵਿਚ (ਮਾਸ ਦੀ ਵਰਤੋਂ) ਪ੍ਰਧਾਨ ਹੈ, ਉਹਨੀਂ ਥਾਈਂ ਮਾਸ ਵਰਤੀਂਦਾ ਰਿਹਾ ਹੈ।

ਇਸਤ੍ਰੀ ਪੁਰਖ ਨਿਪਜਹਿ ਮਾਸਹੁ ਪਾਤਿਸਾਹ ਸੁਲਤਾਨਾਂ ॥

ਜ਼ਨਾਨੀ, ਮਰਦ, ਸ਼ਾਹ, ਪਾਤਿਸ਼ਾਹ…ਸਾਰੇ ਮਾਸ ਤੋਂ ਹੀ ਪੈਦਾ ਹੁੰਦੇ ਹਨ।

ਜੇ ਓਇ ਦਿਸਹਿ ਨਰਕਿ ਜਾਂਦੇ ਤਾਂ ਉਨੑ ਕਾ ਦਾਨੁ ਨ ਲੈਣਾ ॥

ਜੇ ਇਹ ਸਾਰੇ (ਮਾਸ ਤੋਂ ਬਣਨ ਕਰਕੇ) ਨਰਕ ਵਿਚ ਪੈਂਦੇ ਦਿੱਸਦੇ ਹਨ ਤਾਂ ਉਹਨਾਂ ਤੋਂ (ਮਾਸ-ਤਿਆਗੀ ਪੰਡਿਤ ਨੂੰ) ਦਾਨ ਭੀ ਨਹੀਂ ਲੈਣਾ ਚਾਹੀਦਾ।

ਦੇਂਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ ਧਿਙਾਣਾ ॥

(ਨਹੀਂ ਤਾਂ) ਵੇਖੋ, ਇਹ ਅਚਰਜ ਧੱਕੇ ਦੀ ਗੱਲ ਹੈ ਕਿ ਦਾਨ ਦੇਣ ਵਾਲੇ ਨਰਕੇ ਪੈਣ ਤੇ ਲੈਣ ਵਾਲੇ ਸੁਰਗ ਵਿਚ।

ਆਪਿ ਨ ਬੂਝੈ ਲੋਕ ਬੁਝਾਏ ਪਾਂਡੇ ਖਰਾ ਸਿਆਣਾ ॥

(ਅਸਲ ਵਿਚ) ਹੇ ਪੰਡਿਤ! ਤੂੰ ਢਾਢਾ ਚਤੁਰ ਹੈਂ, ਤੈਨੂੰ ਆਪ ਨੂੰ (ਮਾਸ ਖਾਣ ਦੇ ਮਾਮਲੇ ਦੀ) ਸਮਝ ਨਹੀਂ, ਪਰ ਤੂੰ ਲੋਕਾਂ ਨੂੰ ਸਮਝਾਂਦਾ ਹੈਂ।

ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ ॥

ਹੇ ਪੰਡਿਤ! ਤੈਨੂੰ ਇਹ ਹੀ ਪਤਾ ਨਹੀਂ ਕਿ ਮਾਸ ਕਿਥੋਂ ਪੈਦਾ ਹੋਇਆ।

ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤ੍ਰਿਭਵਣੁ ਗੰਨਾ ॥

(ਵੇਖ,) ਪਾਣੀ ਤੋਂ ਅੰਨ ਪੈਦਾ ਹੁੰਦਾ ਹੈ, ਕਮਾਦ ਗੰਨਾ ਉੱਗਦਾ ਹੈ ਤੇ ਕਪਾਹ ਉੱਗਦੀ ਹੈ, ਪਾਣੀ ਤੋਂ ਹੀ ਸਾਰਾ ਸੰਸਾਰ ਪੈਦਾ ਹੁੰਦਾ ਹੈ।

ਤੋਆ ਆਖੈ ਹਉ ਬਹੁ ਬਿਧਿ ਹਛਾ ਤੋਐ ਬਹੁਤੁ ਬਿਕਾਰਾ ॥

ਪਾਣੀ ਆਖਦਾ ਹੈ ਕਿ ਮੈਂ ਕਈ ਤਰੀਕਿਆਂ ਨਾਲ ਭਲਿਆਈ ਕਰਦਾ ਹਾਂ (ਭਾਵ, ਜੀਵ ਦੇ ਪਾਲਣ ਲਈ ਕਈ ਤਰੀਕਿਆਂ ਦੀ ਖ਼ੁਰਾਕ-ਪੁਸ਼ਾਕ ਪੈਦਾ ਕਰਦਾ ਹਾਂ), ਇਹ ਸਾਰੀਆਂ ਤਬਦੀਲੀਆਂ (ਭਾਵ, ਬੇਅੰਤ ਕਿਸਮਾਂ ਦੇ ਪਦਾਰਥ) ਪਾਣੀ ਵਿਚ ਹੀ ਹਨ।

ਏਤੇ ਰਸ ਛੋਡਿ ਹੋਵੈ ਸੰਨਿਆਸੀ ਨਾਨਕੁ ਕਹੈ ਵਿਚਾਰਾ ॥੨॥

ਸੋ, ਨਾਨਕ ਇਹ ਵਿਚਾਰ ਦੀ ਗੱਲ ਦੱਸਦਾ ਹੈ (ਕਿ ਜੇ ਸੱਚਾ ਤਿਆਗੀ ਬਣਨਾ ਹੈ ਤਾਂ) ਇਹਨਾਂ ਸਾਰੇ ਪਦਾਰਥਾਂ ਦੇ ਚਸਕੇ ਛੱਡ ਕੇ ਤਿਆਗੀ ਬਣੇ (ਕਿਉਂਕਿ ਮਾਸ ਦੀ ਉਤਪੱਤੀ ਭੀ ਪਾਣੀ ਤੋਂ ਹੈ ਤੇ ਅੰਨ ਕਮਾਦ ਆਦਿਕ ਦੀ ਉਤਪੱਤੀ ਭੀ ਪਾਣੀ ਤੋਂ ਹੀ ਹੈ) ॥੨॥


