ਰਾਗ ਰਾਮਕਲੀ ਦਖਣੀ – ਬਾਣੀ ਸ਼ਬਦ-Raag Ramkali Dakhni – Bani

ਰਾਗ ਰਾਮਕਲੀ ਦਖਣੀ – ਬਾਣੀ ਸ਼ਬਦ-Raag Ramkali Dakhni – Bani

ਰਾਮਕਲੀ ਦਖਣੀ ਮਹਲਾ ੧ ॥
ਜਤੁ ਸਤੁ ਸੰਜਮੁ ਸਾਚੁ ਦ੍ਰਿੜਾਇਆ ਸਾਚ ਸਬਦਿ ਰਸਿ ਲੀਣਾ ॥੧॥

(ਮੇਰਾ ਗੁਰੂ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ-ਰਸ ਵਿਚ ਲੀਨ ਰਹਿੰਦਾ ਹੈ ਮੇਰੇ ਗੁਰੂ ਨੇ ਮੈਨੂੰ ਇਹ ਯਕੀਨ ਕਰਾ ਦਿੱਤਾ ਹੈ ਕਿ ਕਾਮ-ਵਾਸ਼ਨਾ ਤੋਂ ਬਚੇ ਰਹਿਣਾ, ਉੱਚਾ ਆਚਰਨ, ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣਾ, ਤੇ ਸਦਾ-ਥਿਰ ਪ੍ਰਭੂ ਦਾ ਸਿਮਰਨ-ਇਹੀ ਹੈ ਸਹੀ ਜੀਵਨ ॥੧॥

ਮੇਰਾ ਗੁਰੁ ਦਇਆਲੁ ਸਦਾ ਰੰਗਿ ਲੀਣਾ ॥

ਮੇਰਾ ਗੁਰੂ ਦਇਆ ਦਾ ਘਰ ਹੈ, ਉਹ ਸਦਾ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ।

ਅਹਿਨਿਸਿ ਰਹੈ ਏਕ ਲਿਵ ਲਾਗੀ ਸਾਚੇ ਦੇਖਿ ਪਤੀਣਾ ॥੧॥ ਰਹਾਉ ॥

(ਮੇਰੇ ਗੁਰੂ ਦੀ) ਸੁਰਤ ਦਿਨ ਰਾਤ ਇਕ ਪਰਮਾਤਮਾ (ਦੇ ਚਰਨਾਂ) ਵਿਚ ਲੱਗੀ ਰਹਿੰਦੀ ਹੈ, (ਮੇਰਾ ਗੁਰੂ) ਸਦਾ-ਥਿਰ ਪਰਮਾਤਮਾ ਦਾ (ਹਰ ਥਾਂ) ਦੀਦਾਰ ਕਰ ਕੇ (ਉਸ ਦੀਦਾਰ ਵਿਚ) ਮਸਤ ਰਹਿੰਦਾ ਹੈ ॥੧॥ ਰਹਾਉ ॥

ਰਹੈ ਗਗਨ ਪੁਰਿ ਦ੍ਰਿਸਟਿ ਸਮੈਸਰਿ ਅਨਹਤ ਸਬਦਿ ਰੰਗੀਣਾ ॥੨॥

(ਮੇਰੇ ਗੁਰੂ) ਸਦਾ ਉੱਚੀ ਅਡੋਲ ਆਤਮਕ ਅਵਸਥਾ ਵਿਚ ਟਿਕਿਆ ਰਹਿੰਦਾ ਹੈ, (ਮੇਰੇ ਗੁਰੂ ਦੀ) (ਪਿਆਰ-ਭਰੀ) ਨਿਗਾਹ (ਸਭ ਵਲ) ਇਕੋ ਜਿਹੀ ਹੈ। (ਮੇਰਾ ਗੁਰੂ) ਉਸ ਸ਼ਬਦ ਵਿਚ ਰੰਗਿਆ ਹੋਇਆ ਹੈ ਜਿਸ ਦੀ ਧੁਨਿ ਉਸ ਦੇ ਅੰਦਰ ਇਕ-ਰਸ ਹੋ ਰਹੀ ਹੈ ॥੨॥

ਸਤੁ ਬੰਧਿ ਕੁਪੀਨ ਭਰਿਪੁਰਿ ਲੀਣਾ ਜਿਹਵਾ ਰੰਗਿ ਰਸੀਣਾ ॥੩॥

ਉੱਚਾ ਆਚਰਨ (-ਰੂਪ) ਲੰਗੋਟ ਬੰਨ੍ਹ ਕੇ (ਮੇਰਾ ਗੁਰੂ) ਸਰਬ-ਵਿਆਪਕ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ, ਉਸ ਦੀ ਜੀਭ (ਪ੍ਰਭੂ ਦੇ) ਪ੍ਰੇਮ ਵਿਚ ਰਸੀ ਰਹਿੰਦੀ ਹੈ ॥੩॥

ਮਿਲੈ ਗੁਰ ਸਾਚੇ ਜਿਨਿ ਰਚੁ ਰਾਚੇ ਕਿਰਤੁ ਵੀਚਾਰਿ ਪਤੀਣਾ ॥੪॥

ਕਦੇ ਉਕਾਈ ਨਾਹ ਖਾਣ ਵਾਲੇ (ਮੇਰੇ) ਗੁਰੂ ਨੂੰ ਉਹ ਪਰਮਾਤਮਾ ਸਦਾ ਮਿਲਿਆ ਰਹਿੰਦਾ ਹੈ ਜਿਸ ਨੇ ਜਗਤ-ਰਚਨਾ ਰਚੀ ਹੈ, ਉਸ ਦੀ ਜਗਤ-ਕਿਰਤ ਨੂੰ ਵੇਖ ਵੇਖ ਕੇ (ਮੇਰਾ ਗੁਰੂ ਉਸ ਦੀ ਸਰਬ-ਸਮਰੱਥਾ ਵਿਚ) ਨਿਸ਼ਚਾ ਰੱਖਦਾ ਹੈ ॥੪॥

ਏਕ ਮਹਿ ਸਰਬ ਸਰਬ ਮਹਿ ਏਕਾ ਏਹ ਸਤਿਗੁਰਿ ਦੇਖਿ ਦਿਖਾਈ ॥੫॥

ਸ੍ਰਿਸ਼ਟੀ ਦੇ ਸਾਰੇ ਹੀ ਜੀਵ ਇਕ ਪਰਮਾਤਮਾ ਵਿਚ ਹਨ (ਭਾਵ, ਇਕ ਪ੍ਰਭੂ ਹੀ ਸਭ ਦੀ ਜ਼ਿੰਦਗੀ ਦਾ ਆਧਾਰ ਹੈ), ਸਾਰੇ ਜੀਵਾਂ ਵਿਚ ਇਕ ਪਰਮਾਤਮਾ ਵਿਆਪਕ ਹੈ-ਇਹ ਕੌਤਕ (ਮੇਰੇ) ਗੁਰੂ ਨੇ (ਆਪ) ਵੇਖ ਕੇ (ਮੈਨੂੰ) ਵਿਖਾ ਦਿੱਤਾ ਹੈ ॥੫॥

ਜਿਨਿ ਕੀਏ ਖੰਡ ਮੰਡਲ ਬ੍ਰਹਮੰਡਾ ਸੋ ਪ੍ਰਭੁ ਲਖਨੁ ਨ ਜਾਈ ॥੬॥

(ਮੇਰੇ ਗੁਰੂ ਨੇ ਹੀ ਮੈਨੂੰ ਦੱਸਿਆ ਹੈ ਕਿ) ਜਿਸ ਪ੍ਰਭੂ ਨੇ ਸਾਰੇ ਖੰਡ ਮੰਡਲ ਬ੍ਰਹਿਮੰਡ ਬਣਾਏ ਹਨ ਉਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ॥੬॥

ਦੀਪਕ ਤੇ ਦੀਪਕੁ ਪਰਗਾਸਿਆ ਤ੍ਰਿਭਵਣ ਜੋਤਿ ਦਿਖਾਈ ॥੭॥

(ਗੁਰੂ ਨੇ ਆਪਣੀ ਰੌਸ਼ਨ ਜੋਤਿ ਦੇ) ਦੀਵੇ ਤੋਂ (ਮੇਰੇ ਅੰਦਰ) ਦੀਵਾ ਜਗਾ ਦਿੱਤਾ ਹੈ ਤੇ ਮੈਨੂੰ ਉਹ (ਰੱਬੀ) ਜੋਤਿ ਵਿਖਾ ਦਿੱਤੀ ਹੈ, ਜੋ ਤਿੰਨਾਂ ਭਵਨਾਂ ਵਿਚ ਮੌਜੂਦ ਹੈ ॥੭॥

ਸਚੈ ਤਖਤਿ ਸਚ ਮਹਲੀ ਬੈਠੇ ਨਿਰਭਉ ਤਾੜੀ ਲਾਈ ॥੮॥

(ਮੇਰਾ ਗੁਰੂ ਇਕ ਐਸਾ ਨਾਥਾਂ ਦਾ ਭੀ ਨਾਥ ਹੈ ਜੋ) ਸਦਾ ਅਟੱਲ ਰਹਿਣ ਵਾਲੇ ਅਡੋਲਤਾ ਦੇ ਤਖ਼ਤ ਉਤੇ ਬੈਠਾ ਹੋਇਆ ਹੈ ਜੋ ਸਦਾ-ਥਿਰ ਰਹਿਣ ਵਾਲੇ ਮਹਿਲ ਵਿਚ ਬੈਠਾ ਹੋਇਆ ਹੈ, (ਉਥੇ ਆਸਣ ਜਮਾਈ) ਬੈਠੇ (ਮੇਰੇ ਗੁਰੂ-ਜੋਗੀ) ਨੇ ਨਿਡਰਤਾ ਦੀ ਸਮਾਧੀ ਲਾਈ ਹੋਈ ਹੈ ॥੮॥

ਮੋਹਿ ਗਇਆ ਬੈਰਾਗੀ ਜੋਗੀ ਘਟਿ ਘਟਿ ਕਿੰਗੁਰੀ ਵਾਈ ॥੯॥

ਮਾਇਆ ਤੋਂ ਨਿਰਲੇਪ ਮੇਰੇ ਜੋਗੀ ਗੁਰੂ ਨੇ (ਸਾਰੇ ਸੰਸਾਰ ਨੂੰ) ਮੋਹ ਲਿਆ ਹੈ, ਉਸ ਨੇ ਹਰੇਕ ਦੇ ਅੰਦਰ (ਆਤਮਕ ਜੀਵਨ ਦੀ ਰੌ) ਕਿੰਗੁਰੀ ਵਜਾ ਦਿੱਤੀ ਹੈ ॥੯॥

ਨਾਨਕ ਸਰਣਿ ਪ੍ਰਭੂ ਕੀ ਛੂਟੇ ਸਤਿਗੁਰ ਸਚੁ ਸਖਾਈ ॥੧੦॥੮॥

ਹੇ ਨਾਨਕ! ਸਦਾ-ਥਿਰ ਰਹਿਣ ਵਾਲਾ ਪਰਮਾਤਮਾ (ਮੇਰੇ) ਗੁਰੂ ਦਾ ਮਿੱਤਰ ਹੈ, ਗੁਰੂ ਦੀ ਰਾਹੀਂ ਪ੍ਰਭੂ ਦੀ ਸਰਨ ਪੈ ਕੇ ਜੀਵ (ਮਾਇਆ ਦੇ ਮੋਹ ਤੋਂ) ਬਚ ਜਾਂਦੇ ਹਨ ॥੧੦॥੮॥


ਰਾਮਕਲੀ ਮਹਲਾ ੧ ਦਖਣੀ ਓਅੰਕਾਰੁ ॥

ਰਾਗ ਰਾਮਕਲੀ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ ‘ਦਖਣੀ ਓਅੰਕਾਰੁ’।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਓਅੰਕਾਰਿ ਬ੍ਰਹਮਾ ਉਤਪਤਿ ॥

(ਹੇ ਪਾਂਡੇ! ਤੁਸੀ ਮੰਦਰ ਵਿਚ ਅਸਥਾਪਨ ਕੀਤੀ ਹੋਈ ਇਸ ਮੂਰਤੀ ਨੂੰ ‘ਓਅੰਕਾਰ’ ਮਿਥ ਰਹੇ ਹੋ, ਤੇ ਆਖਦੇ ਹੋ ਕਿ ਸ੍ਰਿਸ਼ਟੀ ਨੂੰ ਬ੍ਰਹਮਾ ਨੇ ਪੈਦਾ ਕੀਤਾ ਸੀ। ਪਰ ‘ਓਅੰਕਾਰ’ ਉਹ ਸਰਬ-ਵਿਆਪਕ ਪਰਮਾਤਮਾ ਹੈ ਜਿਸ) ਸਰਬ-ਵਿਆਪਕ ਪਰਮਾਤਮਾ ਤੋਂ ਬ੍ਰਹਮਾ ਦਾ (ਭੀ) ਜਨਮ ਹੋਇਆ,

ਓਅੰਕਾਰੁ ਕੀਆ ਜਿਨਿ ਚਿਤਿ ॥

ਉਸ ਬ੍ਰਹਮਾ ਨੇ ਭੀ ਉਸ ਸਰਬ-ਵਿਆਪਕ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਇਆ।

ਓਅੰਕਾਰਿ ਸੈਲ ਜੁਗ ਭਏ ॥

ਇਹ ਸਾਰੀ ਸ੍ਰਿਸ਼ਟੀ ਤੇ ਸਮੇ ਦੀ ਵੰਡ ਉਸ ਸਰਬ-ਵਿਆਪਕ ਪਰਮਾਤਮਾ ਤੋਂ ਹੀ ਹੋਏ,

ਓਅੰਕਾਰਿ ਬੇਦ ਨਿਰਮਏ ॥

ਵੇਦ ਭੀ ਓਅੰਕਾਰ ਤੋਂ ਹੀ ਬਣੇ।

ਓਅੰਕਾਰਿ ਸਬਦਿ ਉਧਰੇ ॥

ਜੀਵ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਸਰਬ-ਵਿਆਪਕ ਪਰਮਾਤਮਾ ਦੀ ਸਹੈਤਾ ਨਾਲ ਹੀ ਸੰਸਾਰ ਦੇ ਵਿਕਾਰਾਂ ਤੋਂ ਬਚਦੇ ਹਨ,

ਓਅੰਕਾਰਿ ਗੁਰਮੁਖਿ ਤਰੇ ॥

ਤੇ ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਦੇ ਹਨ।

ਓਨਮ ਅਖਰ ਸੁਣਹੁ ਬੀਚਾਰੁ ॥

(ਹੇ ਪਾਂਡੇ! ਤੁਸੀ ਆਪਣੇ ਚਾਟੜਿਆਂ ਦੀਆਂ ਪੱਟੀਆਂ ਉੱਤੇ ਲਫ਼ਜ਼ ‘ਓਅੰ ਨਮਹ’ ਲਿਖਦੇ ਹੋ, ਪਰ ਇਸ ਮੂਰਤੀ ਨੂੰ ਹੀ ‘ਓਅੰ’ ਸਮਝ ਰਹੇ ਹੋ) ਉਸ ਮਹਾਨ ਹਸਤੀ ਦੀ ਬਾਬਤ ਭੀ ਗੱਲ ਸੁਣੋ ਜਿਸ ਦੇ ਵਾਸਤੇ ਤੁਸੀ ਲਫ਼ਜ਼ ‘ਓਅੰ ਨਮਹ’ ਲਿਖਦੇ ਹੋ।

ਓਨਮ ਅਖਰੁ ਤ੍ਰਿਭਵਣ ਸਾਰੁ ॥੧॥

ਇਹ ਲਫ਼ਜ਼ ‘ਓਅੰ ਨਮਹ’ ਉਸ (ਮਹਾਨ ਅਕਾਲ ਪੁਰਖ) ਵਾਸਤੇ ਹਨ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ॥੧॥

ਸੁਣਿ ਪਾਡੇ ਕਿਆ ਲਿਖਹੁ ਜੰਜਾਲਾ ॥

ਹੇ ਪਾਂਡੇ! ਸੁਣ, ਨਿਰੀ (ਵਾਦ-ਵਿਵਾਦ ਤੇ ਸੰਸਾਰਕ) ਝੰਬੇਲਿਆਂ ਵਾਲੀ ਲਿਖਾਈ ਲਿਖਣ ਤੋਂ (ਕੋਈ ਆਤਮਕ) ਲਾਭ ਨਹੀਂ ਹੋ ਸਕਦਾ।

ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ ॥੧॥ ਰਹਾਉ ॥

(ਜੇ ਤੂੰ ਆਪਣਾ ਜੀਵਨ ਸਫਲਾ ਕਰਨਾ ਹੈ ਤਾਂ) ਗੁਰੂ ਦੇ ਸਨਮੁਖ ਹੋ ਕੇ ਸ੍ਰਿਸ਼ਟੀ ਦੇ ਮਾਲਕ ਪਰਮਾਤਮਾ ਦਾ ਨਾਮ (ਭੀ ਆਪਣੇ ਮਨ ਵਿਚ) ਲਿਖ ॥੧॥ ਰਹਾਉ ॥

ਸਸੈ ਸਭੁ ਜਗੁ ਸਹਜਿ ਉਪਾਇਆ ਤੀਨਿ ਭਵਨ ਇਕ ਜੋਤੀ ॥

ਜਿਸ ਪਰਮਾਤਮਾ ਨੇ ਕਿਸੇ ਉਚੇਰੇ ਉੱਦਮ ਤੋਂ ਬਿਨਾ ਹੀ ਇਹ ਸਾਰਾ ਜਗਤ ਪੈਦਾ ਕੀਤਾ ਹੈ ਉਸ ਦੀ ਜੋਤਿ ਸਾਰੇ ਜਗਤ ਵਿਚ ਪਸਰ ਰਹੀ ਹੈ।

ਗੁਰਮੁਖਿ ਵਸਤੁ ਪਰਾਪਤਿ ਹੋਵੈ ਚੁਣਿ ਲੈ ਮਾਣਕ ਮੋਤੀ ॥

ਜੋ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ ਉਸ ਨੂੰ ਉਸ ਪਰਮਾਤਮਾ ਦਾ ਨਾਮ-ਪਦਾਰਥ ਮਿਲ ਜਾਂਦਾ ਹੈ, ਗੁਰਮੁਖਿ ਮਨੁੱਖ ਪਰਮਾਤਮਾ ਦਾ ਨਾਮ ਰੂਪ ਕੀਮਤੀ ਧਨ ਇਕੱਠਾ ਕਰ ਲੈਂਦਾ ਹੈ।

ਸਮਝੈ ਸੂਝੈ ਪੜਿ ਪੜਿ ਬੂਝੈ ਅੰਤਿ ਨਿਰੰਤਰਿ ਸਾਚਾ ॥

ਉਹ ਮਨੁੱਖ ਸਤਿਗੁਰੂ (ਦੀ ਬਾਣੀ) ਦੀ ਰਾਹੀਂ ਸਮਝਦਾ ਸੋਚਦਾ ਹੈ, ਸਤਿਗੁਰੂ ਦੀ ਬਾਣੀ ਮੁੜ ਮੁੜ ਪੜ੍ਹ ਕੇ ਉਸ ਨੂੰ ਇਹ ਭੇਤ ਖੁਲ੍ਹਦਾ ਹੈ ਕਿ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਪਰਮਾਤਮਾ ਹੀ ਓੜਕ ਨੂੰ ਸਦਾ-ਥਿਰ ਰਹਿਣ ਵਾਲਾ ਹੈ।

ਗੁਰਮੁਖਿ ਦੇਖੈ ਸਾਚੁ ਸਮਾਲੇ ਬਿਨੁ ਸਾਚੇ ਜਗੁ ਕਾਚਾ ॥੨॥

ਗੁਰੂ ਦੇ ਰਾਹ ਤੇ ਤੁਰਨ ਵਾਲਾ ਮਨੁੱਖ ਉਸ ਸਦਾ-ਥਿਰ ਪਰਮਾਤਮਾ ਨੂੰ ਹੀ (ਹਰ ਥਾਂ) ਵੇਖਦਾ ਹੈ ਤੇ ਆਪਣੇ ਹਿਰਦੇ ਵਿਚ ਵਸਾਂਦਾ ਹੈ, ਪਰਮਾਤਮਾ ਤੋਂ ਛੁਟ ਬਾਕੀ ਸਾਰਾ ਜਗਤ ਉਸ ਨੂੰ ਨਾਸਵੰਤ ਦਿੱਸਦਾ ਹੈ ॥੨॥

ਧਧੈ ਧਰਮੁ ਧਰੇ ਧਰਮਾ ਪੁਰਿ ਗੁਣਕਾਰੀ ਮਨੁ ਧੀਰਾ ॥

(ਹੇ ਪਾਂਡੇ! ਗੁਰੂ ਦੀ ਸਰਨ ਪੈ ਕੇ ਕਰਤਾਰ ਦਾ ਨਾਮ ਆਪਣੇ ਮਨ ਦੀ ਪੱਟੀ ਉਤੇ ਲਿਖ, ਉਹ ਬੜਾ ਬੇਅੰਤ ਹੈ) ਸਤਿਗੁਰੂ ਸਤਸੰਗ ਵਿਚ (ਉਸ ਕਰਤਾਰ ਦੇ ਸਿਮਰਨ ਰੂਪ) ਧਰਮ ਦਾ ਉਪਦੇਸ਼ ਕਰਦਾ ਹੈ, (ਸਿਮਰਨ ਦੀ ਬਰਕਤਿ ਨਾਲ) ਸਤਿਗੁਰੂ ਦਾ ਆਪਣਾ ਮਨ ਟਿਕਿਆ ਰਹਿੰਦਾ ਹੈ, ਤੇ ਉਹ ਹੋਰਨਾਂ ਵਿਚ ਭੀ (ਇਹ) ਗੁਣ ਪੈਦਾ ਕਰਦਾ ਹੈ।

ਧਧੈ ਧੂਲਿ ਪੜੈ ਮੁਖਿ ਮਸਤਕਿ ਕੰਚਨ ਭਏ ਮਨੂਰਾ ॥

ਜਿਸ ਮਨੁੱਖ ਦੇ ਮੂੰਹ-ਮੱਥੇ ਤੇ ਗੁਰੂ ਦੇ ਚਰਨਾਂ ਦੀ ਧੂੜ ਪਏ, ਉਹ ਨਕਾਰੇ ਸੜੇ ਹੋਏ ਲੋਹੇ ਤੋਂ ਸੋਨਾ ਬਣ ਜਾਂਦਾ ਹੈ।

ਧਨੁ ਧਰਣੀਧਰੁ ਆਪਿ ਅਜੋਨੀ ਤੋਲਿ ਬੋਲਿ ਸਚੁ ਪੂਰਾ ॥

ਜੋ ਪਰਮਾਤਮਾ ਸ੍ਰਿਸ਼ਟੀ ਦਾ ਆਸਰਾ ਹੈ ਜਿਸ ਦਾ ਕੋਈ ਸ਼ਰੀਕ ਨਹੀਂ ਤੇ ਜੋ ਜਨਮ-ਰਹਿਤ ਹੈ ਉਹੀ ਸਤਿਗੁਰੂ ਦਾ ਧਨ ਹੈ, ਸਤਿਗੁਰੂ ਤੋਲ ਵਿਚ ਬੋਲ ਵਿਚ ਸੱਚਾ ਤੇ ਪੂਰਨ ਹੁੰਦਾ ਹੈ।

ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰੁ ਸੂਰਾ ॥੩॥

ਕਰਤਾਰ ਦੀ ਵਡਿਆਈ ਕਰਤਾਰ ਆਪ ਹੀ ਜਾਣਦਾ ਹੈ, ਜਾਂ, ਸੂਰਮਾ ਸਤਿਗੁਰੂ ਜਾਣਦਾ ਹੈ (ਭਾਵ, ਸਤਿਗੁਰੂ ਹੀ ਪਰਮਾਤਮਾ ਦੀ ਵਡਿਆਈ ਦੀ ਕਦਰ ਪਾਂਦਾ ਹੈ) ॥੩॥

ਙਿਆਨੁ ਗਵਾਇਆ ਦੂਜਾ ਭਾਇਆ ਗਰਬਿ ਗਲੇ ਬਿਖੁ ਖਾਇਆ ॥

ਜੋ ਮਨੁੱਖ ਸਤਿਗੁਰੂ ਦਾ ਉਪਦੇਸ਼ ਵਿਸਾਰ ਦੇਂਦਾ ਹੈ ਤੇ ਕਿਸੇ ਹੋਰ ਜੀਵਨ-ਰਾਹ ਨੂੰ ਪਸੰਦ ਕਰਦਾ ਹੈ, ਉਹ ਅਹੰਕਾਰ ਵਿਚ ਨਿੱਘਰ ਜਾਂਦਾ ਹੈ, ਤੇ ਉਹ (ਆਤਮਕ ਮੌਤ ਦਾ ਮੂਲ ਅਹੰਕਾਰ-ਰੂਪ) ਜ਼ਹਿਰ ਖਾਂਦਾ ਹੈ।

ਗੁਰ ਰਸੁ ਗੀਤ ਬਾਦ ਨਹੀ ਭਾਵੈ ਸੁਣੀਐ ਗਹਿਰ ਗੰਭੀਰੁ ਗਵਾਇਆ ॥

ਉਸ ਮਨੁੱਖ ਨੂੰ (ਦੂਜੇ ਭਾਵ ਦੇ ਕਾਰਨ) ਸਤਿਗੁਰੂ ਦੀ ਬਾਣੀ ਦਾ ਆਨੰਦ ਤੇ ਗੁਰੂ ਦੇ ਬਚਨ ਸੁਣੇ ਨਹੀਂ ਭਾਉਂਦੇ। ਉਹ ਮਨੁੱਖ ਅਥਾਹ ਗੁਣਾਂ ਦੇ ਮਾਲਕ ਪਰਮਾਤਮਾ ਤੋਂ ਵਿਛੁੜ ਜਾਂਦਾ ਹੈ।

ਗੁਰਿ ਸਚੁ ਕਹਿਆ ਅੰਮ੍ਰਿਤੁ ਲਹਿਆ ਮਨਿ ਤਨਿ ਸਾਚੁ ਸੁਖਾਇਆ ॥

ਜਿਸ ਮਨੁੱਖ ਨੇ ਸਤਿਗੁਰੂ ਦੀ ਰਾਹੀਂ ਸਦਾ-ਥਿਰ ਪ੍ਰਭੂ ਨੂੰ ਸਿਮਰਿਆ ਹੈ, ਉਸ ਨੇ ਨਾਮ-ਅੰਮ੍ਰਿਤ ਹਾਸਲ ਕਰ ਲਿਆ ਹੈ, ਫਿਰ ਉਸ ਨੂੰ ਉਹ ਪਰਮਾਤਮਾ ਮਨ ਤਨ ਵਿਚ ਪਿਆਰਾ ਲੱਗਦਾ ਹੈ।

ਆਪੇ ਗੁਰਮੁਖਿ ਆਪੇ ਦੇਵੈ ਆਪੇ ਅੰਮ੍ਰਿਤੁ ਪੀਆਇਆ ॥੪॥

(ਪਰ ਇਹ ਉਸ ਦੀ ਬਖ਼ਸ਼ਸ਼ ਹੀ ਹੈ) ਉਹ ਆਪ ਹੀ ਗੁਰੂ ਦੀ ਸਰਨ ਪਾ ਕੇ (ਸਿਮਰਨ ਦੀ ਦਾਤਿ) ਦੇਂਦਾ ਹੈ ਤੇ ਆਪ ਹੀ ਨਾਮ-ਅੰਮ੍ਰਿਤ ਪਿਲਾਂਦਾ ਹੈ ॥੪॥

ਏਕੋ ਏਕੁ ਕਹੈ ਸਭੁ ਕੋਈ ਹਉਮੈ ਗਰਬੁ ਵਿਆਪੈ ॥

(ਉਂਞ ਤਾਂ) ਹਰ ਕੋਈ ਆਖਦਾ ਹੈ ਕਿ ਇਕ ਪਰਮਾਤਮਾ ਹੀ ਪਰਮਾਤਮਾ ਹੈ, ਪਰ (ਜਿਸ ਮਨ ਉਤੇ ਪਰਮਾਤਮਾ ਦਾ ਨਾਮ ਲਿਖਣਾ ਹੈ, ਉਸ ਉਤੇ) ਹਉਮੈ ਅਹੰਕਾਰ ਜ਼ੋਰ ਪਾਈ ਰੱਖਦਾ ਹੈ।

ਅੰਤਰਿ ਬਾਹਰਿ ਏਕੁ ਪਛਾਣੈ ਇਉ ਘਰੁ ਮਹਲੁ ਸਿਞਾਪੈ ॥

ਜੇ ਮਨੁੱਖ (ਹਉਮੈ ਅਹੰਕਾਰ ਦਾ ਸਾਇਆ ਦੂਰ ਕਰ ਕੇ) ਆਪਣੇ ਹਿਰਦੇ ਵਿਚ ਅਤੇ ਸਾਰੀ ਸ੍ਰਿਸ਼ਟੀ ਵਿਚ ਇਕ ਪਰਮਾਤਮਾ ਨੂੰ ਪਛਾਣ ਲਏ, ਤਾਂ ਇਸ ਤਰ੍ਹਾਂ ਉਸ ਨੂੰ ਪਰਮਾਤਮਾ ਦੇ ਅਸਥਾਨ ਦੀ ਸਿੰਞਾਣ ਆ ਜਾਂਦੀ ਹੈ।

ਪ੍ਰਭੁ ਨੇੜੈ ਹਰਿ ਦੂਰਿ ਨ ਜਾਣਹੁ ਏਕੋ ਸ੍ਰਿਸਟਿ ਸਬਾਈ ॥

(ਹੇ ਪਾਂਡੇ!) ਪਰਮਾਤਮਾ (ਤੇਰੇ) ਨੇੜੇ (ਭਾਵ, ਹਿਰਦੇ ਵਿਚ ਵੱਸ ਰਿਹਾ) ਹੈ, ਉਸ ਨੂੰ (ਆਪਣੇ ਤੋਂ ਦੂਰ ਨਾਹ ਸਮਝ, ਇਕ ਪਰਮਾਤਮਾ ਹੀ ਸਾਰੀ ਸ੍ਰਿਸ਼ਟੀ ਵਿਚ ਮੌਜੂਦ ਹੈ।

ਏਕੰਕਾਰੁ ਅਵਰੁ ਨਹੀ ਦੂਜਾ ਨਾਨਕ ਏਕੁ ਸਮਾਈ ॥੫॥

ਹੇ ਨਾਨਕ! ਇਕ ਸਰਬ-ਵਿਆਪਕ ਪਰਮਾਤਮਾ ਹੀ (ਹਰ ਥਾਂ) ਸਮਾਇਆ ਹੋਇਆ ਹੈ, ਉਸ ਤੋਂ ਬਿਨਾ ਕੋਈ ਹੋਰ ਦੂਜਾ ਨਹੀਂ ਹੈ ॥੫॥

ਇਸੁ ਕਰਤੇ ਕਉ ਕਿਉ ਗਹਿ ਰਾਖਉ ਅਫਰਿਓ ਤੁਲਿਓ ਨ ਜਾਈ ॥

(ਹੇ ਪਾਂਡੇ!) ਭਾਵੇਂ ਕਰਤਾਰ ਮੇਰੇ ਅੰਦਰ ਹੀ ਵੱਸ ਰਿਹਾ ਹੈ (ਜਦ ਤਕ ਮੇਰੇ ਅੰਦਰ ਹਉਮੈ ਅਹੰਕਾਰ ਹੈ) ਮੈਂ ਉਸ ਨੂੰ ਆਪਣੇ ਮਨ ਵਿਚ ਵਸਾ ਨਹੀਂ ਸਕਦਾ, (ਜਦ ਤਕ ਮਨ ਵਿਚ ਹਉਮੈ ਹੈ ਤਦ ਤਕ ਉਹ ਕਰਤਾਰ) ਮਨ ਵਿਚ ਵਸਾਇਆ ਨਹੀਂ ਜਾ ਸਕਦਾ, ਉਸ ਦੀ ਵਡਿਆਈ ਦੀ ਕਦਰ ਪਾਈ ਨਹੀਂ ਜਾ ਸਕਦੀ।

ਮਾਇਆ ਕੇ ਦੇਵਾਨੇ ਪ੍ਰਾਣੀ ਝੂਠਿ ਠਗਉਰੀ ਪਾਈ ॥

ਮਾਇਆ ਦੇ ਮਤਵਾਲੇ ਜੀਵ ਨੂੰ (ਜਦ ਤਕ) ਝੂਠ ਨੇ ਠਗ-ਬੂਟੀ ਚਮੋੜੀ ਹੋਈ ਹੈ,

ਲਬਿ ਲੋਭਿ ਮੁਹਤਾਜਿ ਵਿਗੂਤੇ ਇਬ ਤਬ ਫਿਰਿ ਪਛੁਤਾਈ ॥

(ਜਦ ਤਕ ਜੀਵ) ਚਸਕੇ ਵਿਚ ਲਾਲਚ ਵਿਚ ਤੇ ਪਰਾਈ ਮੁਥਾਜੀ ਵਿਚ ਖ਼ੁਆਰ ਹੋ ਰਿਹਾ ਹੈ, ਤਦ ਤਕ ਹਰ ਵੇਲੇ ਇਸ ਨੂੰ ਹਾਹੁਕਾ ਹੀ ਹਾਹੁਕਾ ਹੈ।

ਏਕੁ ਸਰੇਵੈ ਤਾ ਗਤਿ ਮਿਤਿ ਪਾਵੈ ਆਵਣੁ ਜਾਣੁ ਰਹਾਈ ॥੬॥

ਜਦੋਂ ਮਨੁੱਖ (ਹਉਮੈ ਦੂਰ ਕਰ ਕੇ) ਇਕ ਪਰਮਾਤਮਾ ਨੂੰ ਸਿਮਰਦਾ ਹੈ ਤਦੋਂ ਪਰਮਾਤਮਾ ਨਾਲ ਇਸ ਦੀ ਜਾਣ ਪਛਾਣ ਹੋ ਜਾਂਦੀ ਹੈ, ਪਰਮਾਤਮਾ ਦੀ ਵਡਿਆਈ ਦੀ ਇਸ ਨੂੰ ਕਦਰ ਪੈਂਦੀ ਹੈ, ਤੇ ਇਸ ਦਾ ਜਨਮ-ਮਰਨ ਮੁੱਕ ਜਾਂਦਾ ਹੈ ॥੬॥

ਏਕੁ ਅਚਾਰੁ ਰੰਗੁ ਇਕੁ ਰੂਪੁ ॥

(ਹੇ ਪਾਂਡੇ! ਉਸ ਗੁਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਉਤੇ ਲਿਖ ਜੋ) ਇਕ ਆਪ ਹੀ (ਹਰ ਥਾਂ ਵਿਆਪਕ ਹੋ ਕੇ ਜਗਤ ਦੀ ਇਹ ਸਾਰੀ) ਕਿਰਤ-ਕਾਰ (ਕਰ ਰਿਹਾ) ਹੈ, (ਜੋ) ਇਕ ਆਪ ਹੀ (ਸੰਸਾਰ ਦਾ ਇਹ ਸਾਰਾ) ਰੂਪ ਰੰਗ (ਆਪਣੇ ਆਪ ਤੋਂ ਪਰਗਟ ਕਰ ਰਿਹਾ) ਹੈ,

ਪਉਣ ਪਾਣੀ ਅਗਨੀ ਅਸਰੂਪੁ ॥

ਤੇ (ਜਗਤ ਦੇ ਇਹ ਤੱਤ) ਹਵਾ ਪਾਣੀ ਅੱਗ (ਜਿਸ ਦਾ ਆਪਣਾ ਹੀ) ਸਰੂਪ ਹਨ,

ਏਕੋ ਭਵਰੁ ਭਵੈ ਤਿਹੁ ਲੋਇ ॥

ਜਿਸ ਗੁਪਾਲ ਦੀ ਜੋਤਿ ਹੀ ਸਾਰੇ ਜਗਤ ਵਿਚ ਪਸਰ ਰਹੀ ਹੈ।

ਏਕੋ ਬੂਝੈ ਸੂਝੈ ਪਤਿ ਹੋਇ ॥

ਜੋ ਮਨੁੱਖ ਉਸ ਇੱਕ ਪਰਮਾਤਮਾ ਨੂੰ (ਹਰ ਥਾਂ ਵਿਆਪਕ) ਸਮਝਦਾ ਹੈ, ਜਿਸ ਨੂੰ ਹਰ ਥਾਂ ਪਰਮਾਤਮਾ ਹੀ ਦਿੱਸਦਾ ਹੈ, ਉਹ ਆਦਰ-ਸਤਕਾਰ ਹਾਸਲ ਕਰਦਾ ਹੈ।

ਗਿਆਨੁ ਧਿਆਨੁ ਲੇ ਸਮਸਰਿ ਰਹੈ ॥

ਕੋਈ ਮਨੁੱਖ ਸਤਿਗੁਰੂ ਦੀ ਰਾਹੀਂ ਪਰਮਾਤਮਾ ਨਾਲ ਜਾਣ-ਪਛਾਣ ਪਾ ਕੇ, ਤੇ, ਉਸ ਵਿਚ ਸੁਰਤ ਟਿਕਾ ਕੇ ਧੀਰੇ ਜੀਵਨ ਵਾਲਾ ਬਣਦਾ ਹੈ,

ਗੁਰਮੁਖਿ ਏਕੁ ਵਿਰਲਾ ਕੋ ਲਹੈ ॥

ਅਜੇਹਾ ਵਿਰਲਾ ਮਨੁੱਖ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ।

ਜਿਸ ਨੋ ਦੇਇ ਕਿਰਪਾ ਤੇ ਸੁਖੁ ਪਾਏ ॥

ਉਹ ਮਨੁੱਖ ਸੁਖ ਮਾਣਦਾ ਹੈ, ਜਿਸ ਮਨੁੱਖ ਨੂੰ ਪ੍ਰਭੂ ਆਪਣੀ ਮੇਹਰ ਨਾਲ ਇਹ ਦਾਤ ਦੇਂਦਾ ਹੈ

ਗੁਰੂ ਦੁਆਰੈ ਆਖਿ ਸੁਣਾਏ ॥੭॥

ਅਤੇ ਜਿਸ ਨੂੰ ਗੁਰੂ ਦੀ ਰਾਹੀਂ (ਆਪਣੀ ਸਰਬ-ਵਿਆਪਕਤਾ ਦਾ ਉਪਦੇਸ਼) ਸੁਣਾਂਦਾ ਹੈ ॥੭॥

ਊਰਮ ਧੂਰਮ ਜੋਤਿ ਉਜਾਲਾ ॥

(ਹੇ ਪਾਂਡੇ! ਉਸ ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਉਤੇ ਲਿਖ), ਧਰਤੀ ਅਤੇ ਅਕਾਸ਼ ਵਿਚ ਜਿਸ ਦੀ ਜੋਤਿ ਦਾ ਪਰਕਾਸ਼ ਹੈ,

ਤੀਨਿ ਭਵਣ ਮਹਿ ਗੁਰ ਗੋਪਾਲਾ ॥

ਜੋ ਸਭ ਤੋਂ ਵੱਡਾ ਗੋਪਾਲ ਤਿੰਨ ਭਵਨਾਂ ਵਿਚ ਵਿਆਪਕ ਹੈ।

ਊਗਵਿਆ ਅਸਰੂਪੁ ਦਿਖਾਵੈ ॥

ਉਹ ਗੋਪਾਲ ਆਪਣੀ ਕਿਰਪਾ ਕਰ ਕੇ (ਗੁਰੂ ਦੀ ਰਾਹੀਂ) ਪਰਗਟ ਹੋ ਕੇ ਜਿਸ ਨੂੰ ਆਪਣਾ (ਸਰਬ-ਵਿਆਪਕ) ਸਰੂਪ ਵਿਖਾਂਦਾ ਹੈ,

ਕਰਿ ਕਿਰਪਾ ਅਪੁਨੈ ਘਰਿ ਆਵੈ ॥

ਉਹ ਮਨੁੱਖ (ਭਟਕਣਾ ਤੋਂ ਬਚ ਕੇ) ਆਪਣੇ ਆਪ ਵਿਚ ਟਿਕ ਜਾਂਦਾ ਹੈ।

ਊਨਵਿ ਬਰਸੈ ਨੀਝਰ ਧਾਰਾ ॥

ਜਗਤ ਨੂੰ ਸੋਹਣਾ ਬਨਾਣ ਵਾਲਾ ਪ੍ਰਭੂ (ਜਿਸ ਮਨੁੱਖ ਦੇ ਹਿਰਦੇ ਵਿਚ) ਨੇੜੇ ਹੋ ਕੇ (ਆਪਣੀ ਸਿਫ਼ਤ-ਸਾਲਾਹ ਦੀ) ਝੜੀ ਲਾ ਕੇ ਵਰ੍ਹਦਾ ਹੈ,

ਊਤਮ ਸਬਦਿ ਸਵਾਰਣਹਾਰਾ ॥

ਉਹ ਮਨੁੱਖ ਸਤਿਗੁਰੂ ਦੇ ਸ੍ਰੇਸ਼ਟ ਸ਼ਬਦ ਦੀ ਰਾਹੀਂ (ਜਗਤ ਨੂੰ ਸਵਾਰਣਹਾਰ)-

ਇਸੁ ਏਕੇ ਕਾ ਜਾਣੈ ਭੇਉ ॥

ਇਸ ਪ੍ਰਭੂ ਦਾ ਇਹ ਭੇਤ ਜਾਣ ਲੈਂਦਾ ਹੈ,

ਆਪੇ ਕਰਤਾ ਆਪੇ ਦੇਉ ॥੮॥

ਕਿ ਪ੍ਰਭੂ ਆਪ ਹੀ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈ ਤੇ ਆਪ ਹੀ (ਆਪ ਜੋਤਿ ਨਾਲ ਇਸ ਨੂੰ) ਚਾਨਣ ਦੇਣ ਵਾਲਾ ਹੈ (ਭਾਵ, ਪ੍ਰਭੂ ਆਪ ਹੀ ਇਸ ਜਗਤ ਨੂੰ ਜੀਵਨ-ਰਾਹ ਸਿਖਾਣ ਵਾਲਾ) ਹੈ ॥੮॥

ਉਗਵੈ ਸੂਰੁ ਅਸੁਰ ਸੰਘਾਰੈ ॥

(ਜਿਸ ਮਨੁੱਖ ਦੇ ਅੰਦਰ ਸਤਿਗੁਰੂ ਦੇ ਬਖ਼ਸ਼ੇ ਹੋਏ ਗਿਆਨ ਦੀ) ਰੌਸ਼ਨੀ ਪੈਦਾ ਹੁੰਦੀ ਹੈ ਉਹ (ਆਪਣੇ ਅੰਦਰੋਂ) ਕਾਮਾਦਿਕ ਵਿਕਾਰਾਂ ਨੂੰ ਮਾਰ ਮੁਕਾਂਦਾ ਹੈ।

ਊਚਉ ਦੇਖਿ ਸਬਦਿ ਬੀਚਾਰੈ ॥

ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪਰਮ ਪੁਰਖ ਦਾ ਦੀਦਾਰ ਕਰ ਕੇ (ਉਹ ਮਨੁੱਖ ਫਿਰ ਇਉਂ) ਸੋਚਦਾ ਹੈ (ਕਿ)

ਊਪਰਿ ਆਦਿ ਅੰਤਿ ਤਿਹੁ ਲੋਇ ॥

ਜਦ ਤਕ ਸ੍ਰਿਸ਼ਟੀ ਕਾਇਮ ਹੈ ਉਹ ਪਰਮਾਤਮਾ ਸਾਰੇ ਜਗਤ ਵਿਚ (ਹਰੇਕ ਦੇ ਸਿਰ) ਉਤੇ ਆਪ (ਰਾਖਾ) ਹੈ,

ਆਪੇ ਕਰੈ ਕਥੈ ਸੁਣੈ ਸੋਇ ॥

ਉਹ ਆਪ ਹੀ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਕਿਰਤ-ਕੰਮ ਕਰਦਾ ਹੈ ਬੋਲਦਾ ਹੈ ਤੇ ਸੁਣਦਾ ਹੈ,

ਓਹੁ ਬਿਧਾਤਾ ਮਨੁ ਤਨੁ ਦੇਇ ॥

ਉਹ ਸਿਰਜਣਹਾਰ (ਸਭ ਜੀਆਂ) ਨੂੰ ਜਿੰਦ ਤੇ ਸਰੀਰ ਦੇਂਦਾ ਹੈ,

ਓਹੁ ਬਿਧਾਤਾ ਮਨਿ ਮੁਖਿ ਸੋਇ ॥

ਸਭ ਜੀਆਂ ਦੇ ਅੰਦਰ ਬੈਠ ਕੇ ਉਹ ਆਪ ਹੀ ਬੋਲਦਾ ਹੈ,

ਪ੍ਰਭੁ ਜਗਜੀਵਨੁ ਅਵਰੁ ਨ ਕੋਇ ॥

ਤੇ, ਪਰਮਾਤਮਾ (ਹੀ) ਜਗਤ ਦਾ ਆਸਰਾ ਹੈ, (ਉਸ ਤੋਂ ਬਿਨਾ) ਕੋਈ ਹੋਰ (ਆਸਰਾ) ਨਹੀਂ ਹੈ।

ਨਾਨਕ ਨਾਮਿ ਰਤੇ ਪਤਿ ਹੋਇ ॥੯॥

ਹੇ ਨਾਨਕ! (ਉਸ) ਪਰਮਾਤਮਾ ਦੇ ਨਾਮ ਵਿਚ ਰੰਗੀਜ ਕੇ (ਹੀ) ਆਦਰ-ਸਤਕਾਰ ਮਿਲਦਾ ਹੈ ॥੯॥

ਰਾਜਨ ਰਾਮ ਰਵੈ ਹਿਤਕਾਰਿ ॥

(ਜੋ ਮਨੁੱਖ) ਪ੍ਰਕਾਸ਼-ਸਰੂਪ ਪਰਮਾਤਮਾ ਨੂੰ ਪ੍ਰੇਮ ਨਾਲ ਸਿਮਰਦਾ ਹੈ,

ਰਣ ਮਹਿ ਲੂਝੈ ਮਨੂਆ ਮਾਰਿ ॥

ਉਹ ਆਪਣੇ ਕੋਝੇ ਮਨ ਨੂੰ ਵੱਸ ਵਿਚ ਲਿਆ ਕੇ ਇਸ ਜਗਤ-ਅਖਾੜੇ ਵਿਚ (ਕਾਮਾਦਿਕ ਵੈਰੀਆਂ ਨਾਲ) ਲੜਦਾ ਹੈ,

ਰਾਤਿ ਦਿਨੰਤਿ ਰਹੈ ਰੰਗਿ ਰਾਤਾ ॥

ਉਹ ਮਨੁੱਖ ਦਿਨੇ ਰਾਤ ਪਰਮਾਤਮਾ ਦੇ ਪਿਆਰ ਵਿਚ ਰੰਗਿਆ ਰਹਿੰਦਾ ਹੈ,

ਤੀਨਿ ਭਵਨ ਜੁਗ ਚਾਰੇ ਜਾਤਾ ॥

ਤਿੰਨ ਭਵਨਾਂ ਵਿਚ ਵਿਆਪਕ ਤੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਉਹ ਮਨੁੱਖ (ਪੱਕੀ) ਜਾਣ-ਪਛਾਣ ਪਾ ਲੈਂਦਾ ਹੈ।

ਜਿਨਿ ਜਾਤਾ ਸੋ ਤਿਸ ਹੀ ਜੇਹਾ ॥

ਜਿਸ ਮਨੁੱਖ ਨੇ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ, ਉਹ ਉਸ ਵਰਗਾ ਹੀ ਹੋ ਗਿਆ (ਭਾਵ, ਉਹ ਮਾਇਆ ਦੀ ਮਾਰ ਤੋਂ ਉਤਾਂਹ ਹੋ ਗਿਆ),

ਅਤਿ ਨਿਰਮਾਇਲੁ ਸੀਝਸਿ ਦੇਹਾ ॥

ਉਸ ਦਾ ਆਤਮਾ ਬੜਾ ਹੀ ਪਵਿਤ੍ਰ ਹੋ ਜਾਂਦਾ ਹੈ, ਤੇ ਉਸ ਦਾ ਸਰੀਰ ਭੀ ਸਫਲ ਹੋ ਜਾਂਦਾ ਹੈ,

ਰਹਸੀ ਰਾਮੁ ਰਿਦੈ ਇਕ ਭਾਇ ॥

ਆਨੰਦ-ਸਰੂਪ ਪਰਮਾਤਮਾ ਸਦਾ ਉਸ ਦੇ ਹਿਰਦੇ ਵਿਚ ਟਿਕਿਆ ਰਹਿੰਦਾ ਹੈ,

ਰਹਸੀ ਰਾਮੁ ਰਿਦੈ ਇਕ ਭਾਇ ॥

ਆਨੰਦ-ਸਰੂਪ ਪਰਮਾਤਮਾ ਸਦਾ ਉਸ ਦੇ ਹਿਰਦੇ ਵਿਚ ਟਿਕਿਆ ਰਹਿੰਦਾ ਹੈ,

ਰੋਸੁ ਨ ਕੀਜੈ ਅੰਮ੍ਰਿਤੁ ਪੀਜੈ ਰਹਣੁ ਨਹੀ ਸੰਸਾਰੇ ॥

(ਹੇ ਪਾਂਡੇ! ਗੁਰੂ ਦੇ ਸਨਮੁਖ ਹੋ ਕੇ ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਉਤੇ ਲਿਖ, ਉਸ ਗੋਪਾਲ ਨਾਲ) ਰੁਸੇਵਾਂ ਹੀ ਨਾਹ ਕਰੀ ਰੱਖੋ, ਉਸ ਦਾ ਨਾਮ-ਅੰਮ੍ਰਿਤ ਪੀਉ। ਇਸ ਸੰਸਾਰ ਵਿਚ ਸਦਾ ਦਾ ਵਸੇਬਾ ਨਹੀਂ ਹੈ।

ਰਾਜੇ ਰਾਇ ਰੰਕ ਨਹੀ ਰਹਣਾ ਆਇ ਜਾਇ ਜੁਗ ਚਾਰੇ ॥

ਰਾਜੇ ਹੋਣ, ਅਮੀਰ ਹੋਣ, ਚਾਹੇ ਕੰਗਾਲ ਹੋਣ, ਕੋਈ ਭੀ ਇਥੇ ਸਦਾ ਨਹੀਂ ਰਹਿ ਸਕਦਾ। ਜੋ ਜੰਮਿਆ ਹੈ ਉਸ ਨੇ ਮਰਨਾ ਹੈ, (ਇਹ ਨਿਯਮ) ਸਦਾ ਲਈ (ਅਟੱਲ) ਹੈ।

ਰਹਣ ਕਹਣ ਤੇ ਰਹੈ ਨ ਕੋਈ ਕਿਸੁ ਪਹਿ ਕਰਉ ਬਿਨੰਤੀ ॥

ਇਥੇ ਸਦਾ ਟਿਕੇ ਰਹਿਣ ਲਈ ਤਰਲੇ ਕਰਨ ਨਾਲ ਭੀ ਕੋਈ ਸਦਾ ਟਿਕਿਆ ਰਹਿ ਨਹੀਂ ਸਕਦਾ, ਇਸ ਗੱਲ ਵਾਸਤੇ ਕਿਸੇ ਅੱਗੇ ਤਰਲੇ ਲੈਣੇ ਵਿਅਰਥ ਹਨ।

ਏਕੁ ਸਬਦੁ ਰਾਮ ਨਾਮ ਨਿਰੋਧਰੁ ਗੁਰੁ ਦੇਵੈ ਪਤਿ ਮਤੀ ॥੧੧॥

(ਹਾਂ, ਹੇ ਪਾਂਡੇ! ਗੁਰੂ ਦੀ ਸਰਨ ਆਓ) ਸਤਿਗੁਰੂ ਪਰਮਾਤਮਾ ਦੇ ਨਾਮ ਦੀ ਵਡਿਆਈ ਦਾ ਸ਼ਬਦ ਬਖ਼ਸ਼ਦਾ ਹੈ ਜੋ ਵਿਕਾਰਾਂ ਤੋਂ ਬਚਾ ਲੈਂਦਾ ਹੈ, ਤੇ, ਸਤਿਗੁਰੂ ਪ੍ਰਭੂ-ਪਤੀ ਨਾਲ ਮਿਲਣ ਦੀ ਅਕਲ ਦੇਂਦਾ ਹੈ ॥੧੧॥

ਲਾਜ ਮਰੰਤੀ ਮਰਿ ਗਈ ਘੂਘਟੁ ਖੋਲਿ ਚਲੀ ॥

(ਹੇ ਪਾਂਡੇ!) (ਗੁਰੂ ਦੀ ਸਰਨ ਪੈਣ ਵਾਲੀ ਜੀਵ ਇਸਤ੍ਰੀ ਦੀ) ਦੁਨੀਆ ਦੇ ਨੱਕ-ਨਮੂਜ ਦਾ ਸਦਾ ਧਿਆਨ ਰੱਖਣ ਵਾਲੀ (ਪਹਿਲੀ ਅਕਲ) ਮੁੱਕ ਜਾਂਦੀ ਹੈ, ਹੁਣ ਉਹ ਲੋਕ-ਲਾਜ ਦਾ ਘੁੰਡ ਲਾਹ ਕੇ ਤੁਰਦੀ ਹੈ।

ਸਾਸੁ ਦਿਵਾਨੀ ਬਾਵਰੀ ਸਿਰ ਤੇ ਸੰਕ ਟਲੀ ॥

(ਜਿਸ ਮਾਇਆ ਨੇ ਉਸ ਨੂੰ ਪਤੀ-ਪ੍ਰਭੂ ਵਿਚ ਜੁੜਨ ਤੋਂ ਰੋਕਿਆ ਹੋਇਆ ਸੀ, ਉਸ) ਝੱਲੀ ਕਮਲੀ ਮਾਇਆ ਦਾ ਸਹਿਮ ਉਸ ਦੇ ਸਿਰ ਤੋਂ ਹਟ ਜਾਂਦਾ ਹੈ।

ਪ੍ਰੇਮਿ ਬੁਲਾਈ ਰਲੀ ਸਿਉ ਮਨ ਮਹਿ ਸਬਦੁ ਅਨੰਦੁ ॥

ਉਸ ਨੂੰ ਪ੍ਰਭੂ-ਪਤੀ ਪਿਆਰ ਤੇ ਚਾਉ ਨਾਲ ਸੱਦਦਾ ਹੈ (ਭਾਵ, ਆਪਣੀ ਯਾਦ ਦੀ ਖਿੱਚ ਬਖ਼ਸ਼ਦਾ ਹੈ), ਉਸ ਦੇ ਮਨ ਵਿਚ (ਸਤਿਗੁਰੂ ਦਾ) ਸ਼ਬਦ (ਆ ਵੱਸਦਾ ਹੈ, ਉਸ ਦੇ ਮਨ ਵਿਚ) ਆਨੰਦ (ਟਿਕਿਆ ਰਹਿੰਦਾ) ਹੈ।

ਲਾਲਿ ਰਤੀ ਲਾਲੀ ਭਈ ਗੁਰਮੁਖਿ ਭਈ ਨਿਚਿੰਦੁ ॥੧੨॥

ਜੋ ਜੀਵ-ਇਸਤ੍ਰੀ ਗੁਰੂ ਦੀ ਸਰਨ ਆਉਂਦੀ ਹੈ ਉਸ ਨੂੰ ਦੁਨੀਆ ਵਾਲੀ ਕੋਈ ਚਿੰਤਾ ਪੋਹ ਨਹੀਂ ਸਕਦੀ, ਪ੍ਰੀਤਮ-ਪਤੀ (ਦੇ ਪ੍ਰੇਮ) ਵਿਚ ਰੰਗੀ ਹੋਈ ਦੇ ਮੂੰਹ ਉਤੇ ਲਾਲੀ ਭਖ ਆਉਂਦੀ ਹੈ ॥੧੨॥

ਲਾਹਾ ਨਾਮੁ ਰਤਨੁ ਜਪਿ ਸਾਰੁ ॥

(ਹੇ ਪਾਂਡੇ! ਪਰਮਾਤਮਾ ਦਾ) ਸ੍ਰੇਸ਼ਟ ਨਾਮ ਜਪ, ਸ੍ਰੇਸ਼ਟ ਨਾਮ ਹੀ ਅਸਲ ਖੱਟੀ-ਕਮਾਈ ਹੈ।

ਲਬੁ ਲੋਭੁ ਬੁਰਾ ਅਹੰਕਾਰੁ ॥

ਜੀਭ ਦਾ ਚਸਕਾ, ਮਾਇਆ ਦਾ ਲਾਲਚ, ਅਹੰਕਾਰ (ਇਹ ਕਰਮ ਬੁਰਾ ਹੈ)।

ਲਾੜੀ ਚਾੜੀ ਲਾਇਤਬਾਰੁ ॥

ਨਿੰਦਿਆ, ਖ਼ੁਸ਼ਾਮਦ, ਚੁਗ਼ਲੀ-ਇਹ ਹਰੇਕ ਕੰਮ ਮਾੜਾ ਹੈ।

ਮਨਮੁਖੁ ਅੰਧਾ ਮੁਗਧੁ ਗਵਾਰੁ ॥

ਜੋ ਮਨੁੱਖ (ਪਰਮਾਤਮਾ ਦਾ ਸਿਮਰਨ ਛੱਡ ਕੇ) ਆਪਣੇ ਮਨ ਦੇ ਪਿੱਛੇ ਤੁਰਦਾ ਹੈ (ਤੇ ਲਬ ਲੋਭ ਆਦਿਕ ਕਰਦਾ ਹੈ) ਉਹ ਮੂਰਖ, ਮੂੜ੍ਹ, ਤੇ ਅੰਨ੍ਹਾ ਹੈ (ਭਾਵ, ਉਸ ਨੂੰ ਜੀਵਨ ਦਾ ਸਹੀ ਰਾਹ ਨਹੀਂ ਦਿੱਸਦਾ)।

ਲਾਹੇ ਕਾਰਣਿ ਆਇਆ ਜਗਿ ॥

ਜੀਵ ਜਗਤ ਵਿਚ ਕੁਝ ਖੱਟਣ ਦੀ ਖ਼ਾਤਰ ਆਉਂਦਾ ਹੈ,

ਹੋਇ ਮਜੂਰੁ ਗਇਆ ਠਗਾਇ ਠਗਿ ॥

ਪਰ (ਮਾਇਆ ਦਾ) ਗੋੱਲਾ ਬਣ ਕੇ ਮੋਹ ਦੇ ਹੱਥੋਂ ਜੀਵਨ-ਖੇਡ ਹਾਰ ਕੇ ਜਾਂਦਾ ਹੈ।

ਹੋਇ ਮਜੂਰੁ ਗਇਆ ਠਗਾਇ ਠਗਿ ॥

ਪਰ (ਮਾਇਆ ਦਾ) ਗੋੱਲਾ ਬਣ ਕੇ ਮੋਹ ਦੇ ਹੱਥੋਂ ਜੀਵਨ-ਖੇਡ ਹਾਰ ਕੇ ਜਾਂਦਾ ਹੈ।

ਨਾਨਕ ਸਚੀ ਪਤਿ ਸਚਾ ਪਾਤਿਸਾਹੁ ॥੧੩॥

ਹੇ ਨਾਨਕ! ਉਸ ਨੂੰ ਸਦਾ-ਥਿਰ ਪਾਤਿਸ਼ਾਹ ਸਦਾ ਟਿਕੀ ਰਹਿਣ ਵਾਲੀ ਇੱਜ਼ਤ ਬਖ਼ਸ਼ਦਾ ਹੈ ॥੧੩॥

ਆਇ ਵਿਗੂਤਾ ਜਗੁ ਜਮ ਪੰਥੁ ॥

ਜੀਵ (ਸੰਸਾਰ ਵਿਚ) ਜਨਮ ਲੈ ਕੇ (ਗੋਪਾਲ ਦੀ ਭਗਤੀ ਦੇ ਥਾਂ ਮਾਇਆ ਦੀ ਖ਼ਾਤਰ) ਖ਼ੁਆਰ ਹੁੰਦਾ ਹੈ, ਤੇ ਆਤਮਕ ਮੌਤ ਦਾ ਰਾਹ ਫੜ ਲੈਂਦਾ ਹੈ।

ਆਈ ਨ ਮੇਟਣ ਕੋ ਸਮਰਥੁ ॥

ਅਤੇ ਮਾਇਆ ਦੀ ਤ੍ਰਿਸ਼ਨਾ ਨੂੰ ਮਿਟਾਣ-ਜੋਗਾ ਨਹੀਂ ਹੁੰਦਾ।

ਆਥਿ ਸੈਲ ਨੀਚ ਘਰਿ ਹੋਇ ॥

(ਜਗਤ ਦਾ ਝੱਲ-ਪੁਣਾ ਵੇਖੋ ਕਿ) ਜੇ ਬਹੁਤੀ ਮਾਇਆ ਕਿਸੇ ਚੰਦਰੇ ਮਨੁੱਖ ਦੇ ਘਰ ਵਿਚ ਹੋਵੇ,

ਆਥਿ ਦੇਖਿ ਨਿਵੈ ਜਿਸੁ ਦੋਇ ॥

ਤਾਂ ਉਸ ਦੀ ਮਾਇਆ ਨੂੰ ਵੇਖ ਕੇ (ਗਰੀਬ ਅਮੀਰ) ਦੋਵੇਂ (ਉਸ ਚੰਦਰੇ ਅੱਗੇ ਭੀ) ਲਿਫ਼ਦੇ ਹਨ;

ਆਥਿ ਹੋਇ ਤਾ ਮੁਗਧੁ ਸਿਆਨਾ ॥

ਜੇ ਮਾਇਆ (ਪੱਲੇ) ਹੋਵੇ ਤਾਂ ਮੂਰਖ ਬੰਦਾ ਭੀ ਸਿਆਣਾ (ਮੰਨਿਆ ਜਾਂਦਾ) ਹੈ।

ਭਗਤਿ ਬਿਹੂਨਾ ਜਗੁ ਬਉਰਾਨਾ ॥

ਭਗਤੀ ਤੋਂ ਵਾਂਝਾ ਹੋਣ ਕਰ ਕੇ ਜਗਤ ਝੱਲਾ ਹੋਇਆ ਫਿਰਦਾ ਹੈ।

ਸਭ ਮਹਿ ਵਰਤੈ ਏਕੋ ਸੋਇ ॥

(ਝੱਲ-ਪੁਣੇ ਵਿਚ ਨਹੀਂ ਸਮਝਦਾ ਕਿ ਭਾਵੇਂ ਕੋਈ ਗ਼ਰੀਬ ਹੈ ਭਾਵੇਂ ਅਮੀਰ) ਉਹ (ਗੋਪਾਲ) ਆਪ ਹੀ ਸਭ ਜੀਵਾਂ ਵਿਚ ਮੌਜੂਦ ਹੈ,

