ਰਾਗ ਪਰਭਾਤੀ ਬਿਭਾਸ – ਬਾਣੀ ਸ਼ਬਦ-Raag Parbhati Bibhaas – Bani

ਰਾਗ ਪਰਭਾਤੀ ਬਿਭਾਸ – ਬਾਣੀ ਸ਼ਬਦ-Raag Parbhati Bibhaas – Bani

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਰਾਗੁ ਪਰਭਾਤੀ ਬਿਭਾਸ ਮਹਲਾ ੧ ਚਉਪਦੇ ਘਰੁ ੧ ॥

ਰਾਗ ਪਰਭਾਤੀ-ਵਿਭਾਸ, ਘਰ ਇਕ ਵਿੱਚ ਗੁਰੂ ਨਾਨਕ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।

ਨਾਇ ਤੇਰੈ ਤਰਣਾ ਨਾਇ ਪਤਿ ਪੂਜ ॥

ਹੇ ਪ੍ਰਭੂ! ਤੇਰੇ ਨਾਮ ਵਿਚ ਜੁੜ ਕੇ ਹੀ (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਪਾਰ ਲੰਘੀਦਾ ਹੈ, ਤੇਰੇ ਨਾਮ ਦੀ ਰਾਹੀਂ ਹੀ ਇੱਜ਼ਤ ਆਦਰ ਮਿਲਦਾ ਹੈ।

ਨਾਉ ਤੇਰਾ ਗਹਣਾ ਮਤਿ ਮਕਸੂਦੁ ॥

ਤੇਰਾ ਨਾਮ (ਇਨਸਾਨੀ ਜੀਵਨ ਨੂੰ ਸਿੰਗਾਰਨ ਵਾਸਤੇ) ਗਹਿਣਾ ਹੈ, ਇਨਸਾਨੀ ਅਕਲ ਦਾ ਮਕਸਦ ਇਹੀ ਹੈ, (ਕਿ ਇਨਸਾਨ ਤੇਰਾ ਨਾਮ ਸਿਮਰੇ)।

ਨਾਇ ਤੇਰੈ ਨਾਉ ਮੰਨੇ ਸਭ ਕੋਇ ॥

ਹੇ ਪ੍ਰਭੂ! ਤੇਰੇ ਨਾਮ ਵਿਚ ਟਿਕਿਆਂ ਹੀ ਹਰ ਕੋਈ (ਨਾਮ ਸਿਮਰਨ ਵਾਲੇ ਦੀ) ਇੱਜ਼ਤ ਕਰਦਾ ਹੈ।

ਵਿਣੁ ਨਾਵੈ ਪਤਿ ਕਬਹੁ ਨ ਹੋਇ ॥੧॥

ਨਾਮ ਸਿਮਰਨ ਤੋਂ ਬਿਨਾਂ ਕਦੇ ਵੀ ਇੱਜ਼ਤ ਆਦਰ ਨਹੀਂ ਹੁੰਦਾ ॥੧॥

ਅਵਰ ਸਿਆਣਪ ਸਗਲੀ ਪਾਜੁ ॥

(ਪ੍ਰਭੂ ਦਾ ਸਿਮਰਨ ਛੱਡ ਕੇ ਦੁਨੀਆ ਵਿਚ ਇੱਜ਼ਤ ਹਾਸਲ ਕਰਨ ਲਈ) ਹੋਰ ਹੋਰ ਚਤੁਰਾਈ (ਦਾ ਕੰਮ ਨਿਰਾ) ਲੋਕ-ਵਿਖਾਵਾ ਹੈ (ਉਹ ਪਾਜ ਆਖ਼ਰ ਉੱਘੜ ਜਾਂਦਾ ਹੈ ਤੇ ਹਾਸਲ ਕੀਤੀ ਹੋਈ ਇੱਜ਼ਤ ਭੀ ਮੁੱਕ ਜਾਂਦੀ ਹੈ)।

ਜੈ ਬਖਸੇ ਤੈ ਪੂਰਾ ਕਾਜੁ ॥੧॥ ਰਹਾਉ ॥

ਜਿਸ ਜੀਵ ਉਤੇ ਪ੍ਰਭੂ ਬਖ਼ਸ਼ਸ਼ ਕਰਦਾ ਹੈ (ਉਸ ਨੂੰ ਆਪਣੇ ਨਾਮ ਦੀ ਦਾਤ ਦੇਂਦਾ ਹੈ, ਤੇ ਉਸ ਜੀਵ ਦਾ) ਜ਼ਿੰਦਗੀ ਦਾ ਅਸਲ ਮਨੋਰਥ ਸਿਰੇ ਚੜ੍ਹਦਾ ਹੈ ॥੧॥ ਰਹਾਉ ॥

ਨਾਉ ਤੇਰਾ ਤਾਣੁ ਨਾਉ ਦੀਬਾਣੁ ॥

(ਮਨੁੱਖ ਦੁਨੀਆਵੀ ਤਾਕਤ, ਹਕੂਮਤ, ਫ਼ੌਜਾਂ ਦੀ ਸਰਦਾਰੀ ਤੇ ਬਾਦਸ਼ਾਹੀ ਵਾਸਤੇ ਦੌੜਦਾ ਫਿਰਦਾ ਹੈ, ਫਿਰ ਇਹ ਸਭ ਕੁਝ ਨਾਸਵੰਤ ਹੈ) ਹੇ ਪ੍ਰਭੂ! ਤੇਰਾ ਨਾਮ ਹੀ (ਅਸਲ) ਤਾਕਤ ਹੈ, ਤੇਰਾ ਨਾਮ ਹੀ (ਅਸਲ) ਹਕੂਮਤ ਹੈ,

ਨਾਉ ਤੇਰਾ ਲਸਕਰੁ ਨਾਉ ਸੁਲਤਾਨੁ ॥

ਤੇਰਾ ਨਾਮ ਹੀ ਫ਼ੌਜਾਂ (ਦੀ ਸਰਦਾਰੀ) ਹੈ, ਜਿਸ ਦੇ ਪੱਲੇ ਤੇਰਾ ਨਾਮ ਹੈ ਉਹੀ ਬਾਦਸ਼ਾਹ ਹੈ।

ਨਾਇ ਤੇਰੈ ਮਾਣੁ ਮਹਤ ਪਰਵਾਣੁ ॥

ਹੇ ਪ੍ਰਭੂ! ਤੇਰੇ ਨਾਮ ਵਿਚ ਜੁੜਿਆਂ ਹੀ ਅਸਲ ਆਦਰ ਮਿਲਦਾ ਹੈ ਇੱਜ਼ਤ ਮਿਲਦੀ ਹੈ। ਜੋ ਮਨੁੱਖ ਤੇਰੇ ਨਾਮ ਵਿਚ ਮਸਤ ਹੈ ਉਹੀ ਜਗਤ ਵਿਚ ਮੰਨਿਆ-ਪਰਮੰਨਿਆ ਹੈ।

ਤੇਰੀ ਨਦਰੀ ਕਰਮਿ ਪਵੈ ਨੀਸਾਣੁ ॥੨॥

ਪਰ ਤੇਰੀ ਮੇਹਰ ਦੀ ਨਜ਼ਰ ਨਾਲ ਹੀ ਤੇਰੀ ਬਖ਼ਸ਼ਸ਼ ਨਾਲ ਹੀ (ਜੀਵ-ਰਾਹੀ ਨੂੰ ਇਸ ਜੀਵਨ-ਸਫ਼ਰ ਵਿਚ) ਇਹ ਪਰਵਾਨਾ ਮਿਲਦਾ ਹੈ ॥੨॥

ਨਾਇ ਤੇਰੈ ਸਹਜੁ ਨਾਇ ਸਾਲਾਹ ॥

ਹੇ ਪ੍ਰਭੂ! ਤੇਰੇ ਨਾਮ ਵਿਚ ਜੁੜਿਆਂ ਮਨ ਦੀ ਸ਼ਾਂਤੀ ਮਿਲਦੀ ਹੈ, ਤੇਰੇ ਨਾਮ ਵਿਚ ਜੁੜਿਆਂ ਤੇਰੀ ਸਿਫ਼ਤ-ਸਾਲਾਹ ਕਰਨ ਦੀ ਆਦਤ ਬਣਦੀ ਹੈ।

ਨਾਉ ਤੇਰਾ ਅੰਮ੍ਰਿਤੁ ਬਿਖੁ ਉਠਿ ਜਾਇ ॥

ਤੇਰਾ ਨਾਮ ਹੀ ਆਤਮਕ ਜੀਵਨ ਦੇਣ ਵਾਲਾ ਐਸਾ ਪਵਿਤ੍ਰ ਜਲ ਹੈ (ਜਿਸ ਦੀ ਬਰਕਤਿ ਨਾਲ ਮਨੁੱਖ ਮਨ ਵਿਚੋਂ ਵਿਸ਼ੇ ਵਿਕਾਰਾਂ ਦਾ ਸਾਰਾ) ਜ਼ਹਿਰ ਧੁਪ ਜਾਂਦਾ ਹੈ।

ਨਾਇ ਤੇਰੈ ਸਭਿ ਸੁਖ ਵਸਹਿ ਮਨਿ ਆਇ ॥

ਤੇਰੇ ਨਾਮ ਵਿਚ ਜੁੜਿਆਂ ਸਾਰੇ ਸੁਖ ਮਨ ਵਿਚ ਆ ਵੱਸਦੇ ਹਨ।

ਬਿਨੁ ਨਾਵੈ ਬਾਧੀ ਜਮ ਪੁਰਿ ਜਾਇ ॥੩॥

ਨਾਮ ਤੋਂ ਖੁੰਝ ਕੇ ਦੁਨੀਆ (ਵਿਕਾਰਾਂ ਦੇ ਸੰਗਲਾਂ ਵਿਚ) ਬੱਝੀ ਹੋਈ ਜਮ ਦੀ ਨਗਰੀ ਵਿਚ ਜਾਂਦੀ ਹੈ ॥੩॥

ਨਾਰੀ ਬੇਰੀ ਘਰ ਦਰ ਦੇਸ ॥

ਇਸਤ੍ਰੀ (ਦਾ ਪਿਆਰ) ਘਰਾਂ ਤੇ ਮਿਲਖਾਂ ਦੀ ਮਾਲਕੀ-ਇਹ ਸਭ ਕੁਝ (ਜੀਵ-ਰਾਹੀ ਦੇ ਪੈਰਾਂ ਵਿਚ) ਬੇੜੀਆਂ (ਪਈਆਂ ਹੋਈਆਂ) ਹਨ (ਜੋ ਇਸ ਨੂੰ ਸਹੀ ਜੀਵਨ-ਸਫ਼ਰ ਵਿਚ ਤੁਰਨ ਨਹੀਂ ਦੇਂਦੀਆਂ)।

ਮਨ ਕੀਆ ਖੁਸੀਆ ਕੀਚਹਿ ਵੇਸ ॥

ਮਨ ਦੀਆਂ ਖ਼ੁਸ਼ੀਆਂ ਵਾਸਤੇ ਅਨੇਕਾਂ ਪਹਿਰਾਵੇ ਪਹਿਨਦੇ ਹਨ (ਇਹ ਖ਼ੁਸ਼ੀਆਂ-ਚਾਅ ਭੀ ਬੇੜੀਆਂ ਹੀ ਹਨ)।

ਜਾਂ ਸਦੇ ਤਾਂ ਢਿਲ ਨ ਪਾਇ ॥

ਜਦੋਂ (ਪਰਮਾਤਮਾ ਜੀਵ ਨੂੰ) ਮੌਤ ਦਾ ਸੱਦਾ ਭੇਜਦਾ ਹੈ (ਉਸ ਸੱਦੇ ਦੇ ਸਾਹਮਣੇ ਰਤਾ ਭੀ) ਢਿੱਲ ਨਹੀਂ ਹੋ ਸਕਦੀ।

ਨਾਨਕ ਕੂੜੁ ਕੂੜੋ ਹੋਇ ਜਾਇ ॥੪॥੧॥

ਹੇ ਨਾਨਕ! (ਤਦੋਂ ਸਮਝ ਪੈਂਦੀ ਹੈ ਕਿ) ਝੂਠੇ ਪਦਾਰਥਾਂ ਦਾ ਸਾਥ ਝੂਠਾ ਹੀ ਨਿਕਲਦਾ ਹੈ ॥੪॥੧॥


ਪ੍ਰਭਾਤੀ ਮਹਲਾ ੪ ਬਿਭਾਸ ॥

ਰਾਗ ਪ੍ਰਭਾਤੀ/ਬਿਭਾਗ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਰਸਕਿ ਰਸਕਿ ਗੁਨ ਗਾਵਹ ਗੁਰਮਤਿ ਲਿਵ ਉਨਮਨਿ ਨਾਮਿ ਲਗਾਨ ॥

ਗੁਰੂ ਦੀ ਮੱਤ ਉਤੇ ਤੁਰ ਕੇ, ਆਓ ਅਸੀਂ ਮੁੜ ਮੁੜ ਸੁਆਦ ਨਾਲ ਪਰਮਾਤਮਾ ਦੇ ਗੁਣ ਗਾਵਿਆ ਕਰੀਏ, (ਇਸ ਤਰ੍ਹਾਂ) ਪਰਮਾਤਮਾ ਦੇ ਨਾਮ ਵਿਚ ਲਗਨ ਲੱਗ ਜਾਂਦੀ ਹੈ (ਪ੍ਰਭੂ-ਮਿਲਾਪ ਦੀ) ਤਾਂਘ ਵਿਚ ਸੁਰਤ ਟਿਕੀ ਰਹਿੰਦੀ ਹੈ।

ਅੰਮ੍ਰਿਤੁ ਰਸੁ ਪੀਆ ਗੁਰਸਬਦੀ ਹਮ ਨਾਮ ਵਿਟਹੁ ਕੁਰਬਾਨ ॥੧॥

ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਤਾ ਜਾ ਸਕਦਾ ਹੈ। ਮੈਂ ਤਾਂ ਪਰਮਾਤਮਾ ਦੇ ਨਾਮ ਤੋਂ ਸਦਕੇ ਜਾਂਦਾ ਹਾਂ ॥੧॥

ਹਮਰੇ ਜਗਜੀਵਨ ਹਰਿ ਪ੍ਰਾਨ ॥

ਜਗਤ ਦੇ ਜੀਵਨ ਪ੍ਰਭੂ ਜੀ ਹੀ ਅਸਾਂ ਜੀਵਾਂ ਦੀ ਜਿੰਦ-ਜਾਨ ਹਨ (ਫਿਰ ਭੀ ਅਸਾਂ ਜੀਵਾਂ ਨੂੰ ਇਹ ਸਮਝ ਨਹੀਂ ਆਉਂਦੀ)।

ਹਰਿ ਊਤਮੁ ਰਿਦ ਅੰਤਰਿ ਭਾਇਓ ਗੁਰਿ ਮੰਤੁ ਦੀਓ ਹਰਿ ਕਾਨ ॥੧॥ ਰਹਾਉ ॥

(ਜਿਸ ਮਨੁੱਖ ਦੇ) ਕੰਨਾਂ ਵਿਚ ਗੁਰੂ ਨੇ ਹਰਿ-ਨਾਮ ਦਾ ਉਪਦੇਸ਼ ਦੇ ਦਿੱਤਾ, ਉਸ ਮਨੁੱਖ ਨੂੰ ਉੱਤਮ ਹਰੀ (ਆਪਣੇ) ਹਿਰਦੇ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ ॥੧॥ ਰਹਾਉ ॥

ਆਵਹੁ ਸੰਤ ਮਿਲਹੁ ਮੇਰੇ ਭਾਈ ਮਿਲਿ ਹਰਿ ਹਰਿ ਨਾਮੁ ਵਖਾਨ ॥

ਹੇ ਸੰਤ ਜਨੋ! ਹੇ ਮੇਰੇ ਭਰਾਵੋ! ਆਓ, ਮਿਲ ਬੈਠੋ। ਮਿਲ ਕੇ ਪਰਮਾਤਮਾ ਦਾ ਨਾਮ ਜਪੀਏ।

ਕਿਤੁ ਬਿਧਿ ਕਿਉ ਪਾਈਐ ਪ੍ਰਭੁ ਅਪੁਨਾ ਮੋ ਕਉ ਕਰਹੁ ਉਪਦੇਸੁ ਹਰਿ ਦਾਨ ॥੨॥

ਹੇ ਸੰਤ ਜਨੋ! ਪ੍ਰਭੂ-ਮਿਲਾਪ ਦਾ ਉਪਦੇਸ ਮੈਨੂੰ ਦਾਨ ਵਜੋਂ ਦੇਵੋ (ਮੈਨੂੰ ਦੱਸੋ ਕਿ) ਪਿਆਰਾ ਪ੍ਰਭੂ ਕਿਵੇਂ ਕਿਸ ਤਰੀਕੇ ਨਾਲ ਮਿਲ ਸਕਦਾ ਹੈ ॥੨॥

ਸਤਸੰਗਤਿ ਮਹਿ ਹਰਿ ਹਰਿ ਵਸਿਆ ਮਿਲਿ ਸੰਗਤਿ ਹਰਿ ਗੁਨ ਜਾਨ ॥

ਪਰਮਾਤਮਾ ਸਾਧ ਸੰਗਤ ਵਿਚ ਸਦਾ ਵੱਸਦਾ ਹੈ। ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦੇ ਗੁਣਾਂ ਦੀ ਸਾਂਝ ਪੈ ਸਕਦੀ ਹੈ।

ਵਡੈ ਭਾਗਿ ਸਤਸੰਗਤਿ ਪਾਈ ਗੁਰੁ ਸਤਿਗੁਰੁ ਪਰਸਿ ਭਗਵਾਨ ॥੩॥

ਜਿਸ ਨੂੰ ਵੱਡੀ ਕਿਸਮਤ ਨਾਲ ਸਾਧ ਸੰਗਤ ਪ੍ਰਾਪਤ ਹੋ ਗਈ, ਉਸ ਨੇ ਗੁਰੂ ਸਤਿਗੁਰੂ (ਦੇ ਚਰਨ) ਛੁਹ ਕੇ ਭਗਵਾਨ (ਦਾ ਮਿਲਾਪ ਹਾਸਲ ਕਰ ਲਿਆ) ॥੩॥

ਗੁਨ ਗਾਵਹ ਪ੍ਰਭ ਅਗਮ ਠਾਕੁਰ ਕੇ ਗੁਨ ਗਾਇ ਰਹੇ ਹੈਰਾਨ ॥

ਆਓ, ਅਪਹੁੰਚ ਠਾਕੁਰ ਪ੍ਰਭੂ ਦੇ ਗੁਣ ਗਾਵਿਆ ਕਰੀਏ। ਉਸ ਦੇ ਗੁਣ ਗਾ ਗਾ ਕੇ (ਉਸ ਦੀ ਵਡਿਆਈ ਅੱਖਾਂ ਸਾਹਮਣੇ ