ਸੋਰਠਿ ਕੀ ਵਾਰ (ਮਹਲਾ 4)-Sorath ki vaar (Mahalla 4) Path in Punjabi Gurbani
ਸੋਰਠਿ ਕੀ ਵਾਰ (ਮਹਲਾ 4)-Sorath ki vaar (Mahalla 4) Path in Punjabi Gurbani
ਰਾਗੁ ਸੋਰਠਿ ਵਾਰ ਮਹਲੇ ੪ ਕੀ ॥
ਰਾਗ ਸੋਰਠਿ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ‘ਵਾਰ’।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਲੋਕੁ ਮਃ ੧ ॥
ਸੋਰਠਿ ਸਦਾ ਸੁਹਾਵਣੀ ਜੇ ਸਚਾ ਮਨਿ ਹੋਇ ॥
ਸੋਰਠਿ ਰਾਗਣੀ ਸਦਾ ਸੋਹਣੀ ਲੱਗੇ ਜੇ (ਇਸ ਦੀ ਰਾਹੀਂ ਪ੍ਰਭੂ ਦੇ ਗੁਣ ਗਾਂਵਿਆਂ) ਸਦ-ਥਿਰ ਰਹਿਣ ਵਾਲਾ ਪ੍ਰਭੂ ਮਨ ਵਿਚ ਵੱਸ ਪਏ,
ਦੰਦੀ ਮੈਲੁ ਨ ਕਤੁ ਮਨਿ ਜੀਭੈ ਸਚਾ ਸੋਇ ॥
ਨਿੰਦਿਆ ਕਰਨ ਦੀ ਵਾਦੀ ਨਾਹ ਰਹੇ, ਮਨ ਵਿਚ ਕਿਸੇ ਨਾਲ ਵੈਰ-ਵਿਰੋਧ ਨਾਹ ਹੋਵੇ, ਤੇ ਜੀਭ ਉਤੇ ਉਹ ਸੱਚਾ ਮਾਲਕ ਹੋਵੇ।
ਸਸੁਰੈ ਪੇਈਐ ਭੈ ਵਸੀ ਸਤਿਗੁਰੁ ਸੇਵਿ ਨਿਸੰਗ ॥
(ਇਸ ਤਰ੍ਹਾਂ ਜੀਵ-ਇਸਤ੍ਰੀ) ਲੋਕ ਪਰਲੋਕ ਵਿਚ (ਪਰਮਾਤਮਾ ਦੇ) ਡਰ ਵਿਚ ਜੀਵਨ ਗੁਜ਼ਾਰਦੀ ਹੈ ਤੇ ਗੁਰੂ ਦੀ ਸੇਵਾ ਕਰ ਕੇ ਨਿਝੱਕ ਹੋ ਜਾਂਦੀ ਹੈ (ਭਾਵ, ਕੋਈ ਸਹਿਮ ਦੱਬਾ ਨਹੀਂ ਪਾਂਦਾ)।
ਪਰਹਰਿ ਕਪੜੁ ਜੇ ਪਿਰ ਮਿਲੈ ਖੁਸੀ ਰਾਵੈ ਪਿਰੁ ਸੰਗਿ ॥
ਵਿਖਾਵਾ ਛੱਡ ਕੇ ਜੇ ਪਤੀ-ਪ੍ਰਭੂ ਨੂੰ ਮਿਲ ਪਏ ਤਾਂ ਪਤੀ ਭੀ ਤ੍ਰੁੱਠ ਕੇ ਇਸ ਨੂੰ ਆਪਣੇ ਨਾਲ ਮਿਲਾਂਦਾ ਹੈ;
ਸਦਾ ਸੀਗਾਰੀ ਨਾਉ ਮਨਿ ਕਦੇ ਨ ਮੈਲੁ ਪਤੰਗੁ ॥
ਜਿਸ ਜੀਵ-ਇਸਤ੍ਰੀ ਦੇ ਮਨ ਵਿਚ ਪ੍ਰਭੂ ਦਾ ਨਾਮ ਟਿਕ ਜਾਏ ਉਹ (ਇਸ ਨਾਮ-ਸਿੰਗਾਰ ਨਾਲ) ਸਦਾ ਸਜੀ ਰਹਿੰਦੀ ਹੈ ਤੇ ਕਦੇ (ਵਿਕਾਰਾਂ ਦੀ ਉਸ ਨੂੰ) ਰਤਾ ਭਰ ਭੀ ਮੈਲ ਨਹੀਂ ਲੱਗਦੀ।
ਦੇਵਰ ਜੇਠ ਮੁਏ ਦੁਖਿ ਸਸੂ ਕਾ ਡਰੁ ਕਿਸੁ ॥
ਉਸ ਜੀਵ-ਇਸਤ੍ਰੀ ਦੇ ਕਾਮਾਦਿਕ ਵਿਕਾਰ ਮੁੱਕ ਜਾਂਦੇ ਹਨ, ਮਾਇਆ ਦਾ ਭੀ ਕੋਈ ਦਬਾਅ ਉਸ ਉਤੇ ਨਹੀਂ ਰਹਿ ਜਾਂਦਾ।
ਜੇ ਪਿਰ ਭਾਵੈ ਨਾਨਕਾ ਕਰਮ ਮਣੀ ਸਭੁ ਸਚੁ ॥੧॥
ਹੇ ਨਾਨਕ! (ਪ੍ਰਭੂ-ਪਤੀ ਨੂੰ ਮਨ ਵਿਚ ਵਸਾ ਕੇ) ਜੇ ਜੀਵ-ਇਸਤ੍ਰੀ ਪਤੀ-ਪ੍ਰਭੂ ਨੂੰ ਚੰਗੀ ਲੱਗੇ ਤਾਂ ਉਸ ਦੇ ਮੱਥੇ ਤੇ ਭਾਗਾਂ ਦਾ ਟਿੱਕਾ (ਸਮਝੋ) ਉਸ ਨੂੰ ਹਰ ਥਾਂ ਸੱਚਾ ਪ੍ਰਭੂ ਹੀ (ਦਿੱਸਦਾ ਹੈ) ॥੧॥
ਮਃ ੪ ॥
ਸੋਰਠਿ ਤਾਮਿ ਸੁਹਾਵਣੀ ਜਾ ਹਰਿ ਨਾਮੁ ਢੰਢੋਲੇ ॥
ਸੋਰਠਿ ਰਾਗਣੀ ਤਦੋਂ ਸੋਹਣੀ ਹੈ, ਜੇ (ਇਸ ਦੀ ਰਾਹੀਂ ਜੀਵ-ਇਸਤ੍ਰੀ) ਹਰੀ ਦੇ ਨਾਮ ਦੀ ਖੋਜ ਕਰੇ,
ਗੁਰ ਪੁਰਖੁ ਮਨਾਵੈ ਆਪਣਾ ਗੁਰਮਤੀ ਹਰਿ ਹਰਿ ਬੋਲੇ ॥
ਆਪਣੇ ਵੱਡੇ ਪਤੀ ਹਰੀ ਨੂੰ ਪ੍ਰਸੰਨ ਕਰੇ ਤੇ ਸਤਿਗੁਰੂ ਦੀ ਸਿੱਖਿਆ ਲੈ ਕੇ ਪ੍ਰਭੂ ਦਾ ਸਿਮਰਨ ਕਰੇ;
ਹਰਿ ਪ੍ਰੇਮਿ ਕਸਾਈ ਦਿਨਸੁ ਰਾਤਿ ਹਰਿ ਰਤੀ ਹਰਿ ਰੰਗਿ ਚੋਲੇ ॥
ਦਿਨ ਰਾਤ ਹਰੀ ਦੇ ਪ੍ਰੇਮ ਦੀ ਖਿੱਚੀ ਹੋਈ ਆਪਣੇ (ਸਰੀਰ-ਰੂਪ) ਚੋਲੇ ਨੂੰ ਹਰੀ ਦੇ ਰੰਗ ਵਿਚ ਰੰਗੀ ਰੱਖੇ।
ਹਰਿ ਜੈਸਾ ਪੁਰਖੁ ਨ ਲਭਈ ਸਭੁ ਦੇਖਿਆ ਜਗਤੁ ਮੈ ਟੋਲੇ ॥
ਮੈਂ ਸਾਰਾ ਸੰਸਾਰ ਟੋਲ ਕੇ ਵੇਖ ਲਿਆ ਹੈ ਪਰਮਾਤਮਾ ਜਿਹਾ ਕੋਈ ਪੁਰਖ ਨਹੀਂ ਲੱਭਾ।
ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਮਨੁ ਅਨਤ ਨ ਕਾਹੂ ਡੋਲੇ ॥
ਗੁਰੂ ਸਤਿਗੁਰੂ ਨੇ ਹਰੀ ਦਾ ਨਾਮ (ਮੇਰੇ ਹਿਰਦੇ ਵਿਚ) ਦ੍ਰਿੜ੍ਹ ਕੀਤਾ ਹੈ, (ਇਸ ਕਰ ਕੇ ਹੁਣ) ਮੇਰਾ ਮਨ ਕਿਧਰੇ ਡੋਲਦਾ ਨਹੀਂ;
ਜਨੁ ਨਾਨਕੁ ਹਰਿ ਕਾ ਦਾਸੁ ਹੈ ਗੁਰ ਸਤਿਗੁਰ ਕੇ ਗੋਲ ਗੋਲੇ ॥੨॥
ਦਾਸ ਨਾਨਕ ਪ੍ਰਭੂ ਦਾ ਦਾਸ ਹੈ ਤੇ ਗੁਰੂ ਸਤਿਗੁਰੂ ਦੇ ਦਾਸਾਂ ਦਾ ਦਾਸ ਹੈ ॥੨॥
ਪਉੜੀ ॥
ਤੂ ਆਪੇ ਸਿਸਟਿ ਕਰਤਾ ਸਿਰਜਣਹਾਰਿਆ ॥
ਹੇ ਸਿਰਜਣਹਾਰ! ਤੂੰ ਆਪ ਹੀ ਸੰਸਾਰ ਦੇ ਰਚਣ ਵਾਲਾ ਹੈਂ;
ਤੁਧੁ ਆਪੇ ਖੇਲੁ ਰਚਾਇ ਤੁਧੁ ਆਪਿ ਸਵਾਰਿਆ ॥
(ਸੰਸਾਰ-ਰੂਪ) ਖੇਡ ਬਣਾ ਕੇ ਤੂੰ ਆਪ ਹੀ ਇਸ ਨੂੰ ਸੋਹਣਾ ਬਣਾਇਆ ਹੈ; ਸੰਸਾਰ ਰਚਣ ਵਾਲਾ ਤੂੰ ਆਪ ਹੈਂ।
ਦਾਤਾ ਕਰਤਾ ਆਪਿ ਆਪਿ ਭੋਗਣਹਾਰਿਆ ॥
ਇਸ ਨੂੰ ਦਾਤਾਂ ਬਖ਼ਸ਼ਣ ਵਾਲਾ ਭੀ ਤੂੰ ਆਪ ਹੀ ਹੈਂ, ਉਹਨਾਂ ਦਾਤਾਂ ਨੂੰ ਭੋਗਣ ਵਾਲਾ ਭੀ ਤੂੰ ਹੀ ਹੈਂ;
ਸਭੁ ਤੇਰਾ ਸਬਦੁ ਵਰਤੈ ਉਪਾਵਣਹਾਰਿਆ ॥
ਹੇ (ਜਗਤ ਨੂੰ) ਪੈਦਾ ਕਰਨ ਵਾਲੇ! ਸਭ ਥਾਈਂ ਤੇਰੀ ਜੀਵਨ-ਰੌ ਵਰਤ ਰਹੀ ਹੈ।
ਹਉ ਗੁਰਮੁਖਿ ਸਦਾ ਸਲਾਹੀ ਗੁਰ ਕਉ ਵਾਰਿਆ ॥੧॥
(ਪਰ) ਮੈਂ ਆਪਣੇ ਸਤਿਗੁਰੂ ਤੋਂ ਸਦਕੇ ਹਾਂ ਜਿਸ ਦੇ ਸਨਮੁਖ ਹੋ ਕੇ ਤੇਰੀ ਸਿਫ਼ਤ-ਸਾਲਾਹ ਸਦਾ ਕਰ ਸਕਦਾ ਹਾਂ ॥੧॥
ਸਲੋਕੁ ਮਃ ੩ ॥
ਹਉਮੈ ਜਲਤੇ ਜਲਿ ਮੁਏ ਭ੍ਰਮਿ ਆਏ ਦੂਜੈ ਭਾਇ ॥
(ਸੰਸਾਰੀ ਜੀਵ) ਹਉਮੈ ਵਿਚ ਸੜਦੇ ਹੋਏ ਸੜ ਮੁਏ ਸਨ ਤੇ ਮਾਇਆ ਦੇ ਮੋਹ ਵਿਚ ਭਟਕ ਭਟਕ ਕੇ ਜਦੋਂ ਗੁਰੂ ਦੇ ਦਰ ਤੇ ਆਏ,
ਪੂਰੈ ਸਤਿਗੁਰਿ ਰਾਖਿ ਲੀਏ ਆਪਣੈ ਪੰਨੈ ਪਾਇ ॥
ਤਾਂ ਪੂਰੇ ਸਤਿਗੁਰੂ ਨੇ ਆਪਣੇ ਲੜ ਲਾ ਕੇ ਬਚਾ ਲਏ ਹਨ।
ਇਹੁ ਜਗੁ ਜਲਤਾ ਨਦਰੀ ਆਇਆ ਗੁਰ ਕੈ ਸਬਦਿ ਸੁਭਾਇ ॥
ਉਹਨਾਂ ਨੂੰ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸੁਭਾਵਿਕ ਹੀ ਇਹ ਸੰਸਾਰ ਸੜਦਾ ਦਿੱਸਿਆ,
ਸਬਦਿ ਰਤੇ ਸੇ ਸੀਤਲ ਭਏ ਨਾਨਕ ਸਚੁ ਕਮਾਇ ॥੧॥
ਤਾਂ ਹੇ ਨਾਨਕ! ਉਹ ਗੁਰੂ ਦੇ ਸ਼ਬਦ ਵਿਚ ਰੰਗੀਜ ਕੇ ਤੇ ਨਾਮ-ਸਿਮਰਨ ਦੀ ਕਮਾਈ ਕਰ ਕੇ ਠੰਢੇ-ਠਾਰ ਹੋ ਗਏ ॥੧॥
ਮਃ ੩ ॥
ਸਫਲਿਓ ਸਤਿਗੁਰੁ ਸੇਵਿਆ ਧੰਨੁ ਜਨਮੁ ਪਰਵਾਣੁ ॥
ਉਹਨਾਂ ਮਨੁੱਖਾਂ ਦਾ ਸੇਵਿਆ ਹੋਇਆ ਸਤਿਗੁਰੂ ਸਫਲ ਹੈ (ਭਾਵ, ਸਤਿਗੁਰੂ ਦੀ ਸੇਵਾ ਉਹਨਾਂ ਲਈ ਸਫਲ ਹੈ) ਤੇ ਉਹਨਾਂ ਦਾ ਜਨਮ ਭੀ ਸ਼ਲਾਘਾ-ਜੋਗ ਤੇ ਕਬੂਲ ਹੋਣ ਦੇ ਜੋਗ ਹੁੰਦਾ ਹੈ,
ਜਿਨਾ ਸਤਿਗੁਰੁ ਜੀਵਦਿਆ ਮੁਇਆ ਨ ਵਿਸਰੈ ਸੇਈ ਪੁਰਖ ਸੁਜਾਣ ॥
ਉਹੀ ਮਨੁੱਖ ਸਿਆਣੇ (ਗਿਣੇ ਜਾਂਦੇ ਹਨ) ਜਿਨ੍ਹਾਂ ਨੂੰ ਸਾਰੀ ਉਮਰ ਕਦੇ ਭੀ ਆਪਣਾ ਸਤਿਗੁਰੂ ਨਹੀਂ ਭੁੱਲਦਾ।
ਕੁਲੁ ਉਧਾਰੇ ਆਪਣਾ ਸੋ ਜਨੁ ਹੋਵੈ ਪਰਵਾਣੁ ॥
(ਜੋ ਮਨੁੱਖ ਇਹੋ ਜਿਹੀ ਕਾਰ ਕਰਦਾ ਹੈ) ਉਹ ਆਪ ਕਬੂਲ ਹੋ ਜਾਂਦਾ ਹੈ ਤੇ ਆਪਣੀ ਕੁਲ ਨੂੰ ਭੀ ਤਾਰ ਲੈਂਦਾ ਹੈ।
ਗੁਰਮੁਖਿ ਮੁਏ ਜੀਵਦੇ ਪਰਵਾਣੁ ਹਹਿ ਮਨਮੁਖ ਜਨਮਿ ਮਰਾਹਿ ॥
ਸਤਿਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਜਿਊਂਦੇ ਵੀ ਅਤੇ ਮੋਏ ਵੀ ਕਬੂਲ ਹਨ, ਪਰ, ਮਨ ਦੇ ਅਧੀਨ ਮਨੁੱਖ ਜੰਮਦੇ ਮਰਦੇ ਰਹਿੰਦੇ ਹਨ;
ਨਾਨਕ ਮੁਏ ਨ ਆਖੀਅਹਿ ਜਿ ਗੁਰ ਕੈ ਸਬਦਿ ਸਮਾਹਿ ॥੨॥
ਹੇ ਨਾਨਕ! ਜੋ ਮਨੁੱਖ ਸਤਿਗੁਰੂ ਦੇ ਸ਼ਬਦ ਵਿਚ ਲੀਨ ਹੋ ਜਾਂਦੇ ਹਨ, ਉਹਨਾਂ ਨੂੰ ਮੁਏ ਹੋਏ ਨਹੀਂ ਆਖੀਦਾ ॥੨॥
ਪਉੜੀ ॥
ਹਰਿ ਪੁਰਖੁ ਨਿਰੰਜਨੁ ਸੇਵਿ ਹਰਿ ਨਾਮੁ ਧਿਆਈਐ ॥
ਮਾਇਆ ਤੋਂ ਰਹਿਤ ਅਕਾਲ ਪੁਰਖ ਦੀ ਸੇਵਾ ਕਰ ਕੇ ਉਸ ਦਾ ਨਾਮ ਸਿਮਰਨਾ ਚਾਹੀਦਾ ਹੈ;
ਸਤਸੰਗਤਿ ਸਾਧੂ ਲਗਿ ਹਰਿ ਨਾਮਿ ਸਮਾਈਐ ॥
(ਪਰ) ਗੁਰੂ ਦੀ ਸੰਗਤਿ ਵਿਚ ਹੀ ਜੁੜ ਕੇ ਹਰੀ ਦੇ ਨਾਮ ਵਿਚ ਲੀਨ ਹੋ ਸਕੀਦਾ ਹੈ।
ਹਰਿ ਤੇਰੀ ਵਡੀ ਕਾਰ ਮੈ ਮੂਰਖ ਲਾਈਐ ॥
ਹੇ ਹਰੀ! ਮੈਨੂੰ ਮੂਰਖ ਨੂੰ ਆਪਣੀ ਵੱਡੀ ਕਾਰ (ਭਾਵ, ਭਗਤੀ) ਵਿਚ ਜੋੜ ਲੈ;
ਹਉ ਗੋਲਾ ਲਾਲਾ ਤੁਧੁ ਮੈ ਹੁਕਮੁ ਫੁਰਮਾਈਐ ॥
ਮੈਨੂੰ ਹੁਕਮ ਕਰ, ਮੈਂ ਤੇਰੇ ਦਾਸਾਂ ਦਾ ਦਾਸ ਹਾਂ;
ਹਉ ਗੁਰਮੁਖਿ ਕਾਰ ਕਮਾਵਾ ਜਿ ਗੁਰਿ ਸਮਝਾਈਐ ॥੨॥
(ਮੇਹਰ ਕਰ ਕਿ) ਸਤਿਗੁਰੂ ਨੇ ਜੋ ਕਾਰ ਸਮਝਾਈ ਹੈ ਉਹ ਮੈਂ ਸਤਿਗੁਰੂ ਦੇ ਸਨਮੁਖ ਹੋ ਕੇ ਕਰਾਂ ॥੨॥
ਸਲੋਕੁ ਮਃ ੩ ॥
ਪੂਰਬਿ ਲਿਖਿਆ ਕਮਾਵਣਾ ਜਿ ਕਰਤੈ ਆਪਿ ਲਿਖਿਆਸੁ ॥
(ਪਿਛਲੇ ਕੀਤੇ ਕਰਮਾਂ ਅਨੁਸਾਰ) ਮੁੱਢ ਤੋਂ ਜੋ (ਸੰਸਕਾਰ-ਰੂਪ ਲੇਖ) ਲਿਖਿਆ (ਭਾਵ, ਉੱਕਰਿਆ) ਹੋਇਆ ਹੈ ਤੇ ਜੋ ਕਰਤਾਰ ਨੇ ਆਪ ਲਿਖ ਦਿੱਤਾ ਹੈ ਉਹ (ਜ਼ਰੂਰ) ਕਮਾਉਣਾ ਪੈਂਦਾ ਹੈ;
ਮੋਹ ਠਗਉਲੀ ਪਾਈਅਨੁ ਵਿਸਰਿਆ ਗੁਣਤਾਸੁ ॥
(ਉਸ ਲੇਖ ਅਨੁਸਾਰ ਹੀ) ਮੋਹ ਦੀ ਠਗਬੂਟੀ (ਜਿਸ ਨੂੰ) ਮਿਲ ਗਈ ਹੈ ਉਸ ਨੂੰ ਗੁਣਾਂ ਦਾ ਖ਼ਜ਼ਾਨਾ ਹਰੀ ਵਿੱਸਰ ਗਿਆ ਹੈ।
ਮਤੁ ਜਾਣਹੁ ਜਗੁ ਜੀਵਦਾ ਦੂਜੈ ਭਾਇ ਮੁਇਆਸੁ ॥
(ਉਸ) ਸੰਸਾਰ ਨੂੰ ਜੀਊਂਦਾ ਨਾ ਸਮਝੋ (ਜੋ) ਮਾਇਆ ਦੇ ਮੋਹ ਵਿਚ ਮੁਇਆ ਪਿਆ ਹੈ;
ਜਿਨੀ ਗੁਰਮੁਖਿ ਨਾਮੁ ਨ ਚੇਤਿਓ ਸੇ ਬਹਣਿ ਨ ਮਿਲਨੀ ਪਾਸਿ ॥
ਜਿਨ੍ਹਾਂ ਨੇ ਸਤਿਗੁਰੂ ਦੇ ਸਨਮੁਖ ਹੋ ਕੇ ਨਾਮ ਨਹੀਂ ਸਿਮਰਿਆ, ਉਹਨਾਂ ਨੂੰ ਪ੍ਰਭੂ ਦੇ ਕੋਲ ਬਹਿਣਾ ਨਹੀਂ ਮਿਲਦਾ।
ਦੁਖੁ ਲਾਗਾ ਬਹੁ ਅਤਿ ਘਣਾ ਪੁਤੁ ਕਲਤੁ ਨ ਸਾਥਿ ਕੋਈ ਜਾਸਿ ॥
ਉਹ ਮਨਮੁਖ ਬਹੁਤ ਹੀ ਦੁੱਖੀ ਹੁੰਦੇ ਹਨ, (ਕਿਉਂਕਿ ਜਿਨ੍ਹਾਂ ਦੀ ਖ਼ਾਤਰ ਮਾਇਆ ਦੇ ਮੋਹ ਵਿਚ ਮੁਏ ਪਏ ਸਨ, ਉਹ) ਪੁੱਤ੍ਰ ਇਸਤ੍ਰੀ ਤਾਂ ਕੋਈ ਨਾਲ ਨਹੀਂ ਜਾਏਗਾ;
ਲੋਕਾ ਵਿਚਿ ਮੁਹੁ ਕਾਲਾ ਹੋਆ ਅੰਦਰਿ ਉਭੇ ਸਾਸ ॥
ਸੰਸਾਰ ਦੇ ਲੋਕਾਂ ਵਿਚ ਭੀ ਉਹਨਾਂ ਦਾ ਮੂੰਹ ਕਾਲਾ ਹੋਇਆ (ਭਾਵ, ਸ਼ਰਮਿੰਦੇ ਹੋਏ) ਤੇ ਹਾਹੁਕੇ ਲੈਂਦੇ ਹਨ;
ਮਨਮੁਖਾ ਨੋ ਕੋ ਨ ਵਿਸਹੀ ਚੁਕਿ ਗਇਆ ਵੇਸਾਸੁ ॥
ਮਨਮੁਖਾਂ ਦਾ ਕੋਈ ਵਿਸਾਹ ਨਹੀਂ ਕਰਦਾ, ਉਹਨਾਂ ਦਾ ਇਤਬਾਰ ਮੁੱਕ ਜਾਂਦਾ ਹੈ।
ਨਾਨਕ ਗੁਰਮੁਖਾ ਨੋ ਸੁਖੁ ਅਗਲਾ ਜਿਨਾ ਅੰਤਰਿ ਨਾਮ ਨਿਵਾਸੁ ॥੧॥
ਹੇ ਨਾਨਕ! ਗੁਰਮੁਖਾਂ ਨੂੰ ਬਹੁਤ ਸੁਖ ਹੁੰਦਾ ਹੈ ਕਿਉਂਕਿ ਉਹਨਾਂ ਦੇ ਹਿਰਦੇ ਵਿਚ ਨਾਮ ਦਾ ਨਿਵਾਸ ਹੁੰਦਾ ਹੈ ॥੧॥
ਮਃ ੩ ॥
ਸੇ ਸੈਣ ਸੇ ਸਜਣਾ ਜਿ ਗੁਰਮੁਖਿ ਮਿਲਹਿ ਸੁਭਾਇ ॥
ਸਤਿਗੁਰੂ ਦੇ ਸਨਮੁਖ ਹੋਏ ਜੋ ਮਨੁੱਖ (ਆਪਾ ਨਿਵਾਰ ਕੇ ਪ੍ਰਭੂ ਵਿਚ ਸੁਭਾਵਿਕ ਹੀ) ਲੀਨ ਹੋ ਜਾਂਦੇ ਹਨ ਉਹ ਭਲੇ ਲੋਕ ਹਨ ਤੇ (ਸਾਡੇ) ਸਾਥੀ ਹਨ;
ਸਤਿਗੁਰ ਕਾ ਭਾਣਾ ਅਨਦਿਨੁ ਕਰਹਿ ਸੇ ਸਚਿ ਰਹੇ ਸਮਾਇ ॥
ਜੋ ਸਦਾ ਸਤਿਗੁਰੂ ਦਾ ਭਾਣਾ ਮੰਨਦੇ ਹਨ, ਉਹ ਸੱਚੇ ਹਰੀ ਵਿਚ ਸਮਾਏ ਰਹਿੰਦੇ ਹਨ।
ਦੂਜੈ ਭਾਇ ਲਗੇ ਸਜਣ ਨ ਆਖੀਅਹਿ ਜਿ ਅਭਿਮਾਨੁ ਕਰਹਿ ਵੇਕਾਰ ॥
ਉਹਨਾਂ ਨੂੰ ਸੰਤ ਜਨ ਨਹੀਂ ਆਖੀਦਾ ਜੋ ਮਾਇਆ ਦੇ ਮੋਹ ਵਿਚ ਲੱਗੇ ਹੋਏ ਅਹੰਕਾਰ ਤੇ ਵਿਕਾਰ ਕਰਦੇ ਹਨ।
ਮਨਮੁਖ ਆਪ ਸੁਆਰਥੀ ਕਾਰਜੁ ਨ ਸਕਹਿ ਸਵਾਰਿ ॥
ਮਨਮੁਖ ਆਪਣੇ ਮਤਲਬ ਦੇ ਪਿਆਰੇ (ਹੋਣ ਕਰ ਕੇ) ਕਿਸੇ ਦਾ ਕੰਮ ਨਹੀਂ ਸਵਾਰ ਸਕਦੇ;
ਨਾਨਕ ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ ॥੨॥
(ਪਰ) ਹੇ ਨਾਨਕ! (ਉਹਨਾਂ ਦੇ ਸਿਰ ਕੀਹ ਦੋਸ਼?) (ਪਿਛਲੇ ਕੀਤੇ ਕੰਮਾਂ ਅਨੁਸਾਰ) ਮੁੱਢ ਤੋਂ ਉੱਕਰਿਆ ਹੋਇਆ (ਸੰਸਕਾਰ-ਰੂਪ ਲੇਖ) ਕਮਾਉਣਾ ਪੈਂਦਾ ਹੈ, ਕੋਈ ਮਿਟਾਉਣ-ਜੋਗਾ ਨਹੀਂ ॥੨॥
ਪਉੜੀ ॥
ਤੁਧੁ ਆਪੇ ਜਗਤੁ ਉਪਾਇ ਕੈ ਆਪਿ ਖੇਲੁ ਰਚਾਇਆ ॥
ਹੇ ਹਰੀ! ਤੂੰ ਆਪ ਹੀ ਸੰਸਾਰ ਰਚ ਕੇ ਆਪ ਹੀ ਖੇਡ ਬਣਾਈ ਹੈ;
ਤ੍ਰੈ ਗੁਣ ਆਪਿ ਸਿਰਜਿਆ ਮਾਇਆ ਮੋਹੁ ਵਧਾਇਆ ॥
ਤੂੰ ਆਪ ਹੀ (ਮਾਇਆ ਦੇ) ਤਿੰਨ ਗੁਣ ਬਣਾਏ ਹਨ ਤੇ ਆਪ ਹੀ ਮਾਇਆ ਦਾ ਮੋਹ (ਜਗਤ ਵਿਚ) ਵਧਾ ਦਿੱਤਾ ਹੈ।
ਵਿਚਿ ਹਉਮੈ ਲੇਖਾ ਮੰਗੀਐ ਫਿਰਿ ਆਵੈ ਜਾਇਆ ॥
(ਇਸ ਮੋਹ ਤੋਂ ਉਪਜੇ) ਅਹੰਕਾਰ ਵਿਚ (ਲੱਗਿਆਂ) (ਦਰਗਾਹ ਵਿਚ) ਲੇਖਾ ਮੰਗੀਦਾ ਹੈ ਤੇ ਫਿਰ ਜੰਮਣਾ ਮਰਨਾ ਪੈਂਦਾ ਹੈ;
ਜਿਨਾ ਹਰਿ ਆਪਿ ਕ੍ਰਿਪਾ ਕਰੇ ਸੇ ਗੁਰਿ ਸਮਝਾਇਆ ॥
ਜਿਨ੍ਹਾਂ ਤੇ ਹਰੀ ਆਪ ਮੇਹਰ ਕਰਦਾ ਹੈ ਉਹਨਾਂ ਨੂੰ ਸਤਿਗੁਰੂ ਨੇ (ਇਹ) ਸਮਝ ਪਾ ਦਿੱਤੀ ਹੈ।
ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ ॥੩॥
(ਇਸ ਕਰਕੇ) ਮੈਂ ਆਪਣੇ ਸਤਿਗੁਰੂ ਤੋਂ ਸਦਕੇ ਹਾਂ ਤੇ ਸਦਾ ਵਾਰਨੇ ਜਾਂਦਾ ਹਾਂ ॥੩॥
ਸਲੋਕੁ ਮਃ ੩ ॥
ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ ॥
ਮਾਇਆ ਦੀ ਅਪਣੱਤ (ਭਾਵ, ਇਹ ਖ਼ਿਆਲ ਕਿ ਏਹ ਸ਼ੈ ਮੇਰੀ ਹੈ, ਇਹ ਧਨ ਮੇਰਾ ਹੈ,) ਮਨ ਨੂੰ ਮੋਹਣ ਵਾਲੀ ਹੈ, ਇਸ ਨੇ ਸੰਸਾਰ ਨੂੰ ਬਿਨਾਂ ਦੰਦਾਂ ਤੋਂ ਹੀ ਖਾ ਲਿਆ ਹੈ (ਭਾਵ, ਸਮੂਲਚਾ ਹੀ ਨਿਗਲ ਲਿਆ ਹੈ।)
ਮਨਮੁਖ ਖਾਧੇ ਗੁਰਮੁਖਿ ਉਬਰੇ ਜਿਨੀ ਸਚਿ ਨਾਮਿ ਚਿਤੁ ਲਾਇਆ ॥
ਮਨਮੁਖ (ਇਸ ‘ਮਮਤਾ’ ਵਿਚ) ਗ੍ਰਸੇ ਗਏ ਹਨ, ਤੇ ਜਿਨ੍ਹਾਂ ਗੁਰਮੁਖਾਂ ਨੇ ਸੱਚੇ ਨਾਮ ਵਿਚ ਚਿੱਤ ਜੋੜਿਆ ਹੈ ਉਹ ਬਚ ਗਏ ਹਨ।
ਬਿਨੁ ਨਾਵੈ ਜਗੁ ਕਮਲਾ ਫਿਰੈ ਗੁਰਮੁਖਿ ਨਦਰੀ ਆਇਆ ॥
ਸਤਿਗੁਰੂ ਦੇ ਸਨਮੁਖ ਹੋ ਕੇ ਇਹ ਦਿੱਸ ਪੈਂਦਾ ਹੈ ਕਿ ਸੰਸਾਰ ਨਾਮ ਤੋਂ ਬਿਨਾ ਕਮਲਾ ਹੋਇਆ ਭਟਕਦਾ ਹੈ।
ਧੰਧਾ ਕਰਤਿਆ ਨਿਹਫਲੁ ਜਨਮੁ ਗਵਾਇਆ ਸੁਖਦਾਤਾ ਮਨਿ ਨ ਵਸਾਇਆ ॥
ਮਾਇਆ ਦੇ ਕਜ਼ੀਏ ਕਰਦਿਆਂ ਮਨੁੱਖਾ ਜਨਮ ਨਿਸਫਲ ਗਵਾ ਲੈਂਦਾ ਹੈ ਤੇ ਸੁਖਦਾਤਾ ਨਾਮ ਮਨ ਵਿਚ ਨਹੀਂ ਵਸਾਉਂਦਾ।
ਨਾਨਕ ਨਾਮੁ ਤਿਨਾ ਕਉ ਮਿਲਿਆ ਜਿਨ ਕਉ ਧੁਰਿ ਲਿਖਿ ਪਾਇਆ ॥੧॥
(ਪਰ) ਹੇ ਨਾਨਕ! ਨਾਮ ਉਹਨਾਂ ਮਨੁੱਖਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਦੇ ਹਿਰਦੇ ਵਿਚ ਮੁੱਢ ਤੋਂ (ਕੀਤੇ ਕਰਮਾਂ ਦੇ ਅਨੁਸਾਰ) (ਸੰਸਕਾਰ-ਰੂਪ ਲੇਖ) ਉੱਕਰ ਕੇ ਪ੍ਰਭੂ ਨੇ ਰੱਖ ਦਿੱਤਾ ਹੈ ॥੧॥
ਮਃ ੩ ॥
ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ ਮਨਮੁਖਾ ਸਾਦੁ ਨ ਪਾਇਆ ॥
(ਨਾਮ-ਰੂਪ) ਅੰਮ੍ਰਿਤ (ਹਰੇਕ ਜੀਵ ਦੇ ਹਿਰਦੇ-ਰੂਪ) ਘਰ ਵਿਚ ਹੀ ਭਰਿਆ ਹੋਇਆ ਹੈ, (ਪਰ) ਮਨਮੁਖਾਂ ਨੂੰ (ਉਸ ਦਾ) ਸੁਆਦ ਨਹੀਂ ਆਉਂਦਾ।
ਜਿਉ ਕਸਤੂਰੀ ਮਿਰਗੁ ਨ ਜਾਣੈ ਭ੍ਰਮਦਾ ਭਰਮਿ ਭੁਲਾਇਆ ॥
ਜਿਵੇਂ ਹਰਨ (ਆਪਣੀ ਨਾਭੀ ਵਿਚ) ਕਸਤੂਰੀ ਨਹੀਂ ਸਮਝਦਾ ਤੇ ਭਰਮ ਵਿਚ ਭੁਲਾਇਆ ਹੋਇਆ ਭਟਕਦਾ ਹੈ, ਤਿਵੇਂ ਮਨਮੁਖ ਨਾਮ-ਅੰਮ੍ਰਿਤ ਨੂੰ ਛੱਡ ਕੇ ਵਿਹੁ ਨੂੰ ਇਕੱਠਾ ਕਰਦਾ ਹੈ,
ਅੰਮ੍ਰਿਤੁ ਤਜਿ ਬਿਖੁ ਸੰਗ੍ਰਹੈ ਕਰਤੈ ਆਪਿ ਖੁਆਇਆ ॥
(ਪਰ ਉਸ ਦੇ ਭੀ ਕੀਹ ਵੱਸ?) ਕਰਤਾਰ ਨੇ (ਉਸ ਦੇ ਪਿਛਲੇ ਕੀਤੇ ਅਨੁਸਾਰ) ਉਸ ਨੂੰ ਆਪ ਖੁੰਝਾਇਆ ਹੋਇਆ ਹੈ।
ਗੁਰਮੁਖਿ ਵਿਰਲੇ ਸੋਝੀ ਪਈ ਤਿਨਾ ਅੰਦਰਿ ਬ੍ਰਹਮੁ ਦਿਖਾਇਆ ॥
ਵਿਰਲੇ ਗੁਰਮੁਖਾਂ ਨੂੰ ਸਮਝ ਪੈਂਦੀ ਹੈ, ਉਹਨਾਂ ਨੂੰ ਹਿਰਦੇ ਵਿਚ ਹੀ (ਪਰਮਾਤਮਾ ਦਿੱਸ ਪੈਂਦਾ ਹੈ;
ਤਨੁ ਮਨੁ ਸੀਤਲੁ ਹੋਇਆ ਰਸਨਾ ਹਰਿ ਸਾਦੁ ਆਇਆ ॥
ਉਹਨਾਂ ਦਾ ਮਨ ਤੇ ਸਰੀਰ ਠੰਢੇ-ਠਾਰ ਹੋ ਜਾਂਦੇ ਹਨ ਤੇ ਜੀਭ ਨਾਲ (ਜਪ ਕੇ) ਉਹਨਾਂ ਨੂੰ ਨਾਮ ਦਾ ਸੁਆਦ ਆ ਜਾਂਦਾ ਹੈ।
ਸਬਦੇ ਹੀ ਨਾਉ ਊਪਜੈ ਸਬਦੇ ਮੇਲਿ ਮਿਲਾਇਆ ॥
ਸਤਿਗੁਰੂ ਦੇ ਸ਼ਬਦ ਨਾਲ ਹੀ ਨਾਮ (ਦਾ ਅੰਗੂਰ ਹਿਰਦੇ ਵਿਚ) ਉੱਗਦਾ ਹੈ ਤੇ ਸ਼ਬਦ ਦੀ ਰਾਹੀਂ ਹੀ ਹਰੀ ਨਾਲ ਮੇਲ ਹੁੰਦਾ ਹੈ;
ਬਿਨੁ ਸਬਦੈ ਸਭੁ ਜਗੁ ਬਉਰਾਨਾ ਬਿਰਥਾ ਜਨਮੁ ਗਵਾਇਆ ॥
ਸ਼ਬਦ ਤੋਂ ਬਿਨਾ ਸਾਰਾ ਸੰਸਾਰ ਪਾਗਲ ਹੋਇਆ ਪਿਆ ਹੈ ਤੇ ਮਨੁੱਖਾ ਜਨਮ ਵਿਅਰਥ ਗਵਾਉਂਦਾ ਹੈ।
ਅੰਮ੍ਰਿਤੁ ਏਕੋ ਸਬਦੁ ਹੈ ਨਾਨਕ ਗੁਰਮੁਖਿ ਪਾਇਆ ॥੨॥
ਹੇ ਨਾਨਕ! ਗੁਰੂ ਦਾ ਇਕ ਸ਼ਬਦ ਹੀ ਆਤਮਕ ਜੀਵਨ ਦੇਣ ਵਾਲਾ ਜਲ ਹੈ ਜੋ ਸਤਿਗੁਰੂ ਦੇ ਸਨਮੁਖ ਮਨੁੱਖ ਨੂੰ ਮਿਲਦਾ ਹੈ ॥੨॥
ਪਉੜੀ ॥
ਸੋ ਹਰਿ ਪੁਰਖੁ ਅਗੰਮੁ ਹੈ ਕਹੁ ਕਿਤੁ ਬਿਧਿ ਪਾਈਐ ॥
ਹੇ ਭਾਈ! ਦੱਸ ਉਹ ਹਰੀ, ਜੋ ਅਗੰਮ ਪੁਰਖ ਹੈ, ਕਿਸ ਤਰ੍ਹਾਂ ਮਿਲ ਸਕਦਾ ਹੈ?
ਤਿਸੁ ਰੂਪੁ ਨ ਰੇਖ ਅਦ੍ਰਿਸਟੁ ਕਹੁ ਜਨ ਕਿਉ ਧਿਆਈਐ ॥
ਉਸ ਦਾ ਕੋਈ ਰੂਪ ਨਹੀਂ, ਕੋਈ ਰੇਖ ਨਹੀਂ, ਦਿੱਸਦਾ ਭੀ ਨਹੀਂ, ਉਸ ਨੂੰ ਕਿਵੇਂ ਸਿਮਰੀਏ?
ਨਿਰੰਕਾਰੁ ਨਿਰੰਜਨੁ ਹਰਿ ਅਗਮੁ ਕਿਆ ਕਹਿ ਗੁਣ ਗਾਈਐ ॥
ਸ਼ਕਲ ਤੋਂ ਬਿਨਾ ਹੈ, ਮਾਇਆ ਤੋਂ ਰਹਿਤ ਹੈ, ਪਹੁੰਚ ਤੋਂ ਪਰੇ ਹੈ, ਸੋ, ਕੀਹ ਆਖ ਕੇ ਉਸ ਦੀ ਸਿਫ਼ਤ-ਸਾਲਾਹ ਕਰੀਏ?
ਜਿਸੁ ਆਪਿ ਬੁਝਾਏ ਆਪਿ ਸੁ ਹਰਿ ਮਾਰਗਿ ਪਾਈਐ ॥
ਜਿਸ ਮਨੁੱਖ ਨੂੰ ਆਪ ਪ੍ਰਭੂ ਸਮਝ ਦੇਂਦਾ ਹੈ ਉਹ ਪ੍ਰਭੂ ਦੇ ਰਾਹ ਤੇ ਤੁਰਦਾ ਹੈ;
ਗੁਰਿ ਪੂਰੈ ਵੇਖਾਲਿਆ ਗੁਰ ਸੇਵਾ ਪਾਈਐ ॥੪॥
ਪੂਰੇ ਗੁਰੂ ਨੇ ਹੀ ਉਸ ਦਾ ਦੀਦਾਰ ਕਰਾਇਆ ਹੈ, ਗੁਰੂ ਦੀ ਦੱਸੀ ਕਾਰ ਕੀਤਿਆਂ ਹੀ ਉਹ ਮਿਲਦਾ ਹੈ ॥੪॥
ਸਲੋਕੁ ਮਃ ੩ ॥
ਜਿਉ ਤਨੁ ਕੋਲੂ ਪੀੜੀਐ ਰਤੁ ਨ ਭੋਰੀ ਡੇਹਿ ॥
ਜੇ ਮੇਰਾ ਸਰੀਰ ਰਤਾ ਭਰ ਭੀ ਲਹੂ ਨਾ ਦੇਵੇ ਭਾਵੇਂ ਤਿਲਾਂ ਵਾਂਗ ਇਹ ਕੋਹਲੂ ਵਿਚ ਪੀੜਿਆ ਜਾਏ, (ਭਾਵ, ਜੇ ਅਨੇਕਾਂ ਕਰੜੇ ਕਸ਼ਟ ਆਉਣ ਤੇ ਭੀ ਮੇਰੇ ਅੰਦਰ ਸਰੀਰ ਦੇ ਬਚੇ ਰਹਿਣ ਦੀ ਲਾਲਸਾ ਰਤਾ ਭੀ ਨਾ ਹੋਵੇ)
ਜੀਉ ਵੰਞੈ ਚਉ ਖੰਨੀਐ ਸਚੇ ਸੰਦੜੈ ਨੇਹਿ ॥
ਜੇ ਮੇਰੀ ਜਿੰਦ ਸੱਚੇ ਪ੍ਰਭੂ ਦੇ ਪਿਆਰ ਤੋਂ ਵਾਰਨੇ ਸਦਕੇ ਪਈ ਹੋਵੇ,
ਨਾਨਕ ਮੇਲੁ ਨ ਚੁਕਈ ਰਾਤੀ ਅਤੈ ਡੇਹ ॥੧॥
ਹੇ ਨਾਨਕ! ਤਾਂ ਹੀ ਪ੍ਰਭੂ ਨਾਲ ਮਿਲਾਪ ਨਾ ਦਿਨੇ ਨਾ ਰਾਤ (ਕਦੇ ਭੀ) ਨਹੀਂ ਟੁੱਟਦਾ ॥੧॥
ਮਃ ੩ ॥
ਸਜਣੁ ਮੈਡਾ ਰੰਗੁਲਾ ਰੰਗੁ ਲਾਏ ਮਨੁ ਲੇਇ ॥
ਮੇਰਾ ਸੱਜਣ ਰੰਗੀਲਾ ਹੈ, ਮਨ ਲੈ ਕੇ (ਪ੍ਰੇਮ ਦਾ) ਰੰਗ ਲਾ ਦੇਂਦਾ ਹੈ।
ਜਿਉ ਮਾਜੀਠੈ ਕਪੜੇ ਰੰਗੇ ਭੀ ਪਾਹੇਹਿ ॥
ਜਿਵੇਂ ਕੱਪੜੇ ਭੀ ਪਾਹ ਦੇ ਕੇ ਮਜੀਠ ਵਿਚ ਰੰਗੇ ਜਾਂਦੇ ਹਨ (ਤਿਵੇਂ ਆਪਾ ਦੇ ਕੇ ਹੀ ਪ੍ਰੇਮ-ਰੰਗ ਮਿਲਦਾ ਹੈ);
ਨਾਨਕ ਰੰਗੁ ਨ ਉਤਰੈ ਬਿਆ ਨ ਲਗੈ ਕੇਹ ॥੨॥
ਹੇ ਨਾਨਕ! (ਇਸ ਤਰ੍ਹਾਂ ਦਾ) ਰੰਗ ਫੇਰ ਨਹੀਂ ਲਹਿੰਦਾ ਅਤੇ ਨਾ ਹੀ ਕੋਈ ਹੋਰ ਚੜ੍ਹ ਸਕਦਾ ਹੈ (ਭਾਵ, ਕੋਈ ਹੋਰ ਚੀਜ਼ ਪਿਆਰੀ ਨਹੀਂ ਲੱਗ ਸਕਦੀ) ॥੨॥
ਪਉੜੀ ॥
ਹਰਿ ਆਪਿ ਵਰਤੈ ਆਪਿ ਹਰਿ ਆਪਿ ਬੁਲਾਇਦਾ ॥
ਹਰੀ ਆਪ ਹੀ ਸਭ ਵਿਚ ਵਿਆਪ ਰਿਹਾ ਹੈ ਅਤੇ ਆਪ ਹੀ ਸਭ ਨੂੰ ਬੁਲਾਉਂਦਾ ਹੈ (ਭਾਵ, ਆਪ ਹੀ ਹਰੇਕ ਵਿਚ ਬੋਲਦਾ ਹੈ);
ਹਰਿ ਆਪੇ ਸ੍ਰਿਸਟਿ ਸਵਾਰਿ ਸਿਰਿ ਧੰਧੈ ਲਾਇਦਾ ॥
ਸੰਸਾਰ ਨੂੰ ਆਪ ਹੀ ਰਚ ਕੇ ਹਰੇਕ ਜੀਵ ਨੂੰ ਮਾਇਆ ਦੇ ਕਜ਼ੀਏ ਵਿਚ ਲਾ ਦੇਂਦਾ ਹੈ।
ਇਕਨਾ ਭਗਤੀ ਲਾਇ ਇਕਿ ਆਪਿ ਖੁਆਇਦਾ ॥
ਇਕਨਾਂ ਨੂੰ ਆਪਣੀ ਭਗਤੀ ਵਿਚ ਲਾਉਂਦਾ ਹੈ ਤੇ ਕਈ ਜੀਵਾਂ ਨੂੰ ਆਪ ਹੀ ਭੁਲਾਉਂਦਾ ਹੈ;
ਇਕਨਾ ਮਾਰਗਿ ਪਾਇ ਇਕਿ ਉਝੜਿ ਪਾਇਦਾ ॥
ਇਕਨਾਂ ਨੂੰ ਸਿੱਧੇ ਰਾਹ ਤੇ ਤੋਰਦਾ ਹੈ ਤੇ ਇਕਨਾਂ ਨੂੰ ਕੁਰਾਹੇ ਪਾ ਦੇਂਦਾ ਹੈ।
ਜਨੁ ਨਾਨਕੁ ਨਾਮੁ ਧਿਆਏ ਗੁਰਮੁਖਿ ਗੁਣ ਗਾਇਦਾ ॥੫॥
ਦਾਸ ਨਾਨਕ ਭੀ (ਉਸ ਦੀ ਭਗਤੀ ਦੀ ਖ਼ਾਤਰ) ਨਾਮ ਸਿਮਰਦਾ ਹੈ ਤੇ ਸਤਿਗੁਰੂ ਦੇ ਸਨਮੁਖ ਹੋ ਕੇ (ਉਸ ਦੀ) ਸਿਫ਼ਤ-ਸਾਲਾਹ ਕਰਦਾ ਹੈ ॥੫॥
ਸਲੋਕੁ ਮਃ ੩ ॥
ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ ॥
ਜੇ ਕੋਈ ਮਨੁੱਖ ਚਿੱਤ ਲਗਾ ਕੇ ਸੇਵਾ ਕਰੇ, ਤਾਂ ਸਤਿਗੁਰੂ ਦੀ (ਦੱਸੀ) ਸੇਵਾ ਜ਼ਰੂਰ ਫਲ ਲਾਂਦੀ ਹੈ;
ਮਨਿ ਚਿੰਦਿਆ ਫਲੁ ਪਾਵਣਾ ਹਉਮੈ ਵਿਚਹੁ ਜਾਇ ॥
ਮਨ-ਇੱਛਿਆ ਫਲ ਮਿਲਦਾ ਹੈ, ਅਹੰਕਾਰ ਮਨ ਵਿਚੋਂ ਦੂਰ ਹੁੰਦਾ ਹੈ;
ਬੰਧਨ ਤੋੜੈ ਮੁਕਤਿ ਹੋਇ ਸਚੇ ਰਹੈ ਸਮਾਇ ॥
(ਗੁਰੂ ਦੀ ਦੱਸੀ ਕਾਰ ਮਾਇਆ ਦੇ) ਬੰਧਨਾਂ ਨੂੰ ਤੋੜਦੀ ਹੈ (ਬੰਧਨਾਂ ਤੋਂ) ਖ਼ਲਾਸੀ ਹੋ ਜਾਂਦੀ ਹੈ ਤੇ ਸੱਚੇ ਹਰੀ ਵਿਚ ਮਨੁੱਖ ਸਮਾਇਆ ਰਹਿੰਦਾ ਹੈ।
ਇਸੁ ਜਗ ਮਹਿ ਨਾਮੁ ਅਲਭੁ ਹੈ ਗੁਰਮੁਖਿ ਵਸੈ ਮਨਿ ਆਇ ॥
ਇਸ ਸੰਸਾਰ ਵਿਚ ਹਰੀ ਦਾ ਨਾਮ ਦੁਰਲੱਭ ਹੈ, ਸਤਿਗੁਰੂ ਦੇ ਸਨਮੁਖ ਮਨੁੱਖ ਦੇ ਮਨ ਵਿਚ ਆ ਕੇ ਵੱਸਦਾ ਹੈ;
ਨਾਨਕ ਜੋ ਗੁਰੁ ਸੇਵਹਿ ਆਪਣਾ ਹਉ ਤਿਨ ਬਲਿਹਾਰੈ ਜਾਉ ॥੧॥
ਹੇ ਨਾਨਕ! (ਆਖ-) ਮੈਂ ਸਦਕੇ ਹਾਂ ਉਹਨਾਂ ਤੋਂ ਜੋ ਆਪਣੇ ਸਤਿਗੁਰੂ ਦੀ ਦੱਸੀ ਕਾਰ ਕਰਦੇ ਹਨ ॥੧॥
ਮਃ ੩ ॥
ਮਨਮੁਖ ਮੰਨੁ ਅਜਿਤੁ ਹੈ ਦੂਜੈ ਲਗੈ ਜਾਇ ॥
ਮਨਮੁਖ ਦਾ ਮਨ ਉਸ ਦੇ ਕਾਬੂ ਤੋਂ ਬਾਹਰ ਹੈ, ਕਿਉਂਕਿ ਉਹ ਮਾਇਆ ਵਿਚ ਜਾ ਕੇ ਲੱਗਾ ਹੋਇਆ ਹੈ;
ਤਿਸ ਨੋ ਸੁਖੁ ਸੁਪਨੈ ਨਹੀ ਦੁਖੇ ਦੁਖਿ ਵਿਹਾਇ ॥
(ਸਿੱਟਾ ਇਹ ਕਿ) ਉਸ ਨੂੰ ਸੁਪਨੇ ਵਿਚ ਭੀ ਸੁਖ ਨਹੀਂ ਮਿਲਦਾ, (ਉਸ ਦੀ ਉਮਰ) ਸਦਾ ਦੁੱਖ ਵਿਚ ਹੀ ਗੁਜ਼ਰਦੀ ਹੈ।
ਘਰਿ ਘਰਿ ਪੜਿ ਪੜਿ ਪੰਡਿਤ ਥਕੇ ਸਿਧ ਸਮਾਧਿ ਲਗਾਇ ॥
ਅਨੇਕਾਂ ਪੰਡਿਤ ਲੋਕ ਪੜ੍ਹ ਪੜ੍ਹ ਕੇ ਤੇ ਸਿੱਧ ਸਮਾਧੀਆਂ ਲਾ ਲਾ ਕੇ ਥੱਕ ਗਏ ਹਨ,
ਇਹੁ ਮਨੁ ਵਸਿ ਨ ਆਵਈ ਥਕੇ ਕਰਮ ਕਮਾਇ ॥
ਕਈ ਕਰਮ ਕਰ ਕੇ ਥੱਕ ਗਏ ਹਨ; (ਪੜ੍ਹਨ ਨਾਲ ਤੇ ਸਮਾਧੀਆਂ ਨਾਲ) ਇਹ ਮਨ ਕਾਬੂ ਨਹੀਂ ਆਉਂਦਾ।
ਭੇਖਧਾਰੀ ਭੇਖ ਕਰਿ ਥਕੇ ਅਠਿਸਠਿ ਤੀਰਥ ਨਾਇ ॥
ਭੇਖ ਕਰਨ ਵਾਲੇ ਮਨੁੱਖ (ਭਾਵ, ਸਾਧੂ ਲੋਕ) ਕਈ ਭੇਖ ਕਰ ਕੇ ਤੇ ਅਠਾਹਠ ਤੀਰਥਾਂ ਤੇ ਨ੍ਹਾ ਕੇ ਥੱਕ ਗਏ ਹਨ;
ਮਨ ਕੀ ਸਾਰ ਨ ਜਾਣਨੀ ਹਉਮੈ ਭਰਮਿ ਭੁਲਾਇ ॥
ਹਉਮੈ ਤੇ ਭਰਮ ਵਿਚ ਭੁੱਲੇ ਹੋਇਆਂ ਨੂੰ ਮਨ ਦੀ ਸਾਰ ਨਹੀਂ ਆਈ।
ਗੁਰਪਰਸਾਦੀ ਭਉ ਪਇਆ ਵਡਭਾਗਿ ਵਸਿਆ ਮਨਿ ਆਇ ॥
ਵੱਡੇ ਭਾਗ ਨਾਲ ਸਤਿਗੁਰੂ ਦੀ ਕਿਰਪਾ ਰਾਹੀਂ ਭਉ ਉਪਜਦਾ ਹੈ ਤੇ ਮਨ ਵਿਚ ਆ ਕੇ ਵੱਸਦਾ ਹੈ;
ਭੈ ਪਇਐ ਮਨੁ ਵਸਿ ਹੋਆ ਹਉਮੈ ਸਬਦਿ ਜਲਾਇ ॥
(ਹਰੀ ਦਾ) ਭਉ ਉਪਜਿਆਂ ਹੀ, ਤੇ ਹਉਮੈ ਸਤਿਗੁਰੂ ਦੇ ਸ਼ਬਦ ਨਾਲ ਸਾੜ ਕੇ ਹੀ ਮਨ ਵੱਸ ਵਿਚ ਆਉਂਦਾ ਹੈ।
ਸਚਿ ਰਤੇ ਸੇ ਨਿਰਮਲੇ ਜੋਤੀ ਜੋਤਿ ਮਿਲਾਇ ॥
ਜੋ ਮਨੁੱਖ ਜੋਤੀ-ਪ੍ਰਭੂ ਵਿਚ ਆਪਣੀ ਬ੍ਰਿਤੀ ਮਿਲਾ ਕੇ ਸੱਚੇ ਵਿਚ ਰੰਗੇ ਗਏ ਹਨ, ਉਹ ਨਿਰਮਲ ਹੋ ਗਏ ਹਨ;
ਸਤਿਗੁਰਿ ਮਿਲਿਐ ਨਾਉ ਪਾਇਆ ਨਾਨਕ ਸੁਖਿ ਸਮਾਇ ॥੨॥
(ਪਰ) ਹੇ ਨਾਨਕ! ਸਤਿਗੁਰੂ ਦੇ ਮਿਲਿਆਂ ਹੀ ਨਾਮ ਮਿਲਦਾ ਹੈ ਤੇ ਸੁਖ ਵਿਚ ਸਮਾਈ ਹੁੰਦੀ ਹੈ ॥੨॥
ਪਉੜੀ ॥
ਏਹ ਭੂਪਤਿ ਰਾਣੇ ਰੰਗ ਦਿਨ ਚਾਰਿ ਸੁਹਾਵਣਾ ॥
ਰਾਜਿਆਂ ਤੇ ਰਾਣਿਆਂ ਦੇ ਇਹ ਰੰਗ ਚਾਰ ਦਿਨਾਂ (ਭਾਵ, ਥੋੜੇ ਚਿਰ) ਲਈ ਸੋਭਨੀਕ ਹੁੰਦੇ ਹਨ;
ਏਹੁ ਮਾਇਆ ਰੰਗੁ ਕਸੁੰਭ ਖਿਨ ਮਹਿ ਲਹਿ ਜਾਵਣਾ ॥
ਮਾਇਆ ਦਾ ਇਹ ਰੰਗ ਕਸੁੰਭੇ ਦਾ ਰੰਗ ਹੈ (ਭਾਵ, ਕਸੁੰਭੇ ਵਾਂਗ ਛਿਨ-ਭੰਗੁਰ ਹੈ), ਛਿਨ ਮਾਤ੍ਰ ਵਿਚ ਲਹਿ ਜਾਏਗਾ,
ਚਲਦਿਆ ਨਾਲਿ ਨ ਚਲੈ ਸਿਰਿ ਪਾਪ ਲੈ ਜਾਵਣਾ ॥
(ਸੰਸਾਰ ਤੋਂ) ਤੁਰਨ ਵੇਲੇ ਮਾਇਆ ਨਾਲ ਨਹੀਂ ਜਾਂਦੀ, (ਪਰ ਇਸ ਦੇ ਕਾਰਨ ਕੀਤੇ) ਪਾਪ ਆਪਣੇ ਸਿਰ ਤੇ ਲੈ ਜਾਈਦੇ ਹਨ।
ਜਾਂ ਪਕੜਿ ਚਲਾਇਆ ਕਾਲਿ ਤਾਂ ਖਰਾ ਡਰਾਵਣਾ ॥
ਜਦੋਂ ਜਮ-ਕਾਲ ਨੇ ਫੜ ਕੇ ਅੱਗੇ ਲਾ ਲਿਆ, ਤਾਂ (ਜੀਵ) ਡਾਢਾ ਭੈ-ਭੀਤ ਹੁੰਦਾ ਹੈ;
ਓਹ ਵੇਲਾ ਹਥਿ ਨ ਆਵੈ ਫਿਰਿ ਪਛੁਤਾਵਣਾ ॥੬॥
(ਮਨੁੱਖ-ਜਨਮ ਵਾਲਾ) ਉਹ ਸਮਾ ਫੇਰ ਮਿਲਦਾ ਨਹੀਂ, ਇਸ ਵਾਸਤੇ ਪਛੁਤਾਉਂਦਾ ਹੈ ॥੬॥
ਸਲੋਕੁ ਮਃ ੩ ॥
ਸਤਿਗੁਰ ਤੇ ਜੋ ਮੁਹ ਫਿਰੇ ਸੇ ਬਧੇ ਦੁਖ ਸਹਾਹਿ ॥
ਜੋ ਮਨੁੱਖ ਸਤਿਗੁਰੂ ਵਲੋਂ ਮਨਮੁਖ ਹਨ, ਉਹ (ਅੰਤ ਨੂੰ) ਬੱਧੇ ਦੁਖ ਸਹਿੰਦੇ ਹਨ,
ਫਿਰਿ ਫਿਰਿ ਮਿਲਣੁ ਨ ਪਾਇਨੀ ਜੰਮਹਿ ਤੈ ਮਰਿ ਜਾਹਿ ॥
ਪ੍ਰਭੂ ਨੂੰ ਮਿਲ ਨਹੀਂ ਸਕਦੇ, ਮੁੜ ਮੁੜ ਜੰਮਦੇ ਤੇ ਮਰਦੇ ਹਨ;
ਸਹਸਾ ਰੋਗੁ ਨ ਛੋਡਈ ਦੁਖ ਹੀ ਮਹਿ ਦੁਖ ਪਾਹਿ ॥
ਉਹਨਾਂ ਨੂੰ ਚਿੰਤਾ ਦਾ ਰੋਗ ਕਦੇ ਨਹੀਂ ਛੱਡਦਾ, ਸਦਾ ਦੁਖੀ ਹੀ ਰਹਿੰਦੇ ਹਨ।
ਨਾਨਕ ਨਦਰੀ ਬਖਸਿ ਲੇਹਿ ਸਬਦੇ ਮੇਲਿ ਮਿਲਾਹਿ ॥੧॥
ਹੇ ਨਾਨਕ! ਕ੍ਰਿਪਾ-ਦ੍ਰਿਸ਼ਟੀ ਵਾਲਾ ਪ੍ਰਭੂ ਜੇ ਉਹਨਾਂ ਨੂੰ ਬਖ਼ਸ਼ ਲਏ ਤਾਂ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਉਸ ਵਿਚ ਮਿਲ ਜਾਂਦੇ ਹਨ ॥੧॥
ਮਃ ੩ ॥
ਜੋ ਸਤਿਗੁਰ ਤੇ ਮੁਹ ਫਿਰੇ ਤਿਨਾ ਠਉਰ ਨ ਠਾਉ ॥
ਜੋ ਮਨੁੱਖ ਸਤਿਗੁਰੂ ਤੋਂ ਮਨਮੁਖ ਹਨ ਉਹਨਾਂ ਦਾ ਨਾਹ ਥਾਂ ਨਾਹ ਥਿੱਤਾ;
ਜਿਉ ਛੁਟੜਿ ਘਰਿ ਘਰਿ ਫਿਰੈ ਦੁਹਚਾਰਣਿ ਬਦਨਾਉ ॥
ਉਹ ਵਿਭਚਾਰਨ ਛੁੱਟੜ ਇਸਤ੍ਰੀ ਵਾਂਗ ਹਨ, ਜੋ ਘਰ ਘਰ ਵਿਚ ਬਦਨਾਮ ਹੁੰਦੀ ਫਿਰਦੀ ਹੈ।
ਨਾਨਕ ਗੁਰਮੁਖਿ ਬਖਸੀਅਹਿ ਸੇ ਸਤਿਗੁਰ ਮੇਲਿ ਮਿਲਾਉ ॥੨॥
ਹੇ ਨਾਨਕ! ਜੋ ਗੁਰੂ ਦੇ ਸਨਮੁਖ ਹੋ ਕੇ ਬਖ਼ਸ਼ੇ ਜਾਂਦੇ ਹਨ, ਉਹ ਸਤਿਗੁਰੂ ਦੀ ਸੰਗਤਿ ਵਿਚ ਮਿਲ ਜਾਂਦੇ ਹਨ ॥੨॥
ਪਉੜੀ ॥
ਜੋ ਸੇਵਹਿ ਸਤਿ ਮੁਰਾਰਿ ਸੇ ਭਵਜਲ ਤਰਿ ਗਇਆ ॥
ਜੋ ਮਨੁੱਖ ਸੱਚੇ ਹਰੀ ਨੂੰ ਸੇਂਵਦੇ ਹਨ, ਉਹ ਸੰਸਾਰ-ਸਮੁੰਦਰ ਨੂੰ ਤਰ ਜਾਂਦੇ ਹਨ,
ਜੋ ਬੋਲਹਿ ਹਰਿ ਹਰਿ ਨਾਉ ਤਿਨ ਜਮੁ ਛਡਿ ਗਇਆ ॥
ਜੋ ਮਨੁੱਖ ਹਰੀ ਦਾ ਨਾਮ ਸਿਮਰਦੇ ਹਨ, ਉਹਨਾਂ ਨੂੰ ਜਮ ਛੱਡ ਜਾਂਦਾ ਹੈ;
ਸੇ ਦਰਗਹ ਪੈਧੇ ਜਾਹਿ ਜਿਨਾ ਹਰਿ ਜਪਿ ਲਇਆ ॥
ਜਿਨ੍ਹਾਂ ਨੇ ਹਰੀ ਦਾ ਨਾਮ ਜਪਿਆ ਹੈ, ਉਹ ਦਰਗਾਹ ਵਿਚ ਸਨਮਾਨੇ ਜਾਂਦੇ ਹਨ;
ਹਰਿ ਸੇਵਹਿ ਸੇਈ ਪੁਰਖ ਜਿਨਾ ਹਰਿ ਤੁਧੁ ਮਇਆ ॥
(ਪਰ) ਹੇ ਹਰੀ! ਜਿਨ੍ਹਾਂ ਉਤੇ ਤੇਰੀ ਮੇਹਰ ਹੁੰਦੀ ਹੈ, ਉਹੀ ਮਨੁੱਖ ਤੇਰੀ ਭਗਤੀ ਕਰਦੇ ਹਨ।
ਗੁਣ ਗਾਵਾ ਪਿਆਰੇ ਨਿਤ ਗੁਰਮੁਖਿ ਭ੍ਰਮ ਭਉ ਗਇਆ ॥੭॥
ਸਤਿਗੁਰੂ ਦੇ ਸਨਮੁਖ ਹੋ ਕੇ ਭਰਮ ਤੇ ਡਰ ਦੂਰ ਹੋ ਜਾਂਦੇ ਹਨ, (ਮੇਹਰ ਕਰ) ਹੇ ਪਿਆਰੇ! ਮੈਂ ਭੀ ਤੇਰੇ ਸਦਾ ਗੁਣ ਗਾਵਾਂ ॥੭॥
ਸਲੋਕੁ ਮਃ ੩ ॥
ਥਾਲੈ ਵਿਚਿ ਤੈ ਵਸਤੂ ਪਈਓ ਹਰਿ ਭੋਜਨੁ ਅੰਮ੍ਰਿਤੁ ਸਾਰੁ ॥
ਜਿਸ ਹਿਰਦੈ-ਰੂਪ ਥਾਲ ਵਿਚ (ਸਤ, ਸੰਤੋਖ ਤੇ ਵੀਚਾਰ) ਤਿੰਨ ਚੀਜ਼ਾਂ ਆ ਪਈਆਂ ਹਨ, ਉਸ ਹਿਰਦੇ-ਥਾਲ ਵਿਚ ਸ੍ਰੇਸ਼ਟ ਅੰਮ੍ਰਿਤ ਭੋਜਨ ਹਰੀ ਦਾ ਨਾਮ (ਪਰੋਸਿਆ ਜਾਂਦਾ) ਹੈ,
ਜਿਤੁ ਖਾਧੈ ਮਨੁ ਤ੍ਰਿਪਤੀਐ ਪਾਈਐ ਮੋਖ ਦੁਆਰੁ ॥
ਜਿਸ ਦੇ ਖਾਧਿਆਂ ਮਨ ਰੱਜ ਜਾਂਦਾ ਹੈ ਤੇ ਵਿਕਾਰਾਂ ਤੋਂ ਖ਼ਲਾਸੀ ਦਾ ਦਰ ਪ੍ਰਾਪਤ ਹੁੰਦਾ ਹੈ।
ਇਹੁ ਭੋਜਨੁ ਅਲਭੁ ਹੈ ਸੰਤਹੁ ਲਭੈ ਗੁਰ ਵੀਚਾਰਿ ॥
ਹੇ ਸੰਤ ਜਨੋਂ! ਇਹ ਭੋਜਨ ਦੁਰਲੱਭ ਹੈ, ਸਤਿਗੁਰੂ ਦੀ (ਦੱਸੀ ਹੋਈ) ਵੀਚਾਰ ਦੀ ਰਾਹੀਂ ਲੱਭਦਾ ਹੈ।
ਏਹ ਮੁਦਾਵਣੀ ਕਿਉ ਵਿਚਹੁ ਕਢੀਐ ਸਦਾ ਰਖੀਐ ਉਰਿ ਧਾਰਿ ॥
ਇਸ ਨੂੰ ਸਦਾ ਆਪਣੇ ਹਿਰਦੇ ਵਿਚ ਸਾਂਭ ਰੱਖਣਾ ਚਾਹੀਦਾ ਹੈ; ਇਹ ਭੁਲਾਣੀ ਨਹੀਂ ਚਾਹੀਦੀ।
ਏਹ ਮੁਦਾਵਣੀ ਸਤਿਗੁਰੂ ਪਾਈ ਗੁਰਸਿਖਾ ਲਧੀ ਭਾਲਿ ॥
ਆਤਮਕ ਆਨੰਦ ਦੇਣ ਵਾਲੀ ਇਸ (ਸਿਫ਼ਤ-ਸਾਲਾਹ ਦੀ ਆਤਮਕ ਖ਼ੁਰਾਕ ਦੀ ਦੱਸ) ਗੁਰੂ ਨੇ ਪਾਈ ਹੈ, ਗੁਰ-ਸਿੱਖਾਂ ਨੇ ਖੋਜ ਕੇ ਲੱਭ ਲਈ ਹੈ।
ਨਾਨਕ ਜਿਸੁ ਬੁਝਾਏ ਸੁ ਬੁਝਸੀ ਹਰਿ ਪਾਇਆ ਗੁਰਮੁਖਿ ਘਾਲਿ ॥੧॥
ਹੇ ਨਾਨਕ! ਜਿਸ ਮਨੁੱਖ ਨੂੰ (ਇਸ ਦੀ) ਸਮਝ ਦੇਂਦਾ ਹੈ ਉਹ ਸਮਝਦਾ ਹੈ, ਅਤੇ ਉਹ ਸਤਿਗੁਰੂ ਦੇ ਸਨਮੁਖ ਹੋ ਕੇ ਘਾਲਣਾ ਘਾਲ ਕੇ ਹਰੀ ਨੂੰ ਮਿਲਦਾ ਹੈ ॥੧॥
ਮਃ ੩ ॥
ਜੋ ਧੁਰਿ ਮੇਲੇ ਸੇ ਮਿਲਿ ਰਹੇ ਸਤਿਗੁਰ ਸਿਉ ਚਿਤੁ ਲਾਇ ॥
ਹਰੀ ਨੇ ਜੋ ਧੁਰ ਤੋਂ ਮਿਲਾਏ ਹਨ, ਉਹ ਮਨੁੱਖ ਸਤਿਗੁਰੂ ਨਾਲ ਚਿੱਤ ਜੋੜ ਕੇ (ਹਰੀ ਵਿਚ) ਲੀਨ ਹੋਏ ਹਨ;
ਆਪਿ ਵਿਛੋੜੇਨੁ ਸੇ ਵਿਛੁੜੇ ਦੂਜੈ ਭਾਇ ਖੁਆਇ ॥
(ਪਰ) ਜੋ ਉਸ ਹਰੀ ਨੇ ਆਪ ਵਿਛੋੜੇ ਹਨ, ਉਹ ਮਾਇਆ ਦੇ ਮੋਹ ਵਿਚ (ਫਸ ਕੇ) ਖੁੰਝੇ ਹੋਏ ਹਰੀ ਤੋਂ ਵਿੱਛੁੜੇ ਹੋਏ ਹਨ।
ਨਾਨਕ ਵਿਣੁ ਕਰਮਾ ਕਿਆ ਪਾਈਐ ਪੂਰਬਿ ਲਿਖਿਆ ਕਮਾਇ ॥੨॥
ਹੇ ਨਾਨਕ! ਕੀਤੀ ਹੋਈ ਕਮਾਈ ਤੋਂ ਬਿਨਾ ਕੁਝ ਨਹੀਂ ਮਿਲਦਾ, ਮੁੱਢ ਤੋਂ (ਕੀਤੇ ਕੰਮਾਂ ਦੇ ਅਨੁਸਾਰ) ਉੱਕਰੇ ਹੋਏ (ਸੰਸਕਾਰ-ਰੂਪ ਲੇਖ ਦੀ ਕਮਾਈ) ਕਮਾਉਣੀ ਪੈਂਦੀ ਹੈ ॥੨॥
ਪਉੜੀ ॥
ਬਹਿ ਸਖੀਆ ਜਸੁ ਗਾਵਹਿ ਗਾਵਣਹਾਰੀਆ ॥
ਹਰੀ ਦੀ ਸਿਫ਼ਤ-ਸਾਲਾਹ ਕਰਨ ਵਾਲੀਆਂ (ਸੰਤ ਜਨ-ਰੂਪ) ਸਹੇਲੀਆਂ ਇਕੱਠੀਆਂ ਬਹਿ ਕੇ ਆਪ ਹਰੀ ਦਾ ਜਸ ਗਾਉਂਦੀਆਂ ਹਨ,
ਹਰਿ ਨਾਮੁ ਸਲਾਹਿਹੁ ਨਿਤ ਹਰਿ ਕਉ ਬਲਿਹਾਰੀਆ ॥
ਹਰੀ ਤੋਂ ਸਦਕੇ ਜਾਂਦੀਆਂ ਹਨ (ਹੋਰਨਾਂ ਨੂੰ ਸਿੱਖਿਆ ਦੇਂਦੀਆਂ ਹਨ ਕਿ) “ਸਦਾ ਹਰੀ ਦੇ ਨਾਮ ਦੀ ਵਡਿਆਈ ਕਰੋ।”
ਜਿਨੀ ਸੁਣਿ ਮੰਨਿਆ ਹਰਿ ਨਾਉ ਤਿਨਾ ਹਉ ਵਾਰੀਆ ॥
ਮੈਂ ਸਦਕੇ ਹਾਂ ਜਿਨ੍ਹਾਂ ਨੇ ਸੁਣ ਕੇ ਹਰੀ ਦਾ ਨਾਮ ਮੰਨਿਆ ਹੈ,
ਗੁਰਮੁਖੀਆ ਹਰਿ ਮੇਲੁ ਮਿਲਾਵਣਹਾਰੀਆ ॥
ਉਹਨਾਂ ਹਰੀ ਨੂੰ ਮਿਲਾਉਣ ਵਾਲੀਆਂ ਗੁਰਮੁਖ ਸਹੇਲੀਆਂ ਤੋਂ ਮੈਂ ਸਦਕੇ ਹਾਂ;
ਹਉ ਬਲਿ ਜਾਵਾ ਦਿਨੁ ਰਾਤਿ ਗੁਰ ਦੇਖਣਹਾਰੀਆ ॥੮॥
ਸਤਿਗੁਰੂ ਦੇ ਦਰਸ਼ਨ ਕਰਨ ਵਾਲੀਆਂ ਤੋਂ ਮੈਂ ਦਿਨ ਰਾਤ ਬਲਿਹਾਰ ਹਾਂ ॥੮॥
ਸਲੋਕੁ ਮਃ ੩ ॥
ਵਿਣੁ ਨਾਵੈ ਸਭਿ ਭਰਮਦੇ ਨਿਤ ਜਗਿ ਤੋਟਾ ਸੈਸਾਰਿ ॥
ਨਾਮ ਤੋਂ ਬਿਨਾ ਸਾਰੇ ਲੋਕ ਭਟਕਦੇ ਫਿਰਦੇ ਹਨ; ਉਹਨਾਂ ਨੂੰ ਸੰਸਾਰ ਵਿਚ ਸਦਾ ਘਾਟਾ ਹੀ ਘਾਟਾ ਹੈ;
ਮਨਮੁਖਿ ਕਰਮ ਕਮਾਵਣੇ ਹਉਮੈ ਅੰਧੁ ਗੁਬਾਰੁ ॥
ਮਨਮੁਖ ਤਾਂ ਹਉਮੈ ਦੇ ਆਸਰੇ ਉਹ ਕਰਮ ਕਮਾਂਦੇ ਹਨ ਜੋ ਘੁੱਪ ਹਨੇਰਾ ਪੈਦਾ ਕਰਦੇ ਹਨ।
ਗੁਰਮੁਖਿ ਅੰਮ੍ਰਿਤੁ ਪੀਵਣਾ ਨਾਨਕ ਸਬਦੁ ਵੀਚਾਰਿ ॥੧॥
ਪਰ ਹੇ ਨਾਨਕ! ਸਤਿਗੁਰੂ ਦੇ ਸਨਮੁਖ ਜੀਵ ਸ਼ਬਦ ਨੂੰ ਵਿਚਾਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਹਨ ॥੧॥
ਮਃ ੩ ॥
ਸਹਜੇ ਜਾਗੈ ਸਹਜੇ ਸੋਵੈ ॥
ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ ਉਹ ਆਤਮਕ ਅਡੋਲਤਾ ਵਿਚ ਹੀ ਜਾਗਦਾ ਹੈ ਤੇ ਆਤਮਕ ਅਡੋਲਤਾ ਵਿਚ ਹੀ ਸੌਂਦਾ ਹੈ (ਭਾਵ, ਜਾਗਦਿਆਂ ਹਰੀ ਵਿਚ ਲੀਨ ਤੇ ਸੁੱਤਿਆਂ ਹਰੀ ਵਿਚ ਲੀਨ ਰਹਿੰਦਾ ਹੈ।)
ਗੁਰਮੁਖਿ ਅਨਦਿਨੁ ਉਸਤਤਿ ਹੋਵੈ ॥
ਉਸ ਨੂੰ ਹਰ ਰੋਜ਼ (ਭਾਵ, ਹਰ ਵੇਲੇ) ਹਰੀ ਦੀ ਉਸਤਤਿ (ਦਾ ਹੀ ਆਹਰ ਹੁੰਦਾ) ਹੈ।
ਮਨਮੁਖ ਭਰਮੈ ਸਹਸਾ ਹੋਵੈ ॥
ਮਨਮੁਖ ਭਟਕਦਾ ਹੈ, ਕਿਉਂਕਿ ਉਸ ਨੂੰ ਸਦਾ ਤੌਖ਼ਲਾ ਰਹਿੰਦਾ ਹੈ;
ਅੰਤਰਿ ਚਿੰਤਾ ਨੀਦ ਨ ਸੋਵੈ ॥
ਮਨ ਵਿਚ ਚਿੰਤਾ ਹੋਣ ਕਰ ਕੇ ਉਹ (ਸੁਖ ਦੀ) ਨੀਂਦਰ ਨਹੀਂ ਸੌਂਦਾ।
ਗਿਆਨੀ ਜਾਗਹਿ ਸਵਹਿ ਸੁਭਾਇ ॥
ਪ੍ਰਭੂ ਨਾਲ ਡੂੰਘੀ ਸਾਂਝ ਰੱਖਣ ਵਾਲੇ ਬੰਦੇ ਪ੍ਰਭੂ ਦੇ ਪਿਆਰ ਵਿਚ ਹੀ ਜਾਗਦੇ ਸੌਂਦੇ ਹਨ (ਭਾਵ, ਜਾਗਦੇ ਤੇ ਸੁੱਤੇ ਹੋਏ ਇਕ-ਰਸ ਰਹਿੰਦੇ ਹਨ)।
ਨਾਨਕ ਨਾਮਿ ਰਤਿਆ ਬਲਿ ਜਾਉ ॥੨॥
ਹੇ ਨਾਨਕ! ਮੈਂ ਨਾਮ ਵਿਚ ਰੰਗੇ ਹੋਇਆਂ ਤੋਂ ਸਦਕੇ ਹਾਂ ॥੨॥
ਪਉੜੀ ॥
ਸੇ ਹਰਿ ਨਾਮੁ ਧਿਆਵਹਿ ਜੋ ਹਰਿ ਰਤਿਆ ॥
ਜੋ ਮਨੁੱਖ ਹਰੀ ਵਿਚ ਰੱਤੇ ਹੋਏ ਹਨ, ਉਹ ਉਸ ਦਾ ਨਾਮ ਸਿਮਰਦੇ ਹਨ।
ਹਰਿ ਇਕੁ ਧਿਆਵਹਿ ਇਕੁ ਇਕੋ ਹਰਿ ਸਤਿਆ ॥
ਉਸ ਇੱਕ ਹਰੀ ਨੂੰ ਧਿਆਉਂਦੇ ਹਨ, ਜੋ ਸਦਾ ਕਾਇਮ ਰਹਿਣ ਵਾਲਾ ਹੈ;
ਹਰਿ ਇਕੋ ਵਰਤੈ ਇਕੁ ਇਕੋ ਉਤਪਤਿਆ ॥
ਜੋ ਇੱਕ ਆਪ ਹਰ ਥਾਂ ਵਿਆਪਕ ਹੈ ਤੇ ਜਿਸ ਇਕ ਨੇ ਹੀ (ਸਾਰੀ ਸ੍ਰਿਸ਼ਟੀ) ਪੈਦਾ ਕੀਤੀ ਹੈ।
ਜੋ ਹਰਿ ਨਾਮੁ ਧਿਆਵਹਿ ਤਿਨ ਡਰੁ ਸਟਿ ਘਤਿਆ ॥
ਜੋ ਮਨੁੱਖ ਨਾਮ ਸਿਮਰਦੇ ਹਨ, ਉਹਨਾਂ ਨੇ ਸਾਰਾ ਡਰ ਦੂਰ ਕਰ ਦਿੱਤਾ ਹੈ।
ਗੁਰਮਤੀ ਦੇਵੈ ਆਪਿ ਗੁਰਮੁਖਿ ਹਰਿ ਜਪਿਆ ॥੯॥
ਪਰ ਉਹੀ ਗੁਰਮੁਖ ਨਾਮ ਸਿਮਰਦਾ ਹੈ ਜਿਸਨੂੰ ਪ੍ਰਭੂ ਆਪ ਗੁਰੂ ਦੀ ਮਤਿ ਦੀ ਰਾਹੀਂ ਇਹ ਦਾਤਿ ਦੇਂਦਾ ਹੈ ॥੯॥
ਸਲੋਕ ਮਃ ੩ ॥
ਅੰਤਰਿ ਗਿਆਨੁ ਨ ਆਇਓ ਜਿਤੁ ਕਿਛੁ ਸੋਝੀ ਪਾਇ ॥
ਜਿਸ ਗਿਆਨ ਨਾਲ ਕੁਝ ਸਮਝ ਪੈਣੀ ਸੀ ਉਹ ਗਿਆਨ ਤਾਂ ਅੰਦਰ ਪਰਗਟ ਨਹੀਂ ਹੋਇਆ,
ਵਿਣੁ ਡਿਠਾ ਕਿਆ ਸਾਲਾਹੀਐ ਅੰਧਾ ਅੰਧੁ ਕਮਾਇ ॥
ਫਿਰ ਜਿਸ (ਹਰੀ) ਨੂੰ ਵੇਖਿਆ ਨਹੀਂ ਉਸ ਦੀ ਉਸਤਤਿ ਕਿਵੇਂ ਹੋ ਸਕੇ? ਗਿਆਨ-ਹੀਨ ਮਨੁੱਖ ਅਗਿਆਨਤਾ ਦੀ ਕਮਾਈ ਹੀ ਕਰਦਾ ਹੈ।
ਨਾਨਕ ਸਬਦੁ ਪਛਾਣੀਐ ਨਾਮੁ ਵਸੈ ਮਨਿ ਆਇ ॥੧॥
ਹੇ ਨਾਨਕ! ਜੇ ਸਤਿਗੁਰੂ ਦੇ ਸ਼ਬਦ ਨੂੰ ਪਛਾਣੀਏ ਤਾਂ ਹਰੀ ਦਾ ਨਾਮ ਮਨ ਵਿਚ ਆ ਵੱਸਦਾ ਹੈ ॥੧॥
ਮਃ ੩ ॥
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥
ਕੇਵਲ ਬਾਣੀ ਹੀ ਪ੍ਰਮਾਣੀਕ ਗੁਰੂ ਹੈ, ਗੁਰੂ ਦੇ ਸ਼ਬਦ ਨੂੰ ਹੀ ਵਿਚਾਰੋ-
ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ ॥
ਇਹੀ ਸਦਾ-ਥਿਰ ਰਹਿਣ ਵਾਲਾ ਸੌਦਾ ਹੈ, ਇਹੀ ਸੱਚਾ ਹੱਟ ਹੈ ਜਿਸ ਵਿਚ ਰਤਨਾਂ ਦੇ ਭੰਡਾਰੇ ਭਰੇ ਪਏ ਹਨ।
ਗੁਰ ਕਿਰਪਾ ਤੇ ਪਾਈਅਨਿ ਜੇ ਦੇਵੈ ਦੇਵਣਹਾਰੁ ॥
ਜੇ ਦੇਣ ਵਾਲਾ (ਹਰੀ) ਦੇਵੇ ਤਾਂ (ਇਹ ਖ਼ਜ਼ਾਨੇ) ਸਤਿਗੁਰੂ ਦੀ ਕਿਰਪਾ ਨਾਲ ਮਿਲਦੇ ਹਨ।
ਸਚਾ ਸਉਦਾ ਲਾਭੁ ਸਦਾ ਖਟਿਆ ਨਾਮੁ ਅਪਾਰੁ ॥
ਜਿਸ ਮਨੁੱਖ ਨੇ ਇਹ ਸੱਚਾ ਸੌਦਾ (ਕਰ ਕੇ) ਬੇਅੰਤ ਪ੍ਰਭੂ ਦਾ ਨਾਮ ਲਾਭ ਖੱਟਿਆ ਹੈ,
ਵਿਖੁ ਵਿਚਿ ਅੰਮ੍ਰਿਤੁ ਪ੍ਰਗਟਿਆ ਕਰਮਿ ਪੀਆਵਣਹਾਰੁ ॥
ਉਸ ਨੂੰ (ਮਾਇਆ) ਜ਼ਹਿਰ ਵਿਚ ਵਰਤਦਿਆਂ ਹੀ ਨਾਮ-ਅੰਮ੍ਰਿਤ ਮਿਲ ਪੈਂਦਾ ਹੈ, ਪਰ ਇਹ ਅੰਮ੍ਰਿਤ ਪਿਲਾਣ ਵਾਲਾ ਪ੍ਰਭੂ ਆਪਣੀ ਮੇਹਰ ਨਾਲ ਹੀ ਪਿਲਾਂਦਾ ਹੈ।
ਨਾਨਕ ਸਚੁ ਸਲਾਹੀਐ ਧੰਨੁ ਸਵਾਰਣਹਾਰੁ ॥੨॥
ਹੇ ਨਾਨਕ! ਉਸ ਸਲਾਹੁਣ-ਜੋਗ ਪਰਮਾਤਮਾ ਨੂੰ ਸਿਮਰੀਏ ਜੋ (ਜੀਵਾਂ ਨੂੰ ਨਾਮ ਦੀ ਦਾਤਿ ਦੇ ਕੇ) ਸਵਾਰਦਾ ਹੈ ॥੨॥
ਪਉੜੀ ॥
ਜਿਨਾ ਅੰਦਰਿ ਕੂੜੁ ਵਰਤੈ ਸਚੁ ਨ ਭਾਵਈ ॥
ਜਿਨ੍ਹਾਂ ਦੇ ਹਿਰਦੇ ਵਿਚ ਕੂੜ ਵਰਤਦਾ ਹੈ, ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ;
ਜੇ ਕੋ ਬੋਲੈ ਸਚੁ ਕੂੜਾ ਜਲਿ ਜਾਵਈ ॥
ਜੇ ਕੋਈ ਮਨੁੱਖ ਸੱਚ ਬੋਲੇ, ਤਾਂ ਝੂਠਾ (ਸੁਣ ਕੇ) ਸੜ ਬਲ ਜਾਂਦਾ ਹੈ;
ਕੂੜਿਆਰੀ ਰਜੈ ਕੂੜਿ ਜਿਉ ਵਿਸਟਾ ਕਾਗੁ ਖਾਵਈ ॥
ਝੂਠ ਦਾ ਵਪਾਰੀ ਝੂਠ ਵਿਚ ਹੀ ਪ੍ਰਸੰਨ ਹੁੰਦਾ ਹੈ, ਜਿਵੇਂ ਕਾਂ ਵਿਸ਼ਟਾ ਖਾਂਦਾ ਹੈ (ਤੇ ਪ੍ਰਸੰਨ ਹੁੰਦਾ ਹੈ)।
ਜਿਸੁ ਹਰਿ ਹੋਇ ਕ੍ਰਿਪਾਲੁ ਸੋ ਨਾਮੁ ਧਿਆਵਈ ॥
ਜਿਸ ਮਨੁੱਖ ਤੇ ਹਰੀ ਦਇਆਲ ਹੋਵੇ, ਉਹ ਨਾਮ ਜਪਦਾ ਹੈ;
ਹਰਿ ਗੁਰਮੁਖਿ ਨਾਮੁ ਅਰਾਧਿ ਕੂੜੁ ਪਾਪੁ ਲਹਿ ਜਾਵਈ ॥੧੦॥
ਜੇ ਸਤਿਗੁਰੂ ਦੇ ਸਨਮੁਖ ਹੋ ਕੇ ਹਰੀ ਦਾ ਨਾਮ ਅਰਾਧੀਏ, ਤਾਂ ਕੂੜ ਤੇ ਪਾਪ ਲਹਿ ਜਾਂਦਾ ਹੈ ॥੧੦॥
ਸਲੋਕੁ ਮਃ ੩ ॥
ਸੇਖਾ ਚਉਚਕਿਆ ਚਉਵਾਇਆ ਏਹੁ ਮਨੁ ਇਕਤੁ ਘਰਿ ਆਣਿ ॥
ਹੇ ਚੁੱਕੇ ਚੁਕਾਏ ਸ਼ੇਖ਼! ਇਸ ਮਨ ਨੂੰ ਇਕ ਟਿਕਾਣੇ ਤੇ ਲਿਆ;
ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ ॥
ਵਿੰਗੀਆਂ ਟੇਢੀਆਂ ਗੱਲਾਂ ਛੱਡ ਤੇ ਸਤਿਗੁਰੂ ਦੇ ਸ਼ਬਦ ਨੂੰ ਸਮਝ।
ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ॥
ਹੇ ਸ਼ੇਖਾ! ਜੋ (ਸਭ ਦਾ) ਜਾਣੂ ਸਤਿਗੁਰੂ ਸਭ ਕੁਝ ਸਮਝਦਾ ਹੈ ਉਸ ਦੀ ਚਰਨੀਂ ਲੱਗ;
ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ ॥
ਆਸਾਂ ਤੇ ਮਨ ਦੀਆਂ ਦੌੜਾਂ ਮਿਟਾ ਕੇ ਆਪਣੇ ਆਪ ਨੂੰ ਜਗਤ ਵਿਚ ਪਰਾਹੁਣਾ ਸਮਝ;
ਸਤਿਗੁਰ ਕੈ ਭਾਣੈ ਭੀ ਚਲਹਿ ਤਾ ਦਰਗਹ ਪਾਵਹਿ ਮਾਣੁ ॥
ਜੇ ਤੂੰ ਸਤਿਗੁਰੂ ਦੇ ਭਾਣੇ ਵਿਚ ਚਲੇਂਗਾ ਤਾਂ ਰੱਬ ਦੀ ਦਰਗਾਹ ਵਿਚ ਆਦਰ ਪਾਵੇਂਗਾ।
ਨਾਨਕ ਜਿ ਨਾਮੁ ਨ ਚੇਤਨੀ ਤਿਨ ਧਿਗੁ ਪੈਨਣੁ ਧਿਗੁ ਖਾਣੁ ॥੧॥
ਹੇ ਨਾਨਕ! ਜੋ ਮਨੁੱਖ ਨਾਮ ਨਹੀਂ ਸਿਮਰਦੇ, ਉਹਨਾਂ ਦਾ (ਚੰਗਾ) ਖਾਣਾ ਤੇ (ਚੰਗਾ) ਪਹਿਨਣਾ ਫਿਟਕਾਰ-ਜੋਗ ਹੈ ॥੧॥
ਮਃ ੩ ॥
ਹਰਿ ਗੁਣ ਤੋਟਿ ਨ ਆਵਈ ਕੀਮਤਿ ਕਹਣੁ ਨ ਜਾਇ ॥
ਹਰੀ ਦੇ ਗੁਣ ਬਿਆਨ ਕਰਦਿਆਂ ਉਹ ਗੁਣ ਮੁੱਕਦੇ ਨਹੀਂ, ਤੇ ਨਾਹ ਹੀ ਇਹ ਦੱਸਿਆ ਜਾ ਸਕਦਾ ਹੈ ਕਿ ਇਹਨਾਂ ਗੁਣਾਂ ਨੂੰ ਵਿਹਾਝਣ ਲਈ ਮੁੱਲ ਕੀਹ ਹੈ;
ਨਾਨਕ ਗੁਰਮੁਖਿ ਹਰਿ ਗੁਣ ਰਵਹਿ ਗੁਣ ਮਹਿ ਰਹੈ ਸਮਾਇ ॥੨॥
(ਪਰ,) ਹੇ ਨਾਨਕ! ਗੁਰਮੁਖ ਜੀਊੜੇ ਹਰੀ ਦੇ ਗੁਣ ਗਾਉਂਦੇ ਹਨ। (ਜਿਹੜਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ ਉਹ) ਗੁਣਾਂ ਵਿਚ ਲੀਨ ਹੋਇਆ ਰਹਿੰਦਾ ਹੈ ॥੨॥
ਪਉੜੀ ॥
ਹਰਿ ਚੋਲੀ ਦੇਹ ਸਵਾਰੀ ਕਢਿ ਪੈਧੀ ਭਗਤਿ ਕਰਿ ॥
(ਇਹ ਮਨੁੱਖਾ) ਸਰੀਰ, ਮਾਨੋ, ਚੋਲੀ ਹੈ ਜੋ ਪ੍ਰਭੂ ਨੇ ਬਣਾਈ ਹੈ ਤੇ ਭਗਤੀ (-ਰੂਪ ਕਸੀਦਾ) ਕੱਢ ਕੇ ਇਹ ਚੋਲੀ ਪਹਿਨਣ-ਜੋਗ ਬਣਦੀ ਹੈ।
ਹਰਿ ਪਾਟੁ ਲਗਾ ਅਧਿਕਾਈ ਬਹੁ ਬਹੁ ਬਿਧਿ ਭਾਤਿ ਕਰਿ ॥
(ਇਸ ਚੋਲੀ ਨੂੰ) ਬਹੁਤ ਤਰ੍ਹਾਂ ਕਈ ਵੰਨਗੀਆਂ ਦਾ ਹਰੀ-ਨਾਮ ਪੱਟ ਲੱਗਾ ਹੋਇਆ ਹੈ;
ਕੋਈ ਬੂਝੈ ਬੂਝਣਹਾਰਾ ਅੰਤਰਿ ਬਿਬੇਕੁ ਕਰਿ ॥
(ਇਸ ਭੇਤ ਨੂੰ) ਮਨ ਵਿਚ ਵਿਚਾਰ ਕਰ ਕੇ ਕੋਈ ਵਿਰਲਾ ਸਮਝਣ ਵਾਲਾ ਸਮਝਦਾ ਹੈ।
ਸੋ ਬੂਝੈ ਏਹੁ ਬਿਬੇਕੁ ਜਿਸੁ ਬੁਝਾਏ ਆਪਿ ਹਰਿ ॥
ਇਸ ਵਿਚਾਰ ਨੂੰ ਉਹ ਸਮਝਦਾ ਹੈ, ਜਿਸ ਨੂੰ ਹਰੀ ਆਪ ਸਮਝਾਵੇ।
ਜਨੁ ਨਾਨਕੁ ਕਹੈ ਵਿਚਾਰਾ ਗੁਰਮੁਖਿ ਹਰਿ ਸਤਿ ਹਰਿ ॥੧੧॥
ਦਾਸ ਨਾਨਕ ਇਹ ਵਿਚਾਰ ਦੱਸਦਾ ਹੈ ਕਿ ਸਦਾ-ਥਿਰ ਰਹਿਣ ਵਾਲਾ ਹਰੀ ਗੁਰੂ ਦੀ ਰਾਹੀਂ (ਸਿਮਰਿਆ ਜਾ ਸਕਦਾ ਹੈ) ॥੧੧॥
ਸਲੋਕੁ ਮਃ ੩ ॥
ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥
ਮਹਾਂ ਪੁਰਖ ਕਿਸੇ ਦੇ ਸੰਬੰਧ ਵਿਚ ਸਿੱਖਿਆ ਦਾ ਬਚਨ ਬੋਲਦੇ ਹਨ (ਪਰ ਉਹ ਸਿੱਖਿਆ) ਸਾਰੇ ਸੰਸਾਰ ਲਈ ਸਾਂਝੀ ਹੁੰਦੀ ਹੈ,
ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ ਪਛਾਣੈ ॥
ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ, ਉਹ (ਸੁਣ ਕੇ) ਪ੍ਰਭੂ ਦਾ ਡਰ (ਹਿਰਦੇ ਵਿਚ ਧਾਰਨ) ਕਰਦਾ ਹੈ, ਤੇ ਆਪਣੇ ਆਪ ਦੀ ਖੋਜ ਕਰਦਾ ਹੈ।
ਗੁਰਪਰਸਾਦੀ ਜੀਵਤੁ ਮਰੈ ਤਾ ਮਨ ਹੀ ਤੇ ਮਨੁ ਮਾਨੈ ॥
ਸਤਿਗੁਰੂ ਦੀ ਕਿਰਪਾ ਨਾਲ ਉਹ ਸੰਸਾਰ ਵਿਚ ਵਰਤਦਾ ਹੋਇਆ ਹੀ ਮਾਇਆ ਵਲੋਂ ਉਦਾਸ ਰਹਿੰਦਾ ਹੈ, ਤਾਂ ਉਸ ਦਾ ਮਨ ਆਪਣੇ ਆਪ ਵਿਚ ਪਤੀਜ ਜਾਂਦਾ ਹੈ (ਬਾਹਰ ਭਟਕਣੋਂ ਹਟ ਜਾਂਦਾ ਹੈ)।
ਜਿਨ ਕਉ ਮਨ ਕੀ ਪਰਤੀਤਿ ਨਾਹੀ ਨਾਨਕ ਸੇ ਕਿਆ ਕਥਹਿ ਗਿਆਨੈ ॥੧॥
ਹੇ ਨਾਨਕ! ਜਿਨ੍ਹਾਂ ਦਾ ਮਨ ਪਤੀਜਿਆ ਨਹੀਂ, ਉਹਨਾਂ ਨੂੰ ਗਿਆਨ ਦੀਆਂ ਗੱਲਾਂ ਕਰਨ ਦਾ ਕੋਈ ਲਾਭ ਨਹੀਂ ਹੁੰਦਾ ॥੧॥
ਮਃ ੩ ॥
ਗੁਰਮੁਖਿ ਚਿਤੁ ਨ ਲਾਇਓ ਅੰਤਿ ਦੁਖੁ ਪਹੁਤਾ ਆਇ ॥
ਹੇ ਪੰਡਿਤ! ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਦੇ ਸਨਮੁਖ ਹੋ ਕੇ (ਹਰੀ ਵਿਚ) ਮਨ ਨਹੀਂ ਜੋੜਿਆ, ਉਹਨਾਂ ਨੂੰ ਆਖ਼ਰ ਦੁੱਖ ਵਾਪਰਦਾ ਹੈ;
ਅੰਦਰਹੁ ਬਾਹਰਹੁ ਅੰਧਿਆਂ ਸੁਧਿ ਨ ਕਾਈ ਪਾਇ ॥
ਉਹਨਾਂ ਅੰਦਰੋਂ ਤੇ ਬਾਹਰੋਂ ਅੰਨ੍ਹਿਆਂ ਨੂੰ ਕੋਈ ਸਮਝ ਨਹੀਂ ਆਉਂਦੀ।
ਪੰਡਿਤ ਤਿਨ ਕੀ ਬਰਕਤੀ ਸਭੁ ਜਗਤੁ ਖਾਇ ਜੋ ਰਤੇ ਹਰਿ ਨਾਇ ॥
(ਪਰ) ਹੇ ਪੰਡਿਤ! ਉਹਨਾਂ ਦੀ ਕਮਾਈ ਦੀ ਬਰਕਤਿ ਸਾਰਾ ਸੰਸਾਰ ਖਾਂਦਾ ਹੈ, ਜੋ ਮਨੁੱਖ ਹਰੀ ਦੇ ਨਾਮ ਵਿਚ ਰੱਤੇ ਹੋਏ ਹਨ,
ਜਿਨ ਗੁਰ ਕੈ ਸਬਦਿ ਸਲਾਹਿਆ ਹਰਿ ਸਿਉ ਰਹੇ ਸਮਾਇ ॥
ਜਿਨ੍ਹਾਂ ਨੇ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸਿਫ਼ਤ-ਸਾਲਾਹ ਕੀਤੀ ਹੈ ਤੇ ਹਰੀ ਵਿੱਚ ਲੀਨ ਹਨ।
ਪੰਡਿਤ ਦੂਜੈ ਭਾਇ ਬਰਕਤਿ ਨ ਹੋਵਈ ਨਾ ਧਨੁ ਪਲੈ ਪਾਇ ॥
ਹੇ ਪੰਡਿਤ! ਮਾਇਆ ਦੇ ਮੋਹ ਵਿਚ (ਫਸੇ ਰਿਹਾਂ) ਬਰਕਤਿ ਨਹੀਂ ਹੋ ਸਕਦੀ (ਆਤਮਿਕ ਜੀਵਨ ਵਧਦਾ-ਫੁਲਦਾ ਨਹੀਂ) ਤੇ ਨਾਹ ਹੀ ਨਾਮ-ਧਨ ਮਿਲਦਾ ਹੈ;
ਪੜਿ ਥਕੇ ਸੰਤੋਖੁ ਨ ਆਇਓ ਅਨਦਿਨੁ ਜਲਤ ਵਿਹਾਇ ॥
ਪੜ੍ਹ ਕੇ ਥੱਕ ਜਾਂਦੇ ਹਨ, ਪਰ ਸੰਤੋਖ ਨਹੀਂ ਆਉਂਦਾ ਤੇ ਹਰ ਵੇਲੇ (ਉਮਰ) ਸੜਦਿਆਂ ਹੀ ਗੁਜ਼ਰਦੀ ਹੈ;
ਕੂਕ ਪੂਕਾਰ ਨ ਚੁਕਈ ਨਾ ਸੰਸਾ ਵਿਚਹੁ ਜਾਇ ॥
ਉਹਨਾਂ ਦੀ ਗਿਲਾ-ਗੁਜ਼ਾਰੀ ਮੁੱਕਦੀ ਨਹੀਂ ਤੇ ਮਨ ਵਿਚੋਂ ਚਿੰਤਾ ਨਹੀਂ ਜਾਂਦੀ।
ਨਾਨਕ ਨਾਮ ਵਿਹੂਣਿਆ ਮੁਹਿ ਕਾਲੈ ਉਠਿ ਜਾਇ ॥੨॥
ਹੇ ਨਾਨਕ! ਨਾਮ ਤੋਂ ਸੱਖਣਾ ਰਹਿਣ ਕਰਕੇ ਮਨੁੱਖ ਕਾਲੇ-ਮੂੰਹ ਹੀ (ਸੰਸਾਰ ਤੋਂ) ਉੱਠ ਜਾਂਦਾ ਹੈ ॥੨॥
ਪਉੜੀ ॥
ਹਰਿ ਸਜਣ ਮੇਲਿ ਪਿਆਰੇ ਮਿਲਿ ਪੰਥੁ ਦਸਾਈ ॥
ਹੇ ਪਿਆਰੇ ਹਰੀ! ਮੈਨੂੰ ਗੁਰਮੁਖ ਮਿਲਾ, ਜਿਨ੍ਹਾਂ ਨੂੰ ਮਿਲ ਕੇ ਮੈਂ ਤੇਰਾ ਰਾਹ ਪੁੱਛਾਂ।
ਜੋ ਹਰਿ ਦਸੇ ਮਿਤੁ ਤਿਸੁ ਹਉ ਬਲਿ ਜਾਈ ॥
ਜੋ ਮਨੁੱਖ ਮੈਨੂੰ ਹਰੀ ਮਿਤ੍ਰ (ਦੀ ਖ਼ਬਰ) ਦੱਸੇ, ਮੈਂ ਉਸ ਤੋਂ ਸਦਕੇ ਹਾਂ।
ਗੁਣ ਸਾਝੀ ਤਿਨ ਸਿਉ ਕਰੀ ਹਰਿ ਨਾਮੁ ਧਿਆਈ ॥
ਉਹਨਾਂ ਨਾਲ ਮੈਂ ਗੁਣਾਂ ਦੀ ਭਿਆਲੀ ਪਾਵਾਂ ਤੇ ਹਰੀ-ਨਾਮ ਸਿਮਰਾਂ।
ਹਰਿ ਸੇਵੀ ਪਿਆਰਾ ਨਿਤ ਸੇਵਿ ਹਰਿ ਸੁਖੁ ਪਾਈ ॥
ਮੈਂ ਸਦਾ ਪਿਆਰਾ ਹਰੀ ਸਿਮਰਾਂ ਤੇ ਸਿਮਰ ਕੇ ਸੁਖ ਲਵਾਂ।
ਬਲਿਹਾਰੀ ਸਤਿਗੁਰ ਤਿਸੁ ਜਿਨਿ ਸੋਝੀ ਪਾਈ ॥੧੨॥
ਮੈਂ ਸਦਕੇ ਹਾਂ ਉਸ ਸਤਿਗੁਰੂ ਤੋਂ, ਜਿਸ ਨੇ (ਪਰਮਾਤਮਾ ਦੀ) ਸਮਝ ਬਖ਼ਸ਼ੀ ਹੈ ॥੧੨॥
ਸਲੋਕੁ ਮਃ ੩ ॥
ਪੰਡਿਤ ਮੈਲੁ ਨ ਚੁਕਈ ਜੇ ਵੇਦ ਪੜੈ ਜੁਗ ਚਾਰਿ ॥
ਪੰਡਿਤ ਦੀ (ਭੀ) ਮੈਲ ਦੂਰ ਨਹੀਂ ਹੁੰਦੀ, ਭਾਵੇਂ ਚਾਰੇ ਜੁਗ ਵੇਦ ਪੜ੍ਹਦਾ ਰਹੇ।
ਤ੍ਰੈ ਗੁਣ ਮਾਇਆ ਮੂਲੁ ਹੈ ਵਿਚਿ ਹਉਮੈ ਨਾਮੁ ਵਿਸਾਰਿ ॥
(ਕਿਉਂਕਿ) ਤਿੰਨਾਂ ਗੁਣਾਂ ਵਾਲੀ ਮਾਇਆ (ਇਸ ਮੈਲ ਦਾ) ਕਾਰਨ ਹੈ, (ਜਿਸ ਕਰਕੇ ਪੰਡਿਤ) ਹਉਮੈ ਵਿਚ ਨਾਮ ਵਿਸਾਰ ਦੇਂਦਾ ਹੈ।
ਪੰਡਿਤ ਭੂਲੇ ਦੂਜੈ ਲਾਗੇ ਮਾਇਆ ਕੈ ਵਾਪਾਰਿ ॥
ਭੁੱਲੇ ਹੋਏ ਪੰਡਿਤ ਮਾਇਆ ਦੇ ਵਪਾਰ ਵਿਚ ਤੇ ਮਾਇਆ ਦੇ ਮੋਹ ਵਿਚ ਲੱਗੇ ਹੋਏ ਹਨ।
ਅੰਤਰਿ ਤ੍ਰਿਸਨਾ ਭੁਖ ਹੈ ਮੂਰਖ ਭੁਖਿਆ ਮੁਏ ਗਵਾਰ ॥
ਉਹਨਾਂ ਦੇ ਅੰਦਰ ਤ੍ਰਿਸ਼ਨਾ ਹੈ ਭੁੱਖ ਹੈ, ਗਵਾਰ ਮੂਰਖ ਭੁੱਲੇ ਹੀ ਮਰ ਗਏ ਹਨ (ਭਾਵੇਂ ਧਰਮ ਪੁਸਤਕਾਂ ਪੜ੍ਹਦੇ ਹਨ) (ਭਾਵ, ਮਾਇਆ ਦੇ ਲਾਲਚ ਵਿਚ ਰਹਿ ਕੇ ਆਤਮਕ ਮੌਤ ਸਹੇੜ ਗਏ)।
ਸਤਿਗੁਰਿ ਸੇਵਿਐ ਸੁਖੁ ਪਾਇਆ ਸਚੈ ਸਬਦਿ ਵੀਚਾਰਿ ॥
ਸਤਿਗੁਰੂ ਦੇ ਦੱਸੇ ਰਾਹ ਤੇ ਤੁਰਿਆਂ ਤੇ ਸੱਚੇ ਸ਼ਬਦ ਵਿਚ ਵਿਚਾਰ ਕੀਤਿਆਂ ਸੁਖ ਮਿਲਦਾ ਹੈ।
ਅੰਦਰਹੁ ਤ੍ਰਿਸਨਾ ਭੁਖ ਗਈ ਸਚੈ ਨਾਇ ਪਿਆਰਿ ॥
ਸੱਚੇ ਨਾਮ ਵਿਚ ਪਿਆਰ ਕਰਨ ਨਾਲ ਅੰਦਰੋਂ ਤ੍ਰਿਸ਼ਨਾ ਤੇ ਭੁੱਖ ਦੂਰ ਹੋ ਜਾਂਦੀ ਹੈ।
ਨਾਨਕ ਨਾਮਿ ਰਤੇ ਸਹਜੇ ਰਜੇ ਜਿਨਾ ਹਰਿ ਰਖਿਆ ਉਰਿ ਧਾਰਿ ॥੧॥
ਹੇ ਨਾਨਕ! ਜੋ ਮਨੁੱਖ ਨਾਮ ਵਿਚ ਰੰਗੇ ਹੋਏ ਹਨ ਤੇ ਜਿਨ੍ਹਾਂ ਨੇ ਹਰੀ ਨੂੰ ਹਿਰਦੇ ਵਿਚ ਪਰੋਇਆ ਹੋਇਆ ਹੈ ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸੰਤੋਖੀ ਹੋ ਗਏ ਹਨ ॥੧॥
ਮਃ ੩ ॥
ਮਨਮੁਖ ਹਰਿ ਨਾਮੁ ਨ ਸੇਵਿਆ ਦੁਖੁ ਲਗਾ ਬਹੁਤਾ ਆਇ ॥
ਮਨਮੁਖ ਨੇ ਹਰੀ ਦਾ ਨਾਮ ਨਹੀਂ ਸਿਮਰਿਆ, ਇਸ ਕਰਕੇ ਬਹੁਤਾ ਦੁਖੀ ਹੁੰਦਾ ਹੈ।
ਅੰਤਰਿ ਅਗਿਆਨੁ ਅੰਧੇਰੁ ਹੈ ਸੁਧਿ ਨ ਕਾਈ ਪਾਇ ॥
ਉਸ ਦੇ ਹਿਰਦੇ ਵਿਚ ਅਗਿਆਨ (-ਰੂਪ) ਹਨੇਰਾ ਹੁੰਦਾ ਹੈ (ਇਸ ਲਈ) ਉਸ ਨੂੰ ਕੋਈ ਸੋਝੀ ਨਹੀਂ ਪੈਂਦੀ।
ਮਨਹਠਿ ਸਹਜਿ ਨ ਬੀਜਿਓ ਭੁਖਾ ਕਿ ਅਗੈ ਖਾਇ ॥
ਮਨ ਦੇ ਹਠ ਕਰਕੇ ਉਹ ਅਡੋਲ ਅਵਸਥਾ ਵਿਚ ਕੁਝ ਨਹੀਂ ਬੀਜਦਾ (ਨਾਮ ਨਹੀਂ ਜਪਦਾ), (ਇਸ ਆਤਮਕ ਖ਼ੁਰਾਕ ਤੋਂ ਸੱਖਣਾ) ਭੁੱਖਾ ਅੱਗੇ ਕੀਹ ਖਾਏਗਾ?
ਨਾਮੁ ਨਿਧਾਨੁ ਵਿਸਾਰਿਆ ਦੂਜੈ ਲਗਾ ਜਾਇ ॥
(ਮਨਮੁਖ) ਨਾਮ-ਖ਼ਜ਼ਾਨਾ ਵਿਸਾਰ ਕੇ ਮਾਇਆ ਵਿਚ ਜਾ ਲੱਗਾ ਹੈ।
ਨਾਨਕ ਗੁਰਮੁਖਿ ਮਿਲਹਿ ਵਡਿਆਈਆ ਜੇ ਆਪੇ ਮੇਲਿ ਮਿਲਾਇ ॥੨॥
ਹੇ ਨਾਨਕ! ਸਤਿਗੁਰੂ ਦੇ ਸਨਮੁਖ ਹੋਏ ਮਨੁੱਖਾਂ ਨੂੰ ਵਡਿਆਈ ਮਿਲਦੀ ਹੈ, ਜੇ ਹਰੀ ਆਪ ਹੀ ਸੰਗਤਿ ਵਿਚ ਮਿਲਾ ਲਏ ॥੨॥
ਪਉੜੀ ॥
ਹਰਿ ਰਸਨਾ ਹਰਿ ਜਸੁ ਗਾਵੈ ਖਰੀ ਸੁਹਾਵਣੀ ॥
ਜੋ ਜੀਭ ਹਰੀ ਦਾ ਜਸ ਗਾਉਂਦੀ ਹੈ, ਉਹ ਬੜੀ ਸੁੰਦਰ ਲਗਦੀ ਹੈ;
ਜੋ ਮਨਿ ਤਨਿ ਮੁਖਿ ਹਰਿ ਬੋਲੈ ਸਾ ਹਰਿ ਭਾਵਣੀ ॥
ਜੋ ਮਨੋਂ ਤਨੋਂ ਹੋ ਕੇ ਮੂੰਹੋਂ ਹਰੀ-ਨਾਮ ਬੋਲਦੀ ਹੈ ਉਹ ਹਰੀ ਨੂੰ ਪਿਆਰੀ ਲੱਗਦੀ ਹੈ;
ਜੋ ਗੁਰਮੁਖਿ ਚਖੈ ਸਾਦੁ ਸਾ ਤ੍ਰਿਪਤਾਵਣੀ ॥
ਜੋ ਸਤਿਗੁਰੂ ਦੇ ਸਨਮੁਖ ਹੋ ਕੇ ਸੁਆਦ ਚੱਖਦੀ ਹੈ, ਉਹ ਰੱਜ ਜਾਂਦੀ ਹੈ (ਭਾਵ, ਉਹ ਜੀਭ ਹੋਰ ਰਸਾਂ ਵੱਲ ਨਹੀਂ ਦੌੜਦੀ)।
ਗੁਣ ਗਾਵੈ ਪਿਆਰੇ ਨਿਤ ਗੁਣ ਗਾਇ ਗੁਣੀ ਸਮਝਾਵਣੀ ॥
ਪਿਆਰੇ ਹਰੀ ਦੇ ਗੁਣ ਸਦਾ ਗਾਉਂਦੀ ਹੈ ਤੇ ਗੁਣ ਗਾ ਕੇ ਗੁਣੀ (ਹਰੀ) ਦੀ (ਹੋਰਨਾਂ ਨੂੰ) ਸਿੱਖਿਆ ਦੇਂਦੀ ਹੈ।
ਜਿਸੁ ਹੋਵੈ ਆਪਿ ਦਇਆਲੁ ਸਾ ਸਤਿਗੁਰੂ ਗੁਰੂ ਬੁਲਾਵਣੀ ॥੧੩॥
ਜਿਸ (ਜੀਭ) ਤੇ ਹਰੀ ਆਪ ਦਿਆਲ ਹੁੰਦਾ ਹੈ, ਉਹ ‘ਗੁਰੂ ਗੁਰੂ’ ਜਪਦੀ ਹੈ ॥੧੩॥
ਸਲੋਕੁ ਮਃ ੩ ॥
ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ ॥
ਜਿਵੇਂ ਹਾਥੀ ਦੇ ਸਿਰ ਤੇ ਕੁੰਡਾ ਹੈ ਤੇ ਜਿਵੇਂ ਅਹਰਣ (ਵਦਾਨ ਹੇਠਾਂ) ਸਿਰ ਦੇਂਦੀ ਹੈ,
ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ ॥
ਤਿਵੇਂ ਸਰੀਰ ਤੇ ਮਨ (ਸਤਿਗੁਰੂ ਨੂੰ) ਅਰਪਣ ਕਰ ਕੇ ਸਾਵਧਾਨ ਹੋ ਕੇ ਸੇਵਾ ਕਰੋ;
ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜੁ ਸ੍ਰਿਸਟਿ ਕਾ ਲੇਇ ॥
ਸਤਿਗੁਰੂ ਦੇ ਸਨਮੁਖ ਹੋਇਆਂ ਮਨੁੱਖ ਇਸ ਤਰ੍ਹਾਂ ਆਪਾ-ਭਾਵ ਗਵਾਂਦਾ ਹੈ ਤੇ, ਮਾਨੋ, ਸਾਰੀ ਸ੍ਰਿਸ਼ਟੀ ਦਾ ਰਾਜ ਲੈ ਲੈਂਦਾ ਹੈ।
ਨਾਨਕ ਗੁਰਮੁਖਿ ਬੁਝੀਐ ਜਾ ਆਪੇ ਨਦਰਿ ਕਰੇਇ ॥੧॥
ਹੇ ਨਾਨਕ! ਜਦੋਂ ਹਰੀ ਆਪ ਕ੍ਰਿਪਾ ਦੀ ਨਜ਼ਰ ਕਰਦਾ ਹੈ ਤਦੋਂ ਸਤਿਗੁਰੂ ਦੇ ਸਨਮੁਖ ਹੋ ਕੇ ਇਹ ਸਮਝ ਆਉਂਦੀ ਹੈ ॥੧॥
ਮਃ ੩ ॥
ਜਿਨ ਗੁਰਮੁਖਿ ਨਾਮੁ ਧਿਆਇਆ ਆਏ ਤੇ ਪਰਵਾਣੁ ॥
(ਸੰਸਾਰ ਵਿਚ) ਆਏ ਉਹ ਮਨੁੱਖ ਕਬੂਲ ਹਨ ਜਿਨ੍ਹਾਂ ਨੇ ਸਤਿਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਨਾਮ ਸਿਮਰਿਆ ਹੈ;
ਨਾਨਕ ਕੁਲ ਉਧਾਰਹਿ ਆਪਣਾ ਦਰਗਹ ਪਾਵਹਿ ਮਾਣੁ ॥੨॥
ਹੇ ਨਾਨਕ! ਉਹ ਮਨੁੱਖ ਆਪਣੀ ਕੁਲ ਨੂੰ ਤਾਰ ਲੈਂਦੇ ਹਨ ਤੇ ਆਪ ਦਰਗਾਹ ਵਿਚ ਆਦਰ ਪਾਂਦੇ ਹਨ ॥੨॥
ਪਉੜੀ ॥
ਗੁਰਮੁਖਿ ਸਖੀਆ ਸਿਖ ਗੁਰੂ ਮੇਲਾਈਆ ॥
ਸਤਿਗੁਰੂ ਨੇ ਗੁਰਮੁਖ ਸਿੱਖ (-ਰੂਪ) ਸਹੇਲੀਆਂ (ਆਪੋ ਵਿਚ) ਮਿਲਾਈਆਂ ਹਨ;
ਇਕਿ ਸੇਵਕ ਗੁਰ ਪਾਸਿ ਇਕਿ ਗੁਰਿ ਕਾਰੈ ਲਾਈਆ ॥
ਉਹਨਾਂ ਵਿਚੋਂ ਕਈ ਸਤਿਗੁਰੂ ਦੇ ਕੋਲ ਸੇਵਾ ਕਰਦੀਆਂ ਹਨ, ਕਈਆਂ ਨੂੰ ਸਤਿਗੁਰੂ ਨੇ (ਹੋਰ) ਕਾਰੇ ਲਾਇਆ ਹੋਇਆ ਹੈ;
ਜਿਨਾ ਗੁਰੁ ਪਿਆਰਾ ਮਨਿ ਚਿਤਿ ਤਿਨਾ ਭਾਉ ਗੁਰੂ ਦੇਵਾਈਆ ॥
ਜਿਨ੍ਹਾਂ ਦੇ ਮਨ ਵਿਚ ਪਿਆਰਾ ਗੁਰੂ ਵੱਸਦਾ ਹੈ, ਸਤਿਗੁਰੂ ਉਹਨਾਂ ਨੂੰ ਆਪਣਾ ਪਿਆਰ ਬਖ਼ਸ਼ਦਾ ਹੈ,
ਗੁਰ ਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ ॥
ਸਤਿਗੁਰੂ ਦਾ ਆਪਣੇ ਸਿੱਖਾਂ ਮਿੱਤ੍ਰਾਂ ਪੁਤ੍ਰਾਂ ਤੇ ਭਰਾਵਾਂ ਨਾਲ ਇਕੋ ਜਿਹਾ ਪਿਆਰ ਹੁੰਦਾ ਹੈ।
ਗੁਰੁ ਸਤਿਗੁਰੁ ਬੋਲਹੁ ਸਭਿ ਗੁਰੁ ਆਖਿ ਗੁਰੂ ਜੀਵਾਈਆ ॥੧੪॥
(ਹੇ ਸਿੱਖ ਸਹੇਲੀਓ!) ਸਾਰੀਆਂ ‘ਗੁਰੂ, ਗੁਰੂ’ ਆਖੋ, ‘ਗੁਰੂ, ਗੁਰੂ’ ਆਖਿਆਂ ਗੁਰੂ ਆਤਮਕ ਜੀਵਨ ਦੇ ਦੇਂਦਾ ਹੈ ॥੧੪॥
ਸਲੋਕੁ ਮਃ ੩ ॥
ਨਾਨਕ ਨਾਮੁ ਨ ਚੇਤਨੀ ਅਗਿਆਨੀ ਅੰਧੁਲੇ ਅਵਰੇ ਕਰਮ ਕਮਾਹਿ ॥
ਹੇ ਨਾਨਕ! ਅੰਨ੍ਹੇ ਅਗਿਆਨੀ ਨਾਮ ਨਹੀਂ ਸਿਮਰਦੇ ਤੇ ਹੋਰ ਹੋਰ ਕੰਮ ਕਰਦੇ ਹਨ।
ਜਮ ਦਰਿ ਬਧੇ ਮਾਰੀਅਹਿ ਫਿਰਿ ਵਿਸਟਾ ਮਾਹਿ ਪਚਾਹਿ ॥੧॥
(ਸਿੱਟਾ ਇਹ ਨਿਕਲਦਾ ਹੈ, ਕਿ) ਜਮ ਦੇ ਦਰ ਤੇ ਬੱਧੇ ਮਾਰ ਖਾਂਦੇ ਹਨ ਤੇ ਫਿਰ (ਵਿਕਾਰ-ਰੂਪ) ਵਿਸ਼ਟੇ ਵਿਚ ਸੜਦੇ ਹਨ ॥੧॥
ਮਃ ੩ ॥
ਨਾਨਕ ਸਤਿਗੁਰੁ ਸੇਵਹਿ ਆਪਣਾ ਸੇ ਜਨ ਸਚੇ ਪਰਵਾਣੁ ॥
ਹੇ ਨਾਨਕ! ਜੋ ਮਨੁੱਖ ਆਪਣੇ ਸਤਿਗੁਰੂ ਦੀ ਦੱਸੀ ਕਾਰ ਕਰਦੇ ਹਨ ਉਹ ਮਨੁੱਖ ਸੱਚੇ ਤੇ ਕਬੂਲ ਹਨ;
ਹਰਿ ਕੈ ਨਾਇ ਸਮਾਇ ਰਹੇ ਚੂਕਾ ਆਵਣੁ ਜਾਣੁ ॥੨॥
ਉਹ ਹਰੀ ਦੇ ਨਾਮ ਵਿਚ ਲੀਨ ਰਹਿੰਦੇ ਹਨ ਤੇ ਉਹਨਾਂ ਦਾ ਜੰਮਣਾ ਮਰਣਾ ਮੁੱਕ ਜਾਂਦਾ ਹੈ ॥੨॥
ਪਉੜੀ ॥
ਧਨੁ ਸੰਪੈ ਮਾਇਆ ਸੰਚੀਐ ਅੰਤੇ ਦੁਖਦਾਈ ॥
ਧਨ, ਦੌਲਤ ਤੇ ਮਾਇਆ ਇਕੱਠੀ ਕਰੀਦੀ ਹੈ, ਪਰ ਅਖ਼ੀਰ ਨੂੰ ਦੁਖਦਾਈ ਹੁੰਦੀ ਹੈ;
ਘਰ ਮੰਦਰ ਮਹਲ ਸਵਾਰੀਅਹਿ ਕਿਛੁ ਸਾਥਿ ਨ ਜਾਈ ॥
ਘਰ, ਮੰਦਰ ਤੇ ਮਹਿਲ ਬਣਾਈਦੇ ਹਨ, ਪਰ ਕੁਝ ਨਾਲ ਨਹੀਂ ਜਾਂਦਾ;
ਹਰ ਰੰਗੀ ਤੁਰੇ ਨਿਤ ਪਾਲੀਅਹਿ ਕਿਤੈ ਕਾਮਿ ਨ ਆਈ ॥
ਕਈ ਰੰਗਾਂ ਦੇ ਘੋੜੇ ਸਦਾ ਪਾਲੀਦੇ ਹਨ, ਪਰ ਕਿਸੇ ਕੰਮ ਨਹੀਂ ਆਉਂਦੇ।
ਜਨ ਲਾਵਹੁ ਚਿਤੁ ਹਰਿ ਨਾਮ ਸਿਉ ਅੰਤਿ ਹੋਇ ਸਖਾਈ ॥
ਹੇ ਭਾਈ ਸੱਜਣੋ! ਹਰੀ ਦੇ ਨਾਮ ਨਾਲ ਚਿੱਤ ਜੋੜੋ, ਜੋ ਅਖ਼ੀਰ ਨੂੰ ਸਾਥੀ ਬਣੇ।
ਜਨ ਨਾਨਕ ਨਾਮੁ ਧਿਆਇਆ ਗੁਰਮੁਖਿ ਸੁਖੁ ਪਾਈ ॥੧੫॥
ਹੇ ਦਾਸ ਨਾਨਕ! ਜੋ ਮਨੁੱਖ ਨਾਮ ਸਿਮਰਦਾ ਹੈ, ਉਹ ਸਤਿਗੁਰੂ ਦੇ ਸਨਮੁਖ ਰਹਿ ਕੇ ਸੁਖ ਪਾਂਦਾ ਹੈ ॥੧੫॥
ਸਲੋਕੁ ਮਃ ੩ ॥
ਬਿਨੁ ਕਰਮੈ ਨਾਉ ਨ ਪਾਈਐ ਪੂਰੈ ਕਰਮਿ ਪਾਇਆ ਜਾਇ ॥
ਪੂਰੀ ਮੇਹਰ ਦੁਆਰਾ ਹਰੀ-ਨਾਮ ਲੱਭ ਸਕਦਾ ਹੈ, ਮੇਹਰ ਤੋਂ ਬਿਨਾ ਨਾਮ ਨਹੀਂ ਮਿਲਦਾ;
ਨਾਨਕ ਨਦਰਿ ਕਰੇ ਜੇ ਆਪਣੀ ਤਾ ਗੁਰਮਤਿ ਮੇਲਿ ਮਿਲਾਇ ॥੧॥
ਹੇ ਨਾਨਕ! ਜੇ ਹਰੀ ਆਪਣੀ ਕ੍ਰਿਪਾ-ਦ੍ਰਿਸ਼ਟੀ ਕਰੇ, ਤਾਂ ਸਤਿਗੁਰੂ ਦੀ ਸਿੱਖਿਆ ਵਿਚ ਲੀਨ ਕਰ ਕੇ ਮਿਲਾ ਲੈਂਦਾ ਹੈ ॥੧॥
ਮਃ ੧ ॥
ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ ॥
(ਮਰਨ ਤੇ) ਕੋਈ ਸਾੜੇ ਜਾਂਦੇ ਹਨ, ਕੋਈ ਦੱਬੇ ਜਾਂਦੇ ਹਨ, ਇਕਨਾਂ ਨੂੰ ਕੁੱਤੇ ਖਾਂਦੇ ਹਨ,
ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ ॥
ਕੋਈ ਜਲ-ਪ੍ਰਵਾਹ ਕੀਤੇ ਜਾਂਦੇ ਹਨ ਤੇ ਕੋਈ ਸੁੱਕੇ ਖੂਹ ਵਿਚ ਰੱਖੇ ਜਾਂਦੇ ਹਨ।
ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ॥੨॥
ਪਰ, ਹੇ ਨਾਨਕ! (ਸਰੀਰ ਦੇ) ਇਸ ਸਾੜਨ ਦੱਬਣ ਆਦਿਕ ਨਾਲ ਇਹ ਨਹੀਂ ਪਤਾ ਲੱਗ ਸਕਦਾ ਕਿ ਰੂਹਾਂ ਕਿੱਥੇ ਜਾ ਵੱਸਦੀਆਂ ਹਨ ॥੨॥
ਪਉੜੀ ॥
ਤਿਨ ਕਾ ਖਾਧਾ ਪੈਧਾ ਮਾਇਆ ਸਭੁ ਪਵਿਤੁ ਹੈ ਜੋ ਨਾਮਿ ਹਰਿ ਰਾਤੇ ॥
ਜੋ ਮਨੁੱਖ ਹਰੀ ਦੇ ਨਾਮ ਵਿਚ ਰੰਗੇ ਹੋਏ ਹਨ, ਉਹਨਾਂ ਦਾ ਮਾਇਆ ਨੂੰ ਵਰਤਣਾ, ਖਾਣਾ ਪਹਿਨਣਾ ਸਭ ਕੁਝ ਪਵਿੱਤ੍ਰ ਹੈ;
ਤਿਨ ਕੇ ਘਰ ਮੰਦਰ ਮਹਲ ਸਰਾਈ ਸਭਿ ਪਵਿਤੁ ਹਹਿ ਜਿਨੀ ਗੁਰਮੁਖਿ ਸੇਵਕ ਸਿਖ ਅਭਿਆਗਤ ਜਾਇ ਵਰਸਾਤੇ ॥
ਉਹਨਾਂ ਦੇ ਘਰ, ਮੰਦਰ, ਮਹਿਲ ਤੇ ਸਰਾਵਾਂ ਸਭ ਪਵਿੱਤ੍ਰ ਹਨ, ਜਿਨ੍ਹਾਂ ਵਿਚੋਂ ਗੁਰਮੁਖਿ ਸੇਵਕ ਸਿੱਖ ਤੇ ਅਭਿਆਗਤ ਜਾ ਕੇ ਸੁਖ ਲੈਂਦੇ ਹਨ।
ਤਿਨ ਕੇ ਤੁਰੇ ਜੀਨ ਖੁਰਗੀਰ ਸਭਿ ਪਵਿਤੁ ਹਹਿ ਜਿਨੀ ਗੁਰਮੁਖਿ ਸਿਖ ਸਾਧ ਸੰਤ ਚੜਿ ਜਾਤੇ ॥
ਉਹਨਾਂ ਦੇ ਘੋੜੇ, ਜ਼ੀਨਾਂ, ਤਾਹਰੂ ਸਭ ਪਵਿੱਤ੍ਰ ਹਨ, ਜਿਨ੍ਹਾਂ ਉਤੇ ਗੁਰਮੁਖਿ ਸਿੱਖ ਸਾਧ ਸੰਤ ਚੜ੍ਹਦੇ ਹਨ;
ਤਿਨ ਕੇ ਕਰਮ ਧਰਮ ਕਾਰਜ ਸਭਿ ਪਵਿਤੁ ਹਹਿ ਜੋ ਬੋਲਹਿ ਹਰਿ ਹਰਿ ਰਾਮ ਨਾਮੁ ਹਰਿ ਸਾਤੇ ॥
ਉਹਨਾਂ ਦੇ ਕੰਮ-ਕਾਜ ਸਭ ਪਵ੍ਰਿੱਤ ਹਨ, ਜੋ ਹਰ ਵੇਲੇ ਹਰੀ ਦਾ ਨਾਮ ਉਚਾਰਦੇ ਹਨ।
ਜਿਨ ਕੈ ਪੋਤੈ ਪੁੰਨੁ ਹੈ ਸੇ ਗੁਰਮੁਖਿ ਸਿਖ ਗੁਰੂ ਪਹਿ ਜਾਤੇ ॥੧੬॥
(ਪਹਿਲੇ ਕੀਤੇ ਕੰਮਾਂ ਦੇ ਅਨੁਸਾਰ) ਜਿਨ੍ਹਾਂ ਦੇ ਪੱਲੇ (ਭਲੇ ਸੰਸਕਾਰ-ਰੂਪ) ਪੁੰਨ ਹੈ, ਉਹ ਗੁਰਮੁਖ ਸਿੱਖ ਸਤਿਗੁਰੂ ਦੀ ਸ਼ਰਨ ਆਉਂਦੇ ਹਨ ॥੧੬॥
ਸਲੋਕੁ ਮਃ ੩ ॥
ਨਾਨਕ ਨਾਵਹੁ ਘੁਥਿਆ ਹਲਤੁ ਪਲਤੁ ਸਭੁ ਜਾਇ ॥
ਹੇ ਨਾਨਕ! ਨਾਮ ਤੋਂ ਖੁੰਝਿਆਂ ਦਾ ਲੋਕ ਪਰਲੋਕ ਸਭ ਵਿਅਰਥ ਜਾਂਦਾ ਹੈ;
ਜਪੁ ਤਪੁ ਸੰਜਮੁ ਸਭੁ ਹਿਰਿ ਲਇਆ ਮੁਠੀ ਦੂਜੈ ਭਾਇ ॥
ਉਹਨਾਂ ਦਾ ਜਪ ਤਪ ਤੇ ਸੰਜਮ ਸਭ ਖੁੱਸ ਜਾਂਦਾ ਹੈ, ਤੇ ਮਾਇਆ ਦੇ ਮੋਹ ਵਿਚ (ਉਹਨਾਂ ਦੀ ਮਤਿ) ਠੱਗੀ ਜਾਂਦੀ ਹੈ;
ਜਮ ਦਰਿ ਬਧੇ ਮਾਰੀਅਹਿ ਬਹੁਤੀ ਮਿਲੈ ਸਜਾਇ ॥੧॥
ਜਮ ਦੁਆਰ ਤੇ ਬੱਧੇ ਮਾਰੀਦੇ ਹਨ ਤੇ ਬੜੀ ਸਜ਼ਾ (ਉਹਨਾਂ ਨੂੰ) ਮਿਲਦੀ ਹੈ ॥੧॥
ਮਃ ੩ ॥
ਸੰਤਾ ਨਾਲਿ ਵੈਰੁ ਕਮਾਵਦੇ ਦੁਸਟਾ ਨਾਲਿ ਮੋਹੁ ਪਿਆਰੁ ॥
ਨਿੰਦਕ ਮਨੁੱਖ ਸੰਤ ਜਨਾਂ ਨਾਲ ਵੈਰ ਕਰਦੇ ਹਨ ਤੇ ਦੁਰਜਨਾਂ ਨਾਲ ਮੋਹ ਪਿਆਰ ਰੱਖਦੇ ਹਨ।
ਅਗੈ ਪਿਛੈ ਸੁਖੁ ਨਹੀ ਮਰਿ ਜੰਮਹਿ ਵਾਰੋ ਵਾਰ ॥
ਉਹਨਾਂ ਨੂੰ ਲੋਕ ਪਰਲੋਕ ਵਿੱਚ ਕਿਤੇ ਸੁਖ ਨਹੀਂ ਮਿਲਦਾ।
ਤ੍ਰਿਸਨਾ ਕਦੇ ਨ ਬੁਝਈ ਦੁਬਿਧਾ ਹੋਇ ਖੁਆਰੁ ॥
ਘੜੀ ਮੁੜੀ ਦੁਬਿਧਾ ਵਿਚ ਖ਼ੁਆਰ ਹੋ ਹੋ ਕੇ, ਜੰਮਦੇ ਮਰਦੇ ਹਨ; ਉਹਨਾਂ ਦੀ ਤ੍ਰਿਸ਼ਨਾ ਕਦੇ ਨਹੀਂ ਲਹਿੰਦੀ।
ਮੁਹ ਕਾਲੇ ਤਿਨਾ ਨਿੰਦਕਾ ਤਿਤੁ ਸਚੈ ਦਰਬਾਰਿ ॥
ਹਰੀ ਦੇ ਸੱਚੇ ਦਰਬਾਰ ਵਿਚ ਉਹਨਾਂ ਨਿੰਦਕਾਂ ਦੇ ਮੂੰਹ ਕਾਲੇ ਹੁੰਦੇ ਹਨ।
ਨਾਨਕ ਨਾਮ ਵਿਹੂਣਿਆ ਨਾ ਉਰਵਾਰਿ ਨ ਪਾਰਿ ॥੨॥
ਹੇ ਨਾਨਕ! ਨਾਮ ਤੋਂ ਸੱਖਣਿਆਂ ਨੂੰ ਨਾਹ ਇਸ ਲੋਕ ਵਿਚ ਤੇ ਨਾਹ ਪਰਲੋਕ ਵਿਚ (ਢੋਈ ਮਿਲਦੀ ਹੈ) ॥੨॥
ਪਉੜੀ ॥
ਜੋ ਹਰਿ ਨਾਮੁ ਧਿਆਇਦੇ ਸੇ ਹਰਿ ਹਰਿ ਨਾਮਿ ਰਤੇ ਮਨ ਮਾਹੀ ॥
ਜੋ ਮਨੁੱਖ ਹਰੀ ਦਾ ਨਾਮ ਸਿਮਰਦੇ ਹਨ, ਉਹ ਅੰਦਰੋਂ ਹਰੀ-ਨਾਮ ਵਿਚ ਰੰਗੇ ਜਾਂਦੇ ਹਨ।
ਜਿਨਾ ਮਨਿ ਚਿਤਿ ਇਕੁ ਅਰਾਧਿਆ ਤਿਨਾ ਇਕਸ ਬਿਨੁ ਦੂਜਾ ਕੋ ਨਾਹੀ ॥
ਜਿਨ੍ਹਾਂ ਨੇ ਇਕਾਗ੍ਰ ਚਿੱਤ ਹੋ ਕੇ ਇਕ ਹਰੀ ਨੂੰ ਅਰਾਧਿਆ ਹੈ, ਉਹ ਉਸ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਜਾਣਦੇ।
ਸੇਈ ਪੁਰਖ ਹਰਿ ਸੇਵਦੇ ਜਿਨ ਧੁਰਿ ਮਸਤਕਿ ਲੇਖੁ ਲਿਖਾਹੀ ॥
(ਪਿਛਲੇ ਕੀਤੇ ਕੰਮਾਂ ਅਨੁਸਾਰ) ਮੁੱਢ ਤੋਂ ਜਿਨ੍ਹਾਂ ਦੇ ਮੱਥੇ ਤੇ (ਸੰਸਕਾਰ-ਰੂਪ) ਲੇਖ ਉੱਕਰਿਆ ਹੋਇਆ ਹੈ, ਉਹ ਮਨੁੱਖ ਹਰੀ ਨੂੰ ਜਪਦੇ ਹਨ।
ਹਰਿ ਕੇ ਗੁਣ ਨਿਤ ਗਾਵਦੇ ਹਰਿ ਗੁਣ ਗਾਇ ਗੁਣੀ ਸਮਝਾਹੀ ॥
ਉਹ ਸਦਾ ਹਰੀ ਦੇ ਗੁਣ ਗਾਉਂਦੇ ਹਨ, ਗੁਣ ਗਾ ਕੇ ਗੁਣਾਂ ਦੇ ਮਾਲਕ ਹਰੀ ਦੀ (ਹੋਰਨਾਂ ਨੂੰ) ਸਿੱਖਿਆ ਦੇਂਦੇ ਹਨ।
ਵਡਿਆਈ ਵਡੀ ਗੁਰਮੁਖਾ ਗੁਰ ਪੂਰੈ ਹਰਿ ਨਾਮਿ ਸਮਾਹੀ ॥੧੭॥
ਗੁਰਮੁਖਾਂ ਵਿਚ ਇਹ ਵੱਡਾ ਗੁਣ ਹੈ ਕਿ ਪੂਰੇ ਸਤਿਗੁਰੂ ਦੀ ਰਾਹੀਂ ਹਰੀ ਦੇ ਨਾਮ ਵਿਚ ਲੀਨ ਹੁੰਦੇ ਹਨ ॥੧੭॥
ਸਲੋਕੁ ਮਃ ੩ ॥
ਸਤਿਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ ॥
ਸਤਿਗੁਰੂ ਦੇ ਹੁਕਮ ਵਿਚ ਤੁਰਨਾ ਬੜੀ ਔਖੀ ਕਾਰ ਹੈ, ਸਿਰ ਦੇਣਾ ਪੈਂਦਾ ਹੈ, ਤੇ ਆਪਾ ਗਵਾ ਕੇ (ਸੇਵਾ ਹੁੰਦੀ ਹੈ)।
ਸਬਦਿ ਮਰਹਿ ਫਿਰਿ ਨਾ ਮਰਹਿ ਤਾ ਸੇਵਾ ਪਵੈ ਸਭ ਥਾਇ ॥
ਜੋ ਮਨੁੱਖ ਸਤਿਗੁਰੂ ਦੀ ਸਿੱਖਿਆ ਦੁਆਰਾ (ਸੰਸਾਰ ਵਲੋਂ) ਮਰਦੇ ਹਨ, ਉਹ ਫਿਰ ਜਨਮ ਮਰਨ ਵਿਚ ਨਹੀਂ ਰਹਿੰਦੇ, ਉਹਨਾਂ ਦੀ ਸਾਰੀ ਸੇਵਾ ਕਬੂਲ ਪੈ ਜਾਂਦੀ ਹੈ।
ਪਾਰਸ ਪਰਸਿਐ ਪਾਰਸੁ ਹੋਵੈ ਸਚਿ ਰਹੈ ਲਿਵ ਲਾਇ ॥
ਜੋ ਮਨੁੱਖ ਸੱਚੇ ਨਾਮ ਵਿਚ ਬ੍ਰਿਤੀ ਜੋੜੀ ਰੱਖਦਾ ਹੈ ਉਹ (ਮਾਨੋ) ਪਾਰਸ ਨੂੰ ਛੋਹ ਕੇ ਪਾਰਸ ਹੀ ਹੋ ਜਾਂਦਾ ਹੈ।
ਜਿਸੁ ਪੂਰਬਿ ਹੋਵੈ ਲਿਖਿਆ ਤਿਸੁ ਸਤਿਗੁਰੁ ਮਿਲੈ ਪ੍ਰਭੁ ਆਇ ॥
ਜਿਸ ਦੇ ਹਿਰਦੇ ਵਿਚ ਮੁੱਢ ਤੋਂ (ਸੰਸਕਾਰ-ਰੂਪ) ਲੇਖ ਉੱਕਰਿਆ ਹੋਵੇ, ਉਸ ਨੂੰ ਸਤਿਗੁਰੂ ਤੇ ਪ੍ਰਭੂ ਮਿਲਦਾ ਹੈ।
ਨਾਨਕ ਗਣਤੈ ਸੇਵਕੁ ਨਾ ਮਿਲੈ ਜਿਸੁ ਬਖਸੇ ਸੋ ਪਵੈ ਥਾਇ ॥੧॥
ਹੇ ਨਾਨਕ! ਲੇਖੈ ਕੀਤਿਆਂ ਸੇਵਕ (ਹਰੀ ਨੂੰ) ਨਹੀਂ ਮਿਲ ਸਕਦਾ, ਜਿਸ ਨੂੰ ਹਰੀ ਬਖ਼ਸ਼ਦਾ ਹੈ, ਉਹੀ ਕਬੂਲ ਪੈਂਦਾ ਹੈ ॥੧॥
ਮਃ ੩ ॥
ਮਹਲੁ ਕੁਮਹਲੁ ਨ ਜਾਣਨੀ ਮੂਰਖ ਅਪਣੈ ਸੁਆਇ ॥
ਮੂਰਖ ਆਪਣੀ ਗ਼ਰਜ਼ ਦੇ ਕਾਰਨ ਥਾਂ ਕੁਥਾਂ ਨਹੀਂ ਜਾਣਦੇ, (ਕਿ ਕਿੱਥੇ ਗ਼ਰਜ਼ ਪੂਰੀ ਹੋ ਸਕਦੀ ਹੈ)।
ਸਬਦੁ ਚੀਨਹਿ ਤਾ ਮਹਲੁ ਲਹਹਿ ਜੋਤੀ ਜੋਤਿ ਸਮਾਇ ॥
ਜੇ ਸਤਿਗੁਰੂ ਦੇ ਸ਼ਬਦ ਨੂੰ ਖੋਜਣ ਤਾਂ ਹਰੀ ਦੀ ਜੋਤਿ ਵਿਚ ਬ੍ਰਿਤੀ ਜੋੜ ਕੇ (ਹਰੀ ਦੀ ਹਜ਼ੂਰੀ-ਰੂਪ ਅਸਲ) ਟਿਕਾਣਾ ਲੱਭ ਲੈਣ।
ਸਦਾ ਸਚੇ ਕਾ ਭਉ ਮਨਿ ਵਸੈ ਤਾ ਸਭਾ ਸੋਝੀ ਪਾਇ ॥
ਜੇ ਸੱਚੇ ਹਰੀ ਦਾ ਡਰ (ਭਾਵ, ਅਦਬ) ਸਦਾ ਮਨ ਵਿਚ ਟਿਕਿਆ ਰਹੇ, ਤਾਂ ਇਹ ਸਾਰੀ ਸਮਝ ਪੈ ਜਾਂਦੀ ਹੈ,
ਸਤਿਗੁਰੁ ਅਪਣੈ ਘਰਿ ਵਰਤਦਾ ਆਪੇ ਲਏ ਮਿਲਾਇ ॥
ਕਿ ਸਤਿਗੁਰੂ, ਜੋ ਸਦਾ ਆਪਣੇ ਸਰੂਪ ਵਿਚ ਟਿਕਿਆ ਰਹਿੰਦਾ ਹੈ, ਆਪ ਹੀ ਸੇਵਕ ਨੂੰ ਮਿਲਾ ਲੈਂਦਾ ਹੈ।
ਨਾਨਕ ਸਤਿਗੁਰਿ ਮਿਲਿਐ ਸਭ ਪੂਰੀ ਪਈ ਜਿਸ ਨੋ ਕਿਰਪਾ ਕਰੇ ਰਜਾਇ ॥੨॥
ਹੇ ਨਾਨਕ! ਜਿਸ ਮਨੁੱਖ ਤੇ ਆਪਣੀ ਰਜ਼ਾ ਵਿਚ ਪ੍ਰਭੂ ਮੇਹਰ ਕਰੇ, ਉਸ ਨੂੰ ਸਤਿਗੁਰੂ ਮਿਲਿਆਂ ਪੂਰਨ ਸਫਲਤਾ ਹੁੰਦੀ ਹੈ ॥੨॥
ਪਉੜੀ ॥
ਧੰਨੁ ਧਨੁ ਭਾਗ ਤਿਨਾ ਭਗਤ ਜਨਾ ਜੋ ਹਰਿ ਨਾਮਾ ਹਰਿ ਮੁਖਿ ਕਹਤਿਆ ॥
ਉਹਨਾਂ ਭਗਤਾਂ ਦੇ ਵੱਡੇ ਭਾਗ ਹਨ, ਜੋ ਮੂੰਹੋਂ ਹਰੀ ਦਾ ਨਾਮ ਉਚਾਰਦੇ ਹਨ।
ਧਨੁ ਧਨੁ ਭਾਗ ਤਿਨਾ ਸੰਤ ਜਨਾ ਜੋ ਹਰਿ ਜਸੁ ਸ੍ਰਵਣੀ ਸੁਣਤਿਆ ॥
ਉਹਨਾਂ ਸੰਤਾਂ ਦੇ ਵੱਡੇ ਭਾਗ ਹਨ, ਜੋ ਹਰੀ ਦਾ ਜਸ ਕੰਨੀਂ ਸੁਣਦੇ ਹਨ।
ਧਨੁ ਧਨੁ ਭਾਗ ਤਿਨਾ ਸਾਧ ਜਨਾ ਹਰਿ ਕੀਰਤਨੁ ਗਾਇ ਗੁਣੀ ਜਨ ਬਣਤਿਆ ॥
ਉਹਨਾਂ ਸਾਧ ਜਨਾਂ ਦੇ ਧੰਨ ਭਾਗ ਹਨ, ਜੋ ਹਰੀ ਦਾ ਕੀਰਤਨ ਕਰ ਕੇ ਆਪ ਗੁਣਾਂ ਵਾਲੇ ਬਣਦੇ ਹਨ।
ਧਨੁ ਧਨੁ ਭਾਗ ਤਿਨਾ ਗੁਰਮੁਖਾ ਜੋ ਗੁਰਸਿਖ ਲੈ ਮਨੁ ਜਿਣਤਿਆ ॥
ਉਹਨਾਂ ਗੁਰਮੁਖਾਂ ਦੇ ਵੱਡੇ ਭਾਗ ਹਨ ਜੋ ਸਤਿਗੁਰੂ ਦੀ ਸਿੱਖਿਆ ਲੈ ਕੇ ਆਪਣੇ ਮਨ ਨੂੰ ਜਿੱਤਦੇ ਹਨ।
ਸਭ ਦੂ ਵਡੇ ਭਾਗ ਗੁਰਸਿਖਾ ਕੇ ਜੋ ਗੁਰ ਚਰਣੀ ਸਿਖ ਪੜਤਿਆ ॥੧੮॥
ਸਭ ਤੋਂ ਵੱਡੇ ਭਾਗ ਉਹਨਾਂ ਗੁਰਸਿੱਖਾਂ ਦੇ ਹਨ, ਜੋ ਸਤਿਗੁਰੂ ਦੀ ਚਰਨੀਂ ਪੈਂਦੇ ਹਨ (ਭਾਵ, ਜੋ ਆਪਾ ਮਿਟਾ ਕੇ ਗੁਰੂ ਦੀ ਓਟ ਲੈਂਦੇ ਹਨ) ॥੧੮॥
ਸਲੋਕੁ ਮਃ ੩ ॥
ਬ੍ਰਹਮੁ ਬਿੰਦੈ ਤਿਸ ਦਾ ਬ੍ਰਹਮਤੁ ਰਹੈ ਏਕ ਸਬਦਿ ਲਿਵ ਲਾਇ ॥
ਜੋ ਮਨੁੱਖ ਕੇਵਲ ਗੁਰ-ਸ਼ਬਦ ਵਿਚ ਬ੍ਰਿਤੀ ਜੋੜ ਕੇ ਬ੍ਰਹਮ ਨੂੰ ਪਛਾਣੇ, ਉਸ ਦਾ ਬ੍ਰਹਮਣ-ਪੁਣਾ ਬਣਿਆ ਰਹਿੰਦਾ ਹੈ;
ਨਵ ਨਿਧੀ ਅਠਾਰਹ ਸਿਧੀ ਪਿਛੈ ਲਗੀਆ ਫਿਰਹਿ ਜੋ ਹਰਿ ਹਿਰਦੈ ਸਦਾ ਵਸਾਇ ॥
ਜੋ ਮਨੁੱਖ ਹਰੀ ਨੂੰ ਹਿਰਦੇ ਵਿਚ ਵਸਾਏ, ਨੌ ਨਿਧੀਆਂ ਤੇ ਅਠਾਰਹ ਸਿੱਧੀਆਂ ਉਸ ਦੇ ਮਗਰ ਲੱਗੀਆਂ ਫਿਰਦੀਆਂ ਹਨ।
ਬਿਨੁ ਸਤਿਗੁਰ ਨਾਉ ਨ ਪਾਈਐ ਬੁਝਹੁ ਕਰਿ ਵੀਚਾਰੁ ॥
ਵਿਚਾਰ ਕਰ ਕੇ ਸਮਝੋ, ਸਤਿਗੁਰੂ ਤੋਂ ਬਿਨਾ ਨਾਮ ਨਹੀਂ ਮਿਲਦਾ,
ਨਾਨਕ ਪੂਰੈ ਭਾਗਿ ਸਤਿਗੁਰੁ ਮਿਲੈ ਸੁਖੁ ਪਾਏ ਜੁਗ ਚਾਰਿ ॥੧॥
ਹੇ ਨਾਨਕ! ਪੂਰੇ ਭਾਗਾਂ ਨਾਲ ਜਿਸ ਨੂੰ ਸਤਿਗੁਰੂ ਮਿਲੇ ਉਹ ਚਹੁੰਆਂ ਜੁਗਾਂ ਵਿਚ (ਭਾਵ, ਸਦਾ) ਸੁਖ ਪਾਂਦਾ ਹੈ ॥੧॥
ਮਃ ੩ ॥
ਕਿਆ ਗਭਰੂ ਕਿਆ ਬਿਰਧਿ ਹੈ ਮਨਮੁਖ ਤ੍ਰਿਸਨਾ ਭੁਖ ਨ ਜਾਇ ॥
ਜਵਾਨ ਹੋਵੇ ਭਾਵੇਂ ਬੁੱਢਾ-ਮਨਮੁਖ ਦੀ ਤ੍ਰਿਸ਼ਨਾ ਭੁੱਖ ਦੂਰ ਨਹੀਂ ਹੁੰਦੀ,
ਗੁਰਮੁਖਿ ਸਬਦੇ ਰਤਿਆ ਸੀਤਲੁ ਹੋਏ ਆਪੁ ਗਵਾਇ ॥
ਸਤਿਗੁਰੂ ਦੇ ਸਨਮੁਖ ਹੋਏ ਮਨੁੱਖ ਸ਼ਬਦ ਵਿਚ ਰੱਤੇ ਹੋਣ ਕਰ ਕੇ ਤੇ ਅਹੰਕਾਰ ਗਵਾ ਕੇ ਅੰਦਰੋਂ ਸੰਤੋਖੀ ਹੁੰਦੇ ਹਨ।
ਅੰਦਰੁ ਤ੍ਰਿਪਤਿ ਸੰਤੋਖਿਆ ਫਿਰਿ ਭੁਖ ਨ ਲਗੈ ਆਇ ॥
(ਉਹਨਾਂ ਦਾ) ਹਿਰਦਾ ਤ੍ਰਿਪਤੀ ਦੇ ਕਾਰਨ ਸੰਤੋਖੀ ਹੁੰਦਾ ਹੈ, ਤੇ ਫਿਰ (ਉਹਨਾਂ ਨੂੰ ਮਾਇਆ ਦੀ) ਭੁੱਖ ਨਹੀਂ ਲੱਗਦੀ।
ਨਾਨਕ ਜਿ ਗੁਰਮੁਖਿ ਕਰਹਿ ਸੋ ਪਰਵਾਣੁ ਹੈ ਜੋ ਨਾਮਿ ਰਹੇ ਲਿਵ ਲਾਇ ॥੨॥
ਹੇ ਨਾਨਕ! ਗੁਰਮੁਖ ਮਨੁੱਖ ਜੋ ਕੁਝ ਕਰਦੇ ਹਨ, ਉਹ ਕਬੂਲ ਹੁੰਦਾ ਹੈ, ਕਿਉਂਕਿ ਉਹ ਨਾਮ ਵਿਚ ਬ੍ਰਿਤੀ ਜੋੜੀ ਰੱਖਦੇ ਹਨ ॥੨॥
ਪਉੜੀ ॥
ਹਉ ਬਲਿਹਾਰੀ ਤਿੰਨ ਕੰਉ ਜੋ ਗੁਰਮੁਖਿ ਸਿਖਾ ॥
ਜੋ ਸਿੱਖ ਸਤਿਗੁਰੂ ਦੇ ਸਨਮੁਖ ਹਨ, ਮੈਂ ਉਹਨਾਂ ਤੋਂ ਸਦਕੇ ਹਾਂ।
ਜੋ ਹਰਿ ਨਾਮੁ ਧਿਆਇਦੇ ਤਿਨ ਦਰਸਨੁ ਪਿਖਾ ॥
ਜੋ ਹਰੀ-ਨਾਮ ਸਿਮਰਦੇ ਹਨ (ਜੀ ਚਾਹੁੰਦਾ ਹੈ) ਮੈਂ ਉਹਨਾਂ ਦਾ ਦਰਸ਼ਨ ਕਰਾਂ,
ਸੁਣਿ ਕੀਰਤਨੁ ਹਰਿ ਗੁਣ ਰਵਾ ਹਰਿ ਜਸੁ ਮਨਿ ਲਿਖਾ ॥
(ਉਹਨਾਂ ਪਾਸੋਂ) ਕੀਰਤਨ ਸੁਣ ਕੇ ਹਰੀ ਦੇ ਗੁਣ ਗਾਵਾਂ ਤੇ ਹਰੀ-ਜਸ ਮਨ ਵਿਚ ਉੱਕਰ ਲਵਾਂ,
ਹਰਿ ਨਾਮੁ ਸਲਾਹੀ ਰੰਗ ਸਿਉ ਸਭਿ ਕਿਲਵਿਖ ਕ੍ਰਿਖਾ ॥
ਪ੍ਰੇਮ ਨਾਲ ਹਰੀ-ਨਾਮ ਦੀ ਸਿਫ਼ਤਿ ਕਰਾਂ ਤੇ (ਆਪਣੇ) ਸਾਰੇ ਪਾਪ ਕੱਟ ਦਿਆਂ।
ਧਨੁ ਧੰਨੁ ਸੁਹਾਵਾ ਸੋ ਸਰੀਰੁ ਥਾਨੁ ਹੈ ਜਿਥੈ ਮੇਰਾ ਗੁਰੁ ਧਰੇ ਵਿਖਾ ॥੧੯॥
ਉਹ ਸਰੀਰ-ਥਾਂ ਧੰਨ ਹੈ, ਸੁੰਦਰ ਹੈ ਜਿਥੇ ਪਿਆਰਾ ਸਤਿਗੁਰੂ ਪੈਰ ਰੱਖਦਾ ਹੈ (ਭਾਵ, ਆ ਵੱਸਦਾ ਹੈ) ॥੧੯॥
ਸਲੋਕੁ ਮਃ ੩ ॥
ਗੁਰ ਬਿਨੁ ਗਿਆਨੁ ਨ ਹੋਵਈ ਨਾ ਸੁਖੁ ਵਸੈ ਮਨਿ ਆਇ ॥
ਸਤਿਗੁਰੂ ਤੋਂ ਬਿਨਾ ਨਾਹ ਆਤਮਕ ਜੀਵਨ ਦੀ ਸਮਝ ਪੈਂਦੀ ਹੈ ਤੇ ਨਾਹ ਹੀ ਸੁਖ ਮਨ ਵਿਚ ਵੱਸਦਾ ਹੈ;
ਨਾਨਕ ਨਾਮ ਵਿਹੂਣੇ ਮਨਮੁਖੀ ਜਾਸਨਿ ਜਨਮੁ ਗਵਾਇ ॥੧॥
(ਗੁਰੂ ਤੋਂ ਬਿਨਾ) ਹੇ ਨਾਨਕ! ਨਾਮ ਤੋਂ ਸੱਖਣੇ (ਰਹਿ ਕੇ) ਮਨਮੁਖ ਮਨੁੱਖਾ-ਜਨਮ ਵਿਅਰਥ ਗਵਾ ਜਾਣਗੇ ॥੧॥
ਮਃ ੩ ॥
ਸਿਧ ਸਾਧਿਕ ਨਾਵੈ ਨੋ ਸਭਿ ਖੋਜਦੇ ਥਕਿ ਰਹੇ ਲਿਵ ਲਾਇ ॥
ਸਾਰੇ ਸਿੱਧ ਤੇ ਸਾਧਿਕ ਨਾਮ ਨੂੰ ਹੀ ਖੋਜਦੇ ਬ੍ਰਿਤੀ ਜੋੜ ਜੋੜ ਕੇ ਥੱਕ ਗਏ ਹਨ;
ਬਿਨੁ ਸਤਿਗੁਰ ਕਿਨੈ ਨ ਪਾਇਓ ਗੁਰਮੁਖਿ ਮਿਲੈ ਮਿਲਾਇ ॥
ਸਤਿਗੁਰੂ ਤੋਂ ਬਿਨਾ ਕਿਸੇ ਨੂੰ ਨਹੀਂ ਲੱਭਾ। ਸਤਿਗੁਰੂ ਦੇ ਸਨਮੁਖ ਹੋਇਆ ਮਨੁੱਖ ਹੀ ਮਿਲਾਇਆ ਹੋਇਆ (ਪ੍ਰਭੂ ਨੂੰ) ਮਿਲਦਾ ਹੈ।
ਬਿਨੁ ਨਾਵੈ ਪੈਨਣੁ ਖਾਣੁ ਸਭੁ ਬਾਦਿ ਹੈ ਧਿਗੁ ਸਿਧੀ ਧਿਗੁ ਕਰਮਾਤਿ ॥
ਨਾਮ ਤੋਂ ਬਿਨਾ ਖਾਣਾ ਤੇ ਪਹਿਨਣਾ ਸਭ ਵਿਅਰਥ ਹੈ, (ਜੇ ਨਾਮ ਨਹੀਂ ਤਾਂ) ਉਹ ਸਿੱਧੀ ਤੇ ਕਰਾਮਾਤਿ ਫਿਟਕਾਰ-ਜੋਗ ਹੈ।
ਸਾ ਸਿਧਿ ਸਾ ਕਰਮਾਤਿ ਹੈ ਅਚਿੰਤੁ ਕਰੇ ਜਿਸੁ ਦਾਤਿ ॥
ਇਹੀ (ਉਸ ਦੀ) ਸਿੱਧੀ ਹੈ ਤੇ ਇਹੀ ਕਰਾਮਾਤ ਹੈ ਕਿ ਚਿੰਤਾ ਤੋਂ ਰਹਿਤ ਹਰੀ ਉਸ ਨੂੰ (ਨਾਮ ਦੀ) ਦਾਤਿ ਬਖ਼ਸ਼ੇ।
ਨਾਨਕ ਗੁਰਮੁਖਿ ਹਰਿ ਨਾਮੁ ਮਨਿ ਵਸੈ ਏਹਾ ਸਿਧਿ ਏਹਾ ਕਰਮਾਤਿ ॥੨॥
ਹੇ ਨਾਨਕ! “ਗੁਰੂ ਦੇ ਸਨਮੁਖ ਹੋ ਕੇ ਹਰੀ ਦਾ ਨਾਮ ਮਨ ਵਿਚ ਵੱਸਦਾ ਹੈ”-ਇਹੀ ਸਿੱਧੀ ਤੇ ਕਰਾਮਾਤ ਹੁੰਦੀ ਹੈ ॥੨॥
ਪਉੜੀ ॥
ਹਮ ਢਾਢੀ ਹਰਿ ਪ੍ਰਭ ਖਸਮ ਕੇ ਨਿਤ ਗਾਵਹ ਹਰਿ ਗੁਣ ਛੰਤਾ ॥
ਅਸੀਂ ਪ੍ਰਭੂ-ਖਸਮ ਦੇ ਢਾਢੀ ਸਦਾ ਪ੍ਰਭੂ ਦੇ ਗੁਣਾਂ ਦੇ ਗੀਤ ਗਾਂਦੇ ਹਾਂ।
ਹਰਿ ਕੀਰਤਨੁ ਕਰਹ ਹਰਿ ਜਸੁ ਸੁਣਹ ਤਿਸੁ ਕਵਲਾ ਕੰਤਾ ॥
ਉਸ ਕਮਲਾਪਤੀ ਪ੍ਰਭੂ ਦਾ ਹੀ ਕੀਰਤਨ ਕਰਦੇ ਹਾਂ ਤੇ ਜਸ ਸੁਣਦੇ ਹਾਂ।
ਹਰਿ ਦਾਤਾ ਸਭੁ ਜਗਤੁ ਭਿਖਾਰੀਆ ਮੰਗਤ ਜਨ ਜੰਤਾ ॥
ਪ੍ਰਭੂ ਦਾਤਾ ਹੈ, ਸਾਰਾ ਸੰਸਾਰ ਭਿਖਾਰੀ ਹੈ, ਜੀਵ ਜੰਤ ਮੰਗਤੇ ਹਨ।
ਹਰਿ ਦੇਵਹੁ ਦਾਨੁ ਦਇਆਲ ਹੋਇ ਵਿਚਿ ਪਾਥਰ ਕ੍ਰਿਮ ਜੰਤਾ ॥
ਪੱਥਰਾਂ ਵਿਚਲੇ ਕੀੜਿਆਂ ਨੂੰ ਭੀ ਦਿਆਲ ਹੋ ਕੇ, ਹੇ ਹਰੀ! ਤੂੰ ਦਾਨ ਦੇਂਦਾ ਹੈਂ।
ਜਨ ਨਾਨਕ ਨਾਮੁ ਧਿਆਇਆ ਗੁਰਮੁਖਿ ਧਨਵੰਤਾ ॥੨੦॥
ਹੇ ਦਾਸ ਨਾਨਕ! ਜਿਨ੍ਹਾਂ ਨੇ ਸਤਿਗੁਰੂ ਦੇ ਸਨਮੁਖ ਹੋ ਕੇ ਨਾਮ ਸਿਮਰਿਆ ਹੈ, ਉਹ (ਅਸਲ) ਧਨੀ ਹੁੰਦੇ ਹਨ ॥੨੦॥
ਸਲੋਕੁ ਮਃ ੩ ॥
ਪੜਣਾ ਗੁੜਣਾ ਸੰਸਾਰ ਕੀ ਕਾਰ ਹੈ ਅੰਦਰਿ ਤ੍ਰਿਸਨਾ ਵਿਕਾਰੁ ॥
ਪੜ੍ਹਨਾ ਤੇ ਵਿਚਾਰਨਾ ਸੰਸਾਰ ਦਾ ਕੰਮ (ਹੀ ਹੋ ਗਿਆ) ਹੈ (ਭਾਵ, ਹੋਰ ਵਿਹਾਰਾਂ ਵਾਂਗ ਇਹ ਭੀ ਇਕ ਵਿਹਾਰ ਹੀ ਬਣ ਗਿਆ ਹੈ, ਪਰ) ਹਿਰਦੇ ਵਿਚ ਤ੍ਰਿਸ਼ਨਾ ਤੇ ਵਿਕਾਰ (ਟਿਕੇ ਹੀ ਰਹਿੰਦੇ) ਹਨ।
ਹਉਮੈ ਵਿਚਿ ਸਭਿ ਪੜਿ ਥਕੇ ਦੂਜੈ ਭਾਇ ਖੁਆਰੁ ॥
ਅਹੰਕਾਰ ਵਿਚ ਸਾਰੇ (ਪੰਡਿਤ) ਪੜ੍ਹ ਪੜ੍ਹ ਕੇ ਥੱਕ ਗਏ ਹਨ, ਮਾਇਆ ਦੇ ਮੋਹ ਵਿਚ ਖ਼ੁਆਰ ਹੀ ਹੁੰਦੇ ਹਨ।
ਸੋ ਪੜਿਆ ਸੋ ਪੰਡਿਤੁ ਬੀਨਾ ਗੁਰ ਸਬਦਿ ਕਰੇ ਵੀਚਾਰੁ ॥
ਉਹ ਮਨੁੱਖ ਪੜ੍ਹਿਆ ਹੋਇਆ ਤੇ ਸਿਆਣਾ ਪੰਡਿਤ ਹੈ (ਭਾਵ, ਉਸ ਮਨੁੱਖ ਨੂੰ ਪੰਡਿਤ ਸਮਝੋ), ਜੋ ਸਤਿਗੁਰੂ ਦੇ ਸ਼ਬਦ ਵਿਚ ਵਿਚਾਰ ਕਰਦਾ ਹੈ,
ਅੰਦਰੁ ਖੋਜੈ ਤਤੁ ਲਹੈ ਪਾਏ ਮੋਖ ਦੁਆਰੁ ॥
ਜੋ ਆਪਣੇ ਮਨ ਨੂੰ ਖੋਜਦਾ ਹੈ (ਅੰਦਰੋਂ) ਹਰੀ ਨੂੰ ਲੱਭ ਲੈਂਦਾ ਹੈ ਤੇ (ਤ੍ਰਿਸ਼ਨਾ ਤੋਂ) ਬਚਣ ਲਈ ਰਸਤਾ ਲਭ ਲੈਂਦਾ ਹੈ,
ਗੁਣ ਨਿਧਾਨੁ ਹਰਿ ਪਾਇਆ ਸਹਜਿ ਕਰੇ ਵੀਚਾਰੁ ॥
ਜੋ ਗੁਣਾਂ ਦੇ ਖ਼ਜ਼ਾਨੇ ਹਰੀ ਨੂੰ ਪ੍ਰਾਪਤ ਕਰਦਾ ਹੈ ਤੇ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣਾਂ ਵਿਚ ਸੁਰਤਿ ਜੋੜੀ ਰੱਖਦਾ ਹੈ।
ਧੰਨੁ ਵਾਪਾਰੀ ਨਾਨਕਾ ਜਿਸੁ ਗੁਰਮੁਖਿ ਨਾਮੁ ਅਧਾਰੁ ॥੧॥
ਹੇ ਨਾਨਕ! ਇਸ ਤਰ੍ਹਾਂ ਸਤਿਗੁਰੂ ਦੇ ਸਨਮੁਖ ਹੋਏ ਜਿਸ ਮਨੁੱਖ ਨੂੰ ‘ਨਾਮ’ ਆਸਰਾ (ਰੂਪ) ਹੈ, ਉਸ ਨਾਮ ਦਾ ਵਾਪਾਰੀ ਮੁਬਾਰਿਕ ਹੈ ॥੧॥
ਮਃ ੩ ॥
ਵਿਣੁ ਮਨੁ ਮਾਰੇ ਕੋਇ ਨ ਸਿਝਈ ਵੇਖਹੁ ਕੋ ਲਿਵ ਲਾਇ ॥
ਤੁਸੀਂ ਕੋਈ ਭੀ ਮਨੁੱਖ ਬ੍ਰਿਤੀ ਜੋੜ ਕੇ ਵੇਖ ਲਵੋ, ਮਨ ਨੂੰ ਕਾਬੂ ਕਰਨ ਤੋਂ ਬਿਨਾਂ ਕੋਈ ਨਹੀਂ ਸਿੱਝਿਆ (ਭਾਵ, ਕਿਸੇ ਦੀ ਘਾਲਿ ਥਾਇ ਨਹੀਂ ਪਈ)।
ਭੇਖਧਾਰੀ ਤੀਰਥੀ ਭਵਿ ਥਕੇ ਨਾ ਏਹੁ ਮਨੁ ਮਾਰਿਆ ਜਾਇ ॥
ਭੇਖ ਕਰਨ ਵਾਲੇ (ਸਾਧੂ ਭੀ) ਤੀਰਥਾਂ ਦੀ ਯਾਤ੍ਰਾ ਕਰ ਕੇ ਰਹਿ ਗਏ ਹਨ, (ਇਸ ਤਰ੍ਹਾਂ) ਇਹ ਮਨ ਮਾਰਿਆ ਨਹੀਂ ਜਾਂਦਾ।
ਗੁਰਮੁਖਿ ਏਹੁ ਮਨੁ ਜੀਵਤੁ ਮਰੈ ਸਚਿ ਰਹੈ ਲਿਵ ਲਾਇ ॥
ਸਤਿਗੁਰੂ ਦੇ ਸਨਮੁਖ ਹੋਇਆਂ ਮਨੁੱਖ ਸੱਚੇ ਹਰੀ ਵਿਚ ਬ੍ਰਿਤੀ ਜੋੜੀ ਰੱਖਦਾ ਹੈ (ਇਸ ਕਰਕੇ) ਉਸ ਦਾ ਮਨ ਜੀਊਂਦਾ ਹੀ ਮੋਇਆ ਹੋਇਆ ਹੈ (ਭਾਵ, ਮਾਇਆ ਵਿਚ ਵਰਤਦਿਆਂ ਭੀ ਮਾਇਆ ਤੋਂ ਉਦਾਸ ਹੈ)।
ਨਾਨਕ ਇਸੁ ਮਨ ਕੀ ਮਲੁ ਇਉ ਉਤਰੈ ਹਉਮੈ ਸਬਦਿ ਜਲਾਇ ॥੨॥
ਹੇ ਨਾਨਕ! ਇਸ ਮਨ ਦੀ ਮੈਲ ਇਸ ਤਰ੍ਹਾਂ ਉਤਰਦੀ ਹੈ ਕਿ (ਮਨ ਦੀ) ਹਉਮੈ (ਸਤਿਗੁਰੂ ਦੇ) ਸ਼ਬਦ ਨਾਲ ਸਾੜੀ ਜਾਏ ॥੨॥
ਪਉੜੀ ॥
ਹਰਿ ਹਰਿ ਸੰਤ ਮਿਲਹੁ ਮੇਰੇ ਭਾਈ ਹਰਿ ਨਾਮੁ ਦ੍ਰਿੜਾਵਹੁ ਇਕ ਕਿਨਕਾ ॥
ਹੇ ਮੇਰੇ ਭਾਈ ਸੰਤ ਜਨੋਂ! ਇਕ ਕਿਣਕਾ ਮਾਤ੍ਰ (ਮੈਨੂੰ ਭੀ) ਹਰੀ ਦਾ ਨਾਮ ਜਪਾਵੋ।
ਹਰਿ ਹਰਿ ਸੀਗਾਰੁ ਬਨਾਵਹੁ ਹਰਿ ਜਨ ਹਰਿ ਕਾਪੜੁ ਪਹਿਰਹੁ ਖਿਮ ਕਾ ॥
ਹੇ ਹਰੀ ਜਨੋਂ! ਹਰੀ ਦੇ ਨਾਮ ਦਾ ਸਿੰਗਾਰ ਬਣਾਵੋ, ਤੇ ਖਿਮਾ ਦੀ ਪੁਸ਼ਾਕ ਪਹਿਨੋ।
ਐਸਾ ਸੀਗਾਰੁ ਮੇਰੇ ਪ੍ਰਭ ਭਾਵੈ ਹਰਿ ਲਾਗੈ ਪਿਆਰਾ ਪ੍ਰਿਮ ਕਾ ॥
ਇਹੋ ਜਿਹਾ ਸ਼ਿੰਗਾਰ ਪਿਆਰੇ ਹਰੀ ਨੂੰ ਚੰਗਾ ਲੱਗਦਾ ਹੈ, ਹਰੀ ਨੂੰ ਪ੍ਰੇਮ ਦਾ ਸ਼ਿੰਗਾਰ ਪਿਆਰਾ ਲੱਗਦਾ ਹੈ।
ਹਰਿ ਹਰਿ ਨਾਮੁ ਬੋਲਹੁ ਦਿਨੁ ਰਾਤੀ ਸਭਿ ਕਿਲਬਿਖ ਕਾਟੈ ਇਕ ਪਲਕਾ ॥
ਦਿਨ ਰਾਤ ਹਰੀ ਦਾ ਨਾਮ ਸਿਮਰੋ, ਇਕ ਪਲਕ ਵਿਚ ਸਾਰੇ ਪਾਪ ਕੱਟ ਦੇਵੇਗਾ।
ਹਰਿ ਹਰਿ ਦਇਆਲੁ ਹੋਵੈ ਜਿਸੁ ਉਪਰਿ ਸੋ ਗੁਰਮੁਖਿ ਹਰਿ ਜਪਿ ਜਿਣਕਾ ॥੨੧॥
ਜਿਸ ਗੁਰਮੁਖ ਉਤੇ ਹਰੀ ਦਇਆਲ ਹੁੰਦਾ ਹੈ, ਉਹ ਹਰੀ ਦਾ ਸਿਮਰਨ ਕਰ ਕੇ (ਸੰਸਾਰ ਤੋਂ) ਜਿੱਤ (ਕੇ) ਜਾਂਦਾ ਹੈ ॥੨੧॥
ਸਲੋਕੁ ਮਃ ੩ ॥
ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ ॥
ਕਈ ਜਨਮਾਂ ਦੀ ਇਸ ਮਨ ਨੂੰ ਮੈਲ ਲੱਗੀ ਹੋਈ ਹੈ ਜਿਸ ਕਰਕੇ ਇਹ ਬਹੁਤ ਹੀ ਕਾਲਾ ਹੋਇਆ ਪਿਆ ਹੈ (ਚਿੱਟਾ ਨਹੀਂ ਹੋ ਸਕਦਾ),
ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ ॥
ਜਿਵੇਂ ਤੇਲੀ ਦੀ ਲੀਰ ਧੋਤਿਆਂ ਚਿੱਟੀ ਨਹੀਂ ਹੁੰਦੀ, ਭਾਵੇਂ ਸੌ ਵਾਰੀ ਧੋਣ ਦਾ ਜਤਨ ਕਰੋ।
ਗੁਰਪਰਸਾਦੀ ਜੀਵਤੁ ਮਰੈ ਉਲਟੀ ਹੋਵੈ ਮਤਿ ਬਦਲਾਹੁ ॥
ਜੇ ਗੁਰੂ ਦੀ ਕਿਰਪਾ ਨਾਲ ਮਨ ਜੀਊਂਦਾ ਹੀ ਮਰੇ ਤੇ ਮਤਿ ਬਦਲ ਕੇ (ਮਾਇਆ ਵਲੋਂ) ਉਲਟ ਹੋ ਜਾਏ,
ਨਾਨਕ ਮੈਲੁ ਨ ਲਗਈ ਨਾ ਫਿਰਿ ਜੋਨੀ ਪਾਹੁ ॥੧॥
ਤਾਂ ਹੇ ਨਾਨਕ! ਮੈਲ ਭੀ ਨਹੀਂ ਲੱਗਦੀ ਤੇ ਫਿਰ ਜੂਨਾਂ ਵਿਚ ਭੀ ਨਹੀਂ ਪੈਂਦਾ ॥੧॥
ਮਃ ੩ ॥
ਚਹੁ ਜੁਗੀ ਕਲਿ ਕਾਲੀ ਕਾਂਢੀ ਇਕ ਉਤਮ ਪਦਵੀ ਇਸੁ ਜੁਗ ਮਾਹਿ ॥
ਚਹੁੰ ਜੁਗਾਂ ਵਿਚ ਕਲਜੁਗ ਹੀ ਕਾਲਾ ਆਖੀਦਾ ਹੈ, ਪਰ ਇਸ ਜੁਗ ਵਿਚ ਭੀ ਇਕ ਉੱਤਮ ਪਦਵੀ (ਮਿਲ ਸਕਦੀ) ਹੈ।
ਗੁਰਮੁਖਿ ਹਰਿ ਕੀਰਤਿ ਫਲੁ ਪਾਈਐ ਜਿਨ ਕਉ ਹਰਿ ਲਿਖਿ ਪਾਹਿ ॥
(ਉਹ ਪਦਵੀ ਇਹ ਹੈ ਕਿ) ਜਿਨ੍ਹਾਂ ਦੇ ਹਿਰਦੇ ਵਿਚ ਹਰੀ (ਭਗਤੀ-ਰੂਪ ਲੇਖ ਪਿਛਲੀ ਕੀਤੀ ਕਮਾਈ ਅਨੁਸਾਰ) ਲਿਖ ਦੇਂਦਾ ਹੈ ਉਹ ਗੁਰਮੁਖ ਹਰੀ ਦੀ ਸਿਫ਼ਤਿ (-ਰੂਪ) ਫਲ (ਇਸੇ ਜੁਗ ਵਿਚ) ਪ੍ਰਾਪਤ ਕਰਦੇ ਹਨ,
ਨਾਨਕ ਗੁਰਪਰਸਾਦੀ ਅਨਦਿਨੁ ਭਗਤਿ ਹਰਿ ਉਚਰਹਿ ਹਰਿ ਭਗਤੀ ਮਾਹਿ ਸਮਾਹਿ ॥੨॥
ਤੇ ਹੇ ਨਾਨਕ! ਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਹਰ ਰੋਜ਼ ਹਰੀ ਦੀ ਭਗਤੀ ਕਰਦੇ ਹਨ ਤੇ ਭਗਤੀ ਵਿਚ ਹੀ ਲੀਨ ਹੋ ਜਾਂਦੇ ਹਨ ॥੨॥
ਪਉੜੀ ॥
ਹਰਿ ਹਰਿ ਮੇਲਿ ਸਾਧ ਜਨ ਸੰਗਤਿ ਮੁਖਿ ਬੋਲੀ ਹਰਿ ਹਰਿ ਭਲੀ ਬਾਣਿ ॥
ਹੇ ਹਰੀ! ਮੈਨੂੰ ਸਾਧ ਜਨਾਂ ਦੀ ਸੰਗਤ ਮਿਲਾ, ਮੈਂ ਮੂੰਹੋਂ ਤੇਰੇ ਨਾਮ ਦੀ ਸੁੰਦਰ ਬੋਲੀ ਬੋਲਾਂ;
ਹਰਿ ਗੁਣ ਗਾਵਾ ਹਰਿ ਨਿਤ ਚਵਾ ਗੁਰਮਤੀ ਹਰਿ ਰੰਗੁ ਸਦਾ ਮਾਣਿ ॥
ਹਰੀ-ਗੁਣ ਗਾਵਾਂ ਤੇ ਨਿੱਤ ਹਰੀ-ਨਾਮ ਉਚਾਰਾਂ ਤੇ ਗੁਰੂ ਦੀ ਮੱਤ ਲੈ ਕੇ ਸਦਾ ਹਰੀ-ਰੰਗ ਮਾਣਾਂ।
ਹਰਿ ਜਪਿ ਜਪਿ ਅਉਖਧ ਖਾਧਿਆ ਸਭਿ ਰੋਗ ਗਵਾਤੇ ਦੁਖਾ ਘਾਣਿ ॥
ਹਰੀ ਦਾ ਭਜਨ ਕਰ ਕੇ ਤੇ (ਭਜਨ-ਰੂਪ) ਦਵਾਈ ਖਾਧਿਆਂ ਸਾਰੇ ਦੁੱਖ ਰੋਗ ਦੂਰ ਹੋ ਜਾਂਦੇ ਹਨ।
ਜਿਨਾ ਸਾਸਿ ਗਿਰਾਸਿ ਨ ਵਿਸਰੈ ਸੇ ਹਰਿ ਜਨ ਪੂਰੇ ਸਹੀ ਜਾਣਿ ॥
ਉਹਨਾਂ ਹਰੀ ਜਨਾਂ ਨੂੰ ਸਚ-ਮੁੱਚ ਪੂਰੇ ਸਮਝੋ, ਜਿਨ੍ਹਾਂ ਨੂੰ ਸਾਹ ਲੈਂਦਿਆਂ ਤੇ ਖਾਂਦਿਆਂ (ਕਦੇ ਭੀ) ਪਰਮਾਤਮਾ ਨਹੀਂ ਵਿਸਰਦਾ;
ਜੋ ਗੁਰਮੁਖਿ ਹਰਿ ਆਰਾਧਦੇ ਤਿਨ ਚੂਕੀ ਜਮ ਕੀ ਜਗਤ ਕਾਣਿ ॥੨੨॥
ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੋ ਕੇ ਹਰੀ ਨੂੰ ਸਿਮਰਦੇ ਹਨ, ਉਹਨਾਂ ਲਈ ਜਮ ਦੀ ਤੇ ਜਗਤ ਦੀ ਮੁਥਾਜੀ ਮੁੱਕ ਜਾਂਦੀ ਹੈ ॥੨੨॥
ਸਲੋਕੁ ਮਃ ੩ ॥
ਰੇ ਜਨ ਉਥਾਰੈ ਦਬਿਓਹੁ ਸੁਤਿਆ ਗਈ ਵਿਹਾਇ ॥
(ਮੋਹ-ਰੂਪ) ਉਥਾਰੇ ਦੇ ਦੱਬੇ ਹੋਏ ਹੇ ਭਾਈ! (ਤੇਰੀ ਉਮਰ) ਸੁੱਤਿਆਂ ਹੀ ਗੁਜ਼ਰ ਗਈ ਹੈ;
ਸਤਿਗੁਰ ਕਾ ਸਬਦੁ ਸੁਣਿ ਨ ਜਾਗਿਓ ਅੰਤਰਿ ਨ ਉਪਜਿਓ ਚਾਉ ॥
ਸਤਿਗੁਰੂ ਦਾ ਸ਼ਬਦ ਸੁਣ ਕੇ ਤੈਨੂੰ ਜਾਗ ਨਹੀਂ ਆਈ ਤੇ ਨਾ ਹੀ ਹਿਰਦੇ ਵਿਚ (ਨਾਮ ਜਪਣ ਦਾ) ਚਾਉ ਉਪਜਿਆ ਹੈ।
ਸਰੀਰੁ ਜਲਉ ਗੁਣ ਬਾਹਰਾ ਜੋ ਗੁਰ ਕਾਰ ਨ ਕਮਾਇ ॥
ਗੁਣਾਂ ਤੋਂ ਸੱਖਣਾ ਸਰੀਰ ਸੜ ਜਾਏ ਜੋ ਸਤਿਗੁਰੂ ਦੀ (ਦੱਸੀ ਹੋਈ) ਕਾਰ ਨਹੀਂ ਕਰਦਾ;
ਜਗਤੁ ਜਲੰਦਾ ਡਿਠੁ ਮੈ ਹਉਮੈ ਦੂਜੈ ਭਾਇ ॥
(ਇਸ ਤਰ੍ਹਾਂ ਦਾ) ਸੰਸਾਰ ਮੈਂ ਹਉਮੈ ਵਿਚ ਤੇ ਮਾਇਆ ਦੇ ਮੋਹ ਵਿਚ ਸੜਦਾ ਵੇਖਿਆ ਹੈ।
ਨਾਨਕ ਗੁਰ ਸਰਣਾਈ ਉਬਰੇ ਸਚੁ ਮਨਿ ਸਬਦਿ ਧਿਆਇ ॥੧॥
ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਸੱਚੇ ਹਰੀ ਨੂੰ ਮਨ ਵਿਚ ਸਿਮਰ ਕੇ (ਜੀਵ) ਸਤਿਗੁਰੂ ਦੀ ਸ਼ਰਨ ਪੈ ਕੇ (ਇਸ ਹਉਮੈ ਵਿਚ ਸੜਨ ਤੋਂ) ਬਚਦੇ ਹਨ ॥੧॥
ਮਃ ੩ ॥
ਸਬਦਿ ਰਤੇ ਹਉਮੈ ਗਈ ਸੋਭਾਵੰਤੀ ਨਾਰਿ ॥
ਜਿਸ ਦੀ ਹਉਮੈ ਸਤਿਗੁਰੂ ਦੇ ਸ਼ਬਦ ਵਿਚ ਰੰਗੇ ਜਾਣ ਨਾਲ ਦੂਰ ਹੋ ਜਾਂਦੀ ਹੈ ਉਹ (ਜੀਵ-ਰੂਪੀ) ਨਾਰੀ ਸੋਭਾਵੰਤੀ ਹੈ;
ਪਿਰ ਕੈ ਭਾਣੈ ਸਦਾ ਚਲੈ ਤਾ ਬਨਿਆ ਸੀਗਾਰੁ ॥
ਉਹ ਨਾਰੀ ਆਪਣੇ ਪ੍ਰਭੂ-ਪਤੀ ਦੇ ਹੁਕਮ ਵਿਚ ਸਦਾ ਤੁਰਦੀ ਹੈ, ਇਸੇ ਕਰਕੇ ਉਸ ਦਾ ਸ਼ਿੰਗਾਰ ਸਫਲ ਸਮਝੋ।
ਸੇਜ ਸੁਹਾਵੀ ਸਦਾ ਪਿਰੁ ਰਾਵੈ ਹਰਿ ਵਰੁ ਪਾਇਆ ਨਾਰਿ ॥
ਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਲੱਭ ਲਿਆ ਹੈ, ਉਸ ਦੀ (ਹਿਰਦੇ-ਰੂਪ) ਸੇਜ ਸੁੰਦਰ ਹੈ, ਕਿਉਂਕਿ ਉਸ ਨੂੰ ਪਤੀ ਸਦਾ ਮਿਲਿਆ ਹੋਇਆ ਹੈ,
ਨਾ ਹਰਿ ਮਰੈ ਨ ਕਦੇ ਦੁਖੁ ਲਾਗੈ ਸਦਾ ਸੁਹਾਗਣਿ ਨਾਰਿ ॥
ਉਹ ਇਸਤ੍ਰੀ ਸਦਾ ਸੁਹਾਗ ਵਾਲੀ ਹੈ ਕਿਉਂਕਿ ਉਸ ਦਾ ਪਤੀ ਪ੍ਰਭੂ ਕਦੇ ਮਰਦਾ ਨਹੀਂ, (ਇਸ ਲਈ) ਉਹ ਕਦੇ ਦੁਖੀ ਨਹੀਂ ਹੁੰਦੀ।
ਨਾਨਕ ਹਰਿ ਪ੍ਰਭ ਮੇਲਿ ਲਈ ਗੁਰ ਕੈ ਹੇਤਿ ਪਿਆਰਿ ॥੨॥
ਹੇ ਨਾਨਕ! ਗੁਰੂ ਦੇ ਪਿਆਰ ਵਿਚ ਉਸ ਦੀ ਬ੍ਰਿਤੀ ਹੋਣ ਕਰਕੇ ਪ੍ਰਭੂ ਨੇ ਆਪਣੇ ਨਾਲ ਮਿਲਾਇਆ ਹੈ ॥੨॥
ਪਉੜੀ ॥
ਜਿਨਾ ਗੁਰੁ ਗੋਪਿਆ ਆਪਣਾ ਤੇ ਨਰ ਬੁਰਿਆਰੀ ॥
ਜੋ ਮਨੁੱਖ ਪਿਆਰੇ ਸਤਿਗੁਰੂ ਦੀ ਨਿੰਦਾ ਕਰਦੇ ਹਨ, ਉਹ ਬਹੁਤ ਭੈੜੇ ਹਨ,
ਹਰਿ ਜੀਉ ਤਿਨ ਕਾ ਦਰਸਨੁ ਨਾ ਕਰਹੁ ਪਾਪਿਸਟ ਹਤਿਆਰੀ ॥
ਰੱਬ ਮਿਹਰ ਹੀ ਕਰੇ! ਹੇ ਭਾਈ! ਉਨ੍ਹਾਂ ਦਾ ਦਰਸ਼ਨ ਨਾਹ ਕਰੋ, ਉਹ ਬੜੇ ਪਾਪੀ ਤੇ ਹੱਤਿਆਰੇ ਹਨ;
ਓਹਿ ਘਰਿ ਘਰਿ ਫਿਰਹਿ ਕੁਸੁਧ ਮਨਿ ਜਿਉ ਧਰਕਟ ਨਾਰੀ ॥
ਮਨੋਂ ਖੋਟੇ ਉਹ ਆਦਮੀ ਵਿਭਚਾਰਨ ਇਸਤ੍ਰੀ ਵਾਂਗ ਘਰ ਘਰ ਫਿਰਦੇ ਹਨ।
ਵਡਭਾਗੀ ਸੰਗਤਿ ਮਿਲੇ ਗੁਰਮੁਖਿ ਸਵਾਰੀ ॥
ਵਡਭਾਗੀ ਮਨੁੱਖ ਸਤਿਗੁਰੂ ਦੀ ਨਿਵਾਜੀ ਹੋਈ ਗੁਰਮੁਖਾਂ ਦੀ ਸੰਗਤ ਵਿਚ ਮਿਲਦੇ ਹਨ।
ਹਰਿ ਮੇਲਹੁ ਸਤਿਗੁਰ ਦਇਆ ਕਰਿ ਗੁਰ ਕਉ ਬਲਿਹਾਰੀ ॥੨੩॥
ਹੇ ਹਰੀ! ਮੈਂ ਸਦਕੇ ਹਾਂ ਸਤਿਗੁਰੂ ਤੋਂ, ਮੇਹਰ ਕਰ ਤੇ ਸਤਿਗੁਰੂ ਨੂੰ ਮਿਲਾ ॥੨੩॥
ਸਲੋਕੁ ਮਃ ੩ ॥
ਗੁਰ ਸੇਵਾ ਤੇ ਸੁਖੁ ਊਪਜੈ ਫਿਰਿ ਦੁਖੁ ਨ ਲਗੈ ਆਇ ॥
ਸਤਿਗੁਰੂ ਦੀ ਸੇਵਾ ਤੋਂ (ਮਨੁੱਖ) ਨੂੰ ਸੁਖ ਪ੍ਰਾਪਤ ਹੁੰਦਾ ਹੈ, ਫਿਰ ਕਦੇ ਕਲੇਸ਼ ਨਹੀਂ ਹੁੰਦਾ,
ਜੰਮਣੁ ਮਰਣਾ ਮਿਟਿ ਗਇਆ ਕਾਲੈ ਕਾ ਕਿਛੁ ਨ ਬਸਾਇ ॥
ਉਸ ਦਾ ਜਨਮ ਮਰਨ ਮੁੱਕ ਜਾਂਦਾ ਹੈ ਤੇ ਜਮਕਾਲ ਦਾ ਕੁਝ ਵੱਸ ਨਹੀਂ ਚੱਲਦਾ;
ਹਰਿ ਸੇਤੀ ਮਨੁ ਰਵਿ ਰਹਿਆ ਸਚੇ ਰਹਿਆ ਸਮਾਇ ॥
ਹਰੀ ਨਾਲ ਉਸ ਦਾ ਮਨ ਮਿਲਿਆ ਰਹਿੰਦਾ ਹੈ ਤੇ ਉਹ ਸੱਚੇ ਵਿਚ ਸਮਾਇਆ ਰਹਿੰਦਾ ਹੈ।
ਨਾਨਕ ਹਉ ਬਲਿਹਾਰੀ ਤਿੰਨ ਕਉ ਜੋ ਚਲਨਿ ਸਤਿਗੁਰ ਭਾਇ ॥੧॥
ਹੇ ਨਾਨਕ! ਮੈਂ ਉਹਨਾਂ ਤੋਂ ਸਦਕੇ ਹਾਂ, ਜੋ ਸਤਿਗੁਰੂ ਦੇ ਪਿਆਰ ਵਿਚ ਤੁਰਦੇ ਹਨ ॥੧॥
ਮਃ ੩ ॥
ਬਿਨੁ ਸਬਦੈ ਸੁਧੁ ਨ ਹੋਵਈ ਜੇ ਅਨੇਕ ਕਰੈ ਸੀਗਾਰ ॥
ਸਤਿਗੁਰੂ ਦੇ ਸ਼ਬਦ ਤੋਂ ਬਿਨਾ (ਜੀਵ-ਇਸਤ੍ਰੀ) ਭਾਵੇਂ ਬਿਅੰਤ ਸ਼ਿੰਗਾਰ ਕਰੇ ਸੁੱਧ ਨਹੀਂ ਹੋ ਸਕਦੀ,
ਪਿਰ ਕੀ ਸਾਰ ਨ ਜਾਣਈ ਦੂਜੈ ਭਾਇ ਪਿਆਰੁ ॥
(ਕਿਉਂਕਿ) ਉਹ ਪਤੀ ਦੀ ਕਦਰ ਨਹੀਂ ਜਾਣਦੀ ਤੇ ਉਸ ਦੀ ਮਾਇਆ ਦੇ ਵਿਚ ਸੁਰਤਿ ਹੁੰਦੀ ਹੈ।
ਸਾ ਕੁਸੁਧ ਸਾ ਕੁਲਖਣੀ ਨਾਨਕ ਨਾਰੀ ਵਿਚਿ ਕੁਨਾਰਿ ॥੨॥
ਹੇ ਨਾਨਕ! ਇਹੋ ਜਹੀ ਇਸਤ੍ਰੀ ਮਨੋਂ ਖੋਟੀ ਤੇ ਭੈੜੇ ਲੱਛਣਾਂ ਵਾਲੀ ਹੁੰਦੀ ਹੈ ਤੇ ਨਾਰੀਆਂ ਵਿਚ ਉਹ ਭੈੜੀ ਨਾਰਿ (ਕਹਾਉਂਦੀ ਹੈ) ॥੨॥
ਪਉੜੀ ॥
ਹਰਿ ਹਰਿ ਅਪਣੀ ਦਇਆ ਕਰਿ ਹਰਿ ਬੋਲੀ ਬੈਣੀ ॥
ਹੇ ਹਰੀ! ਆਪਣੀ ਮੇਹਰ ਕਰ, ਮੈਂ ਤੇਰੀ ਬਾਣੀ (ਭਾਵ, ਤੇਰਾ ਜੱਸ) ਉਚਾਰਾਂ,
ਹਰਿ ਨਾਮੁ ਧਿਆਈ ਹਰਿ ਉਚਰਾ ਹਰਿ ਲਾਹਾ ਲੈਣੀ ॥
ਹਰੀ-ਨਾਮ ਸਿਮਰਾਂ, ਹਰੀ-ਨਾਮ ਦਾ ਉਚਾਰਨ ਕਰਾਂ ਤੇ ਇਹੀ ਲਾਭ ਖੱਟਾਂ।
ਜੋ ਜਪਦੇ ਹਰਿ ਹਰਿ ਦਿਨਸੁ ਰਾਤਿ ਤਿਨ ਹਉ ਕੁਰਬੈਣੀ ॥
ਮੈਂ ਉਹਨਾਂ ਤੋਂ ਕੁਰਬਾਨ ਹਾਂ, ਜੋ ਦਿਨ ਰਾਤ ਹਰੀ-ਨਾਮ ਜਪਦੇ ਹਨ,
ਜਿਨਾ ਸਤਿਗੁਰੁ ਮੇਰਾ ਪਿਆਰਾ ਅਰਾਧਿਆ ਤਿਨ ਜਨ ਦੇਖਾ ਨੈਣੀ ॥
ਉਹਨਾਂ ਨੂੰ ਮੈਂ ਅੱਖੀਂ ਵੇਖਾਂ ਜੋ ਪਿਆਰੇ ਸਤਿਗੁਰੂ ਦੀ ਸੇਵਾ ਕਰਦੇ ਹਨ।
ਹਉ ਵਾਰਿਆ ਅਪਣੇ ਗੁਰੂ ਕਉ ਜਿਨਿ ਮੇਰਾ ਹਰਿ ਸਜਣੁ ਮੇਲਿਆ ਸੈਣੀ ॥੨੪॥
ਮੈਂ ਆਪਣੇ ਸਤਿਗੁਰੂ ਤੋਂ ਸਦਕੇ ਹਾਂ, ਜਿਸ ਨੇ ਮੈਨੂੰ ਪਿਆਰਾ ਸੱਜਣ ਪ੍ਰਭੂ ਸਾਥੀ ਮਿਲਾ ਦਿੱਤਾ ਹੈ ॥੨੪॥
ਸਲੋਕੁ ਮਃ ੪ ॥
ਹਰਿ ਦਾਸਨ ਸਿਉ ਪ੍ਰੀਤਿ ਹੈ ਹਰਿ ਦਾਸਨ ਕੋ ਮਿਤੁ ॥
ਪ੍ਰਭੂ ਦੀ ਆਪਣੇ ਸੇਵਕਾਂ ਨਾਲ ਪ੍ਰੀਤ ਹੁੰਦੀ ਹੈ, ਪ੍ਰਭੂ ਆਪਣੇ ਸੇਵਕਾਂ ਦਾ ਮਿੱਤ੍ਰ ਹੈ,
ਹਰਿ ਦਾਸਨ ਕੈ ਵਸਿ ਹੈ ਜਿਉ ਜੰਤੀ ਕੈ ਵਸਿ ਜੰਤੁ ॥
ਜਿਵੇਂ ਵਾਜਾ ਵਜੰਤ੍ਰੀ ਦੇ ਵੱਸ ਵਿਚ ਹੁੰਦਾ ਹੈ (ਜਿਵੇਂ ਚਾਹੇ ਵਜਾਏ) ਤਿਵੇਂ ਪ੍ਰਭੂ ਆਪਣੇ ਸੇਵਕਾਂ ਦੇ ਅਧੀਨ ਹੁੰਦਾ ਹੈ।
ਹਰਿ ਕੇ ਦਾਸ ਹਰਿ ਧਿਆਇਦੇ ਕਰਿ ਪ੍ਰੀਤਮ ਸਿਉ ਨੇਹੁ ॥
ਪ੍ਰਭੂ ਦੇ ਸੇਵਕ ਆਪਣੇ ਪ੍ਰੀਤਮ ਪ੍ਰਭੂ ਨਾਲ ਪ੍ਰੇਮ ਜੋੜ ਕੇ ਪ੍ਰਭੂ ਨੂੰ ਸਿਮਰਦੇ ਹਨ,
ਕਿਰਪਾ ਕਰਿ ਕੈ ਸੁਨਹੁ ਪ੍ਰਭ ਸਭ ਜਗ ਮਹਿ ਵਰਸੈ ਮੇਹੁ ॥
(ਤੇ ਬੇਨਤੀ ਕਰਦੇ ਹਨ, ਕਿ) ਹੇ ਪ੍ਰਭੂ ਮੇਹਰ ਕਰ ਕੇ ਸੁਣ, ਸਾਰੇ ਸੰਸਾਰ ਵਿਚ (ਨਾਮ ਦੀ) ਵਰਖਾ ਹੋਵੇ (ਇਸ ਪਿਆਰ ਕਰਕੇ ਹੀ ਪ੍ਰਭੂ ਆਪਣੇ ਸੇਵਕਾਂ ਨੂੰ ਪਿਆਰਦਾ ਹੈ)।
ਜੋ ਹਰਿ ਦਾਸਨ ਕੀ ਉਸਤਤਿ ਹੈ ਸਾ ਹਰਿ ਕੀ ਵਡਿਆਈ ॥
ਹਰੀ ਦੇ ਸੇਵਕਾਂ ਦੀ ਵਡਿਆਈ ਹਰੀ ਦੀ ਹੀ ਵਡਿਆਈ ਹੈ;
ਹਰਿ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰੁ ਕਰਾਈ ॥
ਹਰੀ ਨੂੰ ਆਪਣੀ ਇਹ ਵਡਿਆਈ (ਜੋ ਉਸ ਦੇ ਸੇਵਕਾਂ ਦੀ ਹੁੰਦੀ ਹੈ) ਚੰਗੀ ਲੱਗਦੀ ਹੈ। (ਸੋ) ਉਹ ਆਪਣੇ ਸੇਵਕ ਦੀ ਜੈ ਜੈਕਾਰ ਕਰਾ ਦੇਂਦਾ ਹੈ।
ਸੋ ਹਰਿ ਜਨੁ ਨਾਮੁ ਧਿਆਇਦਾ ਹਰਿ ਹਰਿ ਜਨੁ ਇਕ ਸਮਾਨਿ ॥
ਹਰੀ ਦਾ ਦਾਸ ਉਹ ਹੈ ਜੋ ਹਰੀ ਦਾ ਨਾਮ ਸਿਮਰਦਾ ਹੈ, ਹਰੀ ਤੇ ਹਰੀ ਦਾ ਸੇਵਕ ਇਕ-ਰੂਪ ਹਨ।
ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਪੈਜ ਰਖਹੁ ਭਗਵਾਨ ॥੧॥
ਹੇ ਹਰੀ! ਹੇ ਭਗਵਾਨ! ਦਾਸ ਨਾਨਕ ਤੇਰਾ ਸੇਵਕ ਹੈ, (ਇਸ ਸੇਵਕ ਦੀ ਭੀ) ਲਾਜ ਰੱਖ (ਆਪਣੇ ਨਾਮ ਦੀ ਦਾਤਿ ਦੇਹ) ॥੧॥
ਮਃ ੪ ॥
ਨਾਨਕ ਪ੍ਰੀਤਿ ਲਾਈ ਤਿਨਿ ਸਾਚੈ ਤਿਸੁ ਬਿਨੁ ਰਹਣੁ ਨ ਜਾਈ ॥
ਉਸ ਸੱਚੇ ਹਰੀ ਨੇ ਨਾਨਕ ਦੇ (ਹਿਰਦੇ ਵਿਚ) ਪ੍ਰੇਮ ਪੈਦਾ ਕੀਤਾ ਹੈ, (ਹੁਣ) ਉਸ ਤੋਂ ਬਿਨਾ ਜੀਵਿਆ ਨਹੀਂ ਜਾਂਦਾ;
ਸਤਿਗੁਰੁ ਮਿਲੈ ਤ ਪੂਰਾ ਪਾਈਐ ਹਰਿ ਰਸਿ ਰਸਨ ਰਸਾਈ ॥੨॥
(ਕਿਵੇਂ ਮਿਲੇ?) ਸਤਿਗੁਰੂ ਮਿਲ ਪਏ ਤਾਂ ਪੂਰਾ ਹਰੀ ਲੱਭ ਪੈਂਦਾ ਹੈ ਤੇ ਜੀਭ ਹਰੀ-ਨਾਮ ਦੇ ਸੁਆਦ ਵਿਚ ਰਸ ਜਾਂਦੀ ਹੈ ॥੨॥
ਪਉੜੀ ॥
ਰੈਣਿ ਦਿਨਸੁ ਪਰਭਾਤਿ ਤੂਹੈ ਹੀ ਗਾਵਣਾ ॥
ਹੇ ਹਰੀ! ਰਾਤ ਦਿਨੇ ਅੰਮ੍ਰਿਤ ਵੇਲੇ (ਭਾਵ, ਹਰ ਵੇਲੇ) ਤੂੰ ਹੀ ਗਾਵਣ-ਜੋਗ ਹੈਂ;
ਜੀਅ ਜੰਤ ਸਰਬਤ ਨਾਉ ਤੇਰਾ ਧਿਆਵਣਾ ॥
ਸਾਰੇ ਜੀਵ ਜੰਤ ਤੇਰਾ ਹੀ ਨਾਮ ਸਿਮਰਦੇ ਹਨ;
ਤੂ ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾ ॥
ਤੂੰ ਦਾਤਾਂ ਦੇਣ ਵਾਲਾ ਦਾਤਾਰ ਹੈਂ ਤੇਰਾ ਹੀ ਦਿੱਤਾ ਹੋਇਆ ਖਾਂਦੇ ਹਨ,
ਭਗਤ ਜਨਾ ਕੈ ਸੰਗਿ ਪਾਪ ਗਵਾਵਣਾ ॥
ਤੇ ਭਗਤਾਂ ਦੀ ਸੰਗਤਿ ਵਿਚ ਆਪਣੇ ਪਾਪ ਦੂਰ ਕਰਦੇ ਹਨ।
ਜਨ ਨਾਨਕ ਸਦ ਬਲਿਹਾਰੈ ਬਲਿ ਬਲਿ ਜਾਵਣਾ ॥੨੫॥
