ਰਾਗ ਸੋਰਠਿ – ਬਾਣੀ ਸ਼ਬਦ-Part 2 – Raag Sorath – Bani

ਰਾਗ ਸੋਰਠਿ – ਬਾਣੀ ਸ਼ਬਦ-Part 2 – Raag Sorath – Bani

ਸੋਰਠਿ ਮਹਲਾ ੪ ਪੰਚਪਦਾ ॥
ਅਚਰੁ ਚਰੈ ਤਾ ਸਿਧਿ ਹੋਈ ਸਿਧੀ ਤੇ ਬੁਧਿ ਪਾਈ ॥

(ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਜਦੋਂ) ਮਨੁੱਖ ਇਸ ਅਜਿੱਤ ਮਨ ਨੂੰ ਜਿੱਤ ਲੈਂਦਾ ਹੈ, ਤਦੋਂ (ਜੀਵਨ-ਸੰਗ੍ਰਾਮ ਵਿਚ ਇਸ ਨੂੰ) ਕਾਮਯਾਬੀ ਹੋ ਜਾਂਦੀ ਹੈ, (ਇਸ) ਕਾਮਯਾਬੀ ਤੋਂ (ਮਨੁੱਖ ਨੂੰ ਇਹ) ਅਕਲ ਹਾਸਲ ਹੋ ਜਾਂਦੀ ਹੈ,

ਪ੍ਰੇਮ ਕੇ ਸਰ ਲਾਗੇ ਤਨ ਭੀਤਰਿ ਤਾ ਭ੍ਰਮੁ ਕਾਟਿਆ ਜਾਈ ॥੧॥

(ਕਿ) ਪਰਮਾਤਮਾ ਦੇ ਪਿਆਰ ਦੇ ਤੀਰ (ਇਸ ਦੇ) ਹਿਰਦੇ ਵਿਚ ਵਿੱਝ ਜਾਂਦੇ ਹਨ, ਤਦੋਂ (ਇਸ ਦੇ ਮਨ ਦੀ) ਭਟਕਣਾ (ਸਦਾ ਲਈ) ਕੱਟੀ ਜਾਂਦੀ ਹੈ ॥੧॥

ਮੇਰੇ ਗੋਬਿਦ ਅਪੁਨੇ ਜਨ ਕਉ ਦੇਹਿ ਵਡਿਆਈ ॥

ਹੇ ਮੇਰੇ ਗੋਬਿੰਦ! (ਮੈਨੂੰ) ਆਪਣੇ ਦਾਸ ਨੂੰ (ਇਹ) ਇੱਜ਼ਤ ਬਖ਼ਸ਼,

ਗੁਰਮਤਿ ਰਾਮ ਨਾਮੁ ਪਰਗਾਸਹੁ ਸਦਾ ਰਹਹੁ ਸਰਣਾਈ ॥ ਰਹਾਉ ॥

(ਕਿ) ਗੁਰੂ ਦੀ ਮਤਿ ਦੀ ਰਾਹੀਂ (ਮੇਰੇ ਅੰਦਰ) ਆਪਣਾ ਨਾਮ ਪਰਗਟ ਕਰ ਦੇਹ, (ਮੈਨੂੰ) ਸਦਾ ਆਪਣੀ ਸ਼ਰਨ ਵਿਚ ਰੱਖ ਰਹਾਉ॥

ਇਹੁ ਸੰਸਾਰੁ ਸਭੁ ਆਵਣ ਜਾਣਾ ਮਨ ਮੂਰਖ ਚੇਤਿ ਅਜਾਣਾ ॥

ਹੇ ਮੂਰਖ ਅੰਞਾਣ ਮਨ! ਇਹ ਜਗਤ (ਦਾ ਮੋਹ) ਜਨਮ ਮਰਨ (ਦਾ ਕਾਰਨ ਬਣਿਆ ਰਹਿੰਦਾ) ਹੈ (ਇਸ ਤੋਂ ਬਚਣ ਲਈ ਪਰਮਾਤਮਾ ਦਾ ਨਾਮ) ਸਿਮਰਦਾ ਰਹੁ।

ਹਰਿ ਜੀਉ ਕ੍ਰਿਪਾ ਕਰਹੁ ਗੁਰੁ ਮੇਲਹੁ ਤਾ ਹਰਿ ਨਾਮਿ ਸਮਾਣਾ ॥੨॥

ਹੇ ਹਰੀ! (ਮੇਰੇ ਉੱਤੇ) ਮੇਹਰ ਕਰ, ਮੈਨੂੰ ਗੁਰੂ ਮਿਲਾ, ਤਦੋਂ ਹੀ ਤੇਰੇ ਨਾਮ ਵਿਚ ਲੀਨਤਾ ਹੋ ਸਕਦੀ ਹੈ ॥੨॥

ਜਿਸ ਕੀ ਵਥੁ ਸੋਈ ਪ੍ਰਭੁ ਜਾਣੈ ਜਿਸ ਨੋ ਦੇਇ ਸੁ ਪਾਏ ॥

ਹੇ ਭਾਈ! ਇਹ ਨਾਮ-ਵਸਤੁ ਜਿਸ (ਪਰਮਾਤਮਾ) ਦੀ (ਮਲਕੀਅਤ) ਹੈ, ਉਹੀ ਜਾਣਦਾ ਹੈ (ਕਿ ਇਹ ਵਸਤੁ ਕਿਸ ਨੂੰ ਦੇਣੀ ਹੈ), ਜਿਸ ਜੀਵ ਨੂੰ ਪ੍ਰਭੂ ਇਹ ਦਾਤਿ ਦੇਂਦਾ ਹੈ ਉਹੀ ਲੈ ਸਕਦਾ ਹੈ।

ਵਸਤੁ ਅਨੂਪ ਅਤਿ ਅਗਮ ਅਗੋਚਰ ਗੁਰੁ ਪੂਰਾ ਅਲਖੁ ਲਖਾਏ ॥੩॥

ਇਹ ਵਸਤ ਐਸੀ ਸੁੰਦਰ ਹੈ ਕਿ ਜਗਤ ਵਿਚ ਇਸ ਵਰਗੀ ਹੋਰ ਕੋਈ ਨਹੀਂ, (ਕਿਸੇ ਚਤੁਰਾਈ-ਸਿਆਣਪ ਦੀ ਰਾਹੀਂ) ਇਸ ਤਕ ਪਹੁੰਚ ਨਹੀਂ ਹੋ ਸਕਦੀ, ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਭੀ ਇਸ ਤਕ ਪਹੁੰਚ ਨਹੀਂ। (ਜੇ) ਪੂਰਾ ਗੁਰੂ (ਮਿਲ ਪਏ, ਤਾਂ ਉਹੀ) ਅਦ੍ਰਿਸ਼ਟ ਪ੍ਰਭੂ ਦਾ ਦੀਦਾਰ ਕਰਾ ਸਕਦਾ ਹੈ ॥੩॥

ਜਿਨਿ ਇਹ ਚਾਖੀ ਸੋਈ ਜਾਣੈ ਗੂੰਗੇ ਕੀ ਮਿਠਿਆਈ ॥

ਹੇ ਭਾਈ! ਜਿਸ ਮਨੁੱਖ ਨੇ ਇਹ ਨਾਮ-ਵਸਤੁ ਚੱਖੀ ਹੈ (ਇਸ ਦਾ ਸੁਆਦ) ਉਹੀ ਜਾਣਦਾ ਹੈ, (ਉਹ ਬਿਆਨ ਨਹੀਂ ਕਰ ਸਕਦਾ, ਜਿਵੇਂ) ਗੁੰਗੇ ਦੀ (ਖਾਧੀ) ਮਿਠਿਆਈ (ਦਾ ਸੁਆਦ) ਗੁੰਗਾ ਦੱਸ ਨਹੀਂ ਸਕਦਾ।

ਰਤਨੁ ਲੁਕਾਇਆ ਲੂਕੈ ਨਾਹੀ ਜੇ ਕੋ ਰਖੈ ਲੁਕਾਈ ॥੪॥

(ਹਾਂ ਜੇ ਕਿਸੇ ਨੂੰ ਇਹ ਨਾਮ-ਰਤਨ ਹਾਸਲ ਹੋ ਜਾਵੇ, ਤਾਂ) ਜੇ ਉਹ ਮਨੁੱਖ (ਇਸ ਰਤਨ ਨੂੰ ਆਪਣੇ ਅੰਦਰ) ਲੁਕਾ ਕੇ ਰੱਖਣਾ ਚਾਹੇ, ਤਾਂ ਲੁਕਾਇਆਂ ਇਹ ਰਤਨ ਲੁਕਦਾ ਨਹੀਂ (ਉਸ ਦੇ ਆਤਮਕ ਜੀਵਨ ਤੋਂ ਰਤਨ-ਪ੍ਰਾਪਤੀ ਦੇ ਲੱਛਣ ਦਿੱਸ ਪੈਂਦੇ ਹਨ) ॥੪॥

ਸਭੁ ਕਿਛੁ ਤੇਰਾ ਤੂ ਅੰਤਰਜਾਮੀ ਤੂ ਸਭਨਾ ਕਾ ਪ੍ਰਭੁ ਸੋਈ ॥

ਹੇ ਪ੍ਰਭੂ! ਇਹ ਸਾਰਾ ਜਗਤ ਤੇਰਾ ਬਣਾਇਆ ਹੋਇਆ ਹੈ, ਤੂੰ ਸਭ ਜੀਵਾਂ ਦੇ ਦਿਲ ਦੀ ਜਾਣਨ-ਵਾਲਾ ਹੈਂ, ਤੂੰ ਸਭ ਦੀ ਸਾਰ ਲੈਣ ਵਾਲਾ ਮਾਲਕ ਹੈਂ।

ਜਿਸ ਨੋ ਦਾਤਿ ਕਰਹਿ ਸੋ ਪਾਏ ਜਨ ਨਾਨਕ ਅਵਰੁ ਨ ਕੋਈ ॥੫॥੯॥

ਹੇ ਨਾਨਕ! (ਆਖ-ਹੇ ਪ੍ਰਭੂ!) ਉਹੀ ਮਨੁੱਖ ਤੇਰਾ ਨਾਮ ਹਾਸਲ ਕਰ ਸਕਦਾ ਹੈ ਜਿਸ ਨੂੰ ਤੂੰ ਇਹ ਦਾਤਿ ਬਖ਼ਸ਼ਦਾ ਹੈਂ। ਹੋਰ ਕੋਈ ਭੀ ਐਸਾ ਜੀਵ ਨਹੀਂ (ਜੋ ਤੇਰੀ ਬਖ਼ਸ਼ਸ਼ ਤੋਂ ਬਿਨਾ ਤੇਰਾ ਨਾਮ ਪ੍ਰਾਪਤ ਕਰ ਸਕੇ) ॥੫॥੯॥


ਸੋਰਠਿ ਮਹਲਾ ੫ ਘਰੁ ੧ ਤਿਤੁਕੇ ॥

ਰਾਗ ਸੋਰਠਿ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਤਿਨ-ਤੁਕੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਕਿਸ ਹਉ ਜਾਚੀ ਕਿਸ ਆਰਾਧੀ ਜਾ ਸਭੁ ਕੋ ਕੀਤਾ ਹੋਸੀ ॥

ਹੇ ਭਾਈ! ਜਦੋਂ ਹਰੇਕ ਜੀਵ ਪਰਮਾਤਮਾ ਦਾ ਹੀ ਪੈਦਾ ਕੀਤਾ ਹੋਇਆ ਹੈ, ਤਾਂ (ਉਸ ਕਰਤਾਰ ਨੂੰ ਛੱਡ ਕੇ) ਮੈਂ ਹੋਰ ਕਿਸ ਪਾਸੋਂ ਕੁਝ ਮੰਗਾਂ? ਮੈਂ ਹੋਰ ਕਿਸ ਦੀ ਆਸ ਰੱਖਦਾ ਫਿਰਾਂ?

ਜੋ ਜੋ ਦੀਸੈ ਵਡਾ ਵਡੇਰਾ ਸੋ ਸੋ ਖਾਕੂ ਰਲਸੀ ॥

ਜੇਹੜਾ ਭੀ ਕੋਈ ਵੱਡਾ ਜਾਂ ਧਨਾਢ ਮਨੁੱਖ ਦਿੱਸਦਾ ਹੈ, ਹਰੇਕ ਨੇ (ਮਰ ਕੇ) ਮਿੱਟੀ ਵਿਚ ਰਲ ਜਾਣਾ ਹੈ (ਇਕ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਦਾਤਾ ਹੈ)।

ਨਿਰਭਉ ਨਿਰੰਕਾਰੁ ਭਵ ਖੰਡਨੁ ਸਭਿ ਸੁਖ ਨਵ ਨਿਧਿ ਦੇਸੀ ॥੧॥

ਹੇ ਭਾਈ! ਸਾਰੇ ਸੁਖ ਤੇ ਜਗਤ ਦੇ ਸਾਰੇ ਨੌ ਖ਼ਜ਼ਾਨੇ ਉਹ ਨਿਰੰਕਾਰ ਹੀ ਦੇਣ ਵਾਲਾ ਹੈ ਜਿਸ ਨੂੰ ਕਿਸੇ ਦਾ ਡਰ ਨਹੀਂ, ਤੇ, ਜੋ ਸਭ ਜੀਵਾਂ ਦਾ ਜਨਮ ਮਰਨ ਨਾਸ ਕਰਨ ਵਾਲਾ ਹੈ ॥੧॥

ਹਰਿ ਜੀਉ ਤੇਰੀ ਦਾਤੀ ਰਾਜਾ ॥

ਹੇ ਪ੍ਰਭੂ ਜੀ! ਮੈਂ ਤੇਰੀਆਂ (ਦਿੱਤੀਆਂ) ਦਾਤਾਂ ਨਾਲ (ਹੀ) ਰੱਜ ਸਕਦਾ ਹਾਂ।

ਮਾਣਸੁ ਬਪੁੜਾ ਕਿਆ ਸਾਲਾਹੀ ਕਿਆ ਤਿਸ ਕਾ ਮੁਹਤਾਜਾ ॥ ਰਹਾਉ ॥

ਮੈਂ ਕਿਸੇ ਵਿਚਾਰੇ ਮਨੁੱਖ ਦੀ ਵਡਿਆਈ ਕਿਉਂ ਕਰਦਾ ਫਿਰਾਂ? ਮੈਨੂੰ ਕਿਸੇ ਮਨੁੱਖ ਦੀ ਮੁਥਾਜੀ ਕਿਉਂ ਹੋਵੇ? ਰਹਾਉ॥

ਜਿਨਿ ਹਰਿ ਧਿਆਇਆ ਸਭੁ ਕਿਛੁ ਤਿਸ ਕਾ ਤਿਸ ਕੀ ਭੂਖ ਗਵਾਈ ॥

ਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦੀ ਭਗਤੀ ਸ਼ੁਰੂ ਕਰ ਦਿੱਤੀ, ਜਗਤ ਦੀ ਹਰੇਕ ਚੀਜ਼ ਹੀ ਉਸ ਦੀ ਬਣ ਜਾਂਦੀ ਹੈ, ਪਰਮਾਤਮਾ ਉਸ ਦੇ ਅੰਦਰੋਂ (ਮਾਇਆ ਦੀ) ਭੁੱਖ ਦੂਰ ਕਰ ਦੇਂਦਾ ਹੈ।

ਐਸਾ ਧਨੁ ਦੀਆ ਸੁਖਦਾਤੈ ਨਿਖੁਟਿ ਨ ਕਬ ਹੀ ਜਾਈ ॥

ਸੁਖਦਾਤੇ ਪ੍ਰਭੂ ਨੇ ਉਸ ਨੂੰ ਅਜੇਹਾ (ਨਾਮ-) ਧਨ ਦੇ ਦਿੱਤਾ ਹੈ ਜੋ (ਉਸ ਪਾਸੋਂ) ਕਦੇ ਭੀ ਨਹੀਂ ਮੁੱਕਦਾ।

ਅਨਦੁ ਭਇਆ ਸੁਖ ਸਹਜਿ ਸਮਾਣੇ ਸਤਿਗੁਰਿ ਮੇਲਿ ਮਿਲਾਈ ॥੨॥

ਗੁਰੂ ਨੇ ਉਸ ਪਰਮਾਤਮਾ ਦੇ ਚਰਨਾਂ ਵਿਚ (ਜਦੋਂ) ਮਿਲਾ ਦਿੱਤਾ, ਤਾਂ ਆਤਮਕ ਅਡੋਲਤਾ ਦੇ ਕਾਰਨ ਉਸ ਦੇ ਅੰਦਰ ਆਨੰਦ ਤੇ ਸਾਰੇ ਸੁਖ ਆ ਵੱਸਦੇ ਹਨ ॥੨॥

ਮਨ ਨਾਮੁ ਜਪਿ ਨਾਮੁ ਆਰਾਧਿ ਅਨਦਿਨੁ ਨਾਮੁ ਵਖਾਣੀ ॥

ਹੇ (ਮੇਰੇ) ਮਨ! ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰ, ਸਿਮਰਿਆ ਕਰ, ਉਚਾਰਿਆ ਕਰ।

ਉਪਦੇਸੁ ਸੁਣਿ ਸਾਧ ਸੰਤਨ ਕਾ ਸਭ ਚੂਕੀ ਕਾਣਿ ਜਮਾਣੀ ॥

ਸੰਤ ਜਨਾਂ ਦਾ ਉਪਦੇਸ਼ ਸੁਣ ਕੇ ਜਮਾਂ ਦੀ ਭੀ ਸਾਰੀ ਮੁਥਾਜੀ ਮੁੱਕ ਜਾਂਦੀ ਹੈ।

ਜਿਨ ਕਉ ਕ੍ਰਿਪਾਲੁ ਹੋਆ ਪ੍ਰਭੁ ਮੇਰਾ ਸੇ ਲਾਗੇ ਗੁਰ ਕੀ ਬਾਣੀ ॥੩॥

(ਪਰ, ਹੇ ਮਨ!) ਸਤਿਗੁਰੂ ਦੀ ਬਾਣੀ ਵਿਚ ਉਹੀ ਮਨੁੱਖ ਸੁਰਤਿ ਜੋੜਦੇ ਹਨ, ਜਿਨ੍ਹਾਂ ਉਤੇ ਪਿਆਰਾ ਪ੍ਰਭੂ ਆਪ ਦਇਆਵਾਨ ਹੁੰਦਾ ਹੈ ॥੩॥

ਕੀਮਤਿ ਕਉਣੁ ਕਰੈ ਪ੍ਰਭ ਤੇਰੀ ਤੂ ਸਰਬ ਜੀਆ ਦਇਆਲਾ ॥

ਹੇ ਪ੍ਰਭੂ! ਤੇਰੀ (ਮੇਹਰ ਦੀ) ਕੀਮਤ ਕੌਣ ਪਾ ਸਕਦਾ ਹੈ? ਤੂੰ ਸਾਰੇ ਹੀ ਜੀਵਾਂ ਉੱਤੇ ਮੇਹਰ ਕਰਨ ਵਾਲਾ ਹੈਂ।

ਸਭੁ ਕਿਛੁ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੁਪਾਲਾ ॥

ਹੇ ਗੋਪਾਲ ਪ੍ਰਭੂ! ਸਾਡੀ ਜੀਵਾਂ ਦੀ ਕੀਹ ਪਾਂਇਆਂ ਹੈ? ਜਗਤ ਵਿਚ ਹਰੇਕ ਕੰਮ ਤੇਰਾ ਹੀ ਕੀਤਾ ਹੋਇਆ ਹੁੰਦਾ ਹੈ।

ਰਾਖਿ ਲੇਹੁ ਨਾਨਕੁ ਜਨੁ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ ॥੪॥੧॥

ਹੇ ਪ੍ਰਭੂ! ਨਾਨਕ ਤੇਰਾ ਦਾਸ ਹੈ, (ਇਸ ਦਾਸ ਦੀ) ਰੱਖਿਆ ਉਸੇ ਤਰ੍ਹਾਂ ਕਰਦਾ ਰਹੁ, ਜਿਵੇਂ ਪਿਉ ਆਪਣੇ ਪੁਤਰਾਂ ਉਤੇ ਕਿਰਪਾਲ ਹੋ ਕੇ ਕਰਦਾ ਹੈ ॥੪॥੧॥


ਸੋਰਠਿ ਮਹਲਾ ੫ ਘਰੁ ੧ ਚੌਤੁਕੇ ॥
ਗੁਰੁ ਗੋਵਿੰਦੁ ਸਲਾਹੀਐ ਭਾਈ ਮਨਿ ਤਨਿ ਹਿਰਦੈ ਧਾਰ ॥

ਹੇ ਭਾਈ! ਮਨ ਵਿਚ, ਤਨ ਵਿਚ, ਹਿਰਦੇ ਵਿਚ, (ਪ੍ਰਭੂ ਨੂੰ) ਟਿਕਾ ਕੇ ਉਸ ਸਭ ਤੋਂ ਵੱਡੇ ਗੋਬਿੰਦ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ।

ਸਾਚਾ ਸਾਹਿਬੁ ਮਨਿ ਵਸੈ ਭਾਈ ਏਹਾ ਕਰਣੀ ਸਾਰ ॥

ਮਨੁੱਖ ਵਾਸਤੇ ਸਭ ਤੋਂ ਸ੍ਰੇਸ਼ਟ ਕਰਤੱਬ ਹੈ ਹੀ ਇਹ ਕਿ ਸਦਾ ਕਾਇਮ ਰਹਿਣ ਵਾਲਾ ਮਾਲਕ-ਪ੍ਰਭੂ (ਮਨੁੱਖ ਦੇ) ਮਨ ਵਿਚ ਵੱਸਿਆ ਰਹੇ।

ਜਿਤੁ ਤਨਿ ਨਾਮੁ ਨ ਊਪਜੈ ਭਾਈ ਸੇ ਤਨ ਹੋਏ ਛਾਰ ॥

ਹੇ ਭਾਈ! ਜਿਸ ਜਿਸ ਸਰੀਰ ਵਿਚ ਪਰਮਾਤਮਾ ਦਾ ਨਾਮ ਪਰਗਟ ਨਹੀਂ ਹੁੰਦਾ ਉਹ ਸਾਰੇ ਸਰੀਰ ਵਿਅਰਥ ਗਏ ਸਮਝੋ।

ਸਾਧਸੰਗਤਿ ਕਉ ਵਾਰਿਆ ਭਾਈ ਜਿਨ ਏਕੰਕਾਰ ਅਧਾਰ ॥੧॥

ਹੇ ਭਾਈ! (ਮੈਂ ਤਾਂ ਉਹਨਾਂ ਗੁਰਮੁਖਾਂ ਦੀ ਸੰਗਤਿ ਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਇੱਕ ਪਰਮਾਤਮਾ (ਦੇ ਨਾਮ ਨੂੰ ਜ਼ਿੰਦਗੀ) ਦਾ ਆਸਰਾ (ਬਣਾਇਆ ਹੋਇਆ) ਹੈ ॥੧॥

ਸੋਈ ਸਚੁ ਅਰਾਧਣਾ ਭਾਈ ਜਿਸ ਤੇ ਸਭੁ ਕਿਛੁ ਹੋਇ ॥

ਹੇ ਭਾਈ! ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹੀ ਆਰਾਧਨਾ ਕਰਨੀ ਚਾਹੀਦੀ ਹੈ, ਜਿਸ ਤੋਂ (ਜਗਤ ਦੀ) ਹਰੇਕ ਚੀਜ਼ ਹੋਂਦ ਵਿਚ ਆਈ ਹੈ।

ਗੁਰਿ ਪੂਰੈ ਜਾਣਾਇਆ ਭਾਈ ਤਿਸੁ ਬਿਨੁ ਅਵਰੁ ਨ ਕੋਇ ॥ ਰਹਾਉ ॥

ਹੇ ਭਾਈ! ਪੂਰੇ ਗੁਰੂ ਨੇ (ਮੈਨੂੰ ਇਹ) ਸਮਝ ਬਖ਼ਸ਼ੀ ਹੈ ਕਿ ਉਸ (ਪਰਮਾਤਮਾ) ਤੋਂ ਬਿਨਾ ਹੋਰ ਕੋਈ (ਪੂਜਣ-ਜੋਗ) ਨਹੀਂ ਹੈ ਰਹਾਉ॥

ਨਾਮ ਵਿਹੂਣੇ ਪਚਿ ਮੁਏ ਭਾਈ ਗਣਤ ਨ ਜਾਇ ਗਣੀ ॥

ਹੇ ਭਾਈ! ਉਹਨਾਂ ਮਨੁੱਖਾਂ ਦੀ ਗਿਣਤੀ ਗਿਣੀ ਨਹੀਂ ਜਾ ਸਕਦੀ, ਜੇਹੜੇ ਪਰਮਾਤਮਾ ਦੇ ਨਾਮ ਤੋਂ ਵਾਂਜੇ ਰਹਿ ਕੇ (ਮਾਇਆ ਦੇ ਮੋਹ ਵਿਚ) ਉਲਝ ਕੇ ਆਤਮਕ ਮੌਤੇ ਮਰਦੇ ਰਹਿੰਦੇ ਹਨ।

ਵਿਣੁ ਸਚ ਸੋਚ ਨ ਪਾਈਐ ਭਾਈ ਸਾਚਾ ਅਗਮ ਧਣੀ ॥

ਹੇ ਭਾਈ! ਸਦਾ-ਥਿਰ ਪ੍ਰਭੂ (ਦੇ ਨਾਮ) ਤੋਂ ਬਿਨਾ ਆਤਮਕ ਪਵਿਤ੍ਰਤਾ ਪ੍ਰਾਪਤ ਨਹੀਂ ਹੋ ਸਕਦੀ। ਉਹ ਸਦਾ-ਥਿਰ ਅਪਹੁੰਚ ਮਾਲਕ ਹੀ (ਪਵਿਤ੍ਰਤਾ ਦਾ ਸੋਮਾ ਹੈ)।

ਆਵਣ ਜਾਣੁ ਨ ਚੁਕਈ ਭਾਈ ਝੂਠੀ ਦੁਨੀ ਮਣੀ ॥

ਹੇ ਭਾਈ! (ਪ੍ਰਭੂ ਦੇ ਨਾਮ ਤੋਂ ਬਿਨਾ) ਜਨਮ ਮਰਨ (ਦਾ ਗੇੜ) ਨਹੀਂ ਮੁੱਕਦਾ। ਦੁਨੀਆ ਦੇ ਪਦਾਰਥਾਂ ਦਾ ਮਾਣ ਕੂੜਾ ਹੈ (ਇਹ ਮਾਣ ਤਾਂ ਲੈ ਡੁੱਬਦਾ ਹੈ, ਜਨਮ ਮਰਨ ਵਿਚ ਪਾਈ ਰੱਖਦਾ ਹੈ)।

ਗੁਰਮੁਖਿ ਕੋਟਿ ਉਧਾਰਦਾ ਭਾਈ ਦੇ ਨਾਵੈ ਏਕ ਕਣੀ ॥੨॥

(ਦੂਜੇ ਪਾਸੇ) ਹੇ ਭਾਈ! ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਹਰਿ-ਨਾਮ ਦੀ ਇਕ ਕਣੀ ਹੀ ਦੇ ਕੇ ਕ੍ਰੋੜਾਂ ਨੂੰ (ਜਨਮ ਮਰਨ ਦੇ ਗੇੜ ਵਿਚੋਂ) ਬਚਾ ਲੈਂਦਾ ਹੈ ॥੨॥

ਸਿੰਮ੍ਰਿਤਿ ਸਾਸਤ ਸੋਧਿਆ ਭਾਈ ਵਿਣੁ ਸਤਿਗੁਰ ਭਰਮੁ ਨ ਜਾਇ ॥

ਹੇ ਭਾਈ! ਸਿੰਮ੍ਰਿਤੀਆਂ ਸ਼ਾਸਤ੍ਰ ਵਿਚਾਰ ਵੇਖੇ ਹਨ (ਉਹਨਾਂ ਪਾਸੋਂ ਭੀ ਕੁਝ ਨਹੀਂ ਮਿਲਦਾ), ਗੁਰੂ ਤੋਂ ਬਿਨਾ (ਕਿਸੇ ਹੋਰ ਪਾਸੋਂ) ਭਟਕਣਾ ਦੂਰ ਨਹੀਂ ਹੋ ਸਕਦੀ।

ਅਨਿਕ ਕਰਮ ਕਰਿ ਥਾਕਿਆ ਭਾਈ ਫਿਰਿ ਫਿਰਿ ਬੰਧਨ ਪਾਇ ॥

ਹੇ ਭਾਈ! (ਸ਼ਾਸਤ੍ਰ ਦੇ ਦੱਸੇ ਹੋਏ) ਅਨੇਕਾਂ ਕਰਮ ਕਰ ਕੇ ਮਨੁੱਖ ਥੱਕ ਜਾਂਦਾ ਹੈ, (ਸਗੋਂ) ਮੁੜ ਮੁੜ ਬੰਧਨ ਹੀ ਸਹੇੜਦਾ ਹੈ।

ਚਾਰੇ ਕੁੰਡਾ ਸੋਧੀਆ ਭਾਈ ਵਿਣੁ ਸਤਿਗੁਰ ਨਾਹੀ ਜਾਇ ॥

ਹੇ ਭਾਈ! ਸਾਰਾ ਜਗਤ ਢੂੰਢ ਕੇ ਵੇਖ ਲਿਆ ਹੈ (ਭਟਕਣਾ ਨੂੰ ਦੂਰ ਕਰਨ ਲਈ) ਗੁਰੂ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਹੈ।

ਵਡਭਾਗੀ ਗੁਰੁ ਪਾਇਆ ਭਾਈ ਹਰਿ ਹਰਿ ਨਾਮੁ ਧਿਆਇ ॥੩॥

ਹੇ ਭਾਈ! ਜਿਸ ਵਡਭਾਗੀ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ ॥੩॥

ਸਚੁ ਸਦਾ ਹੈ ਨਿਰਮਲਾ ਭਾਈ ਨਿਰਮਲ ਸਾਚੇ ਸੋਇ ॥

ਹੇ ਭਾਈ! ਸਦਾ-ਥਿਰ ਰਹਿਣ ਵਾਲਾ ਪਰਮਾਤਮਾ (ਹੀ) ਸਦਾ ਪਵਿਤ੍ਰ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਪਵਿਤ੍ਰ ਹੈ।

ਨਦਰਿ ਕਰੇ ਜਿਸੁ ਆਪਣੀ ਭਾਈ ਤਿਸੁ ਪਰਾਪਤਿ ਹੋਇ ॥

ਹੇ ਭਾਈ! ਇਹ ਸਿਫ਼ਤ-ਸਾਲਾਹ ਉਸ ਮਨੁੱਖ ਨੂੰ ਮਿਲਦੀ ਹੈ ਜਿਸ ਉੱਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ,

ਕੋਟਿ ਮਧੇ ਜਨੁ ਪਾਈਐ ਭਾਈ ਵਿਰਲਾ ਕੋਈ ਕੋਇ ॥

ਤੇ, ਇਹੋ ਜਿਹਾ ਕੋਈ ਮਨੁੱਖ ਕ੍ਰੋੜਾਂ ਵਿਚੋਂ ਹੀ ਇਕ ਲੱਭਦਾ ਹੈ।

ਨਾਨਕ ਰਤਾ ਸਚਿ ਨਾਮਿ ਭਾਈ ਸੁਣਿ ਮਨੁ ਤਨੁ ਨਿਰਮਲੁ ਹੋਇ ॥੪॥੨॥

ਹੇ ਨਾਨਕ! ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਰੰਗਿਆ ਰਹਿੰਦਾ ਹੈ, (ਪ੍ਰਭੂ ਦੀ ਸਿਫ਼ਤ-ਸਾਲਾਹ) ਸੁਣ ਸੁਣ ਕੇ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ ॥੪॥੨॥


ਸੋਰਠਿ ਮਹਲਾ ੫ ਦੁਤੁਕੇ ॥
ਜਉ ਲਉ ਭਾਉ ਅਭਾਉ ਇਹੁ ਮਾਨੈ ਤਉ ਲਉ ਮਿਲਣੁ ਦੂਰਾਈ ॥

ਹੇ ਭਾਈ! ਜਦੋਂ ਤਕ (ਮਨੁੱਖ ਦਾ) ਇਹ ਮਨ (ਕਿਸੇ ਨਾਲ) ਮੋਹ (ਤੇ ਕਿਸੇ ਨਾਲ) ਵੈਰ ਮੰਨਦਾ ਹੈ, ਤਦੋਂ ਤਕ (ਇਸ ਦਾ ਪਰਮਾਤਮਾ ਨਾਲ) ਮਿਲਾਪ ਦੂਰ ਦੀ ਗੱਲ ਹੁੰਦੀ ਹੈ,

ਆਨ ਆਪਨਾ ਕਰਤ ਬੀਚਾਰਾ ਤਉ ਲਉ ਬੀਚੁ ਬਿਖਾਈ ॥੧॥

(ਕਿਉਂਕਿ ਜਦੋਂ ਤਕ ਇਹ ਕਿਸੇ ਨੂੰ) ਆਪਣਾ (ਤੇ ਕਿਸੇ ਨੂੰ) ਬਿਗਾਨਾ (ਮੰਨਣ ਦੀਆਂ) ਵਿਚਾਰਾਂ ਕਰਦਾ ਹੈ, ਤਦੋਂ ਤਕ (ਇਸ ਦੇ ਅੰਦਰ) ਮਾਇਆ (ਦੇ ਮੋਹ ਦਾ) ਪਰਦਾ ਬਣਿਆ ਰਹਿੰਦਾ ਹੈ (ਜੋ ਇਸ ਨੂੰ ਪਰਮਾਤਮਾ ਨਾਲੋਂ ਵਿਛੋੜੀ ਰੱਖਦਾ ਹੈ) ॥੧॥

ਮਾਧਵੇ ਐਸੀ ਦੇਹੁ ਬੁਝਾਈ ॥

ਹੇ ਪ੍ਰਭੂ! ਮੈਨੂੰ ਇਹੋ ਜਿਹੀ ਅਕਲ ਬਖ਼ਸ਼,

ਸੇਵਉ ਸਾਧ ਗਹਉ ਓਟ ਚਰਨਾ ਨਹ ਬਿਸਰੈ ਮੁਹਤੁ ਚਸਾਈ ॥ ਰਹਾਉ ॥

(ਕਿ) ਮੈਂ ਗੁਰੂ ਦੀ (ਦੱਸੀ) ਸੇਵਾ ਕਰਦਾ ਰਹਾਂ, ਗੁਰੂ ਦੇ ਚਰਨਾਂ ਦਾ ਆਸਰਾ ਫੜੀ ਰੱਖਾਂ। (ਇਹ ਆਸਰਾ) ਮੈਨੂੰ ਰਤਾ-ਭਰ ਸਮੇ ਲਈ ਭੀ ਨਾਹ ਭੁੱਲੇ ਰਹਾਉ॥

