Raag Tukhari Bani

Raag Tukhari Bani

ਰਾਗ ਤੁਖਾਰੀ – ਬਾਣੀ ਸ਼ਬਦ – Raag Tukhari-Bani

ਤੁਖਾਰੀ ਛੰਤ ਮਹਲਾ ੧ ਬਾਰਹ ਮਾਹਾ ॥

ਰਾਗ ਤੁਖਾਰੀ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ ‘ਬਾਰਹ ਮਾਹਾ ਛੰਤ’।


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਤੂ ਸੁਣਿ ਕਿਰਤ ਕਰੰਮਾ ਪੁਰਬਿ ਕਮਾਇਆ ॥

ਹੇ ਹਰੀ! (ਮੇਰੀ ਬੇਨਤੀ) ਸੁਣ। ਪੂਰਬਲੇ ਕਮਾਏ ਕੀਤੇ ਕਰਮਾਂ ਅਨੁਸਾਰ-

ਸਿਰਿ ਸਿਰਿ ਸੁਖ ਸਹੰਮਾ ਦੇਹਿ ਸੁ ਤੂ ਭਲਾ ॥

ਹਰੇਕ ਜੀਵ ਦੇ ਸਿਰ ਉਤੇ ਜੋ ਸੁਖ ਤੇ ਦੁੱਖ (ਝੱਲਣ ਲਈ) ਤੂੰ ਦੇਂਦਾ ਹੈਂ ਉਹੀ ਠੀਕ ਹੈ।

ਹਰਿ ਰਚਨਾ ਤੇਰੀ ਕਿਆ ਗਤਿ ਮੇਰੀ ਹਰਿ ਬਿਨੁ ਘੜੀ ਨ ਜੀਵਾ ॥

ਹੇ ਹਰੀ! ਮੈਂ ਤੇਰੀ ਰਚੀ ਮਾਇਆ ਵਿਚ (ਰੁੱਝਾ ਪਿਆ) ਹਾਂ। ਮੇਰਾ ਕੀਹ ਹਾਲ ਹੋਵੇਗਾ? ਤੈਥੋਂ ਬਿਨਾ (ਤੇਰੀ ਯਾਦ ਤੋਂ ਬਿਨਾ) ਇਕ ਘੜੀ ਭੀ ਜੀਊਣਾ ਇਹ ਕੇਹੀ ਜ਼ਿੰਦਗੀ ਹੈ?

ਪ੍ਰਿਅ ਬਾਝੁ ਦੁਹੇਲੀ ਕੋਇ ਨ ਬੇਲੀ ਗੁਰਮੁਖਿ ਅੰਮ੍ਰਿਤੁ ਪੀਵਾਂ ॥

ਹੇ ਪਿਆਰੇ! ਤੇਰੇ ਬਿਨਾ ਮੈਂ ਦੁੱਖੀ ਹਾਂ, (ਇਸ ਦੁੱਖ ਵਿਚੋਂ ਕੱਢਣ ਵਾਸਤੇ) ਕੋਈ ਮਦਦਗਾਰ ਨਹੀਂ ਹੈ। (ਮੇਹਰ ਕਰ ਕਿ) ਗੁਰੂ ਦੀ ਸਰਨ ਪੈ ਕੇ ਮੈਂ ਤੇਰਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਰਹਾਂ।

ਰਚਨਾ ਰਾਚਿ ਰਹੇ ਨਿਰੰਕਾਰੀ ਪ੍ਰਭ ਮਨਿ ਕਰਮ ਸੁਕਰਮਾ ॥

ਅਸੀਂ ਜੀਵ ਨਿਰੰਕਾਰ ਦੀ ਰਚੀ ਮਾਇਆ ਵਿਚ ਹੀ ਫਸੇ ਪਏ ਹਾਂ (ਇਹ ਕਾਹਦਾ ਜੀਵਨ ਹੈ?), ਪ੍ਰਭੂ ਨੂੰ ਮਨ ਵਿਚ ਵਸਾਣਾ ਹੀ ਸਭ ਕੰਮਾਂ ਤੋਂ ਸ੍ਰੇਸ਼ਟ ਕੰਮ ਹੈ (ਇਹੀ ਹੈ ਮਨੁੱਖ ਵਾਸਤੇ ਜੀਵਨ-ਮਨੋਰਥ)।

ਨਾਨਕ ਪੰਥੁ ਨਿਹਾਲੇ ਸਾ ਧਨ ਤੂ ਸੁਣਿ ਆਤਮ ਰਾਮਾ ॥੧॥

ਹੇ ਨਾਨਕ! ਹੇ ਸਰਬ ਵਿਆਪਕ ਪਰਮਾਤਮਾ! ਤੂੰ (ਜੀਵ-ਇਸਤ੍ਰੀ ਦੀ ਅਰਜ਼ੋਈ) ਸੁਣ (ਤੇ ਉਸ ਨੂੰ ਆਪਣਾ ਦਰਸਨ ਦੇਹ), ਜੀਵ-ਇਸਤ੍ਰੀ ਤੇਰਾ ਰਾਹ ਤੱਕ ਰਹੀ ਹੈ ॥੧॥

ਬਾਬੀਹਾ ਪ੍ਰਿਉ ਬੋਲੇ ਕੋਕਿਲ ਬਾਣੀਆ ॥

(ਜਿਵੇਂ) ਪਪੀਹਾ ‘ਪ੍ਰਿਉ ਪ੍ਰਿਉ’ ਬੋਲਦਾ ਹੈ ਜਿਵੇਂ ਕੋਇਲ (‘ਕੂ ਕੂ’ ਦੀ ਮਿੱਠੀ) ਬੋਲੀ ਬੋਲਦੀ ਹੈ,

ਸਾ ਧਨ ਸਭਿ ਰਸ ਚੋਲੈ ਅੰਕਿ ਸਮਾਣੀਆ ॥

(ਤਿਵੇਂ ਜੇਹੜੀ ਜੀਵ-ਇਸਤ੍ਰੀ ਵੈਰਾਗ ਵਿਚ ਆ ਕੇ ਮਿੱਠੀ ਸੁਰ ਨਾਲ ਪ੍ਰਭੂ-ਪਤੀ ਨੂੰ ਯਾਦ ਕਰਦੀ ਹੈ, ਉਹ) ਜੀਵ-ਇਸਤ੍ਰੀ (ਪ੍ਰਭੂ-ਮਿਲਾਪ ਦੇ) ਸਾਰੇ ਆਨੰਦ ਮਾਣਦੀ ਹੈ, ਤੇ ਉਸ ਦੇ ਚਰਨਾਂ ਵਿਚ ਟਿਕੀ ਰਹਿੰਦੀ ਹੈ।

ਹਰਿ ਅੰਕਿ ਸਮਾਣੀ ਜਾ ਪ੍ਰਭ ਭਾਣੀ ਸਾ ਸੋਹਾਗਣਿ ਨਾਰੇ ॥

ਜਦੋਂ ਉਹ ਪ੍ਰਭੂ ਨੂੰ ਚੰਗੀ ਲੱਗ ਪੈਂਦੀ ਹੈ, (ਤਾਂ ਉਸ ਦੀ ਮਿਹਰ ਨਾਲ) ਉਸ ਦੇ ਚਰਨਾਂ ਵਿਚ ਜੁੜੀ ਰਹਿੰਦੀ ਹੈ, ਉਹੀ ਜੀਵ-ਇਸਤ੍ਰੀ ਚੰਗੇ ਭਾਗਾਂ ਵਾਲੀ ਹੈ।

ਨਵ ਘਰ ਥਾਪਿ ਮਹਲ ਘਰੁ ਊਚਉ ਨਿਜ ਘਰਿ ਵਾਸੁ ਮੁਰਾਰੇ ॥

ਉਹ ਆਪਣੇ ਸਰੀਰ ਨੂੰ (ਸਰੀਰਕ ਇੰਦ੍ਰਿਆਂ ਨੂੰ) ਜੁਗਤੀ ਵਿਚ ਰੱਖ ਕੇ ਪ੍ਰਭੂ ਦੇ ਆਪਣੇ ਸਰੂਪ ਵਿਚ ਟਿਕ ਜਾਂਦੀ ਹੈ, ਤੇ (ਮਾਇਕ ਪਦਾਰਥਾਂ ਦੇ ਮੋਹ ਤੋਂ ਉੱਠ ਕੇ) ਪ੍ਰਭੂ ਦਾ ਉੱਚਾ ਟਿਕਾਣਾ ਮੱਲ ਲੈਂਦੀ ਹੈ।

ਸਭ ਤੇਰੀ ਤੂ ਮੇਰਾ ਪ੍ਰੀਤਮੁ ਨਿਸਿ ਬਾਸੁਰ ਰੰਗਿ ਰਾਵੈ ॥

ਉਹ ਜੀਵ-ਇਸਤ੍ਰੀ ਪ੍ਰਭੂ ਦੇ ਪਿਆਰ ਵਿਚ ਰੰਗੀਜ ਕੇ ਦਿਨ ਰਾਤ ਉਸ ਨੂੰ ਸਿਮਰਦੀ ਹੈ, ਤੇ ਆਖਦੀ ਹੈ-ਇਹ ਸਾਰੀ ਸ੍ਰਿਸ਼ਟੀ ਤੇਰੀ ਰਚੀ ਹੋਈ ਹੈ, ਤੂੰ ਹੀ ਮੇਰਾ ਪਿਆਰਾ ਖਸਮ-ਸਾਈਂ ਹੈਂ।

ਨਾਨਕ ਪ੍ਰਿਉ ਪ੍ਰਿਉ ਚਵੈ ਬਬੀਹਾ ਕੋਕਿਲ ਸਬਦਿ ਸੁਹਾਵੈ ॥੨॥

ਹੇ ਨਾਨਕ! ਜਿਵੇਂ ਪਪੀਹਾ ਪ੍ਰਿਉ ਪ੍ਰਿਉ ਬੋਲਦਾ ਹੈ ਜਿਵੇਂ ਕੋਇਲ ਮਿੱਠਾ ਬੋਲ ਬੋਲਦੀ ਹੈ, ਤਿਵੇਂ ਉਹ ਜੀਵ-ਇਸਤ੍ਰੀ ਗੁਰ-ਸ਼ਬਦ ਦੀ ਰਾਹੀਂ (ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ) ਸੋਹਣੀ ਲੱਗਦੀ ਹੈ ॥੨॥

ਤੂ ਸੁਣਿ ਹਰਿ ਰਸ ਭਿੰਨੇ ਪ੍ਰੀਤਮ ਆਪਣੇ ॥

ਹੇ ਮੇਰੇ ਪ੍ਰੀਤਮ! ਹੇ ਰਸ-ਭਿੰਨੇ ਹਰੀ! ਤੂੰ (ਮੇਰੀ ਅਰਜ਼ੋਈ) ਸੁਣ,

ਮਨਿ ਤਨਿ ਰਵਤ ਰਵੰਨੇ ਘੜੀ ਨ ਬੀਸਰੈ ॥

ਹੇ ਮੇਰੇ ਮਨ ਤਨ ਵਿਚ ਰਮੇ ਹੋਏ ਪ੍ਰਭੂ! (ਮੇਰਾ ਮਨ ਤੈਨੂੰ) ਇਕ ਘੜੀ ਵਾਸਤੇ ਭੀ ਭੁਲਾ ਨਹੀਂ ਸਕਦਾ।

ਕਿਉ ਘੜੀ ਬਿਸਾਰੀ ਹਉ ਬਲਿਹਾਰੀ ਹਉ ਜੀਵਾ ਗੁਣ ਗਾਏ ॥

ਮੈਂ ਇਕ ਘੜੀ ਭਰ ਭੀ ਤੈਨੂੰ ਵਿਸਾਰ ਨਹੀਂ ਸਕਦਾ, ਮੈਂ ਤੈਥੋਂ (ਸਦਾ) ਸਦਕੇ ਹਾਂ, ਤੇਰੀ ਸਿਫ਼ਤ-ਸਾਲਾਹ ਕਰ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ।

ਨਾ ਕੋਈ ਮੇਰਾ ਹਉ ਕਿਸੁ ਕੇਰਾ ਹਰਿ ਬਿਨੁ ਰਹਣੁ ਨ ਜਾਏ ॥

(ਪਰਮਾਤਮਾ ਤੋਂ ਬਿਨਾ ਤੋੜ ਨਿਭਣ ਵਾਲਾ) ਨਾ ਕੋਈ ਮੇਰਾ (ਸਦਾ ਦਾ) ਸਾਥੀ ਹੈ ਨਾਹ ਹੀ ਮੈਂ ਕਿਸੇ ਦਾ (ਸਦਾ ਦਾ) ਸਾਥੀ ਹਾਂ, ਪਰਮਾਤਮਾ ਦੀ ਯਾਦ ਤੋਂ ਬਿਨਾ ਮੇਰਾ ਮਨ ਧੀਰਜ ਨਹੀਂ ਫੜਦਾ।

ਓਟ ਗਹੀ ਹਰਿ ਚਰਣ ਨਿਵਾਸੇ ਭਏ ਪਵਿਤ੍ਰ ਸਰੀਰਾ ॥

ਜਿਸ ਮਨੁੱਖ ਨੇ ਪਰਮਾਤਮਾ ਦਾ ਆਸਰਾ ਲਿਆ ਹੈ, ਜਿਸ ਦੇ ਹਿਰਦੇ ਵਿਚ ਪ੍ਰਭੂ ਦੇ ਚਰਨ ਵੱਸ ਪਏ ਹਨ, ਉਸ ਦਾ ਸਰੀਰ ਪਵਿੱਤ੍ਰ ਹੋ ਜਾਂਦਾ ਹੈ।

ਨਾਨਕ ਦ੍ਰਿਸਟਿ ਦੀਰਘ ਸੁਖੁ ਪਾਵੈ ਗੁਰਸਬਦੀ ਮਨੁ ਧੀਰਾ ॥੩॥

ਹੇ ਨਾਨਕ! ਉਹ ਮਨੁੱਖ ਲੰਮੇ ਜਿਗਰੇ ਵਾਲਾ ਹੋ ਜਾਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਮਨ ਧੀਰਜ ਵਾਲਾ ਬਣ ਜਾਂਦਾ ਹੈ ॥੩॥

ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ ॥

(ਜਿਸ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ), ਪ੍ਰਭੂ ਦੀ ਸਿਫ਼ਤ-ਸਾਲਾਹ ਦੀਆਂ ਸੁਹਾਵਣੀਆਂ ਬੂੰਦਾਂ ਦੀ ਧਾਰ ਵਰ੍ਹਦੀ ਹੈ,

ਸਾਜਨ ਮਿਲੇ ਸਹਜਿ ਸੁਭਾਇ ਹਰਿ ਸਿਉ ਪ੍ਰੀਤਿ ਬਣੀ ॥

ਉਸ ਅਡੋਲ ਅਵਸਥਾ ਵਿਚ ਟਿਕੀ ਹੋਈ ਨੂੰ ਪ੍ਰੇਮ ਵਿਚ ਟਿਕੀ ਹੋਈ ਨੂੰ ਸੱਜਣ ਪ੍ਰਭੂ ਆ ਮਿਲਦਾ ਹੈ, ਪ੍ਰਭੂ ਨਾਲ ਉਸ ਦੀ ਪ੍ਰੀਤ ਬਣ ਜਾਂਦੀ ਹੈ।

ਹਰਿ ਮੰਦਰਿ ਆਵੈ ਜਾ ਪ੍ਰਭ ਭਾਵੈ ਧਨ ਊਭੀ ਗੁਣ ਸਾਰੀ ॥

(ਉਸ ਜੀਵ-ਇਸਤ੍ਰੀ ਦਾ ਹਿਰਦਾ ਪ੍ਰਭੂ-ਦੇਵ ਦੇ ਟਿਕਣ ਲਈ ਮੰਦਰ ਬਣ ਜਾਂਦਾ ਹੈ) ਜਦੋਂ ਪ੍ਰਭੂ ਨੂੰ ਚੰਗਾ ਲੱਗਦਾ ਹੈ, ਉਹ ਉਸ ਜੀਵ-ਇਸਤ੍ਰੀ ਦੇ ਹਿਰਦੇ-ਮੰਦਰ ਵਿਚ ਆ ਟਿਕਦਾ ਹੈ, ਉਹ ਜੀਵ-ਇਸਤ੍ਰੀ ਉਤਾਵਲੀ ਹੋ ਹੋ ਕੇ ਉਸ ਦੇ ਗੁਣ ਗਾਂਦੀ ਹੈ,

ਘਰਿ ਘਰਿ ਕੰਤੁ ਰਵੈ ਸੋਹਾਗਣਿ ਹਉ ਕਿਉ ਕੰਤਿ ਵਿਸਾਰੀ ॥

(ਤੇ ਆਖਦੀ ਹੈ-) ਹਰੇਕ ਭਾਗਾਂ ਵਾਲੀ ਦੇ ਹਿਰਦੇ-ਘਰ ਵਿਚ ਪ੍ਰਭੂ-ਪਤੀ ਰਲੀਆਂ ਮਾਣਦਾ ਹੈ, ਪ੍ਰਭੂ-ਪਤੀ ਨੇ ਮੈਨੂੰ ਕਿਉਂ ਭੁਲਾ ਦਿੱਤਾ ਹੈ?

ਉਨਵਿ ਘਨ ਛਾਏ ਬਰਸੁ ਸੁਭਾਏ ਮਨਿ ਤਨਿ ਪ੍ਰੇਮੁ ਸੁਖਾਵੈ ॥

(ਉਹ ਤਰਲੇ ਲੈ ਲੈ ਕੇ ਗੁਰੂ ਅੱਗੇ ਇਉਂ ਅਰਦਾਸ ਕਰਦੀ ਹੈ-) ਹੇ ਲਿਫ਼ ਕੇ ਘਟ ਬੰਨ੍ਹ ਕੇ ਆਏ ਬੱਦਲ! ਪ੍ਰੇਮ ਨਾਲ ਵਰ੍ਹ (ਹੇ ਤਰਸ ਕਰ ਕੇ ਆਏ ਗੁਰੂ ਪਾਤਿਸ਼ਾਹ! ਪ੍ਰੇਮ ਨਾਲ ਮੇਰੇ ਅੰਦਰ ਸਿਫ਼ਤ-ਸਾਲਾਹ ਦੀ ਵਰਖਾ ਕਰ), ਪ੍ਰਭੂ ਦਾ ਪਿਆਰ ਮੇਰੇ ਮਨ ਵਿਚ, ਮੇਰੇ ਤਨ ਵਿਚ ਆਨੰਦ ਪੈਦਾ ਕਰਦਾ ਹੈ।

ਨਾਨਕ ਵਰਸੈ ਅੰਮ੍ਰਿਤ ਬਾਣੀ ਕਰਿ ਕਿਰਪਾ ਘਰਿ ਆਵੈ ॥੪॥

ਹੇ ਨਾਨਕ! ਜਿਸ (ਸੁਭਾਗ) ਹਿਰਦੇ-ਘਰ ਵਿਚ ਸਿਫ਼ਤ-ਸਾਲਾਹ ਦੀ ਬਾਣੀ ਦੀ ਵਰਖਾ ਹੁੰਦੀ ਹੈ, ਪ੍ਰਭੂ ਕਿਰਪਾ ਧਾਰ ਕੇ ਆਪ ਉਥੇ ਆ ਟਿਕਦਾ ਹੈ ॥੪॥

ਚੇਤੁ ਬਸੰਤੁ ਭਲਾ ਭਵਰ ਸੁਹਾਵੜੇ ॥

ਚੇਤ (ਦਾ ਮਹੀਨਾ) ਚੰਗਾ ਲੱਗਦਾ ਹੈ, (ਚੇਤ ਵਿਚ) ਬਸੰਤ (ਦਾ ਮੌਸਮ ਭੀ) ਪਿਆਰਾ ਲੱਗਦਾ ਹੈ, ਤੇ (ਫੁੱਲਾਂ ਉਤੇ ਬੈਠੇ ਹੋਏ) ਭਵਰ ਸੋਹਣੇ ਲੱਗਦੇ ਹਨ।

ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ ॥

(ਇਸ ਮਹੀਨੇ) ਖੁਲ੍ਹੀ ਜੂਹ ਵਿਚ ਬਨਸਪਤੀ ਨੂੰ ਫੁੱਲ ਲੱਗ ਪੈਂਦੇ ਹਨ। (ਮੇਰੇ ਹਿਰਦੇ ਦਾ ਕੌਲ-ਫੁੱਲ ਭੀ ਖਿੜ ਪਏ, ਜੇ) ਮੇਰਾ ਪਤੀ-ਪ੍ਰਭੂ ਹਿਰਦੇ-ਘਰ ਵਿਚ ਆ ਵੱਸੇ।

ਪਿਰੁ ਘਰਿ ਨਹੀ ਆਵੈ ਧਨ ਕਿਉ ਸੁਖੁ ਪਾਵੈ ਬਿਰਹਿ ਬਿਰੋਧ ਤਨੁ ਛੀਜੈ ॥

ਜਿਸ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਹਿਰਦੇ-ਘਰ ਵਿਚ ਨਾਹ ਆ ਵੱਸੇ, ਉਸ ਜੀਵ-ਇਸਤ੍ਰੀ ਨੂੰ ਆਤਮਕ ਆਨੰਦ ਨਹੀਂ ਆ ਸਕਦਾ, ਉਸ ਦਾ ਸਰੀਰ (ਪ੍ਰਭੂ ਤੋਂ) ਵਿਛੋੜੇ ਦੇ ਕਾਰਨ (ਕਾਮਾਦਿਕ ਵੈਰੀਆਂ ਦੇ) ਹੱਲਿਆਂ ਨਾਲ ਕਮਜ਼ੋਰ ਹੋ ਜਾਂਦਾ ਹੈ।

ਕੋਕਿਲ ਅੰਬਿ ਸੁਹਾਵੀ ਬੋਲੈ ਕਿਉ ਦੁਖੁ ਅੰਕਿ ਸਹੀਜੈ ॥

(ਚੇਤਰ ਦੇ ਮਹੀਨੇ) ਕੋਇਲ ਅੰਬ ਦੇ ਰੁੱਖ ਉਤੇ ਮਿੱਠੇ ਬੋਲ ਬੋਲਦੀ ਹੈ (ਵਿਜੋਗਣ ਨੂੰ ਇਹ ਬੋਲ ਮਿੱਠੇ ਨਹੀਂ ਲੱਗਦੇ, ਚੋਭਵੇਂ ਦੁਖਦਾਈ ਲੱਗਦੇ ਹਨ, ਤੇ ਵਿਛੋੜੇ ਦਾ) ਦੁੱਖ ਉਸ ਪਾਸੋਂ ਹਿਰਦੇ ਵਿਚ ਸਹਾਰਿਆ ਨਹੀਂ ਜਾਂਦਾ।

ਭਵਰੁ ਭਵੰਤਾ ਫੂਲੀ ਡਾਲੀ ਕਿਉ ਜੀਵਾ ਮਰੁ ਮਾਏ ॥

ਹੇ ਮਾਂ! ਮੇਰਾ ਮਨ-ਭੌਰਾ (ਅੰਦਰਲੇ ਖਿੜੇ ਹੋਏ ਹਿਰਦੇ-ਕਮਲ ਨੂੰ ਛੱਡ ਕੇ ਦੁਨੀਆ ਦੇ ਰੰਗ-ਤਮਾਸ਼ਿਆਂ ਦੇ) ਫੁੱਲਾਂ ਤੇ ਡਾਲੀਆਂ ਉਤੇ ਭਟਕਦਾ ਫਿਰਦਾ ਹੈ। ਇਹ ਆਤਮਕ ਜੀਵਨ ਨਹੀਂ ਹੈ, ਇਹ ਤਾਂ ਆਤਮਕ ਮੌਤ ਹੈ।

ਨਾਨਕ ਚੇਤਿ ਸਹਜਿ ਸੁਖੁ ਪਾਵੈ ਜੇ ਹਰਿ ਵਰੁ ਘਰਿ ਧਨ ਪਾਏ ॥੫॥

ਹੇ ਨਾਨਕ! ਚੇਤਰ ਦੇ ਮਹੀਨੇ ਵਿਚ (ਬਸੰਤ ਦੇ ਮੌਸਮ ਵਿਚ) ਜੀਵ-ਇਸਤ੍ਰੀ ਅਡੋਲ ਅਵਸਥਾ ਵਿਚ ਟਿਕ ਕੇ ਆਤਮਕ ਆਨੰਦ ਮਾਣਦੀ ਹੈ, ਜੇ ਜੀਵ-ਇਸਤ੍ਰੀ (ਆਪਣੇ ਹਿਰਦੇ-) ਘਰ ਵਿਚ ਪ੍ਰਭੂ-ਪਤੀ ਨੂੰ ਲੱਭ ਲਏ ॥੫॥

ਵੈਸਾਖੁ ਭਲਾ ਸਾਖਾ ਵੇਸ ਕਰੇ ॥

ਵੈਸਾਖ (ਦਾ ਮਹੀਨਾ ਕੇਹਾ) ਚੰਗਾ ਲੱਗਦਾ ਹੈ! (ਰੁੱਖਾਂ ਦੀਆਂ) ਲਗਰਾਂ (ਸੱਜ-ਵਿਆਹੀਆਂ ਮੁਟਿਆਰਾਂ ਵਾਂਗ ਕੂਲੇ ਕੂਲੇ ਪੱਤਰਾਂ ਦਾ) ਹਾਰ-ਸਿੰਗਾਰ ਕਰਦੀਆਂ ਹਨ।

ਧਨ ਦੇਖੈ ਹਰਿ ਦੁਆਰਿ ਆਵਹੁ ਦਇਆ ਕਰੇ ॥

(ਇਹਨਾਂ ਲਗਰਾਂ ਦਾ ਹਾਰ-ਸਿੰਗਾਰ ਵੇਖ ਕੇ ਪਤੀ ਤੋਂ ਵਿਛੁੜੀ ਨਾਰ ਦੇ ਅੰਦਰ ਭੀ ਪਤੀ ਨੂੰ ਮਿਲਣ ਲਈ ਧ੍ਰੂਹ ਪੈਂਦੀ ਹੈ, ਤੇ ਉਹ ਆਪਣੇ ਘਰ ਦੇ ਬੂਹੇ ਵਿਚ ਖਲੋਤੀ ਰਾਹ ਤੱਕਦੀ ਹੈ। ਇਸੇ ਤਰ੍ਹਾਂ ਕੁਦਰਤਿ-ਰਾਣੀ ਦਾ ਸੋਹਜ-ਸਿੰਗਾਰ ਵੇਖ ਕੇ ਉਮਾਹ-ਭਰੀ) ਜੀਵ-ਇਸਤ੍ਰੀ ਆਪਣੇ (ਹਿਰਦੇ-) ਦਰ ਤੇ ਪ੍ਰਭੂ-ਪਤੀ ਦੀ ਉਡੀਕ ਕਰਦੀ ਹੈ (ਤੇ ਆਖਦੀ ਹੈ-ਹੇ ਪ੍ਰਭੂ-ਪਤੀ!) ਮਿਹਰ ਕਰ ਕੇ (ਮੇਰੇ ਹਿਰਦੇ-ਘਰ ਵਿਚ) ਆਓ।

ਘਰਿ ਆਉ ਪਿਆਰੇ ਦੁਤਰ ਤਾਰੇ ਤੁਧੁ ਬਿਨੁ ਅਢੁ ਨ ਮੋਲੋ ॥

ਹੇ ਪਿਆਰੇ! (ਮੇਰੇ) ਘਰ ਵਿਚ ਆਓ, ਮੈਨੂੰ ਇਸ ਬਿਖਮ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਾ, ਤੈਥੋਂ ਬਿਨਾ ਮੇਰੀ ਕਦਰ ਅੱਧੀ ਕੌਡੀ ਜਿਤਨੀ ਭੀ ਨਹੀਂ ਹੈ।

ਕੀਮਤਿ ਕਉਣ ਕਰੇ ਤੁਧੁ ਭਾਵਾਂ ਦੇਖਿ ਦਿਖਾਵੈ ਢੋਲੋ ॥

ਪਰ, ਹੇ ਮਿਤ੍ਰ-ਪ੍ਰਭੂ! ਜੇ ਗੁਰੂ ਤੇਰਾ ਦਰਸਨ ਕਰ ਕੇ ਮੈਨੂੰ ਭੀ ਦਰਸਨ ਕਰਾ ਦੇਵੇ, ਤੇ ਜੇ ਮੈਂ ਤੈਨੂੰ ਚੰਗੀ ਲੱਗ ਪਵਾਂ, ਤਾਂ ਕੌਣ ਮੇਰਾ ਮੁੱਲ ਪਾ ਸਕਦਾ ਹੈ?

ਦੂਰਿ ਨ ਜਾਨਾ ਅੰਤਰਿ ਮਾਨਾ ਹਰਿ ਕਾ ਮਹਲੁ ਪਛਾਨਾ ॥

ਫਿਰ ਤੂੰ ਮੈਨੂੰ ਕਿਤੇ ਦੂਰ ਨਹੀਂ ਜਾਪੇਂਗਾ, ਮੈਨੂੰ ਯਕੀਨ ਹੋਵੇਗਾ ਕਿ ਤੂੰ ਮੇਰੇ ਅੰਦਰ ਵੱਸ ਰਿਹਾ ਹੈਂ, ਉਸ ਟਿਕਾਣੇ ਦੀ ਮੈਨੂੰ ਪਛਾਣ ਹੋ ਜਾਇਗੀ ਜਿਥੇ ਤੂੰ ਵੱਸਦਾ ਹੈਂ।

ਨਾਨਕ ਵੈਸਾਖੀਂ ਪ੍ਰਭੁ ਪਾਵੈ ਸੁਰਤਿ ਸਬਦਿ ਮਨੁ ਮਾਨਾ ॥੬॥

ਹੇ ਨਾਨਕ! ਵੈਸਾਖ ਵਿਚ (ਕੁਦਰਤਿ-ਰਾਣੀ ਦਾ ਸੋਹਜ-ਸਿੰਗਾਰ ਵੇਖ ਕੇ ਉਹ ਜੀਵ-ਇਸਤ੍ਰੀ) ਪ੍ਰਭੂ-ਪਤੀ (ਦਾ ਮਿਲਾਪ) ਹਾਸਲ ਕਰ ਲੈਂਦੀ ਹੈ ਜਿਸ ਦੀ ਸੁਰਤ ਗੁਰੂ ਦੇ ਸ਼ਬਦ ਵਿਚ ਜੁੜੀ ਰਹਿੰਦੀ ਹੈ, ਜਿਸ ਦਾ ਮਨ (ਸਿਫ਼ਤ-ਸਾਲਾਹ ਵਿਚ ਹੀ) ਗਿੱਝ ਜਾਂਦਾ ਹੈ ॥੬॥

ਮਾਹੁ ਜੇਠੁ ਭਲਾ ਪ੍ਰੀਤਮੁ ਕਿਉ ਬਿਸਰੈ ॥

ਜੇਠ ਮਹੀਨਾ (ਉਹਨਾਂ ਨੂੰ ਹੀ) ਚੰਗਾ ਲੱਗਦਾ ਹੈ ਜਿਨ੍ਹਾਂ ਨੂੰ ਪ੍ਰੀਤਮ-ਕਦੇ ਨਹੀਂ ਵਿੱਸਰਦਾ।

ਥਲ ਤਾਪਹਿ ਸਰ ਭਾਰ ਸਾ ਧਨ ਬਿਨਉ ਕਰੈ ॥

(ਜੇਠ ਵਿਚ ਲੋਆਂ ਪੈਣ ਨਾਲ) ਭੱਠ ਵਾਂਗ ਥਲ ਤਪਣ ਲੱਗ ਪੈਂਦੇ ਹਨ (ਇਸੇ ਤਰ੍ਹਾਂ ਕਾਮਾਦਿਕ ਵਿਕਾਰਾਂ ਦੀ ਅੱਗ ਨਾਲ ਸੰਸਾਰੀ ਜੀਵਾਂ ਦੇ ਹਿਰਦੇ ਤਪਦੇ ਹਨ, ਉਹਨਾਂ ਦੀ ਤਪਸ਼ ਅਨੁਭਵ ਕਰ ਕੇ) ਗੁਰਮੁਖਿ ਜੀਵ-ਇਸਤ੍ਰੀ (ਪ੍ਰਭੂ-ਚਰਨਾਂ ਵਿਚ) ਅਰਦਾਸ ਕਰਦੀ ਹੈ,

ਧਨ ਬਿਨਉ ਕਰੇਦੀ ਗੁਣ ਸਾਰੇਦੀ ਗੁਣ ਸਾਰੀ ਪ੍ਰਭ ਭਾਵਾ ॥

ਉਸ ਪ੍ਰਭੂ ਦੇ ਗੁਣ (ਹਿਰਦੇ ਵਿਚ) ਸੰਭਾਲਦੀ ਹੈ, ਜੋ ਇਸ ਤਪਸ਼ ਤੋਂ ਨਿਰਾਲਾ ਆਪਣੇ ਸਦਾ-ਥਿਰ ਮਹਲ ਵਿਚ ਟਿਕਿਆ ਰਹਿੰਦਾ ਹੈ, ਉਸ ਅੱਗੇ ਜੀਵ-ਇਸਤ੍ਰੀ ਬੇਨਤੀ ਕਰਦੀ ਹੈ-ਹੇ ਪ੍ਰਭੂ! ਮੈਂ ਤੇਰੀ ਸਿਫ਼ਤ-ਸਾਲਾਹ ਕਰਦੀ ਹਾਂ, ਤਾ ਕਿ ਤੈਨੂੰ ਚੰਗੀ ਲੱਗ ਪਵਾਂ।

ਸਾਚੈ ਮਹਲਿ ਰਹੈ ਬੈਰਾਗੀ ਆਵਣ ਦੇਹਿ ਤ ਆਵਾ ॥

ਸਦਾ ਥਿਰ ਰਹਿਣ ਵਾਲੇ ਮਹਿਲ ਵਿੱਚ ਰਹਿਣ ਵਾਲੇ ਹੇ ਮਾਇਆ ਤੋਂ ਨਿਰਲੇਪ ਪ੍ਰਭੂ! ਤੂੰ ਮੈਨੂੰ ਆਗਿਆ ਦੇਵੇਂ ਮੈਂ ਭੀ ਤੇਰੇ ਮਹਲ ਵਿਚ ਆ ਜਾਵਾਂ (ਤੇ ਬਾਹਰਲੀ ਤਪਸ਼ ਤੋਂ ਬਚ ਸਕਾਂ)।

ਨਿਮਾਣੀ ਨਿਤਾਣੀ ਹਰਿ ਬਿਨੁ ਕਿਉ ਪਾਵੈ ਸੁਖ ਮਹਲੀ ॥

ਜਿਤਨਾ ਚਿਰ ਜੀਵ-ਇਸਤ੍ਰੀ ਪ੍ਰਭੂ ਤੋਂ ਵੱਖ ਰਹਿ ਕੇ (ਵਿਕਾਰਾਂ ਦੀ ਤਪਸ਼ ਨਾਲ) ਨਿਢਾਲ ਤੇ ਕਮਜ਼ੋਰ ਹੈ, ਉਤਨਾ ਚਿਰ (ਤਪਸ਼ੋਂ ਬਚੇ ਹੋਏ ਪ੍ਰਭੂ ਦੇ) ਮਹਲ ਦਾ ਆਨੰਦ ਨਹੀਂ ਮਾਣ ਸਕਦੀ।

ਨਾਨਕ ਜੇਠਿ ਜਾਣੈ ਤਿਸੁ ਜੈਸੀ ਕਰਮਿ ਮਿਲੈ ਗੁਣ ਗਹਿਲੀ ॥੭॥

ਹੇ ਨਾਨਕ! ਜੇਠ (ਦੀ ਸਾੜਦੀ ਲੋ) ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਨੂੰ ਹਿਰਦੇ ਵਿਚ ਵਸਾ ਲੈਣ ਵਾਲੀ ਜੇਹੜੀ ਜੀਵ-ਇਸਤ੍ਰੀ ਪ੍ਰਭੂ ਨਾਲ ਜਾਣ-ਪਛਾਣ ਪਾ ਲੈਂਦੀ ਹੈ, ਉਹ ਉਸ (ਸ਼ਾਂਤ-ਚਿੱਤ ਪ੍ਰਭੂ) ਵਰਗੀ ਹੋ ਜਾਂਦੀ ਹੈ, ਉਸ ਦੀ ਮਿਹਰ ਨਾਲ ਉਸ ਵਿਚ ਇਕ-ਰੂਪ ਹੋ ਜਾਂਦੀ ਹੈ (ਤੇ ਵਿਕਾਰਾਂ ਦੀ ਤਪਸ਼-ਲੋ ਤੋਂ ਬਚੀ ਰਹਿੰਦੀ ਹੈ) ॥੭॥