ਹੇ ਦਾਸ ਨਾਨਕ! (ਉਹਨਾਂ ਭਗਤ ਜਨਾਂ ਤੋਂ) ਸਦਾ ਸਦਕੇ ਹੋ, ਸਦਕੇ ਹੋ ॥੨੫॥
ਸਲੋਕੁ ਮਃ ੪ ॥
ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ ॥
(ਮਨਮੁਖ ਦੇ) ਹਿਰਦੇ ਵਿਚ ਅਗਿਆਨ ਹੈ, (ਉਸ ਦੀ) ਅਕਲਿ ਹੋਛੀ ਹੁੰਦੀ ਹੈ ਤੇ ਸਤਿਗੁਰੂ ਉਤੇ ਉਸ ਨੂੰ ਸਿਦਕ ਨਹੀਂ ਹੁੰਦਾ;
ਅੰਦਰਿ ਕਪਟੁ ਸਭੁ ਕਪਟੋ ਕਰਿ ਜਾਣੈ ਕਪਟੇ ਖਪਹਿ ਖਪਾਹੀ ॥
ਮਨ ਵਿਚ ਧੋਖਾ (ਹੋਣ ਕਰਕੇ ਸੰਸਾਰ ਵਿਚ ਭੀ) ਉਹ ਸਾਰਾ ਧੋਖਾ ਹੀ ਧੋਖਾ ਵਰਤਦਾ ਸਮਝਦਾ ਹੈ। (ਮਨਮੁਖ ਬੰਦੇ ਆਪ) ਦੁਖੀ ਹੁੰਦੇ ਹਨ (ਤੇ ਹੋਰਨਾਂ ਨੂੰ) ਦੁਖੀ ਕਰਦੇ ਹਨ;
ਸਤਿਗੁਰ ਕਾ ਭਾਣਾ ਚਿਤਿ ਨ ਆਵੈ ਆਪਣੈ ਸੁਆਇ ਫਿਰਾਹੀ ॥
ਸਤਿਗੁਰੂ ਦਾ ਹੁਕਮ ਉਹਨਾਂ ਦੇ ਚਿੱਤ ਵਿਚ ਨਹੀਂ ਆਉਂਦਾ (ਭਾਵ, ਭਾਣਾ ਨਹੀਂ ਮੰਨਦੇ) ਤੇ ਆਪਣੀ ਗ਼ਰਜ਼ ਦੇ ਪਿਛੇ ਭਟਕਦੇ ਫਿਰਦੇ ਹਨ;
ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸਬਦਿ ਸਮਾਹੀ ॥੧॥
ਹੇ ਨਾਨਕ! ਜੇ ਹਰੀ ਆਪਣੀ ਮੇਹਰ ਕਰੇ, ਤਾਂ ਹੀ ਉਹ ਗੁਰੂ ਦੇ ਸ਼ਬਦ ਵਿਚ ਲੀਨ ਹੁੰਦੇ ਹਨ ॥੧॥
ਮਃ ੪ ॥
ਮਨਮੁਖ ਮਾਇਆ ਮੋਹਿ ਵਿਆਪੇ ਦੂਜੈ ਭਾਇ ਮਨੂਆ ਥਿਰੁ ਨਾਹਿ ॥
ਮਾਇਆ ਦੇ ਮੋਹ ਵਿਚ ਗ੍ਰਸੇ ਹੋਏ ਮਨਮੁਖਾਂ ਦਾ ਮਨ ਮਾਇਆ ਦੇ ਪਿਆਰ ਵਿਚ ਇਕ ਥਾਂ ਨਹੀਂ ਟਿਕਦਾ।
ਅਨਦਿਨੁ ਜਲਤ ਰਹਹਿ ਦਿਨੁ ਰਾਤੀ ਹਉਮੈ ਖਪਹਿ ਖਪਾਹਿ ॥
ਹਰ ਵੇਲੇ ਦਿਨ ਰਾਤ (ਮਾਇਆ ਵਿਚ) ਸੜਦੇ ਰਹਿੰਦੇ ਹਨ। ਅਹੰਕਾਰ ਵਿਚ ਆਪ ਦੁਖੀ ਹੁੰਦੇ ਹਨ, ਹੋਰਨਾਂ ਨੂੰ ਦੁਖੀ ਕਰਦੇ ਹਨ।
ਅੰਤਰਿ ਲੋਭੁ ਮਹਾ ਗੁਬਾਰਾ ਤਿਨ ਕੈ ਨਿਕਟਿ ਨ ਕੋਈ ਜਾਹਿ ॥
ਉਹਨਾਂ ਦੇ ਅੰਦਰ ਲੋਭ-ਰੂਪ ਵੱਡਾ ਹਨੇਰਾ ਹੁੰਦਾ ਹੈ, ਕੋਈ ਮਨੁੱਖ ਉਹਨਾਂ ਦੇ ਨੇੜੇ ਨਹੀਂ ਢੁਕਦਾ।
ਓਇ ਆਪਿ ਦੁਖੀ ਸੁਖੁ ਕਬਹੂ ਨ ਪਾਵਹਿ ਜਨਮਿ ਮਰਹਿ ਮਰਿ ਜਾਹਿ ॥
ਉਹ ਆਪਣੇ ਆਪ ਹੀ ਦੁਖੀ ਰਹਿੰਦੇ ਹਨ, ਕਦੇ ਸੁਖੀ ਨਹੀਂ ਹੁੰਦੇ, ਸਦਾ ਜੰਮਣ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ।
ਨਾਨਕ ਬਖਸਿ ਲਏ ਪ੍ਰਭੁ ਸਾਚਾ ਜਿ ਗੁਰ ਚਰਨੀ ਚਿਤੁ ਲਾਹਿ ॥੨॥
ਹੇ ਨਾਨਕ! ਜੇ ਉਹ ਗੁਰੂ ਦੇ ਚਰਨਾਂ ਵਿਚ ਚਿੱਤ ਜੋੜਨ, ਤਾਂ ਸੱਚਾ ਹਰੀ ਉਹਨਾਂ ਨੂੰ ਬਖ਼ਸ਼ ਲਏ ॥੨॥
ਪਉੜੀ ॥
ਸੰਤ ਭਗਤ ਪਰਵਾਣੁ ਜੋ ਪ੍ਰਭਿ ਭਾਇਆ ॥
ਜੋ ਮਨੁੱਖ ਪ੍ਰਭੂ ਨੂੰ ਪਿਆਰੇ ਹਨ, ਉਹ ਸੰਤ ਹਨ, ਭਗਤ ਹਨ ਉਹੀ ਕਬੂਲ ਹਨ।
ਸੇਈ ਬਿਚਖਣ ਜੰਤ ਜਿਨੀ ਹਰਿ ਧਿਆਇਆ ॥
ਉਹੋ ਮਨੁੱਖ ਸਿਆਣੇ ਹਨ ਜੋ ਹਰੀ-ਨਾਮ ਸਿਮਰਦੇ ਹਨ।
ਅੰਮ੍ਰਿਤੁ ਨਾਮੁ ਨਿਧਾਨੁ ਭੋਜਨੁ ਖਾਇਆ ॥
ਆਤਮਕ ਜੀਵਨ ਦੇਣ ਵਾਲਾ ਨਾਮ ਖ਼ਜ਼ਾਨਾ-ਰੂਪ ਭੋਜਨ ਖਾਂਦੇ ਹਨ,
ਸੰਤ ਜਨਾ ਕੀ ਧੂਰਿ ਮਸਤਕਿ ਲਾਇਆ ॥
ਤੇ ਸੰਤਾਂ ਦੀ ਚਰਨ-ਧੂੜ ਆਪਣੇ ਮੱਥੇ ਤੇ ਲਾਂਦੇ ਹਨ।
ਨਾਨਕ ਭਏ ਪੁਨੀਤ ਹਰਿ ਤੀਰਥਿ ਨਾਇਆ ॥੨੬॥
ਹੇ ਨਾਨਕ! (ਇਹੋ ਜਿਹੇ ਮਨੁੱਖ) ਹਰੀ (ਦੇ ਭਜਨ-ਰੂਪ) ਤੀਰਥ ਤੇ ਨ੍ਹਾਉਂਦੇ ਹਨ ਤੇ ਪਵਿੱਤ੍ਰ ਹੋ ਜਾਂਦੇ ਹਨ ॥੨੬॥
ਸਲੋਕੁ ਮਃ ੪ ॥
ਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ ਸਮਾਇ ॥
ਜੇ ਮਨੁੱਖ ਸਤਿਗੁਰੂ ਦੇ ਸਨਮੁਖ ਹੈ ਉਸ ਦੇ ਅੰਦਰ ਠੰਢ ਹੈ ਤੇ ਉਹ ਮਨੋਂ ਤਨੋਂ ਨਾਮ ਵਿਚ ਲੀਨ ਰਹਿੰਦੀ ਹੈ।
ਨਾਮੋ ਚਿਤਵੈ ਨਾਮੁ ਪੜੈ ਨਾਮਿ ਰਹੈ ਲਿਵ ਲਾਇ ॥
ਉਹ ਨਾਮ ਹੀ ਚਿਤਾਰਦਾ ਹੈ, ਨਾਮ ਹੀ ਪੜ੍ਹਦਾ ਹੈ ਤੇ ਨਾਮ ਵਿਚ ਹੀ ਬ੍ਰਿਤੀ ਜੋੜੀ ਰੱਖਦਾ ਹੈ।
ਨਾਮੁ ਪਦਾਰਥੁ ਪਾਇਆ ਚਿੰਤਾ ਗਈ ਬਿਲਾਇ ॥
ਨਾਮ (ਰੂਪ) ਸੁੰਦਰ ਵਸਤ ਲੱਭ ਕੇ ਉਸ ਦੀ ਚਿੰਤਾ ਦੂਰ ਹੋ ਜਾਂਦੀ ਹੈ।
ਸਤਿਗੁਰਿ ਮਿਲਿਐ ਨਾਮੁ ਊਪਜੈ ਤਿਸਨਾ ਭੁਖ ਸਭ ਜਾਇ ॥
ਜੇ ਗੁਰੂ ਮਿਲ ਪਏ ਤਾਂ ਨਾਮ (ਹਿਰਦੇ ਵਿਚ) ਪੁੰਗਰਦਾ ਹੈ, ਤ੍ਰਿਸ਼ਨਾ ਦੂਰ ਹੋ ਜਾਂਦੀ ਹੈ (ਮਾਇਆ ਦੀ) ਭੁੱਖ ਸਾਰੀ ਦੂਰ ਹੋ ਜਾਂਦੀ ਹੈ।
ਨਾਨਕ ਨਾਮੇ ਰਤਿਆ ਨਾਮੋ ਪਲੈ ਪਾਇ ॥੧॥
ਹੇ ਨਾਨਕ! ਨਾਮ ਵਿਚ ਰੰਗੇ ਜਾਣ ਕਰਕੇ ਨਾਮ ਹੀ (ਹਿਰਦੇ-ਰੂਪ) ਪੱਲੇ ਵਿਚ ਉੱਕਰਿਆ ਜਾਂਦਾ ਹੈ ॥੧॥
ਮਃ ੪ ॥
ਸਤਿਗੁਰ ਪੁਰਖਿ ਜਿ ਮਾਰਿਆ ਭ੍ਰਮਿ ਭ੍ਰਮਿਆ ਘਰੁ ਛੋਡਿ ਗਇਆ ॥
ਜੋ ਮਨੁੱਖ ਗੁਰੂ ਪਰਮੇਸਰ ਵਲੋਂ ਮਾਰਿਆ ਹੋਇਆ ਹੈ (ਭਾਵ, ਜਿਸਨੂੰ ਰੱਬ ਵਾਲੇ ਪਾਸੇ ਤੋਂ ਉੱਕਾ ਹੀ ਨਫ਼ਰਤ ਹੈ) ਉਹ ਭਰਮ ਵਿਚ ਭਟਕਦਾ ਹੋਇਆ ਆਪਣੇ ਟਿਕਾਣੇ ਤੋਂ ਹਿੱਲ ਜਾਂਦਾ ਹੈ।
ਓਸੁ ਪਿਛੈ ਵਜੈ ਫਕੜੀ ਮੁਹੁ ਕਾਲਾ ਆਗੈ ਭਇਆ ॥
ਉਸ ਦੇ ਪਿੱਛੇ ਲੋਕ ਫੱਕੜੀ ਵਜਾਂਦੇ ਹਨ, ਤੇ ਅੱਗੇ (ਜਿਥੇ ਜਾਂਦਾ ਹੈ) ਮੁਕਾਲਖ ਖੱਟਦਾ ਹੈ।
ਓਸੁ ਅਰਲੁ ਬਰਲੁ ਮੁਹਹੁ ਨਿਕਲੈ ਨਿਤ ਝਗੂ ਸੁਟਦਾ ਮੁਆ ॥
ਉਸ ਦੇ ਮੂੰਹੋਂ ਨਿਰਾ ਬਕਵਾਸ ਹੀ ਨਿਕਲਦਾ ਹੈ ਉਹ ਸਦਾ ਨਿੰਦਾ ਕਰ ਕੇ ਹੀ ਦੁੱਖੀ ਹੁੰਦਾ ਰਹਿੰਦਾ ਹੈ।
ਕਿਆ ਹੋਵੈ ਕਿਸੈ ਹੀ ਦੈ ਕੀਤੈ ਜਾਂ ਧੁਰਿ ਕਿਰਤੁ ਓਸ ਦਾ ਏਹੋ ਜੇਹਾ ਪਇਆ ॥
ਕਿਸੇ ਦੇ ਭੀ ਕੀਤਿਆਂ ਕੁਝ ਨਹੀਂ ਹੋ ਸਕਦਾ (ਭਾਵ, ਕੋਈ ਉਸ ਨੂੰ ਸੁਮੱਤ ਨਹੀਂ ਦੇ ਸਕਦਾ), ਕਿਉਂਕਿ ਮੁੱਢ ਤੋਂ (ਕੀਤੇ ਮੰਦੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੁਣ ਭੀ) ਇਹੋ ਜਿਹੀ (ਭਾਵ, ਨਿੰਦਾ ਦੀ ਮੰਦੀ) ਕਮਾਈ ਕਰਨੀ ਪਈ ਹੈ।
ਜਿਥੈ ਓਹੁ ਜਾਇ ਤਿਥੈ ਓਹੁ ਝੂਠਾ ਕੂੜੁ ਬੋਲੇ ਕਿਸੈ ਨ ਭਾਵੈ ॥
ਉਹ (ਮਨਮੁਖ) ਜਿਥੇ ਜਾਂਦਾ ਹੈ ਉਥੇ ਹੀ ਝੂਠਾ ਹੁੰਦਾ ਹੈ, ਝੂਠ ਬੋਲਦਾ ਹੈ ਤੇ ਕਿਸੇ ਨੂੰ ਚੰਗਾ ਨਹੀਂ ਲੱਗਦਾ।
ਵੇਖਹੁ ਭਾਈ ਵਡਿਆਈ ਹਰਿ ਸੰਤਹੁ ਸੁਆਮੀ ਅਪੁਨੇ ਕੀ ਜੈਸਾ ਕੋਈ ਕਰੈ ਤੈਸਾ ਕੋਈ ਪਾਵੈ ॥
ਹੇ ਸੰਤ ਜਨੋਂ! ਪਿਆਰੇ ਮਾਲਕ ਪ੍ਰਭੂ ਦੀ ਵਡਿਆਈ ਵੇਖੋ, ਕਿ ਜਿਹੋ ਜਿਹੀ ਕੋਈ ਕਮਾਈ ਕਰਦਾ ਹੈ, ਉਹੋ ਜਿਹਾ ਉਸ ਨੂੰ ਫਲ ਮਿਲਦਾ ਹੈ।
ਏਹੁ ਬ੍ਰਹਮ ਬੀਚਾਰੁ ਹੋਵੈ ਦਰਿ ਸਾਚੈ ਅਗੋ ਦੇ ਜਨੁ ਨਾਨਕੁ ਆਖਿ ਸੁਣਾਵੈ ॥੨॥
ਇਹ ਸੱਚੀ ਵਿਚਾਰ ਸੱਚੀ ਦਰਗਾਹ ਵਿਚ ਹੁੰਦੀ ਹੈ, ਦਾਸ ਨਾਨਕ ਪਹਿਲਾਂ ਹੀ ਤੁਹਾਨੂੰ ਆਖ ਕੇ ਸੁਣਾ ਰਿਹਾ ਹੈ (ਤਾਂ ਜੁ ਭਲਾ ਬੀਜ ਬੀਜ ਕੇ ਭਲੇ ਫਲ ਦੀ ਆਸ ਹੋ ਸਕੇ) ॥੨॥
ਪਉੜੀ ॥
ਗੁਰਿ ਸਚੈ ਬਧਾ ਥੇਹੁ ਰਖਵਾਲੇ ਗੁਰਿ ਦਿਤੇ ॥
ਸੱਚੇ ਸਤਿਗੁਰੂ ਨੇ (ਸਤਸੰਗ-ਰੂਪ) ਪਿੰਡ ਵਸਾਇਆ ਹੈ, (ਉਸ ਪਿੰਡ ਲਈ ਸਤਸੰਗੀ) ਰਾਖੇ ਭੀ ਸਤਿਗੁਰੂ ਨੇ ਹੀ ਦਿੱਤੇ ਹਨ।
ਪੂਰਨ ਹੋਈ ਆਸ ਗੁਰ ਚਰਣੀ ਮਨ ਰਤੇ ॥
ਜਿਨ੍ਹਾਂ ਦੇ ਮਨ ਗੁਰੂ ਦੇ ਚਰਨਾਂ ਵਿਚ ਜੁੜੇ ਹਨ, ਉਹਨਾਂ ਦੀ ਆਸ ਪੂਰਨ ਹੋ ਗਈ ਹੈ (ਭਾਵ, ਤ੍ਰਿਸ਼ਨਾ ਮਿਟ ਗਈ ਹੈ)।
ਗੁਰਿ ਕ੍ਰਿਪਾਲਿ ਬੇਅੰਤਿ ਅਵਗੁਣ ਸਭਿ ਹਤੇ ॥
ਦਿਆਲ ਤੇ ਬੇਅੰਤ ਗੁਰੂ ਨੇ ਉਹਨਾਂ ਦੇ ਸਾਰੇ ਪਾਪ ਨਾਸ ਕਰ ਦਿੱਤੇ ਹਨ।
ਗੁਰਿ ਅਪਣੀ ਕਿਰਪਾ ਧਾਰਿ ਅਪਣੇ ਕਰਿ ਲਿਤੇ ॥
ਆਪਣੀ ਮੇਹਰ ਕਰ ਕੇ ਸਤਿਗੁਰੂ ਨੇ ਉਹਨਾਂ ਨੂੰ ਆਪਣਾ ਬਣਾ ਲਿਆ ਹੈ।
ਨਾਨਕ ਸਦ ਬਲਿਹਾਰ ਜਿਸੁ ਗੁਰ ਕੇ ਗੁਣ ਇਤੇ ॥੨੭॥
ਹੇ ਨਾਨਕ! ਮੈਂ ਸਦਾ ਉਸ ਸਤਿਗੁਰੂ ਤੋਂ ਸਦਕੇ ਹਾਂ, ਜਿਸ ਵਿਚ ਇਤਨੇ ਗੁਣ ਹਨ ॥੨੭॥
ਸਲੋਕ ਮਃ ੧ ॥
ਤਾ ਕੀ ਰਜਾਇ ਲੇਖਿਆ ਪਾਇ ਅਬ ਕਿਆ ਕੀਜੈ ਪਾਂਡੇ ॥
ਹੇ ਪੰਡਿਤ! ਐਸ ਵੇਲੇ (ਝੁਰਿਆਂ) ਕੁਝ ਨਹੀਂ ਬਣਦਾ; ਪ੍ਰਭੂ ਦੀ ਰਜ਼ਾ ਵਿਚ (ਆਪਣੇ ਹੀ ਪਿਛਲੇ ਕੀਤੇ ਅਨੁਸਾਰ) ਲਿਖਿਆ (ਲੇਖ) ਪਾਈਦਾ ਹੈ;
ਹੁਕਮੁ ਹੋਆ ਹਾਸਲੁ ਤਦੇ ਹੋਇ ਨਿਬੜਿਆ ਹੰਢਹਿ ਜੀਅ ਕਮਾਂਦੇ ॥੧॥
ਜਦੋਂ ਪ੍ਰਭੂ ਦਾ ਹੁਕਮ ਹੋਇਆ ਤਦੋਂ ਇਹ ਫ਼ੈਸਲਾ ਹੋਇਆ ਤੇ (ਉਸ ਲੇਖ-ਅਨੁਸਾਰ) ਜੀਵ (ਕਰਮ) ਕਮਾਂਦੇ ਫਿਰਦੇ ਹਨ ॥੧॥
ਮਃ ੨ ॥
ਨਕਿ ਨਥ ਖਸਮ ਹਥ ਕਿਰਤੁ ਧਕੇ ਦੇ ॥
ਜੀਵ ਦੇ ਨੱਕ ਵਿਚ (ਰਜ਼ਾ ਦੀ) ਨੱਥ (ਨਕੇਲ) ਹੈ ਜੋ ਖਸਮ ਪ੍ਰਭੂ ਦੇ (ਆਪਣੇ) ਹੱਥ ਵਿਚ ਹੈ, ਪਿਛਲੇ ਕੀਤੇ ਹੋਏ ਕੰਮਾਂ ਅਨੁਸਾਰ ਬਣਿਆ ਸੁਭਾਉ ਹੁਣ ਧੱਕ ਕੇ ਚਲਾ ਰਿਹਾ ਹੈ।
ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ ॥੨॥
ਹੇ ਨਾਨਕ! ਸੱਚ ਇਹ ਹੈ ਕਿ ਜਿਥੇ ਜੀਵ ਦਾ ਦਾਣਾ-ਪਾਣੀ ਹੁੰਦਾ ਹੈ ਉਥੇ ਖਾਣਾ ਪੈਂਦਾ ਹੈ ॥੨॥
ਪਉੜੀ ॥
ਸਭੇ ਗਲਾ ਆਪਿ ਥਾਟਿ ਬਹਾਲੀਓਨੁ ॥
ਪ੍ਰਭੂ ਨੇ ਆਪ ਹੀ ਸਾਰੀਆਂ (ਜਗਤ-) ਵਿਓਂਤਾਂ ਬਣਾ ਕੇ ਕਾਇਮ ਕੀਤੀਆਂ ਹਨ;
ਆਪੇ ਰਚਨੁ ਰਚਾਇ ਆਪੇ ਹੀ ਘਾਲਿਓਨੁ ॥
ਆਪ ਹੀ ਸੰਸਾਰ ਦੀ ਰਚਨਾ ਰਚ ਕੇ ਆਪ ਹੀ ਨਾਸ ਕਰਦਾ ਹੈ;
ਆਪੇ ਜੰਤ ਉਪਾਇ ਆਪਿ ਪ੍ਰਤਿਪਾਲਿਓਨੁ ॥
ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ ਤੇ ਆਪੇ ਹੀ ਪਾਲਦਾ ਹੈ;
ਦਾਸ ਰਖੇ ਕੰਠਿ ਲਾਇ ਨਦਰਿ ਨਿਹਾਲਿਓਨੁ ॥
ਆਪੇ ਹੀ ਆਪਣੇ ਸੇਵਕਾਂ ਨੂੰ ਗਲ ਲਾ ਕੇ ਰੱਖਦਾ ਹੈ, ਆਪ ਹੀ ਮੇਹਰ ਦੀ ਨਜ਼ਰ ਨਾਲ ਵੇਖਦਾ ਹੈ।
ਨਾਨਕ ਭਗਤਾ ਸਦਾ ਅਨੰਦੁ ਭਾਉ ਦੂਜਾ ਜਾਲਿਓਨੁ ॥੨੮॥
ਹੇ ਨਾਨਕ! ਭਗਤਾਂ ਨੂੰ ਸਦਾ ਪ੍ਰਸੰਨਤਾ ਰਹਿੰਦੀ ਹੈ, (ਕਿਉਂਕਿ) ਉਹਨਾਂ ਦਾ ਮਾਇਆ ਦਾ ਪਿਆਰ ਉਸ ਪ੍ਰਭੂ ਨੇ ਆਪ ਸਾੜ ਦਿੱਤਾ ਹੈ ॥੨੮॥
ਸਲੋਕੁ ਮਃ ੩ ॥
ਏ ਮਨ ਹਰਿ ਜੀ ਧਿਆਇ ਤੂ ਇਕ ਮਨਿ ਇਕ ਚਿਤਿ ਭਾਇ ॥
ਹੇ ਮਨ! ਪਿਆਰ ਨਾਲ ਇਕਾਗ੍ਰ ਚਿੱਤ ਹੋ ਕੇ ਹਰੀ ਦਾ ਸਿਮਰਨ ਕਰ;
ਹਰਿ ਕੀਆ ਸਦਾ ਸਦਾ ਵਡਿਆਈਆ ਦੇਇ ਨ ਪਛੋਤਾਇ ॥
ਹਰੀ ਵਿਚ ਇਹ ਸਦਾ ਲਈ ਗੁਣ ਹਨ ਕਿ ਦਾਤ ਬਖ਼ਸ਼ ਕੇ ਪਛੁਤਾਉਂਦਾ ਨਹੀਂ।
ਹਉ ਹਰਿ ਕੈ ਸਦ ਬਲਿਹਾਰਣੈ ਜਿਤੁ ਸੇਵਿਐ ਸੁਖੁ ਪਾਇ ॥
ਮੈਂ ਹਰੀ ਤੋਂ ਸਦਾ ਕੁਰਬਾਨ ਹਾਂ, ਜਿਸ ਦੀ ਸੇਵਾ ਕੀਤਿਆਂ ਸੁਖ ਮਿਲਦਾ ਹੈ;
ਨਾਨਕ ਗੁਰਮੁਖਿ ਮਿਲਿ ਰਹੈ ਹਉਮੈ ਸਬਦਿ ਜਲਾਇ ॥੧॥
ਹੇ ਨਾਨਕ! ਗੁਰਮੁਖ ਜਨ ਅਹੰਕਾਰ ਨੂੰ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸਾੜ ਕੇ ਹਰੀ ਵਿਚ ਮਿਲੇ ਰਹਿੰਦੇ ਹਨ ॥੧॥
ਮਃ ੩ ॥
ਆਪੇ ਸੇਵਾ ਲਾਇਅਨੁ ਆਪੇ ਬਖਸ ਕਰੇਇ ॥
ਹਰੀ ਨੇ ਆਪ ਹੀ ਮਨੁੱਖਾਂ ਨੂੰ ਸੇਵਾ ਵਿਚ ਲਾਇਆ ਹੈ, ਆਪ ਹੀ ਬਖ਼ਸ਼ਸ਼ ਕਰਦਾ ਹੈ,
ਸਭਨਾ ਕਾ ਮਾ ਪਿਉ ਆਪਿ ਹੈ ਆਪੇ ਸਾਰ ਕਰੇਇ ॥
ਆਪ ਹੀ ਸਭਨਾਂ ਦਾ ਮਾਂ ਪਿਉ ਹੈ ਤੇ ਆਪ ਹੀ ਸਭ ਦੀ ਸੰਭਾਲ ਕਰਦਾ ਹੈ।
ਨਾਨਕ ਨਾਮੁ ਧਿਆਇਨਿ ਤਿਨ ਨਿਜ ਘਰਿ ਵਾਸੁ ਹੈ ਜੁਗੁ ਜੁਗੁ ਸੋਭਾ ਹੋਇ ॥੨॥
ਹੇ ਨਾਨਕ! ਜੋ ਮਨੁੱਖ ਨਾਮ ਜਪਦੇ ਹਨ, ਉਹ ਆਪਣੇ ਟਿਕਾਣੇ ਤੇ ਟਿਕੇ ਹੁੰਦੇ ਹਨ, ਹਰੇਕ ਜੁਗ ਵਿਚ ਉਹਨਾਂ ਦੀ ਸੋਭਾ ਹੁੰਦੀ ਹੈ ॥੨॥
ਪਉੜੀ ॥
ਤੂ ਕਰਣ ਕਾਰਣ ਸਮਰਥੁ ਹਹਿ ਕਰਤੇ ਮੈ ਤੁਝ ਬਿਨੁ ਅਵਰੁ ਨ ਕੋਈ ॥
ਹੇ ਕਰਤਾਰ! ਤੂੰ ਸਾਰੀ ਕੁਦਰਤਿ ਨੂੰ ਰਚਣ-ਜੋਗਾ ਹੈਂ; ਤੇਰੇ ਬਿਨਾ ਤੇਰੇ ਜੇਡਾ ਕੋਈ ਹੋਰ ਨਹੀਂ ਮੈਨੂੰ ਦਿੱਸਦਾ;
ਤੁਧੁ ਆਪੇ ਸਿਸਟਿ ਸਿਰਜੀਆ ਆਪੇ ਫੁਨਿ ਗੋਈ ॥
ਤੂੰ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈਂ ਤੇ ਆਪ ਹੀ ਫਿਰ ਨਾਸ ਕਰਦਾ ਹੈਂ।
ਸਭੁ ਇਕੋ ਸਬਦੁ ਵਰਤਦਾ ਜੋ ਕਰੇ ਸੁ ਹੋਈ ॥
ਸਭ ਥਾਈਂ (ਹਰੀ ਦਾ) ਹੀ ਹੁਕਮ ਵਰਤ ਰਿਹਾ ਹੈ; ਜੋ ਉਹ ਕਰਦਾ ਹੈ ਸੋਈ ਹੁੰਦਾ ਹੈ।
ਵਡਿਆਈ ਗੁਰਮੁਖਿ ਦੇਇ ਪ੍ਰਭੁ ਹਰਿ ਪਾਵੈ ਸੋਈ ॥
ਜੋ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਸ ਨੂੰ ਪ੍ਰਭੂ ਵਡਿਆਈ ਬਖ਼ਸ਼ਦਾ ਹੈ, ਉਹ ਉਸ ਹਰੀ ਨੂੰ ਮਿਲ ਪੈਂਦਾ ਹੈ।
ਗੁਰਮੁਖਿ ਨਾਨਕ ਆਰਾਧਿਆ ਸਭਿ ਆਖਹੁ ਧੰਨੁ ਧੰਨੁ ਧੰਨੁ ਗੁਰੁ ਸੋਈ ॥੨੯॥੧॥ ਸੁਧੁ
ਹੇ ਨਾਨਕ! ਗੁਰੂ ਦੇ ਸਨਮੁਖ ਮਨੁੱਖ ਹਰੀ ਨੂੰ ਸਿਮਰਦੇ ਹਨ, (ਹੇ ਭਾਈ!) ਸਾਰੇ ਆਖੋ, ਕਿ ਉਹ ਸਤਿਗੁਰੂ, ਧੰਨ ਹੈ, ਧੰਨ ਹੈ, ਧੰਨ ਹੈ ॥੨੯॥੧॥ਸੁਧੁ{