ਰਾਗ ਸੋਰਠਿ – ਬਾਣੀ ਸ਼ਬਦ-Part 6 – Raag Sorath – Bani

ਰਾਗ ਸੋਰਠਿ – ਬਾਣੀ ਸ਼ਬਦ-Part 6 – Raag Sorath – Bani

ਕਿਆ ਪੜੀਐ ਕਿਆ ਗੁਨੀਐ ॥

(ਹੇ ਗਵਾਰ!) (ਵੇਦ ਪੁਰਾਣ ਆਦਿਕ ਧਰਮ-ਪੁਸਤਕਾਂ ਨੂੰ) ਨਿਰੇ ਪੜ੍ਹਨ ਸੁਣਨ ਦਾ ਕੀ ਲਾਭ?

ਕਿਆ ਬੇਦ ਪੁਰਾਨਾਂ ਸੁਨੀਐ ॥

ਵੇਦ ਪੁਰਾਣ ਸੁਣਨ ਦਾ ਕੀ ਫ਼ਾਇਦਾ?

ਪੜੇ ਸੁਨੇ ਕਿਆ ਹੋਈ ॥

ਜੇ ਇਸ ਪੜ੍ਹਨ ਸੁਣਨ ਦੇ ਕੁਦਰਤੀ ਨਤੀਜੇ ਦੇ ਤੌਰ ਤੇ-

ਜਉ ਸਹਜ ਨ ਮਿਲਿਓ ਸੋਈ ॥੧॥

ਉਸ ਪ੍ਰਭੂ ਦਾ ਮਿਲਾਪ ਹੀ ਨਾਹ ਹੋਵੇ ॥੧॥

ਹਰਿ ਕਾ ਨਾਮੁ ਨ ਜਪਸਿ ਗਵਾਰਾ ॥

ਹੇ ਮੂਰਖ! ਤੂੰ ਪਰਮਾਤਮਾ ਦਾ ਨਾਮ (ਤਾਂ) ਸਿਮਰਦਾ ਨਹੀਂ।

ਕਿਆ ਸੋਚਹਿ ਬਾਰੰ ਬਾਰਾ ॥੧॥ ਰਹਾਉ ॥

(ਨਾਮ ਨੂੰ ਵਿਸਾਰ ਕੇ) ਮੁੜ ਮੁੜ ਹੋਰ ਸੋਚਾਂ ਸੋਚਣ ਦਾ ਤੈਨੂੰ ਕੀਹ ਲਾਭ ਹੋਵੇਗਾ? ॥੧॥ ਰਹਾਉ ॥

ਅੰਧਿਆਰੇ ਦੀਪਕੁ ਚਹੀਐ ॥ ਹਨੇਰੇ ਵਿਚ (ਤਾਂ) ਦੀਵੇ ਦੀ ਲੋੜ ਹੁੰਦੀ ਹੈ,

ਇਕ ਬਸਤੁ ਅਗੋਚਰ ਲਹੀਐ ॥

(ਤਾਂਕਿ ਅੰਦਰੋਂ) ਉਹ ਹਰਿ-ਨਾਮ ਪਦਾਰਥ ਮਿਲ ਪਏ, ਜਿਸ ਤਕ ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, (ਇਸ ਤਰ੍ਹਾਂ ਧਾਰਮਿਕ ਪੁਸਤਕਾਂ ਪੜ੍ਹਨ ਨਾਲ ਉਹ ਗਿਆਨ ਦਾ ਦੀਵਾ ਮਨ ਵਿਚ ਜਗਣਾ ਚਾਹੀਦਾ ਹੈ ਜਿਸ ਨਾਲ ਅੰਦਰ-ਵੱਸਦਾ ਰੱਬ ਲੱਭ ਪਏ)।

ਬਸਤੁ ਅਗੋਚਰ ਪਾਈ ॥

ਜਿਸ ਮਨੁੱਖ ਨੂੰ ਉਹ ਅਪਹੁੰਚ ਹਰਿ-ਨਾਮ ਪਦਾਰਥ ਮਿਲ ਪੈਂਦਾ ਹੈ,

ਘਟਿ ਦੀਪਕੁ ਰਹਿਆ ਸਮਾਈ ॥੨॥

ਉਸ ਦੇ ਅੰਦਰ ਉਹ ਦੀਵਾ ਫਿਰ ਸਦਾ ਟਿਕਿਆ ਰਹਿੰਦਾ ਹੈ ॥੨॥

ਕਹਿ ਕਬੀਰ ਅਬ ਜਾਨਿਆ ॥

ਕਬੀਰ ਆਖਦਾ ਹੈ-ਉਸ ਅਪਹੁੰਚ ਹਰਿ-ਨਾਮ ਪਦਾਰਥ ਨਾਲ ਮੇਰੀ ਭੀ ਜਾਣ-ਪਛਾਣ ਹੋ ਗਈ ਹੈ।

ਜਬ ਜਾਨਿਆ ਤਉ ਮਨੁ ਮਾਨਿਆ ॥

ਜਦੋਂ ਤੋਂ ਜਾਣ-ਪਛਾਣ ਹੋਈ ਹੈ, ਮੇਰਾ ਮਨ ਉਸੇ ਵਿਚ ਹੀ ਪਰਚ ਗਿਆ ਹੈ।

ਮਨ ਮਾਨੇ ਲੋਗੁ ਨ ਪਤੀਜੈ ॥

(ਪਰ ਜਗਤ ਲੋੜਦਾ ਹੈ ਧਰਮ-ਪੁਸਤਕਾਂ ਦੇ ਰਿਵਾਜੀ ਪਾਠ ਕਰਨੇ ਕਰਾਉਣੇ ਤੇ ਤੀਰਥ ਆਦਿਕਾਂ ਦੇ ਇਸ਼ਨਾਨ; ਸੋ,) ਪਰਮਾਤਮਾ ਵਿਚ ਮਨ ਜੁੜਨ ਨਾਲ (ਕਰਮ-ਕਾਂਡੀ) ਜਗਤ ਦੀ ਤਸੱਲੀ ਨਹੀਂ ਹੁੰਦੀ;

ਨ ਪਤੀਜੈ ਤਉ ਕਿਆ ਕੀਜੈ ॥੩॥੭॥

(ਦੂਜੇ ਪਾਸੇ) ਨਾਮ ਸਿਮਰਨ ਵਾਲੇ ਨੂੰ ਭੀ ਇਹ ਮੁਥਾਜੀ ਨਹੀਂ ਹੁੰਦੀ ਕਿ ਜ਼ਰੂਰ ਹੀ ਲੋਕਾਂ ਦੀ ਤਸੱਲੀ ਭੀ ਕਰਾਏ, (ਤਾਹੀਏਂ, ਆਮ ਤੌਰ ਤੇ ਇਹਨਾਂ ਦਾ ਅਜੋੜ ਹੀ ਬਣਿਆ ਰਹਿੰਦਾ ਹੈ) ॥੩॥੭॥

ਹ੍ਰਿਦੈ ਕਪਟੁ ਮੁਖ ਗਿਆਨੀ ॥

ਹੇ ਪਖੰਡੀ ਮਨੁੱਖ! ਤੇਰੇ ਮਨ ਵਿਚ ਤਾਂ ਠੱਗੀ ਹੈ, ਪਰ ਤੂੰ ਮੂੰਹੋਂ (ਬ੍ਰਹਮ) ਗਿਆਨ ਦੀਆਂ ਗੱਲਾਂ ਕਰ ਰਿਹਾ ਹੈਂ।

ਝੂਠੇ ਕਹਾ ਬਿਲੋਵਸਿ ਪਾਨੀ ॥੧॥

ਹੇ ਝੂਠੇ ਮਨੁੱਖ! ਤੈਨੂੰ ਇਸ ਪਾਣੀ ਰਿੜਕਣ ਤੋਂ ਕੋਈ ਲਾਭ ਨਹੀਂ ਹੋ ਸਕਦਾ ॥੧॥

ਕਾਂਇਆ ਮਾਂਜਸਿ ਕਉਨ ਗੁਨਾਂ ॥

(ਹੇ ਝੂਠੇ!) ਤੈਨੂੰ ਇਸ ਗੱਲ ਦਾ ਕੋਈ ਫ਼ਾਇਦਾ ਨਹੀਂ ਕਿ ਤੂੰ ਆਪਣਾ ਸਰੀਰ ਮਾਂਜਦਾ ਫਿਰਦਾ ਹੈਂ (ਭਾਵ, ਬਾਹਰੋਂ ਸੁੱਚਾ ਤੇ ਪਵਿੱਤਰਤਾ ਰੱਖਦਾ ਹੈਂ)

ਜਉ ਘਟ ਭੀਤਰਿ ਹੈ ਮਲਨਾਂ ॥੧॥ ਰਹਾਉ ॥

ਜੇ ਤੇਰੇ ਹਿਰਦੇ ਵਿਚ (ਕਪਟ ਦੀ) ਮੈਲ ਹੈ ॥੧॥ ਰਹਾਉ ॥

ਲਉਕੀ ਅਠਸਠਿ ਤੀਰਥ ਨ੍ਰਾਈ ॥

(ਵੇਖ!) ਜੇ ਤੂੰਬੀ ਅਠਾਹਠ ਤੀਰਥਾਂ ਉੱਤੇ ਭੀ ਇਸ਼ਨਾਨ ਕਰ ਲਏ,

ਕਉਰਾਪਨੁ ਤਊ ਨ ਜਾਈ ॥੨॥

ਤਾਂ ਭੀ ਉਸ ਦੀ (ਅੰਦਰਲੀ) ਕੁੜਿੱਤਣ ਦੂਰ ਨਹੀਂ ਹੁੰਦੀ ॥੨॥

ਕਹਿ ਕਬੀਰ ਬੀਚਾਰੀ ॥

(ਇਸ ਅੰਦਰਲੀ ਮੈਲ ਨੂੰ ਦੂਰ ਕਰਨ ਲਈ) ਕਬੀਰ ਤਾਂ ਸੋਚ ਵਿਚਾਰ ਕੇ (ਪ੍ਰਭੂ ਅੱਗੇ ਹੀ ਇਉਂ) ਅਰਦਾਸ ਕਰਦਾ ਹੈ-

ਭਵ ਸਾਗਰੁ ਤਾਰਿ ਮੁਰਾਰੀ ॥੩॥੮॥

ਹੇ ਪ੍ਰਭੂ! ਤੂੰ ਮੈਨੂੰ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ ॥੩॥੮॥


ਸੋਰਠਿ ॥

ਰਾਗ ਸੋਰਠਿ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਬਹੁ ਪਰਪੰਚ ਕਰਿ ਪਰ ਧਨੁ ਲਿਆਵੈ ॥

ਕਈ ਤਰ੍ਹਾਂ ਦੀਆਂ ਠੱਗੀਆਂ ਕਰ ਕੇ ਤੂੰ ਪਰਾਇਆ ਮਾਲ ਲਿਆਉਂਦਾ ਹੈਂ,

ਸੁਤ ਦਾਰਾ ਪਹਿ ਆਨਿ ਲੁਟਾਵੈ ॥੧॥

ਤੇ ਲਿਆ ਕੇ ਆਪਣੇ ਪੁੱਤਰ ਤੇ ਵਹੁਟੀ ਦੇ ਹਵਾਲੇ ਕਰ ਦੇਂਦਾ ਹੈਂ ॥੧॥

ਮਨ ਮੇਰੇ ਭੂਲੇ ਕਪਟੁ ਨ ਕੀਜੈ ॥

ਹੇ ਮੇਰੇ ਭੁੱਲੇ ਹੋਏ ਮਨ! (ਰੋਜ਼ੀ ਆਦਿਕ ਦੀ ਖ਼ਾਤਰ ਕਿਸੇ ਨਾਲ) ਧੋਖਾ ਫ਼ਰੇਬ ਨਾਹ ਕਰਿਆ ਕਰ।

ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ ॥੧॥ ਰਹਾਉ ॥

ਆਖ਼ਰ ਨੂੰ (ਇਹਨਾਂ ਮੰਦ ਕਰਮਾਂ ਦਾ) ਲੇਖਾ ਤੇਰੀ ਆਪਣੀ ਜਿੰਦ ਤੋਂ ਹੀ ਲਿਆ ਜਾਣਾ ਹੈ ॥੧॥ ਰਹਾਉ ॥

ਛਿਨੁ ਛਿਨੁ ਤਨੁ ਛੀਜੈ ਜਰਾ ਜਨਾਵੈ ॥

(ਵੇਖ, ਇਹਨਾਂ ਠੱਗੀਆਂ ਵਿਚ ਹੀ) ਸਹਿਜੇ ਸਹਿਜੇ ਤੇਰਾ ਆਪਣਾ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਹੈ, ਬੁਢੇਪੇ ਦੀਆਂ ਨਿਸ਼ਾਨੀਆਂ ਆ ਰਹੀਆਂ ਹਨ।

