ਰਾਮਕਲੀ ਕੀ ਵਾਰ (ਮਹਲਾ 5)- Ramkali ki vaar (Mahalla 5) Path in Punjabi Gurbani
ਰਾਮਕਲੀ ਕੀ ਵਾਰ (ਮਹਲਾ 5)- Ramkali ki vaar (Mahalla 5) Path in Punjabi Gurbani
ਸਲੋਕ ਮਃ ੫ ॥
ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ ॥
ਸਤਿਗੁਰੂ ਜਿਹੋ ਜਿਹਾ ਸੁਣੀਦਾ ਸੀ, ਉਹੋ ਜਿਹਾ ਜਿਹਾ ਹੀ ਮੈਂ (ਅੱਖੀਂ) ਵੇਖ ਲਿਆ ਹੈ।
ਵਿਛੁੜਿਆ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ ॥
ਗੁਰੂ ਪ੍ਰਭੂ ਦੀ ਹਜ਼ੂਰੀ ਦਾ ਵਿਚੋਲਾ ਹੈ, ਪ੍ਰਭੂ ਤੋਂ ਵਿੱਛੁੜਿਆਂ ਨੂੰ (ਮੁੜ) ਪ੍ਰਭੂ ਨਾਲ ਮਿਲਾ ਦੇਂਦਾ ਹੈ।
ਹਰਿ ਨਾਮੋ ਮੰਤ੍ਰੁ ਦ੍ਰਿੜਾਇਦਾ ਕਟੇ ਹਉਮੈ ਰੋਗੁ ॥
ਪ੍ਰਭੂ ਦਾ ਨਾਮ ਸਿਮਰਨ ਦਾ ਉਪਦੇਸ਼ (ਜੀਵ ਦੇ ਹਿਰਦੇ ਵਿਚ) ਪੱਕਾ ਕਰ ਦੇਂਦਾ ਹੈ (ਤੇ ਇਸ ਤਰ੍ਹਾਂ ਉਸ ਦਾ) ਹਉਮੈ ਦਾ ਰੋਗ ਦੂਰ ਕਰ ਦੇਂਦਾ ਹੈ।
ਨਾਨਕ ਸਤਿਗੁਰੁ ਤਿਨਾ ਮਿਲਾਇਆ ਜਿਨਾ ਧੁਰੇ ਪਇਆ ਸੰਜੋਗੁ ॥੧॥
ਪਰ, ਹੇ ਨਾਨਕ! ਪ੍ਰਭੂ ਉਹਨਾਂ ਨੂੰ ਹੀ ਗੁਰੂ ਮਿਲਾਉਂਦਾ ਹੈ ਜਿਨ੍ਹਾਂ ਦੇ ਭਾਗਾਂ ਵਿਚ ਧੁਰੋਂ ਇਹ ਮੇਲ ਲਿਖਿਆ ਹੁੰਦਾ ਹੈ ॥੧॥
ਮਃ ੫ ॥
ਇਕੁ ਸਜਣੁ ਸਭਿ ਸਜਣਾ ਇਕੁ ਵੈਰੀ ਸਭਿ ਵਾਦਿ ॥
ਜੇ ਇਕ ਪ੍ਰਭੂ ਮਿਤ੍ਰ ਬਣ ਜਾਏ ਤਾਂ ਸਾਰੇ ਜੀਵ ਮਿੱਤ੍ਰ ਬਣ ਜਾਂਦੇ ਹਨ; ਪਰ ਜੇ ਇਕ ਅਕਾਲ ਪੁਰਖ ਵੈਰੀ ਹੋ ਜਾਏ ਤਾਂ ਸਾਰੇ ਜੀਵ ਵੈਰੀ ਬਣ ਜਾਂਦੇ ਹਨ (ਭਾਵ, ਇਕ ਪ੍ਰਭੂ ਨੂੰ ਮਿੱਤ੍ਰ ਬਣਾਇਆਂ ਸਾਰੇ ਜੀਵ ਪਿਆਰੇ ਲੱਗਦੇ ਹਨ, ਤੇ ਪ੍ਰਭੂ ਤੋਂ ਵਿੱਛੁੜਿਆਂ ਜਗਤ ਦੇ ਸਾਰੇ ਜੀਵਾਂ ਨਾਲੋਂ ਵਿੱਥ ਪੈ ਜਾਂਦੀ ਹੈ)।
ਗੁਰਿ ਪੂਰੈ ਦੇਖਾਲਿਆ ਵਿਣੁ ਨਾਵੈ ਸਭ ਬਾਦਿ ॥
ਇਹ ਗੱਲ ਪੂਰੇ ਗੁਰੂ ਨੇ ਵਿਖਾ ਦਿੱਤੀ ਹੈ ਕਿ ਨਾਮ ਸਿਮਰਨ ਤੋਂ ਬਿਨਾ (ਪ੍ਰਭੂ ਨੂੰ ਸੱਜਣ ਬਣਾਉਣ ਤੋਂ ਬਿਨਾ) ਹੋਰ ਹਰੇਕ ਕਾਰ ਵਿਅਰਥ ਹੈ।
ਸਾਕਤ ਦੁਰਜਨ ਭਰਮਿਆ ਜੋ ਲਗੇ ਦੂਜੈ ਸਾਦਿ ॥
(ਕਿਉਂਕਿ) ਰੱਬ ਤੋਂ ਟੁੱਟੇ ਹੋਏ ਵਿਕਾਰੀ ਬੰਦੇ ਜੋ ਮਾਇਆ ਦੇ ਸੁਆਦ ਵਿਚ ਮਸਤ ਰਹਿੰਦੇ ਹਨ ਉਹ ਭਟਕਦੇ ਫਿਰਦੇ ਹਨ।
ਜਨ ਨਾਨਕਿ ਹਰਿ ਪ੍ਰਭੁ ਬੁਝਿਆ ਗੁਰ ਸਤਿਗੁਰ ਕੈ ਪਰਸਾਦਿ ॥੨॥
ਦਾਸ ਨਾਨਕ ਨੇ ਸਤਿਗੁਰੂ ਦੀ ਮੇਹਰ ਦਾ ਸਦਕਾ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ਹੈ ॥੨॥
ਪਉੜੀ ॥
ਥਟਣਹਾਰੈ ਥਾਟੁ ਆਪੇ ਹੀ ਥਟਿਆ ॥
ਬਣਾਣ ਵਾਲੇ (ਪ੍ਰਭੂ) ਨੇ ਆਪ ਹੀ ਇਹ (ਜਗਤ-) ਬਣਤਰ ਬਣਾਈ ਹੈ।
ਆਪੇ ਪੂਰਾ ਸਾਹੁ ਆਪੇ ਹੀ ਖਟਿਆ ॥
(ਇਹ ਜਗਤ-ਹੱਟ ਵਿਚ) ਉਹ ਆਪ ਹੀ ਪੂਰਾ ਸ਼ਾਹ ਹੈ, ਤੇ ਆਪ ਹੀ (ਆਪਣੇ ਨਾਮ ਦੀ) ਖੱਟੀ ਖੱਟ ਰਿਹਾ ਹੈ।
ਆਪੇ ਕਰਿ ਪਾਸਾਰੁ ਆਪੇ ਰੰਗ ਰਟਿਆ ॥
ਪ੍ਰਭੂ ਆਪ ਹੀ (ਜਗਤ-) ਖਿਲਾਰਾ ਖਿਲਾਰ ਕੇ ਆਪ ਹੀ (ਇਸ ਖਿਲਾਰੇ ਦੇ) ਰੰਗਾਂ ਵਿਚ ਮਿਲਿਆ ਹੋਇਆ ਹੈ।
ਕੁਦਰਤਿ ਕੀਮ ਨ ਪਾਇ ਅਲਖ ਬ੍ਰਹਮਟਿਆ ॥
ਉਸ ਅਲੱਖ ਪਰਮਾਤਮਾ ਦੀ ਰਚੀ ਕੁਦਰਤਿ ਦਾ ਮੁੱਲ ਨਹੀਂ ਪੈ ਸਕਦਾ।
ਅਗਮ ਅਥਾਹ ਬੇਅੰਤ ਪਰੈ ਪਰਟਿਆ ॥
ਪ੍ਰਭੂ ਅਪਹੁੰਚ ਹੈ, (ਉਹ ਇਕ ਐਸਾ ਸਮੁੰਦਰ ਹੈ ਜਿਸ ਦੀ) ਡੂੰਘਾਈ ਲੱਭ ਨਹੀਂ ਸਕਦੀ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਪਰੇ ਤੋਂ ਪਰੇ ਹੈ।
ਆਪੇ ਵਡ ਪਾਤਿਸਾਹੁ ਆਪਿ ਵਜੀਰਟਿਆ ॥
ਪ੍ਰਭੂ ਆਪ ਹੀ ਵੱਡਾ ਪਾਤਿਸ਼ਾਹ ਹੈ, ਆਪ ਹੀ ਆਪਣਾ ਸਲਾਹਕਾਰ ਹੈ।
ਕੋਇ ਨ ਜਾਣੈ ਕੀਮ ਕੇਵਡੁ ਮਟਿਆ ॥
ਕੋਈ ਜੀਵ ਪ੍ਰਭੂ ਦੀ ਬਜ਼ੁਰਗੀ ਦਾ ਮੁੱਲ ਨਹੀਂ ਪਾ ਸਕਦਾ, ਕੋਈ ਨਹੀਂ ਜਾਣਦਾ ਕਿ ਉਸ ਦਾ ਕੇਡਾ ਵੱਡਾ (ਉੱਚਾ) ਟਿਕਾਣਾ ਹੈ।
ਸਚਾ ਸਾਹਿਬੁ ਆਪਿ ਗੁਰਮੁਖਿ ਪਰਗਟਿਆ ॥੧॥
ਪ੍ਰਭੂ ਆਪ ਹੀ ਸਦਾ-ਥਿਰ ਰਹਿਣ ਵਾਲਾ ਮਾਲਕ ਹੈ। ਗੁਰੂ ਦੀ ਰਾਹੀਂ ਹੀ ਉਸ ਦੀ ਸੋਝੀ ਪੈਂਦੀ ਹੈ ॥੧॥
ਸਲੋਕੁ ਮਃ ੫ ॥
ਸੁਣਿ ਸਜਣ ਪ੍ਰੀਤਮ ਮੇਰਿਆ ਮੈ ਸਤਿਗੁਰੁ ਦੇਹੁ ਦਿਖਾਲਿ ॥
ਹੇ ਮੇਰੇ ਪਿਆਰੇ ਸੱਜਣ ਪ੍ਰਭੂ! (ਮੇਰੀ ਬੇਨਤੀ) ਸੁਣ, ਮੈਨੂੰ ਗੁਰੂ ਦਾ ਦੀਦਾਰ ਕਰਾ ਦੇਹ।
ਹਉ ਤਿਸੁ ਦੇਵਾ ਮਨੁ ਆਪਣਾ ਨਿਤ ਹਿਰਦੈ ਰਖਾ ਸਮਾਲਿ ॥
ਮੈਂ ਗੁਰੂ ਨੂੰ ਆਪਣਾ ਮਨ ਦੇ ਦੇਵਾਂਗਾ ਤੇ ਉਸ ਨੂੰ ਸਦਾ ਆਪਣੇ ਹਿਰਦੇ ਵਿਚ ਸਾਂਭ ਕੇ ਰੱਖਾਂਗਾ,
ਇਕਸੁ ਸਤਿਗੁਰ ਬਾਹਰਾ ਧ੍ਰਿਗੁ ਜੀਵਣੁ ਸੰਸਾਰਿ ॥
(ਕਿਉਂਕਿ) ਇਕ ਗੁਰੂ ਤੋਂ ਬਿਨਾ ਜਗਤ ਵਿਚ ਜਿਊਣਾ ਫਿਟਕਾਰ-ਜੋਗ ਹੈ (ਗੁਰੂ ਦੇ ਦੱਸੇ ਰਾਹ ਉਤੇ ਤੁਰਨ ਤੋਂ ਬਿਨਾ ਜਗਤ ਵਿਚ ਫਿਟਕਾਰਾਂ ਹੀ ਪੈਂਦੀਆਂ ਹਨ)।
ਜਨ ਨਾਨਕ ਸਤਿਗੁਰੁ ਤਿਨਾ ਮਿਲਾਇਓਨੁ ਜਿਨ ਸਦ ਹੀ ਵਰਤੈ ਨਾਲਿ ॥੧॥
ਹੇ ਦਾਸ ਨਾਨਕ! ਉਸ (ਪ੍ਰਭੂ) ਨੇ ਉਹਨਾਂ (ਭਾਗਾਂ ਵਾਲਿਆਂ) ਨੂੰ ਗੁਰੂ ਮਿਲਾਇਆ ਹੈ, ਜਿਨ੍ਹਾਂ ਦੇ ਨਾਲ ਪ੍ਰਭੂ ਆਪ ਸਦਾ ਵੱਸਦਾ ਹੈ ॥੧॥
ਮਃ ੫ ॥
ਮੇਰੈ ਅੰਤਰਿ ਲੋਚਾ ਮਿਲਣ ਕੀ ਕਿਉ ਪਾਵਾ ਪ੍ਰਭ ਤੋਹਿ ॥
ਹੇ ਪ੍ਰਭੂ! ਮੇਰੇ ਹਿਰਦੇ ਵਿਚ ਤੈਨੂੰ ਮਿਲਣ ਦੀ ਤਾਂਘ ਹੈ, ਕਿਵੇਂ ਤੈਨੂੰ ਮਿਲਾਂ?
ਕੋਈ ਐਸਾ ਸਜਣੁ ਲੋੜਿ ਲਹੁ ਜੋ ਮੇਲੇ ਪ੍ਰੀਤਮੁ ਮੋਹਿ ॥
ਮੈਨੂੰ ਕੋਈ ਅਜੇਹਾ ਮਿੱਤਰ ਲੱਭ ਦਿਉ ਜੋ ਮੈਨੂੰ ਪਿਆਰਾ ਪ੍ਰਭੂ ਮਿਲਾ ਦੇਵੇ।
ਗੁਰਿ ਪੂਰੈ ਮੇਲਾਇਆ ਜਤ ਦੇਖਾ ਤਤ ਸੋਇ ॥
(ਮੇਰੀ ਅਰਜ਼ੋਈ ਸੁਣ ਕੇ) ਪੂਰੇ ਗੁਰੂ ਨੇ ਮੈਨੂੰ ਪ੍ਰਭੂ ਮਿਲਾ ਦਿੱਤਾ ਹੈ, (ਹੁਣ) ਮੈਂ ਜਿਧਰ ਤੱਕਦਾ ਹਾਂ ਓਧਰ ਉਹ ਪ੍ਰਭੂ ਹੀ ਦਿੱਸਦਾ ਹੈ।
ਜਨ ਨਾਨਕ ਸੋ ਪ੍ਰਭੁ ਸੇਵਿਆ ਤਿਸੁ ਜੇਵਡੁ ਅਵਰੁ ਨ ਕੋਇ ॥੨॥
ਹੇ ਦਾਸ ਨਾਨਕ! ਮੈਂ ਹੁਣ ਉਸ ਪ੍ਰਭੂ ਨੂੰ ਸਿਮਰਦਾ ਹਾਂ, ਉਸ ਪ੍ਰਭੂ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ॥੨॥
ਪਉੜੀ ॥
ਦੇਵਣਹਾਰੁ ਦਾਤਾਰੁ ਕਿਤੁ ਮੁਖਿ ਸਾਲਾਹੀਐ ॥
(ਸਭ ਜੀਵਾਂ ਨੂੰ ਰਿਜ਼ਕ) ਦੇਣ ਵਾਲੇ ਦਾਤੇ ਪ੍ਰਭੂ ਨੂੰ ਕਿਸੇ ਮੂੰਹ ਨਾਲ ਭੀ ਸਲਾਹਿਆ ਨਹੀਂ ਜਾ ਸਕਦਾ (ਕੋਈ ਭੀ ਜੀਵ ਉਸ ਦੀ ਸਿਫ਼ਤ ਪੂਰੀ ਤਰ੍ਹਾਂ ਨਹੀਂ ਕਰ ਸਕਦਾ)।
ਜਿਸੁ ਰਖੈ ਕਿਰਪਾ ਧਾਰਿ ਰਿਜਕੁ ਸਮਾਹੀਐ ॥
ਪ੍ਰਭੂ ਮੇਹਰ ਕਰ ਕੇ ਜਿਸ ਜੀਵ ਦੀ ਰਾਖੀ ਕਰਦਾ ਹੈ ਉਸ ਨੂੰ ਰਿਜ਼ਕ ਅਪੜਾਂਦਾ ਹੈ।
ਕੋਇ ਨ ਕਿਸ ਹੀ ਵਸਿ ਸਭਨਾ ਇਕ ਧਰ ॥
(ਅਸਲ ਵਿਚ) ਕੋਈ ਜੀਵ ਕਿਸੇ (ਹੋਰ ਜੀਵ) ਦੇ ਆਸਰੇ ਨਹੀਂ ਹੈ, ਸਭਨਾਂ ਜੀਵਾਂ ਦਾ ਆਸਰਾ ਇਕ ਪਰਮਾਤਮਾ ਹੀ ਹੈ।
ਪਾਲੇ ਬਾਲਕ ਵਾਗਿ ਦੇ ਕੈ ਆਪਿ ਕਰ ॥
ਉਹ ਆਪ ਹੀ (ਆਪਣੇ) ਹੱਥ ਦੇ ਕੇ ਬਾਲਕ ਵਾਂਗ ਪਾਲਦਾ ਹੈ।
ਕਰਦਾ ਅਨਦ ਬਿਨੋਦ ਕਿਛੂ ਨ ਜਾਣੀਐ ॥
ਪ੍ਰਭੂ ਆਪ ਹੀ ਚੋਜ-ਤਮਾਸ਼ੇ ਕਰ ਰਿਹਾ ਹੈ, (ਉਸ ਦੇ ਇਹਨਾਂ ਚੋਜ-ਤਮਾਸ਼ਿਆਂ ਦੀ) ਕੋਈ ਸਮਝ ਨਹੀਂ ਪੈ ਸਕਦੀ।
ਸਰਬ ਧਾਰ ਸਮਰਥ ਹਉ ਤਿਸੁ ਕੁਰਬਾਣੀਐ ॥
ਮੈਂ ਸਦਕੇ ਹਾਂ ਉਸ ਪ੍ਰਭੂ ਤੋਂ ਜੋ ਸਭ ਜੀਵਾਂ ਦਾ ਆਸਰਾ ਹੈ ਤੇ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ।
ਗਾਈਐ ਰਾਤਿ ਦਿਨੰਤੁ ਗਾਵਣ ਜੋਗਿਆ ॥
ਰਾਤ ਦਿਨੇ ਪ੍ਰਭੂ ਦੀਆਂ ਸਿਫ਼ਤਾਂ ਕਰਨੀਆਂ ਚਾਹੀਦੀਆਂ ਹਨ। ਪਰਮਾਤਮਾ ਹੀ ਇਕ ਐਸੀ ਹਸਤੀ ਹੈ ਜਿਸ ਦੇ ਗੁਣ ਗਾਣੇ ਚਾਹੀਦੇ ਹਨ।
ਜੋ ਗੁਰ ਕੀ ਪੈਰੀ ਪਾਹਿ ਤਿਨੀ ਹਰਿ ਰਸੁ ਭੋਗਿਆ ॥੨॥
(ਪਰ) ਉਹਨਾਂ ਬੰਦਿਆਂ ਨੇ ਪ੍ਰਭੂ (ਦੇ ਗੁਣ ਗਾਵਣ) ਦਾ ਆਨੰਦ ਮਾਣਿਆ ਹੈ ਜੋ ਸਤਿਗੁਰੂ ਦੇ ਚਰਨਾਂ ਤੇ ਪੈਂਦੇ ਹਨ ॥੨॥
ਸਲੋਕ ਮਃ ੫ ॥
ਭੀੜਹੁ ਮੋਕਲਾਈ ਕੀਤੀਅਨੁ ਸਭ ਰਖੇ ਕੁਟੰਬੈ ਨਾਲਿ ॥
(ਹੇ ਮਨ! ਜਿਹੜਾ ਪ੍ਰਭੂ) ਤੈਨੂੰ ਦੁੱਖਾਂ ਤੋਂ ਖ਼ਲਾਸੀ ਦੇਂਦਾ ਹੈ ਤੇ ਤੇਰੇ ਸਾਰੇ ਪਰਵਾਰ ਸਮੇਤ ਤੇਰੀ ਰੱਖਿਆ ਕਰਦਾ ਹੈ,
ਕਾਰਜ ਆਪਿ ਸਵਾਰਿਅਨੁ ਸੋ ਪ੍ਰਭ ਸਦਾ ਸਭਾਲਿ ॥
ਉਸ ਪ੍ਰਭੂ ਨੂੰ ਸਦਾ ਯਾਦ ਕਰ ਜੋ ਤੇਰੇ ਸਾਰੇ ਕੰਮ ਆਪ ਸੰਵਾਰਦਾ ਹੈ।
ਪ੍ਰਭੁ ਮਾਤ ਪਿਤਾ ਕੰਠਿ ਲਾਇਦਾ ਲਹੁੜੇ ਬਾਲਕ ਪਾਲਿ ॥
ਮਾਪਿਆਂ ਵਾਂਗ ਅੰਞਾਣੇ ਬਾਲਾਂ ਨੂੰ ਪਾਲ ਕੇ ਪ੍ਰਭੂ (ਜੀਵਾਂ ਨੂੰ) ਗਲ ਲਾਉਂਦਾ ਹੈ।
ਦਇਆਲ ਹੋਏ ਸਭ ਜੀਅ ਜੰਤ੍ਰ ਹਰਿ ਨਾਨਕ ਨਦਰਿ ਨਿਹਾਲ ॥੧॥
ਹੇ ਨਾਨਕ! ਜਿਸ ਮਨੁੱਖ ਵਲ ਪ੍ਰਭੂ ਮੇਹਰ ਦੀ ਨਜ਼ਰ ਨਾਲ ਤੱਕਦਾ ਹੈ, ਉਸ ਉਤੇ ਸਭ ਜੀਵ ਦਿਆਲ ਹੋ ਜਾਂਦੇ ਹਨ ॥੧॥
ਮਃ ੫ ॥
ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ॥
ਹੇ ਪ੍ਰਭੂ! ਤੇਰੇ ਨਾਮ ਤੋਂ ਬਿਨਾ (ਤੈਥੋਂ) ਕੁਝ ਹੋਰ ਮੰਗਣਾ ਭਾਰੇ ਦੁੱਖ ਸਹੇੜਨੇ ਹਨ।
ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ ॥
(ਹੇ ਪ੍ਰਭੂ!) ਮੈਨੂੰ ਆਪਣਾ ਨਾਮ ਦੇਹ ਤਾਂ ਜੁ ਮੈਨੂੰ ਸੰਤੋਖ ਆ ਜਾਏ ਤੇ ਮੇਰੇ ਮਨ ਦੀ ਤ੍ਰਿਸ਼ਨਾ ਮੁੱਕ ਜਾਏ।
ਗੁਰਿ ਵਣੁ ਤਿਣੁ ਹਰਿਆ ਕੀਤਿਆ ਨਾਨਕ ਕਿਆ ਮਨੁਖ ॥੨॥
ਹੇ ਨਾਨਕ! ਜਿਸ ਗੁਰੂ ਨੇ ਜੰਗਲ ਤੇ (ਜੰਗਲ ਦਾ ਸੁੱਕਾ) ਘਾਹ ਹਰਾ ਕਰ ਦਿੱਤਾ, ਮਨੁੱਖਾਂ ਨੂੰ ਹਰਾ ਕਰਨਾ ਉਸ ਦੇ ਵਾਸਤੇ ਕੇਹੜੀ ਵੱਡੀ ਗੱਲ ਹੈ? ॥੨॥
ਪਉੜੀ ॥
ਸੋ ਐਸਾ ਦਾਤਾਰੁ ਮਨਹੁ ਨ ਵੀਸਰੈ ॥
ਅਜੇਹਾ ਦਾਤਾਂ ਦੇਣ ਵਾਲਾ ਪ੍ਰਭੂ ਮਨ ਤੋਂ ਭੁੱਲਣਾ ਨਹੀਂ ਚਾਹੀਦਾ,
ਘੜੀ ਨ ਮੁਹਤੁ ਚਸਾ ਤਿਸੁ ਬਿਨੁ ਨਾ ਸਰੈ ॥
(ਕਿਉਂਕਿ) ਉਸ ਤੋਂ ਬਿਨਾ (ਉਸ ਨੂੰ ਭੁਲਾ ਕੇ, ਜ਼ਿੰਦਗੀ ਦੀ) ਘੜੀ ਦੋ ਘੜੀਆਂ ਪਲ ਆਦਿਕ (ਥੋੜਾ ਭੀ ਸਮਾ) ਸੌਖਾ ਨਹੀਂ ਗੁਜ਼ਰਦਾ।
ਅੰਤਰਿ ਬਾਹਰਿ ਸੰਗਿ ਕਿਆ ਕੋ ਲੁਕਿ ਕਰੈ ॥
ਪ੍ਰਭੂ ਜੀਵ ਦੇ (ਸਦਾ) ਅੰਦਰ (ਵੱਸਦਾ ਹੈ,) ਉਸ ਦੇ ਬਾਹਰ (ਚੁਗਿਰਦੇ ਭੀ) ਮੌਜੂਦ ਹੈ, ਕੋਈ ਜੀਵ ਕੋਈ ਕੰਮ ਉਸ ਤੋਂ ਲੁਕਾ-ਛਿਪਾ ਕੇ ਨਹੀਂ ਕਰ ਸਕਦਾ।
ਜਿਸੁ ਪਤਿ ਰਖੈ ਆਪਿ ਸੋ ਭਵਜਲੁ ਤਰੈ ॥
ਉਹੀ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘਦਾ ਹੈ (ਸੰਸਾਰ ਦੇ ਵਿਕਾਰਾਂ ਤੋਂ ਬਚਦਾ ਹੈ) ਜਿਸ ਦੀ ਇੱਜ਼ਤ ਦੀ ਰਾਖੀ ਪ੍ਰਭੂ ਆਪ ਕਰਦਾ ਹੈ।
ਭਗਤੁ ਗਿਆਨੀ ਤਪਾ ਜਿਸੁ ਕਿਰਪਾ ਕਰੈ ॥
ਉਹੀ ਭਗਤ ਹੈ, ਉਹੀ ਗਿਆਨਵਾਨ ਹੈ, ਉਹੀ ਤਪੀ ਹੈ, ਜਿਸ ਉਤੇ ਪ੍ਰਭੂ ਮੇਹਰ ਕਰਦਾ ਹੈ।
ਸੋ ਪੂਰਾ ਪਰਧਾਨੁ ਜਿਸ ਨੋ ਬਲੁ ਧਰੈ ॥
ਜਿਸ ਨੂੰ (ਵਿਕਾਰਾਂ ਦਾ ਟਾਕਰਾ ਕਰਨ ਲਈ) ਪ੍ਰਭੂ (ਆਤਮਕ) ਤਾਕਤ ਬਖ਼ਸ਼ਦਾ ਹੈ, ਉਸ ਦੀ ਕਮਾਈ ਸਫਲ ਹੋ ਜਾਂਦੀ ਹੈ, ਉਹ ਆਦਰ ਪਾਂਦਾ ਹੈ।
ਜਿਸਹਿ ਜਰਾਏ ਆਪਿ ਸੋਈ ਅਜਰੁ ਜਰੈ ॥
(ਉਂਞ ਮਾਨਸਕ ਤਾਕਤ ਭੀ ਇਕ ਐਸੀ ਅਵਸਥਾ ਹੈ ਜਿਸ ਦੀ ਪ੍ਰਾਪਤੀ ਤੇ ਸੰਭਲਣ ਦੀ ਬੜੀ ਲੋੜ ਹੁੰਦੀ ਹੈ, ਆਮ ਤੌਰ ਤੇ ਮਨੁੱਖ ਰਿੱਧੀਆਂ-ਸਿੱਧੀਆਂ ਵਲ ਪਰਤ ਪੈਂਦਾ ਹੈ) ਇਸ ਡੁਲਾ ਦੇਣ ਵਾਲੀ ਅਵਸਥਾ ਨੂੰ ਉਹੀ ਮਨੁੱਖ ਸੰਭਾਲਦਾ ਹੈ, ਜਿਸ ਨੂੰ ਪ੍ਰਭੂ ਆਪ ਸੰਭਲਣ ਦੀ ਸਹੈਤਾ ਦੇਵੇ।
ਤਿਸ ਹੀ ਮਿਲਿਆ ਸਚੁ ਮੰਤ੍ਰੁ ਗੁਰ ਮਨਿ ਧਰੈ ॥੩॥
ਜੋ ਮਨੁੱਖ ਗੁਰੂ ਦਾ ਉਪਦੇਸ਼ ਹਿਰਦੇ ਵਿਚ ਟਿਕਾਂਦਾ ਹੈ, ਉਸਨੂੰ ਸਦਾ-ਥਿਰ ਪ੍ਰਭੂ ਮਿਲਦਾ ਹੈ ॥੩॥”
ਸਲੋਕੁ ਮਃ ੫ ॥
ਧੰਨੁ ਸੁ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਇ ॥
ਉਹ ਸੋਹਣੇ ਰਾਗ ਮੁਬਾਰਿਕ ਹਨ ਜਿਨ੍ਹਾਂ ਦੇ ਗਾਂਵਿਆਂ (ਮਨ ਦੀ) ਤ੍ਰਿਸ਼ਨਾ ਨਾਸ ਹੋ ਜਾਏ।
ਧੰਨੁ ਸੁ ਜੰਤ ਸੁਹਾਵੜੇ ਜੋ ਗੁਰਮੁਖਿ ਜਪਦੇ ਨਾਉ ॥
ਉਹ ਸੋਹਣੇ ਜੀਵ ਭਾਗਾਂ ਵਾਲੇ ਹਨ ਜੋ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦਾ ਨਾਮ ਜਪਦੇ ਹਨ।
ਜਿਨੀ ਇਕ ਮਨਿ ਇਕੁ ਅਰਾਧਿਆ ਤਿਨ ਸਦ ਬਲਿਹਾਰੈ ਜਾਉ ॥
ਮੈਂ ਉਹਨਾਂ ਬੰਦਿਆਂ ਤੋਂ ਸਦਾ ਸਦਕੇ ਹਾਂ ਜੋ ਇਕ-ਮਨ ਹੋ ਕੇ ਪ੍ਰਭੂ ਨੂੰ ਸਿਮਰਦੇ ਹਨ।
ਤਿਨ ਕੀ ਧੂੜਿ ਹਮ ਬਾਛਦੇ ਕਰਮੀ ਪਲੈ ਪਾਇ ॥
ਅਸੀਂ (ਮੈਂ) ਉਹਨਾਂ ਦੇ ਚਰਨਾਂ ਦੀ ਧੂੜ ਚਾਹੁੰਦੇ (ਚਾਹੁੰਦਾ) ਹਾਂ, ਪਰ ਇਹ ਧੂੜ ਪ੍ਰਭੂ ਦੀ ਮੇਹਰ ਨਾਲ ਮਿਲਦੀ ਹੈ।
ਜੋ ਰਤੇ ਰੰਗਿ ਗੋਵਿਦ ਕੈ ਹਉ ਤਿਨ ਬਲਿਹਾਰੈ ਜਾਉ ॥