ਆਸਾੜੁ ਭਲਾ ਸੂਰਜੁ ਗਗਨਿ ਤਪੈ ॥

(ਜਦੋਂ) ਹਾੜ ਮਹੀਨਾ ਚੰਗਾ ਜੋਬਨ ਵਿਚ ਹੁੰਦਾ ਹੈ, ਆਕਾਸ਼ ਵਿਚ ਸੂਰਜ ਤਪਦਾ ਹੈ।

ਧਰਤੀ ਦੂਖ ਸਹੈ ਸੋਖੈ ਅਗਨਿ ਭਖੈ ॥

(ਜਿਉਂ ਜਿਉਂ ਸੂਰਜ ਧਰਤੀ ਦੀ ਨਮੀ ਨੂੰ) ਸੁਕਾਂਦਾ ਹੈ, ਧਰਤੀ ਦੁੱਖ ਸਹਾਰਦੀ ਹੈ (ਧਰਤੀ ਦੇ ਜੀਅ-ਜੰਤ ਔਖੇ ਹੁੰਦੇ ਹਨ), ਧਰਤੀ ਅੱਗ (ਵਾਂਗ) ਭਖਦੀ ਹੈ।

ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ ਹਾਰੇ ॥

(ਸੂਰਜ) ਅੱਗ (ਵਾਂਗ) ਪਾਣੀ ਨੂੰ ਸੁਕਾਂਦਾ ਹੈ, (ਹਰੇਕ ਦੀ ਜਿੰਦ) ਕ੍ਰਾਹ ਕ੍ਰਾਹ ਕੇ ਦੁਖੀ ਹੁੰਦੀ ਹੈ, ਫਿਰ ਭੀ ਸੂਰਜ ਆਪਣਾ ਕਰਤੱਬ ਨਹੀਂ ਛੱਡਦਾ (ਕਰੀ ਜਾਂਦਾ ਹੈ)।

ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ ॥

(ਸੂਰਜ ਦਾ) ਰਥ ਚੱਕਰ ਲਾਂਦਾ ਹੈ, ਕਮਜ਼ੋਰ ਜਿੰਦ ਕਿਤੇ ਛਾਂ ਦਾ ਆਸਰਾ ਲੈਂਦੀ ਹੈ, ਬੀਂਡਾ ਭੀ ਬਾਹਰ ਜੂਹ ਵਿਚ (ਰੁੱਖ ਦੀ ਛਾਵੇਂ) ਟੀਂ ਟੀਂ ਪਿਆ ਕਰਦਾ ਹੈ (ਹਰੇਕ ਜੀਵ ਤਪਸ਼ ਤੋਂ ਜਾਨ ਲੁਕਾਂਦਾ ਦਿੱਸਦਾ ਹੈ)।

ਅਵਗਣ ਬਾਧਿ ਚਲੀ ਦੁਖੁ ਆਗੈ ਸੁਖੁ ਤਿਸੁ ਸਾਚੁ ਸਮਾਲੇ ॥

(ਅਜੇਹੀ ਮਾਨਸਕ ਤਪਸ਼ ਦਾ) ਦੁੱਖ ਉਸ ਜੀਵ-ਇਸਤ੍ਰੀ ਦੇ ਸਾਹਮਣੇ (ਭਾਵ, ਜੀਵਨ-ਸਫ਼ਰ ਵਿਚ) ਮੌਜੂਦ ਰਹਿੰਦਾ ਹੈ, ਜੋ ਮੰਦੇ ਕਰਮਾਂ (ਦੀ ਪੰਡ ਸਿਰੇ ਉਤੇ) ਬੰਨ੍ਹ ਕੇ ਤੁਰਦੀ ਹੈ। ਆਤਮਕ ਆਨੰਦ ਸਿਰਫ਼ ਉਸ ਨੂੰ ਹੈ ਜੋ ਸਦਾ-ਥਿਰ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਦੀ ਹੈ।

ਨਾਨਕ ਜਿਸ ਨੋ ਇਹੁ ਮਨੁ ਦੀਆ ਮਰਣੁ ਜੀਵਣੁ ਪ੍ਰਭ ਨਾਲੇ ॥੮॥

ਹੇ ਨਾਨਕ! ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਨੇ ਹਰੀ-ਨਾਮ ਸਿਮਰਨ ਵਾਲਾ ਮਨ ਦਿੱਤਾ ਹੈ, ਪ੍ਰਭੂ ਨਾਲ ਉਸ ਦਾ ਸਦੀਵੀ ਸਾਥ ਬਣ ਜਾਂਦਾ ਹੈ (ਉਸ ਨੂੰ ਹਾੜ ਦੀ ਕਹਰ ਦੀ ਤਪਸ਼ ਵਰਗਾ ਵਿਕਾਰਾਂ ਦਾ ਸੇਕ ਪੋਹ ਨਹੀਂ ਸਕਦਾ) ॥੮॥

ਭਾਦਉ ਭਰਮਿ ਭੁਲੀ ਭਰਿ ਜੋਬਨਿ ਪਛੁਤਾਣੀ ॥

ਭਾਦਰੋਂ (ਦਾ ਮਹੀਨਾ) ਆ ਗਿਆ ਹੈ। (ਪਰ) ਜੇਹੜੀ ਇਸਤ੍ਰੀ ਭਰ-ਜੋਬਨ ਵਿਚ (ਜੋਬਨ ਦੇ ਮਾਣ ਦੇ) ਭੁਲੇਖੇ ਵਿਚ ਗ਼ਲਤੀ ਖਾ ਗਈ, ਉਸ ਨੂੰ (ਪਤੀ ਦੇ ਵਿਛੋੜੇ ਵਿਚ) ਪਛਤਾਣਾ ਹੀ ਪਿਆ

ਜਲ ਥਲ ਨੀਰਿ ਭਰੇ ਬਰਸ ਰੁਤੇ ਰੰਗੁ ਮਾਣੀ ॥

ਵਰਖਾ ਰੁੱਤ ਵਿਚ ਟੋਏ ਟਿੱਬੇ ਪਾਣੀ ਨਾਲ ਭਰੇ ਹੋਏ ਹਨ, (ਇਸ ਨਜ਼ਾਰੇ ਦਾ) ਰੰਗ ਮਾਣਿਆ ਜਾ ਸਕਦਾ ਹੈ। (ਪਰ ਭਰਮ ਵਿੱਚ ਭੁੱਲੀ ਜੀਵ-ਇਸਤ੍ਰੀ ਨੂੰ ਨੀਰ-ਭਰੇ ਥਾਂ ਚੰਗੇ ਨਾਹ ਲੱਗੇ)।

ਬਰਸੈ ਨਿਸਿ ਕਾਲੀ ਕਿਉ ਸੁਖੁ ਬਾਲੀ ਦਾਦਰ ਮੋਰ ਲਵੰਤੇ ॥

ਕਾਲੀ ਰਾਤ ਨੂੰ ਮੀਂਹ ਵਰ੍ਹਦਾ ਹੈ, ਡੱਡੂ ਗੁੜੈਂ ਗੁੜੈਂ ਕਰਦੇ ਹਨ, ਮੋਰ ਕੁਹਕਦੇ ਹਨ, (ਪਰ ਪਤੀ ਤੋਂ ਵਿਛੁੜੀ) ਨਾਰ ਨੂੰ (ਇਸ ਸੁਹਾਵਣੇ ਰੰਗ ਤੋਂ) ਆਨੰਦ ਨਹੀਂ ਮਿਲਦਾ।

ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ ਭੁਇਅੰਗਮ ਫਿਰਹਿ ਡਸੰਤੇ ॥

ਪਪੀਹਾ ਭੀ ‘ਪ੍ਰਿਉ ਪ੍ਰਿਉ’ ਕਰਦਾ ਹੈ, (ਪਰ) ਉਸ ਨੂੰ ਤਾਂ (ਭਾਦਰੋਂ ਵਿਚ ਇਹੀ ਦਿੱਸਦਾ ਹੈ ਕਿ) ਸੱਪ ਡੰਗਦੇ ਫਿਰਦੇ ਹਨ,

ਮਛਰ ਡੰਗ ਸਾਇਰ ਭਰ ਸੁਭਰ ਬਿਨੁ ਹਰਿ ਕਿਉ ਸੁਖੁ ਪਾਈਐ ॥

ਮੱਛਰ ਡੰਗ ਮਾਰਦੇ ਹਨ। ਚੁਫੇਰੇ ਛੱਪੜ-ਤਲਾਬ (ਮੀਂਹ ਦੇ ਪਾਣੀ ਨਾਲ) ਨਕਾ-ਨਕ ਭਰੇ ਹੋਏ ਹਨ (ਬਿਰਹਣੀ ਨਾਰ ਨੂੰ ਇਸ ਵਿਚ ਕੋਈ ਸੁਹਜ-ਸੁਆਦ ਨਹੀਂ ਦਿੱਸਦਾ)। (ਇਸੇ ਤਰ੍ਹਾਂ ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਤੋਂ ਵਿਛੋੜੇ ਦਾ ਅਹਿਸਾਸ ਹੋ ਜਾਂਦਾ ਹੈ, ਉਸ ਨੂੰ) ਪ੍ਰਭੂ ਦੀ ਯਾਦ ਤੋਂ ਬਿਨਾ (ਹੋਰ ਕਿਸੇ ਰੰਗ-ਤਮਾਸ਼ੇ ਵਿਚ) ਆਤਮਕ ਆਨੰਦ ਨਹੀਂ ਮਿਲਦਾ।

ਨਾਨਕ ਪੂਛਿ ਚਲਉ ਗੁਰ ਅਪੁਨੇ ਜਹ ਪ੍ਰਭੁ ਤਹ ਹੀ ਜਾਈਐ ॥੧੦॥

ਹੇ ਨਾਨਕ! ਮੈਂ ਤਾਂ ਆਪਣੇ ਗੁਰੂ ਦੀ ਸਿੱਖਿਆ ਉਤੇ ਤੁਰ ਕੇ (ਉਸ ਦੇ ਦੱਸੇ ਰਾਹ ਉਤੇ) ਤੁਰਾਂਗੀ, ਜਿਥੇ ਪ੍ਰਭੂ-ਪਤੀ ਮਿਲ ਸਕਦਾ ਹੋਵੇ, ਉਥੇ ਹੀ ਜਾਵਾਂਗੀ ॥੧੦॥

ਅਸੁਨਿ ਆਉ ਪਿਰਾ ਸਾ ਧਨ ਝੂਰਿ ਮੁਈ ॥

(ਭਾਦਰੋਂ ਦੇ ਘੁੰਮੇ ਤੇ ਤ੍ਰਾਟਕੇ ਲੰਘਣ ਤੇ) ਅੱਸੂ (ਦੀ ਮਿੱਠੀ ਰੁੱਤ) ਵਿਚ (ਇਸਤ੍ਰੀ ਦੇ ਦਿਲ ਵਿਚ ਪਤੀ ਨੂੰ ਮਿਲਣ ਦੀ ਤਾਂਘ ਪੈਦਾ ਹੁੰਦੀ ਹੈ। ਤਿਵੇਂ ਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਦੇ ਵਿਛੋੜੇ ਵਿਚ ਕਾਮਾਦਿਕ ਵੈਰੀਆਂ ਦੇ ਹੱਲਿਆਂ ਦੇ ਦੁੱਖ ਵੇਖ ਲਏ ਹਨ, ਉਹ ਅਰਦਾਸ ਕਰਦੀ ਹੈ-) ਹੇ ਪ੍ਰਭੂ-ਪਤੀ! (ਮੇਰੇ ਹਿਰਦੇ ਵਿਚ) ਆ ਵੱਸ (ਤੈਥੋਂ ਵਿਛੁੜ ਕੇ) ਮੈਂ ਹਾਹੁਕੇ ਲੈ ਲੈ ਕੇ ਆਤਮਕ ਮੌਤੇ ਮਰ ਰਹੀ ਹਾਂ।

ਤਾ ਮਿਲੀਐ ਪ੍ਰਭ ਮੇਲੇ ਦੂਜੈ ਭਾਇ ਖੁਈ ॥

ਮਾਇਕ ਪਦਾਰਥਾਂ ਦੇ ਮੋਹ ਵਿਚ ਫਸ ਕੇ ਮੈਂ ਔਝੜੇ ਪਈ ਹੋਈ ਹਾਂ। ਹੇ ਪ੍ਰਭੂ! ਤੈਨੂੰ ਤਦੋਂ ਹੀ ਮਿਲ ਸਕੀਦਾ ਹੈ ਜੇ ਤੂੰ ਆਪ ਮਿਲਾਏਂ।

ਝੂਠਿ ਵਿਗੁਤੀ ਤਾ ਪਿਰ ਮੁਤੀ ਕੁਕਹ ਕਾਹ ਸਿ ਫੁਲੇ ॥

(ਜਦੋਂ ਤੋਂ) ਦੁਨੀਆ ਦੇ ਝੂਠੇ ਮੋਹ ਵਿਚ ਫਸ ਕੇ ਮੈਂ ਖ਼ੁਆਰ ਹੋ ਰਹੀ ਹਾਂ, ਤਦੋਂ ਤੋਂ, ਹੇ ਪਤੀ! ਤੈਥੋਂ ਵਿਛੁੜੀ ਹੋਈ ਹਾਂ। ਪਿਲਛੀ ਤੇ ਕਾਹੀ (ਦੇ ਸੁਫ਼ੈਦ ਬੂਰ ਵਾਂਗ ਮੇਰੇ ਕੇਸ) ਚਿੱਟੇ ਹੋ ਗਏ ਹਨ।

ਆਗੈ ਘਾਮ ਪਿਛੈ ਰੁਤਿ ਜਾਡਾ ਦੇਖਿ ਚਲਤ ਮਨੁ ਡੋਲੇ ॥

(ਮੇਰੇ ਸਰੀਰ ਦਾ) ਨਿੱਘ ਅਗਾਂਹ ਲੰਘ ਗਿਆ ਹੈ (ਘਟ ਗਿਆ ਹੈ), ਉਸ ਦੇ ਪਿਛੇ ਪਿਛੇ ਸਰੀਰਕ ਕਮਜ਼ੋਰੀ ਆ ਰਹੀ ਹੈ, ਇਹ ਤਮਾਸ਼ਾ ਵੇਖ ਕੇ ਮੇਰਾ ਮਨ ਘਬਰਾ ਰਿਹਾ ਹੈ (ਕਿਉਂਕਿ ਅਜੇ ਤਕ ਤੇਰਾ ਦੀਦਾਰ ਨਹੀਂ ਹੋ ਸਕਿਆ)।

ਦਹ ਦਿਸਿ ਸਾਖ ਹਰੀ ਹਰੀਆਵਲ ਸਹਜਿ ਪਕੈ ਸੋ ਮੀਠਾ ॥

(ਕਾਹੀ ਪਿਲਛੀ ਦਾ ਹਾਲ ਵੇਖ ਕੇ ਤਾਂ ਮਨ ਡੋਲਦਾ ਹੈ, ਪਰ) ਹਰ ਪਾਸੇ (ਬਨਸਪਤੀ ਦੀਆਂ) ਹਰੀਆਂ ਸਾਖਾਂ ਦੀ ਹਰਿਆਵਲ ਵੇਖ ਕੇ (ਇਹ ਧੀਰਜ ਆਉਂਦੀ ਹੈ ਕਿ) ਅਡੋਲ ਅਵਸਥਾ ਵਿਚ (ਜੇਹੜਾ ਜੀਵ) ਦ੍ਰਿੜ੍ਹ ਰਹਿੰਦਾ ਹੈ, ਉਸੇ ਨੂੰ ਪ੍ਰਭੂ-ਮਿਲਾਪ ਦੀ ਮਿਠਾਸ (ਖ਼ੁਸ਼ੀ) ਮਿਲਦੀ ਹੈ।

ਨਾਨਕ ਅਸੁਨਿ ਮਿਲਹੁ ਪਿਆਰੇ ਸਤਿਗੁਰ ਭਏ ਬਸੀਠਾ ॥੧੧॥

ਹੇ ਨਾਨਕ! ਅੱਸੂ (ਦੀ ਮਿੱਠੀ ਰੁੱਤ) ਵਿਚ (ਤੂੰ ਭੀ ਅਰਦਾਸ ਕਰ ਤੇ ਆਖ-) ਹੇ ਪਿਆਰੇ ਪ੍ਰਭੂ! (ਮੇਹਰ ਕਰ) ਗੁਰੂ ਦੀ ਰਾਹੀਂ ਮੈਨੂੰ ਮਿਲ ॥੧੧॥

ਕਤਕਿ ਕਿਰਤੁ ਪਇਆ ਜੋ ਪ੍ਰਭ ਭਾਇਆ ॥

(ਜਿਵੇਂ) ਕੱਤਕ (ਦੇ ਮਹੀਨੇ) ਵਿਚ (ਕਿਸਾਨ ਨੂੰ ਮੁੰਜੀ ਮਕਈ ਆਦਿਕ ਸਾਵਣੀ ਦੇ ਫ਼ਸਲ ਦੀ ਕੀਤੀ ਕਮਾਈ ਮਿਲ ਜਾਂਦੀ ਹੈ, ਤਿਵੇਂ ਹਰੇਕ ਜੀਵ ਨੂੰ ਆਪਣੇ) ਕੀਤੇ ਕਰਮਾਂ ਦਾ ਫਲ (ਮਨ ਵਿਚ ਇਕੱਠੇ ਹੋਏ ਸੰਸਕਾਰਾਂ ਦੇ ਰੂਪ ਵਿਚ) ਮਿਲ ਜਾਂਦਾ ਹੈ। (ਆਪਣੇ ਕੀਤੇ ਭਲੇ ਕਰਮਾਂ ਅਨੁਸਾਰ) ਜਿਹੜਾ ਮਨੁੱਖ ਪਰਮਾਤਮਾ ਨੂੰ ਪਿਆਰਾ ਲੱਗ ਪੈਂਦਾ ਹੈ,

ਦੀਪਕੁ ਸਹਜਿ ਬਲੈ ਤਤਿ ਜਲਾਇਆ ॥

(ਉਸ ਦੇ ਹਿਰਦੇ ਵਿਚ) ਆਤਮਕ ਅਡੋਲਤਾ ਦੇ ਕਾਰਨ (ਆਤਮਕ ਜੀਵਨ ਦੀ ਸੂਝ ਦੇਣ ਵਾਲੇ ਚਾਨਣ ਦਾ) ਦੀਵਾ ਜਗ ਪੈਂਦਾ ਹੈ (ਇਹ ਦੀਵਾ ਉਸ ਦੇ ਅੰਦਰ) ਪ੍ਰਭੂ ਨਾਲ ਡੂੰਘੀ ਜਾਣ-ਪਛਾਣ ਨੇ ਜਗਾਇਆ ਹੁੰਦਾ ਹੈ।

ਦੀਪਕ ਰਸ ਤੇਲੋ ਧਨ ਪਿਰ ਮੇਲੋ ਧਨ ਓਮਾਹੈ ਸਰਸੀ ॥

ਜਿਸ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਹੋ ਜਾਂਦਾ ਹੈ (ਉਸ ਦੇ ਅੰਦਰ) ਆਤਮਕ ਜੀਵਨ ਦੀ ਸੂਝ ਦੇਣ ਵਾਲੇ ਚਾਨਣ ਦੇ ਆਨੰਦ ਦਾ (ਮਾਨੋ, ਦੀਵੇ ਵਿਚ) ਤੇਲ ਬਲ ਰਿਹਾ ਹੈ, ਉਹ ਜੀਵ-ਇਸਤ੍ਰੀ ਉਤਸ਼ਾਹ ਵਿਚ ਆਤਮਕ ਆਨੰਦ ਮਾਣਦੀ ਹੈ।

ਅਵਗਣ ਮਾਰੀ ਮਰੈ ਨ ਸੀਝੈ ਗੁਣਿ ਮਾਰੀ ਤਾ ਮਰਸੀ ॥

(ਜਿਸ ਜੀਵ-ਇਸਤ੍ਰੀ ਦੇ ਜੀਵਨ ਨੂੰ) ਵਿਕਾਰਾਂ ਨੇ ਮਾਰ ਮੁਕਾਇਆ ਉਹ ਆਤਮਕ ਮੌਤੇ ਮਰ ਗਈ, ਉਹ (ਜ਼ਿੰਦਗੀ ਵਿਚ) ਕਾਮਯਾਬ ਨਹੀਂ ਹੁੰਦੀ, ਪਰ ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਦੀ ਸਿਫ਼ਤ-ਸਾਲਾਹ ਨੇ ਵਿਕਾਰਾਂ ਵਲੋਂ) ਮਾਰਿਆ ਉਹ ਹੀ ਵਿਕਾਰਾਂ ਵਲੋਂ ਬਚੀ ਰਹੇਗੀ।

ਨਾਮੁ ਭਗਤਿ ਦੇ ਨਿਜ ਘਰਿ ਬੈਠੇ ਅਜਹੁ ਤਿਨਾੜੀ ਆਸਾ ॥

ਜਿਨ੍ਹਾਂ ਨੂੰ ਪਰਮਾਤਮਾ ਆਪਣਾ ਨਾਮ ਦੇਂਦਾ ਹੈ ਆਪਣੀ ਭਗਤੀ ਦੇਂਦਾ ਹੈ ਉਹ (ਵਿਕਾਰਾਂ ਵਲ ਭਟਕਣ ਦੇ ਥਾਂ) ਆਪਣੇ ਹਿਰਦੇ-ਘਰ ਵਿਚ ਟਿਕੇ ਰਹਿੰਦੇ ਹਨ, (ਉਹਨਾਂ ਦੇ ਅੰਦਰ) ਸਦਾ ਹੀ (ਪ੍ਰਭੂ-ਮਿਲਾਪ ਦੀ) ਤਾਂਘ ਬਣੀ ਰਹਿੰਦੀ ਹੈ।

ਨਾਨਕ ਮਿਲਹੁ ਕਪਟ ਦਰ ਖੋਲਹੁ ਏਕ ਘੜੀ ਖਟੁ ਮਾਸਾ ॥੧੨॥

ਹੇ ਨਾਨਕ! (ਉਹ ਸਦਾ ਅਰਦਾਸ ਕਰਦੇ ਹਨ-ਹੇ ਪਾਤਿਸ਼ਾਹ! ਸਾਨੂੰ) ਮਿਲ, (ਸਾਡੇ ਅੰਦਰੋਂ ਵਿਛੋੜਾ ਪਾਣ ਵਾਲੇ) ਕਿਵਾੜ ਖੋਹਲ ਦੇਹ, (ਤੇਰੇ ਨਾਲੋਂ) ਇਕ ਘੜੀ (ਦਾ ਵਿਛੋੜਾ) ਛੇ ਮਹੀਨੇ (ਦਾ ਵਿਛੋੜਾ ਜਾਪਦਾ) ਹੈ ॥੧੨॥

ਮੰਘਰ ਮਾਹੁ ਭਲਾ ਹਰਿ ਗੁਣ ਅੰਕਿ ਸਮਾਵਏ ॥

ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ ਆ ਵੱਸਦਾ ਹੈ, ਉਸ ਨੂੰ ਮੱਘਰ ਦਾ ਮਹੀਨਾ ਚੰਗਾ ਲੱਗਦਾ ਹੈ।

ਗੁਣਵੰਤੀ ਗੁਣ ਰਵੈ ਮੈ ਪਿਰੁ ਨਿਹਚਲੁ ਭਾਵਏ ॥

ਇਹ ਸਦਾ-ਥਿਰ ਪਿਆਰਾ ਪ੍ਰਭੂ-ਪਤੀ ਉਸ ਗੁਣਾਂ ਵਾਲੀ ਜੀਵ-ਇਸਤ੍ਰੀ ਨੂੰ ਪਿਆਰਾ ਲੱਗਦਾ ਹੈ ਜੋ ਉਸ ਦੇ ਗੁਣ ਚੇਤੇ ਕਰਦੀ ਰਹਿੰਦੀ ਹੈ।

ਨਿਹਚਲੁ ਚਤੁਰੁ ਸੁਜਾਣੁ ਬਿਧਾਤਾ ਚੰਚਲੁ ਜਗਤੁ ਸਬਾਇਆ ॥

ਹੋਰ ਸਾਰਾ ਜਗਤ ਤਾਂ ਨਾਸਵੰਤ ਹੈ, ਇਕ ਸਿਰਜਣਹਾਰ ਹੀ ਜੋ ਚਤੁਰ ਹੈ ਤੇ ਸਿਆਣਾ ਹੈ, ਸਦਾ ਕਾਇਮ ਰਹਿਣ ਵਾਲਾ ਹੈ।

ਗਿਆਨੁ ਧਿਆਨੁ ਗੁਣ ਅੰਕਿ ਸਮਾਣੇ ਪ੍ਰਭ ਭਾਣੇ ਤਾ ਭਾਇਆ ॥

ਉਸ ਨੂੰ ਪ੍ਰਭੂ ਨਾਲ ਡੂੰਘੀ ਸਾਂਝ ਪ੍ਰਾਪਤ ਹੁੰਦੀ ਹੈ, ਉਸ ਦੀ ਸੁਰਤ ਪ੍ਰਭੂ-ਚਰਨਾਂ ਵਿਚ ਟਿਕਦੀ ਹੈ, ਪ੍ਰਭੂ ਦੇ ਗੁਣ ਉਸ ਦੇ ਹਿਰਦੇ ਵਿਚ ਆ ਵੱਸਦੇ ਹਨ; ਪ੍ਰਭੂ ਦੀ ਰਜ਼ਾ ਅਨੁਸਾਰ ਇਹ ਸਭ ਕੁਝ ਉਸ ਜੀਵ-ਇਸਤ੍ਰੀ ਨੂੰ ਚੰਗਾ ਲੱਗਣ ਲੱਗ ਪੈਂਦਾ ਹੈ।

ਗੀਤ ਨਾਦ ਕਵਿਤ ਕਵੇ ਸੁਣਿ ਰਾਮ ਨਾਮਿ ਦੁਖੁ ਭਾਗੈ ॥

ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਬਾਣੀ ਕਾਵਿ ਸੁਣ ਸੁਣ ਕੇ ਪ੍ਰਭੂ ਦੇ ਨਾਮ ਵਿਚ (ਜੁੜ ਕੇ) ਉਸ ਦਾ ਹੋਰ ਸਾਰਾ ਦੁੱਖ ਦੂਰ ਹੋ ਜਾਂਦਾ ਹੈ।

ਨਾਨਕ ਸਾ ਧਨ ਨਾਹ ਪਿਆਰੀ ਅਭ ਭਗਤੀ ਪਿਰ ਆਗੈ ॥੧੩॥

ਹੇ ਨਾਨਕ! ਉਹ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਪਿਆਰੀ ਹੋ ਜਾਂਦੀ ਹੈ, ਉਹ ਆਪਣਾ ਦਿਲੀ ਪਿਆਰ ਪ੍ਰਭੂ ਦੇ ਅੱਗੇ (ਭੇਟ) ਪੇਸ਼ ਕਰਦੀ ਹੈ ॥੧੩॥

ਪੋਖਿ ਤੁਖਾਰੁ ਪੜੈ ਵਣੁ ਤ੍ਰਿਣੁ ਰਸੁ ਸੋਖੈ ॥

ਪੋਹ (ਦੇ ਮਹੀਨੇ) ਵਿਚ ਕੱਕਰ ਪੈਂਦਾ ਹੈ, ਉਹ ਵਣ ਨੂੰ ਘਾਹ ਨੂੰ (ਹਰੇਕ ਘਾਹ-ਬੂਟ ਦੇ) ਰਸ ਨੂੰ ਸੁਕਾ ਦੇਂਦਾ ਹੈ (ਪ੍ਰਭੂ ਦੀ ਯਾਦ ਭੁਲਾਇਆਂ ਜਿਸ ਮਨੁੱਖ ਦੇ ਅੰਦਰ ਕੋਰਾਪਨ ਜ਼ੋਰ ਪਾਂਦਾ ਹੈ, ਉਹ ਉਸ ਦੇ ਜੀਵਨ ਵਿਚੋਂ ਪ੍ਰੇਮ-ਰਸ ਸੁਕਾ ਦੇਂਦਾ ਹੈ)।

ਆਵਤ ਕੀ ਨਾਹੀ ਮਨਿ ਤਨਿ ਵਸਹਿ ਮੁਖੇ ॥

ਹੇ ਪ੍ਰਭੂ! ਤੂੰ ਆ ਕੇ ਮੇਰੇ ਮਨ ਵਿਚ ਮੇਰੇ ਤਨ ਵਿਚ ਮੇਰੇ ਮੂੰਹ ਵਿਚ ਕਿਉਂ ਨਹੀਂ ਵੱਸਦਾ? (ਤਾ ਕਿ ਮੇਰਾ ਜੀਵਨ ਰੁੱਖਾ ਨ ਹੋ ਜਾਏ)।

ਮਨਿ ਤਨਿ ਰਵਿ ਰਹਿਆ ਜਗਜੀਵਨੁ ਗੁਰਸਬਦੀ ਰੰਗੁ ਮਾਣੀ ॥

ਜਿਸ ਜੀਵ ਦੇ ਮਨ ਵਿਚ ਤਨ ਵਿਚ ਸਾਰੇ ਜਗਤ ਦਾ ਆਸਰਾ ਪ੍ਰਭੂ ਆ ਵੱਸਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦੇ ਮਿਲਾਪ ਦਾ ਆਨੰਦ ਮਾਣਦਾ ਹੈ।

ਅੰਡਜ ਜੇਰਜ ਸੇਤਜ ਉਤਭੁਜ ਘਟਿ ਘਟਿ ਜੋਤਿ ਸਮਾਣੀ ॥

ਉਸ ਨੂੰ ਚੌਹਾਂ ਖਾਣੀਆਂ ਦੇ ਜੀਵਾਂ ਵਿਚ ਹਰੇਕ ਘਟ ਵਿਚ ਪ੍ਰਭੂ ਦੀ ਹੀ ਜੋਤਿ ਸਮਾਈ ਦਿੱਸਦੀ ਹੈ।

ਦਰਸਨੁ ਦੇਹੁ ਦਇਆਪਤਿ ਦਾਤੇ ਗਤਿ ਪਾਵਉ ਮਤਿ ਦੇਹੋ ॥

ਹੇ ਦਿਆਲ ਦਾਤਾਰ! ਮੈਨੂੰ ਆਪਣਾ ਦਰਸਨ ਦੇਹ, ਮੈਨੂੰ (ਚੰਗੀ) ਅਕਲ ਦੇਹ, (ਜਿਸ ਕਰਕੇ) ਮੈਂ ਉੱਚੀ ਆਤਮਕ ਅਵਸਥਾ ਹਾਸਲ ਕਰ ਸਕਾਂ (ਤੇ ਤੈਨੂੰ ਹਰ ਥਾਂ ਵੇਖ ਸਕਾਂ)।

ਨਾਨਕ ਰੰਗਿ ਰਵੈ ਰਸਿ ਰਸੀਆ ਹਰਿ ਸਿਉ ਪ੍ਰੀਤਿ ਸਨੇਹੋ ॥੧੪॥

ਹੇ ਨਾਨਕ! ਜਿਸ ਮਨੁੱਖ ਦੀ ਪ੍ਰੀਤ ਜਿਸ ਦਾ ਪਿਆਰ ਪਰਮਾਤਮਾ ਨਾਲ ਬਣ ਜਾਂਦਾ ਹੈ, ਉਹ ਪ੍ਰੇਮੀ ਪ੍ਰਭੂ ਦੇ ਪਿਆਰ ਵਿਚ (ਜੁੜ ਕੇ) ਉਸ ਦੇ ਗੁਣ ਆਨੰਦ ਨਾਲ ਯਾਦ ਕਰਦਾ ਹੈ ॥੧੪॥

ਮਾਘਿ ਪੁਨੀਤ ਭਈ ਤੀਰਥੁ ਅੰਤਰਿ ਜਾਨਿਆ ॥

ਮਾਘ (ਮਹੀਨੇ) ਵਿਚ (ਲੋਕ ਪ੍ਰਯਾਗ ਆਦਿਕ ਉਤੇ ਇਸ਼ਨਾਨ ਕਰਨ ਵਿਚ ਪਵਿਤ੍ਰਤਾ ਮੰਨਦੇ ਹਨ ਪਰ) ਜਿਸ ਜੀਵ ਨੇ ਆਪਣੇ ਹਿਰਦੇ ਵਿਚ ਹੀ ਤੀਰਥ ਪਛਾਣ ਲਿਆ ਹੈ ਉਸ ਦੀ ਜਿੰਦ ਪਵਿਤ੍ਰ ਹੋ ਜਾਂਦੀ ਹੈ।

ਸਾਜਨ ਸਹਜਿ ਮਿਲੇ ਗੁਣ ਗਹਿ ਅੰਕਿ ਸਮਾਨਿਆ ॥

ਜੋ ਜੀਵ ਪਰਮਾਤਮਾ ਦੇ ਗੁਣ ਆਪਣੇ ਹਿਰਦੇ ਵਿਚ ਵਸਾ ਕੇ ਉਸ ਦੇ ਚਰਨਾਂ ਵਿਚ ਲੀਨ ਹੁੰਦਾ ਹੈ, ਉਹ ਅਡੋਲ ਅਵਸਥਾ ਵਿਚ ਟਿਕ ਜਾਂਦਾ ਹੈ ਜਿਥੇ ਉਸ ਨੂੰ ਸੱਜਣ-ਪ੍ਰਭੂ ਮਿਲ ਪੈਂਦਾ ਹੈ।

ਪ੍ਰੀਤਮ ਗੁਣ ਅੰਕੇ ਸੁਣਿ ਪ੍ਰਭ ਬੰਕੇ ਤੁਧੁ ਭਾਵਾ ਸਰਿ ਨਾਵਾ ॥

ਹੇ ਸੋਹਣੇ ਪ੍ਰੀਤਮ ਪ੍ਰਭੂ! ਜੇ ਤੇਰੇ ਗੁਣ ਮੈਂ ਆਪਣੇ ਹਿਰਦੇ ਵਿਚ ਵਸਾ ਕੇ ਤੇਰੀ ਸਿਫ਼ਤ-ਸਾਲਾਹ ਸੁਣ ਕੇ ਤੈਨੂੰ ਚੰਗਾ ਲੱਗਣ ਲੱਗ ਪਵਾਂ, ਤਾਂ ਮੈਂ ਤੀਰਥ ਉਤੇ ਇਸ਼ਨਾਨ ਕਰ ਲਿਆ (ਸਮਝਦਾ ਹਾਂ)।

ਗੰਗ ਜਮੁਨ ਤਹ ਬੇਣੀ ਸੰਗਮ ਸਾਤ ਸਮੁੰਦ ਸਮਾਵਾ ॥

ਤੇਰੇ ਚਰਨਾਂ ਵਿਚ ਲੀਨਤਾ ਵਾਲੀ ਅਵਸਥਾ ਹੀ ਗੰਗਾ ਜਮਨਾ ਸਰਸ੍ਵਤੀ ਤਿੰਨਾਂ ਨਦੀਆਂ ਦਾ ਮਿਲਾਪ-ਥਾਂ ਹੈ ਤ੍ਰਿਬੇਣੀ ਹੈ, ਉਥੇ ਹੀ ਮੈਂ ਸੱਤੇ ਸਮੁੰਦਰ ਸਮਾਏ ਮੰਨਦਾ ਹਾਂ।

ਪੁੰਨ ਦਾਨ ਪੂਜਾ ਪਰਮੇਸੁਰ ਜੁਗਿ ਜੁਗਿ ਏਕੋ ਜਾਤਾ ॥

ਜਿਸ ਮਨੁੱਖ ਨੇ ਹਰੇਕ ਜੁਗ ਵਿਚ ਵਿਆਪਕ ਪਰਮੇਸਰ ਨਾਲ ਸਾਂਝ ਪਾ ਲਈ ਉਸ ਨੇ (ਤੀਰਥ-ਇਸ਼ਨਾਨ ਆਦਿਕ) ਸਾਰੇ ਪੁੰਨ ਕਰਮ ਦਾਨ ਤੇ ਪੂਜਾ ਕਰਮ ਕਰ ਲਏ।

ਨਾਨਕ ਮਾਘਿ ਮਹਾ ਰਸੁ ਹਰਿ ਜਪਿ ਅਠਸਠਿ ਤੀਰਥ ਨਾਤਾ ॥੧੫॥

ਹੇ ਨਾਨਕ! ਮਾਘ ਮਹੀਨੇ ਵਿਚ (ਤੀਰਥ-ਇਸ਼ਨਾਨ ਆਦਿਕ ਦੇ ਥਾਂ) ਜਿਸ ਨੇ ਪ੍ਰਭੂ ਦਾ ਨਾਮ ਸਿਮਰ ਕੇ ਪ੍ਰਭੂ-ਨਾਮ ਦਾ ਮਹਾ ਰਸ ਪੀ ਲਿਆ, ਉਸ ਨੇ ਅਠਾਹਠ ਹੀ ਤੀਰਥਾਂ ਦਾ ਇਸ਼ਨਾਨ ਕਰ ਲਿਆ ॥੧੫॥

