ਰਾਗ ਸੋਰਠਿ – ਬਾਣੀ ਸ਼ਬਦ-Part 3 – Raag Sorath – Bani
ਰਾਗ ਸੋਰਠਿ – ਬਾਣੀ ਸ਼ਬਦ-Part 3 – Raag Sorath – Bani
ਸੋਰਠਿ ਮਹਲਾ ੫ ॥
ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ ॥
ਹੇ ਭਾਈ! ਪਰਮਾਤਮਾ ਅਸਾਂ ਜੀਵਾਂ ਦੇ ਕੀਤੇ ਮੰਦ-ਕਰਮਾਂ ਦਾ ਕੋਈ ਖ਼ਿਆਲ ਨਹੀਂ ਕਰਦਾ। ਉਹ ਆਪਣੇ ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਉ ਨੂੰ ਚੇਤੇ ਰੱਖਦਾ ਹੈ,
ਹਾਥ ਦੇਇ ਰਾਖੇ ਕਰਿ ਅਪੁਨੇ ਸਦਾ ਸਦਾ ਰੰਗੁ ਮਾਣਿ ॥੧॥
(ਉਹ, ਸਗੋਂ, ਸਾਨੂੰ ਗੁਰੂ ਮਿਲਾ ਕੇ, ਸਾਨੂੰ) ਆਪਣੇ ਬਣਾ ਕੇ (ਆਪਣੇ) ਹੱਥ ਦੇ ਕੇ (ਸਾਨੂੰ ਵਿਕਾਰਾਂ ਵਲੋਂ) ਬਚਾਂਦਾ ਹੈ। (ਜਿਸ ਵਡ-ਭਾਗੀ ਨੂੰ ਗੁਰੂ ਮਿਲ ਪੈਂਦਾ ਹੈ, ਉਹ) ਸਦਾ ਹੀ ਆਤਮਕ ਆਨੰਦ ਮਾਣਦਾ ਹੈ ॥੧॥
ਸਾਚਾ ਸਾਹਿਬੁ ਸਦ ਮਿਹਰਵਾਣ ॥
ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਮਾਲਕ-ਪ੍ਰਭੂ ਸਦਾ ਦਇਆਵਾਨ ਰਹਿੰਦਾ ਹੈ,
ਬੰਧੁ ਪਾਇਆ ਮੇਰੈ ਸਤਿਗੁਰਿ ਪੂਰੈ ਹੋਈ ਸਰਬ ਕਲਿਆਣ ॥ ਰਹਾਉ ॥
(ਕੁਕਰਮਾਂ ਵਲ ਪਰਤ ਰਹੇ ਬੰਦਿਆਂ ਨੂੰ ਉਹ ਗੁਰੂ ਮਿਲਾਂਦਾ ਹੈ। ਜਿਸ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦੇ ਵਿਕਾਰਾਂ ਦੇ ਰਸਤੇ ਵਿਚ) ਮੇਰੇ ਪੂਰੇ ਗੁਰੂ ਨੇ ਬੰਨ੍ਹ ਮਾਰ ਦਿੱਤਾ (ਤੇ, ਇਸ ਤਰ੍ਹਾਂ ਉਸ ਦੇ ਅੰਦਰ) ਸਾਰੇ ਆਤਮਕ ਆਨੰਦ ਪੈਦਾ ਹੋ ਗਏ ਰਹਾਉ॥
ਜੀਉ ਪਾਇ ਪਿੰਡੁ ਜਿਨਿ ਸਾਜਿਆ ਦਿਤਾ ਪੈਨਣੁ ਖਾਣੁ ॥
ਹੇ ਭਾਈ! ਜਿਸ ਪਰਮਾਤਮਾ ਨੇ ਜਿੰਦ ਪਾ ਕੇ (ਸਾਡਾ) ਸਰੀਰ ਪੈਦਾ ਕੀਤਾ ਹੈ, ਜੇਹੜਾ (ਹਰ ਵੇਲੇ) ਸਾਨੂੰ ਖ਼ੁਰਾਕ ਤੇ ਪੁਸ਼ਾਕ ਦੇ ਰਿਹਾ ਹੈ,
ਅਪਣੇ ਦਾਸ ਕੀ ਆਪਿ ਪੈਜ ਰਾਖੀ ਨਾਨਕ ਸਦ ਕੁਰਬਾਣੁ ॥੨॥੧੬॥੪੪॥
ਉਹ ਪਰਮਾਤਮਾ (ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ) ਆਪਣੇ ਸੇਵਕ ਦੀ ਇੱਜ਼ਤ (ਗੁਰੂ ਮਿਲਾ ਕੇ) ਆਪ ਬਚਾਂਦਾ ਹੈ। ਹੇ ਨਾਨਕ! (ਆਖ-ਮੈਂ ਉਸ ਪਰਮਾਤਮਾ ਤੋਂ) ਸਦਾ ਸਦਕੇ ਜਾਂਦਾ ਹਾਂ ॥੨॥੧੬॥੪੪॥
ਸੋਰਠਿ ਮਹਲਾ ੫ ॥
ਦੁਰਤੁ ਗਵਾਇਆ ਹਰਿ ਪ੍ਰਭਿ ਆਪੇ ਸਭੁ ਸੰਸਾਰੁ ਉਬਾਰਿਆ ॥
(ਹੇ ਭਾਈ! ਪ੍ਰਭੂ ਆਪ ਹੀ ਸਾਰੇ ਸੰਸਾਰ ਨੂੰ (ਵਿਕਾਰਾਂ ਤੋਂ) ਬਚਾਉਣ ਵਾਲਾ ਹੈ। ਪ੍ਰਭੂ ਨੇ (ਮਨੁੱਖ ਦਾ ਪਿਛਲਾ ਕੀਤਾ) ਪਾਪ (ਉਸ ਮਨੁੱਖ ਦੇ ਅੰਦਰੋਂ) ਦੂਰ ਕਰ ਦਿੱਤਾ,
ਪਾਰਬ੍ਰਹਮਿ ਪ੍ਰਭਿ ਕਿਰਪਾ ਧਾਰੀ ਅਪਣਾ ਬਿਰਦੁ ਸਮਾਰਿਆ ॥੧॥
ਜਿਸ ਮਨੁੱਖ ਉੱਤੇ ਪਾਰਬ੍ਰਹਮ ਪ੍ਰਭੂ ਨੇ ਮੇਹਰ (ਦੀ ਨਿਗਾਹ) ਕੀਤੀ। ਪ੍ਰਭੂ ਆਪਣਾ ਮੁੱਢ-ਕਦੀਮਾਂ ਦਾ (ਦਇਆ-ਪਿਆਰ ਵਾਲਾ) ਸੁਭਾਉ ਸਦਾ ਚੇਤੇ ਰੱਖਦਾ ਹੈ ॥੧॥
ਹੋਈ ਰਾਜੇ ਰਾਮ ਕੀ ਰਖਵਾਲੀ ॥
ਹੇ ਭਾਈ! ਪ੍ਰਭੂ-ਪਾਤਿਸ਼ਾਹ (ਜਿਸ ਮਨੁੱਖ ਦੀ ਪਾਪਾਂ ਵਲੋਂ) ਰਾਖੀ ਕਰਦਾ ਹੈ,
ਸੂਖ ਸਹਜ ਆਨਦ ਗੁਣ ਗਾਵਹੁ ਮਨੁ ਤਨੁ ਦੇਹ ਸੁਖਾਲੀ ॥ ਰਹਾਉ ॥
ਉਸ ਦਾ ਮਨ ਸੁਖੀ ਹੋ ਜਾਂਦਾ ਹੈ, ਉਸ ਦਾ ਸਰੀਰ ਸੁਖੀ ਹੋ ਜਾਂਦਾ ਹੈ। (ਹੇ ਭਾਈ! ਤੁਸੀਂ ਭੀ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਇਆ ਕਰੋ, (ਤੁਹਾਨੂੰ ਭੀ) ਸੁਖ ਮਿਲਣਗੇ, ਆਤਮਕ ਅਡੋਲਤਾ ਦੇ ਆਨੰਦ ਮਿਲਣਗੇ। ਰਹਾਉ॥
ਪਤਿਤ ਉਧਾਰਣੁ ਸਤਿਗੁਰੁ ਮੇਰਾ ਮੋਹਿ ਤਿਸ ਕਾ ਭਰਵਾਸਾ ॥
ਹੇ ਭਾਈ! ਮੇਰਾ ਗੁਰੂ ਵਿਕਾਰੀਆਂ ਨੂੰ (ਵਿਕਾਰਾਂ ਤੋਂ) ਬਚਾਣ ਵਾਲਾ ਹੈ। ਮੈਨੂੰ ਭੀ ਉਸ ਦਾ (ਹੀ) ਸਹਾਰਾ ਹੈ।
ਬਖਸਿ ਲਏ ਸਭਿ ਸਚੈ ਸਾਹਿਬਿ ਸੁਣਿ ਨਾਨਕ ਕੀ ਅਰਦਾਸਾ ॥੨॥੧੭॥੪੫॥
ਜਿਸ ਸਦਾ ਕਾਇਮ ਰਹਿਣ ਵਾਲੇ ਮਾਲਕ ਨੇ ਸਾਰੇ ਜੀਵ (ਗੁਰੂ ਦੀ ਸ਼ਰਨ ਪਾ ਕੇ) ਬਖ਼ਸ਼ ਲਏ ਹਨ (ਜੇਹੜਾ ਸਦਾ-ਥਿਰ ਪ੍ਰਭੂ ਵਿਕਾਰੀਆਂ ਨੂੰ ਭੀ ਗੁਰੂ ਦੀ ਸ਼ਰਨ ਪਾ ਕੇ ਬਖ਼ਸ਼ਦਾ ਆ ਰਿਹਾ ਹੈ), ਉਹ ਪ੍ਰਭੂ ਨਾਨਕ ਦੀ ਅਰਜ਼ੋਈ ਭੀ ਸੁਣਨ ਵਾਲਾ ਹੈ ॥੨॥੧੭॥੪੫॥
ਸੋਰਠਿ ਮਹਲਾ ੫ ॥
ਬਖਸਿਆ ਪਾਰਬ੍ਰਹਮ ਪਰਮੇਸਰਿ ਸਗਲੇ ਰੋਗ ਬਿਦਾਰੇ ॥
ਹੇ ਭਾਈ! ਪਾਰਬ੍ਰਹਮ ਪਰਮੇਸਰ ਨੇ (ਜਿਸ ਸੇਵਕ ਉੱਤੇ) ਬਖ਼ਸ਼ਸ਼ ਕੀਤੀ, ਉਸ ਦੇ ਸਾਰੇ ਰੋਗ ਉਸਨੇ ਦੂਰ ਕਰ ਦਿੱਤੇ।
ਗੁਰ ਪੂਰੇ ਕੀ ਸਰਣੀ ਉਬਰੇ ਕਾਰਜ ਸਗਲ ਸਵਾਰੇ ॥੧॥
ਜੇਹੜੇ ਭੀ ਮਨੁੱਖ ਗੁਰੂ ਦੀ ਸ਼ਰਨ ਪੈਂਦੇ ਹਨ, ਉਹ ਦੁੱਖਾਂ-ਕਲੇਸ਼ਾਂ ਤੋਂ ਬਚ ਜਾਂਦੇ ਹਨ। ਗੁਰੂ ਉਹਨਾਂ ਦੇ ਸਾਰੇ ਕੰਮ ਸਵਾਰ ਦੇਂਦਾ ਹੈ ॥੧॥
ਹਰਿ ਜਨਿ ਸਿਮਰਿਆ ਨਾਮ ਅਧਾਰਿ ॥
ਹੇ ਭਾਈ! ਪਰਮਾਤਮਾ ਦੇ ਜਿਸ ਸੇਵਕ ਨੇ ਪਰਮਾਤਮਾ ਦਾ ਨਾਮ ਸਿਮਰਿਆ, ਨਾਮ ਦੇ ਆਸਰੇ ਵਿਚ (ਆਪਣੇ ਆਪ ਨੂੰ ਤੋਰਿਆ),
ਤਾਪੁ ਉਤਾਰਿਆ ਸਤਿਗੁਰਿ ਪੂਰੈ ਅਪਣੀ ਕਿਰਪਾ ਧਾਰਿ ॥ ਰਹਾਉ ॥
ਪੂਰੇ ਗੁਰੂ ਨੇ ਆਪਣੀ ਕਿਰਪਾ ਕਰ ਕੇ (ਉਸ ਦਾ) ਤਾਪ ਲਾਹ ਦਿੱਤਾ ਰਹਾਉ॥
ਸਦਾ ਅਨੰਦ ਕਰਹ ਮੇਰੇ ਪਿਆਰੇ ਹਰਿ ਗੋਵਿਦੁ ਗੁਰਿ ਰਾਖਿਆ ॥
ਹੇ ਮੇਰੇ ਪਿਆਰੇ (ਭਾਈ)! (ਗੁਰੂ ਦੀ ਸ਼ਰਨ ਪੈ ਕੇ) ਅਸੀਂ (ਭੀ) ਸਦਾ ਆਨੰਦ ਮਾਣਦੇ ਹਾਂ। ਹਰਿ ਗੋਬਿੰਦ ਨੂੰ ਗੁਰੂ ਨੇ (ਹੀ ਤਾਪ ਤੋਂ) ਬਚਾਇਆ ਹੈ।
ਵਡੀ ਵਡਿਆਈ ਨਾਨਕ ਕਰਤੇ ਕੀ ਸਾਚੁ ਸਬਦੁ ਸਤਿ ਭਾਖਿਆ ॥੨॥੧੮॥੪੬॥
ਹੇ ਨਾਨਕ! ਸਿਰਜਣਹਾਰ ਕਰਤਾਰ ਵੱਡੀਆਂ ਤਾਕਤਾਂ ਦਾ ਮਾਲਕ ਹੈ। ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ (ਹੀ) ਉਚਾਰਨਾ ਚਾਹੀਦਾ ਹੈ। (ਗੁਰੂ ਨੇ ਇਹ) ਸਹੀ ਬਚਨ ਉਚਾਰਿਆ ਹੈ (ਠੀਕ ਉਪਦੇਸ਼ ਦਿੱਤਾ ਹੈ) ॥੨॥੧੮॥੪੬॥
ਸੋਰਠਿ ਮਹਲਾ ੫ ॥
ਭਏ ਕ੍ਰਿਪਾਲ ਸੁਆਮੀ ਮੇਰੇ ਤਿਤੁ ਸਾਚੈ ਦਰਬਾਰਿ ॥
ਹੇ ਭਾਈ! ਜਿਸ ਮਨੁੱਖ ਉੱਤੇ ਮੇਰੇ ਮਾਲਕ-ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਉਸ ਸਦਾ ਕਾਇਮ ਰਹਿਣ ਵਾਲੇ ਦਰਬਾਰ ਵਿਚ (ਉਸ ਦੀ ਪਹੁੰਚ ਹੋ ਜਾਂਦੀ ਹੈ। ਉਸ ਦੀ ਸੁਰਤਿ ਪ੍ਰਭੂ-ਚਰਨਾਂ ਵਿਚ ਜੁੜਨ ਲੱਗ ਪੈਂਦੀ ਹੈ।
ਸਤਿਗੁਰਿ ਤਾਪੁ ਗਵਾਇਆ ਭਾਈ ਠਾਂਢਿ ਪਈ ਸੰਸਾਰਿ ॥
ਪ੍ਰਭੂ ਦੀ ਕਿਰਪਾ ਨਾਲ ਜਦੋਂ) ਗੁਰੂ ਨੇ (ਉਸ ਦਾ ਦੁੱਖਾਂ ਪਾਪਾਂ ਦਾ) ਤਾਪ ਦੂਰ ਕਰ ਦਿੱਤਾ (ਤਾਂ ਉਸ ਦੇ ਵਾਸਤੇ ਸਾਰੇ) ਸੰਸਾਰ ਵਿਚ ਹੀ ਸ਼ਾਂਤੀ ਵਰਤ ਜਾਂਦੀ ਹੈ (ਜਗਤ ਦਾ ਕੋਈ ਦੁੱਖ ਪਾਪ ਉਸ ਨੂੰ ਪੋਹ ਨਹੀਂ ਸਕਦਾ)।
ਅਪਣੇ ਜੀਅ ਜੰਤ ਆਪੇ ਰਾਖੇ ਜਮਹਿ ਕੀਓ ਹਟਤਾਰਿ ॥੧॥
ਹੇ ਭਾਈ! ਪ੍ਰਭੂ ਆਪ ਹੀ ਆਪਣੇ ਸੇਵਕਾਂ ਦੀ (ਦੁੱਖਾਂ ਪਾਪਾਂ ਵਲੋਂ) ਰਾਖੀ ਕਰਦਾ ਹੈ, ਆਤਮਕ ਮੌਤ ਉਹਨਾਂ ਨੂੰ ਪੋਹ ਨਹੀਂ ਸਕਦੀ (ਜਮ ਉਹਨਾਂ ਉੱਤੇ ਆਪਣਾ ਪ੍ਰਭਾਵ ਪਾਣ ਦਾ ਜਤਨ ਛੱਡ ਦੇਂਦਾ ਹੈ) ॥੧॥
ਹਰਿ ਕੇ ਚਰਣ ਰਿਦੈ ਉਰਿ ਧਾਰਿ ॥
ਹੇ ਭਾਈ! ਪਰਮਾਤਮਾ ਦੇ ਚਰਨ ਆਪਣੇ ਹਿਰਦੇ ਵਿਚ ਟਿਕਾਈ ਰੱਖ।
ਸਦਾ ਸਦਾ ਪ੍ਰਭੁ ਸਿਮਰੀਐ ਭਾਈ ਦੁਖ ਕਿਲਬਿਖ ਕਾਟਣਹਾਰੁ ॥੧॥ ਰਹਾਉ ॥
ਹੇ ਭਾਈ! ਪਰਮਾਤਮਾ ਨੂੰ ਸਦਾ ਸਦਾ ਹੀ ਸਿਮਰਨਾ ਚਾਹੀਦਾ ਹੈ। ਉਹ ਪਰਮਾਤਮਾ ਹੀ ਸਾਰੇ ਦੁੱਖਾਂ ਪਾਪਾਂ ਦਾ ਨਾਸ ਕਰਨ ਵਾਲਾ ਹੈ ॥੧॥ ਰਹਾਉ ॥
ਤਿਸ ਕੀ ਸਰਣੀ ਊਬਰੈ ਭਾਈ ਜਿਨਿ ਰਚਿਆ ਸਭੁ ਕੋਇ ॥
ਹੇ ਭਾਈ! ਜਿਸ ਪਰਮਾਤਮਾ ਨੇ ਹਰੇਕ ਜੀਵ ਪੈਦਾ ਕੀਤਾ ਹੈ (ਜੇਹੜਾ ਮਨੁੱਖ) ਉਸ ਦੀ ਸ਼ਰਨ ਪੈਂਦਾ ਹੈ ਉਹ (ਦੁੱਖਾਂ ਪਾਪਾਂ ਤੋਂ) ਬਚ ਜਾਂਦਾ ਹੈ।
ਕਰਣ ਕਾਰਣ ਸਮਰਥੁ ਸੋ ਭਾਈ ਸਚੈ ਸਚੀ ਸੋਇ ॥
ਹੇ ਭਾਈ! ਉਹ ਪਰਮਾਤਮਾ ਸਾਰੇ ਜਗਤ ਦਾ ਮੂਲ ਹੈ, ਸਭ ਤਾਕਤਾਂ ਦਾ ਮਾਲਕ ਹੈ, ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸੋਭਾ ਭੀ ਸਦਾ ਕਾਇਮ ਰਹਿਣ ਵਾਲੀ ਹੈ।
ਨਾਨਕ ਪ੍ਰਭੂ ਧਿਆਈਐ ਭਾਈ ਮਨੁ ਤਨੁ ਸੀਤਲੁ ਹੋਇ ॥੨॥੧੯॥੪੭॥
ਹੇ ਨਾਨਕ! (ਆਖ-) ਹੇ ਭਾਈ! ਉਸ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ, (ਸਿਮਰਨ ਦੀ ਬਰਕਤਿ ਨਾਲ) ਮਨ ਸ਼ਾਂਤ ਹੋ ਜਾਂਦਾ ਹੈ, ਤਨ ਸ਼ਾਂਤ ਹੋ ਜਾਂਦਾ ਹੈ ॥੨॥੧੯॥੪੭॥
ਸੋਰਠਿ ਮਹਲਾ ੫ ॥
ਸੰਤਹੁ ਹਰਿ ਹਰਿ ਨਾਮੁ ਧਿਆਈ ॥
ਹੇ ਸੰਤ ਜਨੋ! (ਅਰਦਾਸ ਕਰੋ ਕਿ) ਮੈਂ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਾਂ।
ਸੁਖ ਸਾਗਰ ਪ੍ਰਭੁ ਵਿਸਰਉ ਨਾਹੀ ਮਨ ਚਿੰਦਿਅੜਾ ਫਲੁ ਪਾਈ ॥੧॥ ਰਹਾਉ ॥
ਸੁਖਾਂ ਦਾ ਸਮੁੰਦਰ ਪਰਮਾਤਮਾ ਮੈਨੂੰ ਕਦੇ ਨਾਹ ਭੁੱਲੇ, ਮੈਂ (ਉਸ ਦੇ ਦਰ ਤੋਂ) ਮਨ-ਇੱਛਤ ਫਲ ਪ੍ਰਾਪਤ ਕਰਦਾ ਰਹਾਂ ॥੧॥ ਰਹਾਉ ॥
ਸਤਿਗੁਰਿ ਪੂਰੈ ਤਾਪੁ ਗਵਾਇਆ ਅਪਣੀ ਕਿਰਪਾ ਧਾਰੀ ॥
ਹੇ ਸੰਤ ਜਨੋ! ਪੂਰੇ ਗੁਰੂ ਨੇ (ਬਾਲਕ ਹਰਿ ਗੋਬਿੰਦ ਦਾ) ਤਾਪ ਲਾਹ ਦਿੱਤਾ, ਗੁਰੂ ਨੇ ਆਪਣੀ ਕਿਰਪਾ ਕੀਤੀ ਹੈ।
ਪਾਰਬ੍ਰਹਮ ਪ੍ਰਭ ਭਏ ਦਇਆਲਾ ਦੁਖੁ ਮਿਟਿਆ ਸਭ ਪਰਵਾਰੀ ॥੧॥
ਪਰਮਾਤਮਾ ਦਇਆਵਾਨ ਹੋਇਆ ਹੈ, ਸਾਰੇ ਪਰਵਾਰ ਦਾ ਦੁੱਖ ਮਿਟ ਗਿਆ ਹੈ ॥੧॥
ਸਰਬ ਨਿਧਾਨ ਮੰਗਲ ਰਸ ਰੂਪਾ ਹਰਿ ਕਾ ਨਾਮੁ ਅਧਾਰੋ ॥
ਹੇ ਸੰਤ ਜਨੋ! ਪਰਮਾਤਮਾ ਦਾ ਨਾਮ ਹੀ (ਸਾਡਾ) ਆਸਰਾ ਹੈ, ਨਾਮ ਹੀ ਸਾਰੀਆਂ ਖ਼ੁਸ਼ੀਆਂ ਰਸਾਂ ਰੂਪਾਂ ਦਾ ਖ਼ਜ਼ਾਨਾ ਹੈ।
ਨਾਨਕ ਪਤਿ ਰਾਖੀ ਪਰਮੇਸਰਿ ਉਧਰਿਆ ਸਭੁ ਸੰਸਾਰੋ ॥੨॥੨੦॥੪੮॥
ਹੇ ਨਾਨਕ! (ਆਖ-) ਪਰਮੇਸਰ ਨੇ (ਸਾਡੀ) ਇੱਜ਼ਤ ਰੱਖ ਲਈ ਹੈ ਪਰਮੇਸ਼ਰ ਹੀ ਸਾਰੇ ਸੰਸਾਰ ਦੀ ਰੱਖਿਆ ਕਰਨ ਵਾਲਾ ਹੈ ॥੨॥੨੦॥੪੮॥
ਸੋਰਠਿ ਮਹਲਾ ੫ ॥
ਮੇਰਾ ਸਤਿਗੁਰੁ ਰਖਵਾਲਾ ਹੋਆ ॥
ਹੇ ਭਾਈ! ਮੇਰਾ ਗੁਰੂ (ਮੇਰਾ) ਸਹਾਈ ਬਣਿਆ ਹੈ,
ਧਾਰਿ ਕ੍ਰਿਪਾ ਪ੍ਰਭ ਹਾਥ ਦੇ ਰਾਖਿਆ ਹਰਿ ਗੋਵਿਦੁ ਨਵਾ ਨਿਰੋਆ ॥੧॥ ਰਹਾਉ ॥
(ਗੁਰੂ ਦੀ ਸ਼ਰਨ ਦੀ ਬਰਕਤਿ ਨਾਲ) ਪ੍ਰਭੂ ਨੇ ਕਿਰਪਾ ਕਰ ਕੇ (ਆਪਣੇ) ਹੱਥ ਦੇ ਕੇ (ਬਾਲਕ ਹਰਿ ਗੋਬਿੰਦ ਨੂੰ) ਬਚਾ ਲਿਆ ਹੈ, (ਹੁਣ ਬਾਲਕ) ਹਰਿ ਗੋਬਿੰਦ ਬਿਲਕੁਲ ਰਾਜ਼ੀ-ਬਾਜ਼ੀ ਹੋ ਗਿਆ ਹੈ ॥੧॥ ਰਹਾਉ ॥
ਤਾਪੁ ਗਇਆ ਪ੍ਰਭਿ ਆਪਿ ਮਿਟਾਇਆ ਜਨ ਕੀ ਲਾਜ ਰਖਾਈ ॥
(ਹੇ ਭਾਈ! ਬਾਲਕ ਹਰਿ ਗੋਬਿੰਦ ਦਾ) ਤਾਪ ਲਹਿ ਗਿਆ ਹੈ, ਪ੍ਰਭੂ ਨੇ ਆਪ ਉਤਾਰਿਆ ਹੈ, ਪ੍ਰਭੂ ਨੇ ਆਪਣੇ ਸੇਵਕ ਦੀ ਇੱਜ਼ਤ ਰੱਖ ਲਈ ਹੈ।
ਸਾਧਸੰਗਤਿ ਤੇ ਸਭ ਫਲ ਪਾਏ ਸਤਿਗੁਰ ਕੈ ਬਲਿ ਜਾਂਈ ॥੧॥
ਹੇ ਭਾਈ! ਗੁਰੂ ਦੀ ਸੰਗਤਿ ਤੋਂ (ਮੈਂ) ਸਾਰੇ ਫਲ ਪ੍ਰਾਪਤ ਕੀਤੇ ਹਨ, ਮੈਂ (ਸਦਾ) ਗੁਰੂ ਤੋਂ (ਹੀ) ਕੁਰਬਾਨ ਜਾਂਦਾ ਹਾਂ ॥੧॥
ਹਲਤੁ ਪਲਤੁ ਪ੍ਰਭ ਦੋਵੈ ਸਵਾਰੇ ਹਮਰਾ ਗੁਣੁ ਅਵਗੁਣੁ ਨ ਬੀਚਾਰਿਆ ॥
(ਹੇ ਭਾਈ ਜੇਹੜਾ ਭੀ ਮਨੁੱਖ ਪ੍ਰਭੂ ਦਾ ਪੱਲਾ ਫੜੀ ਰੱਖਦਾ ਹੈ, ਉਸ ਦਾ) ਇਹ ਲੋਕ ਤੇ ਪਰਲੋਕ ਦੋਵੇਂ ਹੀ ਪਰਮਾਤਮਾ ਸਵਾਰ ਦੇਂਦਾ ਹੈ। ਅਸਾਂ ਜੀਵਾਂ ਦਾ ਕੋਈ ਗੁਣ ਜਾਂ ਔਗੁਣ ਪਰਮਾਤਮਾ ਚਿੱਤ ਵਿਚ ਨਹੀਂ ਰੱਖਦਾ।
ਅਟਲ ਬਚਨੁ ਨਾਨਕ ਗੁਰ ਤੇਰਾ ਸਫਲ ਕਰੁ ਮਸਤਕਿ ਧਾਰਿਆ ॥੨॥੨੧॥੪੯॥
ਹੇ ਨਾਨਕ! (ਆਖ-) ਹੇ ਗੁਰੂ! ਤੇਰਾ (ਇਹ) ਬਚਨ ਕਦੇ ਟਲਣ ਵਾਲਾ ਨਹੀਂ (ਕਿ ਪਰਮਾਤਮਾ ਹੀ ਜੀਵ ਦਾ ਲੋਕ ਪਰਲੋਕ ਵਿਚ ਰਾਖਾ ਹੈ)। ਹੇ ਗੁਰੂ! ਤੂੰ ਆਪਣਾ ਬਰਕਤਿ ਵਾਲਾ ਹੱਥ (ਅਸਾਂ ਜੀਵਾਂ ਦੇ) ਮੱਥੇ ਉੱਤੇ ਰੱਖਦਾ ਹੈਂ ॥੨॥੨੧॥੪੯॥
ਸੋਰਠਿ ਮਹਲਾ ੫ ॥
ਜੀਅ ਜੰਤ੍ਰ ਸਭਿ ਤਿਸ ਕੇ ਕੀਏ ਸੋਈ ਸੰਤ ਸਹਾਈ ॥
ਹੇ ਭਾਈ! ਸਾਰੇ ਜੀਵ ਉਸ (ਪਰਮਾਤਮਾ) ਦੇ ਹੀ ਪੈਦਾ ਕੀਤੇ ਹੋਏ ਹਨ; ਉਹ ਪਰਮਾਤਮਾ ਹੀ ਸੰਤ ਜਨਾਂ ਦਾ ਮਦਦਗਾਰ ਰਹਿੰਦਾ ਹੈ।
ਅਪੁਨੇ ਸੇਵਕ ਕੀ ਆਪੇ ਰਾਖੈ ਪੂਰਨ ਭਈ ਬਡਾਈ ॥੧॥
ਆਪਣੇ ਸੇਵਕ ਦੀ (ਇੱਜ਼ਤ) ਪਰਮਾਤਮਾ ਆਪ ਹੀ ਰੱਖਦਾ ਹੈ (ਉਸ ਦੀ ਕਿਰਪਾ ਨਾਲ ਹੀ ਸੇਵਕ ਦੀ) ਇੱਜ਼ਤ ਪੂਰੇ ਤੌਰ ਤੇ ਬਣੀ ਰਹਿੰਦੀ ਹੈ ॥੧॥
ਪਾਰਬ੍ਰਹਮੁ ਪੂਰਾ ਮੇਰੈ ਨਾਲਿ ॥
ਹੇ ਭਾਈ! ਪੂਰਨ ਪਰਮਾਤਮਾ (ਸਦਾ) ਮੇਰੇ ਅੰਗ-ਸੰਗ (ਸਹਾਈ) ਹੈ।
ਗੁਰਿ ਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਇਆਲ ॥੧॥ ਰਹਾਉ ॥
ਪੂਰੇ ਗੁਰੂ ਨੇ ਚੰਗੀ ਤਰ੍ਹਾਂ ਮੇਰੀ (ਇੱਜ਼ਤ) ਰੱਖ ਲਈ ਹੈ। ਗੁਰੂ ਸਾਰੇ ਜੀਵਾਂ ਉੱਤੇ ਹੀ ਦਇਆਵਾਨ ਰਹਿੰਦਾ ਹੈ ॥੧॥ ਰਹਾਉ ॥
ਅਨਦਿਨੁ ਨਾਨਕੁ ਨਾਮੁ ਧਿਆਏ ਜੀਅ ਪ੍ਰਾਨ ਕਾ ਦਾਤਾ ॥
ਹੇ ਭਾਈ! ਨਾਨਕ (ਤਾਂ ਉਸ ਪਰਮਾਤਮਾ ਦਾ) ਨਾਮ ਹਰ ਵੇਲੇ ਸਿਮਰਦਾ ਰਹਿੰਦਾ ਹੈ ਜੋ ਜਿੰਦ ਦੇਣ ਵਾਲਾ ਹੈ ਜੋ ਸੁਆਸ ਦੇਣ ਵਾਲਾ ਹੈ।
ਅਪੁਨੇ ਦਾਸ ਕਉ ਕੰਠਿ ਲਾਇ ਰਾਖੈ ਜਿਉ ਬਾਰਿਕ ਪਿਤ ਮਾਤਾ ॥੨॥੨੨॥੫੦॥
ਹੇ ਭਾਈ! ਜਿਵੇਂ ਮਾਪੇ ਆਪਣੇ ਬੱਚਿਆਂ ਦਾ ਧਿਆਨ ਰੱਖਦੇ ਹਨ, ਤਿਵੇਂ ਪਰਮਾਤਮਾ ਆਪਣੇ ਸੇਵਕ ਨੂੰ (ਆਪਣੇ) ਗਲ ਨਾਲ ਲਾ ਕੇ ਰੱਖਦਾ ਹੈ ॥੨॥੨੨॥੫੦॥
ਸੋਰਠਿ ਮਹਲਾ ੫ ਘਰੁ ੩ ਚਉਪਦੇ ॥
ਰਾਗ ਸੋਰਠਿ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮਿਲਿ ਪੰਚਹੁ ਨਹੀ ਸਹਸਾ ਚੁਕਾਇਆ ॥
ਹੇ ਭਾਈ! ਨਗਰ ਦੇ ਪੈਂਚਾਂ ਨੂੰ ਮਿਲ ਕੇ (ਕਾਮਾਦਿਕ ਵੈਰੀਆਂ ਤੋਂ ਪੈ ਰਿਹਾ) ਸਹਿਮ ਦੂਰ ਨਹੀਂ ਕੀਤਾ ਜਾ ਸਕਦਾ।
ਸਿਕਦਾਰਹੁ ਨਹ ਪਤੀਆਇਆ ॥
ਸਰਦਾਰਾਂ ਲੋਕਾਂ ਤੋਂ ਭੀ ਤਸੱਲੀ ਨਹੀਂ ਮਿਲ ਸਕਦੀ (ਕਿ ਇਹ ਵੈਰੀ ਤੰਗ ਨਹੀਂ ਕਰਨਗੇ।)
ਉਮਰਾਵਹੁ ਆਗੈ ਝੇਰਾ ॥
ਸਰਕਾਰੀ ਹਾਕਮਾਂ ਅੱਗੇ ਭੀ ਇਹ ਝਗੜਾ (ਪੇਸ਼ ਕੀਤਿਆਂ ਕੁਝ ਨਹੀਂ ਬਣਦਾ।)
ਮਿਲਿ ਰਾਜਨ ਰਾਮ ਨਿਬੇਰਾ ॥੧॥
ਪ੍ਰਭੂ ਪਾਤਿਸ਼ਾਹ ਨੂੰ ਮਿਲ ਕੇ ਫ਼ੈਸਲਾ ਹੋ ਜਾਂਦਾ ਹੈ (ਤੇ, ਕਾਮਾਦਿਕ ਵੈਰੀਆਂ ਦਾ ਡਰ ਮੁੱਕ ਜਾਂਦਾ ਹੈ) ॥੧॥
ਅਬ ਢੂਢਨ ਕਤਹੁ ਨ ਜਾਈ ॥