ਜਿਸ ਨੋ ਕਿਰਪਾ ਕਰੇ ਤਿਸੁ ਪਰਗਟੁ ਹੋਇ ॥੧੪॥

ਪਰ ਇਹ ਸੂਝ ਉਸ ਮਨੁੱਖ ਨੂੰ ਆਉਂਦੀ ਹੈ ਜਿਸ ਉਤੇ (ਗੋਪਾਲ ਆਪ) ਕਿਰਪਾ ਕਰਦਾ ਹੈ ॥੧੪॥

ਜੁਗਿ ਜੁਗਿ ਥਾਪਿ ਸਦਾ ਨਿਰਵੈਰੁ ॥

(ਹੇ ਪਾਂਡੇ! ਉਸ ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਤੇ ਲਿਖ) ਜੋ ਸਦਾ ਹੀ (ਬਹੁ-ਰੰਗੀ ਦੁਨੀਆ) ਪੈਦਾ ਕਰ ਕੇ ਆਪ ਨਿਰਵੈਰ ਰਹਿੰਦਾ ਹੈ,

ਜਨਮਿ ਮਰਣਿ ਨਹੀ ਧੰਧਾ ਧੈਰੁ ॥

ਜੋ ਜਨਮ ਮਰਨ ਵਿਚ ਨਹੀਂ ਹੈ ਤੇ (ਜਿਸ ਦੇ ਅੰਦਰ ਜਗਤ ਦਾ ਕੋਈ) ਧੰਧਾ ਭਟਕਣਾ ਪੈਦਾ ਨਹੀਂ ਕਰਦਾ।

ਜੋ ਦੀਸੈ ਸੋ ਆਪੇ ਆਪਿ ॥

ਜੋ ਕੁਝ (ਜਗਤ ਵਿਚ) ਦਿੱਸ ਰਿਹਾ ਹੈ ਉਹ ਗੋਪਾਲ ਆਪ ਹੀ ਆਪ ਹੈ (ਭਾਵ, ਉਸ ਗੋਪਾਲ ਦਾ ਹੀ ਸਰੂਪ ਹੈ)।

ਆਪਿ ਉਪਾਇ ਆਪੇ ਘਟ ਥਾਪਿ ॥

ਉਹ ਗੋਪਾਲ ਆਪ ਹੀ (ਸ੍ਰਿਸ਼ਟੀ) ਪੈਦਾ ਕਰ ਕੇ ਆਪ ਹੀ ਸਾਰੇ ਜੀਵ ਬਣਾਂਦਾ ਹੈ।

ਆਪਿ ਅਗੋਚਰੁ ਧੰਧੈ ਲੋਈ ॥

(ਹੇ ਪਾਂਡੇ!) ਜਗਤ ਦਾ ਸਹਾਰਾ ਉਹ ਗੋਪਾਲ ਅਪਹੁੰਚ ਹੈ। ਜਗਤ ਭਟਕਣਾ ਵਿਚ (ਫਸਿਆ ਪਿਆ) ਹੈ।

ਜੋਗ ਜੁਗਤਿ ਜਗਜੀਵਨੁ ਸੋਈ ॥

(ਉਹ) ਆਪ ਹੀ (ਜੀਵ ਨੂੰ ਇਸ ਭਟਕਣਾ ਵਿਚੋਂ ਕੱਢ ਕੇ) ਆਪਣੇ ਨਾਲ ਮਿਲਣ ਦੀ ਜਾਚ ਸਿਖਾਂਦਾ ਹੈ।

ਕਰਿ ਆਚਾਰੁ ਸਚੁ ਸੁਖੁ ਹੋਈ ॥

(ਹੇ ਪਾਂਡੇ!) ਉਸ ਸਦਾ-ਥਿਰ (ਗੋਪਾਲ ਦੀ ਯਾਦ) ਨੂੰ ਆਪਣਾ ਕਰਤੱਬ ਬਣਾ, ਤਦੋਂ ਹੀ ਸੁਖ ਮਿਲਦਾ ਹੈ।

ਨਾਮ ਵਿਹੂਣਾ ਮੁਕਤਿ ਕਿਵ ਹੋਈ ॥੧੫॥

ਉਸ ਦੇ ਨਾਮ ਤੋਂ ਵਾਂਜੇ ਰਹਿ ਕੇ ਧੰਧਿਆਂ ਤੋਂ ਖ਼ਲਾਸੀ ਨਹੀਂ ਹੋ ਸਕਦੀ ॥੧੫॥

ਵਿਣੁ ਨਾਵੈ ਵੇਰੋਧੁ ਸਰੀਰ ॥

(ਹੇ ਪਾਂਡੇ! ਤੂੰ ਕਿਉਂ ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਉਤੇ ਨਹੀਂ ਲਿਖਦਾ?) ਨਾਮ ਸਿਮਰਨ ਤੋਂ ਬਿਨਾ ਗਿਆਨ ਇੰਦ੍ਰਿਆਂ ਦਾ ਆਤਮਕ ਜੀਵਨ ਨਾਲ ਵਿਰੋਧ ਪੈ ਜਾਂਦਾ ਹੈ।

ਕਿਉ ਨ ਮਿਲਹਿ ਕਾਟਹਿ ਮਨ ਪੀਰ ॥

ਤੂੰ ਕਿਉਂ (ਗੋਪਾਲ ਦੀ ਯਾਦ ਵਿਚ) ਨਹੀਂ ਜੁੜਦਾ? ਤੇ, ਕਿਉਂ ਆਪਣੇ ਮਨ ਦਾ ਰੋਗ ਦੂਰ ਨਹੀਂ ਕਰਦਾ? (ਗੋਪਾਲ ਦਾ)

ਵਾਟ ਵਟਾਊ ਆਵੈ ਜਾਇ ॥

(ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਤੇ ਲਿਖਣ ਤੋਂ ਬਿਨਾ) ਜੀਵ-ਮੁਸਾਫ਼ਿਰ ਜਗਤ ਵਿਚ (ਜਿਹਾ) ਆਉਂਦਾ ਹੈ ਤੇ (ਤਿਹਾ ਹੀ ਇਥੋਂ) ਤੁਰ ਜਾਂਦਾ ਹੈ,

ਕਿਆ ਲੇ ਆਇਆ ਕਿਆ ਪਲੈ ਪਾਇ ॥

(ਨਾਮ ਦੀ ਕਮਾਈ ਤੋਂ) ਸੱਖਣਾ ਹੀ ਇਥੇ ਆਉਂਦਾ ਹੈ ਤੇ (ਇਥੇ ਰਹਿ ਕੇ ਭੀ) ਕੋਈ ਆਤਮਕ ਖੱਟੀ ਨਹੀਂ ਖੱਟਦਾ।

ਵਿਣੁ ਨਾਵੈ ਤੋਟਾ ਸਭ ਥਾਇ ॥

ਨਾਮ ਤੋਂ ਵਾਂਜੇ ਰਿਹਾਂ ਹਰ ਥਾਂ ਘਾਟਾ ਹੀ ਘਾਟਾ ਹੁੰਦਾ ਹੈ (ਭਾਵ, ਮਨੁੱਖ ਪ੍ਰਭੂ ਨੂੰ ਵਿਸਾਰ ਕੇ ਜੋ ਭੀ ਕਿਰਤ-ਕਾਰ ਕਰਦਾ ਹੈ ਉਹ ਖੋਟੀ ਹੋਣ ਕਰ ਕੇ ਉੱਚੇ ਜੀਵਨ ਵਲੋਂ ਹੋਰ ਹੋਰ ਪਰੇ ਲੈ ਜਾਂਦੀ ਹੈ)।

ਲਾਹਾ ਮਿਲੈ ਜਾ ਦੇਇ ਬੁਝਾਇ ॥

ਪਰ ਮਨੁੱਖ ਨੂੰ ਪ੍ਰਭੂ ਦੇ ਨਾਮ ਦੀ ਖੱਟੀ ਤਦੋਂ ਹੀ ਪ੍ਰਾਪਤ ਹੁੰਦੀ ਹੈ ਜਦੋਂ ਗੋਪਾਲ ਆਪ ਇਹ ਸੂਝ ਬਖ਼ਸ਼ਦਾ ਹੈ।

ਵਣਜੁ ਵਾਪਾਰੁ ਵਣਜੈ ਵਾਪਾਰੀ ॥

ਨਾਮ ਤੋਂ ਸੱਖਣਾ ਰਹਿ ਕੇ ਜੀਵ-ਵਣਜਾਰਾ ਹੋਰ ਹੋਰ ਵਣਜ-ਵਪਾਰ ਹੀ ਕਰਦਾ ਹੈ,

ਵਿਣੁ ਨਾਵੈ ਕੈਸੀ ਪਤਿ ਸਾਰੀ ॥੧੬॥

ਤੇ (ਪਰਮਾਤਮਾ ਦੀ ਹਜ਼ੂਰੀ ਵਿਚ) ਇਸ ਦੀ ਚੰਗੀ ਸਾਖ ਨਹੀਂ ਬਣਦੀ ॥੧੬॥

ਗੁਣ ਵੀਚਾਰੇ ਗਿਆਨੀ ਸੋਇ ॥

(ਹੇ ਪਾਂਡੇ!) ਉਹੀ ਮਨੁੱਖ ਗੋਪਾਲ-ਪ੍ਰਭੂ ਨਾਲ ਸਾਂਝ ਵਾਲਾ ਹੁੰਦਾ ਹੈ ਜੋ ਉਸ ਦੇ ਗੁਣਾਂ ਨੂੰ ਆਪਣੇ ਮਨ ਵਿਚ ਥਾਂ ਦੇਂਦਾ ਹੈ;

ਗੁਣ ਮਹਿ ਗਿਆਨੁ ਪਰਾਪਤਿ ਹੋਇ ॥

ਗੋਪਾਲ ਦੇ ਗੁਣਾਂ ਵਿਚ (ਚਿੱਤ ਜੋੜਿਆਂ ਹੀ) ਗੋਪਾਲ ਨਾਲ ਸਾਂਝ ਬਣਦੀ ਹੈ।

ਗੁਣਦਾਤਾ ਵਿਰਲਾ ਸੰਸਾਰਿ ॥

ਪਰ ਜਗਤ ਵਿਚ ਕੋਈ ਵਿਰਲਾ (ਮਹਾ ਪੁਰਖ ਜੀਵ ਦੀ) ਗੋਪਾਲ ਦੇ ਗੁਣਾਂ ਨਾਲ ਜਾਣ-ਪਛਾਣ ਕਰਾਂਦਾ ਹੈ;

ਸਾਚੀ ਕਰਣੀ ਗੁਰ ਵੀਚਾਰਿ ॥

ਗੋਪਾਲ ਦੇ ਗੁਣ ਯਾਦ ਕਰਨ ਦਾ ਸੱਚਾ ਕਰਤੱਬ ਸਤਿਗੁਰੂ ਦੇ ਉਪਦੇਸ਼ ਦੀ ਰਾਹੀਂ ਹੀ ਹੋ ਸਕਦਾ ਹੈ।

ਅਗਮ ਅਗੋਚਰੁ ਕੀਮਤਿ ਨਹੀ ਪਾਇ ॥

(ਹੇ ਪਾਂਡੇ!) ਉਹ ਗੋਪਾਲ ਅਪਹੁੰਚ ਹੈ, ਜੀਵ ਦੇ ਗਿਆਨ-ਇੰਦ੍ਰੇ ਉਸ ਤਕ ਨਹੀਂ ਅੱਪੜ ਸਕਦੇ, (ਸਤਿਗੁਰੂ ਦੀ ਦਿੱਤੀ ਸੂਝ ਤੋਂ ਬਿਨਾ) ਉਸ ਦੇ ਗੁਣਾਂ ਦੀ ਕਦਰ ਨਹੀਂ ਪੈ ਸਕਦੀ।

ਤਾ ਮਿਲੀਐ ਜਾ ਲਏ ਮਿਲਾਇ ॥

ਉਸ ਪ੍ਰਭੂ ਨੂੰ ਤਦੋਂ ਹੀ ਮਿਲ ਸਕੀਦਾ ਹੈ ਜੇ ਉਹ (ਸਤਿਗੁਰੂ ਦੀ ਰਾਹੀਂ) ਆਪ ਮਿਲਾ ਲਏ।

ਗੁਣਵੰਤੀ ਗੁਣ ਸਾਰੇ ਨੀਤ ॥

ਕੋਈ ਭਾਗਾਂ ਵਾਲੀ ਜੀਵ-ਇਸਤ੍ਰੀ ਗੋਪਾਲ ਦੇ ਗੁਣ ਸਦਾ ਚੇਤੇ ਰੱਖਦੀ ਹੈ।

ਨਾਨਕ ਗੁਰਮਤਿ ਮਿਲੀਐ ਮੀਤ ॥੧੭॥

ਹੇ ਨਾਨਕ! ਸਤਿਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਹੀ ਮਿਤ੍ਰ-ਪ੍ਰਭੂ ਨੂੰ ਮਿਲ ਸਕੀਦਾ ਹੈ ॥੧੭॥

ਕਾਮੁ ਕ੍ਰੋਧੁ ਕਾਇਆ ਕਉ ਗਾਲੈ ॥

ਕਾਮ ਅਤੇ ਕ੍ਰੋਧ (ਮਨੁੱਖ ਦੇ) ਸਰੀਰ ਨੂੰ ਨਿਰਬਲ ਕਰ ਦੇਂਦਾ ਹੈ,

ਜਿਉ ਕੰਚਨ ਸੋਹਾਗਾ ਢਾਲੈ ॥

ਜਿਵੇਂ ਸੋਹਾਗਾ (ਕੁਠਾਲੀ ਵਿਚ ਪਾਏ) ਸੋਨੇ ਨੂੰ ਨਰਮ ਕਰ ਦੇਂਦਾ ਹੈ।

ਕਸਿ ਕਸਵਟੀ ਸਹੈ ਸੁ ਤਾਉ ॥

ਉਹ (ਢਲਿਆ ਹੋਇਆ) ਸੋਨਾ (ਕੁਠਾਲੀ ਵਿਚ) ਸੇਕ ਸਹਿੰਦਾ ਹੈ,

ਨਦਰਿ ਸਰਾਫ ਵੰਨੀ ਸਚੜਾਉ ॥

ਫਿਰ ਕਸਵੱਟੀ ਦੀ ਕੱਸ ਸਹਾਰਦਾ ਹੈ (ਭਾਵ, ਕਸਵੱਟੀ ਤੇ ਘਸਾ ਕੇ ਪਰਖਿਆ ਜਾਂਦਾ ਹੈ), ਤੇ, ਸੋਹਣੇ ਰੰਗ ਵਾਲਾ ਉਹ ਸੋਨਾ ਸਰਾਫ਼ ਦੀ ਨਜ਼ਰ ਵਿਚ ਕਬੂਲ ਪੈਂਦਾ ਹੈ। (ਕਾਮ ਕ੍ਰੋਧ ਨਾਲ ਨਿਰਬਲ ਹੋਇਆ ਜੀਵ ਭੀ ਪ੍ਰਭੂ ਦੀ ਮਿਹਰ ਨਾਲ ਜਦੋਂ ਗੁਰੂ ਦੇ ਦੱਸੇ ਰਾਹ ਦੀ ਘਾਲ-ਕਮਾਈ ਕਰਦਾ ਹੈ, ਤੇ ਗੁਰੂ ਦੀ ਦੱਸੀ ਸਿੱਖਿਆ ਉਤੇ ਪੂਰਾ…

ਜਗਤੁ ਪਸੂ ਅਹੰ ਕਾਲੁ ਕਸਾਈ ॥

ਜਗਤ (ਸੁਆਰਥ ਵਿਚ) ਪਸ਼ੂ ਬਣਿਆ ਪਿਆ ਹੈ, ਹਉਮੈ-ਮੌਤ ਇਸ ਦੇ ਆਤਮਕ ਜੀਵਨ ਦਾ ਸੱਤਿਆਨਾਸ ਕਰਦੀ ਹੈ।

ਕਰਿ ਕਰਤੈ ਕਰਣੀ ਕਰਿ ਪਾਈ ॥

ਕਰਤਾਰ ਨੇ ਸ੍ਰਿਸ਼ਟੀ ਰਚ ਕੇ ਇਹ ਮਰਯਾਦਾ ਹੀ ਬਣਾ ਦਿੱਤੀ ਹੈ ਕਿ ਜਿਹੋ ਜਿਹੀ ਕਰਤੂਤ ਕੋਈ ਜੀਵ ਕਰਦਾ ਹੈ ਉਹੋ ਜਿਹਾ ਉਸ ਨੂੰ ਫਲ ਮਿਲਦਾ ਹੈ।

ਜਿਨਿ ਕੀਤੀ ਤਿਨਿ ਕੀਮਤਿ ਪਾਈ ॥

ਪਰ ਜਿਸ ਕਰਤਾਰ ਨੇ ਇਹ ਮਰਯਾਦਾ ਬਣਾਈ ਹੈ ਇਸ ਦੀ ਕਦਰ ਉਹ ਆਪ ਹੀ ਜਾਣਦਾ ਹੈ।

ਹੋਰ ਕਿਆ ਕਹੀਐ ਕਿਛੁ ਕਹਣੁ ਨ ਜਾਈ ॥੧੮॥

ਇਸ ਮਰਯਾਦਾ ਵਿਚ ਕੋਈ ਉਕਾਈ ਨਹੀਂ ਦੱਸੀ ਜਾ ਸਕਦੀ ॥੧੮॥

ਖੋਜਤ ਖੋਜਤ ਅੰਮ੍ਰਿਤੁ ਪੀਆ ॥

(ਸਤਿਗੁਰੂ ਦੀ ਮੱਤ ਦੀ ਸਹੈਤਾ ਨਾਲ) ਜੋ ਮਨੁੱਖ ਮੁੜ ਮੁੜ (ਆਪਣਾ ਆਪ) ਖੋਜ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ,

ਖਿਮਾ ਗਹੀ ਮਨੁ ਸਤਗੁਰਿ ਦੀਆ ॥

ਉਹ ਦੂਜਿਆਂ ਦੀ ਵਧੀਕੀ ਸਹਾਰਨ ਦਾ ਸੁਭਾਉ ਪਕਾ ਲੈਂਦਾ ਹੈ, ਤੇ, ਆਪਣਾ ਮਨ ਆਪਣੇ ਸਤਿਗੁਰੂ ਵਿਚ ਲੀਨ ਕਰ ਦੇਂਦਾ ਹੈ।

ਖਰਾ ਖਰਾ ਆਖੈ ਸਭੁ ਕੋਇ ॥੧॥ ਰਹਾਉ ॥

ਤਾਂ ਹਰ ਕੋਈ ਉਸ ਨੂੰ ਖਰਾ ਸਿੱਕਾ ਆਖਦਾ ਹੈ (ਇਸੇ ਤਰ੍ਹਾਂ ਜਿਸ ਮਨ ਵਿਚ ਪਵਿਤ੍ਰਤਾ ਹੋਵੇ, ਉਸ ਨੂੰ ਖਰਾ ਆਖਿਆ ਜਾਂਦਾ ਹੈ) ॥੧॥ ਰਹਾਉ ॥

ਖਰਾ ਰਤਨੁ ਜੁਗ ਚਾਰੇ ਹੋਇ ॥

ਉਹ ਸਦਾ ਲਈ ਸੁੱਚਾ ਸ੍ਰੇਸ਼ਟ ਬਣ ਜਾਂਦਾ ਹੈ।

ਖਾਤ ਪੀਅੰਤ ਮੂਏ ਨਹੀ ਜਾਨਿਆ ॥

ਪਰ ਜੋ ਜੀਵ ਦੁਨੀਆ ਦੇ ਭੋਗ ਭੋਗਦੇ ਰਹਿੰਦੇ ਹਨ ਉਹ ਆਤਮਕ ਜੀਵਨ ਵਲੋਂ ਮਰ ਜਾਂਦੇ ਹਨ, ਉਹਨਾਂ ਨੂੰ (ਨਾਮ-ਅੰਮ੍ਰਿਤ ਦੀ) ਸੂਝ ਨਹੀਂ ਪੈਂਦੀ।

ਖਿਨ ਮਹਿ ਮੂਏ ਜਾ ਸਬਦੁ ਪਛਾਨਿਆ ॥

(ਉਹੀ ਬੰਦੇ) ਜਦ ਸਤਿਗੁਰੂ ਦੇ ਸ਼ਬਦ ਨਾਲ ਡੂੰਘੀ ਸਾਂਝ ਪਾਂਦੇ ਹਨ, ਤਾਂ ਉਹ ਇਕ ਪਲਕ ਵਿਚ ਹਉਮੈ ਨੂੰ ਮਾਰ ਮੁਕਾਂਦੇ ਹਨ।

ਗੁਰ ਕਿਰਪਾ ਤੇ ਨਾਮੁ ਪਛਾਨਿਆ ॥੧੯॥

ਸਤਿਗੁਰੂ ਦੀ ਮੇਹਰ ਨਾਲ ਪਰਮਾਤਮਾ ਦੇ ਨਾਮ ਨਾਲ ਉਹਨਾਂ ਦੀ ਡੂੰਘੀ ਸਾਂਝ ਪੈ ਜਾਂਦੀ ਹੈ ॥੧੯॥

ਗਗਨ ਗੰਭੀਰੁ ਗਗਨੰਤਰਿ ਵਾਸੁ ॥

(ਹੇ ਪਾਂਡੇ! ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਤੇ ਲਿਖ, ਉਹ ਗੋਪਾਲ) ਸਰਬ-ਵਿਆਪਕ ਹੈ ਤੇ ਜੀਵਾਂ ਦੇ ਔਗੁਣ ਵੇਖ ਕੇ ਛਿੱਥਾ ਨਹੀਂ ਪੈਂਦਾ। ਜਿਸ ਮਨੁੱਖ ਦਾ ਮਨ ਉਸ ਸਰਬ ਵਿਆਪਕ ਗੋਪਾਲ ਵਿਚ ਟਿਕਦਾ ਹੈ,

ਗੁਣ ਗਾਵੈ ਸੁਖ ਸਹਜਿ ਨਿਵਾਸੁ ॥

ਜੋ ਮਨੁੱਖ ਉਸ ਦੇ ਗੁਣ ਗਾਂਦਾ ਹੈ, ਉਹ ਸ਼ਾਂਤੀ ਅਤੇ ਅਡੋਲਤਾ ਵਿਚ ਟਿਕ ਜਾਂਦਾ ਹੈ।

ਗਇਆ ਨ ਆਵੈ ਆਇ ਨ ਜਾਇ ॥

ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ,

ਗੁਰਪਰਸਾਦਿ ਰਹੈ ਲਿਵ ਲਾਇ ॥

ਸਤਿਗੁਰੂ ਦੀ ਕਿਰਪਾ ਨਾਲ ਉਹ (ਸਰਬ-ਵਿਆਪਕ ਗੋਪਾਲ ਵਿਚ) ਸੁਰਤ ਜੋੜੀ ਰੱਖਦਾ ਹੈ।

ਗਗਨੁ ਅਗੰਮੁ ਅਨਾਥੁ ਅਜੋਨੀ ॥

ਉਹ ਸਰਬ-ਵਿਆਪਕ ਗੋਪਾਲ ਅਪਹੁੰਚ ਹੈ (ਭਾਵ, ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ), ਉਸ ਦੇ ਸਿਰ ਉਤੇ ਕਿਸੇ ਦਾ ਕੁੰਡਾ ਨਹੀਂ ਹੈ, ਉਹ ਜੰਮਣ-ਮਰਨ ਤੋਂ ਰਹਿਤ ਹੈ।

ਅਸਥਿਰੁ ਚੀਤੁ ਸਮਾਧਿ ਸਗੋਨੀ ॥

ਉਸ ਵਿਚ ਜੋੜੀ ਹੋਈ ਸੁਰਤ ਮਨੁੱਖ ਦੇ ਅੰਦਰ ਗੁਣ ਪੈਦਾ ਕਰਦੀ ਹੈ, ਤੇ ਮਨ ਨੂੰ ਮਾਇਆ ਵਿਚ ਡੋਲਣ ਤੋਂ ਬਚਾ ਲੈਂਦੀ ਹੈ।

ਹਰਿ ਨਾਮੁ ਚੇਤਿ ਫਿਰਿ ਪਵਹਿ ਨ ਜੂਨੀ ॥

(ਹੇ ਪਾਂਡੇ!) ਤੂੰ (ਭੀ) ਉਸ ਹਰਿ-ਗੋਪਾਲ ਦਾ ਨਾਮ ਸਿਮਰ, (ਸਿਮਰਨ ਦੀ ਬਰਕਤਿ ਨਾਲ) ਫਿਰ ਜਨਮ-ਮਰਨ ਵਿਚ ਨਹੀਂ ਪਏਂਗਾ।

ਗੁਰਮਤਿ ਸਾਰੁ ਹੋਰ ਨਾਮ ਬਿਹੂਨੀ ॥੨੦॥

(ਹੇ ਪਾਂਡੇ!) ਸਤਿਗੁਰੂ ਦੀ ਮੱਤ ਹੀ (ਜੀਵਨ ਲਈ) ਸ੍ਰੇਸ਼ਟ ਰਸਤਾ ਹੈ, ਹੋਰ ਮੱਤ ਉਸ ਦੇ ਨਾਮ ਤੋਂ ਵਾਂਜਿਆ ਰੱਖਦੀ ਹੈ ॥੨੦॥

ਘਰ ਦਰ ਫਿਰਿ ਥਾਕੀ ਬਹੁਤੇਰੇ ॥

(ਹੇ ਪਾਂਡੇ! ਗੁਰੂ ਦੀ ਮੱਤ ਵਾਲਾ ਰਸਤਾ ਫੜਨ ਤੋਂ ਬਿਨਾ) ਜਿੰਦ ਕਈ ਜੂਨਾਂ ਵਿਚ ਭੌਂ ਭੌਂ ਕੇ ਖਪ ਲੱਥਦੀ ਹੈ,

ਜਾਤਿ ਅਸੰਖ ਅੰਤ ਨਹੀ ਮੇਰੇ ॥

ਇਤਨੀਆਂ ਅਣ-ਗਿਣਤ ਜਾਤੀਆਂ ਵਿਚੋਂ ਲੰਘਦੀ ਹੈ ਜਿਨ੍ਹਾਂ ਦਾ ਅੰਤ ਨਹੀਂ ਪੈ ਸਕਦਾ।

ਕੇਤੇ ਮਾਤ ਪਿਤਾ ਸੁਤ ਧੀਆ ॥

(ਇਹਨਾਂ ਬੇਅੰਤ ਜੂਨਾਂ ਵਿਚ ਭਟਕਦੀ ਜਿੰਦ ਦੇ) ਕਈ ਮਾਂ ਪਿਉ ਪੁੱਤਰ ਧੀਆਂ ਬਣਦੇ ਹਨ,

ਕੇਤੇ ਗੁਰ ਚੇਲੇ ਫੁਨਿ ਹੂਆ ॥

ਕਈ ਗੁਰੂ ਬਣਦੇ ਹਨ, ਤੇ ਕਈ ਚੇਲੇ ਭੀ ਬਣਦੇ ਹਨ।

ਕਾਚੇ ਗੁਰ ਤੇ ਮੁਕਤਿ ਨ ਹੂਆ ॥

ਇਹਨਾਂ ਜੂਨਾਂ ਤੋਂ ਤਦ ਤਕ ਖ਼ਲਾਸੀ ਨਹੀਂ ਹੁੰਦੀ ਜਦ ਤਕ ਕਿਸੇ ਕੱਚੇ ਗੁਰੂ ਦੀ ਸਰਨ ਲਈ ਹੋਈ ਹੈ।

ਕੇਤੀ ਨਾਰਿ ਵਰੁ ਏਕੁ ਸਮਾਲਿ ॥

(ਹੇ ਪਾਂਡੇ! ਸਤਿਗੁਰੂ ਤੋਂ ਖੁੰਝੀਆਂ ਹੋਈਆਂ ਅਜੇਹੀਆਂ) ਕਈ ਜੀਵ-ਇਸਤ੍ਰੀਆਂ ਹਨ, ਖਸਮ-ਪ੍ਰਭੂ ਸਭ ਦੀ ਸੰਭਾਲ ਕਰਦਾ ਹੈ।

ਗੁਰਮੁਖਿ ਮਰਣੁ ਜੀਵਣੁ ਪ੍ਰਭ ਨਾਲਿ ॥

ਜੋ ਜਿੰਦ ਗੁਰੂ ਦੇ ਸਨਮੁਖ ਰਹਿੰਦੀ ਹੈ, ਉਸ ਦਾ ਆਸਰਾ-ਪਰਨਾ ਗੋਪਾਲ-ਪ੍ਰਭੂ ਹੋ ਜਾਂਦਾ ਹੈ।

ਦਹ ਦਿਸ ਢੂਢਿ ਘਰੈ ਮਹਿ ਪਾਇਆ ॥

ਹੋਰ ਹਰ ਪਾਸੇ ਢੂੰਢ ਢੂੰਡ ਕੇ (ਗੁਰੂ ਦੀ ਕਿਰਪਾ ਨਾਲ) ਹਿਰਦੇ-ਘਰ ਵਿਚ ਹੀ ਗੋਪਾਲ-ਪ੍ਰਭੂ ਲੱਭ ਪੈਂਦਾ ਹੈ।

ਮੇਲੁ ਭਇਆ ਸਤਿਗੁਰੂ ਮਿਲਾਇਆ ॥੨੧॥

(ਹੇ ਪਾਂਡੇ! ਸਿਰਫ਼ ਉਸ ਜਿੰਦ ਦਾ ਪ੍ਰਭੂ ਨਾਲ) ਮਿਲਾਪ ਹੁੰਦਾ ਹੈ ਜਿਸ ਨੂੰ ਸਤਿਗੁਰੂ ਮਿਲਾਂਦਾ ਹੈ ॥੨੧॥

ਗੁਰਮੁਖਿ ਗਾਵੈ ਗੁਰਮੁਖਿ ਬੋਲੈ ॥

(ਹੇ ਪਾਂਡੇ! ਗੋਪਾਲ ਦਾ ਨਾਮ ਗੁਰੂ ਦੇ ਸਨਮੁਖ ਹੋਇਆਂ ਹੀ ਮਨ ਦੀ ਪੱਟੀ ਉਤੇ ਲਿਖਿਆ ਜਾ ਸਕਦਾ ਹੈ) ਗੁਰਮੁਖ ਹੀ (ਪ੍ਰਭੂ ਦੇ ਗੁਣ) ਗਾਉਂਦਾ ਹੈ, ਤੇ (ਪ੍ਰਭੂ ਦੀ ਸਿਫ਼ਤ) ਉਚਾਰਦਾ ਹੈ।

ਗੁਰਮੁਖਿ ਤੋਲਿ ਤੁੋਲਾਵੈ ਤੋਲੈ ॥

ਗੁਰਮੁਖ ਹੀ (ਪ੍ਰਭੂ ਦੇ ਨਾਮ ਨੂੰ ਆਪਣੇ ਮਨ ਵਿਚ) ਤੋਲਦਾ ਹੈ (ਤੇ ਹੋਰਨਾਂ ਨੂੰ) ਤੋਲਣ ਲਈ ਪ੍ਰੇਰਦਾ ਹੈ।

ਗੁਰਮੁਖਿ ਆਵੈ ਜਾਇ ਨਿਸੰਗੁ ॥

ਗੁਰਮੁਖ ਹੀ (ਜਗਤ ਵਿਚ) ਬੰਧਨ-ਰਹਿਤ ਆਉਂਦਾ ਹੈ ਤੇ ਬੰਧਨ-ਰਹਿਤ ਹੀ ਇਥੋਂ ਜਾਂਦਾ ਹੈ (ਭਾਵ, ਨਾਹ ਹੀ ਕਿਸੇ ਕਰਮਾਂ ਦੇ ਫਲ ਭੋਗਣ ਆਉਂਦਾ ਹੈ ਤੇ ਨਾਹ ਹੀ ਇਥੋਂ ਕੋਈ ਮੰਦ ਕਰਮਾਂ ਦੇ ਬੰਧਨ ਸਹੇੜ ਕੇ ਲੈ ਜਾਂਦਾ ਹੈ),