ਜੋ ਮਨੁੱਖ ਪਰਮਾਤਮਾ ਦੇ ਪਿਆਰ ਵਿਚ ਰੰਗੇ ਹੋਏ ਹਨ, ਮੈਂ ਉਹਨਾਂ ਤੋਂ ਕੁਰਬਾਨ ਹਾਂ।
ਆਖਾ ਬਿਰਥਾ ਜੀਅ ਕੀ ਹਰਿ ਸਜਣੁ ਮੇਲਹੁ ਰਾਇ ॥
ਮੈਂ ਉਹਨਾਂ ਅੱਗੇ ਦਿਲ ਦਾ ਦੁੱਖ ਦੱਸਦਾ ਹਾਂ (ਤੇ ਆਖਦਾ ਹਾਂ ਕਿ) ਮੈਨੂੰ ਪਿਆਰਾ ਪ੍ਰਭੂ ਪਾਤਿਸ਼ਾਹ ਮਿਲਾਓ।
ਗੁਰਿ ਪੂਰੈ ਮੇਲਾਇਆ ਜਨਮ ਮਰਣ ਦੁਖੁ ਜਾਇ ॥
ਜਿਸ ਮਨੁੱਖ ਨੂੰ ਪੂਰੇ ਸਤਿਗੁਰੂ ਨੇ ਪ੍ਰਭੂ ਮਿਲਾ ਦਿੱਤਾ ਉਸ ਦਾ ਸਾਰੀ ਉਮਰ ਦਾ ਦੁੱਖ-ਕਲੇਸ਼ ਮਿਟ ਜਾਂਦਾ ਹੈ।
ਜਨ ਨਾਨਕ ਪਾਇਆ ਅਗਮ ਰੂਪੁ ਅਨਤ ਨ ਕਾਹੂ ਜਾਇ ॥੧॥
ਹੇ ਨਾਨਕ! ਉਸ ਮਨੁੱਖ ਨੂੰ ਅਪਹੁੰਚ ਪ੍ਰਭੂ ਮਿਲ ਪੈਂਦਾ ਹੈ ਤੇ ਉਹ ਕਿਸੇ ਹੋਰ ਪਾਸੇ ਨਹੀਂ ਭਟਕਦਾ ॥੧॥
ਮਃ ੫ ॥
ਧੰਨੁ ਸੁ ਵੇਲਾ ਘੜੀ ਧੰਨੁ ਧਨੁ ਮੂਰਤੁ ਪਲੁ ਸਾਰੁ ॥
ਉਹ ਵੇਲਾ ਉਹ ਘੜੀ ਭਾਗਾਂ ਵਾਲੇ ਹਨ, ਉਹ ਮੁਹੂਰਤ ਮੁਬਾਰਿਕ ਹੈ, ਉਹ ਪਲ ਸੋਹਣਾ ਹੈ,
ਧੰਨੁ ਸੁ ਦਿਨਸੁ ਸੰਜੋਗੜਾ ਜਿਤੁ ਡਿਠਾ ਗੁਰ ਦਰਸਾਰੁ ॥
ਉਹ ਦਿਨ ਤੇ ਉਹ ਸੋਹਣਾ ਸੰਜੋਗ ਮੁਬਾਰਿਕ ਹਨ ਜਦੋਂ ਸਤਿਗੁਰੂ ਦਾ ਦਰਸ਼ਨ ਹੁੰਦਾ ਹੈ।
ਮਨ ਕੀਆ ਇਛਾ ਪੂਰੀਆ ਹਰਿ ਪਾਇਆ ਅਗਮ ਅਪਾਰੁ ॥
(ਸਤਿਗੁਰੂ ਦੇ ਦੀਦਾਰ ਦੀ ਬਰਕਤਿ ਨਾਲ) ਮਨ ਦੀਆਂ ਸਾਰੀਆਂ ਤਾਂਘਾਂ ਪੂਰੀਆਂ ਹੋ ਜਾਂਦੀਆਂ ਹਨ (ਭਾਵ, ਮਨ ਵਾਸਨਾ-ਰਹਿਤ ਹੋ ਜਾਂਦਾ ਹੈ) ਤੇ ਅਗੰਮ ਬੇਅੰਤ ਪ੍ਰਭੂ ਮਿਲ ਪੈਂਦਾ ਹੈ।
ਹਉਮੈ ਤੁਟਾ ਮੋਹੜਾ ਇਕੁ ਸਚੁ ਨਾਮੁ ਆਧਾਰੁ ॥
ਹਉਮੈ ਨਾਸ ਹੋ ਜਾਂਦੀ ਹੈ, ਚੰਦਰਾ ਮੋਹ ਮੁੱਕ ਜਾਂਦਾ ਹੈ ਤੇ ਪ੍ਰਭੂ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਹੀ (ਜੀਵਨ ਦਾ) ਆਸਰਾ ਬਣ ਜਾਂਦਾ ਹੈ।
ਜਨੁ ਨਾਨਕੁ ਲਗਾ ਸੇਵ ਹਰਿ ਉਧਰਿਆ ਸਗਲ ਸੰਸਾਰੁ ॥੨॥
ਦਾਸ ਨਾਨਕ ਭੀ (ਗੁਰੂ ਦੇ ਦੀਦਾਰ ਦੀ ਬਰਕਤਿ ਨਾਲ ਹੀ) ਪ੍ਰਭੂ ਦੇ ਸਿਮਰਨ ਵਿਚ ਲੱਗਾ ਹੈ (ਜਿਸ ਸਿਮਰਨ ਦਾ ਸਦਕਾ) ਸਾਰਾ ਜਗਤ (ਵਿਕਾਰ ਆਦਿਕ ਤੋਂ) ਬਚ ਜਾਂਦਾ ਹੈ ॥੨॥
ਪਉੜੀ ॥
ਸਿਫਤਿ ਸਲਾਹਣੁ ਭਗਤਿ ਵਿਰਲੇ ਦਿਤੀਅਨੁ ॥
ਸਿਫ਼ਤ-ਸਾਲਾਹ ਅਤੇ ਭਗਤੀ (ਦੀ ਦਾਤਿ) ਉਸ (ਪ੍ਰਭੂ) ਨੇ ਕਿਸੇ ਵਿਰਲੇ (ਭਾਗਾਂ ਵਾਲੇ) ਨੂੰ ਦਿੱਤੀ ਹੈ।
ਸਉਪੇ ਜਿਸੁ ਭੰਡਾਰ ਫਿਰਿ ਪੁਛ ਨ ਲੀਤੀਅਨੁ ॥
ਜਿਸ (ਮਨੁੱਖ) ਨੂੰ ਉਸ ਨੇ (ਸਿਫ਼ਤ-ਸਾਲਾਹ ਦੇ) ਖ਼ਜ਼ਾਨੇ ਸੌਂਪੇ ਹਨ; ਉਸ ਪਾਸੋਂ ਫਿਰ ਕੀਤੇ ਕਰਮਾਂ ਦਾ ਲੇਖਾ ਨਹੀਂ ਲਿਆ,
ਜਿਸ ਨੋ ਲਗਾ ਰੰਗੁ ਸੇ ਰੰਗਿ ਰਤਿਆ ॥
ਕਿਉਂਕਿ ਜਿਸ ਜਿਸ ਮਨੁੱਖ ਨੂੰ (ਸਿਫ਼ਤ-ਸਾਲਾਹ ਦਾ) ਇਸ਼ਕ-ਪਿਆਰ ਲੱਗ ਗਿਆ, ਉਹ ਉਸੇ ਰੰਗ ਵਿਚ (ਸਦਾ ਲਈ) ਰੰਗੇ ਗਏ।
ਓਨਾ ਇਕੋ ਨਾਮੁ ਅਧਾਰੁ ਇਕਾ ਉਨ ਭਤਿਆ ॥
ਪ੍ਰਭੂ ਦੀ ਯਾਦ ਹੀ ਉਹਨਾਂ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ ਇਹੀ ਇਕ ਨਾਮ ਉਹਨਾਂ ਦੀ (ਆਤਮਕ) ਖ਼ੁਰਾਕ ਹੋ ਜਾਂਦਾ ਹੈ।
ਓਨਾ ਪਿਛੈ ਜਗੁ ਭੁੰਚੈ ਭੋਗਈ ॥
ਅਜੇਹੇ ਬੰਦਿਆਂ ਦੇ ਪੂਰਨਿਆਂ ਤੇ ਤੁਰ ਕੇ (ਸਾਰਾ) ਜਗਤ (ਸਿਫ਼ਤ-ਸਾਲਾਹ ਦੀ) ਖ਼ੁਰਾਕ ਖਾਂਦਾ ਮਾਣਦਾ ਹੈ।
ਓਨਾ ਪਿਆਰਾ ਰਬੁ ਓਨਾਹਾ ਜੋਗਈ ॥
ਉਹਨਾਂ ਨੂੰ ਰੱਬ (ਇਤਨਾ) ਪਿਆਰਾ ਲੱਗਦਾ ਹੈ ਕਿ ਰੱਬ ਉਹਨਾਂ ਦੇ ਪਿਆਰ ਦੇ ਵੱਸ ਵਿਚ ਹੋ ਜਾਂਦਾ ਹੈ।
ਜਿਸੁ ਮਿਲਿਆ ਗੁਰੁ ਆਇ ਤਿਨਿ ਪ੍ਰਭੁ ਜਾਣਿਆ ॥
ਪਰ ਪ੍ਰਭੂ ਨਾਲ (ਸਿਰਫ਼) ਉਸ ਮਨੁੱਖ ਨੇ ਜਾਣ-ਪਛਾਣ ਪਾਈ ਹੈ ਜਿਸ ਨੂੰ ਗੁਰੂ ਆ ਕੇ ਮਿਲ ਪਿਆ ਹੈ।
ਹਉ ਬਲਿਹਾਰੀ ਤਿਨ ਜਿ ਖਸਮੈ ਭਾਣਿਆ ॥੪॥
ਮੈਂ ਸਦਕੇ ਹਾਂ ਉਹਨਾਂ (ਸੁਭਾਗ) ਬੰਦਿਆਂ ਤੋਂ ਜੋ ਖਸਮ-ਪ੍ਰਭੂ ਨੂੰ ਚੰਗੇ ਲੱਗ ਗਏ ਹਨ ॥੪॥
ਸਲੋਕ ਮਃ ੫ ॥
ਹਰਿ ਇਕਸੈ ਨਾਲਿ ਮੈ ਦੋਸਤੀ ਹਰਿ ਇਕਸੈ ਨਾਲਿ ਮੈ ਰੰਗੁ ॥
ਮੇਰੀ ਇਕ ਪ੍ਰਭੂ ਨਾਲ ਹੀ ਮਿਤ੍ਰਤਾ ਹੈ, ਸਿਰਫ਼ ਪ੍ਰਭੂ ਨਾਲ ਹੀ ਮੇਰਾ ਪਿਆਰ ਹੈ।
ਹਰਿ ਇਕੋ ਮੇਰਾ ਸਜਣੋ ਹਰਿ ਇਕਸੈ ਨਾਲਿ ਮੈ ਸੰਗੁ ॥
ਕੇਵਲ ਪ੍ਰਭੂ ਹੀ ਮੇਰਾ ਸੱਚਾ ਮਿਤ੍ਰ ਹੈ ਇਕ ਪ੍ਰਭੂ ਨਾਲ ਹੀ ਮੇਰਾ ਸੱਚਾ ਸਾਥ ਹੈ,
ਹਰਿ ਇਕਸੈ ਨਾਲਿ ਮੈ ਗੋਸਟੇ ਮੁਹੁ ਮੈਲਾ ਕਰੈ ਨ ਭੰਗੁ ॥
ਤੇ ਕੇਵਲ ਪ੍ਰਭੂ ਨਾਲ ਹੀ ਮੇਰਾ ਮੇਲ-ਜੋਲ ਹੈ, (ਕਿਉਂਕਿ) ਉਹ ਪ੍ਰਭੂ ਕਦੇ ਮੂੰਹ ਮੋਟਾ ਨਹੀਂ ਕਰਦਾ, ਕਦੇ ਮੱਥੇ ਵੱਟ ਨਹੀਂ ਪਾਂਦਾ।
ਜਾਣੈ ਬਿਰਥਾ ਜੀਅ ਕੀ ਕਦੇ ਨ ਮੋੜੈ ਰੰਗੁ ॥
ਮੇਰੇ ਦਿਲ ਦੀ ਵੇਦਨ ਜਾਣਦਾ ਹੈ, ਉਹ ਕਦੇ ਮੇਰੇ ਪਿਆਰ ਨੂੰ ਧੱਕਾ ਨਹੀਂ ਲਾਂਦਾ।
ਹਰਿ ਇਕੋ ਮੇਰਾ ਮਸਲਤੀ ਭੰਨਣ ਘੜਨ ਸਮਰਥੁ ॥
(ਸਭ ਜੀਵਾਂ ਨੂੰ) ਪੈਦਾ ਕਰਨ ਤੇ ਮਾਰਨ ਦੀ ਤਾਕਤ ਰੱਖਣ ਵਾਲਾ ਇਕ ਪਰਮਾਤਮਾ ਹੀ ਮੇਰਾ ਸਲਾਹਕਾਰ ਹੈ।
ਹਰਿ ਇਕੋ ਮੇਰਾ ਦਾਤਾਰੁ ਹੈ ਸਿਰਿ ਦਾਤਿਆ ਜਗ ਹਥੁ ॥
ਜਗਤ ਦੇ ਸਭ ਦਾਨੀਆਂ ਦੇ ਸਿਰ ਉਤੇ ਜਿਸ ਪ੍ਰਭੂ ਦਾ ਹੱਥ ਹੈ ਕੇਵਲ ਉਹੀ ਮੈਨੂੰ ਦਾਤਾਂ ਦੇਣ ਵਾਲਾ ਹੈ।
ਹਰਿ ਇਕਸੈ ਦੀ ਮੈ ਟੇਕ ਹੈ ਜੋ ਸਿਰਿ ਸਭਨਾ ਸਮਰਥੁ ॥
ਜੋ ਪਰਮਾਤਮਾ ਸਭ ਜੀਵਾਂ ਦੇ ਸਿਰ ਉਤੇ ਬਲੀ ਹੈ ਮੈਨੂੰ ਕੇਵਲ ਉਸੇ ਦਾ ਹੀ ਆਸਰਾ ਹੈ।
ਸਤਿਗੁਰਿ ਸੰਤੁ ਮਿਲਾਇਆ ਮਸਤਕਿ ਧਰਿ ਕੈ ਹਥੁ ॥
ਉਹ ਸ਼ਾਂਤੀ ਦਾ ਸੋਮਾ ਪਰਮਾਤਮਾ ਸਤਿਗੁਰੂ ਨੇ ਮੇਰੇ ਮੱਥੇ ਉੱਤੇ ਹੱਥ ਰੱਖ ਕੇ ਮੈਨੂੰ ਮਿਲਾਇਆ ਹੈ।
ਵਡਾ ਸਾਹਿਬੁ ਗੁਰੂ ਮਿਲਾਇਆ ਜਿਨਿ ਤਾਰਿਆ ਸਗਲ ਜਗਤੁ ॥
ਉਹ ਵੱਡਾ ਮਾਲਕ ਜਿਸ ਨੇ ਸਾਰਾ ਸੰਸਾਰ ਤਾਰਿਆ ਹੈ (ਭਾਵ, ਜੋ ਸਾਰੇ ਸੰਸਾਰ ਨੂੰ ਤਾਰਨ ਦੇ ਸਮਰੱਥ ਹੈ) ਮੈਨੂੰ ਗੁਰੂ ਨੇ ਮਿਲਾਇਆ ਹੈ।
ਮਨ ਕੀਆ ਇਛਾ ਪੂਰੀਆ ਪਾਇਆ ਧੁਰਿ ਸੰਜੋਗ ॥
ਜਿਸ ਨੂੰ ਧੁਰੋਂ ਇਹ ਢੋ ਢੁਕਦਾ ਹੈ ਉਸ ਦੇ ਮਨ ਦੀਆਂ ਸਭ ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ (ਭਾਵ, ਉਹ ਵਾਸਨਾ-ਰਹਿਤ ਹੋ ਜਾਂਦਾ ਹੈ)
ਨਾਨਕ ਪਾਇਆ ਸਚੁ ਨਾਮੁ ਸਦ ਹੀ ਭੋਗੇ ਭੋਗ ॥੧॥
ਤੇ ਹੇ ਨਾਨਕ! ਉਸ ਨੂੰ ਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਨਾਮ ਮਿਲਦਾ ਹੈ, ਉਹ ਸਦਾ ਹੀ ਆਨੰਦ ਮਾਣਦਾ ਹੈ (ਸਦਾ ਹੀ ਖਿੜਿਆ ਰਹਿੰਦਾ ਹੈ) ॥੧॥
ਮਃ ੫ ॥
ਮਨਮੁਖਾ ਕੇਰੀ ਦੋਸਤੀ ਮਾਇਆ ਕਾ ਸਨਬੰਧੁ ॥
ਮਨ ਦੇ ਮੁਰੀਦ ਬੰਦਿਆਂ ਨਾਲ ਮਿਤ੍ਰਤਾ ਨਿਰੀ ਮਾਇਆ ਦੀ ਖ਼ਾਤਰ ਹੀ ਗਾਂਢਾ-ਤੋਪਾ ਹੁੰਦਾ ਹੈ।
ਵੇਖਦਿਆ ਹੀ ਭਜਿ ਜਾਨਿ ਕਦੇ ਨ ਪਾਇਨਿ ਬੰਧੁ ॥
ਉਹ ਕਦੇ (ਮਿਤ੍ਰਤਾ ਦੀ) ਪੱਕੀ ਗੰਢ ਨਹੀਂ ਪਾਂਦੇ, ਛੇਤੀ ਹੀ ਸਾਥ ਛੱਡ ਜਾਂਦੇ ਹਨ।
ਜਿਚਰੁ ਪੈਨਨਿ ਖਾਵਨੑੇ ਤਿਚਰੁ ਰਖਨਿ ਗੰਢੁ ॥
ਮਨਮੁਖਾਂ ਨੂੰ ਜਿਤਨਾ ਚਿਰ ਪਹਿਨਣ ਤੇ ਖਾਣ ਨੂੰ ਮਿਲਦਾ ਰਹੇ ਉਤਨਾ ਚਿਰ ਜੋੜ ਰੱਖਦੇ ਹਨ।
ਜਿਤੁ ਦਿਨਿ ਕਿਛੁ ਨ ਹੋਵਈ ਤਿਤੁ ਦਿਨਿ ਬੋਲਨਿ ਗੰਧੁ ॥
ਜਿਸ ਦਿਨ ਉਹਨਾਂ ਦੇ ਖਾਣ-ਹੰਢਾਣ ਦੀ ਕੋਈ ਗੱਲ ਪੁੱਜ ਨ ਆਵੇ, ਉਸ ਦਿਨ ਉਹ ਫਿੱਕਾ ਬੋਲ ਬੋਲਣ ਲੱਗ ਪੈਂਦੇ ਹਨ।
ਜੀਅ ਕੀ ਸਾਰ ਨ ਜਾਣਨੀ ਮਨਮੁਖ ਅਗਿਆਨੀ ਅੰਧੁ ॥
ਅੰਨ੍ਹੇ ਗਿਆਨ-ਹੀਣ ਮਨਮੁਖਾਂ ਨੂੰ (ਨਿਰਾ ਸਰੀਰ ਦਾ ਹੀ ਝੁਲਕਾ ਰਹਿੰਦਾ ਹੈ) ਆਤਮਾ ਦੀ ਕੋਈ ਸੂਝ ਨਹੀਂ ਹੁੰਦੀ।
ਕੂੜਾ ਗੰਢੁ ਨ ਚਲਈ ਚਿਕੜਿ ਪਥਰ ਬੰਧੁ ॥
ਮਨਮੁਖਾਂ ਦਾ ਕੱਚਾ ਗਾਂਢਾ-ਤੋਪਾ (ਬਹੁਤ ਚਿਰ) ਨਹੀਂ ਤੱਗਦਾ ਜਿਵੇਂ ਚਿੱਕੜ ਨਾਲ ਬੱਝਾ ਹੋਇਆ ਪੱਥਰਾਂ ਦਾ ਬੰਨ੍ਹ (ਛੇਤੀ ਢਹਿ ਪੈਂਦਾ ਹੈ)।
ਅੰਧੇ ਆਪੁ ਨ ਜਾਣਨੀ ਫਕੜੁ ਪਿਟਨਿ ਧੰਧੁ ॥
ਅੰਨ੍ਹੇ ਮਨਮੁਖ ਆਪਣੇ ਅਸਲੇ ਨੂੰ ਨਹੀਂ ਸਮਝਦੇ (ਨਿਰਾ ਬਾਹਰਲਾ) ਵਿਅਰਥ ਪਿੱਟਣਾ ਪਿੱਟਦੇ ਰਹਿੰਦੇ ਹਨ।
ਝੂਠੈ ਮੋਹਿ ਲਪਟਾਇਆ ਹਉ ਹਉ ਕਰਤ ਬਿਹੰਧੁ ॥
ਨਿਕੰਮੇ ਮੋਹ ਵਿਚ ਫਸੇ ਹੋਏ ਮਨਮੁਖਾਂ ਦੀ ਉਮਰ ‘ਮੈਂ, ਮੈਂ’ ਕਰਦਿਆਂ ਹੀ ਗੁਜ਼ਰ ਜਾਂਦੀ ਹੈ।
ਕ੍ਰਿਪਾ ਕਰੇ ਜਿਸੁ ਆਪਣੀ ਧੁਰਿ ਪੂਰਾ ਕਰਮੁ ਕਰੇਇ ॥
ਜਿਸ ਜਿਸ ਮਨੁੱਖ ਉਤੇ ਪ੍ਰਭੂ ਆਪਣੀ ਕਿਰਪਾ ਕਰਦਾ ਹੈ, ਧੁਰੋਂ ਹੀ ਪੂਰੀ ਬਖ਼ਸ਼ਸ਼ ਕਰਦਾ ਹੈ,
ਜਨ ਨਾਨਕ ਸੇ ਜਨ ਉਬਰੇ ਜੋ ਸਤਿਗੁਰ ਸਰਣਿ ਪਰੇ ॥੨॥
ਹੇ ਨਾਨਕ! ਜੋ ਸਤਿਗੁਰੂ ਦੀ ਸਰਨ ਪੈਂਦੇ ਹਨ, ਉਹ ਬੰਦੇ (ਇਸ ਕੂੜੇ ਮੋਹ ਵਿਚੋਂ) ਬਚ ਜਾਂਦੇ ਹਨ ॥੨॥
ਪਉੜੀ ॥
ਜੋ ਰਤੇ ਦੀਦਾਰ ਸੇਈ ਸਚੁ ਹਾਕੁ ॥
ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਦੇ ਦਰਸ਼ਨ ਦਾ ਰੰਗ ਚੜ੍ਹ ਗਿਆ ਹੈ, ਉਹਨਾਂ ਨੂੰ ਹੀ ਸੱਚੇ ਪ੍ਰਭੂ ਦਾ ਰੂਪ ਸਮਝੋ।
ਜਿਨੀ ਜਾਤਾ ਖਸਮੁ ਕਿਉ ਲਭੈ ਤਿਨਾ ਖਾਕੁ ॥
ਜਿਨ੍ਹਾਂ ਨੇ ਖਸਮ-ਪ੍ਰਭੂ ਨਾਲ ਸਾਂਝ ਪਾ ਲਈ ਹੈ, ਜਤਨ ਕਰੋ ਕਿ ਕਿਸੇ ਨ ਕਿਸੇ ਤਰ੍ਹਾਂ ਉਹਨਾਂ ਦੀ ਚਰਨ-ਧੂੜ ਮਿਲ ਜਾਏ,
ਮਨੁ ਮੈਲਾ ਵੇਕਾਰੁ ਹੋਵੈ ਸੰਗਿ ਪਾਕੁ ॥
ਕਿਉਂਕਿ ਜੇਹੜਾ ਮਨ (ਵਿਕਾਰਾਂ ਨਾਲ) ਮੈਲਾ ਹੋ ਕੇ ਵਿਕਾਰ-ਰੂਪ ਹੀ ਬਣ ਚੁਕਾ ਹੈ ਉਹ ਉਹਨਾਂ ਦੀ ਸੰਗਤ ਵਿਚ ਪਵਿਤ੍ਰ ਹੋ ਜਾਂਦਾ ਹੈ।
ਦਿਸੈ ਸਚਾ ਮਹਲੁ ਖੁਲੈ ਭਰਮ ਤਾਕੁ ॥
(ਉਨ੍ਹਾਂ ਦੀ ਸੰਗਤ ਦੀ ਬਰਕਤ ਨਾਲ) ਪ੍ਰਭੂ ਦਾ ਦਰ ਦਿੱਸ ਪੈਂਦਾ ਹੈ, ਤੇ ਭਰਮ-ਭੁਲੇਖਿਆਂ ਦੇ ਕਾਰਨ (ਬੰਦ ਹੋਇਆ ਹੋਇਆ ਆਤਮਕ) ਦਰਵਾਜ਼ਾ ਖੁਲ੍ਹ ਜਾਂਦਾ ਹੈ।
ਜਿਸਹਿ ਦਿਖਾਲੇ ਮਹਲੁ ਤਿਸੁ ਨ ਮਿਲੈ ਧਾਕੁ ॥
(ਪਰ ਇਹ ਪ੍ਰਭੂ ਦੀ ਆਪਣੀ ਮੇਹਰ ਹੀ ਹੈ) ਜਿਸ ਨੂੰ ਆਪਣਾ ਟਿਕਾਣਾ ਵਿਖਾਲ ਦੇਂਦਾ ਹੈ, ਉਸ ਨੂੰ (ਉਸ ਦੇ ਉਸ ਟਿਕਾਣੇ ਤੋਂ ਫਿਰ) ਧੱਕਾ ਨਹੀਂ ਮਿਲਦਾ।
ਮਨੁ ਤਨੁ ਹੋਇ ਨਿਹਾਲੁ ਬਿੰਦਕ ਨਦਰਿ ਝਾਕੁ ॥
ਉਸ ਪ੍ਰਭੂ ਦੀ ਮੇਹਰ ਦੀ ਰਤਾ ਭਰ ਝਾਤੀ ਨਾਲ ਉਸ ਦਾ ਤਨ ਮਨ ਖਿੜ ਪੈਂਦਾ ਹੈ।
ਨਉ ਨਿਧਿ ਨਾਮੁ ਨਿਧਾਨੁ ਗੁਰ ਕੈ ਸਬਦਿ ਲਾਗੁ ॥
ਗੁਰੂ ਦੇ ਸ਼ਬਦ ਵਿਚ ਜੁੜ, ਪਰਮਾਤਮਾ ਦਾ ਨਾਮ-ਰੂਪ ਨੌ ਖ਼ਜ਼ਾਨੇ (ਮਿਲ ਜਾਣਗੇ)।
ਤਿਸੈ ਮਿਲੈ ਸੰਤ ਖਾਕੁ ਮਸਤਕਿ ਜਿਸੈ ਭਾਗੁ ॥੫॥
ਜਿਸ ਦੇ ਮੱਥੇ ਉਤੇ ਭਾਗ ਜਾਗ ਪਏ, ਉਸੇ ਨੂੰ ਗੁਰੂ ਦੇ ਚਰਨਾਂ ਦੀ ਧੂੜ ਮਿਲਦੀ ਹੈ ॥੫॥
ਸਲੋਕ ਮਃ ੫ ॥
ਹਰਣਾਖੀ ਕੂ ਸਚੁ ਵੈਣੁ ਸੁਣਾਈ ਜੋ ਤਉ ਕਰੇ ਉਧਾਰਣੁ ॥
ਹੇ ਸੁੰਦਰ ਜੀਵ-ਇਸਤ੍ਰੀ! ਮੈਂ ਤੈਨੂੰ ਇਕ ਸੱਚੀ ਗੱਲ ਸੁਣਾਉਂਦੀ ਹਾਂ ਜੋ ਤੇਰਾ ਉੱਧਾਰ ਕਰੇਗੀ।
ਸੁੰਦਰ ਬਚਨ ਤੁਮ ਸੁਣਹੁ ਛਬੀਲੀ ਪਿਰੁ ਤੈਡਾ ਮਨਸਾ ਧਾਰਣੁ ॥
ਹੇ ਸੁੰਦਰੀ! ਤੂੰ ਉਹ ਸੋਹਣੇ ਬਚਨ ਸੁਣ-ਤੇਰਾ ਪਤੀ-ਪ੍ਰਭੂ ਮਨ ਨੂੰ ਆਸਰਾ ਦੇਣ ਵਾਲਾ ਹੈ।
ਦੁਰਜਨ ਸੇਤੀ ਨੇਹੁ ਰਚਾਇਓ ਦਸਿ ਵਿਖਾ ਮੈ ਕਾਰਣੁ ॥
(ਉਸ ਨੂੰ ਵਿਸਾਰ ਕੇ) ਤੂੰ ਦੁਰਜਨ ਨਾਲ ਪਿਆਰ ਪਾ ਲਿਆ ਹੈ, ਮੈਨੂੰ ਦੱਸ, ਮੈਂ ਵੇਖਾਂ ਇਸ ਦਾ ਕੀਹ ਕਾਰਨ ਹੈ।
ਊਣੀ ਨਾਹੀ ਝੂਣੀ ਨਾਹੀ ਨਾਹੀ ਕਿਸੈ ਵਿਹੂਣੀ ॥
ਤੂੰ ਕਿਸੇ ਗੱਲੇ ਘੱਟ ਨਹੀ ਹੈਂ, ਕਿਸੇ ਗੁਣੋਂ ਸੱਖਣੀ ਨਹੀਂ ਹੈਂ,
ਪਿਰੁ ਛੈਲੁ ਛਬੀਲਾ ਛਡਿ ਗਵਾਇਓ ਦੁਰਮਤਿ ਕਰਮਿ ਵਿਹੂਣੀ ॥
ਪਰ ਤੂੰ ਕਰਮਾਂ ਦੀ ਮਾਰੀ ਨੇ ਭੈੜੀ ਮੱਤੇ ਲੱਗ ਕੇ ਸੋਹਣਾ ਬਾਂਕਾ ਪਤੀ-ਪ੍ਰਭੂ ਭੁਲਾ ਦਿੱਤਾ ਹੈ।
ਨਾ ਹਉ ਭੁਲੀ ਨਾ ਹਉ ਚੁਕੀ ਨਾ ਮੈ ਨਾਹੀ ਦੋਸਾ ॥
(ਹੇ ਸਖੀ!) ਤੂੰ ਸੱਚਾ ਉੱਤਰ ਸੁਣ ਲੈ-ਮੈਂ ਭੁੱਲ ਨਹੀਂ ਕੀਤੀ, ਮੈਂ ਉਕਾਈ ਨਹੀਂ ਖਾਧੀ, ਮੇਰੇ ਵਿਚ ਦੋਸ ਨਹੀਂ।
ਜਿਤੁ ਹਉ ਲਾਈ ਤਿਤੁ ਹਉ ਲਗੀ ਤੂ ਸੁਣਿ ਸਚੁ ਸੰਦੇਸਾ ॥
ਮੈਨੂੰ ਜਿਸ ਪਾਸੇ ਉਸ ਨੇ ਲਾਇਆ ਹੈ, ਮੈਂ ਓਧਰ ਲੱਗੀ ਹੋਈ ਹਾਂ।
ਸਾਈ ਸੁੋਹਾਗਣਿ ਸਾਈ ਭਾਗਣਿ ਜੈ ਪਿਰਿ ਕਿਰਪਾ ਧਾਰੀ ॥
ਉਹੀ ਜੀਵ-ਇਸਤ੍ਰੀ ਸੋਹਾਗ-ਭਾਗ ਵਾਲੀ ਹੋ ਸਕਦੀ ਹੈ ਜਿਸ ਉਤੇ ਪਤੀ ਨੇ ਆਪ ਮੇਹਰ ਕੀਤੀ ਹੈ।
ਪਿਰਿ ਅਉਗਣ ਤਿਸ ਕੇ ਸਭਿ ਗਵਾਏ ਗਲ ਸੇਤੀ ਲਾਇ ਸਵਾਰੀ ॥
ਪਤੀ-ਪ੍ਰਭੂ ਨੇ ਉਸ ਇਸਤ੍ਰੀ ਦੇ ਸਾਰੇ ਹੀ ਔਗੁਣ ਦੂਰ ਕਰ ਦਿੱਤੇ ਹਨ ਤੇ ਉਸ ਨੂੰ ਗਲ ਨਾਲ ਲਾ ਕੇ ਸੰਵਾਰ ਦਿੱਤਾ ਹੈ।
ਕਰਮਹੀਣ ਧਨ ਕਰੈ ਬਿਨੰਤੀ ਕਦਿ ਨਾਨਕ ਆਵੈ ਵਾਰੀ ॥
ਮੈਂ ਭਾਗ-ਹੀਣ ਜੀਵ-ਇਸਤ੍ਰੀ ਅਰਜ਼ੋਈ ਕਰਦੀ ਹਾਂ, ਮੈਂ ਨਾਨਕ ਦੀ ਕਦੋਂ ਵਾਰੀ ਆਵੇਗੀ?