ਹੁਣ (ਕਾਮਾਦਿਕ ਵੈਰੀਆਂ ਤੋਂ ਪੈ ਰਹੇ ਸਹਿਮ ਤੋਂ ਬਚਣ ਲਈ) ਕਿਸੇ ਹੋਰ ਥਾਂ (ਆਸਰਾ) ਭਾਲਣ ਦੀ ਲੋੜ ਨਾਹ ਰਹਿ ਗਈ,
ਗੋਬਿਦ ਭੇਟੇ ਗੁਰ ਗੋਸਾਈ ॥ ਰਹਾਉ ॥
ਜਦੋਂ ਗੋਬਿੰਦ ਨੂੰ, ਗੁਰੂ ਨੂੰ ਸ੍ਰਿਸ਼ਟੀ ਦੇ ਖਸਮ ਨੂੰ ਮਿਲ ਪਏ। ਰਹਾਉ॥
ਆਇਆ ਪ੍ਰਭ ਦਰਬਾਰਾ ॥
ਹੇ ਭਾਈ! ਜਦੋਂ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਪਹੁੰਚਦਾ ਹੈ (ਚਿੱਤ ਜੋੜਦਾ ਹੈ),
ਤਾ ਸਗਲੀ ਮਿਟੀ ਪੂਕਾਰਾ ॥
ਤਦੋਂ ਇਸ ਦੀ (ਕਾਮਾਦਿਕ ਵੈਰੀਆਂ ਦੇ ਵਿਰੁੱਧ) ਸਾਰੀ ਸ਼ਿਕੈਤ ਮੁੱਕ ਜਾਂਦੀ ਹੈ।
ਲਬਧਿ ਆਪਣੀ ਪਾਈ ॥
ਤਦੋਂ ਮਨੁੱਖ ਉਹ ਵਸਤ ਹਾਸਲ ਕਰ ਲੈਂਦਾ ਹੈ,
ਤਾ ਕਤ ਆਵੈ ਕਤ ਜਾਈ ॥੨॥
ਜੋ ਸਦਾ ਇਸ ਦੀ ਆਪਣੀ ਬਣੀ ਰਹਿੰਦੀ ਹੈ, ਤਦੋਂ ਵਿਕਾਰਾਂ ਦੇ ਢਹੇ ਚੜ੍ਹ ਕੇ ਭਟਕਣੋਂ ਬਚ ਜਾਂਦਾ ਹੈ ॥੨॥
ਤਹ ਸਾਚ ਨਿਆਇ ਨਿਬੇਰਾ ॥
ਹੇ ਭਾਈ! ਪ੍ਰਭੂ ਦੀ ਹਜ਼ੂਰੀ ਵਿਚ ਸਦਾ ਕਾਇਮ ਰਹਿਣ ਵਾਲੇ ਨਿਆਂ ਅਨੁਸਾਰ (ਕਾਮਾਦਿਕਾਂ ਨਾਲ ਹੋ ਰਹੀ ਟੱਕਰ ਦਾ) ਫ਼ੈਸਲਾ ਹੋ ਜਾਂਦਾ ਹੈ।
ਊਹਾ ਸਮ ਠਾਕੁਰੁ ਸਮ ਚੇਰਾ ॥
ਉਸ ਦਰਗਾਹ ਵਿਚ (ਜਾਬਰਾਂ ਦਾ ਕੋਈ ਲਿਹਾਜ਼ ਨਹੀਂ ਕੀਤਾ ਜਾਂਦਾ) ਮਾਲਕ ਤੇ ਨੌਕਰ ਇਕੋ ਜਿਹਾ ਸਮਝਿਆ ਜਾਂਦਾ ਹੈ।
ਅੰਤਰਜਾਮੀ ਜਾਨੈ ॥
ਹਰੇਕ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ (ਹਜ਼ੂਰੀ ਵਿਚ ਪਹੁੰਚੇ ਹੋਏ ਸਵਾਲੀਏ ਦੇ ਦਿਲ ਦੀ) ਜਾਣਦਾ ਹੈ,
ਬਿਨੁ ਬੋਲਤ ਆਪਿ ਪਛਾਨੈ ॥੩॥
(ਉਸ ਦੇ) ਬੋਲਣ ਤੋਂ ਬਿਨਾਂ ਉਹ ਪ੍ਰਭੂ ਆਪ (ਉਸ ਦੇ ਦਿਲ ਦੀ ਪੀੜਾ ਨੂੰ) ਸਮਝ ਲੈਂਦਾ ਹੈ ॥੩॥
ਸਰਬ ਥਾਨ ਕੋ ਰਾਜਾ ॥
ਹੇ ਭਾਈ! ਪ੍ਰਭੂ ਸਾਰੇ ਥਾਵਾਂ ਦਾ ਮਾਲਕ ਹੈ,
ਤਹ ਅਨਹਦ ਸਬਦ ਅਗਾਜਾ ॥
ਉਸ ਨਾਲ ਮਿਲਾਪ-ਅਵਸਥਾ ਵਿਚ ਮਨੁੱਖ ਦੇ ਅੰਦਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਇਕ-ਰਸ ਪੂਰਾ ਪ੍ਰਭਾਵ ਪਾ ਲੈਂਦੀ ਹੈ (ਤੇ, ਮਨੁੱਖ ਉੱਤੇ ਕਾਮਾਦਿਕ ਵੈਰੀ ਆਪਣਾ ਜ਼ੋਰ ਨਹੀਂ ਪਾ ਸਕਦੇ)।
ਤਿਸੁ ਪਹਿ ਕਿਆ ਚਤੁਰਾਈ ॥
(ਪਰ, ਹੇ ਭਾਈ! ਉਸ ਨੂੰ ਮਿਲਣ ਵਾਸਤੇ) ਉਸ ਨਾਲ ਕੋਈ ਚਲਾਕੀ ਨਹੀਂ ਕੀਤੀ ਜਾ ਸਕਦੀ।
ਮਿਲੁ ਨਾਨਕ ਆਪੁ ਗਵਾਈ ॥੪॥੧॥੫੧॥
ਹੇ ਨਾਨਕ! (ਆਖ-ਹੇ ਭਾਈ! ਜੇ ਉਸ ਨੂੰ ਮਿਲਣਾ ਹੈ, ਤਾਂ) ਆਪਾ-ਭਾਵ ਗਵਾ ਕੇ (ਉਸ ਨੂੰ) ਮਿਲ ॥੪॥੧॥੫੧॥
ਸੋਰਠਿ ਮਹਲਾ ੫ ॥
ਹਿਰਦੈ ਨਾਮੁ ਵਸਾਇਹੁ ॥
ਹੇ ਭਾਈ! ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵਸਾਈ ਰੱਖੋ।
ਘਰਿ ਬੈਠੇ ਗੁਰੂ ਧਿਆਇਹੁ ॥
ਅੰਤਰ-ਆਤਮੇ ਟਿਕ ਕੇ ਗੁਰੂ ਦਾ ਧਿਆਨ ਧਰਿਆ ਕਰੋ।
ਗੁਰਿ ਪੂਰੈ ਸਚੁ ਕਹਿਆ ॥
ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਸਦਾ-ਥਿਰ ਹਰਿ-ਨਾਮ (ਦੇ ਸਿਮਰਨ) ਦਾ ਉਪਦੇਸ਼ ਦਿੱਤਾ,
ਸੋ ਸੁਖੁ ਸਾਚਾ ਲਹਿਆ ॥੧॥
ਉਸ ਨੇ ਉਹ ਆਤਮਕ ਆਨੰਦ ਪ੍ਰਾਪਤ ਕਰ ਲਿਆ ਜੋ ਸਦਾ ਕਾਇਮ ਰਹਿੰਦਾ ਹੈ ॥੧॥
ਅਪੁਨਾ ਹੋਇਓ ਗੁਰੁ ਮਿਹਰਵਾਨਾ ॥
ਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਪਿਆਰਾ ਗੁਰੂ ਦਇਆਵਾਨ ਹੁੰਦਾ ਹੈ,
ਅਨਦ ਸੂਖ ਕਲਿਆਣ ਮੰਗਲ ਸਿਉ ਘਰਿ ਆਏ ਕਰਿ ਇਸਨਾਨਾ ॥ ਰਹਾਉ ॥
ਉਹ ਮਨੁੱਖ ਨਾਮ-ਜਲ ਨਾਲ ਮਨ ਨੂੰ ਪਵਿਤ੍ਰ ਕਰ ਕੇ ਆਤਮਕ ਆਨੰਦ ਸੁਖ ਖ਼ੁਸ਼ੀਆਂ ਨਾਲ ਭਰਪੂਰ ਹੋ ਕੇ ਅੰਤਰ-ਆਤਮੇ ਟਿਕ ਜਾਂਦੇ ਹਨ (ਵਿਕਾਰਾਂ ਆਦਿਕਾਂ ਵਲ ਭਟਕਣੋਂ ਹਟ ਜਾਂਦੇ ਹਨ) ਰਹਾਉ॥
ਸਾਚੀ ਗੁਰ ਵਡਿਆਈ ॥
ਹੇ ਭਾਈ! ਗੁਰੂ ਦੀ ਆਤਮਕ ਉੱਚਤਾ ਸਦਾ-ਥਿਰ ਰਹਿਣ ਵਾਲੀ ਹੈ,
ਤਾ ਕੀ ਕੀਮਤਿ ਕਹਣੁ ਨ ਜਾਈ ॥ ਉਸ ਦੀ ਕਦਰ-ਕੀਮਤ ਨਹੀਂ ਦੱਸੀ ਜਾ ਸਕਦੀ।
ਸਿਰਿ ਸਾਹਾ ਪਾਤਿਸਾਹਾ ॥
ਗੁਰੂ (ਦੁਨੀਆ ਦੇ) ਸ਼ਾਹ ਦੇ ਸਿਰ ਉੱਤੇ ਪਾਤਿਸ਼ਾਹ ਹੈ।
ਗੁਰ ਭੇਟਤ ਮਨਿ ਓਮਾਹਾ ॥੨॥
ਗੁਰੂ ਨੂੰ ਮਿਲਿਆਂ ਮਨ ਵਿਚ (ਹਰੀ-ਨਾਮ ਸਿਮਰਨ ਦਾ) ਚਾਉ ਪੈਦਾ ਹੋ ਜਾਂਦਾ ਹੈ ॥੨॥
ਸਗਲ ਪਰਾਛਤ ਲਾਥੇ ॥
ਹੇ ਭਾਈ! ਸਾਰੇ ਪਾਪ ਲਹਿ ਜਾਂਦੇ ਹਨ,
ਮਿਲਿ ਸਾਧਸੰਗਤਿ ਕੈ ਸਾਥੇ ॥
ਗੁਰੂ ਦੀ ਸੰਗਤਿ ਵਿਚ ਮਿਲ ਕੇ। (ਗੁਰੂ ਦੀ ਸੰਗਤਿ ਦੀ ਬਰਕਤਿ ਨਾਲ)
ਗੁਣ ਨਿਧਾਨ ਹਰਿ ਨਾਮਾ ॥
ਸਾਰੇ ਗੁਣਾਂ ਦੇ ਖ਼ਜ਼ਾਨੇ ਹਰਿ ਨਾਮ ਨੂੰ-
ਜਪਿ ਪੂਰਨ ਹੋਏ ਕਾਮਾ ॥੩॥
ਜਪ ਜਪ ਕੇ (ਜ਼ਿੰਦਗੀ ਦੇ) ਸਾਰੇ ਮਨੋਰਥ ਸਫਲ ਹੋ ਜਾਂਦੇ ਹਨ ॥੩॥
ਗੁਰਿ ਕੀਨੋ ਮੁਕਤਿ ਦੁਆਰਾ ॥
ਹੇ ਭਾਈ! ਗੁਰੂ ਨੇ (ਹਰਿ-ਨਾਮ ਸਿਮਰਨ ਦਾ ਇਕ ਐਸਾ) ਦਰਵਾਜ਼ਾ ਤਿਆਰ ਕਰ ਦਿੱਤਾ ਹੈ (ਜੋ ਵਿਕਾਰਾਂ ਤੋਂ ਖ਼ਲਾਸੀ (ਕਰਾ ਦੇਂਦਾ ਹੈ)।
ਸਭ ਸ੍ਰਿਸਟਿ ਕਰੈ ਜੈਕਾਰਾ ॥
(ਗੁਰੂ ਦੀ ਇਸ ਦਾਤਿ ਦੇ ਕਾਰਨ) ਸਾਰੀ ਸ੍ਰਿਸ਼ਟੀ (ਗੁਰੂ ਦੀ) ਸੋਭਾ ਕਰਦੀ ਹੈ।
ਨਾਨਕ ਪ੍ਰਭੁ ਮੇਰੈ ਸਾਥੇ ॥
ਹੇ ਨਾਨਕ! (ਆਖ-ਗੁਰੂ ਦੀ ਕਿਰਪਾ ਨਾਲ ਹਰਿ-ਨਾਮ ਹਿਰਦੇ ਵਿਚ ਵਸਾਇਆਂ) ਪਰਮਾਤਮਾ ਮੇਰੇ ਅੰਗ-ਸੰਗ (ਵੱਸਦਾ ਪ੍ਰਤੀਤ ਹੋ ਰਿਹਾ ਹੈ)
ਜਨਮ ਮਰਣ ਭੈ ਲਾਥੇ ॥੪॥੨॥੫੨॥
ਮੇਰੇ ਜਨਮ ਮਰਨ ਦੇ ਸਾਰੇ ਡਰ ਲਹਿ ਗਏ ਹਨ ॥੪॥੨॥੫੨॥
ਸੋਰਠਿ ਮਹਲਾ ੫ ॥
ਗੁਰਿ ਪੂਰੈ ਕਿਰਪਾ ਧਾਰੀ ॥
(ਹੇ ਸੰਤ ਜਨੋ! ਜਦੋਂ ਤੋਂ) ਪੂਰੇ ਗੁਰੂ ਨੇ ਮੇਹਰ ਕੀਤੀ ਹੈ,
ਪ੍ਰਭਿ ਪੂਰੀ ਲੋਚ ਹਮਾਰੀ ॥
ਪ੍ਰਭੂ ਨੇ ਸਾਡੀ (ਨਾਮ ਸਿਮਰਨ ਦੀ) ਤਾਂਘ ਪੂਰੀ ਕਰ ਦਿੱਤੀ ਹੈ।
ਕਰਿ ਇਸਨਾਨੁ ਗ੍ਰਿਹਿ ਆਏ ॥
(ਨਾਮ ਸਿਮਰਨ ਦੀ ਬਰਕਤਿ ਨਾਲ) ਆਤਮਕ ਇਸ਼ਨਾਨ ਕਰ ਕੇ ਅਸੀਂ ਅੰਤਰ-ਆਤਮੇ ਟਿਕੇ ਰਹਿੰਦੇ ਹਾਂ।
ਅਨਦ ਮੰਗਲ ਸੁਖ ਪਾਏ ॥੧॥
ਆਤਮਕ ਆਨੰਦ ਆਤਮਕ ਖ਼ੁਸ਼ੀਆਂ ਆਤਮਕ ਸੁਖ ਮਾਣ ਰਹੇ ਹਾਂ ॥੧॥
ਸੰਤਹੁ ਰਾਮ ਨਾਮਿ ਨਿਸਤਰੀਐ ॥
ਹੇ ਸੰਤ ਜਨੋ! ਪਰਮਾਤਮਾ ਦੇ ਨਾਮ ਵਿਚ (ਜੁੜਿਆਂ ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ।
ਊਠਤ ਬੈਠਤ ਹਰਿ ਹਰਿ ਧਿਆਈਐ ਅਨਦਿਨੁ ਸੁਕ੍ਰਿਤੁ ਕਰੀਐ ॥੧॥ ਰਹਾਉ ॥
(ਇਸ ਵਾਸਤੇ) ਉਠਦਿਆਂ ਬੈਠਦਿਆਂ ਹਰ ਵੇਲੇ ਹਰਿ-ਨਾਮ ਸਿਮਰਨਾ ਚਾਹੀਦਾ ਹੈ, (ਹਰਿ-ਨਾਮ ਸਿਮਰਨ ਦੀ ਇਹ) ਨੇਕ ਕਮਾਈ ਹਰ ਵੇਲੇ ਕਰਨੀ ਚਾਹੀਦੀ ਹੈ ॥੧॥ ਰਹਾਉ ॥
ਸੰਤ ਕਾ ਮਾਰਗੁ ਧਰਮ ਕੀ ਪਉੜੀ ਕੋ ਵਡਭਾਗੀ ਪਾਏ ॥
(ਹੇ ਸੰਤ ਜਨੋ! ਸਿਮਰਨ ਕਰਨਾ ਹੀ ਇਨਸਾਨ ਵਾਸਤੇ) ਗੁਰੂ ਦਾ (ਦੱਸਿਆ ਹੋਇਆ ਸਹੀ) ਰਸਤਾ ਹੈ, (ਸਿਮਰਨ ਹੀ) ਧਰਮ ਦੀ ਪਉੜੀ ਹੈ (ਜਿਸ ਦੀ ਰਾਹੀਂ ਮਨੁੱਖ ਪ੍ਰਭੂ-ਚਰਨਾਂ ਵਿਚ ਪਹੁੰਚ ਸਕਦਾ ਹੈ, ਪਰ) ਕੋਈ ਵਿਰਲਾ ਭਾਗਾਂ ਵਾਲਾ (ਇਹ ਪਉੜੀ) ਲੱਭਦਾ ਹੈ।
ਕੋਟਿ ਜਨਮ ਕੇ ਕਿਲਬਿਖ ਨਾਸੇ ਹਰਿ ਚਰਣੀ ਚਿਤੁ ਲਾਏ ॥੨॥
ਜੇਹੜਾ ਮਨੁੱਖ (ਸਿਮਰਨ ਦੀ ਰਾਹੀਂ) ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜਦਾ ਹੈ, ਉਸ ਦੇ ਕ੍ਰੋੜਾਂ ਜਨਮਾਂ ਦੇ ਪਾਪ ਨਾਸ ਹੋ ਜਾਂਦੇ ਹਨ ॥੨॥
ਉਸਤਤਿ ਕਰਹੁ ਸਦਾ ਪ੍ਰਭ ਅਪਨੇ ਜਿਨਿ ਪੂਰੀ ਕਲ ਰਾਖੀ ॥
ਹੇ ਸੰਤ ਜਨੋ! ਜਿਸ ਪਰਮਾਤਮਾ ਨੇ (ਸਾਰੇ ਸੰਸਾਰ ਵਿਚ ਆਪਣੀ) ਪੂਰੀ ਸੱਤਿਆ ਟਿਕਾ ਰੱਖੀ ਹੈ, ਉਸ ਦੀ ਸਿਫ਼ਤ-ਸਾਲਾਹ ਸਦਾ ਕਰਦੇ ਰਿਹਾ ਕਰੋ।
ਜੀਅ ਜੰਤ ਸਭਿ ਭਏ ਪਵਿਤ੍ਰਾ ਸਤਿਗੁਰ ਕੀ ਸਚੁ ਸਾਖੀ ॥੩॥
ਹੇ ਭਾਈ! ਉਹ ਸਾਰੇ ਹੀ ਪ੍ਰਾਣੀ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ, ਜੇਹੜੇ ਸਦਾ-ਥਿਰ ਹਰਿ-ਨਾਮ ਸਿਮਰਨ ਵਾਲੀ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਦੇ ਹਨ ॥੩॥
ਬਿਘਨ ਬਿਨਾਸਨ ਸਭਿ ਦੁਖ ਨਾਸਨ ਸਤਿਗੁਰਿ ਨਾਮੁ ਦ੍ਰਿੜਾਇਆ ॥
(ਜੀਵਨ ਦੇ ਰਸਤੇ ਵਿਚੋਂ ਸਾਰੀਆਂ) ਰੁਕਾਵਟਾਂ ਦੂਰ ਕਰਨ ਵਾਲਾ, ਸਾਰੇ ਦੁੱਖ ਨਾਸ ਕਰਨ ਵਾਲਾ ਹਰਿ-ਨਾਮ ਗੁਰੂ ਨੇ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪੱਕਾ ਕਰ ਦਿੱਤਾ,
ਖੋਏ ਪਾਪ ਭਏ ਸਭਿ ਪਾਵਨ ਜਨ ਨਾਨਕ ਸੁਖਿ ਘਰਿ ਆਇਆ ॥੪॥੩॥੫੩॥
ਹੇ ਨਾਨਕ! (ਆਖ-) ਉਹਨਾਂ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ, ਉਹ ਸਾਰੇ ਪਵਿਤ੍ਰ ਜੀਵਨ ਵਾਲੇ ਬਣ ਜਾਂਦੇ ਹਨ, ਉਹ ਆਤਮਕ ਆਨੰਦ ਨਾਲ ਅੰਤਰ-ਆਤਮੇ ਟਿਕੇ ਰਹਿੰਦੇ ਹਨ ॥੪॥੩॥੫੩॥
ਸੋਰਠਿ ਮਹਲਾ ੫ ॥
ਸਾਹਿਬੁ ਗੁਨੀ ਗਹੇਰਾ ॥
ਤੂੰ ਸਭ ਦਾ ਮਾਲਕ ਹੈਂ, ਤੂੰ ਗੁਣਾਂ ਦਾ ਮਾਲਕ ਹੈਂ, ਤੂੰ ਡੂੰਘੇ ਜਿਗਰੇ ਵਾਲਾ ਹੈਂ।
ਘਰੁ ਲਸਕਰੁ ਸਭੁ ਤੇਰਾ ॥
(ਜੀਵਾਂ ਨੂੰ) ਸਾਰਾ ਘਰ-ਘਾਟ ਤੇਰਾ ਹੀ ਦਿੱਤਾ ਹੋਇਆ ਹੈ।
ਰਖਵਾਲੇ ਗੁਰ ਗੋਪਾਲਾ ॥
ਹੇ ਸਭ ਤੋਂ ਵੱਡੇ! ਹੇ ਸ੍ਰਿਸ਼ਟੀ ਦੇ ਪਾਲਣਹਾਰ! ਹੇ ਸਭ ਜੀਵਾਂ ਦੇ ਰਾਖੇ!
ਸਭਿ ਜੀਅ ਭਏ ਦਇਆਲਾ ॥੧॥
ਤੂੰ ਸਾਰੇ ਜੀਵਾਂ ਉੱਤੇ ਦਇਆਵਾਨ ਰਹਿੰਦਾ ਹੈਂ ॥੧॥
ਜਪਿ ਅਨਦਿ ਰਹਉ ਗੁਰ ਚਰਣਾ ॥
ਹੇ ਭਾਈ! ਗੁਰੂ ਦੇ ਚਰਨਾਂ ਨੂੰ ਹਿਰਦੇ ਵਿਚ ਵਸਾ ਕੇ ਮੈਂ ਆਤਮਕ ਆਨੰਦ ਵਿਚ ਟਿਕਿਆ ਰਹਿੰਦਾ ਹਾਂ।
ਭਉ ਕਤਹਿ ਨਹੀ ਪ੍ਰਭ ਸਰਣਾ ॥ ਰਹਾਉ ॥
ਹੇ ਭਾਈ! ਪ੍ਰਭੂ ਦੀ ਸ਼ਰਨ ਪਿਆਂ ਕਿਤੇ ਭੀ ਕੋਈ ਡਰ ਪੋਹ ਨਹੀਂ ਸਕਦਾ ਰਹਾਉ॥
ਤੇਰਿਆ ਦਾਸਾ ਰਿਦੈ ਮੁਰਾਰੀ ॥
ਹੇ ਪ੍ਰਭੂ! ਤੇਰੇ ਸੇਵਕਾਂ ਦੇ ਹਿਰਦੇ ਵਿਚ ਹੀ ਨਾਮ ਵੱਸਦਾ ਹੈ।
ਪ੍ਰਭਿ ਅਬਿਚਲ ਨੀਵ ਉਸਾਰੀ ॥
ਹੇ ਪ੍ਰਭੂ! ਤੂੰ (ਆਪਣੇ ਦਾਸਾਂ ਦੇ ਹਿਰਦੇ ਵਿਚ ਭਗਤੀ ਦੀ) ਕਦੇ ਨਾਹ ਹਿੱਲਣ ਵਾਲੀ ਨੀਂਹ ਰੱਖ ਦਿੱਤੀ ਹੋਈ ਹੈ।
ਬਲੁ ਧਨੁ ਤਕੀਆ ਤੇਰਾ ॥
ਹੇ ਪ੍ਰਭੂ! ਤੂੰ ਹੀ ਮੇਰਾ ਬਲ ਹੈਂ, ਤੂੰ ਹੀ ਮੇਰਾ ਧਨ ਹੈ, ਤੇਰਾ ਹੀ ਮੈਨੂੰ ਆਸਰਾ ਹੈ।
ਤੂ ਭਾਰੋ ਠਾਕੁਰੁ ਮੇਰਾ ॥੨॥
ਤੂੰ ਮੇਰਾ ਸਭ ਤੋਂ ਵੱਡਾ ਮਾਲਕ ਹੈਂ ॥੨॥
ਜਿਨਿ ਜਿਨਿ ਸਾਧਸੰਗੁ ਪਾਇਆ ॥
ਹੇ ਭਾਈ! ਜਿਸ ਜਿਸ ਮਨੁੱਖ ਨੇ ਗੁਰੂ ਦੀ ਸੰਗਤਿ ਪ੍ਰਾਪਤ ਕੀਤੀ ਹੈ,
ਸੋ ਪ੍ਰਭਿ ਆਪਿ ਤਰਾਇਆ ॥
ਉਸ ਉਸ ਨੂੰ ਪ੍ਰਭੂ ਨੇ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ ਹੈ।
ਕਰਿ ਕਿਰਪਾ ਨਾਮ ਰਸੁ ਦੀਆ ॥
ਜਿਸ ਮਨੁੱਖ ਨੂੰ ਪ੍ਰਭੂ ਨੇ ਮੇਹਰ ਕਰ ਕੇ ਆਪਣੇ ਨਾਮ ਦਾ ਸੁਆਦ ਬਖ਼ਸ਼ਿਆ ਹੈ,
ਕੁਸਲ ਖੇਮ ਸਭ ਥੀਆ ॥੩॥
ਉਸ ਦੇ ਅੰਦਰ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ ॥੩॥
ਹੋਏ ਪ੍ਰਭੂ ਸਹਾਈ ॥
ਹੇ ਭਾਈ! ਪਰਮਾਤਮਾ ਜਿਸ ਮਨੁੱਖ ਦਾ ਮਦਦਗਾਰ ਬਣਦਾ ਹੈ,
ਸਭ ਉਠਿ ਲਾਗੀ ਪਾਈ ॥
ਸਾਰੀ ਲੁਕਾਈ ਉਸ ਦੇ ਪੈਰੀਂ ਉੱਠ ਕੇ ਆ ਲੱਗਦੀ ਹੈ।
ਸਾਸਿ ਸਾਸਿ ਪ੍ਰਭੁ ਧਿਆਈਐ ॥
ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ।
ਹਰਿ ਮੰਗਲੁ ਨਾਨਕ ਗਾਈਐ ॥੪॥੪॥੫੪॥
ਹੇ ਨਾਨਕ! ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਰਹਿਣਾ ਚਾਹੀਦਾ ਹੈ ॥੪॥੪॥੫੪॥
ਸੋਰਠਿ ਮਹਲਾ ੫ ॥
ਸੂਖ ਸਹਜ ਆਨੰਦਾ ॥
(ਹੇ ਭਾਈ!) ਮੇਰੇ ਅੰਦਰ ਆਤਮਕ ਅਡੋਲਤਾ ਦੇ ਸੁਖ ਆਨੰਦ ਬਣੇ ਰਹਿੰਦੇ ਹਨ।
ਪ੍ਰਭੁ ਮਿਲਿਓ ਮਨਿ ਭਾਵੰਦਾ ॥
(ਮੈਨੂੰ) ਮਨ ਵਿਚ ਪਿਆਰਾ ਲੱਗਣ ਵਾਲਾ ਪਰਮਾਤਮਾ ਮਿਲ ਪਿਆ ਹੈ।
ਪੂਰੈ ਗੁਰਿ ਕਿਰਪਾ ਧਾਰੀ ॥
(ਜਦੋਂ ਤੋਂ) ਪੂਰੇ ਗੁਰੂ ਨੇ (ਮੇਰੇ ਉੱਤੇ) ਮੇਹਰ ਕੀਤੀ ਹੈ,
ਤਾ ਗਤਿ ਭਈ ਹਮਾਰੀ ॥੧॥
ਤਦੋਂ ਦੀ ਮੇਰੀ ਉੱਚੀ ਆਤਮਕ ਅਵਸਥਾ ਬਣ ਗਈ ਹੈ ॥੧॥
ਹਰਿ ਕੀ ਪ੍ਰੇਮ ਭਗਤਿ ਮਨੁ ਲੀਨਾ ॥
ਹੇ ਭਾਈ! ਜਿਸ ਮਨੁੱਖ ਦਾ ਮਨ ਪਰਮਾਤਮਾ ਦੀ ਪਿਆਰ-ਭਰੀ ਭਗਤੀ ਵਿਚ ਟਿਕਿਆ ਰਹਿੰਦਾ ਹੈ,
ਨਿਤ ਬਾਜੇ ਅਨਹਤ ਬੀਨਾ ॥ ਰਹਾਉ ॥
ਉਸ ਦੇ ਅੰਦਰ ਸਦਾ ਇਕ-ਰਸ (ਆਤਮਕ ਆਨੰਦ ਦੀ, ਮਾਨੋ,) ਬੀਣਾ ਵੱਜਦੀ ਰਹਿੰਦੀ ਹੈ ਰਹਾਉ॥
ਹਰਿ ਚਰਣ ਕੀ ਓਟ ਸਤਾਣੀ ॥
ਹੇ ਭਾਈ! ਜਿਸ ਮਨੁੱਖ ਨੇ ਪ੍ਰਭੂ-ਚਰਨਾਂ ਦਾ ਬਲਵਾਨ ਆਸਰਾ ਲੈ ਲਿਆ,
ਸਭ ਚੂਕੀ ਕਾਣਿ ਲੋਕਾਣੀ ॥
ਦੁਨੀਆ ਦੇ ਲੋਕਾਂ ਵਾਲੀ ਉਸ ਦੀ ਸਾਰੀ ਮੁਥਾਜੀ ਮੁੱਕ ਗਈ।
ਜਗਜੀਵਨੁ ਦਾਤਾ ਪਾਇਆ ॥
ਉਸ ਨੂੰ ਜਗਤ ਦਾ ਸਹਾਰਾ ਦਾਤਾਰ ਪ੍ਰਭੂ ਮਿਲ ਪੈਂਦਾ ਹੈ।
ਹਰਿ ਰਸਕਿ ਰਸਕਿ ਗੁਣ ਗਾਇਆ ॥੨॥
ਉਹ ਸਦਾ ਬੜੇ ਪ੍ਰੇਮ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ ॥੨॥
ਪ੍ਰਭ ਕਾਟਿਆ ਜਮ ਕਾ ਫਾਸਾ ॥
ਹੇ ਭਾਈ! ਮੇਰੀ ਭੀ ਪ੍ਰਭੂ ਨੇ ਜਮ ਦੀ ਫਾਹੀ ਕੱਟ ਦਿੱਤੀ ਹੈ,
ਮਨ ਪੂਰਨ ਹੋਈ ਆਸਾ ॥
ਮੇਰੇ ਮਨ ਦੀ (ਇਹ ਚਿਰਾਂ ਦੀ) ਆਸ ਪੂਰੀ ਹੋ ਗਈ ਹੈ।
ਜਹ ਪੇਖਾ ਤਹ ਸੋਈ ॥
ਹੁਣ ਮੈਂ ਜਿਧਰ ਵੇਖਦਾ ਹਾਂ, ਉੱਧਰ ਮੈਨੂੰ ਇੱਕ ਪਰਮਾਤਮਾ ਹੀ ਦਿਖਾਈ ਦਿੰਦਾ ਹੈ।
ਹਰਿ ਪ੍ਰਭ ਬਿਨੁ ਅਵਰੁ ਨ ਕੋਈ ॥੩॥
ਉਸ ਪਰਮਾਤਮਾ ਤੋਂ ਬਿਨਾ ਕੋਈ ਹੋਰ ਦਿਖਾਈ ਨਹੀਂ ਦੇਂਦਾ ॥੩॥
ਕਰਿ ਕਿਰਪਾ ਪ੍ਰਭਿ ਰਾਖੇ ॥
ਪ੍ਰਭੂ ਨੇ ਕਿਰਪਾ ਕਰ ਕੇ ਜਿਨ੍ਹਾਂ ਦੀ ਰੱਖਿਆ ਕੀਤੀ,
ਸਭਿ ਜਨਮ ਜਨਮ ਦੁਖ ਲਾਥੇ ॥
ਉਹਨਾਂ ਦੇ ਅਨੇਕਾਂ ਜਨਮਾਂ ਦੇ ਸਾਰੇ ਦੁੱਖ ਦੂਰ ਹੋ ਗਏ।
ਨਿਰਭਉ ਨਾਮੁ ਧਿਆਇਆ ॥
ਜਿਨ੍ਹਾਂ ਨੇ ਨਿਰਭਉ ਪ੍ਰਭੂ ਦਾ ਨਾਮ ਸਿਮਰਿਆ,
ਅਟਲ ਸੁਖੁ ਨਾਨਕ ਪਾਇਆ ॥੪॥੫॥੫੫॥
ਹੇ ਨਾਨਕ! ਉਹਨਾਂ ਨੇ ਉਹ ਆਤਮਕ ਆਨੰਦ ਪ੍ਰਾਪਤ ਕਰ ਲਿਆ ਜੋ ਕਦੇ ਦੂਰ ਨਹੀਂ ਹੁੰਦਾ ॥੪॥੫॥੫੫॥
ਸੋਰਠਿ ਮਹਲਾ ੫ ॥
ਠਾਢਿ ਪਾਈ ਕਰਤਾਰੇ ॥
ਹੇ ਭਾਈ! ਜਿਸ ਮਨੁੱਖ ਦੇ ਅੰਦਰ ਕਰਤਾਰ ਨੇ ਠੰਡ ਵਰਤਾ ਦਿੱਤੀ,
ਤਾਪੁ ਛੋਡਿ ਗਇਆ ਪਰਵਾਰੇ ॥
ਉਸ ਦੇ ਪਰਵਾਰ ਨੂੰ (ਉਸ ਦੇ ਗਿਆਨ-ਇੰਦ੍ਰਿਆਂ ਨੂੰ ਵਿਕਾਰਾਂ ਦਾ) ਤਾਪ ਛੱਡ ਜਾਂਦਾ ਹੈ।
ਗੁਰਿ ਪੂਰੈ ਹੈ ਰਾਖੀ ॥
ਹੇ ਭਾਈ! ਪੂਰੇ ਗੁਰੂ ਨੇ ਜਿਸ ਮਨੁੱਖ ਦੀ ਮਦਦ ਕੀਤੀ,