ਪਉੜੀ ॥
ਹਉ ਕਿਆ ਆਖਾ ਇਕ ਜੀਭ ਤੇਰਾ ਅੰਤੁ ਨ ਕਿਨ ਹੀ ਪਾਇਆ ॥

(ਹੇ ਪ੍ਰਭੂ!) ਮੇਰੀ ਇਕ ਜੀਭ ਹੈ, ਮੈਂ ਤੇਰੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ? ਤੇਰਾ ਅੰਤ ਕਿਸੇ ਨੇ ਨਹੀਂ ਪਾਇਆ;

ਸਚਾ ਸਬਦੁ ਵੀਚਾਰਿ ਸੇ ਤੁਝ ਹੀ ਮਾਹਿ ਸਮਾਇਆ ॥

ਜੋ ਮਨੁੱਖ ਤੇਰੀ ਸਿਫ਼ਤ-ਸਾਲਾਹ ਦਾ ਸ਼ਬਦ ਵਿਚਾਰਦੇ ਹਨ ਉਹ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ।

ਇਕਿ ਭਗਵਾ ਵੇਸੁ ਕਰਿ ਭਰਮਦੇ ਵਿਣੁ ਸਤਿਗੁਰ ਕਿਨੈ ਨ ਪਾਇਆ ॥

ਕਈ ਮਨੁੱਖ ਭਗਵਾ ਭੇਖ ਬਣਾ ਕੇ ਭਟਕਦੇ ਫਿਰਦੇ ਹਨ, ਪਰ ਗੁਰੂ ਦੀ ਸਰਨ ਆਉਣ ਤੋਂ ਬਿਨਾ (ਹੇ ਪ੍ਰਭੂ!) ਤੈਨੂੰ ਕਿਸੇ ਨਹੀਂ ਲੱਭਾ,

ਦੇਸ ਦਿਸੰਤਰ ਭਵਿ ਥਕੇ ਤੁਧੁ ਅੰਦਰਿ ਆਪੁ ਲੁਕਾਇਆ ॥

ਇਹ ਲੋਕ (ਬਾਹਰ) ਦੇਸਾਂ ਦੇਸਾਂਤਰਾਂ ਵਿਚ ਭਉਂਦੇ ਖਪ ਗਏ, ਪਰ ਤੂੰ ਆਪਣੇ ਆਪ ਨੂੰ (ਜੀਵ ਦੇ) ਅੰਦਰ ਲੁਕਾ ਰੱਖਿਆ ਹੈ।

ਗੁਰ ਕਾ ਸਬਦੁ ਰਤੰਨੁ ਹੈ ਕਰਿ ਚਾਨਣੁ ਆਪਿ ਦਿਖਾਇਆ ॥

ਸਤਿਗੁਰੂ ਦਾ ਸਬਦੁ (ਮਾਨੋ) ਇਕ ਚਮਕਦਾ ਮੋਤੀ ਹੈ (ਜਿਸ ਨੂੰ ਪ੍ਰਭੂ ਨੇ ਇਹ ਮੋਤੀ ਬਖ਼ਸ਼ਿਆ ਹੈ, ਉਸ ਦੇ ਹਿਰਦੇ ਵਿਚ (ਪ੍ਰਭੂ ਨੇ) ਆਪ ਚਾਨਣ ਕਰ ਕੇ (ਉਸ ਨੂੰ ਆਪਣਾ ਆਪ) ਵਿਖਾਇਆ ਹੈ;

ਆਪਣਾ ਆਪੁ ਪਛਾਣਿਆ ਗੁਰਮਤੀ ਸਚਿ ਸਮਾਇਆ ॥

(ਉਹ ਵਡ-ਭਾਗੀ ਮਨੁੱਖ) ਆਪਣਾ ਅਸਲਾ ਪਛਾਣ ਲੈਂਦਾ ਹੈ ਤੇ ਗੁਰੂ ਦੀ ਸਿੱਖਿਆ ਦੀ ਰਾਹੀਂ ਸੱਚੇ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ।

ਆਵਾ ਗਉਣੁ ਬਜਾਰੀਆ ਬਾਜਾਰੁ ਜਿਨੀ ਰਚਾਇਆ ॥

(ਪਰ) ਜਿਨ੍ਹਾਂ (ਭੇਖੀਆਂ ਨੇ) ਵਿਖਾਵੇ ਦਾ ਢੌਂਗ ਰਚਾਇਆ ਹੋਇਆ ਹੈ ਉਹਨਾਂ ਪਖੰਡੀਆਂ ਨੂੰ ਜਨਮ ਮਰਨ (ਦਾ ਗੇੜ) ਮਿਲਦਾ ਹੈ;

ਇਕੁ ਥਿਰੁ ਸਚਾ ਸਾਲਾਹਣਾ ਜਿਨ ਮਨਿ ਸਚਾ ਭਾਇਆ ॥੨੫॥

ਤੇ, ਜਿਨ੍ਹਾਂ ਨੂੰ ਮਨ ਵਿਚ ਸੱਚਾ ਪ੍ਰਭੂ ਪਿਆਰਾ ਲੱਗਦਾ ਹੈ ਉਹ ਸਦਾ-ਥਿਰ ਰਹਿਣ ਵਾਲੇ ਇੱਕ ਪ੍ਰਭੂ ਦਾ ਗੁਣ ਗਾਂਦੇ ਹਨ ॥੨੫॥