ਸਭਿ ਸੁਹਾਗਣਿ ਮਾਣਹਿ ਰਲੀਆ ਇਕ ਦੇਵਹੁ ਰਾਤਿ ਮੁਰਾਰੀ ॥੧॥
ਹੇ ਪ੍ਰਭੂ! ਸਾਰੀਆਂ ਸੁਹਾਗਣਾਂ ਮੌਜਾਂ ਮਾਣ ਰਹੀਆਂ ਹਨ, ਮੈਨੂੰ ਭੀ (ਮਿਲਣ ਲਈ) ਇਕ ਰਾਤ ਦੇਹ ॥੧॥
ਮਃ ੫ ॥
ਕਾਹੇ ਮਨ ਤੂ ਡੋਲਤਾ ਹਰਿ ਮਨਸਾ ਪੂਰਣਹਾਰੁ ॥
ਹੇ ਮਨ! ਤੂੰ ਕਿਉਂ ਡੋਲਦਾ ਹੈਂ? ਪਰਮਾਤਮਾ ਤੇਰੀ ਕਾਮਨਾ ਪੂਰੀ ਕਰਨ ਵਾਲਾ ਹੈ।
ਸਤਿਗੁਰੁ ਪੁਰਖੁ ਧਿਆਇ ਤੂ ਸਭਿ ਦੁਖ ਵਿਸਾਰਣਹਾਰੁ ॥
ਗੁਰੂ ਨੂੰ ਅਕਾਲ ਪੁਰਖ ਨੂੰ ਸਿਮਰ, ਉਹ ਸਾਰੇ ਦੁੱਖ ਨਾਸ ਕਰਨ ਵਾਲਾ ਹੈ।
ਹਰਿ ਨਾਮਾ ਆਰਾਧਿ ਮਨ ਸਭਿ ਕਿਲਵਿਖ ਜਾਹਿ ਵਿਕਾਰ ॥
ਹੇ ਮਨ! ਪ੍ਰਭੂ ਦਾ ਨਾਮ ਜਪ, ਤੇਰੇ ਸਾਰੇ ਪਾਪ ਤੇ ਵਿਕਾਰ ਦੂਰ ਹੋ ਜਾਣਗੇ।
ਜਿਨ ਕਉ ਪੂਰਬਿ ਲਿਖਿਆ ਤਿਨ ਰੰਗੁ ਲਗਾ ਨਿਰੰਕਾਰ ॥
ਜਿਨ੍ਹਾਂ ਦੇ ਮੱਥੇ ਉਤੇ ਧੁਰੋਂ ਲੇਖ ਲਿਖਿਆ ਹੋਵੇ, ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਪੈਦਾ ਹੁੰਦਾ ਹੈ।
ਓਨੀ ਛਡਿਆ ਮਾਇਆ ਸੁਆਵੜਾ ਧਨੁ ਸੰਚਿਆ ਨਾਮੁ ਅਪਾਰੁ ॥
ਉਹ ਮਾਇਆ ਦਾ ਭੈੜਾ ਚਸਕਾ ਛੱਡ ਦੇਂਦੇ ਹਨ, ਤੇ ਬੇਅੰਤ ਪ੍ਰਭੂ ਦਾ ਨਾਮ-ਧਨ ਇਕੱਠਾ ਕਰਦੇ ਹਨ।
ਅਠੇ ਪਹਰ ਇਕਤੈ ਲਿਵੈ ਮੰਨੇਨਿ ਹੁਕਮੁ ਅਪਾਰੁ ॥
ਉਹ ਅੱਠੇ ਪਹਰ ਇਕ ਪ੍ਰਭੂ ਦੀ ਹੀ ਯਾਦ ਵਿਚ ਜੁੜੇ ਰਹਿੰਦੇ ਹਨ, ਪ੍ਰਭੂ ਦਾ ਹੀ ਹੁਕਮ ਮੰਨਦੇ ਹਨ।
ਜਨੁ ਨਾਨਕੁ ਮੰਗੈ ਦਾਨੁ ਇਕੁ ਦੇਹੁ ਦਰਸੁ ਮਨਿ ਪਿਆਰੁ ॥੨॥
(ਹੇ ਪ੍ਰਭੂ!) ਦਾਸ ਨਾਨਕ ਭੀ (ਤੇਰੇ ਦਰ ਤੋਂ) ਇਕ ਖੈਰ ਮੰਗਦਾ ਹੈ-ਮੈਨੂੰ ਦੀਦਾਰ ਦੇਹ ਤੇ ਮੈਨੂੰ ਮਨ ਵਿਚ ਆਪਣਾ ਪਿਆਰ ਬਖ਼ਸ਼ ॥੨॥
ਪਉੜੀ ॥
ਜਿਸੁ ਤੂ ਆਵਹਿ ਚਿਤਿ ਤਿਸ ਨੋ ਸਦਾ ਸੁਖ ॥
ਹੇ ਪ੍ਰਭੂ! ਤੂੰ ਜਿਸ ਮਨੁੱਖ ਦੇ ਹਿਰਦੇ ਵਿਚ ਵੱਸ ਪਏਂ, ਉਸ ਨੂੰ ਸਦਾ ਦੇ ਸੁਖ ਮਿਲ ਜਾਂਦੇ ਹਨ।
ਜਿਸੁ ਤੂ ਆਵਹਿ ਚਿਤਿ ਤਿਸੁ ਜਮ ਨਾਹਿ ਦੁਖ ॥
ਤੂੰ ਜਿਸ ਮਨੁੱਖ ਦੇ ਹਿਰਦੇ ਵਿਚ ਵੱਸ ਪਏਂ ਉਸ ਨੂੰ ਮੌਤ ਦੇ ਡਰ-ਸਹਿਮ ਨਹੀਂ ਰਹਿ ਜਾਂਦੇ।
ਜਿਸੁ ਤੂ ਆਵਹਿ ਚਿਤਿ ਤਿਸੁ ਕਿ ਕਾੜਿਆ ॥
ਤੂੰ ਜਿਸ ਮਨੁੱਖ ਦੇ ਹਿਰਦੇ ਵਿਚ ਵੱਸ ਪਏਂ ਉਸ ਨੂੰ ਕੋਈ ਚਿੰਤਾ ਪੋਹ ਨਹੀਂ ਸਕਦੀ।
ਜਿਸ ਦਾ ਕਰਤਾ ਮਿਤ੍ਰੁ ਸਭਿ ਕਾਜ ਸਵਾਰਿਆ ॥
ਕਿਉਂਕਿ ਕਰਤਾਰ ਆਪ ਜਿਸ ਦਾ ਮਿੱਤਰ ਬਣ ਜਾਏ, ਉਸ ਦੇ ਸਾਰੇ ਕਾਰਜ ਸੰਵਰ ਜਾਂਦੇ ਹਨ।
ਜਿਸੁ ਤੂ ਆਵਹਿ ਚਿਤਿ ਸੋ ਪਰਵਾਣੁ ਜਨੁ ॥
ਹੇ ਪ੍ਰਭੂ! ਜਿਸ ਮਨੁੱਖ ਦੇ ਅੰਦਰ ਤੇਰੀ ਯਾਦ ਟਿਕ ਜਾਏ, ਉਹ ਮਨੁੱਖ (ਤੇਰੀਆਂ ਨਜ਼ਰਾਂ ਵਿਚ) ਕਬੂਲ ਹੋ ਗਿਆ।
ਜਿਸੁ ਤੂ ਆਵਹਿ ਚਿਤਿ ਬਹੁਤਾ ਤਿਸੁ ਧਨੁ ॥
ਹੇ ਪ੍ਰਭੂ! ਤੂੰ ਜਿਸ ਮਨੁੱਖ ਦੇ ਹਿਰਦੇ ਵਿਚ ਵੱਸ ਪਏਂ, ਉਸ ਦੇ ਕੋਲ ਤੇਰਾ ਨਾਮ-ਧਨ ਬੇਅੰਤ ਇਕੱਠਾ ਹੋ ਜਾਂਦਾ ਹੈ।
ਜਿਸੁ ਤੂ ਆਵਹਿ ਚਿਤਿ ਸੋ ਵਡ ਪਰਵਾਰਿਆ ॥
ਤੂੰ ਜਿਸ ਮਨੁੱਖ ਦੇ ਹਿਰਦੇ ਵਿਚ ਵੱਸ ਪਏਂ (ਤੇਰੀ ਯਾਦ ਦੀ ਬਰਕਤਿ ਨਾਲ) ਸਾਰਾ ਜਗਤ ਹੀ ਉਸ ਨੂੰ ਆਪਣਾ ਪਰਵਾਰ ਦਿੱਸਦਾ ਹੈ।
ਜਿਸੁ ਤੂ ਆਵਹਿ ਚਿਤਿ ਤਿਨਿ ਕੁਲ ਉਧਾਰਿਆ ॥੬॥
ਹੇ ਪ੍ਰਭੂ! ਤੂੰ ਜਿਸ ਮਨੁੱਖ ਦੇ ਹਿਰਦੇ ਵਿਚ ਵੱਸ ਪਏਂ, ਉਸ ਨੇ ਆਪਣੀਆਂ (ਭੀ) ਸਾਰੀਆਂ ਕੁਲਾਂ (ਦੇ ਜੀਵਾਂ) ਨੂੰ (ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ) ਪਾਰ ਲੰਘਾ ਲਿਆ ਹੈ ॥੬॥
ਸਲੋਕ ਮਃ ੫ ॥
ਅੰਦਰਹੁ ਅੰਨਾ ਬਾਹਰਹੁ ਅੰਨਾ ਕੂੜੀ ਕੂੜੀ ਗਾਵੈ ॥
ਜੇ ਮਨੁੱਖ ਮਨੋਂ ਮਾਇਆ ਵਿਚ ਫਸਿਆ ਹੋਇਆ ਹੈ ਤੇ ਕਰਤੂਤਾਂ ਭੀ ਕਾਲੀਆਂ ਹਨ, ਪਰ ਝੂਠੀ ਮੂਠੀ (ਬਿਸ਼ਨ-ਪਦੇ) ਗਾਉਂਦਾ ਹੈ,
ਦੇਹੀ ਧੋਵੈ ਚਕ੍ਰ ਬਣਾਏ ਮਾਇਆ ਨੋ ਬਹੁ ਧਾਵੈ ॥
ਸਰੀਰ ਨੂੰ ਇਸ਼ਨਾਨ ਕਰਾਉਂਦਾ ਹੈ (ਪਿੰਡ ਉਤੇ) ਚੱਕਰ ਬਣਾਉਂਦਾ ਹੈ, ਤੇ ਉਂਞ ਮਾਇਆ ਦੀ ਖ਼ਾਤਰ ਭਟਕਦਾ ਫਿਰਦਾ ਹੈ,
ਅੰਦਰਿ ਮੈਲੁ ਨ ਉਤਰੈ ਹਉਮੈ ਫਿਰਿ ਫਿਰਿ ਆਵੈ ਜਾਵੈ ॥
(ਇਹਨਾਂ ਚੱਕ੍ਰ ਆਦਿਕਾਂ ਨਾਲ) ਮਨ ਵਿਚੋਂ ਹਉਮੈ ਦੀ ਮੈਲ ਨਹੀਂ ਉਤਰਦੀ, ਉਹ ਮੁੜ ਮੁੜ ਜਨਮ ਦੇ ਚੱਕ੍ਰ ਵਿਚ ਪਿਆ ਰਹਿੰਦਾ ਹੈ;
ਨੀਂਦ ਵਿਆਪਿਆ ਕਾਮਿ ਸੰਤਾਪਿਆ ਮੁਖਹੁ ਹਰਿ ਹਰਿ ਕਹਾਵੈ ॥
ਗ਼ਫ਼ਲਤਿ ਦੀ ਨੀਂਦ ਦਾ ਦੱਬਿਆ ਹੋਇਆ, ਕਾਮ ਦਾ ਮਾਰਿਆ ਹੋਇਆ, ਮੂੰਹ ਨਾਲ ਹੀ ‘ਹਰੇ! ਹਰੇ!’ ਆਖਦਾ ਹੈ,
ਬੈਸਨੋ ਨਾਮੁ ਕਰਮ ਹਉ ਜੁਗਤਾ ਤੁਹ ਕੁਟੇ ਕਿਆ ਫਲੁ ਪਾਵੈ ॥
ਆਪਣਾ ਨਾਮ ਭੀ ਵੈਸ਼ਨੋ (ਵਿਸ਼ਨੂੰ ਦਾ ਭਗਤ) ਰੱਖਿਆ ਹੋਇਆ ਹੈ, ਪਰ ਕਰਤੂਤਾਂ ਕਰਕੇ ਹਉਮੈ ਵਿਚ ਜਕੜਿਆ ਪਿਆ ਹੈ, (ਸੋ, ਸਰੀਰ ਧੋਣ, ਚੱਕ੍ਰ ਬਨਾਉਣ ਆਦਿਕ ਕਰਮ ਤੋਹ ਕੁੱਟਣ ਸਮਾਨ ਹਨ) ਤੋਹ ਕੁੱਟਿਆਂ (ਉਹਨਾਂ ਵਿਚੋਂ) ਚਉਲ ਨਹੀਂ ਲੱਭ ਪੈਣੇ।
ਹੰਸਾ ਵਿਚਿ ਬੈਠਾ ਬਗੁ ਨ ਬਣਈ ਨਿਤ ਬੈਠਾ ਮਛੀ ਨੋ ਤਾਰ ਲਾਵੈ ॥
ਹੰਸਾਂ ਵਿਚ ਬੈਠਾ ਹੋਇਆ ਬਗਲਾ ਹੰਸ ਨਹੀਂ ਬਣ ਜਾਂਦਾ, (ਹੰਸਾਂ ਵਿਚ) ਬੈਠਾ ਹੋਇਆ ਭੀ ਉਹ ਸਦਾ ਮੱਛੀ (ਫੜਨ) ਲਈ ਤਾੜੀ ਲਾਂਦਾ ਹੈ;
ਜਾ ਹੰਸ ਸਭਾ ਵੀਚਾਰੁ ਕਰਿ ਦੇਖਨਿ ਤਾ ਬਗਾ ਨਾਲਿ ਜੋੜੁ ਕਦੇ ਨ ਆਵੈ ॥
ਜਦੋਂ ਹੰਸ ਰਲ ਕੇ ਵਿਚਾਰ ਕਰ ਕੇ ਵੇਖਦੇ ਹਨ ਤਾਂ (ਇਹੀ ਸਿੱਟਾ ਨਿਕਲਦਾ ਹੈ ਕਿ) ਬਗਲਿਆਂ ਨਾਲ ਉਹਨਾਂ ਦਾ ਜੋੜ ਫਬਦਾ ਨਹੀਂ,
ਹੰਸਾ ਹੀਰਾ ਮੋਤੀ ਚੁਗਣਾ ਬਗੁ ਡਡਾ ਭਾਲਣ ਜਾਵੈ ॥
(ਕਿਉਂਕਿ) ਹੰਸਾਂ ਦੀ ਖ਼ੁਰਾਕ ਹੀਰੇ ਮੋਤੀ ਹਨ ਤੇ ਬਗਲਾ ਡੱਡੀਆਂ ਲੱਭਣ ਜਾਂਦਾ ਹੈ;
ਉਡਰਿਆ ਵੇਚਾਰਾ ਬਗੁਲਾ ਮਤੁ ਹੋਵੈ ਮੰਞੁ ਲਖਾਵੈ ॥
ਵਿਚਾਰਾ ਬਗਲਾ (ਆਖ਼ਰ ਹੰਸਾਂ ਦੀ ਡਾਰ ਵਿਚੋਂ) ਉੱਡ ਹੀ ਜਾਂਦਾ ਹੈ ਕਿ ਮਤਾਂ ਮੇਰਾ ਪਾਜ ਖੁਲ੍ਹ ਨ ਜਾਏ।
ਜਿਤੁ ਕੋ ਲਾਇਆ ਤਿਤ ਹੀ ਲਾਗਾ ਕਿਸੁ ਦੋਸੁ ਦਿਚੈ ਜਾ ਹਰਿ ਏਵੈ ਭਾਵੈ ॥
ਪਰ, ਦੋਸ ਕਿਸ ਨੂੰ ਦਿੱਤਾ ਜਾਏ? ਪਰਮਾਤਮਾ ਨੂੰ ਵੀ ਇਹੀ ਗੱਲ ਚੰਗੀ ਲੱਗਦੀ ਹੈ; ਜਿੱਧਰ ਕੋਈ ਜੀਵ ਲਾਇਆ ਜਾਂਦਾ ਹੈ ਓਧਰ ਹੀ ਉਹ ਲੱਗਦਾ ਹੈ।
ਸਤਿਗੁਰੁ ਸਰਵਰੁ ਰਤਨੀ ਭਰਪੂਰੇ ਜਿਸੁ ਪ੍ਰਾਪਤਿ ਸੋ ਪਾਵੈ ॥
ਸਤਿਗੁਰੂ (ਮਾਨੋ) ਇਕ ਸਰੋਵਰ ਹੈ ਜੋ ਰਤਨਾਂ ਨਾਲ ਨਕਾ-ਨਕ ਭਰਿਆ ਹੋਇਆ ਹੈ, ਜਿਸ ਦੇ ਭਾਗ ਹੋਣ ਉਸੇ ਨੂੰ ਹੀ ਮਿਲਦਾ ਹੈ।
ਸਿਖ ਹੰਸ ਸਰਵਰਿ ਇਕਠੇ ਹੋਏ ਸਤਿਗੁਰ ਕੈ ਹੁਕਮਾਵੈ ॥
ਸਤਿਗੁਰੂ ਦੇ ਹੁਕਮ ਅਨੁਸਾਰ ਹੀ ਸਿੱਖ-ਹੰਸ (ਗੁਰੂ ਦੀ ਸਰਨ-ਰੂਪ) ਸਰੋਵਰ ਵਿਚ ਆ ਇਕੱਠੇ ਹੁੰਦੇ ਹਨ।
ਰਤਨ ਪਦਾਰਥ ਮਾਣਕ ਸਰਵਰਿ ਭਰਪੂਰੇ ਖਾਇ ਖਰਚਿ ਰਹੇ ਤੋਟਿ ਨ ਆਵੈ ॥
ਉਸ ਸਰੋਵਰ ਵਿਚ (ਪ੍ਰਭੂ ਦੇ ਗੁਣ ਰੂਪ) ਹੀਰੇ-ਮੋਤੀ ਨਕਾ-ਨਕ ਭਰੇ ਹੋਏ ਹਨ, ਸਿੱਖ ਇਹਨਾਂ ਨੂੰ ਆਪ ਵਰਤਦੇ ਤੇ ਹੋਰਨਾਂ ਨੂੰ ਵੰਡਦੇ ਹਨ ਇਹ ਹੀਰੇ-ਮੋਤੀ ਮੁੱਕਦੇ ਨਹੀਂ।
ਸਰਵਰ ਹੰਸੁ ਦੂਰਿ ਨ ਹੋਈ ਕਰਤੇ ਏਵੈ ਭਾਵੈ ॥
ਕਰਤਾਰ ਨੂੰ ਇਉਂ ਹੀ ਭਾਉਂਦਾ ਹੈ ਕਿ ਸਿੱਖ-ਹੰਸ ਗੁਰੂ-ਸਰੋਵਰ ਤੋਂ ਦੂਰ ਨਹੀਂ ਜਾਂਦਾ।
ਜਨ ਨਾਨਕ ਜਿਸ ਦੈ ਮਸਤਕਿ ਭਾਗੁ ਧੁਰਿ ਲਿਖਿਆ ਸੋ ਸਿਖੁ ਗੁਰੂ ਪਹਿ ਆਵੈ ॥
ਹੇ ਨਾਨਕ! ਧੁਰੋਂ ਜਿਸ ਦੇ ਮੱਥੇ ਉਤੇ ਲਿਖਿਆ ਲੇਖ ਹੋਵੇ ਉਹ ਸਿੱਖ ਸਤਿਗੁਰੂ ਦੀ ਸਰਨੀਂ ਆਉਂਦਾ ਹੈ,
ਆਪਿ ਤਰਿਆ ਕੁਟੰਬ ਸਭਿ ਤਾਰੇ ਸਭਾ ਸ੍ਰਿਸਟਿ ਛਡਾਵੈ ॥੧॥
(ਗੁਰ-ਸਰਨ ਆ ਕੇ) ਉਹ ਆਪ ਤਰ ਜਾਂਦਾ ਹੈ, ਸਾਰੇ ਸਨਬੰਧੀਆਂ ਨੂੰ ਤਾਰ ਲੈਂਦਾ ਹੈ ਤੇ ਸਾਰੇ ਜਗਤ ਨੂੰ ਬਚਾ ਲੈਂਦਾ ਹੈ ॥੧॥
ਮਃ ੫ ॥
ਪੰਡਿਤੁ ਆਖਾਏ ਬਹੁਤੀ ਰਾਹੀ ਕੋਰੜ ਮੋਠ ਜਿਨੇਹਾ ॥
ਬਹੁਤੇ ਸ਼ਾਸਤ੍ਰ ਆਦਿਕ ਪੜ੍ਹਨ ਕਰ ਕੇ (ਹੀ ਜੇ ਆਪਣੇ ਆਪ ਨੂੰ ਕੋਈ ਮਨੁੱਖ) ਪੰਡਿਤ ਅਖਵਾਉਂਦਾ ਹੈ (ਪਰ) ਹੈ ਉਹ ਕੋੜਕੂ ਮੋਠ ਵਰਗਾ (ਜੋ ਰਿੰਨ੍ਹਿਆਂ ਗਲਦਾ ਨਹੀਂ)।
ਅੰਦਰਿ ਮੋਹੁ ਨਿਤ ਭਰਮਿ ਵਿਆਪਿਆ ਤਿਸਟਸਿ ਨਾਹੀ ਦੇਹਾ ॥
ਉਸ ਦੇ ਮਨ ਵਿਚ ਮੋਹ (ਪ੍ਰਬਲ) ਹੈ, ਉਸ ਦੀ ਭਟਕਣਾ ਖ਼ਤਮ ਨਹੀਂ ਹੁੰਦੀ।
ਕੂੜੀ ਆਵੈ ਕੂੜੀ ਜਾਵੈ ਮਾਇਆ ਕੀ ਨਿਤ ਜੋਹਾ ॥
ਉਸ ਪੰਡਿਤ ਦੀ (ਵਿੱਦਿਆ ਵਾਲੀ) ਸਾਰੀ ਦੌੜ-ਭੱਜ ਝੂਠ-ਮੂਠ ਹੈ (ਕਿਉਂਕਿ) ਉਸ ਨੂੰ ਸਦਾ ਮਾਇਆ ਦੀ ਹੀ ਝਾਕ ਲੱਗੀ ਰਹਿੰਦੀ ਹੈ।
ਸਚੁ ਕਹੈ ਤਾ ਛੋਹੋ ਆਵੈ ਅੰਤਰਿ ਬਹੁਤਾ ਰੋਹਾ ॥
ਜੇ ਕੋਈ ਉਸ ਨੂੰ ਇਹ ਅਸਲੀਅਤ ਦੱਸੇ ਤਾਂ ਉਸ ਨੂੰ ਖਿੱਝ ਆਉਂਦੀ ਹੈ (ਕਿਉਂਕਿ ਸ਼ਾਸਤ੍ਰ ਆਦਿਕ ਪੜ੍ਹ ਕੇ ਭੀ) ਉਸ ਦੇ ਮਨ ਵਿਚ ਗੁੱਸਾ ਬਹੁਤ ਹੈ।
ਵਿਆਪਿਆ ਦੁਰਮਤਿ ਕੁਬੁਧਿ ਕੁਮੂੜਾ ਮਨਿ ਲਾਗਾ ਤਿਸੁ ਮੋਹਾ ॥
(ਅਜੇਹਾ ਪੰਡਿਤ ਅਸਲ ਵਿਚ) ਭੈੜੀ ਕੋਝੀ ਮੱਤ ਦਾ ਮਾਰਿਆ ਹੋਇਆ ਮਹਾ ਮੂਰਖ ਹੁੰਦਾ ਹੈ ਕਿਉਂਕਿ ਉਸ ਦੇ ਮਨ ਵਿਚ ਮਾਇਆ ਦਾ ਮੋਹ (ਬਲਵਾਨ) ਹੈ;
ਠਗੈ ਸੇਤੀ ਠਗੁ ਰਲਿ ਆਇਆ ਸਾਥੁ ਭਿ ਇਕੋ ਜੇਹਾ ॥
ਅਜੇਹੇ ਠੱਗ ਨਾਲ ਇਕ ਹੋਰ ਇਹੋ ਜਿਹਾ ਹੀ ਠੱਗ ਰਲ ਪੈਂਦਾ ਹੈ, ਦੋਹਾਂ ਦਾ ਵਾਹ-ਵਾਹ ਮੇਲ ਬਣ ਜਾਂਦਾ ਹੈ।
ਸਤਿਗੁਰੁ ਸਰਾਫੁ ਨਦਰੀ ਵਿਚਦੋ ਕਢੈ ਤਾਂ ਉਘੜਿ ਆਇਆ ਲੋਹਾ ॥
ਜਦੋਂ ਸਰਾਫ਼ ਸਤਿਗੁਰੂ ਗਹੁ ਨਾਲ ਪਰਖ ਕਰਦਾ ਹੈ ਤਾਂ (ਇਹ ਬਾਹਰੋਂ ਵਿੱਦਿਆ ਨਾਲ ਚਮਕਦਾ ਸੋਨਾ ਦਿੱਸਣ ਵਾਲਾ, ਪਰ ਅੰਦਰੋਂ) ਲੋਹਾ ਉੱਘੜ ਆਉਂਦਾ ਹੈ।
ਬਹੁਤੇਰੀ ਥਾਈ ਰਲਾਇ ਰਲਾਇ ਦਿਤਾ ਉਘੜਿਆ ਪੜਦਾ ਅਗੈ ਆਇ ਖਲੋਹਾ ॥
ਕਈ ਥਾਈਂ ਭਾਵੇਂ ਇਸ ਨੂੰ ਰਲਾ ਰਲਾ ਕੇ ਰੱਖੀਏ, ਪਰ ਇਸ ਦਾ ਪਾਜ ਖੁਲ੍ਹ ਕੇ ਅਸਲੀਅਤ ਅੱਗੇ ਆ ਹੀ ਜਾਂਦੀ ਹੈ।
ਸਤਿਗੁਰ ਕੀ ਜੇ ਸਰਣੀ ਆਵੈ ਫਿਰਿ ਮਨੂਰਹੁ ਕੰਚਨੁ ਹੋਹਾ ॥
(ਅਜੇਹਾ ਬੰਦਾ ਭੀ) ਜੇ ਸਤਿਗੁਰੂ ਦੀ ਸਰਨ ਵਿਚ ਆ ਜਾਏ ਤਾਂ ਸੜੇ ਹੋਏ ਲੋਹੇ ਤੋਂ ਸੋਨਾ ਬਣ ਜਾਂਦਾ ਹੈ।
ਸਤਿਗੁਰੁ ਨਿਰਵੈਰੁ ਪੁਤ੍ਰ ਸਤ੍ਰ ਸਮਾਨੇ ਅਉਗਣ ਕਟੇ ਕਰੇ ਸੁਧੁ ਦੇਹਾ ॥
ਸਤਿਗੁਰੂ ਨੂੰ ਕਿਸੇ ਨਾਲ ਵੈਰ ਨਹੀਂ, ਉਸ ਨੂੰ ਪੁਤ੍ਰ ਤੇ ਵੈਰੀ ਇਕੋ ਜਿਹੇ ਪਿਆਰੇ ਹਨ (ਜੋ ਕੋਈ ਭੀ ਉਸ ਦੀ ਸਰਨ ਆਵੇ ਉਸ ਦੇ) ਔਗੁਣ ਕੱਟ ਕੇ (ਗੁਰੂ) ਉਸ ਦੇ ਸਰੀਰ ਨੂੰ ਸੁੱਧ ਕਰ ਦੇਂਦਾ ਹੈ।
ਨਾਨਕ ਜਿਸੁ ਧੁਰਿ ਮਸਤਕਿ ਹੋਵੈ ਲਿਖਿਆ ਤਿਸੁ ਸਤਿਗੁਰ ਨਾਲਿ ਸਨੇਹਾ ॥
ਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ ਧੁਰੋਂ ਲੇਖ ਲਿਖਿਆ ਹੋਇਆ ਹੋਵੇ, ਉਸ ਦਾ ਗੁਰੂ ਨਾਲ ਪ੍ਰੇਮ ਬਣਦਾ ਹੈ।
ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸੁ ਕਿਰਪਾਲੁ ਹੋਵੈ ਤਿਸੁ ਰਿਦੈ ਵਸੇਹਾ ॥