ਤਬ ਤੇਰੀ ਓਕ ਕੋਈ ਪਾਨੀਓ ਨ ਪਾਵੈ ॥੨॥

(ਜਦੋਂ ਤੂੰ ਬੁੱਢਾ ਹੋ ਗਿਆ, ਤੇ ਹਿੱਲਣ-ਜੋਗਾ ਨਾਹ ਰਿਹਾ) ਤਦੋਂ (ਇਹਨਾਂ ਵਿਚੋਂ, ਜਿਨ੍ਹਾਂ ਦੀ ਖ਼ਾਤਰ ਠੱਗੀ ਕਰਦਾ ਹੈਂ) ਕਿਸੇ ਨੇ ਤੇਰੇ ਬੁੱਕ ਵਿਚ ਪਾਣੀ ਵੀ ਨਹੀਂ ਪਾਣਾ ॥੨॥

ਕਹਤੁ ਕਬੀਰੁ ਕੋਈ ਨਹੀ ਤੇਰਾ ॥

(ਤੈਨੂੰ) ਕਬੀਰ ਆਖਦਾ ਹੈ-(ਹੇ ਜਿੰਦੇ!) ਕਿਸੇ ਨੇ ਭੀ ਤੇਰਾ (ਸਾਥੀ) ਨਹੀਂ ਬਣਨਾ।

ਹਿਰਦੈ ਰਾਮੁ ਕੀ ਨ ਜਪਹਿ ਸਵੇਰਾ ॥੩॥੯॥

(ਇੱਕ ਪ੍ਰਭੂ ਹੀ ਅਸਲ ਸਾਥੀ ਹੈ) ਤੂੰ ਵੇਲੇ ਸਿਰ (ਹੁਣੇ ਹੁਣੇ) ਉਸ ਪ੍ਰਭੂ ਨੂੰ ਕਿਉਂ ਆਪਣੇ ਹਿਰਦੇ ਵਿਚ ਨਹੀਂ ਸਿਮਰਦੀ? ॥੩॥੯॥

ਸੰਤਹੁ ਮਨ ਪਵਨੈ ਸੁਖੁ ਬਨਿਆ ॥

ਹੇ ਸੰਤ ਜਨੋ! (ਮੇਰੇ) ਪਉਣ (ਵਰਗੇ ਚੰਚਲ) ਮਨ ਨੂੰ (ਹੁਣ) ਸੁਖ ਮਿਲ ਗਿਆ ਹੈ,

ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥

(ਹੁਣ ਇਹ ਮਨ ਪ੍ਰਭੂ ਦਾ ਮਿਲਾਪ) ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ ਰਹਾਉ॥

ਗੁਰਿ ਦਿਖਲਾਈ ਮੋਰੀ ॥

(ਕਿਉਂਕਿ) ਸਤਿਗੁਰੂ ਨੇ (ਮੈਨੂੰ ਮੇਰੀ ਉਹ) ਕਮਜ਼ੋਰੀ ਵਿਖਾ ਦਿੱਤੀ ਹੈ,

ਜਿਤੁ ਮਿਰਗ ਪੜਤ ਹੈ ਚੋਰੀ ॥

ਜਿਸ ਕਰਕੇ (ਕਾਮਾਦਿਕ) ਪਸ਼ੂ ਅਡੋਲ ਹੀ (ਮੈਨੂੰ) ਆ ਦਬਾਉਂਦੇ ਸਨ।

ਮੂੰਦਿ ਲੀਏ ਦਰਵਾਜੇ ॥

(ਸੋ, ਮੈਂ ਗੁਰੂ ਦੀ ਮਿਹਰ ਨਾਲ ਸਰੀਰ ਦੇ) ਦਰਵਾਜ਼ੇ (ਗਿਆਨ-ਇੰਦ੍ਰੇ: ਪਰ ਨਿੰਦਾ, ਪਰ ਤਨ, ਪਰ ਧਨ ਆਦਿਕ ਵਲੋਂ) ਬੰਦ ਕਰ ਲਏ ਹਨ,

ਬਾਜੀਅਲੇ ਅਨਹਦ ਬਾਜੇ ॥੧॥

ਤੇ (ਮੇਰੇ ਅੰਦਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ) ਵਾਜੇ ਇੱਕ-ਰਸ ਵੱਜਣ ਲੱਗ ਪਏ ਹਨ ॥੧॥

ਕੁੰਭ ਕਮਲੁ ਜਲਿ ਭਰਿਆ ॥

(ਮੇਰਾ) ਹਿਰਦਾ-ਕਮਲ ਰੂਪ ਘੜਾ (ਪਹਿਲਾਂ ਵਿਕਾਰਾਂ ਦੇ) ਪਾਣੀ ਨਾਲ ਭਰਿਆ ਹੋਇਆ ਸੀ,

ਜਲੁ ਮੇਟਿਆ ਊਭਾ ਕਰਿਆ ॥

(ਹੁਣ ਗੁਰੂ ਦੀ ਬਰਕਤਿ ਨਾਲ ਮੈਂ ਉਹ) ਪਾਣੀ ਡੋਲ੍ਹ ਦਿੱਤਾ ਹੈ ਤੇ (ਹਿਰਦੇ ਨੂੰ) ਉੱਚਾ ਕਰ ਦਿੱਤਾ ਹੈ।

ਕਹੁ ਕਬੀਰ ਜਨ ਜਾਨਿਆ ॥

ਕਬੀਰ ਆਖਦਾ ਹੈ- (ਹੁਣ) ਮੈਂ ਦਾਸ ਨੇ (ਪ੍ਰਭੂ ਨਾਲ) ਜਾਣ-ਪਛਾਣ ਕਰ ਲਈ ਹੈ,

ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥

ਤੇ ਜਦੋਂ ਤੋਂ ਇਹ ਸਾਂਝ ਪਾਈ ਹੈ, ਮੇਰਾ ਮਨ (ਉਸ ਪ੍ਰਭੂ ਵਿਚ ਹੀ) ਗਿੱਝ ਗਿਆ ਹੈ ॥੨॥੧੦॥


ਰਾਗੁ ਸੋਰਠਿ ॥
ਭੂਖੇ ਭਗਤਿ ਨ ਕੀਜੈ ॥

ਜੇ ਮਨੁੱਖ ਦੀ ਰੋਟੀ ਵਲੋਂ ਹੀ ਤ੍ਰਿਸ਼ਨਾ ਨਹੀਂ ਮੁੱਕੀ, ਤਾਂ ਉਹ ਪ੍ਰਭੂ ਦੀ ਭਗਤੀ ਨਹੀਂ ਕਰ ਸਕਦਾ, ਫਿਰ ਉਹ ਭਗਤੀ ਵਿਖਾਵੇ ਦੀ ਹੀ ਰਹਿ ਜਾਂਦੀ ਹੈ।

ਯਹ ਮਾਲਾ ਅਪਨੀ ਲੀਜੈ ॥

ਹੇ ਪ੍ਰਭੂ! ਇਹ ਆਪਣੀ ਮਾਲਾ ਮੈਥੋਂ ਲੈ ਲਉ। (ਪ੍ਰਭੂ! ਇੱਕ ਤਾਂ ਮੈਨੂੰ ਰੋਟੀ ਵਲੋਂ ਬੇ-ਫ਼ਿਕਰ ਕਰ, ਦੂਜੇ)

ਹਉ ਮਾਂਗਉ ਸੰਤਨ ਰੇਨਾ ॥

ਮੈਂ ਸੰਤਾਂ ਦੀ ਚਰਨ-ਧੂੜ ਮੰਗਦਾ ਹਾਂ,

ਮੈ ਨਾਹੀ ਕਿਸੀ ਕਾ ਦੇਨਾ ॥੧॥

ਤਾਕਿ ਮੈਂ ਕਿਸੇ ਦਾ ਮੁਥਾਜ ਨਾਹ ਹੋਵਾਂ ॥੧॥

ਮਾਧੋ ਕੈਸੀ ਬਨੈ ਤੁਮ ਸੰਗੇ ॥

ਹੇ ਪ੍ਰਭੂ! ਤੈਥੋਂ ਸ਼ਰਮ ਕੀਤਿਆਂ ਨਹੀਂ ਨਿਭ ਸਕਣੀ;

ਆਪਿ ਨ ਦੇਹੁ ਤ ਲੇਵਉ ਮੰਗੇ ॥ ਰਹਾਉ ॥

ਸੋ, ਜੇ ਤੂੰ ਆਪ ਨਾਹ ਦੇਵੇਂਗਾ, ਤਾਂ ਮੈਂ ਹੀ ਮੰਗ ਕੇ ਲੈ ਲਵਾਂਗਾ ਰਹਾਉ॥

ਦੁਇ ਸੇਰ ਮਾਂਗਉ ਚੂਨਾ ॥

ਮੈਨੂੰ ਦੋ ਸੇਰ ਆਟੇ ਦੀ ਲੋੜ ਹੈ,

ਪਾਉ ਘੀਉ ਸੰਗਿ ਲੂਨਾ ॥

ਇਕ ਪਾਉ ਘਿਉ ਤੇ ਕੁਝ ਲੂਣ ਚਾਹੀਦਾ ਹੈ,

ਅਧ ਸੇਰੁ ਮਾਂਗਉ ਦਾਲੇ ॥

ਮੈਂ ਤੈਥੋਂ ਅੱਧ ਸੇਰ ਦਾਲ ਮੰਗਦਾ ਹਾਂ-

ਮੋ ਕਉ ਦੋਨਉ ਵਖਤ ਜਿਵਾਲੇ ॥੨॥

ਇਹ ਚੀਜ਼ਾ ਮੇਰੇ ਦੋਹਾਂ ਵੇਲਿਆਂ ਦੀ ਗੁਜ਼ਰਾਨ ਲਈ ਕਾਫ਼ੀ ਹਨ ॥੨॥

ਖਾਟ ਮਾਂਗਉ ਚਉਪਾਈ ॥

ਸਾਬਤ ਮੰਜੀ ਮੰਗਦਾ ਹਾਂ,

ਸਿਰਹਾਨਾ ਅਵਰ ਤੁਲਾਈ ॥

ਸਿਰਾਣਾ ਤੇ ਤੁਲਾਈ ਭੀ।

ਊਪਰ ਕਉ ਮਾਂਗਉ ਖੀਂਧਾ ॥

ਉਪਰ ਲੈਣ ਲਈ ਰਜ਼ਾਈ ਦੀ ਲੋੜ ਹੈ-

ਤੇਰੀ ਭਗਤਿ ਕਰੈ ਜਨੁ ਥੀਂਧਾ ॥੩॥

ਬੱਸ! ਫਿਰ ਤੇਰਾ ਭਗਤ (ਸਰੀਰਕ ਲੋੜਾਂ ਵਲੋਂ ਬੇ-ਫ਼ਿਕਰ ਹੋ ਕੇ) ਤੇਰੇ ਪ੍ਰੇਮ ਵਿਚ ਭਿੱਜ ਕੇ ਤੇਰੀ ਭਗਤੀ ਕਰੇਗਾ ॥੩॥

ਮੈ ਨਾਹੀ ਕੀਤਾ ਲਬੋ ॥

ਹੇ ਪ੍ਰਭੂ! ਮੈਂ (ਮੰਗਣ ਵਿਚ) ਕੋਈ ਲਾਲਚ ਨਹੀਂ ਕੀਤਾ,

ਇਕੁ ਨਾਉ ਤੇਰਾ ਮੈ ਫਬੋ ॥

ਕਿਉਂਕਿ (ਉਹ ਚੀਜ਼ਾਂ ਤਾਂ ਸਰੀਰਕ ਨਿਰਬਾਹ-ਮਾਤ੍ਰ ਹਨ) ਅਸਲ ਵਿਚ ਤਾਂ ਮੈਨੂੰ ਤੇਰਾ ਨਾਮ ਹੀ ਪਿਆਰਾ ਹੈ।

ਕਹਿ ਕਬੀਰ ਮਨੁ ਮਾਨਿਆ ॥

ਕਬੀਰ ਆਖਦਾ ਹੈ- ਮੇਰਾ ਮਨ (ਤੇਰੇ ਨਾਮ ਵਿਚ) ਪਰਚਿਆ ਹੋਇਆ ਹੈ,

ਮਨੁ ਮਾਨਿਆ ਤਉ ਹਰਿ ਜਾਨਿਆ ॥੪॥੧੧॥

ਤੇ ਜਦੋਂ ਦਾ ਪਰਚਿਆ ਹੈ ਤਦੋਂ ਤੋਂ ਤੇਰੇ ਨਾਲ ਮੇਰੀ (ਡੂੰਘੀ) ਜਾਣ-ਪਛਾਣ ਹੋ ਗਈ ਹੈ ॥੪॥੧੧॥


ਰਾਗੁ ਸੋਰਠਿ ਬਾਣੀ ਭਗਤ ਨਾਮਦੇ ਜੀ ਕੀ ਘਰੁ ੨ ॥

ਰਾਗ ਸੋਰਠਿ, ਘਰ ੨ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਜਬ ਦੇਖਾ ਤਬ ਗਾਵਾ ॥

(ਹੁਣ ਸ਼ਬਦ ਦੀ ਬਰਕਤਿ ਦਾ ਸਦਕਾ) ਜਿਉਂ ਜਿਉਂ ਮੈਂ ਪਰਮਾਤਮਾ ਦਾ (ਹਰ ਥਾਂ) ਦੀਦਾਰ ਕਰਦਾ ਹਾਂ ਮੈਂ (ਆਪ-ਮੁਹਾਰਾ) ਉਸ ਦੀ ਸਿਫ਼ਤ-ਸਾਲਾਹ ਕਰਦਾ ਹਾਂ,

ਤਉ ਜਨ ਧੀਰਜੁ ਪਾਵਾ ॥੧॥

ਤੇ ਹੇ ਭਾਈ! ਮੇਰੇ ਅੰਦਰ ਠੰਢ ਪੈਂਦੀ ਜਾਂਦੀ ਹੈ ॥੧॥

ਨਾਦਿ ਸਮਾਇਲੋ ਰੇ ਸਤਿਗੁਰੁ ਭੇਟਿਲੇ ਦੇਵਾ ॥੧॥ ਰਹਾਉ ॥

ਹੇ ਭਾਈ! ਮੈਨੂੰ ਪ੍ਰਭੂ-ਦੇਵ ਨੇ ਸਤਿਗੁਰੂ ਮਿਲਾ ਦਿੱਤਾ ਹੈ, (ਉਸ ਦੀ ਬਰਕਤਿ ਨਾਲ, ਮੇਰਾ ਮਨ) ਉਸ ਦੇ ਸ਼ਬਦ ਵਿਚ ਲੀਨ ਹੋ ਗਿਆ ਹੈ ॥੧॥ ਰਹਾਉ ॥

ਜਹ ਝਿਲਿ ਮਿਲਿ ਕਾਰੁ ਦਿਸੰਤਾ ॥

(ਹੇ ਭਾਈ!) ਜਿਸ ਮਨ ਵਿਚ ਪਹਿਲਾਂ ਚੰਚਲਤਾ ਦਿੱਸ ਰਹੀ ਸੀ,

ਤਹ ਅਨਹਦ ਸਬਦ ਬਜੰਤਾ ॥

ਉੱਥੇ ਹੁਣ ਇੱਕ-ਰਸ ਗੁਰ-ਸ਼ਬਦ ਦਾ ਪ੍ਰਭਾਵ ਪੈ ਰਿਹਾ ਹੈ।

ਜੋਤੀ ਜੋਤਿ ਸਮਾਨੀ ॥

ਹੁਣ ਮੇਰੀ ਆਤਮਾ ਪਰਮਾਤਮਾ ਵਿਚ ਮਿਲ ਗਈ ਹੈ,

ਮੈ ਗੁਰਪਰਸਾਦੀ ਜਾਨੀ ॥੨॥

ਸਤਿਗੁਰੂ ਦੀ ਕਿਰਪਾ ਨਾਲ ਮੈਂ ਉਸ ਜੋਤਿ ਨੂੰ ਪਛਾਣ ਲਿਆ ਹੈ ॥੨॥

ਰਤਨ ਕਮਲ ਕੋਠਰੀ ॥

ਮੇਰੇ ਹਿਰਦੇ-ਕਮਲ ਦੀ ਕੋਠੜੀ ਵਿਚ ਰਤਨ ਸਨ (ਪਰ ਲੁਕੇ ਹੋਏ ਸਨ);

ਚਮਕਾਰ ਬੀਜੁਲ ਤਹੀ ॥

ਹੁਣ ਉੱਥੇ (ਗੁਰੂ ਦੀ ਮਿਹਰ ਸਦਕਾ, ਮਾਨੋ) ਬਿਜਲੀ ਦੀ ਲਿਸ਼ਕ (ਵਰਗਾ ਚਾਨਣ) ਹੈ (ਤੇ ਉਹ ਰਤਨ ਦਿੱਸ ਪਏ ਹਨ)।

ਨੇਰੈ ਨਾਹੀ ਦੂਰਿ ॥

ਹੁਣ ਪ੍ਰਭੂ ਕਿਤੇ ਦੂਰ ਨਹੀਂ ਜਾਪਦਾ, ਨੇੜੇ ਦਿੱਸਦਾ ਹੈ,

ਨਿਜ ਆਤਮੈ ਰਹਿਆ ਭਰਪੂਰਿ ॥੩॥

ਮੈਨੂੰ ਆਪਣੇ ਅੰਦਰ ਹੀ ਭਰਪੂਰ ਦਿੱਸਦਾ ਹੈ ॥੩॥

ਜਹ ਅਨਹਤ ਸੂਰ ਉਜ੍ਹਾਰਾ ॥

ਜਿਸ ਮਨ ਵਿਚ ਹੁਣ ਇੱਕ-ਰਸ ਸੂਰਜ ਦੇ ਚਾਨਣ ਵਰਗਾ ਚਾਨਣ ਹੈ,

ਤਹ ਦੀਪਕ ਜਲੈ ਛੰਛਾਰਾ ॥

ਇੱਥੇ ਪਹਿਲਾਂ (ਮਾਨੋ) ਮੱਧਮ ਜਿਹਾ ਦੀਵਾ ਬਲ ਰਿਹਾ ਸੀ।

ਗੁਰਪਰਸਾਦੀ ਜਾਨਿਆ ॥

ਹੁਣ ਗੁਰੂ ਦੀ ਕਿਰਪਾ ਨਾਲ ਮੇਰੀ ਉਸ ਪ੍ਰਭੂ ਨਾਲ ਜਾਣ-ਪਛਾਣ ਹੋ ਗਈ ਹੈ,

ਜਨੁ ਨਾਮਾ ਸਹਜ ਸਮਾਨਿਆ ॥੪॥੧॥

ਤੇ ਮੈਂ ਦਾਸ ਨਾਮਦੇਵ ਅਡੋਲ ਅਵਸਥਾ ਵਿਚ ਟਿਕ ਗਿਆ ਹਾਂ ॥੪॥੧॥


ਘਰੁ ੪ ਸੋਰਠਿ ॥
ਪਾੜ ਪੜੋਸਣਿ ਪੂਛਿ ਲੇ ਨਾਮਾ ਕਾ ਪਹਿ ਛਾਨਿ ਛਵਾਈ ਹੋ ॥

ਨਾਲ ਦੀ ਗੁਆਂਢਣ ਨੇ ਪੁੱਛਿਆ-ਹੇ ਨਾਮੇ! ਤੂੰ ਆਪਣੀ ਛੰਨ ਕਿਸ ਪਾਸੋਂ ਬਣਵਾਈ ਹੈ?

ਤੋ ਪਹਿ ਦੁਗਣੀ ਮਜੂਰੀ ਦੈਹਉ ਮੋ ਕਉ ਬੇਢੀ ਦੇਹੁ ਬਤਾਈ ਹੋ ॥੧॥

ਮੈਨੂੰ ਉਸ ਤਰਖਾਣ ਦੀ ਦੱਸ ਪਾ, ਮੈਂ ਤੇਰੇ ਨਾਲੋਂ ਦੂਣੀ ਮਜੂਰੀ ਦੇ ਦਿਆਂਗੀ ॥੧॥

ਰੀ ਬਾਈ ਬੇਢੀ ਦੇਨੁ ਨ ਜਾਈ ॥

ਹੇ ਭੈਣ! ਉਸ ਤਰਖਾਣ ਦੀ (ਇਸ ਤਰ੍ਹਾਂ) ਦੱਸ ਨਹੀਂ ਪਾਈ ਜਾ ਸਕਦੀ;

ਦੇਖੁ ਬੇਢੀ ਰਹਿਓ ਸਮਾਈ ॥

ਵੇਖ, ਉਹ ਤਰਖਾਣ ਹਰ ਥਾਂ ਮੌਜੂਦ ਹੈ,

ਹਮਾਰੈ ਬੇਢੀ ਪ੍ਰਾਨ ਅਧਾਰਾ ॥੧॥ ਰਹਾਉ ॥

ਤੇ ਉਹ ਮੇਰੀ ਜਿੰਦ ਦਾ ਆਸਰਾ ਹੈ ॥੧॥ ਰਹਾਉ ॥

ਬੇਢੀ ਪ੍ਰੀਤਿ ਮਜੂਰੀ ਮਾਂਗੈ ਜਉ ਕੋਊ ਛਾਨਿ ਛਵਾਵੈ ਹੋ ॥

(ਹੇ ਭੈਣ!) ਜੇ ਕੋਈ ਮਨੁੱਖ (ਉਸ ਤਰਖਾਣ ਪਾਸੋਂ) ਛੰਨ ਬਣਵਾਏ ਤਾਂ ਉਹ ਤਰਖਾਣ ਪ੍ਰੀਤ (ਦੀ) ਮਜੂਰੀ ਮੰਗਦਾ ਹੈ।

ਲੋਗ ਕੁਟੰਬ ਸਭਹੁ ਤੇ ਤੋਰੈ ਤਉ ਆਪਨ ਬੇਢੀ ਆਵੈ ਹੋ ॥੨॥

(ਪ੍ਰੀਤ ਭੀ ਅਜਿਹੀ ਹੋਵੇ ਕਿ ਲੋਕਾਂ ਨਾਲੋਂ, ਪਰਵਾਰ ਨਾਲੋਂ, ਸਭਨਾਂ ਨਾਲੋਂ, ਮੋਹ ਤੋੜ ਲਏ; ਤਾਂ ਉਹ ਤਰਖਾਣ ਆਪਣੇ ਆਪ ਆ ਜਾਂਦਾ ਹੈ) ॥੨॥

ਐਸੋ ਬੇਢੀ ਬਰਨਿ ਨ ਸਾਕਉ ਸਭ ਅੰਤਰ ਸਭ ਠਾਂਈ ਹੋ ॥

(ਹੇ ਭੈਣ!) ਮੈਂ (ਉਸ) ਐਸੇ ਤਰਖਾਣ ਦਾ ਸਰੂਪ ਬਿਆਨ ਨਹੀਂ ਕਰ ਸਕਦਾ। (ਉਂਞ) ਉਹ ਸਭਨਾਂ ਵਿਚ ਹੈ, ਉਹ ਸਭ ਥਾਈਂ ਹੈ।

ਗੂੰਗੈ ਮਹਾ ਅੰਮ੍ਰਿਤ ਰਸੁ ਚਾਖਿਆ ਪੂਛੇ ਕਹਨੁ ਨ ਜਾਈ ਹੋ ॥੩॥

(ਜਿਵੇਂ) ਜੇ ਕੋਈ ਗੁੰਗਾ ਬੜਾ ਸੁਆਦਲਾ ਪਦਾਰਥ ਖਾਏ ਤਾਂ ਪੁੱਛਿਆਂ (ਉਸ ਪਾਸੋਂ ਉਸ ਦਾ ਸੁਆਦ) ਦੱਸਿਆ ਨਹੀਂ ਜਾ ਸਕਦਾ ॥੩॥

ਬੇਢੀ ਕੇ ਗੁਣ ਸੁਨਿ ਰੀ ਬਾਈ ਜਲਧਿ ਬਾਂਧਿ ਧ੍ਰੂ ਥਾਪਿਓ ਹੋ ॥

ਹੇ ਭੈਣ! ਉਸ ਤਰਖਾਣ ਦੇ (ਕੁਝ ਥੋੜੇ ਜਿਹੇ) ਗੁਣ ਸੁਣ ਲੈ-ਉਸ ਨੇ ਧ੍ਰੂ ਨੂੰ ਅਟੱਲ ਪਦਵੀ ਦਿੱਤੀ, ਉਸ ਨੇ ਸਮੁੰਦਰ (ਤੇ ਪੁਲ) ਬੱਧਾ,