ਸਲੋਕ ਮਃ ੧ ॥
ਨਾਨਕ ਮਾਇਆ ਕਰਮ ਬਿਰਖੁ ਫਲ ਅੰਮ੍ਰਿਤ ਫਲ ਵਿਸੁ ॥

ਹੇ ਨਾਨਕ! (ਜੀਵਾਂ ਦੇ ਕੀਤੇ) ਕਰਮਾਂ ਅਨੁਸਾਰ (ਮਨੁੱਖਾ ਸਰੀਰ-ਰੂਪ) ਮਾਇਆ ਦਾ (ਰਚਿਆ) ਰੁੱਖ (ਉੱਗਦਾ) ਹੈ (ਇਸ ਨੂੰ) ਅੰਮ੍ਰਿਤ (ਭਾਵ, ਨਾਮ ਸੁਖ) ਤੇ ਜ਼ਹਰ (ਭਾਵ, ਮੋਹ-ਦੁੱਖ) ਦੋ ਕਿਸਮਾਂ ਦੇ ਫਲ ਲੱਗਦੇ ਹਨ।

ਸਭ ਕਾਰਣ ਕਰਤਾ ਕਰੇ ਜਿਸੁ ਖਵਾਲੇ ਤਿਸੁ ॥੧॥

ਕਰਤਾਰ ਆਪ (ਅੰਮ੍ਰਿਤ ਤੇ ਵਿਹੁ ਦੋ ਕਿਸਮਾਂ ਦੇ ਫਲਾਂ ਦੇ) ਸਾਰੇ ਵਸੀਲੇ ਬਣਾਂਦਾ ਹੈ, ਜਿਸ ਜੀਵ ਨੂੰ ਜਿਹੜਾ ਫਲ ਖਵਾਂਦਾ ਹੈ ਉਸ ਨੂੰ (ਉਹੀ ਖਾਣਾ ਪੈਂਦਾ ਹੈ) ॥੧॥


ਮਃ ੨ ॥
ਨਾਨਕ ਦੁਨੀਆ ਕੀਆਂ ਵਡਿਆਈਆਂ ਅਗੀ ਸੇਤੀ ਜਾਲਿ ॥

ਹੇ ਨਾਨਕ! ਦੁਨੀਆ ਦੀਆਂ ਵਡਿਆਈਆਂ ਨੂੰ ਅੱਗ ਨਾਲ ਸਾੜ ਦੇਹ।

ਏਨੀ ਜਲੀਈਂ ਨਾਮੁ ਵਿਸਾਰਿਆ ਇਕ ਨ ਚਲੀਆ ਨਾਲਿ ॥੨॥

ਇਹਨਾਂ ਚੰਦਰੀਆਂ ਨੇ (ਮਨੁੱਖ ਤੋਂ) ਪ੍ਰਭੂ ਦਾ ਨਾਮ ਭੁਲਵਾ ਦਿੱਤਾ ਹੈ (ਪਰ ਇਹਨਾਂ ਵਿਚੋਂ) ਇੱਕ ਭੀ (ਮਰਨ ਪਿਛੋਂ) ਨਾਲ ਨਹੀਂ ਜਾਂਦੀ ॥੨॥


ਪਉੜੀ ॥
ਸਿਰਿ ਸਿਰਿ ਹੋਇ ਨਿਬੇੜੁ ਹੁਕਮਿ ਚਲਾਇਆ ॥

(ਹੇ ਪ੍ਰਭੂ! ਸਾਰੇ ਜਗਤ ਨੂੰ ਤੂੰ) ਆਪਣੇ ਹੁਕਮ ਵਿਚ ਤੋਰ ਰਿਹਾ ਹੈਂ (ਕਿਤੇ ਭੇਖੀ ਵਿਖਾਵੇ ਦਾ ਢੌਂਗ ਰਚਾ ਰਹੇ ਹਨ, ਕਿਤੇ ਤੈਨੂੰ ਪਿਆਰ ਕਰਨ ਵਾਲੇ ਤੇਰੀ ਸਿਫ਼ਤ-ਸਾਲਾਹ ਕਰ ਰਹੇ ਹਨ; ਇਹਨਾਂ ਦੇ ਕਰਮਾਂ ਅਨੁਸਾਰ ‘ਆਵਾਗਾਉਣ’ ਅਤੇ ਤੇਰਾ ਪਿਆਰ ਤੇਰੇ ਹੀ ਹੁਕਮ ਵਿਚ) ਵੱਖੋ-ਵੱਖਰਾ ਫ਼ੈਸਲਾ (ਹੁੰਦਾ ਹੈ),

ਤੇਰੈ ਹਥਿ ਨਿਬੇੜੁ ਤੂਹੈ ਮਨਿ ਭਾਇਆ ॥

ਸਾਰਾ ਫ਼ੈਸਲਾ ਤੇਰੇ ਹੀ ਹੱਥ ਵਿਚ ਹੈ, ਤੂੰ ਹੀ (ਮੇਰੇ) ਮਨ ਵਿਚ ਪਿਆਰਾ ਲੱਗਦਾ ਹੈਂ।

ਕਾਲੁ ਚਲਾਏ ਬੰਨਿ ਕੋਇ ਨ ਰਖਸੀ ॥

ਜਦੋਂ ਮੌਤ ਬੰਨ੍ਹ ਕੇ (ਜੀਵ ਨੂੰ) ਤੋਰ ਲੈਂਦੀ ਹੈ, ਕੋਈ ਇਸ ਨੂੰ ਰੱਖ ਨਹੀਂ ਸਕਦਾ;