ਪੂਰੇ ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਉਸ ਮਨੁੱਖ ਦੇ ਹਿਰਦੇ ਵਿਚ ਵੱਸਦੀ ਹੈ ਜਿਸ ਉਤੇ ਗੁਰੂ ਮੇਹਰ ਕਰੇ।
ਆਵਣ ਜਾਣਾ ਤਿਸ ਕਾ ਕਟੀਐ ਸਦਾ ਸਦਾ ਸੁਖੁ ਹੋਹਾ ॥੨॥
ਉਸ ਮਨੁੱਖ ਦਾ ਜਨਮ ਮਰਨ ਦੇ ਗੇੜ ਮੁੱਕ ਜਾਂਦਾ ਹੈ, ਉਸ ਨੂੰ ਸਦਾ ਹੀ ਸੁਖ ਪ੍ਰਾਪਤ ਹੁੰਦਾ ਹੈ ॥੨॥
ਪਉੜੀ ॥
ਜੋ ਤੁਧੁ ਭਾਣਾ ਜੰਤੁ ਸੋ ਤੁਧੁ ਬੁਝਈ ॥
ਹੇ ਪ੍ਰਭੂ! ਜੇਹੜਾ ਜੀਵ ਤੈਨੂੰ ਪਿਆਰਾ ਲੱਗਦਾ ਹੈ, ਉਹ ਤੇਰੇ ਨਾਲ ਸਾਂਝ ਪਾ ਲੈਂਦਾ ਹੈ।
ਜੋ ਤੁਧੁ ਭਾਣਾ ਜੰਤੁ ਸੁ ਦਰਗਹ ਸਿਝਈ ॥
ਉਹ (ਜੀਵਨ-ਸਫ਼ਰ ਵਿਚ) ਕਾਮਯਾਬ (ਹੋ ਕੇ) ਤੇਰੀ ਹਜ਼ੂਰੀ ਵਿਚ ਪਹੁੰਚਦਾ ਹੈ।
ਜਿਸ ਨੋ ਤੇਰੀ ਨਦਰਿ ਹਉਮੈ ਤਿਸੁ ਗਈ ॥
ਜਿਸ ਉਤੇ ਤੇਰੀ ਮੇਹਰ ਦੀ ਨਜ਼ਰ ਹੋਵੇ, ਉਸ ਦਾ ਆਪਾ-ਭਾਵ ਦੂਰ ਹੋ ਜਾਂਦਾ ਹੈ।
ਜਿਸ ਨੋ ਤੂ ਸੰਤੁਸਟੁ ਕਲਮਲ ਤਿਸੁ ਖਈ ॥
ਜਿਸ ਉਤੇ ਤੂੰ ਖ਼ੁਸ਼ ਹੋ ਜਾਏਂ ਉਸ ਦੇ ਸਾਰੇ ਪਾਪ ਮੁੱਕ ਜਾਂਦੇ ਹਨ।
ਜਿਸ ਕੈ ਸੁਆਮੀ ਵਲਿ ਨਿਰਭਉ ਸੋ ਭਈ ॥
ਮਾਲਕ-ਪ੍ਰਭੂ ਜਿਸ ਮਨੁੱਖ ਦੇ ਪੱਖ ਤੇ ਹੋਵੇ, ਉਹ (ਦੁਨੀਆ ਦੇ ਡਰ-ਸਹਿਮਾਂ ਵਲੋਂ) ਨਿਡਰ ਹੋ ਜਾਂਦਾ ਹੈ।
ਜਿਸ ਨੋ ਤੂ ਕਿਰਪਾਲੁ ਸਚਾ ਸੋ ਥਿਅਈ ॥
ਹੇ ਪ੍ਰਭੂ! ਜਿਸ ਉਤੇ ਤੂੰ ਦਿਆਲ ਹੋਵੇਂ, ਉਹ (ਮਾਇਆ ਦੇ ਹੱਲਿਆਂ ਅੱਗੇ) ਅਡੋਲ ਹੋ ਜਾਂਦਾ ਹੈ।
ਜਿਸ ਨੋ ਤੇਰੀ ਮਇਆ ਨ ਪੋਹੈ ਅਗਨਈ ॥
ਜਿਸ ਉਤੇ ਮੇਹਰ ਹੋਵੇ ਉਸ ਨੂੰ (ਮਾਇਆ ਦੀ) ਅੱਗ ਪੋਹ ਹੀ ਨਹੀਂ ਸਕਦੀ।
ਤਿਸ ਨੋ ਸਦਾ ਦਇਆਲੁ ਜਿਨਿ ਗੁਰ ਤੇ ਮਤਿ ਲਈ ॥੭॥
ਪਰ, (ਹੇ ਪ੍ਰਭੂ!) ਤੂੰ ਉਸੇ ਉਤੇ ਸਦਾ ਦਿਆਲ ਹੈਂ, ਜਿਸ ਨੇ ਗੁਰੂ ਪਾਸੋਂ (ਮਨੁੱਖਾ ਜੀਵਨ ਜੀਊਣ ਦੀ) ਅਕਲ ਸਿੱਖੀ ॥੭॥
ਸਲੋਕ ਮਃ ੫ ॥
ਕਰਿ ਕਿਰਪਾ ਕਿਰਪਾਲ ਆਪੇ ਬਖਸਿ ਲੈ ॥
ਹੇ ਕਿਰਪਾਲ (ਪ੍ਰਭੂ)! ਮੇਹਰ ਕਰ, ਤੇ ਤੂੰ ਆਪ ਹੀ ਮੈਨੂੰ ਬਖ਼ਸ਼ ਲੈ,
ਸਦਾ ਸਦਾ ਜਪੀ ਤੇਰਾ ਨਾਮੁ ਸਤਿਗੁਰ ਪਾਇ ਪੈ ॥
ਸਤਿਗੁਰੂ ਦੇ ਚਰਨਾਂ ਉਤੇ ਢਹਿ ਕੇ ਮੈਂ ਸਦਾ ਹੀ ਤੇਰਾ ਨਾਮ ਜਪਦਾ ਰਹਾਂ।
ਮਨ ਤਨ ਅੰਤਰਿ ਵਸੁ ਦੂਖਾ ਨਾਸੁ ਹੋਇ ॥
(ਹੇ ਕਿਰਪਾਲ!) ਮੇਰੇ ਮਨ ਵਿਚ ਤਨ ਵਿਚ ਆ ਵੱਸ (ਤਾਕਿ) ਮੇਰੇ ਦੁੱਖ ਮੁੱਕ ਜਾਣ।
ਹਥ ਦੇਇ ਆਪਿ ਰਖੁ ਵਿਆਪੈ ਭਉ ਨ ਕੋਇ ॥
ਤੂੰ ਆਪ ਮੈਨੂੰ ਆਪਣੇ ਹੱਥ ਦੇ ਕੇ ਰੱਖ, ਕੋਈ ਡਰ ਮੇਰੇ ਉਤੇ ਜ਼ੋਰ ਨਾ ਪਾ ਸਕੇ।
ਗੁਣ ਗਾਵਾ ਦਿਨੁ ਰੈਣਿ ਏਤੈ ਕੰਮਿ ਲਾਇ ॥
(ਹੇ ਕਿਰਪਾਲ!) ਮੈਨੂੰ ਇਸੇ ਕੰਮ ਲਾਈ ਰੱਖ ਕਿ ਮੈਂ ਦਿਨ ਰਾਤ ਤੇਰੇ ਗੁਣ ਗਾਂਦਾ ਰਹਾਂ।
ਸੰਤ ਜਨਾ ਕੈ ਸੰਗਿ ਹਉਮੈ ਰੋਗੁ ਜਾਇ ॥
ਗੁਰਮੁਖਾਂ ਦੀ ਸੰਗਤ ਵਿਚ ਰਹਿ ਕੇ ਮੇਰਾ ਹਉਮੈ ਦਾ ਰੋਗ ਕੱਟਿਆ ਜਾਏ।
ਸਰਬ ਨਿਰੰਤਰਿ ਖਸਮੁ ਏਕੋ ਰਵਿ ਰਹਿਆ ॥
(ਭਾਵੇਂ) ਖਸਮ-ਪ੍ਰਭੂ ਹੀ ਸਭ ਜੀਵਾਂ ਵਿਚ ਇਕ-ਰਸ ਵਿਆਪਕ ਹੈ,
ਗੁਰਪਰਸਾਦੀ ਸਚੁ ਸਚੋ ਸਚੁ ਲਹਿਆ ॥
ਪਰ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਜਿਸ ਨੇ ਲੱਭਾ ਹੈ ਗੁਰੂ ਦੀ ਮੇਹਰ ਨਾਲ ਲੱਭਾ ਹੈ।
ਦਇਆ ਕਰਹੁ ਦਇਆਲ ਅਪਣੀ ਸਿਫਤਿ ਦੇਹੁ ॥
ਹੇ ਦਿਆਲ ਪ੍ਰਭੂ! ਦਇਆ ਕਰ, ਮੈਨੂੰ ਆਪਣੀ ਸਿਫ਼ਤ-ਸਾਲਾਹ ਬਖ਼ਸ਼।
ਦਰਸਨੁ ਦੇਖਿ ਨਿਹਾਲ ਨਾਨਕ ਪ੍ਰੀਤਿ ਏਹ ॥੧॥
(ਮੈਨੂੰ) ਨਾਨਕ ਨੂੰ ਇਹੀ ਤਾਂਘ ਹੈ ਕਿ ਤੇਰਾ ਦਰਸਨ ਕਰ ਕੇ ਖਿੜਿਆ ਰਹਾਂ ॥੧॥
ਮਃ ੫ ॥
ਏਕੋ ਜਪੀਐ ਮਨੈ ਮਾਹਿ ਇਕਸ ਕੀ ਸਰਣਾਇ ॥
ਇਕ ਪ੍ਰਭੂ ਨੂੰ ਹੀ ਮਨ ਵਿਚ ਧਿਆਉਣਾ ਚਾਹੀਦਾ ਹੈ, ਇਕ ਪ੍ਰਭੂ ਦੀ ਹੀ ਸਰਨ ਲੈਣੀ ਚਾਹੀਦੀ ਹੈ।
ਇਕਸੁ ਸਿਉ ਕਰਿ ਪਿਰਹੜੀ ਦੂਜੀ ਨਾਹੀ ਜਾਇ ॥
ਹੇ ਮਨ! ਇਕ ਪ੍ਰਭੂ ਨਾਲ ਹੀ ਪ੍ਰੇਮ ਪਾ, ਉਸ ਤੋਂ ਬਿਨਾ ਹੋਰ ਕੋਈ ਥਾਂ ਟਿਕਾਣਾ ਨਹੀਂ ਹੈ।
ਇਕੋ ਦਾਤਾ ਮੰਗੀਐ ਸਭੁ ਕਿਛੁ ਪਲੈ ਪਾਇ ॥
ਇਕ ਪ੍ਰਭੂ ਦਾਤੇ ਪਾਸੋਂ ਹੀ ਮੰਗਣਾ ਚਾਹੀਦਾ ਹੈ, ਹਰੇਕ ਚੀਜ਼ ਉਸੇ ਪਾਸੋਂ ਮਿਲਦੀ ਹੈ।
ਮਨਿ ਤਨਿ ਸਾਸਿ ਗਿਰਾਸਿ ਪ੍ਰਭੁ ਇਕੋ ਇਕੁ ਧਿਆਇ ॥
ਮਨ ਦੀ ਰਾਹੀਂ ਸਰੀਰ ਦੀ ਰਾਹੀਂ ਸੁਆਸ ਸੁਆਸ ਖਾਂਦਿਆਂ ਪੀਂਦਿਆਂ ਇਕ ਪ੍ਰਭੂ ਨੂੰ ਹੀ ਸਿਮਰ।
ਅੰਮ੍ਰਿਤੁ ਨਾਮੁ ਨਿਧਾਨੁ ਸਚੁ ਗੁਰਮੁਖਿ ਪਾਇਆ ਜਾਇ ॥
ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਕਾਇਮ ਰਹਿਣ ਵਾਲਾ ਖ਼ਜ਼ਾਨਾ ਗੁਰੂ ਦੀ ਰਾਹੀਂ ਹੀ ਮਿਲਦਾ ਹੈ।
ਵਡਭਾਗੀ ਤੇ ਸੰਤ ਜਨ ਜਿਨ ਮਨਿ ਵੁਠਾ ਆਇ ॥
ਉਹ ਗੁਰਮੁਖਿ ਬੰਦੇ ਬੜੇ ਭਾਗਾਂ ਵਾਲੇ ਹਨ ਜਿਨ੍ਹਾਂ ਦੇ ਮਨ ਵਿਚ ਪ੍ਰਭੂ ਆ ਵੱਸਦਾ ਹੈ।
ਜਲਿ ਥਲਿ ਮਹੀਅਲਿ ਰਵਿ ਰਹਿਆ ਦੂਜਾ ਕੋਈ ਨਾਹਿ ॥
ਪ੍ਰਭੂ ਜਲ ਵਿਚ ਧਰਤੀ ਵਿਚ ਆਕਾਸ਼ ਵਿਚ (ਹਰ ਥਾਂ) ਮੌਜੂਦ ਹੈ, ਉਸ ਤੋਂ ਬਿਨਾ (ਕਿਤੇ ਭੀ) ਕੋਈ ਹੋਰ ਨਹੀਂ ਹੈ।
ਨਾਮੁ ਧਿਆਈ ਨਾਮੁ ਉਚਰਾ ਨਾਨਕ ਖਸਮ ਰਜਾਇ ॥੨॥
ਹੇ ਨਾਨਕ! (ਅਰਦਾਸ ਕਰ ਕਿ) ਮੈਂ ਵੀ ਉਸ ਪ੍ਰਭੂ ਦਾ ਨਾਮ ਸਿਮਰਾਂ, ਨਾਮ (ਮੂੰਹ ਨਾਲ) ਉਚਾਰਾਂ ਤੇ ਉਸ ਖਸਮ-ਪ੍ਰਭੂ ਦੀ ਰਜ਼ਾ ਵਿਚ ਰਹਾਂ ॥੨॥
ਪਉੜੀ ॥
ਜਿਸ ਨੋ ਤੂ ਰਖਵਾਲਾ ਮਾਰੇ ਤਿਸੁ ਕਉਣੁ ॥
(ਹੇ ਪ੍ਰਭੂ!) ਜਿਸ ਮਨੁੱਖ ਨੂੰ ਤੂੰ ਰਾਖਾ ਮਿਲਿਆ ਹੈਂ, ਉਸ ਨੂੰ ਕੋਈ (ਵਿਕਾਰ ਆਦਿਕ) ਮਾਰ ਨਹੀਂ ਸਕਦਾ,
ਜਿਸ ਨੋ ਤੂ ਰਖਵਾਲਾ ਜਿਤਾ ਤਿਨੈ ਭੈਣੁ ॥
ਕਿਉਂਕਿ ਜਿਸ ਮਨੁੱਖ ਨੂੰ ਤੂੰ ਰਾਖਾ ਮਿਲਿਆ ਹੈਂ, ਉਸ ਨੇ ਤਾਂ (ਸਾਰਾ) ਜਗਤ (ਹੀ) ਜਿੱਤ ਲਿਆ ਹੈ।
ਜਿਸ ਨੋ ਤੇਰਾ ਅੰਗੁ ਤਿਸੁ ਮੁਖੁ ਉਜਲਾ ॥
(ਹੇ ਪ੍ਰਭੂ!) ਜਿਸ ਨੂੰ ਤੇਰਾ ਆਸਰਾ ਪ੍ਰਾਪਤ ਹੈ ਉਹ (ਮਨੁੱਖਤਾ ਦੀ ਜ਼ਿੰਮੇਵਾਰੀ ਵਿਚ) ਸੁਰਖ਼ਰੂ ਹੋ ਗਿਆ ਹੈ,
ਜਿਸ ਨੋ ਤੇਰਾ ਅੰਗੁ ਸੁ ਨਿਰਮਲੀ ਹੂੰ ਨਿਰਮਲਾ ॥
ਜਿਸ ਨੂੰ ਤੇਰਾ ਆਸਰਾ ਪ੍ਰਾਪਤ ਹੈ ਉਹ ਬੜੇ ਹੀ ਪਵਿਤ੍ਰ ਜੀਵਨ ਵਾਲਾ ਬਣ ਗਿਆ ਹੈ।
ਜਿਸ ਨੋ ਤੇਰੀ ਨਦਰਿ ਨ ਲੇਖਾ ਪੁਛੀਐ ॥
(ਹੇ ਪ੍ਰਭੂ!) ਜਿਸ ਨੂੰ ਤੇਰੀ (ਮੇਹਰ ਦੀ) ਨਜ਼ਰ ਨਸੀਬ ਹੋਈ ਹੈ ਉਸ ਨੂੰ (ਜ਼ਿੰਦਗੀ ਵਿਚ ਕੀਤੇ ਕੰਮਾਂ ਦਾ) ਹਿਸਾਬ ਨਹੀਂ ਪੁੱਛਿਆ ਜਾਂਦਾ,
ਜਿਸ ਨੋ ਤੇਰੀ ਖੁਸੀ ਤਿਨਿ ਨਉ ਨਿਧਿ ਭੁੰਚੀਐ ॥
ਕਿਉਂਕਿ ਹੇ ਪ੍ਰਭੂ! ਜਿਸ ਨੂੰ ਤੇਰੀ ਖ਼ੁਸ਼ੀ ਪ੍ਰਾਪਤ ਹੋਈ ਹੈ ਉਸ ਨੇ ਤੇਰੇ ਨਾਮ-ਰੂਪ ਨੌ ਖ਼ਜ਼ਾਨੇ ਮਾਣ ਲਏ ਹਨ।
ਜਿਸ ਨੋ ਤੂ ਪ੍ਰਭ ਵਲਿ ਤਿਸੁ ਕਿਆ ਮੁਹਛੰਦਗੀ ॥
ਹੇ ਪ੍ਰਭੂ! ਜਿਸ ਬੰਦੇ ਦੇ ਧੜੇ ਤੇ ਤੂੰ ਹੈਂ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ,
ਜਿਸ ਨੋ ਤੇਰੀ ਮਿਹਰ ਸੁ ਤੇਰੀ ਬੰਦਿਗੀ ॥੮॥
(ਕਿਉਂਕਿ) ਜਿਸ ਉਤੇ ਤੇਰੀ ਮੇਹਰ ਹੈ ਉਹ ਤੇਰੀ ਭਗਤੀ ਕਰਦਾ ਹੈ ॥੮॥
ਸਲੋਕ ਮਹਲਾ ੫ ॥
ਹੋਹੁ ਕ੍ਰਿਪਾਲ ਸੁਆਮੀ ਮੇਰੇ ਸੰਤਾਂ ਸੰਗਿ ਵਿਹਾਵੇ ॥
ਹੇ ਮੇਰੇ ਸੁਆਮੀ! ਮੇਰੇ ਉਤੇ ਦਇਆ ਕਰ, ਮੇਰੀ ਉਮਰ ਸੰਤਾਂ ਦੀ ਸੰਗਤ ਵਿਚ ਰਹਿ ਕੇ ਬੀਤੇ।
ਤੁਧਹੁ ਭੁਲੇ ਸਿ ਜਮਿ ਜਮਿ ਮਰਦੇ ਤਿਨ ਕਦੇ ਨ ਚੁਕਨਿ ਹਾਵੇ ॥੧॥
ਜੋ ਮਨੁੱਖ ਤੈਥੋਂ ਵਿੱਛੜ ਜਾਂਦੇ ਹਨ ਉਹ ਸਦਾ ਜੰਮਦੇ ਮਰਦੇ ਰਹਿੰਦੇ ਹਨ, ਉਹਨਾਂ ਦੇ ਹਾਹੁਕੇ ਕਦੇ ਮੁੱਕਦੇ ਨਹੀਂ ॥੧॥
ਮਃ ੫ ॥
ਸਤਿਗੁਰੁ ਸਿਮਰਹੁ ਆਪਣਾ ਘਟਿ ਅਵਘਟਿ ਘਟ ਘਾਟ ॥
ਆਪਣੇ ਗੁਰੂ ਨੂੰ (ਆਪਣੇ) ਹਿਰਦੇ ਵਿਚ ਉੱਠਦਿਆਂ ਬੈਠਦਿਆਂ ਹਰ ਸਮੇ (ਹਰ ਥਾਂ) ਚੇਤੇ ਰੱਖੋ।
ਹਰਿ ਹਰਿ ਨਾਮੁ ਜਪੰਤਿਆ ਕੋਇ ਨ ਬੰਧੈ ਵਾਟ ॥੨॥
ਪਰਮਾਤਮਾ ਦਾ ਨਾਮ ਸਿਮਰਿਆਂ ਜ਼ਿੰਦਗੀ ਦੇ ਰਸਤੇ ਵਿਚ ਕੋਈ ਵਿਕਾਰ ਰੋਕ ਨਹੀਂ ਪਾ ਸਕਦਾ ॥੨॥
ਪਉੜੀ ॥
ਤਿਥੈ ਤੂ ਸਮਰਥੁ ਜਿਥੈ ਕੋਇ ਨਾਹਿ ॥
(ਹੇ ਪ੍ਰਭੂ!) ਜਿੱਥੇ ਹੋਰ ਕੋਈ (ਜੀਵ ਸਹਾਇਤਾ ਕਰਨ ਜੋਗਾ) ਨਹੀਂ ਉਥੇ, ਹੇ ਪ੍ਰਭੂ! ਤੂੰ ਹੀ ਮਦਦ ਕਰਨ ਜੋਗਾ ਹੈਂ।
ਓਥੈ ਤੇਰੀ ਰਖ ਅਗਨੀ ਉਦਰ ਮਾਹਿ ॥
ਮਾਂ ਦੇ ਪੇਟ ਦੀ ਅੱਗ ਵਿਚ ਜੀਵ ਨੂੰ ਤੇਰਾ ਹੀ ਸਹਾਰਾ ਹੁੰਦਾ ਹੈ।
ਸੁਣਿ ਕੈ ਜਮ ਕੇ ਦੂਤ ਨਾਇ ਤੇਰੈ ਛਡਿ ਜਾਹਿ ॥
(ਹੇ ਪ੍ਰਭੂ! ਤੇਰਾ ਨਾਮ) ਸੁਣ ਕੇ ਜਮਦੂਤ (ਨੇੜੇ ਨਹੀਂ ਢੁਕਦੇ), ਤੇਰੇ ਨਾਮ ਦੀ ਬਰਕਤਿ ਨਾਲ (ਜੀਵ ਨੂੰ) ਛੱਡ ਕੇ ਚਲੇ ਜਾਂਦੇ ਹਨ।
ਭਉਜਲੁ ਬਿਖਮੁ ਅਸਗਾਹੁ ਗੁਰਸਬਦੀ ਪਾਰਿ ਪਾਹਿ ॥
ਇਸ ਔਖੇ ਤੇ ਅਥਾਹ ਸੰਸਾਰ-ਸਮੁੰਦਰ ਨੂੰ ਜੀਵ ਗੁਰੂ ਦੇ ਸ਼ਬਦ (ਦੀ ਸਹਾਇਤਾ) ਨਾਲ ਪਾਰ ਕਰ ਲੈਂਦੇ ਹਨ।
ਜਿਨ ਕਉ ਲਗੀ ਪਿਆਸ ਅੰਮ੍ਰਿਤੁ ਸੇਇ ਖਾਹਿ ॥
ਪਰ ਉਹੀ ਬੰਦੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਛਕਦੇ ਹਨ ਜਿਨ੍ਹਾਂ ਦੇ ਅੰਦਰ ਇਸ ਦੀ ਭੁੱਖ-ਪਿਆਸ ਪੈਦਾ ਹੋਈ ਹੈ।
ਕਲਿ ਮਹਿ ਏਹੋ ਪੁੰਨੁ ਗੁਣ ਗੋਵਿੰਦ ਗਾਹਿ ॥
ਜੇਹੜੇ ਸੰਸਾਰ ਵਿਚ ਨਾਮ-ਸਿਮਰਨ ਨੂੰ ਹੀ ਸਭ ਤੋਂ ਚੰਗਾ ਨੇਕ ਕੰਮ ਜਾਣ ਕੇ ਪ੍ਰਭੂ ਦੇ ਗੁਣ ਗਾਂਦੇ ਹਨ।
ਸਭਸੈ ਨੋ ਕਿਰਪਾਲੁ ਸਮੑਾਲੇ ਸਾਹਿ ਸਾਹਿ ॥
ਕਿਰਪਾਲ ਪ੍ਰਭੂ ਹਰੇਕ ਜੀਵ ਦੀ ਸੁਆਸ ਸੁਆਸ ਸੰਭਾਲ ਕਰਦਾ ਹੈ।
ਬਿਰਥਾ ਕੋਇ ਨ ਜਾਇ ਜਿ ਆਵੈ ਤੁਧੁ ਆਹਿ ॥੯॥
ਹੇ ਪ੍ਰਭੂ! ਜਿਹੜਾ ਜੀਵ ਤੇਰੀ ਸਰਨ ਆਉਂਦਾ ਹੈ ਉਹ (ਤੇਰੇ ਦਰ ਤੋਂ) ਖ਼ਾਲੀ ਨਹੀਂ ਜਾਂਦਾ ॥੯॥
ਸਲੋਕ ਮਃ ੫ ॥
ਦੂਜਾ ਤਿਸੁ ਨ ਬੁਝਾਇਹੁ ਪਾਰਬ੍ਰਹਮ ਨਾਮੁ ਦੇਹੁ ਆਧਾਰੁ ॥
ਹੇ ਪਾਰਬ੍ਰਹਮ! ਜਿਸ ਮਨੁੱਖ ਨੂੰ ਤੂੰ ਆਪਣਾ ਨਾਮ ਆਸਰਾ ਦੇਂਦਾ ਹੈਂ, ਉਸ ਨੂੰ ਤੂੰ ਕੋਈ ਹੋਰ ਆਸਰਾ ਨਹੀਂ ਸੁਝਾਉਂਦਾ।
ਅਗਮੁ ਅਗੋਚਰੁ ਸਾਹਿਬੋ ਸਮਰਥੁ ਸਚੁ ਦਾਤਾਰੁ ॥
ਤੂੰ ਅਪਹੁੰਚ ਹੈਂ; ਇੰਦ੍ਰਿਆਂ ਦੀ ਦੌੜ ਤੋਂ ਪਰੇ ਹੈਂ, ਤੂੰ ਹਰੇਕ ਸੱਤਿਆ ਵਾਲਾ ਮਾਲਕ ਹੈਂ।
ਤੂ ਨਿਹਚਲੁ ਨਿਰਵੈਰੁ ਸਚੁ ਸਚਾ ਤੁਧੁ ਦਰਬਾਰੁ ॥
ਤੂੰ ਸਦਾ-ਥਿਰ ਰਹਿਣ ਵਾਲਾ ਦਾਤਾ ਹੈਂ, ਤੂੰ ਅਟੱਲ ਹੈਂ, ਤੇਰਾ ਕਿਸੇ ਨਾਲ ਵੈਰ ਨਹੀਂ, ਤੇਰਾ ਦਰਬਾਰ ਸਦਾ ਕਾਇਮ ਰਹਿਣ ਵਾਲਾ ਹੈ।
ਕੀਮਤਿ ਕਹਣੁ ਨ ਜਾਈਐ ਅੰਤੁ ਨ ਪਾਰਾਵਾਰੁ ॥
ਤੇਰਾ ਅੰਤ ਨਹੀਂ ਪੈ ਸਕਦਾ, ਤੇਰਾ ਹੱਦ-ਬੰਨਾ ਨਹੀਂ ਲੱਭ ਸਕਦਾ, ਤੇਰਾ ਮੁੱਲ ਨਹੀਂ ਪੈ ਸਕਦਾ।
ਪ੍ਰਭੁ ਛੋਡਿ ਹੋਰੁ ਜਿ ਮੰਗਣਾ ਸਭੁ ਬਿਖਿਆ ਰਸ ਛਾਰੁ ॥
ਪਰਮਾਤਮਾ ਨੂੰ ਵਿਸਾਰ ਕੇ ਹੋਰ ਹੋਰ ਚੀਜ਼ਾਂ ਮੰਗਣੀਆਂ-ਇਹ ਸਭ ਮਾਇਆ ਦੇ ਚਸਕੇ ਹਨ ਤੇ ਸੁਆਹ-ਤੁੱਲ ਹਨ।
ਸੇ ਸੁਖੀਏ ਸਚੁ ਸਾਹ ਸੇ ਜਿਨ ਸਚਾ ਬਿਉਹਾਰੁ ॥