ਪਰਹਰਿ ਮੈਲੁ ਜਲਾਇ ਕਲੰਕੁ ॥

(ਕਿਉਂਕਿ ਗੁਰਮੁਖਿ ਮਨੁੱਖ ਮਨ ਦੀ) ਮੈਲ ਨੂੰ ਦੂਰ ਕਰ ਕੇ ਵਿਕਾਰ ਨੂੰ (ਆਪਣੇ ਅੰਦਰੋਂ) ਮੁਕਾ ਚੁਕਾ ਹੁੰਦਾ ਹੈ।

ਗੁਰਮੁਖਿ ਨਾਦ ਬੇਦ ਬੀਚਾਰੁ ॥

(ਪ੍ਰਭੂ ਦੇ ਗੁਣਾਂ ਦੀ) ਵਿਚਾਰ ਗੁਰਮੁਖ ਵਾਸਤੇ ਰਾਗ ਤੇ ਵੇਦ ਹੈ,

ਗੁਰਮੁਖਿ ਮਜਨੁ ਚਜੁ ਅਚਾਰੁ ॥

ਉੱਚਾ ਆਚਰਣ (ਬਨਾਣਾ) ਗੁਰਮੁਖ ਦਾ (ਤੀਰਥ-) ਇਸ਼ਨਾਨ ਹੈ।

ਗੁਰਮੁਖਿ ਸਬਦੁ ਅੰਮ੍ਰਿਤੁ ਹੈ ਸਾਰੁ ॥

(ਸਤਿਗੁਰੂ ਦਾ) ਸ਼ਬਦ ਗੁਰਮੁਖ ਲਈ ਸ੍ਰੇਸ਼ਟ ਅੰਮ੍ਰਿਤ ਹੈ।

ਨਾਨਕ ਗੁਰਮੁਖਿ ਪਾਵੈ ਪਾਰੁ ॥੨੨॥

ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਸੰਸਾਰ-ਸਮੁੰਦਰ ਦਾ) ਪਾਰਲਾ ਬੰਨਾ ਲੱਭ ਲੈਂਦਾ ਹੈ (ਭਾਵ, ਵਿਕਾਰਾਂ ਦੀਆਂ ਲਹਿਰਾਂ ਵਿਚੋਂ ਬਚ ਨਿਕਲਦਾ ਹੈ) ॥੨੨॥

ਚੰਚਲੁ ਚੀਤੁ ਨ ਰਹਈ ਠਾਇ ॥

(ਹੇ ਪਾਂਡੇ! ਗੋਪਾਲ ਦਾ ਨਾਮ ਮਨ ਦੀ ਪੱਟੀ ਉਤੇ ਲਿਖਣ ਤੋਂ ਬਿਨਾ ਮਨੁੱਖ ਦਾ) ਚੰਚਲ ਮਨ ਟਿਕ ਕੇ ਨਹੀਂ ਬੈਠਦਾ,

ਚੋਰੀ ਮਿਰਗੁ ਅੰਗੂਰੀ ਖਾਇ ॥

ਇਹ (ਮਨ-) ਹਰਣ ਲੁਕ ਲੁਕ ਕੇ ਨਵੇਂ ਨਵੇਂ ਭੋਗ ਭੋਗਦਾ ਹੈ।

ਚਰਨ ਕਮਲ ਉਰ ਧਾਰੇ ਚੀਤ ॥

(ਪਰ) ਜੋ ਮਨੁੱਖ (ਪ੍ਰਭੂ ਦੇ) ਕਉਲ ਫੁੱਲਾਂ (ਵਰਗੇ ਸੋਹਣੇ) ਚਰਨ (ਆਪਣੇ) ਚਿੱਤ ਵਿਚ ਵਸਾਂਦਾ ਹੈ,

ਚਿਰੁ ਜੀਵਨੁ ਚੇਤਨੁ ਨਿਤ ਨੀਤ ॥

ਉਹ ਸਦਾ ਲਈ ਅਮਰ ਤੇ ਸੁਚੇਤ ਹੋ ਜਾਂਦਾ ਹੈ (ਭਾਵ, ਨਾਹ ਵਿਕਾਰਾਂ ਦੀ ਫਾਹੀ ਵਿਚ ਫਸਦਾ ਹੈ ਤੇ ਨਾਹ ਹੀ ਜਨਮਾਂ ਦੇ ਗੇੜ ਵਿਚ ਪੈਂਦਾ ਹੈ)।

ਚਿੰਤਤ ਹੀ ਦੀਸੈ ਸਭੁ ਕੋਇ ॥

(ਜਿਧਰ ਤੱਕੋ ਚੰਚਲਤਾ ਦੇ ਕਾਰਨ) ਹਰੇਕ ਜੀਵ ਚਿੰਤਾਤੁਰ ਦਿੱਸਦਾ ਹੈ।

ਚੇਤਹਿ ਏਕੁ ਤਹੀ ਸੁਖੁ ਹੋਇ ॥

(ਪਰ ਜੋ ਮਨੁੱਖ) ਇੱਕ (ਪਰਮਾਤਮਾ) ਨੂੰ ਸਿਮਰਦੇ ਹਨ, ਉਹਨਾਂ ਦੇ ਹਿਰਦੇ ਵਿਚ ਸੁਖ ਹੁੰਦਾ ਹੈ।

ਚਿਤਿ ਵਸੈ ਰਾਚੈ ਹਰਿ ਨਾਇ ॥

(ਜਿਸ ਜੀਵ ਦੇ) ਚਿੱਤ ਵਿਚ ਪ੍ਰਭੂ ਆ ਵੱਸਦਾ ਹੈ ਜੋ ਮਨੁੱਖ ਪ੍ਰਭੂ ਦੇ ਨਾਮ ਵਿਚ ਲੀਨ ਹੁੰਦਾ ਹੈ,

ਮੁਕਤਿ ਭਇਆ ਪਤਿ ਸਿਉ ਘਰਿ ਜਾਇ ॥੨੩॥

ਉਹ (ਮਾਇਕ ਭੋਗਾਂ ਤੋਂ) ਖ਼ਲਾਸੀ ਪਾ ਲੈਂਦਾ ਹੈ (ਤੇ ਇਥੋਂ) ਇੱਜ਼ਤ ਨਾਲ (ਆਪਣੇ ਅਸਲੀ) ਘਰ ਵਿਚ ਜਾਂਦਾ ਹੈ ॥੨੩॥

ਛੀਜੈ ਦੇਹ ਖੁਲੈ ਇਕ ਗੰਢਿ ॥

(ਹੇ ਪਾਂਡੇ!) ਸਾਰੇ ਜਗਤ ਵਿਚ ਫਿਰ ਕੇ ਵੇਖ ਲਵੋ, ਜਦੋਂ ਪ੍ਰਾਣੀ (ਦੇ ਪ੍ਰਾਣਾਂ ਦੀ ਗੰਢ ਖੁਲ੍ਹ ਜਾਂਦੀ ਹੈ,

ਛੇਆ ਨਿਤ ਦੇਖਹੁ ਜਗਿ ਹੰਢਿ ॥

ਤਾਂ ਸਰੀਰ ਨਾਸ ਹੋ ਜਾਂਦਾ ਹੈ। ਮੌਤ (ਦਾ ਇਹ ਕੌਤਕ) ਨਿੱਤ ਵਰਤ ਰਿਹਾ ਹੈ।

ਧੂਪ ਛਾਵ ਜੇ ਸਮ ਕਰਿ ਜਾਣੈ ॥

(ਹੇ ਪਾਂਡੇ!) ਜੇ ਮਨੁੱਖ (ਇਸ ਜੀਵਨ ਵਿਚ ਵਾਪਰਦੇ) ਦੁੱਖਾਂ ਸੁਖਾਂ ਨੂੰ ਇਕੋ ਜਿਹਾ ਕਰ ਕੇ ਸਮਝ ਲਏ,

ਬੰਧਨ ਕਾਟਿ ਮੁਕਤਿ ਘਰਿ ਆਣੈ ॥

ਤਾਂ (ਮਾਇਆ ਦੇ) ਬੰਧਨਾਂ ਨੂੰ ਕੱਟ ਕੇ (ਮਾਇਕ ਭੋਗਾਂ ਤੋਂ) ਆਜ਼ਾਦੀ ਨੂੰ ਆਪਣੇ ਅੰਦਰ ਲੈ ਆਉਂਦਾ ਹੈ।

ਛਾਇਆ ਛੂਛੀ ਜਗਤੁ ਭੁਲਾਨਾ ॥

(ਹੇ ਪਾਂਡੇ! ਗੁਪਾਲ ਨੂੰ ਵਿਸਾਰ ਕੇ) ਜਗਤ ਇਸ ਥੋਥੀ (ਭਾਵ, ਜੋ ਸਾਥ ਤੋੜ ਨਹੀਂ ਨਿਬਾਹੁੰਦੀ) ਮਾਇਆ (ਦੇ ਪਿਆਰ) ਵਿਚ ਕੁਰਾਹੇ ਪੈ ਰਿਹਾ ਹੈ,

ਲਿਖਿਆ ਕਿਰਤੁ ਧੁਰੇ ਪਰਵਾਨਾ ॥

(ਜੀਵਾਂ ਦੇ ਮੱਥੇ ਉਤੇ ਇਹੀ) ਕਿਰਤ-ਰੂਪ ਲੇਖ ਸ਼ੁਰੂ ਤੋਂ ਹੀ ਲਿਖਿਆ ਪਿਆ ਹੈ (ਭਾਵ, ਸ਼ੁਰੂ ਤੋਂ ਜੀਵਾਂ ਦੇ ਅੰਦਰ ਮਾਇਆ ਦੇ ਮੋਹ ਦੇ ਸੰਸਕਾਰ-ਰੂਪ ਲੇਖ ਹੋਣ ਦੇ ਕਾਰਨ ਹੁਣ ਭੀ ਇਹ ਮਾਇਆ ਦੇ ਮੋਹ ਵਿਚ ਫਸੇ ਹੋਏ ਹਨ)।

ਛੀਜੈ ਜੋਬਨੁ ਜਰੂਆ ਸਿਰਿ ਕਾਲੁ ॥

(ਹੇ ਪਾਂਡੇ!) ਜਵਾਨੀ ਖ਼ਤਮ ਹੋ ਜਾਂਦੀ ਹੈ, ਬੁਢੇਪਾ ਆ ਜਾਂਦਾ ਹੈ, ਮੌਤ ਸਿਰ ਉਤੇ (ਖੜੀ ਜਾਪਦੀ ਹੈ),

ਕਾਇਆ ਛੀਜੈ ਭਈ ਸਿਬਾਲੁ ॥੨੪॥

ਸਰੀਰ ਕਮਜ਼ੋਰ ਹੋ ਜਾਂਦਾ ਹੈ (ਤੇ ਮਨੁੱਖ ਦੀ ਚਮੜੀ ਪਾਣੀ ਦੇ) ਜਾਲੇ ਵਾਂਗ ਢਿੱਲੀ ਹੋ ਜਾਂਦੀ ਹੈ (ਫਿਰ ਭੀ ਇਸ ਦਾ ਮਾਇਆ ਦਾ ਪਿਆਰ ਮੁੱਕਦਾ ਨਹੀਂ) ॥੨੪॥

ਜਾਪੈ ਆਪਿ ਪ੍ਰਭੂ ਤਿਹੁ ਲੋਇ ॥

(ਹੇ ਪਾਂਡੇ! ਉਸ ਗੋਪਾਲ ਦਾ ਨਾਮ ਮਨ ਦੀ ਪੱਟੀ ਉਤੇ ਲਿਖ, ਜੋ) ਆਪ ਸਾਰੇ ਜਗਤ ਵਿਚ ਪਰਗਟ ਹੈ,

ਜੁਗਿ ਜੁਗਿ ਦਾਤਾ ਅਵਰੁ ਨ ਕੋਇ ॥

ਜੋ ਸਦਾ (ਜੀਵਾਂ ਦਾ) ਦਾਤਾ ਹੈ (ਜਿਸ ਤੋਂ ਬਿਨਾ) ਹੋਰ ਕੋਈ (ਦਾਤਾ) ਨਹੀਂ।

ਜਿਉ ਭਾਵੈ ਤਿਉ ਰਾਖਹਿ ਰਾਖੁ ॥

(ਹੇ ਪਾਂਡੇ! ਗੋਪਾਲ ਓਅੰਕਾਰ ਅੱਗੇ ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਜਿਵੇਂ ਤੂੰ (ਮੈਨੂੰ) ਰੱਖਣਾ ਚਾਹੁੰਦਾ ਹੈਂ ਤਿਵੇਂ ਰੱਖ;

ਜਸੁ ਜਾਚਉ ਦੇਵੈ ਪਤਿ ਸਾਖੁ ॥

(ਪਰ) ਮੈਂ ਤੇਰੀ ਸਿਫ਼ਤ-ਸਾਲਾਹ (ਦੀ ਦਾਤਿ) ਮੰਗਦਾ, ਹਾਂ, ਤੇਰੀ ਸਿਫ਼ਤ ਹੀ ਮੈਨੂੰ ਇੱਜ਼ਤ ਤੇ ਨਾਮਣਾ ਦੇਂਦੀ ਹੈ।

ਜਾਗਤੁ ਜਾਗਿ ਰਹਾ ਤੁਧੁ ਭਾਵਾ ॥

(ਹੇ ਪ੍ਰਭੂ!) ਜੇ ਮੈਂ ਤੈਨੂੰ ਚੰਗਾ ਲੱਗਾਂ ਤਾਂ ਮੈਂ ਸਦਾ ਜਾਗਦਾ ਰਹਾਂ (ਮਾਇਆ ਦੇ ਹੱਲਿਆਂ ਤੋਂ ਸੁਚੇਤ ਰਹਾਂ),

ਜਾ ਤੂ ਮੇਲਹਿ ਤਾ ਤੁਝੈ ਸਮਾਵਾ ॥

ਜੇ ਤੂੰ (ਆਪ) ਮੈਨੂੰ (ਆਪਣੇ ਵਿਚ) ਜੋੜੀ ਰੱਖੇਂ, ਤਾਂ ਮੈਂ ਤੇਰੇ (ਚਰਨਾਂ) ਵਿਚ ਲੀਨ ਰਹਾਂ।

ਜੈ ਜੈ ਕਾਰੁ ਜਪਉ ਜਗਦੀਸ ॥

ਮੈਂ ਜਗਤ ਦੇ ਮਾਲਕ (ਪ੍ਰਭੂ) ਦੀ ਸਦਾ ਜੈ ਜੈਕਾਰ ਆਖਦਾ ਹਾਂ।

ਗੁਰਮਤਿ ਮਿਲੀਐ ਬੀਸ ਇਕੀਸ ॥੨੫॥

(ਹੇ ਪਾਂਡੇ! ਇਸ ਤਰ੍ਹਾਂ) ਸਤਿਗੁਰੂ ਦੀ ਮੱਤ ਲੈ ਕੇ ਵੀਹ-ਵਿਸਵੇ ਇੱਕ ਪਰਮਾਤਮਾ ਨੂੰ ਮਿਲ ਸਕੀਦਾ ਹੈ ॥੨੫॥

ਝਖਿ ਬੋਲਣੁ ਕਿਆ ਜਗ ਸਿਉ ਵਾਦੁ ॥

(ਹੇ ਪਾਂਡੇ! ਗੋਪਾਲ ਦਾ ਨਾਮ ਮਨ ਦੀ ਪੱਟੀ ਉਤੇ ਲਿਖਣ ਦੇ ਥਾਂ ਮਾਇਆ ਦੀ ਖ਼ਾਤਰ) ਜਗਤ ਨਾਲ ਝਗੜਾ ਸਹੇੜਨਾ ਵਿਅਰਥ ਹੈ, ਇਹ ਤਾਂ ਝਖਾਂ ਮਾਰਨ ਵਾਰੀ ਗੱਲ ਹੈ;

ਝੂਰਿ ਮਰੈ ਦੇਖੈ ਪਰਮਾਦੁ ॥

(ਜੋ ਮਨੁੱਖ ਗੋਪਾਲ ਦਾ ਸਿਮਰਨ ਛੱਡ ਕੇ ਝਗੜੇ ਵਾਲੇ ਰਾਹੇ ਪੈਂਦਾ ਹੈ) ਉਹ ਝੁਰ ਝੁਰ ਮਰਦਾ ਹੈ (ਭਾਵ, ਅੰਦਰੋਂ ਅਸ਼ਾਂਤ ਹੀ ਰਹਿੰਦਾ ਹੈ, ਕਿਉਂਕਿ) ਉਸ ਦੀਆਂ ਅੱਖਾਂ ਸਾਹਮਣੇ (ਮਾਇਆ ਦਾ) ਅਹੰਕਾਰ ਫਿਰਿਆ ਰਹਿੰਦਾ ਹੈ।

ਜਨਮਿ ਮੂਏ ਨਹੀ ਜੀਵਣ ਆਸਾ ॥

ਅਜੇਹੇ ਬੰਦੇ ਜਨਮ-ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਸੁੱਚੇ ਆਤਮਕ ਜੀਵਨ ਦੀ (ਉਹਨਾਂ ਤੋਂ) ਆਸ ਨਹੀਂ ਹੋ ਸਕਦੀ,

ਆਇ ਚਲੇ ਭਏ ਆਸ ਨਿਰਾਸਾ ॥

ਉਹ ਦੁਨੀਆ ਤੋਂ ਕੋਈ ਖੱਟੀ ਖੱਟਣ ਤੋਂ ਬਿਨਾ ਹੀ ਤੁਰ ਜਾਂਦੇ ਹਨ।

ਝੁਰਿ ਝੁਰਿ ਝਖਿ ਮਾਟੀ ਰਲਿ ਜਾਇ ॥

(ਨਾਮ ਵਿਸਾਰ ਕੇ ਦੁਨੀਆ ਦੇ ਝੰਬੇਲਿਆਂ ਵਿਚ ਪਰਚਣ ਵਾਲਾ ਮਨੁੱਖ ਇਸੇ) ਖਪਾਣੇ ਵਿਚ ਖਪ ਖਪ ਕੇ ਜੀਵਨ ਵਿਅਰਥ ਗੰਵਾ ਜਾਂਦਾ ਹੈ।

ਕਾਲੁ ਨ ਚਾਂਪੈ ਹਰਿ ਗੁਣ ਗਾਇ ॥

ਪਰ ਜੋ ਮਨੁੱਖ ਪਰਮਾਤਮਾ ਦੇ ਗੁਣ ਗਾਉਂਦਾ ਹੈ ਉਸ ਨੂੰ ਮੌਤ ਦਾ ਭੀ ਡਰ ਪੋਹ ਨਹੀਂ ਸਕਦਾ।

ਪਾਈ ਨਵ ਨਿਧਿ ਹਰਿ ਕੈ ਨਾਇ ॥

ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਉਹ, ਮਾਨੋ, ਸਾਰੀ ਧਰਤੀ ਦਾ ਧਨ ਪ੍ਰਾਪਤ ਕਰ ਲੈਂਦਾ ਹੈ।

ਆਪੇ ਦੇਵੈ ਸਹਜਿ ਸੁਭਾਇ ॥੨੬॥

ਇਹ ਦਾਤ ਪ੍ਰਭੂ ਆਪ ਹੀ ਆਪਣੀ ਰਜ਼ਾ ਅਨੁਸਾਰ ਦੇਂਦਾ ਹੈ ॥੨੬॥

ਞਿਆਨੋ ਬੋਲੈ ਆਪੇ ਬੂਝੈ ॥

(ਸਤਿਗੁਰੂ-ਰੂਪ ਹੋ ਕੇ) ਪ੍ਰਭੂ ਆਪ ਹੀ ਗਿਆਨ ਉਚਾਰਦਾ ਹੈ, ਸਮਝਦਾ ਹੈ

ਆਪੇ ਸਮਝੈ ਆਪੇ ਸੂਝੈ ॥

ਆਪ ਹੀ ਇਸ ਗਿਆਨ ਨੂੰ ਸੁਣਦਾ ਹੈ ਤੇ ਵਿਚਾਰਦਾ ਹੈ।

ਗੁਰ ਕਾ ਕਹਿਆ ਅੰਕਿ ਸਮਾਵੈ ॥

(ਜਿਨ੍ਹਾਂ ਮਨੁੱਖਾਂ ਦੇ) ਹਿਰਦੇ ਵਿਚ ਸਤਿਗੁਰੂ ਦਾ ਦੱਸਿਆ ਹੋਇਆ (ਗਿਆਨ) ਆ ਵੱਸਦਾ ਹੈ,

ਨਿਰਮਲ ਸੂਚੇ ਸਾਚੋ ਭਾਵੈ ॥

ਉਹ ਮਨੁੱਖ ਪਵਿਤ੍ਰ ਸੁੱਚੇ ਹੋ ਜਾਂਦੇ ਹਨ, ਉਹਨਾਂ ਨੂੰ ਸੱਚਾ ਪ੍ਰਭੂ ਪਿਆਰਾ ਲੱਗਦਾ ਹੈ।

ਗੁਰੁ ਸਾਗਰੁ ਰਤਨੀ ਨਹੀ ਤੋਟ ॥

ਸਤਿਗੁਰੂ ਸਮੁੰਦਰ ਹੈ, ਉਸ ਵਿਚ (ਗੋਪਾਲ ਦੇ ਗੁਣਾਂ ਦੇ) ਰਤਨਾਂ ਦੀ ਕਮੀ ਨਹੀਂ,

ਲਾਲ ਪਦਾਰਥ ਸਾਚੁ ਅਖੋਟ ॥

ਉਹ ਸੱਚੇ ਪ੍ਰਭੂ ਦਾ ਰੂਪ ਹੈ, ਲਾਲਾਂ ਦਾ ਅਮੁੱਕ (ਖ਼ਜ਼ਾਨਾ) ਹੈ (ਭਾਵ, ਸਤਿਗੁਰੂ ਵਿਚ ਬੇਅੰਤ ਰੱਬੀ ਗੁਣ ਹਨ)।

ਗੁਰਿ ਕਹਿਆ ਸਾ ਕਾਰ ਕਮਾਵਹੁ ॥

(ਹੇ ਪਾਂਡੇ!) ਉਹ ਕਾਰ ਕਰੋ ਜੋ ਸਤਿਗੁਰੂ ਨੇ ਦੱਸੀ ਹੈ,

ਗੁਰ ਕੀ ਕਰਣੀ ਕਾਹੇ ਧਾਵਹੁ ॥

ਸਤਿਗੁਰੂ ਦੀ ਦੱਸੀ ਕਰਣੀ ਤੋਂ ਪਰੇ ਨਾਹ ਦੌੜੋ।

ਨਾਨਕ ਗੁਰਮਤਿ ਸਾਚਿ ਸਮਾਵਹੁ ॥੨੭॥

ਹੇ ਨਾਨਕ! ਸਤਿਗੁਰੂ ਦੀ ਸਿੱਖਿਆ ਲੈ ਕੇ ਸੱਚੇ ਪ੍ਰਭੂ ਵਿਚ ਲੀਨ ਹੋ ਜਾਉਗੇ ॥੨੭॥

ਟੂਟੈ ਨੇਹੁ ਕਿ ਬੋਲਹਿ ਸਹੀ ॥

ਕਿਸੇ ਨੂੰ ਸਾਹਮਣੇ (ਲਾ ਕੇ) ਗੱਲ ਆਖਿਆਂ ਪਿਆਰ ਟੁੱਟ ਜਾਂਦਾ ਹੈ;

ਟੂਟੈ ਬਾਹ ਦੁਹੂ ਦਿਸ ਗਹੀ ॥

ਦੋਹਾਂ ਪਾਸਿਆਂ ਤੋਂ ਫੜਿਆਂ ਬਾਂਹ ਟੁੱਟ ਜਾਂਦੀ ਹੈ;

ਟੂਟਿ ਪਰੀਤਿ ਗਈ ਬੁਰ ਬੋਲਿ ॥

ਮੰਦਾ ਬੋਲ ਬੋਲਿਆਂ ਪ੍ਰੀਤ ਟੁੱਟ ਜਾਂਦੀ ਹੈ,

ਦੁਰਮਤਿ ਪਰਹਰਿ ਛਾਡੀ ਢੋਲਿ ॥

ਭੈੜੀ ਇਸਤ੍ਰੀ ਨੂੰ ਖਸਮ ਛੱਡ ਦੇਂਦਾ ਹੈ (ਨੋਟ: ਇਸ ਤੁਕ ਵਿਚ “ਟੂਟਿ ਗਈ” ਅਤੇ “ਪਰਹਰਿ ਛਾਡਿ” ਭੂਤ ਕਾਲ Past Tense ਵਿਚ ਹਨ, ਪਰ ਅਰਥ ਪਹਿਲੀ ਤੁਕ ਦੇ ਨਾਲ ਮਿਲਾਣ ਵਾਸਤੇ ‘ਵਰਤਮਾਨ ਕਾਲ’ Present Tense ਵਿਚ ਕੀਤਾ ਗਿਆ ਹੈ ਕਿਉਂਕਿ ਭਾਵ ਇਉਂ ਹੀ ਹੈ)।

ਟੂਟੈ ਗੰਠਿ ਪੜੈ ਵੀਚਾਰਿ ॥

ਜੇ ਚੰਗੀ ਵਿਚਾਰ ਫੁਰ ਪਏ ਤਾਂ ਕੋਈ (ਵਾਪਰੀ ਹੋਈ) ਮੁਸ਼ਕਲ ਹੱਲ ਹੋ ਜਾਂਦੀ ਹੈ।

ਗੁਰਸਬਦੀ ਘਰਿ ਕਾਰਜੁ ਸਾਰਿ ॥

(ਹੇ ਪਾਂਡੇ!) ਤੂੰ ਭੀ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਮਨ ਵਿਚ (ਗੋਪਾਲ ਦਾ ਨਾਮ ਸਿਮਰਨ ਦਾ) ਕੰਮ ਸੰਭਾਲ (ਇਸ ਤਰ੍ਹਾਂ ਗੋਪਾਲ ਵਲੋਂ ਪਈ ਹੋਈ ਗੰਢ ਖੁਲ੍ਹ ਜਾਂਦੀ ਹੈ।)

ਲਾਹਾ ਸਾਚੁ ਨ ਆਵੈ ਤੋਟਾ ॥

(ਫਿਰ ਇਸ ਪਾਸੇ ਵਲੋਂ ਕਦੇ) ਘਾਟਾ ਨਹੀਂ ਪੈਂਦਾ (ਗੋਪਾਲ-ਪ੍ਰਭੂ ਦੇ ਨਾਮ ਦਾ) ਸਦਾ ਟਿਕਿਆ ਰਹਿਣ ਵਾਲਾ ਨਫ਼ਾ ਨਿੱਤ ਬਣਿਆ ਰਹਿੰਦਾ ਹੈ,

ਤ੍ਰਿਭਵਣ ਠਾਕੁਰੁ ਪ੍ਰੀਤਮੁ ਮੋਟਾ ॥੨੮॥

ਤੇ ਸਾਰੇ ਜਗਤ ਦਾ ਵੱਡਾ ਮਾਲਕ ਪ੍ਰੀਤਮ ਪ੍ਰਭੂ (ਸਿਰ ਉਤੇ ਸਹਾਈ) ਦਿੱਸਦਾ ਹੈ ॥੨੮॥

ਠਾਕਹੁ ਮਨੂਆ ਰਾਖਹੁ ਠਾਇ ॥

(ਹੇ ਪਾਂਡੇ! ਗੋਪਾਲ ਦਾ ਨਾਮ ਮਨ ਦੀ ਪੱਟੀ ਉਤੇ ਲਿਖ ਕੇ, ਮਾਇਆ ਵਲ ਦੌੜਦੇ) ਇਸ ਚੰਚਲ ਮਨ ਨੂੰ ਰੋਕ ਰੱਖ, ਤੇ ਥਾਂ ਸਿਰ (ਭਾਵ, ਅੰਤਰਿ ਆਤਮੇ) ਟਿਕਾ ਰੱਖ।

ਠਹਕਿ ਮੁਈ ਅਵਗੁਣਿ ਪਛੁਤਾਇ ॥

(ਸ੍ਰਿਸ਼ਟੀ ਮਾਇਆ ਦੀ ਤ੍ਰਿਸ਼ਨਾ ਦੇ) ਅਉਗਣ ਵਿਚ (ਫਸ ਕੇ ਆਪੋ ਵਿਚ) ਭਿੜ ਭਿੜ ਕੇ ਆਤਮਕ ਮੌਤ ਸਹੇੜ ਰਹੀ ਹੈ ਤੇ ਦੁਖੀ ਹੋ ਰਹੀ ਹੈ।

ਠਾਕੁਰੁ ਏਕੁ ਸਬਾਈ ਨਾਰਿ ॥

(ਹੇ ਪਾਂਡੇ!) ਪ੍ਰਭੂ-ਪਾਲਣਹਾਰ ਇੱਕ ਹੈ, ਤੇ ਸਾਰੇ ਜੀਵ ਉਸ ਦੀਆਂ ਨਾਰੀਆਂ ਹਨ,

ਬਹੁਤੇ ਵੇਸ ਕਰੇ ਕੂੜਿਆਰਿ ॥

(ਪਰ) ਮਾਇਆ-ਗ੍ਰਸੀ (ਜੀਵ-ਇਸਤ੍ਰੀ ਖਸਮ ਨੂੰ ਨਹੀਂ ਪਛਾਣਦੀ, ਤੇ ਬਾਹਰ) ਕਈ ਵੇਸ ਕਰਦੀ ਹੈ (ਹੋਰ ਹੋਰ ਆਸਰੇ ਤੱਕਦੀ ਹੈ)।

ਪਰ ਘਰਿ ਜਾਤੀ ਠਾਕਿ ਰਹਾਈ ॥

(ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਨੇ) ਪਰਾਏ ਘਰ ਵਿਚ ਜਾਂਦੀ ਨੂੰ (ਹੋਰ ਆਸਰੇ ਤੱਕਦੀ ਨੂੰ) ਰੋਕ ਲਿਆ ਹੈ,

ਮਹਲਿ ਬੁਲਾਈ ਠਾਕ ਨ ਪਾਈ ॥

ਉਸ ਨੂੰ (ਉਸ ਨੇ ਆਪਣੇ ਮਹਿਲ ਵਿਚ ਬੁਲਾ ਲਿਆ ਹੈ, ਉਸ ਦੇ ਜੀਵਨ-ਰਾਹ ਵਿਚ ਤ੍ਰਿਸ਼ਨਾ ਦੀ) ਕੋਈ ਰੋਕ ਨਹੀਂ ਪੈਂਦੀ।

ਸਬਦਿ ਸਵਾਰੀ ਸਾਚਿ ਪਿਆਰੀ ॥

(ਗੁਰੂ ਦੇ) ਸ਼ਬਦ ਦੀ ਰਾਹੀਂ (ਉਸ ਨੂੰ ਪ੍ਰਭੂ ਨੇ) ਸੰਵਾਰ ਲਿਆ ਹੈ, (ਉਹ ਜੀਵ-ਇਸਤ੍ਰੀ) ਸਦਾ-ਥਿਰ ਪ੍ਰਭੂ ਵਿਚ ਪਿਆਰ ਪਾਂਦੀ ਹੈ,

ਸਾਈ ਸੁੋਹਾਗਣਿ ਠਾਕੁਰਿ ਧਾਰੀ ॥੨੯॥

ਉਹੀ ਸੁਹਾਗ-ਭਾਗ ਵਾਲੀ ਹੋ ਜਾਂਦੀ ਹੈ (ਕਿਉਂਕਿ) ਪ੍ਰਭੂ ਨੇ ਉਸ ਨੂੰ ਆਪਣੀ ਬਣ ਲਿਆ ਹੈ ॥੨੯॥

ਡੋਲਤ ਡੋਲਤ ਹੇ ਸਖੀ ਫਾਟੇ ਚੀਰ ਸੀਗਾਰ ॥

ਹੇ ਸਖੀ! ਭਟਕ ਭਟਕ ਕੇ ਸਾਰੇ ਕੱਪੜੇ ਤੇ ਸਿੰਗਾਰ ਪਾਟ ਗਏ ਹਨ (ਭਾਵ, ਤ੍ਰਿਸ਼ਨਾ ਦੀ ਅੱਗ ਦੇ ਕਾਰਨ ਹੋਰ ਹੋਰ ਆਸਰੇ ਤੱਕਿਆਂ ਸਾਰੇ ਧਾਰਮਿਕ ਉੱਦਮ ਵਿਅਰਥ ਜਾਂਦੇ ਹਨ);