ਸਰਣਿ ਸਚੇ ਕੀ ਤਾਕੀ ॥੧॥
ਉਸ ਨੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਆਸਰਾ ਤੱਕ ਲਿਆ ॥੧॥
ਪਰਮੇਸਰੁ ਆਪਿ ਹੋਆ ਰਖਵਾਲਾ ॥
ਹੇ ਭਾਈ! ਜਿਸ ਮਨੁੱਖ ਦਾ ਰਾਖਾ ਪਰਮਾਤਮਾ ਆਪ ਬਣ ਜਾਂਦਾ ਹੈ,
ਸਾਂਤਿ ਸਹਜ ਸੁਖ ਖਿਨ ਮਹਿ ਉਪਜੇ ਮਨੁ ਹੋਆ ਸਦਾ ਸੁਖਾਲਾ ॥ ਰਹਾਉ ॥
ਉਸ ਦਾ ਮਨ ਸਦਾ ਵਾਸਤੇ ਸੁਖੀ ਹੋ ਜਾਂਦਾ ਹੈ (ਕਿਉਂਕਿ ਉਸ ਦੇ ਅੰਦਰ) ਇਕ ਛਿਨ ਵਿਚ ਆਤਮਕ ਅਡੋਲਤਾ ਦੇ ਸੁਖ ਤੇ ਸ਼ਾਂਤੀ ਪੈਦਾ ਹੋ ਜਾਂਦੇ ਹਨ ਰਹਾਉ॥
ਹਰਿ ਹਰਿ ਨਾਮੁ ਦੀਓ ਦਾਰੂ ॥
ਹੇ ਭਾਈ! (ਵਿਕਾਰ-ਰੋਗਾਂ ਦਾ ਇਲਾਜ ਕਰਨ ਵਾਸਤੇ ਗੁਰੂ ਨੇ ਜਿਸ ਮਨੁੱਖ ਨੂੰ) ਪਰਮਾਤਮਾ ਦਾ ਨਾਮ-ਦਵਾਈ ਦਿੱਤੀ,
ਤਿਨਿ ਸਗਲਾ ਰੋਗੁ ਬਿਦਾਰੂ ॥
ਉਸ (ਨਾਮ-ਦਾਰੂ) ਨੇ ਉਸ ਮਨੁੱਖ ਦਾ ਸਾਰਾ ਹੀ (ਵਿਕਾਰ-) ਰੋਗ ਕੱਟ ਦਿੱਤਾ।
ਅਪਣੀ ਕਿਰਪਾ ਧਾਰੀ ॥
ਜਦੋਂ ਪ੍ਰਭੂ ਨੇ ਉਸ ਮਨੁੱਖ ਉਤੇ ਆਪਣੀ ਮੇਹਰ ਕੀਤੀ,
ਤਿਨਿ ਸਗਲੀ ਬਾਤ ਸਵਾਰੀ ॥੨॥
ਤਾਂ ਉਸ ਨੇ ਆਪਣੀ ਸਾਰੀ ਜੀਵਨ-ਕਹਾਣੀ ਹੀ ਸੋਹਣੀ ਬਣਾ ਲਈ (ਆਪਣਾ ਸਾਰਾ ਜੀਵਨ ਸੰਵਾਰ ਲਿਆ) ॥੨॥
ਪ੍ਰਭਿ ਅਪਨਾ ਬਿਰਦੁ ਸਮਾਰਿਆ ॥
ਹੇ ਭਾਈ! ਪ੍ਰਭੂ ਨੇ (ਸਦਾ ਹੀ) ਆਪਣੇ ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਵ ਨੂੰ ਚੇਤੇ ਰੱਖਿਆ ਹੈ।
ਹਮਰਾ ਗੁਣੁ ਅਵਗੁਣੁ ਨ ਬੀਚਾਰਿਆ ॥
ਉਹ ਸਾਡਾ ਜੀਵਾਂ ਦਾ ਕੋਈ ਗੁਣ ਜਾਂ ਔਗੁਣ ਦਿਲ ਤੇ ਲਾ ਨਹੀਂ ਰੱਖਦਾ।
ਗੁਰ ਕਾ ਸਬਦੁ ਭਇਓ ਸਾਖੀ ॥
(ਪ੍ਰਭੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਅੰਦਰ) ਗੁਰੂ ਦੇ ਸ਼ਬਦ ਨੇ ਆਪਣਾ ਪ੍ਰਭਾਵ ਪਾਇਆ,
ਤਿਨਿ ਸਗਲੀ ਲਾਜ ਰਾਖੀ ॥੩॥
ਸ਼ਬਦ ਨੇ ਉਸ ਦੀ ਸਾਰੀ ਇੱਜ਼ਤ ਰੱਖ ਲਈ (ਉਸ ਨੂੰ ਵਿਕਾਰਾਂ ਦੇ ਢਹੇ ਚੜ੍ਹਨ ਤੋਂ ਬਚਾ ਲਿਆ) ॥੩॥
ਬੋਲਾਇਆ ਬੋਲੀ ਤੇਰਾ ॥
ਹੇ ਪ੍ਰਭੂ! ਜਦੋਂ ਤੂੰ ਪ੍ਰੇਰਨਾ ਦੇਂਦਾ ਹੈਂ ਤਦੋਂ ਹੀ ਮੈਂ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹਾਂ।
ਤੂ ਸਾਹਿਬੁ ਗੁਣੀ ਗਹੇਰਾ ॥
ਤੂੰ ਸਾਡਾ ਮਾਲਕ ਹੈਂ, ਤੂੰ ਗੁਣਾਂ ਦਾ ਖ਼ਜ਼ਾਨਾ ਹੈਂ, ਤੂੰ ਡੂੰਘੇ ਜਿਗਰੇ ਵਾਲਾ ਹੈਂ।
ਜਪਿ ਨਾਨਕ ਨਾਮੁ ਸਚੁ ਸਾਖੀ ॥
ਹੇ ਨਾਨਕ! ਸਦਾ-ਥਿਰ ਪ੍ਰਭੂ ਦਾ ਨਾਮ ਜਪਿਆ ਕਰ, ਇਹੀ ਸਦਾ ਹਾਮੀ ਭਰਨ ਵਾਲਾ ਹੈ।
ਅਪੁਨੇ ਦਾਸ ਕੀ ਪੈਜ ਰਾਖੀ ॥੪॥੬॥੫੬॥
ਪ੍ਰਭੂ ਆਪਣੇ ਸੇਵਕ ਦੀ (ਸਦਾ) ਇੱਜ਼ਤ ਰੱਖਦਾ ਆਇਆ ਹੈ ॥੪॥੬॥੫੬॥
ਸੋਰਠਿ ਮਹਲਾ ੫ ॥
ਵਿਚਿ ਕਰਤਾ ਪੁਰਖੁ ਖਲੋਆ ॥
ਸਰਬ-ਵਿਆਪਕ ਕਰਤਾਰ ਆਪ ਉਸ ਦੀ ਸਹੈਤਾ ਕਰਦਾ ਹੈ,
ਵਾਲੁ ਨ ਵਿੰਗਾ ਹੋਆ ॥
(ਉਸ ਦੀ ਆਤਮਕ ਰਾਸਿ-ਪੂੰਜੀ ਦਾ) ਰਤਾ ਭਰ ਭੀ ਨੁਕਸਾਨ ਨਹੀਂ ਹੁੰਦਾ।
ਮਜਨੁ ਗੁਰ ਆਂਦਾ ਰਾਸੇ ॥
(ਹੇ ਭਾਈ! ਸਾਧ ਸੰਗਤਿ ਵਿਚ ਜਿਸ ਮਨੁੱਖ ਦਾ) ਆਤਮਕ ਇਸ਼ਨਾਨ ਗੁਰੂ ਨੇ ਸਫਲ ਕਰ ਦਿੱਤਾ,
ਜਪਿ ਹਰਿ ਹਰਿ ਕਿਲਵਿਖ ਨਾਸੇ ॥੧॥
ਉਹ ਮਨੁੱਖ ਸਦਾ ਪਰਮਾਤਮਾ ਦਾ ਨਾਮ ਜਪ ਜਪ ਕੇ (ਆਪਣੇ ਸਾਰੇ) ਪਾਪ ਨਾਸ ਕਰ ਲੈਂਦਾ ਹੈ ॥੧॥
ਸੰਤਹੁ ਰਾਮਦਾਸ ਸਰੋਵਰੁ ਨੀਕਾ ॥
ਹੇ ਸੰਤ ਜਨੋ! ਸਾਧ ਸੰਗਤਿ (ਇਕ) ਸੁੰਦਰ (ਅਸਥਾਨ) ਹੈ।
ਜੋ ਨਾਵੈ ਸੋ ਕੁਲੁ ਤਰਾਵੈ ਉਧਾਰੁ ਹੋਆ ਹੈ ਜੀ ਕਾ ॥੧॥ ਰਹਾਉ ॥
ਜੇਹੜਾ ਮਨੁੱਖ (ਸਾਧ ਸੰਗਤਿ ਵਿਚ) ਆਤਮਕ ਇਸ਼ਨਾਨ ਕਰਦਾ ਹੈ (ਮਨ ਨੂੰ ਨਾਮ-ਜਲ ਨਾਲ ਪਵਿਤ੍ਰ ਕਰਦਾ ਹੈ), ਉਸ ਦੀ ਜਿੰਦ ਦਾ (ਵਿਕਾਰਾਂ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ, ਉਹ ਆਪਣੀ ਸਾਰੀ ਕੁਲ ਨੂੰ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧॥ ਰਹਾਉ ॥
ਜੈ ਜੈ ਕਾਰੁ ਜਗੁ ਗਾਵੈ ॥
ਹੇ ਭਾਈ! ਸਾਰਾ ਜਗਤ ਉਸ ਦੀ ਸੋਭਾ ਦਾ ਗੀਤ ਗਾਂਦਾ ਹੈ,
ਮਨ ਚਿੰਦਿਅੜੇ ਫਲ ਪਾਵੈ ॥
ਉਹ ਮਨੁੱਖ ਮਨ-ਚਿਤਵੇ ਫਲ ਹਾਸਲ ਕਰ ਲੈਂਦਾ ਹੈ।
ਸਹੀ ਸਲਾਮਤਿ ਨਾਇ ਆਏ ॥
(ਉਹ ਮਨੁੱਖ ਇਸ ਸਤਸੰਗ-ਸਰੋਵਰ ਵਿਚ ਆਤਮਕ) ਇਸ਼ਨਾਨ ਕਰ ਕੇ ਆਪਣੀ ਆਤਮਕ ਜੀਵਨ ਦੀ ਰਾਸਿ-ਪੂੰਜੀ ਨੂੰ ਪੂਰਨ ਤੌਰ ਤੇ ਬਚਾ ਲੈਂਦਾ ਹੈ,
ਅਪਣਾ ਪ੍ਰਭੂ ਧਿਆਏ ॥੨॥
(ਜੇਹੜਾ ਮਨੁੱਖ ਰਾਮ ਦੇ ਦਾਸਾਂ ਦੇ ਸਰੋਵਰ ਵਿਚ ਟਿਕ ਕੇ) ਆਪਣੇ ਪਰਮਾਤਮਾ ਦਾ ਆਰਾਧਨ ਕਰਦਾ ਹੈ ॥੨॥
ਸੰਤ ਸਰੋਵਰ ਨਾਵੈ ॥
ਹੇ ਭਾਈ! ਜੇਹੜਾ ਮਨੁੱਖ ਸੰਤਾਂ ਦੇ ਸਰੋਵਰ ਵਿਚ (ਸਾਧ ਸੰਗਤਿ ਵਿਚ) ਆਤਮਕ ਇਸ਼ਨਾਨ ਕਰਦਾ ਹੈ,
ਸੋ ਜਨੁ ਪਰਮ ਗਤਿ ਪਾਵੈ ॥
ਉਹ ਮਨੁੱਖ ਸਭ ਤੋਂ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ।
ਮਰੈ ਨ ਆਵੈ ਜਾਈ ॥
ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ,
ਹਰਿ ਹਰਿ ਨਾਮੁ ਧਿਆਈ ॥੩॥
ਜੇਹੜਾ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ॥੩॥
ਇਹੁ ਬ੍ਰਹਮ ਬਿਚਾਰੁ ਸੁ ਜਾਨੈ ॥
ਹੇ ਭਾਈ! ਪਰਮਾਤਮਾ ਨਾਲ ਮਿਲਾਪ ਦੀ ਇਸ ਵਿਚਾਰ ਨੂੰ ਉਹ ਮਨੁੱਖ ਸਮਝਦਾ ਹੈ,
ਜਿਸੁ ਦਇਆਲੁ ਹੋਇ ਭਗਵਾਨੈ ॥
ਜਿਸ ਉੱਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ।
ਬਾਬਾ ਨਾਨਕ ਪ੍ਰਭ ਸਰਣਾਈ ॥
ਹੇ ਨਾਨਕ! (ਆਖ-) ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੀ ਸ਼ਰਨ ਪਿਆ ਰਹਿੰਦਾ ਹੈ,
ਸਭ ਚਿੰਤਾ ਗਣਤ ਮਿਟਾਈ ॥੪॥੭॥੫੭॥
ਉਹ ਆਪਣਾ ਹਰੇਕ ਕਿਸਮ ਦਾ ਚਿੰਤਾ-ਫ਼ਿਕਰ ਦੂਰ ਕਰ ਲੈਂਦਾ ਹੈ ॥੪॥੭॥੫੭॥
ਸੋਰਠਿ ਮਹਲਾ ੫ ॥
ਪਾਰਬ੍ਰਹਮਿ ਨਿਬਾਹੀ ਪੂਰੀ ॥
(ਹੇ ਭਾਈ! ਸਦਾ ਤੋਂ ਹੀ) ਪਰਮਾਤਮਾ ਨੇ ਆਪਣੇ ਸੇਵਕ ਨਾਲ ਪ੍ਰੀਤਿ ਤੋੜ ਤਕ ਨਿਬਾਹੀ ਹੈ।
ਕਾਈ ਬਾਤ ਨ ਰਹੀਆ ਊਰੀ ॥
ਸੇਵਕ ਨੂੰ ਕਿਸੇ ਗੱਲੇ ਕੋਈ ਕਮੀ ਨਹੀਂ ਰਹਿੰਦੀ।
ਗੁਰਿ ਚਰਨ ਲਾਇ ਨਿਸਤਾਰੇ ॥
ਸੇਵਕ ਸਦਾ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਸੰਭਾਲ ਰੱਖਦਾ ਹੈ।
ਹਰਿ ਹਰਿ ਨਾਮੁ ਸਮ੍ਰਾਰੇ ॥੧॥
ਗੁਰੂ ਨੇ (ਸੇਵਕਾਂ ਨੂੰ ਸਦਾ ਹੀ) ਚਰਨੀਂ ਲਾ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਇਆ ਹੈ ॥੧॥
ਅਪਨੇ ਦਾਸ ਕਾ ਸਦਾ ਰਖਵਾਲਾ ॥
ਹੇ ਭਾਈ! ਪਰਮਾਤਮਾ ਆਪਣੇ ਸੇਵਕ ਦਾ ਸਦਾ ਰਾਖਾ ਬਣਿਆ ਰਹਿੰਦਾ ਹੈ।
ਕਰਿ ਕਿਰਪਾ ਅਪੁਨੇ ਕਰਿ ਰਾਖੇ ਮਾਤ ਪਿਤਾ ਜਿਉ ਪਾਲਾ ॥੧॥ ਰਹਾਉ ॥
ਜਿਵੇਂ ਮਾਪੇ (ਬੱਚਿਆਂ ਨੂੰ) ਪਾਲਦੇ ਹਨ, ਤਿਵੇਂ ਪ੍ਰਭੂ ਕਿਰਪਾ ਕਰ ਕੇ ਆਪਣੇ ਸੇਵਕਾਂ ਨੂੰ ਆਪਣੇ ਬਣਾਈ ਰੱਖਦਾ ਹੈ ॥੧॥ ਰਹਾਉ ॥
ਵਡਭਾਗੀ ਸਤਿਗੁਰੁ ਪਾਇਆ ॥
ਹੇ ਭਾਈ! ਵੱਡੇ ਭਾਗਾਂ ਵਾਲੇ ਮਨੁੱਖਾਂ ਨੇ (ਉਹ) ਗੁਰੂ ਲੱਭ ਲਿਆ,
ਜਿਨਿ ਜਮ ਕਾ ਪੰਥੁ ਮਿਟਾਇਆ ॥
ਜਿਸ (ਗੁਰੂ) ਨੇ (ਉਹਨਾਂ ਵਾਸਤੇ) ਜਮ ਦੇ ਦੇਸ ਨੂੰ ਲੈ ਜਾਣ ਵਾਲਾ ਰਸਤਾ ਮਿਟਾ ਦਿੱਤਾ,
ਹਰਿ ਭਗਤਿ ਭਾਇ ਚਿਤੁ ਲਾਗਾ ॥
(ਕਿਉਂਕਿ ਗੁਰੂ ਦੀ ਕਿਰਪਾ ਨਾਲ) ਉਹਨਾਂ ਦਾ ਮਨ ਪਰਮਾਤਮਾ ਦੀ ਭਗਤੀ ਵਿਚ ਪ੍ਰਭੂ ਦੇ ਪ੍ਰੇਮ ਵਿਚ ਮਗਨ ਰਹਿੰਦਾ ਹੈ।
ਜਪਿ ਜੀਵਹਿ ਸੇ ਵਡਭਾਗਾ ॥੨॥
ਉਹ ਵਡ-ਭਾਗੀ ਮਨੁੱਖ ਪਰਮਾਤਮਾ ਦਾ ਨਾਮ ਜਪ ਜਪ ਕੇ ਆਤਮਕ ਜੀਵਨ ਪ੍ਰਾਪਤ ਕਰ ਲੈਂਦੇ ਹਨ ॥੨॥
ਹਰਿ ਅੰਮ੍ਰਿਤ ਬਾਣੀ ਗਾਵੈ ॥
(ਹੇ ਭਾਈ! ਪਰਮਾਤਮਾ ਦਾ ਸੇਵਕ) ਪਰਮਾਤਮਾ ਦੀ ਆਤਮਿਕ ਜੀਵਨ ਦੇਣ ਵਾਲੀ ਬਾਣੀ ਗਾਂਦਾ ਰਹਿੰਦਾ ਹੈ,
ਸਾਧਾ ਕੀ ਧੂਰੀ ਨਾਵੈ ॥
ਸੇਵਕ ਗੁਰਮੁਖਾਂ ਦੇ ਚਰਨਾਂ ਦੀ ਧੂੜ ਵਿਚ ਇਸ਼ਨਾਨ ਕਰਦਾ ਰਹਿੰਦਾ ਹੈ (ਆਪਾ-ਭਾਵ ਮਿਟਾ ਕੇ ਸੰਤ ਜਨਾਂ ਦੀ ਸ਼ਰਨ ਪਿਆ ਰਹਿੰਦਾ ਹੈ)।
ਅਪੁਨਾ ਨਾਮੁ ਆਪੇ ਦੀਆ ॥
ਪਰਮਾਤਮਾ ਨੇ ਆਪ ਹੀ (ਆਪਣੇ ਸੇਵਕ ਨੂੰ) ਆਪਣਾ ਨਾਮ ਬਖ਼ਸ਼ਿਆ ਹੈ,
ਪ੍ਰਭ ਕਰਣਹਾਰ ਰਖਿ ਲੀਆ ॥੩॥
ਸਿਰਜਣਹਾਰ ਪ੍ਰਭੂ ਨੇ ਆਪ ਹੀ (ਸਦਾ ਤੋਂ ਆਪਣੇ ਸੇਵਕ ਨੂੰ ਵਿਕਾਰਾਂ ਤੋਂ) ਬਚਾਇਆ ਹੈ ॥੩॥
ਹਰਿ ਦਰਸਨ ਪ੍ਰਾਨ ਅਧਾਰਾ ॥
ਹੇ ਭਾਈ! ਪਰਮਾਤਮਾ ਦਾ ਦਰਸ਼ਨ ਹੀ (ਸੇਵਕ ਦੀ) ਜ਼ਿੰਦਗੀ ਦਾ ਆਸਰਾ ਹੈ।
ਇਹੁ ਪੂਰਨ ਬਿਮਲ ਬੀਚਾਰਾ ॥
(ਪ੍ਰਭੂ ਦੇ ਸੇਵਕ ਦਾ) ਇਹ ਪਵਿਤ੍ਰ ਤੇ ਪੂਰਨ ਵਿਚਾਰ ਬਣਿਆ ਰਹਿੰਦਾ ਹੈ।
ਕਰਿ ਕਿਰਪਾ ਅੰਤਰਜਾਮੀ ॥
ਹੇ ਸਭ ਦੇ ਦਿਲਾਂ ਦੀ ਜਾਣਨ ਵਾਲੇ! ਹੇ ਸੁਆਮੀ! (ਮੇਰੇ ਉਤੇ) ਮੇਹਰ ਕਰ,
ਦਾਸ ਨਾਨਕ ਸਰਣਿ ਸੁਆਮੀ ॥੪॥੮॥੫੮॥
ਹੇ ਦਾਸ ਨਾਨਕ! (ਤੂੰ ਭੀ ਪ੍ਰਭੂ-ਦਰ ਤੇ ਅਰਦਾਸ ਕਰ, ਤੇ, ਆਖ-) ਮੈਂ ਤੇਰੀ ਸ਼ਰਨ ਆਇਆ ਹਾਂ ॥੪॥੮॥੫੮॥
ਸੋਰਠਿ ਮਹਲਾ ੫ ॥
ਗੁਰਿ ਪੂਰੈ ਚਰਨੀ ਲਾਇਆ ॥
(ਹੇ ਭਾਈ! ਜਿਸ ਮਨੁੱਖ ਨੂੰ) ਪੂਰੇ ਗੁਰੂ ਨੇ (ਪਰਮਾਤਮਾ ਦੇ) ਚਰਨਾਂ ਵਿਚ ਜੋੜ ਦਿੱਤਾ,
ਹਰਿ ਸੰਗਿ ਸਹਾਈ ਪਾਇਆ ॥
ਉਸ ਨੇ ਉਹ ਪਰਮਾਤਮਾ ਲੱਭ ਲਿਆ ਜੋ ਹਰ ਵੇਲੇ ਅੰਗ-ਸੰਗ ਵੱਸਦਾ ਹੈ, ਤੇ, (ਜਿੰਦ ਦਾ) ਮਦਦਗਾਰ ਹੈ।
ਜਹ ਜਾਈਐ ਤਹਾ ਸੁਹੇਲੇ ॥
(ਜੇ ਪ੍ਰਭੂ-ਚਰਨਾਂ ਵਿਚ ਜੁੜੇ ਰਹੀਏ, ਤਾਂ) ਜਿੱਥੇ ਭੀ ਜਾਈਏ, ਉਥੇ ਹੀ ਸੁਖੀ ਰਹਿ ਸਕੀਦਾ ਹੈ,
ਕਰਿ ਕਿਰਪਾ ਪ੍ਰਭਿ ਮੇਲੇ ॥੧॥
(ਪਰ ਜਿਨ੍ਹਾਂ ਨੂੰ ਚਰਨਾਂ ਵਿਚ ਮਿਲਾਇਆ ਹੈ) ਪ੍ਰਭੂ ਨੇ (ਆਪ ਹੀ) ਕਿਰਪਾ ਕਰ ਕੇ ਮਿਲਾਇਆ ਹੈ ॥੧॥
ਹਰਿ ਗੁਣ ਗਾਵਹੁ ਸਦਾ ਸੁਭਾਈ ॥
ਹੇ ਭਾਈ! ਸਦਾ ਪਿਆਰ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਿਹਾ ਕਰੋ।
ਮਨ ਚਿੰਦੇ ਸਗਲੇ ਫਲ ਪਾਵਹੁ ਜੀਅ ਕੈ ਸੰਗਿ ਸਹਾਈ ॥੧॥ ਰਹਾਉ ॥
(ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਮਨ-ਮੰਗੇ ਫਲ (ਪ੍ਰਭੂ ਦੇ ਦਰ ਤੋਂ) ਪ੍ਰਾਪਤ ਕਰਦੇ ਰਹੋਗੇ, ਪਰਮਾਤਮਾ ਜਿੰਦ ਦੇ ਨਾਲ (ਵੱਸਦਾ) ਸਾਥੀ (ਪ੍ਰਤੀਤ ਹੁੰਦਾ ਰਹੇਗਾ) ॥੧॥ ਰਹਾਉ ॥
ਨਾਰਾਇਣ ਪ੍ਰਾਣ ਅਧਾਰਾ ॥
ਹੇ ਭਾਈ! (ਸੰਤ ਜਨਾਂ ਦੀ ਕਿਰਪਾ ਨਾਲ) ਪਰਮਾਤਮਾ ਜਿੰਦ ਦਾ ਆਸਰਾ (ਪ੍ਰਤੀਤ ਹੁੰਦਾ ਰਹਿੰਦਾ ਹੈ)
ਹਮ ਸੰਤ ਜਨਾਂ ਰੇਨਾਰਾ ॥
ਮੈਂ ਤਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹਾਂ।
ਪਤਿਤ ਪੁਨੀਤ ਕਰਿ ਲੀਨੇ ॥
ਸੰਤ ਜਨ ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ (ਭੀ) ਪਵਿਤ੍ਰ ਜੀਵਨ ਵਾਲਾ ਬਣਾ ਲੈਂਦੇ ਹਨ,
ਕਰਿ ਕਿਰਪਾ ਹਰਿ ਜਸੁ ਦੀਨੇ ॥੨॥
(ਜਦੋਂ ਉਹ) ਕਿਰਪਾ ਕਰ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਦਾਤਿ ਦੇਂਦੇ ਹਨ ॥੨॥
ਪਾਰਬ੍ਰਹਮੁ ਕਰੇ ਪ੍ਰਤਿਪਾਲਾ ॥
ਹੇ ਭਾਈ! ਪਰਮਾਤਮਾ ਆਪ (ਸਿਫ਼ਤ-ਸਾਲਾਹ ਕਰਨ ਵਾਲਿਆਂ ਦੀ) ਰਾਖੀ ਕਰਦਾ ਹੈ,
ਸਦ ਜੀਅ ਸੰਗਿ ਰਖਵਾਲਾ ॥
ਸਦਾ ਉਹਨਾਂ ਦੀ ਜਿੰਦ ਦੇ ਨਾਲ ਰਾਖਾ ਬਣਿਆ ਰਹਿੰਦਾ ਹੈ।
ਹਰਿ ਦਿਨੁ ਰੈਨਿ ਕੀਰਤਨੁ ਗਾਈਐ ॥
(ਤਾਂ ਤੇ) ਦਿਨ ਰਾਤ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਰਹਿਣਾ ਚਾਹੀਦਾ ਹੈ,
ਬਹੁੜਿ ਨ ਜੋਨੀ ਪਾਈਐ ॥੩॥
(ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪਈਦਾ ॥੩॥
ਜਿਸੁ ਦੇਵੈ ਪੁਰਖੁ ਬਿਧਾਤਾ ॥
(ਪਰ) ਜਿਸ ਮਨੁੱਖ ਨੂੰ ਸਿਰਜਣਹਾਰ ਸਰਬ-ਵਿਆਪਕ ਪ੍ਰਭੂ ਆਪ (ਇਹ ਦਾਤਿ) ਦੇਂਦਾ ਹੈ,
ਹਰਿ ਰਸੁ ਤਿਨ ਹੀ ਜਾਤਾ ॥
ਉਸ ਨੇ ਹੀ ਪਰਮਾਤਮਾ ਦੇ ਨਾਮ ਦਾ ਸੁਆਦ ਸਮਝਿਆ ਹੈ (ਕਦਰ ਜਾਣੀ ਹੈ)।
ਜਮਕੰਕਰੁ ਨੇੜਿ ਨ ਆਇਆ ॥
ਜਮ-ਦੂਤ ਭੀ ਉਸ ਦੇ ਨੇੜੇ ਨਹੀਂ ਢੁਕਦਾ।
ਸੁਖੁ ਨਾਨਕ ਸਰਣੀ ਪਾਇਆ ॥੪॥੯॥੫੯॥
ਪਰਮਾਤਮਾ ਦੀ ਸ਼ਰਨ ਪਿਆ ਰਹਿ ਕੇ ਉਹ ਆਤਮਕ ਆਨੰਦ ਮਾਣਦਾ ਰਹਿੰਦਾ ਹੈ ॥੪॥੯॥੫੯॥
ਸੋਰਠਿ ਮਹਲਾ ੫ ॥
ਗੁਰਿ ਪੂਰੈ ਕੀਤੀ ਪੂਰੀ ॥
ਹੇ ਭਾਈ! ਪੂਰੇ ਗੁਰੂ ਨੇ (ਮੈਨੂੰ ਆਤਮਕ ਜੀਵਨ ਵਿਚ) ਸਫਲਤਾ ਦਿੱਤੀ ਹੈ,
ਪ੍ਰਭੁ ਰਵਿ ਰਹਿਆ ਭਰਪੂਰੀ ॥
(ਮੈਨੂੰ) ਪਰਮਾਤਮਾ ਹਰ ਥਾਂ ਵਿਆਪਕ ਦਿੱਸ ਰਿਹਾ ਹੈ।
ਖੇਮ ਕੁਸਲ ਭਇਆ ਇਸਨਾਨਾ ॥
ਮੇਰੇ ਅੰਦਰ ਆਤਮਕ ਸੁਖ ਆਨੰਦ ਬਣ ਗਿਆ ਹੈ-ਇਹ ਹੈ ਇਸ਼ਨਾਨ (ਜੋ ਮੈਂ ਗੁਰੂ-ਸਰ ਵਿਚ ਕੀਤਾ ਹੈ)।
ਪਾਰਬ੍ਰਹਮ ਵਿਟਹੁ ਕੁਰਬਾਨਾ ॥੧॥
ਮੈਂ ਪਰਮਾਤਮਾ ਤੋਂ ਸਦਕੇ ਜਾਂਦਾ ਹਾਂ (ਜਿਸ ਨੇ ਮੈਨੂੰ ਗੁਰੂ ਮਿਲਾ ਦਿੱਤਾ ਹੈ) ॥੧॥
ਗੁਰ ਕੇ ਚਰਨ ਕਵਲ ਰਿਦ ਧਾਰੇ ॥
ਹੇ ਭਾਈ! ਜਿਸ ਮਨੁੱਖ ਨੇ ਗੁਰੂ ਦੇ ਕੌਲ ਫੁੱਲ ਵਰਗੇ ਕੋਮਲ ਚਰਨ ਆਪਣੇ ਹਿਰਦੇ ਵਿਚ ਵਸਾ ਲਏ,
ਬਿਘਨੁ ਨ ਲਾਗੈ ਤਿਲ ਕਾ ਕੋਈ ਕਾਰਜ ਸਗਲ ਸਵਾਰੇ ॥੧॥ ਰਹਾਉ ॥
(ਉਸ ਦੀ ਜ਼ਿੰਦਗੀ ਦੇ ਰਸਤੇ ਵਿਚ) ਰਤਾ ਭਰ ਭੀ ਕੋਈ ਰੁਕਾਵਟ ਨਹੀਂ ਆਉਂਦੀ। ਗੁਰੂ ਉਸ ਦੇ ਸਾਰੇ ਕੰਮ ਸਵਾਰ ਦੇਂਦਾ ਹੈ ॥੧॥ ਰਹਾਉ ॥
ਮਿਲਿ ਸਾਧੂ ਦੁਰਮਤਿ ਖੋਏ ॥
ਹੇ ਭਾਈ! ਗੁਰੂ ਨੂੰ ਮਿਲ ਕੇ ਮਨੁੱਖ ਖੋਟੀ ਮਤਿ ਦੂਰ ਕਰ ਲੈਂਦਾ ਹੈ।
ਪਤਿਤ ਪੁਨੀਤ ਸਭ ਹੋਏ ॥
ਵਿਕਾਰੀ ਮਨੁੱਖ ਭੀ ਗੁਰੂ ਨੂੰ ਮਿਲ ਕੇ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ।
ਰਾਮਦਾਸਿ ਸਰੋਵਰ ਨਾਤੇ ॥
ਜੇਹੜੇ ਭੀ ਮਨੁੱਖ ਰਾਮ ਦੇ ਦਾਸਾਂ ਦੇ ਸਰੋਵਰ ਵਿਚ (ਗੁਰੂ ਦੀ ਸੰਗਤਿ ਵਿਚ ਆਤਮਕ) ਇਸ਼ਨਾਨ ਕਰਦੇ ਹਨ (ਮਨ ਨੂੰ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਇਸ਼ਨਾਨ ਕਰਾਂਦੇ ਹਨ)
ਸਭ ਲਾਥੇ ਪਾਪ ਕਮਾਤੇ ॥੨॥
ਉਹਨਾਂ ਦੇ ਸਾਰੇ (ਪਿਛਲੇ) ਕਮਾਏ ਹੋਏ ਪਾਪ ਲਹਿ ਜਾਂਦੇ ਹਨ ॥੨॥
ਗੁਨ ਗੋਬਿੰਦ ਨਿਤ ਗਾਈਐ ॥
ਹੇ ਭਾਈ! ਗੁਰੂ ਦੀ ਸੰਗਤਿ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ,