ਜਰੁ ਜਰਵਾਣਾ ਕੰਨਿੑ ਚੜਿਆ ਨਚਸੀ ॥

ਜ਼ਾਲਮ ਬੁਢੇਪਾ (ਹਰੇਕ ਦੇ) ਮੋਢੇ ਉਤੇ ਚੜ੍ਹ ਕੇ ਨੱਚਦਾ ਹੈ (ਭਾਵ, ਮੌਤ ਦਾ ਸੁਨੇਹਾ ਦੇ ਰਿਹਾ ਹੈ ਜਿਸ ਅੱਗੇ ਕਿਸੇ ਦੀ ਪੇਸ਼ ਨਹੀਂ ਜਾਂਦੀ)।

ਸਤਿਗੁਰੁ ਬੋਹਿਥੁ ਬੇੜੁ ਸਚਾ ਰਖਸੀ ॥

ਸਤਿਗੁਰੂ ਹੀ ਸੱਚਾ ਜਹਾਜ਼ ਹੈ ਸੱਚਾ ਬੇੜਾ ਹੈ ਜੋ (ਮੌਤ ਦੇ ਡਰ ਤੋਂ) ਬਚਾਂਦਾ ਹੈ।

ਅਗਨਿ ਭਖੈ ਭੜਹਾੜੁ ਅਨਦਿਨੁ ਭਖਸੀ ॥

(ਜਗਤ ਵਿਚ ਤ੍ਰਿਸ਼ਨਾ ਦੀ) ਅੱਗ ਦਾ ਭਾਂਬੜ ਮਚ ਰਿਹਾ ਹੈ, ਹਰ ਵੇਲੇ ਮਚਿਆ ਰਹਿੰਦਾ ਹੈ।

ਫਾਥਾ ਚੁਗੈ ਚੋਗ ਹੁਕਮੀ ਛੁਟਸੀ ॥

(ਇਸ ਭਾਂਬੜ ਵਿਚ) ਫਸਿਆ ਹੋਇਆ ਜੀਵ ਚੋਗਾ ਚੁਗ ਰਿਹਾ ਹੈ; ਪ੍ਰਭੂ ਦੇ ਹੁਕਮ ਅਨੁਸਾਰ ਹੀ ਇਸ ਵਿਚੋਂ ਬਚ ਸਕਦਾ ਹੈ,

ਕਰਤਾ ਕਰੇ ਸੁ ਹੋਗੁ ਕੂੜੁ ਨਿਖੁਟਸੀ ॥੨੬॥

ਕਿਉਂਕਿ ਜੋ ਕੁਝ ਕਰਤਾਰ ਕਰਦਾ ਹੈ ਉਹੀ ਹੁੰਦਾ ਹੈ। ਕੂੜ (ਦਾ ਵਪਾਰ, ਭਾਵ, ਤ੍ਰਿਸ਼ਨਾ-ਅਧੀਨ ਹੋ ਕੇ ਮਾਇਕ ਪਦਾਰਥਾਂ ਪਿਛੇ ਦੌੜਨਾ) ਜੀਵ ਦੇ ਨਾਲ ਨਹੀਂ ਨਿਭਦਾ ॥੨੬॥


ਸਲੋਕ ਮਃ ੧ ॥
ਘਰ ਮਹਿ ਘਰੁ ਦੇਖਾਇ ਦੇਇ ਸੋ ਸਤਿਗੁਰੁ ਪੁਰਖੁ ਸੁਜਾਣੁ ॥

ਉਹ ਹੈ ਸਿਆਣਾ ਸਤਿਗੁਰੂ ਪੁਰਖ ਜੋ ਹਿਰਦੇ-ਘਰ ਵਿਚ ਪਰਮਾਤਮਾ ਦੇ ਰਹਿਣ ਦਾ ਥਾਂ ਵਿਖਾ ਦੇਂਦਾ ਹੈ;

ਪੰਚ ਸਬਦ ਧੁਨਿਕਾਰ ਧੁਨਿ ਤਹ ਬਾਜੈ ਸਬਦੁ ਨੀਸਾਣੁ ॥

(ਜਦੋਂ ਮਨੁੱਖ) ਉਸ ਘਰ ਵਿਚ (ਅੱਪੜਦਾ ਹੈ) ਤਦੋਂ ਗੁਰੂ ਦਾ ਸ਼ਬਦ-ਰੂਪ ਨਗਾਰਾ ਵੱਜਦਾ ਹੈ (ਭਾਵ, ਗੁਰ-ਸ਼ਬਦ ਦਾ ਪ੍ਰਭਾਵ ਇਤਨਾ ਪ੍ਰਬਲ ਹੁੰਦਾ ਹੈ ਕਿ ਕੋਈ ਹੋਰ ਖਿੱਚ ਪੋਹ ਨਹੀਂ ਸਕਦੀ, ਤਦੋਂ ਮਾਨੋ) ਪੰਜ ਕਿਸਮ ਦੇ ਸਾਜ਼ਾਂ ਦੀ ਇਕ-ਰਸ ਸੰਗੀਤਕ ਆਵਾਜ਼ ਉੱਠਦੀ ਹੈ (ਜੋ ਮਸਤੀ ਪੈਦਾ ਕਰਦੀ ਹੈ)।

ਦੀਪ ਲੋਅ ਪਾਤਾਲ ਤਹ ਖੰਡ ਮੰਡਲ ਹੈਰਾਨੁ ॥

ਇਸ ਅਵਸਥਾ ਵਿਚ (ਅੱਪੜ ਕੇ) ਮਨੁੱਖ (ਬੇਅੰਤ ਕੁਦਰਤਿ ਦੇ ਕੌਤਕ) ਦੀਪਾਂ, ਲੋਕਾਂ, ਪਾਤਾਲਾਂ, ਖੰਡਾਂ ਤੇ ਮੰਡਲਾਂ ਨੂੰ ਵੇਖ ਕੇ ਹੈਰਾਨ ਹੁੰਦਾ ਹੈ;