ਨਾਮੇ ਕੇ ਸੁਆਮੀ ਸੀਅ ਬਹੋਰੀ ਲੰਕ ਭਭੀਖਣ ਆਪਿਓ ਹੋ ॥੪॥੨॥

ਨਾਮਦੇਵ ਦੇ (ਉਸ ਤਰਖਾਣ) ਨੇ (ਲੰਕਾਂ ਤੋਂ) ਸੀਤਾ ਮੋੜ ਕੇ ਲਿਆਂਦੀ ਤੇ ਭਭੀਖਣ ਨੂੰ ਲੰਕਾ ਦਾ ਮਾਲਕ ਬਣਾ ਦਿੱਤਾ ॥੪॥੨॥


ਸੋਰਠਿ ਘਰੁ ੩ ॥
ਅਣਮੜਿਆ ਮੰਦਲੁ ਬਾਜੈ ॥

(ਉਸ ਮਨੁੱਖ ਦੇ ਅੰਦਰ) ਢੋਲ ਵੱਜਣ ਲੱਗ ਪੈਂਦਾ ਹੈ (ਪਰ ਉਹ ਢੋਲ ਖੱਲ ਨਾਲ) ਮੜ੍ਹਿਆ ਹੋਇਆ ਨਹੀਂ ਹੁੰਦਾ,

ਬਿਨੁ ਸਾਵਣ ਘਨਹਰੁ ਗਾਜੈ ॥

(ਉਸ ਦੇ ਮਨ ਵਿਚ) ਬੱਦਲ ਗੱਜਣ ਲੱਗ ਪੈਂਦਾ ਹੈ, ਪਰ ਉਹ ਬੱਦਲ ਸਾਵਣ ਮਹੀਨੇ ਦੀ ਉਡੀਕ ਨਹੀਂ ਕਰਦਾ (ਭਾਵ, ਹਰ ਵੇਲੇ ਗੱਜਦਾ ਹੈ),

ਬਾਦਲ ਬਿਨੁ ਬਰਖਾ ਹੋਈ ॥

ਉਸ ਦੇ ਅੰਦਰ ਬੱਦਲਾਂ ਤੋਂ ਬਿਨਾ ਹੀ ਮੀਂਹ ਪੈਣ ਲੱਗ ਜਾਂਦਾ ਹੈ (ਬੱਦਲ ਤਾਂ ਕਦੇ ਆਏ ਤੇ ਕਦੇ ਚਲੇ ਗਏ, ਉੱਥੇ ਹਰ ਵੇਲੇ ਹੀ ਨਾਮ ਦੀ ਵਰਖਾ ਹੁੰਦੀ ਹੈ)

ਜਉ ਤਤੁ ਬਿਚਾਰੈ ਕੋਈ ॥੧॥

ਜਿਹੜਾ ਭੀ ਕੋਈ ਮਨੁੱਖ ਅਸਲੀਅਤ ਨੂੰ ਵਿਚਾਰਦਾ ਹੈ (ਭਾਵ, ਜਿਸ ਦੇ ਭੀ ਅੰਦਰ ਇਹ ਮੇਲ-ਅਵਸਥਾ ਵਾਪਰਦੀ ਹੈ ॥੧॥

ਮੋ ਕਉ ਮਿਲਿਓ ਰਾਮੁ ਸਨੇਹੀ ॥

ਮੈਨੂੰ ਪਿਆਰਾ ਰਾਮ ਮਿਲ ਪਿਆ ਹੈ,

ਜਿਹ ਮਿਲਿਐ ਦੇਹ ਸੁਦੇਹੀ ॥੧॥ ਰਹਾਉ ॥

ਜਿਸ ਦੇ ਮਿਲਣ ਦੀ ਬਰਕਤਿ ਨਾਲ ਮੇਰਾ ਸਰੀਰ ਭੀ ਚਮਕ ਪਿਆ ਹੈ ॥੧॥ ਰਹਾਉ ॥

ਮਿਲਿ ਪਾਰਸ ਕੰਚਨੁ ਹੋਇਆ ॥

ਜਿਵੇਂ ਪਾਰਸ ਨਾਲ ਛੋਹ ਕੇ (ਲੋਹਾ) ਸੋਨਾ ਬਣ ਜਾਂਦਾ ਹੈ,

ਮੁਖ ਮਨਸਾ ਰਤਨੁ ਪਰੋਇਆ ॥

ਹੁਣ ਮੇਰੇ ਬਚਨਾਂ ਵਿਚ ਤੇ ਖ਼ਿਆਲਾਂ ਵਿਚ ਨਾਮ-ਰਤਨ ਹੀ ਪਰੋਤਾ ਗਿਆ ਹੈ।

ਨਿਜ ਭਾਉ ਭਇਆ ਭ੍ਰਮੁ ਭਾਗਾ ॥

(ਪ੍ਰਭੂ ਨਾਲ ਹੁਣ) ਮੇਰਾ ਆਪਣਿਆਂ ਵਾਲਾ ਪਿਆਰ ਪੈ ਗਿਆ ਹੈ, (ਇਹ) ਭੁਲੇਖਾ ਰਹਿ ਹੀ ਨਹੀਂ ਗਿਆ (ਕਿ ਕਿਤੇ ਕੋਈ ਓਪਰਾ ਭੀ ਹੈ)

ਗੁਰ ਪੂਛੇ ਮਨੁ ਪਤੀਆਗਾ ॥੨॥

ਸਤਿਗੁਰੂ ਦੀ ਸਿੱਖਿਆ ਲੈ ਕੇ ਮੇਰਾ ਮਨ ਪਤੀਜ ਗਿਆ ਹੈ (ਤੇ ਸੁਅੱਛ ਹੋ ਗਿਆ ਹੈ) ॥੨॥

ਜਲ ਭੀਤਰਿ ਕੁੰਭ ਸਮਾਨਿਆ ॥

(ਜਿਵੇਂ ਸਮੁੰਦਰ ਦੇ) ਪਾਣੀ ਵਿਚ ਘੜੇ ਦਾ ਪਾਣੀ ਮਿਲ ਜਾਂਦਾ ਹੈ (ਤੇ ਆਪਣੀ ਵੱਖਰੀ ਹਸਤੀ ਮਿਟਾ ਲੈਂਦਾ ਹੈ),

ਸਭ ਰਾਮੁ ਏਕੁ ਕਰਿ ਜਾਨਿਆ ॥

ਮੈਨੂੰ ਭੀ ਹੁਣ ਹਰ ਥਾਂ ਰਾਮ ਹੀ ਰਾਮ ਦਿੱਸਦਾ ਹੈ (ਮੇਰੀ ਆਪਣੀ ਅਪਣੱਤ ਰਹੀ ਹੀ ਨਹੀਂ)।

ਗੁਰ ਚੇਲੇ ਹੈ ਮਨੁ ਮਾਨਿਆ ॥

ਆਪਣੇ ਸਤਿਗੁਰੂ ਨਾਲ ਮੇਰਾ ਮਨ ਇਕ-ਮਿਕ ਹੋ ਗਿਆ ਹੈ,

ਜਨ ਨਾਮੈ ਤਤੁ ਪਛਾਨਿਆ ॥੩॥੩॥

ਤੇ ਮੈਂ ਦਾਸ ਨਾਮੇ ਨੇ (ਜਗਤ ਦੇ) ਅਸਲੇ ਪਰਮਾਤਮਾ ਨਾਲ (ਪੱਕੀ) ਸਾਂਝ ਪਾ ਲਈ ਹੈ ॥੩॥੩॥


ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ॥

ਰਾਗ ਸੋਰਠਿ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ ॥

(ਹੇ ਮਾਧੋ!) ਜਿਤਨਾ ਚਿਰ ਅਸਾਂ ਜੀਵਾਂ ਦੇ ਅੰਦਰ ਹਉਮੈ ਰਹਿੰਦੀ ਹੈ, ਉਤਨਾ ਚਿਰ ਤੂੰ (ਅਸਾਡੇ ਅੰਦਰ) ਪਰਗਟ ਨਹੀਂ ਹੁੰਦਾ, ਪਰ ਜਦੋਂ ਤੂੰ ਪ੍ਰਤੱਖ ਹੁੰਦਾ ਹੈਂ ਤਦੋਂ ਅਸਾਡੀ ‘ਮੈਂ’ ਦੂਰ ਹੋ ਜਾਂਦੀ ਹੈ।

ਅਨਲ ਅਗਮ ਜੈਸੇ ਲਹਰਿ ਮਇ ਓਦਧਿ ਜਲ ਕੇਵਲ ਜਲ ਮਾਂਹੀ ॥੧॥

(ਇਸ ‘ਮੈਂ’ ਦੇ ਹਟਣ ਨਾਲ ਇਹ ਸਮਝ ਆ ਜਾਂਦੀ ਹੈ ਕਿ) ਜਿਵੇਂ ਬੜਾ ਤੂਫ਼ਾਨ ਆਇਆਂ ਸਮੁੰਦਰ ਲਹਿਰਾਂ ਨਾਲ ਨਕਾ-ਨਕ ਭਰ ਜਾਂਦਾ ਹੈ, ਪਰ ਅਸਲ ਵਿਚ ਉਹ (ਲਹਿਰਾਂ ਸਮੁੰਦਰ ਦੇ) ਪਾਣੀ ਵਿਚ ਪਾਣੀ ਹੀ ਹੈ (ਤਿਵੇਂ ਇਹ ਸਾਰੇ ਜੀਆ ਜੰਤ ਤੇਰਾ ਆਪਣਾ ਹੀ ਵਿਕਾਸ ਹੈ) ॥੧॥

ਮਾਧਵੇ ਕਿਆ ਕਹੀਐ ਭ੍ਰਮੁ ਐਸਾ ॥

ਹੇ ਮਾਧੋ! ਅਸਾਂ ਜੀਵਾਂ ਨੂੰ ਕੁਝ ਅਜਿਹਾ ਭੁਲੇਖਾ ਪਿਆ ਹੋਇਆ ਹੈ ਕਿ ਇਹ ਬਿਆਨ ਨਹੀਂ ਕੀਤਾ ਜਾ ਸਕਦਾ।

ਜੈਸਾ ਮਾਨੀਐ ਹੋਇ ਨ ਤੈਸਾ ॥੧॥ ਰਹਾਉ ॥

ਅਸੀਂ ਜੋ ਮੰਨੀ ਬੈਠੇ ਹਾਂ (ਕਿ ਜਗਤ ਤੇਰੇ ਨਾਲੋਂ ਕੋਈ ਵੱਖਰੀ ਹਸਤੀ ਹੈ), ਉਹ ਠੀਕ ਨਹੀਂ ਹੈ ॥੧॥ ਰਹਾਉ ॥

ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ ॥

(ਜਿਵੇਂ) ਕੋਈ ਰਾਜਾ ਆਪਣੇ ਤਖ਼ਤ ਉਤੇ ਸੌਂ ਜਾਏ, ਤੇ, ਸੁਫ਼ਨੇ ਵਿਚ ਮੰਗਤਾ ਬਣ ਜਾਏ,

ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ ॥੨॥

ਰਾਜ ਹੁੰਦਿਆਂ ਸੁੰਦਿਆਂ ਉਹ (ਸੁਪਨੇ ਵਿਚ ਰਾਜ ਤੋਂ) ਵਿਛੜ ਕੇ ਦੁੱਖੀ ਹੁੰਦਾ ਹੈ, ਤਿਵੇਂ ਹੀ (ਹੇ ਮਾਧੋ! ਤੈਥੋਂ ਵਿਛੁੜ ਕੇ) ਅਸਾਡਾ ਜੀਵਾਂ ਦਾ ਹਾਲ ਹੋ ਰਿਹਾ ਹੈ ॥੨॥

ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ ਅਬ ਕਛੁ ਮਰਮੁ ਜਨਾਇਆ ॥

ਜਿਵੇਂ ਰੱਸੀ ਤੇ ਸੱਪ ਦਾ ਦ੍ਰਿਸ਼ਟਾਂਤ ਹੈ, ਪਰ ਤੂੰ ਮੈਨੂੰ ਹੁਣ ਕੁਝ ਕੁਝ ਭੇਤ ਜਣਾ ਦਿੱਤਾ ਹੈ।

ਅਨਿਕ ਕਟਕ ਜੈਸੇ ਭੂਲਿ ਪਰੇ ਅਬ ਕਹਤੇ ਕਹਨੁ ਨ ਆਇਆ ॥੩॥

ਜਿਵੇਂ (ਸੋਨੇ ਤੋਂ ਬਣੇ ਹੋਏ) ਅਨੇਕਾਂ ਕੜੇ ਵੇਖ ਕੇ ਭੁਲੇਖਾ ਪੈ ਜਾਏ (ਕਿ ਸੋਨਾ ਹੀ ਕਈ ਕਿਸਮ ਦਾ ਹੁੰਦਾ ਹੈ, ਤਿਵੇਂ ਅਸਾਨੂੰ ਭੁਲੇਖਾ ਬਣਿਆ ਪਿਆ ਹੈ ਕਿ ਇਹ ਜਗਤ ਤੈਥੋਂ ਵੱਖਰਾ ਹੈ)। ਹੁਣ ਉਹ ਪੁਰਾਣੀ ਵਿਤਕਰੇ ਵਾਲੀ ਗੱਲ ਮੈਥੋਂ ਆਖੀ ਨਹੀਂ ਜਾਂਦੀ (ਭਾਵ, ਹੁਣ ਮੈਂ ਇਹ ਨਹੀਂ ਆਖਦਾ ਕਿ ਜਗਤ ਤੈਥੋਂ ਵੱਖਰੀ ਹਸਤੀ ਹੈ) ॥੩॥

ਸਰਬੇ ਏਕੁ ਅਨੇਕੈ ਸੁਆਮੀ ਸਭ ਘਟ ਭੁੋਗਵੈ ਸੋਈ ॥

ਉਹ ਪ੍ਰਭੂ-ਖਸਮ ਅਨੇਕਾਂ ਰੂਪ ਬਣਾ ਕੇ ਸਾਰਿਆਂ ਵਿਚ ਇੱਕ ਆਪ ਹੀ ਹੈ, ਸਭ ਘਟਾਂ ਵਿਚ ਆਪ ਹੀ ਬੈਠਾ ਜਗਤ ਦੇ ਰੰਗ ਮਾਣ ਰਿਹਾ ਹੈ।

ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਇ ਸੁ ਹੋਈ ॥੪॥੧॥

(ਹੁਣ ਤਾਂ) ਰਵਿਦਾਸ ਆਖਦਾ ਹੈ ਕਿ (ਦੂਰ ਨਹੀਂ) ਮੇਰੇ ਹੱਥ ਤੋਂ ਭੀ ਨੇੜੇ ਹੈ, ਜੋ ਕੁਝ (ਜਗਤ ਵਿਚ) ਵਰਤ ਰਿਹਾ ਹੈ, ਉਸੇ ਦੀ ਰਜ਼ਾ ਵਿਚ ਹੋ ਰਿਹਾ ਹੈ ॥੪॥੧॥

ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ ॥

(ਸੋ, ਹੇ ਮਾਧੋ!) ਜੇ ਅਸੀਂ ਮੋਹ ਦੀ ਫਾਹੀ ਵਿਚ ਬੱਝੇ ਹੋਏ ਸਾਂ, ਤਾਂ ਅਸਾਂ ਤੈਨੂੰ ਆਪਣੇ ਪਿਆਰ ਦੀ ਰੱਸੀ ਨਾਲ ਬੰਨ੍ਹ ਲਿਆ ਹੈ।

ਅਪਨੇ ਛੂਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ ਆਰਾਧੇ ॥੧॥

ਅਸੀਂ ਤਾਂ (ਉਸ ਮੋਹ ਦੀ ਫਾਹੀ ਵਿਚੋਂ) ਤੈਨੂੰ ਸਿਮਰ ਕੇ ਨਿਕਲ ਆਏ ਹਾਂ, ਤੂੰ ਅਸਾਡੇ ਪਿਆਰ ਦੇ ਜਕੜ ਵਿਚੋਂ ਕਿਵੇਂ ਨਿਕਲੇਂਗਾ? ॥੧॥

ਮਾਧਵੇ ਜਾਨਤ ਹਹੁ ਜੈਸੀ ਤੈਸੀ ॥

ਹੇ ਮਾਧੋ! ਤੇਰੇ ਭਗਤ ਜਿਹੋ ਜਿਹਾ ਪਿਆਰ ਤੇਰੇ ਨਾਲ ਕਰਦੇ ਹਨ ਉਹ ਤੈਥੋਂ ਲੁਕਿਆ ਨਹੀਂ ਰਹਿ ਸਕਦਾ (ਤੂੰ ਉਹ ਚੰਗੀ ਤਰ੍ਹਾਂ ਜਾਣਦਾ ਹੈਂ)।

ਅਬ ਕਹਾ ਕਰਹੁਗੇ ਐਸੀ ॥੧॥ ਰਹਾਉ ॥

ਅਜਿਹੀ ਪ੍ਰੀਤਿ ਦੇ ਹੁੰਦਿਆਂ ਤੂੰ ਜ਼ਰੂਰ ਉਹਨਾਂ ਨੂੰ ਮੋਹ ਤੋਂ ਬਚਾਈ ਰੱਖਦਾ ਹੈਂ ॥੧॥ ਰਹਾਉ ॥

ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ ॥

(ਅਸਾਡਾ ਤੇਰੇ ਨਾਲ ਪਿਆਰ ਭੀ ਉਹ ਹੈ ਜੋ ਮੱਛੀ ਨੂੰ ਪਾਣੀ ਨਾਲ ਹੁੰਦਾ ਹੈ, ਅਸਾਂ ਮਰ ਕੇ ਭੀ ਤੇਰੀ ਯਾਦ ਨਹੀਂ ਛੱਡਣੀ) ਮੱਛੀ (ਪਾਣੀ ਵਿਚੋਂ) ਫੜ ਕੇ ਫਾਂਕਾਂ ਕਰ ਦੇਈਏ, ਟੋਟੇ ਕਰ ਦੇਈਏ ਤੇ ਕਈ ਤਰ੍ਹਾਂ ਰਿੰਨ੍ਹ ਲਈਏ,

ਖੰਡ ਖੰਡ ਕਰਿ ਭੋਜਨੁ ਕੀਨੋ ਤਊ ਨ ਬਿਸਰਿਓ ਪਾਨੀ ॥੨॥

ਫਿਰ ਰਤਾ ਰਤਾ ਕਰ ਕੇ ਖਾ ਲਈਏ, ਫਿਰ ਭੀ ਉਸ ਮੱਛੀ ਨੂੰ ਪਾਣੀ ਨਹੀਂ ਭੁੱਲਦਾ (ਜਿਸ ਖਾਣ ਵਾਲੇ ਦੇ ਪੇਟ ਵਿਚ ਜਾਂਦੀ ਹੈ ਉਸ ਨੂੰ ਭੀ ਪਾਣੀ ਦੀ ਪਿਆਸ ਲਗਾ ਦੇਂਦੀ ਹੈ) ॥੨॥

ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ ॥

ਜਗਤ ਦਾ ਮਾਲਕ ਹਰੀ ਕਿਸੇ ਦੇ ਪਿਉ ਦੀ (ਜੱਦੀ ਮਲਕੀਅਤ) ਨਹੀਂ ਹੈ, ਉਹ ਤਾਂ ਪ੍ਰੇਮ ਦਾ ਬੱਝਾ ਹੋਇਆ ਹੈ।

ਮੋਹ ਪਟਲ ਸਭੁ ਜਗਤੁ ਬਿਆਪਿਓ ਭਗਤ ਨਹੀ ਸੰਤਾਪਾ ॥੩॥

(ਇਸ ਪ੍ਰੇਮ ਤੋਂ ਵਾਂਜਿਆ ਹੋਇਆ ਸਾਰਾ ਜਗਤ) ਮੋਹ ਦੇ ਪਰਦੇ ਵਿਚ ਫਸਿਆ ਪਿਆ ਹੈ, ਪਰ (ਪ੍ਰਭੂ ਨਾਲ ਪ੍ਰੇਮ ਕਰਨ ਵਾਲੇ) ਭਗਤਾਂ ਨੂੰ (ਇਸ ਮੋਹ ਦਾ) ਕੋਈ ਕਲੇਸ਼ ਨਹੀਂ ਹੁੰਦਾ ॥੩॥

ਕਹਿ ਰਵਿਦਾਸ ਭਗਤਿ ਇਕ ਬਾਢੀ ਅਬ ਇਹ ਕਾ ਸਿਉ ਕਹੀਐ ॥

ਰਵਿਦਾਸ ਆਖਦਾ ਹੈ-(ਹੇ ਮਾਧੋ!) ਮੈਂ ਇਕ ਤੇਰੀ ਭਗਤੀ (ਆਪਣੇ ਹਿਰਦੇ ਵਿਚ) ਇਤਨੀ ਦ੍ਰਿੜ੍ਹ ਕੀਤੀ ਹੈ ਕਿ ਮੈਨੂੰ ਹੁਣ ਕਿਸੇ ਨਾਲ ਇਹ ਗਿਲਾ ਕਰਨ ਦੀ ਲੋੜ ਹੀ ਨਹੀਂ ਰਹਿ ਗਈ,

ਜਾ ਕਾਰਨਿ ਹਮ ਤੁਮ ਆਰਾਧੇ ਸੋ ਦੁਖੁ ਅਜਹੂ ਸਹੀਐ ॥੪॥੨॥

ਜੁ ਜਿਸ ਮੋਹ ਤੋਂ ਬਚਣ ਲਈ ਮੈਂ ਤੇਰਾ ਸਿਮਰਨ ਕਰ ਰਿਹਾ ਸਾਂ, ਉਸ ਮੋਹ ਦਾ ਦੁੱਖ ਮੈਨੂੰ ਹੁਣ ਤਕ ਸਹਾਰਨਾ ਪੈ ਰਿਹਾ ਹੈ (ਭਾਵ, ਉਸ ਮੋਹ ਦਾ ਤਾਂ ਹੁਣ ਮੇਰੇ ਅੰਦਰ ਨਾਮ ਨਿਸ਼ਾਨ ਹੀ ਨਹੀਂ ਰਹਿ ਗਿਆ) ॥੪॥੨॥

ਦੁਲਭ ਜਨਮੁ ਪੁੰਨ ਫਲ ਪਾਇਓ ਬਿਰਥਾ ਜਾਤ ਅਬਿਬੇਕੈ ॥

ਇਹ ਮਨੁੱਖਾ ਜਨਮ ਬੜੀ ਮੁਸ਼ਕਿਲ ਨਾਲ ਮਿਲਦਾ ਹੈ, (ਪਿਛਲੇ ਕੀਤੇ) ਭਲੇ ਕੰਮਾਂ ਦੇ ਫਲ ਵਜੋਂ ਅਸਾਨੂੰ ਮਿਲ ਗਿਆ, ਪਰ ਅਸਾਡੇ ਅੰਞਾਣਪੁਣੇ ਵਿਚ ਇਹ ਵਿਅਰਥ ਹੀ ਜਾ ਰਿਹਾ ਹੈ।

ਰਾਜੇ ਇੰਦ੍ਰ ਸਮਸਰਿ ਗ੍ਰਿਹ ਆਸਨ ਬਿਨੁ ਹਰਿ ਭਗਤਿ ਕਹਹੁ ਕਿਹ ਲੇਖੈ ॥੧॥

(ਅਸਾਂ ਕਦੇ ਸੋਚਿਆ ਹੀ ਨਹੀਂ ਕਿ) ਜੇ ਪ੍ਰਭੂ ਦੀ ਬੰਦਗੀ ਤੋਂ ਵਾਂਜੇ ਰਹੇ ਤਾਂ (ਦੇਵਤਿਆਂ ਦੇ) ਰਾਜੇ ਇੰਦਰ ਦੇ ਸੁਰਗ ਵਰਗੇ ਭੀ ਮਹਿਲ ਮਾੜੀਆਂ ਕਿਸੇ ਕੰਮ ਨਹੀਂ ਹਨ ॥੧॥

ਨ ਬੀਚਾਰਿਓ ਰਾਜਾ ਰਾਮ ਕੋ ਰਸੁ ॥

(ਅਸਾਂ ਮਾਇਆ-ਧਾਰੀ ਜੀਵਾਂ ਨੇ) ਜਗਤ-ਪ੍ਰਭੂ ਪਰਮਾਤਮਾ ਦੇ ਨਾਮ ਦੇ ਉਸ ਆਨੰਦ ਨੂੰ ਨਹੀਂ ਕਦੇ ਵਿਚਾਰਿਆ,

