ਵਾਰ ਮਾਝ ਕੀ (ਮਹਲਾ 1), Vaar Majh ki (Mahalla 1) Path in Punjabi Gurbani

ਵਾਰ ਮਾਝ ਕੀ (ਮਹਲਾ 1), Vaar Majh ki (Mahalla 1) Path in Punjabi Gurbani

ਵਾਰ ਮਾਝ ਕੀ ਤਥਾ ਸਲੋਕ ਮਹਲਾ ੧ ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ ॥

ਰਾਗ ਮਾਝ ਦੀ ਇਹ ਵਾਰ ਅਤੇ ਇਸ ਨਾਲ ਦਿੱਤੇ ਹੋਏ ਸਲੋਕ ਗੁਰੂ ਨਾਨਕ ਦੇਵ ਜੀ ਦੇ (ਉਚਾਰੇ ਹੋਏ) ਹਨ ਗੁਰੂ ਅਰਜਨ ਸਾਹਿਬ ਨੇ ਉਪਰ ਲਿਖਿਆਂ ਸਿਰ-ਲੇਖ ਦੇ ਕੇ ਆਗਿਆ ਕੀਤੀ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਇਹ ਮਾਝ ਦੀ ਵਾਰ ਉਸ ਧੁਨੀ (ਸੁਰ) ਵਿਚ ਗਾਉਣੀ ਹੈ ਜਿਸ ਵਿਚ ਮੁਰੀਦ ਖਾਂ ਵਾਲੀ ਗਾਵੀਂ ਜਾਂਦੀ ਸੀ।

ੴ ਸਤਿ ਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਲੋਕੁ ਮਃ ੧ ॥
ਗੁਰੁ ਦਾਤਾ ਗੁਰੁ ਹਿਵੈ ਘਰੁ ਗੁਰੁ ਦੀਪਕੁ ਤਿਹ ਲੋਇ ॥

ਸਤਿਗੁਰੂ (ਨਾਮ ਦੀ ਦਾਤਿ) ਦੇਣ ਵਾਲਾ ਹੈ, ਗੁਰੂ ਠੰਡ ਦਾ ਸੋਮਾ ਹੈ, ਗੁਰੂ (ਹੀ) ਤ੍ਰਿਲੋਕੀ ਵਿਚ ਚਾਨਣ ਕਰਨ ਵਾਲਾ ਹੈ।

ਅਮਰ ਪਦਾਰਥੁ ਨਾਨਕਾ ਮਨਿ ਮਾਨਿਐ ਸੁਖੁ ਹੋਇ ॥੧॥

ਹੇ ਨਾਨਕ! ਕਦੇ ਨਾਹ ਮੁੱਕਣ ਵਾਲਾ (ਨਾਮ-ਰੂਪ) ਪਦਾਰਥ (ਗੁਰੂ ਤੋਂ ਹੀ ਮਿਲਦਾ ਹੈ)। ਜਿਸ ਦਾ ਮਨ ਗੁਰੂ ਵਿਚ ਪਤੀਜ ਜਾਏ, ਉਸ ਨੂੰ ਸੁਖ ਹੋ ਜਾਂਦਾ ਹੈ ॥੧॥


ਮਃ ੧ ॥
ਪਹਿਲੈ ਪਿਆਰਿ ਲਗਾ ਥਣ ਦੁਧਿ ॥

(ਜੇ ਮਨੁੱਖ ਦੀ ਸਾਰੀ ਉਮਰ ਨੂੰ ਦਸ ਹਿੱਸਿਆਂ ਵਿਚ ਵੰਡੀਏ, ਤਾਂ ਇਸ ਦੀ ਸਾਰੀ ਉਮਰ ਦੇ ਕੀਤੇ ਉੱਦਮਾਂ ਦੀ ਤਸਵੀਰ ਇਉਂ ਬਣਦੀ ਹੈ:) ਪਹਿਲੀ ਅਵਸਥਾ ਵਿਚ (ਜੀਵ) ਪਿਆਰ ਨਾਲ (ਮਾਂ ਦੇ) ਥਣਾਂ ਦੇ ਦੁੱਧ ਵਿਚ ਰੁੱਝਦਾ ਹੈ;

ਦੂਜੈ ਮਾਇ ਬਾਪ ਕੀ ਸੁਧਿ ॥

ਦੂਜੀ ਅਵਸਥਾ ਵਿਚ (ਭਾਵ, ਜਦੋਂ ਰਤਾ ਕੁ ਸਿਆਣਾ ਹੁੰਦਾ ਹੈ) (ਇਸ ਨੂੰ) ਮਾਂ ਤੇ ਪਿਉ ਦੀ ਸੋਝੀ ਹੋ ਜਾਂਦੀ ਹੈ,

ਤੀਜੈ ਭਯਾ ਭਾਭੀ ਬੇਬ ॥

ਤੀਜੀ ਅਵਸਥਾ ਵਿਚ (ਅਪੜਿਆਂ ਜੀਵ ਨੂੰ) ਭਰਾ ਭਾਈ ਤੇ ਭੈਣ ਦੀ ਪਛਾਣ ਆਉਂਦੀ ਹੈ।

ਚਉਥੈ ਪਿਆਰਿ ਉਪੰਨੀ ਖੇਡ ॥

ਚੌਥੀ ਅਵਸਥਾ ਵੇਲੇ ਖੇਡਾਂ ਵਿਚ ਪਿਆਰ ਦੇ ਕਾਰਣ (ਜੀਵ ਦੇ ਅੰਦਰ ਖੇਡਾਂ ਖੇਡਣ ਦੀ ਰੁਚੀ) ਉਪਜਦੀ ਹੈ,

ਪੰਜਵੈ ਖਾਣ ਪੀਅਣ ਕੀ ਧਾਤੁ ॥

ਪੰਜਵੀਂ ਅਵਸਥਾ ਵਿਚ ਖਾਣ ਪੀਣ ਦੀ ਲਾਲਸਾ ਬਣਦੀ ਹੈ,

ਛਿਵੈ ਕਾਮੁ ਨ ਪੁਛੈ ਜਾਤਿ ॥

ਛੇਵੀਂ ਅਵਸਥਾ ਵਿਚ (ਅੱਪੜ ਕੇ ਜੀਵ ਦੇ ਅੰਦਰ) ਕਾਮ (ਜਾਗਦਾ ਹੈ ਜੋ) ਜਾਤਿ ਕੁਜਾਤਿ ਭੀ ਨਹੀਂ ਵੇਖਦਾ।

ਸਤਵੈ ਸੰਜਿ ਕੀਆ ਘਰ ਵਾਸੁ ॥

ਸਤਵੀਂ ਅਵਸਥਾ ਵੇਲੇ (ਜੀਵ ਪਦਾਰਥ) ਇਕੱਠੇ ਕਰ ਕੇ (ਆਪਣਾ) ਘਰ ਦਾ ਵਸੇਬਾ ਬਣਾਂਦਾ ਹੈ;

ਅਠਵੈ ਕ੍ਰੋਧੁ ਹੋਆ ਤਨ ਨਾਸੁ ॥

ਅਠਵੀਂ ਅਵਸਥਾ ਵਿਚ (ਜੀਵ ਦੇ ਅੰਦਰ) ਗੁੱਸਾ (ਪੈਦਾ ਹੁੰਦਾ ਹੈ ਜੋ) ਸਰੀਰ ਦਾ ਨਾਸ ਕਰਦਾ ਹੈ।

ਨਾਵੈ ਧਉਲੇ ਉਭੇ ਸਾਹ ॥

(ਉਮਰ ਦੇ) ਨਾਂਵੇਂ ਹਿੱਸੇ ਵਿਚ ਕੇਸ ਚਿੱਟੇ ਹੋ ਜਾਂਦੇ ਹਨ ਤੇ ਸਾਹ ਖਿੱਚ ਕੇ ਆਉਂਦੇ ਹਨ (ਭਾਵ, ਦਮ ਚੜ੍ਹਨ ਲੱਗ ਪੈਂਦਾ ਹੈ),

ਦਸਵੈ ਦਧਾ ਹੋਆ ਸੁਆਹ ॥

ਦਸਵੇਂ ਦਰਜੇ ਤੇ ਜਾ ਕੇ ਸੜ ਕੇ ਸੁਆਹ ਹੋ ਜਾਂਦਾ ਹੈ।

ਗਏ ਸਿਗੀਤ ਪੁਕਾਰੀ ਧਾਹ ॥

ਜੋ ਸਾਥੀ (ਮਸਾਣਾਂ ਤਕ ਨਾਲ) ਜਾਂਦੇ ਹਨ, ਉਹ ਢਾਹਾਂ ਮਾਰ ਦੇਂਦੇ ਹਨ,

ਉਡਿਆ ਹੰਸੁ ਦਸਾਏ ਰਾਹ ॥

ਜੀਵਾਤਮਾ (ਸਰੀਰ ਵਿਚੋਂ) ਨਿਕਲ ਕੇ (ਅਗਾਂਹ ਦੇ) ਰਾਹ ਪੁੱਛਦਾ ਹੈ।

ਆਇਆ ਗਇਆ ਮੁਇਆ ਨਾਉ ॥

ਜੀਵ ਜਗਤ ਵਿਚ ਆਇਆ ਤੇ ਤੁਰ ਗਿਆ, (ਜਗਤ ਵਿਚ ਉਸ ਦਾ) ਨਾਮ ਭੀ ਭੁੱਲ ਗਿਆ,

ਪਿਛੈ ਪਤਲਿ ਸਦਿਹੁ ਕਾਵ ॥

(ਉਸ ਦੇ ਮਰਨ) ਪਿਛੋਂ ਪੱਤਰਾਂ ਉਤੇ (ਪਿੰਡ ਭਰਾ ਕੇ) ਕਾਂਵਾਂ ਨੂੰ ਹੀ ਸੱਦੀਦਾ ਹੈ (ਉਸ ਜੀਵ ਨੂੰ ਕੁਝ ਨਹੀਂ ਅੱਪੜਦਾ)।

ਨਾਨਕ ਮਨਮੁਖਿ ਅੰਧੁ ਪਿਆਰੁ ॥

ਹੇ ਨਾਨਕ! ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ (ਜਗਤ ਨਾਲ) ਪਿਆਰ ਅੰਨ੍ਹਿਆਂ ਵਾਲਾ ਪਿਆਰ ਹੈ,

ਬਾਝੁ ਗੁਰੂ ਡੁਬਾ ਸੰਸਾਰੁ ॥੨॥

ਗੁਰੂ (ਦੀ ਸਰਣ ਆਉਣ) ਤੋਂ ਬਿਨਾ ਜਗਤ (ਇਸ ‘ਅੰਧ ਪਿਆਰ’ ਵਿਚ) ਡੁੱਬ ਰਿਹਾ ਹੈ ॥੨॥


ਮਃ ੧ ॥
ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ ॥

ਦਸਾਂ ਸਾਲਾਂ ਦਾ (ਜੀਵ) ਬਾਲਪਨ ਵਿਚ (ਹੁੰਦਾ ਹੈ) ਵੀਹਾਂ ਵਰ੍ਹਿਆਂ ਦਾ ਹੋ ਕੇ ਕਾਮ-ਚੇਸ਼ਟਾ ਵਾਲੀ ਅਵਸਥਾ ਵਿਚ (ਅੱਪੜਦਾ ਹੈ), ਤੀਹਾਂ ਸਾਲਾਂ ਦਾ ਹੋ ਕੇ ਸੋਹਣਾ ਅਖਵਾਂਦਾ ਹੈ।

ਚਾਲੀਸੀ ਪੁਰੁ ਹੋਇ ਪਚਾਸੀ ਪਗੁ ਖਿਸੈ ਸਠੀ ਕੇ ਬੋਢੇਪਾ ਆਵੈ ॥

ਚਾਲੀ ਸਾਲਾਂ ਦੀ ਉਮਰੇ ਭਰ-ਜੁਆਨ ਹੁੰਦਾ ਹੈ, ਪੰਜਾਹ ਤੇ ਅੱਪੜ ਕੇ ਪੈਰ (ਜੁਆਨੀ ਤੋਂ ਹਿਠਾਂਹ) ਖਿਸਕਣ ਲੱਗ ਪੈਂਦਾ ਹੈ, ਸੱਠ ਸਾਲਾਂ ਤੇ ਬੁਢੇਪਾ ਆ ਜਾਂਦਾ ਹੈ।

ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਹਾਰੁ ਨ ਪਾਵੈ ॥

ਸੱਤਰ ਸਾਲਾਂ ਦਾ ਜੀਵ ਅਕਲੋਂ ਹੀਣਾ ਹੋਣ ਲੱਗ ਜਾਂਦਾ ਹੈ, ਤੇ ਅੱਸੀ ਸਾਲਾਂ ਦਾ ਕੰਮ ਕਾਰ ਜੋਗਾ ਨਹੀਂ ਰਹਿੰਦਾ।

ਨਵੈ ਕਾ ਸਿਹਜਾਸਣੀ ਮੂਲਿ ਨ ਜਾਣੈ ਅਪ ਬਲੁ ॥

ਨੱਵੇ ਸਾਲ ਦਾ ਮੰਜੇ ਤੋਂ ਹੀ ਨਹੀਂ ਹਿੱਲ ਸਕਦਾ, ਆਪਣਾ ਆਪ ਭੀ ਸੰਭਾਲ ਨਹੀਂ ਸਕਦਾ।

ਢੰਢੋਲਿਮੁ ਢੂਢਿਮੁ ਡਿਠੁ ਮੈ ਨਾਨਕ ਜਗੁ ਧੂਏ ਕਾ ਧਵਲਹਰੁ ॥੩॥

ਹੇ ਨਾਨਕ! ਮੈਂ ਢੂੰਢਿਆ ਹੈ, ਭਾਲਿਆ ਹੈ, ਵੇਖਿਆ ਹੈ, ਇਹ ਜਗਤ ਚਿੱਟਾ ਪਲਸਤਰੀ ਮੰਦਰ ਹੈ (ਭਾਵ, ਵੇਖਣ ਨੂੰ ਸੋਹਣਾ ਹੈ) ਪਰ ਹੈ ਧੂਏਂ ਦਾ (ਭਾਵ, ਸਦਾ ਰਹਿਣ ਵਾਲਾ ਨਹੀਂ) ॥੩॥


ਪਉੜੀ ॥
ਤੂੰ ਕਰਤਾ ਪੁਰਖੁ ਅਗੰਮੁ ਹੈ ਆਪਿ ਸ੍ਰਿਸਟਿ ਉਪਾਤੀ ॥

ਹੇ (ਪ੍ਰਭੂ!) ਤੂੰ ਸਿਰਜਣਹਾਰ ਹੈਂ, ਸਭ ਵਿਚ ਮੌਜੂਦ ਹੈਂ, (ਫਿਰ ਭੀ) ਤੇਰੇ ਤੀਕ ਕਿਸੇ ਦੀ ਪਹੁੰਚ ਨਹੀਂ ਹੈ, ਤੂੰ ਆਪ (ਸਾਰੀ) ਸ੍ਰਿਸ਼ਟੀ ਉਪਾਈ ਹੈ।

ਰੰਗ ਪਰੰਗ ਉਪਾਰਜਨਾ ਬਹੁ ਬਹੁ ਬਿਧਿ ਭਾਤੀ ॥

(ਇਹ ਰਚਨਾ) ਤੂੰ ਕਈ ਰੰਗਾਂ ਦੀ ਕਈ ਕਿਸਮਾਂ ਦੀ ਕਈ ਤਰੀਕਿਆਂ ਨਾਲ ਬਣਾਈ ਹੈ।

ਤੂੰ ਜਾਣਹਿ ਜਿਨਿ ਉਪਾਈਐ ਸਭੁ ਖੇਲੁ ਤੁਮਾਤੀ ॥

(ਜਗਤ ਦਾ ਇਹ) ਸਾਰਾ ਤਮਾਸ਼ਾ ਤੇਰਾ ਹੀ (ਬਣਾਇਆ ਹੋਇਆ) ਹੈ, (ਇਸ ਤਮਾਸ਼ੇ ਦੇ ਭੇਤ ਨੂੰ) ਤੂੰ ਆਪ ਹੀ ਜਾਣਦਾ ਹੈਂ, (ਜਿਸ ਨੇ ਖੇਲ ਬਣਾਇਆ ਹੋਇਆ ਹੈ)।

ਇਕਿ ਆਵਹਿ ਇਕਿ ਜਾਹਿ ਉਠਿ ਬਿਨੁ ਨਾਵੈ ਮਰਿ ਜਾਤੀ ॥

(ਇਸ ਤਮਾਸ਼ੇ ਵਿਚ) ਕਈ ਜੀਵ ਆ ਰਹੇ ਹਨ, ਕਈ (ਤਮਾਸ਼ਾ ਵੇਖ ਕੇ) ਤੁਰੇ ਜਾ ਰਹੇ ਹਨ, (ਪਰ ਜੋ) ‘ਨਾਮ’ ਤੋਂ ਸੱਖਣੇ ਹਨ ਉਹ ਮਰ ਕੇ (ਭਾਵ, ਦੁਖੀ ਹੋ ਕੇ) ਜਾਂਦੇ ਹਨ।

ਗੁਰਮੁਖਿ ਰੰਗਿ ਚਲੂਲਿਆ ਰੰਗਿ ਹਰਿ ਰੰਗਿ ਰਾਤੀ ॥

ਉਹ ਮਨੁੱਖ ਗੁਰੂ ਦੇ ਸਨਮੁਖ ਹਨ ਉਹ (ਪ੍ਰਭੂ ਦੇ) ਪਿਆਰ ਵਿਚ ਗੂੜ੍ਹੇ ਰੰਗੇ ਹੋਏ ਹਨ, ਉਹ ਨਿਰੋਲ ਹਰੀ ਦੇ ਪਿਆਰ ਰੰਗੇ ਹੋਏ ਹਨ।

ਸੋ ਸੇਵਹੁ ਸਤਿ ਨਿਰੰਜਨੋ ਹਰਿ ਪੁਰਖੁ ਬਿਧਾਤੀ ॥

(ਹੇ ਭਾਈ!) ਜੋ ਪ੍ਰਭੂ ਸਭ ਵਿਚ ਵਿਆਪਕ (ਪੁਰਖ) ਹੈ, ਜਗਤ ਦਾ ਰਚਨ ਵਾਲਾ ਹੈ, ਸਦਾ-ਥਿਰ ਰਹਿਣ ਵਾਲਾ ਹੈ ਤੇ ਮਾਇਆ ਤੋਂ ਰਹਿਤ ਹੈ, ਉਸ ਨੂੰ ਸਿਮਰੋ।

ਤੂੰ ਆਪੇ ਆਪਿ ਸੁਜਾਣੁ ਹੈ ਵਡ ਪੁਰਖੁ ਵਡਾਤੀ ॥

ਹੇ ਪ੍ਰਭੂ! ਤੂੰ ਸਭ ਤੋਂ ਵੱਡੀ ਹਸਤੀ ਵਾਲਾ ਹੈਂ, ਤੂੰ ਆਪ ਹੀ ਸਭ ਕੁਝ ਜਾਣਨ ਵਾਲਾ ਹੈਂ;

ਜੋ ਮਨਿ ਚਿਤਿ ਤੁਧੁ ਧਿਆਇਦੇ ਮੇਰੇ ਸਚਿਆ ਬਲਿ ਬਲਿ ਹਉ ਤਿਨ ਜਾਤੀ ॥੧॥

ਹੇ ਮੇਰੇ ਸੱਚੇ (ਸਾਹਿਬ!) ਜੋ ਤੈਨੂੰ ਮਨ ਲਾ ਕੇ ਚਿੱਤ ਲਾ ਕੇ ਸਿਮਰਦੇ ਹਨ, ਮੈਂ ਉਹਨਾਂ ਤੋਂ ਸਦਕੇ ਹਾਂ ॥੧॥


ਸਲੋਕ ਮਃ ੧ ॥
ਜੀਉ ਪਾਇ ਤਨੁ ਸਾਜਿਆ ਰਖਿਆ ਬਣਤ ਬਣਾਇ ॥

(ਪ੍ਰਭੂ ਨੇ) ਜਿੰਦ ਪਾ ਕੇ (ਮਨੁੱਖ ਦਾ) ਸਰੀਰ ਬਣਾਇਆ ਹੈ, (ਕਿਆ ਸੋਹਣੀ) ਘਾੜਤ ਘੜ ਕੇ ਰੱਖੀ ਹੈ।

ਅਖੀ ਦੇਖੈ ਜਿਹਵਾ ਬੋਲੈ ਕੰਨੀ ਸੁਰਤਿ ਸਮਾਇ ॥

ਅੱਖਾਂ ਨਾਲ ਇਹ ਵੇਖਦਾ ਹੈ, ਜੀਭ ਨਾਲ ਬੋਲਦਾ ਹੈ, (ਇਸ ਦੇ) ਕੰਨਾਂ ਵਿਚ ਸੁਣਨ ਦੀ ਸੱਤਿਆ ਮੌਜੂਦ ਹੈ,

ਪੈਰੀ ਚਲੈ ਹਥੀ ਕਰਣਾ ਦਿਤਾ ਪੈਨੈ ਖਾਇ ॥

ਪੈਰਾਂ ਨਾਲ ਤੁਰਦਾ ਹੈ, ਹੱਥਾਂ ਨਾਲ (ਕੰਮ) ਕਰਦਾ ਹੈ, ਤੇ (ਪ੍ਰਭੂ ਦਾ) ਦਿੱਤਾ ਖਾਂਦਾ ਪਹਿਨਦਾ ਹੈ।

ਜਿਨਿ ਰਚਿ ਰਚਿਆ ਤਿਸਹਿ ਨ ਜਾਣੈ ਅੰਧਾ ਅੰਧੁ ਕਮਾਇ ॥

ਪਰ, ਜਿਸ (ਪ੍ਰਭੂ) ਨੇ (ਇਸ ਦੇ ਸਰੀਰ ਨੂੰ) ਬਣਾਇਆ ਸੁਆਰਿਆ ਹੈ, ਉਸ ਨੂੰ ਇਹ ਪਛਾਣਦਾ (ਭੀ) ਨਹੀਂ, ਅੰਨ੍ਹਾ ਮਨੁੱਖ (ਭਾਵ, ਆਤਮਕ ਜੀਵਨ ਵਲੋਂ ਬੇ-ਸਮਝ) ਅੰਨ੍ਹਿਆਂ ਵਾਲਾ ਕੰਮ ਕਰਦਾ ਹੈ (ਭਾਵ, ਔਝੜੇ ਪਿਆ ਭਟਕਦਾ ਹੈ)।

ਜਾ ਭਜੈ ਤਾ ਠੀਕਰੁ ਹੋਵੈ ਘਾੜਤ ਘੜੀ ਨ ਜਾਇ ॥

ਜਦੋਂ (ਇਹ ਸਰੀਰ-ਰੂਪ ਭਾਂਡਾ) ਟੁੱਟ ਜਾਂਦਾ ਹੈ, ਤਾਂ (ਇਹ ਤਾਂ) ਠੀਕਰਾ ਹੋ ਜਾਂਦਾ ਹੈ (ਭਾਵ, ਕਿਸੇ ਕੰਮ ਦਾ ਨਹੀਂ ਰਹਿ ਜਾਂਦਾ) ਤੇ ਮੁੜ ਇਹ (ਸਰੀਰਕ) ਬਣਤਰ ਬਣ ਭੀ ਨਹੀਂ ਸਕਦੀ।

ਨਾਨਕ ਗੁਰ ਬਿਨੁ ਨਾਹਿ ਪਤਿ ਪਤਿ ਵਿਣੁ ਪਾਰਿ ਨ ਪਾਇ ॥੧॥

ਹੇ ਨਾਨਕ! (ਅੰਨ੍ਹਾ ਮਨੁੱਖ) ਗੁਰੂ (ਦੀ ਸਰਨ) ਤੋਂ ਬਿਨਾ ਬਖ਼ਸ਼ਸ਼ ਤੋਂ ਵਾਂਜਿਆ ਰਹਿੰਦਾ ਹੈ, ਤੇ ਪ੍ਰਭੂ ਦੀ ਮਿਹਰ ਤੋਂ ਬਿਨਾ (ਇਸ ਔਝੜ ਵਿਚੋਂ) ਪਾਰ ਨਹੀਂ ਲੰਘ ਸਕਦਾ ॥੧॥


ਮਃ ੨ ॥
ਦੇਂਦੇ ਥਾਵਹੁ ਦਿਤਾ ਚੰਗਾ ਮਨਮੁਖਿ ਐਸਾ ਜਾਣੀਐ ॥

ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਇਹੋ ਜਿਹਾ ਸਮਝ ਲਵੋ (ਕਿ ਉਸ ਨੂੰ) ਦੇਣ ਵਾਲੇ (ਪਰਮਾਤਮਾ) ਨਾਲੋਂ (ਉਸ ਦਾ) ਦਿੱਤਾ ਹੋਇਆ (ਪਦਾਰਥ) ਚੰਗਾ ਲੱਗਦਾ ਹੈ।

ਸੁਰਤਿ ਮਤਿ ਚਤੁਰਾਈ ਤਾ ਕੀ ਕਿਆ ਕਰਿ ਆਖਿ ਵਖਾਣੀਐ ॥

ਉਸ ਮਨੁੱਖ ਦੀ ਸੂਝ, ਅਕਲ ਤੇ ਸਿਆਣਪ (ਅਜੇਹੀ ਨੀਵੀਂ ਹੈ ਕਿ) ਲਫ਼ਜ਼ਾਂ ਨਾਲ ਬਿਆਨ ਨਹੀਂ ਕੀਤੀ ਜਾ ਸਕਦੀ ਹੈ।

ਅੰਤਰਿ ਬਹਿ ਕੈ ਕਰਮ ਕਮਾਵੈ ਸੋ ਚਹੁ ਕੁੰਡੀ ਜਾਣੀਐ ॥

(ਉਹ ਆਪਣੇ ਵਲੋਂ) ਲੁਕ ਕੇ (ਮੰਦੇ) ਕੰਮ ਕਰਦਾ ਹੈ, (ਪਰ ਜੋ ਕੁਝ ਉਹ ਕਰਦਾ ਹੈ) ਉਹ ਹਰ ਥਾਂ ਨਸ਼ਰ ਹੋ ਜਾਂਦਾ ਹੈ।

ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ ॥

(ਕੁਦਰਤ ਦਾ ਨੇਮ ਹੀ ਐਸਾ ਹੈ ਕਿ) ਜੋ ਮਨੁੱਖ ਭਲਾ ਕੰਮ ਕਰਦਾ ਹੈ, ਉਸਦਾ ਨਾਮ ‘ਧਰਮੀ’ ਪੈ ਜਾਂਦਾ ਹੈ, ਮੰਦੇ ਕੰਮ ਕੀਤਿਆਂ ਮਨੁੱਖ ਮੰਦਾ ਹੀ ਸਮਝਿਆ ਜਾਂਦਾ ਹੈ।

ਤੂੰ ਆਪੇ ਖੇਲ ਕਰਹਿ ਸਭਿ ਕਰਤੇ ਕਿਆ ਦੂਜਾ ਆਖਿ ਵਖਾਣੀਐ ॥

(ਪਰ ਮੰਦਾ ਕਿਸ ਨੂੰ ਆਖੀਏ?) (ਹੇ ਪ੍ਰਭੂ!) ਸਾਰੇ ਕੌਤਕ ਤੂੰ ਆਪ ਹੀ ਕਰ ਰਿਹਾ ਹੈਂ। ਤੈਥੋਂ ਵੱਖਰਾ ਹੋਰ ਕੇਹੜਾ ਦੱਸੀਏ?

ਜਿਚਰੁ ਤੇਰੀ ਜੋਤਿ ਤਿਚਰੁ ਜੋਤੀ ਵਿਚਿ ਤੂੰ ਬੋਲਹਿ ਵਿਣੁ ਜੋਤੀ ਕੋਈ ਕਿਛੁ ਕਰਿਹੁ ਦਿਖਾ ਸਿਆਣੀਐ ॥

(ਜੀਵਾਂ ਦੇ ਅੰਦਰ) ਜਿਤਨਾ ਚਿਰ ਤੇਰੀ ਜੋਤਿ ਮੌਜੂਦ ਹੈ ਉਤਨਾ ਚਿਰ ਉਸ ਜੋਤਿ ਵਿਚ ਤੂੰ (ਆਪ ਹੀ) ਬੋਲਦਾ ਹੈਂ। ਜਦੋਂ ਤੇਰੀ ਜੋਤਿ ਨਿਕਲ ਜਾਏ, ਤਾਂ ਭਲਾ ਕੋਈ ਕੁਝ ਕਰੇ ਤਾਂ ਸਹੀ, ਅਸੀਂ ਪਰਖ ਕੇ ਵੇਖੀਏ, (ਭਾਵ, ਤੇਰੀ ਜੋਤਿ ਤੋਂ ਬਿਨਾ ਕੋਈ ਕੁਝ ਨਹੀਂ ਕਰ ਸਕਦਾ; ਸੋ, ਮਨਸੁਖ ਵਿਚ ਭੀ ਤੇਰੀ ਹੀ ਜੋਤਿ ਹੈ)।

ਨਾਨਕ ਗੁਰਮੁਖਿ ਨਦਰੀ ਆਇਆ ਹਰਿ ਇਕੋ ਸੁਘੜੁ ਸੁਜਾਣੀਐ ॥੨॥

ਹੇ ਨਾਨਕ! ਗੁਰੂ ਦੀ ਸਰਨ ਆਏ ਮਨੁੱਖ ਨੂੰ (ਹਰ ਥਾਂ) ਇਕੋ ਸਿਆਣਾ ਤੇ ਸੁਜਾਨ ਪ੍ਰਭੂ ਹੀ ਦਿੱਸਦਾ ਹੈ ॥੨॥


ਪਉੜੀ ॥
ਤੁਧੁ ਆਪੇ ਜਗਤੁ ਉਪਾਇ ਕੈ ਤੁਧੁ ਆਪੇ ਧੰਧੈ ਲਾਇਆ ॥

(ਹੇ ਪ੍ਰਭੂ!) ਤੂੰ ਆਪ ਹੀ ਜਗਤ ਪੈਦਾ ਕਰ ਕੇ ਤੂੰ ਆਪ ਹੀ (ਇਸ ਨੂੰ) ਜੰਜਾਲ ਵਿਚ ਪਾ ਦਿੱਤਾ ਹੈ।

ਮੋਹ ਠਗਉਲੀ ਪਾਇ ਕੈ ਤੁਧੁ ਆਪਹੁ ਜਗਤੁ ਖੁਆਇਆ ॥

(ਮਾਇਆ ਦੇ) ਮੋਹ ਦੀ ਠਗ ਬੂਟੀ ਖੁਆ ਕੇ ਤੂੰ ਜਗਤ ਨੂੰ ਆਪਣੇ ਆਪ ਤੋਂ (ਭਾਵ, ਆਪਣੀ ਯਾਦ ਤੋਂ) ਖੁੰਝਾ ਦਿੱਤਾ ਹੈ।

ਤਿਸਨਾ ਅੰਦਰਿ ਅਗਨਿ ਹੈ ਨਹ ਤਿਪਤੈ ਭੁਖਾ ਤਿਹਾਇਆ ॥

(ਜਗਤ ਦੇ) ਅੰਦਰ ਤ੍ਰਿਸ਼ਨਾ ਦੀ ਅੱਗ (ਬਲ ਰਹੀ) ਹੈ, (ਇਸ ਵਾਸਤੇ ਇਹ ਮਾਇਆ ਦੀ) ਤ੍ਰਿਹ ਤੇ ਭੁੱਖ ਦਾ ਮਾਰਿਆ ਹੋਇਆ ਰੱਜਦਾ ਨਹੀਂ ਹੈ।

ਸਹਸਾ ਇਹੁ ਸੰਸਾਰੁ ਹੈ ਮਰਿ ਜੰਮੈ ਆਇਆ ਜਾਇਆ ॥

ਇਹ ਜਗਤ ਹੈ ਹੀ ਤੌਖ਼ਲਾ (ਰੂਪ), (ਇਸ ਤੌਖ਼ਲੇ ਵਿਚ ਪਿਆ ਜੀਵ) ਜੰਮਦਾ ਮਰਦਾ ਤੇ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।

ਬਿਨੁ ਸਤਿਗੁਰ ਮੋਹੁ ਨ ਤੁਟਈ ਸਭਿ ਥਕੇ ਕਰਮ ਕਮਾਇਆ ॥

(ਮਾਇਆ ਦਾ ਇਹ) ਮੋਹ ਗੁਰੂ (ਦੀ ਸਰਨ) ਤੋਂ ਬਿਨਾ ਟੁੱਟਦਾ ਨਹੀਂ, (ਬਥੇਰੇ ਜੀਵ) ਹੋਰ ਹੋਰ (ਧਾਰਮਿਕ) ਕੰਮ ਕਰ ਕੇ ਹਾਰ ਚੁਕੇ ਹਨ।

ਗੁਰਮਤੀ ਨਾਮੁ ਧਿਆਈਐ ਸੁਖਿ ਰਜਾ ਜਾ ਤੁਧੁ ਭਾਇਆ ॥

ਪ੍ਰਭੂ ਦਾ ਨਾਮ ਗੁਰੂ ਦੀ ਸਿੱਖਿਆ ਦੀ ਰਾਹੀਂ ਹੀ ਸਿਮਰਿਆ ਜਾ ਸਕਦਾ ਹੈ। (ਹੇ ਪ੍ਰਭੂ!) ਜਦੋਂ ਤੈਨੂੰ ਭਾਵੇ (ਤਾਂ ਜੀਵ ਤੇਰੇ ਨਾਮ ਦੇ) ਸੁਖ ਵਿਚ (ਟਿਕ ਕੇ) ਤ੍ਰਿਪਤ ਹੁੰਦਾ ਹੈ।

ਕੁਲੁ ਉਧਾਰੇ ਆਪਣਾ ਧੰਨੁ ਜਣੇਦੀ ਮਾਇਆ ॥

ਧੰਨ ਹੈ (ਉਸ ਜੀਵ ਦੀ) ਜੰਮਣ ਵਾਲੀ ਮਾਂ, (ਨਾਮ ਦੀ ਬਰਕਤਿ ਨਾਲ ਉਹ) ਆਪਣਾ ਖ਼ਾਨਦਾਨ (ਹੀ ਵਿਕਾਰਾਂ ਤੋਂ) ਬਚਾ ਲੈਂਦਾ ਹੈ।

ਸੋਭਾ ਸੁਰਤਿ ਸੁਹਾਵਣੀ ਜਿਨਿ ਹਰਿ ਸੇਤੀ ਚਿਤੁ ਲਾਇਆ ॥੨॥

ਜਿਸ ਮਨੁੱਖ ਨੇ ਪ੍ਰਭੂ ਨਾਲ ਚਿੱਤ ਜੋੜਿਆ ਹੈ, (ਜਗਤ ਵਿਚ ਉਸ ਦੀ) ਸੋਭਾ ਹੁੰਦੀ ਹੈ ਤੇ ਉਸ ਦੀ ਸੋਹਣੀ ਸੂਝ ਹੋ ਜਾਂਦੀ ਹੈ ॥੨॥


ਸਲੋਕੁ ਮਃ ੨ ॥
ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥

ਜੇ ਅੱਖਾਂ ਤੋਂ ਬਿਨਾ ਵੇਖੀਏ (ਭਾਵ, ਜੇ ਪਰਾਇਆ ਰੂਪ ਤੱਕਣ ਦੀ ਵਾਦੀ ਵਲੋਂ ਇਹਨਾਂ ਅੱਖਾਂ ਨੂੰ ਹਟਾ ਕੇ ਜਗਤ ਨੂੰ ਵੇਖੀਏ), ਕੰਨਾਂ ਤੋਂ ਬਿਨਾ ਸੁਣੀਏ (ਭਾਵ, ਜੇ ਨਿੰਦਾ ਸੁਣਨ ਦੀ ਵਾਦੀ ਹਟਾ ਕੇ ਇਹ ਕੰਨ ਵਰਤੀਏ),

ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ ॥

ਜੇ ਪੈਰਾਂ ਤੋਂ ਬਿਨਾ ਤੁਰੀਏ (ਭਾਵ, ਜੇ ਮੰਦੇ ਪਾਸੇ ਵਲ ਦੌੜਨ ਤੋਂ ਪੈਰਾਂ ਨੂੰ ਵਰਜ ਰੱਖੀਏ), ਜੇ ਹੱਥਾਂ ਤੋਂ ਬਿਨਾ ਕੰਮ ਕਰੀਏ (ਭਾਵ, ਜੇ ਪਰਾਇਆ ਨੁਕਸਾਨ ਕਰਨ ਵਲੋਂ ਰੋਕ ਕੇ ਹੱਥਾਂ ਨੂੰ ਵਰਤੀਏ),

ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ ॥

ਜੇ ਜੀਭ ਤੋਂ ਬਿਨਾ ਬੋਲੀਏ, (ਭਾਵ ਜੇ ਨਿੰਦਾ ਕਰਨ ਦੀ ਵਾਦੀ ਹਟਾ ਕੇ ਜੀਭ ਤੋਂ ਬੋਲਣ ਦਾ ਕੰਮ ਲਈਏ), -ਇਸ ਤਰ੍ਹਾਂ ਜਿਊਂਦਿਆਂ ਮਰੀਦਾ ਹੈ।

ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥੧॥

ਹੇ ਨਾਨਕ! ਖਸਮ ਪ੍ਰਭੂ ਦਾ ਹੁਕਮ ਪਛਾਣੀਏ ਤਾਂ ਉਸ ਨੂੰ ਮਿਲੀਦਾ ਹੈ (ਭਾਵ, ਜੇ ਇਹ ਸਮਝ ਲਈਏ ਕਿ ਖਸਮ ਪ੍ਰਭੂ ਵਲੋਂ ਅੱਖਾਂ ਆਦਿਕ ਇੰਦ੍ਰਿਆਂ ਨੂੰ ਕਿਵੇਂ ਵਰਤਣ ਦਾ ਹੁਕਮ ਹੈ, ਤਾਂ ਉਸ ਪ੍ਰਭੂ ਨੂੰ ਮਿਲ ਪਈਦਾ ਹੈ) ॥੧॥


ਮਃ ੨ ॥
ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਇ ॥

(ਪਰਮਾਤਮਾ ਕੁਦਰਤਿ ਵਿਚ ਵੱਸਦਾ) ਦਿੱਸ ਰਿਹਾ ਹੈ, (ਉਸ ਦੀ ਜੀਵਨ-ਰੌ ਸਾਰੀ ਰਚਨਾ ਵਿਚ) ਸੁਣੀ ਜਾ ਰਹੀ ਹੈ, (ਉਸ ਦੇ ਕੰਮਾਂ ਤੋਂ) ਜਾਪ ਰਿਹਾ ਹੈ (ਕਿ ਉਹ ਕੁਦਰਤਿ ਵਿਚ ਮੌਜੂਦ ਹੈ, ਫਿਰ ਭੀ ਉਸ ਦੇ ਮਿਲਾਪ ਦਾ) ਸੁਆਦ (ਜੀਵ ਨੂੰ) ਹਾਸਲ ਨਹੀਂ ਹੁੰਦਾ।

ਰੁਹਲਾ ਟੁੰਡਾ ਅੰਧੁਲਾ ਕਿਉ ਗਲਿ ਲਗੈ ਧਾਇ ॥

(ਇਹ ਕਿਉਂ?) ਇਸ ਵਾਸਤੇ ਕਿ ਪ੍ਰਭੂ ਨੂੰ ਮਿਲਣ ਲਈ (ਜੀਵ ਦੇ) ਨਾਹ ਪੈਰ ਹਨ, ਨਾਹ ਹੱਥ ਹਨ ਤੇ ਨਾਹ ਅੱਖਾਂ ਹਨ (ਫਿਰ ਇਹ) ਕਿਵੇਂ ਭੱਜ ਕੇ (ਪ੍ਰਭੂ ਦੇ) ਗਲ ਜਾ ਲੱਗੇ?

