ਰਾਮਕਲੀ ਕੀ ਵਾਰ (ਬਲਵੰਡਿ ਸਤੈ)-Ramkali ki vaar (Balwand Satte) Path in Punjabi Gurbani

ਰਾਮਕਲੀ ਕੀ ਵਾਰ (ਬਲਵੰਡਿ ਸਤੈ)-Ramkali ki vaar (Balwand Satte) Path in Punjabi Gurbani

ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ ॥

ਰਾਮਕਲੀ ਰਾਗਣੀ ਦੀ ਇਹ ਉਹ ‘ਵਾਰ’ ਹੈ ਜੋ ਰਾਇ ਬਲਵੰਡ ਨੇ ਅਤੇ ਸੱਤੇ ਡੂਮ ਨੇ ਸੁਣਾਈ ਸੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਨਾਉ ਕਰਤਾ ਕਾਦਰੁ ਕਰੇ ਕਿਉ ਬੋਲੁ ਹੋਵੈ ਜੋਖੀਵਦੈ ॥

(ਕਿਸੇ ਪੁਰਖ ਦਾ) ਜੋ ਨਾਮਣਾ ਕਾਦਰ ਕਰਤਾ ਆਪਿ (ਉੱਚਾ) ਕਰੇ, ਉਸ ਨੂੰ ਤੋਲਣ ਲਈ (ਕਿਸੇ ਪਾਸੋਂ) ਕੋਈ ਗੱਲ ਨਹੀਂ ਹੋ ਸਕਦੀ (ਭਾਵ, ਮੈਂ ਬਲਵੰਡ ਵਿਚਾਰਾ ਕੌਣ ਹਾਂ ਜੋ ਗੁਰੂ ਜੀ ਦੇ ਉੱਚੇ ਮਰਤਬੇ ਨੂੰ ਬਿਆਨ ਕਰ ਸਕਾਂ?)

ਦੇ ਗੁਨਾ ਸਤਿ ਭੈਣ ਭਰਾਵ ਹੈ ਪਾਰੰਗਤਿ ਦਾਨੁ ਪੜੀਵਦੈ ॥

ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਸਕਣ ਵਾਲੀ ਆਤਮ ਅਵਸਥਾ ਦੀ ਬਖ਼ਸ਼ਸ਼ ਹਾਸਲ ਕਰਨ ਲਈ ਜੋ ਸਤਿ ਆਦਿਕ ਰੱਬੀ ਗੁਣ (ਲੋਕ ਬੜੇ ਜਤਨਾਂ ਨਾਲ ਆਪਣੇ ਅੰਦਰ ਪੈਦਾ ਕਰਦੇ ਹਨ, ਉਹ ਗੁਣ ਸਤਿਗੁਰੂ ਜੀ ਦੇ ਤਾਂ) ਭੈਣ ਭਰਾਵ ਹਨ (ਭਾਵ) ਉਹਨਾਂ ਦੇ ਅੰਦਰ ਤਾਂ ਸੁਭਾਵਿਕ ਹੀ ਮੌਜੂਦ ਹਨ।

ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥

(ਇਸ ਉੱਚੇ ਨਾਮਣੇ ਵਾਲੇ ਗੁਰੂ) ਨਾਨਕ ਦੇਵ ਜੀ ਨੇ ਸੱਚ-ਰੂਪ ਕਿਲ੍ਹਾ ਬਣਾ ਕੇ ਅਤੇ ਪੱਕੀ ਨੀਂਹ ਰੱਖ ਕੇ (ਧਰਮ ਦਾ) ਰਾਜ ਚਲਾਇਆ ਹੈ।

ਲਹਣੇ ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ ਪੀਵਦੈ ॥

(ਬਾਬਾ) ਲਹਿਣਾ ਜੀ ਦੇ ਸਿਰ ਉਤੇ, ਜੋ ਸਿਫ਼ਤ-ਸਾਲਾਹ ਕਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਰਹੇ ਸਨ, ਗੁਰੂ ਨਾਨਕ ਦੇਵ ਜੀ ਨੇ (ਗੁਰਿਆਈ ਦਾ) ਛਤਰ ਧਰਿਆ।

ਮਤਿ ਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ ॥

ਗੁਰੂ ਅਕਾਲ ਪੁਰਖ ਦੀ (ਬਖ਼ਸ਼ੀ ਹੋਈ) ਮੱਤ-ਰੂਪ ਤਲਵਾਰ ਨਾਲ, ਜ਼ੋਰ ਨਾਲ ਅਤੇ ਬਲ ਨਾਲ (ਅੰਦਰੋਂ ਪਹਿਲਾ ਜੀਵਨ ਕੱਢ ਕੇ) ਆਤਮਕ ਜ਼ਿੰਦਗੀ ਬਖ਼ਸ਼ ਕੇ,

ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ ॥

(ਹੁਣ) ਆਪਣੀ ਸਲਾਮਤੀ ਵਿਚ ਹੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖ (ਬਾਬਾ ਲਹਣਾ ਜੀ) ਅੱਗੇ ਮੱਥਾ ਟੇਕਿਆ,

ਸਹਿ ਟਿਕਾ ਦਿਤੋਸੁ ਜੀਵਦੈ ॥੧॥

ਤੇ ਸਤਿਗੁਰੂ ਜੀ ਨੇ ਜਿਊਂਦਿਆਂ ਹੀ (ਗੁਰਿਆਈ ਦਾ) ਤਿਲਕ (ਬਾਬਾ ਲਹਣਾ ਜੀ ਨੂੰ) ਦੇ ਦਿੱਤਾ ॥੧॥


ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ ॥

(ਜਦੋਂ ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਦਾ ਤਿਲਕ ਬਾਬਾ ਲਹਣਾ ਜੀ ਨੂੰ ਦੇ ਦਿੱਤਾ, ਤਾਂ) ਗੁਰੂ ਨਾਨਕ ਸਾਹਿਬ ਦੀ ਵਡਿਆਈ ਦੀ ਧੁੰਮ ਦੀ ਬਰਕਤਿ ਨਾਲ, ਬਾਬਾ ਲਹਣਾ ਜੀ ਦੀ ਵਡਿਆਈ ਦੀ ਧੁੰਮ ਪੈ ਗਈ;

ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥

ਕਿਉਂਕਿ, (ਬਾਬਾ ਲਹਣਾ ਜੀ ਦੇ ਅੰਦਰ) ਉਹੀ (ਗੁਰੂ ਨਾਨਕ ਸਾਹਿਬ ਵਾਲੀ) ਜੋਤਿ ਸੀ, ਜੀਵਨ ਦਾ ਢੰਗ ਭੀ ਉਹੀ (ਗੁਰੂ ਨਾਨਕ ਸਾਹਿਬ ਵਾਲਾ) ਸੀ, ਗੁਰੂ (ਨਾਨਕ ਦੇਵ ਜੀ) ਨੇ (ਕੇਵਲ ਸਰੀਰ ਹੀ) ਮੁੜ ਵਟਾਇਆ ਸੀ।

ਝੁਲੈ ਸੁ ਛਤੁ ਨਿਰੰਜਨੀ ਮਲਿ ਤਖਤੁ ਬੈਠਾ ਗੁਰ ਹਟੀਐ ॥

(ਬਾਬਾ ਲਹਣਾ ਦੇ ਸਿਰ ਉਤੇ) ਸੁੰਦਰ ਰੱਬੀ ਛਤਰ ਝੁੱਲ ਰਿਹਾ ਹੈ। ਗੁਰੂ ਨਾਨਕ ਦੇਵ ਜੀ ਦੀ ਹੱਟੀ ਵਿਚ (ਬਾਬਾ ਲਹਣਾ) (ਗੁਰੂ ਨਾਨਕ ਦੇਵ ਜੀ ਪਾਸੋਂ ‘ਨਾਮ’ ਪਦਾਰਥ ਲੈ ਕੇ ਵੰਡਣ ਲਈ) ਗੱਦੀ ਮੱਲ ਕੇ ਬੈਠਾ ਹੈ।