ਡਾਹਪਣਿ ਤਨਿ ਸੁਖੁ ਨਹੀ ਬਿਨੁ ਡਰ ਬਿਣਠੀ ਡਾਰ ॥

ਤ੍ਰਿਸ਼ਨਾ ਦੀ ਅੱਗ ਵਿਚ ਸੜਦਿਆਂ ਹਿਰਦੇ ਵਿਚ ਸੁਖ ਨਹੀਂ ਹੋ ਸਕਦਾ; (ਤ੍ਰਿਸ਼ਨਾ ਦੇ ਕਾਰਨ ਪ੍ਰਭੂ) ਡਰ (ਹਿਰਦੇ ਵਿਚੋਂ) ਗਵਾਇਆਂ ਬੇਅੰਤ ਜੀਵ ਖਪ ਰਹੇ ਹਨ।

ਡਰਪਿ ਮੁਈ ਘਰਿ ਆਪਣੈ ਡੀਠੀ ਕੰਤਿ ਸੁਜਾਣਿ ॥

(ਜੋ ਜੀਵ-ਇਸਤ੍ਰੀ ਪ੍ਰਭੂ ਦੇ) ਡਰ ਦੀ ਰਾਹੀਂ ਆਪਣੇ ਹਿਰਦੇ ਵਿਚ (ਤ੍ਰਿਸ਼ਨਾ ਵਲੋਂ) ਮਰ ਗਈ ਹੈ (ਭਾਵ, ਜਿਸ ਨੇ ਤ੍ਰਿਸ਼ਨਾ ਦੀ ਅੱਗ ਬੁਝਾ ਲਈ ਹੈ) ਉਸ ਨੂੰ ਸੁਜਾਨ ਕੰਤ (ਪ੍ਰਭੂ) ਨੇ (ਪਿਆਰ ਨਾਲ) ਤੱਕਿਆ ਹੈ;

ਡਰੁ ਰਾਖਿਆ ਗੁਰਿ ਆਪਣੈ ਨਿਰਭਉ ਨਾਮੁ ਵਖਾਣਿ ॥

ਆਪਣੇ ਗੁਰੂ ਦੀ ਰਾਹੀਂ ਉਸ ਨੇ ਨਿਰਭਉ ਪ੍ਰਭੂ ਦਾ ਨਾਮ ਸਿਮਰ ਕੇ (ਪ੍ਰਭੂ ਦਾ) ਡਰ (ਹਿਰਦੇ ਵਿਚ) ਟਿਕਾਇਆ ਹੈ।

ਡੂਗਰਿ ਵਾਸੁ ਤਿਖਾ ਘਣੀ ਜਬ ਦੇਖਾ ਨਹੀ ਦੂਰਿ ॥

(ਹੇ ਸਖੀ! ਜਦ ਤਕ ਮੇਰਾ) ਵਾਸ ਪਰਬਤ ਉਤੇ ਰਿਹਾ, (ਭਾਵ, ਹਉਮੈ ਕਰ ਕੇ ਸਿਰ ਉੱਚਾ ਰਿਹਾ) ਮਾਇਆ ਦੀ ਤ੍ਰੇਹ ਬਹੁਤ ਸੀ; ਜਦੋਂ ਮੈਂ ਪ੍ਰਭੂ ਦਾ ਦੀਦਾਰ ਕਰ ਲਿਆ ਤਾਂ ਇਸ ਤ੍ਰੇਹ ਨੂੰ ਮਿਟਾਣ ਵਾਲਾ ਅੰਮ੍ਰਿਤ ਨੇੜੇ ਹੀ ਦਿੱਸ ਪਿਆ।

ਤਿਖਾ ਨਿਵਾਰੀ ਸਬਦੁ ਮੰਨਿ ਅੰਮ੍ਰਿਤੁ ਪੀਆ ਭਰਪੂਰਿ ॥

ਮੈਂ ਗੁਰੂ ਦੇ ਸ਼ਬਦ ਨੂੰ ਮੰਨ ਕੇ (ਮਾਇਆ ਦੀ) ਤ੍ਰੇਹ ਦੂਰ ਕਰ ਲਈ ਤੇ (ਨਾਮ-) ਅੰਮ੍ਰਿਤ ਰੱਜ ਕੇ ਪੀ ਲਿਆ।

ਦੇਹਿ ਦੇਹਿ ਆਖੈ ਸਭੁ ਕੋਈ ਜੈ ਭਾਵੈ ਤੈ ਦੇਇ ॥

ਹਰੇਕ ਜੀਵ ਆਖਦਾ ਹੈ ਕਿ (ਹੇ ਪ੍ਰਭੂ! ਮੈਨੂੰ ਇਹ ਅੰਮ੍ਰਿਤ) ਦੇਹ; (ਮੈਨੂੰ ਇਹ ਅੰਮ੍ਰਿਤ) ਦੇਹ; ਪਰ ਪ੍ਰਭੂ ਉਸ ਜੀਵ ਨੂੰ ਦੇਂਦਾ ਹੈ ਜੋ ਉਸ ਨੂੰ ਭਾਉਂਦਾ ਹੈ।

ਗੁਰੂ ਦੁਆਰੈ ਦੇਵਸੀ ਤਿਖਾ ਨਿਵਾਰੈ ਸੋਇ ॥੩੦॥

ਪ੍ਰਭੂ ਜਿਸ ਨੂੰ ਸਤਿਗੁਰੂ ਦੀ ਰਾਹੀਂ (ਇਹ ਅੰਮ੍ਰਿਤ) ਦੇਵੇਗਾ, ਉਹੀ ਜੀਵ (ਮਾਇਆ ਵਾਲੀ) ਤ੍ਰੇਹ ਮਿਟਾ ਸਕੇਗਾ ॥੩੦॥

ਢੰਢੋਲਤ ਢੂਢਤ ਹਉ ਫਿਰੀ ਢਹਿ ਢਹਿ ਪਵਨਿ ਕਰਾਰਿ ॥

ਮੈਂ ਬਹੁਤ ਢੂੰਢ ਫਿਰੀ ਹਾਂ (ਹਰ ਥਾਂ ਇਹੀ ਵੇਖਿਆ ਹੈ ਕਿ ਤ੍ਰਿਸ਼ਨਾ ਦੇ ਭਾਵ ਨਾਲ) ਭਾਰੇ ਹੋਏ ਅਨੇਕਾਂ ਬੰਦੇ (ਸੰਸਾਰ-ਸਮੁੰਦਰ ਦੇ) ਉਰਲੇ ਕੰਢੇ ਤੇ ਹੀ ਡਿੱਗਦੇ ਜਾ ਰਹੇ ਹਨ;

ਭਾਰੇ ਢਹਤੇ ਢਹਿ ਪਏ ਹਉਲੇ ਨਿਕਸੇ ਪਾਰਿ ॥

(ਪਰ ਜਿਨ੍ਹਾਂ ਦੇ ਸਿਰ ਉਤੇ ਮਾਇਆ ਦੀ ਪੋਟਲੀ ਦਾ ਭਾਰ ਨਹੀਂ, ਉਹ) ਹੌਲੇ (ਹੋਣ ਕਰਕੇ) ਪਾਰ ਲੰਘ ਜਾਂਦੇ ਹਨ।

ਅਮਰ ਅਜਾਚੀ ਹਰਿ ਮਿਲੇ ਤਿਨ ਕੈ ਹਉ ਬਲਿ ਜਾਉ ॥

ਮੈਂ (ਪਾਰ ਲੰਘਣ ਵਾਲੇ) ਉਹਨਾਂ ਬੰਦਿਆਂ ਤੋਂ ਸਦਕੇ ਹਾਂ, ਉਹਨਾਂ ਨੂੰ ਅਵਿਨਾਸ਼ੀ ਤੇ ਵੱਡਾ ਪ੍ਰਭੂ ਮਿਲ ਪਿਆ ਹੈ,

ਤਿਨ ਕੀ ਧੂੜਿ ਅਘੁਲੀਐ ਸੰਗਤਿ ਮੇਲਿ ਮਿਲਾਉ ॥

ਉਹਨਾਂ ਦੀ ਚਰਨ-ਧੂੜ ਲਿਆਂ (ਮਾਇਆ ਦੀ ਤ੍ਰਿਸ਼ਨਾ ਤੋਂ) ਛੁੱਟ ਜਾਈਦਾ ਹੈ, (ਪ੍ਰਭੂ ਮੇਹਰ ਕਰੇ) ਮੈਂ ਵੀ ਉਹਨਾਂ ਦੀ ਸੰਗਤ ਵਿਚ ਉਹਨਾਂ ਦੇ ਇਕੱਠ ਵਿਚ ਰਹਾਂ।

ਮਨੁ ਦੀਆ ਗੁਰਿ ਆਪਣੈ ਪਾਇਆ ਨਿਰਮਲ ਨਾਉ ॥

ਜਿਸ ਮਨੁੱਖ ਨੇ ਆਪਣੇ ਸਤਿਗੁਰੂ ਦੀ ਰਾਹੀਂ (ਆਪਣਾ) ਮਨ (ਪ੍ਰਭੂ ਨੂੰ) ਦਿੱਤਾ ਹੈ, ਉਸ ਨੂੰ (ਪ੍ਰਭੂ ਦਾ) ਪਵਿਤ੍ਰ ਨਾਮ ਮਿਲ ਗਿਆ ਹੈ।


ਜਿਨਿ ਨਾਮੁ ਦੀਆ ਤਿਸੁ ਸੇਵਸਾ ਤਿਸੁ ਬਲਿਹਾਰੈ ਜਾਉ ॥

ਮੈਂ ਉਸ (ਗੁਰੂ) ਤੋਂ ਸਦਕੇ ਹਾਂ, ਮੈਂ ਉਸ ਦੀ ਸੇਵਾ ਕਰਾਂਗੀ ਜਿਸ ਨੇ (ਮੈਨੂੰ) ‘ਨਾਮ’ ਬਖ਼ਸ਼ਿਆ ਹੈ।

ਜੋ ਉਸਾਰੇ ਸੋ ਢਾਹਸੀ ਤਿਸੁ ਬਿਨੁ ਅਵਰੁ ਨ ਕੋਇ ॥

ਜੋ (ਪ੍ਰਭੂ ਜਗਤ ਨੂੰ) ਰਚਨ ਵਾਲਾ ਹੈ ਉਹੀ ਨਾਸ ਕਰਨ ਵਾਲਾ ਹੈ, ਉਸ ਤੋਂ ਬਿਨਾ (ਐਸੀ ਸਮਰਥਾ ਵਾਲਾ) ਹੋਰ ਕੋਈ ਨਹੀਂ ਹੈ;

ਗੁਰਪਰਸਾਦੀ ਤਿਸੁ ਸੰਮ੍ਰਲਾ ਤਾ ਤਨਿ ਦੂਖੁ ਨ ਹੋਇ ॥੩੧॥

ਜੇ ਮੈਂ ਸਤਿਗੁਰੂ ਦੀ ਮੇਹਰ ਨਾਲ ਉਸ ਨੂੰ ਸਿਮਰਦੀ ਰਹਾਂ, ਤਾਂ ਸਰੀਰ ਵਿਚ ਕੋਈ ਦੁੱਖ ਨਹੀਂ ਪੈਦਾ ਹੁੰਦਾ (ਭਾਵ, ਕੋਈ ਵਿਕਾਰ ਨਹੀਂ ਉੱਠਦਾ) ॥੩੧॥

ਣਾ ਕੋ ਮੇਰਾ ਕਿਸੁ ਗਹੀ ਣਾ ਕੋ ਹੋਆ ਨ ਹੋਗੁ ॥

(ਗੋਪਾਲ ਤੋਂ ਬਿਨਾ ਮੈਂ) ਹੋਰ ਕਿਸ ਦਾ ਆਸਰਾ ਲਵਾਂ? (ਜਗਤ ਵਿਚ) ਨਾ ਕੋਈ ਐਸ ਵੇਲੇ ਮੇਰਾ (ਅਸਲ ਸਾਥੀ) ਹੈ, ਨਾਹ ਕੋਈ ਪਿਛਲੇ ਸਮੇ (ਸਾਥੀ ਬਣਿਆ) ਅਤੇ ਨਾਹ ਹੀ ਕੋਈ ਕਦੇ ਬਣੇਗਾ।

ਆਵਣਿ ਜਾਣਿ ਵਿਗੁਚੀਐ ਦੁਬਿਧਾ ਵਿਆਪੈ ਰੋਗੁ ॥

(ਇਸ ਕੂੜੀ ਮਮਤਾ ਦੇ ਕਾਰਨ, ਮਾਇਆ ਨੂੰ ਸਾਥੀ ਬਨਾਣ ਦੇ ਕਾਰਨ) ਜਨਮ ਮਰਨ (ਦੇ ਗੇੜ) ਵਿਚ ਹੀ ਖ਼ੁਆਰ ਹੋਈਦਾ ਹੈ, ਅਤੇ ਦੁਚਿੱਤਾਪਨ ਦਾ ਰੋਗ (ਅਸਾਡੇ ਉਤੇ) ਦਬਾ ਪਾਈ ਰੱਖਦਾ ਹੈ।

ਣਾਮ ਵਿਹੂਣੇ ਆਦਮੀ ਕਲਰ ਕੰਧ ਗਿਰੰਤਿ ॥

‘ਨਾਮ’ ਤੋਂ ਸੱਖਣੇ ਬੰਦੇ ਇਉਂ ਡਿੱਗਦੇ ਹਨ (ਭਾਵ, ਸੁਆਸ ਵਿਅਰਥ ਗੁਜ਼ਾਰੀ ਜਾਂਦੇ ਹਨ) ਜਿਵੇਂ ਕੱਲਰ ਦੀ ਕੰਧ (ਕਿਰਦੀ ਰਹਿੰਦੀ ਹੈ)।

ਵਿਣੁ ਨਾਵੈ ਕਿਉ ਛੂਟੀਐ ਜਾਇ ਰਸਾਤਲਿ ਅੰਤਿ ॥

‘ਨਾਮ’ ਤੋਂ ਬਿਨਾ (ਮਮਤਾ ਤੋਂ) ਬਚ ਭੀ ਨਹੀਂ ਸਕੀਦਾ, (ਮਨੁੱਖ) ਆਖ਼ਰ ਨਰਕ ਵਿਚ ਹੀ ਡਿੱਗਦਾ ਹੈ।

ਗਣਤ ਗਣਾਵੈ ਅਖਰੀ ਅਗਣਤੁ ਸਾਚਾ ਸੋਇ ॥

(ਇਸ ਦਾ ਇਹ ਭਾਵ ਨਹੀਂ ਕਿ ਪ੍ਰਭੂ ਦੇ ਗੁਣ ਚੇਤੇ ਕੀਤਿਆਂ ਪ੍ਰਭੂ ਦੇ ਗੁਣਾਂ ਦਾ ਅੰਤ ਪੈ ਸਕਦਾ ਹੈ) ਸਦਾ ਕਾਇਮ ਰਹਿਣ ਵਾਲਾ ਪ੍ਰਭੂ ਲੇਖੇ ਤੋਂ ਪਰੇ ਹੈ (ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਜੋ) ਮਨੁੱਖ ਉਸ (ਦੇ ਸਾਰੇ ਗੁਣਾਂ) ਨੂੰ ਅੱਖਰਾਂ ਦੀ ਰਾਹੀਂ ਵਰਣਨ ਕਰਦਾ ਹੈ,

ਅਗਿਆਨੀ ਮਤਿਹੀਣੁ ਹੈ ਗੁਰ ਬਿਨੁ ਗਿਆਨੁ ਨ ਹੋਇ ॥

(ਉਹ) ਅਗਿਆਨੀ ਹੈ ਮੱਤ ਤੋਂ ਸੱਖਣਾ ਹੈ। ਗੁਰੂ (ਦੀ ਸਰਨ) ਤੋਂ ਬਿਨਾ (ਇਹ) ਸਮਝ ਭੀ ਨਹੀਂ ਆਉਂਦੀ (ਕਿ ਪ੍ਰਭੂ ਅਗਣਤ ਹੈ)।

ਤੂਟੀ ਤੰਤੁ ਰਬਾਬ ਕੀ ਵਾਜੈ ਨਹੀ ਵਿਜੋਗਿ ॥

ਰਬਾਬ ਦੀ ਤਾਰ ਟੁੱਟ ਜਾਏ ਤਾਂ ਵਿਜੋਗ ਦੇ ਕਾਰਨ (ਭਾਵ, ਟੁੱਟ ਜਾਣ ਦੇ ਕਾਰਨ) ਉਹ ਵੱਜ ਨਹੀਂ ਸਕਦੀ (ਰਾਗ ਪੈਦਾ ਨਹੀਂ ਕਰ ਸਕਦੀ;

ਵਿਛੁੜਿਆ ਮੇਲੈ ਪ੍ਰਭੂ ਨਾਨਕ ਕਰਿ ਸੰਜੋਗ ॥੩੨॥

ਇਸੇ ਤਰ੍ਹਾਂ ਜੋ ਜੀਵਾਤਮਾ ਪ੍ਰਭੂ ਤੋਂ ਵਿਛੁੜਿਆ ਹੈ ਉਸ ਦੇ ਅੰਦਰ ਜੀਵਨ-ਰਾਗ ਪੈਦਾ ਨਹੀਂ ਹੋ ਸਕਦਾ, ਪਰ) ਹੇ ਨਾਨਕ! ਪਰਮਾਤਮਾ (ਆਪਣੇ ਨਾਲ) ਮਿਲਾਣ ਦੀ ਬਣਤ ਬਣਾ ਕੇ ਵਿੱਛੁੜਿਆਂ ਨੂੰ ਭੀ ਮਿਲਾ ਲੈਂਦਾ ਹੈ ॥੩੨॥

ਤਰਵਰੁ ਕਾਇਆ ਪੰਖਿ ਮਨੁ ਤਰਵਰਿ ਪੰਖੀ ਪੰਚ ॥

(ਮਨੁੱਖਾ) ਸਰੀਰ (ਇਕ) ਰੁੱਖ (ਸਮਾਨ) ਹੈ, (ਇਸ) ਰੁੱਖ ਉਤੇ ਮਨ ਪੰਛੀ ਦੇ ਪੰਜ (ਗਿਆਨ ਇੰਦ੍ਰੇ) ਪੰਛੀ (ਬੈਠੇ) ਹੋਏ ਹਨ।

ਤਤੁ ਚੁਗਹਿ ਮਿਲਿ ਏਕਸੇ ਤਿਨ ਕਉ ਫਾਸ ਨ ਰੰਚ ॥

(ਜਿਨ੍ਹਾਂ ਮਨੁੱਖਾਂ ਦੇ ਇਹ ਪੰਛੀ) ਇਕ ਪ੍ਰਭੂ ਨਾਲ ਮਿਲ ਕੇ ‘ਨਾਮ’-ਰੂਪ ਫਲ ਖਾਂਦੇ ਹਨ, ਉਹਨਾਂ ਨੂੰ ਰਤਾ ਭੀ (ਮਾਇਆ ਦੀ) ਫਾਹੀ ਨਹੀਂ ਪੈਂਦੀ।

ਉਡਹਿ ਤ ਬੇਗੁਲ ਬੇਗੁਲੇ ਤਾਕਹਿ ਚੋਗ ਘਣੀ ॥

(ਪਰ ਜੋ) ਕਾਹਲੀ ਕਾਹਲੀ ਉੱਡਦੇ ਹਨ ਤੇ ਬਹੁਤੇ ਚੋਗੇ (ਭਾਵ, ਬਹੁਤੇ ਪਦਾਰਥ) ਤੱਕਦੇ ਫਿਰਦੇ ਹਨ,

ਪੰਖ ਤੁਟੇ ਫਾਹੀ ਪੜੀ ਅਵਗੁਣਿ ਭੀੜ ਬਣੀ ॥

(ਉਹਨਾਂ ਦੇ) ਖੰਭ ਟੁੱਟ ਜਾਂਦੇ ਹਨ, (ਉਹਨਾਂ ਨੂੰ ਮਾਇਆ ਦੀ) ਫਾਹੀ ਆ ਪੈਂਦੀ ਹੈ ਤੇ (ਘਣੀ ਚੋਗ ਵਲ ਤੱਕਣ ਦੇ) ਔਗੁਣ ਬਦਲੇ ਉਹਨਾਂ ਉਤੇ ਇਹ ਬਿਪਤਾ ਆ ਬਣਦੀ ਹੈ।

ਬਿਨੁ ਸਾਚੇ ਕਿਉ ਛੂਟੀਐ ਹਰਿ ਗੁਣ ਕਰਮਿ ਮਣੀ ॥

(ਇਸ ਭੀੜਾ ਤੋਂ) ਪ੍ਰਭੂ (ਦੇ ਗੁਣ ਗਾਵਣ) ਤੋਂ ਬਿਨਾ ਬਚ ਨਹੀਂ ਸਕੀਦਾ, ਤੇ, ਪ੍ਰਭੂ ਦੇ ਗੁਣਾਂ ਦਾ ਮੱਥੇ ਉਤੇ ਲੇਖ (ਪ੍ਰਭੂ ਦੀ) ਬਖ਼ਸ਼ਸ਼ ਨਾਲ ਹੀ (ਲਿਖਿਆ ਜਾ ਸਕਦਾ) ਹੈ।

ਆਪਿ ਛਡਾਏ ਛੂਟੀਐ ਵਡਾ ਆਪਿ ਧਣੀ ॥

ਉਹ ਆਪ (ਸਭ ਤੋਂ) ਵੱਡਾ ਮਾਲਕ ਹੈ; ਆਪ ਹੀ (ਮਾਇਆ ਦੀ ਫਾਹੀ ਤੋਂ) ਬਚਾਏ ਤਾਂ ਬਚ ਸਕੀਦਾ ਹੈ।

ਗੁਰਪਰਸਾਦੀ ਛੂਟੀਐ ਕਿਰਪਾ ਆਪਿ ਕਰੇਇ ॥

ਜੇ (ਗੋਪਾਲ) ਆਪ ਮੇਹਰ ਕਰੇ ਤਾਂ ਸਤਿਗੁਰੂ ਦੀ ਕਿਰਪਾ ਨਾਲ (ਇਸ ਫਾਹੀ ਤੋਂ) ਨਿਕਲ ਸਕੀਦਾ ਹੈ।

ਅਪਣੈ ਹਾਥਿ ਵਡਾਈਆ ਜੈ ਭਾਵੈ ਤੈ ਦੇਇ ॥੩੩॥

(ਗੁਣ ਗਾਵਣ ਦੀਆਂ) ਇਹ ਬਖ਼ਸ਼ਸ਼ਾਂ ਉਸ ਦੇ ਆਪਣੇ ਹੱਥ ਵਿਚ ਹਨ, ਉਸੇ ਨੂੰ ਹੀ ਦੇਂਦਾ ਹੈ ਜੋ ਉਸ ਨੂੰ ਭਾਉਂਦਾ ਹੈ ॥੩੩॥

ਥਰ ਥਰ ਕੰਪੈ ਜੀਅੜਾ ਥਾਨ ਵਿਹੂਣਾ ਹੋਇ ॥

(ਜਦੋਂ ਇਹ) ਨਿਮਾਣੀ ਜਿੰਦ (ਗੋਪਾਲ ਦਾ) ਸਹਾਰਾ ਗੰਵਾ ਬੈਠਦੀ ਹੈ ਤਾਂ ਥਰਥਰ ਕੰਬਦੀ ਹੈ;

ਥਾਨਿ ਮਾਨਿ ਸਚੁ ਏਕੁ ਹੈ ਕਾਜੁ ਨ ਫੀਟੈ ਕੋਇ ॥

(ਹਰ ਵੇਲੇ ਸਹਿਮੀ ਰਹਿੰਦੀ ਹੈ) (ਪਰ ਜਿਸ ਨੂੰ, ਹੇ ਗੋਪਾਲ) ਸਹਾਰਾ ਦੇਣ ਵਾਲਾ ਤੇ ਆਦਰ ਦੇਣ ਵਾਲਾ ਤੂੰ ਸੱਚਾ ਆਪ ਹੈਂ ਉਸ ਦਾ ਕਾਜ (ਜ਼ਿੰਦਗੀ ਦਾ ਮਨੋਰਥ) ਨਹੀਂ ਵਿਗੜਦਾ।

ਥਿਰੁ ਨਾਰਾਇਣੁ ਥਿਰੁ ਗੁਰੂ ਥਿਰੁ ਸਾਚਾ ਬੀਚਾਰੁ ॥

(ਉਸ ਦੇ ਸਿਰ ਉਤੇ ਤੂੰ) ਪ੍ਰਭੂ ਕਾਇਮ ਹੈਂ, ਗੁਰੂ ਰਾਖਾ ਹੈ, ਤੇਰੇ ਗੁਣਾਂ ਦੀ ਵੀਚਾਰ ਉਸ ਦੇ ਹਿਰਦੇ ਵਿਚ ਟਿਕੀ ਹੋਈ ਹੈ।

ਸੁਰਿ ਨਰ ਨਾਥਹ ਨਾਥੁ ਤੂ ਨਿਧਾਰਾ ਆਧਾਰੁ ॥

ਉਸ ਦੇ ਵਾਸਤੇ ਦੇਵਤਿਆਂ ਮਨੁੱਖਾਂ ਤੇ ਨਾਥਾਂ ਦਾ ਭੀ ਤੂੰ ਹੀ ਨਾਥ ਹੈਂ; ਤੂੰ ਹੀ ਨਿਆਸਰਿਆਂ ਦਾ ਆਸਰਾ ਹੈਂ।

ਸਰਬੇ ਥਾਨ ਥਨੰਤਰੀ ਤੂ ਦਾਤਾ ਦਾਤਾਰੁ ॥

(ਹੇ ਗੋਪਾਲ!) ਤੂੰ ਹਰ ਥਾਂ ਮੌਜੂਦ ਹੈਂ, ਤੂੰ ਦਾਤਿਆਂ ਦਾ ਦਾਤਾ ਹੈਂ;

ਜਹ ਦੇਖਾ ਤਹ ਏਕੁ ਤੂ ਅੰਤੁ ਨ ਪਾਰਾਵਾਰੁ ॥

ਮੈਂ ਜਿਧਰ ਤੱਕਦਾ ਹਾਂ ਤੂੰ ਹੀ ਤੂੰ ਹੈਂ, ਤੇਰਾ ਅੰਤ ਤੇਰਾ ਉਰਲਾ ਪਾਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ।

ਥਾਨ ਥਨੰਤਰਿ ਰਵਿ ਰਹਿਆ ਗੁਰਸਬਦੀ ਵੀਚਾਰਿ ॥

(ਹੇ ਪਾਂਡੇ!) ਸਤਿਗੁਰੂ ਦੇ ਸ਼ਬਦ ਦੀ ਵਿਚਾਰ ਵਿਚ (ਜੁੜਿਆਂ) ਹਰ ਥਾਂ ਉਹ ਗੋਪਾਲ ਹੀ ਮੌਜੂਦ (ਦਿੱਸਦਾ ਹੈ);

ਅਣਮੰਗਿਆ ਦਾਨੁ ਦੇਵਸੀ ਵਡਾ ਅਗਮ ਅਪਾਰੁ ॥੩੪॥

ਨਾਹ ਮੰਗਿਆਂ ਭੀ ਉਹ (ਹਰੇਕ ਜੀਵ ਨੂੰ) ਦਾਨ ਦੇਂਦਾ ਹੈ, ਉਹ ਸਭ ਤੋਂ ਵੱਡਾ ਹੈ, ਅਗੰਮ ਹੈ ਤੇ ਬੇਅੰਤ ਹੈ ॥੩੪॥

ਦਇਆ ਦਾਨੁ ਦਇਆਲੁ ਤੂ ਕਰਿ ਕਰਿ ਦੇਖਣਹਾਰੁ ॥

(ਹੇ ਗੋਪਾਲ!) ਤੂੰ ਦਇਆਲ ਹੈਂ, ਤੂੰ (ਜੀਵਾਂ ਉਤੇ) ਦਇਆ ਕਰ ਕੇ ਬਖ਼ਸ਼ਸ਼ ਕਰ ਕੇ ਵੇਖ ਰਿਹਾ ਹੈਂ (ਭਾਵ, ਖ਼ੁਸ਼ ਹੁੰਦਾ ਹੈਂ)।

ਦਇਆ ਕਰਹਿ ਪ੍ਰਭ ਮੇਲਿ ਲੈਹਿ ਖਿਨ ਮਹਿ ਢਾਹਿ ਉਸਾਰਿ ॥

ਹੇ ਗੋਪਾਲ-ਪ੍ਰਭੂ! (ਜਿਸ ਉਤੇ ਤੂੰ) ਮੇਹਰ ਕਰਦਾ ਹੈਂ ਉਸ ਨੂੰ ਆਪਣੇ (ਚਰਨਾਂ) ਵਿਚ ਜੋੜ ਲੈਂਦਾ ਹੈਂ, ਤੂੰ ਇਕ ਪਲ ਵਿਚ ਢਾਹ ਕੇ ਉਸਾਰਨ ਦੇ ਸਮਰਥ ਹੈਂ।

ਦਾਨਾ ਤੂ ਬੀਨਾ ਤੁਹੀ ਦਾਨਾ ਕੈ ਸਿਰਿ ਦਾਨੁ ॥

(ਹੇ ਗੋਪਾਲ!) ਤੂੰ (ਜੀਵਾਂ ਦੇ ਦਿਲ ਦੀ) ਜਾਣਨ ਵਾਲਾ ਹੈਂ ਤੇ ਪਰਖਣ ਵਾਲਾ ਹੈਂ, ਤੂੰ ਦਾਨਿਆਂ ਦਾ ਦਾਨਾ ਹੈਂ,

ਦਾਲਦ ਭੰਜਨ ਦੁਖ ਦਲਣ ਗੁਰਮੁਖਿ ਗਿਆਨੁ ਧਿਆਨੁ ॥੩੫॥

ਦਲਿਦ੍ਰ ਤੇ ਦੁੱਖ ਨਾਸ ਕਰਨ ਵਾਲਾ ਹੈਂ; ਤੂੰ ਆਪਣੇ ਨਾਲ ਡੂੰਘੀ ਸਾਂਝ (ਤੇ ਆਪਣੇ ਚਰਨਾਂ ਦੀ) ਸੁਰਤ ਸਤਿਗੁਰੂ ਦੀ ਰਾਹੀਂ ਦੇਂਦਾ ਹੈਂ ॥੩੫॥

ਧਨਿ ਗਇਐ ਬਹਿ ਝੂਰੀਐ ਧਨ ਮਹਿ ਚੀਤੁ ਗਵਾਰ ॥

ਮੂਰਖ ਮਨੁੱਖ ਦਾ ਮਨ (ਸਦਾ) ਧਨ ਵਿਚ (ਰਹਿੰਦਾ) ਹੈ, (ਇਸ ਲਈ) ਜੇ ਧਨ ਚਲਾ ਜਾਏ ਤਾਂ ਬੈਠਾ ਝੁਰਦਾ ਹੈ।