ਭੈ ਕੇ ਚਰਣ ਕਰ ਭਾਵ ਕੇ ਲੋਇਣ ਸੁਰਤਿ ਕਰੇਇ ॥

ਜੇ (ਜੀਵ ਪ੍ਰਭੂ ਦੇ) ਡਰ (ਵਿਚ ਤੁਰਨ) ਨੂੰ (ਆਪਣੇ) ਪੈਰ ਬਣਾਏ, ਪਿਆਰ ਦੇ ਹੱਥ ਬਣਾਏ ਤੇ (ਪ੍ਰਭੂ ਦੀ) ਯਾਦ (ਵਿਚ ਜੁੜਨ) ਨੂੰ ਅੱਖਾਂ ਬਣਾਏ,

ਨਾਨਕੁ ਕਹੈ ਸਿਆਣੀਏ ਇਵ ਕੰਤ ਮਿਲਾਵਾ ਹੋਇ ॥੨॥

ਤਾਂ ਨਾਨਕ ਆਖਦਾ ਹੈ- ਹੇ ਸਿਆਣੀ (ਜੀਵ-ਇਸਤ੍ਰੀਏ)! ਇਸ ਤਰ੍ਹਾਂ ਖਸਮ-ਪ੍ਰਭੂ ਨਾਲ ਮੇਲ ਹੁੰਦਾ ਹੈ ॥੨॥


ਪਉੜੀ ॥
ਸਦਾ ਸਦਾ ਤੂੰ ਏਕੁ ਹੈ ਤੁਧੁ ਦੂਜਾ ਖੇਲੁ ਰਚਾਇਆ ॥

(ਹੇ ਪ੍ਰਭੂ!) ਤੂੰ ਸਦਾ ਹੀ ਇਕ (ਆਪ ਹੀ ਆਪ) ਹੈਂ, ਇਹ (ਤੈਥੋਂ ਵੱਖਰਾ ਦਿੱਸਦਾ ਤਮਾਸ਼ਾ ਤੂੰ ਆਪ ਹੀ ਰਚਿਆ ਹੈ।

ਹਉਮੈ ਗਰਬੁ ਉਪਾਇ ਕੈ ਲੋਭੁ ਅੰਤਰਿ ਜੰਤਾ ਪਾਇਆ ॥

(ਤੂੰ ਹੀ ਜੀਵਾਂ ਦੇ ਅੰਦਰ) ਹਉਮੈ ਅਹੰਕਾਰ ਪੈਦਾ ਕਰ ਕੇ ਜੀਵਾਂ ਦੇ ਅੰਦਰ ਲੋਭ (ਭੀ) ਪਾ ਦਿੱਤਾ ਹੈ।

ਜਿਉ ਭਾਵੈ ਤਿਉ ਰਖੁ ਤੂ ਸਭ ਕਰੇ ਤੇਰਾ ਕਰਾਇਆ ॥

(ਸੋ), ਸਾਰੇ ਜੀਵ ਤੇਰੇ ਹੀ ਪ੍ਰੇਰੇ ਹੋਏ ਕਾਰ ਕਰ ਰਹੇ ਹਨ। ਜਿਵੇਂ ਤੈਨੂੰ ਭਾਵੇ ਤਿਵੇਂ ਇਹਨਾਂ ਦੀ ਰੱਖਿਆ ਕਰ।

ਇਕਨਾ ਬਖਸਹਿ ਮੇਲਿ ਲੈਹਿ ਗੁਰਮਤੀ ਤੁਧੈ ਲਾਇਆ ॥

ਕਈ ਜੀਵਾਂ ਨੂੰ ਤੂੰ ਬਖ਼ਸ਼ਦਾ ਹੈਂ (ਤੇ ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈਂ, ਗੁਰੂ ਦੀ ਸਿੱਖਿਆ ਵਿਚ ਤੂੰ ਆਪ ਹੀ ਉਹਨਾਂ ਨੂੰ ਲਾਇਆ ਹੈ।

ਇਕਿ ਖੜੇ ਕਰਹਿ ਤੇਰੀ ਚਾਕਰੀ ਵਿਣੁ ਨਾਵੈ ਹੋਰੁ ਨ ਭਾਇਆ ॥

(ਐਸੇ) ਕਈ ਜੀਵ ਸੁਚੇਤ ਹੋ ਕੇ ਤੇਰੀ ਬੰਦਗੀ ਕਰ ਰਹੇ ਹਨ। ਤੇਰੇ ਨਾਮ (ਦੀ ਯਾਦ) ਤੋਂ ਬਿਨਾ ਕੋਈ ਹੋਰ ਕੰਮ ਉਹਨਾਂ ਨੂੰ ਭਾਉਂਦਾ ਨਹੀਂ (ਭਾਵ, ਕਿਸੇ ਹੋਰ ਕੰਮ ਦੀ ਖ਼ਾਤਰ ਤੇਰਾ ਨਾਮ ਵਿਸਾਰਨ ਨੂੰ ਉਹ ਤਿਆਰ ਨਹੀਂ)।

ਹੋਰੁ ਕਾਰ ਵੇਕਾਰ ਹੈ ਇਕਿ ਸਚੀ ਕਾਰੈ ਲਾਇਆ ॥

ਜਿਨ੍ਹਾਂ ਐਸੇ ਬੰਦਿਆਂ ਤੂੰ ਇਸ ਸੱਚੀ ਕਾਰ ਵਿਚ ਲਾਇਆ ਹੈ, ਉਹਨਾਂ ਨੂੰ (ਤੇਰਾ ਨਾਮ ਵਿਸਾਰ ਕੇ) ਕੋਈ ਹੋਰ ਕੰਮ ਕਰਨਾ ਮੰਦਾ ਲੱਗਦਾ ਹੈ।

ਪੁਤੁ ਕਲਤੁ ਕੁਟੰਬੁ ਹੈ ਇਕਿ ਅਲਿਪਤੁ ਰਹੇ ਜੋ ਤੁਧੁ ਭਾਇਆ ॥

ਇਹ ਜੋ ਪੁਤ੍ਰ ਇਸਤ੍ਰੀ ਤੇ ਪਰਵਾਰ ਹੈ, (ਹੇ ਪ੍ਰਭੂ!) ਜੋ ਬੰਦੇ ਤੈਨੂੰ ਪਿਆਰੇ ਲੱਗਦੇ ਹਨ, ਉਹ ਇਹਨਾਂ ਤੋਂ ਨਿਰਮੋਹ ਰਹਿੰਦੇ ਹਨ;

ਓਹਿ ਅੰਦਰਹੁ ਬਾਹਰਹੁ ਨਿਰਮਲੇ ਸਚੈ ਨਾਇ ਸਮਾਇਆ ॥੩॥

ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਵਿਚ ਜੁੜੇ ਹੋਏ ਉਹ ਬੰਦੇ ਅੰਦਰੋਂ ਬਾਹਰੋਂ ਸੁੱਚੇ ਰਹਿੰਦੇ ਹਨ ॥੩॥


ਸਲੋਕੁ ਮਃ ੧ ॥
ਸੁਇਨੇ ਕੈ ਪਰਬਤਿ ਗੁਫਾ ਕਰੀ ਕੈ ਪਾਣੀ ਪਇਆਲਿ ॥

ਮੈਂ (ਚਾਹੇ) ਸੋਨੇ ਦੇ (ਸੁਮੇਰ) ਪਰਬਤ ਉੱਤੇ ਗੁਫਾ ਬਣਾ ਲਵਾਂ, ਭਾਵੇਂ ਹੇਠਾਂ ਪਾਣੀ ਵਿਚ (ਜਾ ਰਹਾਂ);

ਕੈ ਵਿਚਿ ਧਰਤੀ ਕੈ ਆਕਾਸੀ ਉਰਧਿ ਰਹਾ ਸਿਰਿ ਭਾਰਿ ॥

ਚਾਹੇ ਧਰਤੀ ਵਿਚ ਰਹਾਂ, ਚਾਹੇ ਆਕਾਸ਼ ਵਿਚ ਪੁੱਠਾ ਸਿਰ ਭਾਰ ਖਲੋਤਾ ਰਹਾਂ,

ਪੁਰੁ ਕਰਿ ਕਾਇਆ ਕਪੜੁ ਪਹਿਰਾ ਧੋਵਾ ਸਦਾ ਕਾਰਿ ॥

ਭਾਵੇਂ ਸਰੀਰ ਨੂੰ ਪੂਰੇ ਤੌਰ ਤੇ ਕਪੜਾ ਪਹਿਨਾ ਲਵਾਂ (ਭਾਵ, ਕਾਪੜੀਆਂ ਵਾਂਗ ਸਰੀਰ ਨੂੰ ਮੁਕੰਮਲ ਤੌਰ ਤੇ ਕਪੜਿਆਂ ਨਾਲ ਢੱਕ ਲਵਾਂ) ਚਾਹੇ ਸਰੀਰ ਨੂੰ ਸਦਾ ਹੀ ਧੋਂਦਾ ਰਹਾਂ,

ਬਗਾ ਰਤਾ ਪੀਅਲਾ ਕਾਲਾ ਬੇਦਾ ਕਰੀ ਪੁਕਾਰ ॥

ਭਾਵੇਂ ਮੈਂ ਚਿੱਟੇ ਲਾਲ ਪੀਲੇ ਜਾਂ ਕਾਲੇ ਕਪੜੇ ਪਾ ਕੇ (ਚਾਰ) ਵੇਦਾਂ ਦਾ ਉਚਾਰਨ ਕਰਾਂ,

ਹੋਇ ਕੁਚੀਲੁ ਰਹਾ ਮਲੁ ਧਾਰੀ ਦੁਰਮਤਿ ਮਤਿ ਵਿਕਾਰ ॥

ਚਾਹੇ (ਸਰੇਵੜਿਆਂ ਵਾਂਗ) ਗੰਦਾ ਤੇ ਮੈਲਾ ਰਹਾਂ-ਇਹ ਸਾਰੇ ਭੈੜੀ ਮਤਿ ਦੇ ਮੰਦੇ ਕਰਮ ਹੀ ਹਨ।

ਨਾ ਹਉ ਨਾ ਮੈ ਨਾ ਹਉ ਹੋਵਾ ਨਾਨਕ ਸਬਦੁ ਵੀਚਾਰਿ ॥੧॥

ਹੇ ਨਾਨਕ! (ਮੈਂ ਤਾਂ ਇਹ ਚਾਹੁੰਦਾ ਹਾਂ ਕਿ) (ਸਤਿਗੁਰੂ ਦੇ) ਸ਼ਬਦ ਨੂੰ ਵਿਚਾਰ ਕੇ (ਮੇਰੀ) ਹਉਮੈ ਨਾ ਰਹੇ ॥੧॥


ਮਃ ੧ ॥
ਵਸਤ੍ਰ ਪਖਾਲਿ ਪਖਾਲੇ ਕਾਇਆ ਆਪੇ ਸੰਜਮਿ ਹੋਵੈ ॥

(ਜੋ ਮਨੁੱਖ ਨਿੱਤ) ਕੱਪੜੇ ਧੋ ਕੇ ਸਰੀਰ ਧੋਂਦਾ ਹੈ (ਤੇ ਸਿਰਫ਼ ਕਪੜੇ ਤੇ ਸਰੀਰ ਸੁੱਚੇ ਰੱਖਣ ਨਾਲ ਹੀ) ਆਪਣੇ ਵੱਲੋਂ ਤਪਸ੍ਵੀ ਬਣ ਬੈਠਦਾ ਹੈ,

ਅੰਤਰਿ ਮੈਲੁ ਲਗੀ ਨਹੀ ਜਾਣੈ ਬਾਹਰਹੁ ਮਲਿ ਮਲਿ ਧੋਵੈ ॥

(ਪਰ) ਮਨ ਵਿਚ ਲੱਗੀ ਹੋਈ ਮੈਲ ਦੀ ਉਸ ਨੂੰ ਖ਼ਬਰ ਹੀ ਨਹੀਂ, (ਸਦਾ ਸਰੀਰ ਨੂੰ) ਬਾਹਰੋਂ ਹੀ ਮਲ ਮਲ ਕੇ ਧੋਂਦਾ ਹੈ,

ਅੰਧਾ ਭੂਲਿ ਪਇਆ ਜਮ ਜਾਲੇ ॥

(ਉਹ) ਅੰਨ੍ਹਾ ਮਨੁੱਖ (ਸਿੱਧੇ ਰਾਹ ਤੋਂ) ਖੁੰਝ ਕੇ ਮੌਤ ਦਾ ਡਰ ਪੈਦਾ ਕਰਨ ਵਾਲੇ ਜਾਲ ਵਿਚ ਫਸਿਆ ਹੋਇਆ ਹੈ,

ਵਸਤੁ ਪਰਾਈ ਅਪੁਨੀ ਕਰਿ ਜਾਨੈ ਹਉਮੈ ਵਿਚਿ ਦੁਖੁ ਘਾਲੇ ॥

ਹਉਮੈ ਵਿਚ ਦੁੱਖ ਸਹਾਰਦਾ ਹੈ ਕਿਉਂਕਿ ਪਰਾਈ ਵਸਤ (ਸਰੀਰ ਤੇ ਹੋਰ ਪਦਾਰਥ ਆਦਿਕਾਂ) ਨੂੰ ਆਪਣੀ ਸਮਝ ਬੈਠਦਾ ਹੈ।

ਨਾਨਕ ਗੁਰਮੁਖਿ ਹਉਮੈ ਤੁਟੈ ਤਾ ਹਰਿ ਹਰਿ ਨਾਮੁ ਧਿਆਵੈ ॥

ਹੇ ਨਾਨਕ! (ਜਦੋਂ) ਗੁਰੂ ਦੇ ਸਨਮੁਖ ਹੋ ਕੇ (ਮਨੁੱਖ ਦੀ) ਹਉਮੈ ਦੂਰ ਹੁੰਦੀ ਹੈ, ਤਦੋਂ ਉਹ ਪ੍ਰਭੂ ਦਾ ਨਾਮ ਸਿਮਰਦਾ ਹੈ,

ਨਾਮੁ ਜਪੇ ਨਾਮੋ ਆਰਾਧੇ ਨਾਮੇ ਸੁਖਿ ਸਮਾਵੈ ॥੨॥

ਨਾਮ ਜਪਦਾ ਹੈ, ਨਾਮ ਹੀ ਯਾਦ ਕਰਦਾ ਹੈ ਤੇ ਨਾਮ ਦੀ ਹੀ ਬਰਕਤਿ ਨਾਲ ਸੁਖ ਵਿਚ ਟਿਕਿਆ ਰਹਿੰਦਾ ਹੈ ॥੨॥


ਪਵੜੀ ॥
ਕਾਇਆ ਹੰਸਿ ਸੰਜੋਗੁ ਮੇਲਿ ਮਿਲਾਇਆ ॥

ਸਰੀਰ ਤੇ ਜੀਵ (-ਆਤਮਾ) ਦਾ ਸੰਜੋਗ ਮਿਥ ਕੇ (ਪਰਮਾਤਮਾ ਨੇ ਇਹਨਾਂ ਨੂੰ ਮਨੁੱਖਾ-ਜਨਮ ਵਿਚ) ਇਕੱਠਾ ਕਰ ਦਿੱਤਾ ਹੈ।

ਤਿਨ ਹੀ ਕੀਆ ਵਿਜੋਗੁ ਜਿਨਿ ਉਪਾਇਆ ॥

ਜਿਸ (ਪ੍ਰਭੂ) ਨੇ (ਸਰੀਰ ਤੇ ਜੀਵ ਨੂੰ) ਪੈਦਾ ਕੀਤਾ ਹੈ ਉਸ ਨੇ ਹੀ (ਇਹਨਾਂ ਲਈ) ਵਿਛੋੜਾ (ਭੀ) ਬਣਾ ਰੱਖਿਆ ਹੈ।

ਮੂਰਖੁ ਭੋਗੇ ਭੋਗੁ ਦੁਖ ਸਬਾਇਆ ॥

(ਪਰ ਇਸ ਵਿਛੋੜੇ ਨੂੰ ਭੁਲਾ ਕੇ) ਮੂਰਖ (ਜੀਵ) ਭੋਗ ਭੋਗਦਾ ਰਹਿੰਦਾ ਹੈ (ਜੋ) ਸਾਰੇ ਦੁੱਖਾਂ ਦਾ (ਮੂਲ ਬਣਦਾ) ਹੈ।

ਸੁਖਹੁ ਉਠੇ ਰੋਗ ਪਾਪ ਕਮਾਇਆ ॥

ਪਾਪ ਕਮਾਣ ਦੇ ਕਾਰਨ (ਭੋਗਾਂ ਦੇ) ਸੁਖ ਤੋਂ ਰੋਗ ਪੈਦਾ ਹੁੰਦੇ ਹਨ।

ਹਰਖਹੁ ਸੋਗੁ ਵਿਜੋਗੁ ਉਪਾਇ ਖਪਾਇਆ ॥

(ਭੋਗਾਂ ਦੀ ਖ਼ੁਸ਼ੀ ਤੋਂ ਚਿੰਤਾ (ਤੇ ਅੰਤ ਨੂੰ) ਵਿਛੋੜਾ ਪੈਦਾ ਹੁੰਦਾ ਹੈ ਅਤੇ ਜਨਮ ਮਰਨ ਦਾ ਗੇੜ ਪੈ ਜਾਂਦਾ ਹੈ।

ਮੂਰਖ ਗਣਤ ਗਣਾਇ ਝਗੜਾ ਪਾਇਆ ॥

ਮੂਰਖਾਂ ਵਾਲੇ ਕੰਮ ਕਰ ਕੇ ਜਨਮ ਮਰਨ ਦਾ ਲੰਮਾ ਝੰਬੇਲਾ ਸਹੇੜ ਲੈਂਦਾ ਹੈ।

ਸਤਿਗੁਰ ਹਥਿ ਨਿਬੇੜੁ ਝਗੜੁ ਚੁਕਾਇਆ ॥

(ਜਨਮ ਮਰਨ ਦੇ ਗੇੜ ਨੂੰ ਮੁਕਾਣ ਦੀ ਤਾਕਤ ਸਤਿਗੁਰੂ ਦੇ ਹੱਥ ਵਿਚ ਹੈ, (ਜਿਸ ਨੂੰ ਗੁਰੂ ਮਿਲਦਾ ਹੈ ਉਸ ਦਾ ਇਹ) ਝੰਬੇਲਾ ਮੁੱਕ ਜਾਂਦਾ ਹੈ।

ਕਰਤਾ ਕਰੇ ਸੁ ਹੋਗੁ ਨ ਚਲੈ ਚਲਾਇਆ ॥੪॥

(ਜੀਵਾਂ ਦੀ ਕੋਈ) ਆਪਣੀ ਚਲਾਈ ਸਿਆਣਪ ਚੱਲ ਨਹੀਂ ਸਕਦੀ, ਜੋ ਕਰਤਾਰ ਕਰਦਾ ਹੈ ਉਹੀ ਹੁੰਦਾ ਹੈ ॥੪॥


ਸਲੋਕੁ ਮਃ ੧ ॥
ਕੂੜੁ ਬੋਲਿ ਮੁਰਦਾਰੁ ਖਾਇ ॥

(ਜੋ ਮਨੁੱਖ) ਝੂਠ ਬੋਲ ਕੇ (ਆਪ ਤਾਂ) ਦੂਜਿਆਂ ਦਾ ਹੱਕ ਖਾਂਦਾ ਹੈ,

ਅਵਰੀ ਨੋ ਸਮਝਾਵਣਿ ਜਾਇ ॥

ਤੇ ਹੋਰਨਾਂ ਨੂੰ ਸਿੱਖਿਆ ਦੇਣ ਜਾਂਦਾ ਹੈ (ਕਿ ਝੂਠ ਨਾਹ ਬੋਲੋ)।

ਮੁਠਾ ਆਪਿ ਮੁਹਾਏ ਸਾਥੈ ॥

(ਉਹ) ਆਪ ਤਾਂ ਠੱਗਿਆ ਜਾ ਹੀ ਰਿਹਾ ਹੈ, ਆਪਣੇ ਸਾਥ ਨੂੰ ਭੀ ਲੁਟਾਂਦਾ ਹੈ।

ਨਾਨਕ ਐਸਾ ਆਗੂ ਜਾਪੈ ॥੧॥

ਹੇ ਨਾਨਕ! ਅਜੇਹਾ ਆਗੂ (ਅੰਤ ਇਉਂ) ਉੱਘੜਦਾ ਹੈ ॥੧॥


ਮਹਲਾ ੪ ॥
ਜਿਸ ਦੈ ਅੰਦਰਿ ਸਚੁ ਹੈ ਸੋ ਸਚਾ ਨਾਮੁ ਮੁਖਿ ਸਚੁ ਅਲਾਏ ॥

ਜਿਸ ਮਨੁੱਖ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਵੱਸਦਾ ਹੈ, ਮੂੰਹੋਂ (ਭੀ) ਸਦਾ-ਥਿਰ ਰਹਿਣ ਵਾਲਾ ਸੱਚਾ ਨਾਮ ਹੀ ਬੋਲਦਾ ਹੈ।

ਓਹੁ ਹਰਿ ਮਾਰਗਿ ਆਪਿ ਚਲਦਾ ਹੋਰਨਾ ਨੋ ਹਰਿ ਮਾਰਗਿ ਪਾਏ ॥

ਉਹ ਆਪ ਪਰਮਾਤਮਾ ਦੇ ਰਾਹ ਤੇ ਤੁਰਦਾ ਹੈ ਤੇ ਹੋਰਨਾਂ ਨੂੰ ਭੀ ਤੇ ਦੇ ਰਾਹ ਪ੍ਰਭੂ ਤੋਰਦਾ ਹੈ।

ਜੇ ਅਗੈ ਤੀਰਥੁ ਹੋਇ ਤਾ ਮਲੁ ਲਹੈ ਛਪੜਿ ਨਾਤੈ ਸਗਵੀ ਮਲੁ ਲਾਏ ॥

(ਜਿੱਥੇ ਨ੍ਹਾਉਣ ਜਾਈਏ) ਜੇ ਉੱਥੇ ਖੁਲ੍ਹੇ ਸਾਫ਼ ਪਾਣੀ ਦਾ ਸੋਮਾ ਹੋਵੇ ਤਾਂ (ਨ੍ਹਾਉਣ ਵਾਲੇ ਦੀ) ਮੈਲ ਲਹਿ ਜਾਂਦੀ ਹੈ, ਪਰ ਛੱਪੜ ਵਿਚ ਨ੍ਹਾਤਿਆਂ ਸਗੋਂ ਹੋਰ ਮੈਲ ਵਧਦੀ ਹੈ।

ਤੀਰਥੁ ਪੂਰਾ ਸਤਿਗੁਰੂ ਜੋ ਅਨਦਿਨੁ ਹਰਿ ਹਰਿ ਨਾਮੁ ਧਿਆਏ ॥

(ਇਹੀ ਨੇਮ ਸਮਝੋ ਮਨ ਦੀ ਮੈਲ ਧੋਣ ਲਈ), ਪੂਰਾ ਗੁਰੂ ਜੋ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦਾ ਹੈ (ਮਾਨੋ) ਖੁਲ੍ਹੇ ਸਾਫ਼ ਪਾਣੀ ਦਾ ਸੋਮਾ ਹੈ।

ਓਹੁ ਆਪਿ ਛੁਟਾ ਕੁਟੰਬ ਸਿਉ ਦੇ ਹਰਿ ਹਰਿ ਨਾਮੁ ਸਭ ਸ੍ਰਿਸਟਿ ਛਡਾਏ ॥

ਉਹ ਆਪ ਆਪਣੇ ਪਰਵਾਰ ਸਮੇਤ ਵਿਕਾਰਾਂ ਤੋਂ ਬਚਿਆ ਹੋਇਆ ਹੈ, ਪਰਮਾਤਮਾ ਦਾ ਨਾਮ ਦੇ ਕੇ ਉਹ ਸਾਰੀ ਸ੍ਰਿਸ਼ਟੀ ਨੂੰ ਵੀ ਬਚਾਂਦਾ ਹੈ।

ਜਨ ਨਾਨਕ ਤਿਸੁ ਬਲਿਹਾਰਣੈ ਜੋ ਆਪਿ ਜਪੈ ਅਵਰਾ ਨਾਮੁ ਜਪਾਏ ॥੨॥

ਹੇ ਦਾਸ ਨਾਨਕ! (ਆਖ-ਮੈਂ) ਉਸ ਤੋਂ ਸਦਕੇ ਹਾਂ, ਜੋ ਆਪ (ਪ੍ਰਭੂ ਦਾ) ਨਾਮ ਜਪਦਾ ਹੈ ਤੇ ਹੋਰਨਾਂ ਨੂੰ ਜਪਾਂਦਾ ਹੈ ॥੨॥


ਪਉੜੀ ॥
ਇਕਿ ਕੰਦ ਮੂਲੁ ਚੁਣਿ ਖਾਹਿ ਵਣ ਖੰਡਿ ਵਾਸਾ ॥

ਕਈ ਬੰਦੇ ਮੂਲੀ ਆਦਿਕ ਪੁਟ ਕੇ ਖਾਂਦੇ ਹਨ (ਮੂਲੀ ਆਦਿਕ ਖਾ ਕੇ ਗੁਜ਼ਾਰਾ ਕਰਦੇ ਹਨ) ਤੇ ਜੰਗਲ ਦੇ ਗੋਸ਼ੇ ਵਿਚ ਜਾ ਰਹਿੰਦੇ ਹਨ।

ਇਕਿ ਭਗਵਾ ਵੇਸੁ ਕਰਿ ਫਿਰਹਿ ਜੋਗੀ ਸੰਨਿਆਸਾ ॥

ਕਈ ਲੋਕ ਭਗਵੇ ਕੱਪੜੇ ਪਾ ਕੇ ਜੋਗੀ ਤੇ ਸੰਨਿਆਸੀ ਬਣ ਕੇ ਫਿਰਦੇ ਹਨ।

ਅੰਦਰਿ ਤ੍ਰਿਸਨਾ ਬਹੁਤੁ ਛਾਦਨ ਭੋਜਨ ਕੀ ਆਸਾ ॥

(ਪਰ ਉਹਨਾਂ ਦੇ) ਮਨ ਵਿਚ ਬਹੁਤ ਲਾਲਚ ਹੁੰਦਾ ਹੈ, ਕੱਪੜੇ ਤੇ ਭੋਜਨ ਦੀ ਲਾਲਸਾ ਟਿਕੀ ਰਹਿੰਦੀ ਹੈ।

ਬਿਰਥਾ ਜਨਮੁ ਗਵਾਇ ਨ ਗਿਰਹੀ ਨ ਉਦਾਸਾ ॥

(ਇਸ ਤਰ੍ਹਾਂ) ਅਜਾਈਂ ਮਨੁੱਖਾ ਜਨਮ ਗਵਾ ਕੇ ਨਾਹ ਉਹ ਗ੍ਰਿਹਸਤੀ ਰਹਿੰਦੇ ਹਨ ਤੇ ਨਾਹ ਹੀ ਫ਼ਕੀਰ।

ਜਮਕਾਲੁ ਸਿਰਹੁ ਨ ਉਤਰੈ ਤ੍ਰਿਬਿਧਿ ਮਨਸਾ ॥

(ਉਹਨਾਂ ਦੇ ਅੰਦਰ) ਤ੍ਰਿਗੁਣੀ (ਮਾਇਆ ਦੀ) ਲਾਲਸਾ ਹੋਣ ਦੇ ਕਾਰਨ ਆਤਮਕ ਮੌਤ ਉਹਨਾਂ ਦੇ ਸਿਰ ਤੋਂ ਟਲਦੀ ਨਹੀਂ ਹੈ।

ਗੁਰਮਤੀ ਕਾਲੁ ਨ ਆਵੈ ਨੇੜੈ ਜਾ ਹੋਵੈ ਦਾਸਨਿ ਦਾਸਾ ॥

ਜਦੋਂ ਮਨੁੱਖ (ਪ੍ਰਭੂ ਦੇ) ਸੇਵਕਾਂ ਦਾ ਸੇਵਕ ਬਣ ਜਾਂਦਾ ਹੈ, ਤਾਂ ਸਤਿਗੁਰੂ ਦੀ ਸਿੱਖਿਆ ਤੇ ਤੁਰ ਕੇ ਆਤਮਕ ਮੌਤ ਉਸਦੇ ਨੇੜੇ ਨਹੀਂ ਆਉਂਦੀ।

ਸਚਾ ਸਬਦੁ ਸਚੁ ਮਨਿ ਘਰ ਹੀ ਮਾਹਿ ਉਦਾਸਾ ॥

ਗੁਰੂ ਦਾ ਸੱਚਾ ਸਬਦ ਤੇ ਪ੍ਰਭੂ (ਉਸ ਦੇ) ਮਨ ਵਿਚ ਹੋਣ ਕਰਕੇ ਉਹ ਗ੍ਰਿਹਸਤ ਵਿਚ ਰਹਿੰਦਾ ਹੋਇਆ ਹੀ ਤਿਆਗੀ ਹੈ।

ਨਾਨਕ ਸਤਿਗੁਰੁ ਸੇਵਨਿ ਆਪਣਾ ਸੇ ਆਸਾ ਤੇ ਨਿਰਾਸਾ ॥੫॥

ਹੇ ਨਾਨਕ! ਜੋ ਮਨੁੱਖ ਆਪਣੇ ਗੁਰੂ ਦੇ ਹੁਕਮ ਵਿਚ ਤੁਰਦੇ ਹਨ, ਉਹ (ਦੁਨੀਆ ਦੀਆਂ) ਲਾਲਸਾ ਤੋਂ ਉਪਰਾਮ ਹੋ ਜਾਂਦੇ ਹਨ ॥੫॥


ਸਲੋਕੁ ਮਃ ੧ ॥
ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ ॥

ਜੇ ਜਾਮੇ ਨੂੰ ਲਹੂ ਲੱਗ ਜਾਵੇ, ਤਾਂ ਜਾਮਾ ਪਲੀਤ ਹੋ ਜਾਂਦਾ ਹੈ (ਤੇ ਨਮਾਜ਼ ਨਹੀਂ ਹੋ ਸਕਦੀ),

ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ ॥

(ਪਰ) ਜੋ ਬੰਦੇ ਮਨੁੱਖਾਂ ਦਾ ਲਹੂ ਪੀਂਦੇ ਹਨ (ਭਾਵ, ਧੱਕਾ ਕਰ ਕੇ ਹਰਾਮ ਦੀ ਕਮਾਈ ਖਾਂਦੇ ਹਨ) ਉਹਨਾਂ ਦਾ ਮਨ ਕਿਵੇਂ ਪਾਕ (ਸਾਫ਼) ਰਹਿ ਸਕਦਾ ਹੈ (ਤੇ ਪਲੀਤ ਮਨ ਨਾਲ ਨਮਾਜ਼ ਪੜ੍ਹੀ ਕਿਵੇਂ ਕਬੂਲ ਹੈ)?

ਨਾਨਕ ਨਾਉ ਖੁਦਾਇ ਕਾ ਦਿਲਿ ਹਛੈ ਮੁਖਿ ਲੇਹੁ ॥

ਹੇ ਨਾਨਕ! ਰੱਬ ਦਾ ਨਾਮ ਮੂੰਹੋਂ ਸਾਫ਼ ਦਿਲ ਨਾਲ ਲੈ,

ਅਵਰਿ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇਹੁ ॥੧॥

(ਇਸ ਤੋਂ ਬਿਨਾ) ਹੋਰ ਕੰਮ ਦੁਨੀਆ ਵਾਲੇ ਵਿਖਾਵੇ ਹਨ। ਇਹ ਤਾਂ ਤੁਸੀ ਕੂੜੇ ਕੰਮ ਹੀ ਕਰਦੇ ਹੋ ॥੧॥


ਮਃ ੧ ॥
ਜਾ ਹਉ ਨਾਹੀ ਤਾ ਕਿਆ ਆਖਾ ਕਿਹੁ ਨਾਹੀ ਕਿਆ ਹੋਵਾ ॥

ਜਦੋਂ ਮੈਂ ਹਾਂ ਹੀ ਕੁਝ ਨਹੀਂ (ਭਾਵ, ਮੇਰੀ ਆਤਮਕ ਹਸਤੀ ਹੀ ਕੁਝ ਨਹੀਂ ਬਣੀ), ਤਾਂ ਮੈਂ (ਹੋਰਨਾਂ ਨੂੰ) ਉਪਦੇਸ਼ ਕੀਹ ਕਰਾਂ? (ਅੰਦਰ) ਕੋਈ ਆਤਮਕ ਗੁਣ ਨਾਹ ਹੁੰਦਿਆਂ ਕਿਤਨਾ ਕੁਝ ਬਣ ਬਣ ਕੇ ਵਿਖਾਵਾਂ?

ਕੀਤਾ ਕਰਣਾ ਕਹਿਆ ਕਥਨਾ ਭਰਿਆ ਭਰਿ ਭਰਿ ਧੋਵਾਂ ॥

ਮੇਰਾ ਕੰਮ-ਕਾਰ, ਮੇਰਾ ਬੋਲ-ਚਾਲ-ਇਹਨਾਂ ਦੀ ਰਾਹੀਂ (ਮੰਦੇ ਸੰਸਕਾਰਾਂ ਨਾਲ) ਭਰਿਆ ਹੋਇਆ ਕਦੇ ਮੰਦੇ ਪਾਸੇ ਡਿੱਗਦਾ ਹਾਂ ਤੇ (ਕਦੇ ਫੇਰ ਮਨ ਨੂੰ) ਧੋਣ ਦਾ ਜਤਨ ਕਰਦਾ ਹਾਂ।

ਆਪਿ ਨ ਬੁਝਾ ਲੋਕ ਬੁਝਾਈ ਐਸਾ ਆਗੂ ਹੋਵਾਂ ॥

ਜਦੋਂ ਮੈਨੂੰ ਆਪ ਨੂੰ ਹੀ ਸਮਝ ਨਹੀਂ ਆਈ ਤੇ ਲੋਕਾਂ ਨੂੰ ਰਾਹ ਦੱਸਦਾ ਹਾਂ, (ਇਸ ਹਾਲਤ ਵਿਚ) ਹਾਸੋ-ਹੀਣਾ ਆਗੂ ਹੀ ਬਣਦਾ ਹਾਂ।

ਨਾਨਕ ਅੰਧਾ ਹੋਇ ਕੈ ਦਸੇ ਰਾਹੈ ਸਭਸੁ ਮੁਹਾਏ ਸਾਥੈ ॥

ਹੇ ਨਾਨਕ! ਜੋ ਮਨੁੱਖ ਆਪ ਅੰਨ੍ਹਾ ਹੈ, ਪਰ ਹੋਰਨਾਂ ਨੂੰ ਰਾਹ ਦੱਸਦਾ ਹੈ, ਉਹ ਸਾਰੇ ਸਾਥ ਨੂੰ ਲੁਟਾ ਦੇਂਦਾ ਹੈ।

ਅਗੈ ਗਇਆ ਮੁਹੇ ਮੁਹਿ ਪਾਹਿ ਸੁ ਐਸਾ ਆਗੂ ਜਾਪੈ ॥੨॥

ਅੱਗੇ ਚੱਲ ਕੇ ਮੂੰਹੋਂ ਮੂੰਹ ਉਸ ਨੂੰ (ਜੁੱਤੀਆਂ) ਪੈਂਦੀਆਂ ਹਨ, ਤਦੋਂ ਅਜੇਹਾ ਆਗੂ (ਅਸਲ ਰੂਪ ਵਿਚ) ਉੱਘੜਦਾ ਹੈ ॥੨॥


ਪਉੜੀ ॥
ਮਾਹਾ ਰੁਤੀ ਸਭ ਤੂੰ ਘੜੀ ਮੂਰਤ ਵੀਚਾਰਾ ॥

(ਹੇ ਪ੍ਰਭੂ!) ਸਭ ਮਹੀਨਿਆਂ ਰੁੱਤਾਂ ਘੜੀਆਂ ਤੇ ਮੁਹੂਰਤਾਂ ਵਿਚ ਤੈਨੂੰ ਸਿਮਰਿਆ ਜਾ ਸਕਦਾ ਹੈ (ਭਾਵ, ਤੇਰੇ ਸਿਮਰਨ ਲਈ ਕੋਈ ਖ਼ਾਸ ਰੁੱਤ ਜਾਂ ਥਿੱਤ ਨਹੀਂ ਹੈ)।

ਤੂੰ ਗਣਤੈ ਕਿਨੈ ਨ ਪਾਇਓ ਸਚੇ ਅਲਖ ਅਪਾਰਾ ॥

ਹੇ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ! ਥਿੱਤਾਂ ਦਾ ਲੇਖਾ ਗਿਣ ਕੇ ਕਿਸੇ ਨੇ ਭੀ ਤੈਨੂੰ ਨਹੀਂ ਲੱਭਿਆ।

ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ ॥

ਇਹੋ ਜਿਹੀ (ਥਿੱਤਾਂ ਦੀ ਵਿੱਦਿਆ) ਪੜ੍ਹੇ ਹੋਏ ਨੂੰ ਮੂਰਖ ਆਖਣਾ ਚਾਹੀਦਾ ਹੈ ਕਿਉਂਕਿ ਉਸ ਦੇ ਅੰਦਰ ਲੋਭ ਤੇ ਅਹੰਕਾਰ ਹੈ।

ਨਾਉ ਪੜੀਐ ਨਾਉ ਬੁਝੀਐ ਗੁਰਮਤੀ ਵੀਚਾਰਾ ॥

(ਕਿਸੇ ਥਿੱਤ ਮੁਹੂਰਤ ਦੇ ਭਰਮ ਦੀ ਲੋੜ ਨਹੀਂ, ਸਿਰਫ਼) ਸਤਿਗੁਰੂ ਦੀ ਦਿੱਤੀ ਮਤਿ ਨੂੰ ਵਿਚਾਰ ਕੇ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਤੇ (ਉਸ ਵਿਚ) ਸੁਰਤ ਜੋੜਨੀ ਚਾਹੀਦੀ ਹੈ।

ਗੁਰਮਤੀ ਨਾਮੁ ਧਨੁ ਖਟਿਆ ਭਗਤੀ ਭਰੇ ਭੰਡਾਰਾ ॥

ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਤੇ ਤੁਰ ਕੇ ਨਾਮ-ਰੂਪ ਧਨ ਕਮਾਇਆ ਹੈ, ਉਹਨਾਂ ਦੇ ਖ਼ਜ਼ਾਨੇ ਭਗਤੀ ਨਾਲ ਭਰ ਗਏ ਹਨ।

ਨਿਰਮਲੁ ਨਾਮੁ ਮੰਨਿਆ ਦਰਿ ਸਚੈ ਸਚਿਆਰਾ ॥

ਜਿਨ੍ਹਾਂ ਪ੍ਰਭੂ ਦਾ ਪਵਿਤ੍ਰ ਨਾਮ ਕਬੂਲ ਕੀਤਾ ਹੈ, ਉਹ ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦੇ ਹਨ।

ਜਿਸ ਦਾ ਜੀਉ ਪਰਾਣੁ ਹੈ ਅੰਤਰਿ ਜੋਤਿ ਅਪਾਰਾ ॥

ਤੇਰੇ ਹੀ ਬਖ਼ਸ਼ੇ ਹੋਏ ਜਿੰਦ ਪ੍ਰਾਣ ਹਰੇਕ ਜੀਵ ਨੂੰ ਮਿਲੇ ਹਨ, ਤੇਰੀ ਹੀ ਅਪਾਰ ਜੋਤਿ ਹਰੇਕ ਜੀਵ ਦੇ ਅੰਦਰ ਹੈ।

ਸਚਾ ਸਾਹੁ ਇਕੁ ਤੂੰ ਹੋਰੁ ਜਗਤੁ ਵਣਜਾਰਾ ॥੬॥

ਹੇ ਪ੍ਰਭੂ! ਤੂੰ ਸਦਾ ਟਿਕੇ ਰਹਿਣ ਵਾਲਾ ਸ਼ਾਹ ਹੈਂ, ਹੋਰ ਸਾਰਾ ਜਗਤ ਵਣਜਾਰਾ ਹੈ (ਭਾਵ, ਹੋਰ ਸਾਰੇ ਜੀਵ ਇਥੇ, ਮਾਨੋ, ਫੇਰੀ ਲਾ ਕੇ ਸਉਦਾ ਕਰਨ ਆਏ ਹਨ) ॥੬॥


ਸਲੋਕੁ ਮਃ ੧ ॥
ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ ॥

(ਲੋਕਾਂ ਉੱਤੇ) ਤਰਸ ਦੀ ਮਸੀਤ (ਬਣਾਓ), ਸਰਧਾ ਨੂੰ ਮੁਸੱਲਾ ਤੇ ਹੱਕ ਦੀ ਕਮਾਈ ਨੂੰ ਕੁਰਾਨ (ਬਣਾਓ)।

ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ ॥

ਵਿਕਾਰ ਕਰਨ ਵਲੋਂ ਝੱਕਣਾ-ਇਹ ਸੁੰਨਤ ਹੋਵੇ, ਚੰਗਾ ਸੁਭਾਉ ਰੋਜ਼ਾ ਬਣੇ। ਇਸ ਤਰ੍ਹਾਂ (ਹੇ ਭਾਈ!) ਮੁਸਲਮਾਨ ਬਣ।

ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ ॥

ਉੱਚਾ ਆਚਰਣ ਕਾਬਾ ਹੋਵੇ, ਅੰਦਰੋਂ ਬਾਹਰੋਂ ਇਕੋ ਜਿਹੇ ਰਹਿਣਾ-ਪੀਰ ਹੋਵੇ, ਨੇਕ ਅਮਲਾਂ ਦੀ ਨਿਮਾਜ਼ ਤੇ ਕਲਮਾ ਬਣੇ।

ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ ॥੧॥

ਜੋ ਗੱਲ ਉਸ ਰੱਬ ਨੂੰ ਭਾਵੇ ਉਹੀ (ਸਿਰ ਮੱਥੇ ਤੇ ਮੰਨਣੀ, ਇਹ) ਤਸਬੀ ਹੋਵੇ। ਹੇ ਨਾਨਕ! (ਅਜਿਹੇ ਮੁਸਲਮਾਨ ਦੀ ਰੱਬ) ਲਾਜ ਰੱਖਦਾ ਹੈ ॥੧॥


ਮਃ ੧ ॥
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥

ਹੇ ਨਾਨਕ! ਪਰਾਇਆ ਹੱਕ ਮੁਸਲਮਾਨ ਲਈ ਸੂਰ ਹੈ ਤੇ ਹਿੰਦੂ ਲਈ ਗਾਂ ਹੈ।

ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥

ਗੁਰੂ ਪੈਗ਼ੰਬਰ ਤਾਂ ਹੀ ਸਿਫ਼ਾਰਿਸ਼ ਕਰਦਾ ਹੈ ਜੇ ਮਨੁੱਖ ਪਰਾਇਆ ਹੱਕ ਨਾਹ ਵਰਤੇ।

ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ ॥

ਨਿਰੀਆਂ ਗੱਲਾਂ ਕਰਨ ਨਾਲ ਬਹਿਸ਼ਤ ਵਿਚ ਨਹੀਂ ਅੱਪੜ ਸਕੀਦਾ। ਸੱਚ ਨੂੰ (ਭਾਵ, ਜਿਸ ਨੂੰ ਸੱਚਾ ਰਸਤਾ ਆਖਦੇ ਹਉ, ਉਸ ਨੂੰ) ਅਮਲੀ ਜੀਵਨ ਵਿਚ ਵਰਤਿਆਂ ਹੀ ਨਜਾਤ ਮਿਲਦੀ ਹੈ।

ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ ॥

(ਬਹਿਸ ਆਦਿਕ ਗੱਲਾਂ ਦੇ) ਮਸਾਲੇ ਹਰਾਮ ਮਾਲ ਵਿਚ ਪਾਇਆਂ ਉਹ ਹੱਕ ਦਾ ਮਾਲ ਨਹੀਂ ਬਣ ਜਾਂਦਾ।

ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ ॥੨॥

ਹੇ ਨਾਨਕ! ਕੂੜੀਆਂ ਗੱਲਾਂ ਕੀਤਿਆਂ ਕੂੜ ਹੀ ਮਿਲਦਾ ਹੈ ॥੨॥


ਮਃ ੧ ॥
ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ ॥

(ਮੁਸਲਮਾਨਾਂ ਦੀਆਂ ਪੰਜ ਨਿਮਾਜ਼ਾਂ ਹਨ, (ਉਹਨਾਂ ਦੇ) ਪੰਜ ਵਕਤ ਹਨ ਤੇ ਪੰਜਾਂ ਹੀ ਨਿਮਾਜ਼ਾਂ ਦੇ (ਵਖੋ ਵਖਰੇ) ਪੰਜ ਨਾਮ।

ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ ॥

(ਪਰ ਅਸਾਡੇ ਮਤ ਵਿਚ ਅਸਲ ਨਿਮਾਜ਼ਾਂ ਇਉਂ ਹਨ-) ਸੱਚ ਬੋਲਣਾ ਨਮਾਜ਼ ਦਾ ਪਹਿਲਾ ਨਾਮ ਹੈ (ਭਾਵ, ਸਵੇਰ ਦੀ ਪਹਿਲੀ ਨਿਮਾਜ਼ ਹੈ), ਹੱਕ ਦੀ ਕਮਾਈ ਦੂਜੀ ਨਮਾਜ਼ ਹੈ, ਰੱਬ ਤੋਂ ਸਭ ਦਾ ਭਲਾ ਮੰਗਣਾ ਨਿਮਾਜ਼ ਦਾ ਤੀਜਾ ਨਾਮ ਹੈ।

ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ ॥

ਨੀਅਤਿ ਨੂੰ ਸਾਫ਼ ਕਰਨਾ ਮਨ ਨੂੰ ਸਾਫ਼ ਰੱਖਣਾ ਇਹ ਚਉਥੀ ਨਿਮਾਜ਼ ਹੈ ਤੇ ਪਰਮਾਤਮਾ ਦੀ ਸਿਫ਼ਤ-ਸਾਲਾਹ ਤੇ ਵਡਿਆਈ ਕਰਨੀ ਇਹ ਪੰਜਵੀਂ ਨਮਾਜ਼ ਹੈ।

ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ ॥

(ਇਹਨਾਂ ਪੰਜਾਂ ਨਮਾਜ਼ਾਂ ਦੇ ਨਾਲ ਨਾਲ) ਉੱਚਾ ਆਚਰਣ ਬਨਾਣ-ਰੂਪ ਕਲਮਾ ਪੜ੍ਹੇ ਤਾਂ (ਆਪਣੇ ਆਪ ਨੂੰ) ਮੁਸਲਮਾਨ ਅਖਵਾਏ (ਭਾਵ, ਤਾਂ ਹੀ ਸੱਚਾ ਮੁਸਲਮਾਨ ਅਖਵਾ ਸਕਦਾ ਹੈ)।

ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ ॥੩॥

ਹੇ ਨਾਨਕ! (ਇਹਨਾਂ ਨਮਾਜ਼ਾਂ ਤੇ ਕਲਮੇ ਤੋਂ ਖੁੰਝੇ ਹੋਏ) ਜਿਤਨੇ ਭੀ ਹਨ ਉਹ ਕੂੜ ਦੇ ਵਪਾਰੀ ਹਨ ਤੇ ਕੂੜੇ ਦੀ ਇੱਜ਼ਤ ਭੀ ਕੂੜੀ ਹੀ ਹੁੰਦੀ ਹੈ ॥੩॥


ਪਉੜੀ ॥
ਇਕਿ ਰਤਨ ਪਦਾਰਥ ਵਣਜਦੇ ਇਕਿ ਕਚੈ ਦੇ ਵਾਪਾਰਾ ॥

ਕਈ ਮਨੁੱਖ (ਪਰਮਾਤਮਾ ਦੀ ਸਿਫ਼ਤ-ਸਾਲਾਹ-ਰੂਪ) ਕੀਮਤੀ-ਸਉਦੇ ਵਿਹਾਝਦੇ ਹਨ, ਤੇ ਕਈ (ਦੁਨੀਆ-ਰੂਪ) ਕੱਚ ਦੇ ਵਪਾਰੀ ਹਨ।

ਸਤਿਗੁਰਿ ਤੁਠੈ ਪਾਈਅਨਿ ਅੰਦਰਿ ਰਤਨ ਭੰਡਾਰਾ ॥

(ਪ੍ਰਭੂ ਦੇ ਗੁਣ-ਰੂਪ ਇਹ) ਰਤਨਾਂ ਦੇ ਖ਼ਜ਼ਾਨੇ (ਮਨੁੱਖ ਦੇ) ਅੰਦਰ ਹੀ ਹਨ, ਪਰ ਸਤਿਗੁਰੂ ਦੇ ਤਰੁੱਠਿਆਂ ਇਹ ਮਿਲਦੇ ਹਨ।

ਵਿਣੁ ਗੁਰ ਕਿਨੈ ਨ ਲਧਿਆ ਅੰਧੇ ਭਉਕਿ ਮੁਏ ਕੂੜਿਆਰਾ ॥

ਗੁਰੂ (ਦੀ ਸਰਨ ਆਉਣ) ਤੋਂ ਬਿਨਾ ਕਿਸੇ ਨੇ ਇਹ ਖ਼ਜ਼ਾਨਾ ਨਹੀਂ ਲੱਭਾ, ਕੂੜ ਦੇ ਵਪਾਰੀ ਅੰਨ੍ਹੇ ਬੰਦੇ (ਮਾਇਆ ਦੀ ਖ਼ਾਤਰ ਹੀ ਦਰ ਦਰ ਤੇ) ਤਰਲੇ ਲੈਂਦੇ ਮਰ ਜਾਂਦੇ ਹਨ।

ਮਨਮੁਖ ਦੂਜੈ ਪਚਿ ਮੁਏ ਨਾ ਬੂਝਹਿ ਵੀਚਾਰਾ ॥

ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ, ਉਹ ਮਾਇਆ ਵਿਚ ਖਚਿਤ ਹੁੰਦੇ ਹਨ, ਉਹਨਾਂ ਨੂੰ ਅਸਲ ਵਿਚਾਰ ਸੁੱਝਦੀ ਨਹੀਂ।

ਇਕਸੁ ਬਾਝਹੁ ਦੂਜਾ ਕੋ ਨਹੀ ਕਿਸੁ ਅਗੈ ਕਰਹਿ ਪੁਕਾਰਾ ॥

(ਇਸ ਦੁਖੀ ਹਾਲਤ ਦੀ) ਪੁਕਾਰ ਭੀ ਉਹ ਲੋਕ ਕਿਸ ਦੇ ਸਾਹਮਣੇ ਕਰਨ? ਇਕ ਪ੍ਰਭੂ ਤੋਂ ਬਿਨਾ ਹੋਰ ਕੋਈ (ਸਹੈਤਾ ਕਰਨ ਵਾਲਾ ਹੀ) ਨਹੀਂ ਹੈ।

ਇਕਿ ਨਿਰਧਨ ਸਦਾ ਭਉਕਦੇ ਇਕਨਾ ਭਰੇ ਤੁਜਾਰਾ ॥

(ਨਾਮ-ਰੂਪ ਖ਼ਜ਼ਾਨੇ ਤੋਂ ਬਿਨਾ) ਕਈ ਕੰਗਾਲ ਸਦਾ (ਦਰ ਦਰ ਤੇ) ਤਰਲੇ ਲੈਂਦੇ ਫਿਰਦੇ ਹਨ, ਇਹਨਾਂ ਦੇ (ਹਿਰਦੇ-ਰੂਪ) ਖ਼ਜ਼ਾਨੇ (ਬੰਦਗੀ-ਰੂਪ ਧਨ ਨਾਲ) ਭਰੇ ਪਏ ਹਨ।

ਵਿਣੁ ਨਾਵੈ ਹੋਰੁ ਧਨੁ ਨਾਹੀ ਹੋਰੁ ਬਿਖਿਆ ਸਭੁ ਛਾਰਾ ॥

(ਪਰਮਾਤਮਾ ਦੇ) ਨਾਮ ਤੋਂ ਬਿਨਾ ਹੋਰ ਕੋਈ (ਨਾਲ ਨਿਭਣ ਵਾਲਾ) ਧਨ ਨਹੀਂ ਹੈ, ਹੋਰ ਮਾਇਆ ਵਾਲਾ ਧਨ ਸੁਆਹ (ਸਮਾਨ) ਹੈ।

ਨਾਨਕ ਆਪਿ ਕਰਾਏ ਕਰੇ ਆਪਿ ਹੁਕਮਿ ਸਵਾਰਣਹਾਰਾ ॥੭॥

(ਪਰ) ਹੇ ਨਾਨਕ! ਸਭ (ਜੀਵਾਂ ਵਿਚ ਬੈਠਾ ਪ੍ਰਭੂ) ਆਪ ਹੀ (ਕੱਚ ਤੇ ਰਤਨਾਂ ਦੇ ਵਪਾਰ) ਕਰ ਰਿਹਾ ਹੈ, (ਜਿਨ੍ਹਾਂ ਨੂੰ ਸੁਧਾਰਦਾ ਹੈ ਉਹਨਾਂ ਨੂੰ ਆਪਣੇ) ਹੁਕਮ ਵਿਚ ਹੀ ਸਿੱਧੇ ਰਾਹੇ ਪਾਂਦਾ ਹੈ ॥੭॥


ਸਲੋਕੁ ਮਃ ੧ ॥
ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ ॥

(ਅਸਲ) ਮੁਸਲਮਾਨ ਅਖਵਾਣਾ ਬੜਾ ਔਖਾ ਹੈ ਜੇ (ਉਹੋ ਜਿਹਾ) ਬਣੇ ਤਾਂ ਮਨੁੱਖ ਆਪਣੇ ਆਪ ਨੂੰ ਮੁਸਲਮਾਨ ਅਖਾਏ।

ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ ॥

(ਅਸਲੀ ਮੁਸਲਮਾਨ ਬਣਨ ਲਈ) ਸਭ ਤੋਂ ਪਹਿਲਾਂ (ਇਹ ਜ਼ਰੂਰੀ ਹੈ ਕਿ) ਮਜ਼ਹਬ ਪਿਆਰਾ ਲੱਗੇ, (ਫਿਰ) ਜਿਵੇਂ ਮਿਸਕਲੇ ਨਾਲ ਜੰਗਾਲ ਲਾਹੀਦਾ ਹੈ ਤਿਵੇਂ (ਆਪਣੀ ਕਮਾਈ ਦਾ) ਧਨ (ਲੋੜਵੰਦਿਆਂ ਨਾਲ) ਵੰਡ ਕੇ ਵਰਤੇ (ਤੇ ਇਸ ਤਰ੍ਹਾਂ ਦੌਲਤ ਦਾ ਅਹੰਕਾਰ ਦੂਰ ਕਰੇ)।

ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ ॥

ਮਜ਼ਹਬ ਦੀ ਅਗਵਾਈ ਵਿਚ ਤੁਰ ਕੇ ਮੁਸਲਮਾਨ ਬਣੇ, ਤੇ ਸਾਰੀ ਉਮਰ ਦੀ ਭਟਕਣਾ ਮੁਕਾ ਦੇਵੇ (ਭਾਵ, ਸਾਰੀ ਉਮਰ ਕਦੇ ਮਜ਼ਹਬ ਦੇ ਦੱਸੇ ਰਾਹ ਤੋਂ ਲਾਂਭੇ ਨਾਹ ਜਾਏ)।

ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ ॥

ਰੱਬ ਦੇ ਕੀਤੇ ਨੂੰ ਸਿਰ ਮੱਥੇ ਤੇ ਮੰਨੇ, ਕਾਦਰ ਨੂੰ ਹੀ (ਸਭ ਕੁਝ ਕਰਨ ਵਾਲਾ) ਮੰਨੇ ਤੇ ਖ਼ੁਦੀ ਮਿਟਾ ਦੇਵੇ।

ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ ॥੧॥

ਇਸ ਤਰ੍ਹਾਂ, ਹੇ ਨਾਨਕ! (ਰੱਬ ਦੇ ਪੈਦਾ ਕੀਤੇ) ਸਾਰੇ ਬੰਦਿਆਂ ਨਾਲ ਪਿਆਰ ਕਰੇ, ਇਹੋ ਜਿਹਾ ਬਣੇ, ਤਾਂ ਮੁਸਲਮਾਨ ਅਖਵਾਏ ॥੧॥


ਮਹਲਾ ੪ ॥
ਪਰਹਰਿ ਕਾਮ ਕ੍ਰੋਧੁ ਝੂਠੁ ਨਿੰਦਾ ਤਜਿ ਮਾਇਆ ਅਹੰਕਾਰੁ ਚੁਕਾਵੈ ॥

(ਜੇ ਮਨੁੱਖ) ਕਾਮ ਗੁੱਸਾ ਝੂਠ ਨਿੰਦਿਆ ਛੱਡ ਦੇਵੇ, ਜੇ ਮਾਇਆ ਦਾ ਲਾਲਚ ਛੱਡ ਕੇ ਅਹੰਕਾਰ (ਭੀ) ਦੂਰ ਕਰ ਲਏ,

ਤਜਿ ਕਾਮੁ ਕਾਮਿਨੀ ਮੋਹੁ ਤਜੈ ਤਾ ਅੰਜਨ ਮਾਹਿ ਨਿਰੰਜਨੁ ਪਾਵੈ ॥

ਜੇ ਵਿਸ਼ੇ ਦੀ ਵਾਸ਼ਨਾ ਛੱਡ ਕੇ ਇਸਤ੍ਰੀ ਦਾ ਮੋਹ ਤਿਆਗ ਦੇਵੇ ਤਾਂ ਮਨੁੱਖ ਮਾਇਆ ਦੀ ਕਾਲਖ ਵਿਚ ਰਹਿੰਦਾ ਹੋਇਆ ਹੀ ਮਾਇਆ-ਰਹਿਤ ਪ੍ਰਭੂ ਨੂੰ ਲੱਭ ਲੈਂਦਾ ਹੈ।

ਤਜਿ ਮਾਨੁ ਅਭਿਮਾਨੁ ਪ੍ਰੀਤਿ ਸੁਤ ਦਾਰਾ ਤਜਿ ਪਿਆਸ ਆਸ ਰਾਮ ਲਿਵ ਲਾਵੈ ॥

(ਜੇ ਮਨੁੱਖ) ਅਹੰਕਾਰ ਦੂਰ ਕਰ ਕੇ ਪੁੱਤ੍ਰ ਵਹੁਟੀ ਦਾ ਮੋਹ ਛੱਡ ਦੇਵੇ, ਜੇ (ਦੁਨੀਆ ਦੇ ਪਦਾਰਥਾਂ ਦੀਆਂ) ਆਸਾਂ ਤੇ ਤ੍ਰਿਸ਼ਨਾ ਛੱਡ ਕੇ ਪਰਮਾਤਮਾ ਨਾਲ ਸੁਰਤ ਜੋੜ ਲਏ,

ਨਾਨਕ ਸਾਚਾ ਮਨਿ ਵਸੈ ਸਾਚ ਸਬਦਿ ਹਰਿ ਨਾਮਿ ਸਮਾਵੈ ॥੨॥

ਤਾਂ, ਹੇ ਨਾਨਕ! ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਉਸ ਦੇ ਮਨ ਵੱਸ ਪੈਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ ਉਹ ਲੀਨ ਹੋ ਜਾਂਦਾ ਹੈ ॥੨॥


ਪਉੜੀ ॥
ਰਾਜੇ ਰਯਤਿ ਸਿਕਦਾਰ ਕੋਇ ਨ ਰਹਸੀਓ ॥

ਰਾਜੇ, ਪਰਜਾ, ਚੌਧਰੀ, ਕੋਈ ਭੀ ਸਦਾ ਨਹੀਂ ਰਹੇਗਾ।

ਹਟ ਪਟਣ ਬਾਜਾਰ ਹੁਕਮੀ ਢਹਸੀਓ ॥

ਹੱਟ, ਸ਼ਹਰ, ਬਾਜ਼ਾਰ, ਪ੍ਰਭੂ ਦੇ ਹੁਕਮ ਵਿਚ (ਅੰਤ) ਢਹਿ ਜਾਣਗੇ।

ਪਕੇ ਬੰਕ ਦੁਆਰ ਮੂਰਖੁ ਜਾਣੈ ਆਪਣੇ ॥

ਸੋਹਣੇ ਪੱਕੇ (ਘਰਾਂ ਦੇ) ਦਰਵਾਜ਼ਿਆਂ ਨੂੰ ਮੂਰਖ ਮਨੁੱਖ ਆਪਣੇ ਸਮਝਦਾ ਹੈ,

ਦਰਬਿ ਭਰੇ ਭੰਡਾਰ ਰੀਤੇ ਇਕਿ ਖਣੇ ॥

(ਪਰ ਇਹ ਨਹੀਂ ਜਾਣਦਾ ਕਿ) ਧਨ ਨਾਲ ਭਰੇ ਹੋਏ ਖ਼ਜ਼ਾਨੇ ਇਕ ਪਲਕ ਵਿਚ ਖ਼ਾਲੀ ਹੋ ਜਾਂਦੇ ਹਨ।

ਤਾਜੀ ਰਥ ਤੁਖਾਰ ਹਾਥੀ ਪਾਖਰੇ ॥

ਵਧੀਆ ਘੋੜੇ, ਰਥ, ਊਠ, ਹਾਥੀ, ਹਉਦੇ,

ਬਾਗ ਮਿਲਖ ਘਰ ਬਾਰ ਕਿਥੈ ਸਿ ਆਪਣੇ ॥

ਬਾਗ਼, ਜ਼ਮੀਨਾਂ, ਘਰ-ਘਾਟ ਜਿਨ੍ਹਾਂ ਨੂੰ ਮਨੁੱਖ ਆਪਣੇ ਸਮਝਦਾ ਹੈ ਕਿਤੇ ਜਾਂਦੇ ਨਹੀਂ ਲੱਭਦੇ।

ਤੰਬੂ ਪਲੰਘ ਨਿਵਾਰ ਸਰਾਇਚੇ ਲਾਲਤੀ ॥

ਤੰਬੂ, ਨਿਵਾਰੀ ਪਲੰਘ ਤੇ ਅਤਲਸੀ ਕਨਾਤਾਂ (ਇਹ ਸਭ ਨਾਸ਼ਵੰਤ ਹਨ)।

ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ ॥੮॥

ਹੇ ਨਾਨਕ! ਸਦਾ ਰਹਿਣ ਵਾਲਾ ਸਿਰਫ਼ ਉਹੀ ਹੈ, ਜੋ ਇਹਨਾਂ ਪਦਾਰਥਾਂ ਦੇ ਦੇਣ ਵਾਲਾ ਹੈ, ਉਸ ਦੀ ਪਛਾਣ ਉਸ ਦੀ ਰਚੀ ਕੁਦਰਤਿ ਵਿਚੋਂ ਹੁੰਦੀ ਹੈ ॥੮॥


ਸਲੋਕੁ ਮਃ ੧ ॥
ਨਦੀਆ ਹੋਵਹਿ ਧੇਣਵਾ ਸੁੰਮ ਹੋਵਹਿ ਦੁਧੁ ਘੀਉ ॥

ਜੇ ਸਾਰੀਆਂ ਨਦੀਆਂ (ਮੇਰੇ ਵਾਸਤੇ) ਗਾਈਆਂ ਬਣ ਜਾਣ (ਪਾਣੀ ਦੇ) ਚਸ਼ਮੇ ਦੁੱਧ ਤੇ ਘਿਉ ਬਣ ਜਾਣ,

ਸਗਲੀ ਧਰਤੀ ਸਕਰ ਹੋਵੈ ਖੁਸੀ ਕਰੇ ਨਿਤ ਜੀਉ ॥

ਸਾਰੀ ਜ਼ਮੀਨ ਸ਼ਕਰ ਬਣ ਜਾਏ, (ਇਹਨਾਂ ਪਦਾਰਥਾਂ ਨੂੰ ਵੇਖ ਕੇ) ਮੇਰੀ ਜਿੰਦ ਨਿੱਤ ਖ਼ੁਸ਼ ਹੋਵੇ,

ਪਰਬਤੁ ਸੁਇਨਾ ਰੁਪਾ ਹੋਵੈ ਹੀਰੇ ਲਾਲ ਜੜਾਉ ॥

ਜੇ ਹੀਰੇ ਤੇ ਲਾਲਾਂ ਨਾਲ ਜੜਿਆ ਹੋਇਆ ਸੋਨੇ ਤੇ ਚਾਂਦੀ ਦਾ ਪਹਾੜ ਬਣ ਜਾਏ,

ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥੧॥

ਤਾਂ ਭੀ (ਹੇ ਪ੍ਰਭੂ! ਮੈਂ ਇਹਨਾਂ ਪਦਾਰਥਾਂ ਵਿਚ ਨਾਹ ਫਸਾਂ ਤੇ) ਤੇਰੀ ਹੀ ਸਿਫ਼ਤ-ਸਾਲਾਹ ਕਰਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਉ ਮੁੱਕ ਨਾਹ ਜਾਏ ॥੧॥


ਮਃ ੧ ॥
ਭਾਰ ਅਠਾਰਹ ਮੇਵਾ ਹੋਵੈ ਗਰੁੜਾ ਹੋਇ ਸੁਆਉ ॥

ਜੇ ਸਾਰੀ ਬਨਸਪਤੀ ਮੇਵਾ ਬਣ ਜਾਏ, ਜਿਸ ਦਾ ਸੁਆਦ ਬਹੁਤ ਰਸੀਲਾ ਹੋਵੇ,

ਚੰਦੁ ਸੂਰਜੁ ਦੁਇ ਫਿਰਦੇ ਰਖੀਅਹਿ ਨਿਹਚਲੁ ਹੋਵੈ ਥਾਉ ॥

ਜੇ ਮੇਰੀ ਰਹਿਣ ਦੀ ਥਾਂ ਅਟੱਲ ਹੋ ਜਾਏ ਤੇ ਚੰਦ ਅਤੇ ਸੂਰਜ ਦੋਵੇਂ (ਮੇਰੀ ਰਿਹੈਸ਼ ਦੀ ਸੇਵਾ ਕਰਨ ਲਈ) ਸੇਵਾ ਤੇ ਲਾਏ ਜਾਣ,

ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥੨॥

(ਤਾਂ ਭੀ ਹੇ ਪ੍ਰਭੂ! ਮੈਂ ਇਹਨਾਂ ਵਿਚ ਨਾਹ ਫਸਾਂ ਤੇ) ਤੇਰੀ ਹੀ ਸਿਫ਼ਤ-ਸਾਲਾਹ ਕਰਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਉ ਮੁੱਕ ਨਾਹ ਜਾਏ ॥੨॥


ਮਃ ੧ ॥
ਜੇ ਦੇਹੈ ਦੁਖੁ ਲਾਈਐ ਪਾਪ ਗਰਹ ਦੁਇ ਰਾਹੁ ॥

ਜੇ (ਮੇਰੇ) ਸਰੀਰ ਨੂੰ ਦੁੱਖ ਲੱਗ ਜਾਏ, ਦੋਵੇਂ ਮਨਹੂਸ ਤਾਰੇ ਰਾਹੂ ਤੇ ਕੇਤੂ (ਮੇਰੇ ਲਾਗੂ ਹੋ ਜਾਣ),

ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ ਏਵੈ ਜਾਪੈ ਭਾਉ ॥

ਜ਼ਾਲਮ ਰਾਜੇ ਮੇਰੇ ਸਿਰ ਤੇ ਹੋਣ, ਜੇ ਤੇਰਾ ਪਿਆਰ ਇਸੇ ਤਰ੍ਹਾਂ (ਭਾਵ, ਇਹਨਾਂ ਦੁੱਖਾਂ ਦੀ ਸ਼ਕਲ ਵਿਚ ਹੀ ਮੇਰੇ ਉੱਤੇ) ਪਰਗਟ ਹੋਵੇ,

ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥੩॥

ਤਾਂ ਭੀ (ਹੇ ਪ੍ਰਭੂ! ਮੈਂ ਇਸ ਤੋਂ ਘਾਬਰ ਕੇ ਤੈਨੂੰ ਵਿਸਾਰ ਨਾ ਦਿਆਂ) ਤੇਰੀ ਹੀ ਸਿਫ਼ਤ-ਸਾਲਾਹ ਕਰਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਉ ਨਾਹ ਮੁੱਕ ਜਾਏ ॥੩॥


ਮਃ ੧ ॥
ਅਗੀ ਪਾਲਾ ਕਪੜੁ ਹੋਵੈ ਖਾਣਾ ਹੋਵੈ ਵਾਉ ॥

(ਜੇ ਗਰਮੀਆਂ ਦੀ) ਧੁੱਪ ਤੇ (ਸਿਆਲ ਦਾ) ਪਾਲਾ ਮੇਰੇ (ਪਹਿਨਣ ਦਾ) ਕੱਪੜਾ ਹੋਣ (ਭਾਵ, ਜੇ ਮੈਂ ਨੰਗਾ ਰਹਿ ਕੇ ਧੁੱਪ ਤੇ ਪਾਲਾ ਭੀ ਸਹਾਰਾਂ), ਜੇ ਹਵਾ ਮੇਰੀ ਖ਼ੁਰਾਕ ਹੋਵੇ (ਭਾਵ, ਜੇ ਮੈਂ ਪਉਣ-ਅਹਾਰੀ ਹੋ ਜਾਵਾਂ, ਤਾਂ ਭੀ, ਹੇ ਪ੍ਰਭੂ! ਤੇਰੀ ਸਿਫ਼ਤ-ਸਾਲਾਹ ਦੇ ਸਾਹਮਣੇ ਇਹ ਤੁੱਛ ਹਨ)।

ਸੁਰਗੈ ਦੀਆ ਮੋਹਣੀਆ ਇਸਤਰੀਆ ਹੋਵਨਿ ਨਾਨਕ ਸਭੋ ਜਾਉ ॥

ਜੇ ਸੁਰਗ ਦੀਆਂ ਅਪੱਛਰਾਂ ਭੀ ਮੇਰੇ ਘਰ ਵਿਚ ਹੋਣ ਤਾਂ ਭੀ, ਹੇ ਨਾਨਕ! ਇਹ ਤਾਂ ਨਾਸਵੰਤ ਹਨ।

ਭੀ ਤੂਹੈ ਸਾਲਾਹਣਾ ਆਖਣ ਲਹੈ ਨ ਚਾਉ ॥੪॥

(ਇਹਨਾਂ ਦੇ ਮੋਹ ਵਿਚ ਫਸ ਕੇ ਮੈਂ ਤੈਨੂੰ ਨਾਹ ਵਿਸਾਰਾਂ) ਤੇਰੀ ਹੀ ਸਿਫ਼ਤ-ਸਾਲਾਹ ਕਰਦਾ ਰਹਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਉ ਨਾ ਮੁੱਕੇ ॥੪॥


ਪਵੜੀ ॥
ਬਦਫੈਲੀ ਗੈਬਾਨਾ ਖਸਮੁ ਨ ਜਾਣਈ ॥

(ਜੋ ਮਨੁੱਖ) ਲੁਕ ਕੇ ਪਾਪ ਕਮਾਂਦਾ ਹੈ ਤੇ ਮਾਲਕ ਨੂੰ (ਹਰ ਥਾਂ ਹਾਜ਼ਰ ਨਾਜ਼ਰ) ਨਹੀਂ ਸਮਝਦਾ,

ਸੋ ਕਹੀਐ ਦੇਵਾਨਾ ਆਪੁ ਨ ਪਛਾਣਈ ॥

ਉਸ ਨੂੰ ਪਾਗਲ ਕਹਣਾ ਚਾਹੀਦਾ ਹੈ, ਉਹ ਆਪਣੇ ਅਸਲੇ ਨੂੰ ਪਛਾਣਦਾ ਨਹੀਂ।

ਕਲਹਿ ਬੁਰੀ ਸੰਸਾਰਿ ਵਾਦੇ ਖਪੀਐ ॥

ਜਗਤ ਵਿਚ (ਵਿਕਾਰਾਂ ਦੀ) ਬਿਖਾਂਧ (ਐਸੀ) ਚੰਦਰੀ ਹੈ (ਵਿਕਾਰਾਂ ਵਿਚ ਪਿਆ ਮਨੁੱਖ ਵਿਕਾਰਾਂ ਦੇ) ਝੰਬੇਲੇ ਵਿਚ ਹੀ ਖਪਦਾ ਰਹਿੰਦਾ ਹੈ।

ਵਿਣੁ ਨਾਵੈ ਵੇਕਾਰਿ ਭਰਮੇ ਪਚੀਐ ॥

ਪ੍ਰਭੂ ਦਾ ਨਾਮ ਛੱਡ ਕੇ ਮੰਦ ਕਰਮ ਤੇ ਭਟਕਣਾ ਵਿਚ ਖ਼ੁਆਰ ਹੁੰਦਾ ਹੈ।

ਰਾਹ ਦੋਵੈ ਇਕੁ ਜਾਣੈ ਸੋਈ ਸਿਝਸੀ ॥

(ਮਨੁੱਖਾ ਜੀਵਨ ਦੇ) ਦੋ ਰਸਤੇ ਹਨ (ਮਾਇਆ ਤੇ ਨਾਮ), ਇਸ (ਜੀਵਨ ਵਿਚ) ਉਹੀ ਕਾਮਯਾਬ ਹੁੰਦਾ ਹੈ ਜੋ (ਦੋਹਾਂ ਰਸਤਿਆਂ ਵਿਚੋਂ) ਇਕ ਪਰਮਾਤਮਾ ਨੂੰ ਚੇਤੇ ਰੱਖਦਾ ਹੈ,

ਕੁਫਰ ਗੋਅ ਕੁਫਰਾਣੈ ਪਇਆ ਦਝਸੀ ॥

(ਨਹੀਂ ਤਾਂ) ਝੂਠ ਵਿਚ ਗ਼ਲਤਾਨ ਹੋਇਆ ਹੋਇਆ ਹੀ ਸੜਦਾ ਹੈ।

ਸਭ ਦੁਨੀਆ ਸੁਬਹਾਨੁ ਸਚਿ ਸਮਾਈਐ ॥

ਜੋ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਜੁੜਿਆ ਹੋਇਆ ਹੈ, ਉਸ ਲਈ ਸਾਰਾ ਜਗਤ ਸੋਹਣਾ ਹੈ।

ਸਿਝੈ ਦਰਿ ਦੀਵਾਨਿ ਆਪੁ ਗਵਾਈਐ ॥੯॥

ਉਹ ਖ਼ੁਦੀ ਮਿਟਾ ਕੇ ਪ੍ਰਭੂ ਦੇ ਦਰ ਤੇ ਪ੍ਰਭੂ ਦੀ ਦਰਗਾਹ ਵਿਚ ਸੁਰਖ਼ਰੂ ਹੁੰਦਾ ਹੈ ॥੯॥


ਮਃ ੧ ਸਲੋਕੁ ॥
ਸੋ ਜੀਵਿਆ ਜਿਸੁ ਮਨਿ ਵਸਿਆ ਸੋਇ ॥

(ਅਸਲ ਵਿਚ) ਉਹ ਮਨੁੱਖ ਜੀਊਂਦਾ ਹੈ, ਜਿਸ ਦੇ ਮਨ ਵਿਚ ਪਰਮਾਤਮਾ ਵੱਸ ਰਿਹਾ ਹੈ।

ਨਾਨਕ ਅਵਰੁ ਨ ਜੀਵੈ ਕੋਇ ॥

ਹੇ ਨਾਨਕ! (ਬੰਦਗੀ ਵਾਲੇ ਤੋਂ ਬਿਨਾ) ਕੋਈ ਹੋਰ ਜੀਊਂਦਾ ਨਹੀਂ ਹੈ।

ਜੇ ਜੀਵੈ ਪਤਿ ਲਥੀ ਜਾਇ ॥

ਜੇ ਨਾਮ-ਵਿਹੂਣਾ (ਵੇਖਣ ਨੂੰ) ਜੀਊਂਦਾ (ਭੀ) ਹੈ ਤਾਂ ਉਹ ਇੱਜ਼ਤ ਗਵਾ ਕੇ (ਏਥੋਂ) ਜਾਂਦਾ ਹੈ,

ਸਭੁ ਹਰਾਮੁ ਜੇਤਾ ਕਿਛੁ ਖਾਇ ॥

ਜੋ ਕੁਝ (ਏਥੇ) ਖਾਂਦਾ ਪੀਂਦਾ ਹੈ, ਹਰਾਮ ਹੀ ਖਾਂਦਾ ਹੈ।

ਰਾਜਿ ਰੰਗੁ ਮਾਲਿ ਰੰਗੁ ॥

ਜਿਸ ਮਨੁੱਖ ਦਾ ਰਾਜ ਵਿਚ ਪਿਆਰ ਹੈ, ਮਾਲ ਵਿਚ ਮੋਹ ਹੈ,

ਰੰਗਿ ਰਤਾ ਨਚੈ ਨੰਗੁ ॥

ਉਹ ਇਸ ਮੋਹ ਵਿਚ ਮਸਤਿਆ ਹੋਇਆ ਬੇ-ਸ਼ਰਮ ਹੋ ਕੇ ਨੱਚਦਾ ਹੈ (ਭਾਵ, ਮੱਚਦਾ ਹੈ, ਆਕੜਦਾ ਹੈ)।

ਨਾਨਕ ਠਗਿਆ ਮੁਠਾ ਜਾਇ ॥

ਹੇ ਨਾਨਕ! (ਉਹ) ਮਨੁੱਖ ਠੱਗਿਆ ਜਾ ਰਿਹਾ ਹੈ, ਲੁੱਟਿਆ ਜਾ ਰਿਹਾ ਹੈ,

ਵਿਣੁ ਨਾਵੈ ਪਤਿ ਗਇਆ ਗਵਾਇ ॥੧॥

ਪ੍ਰਭੂ ਦੇ ਨਾਮ ਤੋਂ ਸੱਖਣਾ ਇੱਜ਼ਤ ਗਵਾ ਕੇ (ਇਥੋਂ) ਜਾਂਦਾ ਹੈ ॥੧॥


ਮਃ ੧ ॥
ਕਿਆ ਖਾਧੈ ਕਿਆ ਪੈਧੈ ਹੋਇ ॥

(ਸੋਹਣੇ ਭੋਜਨ) ਖਾਣ ਤੇ (ਸੋਹਣੇ ਕਪੜੇ) ਹੰਢਾਣ ਦਾ ਕੀਹ ਸੁਆਦ?

ਜਾ ਮਨਿ ਨਾਹੀ ਸਚਾ ਸੋਇ ॥

ਜੇ ਉਹ ਸੱਚਾ ਪ੍ਰਭੂ ਹਿਰਦੇ ਵਿਚ ਨਹੀਂ ਵੱਸਦਾ, (ਜਿਸ ਪ੍ਰਭੂ ਨੇ ਸਾਰੇ ਸੋਹਣੇ ਪਦਾਰਥ ਦਿੱਤੇ ਹਨ)।

ਕਿਆ ਮੇਵਾ ਕਿਆ ਘਿਉ ਗੁੜੁ ਮਿਠਾ ਕਿਆ ਮੈਦਾ ਕਿਆ ਮਾਸੁ ॥

ਕੀਹ ਹੋਇਆ ਜੇ ਮੇਵੇ, ਘਿਉ, ਮਿੱਠਾ ਗੁੜ ਮੈਦਾ ਤੇ ਮਾਸ ਆਦਿਕ ਪਦਾਰਥ ਵਰਤੇ?

ਕਿਆ ਕਪੜੁ ਕਿਆ ਸੇਜ ਸੁਖਾਲੀ ਕੀਜਹਿ ਭੋਗ ਬਿਲਾਸ ॥

ਕੀ ਹੋਇਆ ਜੇ (ਸੋਹਣੇ) ਕੱਪੜੇ ਤੇ ਸੌਖੀ ਸੇਜ ਮਿਲ ਗਈ ਤੇ ਜੇ ਮੌਜਾਂ ਮਾਣ ਲਈਆਂ?

ਕਿਆ ਲਸਕਰ ਕਿਆ ਨੇਬ ਖਵਾਸੀ ਆਵੈ ਮਹਲੀ ਵਾਸੁ ॥

ਤਾਂ ਕੀਹ ਬਣ ਗਿਆ ਜੇ ਫ਼ੌਜ, ਚੋਬਦਾਰ, ਚੋਰੀ-ਬਰਦਾਰ ਮਿਲ ਗਏ ਤੇ ਮਹਲਾਂ ਵਿਚ ਵੱਸਣਾ ਨਸੀਬ ਹੋਇਆ?

ਨਾਨਕ ਸਚੇ ਨਾਮ ਵਿਣੁ ਸਭੇ ਟੋਲ ਵਿਣਾਸੁ ॥੨॥

ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰੇ ਪਦਾਰਥ ਨਾਸਵੰਤ ਹਨ ॥੨॥


ਪਵੜੀ ॥
ਜਾਤੀ ਦੈ ਕਿਆ ਹਥਿ ਸਚੁ ਪਰਖੀਐ ॥

(ਪ੍ਰਭੂ ਦੇ ਦਰ ਤੇ ਤਾਂ) ਸੱਚਾ ਨਾਮ (-ਰੂਪ ਸਉਦਾ) ਪਰਖਿਆ ਜਾਂਦਾ ਹੈ, ਜਾਤਿ ਦੇ ਹੱਥ ਵਿਚ ਕੁਝ ਨਹੀਂ ਹੈ (ਭਾਵ, ਕਿਸੇ ਜਾਤਿ ਵਰਣ ਦਾ ਕੋਈ ਲਿਹਾਜ਼ ਨਹੀਂ ਹੁੰਦਾ)।

ਮਹੁਰਾ ਹੋਵੈ ਹਥਿ ਮਰੀਐ ਚਖੀਐ ॥

(ਜਾਤਿ ਦਾ ਅਹੰਕਾਰ ਮਹੁਰੇ ਸਮਾਨ ਹੈ) ਜੇ ਕਿਸੇ ਪਾਸ ਮਹੁਰਾ ਹੋਵੇ (ਭਾਵੇਂ ਕਿਸੇ ਜਾਤਿ ਦਾ ਹੋਵੇ) ਜੇ ਮਹੁਰਾ ਖਾਇਗਾ ਤਾਂ ਮਰੇਗਾ।

ਸਚੇ ਕੀ ਸਿਰਕਾਰ ਜੁਗੁ ਜੁਗੁ ਜਾਣੀਐ ॥

ਅਕਾਲ ਪੁਰਖ ਦਾ ਇਹ ਨਿਆਂ ਹਰੇਕ ਜੁਗ ਵਿਚ ਵਰਤਦਾ ਸਮਝ ਲਵੋ (ਭਾਵ, ਕਿਸੇ ਭੀ ਜੁਗ ਵਿਚ ਜਾਤਿ ਦਾ ਲਿਹਾਜ਼ ਨਹੀਂ ਹੋਇਆ)।

ਹੁਕਮੁ ਮੰਨੇ ਸਿਰਦਾਰੁ ਦਰਿ ਦੀਬਾਣੀਐ ॥

ਪ੍ਰਭੂ ਦੇ ਦਰ ਤੇ, ਪ੍ਰਭੂ ਦੀ ਦਰਗਾਹ ਵਿਚ ਉਹੀ ਇੱਜ਼ਤ ਵਾਲਾ ਹੈ ਜੋ ਪ੍ਰਭੂ ਦਾ ਹੁਕਮ ਮੰਨਦਾ ਹੈ।

ਫੁਰਮਾਨੀ ਹੈ ਕਾਰ ਖਸਮਿ ਪਠਾਇਆ ॥

ਖਸਮ (ਪ੍ਰਭੂ) ਨੇ (ਜੀਵ ਨੂੰ) ਹੁਕਮ ਮੰਨਣ-ਰੂਪ ਕਾਰ ਦੇ ਕੇ (ਜਗਤ ਵਿਚ) ਭੇਜਿਆ ਹੈ।

ਤਬਲਬਾਜ ਬੀਚਾਰ ਸਬਦਿ ਸੁਣਾਇਆ ॥

ਨਗਾਚਰੀ ਗੁਰੂ ਨੇ ਸ਼ਬਦ ਦੀ ਰਾਹੀਂ ਇਹੀ ਗੱਲ ਸੁਣਾਈ ਹੈ (ਭਾਵ, ਗੁਰੂ ਨੇ ਸ਼ਬਦ ਦੀ ਰਾਹੀਂ ਇਸੇ ਗੱਲ ਦਾ ਢੰਡੋਰਾ ਦੇ ਦਿੱਤਾ ਹੈ)।

ਇਕਿ ਹੋਏ ਅਸਵਾਰ ਇਕਨਾ ਸਾਖਤੀ ॥

(ਇਹ ਢੰਡੋਰਾ ਸੁਣ ਕੇ) ਕਈ (ਗੁਰਮੁਖ) ਤਾਂ ਅਸਵਾਰ ਹੋ ਗਏ ਹਨ (ਭਾਵ, ਇਸ ਰਾਹ ਤੇ ਤੁਰ ਪਏ ਹਨ), ਕਈ ਬੰਦੇ ਤਿਆਰ ਹੋ ਪਏ ਹਨ,

ਇਕਨੀ ਬਧੇ ਭਾਰ ਇਕਨਾ ਤਾਖਤੀ ॥੧੦॥

ਕਈਆਂ ਨੇ ਅਸਬਾਬ ਲੱਦ ਲਏ ਹਨ, ਤੇ ਕਈ ਛੇਤੀ ਦੌੜ ਪਏ ਹਨ ॥੧੦॥


ਸਲੋਕੁ ਮਃ ੧ ॥
ਜਾ ਪਕਾ ਤਾ ਕਟਿਆ ਰਹੀ ਸੁ ਪਲਰਿ ਵਾੜਿ ॥

ਜਦੋਂ (ਕਣਕ ਆਦਿਕ ਫ਼ਸਲ ਦਾ ਬੂਟਾ) ਪੱਕ ਜਾਂਦਾ ਹੈ ਤਾਂ (ਉਤੋਂ ਉਤੋਂ) ਵੱਢ ਲਈਦਾ ਹੈ, (ਕਣਕ ਦੀ) ਨਾੜ ਤੇ (ਪੈਲੀ ਦੀ) ਵਾੜ ਪਿੱਛੇ ਰਹਿ ਜਾਂਦੀ ਹੈ।

ਸਣੁ ਕੀਸਾਰਾ ਚਿਥਿਆ ਕਣੁ ਲਇਆ ਤਨੁ ਝਾੜਿ ॥

ਇਸ ਨੂੰ ਸਿੱਟਿਆਂ ਸਮੇਤ ਗਾਹ ਲਈਦਾ ਹੈ, ਤੇ ਬੋਹਲ ਉਡਾ ਕੇ ਦਾਣੇ ਕੱਢ ਲਈਦੇ ਹਨ।

ਦੁਇ ਪੁੜ ਚਕੀ ਜੋੜਿ ਕੈ ਪੀਸਣ ਆਇ ਬਹਿਠੁ ॥

ਚੱਕੀ ਦੇ ਦੋਵੇਂ ਪੁੜ ਰੱਖ ਕੇ (ਇਹਨਾਂ ਦਾਣਿਆਂ ਨੂੰ) ਪੀਹਣ ਲਈ (ਪ੍ਰਾਣੀ) ਆ ਬੈਠਦਾ ਹੈ,

ਜੋ ਦਰਿ ਰਹੇ ਸੁ ਉਬਰੇ ਨਾਨਕ ਅਜਬੁ ਡਿਠੁ ॥੧॥

(ਪਰ) ਹੇ ਨਾਨਕ! ਇਕ ਅਚਰਜ ਤਮਾਸ਼ਾ ਵੇਖਿਆ ਹੈ, ਜੋ ਦਾਣੇ (ਚੱਕੀ ਦੇ) ਦਰ ਤੇ (ਭਾਵ, ਕਿੱਲੀ ਦੇ ਨੇੜੇ) ਰਹਿੰਦੇ ਹਨ, ਉਹ ਪੀਸਣੋਂ ਬਚ ਜਾਂਦੇ ਹਨ (ਇਸੇ ਤਰ੍ਹਾਂ, ਜੋ ਮਨੁੱਖ ਪ੍ਰਭੂ ਦੇ ਦਰ ਤੇ ਰਹਿੰਦੇ ਹਨ ਉਹਨਾਂ ਨੂੰ ਜਗਤ ਦੇ ਵਿਕਾਰ ਪੋਹ ਨਹੀਂ ਸਕਦੇ) ॥੧॥


ਮਃ ੧ ॥
ਵੇਖੁ ਜਿ ਮਿਠਾ ਕਟਿਆ ਕਟਿ ਕੁਟਿ ਬਧਾ ਪਾਇ ॥

(ਹੇ ਭਾਈ!) ਵੇਖ ਕਿ ਗੰਨਾ ਵੱਢੀਦਾ ਹੈ, ਛਿੱਲ ਛਿੱਲ ਕੇ, ਰੱਸੀ ਪਾ ਕੇ ਬੰਨ੍ਹ ਲਈਦਾ ਹੈ (ਭਾਵ, ਭਰੀਆਂ ਬੰਨ੍ਹ ਲਈਦੀਆਂ ਹਨ)।

ਖੁੰਢਾ ਅੰਦਰਿ ਰਖਿ ਕੈ ਦੇਨਿ ਸੁ ਮਲ ਸਜਾਇ ॥

ਫਿਰ ਵੇਲਣੇ ਦੀਆਂ ਲੱਠਾਂ ਵਿਚ ਰੱਖ ਕੇ ਭਲਵਾਨ (ਭਾਵ, ਜ਼ਿਮੀਦਾਰ) ਇਸ ਨੂੰ (ਮਾਨੋ) ਸਜ਼ਾ ਦੇਂਦੇ ਹਨ (ਭਾਵ, ਪੀੜਦੇ ਹਨ)।

ਰਸੁ ਕਸੁ ਟਟਰਿ ਪਾਈਐ ਤਪੈ ਤੈ ਵਿਲਲਾਇ ॥

ਸਾਰੀ ਰਹੁ ਕੜਾਹੇ ਵਿਚ ਪਾ ਲਈਦੀ ਹੈ, (ਅੱਗ ਦੇ ਸੇਕ ਨਾਲ ਇਹ ਰਹੁ) ਕੜ੍ਹਦੀ ਹੈ ਤੇ (ਮਾਨੋ) ਵਿਲਕਦੀ ਹੈ।

ਭੀ ਸੋ ਫੋਗੁ ਸਮਾਲੀਐ ਦਿਚੈ ਅਗਿ ਜਾਲਾਇ ॥

(ਗੰਨੇ ਦਾ) ਉਹ ਫੋਗ (ਚੂਰਾ) ਭੀ ਸਾਂਭ ਲਈਦਾ ਹੈ ਤੇ (ਸੁਕਾ ਕੇ ਕੜਾਹੇ ਹੇਠ) ਅੱਗ ਵਿਚ ਸਾੜ ਦੇਈਦਾ ਹੈ।

ਨਾਨਕ ਮਿਠੈ ਪਤਰੀਐ ਵੇਖਹੁ ਲੋਕਾ ਆਇ ॥੨॥

ਹੇ ਨਾਨਕ! (ਆਖ-) ਹੇ ਲੋਕੋ! ਆ ਕੇ (ਗੰਨੇ ਦਾ ਹਾਲ) ਵੇਖੋ, ਮਿੱਠੇ ਦੇ ਕਾਰਣ (ਮਾਇਆ ਦੀ ਮਿਠਾਸ ਦੇ ਮੋਹ ਦੇ ਕਾਰਨ ਗੰਨੇ ਵਾਂਗ ਇਉਂ ਹੀ) ਖ਼ੁਆਰ ਹੋਈਦਾ ਹੈ ॥੨॥


ਪਵੜੀ ॥
ਇਕਨਾ ਮਰਣੁ ਨ ਚਿਤਿ ਆਸ ਘਣੇਰਿਆ ॥

ਕਈ ਬੰਦੇ (ਦੁਨੀਆ ਦੀਆਂ) ਬੜੀਆਂ ਆਸਾਂ (ਮਨ ਵਿਚ ਬਣਾਂਦੇ ਰਹਿੰਦੇ ਹਨ, ਮੌਤ ਦਾ ਖ਼ਿਆਲ ਉਹਨਾਂ ਦੇ) ਚਿੱਤ ਵਿਚ ਨਹੀਂ ਆਉਂਦਾ।

ਮਰਿ ਮਰਿ ਜੰਮਹਿ ਨਿਤ ਕਿਸੈ ਨ ਕੇਰਿਆ ॥

ਉਹ ਨਿੱਤ ਜੰਮਦੇ ਮਰਦੇ ਹਨ, (ਭਾਵ, ਹਰ ਵੇਲੇ ਸਹਸਿਆਂ ਵਿਚ ਦੁਖੀ ਹੁੰਦੇ ਹਨ; ਕਦੇ ਘੜੀ ਸੁਖਾਲੇ ਤੇ ਫਿਰ ਦੁਖੀ ਦੇ ਦੁਖੀ)। ਕਿਸੇ ਦੇ ਭੀ ਉਹ (ਕਦੇ ਯਾਰ) ਨਹੀਂ ਬਣਦੇ।

ਆਪਨੜੈ ਮਨਿ ਚਿਤਿ ਕਹਨਿ ਚੰਗੇਰਿਆ ॥

ਉਹ ਲੋਕ ਆਪਣੇ ਮਨ ਵਿਚ ਚਿੱਤ ਵਿਚ (ਆਪਣੇ ਆਪ ਨੂੰ) ਚੰਗੇ ਆਖਦੇ ਹਨ,

ਜਮਰਾਜੈ ਨਿਤ ਨਿਤ ਮਨਮੁਖ ਹੇਰਿਆ ॥

(ਪਰ) ਉਹਨਾਂ ਮਨਮੁਖਾਂ ਨੂੰ ਸਦਾ ਹੀ ਜਮਰਾਜ ਵੇਖਦਾ ਰਹਿੰਦਾ ਹੈ (ਭਾਵ, ਸਮਝਦੇ ਤਾਂ ਆਪਣੇ ਆਪ ਨੂੰ ਨੇਕ ਹਨ, ਪਰ ਕਰਤੂਤਾਂ ਉਹ ਹਨ ਜਿਨ੍ਹਾਂ ਕਰਕੇ ਜਮਾਂ ਦੇ ਵੱਸ ਪੈਂਦੇ ਹਨ)।

ਮਨਮੁਖ ਲੂਣ ਹਾਰਾਮ ਕਿਆ ਨ ਜਾਣਿਆ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਲੂਣ-ਹਰਾਮੀ ਬੰਦੇ ਪਰਮਾਤਮਾ ਦੇ ਕੀਤੇ ਉਪਕਾਰ (ਦੀ ਸਾਰ) ਨਹੀਂ ਜਾਣਦੇ।

ਬਧੇ ਕਰਨਿ ਸਲਾਮ ਖਸਮ ਨ ਭਾਣਿਆ ॥

ਬੱਧੇ-ਰੁੱਧੇ ਹੀ (ਉਸ ਨੂੰ) ਸਲਾਮਾਂ ਕਰਦੇ ਹਨ, (ਇਸ ਤਰ੍ਹਾਂ) ਉਸ ਖਸਮ ਨੂੰ ਪਿਆਰੇ ਨਹੀਂ ਲੱਗ ਸਕਦੇ।

ਸਚੁ ਮਿਲੈ ਮੁਖਿ ਨਾਮੁ ਸਾਹਿਬ ਭਾਵਸੀ ॥

(ਜਿਸ ਮਨੁੱਖ ਨੂੰ) ਰੱਬ ਮਿਲ ਪਿਆ ਹੈ, ਜਿਸ ਦੇ ਮੂੰਹ ਵਿਚ ਰੱਬ ਦਾ ਨਾਮ ਹੈ, ਉਹ ਖਸਮ (ਰੱਬ) ਨੂੰ ਪਿਆਰਾ ਲੱਗਦਾ ਹੈ।

ਕਰਸਨਿ ਤਖਤਿ ਸਲਾਮੁ ਲਿਖਿਆ ਪਾਵਸੀ ॥੧੧॥

ਉਸ ਨੂੰ ਤਖਤ ਉਤੇ (ਬੈਠੇ ਨੂੰ) ਸਾਰੇ ਲੋਕ ਸਲਾਮ ਕਰਦੇ ਹਨ, (ਧੁਰੋਂ ਰੱਬ ਵਲੋਂ) ਲਿਖੇ ਇਸ ਲੇਖ (ਦੇ ਫਲ ਨੂੰ) ਉਹ ਪ੍ਰਾਪਤ ਕਰਦਾ ਹੈ ॥੧੧॥


ਮਃ ੧ ਸਲੋਕੁ ॥
ਮਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸੁ ॥

ਤਾਰੂ ਪਾਣੀ ਮੱਛੀ ਨੂੰ ਕੀਹ ਕਰ ਸਕਦਾ ਹੈ? (ਭਾਵੇਂ ਕਿਤਨਾ ਹੀ ਡੂੰਘਾ ਹੋਵੇ ਮੱਛੀ ਨੂੰ ਪਰਵਾਹ ਨਹੀਂ)। ਆਕਾਸ਼ ਪੰਛੀ ਨੂੰ ਕੀਹ ਕਰ ਸਕਦਾ ਹੈ? (ਆਕਾਸ਼ ਕਿਤਨਾ ਹੀ ਖੁਲ੍ਹਾ ਹੋਵੇ ਪੰਛੀ ਨੂੰ ਪਰਵਾਹ ਨਹੀਂ।) (ਪਾਣੀ ਆਪਣੀ ਡੂੰਘਾਈ ਦਾ ਤੇ ਆਕਾਸ਼ ਆਪਣੀ ਖੁਲ੍ਹਾ ਦਾ ਅਸਰ ਨਹੀਂ ਪਾ ਸਕਦਾ)।

ਪਥਰ ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸੁ ॥

ਪਾਲਾ (ਕੱਕਰ) ਪੱਥਰ ਉਤੇ ਅਸਰ ਨਹੀਂ ਪਾ ਸਕਦਾ, ਘਰ ਦੇ ਵਸੇਬੇ ਦਾ ਅਸਰ ਖੁਸਰੇ (ਹੀਜੜੇ) ਉਤੇ ਨਹੀਂ ਪੈਂਦਾ।

ਕੁਤੇ ਚੰਦਨੁ ਲਾਈਐ ਭੀ ਸੋ ਕੁਤੀ ਧਾਤੁ ॥

ਜੇ ਕੁੱਤੇ ਨੂੰ ਚੰਦਨ ਭੀ ਲਾ ਦੇਈਏ, ਤਾਂ ਭੀ ਉਸ ਦਾ ਅਸਲਾ ਕੁੱਤਿਆਂ ਵਾਲਾ ਹੀ ਰਹਿੰਦਾ ਹੈ।

ਬੋਲਾ ਜੇ ਸਮਝਾਈਐ ਪੜੀਅਹਿ ਸਿੰਮ੍ਰਿਤਿ ਪਾਠ ॥

ਬੋਲੇ ਮਨੁੱਖ ਨੂੰ ਜੇ ਮੱਤਾਂ ਦੇਈਏ ਤੇ ਸਿੰਮ੍ਰਿਤੀਆਂ ਦੇ ਪਾਠ ਉਸ ਦੇ ਕੋਲ ਕਰੀਏ (ਉਹ ਤਾਂ ਸੁਣ ਹੀ ਨਹੀਂ ਸਕਦਾ)।

ਅੰਧਾ ਚਾਨਣਿ ਰਖੀਐ ਦੀਵੇ ਬਲਹਿ ਪਚਾਸ ॥

ਅੰਨ੍ਹੇ ਮਨੁੱਖ ਨੂੰ ਚਾਨਣ ਵਿਚ ਰੱਖਿਆ ਜਾਏ, (ਉਸ ਦੇ ਪਾਸ ਭਾਵੇਂ) ਪੰਜਾਹ ਦੀਵੇ ਪਏ ਬਲਣ (ਉਸ ਨੂੰ ਕੁਝ ਨਹੀਂ ਦਿੱਸਣਾ)।

ਚਉਣੇ ਸੁਇਨਾ ਪਾਈਐ ਚੁਣਿ ਚੁਣਿ ਖਾਵੈ ਘਾਸੁ ॥

ਚੁਗਣ ਗਏ ਪਸ਼ੂਆਂ ਦੇ ਵੱਗ ਅਗੇ ਜੇ ਸੋਨਾ ਖਿਲਾਰ ਦੇਈਏ, ਤਾਂ ਭੀ ਉਹ ਘਾਹ ਚੁਗ ਚੁਗ ਕੇ ਹੀ ਖਾਏਗਾ (ਸੋਨੇ ਦੀ ਉਸ ਨੂੰ ਕਦਰ ਨਹੀਂ ਪੈ ਸਕਦੀ)।

ਲੋਹਾ ਮਾਰਣਿ ਪਾਈਐ ਢਹੈ ਨ ਹੋਇ ਕਪਾਸ ॥

ਲੋਹੇ ਦਾ ਕੁਸ਼ਤਾ ਕਰ ਦੇਈਏ, ਤਾਂ ਭੀ ਢਲ ਕੇ ਉਹ ਕਪਾਹ (ਵਰਗਾ ਨਰਮ) ਨਹੀਂ ਬਣ ਸਕਦਾ।

ਨਾਨਕ ਮੂਰਖ ਏਹਿ ਗੁਣ ਬੋਲੇ ਸਦਾ ਵਿਣਾਸੁ ॥੧॥

ਹੇ ਨਾਨਕ! ਇਹੀ ਖ਼ੋਆਂ ਮੂਰਖ ਦੀਆਂ ਹਨ, ਕਿਤਨੀ ਮਤ ਦਿਓ, ਉਹ ਜਦੋਂ ਭੀ ਬੋਲਦਾ ਹੈ ਸਦਾ (ਉਹੀ ਬੋਲਦਾ ਹੈ ਜਿਸ ਨਾਲ ਕਿਸੇ ਦਾ) ਨੁਕਸਾਨ ਹੀ ਹੋਵੇ ॥੧॥


ਮਃ ੧ ॥
ਕੈਹਾ ਕੰਚਨੁ ਤੁਟੈ ਸਾਰੁ ॥

ਜੇ ਕੈਹਾਂ, ਸੋਨਾ ਜਾਂ ਲੋਹਾ ਟੁੱਟ ਜਾਏ,

ਅਗਨੀ ਗੰਢੁ ਪਾਏ ਲੋਹਾਰੁ ॥

ਅੱਗ ਨਾਲ ਲੋਹਾਰ (ਆਦਿਕ) ਗਾਂਢਾ ਲਾ ਦੇਂਦਾ ਹੈ।

ਗੋਰੀ ਸੇਤੀ ਤੁਟੈ ਭਤਾਰੁ ॥

ਜੇ ਵਹੁਟੀ ਨਾਲ ਖਸਮ ਨਾਰਾਜ਼ ਹੋ ਜਾਏ,

ਪੁਤਂੀ ਗੰਢੁ ਪਵੈ ਸੰਸਾਰਿ ॥

ਤਾਂ ਜਗਤ ਵਿਚ (ਇਹਨਾਂ ਦਾ) ਜੋੜ ਪੁੱਤ੍ਰਾਂ ਦੀ ਰਾਹੀਂ ਬਣਦਾ ਹੈ।

ਰਾਜਾ ਮੰਗੈ ਦਿਤੈ ਗੰਢੁ ਪਾਇ ॥

ਰਾਜਾ (ਪਰਜਾ ਪਾਸੋਂ ਮਾਮਲਾ) ਮੰਗਦਾ ਹੈ, (ਨਾਹ ਦਿੱਤਾ ਜਾਏ ਤਾਂ ਰਾਜਾ ਪਰਜਾ ਦੀ ਵਿਗੜਦੀ ਹੈ, ਮਾਮਲਾ) ਦਿੱਤਿਆਂ (ਰਾਜਾ ਪਰਜਾ ਦਾ) ਮੇਲ ਬਣਦਾ ਹੈ।

ਭੁਖਿਆ ਗੰਢੁ ਪਵੈ ਜਾ ਖਾਇ ॥

ਭੁੱਖ ਨਾਲ ਆਤੁਰ ਹੋਏ ਬੰਦੇ ਦਾ (ਆਪਣੇ ਸਰੀਰ ਨਾਲ ਤਾਂ ਹੀ) ਸੰਬੰਧ ਬਣਿਆ ਰਹਿੰਦਾ ਹੈ ਜੇ ਉਹ (ਰੋਟੀ) ਖਾਏ।

ਕਾਲਾ ਗੰਢੁ ਨਦੀਆ ਮੀਹ ਝੋਲ ॥

ਕਾਲਾਂ ਨੂੰ ਗੰਢ ਪੈਂਦੀ ਹੈ (ਭਾਵ, ਕਾਲ ਮੁੱਕ ਜਾਂਦੇ ਹਨ) ਜੇ ਬਹੁਤੇ ਮੀਂਹ ਪੈ ਕੇ ਨਦੀਆਂ ਚੱਲਣ।

ਗੰਢੁ ਪਰੀਤੀ ਮਿਠੇ ਬੋਲ ॥

ਮਿੱਠੇ ਬਚਨਾਂ ਨਾਲ ਪਿਆਰ ਦੀ ਗੰਢ ਪੈਂਦੀ ਹੈ (ਭਾਵ, ਪਿਆਰ ਪੱਕਾ ਹੁੰਦਾ ਹੈ।

ਬੇਦਾ ਗੰਢੁ ਬੋਲੇ ਸਚੁ ਕੋਇ ॥

ਵੈਦ (ਆਦਿਕ ਧਰਮ ਪੁਸਤਕਾਂ) ਨਾਲ (ਮਨੁੱਖ ਦਾ ਤਦੋਂ) ਜੋੜ ਜੋੜਦਾ ਹੈ ਜੇ ਮਨੁੱਖ ਸੱਚ ਬੋਲੇ।

ਮੁਇਆ ਗੰਢੁ ਨੇਕੀ ਸਤੁ ਹੋਇ ॥

ਮੁਏ ਬੰਦਿਆਂ ਦਾ (ਜਗਤ ਨਾਲ) ਸੰਬੰਧ ਬਣਿਆ ਰਹਿੰਦਾ ਹੈ (ਭਾਵ, ਪਿਛੋਂ ਲੋਕ ਯਾਦ ਕਰਦੇ ਹਨ) ਜੇ ਮਨੁੱਖ ਭਲਾਈ ਤੇ ਦਾਨ ਕਰਦਾ ਰਹੇ।

ਏਤੁ ਗੰਢਿ ਵਰਤੈ ਸੰਸਾਰੁ ॥

(ਸੋ) ਇਸ ਤਰ੍ਹਾਂ ਦੇ ਸੰਬੰਧ ਨਾਲ ਜਗਤ (ਦਾ ਵਿਹਾਰ) ਚੱਲਦਾ ਹੈ।

ਮੂਰਖ ਗੰਢੁ ਪਵੈ ਮੁਹਿ ਮਾਰ ॥

ਮੂੰਹ ਤੇ ਮਾਰ ਪਿਆਂ ਮੂਰਖ (ਦੇ ਮੂਰਖ-ਪੁਣੇ) ਨੂੰ ਰੋਕ ਪਾਂਦੀ ਹੈ।

ਨਾਨਕੁ ਆਖੈ ਏਹੁ ਬੀਚਾਰੁ ॥

ਨਾਨਕ ਇਹ ਵਿਚਾਰ (ਦੀ ਗੱਲ) ਦੱਸਦਾ ਹੈ,

ਸਿਫਤੀ ਗੰਢੁ ਪਵੈ ਦਰਬਾਰਿ ॥੨॥

ਕਿ (ਪਰਮਾਤਮਾ ਦੀ) ਸਿਫ਼ਤ-ਸਾਲਾਹ ਦੀ ਰਾਹੀਂ (ਪ੍ਰਭੂ ਦੇ ਦਰਬਾਰ ਵਿਚ (ਆਦਰ-ਪਿਆਰ ਦਾ) ਜੋੜ ਜੁੜਦਾ ਹੈ ॥੨॥


ਪਉੜੀ ॥
ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ ॥

ਪਰਮਾਤਮਾ ਆਪ ਹੀ ਦੁਨੀਆ ਪੈਦਾ ਕਰ ਕੇ ਆਪ ਹੀ ਇਸ ਦਾ ਧਿਆਨ ਰੱਖਦਾ ਹੈ।

ਇਕਿ ਖੋਟੇ ਇਕਿ ਖਰੇ ਆਪੇ ਪਰਖਣਹਾਰੁ ॥

(ਪਰ ਇਥੇ) ਕਈ ਜੀਵ ਖੋਟੇ ਹਨ (ਭਾਵ, ਮਨੁੱਖਤਾ ਦੇ ਮਾਪ ਤੋਂ ਹੌਲੇ ਹਨ) ਤੇ ਕਈ (ਸ਼ਾਹੀ ਸਿੱਕੇ ਵਾਂਗ ਖਰੇ ਹਨ, (ਇਹਨਾਂ ਸਭਨਾਂ ਦੀ) ਪਰਖ ਕਰਨ ਵਾਲਾ ਭੀ ਆਪ ਹੀ ਹੈ।

ਖਰੇ ਖਜਾਨੈ ਪਾਈਅਹਿ ਖੋਟੇ ਸਟੀਅਹਿ ਬਾਹਰ ਵਾਰਿ ॥

(ਰੁਪਏ ਆਦਿਕ ਵਾਂਗ) ਖਰੇ ਬੰਦੇ (ਪ੍ਰਭੂ ਦੇ) ਖ਼ਜ਼ਾਨੇ ਵਿਚ ਪਾਏ ਜਾਂਦੇ ਹਨ (ਭਾਵ, ਉਹਨਾਂ ਦਾ ਜੀਵਨ ਪ੍ਰਵਾਨ ਹੁੰਦਾ ਹੈ ਤੇ) ਖੋਟੇ ਬਾਹਰਲੇ ਪਾਸੇ ਸੁੱਟੇ ਜਾਂਦੇ ਹਨ (ਭਾਵ, ਇਹ ਜੀਵ ਭਲਿਆਂ ਵਿਚ ਰਲ ਨਹੀਂ ਸਕਦੇ)।

ਖੋਟੇ ਸਚੀ ਦਰਗਹ ਸੁਟੀਅਹਿ ਕਿਸੁ ਆਗੈ ਕਰਹਿ ਪੁਕਾਰ ॥

ਸੱਚੀ ਦਰਗਾਹ ਵਿਚੋਂ ਇਹਨਾਂ ਨੂੰ ਧੱਕਾ ਮਿਲਦਾ ਹੈ। ਕੋਈ ਹੋਰ ਥਾਂ ਐਸਾ ਨਹੀਂ ਜਿਥੇ ਇਹ (ਸਹੈਤਾ ਲਈ) ਫ਼ਰਿਆਦ ਕਰ ਸਕਣ।

ਸਤਿਗੁਰ ਪਿਛੈ ਭਜਿ ਪਵਹਿ ਏਹਾ ਕਰਣੀ ਸਾਰੁ ॥

(ਇਹਨਾਂ ਹੌਲੇ ਜੀਵਨ ਵਾਲੇ ਜੀਵਾਂ ਲਈ) ਸਭ ਤੋਂ ਚੰਗੀ ਕਰਨ ਵਾਲੀ ਗੱਲ ਇਹੀ ਹੈ ਕਿ ਸਤਿਗੁਰੂ ਦੀ ਸਰਨੀ ਜਾ ਪੈਣ।

ਸਤਿਗੁਰੁ ਖੋਟਿਅਹੁ ਖਰੇ ਕਰੇ ਸਬਦਿ ਸਵਾਰਣਹਾਰੁ ॥

ਗੁਰੂ ਖੋਟਿਆਂ ਤੋਂ ਖਰੇ ਬਣਾ ਦੇਂਦਾ ਹੈ (ਕਿਉਂਕਿ ਗੁਰੂ ਆਪਣੇ) ਸ਼ਬਦ ਦੀ ਰਾਹੀਂ ਖਰੇ ਬਣਾਣ ਦੇ ਸਮਰੱਥ ਹੈ।

ਸਚੀ ਦਰਗਹ ਮੰਨੀਅਨਿ ਗੁਰ ਕੈ ਪ੍ਰੇਮ ਪਿਆਰਿ ॥

(ਫਿਰ ਉਹ) ਸਤਿਗੁਰ ਦੇ ਬਖ਼ਸ਼ੇ ਪ੍ਰੇਮ ਪਿਆਰ ਦੇ ਕਾਰਨ ਪਰਾਮਤਮਾ ਦੀ ਦਰਗਾਹ ਵਿਚ ਆਦਰ ਪਾਂਦੇ ਹਨ,

ਗਣਤ ਤਿਨਾ ਦੀ ਕੋ ਕਿਆ ਕਰੇ ਜੋ ਆਪਿ ਬਖਸੇ ਕਰਤਾਰਿ ॥੧੨॥

ਤੇ ਜਿਨ੍ਹਾਂ ਨੂੰ ਕਰਤਾਰ ਨੇ ਆਪ ਬਖ਼ਸ਼ ਲਿਆ ਉਹਨਾਂ ਦੀ ਐਬ-ਜੋਈ ਕਿਸੇ ਕੀਹ ਕਰਨੀ ਹੋਈ? ॥੧੨॥


ਸਲੋਕੁ ਮਃ ੧ ॥
ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇਕਾ ਰਾਇਆ ॥

ਪੀਰ, ਸ਼ੇਖ਼, ਰਾਇ (ਆਦਿਕ) ਸਾਰੀ ਦੁਨੀਆ ਧਰਤੀ ਦੇ ਥੱਲੇ (ਅੰਤ ਨੂੰ ਆ ਜਾਂਦੇ ਹਨ)।

ਮੇ ਰਵਦਿ ਬਾਦਿਸਾਹਾ ਅਫਜੂ ਖੁਦਾਇ ॥

(ਇਸ ਧਰਤੀ ਤੇ ਹੁਕਮ ਕਰਨ ਵਾਲੇ) ਬਾਦਸ਼ਾਹ ਭੀ ਨਾਸ ਹੋ ਜਾਂਦੇ ਹਨ, ਸਦਾ ਟਿਕੇ ਰਹਿਣ ਵਾਲਾ, ਹੇ ਖ਼ੁਦਾਇ!

ਏਕ ਤੂਹੀ ਏਕ ਤੁਹੀ ॥੧॥

ਇਕ ਤੂੰ ਹੀ ਹੈਂ, ਇਕ ਤੂੰ ਹੀ ਹੈਂ ॥੧॥


ਮਃ ੧ ॥
ਨ ਦੇਵ ਦਾਨਵਾ ਨਰਾ ॥

ਨਾਹ ਦੇਵਤੇ, ਨਾਹ ਦੈਂਤ, ਨਾਹ ਮਨੁੱਖ,

ਨ ਸਿਧ ਸਾਧਿਕਾ ਧਰਾ ॥

ਨਾਹ ਜੋਗ-ਸਾਧਨਾਂ ਵਿਚ ਪੁੱਗੇ ਜੋਗੀ, ਨਾਹ ਜੋਗ-ਸਾਧਨ ਕਰਨ ਵਾਲੇ, ਕੋਈ ਭੀ ਧਰਤੀ ਤੇ ਨਾਹ ਰਿਹਾ।

ਅਸਤਿ ਏਕ ਦਿਗਰਿ ਕੁਈ ॥

ਸਦਾ-ਥਿਰ ਰਹਿਣ ਵਾਲਾ ਹੋਰ ਦੂਜਾ ਕੌਣ ਹੈ?

ਅਸਤਿ ਏਕ ਦਿਗਰਿ ਕੁਈ ॥

ਸਦਾ ਰਹਿਣ ਵਾਲਾ ਹੋਰ ਦੂਜਾ ਕੌਣ ਹੈ?

ਏਕ ਤੁਈ ਏਕ ਤੁਈ ॥੨॥

(ਸਦਾ ਕਾਇਮ ਰਹਿਣ ਵਾਲਾ, ਹੇ ਪ੍ਰਭੂ!) ਇਕ ਤੂੰ ਹੀ ਹੈਂ, ਇਕ ਤੂੰ ਹੀ ਹੈਂ ॥੨॥


ਮਃ ੧ ॥
ਨ ਦਾਦੇ ਦਿਹੰਦ ਆਦਮੀ ॥

ਨਾਹ ਹੀ ਇਨਸਾਫ਼ ਕਰਨ ਵਾਲੇ (ਭਾਵ, ਦੂਜਿਆਂ ਦੇ ਝਗੜੇ ਨਿਬੇੜਨ ਵਾਲੇ) ਆਦਮੀ ਸਦਾ ਟਿਕੇ ਰਹਿਣ ਵਾਲੇ ਹਨ,

ਨ ਸਪਤ ਜੇਰ ਜਿਮੀ ॥

ਨਾਹ ਹੀ ਧਰਤੀ ਦੇ ਹੇਠਲੇ ਸੱਤ (ਪਤਾਲ ਹੀ) ਸਦਾ ਰਹਿ ਸਕਦੇ ਹਨ।

ਏਕ ਤੁਈ ਏਕ ਤੁਈ ॥੩॥

(ਹੇ ਪ੍ਰਭੂ! ਸਦਾ ਕਾਇਮ ਰਹਿਣ ਵਾਲਾ) ਇਕ ਤੂੰ ਹੀ ਹੈ ਇਕ ਤੂੰ ਹੀ ਹੈ ॥੩॥


ਮਃ ੧ ॥
ਨ ਸੂਰ ਸਸਿ ਮੰਡਲੋ ॥

ਨਾ ਸੂਰਜ, ਨਾਹ ਚੰਦਰਮਾ, ਨਾਹ ਇਹ ਦਿੱਸਦਾ ਆਕਾਸ਼,

ਨ ਸਪਤ ਦੀਪ ਨਹ ਜਲੋ ॥

ਨਾਹ ਧਰਤੀ ਦੇ ਸੱਤ ਦੀਪ, ਨਾਹ ਪਾਣੀ,

ਅੰਨ ਪਉਣ ਥਿਰੁ ਨ ਕੁਈ ॥

ਨ ਅੰਨ, ਨਾਹ ਹਵਾ-ਕੋਈ ਭੀ ਥਿਰ ਰਹਿਣ ਵਾਲਾ ਨਹੀਂ।

ਏਕੁ ਤੁਈ ਏਕੁ ਤੁਈ ॥੪॥

(ਸਦਾ ਰਹਿਣ ਵਾਲਾ, ਹੇ ਪ੍ਰਭੂ!) ਇਕ ਤੂੰ ਹੀ ਹੈਂ, ਇਕ ਤੂੰ ਹੀ ਹੈਂ ॥੪॥


ਮਃ ੧ ॥
ਨ ਰਿਜਕੁ ਦਸਤ ਆ ਕਸੇ ॥

(ਜੀਵਾਂ ਦਾ) ਰਿਜ਼ਕ (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਦੇ ਹੱਥ ਵਿਚ ਨਹੀਂ ਹੈ।

ਹਮਾ ਰਾ ਏਕੁ ਆਸ ਵਸੇ ॥

ਸਭ ਜੀਵਾਂ ਨੂੰ, ਬੱਸ, ਇਕ ਪ੍ਰਭੂ ਦੀ ਆਸ ਹੈ।

ਅਸਤਿ ਏਕੁ ਦਿਗਰ ਕੁਈ ॥

(ਕਿਉਂਕਿ ਸਦਾ-ਥਿਰ) ਹੋਰ ਹੈ ਹੀ ਕੋਈ ਨਹੀਂ।

ਏਕ ਤੁਈ ਏਕੁ ਤੁਈ ॥੫॥

ਸਦਾ ਰਹਿਣ ਵਾਲਾ, ਹੇ ਪ੍ਰਭੂ! ਇਕ ਤੂੰ ਹੀ ਹੈਂ ॥੫॥


ਮਃ ੧ ॥
ਪਰੰਦਏ ਨ ਗਿਰਾਹ ਜਰ ॥

ਪੰਛੀਆਂ ਦੇ ਗੰਢੇ-ਪੱਲੇ ਧਨ ਨਹੀਂ ਹੈ।

ਦਰਖਤ ਆਬ ਆਸ ਕਰ ॥

ਉਹ (ਪ੍ਰਭੂ ਦੇ ਬਣਾਏ ਹੋਏ) ਰੁੱਖਾਂ ਤੇ ਪਾਣੀ ਦਾ ਆਸਰਾ ਹੀ ਲੈਂਦੇ ਹਨ।

ਦਿਹੰਦ ਸੁਈ ॥

ਉਹਨਾਂ ਨੂੰ ਰੋਜ਼ੀ ਦੇਣ ਵਾਲਾ ਉਹੀ ਪ੍ਰਭੂ ਹੈ।

ਏਕ ਤੁਈ ਏਕ ਤੁਈ ॥੬॥

(ਹੇ ਪ੍ਰਭੂ! ਇਹਨਾਂ ਦਾ ਰਿਜ਼ਕ-ਦਾਤਾ) ਇਕ ਤੂੰ ਹੀ ਹੈਂ ਇਕ ਤੂੰ ਹੀ ਹੈਂ ॥੬॥


ਮਃ ੧ ॥
ਨਾਨਕ ਲਿਲਾਰਿ ਲਿਖਿਆ ਸੋਇ ॥

ਹੇ ਨਾਨਕ! (ਜੀਵ ਦੇ) ਮੱਥੇ ਉਤੇ (ਜੋ ਕੁਝ ਕਰਤਾਰ ਵਲੋਂ) ਲਿਖਿਆ ਗਿਆ ਹੈ,

ਮੇਟਿ ਨ ਸਾਕੈ ਕੋਇ ॥

ਉਸ ਨੂੰ ਕੋਈ ਮਿਟਾ ਨਹੀਂ ਸਕਦਾ।

ਕਲਾ ਧਰੈ ਹਿਰੈ ਸੁਈ ॥

(ਜੀਵ ਦੇ ਅੰਦਰ) ਉਹੀ ਸੱਤਿਆ ਪਾਂਦਾ ਹੈ, ਉਹੀ ਖੋਹ ਲੈਂਦਾ ਹੈ।

ਏਕੁ ਤੁਈ ਏਕੁ ਤੁਈ ॥੭॥

(ਹੇ ਪ੍ਰਭੂ! ਜੀਵਾਂ ਨੂੰ ਸੱਤਿਆ ਦੇਣ ਤੇ ਖੋਹ ਲੈਣ ਵਾਲਾ) ਇਕ ਤੂੰ ਹੀ ਹੈਂ ਇਕ ਤੂੰ ਹੀ ਹੈਂ ॥੭॥


ਪਉੜੀ ॥
ਸਚਾ ਤੇਰਾ ਹੁਕਮੁ ਗੁਰਮੁਖਿ ਜਾਣਿਆ ॥

(ਹੇ ਪ੍ਰਭੂ!) ਤੇਰਾ ਹੁਕਮ ਸਦਾ-ਥਿਰ ਰਹਿਣ ਵਾਲਾ ਹੈ, ਗੁਰੂ ਦੇ ਸਨਮੁਖ ਹੋਇਆਂ ਇਸ ਦੀ ਸਮਝ ਪੈਂਦੀ ਹੈ।

ਗੁਰਮਤੀ ਆਪੁ ਗਵਾਇ ਸਚੁ ਪਛਾਣਿਆ ॥

ਜਿਸ ਨੇ ਗੁਰੂ ਦੀ ਮਤਿ ਲੈ ਕੇ ਆਪਾ-ਭਾਵ ਦੂਰ ਕੀਤਾ ਹੈ, ਉਸ ਨੇ ਤੈਨੂੰ ਸਦਾ ਕਾਇਮ ਰਹਿਣ ਵਾਲੇ ਨੂੰ ਪਛਾਣ ਲਿਆ ਹੈ।

ਸਚੁ ਤੇਰਾ ਦਰਬਾਰੁ ਸਬਦੁ ਨੀਸਾਣਿਆ ॥

ਹੇ ਪ੍ਰਭੂ! ਤੇਰਾ ਦਰਬਾਰ ਸਦਾ-ਥਿਰ ਹੈ, (ਇਸ ਤਕ ਅੱਪੜਨ ਲਈ ਗੁਰੂ ਦਾ) ਸ਼ਬਦ ਰਾਹਦਾਰੀ ਹੈ।

ਸਚਾ ਸਬਦੁ ਵੀਚਾਰਿ ਸਚਿ ਸਮਾਣਿਆ ॥

ਜਿਨ੍ਹਾਂ ਨੇ ਸੱਚੇ ਸ਼ਬਦ ਨੂੰ ਵਿਚਾਰਿਆ ਹੈ, ਉਹ ਸੱਚ ਵਿਚ ਲੀਨ ਹੋ ਜਾਂਦੇ ਹਨ।

ਮਨਮੁਖ ਸਦਾ ਕੂੜਿਆਰ ਭਰਮਿ ਭੁਲਾਣਿਆ ॥

(ਪਰ) ਮਨ ਦੇ ਪਿੱਛੇ ਤੁਰਨ ਵਾਲੇ ਕੂੜ (ਹੀ) ਵਿਹਾਝਦੇ ਹਨ, ਭਟਕਣਾ ਵਿਚ ਖੁੰਝੇ ਫਿਰਦੇ ਹਨ।

ਵਿਸਟਾ ਅੰਦਰਿ ਵਾਸੁ ਸਾਦੁ ਨ ਜਾਣਿਆ ॥

ਉਹਨਾਂ ਦਾ ਵਸੇਬਾ ਗੰਦ ਵਿਚ ਹੀ ਰਹਿੰਦਾ ਹੈ, (ਸ਼ਬਦ ਦਾ) ਆਨੰਦ ਉਹ ਨਹੀਂ ਸਮਝ ਸਕੇ।

ਵਿਣੁ ਨਾਵੈ ਦੁਖੁ ਪਾਇ ਆਵਣ ਜਾਣਿਆ ॥

ਪਰਮਾਤਮਾ ਦੇ ਨਾਮ ਤੋਂ ਬਿਨਾ ਦੁੱਖ ਪਾ ਕੇ ਜਨਮ ਮਰਨ (ਦੇ ਚੱਕਰ ਵਿਚ ਪਏ ਰਹਿੰਦੇ ਹਨ)।

ਨਾਨਕ ਪਾਰਖੁ ਆਪਿ ਜਿਨਿ ਖੋਟਾ ਖਰਾ ਪਛਾਣਿਆ ॥੧੩॥

ਹੇ ਨਾਨਕ! ਪਰਖਣ ਵਾਲਾ ਪ੍ਰਭੂ ਆਪ ਹੀ ਹੈ, ਜਿਸ ਨੇ ਖੋਟੇ ਖਰੇ ਨੂੰ ਪਛਾਣਿਆ ਹੈ (ਭਾਵ, ਪ੍ਰਭੂ ਆਪ ਹੀ ਜਾਣਦਾ ਹੈ ਕਿ ਖੋਟਾ ਕੌਣ ਹੈ ਤੇ ਖਰਾ ਕੌਣ ਹੈ) ॥੧੩॥


ਸਲੋਕੁ ਮਃ ੧ ॥
ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ ॥

ਪ੍ਰਭੂ ਸ਼ੇਰਾਂ, ਬਾਜਾਂ, ਚਰਗਾਂ, ਕੁਹੀਆ (ਆਦਿਕ ਮਾਸਾਹਾਰੀਆਂ ਨੂੰ ਜੇ ਚਾਹੇ ਤਾਂ) ਘਾਹ ਖਵਾ ਦੇਂਦਾ ਹੈ (ਭਾਵ, ਉਹਨਾਂ ਦੀ ਮਾਸ ਖਾਣ ਦੀ ਵਾਦੀ ਤਬਦੀਲ ਕਰ ਦੇਂਦਾ ਹੈ)।

ਘਾਹੁ ਖਾਨਿ ਤਿਨਾ ਮਾਸੁ ਖਵਾਲੇ ਏਹਿ ਚਲਾਏ ਰਾਹ ॥

ਜੋ ਘਾਹ ਖਾਂਦੇ ਹਨ ਉਹਨਾਂ ਨੂੰ ਮਾਸ ਖਵਾ ਦੇਂਦਾ ਹੈ-ਸੋ, ਪ੍ਰਭੂ ਇਹੋ ਜਿਹੇ ਰਾਹ ਤੋਰ ਦੇਂਦਾ ਹੈ।

ਨਦੀਆ ਵਿਚਿ ਟਿਬੇ ਦੇਖਾਲੇ ਥਲੀ ਕਰੇ ਅਸਗਾਹ ॥

ਪ੍ਰਭੂ (ਵਗਦੀਆਂ) ਨਦੀਆਂ ਵਿਚ ਟਿੱਬੇ ਵਿਖਾਲ ਦੇਂਦਾ ਹੈ, ਰੇਤਲੇ ਥਾਵਾਂ ਨੂੰ ਡੂੰਘੇ ਪਾਣੀ ਬਣਾ ਦੇਂਦਾ ਹੈ।

ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹ ॥

ਕੀੜੇ ਨੂੰ ਬਾਦਸ਼ਾਹੀ (ਤਖ਼ਤ) ਉੱਤੇ ਥਾਪ ਦੇਂਦਾ ਹੈ (ਬਿਠਾ ਦੇਂਦਾ ਹੈ), (ਤੇ ਬਾਦਸ਼ਾਹਾਂ ਦੇ) ਲਸ਼ਕਰਾਂ ਨੂੰ ਸੁਆਹ ਕਰ ਦੇਂਦਾ ਹੈ।

ਜੇਤੇ ਜੀਅ ਜੀਵਹਿ ਲੈ ਸਾਹਾ ਜੀਵਾਲੇ ਤਾ ਕਿ ਅਸਾਹ ॥

ਜਿਤਨੇ ਭੀ ਜੀਵ (ਜਗਤ ਵਿਚ) ਜੀਊਂਦੇ ਹਨ, ਸਾਹ ਲੈ ਕੇ ਜੀਊਂਦੇ ਹਨ, (ਭਾਵ, ਤਦ ਤਕ ਜੀਊਂਦੇ ਹਨ ਜਦ ਤਕ ਸਾਹ ਲੈਂਦੇ ਹਨ, (ਪਰ ਜੇ ਪ੍ਰਭੂ) ਜੀਊਂਦੇ ਰੱਖਣੇ ਚਾਹੇ, ਤਾਂ ‘ਸਾਹ’ ਦੀ ਭੀ ਕੀਹ ਮੁਥਾਜੀ ਹੈ?

ਨਾਨਕ ਜਿਉ ਜਿਉ ਸਚੇ ਭਾਵੈ ਤਿਉ ਤਿਉ ਦੇਇ ਗਿਰਾਹ ॥੧॥

ਹੇ ਨਾਨਕ! ਜਿਵੇਂ ਜਿਵੇਂ ਪ੍ਰਭੂ ਦੀ ਰਜ਼ਾ ਹੈ, ਤਿਵੇਂ ਤਿਵੇਂ (ਜੀਵਾਂ) ਨੂੰ ਰੋਜ਼ੀ ਦੇਂਦਾ ਹੈ ॥੧॥


ਮਃ ੧ ॥
ਇਕਿ ਮਾਸਹਾਰੀ ਇਕਿ ਤ੍ਰਿਣੁ ਖਾਹਿ ॥

ਕਈ ਜੀਵ ਮਾਸ ਖਾਣ ਵਾਲੇ ਹਨ, ਕਈ ਘਾਹ ਖਾਂਦੇ ਹਨ।

ਇਕਨਾ ਛਤੀਹ ਅੰਮ੍ਰਿਤ ਪਾਹਿ ॥

ਕਈ ਪ੍ਰਣੀਆਂ ਨੂੰ ਕਈ ਕਿਸਮਾਂ ਦੇ ਸੁਆਦਲੇ ਭੋਜਨ ਮਿਲਦੇ ਹਨ,

ਇਕਿ ਮਿਟੀਆ ਮਹਿ ਮਿਟੀਆ ਖਾਹਿ ॥

ਤੇ ਕਈ ਮਿੱਟੀ ਵਿਚ (ਰਹਿ ਕੇ) ਮਿੱਟੀ ਖਾਂਦੇ ਹਨ।

ਇਕਿ ਪਉਣ ਸੁਮਾਰੀ ਪਉਣ ਸੁਮਾਰਿ ॥

ਕਈ ਪ੍ਰਾਣਾਯਾਮ ਦੇ ਅੱਭਿਆਸੀ ਪ੍ਰਾਣਾਯਾਮ ਵਿਚ ਲੱਗੇ ਰਹਿੰਦੇ ਹਨ,

ਇਕਿ ਨਿਰੰਕਾਰੀ ਨਾਮ ਆਧਾਰਿ ॥

ਕਈ ਨਿਰੰਕਾਰ ਦੇ ਉਪਾਸ਼ਕ (ਉਸ ਦੇ) ਨਾਮ ਦੇ ਆਸਰੇ ਜੀਉਂਦੇ ਹਨ।

ਜੀਵੈ ਦਾਤਾ ਮਰੈ ਨ ਕੋਇ ॥

ਜੋ ਮਨੁੱਖ (ਇਹ ਮੰਨਦਾ ਹੈ ਕਿ) ਸਿਰ ਤੇ ਦਾਤਾ ਰਾਖਾ ਹੈ ਉਹ (ਪ੍ਰਭੂ ਨੂੰ ਵਿਸਾਰ ਕੇ ਆਤਮਕ ਮੌਤ) ਨਹੀਂ ਮਰਦਾ।

ਨਾਨਕ ਮੁਠੇ ਜਾਹਿ ਨਾਹੀ ਮਨਿ ਸੋਇ ॥੨॥

ਹੇ ਨਾਨਕ! ਉਹ ਜੀਵ ਠੱਗੇ ਜਾਂਦੇ ਹਨ, ਜਿਨ੍ਹਾਂ ਦੇ ਮਨ ਵਿਚ ਉਹ ਪ੍ਰਭੂ ਨਹੀਂ ਹੈ ॥੨॥


ਪਉੜੀ ॥
ਪੂਰੇ ਗੁਰ ਕੀ ਕਾਰ ਕਰਮਿ ਕਮਾਈਐ ॥

ਪੂਰੇ ਸਤਿਗੁਰੂ ਦੀ ਦੱਸੀ ਹੋਈ ਕਾਰ (ਪ੍ਰਭੂ ਦੀ) ਮਿਹਰ ਨਾਲ ਹੀ ਕੀਤੀ ਜਾ ਸਕਦੀ ਹੈ,

ਗੁਰਮਤੀ ਆਪੁ ਗਵਾਇ ਨਾਮੁ ਧਿਆਈਐ ॥

ਗੁਰੂ ਦੀ ਮਤਿ ਨਾਲ ਆਪਾ-ਭਾਵ ਗਵਾ ਕੇ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ।

ਦੂਜੀ ਕਾਰੈ ਲਗਿ ਜਨਮੁ ਗਵਾਈਐ ॥

(ਪ੍ਰਭੂ ਦੀ ਬੰਦਗੀ ਵਿਸਾਰ ਕੇ) ਹੋਰ ਕੰਮ ਵਿਚ ਰੁੱਝਿਆਂ ਮਨੁੱਖਾ-ਜਨਮ ਵਿਅਰਥ ਜਾਂਦਾ ਹੈ,

ਵਿਣੁ ਨਾਵੈ ਸਭ ਵਿਸੁ ਪੈਝੈ ਖਾਈਐ ॥

(ਕਿਉਂਕਿ) ਨਾਮ ਨੂੰ ਵਿਸਾਰ ਕੇ ਜੋ ਕੁਝ ਪਹਿਨੀ ਖਾਈਦਾ ਹੈ, ਉਹ (ਆਤਮਕ ਜੀਵਨ ਵਾਸਤੇ) ਜ਼ਹਿਰ (ਸਮਾਨ) ਹੋ ਜਾਂਦਾ ਹੈ।

ਸਚਾ ਸਬਦੁ ਸਾਲਾਹਿ ਸਚਿ ਸਮਾਈਐ ॥

ਸਤਿਗੁਰੂ ਦਾ ਸੱਚਾ ਸ਼ਬਦ ਗਾਵਿਆਂ ਸੱਚੇ ਪ੍ਰਭੂ ਵਿਚ ਜੁੜੀਦਾ ਹੈ।

ਵਿਣੁ ਸਤਿਗੁਰੁ ਸੇਵੇ ਨਾਹੀ ਸੁਖਿ ਨਿਵਾਸੁ ਫਿਰਿ ਫਿਰਿ ਆਈਐ ॥

ਗੁਰੂ ਦੀ ਦੱਸੀ ਕਾਰ ਕਰਨ ਤੋਂ ਬਿਨਾ ਸੁਖ ਵਿਚ (ਮਨ ਦਾ) ਟਿਕਾਉ ਨਹੀਂ ਹੋ ਸਕਦਾ, ਮੁੜ ਮੁੜ ਜਨਮ (ਮਰਨ) ਵਿਚ ਆਈਦਾ ਹੈ।

ਦੁਨੀਆ ਖੋਟੀ ਰਾਸਿ ਕੂੜੁ ਕਮਾਈਐ ॥

ਦੁਨੀਆ (ਦਾ ਪਿਆਰ) ਖੋਟੀ ਪੂੰਜੀ ਹੈ, ਇਹ ਕਮਾਈ ਕੂੜ (ਦਾ ਵਪਾਰ ਹੈ)।

ਨਾਨਕ ਸਚੁ ਖਰਾ ਸਾਲਾਹਿ ਪਤਿ ਸਿਉ ਜਾਈਐ ॥੧੪॥

ਹੇ ਨਾਨਕ! ਨਿਰੋਲ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ (ਏਥੋਂ) ਇੱਜ਼ਤ ਨਾਲ ਜਾਈਦਾ ਹੈ ॥੧੪॥


ਸਲੋਕੁ ਮਃ ੧ ॥
ਤੁਧੁ ਭਾਵੈ ਤਾ ਵਾਵਹਿ ਗਾਵਹਿ ਤੁਧੁ ਭਾਵੈ ਜਲਿ ਨਾਵਹਿ ॥

ਜਦੋਂ ਤੇਰੀ ਰਜ਼ਾ ਹੁੰਦੀ ਹੈ (ਭਾਵ, ਇਹ ਤੇਰੀ ਰਜ਼ਾ ਹੈ ਕਿ ਕਈ ਜੀਵ ਸਾਜ਼) ਵਜਾਂਦੇ ਹਨ ਤੇ ਗਾਉਂਦੇ ਹਨ, (ਤੀਰਥਾਂ ਦੇ) ਜਲ ਵਿਚ ਇਸ਼ਨਾਨ ਕਰਦੇ ਹਨ,

ਜਾ ਤੁਧੁ ਭਾਵਹਿ ਤਾ ਕਰਹਿ ਬਿਭੂਤਾ ਸਿੰਙੀ ਨਾਦੁ ਵਜਾਵਹਿ ॥

ਕਈ (ਪਿੰਡੇ ਉਤੇ) ਸੁਆਹ ਮਲਦੇ ਹਨ ਤੇ ਸਿੰਙੀ ਦਾ ਨਾਦ ਵਜਾਂਦੇ ਹਨ।

ਜਾ ਤੁਧੁ ਭਾਵੈ ਤਾ ਪੜਹਿ ਕਤੇਬਾ ਮੁਲਾ ਸੇਖ ਕਹਾਵਹਿ ॥

ਕਈ ਜੀਵ ਕੁਰਾਨ ਆਦਿਕ ਧਰਮ ਪੁਸਤਕਾਂ ਪੜ੍ਹਦੇ ਹਨ ਤੇ ਆਪਣੇ ਆਪ ਨੂੰ ਮੁੱਲਾਂ ਤੇ ਸ਼ੇਖ਼ ਅਖਵਾਂਦੇ ਹਨ।

ਜਾ ਤੁਧੁ ਭਾਵੈ ਤਾ ਹੋਵਹਿ ਰਾਜੇ ਰਸ ਕਸ ਬਹੁਤੁ ਕਮਾਵਹਿ ॥

ਕੋਈ ਰਾਜੇ ਬਣ ਜਾਂਦੇ ਹਨ ਤੇ ਕਈ ਸੁਆਦਾਂ ਦੇ ਭੋਜਨ ਵਰਤਦੇ ਹਨ।

ਜਾ ਤੁਧੁ ਭਾਵੈ ਤੇਗ ਵਗਾਵਹਿ ਸਿਰ ਮੁੰਡੀ ਕਟਿ ਜਾਵਹਿ ॥

ਕੋਈ ਤਲਵਾਰ ਚਲਾਂਦੇ ਹਨ ਤੇ ਧੌਣ ਨਾਲੋਂ ਸਿਰ ਵੱਢੇ ਜਾਂਦੇ ਹਨ।

ਜਾ ਤੁਧੁ ਭਾਵੈ ਜਾਹਿ ਦਿਸੰਤਰਿ ਸੁਣਿ ਗਲਾ ਘਰਿ ਆਵਹਿ ॥

ਕੋਈ ਪਰਦੇਸ ਜਾਂਦੇ ਹਨ (ਉਧਰ ਦੀਆਂ) ਗੱਲਾਂ ਸੁਣ ਕੇ (ਮੁੜ ਆਪਣੇ) ਘਰ ਆਉਂਦੇ ਹਨ।

ਜਾ ਤੁਧੁ ਭਾਵੈ ਨਾਇ ਰਚਾਵਹਿ ਤੁਧੁ ਭਾਣੇ ਤੂੰ ਭਾਵਹਿ ॥

(ਹੇ ਪ੍ਰਭੂ! ਇਹ ਭੀ ਤੇਰੀ ਹੀ ਰਜ਼ਾ ਹੈ ਕਿ ਕਈ ਜੀਵ) ਤੇਰੇ ਨਾਮ ਵਿਚ ਜੁੜਦੇ ਹਨ, ਜੋ ਤੇਰੀ ਰਜ਼ਾ ਵਿਚ ਤੁਰਦੇ ਹਨ ਤੈਨੂੰ ਪਿਆਰੇ ਲੱਗਦੇ ਹਨ।

ਨਾਨਕੁ ਏਕ ਕਹੈ ਬੇਨੰਤੀ ਹੋਰਿ ਸਗਲੇ ਕੂੜੁ ਕਮਾਵਹਿ ॥੧॥

ਨਾਨਕ ਇਕ ਅਰਜ਼ ਕਰਦਾ ਹੈ (ਕਿ ਰਜ਼ਾ ਵਿਚ ਤੁਰਨ ਤੋਂ ਬਿਨਾ) ਹੋਰ ਸਾਰੇ (ਜਿਨ੍ਹਾਂ ਦਾ ਉਪਰ ਜ਼ਿਕਰ ਕੀਤਾ ਹੈ) ਕੂੜ ਕਮਾ ਰਹੇ ਹਨ (ਭਾਵ, ਉਹ ਸਉਦਾ ਕਰਦੇ ਹਨ ਜੋ ਵਿਅਰਥ ਜਾਂਦਾ ਹੈ) ॥੧॥


ਮਃ ੧ ॥
ਜਾ ਤੂੰ ਵਡਾ ਸਭਿ ਵਡਿਆਂਈਆ ਚੰਗੈ ਚੰਗਾ ਹੋਈ ॥

ਜਦੋਂ (ਇਹ ਗੱਲ ਠੀਕ ਹੈ ਕਿ) ਤੂੰ ਵੱਡਾ (ਪ੍ਰਭੂ ਜਗਤ ਦਾ ਕਰਤਾਰ ਹੈਂ ਤਾਂ ਜਗਤ ਵਿਚ ਜੋ ਕੁਝ ਹੋ ਰਿਹਾ ਹੈ) ਸਭ ਤੇਰੀਆਂ ਹੀ ਵਡਿਆਈਆਂ ਹਨ (ਕਿਉਂਕਿ) ਚੰਗੇ ਤੋਂ ਚੰਗਿਆਈ ਹੀ ਉਤਪੰਨ ਹੁੰਦੀ ਹੈ।

ਜਾ ਤੂੰ ਸਚਾ ਤਾ ਸਭੁ ਕੋ ਸਚਾ ਕੂੜਾ ਕੋਇ ਨ ਕੋਈ ॥

(ਜਦੋਂ ਇਹ ਯਕੀਨ ਬੱਝ ਜਾਏ ਕਿ) ਤੂੰ ਸੱਚਾ ਪ੍ਰਭੂ ਸਿਰਜਣਹਾਰ ਹੈਂ (ਤਾਂ) ਹਰੇਕ ਜੀਵ ਸੱਚਾ (ਦਿੱਸਦਾ ਹੈ ਕਿਉਂਕਿ ਹਰੇਕ ਜੀਵ ਵਿਚ ਤੂੰ ਆਪ ਮੌਜੂਦ ਹੈਂ ਤਾਂ ਫਿਰ ਇਸ ਜਗਤ ਵਿਚ) ਕੋਈ ਕੂੜਾ ਨਹੀਂ ਹੋ ਸਕਦਾ।

ਆਖਣੁ ਵੇਖਣੁ ਬੋਲਣੁ ਚਲਣੁ ਜੀਵਣੁ ਮਰਣਾ ਧਾਤੁ ॥

(ਜੋ ਕੁਝ ਬਾਹਰ ਵਿਖਾਵੇ ਮਾਤ੍ਰ ਦਿੱਸ ਰਿਹਾ ਹੈ ਇਹ) ਆਖਣਾ-ਵੇਖਣਾ, ਇਹ ਬੋਲ-ਚਾਲ, ਇਹ ਜੀਉਂਣਾ ਤੇ ਮਰਨਾ (ਇਹ ਸਭ ਕੁਝ) ਮਾਇਆ-ਰੂਪ ਹੈ (ਅਸਲੀਅਤ ਨਹੀਂ ਹੈ, ਅਸਲੀਅਤ ਪ੍ਰਭੂ ਆਪ ਹੀ ਹੈ)।

ਹੁਕਮੁ ਸਾਜਿ ਹੁਕਮੈ ਵਿਚਿ ਰਖੈ ਨਾਨਕ ਸਚਾ ਆਪਿ ॥੨॥

ਹੇ ਨਾਨਕ! ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪ (ਆਪਣੀ) ਹੁਕਮ (-ਰੂਪ ਸੱਤਿਆ) ਰਚ ਕੇ ਸਭ ਜੀਵਾਂ ਨੂੰ ਉਸ ਹੁਕਮ ਵਿਚ ਤੋਰ ਰਿਹਾ ਹੈ ॥੨॥


ਪਉੜੀ ॥
ਸਤਿਗੁਰੁ ਸੇਵਿ ਨਿਸੰਗੁ ਭਰਮੁ ਚੁਕਾਈਐ ॥

ਜੇ ਸੱਚੇ ਦਿਲੋਂ ਗੁਰੂ ਦਾ ਹੁਕਮ ਮੰਨੀਏ, ਤਾਂ ਭਟਕਣਾ ਦੂਰ ਹੋ ਜਾਂਦੀ ਹੈ।

ਸਤਿਗੁਰੁ ਆਖੈ ਕਾਰ ਸੁ ਕਾਰ ਕਮਾਈਐ ॥

ਉਹੀ ਕੰਮ ਕਰਨਾ ਚਾਹੀਦਾ ਹੈ, ਜੋ ਗੁਰੂ ਕਰਨ ਲਈ ਆਖੇ।

ਸਤਿਗੁਰੁ ਹੋਇ ਦਇਆਲੁ ਤ ਨਾਮੁ ਧਿਆਈਐ ॥

ਜੇ ਸਤਿਗੁਰੂ ਮਿਹਰ ਕਰੇ, ਤਾਂ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ।

ਲਾਹਾ ਭਗਤਿ ਸੁ ਸਾਰੁ ਗੁਰਮੁਖਿ ਪਾਈਐ ॥

ਗੁਰੂ ਦੇ ਸਨਮੁਖ ਹੋਇਆਂ ਪ੍ਰਭੂ ਦੀ ਬੰਦਗੀ-ਰੂਪ ਸਭ ਤੋਂ ਚੰਗਾ ਲਾਭ ਮਿਲਦਾ ਹੈ।

ਮਨਮੁਖਿ ਕੂੜੁ ਗੁਬਾਰੁ ਕੂੜੁ ਕਮਾਈਐ ॥

ਪਰ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਨਿਰਾ ਕੂੜ ਨਿਰਾ ਹਨੇਰਾ ਹੀ ਖੱਟਦਾ ਹੈ।

ਸਚੇ ਦੈ ਦਰਿ ਜਾਇ ਸਚੁ ਚਵਾਂਈਐ ॥

ਜੇ ਸੱਚੇ ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਸੱਚੇ ਦਾ ਨਾਮ ਜਪੀਏ,

ਸਚੈ ਅੰਦਰਿ ਮਹਲਿ ਸਚਿ ਬੁਲਾਈਐ ॥

ਤਾਂ ਇਸ ਸੱਚੇ ਨਾਮ ਦੀ ਰਾਹੀਂ ਸੱਚੇ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਮਿਲਦਾ ਹੈ।

ਨਾਨਕ ਸਚੁ ਸਦਾ ਸਚਿਆਰੁ ਸਚਿ ਸਮਾਈਐ ॥੧੫॥

ਹੇ ਨਾਨਕ! (ਜਿਸ ਦੇ ਪੱਲੇ) ਸਦਾ ਸੱਚ ਹੈ ਉਹ ਸੱਚ ਦਾ ਵਪਾਰੀ ਹੈ ਉਹ ਸੱਚ ਵਿਚ ਲੀਨ ਰਹਿੰਦਾ ਹੈ ॥੧੫॥


ਸਲੋਕੁ ਮਃ ੧ ॥
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥

ਇਹ ਘੋਰ ਕਲ-ਜੁਗੀ ਸੁਭਾਉ (ਮਾਨੋਂ) ਛੁਰੀ ਹੈ (ਜਿਸ ਦੇ ਕਾਰਨ) ਰਾਜੇ ਜ਼ਾਲਮ ਹੋ ਰਹੇ ਹਨ, (ਇਸ ਵਾਸਤੇ) ਧਰਮ ਖੰਭ ਲਾ ਕੇ ਉਡ ਗਿਆ ਹੈ।

ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥

ਕੂੜ (ਮਾਨੋ) ਮੱਸਿਆ ਦੀ ਰਾਤ ਹੈ, (ਇਸ ਵਿਚ) ਸੱਚ-ਰੂਪ ਚੰਦ੍ਰਮਾ ਕਿਤੇ ਚੜ੍ਹਿਆ ਦਿੱਸਦਾ ਨਹੀਂ ਹੈ।

ਹਉ ਭਾਲਿ ਵਿਕੁੰਨੀ ਹੋਈ ॥

ਮੈਂ ਇਸ ਚੰਦ੍ਰਮਾ ਨੂੰ ਲੱਭ ਲੱਭ ਕੇ ਵਿਆਕੁਲ ਹੋ ਗਈ ਹਾਂ,

ਆਧੇਰੈ ਰਾਹੁ ਨ ਕੋਈ ॥

ਹਨੇਰੇ ਵਿਚ ਕੋਈ ਰਾਹ ਦਿੱਸਦਾ ਨਹੀਂ।

ਵਿਚਿ ਹਉਮੈ ਕਰਿ ਦੁਖੁ ਰੋਈ ॥

(ਇਸ ਹਨੇਰੇ) ਵਿਚ (ਸ੍ਰਿਸ਼ਟੀ) ਹਉਮੈ ਦੇ ਕਾਰਨ ਦੁਖੀ ਹੋ ਰਹੀ ਹੈ,

ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥੧॥

ਹੇ ਨਾਨਕ! ਕਿਵੇਂ ਇਸ ਤੋਂ ਖਲਾਸੀ ਹੋਵੇ? ॥੧॥


ਮਃ ੩ ॥
ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ ॥

ਇਸ ਕਲਜੁਗੀ ਸੁਭਾਵ (-ਰੂਪ ਹਨੇਰੇ ਨੂੰ ਦੂਰ ਕਰਨ) ਲਈ (ਪ੍ਰਭੂ ਦੀ) ਸਿਫ਼ਤ-ਸਾਲਾਹ (ਸਮਰੱਥ) ਹੈ, (ਇਹ ਸਿਫ਼ਤ-ਸਾਲਾਹ) ਜਗਤ ਵਿਚ ਉੱਘਾ ਚਾਨਣ ਹੈ।

ਗੁਰਮੁਖਿ ਕੋਈ ਉਤਰੈ ਪਾਰਿ ॥

(ਪਰ) ਕੋਈ (ਵਿਰਲਾ) ਜੋ ਗੁਰੂ ਦੇ ਸਨਮੁਖ ਹੁੰਦਾ ਹੈ (ਇਸ ਚਾਨਣ ਦਾ ਆਸਰਾ ਲੈ ਕੇ ਇਸ ਹਨੇਰੇ ਵਿਚੋਂ) ਪਾਰ ਲੰਘਦਾ ਹੈ।

ਜਿਸ ਨੋ ਨਦਰਿ ਕਰੇ ਤਿਸੁ ਦੇਵੈ ॥

ਪ੍ਰਭੂ ਜਿਸ ਉਤੇ ਮਿਹਰ ਦੀ ਨਜ਼ਰ ਕਰਦਾ ਹੈ, ਉਸ ਨੂੰ (ਇਹ ਕੀਰਤਿ-ਰੂਪ ਚਾਨਣ) ਦੇਂਦਾ ਹੈ।

ਨਾਨਕ ਗੁਰਮੁਖਿ ਰਤਨੁ ਸੋ ਲੇਵੈ ॥੨॥

ਹੇ ਨਾਨਕ! ਉਹ ਮਨੁੱਖ ਗੁਰੂ ਦੇ ਸਨਮੁਖ ਹੋ ਕੇ (ਨਾਮ-ਰੂਪ) ਰਤਨ ਲੱਭ ਲੈਂਦਾ ਹੈ ॥੨॥


ਪਉੜੀ ॥
ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ ॥

(ਜਗਤ ਵਿਚ ਇਹ ਨਿੱਤ ਵੇਖ ਰਹੇ ਹਾਂ ਕਿ) ਭਗਤਾਂ ਤੇ ਦੁਨੀਆਦਾਰਾਂ ਦਾ ਕਦੇ ਜੋੜ ਨਹੀਂ ਬਣਦਾ (ਪਰ, ਜਗਤ-ਰਚਨਾ ਵਿਚ ਪ੍ਰਭੂ ਵਲੋਂ ਇਹ ਕੋਈ ਉਕਾਈ ਨਹੀਂ ਹੈ)।

ਕਰਤਾ ਆਪਿ ਅਭੁਲੁ ਹੈ ਨ ਭੁਲੈ ਕਿਸੈ ਦਾ ਭੁਲਾਇਆ ॥

ਕਰਤਾਰ ਆਪ ਤਾਂ ਉਕਾਈ ਖਾਣ ਵਾਲਾ ਨਹੀਂ ਹੈ, ਤੇ ਕਿਸੇ ਦਾ ਖੁੰਝਾਇਆ (ਭੀ) ਖੁੰਝਦਾ ਨਹੀਂ।

ਭਗਤ ਆਪੇ ਮੇਲਿਅਨੁ ਜਿਨੀ ਸਚੋ ਸਚੁ ਕਮਾਇਆ ॥

(ਇਹ ਉਸ ਦੀ ਆਪਣੀ ਰਜ਼ਾ ਹੈ ਕਿ) ਉਸ ਨੇ ਆਪ ਹੀ ਭਗਤ (ਆਪਣੇ ਚਰਨਾਂ ਵਿਚ) ਜੋੜੇ ਹੋਏ ਹਨ, ਉਹ ਨਿਰੋਲ ਬੰਦਗੀ-ਰੂਪ ਕਾਰ ਕਰਦੇ ਹਨ।

ਸੈਸਾਰੀ ਆਪਿ ਖੁਆਇਅਨੁ ਜਿਨੀ ਕੂੜੁ ਬੋਲਿ ਬੋਲਿ ਬਿਖੁ ਖਾਇਆ ॥

ਦੁਨੀਆਦਾਰ ਭੀ ਉਸ ਨੇ ਆਪ ਹੀ ਖੁੰਝਾਏ ਹਨ, ਉਹ ਝੂਠ ਬੋਲ ਬੋਲ ਕੇ (ਆਤਮਕ ਮੌਤ ਦਾ ਮੂਲ) ਵਿਹੁ ਖਾ ਰਹੇ ਹਨ।

ਚਲਣ ਸਾਰ ਨ ਜਾਣਨੀ ਕਾਮੁ ਕਰੋਧੁ ਵਿਸੁ ਵਧਾਇਆ ॥

ਉਹਨਾਂ ਨੂੰ ਇਹ ਸਮਝ ਹੀ ਨਹੀਂ ਆਈ, ਕਿ ਇਥੋਂ ਤੁਰ ਭੀ ਜਾਣਾ ਹੈ। ਸੋ, ਉਹ ਕਾਮ ਕਰੋਧ-ਰੂਪ ਜ਼ਹਿਰ (ਜ਼ਗਤ ਵਿਚ) ਵਧਾ ਰਹੇ ਹਨ।

ਭਗਤ ਕਰਨਿ ਹਰਿ ਚਾਕਰੀ ਜਿਨੀ ਅਨਦਿਨੁ ਨਾਮੁ ਧਿਆਇਆ ॥

(ਉਸ ਦੀ ਆਪਣੀ ਰਜ਼ਾ ਵਿਚ) ਭਗਤ ਉਸ ਪ੍ਰਭੂ ਦੀ ਬੰਦਗੀ ਕਰ ਰਹੇ ਹਨ, ਉਹ ਹਰ ਵੇਲੇ ਨਾਮ ਸਿਮਰ ਰਹੇ ਹਨ।

ਦਾਸਨਿ ਦਾਸ ਹੋਇ ਕੈ ਜਿਨੀ ਵਿਚਹੁ ਆਪੁ ਗਵਾਇਆ ॥

ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦੇ ਸੇਵਕਾਂ ਦਾ ਸੇਵਕ ਬਣ ਕੇ ਆਪਣੇ ਅੰਦਰੋਂ ਹਉਮੈ ਦੂਰ ਕੀਤੀ ਹੈ,

ਓਨਾ ਖਸਮੈ ਕੈ ਦਰਿ ਮੁਖ ਉਜਲੇ ਸਚੈ ਸਬਦਿ ਸੁਹਾਇਆ ॥੧੬॥

ਪ੍ਰਭੂ ਦੇ ਦਰ ਤੇ ਉਹਨਾਂ ਦੇ ਮੂੰਹ ਉਜਲੇ ਹੁੰਦੇ ਹਨ, ਸੱਚੇ ਸ਼ਬਦ ਦੇ ਕਾਰਨ ਉਹ ਪ੍ਰਭੂ-ਦਰ ਤੇ ਸੋਭਾ ਪਾਂਦੇ ਹਨ ॥੧੬॥


ਸਲੋਕੁ ਮਃ ੧ ॥
ਸਬਾਹੀ ਸਾਲਾਹ ਜਿਨੀ ਧਿਆਇਆ ਇਕ ਮਨਿ ॥

ਜੋ ਮਨੁੱਖ ਸਵੇਰੇ ਹੀ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ, ਇਕ-ਮਨ ਹੋ ਕੇ ਪ੍ਰਭੂ ਨੂੰ ਸਿਮਰਦੇ ਹਨ,

ਸੇਈ ਪੂਰੇ ਸਾਹ ਵਖਤੈ ਉਪਰਿ ਲੜਿ ਮੁਏ ॥

ਵੇਲੇ-ਸਿਰ (ਭਾਵ, ਅੰਮ੍ਰਿਤ ਵੇਲੇ) ਮਨ ਨਾਲ ਜੰਗ ਕਰਦੇ ਹਨ (ਭਾਵ, ਆਲਸ ਵਿਚੋਂ ਨਿਕਲ ਕੇ ਬੰਦਗੀ ਦਾ ਆਹਰ ਕਰਦੇ ਹਨ), ਉਹੀ ਪੂਰੇ ਸ਼ਾਹ ਹਨ।

ਦੂਜੈ ਬਹੁਤੇ ਰਾਹ ਮਨ ਕੀਆ ਮਤੀ ਖਿੰਡੀਆ ॥

ਦਿਨ-ਚੜ੍ਹੇ ਮਨ ਦੀਆਂ ਵਾਸਨਾਂ ਖਿੱਲਰ ਜਾਂਦੀਆਂ ਹਨ, ਮਨ ਕਈ ਰਾਹੀਂ ਦੌੜਦਾ ਹੈ;

ਬਹੁਤੁ ਪਏ ਅਸਗਾਹ ਗੋਤੇ ਖਾਹਿ ਨ ਨਿਕਲਹਿ ॥

ਮਨੁੱਖ ਦੁਨੀਆ ਦੇ ਧੰਧਿਆਂ ਦੇ ਡੂੰਘੇ ਸਮੁੰਦਰ ਵਿਚ ਪੈ ਜਾਂਦੇ ਹਨ, ਇਥੇ ਹੀ ਅਜੇਹੇ ਗੋਤੇ ਖਾਂਦੇ ਹਨ (ਭਾਵ, ਫਸਦੇ ਹਨ) ਕਿ ਨਿਕਲ ਨਹੀਂ ਸਕਦੇ।

ਤੀਜੈ ਮੁਹੀ ਗਿਰਾਹ ਭੁਖ ਤਿਖਾ ਦੁਇ ਭਉਕੀਆ ॥

ਤੀਜੇ ਪਹਰ ਭੁੱਖ ਤੇ ਤ੍ਰਿਹ ਦੋਵੇਂ ਚਮਕ ਪੈਂਦੀਆਂ ਹਨ, ਰੋਟੀ ਖਾਣ ਦੇ ਆਹਰੇ (ਜੀਵ) ਲੱਗ ਜਾਂਦੇ ਹਨ,

ਖਾਧਾ ਹੋਇ ਸੁਆਹ ਭੀ ਖਾਣੇ ਸਿਉ ਦੋਸਤੀ ॥

(ਜਦੋਂ) ਜੋ ਕੁੱਝ ਖਾਧਾ ਹੁੰਦਾ ਹੈ ਭਸਮ ਹੋ ਜਾਂਦਾ ਹੈ, ਤਾਂ ਹੋਰ ਖਾਣ ਦੀ ਤਾਂਘ ਪੈਦਾ ਹੁੰਦੀ ਹੈ।

ਚਉਥੈ ਆਈ ਊਂਘ ਅਖੀ ਮੀਟਿ ਪਵਾਰਿ ਗਇਆ ॥

ਚਉਥੇ ਪਹਰ ਨੀਂਦ ਆ ਦਬਾਂਦੀ ਹੈ, ਅੱਖਾਂ ਮੀਟ ਕੇ ਘੂਕ ਨੀਂਦਰ ਵਿਚ ਸਉਂ ਜਾਂਦਾ ਹੈ;

ਭੀ ਉਠਿ ਰਚਿਓਨੁ ਵਾਦੁ ਸੈ ਵਰਿੑਆ ਕੀ ਪਿੜ ਬਧੀ ॥

ਨੀਂਦਰੋਂ ਉਠ ਕੇ ਮੁੜ ਜਗਤ ਦੇ ਧੰਧਿਆਂ ਦਾ ਉਹੀ ਝਮੇਲਾ, ਮਾਨੋ, ਮਨੁੱਖ ਨੇ (ਇਥੇ) ਸੈਂਕੜੇ ਵਰ੍ਹਿਆਂ ਦੇ ਜੀਊਣ ਦਾ ਘੋਲ ਮਚਾਇਆ ਹੋਇਆ ਹੈ।

ਸਭੇ ਵੇਲਾ ਵਖਤ ਸਭਿ ਜੇ ਅਠੀ ਭਉ ਹੋਇ ॥

(ਸੋ, ਅੰਮ੍ਰਿਤ ਵੇਲਾ ਹੀ ਸਿਮਰਨ ਲਈ ਜ਼ਰੂਰੀ ਹੈ, ਪਰ) ਜਦੋਂ (ਅੰਮ੍ਰਿਤ ਵੇਲੇ ਦੇ ਅੱਭਿਆਸ ਨਾਲ) ਅੱਠੇ ਪਹਰ ਪਰਮਾਤਮਾ ਦਾ ਡਰ-ਅਦਬ (ਮਨ ਵਿਚ) ਟਿਕ ਜਾਏ ਤਾਂ ਸਾਰੇ ਵੇਲੇ ਵਕਤਾਂ ਵਿਚ (ਮਨ ਪ੍ਰਭੂ-ਚਰਨਾਂ ਵਿਚ ਜੁੜ ਸਕਦਾ ਹੈ)।

ਨਾਨਕ ਸਾਹਿਬੁ ਮਨਿ ਵਸੈ ਸਚਾ ਨਾਵਣੁ ਹੋਇ ॥੧॥

(ਇਸ ਤਰ੍ਹਾਂ) ਹੇ ਨਾਨਕ! (ਜੇ ਅੱਠੇ ਪਹਰ) ਮਾਲਕ ਮਨ ਵਿਚ ਵੱਸਿਆ ਰਹੇ, ਤਾਂ ਸਦਾ ਟਿਕੇ ਰਹਿਣ ਵਾਲਾ (ਆਤਮਕ) ਇਸ਼ਨਾਨ ਪ੍ਰਾਪਤ ਹੁੰਦਾ ਹੈ ॥੧॥


ਮਃ ੨ ॥
ਸੇਈ ਪੂਰੇ ਸਾਹ ਜਿਨੀ ਪੂਰਾ ਪਾਇਆ ॥

ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਮਿਲ ਪੈਂਦਾ ਹੈ ਉਹੀ ਪੂਰੇ ਸ਼ਾਹ ਹਨ।

ਅਠੀ ਵੇਪਰਵਾਹ ਰਹਨਿ ਇਕਤੈ ਰੰਗਿ ॥

ਉਹ ਇੱਕ ਪਰਮਾਤਮਾ ਦੇ ਰੰਗ (ਪਿਆਰ) ਵਿਚ ਅੱਠੇ ਪਹਰ (ਦੁਨੀਆ ਵਲੋਂ) ਬੇ-ਪਰਵਾਹ ਰਹਿੰਦੇ ਹਨ (ਭਾਵ, ਕਿਸੇ ਦੇ ਮੁਥਾਜ ਨਹੀਂ ਹੁੰਦੇ)।

ਦਰਸਨਿ ਰੂਪਿ ਅਥਾਹ ਵਿਰਲੇ ਪਾਈਅਹਿ ॥

(ਪਰ ਅਜੇਹੇ ਬੰਦੇ) ਬੜੇ ਘੱਟ ਮਿਲਦੇ ਹਨ, ਜੋ ਅਥਾਹ ਪ੍ਰਭੂ ਦੇ ਦੀਦਾਰ ਵਿਚ ਤੇ ਸਰੂਪ ਵਿਚ (ਹਰ ਵੇਲੇ ਜੁੜੇ ਰਹਿਣ)।

ਕਰਮਿ ਪੂਰੈ ਪੂਰਾ ਗੁਰੂ ਪੂਰਾ ਜਾ ਕਾ ਬੋਲੁ ॥

ਪੂਰੇ ਬੋਲ ਵਾਲਾ ਪੂਰਨ ਗੁਰੂ ਪੂਰੇ ਭਾਗਾਂ ਨਾਲ,

ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲੁ ॥੨॥

ਹੇ ਨਾਨਕ! ਜਿਸ ਮਨੁੱਖ ਨੂੰ ਪੂਰਨ ਬਣਾ ਦੇਂਦਾ ਹੈ, ਉਸ ਦਾ ਤੋਲ ਘਟਦਾ ਨਹੀਂ, (ਭਾਵ, ਰੱਬ ਨਾਲ ਉਸ ਦਾ ਅੱਠੇ ਪਹਰ ਦਾ ਸੰਬੰਧ ਘਟਦਾ ਨਹੀਂ) ॥੨॥


ਪਉੜੀ ॥
ਜਾ ਤੂੰ ਤਾ ਕਿਆ ਹੋਰਿ ਮੈ ਸਚੁ ਸੁਣਾਈਐ ॥

(ਹੇ ਪ੍ਰਭੂ!) ਮੈਂ ਸੱਚ ਕਹਿੰਦਾ ਹਾਂ ਕਿ ਜਦੋਂ ਤੂੰ (ਮੇਰਾ ਰਾਖਾ) ਹੈਂ ਤਾਂ ਮੈਨੂੰ ਕਿਸੇ ਹੋਰ ਦੀ ਮੁਥਾਜੀ ਨਹੀਂ।

ਮੁਠੀ ਧੰਧੈ ਚੋਰਿ ਮਹਲੁ ਨ ਪਾਈਐ ॥

ਪਰ ਜਿਸ (ਜੀਵ-ਇਸਤ੍ਰੀ) ਨੂੰ ਜਗਤ ਦੇ ਧੰਧੇ-ਰੂਪ ਚੋਰ ਨੇ ਮੋਹ ਲਿਆ ਹੈ, ਉਸ ਨੂੰ ਤੇਰਾ ਦਰ (ਮਹਲ) ਲੱਭਦਾ ਨਹੀਂ।

ਏਨੈ ਚਿਤਿ ਕਠੋਰਿ ਸੇਵ ਗਵਾਈਐ ॥

ਉਸ ਨੇ ਕਠੋਰ ਚਿੱਤ ਦੇ ਕਾਰਨ (ਆਪਣੀ ਸਾਰੀ) ਮਿਹਨਤ ਵਿਅਰਥ ਗਵਾ ਲਈ ਹੈ।

ਜਿਤੁ ਘਟਿ ਸਚੁ ਨ ਪਾਇ ਸੁ ਭੰਨਿ ਘੜਾਈਐ ॥

ਜਿਸ ਹਿਰਦੇ ਵਿਚ ਸੱਚ ਨਹੀਂ ਵੱਸਿਆ, ਉਹ ਹਿਰਦਾ ਸਦਾ ਭੱਜਦਾ ਘੜੀਂਦਾ ਰਹਿੰਦਾ ਹੈ (ਭਾਵ, ਉਸ ਦਾ ਜਨਮ ਮਰਨ ਦਾ ਚੱਕਰ ਬਣਿਆ ਰਹਿੰਦਾ ਹੈ)।

ਕਿਉ ਕਰਿ ਪੂਰੈ ਵਟਿ ਤੋਲਿ ਤੁਲਾਈਐ ॥

(ਜਦੋਂ) ਉਸ ਦੇ ਕੀਤੇ ਕਰਮਾਂ ਦਾ ਲੇਖਾ ਹੋਵੇ) ਪੂਰੇ ਵੱਟੇ ਨਾਲ ਤੋਲ ਵਿਚ ਕਿਵੇਂ ਪੂਰਾ ਉਤਰੇ?

ਕੋਇ ਨ ਆਖੈ ਘਟਿ ਹਉਮੈ ਜਾਈਐ ॥

ਹਾਂ, ਜੇ ਜੀਵ ਦੀ ਹਉਮੈ ਦੂਰ ਹੋ ਜਾਏ, ਤਾਂ ਕੋਈ ਇਸ ਨੂੰ (ਤੋਲੋਂ) ਘੱਟ ਨਹੀਂ ਆਖਦਾ।

ਲਈਅਨਿ ਖਰੇ ਪਰਖਿ ਦਰਿ ਬੀਨਾਈਐ ॥

ਖਰੇ ਜੀਵ ਸਿਆਣੇ ਪ੍ਰਭੂ ਦੇ ਦਰ ਤੇ ਪਰਖ ਲਏ ਜਾਂਦੇ ਹਨ।

ਸਉਦਾ ਇਕਤੁ ਹਟਿ ਪੂਰੈ ਗੁਰਿ ਪਾਈਐ ॥੧੭॥

(ਇਹ) ਸਉਦਾ (ਜਿਸ ਨਾਲ ਪ੍ਰਭੂ ਦੇ ਦਰ ਤੇ ਕਬੂਲ ਹੋ ਸਕੀਦਾ ਹੈ) ਇੱਕੋ ਹੀ ਹੱਟੀ ਤੋਂ ਪੂਰੇ ਗੁਰੂ ਤੋਂ ਹੀ ਮਿਲਦਾ ਹੈ ॥੧੭॥


ਸਲੋਕ ਮਃ ੨ ॥
ਅਠੀ ਪਹਰੀ ਅਠ ਖੰਡ ਨਾਵਾ ਖੰਡੁ ਸਰੀਰੁ ॥

ਜੇ (ਧਰਤੀ ਦੇ ੯ ਖੰਡਾਂ ਵਿਚੋਂ) ਨਾਵਾਂ ਖੰਡ ਮਨੁੱਖ-ਸਰੀਰ ਨੂੰ ਮੰਨ ਲਿਆ ਜਾਏ, ਤਾਂ ਅੱਠੇ ਪਹਰ (ਮਨੁੱਖ ਦੇ ਮਨ ਧਰਤੀ ਦੇ) ਸਾਰੇ ਅੱਠ ਖੰਡੀ ਪਦਾਰਥਾਂ ਵਿਚ ਲੱਗਾ ਰਹਿੰਦਾ ਹੈ।

ਤਿਸੁ ਵਿਚਿ ਨਉ ਨਿਧਿ ਨਾਮੁ ਏਕੁ ਭਾਲਹਿ ਗੁਣੀ ਗਹੀਰੁ ॥

(ਨਾਵੇਂ ਖੰਡ ਸਰੀਰ) ਵਿਚ ਨਉ ਨਿਧਿ ਨਾਮ ਲੱਭਦੇ ਹਨ, ਅਥਾਹ ਗੁਣਾਂ ਵਾਲੇ ਪ੍ਰਭੂ ਨੂੰ ਭਾਲਦੇ ਹਨ।

ਕਰਮਵੰਤੀ ਸਾਲਾਹਿਆ ਨਾਨਕ ਕਰਿ ਗੁਰੁ ਪੀਰੁ ॥

ਹੇ ਨਾਨਕ! (ਕੋਈ ਵਿਰਲੇ) ਭਾਗਾਂ ਵਾਲੇ ਬੰਦੇ ਗੁਰੂ ਪੀਰ ਧਾਰ ਕੇ (ਪ੍ਰਭੂ ਮਿਲਾਪ ਦਾ ਉਪਰਾਲਾ ਕਰਦੇ ਹਨ)।

ਚਉਥੈ ਪਹਰਿ ਸਬਾਹ ਕੈ ਸੁਰਤਿਆ ਉਪਜੈ ਚਾਉ ॥

ਸਵੇਰ ਦੇ ਚਉਥੇ ਪਹਰ (ਭਾਵ, ਅੰਮ੍ਰਿਤ ਵੇਲੇ) ਉੱਚੀ ਸੁਰਤ ਵਾਲੇ ਬੰਦਿਆਂ ਦੇ ਮਨ ਵਿਚ (ਇਸ ਨਉਨਿਧਿ ਨਾਮ ਲਈ) ਚਾਉ ਪੈਦਾ ਹੁੰਦਾ ਹੈ,

ਤਿਨਾ ਦਰੀਆਵਾ ਸਿਉ ਦੋਸਤੀ ਮਨਿ ਮੁਖਿ ਸਚਾ ਨਾਉ ॥

(ਉਸ ਵੇਲੇ) ਉਹਨਾਂ ਦੀ ਸਾਂਝ ਉਹਨਾਂ ਗੁਰਮੁਖਾਂ ਨਾਲ ਬਣਦੀ ਹੈ (ਜਿਨ੍ਹਾਂ ਦੇ ਅੰਦਰ ਨਾਮ ਦਾ ਪ੍ਰਵਾਹ ਚੱਲ ਰਿਹਾ ਹੈ) ਅਤੇ ਉਹਨਾਂ ਦੇ ਮਨ ਵਿਚ ਤੇ ਮੂੰਹ ਵਿਚ ਸੱਚਾ ਨਾਮ ਵੱਸਦਾ ਹੈ।

ਓਥੈ ਅੰਮ੍ਰਿਤੁ ਵੰਡੀਐ ਕਰਮੀ ਹੋਇ ਪਸਾਉ ॥

ਓਥੇ (ਸਤ-ਸੰਗ ਵਿਚ) ਨਾਮ-ਅੰਮ੍ਰਿਤ ਵੰਡਿਆ ਜਾਂਦਾ ਹੈ, ਪ੍ਰਭੂ ਦੀ ਮਿਹਰ ਨਾਲ ਉਹਨਾਂ ਨੂੰ ਨਾਮ ਦੀ ਦਾਤ ਮਿਲਦੀ ਹੈ।

ਕੰਚਨ ਕਾਇਆ ਕਸੀਐ ਵੰਨੀ ਚੜੈ ਚੜਾਉ ॥

(ਜਿਵੇਂ ਤਾਉ ਦੇ ਦੇ ਕੇ) ਸੋਨੇ (ਨੂੰ ਕੱਸ ਲਾਈਦੀ ਹੈ, ਤਿਵੇਂ ਅੰਮ੍ਰਿਤ ਵੇਲੇ ਦੀ ਘਾਲ-ਕਮਾਈ ਦੀ ਉਹਨਾਂ ਦੇ) ਸਰੀਰ ਨੂੰ ਕੱਸ ਲਾਈਦੀ ਤੇ (ਭਗਤੀ ਦਾ) ਸੋਹਣਾ ਰੰਗ ਚੜ੍ਹਦਾ ਹੈ।

ਜੇ ਹੋਵੈ ਨਦਰਿ ਸਰਾਫ ਕੀ ਬਹੁੜਿ ਨ ਪਾਈ ਤਾਉ ॥

ਜਦੋਂ ਸਰਾਫ਼ (-ਪ੍ਰਭੂ) ਦੀ ਮਿਹਰ ਦੀ ਨਜ਼ਰ ਹੁੰਦੀ ਹੈ, ਤਾਂ ਫੇਰ ਤਪਾਣ (ਭਾਵ ਹੋਰ ਘਾਲਾਂ) ਦੀ ਲੋੜ ਨਹੀਂ ਰਹਿੰਦੀ।

ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ ॥

(ਅਠਵਾਂ ਪਹਰ ਅੰਮ੍ਰਿਤ ਵੇਲਾ ਪ੍ਰਭੂ-ਚਰਨਾਂ ਵਿਚ ਵਰਤ ਕੇ ਬਾਕੀ ਦੇ) ਸੱਤ ਪਹਰ ਭੀ ਭਲਾ ਆਚਰਨ (ਬਨਾਣ ਦੀ ਲੋੜ ਹੈ) ਗੁਰਮੁਖਾਂ ਪਾਸ ਬੈਠਣਾ ਚਾਹੀਦਾ ਹੈ।

ਓਥੈ ਪਾਪੁ ਪੁੰਨੁ ਬੀਚਾਰੀਐ ਕੂੜੈ ਘਟੈ ਰਾਸਿ ॥

ਉਹਨਾਂ ਦੀ ਸੰਗਤਿ ਵਿਚ (ਬੈਠਿਆਂ) ਚੰਗੇ ਮੰਦੇ ਕੰਮ ਦੀ ਵਿਚਾਰ ਹੁੰਦੀ ਹੈ, ਝੂਠ ਦੀ ਪੂੰਜੀ ਘਟਦੀ ਹੈ,

ਓਥੈ ਖੋਟੇ ਸਟੀਅਹਿ ਖਰੇ ਕੀਚਹਿ ਸਾਬਾਸਿ ॥

ਕਿਉਂਕਿ ਉਸ ਸੰਗਤਿ ਵਿਚ ਖੋਟੇ ਕੰਮਾਂ ਨੂੰ ਸੁੱਟ ਦੇਈਦਾ ਹੈ ਤੇ ਖਰੇ ਕੰਮਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ।

ਬੋਲਣੁ ਫਾਦਲੁ ਨਾਨਕਾ ਦੁਖੁ ਸੁਖੁ ਖਸਮੈ ਪਾਸਿ ॥੧॥

ਅਤੇ, ਹੇ ਨਾਨਕ! ਓਥੇ ਇਹ ਭੀ ਸਮਝ ਪੈ ਜਾਂਦੀ ਹੈ ਕਿ ਕਿਸੇ ਵਾਪਰੇ ਦੁੱਖ ਦਾ ਗਿਲਾ ਕਰਨਾ ਵਿਅਰਥ ਹੈ, ਦੁੱਖ ਸੁਖ ਉਹ ਖਸਮ ਪ੍ਰਭੂ ਆਪ ਹੀ ਦੇਂਦਾ ਹੈ ॥੧॥


ਮਃ ੨ ॥
ਪਉਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥

ਹਵਾ (ਜੀਵਾਂ ਦਾ, ਮਾਨੋ) ਗੁਰੂ ਹੈ (ਭਾਵ, ਹਵਾ ਸਰੀਰਾਂ ਲਈ ਇਉਂ ਹੈ, ਜਿਵੇਂ ਗੁਰੂ ਜੀਵਾਂ ਦੇ ਆਤਮਾ ਲਈ ਹੈ), ਪਾਣੀ (ਸਭ ਜੀਵਾਂ ਦਾ) ਪਿਉ ਹੈ, ਅਤੇ ਧਰਤੀ (ਸਭ ਦੀ) ਵੱਡੀ ਮਾਂ ਹੈ।

ਦਿਨਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥

ਦਿਨ ਅਤੇ ਰਾਤ ਖਿਡਾਵਾ ਤੇ ਖਿਡਾਵੀ ਹਨ, (ਇਹਨਾਂ ਨਾਲ) ਸਾਰਾ ਸੰਸਾਰ ਖੇਡ ਰਿਹਾ ਹੈ (ਭਾਵ, ਸੰਸਾਰ ਦੇ ਸਾਰੇ ਜੀਵ ਰਾਤ ਨੂੰ ਸਉਣ ਵਿਚ ਤੇ ਦਿਨੇ ਕਾਰ-ਵਿਹਾਰ ਵਿਚ ਪਰਚੇ ਪਏ ਹਨ)।

ਚੰਗਿਆਈਆ ਬੁਰਿਆਈਆ ਵਾਚੇ ਧਰਮੁ ਹਦੂਰਿ ॥

ਧਰਮਰਾਜ ਬੜੇ ਗਹੁ ਨਾਲ (ਇਹਨਾਂ ਦੇ) ਕੀਤੇ ਹੋਏ ਚੰਗੇ ਤੇ ਮੰਦੇ ਕੰਮ (ਨਿੱਤ) ਵਿਚਾਰਦਾ ਹੈ।

ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥

ਤੇ, ਆਪੋ ਆਪਣੇ (ਇਹਨਾਂ ਕੀਤੇ ਹੋਏ) ਕਰਮਾਂ ਦੇ ਅਨੁਸਾਰ ਕਈ ਜੀਵ ਅਕਾਲ ਪੁਰਖ ਦੇ ਨੇੜੇ ਹੁੰਦੇ ਜਾ ਰਹੇ ਹਨ, ਤੇ ਕਈ ਉਸ ਤੋਂ ਦੂਰ ਹੁੰਦੇ ਜਾ ਰਹੇ ਹਨ।

ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥

ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖ ਦਾ ਨਾਮ ਸਿਮਰਿਆ ਹੈ, ਉਹ ਆਪਣੀ ਮਿਹਨਤ ਸਫਲੀ ਕਰ ਗਏ ਹਨ।

ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁਟੀ ਨਾਲਿ ॥੨॥

(ਪ੍ਰਭੂ ਦੇ ਦਰ ਤੇ) ਉਹ ਸੁਰਖ਼ਰੂ ਹਨ, ਹੋਰ ਬਥੇਰੀ ਲੁਕਾਈ ਭੀ ਉਹਨਾਂ ਦੀ ਸੰਗਤਿ ਵਿਚ ਰਹਿ ਕੇ ਮੁਕਤ ਹੋ ਜਾਂਦੀ ਹੈ ॥੨॥


ਪਉੜੀ ॥
ਸਚਾ ਭੋਜਨੁ ਭਾਉ ਸਤਿਗੁਰਿ ਦਸਿਆ ॥

(ਜਿਸ ਭਾਗਾਂ ਵਾਲੇ ਨੂੰ) ਸਤਿਗੁਰੂ ਨੇ (ਆਤਮਾ ਲਈ) ਪ੍ਰਭੂ-ਪ੍ਰੇਮ-ਰੂਪ ਸੱਚਾ ਭੋਜਨ ਦੱਸਿਆ ਹੈ,

ਸਚੇ ਹੀ ਪਤੀਆਇ ਸਚਿ ਵਿਗਸਿਆ ॥

ਉਹ ਮਨੁੱਖ ਸੱਚੇ ਪ੍ਰਭੂ ਵਿਚ ਹੀ ਪਰਚ ਜਾਂਦਾ ਹੈ। ਸੱਚੇ ਪ੍ਰਭੂ ਵਿਚ (ਟਿਕ ਕੇ) ਪ੍ਰਸੰਨ ਰਹਿੰਦਾ ਹੈ।

ਸਚੈ ਕੋਟਿ ਗਿਰਾਂਇ ਨਿਜ ਘਰਿ ਵਸਿਆ ॥

ਉਹ (ਪ੍ਰਭੂ ਦੇ ਚਰਨਾਂ-ਰੂਪ) ਸ੍ਵੈ-ਸਰੂਪ ਵਿਚ ਵੱਸਦਾ ਹੈ (ਮਾਨੋ) ਸਦਾ-ਥਿਰ ਰਹਿਣ ਵਾਲੇ ਕਿਲ੍ਹੇ ਵਿਚ ਪਿੰਡ ਵਿਚ ਵੱਸਦਾ ਹੈ।

ਸਤਿਗੁਰਿ ਤੁਠੈ ਨਾਉ ਪ੍ਰੇਮਿ ਰਹਸਿਆ ॥

ਗੁਰੂ ਦੇ ਤਰੁੱਠਿਆਂ ਹੀ ਪ੍ਰਭੂ ਦਾ ਨਾਮ ਮਿਲਦਾ ਹੈ, ਤੇ ਪ੍ਰਭੂ ਦੇ ਪ੍ਰੇਮ ਵਿਚ ਰਹਿ ਕੇ ਖਿੜੇ ਰਹਿ ਸਕੀਦਾ ਹੈ।

ਸਚੈ ਦੈ ਦੀਬਾਣਿ ਕੂੜਿ ਨ ਜਾਈਐ ॥

ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰਬਾਰ ਵਿਚ ਕੂੜ ਦੇ (ਸਉਦੇ) ਦੀ ਰਾਹੀਂ ਨਹੀਂ ਅੱਪੜ ਸਕੀਦਾ।

ਝੂਠੋ ਝੂਠੁ ਵਖਾਣਿ ਸੁ ਮਹਲੁ ਖੁਆਈਐ ॥

ਝੂਠ ਬੋਲ ਬੋਲ ਕੇ ਪ੍ਰਭੂ ਦਾ ਨਿਵਾਸ-ਥਾਂ ਗਵਾ ਬੈਠੀਦਾ ਹੈ।

ਸਚੈ ਸਬਦਿ ਨੀਸਾਣਿ ਠਾਕ ਨ ਪਾਈਐ ॥

ਸੱਚੇ ਸ਼ਬਦ-ਰੂਪ ਰਾਹਦਾਰੀ ਦੀ ਰਾਹੀਂ (ਪ੍ਰਭੂ ਨੂੰ ਮਿਲਣ ਦੇ ਰਾਹ ਵਿਚ) ਕੋਈ ਹੋਰ ਰੋਕ ਨਹੀਂ ਪੈਂਦੀ।

ਸਚੁ ਸੁਣਿ ਬੁਝਿ ਵਖਾਣਿ ਮਹਲਿ ਬੁਲਾਈਐ ॥੧੮॥

ਪ੍ਰਭੂ ਦਾ ਨਾਮ ਸੁਣ ਕੇ ਸਮਝ ਕੇ ਤੇ ਸਿਮਰ ਕੇ ਪ੍ਰਭੂ ਦੇ ਮਹਲ ਵਿਚ ਸੱਦਾ ਪੈਂਦਾ ਹੈ ॥੧੮॥


ਸਲੋਕੁ ਮਃ ੧ ॥
ਪਹਿਰਾ ਅਗਨਿ ਹਿਵੈ ਘਰੁ ਬਾਧਾ ਭੋਜਨੁ ਸਾਰੁ ਕਰਾਈ ॥

ਜੇ ਮੈਂ ਅੱਗ (ਭੀ) ਪਹਿਨ ਲਵਾਂ, (ਜਾਂ) ਬਰਫ਼ ਵਿਚ ਘਰ ਬਣਾ ਲਵਾਂ (ਭਾਵ, ਜੇ ਮੇਰੇ ਮਨ ਵਿਚ ਇਤਨੀ ਤਾਕਤ ਆ ਜਾਏ ਕਿ ਅੱਗ ਵਿਚ ਤੇ ਬਰਫ਼ ਵਿਚ ਬੈਠ ਸਕਾਂ) ਲੋਹੇ ਨੂੰ ਭੋਜਨ ਬਣਾ ਲਵਾਂ (ਲੋਹਾ ਖਾ ਸਕਾਂ),

ਸਗਲੇ ਦੂਖ ਪਾਣੀ ਕਰਿ ਪੀਵਾ ਧਰਤੀ ਹਾਕ ਚਲਾਈ ॥

ਜੇ ਮੈਂ ਸਾਰੇ ਹੀ ਦੁੱਖ ਬੜੇ ਸੌਖ ਨਾਲ ਸਹਾਰ ਸਕਾਂ, ਸਾਰੀ ਧਰਤੀ ਨੂੰ ਆਪਣੇ ਹੁਕਮ ਵਿਚ ਤੋਰ ਸਕਾਂ,

ਧਰਿ ਤਾਰਾਜੀ ਅੰਬਰੁ ਤੋਲੀ ਪਿਛੈ ਟੰਕੁ ਚੜਾਈ ॥

ਜੇ ਮੈਂ ਸਾਰੇ ਅਸਮਾਨ ਨੂੰ ਤੱਕੜੀ ਵਿਚ ਰੱਖ ਕੇ ਤੇ ਪਿਛਲੇ ਛਾਬੇ ਵਿਚ ਚਾਰ ਮਾਸੇ ਦਾ ਵੱਟਾ ਪਾ ਕੇ ਤੋਲ ਸਕਾਂ,

ਏਵਡੁ ਵਧਾ ਮਾਵਾ ਨਾਹੀ ਸਭਸੈ ਨਥਿ ਚਲਾਈ ॥

ਜੇ ਮੈਂ ਆਪਣੇ ਸਰੀਰ ਨੂੰ ਇਤਨਾ ਵਧਾ ਸਕਾਂ ਕਿ ਕਿਤੇ ਸਮਾ ਹੀ ਨ ਸਕਾਂ, ਸਾਰੇ ਜੀਵਾਂ ਨੂੰ ਨੱਥ ਕੇ ਤੋਰਾਂ, (ਭਾਵ, ਆਪਣੇ ਹੁਕਮ ਵਿਚ ਚਲਾਵਾਂ)

ਏਤਾ ਤਾਣੁ ਹੋਵੈ ਮਨ ਅੰਦਰਿ ਕਰੀ ਭਿ ਆਖਿ ਕਰਾਈ ॥

ਜੇ ਮੇਰੇ ਮਨ ਵਿਚ ਇਤਨਾ ਬਲ ਹੋ ਜਾਏ, ਕਿ ਜੋ ਚਾਹੇ ਕਰਾਂ ਤੇ ਆਖ ਕੇ ਹੋਰਨਾਂ ਪਾਸੋਂ ਕਰਾਵਾਂ (ਤਾਂ ਭੀ ਇਹ ਸਭ ਕੁਝ ਤੁੱਛ ਹੈ)।

ਜੇਵਡੁ ਸਾਹਿਬੁ ਤੇਵਡ ਦਾਤੀ ਦੇ ਦੇ ਕਰੇ ਰਜਾਈ ॥

ਖਸਮ ਪ੍ਰਭੂ ਜੇਡਾ ਵੱਡਾ ਆਪ ਹੈ ਉਤਨੀਆਂ ਹੀ ਉਸ ਦੀਆਂ ਬਖ਼ਸ਼ਸ਼ਾਂ ਹਨ, ਜੇ ਰਜ਼ਾ ਦਾ ਮਾਲਕ ਸਾਈਂ ਹੋਰ ਭੀ ਬੇਅੰਤ (ਤਾਕਤਾਂ ਦੀਆਂ) ਦਾਤਾਂ ਮੈਨੂੰ ਦੇ ਦੇਵੇ, (ਤਾਂ ਭੀ ਇਹ ਤੁੱਛ ਹਨ)।

ਨਾਨਕ ਨਦਰਿ ਕਰੇ ਜਿਸੁ ਉਪਰਿ ਸਚਿ ਨਾਮਿ ਵਡਿਆਈ ॥੧॥

(ਅਸਲ ਗੱਲ) ਹੇ ਨਾਨਕ! (ਇਹ ਹੈ ਕਿ) ਜਿਸ ਬੰਦੇ ਉਤੇ ਮਿਹਰ ਦੀ ਨਜ਼ਰ ਕਰਦਾ ਹੈ, ਉਸ ਨੂੰ (ਆਪਣੇ) ਸੱਚੇ ਨਾਮ ਦੀ ਰਾਹੀਂ ਵਡਿਆਈ ਬਖ਼ਸ਼ਦਾ ਹੈ (ਭਾਵ, ਇਹਨਾਂ ਮਾਨਸਕ ਤਾਕਤਾਂ ਨਾਲੋਂ ਵਧ ਕੇ ਨਾਮ ਦੀ ਬਰਕਤਿ ਹੈ) ॥੧॥


ਮਃ ੨ ॥
ਆਖਣੁ ਆਖਿ ਨ ਰਜਿਆ ਸੁਨਣਿ ਨ ਰਜੇ ਕੰਨ ॥

ਮੂੰਹ ਬੋਲ ਬੋਲ ਕੇ ਰੱਜਦਾ ਨਹੀਂ (ਭਾਵ, ਗੱਲਾਂ ਕਰਨ ਦਾ ਚਸਕਾ ਮੁੱਕਦਾ ਨਹੀਂ), ਕੰਨ (ਗੱਲਾਂ) ਸੁਣਨ ਨਾਲ ਨਹੀਂ ਰੱਜਦੇ,

ਅਖੀ ਦੇਖਿ ਨ ਰਜੀਆ ਗੁਣ ਗਾਹਕ ਇਕ ਵੰਨ ॥

ਅੱਖਾਂ (ਰੂਪ ਰੰਗ) ਵੇਖ ਵੇਖ ਕੇ ਨਹੀਂ ਰੱਜਦੀਆਂ, (ਇਹ ਸਾਰੇ ਇੰਦਰੇ) ਇਕ ਇਕ ਕਿਸਮ ਦੇ ਗੁਣਾਂ (ਰਸਾਂ) ਦੇ ਗਾਹਕ ਹਨ (ਆਪੋ ਆਪਣੇ ਰਸਾਂ ਦੀ ਗਾਹਕੀ ਵਿਚ ਰੱਜਦੇ ਨਹੀਂ, ਰਸਾਂ ਦੇ ਅਧੀਨ ਹੋਏ ਇਹਨਾਂ ਇੰਦ੍ਰਿਆਂ ਦਾ ਚਸਕਾ ਹਟਦਾ ਨਹੀਂ)।

ਭੁਖਿਆ ਭੁਖ ਨ ਉਤਰੈ ਗਲੀ ਭੁਖ ਨ ਜਾਇ ॥

ਭੁੱਖ ਦੇ ਅਧੀਨ ਹੋਇਆਂ ਦੀ ਸਮਝਾਇਆਂ ਭੀ ਭੁੱਖ ਮਿਟ ਨਹੀਂ ਸਕਦੀ।

ਨਾਨਕ ਭੁਖਾ ਤਾ ਰਜੈ ਜਾ ਗੁਣ ਕਹਿ ਗੁਣੀ ਸਮਾਇ ॥੨॥

ਹੇ ਨਾਨਕ! ਤ੍ਰਿਸ਼ਨਾ ਦਾ ਮਾਰਿਆ ਮਨੁੱਖ ਤਦੋਂ ਹੀ ਤ੍ਰਿਪਤ ਹੋ ਸਕਦਾ ਹੈ, ਜੇ ਗੁਣਾਂ ਦੇ ਮਾਲਕ ਪਰਮਾਤਮਾ ਦੇ ਗੁਣ ਉਚਾਰ ਕੇ ਉਸ ਵਿਚ ਲੀਨ ਹੋ ਜਾਏ ॥੨॥


ਪਉੜੀ ॥
ਵਿਣੁ ਸਚੇ ਸਭੁ ਕੂੜੁ ਕੂੜੁ ਕਮਾਈਐ ॥

ਜੇ ਪ੍ਰਭੂ ਦਾ ਨਾਮ ਵਿਸਾਰ ਦੇਈਏ, ਤਾਂ ਬਾਕੀ ਸਭ ਕੁਝ ਕੂੜ ਹੀ ਕਮਾਈਦਾ ਹੈ।

ਵਿਣੁ ਸਚੇ ਕੂੜਿਆਰੁ ਬੰਨਿ ਚਲਾਈਐ ॥

(ਇਸ ਕੂੜ ਵਿਚ ਮਨ ਇਤਨਾ ਗੱਡਿਆ ਜਾਂਦਾ ਹੈ ਕਿ) ਨਾਮ ਤੋਂ ਖੁੰਝੇ ਹੋਏ ਕੂੜ ਦੇ ਵਪਾਰੀ ਨੂੰ ਮਾਇਆ ਦੇ ਬੰਧਨ ਜਕੜ ਕੇ ਭਟਕਾਉਂਦੇ ਫਿਰਦੇ ਹਨ।

ਵਿਣੁ ਸਚੇ ਤਨੁ ਛਾਰੁ ਛਾਰੁ ਰਲਾਈਐ ॥

(ਇਸ ਦਾ) ਇਹ ਨਕਾਰਾ ਸਰੀਰ ਮਿੱਟੀ ਵਿਚ ਹੀ ਰੁਲ ਜਾਂਦਾ ਹੈ (ਭਾਵ, ਐਵੇਂ ਅਜ਼ਾਈਂ ਚਲਾ ਜਾਂਦਾ ਹੈ)।

ਵਿਣੁ ਸਚੇ ਸਭ ਭੁਖ ਜਿ ਪੈਝੈ ਖਾਈਐ ॥

ਜੋ ਕੁਝ ਖਾਂਦਾ ਪਹਿਨਦਾ ਹੈ ਉਹ ਸਗੋਂ ਹੋਰ ਤ੍ਰਿਸ਼ਨਾ ਵਧਾਂਦਾ ਹੈ।

ਵਿਣੁ ਸਚੇ ਦਰਬਾਰੁ ਕੂੜਿ ਨ ਪਾਈਐ ॥

ਪ੍ਰਭੂ ਦਾ ਨਾਮ ਵਿਸਾਰ ਕੇ ਝੂਠ ਵਿਚ ਲੱਗਿਆਂ ਪ੍ਰਭੂ ਦਾ ਦਰਬਾਰ ਪ੍ਰਾਪਤ ਨਹੀਂ ਹੁੰਦਾ।

ਕੂੜੈ ਲਾਲਚਿ ਲਗਿ ਮਹਲੁ ਖੁਆਈਐ ॥

ਕੂੜੇ ਲਾਲਚ ਵਿਚ ਫਸ ਕੇ ਪ੍ਰਭੂ ਦਾ ਦਰ ਗਵਾ ਲਈਦਾ ਹੈ,

ਸਭੁ ਜਗੁ ਠਗਿਓ ਠਗਿ ਆਈਐ ਜਾਈਐ ॥

(ਤੇ ਇਸ ਕਰ ਕੇ ਇਹ ਜਗਤ) ਕੂੜ-ਰੂਪ ਠੱਗ ਦਾ ਠੱਗਿਆ ਜਨਮ ਮਰਨ ਦੇ ਗੇੜ ਵਿਚ ਪਿਆ ਹੋਇਆ ਹੈ।

ਤਨ ਮਹਿ ਤ੍ਰਿਸਨਾ ਅਗਿ ਸਬਦਿ ਬੁਝਾਈਐ ॥੧੯॥

(ਮਨੁੱਖਾ) ਸਰੀਰ ਵਿਚ ਇਹ (ਜੋ) ਤ੍ਰਿਸ਼ਨਾ ਦੀ ਅੱਗ ਹੈ, ਇਹ ਕੇਵਲ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਬੁੱਝ ਸਕਦੀ ਹੈ ॥੧੯॥


ਸਲੋਕ ਮਃ ੧ ॥
ਨਾਨਕ ਗੁਰੁ ਸੰਤੋਖੁ ਰੁਖੁ ਧਰਮੁ ਫੁਲੁ ਫਲ ਗਿਆਨੁ ॥

ਹੇ ਨਾਨਕ! (ਪੂਰਨ) ਸੰਤੋਖ (-ਸਰੂਪ) ਗੁਰੂ (ਮਾਨੋ, ਇਕ) ਰੁੱਖ ਹੈ (ਜਿਸ ਨੂੰ) ਧਰਮ (-ਰੂਪ) ਫੁੱਲ (ਲੱਗਦਾ) ਹੈ ਤੇ ਗਿਆਨ (-ਰੂਪ) ਫਲ (ਲੱਗਦੇ) ਹਨ, ਪ੍ਰੇਮ-ਜਲ ਨਾਲ ਰਸਿਆ ਹੋਇਆ (ਇਹ ਰੁੱਖ) ਸਦਾ ਹਰਾ ਰਹਿੰਦਾ ਹੈ।

ਰਸਿ ਰਸਿਆ ਹਰਿਆ ਸਦਾ ਪਕੈ ਕਰਮਿ ਧਿਆਨਿ ॥

(ਪਰਮਾਤਮਾ ਦੀ) ਬਖ਼ਸ਼ਸ਼ ਨਾਲ (ਪ੍ਰਭੂ-ਚਰਨਾਂ ਵਿਚ) ਧਿਆਨ ਜੋੜਿਆਂ ਇਹ (ਗਿਆਨ-ਫਲ) ਪੱਕਦਾ ਹੈ (ਭਾਵ, ਜੋ ਮਨੁੱਖ ਪ੍ਰਭੂ ਦੀ ਮਿਹਰ ਨਾਲ ਪ੍ਰਭੂ-ਚਰਨਾਂ ਵਿਚ ਸੁਰਤ ਜੋੜਦਾ ਹੈ ਉਸ ਨੂੰ ਪੂਰਨ ਗਿਆਨ ਪ੍ਰਾਪਤ ਹੁੰਦਾ ਹੈ)।

ਪਤਿ ਕੇ ਸਾਦ ਖਾਦਾ ਲਹੈ ਦਾਨਾ ਕੈ ਸਿਰਿ ਦਾਨੁ ॥੧॥

(ਇਸ ਗਿਆਨ-ਫਲ ਨੂੰ) ਖਾਣ ਵਾਲਾ ਮਨੁੱਖ ਪ੍ਰਭੂ-ਮੇਲ ਦੇ ਆਨੰਦ ਮਾਣਦਾ ਹੈ, (ਮਨੁੱਖ ਲਈ ਪ੍ਰਭੂ-ਦਰ ਤੋਂ) ਇਹ ਸਭ ਤੋਂ ਵੱਡੀ ਬਖ਼ਸ਼ਸ਼ ਹੈ ॥੧॥


ਮਃ ੧ ॥
ਸੁਇਨੇ ਕਾ ਬਿਰਖੁ ਪਤ ਪਰਵਾਲਾ ਫੁਲ ਜਵੇਹਰ ਲਾਲ ॥

(ਗੁਰੂ, ਮਾਨੋ,) ਸੋਨੇ ਦਾ ਰੁੱਖ ਹੈ; ਮੋਂਗਾ (ਸ੍ਰੇਸ਼ਟ ਬਚਨ) ਉਸ ਦੇ ਪੱਤਰ ਹਨ, ਲਾਲ ਜਵਾਹਰ (ਗੁਰੂ-ਵਾਕ) ਉਸ ਦੇ ਫੁੱਲ ਹਨ।

ਤਿਤੁ ਫਲ ਰਤਨ ਲਗਹਿ ਮੁਖਿ ਭਾਖਿਤ ਹਿਰਦੈ ਰਿਦੈ ਨਿਹਾਲੁ ॥

ਉਸ (ਗੁਰੂ) ਰੁੱਖ ਨੂੰ ਮੂੰਹੋਂ ਉਚਾਰੇ ਹੋਏ (ਸ੍ਰੇਸ਼ਟ ਬਚਨ-ਰੂਪ) ਫਲ ਲੱਗਦੇ ਹਨ, (ਗੁਰੂ) ਆਪਣੇ ਹਿਰਦੇ ਵਿਚ ਸਦਾ ਖਿੜਿਆ ਰਹਿੰਦਾ ਹੈ।

ਨਾਨਕ ਕਰਮੁ ਹੋਵੈ ਮੁਖਿ ਮਸਤਕਿ ਲਿਖਿਆ ਹੋਵੈ ਲੇਖੁ ॥

ਹੇ ਨਾਨਕ! ਜਿਸ ਮਨੁੱਖ ਉੱਤੇ ਪ੍ਰਭੂ ਦੀ ਮਿਹਰ ਹੋਵੇ, ਜਿਸ ਦੇ ਮੂੰਹ ਮੱਥੇ ਤੇ ਭਾਗ ਹੋਵੇ,

ਅਠਿਸਠਿ ਤੀਰਥ ਗੁਰ ਕੀ ਚਰਣੀ ਪੂਜੈ ਸਦਾ ਵਿਸੇਖੁ ॥

ਉਹ ਗੁਰੂ ਦੀ ਚਰਨੀਂ ਲੱਗ ਕੇ (ਗੁਰੂ ਦੇ ਚਰਨਾਂ ਨੂੰ) ਅਠਾਹਠ ਤੀਰਥਾਂ ਨਾਲੋਂ ਵਿਸ਼ੇਸ਼ ਜਾਣ ਕੇ (ਗੁਰੂ-ਚਰਨਾਂ ਨੂੰ) ਪੂਜਦਾ ਹੈ।

ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆ ਅਗਿ ॥

ਨਿਰਦਇਤਾ, ਮੋਹ, ਲੋਭ ਤੇ ਕ੍ਰੋਧ-ਇਹ ਚਾਰੇ ਅੱਗ ਦੀਆਂ ਨਦੀਆਂ (ਜਗਤ ਵਿਚ ਚੱਲ ਰਹੀਆਂ) ਹਨ,

ਪਵਹਿ ਦਝਹਿ ਨਾਨਕਾ ਤਰੀਐ ਕਰਮੀ ਲਗਿ ॥੨॥

ਜੋ ਜੋ ਮਨੁੱਖ ਇਹਨਾਂ ਨਦੀਆਂ ਵਿਚ ਵੜਦੇ ਹਨ ਸੜ ਜਾਂਦੇ ਹਨ, ਹੇ ਨਾਨਕ! ਪ੍ਰਭੂ ਦੀ ਮਿਹਰ ਨਾਲ (ਗੁਰੂ ਦੇ ਚਰਨੀਂ) ਲੱਗ ਕੇ (ਇਹਨਾਂ ਨਦੀਆਂ ਤੋਂ) ਪਾਰ ਲੰਘੀਦਾ ਹੈ ॥੨॥


ਪਉੜੀ ॥
ਜੀਵਦਿਆ ਮਰੁ ਮਾਰਿ ਨ ਪਛੋਤਾਈਐ ॥

(ਹੇ ਬੰਦੇ!) (ਇਸ ਤ੍ਰਿਸ਼ਨਾ ਨੂੰ) ਮਾਰ ਕੇ ਜੀਊਂਦਿਆਂ ਹੀ ਮਰ (ਤਾਕਿ ਅੰਤ ਨੂੰ) ਪਛੁਤਾਣਾ ਨਾ ਪਏ।

ਝੂਠਾ ਇਹੁ ਸੰਸਾਰੁ ਕਿਨਿ ਸਮਝਾਈਐ ॥

ਕਿਸੇ ਵਿਰਲੇ ਨੂੰ ਸਮਝ ਆਈ ਹੈ, ਕਿ ਇਹ ਸੰਸਾਰ ਝੂਠਾ ਹੈ।

ਸਚਿ ਨ ਧਰੇ ਪਿਆਰੁ ਧੰਧੈ ਧਾਈਐ ॥

(ਆਮ ਤੌਰ ਤੇ ਜੀਵ ਤ੍ਰਿਸ਼ਨਾ ਅਧੀਨ ਹੋ ਕੇ) ਜਗਤ ਦੇ ਧੰਧੇ ਵਿਚ ਭਟਕਦਾ ਫਿਰਦਾ ਹੈ ਤੇ ਸੱਚ ਵਿਚ ਪਿਆਰ ਨਹੀਂ ਪਾਂਦਾ।

ਕਾਲੁ ਬੁਰਾ ਖੈ ਕਾਲੁ ਸਿਰਿ ਦੁਨੀਆਈਐ ॥

(ਇਹ ਗੱਲ ਚੇਤੇ ਨਹੀਂ ਰੱਖਦਾ ਕਿ) ਭੈੜਾ ਕਾਲ, ਨਾਸ ਕਰਨ ਵਾਲਾ ਕਾਲ ਦੁਨੀਆ ਦੇ ਸਿਰ ਤੇ (ਹਰ ਵੇਲੇ ਖੜਾ) ਹੈ।

ਹੁਕਮੀ ਸਿਰਿ ਜੰਦਾਰੁ ਮਾਰੇ ਦਾਈਐ ॥

ਇਹ ਜਮ ਪ੍ਰਭੂ ਦੇ ਹੁਕਮ ਵਿਚ (ਹਰੇਕ ਦੇ) ਸਿਰ ਤੇ (ਮੌਜੂਦ) ਹੈ ਤੇ ਦਾਉ ਲਾ ਕੇ ਮਾਰਦਾ ਹੈ।

ਆਪੇ ਦੇਇ ਪਿਆਰੁ ਮੰਨਿ ਵਸਾਈਐ ॥

(ਜੀਵ ਦੇ ਕੀਹ ਵੱਸ?) ਪ੍ਰਭੂ ਆਪ ਹੀ ਆਪਣਾ ਪਿਆਰ ਬਖ਼ਸ਼ਦਾ ਹੈ (ਤੇ ਜੀਵ ਦੇ) ਮਨ ਵਿਚ (ਆਪਣਾ ਆਪ) ਵਸਾਂਦਾ ਹੈ।

ਮੁਹਤੁ ਨ ਚਸਾ ਵਿਲੰਮੁ ਭਰੀਐ ਪਾਈਐ ॥

ਜਦੋਂ ਸੁਆਸ ਪੂਰੇ ਹੋ ਜਾਂਦੇ ਹਨ, ਪਲਕ-ਮਾਤ੍ਰ (ਇਥੇ) ਢਿੱਲ ਨਹੀਂ ਲਾਈ ਜਾ ਸਕਦੀ।

ਗੁਰਪਰਸਾਦੀ ਬੁਝਿ ਸਚਿ ਸਮਾਈਐ ॥੨੦॥

(ਇਹ ਗੱਲ) ਸਤਿਗੁਰੂ ਦੀ ਮਿਹਰ ਨਾਲ (ਕੋਈ ਵਿਰਲਾ ਬੰਦਾ) ਸਮਝ ਕੇ ਸੱਚ ਵਿਚ ਜੁੜਦਾ ਹੈ ॥੨੦॥


ਸਲੋਕੁ ਮਃ ੧ ॥
ਤੁਮੀ ਤੁਮਾ ਵਿਸੁ ਅਕੁ ਧਤੂਰਾ ਨਿਮੁ ਫਲੁ ॥

ਤੁੰਮੀ ਤੁੰਮਾ, ਜ਼ਹਿਰ, ਅੱਕ ਧਤੂਰਾ ਤੇ ਨਿੰਮ ਰੂਪ ਫਲ (ਆਦਿ ਕੁੜੱਤਣ ਵਾਲੇ ਪਦਾਰਥ)

ਮਨਿ ਮੁਖਿ ਵਸਹਿ ਤਿਸੁ ਜਿਸੁ ਤੂੰ ਚਿਤਿ ਨ ਆਵਹੀ ॥

(ਹੇ ਪ੍ਰਭੂ!) ਉਸ ਦੇ ਮਨ ਵਿਚ ਤੇ ਮੂੰਹ ਵਿਚ ਵੱਸ ਰਹੇ ਹਨ, ਜਿਸ ਮਨੁੱਖ ਦੇ ਚਿੱਤ ਵਿਚ ਤੂੰ ਨਹੀਂ ਵੱਸਦਾ। (ਭਾਵ, ਉਸ ਦੇ ਮਨ ਵਿਚ ਭੀ ਕੁੜੱਤਣ ਹੈ ਤੇ ਮੂੰਹੋਂ ਭੀ ਕੌੜੇ ਬਚਨ ਬੋਲਦਾ ਹੈ)।

ਨਾਨਕ ਕਹੀਐ ਕਿਸੁ ਹੰਢਨਿ ਕਰਮਾ ਬਾਹਰੇ ॥੧॥

ਹੇ ਨਾਨਕ! ਐਸੇ ਬਦਨਸੀਬ ਬੰਦੇ ਭਟਕਦੇ ਫਿਰਦੇ ਹਨ, (ਪ੍ਰਭੂ ਤੋਂ ਬਿਨਾ ਹੋਰ) ਕਿਸ ਦੇ ਅੱਗੇ (ਇਹਨਾਂ ਦੀ ਵਿਥਿਆ) ਦੱਸੀਏ? (ਭਾਵ, ਪ੍ਰਭੂ ਆਪ ਹੀ ਇਹਨਾਂ ਦਾ ਇਹ ਰੋਗ ਦੂਰ ਕਰਨ ਵਾਲਾ ਹੈ) ॥੧॥


ਮਃ ੧ ॥
ਮਤਿ ਪੰਖੇਰੂ ਕਿਰਤੁ ਸਾਥਿ ਕਬ ਉਤਮ ਕਬ ਨੀਚ ॥

(ਮਨੁੱਖ ਦੀ) ਮਤਿ (ਮਾਨੋ, ਇਕ) ਪੰਛੀ ਹੈ, ਉਸ ਦੇ ਪਿਛਲੇ ਕੀਤੇ ਹੋਏ ਕੰਮਾਂ ਦੇ ਕਾਰਨ ਬਣਿਆ ਹੋਇਆ ਸੁਭਾਉ ਉਸ ਦੇ ਨਾਲ (ਸਾਥੀ) ਹੈ, (ਇਸ ਸੁਭਾਉ ਦੇ ਸੰਗ ਕਰ ਕੇ ‘ਮਤਿ’) ਕਦੇ ਚੰਗੀ ਹੈ ਕਦੇ ਨੀਵੀਂ;

ਕਬ ਚੰਦਨਿ ਕਬ ਅਕਿ ਡਾਲਿ ਕਬ ਉਚੀ ਪਰੀਤਿ ॥

ਕਦੇ (ਇਹ ਮਤਿ-ਰੂਪ ਪੰਛੀ) ਚੰਦਨ (ਦੇ ਬੂਟੇ) ਤੇ (ਬੈਠਦਾ ਹੈ) ਕਦੇ ਅੱਕ ਦੀ ਡਾਲੀ ਉੱਤੇ, ਕਦੇ (ਇਸ ਦੇ ਅੰਦਰ) ਉੱਚੀ (ਪ੍ਰਭੂ ਚਰਨਾਂ ਦੀ) ਪ੍ਰੀਤ ਹੈ।

ਨਾਨਕ ਹੁਕਮਿ ਚਲਾਈਐ ਸਾਹਿਬ ਲਗੀ ਰੀਤਿ ॥੨॥

(ਪਰ ਕਿਸੇ ਦੇ ਵੱਸ ਦੀ ਗੱਲ ਨਹੀਂ) ਮਾਲਕ ਦੀ (ਧੁਰੋਂ) ਰੀਤ ਤੁਰੀ ਆਉਂਦੀ ਹੈ, ਕਿ ਉਹ (ਸਭ ਜੀਵਾਂ ਨੂੰ ਆਪਣੇ) ਹੁਕਮ ਵਿਚ ਤੋਰ ਰਿਹਾ ਹੈ (ਭਾਵ, ਉਸ ਦੇ ਹੁਕਮ ਅਨੁਸਾਰ ਹੀ ਕੋਈ ਚੰਗੀ ਤੇ ਕੋਈ ਮੰਦੀ ਮਤਿ ਵਾਲਾ ਹੈ) ॥੨॥


ਪਉੜੀ ॥
ਕੇਤੇ ਕਹਹਿ ਵਖਾਣ ਕਹਿ ਕਹਿ ਜਾਵਣਾ ॥

ਬੇਅੰਤ ਜੀਵ (ਪਰਮਾਤਮਾ ਦੇ ਗੁਣਾਂ ਦਾ) ਬਿਆਨ ਕਰਦੇ ਆਏ ਹਨ ਤੇ ਬਿਆਨ ਕਰ ਕੇ (ਜਗਤ ਤੋਂ) ਚਲੇ ਗਏ ਹਨ।

ਵੇਦ ਕਹਹਿ ਵਖਿਆਣ ਅੰਤੁ ਨ ਪਾਵਣਾ ॥

ਵੇਦ (ਆਦਿਕ ਧਰਮ-ਪੁਸਤਕ ਵੀ ਉਸ ਦੇ ਗੁਣ) ਦੱਸਦੇ ਆਏ ਹਨ, (ਪਰ) ਕਿਸੇ ਨੇ ਉਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ।

ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ॥

(ਪੁਸਤਕਾਂ) ਪੜ੍ਹਨ ਨਾਲ (ਭੀ ਉਸ ਦਾ) ਭੇਤ ਨਹੀਂ ਪੈਂਦਾ। ਮਤਿ ਉੱਚੀ ਹੋਇਆਂ ਇਹ ਰਾਜ਼ ਸਮਝ ਵਿਚ ਆਉਂਦਾ ਹੈ (ਕਿ ਉਹ ਬੇਅੰਤ ਹੈ)।

ਖਟੁ ਦਰਸਨ ਕੈ ਭੇਖਿ ਕਿਸੈ ਸਚਿ ਸਮਾਵਣਾ ॥

ਛੇ ਭੇਖਾਂ ਵਾਲੇ ਸਾਧੂਆਂ ਦੇ ਬਾਹਰਲੇ ਲਿਬਾਸ ਰਾਹੀਂ ਭੀ ਕੋਈ ਸੱਚ ਵਿਚ ਨਹੀਂ ਜੁੜ ਸਕਿਆ।

ਸਚਾ ਪੁਰਖੁ ਅਲਖੁ ਸਬਦਿ ਸੁਹਾਵਣਾ ॥

ਉਹ ਸਦਾ-ਥਿਰ ਰਹਿਣ ਵਾਲਾ ਅਕਾਲ ਪੁਰਖ ਹੈ ਤਾਂ ਅਦ੍ਰਿਸ਼ਟ, (ਪਰ ਗੁਰ-) ਸ਼ਬਦ ਦੀ ਰਾਹੀਂ ਸੋਹਣਾ ਲੱਗਦਾ ਹੈ।

ਮੰਨੇ ਨਾਉ ਬਿਸੰਖ ਦਰਗਹ ਪਾਵਣਾ ॥

ਜੋ ਮਨੁੱਖ ਬੇਅੰਤ ਪ੍ਰਭੂ ਦੇ ‘ਨਾਮ’ ਨੂੰ ਮੰਨਦਾ ਹੈ (ਭਾਵ ਜੋ ਨਾਮ ਵਿਚ ਜੁੜਦਾ ਹੈ), ਉਹ ਉਸ ਦੀ ਹਜ਼ੂਰੀ ਵਿਚ ਅੱਪੜਦਾ ਹੈ।

ਖਾਲਕ ਕਉ ਆਦੇਸੁ ਢਾਢੀ ਗਾਵਣਾ ॥

ਉਹ ਮਾਲਕ-ਪ੍ਰਭੂ ਨੂੰ ਸਿਰ ਨਿਵਾਂਦਾ ਹੈ, ਢਾਢੀ ਬਣ ਕੇ ਉਸ ਦੇ ਗੁਣ ਗਾਉਂਦਾ ਹੈ।

ਨਾਨਕ ਜੁਗੁ ਜੁਗੁ ਏਕੁ ਮੰਨਿ ਵਸਾਵਣਾ ॥੨੧॥

ਤੇ, ਹੇ ਨਾਨਕ! ਹਰੇਕ ਜੁਗ ਵਿਚ ਮੌਜੂਦ ਰਹਿਣ ਵਾਲੇ ਇੱਕ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਂਦਾ ਹੈ ॥੨੧॥


ਸਲੋਕੁ ਮਹਲਾ ੨ ॥
ਮੰਤ੍ਰੀ ਹੋਇ ਅਠੂਹਿਆ ਨਾਗੀ ਲਗੈ ਜਾਇ ॥

ਅਠੂਹਿਆਂ ਦਾ ਮਾਂਦਰੀ ਹੋ ਕੇ (ਜੋ ਮਨੁੱਖ) ਸੱਪਾਂ ਨੂੰ ਜਾ ਹੱਥ ਪਾਂਦਾ ਹੈ,

ਆਪਣ ਹਥੀ ਆਪਣੈ ਦੇ ਕੂਚਾ ਆਪੇ ਲਾਇ ॥

ਉਹ ਆਪਣੇ ਆਪ ਨੂੰ ਆਪਣੇ ਹੀ ਹੱਥਾਂ ਨਾਲ (ਮਾਨੋ,) ਚੁਆਤੀ ਲਾਂਦਾ ਹੈ।

ਹੁਕਮੁ ਪਇਆ ਧੁਰਿ ਖਸਮ ਕਾ ਅਤੀ ਹੂ ਧਕਾ ਖਾਇ ॥

ਧੁਰੋਂ ਮਾਲਕ ਦਾ ਹੁਕਮ ਹੀ ਇਉਂ ਹੁੰਦਾ ਹੈ ਕਿ ਇਸ ਅੱਤ ਦੇ ਕਾਰਨ (ਭਾਵ, ਇਸ ਅੱਤ ਦੇ ਮੂਰਖਪੁਣੇ ਕਰ ਕੇ) ਉਸ ਨੂੰ ਧੱਕਾ ਵੱਜਦਾ ਹੈ।

ਗੁਰਮੁਖ ਸਿਉ ਮਨਮੁਖੁ ਅੜੈ ਡੁਬੈ ਹਕਿ ਨਿਆਇ ॥

ਮਨਮੁਖ ਮਨੁੱਖ ਗੁਰਮੁਖ ਨਾਲ ਖਹਿਬੜਦਾ ਹੈ (ਕਰਤਾਰ ਦੇ) ਸੱਚੇ ਨਿਆਂ ਅਨੁਸਾਰ ਉਹ (ਸੰਸਾਰ-ਸਮੁੰਦਰ ਵਿਚ) ਡੁੱਬਦਾ ਹੈ (ਭਾਵ, ਵਿਕਾਰਾਂ ਦੀਆਂ ਲਹਰਾਂ ਵਿਚ ਉਸ ਦੀ ਜ਼ਿੰਦਗੀ ਦੀ ਬੇੜੀ ਗ਼ਰਕ ਹੋ ਜਾਂਦੀ ਹੈ)।

ਦੁਹਾ ਸਿਰਿਆ ਆਪੇ ਖਸਮੁ ਵੇਖੈ ਕਰਿ ਵਿਉਪਾਇ ॥

ਪਰ (ਕਿਸੇ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ, ਕੀਹ ਗੁਰਮੁਖ ਤੇ ਕੀਹ ਮਨਮੁਖ) ਦੋਹੀਂ ਪਾਸੀਂ ਖਸਮ-ਪ੍ਰਭੂ ਆਪ (ਸਿਰ ਤੇ ਖਲੋਤਾ ਹੋਇਆ) ਹੈ, ਆਪ ਹੀ ਨਿਰਨਾ ਕਰ ਕੇ ਵੇਖ ਰਿਹਾ ਹੈ।

ਨਾਨਕ ਏਵੈ ਜਾਣੀਐ ਸਭ ਕਿਛੁ ਤਿਸਹਿ ਰਜਾਇ ॥੧॥

ਹੇ ਨਾਨਕ! (ਅਸਲ ਗੱਲ) ਇਉਂ ਹੀ ਸਮਝਣੀ ਚਾਹੀਦੀ ਹੈ ਕਿ ਹਰੇਕ ਕੰਮ ਉਸ ਦੀ ਰਜ਼ਾ ਵਿਚ ਹੋ ਰਿਹਾ ਹੈ ॥੧॥


ਮਹਲਾ ੨ ॥
ਨਾਨਕ ਪਰਖੇ ਆਪ ਕਉ ਤਾ ਪਾਰਖੁ ਜਾਣੁ ॥

ਹੇ ਨਾਨਕ! (ਦੂਜਿਆਂ ਦੀ ਪੜਚੋਲ ਕਰਨ ਦੇ ਥਾਂ) ਜੇ ਮਨੁੱਖ ਆਪਣੇ ਆਪ ਨੂੰ ਪਰਖੇ, ਤਾਂ ਉਸ ਨੂੰ (ਅਸਲ) ਪਾਰਖੂ ਸਮਝੋ।

ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣੁ ॥

(ਦੂਜਿਆਂ ਦੇ ਵਿਕਾਰ-ਰੂਪ ਰੋਗ ਲੱਭਣ ਦੇ ਥਾਂ) ਜੇ ਮਨੁੱਖ ਆਪਣਾ (ਆਤਮਕ) ਰੋਗ ਤੇ ਰੋਗ ਦਾ ਇਲਾਜ ਦੋਵੇਂ ਸਮਝ ਲਏ ਤਾਂ ਉਸ ਨੂੰ ਸਿਆਣਾ ਹਕੀਮ ਜਾਣ ਲਵੋ।

ਵਾਟ ਨ ਕਰਈ ਮਾਮਲਾ ਜਾਣੈ ਮਿਹਮਾਣੁ ॥

(ਇਹੋ ਜਿਹਾ ‘ਸੁਜਾਣ ਵੈਦ’) (ਜ਼ਿੰਦਗੀ ਦੇ) ਰਾਹ ਵਿਚ (ਹੋਰਨਾਂ ਨਾਲ) ਝੇੜੇ ਨਹੀਂ ਪਾ ਬੈਠਦਾ, ਉਹ (ਆਪਣੇ ਆਪ ਨੂੰ ਜਗਤ ਵਿਚ) ਮੁਸਾਫ਼ਿਰ ਜਾਣਦਾ ਹੈ।

ਮੂਲੁ ਜਾਣਿ ਗਲਾ ਕਰੇ ਹਾਣਿ ਲਾਏ ਹਾਣੁ ॥

(ਆਪਣੇ) ਅਸਲੇ (ਪ੍ਰਭੂ) ਨਾਲ ਡੂੰਘੀ ਸਾਂਝ ਪਾ ਕੇ, ਜੋ ਭੀ ਗੱਲ ਕਰਦਾ ਹੈ ਆਪਣਾ ਸਮਾ ਸਤ-ਸੰਗੀਆਂ ਨਾਲ (ਮਿਲ ਕੇ) ਗੁਜ਼ਾਰਦਾ ਹੈ।

ਲਬਿ ਨ ਚਲਈ ਸਚਿ ਰਹੈ ਸੋ ਵਿਸਟੁ ਪਰਵਾਣੁ ॥

ਉਹ ਮਨੁੱਖ ਲੱਬ ਦੇ ਆਸਰੇ ਨਹੀਂ ਤੁਰਦਾ, ਸੱਚ ਵਿਚ ਟਿਕਿਆ ਰਹਿੰਦਾ ਹੈ (ਐਸਾ ਮਨੁੱਖ ਆਪ ਤਾਂ ਤੁਰਦਾ ਹੀ ਹੈ, ਹੋਰਨਾਂ ਲਈ ਭੀ) ਪਰਮਾਣੀਕ ਵਿਚੋਲਾ ਬਣ ਜਾਂਦਾ ਹੈ।

ਸਰੁ ਸੰਧੇ ਆਗਾਸ ਕਉ ਕਿਉ ਪਹੁਚੈ ਬਾਣੁ ॥

(ਪਰ ਜੇ ਆਪ ਹੋਵੇ ਮਨਮੁਖ ਤੇ ਅੜੇ ਗੁਰਮੁਖਾਂ ਨਾਲ, ਉਹ ਇਉਂ ਹੀ ਹੈ ਜਿਵੇਂ ਆਕਾਸ਼ ਨੂੰ ਤੀਰ ਮਾਰਦਾ ਹੈ) ਜੋ ਮਨੁੱਖ ਆਕਾਸ਼ ਵਲ ਤੀਰ ਚਲਾਂਦਾ ਹੈ, (ਉਸ ਦਾ) ਤੀਰ ਕਿਵੇਂ (ਨਿਸ਼ਾਨੇ ਤੇ) ਅੱਪੜੇ?

ਅਗੈ ਓਹੁ ਅਗੰਮੁ ਹੈ ਵਾਹੇਦੜੁ ਜਾਣੁ ॥੨॥

ਉਹ ਆਕਾਸ਼ ਤਾਂ ਅੱਗੋਂ ਅਪਹੁੰਚ ਹੈ, ਸੋ, (ਯਕੀਨ) ਜਾਣੋ ਕਿ ਤੀਰ ਚਲਾਣ ਵਾਲਾ ਹੀ (ਵਿੰਨ੍ਹਿਆ ਜਾਂਦਾ ਹੈ) ॥੨॥


ਪਉੜੀ ॥
ਨਾਰੀ ਪੁਰਖ ਪਿਆਰੁ ਪ੍ਰੇਮਿ ਸੀਗਾਰੀਆ ॥

ਜਿਨ੍ਹਾਂ ਜੀਵ-ਇਸਤ੍ਰੀਆਂ ਦਾ ਪ੍ਰਭੂ-ਪਤੀ ਨਾਲ ਪਿਆਰ ਹੈ, ਉਹ ਇਸ ਪਿਆਰ (-ਰੂਪ ਗਹਣੇ ਨਾਲ) ਸਜੀਆਂ ਹੋਈਆਂ ਹਨ,

ਕਰਨਿ ਭਗਤਿ ਦਿਨੁ ਰਾਤਿ ਨ ਰਹਨੀ ਵਾਰੀਆ ॥

ਉਹ ਦਿਨ ਰਾਤ (ਪ੍ਰਭੂ-ਪਤੀ ਦੀ) ਭਗਤੀ ਕਰਦੀਆਂ ਹਨ, ਵਰਜੀਆਂ (ਭੀ ਭਗਤੀ ਤੋਂ) ਹਟਦੀਆਂ ਨਹੀਂ ਹਨ।

ਮਹਲਾ ਮੰਝਿ ਨਿਵਾਸੁ ਸਬਦਿ ਸਵਾਰੀਆ ॥

ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਸੁਧਰੀਆਂ ਹੋਈਆਂ ਉਹ (ਮਾਨੋ) ਮਹਲਾਂ ਵਿਚ ਵੱਸਦੀਆਂ ਹਨ।

ਸਚੁ ਕਹਨਿ ਅਰਦਾਸਿ ਸੇ ਵੇਚਾਰੀਆ ॥

ਉਹ ਵਿਚਾਰਵਾਨ (ਹੋ ਜਾਣ ਦੇ ਕਾਰਨ) ਸਦਾ-ਥਿਰ ਰਹਿਣ ਵਾਲੀ ਅਰਦਾਸ ਕਰਦੀਆਂ ਹਨ (ਭਾਵ, ਦੁਨੀਆ ਦੇ ਨਾਸਵੰਤ ਪਦਾਰਥ ਨਹੀਂ ਮੰਗਦੀਆਂ, ਸਦਾ-ਕਾਇਮ ਰਹਿਣ ਵਾਲਾ ‘ਪਿਆਰ’ ਹੀ ਮੰਗਦੀਆਂ ਹਨ)।

ਸੋਹਨਿ ਖਸਮੈ ਪਾਸਿ ਹੁਕਮਿ ਸਿਧਾਰੀਆ ॥

(ਪਤੀ-ਪ੍ਰਭੂ ਦੇ) ਹੁਕਮ ਅਨੁਸਾਰ (ਪਤੀ-ਪ੍ਰਭੂ ਤਕ) ਅੱਪੜੀਆਂ ਹੋਈਆਂ ਉਹ ਖਸਮ-ਪ੍ਰਭੂ ਦੇ ਕੋਲ (ਬੈਠੀਆਂ) ਸੋਭਦੀਆਂ ਹਨ।

ਸਖੀ ਕਹਨਿ ਅਰਦਾਸਿ ਮਨਹੁ ਪਿਆਰੀਆ ॥

ਪ੍ਰਭੂ ਨੂੰ ਦਿਲੋਂ ਪਿਆਰ ਕਰਦੀਆਂ ਹਨ ਤੇ ਸਖੀ-ਭਾਵਨਾਂ ਨਾਲ ਉਸ ਅੱਗੇ ਅਰਦਾਸ ਕਰਦੀਆਂ ਹਨ।

ਬਿਨੁ ਨਾਵੈ ਧ੍ਰਿਗੁ ਵਾਸੁ ਫਿਟੁ ਸੁ ਜੀਵਿਆ ॥

(ਪਰ) ਉਹ ਜੀਊਣ ਫਿਟਕਾਰ-ਜੋਗ ਹੈ, ਉਸ ਵਸੇਬੇ ਨੂੰ ਲਾਹਨਤ ਹੈ ਜੋ ਨਾਮ ਤੋਂ ਸੱਖਣਾ ਹੈ।

ਸਬਦਿ ਸਵਾਰੀਆਸੁ ਅੰਮ੍ਰਿਤੁ ਪੀਵਿਆ ॥੨੨॥

ਜਿਸ ਜੀਵ-ਇਸਤ੍ਰੀ ਨੂੰ (ਅਕਾਲ ਪੁਰਖ) ਨੇ ਗੁਰ-ਸ਼ਬਦ ਦੀ ਰਾਹੀਂ ਸੁਧਾਰਿਆ ਹੈ ਉਸ ਨੇ (ਨਾਮ-) ਅੰਮ੍ਰਿਤ ਪੀਤਾ ਹੈ ॥੨੨॥


ਸਲੋਕੁ ਮਃ ੧ ॥
ਮਾਰੂ ਮੀਹਿ ਨ ਤ੍ਰਿਪਤਿਆ ਅਗੀ ਲਹੈ ਨ ਭੁਖ ॥

ਰੇਤ-ਥਲਾ ਮੀਂਹ ਨਾਲ (ਕਦੇ) ਰੱਜਦਾ ਨਹੀਂ, ਅੱਗ ਦੀ (ਸਾੜਨ ਦੀ) ਭੁੱਖ (ਕਦੇ ਬਾਲਣ ਨਾਲ) ਨਹੀਂ ਮਿਟਦੀ।

ਰਾਜਾ ਰਾਜਿ ਨ ਤ੍ਰਿਪਤਿਆ ਸਾਇਰ ਭਰੇ ਕਿਸੁਕ ॥

(ਕੋਈ) ਰਾਜਾ ਕਦੇ ਰਾਜ (ਕਰਨ) ਨਾਲ ਨਹੀਂ ਰੱਜਿਆ, ਭਰੇ ਸਮੁੰਦਰ ਨੂੰ ਸੁੱਕ ਕੀਹ ਆਖ ਸਕਦੀ ਹੈ? (ਭਾਵ, ਕਿਤਨੀ ਤਪਸ਼ ਪਈ ਪਵੇ, ਭਰੇ ਸਮੁੰਦਰਾਂ ਦੇ ਡੂੰਘੇ ਪਾਣੀਆਂ ਨੂੰ ਸੁੱਕ ਨਹੀਂ ਮੁਕਾ ਸਕਦੀ)।

ਨਾਨਕ ਸਚੇ ਨਾਮ ਕੀ ਕੇਤੀ ਪੁਛਾ ਪੁਛ ॥੧॥

(ਤਿਵੇਂ) ਹੇ ਨਾਨਕ! (ਨਾਮ ਜਪਣ ਵਾਲਿਆਂ ਦੇ ਅੰਦਰ) ਸੱਚੇ ਨਾਮ ਦੀ ਕਿਤਨੀ ਕੁ ਤਾਂਘ ਹੁੰਦੀ ਹੈ, -ਇਹ ਗੱਲ ਦੱਸੀ ਨਹੀਂ ਜਾ ਸਕਦੀ ॥੧॥


ਮਹਲਾ ੨ ॥
ਨਿਹਫਲੰ ਤਸਿ ਜਨਮਸਿ ਜਾਵਤੁ ਬ੍ਰਹਮ ਨ ਬਿੰਦਤੇ ॥

ਜਦ ਤਕ (ਮਨੁੱਖ) ਅਕਾਲ ਪੁਰਖ ਨੂੰ ਨਹੀਂ ਪਛਾਣਦਾ ਤਦ ਤਕ ਉਸ ਦਾ ਜਨਮ ਵਿਅਰਥ ਹੈ।

ਸਾਗਰੰ ਸੰਸਾਰਸਿ ਗੁਰਪਰਸਾਦੀ ਤਰਹਿ ਕੇ ॥

ਪਰ ਗੁਰੂ ਦੀ ਕਿਰਪਾ ਨਾਲ ਜੋ ਬੰਦੇ (ਨਾਮ ਵਿਚ ਜੁੜਦੇ ਹਨ ਉਹ) ਸੰਸਾਰ ਦੇ ਸਮੁੰਦਰ ਤੋਂ ਤਰ ਜਾਂਦੇ ਹਨ।

ਕਰਣ ਕਾਰਣ ਸਮਰਥੁ ਹੈ ਕਹੁ ਨਾਨਕ ਬੀਚਾਰਿ ॥

ਹੇ ਨਾਨਕ! ਜੋ ਪ੍ਰਭੂ ਜਗਤ ਦਾ ਮੂਲ ਸਭ ਕੁਝ ਕਰਨ-ਜੋਗ ਹੈ, ਉਸ ਦਾ ਧਿਆਨ ਧਰ,

ਕਾਰਣੁ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ ॥੨॥

ਜਿਸ ਕਰਤਾਰ ਦੇ ਵੱਸ ਜਗਤ ਦਾ ਬਨਾਣਾ ਹੈ ਅਤੇ ਜਿਸ ਨੇ (ਸਾਰੇ ਜਗਤ ਵਿਚ) ਆਪਣੀ ਸੱਤਿਆ ਟਿਕਾਈ ਹੋਈ ਹੈ ॥੨॥


ਪਉੜੀ ॥
ਖਸਮੈ ਕੈ ਦਰਬਾਰਿ ਢਾਢੀ ਵਸਿਆ ॥

ਜੋ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ ਉਹ (ਸਦਾ) ਮਾਲਕ ਦੀ ਹਜ਼ੂਰੀ ਵਿਚ ਵੱਸਦਾ ਹੈ।

ਸਚਾ ਖਸਮੁ ਕਲਾਣਿ ਕਮਲੁ ਵਿਗਸਿਆ ॥

ਸਦਾ ਕਾਇਮ ਰਹਿਣ ਵਾਲੇ ਖਸਮ ਨੂੰ ਸਾਲਾਹ ਕੇ ਉਸ ਦਾ ਹਿਰਦਾ-ਕਉਲ ਖਿੜਿਆ ਰਹਿੰਦਾ ਹੈ।

ਖਸਮਹੁ ਪੂਰਾ ਪਾਇ ਮਨਹੁ ਰਹਸਿਆ ॥

ਮਾਲਕ ਤੋਂ ਪੂਰਾ ਮਰਤਬਾ (ਭਾਵ, ਪੂਰਨ ਅਵਸਥਾ) ਹਾਸਲ ਕਰ ਕੇ ਉਹ ਅੰਦਰੋਂ ਹੁਲਾਸ ਵਿਚ ਆਉਂਦਾ ਹੈ,

ਦੁਸਮਨ ਕਢੇ ਮਾਰਿ ਸਜਣ ਸਰਸਿਆ ॥

(ਕਿਉਂਕਿ ਕਾਮਾਦਿਕ ਵਿਕਾਰ) ਵੈਰੀਆਂ ਨੂੰ ਉਹ (ਅੰਦਰੋਂ) ਮਾਰ ਕੇ ਕੱਢ ਦੇਂਦਾ ਹੈ (ਤਾਂ ਫਿਰ ਨਾਮ ਵਿਚ ਲੱਗੇ ਉਸ ਦੇ ਗਿਆਨ-ਇੰਦ੍ਰੇ-ਰੂਪ) ਮਿਤ੍ਰ ਟਹਿਕ ਪੈਂਦੇ ਹਨ।)

ਸਚਾ ਸਤਿਗੁਰੁ ਸੇਵਨਿ ਸਚਾ ਮਾਰਗੁ ਦਸਿਆ ॥

(ਇਹ ਗਿਆਨ-ਇੰਦ੍ਰੇ) ਗੁਰੂ ਦੀ ਰਜ਼ਾ ਵਿਚ ਤੁਰਨ ਲੱਗ ਜਾਂਦੇ ਹਨ, ਸਤਿਗੁਰੂ ਇਹਨਾਂ ਨੂੰ (ਹੁਣ ਜੀਵਨ ਦਾ) ਸੱਚਾ ਰਾਹ ਵਿਖਾਲਦਾ ਹੈ।

ਸਚਾ ਸਬਦੁ ਬੀਚਾਰਿ ਕਾਲੁ ਵਿਧਉਸਿਆ ॥

ਸਿਫ਼ਤ-ਸਾਲਾਹ ਕਰਨ ਵਾਲਾ ਮਨੁੱਖ ਸੱਚਾ ਗੁਰ-ਸ਼ਬਦ ਵੀਚਾਰ ਕੇ (ਆਤਮਕ) ਮੌਤ (ਦਾ ਡਰ) ਦੂਰ ਲੈਂਦਾ ਹੈ।

ਢਾਢੀ ਕਥੇ ਅਕਥੁ ਸਬਦਿ ਸਵਾਰਿਆ ॥

ਗੁਰੂ ਸ਼ਬਦ ਦੀ ਬਰਕਤਿ ਨਾਲ ਸੁਧਰਿਆ ਹੋਇਆ ਢਾਢੀ ਅਕੱਥ ਪ੍ਰਭੂ ਦੇ ਗੁਣ ਗਾਉਂਦਾ ਹੈ।

ਨਾਨਕ ਗੁਣ ਗਹਿ ਰਾਸਿ ਹਰਿ ਜੀਉ ਮਿਲੇ ਪਿਆਰਿਆ ॥੨੩॥

(ਇਸ ਤਰ੍ਹਾਂ), ਹੇ ਨਾਨਕ! ਪ੍ਰਭੂ ਦੇ ਗੁਣਾਂ ਦੀ ਪੂੰਜੀ ਇਕੱਠੀ ਕਰ ਕੇ ਪਿਆਰੇ ਪ੍ਰਭੂ ਨਾਲ ਮਿਲ ਜਾਂਦਾ ਹੈ ॥੨੩॥


ਸਲੋਕੁ ਮਃ ੧ ॥
ਖਤਿਅਹੁ ਜੰਮੇ ਖਤੇ ਕਰਨਿ ਤ ਖਤਿਆ ਵਿਚਿ ਪਾਹਿ ॥

ਪਾਪਾਂ ਦੇ ਕਾਰਨ (ਜੋ ਜੀਵ) ਜੰਮਦੇ ਹਨ, (ਇਥੇ ਭੀ) ਪਾਪ ਕਰਦੇ ਹਨ ਤੇ (ਅਗਾਂਹ ਭੀ ਇਹਨਾਂ ਕੀਤੇ ਪਾਪਾਂ ਦੇ ਸੰਸਕਾਰਾਂ ਕਰਕੇ) ਪਾਪਾਂ ਵਿਚ ਹੀ ਪ੍ਰਵਿਰਤ ਹੁੰਦੇ ਹਨ।

ਧੋਤੇ ਮੂਲਿ ਨ ਉਤਰਹਿ ਜੇ ਸਉ ਧੋਵਣ ਪਾਹਿ ॥

ਇਹ ਪਾਪ ਧੋਤਿਆਂ ਉੱਕਾ ਹੀ ਨਹੀਂ ਉਤਰਦੇ ਭਾਵੇਂ ਸੌ ਧੋਣ ਧੋਈਏ (ਭਾਵ, ਭਾਵੇਂ ਸੌ ਵਾਰੀ ਧੋਣ ਦਾ ਜਤਨ ਕਰੀਏ)।

ਨਾਨਕ ਬਖਸੇ ਬਖਸੀਅਹਿ ਨਾਹਿ ਤ ਪਾਹੀ ਪਾਹਿ ॥੧॥

ਹੇ ਨਾਨਕ! ਜੇ ਪ੍ਰਭੂ ਮਿਹਰ ਕਰੇ (ਤਾਂ ਇਹ ਪਾਪ) ਬਖ਼ਸ਼ੇ ਜਾਂਦੇ ਹਨ, ਨਹੀਂ ਤਾਂ ਜੁੱਤੀਆਂ ਹੀ ਪੈਂਦੀਆਂ ਹਨ ॥੧॥


ਮਃ ੧ ॥
ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ ॥

ਹੇ ਨਾਨਕ! (ਇਹ ਜੋ) ਦੁਖ ਛੱਡ ਕੇ ਸੁਖ ਪਏ ਮੰਗਦੇ ਹਨ, ਅਜੇਹਾ ਬੋਲਣਾ ਸਿਰ ਖਪਾਈ ਹੀ ਹੈ।

ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ ॥

ਸੁਖ ਤੇ ਦੁਖ ਦੋਵੇਂ ਪ੍ਰਭੂ ਦੇ ਦਰ ਤੋਂ ਕੱਪੜੇ ਮਿਲੇ ਹੋਏ ਹਨ ਜੋ, ਮਨੁੱਖ ਜਨਮ ਲੈ ਕੇ ਇਥੇ ਪਹਿਨਦੇ ਹਨ (ਭਾਵ, ਦੁੱਖਾਂ ਦੇ ਸੁਖਾਂ ਤੇ ਚੱਕਰ ਹਰੇਕ ਉੱਤੇ ਆਉਂਦੇ ਹੀ ਰਹਿੰਦੇ ਹਨ)।

ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ ॥੨॥

ਸੋ ਜਿਸ ਦੇ ਸਾਹਮਣੇ ਇਤਰਾਜ਼ ਗਿਲਾ ਕੀਤਿਆਂ (ਅੰਤ) ਹਾਰ ਹੀ ਮੰਨਣੀ ਪੈਂਦੀ ਹੈ ਓਥੇ ਚੁੱਪ ਰਹਿਣਾ ਹੀ ਚੰਗਾ ਹੈ (ਭਾਵ ਰਜ਼ਾ ਵਿਚ ਤੁਰਨਾ ਸਭ ਤੋਂ ਚੰਗਾ ਹੈ) ॥੨॥


ਪਉੜੀ ॥
ਚਾਰੇ ਕੁੰਡਾ ਦੇਖਿ ਅੰਦਰੁ ਭਾਲਿਆ ॥

ਜੋ ਮਨੁੱਖ ਚਾਰੇ ਤਰਫਾਂ ਵੇਖ ਕੇ (ਭਾਵ, ਬਾਹਰ ਚਵੀਂ ਪਾਸੀਂ ਭਟਕਣਾ ਛੱਡ ਕੇ) ਆਪਣਾ ਅੰਦਰ ਭਾਲਦਾ ਹੈ,

ਸਚੈ ਪੁਰਖਿ ਅਲਖਿ ਸਿਰਜਿ ਨਿਹਾਲਿਆ ॥

(ਉਸ ਨੂੰ ਦਿੱਸ ਪੈਂਦਾ ਹੈ ਕਿ) ਸੱਚੇ ਅਲੱਖ ਅਕਾਲ ਪੁਰਖ ਨੇ (ਜਗਤ) ਪੈਦਾ ਕਰਕੇ ਆਪ ਹੀ ਉਸ ਦੀ ਸੰਭਾਲ ਕੀਤੀ ਹੈ (ਭਾਵ, ਸੰਭਾਲ ਕਰ ਰਿਹਾ ਹੈ)।

ਉਝੜਿ ਭੁਲੇ ਰਾਹ ਗੁਰਿ ਵੇਖਾਲਿਆ ॥

ਕੁਰਾਹੇ ਭਟਕ ਰਹੇ ਮਨੁੱਖ ਨੂੰ ਗੁਰੂ ਨੇ ਰਸਤਾ ਦਿਖਾਇਆ ਹੈ (ਰਾਹ ਗੁਰੂ ਵਿਖਾਂਦਾ ਹੈ)।

ਸਤਿਗੁਰ ਸਚੇ ਵਾਹੁ ਸਚੁ ਸਮਾਲਿਆ ॥

ਸੱਚੇ ਸਤਿਗੁਰੂ ਨੂੰ ਸ਼ਾਬਾਸ਼ੇ ਹੈ (ਜਿਸ ਦੀ ਬਰਕਤਿ ਨਾਲ) ਸੱਚੇ ਪ੍ਰਭੂ ਨੂੰ ਸਿਮਰੀਦਾ ਹੈ।

ਪਾਇਆ ਰਤਨੁ ਘਰਾਹੁ ਦੀਵਾ ਬਾਲਿਆ ॥

(ਜਿਸ ਮਨੁੱਖ ਦੇ ਅੰਦਰ ਸਤਿਗੁਰੂ ਨੇ ਗਿਆਨ ਦਾ) ਦੀਵਾ ਜਗਾ ਦਿੱਤਾ ਹੈ, ਉਸ ਨੂੰ ਆਪਣੇ ਅੰਦਰੋਂ ਹੀ (ਨਾਮ-) ਰਤਨ ਲੱਭ ਪਿਆ ਹੈ।

ਸਚੈ ਸਬਦਿ ਸਲਾਹਿ ਸੁਖੀਏ ਸਚ ਵਾਲਿਆ ॥

(ਗੁਰੂ ਦੀ ਸ਼ਰਨ ਆ ਕੇ) ਸੱਚੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ (ਮਨੁੱਖ) ਸੁਖੀ ਹੋ ਜਾਂਦੇ ਹਨ, ਖਸਮ ਵਾਲੇ ਹੋ ਜਾਂਦੇ ਹਨ।

ਨਿਡਰਿਆ ਡਰੁ ਲਗਿ ਗਰਬਿ ਸਿ ਗਾਲਿਆ ॥

(ਪਰ) ਜਿਨ੍ਹਾਂ ਪ੍ਰਭੂ ਦਾ ਡਰ ਨਹੀਂ ਰੱਖਿਆ ਉਹਨਾਂ ਨੂੰ (ਹੋਰ) ਡਰ ਮਾਰਦਾ ਹੈ, ਉਹ ਅਹੰਕਾਰ ਵਿਚ ਪਏ ਗਲਦੇ ਹਨ।

ਨਾਵਹੁ ਭੁਲਾ ਜਗੁ ਫਿਰੈ ਬੇਤਾਲਿਆ ॥੨੪॥

ਪ੍ਰਭੂ ਦੇ ਨਾਮ ਤੋਂ ਭੁੱਲਾ ਹੋਇਆ ਜਗਤ ਬੇ-ਤਾਲ (ਬੇ ਥਵ੍ਹਾ) ਫਿਰਦਾ ਹੈ ॥੨੪॥


ਸਲੋਕੁ ਮਃ ੩ ॥
ਭੈ ਵਿਚਿ ਜੰਮੈ ਭੈ ਮਰੈ ਭੀ ਭਉ ਮਨ ਮਹਿ ਹੋਇ ॥

ਜਗਤ ਸਹਮ ਵਿਚ ਜੰਮਦਾ ਹੈ, ਸਹਮ ਵਿਚ ਹੀ ਮਰਦਾ ਹੈ, ਸਦਾ ਹੀ ਸਹਮ ਇਸ ਦੇ ਮਨ ਵਿਚ ਟਿਕਿਆ ਰਹਿੰਦਾ ਹੈ।

ਨਾਨਕ ਭੈ ਵਿਚਿ ਜੇ ਮਰੈ ਸਹਿਲਾ ਆਇਆ ਸੋਇ ॥੧॥

(ਪਰ) ਹੇ ਨਾਨਕ! ਜੋ ਮਨੁੱਖ ਪਰਮਾਤਮਾ ਦੇ ਡਰ ਵਿਚ ਆਪਾ-ਭਾਵ ਮਾਰਦਾ ਹੈ ਉਸ ਦਾ ਜੰਮਣਾ ਮੁਬਾਰਕ ਹੈ (ਜਗਤ ਦੀ ਮਮਤਾ ਮਨੁੱਖ ਦੇ ਅੰਦਰ ਸਹਮ ਪੈਦਾ ਕਰਦੀ ਹੈ, ਜਦੋਂ ਇਹ ਅਪਣੱਤ ਤੇ ਮਮਤਾ ਮੁੱਕ ਜਾਏ ਤਦੋਂ ਕਿਸੇ ਚੀਜ਼ ਦੇ ਖੁੱਸਣ ਦਾ ਸਹਮ ਨਹੀਂ ਰਹਿੰਦਾ) ॥੧॥


ਮਃ ੩ ॥
ਭੈ ਵਿਣੁ ਜੀਵੈ ਬਹੁਤੁ ਬਹੁਤੁ ਖੁਸੀਆ ਖੁਸੀ ਕਮਾਇ ॥

ਪਰਮਾਤਮਾ ਦਾ ਡਰ ਹਿਰਦੇ ਵਿਚ ਵਸਾਣ ਤੋਂ ਬਿਨਾ ਜੋ ਮਨੁੱਖ ਲੰਮੀ ਉਮਰ ਭੀ ਜੀਊਂਦਾ ਰਹੇ ਤੇ ਬੜੀਆਂ ਮੌਜਾਂ ਮਾਣਦਾ ਰਹੇ,

ਨਾਨਕ ਭੈ ਵਿਣੁ ਜੇ ਮਰੈ ਮੁਹਿ ਕਾਲੈ ਉਠਿ ਜਾਇ ॥੨॥

ਤਾਂ ਭੀ, ਹੇ ਨਾਨਕ! ਜੇ ਪ੍ਰਭੂ ਦਾ ਡਰ ਹਿਰਦੇ ਵਿਚ ਵਸਾਉਣ ਤੋਂ ਬਿਨਾ ਹੀ ਮਰਦਾ ਹੈ ਤਾਂ ਮੁਕਾਲਖ ਖੱਟ ਕੇ ਹੀ ਇਥੋਂ ਜਾਂਦਾ ਹੈ ॥੨॥


ਪਉੜੀ ॥
ਸਤਿਗੁਰੁ ਹੋਇ ਦਇਆਲੁ ਤ ਸਰਧਾ ਪੂਰੀਐ ॥

ਜਿਸ ਮਨੁੱਖ ਉੱਤੇ ਸਤਿਗੁਰੂ ਕਿਰਪਾ ਕਰੇ (ਉਸ ਦੇ ਅੰਦਰ ਪਰਮਾਤਮਾ ਉੱਤੇ) ਪੱਕਾ ਭਰੋਸਾ ਬੱਝ ਜਾਂਦਾ ਹੈ।

ਸਤਿਗੁਰੁ ਹੋਇ ਦਇਆਲੁ ਨ ਕਬਹੂੰ ਝੂਰੀਐ ॥

ਉਹ (ਕਿਸੇ ਦੁੱਖ-ਕਲੇਸ਼ ਦੇ ਆਉਣ ਤੇ) ਕਦੇ ਗਿਲਾ ਗੁਜ਼ਾਰੀ ਨਹੀਂ ਕਰਦਾ,

ਸਤਿਗੁਰੁ ਹੋਇ ਦਇਆਲੁ ਤਾ ਦੁਖੁ ਨ ਜਾਣੀਐ ॥

(ਕਿਉਂਕਿ) ਉਹ (ਕਿਸੇ ਆਏ ਦੁੱਖ ਨੂੰ) ਦੁੱਖ ਨਹੀਂ ਸਮਝਦਾ,

ਸਤਿਗੁਰੁ ਹੋਇ ਦਇਆਲੁ ਤਾ ਹਰਿ ਰੰਗੁ ਮਾਣੀਐ ॥

ਸਦਾ ਪ੍ਰਭੂ ਦੇ ਮੇਲ ਦਾ ਆਨੰਦ ਮਾਣਦਾ ਹੈ।

ਸਤਿਗੁਰੁ ਹੋਇ ਦਇਆਲੁ ਤਾ ਜਮ ਕਾ ਡਰੁ ਕੇਹਾ ॥

(ਦੁੱਖ ਕਲੇਸ਼ ਤਾਂ ਕਿਤੇ ਰਿਹਾ) ਉਸ ਨੂੰ ਜਮ ਦਾ ਭੀ ਡਰ ਨਹੀਂ ਰਹਿੰਦਾ।

ਸਤਿਗੁਰੁ ਹੋਇ ਦਇਆਲੁ ਤਾ ਸਦ ਹੀ ਸੁਖੁ ਦੇਹਾ ॥

(ਇਸ ਤਰ੍ਹਾਂ) ਉਸ ਦੇ ਸਰੀਰ ਨੂੰ ਸਦਾ ਸੁਖ ਰਹਿੰਦਾ ਹੈ।

ਸਤਿਗੁਰੁ ਹੋਇ ਦਇਆਲੁ ਤਾ ਨਵ ਨਿਧਿ ਪਾਈਐ ॥

ਜਿਸ ਉਤੇ ਗੁਰੂ ਦਇਆਵਾਨ ਹੋ ਜਾਏ ਉਸ ਨੂੰ (ਮਾਨੋ) ਜਗਤ ਦੇ ਨੌਂ ਹੀ ਖ਼ਜ਼ਾਨੇ ਮਿਲ ਪਏ ਹਨ,

ਸਤਿਗੁਰੁ ਹੋਇ ਦਇਆਲੁ ਤ ਸਚਿ ਸਮਾਈਐ ॥੨੫॥

(ਕਿਉਂਕਿ) ਉਹ ਤਾਂ (ਖ਼ਜ਼ਾਨਿਆਂ ਦੇ ਮਾਲਕ) ਸੱਚੇ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ ॥੨੫॥


ਸਲੋਕੁ ਮਃ ੧ ॥
ਸਿਰੁ ਖੋਹਾਇ ਪੀਅਹਿ ਮਲਵਾਣੀ ਜੂਠਾ ਮੰਗਿ ਮੰਗਿ ਖਾਹੀ ॥

(ਇਹ ਸਰੇਵੜੇ ਜੀਵ-ਹਿੰਸਾ ਦੇ ਵਹਿਮ ਵਿਚ) ਸਿਰ (ਦੇ ਵਾਲ) ਪੁਟਾ ਕੇ (ਕਿ ਕਿਤੇ ਜੂਆਂ ਨਾ ਪੈ ਜਾਣ) ਮੈਲਾ ਪਾਣੀ ਪੀਂਦੇ ਹਨ ਤੇ ਜੂਠੀ ਰੋਟੀ ਮੰਗ ਮੰਗ ਕੇ ਖਾਂਦੇ ਹਨ;

ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ ਪਾਣੀ ਦੇਖਿ ਸਗਾਹੀ ॥

(ਆਪਣੇ) ਪਖ਼ਾਨੇ ਨੂੰ ਫੋਲ ਕੇ ਮੂੰਹ ਵਿਚ (ਗੰਦੀ) ਹਵਾੜ ਲੈਂਦੇ ਹਨ ਤੇ ਪਾਣੀ ਵੇਖ ਕੇ (ਇਸ ਤੋਂ) ਸੰਗਦੇ ਹਨ (ਭਾਵ, ਪਾਣੀ ਨਹੀਂ ਵਰਤਦੇ)।

ਭੇਡਾ ਵਾਗੀ ਸਿਰੁ ਖੋਹਾਇਨਿ ਭਰੀਅਨਿ ਹਥ ਸੁਆਹੀ ॥

ਭੇਡਾਂ ਵਾਂਗ ਸਿਰ (ਦੇ ਵਾਲ) ਪੁਟਾਂਦੇ ਹਨ, (ਵਾਲ ਪੁੱਟਣ ਵਾਲਿਆਂ ਦੇ) ਹੱਥ ਸੁਆਹ ਨਾਲ ਭਰੇ ਜਾਂਦੇ ਹਨ।

ਮਾਊ ਪੀਊ ਕਿਰਤੁ ਗਵਾਇਨਿ ਟਬਰ ਰੋਵਨਿ ਧਾਹੀ ॥

ਮਾਪਿਆਂ ਵਾਲਾ ਕੀਤਾ ਕੰਮ (ਭਾਵ, ਹੱਥੀਂ ਕਮਾਈ ਕਰ ਕੇ ਟੱਬਰ ਪਾਲਣ ਦਾ ਕੰਮ) ਛੱਡ ਬੈਠਦੇ ਹਨ (ਇਸ ਲਈ) ਇਹਨਾਂ ਦੇ ਟੱਬਰ ਢਾਹਾਂ ਮਾਰ ਮਾਰ ਰੋਂਦੇ ਹਨ।

ਓਨਾ ਪਿੰਡੁ ਨ ਪਤਲਿ ਕਿਰਿਆ ਨ ਦੀਵਾ ਮੁਏ ਕਿਥਾਊ ਪਾਹੀ ॥

(ਇਹ ਲੋਕ ਤਾਂ ਇਉਂ ਗਵਾਇਆ, ਅੱਗੇ ਇਹਨਾਂ ਦੇ ਪਰਲੋਕ ਦਾ ਹਾਲ ਸੁਣੋ) ਨਾ ਤਾਂ ਹਿੰਦੂ-ਮਤ ਅਨੁਸਾਰ (ਮਰਨ ਪਿੱਛੋਂ) ਪਿੰਡ ਪੱਤਲ ਕਿਰਿਆ ਦੀਵਾ ਆਦਿਕ ਦੀ ਰਸਮ ਕਰਦੇ ਹਨ, ਮਰੇ ਹੋਏ ਪਤਾ ਨਹੀਂ ਕਿਥੇ ਜਾ ਪੈਂਦੇ ਹਨ (ਭਾਵ ਪਰਲੋਕ ਸਵਾਰਨ ਦਾ ਕੋਈ ਆਹਰ ਨਹੀਂ ਹੈ)।

ਅਠਸਠਿ ਤੀਰਥ ਦੇਨਿ ਨ ਢੋਈ ਬ੍ਰਹਮਣ ਅੰਨੁ ਨ ਖਾਹੀ ॥

(ਹਿੰਦੂਆਂ ਦੇ) ਅਠਾਹਠ ਤੀਰਥ ਇਹਨਾਂ ਨੂੰ ਢੋਈ ਨਹੀਂ ਦੇਂਦੇ (ਭਾਵ ਹਿੰਦੂਆਂ ਵਾਂਗ ਤੀਰਥਾਂ ਤੇ ਭੀ ਨਹੀਂ ਜਾਂਦੇ), ਬ੍ਰਾਹਮਣ (ਇਹਨਾਂ ਦਾ) ਅੰਨ ਨਹੀਂ ਖਾਂਦੇ (ਭਾਵ ਬ੍ਰਾਹਮਣਾਂ ਦੀ ਭੀ ਸੇਵਾ ਨਹੀਂ ਕਰਦੇ)।

ਸਦਾ ਕੁਚੀਲ ਰਹਹਿ ਦਿਨੁ ਰਾਤੀ ਮਥੈ ਟਿਕੇ ਨਾਹੀ ॥

ਸਦਾ ਦਿਨ ਰਾਤ ਬੜੇ ਗੰਦੇ ਰਹਿੰਦੇ ਹਨ। ਮੱਥੇ ਉਤੇ ਤਿਲਕ ਨਹੀਂ ਲਾਉਂਦੇ (ਭਾਵ, ਨ੍ਹਾ ਧੋ ਕੇ ਸਰੀਰ ਨੂੰ ਸਾਫ਼-ਸੁਥਰਾ ਭੀ ਨਹੀਂ ਕਰਦੇ)।

ਝੁੰਡੀ ਪਾਇ ਬਹਨਿ ਨਿਤਿ ਮਰਣੈ ਦੜਿ ਦੀਬਾਣਿ ਨ ਜਾਹੀ ॥

ਸਦਾ ਧੌਣ ਸੁੱਟ ਕੇ ਬੈਠਦੇ ਹਨ ਜਿਵੇਂ ਕਿਸੇ ਦੇ ਮਰਨ ਦਾ ਸੋਗ ਕਰ ਰਹੇ ਹਨ (ਭਾਵ, ਇਹਨਾਂ ਦੇ ਅੰਦਰ ਕੋਈ ਆਤਮਕ ਹੁਲਾਰਾ ਭੀ ਨਹੀਂ ਹੈ)। ਕਿਸੇ ਸਤਸੰਗ ਆਦਿਕ ਵਿਚ ਭੀ ਕਦੇ ਨਹੀਂ ਜਾਂਦੇ।

ਲਕੀ ਕਾਸੇ ਹਥੀ ਫੁੰਮਣ ਅਗੋ ਪਿਛੀ ਜਾਹੀ ॥

ਲੱਕਾਂ ਨਾਲ ਪਿਆਲੇ ਬੱਧੇ ਹੋਏ ਹਨ, ਹੱਥਾਂ ਵਿਚ ਚਉਰੀਆਂ ਫੜੀਆਂ ਹੋਈਆਂ ਹਨ ਤੇ (ਜੀਵ-ਹਿੰਸਾ ਦੇ ਡਰ ਤੋਂ) ਇੱਕ ਕਤਾਰ ਵਿਚ ਤੁਰਦੇ ਹਨ।

ਨਾ ਓਇ ਜੋਗੀ ਨਾ ਓਇ ਜੰਗਮ ਨਾ ਓਇ ਕਾਜੀ ਮੁੰਲਾ ॥

ਨਾ ਇਹਨਾਂ ਦੀ ਜੋਗੀਆਂ ਵਾਲੀ ਰਹੁਰੀਤ, ਨਾ ਜੰਗਮਾਂ ਵਾਲੀ ਤੇ ਨਾ ਕਾਜ਼ੀ ਮੌਲਵੀਆਂ ਵਾਲੀ।

ਦਯਿ ਵਿਗੋਏ ਫਿਰਹਿ ਵਿਗੁਤੇ ਫਿਟਾ ਵਤੈ ਗਲਾ ॥

ਰੱਬ ਵੱਲੋਂ (ਭੀ) ਖੁੰਝੇ ਹੋਏ ਭਟਕਦੇ ਹਨ (ਭਾਵ, ਪਰਮਾਤਮਾ ਦੀ ਬੰਦਗੀ ਵਿਚ ਭੀ ਇਹਨਾਂ ਦੀ ਕੋਈ ਸ਼ਰਧਾ ਨਹੀਂ) ਇਹ ਸਾਰਾ ਆਵਾ ਹੀ ਊਤਿਆ ਹੋਇਆ ਹੈ।

ਜੀਆ ਮਾਰਿ ਜੀਵਾਲੇ ਸੋਈ ਅਵਰੁ ਨ ਕੋਈ ਰਖੈ ॥

(ਇਹ ਵਿਚਾਰੇ ਨਹੀਂ ਸਮਝਦੇ ਕਿ) ਜੀਵਾਂ ਨੂੰ ਮਾਰਨ ਜੀਵਾਲਣ ਵਾਲਾ ਪ੍ਰਭੂ ਆਪ ਹੀ ਹੈ, ਪ੍ਰਭੂ ਤੋਂ ਬਿਨਾ ਕੋਈ ਹੋਰ ਇਹਨਾਂ ਨੂੰ (ਜੀਊਂਦਾ) ਰੱਖ ਨਹੀਂ ਸਕਦਾ।

ਦਾਨਹੁ ਤੈ ਇਸਨਾਨਹੁ ਵੰਜੇ ਭਸੁ ਪਈ ਸਿਰਿ ਖੁਥੈ ॥

(ਜੀਵ-ਹਿੰਸਾ ਦੇ ਵਹਿਣ ਵਿਚ ਪੈ ਕੇ, ਕਿਰਤ ਕਮਾਈ ਛੱਡ ਕੇ) ਇਹ ਦਾਨ ਅਤੇ ਇਸ਼ਨਾਨ ਤੋਂ ਵਾਂਜੇ ਹੋਏ ਹਨ, ਸੁਆਹ ਪਈ ਅਜਿਹੇ ਖੁੱਥੇ ਹੋਏ ਸਿਰ ਉੱਤੇ।

ਪਾਣੀ ਵਿਚਹੁ ਰਤਨ ਉਪੰਨੇ ਮੇਰੁ ਕੀਆ ਮਾਧਾਣੀ ॥

(ਇਹ ਲੋਕ ਸਾਫ਼ ਪਾਣੀ ਨਹੀਂ ਪੀਂਦੇ ਤੇ ਪਾਣੀ ਵਿਚ ਨ੍ਹਾਉਂਦੇ ਭੀ ਨਹੀਂ ਹਨ, ਇਹ ਗੱਲ ਨਹੀਂ ਸਮਝਦੇ ਕਿ ਜਦੋਂ ਦੇਵਤਿਆਂ ਨੇ) ਸੁਮੇਰ ਪਰਬਤ ਨੂੰ ਮਧਾਣੀ ਬਣਾ ਕੇ (ਸਮੁੰਦਰ ਰਿੜਕਿਆ ਦੀ) ਤਦੋਂ (ਪਾਣੀ ਵਿਚੋਂ) ਹੀ ਰਤਨ ਨਿਕਲੇ ਸਨ (ਭਾਵ, ਇਸ ਗੱਲ ਨੂੰ ਤਾਂ ਲੋਕ ਪੁਰਾਣੇ ਸਮਿਆਂ ਤੋਂ ਹੀ ਜਾਣਦੇ ਹਨ, ਕਿ ਪਾਣੀ ਵਿਚੋਂ ਬੇਅੰਤ ਕੀਮਤੀ ਪਦਾਰਥ ਨਿਕਲਦੇ ਹਨ ਜੋ ਮਨੁੱਖ ਦੇ ਕੰਮ ਆਉਂਦੇ ਹਨ, ਆਖ਼ਰ ਉਹ ਪਾਣੀ ਵਿਚ ਵੜਿਆਂ ਹੀ ਨਿਕਲਣਗੇ)।

ਅਠਸਠਿ ਤੀਰਥ ਦੇਵੀ ਥਾਪੇ ਪੁਰਬੀ ਲਗੈ ਬਾਣੀ ॥

(ਪਾਣੀ ਦੀ ਬਰਕਤਿ ਨਾਲ ਹੀ) ਦੇਵਤਿਆ ਲਈ ਅਠਾਰਹ ਤੀਰਥ ਬਣਾਏ ਗਏ ਜਿੱਥੇ ਪੁਰਬ ਲੱਗਦੇ ਹਨ, ਕਥਾ-ਵਾਰਤਾ ਹੁੰਦੀ ਹੈ।

ਨਾਇ ਨਿਵਾਜਾ ਨਾਤੈ ਪੂਜਾ ਨਾਵਨਿ ਸਦਾ ਸੁਜਾਣੀ ॥

ਨ੍ਹਾ ਕੇ ਹੀ ਨਮਾਜ਼ ਪੜ੍ਹੀਦੀ ਹੈ। ਨ੍ਹਾ ਕੇ ਹੀ ਪੂਜਾ ਹੁੰਦੀ ਹੈ। ਸੁਚੱਜੇ ਬੰਦੇ ਨਿੱਤ ਇਸ਼ਨਾਨ ਕਰਦੇ ਹਨ।

ਮੁਇਆ ਜੀਵਦਿਆ ਗਤਿ ਹੋਵੈ ਜਾਂ ਸਿਰਿ ਪਾਈਐ ਪਾਣੀ ॥

ਸਾਰੀ ਉਮਰ ਹੀ ਮਨੁੱਖ ਦੀ ਸੁਅੱਛ ਹਾਲਤ ਤਾਂ ਹੀ ਰਹਿ ਸਕਦੀ ਹੈ, ਜੇ ਇਸ਼ਨਾਨ ਕਰੇ।

ਨਾਨਕ ਸਿਰਖੁਥੇ ਸੈਤਾਨੀ ਏਨਾ ਗਲ ਨ ਭਾਣੀ ॥

ਪਰ ਹੇ ਨਾਨਕ! ਇਹ ਸਿਰ-ਖੁੱਥੇ ਅਜਿਹੇ ਉਲਟੇ ਰਾਹ ਪਏ ਹਨ (ਅਜਿਹੇ ਸ਼ੈਤਾਨ ਹਨ) ਕਿ ਇਹਨਾਂ ਨੂੰ ਇਸ਼ਨਾਨ ਵਾਲੀ ਗੱਲ ਚੰਗੀ ਨਹੀਂ ਲੱਗੀ।

ਵੁਠੈ ਹੋਇਐ ਹੋਇ ਬਿਲਾਵਲੁ ਜੀਆ ਜੁਗਤਿ ਸਮਾਣੀ ॥

(ਪਾਣੀ ਦੀਆਂ ਹੋਰ ਬਰਕਤਾਂ ਤੱਕੋ) ਮੀਂਹ ਪਿਆਂ (ਸਭ ਜੀਵਾਂ ਦੇ ਅੰਦਰ) ਖ਼ੁਸ਼ੀ ਪੈਦਾ ਹੁੰਦੀ ਹੈ। ਜੀਵਾਂ ਦੀ ਜੀਵਨ ਜੁਗਤਿ ਹੀ (ਪਾਣੀ ਵਿਚ) ਟਿਕੀ ਹੋਈ ਹੈ।

ਵੁਠੈ ਅੰਨੁ ਕਮਾਦੁ ਕਪਾਹਾ ਸਭਸੈ ਪੜਦਾ ਹੋਵੈ ॥

ਮੀਂਹ ਪਿਆਂ ਅੰਨ ਪੈਦਾ ਹੁੰਦਾ ਹੈ, ਕਮਾਦ ਉੱਗਦਾ ਹੈ, ਕਪਾਹ ਹੁੰਦੀ ਹੈ, ਜੋ ਸਭਨਾਂ ਦਾ ਪੜਦਾ ਬਣਦੀ ਹੈ।

ਵੁਠੈ ਘਾਹੁ ਚਰਹਿ ਨਿਤਿ ਸੁਰਹੀ ਸਾ ਧਨ ਦਹੀ ਵਿਲੋਵੈ ॥

ਮੀਂਹ ਪਿਆਂ (ਉੱਗਿਆ) ਘਾਹ ਗਾਈਆਂ ਚੁਗਦੀਆਂ ਹਨ (ਤੇ ਦੁੱਧ ਦੇਂਦੀਆਂ ਹਨ, ਉਸ ਦੁੱਧ ਤੋਂ ਬਣਿਆ) ਦਹੀਂ ਘਰ ਦੀ ਜ਼ਨਾਨੀ ਰਿੜਕਦੀ ਹੈ (ਤੇ ਘਿਉ ਬਣਾਂਦੀ ਹੈ)।

ਤਿਤੁ ਘਿਇ ਹੋਮ ਜਗ ਸਦ ਪੂਜਾ ਪਇਐ ਕਾਰਜੁ ਸੋਹੈ ॥

ਉਸ ਘਿਉ ਨਾਲ ਹੀ ਸਦਾ ਹੋਮ-ਜੱਗ ਪੂਜਾ ਆਦਿਕ ਹੁੰਦੇ ਹਨ, ਇਹ ਘਿਉ ਪਿਆਂ ਹੀ ਹਰੇਕ ਕਾਰਜ ਸੋਭਦਾ ਹੈ।

ਗੁਰੂ ਸਮੁੰਦੁ ਨਦੀ ਸਭਿ ਸਿਖੀ ਨਾਤੈ ਜਿਤੁ ਵਡਿਆਈ ॥

(ਇਕ ਹੋਰ ਇਸ਼ਨਾਨ ਭੀ ਹੈ) ਸਤਿਗੁਰੂ (ਮਾਨੋ) ਸਮੁੰਦਰ ਹੈ ਉਸ ਦੀ ਸਿੱਖਿਆ (ਮਾਨੋ) ਸਾਰੀਆਂ ਨਦੀਆਂ ਹਨ, (ਇਸ ਗੁਰ-ਸਿੱਖਿਆ) ਵਿਚ ਨ੍ਹਾਉਣ ਨਾਲ (ਭਾਵ, ਸੁਰਤ ਜੋੜਨ ਨਾਲ) ਵਡਿਆਈ ਮਿਲਦੀ ਹੈ।

ਨਾਨਕ ਜੇ ਸਿਰਖੁਥੇ ਨਾਵਨਿ ਨਾਹੀ ਤਾ ਸਤ ਚਟੇ ਸਿਰਿ ਛਾਈ ॥੧॥

ਹੇ ਨਾਨਕ! ਜੇ ਇਹ ਸਿਰ-ਖੁੱਥੇ (ਇਸ ‘ਨਾਮ’-ਜਲ ਵਿਚ) ਇਸ਼ਨਾਨ ਨਹੀਂ ਕਰਦੇ, ਤਾਂ ਨਿਰੀ ਮੁਕਾਲਖ ਹੀ ਖੱਟਦੇ ਹਨ ॥੧॥


ਮਃ ੨ ॥
ਅਗੀ ਪਾਲਾ ਕਿ ਕਰੇ ਸੂਰਜ ਕੇਹੀ ਰਾਤਿ ॥

ਅੱਗ ਨੂੰ ਪਾਲਾ ਕੀਹ ਕਰ ਸਕਦਾ ਹੈ? (ਭਾਵ, ਪਾਲਾ ਅੱਗ ਦਾ ਕੋਈ ਵਿਗਾੜ ਨਹੀਂ ਕਰ ਸਕਦਾ) ਰਾਤ ਸੂਰਜ ਦਾ ਕੋਈ ਵਿਗਾੜ ਨਹੀਂ ਕਰ ਸਕਦੀ,

ਚੰਦ ਅਨੇਰਾ ਕਿ ਕਰੇ ਪਉਣ ਪਾਣੀ ਕਿਆ ਜਾਤਿ ॥

ਹਨੇਰਾ ਚੰਦ੍ਰਮਾ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ, (ਕੋਈ ਉੱਚੀ ਨੀਵੀਂ) ਜਾਤਿ ਹਵਾ ਤੇ ਪਾਣੀ ਨੂੰ ਵਿਗਾੜ ਨਹੀਂ ਸਕਦੀ (ਭਾਵ, ਕੋਈ ਨੀਵੀਂ ਜਾਤਿ ਇਹਨਾਂ ਤੱਤਾਂ ਨੂੰ ਭਿੱਟ ਨਹੀਂ ਸਕਦੀ)।

ਧਰਤੀ ਚੀਜੀ ਕਿ ਕਰੇ ਜਿਸੁ ਵਿਚਿ ਸਭੁ ਕਿਛੁ ਹੋਇ ॥

ਜਿਸ ਧਰਤੀ ਵਿਚ ਹਰੇਕ ਚੀਜ਼ ਪੈਦਾ ਹੁੰਦੀ ਹੈ, ਇਹ ਚੀਜ਼ਾਂ ਇਸ ਧਰਤੀ ਦਾ ਕੋਈ ਵਿਗਾੜ ਨਹੀਂ ਕਰ ਸਕਦੀਆਂ (ਇਹ ਤਾਂ ਪੈਦਾ ਹੀ ਧਰਤੀ ਵਿਚੋਂ ਹੋਈਆਂ ਹਨ।)

ਨਾਨਕ ਤਾ ਪਤਿ ਜਾਣੀਐ ਜਾ ਪਤਿ ਰਖੈ ਸੋਇ ॥੨॥

(ਇਸੇ ਤਰ੍ਹਾਂ) ਹੇ ਨਾਨਕ! ਉਹੀ ਇੱਜ਼ਤ (ਅਸਲੀ) ਸਮਝੋ (ਭਾਵ, ਸਿਰਫ ਉਸੇ ਇੱਜ਼ਤ ਨੂੰ ਕੋਈ ਵਿਗਾੜ ਨਹੀਂ ਸਕਦਾ) ਜੋ ਇੱਜ਼ਤ ਪ੍ਰਭੂ ਵੱਲੋਂ ਮਿਲੀ ਹੈ (ਪ੍ਰਭੂ-ਦਰ ਤੋਂ ਜੋ ਆਦਰ ਮਿਲੇ ਉਸ ਨੂੰ ਕੋਈ ਜੀਵ ਵਿਗਾੜ ਨਹੀਂ ਸਕਦਾ, ਇਸ ਦਰਗਾਹੀ ਆਦਰ ਲਈ ਉੱਦਮ ਕਰੋ) ॥੨॥


ਪਉੜੀ ॥
ਤੁਧੁ ਸਚੇ ਸੁਬਹਾਨੁ ਸਦਾ ਕਲਾਣਿਆ ॥

ਹੇ ਸੱਚੇ (ਪ੍ਰਭੂ)! ਮੈਂ ਤੈਨੂੰ ਸਦਾ ‘ਸੁਬਹਾਨੁ’ (ਆਖ ਆਖ ਕੇ) ਵਡਿਆਉਂਦਾ ਹਾਂ।

ਤੂੰ ਸਚਾ ਦੀਬਾਣੁ ਹੋਰਿ ਆਵਣ ਜਾਣਿਆ ॥

ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹਾਕਮ ਹੈਂ, ਹੋਰ ਸਾਰੇ ਜੀਵ ਜੰਮਦੇ ਮਰਦੇ ਰਹਿੰਦੇ ਹਨ।

ਸਚੁ ਜਿ ਮੰਗਹਿ ਦਾਨੁ ਸਿ ਤੁਧੈ ਜੇਹਿਆ ॥

(ਹੇ ਪ੍ਰਭੂ!) ਜੋ ਬੰਦੇ ਤੇਰਾ ਸੱਚਾ ਨਾਮ-ਰੂਪ ਦਾਨ ਤੈਥੋਂ ਮੰਗਦੇ ਹਨ ਉਹ ਤੇਰੇ ਵਰਗੇ ਹੋ ਜਾਂਦੇ ਹਨ।

ਸਚੁ ਤੇਰਾ ਫੁਰਮਾਨੁ ਸਬਦੇ ਸੋਹਿਆ ॥

ਤੇਰਾ ਅੱਟਲ ਹੁਕਮ (ਗੁਰ) ਸ਼ਬਦ ਦੀ ਬਰਕਤਿ ਨਾਲ (ਉਹਨਾਂ ਨੂੰ) ਮਿੱਠਾ ਲੱਗਦਾ ਹੈ।

ਮੰਨਿਐ ਗਿਆਨੁ ਧਿਆਨੁ ਤੁਧੈ ਤੇ ਪਾਇਆ ॥

ਤੇਰਾ ਹੁਕਮ ਮੰਨਣ ਨਾਲ ਅਸਲੀਅਤ ਦੀ ਸਮਝ ਤੇ ਉੱਚੀ ਟਿਕੀ ਸੁਰਤ ਤੇਰੇ ਪਾਸੋਂ ਉਹਨਾਂ ਨੂੰ ਹਾਸਲ ਹੁੰਦੀ ਹੈ।

ਕਰਮਿ ਪਵੈ ਨੀਸਾਨੁ ਨ ਚਲੈ ਚਲਾਇਆ ॥

ਤੇਰੀ ਮਿਹਰ ਨਾਲ (ਉਹਨਾਂ ਦੇ ਮੱਥੇ ਤੇ ਇਹ ਸੋਹਣਾ) ਲੇਖ ਲਿਖਿਆ ਜਾਂਦਾ ਹੈ ਜੋ ਕਿਸੇ ਦਾ ਮਿਟਾਇਆ ਮਿਟਦਾ ਨਹੀਂ।

ਤੂੰ ਸਚਾ ਦਾਤਾਰੁ ਨਿਤ ਦੇਵਹਿ ਚੜਹਿ ਸਵਾਇਆ ॥

ਹੇ ਪ੍ਰਭੂ! ਤੂੰ ਸਦਾ ਬਖ਼ਸ਼ਸ਼ਾਂ ਕਰਨ ਵਾਲਾ ਹੈਂ, ਤੂੰ ਨਿੱਤ ਬਖ਼ਸ਼ਸ਼ਾਂ ਕਰਦਾ ਹੈਂ ਤੇ ਵਧੀਕ ਵਧੀਕ ਬਖ਼ਸ਼ਸ਼ਾਂ ਕਰੀ ਜਾਂਦਾ ਹੈਂ।

ਨਾਨਕੁ ਮੰਗੈ ਦਾਨੁ ਜੋ ਤੁਧੁ ਭਾਇਆ ॥੨੬॥

ਨਾਨਕ (ਤੇਰੇ ਦਰ ਤੋਂ) ਉਹੀ ਦਾਨ ਮੰਗਦਾ ਹੈ ਜੋ ਤੈਨੂੰ ਚੰਗਾ ਲੱਗਦਾ ਹੈ (ਭਾਵ, ਤੇਰੀ ਰਜ਼ਾ ਵਿਚ ਰਾਜ਼ੀ ਰਹਿਣ ਦਾ ਦਾਨ ਮੰਗਦਾ ਹੈ) ॥੨੬॥


ਸਲੋਕੁ ਮਃ ੨ ॥
ਦੀਖਿਆ ਆਖਿ ਬੁਝਾਇਆ ਸਿਫਤੀ ਸਚਿ ਸਮੇਉ ॥

ਹੇ ਨਾਨਕ! ਜਿਨ੍ਹਾਂ ਦਾ ਗੁਰਦੇਵ ਹੈ (ਭਾਵ, ਜਿਨ੍ਹਾਂ ਦੇ ਸਿਰ ਤੇ ਗੁਰਦੇਵ ਹੈ), ਜਿਨ੍ਹਾਂ ਨੂੰ (ਗੁਰੂ ਨੇ) ਸਿੱਖਿਆ ਦੇ ਕੇ ਗਿਆਨ ਦਿੱਤਾ ਹੈ ਤੇ ਸਿਫ਼ਤ-ਸਾਲਾਹ ਦੀ ਰਾਹੀਂ ਸੱਚ ਵਿਚ ਜੋੜਿਆ ਹੈ,

ਤਿਨ ਕਉ ਕਿਆ ਉਪਦੇਸੀਐ ਜਿਨ ਗੁਰੁ ਨਾਨਕ ਦੇਉ ॥੧॥

ਉਹਨਾਂ ਨੂੰ ਕਿਸੇ ਹੋਰ ਉਪਦੇਸ਼ ਦੀ ਲੋੜ ਨਹੀਂ ਰਹਿੰਦੀ (ਭਾਵ, ਪ੍ਰਭੂ ਦੇ ਨਾਮ ਵਿਚ ਜੁੜਨ ਦੀ ਸਿੱਖਿਆ ਤੋਂ ਉੱਚੀ ਹੋਰ ਕੋਈ ਸਿੱਖਿਆ ਨਹੀਂ ਹੈ) ॥੧॥


ਮਃ ੧ ॥
ਆਪਿ ਬੁਝਾਏ ਸੋਈ ਬੂਝੈ ॥

ਜਿਸ ਮਨੁੱਖ ਨੂੰ ਪ੍ਰਭੂ ਆਪ ਮਤਿ ਦੇਂਦਾ ਹੈ, ਉਸ ਨੂੰ ਹੀ ਮਤਿ ਆਉਂਦੀ ਹੈ।

ਜਿਸੁ ਆਪਿ ਸੁਝਾਏ ਤਿਸੁ ਸਭੁ ਕਿਛੁ ਸੂਝੈ ॥

ਜਿਸ ਮਨੁੱਖ ਨੂੰ ਆਪ ਸੂਝ ਬਖ਼ਸ਼ਦਾ ਹੈ, ਉਸ ਨੂੰ (ਜੀਵਨ-ਸਫ਼ਰ ਦੀ) ਹਰੇਕ ਗੱਲ ਦੀ ਸੂਝ ਆ ਜਾਂਦੀ ਹੈ।

ਕਹਿ ਕਹਿ ਕਥਨਾ ਮਾਇਆ ਲੂਝੈ ॥

(ਜੇ ਇਹ ਮਤਿ ਤੇ ਸੂਝ ਨਹੀਂ, ਤਾਂ ਇਸ ਦੀ ਪ੍ਰਾਪਤੀ ਬਾਰੇ) ਆਖੀ ਜਾਣਾ ਆਖੀ ਜਾਣਾ (ਕੋਈ ਲਾਭ ਨਹੀਂ ਦੇਂਦਾ) (ਮਨੁੱਖ ਅਮਲੀ ਜੀਵਨ ਵਿਚ) ਮਾਇਆ ਵਿਚ ਹੀ ਸੜਦਾ ਰਹਿੰਦਾ ਹੈ।

ਹੁਕਮੀ ਸਗਲ ਕਰੇ ਆਕਾਰ ॥

ਸਾਰੇ ਜੀਅ-ਜੰਤ ਪ੍ਰਭੂ ਆਪ ਹੀ ਆਪਣੇ ਹੁਕਮ-ਅਨੁਸਾਰ ਪੈਦਾ ਕਰਦਾ ਹੈ।

ਆਪੇ ਜਾਣੈ ਸਰਬ ਵੀਚਾਰ ॥

ਸਾਰੇ ਜੀਵਾਂ ਬਾਰੇ ਵਿਚਾਰਾਂ (ਉਹਨਾਂ ਨੂੰ ਕੀਹ ਕੁਝ ਦੇਣਾ ਹੈ) ਪ੍ਰਭੂ ਆਪ ਹੀ ਜਾਣਦਾ ਹੈ।

ਅਖਰ ਨਾਨਕ ਅਖਿਓ ਆਪਿ ॥

ਹੇ ਨਾਨਕ! ਜਿਸ ਮਨੁੱਖ ਨੂੰ ਉਸ ਅਵਿਨਾਸ਼ੀ ਤੇ ਅਖੈ ਪ੍ਰਭੂ ਪਾਸੋਂ (‘ਸੂਝ ਬੂਝ’ ਦੀ) ਦਾਤ ਮਿਲਦੀ ਹੈ,

ਲਹੈ ਭਰਾਤਿ ਹੋਵੈ ਜਿਸੁ ਦਾਤਿ ॥੨॥

ਉਸ ਦੀ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ ॥੨॥


ਪਉੜੀ ॥
ਹਉ ਢਾਢੀ ਵੇਕਾਰੁ ਕਾਰੈ ਲਾਇਆ ॥

ਮੈਂ ਵੇਹਲਾ ਸਾਂ, ਮੈਨੂੰ ਢਾਢੀ ਬਣਾ ਕੇ ਪ੍ਰਭੂ ਨੇ (ਅਸਲ) ਕੰਮ ਵਿਚ ਲਾ ਦਿੱਤਾ।

ਰਾਤਿ ਦਿਹੈ ਕੈ ਵਾਰ ਧੁਰਹੁ ਫੁਰਮਾਇਆ ॥

ਪ੍ਰਭੂ ਨੇ ਧੁਰੋਂ ਹੁਕਮ ਦਿੱਤਾ ਕਿ ਭਾਵੇਂ ਰਾਤ ਹੋਵੇ ਭਾਵੇਂ ਦਿਨ ਜਸ ਕਰੋ।

ਢਾਢੀ ਸਚੈ ਮਹਲਿ ਖਸਮਿ ਬੁਲਾਇਆ ॥

ਮੈਨੂੰ ਢਾਢੀ ਨੂੰ (ਭਾਵ, ਜਦੋਂ ਮੈਂ ਉਸ ਦੀ ਸਿਫ਼ਤ-ਸਾਲਾਹ ਸਾਲਾਹ ਵਿਚ ਲੱਗਾ ਤਾਂ) ਖਸਮ ਨੇ ਆਪਣੇ ਸੱਚੇ ਮਹਲ ਵਿਚ (ਆਪਣੀ ਹਜ਼ੂਰੀ ਵਿਚ) ਸੱਦਿਆ।

ਸਚੀ ਸਿਫਤਿ ਸਾਲਾਹ ਕਪੜਾ ਪਾਇਆ ॥

(ਉਸ ਨੇ) ਸੱਚੀ ਸਿਫ਼ਤ-ਸਾਲਾਹ-ਰੂਪ ਮੈਨੂੰ ਸਿਰੋਪਾਉ ਦਿੱਤਾ।

ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ ॥

ਸਦਾ ਕਾਇਮ ਰਹਿਣ ਵਾਲਾ ਆਤਮਕ ਜੀਵਨ ਦੇਣ ਵਾਲਾ ਨਾਮ (ਮੇਰੇ ਆਤਮਾ ਦੇ ਆਧਾਰ ਲਈ ਮੈਨੂੰ) ਭੋਜਨ (ਉਸ ਪਾਸੋਂ) ਮਿਲਿਆ।

ਗੁਰਮਤੀ ਖਾਧਾ ਰਜਿ ਤਿਨਿ ਸੁਖੁ ਪਾਇਆ ॥

ਜਿਸ ਜਿਸ ਮਨੁੱਖ ਨੇ ਗੁਰੂ ਦੀ ਸਿੱਖਿਆ ਤੇ ਤੁਰ ਕੇ (ਇਹ ‘ਅੰਮ੍ਰਿਤ ਨਾਮੁ ਭੋਜਨ’) ਰੱਜ ਕੇ ਖਾਧਾ ਹੈ ਉਸ ਨੇ ਸੁਖ ਪਾਇਆ ਹੈ।

ਢਾਢੀ ਕਰੇ ਪਸਾਉ ਸਬਦੁ ਵਜਾਇਆ ॥

ਮੈਂ ਢਾਢੀ (ਭੀ ਜਿਉਂ ਜਿਉਂ) ਸਿਫ਼ਤ-ਸਾਲਾਹ ਦਾ ਗੀਤ ਗਾਉਂਦਾ ਹਾਂ, ਪ੍ਰਭੂ-ਦਰ ਤੋਂ ਮਿਲੇ ਇਸ ਨਾਮ-ਪ੍ਰਸ਼ਾਦ ਨੂੰ ਛਕਦਾ ਹਾਂ (ਭਾਵ, ਨਾਮ ਦਾ ਆਨੰਦ ਮਾਣਦਾ ਹਾਂ)।

ਨਾਨਕ ਸਚੁ ਸਾਲਾਹਿ ਪੂਰਾ ਪਾਇਆ ॥੨੭॥ ਸੁਧੁ

ਹੇ ਨਾਨਕ! ਸੱਚੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ ਉਸ ਪੂਰਨ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ ॥੨੭॥ ਸੁਧੁ।