ਕਰਹਿ ਜਿ ਗੁਰ ਫੁਰਮਾਇਆ ਸਿਲ ਜੋਗੁ ਅਲੂਣੀ ਚਟੀਐ ॥

(ਬਾਬਾ ਲਹਣਾ ਜੀ) ਗੁਰੂ ਨਾਨਕ ਸਾਹਿਬ ਦੇ ਫੁਰਮਾਏ ਹੋਏ ਹੁਕਮ ਨੂੰ ਪਾਲ ਰਹੇ ਹਨ-ਇਹ ‘ਹੁਕਮ ਪਾਲਣ’-ਰੂਪ ਜੋਗ ਦੀ ਕਮਾਈ ਅਲੂਣੀ ਸਿਲ ਚੱਟਣ (ਵਾਂਗ ਬੜੀ ਕਰੜੀ ਕਾਰ) ਹੈ।

ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ ॥

(ਗੁਰੂ ਨਾਨਕ ਦੀ ਹੱਟੀ ਵਿਚ) ਗੁਰੂ ਦੇ ਸ਼ਬਦ ਦੀ ਰਾਹੀਂ (ਨਾਮ ਦਾ) ਲੰਗਰ ਚੱਲ ਰਿਹਾ ਹੈ, (ਪਰ ਬਾਬਾ ਲਹਣਾ ਜੀ ਦੀ) ਨਾਮ-ਕਮਾਈ ਵਿਚ ਕੋਈ ਘਾਟਾ ਨਹੀਂ ਪੈਂਦਾ।

ਖਰਚੇ ਦਿਤਿ ਖਸੰਮ ਦੀ ਆਪ ਖਹਦੀ ਖੈਰਿ ਦਬਟੀਐ ॥

(ਬਾਬਾ ਲਹਣਾ ਜੀ) ਅਕਾਲ ਪੁਰਖ ਦੀ ਦਿੱਤੀ ਹੋਈ ਨਾਮ- ਦਾਤ ਵੰਡ ਰਹੇ ਹਨ, ਆਪ (ਭੀ) ਵਰਤਦੇ ਹਨ ਤੇ (ਹੋਰਨਾਂ ਨੂੰ ਭੀ) ਦਬਾ-ਦਬ ਦਾਨ ਕਰ ਰਹੇ ਹਨ।

ਹੋਵੈ ਸਿਫਤਿ ਖਸੰਮ ਦੀ ਨੂਰੁ ਅਰਸਹੁ ਕੁਰਸਹੁ ਝਟੀਐ ॥

(ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿਚ) ਮਾਲਕ ਅਕਾਲ ਪੁਰਖ ਦੀ ਸਿਫ਼ਤ-ਸਾਲਾਹ ਹੋ ਰਹੀ ਹੈ, ਰੂਹਾਨੀ ਦੇਸਾਂ ਤੋਂ (ਉਸ ਦੇ ਦਰ ਤੇ) ਨੂਰ ਝੜ ਰਿਹਾ ਹੈ।

ਤੁਧੁ ਡਿਠੇ ਸਚੇ ਪਾਤਿਸਾਹ ਮਲੁ ਜਨਮ ਜਨਮ ਦੀ ਕਟੀਐ ॥

ਹੇ ਸੱਚੇ ਸਤਿਗੁਰੂ (ਅੰਗਦ ਦੇਵ ਜੀ)! ਤੇਰਾ ਦੀਦਾਰ ਕੀਤਿਆਂ ਕਈ ਜਨਮਾਂ ਦੀ (ਵਿਕਾਰਾਂ ਦੀ) ਮੈਲ ਕੱਟੀ ਜਾ ਰਹੀ ਹੈ।

ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ ॥

(ਹੇ ਗੁਰੂ ਅੰਗਦ ਸਾਹਿਬ ਜੀ!) ਗੁਰੂ (ਨਾਨਕ ਸਾਹਿਬ) ਨੇ ਜੋ ਭੀ ਹੁਕਮ ਕੀਤਾ, ਆਪ ਨੇ ਸੱਚ (ਕਰਕੇ ਮੰਨਿਆ, ਅਤੇ ਆਪ ਨੇ) ਉਸ ਦੇ ਮੰਨਣ ਤੋਂ ਨਾਂਹ ਨਹੀਂ ਕੀਤੀ;

ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨੑ ਮੁਰਟੀਐ ॥

(ਸਤਿਗੁਰੂ ਜੀ ਦੇ) ਪੁਤ੍ਰਾਂ ਨੇ ਬਚਨ ਨ ਮੰਨਿਆ, ਉਹ ਗੁਰੂ ਵਲ ਪਿੱਠ ਦੇ ਕੇ ਹੀ (ਹੁਕਮ) ਮੋੜਦੇ ਰਹੇ।

ਦਿਲਿ ਖੋਟੈ ਆਕੀ ਫਿਰਨਿੑ ਬੰਨਿੑ ਭਾਰੁ ਉਚਾਇਨਿੑ ਛਟੀਐ ॥

ਜੋ ਲੋਕ ਖੋਟਾ ਦਿਲ ਹੋਣ ਦੇ ਕਾਰਨ (ਗੁਰੂ ਵੱਲੋਂ) ਆਕੀ ਹੋਏ ਫਿਰਦੇ ਹਨ, ਉਹ ਲੋਕ (ਦੁਨੀਆ ਦੇ ਧੰਧਿਆਂ ਦੀ) ਛੱਟ ਦਾ ਭਾਰ ਬੰਨ੍ਹ ਕੇ ਚੁੱਕੀ ਰੱਖਦੇ ਹਨ।

ਜਿਨਿ ਆਖੀ ਸੋਈ ਕਰੇ ਜਿਨਿ ਕੀਤੀ ਤਿਨੈ ਥਟੀਐ ॥

ਜਿਸ ਗੁਰੂ ਨਾਨਕ ਨੇ ਇਹ ਰਜ਼ਾ-ਮੰਨਣ ਦਾ ਹੁਕਮ ਫੁਰਮਾਇਆ, ਉਹ ਆਪ ਹੀ ਕਾਰ ਕਰਨ ਵਾਲਾ ਸੀ, ਜਿਸ ਨੇ ਇਹ (ਹੁਕਮ-ਖੇਡ) ਰਚੀ, ਉਸ ਨੇ ਆਪ ਹੀ ਬਾਬਾ ਲਹਣਾ ਜੀ ਨੂੰ ਹੁਕਮ ਮੰਨਣ ਦੇ) ਸਮਰੱਥ ਬਣਾਇਆ।

ਕਉਣੁ ਹਾਰੇ ਕਿਨਿ ਉਵਟੀਐ ॥੨॥

(ਪਰ ਜੀਵਾਂ ਦੇ ਕੀਹ ਵੱਸ ਹੈ? ਆਪਣੀ ਸਮਰੱਥਾ ਦੇ ਆਸਰੇ, ਇਸ ਹੁਕਮ-ਖੇਡ ਵਿਚ) ਨ ਕੋਈ ਹਾਰਨ ਵਾਲਾ ਹੈ ਤੇ ਨ ਕੋਈ ਜਿੱਤਣ-ਜੋਗਾ ਹੈ ॥੨॥


ਜਿਨਿ ਕੀਤੀ ਸੋ ਮੰਨਣਾ ਕੋ ਸਾਲੁ ਜਿਵਾਹੇ ਸਾਲੀ ॥

ਜਿਸ (ਗੁਰੂ ਅੰਗਦ ਦੇਵ ਜੀ) ਨੇ (ਨਿਮ੍ਰਤਾ ਵਿਚ ਰਹਿ ਕੇ ਸਤਿਗੁਰੂ ਦਾ ਹੁਕਮ ਮੰਨਣ ਦੀ ਘਾਲ-ਕਮਾਈ) ਕੀਤੀ, ਉਹ ਮੰਨਣ-ਜੋਗ ਹੋ ਗਿਆ। (ਦੋਹਾਂ ਵਿਚੋਂ) ਕੌਣ ਸ੍ਰੇਸ਼ਟ ਹੈ? ਜਿਵਾਂਹ ਕਿ ਮੁੰਜੀ? (ਮੁੰਜੀ ਹੀ ਚੰਗੀ ਹੈ, ਜੋ ਨੀਵੇਂ ਥਾਂ ਪਲਦੀ ਹੈ। ਇਸੇ ਤਰ੍ਹਾਂ ਜੋ ਨੀਵਾਂ ਰਹਿ ਕੇ ਹੁਕਮ ਮੰਨਦਾ ਹੈ ਉਹ ਆਦਰ ਪਾ ਲੈਂਦਾ ਹੈ)।

ਧਰਮ ਰਾਇ ਹੈ ਦੇਵਤਾ ਲੈ ਗਲਾ ਕਰੇ ਦਲਾਲੀ ॥

ਗੁਰੂ ਅੰਗਦ ਸਾਹਿਬ ਧਰਮ ਦਾ ਰਾਜਾ ਹੋ ਗਿਆ ਹੈ, ਧਰਮ ਦਾ ਦੇਵਤਾ ਹੋ ਗਿਆ ਹੈ, ਜੀਵਾਂ ਦੀਆਂ ਅਰਜ਼ੋਈਆਂ ਸੁਣ ਕੇ ਪਰਮਾਤਮਾ ਨਾਲ ਜੋੜਨ ਦਾ ਵਿਚੋਲਾ-ਪਨ ਕਰ ਰਿਹਾ ਹੈ।

ਸਤਿਗੁਰੁ ਆਖੈ ਸਚਾ ਕਰੇ ਸਾ ਬਾਤ ਹੋਵੈ ਦਰਹਾਲੀ ॥

(ਹੁਣ) ਸਤਿਗੁਰੂ (ਅੰਗਦ ਦੇਵ) ਜੋ ਬਚਨ ਬੋਲਦਾ ਹੈ ਅਕਾਲ ਪੁਰਖ ਉਹੀ ਕਰਦਾ ਹੈ, ਉਹੀ ਗੱਲ ਤੁਰਤ ਹੋ ਜਾਂਦੀ ਹੈ।

ਗੁਰ ਅੰਗਦ ਦੀ ਦੋਹੀ ਫਿਰੀ ਸਚੁ ਕਰਤੈ ਬੰਧਿ ਬਹਾਲੀ ॥

ਗੁਰੂ ਅੰਗਦ ਦੇਵ (ਜੀ) ਵਡਿਆਈ ਦੀ ਧੁੰਮ ਪੈ ਗਈ ਹੈ, ਸੱਚੇ ਕਰਤਾਰ ਨੇ ਪੱਕੀ ਕਰ ਕੇ ਕਾਇਮ ਕਰ ਦਿੱਤੀ ਹੈ।

ਨਾਨਕੁ ਕਾਇਆ ਪਲਟੁ ਕਰਿ ਮਲਿ ਤਖਤੁ ਬੈਠਾ ਸੈ ਡਾਲੀ ॥

ਸੈਂਕੜੇ ਸੇਵਕਾਂ ਵਾਲਾ ਗੁਰੂ ਨਾਨਕ ਸਰੀਰ ਵਟਾ ਕੇ (ਭਾਵ, ਗੁਰੂ ਅੰਗਦ ਦੇਵ ਜੀ ਦੇ ਸਰੂਪ ਵਿਚ) ਗੱਦੀ ਸੰਭਾਲ ਕੇ ਬੈਠਾ ਹੋਇਆ ਹੈ (ਗੁਰੂ ਅੰਗਦ ਦੇਵ ਜੀ ਦੇ ਅੰਦਰ ਗੁਰੂ ਨਾਨਕ ਸਾਹਿਬ ਵਾਲੀ ਹੀ ਜੋਤਿ ਹੈ, ਕੇਵਲ ਸਰੀਰ ਪਲਟਿਆ ਹੈ)।

ਦਰੁ ਸੇਵੇ ਉਮਤਿ ਖੜੀ ਮਸਕਲੈ ਹੋਇ ਜੰਗਾਲੀ ॥

ਸੰਗਤ (ਗੁਰੂ ਅੰਗਦ ਦੇਵ ਜੀ ਦਾ) ਦਰ (ਮੱਲ ਕੇ) ਪ੍ਰੇਮ ਨਾਲ ਸੇਵਾ ਕਰ ਰਹੀ ਹੈ (ਅਤੇ ਆਪਣੇ ਆਤਮਾ ਨੂੰ ਪਵਿਤ੍ਰ ਕਰ ਰਹੀ ਹੈ, ਜਿਵੇਂ) ਜੰਗਾਲੀ ਹੋਈ ਧਾਤ ਮਸਕਲੇ ਨਾਲ (ਸਾਫ਼) ਹੋ ਜਾਂਦੀ ਹੈ।

ਦਰਿ ਦਰਵੇਸੁ ਖਸੰਮ ਦੈ ਨਾਇ ਸਚੈ ਬਾਣੀ ਲਾਲੀ ॥

(ਗੁਰੂ ਨਾਨਕ ਦੇ) ਦਰ ਤੇ (ਗੁਰੂ ਅੰਗਦ) ਨਾਮ ਦੀ ਦਾਤ ਦਾ ਸੁਆਲੀ ਹੈ। ਅਕਾਲ ਪੁਰਖ ਦਾ ਸੱਚਾ ਨਾਮ ਸਿਮਰਨ ਦੀ ਬਰਕਤਿ ਨਾਲ (ਗੁਰੂ ਅੰਗਦ ਸਾਹਿਬ ਦੇ ਮੂੰਹ ਉਤੇ) ਲਾਲੀ ਬਣੀ ਹੋਈ ਹੈ।

ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ ॥

ਹੇ ਬਲਵੰਡ! (ਗੁਰੂ ਅੰਗਦ ਦੇਵ ਜੀ ਦੀ ਪਤਨੀ) (ਮਾਤਾ) ਖੀਵੀ ਜੀ (ਭੀ ਆਪਣੇ ਪਤੀ ਵਾਂਗ) ਬੜੇ ਭਲੇ ਹਨ, ਮਾਤਾ ਖੀਵੀ ਜੀ ਦੀ ਛਾਂ ਬਹੁਤ ਪੱਤ੍ਰਾਂ ਵਾਲੀ (ਸੰਘਣੀ) ਹੈ (ਭਾਵ, ਮਾਤਾ ਖੀਵੀ ਜੀ ਦੇ ਪਾਸ ਬੈਠਿਆਂ ਭੀ ਹਿਰਦੇ ਵਿਚ ਸ਼ਾਂਤੀ-ਠੰਢ ਪੈਦਾ ਹੁੰਦੀ ਹੈ)।

ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ ॥

(ਜਿਵੇਂ ਗੁਰੂ ਅੰਗਦ ਦੇਵ ਜੀ ਦੇ ਸਤਸੰਗ-ਰੂਪ) ਲੰਗਰ ਵਿਚ (ਨਾਮ ਦੀ) ਦੌਲਤ ਵੰਡੀ ਜਾ ਰਹੀ ਹੈ, ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਵੰਡਿਆ ਜਾ ਰਿਹਾ ਹੈ (ਤਿਵੇਂ ਮਾਤਾ ਖੀਵੀ ਜੀ ਦੀ ਸੇਵਾ ਸਦਕਾ ਲੰਗਰ ਵਿਚ ਸਭ ਨੂੰ) ਘਿਉ ਵਾਲੀ ਖੀਰ ਵੰਡੀ ਜਾ ਰਹੀ ਹੈ।

ਗੁਰਸਿਖਾ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ ॥

(ਗੁਰੂ ਅੰਗਦ ਦੇਵ ਜੀ ਦੇ ਦਰ ਤੇ ਆ ਕੇ) ਗੁਰਸਿੱਖਾਂ ਦੇ ਮੱਥੇ ਤਾਂ ਖਿੜੇ ਹੋਏ ਹਨ, ਪਰ ਗੁਰੂ ਵਲੋਂ ਬੇਮੁਖਾਂ ਦੇ ਮੂੰਹ (ਈਰਖਾ ਦੇ ਕਾਰਨ) ਪੀਲੇ ਪੈਂਦੇ ਹਨ।

ਪਏ ਕਬੂਲੁ ਖਸੰਮ ਨਾਲਿ ਜਾਂ ਘਾਲ ਮਰਦੀ ਘਾਲੀ ॥

ਜਦੋਂ (ਗੁਰੂ ਅੰਗਦ ਦੇਵ ਜੀ ਨੇ) ਮਰਦਾਂ ਵਾਲੀ ਘਾਲ ਘਾਲੀ ਤਾਂ ਉਹ ਆਪਣੇ ਸਤਿਗੁਰੂ (ਗੁਰੂ ਨਾਨਕ) ਦੇ ਦਰ ਤੇ ਕਬੂਲ ਹੋਏ।

ਮਾਤਾ ਖੀਵੀ ਸਹੁ ਸੋਇ ਜਿਨਿ ਗੋਇ ਉਠਾਲੀ ॥੩॥

ਮਾਤਾ ਖੀਵੀ ਜੀ ਦਾ ਉਹ ਪਤੀ (ਗੁਰੂ ਅੰਗਦ ਦੇਵ ਐਸਾ ਸੀ) ਜਿਸ ਨੇ (ਸਾਰੀ) ਧਰਤੀ (ਦਾ ਭਾਰ) ਚੁੱਕ ਲਿਆ ਹੋਇਆ ਸੀ ॥੩॥


ਹੋਰਿਂਓ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਓਨੁ ॥

ਦੁਨੀਆ ਆਖਦੀ ਹੈ, (ਗੁਰੂ ਨਾਨਕ) ਨੇ ਹੋਰ ਪਾਸੇ ਵਲੋਂ ਹੀ ਗੰਗਾ ਚਲਾ ਦਿੱਤੀ ਹੈ। ਇਹ ਉਸ ਨੇ ਕੀਹ ਕੀਤਾ ਹੈ?

ਨਾਨਕ ਈਸਰਿ ਜਗਨਾਥਿ ਉਚਹਦੀ ਵੈਣੁ ਵਿਰਿਕਿਓਨੁ ॥

ਜਗਤ ਦੇ ਨਾਥ ਗੁਰੂ ਨਾਨਕ ਨੇ ਹੱਦ ਦਾ ਉੱਚਾ ਬਚਨ ਬੋਲਿਆ ਹੈ।

ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ ॥

ਉਸ (ਗੁਰੂ ਨਾਨਕ) ਨੇ ਉੱਚੀ ਸੁਰਤ ਨੂੰ ਮਧਾਣੀ ਬਣਾ ਕੇ, (ਮਨ-ਰੂਪ) ਬਾਸਕ ਨਾਗ ਨੂੰ ਨੇਤ੍ਰੇ ਵਿਚ ਪਾ ਕੇ (ਭਾਵ, ਮਨ ਨੂੰ ਕਾਬੂ ਕਰ ਕੇ) ‘ਸ਼ਬਦ’ ਵਿਚ ਰੇੜਕਾ ਪਾਇਆ (ਭਾਵ, ‘ਸ਼ਬਦ’ ਨੂੰ ਵਿਚਾਰਿਆ; ਇਸ ਤਰ੍ਹਾਂ)

ਚਉਦਹ ਰਤਨ ਨਿਕਾਲਿਅਨੁ ਕਰਿ ਆਵਾ ਗਉਣੁ ਚਿਲਕਿਓਨੁ ॥

ਉਸ (ਗੁਰੂ ਨਾਨਕ) ਨੇ (ਇਸ ‘ਸ਼ਬਦ’-ਸਮੁੰਦਰ ਵਿਚੋਂ ‘ਰੱਬੀ ਗੁਣ’-ਰੂਪ) ਚੌਦਾਂ ਰਤਨ (ਜਿਵੇਂ ਸਮੁੰਦਰ ਵਿਚੋਂ ਦੇਵਤਿਆਂ ਨੇ ਚੌਦਾਂ ਰਤਨ ਕੱਢੇ ਸਨ) ਕੱਢੇ ਤੇ (ਇਹ ਉੱਦਮ ਕਰ ਕੇ) ਸੰਸਾਰ ਨੂੰ ਸੋਹਣਾ ਬਣਾ ਦਿੱਤਾ।

ਕੁਦਰਤਿ ਅਹਿ ਵੇਖਾਲੀਅਨੁ ਜਿਣਿ ਐਵਡ ਪਿਡ ਠਿਣਕਿਓਨੁ ॥

ਉਸ (ਗੁਰੂ ਨਾਨਕ) ਨੇ ਐਸੀ ਸਮਰੱਥਾ ਵਿਖਾਈ ਕਿ (ਪਹਿਲਾਂ ਬਾਬਾ ਲਹਣਾ ਜੀ ਦਾ ਮਨ) ਜਿੱਤ ਕੇ ਇਤਨੀ ਉੱਚੀ ਆਤਮਾ ਨੂੰ ਪਰਖਿਆ,

ਲਹਣੇ ਧਰਿਓਨੁ ਛਤ੍ਰੁ ਸਿਰਿ ਅਸਮਾਨਿ ਕਿਆੜਾ ਛਿਕਿਓਨੁ ॥

(ਫਿਰ) ਬਾਬਾ ਲਹਣਾ ਜੀ ਦੇ ਸਿਰ ਉਤੇ (ਗੁਰਿਆਈ ਦਾ) ਛਤਰ ਧਰਿਆ ਤੇ (ਉਹਨਾਂ ਦੀ) ਸੋਭਾ ਅਸਮਾਨ ਤਕ ਅਪੜਾਈ।

ਜੋਤਿ ਸਮਾਣੀ ਜੋਤਿ ਮਾਹਿ ਆਪੁ ਆਪੈ ਸੇਤੀ ਮਿਕਿਓਨੁ ॥

(ਗੁਰੂ ਨਾਨਕ ਸਾਹਿਬ ਦੀ) ਆਤਮਾ (ਬਾਬਾ ਲਹਣਾ ਜੀ ਦੀ) ਆਤਮਾ ਵਿਚ ਇਉਂ ਮਿਲ ਗਈ ਕਿ ਗੁਰੂ ਨਾਨਕ ਨੇ ਆਪਣੇ ਆਪ ਨੂੰ ਆਪਣੇ ‘ਆਪੇ’ (ਬਾਬਾ ਲਹਣਾ ਜੀ) ਨਾਲ ਸਾਂਵਾਂ ਕਰ ਲਿਆ।

ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ ॥

ਹੇ ਸਾਰੀ ਸੰਗਤ! ਵੇਖੋ, ਜੋ ਉਸ (ਗੁਰੂ ਨਾਨਕ) ਨੇ ਕੀਤਾ, ਆਪਣੇ ਸਿੱਖਾਂ ਤੇ ਪੁਤ੍ਰਾਂ ਨੂੰ ਪਰਖ ਕੇ-

ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ ॥੪॥

ਜਦੋਂ ਉਸ ਨੇ ਸੁਧਾਈ ਕੀਤੀ ਤਾਂ ਉਸ ਨੇ (ਆਪਣੇ ਥਾਂ ਲਈ ਬਾਬਾ) ਲਹਣਾ (ਜੀ ਨੂੰ) ਚੁਣਿਆ ॥੪॥


ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ ॥

ਫਿਰ (ਜਦੋਂ ਬਾਬਾ ਲਹਣਾ ਜੀ ਨੂੰ ਗੁਰਿਆਈ ਮਿਲੀ ਤਾਂ) ਬਾਬਾ ਫੇਰੂ ਜੀ ਦੇ ਪੁਤ੍ਰ ਸਤਿਗੁਰੂ ਨੇ ਖਡੂਰ ਦੀ ਰੌਣਕ ਵਧਾਈ (ਭਾਵ, ਕਰਤਾਰਪੁਰ ਤੋਂ ਖਡੂਰ ਆ ਟਿਕੇ)।

ਜਪੁ ਤਪੁ ਸੰਜਮੁ ਨਾਲਿ ਤੁਧੁ ਹੋਰੁ ਮੁਚੁ ਗਰੂਰੁ ॥

(ਹੇ ਸਤਿਗੁਰੂ!) ਹੋਰ ਜਗਤ ਤਾਂ ਬਹੁਤ ਅਹੰਕਾਰ ਕਰਦਾ ਹੈ, ਪਰ ਤੇਰੇ ਪਾਸ ਜਪ ਤਪ ਸੰਜਮ (ਆਦਿਕ ਦੀ ਬਰਕਤਿ ਹੋਣ ਕਰ ਕੇ ਤੂੰ ਪਹਿਲੇ ਵਾਂਗ ਗਰੀਬੀ ਸੁਭਾਵ ਵਿਚ ਹੀ) ਰਿਹਾ।

ਲਬੁ ਵਿਣਾਹੇ ਮਾਣਸਾ ਜਿਉ ਪਾਣੀ ਬੂਰੁ ॥

ਜਿਵੇਂ ਪਾਣੀ ਨੂੰ ਬੂਰ ਖ਼ਰਾਬ ਕਰਦਾ ਹੈ ਤਿਵੇਂ ਮਨੁੱਖਾਂ ਨੂੰ ਲੱਬ ਤਬਾਹ ਕਰਦਾ ਹੈ,

ਵਰ੍ਹਿਐ ਦਰਗਹ ਗੁਰੂ ਕੀ ਕੁਦਰਤੀ ਨੂਰੁ ॥

(ਪਰ) ਗੁਰੂ (ਨਾਨਕ) ਦੀ ਦਰਗਾਹ ਵਿਚ (‘ਨਾਮ’ ਦੀ) ਵਰਖਾ ਹੋਣ ਕਰ ਕੇ (ਹੇ ਗੁਰੂ ਅੰਗਦ! ਤੇਰੇ ਉਤੇ) ਰੱਬੀ ਨੂਰ (ਡਲ੍ਹਕਾਂ ਮਾਰ ਰਿਹਾ) ਹੈ।

ਜਿਤੁ ਸੁ ਹਾਥ ਨ ਲਭਈ ਤੂੰ ਓਹੁ ਠਰੂਰੁ ॥

ਤੂੰ ਉਹ ਸੀਤਲ ਸਮੁੰਦਰ ਹੈਂ ਜਿਸ ਦੀ ਥਾਹ ਨਹੀਂ ਪਾਈ ਜਾ ਸਕਦੀ।

ਨਉ ਨਿਧਿ ਨਾਮੁ ਨਿਧਾਨੁ ਹੈ ਤੁਧੁ ਵਿਚਿ ਭਰਪੂਰੁ ॥

ਜੋ (ਜਗਤ ਦੇ) ਨੌਂ ਹੀ ਖ਼ਜ਼ਾਨੇ-ਰੂਪ ਪ੍ਰਭੂ ਦਾ ਨਾਮ-ਖ਼ਜ਼ਾਨਾ ਹੈ, (ਹੇ ਗੁਰੂ!) (ਉਹ ਖ਼ਜ਼ਾਨਾ) ਤੇਰੇ ਹਿਰਦੇ ਵਿਚ ਨਕਾ-ਨਕ ਭਰਿਆ ਹੋਇਆ ਹੈ।

ਨਿੰਦਾ ਤੇਰੀ ਜੋ ਕਰੇ ਸੋ ਵੰਞੈ ਚੂਰੁ ॥

(ਹੇ ਗੁਰੂ ਅੰਗਦ!) ਜੋ ਮਨੁੱਖ ਤੇਰੀ ਨਿੰਦਿਆ ਕਰੇ ਉਹ (ਆਪੇ ਹੀ) ਤਬਾਹ ਹੋ ਜਾਂਦਾ ਹੈ (ਉਹ ਆਪੇ ਹੀ ਆਪਣੀ ਆਤਮਕ ਮੌਤ ਸਹੇੜ ਲੈਂਦਾ ਹੈ)।

ਨੇੜੈ ਦਿਸੈ ਮਾਤ ਲੋਕ ਤੁਧੁ ਸੁਝੈ ਦੂਰੁ ॥

ਸੰਸਾਰਕ ਜੀਆਂ ਨੂੰ ਤਾਂ ਨੇੜੇ ਦੇ ਹੀ ਪਦਾਰਥ ਦਿੱਸਦੇ ਹਨ (ਉਹ ਦੁਨੀਆ ਦੀ ਖ਼ਾਤਰ ਨਿੰਦਿਆ ਦਾ ਪਾਪ ਕਰ ਬੈਠਦੇ ਹਨ, ਇਸ ਦਾ ਸਿੱਟਾ ਨਹੀਂ ਜਾਣਦੇ, ਪਰ ਹੇ ਗੁਰੂ!) ਤੈਨੂੰ ਅਗਾਂਹ ਵਾਪਰਨ ਵਾਲਾ ਹਾਲ ਭੀ ਸੁੱਝਦਾ ਹੈ।

ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ ॥੫॥

ਫਿਰ ਬਾਬਾ ਫੇਰੂ ਜੀ ਦੇ ਪੁਤ੍ਰ ਸਤਿਗੁਰੂ (ਅੰਗਦ ਦੇਵ ਜੀ) ਨੇ ਖਡੂਰ ਨੂੰ ਭਾਗ ਲਾਇਆ ॥੫॥


ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ ॥

(ਗੁਰੂ ਅਮਰਦਾਸ ਦੇ ਮੱਥੇ ਉਤੇ ਭੀ) ਉਹੀ ਨੂਰ ਹੈ, (ਇਸ ਦਾ ਭੀ) ਉਹੀ ਤਖ਼ਤ ਹੈ, ਉਹੀ ਦਰਬਾਰ ਹੈ (ਜੋ ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਦਾ ਸੀ)।

ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ ॥

ਪੋਤਰਾ-ਗੁਰੂ (ਗੁਰੂ ਅਮਰਦਾਸ ਭੀ) ਮੰਨਿਆ-ਪ੍ਰਮੰਨਿਆ (ਗੁਰੂ) ਹੈ (ਕਿਉਂਕਿ ਉਹ ਭੀ) ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਵਰਗਾ ਹੀ ਹੈ।

ਜਿਨਿ ਬਾਸਕੁ ਨੇਤ੍ਰੈ ਘਤਿਆ ਕਰਿ ਨੇਹੀ ਤਾਣੁ ॥

ਇਸ ਗੁਰੂ ਅਮਰਦਾਸ ਨੇ ਭੀ ਆਤਮਕ ਬਲ ਨੂੰ ਨੇਹਣੀ ਬਣਾ ਕੇ (ਮਨ-ਰੂਪ) ਨਾਗ ਨੂੰ ਨੇਤ੍ਰੇ ਵਿਚ ਪਾਇਆ ਹੈ,

ਜਿਨਿ ਸਮੁੰਦੁ ਵਿਰੋਲਿਆ ਕਰਿ ਮੇਰੁ ਮਧਾਣੁ ॥

(ਉੱਚੀ ਸੁਰਤ-ਰੂਪ) ਸੁਮੇਰ ਪਰਬਤ ਨੂੰ ਮਧਾਣੀ ਬਣਾ ਕੇ (ਗੁਰ-ਸ਼ਬਦ ਰੂਪ) ਸਮੁੰਦਰ ਨੂੰ ਰਿੜਕਿਆ ਹੈ,

ਚਉਦਹ ਰਤਨ ਨਿਕਾਲਿਅਨੁ ਕੀਤੋਨੁ ਚਾਨਾਣੁ ॥

(ਉਸ ‘ਸ਼ਬਦ-ਸਮੁੰਦਰ’ ਵਿਚੋਂ ਰੱਬੀ ਗੁਣ-ਰੂਪ) ਚੌਦਾਂ ਰਤਨ ਕੱਢੇ (ਜਿਨ੍ਹਾਂ ਨਾਲ) ਉਸ ਨੇ (ਜਗਤ ਵਿਚ ਆਤਮਕ ਜੀਵਨ ਦੀ ਸੂਝ ਦਾ) ਚਾਨਣ ਪੈਦਾ ਕੀਤਾ।

ਘੋੜਾ ਕੀਤੋ ਸਹਜ ਦਾ ਜਤੁ ਕੀਓ ਪਲਾਣੁ ॥

(ਗੁਰੂ ਅਮਰਦਾਸ ਨੇ) ਸਹਿਜ-ਅਵਸਥਾ ਦਾ ਘੋੜਾ ਬਣਾਇਆ, ਵਿਕਾਰਾਂ ਵਲੋਂ ਇੰਦ੍ਰਿਆਂ ਨੂੰ ਰੋਕ ਰੱਖਣ ਦੀ ਤਾਕਤ ਨੂੰ ਕਾਠੀ ਬਣਾਇਆ;

ਧਣਖੁ ਚੜਾਇਓ ਸਤ ਦਾ ਜਸ ਹੰਦਾ ਬਾਣੁ ॥

ਸੁੱਚੇ ਆਚਰਨ ਦਾ ਕਮਾਨ ਕੱਸਿਆ ਤੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਤੀਰ (ਪਕੜਿਆ)।

ਕਲਿ ਵਿਚਿ ਧੂ ਅੰਧਾਰੁ ਸਾ ਚੜਿਆ ਰੈ ਭਾਣੁ ॥

ਸੰਸਾਰ ਵਿਚ (ਵਿਕਾਰਾਂ ਦਾ) ਘੁੱਪ ਹਨੇਰਾ ਸੀ। (ਗੁਰੂ ਅਮਰਦਾਸ, ਮਾਨੋ) ਕਿਰਨਾਂ ਵਾਲਾ ਸੂਰਜ ਚੜ੍ਹ ਪਿਆ,

ਸਤਹੁ ਖੇਤੁ ਜਮਾਇਓ ਸਤਹੁ ਛਾਵਾਣੁ ॥

ਜਿਸ ਨੇ ‘ਸਤ’ ਦੇ ਬਲ ਨਾਲ ਹੀ (ਉੱਜੜੀ) ਖੇਤੀ ਜਮਾਈ ਤੇ ‘ਸਤ’ ਨਾਲ ਹੀ ਉਸ ਦੀ ਰਾਖੀ ਕੀਤੀ।

ਨਿਤ ਰਸੋਈ ਤੇਰੀਐ ਘਿਉ ਮੈਦਾ ਖਾਣੁ ॥

(ਹੇ ਗੁਰੂ ਅਮਰਦਾਸ!) ਤੇਰੇ ਲੰਗਰ ਵਿਚ (ਭੀ) ਨਿੱਤ ਘਿਉ, ਮੈਦਾ ਤੇ ਖੰਡ (ਆਦਿਕ ਉੱਤਮ ਪਦਾਰਥ ਵਰਤ ਰਹੇ ਹਨ।

ਚਾਰੇ ਕੁੰਡਾਂ ਸੁਝੀਓਸੁ ਮਨ ਮਹਿ ਸਬਦੁ ਪਰਵਾਣੁ ॥

ਜਿਸ ਮਨੁੱਖ ਨੇ ਆਪਣੇ ਮਨ ਵਿਚ ਤੇਰਾ ਸ਼ਬਦ ਟਿਕਾ ਲਿਆ ਹੈ ਉਸ ਨੂੰ ਚਹੁ ਕੁੰਡਾਂ (ਵਿਚ ਵੱਸਦੇ ਪਰਮਾਤਮਾ) ਦੀ ਸੂਝ ਆ ਗਈ ਹੈ।

ਆਵਾ ਗਉਣੁ ਨਿਵਾਰਿਓ ਕਰਿ ਨਦਰਿ ਨੀਸਾਣੁ ॥

(ਹੇ ਗੁਰੂ!) ਜਿਸ ਨੂੰ ਤੂੰ ਮੇਹਰ ਦੀ ਨਜ਼ਰ ਕਰ ਕੇ (ਸ਼ਬਦ-ਰੂਪ) ਰਾਹ-ਦਾਰੀ ਬਖ਼ਸ਼ੀ ਹੈ ਉਸ ਦਾ ਜੰਮਣ-ਮਰਨ ਦਾ ਗੇੜ ਤੂੰ ਮੁਕਾ ਦਿੱਤਾ ਹੈ।

ਅਉਤਰਿਆ ਅਉਤਾਰੁ ਲੈ ਸੋ ਪੁਰਖੁ ਸੁਜਾਣੁ ॥

ਉਹ ਸੁਜਾਨ ਅਕਾਲ ਪੁਰਖ (ਆਪ ਗੁਰੂ ਅਮਰਦਾਸ ਦੇ ਰੂਪ ਵਿਚ) ਅਵਤਾਰ ਲੈ ਕੇ ਜਗਤ ਵਿਚ ਆਇਆ ਹੈ।

ਝਖੜਿ ਵਾਉ ਨ ਡੋਲਈ ਪਰਬਤੁ ਮੇਰਾਣੁ ॥

(ਗੁਰੂ ਅਮਰਦਾਸ ਵਿਕਾਰਾਂ ਦੇ) ਝੱਖੜ ਵਿਚ ਨਹੀਂ ਡੋਲਦਾ, (ਵਿਕਾਰਾਂ ਦੀ) ਹਨੇਰੀ ਭੀ ਝੁੱਲ ਪਏ ਤਾਂ ਨਹੀਂ ਡੋਲਦਾ, ਉਹ ਤਾਂ (ਮਾਨੋ) ਸੁਮੇਰ ਪਰਬਤ ਹੈ।

ਜਾਣੈ ਬਿਰਥਾ ਜੀਅ ਕੀ ਜਾਣੀ ਹੂ ਜਾਣੁ ॥

ਜੀਵਾਂ ਦੇ ਦਿਲ ਦੀ ਪੀੜਾ ਜਾਣਦਾ ਹੈ, ਜਾਣੀ-ਜਾਣ ਹੈ।

ਕਿਆ ਸਾਲਾਹੀ ਸਚੇ ਪਾਤਿਸਾਹ ਜਾਂ ਤੂ ਸੁਘੜੁ ਸੁਜਾਣੁ ॥

ਹੇ ਸਦਾ-ਥਿਰ ਰਾਜ ਵਾਲੇ ਪਾਤਸ਼ਾਹ! ਮੈਂ ਤੇਰੀ ਕੀਹ ਸਿਫ਼ਤ ਕਰਾਂ? ਤੂੰ ਸੁੰਦਰ ਆਤਮਾ ਵਾਲਾ ਤੇ ਸਿਆਣਾ ਹੈਂ।

ਦਾਨੁ ਜਿ ਸਤਿਗੁਰ ਭਾਵਸੀ ਸੋ ਸਤੇ ਦਾਣੁ ॥

ਮੈਨੂੰ ਸੱਤੇ ਨੂੰ ਤੇਰੀ ਉਹੀ ਬਖ਼ਸ਼ੀਸ਼ ਚੰਗੀ ਹੈ ਜੋ (ਤੈਨੂੰ) ਸਤਿਗੁਰੂ ਨੂੰ ਚੰਗੀ ਲੱਗਦੀ ਹੈ।

ਨਾਨਕ ਹੰਦਾ ਛਤ੍ਰੁ ਸਿਰਿ ਉਮਤਿ ਹੈਰਾਣੁ ॥

(ਗੁਰੂ ਅਮਰਦਾਸ ਜੀ ਦੇ) ਸਿਰ ਉਤੇ ਗੁਰੂ ਨਾਨਕ ਵਾਲਾ ਛਤਰ ਸੰਗਤ (ਵੇਖ ਕੇ) ਅਸਚਰਜ ਹੋ ਰਹੀ ਹੈ।

ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ ॥

(ਇਸ ਦੇ ਮੱਥੇ ਉੱਤੇ ਭੀ) ਉਹੀ ਨੂਰ ਹੈ, (ਇਸ ਦਾ ਭੀ) ਉਹੀ ਤਖ਼ਤ ਹੈ, ਉਹੀ ਦਰਬਾਰ ਹੈ (ਜੋ ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਦਾ ਸੀ)

ਪਿਯੂ ਦਾਦੇ ਜੇਵਿਹਾ ਪੋਤ੍ਰਾ ਪਰਵਾਣੁ ॥੬॥

ਪੋਤਰਾ-ਗੁਰੂ (ਗੁਰੂ ਅਮਰਦਾਸ ਭੀ) ਮੰਨਿਆ-ਪ੍ਰਮੰਨਿਆ ਗੁਰੂ ਹੈ (ਕਿਉਂਕਿ ਉਹ ਭੀ) ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਵਰਗਾ ਹੀ ਹੈ ॥੬॥


ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥

ਗੁਰੂ ਰਾਮਦਾਸ ਧੰਨ ਹੈ ਧੰਨ ਹੈ! ਜਿਸ ਅਕਾਲ ਪੁਰਖ ਨੇ (ਗੁਰੂ ਰਾਮਦਾਸ ਨੂੰ) ਪੈਦਾ ਕੀਤਾ ਉਸੇ ਨੇ ਉਸ ਨੂੰ ਸੋਹਣਾ ਭੀ ਬਣਾਇਆ।

ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥

ਇਹ ਇਕ ਮੁਕੰਮਲ ਕਰਾਮਾਤਿ ਹੋਈ ਹੈ ਕਿ ਸਿਰਜਣਹਾਰ ਨੇ ਖ਼ੁਦ (ਆਪਣੇ ਆਪ ਨੂੰ ਉਸ ਵਿਚ) ਟਿਕਾਇਆ ਹੈ।

ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ ॥

ਸਭ ਸਿੱਖਾਂ ਨੇ ਤੇ ਸੰਗਤਾਂ ਨੇ ਉਸ ਨੂੰ ਅਕਾਲ ਪੁਰਖ ਦਾ ਰੂਪ ਜਾਣ ਕੇ ਬੰਦਨਾ ਕੀਤੀ ਹੈ।

ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤੁ ਨ ਪਾਰਾਵਾਰਿਆ ॥

(ਹੇ ਗੁਰੂ ਰਾਮਦਾਸ!) ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੈਨੂੰ ਤੋਲਿਆ ਨਹੀਂ ਜਾ ਸਕਦਾ (ਭਾਵ, ਤੇਰੇ ਗੁਣ ਗਿਣੇ ਨਹੀਂ ਜਾ ਸਕਦੇ; ਤੂੰ ਇਕ ਐਸਾ ਸਮੁੰਦਰ ਹੈਂ ਜਿਸ ਦੀ) ਹਾਥ ਨਹੀਂ ਪੈ ਸਕਦੀ, ਪਾਰਲੇ ਤੇ ਉਰਲੇ ਬੰਨੇ ਦਾ ਅੰਤ ਨਹੀਂ ਪੈ ਸਕਦਾ।

ਜਿਨੑੀ ਤੂੰ ਸੇਵਿਆ ਭਾਉ ਕਰਿ ਸੇ ਤੁਧੁ ਪਾਰਿ ਉਤਾਰਿਆ ॥

ਜਿਨ੍ਹਾਂ ਬੰਦਿਆਂ ਨੇ ਪਿਆਰ ਨਾਲ ਤੇਰਾ ਹੁਕਮ ਮੰਨਿਆ ਹੈ ਤੂੰ ਉਹਨਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ ਹੈ।

ਲਬੁ ਲੋਭੁ ਕਾਮੁ ਕ੍ਰੋਧੁ ਮੋਹੁ ਮਾਰਿ ਕਢੇ ਤੁਧੁ ਸਪਰਵਾਰਿਆ ॥

ਉਹਨਾਂ ਦੇ ਅੰਦਰੋਂ ਤੂੰ ਲੱਬ, ਲੋਭ, ਕਾਮ, ਕ੍ਰੋਧ, ਮੋਹ ਤੇ ਹੋਰ ਸਾਰੇ ਵਿਕਾਰ ਮਾਰ ਕੇ ਕੱਢ ਦਿੱਤੇ ਹਨ।

ਧੰਨੁ ਸੁ ਤੇਰਾ ਥਾਨੁ ਹੈ ਸਚੁ ਤੇਰਾ ਪੈਸਕਾਰਿਆ ॥

(ਹੇ ਗੁਰੂ ਰਾਮਦਾਸ!) ਮੈਂ ਸਦਕੇ ਹਾਂ ਉਸ ਥਾਂ ਤੋਂ ਜਿਥੇ ਤੂੰ ਵੱਸਿਆ। ਤੇਰੀ ਸੰਗਤ ਸਦਾ ਅਟੱਲ ਹੈ।

ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ ॥

(ਹੇ ਗੁਰੂ ਰਾਮਦਾਸ ਜੀ!) ਤੂੰ ਹੀ ਗੁਰੂ ਨਾਨਕ ਹੈਂ, ਤੂੰ ਹੀ ਬਾਬਾ ਲਹਣਾ ਹੈਂ, ਮੈਂ ਤੈਨੂੰ ਹੀ ਗੁਰੂ ਅਮਰਦਾਸ ਸਮਝਿਆ ਹੈ।

ਗੁਰੁ ਡਿਠਾ ਤਾਂ ਮਨੁ ਸਾਧਾਰਿਆ ॥੭॥

(ਜਿਸ ਕਿਸੇ ਨੇ) ਗੁਰੂ (ਰਾਮਦਾਸ) ਦਾ ਦੀਦਾਰ ਕੀਤਾ ਹੈ ਉਸੇ ਦਾ ਮਨ ਤਦੋਂ ਟਿਕਾਣੇ ਆ ਗਿਆ ਹੈ ॥੭॥


ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ ॥

ਚਾਰੇ ਗੁਰੂ ਆਪੋ ਆਪਣੇ ਸਮੇ ਰੌਸ਼ਨ ਹੋਏ ਹਨ, ਅਕਾਲ ਪੁਰਖ ਆਪ ਹੀ (ਉਹਨਾਂ ਵਿਚ) ਪਰਗਟ ਹੋਇਆ।

ਆਪੀਨੑੈ ਆਪੁ ਸਾਜਿਓਨੁ ਆਪੇ ਹੀ ਥੰਮਿੑ ਖਲੋਆ ॥

ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਨੂੰ (ਸ੍ਰਿਸ਼ਟੀ ਦੇ ਰੂਪ ਵਿਚ) ਜ਼ਾਹਰ ਕੀਤਾ ਤੇ ਆਪ ਹੀ (ਗੁਰੂ-ਰੂਪ ਹੋ ਕੇ) ਸ੍ਰਿਸ਼ਟੀ ਨੂੰ ਸਹਾਰਾ ਦੇ ਰਿਹਾ ਹੈ।

ਆਪੇ ਪਟੀ ਕਲਮ ਆਪਿ ਆਪਿ ਲਿਖਣਹਾਰਾ ਹੋਆ ॥

(ਜੀਵਾਂ ਦੀ ਅਗਵਾਈ ਲਈ, ਪੂਰਨੇ ਪਾਣ ਲਈ) ਪ੍ਰਭੂ ਆਪ ਹੀ ਪੱਟੀ ਹੈ ਆਪ ਹੀ ਕਲਮ ਹੈ ਤੇ (ਗੁਰੂ-ਰੂਪ ਹੋ ਕੇ) ਆਪ ਹੀ ਪੂਰਨੇ ਲਿਖਣ ਵਾਲਾ ਹੈ।

ਸਭ ਉਮਤਿ ਆਵਣ ਜਾਵਣੀ ਆਪੇ ਹੀ ਨਵਾ ਨਿਰੋਆ ॥

ਸਾਰੀ ਸ੍ਰਿਸ਼ਟੀ ਤਾਂ ਜਨਮ ਮਰਨ ਦੇ ਗੇੜ ਵਿਚ ਹੈ, ਪਰ ਪ੍ਰਭੂ ਆਪ (ਸਦਾ) ਨਵਾਂ ਹੈ ਤੇ ਨਿਰੋਆ ਹੈ (ਭਾਵ, ਹਰ ਨਵੇਂ ਰੰਗ ਵਿਚ ਹੀ ਹੈ ਤੇ ਨਿਰਲੇਪ ਭੀ ਹੈ)।

ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ ॥

(ਉਸ ਨਵੇਂ ਨਿਰੋਏ ਪ੍ਰਭੂ ਦੇ ਬਖ਼ਸ਼ੇ) ਤਖ਼ਤ ਉੱਤੇ (ਜਿਸ ਉੱਤੇ ਪਹਿਲੇ ਚਾਰੇ ਗੁਰੂ ਆਪੋ ਆਪਣੇ ਸਮੇ ਰੌਸ਼ਨ ਹੋਏ ਸਨ, ਹੁਣ) ਗੁਰੂ ਅਰਜਨ ਬੈਠਾ ਹੋਇਆ ਹੈ, ਸਤਿਗੁਰੂ ਦਾ ਚੰਦੋਆ ਚਮਕ ਰਿਹਾ ਹੈ, (ਭਾਵ, ਸਤਿਗੁਰੂ ਅਰਜਨ ਸਾਹਿਬ ਦਾ ਤੇਜ-ਪ੍ਰਤਾਪ ਸਾਰੇ ਪਸਰ ਰਿਹਾ ਹੈ)।

ਉਗਵਣਹੁ ਤੈ ਆਥਵਣਹੁ ਚਹੁ ਚਕੀ ਕੀਅਨੁ ਲੋਆ ॥

ਸੂਰਜ ਉੱਗਣ ਤੋਂ (ਡੁੱਬਣ ਤਕ) ਅਤੇ ਡੁੱਬਣ ਤੋਂ (ਚੜ੍ਹਨ ਤਕ) ਚਹੁੰ ਚੱਕਾਂ ਵਿਚ ਇਸ (ਗੁਰੂ ਅਰਜਨ) ਨੇ ਚਾਨਣ ਕਰ ਦਿੱਤਾ ਹੈ।

ਜਿਨੑੀ ਗੁਰੂ ਨ ਸੇਵਿਓ ਮਨਮੁਖਾ ਪਇਆ ਮੋਆ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਜਿਨ੍ਹਾਂ ਬੰਦਿਆਂ ਨੇ ਗੁਰੂ ਦਾ ਹੁਕਮ ਨਾਹ ਮੰਨਿਆ ਉਹਨਾਂ ਨੂੰ ਮਰੀ ਪੈ ਗਈ, (ਭਾਵ, ਉਹ ਆਤਮਕ ਮੌਤੇ ਮਰ ਗਏ)।

ਦੂਣੀ ਚਉਣੀ ਕਰਾਮਾਤਿ ਸਚੇ ਕਾ ਸਚਾ ਢੋਆ ॥

ਗੁਰੂ ਅਰਜਨ ਦੀ (ਦਿਨ-) ਦੂਣੀ ਤੇ ਰਾਤ ਚਾਰ-ਗੁਣੀ ਬਜ਼ੁਰਗੀ ਵਧ ਰਹੀ ਹੈ; (ਸ੍ਰਿਸ਼ਟੀ ਨੂੰ) ਗੁਰੂ, ਸੱਚੇ ਪ੍ਰਭੂ ਦੀ ਸੱਚੀ ਸੁਗ਼ਾਤ ਹੈ।

ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ ॥੮॥੧॥

ਚਾਰੇ ਗੁਰੂ ਆਪੋ ਆਪਣੇ ਸਮੇ ਵਿਚ ਰੌਸ਼ਨ ਹੋਏ, ਅਕਾਲ ਪੁਰਖ (ਉਹਨਾਂ ਵਿਚ) ਪਰਗਟ ਹੋਇਆ ॥੮॥੧॥