ਸਾਧਸੰਗਿ ਮਿਲਿ ਧਿਆਈਐ ॥
ਸਦਾ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਣੇ ਚਾਹੀਦੇ ਹਨ।
ਮਨ ਬਾਂਛਤ ਫਲ ਪਾਏ ॥
ਉਹ ਮਨੁੱਖ (ਪ੍ਰਭੂ-ਦਰ ਤੋਂ) ਮਨ-ਮੰਗੇ ਫਲ ਪ੍ਰਾਪਤ ਕਰ ਲੈਂਦਾ ਹੈ
ਗੁਰੁ ਪੂਰਾ ਰਿਦੈ ਧਿਆਏ ॥੩॥
ਜੇਹੜਾ ਪੂਰੇ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ ॥੩॥
ਗੁਰ ਗੋਪਾਲ ਆਨੰਦਾ ॥
ਉਹ ਪਰਮਾਤਮਾ ਸਭ ਤੋਂ ਵੱਡਾ ਹੈ, ਸ੍ਰਿਸ਼ਟੀ ਦਾ ਪਾਲਣ ਵਾਲਾ ਹੈ, ਆਨੰਦ-ਸਰੂਪ ਹੈ।
ਜਪਿ ਜਪਿ ਜੀਵੈ ਪਰਮਾਨੰਦਾ ॥
ਉਸ ਸਭ ਤੋਂ ਉੱਚੇ ਆਨੰਦ ਦੇ ਮਾਲਕ ਨੂੰ ਜਪ ਜਪ ਕੇ ਉਹ ਮਨੁੱਖ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ
ਜਨ ਨਾਨਕ ਨਾਮੁ ਧਿਆਇਆ ॥
ਜਦੋਂ ਮਨੁੱਖ ਉਸ ਪਰਮਾਤਮਾ ਦਾ ਨਾਮ ਸਿਮਰਦਾ ਹੈ,
ਪ੍ਰਭ ਅਪਨਾ ਬਿਰਦੁ ਰਖਾਇਆ ॥੪॥੧੦॥੬੦॥
ਹੇ ਦਾਸ ਨਾਨਕ! (ਆਖ-) ਤਾਂ ਪਰਮਾਤਮਾ ਵੀ ਆਪਣਾ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਕਾਇਮ ਰੱਖਦਾ ਹੈ ॥੪॥੧੦॥੬੦॥
ਰਾਗੁ ਸੋਰਠਿ ਮਹਲਾ ੫ ॥
ਦਹ ਦਿਸ ਛਤ੍ਰ ਮੇਘ ਘਟਾ ਘਟ ਦਾਮਨਿ ਚਮਕਿ ਡਰਾਇਓ ॥
(ਜਦੋਂ) ਬੱਦਲਾਂ ਦੀਆਂ ਘਟਾਂ ਹੀ ਘਟਾਂ ਛਤਰੀ ਵਾਂਗ ਦਸੀਂ ਪਾਸੀਂ (ਪਸਰੀਆਂ ਹੁੰਦੀਆਂ ਹਨ), ਬਿਜਲੀ ਚਮਕ ਚਮਕ ਕੇ ਡਰਾਂਦੀ ਹੈ,
ਸੇਜ ਇਕੇਲੀ ਨੀਦ ਨਹੁ ਨੈਨਹ ਪਿਰੁ ਪਰਦੇਸਿ ਸਿਧਾਇਓ ॥੧॥
(ਜਿਸ ਇਸਤ੍ਰੀ ਦਾ) ਪਤੀ ਪਰਦੇਸ ਵਿਚ ਗਿਆ ਹੁੰਦਾ ਹੈ, (ਉਸ ਦੀ) ਸੇਜ (ਪਤੀ ਤੋਂ ਬਿਨਾ) ਸੁੰਞੀ ਹੁੰਦੀ ਹੈ, (ਉਸ ਦੀਆਂ) ਅੱਖਾਂ ਵਿਚ ਨੀਂਦ ਨਹੀਂ ਆਉਂਦੀ ॥੧॥
ਹੁਣਿ ਨਹੀ ਸੰਦੇਸਰੋ ਮਾਇਓ ॥
(ਪਤੀ ਤੋਂ ਵਿਛੁੜ ਕੇ ਘਬਰਾਈ ਹੋਈ ਉਹ ਆਖਦੀ ਹੈ-) ਹੇ ਮਾਂ! ਹੁਣ ਤਾਂ (ਪਤੀ ਵਲੋਂ) ਕੋਈ ਸਨੇਹਾ ਭੀ ਨਹੀਂ ਆਉਂਦਾ।
ਏਕ ਕੋਸਰੋ ਸਿਧਿ ਕਰਤ ਲਾਲੁ ਤਬ ਚਤੁਰ ਪਾਤਰੋ ਆਇਓ ॥ ਰਹਾਉ ॥
(ਪਹਿਲਾਂ ਜਦੋਂ ਕਦੇ ਘਰੋਂ ਜਾ ਕੇ ਪਤੀ) ਇਕ ਕੋਹ ਪੈਂਡਾ ਹੀ ਕਰਦਾ ਸੀ ਤਦੋਂ (ਉਸ ਦੀਆਂ) ਚਾਰ ਚਿੱਠੀਆਂ ਆ ਜਾਂਦੀਆਂ ਸਨ ਰਹਾਉ॥
ਕਿਉ ਬਿਸਰੈ ਇਹੁ ਲਾਲੁ ਪਿਆਰੋ ਸਰਬ ਗੁਣਾ ਸੁਖਦਾਇਓ ॥
ਹੇ ਮਾਂ! ਮੈਨੂੰ ਭੀ ਇਹ ਸੋਹਣਾ ਪਿਆਰਾ ਲਾਲ (ਪ੍ਰਭੂ) ਕਿਵੇਂ ਭੁੱਲ ਸਕਦਾ ਹੈ? ਇਹ ਤਾਂ ਸਾਰੇ ਗੁਣਾਂ ਦਾ ਮਾਲਕ ਹੈ, ਸਾਰੇ ਸੁਖ ਦੇਣ ਵਾਲਾ ਹੈ।
ਮੰਦਰਿ ਚਰਿ ਕੈ ਪੰਥੁ ਨਿਹਾਰਉ ਨੈਨ ਨੀਰਿ ਭਰਿ ਆਇਓ ॥੨॥
ਮੈਂ ਭੀ (ਵਿਛੁੜੀ ਨਾਰ ਵਾਂਗ) ਕੋਠੇ ਉੱਤੇ ਚੜ੍ਹ ਕੇ (ਪਤੀ ਦਾ) ਰਾਹ ਤੱਕਦੀ ਹਾਂ, (ਮੇਰੀਆਂ ਭੀ) ਅੱਖਾਂ (ਵੈਰਾਗ-) ਨੀਰ ਨਾਲ ਭਰ ਆਈਆਂ ਹਨ ॥੨॥
ਹਉ ਹਉ ਭੀਤਿ ਭਇਓ ਹੈ ਬੀਚੋ ਸੁਨਤ ਦੇਸਿ ਨਿਕਟਾਇਓ ॥
ਹੇ ਮਾਂ! ਮੈਂ ਸੁਣਦੀ ਤਾਂ ਇਹ ਹਾਂ, ਕਿ (ਉਹ ਪਤੀ ਪ੍ਰਭੂ) ਮੇਰੇ ਹਿਰਦੇ-ਦੇਸ ਵਿਚ ਮੇਰੇ ਨੇੜੇ ਹੀ ਵੱਸਦਾ ਹੈ, ਪਰ (ਮੇਰੇ ਤੇ ਉਸ ਦੇ) ਵਿਚਕਾਰ ਮੇਰੀ ਹਉਮੈ ਦੀ ਕੰਧ ਖੜੀ ਹੋ ਗਈ ਹੈ,
ਭਾਂਭੀਰੀ ਕੇ ਪਾਤ ਪਰਦੋ ਬਿਨੁ ਪੇਖੇ ਦੂਰਾਇਓ ॥੩॥
(ਕਹਿੰਦੇ ਹਨ) ਭੰਭੀਰੀ ਦੇ ਖੰਭ ਵਾਂਗ (ਬੜਾ ਬਰੀਕ) ਪਰਦਾ (ਮੇਰੇ ਤੇ ਉਸ ਪਤੀ ਦੇ ਵਿਚਕਾਰ ਹੈ), ਪਰ ਉਸ ਦਾ ਦਰਸ਼ਨ ਕਰਨ ਤੋਂ ਬਿਨਾ ਉਹ ਕਿਤੇ ਦੂਰ ਵੱਸਦਾ ਜਾਪਦਾ ਹੈ ॥੩॥
ਭਇਓ ਕਿਰਪਾਲੁ ਸਰਬ ਕੋ ਠਾਕੁਰੁ ਸਗਰੋ ਦੂਖੁ ਮਿਟਾਇਓ ॥
ਹੇ ਮਾਂ! ਜਿਸ ਸੁਭਾਗਣ ਉਤੇ ਸਭ ਜੀਵਾਂ ਦਾ ਮਾਲਕ ਦਇਆਵਾਨ ਹੁੰਦਾ ਹੈ, ਉਸ ਦਾ ਉਹ ਸਾਰਾ (ਵਿਛੋੜੇ ਦਾ) ਦੁੱਖ ਦੂਰ ਕਰ ਦੇਂਦਾ ਹੈ।
ਕਹੁ ਨਾਨਕ ਹਉਮੈ ਭੀਤਿ ਗੁਰਿ ਖੋਈ ਤਉ ਦਇਆਰੁ ਬੀਠਲੋ ਪਾਇਓ ॥੪॥
ਨਾਨਕ ਆਖਦਾ ਹੈ- ਜਦੋਂ ਗੁਰੂ ਨੇ (ਜੀਵ-ਇਸਤ੍ਰੀ ਦੇ ਅੰਦਰੋਂ) ਹਉਮੈ ਦੀ ਕੰਧ ਢਾਹ ਦਿੱਤੀ, ਤਦੋਂ ਉਸ ਨੇ ਮਾਇਆ-ਰਹਿਤ ਦਇਆਲ (ਪ੍ਰਭੂ-ਪਤੀ) ਨੂੰ (ਆਪਣੇ ਅੰਦਰ ਹੀ) ਲੱਭ ਲਿਆ ॥੪॥
ਸਭੁ ਰਹਿਓ ਅੰਦੇਸਰੋ ਮਾਇਓ ॥
ਜਿਸ ਜੀਵ-ਇਸਤ੍ਰੀ ਨੂੰ ਗੁਰੂ ਨੇ ਉਹ ਮਿਲਾ ਦਿੱਤਾ, ਜਿਸ ਦੀ ਉਸ ਨੂੰ ਤਾਂਘ ਲੱਗ ਰਹੀ ਸੀ,
ਜੋ ਚਾਹਤ ਸੋ ਗੁਰੂ ਮਿਲਾਇਓ ॥
ਉਸ ਦਾ ਸਾਰਾ ਚਿੰਤਾ-ਫ਼ਿਕਰ ਮੁੱਕ ਜਾਂਦਾ ਹੈ।
ਸਰਬ ਗੁਨਾ ਨਿਧਿ ਰਾਇਓ ॥ ਰਹਾਉ ਦੂਜਾ ॥੧੧॥੬੧॥
ਹੇ ਮਾਂ! ਪ੍ਰਭੂ-ਪਾਤਿਸ਼ਾਹ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ ਰਹਾਉ ਦੂਜਾ ॥੧੧॥੬੧॥
ਸੋਰਠਿ ਮਹਲਾ ੫ ॥
ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ॥
ਹੇ ਪ੍ਰਭੂ! ਤੂੰ (ਆਤਮਕ ਜੀਵਨ ਦੀ) ਗਵਾਚੀ ਹੋਈ (ਰਾਸਿ-ਪੂੰਜੀ) ਨੂੰ ਵਾਪਸ ਦਿਵਾਣ ਵਾਲਾ ਹੈਂ, ਤੂੰ (ਵਿਕਾਰਾਂ ਦੀ) ਕੈਦ ਵਿਚੋਂ ਛੁਡਾਣ ਵਾਲਾ ਹੈਂ, ਤੇਰਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ, ਤੂੰ (ਜੀਵਾਂ ਨੂੰ) ਦੁੱਖਾਂ ਵਿਚ ਢਾਰਸ ਦੇਣ ਵਾਲਾ ਹੈਂ।
ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ ॥
ਹੇ ਪ੍ਰਭੂ! ਮੈਂ ਕੋਈ ਚੰਗਾ ਕਰਮ ਕੋਈ ਚੰਗਾ ਧਰਮ ਕਰਨਾ ਨਹੀਂ ਜਾਣਦਾ, ਮੈਂ ਲੋਭ ਵਿਚ ਫਸਿਆ ਰਹਿੰਦਾ ਹਾਂ, ਮੈਂ ਮਾਇਆ ਦੇ ਮੋਹ ਵਿਚ ਗ੍ਰਸਿਆ ਰਹਿੰਦਾ ਹਾਂ।
ਨਾਮੁ ਪਰਿਓ ਭਗਤੁ ਗੋਵਿੰਦ ਕਾ ਇਹ ਰਾਖਹੁ ਪੈਜ ਤੁਮਾਰੀ ॥੧॥
ਪਰ ਹੇ ਪ੍ਰਭੂ! ਮੇਰਾ ਨਾਮ ‘ਗੋਬਿੰਦ ਦਾ ਭਗਤ’ ਪੈ ਗਿਆ ਹੈ। ਸੋ, ਹੁਣ ਤੂੰ ਆਪਣੇ ਨਾਮ ਦੀ ਆਪ ਲਾਜ ਰੱਖ ॥੧॥
ਹਰਿ ਜੀਉ ਨਿਮਾਣਿਆ ਤੂ ਮਾਣੁ ॥
ਹੇ ਪ੍ਰਭੂ ਜੀ! ਤੂੰ ਉਹਨਾਂ ਬੰਦਿਆਂ ਨੂੰ ਮਾਣ ਦੇਂਦਾ ਹੈਂ, ਜਿਨ੍ਹਾਂ ਦਾ ਹੋਰ ਕੋਈ ਮਾਣ ਨਹੀਂ ਕਰਦਾ।
ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ ॥ ਰਹਾਉ ॥
ਮੈਂ ਤੇਰੀ ਤਾਕਤ ਤੋਂ ਸਦਕੇ ਤੋਂ ਜਾਂਦਾ ਹਾਂ। ਹੇ ਭਾਈ! ਮੇਰਾ ਗੋਬਿੰਦ ਨਕਾਰਿਆਂ ਨੂੰ ਭੀ ਆਦਰ-ਜੋਗ ਬਣਾ ਦੇਂਦਾ ਹੈ ਰਹਾਉ॥
ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ ॥
ਹੇ ਭਾਈ! ਜਿਵੇਂ ਕੋਈ ਬੱਚਾ ਆਪਣੀ ਲਗਨ ਅਨੁਸਾਰ ਸੁਭਾਵ ਅਨੁਸਾਰ ਲੱਖਾਂ ਗ਼ਲਤੀਆਂ ਕਰਦਾ ਹੈ,
ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ ॥
ਉਸ ਦਾ ਪਿਉ ਉਸ ਨੂੰ ਸਿੱਖਿਆ ਦੇ ਦੇ ਕੇ ਕਈ ਤਰੀਕਿਆਂ ਨਾਲ ਝਿੜਕਦਾ ਭੀ ਹੈ, ਪਰ ਫਿਰ ਆਪਣੇ ਗਲ ਨਾਲ (ਉਸ ਨੂੰ) ਲਾ ਲੈਂਦਾ ਹੈ,
ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ ॥੨॥
ਇਸੇ ਤਰ੍ਹਾਂ ਪ੍ਰਭੂ-ਪਿਤਾ ਭੀ ਜੀਵਾਂ ਦੇ ਪਿਛਲੇ ਗੁਨਾਹ ਬਖ਼ਸ਼ ਲੈਂਦਾ ਹੈ, ਤੇ ਅਗਾਂਹ ਵਾਸਤੇ (ਜੀਵਨ ਦੇ) ਠੀਕ ਰਸਤੇ ਉਤੇ ਪਾ ਦੇਂਦਾ ਹੈ ॥੨॥
ਹਰਿ ਅੰਤਰਜਾਮੀ ਸਭ ਬਿਧਿ ਜਾਣੈ ਤਾ ਕਿਸੁ ਪਹਿ ਆਖਿ ਸੁਣਾਈਐ ॥
ਹੇ ਭਾਈ! ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, (ਜੀਵਾਂ ਦੀ) ਹਰੇਕ (ਆਤਮਕ) ਹਾਲਤ ਨੂੰ ਜਾਣਦਾ ਹੈ। (ਉਸ ਨੂੰ ਛੱਡ ਕੇ) ਹੋਰ ਕਿਸ ਪਾਸ (ਆਪਣੀ ਬਿਰਥਾ) ਆਖ ਕੇ ਸੁਣਾਈ ਜਾ ਸਕਦੀ ਹੈ?
ਕਹਣੈ ਕਥਨਿ ਨ ਭੀਜੈ ਗੋਬਿੰਦੁ ਹਰਿ ਭਾਵੈ ਪੈਜ ਰਖਾਈਐ ॥
ਹੇ ਭਾਈ! ਪਰਮਾਤਮਾ ਨਿਰੀਆਂ ਜ਼ਬਾਨੀ ਗੱਲਾਂ ਨਾਲ ਖ਼ੁਸ਼ ਨਹੀਂ ਹੁੰਦਾ। (ਕਰਣੀ ਕਰ ਕੇ ਜੇਹੜਾ ਮਨੁੱਖ) ਪਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ, ਉਸ ਦੀ ਉਹ ਇੱਜ਼ਤ ਰੱਖ ਲੈਂਦਾ ਹੈ।
ਅਵਰ ਓਟ ਮੈ ਸਗਲੀ ਦੇਖੀ ਇਕ ਤੇਰੀ ਓਟ ਰਹਾਈਐ ॥੩॥
ਹੇ ਪ੍ਰਭੂ! ਮੈਂ ਹੋਰ ਸਾਰੇ ਆਸਰੇ ਵੇਖ ਲਏ ਹਨ, ਮੈਂ ਇਕ ਤੇਰਾ ਆਸਰਾ ਹੀ ਰੱਖਿਆ ਹੋਇਆ ਹੈ ॥੩॥
ਹੋਇ ਦਇਆਲੁ ਕਿਰਪਾਲੁ ਪ੍ਰਭੁ ਠਾਕੁਰੁ ਆਪੇ ਸੁਣੈ ਬੇਨੰਤੀ ॥
ਹੇ ਭਾਈ! ਮਾਲਕ-ਪ੍ਰਭੂ ਦਇਆਵਾਨ ਹੋ ਕੇ ਕਿਰਪਾਲ ਹੋ ਕੇ ਆਪ ਹੀ (ਜਿਸ ਮਨੁੱਖ ਦੀ) ਬੇਨਤੀ ਸੁਣ ਲੈਂਦਾ ਹੈ,
ਪੂਰਾ ਸਤਗੁਰੁ ਮੇਲਿ ਮਿਲਾਵੈ ਸਭ ਚੂਕੈ ਮਨ ਕੀ ਚਿੰਤੀ ॥
ਉਸ ਨੂੰ ਪੂਰਾ ਗੁਰੂ ਮੇਲ ਦੇਂਦਾ ਹੈ ਮਿਲਾ ਦੇਂਦਾ ਹੈ (ਇਸ ਤਰ੍ਹਾਂ, ਉਸ ਮਨੁੱਖ ਦੇ) ਮਨ ਦੀ ਹਰੇਕ ਚਿੰਤਾ ਮੁੱਕ ਜਾਂਦੀ ਹੈ।
ਹਰਿ ਹਰਿ ਨਾਮੁ ਅਵਖਦੁ ਮੁਖਿ ਪਾਇਆ ਜਨ ਨਾਨਕ ਸੁਖਿ ਵਸੰਤੀ ॥੪॥੧੨॥੬੨॥
ਹੇ ਦਾਸ ਨਾਨਕ! (ਆਖ-ਗੁਰੂ ਜਿਸ ਮਨੁੱਖ ਦੇ) ਮੂੰਹ ਵਿਚ ਪਰਮਾਤਮਾ ਦਾ ਨਾਮ-ਦਵਾਈ ਪਾ ਦੇਂਦਾ ਹੈ, ਉਹ ਮਨੁੱਖ ਆਤਮਕ ਆਨੰਦ ਵਿਚ ਜੀਵਨ ਬਿਤੀਤ ਕਰਦਾ ਹੈ ॥੪॥੧੨॥੬੨॥
ਸੋਰਠਿ ਮਹਲਾ ੫ ॥
ਸਿਮਰਿ ਸਿਮਰਿ ਪ੍ਰਭ ਭਏ ਅਨੰਦਾ ਦੁਖ ਕਲੇਸ ਸਭਿ ਨਾਠੇ ॥
ਹੇ ਪ੍ਰਭੂ! ਤੇਰਾ ਨਾਮ ਸਿਮਰ ਸਿਮਰ ਕੇ (ਸਿਮਰਨ ਕਰਨ ਵਾਲੇ ਮਨੁੱਖ) ਪ੍ਰਸੰਨਚਿੱਤ ਹੋ ਜਾਂਦੇ ਹਨ, (ਉਹਨਾਂ ਦੇ ਅੰਦਰੋਂ) ਸਾਰੇ ਦੁੱਖ-ਕਲੇਸ਼ ਦੂਰ ਹੋ ਜਾਂਦੇ ਹਨ।
ਗੁਨ ਗਾਵਤ ਧਿਆਵਤ ਪ੍ਰਭੁ ਅਪਨਾ ਕਾਰਜ ਸਗਲੇ ਸਾਂਠੇ ॥੧॥
(ਹੇ ਭਾਈ! ਵਡ-ਭਾਗੀ ਮਨੁੱਖ) ਆਪਣੇ ਪ੍ਰਭੂ ਦੇ ਗੁਣ ਗਾਂਦਿਆਂ ਅਤੇ ਉਸ ਦਾ ਧਿਆਨ ਧਰਦਿਆਂ ਆਪਣੇ ਸਾਰੇ ਕੰਮ ਸਵਾਰ ਲੈਂਦੇ ਹਨ ॥੧॥
ਜਗਜੀਵਨ ਨਾਮੁ ਤੁਮਾਰਾ ॥
ਹੇ ਪ੍ਰਭੂ! ਤੇਰਾ ਨਾਮ ਜਗਤ (ਦੇ ਜੀਵਾਂ) ਨੂੰ ਆਤਮਕ ਜੀਵਨ ਦੇਣ ਵਾਲਾ ਹੈ।
ਗੁਰ ਪੂਰੇ ਦੀਓ ਉਪਦੇਸਾ ਜਪਿ ਭਉਜਲੁ ਪਾਰਿ ਉਤਾਰਾ ॥ ਰਹਾਉ ॥
ਪੂਰੇ ਸਤਿਗੁਰੂ ਨੇ (ਜਿਸ ਮਨੁੱਖ ਨੂੰ ਤੇਰਾ ਨਾਮ ਸਿਮਰਨ ਦਾ) ਉਪਦੇਸ਼ ਦਿੱਤਾ, (ਉਹ ਮਨੁੱਖ) ਨਾਮ ਜਪ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ ਰਹਾਉ॥
ਤੂਹੈ ਮੰਤ੍ਰੀ ਸੁਨਹਿ ਪ੍ਰਭ ਤੂਹੈ ਸਭੁ ਕਿਛੁ ਕਰਣੈਹਾਰਾ ॥
ਹੇ ਪ੍ਰਭੂ! ਤੂੰ ਆਪ ਹੀ ਆਪਣਾ ਸਲਾਹਕਾਰ ਹੈਂ, ਤੂੰ ਆਪ ਹੀ (ਹਰੇਕ ਜੀਵ ਨੂੰ) ਦਾਤਾਂ ਦੇਣ ਵਾਲਾ ਹੈਂ,
ਤੂ ਆਪੇ ਦਾਤਾ ਆਪੇ ਭੁਗਤਾ ਕਿਆ ਇਹੁ ਜੰਤੁ ਵਿਚਾਰਾ ॥੨॥
ਤੂੰ ਆਪ ਹੀ (ਹਰੇਕ ਜੀਵ ਵਿਚ ਬੈਠਾ ਪਦਾਰਥਾਂ ਨੂੰ) ਭੋਗਣ ਵਾਲਾ ਹੈਂ। ਇਸ ਜੀਵ ਦੀ ਕੋਈ ਪਾਂਇਆਂ ਨਹੀਂ ਹੈ ॥੨॥
ਕਿਆ ਗੁਣ ਤੇਰੇ ਆਖਿ ਵਖਾਣੀ ਕੀਮਤਿ ਕਹਣੁ ਨ ਜਾਈ ॥
ਹੇ ਪ੍ਰਭੂ! ਮੈਂ ਤੇਰੇ ਗੁਣ ਆਖ ਕੇ ਬਿਆਨ ਕਰਨ ਜੋਗਾ ਨਹੀਂ ਹਾਂ। ਤੇਰੀ ਕਦਰ-ਕੀਮਤ ਦੱਸੀ ਨਹੀਂ ਜਾ ਸਕਦੀ।
ਪੇਖਿ ਪੇਖਿ ਜੀਵੈ ਪ੍ਰਭੁ ਅਪਨਾ ਅਚਰਜੁ ਤੁਮਹਿ ਵਡਾਈ ॥੩॥
ਤੇਰਾ ਵਡੱਪਣ ਹੈਰਾਨ ਕਰ ਦੇਣ ਵਾਲਾ ਹੈ। (ਹੇ ਭਾਈ! ਮਨੁੱਖ) ਆਪਣੇ ਪ੍ਰਭੂ ਦਾ ਦਰਸ਼ਨ ਕਰ ਕਰ ਕੇ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ ॥੩॥
ਧਾਰਿ ਅਨੁਗ੍ਰਹੁ ਆਪਿ ਪ੍ਰਭ ਸ੍ਵਾਮੀ ਪਤਿ ਮਤਿ ਕੀਨੀ ਪੂਰੀ ॥
ਹੇ ਪ੍ਰਭੂ! ਹੇ ਸੁਆਮੀ! ਤੂੰ ਆਪ ਹੀ (ਜੀਵ ਉਤੇ) ਕਿਰਪਾ ਕਰ ਕੇ ਉਸ ਨੂੰ (ਲੋਕ ਪਰਲੋਕ ਵਿਚ) ਇੱਜ਼ਤ ਬਖ਼ਸ਼ਦਾ ਹੈਂ, ਉਸ ਨੂੰ ਪੂਰੀ ਅਕਲ ਦੇ ਦੇਂਦਾ ਹੈਂ।
ਸਦਾ ਸਦਾ ਨਾਨਕ ਬਲਿਹਾਰੀ ਬਾਛਉ ਸੰਤਾ ਧੂਰੀ ॥੪॥੧੩॥੬੩॥
ਹੇ ਨਾਨਕ! (ਆਖ-ਹੇ ਪ੍ਰਭੂ!) ਮੈਂ ਸਦਾ ਹੀ ਤੈਥੋਂ ਕੁਰਬਾਨ ਜਾਂਦਾ ਹਾਂ। ਮੈਂ (ਤੇਰੇ ਦਰ ਤੋਂ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ॥੪॥੧੩॥੬੩॥
ਸੋਰਠਿ ਮ : ੫ ॥
ਗੁਰੁ ਪੂਰਾ ਨਮਸਕਾਰੇ ॥
ਹੇ ਭਾਈ! ਜੇਹੜਾ ਮਨੁੱਖ ਪੂਰੇ ਗੁਰੂ ਦੀ ਸ਼ਰਨ ਪੈਂਦਾ ਹੈ,
ਪ੍ਰਭਿ ਸਭੇ ਕਾਜ ਸਵਾਰੇ ॥
(ਯਕੀਨ ਜਾਣੋ ਕਿ) ਪਰਮਾਤਮਾ ਨੇ ਉਸ ਦੇ ਸਾਰੇ ਕੰਮ ਸਵਾਰ ਦਿੱਤੇ,
ਹਰਿ ਅਪਣੀ ਕਿਰਪਾ ਧਾਰੀ ॥
ਪ੍ਰਭੂ ਨੇ ਉਸ ਮਨੁੱਖ ਉੱਤੇ ਮੇਹਰ (ਦੀ ਨਿਗਾਹ) ਕੀਤੀ,
ਪ੍ਰਭ ਪੂਰਨ ਪੈਜ ਸਵਾਰੀ ॥੧॥
ਤੇ (ਲੋਕ ਪਰਲੋਕ ਵਿਚ) ਉਸ ਦੀ ਲਾਜ ਚੰਗੀ ਤਰ੍ਹਾਂ ਰੱਖ ਲਈ ॥੧॥
ਅਪਨੇ ਦਾਸ ਕੋ ਭਇਓ ਸਹਾਈ ॥
ਹੇ ਭਾਈ! ਪਰਮਾਤਮਾ ਆਪਣੇ ਸੇਵਕ ਦਾ ਮਦਦਗਾਰ ਬਣਦਾ ਹੈ।
ਸਗਲ ਮਨੋਰਥ ਕੀਨੇ ਕਰਤੈ ਊਣੀ ਬਾਤ ਨ ਕਾਈ ॥ ਰਹਾਉ ॥
ਕਰਤਾਰ ਨੇ (ਸਦਾ ਤੋਂ ਹੀ ਆਪਣੇ ਦਾਸ ਦੀਆਂ) ਸਾਰੀਆਂ ਮਨੋ-ਕਾਮਨਾਂ ਪੂਰੀਆਂ ਕੀਤੀਆਂ ਹਨ, ਸੇਵਕ ਨੂੰ (ਕਿਸੇ ਕਿਸਮ ਦੀ) ਕੋਈ ਥੁੜ ਨਹੀਂ ਰਹਿੰਦੀ ਰਹਾਉ॥
ਕਰਤੈ ਪੁਰਖਿ ਤਾਲੁ ਦਿਵਾਇਆ ॥
(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ) ਸਰਬ-ਵਿਆਪਕ ਕਰਤਾਰ ਨੇ (ਉਸ ਨੂੰ ਗੁਰੂ ਦੀ ਰਾਹੀਂ) ਗੁਪਤ ਨਾਮ-ਖ਼ਜ਼ਾਨਾ ਦਿਵਾ ਦਿੱਤਾ,
ਪਿਛੈ ਲਗਿ ਚਲੀ ਮਾਇਆ ॥
(ਉਸ ਨੂੰ ਮਾਇਆ ਦੀ ਲਾਲਸਾ ਨਹੀਂ ਰਹਿ ਜਾਂਦੀ) ਮਾਇਆ ਉਸ ਦੇ ਪਿੱਛੇ ਪਿੱਛੇ ਤੁਰੀ ਫਿਰਦੀ ਹੈ।
ਤੋਟਿ ਨ ਕਤਹੂ ਆਵੈ ॥
(ਮਾਇਆ ਵਲੋਂ ਉਸ ਨੂੰ) ਕਿਤੇ ਭੀ ਘਾਟ ਮਹਿਸੂਸ ਨਹੀਂ ਹੁੰਦੀ।
ਮੇਰੇ ਪੂਰੇ ਸਤਗੁਰ ਭਾਵੈ ॥੨॥
ਮੇਰੇ ਪੂਰੇ ਸਤਿਗੁਰੂ ਨੂੰ (ਉਸ ਵਡ-ਭਾਗੀ ਮਨੁੱਖ ਵਾਸਤੇ ਇਹੀ ਗੱਲ) ਚੰਗੀ ਲੱਗਦੀ ਹੈ ॥੨॥
ਸਿਮਰਿ ਸਿਮਰਿ ਦਇਆਲਾ ॥
ਹੇ ਭਾਈ! ਦਇਆ ਦੇ ਘਰ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ (ਸਿਮਰਨ ਕਰਨ ਵਾਲੇ)
ਸਭਿ ਜੀਅ ਭਏ ਕਿਰਪਾਲਾ ॥
ਸਾਰੇ ਹੀ ਜੀਵ ਉਸ ਦਇਆ-ਸਰੂਪ ਪ੍ਰਭੂ ਦਾ ਰੂਪ ਬਣ ਜਾਂਦੇ ਹਨ।
ਜੈ ਜੈ ਕਾਰੁ ਗੁਸਾਈ ॥
(ਇਸ ਵਾਸਤੇ, ਹੇ ਭਾਈ!) ਉਸ ਸ੍ਰਿਸ਼ਟੀ ਦੇ ਮਾਲਕ-ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਰਿਹਾ ਕਰੋ,
ਜਿਨਿ ਪੂਰੀ ਬਣਤ ਬਣਾਈ ॥੩॥
ਜਿਸ ਨੇ (ਜੀਵਾਂ ਨੂੰ ਆਪਣੇ ਨਾਲ ਮਿਲਾਣ ਦੀ) ਇਹ ਸੋਹਣੀ ਵਿਓਂਤ ਬਣਾ ਦਿੱਤੀ ਹੈ ॥੩॥
ਤੂ ਭਾਰੋ ਸੁਆਮੀ ਮੋਰਾ ॥
ਹੇ ਪ੍ਰਭੂ! ਤੂੰ ਮੇਰਾ ਵੱਡਾ ਮਾਲਕ ਹੈਂ।
ਇਹੁ ਪੁੰਨੁ ਪਦਾਰਥੁ ਤੇਰਾ ॥
ਤੇਰਾ ਨਾਮ-ਪਦਾਰਥ (ਜੋ ਮੈਨੂੰ ਗੁਰੂ ਦੀ ਰਾਹੀਂ ਮਿਲਿਆ ਹੈ) ਤੇਰੀ ਹੀ ਬਖ਼ਸ਼ਸ਼ ਹੈ।
ਜਨ ਨਾਨਕ ਏਕੁ ਧਿਆਇਆ ॥