ਫਲਗੁਨਿ ਮਨਿ ਰਹਸੀ ਪ੍ਰੇਮੁ ਸੁਭਾਇਆ ॥

(ਸਿਆਲੀ ਰੁੱਤ ਦੀ ਕਰੜੀ ਸਰਦੀ ਪਿਛੋਂ ਬਹਾਰ ਫਿਰਨ ਤੇ) ਫੱਗਣ ਦੇ ਮਹੀਨੇ ਵਿਚ (ਲੋਕ ਹੋਲੀਆਂ ਦੇ ਰੰਗ-ਤਮਾਸ਼ਿਆਂ ਦੀ ਰਾਹੀਂ ਖ਼ੁਸ਼ੀਆਂ ਮਨਾਂਦੇ ਹਨ, ਪਰ ਜਿਸ ਜੀਵ-ਇਸਤ੍ਰੀ ਨੂੰ ਆਪਣੇ ਮਨ ਵਿਚ) ਪ੍ਰਭੂ ਦਾ ਪਿਆਰ ਮਿੱਠਾ ਲੱਗਾ, ਉਸ ਦੇ ਮਨ ਵਿਚ ਅਸਲ ਆਨੰਦ ਪੈਦਾ ਹੋਇਆ ਹੈ;

ਅਨਦਿਨੁ ਰਹਸੁ ਭਇਆ ਆਪੁ ਗਵਾਇਆ ॥

ਜਿਸ ਨੇ ਆਪਾ-ਭਾਵ ਗਵਾਇਆ ਹੈ, ਉਸ ਦੇ ਅੰਦਰ ਹਰ ਵੇਲੇ ਹੀ ਖਿੜਾਉ ਬਣਿਆ ਰਹਿੰਦਾ ਹੈ।

ਮਨ ਮੋਹੁ ਚੁਕਾਇਆ ਜਾ ਤਿਸੁ ਭਾਇਆ ਕਰਿ ਕਿਰਪਾ ਘਰਿ ਆਓ ॥

(ਪਰ ਆਪਾ-ਭਾਵ ਗਵਾਣਾ ਕੋਈ ਸੌਖੀ ਖੇਡ ਨਹੀਂ ਹੈ) ਜਦੋਂ ਪ੍ਰਭੂ ਆਪ ਹੀ ਮਿਹਰ ਕਰਦਾ ਹੈ, ਤਾਂ ਜੀਵ ਆਪਣੇ ਮਨ ਵਿਚੋਂ ਮਾਇਆ ਦਾ ਮੋਹ ਮੁਕਾਂਦਾ ਹੈ, ਪ੍ਰਭੂ ਭੀ ਮਿਹਰ ਕਰ ਕੇ ਉਸ ਦੇ ਹਿਰਦੇ-ਘਰ ਵਿਚ ਆ ਪ੍ਰਵੇਸ਼ ਕਰਦਾ ਹੈ।

ਬਹੁਤੇ ਵੇਸ ਕਰੀ ਪਿਰ ਬਾਝਹੁ ਮਹਲੀ ਲਹਾ ਨ ਥਾਓ ॥

ਪ੍ਰਭੂ-ਮਿਲਾਪ ਤੋਂ ਬਿਨਾ ਹੀ ਮੈਂ ਬਥੇਰੇ (ਧਾਰਮਿਕ) ਸਿੰਗਾਰ (ਬਾਹਰੋਂ ਦਿੱਸਦੇ ਧਾਰਮਿਕ ਕੰਮ) ਕੀਤੇ, ਪਰ ਉਸ ਦੇ ਚਰਨਾਂ ਵਿਚ ਮੈਨੂੰ ਟਿਕਾਣਾ ਨਾਹ ਹੀ ਮਿਲਿਆ।

ਹਾਰ ਡੋਰ ਰਸ ਪਾਟ ਪਟੰਬਰ ਪਿਰਿ ਲੋੜੀ ਸੀਗਾਰੀ ॥

ਹਾਂ, ਜਿਸ ਨੂੰ ਪਤੀ-ਪ੍ਰਭੂ ਨੇ ਪਸੰਦ ਕਰ ਲਿਆ, ਉਹ ਸਾਰੇ ਹਾਰ-ਸਿੰਗਾਰਾਂ ਰੇਸ਼ਮੀ ਕੱਪੜਿਆਂ ਨਾਲ ਸਿੰਗਾਰੀ ਗਈ।

ਨਾਨਕ ਮੇਲਿ ਲਈ ਗੁਰਿ ਅਪਣੈ ਘਰਿ ਵਰੁ ਪਾਇਆ ਨਾਰੀ ॥੧੬॥

ਹੇ ਨਾਨਕ! ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨੇ ਆਪਣੇ ਗੁਰੂ ਦੀ ਰਾਹੀਂ (ਆਪਣੇ ਨਾਲ) ਮਿਲਾ ਲਿਆ, ਉਸ ਨੂੰ ਹਿਰਦੇ-ਘਰ ਵਿਚ ਹੀ ਖਸਮ-ਪ੍ਰਭੂ ਮਿਲ ਪਿਆ ॥੧੬॥

ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ ॥

ਜਿਸ ਜੀਵ-ਇਸਤ੍ਰੀ ਦੇ ਅਡੋਲ ਹੋਏ ਹਿਰਦੇ ਵਿਚ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਆ ਟਿਕਦਾ ਹੈ, ਉਸ ਨੂੰ ਬਾਰਾਂ ਹੀ ਮਹੀਨੇ, ਸਾਰੀਆਂ ਰੁੱਤਾਂ, ਸਾਰੀਆਂ ਥਿੱਤਾਂ, ਸਾਰੇ ਦਿਨ ਸੁਲੱਖਣੇ ਜਾਪਦੇ ਹਨ।

ਘੜੀ ਮੂਰਤ ਪਲ ਸਾਚੇ ਆਏ ਸਹਜਿ ਮਿਲੇ ॥

ਸਾਰੀਆਂ ਘੜੀਆਂ, ਸਾਰੇ ਮੁਹੂਰਤ ਤੇ ਪਲ ਸੁਲੱਖਣੇ ਜਾਪਦੇ ਹਨ (ਉਸ ਨੂੰ ਕਿਸੇ ਸੰਗ੍ਰਾਂਦ ਮੱਸਿਆ ਆਦਿਕ ਦੀ ਹੀ ਪਵਿਤ੍ਰਤਾ ਦਾ ਭਰਮ-ਭੁਲੇਖਾ ਨਹੀਂ ਰਹਿੰਦਾ)। (ਉਹ ਜੀਵ-ਇਸਤ੍ਰੀ ਕਿਸੇ ਕੰਮ ਨੂੰ ਸ਼ੁਰੂ ਕਰਨ ਵਾਸਤੇ ਕੋਈ ਖ਼ਾਸ ਮੁਹੂਰਤ ਨਹੀਂ ਭਾਲਦੀ, ਉਸ ਨੂੰ ਇਹ ਯਕੀਨ ਹੁੰਦਾ ਹੈ ਕਿ) ਜਦੋਂ ਪਿਆਰਾ ਪ੍ਰਭੂ ਮਿਲ ਪਏ,

ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਬਿਧਿ ਜਾਣੈ ॥

(ਭਾਵ, ਪਰਮਾਤਮਾ ਦਾ ਆਸਰਾ ਲਿਆਂ) ਸਭ ਕੰਮ ਰਾਸ ਆ ਜਾਂਦੇ ਹਨ, ਕਰਤਾਰ ਹੀ (ਜੀਵ ਨੂੰ ਸਫਲਤਾ ਦੇਣ ਦੀਆਂ) ਸਾਰੀਆਂ ਬਿਧੀਆਂ ਜਾਣਦਾ ਹੈ।

ਜਿਨਿ ਸੀਗਾਰੀ ਤਿਸਹਿ ਪਿਆਰੀ ਮੇਲੁ ਭਇਆ ਰੰਗੁ ਮਾਣੈ ॥

(ਪਰ ਇਹ ਸਿਦਕ-ਸਰਧਾ ਦਾ ਆਤਮਕ ਸੋਹਜ ਪਰਮਾਤਮਾ ਆਪ ਹੀ ਦੇਂਦਾ ਹੈ) ਪ੍ਰਭੂ ਨੇ ਆਪ ਹੀ ਜੀਵ-ਇਸਤ੍ਰੀ ਦੇ ਆਤਮਾ ਨੂੰ ਸੰਵਾਰਨਾ ਹੈ, ਤੇ ਆਪ ਹੀ ਉਸ ਨੂੰ ਪਿਆਰਨਾ ਹੈ। (ਉਸ ਦੀ ਮਿਹਰ ਨਾਲ ਹੀ) ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮੇਲ ਹੁੰਦਾ ਹੈ, ਤੇ ਉਹ ਆਤਮਕ ਆਨੰਦ ਮਾਣਦੀ ਹੈ।

ਘਰਿ ਸੇਜ ਸੁਹਾਵੀ ਜਾ ਪਿਰਿ ਰਾਵੀ ਗੁਰਮੁਖਿ ਮਸਤਕਿ ਭਾਗੋ ॥

ਗੁਰੂ ਦੀ ਰਾਹੀਂ ਜਿਸ ਜੀਵ-ਇਸਤ੍ਰੀ ਦੇ ਮੱਥੇ ਦਾ ਲੇਖ ਉੱਘੜਿਆ, (ਉਸ ਅਨੁਸਾਰ) ਜਦੋਂ ਪ੍ਰਭੂ-ਪਤੀ ਨੇ ਉਸ ਨੂੰ ਆਪਣੇ ਚਰਨਾਂ ਨਾਲ ਜੋੜਿਆ, ਉਸ ਦੀ ਹਿਰਦਾ-ਸੇਜ ਸੁੰਦਰ ਹੋ ਗਈ ਹੈ।

ਨਾਨਕ ਅਹਿਨਿਸਿ ਰਾਵੈ ਪ੍ਰੀਤਮੁ ਹਰਿ ਵਰੁ ਥਿਰੁ ਸੋਹਾਗੋ ॥੧੭॥੧॥

ਹੇ ਨਾਨਕ! ਉਸ ਸੁਭਾਗ ਜੀਵ-ਇਸਤ੍ਰੀ ਨੂੰ ਪ੍ਰੀਤਮ-ਪ੍ਰਭੂ ਦਿਨ ਰਾਤ ਮਿਲਿਆ ਰਹਿੰਦਾ ਹੈ, ਪ੍ਰਭੂ-ਪਤੀ ਉਸ ਦਾ ਸਦਾ ਲਈ ਕਾਇਮ ਰਹਿਣ ਵਾਲਾ ਸੁਹਾਗ ਬਣ ਜਾਂਦਾ ਹੈ ॥੧੭॥੧॥


ਤੁਖਾਰੀ ਮਹਲਾ ੧ ॥
ਪਹਿਲੈ ਪਹਰੈ ਨੈਣ ਸਲੋਨੜੀਏ ਰੈਣਿ ਅੰਧਿਆਰੀ ਰਾਮ ॥

ਹੇ ਸੋਹਣੇ ਨੇਤ੍ਰਾਂ ਵਾਲੀਏ! (ਹੇ ਜੀਵ-ਇਸਤ੍ਰੀਏ! ਆਤਮਕ ਜੀਵਨ ਦਾ ਰਸਤਾ ਵੇਖਣ ਲਈ ਤੈਨੂੰ ਸੋਹਣੇ ਗਿਆਨ ਨੇਤ੍ਰ ਮਿਲੇ ਸਨ, ਪਰ ਜ਼ਿੰਦਗੀ ਦੀ ਰਾਤ ਦੇ) ਪਹਿਲੇ ਹਿੱਸੇ ਵਿਚ (ਤੇਰੀਆਂ ਉਹਨਾਂ) ਅੱਖਾਂ ਵਾਸਤੇ (ਅਗਿਆਨਤਾ ਦੀ) ਹਨੇਰੀ ਰਾਤ (ਬਣੀ ਰਹਿੰਦੀ ਹੈ)।

ਵਖਰੁ ਰਾਖੁ ਮੁਈਏ ਆਵੈ ਵਾਰੀ ਰਾਮ ॥

(ਇਸ ਆਤਮਕ ਹਨੇਰੇ ਵਿਚ ਰਹਿ ਕੇ) ਹੇ ਆਤਮਕ ਮੌਤ ਸਹੇੜ ਰਹੀ ਜੀਵ-ਇਸਤ੍ਰੀਏ! (ਹੋਸ਼ ਕਰ, ਆਪਣੇ ਆਤਮਕ ਜੀਵਨ ਦਾ) ਸੌਦਾ ਸਾਂਭ ਕੇ ਰੱਖ, (ਜਿਹੜੀ ਭੀ ਜੀਵ-ਇਸਤ੍ਰੀ ਇਥੇ ਆਉਂਦੀ ਹੈ, ਇਥੋਂ ਚਲੇ ਜਾਣ ਵਾਸਤੇ ਹਰੇਕ ਦੀ) ਵਾਰੀ ਆ ਜਾਂਦੀ ਹੈ।

ਵਾਰੀ ਆਵੈ ਕਵਣੁ ਜਗਾਵੈ ਸੂਤੀ ਜਮ ਰਸੁ ਚੂਸਏ ॥

(ਜ਼ਰੂਰ ਹਰੇਕ ਦੀ) ਵਾਰੀ ਆ ਜਾਂਦੀ ਹੈ। (ਪਰ ਜਿਹੜੀ ਜੀਵ-ਇਸਤ੍ਰੀ ਮਾਇਆ ਦੇ ਮੋਹ ਵਿਚ ਫਸ ਕੇ ਆਤਮਕ ਜੀਵਨ ਵਲੋਂ) ਬੇ-ਪਰਵਾਹ ਹੋਈ ਰਹਿੰਦੀ ਹੈ, ਉਹ ਜਮਾਂ ਨਾਲ ਵਾਹ ਪਾਣ ਵਾਲਾ ਮਾਇਕ ਪਦਾਰਥਾਂ ਦਾ ਰਸ ਚੂਸਦੀ ਰਹਿੰਦੀ ਹੈ? (ਅਜਿਹੀ ਨੂੰ) ਜਗਾਏ ਭੀ ਕੌਣ?

ਰੈਣਿ ਅੰਧੇਰੀ ਕਿਆ ਪਤਿ ਤੇਰੀ ਚੋਰੁ ਪੜੈ ਘਰੁ ਮੂਸਏ ॥

ਹੇ ਸੋਹਣੇ ਨੈਣਾਂ ਵਾਲੀਏ! (ਜੇ ਆਤਮਕ ਜੀਵਨ ਵਲੋਂ ਤੇਰੀਆਂ ਅੱਖਾਂ ਵਾਸਤੇ) ਹਨੇਰੀ ਰਾਤ (ਹੀ ਬਣੀ ਰਹੀ, ਤਾਂ) ਲੋਕ ਪਰਲੋਕ ਵਿਚ ਕਿਤੇ ਭੀ) ਤੈਨੂੰ ਇੱਜ਼ਤ ਨਹੀਂ ਮਿਲੇਗੀ। (ਅਜਿਹੀ ਸੁੱਤੀ ਹੋਈ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ ਕਾਮਾਦਿਕ ਹਰੇਕ) ਚੋਰ ਸੰਨ੍ਹ ਲਾਈ ਰੱਖਦਾ ਹੈ (ਤੇ, ਉਸ ਦਾ ਹਿਰਦਾ-) ਘਰ ਲੁੱਟ ਲੈਂਦਾ ਹੈ।

ਰਾਖਣਹਾਰਾ ਅਗਮ ਅਪਾਰਾ ਸੁਣਿ ਬੇਨੰਤੀ ਮੇਰੀਆ ॥

ਹੇ ਰੱਖਿਆ ਕਰ ਸਕਣ ਵਾਲੇ ਪ੍ਰਭੂ! ਹੇ ਅਪਹੁੰਚ ਪ੍ਰਭੂ! ਹੇ ਬੇ-ਅੰਤ ਪ੍ਰਭੂ! ਮੇਰੀ ਬੇਨਤੀ ਸੁਣ। (ਮੇਰੀ ਜੀਵਨ-ਰਾਤ ਨੂੰ ਵਿਕਾਰਾਂ ਦਾ ਘੁੱਪ ਹਨੇਰਾ ਦਬਾਈ ਨਾਹ ਰੱਖੇ)।

ਨਾਨਕ ਮੂਰਖੁ ਕਬਹਿ ਨ ਚੇਤੈ ਕਿਆ ਸੂਝੈ ਰੈਣਿ ਅੰਧੇਰੀਆ ॥੧॥

ਹੇ ਨਾਨਕ! ਮੂਰਖ ਮਨੁੱਖ ਕਦੇ ਭੀ (ਪਰਮਾਤਮਾ ਨੂੰ) ਯਾਦ ਨਹੀਂ ਕਰਦਾ (ਵਿਕਾਰਾਂ ਦੀ ਘੁੱਪ) ਹਨੇਰੀ (ਜੀਵਨ-) ਰਾਤ ਵਿਚ (ਉਸ ਨੂੰ ਆਤਮਕ ਜੀਵਨ ਦਾ ਸਹੀ ਰਸਤਾ) ਸੁੱਝਦਾ ਹੀ ਨਹੀਂ ॥੧॥

ਦੂਜਾ ਪਹਰੁ ਭਇਆ ਜਾਗੁ ਅਚੇਤੀ ਰਾਮ ॥

ਹੇ ਗ਼ਾਫ਼ਿਲ ਜੀਵ-ਇਸਤ੍ਰੀ! (ਹੁਣ ਤਾਂ ਤੇਰੀ ਜ਼ਿੰਦਗੀ ਦੀ ਰਾਤ ਦਾ) ਦੂਜਾ ਪਹਰ ਲੰਘ ਰਿਹਾ ਹੈ (ਹੁਣ ਤਾਂ ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਸੁਚੇਤ ਹੋ।

ਵਖਰੁ ਰਾਖੁ ਮੁਈਏ ਖਾਜੈ ਖੇਤੀ ਰਾਮ ॥

ਹੇ ਆਤਮਕ ਮੌਤ ਸਹੇੜ ਰਹੀ ਜੀਵ-ਇਸਤ੍ਰੀਏ! (ਆਪਣੇ ਆਤਮਕ ਜੀਵਨ ਦਾ) ਸੌਦਾ ਸਾਂਭ ਕੇ ਰੱਖ, (ਤੇਰੇ ਆਤਮਕ ਗੁਣਾਂ ਵਾਲੀ) ਫ਼ਸਲ (ਵਿਕਾਰਾਂ ਦੇ ਮੂੰਹ ਆ ਕੇ) ਖਾਧੀ ਜਾ ਰਹੀ ਹੈ।

ਰਾਖਹੁ ਖੇਤੀ ਹਰਿ ਗੁਰ ਹੇਤੀ ਜਾਗਤ ਚੋਰੁ ਨ ਲਾਗੈ ॥

ਹਰੀ ਨਾਲ ਗੁਰੂ ਨਾਲ ਪ੍ਰੇਮ ਪਾ ਕੇ (ਆਪਣੀ ਆਤਮਕ ਗੁਣਾਂ ਵਾਲੀ) ਫ਼ਸਲ ਸਾਂਭ ਕੇ ਰੱਖੋ, (ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਿਹਾਂ (ਕਾਮਾਦਿਕ ਕੋਈ ਭੀ) ਚੋਰ (ਆਤਮਕ ਜੀਵਨ ਦੇ ਧਨ ਨੂੰ) ਸੰਨ੍ਹ ਨਹੀਂ ਲਾ ਸਕਦਾ।

ਜਮ ਮਗਿ ਨ ਜਾਵਹੁ ਨਾ ਦੁਖੁ ਪਾਵਹੁ ਜਮ ਕਾ ਡਰੁ ਭਉ ਭਾਗੈ ॥

(ਵਿਕਾਰਾਂ ਵਿਚ ਫਸ ਕੇ) ਜਮਾਂ ਦੇ ਰਸਤੇ ਉੱਤੇ ਨਾਹ ਤੁਰੋ, ਅਤੇ ਦੁੱਖ ਨਾਹ ਸਹੇੜੋ। (ਵਿਕਾਰਾਂ ਤੋਂ ਬਚੇ ਰਿਹਾਂ) ਜਮਰਾਜ ਦਾ ਡਰ-ਭਉ ਦੂਰ ਹੋ ਜਾਂਦਾ ਹੈ।

ਰਵਿ ਸਸਿ ਦੀਪਕ ਗੁਰਮਤਿ ਦੁਆਰੈ ਮਨਿ ਸਾਚਾ ਮੁਖਿ ਧਿਆਵਏ ॥

ਜਿਸ ਮਨੁੱਖ ਦੇ ਮਨ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਵੱਸਦਾ ਰਹਿੰਦਾ ਹੈ, ਜਿਹੜਾ ਮਨੁੱਖ ਆਪਣੇ ਮੂੰਹ ਨਾਲ (ਪਰਮਾਤਮਾ ਦਾ ਨਾਮ) ਸਿਮਰਦਾ ਰਹਿੰਦਾ ਹੈ, ਗੁਰੂ ਦੀ ਮੱਤ ਦੀ ਬਰਕਤਿ ਨਾਲ ਉਸ ਦੇ ਹਿਰਦੇ ਵਿਚ ਗਿਆਨ ਅਤੇ ਸ਼ਾਂਤੀ ਦੇ ਦੀਵੇ ਜਗਦੇ ਰਹਿੰਦੇ ਹਨ।

ਨਾਨਕ ਮੂਰਖੁ ਅਜਹੁ ਨ ਚੇਤੈ ਕਿਵ ਦੂਜੈ ਸੁਖੁ ਪਾਵਏ ॥੨॥

ਪਰ, ਹੇ ਨਾਨਕ! ਮੂਰਖ ਮਨੁੱਖ ਅਜੇ ਭੀ ਪਰਮਾਤਮਾ ਨੂੰ ਯਾਦ ਨਹੀਂ ਕਰਦਾ (ਜਦੋਂ ਕਿ ਉਸ ਦੀ ਜ਼ਿੰਦਗੀ ਦੀ ਰਾਤ ਦਾ ਦੂਜਾ ਪਹਰ ਬੀਤ ਰਿਹਾ ਹੈ। ਪਰਮਾਤਮਾ ਨੂੰ ਭੁਲਾ ਕੇ) ਹੋਰ ਹੋਰ (ਪਿਆਰ) ਵਿਚ ਮਨੁੱਖ ਕਿਸੇ ਭੀ ਹਾਲਤ ਵਿਚ ਆਤਮਕ ਆਨੰਦ ਨਹੀਂ ਲੱਭ ਸਕਦਾ ॥੨॥

ਤੀਜਾ ਪਹਰੁ ਭਇਆ ਨੀਦ ਵਿਆਪੀ ਰਾਮ ॥

ਜਦੋਂ ਜ਼ਿੰਦਗੀ ਦੀ ਰਾਤ ਦਾ ਤੀਜਾ ਪਹਰ ਭੀ ਲੰਘਦਾ ਜਾ ਰਿਹਾ ਹੈ ਤਦੋਂ ਭੀ ਮਾਇਆ ਦੇ ਮੋਹ ਦੀ ਨੀਂਦ ਜੀਵ ਉਤੇ ਆਪਣਾ ਜ਼ੋਰ ਪਾਈ ਰੱਖਦੀ ਹੈ;

ਮਾਇਆ ਸੁਤ ਦਾਰਾ ਦੂਖਿ ਸੰਤਾਪੀ ਰਾਮ ॥

ਮਾਇਆ ਪੁੱਤਰ ਇਸਤ੍ਰੀ ਆਦਿਕ ਕਈ ਕਿਸਮ ਦੇ ਚਿੰਤਾ-ਫ਼ਿਕਰ ਵਿਚ ਮਨੁੱਖ ਦੀ ਜਿੰਦ ਕਲਪਦੀ ਰਹਿੰਦੀ ਹੈ।

ਮਾਇਆ ਸੁਤ ਦਾਰਾ ਜਗਤ ਪਿਆਰਾ ਚੋਗ ਚੁਗੈ ਨਿਤ ਫਾਸੈ ॥

ਮਨੁੱਖ ਨੂੰ ਮਾਇਆ ਦਾ ਪਿਆਰ, ਪੁੱਤਰਾਂ ਦਾ ਪਿਆਰ ਇਸਤ੍ਰੀ ਦਾ ਪਿਆਰ, ਦੁਨੀਆ ਦਾ ਪਿਆਰ (ਮੋਹੀ ਰੱਖਦਾ ਹੈ, ਜਿਉਂ ਜਿਉਂ ਮਨੁੱਖ) ਮਾਇਕ ਪਦਾਰਥਾਂ ਦੇ ਭੋਗ ਭੋਗਦਾ ਹੈ ਤਿਉਂ ਤਿਉਂ ਸਦਾ (ਇਹਨਾਂ ਵਿਚ) ਫਸਿਆ ਰਹਿੰਦਾ ਹੈ (ਤੇ ਦੁੱਖ ਪਾਂਦਾ ਹੈ)।

ਨਾਮੁ ਧਿਆਵੈ ਤਾ ਸੁਖੁ ਪਾਵੈ ਗੁਰਮਤਿ ਕਾਲੁ ਨ ਗ੍ਰਾਸੈ ॥

ਜਦੋਂ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਤਦੋਂ ਆਤਮਕ ਆਨੰਦ ਹਾਸਲ ਕਰਦਾ ਹੈ, ਤੇ ਗੁਰੂ ਦੀ ਮੱਤ ਦੀ ਬਰਕਤਿ ਨਾਲ ਆਤਮਕ ਮੌਤ ਇਸ ਨੂੰ ਆਪਣੇ ਕਾਬੂ ਵਿਚ ਨਹੀਂ ਰੱਖ ਸਕਦੀ।

ਜੰਮਣੁ ਮਰਣੁ ਕਾਲੁ ਨਹੀ ਛੋਡੈ ਵਿਣੁ ਨਾਵੈ ਸੰਤਾਪੀ ॥

ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਮਨੁੱਖ ਦੀ ਜਿੰਦ ਸਦਾ ਕਲਪਦੀ ਹੈ, ਜਨਮ ਮਰਨ ਦਾ ਗੇੜ ਇਸ ਦੀ ਖ਼ਲਾਸੀ ਨਹੀਂ ਕਰਦਾ, ਆਤਮਕ ਮੌਤ ਇਸ ਦੀ ਖ਼ਲਾਸੀ ਨਹੀਂ ਕਰਦੀ।

ਨਾਨਕ ਤੀਜੈ ਤ੍ਰਿਬਿਧਿ ਲੋਕਾ ਮਾਇਆ ਮੋਹਿ ਵਿਆਪੀ ॥੩॥

ਹੇ ਲੋਕੋ! ਜ਼ਿੰਦਗੀ ਦੀ ਰਾਤ ਦਾ ਤੀਜਾ ਪਹਰ ਲੰਘਦਿਆਂ ਭੀ (ਨਾਮ ਤੋਂ ਸੁੰਞੀ ਰਹਿਣ ਕਰਕੇ ਮਨੁੱਖ ਦੀ ਜਿੰਦ) ਹੇ ਨਾਨਕ! ਤ੍ਰਿਗੁਣੀ ਮਾਇਆ ਦੇ ਮੋਹ ਵਿਚ ਫਸੀ ਰਹਿੰਦੀ ਹੈ ॥੩॥

ਚਉਥਾ ਪਹਰੁ ਭਇਆ ਦਉਤੁ ਬਿਹਾਗੈ ਰਾਮ ॥

ਜਦੋਂ ਮਨੁੱਖ ਦੀ ਜ਼ਿੰਦਗੀ ਦੀ ਰਾਤ ਦਾ ਚੌਥਾ ਪਹਰ ਬੀਤ ਰਿਹਾ ਹੁੰਦਾ ਹੈ ਤਦੋਂ ਰਾਤ ਤੋਂ ਦਿਨ ਹੋ ਜਾਂਦਾ ਹੈ (ਤਦੋਂ ਕਾਲੇ ਕੇਸਾਂ ਤੋਂ ਧੌਲੇ ਹੋ ਜਾਂਦੇ ਹਨ)।

ਤਿਨ ਘਰੁ ਰਾਖਿਅੜਾ ਜੁੋ ਅਨਦਿਨੁ ਜਾਗੈ ਰਾਮ ॥

ਪਰ ਆਤਮਕ ਜੀਵਨ ਦੀ ਰਾਸ-ਪੂੰਜੀ ਮਨੁੱਖਾਂ ਨੇ ਹੀ ਬਚਾਈ ਹੁੰਦੀ ਹੈ ਜਿਹੜਾ ਜਿਹੜਾ ਹਰ ਵੇਲੇ (ਵਿਕਾਰਾਂ ਦੇ ਹੱਲਿਆਂ ਤੋਂ) ਸੁਚੇਤ ਰਹਿੰਦਾ ਹੈ।

ਗੁਰ ਪੂਛਿ ਜਾਗੇ ਨਾਮਿ ਲਾਗੇ ਤਿਨਾ ਰੈਣਿ ਸੁਹੇਲੀਆ ॥

ਜਿਹੜੇ ਮਨੁੱਖ ਗੁਰੂ ਦੀ ਸਿੱਖਿਆ ਲੈ ਕੇ (ਵਿਕਾਰਾਂ ਦੇ ਹੱਲਿਆਂ ਵੱਲੋਂ) ਸੁਚੇਤ ਰਹੇ, ਜਿਹੜੇ ਪਰਮਾਤਮਾ ਦੇ ਨਾਮ ਵਿਚ ਜੁੜੇ ਰਹੇ, ਉਹਨਾਂ ਦੀ ਜ਼ਿੰਦਗੀ ਦੀ ਰਾਤ (ਉਹਨਾਂ ਦੀ ਸਾਰੀ ਉਮਰ) ਸੌਖੀ ਲੰਘਦੀ ਹੈ।

ਗੁਰਸਬਦੁ ਕਮਾਵਹਿ ਜਨਮਿ ਨ ਆਵਹਿ ਤਿਨਾ ਹਰਿ ਪ੍ਰਭੁ ਬੇਲੀਆ ॥

ਜਿਹੜੇ ਮਨੁੱਖ ਗੁਰੂ ਦੇ ਸ਼ਬਦ ਅਨੁਸਾਰ ਜੀਵਨ ਬਤੀਤ ਕਰਦੇ ਹਨ, ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦੇ (ਵਿਕਾਰਾਂ ਤੋਂ ਬਚਾਣ ਲਈ) ਪਰਮਾਤਮਾ (ਆਪ) ਉਹਨਾਂ ਦਾ ਮਦਦਗਾਰ ਬਣਿਆ ਰਹਿੰਦਾ ਹੈ।

ਕਰ ਕੰਪਿ ਚਰਣ ਸਰੀਰੁ ਕੰਪੈ ਨੈਣ ਅੰਧੁਲੇ ਤਨੁ ਭਸਮ ਸੇ ॥

(ਜ਼ਿੰਦਗੀ ਦੀ ਰਾਤ ਦੇ ਚੌਥੇ ਪਹਰ ਵਿਚ ਮਨੁੱਖ ਦੇ) ਹੱਥ ਪੈਰ ਕੰਬਣ ਲੱਗ ਪੈਂਦੇ ਹਨ, ਸਰੀਰ ਕੰਬਣ ਲੱਗ ਪੈਂਦਾ ਹੈ, ਅੱਖਾਂ ਤੋਂ ਘੱਟ ਦਿੱਸਦਾ ਹੈ, ਸਰੀਰ ਸੁਆਹ ਵਰਗਾ (ਰੁੱਖਾ ਜਿਹਾ) ਹੋ ਜਾਂਦਾ ਹੈ।

ਨਾਨਕ ਦੁਖੀਆ ਜੁਗ ਚਾਰੇ ਬਿਨੁ ਨਾਮ ਹਰਿ ਕੇ ਮਨਿ ਵਸੇ ॥੪॥

ਹੇ ਨਾਨਕ! (ਜਿਹੜਾ ਮਨੁੱਖ ਅਜੇ ਭੀ ਹਰਿ-ਨਾਮ ਨਹੀਂ ਚੇਤੇ ਕਰਦਾ ਹੈ, ਉਸ ਨੂੰ ਭਾਗ-ਹੀਣ ਹੀ ਸਮਝੋ। ਜੁਗ ਕੋਈ ਭੀ ਹੋਵੇ, ਇਹ ਪੱਕਾ ਨਿਯਮ ਜਾਣੋ ਕਿ) ਪਰਮਾਤਮਾ ਦਾ ਨਾਮ ਮਨ ਵਿਚ ਵੱਸਣ ਤੋਂ ਬਿਨਾ ਮਨੁੱਖ ਚੌਹਾਂ ਹੀ ਜੁਗਾਂ ਵਿਚ ਦੁੱਖੀ ਰਹਿੰਦਾ ਹੈ ॥੪॥

ਖੂਲੀ ਗੰਠਿ ਉਠੋ ਲਿਖਿਆ ਆਇਆ ਰਾਮ ॥

ਜਦੋਂ ਜੀਵ ਦੀ ਜ਼ਿੰਦਗੀ ਦੇ ਮਿਲੇ ਸੁਆਸਾਂ ਦੀ ਗੰਢ ਖੁਲ੍ਹ ਜਾਂਦੀ ਹੈ (ਸੁਆਸ ਮੁੱਕ ਜਾਂਦੇ ਹਨ), ਤਾਂ ਪਰਮਾਤਮਾ ਵਲੋਂ ਲਿਖਿਆ ਹੁਕਮ ਆ ਜਾਂਦਾ ਹੈ (ਕਿ ਹੇ ਜੀਵ!) ਉੱਠ (ਤੁਰਨ ਲਈ ਤਿਆਰ ਹੋ ਜਾ)।

ਰਸ ਕਸ ਸੁਖ ਠਾਕੇ ਬੰਧਿ ਚਲਾਇਆ ਰਾਮ ॥

ਜੀਵ ਦੇ ਸਾਰੇ ਖਾਣ-ਪੀਣ ਸਾਰੇ ਸੁਖ ਰੋਕ ਲਏ ਜਾਂਦੇ ਹਨ, ਜੀਵ ਨੂੰ ਬੰਨ੍ਹ ਕੇ ਅੱਗੇ ਤੋਰ ਲਿਆ ਜਾਂਦਾ ਹੈ (ਭਾਵ, ਜਾਣਾ ਚਾਹੇ ਜਾਂ ਨਾਹ ਜਾਣਾ ਚਾਹੇ, ਉਸ ਨੂੰ ਜਗਤ ਤੋਂ ਤੋਰ ਲਿਆ ਜਾਂਦਾ ਹੈ)।

ਬੰਧਿ ਚਲਾਇਆ ਜਾ ਪ੍ਰਭ ਭਾਇਆ ਨਾ ਦੀਸੈ ਨਾ ਸੁਣੀਐ ॥

ਜਦੋਂ ਪ੍ਰਭੂ ਦੀ ਰਜ਼ਾ ਹੁੰਦੀ ਹੈ, ਜੀਵ ਨੂੰ ਇਥੋਂ ਚੁੱਕ ਲਿਆ ਜਾਂਦਾ ਹੈ, (ਫਿਰ) ਨਾਹ ਜੀਵ ਦਾ ਇੱਥੇ ਕੁਝ ਦਿੱਸਦਾ ਹੈ, ਨਾਹ ਕੁਝ ਸੁਣਿਆ ਜਾਂਦਾ ਹੈ।

ਆਪਣ ਵਾਰੀ ਸਭਸੈ ਆਵੈ ਪਕੀ ਖੇਤੀ ਲੁਣੀਐ ॥

ਹਰੇਕ ਜੀਵ ਦੀ ਇਹ ਵਾਰੀ ਆ ਜਾਂਦੀ ਹੈ; (ਜਿਵੇਂ) ਪੱਕਾ ਫ਼ਸਲ (ਆਖ਼ਿਰ) ਕੱਟਿਆ ਹੀ ਜਾਂਦਾ ਹੈ।

ਘੜੀ ਚਸੇ ਕਾ ਲੇਖਾ ਲੀਜੈ ਬੁਰਾ ਭਲਾ ਸਹੁ ਜੀਆ ॥

ਜੀਵ ਦੇ ਹਰੇਕ ਘੜੀ ਪਲ ਦੇ ਕੀਤੇ ਕਰਮਾਂ ਦਾ ਇਸ ਪਾਸੋਂ ਲੇਖਾ ਮੰਗਿਆ ਜਾਂਦਾ ਹੈ। ਹੇ ਜੀਵ! ਆਪਣੇ ਕੀਤੇ ਚੰਗੇ ਮੰਦੇ ਕੰਮਾਂ ਦਾ ਫਲ ਭੋਗਣਾ ਹੀ ਪੈਂਦਾ ਹੈ।

ਨਾਨਕ ਸੁਰਿ ਨਰ ਸਬਦਿ ਮਿਲਾਏ ਤਿਨਿ ਪ੍ਰਭਿ ਕਾਰਣੁ ਕੀਆ ॥੫॥੨॥

ਹੇ ਨਾਨਕ! ਉਸ ਪਰਮਾਤਮਾ ਨੇ ਅਜਿਹਾ ਸਬਬ ਬਣਾ ਰੱਖਿਆ ਹੈ ਕਿ ਭਲੇ ਮਨੁੱਖਾਂ ਨੂੰ ਗੁਰੂ ਦੇ ਸ਼ਬਦ ਵਿਚ ਜੋੜੀ ਰੱਖਦਾ ਹੈ ॥੫॥੨॥


ਤੁਖਾਰੀ ਮਹਲਾ ੧ ॥

ਤਾਰਾ ਚੜਿਆ ਲੰਮਾ ਕਿਉ ਨਦਰਿ ਨਿਹਾਲਿਆ ਰਾਮ ॥
ਵਿਆਪਕ-ਸਰੂਪ ਪਰਮਾਤਮਾ (ਸਾਰੇ ਜਗਤ ਵਿਚ ਆਪਣਾ) ਪਰਕਾਸ਼ ਕਰ ਰਿਹਾ ਹੈ। ਪਰ ਉਸ ਨੂੰ ਅੱਖਾਂ ਨਾਲ ਵੇਖਿਆ ਕਿਵੇਂ ਜਾਏ?

ਸੇਵਕ ਪੂਰ ਕਰੰਮਾ ਸਤਿਗੁਰਿ ਸਬਦਿ ਦਿਖਾਲਿਆ ਰਾਮ ॥

ਗੁਰੂ ਨੇ ਆਪਣੇ ਸ਼ਬਦ ਦੀ ਰਾਹੀਂ (ਜਿਸ ਨੂੰ) ਦਰਸਨ ਕਰਾ ਦਿੱਤਾ, ਉਸ ਸੇਵਕ ਦੇ ਪੂਰੇ ਭਾਗ ਜਾਗ ਪਏ।

ਗੁਰ ਸਬਦਿ ਦਿਖਾਲਿਆ ਸਚੁ ਸਮਾਲਿਆ ਅਹਿਨਿਸਿ ਦੇਖਿ ਬੀਚਾਰਿਆ ॥

ਜਿਸ ਮਨੁੱਖ ਨੂੰ ਗੁਰੂ ਦੇ ਸ਼ਬਦ ਨੇ (ਸਰਬ-ਵਿਆਪਕ ਪਰਮਾਤਮਾ) ਵਿਖਾਲ ਦਿੱਤਾ, ਉਹ ਸਦਾ-ਥਿਰ ਹਰਿ-ਨਾਮ ਨੂੰ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ। ਉਸ ਦਾ ਦਰਸਨ ਕਰ ਕੇ ਉਹ ਮਨੁੱਖ ਦਿਨ ਰਾਤ ਉਸ ਦੇ ਗੁਣਾਂ ਨੂੰ ਆਪਣੇ ਚਿੱਤ ਵਿਚ ਵਸਾਂਦਾ ਹੈ।

ਧਾਵਤ ਪੰਚ ਰਹੇ ਘਰੁ ਜਾਣਿਆ ਕਾਮੁ ਕ੍ਰੋਧੁ ਬਿਖੁ ਮਾਰਿਆ ॥

ਉਹ ਮਨੁੱਖ (ਆਪਣੇ ਅਸਲ) ਘਰ ਨੂੰ ਜਾਣ ਲੈਂਦਾ ਹੈ, ਉਸ ਦੇ ਪੰਜੇ ਗਿਆਨ-ਇੰਦ੍ਰੇ (ਵਿਕਾਰਾਂ ਵਲ) ਭਟਕਣ ਤੋਂ ਹਟ ਜਾਂਦੇ ਹਨ, ਉਹ ਮਨੁੱਖ ਆਤਮਕ ਮੌਤ ਲਿਆਉਣ ਵਾਲੇ ਕਾਮ ਨੂੰ ਕ੍ਰੋਧ ਨੂੰ ਮਾਰ ਮੁਕਾਂਦਾ ਹੈ।

ਅੰਤਰਿ ਜੋਤਿ ਭਈ ਗੁਰ ਸਾਖੀ ਚੀਨੇ ਰਾਮ ਕਰੰਮਾ ॥

ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਉਸ ਮਨੁੱਖ ਦੇ ਅੰਦਰ ਰੱਬੀ ਜੋਤਿ ਪਰਗਟ ਹੋ ਜਾਂਦੀ ਹੈ (ਜੋ ਕੁਝ ਜਗਤ ਵਿਚ ਹੋ ਰਿਹਾ ਹੈ, ਉਸ ਨੂੰ) ਉਹ ਪਰਮਾਤਮਾ ਦੇ ਕੌਤਕ (ਜਾਣ ਕੇ) ਵੇਖਦਾ ਹੈ।

ਨਾਨਕ ਹਉਮੈ ਮਾਰਿ ਪਤੀਣੇ ਤਾਰਾ ਚੜਿਆ ਲੰਮਾ ॥੧॥

ਹੇ ਨਾਨਕ! (ਜਿਨ੍ਹਾਂ ਮਨੁੱਖਾਂ ਦੇ ਅੰਦਰ) ਸਰਬ-ਵਿਆਪਕ ਪ੍ਰਭੂ ਦੀ ਜੋਤਿ ਜਗ ਪੈਂਦੀ ਹੈ, ਉਹ (ਆਪਣੇ ਅੰਦਰੋਂ) ਹਉਮੈ ਨੂੰ ਮਾਰ ਕੇ (ਪਰਮਾਤਮਾ ਦੇ ਚਰਨਾਂ ਵਿਚ) ਸਦਾ ਟਿਕੇ ਰਹਿੰਦੇ ਹਨ ॥੧॥

ਗੁਰਮੁਖਿ ਜਾਗਿ ਰਹੇ ਚੂਕੀ ਅਭਿਮਾਨੀ ਰਾਮ ॥

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦੇ ਹਨ, (ਉਹਨਾਂ ਦੇ ਅੰਦਰੋਂ) ਅਹੰਕਾਰ ਵਾਲੀ ਦਸ਼ਾ ਮੁੱਕ ਜਾਂਦੀ ਹੈ।

ਅਨਦਿਨੁ ਭੋਰੁ ਭਇਆ ਸਾਚਿ ਸਮਾਨੀ ਰਾਮ ॥

(ਉਹਨਾਂ ਦੇ ਅੰਦਰ) ਹਰ ਵੇਲੇ ਆਤਮਕ ਜੀਵਨ ਦੀ ਸੂਝ ਦਾ ਚਾਨਣ ਹੋਇਆ ਰਹਿੰਦਾ ਹੈ, (ਉਹਨਾਂ ਦੀ ਸੁਰਤ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਟਿਕੀ ਰਹਿੰਦੀ ਹੈ।

ਸਾਚਿ ਸਮਾਨੀ ਗੁਰਮੁਖਿ ਮਨਿ ਭਾਨੀ ਗੁਰਮੁਖਿ ਸਾਬਤੁ ਜਾਗੇ ॥

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੀ ਸੁਰਤ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੀ ਹੈ, (ਉਹਨਾਂ ਨੂੰ ਇਹ ਦਸ਼ਾ ਆਪਣੇ) ਮਨ ਵਿਚ ਪਿਆਰੀ ਲੱਗਦੀ ਹੈ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸਦਾ ਹੀ ਸੁਚੇਤ ਰਹਿੰਦੇ ਹਨ।

ਸਾਚੁ ਨਾਮੁ ਅੰਮ੍ਰਿਤੁ ਗੁਰਿ ਦੀਆ ਹਰਿ ਚਰਨੀ ਲਿਵ ਲਾਗੇ ॥

ਗੁਰੂ ਨੇ ਉਹਨਾਂ ਨੂੰ ਆਤਮਕ ਜੀਵਨ ਦੇਣ ਵਾਲਾ ਸਦਾ-ਥਿਰ ਹਰਿ-ਨਾਮ ਬਖ਼ਸ਼ਿਆ ਹੁੰਦਾ ਹੈ, ਉਹਨਾਂ ਦੀ ਲਿਵ ਪਰਮਾਤਮਾ ਦੇ ਚਰਨਾਂ ਵਿਚ ਲੱਗੀ ਰਹਿੰਦੀ ਹੈ।

ਪ੍ਰਗਟੀ ਜੋਤਿ ਜੋਤਿ ਮਹਿ ਜਾਤਾ ਮਨਮੁਖਿ ਭਰਮਿ ਭੁਲਾਣੀ ॥

ਗੁਰਮੁਖਾਂ ਦੇ ਅੰਦਰ ਪਰਮਾਤਮਾ ਦੀ ਜੋਤਿ ਦਾ ਚਾਨਣ ਹੋ ਜਾਂਦਾ ਹੈ, ਉਹ ਹਰੇਕ ਜੀਵ ਵਿਚ ਉਸੇ ਰੱਬੀ ਜੋਤਿ ਨੂੰ ਵੱਸਦੀ ਸਮਝਦੇ ਹਨ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਭਟਕਣਾ ਦੇ ਕਾਰਨ ਕੁਰਾਹੇ ਪਈ ਰਹਿੰਦੀ ਹੈ।

ਨਾਨਕ ਭੋਰੁ ਭਇਆ ਮਨੁ ਮਾਨਿਆ ਜਾਗਤ ਰੈਣਿ ਵਿਹਾਣੀ ॥੨॥

ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਅੰਦਰ ਆਤਮਕ ਜੀਵਨ ਦੀ ਸੂਝ ਦਾ ਚਾਨਣ ਹੋਇਆ ਰਹਿੰਦਾ ਹੈ, ਉਹਨਾਂ ਦਾ ਮਨ (ਉਸ ਚਾਨਣ ਵਿਚ) ਪਰਚਿਆ ਰਹਿੰਦਾ ਹੈ। (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦਿਆਂ ਹੀ ਉਹਨਾਂ ਦੀ ਜੀਵਨ-ਰਾਤ ਬੀਤਦੀ ਹੈ ॥੨॥

ਅਉਗਣ ਵੀਸਰਿਆ ਗੁਣੀ ਘਰੁ ਕੀਆ ਰਾਮ ॥

(ਜਿਸ ਮਨੁੱਖ ਦੇ ਹਿਰਦੇ-ਆਕਾਸ਼ ਵਿਚ ‘ਤਾਰਾ ਚੜਿਆ ਲੰਮਾ’, ਉਸ ਦੇ ਅੰਦਰੋਂ) ਸਾਰੇ ਔਗੁਣ ਮੁੱਕ ਜਾਂਦੇ ਹਨ, (ਉਸ ਦੇ ਅੰਦਰ) ਗੁਣ ਆਪਣਾ ਟਿਕਾਣਾ ਆ ਬਣਾਂਦੇ ਹਨ।

ਏਕੋ ਰਵਿ ਰਹਿਆ ਅਵਰੁ ਨ ਬੀਆ ਰਾਮ ॥

ਉਸ ਮਨੁੱਖ ਨੂੰ ਇਕ ਪਰਮਾਤਮਾ ਹੀ ਹਰ ਥਾਂ ਮੌਜੂਦ ਦਿੱਸਦਾ ਹੈ, ਉਸ ਤੋਂ ਬਿਨਾ ਕੋਈ ਹੋਰ ਦੂਜਾ ਨਹੀਂ ਦਿੱਸਦਾ।

ਰਵਿ ਰਹਿਆ ਸੋਈ ਅਵਰੁ ਨ ਕੋਈ ਮਨ ਹੀ ਤੇ ਮਨੁ ਮਾਨਿਆ ॥

(ਜਿਸ ਮਨੁੱਖ ਦੇ ਅੰਦਰ ‘ਤਾਰਾ ਚੜਿਆ ਲੰਮਾ’, ਉਸ ਨੂੰ) ਹਰ ਥਾਂ ਇਕ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ, ਉਸ ਤੋਂ ਬਿਨਾ ਕੋਈ ਹੋਰ ਉਸ ਨੂੰ ਨਹੀਂ ਦਿੱਸਦਾ, ਉਸ ਮਨੁੱਖ ਦਾ ਮਨ ਅੰਤਰ-ਆਤਮੇ (ਹਰਿ-ਨਾਮ ਵਿਚ) ਪਰਚਿਆ ਰਹਿੰਦਾ ਹੈ।

ਜਿਨਿ ਜਲ ਥਲ ਤ੍ਰਿਭਵਣ ਘਟੁ ਘਟੁ ਥਾਪਿਆ ਸੋ ਪ੍ਰਭੁ ਗੁਰਮੁਖਿ ਜਾਨਿਆ ॥

ਜਿਸ (ਪਰਮਾਤਮਾ) ਨੇ ਜਲ ਥਲ ਤਿੰਨੇ ਭਵਨ ਹਰੇਕ ਸਰੀਰ ਬਣਾਇਆ ਹੈ, ਉਹ ਮਨੁੱਖ ਉਸ ਪਰਮਾਤਮਾ ਨਾਲ ਗੁਰੂ ਦੀ ਰਾਹੀਂ ਡੂੰਘੀ ਸਾਂਝ ਬਣਾਈ ਰੱਖਦਾ ਹੈ।

ਕਰਣ ਕਾਰਣ ਸਮਰਥ ਅਪਾਰਾ ਤ੍ਰਿਬਿਧਿ ਮੇਟਿ ਸਮਾਈ ॥

(ਜਿਸ ਮਨੁੱਖ ਦੇ ਹਿਰਦੇ-ਆਕਾਸ਼ ਵਿਚ ‘ਤਾਰਾ ਚੜਿਆ ਲੰਮਾ’, ਉਹ ਆਪਣੇ ਅੰਦਰੋਂ) ਤ੍ਰਿਗੁਣੀ ਮਾਇਆ ਦਾ ਪ੍ਰਭਾਵ ਮਿਟਾ ਕੇ ਉਸ ਪਰਮਾਤਮਾ ਵਿਚ ਸਮਾਇਆ ਰਹਿੰਦਾ ਹੈ ਜੋ ਸਾਰੇ ਜਗਤ ਦਾ ਮੂਲ ਹੈ ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ ਅਤੇ ਜੋ ਬੇਅੰਤ ਹੈ।

ਨਾਨਕ ਅਵਗਣ ਗੁਣਹ ਸਮਾਣੇ ਐਸੀ ਗੁਰਮਤਿ ਪਾਈ ॥੩॥

ਹੇ ਨਾਨਕ! ਗੁਰੂ ਪਾਸੋਂ ਉਹ ਮਨੁੱਖ ਅਜਿਹੀ ਮੱਤ ਹਾਸਲ ਕਰ ਲੈਂਦਾ ਹੈ ਕਿ ਉਸ ਦੇ ਸਾਰੇ ਔਗੁਣ ਗੁਣਾਂ ਵਿਚ ਸਮਾ ਜਾਂਦੇ ਹਨ ॥੩॥

ਆਵਣ ਜਾਣ ਰਹੇ ਚੂਕਾ ਭੋਲਾ ਰਾਮ ॥

(ਜਿਨ੍ਹਾਂ ਦੇ ਹਿਰਦੇ-ਆਕਾਸ਼ ਵਿਚ ‘ਤਾਰਾ ਚੜਿਆ ਲੰਮਾ’, ਉਹਨਾਂ ਦੇ) ਜਨਮ ਮਰਨ ਦੇ ਗੇੜ ਮੁੱਕ ਗਏ, ਉਹਨਾਂ ਦੀ ਕੋਝੀ ਜੀਵਨ-ਚਾਲ ਖ਼ਤਮ ਹੋ ਗਈ।

ਹਉਮੈ ਮਾਰਿ ਮਿਲੇ ਸਾਚਾ ਚੋਲਾ ਰਾਮ ॥

ਉਹ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ (ਪ੍ਰਭੂ-ਚਰਨਾਂ ਵਿਚ) ਜੁੜ ਗਏ, ਉਹਨਾਂ ਦਾ ਸਰੀਰ (ਵਿਕਾਰਾਂ ਦੇ ਹੱਲਿਆਂ ਦੇ ਟਾਕਰੇ ਤੇ) ਅਡੋਲ ਹੋ ਗਿਆ।

ਹਉਮੈ ਗੁਰਿ ਖੋਈ ਪਰਗਟੁ ਹੋਈ ਚੂਕੇ ਸੋਗ ਸੰਤਾਪੈ ॥

ਗੁਰੂ ਨੇ ਜਿਸ ਜੀਵ-ਇਸਤ੍ਰੀ ਦੀ ਹਉਮੈ ਦੂਰ ਕਰ ਦਿੱਤੀ, ਉਹ (ਲੋਕ ਪਰਲੋਕ ਵਿਚ) ਸੋਭਾ ਵਾਲੀ ਹੋ ਗਈ, ਉਸ ਦੇ ਸਾਰੇ ਗ਼ਮ ਸਾਰੇ ਦੁੱਖ-ਕਲੇਸ਼ ਮੁੱਕ ਗਏ।

ਜੋਤੀ ਅੰਦਰਿ ਜੋਤਿ ਸਮਾਣੀ ਆਪੁ ਪਛਾਤਾ ਆਪੈ ॥

ਉਸ ਦੀ ਜਿੰਦ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ, ਉਹ ਆਪਣੇ ਆਤਮਕ ਜੀਵਨ ਦੀ ਸਦਾ ਪੜਤਾਲ ਕਰਦੀ ਰਹਿੰਦੀ ਹੈ।

ਪੇਈਅੜੈ ਘਰਿ ਸਬਦਿ ਪਤੀਣੀ ਸਾਹੁਰੜੈ ਪਿਰ ਭਾਣੀ ॥

ਜਿਹੜੀ ਜੀਵ-ਇਸਤ੍ਰੀ ਇਸ ਲੋਕ ਵਿਚ ਗੁਰੂ ਦੇ ਸ਼ਬਦ ਵਿਚ ਪਰਚੀ ਰਹਿੰਦੀ ਹੈ, ਉਹ ਪਰਲੋਕ ਵਿਚ (ਜਾ ਕੇ) ਪ੍ਰਭੂ-ਪਤੀ ਨੂੰ ਭਾ ਜਾਂਦੀ ਹੈ।

ਨਾਨਕ ਸਤਿਗੁਰਿ ਮੇਲਿ ਮਿਲਾਈ ਚੂਕੀ ਕਾਣਿ ਲੋਕਾਣੀ ॥੪॥੩॥

ਹੇ ਨਾਨਕ! ਜਿਸ ਜੀਵ-ਇਸਤ੍ਰੀ ਨੂੰ ਗੁਰੂ ਨੇ (ਆਪਣੇ ਸ਼ਬਦ ਵਿਚ) ਜੋੜ ਕੇ ਪ੍ਰਭੂ ਨਾਲ ਮਿਲਾ ਦਿੱਤਾ, ਉਸ ਨੂੰ ਦੁਨੀਆ ਦੀ ਮੁਥਾਜੀ ਨਹੀਂ ਰਹਿ ਜਾਂਦੀ ॥੪॥੩॥


ਤੁਖਾਰੀ ਮਹਲਾ ੧ ॥
ਭੋਲਾਵੜੈ ਭੁਲੀ ਭੁਲਿ ਭੁਲਿ ਪਛੋਤਾਣੀ ॥

(ਜਿਹੜੀ ਜੀਵ-ਇਸਤ੍ਰੀ ਪਰਮਾਤਮਾ ਦੇ ਨਾਮ ਤੋਂ ਵਾਂਜੀ ਰਹਿੰਦੀ ਹੈ, ਉਹ) ਕੋਝੇ ਭੁਲੇਖੇ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝ ਜਾਂਦੀ ਹੈ, ਮੁੜ ਮੁੜ ਗ਼ਲਤੀਆਂ ਕਰ ਕੇ ਪਛੁਤਾਂਦੀ ਰਹਿੰਦੀ ਹੈ।

ਪਿਰਿ ਛੋਡਿਅੜੀ ਸੁਤੀ ਪਿਰ ਕੀ ਸਾਰ ਨ ਜਾਣੀ ॥

(ਅਜਿਹੀ ਜੀਵ-ਇਸਤ੍ਰੀ) ਪ੍ਰਭੂ-ਪਤੀ ਦੀ ਕਦਰ ਨਹੀਂ ਸਮਝਦੀ। (ਮਾਇਆ ਦੇ ਮੋਹ ਦੀ ਨੀਂਦ ਵਿਚ) ਗ਼ਾਫ਼ਿਲ ਹੋ ਰਹੀ (ਅਜਿਹੀ ਜੀਵ-ਇਸਤ੍ਰੀ) ਨੂੰ ਪ੍ਰਭੂ-ਪਤੀ ਨੇ ਭੀ ਮਨੋਂ ਲਾਹ ਦਿੱਤਾ ਹੁੰਦਾ ਹੈ।

ਪਿਰਿ ਛੋਡੀ ਸੁਤੀ ਅਵਗਣਿ ਮੁਤੀ ਤਿਸੁ ਧਨ ਵਿਧਣ ਰਾਤੇ ॥

ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤੀ ਹੋਈ ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨੇ ਪਿਆਰ ਕਰਨਾ ਛੱਡ ਦਿੱਤਾ, (ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤੀ ਰਹਿਣ ਦੇ ਇਸ) ਔਗੁਣ ਦੇ ਕਾਰਨ ਤਿਆਗ ਦਿੱਤਾ, ਉਸ ਜੀਵ-ਇਸਤ੍ਰੀ ਦੀ ਜ਼ਿੰਦਗੀ ਦੀ ਰਾਤ ਦੁੱਖਦਾਈ ਹੋ ਜਾਂਦੀ ਹੈ (ਉਸ ਦੀ ਸਾਰੀ ਉਮਰ ਦੁੱਖਾਂ ਵਿਚ ਬੀਤਦੀ ਹੈ)।

ਕਾਮਿ ਕ੍ਰੋਧਿ ਅਹੰਕਾਰਿ ਵਿਗੁਤੀ ਹਉਮੈ ਲਗੀ ਤਾਤੇ ॥

ਉਹ ਇਸਤ੍ਰੀ ਕਾਮ ਵਿਚ ਕ੍ਰੋਧ ਵਿਚ ਅਹੰਕਾਰ ਵਿਚ (ਸਦਾ) ਖ਼ੁਆਰ ਹੁੰਦੀ ਰਹਿੰਦੀ ਹੈ, ਉਸ ਨੂੰ ਹਉਮੈ ਚੰਬੜੀ ਰਹਿੰਦੀ ਹੈ ਉਸ ਨੂੰ ਈਰਖਾ ਚੰਬੜੀ ਰਹਿੰਦੀ ਹੈ।

ਉਡਰਿ ਹੰਸੁ ਚਲਿਆ ਫੁਰਮਾਇਆ ਭਸਮੈ ਭਸਮ ਸਮਾਣੀ ॥

ਪਰਮਾਤਮਾ ਦੇ ਹੁਕਮ ਅਨੁਸਾਰ ਜੀਵਾਤਮਾ (ਤਾਂ ਆਖ਼ਿਰ ਸਰੀਰ ਨੂੰ ਛੱਡ ਕੇ) ਤੁਰ ਪੈਂਦਾ ਹੈ, ਤੇ, ਸਰੀਰ ਮਿੱਟੀ ਦੀ ਢੇਰੀ ਹੋ ਕੇ ਮਿੱਟੀ ਨਾਲ ਮਿਲ ਜਾਂਦਾ ਹੈ।

ਨਾਨਕ ਸਚੇ ਨਾਮ ਵਿਹੂਣੀ ਭੁਲਿ ਭੁਲਿ ਪਛੋਤਾਣੀ ॥੧॥

ਪਰ, ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਭੁੱਲੀ ਹੋਈ ਜੀਵ-ਇਸਤ੍ਰੀ ਸਾਰੀ ਉਮਰ ਭੁੱਲਾਂ ਕਰ ਕਰ ਕੇ (ਅਨੇਕਾਂ ਦੁੱਖ ਸਹੇੜ ਕੇ) ਪਛੁਤਾਂਦੀ ਰਹਿੰਦੀ ਹੈ ॥੧॥

ਸੁਣਿ ਨਾਹ ਪਿਆਰੇ ਇਕ ਬੇਨੰਤੀ ਮੇਰੀ ॥

ਹੇ ਪਿਆਰੇ (ਪ੍ਰਭੂ-) ਪਤੀ! ਮੇਰੀ ਇਕ ਬੇਨਤੀ ਸੁਣ-

ਤੂ ਨਿਜ ਘਰਿ ਵਸਿਅੜਾ ਹਉ ਰੁਲਿ ਭਸਮੈ ਢੇਰੀ ॥

ਤੂੰ ਆਪਣੇ ਘਰ ਵਿਚ ਵੱਸ ਰਿਹਾ ਹੈਂ, ਪਰ ਮੈਂ (ਤੈਥੋਂ ਵਿਛੁੜ ਕੇ ਵਿਕਾਰਾਂ ਵਿਚ) ਖ਼ੁਆਰ ਹੋ ਕੇ ਸੁਆਹ ਦੀ ਢੇਰੀ ਹੋ ਰਹੀ ਹਾਂ।

ਬਿਨੁ ਅਪਨੇ ਨਾਹੈ ਕੋਇ ਨ ਚਾਹੈ ਕਿਆ ਕਹੀਐ ਕਿਆ ਕੀਜੈ ॥

ਆਪਣੇ (ਪ੍ਰਭੂ-) ਪਤੀ ਤੋਂ ਬਿਨਾ (ਪ੍ਰਭੂ-ਪਤੀ ਤੋਂ ਵਿਛੁੜੀ ਜੀਵ-ਇਸਤ੍ਰੀ ਨੂੰ) ਕੋਈ ਪਿਆਰ ਨਹੀਂ ਕਰਦਾ। (ਇਸ ਹਾਲਤ ਵਿਚ ਫਿਰ) ਕੀਹ ਆਖਣਾ ਚਾਹੀਦਾ ਹੈ? ਕੀਹ ਕਰਨਾ ਚਾਹੀਦਾ ਹੈ?

ਅੰਮ੍ਰਿਤ ਨਾਮੁ ਰਸਨ ਰਸੁ ਰਸਨਾ ਗੁਰਸਬਦੀ ਰਸੁ ਪੀਜੈ ॥

(ਹੇ ਜੀਵ-ਇਸਤ੍ਰੀ!) ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ (ਦੁਨੀਆ ਦੇ) ਸਭ ਰਸਾਂ ਤੋਂ ਸ੍ਰੇਸ਼ਟ ਰਸ ਹੈ; ਗੁਰੂ ਦੇ ਸ਼ਬਦ ਦੀ ਰਾਹੀਂ ਇਹ ਨਾਮ-ਰਸ ਜੀਭ ਨਾਲ ਪੀਂਦੇ ਰਹਿਣਾ ਚਾਹੀਦਾ ਹੈ।

ਵਿਣੁ ਨਾਵੈ ਕੋ ਸੰਗਿ ਨ ਸਾਥੀ ਆਵੈ ਜਾਇ ਘਨੇਰੀ ॥

ਪਰਮਾਤਮਾ ਦੇ ਨਾਮ ਤੋਂ ਬਿਨਾ (ਜਿੰਦ ਦਾ ਹੋਰ) ਕੋਈ ਸੰਗੀ ਨਹੀਂ ਕੋਈ ਸਾਥੀ ਨਹੀਂ। (ਨਾਮ ਤੋਂ ਖੁੰਝ ਕੇ) ਬਹੁਤ ਲੋਕਾਈ ਜਨਮ ਮਰਨ ਦੇ ਗੇੜ ਵਿਚ ਪਈ ਰਹਿੰਦੀ ਹੈ।

ਨਾਨਕ ਲਾਹਾ ਲੈ ਘਰਿ ਜਾਈਐ ਸਾਚੀ ਸਚੁ ਮਤਿ ਤੇਰੀ ॥੨॥

ਹੇ ਨਾਨਕ! (ਆਖ-ਹੇ ਭਾਈ!) ਪਰਮਾਤਮਾ ਦਾ ਨਾਮ-ਲਾਭ ਖੱਟ ਕੇ ਪ੍ਰਭੂ ਦੀ ਹਜ਼ੂਰੀ ਵਿਚ ਅੱਪੜ ਜਾਈਦਾ ਹੈ। ਪਰਮਾਤਮਾ ਦਾ ਸਦਾ-ਥਿਰ ਨਾਮ (ਜਪਿਆ ਕਰ। ਇਸ ਦੀ ਬਰਕਤ ਨਾਲ) ਤੇਰੀ ਮੱਤ (ਵਿਕਾਰਾਂ ਦੇ ਹੱਲਿਆਂ ਤੋਂ) ਅਡੋਲ ਹੋ ਜਾਇਗੀ ॥੨॥

ਸਾਜਨ ਦੇਸਿ ਵਿਦੇਸੀਅੜੇ ਸਾਨੇਹੜੇ ਦੇਦੀ ॥

ਸੱਜਣ-ਪ੍ਰਭੂ ਜੀ (ਹਰੇਕ ਜੀਵ-ਇਸਤ੍ਰੀ ਦੇ) ਹਿਰਦੇ-ਦੇਸ ਵਿਚ ਵੱਸ ਰਹੇ ਹਨ, (ਪਰ ਨਾਮ-ਹੀਣ ਜੀਵ-ਇਸਤ੍ਰੀ ਦੁੱਖਾਂ ਵਿਚ ਘਿਰ ਕੇ ਉਸ ਨੂੰ) ਪਰਦੇਸ ਵਿਚ ਵੱਸਦਾ ਜਾਣ ਕੇ (ਦੁੱਖਾਂ ਤੋਂ ਬਚਣ ਲਈ) ਤਰਲੇ-ਭਰੇ ਸਨੇਹੇ ਭੇਜਦੀ ਹੈ।

ਸਾਰਿ ਸਮਾਲੇ ਤਿਨ ਸਜਣਾ ਮੁੰਧ ਨੈਣ ਭਰੇਦੀ ॥

(ਨਾਮ ਤੋਂ ਵਾਂਜੀ ਹੋਈ) ਅੰਞਾਣ ਜੀਵ-ਇਸਤ੍ਰੀ (ਸਹੇੜੇ ਹੋਏ ਦੁੱਖਾਂ ਦੇ ਕਾਰਨ) ਰੋਂਦੀ ਹੈ, ਵਿਰਲਾਪ ਕਰਦੀ ਹੈ ਤੇ ਉਸ ਸੱਜਣ-ਪ੍ਰਭੂ ਜੀ ਨੂੰ ਮੁੜ ਮੁੜ ਯਾਦ ਕਰਦੀ ਹੈ।

ਮੁੰਧ ਨੈਣ ਭਰੇਦੀ ਗੁਣ ਸਾਰੇਦੀ ਕਿਉ ਪ੍ਰਭ ਮਿਲਾ ਪਿਆਰੇ ॥

(ਨਾਮ ਤੋਂ ਵਾਂਜੀ ਹੋਈ) ਅੰਞਾਣ ਜੀਵ-ਇਸਤ੍ਰੀ (ਸਹੇੜੇ ਦੁੱਖਾਂ ਦੇ ਕਾਰਨ) ਵਿਰਲਾਪ ਕਰਦੀ ਹੈ, ਪ੍ਰਭੂ-ਪਤੀ ਦੇ ਗੁਣ ਚੇਤੇ ਕਰਦੀ ਹੈ, (ਤੇ, ਤਰਲੇ ਲੈਂਦੀ ਹੈ ਕਿ) ਪਿਆਰੇ ਪ੍ਰਭੂ ਨੂੰ ਕਿਵੇਂ ਮਿਲਾਂ।

ਮਾਰਗੁ ਪੰਥੁ ਨ ਜਾਣਉ ਵਿਖੜਾ ਕਿਉ ਪਾਈਐ ਪਿਰੁ ਪਾਰੇ ॥

(ਜਿਸ ਦੇਸ ਵਿਚ ਉਹ ਵੱਸਦਾ ਹੈ, ਉਸ ਦਾ) ਰਸਤਾ (ਅਨੇਕਾਂ ਵਿਕਾਰਾਂ ਦੀਆਂ) ਔਕੜਾਂ ਨਾਲ ਭਰਿਆ ਹੋਇਆ ਹੈ, ਮੈਂ ਉਹ ਰਸਤਾ ਜਾਣਦੀ ਭੀ ਨਹੀਂ ਹਾਂ, ਮੈਂ ਉਸ ਪਤੀ ਨੂੰ ਕਿਵੇਂ ਮਿਲਾਂ, ਉਹ ਤਾਂ (ਇਹਨਾਂ ਵਿਕਾਰਾਂ ਦੀਆਂ ਰੁਕਾਵਟਾਂ ਤੋਂ) ਪਾਰਲੇ ਪਾਸੇ ਰਹਿੰਦਾ ਹੈ।

ਸਤਿਗੁਰਸਬਦੀ ਮਿਲੈ ਵਿਛੁੰਨੀ ਤਨੁ ਮਨੁ ਆਗੈ ਰਾਖੈ ॥

(ਹੇ ਭਾਈ!) ਜਿਹੜੀ ਵਿਛੁੜੀ ਹੋਈ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਰਾਹੀਂ ਆਪਣਾ ਤਨ ਆਪਣਾ ਮਨ ਉਸ ਦੇ ਹਵਾਲੇ ਕਰ ਦੇਂਦੀ ਹੈ, ਉਹ ਉਸ ਨੂੰ ਮਿਲ ਪੈਂਦੀ ਹੈ।

ਨਾਨਕ ਅੰਮ੍ਰਿਤ ਬਿਰਖੁ ਮਹਾ ਰਸ ਫਲਿਆ ਮਿਲਿ ਪ੍ਰੀਤਮ ਰਸੁ ਚਾਖੈ ॥੩॥

ਹੇ ਨਾਨਕ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਇਕ ਐਸਾ ਰੁੱਖ ਹੈ ਜਿਸ ਨੂੰ ਉੱਚੇ ਆਤਮਕ ਗੁਣਾਂ ਦੇ ਫਲ ਲੱਗੇ ਰਹਿੰਦੇ ਹਨ, (ਗੁਰੂ ਦੇ ਸ਼ਬਦ ਦੀ ਰਾਹੀਂ ਆਪਣਾ ਤਨ ਮਨ ਭੇਟਾ ਕਰਨ ਵਾਲੀ ਜੀਵ-ਇਸਤ੍ਰੀ) ਪ੍ਰੀਤਮ-ਪ੍ਰਭੂ ਨੂੰ ਮਿਲ ਕੇ (ਉਸ ਰੁੱਖ ਦੇ ਫਲਾਂ ਦਾ) ਸੁਆਦ ਚੱਖਦੀ ਰਹਿੰਦੀ ਹੈ ॥੩॥

ਮਹਲਿ ਬੁਲਾਇੜੀਏ ਬਿਲਮੁ ਨ ਕੀਜੈ ॥

ਹੇ ਪ੍ਰਭੂ ਦੀ ਹਜ਼ੂਰੀ ਵਿਚ ਸੱਦੀ ਹੋਈਏ! ਢਿੱਲ ਨਹੀਂ ਕਰਨੀ ਚਾਹੀਦੀ।

ਅਨਦਿਨੁ ਰਤੜੀਏ ਸਹਜਿ ਮਿਲੀਜੈ ॥

ਹੇ ਹਰ ਵੇਲੇ ਪ੍ਰੇਮ-ਰੰਗ ਵਿਚ ਰੰਗੀ ਹੋਈਏ! ਆਤਮਕ ਅਡੋਲਤਾ ਵਿਚ ਟਿਕੇ ਰਹਿਣਾ ਚਾਹੀਦਾ ਹੈ (ਭਾਵ, ਜਿਹੜੀ ਜੀਵ-ਇਸਤ੍ਰੀ ਹਰ ਵੇਲੇ ਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗੀ ਰਹਿੰਦੀ ਹੈ, ਜਿਹੜੀ ਪ੍ਰਭੂ ਦੀ ਯਾਦ ਵੱਲੋਂ ਕਦੇ ਭੀ ਢਿੱਲ ਨਹੀਂ ਕਰਦੀ, ਜਿਹੜੀ ਹਰ ਵੇਲੇ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ, ਉਸ ਜੀਵ-ਇਸਤ੍ਰੀ ਨੂੰ ਪਰਮਾਤਮਾ ਆਪਣੇ ਚਰਨਾਂ ਵਿਚ ਜੋੜਦਾ ਹੈ)।

ਸੁਖਿ ਸਹਜਿ ਮਿਲੀਜੈ ਰੋਸੁ ਨ ਕੀਜੈ ਗਰਬੁ ਨਿਵਾਰਿ ਸਮਾਣੀ ॥

ਆਤਮਕ ਅਨੰਦ ਵਿਚ ਆਤਮਕ ਅਡੋਲਤਾ ਵਿਚ ਟਿਕੇ ਰਹਿਣਾ ਚਾਹੀਦਾ ਹੈ, (ਕਿਸੇ ਆਪਣੇ ਉੱਦਮ ਤੇ ਮਾਣ ਕਰ ਕੇ ਇਸ ਗੱਲ ਦਾ) ਗਿਲਾ ਨਹੀਂ ਕਰਨਾ ਚਾਹੀਦਾ (ਕਿ ਮੇਰਾ ਉੱਦਮ ਛੇਤੀ ਸਫਲ ਕਿਉਂ ਨਹੀਂ ਹੁੰਦਾ। ਜਿਹੜੀ ਭੀ ਜੀਵ-ਇਸਤ੍ਰੀ ਪ੍ਰਭੂ ਦਾ ਮਿਲਾਪ ਹਾਸਲ ਕਰਦੀ ਹੈ) ਅਹੰਕਾਰ ਦੂਰ ਕਰ ਕੇ (ਹੀ ਪ੍ਰਭੂ ਵਿਚ) ਲੀਨ ਹੁੰਦੀ ਹੈ।

ਸਾਚੈ ਰਾਤੀ ਮਿਲੈ ਮਿਲਾਈ ਮਨਮੁਖਿ ਆਵਣ ਜਾਣੀ ॥

ਜਿਸ ਨੂੰ ਗੁਰੂ ਮਿਲਾਂਦਾ ਹੈ ਉਹੀ ਮਿਲਦੀ ਹੈ, ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਪ੍ਰੇਮ ਰੰਗ ਵਿਚ ਰੰਗੀ ਰਹਿੰਦੀ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜਨਮ ਮਰਨ ਦੇ ਗੇੜ ਵਿਚ ਪਈ ਰਹਿੰਦੀ ਹੈ।

ਜਬ ਨਾਚੀ ਤਬ ਘੂਘਟੁ ਕੈਸਾ ਮਟੁਕੀ ਫੋੜਿ ਨਿਰਾਰੀ ॥

(ਜਿਵੇਂ) ਜਦੋਂ ਕੋਈ ਇਸਤ੍ਰੀ ਨੱਚਣ ਲੱਗ ਪਏ ਤਾਂ ਉਹ ਘੁੰਡ ਨਹੀਂ ਕੱਢਦੀ, (ਤਿਵੇਂ ਜਿਹੜੀ ਜੀਵ-ਇਸਤ੍ਰੀ ਪ੍ਰਭੂ-ਪਿਆਰ ਦੇ ਰਾਹ ਤੇ ਤੁਰਦੀ ਹੈ ਉਹ) ਸਰੀਰ ਦਾ ਮੋਹ ਛੱਡ ਕੇ (ਮਾਇਆ ਤੋਂ) ਨਿਰਲੇਪ ਹੋ ਜਾਂਦੀ ਹੈ।

ਨਾਨਕ ਆਪੈ ਆਪੁ ਪਛਾਣੈ ਗੁਰਮੁਖਿ ਤਤੁ ਬੀਚਾਰੀ ॥੪॥੪॥

ਹੇ ਨਾਨਕ! ਗੁਰੂ ਦੇ ਦੱਸੇ ਰਾਹ ਉੱਤੇ ਤੁਰਨ ਵਾਲਾ ਮਨੁੱਖ ਸਦਾ ਆਪਣੇ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਉਹ ਅਸਲ ਜੀਵਨ-ਰਾਹ ਨੂੰ ਆਪਣੇ ਵਿਚਾਰ-ਮੰਡਲ ਵਿਚ ਟਿਕਾਈ ਰੱਖਦਾ ਹੈ ॥੪॥੪॥


ਤੁਖਾਰੀ ਮਹਲਾ ੧ ॥
ਮੇਰੇ ਲਾਲ ਰੰਗੀਲੇ ਹਮ ਲਾਲਨ ਕੇ ਲਾਲੇ ॥

ਸੋਹਣੇ ਪ੍ਰਭੂ ਜੀ ਅਨੇਕਾਂ ਕੌਤਕ ਕਰਨ ਵਾਲੇ ਹਨ, ਮੈਂ ਉਸ ਸੋਹਣੇ ਪ੍ਰਭੂ ਦਾ (ਸਦਾ ਲਈ) ਗ਼ੁਲਾਮ ਹਾਂ।

ਗੁਰਿ ਅਲਖੁ ਲਖਾਇਆ ਅਵਰੁ ਨ ਦੂਜਾ ਭਾਲੇ ॥

(ਜਿਸ ਮਨੁੱਖ ਨੂੰ) ਗੁਰੂ ਨੇ ਅਲੱਖ ਪ੍ਰਭੂ ਦੀ ਸੂਝ ਬਖ਼ਸ਼ ਦਿੱਤੀ, (ਉਹ ਮਨੁੱਖ ਉਸ ਨੂੰ ਛੱਡ ਕੇ) ਕਿਸੇ ਹੋਰ ਦੀ ਭਾਲ ਨਹੀਂ ਕਰਦਾ।

ਗੁਰਿ ਅਲਖੁ ਲਖਾਇਆ ਜਾ ਤਿਸੁ ਭਾਇਆ ਜਾ ਪ੍ਰਭਿ ਕਿਰਪਾ ਧਾਰੀ ॥

ਜਦੋਂ ਪ੍ਰਭੂ ਦੀ ਰਜ਼ਾ ਹੋਈ, ਜਦੋਂ ਪ੍ਰਭੂ ਨੇ (ਕਿਸੇ ਜੀਵ ਉਤੇ) ਕਿਰਪਾ ਕੀਤੀ, ਤਦੋਂ ਗੁਰੂ ਨੇ ਉਸ ਨੂੰ ਅਲੱਖ ਪ੍ਰਭੂ ਦਾ ਗਿਆਨ ਦਿੱਤਾ।

ਜਗਜੀਵਨੁ ਦਾਤਾ ਪੁਰਖੁ ਬਿਧਾਤਾ ਸਹਜਿ ਮਿਲੇ ਬਨਵਾਰੀ ॥

ਤਦੋਂ ਉਸ ਨੂੰ ਆਤਮਕ ਅਡੋਲਤਾ ਵਿਚ ਟਿਕ ਕੇ ਉਹ ਪਰਮਾਤਮਾ ਮਿਲ ਪੈਂਦਾ ਹੈ ਜਿਹੜਾ ਜਗਤ ਦਾ ਸਹਾਰਾ ਹੈ ਜਿਹੜਾ ਸਭ ਦਾਤਾਂ ਦੇਣ ਵਾਲਾ ਹੈ ਜਿਹੜਾ ਸਰਬ-ਵਿਆਪਕ ਹੈ ਅਤੇ ਸਿਰਜਣਹਾਰ ਹੈ।

ਨਦਰਿ ਕਰਹਿ ਤੂ ਤਾਰਹਿ ਤਰੀਐ ਸਚੁ ਦੇਵਹੁ ਦੀਨ ਦਇਆਲਾ ॥

ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਜਦੋਂ ਤੂੰ ਆਪਣਾ ਸਦਾ-ਥਿਰ ਨਾਮ ਦੇਂਦਾ ਹੈਂ, ਜਦੋਂ ਤੂੰ ਮਿਹਰ ਦੀ ਨਿਗਾਹ ਕਰਦਾ ਹੈਂ, ਜਦੋਂ ਤੂੰ (ਆਪ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈਂ, ਤਦੋਂ ਹੀ ਪਾਰ ਲੰਘ ਸਕੀਦਾ ਹੈ।

ਪ੍ਰਣਵਤਿ ਨਾਨਕ ਦਾਸਨਿ ਦਾਸਾ ਤੂ ਸਰਬ ਜੀਆ ਪ੍ਰਤਿਪਾਲਾ ॥੧॥

ਤੇਰੇ ਦਾਸਾਂ ਦਾ ਦਾਸ ਨਾਨਕ ਬੇਨਤੀ ਕਰਦਾ ਹੈ ਕਿ ਤੂੰ ਸਾਰੇ ਜੀਵਾਂ ਦੀ ਰੱਖਿਆ ਕਰਨ ਵਾਲਾ ਹੈਂ ॥੧॥

ਭਰਿਪੁਰਿ ਧਾਰਿ ਰਹੇ ਅਤਿ ਪਿਆਰੇ ॥

ਗੁਰੂ ਦੇ ਸ਼ਬਦ ਦੀ ਰਾਹੀਂ (ਇਹ ਸਮਝ ਪੈਂਦੀ ਹੈ ਕਿ ਸਭ ਜੀਵਾਂ ਨੂੰ) ਬਹੁਤ ਹੀ ਪਿਆਰ ਕਰਨ ਵਾਲਾ ਪਰਮਾਤਮਾ ਸਭ ਵਿਚ ਵਿਆਪਕ ਹੈ,

ਸਬਦੇ ਰਵਿ ਰਹਿਆ ਗੁਰ ਰੂਪਿ ਮੁਰਾਰੇ ॥

(ਸਾਰੀ ਸ੍ਰਿਸ਼ਟੀ ਨੂੰ) ਆਸਰਾ ਦੇ ਰਿਹਾ ਹੈ, ਵੱਡੀ ਹਸਤੀ ਵਾਲਾ ਹੈ ਅਤੇ ਸਭ ਜੀਵਾਂ ਵਿਚ ਮੌਜੂਦ ਹੈ।

ਗੁਰ ਰੂਪ ਮੁਰਾਰੇ ਤ੍ਰਿਭਵਣ ਧਾਰੇ ਤਾ ਕਾ ਅੰਤੁ ਨ ਪਾਇਆ ॥

ਸਭ ਤੋਂ ਵੱਡੀ ਹਸਤੀ ਵਾਲਾ ਪਰਮਾਤਮਾ ਤਿੰਨਾਂ ਭਵਨਾਂ ਨੂੰ ਸਹਾਰਾ ਦੇ ਰਿਹਾ ਹੈ, (ਕਿਸੇ ਭੀ ਜੀਵ ਨੇ ਅਜੇ ਤਕ) ਉਸ (ਦੇ ਗੁਣਾਂ) ਦਾ ਅੰਤ ਨਹੀਂ ਲੱਭਾ।

ਰੰਗੀ ਜਿਨਸੀ ਜੰਤ ਉਪਾਏ ਨਿਤ ਦੇਵੈ ਚੜੈ ਸਵਾਇਆ ॥

ਉਹ ਪਰਮਾਤਮਾ ਅਨੇਕਾਂ ਰੰਗਾਂ ਦੇ ਅਨੇਕਾਂ ਕਿਸਮਾਂ ਦੇ ਜੀਵ ਪੈਦਾ ਕਰਦਾ ਹੈ, (ਸਭ ਜੀਵਾਂ ਨੂੰ) ਸਦਾ (ਦਾਨ) ਦੇਂਦਾ ਹੈ, ਅਤੇ ਉਸ ਦਾ ਭੰਡਾਰਾ ਸਦਾ ਵਧਦਾ ਹੀ ਰਹਿੰਦਾ ਹੈ।

ਅਪਰੰਪਰੁ ਆਪੇ ਥਾਪਿ ਉਥਾਪੇ ਤਿਸੁ ਭਾਵੈ ਸੋ ਹੋਵੈ ॥

ਪਰਮਾਤਮਾ ਬਹੁਤ ਬੇਅੰਤ ਹੈ, ਉਹ ਆਪ ਹੀ ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈ। (ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ।

ਨਾਨਕ ਹੀਰਾ ਹੀਰੈ ਬੇਧਿਆ ਗੁਣ ਕੈ ਹਾਰਿ ਪਰੋਵੈ ॥੨॥

ਹੇ ਨਾਨਕ! (ਆਖ ਕਿ ਜਿਹੜਾ ਜੀਵ ਉਸ ਪਰਮਾਤਮਾ ਦੇ) ਗੁਣਾਂ ਦੇ ਹਾਰ ਵਿਚ (ਆਪਣੇ ਆਪ ਨੂੰ) ਪ੍ਰੋ ਲੈਂਦਾ ਹੈ ਉਹ ਪਵਿੱਤਰ ਹੋ ਚੁਕਿਆ ਜੀਵਾਤਮਾ ਮਹਾਨ ਉੱਚੇ ਪਰਮਾਤਮਾ ਵਿਚ ਇੱਕ-ਰੂਪ ਹੋ ਜਾਂਦਾ ਹੈ ॥੨॥

ਗੁਣ ਗੁਣਹਿ ਸਮਾਣੇ ਮਸਤਕਿ ਨਾਮ ਨੀਸਾਣੋ ॥

ਜਿਨ੍ਹਾਂ ਦੇ ਮੱਥੇ ਉਤੇ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਦਾ ਲੇਖ ਲਿਖਿਆ ਹੁੰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਗੁਣ ਉਚਾਰ ਕੇ ਉਹਨਾਂ ਗੁਣਾਂ ਵਿਚ ਲੀਨ ਹੋਏ ਰਹਿੰਦੇ ਹਨ।

ਸਚੁ ਸਾਚਿ ਸਮਾਇਆ ਚੂਕਾ ਆਵਣ ਜਾਣੋ ॥

ਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਉਚਾਰ ਕੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਹੋਇਆ ਰਹਿੰਦਾ ਹੈ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।

ਸਚੁ ਸਾਚਿ ਪਛਾਤਾ ਸਾਚੈ ਰਾਤਾ ਸਾਚੁ ਮਿਲੈ ਮਨਿ ਭਾਵੈ ॥

ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿਣ ਵਾਲਾ ਮਨੁੱਖ ਸਦਾ-ਕਾਇਮ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ, ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਸ ਨੂੰ ਸਦਾ-ਥਿਰ ਪ੍ਰਭੂ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ, ਉਸ ਦੇ ਮਨ ਵਿਚ ਉਹ ਪਿਆਰਾ ਲੱਗਦਾ ਰਹਿੰਦਾ ਹੈ।

ਸਾਚੇ ਊਪਰਿ ਅਵਰੁ ਨ ਦੀਸੈ ਸਾਚੇ ਸਾਚਿ ਸਮਾਵੈ ॥

ਉਸ ਮਨੁੱਖ ਨੂੰ ਸਦਾ-ਥਿਰ ਪਰਮਾਤਮਾ ਤੋਂ ਵੱਡਾ ਹੋਰ ਕੋਈ ਨਹੀਂ ਦਿੱਸਦਾ, ਉਹ ਹਰ ਵੇਲੇ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਰਿਹਾ ਹੁੰਦਾ ਹੈ।

ਮੋਹਨਿ ਮੋਹਿ ਲੀਆ ਮਨੁ ਮੇਰਾ ਬੰਧਨ ਖੋਲਿ ਨਿਰਾਰੇ ॥

ਉਸ ਮੋਹਨ (ਪ੍ਰਭੂ) ਨੇ ਮੇਰਾ ਮਨ (ਭੀ) ਮੋਹ ਲਿਆ ਹੋਇਆ ਹੈ। ਪ੍ਰਭੂ ਨੇ ਮੇਰੇ (ਮਾਇਆ ਦੇ ਮੋਹ ਦੇ) ਬੰਧਨ ਕੱਟ ਕੇ ਮੈਨੂੰ (ਮਾਇਆ ਤੋਂ) ਨਿਰਲੇਪ ਕਰ ਦਿੱਤਾ ਹੈ।

ਨਾਨਕ ਜੋਤੀ ਜੋਤਿ ਸਮਾਣੀ ਜਾ ਮਿਲਿਆ ਅਤਿ ਪਿਆਰੇ ॥੩॥

ਨਾਨਕ ਆਖਦਾ ਹੈ- ਜਦੋਂ (ਕੋਈ ਵਡ-ਭਾਗੀ ਮਨੁੱਖ ਉਸ) ਅੱਤ ਪਿਆਰੇ ਪਰਮਾਤਮਾ ਨੂੰ ਮਿਲ ਪੈਂਦਾ ਹੈ, ਉਸ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ ॥੩॥

ਸਚ ਘਰੁ ਖੋਜਿ ਲਹੇ ਸਾਚਾ ਗੁਰ ਥਾਨੋ ॥

ਜਿਸ ਮਨੁੱਖ ਨੂੰ ਸਦਾ-ਥਿਰ ਸਾਧ ਸੰਗਤ ਪ੍ਰਾਪਤ ਹੋ ਜਾਂਦੀ ਹੈ, ਉਹ ਮਨੁੱਖ (ਸਾਧ ਸੰਗਤ ਵਿਚ) ਖੋਜ ਕਰ ਕੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਟਿਕਾਣਾ ਲੱਭ ਲੈਂਦਾ ਹੈ।

ਮਨਮੁਖਿ ਨਹ ਪਾਈਐ ਗੁਰਮੁਖਿ ਗਿਆਨੋ ॥

ਗੁਰੂ ਦੀ ਸਰਨ ਪਿਆਂ ਪਰਮਾਤਮਾ ਨਾਲ ਡੂੰਘੀ ਸਾਂਝ ਪ੍ਰਾਪਤ ਹੁੰਦੀ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨੂੰ (ਇਹ ਦਾਤਿ) ਨਹੀਂ ਮਿਲਦੀ।

ਦੇਵੈ ਸਚੁ ਦਾਨੋ ਸੋ ਪਰਵਾਨੋ ਸਦ ਦਾਤਾ ਵਡ ਦਾਣਾ ॥

(ਗੁਰੂ ਜਿਸ ਮਨੁੱਖ ਨੂੰ) ਸਦਾ ਦਾਤਾਂ ਦੇਣ ਵਾਲੇ ਵੱਡੇ ਸਿਆਣੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ-ਦਾਨ ਦੇਂਦਾ ਹੈ,

ਅਮਰੁ ਅਜੋਨੀ ਅਸਥਿਰੁ ਜਾਪੈ ਸਾਚਾ ਮਹਲੁ ਚਿਰਾਣਾ ॥

ਉਹ ਮਨੁੱਖ ਉਸ ਅਮਰ ਅਜੋਨੀ ਅਤੇ ਸਦਾ-ਥਿਰ ਪ੍ਰਭੂ (ਦਾ ਨਾਮ ਸਦਾ) ਜਪਦਾ ਰਹਿੰਦਾ ਹੈ, ਉਸ ਮਨੁੱਖ ਨੂੰ ਪਰਮਾਤਮਾ ਦਾ ਮੁੱਢ ਕਦੀਮਾਂ ਦਾ ਸਦਾ-ਥਿਰ ਟਿਕਾਣਾ ਲੱਭ ਪੈਂਦਾ ਹੈ।

ਦੋਤਿ ਉਚਾਪਤਿ ਲੇਖੁ ਨ ਲਿਖੀਐ ਪ੍ਰਗਟੀ ਜੋਤਿ ਮੁਰਾਰੀ ॥

(ਜਿਸ ਮਨੁੱਖ ਦੇ ਅੰਦਰ) ਪਰਮਾਤਮਾ ਦੀ ਜੋਤਿ ਪਰਗਟ ਹੋ ਜਾਂਦੀ ਹੈ, ਉਸ ਜੋਤਿ ਦੀ ਬਰਕਤਿ ਨਾਲ ਉਸ ਮਨੁੱਖ ਦਾ ਵਿਕਾਰਾਂ ਦੇ ਕਰਜ਼ੇ ਦਾ ਹਿਸਾਬ ਲਿਖਣਾ ਬੰਦ ਹੋ ਜਾਂਦਾ ਹੈ (ਭਾਵ, ਉਹ ਮਨੁੱਖ ਵਿਕਾਰਾਂ ਵਲੋਂ ਹੱਟ ਜਾਂਦਾ ਹੈ),

ਨਾਨਕ ਸਾਚਾ ਸਾਚੈ ਰਾਚਾ ਗੁਰਮੁਖਿ ਤਰੀਐ ਤਾਰੀ ॥੪॥੫॥

ਹੇ ਨਾਨਕ! ਉਹ ਮਨੁੱਖ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ, ਉਹ ਮਨੁੱਖ ਹਰ ਵੇਲੇ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ। ਗੁਰੂ ਦੀ ਸਰਨ ਪਿਆਂ ਹੀ (ਮਾਇਆ ਦੇ ਮੋਹ ਦੇ ਸਮੁੰਦਰ ਤੋਂ) ਇਹ ਤਾਰੀ ਤਰੀ ਜਾ ਸਕਦੀ ਹੈ ॥੪॥੫॥


ਤੁਖਾਰੀ ਮਹਲਾ ੧ ॥
ਏ ਮਨ ਮੇਰਿਆ ਤੂ ਸਮਝੁ ਅਚੇਤ ਇਆਣਿਆ ਰਾਮ ॥

ਹੇ ਮੇਰੇ ਮਨ! ਹੇ ਮੇਰੇ ਗ਼ਾਫ਼ਿਲ ਮਨ! ਹੇ ਮੇਰੇ ਅੰਞਾਣ ਮਨ! ਤੂੰ ਹੋਸ਼ ਕਰ।

ਏ ਮਨ ਮੇਰਿਆ ਛਡਿ ਅਵਗਣ ਗੁਣੀ ਸਮਾਣਿਆ ਰਾਮ ॥

ਹੇ ਮੇਰੇ ਮਨ! ਮੰਦੇ ਕਰਮ ਕਰਨੇ ਛੱਡ ਦੇ, (ਪਰਮਾਤਮਾ ਦੇ) ਗੁਣਾਂ (ਦੀ ਯਾਦ) ਵਿਚ ਲੀਨ ਰਿਹਾ ਕਰ।

ਬਹੁ ਸਾਦ ਲੁਭਾਣੇ ਕਿਰਤ ਕਮਾਣੇ ਵਿਛੁੜਿਆ ਨਹੀ ਮੇਲਾ ॥

ਹੇ ਮੇਰੇ ਮਨ! ਜਿਹੜੇ ਮਨੁੱਖ ਅਨੇਕਾਂ (ਪਦਾਰਥਾਂ ਦੇ) ਸੁਆਦਾਂ ਵਿਚ ਫਸੇ ਰਹਿੰਦੇ ਹਨ, ਉਹ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ (ਪਰਮਾਤਮਾ ਤੋਂ ਵਿਛੁੜੇ ਰਹਿੰਦੇ ਹਨ। ਇਹਨਾਂ ਸੰਸਕਾਰਾਂ ਦੇ ਕਾਰਨ ਹੀ) ਉਹਨਾਂ ਵਿਛੁੜੇ ਹੋਇਆਂ ਦਾ (ਆਪਣੇ ਆਪ ਪਰਮਾਤਮਾ ਨਾਲ) ਮਿਲਾਪ ਨਹੀਂ ਹੋ ਸਕਦਾ।

ਕਿਉ ਦੁਤਰੁ ਤਰੀਐ ਜਮ ਡਰਿ ਮਰੀਐ ਜਮ ਕਾ ਪੰਥੁ ਦੁਹੇਲਾ ॥

ਹੇ ਮੇਰੇ ਮਨ! ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣਾ ਬਹੁਤ ਔਖਾ ਹੈ, (ਆਪਣੇ ਉੱਦਮ ਨਾਲ) ਪਾਰ ਨਹੀਂ ਲੰਘ ਸਕੀਦਾ। ਜਮਾਂ ਦੇ ਡਰ ਨਾਲ ਸਹਿਮੇ ਰਹੀਦਾ ਹੈ। ਹੇ ਮਨ! ਜਮਾਂ ਵਾਲੇ ਪਾਸੇ ਲੈ ਜਾਣ ਵਾਲਾ ਰਸਤਾ ਬੜਾ ਦੁਖਦਾਈ ਹੈ।

ਮਨਿ ਰਾਮੁ ਨਹੀ ਜਾਤਾ ਸਾਝ ਪ੍ਰਭਾਤਾ ਅਵਘਟਿ ਰੁਧਾ ਕਿਆ ਕਰੇ ॥

ਹੇ ਮੇਰੇ ਮਨ! ਜਿਸ ਮਨੁੱਖ ਨੇ ਆਪਣੇ ਮਨ ਵਿਚ ਸਵੇਰੇ ਸ਼ਾਮ (ਕਿਸੇ ਭੀ ਵੇਲੇ) ਪਰਮਾਤਮਾ ਨਾਲ ਸਾਂਝ ਨਹੀਂ ਪਾਈ, ਉਹ (ਮਾਇਆ ਦੇ ਮੋਹ ਦੇ) ਔਖੇ ਰਾਹ ਵਿਚ ਫਸ ਜਾਂਦਾ ਹੈ (ਇਸ ਵਿਚੋਂ ਨਿਕਲਣ ਲਈ) ਉਹ ਕੁਝ ਭੀ ਨਹੀਂ ਕਰ ਸਕਦਾ।

ਬੰਧਨਿ ਬਾਧਿਆ ਇਨ ਬਿਧਿ ਛੂਟੈ ਗੁਰਮੁਖਿ ਸੇਵੈ ਨਰਹਰੇ ॥੧॥

(ਪਰ ਹਾਂ, ਮਾਇਆ ਦੇ ਮੋਹ ਦੀ) ਰੱਸੀ ਨਾਲ ਬੱਝਾ ਹੋਇਆ ਉਹ ਇਸ ਤਰੀਕੇ ਨਾਲ ਖ਼ਲਾਸੀ ਪਾ ਸਕਦਾ ਹੈ ਕਿ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਸਿਮਰਨ ਕਰੇ ॥੧॥

ਏ ਮਨ ਮੇਰਿਆ ਤੂ ਛੋਡਿ ਆਲ ਜੰਜਾਲਾ ਰਾਮ ॥

ਹੇ ਮੇਰੇ ਮਨ! ਘਰ ਦੇ ਮੋਹ ਦੀਆਂ ਫਾਹੀਆਂ ਛੱਡ ਦੇ।

ਏ ਮਨ ਮੇਰਿਆ ਹਰਿ ਸੇਵਹੁ ਪੁਰਖੁ ਨਿਰਾਲਾ ਰਾਮ ॥

ਹੇ ਮੇਰੇ ਮਨ! ਉਸ ਪਰਮਾਤਮਾ ਨੂੰ ਸਿਮਰਦਾ ਰਹੁ, ਜੋ ਸਭਨਾਂ ਵਿਚ ਵਿਆਪਕ ਭੀ ਹੈ ਤੇ ਨਿਰਲੇਪ ਭੀ ਹੈ।

ਹਰਿ ਸਿਮਰਿ ਏਕੰਕਾਰੁ ਸਾਚਾ ਸਭੁ ਜਗਤੁ ਜਿੰਨਿ ਉਪਾਇਆ ॥

ਹੇ ਮੇਰੇ ਮਨ! ਉਸ ਇਕ ਸਰਬ-ਵਿਆਪਕ ਅਤੇ ਸਦਾ-ਥਿਰ ਪਰਮਾਤਮਾ (ਦਾ ਨਾਮ) ਸਿਮਰਦਾ ਰਹੁ, ਜਿਸ ਨੇ ਸਾਰਾ ਜਗਤ ਪੈਦਾ ਕੀਤਾ ਹੈ,

ਪਉਣੁ ਪਾਣੀ ਅਗਨਿ ਬਾਧੇ ਗੁਰਿ ਖੇਲੁ ਜਗਤਿ ਦਿਖਾਇਆ ॥

ਅਤੇ ਹਵਾ ਪਾਣੀ ਅੱਗ (ਆਦਿਕ ਤੱਤਾਂ) ਨੂੰ (ਮਰਯਾਦਾ ਵਿਚ) ਬੰਨ੍ਹਿਆ ਹੋਇਆ ਹੈ। ਹੇ ਮੇਰੇ ਮਨ! (ਉਹੀ ਮਨੁੱਖ ਨਾਮ ਸਿਮਰਦਾ ਹੈ ਜਿਸ ਨੂੰ) ਗੁਰੂ ਨੇ ਜਗਤ ਵਿਚ (ਪਰਮਾਤਮਾ ਦਾ ਇਹ) ਤਮਾਸ਼ਾ ਵਿਖਾ ਦਿੱਤਾ ਹੈ (ਅਤੇ ਨਾਮ ਵਿਚ ਜੋੜਿਆ ਹੈ)।

ਆਚਾਰਿ ਤੂ ਵੀਚਾਰਿ ਆਪੇ ਹਰਿ ਨਾਮੁ ਸੰਜਮ ਜਪ ਤਪੋ ॥

ਹੇ ਮੇਰੇ ਮਨ! ਨਾਮ ਜਪਿਆਂ ਹੀ ਤੂੰ ਧਾਰਮਿਕ ਮਰਯਾਦਾ ਵਿਚ ਤੁਰਨ ਵਾਲਾ ਹੈਂ, ਨਾਮ ਜਪਿਆਂ ਹੀ ਤੂੰ ਉੱਚੀ ਆਤਮਕ ਜੀਵਨ ਦੀ ਵਿਚਾਰ ਦਾ ਮਾਲਕ ਹੈਂ। ਪਰਮਾਤਮਾ ਦਾ ਨਾਮ ਹੀ ਹੈ ਅਨੇਕਾਂ ਸੰਜਮ ਅਨੇਕਾਂ ਜਪ ਅਤੇ ਅਨੇਕਾਂ ਤਪ।

ਸਖਾ ਸੈਨੁ ਪਿਆਰੁ ਪ੍ਰੀਤਮੁ ਨਾਮੁ ਹਰਿ ਕਾ ਜਪੁ ਜਪੋ ॥੨॥

ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਦਾ ਜਪਦਾ ਰਹੁ ਜਪਦਾ ਰਹੁ, ਇਹੀ ਹੈ ਮਿੱਤਰ ਇਹੀ ਹੈ ਸੱਜਣ ਇਹੀ ਹੈ ਪਿਆਰਾ ਪ੍ਰੀਤਮ॥੨॥

ਏ ਮਨ ਮੇਰਿਆ ਤੂ ਥਿਰੁ ਰਹੁ ਚੋਟ ਨ ਖਾਵਹੀ ਰਾਮ ॥

ਹੇ ਮੇਰੇ ਮਨ! ਤੂੰ (ਪਰਮਾਤਮਾ ਦੇ ਚਰਨਾਂ ਵਿਚ) ਅਡੋਲ ਟਿਕਿਆ ਰਿਹਾ ਕਰ, (ਇਸ ਤਰ੍ਹਾਂ) ਤੂੰ (ਵਿਕਾਰਾਂ ਦੀ) ਸੱਟ ਨਹੀਂ ਖਾਹਿਂਗਾ।

ਏ ਮਨ ਮੇਰਿਆ ਗੁਣ ਗਾਵਹਿ ਸਹਜਿ ਸਮਾਵਹੀ ਰਾਮ ॥

ਹੇ ਮੇਰੇ ਮਨ! (ਜੇ ਤੂੰ ਪਰਮਾਤਮਾ ਦੇ) ਗੁਣ ਗਾਂਦਾ ਰਹੇਂ, ਤਾਂ ਤੂੰ ਆਤਮਕ ਅਡੋਲਤਾ ਵਿਚ ਲੀਨ ਰਹੇਂਗਾ।

ਗੁਣ ਗਾਇ ਰਾਮ ਰਸਾਇ ਰਸੀਅਹਿ ਗੁਰ ਗਿਆਨ ਅੰਜਨੁ ਸਾਰਹੇ ॥

ਹੇ ਮਨ! ਪ੍ਰੇਮ ਨਾਲ ਪਰਮਾਤਮਾ ਦੇ ਗੁਣ ਗਾਇਆਂ (ਗੁਣ) ਤੇਰੇ ਅੰਦਰ ਰਸ ਜਾਣਗੇ। (ਹੇ ਮੇਰੇ ਮਨ!) ਜੇ ਤੂੰ ਗੁਰੂ ਦੀ ਬਖ਼ਸ਼ੀ ਹੋਈ ਆਤਮਕ ਜੀਵਨ ਦੀ ਸੂਝ ਦਾ ਸੁਰਮਾ (ਆਪਣੀਆਂ ਆਤਮਕ ਅੱਖਾਂ ਵਿਚ) ਪਾ ਲਏਂ,

ਤ੍ਰੈ ਲੋਕ ਦੀਪਕੁ ਸਬਦਿ ਚਾਨਣੁ ਪੰਚ ਦੂਤ ਸੰਘਾਰਹੇ ॥

ਤਾਂ ਸਾਰੇ ਜਗਤ ਨੂੰ ਚਾਨਣ ਦੇਣ ਵਾਲਾ ਦੀਵਾ (-ਪ੍ਰਭੂ ਤੇਰੇ ਅੰਦਰ ਜਗ ਪਏਗਾ), ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਤੇਰੇ ਅੰਦਰ ਆਤਮਕ ਜੀਵਨ ਦੀ ਸੂਝ ਦਾ) ਚਾਨਣ (ਹੋ ਜਾਇਗਾ)। ਤੂੰ (ਕਾਮਾਦਿਕ) ਪੰਜ ਵੈਰੀਆਂ ਨੂੰ (ਆਪਣੇ ਅੰਦਰੋਂ) ਮਾਰ ਲਏਂਗਾ।

ਭੈ ਕਾਟਿ ਨਿਰਭਉ ਤਰਹਿ ਦੁਤਰੁ ਗੁਰਿ ਮਿਲਿਐ ਕਾਰਜ ਸਾਰਏ ॥

ਹੇ ਮੇਰੇ ਮਨ! (ਜੇ ਤੂੰ ਪਰਮਾਤਮਾ ਦੇ ਗੁਣ ਗਾਂਦਾ ਰਹੇਂਗਾ, ਤਾਂ ਆਪਣੇ ਅੰਦਰੋਂ ਦੁਨੀਆ ਦੇ ਸਾਰੇ) ਡਰ ਕੱਟ ਕੇ ਨਿਰਭਉ ਹੋ ਜਾਹਿਂਗਾ, ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਹਿਂਗਾ ਜਿਸ ਤੋਂ ਪਾਰ ਲੰਘਣਾ ਔਖਾ ਹੈ। ਹੇ ਮਨ! ਜੇ ਗੁਰੂ ਮਿਲ ਪਏ ਤਾਂ ਪਰਮਾਤਮਾ ਜੀਵ ਦੇ ਸਾਰੇ ਕੰਮ ਸੰਵਾਰ ਦੇਂਦਾ ਹੈ।

ਰੂਪੁ ਰੰਗੁ ਪਿਆਰੁ ਹਰਿ ਸਿਉ ਹਰਿ ਆਪਿ ਕਿਰਪਾ ਧਾਰਏ ॥੩॥

ਹੇ ਮਨ! ਜਿਸ ਮਨੁੱਖ ਉੱਤੇ ਪਰਮਾਤਮਾ ਆਪ ਕਿਰਪਾ ਕਰਦਾ ਹੈ ਉਸ ਦਾ (ਸੋਹਣਾ ਆਤਮਕ) ਰੂਪ ਹੋ ਜਾਂਦਾ ਹੈ (ਸੋਹਣਾ ਆਤਮਕ) ਰੰਗ ਹੋ ਜਾਂਦਾ ਹੈ, ਪਰਮਾਤਮਾ ਨਾਲ ਉਸ ਦਾ ਪਿਆਰ ਬਣ ਜਾਂਦਾ ਹੈ ॥੩॥

ਏ ਮਨ ਮੇਰਿਆ ਤੂ ਕਿਆ ਲੈ ਆਇਆ ਕਿਆ ਲੈ ਜਾਇਸੀ ਰਾਮ ॥

ਹੇ ਮੇਰੇ ਮਨ! ਨਾਹ ਤੂੰ (ਜਨਮ ਸਮੇ) ਆਪਣੇ ਨਾਲ ਕੁਝ ਲੈ ਕੇ ਆਇਆ ਸੀ, ਨਾਹ ਤੂੰ (ਇਥੋਂ ਤੁਰਨ ਵੇਲੇ) ਆਪਣੇ ਨਾਲ ਕੁਝ ਲੈ ਕੇ ਜਾਹਿਂਗਾ (ਵਿਅਰਥ ਹੀ ਮਾਇਆ ਦੇ ਮੋਹ ਦੀਆਂ ਫਾਹੀਆਂ ਵਿਚ ਫਸ ਰਿਹਾ ਹੈਂ)।

ਏ ਮਨ ਮੇਰਿਆ ਤਾ ਛੁਟਸੀ ਜਾ ਭਰਮੁ ਚੁਕਾਇਸੀ ਰਾਮ ॥

ਹੇ ਮਨ! (ਮਾਇਆ ਦੇ ਮੋਹ ਦੀਆਂ ਫਾਹੀਆਂ ਵਿਚੋਂ) ਤਦੋਂ ਤੇਰੀ ਖ਼ਲਾਸੀ ਹੋਵੇਗੀ, ਜਦੋਂ ਤੂੰ (ਮਾਇਆ ਦੀ ਖ਼ਾਤਰ) ਭਟਕਣਾ ਛੱਡ ਦੇਵੇਂਗਾ।

ਧਨੁ ਸੰਚਿ ਹਰਿ ਹਰਿ ਨਾਮ ਵਖਰੁ ਗੁਰ ਸਬਦਿ ਭਾਉ ਪਛਾਣਹੇ ॥

ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਦਾ ਧਨ ਇਕੱਠਾ ਕਰਿਆ ਕਰ, ਨਾਮ ਦਾ ਸੌਦਾ (ਵਿਹਾਝਿਆ ਕਰ)। ਹੇ ਮਨ! ਜੇ ਤੂੰ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰ ਪ੍ਰਭੂ ਦਾ) ਪਿਆਰ ਪਛਾਣ ਲਏਂ,

ਮੈਲੁ ਪਰਹਰਿ ਸਬਦਿ ਨਿਰਮਲੁ ਮਹਲੁ ਘਰੁ ਸਚੁ ਜਾਣਹੇ ॥

ਤਾਂ ਸ਼ਬਦ ਦੀ ਬਰਕਤਿ ਨਾਲ (ਵਿਕਾਰਾਂ ਦੀ) ਮੈਲ ਦੂਰ ਕਰ ਕੇ ਤੂੰ ਪਵਿੱਤਰ ਹੋ ਜਾਹਿਂਗਾ। ਤੂੰ ਸਦਾ ਕਾਇਮ ਰਹਿਣ ਵਾਲਾ ਘਰ-ਮਹਲ ਲੱਭ ਲਏਂਗਾ।

ਪਤਿ ਨਾਮੁ ਪਾਵਹਿ ਘਰਿ ਸਿਧਾਵਹਿ ਝੋਲਿ ਅੰਮ੍ਰਿਤ ਪੀ ਰਸੋ ॥

ਹੇ ਮੇਰੇ ਮਨ! ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪ੍ਰੇਮ ਨਾਲ ਪੀਆ ਕਰ, ਤੂੰ (ਲੋਕ ਪਰਲੋਕ ਦੀ) ਇੱਜ਼ਤ (ਲੋਕ ਪਰਲੋਕ ਦਾ) ਨਾਮਣਾ ਖੱਟ ਲਏਂਗਾ, ਪ੍ਰਭੂ ਦੀ ਹਜ਼ੂਰੀ ਵਿਚ ਪਹੁੰਚ ਜਾਹਿਂਗਾ।

ਹਰਿ ਨਾਮੁ ਧਿਆਈਐ ਸਬਦਿ ਰਸੁ ਪਾਈਐ ਵਡਭਾਗਿ ਜਪੀਐ ਹਰਿ ਜਸੋ ॥੪॥

ਹੇ ਮਨ! (ਸਦਾ) ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, (ਨਾਮ ਦਾ) ਸੁਆਦ ਗੁਰੂ ਦੇ ਸ਼ਬਦ ਦੀ ਰਾਹੀਂ (ਹੀ) ਪ੍ਰਾਪਤ ਹੋ ਸਕਦਾ ਹੈ। ਹੇ ਮਨ! ਵੱਡੀ ਕਿਸਮਤ ਨਾਲ (ਹੀ) ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ ॥੪॥

ਏ ਮਨ ਮੇਰਿਆ ਬਿਨੁ ਪਉੜੀਆ ਮੰਦਰਿ ਕਿਉ ਚੜੈ ਰਾਮ ॥

ਹੇ ਮੇਰੇ ਮਨ! (ਜਿਵੇਂ) ਪੌੜੀਆਂ ਤੋਂ ਬਿਨਾ (ਕੋਈ ਭੀ ਮਨੁੱਖ) ਕੋਠੇ (ਦੀ ਛੱਤ) ਉਤੇ ਨਹੀਂ ਚੜ੍ਹ ਸਕਦਾ (ਤਿਵੇਂ ਉੱਚੇ ਆਤਮਕ ਟਿਕਾਣੇ ਤੇ ਵੱਸਦੇ ਪਰਮਾਤਮਾ ਤਕ ਸਿਮਰਨ ਦੀ ਪੌੜੀ ਤੋਂ ਬਿਨਾ ਪਹੁੰਚ ਨਹੀਂ ਹੋ ਸਕਦੀ)।

ਏ ਮਨ ਮੇਰਿਆ ਬਿਨੁ ਬੇੜੀ ਪਾਰਿ ਨ ਅੰਬੜੈ ਰਾਮ ॥

ਹੇ ਮੇਰੇ ਮਨ! ਬੇੜੀ ਤੋਂ ਬਿਨਾ ਮਨੁੱਖ ਨਦੀ ਦੇ ਪਾਰਲੇ ਪਾਸੇ ਨਹੀਂ ਅੱਪੜ ਸਕਦਾ।

ਪਾਰਿ ਸਾਜਨੁ ਅਪਾਰੁ ਪ੍ਰੀਤਮੁ ਗੁਰਸਬਦ ਸੁਰਤਿ ਲੰਘਾਵਏ ॥

ਹੇ ਮਨ! ਸੱਜਣ ਪ੍ਰਭੂ! ਬੇਅੰਤ ਪ੍ਰਭੂ, ਪ੍ਰੀਤਮ ਪ੍ਰਭੂ (ਵਿਕਾਰਾਂ ਦੀਆਂ ਲਹਿਰਾਂ ਨਾਲ ਭਰਪੂਰ ਸੰਸਾਰ-ਸਮੁੰਦਰ ਦੇ) ਪਾਰਲੇ ਪਾਸੇ (ਵੱਸਦਾ ਹੈ)। ਗੁਰੂ ਦੇ ਸ਼ਬਦ ਦੀ ਸੂਝ (ਹੀ ਇਸ ਸਮੁੰਦਰ ਦੇ ਪਾਰਲੇ ਪਾਸੇ) ਲੰਘਾ ਸਕਦੀ ਹੈ।

ਮਿਲਿ ਸਾਧਸੰਗਤਿ ਕਰਹਿ ਰਲੀਆ ਫਿਰਿ ਨ ਪਛੋਤਾਵਏ ॥

ਹੇ ਮਨ! ਜੇ ਤੂੰ ਸਾਧ ਸੰਗਤ ਵਿਚ ਮਿਲ ਕੇ ਆਤਮਕ ਆਨੰਦ ਮਾਣਦਾ ਰਹੇਂ (ਤਾਂ ਤੂੰ ਭੀ ਇਸ ਸੰਸਾਰ-ਸਮੁੰਦਰ ਦੇ ਪਾਰਲੇ ਪਾਸੇ ਪਹੁੰਚ ਜਾਏਂ। ਜਿਹੜਾ ਭੀ ਮਨੁੱਖ ਸਾਧ ਸੰਗਤ ਵਿਚ ਮਿਲ ਕੇ ਨਾਮ ਜਪਦਾ ਹੈ, ਉਸ ਨੂੰ) ਮੁੜ ਪਛੁਤਾਣਾ ਨਹੀਂ ਪੈਂਦਾ (ਕਿਉਂਕਿ ਉਸ ਨੂੰ ਸੰਸਾਰ-ਸਮੁੰਦਰ ਦੀਆਂ ਵਿਕਾਰ-ਠਿੱਲ੍ਹਾਂ ਦੁੱਖ ਨਹੀਂ ਦੇ ਸਕਦੀਆਂ)।

ਕਰਿ ਦਇਆ ਦਾਨੁ ਦਇਆਲ ਸਾਚਾ ਹਰਿ ਨਾਮ ਸੰਗਤਿ ਪਾਵਓ ॥

ਹੇ ਦਇਆਲ ਪ੍ਰਭੂ! (ਮੇਰੇ ਉਤੇ) ਦਇਆ ਕਰ, ਮੈਨੂੰ ਆਪਣੇ ਸਦਾ-ਥਿਰ ਨਾਮ ਦਾ ਦਾਨ ਦੇਹ, ਮੈਂ ਤੇਰੇ ਨਾਮ ਦੀ ਸੰਗਤ ਹਾਸਲ ਕਰੀ ਰੱਖਾਂ।

ਨਾਨਕੁ ਪਇਅੰਪੈ ਸੁਣਹੁ ਪ੍ਰੀਤਮ ਗੁਰ ਸਬਦਿ ਮਨੁ ਸਮਝਾਵਓ ॥੫॥੬॥

ਨਾਨਕ ਬੇਨਤੀ ਕਰਦਾ ਹੈ- ਹੇ ਪ੍ਰੀਤਮ! (ਮੇਰੀ ਬੇਨਤੀ) ਸੁਣ (ਮਿਹਰ ਕਰ) ਮੈਂ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਮਨ ਨੂੰ (ਆਤਮਕ ਜੀਵਨ ਦੀ) ਸੂਝ ਦੇਂਦਾ ਰਹਾਂ ॥੫॥੬॥


ਤੁਖਾਰੀ ਛੰਤ ਮਹਲਾ ੪ ॥

ਰਾਗ ਤੁਖਾਰੀ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ‘ਛੰਤ’।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਅੰਤਰਿ ਪਿਰੀ ਪਿਆਰੁ ਕਿਉ ਪਿਰ ਬਿਨੁ ਜੀਵੀਐ ਰਾਮ ॥

(ਹੇ ਸਖੀਏ!) ਮੇਰੇ ਹਿਰਦੇ ਵਿਚ ਪ੍ਰਭੂ-ਪਤੀ ਦਾ ਪਿਆਰ ਵੱਸ ਰਿਹਾ ਹੈ। ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਆਤਮਕ ਜੀਵਨ (ਕਦੇ) ਨਹੀਂ ਮਿਲ ਸਕਦਾ।

ਜਬ ਲਗੁ ਦਰਸੁ ਨ ਹੋਇ ਕਿਉ ਅੰਮ੍ਰਿਤੁ ਪੀਵੀਐ ਰਾਮ ॥

(ਹੇ ਸਖੀ!) ਜਦੋਂ ਤਕ ਪ੍ਰਭੂ-ਪਤੀ ਦਾ ਦਰਸ਼ਨ ਨਹੀਂ ਹੁੰਦਾ, (ਤਦ ਤਕ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਤਾ ਨਹੀਂ ਜਾ ਸਕਦਾ।

ਕਿਉ ਅੰਮ੍ਰਿਤੁ ਪੀਵੀਐ ਹਰਿ ਬਿਨੁ ਜੀਵੀਐ ਤਿਸੁ ਬਿਨੁ ਰਹਨੁ ਨ ਜਾਏ ॥

(ਹੇ ਸਖੀ! ਪ੍ਰਭੂ-ਪਤੀ ਦੇ ਦਰਸਨ ਤੋਂ ਬਿਨਾ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਕਦੇ ਭੀ) ਪੀਤਾ ਨਹੀਂ ਜਾ ਸਕਦਾ, ਪ੍ਰਭੂ-ਪਤੀ ਦੀ ਯਾਦ ਤੋਂ ਬਿਨਾ ਆਤਮਕ ਜੀਵਨ ਨਹੀਂ ਮਿਲ ਸਕਦਾ, ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਆਤਮਕ ਸ਼ਾਂਤੀ ਨਹੀਂ ਮਿਲ ਸਕਦੀ।

ਅਨਦਿਨੁ ਪ੍ਰਿਉ ਪ੍ਰਿਉ ਕਰੇ ਦਿਨੁ ਰਾਤੀ ਪਿਰ ਬਿਨੁ ਪਿਆਸ ਨ ਜਾਏ ॥

(ਹੇ ਸਖੀ! ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ-ਪਤੀ ਦਾ ਪਿਆਰ ਵੱਸਦਾ ਹੈ, ਉਹ) ਹਰ ਵੇਲੇ ਦਿਨ ਰਾਤ ਪ੍ਰਭੂ-ਪਤੀ ਨੂੰ ਮੁੜ ਮੁੜ ਯਾਦ ਕਰਦੀ ਰਹਿੰਦੀ ਹੈ। (ਹੇ ਸਖੀ!) ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ (ਮਾਇਆ ਦੀ) ਤ੍ਰਿਸ਼ਨਾ ਦੂਰ ਨਹੀਂ ਹੁੰਦੀ (ਜਿਵੇਂ ਸ੍ਵਾਂਤੀ ਨਛੱਤ੍ਰ ਦੀ ਵਰਖਾ-ਬੂੰਦ ਤੋਂ ਬਿਨਾ ਪਪੀਹੇ ਦੀ ਪਿਆਸ ਨਹੀਂ ਮਿਟਦੀ)।

ਅਪਣੀ ਕ੍ਰਿਪਾ ਕਰਹੁ ਹਰਿ ਪਿਆਰੇ ਹਰਿ ਹਰਿ ਨਾਮੁ ਸਦ ਸਾਰਿਆ ॥

ਹੇ ਪਿਆਰੇ ਹਰੀ! (ਜਿਸ ਜੀਵ ਉੱਤੇ) ਤੂੰ ਆਪਣੀ ਮਿਹਰ ਕਰਦਾ ਹੈਂ, ਉਹ ਹਰ ਵੇਲੇ ਹਰਿ-ਨਾਮ ਨੂੰ (ਆਪਣੇ ਹਿਰਦੇ ਵਿਚ) ਵਸਾਈ ਰੱਖਦਾ ਹੈ।

ਗੁਰ ਕੈ ਸਬਦਿ ਮਿਲਿਆ ਮੈ ਪ੍ਰੀਤਮੁ ਹਉ ਸਤਿਗੁਰ ਵਿਟਹੁ ਵਾਰਿਆ ॥੧॥

ਮੈਂ (ਆਪਣੇ) ਗੁਰੂ ਤੋਂ ਸਦਾ ਸਦਕੇ ਹਾਂ, (ਕਿਉਂਕਿ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੈਨੂੰ (ਭੀ) ਪ੍ਰਭੂ-ਪ੍ਰੀਤਮ ਮਿਲ ਪਿਆ ਹੈ ॥੧॥

ਜਬ ਦੇਖਾਂ ਪਿਰੁ ਪਿਆਰਾ ਹਰਿ ਗੁਣ ਰਸਿ ਰਵਾ ਰਾਮ ॥

ਹੇ ਸਖੀ! ਜਦੋਂ ਮੈਂ ਪਿਆਰੇ ਪ੍ਰਭੂ-ਪਤੀ ਦਾ ਦਰਸਨ ਕਰਦੀ ਹਾਂ, ਤਦੋਂ ਮੈਂ ਬੜੇ ਸੁਆਦ ਨਾਲ ਉਸ ਹਰੀ ਦੇ ਗੁਣ ਯਾਦ ਕਰਦੀ ਹਾਂ,

ਮੇਰੈ ਅੰਤਰਿ ਹੋਇ ਵਿਗਾਸੁ ਪ੍ਰਿਉ ਪ੍ਰਿਉ ਸਚੁ ਨਿਤ ਚਵਾ ਰਾਮ ॥

ਮੇਰੇ ਹਿਰਦੇ ਵਿਚ ਖਿੜਾਉ ਪੈਦਾ ਹੋ ਜਾਂਦਾ ਹੈ। (ਤਾਹੀਏਂ, ਹੇ ਸਖੀ!) ਉਸ ਸਦਾ ਕਾਇਮ ਰਹਿਣ ਵਾਲੇ ਪਿਆਰੇ ਪ੍ਰਭੂ ਦਾ ਨਾਮ ਮੈਂ ਸਦਾ ਉਚਾਰਦੀ ਰਹਿੰਦੀ ਹਾਂ।

ਪ੍ਰਿਉ ਚਵਾ ਪਿਆਰੇ ਸਬਦਿ ਨਿਸਤਾਰੇ ਬਿਨੁ ਦੇਖੇ ਤ੍ਰਿਪਤਿ ਨ ਆਵਏ ॥

ਹੇ ਸਖੀ! ਮੈਂ ਪਿਆਰੇ ਪ੍ਰੀਤਮ ਦਾ ਨਾਮ (ਸਦਾ) ਉਚਾਰਦੀ ਹਾਂ। ਉਹ ਪ੍ਰੀਤਮ-ਪ੍ਰਭੂ ਗੁਰੂ ਦੇ ਸ਼ਬਦ ਦੀ ਰਾਹੀਂ (ਜੀਵ-ਇਸਤ੍ਰੀ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ। (ਹੇ ਸਖੀ! ਉਸ ਪ੍ਰੀਤਮ ਦਾ) ਦਰਸਨ ਕਰਨ ਤੋਂ ਬਿਨਾ (ਮਾਇਆ ਵਲੋਂ) ਤ੍ਰਿਪਤੀ ਨਹੀਂ ਹੁੰਦੀ।

ਸਬਦਿ ਸੀਗਾਰੁ ਹੋਵੈ ਨਿਤ ਕਾਮਣਿ ਹਰਿ ਹਰਿ ਨਾਮੁ ਧਿਆਵਏ ॥

ਹੇ ਸਖੀ! ਗੁਰੂ ਦੇ ਸ਼ਬਦ ਦੀ ਰਾਹੀਂ ਜਿਸ ਜੀਵ-ਇਸਤ੍ਰੀ ਦਾ (ਆਤਮਕ) ਸਿੰਗਾਰ ਬਣਿਆ ਰਹਿੰਦਾ ਹੈ (ਭਾਵ, ਜਿਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ) ਉਹ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦੀ ਰਹਿੰਦੀ ਹੈ।

ਦਇਆ ਦਾਨੁ ਮੰਗਤ ਜਨ ਦੀਜੈ ਮੈ ਪ੍ਰੀਤਮੁ ਦੇਹੁ ਮਿਲਾਏ ॥

(ਮੈਂ ਗੁਰੂ ਦੇ ਦਰ ਤੇ ਨਿੱਤ ਅਰਦਾਸ ਕਰਦਾ ਹਾਂ-ਹੇ ਗੁਰੂ!) ਦਇਆ ਕਰ, ਮੈਨੂੰ ਆਪਣੇ ਮੰਗਤੇ ਦਾਸ ਨੂੰ ਇਹ ਦਾਨ ਦੇਹ ਕਿ ਮੈਨੂੰ ਪ੍ਰੀਤਮ-ਪ੍ਰਭੂ ਮਿਲਾ ਦੇਹ।

ਅਨਦਿਨੁ ਗੁਰੁ ਗੋਪਾਲੁ ਧਿਆਈ ਹਮ ਸਤਿਗੁਰ ਵਿਟਹੁ ਘੁਮਾਏ ॥੨॥

ਮੈਂ ਹਰ ਵੇਲੇ ਪ੍ਰਭੂ ਦੇ ਰੂਪ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹਾਂ ਅਤੇ ਆਪਣੇ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ॥੨॥

ਹਮ ਪਾਥਰ ਗੁਰੁ ਨਾਵ ਬਿਖੁ ਭਵਜਲੁ ਤਾਰੀਐ ਰਾਮ ॥

ਹੇ ਪ੍ਰਭੂ! ਅਸੀਂ ਜੀਵ (ਪਾਪਾਂ ਨਾਲ ਭਾਰੇ ਹੋ ਚੁਕੇ) ਪੱਥਰ ਹਾਂ, ਗੁਰੂ ਬੇੜੀ ਹੈ। (ਸਾਨੂੰ ਜੀਵਾਂ ਨੂੰ ਗੁਰੂ ਦੀ ਸਰਨ ਪਾ ਕੇ) ਆਤਮਕ ਮੌਤ ਲਿਆਉਣ ਵਾਲੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ।

ਗੁਰ ਦੇਵਹੁ ਸਬਦੁ ਸੁਭਾਇ ਮੈ ਮੂੜ ਨਿਸਤਾਰੀਐ ਰਾਮ ॥

ਹੇ ਪ੍ਰਭੂ! ਆਪਣੇ ਪਿਆਰੇ ਵਿਚ (ਜੋੜ ਕੇ) ਗੁਰੂ ਦਾ ਸ਼ਬਦ ਦੇਹ, ਅਤੇ ਮੈਨੂੰ ਮੂਰਖ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ।

ਹਮ ਮੂੜ ਮੁਗਧ ਕਿਛੁ ਮਿਤਿ ਨਹੀ ਪਾਈ ਤੂ ਅਗੰਮੁ ਵਡ ਜਾਣਿਆ ॥

ਹੇ ਪ੍ਰਭੂ! ਅਸੀਂ ਜੀਵ ਮੂਰਖ ਹਾਂ, ਅਗਿਆਨੀ ਹਾਂ। ਤੂੰ ਕੇਡਾ ਵੱਡਾ ਹੈਂ-ਇਸ ਗੱਲ ਦੀ ਸਮਝ ਸਾਨੂੰ ਨਹੀਂ ਪੈ ਸਕਦੀ। (ਗੁਰੂ ਦੀ ਸਰਨ ਪੈ ਕੇ ਹੁਣ ਇਹ) ਸਮਝਿਆ ਹੈ ਕਿ ਤੂੰ ਅਪਹੁੰਚ ਹੈਂ, ਤੂੰ ਸਭ ਤੋਂ ਵੱਡਾ ਹੈਂ।

ਤੂ ਆਪਿ ਦਇਆਲੁ ਦਇਆ ਕਰਿ ਮੇਲਹਿ ਹਮ ਨਿਰਗੁਣੀ ਨਿਮਾਣਿਆ ॥

ਹੇ ਪ੍ਰਭੂ! ਤੂੰ ਦਇਆ ਦਾ ਘਰ ਹੈਂ। ਸਾਨੂੰ ਗੁਣ-ਹੀਨ ਨਿਮਾਣੇ ਜੀਵਾਂ ਨੂੰ ਤੂੰ ਆਪ ਹੀ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਮਿਲਾਂਦਾ ਹੈਂ।

ਅਨੇਕ ਜਨਮ ਪਾਪ ਕਰਿ ਭਰਮੇ ਹੁਣਿ ਤਉ ਸਰਣਾਗਤਿ ਆਏ ॥

ਹੇ ਪ੍ਰਭੂ ਜੀ! ਪਾਪ ਕਰ ਕਰ ਕੇ ਅਸੀਂ ਅਨੇਕਾਂ ਜਨਮਾਂ ਵਿਚ ਭਟਕਦੇ ਰਹੇ ਹਾਂ, ਹੁਣ (ਤੇਰੀ ਮਿਹਰ ਨਾਲ) ਤੇਰੀ ਸਰਨ ਆਏ ਹਾਂ।

ਦਇਆ ਕਰਹੁ ਰਖਿ ਲੇਵਹੁ ਹਰਿ ਜੀਉ ਹਮ ਲਾਗਹ ਸਤਿਗੁਰ ਪਾਏ ॥੩॥

ਹੇ ਹਰੀ ਜੀਉ! ਮਿਹਰ ਕਰੋ, ਰੱਖਿਆ ਕਰੋ ਕਿ ਅਸੀਂ ਗੁਰੂ ਦੀ ਚਰਨੀਂ ਲੱਗੇ ਰਹੀਏ ॥੩॥

ਗੁਰ ਪਾਰਸ ਹਮ ਲੋਹ ਮਿਲਿ ਕੰਚਨੁ ਹੋਇਆ ਰਾਮ ॥

ਗੁਰੂ ਪਾਸ ਪਾਰਸ ਹੈ ਅਸੀਂ ਜੀਵ ਲੋਹਾ ਹਾਂ, (ਜਿਵੇਂ ਲੋਹਾ ਪਾਰਸ ਨੂੰ) ਮਿਲ ਕੇ ਸੋਨਾ ਹੋ ਜਾਂਦਾ ਹੈ,

ਜੋਤੀ ਜੋਤਿ ਮਿਲਾਇ ਕਾਇਆ ਗੜੁ ਸੋਹਿਆ ਰਾਮ ॥

(ਤਿਵੇਂ ਗੁਰੂ ਦੀ ਰਾਹੀਂ) ਪਰਮਾਤਮਾ ਦੀ ਜੋਤਿ ਵਿਚ (ਆਪਣੀ) ਜਿੰਦ ਮਿਲਾ ਕੇ (ਅਸਾਂ ਜੀਵਾਂ ਦਾ) ਸਰੀਰ-ਕਿਲ੍ਹਾ ਸੁੰਦਰ ਬਣ ਜਾਂਦਾ ਹੈ।

ਕਾਇਆ ਗੜੁ ਸੋਹਿਆ ਮੇਰੈ ਪ੍ਰਭਿ ਮੋਹਿਆ ਕਿਉ ਸਾਸਿ ਗਿਰਾਸਿ ਵਿਸਾਰੀਐ ॥

(ਜਿਸ ਜੀਵ ਨੂੰ) ਮੇਰੇ ਪ੍ਰਭੂ ਨੇ ਆਪਣੇ ਪ੍ਰੇਮ ਵਿਚ ਜੋੜ ਲਿਆ, ਉਸ ਦਾ ਸਰੀਰ-ਕਿਲ੍ਹਾ ਸੋਹਣਾ ਹੋ ਜਾਂਦਾ ਹੈ, ਉਸ ਪ੍ਰਭੂ ਨੂੰ (ਹਰੇਕ) ਸਾਹ ਦੇ ਨਾਲ (ਹਰੇਕ) ਗਿਰਾਹੀ ਦੇ ਨਾਲ (ਯਾਦ ਰੱਖਣਾ ਚਾਹੀਦਾ ਹੈ, ਉਸ ਨੂੰ) ਕਦੇ ਭੀ ਭੁਲਾਣਾ ਨਹੀਂ ਚਾਹੀਦਾ।

ਅਦ੍ਰਿਸਟੁ ਅਗੋਚਰੁ ਪਕੜਿਆ ਗੁਰਸਬਦੀ ਹਉ ਸਤਿਗੁਰ ਕੈ ਬਲਿਹਾਰੀਐ ॥

ਮੈਂ ਉਸ ਅਦ੍ਰਿਸ਼ਟ ਅਗੋਚਰ (ਪਰਮਾਤਮਾ ਦੇ ਚਰਨਾਂ) ਨੂੰ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਪਣੇ ਹਿਰਦੇ ਵਿਚ ਵਸਾ ਲਿਆ ਹੈ। ਮੈਂ ਗੁਰੂ ਤੋਂ ਸਦਕੇ ਹਾਂ।

ਸਤਿਗੁਰ ਆਗੈ ਸੀਸੁ ਭੇਟ ਦੇਉ ਜੇ ਸਤਿਗੁਰ ਸਾਚੇ ਭਾਵੈ ॥

ਜੇ ਸਦਾ-ਥਿਰ ਪ੍ਰਭੂ ਦੇ ਰੂਪ ਗੁਰੂ ਨੂੰ ਚੰਗਾ ਲੱਗੇ, ਤਾਂ ਮੈਂ ਆਪਣਾ ਸਿਰ ਗੁਰੂ ਦੇ ਅੱਗੇ ਭੇਟ ਧਰ ਦਿਆਂ।

ਆਪੇ ਦਇਆ ਕਰਹੁ ਪ੍ਰਭ ਦਾਤੇ ਨਾਨਕ ਅੰਕਿ ਸਮਾਵੈ ॥੪॥੧॥

ਹੇ ਨਾਨਕ! ਹੇ ਦਾਤਾਰ! ਹੇ ਪ੍ਰਭੂ! ਜਿਸ ਮਨੁੱਖ ਉੱਤੇ ਤੂੰ ਆਪ ਹੀ ਮਿਹਰ ਕਰਦਾ ਹੈਂ, ਉਹ ਤੇਰੇ ਚਰਨਾਂ ਵਿਚ ਲੀਨ ਹੋ ਜਾਂਦਾ ਹੈ ॥੪॥੧॥


ਤੁਖਾਰੀ ਮਹਲਾ ੪ ॥
ਹਰਿ ਹਰਿ ਅਗਮ ਅਗਾਧਿ ਅਪਰੰਪਰ ਅਪਰਪਰਾ ॥

ਹੇ ਹਰੀ! ਹੇ ਅਪਹੁੰਚ ਹਰੀ! ਹੇ ਅਥਾਹ ਹਰੀ! ਹੇ ਬੇਅੰਤ ਹਰੀ! ਹੇ ਪਰੇ ਤੋਂ ਪਰੇ ਹਰੀ!

ਜੋ ਤੁਮ ਧਿਆਵਹਿ ਜਗਦੀਸ ਤੇ ਜਨ ਭਉ ਬਿਖਮੁ ਤਰਾ ॥

ਹੇ ਜਗਤ ਦੇ ਮਾਲਕ ਹਰੀ! ਜਿਹੜੇ ਮਨੁੱਖ ਤੇਰਾ ਨਾਮ ਸਿਮਰਦੇ ਹਨ, ਉਹ ਮਨੁੱਖ ਇਸ ਔਖੇ ਤਰੇ ਜਾਣ ਵਾਲੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।

ਬਿਖਮ ਭਉ ਤਿਨ ਤਰਿਆ ਸੁਹੇਲਾ ਜਿਨ ਹਰਿ ਹਰਿ ਨਾਮੁ ਧਿਆਇਆ ॥

ਜਿਨ੍ਹਾਂ ਮਨੁੱਖਾਂ ਨੇ (ਸਦਾ) ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹ ਮਨੁੱਖ ਇਸ ਔਖੇ ਤਰੇ ਜਾਣ ਵਾਲੇ ਸੰਸਾਰ-ਸਮੁੰਦਰ ਤੋਂ ਸੌਖੇ ਹੀ ਪਾਰ ਲੰਘ ਜਾਂਦੇ ਹਨ।

ਗੁਰ ਵਾਕਿ ਸਤਿਗੁਰ ਜੋ ਭਾਇ ਚਲੇ ਤਿਨ ਹਰਿ ਹਰਿ ਆਪਿ ਮਿਲਾਇਆ ॥

ਜਿਹੜੇ ਮਨੁੱਖ ਗੁਰੂ ਸਤਿਗੁਰੂ ਦੀ ਸਿੱਖਿਆ ਉਤੇ ਤੁਰ ਕੇ ਪ੍ਰੇਮ ਦੇ ਆਸਰੇ ਜੀਵਨ ਬਿਤੀਤ ਕਰਦੇ ਰਹੇ, ਉਹਨਾਂ ਨੂੰ ਪਰਮਾਤਮਾ ਨੇ ਆਪ (ਆਪਣੇ ਚਰਨਾਂ ਵਿਚ) ਮਿਲਾ ਲਿਆ।

ਜੋਤੀ ਜੋਤਿ ਮਿਲਿ ਜੋਤਿ ਸਮਾਣੀ ਹਰਿ ਕ੍ਰਿਪਾ ਕਰਿ ਧਰਣੀਧਰਾ ॥

ਹੇ ਧਰਤੀ ਦੇ ਆਸਰੇ ਹਰੀ! ਜਿਨ੍ਹਾਂ ਉੱਤੇ ਤੂੰ ਕਿਰਪਾ ਕੀਤੀ, ਉਹਨਾਂ ਦੀ ਜਿੰਦ ਤੇਰੀ ਜੋਤਿ ਵਿਚ ਮਿਲ ਕੇ ਤੇਰੀ ਜੋਤਿ ਵਿਚ ਹੀ ਲੀਨ ਹੋਈ ਰਹਿੰਦੀ ਹੈ।

ਹਰਿ ਹਰਿ ਅਗਮ ਅਗਾਧਿ ਅਪਰੰਪਰ ਅਪਰਪਰਾ ॥੧॥

ਹੇ ਹਰੀ! ਹੇ ਅਪਹੁੰਚ ਹਰੀ! ਹੇ ਅਥਾਹ ਹਰੀ! ਹੇ ਪਰੇ ਤੋਂ ਪਰੇ ਹਰੀ! ਹੇ ਬੇਅੰਤ ਹਰੀ! (ਇਹ ਸਭ ਤੇਰੀ ਕ੍ਰਿਪਾ ਦੁਆਰਾ ਹੀ ਹੋ ਸਕਦਾ ਹੈ) ॥੧॥

ਤੁਮ ਸੁਆਮੀ ਅਗਮ ਅਥਾਹ ਤੂ ਘਟਿ ਘਟਿ ਪੂਰਿ ਰਹਿਆ ॥

ਹੇ ਅਪਹੁੰਚ ਪ੍ਰਭੂ! ਹੇ ਅਥਾਹ ਪ੍ਰਭੂ! ਤੂੰ (ਸਭ ਦਾ) ਮਾਲਕ ਹੈਂ; ਤੂੰ ਹਰੇਕ ਸਰੀਰ ਵਿਚ ਵਿਆਪਕ ਹੈਂ।

ਤੂ ਅਲਖ ਅਭੇਉ ਅਗੰਮੁ ਗੁਰ ਸਤਿਗੁਰ ਬਚਨਿ ਲਹਿਆ ॥

ਅਦ੍ਰਿਸ਼ਟ ਅਭੇਵ ਅਤੇ ਅਪਹੁੰਚ ਪ੍ਰਭੂ ਗੁਰੂ ਸਤਿਗੁਰੂ ਦੇ ਬਚਨ ਦੀ ਰਾਹੀਂ ਲੱਭ ਪੈਂਦਾ ਹੈ।

ਧਨੁ ਧੰਨੁ ਤੇ ਜਨ ਪੁਰਖ ਪੂਰੇ ਜਿਨ ਗੁਰ ਸੰਤਸੰਗਤਿ ਮਿਲਿ ਗੁਣ ਰਵੇ ॥

ਉਹ ਪੂਰਨ ਪੁਰਖ ਭਾਗਾਂ ਵਾਲੇ ਹਨ ਕਿਸਮਤ ਵਾਲੇ ਹਨ, ਜਿਨ੍ਹਾਂ ਨੇ ਗੁਰੂ-ਸੰਤ ਦੀ ਸੰਗਤ ਵਿਚ ਮਿਲ ਕੇ ਪਰਮਾਤਮਾ ਦੇ ਗੁਣ ਯਾਦ ਕੀਤੇ ਹਨ।

ਬਿਬੇਕ ਬੁਧਿ ਬੀਚਾਰਿ ਗੁਰਮੁਖਿ ਗੁਰ ਸਬਦਿ ਖਿਨੁ ਖਿਨੁ ਹਰਿ ਨਿਤ ਚਵੇ ॥

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਚੰਗੇ ਮੰਦੇ ਕਰਮ ਦੀ ਪਰਖ ਕਰ ਸਕਣ ਵਾਲੀ ਅਕਲ ਦੀ ਰਾਹੀਂ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਮਨ ਵਿਚ ਵਸਾ ਕੇ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪਰਮਾਤਮਾ ਦੇ ਗੁਣਾਂ ਨੂੰ ਸਦਾ ਹਰ ਖਿਨ ਸਿਮਰਦੇ ਰਹਿੰਦੇ ਹਨ।

ਜਾ ਬਹਹਿ ਗੁਰਮੁਖਿ ਹਰਿ ਨਾਮੁ ਬੋਲਹਿ ਜਾ ਖੜੇ ਗੁਰਮੁਖਿ ਹਰਿ ਹਰਿ ਕਹਿਆ ॥

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਜਦੋਂ (ਕਿਤੇ) ਬੈਠਦੇ ਹਨ ਤਾਂ ਪਰਮਾਤਮਾ ਦਾ ਨਾਮ ਉਚਾਰਦੇ ਹਨ, ਜਦੋਂ ਖਲੋਂਦੇ ਹਨ ਤਦੋਂ ਭੀ ਉਹ ਹਰਿ-ਨਾਮ ਹੀ ਉਚਾਰਦੇ ਹਨ (ਭਾਵ, ਗੁਰਮੁਖ ਮਨੁੱਖ ਬੈਠੇ ਖਲੋਤੇ ਹਰ ਵੇਲੇ ਪਰਮਾਤਮਾ ਦਾ ਨਾਮ ਚੇਤੇ ਰੱਖਦੇ ਹਨ)।

ਤੁਮ ਸੁਆਮੀ ਅਗਮ ਅਥਾਹ ਤੂ ਘਟਿ ਘਟਿ ਪੂਰਿ ਰਹਿਆ ॥੨॥

ਹੇ ਅਪਹੁੰਚ ਪ੍ਰਭੂ! ਹੇ ਅਥਾਹ ਪ੍ਰਭੂ! ਤੂੰ (ਸਭ ਜੀਵਾਂ ਦਾ) ਮਾਲਕ ਹੈਂ; ਅਤੇ ਤੂੰ ਹਰੇਕ ਸਰੀਰ ਵਿਚ ਵਿਆਪਕ ਹੈਂ ॥੨॥

ਸੇਵਕ ਜਨ ਸੇਵਹਿ ਤੇ ਪਰਵਾਣੁ ਜਿਨ ਸੇਵਿਆ ਗੁਰਮਤਿ ਹਰੇ ॥

ਪਰਮਾਤਮਾ ਦੇ ਭਗਤ (ਪਰਮਾਤਮਾ ਦੀ) ਸੇਵਾ-ਭਗਤੀ ਕਰਦੇ ਹਨ, ਉਹ (ਪਰਮਾਤਮਾ ਦੀ ਹਜ਼ੂਰੀ ਵਿਚ) ਆਦਰ-ਸਤਕਾਰ ਹਾਸਲ ਕਰਦੇ ਹਨ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮੱਤ ਉੱਤੇ ਤੁਰ ਕੇ ਪ੍ਰਭੂ ਦੀ ਸੇਵਾ-ਭਗਤੀ ਕੀਤੀ,

ਤਿਨ ਕੇ ਕੋਟਿ ਸਭਿ ਪਾਪ ਖਿਨੁ ਪਰਹਰਿ ਹਰਿ ਦੂਰਿ ਕਰੇ ॥

ਪਰਮਾਤਮਾ ਨੇ ਉਹਨਾਂ ਦੇ ਸਾਰੇ ਕ੍ਰੋੜਾਂ ਹੀ ਪਾਪ ਇਕ ਖਿਨ ਵਿਚ ਹੀ ਦੂਰ ਕਰ ਦਿੱਤੇ।

ਤਿਨ ਕੇ ਪਾਪ ਦੋਖ ਸਭਿ ਬਿਨਸੇ ਜਿਨ ਮਨਿ ਚਿਤਿ ਇਕੁ ਅਰਾਧਿਆ ॥

ਜਿਨ੍ਹਾਂ ਮਨੁੱਖਾਂ ਨੇ ਆਪਣੇ ਮਨ ਵਿਚ ਆਪਣੇ ਚਿੱਤ ਵਿਚ ਇਕ ਪਰਮਾਤਮਾ ਦਾ ਸਿਮਰਨ ਕੀਤਾ, ਉਹਨਾਂ ਦੇ ਸਾਰੇ ਪਾਪ ਉਹਨਾਂ ਦੇ ਸਾਰੇ ਔਗੁਣ ਨਾਸ ਹੋ ਗਏ।

ਤਿਨ ਕਾ ਜਨਮੁ ਸਫਲਿਓ ਸਭੁ ਕੀਆ ਕਰਤੈ ਜਿਨ ਗੁਰ ਬਚਨੀ ਸਚੁ ਭਾਖਿਆ ॥

ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਬਚਨਾਂ ਉਤੇ ਤੁਰ ਕੇ ਸਦਾ-ਥਿਰ ਹਰਿ-ਨਾਮ ਸਿਮਰਿਆ, ਕਰਤਾਰ ਨੇ ਉਹਨਾਂ ਦਾ ਸਾਰਾ ਜਨਮ ਸਫਲ ਕਰ ਦਿੱਤਾ।

ਤੇ ਧੰਨੁ ਜਨ ਵਡ ਪੁਰਖ ਪੂਰੇ ਜੋ ਗੁਰਮਤਿ ਹਰਿ ਜਪਿ ਭਉ ਬਿਖਮੁ ਤਰੇ ॥

ਉਹ ਮਨੁੱਖ ਭਾਗਾਂ ਵਾਲੇ ਹਨ, ਮਹਾ ਪੁਰਖ ਹਨ, ਗੁਣਾਂ ਦੇ ਭਾਂਡੇ ਹਨ, ਜਿਹੜੇ ਗੁਰੂ ਦੀ ਮੱਤ ਉਤੇ ਤੁਰ ਕੇ ਇਸ ਔਖੇ ਤਰੇ ਜਾਣ ਵਾਲੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।

ਸੇਵਕ ਜਨ ਸੇਵਹਿ ਤੇ ਪਰਵਾਣੁ ਜਿਨ ਸੇਵਿਆ ਗੁਰਮਤਿ ਹਰੇ ॥੩॥

ਪਰਮਾਤਮਾ ਦੇ ਭਗਤ (ਪਰਮਾਤਮਾ ਦੀ) ਸੇਵਾ-ਭਗਤੀ ਕਰਦੇ ਹਨ, ਉਹ (ਪਰਮਾਤਮਾ ਦੀ ਹਜ਼ੂਰੀ ਵਿਚ) ਆਦਰ-ਸਤਕਾਰ ਕਰਦੇ ਹਨ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮੱਤ ਉੱਤੇ ਤੁਰ ਕੇ ਪ੍ਰਭੂ ਦੀ ਸੇਵਾ-ਭਗਤੀ ਕੀਤੀ (ਪਰਮਾਤਮਾ ਨੇ ਉਹਨਾਂ ਦੇ ਸਾਰੇ ਪਾਪ ਇਕ ਖਿਨ ਵਿਚ ਹੀ ਦੂਰ ਕਰ ਦਿੱਤੇ) ॥੩॥

ਤੂ ਅੰਤਰਜਾਮੀ ਹਰਿ ਆਪਿ ਜਿਉ ਤੂ ਚਲਾਵਹਿ ਪਿਆਰੇ ਹਉ ਤਿਵੈ ਚਲਾ ॥

ਹੇ ਹਰੀ! ਤੂੰ ਆਪ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ। ਹੇ ਪਿਆਰੇ! ਜਿਵੇਂ ਤੂੰ (ਅਸਾਂ ਜੀਵਾਂ ਨੂੰ) ਜੀਵਨ-ਰਾਹ ਉਤੇ ਤੁਰਦਾ ਹੈਂ, ਮੈਂ ਉਸੇ ਤਰ੍ਹਾਂ ਹੀ ਤੁਰਦਾ ਹਾਂ।

ਹਮਰੈ ਹਾਥਿ ਕਿਛੁ ਨਾਹਿ ਜਾ ਤੂ ਮੇਲਹਿ ਤਾ ਹਉ ਆਇ ਮਿਲਾ ॥

ਹੇ ਹਰੀ! ਅਸਾਂ ਜੀਵਾਂ ਦੇ ਵੱਸ ਵਿਚ ਕੁਝ ਨਹੀਂ। ਜਦੋਂ ਤੂੰ (ਮੈਨੂੰ ਆਪਣੇ ਚਰਨਾਂ ਵਿਚ) ਮਿਲਾਂਦਾ ਹੈਂ, ਤਦੋਂ (ਹੀ) ਮੈਂ ਆ ਕੇ ਮਿਲਦਾ ਹਾਂ।

ਜਿਨ ਕਉ ਤੂ ਹਰਿ ਮੇਲਹਿ ਸੁਆਮੀ ਸਭੁ ਤਿਨ ਕਾ ਲੇਖਾ ਛੁਟਕਿ ਗਇਆ ॥

ਹੇ ਹਰੀ! ਹੇ ਸੁਆਮੀ! ਜਿਨ੍ਹਾਂ ਨੂੰ ਤੂੰ (ਆਪਣੇ ਚਰਨਾਂ ਵਿਚ) ਜੋੜਦਾ ਹੈਂ, ਉਹਨਾਂ ਦੇ (ਪਿਛਲੇ ਕੀਤੇ ਕਰਮਾਂ ਦਾ) ਸਾਰਾ ਲੇਖ ਮੁੱਕ ਜਾਂਦਾ ਹੈ। (ਉਹਨਾਂ ਦੇ ਅੰਦਰੋਂ ਪਿਛਲੇ ਕੀਤੇ ਸਾਰੇ ਮੰਦ ਕਰਮਾਂ ਦੇ ਸੰਸਕਾਰ ਮਿਟ ਜਾਂਦੇ ਹਨ)।

ਤਿਨ ਕੀ ਗਣਤ ਨ ਕਰਿਅਹੁ ਕੋ ਭਾਈ ਜੋ ਗੁਰ ਬਚਨੀ ਹਰਿ ਮੇਲਿ ਲਇਆ ॥

ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਗੁਰੂ ਦੇ ਬਚਨਾਂ ਉਤੇ ਤੋਰ ਕੇ (ਆਪਣੇ ਨਾਲ) ਮਿਲਾਂਦਾ ਹੈ, ਕੋਈ ਭੀ ਧਿਰ ਉਹਨਾਂ ਦੇ (ਪਿਛਲੇ ਕਰਮਾਂ ਦੀ) ਵਿਚਾਰ ਨਾਹ ਕਰਿਓ (ਕਿਉਂਕਿ ਉਹਨਾਂ ਦੇ ਅੰਦਰੋਂ ਤਾਂ ਉਹ ਸਾਰੇ ਸੰਸਕਾਰ ਮਿਟ ਜਾਂਦੇ ਹਨ)।

ਨਾਨਕ ਦਇਆਲੁ ਹੋਆ ਤਿਨ ਊਪਰਿ ਜਿਨ ਗੁਰ ਕਾ ਭਾਣਾ ਮੰਨਿਆ ਭਲਾ ॥

ਹੇ ਨਾਨਕ! ਜਿਹੜੇ ਮਨੁੱਖ ਗੁਰੂ ਦੀ ਰਜ਼ਾ ਨੂੰ ਮਿੱਠੀ ਕਰਕੇ ਮੰਨਦੇ ਹਨ, ਪਰਮਾਤਮਾ ਉਹਨਾਂ ਉੱਤੇ ਆਪ ਦਇਆਵਾਨ ਹੁੰਦਾ ਹੈ।

ਤੂ ਅੰਤਰਜਾਮੀ ਹਰਿ ਆਪਿ ਜਿਉ ਤੂ ਚਲਾਵਹਿ ਪਿਆਰੇ ਹਉ ਤਿਵੈ ਚਲਾ ॥੪॥੨॥

ਹੇ ਹਰੀ! ਤੂੰ ਆਪ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ। ਹੇ ਪਿਆਰੇ! ਜਿਵੇਂ ਤੂੰ (ਅਸਾਂ ਜੀਵਾਂ ਨੂੰ) ਜੀਵਨ-ਰਾਹ ਉਤੇ ਤੋਰਦਾ ਹੈਂ, ਮੈਂ ਉਸੇ ਤਰ੍ਹਾਂ ਹੀ ਤੁਰਦਾ ਹਾਂ ॥੪॥੨॥


ਤੁਖਾਰੀ ਮਹਲਾ ੪ ॥

ਤੂ ਜਗਜੀਵਨੁ ਜਗਦੀਸੁ ਸਭ ਕਰਤਾ ਸ੍ਰਿਸਟਿ ਨਾਥੁ ॥
ਹੇ ਪ੍ਰਭੂ! ਤੂੰ ਜਗਤ ਦੇ ਜੀਵਾਂ ਨੂੰ ਜ਼ਿੰਦਗੀ ਦੇਣ ਵਾਲਾ ਹੈਂ, ਤੂੰ ਜਗਤ ਦਾ ਮਾਲਕ ਹੈਂ, ਤੂੰ ਸਾਰੀ (ਸ੍ਰਿਸ਼ਟੀ) ਦਾ ਪੈਦਾ ਕਰਨ ਵਾਲਾ ਹੈਂ, ਤੂੰ ਸ੍ਰਿਸ਼ਟੀ ਦਾ ਖਸਮ ਹੈਂ।

ਤਿਨ ਤੂ ਧਿਆਇਆ ਮੇਰਾ ਰਾਮੁ ਜਿਨ ਕੈ ਧੁਰਿ ਲੇਖੁ ਮਾਥੁ ॥

ਹੇ ਪ੍ਰਭੂ! ਧੁਰ ਦਰਗਾਹ ਤੋਂ ਜਿਨ੍ਹਾਂ ਦੇ ਭਾਗਾਂ ਵਿਚ (ਹਰਿ-ਸਿਮਰਨ ਦੇ ਸੰਸਕਾਰਾਂ ਦਾ) ਲੇਖ ਲਿਖਿਆ ਹੋਇਆ ਹੈ, ਜਿਨ੍ਹਾਂ ਦਾ ਮੱਥਾ ਭਾਗਾਂ ਵਾਲਾ ਹੈ, ਉਹਨਾਂ ਨੇ ਤੈਨੂੰ ਸਿਮਰਿਆ ਹੈ।

ਜਿਨ ਕਉ ਧੁਰਿ ਹਰਿ ਲਿਖਿਆ ਸੁਆਮੀ ਤਿਨ ਹਰਿ ਹਰਿ ਨਾਮੁ ਅਰਾਧਿਆ ॥

ਉਹਨਾਂ ਨੇ ਮੇਰੇ ਰਾਮ ਨੂੰ ਸਿਮਰਿਆ ਹੈ, ਮਾਲਕ-ਹਰੀ ਨੇ ਜਿਨ੍ਹਾਂ ਦੇ ਭਾਗਾਂ ਵਿਚੋਂ ਧੁਰੋਂ ਸਿਮਰਨ ਦਾ ਲੇਖ ਲਿਖ ਦਿੱਤਾ ਹੈ, ਉਹ (ਸਦਾ) ਹਰਿ-ਨਾਮ ਦਾ ਸਿਮਰਨ ਕਰਦੇ ਹਨ।

ਤਿਨ ਕੇ ਪਾਪ ਇਕ ਨਿਮਖ ਸਭਿ ਲਾਥੇ ਜਿਨ ਗੁਰ ਬਚਨੀ ਹਰਿ ਜਾਪਿਆ ॥

ਜਿਨ੍ਹਾਂ ਨੇ ਗੁਰੂ ਦੇ ਬਚਨਾਂ ਉਤੇ ਤੁਰ ਕੇ ਪਰਮਾਤਮਾ ਦਾ ਨਾਮ ਜਪਿਆ ਹੈ, ਉਹਨਾਂ ਦੇ ਸਾਰੇ ਪਾਪ ਅੱਖ ਝਮਕਣ ਜਿਤਨੇ ਸਮੇ ਵਿਚ ਹੀ ਦੂਰ ਹੋ ਜਾਂਦੇ ਹਨ।

ਧਨੁ ਧੰਨੁ ਤੇ ਜਨ ਜਿਨ ਹਰਿ ਨਾਮੁ ਜਪਿਆ ਤਿਨ ਦੇਖੇ ਹਉ ਭਇਆ ਸਨਾਥੁ ॥

ਉਹ ਮਨੁੱਖ ਭਾਗਾਂ ਵਾਲੇ ਹਨ, ਮੁਬਾਰਿਕ ਹਨ, ਜਿਹੜੇ ਪਰਮਾਤਮਾ ਦਾ ਨਾਮ ਜਪਦੇ ਹਨ। ਉਹਨਾਂ ਦਾ ਦਰਸਨ ਕਰ ਕੇ ਮੈਂ (ਭੀ) ਖਸਮ ਵਾਲਾ (ਅਖਵਾਣ ਜੋਗਾ) ਹੋ ਗਿਆ ਹਾਂ (ਕਿਉਂਕਿ ਮੈਂ ਭੀ ਖਸਮ-ਪ੍ਰਭੂ ਦਾ ਨਾਮ ਜਪਣ ਲੱਗ ਪਿਆ ਹਾਂ)।

ਤੂ ਜਗਜੀਵਨੁ ਜਗਦੀਸੁ ਸਭ ਕਰਤਾ ਸ੍ਰਿਸਟਿ ਨਾਥੁ ॥੧॥

ਹੇ ਪ੍ਰਭੂ! ਤੂੰ ਜਗਤ ਦੇ ਜੀਵਾਂ ਨੂੰ ਜ਼ਿੰਦਗੀ ਦੇਣ ਵਾਲਾ ਹੈਂ, ਤੂੰ ਜਗਤ ਦਾ ਮਾਲਕ ਹੈਂ, ਤੂੰ ਸਾਰੀ (ਸ੍ਰਿਸ਼ਟੀ) ਦਾ ਪੈਦਾ ਕਰਨ ਵਾਲਾ ਹੈਂ, ਤੂੰ ਸ੍ਰਿਸ਼ਟੀ ਦਾ ਖਸਮ ਹੈਂ ॥੧॥

ਤੂ ਜਲਿ ਥਲਿ ਮਹੀਅਲਿ ਭਰਪੂਰਿ ਸਭ ਊਪਰਿ ਸਾਚੁ ਧਣੀ ॥

ਹੇ ਪ੍ਰਭੂ! ਤੂੰ ਜਲ ਵਿਚ ਧਰਤੀ ਵਿਚ ਆਕਾਸ਼ ਵਿਚ (ਹਰ ਥਾਂ) ਵਿਆਪਕ ਹੈਂ, ਤੂੰ ਸਭ ਜੀਵਾਂ ਦੇ ਸਿਰ ਉੱਤੇ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ।

ਜਿਨ ਜਪਿਆ ਹਰਿ ਮਨਿ ਚੀਤਿ ਹਰਿ ਜਪਿ ਜਪਿ ਮੁਕਤੁ ਘਣੀ ॥

ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਆਪਣੇ ਮਨ ਵਿਚ ਆਪਣੇ ਚਿੱਤ ਵਿਚ ਪਰਮਾਤਮਾ ਦਾ ਨਾਮ (ਸਦਾ) ਜਪਿਆ (ਉਹ ਵਿਕਾਰਾਂ ਤੋਂ ਬਚ ਗਏ)।

ਜਿਨ ਜਪਿਆ ਹਰਿ ਤੇ ਮੁਕਤ ਪ੍ਰਾਣੀ ਤਿਨ ਕੇ ਊਜਲ ਮੁਖ ਹਰਿ ਦੁਆਰਿ ॥

ਹੇ ਭਾਈ! ਪ੍ਰਭੂ ਦਾ ਨਾਮ ਮੁੜ ਮੁੜ ਜਪ ਕੇ ਬੇਅੰਤ ਲੁਕਾਈ ਮੁਕਤ ਹੋ ਜਾਂਦੀ ਹੈ। ਜਿਹੜੇ ਪ੍ਰਾਣੀ ਪਰਮਾਤਮਾ ਦਾ ਨਾਮ ਜਪਦੇ ਹਨ, ਉਹ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ, ਪਰਮਾਤਮਾ ਦੇ ਦਰ ਤੇ ਉਹਨਾਂ ਦੇ ਮੂੰਹ ਉਜਲੇ ਹੁੰਦੇ ਹਨ (ਪ੍ਰਭੂ-ਦਰ ਤੇ ਉਹ ਆਦਰ-ਸਤਕਾਰ ਪ੍ਰਾਪਤ ਕਰਦੇ ਹਨ)।

ਓਇ ਹਲਤਿ ਪਲਤਿ ਜਨ ਭਏ ਸੁਹੇਲੇ ਹਰਿ ਰਾਖਿ ਲੀਏ ਰਖਨਹਾਰਿ ॥

ਉਹ ਬੰਦੇ ਇਸ ਲੋਕ ਵਿਚ ਤੇ ਪਰਲੋਕ ਵਿਚ ਸੁਖੀ ਜੀਵਨ ਵਾਲੇ ਹੋ ਜਾਂਦੇ ਹਨ। ਬਚਾਣ ਦੀ ਸਮਰਥਾ ਵਾਲੇ ਪਰਮਾਤਮਾ ਨੇ ਉਹਨਾਂ ਨੂੰ ਆਪ (ਵਿਕਾਰਾਂ ਤੋਂ) ਬਚਾ ਲਿਆ ਹੁੰਦਾ ਹੈ।

ਹਰਿ ਸੰਤਸੰਗਤਿ ਜਨ ਸੁਣਹੁ ਭਾਈ ਗੁਰਮੁਖਿ ਹਰਿ ਸੇਵਾ ਸਫਲ ਬਣੀ ॥

ਹੇ ਹਰੀ ਦੇ ਸੰਤ ਜਨੋਂ! ਹੇ ਸਾਧ ਸੰਗਤ! ਸੁਣੋ-ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ ਦੀ ਕੀਤੀ ਹੋਈ ਸੇਵਾ-ਭਗਤੀ ਕਾਮਯਾਬ ਹੁੰਦੀ ਹੈ।

ਤੂ ਜਲਿ ਥਲਿ ਮਹੀਅਲਿ ਭਰਪੂਰਿ ਸਭ ਊਪਰਿ ਸਾਚੁ ਧਣੀ ॥੨॥

ਹੇ ਪ੍ਰਭੂ! ਤੂੰ ਜਲ ਵਿਚ ਧਰਤੀ ਵਿਚ ਆਕਾਸ਼ ਵਿਚ (ਹਰ ਥਾਂ) ਵਿਆਪਕ ਹੈਂ, ਤੂੰ ਸਭ ਜੀਵਾਂ ਦੇ ਸਿਰ ਉਤੇ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ ॥੨॥

ਤੂ ਥਾਨ ਥਨੰਤਰਿ ਹਰਿ ਏਕੁ ਹਰਿ ਏਕੋ ਏਕੁ ਰਵਿਆ ॥

ਹੇ ਹਰੀ! ਹਰੇਕ ਥਾਂ ਵਿਚ ਇਕ ਤੂੰ ਹੀ ਤੂੰ ਮੌਜੂਦ ਹੈਂ।

ਵਣਿ ਤ੍ਰਿਣਿ ਤ੍ਰਿਭਵਣਿ ਸਭ ਸ੍ਰਿਸਟਿ ਮੁਖਿ ਹਰਿ ਹਰਿ ਨਾਮੁ ਚਵਿਆ ॥

ਹੇ ਪ੍ਰਭੂ! ਜੰਗਲ ਵਿਚ, ਘਾਹ ਦੇ ਤੀਲੇ ਵਿਚ, ਤ੍ਰਿਭਵਣੀ-ਜਗਤ ਵਿਚ-ਹਰ ਥਾਂ ਤੂੰ ਹੀ ਤੂੰ ਵੱਸ ਰਿਹਾ ਹੈਂ। ਸਾਰੀ ਸ੍ਰਿਸ਼ਟੀ (ਭਾਵ, ਸਾਰੀ ਸ੍ਰਿਸ਼ਟੀ ਦੇ ਜੀਵ) ਆਪਣੇ ਮੂੰਹ ਨਾਲ ਹਰਿ-ਨਾਮ ਹੀ ਉਚਾਰ ਰਹੀ ਹੈ।

ਸਭਿ ਚਵਹਿ ਹਰਿ ਹਰਿ ਨਾਮੁ ਕਰਤੇ ਅਸੰਖ ਅਗਣਤ ਹਰਿ ਧਿਆਵਏ ॥

ਅਸੰਖਾਂ ਜੀਵ ਅਣਗਿਣਤ ਜੀਵ ਸਾਰੇ ਹੀ ਕਰਤਾਰ ਦਾ ਨਾਮ ਸਦਾ ਉਚਾਰ ਰਹੇ ਹਨ। (ਸਾਰੀ ਸ੍ਰਿਸ਼ਟੀ) ਹਰੀ ਦਾ ਨਾਮ ਸਿਮਰ ਰਹੀ ਹੈ।

ਸੋ ਧੰਨੁ ਧਨੁ ਹਰਿ ਸੰਤੁ ਸਾਧੂ ਜੋ ਹਰਿ ਪ੍ਰਭ ਕਰਤੇ ਭਾਵਏ ॥

ਹਰੀ ਦਾ ਉਹ ਸੰਤ ਹਰੀ ਦਾ ਉਹ ਸਾਧੂ ਧੰਨ ਹੈ ਧੰਨ ਹੈ, ਜਿਹੜਾ ਹਰਿ-ਪ੍ਰਭੂ ਨੂੰ ਜਿਹੜਾ ਕਰਤਾਰ ਨੂੰ ਪਿਆਰਾ ਲੱਗਦਾ ਹੈ।

ਸੋ ਸਫਲੁ ਦਰਸਨੁ ਦੇਹੁ ਕਰਤੇ ਜਿਸੁ ਹਰਿ ਹਿਰਦੈ ਨਾਮੁ ਸਦ ਚਵਿਆ ॥

ਹੇ ਕਰਤਾਰ! ਜਿਸ ਦੇ ਹਿਰਦੇ ਵਿਚ (ਤੂੰ ਵੱਸਦਾ ਹੈਂ), ਜੋ ਸਦਾ (ਤੇਰਾ) ਨਾਮ ਉਚਾਰਦਾ ਹੈ, ਉਹ ਮਨੁੱਖ ਕਾਮਯਾਬ (ਜੀਵਨ ਵਾਲਾ) ਹੈ, (ਮੈਨੂੰ ਉਸ ਦਾ) ਦਰਸਨ ਬਖ਼ਸ਼।

ਤੂ ਥਾਨ ਥਨੰਤਰਿ ਹਰਿ ਏਕੁ ਹਰਿ ਏਕੋ ਏਕੁ ਰਵਿਆ ॥੩॥

ਹੇ ਹਰੀ! ਹਰੇਕ ਥਾਂ ਵਿਚ ਇਕ ਤੂੰ ਹੀ ਤੂੰ ਮੌਜੂਦ ਹੈਂ ॥੩॥

ਤੇਰੀ ਭਗਤਿ ਭੰਡਾਰ ਅਸੰਖ ਜਿਸੁ ਤੂ ਦੇਵਹਿ ਮੇਰੇ ਸੁਆਮੀ ਤਿਸੁ ਮਿਲਹਿ ॥

ਹੇ ਮੇਰੇ ਸੁਆਮੀ! (ਤੇਰੇ ਘਰ ਵਿਚ) ਤੇਰੀ ਭਗਤੀ ਦੇ ਬੇਅੰਤ ਖ਼ਜ਼ਾਨੇ ਭਰੇ ਪਏ ਹਨ, (ਪਰ ਇਹ ਖ਼ਜ਼ਾਨੇ) ਉਸ (ਮਨੁੱਖ) ਨੂੰ ਮਿਲਦੇ ਹਨ ਜਿਸ ਨੂੰ ਤੂੰ (ਆਪ) ਦੇਂਦਾ ਹੈਂ।

ਜਿਸ ਕੈ ਮਸਤਕਿ ਗੁਰ ਹਾਥੁ ਤਿਸੁ ਹਿਰਦੈ ਹਰਿ ਗੁਣ ਟਿਕਹਿ ॥

ਜਿਸ (ਮਨੁੱਖ) ਦੇ ਮੱਥੇ ਉਤੇ ਗੁਰੂ ਦਾ ਹੱਥ ਹੋਵੇ, ਉਸ ਦੇ ਹਿਰਦੇ ਵਿਚ ਪਰਮਾਤਮਾ ਦੇ ਗੁਣ ਟਿਕੇ ਰਹਿੰਦੇ ਹਨ।

ਹਰਿ ਗੁਣ ਹਿਰਦੈ ਟਿਕਹਿ ਤਿਸ ਕੈ ਜਿਸੁ ਅੰਤਰਿ ਭਉ ਭਾਵਨੀ ਹੋਈ ॥

ਜਿਸ (ਮਨੁੱਖ) ਦੇ ਅੰਦਰ (ਪਰਮਾਤਮਾ ਦਾ) ਡਰ ਅਦਬ ਹੈ (ਪਰਮਾਤਮਾ ਵਾਸਤੇ) ਸਰਧਾ-ਪਿਆਰ ਹੈ, ਉਸ ਦੇ ਹਿਰਦੇ ਵਿਚ ਪਰਮਾਤਮਾ ਦੇ ਗੁਣ ਟਿਕੇ ਰਹਿੰਦੇ ਹਨ।

ਬਿਨੁ ਭੈ ਕਿਨੈ ਨ ਪ੍ਰੇਮੁ ਪਾਇਆ ਬਿਨੁ ਭੈ ਪਾਰਿ ਨ ਉਤਰਿਆ ਕੋਈ ॥

ਪਰਮਾਤਮਾ ਦੇ ਡਰ-ਅਦਬ ਤੋਂ ਬਿਨਾ ਕਿਸੇ ਭੀ ਮਨੁੱਖ ਨੇ (ਪਰਮਾਤਮਾ ਦਾ) ਪ੍ਰੇਮ ਪ੍ਰਾਪਤ ਨਹੀਂ ਕੀਤਾ। ਕੋਈ ਭੀ ਮਨੁੱਖ (ਪਰਮਾਤਮਾ ਦੇ) ਡਰ-ਅਦਬ ਤੋਂ ਬਿਨਾ (ਇਸ ਸੰਸਾਰ-ਸਮੁੰਦਰ ਤੋਂ) ਪਾਰ ਨਹੀਂ ਲੰਘ ਸਕਿਆ (ਕੋਈ ਭੀ ਵਿਕਾਰਾਂ ਤੋਂ ਬਚ ਨਹੀਂ ਸਕਿਆ)।

ਭਉ ਭਾਉ ਪ੍ਰੀਤਿ ਨਾਨਕ ਤਿਸਹਿ ਲਾਗੈ ਜਿਸੁ ਤੂ ਆਪਣੀ ਕਿਰਪਾ ਕਰਹਿ ॥

ਹੇ ਨਾਨਕ! ਉਸੇ ਮਨੁੱਖ ਦੇ ਹਿਰਦੇ ਵਿਚ ਤੇਰਾ ਡਰ-ਅਦਬ ਤੇਰਾ ਪ੍ਰੇਮ-ਪਿਆਰ ਪੈਦਾ ਹੁੰਦਾ ਹੈ ਜਿਸ ਉੱਤੇ ਆਪਣੀ ਮਿਹਰ ਕਰਦਾ ਹੈਂ।

ਤੇਰੀ ਭਗਤਿ ਭੰਡਾਰ ਅਸੰਖ ਜਿਸੁ ਤੂ ਦੇਵਹਿ ਮੇਰੇ ਸੁਆਮੀ ਤਿਸੁ ਮਿਲਹਿ ॥੪॥੩॥

ਹੇ ਮੇਰੇ ਸੁਆਮੀ! (ਤੇਰੇ ਘਰ ਵਿਚ) ਤੇਰੇ ਭਗਤੀ ਦੇ ਬੇਅੰਤ ਖ਼ਜ਼ਾਨੇ ਭਰੇ ਪਏ ਹਨ, (ਪਰ ਇਹ ਖ਼ਜ਼ਾਨੇ) ਉਸ (ਮਨੁੱਖ) ਨੂੰ ਮਿਲਦੇ ਹਨ ਜਿਸ ਨੂੰ ਤੂੰ (ਆਪ) ਦੇਂਦਾ ਹੈਂ ॥੪॥੩॥


ਤੁਖਾਰੀ ਮਹਲਾ ੪ ॥
ਨਾਵਣੁ ਪੁਰਬੁ ਅਭੀਚੁ ਗੁਰ ਸਤਿਗੁਰ ਦਰਸੁ ਭਇਆ ॥

(ਜਿਸ ਮਨੁੱਖ ਨੂੰ) ਗੁਰੂ ਦਾ ਸਤਿਗੁਰੂ ਦਾ ਦਰਸ਼ਨ ਹੋ ਗਿਆ, (ਇਹ ਗੁਰ-ਦਰਸ਼ਨ ਉਸ ਮਨੁੱਖ ਵਾਸਤੇ) ਤੀਰਥ-ਇਸ਼ਨਾਨ ਹੈ, (ਉਸ ਮਨੁੱਖ ਵਾਸਤੇ) ਅਭੀਚ (ਨਛੱਤ੍ਰ ਦਾ) ਪਵਿੱਤਰ ਦਿਹਾੜਾ ਹੈ।

ਦੁਰਮਤਿ ਮੈਲੁ ਹਰੀ ਅਗਿਆਨੁ ਅੰਧੇਰੁ ਗਇਆ ॥

(ਗੁਰੂ ਦੇ ਦਰਸਨ ਦੀ ਬਰਕਤਿ ਨਾਲ ਉਸ ਮਨੁੱਖ ਦੀ) ਖੋਟੀ ਮੱਤ ਦੀ ਮੈਲ ਕੱਟੀ ਜਾਂਦੀ ਹੈ, (ਉਸ ਮਨੁੱਖ ਦੇ ਅੰਦਰੋਂ) ਆਤਮਕ ਜੀਵਨ ਵਲੋਂ ਬੇਸਮਝੀ ਵਾਲਾ ਹਨੇਰਾ ਦੂਰ ਹੋ ਜਾਂਦਾ ਹੈ।

ਗੁਰ ਦਰਸੁ ਪਾਇਆ ਅਗਿਆਨੁ ਗਵਾਇਆ ਅੰਤਰਿ ਜੋਤਿ ਪ੍ਰਗਾਸੀ ॥

(ਜਿਸ ਮਨੁੱਖ ਨੇ) ਗੁਰੂ ਦਾ ਦਰਸਨ ਕਰ ਲਿਆ, (ਉਸ ਨੇ ਆਪਣੇ ਅੰਦਰੋਂ) ਅਗਿਆਨ (-ਹਨੇਰਾ) ਦੂਰ ਕਰ ਲਿਆ, ਉਸ ਦੇ ਅੰਦਰ ਪਰਮਾਤਮਾ ਦੀ ਜੋਤਿ ਨੇ ਆਪਣਾ ਪਰਕਾਸ਼ ਕਰ ਦਿੱਤਾ।

ਜਨਮ ਮਰਣ ਦੁਖ ਖਿਨ ਮਹਿ ਬਿਨਸੇ ਹਰਿ ਪਾਇਆ ਪ੍ਰਭੁ ਅਬਿਨਾਸੀ ॥

(ਗੁਰੂ ਦੇ ਦਰਸਨ ਦੀ ਬਰਕਤਿ ਨਾਲ ਉਸ ਮਨੁੱਖ ਨੇ) ਅਬਿਨਾਸ਼ੀ ਪ੍ਰਭੂ (ਦਾ ਮਿਲਾਪ) ਹਾਸਲ ਕਰ ਲਿਆ, ਉਸ ਮਨੁੱਖ ਦੇ ਜਨਮ ਤੋਂ ਮਰਨ ਤਕ ਦੇ ਸਾਰੇ ਦੁੱਖ ਨਾਸ ਹੋ ਗਏ।

ਹਰਿ ਆਪਿ ਕਰਤੈ ਪੁਰਬੁ ਕੀਆ ਸਤਿਗੁਰੂ ਕੁਲਖੇਤਿ ਨਾਵਣਿ ਗਇਆ ॥

ਗੁਰੂ (ਅਮਰਦਾਸ ਅਭੀਚ ਪੁਰਬ ਦੇ) ਤੀਰਥ-ਇਸ਼ਨਾਨ (ਦੇ ਸਮੇ) ਤੇ ਕੁਲਖੇਤ ਤੇ ਗਿਆ, ਹਰੀ ਨੇ ਕਰਤਾਰ ਨੇ ਆਪ (ਗੁਰੂ ਦੇ ਜਾਣ ਦੇ ਇਸ ਉੱਦਮ ਨੂੰ ਉਥੇ ਇਕੱਠੇ ਹੋਏ ਲੋਕਾਂ ਵਾਸਤੇ) ਪਵਿੱਤਰ ਦਿਹਾੜਾ ਬਣਾ ਦਿੱਤਾ।

ਨਾਵਣੁ ਪੁਰਬੁ ਅਭੀਚੁ ਗੁਰ ਸਤਿਗੁਰ ਦਰਸੁ ਭਇਆ ॥੧॥

(ਜਿਸ ਮਨੁੱਖ ਨੂੰ) ਗੁਰੂ ਦਾ ਸਤਿਗੁਰੂ ਦਾ ਦਰਸਨ ਹੋ ਗਿਆ, (ਇਹ ਗੁਰ-ਦਰਸਨ ਉਸ ਮਨੁੱਖ ਵਾਸਤੇ) ਤੀਰਥ-ਇਸ਼ਨਾਨ ਹੈ, (ਉਸ ਮਨੁੱਖ ਵਾਸਤੇ) ਅਭੀਚ (ਨਛੱਤ੍ਰ ਦਾ) ਪਵਿੱਤਰ ਦਿਹਾੜਾ ਹੈ ॥੧॥

ਮਾਰਗਿ ਪੰਥਿ ਚਲੇ ਗੁਰ ਸਤਿਗੁਰ ਸੰਗਿ ਸਿਖਾ ॥

ਅਨੇਕਾਂ ਸਿੱਖ ਗੁਰੂ (ਅਮਰਦਾਸ ਜੀ) ਦੇ ਨਾਲ ਉਸ ਲੰਮੇ ਪੈਂਡੇ ਵਿਚ ਗਏ।

ਅਨਦਿਨੁ ਭਗਤਿ ਬਣੀ ਖਿਨੁ ਖਿਨੁ ਨਿਮਖ ਵਿਖਾ ॥

ਹਰੇਕ ਖਿਨ, ਨਿਮਖ ਨਿਮਖ, ਕਦਮ ਕਦਮ ਤੇ ਹਰ ਰੋਜ਼ ਪਰਮਾਤਮਾ ਦੀ ਭਗਤੀ (ਦਾ ਅਵਸਰ) ਬਣਿਆ ਰਹਿੰਦਾ ਸੀ।

ਹਰਿ ਹਰਿ ਭਗਤਿ ਬਣੀ ਪ੍ਰਭ ਕੇਰੀ ਸਭੁ ਲੋਕੁ ਵੇਖਣਿ ਆਇਆ ॥

(ਉਸ ਸਾਰੇ ਪੈਂਡੇ ਵਿਚ) ਸਦਾ ਪਰਮਾਤਮਾ ਦੀ ਭਗਤੀ ਦਾ ਉੱਦਮ ਬਣਿਆ ਰਹਿੰਦਾ ਸੀ, ਬਹੁਤ ਲੁਕਾਈ (ਗੁਰੂ ਦਾ) ਦਰਸਨ ਕਰਨ ਆਉਂਦੀ ਸੀ।

ਜਿਨ ਦਰਸੁ ਸਤਿਗੁਰ ਗੁਰੂ ਕੀਆ ਤਿਨ ਆਪਿ ਹਰਿ ਮੇਲਾਇਆ ॥

ਜਿਨ੍ਹਾਂ (ਵਡਭਾਗੀ ਮਨੁੱਖਾਂ) ਨੇ ਗੁਰੂ ਦਾ ਦਰਸਨ ਕੀਤਾ, ਪਰਮਾਤਮਾ ਨੇ ਆਪ ਉਹਨਾਂ ਨੂੰ (ਆਪਣੇ ਚਰਨਾਂ ਵਿਚ) ਜੋੜ ਲਿਆ (ਭਾਵ, ਜਿਹੜੇ ਮਨੁੱਖ ਗੁਰੂ ਦਾ ਦਰਸਨ ਕਰਦੇ ਹਨ, ਉਹਨਾਂ ਨੂੰ ਪਰਮਾਤਮਾ ਆਪਣੇ ਨਾਲ ਮਿਲਾ ਲੈਂਦਾ ਹੈ)।

ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ ॥

(ਤੀਰਥਾਂ ਉਤੇ ਇਕੱਠੀ ਹੋਈ) ਸਾਰੀ ਲੁਕਾਈ ਨੂੰ (ਗ਼ਲਤ ਰਸਤੇ ਤੋਂ) ਬਚਾਣ ਲਈ ਸਤਿਗੁਰੂ ਨੇ ਤੀਰਥਾਂ ਉਤੇ ਜਾਣ ਦਾ ਉੱਦਮ ਕੀਤਾ ਸੀ।