(ਅਸਲ ਵਿਚ) ਉਹੀ ਬੰਦੇ ਸੁਖੀ ਹਨ, ਉਹੀ ਸਦਾ ਕਾਇਮ ਰਹਿਣ ਵਾਲੇ ਸ਼ਾਹ ਹਨ ਜਿਨ੍ਹਾਂ ਨੇ ਸਦਾ-ਥਿਰ ਰਹਿਣ ਵਾਲਾ ਨਾਮ ਦਾ ਵਪਾਰ ਕੀਤਾ ਹੈ।
ਜਿਨਾ ਲਗੀ ਪ੍ਰੀਤਿ ਪ੍ਰਭ ਨਾਮ ਸਹਜ ਸੁਖ ਸਾਰੁ ॥
ਜਿਨ੍ਹਾਂ ਬੰਦਿਆਂ ਦੀ ਪ੍ਰੀਤ ਪ੍ਰਭੂ ਦੇ ਨਾਮ ਨਾਲ ਬਣੀ ਹੈ ਉਹਨਾਂ ਨੂੰ ਆਤਮਕ ਅਡੋਲਤਾ ਦਾ ਸ੍ਰੇਸ਼ਟ ਸੁਖ ਨਸੀਬ ਹੈ।
ਨਾਨਕ ਇਕੁ ਆਰਾਧੇ ਸੰਤਨ ਰੇਣਾਰੁ ॥੧॥
ਹੇ ਨਾਨਕ! ਉਹ ਮਨੁੱਖ ਗੁਰਮੁਖਾਂ ਦੇ ਚਰਨਾਂ ਦੀ ਧੂੜ ਵਿਚ ਰਹਿ ਕੇ ਇਕ ਪ੍ਰਭੂ ਨੂੰ ਅਰਾਧਦੇ ਹਨ ॥੧॥
ਮਃ ੫ ॥
ਅਨਦ ਸੂਖ ਬਿਸ੍ਰਾਮ ਨਿਤ ਹਰਿ ਕਾ ਕੀਰਤਨੁ ਗਾਇ ॥
ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ ਸਦਾ ਅਨੰਦ ਸਦਾ ਸੁਖ ਤੇ ਸਦਾ ਸ਼ਾਂਤੀ ਬਣੀ ਰਹਿੰਦੀ ਹੈ।
ਅਵਰ ਸਿਆਣਪ ਛਾਡਿ ਦੇਹਿ ਨਾਨਕ ਉਧਰਸਿ ਨਾਇ ॥੨॥
ਹੇ ਨਾਨਕ! ਹੋਰ ਚਤੁਰਾਈਆਂ ਛੱਡ ਦੇਹ, ਨਾਮ ਦੀ ਬਰਕਤਿ ਨਾਲ (ਸੰਸਾਰ-ਸਮੁੰਦਰ ਤੋਂ) ਤਰ ਜਾਹਿਂਗਾ ॥੨॥
ਪਉੜੀ ॥
ਨਾ ਤੂ ਆਵਹਿ ਵਸਿ ਬਹੁਤੁ ਘਿਣਾਵਣੇ ॥
ਹੇ ਪ੍ਰਭੂ! ਬਹੁਤੇ ਵਿਖਾਵੇ ਦੇ ਤਰਲੇ ਲਿਆਂ ਤੂੰ ਕਿਸੇ ਜੀਵ ਦੇ ਵੱਸ ਵਿਚ ਨਹੀਂ ਆਉਂਦਾ,
ਨਾ ਤੂ ਆਵਹਿ ਵਸਿ ਬੇਦ ਪੜਾਵਣੇ ॥
ਵੇਦ ਪੜ੍ਹਨ ਪੜ੍ਹਾਉਣ ਨਾਲ ਤੂੰ ਕਿਸੇ ਜੀਵ ਦੇ ਵੱਸ ਵਿਚ ਨਹੀਂ ਆਉਂਦਾ,
ਨਾ ਤੂ ਆਵਹਿ ਵਸਿ ਤੀਰਥਿ ਨਾਈਐ ॥
ਤੀਰਥ ਉਤੇ ਇਸ਼ਨਾਨ ਕਰਨ ਨਾਲ ਤੂੰ ਕਿਸੇ ਜੀਵ ਦੇ ਵੱਸ ਵਿਚ ਨਹੀਂ ਆਉਂਦਾ,
ਨਾ ਤੂ ਆਵਹਿ ਵਸਿ ਧਰਤੀ ਧਾਈਐ ॥
(ਰਮਤੇ ਸਾਧੂਆਂ ਵਾਂਗ) ਸਾਰੀ ਧਰਤੀ ਗਾਹਣ ਨਾਲ, ਤੂੰ ਕਿਸੇ ਜੀਵ ਦੇ ਵੱਸ ਵਿਚ ਨਹੀਂ ਆਉਂਦਾ,
ਨਾ ਤੂ ਆਵਹਿ ਵਸਿ ਕਿਤੈ ਸਿਆਣਪੈ ॥
ਕਿਸੇ ਚਤੁਰਾਈ-ਸਿਆਣਪ ਨਾਲ ਤੂੰ ਕਿਸੇ ਜੀਵ ਦੇ ਵੱਸ ਵਿਚ ਨਹੀਂ ਆਉਂਦਾ,
ਨਾ ਤੂ ਆਵਹਿ ਵਸਿ ਬਹੁਤਾ ਦਾਨੁ ਦੇ ॥
ਬਹੁਤਾ ਦਾਨ ਦੇਣ ਨਾਲ, ਤੂੰ ਕਿਸੇ ਜੀਵ ਦੇ ਵੱਸ ਵਿਚ ਨਹੀਂ ਆਉਂਦਾ (ਕਿਸੇ ਉਤੇ ਰੀਝਦਾ ਨਹੀਂ)।
ਸਭੁ ਕੋ ਤੇਰੈ ਵਸਿ ਅਗਮ ਅਗੋਚਰਾ ॥
ਹੇ ਅਪਹੁੰਚ ਤੇ ਅਗੋਚਰ ਪ੍ਰਭੂ! ਹਰੇਕ ਜੀਵ ਤੇਰੇ ਅਧੀਨ ਹੈ (ਇਹਨਾਂ ਵਿਖਾਵੇ ਦੇ ਉੱਦਮਾਂ ਨਾਲ ਕੋਈ ਜੀਵ ਤੇਰੀ ਪ੍ਰਸੰਨਤਾ ਪ੍ਰਾਪਤ ਨਹੀਂ ਕਰ ਸਕਦਾ)।
ਤੂ ਭਗਤਾ ਕੈ ਵਸਿ ਭਗਤਾ ਤਾਣੁ ਤੇਰਾ ॥੧੦॥
ਤੂੰ ਸਿਰਫ਼ ਉਹਨਾਂ ਉਤੇ ਰੀਝਦਾ ਹੈਂ ਜੋ ਸਦਾ ਤੇਰਾ ਸਿਮਰਨ ਕਰਦੇ ਹਨ, (ਕਿਉਂਕਿ) ਤੇਰਾ ਭਜਨ-ਸਿਮਰਨ ਕਰਨ ਵਾਲਿਆਂ ਨੂੰ (ਸਿਰਫ਼) ਤੇਰਾ ਆਸਰਾ-ਪਰਨਾ ਹੁੰਦਾ ਹੈ ॥੧੦॥
ਸਲੋਕ ਮਃ ੫ ॥
ਆਪੇ ਵੈਦੁ ਆਪਿ ਨਾਰਾਇਣੁ ॥
ਪਰਮਾਤਮਾ ਆਪ ਹੀ (ਆਤਮਾ ਦੇ ਰੋਗ ਹਟਾਣ ਵਾਲਾ) ਹਕੀਮ ਹੈ,
ਏਹਿ ਵੈਦ ਜੀਅ ਕਾ ਦੁਖੁ ਲਾਇਣ ॥
ਇਹ (ਦੁਨੀਆ ਵਾਲੇ) ਹਕੀਮ (ਪਖੰਡੀ ਧਰਮ-ਆਗੂ) ਆਤਮਾ ਨੂੰ ਸਗੋਂ ਦੁੱਖ ਚੰਬੋੜਦੇ ਹਨ;
ਗੁਰ ਕਾ ਸਬਦੁ ਅੰਮ੍ਰਿਤ ਰਸੁ ਖਾਇਣ ॥
(ਆਤਮਾ ਦੇ ਰੋਗ ਕੱਟਣ ਲਈ) ਖਾਣ-ਜੋਗੀ ਚੀਜ਼ ਸਤਿਗੁਰੂ ਦਾ ਸ਼ਬਦ ਹੈ (ਜਿਸ ਵਿਚੋਂ) ਅੰਮ੍ਰਿਤ ਦਾ ਸੁਆਦ (ਆਉਂਦਾ ਹੈ)।
ਨਾਨਕ ਜਿਸੁ ਮਨਿ ਵਸੈ ਤਿਸ ਕੇ ਸਭਿ ਦੂਖ ਮਿਟਾਇਣ ॥੧॥
ਹੇ ਨਾਨਕ! ਜਿਸ ਮਨੁੱਖ ਦੇ ਮਨ ਵਿਚ (ਗੁਰੂ ਦਾ ਸ਼ਬਦ) ਵੱਸਦਾ ਹੈ ਉਸ ਦੇ ਸਾਰੇ ਦੁੱਖ ਮਿਟ ਜਾਂਦੇ ਹਨ ॥੧॥
ਮਃ ੫ ॥
ਹੁਕਮਿ ਉਛਲੈ ਹੁਕਮੇ ਰਹੈ ॥
ਪ੍ਰਭੂ ਦੇ ਹੁਕਮ ਅਨੁਸਾਰ ਜੀਵ ਭਟਕਦਾ ਹੈ, ਹੁਕਮ ਅਨੁਸਾਰ ਹੀ ਟਿਕਿਆ ਰਹਿੰਦਾ ਹੈ।
ਹੁਕਮੇ ਦੁਖੁ ਸੁਖੁ ਸਮ ਕਰਿ ਸਹੈ ॥
ਪ੍ਰਭੂ ਦੇ ਹੁਕਮ ਵਿਚ ਹੀ ਜੀਵ ਦੁੱਖ ਸੁਖ ਨੂੰ ਇਕੋ ਜਿਹਾ ਜਾਣ ਕੇ ਸਹਾਰਦਾ ਹੈ,
ਹੁਕਮੇ ਨਾਮੁ ਜਪੈ ਦਿਨੁ ਰਾਤਿ ॥
ਉਹ ਮਨੁੱਖ ਉਸ ਦੇ ਹੁਕਮ ਵਿਚ ਹੀ ਦਿਨ ਰਾਤ ਉਸ ਦਾ ਨਾਮ ਜਪਦਾ ਹੈ,
ਨਾਨਕ ਜਿਸ ਨੋ ਹੋਵੈ ਦਾਤਿ ॥
ਹੇ ਨਾਨਕ! ਜਿਸ ਮਨੁੱਖ ਉੱਤੇ ਪ੍ਰਭੂ ਬਖ਼ਸ਼ਸ਼ ਕਰਦਾ ਹੈ।
ਹੁਕਮਿ ਮਰੈ ਹੁਕਮੇ ਹੀ ਜੀਵੈ ॥
ਪ੍ਰਭੂ ਦੇ ਹੁਕਮ ਵਿਚ ਜੀਵ ਮਰਦਾ ਹੈ, ਹੁਕਮ ਵਿਚ ਹੀ ਜਿਊਂਦਾ ਹੈ,
ਹੁਕਮੇ ਨਾਨੑਾ ਵਡਾ ਥੀਵੈ ॥
ਹੁਕਮ ਵਿਚ ਹੀ (ਪਹਿਲਾਂ) ਨਿੱਕਾ ਜਿਹਾ (ਤੇ ਫਿਰ) ਵੱਡਾ ਹੋ ਜਾਂਦਾ ਹੈ।
ਹੁਕਮੇ ਸੋਗ ਹਰਖ ਆਨੰਦ ॥
ਹੁਕਮ ਵਿਚ ਹੀ (ਜੀਵ ਨੂੰ) ਚਿੰਤਾ ਤੇ ਖ਼ੁਸ਼ੀ ਆਨੰਦ ਵਾਪਰਦੇ ਹਨ,
ਹੁਕਮੇ ਜਪੈ ਨਿਰੋਧਰ ਗੁਰਮੰਤ ॥
ਪ੍ਰਭੂ ਦੇ ਹੁਕਮ ਵਿਚ ਹੀ (ਕੋਈ ਜੀਵ) ਗੁਰੂ ਦਾ ਸ਼ਬਦ ਜਪਦਾ ਹੈ ਜੋ ਵਿਕਾਰਾਂ ਨੂੰ ਦੂਰ ਕਰਨ ਦੇ ਸਮਰਥ ਹੈ।
ਹੁਕਮੇ ਆਵਣੁ ਜਾਣੁ ਰਹਾਏ ॥
ਉਸ ਮਨੁੱਖ ਦਾ ਜੰਮਣਾ ਮਰਨਾ ਭੀ ਪ੍ਰਭੂ ਆਪਣੇ ਹੁਕਮ ਅਨੁਸਾਰ ਹੀ ਰੋਕਦਾ ਹੈ,
ਨਾਨਕ ਜਾ ਕਉ ਭਗਤੀ ਲਾਏ ॥੨॥
ਹੇ ਨਾਨਕ! ਜਿਸ ਮਨੁੱਖ ਨੂੰ ਪ੍ਰਭੂ ਆਪਣੀ ਭਗਤੀ ਵਿਚ ਜੋੜਦਾ ਹੈ ॥੨॥
ਪਉੜੀ ॥
ਹਉ ਤਿਸੁ ਢਾਢੀ ਕੁਰਬਾਣੁ ਜਿ ਤੇਰਾ ਸੇਵਦਾਰੁ ॥
ਹੇ ਪ੍ਰਭੂ! ਮੈਂ ਉਸ ਢਾਢੀ ਤੋਂ ਸਦਕੇ ਜਾਂਦਾ ਹਾਂ ਜੋ ਤੇਰੀ ਸੇਵਾ-ਭਗਤੀ ਕਰਦਾ ਹੈ।
ਹਉ ਤਿਸੁ ਢਾਢੀ ਬਲਿਹਾਰ ਜਿ ਗਾਵੈ ਗੁਣ ਅਪਾਰ ॥
ਮੈਂ ਉਸ ਢਾਢੀ ਤੋਂ ਵਾਰਨੇ ਜਾਂਦਾ ਹਾਂ ਜੋ ਤੇਰੇ ਬੇਅੰਤ ਗੁਣ ਗਾਂਦਾ ਹੈ।
ਸੋ ਢਾਢੀ ਧਨੁ ਧੰਨੁ ਜਿਸੁ ਲੋੜੇ ਨਿਰੰਕਾਰੁ ॥
ਭਾਗਾਂ ਵਾਲਾ ਹੈ ਉਹ ਢਾਢੀ, ਜਿਸ ਨੂੰ ਅਕਾਲ ਪੁਰਖ ਆਪ ਚਾਹੁੰਦਾ ਹੈ।
ਸੋ ਢਾਢੀ ਭਾਗਠੁ ਜਿਸੁ ਸਚਾ ਦੁਆਰ ਬਾਰੁ ॥
ਮੁਬਾਰਿਕ ਹੈ ਉਹ ਢਾਢੀ, ਜਿਸ ਨੂੰ ਪ੍ਰਭੂ ਦਾ ਸੱਚਾ ਦਰ ਪ੍ਰਾਪਤ ਹੈ।
ਓਹੁ ਢਾਢੀ ਤੁਧੁ ਧਿਆਇ ਕਲਾਣੇ ਦਿਨੁ ਰੈਣਾਰ ॥
ਹੇ ਪ੍ਰਭੂ! ਅਜੇਹਾ (ਸੁਭਾਗਾ) ਢਾਢੀ ਸਦਾ ਤੈਨੂੰ ਧਿਆਉਂਦਾ ਹੈ, ਦਿਨ ਰਾਤ ਤੇਰੇ ਗੁਣ ਗਾਂਦਾ ਹੈ,
ਮੰਗੈ ਅੰਮ੍ਰਿਤ ਨਾਮੁ ਨ ਆਵੈ ਕਦੇ ਹਾਰਿ ॥
ਤੈਥੋਂ ਤੇਰਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਮੰਗਦਾ ਹੈ। ਉਹ ਢਾਢੀ ਮਨੁੱਖਾ ਜਨਮ ਦੀ ਬਾਜ਼ੀ ਹਾਰ ਕੇ ਤੇਰੇ ਪਾਸ ਨਹੀਂ ਆਉਂਦਾ (ਜਿੱਤ ਕੇ ਹੀ ਆਉਂਦਾ ਹੈ)।
ਕਪੜੁ ਭੋਜਨੁ ਸਚੁ ਰਹਦਾ ਲਿਵੈ ਧਾਰ ॥
ਹੇ ਪ੍ਰਭੂ! ਤੇਰਾ ਸਦਾ-ਥਿਰ ਨਾਮ ਹੀ (ਉਸ ਢਾਢੀ ਪਾਸ, ਪੜਦਾ ਕੱਜਣ ਲਈ) ਕੱਪੜਾ ਹੈ, ਤੇ (ਆਤਮਕ) ਖ਼ੁਰਾਕ ਹੈ, ਉਹ ਸਦਾ ਇਕ-ਰਸ ਤੇਰੀ ਯਾਦ ਵਿਚ ਜੁੜਿਆ ਰਹਿੰਦਾ ਹੈ।
ਸੋ ਢਾਢੀ ਗੁਣਵੰਤੁ ਜਿਸ ਨੋ ਪ੍ਰਭ ਪਿਆਰੁ ॥੧੧॥
(ਅਸਲ) ਗੁਣਵਾਨ ਉਹੀ ਢਾਢੀ ਹੈ ਜਿਸ ਨੂੰ ਪ੍ਰਭੂ ਦਾ ਪਿਆਰ ਹਾਸਲ ਹੈ ॥੧੧॥
ਸਲੋਕ ਮਃ ੫ ॥
ਅੰਮ੍ਰਿਤ ਬਾਣੀ ਅਮਿਉ ਰਸੁ ਅੰਮ੍ਰਿਤੁ ਹਰਿ ਕਾ ਨਾਉ ॥
ਪ੍ਰਭੂ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ, ਅੰਮ੍ਰਿਤ ਦਾ ਸੁਆਦ ਦੇਣ ਵਾਲਾ ਹੈ।
ਮਨਿ ਤਨਿ ਹਿਰਦੈ ਸਿਮਰਿ ਹਰਿ ਆਠ ਪਹਰ ਗੁਣ ਗਾਉ ॥
ਸਤਿਗੁਰੂ ਦੀ ਅੰਮ੍ਰਿਤ ਵਸਾਣ ਵਾਲੀ ਬਾਣੀ ਦੀ ਰਾਹੀਂ ਇਸ ਪ੍ਰਭੂ-ਨਾਮ ਨੂੰ ਮਨ ਵਿਚ, ਸਰੀਰ ਵਿਚ, ਹਿਰਦੇ ਵਿਚ ਸਿਮਰੋ ਤੇ ਅੱਠੇ ਪਹਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰੋ।
ਉਪਦੇਸੁ ਸੁਣਹੁ ਤੁਮ ਗੁਰਸਿਖਹੁ ਸਚਾ ਇਹੈ ਸੁਆਉ ॥
ਹੇ ਗੁਰ-ਸਿੱਖੋ! (ਸਿਫ਼ਤ-ਸਾਲਾਹ ਵਾਲਾ ਇਹ) ਉਪਦੇਸ਼ ਸੁਣੋ, ਜ਼ਿੰਦਗੀ ਦਾ ਅਸਲ ਮਨੋਰਥ ਇਹੀ ਹੈ।
ਜਨਮੁ ਪਦਾਰਥੁ ਸਫਲੁ ਹੋਇ ਮਨ ਮਹਿ ਲਾਇਹੁ ਭਾਉ ॥
ਮਨ ਵਿਚ (ਪ੍ਰਭੂ ਦਾ) ਪਿਆਰ ਟਿਕਾਓ, ਇਹ ਮਨੁੱਖਾ ਜੀਵਨ-ਰੂਪ ਕੀਮਤੀ ਦਾਤ ਸਫਲ ਹੋ ਜਾਇਗੀ।
ਸੂਖ ਸਹਜ ਆਨਦੁ ਘਣਾ ਪ੍ਰਭ ਜਪਤਿਆ ਦੁਖੁ ਜਾਇ ॥
ਪ੍ਰਭੂ ਦਾ ਸਿਮਰਨ ਕੀਤਿਆਂ ਦੁੱਖ ਦੂਰ ਹੋ ਜਾਂਦਾ ਹੈ, ਸੁਖ, ਆਤਮਕ ਅਡੋਲਤਾ ਤੇ ਬੇਅੰਤ ਖ਼ੁਸ਼ੀ ਪ੍ਰਾਪਤ ਹੁੰਦੀ ਹੈ।
ਨਾਨਕ ਨਾਮੁ ਜਪਤ ਸੁਖੁ ਊਪਜੈ ਦਰਗਹ ਪਾਈਐ ਥਾਉ ॥੧॥
ਹੇ ਨਾਨਕ! ਪ੍ਰਭੂ ਦਾ ਨਾਮ ਜਪਿਆਂ (ਇਸ ਲੋਕ ਵਿਚ) ਸੁਖ ਪੈਦਾ ਹੁੰਦਾ ਹੈ ਤੇ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਮਿਲਦੀ ਹੈ ॥੧॥
ਮਃ ੫ ॥
ਨਾਨਕ ਨਾਮੁ ਧਿਆਈਐ ਗੁਰੁ ਪੂਰਾ ਮਤਿ ਦੇਇ ॥
ਹੇ ਨਾਨਕ! ਪੂਰਾ ਗੁਰੂ (ਤਾਂ ਇਹ) ਮੱਤ ਦੇਂਦਾ ਹੈ ਕਿ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ;
ਭਾਣੈ ਜਪ ਤਪ ਸੰਜਮੋ ਭਾਣੈ ਹੀ ਕਢਿ ਲੇਇ ॥
(ਪਰ ਉਂਞ) ਜਪ ਤਪ ਸੰਜਮ (ਆਦਿਕ ਕਰਮ-ਕਾਂਡ) ਪ੍ਰਭੂ ਦੀ ਰਜ਼ਾ ਵਿਚ ਹੀ ਹੋ ਰਹੇ ਹਨ, ਰਜ਼ਾ ਅਨੁਸਾਰ ਹੀ ਪ੍ਰਭੂ (ਇਸ ਕਰਮ ਕਾਂਡ ਵਿਚੋਂ ਜੀਵਾਂ ਨੂੰ) ਕੱਢ ਲੈਂਦਾ ਹੈ।
ਭਾਣੈ ਜੋਨਿ ਭਵਾਈਐ ਭਾਣੈ ਬਖਸ ਕਰੇਇ ॥
ਪ੍ਰਭੂ ਦੀ ਰਜ਼ਾ ਅਨੁਸਾਰ ਹੀ ਜੀਵ ਜੂਨਾਂ ਵਿਚ ਭਟਕਦਾ ਹੈ, ਰਜ਼ਾ ਵਿਚ ਹੀ ਪ੍ਰਭੂ (ਜੀਵ ਉਤੇ) ਬਖ਼ਸ਼ਸ਼ ਕਰਦਾ ਹੈ।
ਭਾਣੈ ਦੁਖੁ ਸੁਖੁ ਭੋਗੀਐ ਭਾਣੈ ਕਰਮ ਕਰੇਇ ॥
ਉਸ ਦੀ ਰਜ਼ਾ ਵਿਚ ਹੀ (ਜੀਵ ਨੂੰ) ਦੁੱਖ ਸੁਖ ਭੋਗਣਾ ਪੈਂਦਾ ਹੈ, ਆਪਣੀ ਰਜ਼ਾ ਅਨੁਸਾਰ ਹੀ ਪ੍ਰਭੂ (ਜੀਵਾਂ ਉਤੇ) ਮੇਹਰ ਕਰਦਾ ਹੈ।
ਭਾਣੈ ਮਿਟੀ ਸਾਜਿ ਕੈ ਭਾਣੈ ਜੋਤਿ ਧਰੇਇ ॥
ਪ੍ਰਭੂ ਆਪਣੀ ਰਜ਼ਾ ਵਿਚ ਹੀ ਸਰੀਰ ਬਣਾ ਕੇ (ਉਸ ਵਿਚ) ਜਿੰਦ ਪਾ ਦੇਂਦਾ ਹੈ,
ਭਾਣੈ ਭੋਗ ਭੋਗਾਇਦਾ ਭਾਣੈ ਮਨਹਿ ਕਰੇਇ ॥
ਰਜ਼ਾ ਵਿਚ ਹੀ ਜੀਵਾਂ ਨੂੰ ਭੋਗਾਂ ਵਲ ਪ੍ਰੇਰਦਾ ਹੈ ਤੇ ਰਜ਼ਾ ਅਨੁਸਾਰ ਹੀ ਭੋਗਾਂ ਵਲੋਂ ਰੋਕਦਾ ਹੈ।
ਭਾਣੈ ਨਰਕਿ ਸੁਰਗਿ ਅਉਤਾਰੇ ਭਾਣੈ ਧਰਣਿ ਪਰੇਇ ॥
ਆਪਣੀ ਰਜ਼ਾ ਅਨੁਸਾਰ ਹੀ ਪ੍ਰਭੂ (ਕਿਸੇ ਨੂੰ) ਨਰਕ ਵਿਚ ਤੇ (ਕਿਸੇ ਨੂੰ) ਸੁਰਗ ਵਿਚ ਪਾਂਦਾ ਹੈ, ਪ੍ਰਭੂ ਦੀ ਰਜ਼ਾ ਵਿਚ ਹੀ ਜੀਵ ਦਾ ਨਾਸ ਹੋ ਜਾਂਦਾ ਹੈ।
ਭਾਣੈ ਹੀ ਜਿਸੁ ਭਗਤੀ ਲਾਏ ਨਾਨਕ ਵਿਰਲੇ ਹੇ ॥੨॥
ਆਪਣੀ ਰਜ਼ਾ ਅਨੁਸਾਰ ਹੀ ਜਿਸ ਮਨੁੱਖ ਨੂੰ ਬੰਦਗੀ ਵਿਚ ਜੋੜਦਾ ਹੈ (ਉਹ ਮਨੁੱਖ ਬੰਦਗੀ ਕਰਦਾ ਹੈ, ਪਰ) ਹੇ ਨਾਨਕ! ਬੰਦਗੀ ਕਰਨ ਵਾਲੇ ਬੰਦੇ ਬਹੁਤ ਵਿਰਲੇ ਵਿਰਲੇ ਹਨ ॥੨॥
ਪਉੜੀ ॥
ਵਡਿਆਈ ਸਚੇ ਨਾਮ ਕੀ ਹਉ ਜੀਵਾ ਸੁਣਿ ਸੁਣੇ ॥
ਪ੍ਰਭੂ ਦੇ ਸੱਚੇ ਨਾਮ ਦੀਆਂ ਸਿਫ਼ਤਾਂ (ਕਰ ਕੇ ਤੇ) ਸੁਣ ਸੁਣ ਕੇ ਮੇਰੇ ਅੰਦਰ ਜਿੰਦ ਪੈਂਦੀ ਹੈ (ਮੈਨੂੰ ਆਤਮਕ ਜੀਵਨ ਹਾਸਲ ਹੁੰਦਾ ਹੈ)।
ਪਸੂ ਪਰੇਤ ਅਗਿਆਨ ਉਧਾਰੇ ਇਕ ਖਣੇ ॥
(ਪ੍ਰਭੂ ਦਾ ਨਾਮ) ਪਸ਼ੂ-ਸੁਭਾਵ, ਪ੍ਰੇਤ-ਸੁਭਾਵ ਤੇ ਗਿਆਨ-ਹੀਣਾਂ ਨੂੰ ਇਕ ਖਿਨ ਵਿਚ ਤਾਰ ਲੈਂਦਾ ਹੈ।
ਦਿਨਸੁ ਰੈਣਿ ਤੇਰਾ ਨਾਉ ਸਦਾ ਸਦ ਜਾਪੀਐ ॥
ਹੇ ਪ੍ਰਭੂ! ਦਿਨ ਰਾਤ ਸਦਾ ਹੀ ਤੇਰਾ ਨਾਮ ਜਪਣਾ ਚਾਹੀਦਾ ਹੈ,
ਤ੍ਰਿਸਨਾ ਭੁਖ ਵਿਕਰਾਲ ਨਾਇ ਤੇਰੈ ਧ੍ਰਾਪੀਐ ॥