ਤਾਰ ਘੋਰ ਬਾਜਿੰਤ੍ਰ ਤਹ ਸਾਚਿ ਤਖਤਿ ਸੁਲਤਾਨੁ ॥

(ਇਸ ਸਾਰੀ ਕੁਦਰਤਿ ਦਾ) ਪਾਤਸ਼ਾਹ ਸੱਚੇ ਤਖ਼ਤ ਉਤੇ ਬੈਠਾ ਦਿੱਸਦਾ ਹੈ, ਉਸ ਹਾਲਤ ਵਿਚ ਅੱਪੜਿਆਂ; ਮਾਨੋ, ਵਾਜਿਆਂ ਦੀ ਉੱਚੀ ਸੁਰ ਦੀ ਘਨਘੋਰ ਲੱਗੀ ਪਈ ਹੁੰਦੀ ਹੈ,

ਸੁਖਮਨ ਕੈ ਘਰਿ ਰਾਗੁ ਸੁਨਿ ਸੁੰਨਿ ਮੰਡਲਿ ਲਿਵ ਲਾਇ ॥

ਇਸ ਰੱਬੀ ਮਿਲਾਪ ਵਿਚ ਬੈਠਾ ਮਨੁੱਖ (ਮਾਨੋ) ਰਾਗ ਸੁਣ ਸੁਣ ਕੇ ਅਫੁਰ ਅਵਸਥਾ ਵਿਚ ਸੁਰਤ ਜੋੜੀ ਰੱਖਦਾ ਹੈ (ਭਾਵ, ਰੱਬੀ ਮਿਲਾਪ ਦੀ ਮੌਜ ਵਿਚ ਇਤਨਾ ਮਸਤ ਹੁੰਦਾ ਹੈ ਕਿ ਜਗਤ ਵਾਲਾ ਕੋਈ ਫੁਰਨਾ ਉਸ ਦੇ ਮਨ ਵਿਚ ਨਹੀਂ ਉੱਠਦਾ)।

ਅਕਥ ਕਥਾ ਬੀਚਾਰੀਐ ਮਨਸਾ ਮਨਹਿ ਸਮਾਇ ॥

ਇਥੇ ਬੇਅੰਤ ਪ੍ਰਭੂ ਦੇ ਗੁਣ ਜਿਉਂ ਜਿਉਂ ਵੀਚਾਰੀਦੇ ਹਨ ਤਿਉਂ ਤਿਉਂ ਮਨ ਦਾ ਫੁਰਨਾ ਮਨ ਵਿਚ ਹੀ ਗ਼ਰਕ ਹੁੰਦਾ ਜਾਂਦਾ ਹੈ;

ਉਲਟਿ ਕਮਲੁ ਅੰਮ੍ਰਿਤਿ ਭਰਿਆ ਇਹੁ ਮਨੁ ਕਤਹੁ ਨ ਜਾਇ ॥

ਇਹ ਮਨ ਕਿਸੇ ਹੋਰ ਪਾਸੇ ਨਹੀਂ ਜਾਂਦਾ ਕਿਉਂਕਿ ਹਿਰਦਾ-ਰੂਪ ਕਉਲ ਫੁੱਲ (ਮਾਇਆ ਵਲੋਂ) ਪਰਤ ਕੇ ਨਾਮ-ਅੰਮ੍ਰਿਤ ਨਾਲ ਭਰ ਜਾਂਦਾ ਹੈ;

ਅਜਪਾ ਜਾਪੁ ਨ ਵੀਸਰੈ ਆਦਿ ਜੁਗਾਦਿ ਸਮਾਇ ॥

ਉਸ ਪ੍ਰਭੂ ਵਿਚ, ਜੋ ਸਭ ਦਾ ਮੁੱਢ ਹੈ ਤੇ ਜੁਗਾਂ ਦੇ ਬਣਨ ਤੋਂ ਭੀ ਪਹਿਲਾਂ ਦਾ ਹੈ, ਮਨ ਇਉਂ ਲੀਨ ਹੁੰਦਾ ਹੈ ਕਿ ਪ੍ਰਭੂ ਦੀ ਯਾਦ (ਕਿਸੇ ਵੇਲੇ) ਨਹੀਂ ਭੁੱਲਦੀ, ਜੀਭ ਹਿਲਾਣ ਤੋਂ ਬਿਨਾ ਹੀ ਸਿਮਰਨ ਹੁੰਦਾ ਰਹਿੰਦਾ ਹੈ।

ਸਭਿ ਸਖੀਆ ਪੰਚੇ ਮਿਲੇ ਗੁਰਮੁਖਿ ਨਿਜ ਘਰਿ ਵਾਸੁ ॥

(ਇਸ ਤਰ੍ਹਾਂ) ਗੁਰੂ ਦੇ ਸਨਮੁਖ ਹੋਇਆਂ ਮਨੁੱਖ ਨਿਰੋਲ ਆਪਣੇ ਘਰ ਵਿਚ ਟਿਕ ਜਾਂਦਾ ਹੈ (ਜਿਵੇਂ ਕੋਈ ਇਸ ਨੂੰ ਬੇ-ਦਖ਼ਲ ਨਹੀਂ ਕਰ ਸਕਦਾ, ਇਸ ਦੇ) ਸਾਰੇ ਗਿਆਨ-ਇੰਦ੍ਰੇ ਤੇ ਪੰਜੇ (ਦੈਵੀ ਗੁਣ ਭਾਵ, ਸਤ ਸੰਤੋਖ ਦਇਆ ਧਰਮ ਧੀਰਜ) ਸੰਗੀ ਬਣ ਜਾਂਦੇ ਹਨ।