ਰੇ ਮਨ ਮੁਗਧ ਅਚੇਤ ਚੰਚਲ ਚਿਤ ਤੁਮ ਐਸੀ ਰਿਦੈ ਨ ਆਈ ॥

ਹੇ ਮੂਰਖ ਗ਼ਾਫ਼ਿਲ ਮਨ! ਹੇ ਚੰਚਲ ਮਨ! ਤੈਨੂੰ ਕਦੇ ਇਹ ਨਹੀਂ ਸੁੱਝੀ,

ਪ੍ਰਾਨਪਤਿ ਤਿਆਗਿ ਆਨ ਤੂ ਰਚਿਆ ਉਰਝਿਓ ਸੰਗਿ ਬੈਰਾਈ ॥੨॥

ਕਿ ਤੂੰ ਜਿੰਦ ਦੇ ਮਾਲਕ ਪ੍ਰਭੂ ਨੂੰ ਭੁਲਾ ਕੇ ਹੋਰਨਾਂ (ਦੇ ਮੋਹ) ਵਿਚ ਮਸਤ ਰਹਿੰਦਾ ਹੈਂ, (ਤੇ ਕਾਮਾਦਿਕ) ਵੈਰੀਆਂ ਨਾਲ ਜੋੜ ਜੋੜੀ ਰੱਖਦਾ ਹੈਂ ॥੨॥

ਸੋਗੁ ਨ ਬਿਆਪੈ ਆਪੁ ਨ ਥਾਪੈ ਸਾਧਸੰਗਤਿ ਬੁਧਿ ਪਾਈ ॥

ਹੇ ਭਾਈ! ਸਾਧ ਸੰਗਤਿ ਵਿਚੋਂ ਮੈਂ ਤਾਂ ਇਹ ਅਕਲ ਸਿੱਖੀ ਹੈ ਕਿ ਜੇਹੜਾ ਮਨੁੱਖ ਅਪਣੱਤ ਨਾਲ ਨਹੀਂ ਚੰਬੜਿਆ ਰਹਿੰਦਾ, ਉਸ ਉਤੇ ਚਿੰਤਾ-ਫ਼ਿਕਰ ਜ਼ੋਰ ਨਹੀਂ ਪਾ ਸਕਦਾ।

ਸਾਕਤ ਕਾ ਬਕਨਾ ਇਉ ਜਾਨਉ ਜੈਸੇ ਪਵਨੁ ਝੁਲਾਈ ॥੩॥

(ਤਾਂਹੀਏਂ) ਮੈਂ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੀ ਗੱਲ ਨੂੰ ਇਉਂ ਸਮਝ ਛਡਦਾ ਹਾਂ ਜਿਵੇਂ ਇਹ ਹਵਾ ਦਾ ਝੋਕਾ ਹੈ (ਇਕ ਪਾਸਿਓਂ ਆਇਆ, ਦੂਜੇ ਪਾਸੇ ਲੰਘ ਗਿਆ) ॥੩॥

ਕੋਟਿ ਪਰਾਧ ਅਛਾਦਿਓ ਇਹੁ ਮਨੁ ਕਹਣਾ ਕਛੂ ਨ ਜਾਈ ॥

ਹੇ ਭਾਈ! (ਮਨੁੱਖ ਦਾ) ਇਹ ਮਨ ਕ੍ਰੋੜਾਂ ਪਾਪਾਂ ਹੇਠ ਦਬਿਆ ਰਹਿੰਦਾ ਹੈ (ਇਸ ਮਨ ਦੀ ਮੰਦ-ਭਾਗਤਾ ਬਾਬਤ) ਕੁਝ ਕਿਹਾ ਨਹੀਂ ਜਾ ਸਕਦਾ।

ਜਨ ਨਾਨਕ ਦੀਨ ਸਰਨਿ ਆਇਓ ਪ੍ਰਭ ਸਭੁ ਲੇਖਾ ਰਖਹੁ ਉਠਾਈ ॥੪॥੩॥

ਹੇ ਦਾਸ ਨਾਨਕ! (ਪ੍ਰਭੂ-ਦਰ ਤੇ ਹੀ ਅਰਦਾਸਿ ਕਰ ਤੇ ਆਖ-) ਹੇ ਪ੍ਰਭੂ! ਮੈਂ ਨਿਮਾਣਾ ਤੇਰੀ ਸਰਨ ਆਇਆ ਹਾਂ (ਮੇਰੇ ਵਿਕਾਰਾਂ ਦਾ) ਸਾਰਾ ਲੇਖਾ ਮੁਕਾ ਦੇਹ ॥੪॥੩॥


ਸੋਰਠਿ ਮਹਲਾ ੫ ॥
ਪੁਤ੍ਰ ਕਲਤ੍ਰ ਲੋਕ ਗ੍ਰਿਹ ਬਨਿਤਾ ਮਾਇਆ ਸਨਬੰਧੇਹੀ ॥

ਹੇ ਭਾਈ! ਪ੍ਰਤ੍ਰ, ਇਸਤ੍ਰੀ, ਘਰ ਦੇ ਹੋਰ ਬੰਦੇ ਤੇ ਜ਼ਨਾਨੀਆਂ (ਸਾਰੇ) ਮਾਇਆ ਦੇ ਹੀ ਸਾਕ ਹਨ।

ਅੰਤ ਕੀ ਬਾਰ ਕੋ ਖਰਾ ਨ ਹੋਸੀ ਸਭ ਮਿਥਿਆ ਅਸਨੇਹੀ ॥੧॥

ਅਖ਼ੀਰ ਵੇਲੇ (ਇਹਨਾਂ ਵਿਚੋਂ) ਕੋਈ ਭੀ ਤੇਰਾ ਮਦਦਗਾਰ ਨਹੀਂ ਬਣੇਗਾ, ਸਾਰੇ ਝੂਠਾ ਹੀ ਪਿਆਰ ਕਰਨ ਵਾਲੇ ਹਨ ॥੧॥

ਰੇ ਨਰ ਕਾਹੇ ਪਪੋਰਹੁ ਦੇਹੀ ॥

ਹੇ ਮਨੁੱਖ! (ਨਿਰਾ ਇਸ) ਸਰੀਰ ਨੂੰ ਹੀ ਕਿਉਂ ਲਾਡਾਂ ਨਾਲ ਪਾਲਦਾ ਰਹਿੰਦਾ ਹੈਂ?

ਊਡਿ ਜਾਇਗੋ ਧੂਮੁ ਬਾਦਰੋ ਇਕੁ ਭਾਜਹੁ ਰਾਮੁ ਸਨੇਹੀ ॥ ਰਹਾਉ ॥

(ਜਿਵੇਂ) ਧੂਆਂ, (ਜਿਵੇਂ) ਬੱਦਲ (ਉੱਡ ਜਾਂਦਾ ਹੈ, ਤਿਵੇਂ ਇਹ ਸਰੀਰ) ਨਾਸ ਹੋ ਜਾਇਗਾ। ਸਿਰਫ਼ ਪਰਮਾਤਮਾ ਦਾ ਭਜਨ ਕਰਿਆ ਕਰ, ਉਹੀ ਅਸਲ ਪਿਆਰ ਕਰਨ ਵਾਲਾ ਹੈ ਰਹਾਉ॥

ਤੀਨਿ ਸੰਙਿਆ ਕਰਿ ਦੇਹੀ ਕੀਨੀ ਜਲ ਕੂਕਰ ਭਸਮੇਹੀ ॥

ਹੇ ਭਾਈ! (ਪਰਮਾਤਮਾ ਨੇ) ਮਾਇਆ ਦੇ ਤਿੰਨ ਗੁਣਾਂ ਦੇ ਅਸਰ ਹੇਠ ਰਹਿਣ ਵਾਲਾ ਤੇਰਾ ਸਰੀਰ ਬਣਾ ਦਿੱਤਾ, (ਇਹ ਅੰਤ ਨੂੰ) ਪਾਣੀ ਦੇ, ਕੁੱਤਿਆਂ ਦੇ, ਜਾਂ, ਮਿੱਟੀ ਦੇ ਹਵਾਲੇ ਹੋ ਜਾਂਦਾ ਹੈ।

ਹੋਇ ਆਮਰੋ ਗ੍ਰਿਹ ਮਹਿ ਬੈਠਾ ਕਰਣ ਕਾਰਣ ਬਿਸਰੋਹੀ ॥੨॥

ਤੂੰ ਇਸ ਸਰੀਰ-ਘਰ ਵਿਚ (ਆਪਣੇ ਆਪ ਨੂੰ) ਅਮਰ ਸਮਝ ਕੇ ਬੈਠਾ ਰਹਿੰਦਾ ਹੈਂ, ਤੇ ਜਗਤ ਦੇ ਮੂਲ ਪਰਮਾਤਮਾ ਨੂੰ ਭੁਲਾ ਰਿਹਾ ਹੈਂ ॥੨॥

ਅਨਿਕ ਭਾਤਿ ਕਰਿ ਮਣੀਏ ਸਾਜੇ ਕਾਚੈ ਤਾਗਿ ਪਰੋਹੀ ॥

ਹੇ ਭਾਈ! ਅਨੇਕਾਂ ਤਰੀਕਿਆਂ ਨਾਲ (ਪਰਮਾਤਮਾ ਨੇ ਤੇਰੇ ਸਾਰੇ ਅੰਗ) ਮਣਕੇ ਬਣਾਏ ਹਨ; (ਪਰ ਸੁਆਸਾਂ ਦੇ) ਕੱਚੇ ਧਾਗੇ ਵਿਚ ਪਰੋਏ ਹੋਏ ਹਨ।

ਤੂਟਿ ਜਾਇਗੋ ਸੂਤੁ ਬਾਪੁਰੇ ਫਿਰਿ ਪਾਛੈ ਪਛੁਤੋਹੀ ॥੩॥

ਹੇ ਨਿਮਾਣੇ ਜੀਵ! ਇਹ ਧਾਗਾ (ਆਖ਼ਰ) ਟੁੱਟ ਜਾਇਗਾ, (ਹੁਣ ਇਸ ਸਰੀਰ ਦੇ ਮੋਹ ਵਿਚ ਪ੍ਰਭੂ ਨੂੰ ਵਿਸਾਰੀ ਬੈਠਾ ਹੈਂ) ਫਿਰ ਸਮਾ ਵਿਹਾ ਜਾਣ ਤੇ ਹੱਥ ਮਲੇਂਗਾ ॥੩॥

ਜਿਨਿ ਤੁਮ ਸਿਰਜੇ ਸਿਰਜਿ ਸਵਾਰੇ ਤਿਸੁ ਧਿਆਵਹੁ ਦਿਨੁ ਰੈਨੇਹੀ ॥

ਹੇ ਭਾਈ! ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ, ਪੈਦਾ ਕਰ ਕੇ ਤੈਨੂੰ ਸੋਹਣਾ ਬਣਾਇਆ ਹੈ ਉਸ ਨੂੰ ਦਿਨ ਰਾਤ (ਹਰ ਵੇਲੇ) ਸਿਮਰਦਾ ਰਿਹਾ ਕਰ।

ਜਨ ਨਾਨਕ ਪ੍ਰਭ ਕਿਰਪਾ ਧਾਰੀ ਮੈ ਸਤਿਗੁਰ ਓਟ ਗਹੇਹੀ ॥੪॥੪॥

ਹੇ ਦਾਸ ਨਾਨਕ! (ਅਰਦਾਸ ਕਰ ਤੇ ਆਖ-) ਹੇ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੈਂ ਗੁਰੂ ਦਾ ਆਸਰਾ ਫੜੀ ਰੱਖਾਂ ॥੪॥੪॥


ਸੋਰਠਿ ਮਹਲਾ ੫ ॥
ਗੁਰੁ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ ॥

ਹੇ ਭਾਈ! ਵੱਡੀ ਕਿਸਮਤਿ ਨਾਲ ਮੈਨੂੰ ਪੂਰਾ ਗੁਰੂ ਮਿਲ ਪਿਆ ਹੈ, ਮੇਰੇ ਮਨ ਵਿਚ ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ ਹੈ।

ਕੋਇ ਨ ਪਹੁਚਨਹਾਰਾ ਦੂਜਾ ਅਪੁਨੇ ਸਾਹਿਬ ਕਾ ਭਰਵਾਸਾ ॥੧॥

ਹੁਣ ਮੈਨੂੰ ਆਪਣੇ ਮਾਲਕ ਦਾ ਸਹਾਰਾ ਹੋ ਗਿਆ ਹੈ, ਕੋਈ ਉਸ ਮਾਲਕ ਦੀ ਬਰਾਬਰੀ ਨਹੀਂ ਕਰ ਸਕਦਾ ॥੧॥

ਅਪੁਨੇ ਸਤਿਗੁਰ ਕੈ ਬਲਿਹਾਰੈ ॥

ਹੇ ਭਾਈ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ,

ਆਗੈ ਸੁਖੁ ਪਾਛੈ ਸੁਖ ਸਹਜਾ ਘਰਿ ਆਨੰਦੁ ਹਮਾਰੈ ॥ ਰਹਾਉ ॥

(ਗੁਰੂ ਦੀ ਕਿਰਪਾ ਨਾਲ) ਮੇਰੇ ਹਿਰਦੇ-ਘਰ ਵਿਚ ਆਨੰਦ ਬਣਿਆ ਰਹਿੰਦਾ ਹੈ, ਇਸ ਲੋਕ ਵਿਚ ਭੀ ਆਤਮਕ ਅਡੋਲਤਾ ਦਾ ਸੁਖ ਮੈਨੂੰ ਪ੍ਰਾਪਤ ਹੋ ਗਿਆ ਹੈ, ਤੇ, ਪਰਲੋਕ ਵਿਚ ਭੀ ਇਹ ਸੁਖ ਟਿਕਿਆ ਰਹਿਣ ਵਾਲਾ ਹੈ ਰਹਾਉ॥

ਅੰਤਰਜਾਮੀ ਕਰਣੈਹਾਰਾ ਸੋਈ ਖਸਮੁ ਹਮਾਰਾ ॥

ਹੇ ਭਾਈ! (ਮੈਨੂੰ ਨਿਸ਼ਚਾ ਹੋ ਗਿਆ ਹੈ ਕਿ ਜੇਹੜਾ) ਸਿਰਜਣਹਾਰ ਸਭ ਦੇ ਦਿਲ ਦੀ ਜਾਣਨ ਵਾਲਾ ਹੈ ਉਹੀ ਮੇਰੇ ਸਿਰ ਉਤੇ ਰਾਖਾ ਹੈ।

ਨਿਰਭਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ॥੨॥

ਜਦੋਂ ਦਾ ਮੈਂ ਗੁਰੂ ਦੀ ਚਰਨੀਂ ਲੱਗਾ ਹਾਂ, ਮੈਨੂੰ ਪਰਮਾਤਮਾ ਦੇ ਨਾਮ ਦਾ ਆਸਰਾ ਹੋ ਗਿਆ ਹੈ। ਕੋਈ ਡਰ ਮੈਨੂੰ ਹੁਣ ਪੋਹ ਨਹੀਂ ਸਕਦਾ ॥੨॥

ਸਫਲ ਦਰਸਨੁ ਅਕਾਲ ਮੂਰਤਿ ਪ੍ਰਭੁ ਹੈ ਭੀ ਹੋਵਨਹਾਰਾ ॥

(ਹੇ ਭਾਈ! ਗੁਰੂ ਦੀ ਕਿਰਪਾ ਨਾਲ ਮੈਨੂੰ ਯਕੀਨ ਬਣ ਗਿਆ ਹੈ ਕਿ) ਜਿਸ ਪਰਮਾਤਮਾ ਦਾ ਦਰਸ਼ਨ ਮਨੁੱਖਾ ਜਨਮ ਦਾ ਫਲ ਦੇਣ ਵਾਲਾ ਹੈ, ਜਿਸ ਪਰਮਾਤਮਾ ਦੀ ਹਸਤੀ ਮੌਤ ਤੋਂ ਰਹਿਤ ਹੈ, ਉਹ ਇਸ ਵੇਲੇ ਭੀ (ਮੇਰੇ ਸਿਰ ਉਤੇ) ਮੌਜੂਦ ਹੈ, ਤੇ, ਸਦਾ ਕਾਇਮ ਰਹਿਣ ਵਾਲਾ ਹੈ।

ਕੰਠਿ ਲਗਾਇ ਅਪੁਨੇ ਜਨ ਰਾਖੇ ਅਪੁਨੀ ਪ੍ਰੀਤਿ ਪਿਆਰਾ ॥੩॥

ਉਹ ਪ੍ਰਭੂ ਆਪਣੀ ਪ੍ਰੀਤਿ ਦੀ ਆਪਣੇ ਪਿਆਰ ਦੀ ਦਾਤਿ ਦੇ ਕੇ ਆਪਣੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ ॥੩॥

ਵਡੀ ਵਡਿਆਈ ਅਚਰਜ ਸੋਭਾ ਕਾਰਜੁ ਆਇਆ ਰਾਸੇ ॥

ਉਹ ਗੁਰੂ ਬੜੀ ਵਡਿਆਈ ਵਾਲਾ ਹੈ, ਅਚਰਜ ਸੋਭਾ ਵਾਲਾ ਹੈ, ਉਸ ਦੀ ਸਰਨ ਪਿਆਂ ਜ਼ਿੰਦਗੀ ਦਾ ਮਨੋਰਥ ਪ੍ਰਾਪਤ ਹੋ ਜਾਂਦਾ ਹੈ।

ਨਾਨਕ ਕਉ ਗੁਰੁ ਪੂਰਾ ਭੇਟਿਓ ਸਗਲੇ ਦੂਖ ਬਿਨਾਸੇ ॥੪॥੫॥

ਹੇ ਭਾਈ! ਮੈਨੂੰ ਨਾਨਕ ਨੂੰ ਪੂਰਾ ਗੁਰੂ ਮਿਲ ਪਿਆ ਹੈ, ਮੇਰੇ ਸਾਰੇ ਦੁੱਖ ਦੂਰ ਹੋ ਗਏ ਹਨ ॥੪॥੫॥


ਸੋਰਠਿ ਮਹਲਾ ੫ ॥
ਸੁਖੀਏ ਕਉ ਪੇਖੈ ਸਭ ਸੁਖੀਆ ਰੋਗੀ ਕੈ ਭਾਣੈ ਸਭ ਰੋਗੀ ॥

ਹੇ ਭਾਈ! ਆਤਮਕ ਸੁਖ ਮਾਣਨ ਵਾਲੇ ਨੂੰ ਹਰੇਕ ਮਨੁੱਖ ਆਤਮਕ ਸੁਖ ਮਾਣਦਾ ਦਿਸਦਾ ਹੈ, (ਵਿਕਾਰਾਂ ਦੇ) ਰੋਗ ਵਿਚ ਫਸੇ ਹੋਏ ਦੇ ਖ਼ਿਆਲ ਵਿਚ ਸਾਰੀ ਲੁਕਾਈ ਹੀ ਵਿਕਾਰੀ ਹੈ।

ਕਰਣ ਕਰਾਵਨਹਾਰ ਸੁਆਮੀ ਆਪਨ ਹਾਥਿ ਸੰਜੋਗੀ ॥੧॥

(ਆਪਣੇ ਅੰਦਰੋਂ ਮੇਰ-ਤੇਰ ਗਵਾ ਚੁਕੇ ਮਨੁੱਖ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਮਾਲਕ-ਪ੍ਰਭੂ ਹੀ ਸਭ ਕੁਝ ਕਰਨ ਦੀ ਸਮਰਥਾ ਵਾਲਾ ਹੈ ਜੀਵਾਂ ਪਾਸੋਂ ਕਰਾਣ ਦੀ ਤਾਕਤ ਵਾਲਾ ਹੈ, (ਜੀਵਾਂ ਲਈ ਆਤਮਕ ਸੁਖ ਤੇ ਆਤਮਕ ਦੁੱਖ ਦਾ) ਮੇਲ ਉਸ ਨੇ ਆਪਣੇ ਹੱਥ ਵਿਚ ਰੱਖਿਆ ਹੋਇਆ ਹੈ ॥੧॥

ਮਨ ਮੇਰੇ ਜਿਨਿ ਅਪੁਨਾ ਭਰਮੁ ਗਵਾਤਾ ॥

ਹੇ ਮੇਰੇ ਮਨ! ਜਿਸ ਮਨੁੱਖ ਨੇ ਆਪਣੇ ਅੰਦਰੋਂ ਮੇਰ-ਤੇਰ ਗਵਾ ਲਈ,

ਸੰਤ ਸੰਗਿ ਜਾ ਕਾ ਮਨੁ ਸੀਤਲੁ ਓਹੁ ਜਾਣੈ ਸਗਲੀ ਠਾਂਢੀ ॥

ਹੇ ਭਾਈ! ਸਾਧ ਸੰਗਤਿ ਵਿਚ ਰਹਿ ਕੇ ਜਿਸ ਮਨੁੱਖ ਦਾ ਮਨ (ਵਿਕਾਰਾਂ ਵਲੋਂ) ਸ਼ਾਂਤ ਹੋ ਜਾਂਦਾ ਹੈ, ਉਹ ਸਾਰੀ ਲੁਕਾਈ ਨੂੰ ਹੀ ਸ਼ਾਂਤ-ਚਿੱਤ ਸਮਝਦਾ ਹੈ।

ਹਉਮੈ ਰੋਗਿ ਜਾ ਕਾ ਮਨੁ ਬਿਆਪਿਤ ਓਹੁ ਜਨਮਿ ਮਰੈ ਬਿਲਲਾਤੀ ॥੨॥

ਪਰ ਜਿਸ ਮਨੁੱਖ ਦਾ ਮਨ ਹਉਮੈ-ਰੋਗ ਵਿਚ ਫਸਿਆ ਰਹਿੰਦਾ ਹੈ, ਉਹ ਸਦਾ ਦੁੱਖੀ ਰਹਿੰਦਾ ਹੈ, ਉਹ (ਹਉਮੈ ਵਿਚ) ਜਨਮ ਲੈ ਕੇ ਆਤਮਕ ਮੌਤ ਸਹੇੜੀ ਰੱਖਦਾ ਹੈ ॥੨॥

ਗਿਆਨ ਅੰਜਨੁ ਜਾ ਕੀ ਨੇਤ੍ਰੀ ਪੜਿਆ ਤਾ ਕਉ ਸਰਬ ਪ੍ਰਗਾਸਾ ॥

ਹੇ ਭਾਈ! ਆਤਮਕ ਜੀਵਨ ਦੀ ਸੂਝ ਦਾ ਸੁਰਮਾ ਜਿਸ ਮਨੁੱਖ ਦੀਆਂ ਅੱਖਾਂ ਵਿਚ ਪੈ ਜਾਂਦਾ ਹੈ, ਉਸ ਨੂੰ ਆਤਮਕ ਜੀਵਨ ਦੀ ਸਾਰੀ ਸਮਝ ਪੈ ਜਾਂਦੀ ਹੈ।

ਅਗਿਆਨਿ ਅੰਧੇਰੈ ਸੂਝਸਿ ਨਾਹੀ ਬਹੁੜਿ ਬਹੁੜਿ ਭਰਮਾਤਾ ॥੩॥

ਪਰ ਗਿਆਨ-ਹੀਨ ਮਨੁੱਖ ਨੂੰ ਅਗਿਆਨਤਾ ਦੇ ਹਨੇਰੇ ਵਿਚ (ਸਹੀ ਜੀਵਨ ਬਾਰੇ) ਕੁਝ ਨਹੀਂ ਸੁੱਝਦਾ, ਉਹ ਮੁੜ ਮੁੜ ਭਟਕਦਾ ਰਹਿੰਦਾ ਹੈ ॥੩॥

ਸੁਣਿ ਬੇਨੰਤੀ ਸੁਆਮੀ ਅਪੁਨੇ ਨਾਨਕੁ ਇਹੁ ਸੁਖੁ ਮਾਗੈ ॥

ਹੇ ਮੇਰੇ ਮਾਲਕ! (ਮੇਰੀ) ਬੇਨਤੀ ਸੁਣ (ਤੇਰਾ ਦਾਸ) ਨਾਨਕ (ਤੇਰੇ ਦਰ ਤੋਂ) ਇਹ ਸੁਖ ਮੰਗਦਾ ਹੈ,

ਜਹ ਕੀਰਤਨੁ ਤੇਰਾ ਸਾਧੂ ਗਾਵਹਿ ਤਹ ਮੇਰਾ ਮਨੁ ਲਾਗੈ ॥੪॥੬॥

(ਕਿ) ਜਿੱਥੇ ਸੰਤ ਜਨ ਤੇਰੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਹੋਣ, ਉੱਥੇ ਮੇਰਾ ਮਨ ਪਰਚਿਆ ਰਹੇ ॥੪॥੬॥


ਸੋਰਠਿ ਮਹਲਾ ੫ ॥
ਤਨੁ ਸੰਤਨ ਕਾ ਧਨੁ ਸੰਤਨ ਕਾ ਮਨੁ ਸੰਤਨ ਕਾ ਕੀਆ ॥

ਹੇ ਭਾਈ! ਜਦੋਂ ਕੋਈ ਮਨੁੱਖ ਆਪਣਾ ਸਰੀਰ ਆਪਣਾ ਮਨ ਆਪਣਾ ਧਨ ਸੰਤ ਜਨਾਂ ਦੇ ਹਵਾਲੇ ਕਰ ਦੇਂਦਾ ਹੈ (ਭਾਵ, ਹਰੇਕ ਕਿਸਮ ਦੀ ਅਪਣੱਤ ਮਿਟਾ ਦੇਂਦਾ ਹੈ),

ਸੰਤ ਪ੍ਰਸਾਦਿ ਹਰਿ ਨਾਮੁ ਧਿਆਇਆ ਸਰਬ ਕੁਸਲ ਤਬ ਥੀਆ ॥੧॥

ਤੇ ਸੰਤਾਂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਸਿਮਰਨ ਕਰਨ ਲੱਗ ਪੈਂਦਾ ਹੈ, ਤਦੋਂ ਉਸ ਨੂੰ ਸਾਰੇ (ਆਤਮਕ) ਸੁਖ ਮਿਲ ਜਾਂਦੇ ਹਨ ॥੧॥

ਸੰਤਨ ਬਿਨੁ ਅਵਰੁ ਨ ਦਾਤਾ ਬੀਆ ॥

ਹੇ ਭਾਈ! ਸੰਤ ਜਨਾਂ ਤੋਂ ਬਿਨਾ ਪਰਮਾਤਮਾ ਦੇ ਨਾਮ ਦੀ ਦਾਤਿ ਦੇਣ ਵਾਲਾ ਹੋਰ ਕੋਈ ਨਹੀਂ ਹੈ।

ਜੋ ਜੋ ਸਰਣਿ ਪਰੈ ਸਾਧੂ ਕੀ ਸੋ ਪਾਰਗਰਾਮੀ ਕੀਆ ॥ ਰਹਾਉ ॥

ਜੇਹੜਾ ਜੇਹੜਾ ਮਨੁੱਖ ਗੁਰੂ ਦੀ (ਸੰਤ ਜਨਾਂ ਦੀ) ਸਰਨ ਪੈਂਦਾ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਜੋਗਾ ਹੋ ਜਾਂਦਾ ਹੈ ਰਹਾਉ॥

ਕੋਟਿ ਪਰਾਧ ਮਿਟਹਿ ਜਨ ਸੇਵਾ ਹਰਿ ਕੀਰਤਨੁ ਰਸਿ ਗਾਈਐ ॥

ਹੇ ਭਾਈ! ਪਰਮਾਤਮਾ ਦੇ ਸੇਵਕ ਦੀ (ਦੱਸੀ) ਸੇਵਾ ਕੀਤਿਆਂ ਕ੍ਰੋੜਾਂ ਪਾਪ ਮਿਟ ਜਾਂਦੇ ਹਨ, ਅਤੇ ਪ੍ਰੇਮ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ।

ਈਹਾ ਸੁਖੁ ਆਗੈ ਮੁਖ ਊਜਲ ਜਨ ਕਾ ਸੰਗੁ ਵਡਭਾਗੀ ਪਾਈਐ ॥੨॥

ਇਸ ਲੋਕ ਵਿਚ ਆਤਮਕ ਅਨੰਦ ਮਿਲਿਆ ਰਹਿੰਦਾ ਹੈ, ਪਰਲੋਕ ਵਿਚ ਸੁਰਖ਼-ਰੂ ਹੋਵੀਦਾ ਹੈ। ਪਰ, ਹੇ ਭਾਈ! ਪ੍ਰਭੂ ਦੇ ਸੇਵਕ ਦੀ ਸੰਗਤਿ ਵੱਡੇ ਭਾਗਾਂ ਨਾਲ ਮਿਲਦੀ ਹੈ ॥੨॥

ਰਸਨਾ ਏਕ ਅਨੇਕ ਗੁਣ ਪੂਰਨ ਜਨ ਕੀ ਕੇਤਕ ਉਪਮਾ ਕਹੀਐ ॥

ਹੇ ਭਾਈ! (ਮੇਰੀ) ਇੱਕ ਜੀਭ ਹੈ (ਸੰਤ ਜਨ) ਅਨੇਕਾਂ ਗੁਣਾਂ ਨਾਲ ਭਰਪੂਰ ਹੁੰਦੇ ਹਨ, ਸੰਤ ਜਨਾਂ ਦੀ ਵਡਿਆਈ ਕਿਤਨੀ ਕੁ ਦੱਸੀ ਜਾਵੇ?