ਤੇਰੇ ਨਾਮ ਦੀ ਰਾਹੀਂ (ਮਾਇਆ ਦੀ) ਡਰਾਉਣੀ ਭੁੱਖ ਤ੍ਰੇਹ ਮਿਟ ਜਾਂਦੀ ਹੈ।
ਰੋਗੁ ਸੋਗੁ ਦੁਖੁ ਵੰਞੈ ਜਿਸੁ ਨਾਉ ਮਨਿ ਵਸੈ ॥
ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦਾ ਨਾਮ ਵੱਸ ਪੈਂਦਾ ਹੈ ਉਸ ਦੇ ਮਨ ਵਿਚੋਂ (ਵਿਕਾਰ-) ਰੋਗ ਸਹਸਾ ਤੇ ਦੁੱਖ ਦੂਰ ਹੋ ਜਾਂਦਾ ਹੈ।
ਤਿਸਹਿ ਪਰਾਪਤਿ ਲਾਲੁ ਜੋ ਗੁਰਸਬਦੀ ਰਸੈ ॥
ਪਰ ਇਹ ਨਾਮ-ਹੀਰਾ ਉਸ ਮਨੁੱਖ ਨੂੰ ਹੀ ਹਾਸਲ ਹੁੰਦਾ ਹੈ ਜਿਹੜਾ ਗੁਰੂ ਦੇ ਸ਼ਬਦ ਵਿਚ ਰਚ-ਮਿਚ ਜਾਂਦਾ ਹੈ।
ਖੰਡ ਬ੍ਰਹਮੰਡ ਬੇਅੰਤ ਉਧਾਰਣਹਾਰਿਆ ॥
ਹੇ ਖੰਡਾਂ ਬ੍ਰਹਮੰਡਾਂ ਦੇ ਬੇਅੰਤ ਜੀਵਾਂ ਨੂੰ ਤਾਰਨ ਵਾਲੇ ਪ੍ਰਭੂ!
ਤੇਰੀ ਸੋਭਾ ਤੁਧੁ ਸਚੇ ਮੇਰੇ ਪਿਆਰਿਆ ॥੧੨॥
ਹੇ ਸਦਾ-ਥਿਰ ਰਹਿਣ ਵਾਲੇ ਮੇਰੇ ਪਿਆਰੇ! ਤੇਰੀ ਸੋਭਾ ਤੈਨੂੰ ਹੀ ਫਬਦੀ ਹੈ (ਆਪਣੀ ਵਡਿਆਈ ਤੂੰ ਆਪ ਹੀ ਜਾਣਦਾ ਹੈਂ) ॥੧੨॥
ਸਲੋਕ ਮਃ ੫ ॥
ਮਿਤ੍ਰੁ ਪਿਆਰਾ ਨਾਨਕ ਜੀ ਮੈ ਛਡਿ ਗਵਾਇਆ ਰੰਗਿ ਕਸੁੰਭੈ ਭੁਲੀ ॥
ਹੇ ਨਾਨਕ ਜੀ! ਮੈ ਕਸੁੰਭੇ (ਵਰਗੀ ਮਾਇਆ) ਦੇ ਰੰਗ ਵਿਚ ਉਕਾਈ ਖਾ ਗਈ ਤੇ ਪਿਆਰਾ ਮਿੱਤਰ ਪ੍ਰਭੂ ਵਿਸਾਰ ਕੇ ਗੰਵਾ ਬੈਠੀ।
ਤਉ ਸਜਣ ਕੀ ਮੈ ਕੀਮ ਨ ਪਉਦੀ ਹਉ ਤੁਧੁ ਬਿਨੁ ਅਢੁ ਨ ਲਹਦੀ ॥੧॥
ਹੇ ਸੱਜਣ ਪ੍ਰਭੂ! (ਇਸ ਉਕਾਈ ਵਿਚ) ਮੈਥੋਂ ਤੇਰੀ ਕਦਰ ਨਾਹ ਪੈ ਸਕੀ, ਪਰ ਤੈਥੋਂ ਬਿਨਾ ਭੀ ਮੈਂ ਅੱਧੀ ਦਮੜੀ ਦੀ ਭੀ ਨਹੀਂ ਹਾਂ ॥੧॥
ਮਃ ੫ ॥
ਸਸੁ ਵਿਰਾਇਣਿ ਨਾਨਕ ਜੀਉ ਸਸੁਰਾ ਵਾਦੀ ਜੇਠੋ ਪਉ ਪਉ ਲੂਹੈ ॥
ਹੇ ਨਾਨਕ ਜੀ! ਅਵਿੱਦਿਆ (ਜੀਵ-ਇਸਤ੍ਰੀ ਦੀ) ਵੈਰਨ ਹੈ, ਸਰੀਰ ਦਾ ਮੋਹ (ਸਰੀਰ ਦੀ ਪਾਲਣਾ ਲਈ ਨਿੱਤ) ਝਗੜਾ ਕਰਦਾ ਹੈ (ਭਾਵ, ਖਾਣ ਨੂੰ ਮੰਗਦਾ ਹੈ), ਮੌਤ ਦਾ ਡਰ ਮੁੜ ਮੁੜ ਦੁਖੀ ਕਰਦਾ ਹੈ।
ਹਭੇ ਭਸੁ ਪੁਣੇਦੇ ਵਤਨੁ ਜਾ ਮੈ ਸਜਣੁ ਤੂਹੈ ॥੨॥
ਪਰ, (ਹੇ ਪ੍ਰਭੂ!) ਜੇ ਤੂੰ ਮੇਰਾ ਮਿੱਤ੍ਰ ਬਣੇਂ, ਤਾਂ ਇਹ ਸਾਰੇ ਬੇਸ਼ਕ ਖੇਹ ਛਾਣਦੇ ਫਿਰਨ (ਭਾਵ, ਮੇਰੇ ਉਤੇ ਇਹ ਸਾਰੇ ਹੀ ਜ਼ੋਰ ਨਹੀਂ ਪਾ ਸਕਦੇ) ॥੨॥
ਪਉੜੀ ॥
ਜਿਸੁ ਤੂ ਵੁਠਾ ਚਿਤਿ ਤਿਸੁ ਦਰਦੁ ਨਿਵਾਰਣੋ ॥
ਹੇ ਪ੍ਰਭੂ! ਜਿਸ ਮਨੁੱਖ ਦੇ ਮਨ ਵਿਚ ਤੂੰ ਵੱਸ ਪੈਂਦਾ ਹੈਂ ਉਸ ਦੇ ਮਨ ਦਾ ਦੁੱਖ-ਦਰਦ ਤੂੰ ਦੂਰ ਕਰ ਦੇਂਦਾ ਹੈਂ।
ਜਿਸੁ ਤੂ ਵੁਠਾ ਚਿਤਿ ਤਿਸੁ ਕਦੇ ਨ ਹਾਰਣੋ ॥
ਜਿਸ ਮਨੁੱਖ ਦੇ ਮਨ ਵਿਚ ਤੂੰ ਵੱਸ ਪੈਂਦਾ ਹੈਂ, ਉਹ ਮਨੁੱਖਾ ਜਨਮ ਦੀ ਬਾਜ਼ੀ ਕਦੇ ਹਾਰਦਾ ਨਹੀਂ।
ਜਿਸੁ ਮਿਲਿਆ ਪੂਰਾ ਗੁਰੂ ਸੁ ਸਰਪਰ ਤਾਰਣੋ ॥
ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਏ, (ਗੁਰੂ) ਉਸ ਨੂੰ ਜ਼ਰੂਰ (ਸੰਸਾਰ-ਸਮੁੰਦਰ ਤੋਂ) ਬਚਾ ਲੈਂਦਾ ਹੈ,
ਜਿਸ ਨੋ ਲਾਏ ਸਚਿ ਤਿਸੁ ਸਚੁ ਸਮੑਾਲਣੋ ॥
(ਕਿਉਂਕਿ ਗੁਰੂ) ਜਿਸ ਮਨੁੱਖ ਨੂੰ ਸੱਚੇ ਹਰੀ ਵਿਚ ਜੋੜਦਾ ਹੈ, ਉਹ ਸਦਾ ਹਰੀ ਨੂੰ (ਆਪਣੇ ਮਨ ਵਿਚ) ਸੰਭਾਲ ਰੱਖਦਾ ਹੈ।
ਜਿਸੁ ਆਇਆ ਹਥਿ ਨਿਧਾਨੁ ਸੁ ਰਹਿਆ ਭਾਲਣੋ ॥
ਜਿਸ ਮਨੁੱਖ ਦੇ ਹੱਥ ਵਿਚ ਨਾਮ-ਖ਼ਜ਼ਾਨਾ ਆ ਜਾਂਦਾ ਹੈ, ਉਹ ਮਾਇਆ ਦੀ ਭਟਕਣਾ ਵਲੋਂ ਹਟ ਜਾਂਦਾ ਹੈ।
ਜਿਸ ਨੋ ਇਕੋ ਰੰਗੁ ਭਗਤੁ ਸੋ ਜਾਨਣੋ ॥
ਉਸੇ ਮਨੁੱਖ ਨੂੰ ਭਗਤ ਸਮਝੋ ਜਿਸ ਦੇ ਮਨ ਵਿਚ (ਮਾਇਆ ਦੇ ਥਾਂ) ਇਕ ਪ੍ਰਭੂ ਦਾ ਹੀ ਪਿਆਰ ਹੈ।
ਓਹੁ ਸਭਨਾ ਕੀ ਰੇਣੁ ਬਿਰਹੀ ਚਾਰਣੋ ॥
ਪ੍ਰਭੂ ਦੇ ਚਰਨਾਂ ਦਾ ਉਹ ਪ੍ਰੇਮੀ ਸਭਨਾਂ ਦੇ ਚਰਨਾਂ ਦੀ ਧੂੜ (ਬਣਿਆ ਰਹਿੰਦਾ) ਹੈ।
ਸਭਿ ਤੇਰੇ ਚੋਜ ਵਿਡਾਣ ਸਭੁ ਤੇਰਾ ਕਾਰਣੋ ॥੧੩॥
(ਪਰ) ਹੇ ਪ੍ਰਭੂ! ਇਹ ਸਾਰੇ ਤੇਰੇ ਹੀ ਅਚਰਜ ਤਮਾਸ਼ੇ ਹਨ, ਇਹ ਸਾਰਾ ਤੇਰਾ ਹੀ ਖੇਲ ਹੈ ॥੧੩॥
ਸਲੋਕ ਮਃ ੫ ॥
ਉਸਤਤਿ ਨਿੰਦਾ ਨਾਨਕ ਜੀ ਮੈ ਹਭ ਵਞਾਈ ਛੋੜਿਆ ਹਭੁ ਕਿਝੁ ਤਿਆਗੀ ॥
ਹੇ ਨਾਨਕ! ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਆਖਣਾ-ਇਹ ਮੈਂ ਸਭ ਕੁਝ ਛੱਡ ਦਿੱਤਾ ਹੈ, ਤਿਆਗ ਦਿੱਤਾ ਹੈ।
ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਡੈ ਲਾਗੀ ॥੧॥
ਮੈਂ ਵੇਖ ਲਿਆ ਹੈ ਕਿ (ਦੁਨੀਆ ਦੇ) ਸਾਰੇ ਸਾਕ ਝੂਠੇ ਹਨ (ਭਾਵ, ਕੋਈ ਤੋੜ ਨਿਭਣ ਵਾਲਾ ਨਹੀਂ), ਇਸ ਲਈ (ਹੇ ਪ੍ਰਭੂ!) ਮੈਂ ਤੇਰੇ ਲੜ ਆ ਲੱਗੀ ਹਾਂ ॥੧॥
ਮਃ ੫ ॥
ਫਿਰਦੀ ਫਿਰਦੀ ਨਾਨਕ ਜੀਉ ਹਉ ਫਾਵੀ ਥੀਈ ਬਹੁਤੁ ਦਿਸਾਵਰ ਪੰਧਾ ॥
ਹੇ ਨਾਨਕ ਜੀ! ਮੈਂ ਭਟਕਦੀ ਭਟਕਦੀ ਤੇ ਹੋਰ ਹੋਰ ਦੇਸਾਂ ਦੇ ਪੈਂਡੇ ਝਾਗਦੀ ਝਾਗਦੀ ਪਾਗਲ ਜਿਹੀ ਹੋ ਗਈ ਸਾਂ।
ਤਾ ਹਉ ਸੁਖਿ ਸੁਖਾਲੀ ਸੁਤੀ ਜਾ ਗੁਰ ਮਿਲਿ ਸਜਣੁ ਮੈ ਲਧਾ ॥੨॥
ਪਰ ਜਦੋਂ ਸਤਿਗੁਰੂ ਜੀ ਨੂੰ ਮਿਲ ਕੇ ਮੈਨੂੰ ਸੱਜਣ-ਪ੍ਰਭੂ ਲੱਭ ਪਿਆ ਤਾਂ ਮੈਂ ਬੜੇ ਸੁਖ ਨਾਲ ਸੌਂ ਗਈ (ਭਾਵ, ਮੇਰੇ ਅੰਦਰ ਪੂਰਨ ਆਤਮਕ ਆਨੰਦ ਬਣ ਗਿਆ) ॥੨॥
ਪਉੜੀ ॥
ਸਭੇ ਦੁਖ ਸੰਤਾਪ ਜਾਂ ਤੁਧਹੁ ਭੁਲੀਐ ॥
ਜਦੋਂ ਹੇ ਪ੍ਰਭੂ! ਤੇਰੀ ਯਾਦ ਤੋਂ ਖੁੰਝ ਜਾਈਏ ਤਾਂ (ਮਨ ਨੂੰ) ਸਾਰੇ ਦੁੱਖ-ਕਲੇਸ਼ (ਆ ਵਾਪਰਦੇ ਹਨ)।
ਜੇ ਕੀਚਨਿ ਲਖ ਉਪਾਵ ਤਾਂ ਕਹੀ ਨ ਘੁਲੀਐ ॥
(ਤੇਰੀ ਯਾਦ ਤੋਂ ਬਿਨਾ ਹੋਰ) ਜੇ ਲੱਖਾਂ ਉਪਰਾਲੇ ਭੀ ਕੀਤੇ ਜਾਣ, ਕਿਸੇ ਭੀ ਉਪਾਵ ਨਾਲ (ਉਹਨਾਂ ਦੁੱਖਾਂ-ਕਲੇਸ਼ਾਂ ਤੋਂ) ਖ਼ਲਾਸੀ ਨਹੀਂ ਹੁੰਦੀ।
ਜਿਸ ਨੋ ਵਿਸਰੈ ਨਾਉ ਸੁ ਨਿਰਧਨੁ ਕਾਂਢੀਐ ॥
ਜਿਸ ਮਨੁੱਖ ਨੂੰ ਪ੍ਰਭੂ ਦਾ ਨਾਮ (ਸਿਮਰਨਾ) ਭੁੱਲ ਜਾਏ ਉਹ ਕੰਗਾਲ ਕਿਹਾ ਜਾਂਦਾ ਹੈ।
ਜਿਸ ਨੋ ਵਿਸਰੈ ਨਾਉ ਸੋ ਜੋਨੀ ਹਾਂਢੀਐ ॥
ਜਿਸ ਮਨੁੱਖ ਨੂੰ ਮਾਲਕ ਪ੍ਰਭੂ ਦਾ ਨਾਮ (ਸਿਮਰਨਾ) ਭੁੱਲ ਜਾਏ (ਜਿਵੇਂ ਕੋਈ ਕੰਗਾਲ ਮੰਗਤਾ ਦਰ ਦਰ ਤੇ ਰੁਲਦਾ ਹੈ, ਤਿਵੇਂ) ਉਹ ਜੂਨਾਂ ਵਿਚ ਭਟਕਦਾ ਫਿਰਦਾ ਹੈ।
ਜਿਸੁ ਖਸਮੁ ਨ ਆਵੈ ਚਿਤਿ ਤਿਸੁ ਜਮੁ ਡੰਡੁ ਦੇ ॥
ਜਿਸ ਮਨੁੱਖ ਦੇ ਚਿੱਤ ਵਿਚ ਖਸਮ-ਪ੍ਰਭੂ ਨਹੀਂ ਆਉਂਦਾ ਉਸ ਨੂੰ ਜਮਰਾਜ ਸਜ਼ਾ ਦੇਂਦਾ ਹੈ।
ਜਿਸੁ ਖਸਮੁ ਨ ਆਵੀ ਚਿਤਿ ਰੋਗੀ ਸੇ ਗਣੇ ॥
ਜਿਸ ਮਨੁੱਖ ਦੇ ਚਿੱਤ ਵਿਚ ਖਸਮ-ਪ੍ਰਭੂ ਨਹੀਂ ਆਉਂਦਾ ਅਜੇਹੇ ਬੰਦੇ ਰੋਗੀ ਗਿਣੇ ਜਾਂਦੇ ਹਨ।
ਜਿਸੁ ਖਸਮੁ ਨ ਆਵੀ ਚਿਤਿ ਸੁ ਖਰੋ ਅਹੰਕਾਰੀਆ ॥
ਜਿਸ ਮਨੁੱਖ ਦੇ ਚਿੱਤ ਵਿਚ ਖਸਮ-ਪ੍ਰਭੂ ਨਹੀਂ ਆਉਂਦਾ ਅਜੇਹਾ ਬੰਦਾ ਬੜਾ ਅਹੰਕਾਰੀ ਹੁੰਦਾ ਹੈ (ਹਰ ਵੇਲੇ ‘ਮੈਂ ਮੈਂ’ ਹੀ ਕਰਦਾ ਹੈ)।
ਸੋਈ ਦੁਹੇਲਾ ਜਗਿ ਜਿਨਿ ਨਾਉ ਵਿਸਾਰੀਆ ॥੧੪॥
ਜਿਸ ਮਨੁੱਖ ਨੇ ਪ੍ਰਭੂ ਦਾ ਨਾਮ ਭੁਲਾ ਦਿੱਤਾ ਹੈ ਉਹੀ ਜਗਤ ਵਿਚ ਦੁਖੀ ਹੈ ॥੧੪॥
ਸਲੋਕ ਮਃ ੫ ॥
ਤੈਡੀ ਬੰਦਸਿ ਮੈ ਕੋਇ ਨ ਡਿਠਾ ਤੂ ਨਾਨਕ ਮਨਿ ਭਾਣਾ ॥
ਹੇ (ਗੁਰੂ) ਨਾਨਕ (ਜੀ)! ਤੇਰੀ ਕੋਈ ਗੱਲ ਮੈਨੂੰ ਬੰਨ੍ਹਣ ਨਹੀਂ ਜਾਪਦੀ, ਮੈਂ ਤਾਂ ਤੈਨੂੰ (ਸਗੋਂ) ਮਨ ਵਿਚ ਪਿਆਰਾ ਲੱਗਣ ਵਾਲਾ ਵੇਖਿਆ ਹੈ।
ਘੋਲਿ ਘੁਮਾਈ ਤਿਸੁ ਮਿਤ੍ਰ ਵਿਚੋਲੇ ਜੈ ਮਿਲਿ ਕੰਤੁ ਪਛਾਣਾ ॥੧॥
ਮੈਂ ਉਸ ਪਿਆਰੇ ਵਿਚੋਲੇ (ਗੁਰੂ) ਤੋਂ ਸਦਕੇ ਹਾਂ ਜਿਸ ਨੂੰ ਮਿਲ ਕੇ ਮੈਂ ਆਪਣਾ ਖਸਮ-ਪ੍ਰਭੂ ਪਛਾਣਿਆ ਹੈ (ਖਸਮ-ਪ੍ਰਭੂ ਨਾਲ ਸਾਂਝ ਪਾਈ ਹੈ) ॥੧॥
ਮਃ ੫ ॥
ਪਾਵ ਸੁਹਾਵੇ ਜਾਂ ਤਉ ਧਿਰਿ ਜੁਲਦੇ ਸੀਸੁ ਸੁਹਾਵਾ ਚਰਣੀ ॥
ਉਹ ਪੈਰ ਸੋਹਣੇ ਲੱਗਦੇ ਹਨ ਜੋ ਤੇਰੇ ਪਾਸੇ ਵਲ ਤੁਰਦੇ ਹਨ, ਉਹ ਸਿਰ ਭਾਗਾਂ ਵਾਲਾ ਹੈ ਜੋ ਤੇਰੇ ਕਦਮਾਂ ਉਤੇ ਡਿੱਗਦਾ ਹੈ;
ਮੁਖੁ ਸੁਹਾਵਾ ਜਾਂ ਤਉ ਜਸੁ ਗਾਵੈ ਜੀਉ ਪਇਆ ਤਉ ਸਰਣੀ ॥੨॥
ਮੂੰਹ ਸੋਹਣਾ ਲੱਗਦਾ ਹੈ ਜਦੋਂ ਤੇਰਾ ਜਸ ਗਾਂਦਾ ਹੈ, ਜਿੰਦ ਸੁੰਦਰ ਜਾਪਦੀ ਹੈ ਜਦੋਂ ਤੇਰੀ ਸਰਨ ਪੈਂਦੀ ਹੈ ॥੨॥
ਪਉੜੀ ॥
ਮਿਲਿ ਨਾਰੀ ਸਤਸੰਗਿ ਮੰਗਲੁ ਗਾਵੀਆ ॥
ਜਿਸ ਜੀਵ-ਇਸਤ੍ਰੀ ਨੇ ਸਤਸੰਗ ਵਿਚ ਮਿਲ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾਵਿਆ,
ਘਰ ਕਾ ਹੋਆ ਬੰਧਾਨੁ ਬਹੁੜਿ ਨ ਧਾਵੀਆ ॥
ਉਸ ਦੇ ਸਰੀਰ-ਘਰ ਦਾ ਠੁਕ ਬਣ ਗਿਆ (ਭਾਵ, ਉਸ ਦੇ ਸਾਰੇ ਗਿਆਨ ਇੰਦ੍ਰੇ ਉਸ ਦੇ ਵੱਸ ਵਿਚ ਆ ਗਏ)। ਉਹ ਫਿਰ (ਮਾਇਆ ਪਿੱਛੇ) ਭਟਕਦੀ ਨਹੀਂ।
ਬਿਨਠੀ ਦੁਰਮਤਿ ਦੁਰਤੁ ਸੋਇ ਕੂੜਾਵੀਆ ॥
(ਉਸ ਦੇ ਅੰਦਰੋਂ) ਭੈੜੀ ਮੱਤ ਪਾਪ ਤੇ ਨਾਸਵੰਤ ਪਦਾਰਥਾਂ ਦੀ ਝਾਕ ਮੁੱਕ ਜਾਂਦੀ ਹੈ।
ਸੀਲਵੰਤਿ ਪਰਧਾਨਿ ਰਿਦੈ ਸਚਾਵੀਆ ॥
ਅਜੇਹੀ ਜੀਵ-ਇਸਤ੍ਰੀ ਚੰਗੇ ਸੁਭਾਵ ਵਾਲੀ ਹੋ ਜਾਂਦੀ ਹੈ, (ਸਹੇਲੀਆਂ ਵਿਚ) ਆਦਰ-ਮਾਣ ਪਾਂਦੀ ਹੈ, ਉਸ ਦੇ ਹਿਰਦੇ ਵਿਚ ਪ੍ਰਭੂ ਦੀ ਲਗਨ ਟਿਕੀ ਰਹਿੰਦੀ ਹੈ।
ਅੰਤਰਿ ਬਾਹਰਿ ਇਕੁ ਇਕ ਰੀਤਾਵੀਆ ॥
ਉਸ ਨੂੰ ਆਪਣੇ ਅੰਦਰ ਤੇ ਸਾਰੀ ਸ੍ਰਿਸ਼ਟੀ ਵਿਚ ਇਕ ਪ੍ਰਭੂ ਹੀ ਦਿੱਸਦਾ ਹੈ। ਬੱਸ! ਇਹੀ ਉਸ ਦੀ ਜੀਵਨ-ਜੁਗਤੀ ਬਣ ਜਾਂਦੀ ਹੈ।
ਮਨਿ ਦਰਸਨ ਕੀ ਪਿਆਸ ਚਰਣ ਦਾਸਾਵੀਆ ॥
ਉਸ ਜੀਵ-ਇਸਤ੍ਰੀ ਦੇ ਮਨ ਵਿਚ ਪ੍ਰਭੂ ਦੇ ਦੀਦਾਰ ਦੀ ਤਾਂਘ ਬਣੀ ਰਹਿੰਦੀ ਹੈ, ਉਹ ਪ੍ਰਭੂ ਦੇ ਚਰਨਾਂ ਦੀ ਹੀ ਦਾਸੀ ਬਣੀ ਰਹਿੰਦੀ ਹੈ।
ਸੋਭਾ ਬਣੀ ਸੀਗਾਰੁ ਖਸਮਿ ਜਾਂ ਰਾਵੀਆ ॥
ਜਦੋਂ ਉਸ ਜੀਵ-ਇਸਤ੍ਰੀ ਨੂੰ ਖਸਮ-ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ, ਤਾਂ ਇਹ ਮਿਲਾਪ ਹੀ ਉਸ ਲਈ ਸੋਭਾ ਤੇ ਸਿੰਗਾਰ ਹੁੰਦਾ ਹੈ।
ਮਿਲੀਆ ਆਇ ਸੰਜੋਗਿ ਜਾਂ ਤਿਸੁ ਭਾਵੀਆ ॥੧੫॥
ਜਦੋਂ ਉਸ ਪ੍ਰਭੂ ਨੂੰ ਉਹ ਜਿੰਦ-ਵਹੁਟੀ ਪਿਆਰੀ ਲੱਗ ਪੈਂਦੀ ਹੈ, ਤਾਂ ਪ੍ਰਭੂ ਦੀ ਸੰਜੋਗ-ਸੱਤਾ ਦੀ ਬਰਕਤਿ ਨਾਲ ਉਹ ਪ੍ਰਭੂ ਦੀ ਜੋਤਿ ਵਿਚ ਮਿਲ ਜਾਂਦੀ ਹੈ ॥੧੫॥
ਸਲੋਕ ਮਃ ੫ ॥
ਹਭਿ ਗੁਣ ਤੈਡੇ ਨਾਨਕ ਜੀਉ ਮੈ ਕੂ ਥੀਏ ਮੈ ਨਿਰਗੁਣ ਤੇ ਕਿਆ ਹੋਵੈ ॥
ਹੇ ਨਾਨਕ! ਸਾਰੇ ਗੁਣ ਤੇਰੇ ਹੀ ਹਨ, ਤੈਥੋਂ ਹੀ ਮੈਨੂੰ ਮਿਲੇ ਹਨ, ਮੈਥੋਂ ਗੁਣ-ਹੀਨ ਤੋਂ ਕੁਝ ਨਹੀਂ ਹੋ ਸਕਦਾ।
ਤਉ ਜੇਵਡੁ ਦਾਤਾਰੁ ਨ ਕੋਈ ਜਾਚਕੁ ਸਦਾ ਜਾਚੋਵੈ ॥੧॥
ਤੇਰੇ ਜੇਡਾ ਕੋਈ ਹੋਰ ਦਾਤਾ ਨਹੀਂ ਹੈ, ਮੈਂ ਮੰਗਤੇ ਨੇ ਸਦਾ ਤੈਥੋਂ ਮੰਗਣਾ ਹੀ ਮੰਗਣਾ ਹੈ ॥੧॥
ਮਃ ੫ ॥
ਦੇਹ ਛਿਜੰਦੜੀ ਊਣ ਮਝੂਣਾ ਗੁਰਿ ਸਜਣਿ ਜੀਉ ਧਰਾਇਆ ॥
ਮੇਰਾ ਸਰੀਰ ਢਹਿੰਦਾ ਜਾ ਰਿਹਾ ਸੀ, ਚਿੱਤ ਵਿਚ ਖੋਹ ਪੈ ਰਹੀ ਸੀ ਤੇ ਚਿੰਤਾਤੁਰ ਹੋ ਰਿਹਾ ਸੀ; ਪਰ ਜਦੋਂ ਪਿਆਰੇ ਸਤਿਗੁਰੂ ਨੇ ਜਿੰਦ ਨੂੰ ਧਰਵਾਸ ਦਿੱਤਾ,
ਹਭੇ ਸੁਖ ਸੁਹੇਲੜਾ ਸੁਤਾ ਜਿਤਾ ਜਗੁ ਸਬਾਇਆ ॥੨॥
ਤਾਂ (ਹੁਣ) ਸਾਰੇ ਹੀ ਸੁਖ ਹੋ ਗਏ ਹਨ, ਮੈਂ ਸੌਖਾ ਟਿਕਿਆ ਹੋਇਆ ਹਾਂ, (ਇਉਂ ਜਾਪਦਾ ਹੈ ਜਿਵੇਂ ਮੈਂ) ਸਾਰਾ ਜਹਾਨ ਜਿੱਤ ਲਿਆ ਹੈ ॥੨॥
ਪਉੜੀ ॥
ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ ॥
ਹੇ ਪ੍ਰਭੂ! ਤੇਰਾ ਦਰਬਾਰ ਵੱਡਾ ਹੈ, ਤੇਰਾ ਤਖ਼ਤ ਸਦਾ-ਥਿਰ ਰਹਿਣ ਵਾਲਾ ਹੈ।
ਸਿਰਿ ਸਾਹਾ ਪਾਤਿਸਾਹੁ ਨਿਹਚਲੁ ਚਉਰੁ ਛਤੁ ॥
ਤੇਰਾ ਚਵਰ ਤੇ ਛਤਰ ਅਟੱਲ ਹੈ, ਤੂੰ (ਦੁਨੀਆ ਦੇ ਸਾਰੇ) ਸ਼ਾਹਾਂ ਦੇ ਸਿਰ ਉਤੇ ਪਾਤਿਸ਼ਾਹ ਹੈਂ।
ਜੋ ਭਾਵੈ ਪਾਰਬ੍ਰਹਮ ਸੋਈ ਸਚੁ ਨਿਆਉ ॥
ਉਹੀ ਇਨਸਾਫ਼ ਅਟੱਲ ਹੈ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਹੈ।
ਜੇ ਭਾਵੈ ਪਾਰਬ੍ਰਹਮ ਨਿਥਾਵੇ ਮਿਲੈ ਥਾਉ ॥
ਜੇ ਉਸ ਨੂੰ ਚੰਗਾ ਲੱਗੇ ਤਾਂ ਨਿਆਸਰਿਆਂ ਨੂੰ ਆਸਰਾ ਮਿਲ ਜਾਂਦਾ ਹੈ।
ਜੋ ਕੀਨੑੀ ਕਰਤਾਰਿ ਸਾਈ ਭਲੀ ਗਲ ॥
(ਜੀਵਾਂ ਵਾਸਤੇ) ਉਹੀ ਗੱਲ ਚੰਗੀ ਹੈ ਜੋ ਕਰਤਾਰ ਨੇ (ਆਪ ਉਹਨਾਂ ਵਾਸਤੇ) ਕੀਤੀ ਹੈ।
ਜਿਨੑੀ ਪਛਾਤਾ ਖਸਮੁ ਸੇ ਦਰਗਾਹ ਮਲ ॥
ਜਿਨ੍ਹਾਂ ਬੰਦਿਆਂ ਨੇ ਖ਼ਸਮ-ਪ੍ਰਭੂ ਨਾਲ ਸਾਂਝ ਪਾ ਲਈ, ਉਹ ਹਜ਼ੂਰੀ ਪਹਿਲਵਾਨ ਬਣ ਜਾਂਦੇ ਹਨ (ਕੋਈ ਵਿਕਾਰ ਉਹਨਾਂ ਨੂੰ ਪੋਹ ਨਹੀਂ ਸਕਦਾ)।
ਸਹੀ ਤੇਰਾ ਫੁਰਮਾਨੁ ਕਿਨੈ ਨ ਫੇਰੀਐ ॥
ਹੇ ਪ੍ਰਭੂ! ਤੇਰਾ ਹੁਕਮ (ਸਦਾ) ਠੀਕ ਹੁੰਦਾ ਹੈ, ਕਿਸੇ ਜੀਵ ਨੇ (ਕਦੇ) ਉਹ ਮੋੜਿਆ ਨਹੀਂ।
ਕਾਰਣ ਕਰਣ ਕਰੀਮ ਕੁਦਰਤਿ ਤੇਰੀਐ ॥੧੬॥
ਹੇ ਸ੍ਰਿਸ਼ਟੀ ਦੇ ਰਚਨਹਾਰ! ਹੇ ਜੀਵਾਂ ਉਤੇ ਬਖ਼ਸ਼ਸ਼ ਕਰਨ ਵਾਲੇ! (ਇਹ ਸਾਰੀ) ਤੇਰੀ ਹੀ (ਰਚੀ ਹੋਈ) ਕੁਦਰਤਿ ਹੈ ॥੧੬॥
ਸਲੋਕ ਮਃ ੫ ॥
ਸੋਇ ਸੁਣੰਦੜੀ ਮੇਰਾ ਤਨੁ ਮਨੁ ਮਉਲਾ ਨਾਮੁ ਜਪੰਦੜੀ ਲਾਲੀ ॥
(ਹੇ ਪ੍ਰਭੂ!) ਤੇਰੀਆਂ ਸੋਆਂ ਸੁਣ ਕੇ ਮੇਰਾ ਤਨ ਮਨ ਹਰਿਆ ਹੋ ਆਉਂਦਾ ਹੈ, ਤੇਰਾ ਨਾਮ ਜਪਦਿਆਂ ਮੈਨੂੰ ਖ਼ੁਸ਼ੀ ਦੀ ਲਾਲੀ ਚੜ੍ਹ ਜਾਂਦੀ ਹੈ।
ਪੰਧਿ ਜੁਲੰਦੜੀ ਮੇਰਾ ਅੰਦਰੁ ਠੰਢਾ ਗੁਰ ਦਰਸਨੁ ਦੇਖਿ ਨਿਹਾਲੀ ॥੧॥
ਤੇਰੇ ਰਾਹ ਉਤੇ ਤੁਰਦਿਆਂ ਮੇਰਾ ਹਿਰਦਾ ਠਰ ਜਾਂਦਾ ਹੈ ਤੇ ਸਤਿਗੁਰੂ ਦਾ ਦੀਦਾਰ ਕਰ ਕੇ ਮੇਰਾ ਮਨ ਖਿੜ ਪੈਂਦਾ ਹੈ ॥੧॥
ਮਃ ੫ ॥
ਹਠ ਮੰਝਾਹੂ ਮੈ ਮਾਣਕੁ ਲਧਾ ॥
ਮੈਂ ਆਪਣੇ ਹਿਰਦੇ ਵਿਚ ਇਕ ਲਾਲ ਲੱਭਾ ਹੈ,
ਮੁਲਿ ਨ ਘਿਧਾ ਮੈ ਕੂ ਸਤਿਗੁਰਿ ਦਿਤਾ ॥
(ਪਰ ਮੈਂ ਕਿਸੇ) ਮੁੱਲ ਤੋਂ ਨਹੀਂ ਲਿਆ, (ਇਹ ਲਾਲ) ਮੈਨੂੰ ਸਤਿਗੁਰੂ ਨੇ ਦਿੱਤਾ ਹੈ।
ਢੂੰਢ ਵਞਾਈ ਥੀਆ ਥਿਤਾ ॥
(ਇਸ ਦੀ ਬਰਕਤਿ ਨਾਲ) ਮੇਰੀ ਭਟਕਣਾ ਮੁੱਕ ਗਈ ਹੈ, ਮੈਂ ਟਿਕ ਗਿਆ ਹਾਂ।
ਜਨਮੁ ਪਦਾਰਥੁ ਨਾਨਕ ਜਿਤਾ ॥੨॥
ਹੇ ਨਾਨਕ! ਮੈਂ ਮਨੁੱਖਾ ਜੀਵਨ-ਰੂਪ ਕੀਮਤੀ ਚੀਜ਼ (ਦਾ ਲਾਭ) ਹਾਸਲ ਕਰ ਲਿਆ ਹੈ ॥੨॥
ਪਉੜੀ ॥
ਜਿਸ ਕੈ ਮਸਤਕਿ ਕਰਮੁ ਹੋਇ ਸੋ ਸੇਵਾ ਲਾਗਾ ॥
ਜਿਸ ਮਨੁੱਖ ਦੇ ਮੱਥੇ ਉਤੇ ਪ੍ਰਭੂ ਦੀ ਬਖ਼ਸ਼ਸ਼ (ਦਾ ਲੇਖ) ਹੋਵੇ ਉਹ ਪ੍ਰਭੂ ਦੀ ਸੇਵਾ-ਭਗਤੀ ਵਿਚ ਲੱਗਦਾ ਹੈ।
ਜਿਸੁ ਗੁਰ ਮਿਲਿ ਕਮਲੁ ਪ੍ਰਗਾਸਿਆ ਸੋ ਅਨਦਿਨੁ ਜਾਗਾ ॥
ਗੁਰੂ ਨੂੰ ਮਿਲ ਕੇ ਜਿਸ ਮਨੁੱਖ ਦਾ ਹਿਰਦਾ-ਕੰਵਲ ਖਿੜ ਪੈਂਦਾ ਹੈ, ਉਹ (ਵਿਕਾਰਾਂ ਦੇ ਹੱਲਿਆਂ ਵਲੋਂ) ਸਦਾ ਸੁਚੇਤ ਰਹਿੰਦਾ ਹੈ।
ਲਗਾ ਰੰਗੁ ਚਰਣਾਰਬਿੰਦ ਸਭੁ ਭ੍ਰਮੁ ਭਉ ਭਾਗਾ ॥
ਜਿਸ ਮਨੁੱਖ (ਦੇ ਮਨ) ਵਿਚ ਪ੍ਰਭੂ ਦੇ ਸੋਹਣੇ ਚਰਨਾਂ ਦਾ ਪਿਆਰ ਪੈਦਾ ਹੁੰਦਾ ਹੈ, ਉਸ ਦੀ ਭਟਕਣਾ ਉਸ ਦਾ ਡਰ ਭਉ ਦੂਰ ਹੋ ਜਾਂਦਾ ਹੈ,
ਆਤਮੁ ਜਿਤਾ ਗੁਰਮਤੀ ਆਗੰਜ ਤਪਾਗਾ ॥
ਕਿਉਂਕਿ ਗੁਰੂ ਦੀ ਮੱਤ ਲੈ ਕੇ ਉਹ ਆਪਣੇ ਮਨ ਨੂੰ ਜਿੱਤ ਲੈਂਦਾ ਹੈ, ਤੇ ਉਸ ਨੂੰ ਅਬਿਨਾਸੀ ਪ੍ਰਭੂ ਮਿਲ ਪੈਂਦਾ ਹੈ।
ਜਿਸਹਿ ਧਿਆਇਆ ਪਾਰਬ੍ਰਹਮੁ ਸੋ ਕਲਿ ਮਹਿ ਤਾਗਾ ॥
ਜਿਸ ਹੀ ਮਨੁੱਖ ਨੇ ਪਰਮਾਤਮਾ ਨੂੰ ਸਿਮਰਿਆ ਹੈ ਉਹ ਸੰਸਾਰ ਵਿਚ (ਵਿਕਾਰਾਂ ਦਾ) ਟਾਕਰਾ ਕਰਨ ਜੋਗਾ ਹੋ ਜਾਂਦਾ ਹੈ,
ਸਾਧੂ ਸੰਗਤਿ ਨਿਰਮਲਾ ਅਠਸਠਿ ਮਜਨਾਗਾ ॥
ਗੁਰਮੁਖਾਂ ਦੀ ਸੰਗਤ ਵਿਚ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ ਮਾਨੋ, ਉਸ ਨੇ ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ ਹੈ।
ਜਿਸੁ ਪ੍ਰਭੁ ਮਿਲਿਆ ਆਪਣਾ ਸੋ ਪੁਰਖੁ ਸਭਾਗਾ ॥
ਭਾਗਾਂ ਵਾਲਾ ਹੈ ਉਹ ਮਨੁੱਖ ਜਿਸ ਨੂੰ ਪਿਆਰਾ ਪ੍ਰਭੂ ਮਿਲ ਪਿਆ।
ਨਾਨਕ ਤਿਸੁ ਬਲਿਹਾਰਣੈ ਜਿਸੁ ਏਵਡ ਭਾਗਾ ॥੧੭॥
ਹੇ ਨਾਨਕ! ਮੈਂ ਸਦਕੇ ਹਾਂ ਉਸ ਉਤੋਂ ਜਿਸ ਦੇ ਇਤਨੇ ਵੱਡੇ ਭਾਗ ਹਨ ॥੧੭॥
ਸਲੋਕ ਮਃ ੫ ॥
ਜਾਂ ਪਿਰੁ ਅੰਦਰਿ ਤਾਂ ਧਨ ਬਾਹਰਿ ॥
ਜਦੋਂ ਪਤੀ-ਪ੍ਰਭੂ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਤੱਖ ਮੌਜੂਦ ਹੋਵੇ, ਤਾਂ ਜੀਵ-ਇਸਤ੍ਰੀ ਮਾਇਕ ਧੰਧਿਆਂ ਝੰਬੇਲਿਆਂ ਤੋਂ ਨਿਰਲੇਪ ਰਹਿੰਦੀ ਹੈ।
ਜਾਂ ਪਿਰੁ ਬਾਹਰਿ ਤਾਂ ਧਨ ਮਾਹਰਿ ॥
ਜਦੋਂ ਪਤੀ-ਪ੍ਰਭੂ ਯਾਦ ਤੋਂ ਦੂਰ ਹੋ ਜਾਏ, ਤਾਂ ਜੀਵ-ਇਸਤ੍ਰੀ ਮਾਇਕ ਧੰਧਿਆਂ ਵਿਚ ਖਚਿਤ ਹੋਣ ਲੱਗ ਪੈਂਦੀ ਹੈ।
ਬਿਨੁ ਨਾਵੈ ਬਹੁ ਫੇਰੁ ਫਿਰਾਹਰਿ ॥
ਪ੍ਰਭੂ ਦੀ ਯਾਦ ਤੋਂ ਬਿਨਾ ਜੀਵ ਅਨੇਕਾਂ ਭਟਕਣਾਂ ਵਿਚ ਭਟਕਦਾ ਹੈ।
ਸਤਿਗੁਰਿ ਸੰਗਿ ਦਿਖਾਇਆ ਜਾਹਰਿ ॥
ਜਿਸ ਮਨੁੱਖ ਨੂੰ ਗੁਰੂ ਨੇ ਹਿਰਦੇ ਵਿਚ ਪ੍ਰਤੱਖ ਪ੍ਰਭੂ ਵਿਖਾ ਦਿੱਤਾ,
ਜਨ ਨਾਨਕ ਸਚੇ ਸਚਿ ਸਮਾਹਰਿ ॥੧॥
ਹੇ ਦਾਸ ਨਾਨਕ! ਉਹ ਸਦਾ-ਥਿਰ ਪ੍ਰਭੂ ਵਿਚ ਹੀ ਟਿਕਿਆ ਰਹਿੰਦਾ ਹੈ ॥੧॥
ਸਲੋਕ ਮਃ ੫ ॥
ਜਾਂ ਪਿਰੁ ਅੰਦਰਿ ਤਾਂ ਧਨ ਬਾਹਰਿ ॥
ਜਦੋਂ ਪਤੀ-ਪ੍ਰਭੂ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਤੱਖ ਮੌਜੂਦ ਹੋਵੇ, ਤਾਂ ਜੀਵ-ਇਸਤ੍ਰੀ ਮਾਇਕ ਧੰਧਿਆਂ ਝੰਬੇਲਿਆਂ ਤੋਂ ਨਿਰਲੇਪ ਰਹਿੰਦੀ ਹੈ।
ਜਾਂ ਪਿਰੁ ਬਾਹਰਿ ਤਾਂ ਧਨ ਮਾਹਰਿ ॥
ਜਦੋਂ ਪਤੀ-ਪ੍ਰਭੂ ਯਾਦ ਤੋਂ ਦੂਰ ਹੋ ਜਾਏ, ਤਾਂ ਜੀਵ-ਇਸਤ੍ਰੀ ਮਾਇਕ ਧੰਧਿਆਂ ਵਿਚ ਖਚਿਤ ਹੋਣ ਲੱਗ ਪੈਂਦੀ ਹੈ।
ਬਿਨੁ ਨਾਵੈ ਬਹੁ ਫੇਰੁ ਫਿਰਾਹਰਿ ॥
ਪ੍ਰਭੂ ਦੀ ਯਾਦ ਤੋਂ ਬਿਨਾ ਜੀਵ ਅਨੇਕਾਂ ਭਟਕਣਾਂ ਵਿਚ ਭਟਕਦਾ ਹੈ।
ਸਤਿਗੁਰਿ ਸੰਗਿ ਦਿਖਾਇਆ ਜਾਹਰਿ ॥
ਜਿਸ ਮਨੁੱਖ ਨੂੰ ਗੁਰੂ ਨੇ ਹਿਰਦੇ ਵਿਚ ਪ੍ਰਤੱਖ ਪ੍ਰਭੂ ਵਿਖਾ ਦਿੱਤਾ,
ਜਨ ਨਾਨਕ ਸਚੇ ਸਚਿ ਸਮਾਹਰਿ ॥੧॥
ਹੇ ਦਾਸ ਨਾਨਕ! ਉਹ ਸਦਾ-ਥਿਰ ਪ੍ਰਭੂ ਵਿਚ ਹੀ ਟਿਕਿਆ ਰਹਿੰਦਾ ਹੈ ॥੧॥
ਮਃ ੫ ॥
ਆਹਰ ਸਭਿ ਕਰਦਾ ਫਿਰੈ ਆਹਰੁ ਇਕੁ ਨ ਹੋਇ ॥
ਹੇ ਨਾਨਕ! ਮਨੁੱਖ ਹੋਰ ਸਾਰੇ ਉੱਦਮ ਕਰਦਾ ਫਿਰਦਾ ਹੈ, ਪਰ ਇਕ ਪ੍ਰਭੂ ਨੂੰ ਸਿਮਰਨ ਦਾ ਉੱਦਮ ਨਹੀਂ ਕਰਦਾ।
ਨਾਨਕ ਜਿਤੁ ਆਹਰਿ ਜਗੁ ਉਧਰੈ ਵਿਰਲਾ ਬੂਝੈ ਕੋਇ ॥੨॥
ਜਿਸ ਉੱਦਮ ਦੀ ਰਾਹੀਂ ਜਗਤ ਵਿਕਾਰਾਂ ਤੋਂ ਬਚ ਸਕਦਾ ਹੈ (ਉਸ ਉੱਦਮ ਨੂੰ) ਕੋਈ ਵਿਰਲਾ ਮਨੁੱਖ ਸਮਝਦਾ ਹੈ ॥੨॥
ਪਉੜੀ ॥
ਵਡੀ ਹੂ ਵਡਾ ਅਪਾਰੁ ਤੇਰਾ ਮਰਤਬਾ ॥
ਹੇ ਪ੍ਰਭੂ! ਤੇਰਾ ਬੇਅੰਤ ਹੀ ਵੱਡਾ ਰੁਤਬਾ ਹੈ,
ਰੰਗ ਪਰੰਗ ਅਨੇਕ ਨ ਜਾਪਨਿੑ ਕਰਤਬਾ ॥
(ਸੰਸਾਰ ਵਿਚ) ਤੇਰੇ ਅਨੇਕਾਂ ਹੀ ਕਿਸਮਾਂ ਦੇ ਕੌਤਕ ਹੋ ਰਹੇ ਹਨ ਜੋ ਸਮਝੇ ਨਹੀਂ ਜਾ ਸਕਦੇ।
ਜੀਆ ਅੰਦਰਿ ਜੀਉ ਸਭੁ ਕਿਛੁ ਜਾਣਲਾ ॥
ਸਭ ਜੀਵਾਂ ਦੇ ਅੰਦਰ ਤੂੰ ਹੀ ਜਿੰਦ-ਰੂਪ ਹੈਂ, ਤੂੰ (ਜੀਵਾਂ ਦੀ) ਹਰੇਕ ਗੱਲ ਜਾਣਦਾ ਹੈਂ।
ਸਭੁ ਕਿਛੁ ਤੇਰੈ ਵਸਿ ਤੇਰਾ ਘਰੁ ਭਲਾ ॥
ਸੋਹਣਾ ਹੈ ਤੇਰਾ ਟਿਕਾਣਾ, ਸਾਰੀ ਸ੍ਰਿਸ਼ਟੀ ਤੇਰੇ ਹੀ ਵੱਸ ਵਿਚ ਹੈ।
ਤੇਰੈ ਘਰਿ ਆਨੰਦੁ ਵਧਾਈ ਤੁਧੁ ਘਰਿ ॥
(ਇਤਨੀ ਸ੍ਰਿਸ਼ਟੀ ਦਾ ਮਾਲਕ ਹੁੰਦਿਆਂ ਭੀ) ਤੇਰੇ ਹਿਰਦੇ ਵਿਚ ਸਦਾ ਆਨੰਦ ਤੇ ਖ਼ੁਸ਼ੀਆਂ ਹਨ,
ਮਾਣੁ ਮਹਤਾ ਤੇਜੁ ਆਪਣਾ ਆਪਿ ਜਰਿ ॥
ਤੂੰ ਆਪਣੇ ਇਤਨੇ ਵੱਡੇ ਮਾਣ ਵਡਿਆਈ ਤੇ ਪਰਤਾਪ ਨੂੰ ਆਪ ਹੀ ਜਰਦਾ ਹੈਂ।
ਸਰਬ ਕਲਾ ਭਰਪੂਰੁ ਦਿਸੈ ਜਤ ਕਤਾ ॥
ਸਾਰੀਆਂ ਤਾਕਤਾਂ ਦਾ ਮਾਲਕ-ਪ੍ਰਭੂ ਹਰ ਥਾਂ ਦਿੱਸ ਰਿਹਾ ਹੈ।
ਨਾਨਕ ਦਾਸਨਿ ਦਾਸੁ ਤੁਧੁ ਆਗੈ ਬਿਨਵਤਾ ॥੧੮॥
ਹੇ ਪ੍ਰਭੂ! ਨਾਨਕ ਤੇਰੇ ਦਾਸਾਂ ਦਾ ਦਾਸ ਤੇਰੇ ਅੱਗੇ (ਹੀ) ਅਰਦਾਸ-ਬੇਨਤੀ ਕਰਦਾ ਹੈ ॥੧੮॥
ਸਲੋਕ ਮਃ ੫ ॥
ਛਤੜੇ ਬਾਜਾਰ ਸੋਹਨਿ ਵਿਚਿ ਵਪਾਰੀਏ ॥
(ਇਸ ਉਪਰ ਦਿੱਸਦੇ ਆਕਾਸ਼-ਛੱਤ ਦੇ ਹੇਠ) ਛੱਤੇ ਹੋਏ (ਬੇਅੰਤ ਜਗ-ਮੰਡਲ, ਮਾਨੋ) ਬਾਜ਼ਾਰ ਹਨ, ਇਹਨਾਂ ਵਿਚ (ਪ੍ਰਭੂ-ਨਾਮ ਦਾ ਵਪਾਰ ਕਰਨ ਵਾਲੇ ਜੀਵ-) ਵਪਾਰੀ ਹੀ ਸੋਹਣੇ ਲੱਗਦੇ ਹਨ।
ਵਖਰੁ ਹਿਕੁ ਅਪਾਰੁ ਨਾਨਕ ਖਟੇ ਸੋ ਧਣੀ ॥੧॥
ਹੇ ਨਾਨਕ! (ਇਸ ਜਗਤ-ਮੰਡੀ ਵਿਚ) ਉਹ ਮਨੁੱਖ ਧਨਵਾਨ ਹੈ ਜੋ ਇਕ ਅਖੁੱਟ (ਹਰਿ-ਨਾਮ) ਸੌਦਾ ਹੀ ਖੱਟਦਾ ਹੈ ॥੧॥
ਮਹਲਾ ੫ ॥
ਕਬੀਰਾ ਹਮਰਾ ਕੋ ਨਹੀ ਹਮ ਕਿਸ ਹੂ ਕੇ ਨਾਹਿ ॥
ਹੇ ਕਬੀਰ! ਨਾਹ ਕੋਈ ਸਾਡਾ ਹੀ ਸਦਾ ਦਾ ਸਾਥੀ ਹੈ, ਅਤੇ ਨਾਹ ਹੀ ਅਸੀਂ ਕਿਸੇ ਦੇ ਸਦਾ ਲਈ ਸਾਥੀ ਬਣ ਸਕਦੇ ਹਾਂ (ਸੰਸਾਰ ਬੇੜੀ ਦੇ ਪੂਰ ਦਾ ਮੇਲਾ ਹੈ)।
ਜਿਨਿ ਇਹੁ ਰਚਨੁ ਰਚਾਇਆ ਤਿਸ ਹੀ ਮਾਹਿ ਸਮਾਹਿ ॥੨॥
ਜਿਸ ਪਰਮਾਤਮਾ ਨੇ ਇਹ ਰਚਨਾ ਰਚੀ ਹੈ, ਅਸੀਂ ਤਾਂ ਉਸੇ ਦੀ ਯਾਦ ਵਿਚ ਟਿਕੇ ਰਹਿੰਦੇ ਹਾਂ ॥੨॥
ਪਉੜੀ ॥
ਸਫਲਿਉ ਬਿਰਖੁ ਸੁਹਾਵੜਾ ਹਰਿ ਸਫਲ ਅੰਮ੍ਰਿਤਾ ॥
ਪਰਮਾਤਮਾ (ਮਾਨੋ) ਇਕ ਸੋਹਣਾ ਫਲਦਾਰ ਰੁੱਖ ਹੈ ਜਿਸ ਨੂੰ ਆਤਮਕ ਜੀਵਨ ਦੇਣ ਵਾਲੇ ਫਲ ਲੱਗੇ ਹੋਏ ਹਨ।
ਮਨੁ ਲੋਚੈ ਉਨੑ ਮਿਲਣ ਕਉ ਕਿਉ ਵੰਞੈ ਘਿਤਾ ॥
ਮੇਰਾ ਮਨ ਉਸ ਪ੍ਰਭੂ ਨੂੰ ਮਿਲਣ ਲਈ ਤਾਂਘਦਾ ਹੈ (ਪਰ ਪਤਾ ਨਹੀਂ ਲੱਗਦਾ ਕਿ) ਕਿਵੇਂ ਮਿਲਿਆ ਜਾਏ,
ਵਰਨਾ ਚਿਹਨਾ ਬਾਹਰਾ ਓਹੁ ਅਗਮੁ ਅਜਿਤਾ ॥
ਕਿਉਂਕਿ ਨਾਹ ਉਸ ਦਾ ਕੋਈ ਰੰਗ ਹੈ ਨਾਹ ਨਿਸ਼ਾਨ, ਉਸ ਤਕ ਪਹੁੰਚਿਆ ਨਹੀਂ ਜਾ ਸਕਦਾ, ਉਸ ਨੂੰ ਜਿੱਤਿਆ ਨਹੀਂ ਜਾ ਸਕਦਾ।
ਓਹੁ ਪਿਆਰਾ ਜੀਅ ਕਾ ਜੋ ਖੋਲੑੈ ਭਿਤਾ ॥
ਜੇਹੜਾ ਸੱਜਣ (ਮੈਨੂੰ) ਇਹ ਭੇਤ ਸਮਝਾ ਦੇਵੇ, ਉਹ ਮੇਰੀ ਜਿੰਦ-ਜਾਨ ਨੂੰ ਪਿਆਰਾ ਲੱਗੇਗਾ।
ਸੇਵਾ ਕਰੀ ਤੁਸਾੜੀਆ ਮੈ ਦਸਿਹੁ ਮਿਤਾ ॥
ਹੇ ਮਿੱਤਰ! ਮੈਨੂੰ (ਇਹ ਭੇਤ) ਦੱਸੋ, ਮੈਂ ਤੁਹਾਡੀ ਸੇਵਾ ਕਰਾਂਗਾ।
ਕੁਰਬਾਣੀ ਵੰਞਾ ਵਾਰਣੈ ਬਲੇ ਬਲਿ ਕਿਤਾ ॥
ਮੈਂ ਤੁਹਾਥੋਂ ਸਦਕੇ ਕੁਰਬਾਨ ਵਾਰਨੇ ਜਾਵਾਂਗਾ।
ਦਸਨਿ ਸੰਤ ਪਿਆਰਿਆ ਸੁਣਹੁ ਲਾਇ ਚਿਤਾ ॥
ਪਿਆਰੇ ਸੰਤ (ਗੁਰਮੁਖਿ ਉਹ ਭੇਤ) ਦੱਸਦੇ ਹਨ (ਤੇ ਆਖਦੇ ਹਨ ਕਿ) ਧਿਆਨ ਨਾਲ ਸੁਣ!