ਧਨੁ ਵਿਰਲੀ ਸਚੁ ਸੰਚਿਆ ਨਿਰਮਲੁ ਨਾਮੁ ਪਿਆਰਿ ॥

ਵਿਰਲੇ ਬੰਦਿਆਂ ਨੇ ਪਿਆਰ ਨਾਲ (ਗੋਪਾਲ ਦਾ) ਪਵਿਤ੍ਰ ਨਾਮ-ਰੂਪ ਸੱਚਾ ਧਨ ਇਕੱਠਾ ਕੀਤਾ ਹੈ।

ਧਨੁ ਗਇਆ ਤਾ ਜਾਣ ਦੇਹਿ ਜੇ ਰਾਚਹਿ ਰੰਗਿ ਏਕ ॥

(ਹੇ ਪਾਂਡੇ! ਗੋਪਾਲ ਨਾਲ ਚਿੱਤ ਜੋੜਿਆਂ) ਜੇ ਧਨ ਗੁਆਚਦਾ ਹੈ ਤਾਂ ਗੁਆਚਣ ਦੇਹ,

ਮਨੁ ਦੀਜੈ ਸਿਰੁ ਸਉਪੀਐ ਭੀ ਕਰਤੇ ਕੀ ਟੇਕ ॥

(ਪਰ ਹਾਂ) ਜੇ ਤੂੰ ਇਕ ਪ੍ਰਭੂ ਦੇ ਪਿਆਰ ਵਿਚ ਜੁੜ ਸਕੇਂ (ਤਾਂ ਇਸ ਦੀ ਖ਼ਾਤਰ) ਮਨ ਭੀ ਦੇ ਦੇਣਾ ਚਾਹੀਦਾ ਹੈ, ਸਿਰ ਭੀ ਅਰਪਣ ਕਰ ਦੇਣਾ ਚਾਹੀਦਾ ਹੈ; (ਇਹ ਸਭ ਕੁਝ ਦੇ ਕੇ) ਫਿਰ ਭੀ ਕਰਤਾਰ ਦੀ (ਮੇਹਰ ਦੀ) ਆਸ ਰੱਖਣੀ ਚਾਹੀਦੀ ਹੈ।

ਧੰਧਾ ਧਾਵਤ ਰਹਿ ਗਏ ਮਨ ਮਹਿ ਸਬਦੁ ਅਨੰਦੁ ॥

ਜਿਨ੍ਹਾਂ ਮਨੁੱਖਾਂ ਦੇ ਮਨ ਵਿਚ (ਸਤਿਗੁਰੂ ਦਾ) ਸ਼ਬਦ (ਵੱਸ ਪੈਂਦਾ) ਹੈ (ਰਾਮ-ਨਾਮ ਦਾ) ਆਨੰਦ (ਆ ਜਾਂਦਾ) ਹੈ, ਉਹ (ਮਾਇਆ ਦੇ) ਧੰਧਿਆਂ ਵਿਚ ਭਟਕਣ ਤੋਂ ਰਹਿ ਜਾਂਦੇ ਹਨ,

ਦੁਰਜਨ ਤੇ ਸਾਜਨ ਭਏ ਭੇਟੇ ਗੁਰ ਗੋਵਿੰਦ ॥

(ਕਿਉਂਕਿ) ਗੁਰੂ ਪਰਮਾਤਮਾ ਨੂੰ ਮਿਲਿਆਂ ਉਹ ਮੰਦੇ ਤੋਂ ਚੰਗੇ ਬਣ ਜਾਂਦੇ ਹਨ।

ਬਨੁ ਬਨੁ ਫਿਰਤੀ ਢੂਢਤੀ ਬਸਤੁ ਰਹੀ ਘਰਿ ਬਾਰਿ ॥

(ਜੋ ਜੀਵ-ਇਸਤ੍ਰੀ ਉਸ ਪ੍ਰਭੂ-ਨਾਮ ਦੀ ਖ਼ਾਤਰ) ਜੰਗਲ ਜੰਗਲ ਢੂੰਢਦੀ ਫਿਰੀ (ਉਸ ਨੂੰ ਨਾਹ ਮਿਲਿਆ, ਕਿਉਂਕਿ) ਉਹ (ਨਾਮ-) ਵਸਤ ਤਾਂ ਹਿਰਦੇ ਵਿਚ ਸੀ, ਘਰ ਦੇ ਅੰਦਰ ਹੀ ਸੀ।

ਸਤਿਗੁਰਿ ਮੇਲੀ ਮਿਲਿ ਰਹੀ ਜਨਮ ਮਰਣ ਦੁਖੁ ਨਿਵਾਰਿ ॥੩੬॥

ਜਦੋਂ ਸਤਿਗੁਰੂ ਨੇ (ਪ੍ਰਭੂ) ਮਿਲਾਇਆ ਤਾਂ (ਉਹ ਉਸ ਦੇ ਨਾਮ ਵਿਚ) ਜੁੜ ਬੈਠੀ, ਤੇ ਉਸ ਦਾ ਜਨਮ ਮਰਨ ਦਾ ਦੁੱਖ ਮੁੱਕ ਗਿਆ ॥੩੬॥

ਨਾਨਾ ਕਰਤ ਨ ਛੂਟੀਐ ਵਿਣੁ ਗੁਣ ਜਮ ਪੁਰਿ ਜਾਹਿ ॥

ਅਨੇਕਾਂ (ਧਾਰਮਿਕ) ਕਰਮ ਕੀਤਿਆਂ (ਅਹੰਕਾਰ ਤੋਂ) ਖ਼ਲਾਸੀ ਨਹੀਂ ਹੋ ਸਕਦੀ, ਗੋਪਾਲ ਦੇ ਗੁਣ ਗਾਉਣ ਤੋਂ ਬਿਨਾ (ਇਸ ਅਹੰਕਾਰ ਦੇ ਕਾਰਨ) ਨਰਕ ਵਿਚ ਹੀ ਪਈਦਾ ਹੈ।

ਨਾ ਤਿਸੁ ਏਹੁ ਨ ਓਹੁ ਹੈ ਅਵਗੁਣਿ ਫਿਰਿ ਪਛੁਤਾਹਿ ॥

(ਜੋ ਮਨੁੱਖ ਨਿਰੇ ‘ਕਰਮਾਂ’ ਦਾ ਹੀ ਆਸਰਾ ਲੈਂਦਾ ਹੈ) ਉਸ ਨੂੰ ਨਾਹ ਇਹ ਲੋਕ ਮਿਲਿਆ ਨਾਹ ਪਰਲੋਕ (ਭਾਵ, ਉਸ ਨੇ ਨਾਹ ‘ਦੁਨੀਆ’ ਸਵਾਰੀ ਨਾਹ ‘ਦੀਨ’, ਅਜੇਹੇ ਬੰਦੇ, ਕਰਮ ਕਾਂਡ ਦੇ) ਔਗੁਣ ਵਿਚ ਫਸੇ ਰਹਿਣ ਕਰਕੇ ਅੰਤ ਪਛੁਤਾਉਂਦੇ ਹੀ ਹਨ।

ਨਾ ਤਿਸੁ ਗਿਆਨੁ ਨ ਧਿਆਨੁ ਹੈ ਨਾ ਤਿਸੁ ਧਰਮੁ ਧਿਆਨੁ ॥

ਐਸੇ ਮਨੁੱਖ ਨੂੰ ਨਾਹ ਗੋਪਾਲ ਨਾਲ ਡੂੰਘੀ ਸਾਂਝ ਹਾਸਲ ਹੁੰਦੀ ਹੈ, ਨਾਹ ਉੱਚੀ ਸੁਰਤ, ਤੇ ਨਾਹ ਹੀ ਧਰਮ।

ਵਿਣੁ ਨਾਵੈ ਨਿਰਭਉ ਕਹਾ ਕਿਆ ਜਾਣਾ ਅਭਿਮਾਨੁ ॥

(ਇਹ ਅਹੰਕਾਰ ਦੇ ਕਾਰਨ) ‘ਨਾਮ’ ਤੋਂ ਬਿਨਾ ਨਿਰਭਉ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਸਕਦੀ, ‘ਅਹੰਕਾਰ’ ਨੂੰ ਸਮਝਿਆ ਨਹੀਂ ਜਾ ਸਕਦਾ (ਭਾਵ, ਅਹੰਕਾਰ ਵਿਚ ਟਿਕੇ ਰਿਹਾਂ ਇਹ ਸਮਝ ਭੀ ਨਹੀਂ ਆਉਂਦੀ ਕਿ ਸਾਡੇ ਉਤੇ ਅਹੰਕਾਰ ਦੀ ਕਾਠੀ ਪਈ ਹੋਈ ਹੈ)।

ਥਾਕਿ ਰਹੀ ਕਿਵ ਅਪੜਾ ਹਾਥ ਨਹੀ ਨਾ ਪਾਰੁ ॥

(ਇਹ ਇਕ ਐਸਾ ਸਮੁੰਦਰ ਹੈ ਕਿ) ਇਸ ਦੀ ਡੂੰਘਾਈ ਤੇ ਪਾਰਲਾ ਬੰਨਾ ਨਹੀਂ ਲੱਭ ਸਕਦਾ, ਮੈਂ ਜਤਨ ਕਰ ਕੇ ਥੱਕ ਗਈ ਹਾਂ, ਪਰ ਅੰਤ ਨਹੀਂ ਪਾ ਸਕੀ;

ਨਾ ਸਾਜਨ ਸੇ ਰੰਗੁਲੇ ਕਿਸੁ ਪਹਿ ਕਰੀ ਪੁਕਾਰ ॥

ਗੋਪਾਲ ਦੇ ਨਾਮ ਵਿਚ ਰੰਗੇ ਹੋਏ ਗੁਰਮੁਖਾਂ ਤੋਂ ਬਿਨਾ ਹੋਰ ਕਿਸੇ ਅੱਗੇ ਇਹ ਦੁੱਖ ਦੱਸਿਆ ਭੀ ਨਹੀਂ ਜਾ ਸਕਦਾ।

ਨਾਨਕ ਪ੍ਰਿਉ ਪ੍ਰਿਉ ਜੇ ਕਰੀ ਮੇਲੇ ਮੇਲਣਹਾਰੁ ॥

ਹੇ ਨਾਨਕ! ਜੇ ਮੈਂ ਉਸ ਪਿਆਰੇ ਪ੍ਰਭੂ ਨੂੰ ਮੁੜ ਮੁੜ ਯਾਦ ਕਰਾਂ ਤੇ ਉਹ ਮੇਲਣ ਦੇ ਸਮਰੱਥ ਪਿਆਰਾ ਆਪ ਹੀ ਮਿਲਾ ਲੈਂਦਾ ਹੈ।

ਜਿਨਿ ਵਿਛੋੜੀ ਸੋ ਮੇਲਸੀ ਗੁਰ ਕੈ ਹੇਤਿ ਅਪਾਰਿ ॥੩੭॥

ਜਿਸ ਪ੍ਰਭੂ ਨੇ (‘ਅਭਿਮਾਨ’ ਦੀ ਵਿੱਥ ਪਾ ਕੇ) ਵਿਛੋੜਿਆ ਹੋਇਆ ਹੈ ਉਹ ਗੁਰੂ ਦੇ ਅਥਾਹ ਪਿਆਰ ਦੀ ਰਾਹੀਂ ਮਿਲਾਏਗਾ ॥੩੭॥

ਪਾਪੁ ਬੁਰਾ ਪਾਪੀ ਕਉ ਪਿਆਰਾ ॥

(ਹੇ ਪਾਂਡੇ!) ਪਾਪ ਮਾੜਾ (ਕੰਮ) ਹੈ, ਪਰ ਪਾਪੀ ਨੂੰ ਪਿਆਰਾ ਲੱਗਦਾ ਹੈ,

ਪਾਪਿ ਲਦੇ ਪਾਪੇ ਪਾਸਾਰਾ ॥

ਉਹ (ਪਾਪੀ) ਪਾਪ ਨਾਲ ਲੱਦਿਆ ਹੋਇਆ ਪਾਪ ਦਾ ਹੀ ਖਿਲਾਰਾ ਖਿਲਾਰਦਾ ਹੈ।

ਪਰਹਰਿ ਪਾਪੁ ਪਛਾਣੈ ਆਪੁ ॥

ਜੇ ਮਨੁੱਖ ਪਾਪ ਛੱਡ ਕੇ ਆਪਣੇ ਅਸਲੇ ਨੂੰ ਪਛਾਣੇ,

ਨਾ ਤਿਸੁ ਸੋਗੁ ਵਿਜੋਗੁ ਸੰਤਾਪੁ ॥

ਤਾਂ ਉਸ ਨੂੰ ਚਿੰਤਾ, ਵਿਛੋੜਾ ਤੇ ਦੁੱਖ ਨਹੀਂ ਵਿਆਪਦੇ।

ਨਰਕਿ ਪੜੰਤਉ ਕਿਉ ਰਹੈ ਕਿਉ ਬੰਚੈ ਜਮਕਾਲੁ ॥

ਨਰਕ ਵਿਚ ਪੈਣੋਂ ਕਿਵੇਂ ਬਚੇ? ਤੇ ਜਮਕਾਲ (ਭਾਵ, ਮੌਤ ਦੇ ਡਰ) ਨੂੰ ਇਹ ਕਿਵੇਂ ਟਾਲ ਸਕੇ?

ਕਿਉ ਆਵਣ ਜਾਣਾ ਵੀਸਰੈ ਝੂਠੁ ਬੁਰਾ ਖੈ ਕਾਲੁ ॥

(ਜਦ ਤਕ) ਝੂਠ ਪਾਪ-ਰੂਪ ਮੌਤ (ਜੀਵ ਦੇ ਆਤਮਕ ਜੀਵਨ ਨੂੰ) ਤਬਾਹ ਕਰ ਰਹੀ ਹੈ, ਤਦ ਤਕ ਇਸ ਦਾ ਜੰਮਣਾ ਮਰਣਾ ਕਿਵੇਂ ਮੁੱਕੇ?

ਮਨੁ ਜੰਜਾਲੀ ਵੇੜਿਆ ਭੀ ਜੰਜਾਲਾ ਮਾਹਿ ॥

(ਜਿਤਨਾ ਚਿਰ) ਮਨ (ਪਾਪਾਂ ਦੇ) ਜੰਜਾਲਾਂ ਨਾਲ ਘਿਰਿਆ ਹੋਇਆ ਹੈ, ਇਹ (ਇਹਨਾਂ ਪਾਪਾਂ ਦੇ) ਹੋਰ ਹੋਰ ਜੰਜਾਲਾਂ ਵਿਚ ਪੈਂਦਾ ਹੈ,

ਵਿਣੁ ਨਾਵੈ ਕਿਉ ਛੂਟੀਐ ਪਾਪੇ ਪਚਹਿ ਪਚਾਹਿ ॥੩੮॥

ਗੋਪਾਲ ਦੇ ਨਾਮ ਤੋਂ ਬਿਨਾ (ਇਹਨਾਂ ਜੰਜਾਲਾਂ ਤੋਂ) ਬਚ ਨਹੀਂ ਸਕੀਦਾ, (ਸਗੋਂ ਜੀਵ) ਪਾਪਾਂ ਵਿਚ ਹੀ ਮੁੜ ਮੁੜ ਦੁਖੀ ਹੁੰਦੇ ਹਨ ॥੩੮॥

ਫਿਰਿ ਫਿਰਿ ਫਾਹੀ ਫਾਸੈ ਕਊਆ ॥

ਕਾਲੀਆਂ ਕਰਤੂਤਾਂ ਵਾਲਾ ਮਨੁੱਖ ਮੁੜ ਮੁੜ ਫਾਹੀ ਵਿਚ ਫਸਦਾ ਹੈ,

ਫਿਰਿ ਪਛੁਤਾਨਾ ਅਬ ਕਿਆ ਹੂਆ ॥

(ਫਸ ਕੇ) ਫਿਰ ਪਛੁਤਾਂਦਾ ਹੈ ਕਿ ਇਹ ਕੀਹ ਹੋ ਗਿਆ;

ਫਾਥਾ ਚੋਗ ਚੁਗੈ ਨਹੀ ਬੂਝੈ ॥

ਫਸਿਆ ਹੋਇਆ ਭੀ (ਫਾਹੀ ਵਿਚ ਫਸਾਣ ਵਾਲਾ) ਚੋਗਾ ਹੀ ਚੁਗੀ ਜਾਂਦਾ ਹੈ ਤੇ ਹੋਸ਼ ਨਹੀਂ ਕਰਦਾ।

ਸਤਗੁਰੁ ਮਿਲੈ ਤ ਆਖੀ ਸੂਝੈ ॥

ਜੇ ਸਤਿਗੁਰੂ (ਇਸ ਨੂੰ) ਮਿਲ ਪਏ, ਤਾਂ ਅੱਖੀਂ (ਅਸਲ ਗੱਲ) ਦਿੱਸ ਪੈਂਦੀ ਹੈ।

ਜਿਉ ਮਛੁਲੀ ਫਾਥੀ ਜਮ ਜਾਲਿ ॥

ਜਿਵੇਂ ਮੱਛੀ ਮੌਤ ਲਿਆਉਣ ਵਾਲੇ ਜਾਲ ਵਿਚ ਵਸ ਜਾਂਦੀ ਹੈ (ਤਿਵੇਂ ਜੀਵ ਆਤਮਕ ਮੌਤ ਲਿਆਉਣ ਵਾਲੇ ਪਾਪਾਂ ਵਿਚ ਫਸਦਾ ਹੈ)।

ਵਿਣੁ ਗੁਰ ਦਾਤੇ ਮੁਕਤਿ ਨ ਭਾਲਿ ॥

(ਹੇ ਪਾਂਡੇ! ਗੋਪਾਲ ਦੇ ਨਾਮ ਦੀ) ਦਾਤ ਦੇਣ ਵਾਲੇ ਗੁਰੂ ਤੋਂ ਬਿਨਾ (ਇਸ ਫਾਹੀ ਵਿਚੋਂ) ਛੁਟਕਾਰਾ (ਭੀ) ਨਾਹ ਲੱਭ (ਭਾਵ, ਨਹੀਂ ਲੱਭਦਾ)।

ਫਿਰਿ ਫਿਰਿ ਆਵੈ ਫਿਰਿ ਫਿਰਿ ਜਾਇ ॥

(ਇਸ ਫਾਹੀ ਵਿਚ ਫਸਿਆ ਜੀਵ) ਮੁੜ ਮੁੜ ਜੰਮਦਾ ਤੇ ਮਰਦਾ ਹੈ।

ਇਕ ਰੰਗਿ ਰਚੈ ਰਹੈ ਲਿਵ ਲਾਇ ॥

ਜੋ ਜੀਵ ਇਕ ਗੋਪਾਲ ਦੇ ਪਿਆਰ ਵਿਚ ਜੁੜਦਾ ਹੈ ਤੇ ਸੁਰਤ ਲਾਈ ਰੱਖਦਾ ਹੈ;

ਇਵ ਛੂਟੈ ਫਿਰਿ ਫਾਸ ਨ ਪਾਇ ॥੩੯॥

ਉਹ ਇਸ ਤਰ੍ਹਾਂ ਵਿਕਾਰਾਂ ਦੀ ਫਾਹੀ ਵਿਚੋਂ ਨਿਕਲ ਜਾਂਦਾ ਹੈ, ਤੇ ਫਿਰ ਉਸ ਨੂੰ ਫਾਹੀ ਨਹੀਂ ਪੈਂਦੀ ॥੩੯॥

ਬੀਰਾ ਬੀਰਾ ਕਰਿ ਰਹੀ ਬੀਰ ਭਏ ਬੈਰਾਇ ॥

(ਹੇ ਪਾਂਡੇ!) ਇਹ ਕਾਇਆਂ (ਜੀਵਾਤਮਾ ਨੂੰ) ‘ਵੀਰ ਵੀਰ’ ਆਖਦੀ ਰਹਿ ਜਾਂਦੀ ਹੈ (ਪਰ ਮੌਤ ਆਇਆਂ) ਵੀਰ ਹੋਰੀਂ ਬਿਗਾਨੇ ਹੋ ਜਾਂਦੇ ਹਨ,

ਬੀਰ ਚਲੇ ਘਰਿ ਆਪਣੈ ਬਹਿਣ ਬਿਰਹਿ ਜਲਿ ਜਾਇ ॥

ਵੀਰ ਹੋਰੀਂ (ਪਰਲੋਕ ਵਿਚ ਆਪਣੇ ਘਰ ਵਿਚ ਚਲੇ ਜਾਂਦੇ ਹਨ ਤੇ ਭੈਣ (ਕਾਇਆਂ) ਵਿਛੋੜੇ ਵਿਚ (ਭਾਵ, ਮੌਤ ਆਉਣ ਤੇ) ਸੜ ਜਾਂਦੀ ਹੈ।

ਬਾਬੁਲ ਕੈ ਘਰਿ ਬੇਟੜੀ ਬਾਲੀ ਬਾਲੈ ਨੇਹਿ ॥

(ਫਿਰ ਭੀ ਇਹ) ਅੰਞਾਣ (ਕਾਇਆਂ) ਬੱਚੀ ਪਿਉ ਦੇ ਘਰ ਵਿਚ ਰਹਿੰਦੀ ਹੋਈ ਗੁੱਡੀਆਂ ਗੁੱਡਿਆਂ ਦੇ ਪਿਆਰ ਵਿਚ ਹੀ ਲੱਗੀ ਰਹਿੰਦੀ ਹੈ (ਭਾਵ, ਸਰੀਰ ਤੇ ਜਿੰਦ ਦਾ ਮੇਲ ਚਾਰ ਦਿਨ ਦਾ ਜਾਣਦਿਆਂ ਭੀ ਜੀਵ ਦੁਨੀਆ ਦੇ ਪਦਾਰਥਾਂ ਵਿਚ ਹੀ ਮਸਤ ਰਹਿੰਦਾ ਹੈ)।

ਜੇ ਲੋੜਹਿ ਵਰੁ ਕਾਮਣੀ ਸਤਿਗੁਰੁ ਸੇਵਹਿ ਤੇਹਿ ॥

(ਜਿੰਦ ਨੂੰ ਇਹ ਸਿੱਖਿਆ ਦੇਣੀ ਚਾਹੀਦੀ ਹੈ ਕਿ) ਹੇ (ਜੀਵ-) ਇਸਤ੍ਰੀ! ਜੇ ਪਤੀ (-ਪ੍ਰਭੂ) ਨੂੰ ਮਿਲਣਾ ਚਾਹੁੰਦੀ ਹੈਂ ਤਾਂ ਪਿਆਰ ਨਾਲ ਸਤਿਗੁਰੂ ਦੇ ਦੱਸੇ ਰਾਹ ਤੇ ਤੁਰ।

ਬਿਰਲੋ ਗਿਆਨੀ ਬੂਝਣਉ ਸਤਿਗੁਰੁ ਸਾਚਿ ਮਿਲੇਇ ॥

ਜਿਸ ਜੀਵ ਨੂੰ ਗੋਪਾਲ ਦੀ ਕਿਰਪਾ ਨਾਲ ਸਤਿਗੁਰੂ ਮਿਲਦਾ ਹੈ ਉਹ (ਇਸ ਗੱਲ ਨੂੰ) ਸਮਝਦਾ ਹੈ। ਪਰ ਕੋਈ ਵਿਰਲਾ ਮਨੁੱਖ ਹੀ ਇਹ ਸੂਝ ਹਾਸਲ ਕਰਦਾ ਹੈ।

ਠਾਕੁਰ ਹਾਥਿ ਵਡਾਈਆ ਜੈ ਭਾਵੈ ਤੈ ਦੇਇ ॥

ਗੋਪਾਲ-ਪ੍ਰਭੂ ਦੇ ਗੁਣ ਗਾਉਣੇ ਗੋਪਾਲ ਦੇ ਆਪਣੇ ਹੱਥ ਵਿਚ ਹਨ, (ਇਹ ਦਾਤ ਉਹ) ਉਸ ਨੂੰ ਦੇਂਦਾ ਹੈ ਜੋ ਉਸ ਨੂੰ ਭਾਉਂਦਾ ਹੈ।

ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ ॥

ਕੋਈ ਵਿਰਲਾ ਗੁਰਮੁਖ ਸਤਿਗੁਰੂ ਦੀ ਬਾਣੀ ਨੂੰ ਵਿਚਾਰਦਾ ਹੈ;

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ ॥੪੦॥

ਉਹ ਬਾਣੀ ਸਤਿਗੁਰੂ ਦੀ (ਐਸੀ) ਹੈ ਕਿ (ਇਸ ਦੀ ਵਿਚਾਰ ਨਾਲ) ਮਨੁੱਖ ਸ੍ਵੈ-ਸਰੂਪ ਵਿਚ ਟਿਕ ਜਾਂਦਾ ਹੈ ॥੪੦॥

ਭਨਿ ਭਨਿ ਘੜੀਐ ਘੜਿ ਘੜਿ ਭਜੈ ਢਾਹਿ ਉਸਾਰੈ ਉਸਰੇ ਢਾਹੈ ॥

(ਇਹ ਜਗਤ ਦੀ ਬਣਤਰ) ਮੁੜ ਮੁੜ ਭੱਜਦੀ ਹੈ ਤੇ ਘੜੀਦੀ ਹੈ, ਮੁੜ ਮੁੜ ਘੜੀਦੀ ਹੈ ਤੇ ਭੱਜਦੀ ਹੈ।

ਸਰ ਭਰਿ ਸੋਖੈ ਭੀ ਭਰਿ ਪੋਖੈ ਸਮਰਥ ਵੇਪਰਵਾਹੈ ॥

(ਉਹ ਗੋਪਾਲ ਇਸ ਸੰਸਾਰ-) ਸਰੋਵਰ ਨੂੰ ਭਰ ਕੇ ਸੁਕਾ ਦੇਂਦਾ ਹੈ, ਫਿਰ ਹੋਰ ਨਕਾ-ਨਕ ਭਰਦਾ ਹੈ। ਉਹ ਗੋਪਾਲ ਪ੍ਰਭੂ ਸਭ ਕੁਝ ਕਰਨ-ਜੋਗਾ ਹੈ, ਵੇਪਰਵਾਹ ਹੈ।

ਭਰਮਿ ਭੁਲਾਨੇ ਭਏ ਦਿਵਾਨੇ ਵਿਣੁ ਭਾਗਾ ਕਿਆ ਪਾਈਐ ॥

(ਹੇ ਪਾਂਡੇ! ਉਸ ਗੋਪਾਲ-ਪ੍ਰਭੂ ਨੂੰ ਭੁਲਾ ਕੇ) ਜੋ ਜੀਵ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਹੋਏ ਹਨ ਉਹ (ਮਾਇਆ ਪਿਛੇ ਹੀ) ਕਮਲੇ ਹੋਏ ਪਏ ਹਨ, (ਉਹਨਾਂ ਨੂੰ) ਭਾਗਾਂ ਤੋਂ ਬਿਨਾ (ਉਸ ਵੇਪਰਵਾਹ ਦੀ ਸਿਫ਼ਤ-ਸਾਲਾਹ ਵਜੋਂ) ਕੁਝ ਨਹੀਂ ਮਿਲਦਾ।

ਗੁਰਮੁਖਿ ਗਿਆਨੁ ਡੋਰੀ ਪ੍ਰਭਿ ਪਕੜੀ ਜਿਨ ਖਿੰਚੈ ਤਿਨ ਜਾਈਐ ॥

ਸਤਿਗੁਰੂ ਦੀ ਗਿਆਨ-ਰੂਪ ਡੋਰੀ ਪ੍ਰਭੂ ਨੇ (ਆਪਣੇ) ਹੱਥ ਵਿਚ ਫੜੀ ਹੋਈ; ਜਿਨ੍ਹਾਂ ਨੂੰ (ਇਸ ਡੋਰੀ ਨਾਲ ਆਪਣੇ ਵਲ) ਖਿੱਚਦਾ ਹੈ ਉਹ (ਉਸ ਵਲ) ਤੁਰ ਪੈਂਦੇ ਹਨ (ਭਾਵ, ਜਿਨ੍ਹਾਂ ਉਤੇ ਗੋਪਾਲ-ਪ੍ਰਭੂ ਮਿਹਰ ਕਰਦਾ ਹੈ ਉਹ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਉਸ ਦੇ ਚਰਨਾਂ ਵਿਚ ਜੁੜਦੇ ਹਨ)।

ਹਰਿ ਗੁਣ ਗਾਇ ਸਦਾ ਰੰਗਿ ਰਾਤੇ ਬਹੁੜਿ ਨ ਪਛੋਤਾਈਐ ॥

ਉਹ ਪ੍ਰਭੂ ਦੇ ਗੁਣ ਗਾ ਕੇ ਉਸ ਦੇ ਪਿਆਰ ਵਿਚ ਮਸਤ ਰਹਿੰਦੇ ਹਨ, ਮੁੜ ਉਹਨਾਂ ਨੂੰ ਪਛੁਤਾਣਾ ਨਹੀਂ ਪੈਂਦਾ।

ਭਭੈ ਭਾਲਹਿ ਗੁਰਮੁਖਿ ਬੂਝਹਿ ਤਾ ਨਿਜ ਘਰਿ ਵਾਸਾ ਪਾਈਐ ॥

ਉਹ (ਪ੍ਰਭੂ ਦੀ ਹੀ) ਭਾਲ ਕਰਦੇ ਹਨ। (ਜਦੋਂ) ਸਤਿਗੁਰੂ ਦੀ ਰਾਹੀਂ (ਰਸਤਾ) ਸਮਝ ਲੈਂਦੇ ਹਨ ਤਾਂ ਆਪਣੇ (ਅਸਲ) ਘਰ ਵਿਚ ਟਿਕ ਜਾਂਦੇ ਹਨ (ਭਟਕਣੋਂ ਹਟ ਜਾਂਦੇ ਹਨ)।

ਭਭੈ ਭਉਜਲੁ ਮਾਰਗੁ ਵਿਖੜਾ ਆਸ ਨਿਰਾਸਾ ਤਰੀਐ ॥

ਇਹ ਸੰਸਾਰ-ਸਮੁੰਦਰ (ਜੀਵਾਂ ਵਾਸਤੇ) ਔਖਾ ਰਸਤਾ ਹੈ, ਇਸ ਵਿਚੋਂ ਤਦੋਂ ਹੀ ਤਰ ਸਕੀਦਾ ਹੈ ਜੇ (ਦੁਨੀਆ ਵਾਲੀਆਂ) ਆਸਾਂ ਬਨਾਣੀਆਂ ਛੱਡ ਦੇਈਏ,

ਗੁਰਪਰਸਾਦੀ ਆਪੋ ਚੀਨੈ੍  ਜੀਵਤਿਆ ਇਵ ਮਰੀਐ ॥੪੧॥

ਸਤਿਗੁਰੂ ਦੀ ਮੇਹਰ ਨਾਲ ਆਪਣੇ ਆਪ ਨੂੰ (ਆਪਣੇ ਅਸਲੇ ਨੂੰ) ਪਛਾਣੀਏ; ਇਸ ਤਰ੍ਹਾਂ ਜਿਊਂਦਿਆਂ ਮਰ ਜਾਈਦਾ ਹੈ (ਭਾਵ, ਇਸੇ ਜੀਵਨ ਵਿਚ ਹੀ ਮਨ ਵਿਕਾਰਾਂ ਵਲੋਂ ਹਟ ਜਾਂਦਾ ਹੈ) ॥੪੧॥

ਮਾਇਆ ਮਾਇਆ ਕਰਿ ਮੁਏ ਮਾਇਆ ਕਿਸੈ ਨ ਸਾਥਿ ॥

(ਬੇਅੰਤ ਜੀਵ) ਮਾਇਆ ਲਈ ਤਰਲੇ ਲੈਂਦੇ ਮਰ ਗਏ, ਪਰ ਮਾਇਆ ਕਿਸੇ ਦੇ ਨਾਲ ਨਾਹ ਨਿਭੀ,

ਹੰਸੁ ਚਲੈ ਉਠਿ ਡੁਮਣੋ ਮਾਇਆ ਭੂਲੀ ਆਥਿ ॥

ਜਦੋਂ (ਜੀਵ-) ਹੰਸ ਦੁਚਿੱਤਾ ਹੋ ਕੇ (ਮੌਤ ਆਇਆਂ) ਉਠ ਤੁਰਦਾ ਹੈ ਤਾਂ ਮਾਇਆ ਦਾ ਸਾਥ ਛੁੱਟ ਜਾਂਦਾ ਹੈ।