ਸਬਦੁ ਖੋਜਿ ਇਹੁ ਘਰੁ ਲਹੈ ਨਾਨਕੁ ਤਾ ਕਾ ਦਾਸੁ ॥੧॥

ਸਤਿਗੁਰੂ ਦੇ ਸ਼ਬਦ ਨੂੰ ਸਮਝ ਕੇ ਜੋ ਮਨੁੱਖ ਇਸ (ਨਿਰੋਲ ਆਪਣੇ) ਘਰ ਨੂੰ ਲੱਭ ਲੈਂਦਾ ਹੈ, ਨਾਨਕ ਉਸ ਦਾ ਸੇਵਕ ਹੈ ॥੧॥


ਮਃ ੧ ॥
ਚਿਲਿਮਿਲਿ ਬਿਸੀਆਰ ਦੁਨੀਆ ਫਾਨੀ ॥

ਬਿਜਲੀ ਦੀ ਲਿਸ਼ਕ (ਵਾਂਗ) ਦੁਨੀਆ (ਦੀ ਚਮਕ) ਬਹੁਤ ਹੈ ਪਰ ਹੈ ਨਾਸ ਹੋ ਜਾਣ ਵਾਲੀ,

ਕਾਲੂਬਿ ਅਕਲ ਮਨ ਗੋਰ ਨ ਮਾਨੀ ॥

(ਜਿਸ ਚਮਕ ਨੂੰ ਵੇਖ ਕੇ) ਮੈਂ ਮੂਰਖ ਨੇ ਮੌਤ ਦਾ ਚੇਤਾ ਹੀ ਨਾਹ ਰੱਖਿਆ।

ਮਨ ਕਮੀਨ ਕਮਤਰੀਨ ਤੂ ਦਰੀਆਉ ਖੁਦਾਇਆ ॥

ਮੈਂ ਕਮੀਨਾ ਹਾਂ, ਮੈਂ ਬਹੁਤ ਹੀ ਮਾੜਾ ਹਾਂ, ਪਰ ਹੇ ਖ਼ੁਦਾ! ਤੂੰ ਦਰੀਆ (-ਦਿਲ) ਹੈਂ;

ਏਕੁ ਚੀਜੁ ਮੁਝੈ ਦੇਹਿ ਅਵਰ ਜਹਰ ਚੀਜ ਨ ਭਾਇਆ ॥

ਮੈਨੂੰ ਆਪਣਾ ਇਕ ‘ਨਾਮ’ ਦੇਹ, ਹੋਰ ਚੀਜ਼ਾਂ ਜ਼ਹਰ (ਵਰਗੀਆਂ) ਹਨ, ਇਹ ਮੈਨੂੰ ਚੰਗੀਆਂ ਨਹੀਂ ਲੱਗਦੀਆਂ।

ਪੁਰਾਬ ਖਾਮ ਕੂਜੈ ਹਿਕਮਤਿ ਖੁਦਾਇਆ ॥

ਹੇ ਖ਼ੁਦਾ! (ਮੇਰਾ ਸਰੀਰ) ਕੱਚਾ ਕੂਜ਼ਾ (ਪਿਆਲਾ) ਹੈ ਜੋ ਪਾਣੀ ਨਾਲ ਭਰਿਆ ਹੋਇਆ ਹੈ, ਇਹ ਤੇਰੀ (ਅਜਬ) ਕਾਰੀਗਰੀ ਹੈ,

ਮਨ ਤੁਆਨਾ ਤੂ ਕੁਦਰਤੀ ਆਇਆ ॥

(ਹੇ ਖ਼ੁਦਾ!) ਤੂੰ ਤੁਆਨਾ (ਬਲਵਾਨ) ਹੈਂ, ਮੈਂ ਤੇਰੀ ਕੁਦਰਤਿ ਨਾਲ (ਜਗਤ ਵਿਚ) ਆਇਆ ਹਾਂ।

ਸਗ ਨਾਨਕ ਦੀਬਾਨ ਮਸਤਾਨਾ ਨਿਤ ਚੜੈ ਸਵਾਇਆ ॥

ਹੇ ਖ਼ੁਦਾ! ਨਾਨਕ ਤੇਰੇ ਦਰਬਾਰ ਦਾ ਕੁੱਤਾ ਹੈ ਤੇ ਮਸਤਾਨਾ ਹੈ (ਮਿਹਰ ਕਰ, ਇਹ ਮਸਤੀ) ਨਿੱਤ ਵਧਦੀ ਰਹੇ,