ਜਿਹ ਰਸ ਅਨ ਰਸ ਬੀਸਰਿ ਜਾਹੀ ॥੧॥ ਰਹਾਉ ॥

ਜਿਸ ਆਨੰਦ ਦੀ ਬਰਕਤਿ ਨਾਲ (ਮਾਇਆ ਦੇ) ਹੋਰ ਸਾਰੇ ਚਸਕੇ ਦੂਰ ਹੋ ਜਾਂਦੇ ਹਨ ॥੧॥ ਰਹਾਉ ॥

ਜਾਨਿ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ ॥

(ਹੇ ਪ੍ਰਭੂ!) ਜਾਣਦੇ ਬੁੱਝਦੇ ਹੋਏ ਭੀ ਅਸੀਂ ਕਮਲੇ ਤੇ ਮੂਰਖ ਬਣੇ ਹੋਏ ਹਾਂ, ਅਸਾਡੀ ਉਮਰ ਦੇ ਦਿਹਾੜੇ (ਮਾਇਆ ਦੀਆਂ ਹੀ) ਚੰਗੀਆਂ ਮੰਦੀਆਂ ਵਿਚਾਰਾਂ ਵਿਚ ਗੁਜ਼ਰ ਰਹੇ ਹਨ।

ਇੰਦ੍ਰੀ ਸਬਲ ਨਿਬਲ ਬਿਬੇਕ ਬੁਧਿ ਪਰਮਾਰਥ ਪਰਵੇਸ ਨਹੀ ॥੨॥

ਅਸਾਡੀ ਕਾਮ-ਵਾਸ਼ਨਾ ਵਧ ਰਹੀ ਹੈ, ਵਿਚਾਰ-ਸ਼ਕਤੀ ਘਟ ਰਹੀ ਹੈ, ਇਸ ਗੱਲ ਦੀ ਅਸਾਨੂੰ ਕਦੇ ਸੋਚ ਹੀ ਨਹੀਂ ਫੁਰੀ ਕਿ ਅਸਾਡੀ ਸਭ ਤੋਂ ਵੱਡੀ ਲੋੜ ਕੀਹ ਹੈ ॥੨॥

ਕਹੀਅਤ ਆਨ ਅਚਰੀਅਤ ਅਨ ਕਛੁ ਸਮਝ ਨ ਪਰੈ ਅਪਰ ਮਾਇਆ ॥

ਅਸੀਂ ਆਖਦੇ ਹੋਰ ਹਾਂ ਤੇ ਕਰਦੇ ਕੁਝ ਹੋਰ ਹਾਂ, ਮਾਇਆ ਇਤਨੀ ਬਲਵਾਨ ਹੋ ਰਹੀ ਹੈ ਕਿ ਅਸਾਨੂੰ (ਆਪਣੀ ਮੂਰਖਤਾ ਦੀ) ਸਮਝ ਹੀ ਨਹੀਂ ਪੈਂਦੀ।

ਕਹਿ ਰਵਿਦਾਸ ਉਦਾਸ ਦਾਸ ਮਤਿ ਪਰਹਰਿ ਕੋਪੁ ਕਰਹੁ ਜੀਅ ਦਇਆ ॥੩॥੩॥

(ਹੇ ਪ੍ਰਭੂ!) ਤੇਰਾ ਦਾਸ ਰਵਿਦਾਸ ਆਖਦਾ ਹੈ-ਮੈਂ ਹੁਣ ਇਸ (ਮੂਰਖ-ਪੁਣੇ) ਤੋਂ ਉਪਰਾਮ ਹੋ ਗਿਆ ਹਾਂ, (ਮੇਰੇ ਅੰਞਾਣਪੁਣੇ ਤੇ) ਗੁੱਸਾ ਨਾਹ ਕਰਨਾ ਤੇ ਮੇਰੀ ਆਤਮਾ ਉਤੇ ਮਿਹਰ ਕਰਨੀ ॥੩॥੩॥

ਸੁਖ ਸਾਗਰੁ ਸੁਰਤਰ ਚਿੰਤਾਮਨਿ ਕਾਮਧੇਨੁ ਬਸਿ ਜਾ ਕੇ ॥

(ਹੇ ਪੰਡਿਤ!) ਜੋ ਪ੍ਰਭੂ ਸੁਖਾਂ ਦਾ ਸਮੁੰਦਰ ਹੈ, ਜਿਸ ਪ੍ਰਭੂ ਦੇ ਵੱਸ ਵਿਚ ਸੁਰਗ ਦੇ ਪੰਜੇ ਰੁੱਖ, ਚਿੰਤਾਮਣਿ ਤੇ ਕਾਮਧੇਨ ਹਨ,

ਚਾਰਿ ਪਦਾਰਥ ਅਸਟ ਦਸਾ ਸਿਧਿ ਨਵ ਨਿਧਿ ਕਰ ਤਲ ਤਾ ਕੇ ॥੧॥

ਧਰਮ ਅਰਥ ਕਾਮ ਮੋਖ ਚਾਰੇ ਪਦਾਰਥ, ਅਠਾਰਾਂ ਸਿੱਧੀਆਂ ਤੇ ਨੌ ਨਿਧੀਆਂ ਇਹ ਸਭ ਉਸੇ ਦੇ ਹੱਥਾਂ ਦੀਆਂ ਤਲੀਆਂ ਉੱਤੇ ਹਨ ॥੧॥

ਹਰਿ ਹਰਿ ਹਰਿ ਨ ਜਪਹਿ ਰਸਨਾ ॥

(ਹੇ ਪੰਡਿਤ!) ਤੂੰ ਇਕ ਪਰਮਾਤਮਾ ਦਾ ਨਾਮ ਸਿਮਰਦਾ ਨਹੀਂ।

ਅਵਰ ਸਭ ਤਿਆਗਿ ਬਚਨ ਰਚਨਾ ॥੧॥ ਰਹਾਉ ॥

ਤੂੰ ਹੋਰ ਸਾਰੀਆਂ ਫੋਕੀਆਂ ਗੱਲਾਂ ਛੱਡ ਦੇਹ ॥੧॥ ਰਹਾਉ ॥

ਨਾਨਾ ਖਿਆਨ ਪੁਰਾਨ ਬੇਦ ਬਿਧਿ ਚਉਤੀਸ ਅਖਰ ਮਾਂਹੀ ॥

(ਹੇ ਪੰਡਿਤ!) ਪੁਰਾਣਾਂ ਦੇ ਅਨੇਕ ਕਿਸਮਾਂ ਦੇ ਪ੍ਰਸੰਗ, ਵੇਦਾਂ ਦੀਆਂ ਦੱਸੀਆਂ ਹੋਈਆਂ ਵਿਧੀਆਂ, ਇਹ ਸਭ ਵਾਕ-ਰਚਨਾ ਹੀ ਹਨ (ਅਨੁਭਵੀ ਗਿਆਨ ਨਹੀਂ ਜੋ ਪ੍ਰਭੂ ਦੇ ਚਰਨਾਂ ਵਿਚ ਜੁੜਿਆਂ ਹਿਰਦੇ ਵਿਚ ਪੈਦਾ ਹੁੰਦਾ ਹੈ)।

ਬਿਆਸ ਬਿਚਾਰਿ ਕਹਿਓ ਪਰਮਾਰਥੁ ਰਾਮ ਨਾਮ ਸਰਿ ਨਾਹੀ ॥੨॥

(ਹੇ ਪੰਡਿਤ! ਵੇਦਾਂ ਦੇ ਖੋਜੀ) ਵਿਆਸ (ਰਿਸ਼ੀ) ਨੇ ਸੋਚ ਵਿਚਾਰ ਕੇ ਇਹੀ ਧਰਮ-ਤੱਤ ਦੱਸਿਆ ਹੈ ਕਿ (ਇਹਨਾਂ ਪੁਸਤਕਾਂ ਦੇ ਪਾਠ ਆਦਿਕ) ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦੀ ਬਰਾਬਰੀ ਨਹੀਂ ਕਰ ਸਕਦੇ। (ਫਿਰ, ਤੂੰ ਕਿਉਂ ਨਾਮ ਨਹੀਂ ਸਿਮਰਦਾ?) ॥੨॥

ਸਹਜ ਸਮਾਧਿ ਉਪਾਧਿ ਰਹਤ ਫੁਨਿ ਬਡੈ ਭਾਗਿ ਲਿਵ ਲਾਗੀ ॥

ਵੱਡੀ ਕਿਸਮਤ ਨਾਲ ਜਿਸ ਮਨੁੱਖ ਦੀ ਸੁਰਤਿ ਪ੍ਰਭੂ-ਚਰਨਾਂ ਵਿਚ ਜੁੜਦੀ ਹੈ ਉਸ ਦਾ ਮਨ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ।

ਕਹਿ ਰਵਿਦਾਸ ਪ੍ਰਗਾਸੁ ਰਿਦੈ ਧਰਿ ਜਨਮ ਮਰਨ ਭੈ ਭਾਗੀ ॥੩॥੪॥

ਰਵਿਦਾਸ ਆਖਦਾ ਹੈ-ਕੋਈ ਵਿਕਾਰ ਉਸ ਵਿਚ ਨਹੀਂ ਉੱਠਦਾ, ਉਹ ਮਨੁੱਖ ਆਪਣੇ ਹਿਰਦੇ ਵਿਚ ਚਾਨਣ ਪ੍ਰਾਪਤ ਕਰਦਾ ਹੈ, ਤੇ, ਜਨਮ ਮਰਨ (ਭਾਵ, ਸਾਰੀ ਉਮਰ) ਦੇ ਉਸ ਦੇ ਡਰ ਨਾਸ ਹੋ ਜਾਂਦੇ ਹਨ ॥੩॥੪॥

ਜਉ ਤੁਮ ਗਿਰਿਵਰ ਤਉ ਹਮ ਮੋਰਾ ॥

ਹੇ ਮੇਰੇ ਮਾਧੋ! ਜੇ ਤੂੰ ਸੋਹਣਾ ਜਿਹਾ ਪਹਾੜ ਬਣੇਂ, ਤਾਂ ਮੈਂ (ਤੇਰਾ) ਮੋਰ ਬਣਾਂਗਾ (ਤੈਨੂੰ ਵੇਖ ਵੇਖ ਕੇ ਪੈਲਾਂ ਪਾਵਾਂਗਾ)।

ਜਉ ਤੁਮ ਚੰਦ ਤਉ ਹਮ ਭਏ ਹੈ ਚਕੋਰਾ ॥੧॥

ਜੇ ਤੂੰ ਚੰਦ ਬਣੇਂ ਤਾਂ ਮੈਂ ਤੇਰੀ ਚਕੋਰ ਬਣਾਂਗਾ (ਤੇ ਤੈਨੂੰ ਵੇਖ ਕੇ ਖ਼ੁਸ਼ ਹੋ ਹੋ ਕੇ ਬੋਲਾਂਗੀ) ॥੧॥

ਮਾਧਵੇ ਤੁਮ ਨ ਤੋਰਹੁ ਤਉ ਹਮ ਨਹੀ ਤੋਰਹਿ ॥

ਹੇ ਮਾਧੋ! ਜੇ ਤੂੰ (ਮੇਰੇ ਨਾਲੋਂ) ਪਿਆਰ ਨਾਹ ਤੋੜੇਂ, ਤਾਂ ਮੈਂ ਭੀ ਨਹੀਂ ਤੋੜਾਂਗਾ;

ਤੁਮ ਸਿਉ ਤੋਰਿ ਕਵਨ ਸਿਉ ਜੋਰਹਿ ॥੧॥ ਰਹਾਉ ॥

ਕਿਉਂਕਿ ਤੇਰੇ ਨਾਲੋਂ ਤੋੜ ਕੇ ਮੈਂ ਹੋਰ ਕਿਸ ਨਾਲ ਜੋੜ ਸਕਦਾ ਹਾਂ? (ਹੋਰ ਕੋਈ, ਹੇ ਮਾਧੋ! ਤੇਰੇ ਵਰਗਾ ਹੈ ਹੀ ਨਹੀਂ) ॥੧॥ ਰਹਾਉ ॥