ਮਨੁ ਝੂਠਾ ਜਮਿ ਜੋਹਿਆ ਅਵਗੁਣ ਚਲਹਿ ਨਾਲਿ ॥

ਜੋ ਮਨ ਮਾਇਆ ਵਿਚ ਫਸਿਆ ਹੁੰਦਾ ਹੈ ਉਸ ਨੂੰ ਜਮ ਵਲੋਂ ਤਾੜਨਾ ਹੁੰਦੀ ਹੈ (ਭਾਵ, ਉਹ ਮੌਤ ਦਾ ਨਾਮ ਸੁਣ ਸੁਣ ਕੇ ਡਰਦਾ ਹੈ), (ਮਾਇਆ ਤਾਂ ਇਥੇ ਰਹਿ ਗਈ, ਤੇ ਮਾਇਆ ਦੀ ਖ਼ਾਤਰ ਕੀਤੇ ਹੋਏ) ਅਉਗਣ ਨਾਲ ਤੁਰ ਪੈਂਦੇ ਹਨ।

ਮਨ ਮਹਿ ਮਨੁ ਉਲਟੋ ਮਰੈ ਜੇ ਗੁਣ ਹੋਵਹਿ ਨਾਲਿ ॥

ਪਰ ਜੇ ਮਨੁੱਖ ਦੇ ਪੱਲੇ ਗੁਣ ਹੋਣ ਤਾਂ ਮਨ ਮਾਇਆ ਵਲੋਂ ਪਰਤ ਕੇ ਆਪਣੇ ਅੰਦਰ ਹੀ ਆਪਾ-ਭਾਵ ਤੋਂ ਮਰ ਜਾਂਦਾ ਹੈ (ਭਾਵ, ਇਸ ਵਿਚ ਮੋਹ ਆਦਿਕ ਵਿਕਾਰ ਨਹੀਂ ਰਹਿ ਜਾਂਦੇ)।

ਮੇਰੀ ਮੇਰੀ ਕਰਿ ਮੁਏ ਵਿਣੁ ਨਾਵੈ ਦੁਖੁ ਭਾਲਿ ॥

ਪਰਮਾਤਮਾ ਦਾ ‘ਨਾਮ’ ਭੁਲਾ ਕੇ (ਨਿਰੀ) ਮਾਇਆ ਨੂੰ ਹੀ ਆਪਣੀ ਸਮਝ ਕੇ (ਇਸ ਤਰ੍ਹਾਂ ਸਗੋਂ) ਦੁੱਖ ਵਿਹਾਝ ਕੇ ਹੀ (ਬੇਅੰਤ ਜੀਵ) ਚਲੇ ਗਏ;

ਗੜ ਮੰਦਰ ਮਹਲਾ ਕਹਾ ਜਿਉ ਬਾਜੀ ਦੀਬਾਣੁ ॥

ਕਿਲੇ, ਪੱਕੇ ਘਰ, ਮਹਲ ਮਾੜੀਆਂ ਤੇ ਹਕੂਮਤ (ਸਭ) ਸਾਥ ਛੱਡ ਗਏ, ਇਹ ਤਾਂ (ਮਦਾਰੀ ਦੀ) ਖੇਡ ਹੀ ਸਨ।

ਨਾਨਕ ਸਚੇ ਨਾਮ ਵਿਣੁ ਝੂਠਾ ਆਵਣ ਜਾਣੁ ॥

ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਸਾਰਾ ਜੀਵਨ ਵਿਅਰਥ ਜਾਂਦਾ ਹੈ;

ਆਪੇ ਚਤੁਰੁ ਸਰੂਪੁ ਹੈ ਆਪੇ ਜਾਣੁ ਸੁਜਾਣੁ ॥੪੨॥

(ਪਰ ਜੀਵ ਵਿਚਾਰੇ ਦੇ ਕੀਹ ਵਸਿ? ਇਹ ਬੇ-ਸਮਝ ਹੈ) ਪ੍ਰਭੂ ਆਪ ਹੀ ਸਿਆਣਾ ਹੈ, ਆਪ ਹੀ ਸਭ ਕੁਝ ਜਾਣਦਾ ਹੈ (ਉਹੀ ਸਮਝਾਵੇ ਤਾਂ ਜੀਵ ਸਮਝੇ) ॥੪੨॥

ਜੋ ਆਵਹਿ ਸੇ ਜਾਹਿ ਫੁਨਿ ਆਇ ਗਏ ਪਛੁਤਾਹਿ ॥

ਜੋ ਜੀਵ (ਮਾਇਆ ਦੀ ਮਮਤਾ ਦੇ ਬੱਧੇ ਹੋਏ ਜਗਤ ਵਿਚ) ਆਉਂਦੇ ਹਨ ਉਹ (ਇਸ ਮਮਤਾ ਵਿਚ ਫਸੇ ਹੋਏ ਇਥੋਂ) ਜਾਂਦੇ ਹਨ, ਮੁੜ ਜੰਮਦੇ ਮਰਦੇ ਹਨ ਤੇ ਦੁਖੀ ਹੁੰਦੇ ਹਨ;

ਲਖ ਚਉਰਾਸੀਹ ਮੇਦਨੀ ਘਟੈ ਨ ਵਧੈ ਉਤਾਹਿ ॥

(ਉਹਨਾਂ ਵਾਸਤੇ) ਇਹ ਚੌਰਾਸੀ ਲੱਖ ਜੂਨਾਂ ਵਾਲੀ ਸ੍ਰਿਸ਼ਟੀ ਰਤਾ ਭੀ ਘਟਦੀ ਵਧਦੀ ਨਹੀਂ (ਭਾਵ, ਉਹਨਾਂ ਨੂੰ ਮਮਤਾ ਦੇ ਕਾਰਨ ਚੌਰਾਸੀ ਲੱਖ ਜੂਨਾਂ ਵਿਚੋਂ ਲੰਘਣਾ ਪੈਂਦਾ ਹੈ)।

ਸੇ ਜਨ ਉਬਰੇ ਜਿਨ ਹਰਿ ਭਾਇਆ ॥

(ਉਹਨਾਂ ਵਿਚੋਂ) ਬਚਦੇ ਸਿਰਫ਼ ਉਹ ਹਨ ਜਿਨ੍ਹਾਂ ਨੂੰ ਪ੍ਰਭੂ ਪਿਆਰਾ ਲੱਗਦਾ ਹੈ,

ਧੰਧਾ ਮੁਆ ਵਿਗੂਤੀ ਮਾਇਆ ॥

(ਕਿਉਂਕਿ ਉਹਨਾਂ ਦੀ ਮਾਇਆ ਪਿੱਛੇ) ਭਟਕਣਾ ਮੁੱਕ ਜਾਂਦੀ ਹੈ, ਮਾਇਆ (ਉਹਨਾਂ ਵਲ ਆਇਆਂ) ਖ਼ੁਆਰ ਹੁੰਦੀ ਹੈ (ਉਹਨਾਂ ਨੂੰ ਮੋਹ ਨਹੀਂ ਸਕਦੀ)।

ਜੋ ਦੀਸੈ ਸੋ ਚਾਲਸੀ ਕਿਸ ਕਉ ਮੀਤੁ ਕਰੇਉ ॥

(ਜਗਤ ਵਿਚ ਤਾਂ) ਜੋ ਭੀ ਦਿੱਸਦਾ ਹੈ ਨਾਸਵੰਤ ਹੈ, ਮੈਂ ਕਿਸ ਨੂੰ ਮਿੱਤਰ ਬਣਾਵਾਂ?

ਜੀਉ ਸਮਪਉ ਆਪਣਾ ਤਨੁ ਮਨੁ ਆਗੈ ਦੇਉ ॥

(ਸਾਥ ਨਿਬਾਹੁਣ ਵਾਲਾ ਮਿੱਤਰ ਤਾਂ ਸਿਰਫ਼ ਪਰਮਾਤਮਾ ਹੀ ਹੈ, ਉਸ ਦੇ ਅੱਗੇ ਹੀ) ਮੈਂ ਆਪਣੀ ਜਿੰਦ ਅਰਪਣ ਕਰਾਂ ਤੇ ਤਨ ਮਨ ਭੇਟ ਰੱਖਾਂ।

ਅਸਥਿਰੁ ਕਰਤਾ ਤੂ ਧਣੀ ਤਿਸ ਹੀ ਕੀ ਮੈ ਓਟ ॥

ਹੇ ਕਰਤਾਰ! ਤੂੰ ਹੀ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ। (ਹੇ ਪਾਂਡੇ!) ਮੈਨੂੰ ਕਰਤਾਰ ਦਾ ਹੀ ਆਸਰਾ ਹੈ।

ਗੁਣ ਕੀ ਮਾਰੀ ਹਉ ਮੁਈ ਸਬਦਿ ਰਤੀ ਮਨਿ ਚੋਟ ॥੪੩॥

ਪ੍ਰਭੂ ਦੇ ਗੁਣ ਗਾਂਵਿਆਂ ਹੀ ਹਉਮੈ ਮਰਦੀ ਹੈ। (ਕਿਉਂਕਿ) ਸਤਿਗੁਰੂ ਦੇ ਸ਼ਬਦ ਵਿਚ ਰੰਗੀਜ ਕੇ ਹੀ ਮਨ ਵਿਚ ਠੋਕਰ (ਲੱਗਦੀ ਹੈ) ॥੪੩॥

ਰਾਣਾ ਰਾਉ ਨ ਕੋ ਰਹੈ ਰੰਗੁ ਨ ਤੁੰਗੁ ਫਕੀਰੁ ॥

(ਜਗਤ ਵਿਚ) ਨਾਹ ਕੋਈ ਰਾਣਾ ਨਾਹ ਕੋਈ ਕੰਗਾਲ ਸਦਾ ਜਿਊਂਦਾ ਰਹਿ ਸਕਦਾ ਹੈ; ਨਾਹ ਕੋਈ ਅਮੀਰ ਤੇ ਨਾਹ ਕੋਈ ਫਕੀਰ;

ਵਾਰੀ ਆਪੋ ਆਪਣੀ ਕੋਇ ਨ ਬੰਧੈ ਧੀਰ ॥

ਹਰੇਕ ਆਪੋ ਆਪਣੀ ਵਾਰੀ (ਇਥੋਂ ਤੁਰ ਪੈਂਦਾ ਹੈ) ਕੋਈ ਕਿਸੇ ਨੂੰ ਇਹ ਤਸੱਲੀ ਦੇਣ ਜੋਗਾ ਨਹੀਂ (ਕਿ ਤੂੰ ਸਦਾ ਇਥੇ ਟਿਕਿਆ ਰਹੇਂਗਾ)।

ਰਾਹੁ ਬੁਰਾ ਭੀਹਾਵਲਾ ਸਰ ਡੂਗਰ ਅਸਗਾਹ ॥

(ਜਗਤ ਦਾ) ਪੈਂਡਾ ਬੜਾ ਔਖਾ ਤੇ ਡਰਾਉਣਾ ਹੈ, (ਇਹ ਇਕ) ਬੇਅੰਤ ਡੂੰਘੇ ਸਮੁੰਦਰ (ਦਾ ਸਫ਼ਰ ਹੈ) ਪਹਾੜੀ ਰਸਤਾ ਹੈ।

ਮੈ ਤਨਿ ਅਵਗਣ ਝੁਰਿ ਮੁਈ ਵਿਣੁ ਗੁਣ ਕਿਉ ਘਰਿ ਜਾਹ ॥

ਮੇਰੇ ਅੰਦਰ ਤਾਂ ਕਈ ਔਗੁਣ ਹਨ ਜਿਨ੍ਹਾਂ ਕਰਕੇ ਦੁਖੀ ਹੋ ਰਹੀ ਹਾਂ, (ਮੇਰੇ ਪੱਲੇ ਗੁਣ ਨਹੀਂ ਹਨ) ਗੁਣਾਂ ਤੋਂ ਬਿਨਾਂ ਕਿਵੇਂ ਮੰਜ਼ਲ ਤੇ ਅੱਪੜਾਂ? (ਭਾਵ, ਪ੍ਰਭੂ-ਚਰਨਾਂ ਵਿਚ ਜੁੜ ਨਹੀਂ ਸਕਦੀ)।

ਗੁਣੀਆ ਗੁਣ ਲੇ ਪ੍ਰਭ ਮਿਲੇ ਕਿਉ ਤਿਨ ਮਿਲਉ ਪਿਆਰਿ ॥

ਗੁਣਾਂ ਵਾਲੇ ਗੁਣ ਪੱਲੇ ਬੰਨ੍ਹ ਕੇ ਪ੍ਰਭੂ ਨੂੰ ਮਿਲ ਪਏ ਹਨ (ਮੇਰਾ ਭੀ ਚਿੱਤ ਕਰਦਾ ਹੈ ਕਿ) ਉਹਨਾਂ ਪਿਆਰਿਆਂ ਨੂੰ ਮਿਲਾਂ।

ਤਿਨ ਹੀ ਜੈਸੀ ਥੀ ਰਹਾਂ ਜਪਿ ਜਪਿ ਰਿਦੈ ਮੁਰਾਰਿ ॥

(ਪਰ) ਕਿਵੇਂ (ਮਿਲਾਂ)? ਜੇ ਪ੍ਰਭੂ ਨੂੰ ਹਿਰਦੇ ਵਿਚ ਸਦਾ ਜਪਾਂ ਤਦੋਂ ਉਹਨਾਂ ਗੁਣੀ ਗੁਰਮੁਖਾਂ ਵਰਗੀ ਹੋ ਸਕਦੀ ਹਾਂ।

ਅਵਗੁਣੀ ਭਰਪੂਰ ਹੈ ਗੁਣ ਭੀ ਵਸਹਿ ਨਾਲਿ ॥

(ਮਾਇਆ-ਵੇੜ੍ਹਿਆ ਜੀਵ) ਅਉਗਣਾਂ ਨਾਲ ਨਕਾ-ਨਕ ਭਰਿਆ ਰਹਿੰਦਾ ਹੈ (ਉਂਞ) ਗੁਣ ਭੀ ਉਸ ਦੇ ਅੰਦਰ ਹੀ ਵੱਸਦੇ ਹਨ (ਕਿਉਂਕਿ ਗੁਣੀ ਪ੍ਰਭੂ ਅੰਦਰ ਵੱਸ ਰਿਹਾ ਹੈ),

ਵਿਣੁ ਸਤਗੁਰ ਗੁਣ ਨ ਜਾਪਨੀ ਜਿਚਰੁ ਸਬਦਿ ਨ ਕਰੇ ਬੀਚਾਰੁ ॥੪੪॥

ਪਰ ਸਤਿਗੁਰੂ ਤੋਂ ਬਿਨਾ ਗੁਣਾਂ ਦੀ ਸੂਝ ਨਹੀਂ ਪੈਂਦੀ। (ਤਦ ਤਕ ਨਹੀਂ ਪੈਂਦੀ) ਜਦ ਤਕ ਗੁਰੂ ਦੇ ਸ਼ਬਦ ਵਿਚ ਵੀਚਾਰ ਨਾਹ ਕੀਤੀ ਜਾਏ ॥੪੪॥

ਲਸਕਰੀਆ ਘਰ ਸੰਮਲੇ ਆਏ ਵਜਹੁ ਲਿਖਾਇ ॥

(ਇਸ ਜਗਤ ਰਣ-ਭੂਮੀ ਵਿਚ, ਜੀਵ) ਸਿਪਾਹੀਆਂ ਨੇ (ਸਰੀਰ-ਰੂਪ) ਡੇਰੇ ਮੱਲੇ ਹੋਏ ਹਨ, (ਪ੍ਰਭੂ-ਖਸਮ ਪਾਸੋਂ) ਰਿਜ਼ਕ ਲਿਖਾ ਕੇ (ਇਥੇ) ਆਏ ਹਨ।

ਕਾਰ ਕਮਾਵਹਿ ਸਿਰਿ ਧਣੀ ਲਾਹਾ ਪਲੈ ਪਾਇ ॥

ਜੋ ਸਿਪਾਹੀ ਹਰਿ-ਨਾਮ ਦੀ ਖੱਟੀ ਖੱਟ ਕੇ ਮਾਲਕ ਦੀ (ਰਜ਼ਾ-ਰੂਪ) ਕਾਰ ਸਿਰ ਤੇ ਕਮਾਂਦੇ ਹਨ,

ਲਬੁ ਲੋਭੁ ਬੁਰਿਆਈਆ ਛੋਡੇ ਮਨਹੁ ਵਿਸਾਰਿ ॥

ਉਹਨਾਂ ਨੇ ਚਸਕਾ ਲਾਲਚ ਤੇ ਹੋਰ ਵਿਕਾਰ ਮਨ ਵਿਚੋਂ ਕੱਢ ਦਿੱਤੇ ਹਨ।

ਗੜਿ ਦੋਹੀ ਪਾਤਿਸਾਹ ਕੀ ਕਦੇ ਨ ਆਵੈ ਹਾਰਿ ॥

ਜਿਸ (ਜੀਵ-) ਸਿਪਾਹੀ ਨੇ (ਸਰੀਰ-) ਕਿਲ੍ਹੇ ਵਿਚ (ਪ੍ਰਭੂ-) ਪਾਤਸ਼ਾਹ ਦੀ ਦੁਹਾਈ ਪਾਈ ਹੈ (ਭਾਵ, ਸਿਮਰਨ ਨੂੰ ਹਰ ਵੇਲੇ ਵਸਾਇਆ ਹੈ) ਉਹ (ਕਾਮਾਦਿਕ ਪੰਜਾਂ ਦੇ ਮੁਕਾਬਲੇ ਤੇ) ਕਦੇ ਹਾਰ ਕੇ ਨਹੀਂ ਆਉਂਦਾ।

ਚਾਕਰੁ ਕਹੀਐ ਖਸਮ ਕਾ ਸਉਹੇ ਉਤਰ ਦੇਇ ॥

(ਪਰ ਜੋ ਮਨੁੱਖ) ਪ੍ਰਭੂ ਮਾਲਕ ਦਾ ਨੌਕਰ (ਭੀ) ਅਖਵਾਏ ਤੇ ਸਾਹਮਣੇ ਜਵਾਬ ਭੀ ਦੇਵੇ (ਭਾਵ, ਉਸ ਦੇ ਹੁਕਮ ਵਿਚ ਨਾਹ ਤੁਰੇ),

ਵਜਹੁ ਗਵਾਏ ਆਪਣਾ ਤਖਤਿ ਨ ਬੈਸਹਿ ਸੇਇ ॥

ਉਹ ਆਪਣੀ ਤਨਖ਼ਾਹ ਗਵਾ ਲੈਂਦਾ ਹੈ (ਭਾਵ, ਉਹ ਮੇਹਰ ਤੋਂ ਵਾਂਜਿਆ ਰਹਿੰਦਾ ਹੈ), ਅਜੇਹੇ ਜੀਵ (ਰੱਬੀ) ਤਖ਼ਤ ਉਤੇ ਨਹੀਂ ਬੈਠ ਸਕਦੇ (ਭਾਵ, ਉਸ ਨਾਲ ਇਕ-ਰੂਪ ਨਹੀਂ ਹੋ ਸਕਦੇ)।

ਪ੍ਰੀਤਮ ਹਥਿ ਵਡਿਆਈਆ ਜੈ ਭਾਵੈ ਤੈ ਦੇਇ ॥

ਪਰ ਪ੍ਰਭੂ ਦੇ ਗੁਣ ਗਾਉਣੇ ਪ੍ਰੀਤਮ-ਪ੍ਰਭੂ ਦੇ ਆਪਣੇ ਹੱਥ ਵਿਚ ਹਨ, ਜੋ ਉਸ ਨੂੰ ਭਾਉਂਦਾ ਹੈ ਉਸ ਨੂੰ ਦੇਂਦਾ ਹੈ,

ਆਪਿ ਕਰੇ ਕਿਸੁ ਆਖੀਐ ਅਵਰੁ ਨ ਕੋਇ ਕਰੇਇ ॥੪੫॥

ਕਿਸੇ ਹੋਰ ਦੇ ਅੱਗੇ ਪੁਕਾਰ ਨਹੀਂ ਕੀਤੀ ਜਾ ਸਕਦੀ, ਕਿਉਂਕਿ ਪ੍ਰਭੂ ਆਪ ਹੀ ਸਭ ਕੁਝ ਕਰਦਾ ਹੈ, ਕੋਈ ਹੋਰ ਕੁਝ ਨਹੀਂ ਕਰ ਸਕਦਾ ॥੪੫॥

ਬੀਜਉ ਸੂਝੈ ਕੋ ਨਹੀ ਬਹੈ ਦੁਲੀਚਾ ਪਾਇ ॥

ਮੈਨੂੰ ਕੋਈ ਹੋਰ ਦੂਜਾ ਐਸਾ ਨਹੀਂ ਸੁੱਝਦਾ ਜੋ (ਸਦਾ ਲਈ) ਆਸਣ ਵਿਛਾ ਕੇ ਬੈਠ ਸਕੇ (ਭਾਵ, ਜੋ ਸਾਰੇ ਜਗਤ ਦਾ ਅਟੱਲ ਮਾਲਕ ਅਖਵਾ ਸਕੇ);

ਨਰਕ ਨਿਵਾਰਣੁ ਨਰਹ ਨਰੁ ਸਾਚਉ ਸਾਚੈ ਨਾਇ ॥

ਜੀਵਾਂ ਦੇ ਨਰਕ ਦੂਰ ਕਰਨ ਵਾਲਾ ਤੇ ਜੀਵਾਂ ਦਾ ਮਾਲਕ ਸਦਾ ਕਾਇਮ ਰਹਿਣ ਵਾਲਾ ਇਕ ਪ੍ਰਭੂ ਹੀ ਹੈ ਜੋ ਨਾਮ (ਸਿਮਰਨ) ਦੀ ਰਾਹੀਂ (ਮਿਲਦਾ) ਹੈ।

ਵਣੁ ਤ੍ਰਿਣੁ ਢੂਢਤ ਫਿਰਿ ਰਹੀ ਮਨ ਮਹਿ ਕਰਉ ਬੀਚਾਰੁ ॥

(ਉਸ ਪ੍ਰਭੂ ਦੀ ਖ਼ਾਤਰ) ਮੈਂ ਜੰਗਲ-ਬੇਲਾ ਢੂੰਢ ਢੂੰਢ ਕੇ ਥੱਕ ਗਈ ਹਾਂ, (ਹੁਣ ਜਦੋਂ) ਮੈਂ ਮਨ ਵਿਚ ਸੋਚਦੀ ਹਾਂ,

ਲਾਲ ਰਤਨ ਬਹੁ ਮਾਣਕੀ ਸਤਿਗੁਰ ਹਾਥਿ ਭੰਡਾਰੁ ॥

(ਤਾਂ ਸਮਝ ਆਈ ਹੈ ਕਿ) ਲਾਲਾਂ ਰਤਨਾਂ ਤੇ ਮੋਤੀਆਂ (ਭਾਵ, ਰੱਬੀ ਗੁਣਾਂ) ਦਾ ਖ਼ਜ਼ਾਨਾ ਸਤਿਗੁਰੂ ਦੇ ਹੱਥ ਵਿਚ ਹੈ।

ਊਤਮੁ ਹੋਵਾ ਪ੍ਰਭੁ ਮਿਲੈ ਇਕ ਮਨਿ ਏਕੈ ਭਾਇ ॥

ਜੇ ਮੈਂ ਇਕ-ਮਨ ਹੋ ਕੇ (ਸਿਮਰਨ ਕਰ ਕੇ) ਸੁੱਧ-ਆਤਮਾ ਹੋ ਜਾਵਾਂ ਤਾਂ ਮੈਨੂੰ ਪ੍ਰਭੂ ਮਿਲ ਪਏ।

ਨਾਨਕ ਪ੍ਰੀਤਮ ਰਸਿ ਮਿਲੇ ਲਾਹਾ ਲੈ ਪਰਥਾਇ ॥

ਹੇ ਨਾਨਕ! ਜੋ ਜੀਵ ਪ੍ਰੀਤਮ-ਪ੍ਰਭੂ ਦੇ ਪਿਆਰ ਵਿਚ ਜੁੜੇ ਹੋਏ ਹਨ ਉਹ ਪਰਲੋਕ ਦੀ ਖੱਟੀ ਖੱਟ ਲੈਂਦੇ ਹਨ।

ਰਚਨਾ ਰਾਚਿ ਜਿਨਿ ਰਚੀ ਜਿਨਿ ਸਿਰਿਆ ਆਕਾਰੁ ॥

(ਹੇ ਪਾਂਡੇ!) ਜਿਸ (ਪ੍ਰਭੂ) ਨੇ ਰਚਨਾ ਰਚੀ ਹੈ ਜਿਸ ਨੇ ਜਗਤ ਦਾ ਢਾਂਚਾ ਬਣਾਇਆ ਹੈ,

ਗੁਰਮੁਖਿ ਬੇਅੰਤੁ ਧਿਆਈਐ ਅੰਤੁ ਨ ਪਾਰਾਵਾਰੁ ॥੪੬॥

ਜੋ ਆਪ ਬੇਅੰਤ ਹੈ, ਜਿਸ ਦਾ ਅੰਤ ਤੇ ਹੱਦ-ਬੰਨਾ ਨਹੀਂ ਪਾਇਆ ਜਾ ਸਕਦਾ, ਉਸ ਨੂੰ ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰਿਆਂ ਹੀ ਸਿਮਰਿਆ ਜਾ ਸਕਦਾ ਹੈ ॥੪੬॥

ੜਾੜੈ ਰੂੜਾ ਹਰਿ ਜੀਉ ਸੋਈ ॥

ਉਹ ਪ੍ਰਭੂ ਹੀ (ਸਭ ਤੋਂ ਵਧੀਕ) ਸੁੰਦਰ ਹੈ,

ਤਿਸੁ ਬਿਨੁ ਰਾਜਾ ਅਵਰੁ ਨ ਕੋਈ ॥

ਉਸ ਤੋਂ ਬਿਨਾ ਹੋਰ ਕੋਈ (ਭਾਵ, ਉਸ ਦੇ ਬਰਾਬਰ ਦਾ) ਹਾਕਮ ਨਹੀਂ ਹੈ।

ੜਾੜੈ ਗਾਰੁੜੁ ਤੁਮ ਸੁਣਹੁ ਹਰਿ ਵਸੈ ਮਨ ਮਾਹਿ ॥

(ਹੇ ਪਾਂਡੇ!) ਤੂੰ ਮਨ ਨੂੰ ਵੱਸ ਕਰਨ ਲਈ (‘ਗੁਰ-ਸ਼ਬਦ’-ਰੂਪ) ਮੰਤ੍ਰ ਸੁਣ (ਇਸ ਨਾਲ) ਇਹ ਪ੍ਰਭੂ ਮਨ ਵਿਚ ਆ ਵੱਸੇਗਾ।

ਗੁਰਪਰਸਾਦੀ ਹਰਿ ਪਾਈਐ ਮਤੁ ਕੋ ਭਰਮਿ ਭੁਲਾਹਿ ॥

(ਪਰ) ਮਤਾਂ ਕੋਈ ਕਿਸੇ ਭੁਲੇਖੇ ਵਿਚ ਪਏ, (ਕਿ ਪ੍ਰਭੂ ਗੁਰੂ ਤੋਂ ਬਿਨਾ ਪ੍ਰਾਪਤ ਹੋ ਸਕਦਾ ਹੈ) ਪ੍ਰਭੂ (ਤਾਂ) ਗੁਰੂ ਦੀ ਮੇਹਰ ਨਾਲ ਹੀ ਮਿਲਦਾ ਹੈ।

ਸੋ ਸਾਹੁ ਸਾਚਾ ਜਿਸੁ ਹਰਿ ਧਨੁ ਰਾਸਿ ॥

ਗੁਰੂ ਹੀ ਸੱਚਾ ਸ਼ਾਹ ਹੈ ਜਿਸ ਦੇ ਪਾਸ ਪ੍ਰਭੂ ਦਾ ਨਾਮ-ਰੂਪ ਪੂੰਜੀ ਹੈ,

ਗੁਰਮੁਖਿ ਪੂਰਾ ਤਿਸੁ ਸਾਬਾਸਿ ॥

ਗੁਰੂ ਹੀ ਪੂਰਨ ਪੁਰਖ ਹੈ, ਗੁਰੂ ਨੂੰ ਹੀ ਧੰਨ ਧੰਨ (ਆਖੋ)।

ਰੂੜੀ ਬਾਣੀ ਹਰਿ ਪਾਇਆ ਗੁਰਸਬਦੀ ਬੀਚਾਰਿ ॥

(ਜਿਸ ਕਿਸੇ ਨੂੰ ਮਿਲਿਆ ਹੈ) ਸਤਿਗੁਰੂ ਦੀ ਸੁੰਦਰ ਬਾਣੀ ਦੀ ਰਾਹੀਂ ਹੀ, ਗੁਰੂ ਦੇ ਸ਼ਬਦ ਦੀ ਵਿਚਾਰ ਦੀ ਰਾਹੀਂ ਹੀ ਪ੍ਰਭੂ ਮਿਲਿਆ ਹੈ;

ਆਪੁ ਗਇਆ ਦੁਖੁ ਕਟਿਆ ਹਰਿ ਵਰੁ ਪਾਇਆ ਨਾਰਿ ॥੪੭॥

(ਗੁਰ-ਸ਼ਬਦ ਦੀ ਰਾਹੀਂ ਜਿਸ ਦਾ) ਆਪਾ-ਭਾਵ ਦੂਰ ਹੋਇਆ ਹੈ (ਹਉਮੈ ਦਾ) ਦੁੱਖ ਕੱਟਿਆ ਗਿਆ ਹੈ ਉਸ ਜੀਵ-ਇਸਤ੍ਰੀ ਨੇ ਪ੍ਰਭੂ-ਖਸਮ ਲੱਭ ਲਿਆ ਹੈ ॥੪੭॥

ਸੁਇਨਾ ਰੁਪਾ ਸੰਚੀਐ ਧਨੁ ਕਾਚਾ ਬਿਖੁ ਛਾਰੁ ॥

(ਆਮ ਤੌਰ ਤੇ ਜਗਤ ਵਿਚ) ਸੋਨਾ ਚਾਂਦੀ ਹੀ ਇਕੱਠਾ ਕਰੀਦਾ ਹੈ, ਪਰ ਇਹ ਧਨ ਹੋਛਾ ਹੈ, ਵਿਹੁ (-ਰੂਪ, ਭਾਵ, ਦੁਖਦਾਈ) ਹੈ, ਤੁੱਛ ਹੈ।

ਸਾਹੁ ਸਦਾਏ ਸੰਚਿ ਧਨੁ ਦੁਬਿਧਾ ਹੋਇ ਖੁਆਰੁ ॥

ਜੋ ਮਨੁੱਖ (ਇਹ) ਧਨ ਜੋੜ ਕੇ (ਆਪਣੇ ਆਪ ਨੂੰ) ਸ਼ਾਹ ਸਦਾਂਦਾ ਹੈ ਉਹ ਮੇਰ-ਤੇਰ ਵਿਚ ਦੁਖੀ ਹੁੰਦਾ ਹੈ।

ਸਚਿਆਰੀ ਸਚੁ ਸੰਚਿਆ ਸਾਚਉ ਨਾਮੁ ਅਮੋਲੁ ॥

ਸੱਚੇ ਵਪਾਰੀਆਂ ਨੇ ਸਦਾ-ਥਿਰ ਰਹਿਣ ਵਾਲਾ ਨਾਮ-ਧਨ ਇਕੱਠਾ ਕੀਤਾ ਹੈ, ਸੱਚਾ ਅਮੋਲਕ ਨਾਮ ਵਿਹਾਝਿਆ ਹੈ,

ਹਰਿ ਨਿਰਮਾਇਲੁ ਊਜਲੋ ਪਤਿ ਸਾਚੀ ਸਚੁ ਬੋਲੁ ॥

ਉੱਜਲ ਤੇ ਪਵਿਤ੍ਰ ਪ੍ਰਭੂ (ਦਾ ਨਾਮ ਖੱਟਿਆ ਹੈ), ਉਹਨਾਂ ਨੂੰ ਸੱਚੀ ਇੱਜ਼ਤ ਮਿਲਦੀ ਹੈ (ਪ੍ਰਭੂ ਦਾ) ਸੱਚਾ (ਮਿੱਠਾ ਆਦਰ ਵਾਲਾ) ਬੋਲ (ਮਿਲਦਾ ਹੈ)।

ਸਾਜਨੁ ਮੀਤੁ ਸੁਜਾਣੁ ਤੂ ਤੂ ਸਰਵਰੁ ਤੂ ਹੰਸੁ ॥

(ਹੇ ਪਾਂਡੇ! ਤੂੰ ਭੀ ਮਨ ਦੀ ਪੱਟੀ ਉਤੇ ਗੋਪਾਲ ਦਾ ਨਾਮ ਲਿਖ ਤੇ ਉਸ ਅੱਗੇ ਇਉਂ ਅਰਦਾਸ ਕਰ-ਹੇ ਪ੍ਰਭੂ!) ਤੂੰ ਹੀ (ਸੱਚਾ) ਸਿਆਣਾ ਸੱਜਣ ਮਿੱਤਰ ਹੈਂ, ਤੂੰ ਹੀ (ਜਗਤ-ਰੂਪ) ਸਰੋਵਰ ਹੈਂ ਤੇ ਤੂੰ ਹੀ (ਇਸ ਸਰੋਵਰ ਦਾ ਜੀਵ-ਰੂਪ ਹੰਸ ਹੈਂ;

ਸਾਚਉ ਠਾਕੁਰੁ ਮਨਿ ਵਸੈ ਹਉ ਬਲਿਹਾਰੀ ਤਿਸੁ ॥

ਮੈਂ ਸਦਕੇ ਹਾਂ ਉਸ (ਹੰਸ) ਤੋਂ ਜਿਸ ਦੇ ਮਨ ਵਿਚ ਤੂੰ ਸੱਚਾ ਠਾਕੁਰ ਵੱਸਦਾ ਹੈਂ।

ਮਾਇਆ ਮਮਤਾ ਮੋਹਣੀ ਜਿਨਿ ਕੀਤੀ ਸੋ ਜਾਣੁ ॥

(ਹੇ ਪਾਂਡੇ!) ਉਸ ਗੋਪਾਲ ਨੂੰ ਚੇਤੇ ਰੱਖ ਜਿਸ ਨੇ ਮੋਹਣੀ ਮਾਇਆ ਦੀ ਮਮਤਾ (ਜੀਵਾਂ ਨੂੰ) ਲਾ ਦਿੱਤੀ ਹੈ,

ਬਿਖਿਆ ਅੰਮ੍ਰਿਤੁ ਏਕੁ ਹੈ ਬੂਝੈ ਪੁਰਖੁ ਸੁਜਾਣੁ ॥੪੮॥

ਜਿਸ ਕਿਸੇ ਨੇ ਉਸ ਸੁਜਾਨ ਪੁਰਖ ਪ੍ਰਭੂ ਨੂੰ ਸਮਝ ਲਿਆ ਹੈ, ਉਸ ਲਈ ਸਿਰਫ਼ (ਨਾਮ-) ਅੰਮ੍ਰਿਤ ਹੀ ‘ਮਾਇਆ’ ਹੈ ॥੪੮॥

ਖਿਮਾ ਵਿਹੂਣੇ ਖਪਿ ਗਏ ਖੂਹਣਿ ਲਖ ਅਸੰਖ ॥

(ਮੋਹਣੀ ਮਾਇਆ ਦੀ ਮਮਤਾ ਤੋਂ ਪੈਦਾ ਹੋਏ ਵਿਤਕਰੇ ਦੇ ਕਾਰਨ) ਖਿਮਾ-ਹੀਣ ਹੋ ਕੇ ਬੇਅੰਤ, ਲੱਖਾਂ ਅਣਗਿਣਤ ਜੀਵ ਖਪ ਮੋਏ ਹਨ, ਗਿਣੇ ਨਹੀਂ ਜਾ ਸਕਦੇ,

ਗਣਤ ਨ ਆਵੈ ਕਿਉ ਗਣੀ ਖਪਿ ਖਪਿ ਮੁਏ ਬਿਸੰਖ ॥

ਗਿਣਤੀ ਦਾ ਕੀਹ ਲਾਭ? ਅਣਗਿਣਤ ਹੀ ਜੀਵ (ਖਿਮਾ-ਵਿਹੂਣੇ ਹੋ ਕੇ) ਖ਼ੁਆਰ ਹੋਏ ਹਨ।

ਖਸਮੁ ਪਛਾਣੈ ਆਪਣਾ ਖੂਲੈ ਬੰਧੁ ਨ ਪਾਇ ॥

ਜੋ ਮਨੁੱਖ ਆਪਣੇ ਮਾਲਕ-ਪ੍ਰਭੂ ਨੂੰ ਪਛਾਣਦਾ ਹੈ, ਉਹ ਖੁਲ੍ਹੇ ਦਿਲ ਵਾਲਾ ਹੋ ਜਾਂਦਾ ਹੈ, ਤੰਗ-ਦਿਲੀ (ਉਸ ਵਿਚ) ਨਹੀਂ ਰਹਿੰਦੀ।

ਸਬਦਿ ਮਹਲੀ ਖਰਾ ਤੂ ਖਿਮਾ ਸਚੁ ਸੁਖ ਭਾਇ ॥

ਗੁਰੂ ਦੇ ਸ਼ਬਦ ਦੀ ਰਾਹੀਂ ਉਹ ਟਿਕ ਜਾਂਦਾ ਹੈ (ਭਾਵ, ਜਿਗਰੇ ਵਾਲਾ ਹੋ ਜਾਂਦਾ ਹੈ); (ਹੇ ਪ੍ਰਭੂ!) ਤੂੰ ਉਸ ਨੂੰ ਪ੍ਰਤੱਖ ਦਿੱਸ ਪੈਂਦਾ ਹੈਂ, ਖਿਮਾ ਤੇ ਸੱਚ ਉਸ ਨੂੰ ਸੁਖੈਨ ਹੀ ਮਿਲ ਜਾਂਦੇ ਹਨ।

ਖਰਚੁ ਖਰਾ ਧਨੁ ਧਿਆਨੁ ਤੂ ਆਪੇ ਵਸਹਿ ਸਰੀਰਿ ॥

(ਹੇ ਪ੍ਰਭੂ!) ਤੂੰ ਹੀ ਉਸ ਦਾ (ਜ਼ਿੰਦਗੀ ਦੇ ਸਫ਼ਰ ਦਾ) ਖ਼ਰਚ ਬਣ ਜਾਂਦਾ ਹੈਂ, ਤੂੰ ਹੀ ਉਸ ਦਾ ਖਰਾ (ਸੱਚਾ) ਧਨ ਹੋ ਜਾਂਦਾ ਹੈਂ, ਤੂੰ ਆਪ ਹੀ ਉਸ ਦਾ ਧਿਆਨ (ਭਾਵ, ਸੁਰਤ ਦਾ ਨਿਸ਼ਾਨਾ) ਬਣ ਜਾਂਦਾ ਹੈਂ, ਤੂੰ ਆਪ ਹੀ ਉਸ ਦੇ ਸਰੀਰ ਵਿਚ (ਪ੍ਰਤੱਖ) ਵੱਸਣ ਲੱਗ ਪੈਂਦਾ ਹੈਂ।

ਮਨਿ ਤਨਿ ਮੁਖਿ ਜਾਪੈ ਸਦਾ ਗੁਣ ਅੰਤਰਿ ਮਨਿ ਧੀਰ ॥

ਉਹ ਮਨੋਂ ਤਨੋਂ ਮੂੰਹੋਂ ਸਦਾ (ਤੈਨੂੰ ਹੀ) ਜਪਦਾ ਹੈ, ਉਸ ਦੇ ਅੰਦਰ (ਤੇਰੇ) ਗੁਣ ਪੈਦਾ ਹੋ ਜਾਂਦੇ ਹਨ, ਉਸ ਦੇ ਮਨ ਵਿਚ ਧੀਰਜ ਆ ਜਾਂਦੀ ਹੈ।

ਹਉਮੈ ਖਪੈ ਖਪਾਇਸੀ ਬੀਜਉ ਵਥੁ ਵਿਕਾਰੁ ॥

(ਗੋਪਾਲ ਦੇ ਨਾਮ ਤੋਂ ਬਿਨਾ) ਦੂਜਾ ਪਦਾਰਥ ਵਿਕਾਰ (-ਰੂਪ) ਹੈ, (ਇਸ ਦੇ ਕਾਰਨ) ਜੀਵ ਹਉਮੈ ਵਿਚ ਖਪਦਾ ਖਪਾਂਦਾ ਹੈ।

ਜੰਤ ਉਪਾਇ ਵਿਚਿ ਪਾਇਅਨੁ ਕਰਤਾ ਅਲਗੁ ਅਪਾਰੁ ॥੪੯॥

(ਅਚਰਜ ਹੀ ਖੇਡ ਹੈ!) ਕਰਤਾਰ ਨੇ ਜੰਤ ਪੈਦਾ ਕਰ ਕੇ (ਹਉਮੈ) ਵਿਚ ਪਾ ਦਿੱਤੇ ਹਨ, (ਪਰ) ਉਹ ਆਪ ਬੇਅੰਤ ਕਰਤਾਰ ਵੱਖਰਾ ਹੀ ਰਹਿੰਦਾ ਹੈ ॥੪੯॥

ਸ੍ਰਿਸਟੇ ਭੇਉ ਨ ਜਾਣੈ ਕੋਇ ॥

ਕੋਈ ਜੀਵ ਸਿਰਜਣਹਾਰ-ਪ੍ਰਭੂ ਦਾ ਭੇਤ ਨਹੀਂ ਪਾ ਸਕਦਾ (ਤੇ, ਕੋਈ ਉਸ ਦੀ ਰਜ਼ਾ ਵਿਚ ਦਖ਼ਲ ਨਹੀਂ ਦੇ ਸਕਦਾ)

ਸ੍ਰਿਸਟਾ ਕਰੈ ਸੁ ਨਿਹਚਉ ਹੋਇ ॥

(ਕਿਉਂਕਿ ਜਗਤ ਵਿਚ) ਜ਼ਰੂਰ ਉਹੀ ਹੁੰਦਾ ਹੈ ਜੋ ਸਿਰਜਣਹਾਰ-ਕਰਤਾਰ ਕਰਦਾ ਹੈ।

ਸੰਪੈ ਕਉ ਈਸਰੁ ਧਿਆਈਐ ॥

(ਸਿਰਜਣਹਾਰ ਦੀ ਇਹ ਇਕ ਅਜਬ ਖੇਡ ਹੈ ਕਿ ਆਮ ਤੌਰ ਤੇ ਮਨੁੱਖ) ਧਨ ਦੀ ਖ਼ਾਤਰ ਹੀ ਪਰਮਾਤਮਾ ਨੂੰ ਧਿਆਉਂਦਾ ਹੈ,

ਸੰਪੈ ਪੁਰਬਿ ਲਿਖੇ ਕੀ ਪਾਈਐ ॥

ਤੇ ਹੁਣ ਤਕ ਦੀ ਕੀਤੀ ਮਿਹਨਤ ਦੇ ਲਿਖੇ ਅਨੁਸਾਰ ਧਨ ਮਿਲ (ਭੀ) ਜਾਂਦਾ ਹੈ।

ਸੰਪੈ ਕਾਰਣਿ ਚਾਕਰ ਚੋਰ ॥

ਧਨ ਦੀ ਖ਼ਾਤਰ ਮਨੁੱਖ ਦੂਜਿਆਂ ਦੇ ਨੌਕਰ (ਭੀ) ਬਣਦੇ ਹਨ, ਚੋਰ (ਭੀ) ਬਣਦੇ ਹਨ (ਭਾਵ, ਚੋਰੀ ਭੀ ਕਰਦੇ ਹਨ)।

ਸੰਪੈ ਸਾਥਿ ਨ ਚਾਲੈ ਹੋਰ ॥

ਪਰ ਧਨ ਕਿਸੇ ਦੇ ਨਾਲ ਨਹੀਂ ਨਿਭਦਾ, (ਮਰਨ ਤੇ) ਹੋਰਨਾਂ ਦਾ ਬਣ ਜਾਂਦਾ ਹੈ।

ਬਿਨੁ ਸਾਚੇ ਨਹੀ ਦਰਗਹ ਮਾਨੁ ॥

ਸਦਾ-ਥਿਰ ਰਹਿਣ ਵਾਲਾ ਗੋਪਾਲ (ਦੇ ਨਾਮ) ਤੋਂ ਬਿਨਾ ਉਸ ਦੀ ਹਜ਼ੂਰੀ ਵਿਚ ਆਦਰ ਨਹੀਂ ਮਿਲਦਾ।

ਹਰਿ ਰਸੁ ਪੀਵੈ ਛੁਟੈ ਨਿਦਾਨਿ ॥੫੦॥

ਜੋ ਮਨੁੱਖ ਪਰਮਾਤਮਾ ਦੇ ਨਾਮ ਦਾ ਰਸ ਪੀਂਦਾ ਹੈ ਉਹ (ਸੰਪੈ-ਧਨ ਦੇ ਮੋਹ ਤੋਂ) ਅੰਤ ਨੂੰ ਬਚ ਜਾਂਦਾ ਹੈ ॥੫੦॥

ਹੇਰਤ ਹੇਰਤ ਹੇ ਸਖੀ ਹੋਇ ਰਹੀ ਹੈਰਾਨੁ ॥

ਹੇ ਸਖੀ! (ਇਹ ਗੱਲ) ਵੇਖ ਵੇਖ ਕੇ ਮੈਂ ਹੈਰਾਨ ਹੋ ਰਹੀ ਹਾਂ,

ਹਉ ਹਉ ਕਰਤੀ ਮੈ ਮੁਈ ਸਬਦਿ ਰਵੈ ਮਨਿ ਗਿਆਨੁ ॥

ਕਿ (ਮੇਰੇ ਅੰਦਰੋਂ) ‘ਹਉਂ ਹਉਂ’ ਕਰਨ ਵਾਲੀ ‘ਮੈਂ’ ਮਰ ਗਈ ਹੈ (ਭਾਵ, ‘ਹਉਮੈ’ ਕਰਨ ਵਾਲੀ ਆਦਤ ਮੁੱਕ ਗਈ ਹੈ)। (ਹੁਣ ਮੇਰੀ ਸੁਰਤ) ਗੁਰ-ਸ਼ਬਦ ਵਿਚ ਜੁੜ ਰਹੀ ਹੈ, ਤੇ (ਮੇਰੇ) ਮਨ ਵਿਚ ਪ੍ਰਭੂ ਨਾਲ ਜਾਣ-ਪਛਾਣ ਬਣ ਗਈ ਹੈ।

ਹਾਰ ਡੋਰ ਕੰਕਨ ਘਣੇ ਕਰਿ ਥਾਕੀ ਸੀਗਾਰੁ ॥

ਮੈਂ ਬਥੇਰੇ ਹਾਰ ਹਮੇਲਾਂ ਕੰਙਣ (ਪਾ ਪਾ ਕੇ) ਸ਼ਿੰਗਾਰ ਕਰ ਕੇ ਥੱਕ ਚੁਕੀ ਸਾਂ (ਪਰ ਪ੍ਰੀਤਮ ਪ੍ਰਭੂ ਦੇ ਮਿਲਾਪ ਦਾ ਸੁਖ ਨਾਹ ਮਿਲਿਆ, ਭਾਵ, ਬਾਹਰਲੇ ਧਾਰਮਿਕ ਉੱਦਮਾਂ ਤੋਂ ਆਨੰਦ ਨਾਹ ਲੱਭਾ)

ਮਿਲਿ ਪ੍ਰੀਤਮ ਸੁਖੁ ਪਾਇਆ ਸਗਲ ਗੁਣਾ ਗਲਿ ਹਾਰੁ ॥

(ਹੁਣ ਜਦੋਂ ‘ਹਉਮੈ’ ਮੁਈ) ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਸੁਖ ਲੱਭਾ ਹੈ (ਉਸ ਦੇ ਗੁਣ ਮੇਰੇ ਹਿਰਦੇ ਵਿਚ ਆ ਵੱਸੇ ਹਨ, ਇਹੀ ਉਸ ਦੇ) ਸਾਰੇ ਗੁਣਾਂ ਦਾ ਮੇਰੇ ਗਲ ਵਿਚ ਹਾਰ ਹੈ (ਕਿਸੇ ਹੋਰ ਹਾਰ ਸਿੰਗਾਰ ਦੀ ਲੋੜ ਨਹੀਂ ਰਹੀ)।

ਨਾਨਕ ਗੁਰਮੁਖਿ ਪਾਈਐ ਹਰਿ ਸਿਉ ਪ੍ਰੀਤਿ ਪਿਆਰੁ ॥

ਹੇ ਨਾਨਕ! ਪ੍ਰਭੂ ਨਾਲ ਪ੍ਰੀਤ, ਪ੍ਰਭੂ ਨਾਲ ਪਿਆਰ, ਸਤਿਗੁਰੂ ਦੀ ਰਾਹੀਂ ਹੀ ਪੈ ਸਕਦਾ ਹੈ;

ਹਰਿ ਬਿਨੁ ਕਿਨਿ ਸੁਖੁ ਪਾਇਆ ਦੇਖਹੁ ਮਨਿ ਬੀਚਾਰਿ ॥

ਤੇ, (ਬੇਸ਼ਕ) ਮਨ ਵਿਚ ਵਿਚਾਰ ਕੇ ਵੇਖ ਲਵੋ, (ਭਾਵ, ਤੁਹਾਨੂੰ ਆਪਣੀ ਹੱਡ-ਬੀਤੀ ਹੀ ਦੱਸ ਦੇਵੇਗੀ ਕਿ) ਪ੍ਰਭੂ ਦੇ ਮੇਲ ਤੋਂ ਬਿਨਾ ਕਦੇ ਕਿਸੇ ਨੇ ਸੁਖ ਨਹੀਂ ਲੱਭਾ।

ਹਰਿ ਪੜਣਾ ਹਰਿ ਬੁਝਣਾ ਹਰਿ ਸਿਉ ਰਖਹੁ ਪਿਆਰੁ ॥

(ਸੋ, ਹੇ ਪਾਂਡੇ! ਜੇ ਸੁਖ ਲੱਭਦਾ ਹੈ ਤਾਂ) ਪ੍ਰਭੂ ਦਾ ਨਾਮ ਪੜ੍ਹ, ਪ੍ਰਭੂ ਦਾ ਨਾਮ ਹੀ ਵਿਚਾਰ, ਪ੍ਰਭੂ ਨਾਲ ਹੀ ਪਿਆਰ ਪਾ;

ਹਰਿ ਜਪੀਐ ਹਰਿ ਧਿਆਈਐ ਹਰਿ ਕਾ ਨਾਮੁ ਅਧਾਰੁ ॥੫੧॥

(ਜੀਭ ਨਾਲ) ਪ੍ਰਭੂ ਦਾ ਨਾਮ ਜਪੀਏ, (ਮਨ ਵਿਚ) ਪ੍ਰਭੂ ਨੂੰ ਹੀ ਸਿਮਰੀਏ, ਤੇ ਪ੍ਰਭੂ ਦਾ ਨਾਮ ਹੀ (ਜ਼ਿੰਦਗੀ ਦਾ) ਆਸਰਾ (ਬਣਾਈਏ) ॥੫੧॥

ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥

ਹੇ ਸਖੀ! (ਸਾਡੇ ਕੀਤੇ ਕਰਮਾਂ ਅਨੁਸਾਰ, ਹਉਮੈ ਦਾ) ਜੋ ਲੇਖ ਕਰਤਾਰ ਨੇ (ਸਾਡੇ ਮੱਥੇ ਉੱਤੇ) ਲਿਖ ਦਿੱਤਾ ਹੈ ਉਹ (ਸਾਡੀ ਆਪਣੀ ਚਤੁਰਾਈ ਜਾਂ ਹਿੰਮਤ ਨਾਲ) ਮਿਟ ਨਹੀਂ ਸਕਦਾ।

ਆਪੇ ਕਾਰਣੁ ਜਿਨਿ ਕੀਆ ਕਰਿ ਕਿਰਪਾ ਪਗੁ ਧਾਰਿ ॥

(ਇਹ ਲੇਖ ਤਦੋਂ ਮਿਟਦਾ ਹੈ, ਜਦੋਂ) ਜਿਸ ਪ੍ਰਭੂ ਨੇ ਆਪ ਹੀ (ਇਸ ਹਉਮੈ ਦੇ ਲੇਖ ਦਾ) ਸਬੱਬ (ਭਾਵ, ਵਿਛੋੜਾ) ਬਣਾਇਆ ਹੈ ਉਹ ਮਿਹਰ ਕਰ ਕੇ (ਸਾਡੇ ਅੰਦਰ) ਆ ਵੱਸੇ।

ਕਰਤੇ ਹਥਿ ਵਡਿਆਈਆ ਬੂਝਹੁ ਗੁਰ ਬੀਚਾਰਿ ॥

ਕਰਤਾਰ ਦੇ ਗੁਣ ਗਾਵਣ ਦੀ ਦਾਤ ਕਰਤਾਰ ਦੇ ਆਪਣੇ ਹੱਥ ਵਿਚ ਹੈ; ਗੁਰੂ ਦੇ ਸ਼ਬਦ ਦੀ ਵਿਚਾਰ ਦੀ ਰਾਹੀਂ ਸਮਝਣ ਦਾ ਜਤਨ ਕਰੋ (ਤਾਂ ਸਮਝ ਆ ਜਾਇਗੀ)।

ਲਿਖਿਆ ਫੇਰਿ ਨ ਸਕੀਐ ਜਿਉ ਭਾਵੀ ਤਿਉ ਸਾਰਿ ॥

(ਹੇ ਪ੍ਰਭੂ! ਹਉਮੈ ਦੇ) ਜੋ ਸੰਸਕਾਰ (ਸਾਡੇ ਮਨ ਵਿਚ ਸਾਡੇ ਕਰਮਾਂ ਅਨੁਸਾਰ) ਉਕਰੇ ਜਾਂਦੇ ਹਨ ਉਹ (ਸਾਡੀ ਆਪਣੀ ਚਤੁਰਾਈ ਨਾਲ) ਬਦਲੇ ਨਹੀਂ ਜਾ ਸਕਦੇ; ਜਿਵੇਂ ਤੈਨੂੰ ਚੰਗਾ ਲੱਗੇ ਤੂੰ ਆਪ (ਸਾਡੀ) ਸੰਭਾਲ ਕਰ।

ਨਦਰਿ ਤੇਰੀ ਸੁਖੁ ਪਾਇਆ ਨਾਨਕ ਸਬਦੁ ਵੀਚਾਰਿ ॥

ਹੇ ਨਾਨਕ! ਗੁਰੂ ਦੇ ਸ਼ਬਦ ਨੂੰ ਵਿਚਾਰ ਕੇ (ਵੇਖ ਲਿਆ ਹੈ ਕਿ ਹੇ ਪ੍ਰਭੂ!) ਤੇਰੀ ਮਿਹਰ ਦੀ ਨਜ਼ਰ ਨਾਲ ਹੀ ਸੁਖ ਮਿਲਦਾ ਹੈ।

ਮਨਮੁਖ ਭੂਲੇ ਪਚਿ ਮੁਏ ਉਬਰੇ ਗੁਰ ਬੀਚਾਰਿ ॥

ਜਿਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰੇ ਉਹ (ਇਸ ਹਉਮੈ ਦੇ ਗੇੜ ਵਿਚ ਫਸ ਕੇ) ਦੁਖੀ ਹੋਏ। ਬਚੇ ਉਹ ਜੋ ਗੁਰ-ਸ਼ਬਦ ਦੀ ਵਿਚਾਰ ਵਿਚ (ਜੁੜੇ)।

ਜਿ ਪੁਰਖੁ ਨਦਰਿ ਨ ਆਵਈ ਤਿਸ ਕਾ ਕਿਆ ਕਰਿ ਕਹਿਆ ਜਾਇ ॥

(ਮਨੁੱਖ ਦੀ ਆਪਣੀ ਚਤੁਰਾਈ ਕਰੇ ਭੀ ਕੀਹ? ਕਿਉਂਕਿ) ਜੋ ਪ੍ਰਭੂ (ਇਹਨਾਂ ਅੱਖਾਂ ਨਾਲ) ਦਿੱਸਦਾ ਹੀ ਨਹੀਂ, ਉਸ ਦੇ ਗੁਣ ਗਾਏ ਨਹੀਂ ਜਾ ਸਕਦੇ।

ਬਲਿਹਾਰੀ ਗੁਰ ਆਪਣੇ ਜਿਨਿ ਹਿਰਦੈ ਦਿਤਾ ਦਿਖਾਇ ॥੫੨॥

(ਤਾਹੀਏਂ) ਮੈਂ ਆਪਣੇ ਗੁਰੂ ਤੋਂ ਸਦਕੇ ਹਾਂ ਜਿਸ ਨੇ (ਮੈਨੂੰ ਮੇਰੇ) ਹਿਰਦੇ ਵਿਚ ਹੀ (ਪ੍ਰਭੂ) ਵਿਖਾ ਦਿੱਤਾ ਹੈ ॥੫੨॥

ਪਾਧਾ ਪੜਿਆ ਆਖੀਐ ਬਿਦਿਆ ਬਿਚਰੈ ਸਹਜਿ ਸੁਭਾਇ ॥

ਉਸ ਪਾਂਧੇ ਨੂੰ ਵਿਦਵਾਨ ਆਖਣਾ ਚਾਹੀਦਾ ਹੈ, ਜਿਹੜਾ ਵਿੱਦਿਆ ਦੀ ਰਾਹੀਂ ਸ਼ਾਂਤੀ ਵਾਲੇ ਸੁਭਾਵ ਵਿਚ ਜੀਵਨ ਬਤੀਤ ਕਰਦਾ ਹੈ,

ਬਿਦਿਆ ਸੋਧੈ ਤਤੁ ਲਹੈ ਰਾਮ ਨਾਮ ਲਿਵ ਲਾਇ ॥

ਜਿਹੜਾ ਵਿੱਦਿਆ ਦੀ ਰਾਹੀਂ ਆਪਣੇ ਅਸਲੇ ਦੀ ਵਿਚਾਰ ਕਰਦਾ ਹੈ, ਅਤੇ ਪਰਮਾਤਮਾ ਦੇ ਨਾਮ ਨਾਲ ਸੁਰਤ ਜੋੜ ਕੇ ਜੀਵਨ ਦਾ ਅਸਲ ਮਨੋਰਥ ਹਾਸਲ ਕਰ ਲੈਂਦਾ ਹੈ।

ਮਨਮੁਖੁ ਬਿਦਿਆ ਬਿਕ੍ਰਦਾ ਬਿਖੁ ਖਟੇ ਬਿਖੁ ਖਾਇ ॥

(ਪਰ) ਜਿਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਉਹ ਵਿੱਦਿਆ ਨੂੰ (ਸਿਰਫ਼) ਵੇਚਦਾ ਹੀ ਹੈ (ਭਾਵ, ਸਿਰਫ਼ ਆਜੀਵਕਾ ਲਈ ਵਰਤਦਾ ਹੈ। ਵਿਦਿਆ ਦੇ ਵੱਟੇ ਆਤਮਕ ਮੌਤ ਲਿਆਉਣ ਵਾਲੀ) ਮਾਇਆ-ਜ਼ਹਿਰ ਹੀ ਖੱਟਦਾ ਕਮਾਂਦਾ ਹੈ।

ਮੂਰਖੁ ਸਬਦੁ ਨ ਚੀਨਈ ਸੂਝ ਬੂਝ ਨਹ ਕਾਇ ॥੫੩॥

ਉਹ ਮੂਰਖ ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦਾ, ਸ਼ਬਦ ਦੀ ਸੁਧ-ਬੁਧ ਉਸ ਨੂੰ ਰਤਾ ਭੀ ਨਹੀਂ ਹੁੰਦੀ ॥੫੩॥

ਪਾਧਾ ਗੁਰਮੁਖਿ ਆਖੀਐ ਚਾਟੜਿਆ ਮਤਿ ਦੇਇ ॥

ਉਹ ਪਾਂਧਾ ਗੁਰਮੁਖਿ ਆਖਣਾ ਚਾਹੀਦਾ ਹੈ, (ਉਹ ਪਾਂਧਾ) ਦੁਨੀਆ ਵਿਚ (ਅਸਲ) ਨਫ਼ਾ ਖੱਟਦਾ ਹੈ ਜੋ ਆਪਣੇ ਸ਼ਾਗਿਰਦਾਂ ਨੂੰ ਇਹ ਸਿੱਖਿਆ ਦੇਂਦਾ ਹੈ,

ਨਾਮੁ ਸਮਾਲਹੁ ਨਾਮੁ ਸੰਗਰਹੁ ਲਾਹਾ ਜਗ ਮਹਿ ਲੇਇ ॥

ਕਿ (ਹੇ ਵਿੱਦਿਆਰਥੀਓ!) ਪ੍ਰਭੂ ਦਾ ਨਾਮ ਜਪੋ ਅਤੇ ਨਾਮ-ਧਨ ਇਕੱਠਾ ਕਰੋ।

ਸਚੀ ਪਟੀ ਸਚੁ ਮਨਿ ਪੜੀਐ ਸਬਦੁ ਸੁ ਸਾਰੁ ॥

ਸੱਚਾ ਪ੍ਰਭੂ ਮਨ ਵਿਚ ਵੱਸ ਪੈਣਾ-ਇਹੀ ਸੱਚੀ ਪੱਟੀ ਹੈ (ਜੋ ਪਾਂਧਾ ਆਪਣੇ ਚਾਟੜਿਆਂ ਨੂੰ ਪੜ੍ਹਾਏ)। (ਪ੍ਰਭੂ ਨੂੰ ਹਿਰਦੇ ਵਿਚ ਵਸਾਣ ਲਈ) ਸਤਿਗੁਰੂ ਦਾ ਸ੍ਰੇਸ਼ਟ ਸ਼ਬਦ ਪੜ੍ਹਨਾ ਚਾਹੀਦਾ ਹੈ।

ਨਾਨਕ ਸੋ ਪੜਿਆ ਸੋ ਪੰਡਿਤੁ ਬੀਨਾ ਜਿਸੁ ਰਾਮ ਨਾਮੁ ਗਲਿ ਹਾਰੁ ॥੫੪॥੧॥

ਹੇ ਨਾਨਕ! ਉਹੀ ਮਨੁੱਖ ਵਿਦਵਾਨ ਹੈ ਉਹੀ ਪੰਡਿਤ ਹੈ ਤੇ ਸਿਆਣਾ ਹੈ ਜਿਸ ਦੇ ਗਲ ਵਿਚ ਪ੍ਰਭੂ ਦਾ ਨਾਮ-ਰੂਪ ਹਾਰ ਹੈ (ਭਾਵ, ਜੋ ਹਰ ਵੇਲੇ ਪ੍ਰਭੂ ਨੂੰ ਚੇਤੇ ਰੱਖਦਾ ਹੈ ਤੇ ਹਰ ਥਾਂ ਵੇਖਦਾ ਹੈ) ॥੫੪॥੧॥