ਜਿਸੁ ਲਿਖਿਆ ਨਾਨਕ ਦਾਸ ਤਿਸੁ ਨਾਉ ਅੰਮ੍ਰਿਤੁ ਸਤਿਗੁਰਿ ਦਿਤਾ ॥੧੯॥
ਹੇ ਦਾਸ ਨਾਨਕ! ਜਿਸ ਦੇ ਮੱਥੇ ਉਤੇ ਲੇਖ ਲਿਖਿਆ (ਉੱਘੜਦਾ) ਹੈ ਉਸ ਨੂੰ ਸਤਿਗੁਰੂ ਨੇ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਬਖ਼ਸ਼ਿਆ ਹੈ ॥੧੯॥
ਸਲੋਕ ਮਹਲਾ ੫ ॥
ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹਿ ॥
ਹੇ ਕਬੀਰ! ਜੇ ਵਿਕਾਰੀ ਮਨੁੱਖ (ਚੰਗੇ ਭਾਗਾਂ ਨਾਲ) ਹੋਰ ਝਾਕ ਛੱਡ ਕੇ ਸਤਿਗੁਰੂ ਦੀ ਸੰਗਤ ਵਿਚ ਆ ਬੈਠਣ, ਤਾਂ ਵਿਕਾਰੀਆਂ ਦਾ ਅਸਰ ਉਸ ਸੰਗਤ ਉਤੇ ਨਹੀਂ ਪੈਂਦਾ।
ਧਰਤੀ ਭਾਰਿ ਨ ਬਿਆਪਈ ਉਨ ਕਉ ਲਾਹੂ ਲਾਹਿ ॥੧॥
ਹਾਂ, ਵਿਕਾਰੀ ਬੰਦਿਆਂ ਨੂੰ ਜ਼ਰੂਰ ਲਾਭ ਅੱਪੜਦਾ ਹੈ, ਉਹ ਵਿਕਾਰੀ ਬੰਦੇ ਜ਼ਰੂਰ ਲਾਭ ਉਠਾਂਦੇ ਹਨ ॥੧॥
ਮਹਲਾ ੫ ॥
ਕਬੀਰ ਚਾਵਲ ਕਾਰਣੇ ਤੁਖ ਕਉ ਮੁਹਲੀ ਲਾਇ ॥
ਹੇ ਕਬੀਰ! (ਤੋਹਾਂ ਨਾਲੋਂ) ਚੌਲ (ਵੱਖਰੇ ਕਰਨ) ਦੀ ਖ਼ਾਤਰ (ਛੜਨ ਵੇਲੇ) ਤੋਹਾਂ ਨੂੰ ਮੋਹਲੀ (ਦੀ ਸੱਟ) ਵੱਜਦੀ ਹੈ।
ਸੰਗਿ ਕੁਸੰਗੀ ਬੈਸਤੇ ਤਬ ਪੂਛੇ ਧਰਮ ਰਾਇ ॥੨॥
ਇਸੇ ਤਰ੍ਹਾਂ ਜੋ ਮਨੁੱਖ ਵਿਕਾਰੀਆਂ ਦੀ ਸੁਹਬਤਿ ਵਿਚ ਬੈਠਦਾ ਹੈ (ਉਹ ਭੀ ਵਿਕਾਰਾਂ ਦੀ ਸੱਟ ਖਾਂਦਾ ਹੈ, ਵਿਕਾਰ ਕਰਨ ਲੱਗ ਪੈਂਦਾ ਹੈ) ਉਸ ਤੋਂ ਧਰਮਰਾਜ ਲੇਖਾ ਮੰਗਦਾ ਹੈ ॥੨॥
ਪਉੜੀ ॥
ਆਪੇ ਹੀ ਵਡ ਪਰਵਾਰੁ ਆਪਿ ਇਕਾਤੀਆ ॥
ਹੇ ਪ੍ਰਭੂ! ਤੂੰ ਆਪ ਹੀ (ਜਗਤ-ਰੂਪ) ਵੱਡੇ ਪਰਵਾਰ ਵਾਲਾ ਹੈਂ, ਤੇ (ਇਸ ਤੋਂ ਨਿਰਲੇਪ) ਇਕੱਲਾ ਰਹਿਣ ਵਾਲਾ ਭੀ ਹੈਂ।
ਆਪਣੀ ਕੀਮਤਿ ਆਪਿ ਆਪੇ ਹੀ ਜਾਤੀਆ ॥
ਆਪਣੀ ਬਜ਼ੁਰਗੀ ਦੀ ਕਦਰ ਬਣਾਣ ਵਾਲਾ ਭੀ ਤੂੰ ਆਪ ਹੀ ਹੈਂ, ਤੇ ਕਦਰ ਜਾਣਨ ਵਾਲਾ ਭੀ ਤੂੰ ਆਪ ਹੀ ਹੈਂ।
ਸਭੁ ਕਿਛੁ ਆਪੇ ਆਪਿ ਆਪਿ ਉਪੰਨਿਆ ॥
ਇਹ ਸਾਰਾ ਜਗਤ ਤੇਰਾ ਆਪਣਾ ਹੀ (ਸਰਗੁਣ) ਰੂਪ ਹੈ, ਤੇ ਇਹ ਤੈਥੋਂ ਹੀ ਇਸ ਦਿੱਸਦੇ ਰੂਪ ਵਿਚ ਆਇਆ ਹੈ।
ਆਪਣਾ ਕੀਤਾ ਆਪਿ ਆਪਿ ਵਰੰਨਿਆ ॥
ਇਸ ਸਾਰੇ ਪੈਦਾ ਕੀਤੇ ਜਗਤ ਨੂੰ ਰੂਪ-ਰੰਗ ਦੇਣ ਵਾਲਾ ਭੀ ਤੂੰ ਆਪ ਹੀ ਹੈਂ।
ਧੰਨੁ ਸੁ ਤੇਰਾ ਥਾਨੁ ਜਿਥੈ ਤੂ ਵੁਠਾ ॥
ਉਹ ਅਸਥਾਨ ਭਾਗਾਂ ਵਾਲਾ ਹੈ ਜਿਥੇ, ਹੇ ਪ੍ਰਭੂ! ਤੂੰ ਵੱਸਦਾ ਹੈਂ,
ਧੰਨੁ ਸੁ ਤੇਰੇ ਭਗਤ ਜਿਨੑੀ ਸਚੁ ਤੂੰ ਡਿਠਾ ॥
ਤੇਰੇ ਉਹ ਭਗਤ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਤੇਰਾ ਦੀਦਾਰ ਕੀਤਾ ਹੈ।
ਜਿਸ ਨੋ ਤੇਰੀ ਦਇਆ ਸਲਾਹੇ ਸੋਇ ਤੁਧੁ ॥
ਉਹੀ ਬੰਦਾ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹੈ ਜਿਸ ਉਤੇ ਤੇਰੀ ਮੇਹਰ ਹੁੰਦੀ ਹੈ।
ਜਿਸੁ ਗੁਰ ਭੇਟੇ ਨਾਨਕ ਨਿਰਮਲ ਸੋਈ ਸੁਧੁ ॥੨੦॥
ਹੇ ਨਾਨਕ! (ਪ੍ਰਭੂ ਦੀ ਮੇਹਰ ਨਾਲ) ਜਿਸ ਨੂੰ ਗੁਰੂ ਮਿਲ ਪਏ, ਉਹ ਸੁੱਧ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ ॥੨੦॥
ਸਲੋਕ ਮਃ ੫ ॥
ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗੁ ॥
ਹੇ ਫਰੀਦ! (ਇਹ) ਧਰਤੀ (ਤਾਂ) ਸੁਹਾਵਣੀ ਹੈ (ਪਰ ਮਨੁੱਖੀ ਮਨ ਦੇ ਟੋਏ ਟਿੱਬਿਆਂ ਦੇ ਕਾਰਨ ਇਸ) ਵਿਚ ਵਿਹੁਲਾ ਬਾਗ਼ (ਲੱਗਾ ਹੋਇਆ) ਹੈ (ਜਿਸ ਵਿਚ ਦੁਖਾਂ ਦੀ ਅੱਗ ਬਲ ਰਹੀ ਹੈ)।
ਜੋ ਨਰ ਪੀਰਿ ਨਿਵਾਜਿਆ ਤਿਨੑਾ ਅੰਚ ਨ ਲਾਗ ॥੧॥
ਜਿਸ ਜਿਸ ਮਨੁੱਖ ਨੂੰ ਸਤਿਗੁਰੂ ਨੇ ਉੱਚਾ ਕੀਤਾ ਹੈ, ਉਹਨਾਂ ਨੂੰ (ਦੁੱਖ-ਅਗਨੀ ਦਾ) ਸੇਕ ਨਹੀਂ ਲੱਗਦਾ ॥੧॥
ਮਃ ੫ ॥
ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ ॥
ਹੇ ਫਰੀਦ! (ਉਹਨਾਂ ਬੰਦਿਆਂ ਦੀ) ਜ਼ਿੰਦਗੀ ਸੌਖੀ ਹੈ ਅਤੇ ਸਰੀਰ ਭੀ ਸੋਹਣੇ ਰੰਗ ਵਾਲਾ (ਭਾਵ, ਰੋਗ-ਰਹਿਤ) ਹੈ,
ਵਿਰਲੇ ਕੇਈ ਪਾਈਅਨਿੑ ਜਿਨੑਾ ਪਿਆਰੇ ਨੇਹ ॥੨॥
ਜਿਨ੍ਹਾਂ ਦਾ ਪਿਆਰ ਪਿਆਰੇ ਪਰਮਾਤਮਾ ਨਾਲ ਹੈ (‘ਵਿਸੂਲਾ ਬਾਗ’ ਤੇ ‘ਦੁਖ-ਅਗਨੀ’ ਉਹਨਾਂ ਨੂੰ ਛੂੰਹਦੇ ਨਹੀਂ, ਪਰ ਅਜੇਹੇ ਬੰਦੇ) ਕੋਈ ਵਿਰਲੇ ਹੀ ਮਿਲਦੇ ਹਨ ॥੨॥
ਪਉੜੀ ॥
ਜਪੁ ਤਪੁ ਸੰਜਮੁ ਦਇਆ ਧਰਮੁ ਜਿਸੁ ਦੇਹਿ ਸੁ ਪਾਏ ॥
ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ (ਨਾਮ ਦੀ ਦਾਤਿ) ਦੇਂਦਾ ਹੈਂ ਉਹ (ਮਾਨੋ) ਜਪ ਤਪ ਸੰਜਮ ਦਇਆ ਤੇ ਧਰਮ ਪ੍ਰਾਪਤ ਕਰ ਲੈਂਦਾ ਹੈ।
ਜਿਸੁ ਬੁਝਾਇਹਿ ਅਗਨਿ ਆਪਿ ਸੋ ਨਾਮੁ ਧਿਆਏ ॥
(ਪਰ) ਤੇਰਾ ਨਾਮ ਉਹੀ ਸਿਮਰਦਾ ਹੈ ਜਿਸ ਦੀ ਤ੍ਰਿਸ਼ਨਾ-ਅੱਗ ਤੂੰ ਆਪ ਬੁਝਾਂਦਾ ਹੈਂ।
ਅੰਤਰਜਾਮੀ ਅਗਮ ਪੁਰਖੁ ਇਕ ਦ੍ਰਿਸਟਿ ਦਿਖਾਏ ॥
ਘਟ ਘਟ ਦੀ ਜਾਣਨ ਵਾਲਾ ਅਪਹੁੰਚ ਵਿਆਪਕ ਪ੍ਰਭੂ ਜਿਸ ਮਨੁੱਖ ਵਲ ਮੇਹਰ ਦੀ ਇਕ ਨਿਗਾਹ ਕਰਦਾ ਹੈ,
ਸਾਧਸੰਗਤਿ ਕੈ ਆਸਰੈ ਪ੍ਰਭ ਸਿਉ ਰੰਗੁ ਲਾਏ ॥
ਉਹ ਸਤਸੰਗ ਦੇ ਆਸਰੇ ਰਹਿ ਕੇ ਪਰਮਾਤਮਾ ਨਾਲ ਪਿਆਰ ਪਾ ਲੈਂਦਾ ਹੈ।
ਅਉਗਣ ਕਟਿ ਮੁਖੁ ਉਜਲਾ ਹਰਿ ਨਾਮਿ ਤਰਾਏ ॥
ਪਰਮਾਤਮਾ ਉਸ ਦੇ ਸਾਰੇ ਅਉਗਣ ਕੱਟ ਕੇ ਉਸ ਨੂੰ ਸੁਰਖ਼ਰੂ ਕਰਦਾ ਹੈ ਤੇ ਆਪਣੇ ਨਾਮ ਦੀ ਰਾਹੀਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।
ਜਨਮ ਮਰਣ ਭਉ ਕਟਿਓਨੁ ਫਿਰਿ ਜੋਨਿ ਨ ਪਾਏ ॥
ਉਸ (ਪਰਮਾਤਮਾ) ਨੇ ਉਸ ਮਨੁੱਖ ਦਾ ਜਨਮ ਮਰਨ ਦਾ ਡਰ ਦੂਰ ਕਰ ਦਿੱਤਾ ਹੈ, ਤੇ ਉਸ ਨੂੰ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪਾਂਦਾ।
ਅੰਧ ਕੂਪ ਤੇ ਕਾਢਿਅਨੁ ਲੜੁ ਆਪਿ ਫੜਾਏ ॥
ਪ੍ਰਭੂ ਨੇ ਜਿਨ੍ਹਾਂ ਨੂੰ ਆਪਣਾ ਪੱਲਾ ਫੜਾਇਆ ਹੈ, ਉਹਨਾਂ ਨੂੰ (ਮਾਇਆ-ਮੋਹ ਦੇ) ਘੁੱਪ ਹਨੇਰੇ ਖੂਹ ਵਿਚੋਂ (ਬਾਹਰ) ਕੱਢ ਲਿਆ ਹੈ।
ਨਾਨਕ ਬਖਸਿ ਮਿਲਾਇਅਨੁ ਰਖੇ ਗਲਿ ਲਾਏ ॥੨੧॥
ਹੇ ਨਾਨਕ! ਪ੍ਰਭੂ ਨੇ ਉਹਨਾਂ ਨੂੰ ਮੇਹਰ ਕਰ ਕੇ ਆਪਣੇ ਨਾਲ ਮਿਲਾ ਲਿਆ ਹੈ, ਆਪਣੇ ਗਲ ਨਾਲ ਲਾ ਲਿਆ ਹੈ ॥੨੧॥
ਸਲੋਕ ਮਃ ੫ ॥
ਮੁਹਬਤਿ ਜਿਸੁ ਖੁਦਾਇ ਦੀ ਰਤਾ ਰੰਗਿ ਚਲੂਲਿ ॥
ਜਿਸ ਮਨੁੱਖ ਨੂੰ ਰੱਬ ਦਾ ਪਿਆਰ (ਪ੍ਰਾਪਤ ਹੋ ਜਾਂਦਾ ਹੈ), ਤੇ ਉਹ (ਉਸ ਪਿਆਰ ਦੇ) ਗੂੜੇ ਰੰਗ ਵਿਚ ਰੰਗਿਆ ਜਾਂਦਾ ਹੈ,
ਨਾਨਕ ਵਿਰਲੇ ਪਾਈਅਹਿ ਤਿਸੁ ਜਨ ਕੀਮ ਨ ਮੂਲਿ ॥੧॥
ਉਸ ਮਨੁੱਖ ਦਾ ਮੁੱਲ ਬਿਲਕੁਲ ਨਹੀਂ ਪੈ ਸਕਦਾ। ਪਰ, ਹੇ ਨਾਨਕ! ਅਜੇਹੇ ਬੰਦੇ ਵਿਰਲੇ ਹੀ ਲੱਭਦੇ ਹਨ ॥੧॥
ਮਃ ੫ ॥
ਅੰਦਰੁ ਵਿਧਾ ਸਚਿ ਨਾਇ ਬਾਹਰਿ ਭੀ ਸਚੁ ਡਿਠੋਮਿ ॥
ਜਦੋਂ ਮੇਰਾ ਅੰਦਰਲਾ (ਭਾਵ, ਮਨ) ਸੱਚੇ ਨਾਮ ਵਿਚ ਵਿੱਝ ਗਿਆ, ਤਾਂ ਮੈਂ ਬਾਹਰ ਭੀ ਉਸ ਸਦਾ-ਥਿਰ ਪ੍ਰਭੂ ਨੂੰ ਵੇਖ ਲਿਆ।
ਨਾਨਕ ਰਵਿਆ ਹਭ ਥਾਇ ਵਣਿ ਤ੍ਰਿਣਿ ਤ੍ਰਿਭਵਣਿ ਰੋਮਿ ॥੨॥
ਹੇ ਨਾਨਕ! (ਹੁਣ ਮੈਨੂੰ ਇਉਂ ਦਿੱਸਦਾ ਹੈ ਕਿ) ਪਰਮਾਤਮਾ ਹਰੇਕ ਥਾਂ ਵਿਚ ਮੌਜੂਦ ਹੈ, ਹਰੇਕ ਵਣ ਵਿਚ, ਹਰੇਕ ਤੀਲੇ ਵਿਚ, ਸਾਰੇ ਹੀ ਤ੍ਰਿਭਵਣੀ ਸੰਸਾਰ ਵਿਚ, ਰੋਮ ਰੋਮ ਵਿਚ ॥੨॥
ਪਉੜੀ ॥
ਆਪੇ ਕੀਤੋ ਰਚਨੁ ਆਪੇ ਹੀ ਰਤਿਆ ॥
ਇਹ ਜਗਤ-ਰਚਨਾ ਪ੍ਰਭੂ ਨੇ ਆਪ ਹੀ ਰਚੀ ਹੈ, ਤੇ ਆਪ ਹੀ ਇਸ ਵਿਚ ਮਿਲਿਆ ਹੋਇਆ ਹੈ।
ਆਪੇ ਹੋਇਓ ਇਕੁ ਆਪੇ ਬਹੁ ਭਤਿਆ ॥
(ਕਦੇ ਰਚਨਾ ਨੂੰ ਸਮੇਟ ਕੇ) ਇਕ ਆਪ ਹੀ ਆਪ ਹੋ ਜਾਂਦਾ ਹੈ, ਤੇ ਕਦੇ ਅਨੇਕਾਂ ਰੰਗਾਂ ਰੂਪਾਂ ਵਾਲਾ ਬਣ ਜਾਂਦਾ ਹੈ।
ਆਪੇ ਸਭਨਾ ਮੰਝਿ ਆਪੇ ਬਾਹਰਾ ॥
ਪ੍ਰਭੂ ਆਪ ਹੀ ਸਾਰੇ ਜੀਵਾਂ ਵਿਚ ਮੌਜੂਦ ਹੈ, ਤੇ ਨਿਰਲੇਪ ਭੀ ਆਪ ਹੀ ਹੈ।
ਆਪੇ ਜਾਣਹਿ ਦੂਰਿ ਆਪੇ ਹੀ ਜਾਹਰਾ ॥
ਹੇ ਪ੍ਰਭੂ! ਤੂੰ ਆਪ ਹੀ ਆਪਣੇ ਆਪ ਨੂੰ ਰਚਨਾ ਤੋਂ ਵੱਖਰਾ ਜਾਣਦਾ ਹੈਂ, ਤੇ ਆਪ ਹੀ ਹਰ ਥਾਂ ਹਾਜ਼ਰ-ਨਾਜ਼ਰ ਹੈਂ।
ਆਪੇ ਹੋਵਹਿ ਗੁਪਤੁ ਆਪੇ ਪਰਗਟੀਐ ॥
ਤੂੰ ਆਪ ਹੀ ਲੁਕਿਆ ਹੈਂ, ਤੇ ਪਰਗਟ ਭੀ ਆਪ ਹੀ ਹੈਂ।
ਕੀਮਤਿ ਕਿਸੈ ਨ ਪਾਇ ਤੇਰੀ ਥਟੀਐ ॥
ਤੇਰੀ ਇਸ ਰਚਨਾ ਦਾ ਮੁੱਲ ਕਿਸੇ ਨਹੀਂ ਪਾਇਆ।
ਗਹਿਰ ਗੰਭੀਰੁ ਅਥਾਹੁ ਅਪਾਰੁ ਅਗਣਤੁ ਤੂੰ ॥
ਤੂੰ ਗੰਭੀਰ ਹੈਂ, ਤੇਰੀ ਹਾਥ ਨਹੀਂ ਪੈ ਸਕਦੀ, ਤੂੰ ਬੇਅੰਤ ਹੈਂ, ਤੇਰੇ ਗੁਣ ਗਿਣੇ ਨਹੀਂ ਜਾ ਸਕਦੇ।
ਨਾਨਕ ਵਰਤੈ ਇਕੁ ਇਕੋ ਇਕੁ ਤੂੰ ॥੨੨॥੧॥੨॥ ਸੁਧੁ ॥
ਹੇ ਨਾਨਕ! ਹਰ ਥਾਂ ਇਕ ਪ੍ਰਭੂ ਹੀ ਮੌਜੂਦ ਹੈ। ਹੇ ਪ੍ਰਭੂ! ਇਕ ਤੂੰ ਹੀ ਤੂੰ ਹੈਂ ॥੨੨॥੧॥੨॥ ਸੁਧੁ ॥