ਜਉ ਤੁਮ ਦੀਵਰਾ ਤਉ ਹਮ ਬਾਤੀ ॥

ਹੇ ਮਾਧੋ! ਜੇ ਤੂੰ ਸੋਹਣਾ ਦੀਵਾ ਬਣੇਂ, ਮੈਂ (ਤੇਰੀ) ਵੱਟੀ ਬਣ ਜਾਵਾਂ।

ਜਉ ਤੁਮ ਤੀਰਥ ਤਉ ਹਮ ਜਾਤੀ ॥੨॥

ਜੇ ਤੂੰ ਤੀਰਥ ਬਣ ਜਾਏਂ ਤਾਂ ਮੈਂ (ਤੇਰਾ ਦੀਦਾਰ ਕਰਨ ਲਈ) ਜਾਤ੍ਰੂ ਬਣ ਜਾਵਾਂਗਾ ॥੨॥

ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ ॥

ਹੇ ਪ੍ਰਭੂ! ਮੈਂ ਤੇਰੇ ਨਾਲ ਪੱਕਾ ਪਿਆਰ ਪਾ ਲਿਆ ਹੈ।

ਤੁਮ ਸਿਉ ਜੋਰਿ ਅਵਰ ਸੰਗਿ ਤੋਰੀ ॥੩॥

ਤੇਰੇ ਨਾਲ ਪਿਆਰ ਗੰਢ ਕੇ ਮੈਂ ਹੋਰ ਸਭਨਾਂ ਨਾਲੋਂ ਤੋੜ ਲਿਆ ਹੈ ॥੩॥

ਜਹ ਜਹ ਜਾਉ ਤਹਾ ਤੇਰੀ ਸੇਵਾ ॥

ਹੇ ਮਾਧੋ! ਮੈਂ ਜਿੱਥੇ ਜਿੱਥੇ ਜਾਂਦਾ ਹਾਂ (ਮੈਨੂੰ ਹਰ ਥਾਂ ਤੂੰ ਹੀ ਦਿੱਸਦਾ ਹੈਂ, ਮੈਂ ਹਰ ਥਾਂ) ਤੇਰੀ ਹੀ ਸੇਵਾ ਕਰਦਾ ਹਾਂ।

ਤੁਮ ਸੋ ਠਾਕੁਰੁ ਅਉਰੁ ਨ ਦੇਵਾ ॥੪॥

ਹੇ ਦੇਵ! ਤੇਰੇ ਵਰਗਾ ਕੋਈ ਹੋਰ ਮਾਲਕ ਮੈਨੂੰ ਨਹੀਂ ਦਿੱਸਿਆ ॥੪॥

ਤੁਮਰੇ ਭਜਨ ਕਟਹਿ ਜਮ ਫਾਂਸਾ ॥

ਤੇਰੀ ਬੰਦਗੀ ਕੀਤਿਆਂ ਜਮਾਂ ਦੇ ਬੰਧਨ ਕੱਟੇ ਜਾਂਦੇ ਹਨ,

ਭਗਤਿ ਹੇਤ ਗਾਵੈ ਰਵਿਦਾਸਾ ॥੫॥੫॥

(ਤਾਹੀਏਂ) ਰਵਿਦਾਸ ਤੇਰੀ ਭਗਤੀ ਦਾ ਚਾਉ ਹਾਸਲ ਕਰਨ ਲਈ ਤੇਰੇ ਗੁਣ ਗਾਉਂਦਾ ਹੈ ॥੫॥੫॥

ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੁੰਦ ਕਾ ਗਾਰਾ ॥

(ਜੀਵ-ਪੰਛੀ ਜਿਸ ਸਰੀਰ ਵਿਚ ਵੱਸ ਰਿਹਾ ਹੈ) ਉਸ ਦੀ ਕੰਧ (ਮਾਨੋ) ਪਾਣੀ ਦੀ ਹੈ, ਥੰਮ੍ਹੀ ਹਵਾ (ਸੁਆਸਾਂ) ਦੀ ਹੈ; ਮਾਂ ਦੀ ਰੱਤ ਤੇ ਪਿਉ ਦੇ ਵੀਰਜ ਦਾ ਜਿਸ ਨੂੰ ਗਾਰਾ ਲੱਗਾ ਹੋਇਆ ਹੈ,

ਹਾਡ ਮਾਸ ਨਾੜਂੀ ਕੋ ਪਿੰਜਰੁ ਪੰਖੀ ਬਸੈ ਬਿਚਾਰਾ ॥੧॥

ਤੇ ਹੱਡ ਮਾਸ ਨਾੜੀਆਂ ਦਾ ਪਿੰਜਰ ਬਣਿਆ ਹੋਇਆ ਹੈ। ਜੀਵ-ਪੰਛੀ ਵਿਚਾਰਾ ਉਸ ਸਰੀਰ ਵਿਚ ਵੱਸ ਰਿਹਾ ਹੈ ॥੧॥

ਪ੍ਰਾਨੀ ਕਿਆ ਮੇਰਾ ਕਿਆ ਤੇਰਾ ॥

ਹੇ ਭਾਈ! ਫਿਰ, ਇਹਨਾਂ ਵਿਤਕਰਿਆਂ ਤੇ ਵੰਡਾਂ ਦਾ ਕੀਹ ਲਾਭ?

ਜੈਸੇ ਤਰਵਰ ਪੰਖਿ ਬਸੇਰਾ ॥੧॥ ਰਹਾਉ ॥

ਜਿਵੇਂ ਰੁੱਖਾਂ ਉੱਤੇ ਪੰਛੀਆਂ ਦਾ (ਸਿਰਫ਼ ਰਾਤ ਲਈ) ਡੇਰਾ ਹੁੰਦਾ ਹੈ (ਤਿਵੇਂ ਜੀਵਾਂ ਦੀ ਵੱਸੋਂ ਜਗਤ ਵਿਚ ਹੈ) ॥੧॥ ਰਹਾਉ ॥

ਰਾਖਹੁ ਕੰਧ ਉਸਾਰਹੁ ਨੀਵਾਂ ॥

ਹੇ ਭਾਈ! (ਡੂੰਘੀਆਂ) ਨੀਹਾਂ ਪੁਟਾ ਪੁਟਾ ਕੇ ਤੂੰ ਉਹਨਾਂ ਉੱਤੇ ਕੰਧਾਂ ਉਸਰਾਉਂਦਾ ਹੈਂ,

ਸਾਢੇ ਤੀਨਿ ਹਾਥ ਤੇਰੀ ਸੀਵਾਂ ॥੨॥

ਪਰ ਤੈਨੂੰ ਆਪ ਨੂੰ (ਹਰ ਰੋਜ਼ ਤਾਂ ਵੱਧ ਤੋਂ ਵੱਧ ਸਾਢੇ ਤਿੰਨ ਹੱਥ ਥਾਂ ਹੀ ਚਾਹੀਦੀ ਹੈ (ਸੌਣ ਵੇਲੇ ਇਤਨੀ ਕੁ ਥਾਂ ਹੀ ਮੱਲਦਾ ਹੈਂ) ॥੨॥

ਬੰਕੇ ਬਾਲ ਪਾਗ ਸਿਰਿ ਡੇਰੀ ॥

ਤੂੰ ਸਿਰ ਉੱਤੇ ਬਾਂਕੇ ਬਾਲ (ਸੰਵਾਰ ਸੰਵਾਰ ਕੇ) ਵਿੰਗੀ ਪੱਗ ਬੰਨ੍ਹਦਾ ਹੈਂ,

ਇਹੁ ਤਨੁ ਹੋਇਗੋ ਭਸਮ ਕੀ ਢੇਰੀ ॥੩॥

(ਪਰ ਸ਼ਾਇਦ ਤੈਨੂੰ ਕਦੇ ਇਹ ਚੇਤਾ ਨਹੀਂ ਆਇਆ ਕਿ) ਇਹ ਸਰੀਰ (ਹੀ ਕਿਸੇ ਦਿਨ) ਸੁਆਹ ਦੀ ਢੇਰੀ ਹੋ ਜਾਇਗਾ ॥੩॥

ਊਚੇ ਮੰਦਰ ਸੁੰਦਰ ਨਾਰੀ ॥

ਹੇ ਭਾਈ! ਤੂੰ ਉੱਚੇ ਉੱਚੇ ਮਹਲ ਮਾੜੀਆਂ ਤੇ ਸੁੰਦਰ ਇਸਤ੍ਰੀ (ਦਾ ਮਾਣ ਕਰਦਾ ਹੈਂ),

ਰਾਮ ਨਾਮ ਬਿਨੁ ਬਾਜੀ ਹਾਰੀ ॥੪॥

ਪ੍ਰਭੂ ਦਾ ਨਾਮ ਵਿਸਾਰ ਕੇ ਤੂੰ ਮਨੁੱਖਾ ਜਨਮ ਦੀ ਖੇਡ ਹਾਰ ਰਿਹਾ ਹੈਂ ॥੪॥

ਮੇਰੀ ਜਾਤਿ ਕਮੀਨੀ ਪਾਂਤਿ ਕਮੀਨੀ ਓਛਾ ਜਨਮੁ ਹਮਾਰਾ ॥

ਹੇ ਮੇਰੇ ਰਾਜਨ! ਹੇ ਮੇਰੇ ਸੋਹਣੇ ਰਾਮ! ਮੇਰੀ ਤਾਂ ਜਾਤਿ, ਕੁਲ ਤੇ ਜਨਮ ਸਭ ਕੁਝ ਨੀਵਾਂ ਹੀ ਨੀਵਾਂ ਸੀ,

ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ ॥੫॥੬॥
ਰਵਿਦਾਸ ਚਮਾਰ ਆਖਦਾ ਹੈ-(ਇੱਥੇ ਉੱਚੀਆਂ ਕੁਲਾਂ ਵਾਲੇ ਡੁਬਦੇ ਜਾ ਰਹੇ ਹਨ, ਮੇਰਾ ਕੀਹ ਬਣਨਾ ਸੀ? ਪਰ) ਮੈਂ ਤੇਰੀ ਸਰਨ ਆਇਆ ਹਾਂ ॥੫॥੬॥

ਚਮਰਟਾ ਗਾਂਠਿ ਨ ਜਨਈ ॥

ਮੈਂ ਗ਼ਰੀਬ ਚਮਿਆਰ (ਸਰੀਰ-ਜੁੱਤੀ ਨੂੰ) ਗੰਢਣਾ ਨਹੀਂ ਜਾਣਦਾ,

ਲੋਗੁ ਗਠਾਵੈ ਪਨਹੀ ॥੧॥ ਰਹਾਉ ॥

ਪਰ ਜਗਤ ਦੇ ਜੀਵ ਆਪੋ ਆਪਣੀ (ਸਰੀਰ-ਰੂਪ) ਜੁੱਤੀ ਗੰਢਾ ਰਹੇ ਹਨ (ਭਾਵ, ਲੋਕ ਦਿਨ ਰਾਤ ਨਿਰੇ ਸਰੀਰ ਦੀ ਪਾਲਣਾ ਦੇ ਆਹਰ ਵਿਚ ਲੱਗ ਰਹੇ ਹਨ ॥੧॥ ਰਹਾਉ ॥

ਆਰ ਨਹੀ ਜਿਹ ਤੋਪਉ ॥

ਮੇਰੇ ਪਾਸ ਆਰ ਨਹੀਂ ਕਿ ਮੈਂ (ਜੁੱਤੀ ਨੂੰ) ਤ੍ਰੋਪੇ ਲਾਵਾਂ (ਭਾਵ, ਮੇਰੇ ਅੰਦਰ ਮੋਹ ਦੀ ਖਿੱਚ ਨਹੀਂ ਕਿ ਮੇਰੀ ਸੁਰਤ ਸਦਾ ਸਰੀਰ ਵਿਚ ਹੀ ਟਿਕੀ ਰਹੇ)।

ਨਹੀ ਰਾਂਬੀ ਠਾਉ ਰੋਪਉ ॥੧॥

ਮੇਰੇ ਪਾਸ ਰੰਬੀ ਨਹੀਂ ਕਿ (ਜੁੱਤੀ ਨੂੰ) ਟਾਕੀਆਂ ਲਾਵਾਂ (ਭਾਵ, ਮੇਰੇ ਅੰਦਰ ਲੋਭ ਨਹੀਂ ਕਿ ਚੰਗੇ ਚੰਗੇ ਖਾਣੇ ਲਿਆ ਕੇ ਨਿੱਤ ਸਰੀਰ ਨੂੰ ਪਾਲਦਾ ਰਹਾਂ) ॥੧॥