ਹੇ ਦਾਸ ਨਾਨਕ! (ਆਖ-) ਜਿਸ ਮਨੁੱਖ ਨੇ (ਗੁਰੂ ਦੀ ਸ਼ਰਨ ਪੈ ਕੇ) ਪਰਮਾਤਮਾ ਦਾ ਸਿਮਰਨਾ ਸ਼ੁਰੂ ਕਰ ਦਿੱਤਾ,
ਸਰਬ ਫਲਾ ਪੁੰਨੁ ਪਾਇਆ ॥੪॥੧੪॥੬੪॥
ਉਸ ਨੇ ਸਾਰੇ ਫਲ ਦੇਣ ਵਾਲੀ (ਰੱਬੀ) ਬਖ਼ਸ਼ਸ਼ ਪ੍ਰਾਪਤ ਕਰ ਲਈ ॥੪॥੧੪॥੬੪॥
ਸੋਰਠਿ ਮਹਲਾ ੫ ਘਰੁ ੩ ਦੁਪਦੇ ॥
ਰਾਗ ਸੋਰਠਿ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਮਦਾਸ ਸਰੋਵਰਿ ਨਾਤੇ ॥
ਹੇ ਭਾਈ! ਜੇਹੜੇ ਮਨੁੱਖ ਰਾਮ ਦੇ ਦਾਸਾਂ ਦੇ ਸਰੋਵਰ ਵਿਚ (ਸਾਧ ਸੰਗਤਿ ਵਿਚ ਨਾਮ-ਅੰਮ੍ਰਿਤ ਨਾਲ) ਇਸ਼ਨਾਨ ਕਰਦੇ ਹਨ,
ਸਭਿ ਉਤਰੇ ਪਾਪ ਕਮਾਤੇ ॥
ਉਹਨਾਂ ਦੇ (ਪਿਛਲੇ) ਕੀਤੇ ਹੋਏ ਸਾਰੇ ਪਾਪ ਲਹਿ ਜਾਂਦੇ ਹਨ।
ਨਿਰਮਲ ਹੋਏ ਕਰਿ ਇਸਨਾਨਾ ॥
(ਹਰਿ-ਨਾਮ-ਜਲ ਨਾਲ) ਇਸ਼ਨਾਨ ਕਰ ਕੇ ਉਹ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ।
ਗੁਰਿ ਪੂਰੈ ਕੀਨੇ ਦਾਨਾ ॥੧॥
ਪਰ ਇਹ ਬਖ਼ਸ਼ਸ਼ ਪੂਰੇ ਗੁਰੂ ਨੇ ਹੀ ਕੀਤੀ ਹੁੰਦੀ ਹੈ ॥੧॥
ਸਭਿ ਕੁਸਲ ਖੇਮ ਪ੍ਰਭਿ ਧਾਰੇ ॥
ਹੇ ਭਾਈ! (ਉਸ ਮਨੁੱਖ ਦੇ ਹਿਰਦੇ ਵਿਚ) ਪ੍ਰਭੂ ਨੇ ਸਾਰੇ ਆਤਮਕ ਸੁਖ ਆਨੰਦ ਪੈਦਾ ਕਰ ਦਿੱਤੇ,
ਸਹੀ ਸਲਾਮਤਿ ਸਭਿ ਥੋਕ ਉਬਾਰੇ ਗੁਰ ਕਾ ਸਬਦੁ ਵੀਚਾਰੇ ॥ ਰਹਾਉ ॥
ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਨੂੰ ਆਪਣੀ ਸੋਚ-ਮੰਡਲ ਵਿਚ ਟਿਕਾ ਕੇ ਆਤਮਕ ਜੀਵਨ ਦੇ ਸਾਰੇ ਗੁਣ (ਵਿਕਾਰਾਂ ਦੇ ਢਹੇ ਚੜ੍ਹਨ ਤੋਂ) ਠੀਕ-ਠਾਕ ਬਚਾ ਲਏ ਰਹਾਉ॥
ਸਾਧਸੰਗਿ ਮਲੁ ਲਾਥੀ ॥
ਹੇ ਭਾਈ! ਸਾਧ ਸੰਗਤਿ ਵਿਚ (ਟਿਕਿਆਂ) ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ,
ਪਾਰਬ੍ਰਹਮੁ ਭਇਓ ਸਾਥੀ ॥
(ਸਾਧ ਸੰਗਤਿ ਦੀ ਬਰਕਤਿ ਨਾਲ) ਪਰਮਾਤਮਾ ਮਦਦਗਾਰ ਬਣ ਜਾਂਦਾ ਹੈ।
ਨਾਨਕ ਨਾਮੁ ਧਿਆਇਆ ॥
ਹੇ ਨਾਨਕ! (ਜਿਸ ਮਨੁੱਖ ਨੇ ਰਾਮਦਾਸ-ਸਰੋਵਰ ਵਿਚ ਆ ਕੇ) ਪਰਮਾਤਮਾ ਦਾ ਨਾਮ ਸਿਮਰਿਆ,
ਆਦਿ ਪੁਰਖ ਪ੍ਰਭੁ ਪਾਇਆ ॥੨॥੧॥੬੫॥
ਉਸ ਨੇ ਉਸ ਪ੍ਰਭੂ ਨੂੰ ਲੱਭ ਲਿਆ ਜੋ ਸਭ ਦਾ ਮੁੱਢ ਹੈ ਅਤੇ ਜੋ ਸਰਬ-ਵਿਆਪਕ ਹੈ ॥੨॥੧॥੬੫॥
ਸੋਰਠਿ ਮਹਲਾ ੫ ॥
ਜਿਤੁ ਪਾਰਬ੍ਰਹਮੁ ਚਿਤਿ ਆਇਆ ॥
ਹੇ ਭਾਈ! ਜਿਸ ਦੇ ਹਿਰਦੇ-ਘਰ ਵਿਚ ਪਰਮਾਤਮਾ ਆ ਵੱਸਿਆ ਹੈ,
ਸੋ ਘਰੁ ਦਯਿ ਵਸਾਇਆ ॥
ਪ੍ਰੀਤਮ-ਪ੍ਰਭੂ ਨੇ ਉਹ ਹਿਰਦਾ-ਘਰ (ਆਤਮਕ ਗੁਣਾਂ ਨਾਲ) ਭਰਪੂਰ ਕਰ ਦਿੱਤਾ।
ਸੁਖ ਸਾਗਰੁ ਗੁਰੁ ਪਾਇਆ ॥
ਹੇ ਭਾਈ! (ਜਦੋਂ ਕਿਸੇ ਵਡ-ਭਾਗੀ ਨੂੰ) ਸੁਖਾਂ ਦਾ ਸਮੁੰਦਰ ਗੁਰੂ ਮਿਲ ਪਿਆ,
ਤਾ ਸਹਸਾ ਸਗਲ ਮਿਟਾਇਆ ॥੧॥
ਤਦੋਂ ਉਸ ਨੇ ਆਪਣਾ ਸਾਰਾ ਸਹਿਮ ਦੂਰ ਕਰ ਲਿਆ ॥੧॥
ਹਰਿ ਕੇ ਨਾਮ ਕੀ ਵਡਿਆਈ ॥
ਹੇ ਭਾਈ! ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰਨੀ,
ਆਠ ਪਹਰ ਗੁਣ ਗਾਈ ॥
ਅੱਠੇ ਪਹਿਰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਣੇ-
ਗੁਰ ਪੂਰੇ ਤੇ ਪਾਈ ॥ ਰਹਾਉ ॥
(ਇਹ ਦਾਤਿ) ਪੂਰੇ ਗੁਰੂ ਤੋਂ ਹੀ ਮਿਲਦੀ ਹੈ ਰਹਾਉ॥
ਪ੍ਰਭ ਕੀ ਅਕਥ ਕਹਾਣੀ ॥
ਹੇ ਭਾਈ! ਪਰਮਾਤਮਾ ਦੇ ਸਰੂਪ ਦੀ ਗੱਲ-ਬਾਤ ਦੱਸੀ ਨਹੀਂ ਜਾ ਸਕਦੀ।
ਜਨ ਬੋਲਹਿ ਅੰਮ੍ਰਿਤ ਬਾਣੀ ॥
ਪ੍ਰਭੂ ਦੇ ਸੇਵਕ ਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦੇ ਰਹਿੰਦੇ ਹਨ।
ਨਾਨਕ ਦਾਸ ਵਖਾਣੀ ॥
ਹੇ ਨਾਨਕ! ਉਹੀ ਸੇਵਕ ਇਹ ਬਾਣੀ ਉਚਾਰਦੇ ਹਨ,
ਗੁਰ ਪੂਰੇ ਤੇ ਜਾਣੀ ॥੨॥੨॥੬੬॥
ਜਿਨ੍ਹਾਂ ਨੇ ਪੂਰੇ ਗੁਰੂ ਪਾਸੋਂ ਇਹ ਸਮਝ ਹਾਸਲ ਕੀਤੀ ਹੈ ॥੨॥੨॥੬੬॥
ਸੋਰਠਿ ਮਹਲਾ ੫ ॥
ਆਗੈ ਸੁਖੁ ਗੁਰਿ ਦੀਆ ॥
ਹੇ ਸੰਤ ਜਨੋ! ਗੁਰੂ ਨੇ ਉਸ ਮਨੁੱਖ ਨੂੰ ਅਗਾਂਹ ਆਉਣ ਵਾਲੇ ਜੀਵਨ-ਰਾਹ ਵਿਚ ਸੁੱਖ ਬਖ਼ਸ਼ ਦਿੱਤਾ,
ਪਾਛੈ ਕੁਸਲ ਖੇਮ ਗੁਰਿ ਕੀਆ ॥
ਬੀਤੇ ਸਮੇ ਵਿਚ ਭੀ ਗੁਰੂ ਨੇ ਉਸ ਨੂੰ ਸੁਖ ਆਨੰਦ ਬਖ਼ਸ਼ਿਆ,
ਸਰਬ ਨਿਧਾਨ ਸੁਖ ਪਾਇਆ ॥
ਉਸ ਨੇ ਸਾਰੇ (ਆਤਮਕ) ਖ਼ਜ਼ਾਨੇ ਸਾਰੇ ਆਨੰਦ ਪ੍ਰਾਪਤ ਕਰ ਲਏ,
ਗੁਰੁ ਅਪੁਨਾ ਰਿਦੈ ਧਿਆਇਆ ॥੧॥
ਜਿਸ ਮਨੁੱਖ ਨੇ ਆਪਣੇ ਗੁਰੂ ਨੂੰ (ਆਪਣੇ) ਹਿਰਦੇ ਵਿਚ ਵਸਾ ਲਿਆ ॥੧॥
ਅਪਨੇ ਸਤਿਗੁਰ ਕੀ ਵਡਿਆਈ ॥
(ਵੇਖੋ) ਆਪਣੇ ਗੁਰੂ ਦੀ ਉੱਚੀ ਆਤਮਕ ਅਵਸਥਾ,
ਮਨ ਇਛੇ ਫਲ ਪਾਈ ॥
(ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ, ਉਹ) ਮਨ-ਮੰਗੀਆਂ ਮੁਰਾਦਾਂ ਪ੍ਰਾਪਤ ਕਰ ਲੈਂਦਾ ਹੈ।
ਸੰਤਹੁ ਦਿਨੁ ਦਿਨੁ ਚੜੈ ਸਵਾਈ ॥ ਰਹਾਉ ॥
ਹੇ ਸੰਤ ਜਨੋ! ਗੁਰੂ ਦੀ ਇਹ ਉਦਾਰਤਾ ਦਿਨੋ ਦਿਨ ਵਧਦੀ ਚਲੀ ਜਾਂਦੀ ਹੈ ਰਹਾਉ॥
ਜੀਅ ਜੰਤ ਸਭਿ ਭਏ ਦਇਆਲਾ ਪ੍ਰਭਿ ਅਪਨੇ ਕਰਿ ਦੀਨੇ ॥
ਹੇ ਸੰਤ ਜਨੋ! (ਜੇਹੜੇ ਭੀ ਜੀਵ ਗੁਰੂ ਦੀ ਸ਼ਰਨ ਪੈਂਦੇ ਹਨ ਉਹ) ਸਾਰੇ ਹੀ ਜੀਵ ਦਇਆ-ਭਰਪੂਰ (ਹਿਰਦੇ ਵਾਲੇ) ਹੋ ਜਾਂਦੇ ਹਨ, ਪ੍ਰਭੂ ਉਹਨਾਂ ਨੂੰ ਆਪਣੇ ਬਣਾ ਲੈਂਦਾ ਹੈ।
ਸਹਜ ਸੁਭਾਇ ਮਿਲੇ ਗੋਪਾਲਾ ਨਾਨਕ ਸਾਚਿ ਪਤੀਨੇ ॥੨॥੩॥੬੭॥
ਹੇ ਨਾਨਕ! (ਅੰਦਰ ਪੈਦਾ ਹੋ ਚੁਕੀ) ਆਤਮਕ ਅਡੋਲਤਾ ਤੇ ਪ੍ਰੀਤਿ ਦੇ ਕਾਰਨ ਉਹਨਾਂ ਨੂੰ ਸ੍ਰਿਸ਼ਟੀ ਦਾ ਪਾਲਕ-ਪ੍ਰਭੂ ਮਿਲ ਪੈਂਦਾ ਹੈ, ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਮਗਨ ਰਹਿੰਦੇ ਹਨ ॥੨॥੩॥੬੭॥
ਸੋਰਠਿ ਮਹਲਾ ੫ ॥
ਗੁਰ ਕਾ ਸਬਦੁ ਰਖਵਾਰੇ ॥
(ਹੇ ਭਾਈ! ਵਿਕਾਰਾਂ ਦੇ ਟਾਕਰੇ ਤੇ) ਗੁਰੂ ਦਾ ਸ਼ਬਦ ਹੀ ਅਸਾਂ ਜੀਵਾਂ ਦਾ ਰਾਖਾ ਹੈ,
ਚਉਕੀ ਚਉਗਿਰਦ ਹਮਾਰੇ ॥
ਸ਼ਬਦ ਹੀ (ਸਾਨੂੰ ਵਿਕਾਰਾਂ ਤੋਂ ਬਚਾਣ ਲਈ) ਸਾਡੇ ਚੁਫੇਰੇ ਪਹਿਰਾ ਹੈ।
ਰਾਮ ਨਾਮਿ ਮਨੁ ਲਾਗਾ ॥
(ਗੁਰ-ਸ਼ਬਦ ਦੀ ਬਰਕਤਿ ਨਾਲ ਜਿਸ ਮਨੁੱਖ ਦਾ) ਮਨ ਪਰਮਾਤਮਾ ਦੇ ਨਾਮ ਵਿਚ ਜੁੜਦਾ ਹੈ,
ਜਮੁ ਲਜਾਇ ਕਰਿ ਭਾਗਾ ॥੧॥
ਉਸ ਪਾਸੋਂ (ਵਿਕਾਰ ਤਾਂ ਕਿਤੇ ਰਹੇ) ਜਮ (ਭੀ) ਸ਼ਰਮਿੰਦਾ ਹੋ ਕੇ ਭੱਜ ਜਾਂਦਾ ਹੈ ॥੧॥
ਪ੍ਰਭ ਜੀ ਤੂ ਮੇਰੋ ਸੁਖਦਾਤਾ ॥
ਹੇ ਪ੍ਰਭੂ ਜੀ! ਮੇਰੇ ਵਾਸਤੇ ਤਾਂ ਤੂੰ ਹੀ ਸੁਖਾਂ ਦਾ ਦਾਤਾ ਹੈਂ।
ਬੰਧਨ ਕਾਟਿ ਕਰੇ ਮਨੁ ਨਿਰਮਲੁ ਪੂਰਨ ਪੁਰਖੁ ਬਿਧਾਤਾ ॥ ਰਹਾਉ ॥
(ਹੇ ਭਾਈ! ਜੇਹੜਾ ਮਨੁੱਖ ਪ੍ਰਭੂ ਦੇ ਨਾਮ ਵਿਚ ਮਨ ਜੋੜਦਾ ਹੈ) ਸਰਬ-ਵਿਆਪਕ ਸਿਰਜਣਹਾਰ ਪ੍ਰਭੂ (ਉਸ ਦੇ ਮਾਇਆ ਦੇ ਮੋਹ ਆਦਿਕ ਦੇ ਸਾਰੇ) ਬੰਧਨ ਕੱਟ ਕੇ ਉਸ ਦੇ ਮਨ ਨੂੰ ਪਵਿਤ੍ਰ ਕਰ ਦੇਂਦਾ ਹੈ ਰਹਾਉ॥
ਨਾਨਕ ਪ੍ਰਭੁ ਅਬਿਨਾਸੀ ॥
ਅਬਿਨਾਸ਼ੀ ਪ੍ਰਭੂ (ਐਸਾ ਉਦਾਰ-ਚਿੱਤ ਹੈ ਕਿ)
ਤਾ ਕੀ ਸੇਵ ਨ ਬਿਰਥੀ ਜਾਸੀ ॥
ਉਸ ਦੀ ਕੀਤੀ ਹੋਈ ਸੇਵਾ-ਭਗਤੀ ਖ਼ਾਲੀ ਨਹੀਂ ਜਾਂਦੀ।
ਅਨਦ ਕਰਹਿ ਤੇਰੇ ਦਾਸਾ ॥
ਹੇ ਪ੍ਰਭੂ! ਤੇਰੇ ਸੇਵਕ (ਸਦਾ) ਆਤਮਕ ਆਨੰਦ ਮਾਣਦੇ ਹਨ,
ਜਪਿ ਪੂਰਨ ਹੋਈ ਆਸਾ ॥੨॥੪॥੬੮॥
ਹੇ ਨਾਨਕ! (ਆਖ-) ਤੇਰਾ ਨਾਮ ਜਪ ਕੇ ਉਹਨਾਂ ਦੀ ਹਰੇਕ ਮਨੋ-ਕਾਮਨਾ ਪੂਰੀ ਹੋ ਜਾਂਦੀ ਹੈ ॥੨॥੪॥੬੮॥
ਸੋਰਠਿ ਮਹਲਾ ੫ ॥
ਗੁਰ ਅਪੁਨੇ ਬਲਿਹਾਰੀ ॥
ਹੇ ਸੰਤ ਜਨੋ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ,
ਜਿਨਿ ਪੂਰਨ ਪੈਜ ਸਵਾਰੀ ॥
ਜਿਸ ਨੇ (ਪ੍ਰਭੂ ਦੇ ਨਾਮ ਦੀ ਦਾਤਿ ਦੇ ਕੇ) ਪੂਰੀ ਤਰ੍ਹਾਂ (ਮੇਰੀ) ਇੱਜ਼ਤ ਰੱਖ ਲਈ ਹੈ।
ਮਨ ਚਿੰਦਿਆ ਫਲੁ ਪਾਇਆ ॥
ਹੇ ਭਾਈ! ਉਹ ਮਨੁੱਖ ਮਨ-ਮੰਗੀਆਂ ਮੁਰਾਦਾਂ ਪ੍ਰਾਪਤ ਕਰ ਲੈਂਦਾ ਹੈ,
ਪ੍ਰਭੁ ਅਪੁਨਾ ਸਦਾ ਧਿਆਇਆ ॥੧॥
ਜੇਹੜਾ ਸਦਾ ਆਪਣੇ ਪ੍ਰਭੂ ਦਾ ਧਿਆਨ ਧਰਦਾ ਹੈ ॥੧॥
ਸੰਤਹੁ ਤਿਸੁ ਬਿਨੁ ਅਵਰੁ ਨ ਕੋਈ ॥
ਹੇ ਸੰਤ ਜਨੋ! ਉਸ ਪਰਮਾਤਮਾ ਤੋਂ ਬਿਨਾ (ਜੀਵਾਂ ਦਾ) ਕੋਈ ਹੋਰ (ਰਾਖਾ) ਨਹੀਂ।
ਕਰਣ ਕਾਰਣ ਪ੍ਰਭੁ ਸੋਈ ॥ ਰਹਾਉ ॥
ਉਹੀ ਪਰਮਾਤਮਾ ਜਗਤ ਦਾ ਮੂਲ ਹੈ ਰਹਾਉ॥
ਪ੍ਰਭਿ ਅਪਨੈ ਵਰ ਦੀਨੇ ॥
ਹੇ ਸੰਤ ਜਨੋ! ਪਿਆਰੇ ਪ੍ਰਭੂ ਨੇ (ਜੀਵਾਂ ਨੂੰ) ਸਭ ਬਖ਼ਸ਼ਸ਼ਾਂ ਕੀਤੀਆਂ ਹੋਈਆਂ ਹਨ,
ਸਗਲ ਜੀਅ ਵਸਿ ਕੀਨੇ ॥
ਸਾਰੇ ਜੀਵਾਂ ਨੂੰ ਉਸ ਨੇ ਆਪਣੇ ਵੱਸ ਵਿਚ ਕਰ ਰੱਖਿਆ ਹੋਇਆ ਹੈ।
ਜਨ ਨਾਨਕ ਨਾਮੁ ਧਿਆਇਆ ॥
ਹੇ ਦਾਸ ਨਾਨਕ! (ਆਖ-ਜਦੋਂ ਭੀ ਕਿਸੇ ਨੇ) ਪਰਮਾਤਮਾ ਦਾ ਨਾਮ ਸਿਮਰਿਆ,
ਤਾ ਸਗਲੇ ਦੂਖ ਮਿਟਾਇਆ ॥੨॥੫॥੬੯॥
ਤਦੋਂ ਉਸ ਨੇ ਆਪਣੇ ਸਾਰੇ ਦੁੱਖ ਦੂਰ ਕਰ ਲਏ ॥੨॥੫॥੬੯॥
ਸੋਰਠਿ ਮਹਲਾ ੫ ॥
ਤਾਪੁ ਗਵਾਇਆ ਗੁਰਿ ਪੂਰੇ ॥
ਪੂਰੇ ਗੁਰੂ ਨੇ (ਹਰਿ-ਨਾਮ ਦੀ ਦਵਾਈ ਦੇ ਕੇ ਜਿਸ ਮਨੁੱਖ ਦੇ ਅੰਦਰੋਂ) ਤਾਪ ਦੂਰ ਕਰ ਦਿੱਤਾ,
ਵਾਜੇ ਅਨਹਦ ਤੂਰੇ ॥
(ਉਸ ਦੇ ਅੰਦਰ ਆਤਮਕ ਆਨੰਦ ਦੇ, ਮਾਨੋ) ਇਕ-ਰਸ ਵਾਜੇ ਵੱਜਣ ਲੱਗ ਪਏ।
ਸਰਬ ਕਲਿਆਣ ਪ੍ਰਭਿ ਕੀਨੇ ॥
ਪ੍ਰਭੂ ਨੇ ਸਾਰੇ ਸੁਖ ਆਨੰਦ ਆਨੰਦ ਬਖ਼ਸ਼ ਦਿੱਤੇ।
ਕਰਿ ਕਿਰਪਾ ਆਪਿ ਦੀਨੇ ॥੧॥
ਉਸ ਨੇ ਕਿਰਪਾ ਕਰ ਕੇ ਆਪ ਹੀ ਇਹ ਸੁਖ ਬਖ਼ਸ਼ ਦਿੱਤੇ ॥੧॥
ਬੇਦਨ ਸਤਿਗੁਰਿ ਆਪਿ ਗਵਾਈ ॥
ਹੇ ਭਾਈ! (ਜਿਸ ਨੇ ਭੀ ਪਰਮਾਤਮਾ ਦਾ ਨਾਮ ਸਿਮਰਿਆ) ਗੁਰੂ ਨੇ ਆਪ (ਉਸ ਦੀ ਹਰੇਕ) ਪੀੜਾ ਦੂਰ ਕਰ ਦਿੱਤੀ।
ਸਿਖ ਸੰਤ ਸਭਿ ਸਰਸੇ ਹੋਏ ਹਰਿ ਹਰਿ ਨਾਮੁ ਧਿਆਈ ॥ ਰਹਾਉ ॥
ਸਾਰੇ ਸਿੱਖ ਸੰਤ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਨੰਦ-ਭਰਪੂਰ ਹੋਏ ਰਹਿੰਦੇ ਹਨ ਰਹਾਉ॥
ਜੋ ਮੰਗਹਿ ਸੋ ਲੇਵਹਿ ॥
ਹੇ ਪ੍ਰਭੂ! (ਤੇਰੇ ਦਰ ਤੋਂ ਤੇਰੇ ਸੰਤ ਜਨ) ਜੋ ਕੁਝ ਮੰਗਦੇ ਹਨ, ਉਹ ਹਾਸਲ ਕਰ ਲੈਂਦੇ ਹਨ।
ਪ੍ਰਭ ਅਪਣਿਆ ਸੰਤਾ ਦੇਵਹਿ ॥
ਤੂੰ ਆਪਣੇ ਸੰਤਾਂ ਨੂੰ (ਆਪ ਸਭ ਕੁਝ) ਦੇਂਦਾ ਹੈਂ।
ਹਰਿ ਗੋਵਿਦੁ ਪ੍ਰਭਿ ਰਾਖਿਆ ॥
(ਹੇ ਭਾਈ! ਬਾਲਕ) ਹਰਿ ਗੋਬਿੰਦ ਨੂੰ (ਭੀ) ਪ੍ਰਭੂ ਨੇ (ਆਪ) ਬਚਾਇਆ ਹੈ (ਕਿਸੇ ਦੇਵੀ ਆਦਿਕ ਨੇ ਨਹੀਂ)
ਜਨ ਨਾਨਕ ਸਾਚੁ ਸੁਭਾਖਿਆ ॥੨॥੬॥੭੦॥
ਹੇ ਦਾਸ ਨਾਨਕ! (ਆਖ-) ਮੈਂ ਤਾਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਉਚਾਰਦਾ ਹਾਂ ॥੨॥੬॥੭੦॥
ਸੋਰਠਿ ਮਹਲਾ ੫ ॥
ਸੋਈ ਕਰਾਇ ਜੋ ਤੁਧੁ ਭਾਵੈ ॥
ਹੇ ਪ੍ਰਭੂ ਪਾਤਿਸ਼ਾਹ! ਤੂੰ ਮੈਥੋਂ ਉਹੀ ਕੰਮ ਕਰਾਇਆ ਕਰ ਜੋ ਤੈਨੂੰ ਚੰਗਾ ਲੱਗਦਾ ਹੈ,
ਮੋਹਿ ਸਿਆਣਪ ਕਛੂ ਨ ਆਵੈ ॥
ਮੈਨੂੰ ਕੋਈ ਅਕਲ ਦੀ ਗੱਲ ਕਰਨੀ ਨਹੀਂ ਆਉਂਦੀ।
ਹਮ ਬਾਰਿਕ ਤਉ ਸਰਣਾਈ ॥
ਹੇ ਪ੍ਰਭੂ! ਅਸੀਂ (ਤੇਰੇ) ਬੱਚੇ ਤੇਰੀ ਸ਼ਰਨ ਆਏ ਹਾਂ।
ਪ੍ਰਭਿ ਆਪੇ ਪੈਜ ਰਖਾਈ ॥੧॥
ਹੇ ਭਾਈ! (ਸ਼ਰਨ ਪਏ ਜੀਵ ਦੀ) ਪ੍ਰਭੂ ਨੇ ਆਪ ਹੀ ਇੱਜ਼ਤ (ਸਦਾ) ਰਖਾਈ ਹੈ ॥੧॥
ਮੇਰਾ ਮਾਤ ਪਿਤਾ ਹਰਿ ਰਾਇਆ ॥
ਹੇ ਪ੍ਰਭੂ ਪਾਤਿਸ਼ਾਹ! ਤੂੰ ਹੀ ਮੇਰੀ ਮਾਂ ਹੈਂ, ਤੂੰ ਹੀ ਮੇਰਾ ਪਿਉ ਹੈਂ।
ਕਰਿ ਕਿਰਪਾ ਪ੍ਰਤਿਪਾਲਣ ਲਾਗਾ ਕਰੀਂ ਤੇਰਾ ਕਰਾਇਆ ॥ ਰਹਾਉ ॥
ਮੇਹਰ ਕਰ ਕੇ ਤੂੰ ਆਪ ਹੀ ਮੇਰੀ ਪਾਲਣਾ ਕਰ ਰਿਹਾ ਹੈਂ। ਹੇ ਪ੍ਰਭੂ! ਮੈਂ ਉਹੀ ਕੁਝ ਕਰਦਾ ਹਾਂ, ਜੋ ਤੂੰ ਮੈਥੋਂ ਕਰਾਂਦਾ ਹੈਂ ਰਹਾਉ॥
ਜੀਅ ਜੰਤ ਤੇਰੇ ਧਾਰੇ ॥
ਹੇ ਪ੍ਰਭੂ! ਸਾਰੇ ਜੀਵ ਤੇਰੇ ਹੀ ਆਸਰੇ ਹਨ।
ਪ੍ਰਭ ਡੋਰੀ ਹਾਥਿ ਤੁਮਾਰੇ ॥
(ਅਸਾਂ ਜੀਵਾਂ ਦੀ ਜ਼ਿੰਦਗੀ ਦੀ) ਡੋਰ ਤੇਰੇ ਹੱਥ ਵਿਚ ਹੈ।
ਜਿ ਕਰਾਵੈ ਸੋ ਕਰਣਾ ॥
ਅਸੀਂ ਜੀਵ ਉਹੀ ਕੁਝ ਕਰ ਸਕਦੇ ਹਾਂ ਜੋ ਕੁਝ ਪਰਮਾਤਮਾ ਸਾਥੋਂ ਕਰਾਂਦਾ ਹੈ।
ਨਾਨਕ ਦਾਸ ਤੇਰੀ ਸਰਣਾ ॥੨॥੭॥੭੧॥
ਹੇ ਨਾਨਕ! (ਆਖ-ਹੇ ਪ੍ਰਭੂ!) ਤੇਰੇ ਦਾਸ ਤੇਰੀ ਹੀ ਸ਼ਰਨ ਪਏ ਰਹਿੰਦੇ ਹਨ ॥੨॥੭॥੭੧॥
ਸੋਰਠਿ ਮਹਲਾ ੫ ॥
ਹਰਿ ਨਾਮੁ ਰਿਦੈ ਪਰੋਇਆ ॥
ਹੇ ਭਾਈ! ਜਦੋਂ ਪਰਮਾਤਮਾ ਦਾ ਨਾਮ ਹਿਰਦੇ ਵਿਚ ਚੰਗੀ ਤਰ੍ਹਾਂ ਵਸਾ ਲਿਆ ਜਾਂਦਾ ਹੈ,
ਸਭੁ ਕਾਜੁ ਹਮਾਰਾ ਹੋਇਆ ॥
ਤਦੋਂ ਅਸਾਂ ਜੀਵਾਂ ਦਾ ਸਾਰਾ ਜੀਵਨ-ਮਨੋਰਥ ਸਫਲ ਹੋ ਜਾਂਦਾ ਹੈ।
ਪ੍ਰਭ ਚਰਣੀ ਮਨੁ ਲਾਗਾ ॥
ਹੇ ਭਾਈ! ਉਸ ਮਨੁੱਖ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਲੀਨ ਰਹਿੰਦਾ ਹੈ,
ਪੂਰਨ ਜਾ ਕੇ ਭਾਗਾ ॥੧॥
ਜਿਸ ਦੇ ਭਾਗ ਚੰਗੀ ਤਰ੍ਹਾਂ ਜਾਗ ਪੈਂਦੇ ਹਨ ॥੧॥
ਮਿਲਿ ਸਾਧਸੰਗਿ ਹਰਿ ਧਿਆਇਆ ॥
(ਹੇ ਭਾਈ! ਜਿਸ ਭੀ ਮਨੁੱਖ ਨੇ) ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਿਆ,
ਆਠ ਪਹਰ ਅਰਾਧਿਓ ਹਰਿ ਹਰਿ ਮਨ ਚਿੰਦਿਆ ਫਲੁ ਪਾਇਆ ॥ ਰਹਾਉ ॥
ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦਾ ਨਾਮ ਯਾਦ ਕੀਤਾ, ਉਸ ਨੇ ਹਰੇਕ ਮਨ-ਮੰਗੀ ਮੁਰਾਦ ਪਾ ਲਈ ਰਹਾਉ॥
ਪਰਾ ਪੂਰਬਲਾ ਅੰਕੁਰੁ ਜਾਗਿਆ ॥
(ਸਾਧ ਸੰਗਤਿ ਵਿਚ ਮਿਲ ਕੇ ਜਦੋਂ ਕਿਸੇ ਮਨੁੱਖ ਦੇ) ਅਨੇਕਾਂ ਪੂਰਬਲੇ ਜਨਮਾਂ ਦੇ ਸੰਸਕਾਰਾਂ ਦਾ ਬੀਜ ਉੱਗ ਪੈਂਦਾ ਹੈ (ਪੂਰਬਲੇ ਸੰਸਕਾਰ ਜਾਗ ਪੈਂਦੇ ਹਨ)
ਰਾਮ ਨਾਮਿ ਮਨੁ ਲਾਗਿਆ ॥
(ਤਦੋਂ ਉਸ ਦਾ) ਮਨ ਪਰਮਾਤਮਾ ਦੇ ਨਾਮ ਵਿਚ ਲੱਗਣ ਲੱਗ ਪੈਂਦਾ ਹੈ।
ਮਨਿ ਤਨਿ ਹਰਿ ਦਰਸਿ ਸਮਾਵੈ ॥
ਉਹ ਮਨੁੱਖ ਮਨੋਂ ਤਨੋਂ ਪਰਮਾਤਮਾ ਦੇ ਦੀਦਾਰ ਵਿਚ ਮਸਤ ਰਹਿੰਦਾ ਹੈ,
ਨਾਨਕ ਦਾਸ ਸਚੇ ਗੁਣ ਗਾਵੈ ॥੨॥੮॥੭੨॥
ਹੇ ਦਾਸ ਨਾਨਕ! (ਆਖ-) ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੨॥੮॥੭੨॥
ਸੋਰਠਿ ਮਹਲਾ ੫ ॥
ਗੁਰ ਮਿਲਿ ਪ੍ਰਭੂ ਚਿਤਾਰਿਆ ॥
ਹੇ ਸੰਤ ਜਨੋ! (ਜਿਸ ਮਨੁੱਖ ਨੇ) ਗੁਰੂ ਨੂੰ ਮਿਲ ਕੇ ਪਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ,
ਕਾਰਜ ਸਭਿ ਸਵਾਰਿਆ ॥
ਉਸ ਨੇ ਆਪਣੇ ਸਾਰੇ ਕੰਮ ਸਵਾਰ ਲਏ।
ਮੰਦਾ ਕੋ ਨ ਅਲਾਏ ॥
ਉਹ ਮਨੁੱਖ (ਕਿਸੇ ਨੂੰ) ਕੋਈ ਭੈੜੇ ਬੋਲ ਨਹੀਂ ਬੋਲਦਾ,
ਸਭ ਜੈ ਜੈ ਕਾਰੁ ਸੁਣਾਏ ॥੧॥
ਉਹ ਸਾਰੀ ਲੁਕਾਈ ਨੂੰ ਪ੍ਰਭੂ ਦੀ ਸਿਫ਼ਤ-ਸਾਲਾਹ ਹੀ ਸੁਣਾਂਦਾ ਰਹਿੰਦਾ ਹੈ ॥੧॥
ਸੰਤਹੁ ਸਾਚੀ ਸਰਣਿ ਸੁਆਮੀ ॥
ਹੇ ਸੰਤ ਜਨੋ! ਮਾਲਕ-ਪ੍ਰਭੂ ਦਾ ਆਸਰਾ ਪੱਕਾ ਆਸਰਾ ਹੈ,
ਜੀਅ ਜੰਤ ਸਭਿ ਹਾਥਿ ਤਿਸੈ ਕੈ ਸੋ ਪ੍ਰਭੁ ਅੰਤਰਜਾਮੀ ॥ ਰਹਾਉ ॥
(ਕਿਉਂਕਿ) ਸਾਰੇ ਜੀਵ ਉਸ ਪ੍ਰਭੂ ਦੇ ਹੱਥ ਵਿਚ ਹਨ, ਅਤੇ, ਉਹ ਪ੍ਰਭੂ ਹਰੇਕ ਜੀਵ ਦੇ ਦਿਲ ਦੀ ਜਾਣਨ ਵਾਲਾ ਹੈ ਰਹਾਉ॥
ਕਰਤਬ ਸਭਿ ਸਵਾਰੇ ॥
ਹੇ ਸੰਤ ਜਨੋ! (ਜਿਸ ਮਨੁੱਖ ਨੇ ਪ੍ਰਭੂ ਦਾ ਪੱਕਾ ਆਸਰਾ ਲਿਆ, ਪ੍ਰਭੂ ਨੇ ਉਸ ਦੇ) ਸਾਰੇ ਕੰਮ ਸਵਾਰ ਦਿੱਤੇ।
ਪ੍ਰਭਿ ਅਪੁਨਾ ਬਿਰਦੁ ਸਮਾਰੇ ॥
ਪ੍ਰਭੂ ਨੇ ਆਪਣਾ ਇਹ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਸਦਾ ਹੀ ਚੇਤੇ ਰੱਖਿਆ ਹੋਇਆ ਹੈ।
ਪਤਿਤ ਪਾਵਨ ਪ੍ਰਭ ਨਾਮਾ ॥
(ਹੇ ਸੰਤ ਜਨੋ!) ਪਰਮਾਤਮਾ ਦਾ ਨਾਮ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲਾ ਹੈ।
ਜਨ ਨਾਨਕ ਸਦ ਕੁਰਬਾਨਾ ॥੨॥੯॥੭੩॥
ਹੇ ਦਾਸ ਨਾਨਕ! (ਆਖ-ਮੈਂ ਉਸ ਤੋਂ) ਸਦਾ ਸਦਕੇ ਜਾਂਦਾ ਹਾਂ ॥੨॥੯॥੭੩॥
ਸੋਰਠਿ ਮਹਲਾ ੫ ॥
ਪਾਰਬ੍ਰਹਮਿ ਸਾਜਿ ਸਵਾਰਿਆ ॥
ਹੇ ਭਾਈ! ਪਰਮਾਤਮਾ ਨੇ ਇਸ ਛੋਟੇ ਬੱਚੇ (ਹਰਗੋਬਿੰਦ) ਨੂੰ ਸਾਜਿਆ ਤੇ ਸਵਾਰਿਆ।
ਇਹੁ ਲਹੁੜਾ ਗੁਰੂ ਉਬਾਰਿਆ ॥
(ਸਾਧ ਸੰਗਤਿ ਦੀ ਅਰਦਾਸ ਸੁਣ ਕੇ) ਗੁਰੂ ਨੇ ਇਸ ਨੂੰ ਬਚਾ ਲਿਆ ਹੈ।
ਅਨਦ ਕਰਹੁ ਪਿਤ ਮਾਤਾ ॥
(ਗੁਰੂ ਪਰਮਾਤਮਾ ਦੀ ਮੇਹਰ ਦਾ ਸਦਕਾ ਇਸ ਦੇ) ਮਾਪੇ ਬੇਸ਼ਕ ਖ਼ੁਸ਼ੀ ਮਨਾਣ,
ਪਰਮੇਸਰੁ ਜੀਅ ਕਾ ਦਾਤਾ ॥੧॥
ਪਰਮਾਤਮਾ ਹੀ ਜਿੰਦ ਦਾ ਦਾਤਾ ਹੈ (ਰਾਖਾ ਹੈ) ॥੧॥
ਸੁਭ ਚਿਤਵਨਿ ਦਾਸ ਤੁਮਾਰੇ ॥
ਹੇ ਪ੍ਰਭੂ! ਤੇਰੇ ਸੇਵਕ ਸਭ ਦਾ ਭਲਾ ਮੰਗਦੇ ਹਨ।
ਰਾਖਹਿ ਪੈਜ ਦਾਸ ਅਪੁਨੇ ਕੀ ਕਾਰਜ ਆਪਿ ਸਵਾਰੇ ॥ ਰਹਾਉ ॥
(ਆਪਣੇ ਸੇਵਕਾਂ ਦੀ ਮੰਗ ਅਨੁਸਾਰ) ਤੂੰ ਕੰਮ ਸਵਾਰ ਕੇ ਆਪਣੇ ਸੇਵਕਾਂ ਦੀ ਇੱਜ਼ਤ ਰੱਖ ਲੈਂਦਾ ਹੈਂ ਰਹਾਉ॥
ਮੇਰਾ ਪ੍ਰਭੁ ਪਰਉਪਕਾਰੀ ॥
ਹੇ ਭਾਈ! ਮੇਰਾ ਪ੍ਰਭੂ ਸਭ ਦੀ ਭਲਾਈ ਕਰਨ ਵਾਲਾ ਹੈ,
ਪੂਰਨ ਕਲ ਜਿਨਿ ਧਾਰੀ ॥
ਜਿਸ ਨੇ ਸਾਰੇ ਜਗਤ ਵਿਚ ਆਪਣੀ ਸ਼ਕਤੀ ਟਿਕਾਈ ਹੋਈ ਹੈ।
ਨਾਨਕ ਸਰਣੀ ਆਇਆ ॥
ਹੇ ਨਾਨਕ! (ਆਖ-ਹੇ ਭਾਈ!) ਜੇਹੜਾ ਭੀ ਮਨੁੱਖ (ਉਸ ਪ੍ਰਭੂ ਦੀ) ਸਰਨ ਆ ਪੈਂਦਾ ਹੈ,
ਮਨ ਚਿੰਦਿਆ ਫਲੁ ਪਾਇਆ ॥੨॥੧੦॥੭੪॥
ਉਹ ਮਨ-ਮੰਗੀ ਮੁਰਾਦ ਪਾ ਲੈਂਦਾ ਹੈ ॥੨॥੧੦॥੭੪॥
ਸੋਰਠਿ ਮਹਲਾ ੫ ॥
ਸਦਾ ਸਦਾ ਹਰਿ ਜਾਪੇ ॥
ਹੇ ਭਾਈ! ਸਦਾ ਹੀ (ਸਿਰਫ਼) ਪਰਮਾਤਮਾ ਦਾ ਨਾਮ ਜਪਿਆ ਕਰੋ।
ਪ੍ਰਭ ਬਾਲਕ ਰਾਖੇ ਆਪੇ ॥
ਪ੍ਰਭੂ ਜੀ ਆਪ ਹੀ ਬਾਲਕਾਂ ਦੇ ਰਾਖੇ ਹਨ।
ਸੀਤਲਾ ਠਾਕਿ ਰਹਾਈ ॥
(ਬਾਲਕ ਹਰਗੋਬਿੰਦ ਤੋਂ ਪ੍ਰਭੂ ਨੇ ਆਪ ਹੀ) ਸੀਤਲਾ (ਚੇਚਕ) ਰੋਕ ਲਈ ਹੈ।
ਬਿਘਨ ਗਏ ਹਰਿ ਨਾਈ ॥੧॥
ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਖ਼ਤਰੇ ਦੂਰ ਹੋ ਗਏ ਹਨ ॥੧॥
ਮੇਰਾ ਪ੍ਰਭੁ ਹੋਆ ਸਦਾ ਦਇਆਲਾ ॥
ਹੇ ਭਾਈ! ਮੇਰਾ ਪ੍ਰਭੂ ਸਦਾ ਹੀ ਦਇਆਵਾਨ ਰਹਿੰਦਾ ਹੈ।
ਅਰਦਾਸਿ ਸੁਣੀ ਭਗਤ ਅਪੁਨੇ ਕੀ ਸਭ ਜੀਅ ਭਇਆ ਕਿਰਪਾਲਾ ॥ ਰਹਾਉ ॥
ਸਾਰੇ ਹੀ ਜੀਵਾਂ ਉੱਤੇ ਦਇਆਵਾਨ ਰਹਿੰਦਾ ਹੈ। ਉਹ ਆਪਣੇ ਭਗਤ ਦੀ ਅਰਜ਼ੋਈ (ਸਦਾ) ਸੁਣਦਾ ਹੈ ਰਹਾਉ॥
ਪ੍ਰਭ ਕਰਣ ਕਾਰਣ ਸਮਰਾਥਾ ॥
ਹੇ ਭਾਈ! ਪ੍ਰਭੂ ਜਗਤ ਦਾ ਮੂਲ ਹੈ, ਤੇ, ਸਭ ਤਾਕਤਾਂ ਦਾ ਮਾਲਕ ਹੈ।
ਹਰਿ ਸਿਮਰਤ ਸਭੁ ਦੁਖੁ ਲਾਥਾ ॥
ਪ੍ਰਭੂ ਦਾ ਨਾਮ ਸਿਮਰਿਆਂ ਹਰੇਕ ਦੁੱਖ ਦੂਰ ਹੋ ਜਾਂਦਾ ਹੈ।
ਅਪਣੇ ਦਾਸ ਕੀ ਸੁਣੀ ਬੇਨੰਤੀ ॥
ਪ੍ਰਭੂ ਨੇ (ਸਦਾ ਹੀ) ਆਪਣੇ ਸੇਵਕ ਦੀ ਬੇਨਤੀ ਸੁਣ ਲਈ ਹੈ।
ਸਭ ਨਾਨਕ ਸੁਖਿ ਸਵੰਤੀ ॥੨॥੧੧॥੭੫॥
ਹੇ ਨਾਨਕ! (ਪ੍ਰਭੂ ਦੀ ਮੇਹਰ ਨਾਲ ਹੀ) ਸਾਰੀ ਲੁਕਾਈ ਸੁਖੀ ਵੱਸਦੀ ਹੈ ॥੨॥੧੧॥੭੫॥
ਸੋਰਠਿ ਮਹਲਾ ੫ ॥
ਅਪਨਾ ਗੁਰੂ ਧਿਆਏ ॥
ਹੇ ਸੰਤ ਜਨੋ! ਜੇਹੜਾ ਮਨੁੱਖ ਆਪਣੇ ਗੁਰੂ ਦਾ ਧਿਆਨ ਧਰਦਾ ਹੈ,
ਮਿਲਿ ਕੁਸਲ ਸੇਤੀ ਘਰਿ ਆਏ ॥
ਉਹ (ਗੁਰੂ-ਚਰਨਾਂ ਵਿਚ) ਜੁੜ ਕੇ ਆਤਮਕ ਆਨੰਦ ਨਾਲ ਹਿਰਦੇ-ਘਰ ਵਿਚ ਟਿਕ ਜਾਂਦਾ ਹੈ (ਬਾਹਰ ਭਟਕਣੋਂ ਬਚ ਜਾਂਦਾ ਹੈ)।
ਨਾਮੈ ਕੀ ਵਡਿਆਈ ॥
ਇਹ ਨਾਮ ਦੀ ਹੀ ਬਰਕਤਿ ਹੈ (ਕਿ ਮਨੁੱਖ ਹੋਰ ਹੋਰ ਆਸਰਿਆਂ ਦੀ ਭਾਲ ਛੱਡ ਦੇਂਦਾ ਹੈ)।
ਤਿਸੁ ਕੀਮਤਿ ਕਹਣੁ ਨ ਜਾਈ ॥੧॥
(ਪਰ) ਇਸ (ਹਰਿ-ਨਾਮ) ਦਾ ਮੁੱਲ ਨਹੀਂ ਦੱਸਿਆ ਜਾ ਸਕਦਾ (ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਨਹੀਂ ਮਿਲਦਾ) ॥੧॥
ਸੰਤਹੁ ਹਰਿ ਹਰਿ ਹਰਿ ਆਰਾਧਹੁ ॥
ਹੇ ਸੰਤ ਜਨੋ! ਸਦਾ ਹੀ ਪਰਮਾਤਮਾ ਦਾ ਨਾਮ ਹੀ ਸਿਮਰਿਆ ਕਰੋ।
ਹਰਿ ਆਰਾਧਿ ਸਭੋ ਕਿਛੁ ਪਾਈਐ ਕਾਰਜ ਸਗਲੇ ਸਾਧਹੁ ॥ ਰਹਾਉ ॥
ਪਰਮਾਤਮਾ ਦਾ ਨਾਮ ਸਿਮਰ ਕੇ ਹਰੇਕ ਚੀਜ਼ ਪ੍ਰਾਪਤ ਕਰ ਲਈਦੀ ਹੈ। (ਤੁਸੀ ਭੀ ਪਰਮਾਤਮਾ ਦਾ ਨਾਮ ਸਿਮਰ ਕੇ ਆਪਣੇ) ਸਾਰੇ ਕੰਮ ਸਵਾਰੋ ਰਹਾਉ॥
ਪ੍ਰੇਮ ਭਗਤਿ ਪ੍ਰਭ ਲਾਗੀ ॥
(ਹੇ ਸੰਤ ਜਨੋ! ਜੇਹੜਾ ਮਨੁੱਖ ਗੁਰੂ ਦਾ ਧਿਆਨ ਧਰਦਾ ਹੈ) ਪ੍ਰਭੂ ਦੀ ਪਿਆਰ-ਭਰੀ ਭਗਤੀ ਵਿਚ ਉਸ ਦਾ ਮਨ ਲੱਗ ਜਾਂਦਾ ਹੈ।
ਸੋ ਪਾਏ ਜਿਸੁ ਵਡਭਾਗੀ ॥
ਪਰ ਇਹ ਦਾਤਿ ਉਹੀ ਮਨੁੱਖ ਹਾਸਲ ਕਰਦਾ ਹੈ ਜਿਸ ਦੇ ਵੱਡੇ ਭਾਗ ਹੋਣ।
ਜਨ ਨਾਨਕ ਨਾਮੁ ਧਿਆਇਆ ॥
ਹੇ ਦਾਸ ਨਾਨਕ! (ਆਖ-) ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ,
ਤਿਨਿ ਸਰਬ ਸੁਖਾ ਫਲ ਪਾਇਆ ॥੨॥੧੨॥੭੬॥
ਉਸ ਨੇ ਸਾਰੇ ਸੁਖ ਦੇਣ ਵਾਲੇ (ਫਲ ਪ੍ਰਾਪਤ ਕਰ ਲਏ ਹਨ ॥੨॥੧੨॥੭੬॥
ਸੋਰਠਿ ਮਹਲਾ ੫ ॥
ਪਰਮੇਸਰਿ ਦਿਤਾ ਬੰਨਾ ॥
ਹੇ ਸੰਤ ਜਨੋ! (ਜਿਸ ਮਨੁੱਖ ਦੇ ਆਤਮਕ ਜੀਵਨ ਵਾਸਤੇ) ਪਰਮੇਸਰ ਨੇ (ਵਿਕਾਰਾਂ ਦੇ ਰਾਹ ਵਿਚ) ਡੱਕਾ ਮਾਰ ਦਿੱਤਾ,
ਦੁਖ ਰੋਗ ਕਾ ਡੇਰਾ ਭੰਨਾ ॥
(ਉਸ ਮਨੁੱਖ ਦੇ ਅੰਦਰੋਂ) ਪਰਮੇਸਰ ਨੇ ਦੁੱਖਾਂ ਤੇ ਰੋਗਾਂ ਦਾ ਡੇਰਾ ਹੀ ਮੁਕਾ ਦਿੱਤਾ।
ਅਨਦ ਕਰਹਿ ਨਰ ਨਾਰੀ ॥
ਉਹ ਸਾਰੇ ਜੀਵ ਆਤਮਕ ਆਨੰਦ ਮਾਣਦੇ ਹਨ,
ਹਰਿ ਹਰਿ ਪ੍ਰਭਿ ਕਿਰਪਾ ਧਾਰੀ ॥੧॥
ਜਿਨ੍ਹਾਂ ਉੱਤੇ ਪ੍ਰਭੂ ਨੇ (ਇਹ) ਕਿਰਪਾ ਕਰ ਦਿੱਤੀ ॥੧॥
ਸੰਤਹੁ ਸੁਖੁ ਹੋਆ ਸਭ ਥਾਈ ॥
ਹੇ ਸੰਤ ਜਨੋ! (ਉਸ ਮਨੁੱਖ ਨੂੰ) ਸਭ ਥਾਵਾਂ ਵਿਚ ਸੁਖ ਹੀ ਪ੍ਰਤੀਤ ਹੁੰਦਾ ਹੈ,
ਪਾਰਬ੍ਰਹਮੁ ਪੂਰਨ ਪਰਮੇਸਰੁ ਰਵਿ ਰਹਿਆ ਸਭਨੀ ਜਾਈ ॥ ਰਹਾਉ ॥
(ਜਿਸ ਮਨੁੱਖ ਨੂੰ ਇਹ ਯਕੀਨ ਹੋ ਜਾਂਦਾ ਹੈ ਕਿ) ਪਾਰਬ੍ਰਹਮ ਪੂਰਨ ਪਰਮੇਸਰ ਸਭ ਥਾਵਾਂ ਵਿਚ ਮੌਜੂਦ ਹੈ ਰਹਾਉ॥
ਧੁਰ ਕੀ ਬਾਣੀ ਆਈ ॥
ਹੇ ਸੰਤ ਜਨੋ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਜਿਸ ਮਨੁੱਖ ਦੇ ਅੰਦਰ ਆ ਵੱਸੀ,
ਤਿਨਿ ਸਗਲੀ ਚਿੰਤ ਮਿਟਾਈ ॥
ਉਸ ਨੇ ਆਪਣੀ ਸਾਰੀ ਚਿੰਤਾ ਦੂਰ ਕਰ ਲਈ।
ਦਇਆਲ ਪੁਰਖ ਮਿਹਰਵਾਨਾ ॥
ਦਇਆ ਦਾ ਸੋਮਾ ਪ੍ਰਭੂ ਉਸ ਮਨੁੱਖ ਉੱਤੇ ਮੇਹਰਵਾਨ ਹੋਇਆ ਰਹਿੰਦਾ ਹੈ,
ਹਰਿ ਨਾਨਕ ਸਾਚੁ ਵਖਾਨਾ ॥੨॥੧੩॥੭੭॥
ਹੇ ਨਾਨਕ! ਉਹ ਮਨੁੱਖ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ (ਸਦਾ) ਉਚਾਰਦਾ ਹੈ ॥੨॥੧੩॥੭੭॥
ਸੋਰਠਿ ਮਹਲਾ ੫ ॥
ਐਥੈ ਓਥੈ ਰਖਵਾਲਾ ॥
ਹੇ ਭਾਈ! (ਪ੍ਰਭੂ ਸਰਨ ਪਿਆਂ ਦੀ) ਇਸ ਲੋਕ ਤੇ ਪਰਲੋਕ ਵਿਚ ਰਾਖੀ ਕਰਨ ਵਾਲਾ ਹੈ।
ਪ੍ਰਭ ਸਤਿਗੁਰ ਦੀਨ ਦਇਆਲਾ ॥
ਗੁਰੂ ਪ੍ਰਭੂ ਗਰੀਬਾਂ ਉਤੇ ਦਇਆ ਕਰਨ ਵਾਲਾ ਹੈ।
ਦਾਸ ਅਪਨੇ ਆਪਿ ਰਾਖੇ ॥
(ਹੇ ਭਾਈ! ਪ੍ਰਭੂ) ਆਪਣੇ ਸੇਵਕਾਂ ਦੀ ਆਪ ਰਖਿਆ ਕਰਦਾ ਹੈ।
ਘਟਿ ਘਟਿ ਸਬਦੁ ਸੁਭਾਖੇ ॥੧॥
(ਸੇਵਕਾਂ ਨੂੰ ਇਹ ਨਿਸ਼ਚਾ ਰਹਿੰਦਾ ਹੈ ਕਿ) ਪ੍ਰਭੂ ਹਰੇਕ ਸਰੀਰ ਵਿਚ (ਆਪ ਹੀ) ਬਚਨ ਬੋਲ ਰਿਹਾ ਹੈ ॥੧॥
ਗੁਰ ਕੇ ਚਰਣ ਊਪਰਿ ਬਲਿ ਜਾਈ ॥
ਹੇ ਭਾਈ! ਮੈਂ (ਆਪਣੇ) ਗੁਰੂ ਦੇ ਚਰਨਾਂ ਤੋਂ ਸਦਕੇ ਜਾਂਦਾ ਹਾਂ,
ਦਿਨਸੁ ਰੈਨਿ ਸਾਸਿ ਸਾਸਿ ਸਮਾਲੀ ਪੂਰਨੁ ਸਭਨੀ ਥਾਈ ॥ ਰਹਾਉ ॥
(ਗੁਰੂ ਦੀ ਕਿਰਪਾ ਨਾਲ ਹੀ) ਮੈਂ (ਆਪਣੇ) ਹਰੇਕ ਸਾਹ ਦੇ ਨਾਲ ਦਿਨ ਰਾਤ (ਉਸ ਪਰਮਾਤਮਾ ਨੂੰ) ਯਾਦ ਕਰਦਾ ਰਹਿੰਦਾ ਹਾਂ ਜੋ ਸਭਨਾਂ ਥਾਵਾਂ ਵਿਚ ਭਰਪੂਰ ਹੈ ਰਹਾਉ॥
ਆਪਿ ਸਹਾਈ ਹੋਆ ॥
(ਹੇ ਭਾਈ! ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਆਪ ਮਦਦਗਾਰ ਬਣਦਾ ਹੈ।
ਸਚੇ ਦਾ ਸਚਾ ਢੋਆ ॥
(ਗੁਰੂ ਦੀ ਮੇਹਰ ਨਾਲ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਦਾ-ਥਿਰ ਰਹਿਣ ਵਾਲੀ ਸਿਫ਼ਤਿ ਸਾਲਾਹ ਦੀ ਦਾਤਿ ਮਿਲਦੀ ਹੈ।
ਤੇਰੀ ਭਗਤਿ ਵਡਿਆਈ ॥
ਹੇ ਪ੍ਰਭੂ! ਤੇਰੀ ਭਗਤੀ ਤੇਰੀ ਸਿਫ਼ਤ-ਸਾਲਾਹ-
ਪਾਈ ਨਾਨਕ ਪ੍ਰਭ ਸਰਣਾਈ ॥੨॥੧੪॥੭੮॥
ਹੇ ਨਾਨਕ! (ਆਖ-) (ਗੁਰੂ ਦੀ ਕਿਰਪਾ ਨਾਲ) ਤੇਰੀ ਸਰਨ ਪਿਆਂ ਪ੍ਰਾਪਤ ਹੁੰਦੀ ਹੈ ॥੨॥੧੪॥੭੮॥
ਸੋਰਠਿ ਮਹਲਾ ੫ ॥
ਸਤਿਗੁਰ ਪੂਰੇ ਭਾਣਾ ॥
(ਪਰ, ਹੇ ਭਾਈ!) ਜਦੋਂ ਗੁਰੂ ਨੂੰ ਚੰਗਾ ਲੱਗਦਾ ਹੈ ਜਦੋਂ ਗੁਰੂ ਤ੍ਰੁੱਠਦਾ ਹੈ)
ਤਾ ਜਪਿਆ ਨਾਮੁ ਰਮਾਣਾ ॥
ਤਦੋਂ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ।
ਗੋਬਿੰਦ ਕਿਰਪਾ ਧਾਰੀ ॥
ਪਰਮਾਤਮਾ ਨੇ ਮੇਹਰ ਕੀਤੀ (ਗੁਰੂ ਮਿਲਾਇਆ! ਗੁਰੂ ਦੀ ਕਿਰਪਾ ਨਾਲ ਅਸਾਂ ਨਾਮ ਜਪਿਆ, ਤਾਂ)
ਪ੍ਰਭਿ ਰਾਖੀ ਪੈਜ ਹਮਾਰੀ ॥੧॥
ਪਰਮਾਤਮਾ ਨੇ ਸਾਡੀ ਲਾਜ ਰੱਖ ਲਈ (ਬਿਖੈ ਠਗਉਰੀ ਤੋਂ ਬਚਾ ਲਿਆ) ॥੧॥
ਹਰਿ ਕੇ ਚਰਨ ਸਦਾ ਸੁਖਦਾਈ ॥
ਹੇ ਭਾਈ! ਪਰਮਾਤਮਾ ਦੇ ਚਰਨ ਸਦਾ ਸੁਖ ਦੇਣ ਵਾਲੇ ਹਨ।
ਜੋ ਇਛਹਿ ਸੋਈ ਫਲੁ ਪਾਵਹਿ ਬਿਰਥੀ ਆਸ ਨ ਜਾਈ ॥੧॥ ਰਹਾਉ ॥
(ਜੇਹੜੇ ਮਨੁੱਖ ਹਰਿ-ਚਰਨਾਂ ਦਾ ਆਸਰਾ ਲੈਂਦੇ ਹਨ, ਉਹ) ਜੋ ਕੁਝ (ਪਰਮਾਤਮਾ ਪਾਸੋਂ) ਮੰਗਦੇ ਹਨ ਉਹੀ ਫਲ ਪ੍ਰਾਪਤ ਕਰ ਲੈਂਦੇ ਹਨ। (ਪਰਮਾਤਮਾ ਦੀ ਸਹੈਤਾ ਉਤੇ ਰੱਖੀ ਹੋਈ ਕੋਈ ਭੀ) ਆਸ ਖ਼ਾਲੀ ਨਹੀਂ ਜਾਂਦੀ ॥੧॥ ਰਹਾਉ ॥
ਕ੍ਰਿਪਾ ਕਰੇ ਜਿਸੁ ਪ੍ਰਾਨਪਤਿ ਦਾਤਾ ਸੋਈ ਸੰਤੁ ਗੁਣ ਗਾਵੈ ॥
ਹੇ ਭਾਈ! ਜੀਵਨ ਦਾ ਮਾਲਕ ਦਾਤਾਰ ਪ੍ਰਭੂ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ ਉਹ ਸੰਤ (ਸੁਭਾਉ ਬਣ ਜਾਂਦਾ ਹੈ, ਤੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ।
ਪ੍ਰੇਮ ਭਗਤਿ ਤਾ ਕਾ ਮਨੁ ਲੀਣਾ ਪਾਰਬ੍ਰਹਮ ਮਨਿ ਭਾਵੈ ॥੨॥
ਉਸ ਮਨੁੱਖ ਦਾ ਮਨ ਪਰਮਾਤਮਾ ਦੀ ਪਿਆਰ-ਭਰੀ ਭਗਤੀ ਵਿਚ ਮਸਤ ਹੋ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ ॥੨॥
ਆਠ ਪਹਰ ਹਰਿ ਕਾ ਜਸੁ ਰਵਣਾ ਬਿਖੈ ਠਗਉਰੀ ਲਾਥੀ ॥
ਹੇ ਭਾਈ! ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਨਾਲ ਵਿਕਾਰਾਂ ਦੀ ਠਗ-ਬੂਟੀ ਦਾ ਜ਼ੋਰ ਮੁੱਕ ਜਾਂਦਾ ਹੈ।
ਸੰਗਿ ਮਿਲਾਇ ਲੀਆ ਮੇਰੈ ਕਰਤੈ ਸੰਤ ਸਾਧ ਭਏ ਸਾਥੀ ॥੩॥
(ਜਿਸ ਭੀ ਮਨੁੱਖ ਨੇ ਸਿਫ਼ਤ-ਸਾਲਾਹ ਵਿਚ ਮਨ ਜੋੜਿਆ) ਕਰਤਾਰ ਨੇ (ਉਸ ਨੂੰ) ਆਪਣੇ ਨਾਲ ਮਿਲਾ ਲਿਆ, ਸੰਤ ਜਨ ਉਸ ਦੇ ਸੰਗੀ-ਸਾਥੀ ਬਣ ਗਏ ॥੩॥
ਕਰੁ ਗਹਿ ਲੀਨੇ ਸਰਬਸੁ ਦੀਨੇ ਆਪਹਿ ਆਪੁ ਮਿਲਾਇਆ ॥
(ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਜਿਸ ਭੀ ਮਨੁੱਖ ਨੇ ਪ੍ਰਭੂ-ਚਰਨਾਂ ਦਾ ਆਰਾਧਨ ਕੀਤਾ) ਪ੍ਰਭੂ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਸਭ ਕੁਝ ਬਖ਼ਸ਼ ਦਿੱਤਾ, ਪ੍ਰਭੂ ਨੇ ਉਸ ਨੂੰ ਆਪਣਾ ਆਪ ਹੀ ਮਿਲਾ ਦਿੱਤਾ।
ਕਹੁ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰੁ ਪਾਇਆ ॥੪॥੧੫॥੭੯॥
ਨਾਨਕ ਆਖਦਾ ਹੈ- ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦੇ ਸਾਰੇ ਕੰਮ ਸਫਲ ਹੋ ਗਏ ॥੪॥੧੫॥੭੯॥
ਸੋਰਠਿ ਮਹਲਾ ੫ ॥
ਗਰੀਬੀ ਗਦਾ ਹਮਾਰੀ ॥
ਹੇ ਭਾਈ! ਨਿਮ੍ਰਤਾ-ਸੁਭਾਉ ਸਾਡੇ ਪਾਸ ਗੁਰਜ ਹੈ,
ਖੰਨਾ ਸਗਲ ਰੇਨੁ ਛਾਰੀ ॥
ਸਭ ਦੀ ਚਰਨ-ਧੂੜ ਬਣੇ ਰਹਿਣਾ ਸਾਡੇ ਪਾਸ ਖੰਡਾ ਹੈ।
ਇਸੁ ਆਗੈ ਕੋ ਨ ਟਿਕੈ ਵੇਕਾਰੀ ॥
ਇਸ (ਗੁਰਜ) ਅੱਗੇ, ਇਸ (ਖੰਡੇ) ਅੱਗੇ ਕੋਈ ਭੀ ਕੁਕਰਮੀ ਟਿਕ ਨਹੀਂ ਸਕਦਾ।
ਗੁਰ ਪੂਰੇ ਏਹ ਗਲ ਸਾਰੀ ॥੧॥
(ਸਾਨੂੰ) ਪੂਰੇ ਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ ॥੧॥
ਹਰਿ ਹਰਿ ਨਾਮੁ ਸੰਤਨ ਕੀ ਓਟਾ ॥
ਹੇ ਭਾਈ! ਪਰਮਾਤਮਾ ਦਾ ਨਾਮ ਸੰਤ ਜਨਾਂ ਦਾ ਆਸਰਾ ਹੈ।
ਜੋ ਸਿਮਰੈ ਤਿਸ ਕੀ ਗਤਿ ਹੋਵੈ ਉਧਰਹਿ ਸਗਲੇ ਕੋਟਾ ॥੧॥ ਰਹਾਉ ॥
ਜੇਹੜਾ ਭੀ ਮਨੁੱਖ (ਪਰਮਾਤਮਾ ਦਾ ਨਾਮ) ਸਿਮਰਦਾ ਹੈ, ਉਸ ਦੀ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ। (ਨਾਮ ਦੀ ਬਰਕਤਿ ਨਾਲ) ਸਾਰੇ ਕ੍ਰੋੜਾਂ ਹੀ ਜੀਵ (ਵਿਕਾਰਾਂ ਤੋਂ) ਬਚ ਜਾਂਦੇ ਹਨ ॥੧॥ ਰਹਾਉ ॥
ਸੰਤ ਸੰਗਿ ਜਸੁ ਗਾਇਆ ॥
ਜਿਸ ਮਨੁੱਖ ਨੇ ਸੰਤ ਜਨਾਂ ਦੀ ਸੰਗਤਿ ਵਿਚ (ਬੈਠ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਇਆ ਹੈ,
ਇਹੁ ਪੂਰਨ ਹਰਿ ਧਨੁ ਪਾਇਆ ॥
ਉਸ ਨੇ ਇਹ ਹਰਿ-ਨਾਮ ਧਨ ਪ੍ਰਾਪਤ ਕਰ ਲਿਆ ਹੈ ਜੋ ਕਦੇ ਭੀ ਨਹੀਂ ਮੁੱਕਦਾ।
ਕਹੁ ਨਾਨਕ ਆਪੁ ਮਿਟਾਇਆ ॥
ਨਾਨਕ ਆਖਦਾ ਹੈ- ਉਸ ਮਨੁੱਖ ਨੇ (ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲਿਆ ਹੈ,
ਸਭੁ ਪਾਰਬ੍ਰਹਮੁ ਨਦਰੀ ਆਇਆ ॥੨॥੧੬॥੮੦॥