ਅਗਮ ਅਗੋਚਰ ਸਦ ਅਬਿਨਾਸੀ ਸਰਣਿ ਸੰਤਨ ਕੀ ਲਹੀਐ ॥੩॥

ਸੰਤਾਂ ਦੀ ਸਰਨ ਪਿਆਂ ਹੀ ਉਹ ਪਰਮਾਤਮਾ ਮਿਲ ਸਕਦਾ ਹੈ ਜੋ ਕਦੇ ਨਾਸ ਹੋਣ ਵਾਲਾ ਨਹੀਂ, ਜੋ ਅਪਹੁੰਚ ਹੈ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ ॥੩॥

ਨਿਰਗੁਨ ਨੀਚ ਅਨਾਥ ਅਪਰਾਧੀ ਓਟ ਸੰਤਨ ਕੀ ਆਹੀ ॥

ਹੇ ਨਾਨਕ! (ਅਰਦਾਸ ਕਰ ਤੇ ਆਖ-) ਮੈਂ ਗੁਣ-ਹੀਨ ਹਾਂ, ਨੀਚ ਹਾਂ, ਨਿਆਸਰਾ ਹਾਂ, ਵਿਕਾਰੀ ਹਾਂ, ਮੈਂ ਸੰਤਾਂ ਦਾ ਪੱਲਾ ਫੜਿਆ ਹੈ।

ਬੂਡਤ ਮੋਹ ਗ੍ਰਿਹ ਅੰਧ ਕੂਪ ਮਹਿ ਨਾਨਕ ਲੇਹੁ ਨਿਬਾਹੀ ॥੪॥੭॥

(ਹੇ ਸੰਤ ਜਨੋ!) ਗ੍ਰਿਹਸਤ ਦੇ ਮੋਹ ਦੇ ਅੰਨ੍ਹੇ ਖੂਹ ਵਿਚ ਡੁੱਬ ਰਹੇ ਦਾ ਸਾਥ ਤੋੜ ਤਕ ਨਿਬਾਹੋ ॥੪॥੭॥


ਸੋਰਠਿ ਮਹਲਾ ੫ ਘਰੁ ੧ ॥
ਜਾ ਕੈ ਹਿਰਦੈ ਵਸਿਆ ਤੂ ਕਰਤੇ ਤਾ ਕੀ ਤੈਂ ਆਸ ਪੁਜਾਈ ॥

ਹੇ ਕਰਤਾਰ! ਜਿਸ ਮਨੁੱਖ ਦੇ ਹਿਰਦੇ ਵਿਚ ਤੂੰ ਆ ਵੱਸਦਾ ਹੈਂ, ਉਸ ਦੀ ਤੂੰ ਹਰੇਕ ਆਸ ਪੂਰੀ ਕਰ ਦੇਂਦਾ ਹੈਂ।

ਦਾਸ ਅਪੁਨੇ ਕਉ ਤੂ ਵਿਸਰਹਿ ਨਾਹੀ ਚਰਣ ਧੂਰਿ ਮਨਿ ਭਾਈ ॥੧॥

ਆਪਣੇ ਸੇਵਕ ਨੂੰ ਤੂੰ ਕਦੇ ਨਹੀਂ ਵਿੱਸਰਦਾ (ਤੇਰਾ ਸੇਵਕ ਤੈਨੂੰ ਕਦੇ ਨਹੀਂ ਭੁਲਾਂਦਾ), ਉਸ ਦੇ ਮਨ ਵਿਚ ਤੇਰੇ ਚਰਨਾਂ ਦੀ ਧੂੜ ਪਿਆਰੀ ਲੱਗਦੀ ਹੈ ॥੧॥

ਤੇਰੀ ਅਕਥ ਕਥਾ ਕਥਨੁ ਨ ਜਾਈ ॥

(ਹੇ ਪ੍ਰਭੂ) ਤੂੰ ਕਿਹੋ ਜਿਹਾ ਹੈਂ, ਕੇਡਾ ਵੱਡਾ ਹੈਂ-ਇਹ ਗੱਲ ਬਿਆਨ ਨਹੀਂ ਕੀਤੀ ਜਾ ਸਕਦੀ।

ਗੁਣ ਨਿਧਾਨ ਸੁਖਦਾਤੇ ਸੁਆਮੀ ਸਭ ਤੇ ਊਚ ਬਡਾਈ ॥ ਰਹਾਉ ॥

ਹੇ ਸਾਰੇ ਗੁਣਾਂ ਦੇ ਖ਼ਜ਼ਾਨੇ! ਹੇ ਸੁਖ ਦੇਣ ਵਾਲੇ ਮਾਲਕ! ਤੇਰੀ ਵਡਿਆਈ ਸਭ ਤੋਂ ਉੱਚੀ ਹੈ (ਤੂੰ ਸਭਨਾਂ ਤੋਂ ਵੱਡਾ ਹੈਂ) ਰਹਾਉ॥

ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖਿ ਪਾਈ ॥

(ਪਰ, ਹੇ ਪ੍ਰਭੂ!) ਜੀਵ ਉਹੀ ਉਹੀ ਕਰਮ ਕਰਦਾ ਹੈ ਜਿਹੋ ਜਿਹੀ (ਆਗਿਆ) ਤੂੰ (ਉਸ ਦੇ ਮੱਥੇ ਤੇ) ਲਿਖ ਕੇ ਰੱਖ ਦਿੱਤੀ ਹੈ।

ਸੇਵਕ ਕਉ ਤੁਮ ਸੇਵਾ ਦੀਨੀ ਦਰਸਨੁ ਦੇਖਿ ਅਘਾਈ ॥੨॥

ਆਪਣੇ ਸੇਵਕ ਨੂੰ ਤੂੰ ਆਪਣੀ ਸੇਵਾ-ਭਗਤੀ ਦੀ ਦਾਤਿ ਬਖ਼ਸ਼ੀ ਹੋਈ ਹੈ, (ਉਹ ਸੇਵਕ) ਤੇਰਾ ਦਰਸਨ ਕਰ ਕੇ ਰੱਜਿਆ ਰਹਿੰਦਾ ਹੈ ॥੨॥

ਸਰਬ ਨਿਰੰਤਰਿ ਤੁਮਹਿ ਸਮਾਨੇ ਜਾ ਕਉ ਤੁਧੁ ਆਪਿ ਬੁਝਾਈ ॥

ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਆਪ ਸਮਝ ਬਖ਼ਸ਼ਦਾ ਹੈਂ, ਉਸ ਨੂੰ ਤੂੰ ਸਾਰੇ ਹੀ ਜੀਵਾਂ ਦੇ ਅੰਦਰ ਇਕ-ਰਸ ਸਮਾਇਆ ਦਿੱਸਦਾ ਹੈਂ।

ਗੁਰਪਰਸਾਦਿ ਮਿਟਿਓ ਅਗਿਆਨਾ ਪ੍ਰਗਟ ਭਏ ਸਭ ਠਾਈ ॥੩॥

ਗੁਰੂ ਦੀ ਕਿਰਪਾ ਨਾਲ (ਉਸ ਮਨੁੱਖ ਦੇ ਅੰਦਰੋਂ) ਅਗਿਆਨਤਾ (ਦਾ ਹਨੇਰਾ) ਮਿਟ ਜਾਂਦਾ ਹੈ, ਉਸ ਦੀ ਸੋਭਾ ਸਭ ਥਾਈਂ ਪਸਰ ਜਾਂਦੀ ਹੈ ॥੩॥

ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖੁ ਸੁਭਾਈ ॥

ਉਹੀ ਮਨੁੱਖ ਗਿਆਨਵਾਨ ਹੈ, ਉਹੀ ਮਨੁੱਖ ਸੁਰਤਿ-ਅੱਭਿਆਸੀ ਹੈ, ਉਹੀ ਮਨੁੱਖ ਪਿਆਰ-ਸੁਭਾਵ ਵਾਲਾ ਹੈ,

ਕਹੁ ਨਾਨਕ ਜਿਸੁ ਭਏ ਦਇਆਲਾ ਤਾ ਕਉ ਮਨ ਤੇ ਬਿਸਰਿ ਨ ਜਾਈ ॥੪॥੮॥

ਨਾਨਕ ਆਖਦਾ ਹੈ- ਜਿਸ ਮਨੁੱਖ ਉੱਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ, ਉਸ ਮਨੁੱਖ ਨੂੰ ਪਰਮਾਤਮਾ ਮਨ ਤੋਂ ਕਦੇ ਭੀ ਨਹੀਂ ਭੁੱਲਦਾ ॥੪॥੮॥


ਸੋਰਠਿ ਮਹਲਾ ੫ ॥
ਸਗਲ ਸਮਗ੍ਰੀ ਮੋਹਿ ਵਿਆਪੀ ਕਬ ਊਚੇ ਕਬ ਨੀਚੇ ॥

ਹੇ ਭਾਈ! ਸਾਰੀ ਦੁਨੀਆ ਮੋਹ ਵਿਚ ਫਸੀ ਹੋਈ ਹੈ (ਇਸ ਦੇ ਕਾਰਨ) ਕਦੇ (ਜੀਵ) ਅਹੰਕਾਰ ਵਿਚ ਆ ਜਾਂਦੇ ਹਨ, ਕਦੇ ਘਬਰਾਹਟ ਵਿਚ ਪੈ ਜਾਂਦੇ ਹਨ।

ਸੁਧੁ ਨ ਹੋਈਐ ਕਾਹੂ ਜਤਨਾ ਓੜਕਿ ਕੋ ਨ ਪਹੂਚੇ ॥੧॥

ਆਪਣੇ ਕਿਸੇ ਭੀ ਜਤਨ ਨਾਲ (ਮੋਹ ਦੀ ਮੈਲ ਤੋਂ) ਪਵਿਤ੍ਰ ਨਹੀਂ ਹੋ ਸਕੀਦਾ। ਕੋਈ ਭੀ ਮਨੁੱਖ (ਆਪਣੇ ਜਤਨ ਨਾਲ ਮੋਹ ਦੇ) ਪਾਰਲੇ ਬੰਨੇ ਨਹੀਂ ਪਹੁੰਚ ਸਕਦਾ ॥੧॥

ਮੇਰੇ ਮਨ ਸਾਧ ਸਰਣਿ ਛੁਟਕਾਰਾ ॥

ਹੇ ਮੇਰੇ ਮਨ! ਗੁਰੂ ਦੀ ਸਰਨ ਪਿਆਂ ਹੀ (ਮੋਹ ਤੋਂ) ਖ਼ਲਾਸੀ ਹੋ ਸਕਦੀ ਹੈ।

ਬਿਨੁ ਗੁਰ ਪੂਰੇ ਜਨਮ ਮਰਣੁ ਨ ਰਹਈ ਫਿਰਿ ਆਵਤ ਬਾਰੋ ਬਾਰਾ ॥ ਰਹਾਉ ॥

ਪੂਰੇ ਗੁਰੂ ਤੋਂ ਬਿਨਾ (ਜੀਵ ਦਾ) ਜਨਮ ਮਰਨ (ਦਾ ਗੇੜ) ਨਹੀਂ ਮੁੱਕਦਾ, (ਜੀਵ) ਮੁੜ ਮੁੜ (ਜਗਤ ਵਿਚ) ਆਉਂਦਾ ਰਹਿੰਦਾ ਹੈ ਰਹਾਉ॥

ਓਹੁ ਜੁ ਭਰਮੁ ਭੁਲਾਵਾ ਕਹੀਅਤ ਤਿਨ ਮਹਿ ਉਰਝਿਓ ਸਗਲ ਸੰਸਾਰਾ ॥

ਜਿਸ ਮਾਨਸਕ ਹਾਲਤ ਨੂੰ ‘ਭਰਮ ਭੁਲਾਵਾ’ ਆਖੀਦਾ ਹੈ, ਸਾਰਾ ਜਗਤ ਉਹਨਾਂ (ਭਰਮ ਭੁਲਾਵਿਆਂ ਵਿਚ) ਫਸਿਆ ਪਿਆ ਹੈ।

ਪੂਰਨ ਭਗਤੁ ਪੁਰਖ ਸੁਆਮੀ ਕਾ ਸਰਬ ਥੋਕ ਤੇ ਨਿਆਰਾ ॥੨॥

ਪਰੰਤੂ ਸਰਬ-ਵਿਆਪਕ ਮਾਲਕ-ਪ੍ਰਭੂ ਦਾ ਪੂਰਨ ਭਗਤ (ਦੁਨੀਆ ਦੇ) ਸਾਰੇ ਪਦਾਰਥਾਂ (ਦੇ ਮੋਹ) ਤੋਂ ਵੱਖਰਾ ਰਹਿੰਦਾ ਹੈ ॥੨॥

ਨਿੰਦਉ ਨਾਹੀ ਕਾਹੂ ਬਾਤੈ ਏਹੁ ਖਸਮ ਕਾ ਕੀਆ ॥

ਫਿਰ ਭੀ, ਹੇ ਭਾਈ! ਇਹ ਸਾਰਾ ਜਗਤ ਮਾਲਕ-ਪ੍ਰਭੂ ਦਾ ਪੈਦਾ ਕੀਤਾ ਹੋਇਆ ਹੈ, ਮੈਂ ਇਸ ਨੂੰ ਕਿਸੇ ਗੱਲੇ ਭੀ ਮਾੜਾ ਨਹੀਂ ਆਖ ਸਕਦਾ।

ਜਾ ਕਉ ਕ੍ਰਿਪਾ ਕਰੀ ਪ੍ਰਭਿ ਮੇਰੈ ਮਿਲਿ ਸਾਧਸੰਗਤਿ ਨਾਉ ਲੀਆ ॥੩॥

ਹਾਂ, ਜਿਸ ਮਨੁੱਖ ਉਤੇ ਮੇਰੇ ਪ੍ਰਭੂ ਨੇ ਮੇਹਰ ਕਰ ਦਿੱਤੀ, ਉਹ ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਜਪਦਾ ਹੈ, (ਤੇ, ਮੋਹ ਤੋਂ ਬਚ ਨਿਕਲਦਾ ਹੈ) ॥੩॥

ਪਾਰਬ੍ਰਹਮ ਪਰਮੇਸੁਰ ਸਤਿਗੁਰ ਸਭਨਾ ਕਰਤ ਉਧਾਰਾ ॥

(ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ) ਪਰਮਾਤਮਾ ਦਾ ਰੂਪ ਗੁਰੂ ਉਹਨਾਂ ਸਭਨਾਂ ਦਾ ਪਾਰ-ਉਤਾਰਾ ਕਰ ਦੇਂਦਾ ਹੈ।

ਕਹੁ ਨਾਨਕ ਗੁਰ ਬਿਨੁ ਨਹੀ ਤਰੀਐ ਇਹੁ ਪੂਰਨ ਤਤੁ ਬੀਚਾਰਾ ॥੪॥੯॥

ਨਾਨਕ ਆਖਦਾ ਹੈ- ਅਸਾਂ ਇਹ ਪੂਰੀ ਅਸਲੀਅਤ ਵਿਚਾਰ ਲਈ ਹੈ ਕਿ ਗੁਰੂ ਦੀ ਸਰਨ ਪੈਣ ਤੋਂ ਬਿਨਾ (ਸੰਸਾਰ-ਸਮੁੰਦਰ ਤੋਂ) ਪਾਰ ਨਹੀਂ ਲੰਘ ਸਕੀਦਾ ॥੪॥੯॥


ਸੋਰਠਿ ਮਹਲਾ ੫ ॥
ਖੋਜਤ ਖੋਜਤ ਖੋਜਿ ਬੀਚਾਰਿਓ ਰਾਮ ਨਾਮੁ ਤਤੁ ਸਾਰਾ ॥

ਹੇ ਭਾਈ! ਬੜੀ ਲੰਮੀ ਖੋਜ ਕਰ ਕੇ ਅਸੀਂ ਇਸ ਵਿਚਾਰ ਤੇ ਪਹੁੰਚੇ ਹਾਂ ਕਿ ਪਰਮਾਤਮਾ ਦਾ ਨਾਮ (-ਸਿਮਰਨਾ ਹੀ ਮਨੁੱਖਾ ਜੀਵਨ ਦੀ) ਸਭ ਤੋਂ ਉੱਚੀ ਅਸਲੀਅਤ ਹੈ।

ਕਿਲਬਿਖ ਕਾਟੇ ਨਿਮਖ ਅਰਾਧਿਆ ਗੁਰਮੁਖਿ ਪਾਰਿ ਉਤਾਰਾ ॥੧॥

ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਸਿਮਰਿਆਂ (ਇਹ ਨਾਮ) ਅੱਖ ਦੇ ਫੋਰ ਵਿਚ (ਸਾਰੇ) ਪਾਪ ਕੱਟ ਦੇਂਦਾ ਹੈ, ਤੇ, (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ ॥੧॥

ਹਰਿ ਰਸੁ ਪੀਵਹੁ ਪੁਰਖ ਗਿਆਨੀ ॥

ਆਤਮਕ ਜੀਵਨ ਦੀ ਸੂਝ ਵਾਲੇ ਹੇ ਮਨੁੱਖ! (ਸਦਾ) ਪਰਮਾਤਮਾ ਦਾ ਨਾਮ-ਰਸ ਪੀਆ ਕਰ।

ਸੁਣਿ ਸੁਣਿ ਮਹਾ ਤ੍ਰਿਪਤਿ ਮਨੁ ਪਾਵੈ ਸਾਧੂ ਅੰਮ੍ਰਿਤ ਬਾਨੀ ॥ ਰਹਾਉ ॥

(ਹੇ ਭਾਈ!) ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਰਾਹੀਂ (ਪਰਮਾਤਮਾ ਦਾ) ਨਾਮ ਮੁੜ ਮੁੜ ਸੁਣ ਕੇ (ਮਨੁੱਖ ਦਾ) ਮਨ ਸਭ ਤੋਂ ਉੱਚਾ ਸੰਤੋਖ ਹਾਸਲ ਕਰ ਲੈਂਦਾ ਹੈ ਰਹਾਉ॥

ਮੁਕਤਿ ਭੁਗਤਿ ਜੁਗਤਿ ਸਚੁ ਪਾਈਐ ਸਰਬ ਸੁਖਾ ਕਾ ਦਾਤਾ ॥

ਹੇ ਭਾਈ! ਸਾਰੇ ਸੁਖਾਂ ਦਾ ਦੇਣ ਵਾਲਾ, ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਜੇ ਮਿਲ ਪਏ, ਤਾਂ ਇਹੀ ਹੈ ਵਿਕਾਰਾਂ ਤੋਂ ਖ਼ਲਾਸੀ (ਦਾ ਮੂਲ), ਇਹੀ ਹੈ (ਆਤਮਾ ਦੀ) ਖ਼ੁਰਾਕ, ਇਹੀ ਹੈ ਜੀਊਣ ਦਾ ਸੁਚੱਜਾ ਢੰਗ।

ਅਪੁਨੇ ਦਾਸ ਕਉ ਭਗਤਿ ਦਾਨੁ ਦੇਵੈ ਪੂਰਨ ਪੁਰਖੁ ਬਿਧਾਤਾ ॥੨॥

ਉਹ ਸਰਬ-ਵਿਆਪਕ ਸਿਰਜਣਹਾਰ ਪ੍ਰਭੂ ਭਗਤੀ ਦਾ (ਇਹ) ਦਾਨ ਆਪਣੇ ਸੇਵਕ ਨੂੰ (ਹੀ) ਬਖ਼ਸ਼ਦਾ ਹੈ ॥੨॥

ਸ੍ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ ॥

ਹੇ ਭਾਈ! ਉਸ (ਪ੍ਰਭੂ ਦੇ) ਹੀ (ਨਾਮ) ਨੂੰ ਕੰਨਾਂ ਨਾਲ ਸੁਣਨਾ ਚਾਹੀਦਾ ਹੈ, ਜੀਭ ਨਾਲ ਗਾਣਾ ਚਾਹੀਦਾ ਹੈ, ਹਿਰਦੇ ਵਿਚ ਆਰਾਧਣਾ ਚਾਹੀਦਾ ਹੈ,

ਕਰਣ ਕਾਰਣ ਸਮਰਥ ਸੁਆਮੀ ਜਾ ਤੇ ਬ੍ਰਿਥਾ ਨ ਕੋਈ ॥੩॥

ਜਿਸ ਜਗਤ ਦੇ ਮੂਲ ਸਭ ਤਾਕਤਾਂ ਦੇ ਮਾਲਕ ਦੇ ਦਰ ਤੋਂ ਕੋਈ ਜੀਵ ਖ਼ਾਲੀ-ਹੱਥ ਨਹੀਂ ਜਾਂਦਾ ॥੩॥

ਵਡੈ ਭਾਗਿ ਰਤਨ ਜਨਮੁ ਪਾਇਆ ਕਰਹੁ ਕ੍ਰਿਪਾ ਕਿਰਪਾਲਾ ॥

ਹੇ ਕਿਰਪਾਲ! ਵੱਡੀ ਕਿਸਮਤ ਨਾਲ ਇਹ ਸ੍ਰੇਸ਼ਟ ਮਨੁੱਖਾ ਜਨਮ ਲੱਭਾ ਹੈ (ਹੁਣ) ਮੇਹਰ ਕਰ,

ਸਾਧਸੰਗਿ ਨਾਨਕੁ ਗੁਣ ਗਾਵੈ ਸਿਮਰੈ ਸਦਾ ਗੁੋਪਾਲਾ ॥੪॥੧੦॥

ਹੇ ਗੋਪਾਲ! (ਤੇਰਾ ਸੇਵਕ) ਨਾਨਕ ਸਾਧ ਸੰਗਤਿ ਵਿਚ ਰਹਿ ਕੇ ਤੇਰੇ ਗੁਣ ਗਾਂਦਾ ਰਹੇ, ਤੇਰਾ ਨਾਮ ਸਦਾ ਸਿਮਰਦਾ ਰਹੇ ॥੪॥੧੦॥


ਸੋਰਠਿ ਮਹਲਾ ੫ ॥
ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ ॥

(ਹੇ ਭਾਈ! ਅੰਮ੍ਰਿਤ ਵੇਲੇ) ਇਸ਼ਨਾਨ ਕਰ ਕੇ, ਆਪਣੇ ਪ੍ਰਭੂ ਦਾ ਨਾਮ ਸਿਮਰ ਕੇ ਮਨ ਅਤੇ ਸਰੀਰ ਨਰੋਏ ਹੋ ਜਾਂਦੇ ਹਨ,

ਕੋਟਿ ਬਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ॥੧॥

(ਕਿਉਂਕਿ) ਪ੍ਰਭੂ ਦੀ ਸਰਨ ਪਿਆਂ (ਜੀਵਨ ਦੇ ਰਾਹ ਵਿਚ ਆਉਣ ਵਾਲੀਆਂ) ਕ੍ਰੋੜਾਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ, ਤੇ, ਪ੍ਰਭੂ ਨਾਲ ਮਿਲਾਪ ਦੇ ਚੰਗੇ ਅਵਸਰ ਉੱਘੜ ਪੈਂਦੇ ਹਨ ॥੧॥

ਪ੍ਰਭ ਬਾਣੀ ਸਬਦੁ ਸੁਭਾਖਿਆ ॥

ਹੇ ਭਾਈ! (ਗੁਰੂ ਨੇ ਆਪਣਾ) ਸ਼ਬਦ ਸੋਹਣਾ ਉਚਾਰਿਆ ਹੋਇਆ ਹੈ, (ਇਹ ਸ਼ਬਦ) ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਹੈ।

ਗਾਵਹੁ ਸੁਣਹੁ ਪੜਹੁ ਨਿਤ ਭਾਈ ਗੁਰ ਪੂਰੈ ਤੂ ਰਾਖਿਆ ॥ ਰਹਾਉ ॥

(ਇਸ ਸ਼ਬਦ ਨੂੰ) ਸਦਾ ਗਾਂਦੇ ਰਹੋ, ਸੁਣਦੇ ਰਹੋ, ਪੜ੍ਹਦੇ ਰਹੋ, (ਜੇ ਇਹ ਉੱਦਮ ਕਰਦਾ ਰਹੇਂਗਾ, ਤਾਂ ਯਕੀਨ ਰੱਖ) ਪੂਰੇ ਗੁਰੂ ਨੇ ਤੈਨੂੰ (ਜੀਵਨ ਵਿਚ ਆਉਣ ਵਾਲੀਆਂ ਰੁਕਾਵਟਾਂ ਤੋਂ) ਬਚਾ ਲਿਆ ਰਹਾਉ॥

ਸਾਚਾ ਸਾਹਿਬੁ ਅਮਿਤਿ ਵਡਾਈ ਭਗਤਿ ਵਛਲ ਦਇਆਲਾ ॥

ਹੇ ਭਾਈ! ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਬਜ਼ੁਰਗੀ ਮਿਣੀ ਨਹੀਂ ਜਾ ਸਕਦੀ, ਉਹ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਉਹ ਦਇਆ ਦਾ ਸੋਮਾ ਹੈ।

ਸੰਤਾ ਕੀ ਪੈਜ ਰਖਦਾ ਆਇਆ ਆਦਿ ਬਿਰਦੁ ਪ੍ਰਤਿਪਾਲਾ ॥੨॥

ਆਪਣੇ ਸੰਤਾਂ ਦੀ ਇੱਜ਼ਤ ਉਹ (ਸਦਾ ਤੋਂ ਹੀ) ਰੱਖਦਾ ਆਇਆ ਹੈ, ਆਪਣਾ ਇਹ ਮੁੱਢ-ਕਦੀਮਾਂ ਦਾ ਸੁਭਾਉ ਉਹ ਸ਼ੁਰੂ ਤੋਂ ਹੀ ਪਾਲਦਾ ਆ ਰਿਹਾ ਹੈ ॥੨॥

ਹਰਿ ਅੰਮ੍ਰਿਤ ਨਾਮੁ ਭੋਜਨੁ ਨਿਤ ਭੁੰਚਹੁ ਸਰਬ ਵੇਲਾ ਮੁਖਿ ਪਾਵਹੁ ॥

ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਇਹ (ਆਤਮਕ) ਖ਼ੁਰਾਕ ਸਦਾ ਖਾਂਦੇ ਰਹੋ, ਹਰ ਵੇਲੇ ਆਪਣੇ ਮੂੰਹ ਵਿਚ ਪਾਂਦੇ ਰਹੋ।

ਜਰਾ ਮਰਾ ਤਾਪੁ ਸਭੁ ਨਾਠਾ ਗੁਣ ਗੋਬਿੰਦ ਨਿਤ ਗਾਵਹੁ ॥੩॥

ਹੇ ਭਾਈ! ਗੋਬਿੰਦ ਦੇ ਗੁਣ ਸਦਾ ਗਾਂਦੇ ਰਹੋ (ਆਤਮਕ ਜੀਵਨ ਨੂੰ) ਨਾਹ ਬੁਢੇਪਾ ਆਵੇਗਾ ਨਾ ਮੌਤ ਆਵੇਗੀ, ਹਰੇਕ ਦੁੱਖ-ਕਲੇਸ਼ ਦੂਰ ਹੋ ਜਾਇਗਾ ॥੩॥

ਸੁਣੀ ਅਰਦਾਸਿ ਸੁਆਮੀ ਮੇਰੈ ਸਰਬ ਕਲਾ ਬਣਿ ਆਈ ॥

ਹੇ ਭਾਈ! (ਜਿਸ ਭੀ ਮਨੁੱਖ ਨੇ ਗੁਰੂ ਦੇ ਸ਼ਬਦ ਦਾ ਆਸਰਾ ਲੈ ਕੇ ਪ੍ਰਭੂ ਦਾ ਨਾਮ ਜਪਿਆ) ਮੇਰੇ ਮਾਲਕ ਨੇ ਉਸ ਦੀ ਅਰਦਾਸਿ ਸੁਣ ਲਈ, (ਕ੍ਰੋੜਾਂ ਵਿਘਨਾਂ ਦਾ ਟਾਕਰਾ ਕਰਨ ਲਈ ਉਸ ਦੇ ਅੰਦਰ) ਪੂਰੀ ਤਾਕਤ ਪੈਦਾ ਹੋ ਜਾਂਦੀ ਹੈ।

ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ ॥੪॥੧੧॥

ਹੇ ਨਾਨਕ! ਗੁਰੂ ਦੀ ਇਹ ਅਜ਼ਮਤ ਸਾਰੇ ਜੁਗਾਂ ਵਿਚ ਹੀ ਪਰਤੱਖ ਉੱਘੜ ਰਹਿੰਦੀ ਹੈ ॥੪॥੧੧॥


ਸੋਰਠਿ ਮਹਲਾ ੫ ਘਰੁ ੨ ਚਉਪਦੇ ॥

ਰਾਗ ਸੋਰਠਿ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥

(ਸਾਡਾ) ਇਕੋ ਹੀ ਪ੍ਰਭੂ-ਪਿਤਾ ਹੈ, ਅਸੀਂ ਇਕੋ ਪ੍ਰਭੂ-ਪਿਤਾ ਦੇ ਬੱਚੇ ਹਾਂ, (ਫਿਰ,) ਤੂੰ ਮੇਰਾ ਗੁਰਭਾਈ (ਭੀ) ਹੈਂ।

ਸੁਣਿ ਮੀਤਾ ਜੀਉ ਹਮਾਰਾ ਬਲਿ ਬਲਿ ਜਾਸੀ ਹਰਿ ਦਰਸਨੁ ਦੇਹੁ ਦਿਖਾਈ ॥੧॥

ਹੇ ਮਿੱਤਰ! ਮੈਨੂੰ ਪਰਮਾਤਮਾ ਦਾ ਦਰਸਨ ਕਰਾ ਦੇਹ। ਮੇਰੀ ਜਿੰਦ ਤੈਥੋਂ ਮੁੜ ਮੁੜ ਸਦਕੇ ਜਾਇਆ ਕਰੇਗੀ ॥੧॥

ਸੁਣਿ ਮੀਤਾ ਧੂਰੀ ਕਉ ਬਲਿ ਜਾਈ ॥

ਹੇ ਮਿੱਤਰ! (ਮੇਰੀ ਬੇਨਤੀ) ਸੁਣ। ਮੈਂ (ਤੇਰੇ ਚਰਨਾਂ ਦੀ) ਧੂੜ ਤੋਂ ਕੁਰਬਾਨ ਜਾਂਦਾ ਹਾਂ।

ਇਹੁ ਮਨੁ ਤੇਰਾ ਭਾਈ ॥ ਰਹਾਉ ॥

ਹੇ ਭਰਾ! (ਮੈਂ ਆਪਣਾ) ਇਹ ਮਨ ਤੇਰਾ (ਆਗਿਆਕਾਰ ਬਣਾਣ ਨੂੰ ਤਿਆਰ ਹਾਂ) ਰਹਾਉ॥

ਪਾਵ ਮਲੋਵਾ ਮਲਿ ਮਲਿ ਧੋਵਾ ਇਹੁ ਮਨੁ ਤੈ ਕੂ ਦੇਸਾ ॥

ਹੇ ਮਿੱਤਰ! ਮੈਂ (ਤੇਰੇ ਦੋਵੇਂ) ਪੈਰ ਮਲਾਂਗਾ, (ਇਹਨਾਂ ਨੂੰ) ਮਲ ਮਲ ਕੇ ਧੋਵਾਂਗਾ, ਮੈਂ ਆਪਣਾ ਇਹ ਮਨ ਤੇਰੇ ਹਵਾਲੇ ਕਰ ਦਿਆਂਗਾ।

ਸੁਣਿ ਮੀਤਾ ਹਉ ਤੇਰੀ ਸਰਣਾਈ ਆਇਆ ਪ੍ਰਭ ਮਿਲਉ ਦੇਹੁ ਉਪਦੇਸਾ ॥੨॥

ਹੇ ਮਿੱਤਰ! (ਮੇਰੀ ਬੇਨਤੀ) ਸੁਣ। ਮੈਂ ਤੇਰੀ ਸ਼ਰਨ ਆਇਆ ਹਾਂ। ਮੈਨੂੰ (ਅਜੇਹਾ) ਉਪਦੇਸ਼ ਦੇਹ (ਕਿ) ਮੈਂ ਪ੍ਰਭੂ ਨੂੰ ਮਿਲ ਸਕਾਂ ॥੨॥

ਮਾਨੁ ਨ ਕੀਜੈ ਸਰਣਿ ਪਰੀਜੈ ਕਰੈ ਸੁ ਭਲਾ ਮਨਾਈਐ ॥

{ਨੋਟ: ਗੁਰਮੁਖਿ ਪ੍ਰਭੂ-ਮਿਲਾਪ ਦੀ ਜੁਗਤਿ ਦੱਸਦਾ ਹੈ} ਹੇ ਮਿੱਤਰ! ਸੁਣ। (ਕਿਸੇ ਕਿਸਮ ਦਾ) ਅਹੰਕਾਰ ਨਹੀਂ ਕਰਨਾ ਚਾਹੀਦਾ, ਪ੍ਰਭੂ ਦੀ ਸ਼ਰਨ ਪਏ ਰਹਿਣਾ ਚਾਹੀਦਾ ਹੈ। ਜੋ ਕੁਝ ਪਰਮਾਤਮਾ ਕਰ ਰਿਹਾ ਹੈ, ਉਸ ਨੂੰ ਭਲਾ ਕਰ ਕੇ ਮੰਨਣਾ ਚਾਹੀਦਾ ਹੈ।

ਸੁਣਿ ਮੀਤਾ ਜੀਉ ਪਿੰਡੁ ਸਭੁ ਤਨੁ ਅਰਪੀਜੈ ਇਉ ਦਰਸਨੁ ਹਰਿ ਜੀਉ ਪਾਈਐ ॥੩॥

ਇਹ ਜਿੰਦ ਤੇ ਇਹ ਸਰੀਰ ਸਭ ਕੁਝ ਉਸ ਦੀ ਭੇਟ ਕਰ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਪਰਮਾਤਮਾ ਨੂੰ ਲੱਭ ਲਈਦਾ ਹੈ ॥੩॥

ਭਇਓ ਅਨੁਗ੍ਰਹੁ ਪ੍ਰਸਾਦਿ ਸੰਤਨ ਕੈ ਹਰਿ ਨਾਮਾ ਹੈ ਮੀਠਾ ॥

ਹੇ ਮਿੱਤਰ! ਸੰਤ ਜਨਾਂ ਦੀ ਕਿਰਪਾ ਨਾਲ (ਜਿਸ ਮਨੁੱਖ ਉਤੇ ਪ੍ਰਭੂ ਦੀ) ਮੇਹਰ ਹੋਵੇ ਉਸ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ।

ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਸਭੁ ਅਕੁਲ ਨਿਰੰਜਨੁ ਡੀਠਾ ॥੪॥੧॥੧੨॥

(ਹੇ ਮਿੱਤਰ!) ਦਾਸ ਨਾਨਕ ਉੱਤੇ ਗੁਰੂ ਨੇ ਕਿਰਪਾ ਕੀਤੀ ਤਾਂ (ਨਾਨਕ ਨੂੰ) ਹਰ ਥਾਂ ਉਹ ਪ੍ਰਭੂ ਦਿੱਸਣ ਲੱਗ ਪਿਆ, ਜਿਸ ਦੀ ਕੋਈ ਖ਼ਾਸ ਕੁਲ ਨਹੀਂ, ਤੇ, ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ॥੪॥੧॥੧੨॥


ਸੋਰਠਿ ਮਹਲਾ ੫ ॥
ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ ਸਰਬ ਜੀਆ ਕਾ ਦਾਤਾ ਰੇ ॥

ਹੇ ਭਾਈ! ਜੇਹੜਾ ਕ੍ਰੋੜਾਂ ਬ੍ਰਹਮੰਡਾਂ ਦਾ ਪਾਲਣਹਾਰ ਮਾਲਕ ਹੈ, ਜੇਹੜਾ ਸਾਰੇ ਜੀਵਾਂ ਨੂੰ (ਰਿਜ਼ਕ ਆਦਿਕ) ਦਾਤਾਂ ਦੇਣ ਵਾਲਾ ਹੈ,

ਪ੍ਰਤਿਪਾਲੈ ਨਿਤ ਸਾਰਿ ਸਮਾਲੈ ਇਕੁ ਗੁਨੁ ਨਹੀ ਮੂਰਖਿ ਜਾਤਾ ਰੇ ॥੧॥

ਜੇਹੜਾ (ਸਭ ਜੀਵਾਂ ਨੂੰ) ਪਾਲਦਾ ਹੈ, ਸਦਾ (ਸਭ ਦੀ) ਸਾਰ ਲੈ ਕੇ ਸੰਭਾਲ ਕਰਦਾ ਹੈ, ਮੈਂ ਮੂਰਖ ਨੇ ਉਸ ਪਰਮਾਤਮਾ ਦਾ ਇੱਕ (ਭੀ) ਉਪਕਾਰ ਨਹੀਂ ਸਮਝਿਆ ॥੧॥

ਹਰਿ ਆਰਾਧਿ ਨ ਜਾਨਾ ਰੇ ॥

ਹੇ ਭਾਈ! ਮੈਨੂੰ ਪਰਮਾਤਮਾ ਦਾ ਸਿਮਰਨ ਕਰਨ ਦੀ ਜਾਚ ਨਹੀਂ।

ਹਰਿ ਹਰਿ ਗੁਰੁ ਗੁਰੁ ਕਰਤਾ ਰੇ ॥

ਮੈਂ (ਤਾਂ ਜ਼ਬਾਨੀ ਜ਼ਬਾਨੀ ਹੀ) ‘ਹਰੀ ਹਰੀ’, ‘ਗੁਰੂ ਗੁਰੂ’ ਕਰਦਾ ਰਹਿੰਦਾ ਹਾਂ।

ਹਰਿ ਜੀਉ ਨਾਮੁ ਪਰਿਓ ਰਾਮਦਾਸੁ ॥ ਰਹਾਉ ॥

ਹੇ ਪ੍ਰਭੂ ਜੀ! ਮੇਰਾ ਨਾਮ “ਰਾਮ ਦਾ ਦਾਸ” ਪੈ ਗਿਆ ਹੈ (ਹੁਣ ਤੂੰ ਹੀ ਮੇਰੀ ਲਾਜ ਰੱਖ, ਤੇ, ਭਗਤੀ ਦੀ ਦਾਤਿ ਦੇਹ) ਰਹਾਉ॥

ਦੀਨ ਦਇਆਲ ਕ੍ਰਿਪਾਲ ਸੁਖ ਸਾਗਰ ਸਰਬ ਘਟਾ ਭਰਪੂਰੀ ਰੇ ॥

ਹੇ ਭਾਈ! ਜੇਹੜਾ ਪ੍ਰਭੂ ਗ਼ਰੀਬਾਂ ਉਤੇ ਦਇਆ ਕਰਨ ਵਾਲਾ ਹੈ, ਜੇਹੜਾ ਦਇਆ ਦਾ ਘਰ ਹੈ, ਜੇਹੜਾ ਸੁਖਾਂ ਦਾ ਸਮੁੰਦਰ ਹੈ, ਜੇਹੜਾ ਸਾਰੇ ਸਰੀਰਾਂ ਵਿਚ ਹਰ ਥਾਂ ਮੌਜੂਦ ਹੈ,

ਪੇਖਤ ਸੁਨਤ ਸਦਾ ਹੈ ਸੰਗੇ ਮੈ ਮੂਰਖ ਜਾਨਿਆ ਦੂਰੀ ਰੇ ॥੨॥

ਜੇਹੜਾ ਸਭ ਜੀਵਾਂ ਦੇ ਅੰਗ-ਸੰਗ ਰਹਿ ਕੇ ਸਭਨਾਂ ਦੇ ਕਰਮ ਵੇਖਦਾ ਹੈ ਤੇ (ਸਭ ਦੀਆਂ ਅਰਜ਼ੋਈਆਂ) ਸੁਣਦਾ ਰਹਿੰਦਾ ਹੈ, ਮੈਂ ਮੂਰਖ ਉਸ ਪਰਮਾਤਮਾ ਨੂੰ ਕਿਤੇ ਦੂਰ-ਵੱਸਦਾ ਸਮਝ ਰਿਹਾ ਹਾਂ ॥੨॥

ਹਰਿ ਬਿਅੰਤੁ ਹਉ ਮਿਤਿ ਕਰਿ ਵਰਨਉ ਕਿਆ ਜਾਨਾ ਹੋਇ ਕੈਸੋ ਰੇ ॥

ਹੇ ਭਾਈ! ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਪਰ ਮੈਂ ਉਸ ਦੇ ਗੁਣਾਂ ਨੂੰ ਹੱਦ-ਬੰਦੀ ਵਿਚ ਲਿਆ ਕੇ ਬਿਆਨ ਕਰਦਾ ਹਾਂ। ਮੈਂ ਕੀਹ ਜਾਣ ਸਕਦਾ ਹਾਂ ਕਿ ਉਹ ਪਰਮਾਤਮਾ ਕਿਹੋ ਜਿਹਾ ਹੈ?