ਲੋਗੁ ਗੰਠਿ ਗੰਠਿ ਖਰਾ ਬਿਗੂਚਾ ॥

ਜਗਤ ਗੰਢ ਗੰਢ ਕੇ ਬਹੁਤ ਖ਼ੁਆਰ ਹੋ ਰਿਹਾ ਹੈ (ਭਾਵ, ਜਗਤ ਦੇ ਜੀਵ ਆਪੋ ਆਪਣੇ ਸਰੀਰ ਨੂੰ ਦਿਨ ਰਾਤ ਪਾਲਣ ਪੋਸਣ ਦੇ ਆਹਰੇ ਲੱਗ ਕੇ ਦੁਖੀ ਹੋ ਰਹੇ ਹਨ);

ਹਉ ਬਿਨੁ ਗਾਂਠੇ ਜਾਇ ਪਹੂਚਾ ॥੨॥

ਮੈਂ ਗੰਢਣ ਦਾ ਕੰਮ ਛੱਡ ਕੇ (ਭਾਵ, ਆਪਣੇ ਸਰੀਰ ਦੇ ਨਿੱਤ ਆਹਰੇ ਲੱਗੇ ਰਹਿਣ ਨੂੰ ਛੱਡ ਕੇ) ਪ੍ਰਭੂ-ਚਰਨਾਂ ਵਿਚ ਜਾ ਅੱਪੜਿਆ ਹਾਂ ॥੨॥

ਰਵਿਦਾਸੁ ਜਪੈ ਰਾਮ ਨਾਮਾ ॥

ਰਵਿਦਾਸ ਹੁਣ ਪਰਮਾਤਮਾ ਦਾ ਨਾਮ ਸਿਮਰਦਾ ਹੈ, (ਤੇ, ਸਰੀਰ ਦਾ ਮੋਹ ਛੱਡ ਬੈਠਾ ਹੈ)

ਮੋਹਿ ਜਮ ਸਿਉ ਨਾਹੀ ਕਾਮਾ ॥੩॥੭॥

(ਇਸੇ ਵਾਸਤੇ) ਮੈਨੂੰ ਰਵਿਦਾਸ ਨੂੰ ਜਮਾਂ ਨਾਲ ਕੋਈ ਵਾਸਤਾ ਨਹੀਂ ਰਹਿ ਗਿਆ ॥੩॥੭॥


ਰਾਗੁ ਸੋਰਠਿ ਬਾਣੀ ਭਗਤ ਭੀਖਨ ਕੀ ॥

ਰਾਗ ਸੋਰਠਿ ਵਿੱਚ ਭਗਤ ਭੀਖਨ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧ ਵਾਨੀ ॥

ਹੇ ਜੀਵ! (ਬਿਰਧ ਅਵਸਥਾ ਵਿਚ ਕਮਜ਼ੋਰ ਹੋਣ ਕਰਕੇ) ਤੇਰੀਆਂ ਅੱਖਾਂ ਵਿਚੋਂ ਪਾਣੀ ਵਗ ਰਿਹਾ ਹੈ, ਤੇਰਾ ਸਰੀਰ ਲਿੱਸਾ ਹੋ ਗਿਆ ਹੈ, ਤੇਰੇ ਕੇਸ ਦੁੱਧ ਵਰਗੇ ਚਿੱਟੇ ਹੋ ਗਏ ਹਨ।

ਰੂਧਾ ਕੰਠੁ ਸਬਦੁ ਨਹੀ ਉਚਰੈ ਅਬ ਕਿਆ ਕਰਹਿ ਪਰਾਨੀ ॥੧॥

ਤੇਰਾ ਗਲਾ (ਕਫ ਨਾਲ) ਰੁਕਣ ਕਰਕੇ ਬੋਲ ਨਹੀਂ ਸਕਦਾ; ਅਜੇ (ਭੀ) ਤੂੰ ਕੀਹ ਕਰ ਰਿਹਾ ਹੈਂ? (ਭਾਵ, ਹੁਣ ਭੀ ਤੂੰ ਪਰਮਾਤਮਾ ਨੂੰ ਕਿਉਂ ਯਾਦ ਨਹੀਂ ਕਰਦਾ? ਤੂੰ ਕਿਉਂ ਸਰੀਰ ਦੇ ਮੋਹ ਵਿਚ ਫਸਿਆ ਪਿਆ ਹੈਂ? ਤੂੰ ਕਿਉਂ ਦੇਹ-ਅੱਧਿਆਸ ਨਹੀਂ ਛੱਡਦਾ?) ॥੧॥

ਰਾਮ ਰਾਇ ਹੋਹਿ ਬੈਦ ਬਨਵਾਰੀ ॥

ਹੇ ਸੋਹਣੇ ਰਾਮ! ਹੇ ਪ੍ਰਭੂ! ਜੇ ਤੂੰ ਹਕੀਮ ਬਣੇਂ,

ਅਪਨੇ ਸੰਤਹ ਲੇਹੁ ਉਬਾਰੀ ॥੧॥ ਰਹਾਉ ॥

ਤਾਂ ਤੂੰ ਆਪਣੇ ਸੰਤਾਂ ਨੂੰ (ਦੇਹ-ਅੱਧਿਆਸ ਤੋਂ) ਬਚਾ ਲੈਂਦਾ ਹੈਂ (ਭਾਵ, ਤੂੰ ਆਪ ਹੀ ਹਕੀਮ ਬਣ ਕੇ ਸੰਤਾਂ ਨੂੰ ਦੇਹ-ਅੱਧਿਆਸ ਤੋਂ ਬਚਾ ਲੈਂਦਾ ਹੈਂ) ॥੧॥ ਰਹਾਉ ॥

ਮਾਥੇ ਪੀਰ ਸਰੀਰਿ ਜਲਨਿ ਹੈ ਕਰਕ ਕਰੇਜੇ ਮਾਹੀ ॥

ਹੇ ਪ੍ਰਾਣੀ! (ਬਿਰਧ ਹੋਣ ਦੇ ਕਾਰਨ) ਤੇਰੇ ਸਿਰ ਵਿਚ ਪੀੜ ਟਿਕੀ ਰਹਿੰਦੀ ਹੈ, ਸਰੀਰ ਵਿਚ ਸੜਨ ਰਹਿੰਦੀ ਹੈ, ਕਲੇਜੇ ਵਿਚ ਦਰਦ ਉਠਦੀ ਹੈ।

ਐਸੀ ਬੇਦਨ ਉਪਜਿ ਖਰੀ ਭਈ ਵਾ ਕਾ ਅਉਖਧੁ ਨਾਹੀ ॥੨॥

(ਕਿਸ ਕਿਸ ਅੰਗ ਦਾ ਫ਼ਿਕਰ ਕਰੀਏ? ਸਾਰੇ ਹੀ ਜਿਸਮ ਵਿਚ ਬੁਢੇਪੇ ਦਾ) ਇੱਕ ਐਸਾ ਵੱਡਾ ਰੋਗ ਉੱਠ ਖਲੋਤਾ ਹੈ ਕਿ ਇਸ ਦਾ ਕੋਈ ਇਲਾਜ ਨਹੀਂ ਹੈ (ਫਿਰ ਭੀ ਇਸ ਸਰੀਰ ਨਾਲੋਂ ਤੇਰਾ ਮੋਹ ਨਹੀਂ ਮਿਟਦਾ) ॥੨॥

ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ ਇਹੁ ਅਉਖਧੁ ਜਗਿ ਸਾਰਾ ॥

(ਇਸ ਸਰੀਰਕ ਮੋਹ ਨੂੰ ਮਿਟਾਣ ਦਾ) ਇੱਕੋ ਹੀ ਸ੍ਰੇਸ਼ਟ ਇਲਾਜ ਜਗਤ ਵਿਚ ਹੈ, ਉਹ ਹੈ ਪ੍ਰਭੂ ਦਾ ਨਾਮ-ਰੂਪ ਅੰਮ੍ਰਿਤ, ਪਰਮਾਤਮਾ ਦਾ ਨਾਮ-ਰੂਪ ਨਿਰਮਲ ਜਲ।

ਗੁਰਪਰਸਾਦਿ ਕਹੈ ਜਨੁ ਭੀਖਨੁ ਪਾਵਉ ਮੋਖ ਦੁਆਰਾ ॥੩॥੧॥

ਦਾਸ ਭੀਖਣ ਆਖਦਾ ਹੈ-(ਆਪਣੇ) ਗੁਰੂ ਦੀ ਕਿਰਪਾ ਨਾਲ ਮੈਂ ਇਹ ਨਾਮ ਜਪਣ ਦਾ ਰਸਤਾ ਲੱਭ ਲਿਆ ਹੈ, ਜਿਸ ਕਰਕੇ ਮੈਂ ਸਰੀਰਕ ਮੋਹ ਤੋਂ ਖ਼ਲਾਸੀ ਪਾ ਲਈ ਹੈ ॥੩॥੧॥

ਐਸਾ ਨਾਮੁ ਰਤਨੁ ਨਿਰਮੋਲਕੁ ਪੁੰਨਿ ਪਦਾਰਥੁ ਪਾਇਆ ॥

ਪਰਮਾਤਮਾ ਦਾ ਨਾਮ ਇਕ ਐਸਾ ਅਮੋਲਕ ਪਦਾਰਥ ਹੈ ਜੋ ਭਾਗਾਂ ਨਾਲ ਮਿਲਦਾ ਹੈ।

ਅਨਿਕ ਜਤਨ ਕਰਿ ਹਿਰਦੈ ਰਾਖਿਆ ਰਤਨੁ ਨ ਛਪੈ ਛਪਾਇਆ ॥੧॥

ਇਸ ਰਤਨ ਨੂੰ ਜੇ ਅਨੇਕਾਂ ਜਤਨ ਕਰ ਕੇ ਭੀ ਹਿਰਦੇ ਵਿਚ (ਗੁਪਤ) ਰੱਖਏ, ਤਾਂ ਭੀ ਲੁਕਾਇਆਂ ਇਹ ਲੁਕਦਾ ਨਹੀਂ ॥੧॥

ਹਰਿ ਗੁਨ ਕਹਤੇ ਕਹਨੁ ਨ ਜਾਈ ॥

(ਉਂਞ ਉਹ ਸੁਆਦ) ਦੱਸਿਆ ਨਹੀਂ ਜਾ ਸਕਦਾ (ਜੋ) ਪਰਮਾਤਮਾ ਦੇ ਗੁਣ ਗਾਉਂਦਿਆਂ (ਆਉਂਦਾ ਹੈ),

ਜੈਸੇ ਗੂੰਗੇ ਕੀ ਮਿਠਿਆਈ ॥੧॥ ਰਹਾਉ ॥

ਜਿਵੇਂ ਗੁੰਗੇ ਮਨੁੱਖ ਦੀ ਖਾਧੀ ਮਠਿਆਈ (ਦਾ ਸੁਆਦ ਕਿਸੇ ਹੋਰ ਨੂੰ ਪਤਾ ਨਹੀਂ ਲੱਗ ਸਕਦਾ, ਗੁੰਗਾ ਦੱਸ ਨਹੀਂ ਸਕਦਾ) ॥੧॥ ਰਹਾਉ ॥

ਰਸਨਾ ਰਮਤ ਸੁਨਤ ਸੁਖੁ ਸ੍ਰਵਨਾ ਚਿਤ ਚੇਤੇ ਸੁਖੁ ਹੋਈ ॥

(ਇਹ ਰਤਨ-ਨਾਮ) ਜਪਦਿਆਂ ਜੀਭ ਨੂੰ ਸੁਖ ਮਿਲਦਾ ਹੈ, ਸੁਣਦਿਆਂ ਕੰਨਾਂ ਨੂੰ ਸੁਖ ਮਿਲਦਾ ਹੈ ਤੇ ਚੇਤਦਿਆਂ ਚਿੱਤ ਨੂੰ ਸੁਖ ਪ੍ਰਾਪਤ ਹੁੰਦਾ ਹੈ।

ਕਹੁ ਭੀਖਨ ਦੁਇ ਨੈਨ ਸੰਤੋਖੇ ਜਹ ਦੇਖਾਂ ਤਹ ਸੋਈ ॥੨॥੨॥

ਹੇ ਭੀਖਨ! (ਤੂੰ ਭੀ) ਆਖ-(ਇਹ ਨਾਮ ਸਿਮਰਦਿਆਂ) ਮੇਰੀਆਂ ਦੋਹਾਂ ਅੱਖਾਂ ਵਿਚ (ਐਸੀ) ਠੰਢ ਪਈ ਹੈ ਕਿ ਮੈਂ ਜਿੱਧਰ ਤੱਕਦਾ ਹਾਂ ਉਸ ਪਰਮਾਤਮਾ ਨੂੰ ਹੀ ਵੇਖਦਾ ਹਾਂ ॥੨॥੨॥

1
2
3
4
5
6