ਮਾਰਗਿ ਪੰਥਿ ਚਲੇ ਗੁਰ ਸਤਿਗੁਰ ਸੰਗਿ ਸਿਖਾ ॥੨॥

ਸਤਿਗੁਰੂ ਦੇ ਨਾਲ ਅਨੇਕਾਂ ਸਿੱਖ ਉਸ ਲੰਮੇ ਪੈਂਡੇ ਵਿਚ ਗਏ (ਸਨ) ॥੨॥

ਪ੍ਰਥਮ ਆਏ ਕੁਲਖੇਤਿ ਗੁਰ ਸਤਿਗੁਰ ਪੁਰਬੁ ਹੋਆ ॥

ਗੁਰੂ (ਅਮਰਦਾਸ) ਜੀ ਪਹਿਲਾਂ ਕੁਲਖੇਤ (ਕੁਰੂਖੇਤ੍ਰ) ਤੇ ਪਹੁੰਚੇ। (ਉਥੋਂ ਦੇ ਲੋਕਾਂ ਵਾਸਤੇ ਉਹ ਦਿਨ) ਗੁਰੂ ਸਤਿਗੁਰੂ ਨਾਲ ਸੰਬੰਧ ਰੱਖਣ ਵਾਲਾ ਪਵਿੱਤਰ ਦਿਨ ਬਣ ਗਿਆ।

ਖਬਰਿ ਭਈ ਸੰਸਾਰਿ ਆਏ ਤ੍ਰੈ ਲੋਆ ॥

ਸੰਸਾਰ ਵਿਚ (ਭਾਵ, ਦੂਰ ਦੂਰ ਤਕ) (ਸਤਿਗੁਰੂ ਜੀ ਦੇ ਕੁਲੇਖਤ ਆਉਣ ਦੀ) ਖ਼ਬਰ ਹੋ ਗਈ, ਬੇਅੰਤ ਲੋਕ (ਦਰਸਨ ਕਰਨ ਲਈ) ਆ ਗਏ।

ਦੇਖਣਿ ਆਏ ਤੀਨਿ ਲੋਕ ਸੁਰਿ ਨਰ ਮੁਨਿ ਜਨ ਸਭਿ ਆਇਆ ॥

(ਗੁਰੂ ਅਮਰਦਾਸ ਜੀ ਦਾ) ਦਰਸਨ ਕਰਨ ਲਈ ਬਹੁਤ ਲੋਕ ਆ ਪਹੁੰਚੇ। ਦੈਵੀ ਸੁਭਾਵ ਵਾਲੇ ਮਨੁੱਖ, ਰਿਸ਼ੀ ਸੁਭਾਵ ਵਾਲੇ ਮਨੁੱਖ ਬਹੁਤ ਆ ਇਕੱਠੇ ਹੋਏ।

ਜਿਨ ਪਰਸਿਆ ਗੁਰੁ ਸਤਿਗੁਰੂ ਪੂਰਾ ਤਿਨ ਕੇ ਕਿਲਵਿਖ ਨਾਸ ਗਵਾਇਆ ॥

ਜਿਨ੍ਹਾਂ (ਵਡਭਾਗੀ ਮਨੁੱਖਾਂ) ਨੇ ਪੂਰੇ ਗੁਰੂ ਸਤਿਗੁਰੂ ਦਾ ਦਰਸਨ ਕੀਤਾ, ਉਹਨਾਂ ਦੇ (ਪਿਛਲੇ ਸਾਰੇ) ਪਾਪ ਨਾਸ ਹੋ ਗਏ।

ਜੋਗੀ ਦਿਗੰਬਰ ਸੰਨਿਆਸੀ ਖਟੁ ਦਰਸਨ ਕਰਿ ਗਏ ਗੋਸਟਿ ਢੋਆ ॥

ਜੋਗੀ, ਨਾਂਗੇ, ਸੰਨਿਆਸੀ (ਸਾਰੇ ਹੀ) ਛੇ ਭੇਖਾਂ ਦੇ ਸਾਧੂ (ਦਰਸਨ ਕਰਨ ਆਏ)। ਕਈ ਕਿਸਮ ਦੀ ਪਰਸਪਰ ਸ਼ੁਭ ਵਿਚਾਰ (ਉਹ ਸਾਧੂ ਲੋਕ ਆਪਣੇ ਵੱਲੋਂ ਗੁਰੂ ਦੇ ਦਰ ਤੇ) ਭੇਟਾ ਪੇਸ਼ ਕਰ ਕੇ ਗਏ।

ਪ੍ਰਥਮ ਆਏ ਕੁਲਖੇਤਿ ਗੁਰ ਸਤਿਗੁਰ ਪੁਰਬੁ ਹੋਆ ॥੩॥

ਗੁਰੂ (ਅਮਰਦਾਸ) ਜੀ ਪਹਿਲਾਂ ਕੁਲਖੇਤ (ਕੁਰੂਖੇਤ੍ਰ) ਤੇ ਪਹੁੰਚੇ। (ਉਥੋਂ ਦੇ ਲੋਕਾਂ ਵਾਸਤੇ ਉਹ ਦਿਨ) ਗੁਰੂ ਸਤਿਗੁਰੂ ਨਾਲ ਸੰਬੰਧ ਰੱਖਣ ਵਾਲਾ ਪਵਿੱਤਰ ਦਿਨ ਬਣ ਗਿਆ ॥੩॥

ਦੁਤੀਆ ਜਮੁਨ ਗਏ ਗੁਰਿ ਹਰਿ ਹਰਿ ਜਪਨੁ ਕੀਆ ॥

ਫਿਰ (ਗੁਰੂ ਅਮਰਦਾਸ ਜੀ) ਜਮੁਨਾ ਨਦੀ ਤੇ ਪਹੁੰਚੇ। ਸਤਿਗੁਰੂ ਜੀ ਨੇ (ਉਥੇ ਭੀ) ਪਰਮਾਤਮਾ ਦਾ ਨਾਮ ਹੀ ਜਪਿਆ-ਜਪਾਇਆ।

ਜਾਗਾਤੀ ਮਿਲੇ ਦੇ ਭੇਟ ਗੁਰ ਪਿਛੈ ਲੰਘਾਇ ਦੀਆ ॥

(ਜਾਤ੍ਰੀਆਂ ਪਾਸੋਂ) ਸਰਕਾਰੀ ਮਸੂਲ ਉਗਰਾਹੁਣ ਵਾਲੇ ਭੀ ਭੇਟਾ ਰੱਖ ਕੇ (ਸਤਿਗੁਰੂ ਜੀ ਨੂੰ) ਮਿਲੇ। ਆਪਣੇ ਆਪ ਨੂੰ ਗੁਰੂ ਦਾ ਸਿੱਖ ਆਖਣ ਵਾਲੇ ਸਭਨਾਂ ਨੂੰ (ਉਹਨਾਂ ਮਸੂਲੀਆਂ ਨੇ ਬਿਨਾ ਮਸੂਲ ਲਏ) ਪਾਰ ਲੰਘਾ ਦਿੱਤਾ।

ਸਭ ਛੁਟੀ ਸਤਿਗੁਰੂ ਪਿਛੈ ਜਿਨਿ ਹਰਿ ਹਰਿ ਨਾਮੁ ਧਿਆਇਆ ॥

ਗੁਰੂ ਦੇ ਪਿੱਛੇ ਤੁਰਨ ਵਾਲੀ ਸਾਰੀ ਲੁਕਾਈ ਮਸੂਲ ਭਰਨ ਤੋਂ ਬਚ ਗਈ। (ਇਸੇ ਤਰ੍ਹਾਂ) ਜਿਸ ਜਿਸ ਨੇ ਪਰਮਾਤਮਾ ਦਾ ਨਾਮ ਸਿਮਰਿਆ,

ਗੁਰ ਬਚਨਿ ਮਾਰਗਿ ਜੋ ਪੰਥਿ ਚਾਲੇ ਤਿਨ ਜਮੁ ਜਾਗਾਤੀ ਨੇੜਿ ਨ ਆਇਆ ॥

ਜਿਹੜੇ ਮਨੁੱਖ ਗੁਰੂ ਦੇ ਬਚਨ ਉੱਤੇ ਤੁਰਦੇ ਹਨ, ਗੁਰੂ ਦੇ ਦੱਸੇ ਰਸਤੇ ਉਤੇ ਤੁਰਦੇ ਹਨ, ਜਮਰਾਜ ਮਸੂਲੀਆ (ਵੀ) ਉਹਨਾਂ ਦੇ ਨੇੜੇ ਨਹੀਂ ਆਉਂਦਾ। (ਜਿਹੜੀ) ਲੁਕਾਈ ਗੁਰੂ ਦਾ ਆਸਰਾ ਲੈਂਦੀ ਹੈ, (ਜਮਰਾਜ ਮਸੂਲੀਆ ਉਸ ਦੇ ਨੇੜੇ ਨਹੀਂ ਆਉਂਦਾ)।

ਸਭ ਗੁਰੂ ਗੁਰੂ ਜਗਤੁ ਬੋਲੈ ਗੁਰ ਕੈ ਨਾਇ ਲਇਐ ਸਭਿ ਛੁਟਕਿ ਗਇਆ ॥

ਜੇ ਗੁਰੂ ਦਾ ਨਾਮ ਲਿਆ ਜਾਏ (ਜੇ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਜਪਿਆ ਜਾਏ) ਤਾਂ (ਨਾਮ ਲੈਣ ਵਾਲੇ) ਸਾਰੇ (ਜਮ ਜਾਗਾਤੀ ਦੀ ਧੌਂਸ ਤੋਂ) ਬਚ ਜਾਂਦੇ ਹਨ।

ਦੁਤੀਆ ਜਮੁਨ ਗਏ ਗੁਰਿ ਹਰਿ ਹਰਿ ਜਪਨੁ ਕੀਆ ॥੪॥

ਫਿਰ (ਗੁਰੂ ਅਮਰਦਾਸ ਜੀ) ਜਮੁਨਾ ਨਦੀ ਤੇ ਪਹੁੰਚੇ। ਸਤਿਗੁਰੂ ਜੀ ਨੇ (ਉਥੇ ਭੀ) ਪਰਮਾਤਮਾ ਦਾ ਨਾਮ ਹੀ ਜਪਿਆ-ਜਪਾਇਆ ॥੪॥

ਤ੍ਰਿਤੀਆ ਆਏ ਸੁਰਸਰੀ ਤਹ ਕਉਤਕੁ ਚਲਤੁ ਭਇਆ ॥

(ਦੋ ਤੀਰਥਾਂ ਤੇ ਹੋ ਕੇ ਸਤਿਗੁਰੂ ਅਮਰਦਾਸ ਜੀ) ਤੀਜੇ ਥਾਂ ਗੰਗਾ ਪਹੁੰਚੇ। ਉਥੇ ਇਕ ਅਜਬ ਤਮਾਸ਼ਾ ਹੋਇਆ।

ਸਭ ਮੋਹੀ ਦੇਖਿ ਦਰਸਨੁ ਗੁਰ ਸੰਤ ਕਿਨੈ ਆਢੁ ਨ ਦਾਮੁ ਲਇਆ ॥

ਸੰਤ-ਗੁਰੂ (ਅਮਰਦਾਸ ਜੀ) ਦਾ ਦਰਸਨ ਕਰ ਕੇ ਸਾਰੀ ਲੁਕਾਈ ਮਸਤ ਹੋ ਗਈ। ਕਿਸੇ (ਭੀ ਮਸੂਲੀਏ) ਨੇ (ਕਿਸੇ ਭੀ ਜਾਤ੍ਰੂ ਪਾਸੋਂ) ਅੱਧੀ ਕੌਡੀ (ਮਸੂਲ ਭੀ) ਵਸੂਲ ਨਾਹ ਕੀਤਾ।

ਆਢੁ ਦਾਮੁ ਕਿਛੁ ਪਇਆ ਨ ਬੋਲਕ ਜਾਗਾਤੀਆ ਮੋਹਣ ਮੁੰਦਣਿ ਪਈ ॥

(ਮਸੂਲੀਆਂ ਦੀਆਂ) ਗੋਲਕਾਂ ਵਿਚ ਅੱਧੀ ਕੌਡੀ ਭੀ ਮਸੂਲ ਨਾਹ ਪਿਆ। ਮਸੂਲੀਏ ਇਉਂ ਹੈਰਾਨ ਜਿਹੇ ਹੋ ਕੇ ਬੋਲਣ ਜੋਗੇ ਨਾਹ ਰਹੇ,

ਭਾਈ ਹਮ ਕਰਹ ਕਿਆ ਕਿਸੁ ਪਾਸਿ ਮਾਂਗਹ ਸਭ ਭਾਗਿ ਸਤਿਗੁਰ ਪਿਛੈ ਪਈ ॥

(ਆਖਣ ਲੱਗੇ)- ਹੇ ਭਾਈ! ਅਸੀਂ (ਹੁਣ) ਕੀਹ ਕਰੀਏ? ਅਸੀਂ ਕਿਸ ਪਾਸੋਂ (ਮਸੂਲ) ਮੰਗੀਏ? ਇਹ ਸਾਰੀ ਹੀ ਲੁਕਾਈ ਭੱਜ ਕੇ ਗੁਰੂ ਦੀ ਸਰਨ ਜਾ ਪਈ ਹੈ (ਤੇ, ਜਿਹੜੇ ਆਪਣੇ ਆਪ ਨੂੰ ਗੁਰੂ ਦਾ ਸਿੱਖ ਦੱਸ ਰਹੇ ਹਨ, ਉਹਨਾਂ ਪਾਸੋਂ ਅਸੀਂ ਮਸੂਲ ਲੈ ਨਹੀਂ ਸਕਦੇ)।

ਜਾਗਾਤੀਆ ਉਪਾਵ ਸਿਆਣਪ ਕਰਿ ਵੀਚਾਰੁ ਡਿਠਾ ਭੰਨਿ ਬੋਲਕਾ ਸਭਿ ਉਠਿ ਗਇਆ ॥

ਮਸੂਲੀਆਂ ਨੇ ਕਈ ਹੀਲੇ ਸੋਚੇ, ਕਈ ਸੋਚਾਂ ਸੋਚੀਆਂ, (ਆਖ਼ਿਰ ਉਹਨਾਂ ਨੇ) ਵਿਚਾਰ ਕਰ ਕੇ ਵੇਖ ਲਿਆ (ਕਿ ਮਸੂਲ ਉਗਰਾਹੁਣ ਵਿਚ ਸਾਡੀ ਪੇਸ਼ ਨਹੀਂ ਜਾ ਸਕਦੀ), ਆਪਣੀਆਂ ਗੋਲਕਾਂ ਬੰਦ ਕਰ ਕੇ ਉਹ ਸਾਰੇ ਉੱਠ ਕੇ ਚਲੇ ਗਏ।

ਤ੍ਰਿਤੀਆ ਆਏ ਸੁਰਸਰੀ ਤਹ ਕਉਤਕੁ ਚਲਤੁ ਭਇਆ ॥੫॥

(ਦੋ ਤੀਰਥਾਂ ਤੇ ਹੋ ਕੇ ਸਤਿਗੁਰੂ ਅਮਰਦਾਸ ਜੀ) ਤੀਜੇ ਥਾਂ ਗੰਗਾ ਪਹੁੰਚੇ। ਉਥੇ ਇਹ ਅਜਬ ਤਮਾਸ਼ਾ ਹੋਇਆ ॥੫॥

ਮਿਲਿ ਆਏ ਨਗਰ ਮਹਾ ਜਨਾ ਗੁਰ ਸਤਿਗੁਰ ਓਟ ਗਹੀ ॥

ਨਗਰ ਦੇ ਤੁਰਨੇ-ਸਿਰ ਮਨੁੱਖ ਮਿਲ ਕੇ (ਗੁਰੂ ਅਮਰਦਾਸ ਜੀ ਦੇ ਕੋਲ) ਆਏ। (ਉਹਨਾਂ) ਗੁਰੂ ਦੀ ਓਟ ਲਈ, ਸਤਿਗੁਰੂ ਦਾ ਪੱਲਾ ਫੜਿਆ।

ਗੁਰੁ ਸਤਿਗੁਰੁ ਗੁਰੁ ਗੋਵਿਦੁ ਪੁਛਿ ਸਿਮ੍ਰਿਤਿ ਕੀਤਾ ਸਹੀ ॥

(ਗੁਰੂ ਪਾਸੋਂ) ਪੁੱਛ ਕੇ ਉਹਨਾਂ ਪੰਚਾਂ ਨੇ ਇਹ ਨਿਰਨਾ ਕਰ ਲਿਆ ਕਿ ‘ਗੁਰੂ ਸਤਿਗੁਰੂ’ ‘ਗੁਰੁ ਗੋਵਿੰਦ’ ਨੂੰ (ਹਿਰਦੇ ਵਿਚ ਵਸਾਣਾ ਹੀ ਅਸਲ) ਸਿਮ੍ਰਿਤੀ ਹੈ।

ਸਿਮ੍ਰਿਤਿ ਸਾਸਤ੍ਰ ਸਭਨੀ ਸਹੀ ਕੀਤਾ ਸੁਕਿ ਪ੍ਰਹਿਲਾਦਿ ਸ੍ਰੀਰਾਮਿ ਕਰਿ ਗੁਰ ਗੋਵਿਦੁ ਧਿਆਇਆ ॥

ਉਹਨਾਂ ਸਾਰੇ ਮਹਾਂ ਜਨਾਂ ਨੇ (ਗੁਰੂ ਪਾਸੋਂ ਪੁੱਛ ਕੇ) ਇਹ ਨਿਰਨਾ ਕਰ ਲਿਆ (ਕਿ ਜਿਵੇਂ) ਸੁਕਦੇਵ ਨੇ ਪ੍ਰਹਿਲਾਦ ਨੇ ਸ੍ਰੀ ਰਾਮ ਚੰਦਰ ਨੇ ‘ਗੋਵਿੰਦ, ਗੋਵਿੰਦ’ ਆਖ ਆਖ ਕੇ ‘ਗੁਰ ਗੋਵਿੰਦ’ ਦਾ ਨਾਮ ਸਿਮਰਿਆ ਸੀ (ਤਿਵੇਂ ਗੁਰ ਗੋਵਿੰਦ ਨੂੰ ਸਿਮਰਨਾ ਹੀ ਅਸਲ) ਸਿਮ੍ਰਿਤੀਆਂ ਤੇ ਸ਼ਾਸਤਰ ਹਨ।

ਦੇਹੀ ਨਗਰਿ ਕੋਟਿ ਪੰਚ ਚੋਰ ਵਟਵਾਰੇ ਤਿਨ ਕਾ ਥਾਉ ਥੇਹੁ ਗਵਾਇਆ ॥

(ਉਹਨਾਂ ਸੁਕ ਪ੍ਰਹਿਲਾਦ ਸ੍ਰੀ ਰਾਮ ਨੇ) ਸਰੀਰ-ਨਗਰ ਵਿਚ ਵੱਸਣ ਵਾਲੇ ਸਰੀਰ-ਕਿਲ੍ਹੇ ਵਿਚ ਵੱਸਣ ਵਾਲੇ (ਕਾਮਾਦਿਕ) ਪੰਜ ਚੋਰਾਂ ਨੂੰ ਪੰਜ ਡਾਕੂਆਂ ਨੂੰ (ਮਾਰ ਕੇ) ਉਹਨਾਂ ਦਾ (ਆਪਣੇ ਅੰਦਰੋਂ) ਨਿਸ਼ਾਨ ਹੀ ਮਿਟਾ ਦਿੱਤਾ ਸੀ।

ਕੀਰਤਨ ਪੁਰਾਣ ਨਿਤ ਪੁੰਨ ਹੋਵਹਿ ਗੁਰ ਬਚਨਿ ਨਾਨਕਿ ਹਰਿ ਭਗਤਿ ਲਹੀ ॥

(ਨਗਰ ਦੇ ਪੰਚਾਂ ਨੇ ਗੁਰੂ) ਨਾਨਕ ਦੀ ਰਾਹੀਂ ਗੁਰੂ ਦੇ ਉਪਦੇਸ਼ ਦੀ ਰਾਹੀਂ ਪਰਮਾਤਮਾ ਦੀ ਭਗਤੀ ਕਰਨ ਦੀ ਦਾਤ ਹਾਸਲ ਕਰ ਲਈ। (ਨਗਰ ਵਿਚ) ਸਦਾ ਕੀਰਤਨ ਹੋਣ ਲੱਗ ਪਏ-(ਇਹੀ ਉਹਨਾਂ ਮਹਾ ਜਨਾਂ ਵਾਸਤੇ) ਪੁਰਾਣਾਂ ਦੇ ਪਾਠ ਅਤੇ ਪੁੰਨ-ਦਾਨ (ਹੋ ਗਏ)।

ਮਿਲਿ ਆਏ ਨਗਰ ਮਹਾ ਜਨਾ ਗੁਰ ਸਤਿਗੁਰ ਓਟ ਗਹੀ ॥੬॥੪॥੧੦॥

ਨਗਰ ਦੇ ਤੁਰਨੇ-ਸਿਰ ਮਨੁੱਖ ਮਿਲ ਕੇ (ਗੁਰੂ ਅਮਰਦਾਸ ਜੀ ਦੇ ਕੋਲ) ਆਏ। (ਉਹਨਾਂ) ਗੁਰੂ ਦੀ ਓਟ ਲਈ, (ਉਹਨਾਂ) ਸਤਿਗੁਰੂ ਦਾ ਪੱਲਾ ਫੜਿਆ ॥੬॥੪॥੧੦॥


ਤੁਖਾਰੀ ਛੰਤ ਮਹਲਾ ੫ ॥

ਰਾਗ ਤੁਖਾਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਛੰਤ’।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਘੋਲਿ ਘੁਮਾਈ ਲਾਲਨਾ ਗੁਰਿ ਮਨੁ ਦੀਨਾ ॥

ਹੇ ਸੋਹਣੇ ਲਾਲ! ਗੁਰੂ ਦੀ ਰਾਹੀਂ (ਗੁਰੂ ਦੀ ਸਰਨ ਪੈ ਕੇ) ਮੈਂ ਆਪਣਾ ਇਹ) ਮਨ (ਤੈਨੂੰ) ਦੇ ਦਿੱਤਾ ਹੈ, ਮੈਂ ਤੈਥੋਂ ਸਦਕੇ ਜਾਂਦਾ ਹਾਂ।

ਸੁਣਿ ਸਬਦੁ ਤੁਮਾਰਾ ਮੇਰਾ ਮਨੁ ਭੀਨਾ ॥

ਹੇ ਲਾਲ! ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਸੁਣ ਕੇ ਮੇਰਾ ਮਨ (ਤੇਰੇ ਨਾਮ-ਰਸ ਨਾਲ) ਭਿੱਜ ਗਿਆ ਹੈ।

ਇਹੁ ਮਨੁ ਭੀਨਾ ਜਿਉ ਜਲ ਮੀਨਾ ਲਾਗਾ ਰੰਗੁ ਮੁਰਾਰਾ ॥

ਹੇ ਮੁਰਾਰੀ! (ਮੇਰਾ ਇਹ) ਮਨ (ਤੇਰੇ ਨਾਮ-ਰਸ ਨਾਲ ਇਉਂ) ਭਿੱਜ ਗਿਆ ਹੈ (ਮੇਰੇ ਅੰਦਰ ਤੇਰਾ ਇਤਨਾ) ਪਿਆਰ ਬਣ ਗਿਆ ਹੈ (ਕਿ ਇਸ ਨਾਮ-ਜਲ ਤੋਂ ਬਿਨਾ ਇਹ ਮਨ ਜੀਊ ਹੀ ਨਹੀਂ ਸਕਦਾ) ਜਿਵੇਂ ਪਾਣੀ ਦੀ ਮੱਛੀ (ਪਾਣੀ ਤੋਂ ਬਿਨਾ ਰਹਿ ਨਹੀਂ ਸਕਦੀ)।

ਕੀਮਤਿ ਕਹੀ ਨ ਜਾਈ ਠਾਕੁਰ ਤੇਰਾ ਮਹਲੁ ਅਪਾਰਾ ॥

ਹੇ ਮੇਰੇ ਮਾਲਕ! ਤੇਰਾ ਮੁੱਲ ਪਾਇਆ ਨਹੀਂ ਜਾ ਸਕਦਾ (ਤੂੰ ਕਿਸੇ ਦੁਨੀਆਵੀ ਪਦਾਰਥ ਦੇ ਇਵਜ਼ ਮਿਲ ਨਹੀਂ ਸਕਦਾ), ਤੇਰੇ ਟਿਕਾਣੇ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।

ਸਗਲ ਗੁਣਾ ਕੇ ਦਾਤੇ ਸੁਆਮੀ ਬਿਨਉ ਸੁਨਹੁ ਇਕ ਦੀਨਾ ॥

ਹੇ ਸਾਰੇ ਗੁਣ ਦੇਣ ਵਾਲੇ ਮਾਲਕ! ਮੇਰੀ ਗਰੀਬ ਦੀ ਇਕ ਬੇਨਤੀ ਸੁਣ-

ਦੇਹੁ ਦਰਸੁ ਨਾਨਕ ਬਲਿਹਾਰੀ ਜੀਅੜਾ ਬਲਿ ਬਲਿ ਕੀਨਾ ॥੧॥

(ਮੈਨੂੰ) ਨਾਨਕ ਨੂੰ ਆਪਣਾ ਦਰਸਨ ਬਖ਼ਸ਼, ਮੈਂ ਤੈਥੋਂ ਸਦਕੇ ਹਾਂ, ਮੈਂ ਆਪਣੀ ਇਹ ਨਿਮਾਣੀ ਜਿਹੀ ਜਿੰਦ ਤੈਥੋਂ ਵਾਰਨੇ ਕਰਦਾ ਹਾਂ ॥੧॥

ਇਹੁ ਤਨੁ ਮਨੁ ਤੇਰਾ ਸਭਿ ਗੁਣ ਤੇਰੇ ॥

ਹੇ ਮੇਰੇ ਪ੍ਰਭੂ! (ਮੇਰਾ) ਇਹ ਸਰੀਰ ਤੇਰਾ (ਦਿੱਤਾ ਹੋਇਆ ਹੈ), (ਮੇਰਾ) ਇਹ ਮਨ ਤੇਰਾ (ਬਖ਼ਸ਼ਿਆ ਹੋਇਆ ਹੈ), ਸਾਰੇ ਗੁਣ ਭੀ ਤੇਰੇ ਹੀ ਬਖ਼ਸ਼ੇ ਮਿਲਦੇ ਹਨ।

ਖੰਨੀਐ ਵੰਞਾ ਦਰਸਨ ਤੇਰੇ ॥

ਮੈਂ ਤੇਰੇ ਦਰਸਨ ਤੋਂ ਕੁਰਬਾਨ ਜਾਂਦਾ ਹਾਂ।

ਦਰਸਨ ਤੇਰੇ ਸੁਣਿ ਪ੍ਰਭ ਮੇਰੇ ਨਿਮਖ ਦ੍ਰਿਸਟਿ ਪੇਖਿ ਜੀਵਾ ॥/
ਹੇ ਮੇਰੇ ਪ੍ਰਭੂ! (ਮੈਂ) ਤੇਰੇ ਦਰਸਨ (ਤੋਂ ਸਦਕੇ ਜਾਂਦਾ ਹਾਂ)। ਅੱਖ ਝਮਕਣ ਜਿਤਨੇ ਸਮੇ ਲਈ ਹੀ (ਮੇਰੇ ਵਲ) ਨਿਗਾਹ ਕਰ। (ਤੈਨੂੰ) ਵੇਖ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ।
ਅੰਮ੍ਰਿਤ ਨਾਮੁ ਸੁਨੀਜੈ ਤੇਰਾ ਕਿਰਪਾ ਕਰਹਿ ਤ ਪੀਵਾ ॥

ਹੇ ਪ੍ਰਭੂ! ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਸੁਣੀਂਦਾ ਹੈ। ਜੇ ਤੂੰ (ਮੇਰੇ ਉਤੇ) ਮਿਹਰ ਕਰੇਂ ਤਾਂ ਹੀ ਮੈਂ (ਤੇਰਾ ਨਾਮ ਜਲ) ਪੀ ਸਕਦਾ ਹਾਂ।

ਆਸ ਪਿਆਸੀ ਪਿਰ ਕੈ ਤਾਈ ਜਿਉ ਚਾਤ੍ਰਿਕੁ ਬੂੰਦੇਰੇ ॥

ਹੇ ਮੇਰੇ ਪ੍ਰਭੂ-ਪਤੀ! ਤੇਰੇ ਦਰਸਨ ਦੀ ਖ਼ਾਤਰ ਮੇਰੇ ਅੰਦਰ ਤਾਂਘ ਪੈਦਾ ਹੋ ਰਹੀ ਹੈ, ਉਸ ਤਾਂਘ ਦੀ (ਮਾਨੋ) ਪਿਆਸ ਲੱਗੀ ਹੋਈ ਹੈ (ਦਰਸਨ ਤੋਂ ਬਿਨਾ ਉਹ ਪਿਆਸ ਮਿਟਦੀ ਨਹੀਂ) ਜਿਵੇਂ ਪਪੀਹਾ (ਸ੍ਵਾਂਤੀ ਨਛੱਤ੍ਰ ਦੀ ਵਰਖਾ ਦੀ) ਬੂੰਦ ਨੂੰ ਤਾਂਘਦਾ ਰਹਿੰਦਾ ਹੈ।

ਕਹੁ ਨਾਨਕ ਜੀਅੜਾ ਬਲਿਹਾਰੀ ਦੇਹੁ ਦਰਸੁ ਪ੍ਰਭ ਮੇਰੇ ॥੨॥

ਨਾਨਕ ਆਖਦਾ ਹੈ- ਹੇ ਮੇਰੇ ਪ੍ਰਭੂ! ਮੈਨੂੰ (ਆਪਣਾ) ਦਰਸਨ ਦੇਹ, ਮੈਂ ਆਪਣੀ ਇਹ ਜਿੰਦ ਤੈਥੋਂ ਕੁਰਬਾਨ ਕਰਦਾ ਹਾਂ ॥੨॥

ਤੂ ਸਾਚਾ ਸਾਹਿਬੁ ਸਾਹੁ ਅਮਿਤਾ ॥

ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਤੂੰ ਬੇਅੰਤ ਵੱਡਾ ਸ਼ਾਹ ਹੈਂ।

ਤੂ ਪ੍ਰੀਤਮੁ ਪਿਆਰਾ ਪ੍ਰਾਨ ਹਿਤ ਚਿਤਾ ॥

ਹੇ ਪ੍ਰਭੂ! ਤੂੰ (ਸਾਡਾ) ਪ੍ਰੀਤਮ ਹੈਂ, (ਸਾਡਾ) ਪਿਆਰਾ ਹੈਂ। ਤੂੰ ਸਾਡੇ ਪ੍ਰਾਣਾਂ ਦਾ ਰਾਖਾ ਹੈਂ, ਤੂੰ ਸਾਡੀ ਜਿੰਦ ਦਾ ਰਾਖਾ ਹੈਂ।

ਪ੍ਰਾਨ ਸੁਖਦਾਤਾ ਗੁਰਮੁਖਿ ਜਾਤਾ ਸਗਲ ਰੰਗ ਬਨਿ ਆਏ ॥

ਹੇ ਪ੍ਰਭੂ! ਤੂੰ (ਸਾਨੂੰ) ਜਿੰਦ ਦੇਣ ਵਾਲਾ ਹੈਂ, ਸਾਰੇ ਸੁਖ ਦੇਣ ਵਾਲਾ ਹੈਂ। ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਤੇਰੇ ਨਾਲ ਡੂੰਘੀ ਸਾਂਝ ਪਾਂਦਾ ਹੈ, ਉਸ ਦੇ ਅੰਦਰ ਸਾਰੇ ਆਤਮਕ ਆਨੰਦ ਪੈਦਾ ਹੋ ਜਾਂਦੇ ਹਨ।

ਸੋਈ ਕਰਮੁ ਕਮਾਵੈ ਪ੍ਰਾਣੀ ਜੇਹਾ ਤੂ ਫੁਰਮਾਏ ॥

ਹੇ ਪ੍ਰਭੂ! ਜਿਹੋ ਜਿਹਾ ਹੁਕਮ ਤੂੰ ਕੀਤਾ ਹੁੰਦਾ ਹੈ, ਜੀਵ ਉਹੀ ਕੰਮ ਕਰਦਾ ਹੈ।

ਜਾ ਕਉ ਕ੍ਰਿਪਾ ਕਰੀ ਜਗਦੀਸੁਰਿ ਤਿਨਿ ਸਾਧਸੰਗਿ ਮਨੁ ਜਿਤਾ ॥

ਜਗਤ ਦੇ ਮਾਲਕ ਪ੍ਰਭੂ ਨੇ ਜਿਸ ਮਨੁੱਖ ਉਤੇ ਮਿਹਰ ਕੀਤੀ, ਉਸ ਨੇ ਗੁਰੂ ਦੀ ਸੰਗਤ ਵਿਚ (ਰਹਿ ਕੇ ਆਪਣੇ) ਮਨ ਨੂੰ ਵੱਸ ਵਿਚ ਕਰ ਲਿਆ।

ਕਹੁ ਨਾਨਕ ਜੀਅੜਾ ਬਲਿਹਾਰੀ ਜੀਉ ਪਿੰਡੁ ਤਉ ਦਿਤਾ ॥੩॥

ਨਾਨਕ ਆਖਦਾ ਹੈ- (ਹੇ ਪ੍ਰਭੂ! ਮੇਰੀ ਇਹ) ਨਿਮਾਣੀ ਜਿੰਦ ਤੈਥੋਂ ਸਦਕੇ ਹੈ। ਇਹ ਜਿੰਦ ਇਹ ਸਰੀਰ ਤੇਰਾ ਹੀ ਦਿੱਤਾ ਹੋਇਆ ਹੈ ॥੩॥

ਨਿਰਗੁਣੁ ਰਾਖਿ ਲੀਆ ਸੰਤਨ ਕਾ ਸਦਕਾ ॥

ਹੇ ਮੇਰੇ ਪ੍ਰਭੂ! ਸੰਤ ਜਨਾਂ ਦੀ ਸਰਨ ਪੈਣ ਦੀ ਬਰਕਤਿ ਨਾਲ ਤੂੰ ਮੈਨੂੰ ਗੁਣ-ਹੀਨ ਨੂੰ (ਭੀ ਵਿਕਾਰਾਂ ਤੋਂ) ਬਚਾ ਲਿਆ ਹੈ।

ਸਤਿਗੁਰਿ ਢਾਕਿ ਲੀਆ ਮੋਹਿ ਪਾਪੀ ਪੜਦਾ ॥

ਸਤਿਗੁਰੂ ਨੇ ਮੇਰਾ ਪਾਪੀ ਦਾ ਪਰਦਾ ਢੱਕ ਲਿਆ ਹੈ (ਮੇਰੇ ਪਾਪ ਨਸ਼ਰ ਨਹੀਂ ਹੋਣ ਦਿੱਤੇ)।

ਢਾਕਨਹਾਰੇ ਪ੍ਰਭੂ ਹਮਾਰੇ ਜੀਅ ਪ੍ਰਾਨ ਸੁਖਦਾਤੇ ॥

ਹੇ ਅਸਾਂ ਜੀਵਾਂ ਦੇ ਮਾਲਕ! ਹੇ ਸਭ ਜੀਵਾਂ ਦਾ ਪਰਦਾ ਢੱਕਣ ਦੀ ਸਮਰਥਾ ਵਾਲੇ! ਹੇ ਜਿੰਦ ਦੇਣ ਵਾਲੇ! ਹੇ ਪ੍ਰਾਣ ਦੇਣ ਵਾਲੇ! ਹੇ ਸੁਖ ਦੇਣ ਵਾਲੇ!

ਅਬਿਨਾਸੀ ਅਬਿਗਤ ਸੁਆਮੀ ਪੂਰਨ ਪੁਰਖ ਬਿਧਾਤੇ ॥

ਹੇ ਨਾਸ-ਰਹਿਤ ਸੁਆਮੀ! ਹੇ ਅਦ੍ਰਿਸ਼ਟ ਸੁਆਮੀ! ਹੇ ਸਭ ਗੁਣਾਂ ਨਾਲ ਭਰਪੂਰ ਪ੍ਰਭੂ! ਹੇ ਸਰਬ-ਵਿਆਪਕ! ਹੇ ਸਿਰਜਣਹਾਰ!

ਉਸਤਤਿ ਕਹਨੁ ਨ ਜਾਇ ਤੁਮਾਰੀ ਕਉਣੁ ਕਹੈ ਤੂ ਕਦ ਕਾ ॥

ਤੇਰੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਕੋਈ ਨਹੀਂ ਦੱਸ ਸਕਦਾ ਕਿ ਤੂੰ ਕਦੋਂ ਦਾ ਹੈਂ।

ਨਾਨਕ ਦਾਸੁ ਤਾ ਕੈ ਬਲਿਹਾਰੀ ਮਿਲੈ ਨਾਮੁ ਹਰਿ ਨਿਮਕਾ ॥੪॥੧॥੧੧॥

ਦਾਸ ਨਾਨਕ ਉਸ (ਗੁਰੂ) ਤੋਂ ਕੁਰਬਾਨ ਹੈ (ਜਿਸ ਦੀ ਕਿਰਪਾ ਨਾਲ) ਪਰਮਾਤਮਾ ਦਾ ਨਾਮ ਅੱਖ ਝਮਕਣ ਜਿਤਨੇ ਸਮੇ ਲਈ ਭੀ ਮਿਲ ਜਾਂਦਾ ਹੈ ॥੪॥੧॥੧੧॥