ਕਰਉ ਬੇਨਤੀ ਸਤਿਗੁਰ ਅਪੁਨੇ ਮੈ ਮੂਰਖ ਦੇਹੁ ਉਪਦੇਸੋ ਰੇ ॥੩॥

ਹੇ ਭਾਈ! ਮੈਂ ਆਪਣੇ ਗੁਰੂ ਦੇ ਪਾਸ ਬੇਨਤੀ ਕਰਦਾ ਹਾਂ ਕਿ ਮੈਨੂੰ ਮੂਰਖ ਨੂੰ ਸਿੱਖਿਆ ਦੇਵੇ ॥੩॥

ਮੈ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ ॥

ਹੇ ਭਾਈ! ਮੈਨੂੰ ਮੂਰਖ ਨੂੰ ਪਾਰ ਲੰਘਾਣਾ (ਗੁਰੂ ਵਾਸਤੇ) ਕੋਈ ਵੱਡੀ ਗੱਲ ਨਹੀਂ (ਉਸ ਦੇ ਦਰ ਤੇ ਆ ਕੇ ਤਾਂ) ਕ੍ਰੋੜਾਂ ਪਾਪੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਰਹੇ ਹਨ।

ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ ॥੪॥੨॥੧੩॥

ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਨਾਨਕ (ਦੇ ਉਪਦੇਸ਼) ਨੂੰ ਸੁਣਿਆ ਹੈ ਗੁਰੂ ਨਾਨਕ ਦਾ ਦਰਸ਼ਨ ਕੀਤਾ ਹੈ, ਉਹ ਮੁੜ ਕਦੇ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦੇ ॥੪॥੨॥੧੩॥


ਸੋਰਠਿ ਮਹਲਾ ੫ ॥
ਜਿਨਾ ਬਾਤ ਕੋ ਬਹੁਤੁ ਅੰਦੇਸਰੋ ਤੇ ਮਿਟੇ ਸਭਿ ਗਇਆ ॥

ਹੇ ਭਾਈ! ਜਿਨ੍ਹਾਂ ਗੱਲਾਂ ਦਾ ਮੈਨੂੰ ਬਹੁਤ ਚਿੰਤਾ-ਫ਼ਿਕਰ ਲੱਗਾ ਰਹਿੰਦਾ ਸੀ (ਗੁਰੂ ਦੀ ਕਿਰਪਾ ਨਾਲ) ਉਹ ਸਾਰੇ ਚਿੰਤਾ-ਫ਼ਿਕਰ ਮਿਟ ਗਏ ਹਨ।

ਸਹਜ ਸੈਨ ਅਰੁ ਸੁਖਮਨ ਨਾਰੀ ਊਧ ਕਮਲ ਬਿਗਸਇਆ ॥੧॥

ਮੇਰਾ ਪੁੱਠਾ ਪਿਆ ਹੋਇਆ ਹਿਰਦਾ-ਕੌਲ ਫੁੱਲ ਖਿੜ ਪਿਆ ਹੈ, ਆਤਮਕ ਅਡੋਲਤਾ ਵਿਚ ਮੇਰੀ ਲੀਨਤਾ ਹੋਈ ਰਹਿੰਦੀ ਹੈ, ਅਤੇ, ਮੇਰੀਆਂ ਸਾਰੀਆਂ ਇੰਦ੍ਰੀਆਂ ਹੁਣ ਮੇਰੇ ਮਨ ਨੂੰ ਆਤਮਕ ਸੁਖ ਦੇਣ ਵਾਲੀਆਂ ਹੋ ਗਈਆਂ ਹਨ ॥੧॥

ਦੇਖਹੁ ਅਚਰਜੁ ਭਇਆ ॥

ਹੇ ਭਾਈ! ਵੇਖੋ (ਮੇਰੇ ਅੰਦਰ) ਇਕ ਅਨੋਖਾ ਕੌਤਕ ਵਰਤਿਆ ਹੈ।

ਜਿਹ ਠਾਕੁਰ ਕਉ ਸੁਨਤ ਅਗਾਧਿ ਬੋਧਿ ਸੋ ਰਿਦੈ ਗੁਰਿ ਦਇਆ ॥ ਰਹਾਉ ॥

ਗੁਰੂ ਨੇ (ਮੈਨੂੰ ਮੇਰੇ) ਹਿਰਦੇ ਵਿਚ ਉਹ ਪਰਮਾਤਮਾ (ਵਿਖਾ) ਦਿੱਤਾ ਹੈ ਜਿਸ ਦੀ ਬਾਬਤ ਸੁਣਦੇ ਸਾਂ ਕਿ ਉਹ ਮਨੁੱਖਾ ਸਮਝ ਤੋਂ ਬਹੁਤ ਪਰੇ ਹੈ ਰਹਾਉ॥

ਜੋਇ ਦੂਤ ਮੋਹਿ ਬਹੁਤੁ ਸੰਤਾਵਤ ਤੇ ਭਇਆਨਕ ਭਇਆ ॥

ਹੇ ਭਾਈ! ਜੇਹੜੇ (ਕਾਮਾਦਿਕ) ਵੈਰੀ ਮੈਨੂੰ ਬਹੁਤ ਸਤਾਇਆ ਕਰਦੇ ਸਨ, ਉਹ ਹੁਣ (ਮੇਰੇ ਨੇੜੇ ਢੁਕਣੋਂ) ਡਰਦੇ ਹਨ,

ਕਰਹਿ ਬੇਨਤੀ ਰਾਖੁ ਠਾਕੁਰ ਤੇ ਹਮ ਤੇਰੀ ਸਰਨਇਆ ॥੨॥

ਉਹ ਸਗੋਂ ਤਰਲੇ ਕਰਦੇ ਹਨ ਕਿ ਅਸੀਂ ਹੁਣ ਤੇਰੇ ਅਧੀਨ ਹੋ ਕੇ ਰਹਾਂਗੇ, ਸਾਨੂੰ ਮਾਲਕ-ਪ੍ਰਭੂ (ਦੀ ਕ੍ਰੋਪੀ) ਤੋਂ ਬਚਾ ਲੈ ॥੨॥

ਜਹ ਭੰਡਾਰੁ ਗੋਬਿੰਦ ਕਾ ਖੁਲਿਆ ਜਿਹ ਪ੍ਰਾਪਤਿ ਤਿਹ ਲਇਆ ॥

ਹੇ ਭਾਈ! (ਮੇਰੇ ਅੰਦਰ ਉਹ ਕੌਤਕ ਅਜੇਹਾ ਵਰਤਿਆ ਹੈ) ਕਿ ਉਸ ਅਵਸਥਾ ਵਿਚ ਪਰਮਾਤਮਾ (ਦੀ ਭਗਤੀ) ਦਾ ਖ਼ਜ਼ਾਨਾ (ਮੇਰੇ ਅੰਦਰ) ਖੁਲ੍ਹ ਪਿਆ ਹੈ। ਪਰ (ਹੇ ਭਾਈ! ਇਹ ਖ਼ਜ਼ਾਨਾ) ਉਸ ਮਨੁੱਖ ਨੂੰ ਹੀ ਮਿਲਦਾ ਹੈ ਜਿਸ ਦੇ ਭਾਗਾਂ ਵਿਚ ਇਸ ਦੀ ਪ੍ਰਾਪਤੀ ਲਿਖੀ ਹੋਈ ਹੈ।

ਏਕੁ ਰਤਨੁ ਮੋ ਕਉ ਗੁਰਿ ਦੀਨਾ ਮੇਰਾ ਮਨੁ ਤਨੁ ਸੀਤਲੁ ਥਿਆ ॥੩॥

ਹੇ ਭਾਈ! ਗੁਰੂ ਨੇ ਮੈਨੂੰ (ਪਰਮਾਤਮਾ ਦਾ ਨਾਮ) ਇਕ ਐਸਾ ਰਤਨ ਦੇ ਦਿੱਤਾ ਹੈ ਕਿ (ਉਸ ਦੀ ਬਰਕਤਿ ਨਾਲ) ਮੇਰਾ ਮਨ ਠੰਢਾ-ਠਾਰ ਹੋ ਗਿਆ ਹੈ, ਮੇਰਾ ਸਰੀਰ ਸ਼ਾਂਤ ਹੋ ਗਿਆ ਹੈ ॥੩॥

ਏਕ ਬੂੰਦ ਗੁਰਿ ਅੰਮ੍ਰਿਤੁ ਦੀਨੋ ਤਾ ਅਟਲੁ ਅਮਰੁ ਨ ਮੁਆ ॥

ਹੇ ਭਾਈ! ਗੁਰੂ ਨੇ ਮੈਨੂੰ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਇਕ ਬੂੰਦ ਦਿੱਤੀ ਹੈ, ਹੁਣ ਮੇਰਾ ਆਤਮਾ (ਵਿਕਾਰਾਂ ਵਲੋਂ) ਅਡੋਲ ਹੋ ਗਿਆ ਹੈ, ਆਤਮਕ ਮੌਤ ਤੋਂ ਮੈਂ ਬਚ ਗਿਆ ਹਾਂ, ਆਤਮਕ ਮੌਤ ਮੇਰੇ ਨੇੜੇ ਨਹੀਂ ਢੁਕਦੀ।

ਭਗਤਿ ਭੰਡਾਰ ਗੁਰਿ ਨਾਨਕ ਕਉ ਸਉਪੇ ਫਿਰਿ ਲੇਖਾ ਮੂਲਿ ਨ ਲਇਆ ॥੪॥੩॥੧੪॥

ਹੇ ਭਾਈ! (ਜਦੋਂ ਤੋਂ) ਗੁਰੂ ਨੇ ਨਾਨਕ ਨੂੰ ਪਰਮਾਤਮਾ ਦੀ ਭਗਤੀ ਦੇ ਖ਼ਜ਼ਾਨੇ ਬਖ਼ਸ਼ ਦਿੱਤੇ ਹਨ, ਉਸ ਤੋਂ ਪਿੱਛੋਂ ਕੀਤੇ ਕਰਮਾਂ ਦਾ ਹਿਸਾਬ ਉੱਕਾ ਹੀ ਨਹੀਂ ਮੰਗਿਆ ॥੪॥੩॥੧੪॥


ਸੋਰਠਿ ਮਹਲਾ ੫ ॥
ਚਰਨ ਕਮਲ ਸਿਉ ਜਾ ਕਾ ਮਨੁ ਲੀਨਾ ਸੇ ਜਨ ਤ੍ਰਿਪਤਿ ਅਘਾਈ ॥

ਹੇ ਭਾਈ! ਜਿਨ੍ਹਾਂ ਮਨੁੱਖਾਂ ਦਾ ਮਨ ਪ੍ਰਭੂ ਦੇ ਕੌਲ ਫੁੱਲਾਂ ਵਰਗੇ ਕੋਮਲ ਚਰਨਾਂ ਨਾਲ ਪਰਚ ਜਾਂਦਾ ਹੈ, ਉਹ ਮਨੁੱਖ (ਮਾਇਆ ਵਲੋਂ) ਪੂਰੇ ਤੌਰ ਤੇ ਸੰਤੋਖੀ ਰਹਿੰਦੇ ਹਨ।

ਗੁਣ ਅਮੋਲ ਜਿਸੁ ਰਿਦੈ ਨ ਵਸਿਆ ਤੇ ਨਰ ਤ੍ਰਿਸਨ ਤ੍ਰਿਖਾਈ ॥੧॥

ਪਰ ਜਿਸ ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੇ ਅਮੋਲਕ ਗੁਣ ਨਹੀਂ ਆ ਵੱਸਦੇ, ਉਹ ਮਨੁੱਖ ਮਾਇਆ ਦੀ ਤ੍ਰਿਸ਼ਨਾ ਵਿਚ ਫਸੇ ਰਹਿੰਦੇ ਹਨ ॥੧॥

ਹਰਿ ਆਰਾਧੇ ਅਰੋਗ ਅਨਦਾਈ ॥

ਹੇ ਭਾਈ! ਪਰਮਾਤਮਾ ਦਾ ਆਰਾਧਨ ਕਰਨ ਨਾਲ ਨਰੋਏ ਹੋ ਜਾਈਦਾ ਹੈ, ਆਤਮਕ ਅਨੰਦ ਬਣਿਆ ਰਹਿੰਦਾ ਹੈ।

ਜਿਸ ਨੋ ਵਿਸਰੈ ਮੇਰਾ ਰਾਮ ਸਨੇਹੀ ਤਿਸੁ ਲਾਖ ਬੇਦਨ ਜਣੁ ਆਈ ॥ ਰਹਾਉ ॥

ਪਰ ਜਿਸ ਮਨੁੱਖ ਨੂੰ ਮੇਰਾ ਪਿਆਰਾ ਪ੍ਰਭੂ ਭੁੱਲ ਜਾਂਦਾ ਹੈ, ਉਸ ਉਤੇ (ਇਉਂ) ਜਾਣੋ (ਜਿਵੇਂ) ਲੱਖਾਂ ਤਕਲੀਫ਼ਾਂ ਆ ਪੈਂਦੀਆਂ ਹਨ ਰਹਾਉ॥

ਜਿਹ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ ॥

ਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਨੇ ਤੇਰਾ ਆਸਰਾ ਲਿਆ, ਉਹ ਤੇਰੀ ਸ਼ਰਨ ਵਿਚ ਰਹਿ ਕੇ ਸੁਖ ਮਾਣਦੇ ਹਨ।

ਜਿਹ ਨਰ ਬਿਸਰਿਆ ਪੁਰਖੁ ਬਿਧਾਤਾ ਤੇ ਦੁਖੀਆ ਮਹਿ ਗਨਣੇ ॥੨॥

ਪਰ, ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਸਰਬ-ਵਿਆਪਕ ਕਰਤਾਰ ਭੁੱਲ ਜਾਂਦਾ ਹੈ, ਉਹ ਮਨੁੱਖ ਦੁਖੀਆਂ ਵਿਚ ਗਿਣੇ ਜਾਂਦੇ ਹਨ ॥੨॥

ਜਿਹ ਗੁਰ ਮਾਨਿ ਪ੍ਰਭੂ ਲਿਵ ਲਾਈ ਤਿਹ ਮਹਾ ਅਨੰਦ ਰਸੁ ਕਰਿਆ ॥

ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਆਗਿਆ ਮੰਨ ਕੇ ਪਰਮਾਤਮਾ ਵਿਚ ਸੁਰਤਿ ਜੋੜ ਲਈ, ਉਹਨਾਂ ਨੇ ਬੜਾ ਆਨੰਦ ਬੜਾ ਰਸ ਮਾਣਿਆ।

ਜਿਹ ਪ੍ਰਭੂ ਬਿਸਾਰਿ ਗੁਰ ਤੇ ਬੇਮੁਖਾਈ ਤੇ ਨਰਕ ਘੋਰ ਮਹਿ ਪਰਿਆ ॥੩॥

ਪਰ ਜੇਹੜੇ ਮਨੁੱਖ ਪਰਮਾਤਮਾ ਨੂੰ ਭੁਲਾ ਕੇ ਗੁਰੂ ਵਲੋਂ ਮੂੰਹ ਮੋੜੀ ਰੱਖਦੇ ਹਨ ਉਹ ਭਿਆਨਕ ਨਰਕ ਵਿਚ ਪਏ ਰਹਿੰਦੇ ਹਨ ॥੩॥

ਜਿਤੁ ਕੋ ਲਾਇਆ ਤਿਤ ਹੀ ਲਾਗਾ ਤੈਸੋ ਹੀ ਵਰਤਾਰਾ ॥

(ਪਰ ਜੀਵਾਂ ਦੇ ਕੀਹ ਵੱਸ?) ਜਿਸ ਕੰਮ ਵਿਚ ਪਰਮਾਤਮਾ ਕਿਸੇ ਜੀਵ ਨੂੰ ਲਾਂਦਾ ਹੈ ਉਸੇ ਕੰਮ ਵਿਚ ਹੀ ਉਹ ਲੱਗਾ ਰਹਿੰਦਾ ਹੈ, ਹਰੇਕ ਜੀਵ ਉਹੋ ਜਿਹੀ ਵਰਤੋਂ ਹੀ ਕਰਦਾ ਹੈ।

ਨਾਨਕ ਸਹ ਪਕਰੀ ਸੰਤਨ ਕੀ ਰਿਦੈ ਭਏ ਮਗਨ ਚਰਨਾਰਾ ॥੪॥੪॥੧੫॥

ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ (ਪ੍ਰਭੂ ਦੀ ਪ੍ਰੇਰਨਾ ਨਾਲ) ਸੰਤ ਜਨਾਂ ਦਾ ਆਸਰਾ ਲਿਆ ਹੈ ਉਹ ਅੰਦਰੋਂ ਪ੍ਰਭੂ ਦੇ ਚਰਨਾਂ ਵਿਚ ਹੀ ਮਸਤ ਰਹਿੰਦੇ ਹਨ ॥੪॥੪॥੧੫॥


ਸੋਰਠਿ ਮਹਲਾ ੫ ॥
ਰਾਜਨ ਮਹਿ ਰਾਜਾ ਉਰਝਾਇਓ ਮਾਨਨ ਮਹਿ ਅਭਿਮਾਨੀ ॥

(ਹੇ ਭਾਈ! ਜਿਵੇਂ) ਰਾਜ ਦੇ ਕੰਮਾਂ ਵਿਚ ਰਾਜਾ ਮਗਨ ਰਹਿੰਦਾ ਹੈ, ਜਿਵੇਂ ਮਾਣ ਵਧਾਣ ਵਾਲੇ ਕੰਮਾਂ ਵਿਚ ਆਦਰ-ਮਾਣ ਦਾ ਭੁੱਖਾ ਮਨੁੱਖ ਪਰਚਿਆ ਰਹਿੰਦਾ ਹੈ,

ਲੋਭਨ ਮਹਿ ਲੋਭੀ ਲੋਭਾਇਓ ਤਿਉ ਹਰਿ ਰੰਗਿ ਰਚੇ ਗਿਆਨੀ ॥੧॥

ਜਿਵੇਂ ਲਾਲਚੀ ਮਨੁੱਖ ਲਾਲਚ ਵਧਾਣ ਵਾਲੇ ਆਹਰਾਂ ਵਿਚ ਫਸਿਆ ਰਹਿੰਦਾ ਹੈ, ਤਿਵੇਂ ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ ਪ੍ਰਭੂ ਦੇ ਪ੍ਰੇਮ-ਰੰਗ ਵਿਚ ਮਸਤ ਰਹਿੰਦਾ ਹੈ ॥੧॥

ਹਰਿ ਜਨ ਕਉ ਇਹੀ ਸੁਹਾਵੈ ॥

ਪਰਮਾਤਮਾ ਦੇ ਭਗਤ ਨੂੰ ਇਹੀ ਕਾਰ ਚੰਗੀ ਲੱਗਦੀ ਹੈ।

ਪੇਖਿ ਨਿਕਟਿ ਕਰਿ ਸੇਵਾ ਸਤਿਗੁਰ ਹਰਿ ਕੀਰਤਨਿ ਹੀ ਤ੍ਰਿਪਤਾਵੈ ॥ ਰਹਾਉ ॥

(ਭਗਤ ਪਰਮਾਤਮਾ ਨੂੰ) ਅੰਗ-ਸੰਗ ਵੇਖ ਕੇ, ਤੇ, ਗੁਰੂ ਦੀ ਸੇਵਾ ਕਰਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਹੀ ਪ੍ਰਸੰਨ ਰਹਿੰਦਾ ਹੈ ਰਹਾਉ॥

ਅਮਲਨ ਸਿਉ ਅਮਲੀ ਲਪਟਾਇਓ ਭੂਮਨ ਭੂਮਿ ਪਿਆਰੀ ॥

ਹੇ ਭਾਈ! ਨਸ਼ਿਆਂ ਦਾ ਪ੍ਰੇਮੀ ਮਨੁੱਖ ਨਸ਼ਿਆਂ ਨਾਲ ਚੰਬੜਿਆ ਰਹਿੰਦਾ ਹੈ, ਜ਼ਮੀਨ ਦੇ ਮਾਲਕਾਂ ਨੂੰ ਜ਼ਮੀਨ ਪਿਆਰੀ ਲੱਗਦੀ ਹੈ।

ਖੀਰ ਸੰਗਿ ਬਾਰਿਕੁ ਹੈ ਲੀਨਾ ਪ੍ਰਭ ਸੰਤ ਐਸੇ ਹਿਤਕਾਰੀ ॥੨॥

ਬੱਚਾ ਦੁੱਧ ਨਾਲ ਪਰਚਿਆ ਰਹਿੰਦਾ ਹੈ। ਇਸੇ ਤਰ੍ਹਾਂ ਸੰਤ ਜਨ ਪਰਮਾਤਮਾ ਨਾਲ ਪਿਆਰ ਕਰਦੇ ਹਨ ॥੨॥

ਬਿਦਿਆ ਮਹਿ ਬਿਦੁਅੰਸੀ ਰਚਿਆ ਨੈਨ ਦੇਖਿ ਸੁਖੁ ਪਾਵਹਿ ॥

ਹੇ ਭਾਈ! ਵਿਦਵਾਨ ਮਨੁੱਖ ਵਿੱਦਿਆ (ਪੜ੍ਹਨ ਪੜਾਣ) ਵਿਚ ਖ਼ੁਸ਼ ਰਹਿੰਦਾ ਹੈ, ਅੱਖਾਂ (ਪਦਾਰਥ) ਵੇਖ ਵੇਖ ਕੇ ਸੁਖ ਮਾਣਦੀਆਂ ਹਨ।

ਜੈਸੇ ਰਸਨਾ ਸਾਦਿ ਲੁਭਾਨੀ ਤਿਉ ਹਰਿ ਜਨ ਹਰਿ ਗੁਣ ਗਾਵਹਿ ॥੩॥

ਹੇ ਭਾਈ! ਜਿਵੇਂ ਜੀਭ (ਸੁਆਦਲੇ ਪਦਾਰਥਾਂ ਦੇ) ਸੁਆਦ (ਚੱਖਣ) ਵਿਚ ਖ਼ੁਸ਼ ਰਹਿੰਦੀ ਹੈ, ਤਿਵੇਂ ਪ੍ਰਭੂ ਦੇ ਭਗਤ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ ॥੩॥

ਜੈਸੀ ਭੂਖ ਤੈਸੀ ਕਾ ਪੂਰਕੁ ਸਗਲ ਘਟਾ ਕਾ ਸੁਆਮੀ ॥

ਹੇ ਭਾਈ! ਸਾਰੇ ਸਰੀਰਾਂ ਦਾ ਮਾਲਕ ਪ੍ਰਭੂ ਜਿਹੋ ਜਿਹੀ ਕਿਸੇ ਜੀਵ ਦੀ ਲਾਲਸਾ ਹੋਵੇ ਉਹੋ ਜਿਹੀ ਹੀ ਪੂਰੀ ਕਰਨ ਵਾਲਾ ਹੈ।

ਨਾਨਕ ਪਿਆਸ ਲਗੀ ਦਰਸਨ ਕੀ ਪ੍ਰਭੁ ਮਿਲਿਆ ਅੰਤਰਜਾਮੀ ॥੪॥੫॥੧੬॥

ਹੇ ਨਾਨਕ! (ਜਿਸ ਮਨੁੱਖ ਨੂੰ) ਪਰਮਾਤਮਾ ਦੇ ਦਰਸਨ ਦੀ ਪਿਆਸ ਲੱਗਦੀ ਹੈ, ਉਸ ਮਨੁੱਖ ਨੂੰ ਦਿਲ ਦੀ ਜਾਣਨ ਵਾਲਾ ਪਰਮਾਤਮਾ (ਆਪ) ਆ ਮਿਲਦਾ ਹੈ ॥੪॥੫॥੧੬॥


ਸੋਰਠਿ ਮਹਲਾ ੫ ॥
ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਨ ਤੂ ਦਾਤਾ ॥

ਹੇ ਪ੍ਰਭੂ! ਅਸੀਂ ਜੀਵ ਵਿਕਾਰਾਂ ਦੀ ਮੈਲ ਨਾਲ ਭਰੇ ਰਹਿੰਦੇ ਹਾਂ, ਤੂੰ ਸਾਨੂੰ ਪਵਿੱਤਰ ਕਰਨ ਵਾਲਾ ਹੈਂ। ਅਸੀਂ ਗੁਣ-ਹੀਨ ਹਾਂ, ਤੂੰ ਸਾਨੂੰ ਗੁਣ ਬਖ਼ਸ਼ਣ ਵਾਲਾ ਹੈਂ।

ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ ॥੧॥

ਅਸੀਂ ਜੀਵ ਮੂਰਖ ਹਾਂ, ਤੂੰ ਦਾਨਾ ਹੈਂ ਤੂੰ ਸਿਆਣਾ ਹੈਂ ਤੂੰ (ਸਾਨੂੰ ਚੰਗਾ ਬਣਾ ਸਕਣ ਵਾਲੇ) ਸਾਰੇ ਹੁਨਰਾਂ ਦਾ ਜਾਣਨ ਵਾਲਾ ਹੈਂ ॥੧॥

ਮਾਧੋ ਹਮ ਐਸੇ ਤੂ ਐਸਾ ॥

ਹੇ ਪ੍ਰਭੂ! ਅਸੀਂ ਜੀਵ ਇਹੋ ਜਿਹੇ (ਵਿਕਾਰੀ) ਹਾਂ, ਤੇ, ਤੂੰ ਇਹੋ ਜਿਹਾ (ਉਪਕਾਰੀ) ਹੈਂ।

ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ॥ ਰਹਾਉ ॥

ਅਸੀਂ ਪਾਪ ਕਮਾਣ ਵਾਲੇ ਹਾਂ, ਤੂੰ ਸਾਡੇ ਪਾਪਾਂ ਦਾ ਨਾਸ ਕਰਨ ਵਾਲਾ ਹੈਂ। ਹੇ ਠਾਕੁਰ! ਤੇਰਾ ਦੇਸ ਸੋਹਣਾ ਹੈ (ਉਹ ਦੇਸ-ਸਾਧ ਸੰਗਤਿ ਸੋਹਣਾ ਹੈ ਜਿੱਥੇ ਤੂੰ ਵੱਸਦਾ ਹੈਂ) ਰਹਾਉ॥

ਤੁਮ ਸਭ ਸਾਜੇ ਸਾਜਿ ਨਿਵਾਜੇ ਜੀਉ ਪਿੰਡੁ ਦੇ ਪ੍ਰਾਨਾ ॥

ਹੇ ਪ੍ਰਭੂ! ਤੂੰ ਜਿੰਦ ਸਰੀਰ ਪ੍ਰਾਣ ਦੇ ਕੇ ਸਾਰੇ ਜੀਵਾਂ ਨੂੰ ਪੈਦਾ ਕੀਤਾ ਹੈ, ਪੈਦਾ ਕਰ ਕੇ ਸਭ ਉਤੇ ਬਖ਼ਸ਼ਸ਼ ਕਰਦਾ ਹੈਂ।

ਨਿਰਗੁਨੀਆਰੇ ਗੁਨੁ ਨਹੀ ਕੋਈ ਤੁਮ ਦਾਨੁ ਦੇਹੁ ਮਿਹਰਵਾਨਾ ॥੨॥

ਹੇ ਮੇਹਰਵਾਨ! ਅਸੀਂ ਜੀਵ ਗੁਣ-ਹੀਨ ਹਾਂ, ਸਾਡੇ ਵਿਚ ਕੋਈ ਗੁਣ ਨਹੀਂ ਹੈ। ਤੂੰ ਸਾਨੂੰ ਗੁਣਾਂ ਦੀ ਦਾਤਿ ਬਖ਼ਸ਼ਦਾ ਹੈਂ ॥੨॥

ਤੁਮ ਕਰਹੁ ਭਲਾ ਹਮ ਭਲੋ ਨ ਜਾਨਹ ਤੁਮ ਸਦਾ ਸਦਾ ਦਇਆਲਾ ॥

ਹੇ ਪ੍ਰਭੂ! ਤੂੰ ਸਾਡੇ ਵਾਸਤੇ ਭਲਿਆਈ ਕਰਦਾ ਹੈਂ, ਪਰ ਅਸੀਂ ਤੇਰੇ ਭਲਿਆਈ ਦੀ ਕਦਰ ਨਹੀਂ ਜਾਣਦੇ। ਫਿਰ ਭੀ ਤੂੰ ਸਾਡੇ ਉੱਤੇ ਸਦਾ ਹੀ ਦਇਆਵਾਨ ਰਹਿੰਦਾ ਹੈਂ।

ਤੁਮ ਸੁਖਦਾਈ ਪੁਰਖ ਬਿਧਾਤੇ ਤੁਮ ਰਾਖਹੁ ਅਪੁਨੇ ਬਾਲਾ ॥੩॥

ਹੇ ਸਰਬ-ਵਿਆਪਕ ਸਿਰਜਣਹਾਰ! ਤੂੰ ਸਾਨੂੰ ਸੁਖ ਦੇਣ ਵਾਲਾ ਹੈਂ, ਤੂੰ (ਸਾਡੀ) ਆਪਣੇ ਬੱਚਿਆਂ ਦੀ ਰਾਖੀ ਕਰਦਾ ਹੈਂ ॥੩॥

ਤੁਮ ਨਿਧਾਨ ਅਟਲ ਸੁਲਿਤਾਨ ਜੀਅ ਜੰਤ ਸਭਿ ਜਾਚੈ ॥

ਹੇ ਪ੍ਰਭੂ ਜੀ! ਤੁਸੀ ਸਾਰੇ ਗੁਣਾਂ ਦੇ ਖ਼ਜ਼ਾਨੇ ਹੋ। ਤੁਸੀ ਸਦਾ ਕਾਇਮ ਰਹਿਣ ਵਾਲੇ ਬਾਦਸ਼ਾਹ ਹੋ। ਸਾਰੇ ਜੀਵ (ਤੇਰੇ ਦਰ ਤੋਂ) ਮੰਗਦੇ ਹਨ।

ਕਹੁ ਨਾਨਕ ਹਮ ਇਹੈ ਹਵਾਲਾ ਰਾਖੁ ਸੰਤਨ ਕੈ ਪਾਛੈ ॥੪॥੬॥੧੭॥

ਨਾਨਕ ਆਖਦਾ ਹੈ- (ਹੇ ਪ੍ਰਭੂ!) ਸਾਡਾ ਜੀਵਾਂ ਦਾ ਤਾਂ ਇਹ ਹੀ ਹਾਲ ਹੈ। ਤੂੰ ਸਾਨੂੰ ਸੰਤ ਜਨਾਂ ਦੇ ਆਸਰੇ ਵਿਚ ਰੱਖ ॥੪॥੬॥੧੭॥


ਸੋਰਠਿ ਮਹਲਾ ੫ ਘਰੁ ੨ ॥
ਮਾਤ ਗਰਭ ਮਹਿ ਆਪਨ ਸਿਮਰਨੁ ਦੇ ਤਹ ਤੁਮ ਰਾਖਨਹਾਰੇ ॥

ਹੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਦੀ ਸਮਰਥਾ ਰੱਖਣ ਵਾਲੇ! ਮਾਂ ਦੇ ਪੇਟ ਵਿਚ ਸਾਨੂੰ ਤੂੰ ਆਪਣਾ ਸਿਮਰਨ ਦੇ ਕੇ ਉੱਥੇ ਸਾਡੀ ਰੱਖਿਆ ਕਰਨ ਵਾਲਾ ਹੈਂ।

ਪਾਵਕ ਸਾਗਰ ਅਥਾਹ ਲਹਰਿ ਮਹਿ ਤਾਰਹੁ ਤਾਰਨਹਾਰੇ ॥੧॥

(ਵਿਕਾਰਾਂ ਦੀ) ਅੱਗ ਦੇ ਸਮੁੰਦਰ ਦੀਆਂ ਡੂੰਘੀਆਂ ਲਹਿਰਾਂ ਵਿਚ ਡਿੱਗੇ ਪਏ ਨੂੰ ਭੀ ਮੈਨੂੰ ਪਾਰ ਲੰਘਾ ਲੈ ॥੧॥

ਮਾਧੌ ਤੂ ਠਾਕੁਰੁ ਸਿਰਿ ਮੋਰਾ ॥

ਹੇ ਪ੍ਰਭੂ! ਤੂੰ ਮੇਰੇ ਸਿਰ ਉੱਤੇ ਰਾਖਾ ਹੈਂ।

ਈਹਾ ਊਹਾ ਤੁਹਾਰੋ ਧੋਰਾ ॥ ਰਹਾਉ ॥

ਇਸ ਲੋਕ ਵਿਚ, ਤੇ, ਪਰਲੋਕ ਵਿਚ ਮੈਨੂੰ ਤੇਰਾ ਹੀ ਆਸਰਾ ਹੈ ਰਹਾਉ॥

ਕੀਤੇ ਕਉ ਮੇਰੈ ਸੰਮਾਨੈ ਕਰਣਹਾਰੁ ਤ੍ਰਿਣੁ ਜਾਨੈ ॥

ਹੇ ਪ੍ਰਭੂ! ਤੇਰੇ ਪੈਦਾ ਕੀਤੇ ਪਦਾਰਥਾਂ ਨੂੰ (ਇਹ ਜੀਵ) ਮੇਰੂ ਪਰਬਤ ਜੇਡੀਆਂ ਵੱਡੀਆਂ ਸਮਝਦਾ ਹੈ, ਪਰ ਤੈਨੂੰ ਜੋ ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ ਇਕ ਤੀਲੇ ਵਰਗਾ ਜਾਣਦਾ ਹੈਂ।

ਤੂ ਦਾਤਾ ਮਾਗਨ ਕਉ ਸਗਲੀ ਦਾਨੁ ਦੇਹਿ ਪ੍ਰਭ ਭਾਨੈ ॥੨॥

ਹੇ ਪ੍ਰਭੂ! ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਸਾਰੀ ਲੁਕਾਈ ਤੇਰੇ ਹੀ ਦਰ ਤੋਂ ਮੰਗਣ ਵਾਲੀ ਹੈ, ਤੂੰ ਆਪਣੀ ਰਜ਼ਾ ਵਿਚ ਸਭ ਨੂੰ ਦਾਨ ਦੇਂਦਾ ਹੈਂ ॥੨॥

ਖਿਨ ਮਹਿ ਅਵਰੁ ਖਿਨੈ ਮਹਿ ਅਵਰਾ ਅਚਰਜ ਚਲਤ ਤੁਮਾਰੇ ॥

ਹੇ ਪ੍ਰਭੂ! ਤੇਰੇ ਕੌਤਕ ਹੈਰਾਨ ਕਰ ਦੇਣ ਵਾਲੇ ਹਨ, ਇਕ ਛਿਨ ਵਿਚ ਤੂੰ ਕੁਝ ਦਾ ਕੁਝ ਬਣਾ ਦੇਂਦਾ ਹੈਂ।

ਰੂੜੋ ਗੂੜੋ ਗਹਿਰ ਗੰਭੀਰੋ ਊਚੌ ਅਗਮ ਅਪਾਰੇ ॥੩॥

ਹੇ ਅਪਹੁੰਚ! ਹੇ ਬੇਅੰਤ। ਤੂੰ ਸਭ ਤੋਂ ਉੱਚਾ ਹੈਂ, ਤੂੰ ਸੋਹਣਾ ਹੈਂ, ਤੂੰ ਵੱਡੇ ਜਿਗਰੇ ਵਾਲਾ ਹੈਂ, ਤੂੰ ਸਾਰੇ ਸੰਸਾਰ ਵਿਚ ਗੁਪਤ ਵੱਸ ਰਿਹਾ ਹੈਂ ॥੩॥

ਸਾਧਸੰਗਿ ਜਉ ਤੁਮਹਿ ਮਿਲਾਇਓ ਤਉ ਸੁਨੀ ਤੁਮਾਰੀ ਬਾਣੀ ॥

ਹੇ ਸਰਬ-ਵਿਆਪਕ ਪ੍ਰਭੂ! ਜਦੋਂ ਤੂੰ ਆਪ ਹੀ (ਕਿਸੇ ਜੀਵ ਨੂੰ) ਸਾਧ ਸੰਗਤਿ ਵਿਚ ਮਿਲਾਂਦਾ ਹੈਂ, ਤਦੋਂ ਉਹ ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਸੁਣਦਾ ਹੈ,

ਅਨਦੁ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ॥੪॥੭॥੧੮॥

ਹੇ ਨਾਨਕ! (ਆਖ-) (ਹੇ ਭਾਈ!) ਵਾਸ਼ਨਾ-ਰਹਿਤ ਸਰਬ-ਵਿਆਪਕ ਪ੍ਰਭੂ ਦਾ ਪਰਤਾਪ ਵੇਖ ਕੇ ਤਦੋਂ ਉਸ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ ॥੪॥੭॥੧੮॥


ਸੋਰਠਿ ਮਹਲਾ ੫ ॥
ਹਮ ਸੰਤਨ ਕੀ ਰੇਨੁ ਪਿਆਰੇ ਹਮ ਸੰਤਨ ਕੀ ਸਰਣਾ ॥

ਹੇ ਪਿਆਰੇ ਪ੍ਰਭੂ! (ਮੇਹਰ ਕਰ) ਮੈਂ ਤੇਰੇ ਸੰਤ ਜਨਾਂ ਦੀ ਚਰਨ-ਧੂੜ ਬਣਿਆ ਰਹਾਂ, ਸੰਤ ਜਨਾਂ ਦੀ ਸਰਨ ਪਿਆ ਰਹਾਂ।

ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਣਾ ॥੧॥

ਸੰਤ ਹੀ ਮੇਰਾ ਤਕੜਾ ਸਹਾਰਾ ਹਨ, ਸੰਤ ਜਨ ਹੀ ਮੇਰੇ ਜੀਵਨ ਨੂੰ ਸੋਹਣਾ ਬਣਾਣ ਵਾਲੇ ਹਨ ॥੧॥

ਹਮ ਸੰਤਨ ਸਿਉ ਬਣਿ ਆਈ ॥

ਹੇ ਪ੍ਰਭੂ! ਤੇਰੇ ਸੰਤਾਂ ਨਾਲ ਮੇਰੀ ਪ੍ਰੀਤਿ ਬਣ ਗਈ ਹੈ।

ਪੂਰਬਿ ਲਿਖਿਆ ਪਾਈ ॥

ਪਿਛਲੇ ਲਿਖੇ ਲੇਖ ਅਨੁਸਾਰ ਇਹ ਪ੍ਰਾਪਤੀ ਹੋਈ ਹੈ।

ਇਹੁ ਮਨੁ ਤੇਰਾ ਭਾਈ ॥ ਰਹਾਉ ॥

ਹੁਣ ਮੇਰਾ ਇਹ ਮਨ ਤੇਰਾ ਪ੍ਰੇਮੀ ਬਣ ਗਿਆ ਹੈ ਰਹਾਉ॥

ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਬਿਉਹਾਰਾ ॥

(ਹੇ ਪ੍ਰਭੂ! ਤੇਰੀ ਮੇਹਰ ਨਾਲ) ਸੰਤ ਜਨਾਂ ਨਾਲ ਹੀ ਮੇਰਾ ਲੈਣ-ਦੇਣ ਤੇ ਵਰਤਣ-ਵਿਹਾਰ ਹੈ।

ਸੰਤਨ ਸਿਉ ਹਮ ਲਾਹਾ ਖਾਟਿਆ ਹਰਿ ਭਗਤਿ ਭਰੇ ਭੰਡਾਰਾ ॥੨॥

ਸੰਤ ਜਨਾਂ ਨਾਲ ਰਹਿ ਕੇ ਮੈਂ ਇਹ ਲਾਭ ਖੱਟਿਆ ਹੈ ਕਿ ਮੇਰੇ ਅੰਦਰ ਭਗਤੀ ਦੇ ਖ਼ਜ਼ਾਨੇ ਭਰ ਗਏ ਹਨ ॥੨॥

ਸੰਤਨ ਮੋ ਕਉ ਪੂੰਜੀ ਸਉਪੀ ਤਉ ਉਤਰਿਆ ਮਨ ਕਾ ਧੋਖਾ ॥

ਹੇ ਭਾਈ! ਜਦੋਂ ਤੋਂ ਸੰਤ ਜਨਾਂ ਨੇ ਮੈਨੂੰ ਪਰਮਾਤਮਾ ਦੀ ਭਗਤੀ ਦੀ ਰਾਸਿ-ਪੂੰਜੀ ਦਿੱਤੀ ਹੈ, ਤਦੋਂ ਤੋਂ ਮੇਰੇ ਮਨ ਦਾ ਚਿੰਤਾ-ਫ਼ਿਕਰ ਲਹਿ ਗਿਆ ਹੈ।

ਧਰਮ ਰਾਇ ਅਬ ਕਹਾ ਕਰੈਗੋ ਜਉ ਫਾਟਿਓ ਸਗਲੋ ਲੇਖਾ ॥੩॥

(ਮੇਰੇ ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦਾ) ਸਾਰਾ ਹੀ ਹਿਸਾਬ ਦਾ ਕਾਗਜ਼ ਪਾਟ ਚੁਕਾ ਹੈ। ਹੁਣ ਧਰਮਰਾਜ ਮੈਥੋਂ ਕੋਈ ਪੁੱਛ ਨਹੀਂ ਕਰੇਗਾ ॥੩॥

ਮਹਾ ਅਨੰਦ ਭਏ ਸੁਖੁ ਪਾਇਆ ਸੰਤਨ ਕੈ ਪਰਸਾਦੇ ॥

ਹੇ ਭਾਈ! ਸੰਤ ਜਨਾਂ ਦੀ ਕਿਰਪਾ ਨਾਲ ਮੇਰੇ ਅੰਦਰ ਬੜਾ ਆਤਮਕ ਆਨੰਦ ਬਣਿਆ ਪਿਆ ਹੈ।

ਕਹੁ ਨਾਨਕ ਹਰਿ ਸਿਉ ਮਨੁ ਮਾਨਿਆ ਰੰਗਿ ਰਤੇ ਬਿਸਮਾਦੇ ॥੪॥੮॥੧੯॥

ਨਾਨਕ ਆਖਦਾ ਹੈ- ਮੇਰਾ ਮਨ ਪਰਮਾਤਮਾ ਨਾਲ ਪਤੀਜ ਗਿਆ ਹੈ, ਅਸਚਰਜ ਪ੍ਰਭੂ ਦੇ ਪ੍ਰੇਮ-ਰੰਗ ਵਿਚ ਮੈਂ ਰੰਗਿਆ ਗਿਆ ਹਾਂ ॥੪॥੮॥੧੯॥


ਸੋਰਠਿ ਮ : ੫ ॥
ਜੇਤੀ ਸਮਗ੍ਰੀ ਦੇਖਹੁ ਰੇ ਨਰ ਤੇਤੀ ਹੀ ਛਡਿ ਜਾਨੀ ॥

ਹੇ ਮਨੁੱਖ! ਇਹ ਜਿਤਨਾ ਹੀ ਸਾਜ-ਸਾਮਾਨ ਤੂੰ ਵੇਖ ਰਿਹਾ ਹੈਂ, ਇਹ ਸਾਰਾ ਹੀ (ਅੰਤ) ਛੱਡ ਕੇ ਚਲੇ ਜਾਣਾ ਹੈ।

ਰਾਮ ਨਾਮ ਸੰਗਿ ਕਰਿ ਬਿਉਹਾਰਾ ਪਾਵਹਿ ਪਦੁ ਨਿਰਬਾਨੀ ॥੧॥

ਪਰਮਾਤਮਾ ਦੇ ਨਾਮ ਨਾਲ ਸਾਂਝ ਬਣਾ, ਤੂੰ ਉਹ ਆਤਮਕ ਦਰਜਾ ਹਾਸਲ ਕਰ ਲਏਂਗਾ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ ॥੧॥

ਪਿਆਰੇ ਤੂ ਮੇਰੋ ਸੁਖਦਾਤਾ ॥

ਹੇ ਪਿਆਰੇ ਪ੍ਰਭੂ! (ਮੈਨੂੰ ਨਿਸ਼ਚਾ ਹੋ ਗਿਆ ਹੈ ਕਿ) ਤੂੰ ਹੀ ਮੇਰਾ ਸੁਖਾਂ ਦਾ ਦਾਤਾ ਹੈਂ।

ਗੁਰਿ ਪੂਰੈ ਦੀਆ ਉਪਦੇਸਾ ਤੁਮ ਹੀ ਸੰਗਿ ਪਰਾਤਾ ॥ ਰਹਾਉ ॥

(ਜਦੋਂ ਤੋਂ) ਪੂਰੇ ਗੁਰੂ ਨੇ ਮੈਨੂੰ ਉਪਦੇਸ਼ ਦਿੱਤਾ ਹੈ, ਮੈਂ ਤੇਰੇ ਨਾਲ ਹੀ ਪ੍ਰੋਤਾ ਗਿਆ ਹਾਂ ਰਹਾਉ॥

ਕਾਮ ਕ੍ਰੋਧ ਲੋਭ ਮੋਹ ਅਭਿਮਾਨਾ ਤਾ ਮਹਿ ਸੁਖੁ ਨਹੀ ਪਾਈਐ ॥

ਹੇ ਭਾਈ! ਕਾਮ ਕ੍ਰੋਧ ਲੋਭ ਮੋਹ ਅਹੰਕਾਰ-ਇਸ ਵਿਚ ਫਸੇ ਰਿਹਾਂ ਸੁਖ ਨਹੀਂ ਮਿਲਿਆ ਕਰਦਾ।

ਹੋਹੁ ਰੇਨ ਤੂ ਸਗਲ ਕੀ ਮੇਰੇ ਮਨ ਤਉ ਅਨਦ ਮੰਗਲ ਸੁਖੁ ਪਾਈਐ ॥੨॥

ਹੇ ਮੇਰੇ ਮਨ! ਤੂੰ ਸਭਨਾਂ ਦੇ ਚਰਨਾਂ ਦੀ ਧੂੜ ਬਣਿਆ ਰਹੁ। ਤਦੋਂ ਹੀ ਆਤਮਕ ਆਨੰਦ ਖ਼ੁਸ਼ੀ ਸੁਖ ਪ੍ਰਾਪਤ ਹੁੰਦਾ ਹੈ ॥੨॥

ਘਾਲ ਨ ਭਾਨੈ ਅੰਤਰ ਬਿਧਿ ਜਾਨੈ ਤਾ ਕੀ ਕਰਿ ਮਨ ਸੇਵਾ ॥

ਹੇ ਮੇਰੇ ਮਨ! ਉਸ ਪਰਮਾਤਮਾ ਦੀ ਸੇਵਾ-ਭਗਤੀ ਕਰਿਆ ਕਰ, ਜੇਹੜਾ ਕਿਸੇ ਦੀ ਕੀਤੀ ਮੇਹਨਤ ਨੂੰ ਅਜਾਈਂ ਨਹੀਂ ਜਾਣ ਦੇਂਦਾ, ਤੇ ਹਰੇਕ ਦੇ ਦਿਲ ਦੀ ਜਾਣਦਾ ਹੈ।

ਕਰਿ ਪੂਜਾ ਹੋਮਿ ਇਹੁ ਮਨੂਆ ਅਕਾਲ ਮੂਰਤਿ ਗੁਰਦੇਵਾ ॥੩॥

ਹੇ ਭਾਈ! ਜੇਹੜਾ ਪ੍ਰਕਾਸ਼-ਰੂਪ ਪ੍ਰਭੂ ਸਭ ਤੋਂ ਵੱਡਾ ਹੈ ਜਿਸ ਦਾ ਸਰੂਪ ਮੌਤ-ਰਹਿਤ ਹੈ, ਉਸ ਦੀ ਪੂਜਾ-ਭਗਤੀ ਕਰ, ਤੇ, ਭੇਟਾ ਵਜੋਂ ਆਪਣਾ ਇਹ ਮਨ ਉਸ ਦੇ ਹਵਾਲੇ ਕਰ ਦੇਹ ॥੩॥

ਗੋਬਿਦ ਦਾਮੋਦਰ ਦਇਆਲ ਮਾਧਵੇ ਪਾਰਬ੍ਰਹਮ ਨਿਰੰਕਾਰਾ ॥

ਗੋਬਿੰਦ ਦਾਮੋਦਰ ਦਇਆ-ਦੇ-ਘਰ, ਮਾਇਆ-ਦੇ-ਪਤੀ, ਪਾਰਬ੍ਰਹਮ ਨਿਰੰਕਾਰ ਦੇ-

ਨਾਮੁ ਵਰਤਣਿ ਨਾਮੋ ਵਾਲੇਵਾ ਨਾਮੁ ਨਾਨਕ ਪ੍ਰਾਨ ਅਧਾਰਾ ॥੪॥੯॥੨੦॥

ਨਾਮ ਨੂੰ ਹਰ ਵੇਲੇ ਕੰਮ ਆਉਣ ਵਾਲੀ ਚੀਜ਼ ਬਣਾ, ਨਾਮ ਨੂੰ ਹੀ ਹਿਰਦੇ-ਘਰ ਦਾ ਸਾਮਾਨ ਬਣਾ, ਹੇ ਨਾਨਕ! ਨਾਮ ਹੀ ਜਿੰਦ ਦਾ ਆਸਰਾ ਹੈ ॥੪॥੯॥੨੦॥


ਸੋਰਠਿ ਮਹਲਾ ੫ ॥
ਮਿਰਤਕ ਕਉ ਪਾਇਓ ਤਨਿ ਸਾਸਾ ਬਿਛੁਰਤ ਆਨਿ ਮਿਲਾਇਆ ॥

ਹੇ ਭਾਈ! (ਗੁਰੂ ਆਤਮਕ ਤੌਰ ਤੇ) ਮਰੇ ਹੋਏ ਮਨੁੱਖ ਦੇ ਸਰੀਰ ਵਿਚ ਨਾਮ-ਜਿੰਦ ਪਾ ਦੇਂਦਾ ਹੈ, (ਪ੍ਰਭੂ ਤੋਂ) ਵਿਛੁੜੇ ਹੋਏ ਮਨੁੱਖ ਨੂੰ ਲਿਆ ਕੇ (ਪ੍ਰਭੂ ਨਾਲ) ਮਿਲਾ ਦੇਂਦਾ ਹੈ।

ਪਸੂ ਪਰੇਤ ਮੁਗਧ ਭਏ ਸ੍ਰੋਤੇ ਹਰਿ ਨਾਮਾ ਮੁਖਿ ਗਾਇਆ ॥੧॥

ਪਸ਼ੂ (-ਸੁਭਾਉ ਮਨੁੱਖ) ਪ੍ਰੇਤ (-ਸੁਭਾਉ ਬੰਦੇ) ਮੂਰਖ ਮਨੁੱਖ (ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ) ਸੁਣਨ ਵਾਲੇ ਬਣ ਜਾਂਦੇ ਹਨ, ਪਰਮਾਤਮਾ ਦਾ ਨਾਮ ਮੂੰਹ ਨਾਲ ਗਾਣ ਲੱਗ ਜਾਂਦੇ ਹਨ ॥੧॥

ਪੂਰੇ ਗੁਰ ਕੀ ਦੇਖੁ ਵਡਾਈ ॥

ਹੇ ਭਾਈ! ਪੂਰੇ ਗੁਰੂ ਦੀ ਆਤਮਕ ਉੱਚਤਾ ਬੜੀ ਅਸਚਰਜ ਹੈ,

ਤਾ ਕੀ ਕੀਮਤਿ ਕਹਣੁ ਨ ਜਾਈ ॥ ਰਹਾਉ ॥

ਉਸ ਦਾ ਮੁੱਲ ਨਹੀਂ ਦੱਸਿਆ ਜਾ ਸਕਦਾ ਰਹਾਉ॥

ਦੂਖ ਸੋਗ ਕਾ ਢਾਹਿਓ ਡੇਰਾ ਅਨਦ ਮੰਗਲ ਬਿਸਰਾਮਾ ॥

(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ, ਗੁਰੂ ਉਸ ਨੂੰ ਨਾਮ-ਜਿੰਦ ਦੇ ਕੇ ਉਸ ਦੇ ਅੰਦਰੋਂ) ਦੁੱਖਾਂ ਦਾ ਗ਼ਮਾਂ ਦਾ ਡੇਰਾ ਹੀ ਢਾਹ ਦੇਂਦਾ ਹੈ ਉਸ ਦੇ ਅੰਦਰ ਆਨੰਦ ਖ਼ੁਸ਼ੀਆਂ ਦਾ ਟਿਕਾਣਾ ਬਣਾ ਦੇਂਦਾ ਹੈ।

ਮਨ ਬਾਂਛਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਾਮਾ ॥੨॥

ਉਸ ਮਨੁੱਖ ਨੂੰ ਅਚਨਚੇਤ ਮਨ-ਇੱਛਤ ਫਲ ਮਿਲ ਜਾਂਦੇ ਹਨ ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ॥੨॥

ਈਹਾ ਸੁਖੁ ਆਗੈ ਮੁਖ ਊਜਲ ਮਿਟਿ ਗਏ ਆਵਣ ਜਾਣੇ ॥

ਹੇ ਭਾਈ! ਜੇਹੜੇ ਮਨੁੱਖ ਆਪਣੇ ਗੁਰੂ ਦੇ ਮਨ ਵਿਚ ਭਾ ਜਾਂਦੇ ਹਨ, ਉਹਨਾਂ ਨੂੰ ਇਸ ਲੋਕ ਵਿਚ ਸੁਖ ਪ੍ਰਾਪਤ ਰਹਿੰਦਾ ਹੈ, ਪਰਲੋਕ ਵਿਚ ਭੀ ਉਹ ਸੁਰਖ਼-ਰੂ ਹੋ ਜਾਂਦੇ ਹਨ, ਉਹਨਾਂ ਦੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ।

ਨਿਰਭਉ ਭਏ ਹਿਰਦੈ ਨਾਮੁ ਵਸਿਆ ਅਪੁਨੇ ਸਤਿਗੁਰ ਕੈ ਮਨਿ ਭਾਣੇ ॥੩॥

ਉਹਨਾਂ ਨੂੰ ਕੋਈ ਡਰ ਪੋਹ ਨਹੀਂ ਸਕਦਾ (ਕਿਉਂਕਿ ਗੁਰੂ ਦੀ ਕਿਰਪਾ ਨਾਲ) ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ॥੩॥

ਊਠਤ ਬੈਠਤ ਹਰਿ ਗੁਣ ਗਾਵੈ ਦੂਖੁ ਦਰਦੁ ਭ੍ਰਮੁ ਭਾਗਾ ॥

ਉਹ ਮਨੁੱਖ ਉੱਠਦਾ ਬੈਠਦਾ ਹਰ ਵੇਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਉਸ ਦੇ ਅੰਦਰੋਂ ਹਰੇਕ ਦੁੱਖ ਪੀੜ ਭਟਕਣਾ ਖ਼ਤਮ ਹੋ ਜਾਂਦੀ ਹੈ।

ਕਹੁ ਨਾਨਕ ਤਾ ਕੇ ਪੂਰ ਕਰੰਮਾ ਜਾ ਕਾ ਗੁਰ ਚਰਨੀ ਮਨੁ ਲਾਗਾ ॥੪॥੧੦॥੨੧॥

ਨਾਨਕ ਆਖਦਾ ਹੈ- ਜਿਸ ਮਨੁੱਖ ਦਾ ਮਨ ਗੁਰੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ, ਉਸ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ ॥੪॥੧੦॥੨੧॥ਸੋਰਠਿ ਮਹਲਾ ੫ ॥

ਮਿਰਤਕ ਕਉ ਪਾਇਓ ਤਨਿ ਸਾਸਾ ਬਿਛੁਰਤ ਆਨਿ ਮਿਲਾਇਆ ॥

ਹੇ ਭਾਈ! (ਗੁਰੂ ਆਤਮਕ ਤੌਰ ਤੇ) ਮਰੇ ਹੋਏ ਮਨੁੱਖ ਦੇ ਸਰੀਰ ਵਿਚ ਨਾਮ-ਜਿੰਦ ਪਾ ਦੇਂਦਾ ਹੈ, (ਪ੍ਰਭੂ ਤੋਂ) ਵਿਛੁੜੇ ਹੋਏ ਮਨੁੱਖ ਨੂੰ ਲਿਆ ਕੇ (ਪ੍ਰਭੂ ਨਾਲ) ਮਿਲਾ ਦੇਂਦਾ ਹੈ।

ਪਸੂ ਪਰੇਤ ਮੁਗਧ ਭਏ ਸ੍ਰੋਤੇ ਹਰਿ ਨਾਮਾ ਮੁਖਿ ਗਾਇਆ ॥੧॥

ਪਸ਼ੂ (-ਸੁਭਾਉ ਮਨੁੱਖ) ਪ੍ਰੇਤ (-ਸੁਭਾਉ ਬੰਦੇ) ਮੂਰਖ ਮਨੁੱਖ (ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ) ਸੁਣਨ ਵਾਲੇ ਬਣ ਜਾਂਦੇ ਹਨ, ਪਰਮਾਤਮਾ ਦਾ ਨਾਮ ਮੂੰਹ ਨਾਲ ਗਾਣ ਲੱਗ ਜਾਂਦੇ ਹਨ ॥੧॥

ਪੂਰੇ ਗੁਰ ਕੀ ਦੇਖੁ ਵਡਾਈ ॥

ਹੇ ਭਾਈ! ਪੂਰੇ ਗੁਰੂ ਦੀ ਆਤਮਕ ਉੱਚਤਾ ਬੜੀ ਅਸਚਰਜ ਹੈ,

ਤਾ ਕੀ ਕੀਮਤਿ ਕਹਣੁ ਨ ਜਾਈ ॥ ਰਹਾਉ ॥

ਉਸ ਦਾ ਮੁੱਲ ਨਹੀਂ ਦੱਸਿਆ ਜਾ ਸਕਦਾ ਰਹਾਉ॥

ਦੂਖ ਸੋਗ ਕਾ ਢਾਹਿਓ ਡੇਰਾ ਅਨਦ ਮੰਗਲ ਬਿਸਰਾਮਾ ॥

(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ, ਗੁਰੂ ਉਸ ਨੂੰ ਨਾਮ-ਜਿੰਦ ਦੇ ਕੇ ਉਸ ਦੇ ਅੰਦਰੋਂ) ਦੁੱਖਾਂ ਦਾ ਗ਼ਮਾਂ ਦਾ ਡੇਰਾ ਹੀ ਢਾਹ ਦੇਂਦਾ ਹੈ ਉਸ ਦੇ ਅੰਦਰ ਆਨੰਦ ਖ਼ੁਸ਼ੀਆਂ ਦਾ ਟਿਕਾਣਾ ਬਣਾ ਦੇਂਦਾ ਹੈ।

ਮਨ ਬਾਂਛਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਾਮਾ ॥੨॥

ਉਸ ਮਨੁੱਖ ਨੂੰ ਅਚਨਚੇਤ ਮਨ-ਇੱਛਤ ਫਲ ਮਿਲ ਜਾਂਦੇ ਹਨ ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ॥੨॥

ਈਹਾ ਸੁਖੁ ਆਗੈ ਮੁਖ ਊਜਲ ਮਿਟਿ ਗਏ ਆਵਣ ਜਾਣੇ ॥

ਹੇ ਭਾਈ! ਜੇਹੜੇ ਮਨੁੱਖ ਆਪਣੇ ਗੁਰੂ ਦੇ ਮਨ ਵਿਚ ਭਾ ਜਾਂਦੇ ਹਨ, ਉਹਨਾਂ ਨੂੰ ਇਸ ਲੋਕ ਵਿਚ ਸੁਖ ਪ੍ਰਾਪਤ ਰਹਿੰਦਾ ਹੈ, ਪਰਲੋਕ ਵਿਚ ਭੀ ਉਹ ਸੁਰਖ਼-ਰੂ ਹੋ ਜਾਂਦੇ ਹਨ, ਉਹਨਾਂ ਦੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ।

ਨਿਰਭਉ ਭਏ ਹਿਰਦੈ ਨਾਮੁ ਵਸਿਆ ਅਪੁਨੇ ਸਤਿਗੁਰ ਕੈ ਮਨਿ ਭਾਣੇ ॥੩॥

ਉਹਨਾਂ ਨੂੰ ਕੋਈ ਡਰ ਪੋਹ ਨਹੀਂ ਸਕਦਾ (ਕਿਉਂਕਿ ਗੁਰੂ ਦੀ ਕਿਰਪਾ ਨਾਲ) ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ॥੩॥

ਊਠਤ ਬੈਠਤ ਹਰਿ ਗੁਣ ਗਾਵੈ ਦੂਖੁ ਦਰਦੁ ਭ੍ਰਮੁ ਭਾਗਾ ॥

ਉਹ ਮਨੁੱਖ ਉੱਠਦਾ ਬੈਠਦਾ ਹਰ ਵੇਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਉਸ ਦੇ ਅੰਦਰੋਂ ਹਰੇਕ ਦੁੱਖ ਪੀੜ ਭਟਕਣਾ ਖ਼ਤਮ ਹੋ ਜਾਂਦੀ ਹੈ।

ਕਹੁ ਨਾਨਕ ਤਾ ਕੇ ਪੂਰ ਕਰੰਮਾ ਜਾ ਕਾ ਗੁਰ ਚਰਨੀ ਮਨੁ ਲਾਗਾ ॥੪॥੧੦॥੨੧॥

ਨਾਨਕ ਆਖਦਾ ਹੈ- ਜਿਸ ਮਨੁੱਖ ਦਾ ਮਨ ਗੁਰੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ, ਉਸ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ ॥੪॥੧੦॥੨੧॥


ਸੋਰਠਿ ਮਹਲਾ ੫ ॥
ਰਤਨੁ ਛਾਡਿ ਕਉਡੀ ਸੰਗਿ ਲਾਗੇ ਜਾ ਤੇ ਕਛੂ ਨ ਪਾਈਐ ॥

(ਹੇ ਭਾਈ! ਮਾਇਆ-ਵੇੜ੍ਹੇ ਮਨੁੱਖ) ਕੀਮਤੀ ਪ੍ਰਭੂ-ਨਾਮ ਛੱਡ ਕੇ ਕਉਡੀ (ਦੇ ਮੁੱਲ ਦੀ ਮਾਇਆ) ਨਾਲ ਚੰਬੜੇ ਰਹਿੰਦੇ ਹਨ, ਜਿਸ ਪਾਸੋਂ (ਅੰਤ) ਕੁਝ ਭੀ ਪ੍ਰਾਪਤ ਨਹੀਂ ਹੁੰਦਾ।

ਪੂਰਨ ਪਾਰਬ੍ਰਹਮ ਪਰਮੇਸੁਰ ਮੇਰੇ ਮਨ ਸਦਾ ਧਿਆਈਐ ॥੧॥

ਹੇ ਮੇਰੇ ਮਨ! ਸਰਬ-ਵਿਆਪਕ ਪਾਰਬ੍ਰਹਮ ਪਰਮੇਸਰ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ ॥੧॥

ਸਿਮਰਹੁ ਹਰਿ ਹਰਿ ਨਾਮੁ ਪਰਾਨੀ ॥

ਹੇ ਬੰਦੇ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ।

ਬਿਨਸੈ ਕਾਚੀ ਦੇਹ ਅਗਿਆਨੀ ॥ ਰਹਾਉ ॥

ਹੇ ਗਿਆਨਹੀਨ! ਇਹ ਸਰੀਰ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ, ਇਹ ਜ਼ਰੂਰ ਨਾਸ ਹੋ ਜਾਂਦਾ ਹੈ ਰਹਾਉ॥

ਮ੍ਰਿਗ ਤ੍ਰਿਸਨਾ ਅਰੁ ਸੁਪਨ ਮਨੋਰਥ ਤਾ ਕੀ ਕਛੁ ਨ ਵਡਾਈ ॥

(ਹੇ ਭਾਈ! ਇਹ ਮਾਇਆ) ਠਗ-ਨੀਰਾ ਹੈ (ਜੋ ਤਿਹਾਏ ਹਰਨ ਨੂੰ ਤੜਫਾ ਤੜਫਾ ਕੇ ਮਾਰ ਮੁਕਾਂਦਾ ਹੈ) ਸੁਪਨਿਆਂ ਵਿਚ ਮਿਲੇ ਪਦਾਰਥ ਹੈ, (ਆਤਮਕ ਜੀਵਨ ਵਾਲੇ ਦੇਸ਼ ਵਿਚ) ਇਸ ਮਾਇਆ ਨੂੰ ਕੁਝ ਭੀ ਇੱਜ਼ਤ ਨਹੀਂ ਮਿਲਦੀ।

ਰਾਮ ਭਜਨ ਬਿਨੁ ਕਾਮਿ ਨ ਆਵਸਿ ਸੰਗਿ ਨ ਕਾਹੂ ਜਾਈ ॥੨॥

ਪਰਮਾਤਮਾ ਦੇ ਭਜਨ ਤੋਂ ਬਿਨਾ (ਹੋਰ ਕੋਈ ਚੀਜ਼) ਕੰਮ ਨਹੀਂ ਆਉਂਦੀ, ਇਹ ਮਾਇਆ (ਅੰਤ) ਕਿਸੇ ਦੇ ਭੀ ਨਾਲ ਨਹੀਂ ਜਾਂਦੀ ॥੨॥

ਹਉ ਹਉ ਕਰਤ ਬਿਹਾਇ ਅਵਰਦਾ ਜੀਅ ਕੋ ਕਾਮੁ ਨ ਕੀਨਾ ॥

(ਹੇ ਭਾਈ! ਮਾਇਆ-ਵੇੜ੍ਹੇ ਮਨੁੱਖ ਦੀ) ਉਮਰ (ਮਾਇਆ ਦਾ) ਮਾਣ ਕਰਦਿਆਂ ਹੀ ਬੀਤ ਜਾਂਦੀ ਹੈ, ਉਹ ਕੋਈ ਐਸਾ ਕੰਮ ਨਹੀਂ ਕਰਦਾ ਜੋ ਜਿੰਦ ਦੇ ਲਾਭ ਵਾਸਤੇ ਹੋਵੇ।

ਧਾਵਤ ਧਾਵਤ ਨਹ ਤ੍ਰਿਪਤਾਸਿਆ ਰਾਮ ਨਾਮੁ ਨਹੀ ਚੀਨਾ ॥੩॥

(ਸਾਰੀ ਉਮਰ ਮਾਇਆ ਦੀ ਖ਼ਾਤਰ) ਦੌੜਦਾ ਭਟਕਦਾ ਰਹਿੰਦਾ ਹੈ, ਰੱਜਦਾ ਨਹੀਂ, ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਂਦਾ ॥੩॥

ਸਾਦ ਬਿਕਾਰ ਬਿਖੈ ਰਸ ਮਾਤੋ ਅਸੰਖ ਖਤੇ ਕਰਿ ਫੇਰੇ ॥

ਹੇ ਭਾਈ! ਮਾਇਆ-ਵੇੜ੍ਹਿਆ ਮਨੁੱਖ ਚਸਕਿਆਂ ਵਿਚ ਵਿਕਾਰਾਂ ਵਿਚ ਪਦਾਰਥਾਂ ਦੇ ਸੁਆਦਾਂ ਵਿਚ ਮਸਤ ਰਹਿੰਦਾ ਹੈ, ਬੇਅੰਤ ਪਾਪ ਕਰ ਕਰ ਕੇ ਜਨਮ ਮਰਨ ਦੇ ਗੇੜਾਂ ਵਿਚ ਪਿਆ ਰਹਿੰਦਾ ਹੈ।

ਨਾਨਕ ਕੀ ਪ੍ਰਭ ਪਾਹਿ ਬਿਨੰਤੀ ਕਾਟਹੁ ਅਵਗੁਣ ਮੇਰੇ ॥੪॥੧੧॥੨੨॥

ਹੇ ਭਾਈ! ਨਾਨਕ ਦੀ ਅਰਜ਼ੋਈ ਤਾਂ ਪ੍ਰਭੂ ਪਾਸ ਹੀ ਹੈ (ਨਾਨਕ ਪ੍ਰਭੂ ਨੂੰ ਹੀ ਆਖਦਾ ਹੈ-ਹੇ ਪ੍ਰਭੂ!) ਮੇਰੇ ਔਗੁਣ ਕੱਟ ਦੇਹ ॥੪॥੧੧॥੨੨॥


ਸੋਰਠਿ ਮਹਲਾ ੫ ॥
ਗੁਣ ਗਾਵਹੁ ਪੂਰਨ ਅਬਿਨਾਸੀ ਕਾਮ ਕ੍ਰੋਧ ਬਿਖੁ ਜਾਰੇ ॥

(ਹੇ ਭਾਈ! ਪੂਰੇ ਗੁਰੂ ਦੀ ਸਰਨ ਪੈ ਕੇ) ਸਰਬ-ਵਿਆਪਕ ਨਾਸ-ਰਹਿਤ ਪ੍ਰਭੂ ਦੇ ਗੁਣ ਗਾਇਆ ਕਰ। (ਜੇਹੜਾ ਮਨੁੱਖ ਇਹ ਉੱਦਮ ਕਰਦਾ ਹੈ ਗੁਰੂ ਉਸ ਦੇ ਅੰਦਰੋਂ ਆਤਮਕ ਮੌਤ ਲਿਆਉਣ ਵਾਲੇ) ਕਾਮ ਕ੍ਰੋਧ (ਆਦਿਕ ਦੀ) ਜ਼ਹਰ ਸਾੜ ਦੇਂਦਾ ਹੈ।

ਮਹਾ ਬਿਖਮੁ ਅਗਨਿ ਕੋ ਸਾਗਰੁ ਸਾਧੂ ਸੰਗਿ ਉਧਾਰੇ ॥੧॥

(ਇਹ ਜਗਤ ਵਿਕਾਰਾਂ ਦੀ) ਅੱਗ ਦਾ ਸਮੁੰਦਰ (ਹੈ, ਇਸ ਵਿਚੋਂ ਪਾਰ ਲੰਘਣਾ) ਬਹੁਤ ਕਠਨ ਹੈ (ਸਿਫ਼ਤ-ਸਾਲਾਹ ਦੇ ਗੀਤ ਗਾਣ ਵਾਲੇ ਮਨੁੱਖ ਨੂੰ ਗੁਰੂ) ਸਾਧ ਸੰਗਤਿ ਵਿਚ (ਰੱਖ ਕੇ, ਇਸ ਸਮੁੰਦਰ ਵਿਚੋਂ) ਪਾਰ ਲੰਘਾ ਦੇਂਦਾ ਹੈ ॥੧॥

ਪੂਰੈ ਗੁਰਿ ਮੇਟਿਓ ਭਰਮੁ ਅੰਧੇਰਾ ॥

(ਹੇ ਭਾਈ! ਪੂਰੇ ਗੁਰੂ ਦੀ ਸਰਨ ਪਉ। ਜੇਹੜਾ ਮਨੁੱਖ ਪੂਰੇ ਗੁਰੂ ਦੀ ਸਰਨ ਪਿਆ) ਪੂਰੇ ਗੁਰੂ ਨੇ (ਉਸ ਦਾ) ਭਰਮ ਮਿਟਾ ਦਿੱਤਾ, (ਉਸ ਦਾ ਮਾਇਆ ਦੇ ਮੋਹ ਦਾ) ਹਨੇਰਾ ਦੂਰ ਕਰ ਦਿੱਤਾ।

ਭਜੁ ਪ੍ਰੇਮ ਭਗਤਿ ਪ੍ਰਭੁ ਨੇਰਾ ॥ ਰਹਾਉ ॥

(ਹੇ ਭਾਈ! ਤੂੰ ਭੀ ਗੁਰੂ ਦੀ ਸਰਨ ਪੈ ਕੇ) ਪ੍ਰੇਮ-ਭਰੀ ਭਗਤੀ ਨਾਲ ਪ੍ਰਭੂ ਦਾ ਭਜਨ ਕਰਿਆ ਕਰ, (ਤੈਨੂੰ) ਪ੍ਰਭੂ ਅੰਗ-ਸੰਗ (ਦਿੱਸ ਪਏਗਾ) ਰਹਾਉ॥

ਹਰਿ ਹਰਿ ਨਾਮੁ ਨਿਧਾਨ ਰਸੁ ਪੀਆ ਮਨ ਤਨ ਰਹੇ ਅਘਾਈ ॥

ਹੇ ਭਾਈ! ਪਰਮਾਤਮਾ ਦਾ ਨਾਮ (ਸਾਰੇ ਰਸਾਂ ਦਾ ਖ਼ਜ਼ਾਨਾ ਹੈ, ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਇਸ) ਖ਼ਜ਼ਾਨੇ ਦਾ ਰਸ ਪੀਂਦਾ ਹੈ, ਉਸ ਦਾ ਮਨ ਉਸ ਦਾ ਤਨ (ਮਾਇਆ ਦੇ ਰਸਾਂ ਵਲੋਂ) ਰੱਜ ਜਾਂਦੇ ਹਨ।

ਜਤ ਕਤ ਪੂਰਿ ਰਹਿਓ ਪਰਮੇਸਰੁ ਕਤ ਆਵੈ ਕਤ ਜਾਈ ॥੨॥

ਉਸ ਨੂੰ ਹਰ ਥਾਂ ਪਰਮਾਤਮਾ ਵਿਆਪਕ ਦਿੱਸ ਪੈਂਦਾ ਹੈ। ਉਹ ਮਨੁੱਖ ਫਿਰ ਨਾਹ ਜੰਮਦਾ ਹੈ ਨਾਹ ਮਰਦਾ ਹੈ ॥੨॥

ਜਪ ਤਪ ਸੰਜਮ ਗਿਆਨ ਤਤ ਬੇਤਾ ਜਿਸੁ ਮਨਿ ਵਸੈ ਗੁੋਪਾਲਾ ॥

ਹੇ ਭਾਈ! (ਗੁਰੂ ਦੀ ਰਾਹੀਂ) ਜਿਸ ਮਨੁੱਖ ਦੇ ਮਨ ਵਿਚ ਸ੍ਰਿਸ਼ਟੀ ਦਾ ਪਾਲਣ-ਹਾਰ ਆ ਵੱਸਦਾ ਹੈ, ਉਹ ਮਨੁੱਖ ਅਸਲੀ ਜਪ ਤਪ ਸੰਜਮ ਦਾ ਭੇਤ ਸਮਝਣ ਵਾਲਾ ਹੋ ਜਾਂਦਾ ਹੈ ਉਹ ਮਨੁੱਖ ਆਤਮਕ ਜੀਵਨ ਦੀ ਸੂਝ ਦਾ ਗਿਆਤਾ ਹੋ ਜਾਂਦਾ ਹੈ।

ਨਾਮੁ ਰਤਨੁ ਜਿਨਿ ਗੁਰਮੁਖਿ ਪਾਇਆ ਤਾ ਕੀ ਪੂਰਨ ਘਾਲਾ ॥੩॥

ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਨਾਮ ਰਤਨ ਲੱਭ ਲਿਆ, ਉਸ ਦੀ (ਆਤਮਕ ਜੀਵਨ ਵਾਲੀ) ਮੇਹਨਤ ਕਾਮਯਾਬ ਹੋ ਗਈ ॥੩॥

ਕਲਿ ਕਲੇਸ ਮਿਟੇ ਦੁਖ ਸਗਲੇ ਕਾਟੀ ਜਮ ਕੀ ਫਾਸਾ ॥

ਉਸ ਮਨੁੱਖ ਦੀ ਜਮਾਂ ਵਾਲੀ ਫਾਹੀ ਕੱਟੀ ਗਈ (ਉਸ ਦੇ ਗਲੋਂ ਮਾਇਆ ਦੇ ਮੋਹ ਦੀ ਫਾਹੀ ਕੱਟੀ ਗਈ ਜੋ ਆਤਮਕ ਮੌਤ ਲਿਆ ਕੇ ਜਮਾਂ ਦੇ ਵੱਸ ਪਾਂਦੀ ਹੈ), ਉਸ ਦੇ ਸਾਰੇ ਦੁੱਖ ਕਲੇਸ਼ ਕਸ਼ਟ ਦੂਰ ਹੋ ਗਏ,

ਕਹੁ ਨਾਨਕ ਪ੍ਰਭਿ ਕਿਰਪਾ ਧਾਰੀ ਮਨ ਤਨ ਭਏ ਬਿਗਾਸਾ ॥੪॥੧੨॥੨੩॥

ਨਾਨਕ ਆਖਦਾ ਹੈ- ਜਿਸ ਮਨੁੱਖ ਉਤੇ ਪ੍ਰਭੂ ਨੇ ਮੇਹਰ ਕੀਤੀ (ਉਸ ਨੂੰ ਪ੍ਰਭੂ ਨੇ ਗੁਰੂ ਮਿਲਾ ਦਿੱਤਾ, ਤੇ) ਉਸ ਦਾ ਮਨ ਉਸ ਦਾ ਤਨ ਆਤਮਕ ਆਨੰਦ ਨਾਲ ਪ੍ਰਫੁਲਤ ਹੋ ਗਿਆ ॥੪॥੧੨॥੨੩॥


ਸੋਰਠਿ ਮਹਲਾ ੫ ॥
ਕਰਣ ਕਰਾਵਣਹਾਰ ਪ੍ਰਭੁ ਦਾਤਾ ਪਾਰਬ੍ਰਹਮ ਪ੍ਰਭੁ ਸੁਆਮੀ ॥

(ਹੇ ਭਾਈ! ਜਿਸ ਮਨੁੱਖ ਦਾ ਸਹਾਈ ਗੁਰੂ ਬਣ ਜਾਂਦਾ ਹੈ, ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ) ਪਰਮਾਤਮਾ ਸਭ ਕੁਝ ਕਰ ਸਕਣ ਵਾਲਾ ਹੈ (ਜੀਵਾਂ ਪਾਸੋਂ) ਸਭ ਕੁਝ ਕਰਾ ਸਕਣ ਵਾਲਾ ਹੈ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਸਭ ਦਾ ਮਾਲਕ ਹੈ।

ਸਗਲੇ ਜੀਅ ਕੀਏ ਦਇਆਲਾ ਸੋ ਪ੍ਰਭੁ ਅੰਤਰਜਾਮੀ ॥੧॥

ਸਾਰੇ ਜੀਵ ਉਸੇ ਦਇਆ-ਦੇ-ਘਰ ਪ੍ਰਭੂ ਨੇ ਪੈਦਾ ਕੀਤੇ ਹੋਏ ਹਨ, ਉਹ ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ॥੧॥

ਮੇਰਾ ਗੁਰੁ ਹੋਆ ਆਪਿ ਸਹਾਈ ॥

ਹੇ ਭਾਈ! ਮੇਰਾ ਗੁਰੂ (ਜਿਸ ਮਨੁੱਖ ਦਾ) ਮਦਦਗਾਰ ਆਪ ਬਣਦਾ ਹੈ,

ਸੂਖ ਸਹਜ ਆਨੰਦ ਮੰਗਲ ਰਸ ਅਚਰਜ ਭਈ ਬਡਾਈ ॥ ਰਹਾਉ ॥

ਉਸ ਮਨੁੱਖ ਦੇ ਅੰਦਰ ਆਤਮਕ ਅਡੋਲਤਾ ਦੇ ਸੁਖ ਆਨੰਦ ਖ਼ੁਸ਼ੀਆਂ ਤੇ ਸੁਆਦ ਉੱਘੜ ਪੈਂਦੇ ਹਨ। ਉਸ ਮਨੁੱਖ ਨੂੰ (ਲੋਕ ਪਰਲੋਕ ਵਿਚ) ਐਸੀ ਇੱਜ਼ਤ ਮਿਲਦੀ ਹੈ ਕਿ ਹੈਰਾਨ ਹੋ ਜਾਈਦਾ ਹੈ ਰਹਾਉ॥

ਗੁਰ ਕੀ ਸਰਣਿ ਪਏ ਭੈ ਨਾਸੇ ਸਾਚੀ ਦਰਗਹ ਮਾਨੇ ॥

ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸਰਨ ਆ ਪੈਂਦੇ ਹਨ, ਉਹਨਾਂ ਦੇ ਸਾਰੇ ਡਰ ਦੂਰ ਹੋ ਜਾਂਦੇ ਹਨ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿਚ ਉਹਨਾਂ ਨੂੰ ਆਦਰ ਮਿਲਦਾ ਹੈ।

ਗੁਣ ਗਾਵਤ ਆਰਾਧਿ ਨਾਮੁ ਹਰਿ ਆਏ ਅਪੁਨੈ ਥਾਨੇ ॥੨॥

ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾ ਕੇ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਉਹ ਆਪਣੇ (ਉਸ ਹਿਰਦੇ-) ਥਾਂ ਵਿਚ ਆ ਟਿਕਦੇ ਹਨ (ਜਿਥੋਂ ਕੋਈ ਵਿਕਾਰ ਉਹਨਾਂ ਨੂੰ ਕੱਢ ਕੇ ਭਟਕਣਾ ਵਿਚ ਨਹੀਂ ਪਾ ਸਕਦਾ) ॥੨॥

ਜੈ ਜੈ ਕਾਰੁ ਕਰੈ ਸਭ ਉਸਤਤਿ ਸੰਗਤਿ ਸਾਧ ਪਿਆਰੀ ॥

ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦੀ ਸੰਗਤਿ ਪਿਆਰੀ ਲੱਗਣ ਲੱਗ ਪੈਂਦੀ ਹੈ, ਸਾਰੀ ਲੁਕਾਈ ਉਸ ਦੀ ਵਡਿਆਈ ਕਰਦੀ ਹੈ, ਸੋਭਾ ਕਰਦੀ ਹੈ।

ਸਦ ਬਲਿਹਾਰਿ ਜਾਉ ਪ੍ਰਭ ਅਪੁਨੇ ਜਿਨਿ ਪੂਰਨ ਪੈਜ ਸਵਾਰੀ ॥੩॥

ਹੇ ਭਾਈ! ਮੈਂ (ਭੀ) ਆਪਣੇ ਪ੍ਰਭੂ ਤੋਂ ਸਦਾ ਸਦਕੇ ਜਾਂਦਾ ਹਾਂ ਜਿਸ ਨੇ (ਮੈਨੂੰ ਗੁਰੂ ਦੀ ਸਰਨ ਪਾ ਕੇ) ਮੇਰੀ ਇੱਜ਼ਤ ਪੂਰੇ ਤੌਰ ਤੇ ਰੱਖ ਲਈ ਹੈ ॥੩॥

ਗੋਸਟਿ ਗਿਆਨੁ ਨਾਮੁ ਸੁਣਿ ਉਧਰੇ ਜਿਨਿ ਜਿਨਿ ਦਰਸਨੁ ਪਾਇਆ ॥

ਹੇ ਭਾਈ! ਜਿਸ ਜਿਸ ਮਨੁੱਖ ਨੇ (ਗੁਰੂ ਦਾ) ਦਰਸਨ ਕੀਤਾ ਹੈ, ਉਹਨਾਂ ਨੂੰ ਪ੍ਰਭੂ ਦਾ ਮਿਲਾਪ ਪ੍ਰਾਪਤ ਹੋ ਗਿਆ, ਉਹਨਾਂ ਨੂੰ ਆਤਮਕ ਜੀਵਨ ਦੀ ਸੂਝ ਪ੍ਰਾਪਤ ਹੋ ਗਈ, ਪ੍ਰਭੂ ਦਾ ਨਾਮ ਸੁਣ ਸੁਣ ਕੇ ਉਹ ਮਨੁੱਖ (ਵਿਕਾਰਾਂ ਦੇ ਹੱਲਿਆਂ ਤੋਂ) ਬਚ ਗਏ।

ਭਇਓ ਕ੍ਰਿਪਾਲੁ ਨਾਨਕ ਪ੍ਰਭੁ ਅਪੁਨਾ ਅਨਦ ਸੇਤੀ ਘਰਿ ਆਇਆ ॥੪॥੧੩॥੨੪॥

ਹੇ ਨਾਨਕ! ਜਿਸ ਮਨੁੱਖ ਉਤੇ ਪਿਆਰਾ ਪ੍ਰਭੂ ਦਇਆਵਾਨ ਹੋਇਆ ਉਹ ਮਨੁੱਖ ਆਤਮਕ ਅਨੰਦ ਨਾਲ ਪ੍ਰਭੂ-ਚਰਨਾਂ ਵਿਚ ਲੀਨ ਹੋ ਗਿਆ ॥੪॥੧੩॥੨੪॥


ਸੋਰਠਿ ਮਹਲਾ ੫ ॥
ਪ੍ਰਭ ਕੀ ਸਰਣਿ ਸਗਲ ਭੈ ਲਾਥੇ ਦੁਖ ਬਿਨਸੇ ਸੁਖੁ ਪਾਇਆ ॥

ਹੇ ਭਾਈ! ਪਰਮਾਤਮਾ ਦੀ ਸਰਨ ਪਿਆਂ ਮਨੁੱਖ ਦੇ ਸਾਰੇ ਡਰ ਲਹਿ ਜਾਂਦੇ ਹਨ, ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ, ਉਹ (ਸਦਾ) ਆਤਮਕ ਆਨੰਦ ਮਾਣਦਾ ਹੈ।

ਦਇਆਲੁ ਹੋਆ ਪਾਰਬ੍ਰਹਮੁ ਸੁਆਮੀ ਪੂਰਾ ਸਤਿਗੁਰੁ ਧਿਆਇਆ ॥੧॥

(ਉਹ ਮਨੁੱਖ ਪਰਮਾਤਮਾ ਦੀ ਸਰਨ ਪੈਂਦਾ ਹੈ) ਜੇਹੜਾ ਮਨੁੱਖ ਪੂਰੇ ਗੁਰੂ ਦਾ ਧਿਆਨ ਧਰਦਾ ਹੈ, ਉਸ ਉੱਤੇ ਮਾਲਕ ਪਰਮਾਤਮਾ ਦਇਆਵਾਨ ਹੁੰਦਾ ਹੈ ॥੧॥

ਪ੍ਰਭ ਜੀਉ ਤੂ ਮੇਰੋ ਸਾਹਿਬੁ ਦਾਤਾ ॥

ਹੇ ਪ੍ਰਭੂ ਜੀ! ਤੂੰ ਮੇਰਾ ਮਾਲਕ ਹੈਂ, ਤੂੰ ਮੈਨੂੰ ਸਾਰੀਆਂ ਦਾਤਾਂ ਦੇਣ ਵਾਲਾ ਹੈਂ।

ਕਰਿ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵਉ ਰੰਗਿ ਰਾਤਾ ॥ ਰਹਾਉ ॥

ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੈਂ ਤੇਰੇ ਪ੍ਰੇਮ-ਰੰਗ ਵਿਚ ਰੰਗੀਜ ਕੇ ਤੇਰੇ ਗੁਣ ਗਾਂਦਾ ਰਹਾਂ ਰਹਾਉ॥

ਸਤਿਗੁਰਿ ਨਾਮੁ ਨਿਧਾਨੁ ਦ੍ਰਿੜਾਇਆ ਚਿੰਤਾ ਸਗਲ ਬਿਨਾਸੀ ॥

ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਸਾਰੇ ਸੁਖਾਂ ਦਾ ਖ਼ਜ਼ਾਨਾ ਪ੍ਰਭੂ-ਨਾਮ ਪੱਕਾ ਕਰ ਦਿੱਤਾ, ਉਸ ਦੀ ਸਾਰੀ ਚਿੰਤਾ ਦੂਰ ਹੋ ਗਈ।

ਕਰਿ ਕਿਰਪਾ ਅਪੁਨੋ ਕਰਿ ਲੀਨਾ ਮਨਿ ਵਸਿਆ ਅਬਿਨਾਸੀ ॥੨॥

ਪਰਮਾਤਮਾ ਮੇਹਰ ਕਰ ਕੇ ਉਸ ਨੂੰ ਆਪਣਾ ਬਣਾ ਲੈਂਦਾ ਹੈ, ਉਸ ਦੇ ਮਨ ਵਿਚ ਨਾਸ ਰਹਿਤ ਪਰਮਾਤਮਾ ਆ ਵੱਸਦਾ ਹੈ ॥੨॥

ਤਾ ਕਉ ਬਿਘਨੁ ਨ ਕੋਊ ਲਾਗੈ ਜੋ ਸਤਿਗੁਰਿ ਅਪੁਨੈ ਰਾਖੇ ॥

ਹੇ ਭਾਈ! ਆਪਣੇ ਗੁਰੂ ਨੇ ਜਿਸ ਮਨੁੱਖ ਦੀ ਰੱਖਿਆ ਕੀਤੀ ਉਸ ਨੂੰ (ਆਤਮਕ ਜੀਵਨ ਦੇ ਰਸਤੇ ਵਿਚ) ਕੋਈ ਰੁਕਾਵਟ ਨਹੀਂ ਆਉਂਦੀ।

ਚਰਨ ਕਮਲ ਬਸੇ ਰਿਦ ਅੰਤਰਿ ਅੰਮ੍ਰਿਤ ਹਰਿ ਰਸੁ ਚਾਖੇ ॥੩॥

ਪਰਮਾਤਮਾ ਦੇ ਕੌਲ ਫੁੱਲਾਂ ਵਰਗੇ ਕੋਮਲ ਚਰਨ ਉਸ ਦੇ ਹਿਰਦੇ ਵਿਚ ਆ ਵੱਸਦੇ ਹਨ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਰਸ ਸਦਾ ਚੱਖਦਾ ਹੈ ॥੩॥

ਕਰਿ ਸੇਵਾ ਸੇਵਕ ਪ੍ਰਭ ਅਪੁਨੇ ਜਿਨਿ ਮਨ ਕੀ ਇਛ ਪੁਜਾਈ ॥

ਹੇ ਭਾਈ! ਜਿਸ ਪਰਮਾਤਮਾ ਨੇ (ਹਰ ਵੇਲੇ) ਤੇਰੇ ਮਨ ਦੀ (ਹਰੇਕ) ਕਾਮਨਾ ਪੂਰੀ ਕੀਤੀ ਹੈ, ਸੇਵਕਾਂ ਵਾਂਗ ਉਸ ਦੀ ਸੇਵਾ-ਭਗਤੀ ਕਰਦਾ ਰਹੁ।

ਨਾਨਕ ਦਾਸ ਤਾ ਕੈ ਬਲਿਹਾਰੈ ਜਿਨਿ ਪੂਰਨ ਪੈਜ ਰਖਾਈ ॥੪॥੧੪॥੨੫॥

ਹੇ ਦਾਸ ਨਾਨਕ! (ਆਖ-) ਮੈਂ ਉਸ ਪ੍ਰਭੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ (ਵਿਘਨਾਂ ਦੇ ਟਾਕਰੇ ਤੇ ਹਰ ਵੇਲੇ) ਪੂਰੇ ਤੌਰ ਤੇ ਇੱਜ਼ਤ ਰੱਖੀ ਹੈ ॥੪॥੧੪॥੨੫॥


ਸੋਰਠਿ ਮਹਲਾ ੫ ॥
ਮਾਇਆ ਮੋਹ ਮਗਨੁ ਅੰਧਿਆਰੈ ਦੇਵਨਹਾਰੁ ਨ ਜਾਨੈ ॥

ਮਨੁੱਖ ਮਾਇਆ ਦੇ ਮੋਹ ਦੇ (ਆਤਮਕ) ਹਨੇਰੇ ਵਿਚ ਮਸਤ ਰਹਿ ਕੇ ਸਭ ਦਾਤਾਂ ਦੇਣ ਵਾਲੇ ਪ੍ਰਭੂ ਨਾਲ ਜੀਵ ਡੂੰਘੀ ਸਾਂਝ ਨਹੀਂ ਪਾਂਦਾ।

ਜੀਉ ਪਿੰਡੁ ਸਾਜਿ ਜਿਨਿ ਰਚਿਆ ਬਲੁ ਅਪੁਨੋ ਕਰਿ ਮਾਨੈ ॥੧॥

ਜਿਸ ਪਰਮਾਤਮਾ ਨੇ ਸਰੀਰ ਜਿੰਦ ਬਣਾ ਕੇ ਜੀਵ ਨੂੰ ਪੈਦਾ ਕੀਤਾ ਹੋਇਆ ਹੈ, (ਉਸ ਨੂੰ ਭੁਲਾ ਕੇ) ਆਪਣੀ ਤਾਕਤ ਨੂੰ ਹੀ ਵੱਡੀ ਸਮਝਦਾ ਹੈ ॥੧॥

ਮਨ ਮੂੜੇ ਦੇਖਿ ਰਹਿਓ ਪ੍ਰਭ ਸੁਆਮੀ ॥

ਹੇ ਮੂਰਖ ਮਨ! ਮਾਲਕ ਪ੍ਰਭੂ (ਤੇਰੀਆਂ ਸਾਰੀਆਂ ਕਰਤੂਤਾਂ ਨੂੰ ਹਰ ਵੇਲੇ) ਵੇਖ ਰਿਹਾ ਹੈ।

ਜੋ ਕਿਛੁ ਕਰਹਿ ਸੋਈ ਸੋਈ ਜਾਣੈ ਰਹੈ ਨ ਕਛੂਐ ਛਾਨੀ ॥ ਰਹਾਉ ॥

ਤੂੰ ਜੋ ਕੁਝ ਕਰਦਾ ਹੈਂ, (ਮਾਲਕ-ਪ੍ਰਭੂ) ਉਹੀ ਉਹੀ ਜਾਣ ਲੈਂਦਾ ਹੈ, (ਉਸ ਪਾਸੋਂ ਤੇਰੀ) ਕੋਈ ਭੀ ਕਰਤੂਤ ਲੁਕੀ ਨਹੀਂ ਰਹਿ ਸਕਦੀ ਰਹਾਉ॥

ਜਿਹਵਾ ਸੁਆਦ ਲੋਭ ਮਦਿ ਮਾਤੋ ਉਪਜੇ ਅਨਿਕ ਬਿਕਾਰਾ ॥

ਹੇ ਭਾਈ! ਮਨੁੱਖ ਜੀਭ ਦੇ ਸੁਆਦਾਂ ਵਿਚ, ਲੋਭ ਦੇ ਨਸ਼ੇ ਵਿਚ ਮਸਤ ਰਹਿੰਦਾ ਹੈ (ਜਿਸ ਕਰਕੇ ਇਸ ਦੇ ਅੰਦਰ) ਅਨੇਕਾਂ ਵਿਕਾਰ ਪੈਦਾ ਹੋ ਜਾਂਦੇ ਹਨ।

ਬਹੁਤੁ ਜੋਨਿ ਭਰਮਤ ਦੁਖੁ ਪਾਇਆ ਹਉਮੈ ਬੰਧਨ ਕੇ ਭਾਰਾ ॥੨॥

ਮਨੁੱਖ ਹਉਮੈ ਦੀਆਂ ਜ਼ੰਜੀਰਾਂ ਦੇ ਭਾਰ ਹੇਠ ਦਬ ਜਾਂਦਾ ਹੈ, ਬਹੁਤ ਜੂਨਾਂ ਵਿਚ ਭਟਕਦਾ ਫਿਰਦਾ ਹੈ, ਤੇ, ਦੁੱਖ ਸਹਾਰਦਾ ਰਹਿੰਦਾ ਹੈ ॥੨॥

ਦੇਇ ਕਿਵਾੜ ਅਨਿਕ ਪੜਦੇ ਮਹਿ ਪਰ ਦਾਰਾ ਸੰਗਿ ਫਾਕੈ ॥

(ਮਾਇਆ ਦੇ ਮੋਹ ਦੇ ਹਨੇਰੇ ਵਿਚ ਫਸਿਆ ਮਨੁੱਖ) ਦਰਵਾਜ਼ੇ ਬੰਦ ਕਰਕੇ ਅਨੇਕਾਂ ਪਰਦਿਆਂ ਦੇ ਪਿੱਛੇ ਪਰਾਈ ਇਸਤ੍ਰੀ ਨਾਲ ਕੁਕਰਮ ਕਰਦਾ ਹੈ।

ਚਿਤ੍ਰ ਗੁਪਤੁ ਜਬ ਲੇਖਾ ਮਾਗਹਿ ਤਬ ਕਉਣੁ ਪੜਦਾ ਤੇਰਾ ਢਾਕੈ ॥੩॥

(ਪਰ, ਹੇ ਭਾਈ!) ਜਦੋਂ (ਧਰਮ ਰਾਜ ਦੇ ਦੂਤ) ਚਿੱਤ੍ਰ ਅਤੇ ਗੁਪਤ (ਤੇਰੀਆਂ ਕਰਤੂਤਾਂ ਦਾ) ਹਿਸਾਬ ਮੰਗਣਗੇ, ਤਦੋਂ ਕੋਈ ਭੀ ਤੇਰੀਆਂ ਕਰਤੂਤਾਂ ਉਤੇ ਪਰਦਾ ਨਹੀਂ ਪਾ ਸਕੇਗਾ ॥੩॥

ਦੀਨ ਦਇਆਲ ਪੂਰਨ ਦੁਖ ਭੰਜਨ ਤੁਮ ਬਿਨੁ ਓਟ ਨ ਕਾਈ ॥

ਹੇ ਨਾਨਕ! (ਆਖ-) ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਸਰਬ-ਵਿਆਪਕ! ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਤੈਥੋਂ ਬਿਨਾ ਹੋਰ ਕੋਈ ਆਸਰਾ ਨਹੀਂ ਹੈ।

ਕਾਢਿ ਲੇਹੁ ਸੰਸਾਰ ਸਾਗਰ ਮਹਿ ਨਾਨਕ ਪ੍ਰਭ ਸਰਣਾਈ ॥੪॥੧੫॥੨੬॥

ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ। ਸੰਸਾਰ-ਸਮੁੰਦਰ ਵਿਚ (ਡੁੱਬਦੇ ਨੂੰ ਮੈਨੂੰ ਬਾਂਹ ਫੜ ਕੇ) ਕੱਢ ਲੈ ॥੪॥੧੫॥੨੬॥


ਸੋਰਠਿ ਮਹਲਾ ੫ ॥
ਪਾਰਬ੍ਰਹਮੁ ਹੋਆ ਸਹਾਈ ਕਥਾ ਕੀਰਤਨੁ ਸੁਖਦਾਈ ॥

(ਜੇਹੜਾ ਮਨੁੱਖ ਸਤਿਗੁਰੂ ਦੀ ਬਾਣੀ ਨਾਲ ਪਿਆਰ ਬਣਾਂਦਾ ਹੈ) ਪਰਮਾਤਮਾ (ਉਸ ਦਾ) ਮਦਦਗਾਰ ਬਣ ਜਾਂਦਾ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ (ਉਸ ਦੇ ਅੰਦਰ) ਆਤਮਕ ਆਨੰਦ ਪੈਦਾ ਕਰਦੀ ਹੈ।

ਗੁਰ ਪੂਰੇ ਕੀ ਬਾਣੀ ਜਪਿ ਅਨਦੁ ਕਰਹੁ ਨਿਤ ਪ੍ਰਾਣੀ ॥੧॥

ਹੇ ਪ੍ਰਾਣੀ! ਪੂਰੇ ਗੁਰੂ ਦੀ (ਸਿਫ਼ਤ-ਸਾਲਾਹ ਦੀ) ਬਾਣੀ ਸਦਾ ਪੜ੍ਹਿਆ ਕਰ, ਤੇ, ਆਤਮਕ ਆਨੰਦ ਮਾਣਿਆ ਕਰ ॥੧॥

ਹਰਿ ਸਾਚਾ ਸਿਮਰਹੁ ਭਾਈ ॥

ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਕਰਦੇ ਰਿਹਾ ਕਰੋ,

ਸਾਧਸੰਗਿ ਸਦਾ ਸੁਖੁ ਪਾਈਐ ਹਰਿ ਬਿਸਰਿ ਨ ਕਬਹੂ ਜਾਈ ॥ ਰਹਾਉ ॥

(ਸਿਮਰਨ ਦੀ ਬਰਕਤਿ ਨਾਲ) ਸਾਧ ਸੰਗਤਿ ਵਿਚ ਸਦਾ ਆਤਮਕ ਆਨੰਦ ਮਾਣੀਦਾ ਹੈ, ਤੇ, ਪਰਮਾਤਮਾ ਕਦੇ ਭੁੱਲਦਾ ਨਹੀਂ ਰਹਾਉ॥

ਅੰਮ੍ਰਿਤ ਨਾਮੁ ਪਰਮੇਸਰੁ ਤੇਰਾ ਜੋ ਸਿਮਰੈ ਸੋ ਜੀਵੈ ॥

ਹੇ ਸਭ ਤੋਂ ਉੱਚੇ ਮਾਲਕ! (ਪਰਮੇਸਰ!) ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ। ਜੇਹੜਾ ਮਨੁੱਖ ਤੇਰਾ ਨਾਮ ਸਿਮਰਦਾ ਹੈ ਉਹ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ।

ਜਿਸ ਨੋ ਕਰਮਿ ਪਰਾਪਤਿ ਹੋਵੈ ਸੋ ਜਨੁ ਨਿਰਮਲੁ ਥੀਵੈ ॥੨॥

ਜਿਸ ਮਨੁੱਖ ਨੂੰ ਤੇਰੀ ਮੇਹਰ ਨਾਲ (ਹੇ ਪਰਮੇਸਰ!) ਤੇਰਾ ਨਾਮ ਹਾਸਲ ਹੁੰਦਾ ਹੈ, ਉਹ ਮਨੁੱਖ ਪਵਿੱਤ੍ਰ ਜੀਵਨ ਵਾਲਾ ਬਣ ਜਾਂਦਾ ਹੈ ॥੨॥

ਬਿਘਨ ਬਿਨਾਸਨ ਸਭਿ ਦੁਖ ਨਾਸਨ ਗੁਰ ਚਰਣੀ ਮਨੁ ਲਾਗਾ ॥

(ਹੇ ਭਾਈ! ਗੁਰੂ ਦੇ ਚਰਨ ਆਤਮਕ ਜੀਵਨ ਦੇ ਰਾਹ ਵਿਚੋਂ ਸਾਰੀਆਂ) ਰੁਕਾਵਟਾਂ ਨਾਸ ਕਰਨ ਵਾਲੇ ਹਨ, ਸਾਰੇ ਦੁੱਖ ਦੂਰ ਕਰਨ ਵਾਲੇ ਹਨ। ਜਿਸ ਮਨੁੱਖ ਦਾ ਮਨ ਗੁਰੂ ਦੇ ਚਰਨਾਂ ਵਿਚ ਪਰਚਦਾ ਹੈ,

ਗੁਣ ਗਾਵਤ ਅਚੁਤ ਅਬਿਨਾਸੀ ਅਨਦਿਨੁ ਹਰਿ ਰੰਗਿ ਜਾਗਾ ॥੩॥

ਉਹ ਮਨੁੱਖ ਹਰ ਵੇਲੇ ਅਬਿਨਾਸੀ ਤੇ ਅਟੱਲ ਪਰਮਾਤਮਾ ਦੇ ਗੁਣ ਗਾਂਦਾ ਗਾਂਦਾ ਪ੍ਰਭੂ ਦੇ ਪ੍ਰੇਮ-ਰੰਗ ਵਿਚ ਲੀਨ ਹੋ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ ॥੩॥

ਮਨ ਇਛੇ ਸੇਈ ਫਲ ਪਾਏ ਹਰਿ ਕੀ ਕਥਾ ਸੁਹੇਲੀ ॥

ਹੇ ਭਾਈ! ਪਰਮਾਤਮਾ ਦੀ ਸਿਫ਼ਤ-ਸਾਲਾਹ ਆਤਮਕ ਆਨੰਦ ਦੇਣ ਵਾਲੀ ਹੈ (ਸਿਫ਼ਤ-ਸਾਲਾਹ ਕਰਨ ਵਾਲਾ ਮਨੁੱਖ) ਉਹੀ ਫਲ ਪ੍ਰਾਪਤ ਕਰ ਲੈਂਦਾ ਹੈ ਜਿਨ੍ਹਾਂ ਦੀ ਕਾਮਨਾ ਉਸ ਦਾ ਮਨ ਕਰਦਾ ਹੈ।

ਆਦਿ ਅੰਤਿ ਮਧਿ ਨਾਨਕ ਕਉ ਸੋ ਪ੍ਰਭੁ ਹੋਆ ਬੇਲੀ ॥੪॥੧੬॥੨੭॥

ਹੇ ਭਾਈ! (ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਪਰਮਾਤਮਾ ਨਾਨਕ ਵਾਸਤੇ ਸਦਾ ਦਾ ਮਦਦਗਾਰ ਬਣ ਗਿਆ ਹੈ ॥੪॥੧੬॥੨੭॥


ਸੋਰਠਿ ਮਹਲਾ ੫ ਪੰਚਪਦਾ ॥
ਬਿਨਸੈ ਮੋਹੁ ਮੇਰਾ ਅਰੁ ਤੇਰਾ ਬਿਨਸੈ ਅਪਨੀ ਧਾਰੀ ॥੧॥

(ਜਿਸ ਇਲਾਜ ਨਾਲ ਮੇਰੇ ਅੰਦਰੋਂ) ਮੋਹ ਨਾਸ ਹੋ ਜਾਏ, ਮੇਰ-ਤੇਰ ਵਾਲਾ ਵਿਤਕਰਾ ਦੂਰ ਹੋ ਜਾਏ, ਮੇਰੀ ਮਾਇਆ-ਨਾਲ-ਪਕੜ ਖ਼ਤਮ ਹੋ ਜਾਏ ॥੧॥

ਸੰਤਹੁ ਇਹਾ ਬਤਾਵਹੁ ਕਾਰੀ ॥

ਹੇ ਸੰਤ ਜਨੋ! (ਮੈਨੂੰ ਕੋਈ) ਇਹੋ ਜਿਹਾ ਇਲਾਜ ਦੱਸੋ,

ਜਿਤੁ ਹਉਮੈ ਗਰਬੁ ਨਿਵਾਰੀ ॥੧॥ ਰਹਾਉ ॥

ਜਿਸ ਨਾਲ ਮੈਂ (ਆਪਣਾ ਅੰਦਰੋਂ) ਹਉਮੈ ਅਹੰਕਾਰ ਦੂਰ ਕਰ ਸਕਾਂ ॥੧॥ ਰਹਾਉ ॥

ਸਰਬ ਭੂਤ ਪਾਰਬ੍ਰਹਮੁ ਕਰਿ ਮਾਨਿਆ ਹੋਵਾਂ ਸਗਲ ਰੇਨਾਰੀ ॥੨॥

(ਜਿਸ ਇਲਾਜ ਨਾਲ) ਪਰਮਾਤਮਾ ਸਾਰੇ ਜੀਵਾਂ ਵਿਚ ਵੱਸਦਾ ਮੰਨਿਆ ਜਾ ਸਕੇ, ਤੇ, ਮੈਂ ਸਭਨਾਂ ਦੀ ਚਰਨ-ਧੂੜ ਬਣਿਆ ਰਹਾਂ ॥੨॥

ਪੇਖਿਓ ਪ੍ਰਭ ਜੀਉ ਅਪੁਨੈ ਸੰਗੇ ਚੂਕੈ ਭੀਤਿ ਭ੍ਰਮਾਰੀ ॥੩॥

(ਜਿਸ ਇਲਾਜ ਨਾਲ) ਪਰਮਾਤਮਾ ਆਪਣੇ ਅੰਗ-ਸੰਗ ਵੇਖਿਆ ਜਾ ਸਕੇ, ਤੇ, (ਮੇਰੇ ਅੰਦਰੋਂ) ਮਾਇਆ ਦੀ ਖ਼ਾਤਰ ਭਟਕਣਾ ਵਾਲੀ ਕੰਧ ਦੂਰ ਹੋ ਜਾਏ (ਜੋ ਪਰਮਾਤਮਾ ਨਾਲੋਂ ਵਿੱਥ ਪਾ ਰਹੀ ਹੈ) ॥੩॥

ਅਉਖਧੁ ਨਾਮੁ ਨਿਰਮਲ ਜਲੁ ਅੰਮ੍ਰਿਤੁ ਪਾਈਐ ਗੁਰੂ ਦੁਆਰੀ ॥੪॥

(ਹੇ ਭਾਈ!) ਉਹ ਦਵਾਈ ਤਾਂ ਪਰਮਾਤਮਾ ਦਾ ਨਾਮ ਹੀ ਹੈ, ਆਤਮਕ ਜੀਵਨ ਦੇਣ ਵਾਲਾ ਪਵਿਤ੍ਰ ਨਾਮ-ਜਲ ਹੀ ਹੈ। ਇਹ ਨਾਮ ਗੁਰੂ ਦੇ ਦਰ ਤੋਂ ਮਿਲਦਾ ਹੈ ॥੪॥

ਕਹੁ ਨਾਨਕ ਜਿਸੁ ਮਸਤਕਿ ਲਿਖਿਆ ਤਿਸੁ ਗੁਰ ਮਿਲਿ ਰੋਗ ਬਿਦਾਰੀ ॥੫॥੧੭॥੨੮॥

ਨਾਨਕ ਆਖਦਾ ਹੈ- ਜਿਸ ਮਨੁੱਖ ਦੇ ਮੱਥੇ ਉੱਤੇ (ਨਾਮ ਦੀ ਪ੍ਰਾਪਤੀ ਦਾ ਲੇਖ) ਲਿਖਿਆ ਹੋਵੇ, (ਉਸ ਨੂੰ ਗੁਰੂ ਪਾਸੋਂ ਮਿਲਦਾ ਹੈ), ਗੁਰੂ ਨੂੰ ਮਿਲ ਕੇ ਉਸ ਦੇ ਰੋਗ ਕੱਟੇ ਜਾਂਦੇ ਹਨ ॥੫॥੧੭॥੨੮॥


ਸੋਰਠਿ ਮਹਲਾ ੫ ਘਰੁ ੨ ਦੁਪਦੇ ॥

ਰਾਗ ਸੋਰਠਿ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ ॥

ਹੇ ਭਾਈ! ਜਿਵੇਂ ਸਭ ਬੂਟਿਆਂ ਵਿਚ ਅੱਗ (ਗੁਪਤ ਮੌਜੂਦ) ਹੈ, ਜਿਵੇਂ ਹਰੇਕ ਕਿਸਮ ਦੇ ਦੁੱਧ ਵਿਚ ਘਿਉ (ਮੱਖਣ) ਗੁਪਤ ਮੌਜੂਦ ਹੈ,

ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ ॥੧॥

ਤਿਵੇਂ ਚੰਗੇ ਮੰਦੇ ਸਭ ਜੀਵਾਂ ਵਿਚ ਪ੍ਰਭੂ ਦੀ ਜੋਤਿ ਸਮਾਈ ਹੋਈ ਹੈ, ਪਰਮਾਤਮਾ ਹਰੇਕ ਸਰੀਰ ਵਿਚ ਹੈ, ਸਭ ਜੀਵਾਂ ਵਿਚ ਹੈ ॥੧॥

ਸੰਤਹੁ ਘਟਿ ਘਟਿ ਰਹਿਆ ਸਮਾਹਿਓ ॥

ਹੇ ਸੰਤ ਜਨੋ! ਪਰਮਾਤਮਾ ਹਰੇਕ ਸਰੀਰ ਵਿਚ ਮੌਜੂਦ ਹੈ।

ਪੂਰਨ ਪੂਰਿ ਰਹਿਓ ਸਰਬ ਮਹਿ ਜਲਿ ਥਲਿ ਰਮਈਆ ਆਹਿਓ ॥੧॥ ਰਹਾਉ ॥

ਉਹ ਪੂਰੀ ਤਰ੍ਹਾਂ ਸਾਰੇ ਜੀਵਾਂ ਵਿਚ ਵਿਆਪਕ ਹੈ, ਉਹ ਸੋਹਣਾ ਰਾਮ ਪਾਣੀ ਵਿਚ ਹੈ ਧਰਤੀ ਵਿਚ ਹੈ ॥੧॥ ਰਹਾਉ ॥

ਗੁਣ ਨਿਧਾਨ ਨਾਨਕੁ ਜਸੁ ਗਾਵੈ ਸਤਿਗੁਰਿ ਭਰਮੁ ਚੁਕਾਇਓ ॥

ਹੇ ਭਾਈ! ਨਾਨਕ (ਉਸ) ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਹੈ। ਗੁਰੂ ਨੇ (ਨਾਨਕ ਦਾ) ਭੁਲੇਖਾ ਦੂਰ ਕਰ ਦਿੱਤਾ ਹੈ। (ਤਾਂਹੀਏਂ ਨਾਨਕ ਨੂੰ ਯਕੀਨ ਹੈ ਕਿ)

ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ ॥੨॥੧॥੨੯॥

ਪਰਮਾਤਮਾ ਸਭ ਜੀਵਾਂ ਵਿਚ ਵੱਸਦਾ ਹੈ (ਫਿਰ ਭੀ) ਸਦਾ (ਮਾਇਆ ਦੇ ਮੋਹ ਤੋਂ) ਨਿਰਲੇਪ ਹੈ, ਸਭ ਜੀਵਾਂ ਵਿਚ ਸਮਾ ਰਿਹਾ ਹੈ ॥੨॥੧॥੨੯॥


ਸੋਰਠਿ ਮਹਲਾ ੫ ॥
ਜਾ ਕੈ ਸਿਮਰਣਿ ਹੋਇ ਅਨੰਦਾ ਬਿਨਸੈ ਜਨਮ ਮਰਣ ਭੈ ਦੁਖੀ ॥

ਹੇ ਭਾਈ! ਜਿਸ ਪ੍ਰਭੂ ਦੇ ਸਿਮਰਨ ਨਾਲ ਤੂੰ ਖ਼ੁਸ਼ੀ-ਭਰਿਆ ਜੀਵਨ ਜੀਊ ਸਕਦਾ ਹੈਂ ਤੇਰੇ ਜਨਮ ਮਰਨ ਦੇ ਸਾਰੇ ਡਰ ਤੇ ਦੁੱਖ ਦੂਰ ਹੋ ਸਕਦੇ ਹਨ,

ਚਾਰਿ ਪਦਾਰਥ ਨਵ ਨਿਧਿ ਪਾਵਹਿ ਬਹੁਰਿ ਨ ਤ੍ਰਿਸਨਾ ਭੁਖੀ ॥੧॥

ਤੂੰ (ਧਰਮ ਅਰਥ ਕਾਮ ਮੋਖ) ਚਾਰੇ ਪਦਾਰਥ ਤੇ ਦੁਨੀਆ ਦੇ ਨੌ ਹੀ ਖ਼ਜ਼ਾਨੇ ਹਾਸਲ ਕਰ ਸਕਦਾ ਹੈਂ, (ਜਿਸ ਦੇ ਸਿਮਰਨ ਨਾਲ) ਤੈਨੂੰ ਮਾਇਆ ਦੀ ਤ੍ਰੇਹ ਭੁੱਖ ਫਿਰ ਨਹੀਂ ਵਿਆਪੇਗੀ (ਉਸ ਦਾ ਸਿਮਰਨ ਹਰੇਕ ਸਾਹ ਦੇ ਨਾਲ ਕਰਦਾ ਰਹੁ) ॥੧॥

ਜਾ ਕੋ ਨਾਮੁ ਲੈਤ ਤੂ ਸੁਖੀ ॥

ਜਿਸ ਪਰਮਾਤਮਾ ਦਾ ਨਾਮ ਸਿਮਰਿਆਂ ਤੂੰ ਸੁਖੀ ਹੋ ਸਕਦਾ ਹੈਂ,

ਸਾਸਿ ਸਾਸਿ ਧਿਆਵਹੁ ਠਾਕੁਰ ਕਉ ਮਨ ਤਨ ਜੀਅਰੇ ਮੁਖੀ ॥੧॥ ਰਹਾਉ ॥

ਹੇ ਜੀਵ! ਉਸ ਪਾਲਣਹਾਰ ਪ੍ਰਭੂ ਨੂੰ ਤੂੰ ਆਪਣੇ ਮਨੋ ਤਨੋ ਮੂੰਹ ਨਾਲ ਹਰੇਕ ਸਾਹ ਦੇ ਨਾਲ ਸਿਮਰਿਆ ਕਰ ॥੧॥ ਰਹਾਉ ॥

ਸਾਂਤਿ ਪਾਵਹਿ ਹੋਵਹਿ ਮਨ ਸੀਤਲ ਅਗਨਿ ਨ ਅੰਤਰਿ ਧੁਖੀ ॥

(ਹੇ ਭਾਈ! ਸਿਮਰਨ ਦੀ ਬਰਕਤਿ ਨਾਲ) ਤੂੰ ਸ਼ਾਂਤੀ ਹਾਸਲ ਕਰ ਲਏਂਗਾ, ਤੂੰ ਅੰਤਰ-ਆਤਮੇ ਠੰਢਾ-ਠਾਰ ਹੋ ਜਾਏਂਗਾ, ਤੇਰੇ ਅੰਦਰ ਤ੍ਰਿਸ਼ਨਾ ਦੀ ਅੱਗ ਨਹੀਂ ਧੁਖੇਗੀ।

ਗੁਰ ਨਾਨਕ ਕਉ ਪ੍ਰਭੂ ਦਿਖਾਇਆ ਜਲਿ ਥਲਿ ਤ੍ਰਿਭਵਣਿ ਰੁਖੀ ॥੨॥੨॥੩੦॥

ਹੇ ਭਾਈ! ਗੁਰੂ ਨੇ (ਮੈਨੂੰ) ਨਾਨਕ ਨੂੰ ਉਹ ਪਰਮਾਤਮਾ ਪਾਣੀ ਵਿਚ ਧਰਤੀ ਵਿਚ ਰੁੱਖਾਂ ਵਿਚ ਸਾਰੇ ਸੰਸਾਰ ਵਿਚ (ਵੱਸਦਾ) ਵਿਖਾ ਦਿੱਤਾ ਹੈ ॥੨॥੨॥੩੦॥


ਸੋਰਠਿ ਮਹਲਾ ੫ ॥
ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪਿ ਛਡਾਵਹੁ ॥

ਹੇ ਪ੍ਰਭੂ! ਕਾਮ ਕ੍ਰੋਧ ਲੋਭ ਝੂਠ ਨਿੰਦਾ (ਆਦਿਕ) ਇਹਨਾਂ (ਸਾਰੇ ਵਿਕਾਰਾਂ) ਤੋਂ ਤੂੰ ਮੈਨੂੰ ਆਪ ਛੁਡਾ ਲੈ।

ਇਹ ਭੀਤਰ ਤੇ ਇਨ ਕਉ ਡਾਰਹੁ ਆਪਨ ਨਿਕਟਿ ਬੁਲਾਵਹੁ ॥੧॥

ਮੇਰੇ ਇਸ ਮਨ ਵਿਚੋਂ ਇਹਨਾਂ (ਵਿਕਾਰਾਂ) ਨੂੰ ਕੱਢ ਦੇ, ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖ ॥੧॥

ਅਪੁਨੀ ਬਿਧਿ ਆਪਿ ਜਨਾਵਹੁ ॥

ਹੇ ਪ੍ਰਭੂ! ਆਪਣੀ ਭਗਤੀ ਦੀ ਜਾਚ ਤੂੰ ਮੈਨੂੰ ਆਪ ਸਿਖਾ।

ਹਰਿ ਜਨ ਮੰਗਲ ਗਾਵਹੁ ॥੧॥ ਰਹਾਉ ॥

ਮੈਨੂੰ ਪ੍ਰੇਰਨਾ ਦੇਹ ਕਿ ਮੈਂ ਤੇਰੇ ਸੰਤ ਜਨਾਂ ਨਾਲ ਮਿਲ ਕੇ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਇਆ ਕਰਾਂ ॥੧॥ ਰਹਾਉ ॥

ਬਿਸਰੁ ਨਾਹੀ ਕਬਹੂ ਹੀਏ ਤੇ ਇਹ ਬਿਧਿ ਮਨ ਮਹਿ ਪਾਵਹੁ ॥

ਹੇ ਪ੍ਰਭੂ! ਮੇਰੇ ਮਨ ਵਿਚ ਤੂੰ ਇਹੋ ਜਿਹੀ ਸਿੱਖਿਆ ਪਾ ਦੇਹ ਕਿ ਮੇਰੇ ਹਿਰਦੇ ਤੋਂ ਤੂੰ ਕਦੇ ਭੀ ਨਾਹ ਵਿਸਰੇਂ।

ਗੁਰੁ ਪੂਰਾ ਭੇਟਿਓ ਵਡਭਾਗੀ ਜਨ ਨਾਨਕ ਕਤਹਿ ਨ ਧਾਵਹੁ ॥੨॥੩॥੩੧॥

ਹੇ ਦਾਸ ਨਾਨਕ! ਤੈਨੂੰ ਵੱਡੇ ਭਾਗਾਂ ਨਾਲ ਪੂਰਾ ਗੁਰੂ ਮਿਲ ਪਿਆ ਹੈ, ਹੁਣ ਤੂੰ ਹੋਰ ਕਿਸੇ ਪਾਸੇ ਨਾਹ ਦੌੜਦਾ ਫਿਰ ॥੨॥੩॥੩੧॥


ਸੋਰਠਿ ਮਹਲਾ ੫ ॥
ਜਾ ਕੈ ਸਿਮਰਣਿ ਸਭੁ ਕਛੁ ਪਾਈਐ ਬਿਰਥੀ ਘਾਲ ਨ ਜਾਈ ॥

ਹੇ ਭਾਈ! ਜਿਸ ਪ੍ਰਭੂ ਦੇ ਸਿਮਰਨ ਦੀ ਬਰਕਤਿ ਨਾਲ ਹਰੇਕ ਪਦਾਰਥ ਮਿਲ ਸਕਦਾ ਹੈ, (ਸਿਮਰਨ ਦੀ) ਕੀਤੀ ਹੋਈ ਮਿਹਨਤ ਵਿਅਰਥ ਨਹੀਂ ਜਾਂਦੀ,

ਤਿਸੁ ਪ੍ਰਭ ਤਿਆਗਿ ਅਵਰ ਕਤ ਰਾਚਹੁ ਜੋ ਸਭ ਮਹਿ ਰਹਿਆ ਸਮਾਈ ॥੧॥

ਜੇਹੜਾ ਪ੍ਰਭੂ ਸਾਰੀ ਸ੍ਰਿਸ਼ਟੀ ਵਿਚ ਮੌਜੂਦ ਹੈ ਉਸ ਨੂੰ ਛੱਡ ਕੇ ਹੋਰ ਕੇਹੜੇ ਪਾਸੇ ਮਸਤ ਹੋ ਰਹੇ ਹੋ? ॥੧॥

ਹਰਿ ਹਰਿ ਸਿਮਰਹੁ ਸੰਤ ਗੋਪਾਲਾ ॥

ਹੇ ਸੰਤ ਜਨੋ! ਸ੍ਰਿਸ਼ਟੀ ਦੇ ਪਾਲਣਹਾਰ ਨੂੰ ਸਦਾ ਸਿਮਰਦੇ ਰਹੋ।

ਸਾਧਸੰਗਿ ਮਿਲਿ ਨਾਮੁ ਧਿਆਵਹੁ ਪੂਰਨ ਹੋਵੈ ਘਾਲਾ ॥੧॥ ਰਹਾਉ ॥

ਸਾਧ ਸੰਗਤ ਵਿਚ ਮਿਲ ਕੇ ਪ੍ਰਭੂ ਦਾ ਨਾਮ ਸਿਮਰਿਆ ਕਰੋ, (ਸਿਮਰਨ ਦੀ) ਮੇਹਨਤ ਜ਼ਰੂਰ ਸਫਲ ਹੋ ਜਾਂਦੀ ਹੈ ॥੧॥ ਰਹਾਉ ॥

ਸਾਰਿ ਸਮਾਲੈ ਨਿਤਿ ਪ੍ਰਤਿਪਾਲੈ ਪ੍ਰੇਮ ਸਹਿਤ ਗਲਿ ਲਾਵੈ ॥

ਹੇ ਭਾਈ! ਉਹ ਪਰਮਾਤਮਾ (ਸਭ ਜੀਵਾਂ ਦੀ) ਸਾਰ ਲੈ ਕੇ ਸੰਭਾਲ ਕਰਦਾ ਹੈ, ਸਦਾ ਪਾਲਣਾ ਕਰਦਾ ਹੈ (ਸਿਮਰਨ ਕਰਨ ਵਾਲਿਆਂ ਨੂੰ) ਪ੍ਰੇਮ ਨਾਲ ਆਪਣੇ ਗਲੇ ਲਾਂਦਾ ਹੈ।

ਕਹੁ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨੁ ਕੈਸੇ ਪਾਵੈ ॥੨॥੪॥੩੨॥

ਨਾਨਕ ਆਖਦਾ ਹੈ- ਹੇ ਪ੍ਰਭੂ! ਤੈਨੂੰ ਵਿਸਾਰ ਕੇ ਜੀਵ ਤੈਨੂੰ ਕਿਵੇਂ ਮਿਲ ਸਕਦਾ ਹੈ? ਤੇ, ਤੂੰ ਹੀ ਸਾਰੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈਂ ॥੨॥੪॥੩੨॥


ਸੋਰਠਿ ਮਹਲਾ ੫ ॥
ਅਬਿਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲੁ ਖੋਈ ॥

ਹੇ ਭਾਈ! ਉਸ ਪਰਮਾਤਮਾ ਦਾ ਸਿਮਰਨ ਕੀਤਿਆਂ (ਮਨ ਤੋਂ ਵਿਕਾਰਾਂ ਦੀ) ਸਾਰੀ ਮੈਲ ਲਹਿ ਜਾਂਦੀ ਹੈ ਜੋ ਨਾਸ-ਰਹਿਤ ਹੈ, ਤੇ, ਜੋ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ।

ਗੁਣ ਨਿਧਾਨ ਭਗਤਨ ਕਉ ਬਰਤਨਿ ਬਿਰਲਾ ਪਾਵੈ ਕੋਈ ॥੧॥

ਉਹ ਪ੍ਰਭੂ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਭਗਤਾਂ ਵਾਸਤੇ ਹਰ ਵੇਲੇ ਦਾ ਸਹਾਰਾ ਹੈ। ਪਰ ਕੋਈ ਵਿਰਲਾ ਮਨੁੱਖ ਉਸ ਦਾ ਮਿਲਾਪ ਹਾਸਲ ਕਰਦਾ ਹੈ ॥੧॥

ਮੇਰੇ ਮਨ ਜਪਿ ਗੁਰ ਗੋਪਾਲ ਪ੍ਰਭੁ ਸੋਈ ॥

ਹੇ ਮੇਰੇ ਮਨ! ਉਸ ਪ੍ਰਭੂ ਨੂੰ ਜਪਿਆ ਕਰੋ ਜੋ ਸਭ ਤੋਂ ਵੱਡਾ ਹੈ, ਜੋ ਸ੍ਰਿਸ਼ਟੀ ਦਾ ਪਾਲਣ ਵਾਲਾ ਹੈ,

ਜਾ ਕੀ ਸਰਣਿ ਪਇਆਂ ਸੁਖੁ ਪਾਈਐ ਬਾਹੁੜਿ ਦੂਖੁ ਨ ਹੋਈ ॥੧॥ ਰਹਾਉ ॥

ਤੇ, ਜਿਸ ਦਾ ਆਸਰਾ ਲਿਆਂ ਸੁਖ ਪ੍ਰਾਪਤ ਕਰ ਲਈਦਾ ਹੈ, ਫਿਰ ਕਦੇ ਦੁੱਖ ਨਹੀਂ ਵਿਆਪਦਾ ॥੧॥ ਰਹਾਉ ॥

ਵਡਭਾਗੀ ਸਾਧਸੰਗੁ ਪਰਾਪਤਿ ਤਿਨ ਭੇਟਤ ਦੁਰਮਤਿ ਖੋਈ ॥

ਹੇ ਭਾਈ! ਵੱਡੀ ਕਿਸਮਤਿ ਨਾਲ ਭਲੇ ਮਨੁੱਖਾਂ ਦੀ ਸੰਗਤਿ ਹਾਸਲ ਹੁੰਦੀ ਹੈ, ਉਹਨਾਂ ਨੂੰ ਮਿਲਿਆਂ ਖੋਟੀ ਬੁੱਧ ਨਾਸ ਹੋ ਜਾਂਦੀ ਹੈ।

ਤਿਨ ਕੀ ਧੂਰਿ ਨਾਨਕੁ ਦਾਸੁ ਬਾਛੈ ਜਿਨ ਹਰਿ ਨਾਮੁ ਰਿਦੈ ਪਰੋਈ ॥੨॥੫॥੩੩॥

ਦਾਸ ਨਾਨਕ (ਭੀ) ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਪ੍ਰੋ ਰੱਖਿਆ ਹੈ ॥੨॥੫॥੩੩॥


ਸੋਰਠਿ ਮਹਲਾ ੫ ॥
ਜਨਮ ਜਨਮ ਕੇ ਦੂਖ ਨਿਵਾਰੈ ਸੂਕਾ ਮਨੁ ਸਾਧਾਰੈ ॥

ਹੇ ਭਾਈ! ਵੈਦ-ਗੁਰੂ (ਸਰਣ-ਪਏ ਮਨੁੱਖ ਦੇ) ਅਨੇਕਾਂ ਜਨਮਾਂ ਦੇ ਦੁੱਖ ਦੂਰ ਕਰ ਦੇਂਦਾ ਹੈ, ਆਤਮਕ ਜੀਵਨ ਦੀ ਹਰਿਆਵਲ ਤੋਂ ਸੱਖਣੇ ਉਸ ਦੇ ਮਨ ਨੂੰ (ਨਾਮ-ਦਾਰੂ ਦਾ ਸਹਾਰਾ ਦੇਂਦਾ ਹੈ।

ਦਰਸਨੁ ਭੇਟਤ ਹੋਤ ਨਿਹਾਲਾ ਹਰਿ ਕਾ ਨਾਮੁ ਬੀਚਾਰੈ ॥੧॥

ਗੁਰੂ ਦਾ ਦਰਸਨ ਕਰਦਿਆਂ ਹੀ (ਮਨੁੱਖ) ਖਿੜ ਆਉਂਦਾ ਹੈ, ਤੇ, ਪਰਮਾਤਮਾ ਦੇ ਨਾਮ ਨੂੰ ਆਪਣੇ ਸੋਚ-ਮੰਡਲ ਵਿਚ ਵਸਾ ਲੈਂਦਾ ਹੈ ॥੧॥

ਮੇਰਾ ਬੈਦੁ ਗੁਰੂ ਗੋਵਿੰਦਾ ॥

ਹੇ ਭਾਈ! ਗੋਬਿੰਦ ਦਾ ਰੂਪ ਮੇਰਾ ਗੁਰੂ (ਪੂਰਾ) ਹਕੀਮ ਹੈ।

ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ ॥੧॥ ਰਹਾਉ ॥

(ਇਹ ਹਕੀਮ ਜਿਸ ਮਨੁੱਖ ਦੇ) ਮੂੰਹ ਵਿਚ ਹਰਿ-ਨਾਮ ਦਵਾਈ ਪਾਂਦਾ ਹੈ, (ਉਸ ਦੀ) ਜਮ ਦੀ ਫਾਹੀ ਕੱਟ ਦੇਂਦਾ ਹੈ (ਆਤਮਕ ਮੌਤ ਲਿਆਉਣ ਵਾਲੇ ਵਿਕਾਰਾਂ ਦੀ ਫਾਹੀ ਉਸ ਦੇ ਅੰਦਰੋਂ ਕੱਟ ਦੇਂਦਾ ਹੈ) ॥੧॥ ਰਹਾਉ ॥

ਸਮਰਥ ਪੁਰਖ ਪੂਰਨ ਬਿਧਾਤੇ ਆਪੇ ਕਰਣੈਹਾਰਾ ॥

ਹੇ ਨਾਨਕ! (ਆਖ-) ਹੇ ਸਭ ਤਾਕਤਾਂ ਦੇ ਮਾਲਕ! ਹੇ ਸਰਬ-ਵਿਆਪਕ! ਹੇ ਭਰਪੂਰ! ਹੇ ਸਭ ਜੀਵਾਂ ਦੇ ਪੈਦਾ ਕਰਨ ਵਾਲੇ! ਤੂੰ ਆਪ ਹੀ (ਗੁਰੂ ਨੂੰ ਪੂਰਾ ਵੈਦ) ਬਣਾਣ ਵਾਲਾ ਹੈਂ।

ਅਪੁਨਾ ਦਾਸੁ ਹਰਿ ਆਪਿ ਉਬਾਰਿਆ ਨਾਨਕ ਨਾਮ ਅਧਾਰਾ ॥੨॥੬॥੩੪॥

ਆਪਣੇ ਸੇਵਕ ਨੂੰ (ਵੈਦ-ਗੁਰੂ ਪਾਸੋਂ) ਨਾਮ ਦਾ ਆਸਰਾ ਦਿਵਾ ਕੇ ਤੂੰ ਆਪ ਹੀ (ਜਮ ਦੀ ਫਾਹੀ ਤੋਂ) ਬਚਾ ਲੈਂਦਾ ਹੈਂ ॥੨॥੬॥੩੪॥


ਸੋਰਠਿ ਮਹਲਾ ੫ ॥
ਅੰਤਰ ਕੀ ਗਤਿ ਤੁਮ ਹੀ ਜਾਨੀ ਤੁਝ ਹੀ ਪਾਹਿ ਨਿਬੇਰੋ ॥

ਹੇ ਮੇਰੇ ਆਪਣੇ ਮਾਲਕ ਪ੍ਰਭੂ! ਮੇਰੇ ਦਿਲ ਦੀ ਹਾਲਤ ਤੂੰ ਹੀ ਜਾਣਦਾ ਹੈਂ, ਤੇਰੀ ਸਰਣ ਪਿਆਂ ਹੀ (ਮੇਰੀ ਅੰਦਰਲੀ ਮੰਦੀ ਹਾਲਤ ਦਾ) ਖ਼ਾਤਮਾ ਹੋ ਸਕਦਾ ਹੈ।

ਬਖਸਿ ਲੈਹੁ ਸਾਹਿਬ ਪ੍ਰਭ ਅਪਨੇ ਲਾਖ ਖਤੇ ਕਰਿ ਫੇਰੋ ॥੧॥

ਮੈਂ ਲੱਖਾਂ ਪਾਪ ਕਰਦਾ ਫਿਰਦਾ ਹਾਂ। ਹੇ ਮੇਰੇ ਮਾਲਕ! ਮੈਨੂੰ ਬਖ਼ਸ਼ ਲੈ ॥੧॥

ਪ੍ਰਭ ਜੀ ਤੂ ਮੇਰੋ ਠਾਕੁਰੁ ਨੇਰੋ ॥

ਹੇ ਪ੍ਰਭੂ ਜੀ! ਤੂੰ ਮੇਰਾ ਪਾਲਣਹਾਰਾ ਮਾਲਕ ਹੈਂ, ਮੇਰੇ ਅੰਗ-ਸੰਗ ਵੱਸਦਾ ਹੈਂ।

ਹਰਿ ਚਰਣ ਸਰਣ ਮੋਹਿ ਚੇਰੋ ॥੧॥ ਰਹਾਉ ॥

ਹੇ ਹਰੀ! ਮੈਨੂੰ ਆਪਣੇ ਚਰਨਾਂ ਦੀ ਸਰਣ ਵਿਚ ਰੱਖ, ਮੈਨੂੰ ਆਪਣਾ ਦਾਸ ਬਣਾਈ ਰੱਖ ॥੧॥ ਰਹਾਉ ॥

ਬੇਸੁਮਾਰ ਬੇਅੰਤ ਸੁਆਮੀ ਊਚੋ ਗੁਨੀ ਗਹੇਰੋ ॥

ਹੇ ਬੇਸ਼ੁਮਾਰ ਪ੍ਰਭੂ! ਹੇ ਬੇਅੰਤ! ਹੇ ਮੇਰੇ ਮਾਲਕ! ਤੂੰ ਉੱਚੀ ਆਤਮਕ ਅਵਸਥਾ ਵਾਲਾ ਹੈਂ, ਤੂੰ ਸਾਰੇ ਗੁਣਾਂ ਦਾ ਮਾਲਕ ਹੈਂ, ਤੂੰ ਡੂੰਘਾ ਹੈਂ।

ਕਾਟਿ ਸਿਲਕ ਕੀਨੋ ਅਪੁਨੋ ਦਾਸਰੋ ਤਉ ਨਾਨਕ ਕਹਾ ਨਿਹੋਰੋ ॥੨॥੭॥੩੫॥

ਹੇ ਨਾਨਕ! (ਆਖ-ਹੇ ਪ੍ਰਭੂ! ਜਦੋਂ ਤੂੰ ਕਿਸੇ ਮਨੁੱਖ ਦੀ ਵਿਕਾਰਾਂ ਦੀ) ਫਾਹੀ ਕੱਟ ਕੇ ਉਸ ਨੂੰ ਆਪਣਾ ਦਾਸ ਬਣਾ ਲੈਂਦਾ ਹੈਂ, ਤਦੋਂ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ ॥੨॥੭॥੩੫॥


ਸੋਰਠਿ ਮ : ੫ ॥
ਭਏ ਕ੍ਰਿਪਾਲ ਗੁਰੂ ਗੋਵਿੰਦਾ ਸਗਲ ਮਨੋਰਥ ਪਾਏ ॥

ਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਦਾ ਰੂਪ ਗੁਰੂ ਦਇਆਵਾਨ ਹੁੰਦਾ ਹੈ, ਉਸ ਦੇ ਮਨ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ (ਕਿਉਂਕਿ)

ਅਸਥਿਰ ਭਏ ਲਾਗਿ ਹਰਿ ਚਰਣੀ ਗੋਵਿੰਦ ਕੇ ਗੁਣ ਗਾਏ ॥੧॥

ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾ ਗਾ ਕੇ ਪ੍ਰਭੂ-ਚਰਨਾਂ ਵਿਚ ਲਗਨ ਲਾ ਕੇ ਉਹ ਮਨੁੱਖ (ਮਾਇਆ ਦੇ ਹੱਲਿਆਂ ਅੱਗੇ) ਡੋਲਣੋਂ ਹਟ ਜਾਂਦਾ ਹੈ ॥੧॥

ਭਲੋ ਸਮੂਰਤੁ ਪੂਰਾ ॥

(ਹੇ ਭਾਈ! ਮਨੁੱਖ ਦੇ ਜੀਵਨ ਵਿਚ) ਉਹ ਸਮਾ ਸੁਹਾਵਣਾ ਹੁੰਦਾ ਹੈ ਸ਼ੁਭ ਹੁੰਦਾ ਹੈ,

ਸਾਂਤਿ ਸਹਜ ਆਨੰਦ ਨਾਮੁ ਜਪਿ ਵਾਜੇ ਅਨਹਦ ਤੂਰਾ ॥੧॥ ਰਹਾਉ ॥

ਜਦੋਂ ਪਰਮਾਤਮਾ ਦਾ ਨਾਮ ਜਪ ਕੇ ਉਸ ਦੇ ਅੰਦਰ ਸ਼ਾਂਤੀ, ਆਤਮਕ ਅਡੋਲਤਾ, ਆਨੰਦ ਦੇ ਇਕ-ਰਸ ਵਾਜੇ ਵੱਜਦੇ ਹਨ ॥੧॥ ਰਹਾਉ ॥

ਮਿਲੇ ਸੁਆਮੀ ਪ੍ਰੀਤਮ ਅਪੁਨੇ ਘਰ ਮੰਦਰ ਸੁਖਦਾਈ ॥

ਹੇ ਭਾਈ! ਜਿਸ ਮਨੁੱਖ ਨੂੰ ਆਪਣੇ ਮਾਲਕ ਪ੍ਰੀਤਮ ਪ੍ਰਭੂ ਜੀ ਮਿਲ ਪੈਂਦੇ ਹਨ, ਉਸ ਨੂੰ ਇਹ ਘਰ-ਘਾਟ ਸੁਖ ਦੇਣ ਵਾਲੇ ਪ੍ਰਤੀਤ ਹੁੰਦੇ ਹਨ।

ਹਰਿ ਨਾਮੁ ਨਿਧਾਨੁ ਨਾਨਕ ਜਨ ਪਾਇਆ ਸਗਲੀ ਇਛ ਪੁਜਾਈ ॥੨॥੮॥੩੬॥

ਹੇ ਦਾਸ ਨਾਨਕ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ-ਖ਼ਜ਼ਾਨਾ ਲੱਭ ਲਿਆ, ਉਸ ਦੀ ਹਰੇਕ ਮਨੋ-ਕਾਮਨਾ ਪੂਰੀ ਹੋ ਜਾਂਦੀ ਹੈ ॥੨॥੮॥੩੬॥


ਸੋਰਠਿ ਮਹਲਾ ੫ ॥
ਗੁਰ ਕੇ ਚਰਨ ਬਸੇ ਰਿਦ ਭੀਤਰਿ ਸੁਭ ਲਖਣ ਪ੍ਰਭਿ ਕੀਨੇ ॥

ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਦੇ ਚਰਨ ਵੱਸ ਪਏ, ਪ੍ਰਭੂ ਨੇ (ਉਸ ਦੀ ਜ਼ਿੰਦਗੀ ਵਿਚ) ਸਫਲਤਾ ਪੈਦਾ ਕਰਨ ਵਾਲੇ ਲੱਛਣ ਪੈਦਾ ਕਰ ਦਿੱਤੇ।

ਭਏ ਕ੍ਰਿਪਾਲ ਪੂਰਨ ਪਰਮੇਸਰ ਨਾਮ ਨਿਧਾਨ ਮਨਿ ਚੀਨੇ ॥੧॥

ਸਰਬ-ਵਿਆਪਕ ਪ੍ਰਭੂ ਜੀ ਜਿਸ ਮਨੁੱਖ ਉਤੇ ਦਇਆਵਾਨ ਹੋ ਗਏ, ਉਸ ਮਨੁੱਖ ਨੇ ਪਰਮਾਤਮਾ ਦੇ ਨਾਮ ਦੇ ਖ਼ਜ਼ਾਨੇ ਆਪਣੇ ਮਨ ਵਿਚ (ਟਿਕੇ ਹੋਏ) ਪਛਾਣ ਲਏ ॥੧॥

ਮੇਰੋ ਗੁਰੁ ਰਖਵਾਰੋ ਮੀਤ ॥

ਹੇ ਭਾਈ! ਮੇਰਾ ਗੁਰੂ ਮੇਰਾ ਰਾਖਾ ਹੈ ਮੇਰਾ ਮਿੱਤਰ ਹੈ।

ਦੂਣ ਚਊਣੀ ਦੇ ਵਡਿਆਈ ਸੋਭਾ ਨੀਤਾ ਨੀਤ ॥੧॥ ਰਹਾਉ ॥

(ਪ੍ਰਭੂ ਦਾ ਨਾਮ ਦੇ ਕੇ, ਮੈਨੂੰ) ਉਹ ਵਡਿਆਈ ਬਖ਼ਸ਼ਦਾ ਹੈ ਜੋ ਦੂਣੀ ਚਉਣੀ ਹੁੰਦੀ ਜਾਂਦੀ ਹੈ (ਸਦਾ ਵਧਦੀ ਜਾਂਦੀ ਹੈ), ਮੈਨੂੰ ਸਦਾ ਸੋਭਾ ਦਿਵਾਂਦਾ ਹੈ ॥੧॥ ਰਹਾਉ ॥

ਜੀਅ ਜੰਤ ਪ੍ਰਭਿ ਸਗਲ ਉਧਾਰੇ ਦਰਸਨੁ ਦੇਖਣਹਾਰੇ ॥

ਹੇ ਭਾਈ! ਗੁਰੂ ਦਾ ਦਰਸਨ ਕਰਨ ਵਾਲੇ ਸਾਰੇ ਮਨੁੱਖਾਂ ਨੂੰ ਪ੍ਰਭੂ ਨੇ (ਵਿਕਾਰਾਂ ਤੋਂ) ਬਚਾ ਲਿਆ।

ਗੁਰ ਪੂਰੇ ਕੀ ਅਚਰਜ ਵਡਿਆਈ ਨਾਨਕ ਸਦ ਬਲਿਹਾਰੇ ॥੨॥੯॥੩੭॥

ਪੂਰੇ ਗੁਰੂ ਦਾ ਇਤਨਾ ਵੱਡਾ ਦਰਜਾ ਹੈ ਕਿ (ਵੇਖ ਕੇ) ਹੈਰਾਨ ਹੋ ਜਾਈਦਾ ਹੈ। ਹੇ ਨਾਨਕ! (ਆਖ-ਮੈਂ ਗੁਰੂ ਤੋਂ) ਸਦਾ ਕੁਰਬਾਨ ਜਾਂਦਾ ਹਾਂ ॥੨॥੯॥੩੭॥


ਸੋਰਠਿ ਮਹਲਾ ੫ ॥
ਸੰਚਨਿ ਕਰਉ ਨਾਮ ਧਨੁ ਨਿਰਮਲ ਥਾਤੀ ਅਗਮ ਅਪਾਰ ॥

(ਹੇ ਭਾਈ! ਗੁਰੂ ਦੀ ਕਿਰਪਾ ਨਾਲ) ਮੈਂ ਪਰਮਾਤਮਾ ਦੇ ਪਵਿਤ੍ਰ ਨਾਮ ਦਾ ਧਨ ਇਕੱਠਾ ਕਰ ਰਿਹਾ ਹਾਂ (ਜਿਥੇ ਇਹ ਧਨ ਇਕੱਠਾ ਕੀਤਾ ਜਾਏ, ਉੱਥੇ) ਅਪਹੁੰਚ ਤੇ ਬੇਅੰਤ ਪ੍ਰਭੂ ਦਾ ਨਿਵਾਸ ਹੋ ਜਾਂਦਾ ਹੈ।

ਬਿਲਛਿ ਬਿਨੋਦ ਆਨੰਦ ਸੁਖ ਮਾਣਹੁ ਖਾਇ ਜੀਵਹੁ ਸਿਖ ਪਰਵਾਰ ॥੧॥

ਹੇ (ਗੁਰੂ ਕੇ) ਸਿੱਖ-ਪਰਵਾਰ! (ਹੇ ਗੁਰਸਿੱਖੋ!) ਤੁਸੀ ਭੀ (ਆਤਮਕ ਜੀਵਨ ਵਾਸਤੇ ਇਹ ਨਾਮ-ਭੋਜਨ) ਖਾ ਕੇ ਆਤਮਕ ਜੀਵਨ ਹਾਸਲ ਕਰੋ, ਖ਼ੁਸ਼ ਹੋ ਕੇ ਆਤਮਕ ਚੋਜ ਆਨੰਦ ਸੁਖ ਮਾਣਿਆ ਕਰੋ ॥੧॥

ਹਰਿ ਕੇ ਚਰਨ ਕਮਲ ਆਧਾਰ ॥

(ਹੇ ਭਾਈ!) ਪਰਮਾਤਮਾ ਦੇ ਕੋਮਲ ਚਰਨਾਂ ਨੂੰ (ਮੈਂ ਆਪਣੀ ਜ਼ਿੰਦਗੀ ਦਾ) ਆਸਰਾ (ਬਣਾ ਲਿਆ ਹੈ)।

ਸੰਤ ਪ੍ਰਸਾਦਿ ਪਾਇਓ ਸਚ ਬੋਹਿਥੁ ਚੜਿ ਲੰਘਉ ਬਿਖੁ ਸੰਸਾਰ ॥੧॥ ਰਹਾਉ ॥

ਗੁਰੂ ਦੀ ਕਿਰਪਾ ਨਾਲ ਮੈਂ ਸਦਾ-ਥਿਰ ਪ੍ਰਭੂ ਦਾ ਨਾਮ ਜਹਾਜ਼ ਲੱਭ ਲਿਆ ਹੈ, (ਉਸ ਵਿਚ) ਚੜ੍ਹ ਕੇ ਮੈਂ (ਆਤਮਕ ਮੌਤ ਲਿਆਉਣ ਵਾਲੇ ਵਿਕਾਰਾਂ ਦੇ) ਜ਼ਹਿਰ-ਭਰੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਰਿਹਾ ਹਾਂ ॥੧॥ ਰਹਾਉ ॥

ਭਏ ਕ੍ਰਿਪਾਲ ਪੂਰਨ ਅਬਿਨਾਸੀ ਆਪਹਿ ਕੀਨੀ ਸਾਰ ॥

ਹੇ ਭਾਈ! ਜਿਸ ਮਨੁੱਖ ਉੱਤੇ ਸਰਬ-ਵਿਆਪਕ ਅਬਿਨਾਸੀ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਉਸ ਦੀ ਸੰਭਾਲ ਆਪ ਹੀ ਕਰਦੇ ਹਨ।

ਪੇਖਿ ਪੇਖਿ ਨਾਨਕ ਬਿਗਸਾਨੋ ਨਾਨਕ ਨਾਹੀ ਸੁਮਾਰ ॥੨॥੧੦॥੩੮॥

ਨਾਨਕ (ਉਸ ਦਾ ਇਹ ਕੌਤਕ) ਵੇਖ ਵੇਖ ਕੇ ਖ਼ੁਸ਼ ਹੋ ਰਿਹਾ ਹੈ। ਹੇ ਨਾਨਕ! (ਸੇਵਕ ਦੀ ਸੰਭਾਲ ਕਰਨ ਦੀ ਪ੍ਰਭੂ ਦੀ ਦਇਆ ਦਾ) ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ॥੨॥੧੦॥੩੮॥


ਸੋਰਠਿ ਮਹਲਾ ੫ ॥
ਗੁਰਿ ਪੂਰੈ ਅਪਨੀ ਕਲ ਧਾਰੀ ਸਭ ਘਟ ਉਪਜੀ ਦਇਆ ॥

ਹੇ ਭਾਈ! ਪੂਰੇ ਗੁਰੂ ਨੇ (ਮੇਰੇ ਅੰਦਰ) ਆਪਣੀ (ਅਜੇਹੀ) ਤਾਕਤ ਭਰ ਦਿੱਤੀ ਹੈ (ਕਿ ਮੇਰੇ ਅੰਦਰ) ਸਭ ਜੀਵਾਂ ਵਾਸਤੇ ਪਿਆਰ ਪੈਦਾ ਹੋ ਗਿਆ ਹੈ।

ਆਪੇ ਮੇਲਿ ਵਡਾਈ ਕੀਨੀ ਕੁਸਲ ਖੇਮ ਸਭ ਭਇਆ ॥੧॥

(ਗੁਰੂ ਨੇ) ਆਪ ਹੀ (ਮੈਨੂੰ ਪ੍ਰਭੂ-ਚਰਨਾਂ ਵਿਚ) ਜੋੜ ਕੇ (ਮੈਨੂੰ) ਆਤਮਕ ਉੱਚਤਾ ਬਖ਼ਸ਼ੀ ਹੈ, (ਹੁਣ ਮੇਰੇ ਅੰਦਰ) ਆਨੰਦ ਹੀ ਆਨੰਦ ਬਣਿਆ ਰਹਿੰਦਾ ਹੈ ॥੧॥

ਸਤਿਗੁਰੁ ਪੂਰਾ ਮੇਰੈ ਨਾਲਿ ॥

ਹੇ ਭਾਈ! ਪੂਰਾ ਗੁਰੂ (ਹਰ ਵੇਲੇ) ਮੇਰੇ ਨਾਲ (ਮਦਦਗਾਰ) ਹੈ,

ਪਾਰਬ੍ਰਹਮੁ ਜਪਿ ਸਦਾ ਨਿਹਾਲ ॥ ਰਹਾਉ ॥

(ਉਸ ਦੀ ਮੇਹਰ ਨਾਲ) ਪਰਮਾਤਮਾ ਦਾ ਨਾਮ ਜਪ ਕੇ ਮੈਂ ਸਦਾ ਪ੍ਰਸੰਨ-ਚਿੱਤ ਰਹਿੰਦਾ ਹਾਂ ਰਹਾਉ॥

ਅੰਤਰਿ ਬਾਹਰਿ ਥਾਨ ਥਨੰਤਰਿ ਜਤ ਕਤ ਪੇਖਉ ਸੋਈ ॥

ਹੇ ਭਾਈ! ਹੁਣ ਆਪਣੇ ਅੰਦਰ ਤੇ ਬਾਹਰ (ਸਾਰੇ ਜਗਤ ਵਿਚ), ਹਰ ਥਾਂ ਵਿਚ, ਮੈਂ ਜਿੱਥੇ ਵੇਖਦਾ ਹਾਂ ਉਸ ਪਰਮਾਤਮਾ ਨੂੰ ਹੀ (ਵੱਸਦਾ ਵੇਖਦਾ ਹਾਂ)।

ਨਾਨਕ ਗੁਰੁ ਪਾਇਓ ਵਡਭਾਗੀ ਤਿਸੁ ਜੇਵਡੁ ਅਵਰੁ ਨ ਕੋਈ ॥੨॥੧੧॥੩੯॥

ਹੇ ਨਾਨਕ! (ਮੈਨੂੰ) ਵੱਡੇ ਭਾਗਾਂ ਨਾਲ ਗੁਰੂ ਮਿਲ ਪਿਆ ਹੈ (ਇਹੋ ਜਿਹੀ ਦਾਤਿ ਬਖ਼ਸ਼ ਸਕਣ ਵਾਲਾ) ਗੁਰੂ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ॥੨॥੧੧॥੩੯॥


ਸੋਰਠਿ ਮਹਲਾ ੫ ॥
ਸੂਖ ਮੰਗਲ ਕਲਿਆਣ ਸਹਜ ਧੁਨਿ ਪ੍ਰਭ ਕੇ ਚਰਣ ਨਿਹਾਰਿਆ ॥

(ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਜਿਸ ਮਨੁੱਖ ਨੇ) ਪਰਮਾਤਮਾ ਦੇ ਚਰਨਾਂ ਦਾ ਦਰਸਨ ਕਰ ਲਿਆ, ਉਸ ਦੇ ਅੰਦਰ ਸੁਖ ਖ਼ੁਸ਼ੀ ਆਨੰਦ ਤੇ ਆਤਮਕ ਅਡੋਲਤਾ ਦੀ ਰੌ ਚੱਲ ਪਈ।

ਰਾਖਨਹਾਰੈ ਰਾਖਿਓ ਬਾਰਿਕੁ ਸਤਿਗੁਰਿ ਤਾਪੁ ਉਤਾਰਿਆ ॥੧॥

(ਜੇਹੜਾ ਭੀ ਮਨੁੱਖ ਗੁਰੂ ਦੀ ਸ਼ਰਨ ਆ ਪਿਆ) ਗੁਰੂ ਨੇ ਉਸ ਦਾ ਤਾਪ (ਦੁੱਖ-ਕਲੇਸ਼) ਲਾਹ ਦਿੱਤਾ, ਰੱਖਿਆ ਕਰਨ ਦੀ ਸਮਰਥਾ ਵਾਲੇ ਗੁਰੂ ਨੇ ਉਸ ਬਾਲਕ ਨੂੰ (ਵਿਘਨਾਂ ਤੋਂ) ਬਚਾ ਲਿਆ (ਉਸ ਨੂੰ ਇਉਂ ਬਚਾਇਆ ਜਿਵੇਂ ਪਿਤਾ ਆਪਣੇ ਪੁੱਤਰ ਦੀ ਰੱਖਿਆ ਕਰਦਾ ਹੈ) ॥੧॥

ਉਬਰੇ ਸਤਿਗੁਰ ਕੀ ਸਰਣਾਈ ॥

ਹੇ ਭਾਈ! ਉਸ ਗੁਰੂ ਦੀ ਸ਼ਰਨ ਜੇਹੜੇ ਮਨੁੱਖ ਪੈਂਦੇ ਹਨ ਉਹ (ਆਤਮਕ ਜੀਵਨ ਦੇ ਰਸਤੇ ਵਿਚ ਆਉਣ ਵਾਲੀਆਂ ਰੁਕਾਵਟਾਂ ਤੋਂ) ਬਚ ਜਾਂਦੇ ਹਨ

ਜਾ ਕੀ ਸੇਵ ਨ ਬਿਰਥੀ ਜਾਈ ॥ ਰਹਾਉ ॥

ਜਿਸ ਗੁਰੂ ਦੀ ਕੀਤੀ ਹੋਈ ਸੇਵਾ ਖ਼ਾਲੀ ਨਹੀਂ ਜਾਂਦੀ (ਉਸ ਦੀ ਸ਼ਰਨ ਪ੍ਰਾਪਤ ਕਰ।) ਰਹਾਉ॥

ਘਰ ਮਹਿ ਸੂਖ ਬਾਹਰਿ ਫੁਨਿ ਸੂਖਾ ਪ੍ਰਭ ਅਪੁਨੇ ਭਏ ਦਇਆਲਾ ॥

(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਸ ਦੇ) ਹਿਰਦੇ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ, ਬਾਹਰ (ਦੁਨੀਆ ਨਾਲ ਵਰਤਣ ਵਿਹਾਰ ਕਰਦਿਆਂ) ਭੀ ਉਸ ਨੂੰ ਆਤਮਕ ਸੁਖ ਮਿਲਿਆ ਰਹਿੰਦਾ ਹੈ, ਉਸ ਉਤੇ ਪ੍ਰਭੂ ਸਦਾ ਦਇਆਵਾਨ ਰਹਿੰਦਾ ਹੈ।

ਨਾਨਕ ਬਿਘਨੁ ਨ ਲਾਗੈ ਕੋਊ ਮੇਰਾ ਪ੍ਰਭੁ ਹੋਆ ਕਿਰਪਾਲਾ ॥੨॥੧੨॥੪੦॥

ਹੇ ਨਾਨਕ! ਉਸ ਮਨੁੱਖ ਦੀ ਜ਼ਿੰਦਗੀ ਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਆਉਂਦੀ, ਉਸ ਉਤੇ ਪਰਮਾਤਮਾ ਕਿਰਪਾਲ ਹੋਇਆ ਰਹਿੰਦਾ ਹੈ ॥੨॥੧੨॥੪੦॥


ਸੋਰਠਿ ਮਹਲਾ ੫ ॥
ਸਾਧੂ ਸੰਗਿ ਭਇਆ ਮਨਿ ਉਦਮੁ ਨਾਮੁ ਰਤਨੁ ਜਸੁ ਗਾਈ ॥

ਹੇ ਭਾਈ! ਗੁਰੂ ਦੀ ਸੰਗਤਿ ਵਿਚ ਰਿਹਾਂ ਮਨ ਵਿਚ ਉੱਦਮ ਪੈਦਾ ਹੁੰਦਾ ਹੈ, (ਮਨੁੱਖ) ਸ੍ਰੇਸ਼ਟ ਨਾਮ ਜਪਣ ਲੱਗ ਪੈਂਦਾ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਣ ਲੱਗ ਪੈਂਦਾ ਹੈ।

ਮਿਟਿ ਗਈ ਚਿੰਤਾ ਸਿਮਰਿ ਅਨੰਤਾ ਸਾਗਰੁ ਤਰਿਆ ਭਾਈ ॥੧॥

ਬੇਅੰਤ ਪ੍ਰਭੂ ਦਾ ਸਿਮਰਨ ਕਰ ਕੇ ਮਨੁੱਖ ਦੀ ਚਿੰਤਾ ਮਿਟ ਜਾਂਦੀ ਹੈ, ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੧॥

ਹਿਰਦੈ ਹਰਿ ਕੇ ਚਰਣ ਵਸਾਈ ॥

ਹੇ ਭਾਈ! ਆਪਣੇ ਹਿਰਦੇ ਵਿਚ ਪਰਮਾਤਮਾ ਦੇ ਚਰਨ ਟਿਕਾਈ ਰੱਖ (ਨਿਮ੍ਰਤਾ ਵਿਚ ਰਹਿ ਕੇ ਪਰਮਾਤਮਾ ਦਾ ਸਿਮਰਨ ਕਰਿਆ ਕਰ)।

ਸੁਖੁ ਪਾਇਆ ਸਹਜ ਧੁਨਿ ਉਪਜੀ ਰੋਗਾ ਘਾਣਿ ਮਿਟਾਈ ॥ ਰਹਾਉ ॥

(ਜਿਸ ਨੇ ਭੀ ਇਹ ਉੱਦਮ ਕੀਤਾ ਹੈ, ਉਸ ਨੇ) ਆਤਮਕ ਆਨੰਦ ਪ੍ਰਾਪਤ ਕਰ ਲਿਆ, (ਉਸ ਦੇ ਅੰਦਰ) ਆਤਮਕ ਅਡੋਲਤਾ ਦੀ ਰੌ ਪੈਦਾ ਹੋ ਗਈ, (ਉਸ ਨੇ ਆਪਣੇ ਅੰਦਰੋਂ) ਰੋਗਾਂ ਦੇ ਢੇਰ ਮਿਟਾ ਲਏ ਰਹਾਉ॥

ਕਿਆ ਗੁਣ ਤੇਰੇ ਆਖਿ ਵਖਾਣਾ ਕੀਮਤਿ ਕਹਣੁ ਨ ਜਾਈ ॥

ਹੇ ਪ੍ਰਭੂ! ਮੈਂ ਤੇਰੇ ਕੇਹੜੇ ਕੇਹੜੇ ਗੁਣ ਬਿਆਨ ਕਰ ਕੇ ਦੱਸਾਂ? ਤੇਰਾ ਮੁੱਲ ਦੱਸਿਆ ਨਹੀਂ ਜਾ ਸਕਦਾ (ਤੂੰ ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਤੋਂ ਨਹੀਂ ਮਿਲ ਸਕਦਾ)।

ਨਾਨਕ ਭਗਤ ਭਏ ਅਬਿਨਾਸੀ ਅਪੁਨਾ ਪ੍ਰਭੁ ਭਇਆ ਸਹਾਈ ॥੨॥੧੩॥੪੧॥

ਹੇ ਨਾਨਕ! ਪਿਆਰਾ ਪ੍ਰਭੂ ਜਿਨ੍ਹਾਂ ਮਨੁੱਖਾਂ ਦਾ ਮਦਦਗਾਰ ਬਣਦਾ ਹੈ, ਉਹ ਭਗਤ-ਜਨ ਆਤਮਕ ਮੌਤ ਤੋਂ ਰਹਿਤ ਹੋ ਜਾਂਦੇ ਹਨ ॥੨॥੧੩॥੪੧॥


ਸੋਰਠਿ ਮ : ੫ ॥

ਗਏ ਕਲੇਸ ਰੋਗ ਸਭਿ ਨਾਸੇ ਪ੍ਰਭਿ ਅਪੁਨੈ ਕਿਰਪਾ ਧਾਰੀ ॥
ਹੇ ਭਾਈ! ਜਿਸ ਭੀ ਮਨੁੱਖ ਉੱਤੇ ਪਿਆਰੇ ਪ੍ਰਭੂ ਨੇ ਮੇਹਰ ਕੀਤੀ ਉਸ ਦੇ ਸਾਰੇ ਕਲੇਸ਼ ਤੇ ਰੋਗ ਦੂਰ ਹੋ ਗਏ।

ਆਠ ਪਹਰ ਆਰਾਧਹੁ ਸੁਆਮੀ ਪੂਰਨ ਘਾਲ ਹਮਾਰੀ ॥੧॥

(ਹੇ ਭਾਈ!) ਮਾਲਕ-ਪ੍ਰਭੂ ਨੂੰ ਅੱਠੇ ਪਹਿਰ ਯਾਦ ਕਰਦੇ ਰਿਹਾ ਕਰੋ, ਅਸਾਂ ਜੀਵਾਂ ਦੀ (ਇਹ) ਮੇਹਨਤ (ਜ਼ਰੂਰ) ਸਫਲ ਹੁੰਦੀ ਹੈ ॥੧॥

ਹਰਿ ਜੀਉ ਤੂ ਸੁਖ ਸੰਪਤਿ ਰਾਸਿ ॥

ਹੇ ਪ੍ਰਭੂ ਜੀ! ਤੂੰ ਹੀ ਮੈਨੂੰ ਆਤਮਕ ਆਨੰਦ ਦਾ ਧਨ-ਸਰਮਾਇਆ ਦੇਣ ਵਾਲਾ ਹੈਂ।

ਰਾਖਿ ਲੈਹੁ ਭਾਈ ਮੇਰੇ ਕਉ ਪ੍ਰਭ ਆਗੈ ਅਰਦਾਸਿ ॥ ਰਹਾਉ ॥

ਹੇ ਪ੍ਰਭੂ! ਮੈਨੂੰ (ਕਲੇਸ਼ਾਂ ਅੰਦੇਸਿਆਂ ਤੋਂ) ਬਚਾ ਲੈ। ਹੇ ਪ੍ਰਭੂ! ਮੇਰੀ ਤੇਰੇ ਅੱਗੇ ਹੀ ਅਰਜ਼ੋਈ ਹੈ ਰਹਾਉ॥

ਜੋ ਮਾਗਉ ਸੋਈ ਸੋਈ ਪਾਵਉ ਅਪਨੇ ਖਸਮ ਭਰੋਸਾ ॥

ਹੇ ਭਾਈ! ਮੈਂ ਤਾਂ ਜੋ ਕੁਝ (ਪ੍ਰਭੂ ਪਾਸੋਂ) ਮੰਗਦਾ ਹਾਂ, ਉਹੀ ਕੁਝ ਪ੍ਰਾਪਤ ਕਰ ਲੈਂਦਾ ਹਾਂ। ਮੈਨੂੰ ਆਪਣੇ ਮਾਲਕ-ਪ੍ਰਭੂ ਉਤੇ (ਪੂਰਾ) ਇਤਬਾਰ (ਬਣ ਚੁਕਾ) ਹੈ।

ਕਹੁ ਨਾਨਕ ਗੁਰੁ ਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ॥੨॥੧੪॥੪੨॥

ਨਾਨਕ ਆਖਦਾ ਹੈ- ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਸ ਦੇ ਸਾਰੇ ਚਿੰਤਾ-ਫ਼ਿਕਰ ਦੂਰ ਹੋ ਜਾਂਦੇ ਹਨ ॥੨॥੧੪॥੪੨॥


ਸੋਰਠਿ ਮਹਲਾ ੫ ॥
ਸਿਮਰਿ ਸਿਮਰਿ ਗੁਰੁ ਸਤਿਗੁਰੁ ਅਪਨਾ ਸਗਲਾ ਦੂਖੁ ਮਿਟਾਇਆ ॥

(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ, ਉਹ) ਮੁੜ ਮੁੜ ਗੁਰੂ ਸਤਿਗੁਰੂ (ਦੀ ਬਾਣੀ) ਨੂੰ ਚੇਤੇ ਕਰ ਕੇ ਆਪਣਾ ਹਰੇਕ ਕਿਸਮ ਦਾ ਦੁੱਖ ਦੂਰ ਕਰ ਲੈਂਦਾ ਹੈ।

ਤਾਪ ਰੋਗ ਗਏ ਗੁਰ ਬਚਨੀ ਮਨ ਇਛੇ ਫਲ ਪਾਇਆ ॥੧॥

ਗੁਰੂ ਦੇ ਬਚਨਾਂ ਉੱਤੇ ਤੁਰ ਕੇ ਉਸ ਦੇ ਸਾਰੇ ਕਲੇਸ਼ ਸਾਰੇ ਰੋਗ ਦੂਰ ਹੋ ਜਾਂਦੇ ਹਨ, ਉਹ ਮਨ-ਮੰਗੇ ਫਲ ਪ੍ਰਾਪਤ ਕਰ ਲੈਂਦਾ ਹੈ ॥੧॥

ਮੇਰਾ ਗੁਰੁ ਪੂਰਾ ਸੁਖਦਾਤਾ ॥

ਹੇ ਭਾਈ! ਮੇਰਾ ਗੁਰੂ ਸਭ ਗੁਣਾਂ ਨਾਲ ਭਰਪੂਰ ਹੈ, ਸਾਰੇ ਸੁਖ ਬਖ਼ਸ਼ਣ ਵਾਲਾ ਹੈ।

ਕਰਣ ਕਾਰਣ ਸਮਰਥ ਸੁਆਮੀ ਪੂਰਨ ਪੁਰਖੁ ਬਿਧਾਤਾ ॥ ਰਹਾਉ ॥

ਗੁਰੂ ਉਸ ਸਰਬ-ਵਿਆਪਕ ਸਿਰਜਣਹਾਰ ਦਾ ਰੂਪ ਹੈ ਜੋ ਸਾਰੇ ਜਗਤ ਦਾ ਮੂਲ ਹੈ, ਜੋ ਸਭ ਤਾਕਤਾਂ ਦਾ ਮਾਲਕ ਹੈ ਰਹਾਉ॥

ਅਨੰਦ ਬਿਨੋਦ ਮੰਗਲ ਗੁਣ ਗਾਵਹੁ ਗੁਰ ਨਾਨਕ ਭਏ ਦਇਆਲਾ ॥

ਹੇ ਨਾਨਕ! (ਆਖ-ਹੇ ਭਾਈ! ਜੇ ਤੇਰੇ ਉੱਤੇ) ਸਤਿਗੁਰੂ ਜੀ ਦਇਆਵਾਨ ਹੋਏ ਹਨ, ਤਾਂ ਤੂੰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਿਹਾ ਕਰ, (ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਤੇਰੇ ਅੰਦਰ) ਆਨੰਦ ਖ਼ੁਸ਼ੀਆਂ ਸੁਖ ਬਣੇ ਰਹਿਣਗੇ।

ਜੈ ਜੈ ਕਾਰ ਭਏ ਜਗ ਭੀਤਰਿ ਹੋਆ ਪਾਰਬ੍ਰਹਮੁ ਰਖਵਾਲਾ ॥੨॥੧੫॥੪੩॥

(ਸਿਫ਼ਤ-ਸਾਲਾਹ ਦਾ ਸਦਕਾ) ਜਗਤ ਵਿਚ ਸੋਭਾ ਮਿਲਦੀ ਹੈ। (ਇਹ ਨਿਸ਼ਚਾ ਬਣਿਆ ਰਹਿੰਦਾ ਹੈ ਕਿ) ਪਰਮਾਤਮਾ (ਸਦਾ ਸਿਰ ਉੱਤੇ) ਰਾਖਾ ਹੈ ॥੨॥੧੫॥੪੩॥

1
2
3
4
5
6