ਉਸ ਨੂੰ ਹਰ ਥਾਂ ਪਰਮਾਤਮਾ ਹੀ (ਵੱਸਦਾ) ਦਿੱਸ ਪਿਆ ਹੈ ॥੨॥੧੬॥੮੦॥
ਸੋਰਠਿ ਮਹਲਾ ੫ ॥
ਗੁਰਿ ਪੂਰੈ ਪੂਰੀ ਕੀਨੀ ॥
ਹੇ ਭਾਈ! ਜਿਸ ਮਨੁੱਖ ਉਤੇ ਪੂਰੇ ਗੁਰੂ ਨੇ ਪੂਰੀ ਕਿਰਪਾ ਕੀਤੀ,
ਬਖਸ ਅਪੁਨੀ ਕਰਿ ਦੀਨੀ ॥
ਉਸ ਨੂੰ ਗੁਰੂ ਨੇ ਆਪਣੇ ਦਰ ਤੋਂ ਪ੍ਰਭੂ ਦੀ ਭਗਤੀ ਦੀ ਦਾਤਿ ਦੇ ਦਿੱਤੀ।
ਨਿਤ ਅਨੰਦ ਸੁਖ ਪਾਇਆ ॥
ਉਹ ਮਨੁੱਖ ਸਦਾ ਆਤਮਕ ਸੁਖ ਆਤਮਕ ਆਨੰਦ ਮਾਣਨ ਲੱਗ ਪਿਆ।
ਥਾਵ ਸਗਲੇ ਸੁਖੀ ਵਸਾਇਆ ॥੧॥
ਗੁਰੂ ਨੇ ਉਸ ਦੇ ਸਾਰੇ ਗਿਆਨ-ਇੰਦ੍ਰਿਆਂ ਨੂੰ (ਵਿਕਾਰਾਂ ਵਲੋਂ ਬਚਾ ਕੇ) ਸ਼ਾਂਤੀ ਵਿਚ ਟਿਕਾ ਦਿੱਤਾ ॥੧॥
ਹਰਿ ਕੀ ਭਗਤਿ ਫਲ ਦਾਤੀ ॥
ਹੇ ਭਾਈ! ਪਰਮਾਤਮਾ ਦੀ ਭਗਤੀ ਸਾਰੇ ਫਲ ਦੇਣ ਵਾਲੀ ਹੈ।
ਗੁਰਿ ਪੂਰੈ ਕਿਰਪਾ ਕਰਿ ਦੀਨੀ ਵਿਰਲੈ ਕਿਨ ਹੀ ਜਾਤੀ ॥ ਰਹਾਉ ॥
ਪੂਰੇ ਗੁਰੂ ਨੇ (ਜਿਸ ਮਨੁੱਖ ਉੱਤੇ) ਮੇਹਰ ਕਰ ਦਿੱਤੀ (ਉਸ ਨੇ ਪ੍ਰਭੂ ਦੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ। ਪਰ, ਹੇ ਭਾਈ!) ਕਿਸੇ ਵਿਰਲੇ ਮਨੁੱਖ ਨੇ ਹੀ ਪਰਮਾਤਮਾ ਦੀ ਭਗਤੀ ਦੀ ਕਦਰ ਸਮਝੀ ਹੈ ਰਹਾਉ॥
ਗੁਰਬਾਣੀ ਗਾਵਹ ਭਾਈ ॥
ਹੇ ਭਾਈ! ਆਓ ਅਸੀਂ ਭੀ ਗੁਰੂ ਦੀ ਬਾਣੀ ਗਾਵਿਆ ਕਰੀਏ।
ਓਹ ਸਫਲ ਸਦਾ ਸੁਖਦਾਈ ॥
ਗੁਰੂ ਦੀ ਬਾਣੀ ਸਦਾ ਹੀ ਸਾਰੇ ਫਲ ਦੇਣ ਵਾਲੀ ਸੁਖ ਦੇਣ ਵਾਲੀ ਹੈ।
ਨਾਨਕ ਨਾਮੁ ਧਿਆਇਆ ॥
ਹੇ ਨਾਨਕ! (ਆਖ-) (ਉਸੇ ਮਨੁੱਖ ਨੇ ਗੁਰਬਾਣੀ ਦੀ ਰਾਹੀਂ ਪਰਮਾਤਮਾ ਦਾ) ਨਾਮ ਸਿਮਰਿਆ ਹੈ,
ਪੂਰਬਿ ਲਿਖਿਆ ਪਾਇਆ ॥੨॥੧੭॥੮੧॥
ਜਿਸ ਨੇ ਪੂਰਬਲੇ ਜਨਮ ਵਿਚ ਲਿਖਿਆ ਭਗਤੀ ਦਾ ਲੇਖ ਪ੍ਰਾਪਤ ਕੀਤਾ ਹੈ ॥੨॥੧੭॥੮੧॥
ਸੋਰਠਿ ਮਹਲਾ ੫ ॥
ਗੁਰੁ ਪੂਰਾ ਆਰਾਧੇ ॥
ਹੇ ਸੰਤ ਜਨੋ! ਜਿਨ੍ਹਾਂ ਮਨੁੱਖਾਂ ਨੇ ਪੂਰੇ ਗੁਰੂ ਦਾ ਧਿਆਨ ਧਰਿਆ,
ਕਾਰਜ ਸਗਲੇ ਸਾਧੇ ॥
ਉਹਨਾਂ ਆਪਣੇ ਸਾਰੇ ਕੰਮ ਸਵਾਰ ਲਏ।
ਸਗਲ ਮਨੋਰਥ ਪੂਰੇ ॥
ਉਹਨਾਂ ਦੀਆਂ ਸਾਰੀਆਂ ਮਨੋ-ਕਾਮਨਾ ਪੂਰੀਆਂ ਹੋ ਗਈਆਂ,
ਬਾਜੇ ਅਨਹਦ ਤੂਰੇ ॥੧॥
ਉਹਨਾਂ ਦੇ ਅੰਦਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਵਾਜੇ ਇਕ-ਰਸ ਵੱਜਦੇ ਰਹਿੰਦੇ ਹਨ ॥੧॥
ਸੰਤਹੁ ਰਾਮੁ ਜਪਤ ਸੁਖੁ ਪਾਇਆ ॥
ਹੇ ਸੰਤ ਜਨੋ! ਪਰਮਾਤਮਾ ਦਾ ਨਾਮ ਜਪ ਕੇ ਉਹ ਮਨੁੱਖ ਆਤਮਕ ਸੁਖ ਮਾਣਦੇ ਹਨ,
ਸੰਤ ਅਸਥਾਨਿ ਬਸੇ ਸੁਖ ਸਹਜੇ ਸਗਲੇ ਦੂਖ ਮਿਟਾਇਆ ॥੧॥ ਰਹਾਉ ॥
ਜੇਹੜੇ ਮਨੁੱਖ ਸਾਧ ਸੰਗਤਿ ਵਿਚ ਆ ਟਿਕਦੇ ਹਨ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿ ਕੇ ਆਤਮਕ ਆਨੰਦ ਹਾਸਲ ਕਰਦੇ ਹਨ। ਉਹ ਆਪਣੇ ਸਾਰੇ ਦੁੱਖ ਦੂਰ ਕਰ ਲੈਂਦੇ ਹਨ ॥੧॥ ਰਹਾਉ ॥
ਗੁਰ ਪੂਰੇ ਕੀ ਬਾਣੀ ॥
ਪੂਰੇ ਗੁਰੂ ਦੀ ਬਾਣੀ-
ਪਾਰਬ੍ਰਹਮ ਮਨਿ ਭਾਣੀ ॥
ਜਿਹੜੀ ਪਰਮਾਤਮਾ ਦੇ ਮਨ ਵਿਚ (ਭੀ) ਪਿਆਰੀ ਲੱਗਦੀ ਹੈ,
ਨਾਨਕ ਦਾਸਿ ਵਖਾਣੀ ॥
ਹੇ ਨਾਨਕ! (ਕਿਸੇ ਵਿਰਲੇ) ਦਾਸ ਨੇ ਹੀ (ਆਤਮਕ ਅਡੋਲਤਾ ਵਿਚ ਟਿਕ ਕੇ) ਉਚਾਰੀ ਹੈ।
ਨਿਰਮਲ ਅਕਥ ਕਹਾਣੀ ॥੨॥੧੮॥੮੨॥
(ਕਿਉਂਕਿ) ਇਹ (ਪੜ੍ਹਨ ਵਾਲੇ ਦਾ ਜੀਵਨ) ਪਵਿਤ੍ਰ ਕਰਨ ਵਾਲੀ ਹੈ, ਇਹ ਬਾਣੀ ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਹੈ ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ॥੨॥੧੮॥੮੨॥
ਸੋਰਠਿ ਮਹਲਾ ੫ ॥
ਭੂਖੇ ਖਾਵਤ ਲਾਜ ਨ ਆਵੈ ॥
ਹੇ ਭਾਈ! ਜਿਵੇਂ (ਜੇ ਕਿਸੇ ਭੁੱਖੇ ਮਨੁੱਖ ਨੂੰ ਕੁਝ ਖਾਣ ਨੂੰ ਮਿਲ ਜਾਏ, ਤਾਂ ਉਹ) ਭੁੱਖਾ ਮਨੁੱਖ ਖਾਂਦਿਆਂ ਸ਼ਰਮ ਮਹਿਸੂਸ ਨਹੀਂ ਕਰਦਾ,
ਤਿਉ ਹਰਿ ਜਨੁ ਹਰਿ ਗੁਣ ਗਾਵੈ ॥੧॥
ਇਸੇ ਤਰ੍ਹਾਂ ਪਰਮਾਤਮਾ ਦਾ ਸੇਵਕ (ਆਪਣੀ ਆਤਮਕ ਭੁੱਖ ਮਿਟਾਣ ਲਈ ਬੜੇ ਚਾਅ ਨਾਲ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ ॥੧॥
ਅਪਨੇ ਕਾਜ ਕਉ ਕਿਉ ਅਲਕਾਈਐ ॥
ਹੇ ਭਾਈ! (ਉਹ ਸਿਮਰਨ ਜੋ ਸਾਡਾ ਅਸਲ ਕੰਮ ਹੈ) ਆਪਣੇ (ਇਸ ਅਸਲ) ਕੰਮ ਦੀ ਖ਼ਾਤਰ ਕਦੇ ਭੀ ਆਲਸ ਨਹੀਂ ਕਰਨਾ ਚਾਹੀਦਾ,
ਜਿਤੁ ਸਿਮਰਨਿ ਦਰਗਹ ਮੁਖੁ ਊਜਲ ਸਦਾ ਸਦਾ ਸੁਖੁ ਪਾਈਐ ॥੧॥ ਰਹਾਉ ॥
ਜਿਸ ਸਿਮਰਨ ਦੀ ਬਰਕਤਿ ਨਾਲ ਪਰਮਾਤਮਾ ਦੀ ਹਜ਼ੂਰੀ ਵਿਚ ਸੁਰਖ਼ਰੂ ਹੋਈਦਾ ਹੈ, ਤੇ, ਸਦਾ ਹੀ ਆਤਮਕ ਆਨੰਦ ਮਾਣੀਦਾ ਹੈ ॥੧॥ ਰਹਾਉ ॥
ਜਿਉ ਕਾਮੀ ਕਾਮਿ ਲੁਭਾਵੈ ॥
ਹੇ ਭਾਈ! ਜਿਵੇਂ ਕੋਈ ਵਿਸ਼ਈ ਮਨੁੱਖ ਕਾਮ-ਵਾਸ਼ਨਾ ਵਿਚ ਹੀ ਮਗਨ ਰਹਿੰਦਾ ਹੈ,
ਤਿਉ ਹਰਿ ਦਾਸ ਹਰਿ ਜਸੁ ਭਾਵੈ ॥੨॥
ਤਿਵੇਂ ਪਰਮਾਤਮਾ ਦੇ ਸੇਵਕ ਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਚੰਗੀ ਲੱਗਦੀ ਹੈ ॥੨॥
ਜਿਉ ਮਾਤਾ ਬਾਲਿ ਲਪਟਾਵੈ ॥
ਹੇ ਭਾਈ! ਜਿਵੇਂ ਮਾਂ ਆਪਣੇ ਬੱਚੇ (ਦੇ ਮੋਹ) ਨਾਲ ਚੰਬੜੀ ਰਹਿੰਦੀ ਹੈ,
ਤਿਉ ਗਿਆਨੀ ਨਾਮੁ ਕਮਾਵੈ ॥੩॥
ਤਿਵੇਂ ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ ਨਾਮ (-ਸਿਮਰਨ ਦੀ) ਕਮਾਈ ਕਰਦਾ ਹੈ ॥੩॥
ਗੁਰ ਪੂਰੇ ਤੇ ਪਾਵੈ ॥
ਪਰ, ਜੇਹੜਾ (ਇਹ ਦਾਤਿ) ਪੂਰੇ ਗੁਰੂ ਤੋਂ ਹਾਸਲ ਕਰਦਾ ਹੈ,
ਜਨ ਨਾਨਕ ਨਾਮੁ ਧਿਆਵੈ ॥੪॥੧੯॥੮੩॥
ਹੇ ਦਾਸ ਨਾਨਕ! (ਉਹੀ ਮਨੁੱਖ ਪਰਮਾਤਮਾ ਦਾ) ਨਾਮ ਸਿਮਰਦਾ ਹੈ ॥੪॥੧੯॥੮੩॥
ਸੋਰਠਿ ਮਹਲਾ ੫ ॥
ਸੁਖ ਸਾਂਦਿ ਘਰਿ ਆਇਆ ॥
(ਹੇ ਸੰਤ ਜਨੋ!) ਉਹ ਮਨੁੱਖ ਪੂਰੀ ਆਤਮਕ ਅਰੋਗਤਾ ਨਾਲ ਆਪਣੇ ਹਿਰਦੇ-ਘਰ ਵਿਚ (ਸਦਾ ਲਈ) ਟਿਕ ਗਿਆ,
ਨਿੰਦਕ ਕੈ ਮੁਖਿ ਛਾਇਆ ॥
ਉਸ ਦੀ ਨਿੰਦਾ ਕਰਨ ਵਾਲੇ ਦੇ ਮੂੰਹ ਉੱਤੇ ਸੁਆਹ ਹੀ ਪਈ (ਪ੍ਰਭੂ ਦੇ ਦਾਸ ਦੇ ਨਿੰਦਕ ਨੇ ਸਦਾ ਬਦਨਾਮੀ ਦਾ ਟਿੱਕਾ ਹੀ ਖੱਟਿਆ),
ਪੂਰੈ ਗੁਰਿ ਪਹਿਰਾਇਆ ॥
ਪਰਮਾਤਮਾ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ) ਪੂਰੇ ਗੁਰੂ ਨੇ ਆਦਰ-ਮਾਣ ਬਖ਼ਸ਼ਿਆ।
ਬਿਨਸੇ ਦੁਖ ਸਬਾਇਆ ॥੧॥
ਉਸ ਦੇ ਸਾਰੇ ਹੀ ਦੁੱਖ ਦੂਰ ਹੋ ਗਏ ॥੧॥
ਸੰਤਹੁ ਸਾਚੇ ਕੀ ਵਡਿਆਈ ॥
ਹੇ ਸੰਤ ਜਨੋ! (ਵੇਖੋ) ਵੱਡੀ ਸ਼ਾਨ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ,
ਜਿਨਿ ਅਚਰਜ ਸੋਭ ਬਣਾਈ ॥੧॥ ਰਹਾਉ ॥
ਜਿਸ ਨੇ (ਆਪਣੇ ਦਾਸ ਦੀ ਸਦਾ ਹੀ) ਹੈਰਾਨ ਕਰ ਦੇਣ ਵਾਲੀ ਸੋਭਾ ਬਣਾ ਦਿੱਤੀ ਹੈ ॥੧॥ ਰਹਾਉ ॥
ਬੋਲੇ ਸਾਹਿਬ ਕੈ ਭਾਣੈ ॥
(ਪ੍ਰਭੂ ਦੇ ਜਿਸ ਸੇਵਕ ਨੂੰ ਗੁਰੂ ਨੇ ਇੱਜ਼ਤ ਬਖ਼ਸ਼ੀ, ਉਹ ਸੇਵਕ ਸਦਾ) ਪਰਮਾਤਮਾ ਦੀ ਰਜ਼ਾ ਵਿਚ ਹੀ ਬਚਨ ਬੋਲਦਾ ਹੈ,
ਦਾਸੁ ਬਾਣੀ ਬ੍ਰਹਮੁ ਵਖਾਣੈ ॥
ਉਹ ਸੇਵਕ (ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ) ਬਾਣੀ ਸਦਾ ਉਚਾਰਦਾ ਹੈ, ਪਰਮਾਤਮਾ ਦਾ ਨਾਮ ਉਚਾਰਦਾ ਹੈ।
ਨਾਨਕ ਪ੍ਰਭ ਸੁਖਦਾਈ ॥
ਹੇ ਨਾਨਕ! ਉਹ ਪਰਮਾਤਮਾ ਸਦਾ (ਆਪਣੇ ਸੇਵਕ ਨੂੰ) ਸੁਖ ਦੇਣ ਵਾਲਾ ਹੈ,
ਜਿਨਿ ਪੂਰੀ ਬਣਤ ਬਣਾਈ ॥੨॥੨੦॥੮੪॥
ਹੇ ਭਾਈ! ਜਿਸ ਪਰਮਾਤਮਾ ਨੇ (ਨਾਮ-ਸਿਮਰਨ ਦੀ ਇਹ) ਕਦੇ ਉਕਾਈ ਨਾਹ ਖਾਣ ਵਾਲੀ ਵਿਓਂਤ ਬਣਾ ਦਿੱਤੀ ਹੈ ॥੨॥੨੦॥੮੪॥
ਸੋਰਠਿ ਮਹਲਾ ੫ ॥
ਪ੍ਰਭੁ ਅਪੁਨਾ ਰਿਦੈ ਧਿਆਏ ॥
ਹੇ ਸੰਤ ਜਨੋ! ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ,
ਘਰਿ ਸਹੀ ਸਲਾਮਤਿ ਆਏ ॥
ਉਹ ਮਨੁੱਖ ਆਪਣੀ ਆਤਮਕ ਜੀਵਨ ਦੀ ਰਾਸਿ-ਪੂੰਜੀ ਨੂੰ ਵਿਕਾਰਾਂ ਤੋਂ ਪੂਰੀ ਤਰ੍ਹਾਂ ਬਚਾ ਕੇ ਹਿਰਦੇ-ਘਰ ਵਿਚ ਟਿਕਿਆ ਰਹਿੰਦਾ ਹੈ।
ਸੰਤੋਖੁ ਭਇਆ ਸੰਸਾਰੇ ॥
ਦੁਨੀਆ ਦੀ ਕਿਰਤ-ਕਾਰ ਕਰਦਿਆਂ ਭੀ (ਉਸ ਦੇ ਮਨ ਵਿਚ ਮਾਇਆ ਵਲੋਂ) ਸੰਤੋਖ ਬਣਿਆ ਰਹਿੰਦਾ ਹੈ।
ਗੁਰਿ ਪੂਰੈ ਲੈ ਤਾਰੇ ॥੧॥
ਪੂਰੇ ਗੁਰੂ ਨੇ ਉਸ ਦੀ ਬਾਂਹ ਫੜ ਕੇ ਉਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਿਆ ਹੁੰਦਾ ਹੈ ॥੧॥
ਸੰਤਹੁ ਪ੍ਰਭੁ ਮੇਰਾ ਸਦਾ ਦਇਆਲਾ ॥
ਹੇ ਸੰਤ ਜਨੋ! ਮੇਰਾ ਪ੍ਰਭੂ (ਆਪਣੇ ਸੇਵਕਾਂ ਉਤੇ) ਸਦਾ ਹੀ ਦਇਆਵਾਨ ਰਹਿੰਦਾ ਹੈ।
ਅਪਨੇ ਭਗਤ ਕੀ ਗਣਤ ਨ ਗਣਈ ਰਾਖੈ ਬਾਲ ਗੁਪਾਲਾ ॥੧॥ ਰਹਾਉ ॥
ਪ੍ਰਭੂ ਆਪਣੇ ਭਗਤਾਂ ਦੇ ਕਰਮਾਂ ਦਾ ਲੇਖਾ ਨਹੀਂ ਵਿਚਾਰਦਾ, (ਕਿਉਂਕਿ) ਸ੍ਰਿਸ਼ਟੀ ਦਾ ਪਾਲਕ-ਪ੍ਰਭੂ ਬੱਚਿਆਂ ਵਾਂਗ (ਸੇਵਕਾਂ ਨੂੰ ਵਿਕਾਰਾਂ ਤੋਂ) ਬਚਾਈ ਰੱਖਦਾ ਹੈ (ਇਸ ਕਰਕੇ ਉਹਨਾਂ ਦਾ ਵਿਕਾਰਾਂ ਦਾ ਲੇਖਾ ਕੋਈ ਰਹਿ ਹੀ ਨਹੀਂ ਜਾਂਦਾ ॥੧॥ ਰਹਾਉ ॥
ਹਰਿ ਨਾਮੁ ਰਿਦੈ ਉਰਿ ਧਾਰੇ ॥
ਹੇ ਸੰਤ ਜਨੋ! ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ,
ਤਿਨਿ ਸਭੇ ਥੋਕ ਸਵਾਰੇ ॥
(ਯਕੀਨ ਜਾਣੋ) ਉਸ ਨੇ ਆਪਣੇ ਸਾਰੇ ਆਤਮਕ ਗੁਣ ਸੋਹਣੇ ਬਣਾ ਲਏ ਹਨ।
ਗੁਰਿ ਪੂਰੈ ਤੁਸਿ ਦੀਆ ॥
ਪੂਰੇ ਗੁਰੂ ਨੇ (ਜਿਸ ਮਨੁੱਖ ਨੂੰ) ਪ੍ਰਸੰਨ ਹੋ ਕੇ ਨਾਮ ਦੀ ਦਾਤਿ ਬਖ਼ਸ਼ੀ,
ਫਿਰਿ ਨਾਨਕ ਦੂਖੁ ਨ ਥੀਆ ॥੨॥੨੧॥੮੫॥
ਹੇ ਨਾਨਕ! ਉਸ ਨੂੰ ਮੁੜ ਕਦੇ ਕੋਈ ਦੁੱਖ ਪੋਹ ਨਾਹ ਸਕਿਆ ॥੨॥੨੧॥੮੫॥
ਸੋਰਠਿ ਮਹਲਾ ੫ ॥
ਹਰਿ ਮਨਿ ਤਨਿ ਵਸਿਆ ਸੋਈ ॥
ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਤਨ ਵਿਚ ਉਹ ਪਰਮਾਤਮਾ ਹੀ ਵੱਸਿਆ ਰਹਿੰਦਾ ਹੈ,
ਜੈ ਜੈ ਕਾਰੁ ਕਰੇ ਸਭੁ ਕੋਈ ॥
ਹਰੇਕ ਜੀਵ ਉਸ ਦੀ ਸੋਭਾ ਕਰਦਾ ਹੈ।
ਗੁਰ ਪੂਰੇ ਕੀ ਵਡਿਆਈ ॥
(ਪਰ ਇਹ) ਪੂਰੇ ਗੁਰੂ ਦੀ ਹੀ ਬਖ਼ਸ਼ਸ਼ ਹੈ (ਜਿਸ ਦੀ ਮੇਹਰ ਨਾਲ ਪਰਮਾਤਮਾ ਦੀ ਯਾਦ ਕਿਸੇ ਵਡਭਾਗੀ ਦੇ ਮਨ ਤਨ ਵਿਚ ਵੱਸਦੀ ਹੈ)
ਤਾ ਕੀ ਕੀਮਤਿ ਕਹੀ ਨ ਜਾਈ ॥੧॥
ਗੁਰੂ ਦੀ ਬਖ਼ਸ਼ਸ਼ ਦਾ ਮੁੱਲ ਨਹੀਂ ਪੈ ਸਕਦਾ ॥੧॥
ਹਉ ਕੁਰਬਾਨੁ ਜਾਈ ਤੇਰੇ ਨਾਵੈ ॥
ਹੇ ਮੇਰੇ ਪਿਆਰੇ ਪ੍ਰਭੂ! ਮੈਂ ਤੇਰੇ ਨਾਮ ਤੋਂ ਸਦਕੇ ਜਾਂਦਾ ਹਾਂ।
ਜਿਸ ਨੋ ਬਖਸਿ ਲੈਹਿ ਮੇਰੇ ਪਿਆਰੇ ਸੋ ਜਸੁ ਤੇਰਾ ਗਾਵੈ ॥੧॥ ਰਹਾਉ ॥
ਤੂੰ ਜਿਸ ਮਨੁੱਖ ਉੱਤੇ ਬਖ਼ਸ਼ਸ਼ ਕਰਦਾ ਹੈਂ, ਉਹ ਸਦਾ ਤੇਰੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਹੈ ॥੧॥ ਰਹਾਉ ॥
ਤੂੰ ਭਾਰੋ ਸੁਆਮੀ ਮੇਰਾ ॥
ਹੇ ਪ੍ਰਭੂ! ਤੂੰ ਮੇਰਾ ਵੱਡਾ ਮਾਲਕ ਹੈਂ।
ਸੰਤਾਂ ਭਰਵਾਸਾ ਤੇਰਾ ॥
ਤੇਰੇ ਸੰਤਾਂ ਨੂੰ (ਭੀ) ਤੇਰਾ ਹੀ ਸਹਾਰਾ ਰਹਿੰਦਾ ਹੈ।
ਨਾਨਕ ਪ੍ਰਭ ਸਰਣਾਈ ॥
ਹੇ ਨਾਨਕ! ਜੇਹੜਾ ਮਨੁੱਖ ਪ੍ਰਭੂ ਦੀ ਸ਼ਰਨ ਪਿਆ ਰਹਿੰਦਾ ਹੈ।
ਮੁਖਿ ਨਿੰਦਕ ਕੈ ਛਾਈ ॥੨॥੨੨॥੮੬॥
(ਉਸ ਦੀ) ਨਿੰਦਾ ਕਰਨ ਵਾਲੇ ਦੋਖੀ ਦੇ ਮੂੰਹ ਉਤੇ ਸੁਆਹ ਹੀ ਪੈਂਦੀ ਹੈ (ਪ੍ਰਭੂ ਦੀ ਸ਼ਰਨ ਪਏ ਮਨੁੱਖ ਦਾ ਕੋਈ ਕੁਝ ਵਿਗਾੜ ਨਹੀਂ ਸਕਦਾ) ॥੨॥੨੨॥੮੬॥
ਸੋਰਠਿ ਮਹਲਾ ੫ ॥
ਆਗੈ ਸੁਖੁ ਮੇਰੇ ਮੀਤਾ ॥
ਹੇ ਮੇਰੇ ਮਿੱਤਰ! ਜਿਸ ਮਨੁੱਖ ਦੇ ਅਗਾਂਹ ਆਉਣ ਵਾਲੇ ਜੀਵਨ ਵਿਚ ਪ੍ਰਭੂ ਨੇ ਸੁਖ ਬਣਾ ਦਿੱਤਾ,
ਪਾਛੇ ਆਨਦੁ ਪ੍ਰਭਿ ਕੀਤਾ ॥
ਜਿਸ ਦੇ ਬੀਤ ਚੁਕੇ ਜੀਵਨ ਵਿਚ ਭੀ ਪ੍ਰਭੂ ਨੇ ਆਨੰਦ ਬਣਾਈ ਰੱਖਿਆ,
ਪਰਮੇਸੁਰਿ ਬਣਤ ਬਣਾਈ ॥
ਜਿਸ ਮਨੁੱਖ ਵਾਸਤੇ ਪਰਮੇਸਰ ਨੇ ਇਹੋ ਜਿਹੀ ਵਿਓਂਤ ਬਣਾ ਰੱਖੀ,
ਫਿਰਿ ਡੋਲਤ ਕਤਹੂ ਨਾਹੀ ॥੧॥
ਉਹ ਮਨੁੱਖ (ਲੋਕ ਪਰਲੋਕ ਵਿਚ) ਕਿਤੇ ਭੀ ਡੋਲਦਾ ਨਹੀਂ ॥੧॥
ਸਾਚੇ ਸਾਹਿਬ ਸਿਉ ਮਨੁ ਮਾਨਿਆ ॥
ਹੇ ਭਾਈ! ਜਿਸ ਮਨੁੱਖ ਦਾ ਮਨ ਸਦਾ ਕਾਇਮ ਰਹਿਣ ਵਾਲੇ ਮਾਲਕ (ਦੇ ਨਾਮ) ਨਾਲ ਪਤੀਜ ਜਾਂਦਾ ਹੈ,
ਹਰਿ ਸਰਬ ਨਿਰੰਤਰਿ ਜਾਨਿਆ ॥੧॥ ਰਹਾਉ ॥
ਉਹ ਮਨੁੱਖ ਉਸ ਮਾਲਕ-ਪ੍ਰਭੂ ਨੂੰ ਸਭ ਵਿਚ ਇਕ-ਰਸ ਵੱਸਦਾ ਪਛਾਣ ਲੈਂਦਾ ਹੈ ॥੧॥ ਰਹਾਉ ॥
ਸਭ ਜੀਅ ਤੇਰੇ ਦਇਆਲਾ ॥
ਹੇ ਦਇਆ ਦੇ ਘਰ ਪ੍ਰਭੂ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ,
ਅਪਨੇ ਭਗਤ ਕਰਹਿ ਪ੍ਰਤਿਪਾਲਾ ॥
ਤੂੰ ਆਪਣੇ ਭਗਤਾਂ ਦੀ ਰਖਵਾਲੀ ਆਪ ਹੀ ਕਰਦਾ ਹੈਂ।
ਅਚਰਜੁ ਤੇਰੀ ਵਡਿਆਈ ॥
ਹੇ ਪ੍ਰਭੂ! ਤੂੰ ਅਸਚਰਜ-ਸਰੂਪ ਹੈਂ। ਤੇਰੀ ਬਖ਼ਸ਼ਸ਼ ਭੀ ਹੈਰਾਨ ਕਰ ਦੇਣ ਵਾਲੀ ਹੈ।
ਨਿਤ ਨਾਨਕ ਨਾਮੁ ਧਿਆਈ ॥੨॥੨੩॥੮੭॥
ਹੇ ਨਾਨਕ! (ਆਖ-ਜਿਸ ਮਨੁੱਖ ਉਤੇ ਪ੍ਰਭੂ ਬਖ਼ਸ਼ਸ਼ ਕਰਦਾ ਹੈ, ਉਹ) ਸਦਾ ਉਸ ਦਾ ਨਾਮ ਸਿਮਰਦਾ ਰਹਿੰਦਾ ਹੈ ॥੨॥੨੩॥੮੭॥
ਸੋਰਠਿ ਮਹਲਾ ੫ ॥
ਨਾਲਿ ਨਰਾਇਣੁ ਮੇਰੈ ॥
ਹੇ ਭਾਈ! ਪਰਮਾਤਮਾ ਮੇਰੇ ਨਾਲ (ਮੇਰੇ ਹਿਰਦੇ ਵਿਚ ਵੱਸ ਰਿਹਾ) ਹੈ।
ਜਮਦੂਤੁ ਨ ਆਵੈ ਨੇਰੈ ॥
(ਉਸ ਦੀ ਬਰਕਤਿ ਨਾਲ) ਜਮਦੂਤ ਮੇਰੇ ਨੇੜੇ ਨਹੀਂ ਢੁੱਕਦਾ (ਮੈਨੂੰ ਮੌਤ ਦਾ, ਆਤਮਕ ਮੌਤ ਦਾ ਖ਼ਤਰਾ ਨਹੀਂ ਰਿਹਾ)।
ਕੰਠਿ ਲਾਇ ਪ੍ਰਭ ਰਾਖੈ ॥
ਹੇ ਭਾਈ! ਪ੍ਰਭੂ ਉਸ ਮਨੁੱਖ ਨੂੰ ਆਪਣੇ ਗਲ ਨਾਲ ਲਾ ਰੱਖਦਾ ਹੈ,
ਸਤਿਗੁਰ ਕੀ ਸਚੁ ਸਾਖੈ ॥੧॥
ਜਿਸ ਨੂੰ ਗੁਰੂ ਦੀ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਸਿੱਖਿਆ ਮਿਲ ਜਾਂਦੀ ਹੈ ॥੧॥
ਗੁਰਿ ਪੂਰੈ ਪੂਰੀ ਕੀਤੀ ॥
ਹੇ ਭਾਈ! ਜਿਸ ਮਨੁੱਖ ਨੂੰ ਪੂਰੇ ਗੁਰੂ ਨੇ (ਜੀਵਨ ਵਿਚ) ਸਫਲਤਾ ਬਖ਼ਸ਼ੀ,
ਦੁਸਮਨ ਮਾਰਿ ਵਿਡਾਰੇ ਸਗਲੇ ਦਾਸ ਕਉ ਸੁਮਤਿ ਦੀਤੀ ॥੧॥ ਰਹਾਉ ॥
ਪ੍ਰਭੂ ਨੇ (ਕਾਮਾਦਿਕ ਉਸ ਦੇ) ਸਾਰੇ ਹੀ ਵੈਰੀ ਮਾਰ ਮੁਕਾਏ; ਤੇ, ਉਸ ਸੇਵਕ ਨੂੰ (ਨਾਮ ਸਿਮਰਨ ਦੀ) ਸ੍ਰੇਸ਼ਟ ਅਕਲ ਦੇ ਦਿੱਤੀ ॥੧॥ ਰਹਾਉ ॥
ਪ੍ਰਭਿ ਸਗਲੇ ਥਾਨ ਵਸਾਏ ॥
(ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਗੁਰੂ ਨੇ ਜੀਵਨ-ਸਫਲਤਾ ਬਖ਼ਸ਼ੀ) ਪ੍ਰਭੂ ਨੇ ਉਹਨਾਂ ਦੇ ਸਾਰੇ ਗਿਆਨ-ਇੰਦ੍ਰੇ ਆਤਮਕ ਗੁਣਾਂ ਨਾਲ ਭਰਪੂਰ ਕਰ ਦਿੱਤੇ,
ਸੁਖਿ ਸਾਂਦਿ ਫਿਰਿ ਆਏ ॥
ਉਹ ਮਨੁੱਖ (ਕਾਮਾਦਿਕ ਵਲੋਂ) ਪਰਤ ਕੇ ਆਤਮਕ ਆਨੰਦ ਵਿਚ ਆ ਟਿਕੇ।
ਨਾਨਕ ਪ੍ਰਭ ਸਰਣਾਏ ॥
ਹੇ ਨਾਨਕ! ਉਸ ਪ੍ਰਭੂ ਦੀ ਸ਼ਰਨ ਪਿਆ ਰਹੁ,
ਜਿਨਿ ਸਗਲੇ ਰੋਗ ਮਿਟਾਏ ॥੨॥੨੪॥੮੮॥
ਜਿਸ ਨੇ (ਸ਼ਰਨ ਪਿਆਂ ਦੇ) ਸਾਰੇ ਰੋਗ ਦੂਰ ਕਰ ਦਿੱਤੇ ॥੨॥੨੪॥੮੮॥
ਸੋਰਠਿ ਮਹਲਾ ੫ ॥
ਸਰਬ ਸੁਖਾ ਕਾ ਦਾਤਾ ਸਤਿਗੁਰੁ ਤਾ ਕੀ ਸਰਨੀ ਪਾਈਐ ॥
ਹੇ ਭਾਈ! ਗੁਰੂ ਸਾਰੇ ਸੁਖਾਂ ਦਾ ਦੇਣ ਵਾਲਾ ਹੈ, ਉਸ (ਗੁਰੂ) ਦੀ ਸ਼ਰਨ ਪੈਣਾ ਚਾਹੀਦਾ ਹੈ।
ਦਰਸਨੁ ਭੇਟਤ ਹੋਤ ਅਨੰਦਾ ਦੂਖੁ ਗਇਆ ਹਰਿ ਗਾਈਐ ॥੧॥
ਗੁਰੂ ਦਾ ਦਰਸ਼ਨ ਕੀਤਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਹਰੇਕ ਦੁੱਖ ਦੂਰ ਹੋ ਜਾਂਦਾ ਹੈ, (ਗੁਰੂ ਦੀ ਸ਼ਰਨ ਪੈ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ॥੧॥
ਹਰਿ ਰਸੁ ਪੀਵਹੁ ਭਾਈ ॥
ਹੇ ਭਾਈ! ਪੂਰੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਿਆ ਕਰੋ,
ਨਾਮੁ ਜਪਹੁ ਨਾਮੋ ਆਰਾਧਹੁ ਗੁਰ ਪੂਰੇ ਕੀ ਸਰਨਾਈ ॥ ਰਹਾਉ ॥
ਹਰ ਵੇਲੇ ਨਾਮ ਹੀ ਸਿਮਰਿਆ ਕਰੋ, ਪਰਮਾਤਮਾ ਦਾ ਨਾਮ-ਅੰਮ੍ਰਿਤ ਪੀਂਦੇ ਰਿਹਾ ਕਰੋ ਰਹਾਉ॥
ਤਿਸਹਿ ਪਰਾਪਤਿ ਜਿਸੁ ਧੁਰਿ ਲਿਖਿਆ ਸੋਈ ਪੂਰਨੁ ਭਾਈ ॥
ਪਰ, ਹੇ ਭਾਈ! (ਇਹ ਨਾਮ ਦੀ ਦਾਤਿ ਗੁਰੂ ਦੇ ਦਰ ਤੋਂ) ਉਸ ਮਨੁੱਖ ਨੂੰ ਹੀ ਮਿਲਦੀ ਹੈ ਜਿਸ ਦੀ ਕਿਸਮਤਿ ਵਿਚ ਪਰਮਾਤਮਾ ਦੀ ਹਜ਼ੂਰੀ ਤੋਂ ਇਸ ਦੀ ਪ੍ਰਾਪਤੀ ਲਿਖੀ ਹੁੰਦੀ ਹੈ। ਉਹ ਮਨੁੱਖ ਸਾਰੇ ਗੁਣਾਂ ਵਾਲਾ ਹੋ ਜਾਂਦਾ ਹੈ।
ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮਿ ਰਹਾ ਲਿਵ ਲਾਈ ॥੨॥੨੫॥੮੯॥
ਹੇ ਪ੍ਰਭੂ ਜੀ! (ਤੇਰੇ ਦਾਸ) ਨਾਨਕ ਦੀ (ਭੀ ਤੇਰੇ ਦਰ ਤੇ ਇਹ) ਬੇਨਤੀ ਹੈ-ਮੈਂ ਤੇਰੇ ਨਾਮ ਵਿਚ ਸੁਰਤਿ ਜੋੜੀ ਰੱਖਾਂ ॥੨॥੨੫॥੮੯॥
ਸੋਰਠਿ ਮਹਲਾ ੫ ॥
ਕਰਨ ਕਰਾਵਨ ਹਰਿ ਅੰਤਰਜਾਮੀ ਜਨ ਅਪੁਨੇ ਕੀ ਰਾਖੈ ॥
ਹੇ ਭਾਈ! ਸਭ ਕੁਝ ਕਰ ਸਕਣ ਵਾਲਾ ਤੇ ਜੀਵਾਂ ਪਾਸੋਂ ਕਰਾ ਸਕਣ ਵਾਲਾ, ਹਰੇਕ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਆਪਣੇ ਸੇਵਕ ਦੀ (ਸਦਾ ਲਾਜ) ਰੱਖਦਾ ਹੈ।
ਜੈ ਜੈ ਕਾਰੁ ਹੋਤੁ ਜਗ ਭੀਤਰਿ ਸਬਦੁ ਗੁਰੂ ਰਸੁ ਚਾਖੈ ॥੧॥
ਜੇਹੜਾ ਸੇਵਕ ਗੁਰੂ ਦੇ ਸ਼ਬਦ ਨੂੰ (ਹਿਰਦੇ ਵਿਚ ਵਸਾਂਦਾ ਹੈ, ਪਰਮਾਤਮਾ ਦੇ ਨਾਮ ਦਾ) ਸੁਆਦ ਚੱਖਦਾ ਹੈ ਉਸ ਦੀ ਸੋਭਾ (ਸਾਰੇ) ਸੰਸਾਰ ਵਿਚ ਹੁੰਦੀ ਹੈ ॥੧॥
ਪ੍ਰਭ ਜੀ ਤੇਰੀ ਓਟ ਗੁਸਾਈ ॥
ਹੇ (ਮੇਰੇ) ਪ੍ਰਭੂ ਜੀ! ਹੇ ਧਰਤੀ ਦੇ ਖਸਮ! (ਮੈਨੂੰ) ਤੇਰਾ (ਹੀ) ਆਸਰਾ ਹੈ।
ਤੂ ਸਮਰਥੁ ਸਰਨਿ ਕਾ ਦਾਤਾ ਆਠ ਪਹਰ ਤੁਮ੍ਰ ਧਿਆਈ ॥ ਰਹਾਉ ॥
ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ (ਸਭ ਜੀਵਾਂ ਨੂੰ) ਸਹਾਰਾ ਦੇਣ ਵਾਲਾ ਹੈਂ, (ਮੇਰੇ ਉਤੇ ਮੇਹਰ ਕਰ) ਮੈਂ ਅੱਠੇ ਪਹਿਰ ਤੈਨੂੰ ਯਾਦ ਕਰਦਾ ਰਹਾਂ ਰਹਾਉ॥
ਜੋ ਜਨੁ ਭਜਨੁ ਕਰੇ ਪ੍ਰਭ ਤੇਰਾ ਤਿਸੈ ਅੰਦੇਸਾ ਨਾਹੀ ॥
ਹੇ ਪ੍ਰਭੂ! ਜੇਹੜਾ ਮਨੁੱਖ ਤੇਰੀ ਭਗਤੀ ਕਰਦਾ ਹੈ, ਉਸ ਨੂੰ ਕੋਈ ਚਿੰਤਾ-ਫ਼ਿਕਰ ਪੋਹ ਨਹੀਂ ਸਕਦਾ।
ਸਤਿਗੁਰ ਚਰਨ ਲਗੇ ਭਉ ਮਿਟਿਆ ਹਰਿ ਗੁਨ ਗਾਏ ਮਨ ਮਾਹੀ ॥੨॥
(ਜਿਸ ਦੇ ਮੱਥੇ ਨੂੰ) ਗੁਰੂ ਦੇ ਚਰਨ ਛੁੰਹਦੇ ਹਨ, ਉਸ ਦਾ ਹਰੇਕ ਡਰ ਮਿਟ ਜਾਂਦਾ ਹੈ, ਉਹ ਮਨੁੱਖ ਆਪਣੇ ਮਨ ਵਿਚ ਪਰਮਤਾਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ ॥੨॥
ਸੂਖ ਸਹਜ ਆਨੰਦ ਘਨੇਰੇ ਸਤਿਗੁਰ ਦੀਆ ਦਿਲਾਸਾ ॥
ਹੇ ਸਤਿਗੁਰੂ! ਜਿਸ ਮਨੁੱਖ ਨੂੰ ਤੂੰ (ਵਿਕਾਰਾਂ ਦਾ ਟਾਕਰਾ ਕਰਨ ਲਈ) ਹੌਸਲਾ ਦਿੱਤਾ, ਉਸ ਦੇ ਅੰਦਰ ਆਤਮਕ ਅਡੋਲਤਾ ਦੇ ਬਹੁਤ ਸੁਖ ਆਨੰਦ ਪੈਦਾ ਹੋ ਜਾਂਦੇ ਹਨ।
ਜਿਣਿ ਘਰਿ ਆਏ ਸੋਭਾ ਸੇਤੀ ਪੂਰਨ ਹੋਈ ਆਸਾ ॥੩॥
ਉਹ ਮਨੁੱਖ (ਜੀਵਨ-ਖੇਡ) ਜਿੱਤ ਕੇ (ਜਗਤ ਵਿਚੋਂ) ਸੋਭਾ ਖੱਟ ਕੇ ਹਿਰਦੇ-ਘਰ ਵਿਚ ਟਿਕਿਆ ਰਹਿੰਦਾ ਹੈ, ਉਸ ਦੀ (ਹਰੇਕ) ਆਸ ਪੂਰੀ ਹੋ ਜਾਂਦੀ ਹੈ ॥੩॥
ਪੂਰਾ ਗੁਰੁ ਪੂਰੀ ਮਤਿ ਜਾ ਕੀ ਪੂਰਨ ਪ੍ਰਭ ਕੇ ਕਾਮਾ ॥
ਜੇਹੜਾ ਗੁਰੂ ਕੋਈ ਉਕਾਈ ਖਾਣ ਵਾਲਾ ਨਹੀਂ, ਜਿਸ ਗੁਰੂ ਦੀ ਸਿੱਖਿਆ ਵਿਚ ਉਕਾਈ ਨਹੀਂ, ਜੇਹੜਾ ਗੁਰੂ ਪੂਰਨ ਪ੍ਰਭੂ (ਦਾ ਨਾਮ ਸਿਮਰਨ ਦੇ) ਆਹਰਾਂ ਵਿਚ ਲਾਂਦਾ ਹੈ,
ਗੁਰ ਚਰਨੀ ਲਾਗਿ ਤਰਿਓ ਭਵ ਸਾਗਰੁ ਜਪਿ ਨਾਨਕ ਹਰਿ ਹਰਿ ਨਾਮਾ ॥੪॥੨੬॥੯੦॥
ਹੇ ਨਾਨਕ! (ਆਖ-) ਉਸ ਗੁਰੂ ਦੀ ਚਰਨੀਂ ਲੱਗ ਕੇ, ਤੇ, ਪਰਮਾਤਮਾ ਦਾ ਨਾਮ ਸਦਾ ਜਪ ਕੇ (ਮੈਂ) ਸੰਸਾਰ-ਸਮੁੰਦਰ ਤੋਂ (ਸਹੀ ਸਲਾਮਤਿ) ਪਾਰ ਲੰਘ ਰਿਹਾ ਹਾਂ ॥੪॥੨੬॥੯੦॥
ਸੋਰਠਿ ਮਹਲਾ ੫ ॥
ਭਇਓ ਕਿਰਪਾਲੁ ਦੀਨ ਦੁਖ ਭੰਜਨੁ ਆਪੇ ਸਭ ਬਿਧਿ ਥਾਟੀ ॥
ਹੇ ਭਾਈ! ਗਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਪਰਮਾਤਮਾ (ਆਪਣੇ ਸੇਵਕ ਉੱਤੇ ਸਦਾ) ਦਇਆਵਾਨ ਹੁੰਦਾ ਆਇਆ ਹੈ; ਉਸ ਨੇ ਆਪ ਹੀ (ਆਪਣੇ ਸੇਵਕ ਦੀ ਰੱਖਿਆ ਕਰਨ ਦੀ) ਸਾਰੀ ਵਿਓਂਤ ਬਣਾਈ ਹੁੰਦੀ ਹੈ।
ਖਿਨ ਮਹਿ ਰਾਖਿ ਲੀਓ ਜਨੁ ਅਪੁਨਾ ਗੁਰ ਪੂਰੈ ਬੇੜੀ ਕਾਟੀ ॥੧॥
ਉਸ ਨੇ ਇਕ ਪਲਕ ਵਿਚ ਆਪਣੇ ਸੇਵਕ ਨੂੰ (ਸਦਾ) ਬਚਾ ਲਿਆ, (ਉਸੇ ਦੀ ਮੇਹਰ ਨਾਲ) ਪੂਰੇ ਗੁਰੂ ਨੇ (ਸੇਵਕ ਦੀ ਦੁੱਖਾਂ ਕਲੇਸ਼ਾਂ ਦੀ) ਬੇੜੀ ਕੱਟ ਦਿੱਤੀ ॥੧॥
ਮੇਰੇ ਮਨ ਗੁਰ ਗੋਵਿੰਦੁ ਸਦ ਧਿਆਈਐ ॥
ਹੇ ਮੇਰੇ ਮਨ! ਸਦਾ ਗੁਰੂ ਦਾ ਧਿਆਨ ਧਰਨਾ ਚਾਹੀਦਾ ਹੈ, ਸਦਾ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ।
ਸਗਲ ਕਲੇਸ ਮਿਟਹਿ ਇਸੁ ਤਨ ਤੇ ਮਨ ਚਿੰਦਿਆ ਫਲੁ ਪਾਈਐ ॥ ਰਹਾਉ ॥
(ਇਸ ਉੱਦਮ ਨਾਲ) ਇਸ ਸਰੀਰ ਵਿਚੋਂ ਸਾਰੇ ਦੁੱਖ-ਕਲੇਸ਼ ਮਿਟ ਜਾਂਦੇ ਹਨ, ਤੇ, ਮਨ-ਮੰਗੀ ਮੁਰਾਦ ਹਾਸਲ ਕਰ ਲਈਦੀ ਹੈ ਰਹਾਉ॥
ਜੀਅ ਜੰਤ ਜਾ ਕੇ ਸਭਿ ਕੀਨੇ ਪ੍ਰਭੁ ਊਚਾ ਅਗਮ ਅਪਾਰਾ ॥
ਸਾਰੇ ਜੀਅ ਜੰਤ ਜਿਸ ਪਰਮਾਤਮਾ ਦੇ ਪੈਦਾ ਕੀਤੇ ਹੋਏ ਹਨ ਉਹ ਪ੍ਰਭੂ ਸਭ ਤੋਂ ਉੱਚਾ ਹੈ, ਅਪਹੁੰਚ ਹੈ, ਬੇਅੰਤ ਹੈ।
ਸਾਧਸੰਗਿ ਨਾਨਕ ਨਾਮੁ ਧਿਆਇਆ ਮੁਖ ਊਜਲ ਭਏ ਦਰਬਾਰਾ ॥੨॥੨੭॥੯੧॥
ਹੇ ਨਾਨਕ! (ਆਖ-) ਜਿਨ੍ਹਾਂ ਮਨੁੱਖਾਂ ਨੇ (ਗੁਰੂ ਦੀ ਸ਼ਰਨ ਪੈ ਕੇ ਉਸ ਪਰਮਾਤਮਾ ਦਾ) ਨਾਮ ਸਿਮਰਿਆ, ਉਹ ਪਰਮਾਤਮਾ ਦੀ ਹਜ਼ੂਰੀ ਵਿਚ ਸੁਰਖ਼-ਰੂ ਹੋ ਗਏ ॥੨॥੨੭॥੯੧॥
ਸੋਰਠਿ ਮਹਲਾ ੫ ॥
ਸਿਮਰਉ ਅਪੁਨਾ ਸਾਂਈ ॥
ਹੇ ਭਾਈ! ਮੈਂ (ਉਸ) ਖਸਮ-ਪ੍ਰਭੂ (ਦਾ ਨਾਮ) ਸਿਮਰਦਾ ਹਾਂ,
ਦਿਨਸੁ ਰੈਨਿ ਸਦ ਧਿਆਈ ॥
ਦਿਨ ਰਾਤ ਸਦਾ (ਉਸ ਦਾ) ਧਿਆਨ ਧਰਦਾ ਹਾਂ,
ਹਾਥ ਦੇਇ ਜਿਨਿ ਰਾਖੇ ॥
ਜਿਸ ਨੇ ਆਪਣੇ ਹੱਥ ਦੇ ਕੇ (ਉਹਨਾਂ ਮਨੁੱਖਾਂ ਨੂੰ ਦੁੱਖਾਂ ਵਿਕਾਰਾਂ ਤੋਂ) ਬਚਾ ਲਿਆ,
ਹਰਿ ਨਾਮ ਮਹਾ ਰਸ ਚਾਖੇ ॥੧॥
ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਸ੍ਰੇਸ਼ਟ ਰਸ ਚੱਖਿਆ ॥੧॥
ਅਪਨੇ ਗੁਰ ਊਪਰਿ ਕੁਰਬਾਨੁ ॥
ਹੇ ਭਾਈ! ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ,
ਭਏ ਕਿਰਪਾਲ ਪੂਰਨ ਪ੍ਰਭ ਦਾਤੇ ਜੀਅ ਹੋਏ ਮਿਹਰਵਾਨ ॥ ਰਹਾਉ ॥
(ਜਿਸ ਦੀ ਮੇਹਰ ਨਾਲ) ਸਰਬ-ਵਿਆਪਕ ਦਾਤਾਰ ਪ੍ਰਭੂ ਜੀ (ਸੇਵਕਾਂ ਉਤੇ) ਕਿਰਪਾਲ ਹੁੰਦੇ ਹਨ, ਸਾਰੇ ਜੀਵਾਂ ਉੱਤੇ ਮਿਹਰਬਾਨ ਹੁੰਦੇ ਹਨ ਰਹਾਉ॥
ਨਾਨਕ ਜਨ ਸਰਨਾਈ ॥
ਹੇ ਦਾਸ ਨਾਨਕ! (ਆਖ-) ਉਸ ਪਰਮਾਤਮਾ ਦੀ ਸ਼ਰਨ ਪਏ ਰਹੋ,
ਜਿਨਿ ਪੂਰਨ ਪੈਜ ਰਖਾਈ ॥
ਜਿਸ ਨੇ (ਸ਼ਰਨ ਪਏ ਮਨੁੱਖਾਂ ਦੀ) ਇੱਜ਼ਤ (ਦੁੱਖਾਂ ਵਿਕਾਰਾਂ ਦੇ ਟਾਕਰੇ ਤੇ) ਚੰਗੀ ਤਰ੍ਹਾਂ ਰੱਖ ਲਈ,
ਸਗਲੇ ਦੂਖ ਮਿਟਾਈ ॥
ਜਿਸ ਨੇ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ।
ਸੁਖੁ ਭੁੰਚਹੁ ਮੇਰੇ ਭਾਈ ॥੨॥੨੮॥੯੨॥
ਹੇ ਮੇਰੇ ਭਰਾਵੋ! (ਤੁਸੀ ਭੀ ਉਸ ਦੀ ਸ਼ਰਨ ਪੈ ਕੇ) ਆਤਮਕ ਆਨੰਦ ਮਾਣੋ ॥੨॥੨੮॥੯੨॥
ਸੋਰਠਿ ਮਹਲਾ ੫ ॥
ਸੁਨਹੁ ਬਿਨੰਤੀ ਠਾਕੁਰ ਮੇਰੇ ਜੀਅ ਜੰਤ ਤੇਰੇ ਧਾਰੇ ॥
ਹੇ ਮੇਰੇ ਠਾਕੁਰ! ਹੇ ਸਭ ਕੁਝ ਕਰ ਸਕਣ ਤੇ ਕਰਾ ਸਕਣ ਵਾਲੇ ਪ੍ਰਭੂ! (ਮੇਰੀ) ਬੇਨਤੀ ਸੁਣ। ਸਾਰੇ ਨਿੱਕੇ ਵੱਡੇ ਜੀਵ ਤੇਰੇ ਹੀ ਆਸਰੇ ਹਨ (ਤੇਰਾ ਨਾਮ ਹੈ ‘ਸ਼ਰਨ-ਜੋਗ’।
ਰਾਖੁ ਪੈਜ ਨਾਮ ਅਪੁਨੇ ਕੀ ਕਰਨ ਕਰਾਵਨਹਾਰੇ ॥੧॥
ਅਸੀਂ ਜੀਵ ਤੇਰੇ ਹੀ ਆਸਰੇ ਹਾਂ) ਤੂੰ ਆਪਣੇ (ਇਸ) ਨਾਮ ਦੀ ਲਾਜ ਰੱਖ (ਤੇ, ਸਾਡੇ ਮਾਇਆ ਦੇ ਬੰਧਨ ਕੱਟ) ॥੧॥
ਪ੍ਰਭ ਜੀਉ ਖਸਮਾਨਾ ਕਰਿ ਪਿਆਰੇ ॥
ਹੇ ਪਿਆਰੇ ਪ੍ਰਭੂ ਜੀ! (ਤੂੰ ਸਾਡਾ ਖਸਮ ਹੈਂ) ਖਸਮ ਵਾਲਾ ਫ਼ਰਜ਼ ਪੂਰਾ ਕਰ।
ਬੁਰੇ ਭਲੇ ਹਮ ਥਾਰੇ ॥ ਰਹਾਉ ॥
(ਚਾਹੇ ਅਸੀ) ਭੈੜੇ ਹਾਂ (ਚਾਹੇ ਅਸੀ) ਚੰਗੇ ਹਾਂ, ਅਸੀਂ ਤੇਰੇ ਹੀ ਹਾਂ (ਸਾਡੇ ਵਿਕਾਰਾਂ ਦੇ ਬੰਧਨ ਕੱਟ ਦੇ) ਰਹਾਉ॥
ਸੁਣੀ ਪੁਕਾਰ ਸਮਰਥ ਸੁਆਮੀ ਬੰਧਨ ਕਾਟਿ ਸਵਾਰੇ ॥
(ਹੇ ਭਾਈ! ਜਿਨ੍ਹਾਂ ਸੇਵਕਾਂ ਦੀ) ਪੁਕਾਰ ਸਭ ਤਾਕਤਾਂ ਦੇ ਮਾਲਕ ਪ੍ਰਭੂ ਨੇ ਸੁਣ ਲਈ, ਉਹਨਾਂ ਦੇ (ਮਾਇਆ ਦੇ) ਬੰਧਨ ਕੱਟ ਕੇ ਪ੍ਰਭੂ ਨੇ ਉਹਨਾਂ ਦੇ ਜੀਵਨ ਸੋਹਣੇ ਬਣਾ ਦਿੱਤੇ।
ਪਹਿਰਿ ਸਿਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ॥੨॥੨੯॥੯੩॥
ਹੇ ਨਾਨਕ! (ਆਖ-)
ਸੋਰਠਿ ਮਹਲਾ ੫ ॥
ਜੀਅ ਜੰਤ ਸਭਿ ਵਸਿ ਕਰਿ ਦੀਨੇ ਸੇਵਕ ਸਭਿ ਦਰਬਾਰੇ ॥
ਹੇ ਭਾਈ! ਪਿਆਰਾ ਪ੍ਰਭੂ ਆਪਣੇ ਸੇਵਕਾਂ ਨੂੰ ਆਪਣੇ ਦਰਬਾਰ ਵਿਚ ਆਦਰ-ਮਾਣ ਦੇਂਦਾ ਹੈ (ਦੁਨੀਆ ਦੇ) ਸਾਰੇ ਜੀਵਾਂ ਨੂੰ ਉਹਨਾਂ ਦੇ ਆਗਿਆਕਾਰ ਬਣਾ ਦੇਂਦਾ ਹੈ।
ਅੰਗੀਕਾਰੁ ਕੀਓ ਪ੍ਰਭ ਅਪੁਨੇ ਭਵ ਨਿਧਿ ਪਾਰਿ ਉਤਾਰੇ ॥੧॥
ਸੇਵਕਾਂ ਦਾ ਸਦਾ ਪੱਖ ਕਰਦਾ ਹੈ, ਤੇ, ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੧॥
ਸੰਤਨ ਕੇ ਕਾਰਜ ਸਗਲ ਸਵਾਰੇ ॥
ਹੇ ਭਾਈ! (ਸਾਡਾ ਖਸਮ-ਪ੍ਰਭੂ) ਸੰਤ ਜਨਾਂ ਦੇ ਸਾਰੇ ਕੰਮ ਸਵਾਰ ਦੇਂਦਾ ਹੈ।
ਦੀਨ ਦਇਆਲ ਕ੍ਰਿਪਾਲ ਕ੍ਰਿਪਾ ਨਿਧਿ ਪੂਰਨ ਖਸਮ ਹਮਾਰੇ ॥ ਰਹਾਉ ॥
ਸਾਡਾ ਖਸਮ ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਕਿਰਪਾ ਦਾ ਘਰ ਹੈ, ਕਿਰਪਾ ਦਾ ਖ਼ਜ਼ਾਨਾ ਹੈ, ਸਭ ਤਾਕਤਾਂ ਦਾ ਮਾਲਕ ਹੈ ਰਹਾਉ॥
ਆਉ ਬੈਠੁ ਆਦਰੁ ਸਭ ਥਾਈ ਊਨ ਨ ਕਤਹੂੰ ਬਾਤਾ ॥
(ਪਰਮਾਤਮਾ ਦੇ ਸੇਵਕਾਂ ਨੂੰ ਸੰਤ ਜਨਾਂ ਨੂੰ) ਹਰ ਥਾਂ ਆਦਰ ਮਿਲਦਾ ਹੈ (ਹਰ ਥਾਂ ਲੋਕ) ਜੀ-ਆਇਆਂ ਆਖਦੇ ਹਨ। (ਸੰਤ ਜਨਾਂ ਨੂੰ) ਕਿਸੇ ਗੱਲੇ ਕੋਈ ਥੁੜ ਨਹੀਂ ਰਹਿੰਦੀ।
ਭਗਤਿ ਸਿਰਪਾਉ ਦੀਓ ਜਨ ਅਪੁਨੇ ਪ੍ਰਤਾਪੁ ਨਾਨਕ ਪ੍ਰਭ ਜਾਤਾ ॥੨॥੩੦॥੯੪॥
ਹੇ ਨਾਨਕ! (ਆਖ-) ਪਰਮਾਤਮਾ ਆਪਣੇ ਸੇਵਕਾਂ ਨੂੰ ਭਗਤੀ (ਦਾ) ਸਿਰੋਪਾ ਬਖ਼ਸ਼ਦਾ ਹੈ (ਇਸ ਤਰ੍ਹਾਂ) ਪਰਮਾਤਮਾ ਦਾ ਤੇਜ-ਪ੍ਰਤਾਪ (ਸਾਰੇ ਸੰਸਾਰ ਵਿਚ) ਰੌਸ਼ਨ ਹੋ ਜਾਂਦਾ ਹੈ ॥੨॥੩੦॥੯੪॥ ਉਹਨਾਂ ਸੇਵਕਾਂ ਨੂੰ ਦਾਸਾਂ ਨੂੰ ਆਦਰ-ਮਾਣ ਦੇ ਕੇ ਆਪਣੇ ਚਰਨਾਂ ਵਿਚ ਮਿਲਾ ਲਿਆ, ਤੇ, ਸੰਸਾਰ ਵਿਚ ਉੱਘੇ ਕਰ ਦਿੱਤਾ ॥੨॥੨੯॥੯੩॥
ਸੋਰਠਿ ਮਹਲਾ ੯ ॥
ਰਾਗ ਸੋਰਠਿ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰੇ ਮਨ ਰਾਮ ਸਿਉ ਕਰਿ ਪ੍ਰੀਤਿ ॥
ਹੇ (ਮੇਰੇ) ਮਨ! ਪਰਮਾਤਮਾ ਨਾਲ ਪਿਆਰ ਬਣਾ।
ਸ੍ਰਵਨ ਗੋਬਿੰਦ ਗੁਨੁ ਸੁਨਉ ਅਰੁ ਗਾਉ ਰਸਨਾ ਗੀਤਿ ॥੧॥ ਰਹਾਉ ॥
(ਹੇ ਭਾਈ!) ਕੰਨਾਂ ਨਾਲ ਪਰਮਾਤਮਾ ਦੀ ਉਸਤਤਿ ਸੁਣਿਆ ਕਰ, ਅਤੇ, ਜੀਭ ਨਾਲ ਪਰਮਤਾਮਾ (ਦੀ ਸਿਫ਼ਤ-ਸਾਲਾਹ) ਦੇ ਗੀਤ ਗਾਇਆ ਕਰ ॥੧॥ ਰਹਾਉ ॥
ਕਰਿ ਸਾਧਸੰਗਤਿ ਸਿਮਰੁ ਮਾਧੋ ਹੋਹਿ ਪਤਿਤ ਪੁਨੀਤ ॥
ਹੇ ਭਾਈ! ਗੁਰਮੁਖਾਂ ਦੀ ਸੰਗਤਿ ਕਰਿਆ ਕਰ, ਪਰਮਾਤਮਾ ਦਾ ਸਿਮਰਨ ਕਰਦਾ ਰਹੁ। (ਸਿਮਰਨ ਦੀ ਬਰਕਤਿ ਨਾਲ) ਵਿਕਾਰੀ ਭੀ ਪਵਿਤ੍ਰ ਬਣ ਜਾਂਦੇ ਹਨ।
ਕਾਲੁ ਬਿਆਲੁ ਜਿਉ ਪਰਿਓ ਡੋਲੈ ਮੁਖੁ ਪਸਾਰੇ ਮੀਤ ॥੧॥
ਹੇ ਮਿੱਤਰ! (ਇਸ ਕੰਮ ਵਿਚ ਆਲਸ ਨਾਹ ਕਰ, ਵੇਖ) ਮੌਤ ਸੱਪ ਵਾਂਗ ਮੂੰਹ ਖੋਲ੍ਹ ਕੇ ਪਈ ਫਿਰਦੀ ਹੈ ॥੧॥
ਆਜੁ ਕਾਲਿ ਫੁਨਿ ਤੋਹਿ ਗ੍ਰਸਿ ਹੈ ਸਮਝਿ ਰਾਖਉ ਚੀਤਿ ॥
ਹੇ ਭਾਈ! ਆਪਣੇ ਚਿੱਤ ਵਿਚ ਸਮਝ ਰੱਖ ਕਿ (ਇਹ ਮੌਤ) ਤੈਨੂੰ ਭੀ ਛੇਤੀ ਹੀ ਹੜੱਪ ਕਰ ਲਏਗੀ।
ਕਹੈ ਨਾਨਕੁ ਰਾਮੁ ਭਜਿ ਲੈ ਜਾਤੁ ਅਉਸਰੁ ਬੀਤ ॥੨॥੧॥
ਨਾਨਕ (ਤੈਨੂੰ) ਆਖਦਾ ਹੈ-(ਹੁਣ ਅਜੇ ਵੇਲਾ ਹੈ) ਪਰਮਾਤਮਾ ਦਾ ਭਜਨ ਕਰ ਲੈ, ਇਹ ਵੇਲਾ ਲੰਘਦਾ ਜਾ ਰਿਹਾ ਹੈ ॥੨॥੧॥
ਸੋਰਠਿ ਮਹਲਾ ੯ ॥
ਮਨ ਕੀ ਮਨ ਹੀ ਮਾਹਿ ਰਹੀ ॥
(ਹੇ ਭਾਈ! ਵੇਖੋ, ਮਾਇਆ ਧਾਰੀ ਦੀ ਮੰਦ-ਭਾਗਤਾ! ਉਸ ਦੇ) ਮਨ ਦੀ ਆਸ ਮਨ ਵਿਚ ਹੀ ਰਹਿ ਗਈ।
ਨਾ ਹਰਿ ਭਜੇ ਨ ਤੀਰਥ ਸੇਵੇ ਚੋਟੀ ਕਾਲਿ ਗਹੀ ॥੧॥ ਰਹਾਉ ॥
ਨਾਹ ਉਸ ਨੇ ਪਰਮਾਤਮਾ ਦਾ ਭਜਨ ਕੀਤਾ, ਨਾਹ ਹੀ ਉਸ ਨੇ ਸੰਤ ਜਨਾਂ ਦੀ ਸੇਵਾ ਕੀਤੀ, ਤੇ, ਮੌਤ ਨੇ ਬੋਦੀ ਆ ਫੜੀ ॥੧॥ ਰਹਾਉ ॥
ਦਾਰਾ ਮੀਤ ਪੂਤ ਰਥ ਸੰਪਤਿ ਧਨ ਪੂਰਨ ਸਭ ਮਹੀ ॥
ਹੇ ਭਾਈ! ਇਸਤ੍ਰੀ, ਮਿੱਤਰ, ਪੁੱਤਰ, ਗੱਡੀਆਂ, ਮਾਲ-ਅਸਬਾਬ, ਧਨ-ਪਦਾਰਥ ਸਾਰੀ ਹੀ ਧਰਤੀ-
ਅਵਰ ਸਗਲ ਮਿਥਿਆ ਏ ਜਾਨਉ ਭਜਨੁ ਰਾਮੁ ਕੋ ਸਹੀ ॥੧॥
ਇਹ ਸਭ ਕੁਝ ਨਾਸਵੰਤ ਸਮਝੋ। ਪਰਮਾਤਮਾ ਦਾ ਭਜਨ (ਹੀ) ਅਸਲ (ਸਾਥੀ) ਹੈ ॥੧॥
ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ ॥
ਹੇ ਭਾਈ! ਕਈ ਜੁਗ (ਜੂਨਾਂ ਵਿਚ) ਭਟਕ ਭਟਕ ਕੇ ਤੂੰ ਥੱਕ ਗਿਆ ਸੀ। (ਹੁਣ) ਤੈਨੂੰ ਮਨੁੱਖਾ ਸਰੀਰ ਲੱਭਾ ਹੈ।