ਆਤਸ ਦੁਨੀਆ ਖੁਨਕ ਨਾਮੁ ਖੁਦਾਇਆ ॥੨॥

(ਕਿਉਂਕਿ) ਦੁਨੀਆ ਅੱਗ (ਵਾਂਗ) ਹੈ ਤੇ ਤੇਰਾ ਨਾਮ ਠੰਢ ਪਾਣ ਵਾਲਾ ਹੈ ॥੨॥


ਪਉੜੀ ਨਵੀ ਮਃ ੫ ॥
ਸਭੋ ਵਰਤੈ ਚਲਤੁ ਚਲਤੁ ਵਖਾਣਿਆ ॥

ਇਹ ਸਾਰਾ (ਜਗਤ ਪਰਮਾਤਮਾ ਦਾ) ਤਮਾਸ਼ਾ ਹੋ ਰਿਹਾ ਹੈ, ਇਸ ਨੂੰ ਤਮਾਸ਼ਾ ਹੀ ਕਿਹਾ ਜਾ ਸਕਦਾ ਹੈ,

ਪਾਰਬ੍ਰਹਮੁ ਪਰਮੇਸਰੁ ਗੁਰਮੁਖਿ ਜਾਣਿਆ ॥

(ਇਸ ਤਮਾਸ਼ੇ ਨੂੰ ਰਚਣ ਵਾਲਾ) ਪਾਰਬ੍ਰਹਮ ਪਰਮਾਤਮਾ ਸਤਿਗੁਰੂ ਦੀ ਰਾਹੀਂ ਜਾਣਿਆ ਜਾਂਦਾ ਹੈ।

ਲਥੇ ਸਭਿ ਵਿਕਾਰ ਸਬਦਿ ਨੀਸਾਣਿਆ ॥

ਸਤਿਗੁਰੂ ਦੇ ਸ਼ਬਦ (-ਰੂਪ) ਨਗਾਰੇ ਨਾਲ ਸਾਰੇ ਵਿਕਾਰ ਲਹਿ ਜਾਂਦੇ ਹਨ (ਨੱਠ ਜਾਂਦੇ ਹਨ),

ਸਾਧੂ ਸੰਗਿ ਉਧਾਰੁ ਭਏ ਨਿਕਾਣਿਆ ॥

ਸਤਿਗੁਰੂ ਦੀ ਸੰਗਤ ਵਿਚ (ਰਿਹਾਂ, ਵਿਕਾਰਾਂ ਤੋਂ) ਬਚਾਉ ਹੋ ਜਾਂਦਾ ਹੈ ਤੇ ਬੇ-ਮੁਥਾਜ ਹੋ ਜਾਈਦਾ ਹੈ।

ਸਿਮਰਿ ਸਿਮਰਿ ਦਾਤਾਰੁ ਸਭਿ ਰੰਗ ਮਾਣਿਆ ॥

(ਗੁਰੂ ਦੀ ਬਰਕਤਿ ਨਾਲ) ਦਾਤਾਰ ਪ੍ਰਭੂ ਨੂੰ ਸਿਮਰ ਸਿਮਰ ਕੇ, (ਮਾਨੋ) ਸਾਰੇ ਰੰਗ ਮਾਣ ਲਈਦੇ ਹਨ (ਭਾਵ, ਸਿਮਰਨ ਦੇ ਆਨੰਦ ਦੇ ਟਾਕਰੇ ਤੇ ਦੁਨੀਆ ਦੇ ਰੰਗ ਫਿੱਕੇ ਪੈ ਜਾਂਦੇ ਹਨ)

ਪਰਗਟੁ ਭਇਆ ਸੰਸਾਰਿ ਮਿਹਰ ਛਾਵਾਣਿਆ ॥

(ਸਿਮਰਨ ਕਰਨ ਵਾਲਾ ਮਨੁੱਖ) ਜਗਤ ਵਿਚ ਭੀ ਉੱਘਾ ਹੋ ਜਾਂਦਾ ਹੈ, ਪ੍ਰਭੂ ਦੀ ਮਿਹਰ ਦਾ ਸਾਇਬਾਨ ਉਸ ਉਤੇ, ਮਾਨੋ, ਤਣਿਆ ਜਾਂਦਾ ਹੈ।

ਆਪੇ ਬਖਸਿ ਮਿਲਾਏ ਸਦ ਕੁਰਬਾਣਿਆ ॥

ਮੈਂ ਪ੍ਰਭੂ ਤੋਂ ਸਦਕੇ ਹਾਂ, ਉਹ (ਗੁਰੂ ਦੀ ਰਾਹੀਂ) ਆਪ ਹੀ ਮਿਹਰ ਕਰ ਕੇ ਆਪਣੇ ਨਾਲ ਜੋੜ ਲੈਂਦਾ ਹੈ।

ਨਾਨਕ ਲਏ ਮਿਲਾਇ ਖਸਮੈ ਭਾਣਿਆ ॥੨੭॥

ਹੇ ਨਾਨਕ! ਜੋ ਬੰਦੇ ਖਸਮ-ਪ੍ਰਭੂ ਨੂੰ ਪਿਆਰੇ ਲੱਗਦੇ ਹਨ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ॥੨੭॥


ਸਲੋਕ ਮਃ ੧ ॥
ਧੰਨੁ ਸੁ ਕਾਗਦੁ ਕਲਮ ਧੰਨੁ ਧਨੁ ਭਾਂਡਾ ਧਨੁ ਮਸੁ ॥

ਮੁਬਾਰਿਕ ਹੈ ਉਹ ਕਾਗ਼ਜ ਤੇ ਕਲਮ, ਮੁਬਾਰਿਕ ਹੈ ਉਹ ਦਵਾਤ ਤੇ ਸਿਆਹੀ;

ਧਨੁ ਲੇਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ ॥੧॥

ਤੇ, ਹੇ ਨਾਨਕ! ਮੁਬਾਰਿਕ ਹੈ ਉਹ ਲਿਖਣ ਵਾਲਾ ਜਿਸਨੇ ਪ੍ਰਭੂ ਦਾ ਸੱਚਾ ਨਾਮ ਲਿਖਾਇਆ (ਪ੍ਰਭੂ ਦੀ ਸਿਫ਼ਤ-ਸਾਲਾਹ ਲਿਖਾਈ) ॥੧॥


ਮਃ ੧ ॥
ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ ॥

(ਹੇ ਪ੍ਰਭੂ!) ਤੂੰ ਆਪ ਹੀ ਪੱਟੀ ਹੈਂ, ਤੂੰ ਆਪ ਹੀ ਕਲਮ ਹੈਂ, (ਪੱਟੀ ਉਤੇ ਸਿਫ਼ਤ-ਸਾਲਾਹ ਦਾ) ਲੇਖ ਭੀ ਤੂੰ ਆਪ ਹੀ ਹੈਂ।

ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ ॥੨॥

ਹੇ ਨਾਨਕ! (ਸਿਫ਼ਤ-ਸਾਲਾਹ ਕਰਨ ਕਾਰਣ ਵਾਲਾ) ਇੱਕ ਪ੍ਰਭੂ ਨੂੰ ਹੀ ਆਖਣਾ ਚਾਹੀਦਾ ਹੈ। ਕੋਈ ਹੋਰ ਦੂਜਾ ਕਿਵੇਂ ਹੋ ਸਕਦਾ ਹੈ? ॥੨॥


ਪਉੜੀ ॥
ਤੂੰ ਆਪੇ ਆਪਿ ਵਰਤਦਾ ਆਪਿ ਬਣਤ ਬਣਾਈ ॥

ਹੇ ਪ੍ਰਭੂ! ਜਗਤ ਦੀ ਬਣਤਰ ਤੂੰ ਆਪ ਬਣਾਈ ਹੈ ਤੇ ਤੂੰ ਆਪ ਹੀ ਇਸ ਵਿਚ ਹਰ ਥਾਂ ਮੌਜੂਦ ਹੈਂ;

ਤੁਧੁ ਬਿਨੁ ਦੂਜਾ ਕੋ ਨਹੀ ਤੂ ਰਹਿਆ ਸਮਾਈ ॥

ਤੇਰੇ ਵਰਗਾ ਤੈਥੋਂ ਬਿਨਾ ਹੋਰ ਕੋਈ ਨਹੀਂ, ਤੂੰ ਹੀ ਹਰ ਥਾਂ ਗੁਪਤ ਵਰਤ ਰਿਹਾ ਹੈਂ।

ਤੇਰੀ ਗਤਿ ਮਿਤਿ ਤੂਹੈ ਜਾਣਦਾ ਤੁਧੁ ਕੀਮਤਿ ਪਾਈ ॥

ਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ-ਇਹ ਗੱਲ ਤੂੰ ਆਪ ਹੀ ਜਾਣਦਾ ਹੈਂ, ਆਪਣਾ ਮੁੱਲ ਤੂੰ ਆਪ ਹੀ ਪਾ ਸਕਦਾ ਹੈਂ।

ਤੂ ਅਲਖ ਅਗੋਚਰੁ ਅਗਮੁ ਹੈ ਗੁਰਮਤਿ ਦਿਖਾਈ ॥

ਤੂੰ ਅਦ੍ਰਿਸ਼ਟ ਹੈਂ, ਤੂੰ (ਮਾਨੁਖੀ) ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈਂ, ਤੂੰ ਅਪਹੁੰਚ ਹੈਂ, ਗੁਰੂ ਦੀ ਮੱਤ ਤੇਰਾ ਦੀਦਾਰ ਕਰਾਂਦੀ ਹੈ।

ਅੰਤਰਿ ਅਗਿਆਨੁ ਦੁਖੁ ਭਰਮੁ ਹੈ ਗੁਰ ਗਿਆਨਿ ਗਵਾਈ ॥

ਮਨੁੱਖ ਦੇ ਅੰਦਰ ਜੋ ਅਗਿਆਨ ਦੁੱਖ ਤੇ ਭਟਕਣਾ ਹੈ ਇਹ ਗੁਰੂ ਦੇ ਦਿੱਤੇ ਗਿਆਨ ਦੀ ਰਾਹੀਂ ਦੂਰ ਹੁੰਦੇ ਹਨ।

ਜਿਸੁ ਕ੍ਰਿਪਾ ਕਰਹਿ ਤਿਸੁ ਮੇਲਿ ਲੈਹਿ ਸੋ ਨਾਮੁ ਧਿਆਈ ॥

ਹੇ ਪ੍ਰਭੂ! ਜਿਸ ਉਤੇ ਤੂੰ ਮਿਹਰ ਕਰਦਾ ਹੈਂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈਂ ਉਹ ਤੇਰਾ ਨਾਮ ਸਿਮਰਦਾ ਹੈ।

ਤੂ ਕਰਤਾ ਪੁਰਖੁ ਅਗੰਮੁ ਹੈ ਰਵਿਆ ਸਭ ਠਾਈ ॥

ਤੂੰ ਸਭ ਦਾ ਬਣਾਣ ਵਾਲਾ ਹੈਂ, ਸਭ ਵਿਚ ਮੌਜੂਦ ਹੈਂ (ਫਿਰ ਭੀ) ਅਪਹੁੰਚ ਹੈਂ, ਤੇ ਹੈਂ ਸਭ ਥਾਈਂ ਵਿਆਪਕ।

ਜਿਤੁ ਤੂ ਲਾਇਹਿ ਸਚਿਆ ਤਿਤੁ ਕੋ ਲਗੈ ਨਾਨਕ ਗੁਣ ਗਾਈ ॥੨੮॥੧॥ ਸੁਧੁ

ਹੇ ਨਾਨਕ! ਹੇ ਸੱਚੇ ਪ੍ਰਭੂ! ਜਿਧਰ ਤੂੰ ਜੀਵ ਨੂੰ ਲਾਂਦਾ ਹੈਂ ਓਧਰ ਹੀ ਉਹ ਲੱਗਦਾ ਹੈ ਤੂੰ (ਜਿਸ ਨੂੰ ਪ੍ਰੇਰਦਾ ਹੈਂ) ਉਹੀ ਤੇਰੇ ਗੁਣ ਗਾਂਦਾ ਹੈ ॥੨੮॥੧॥ਸੁਧੁ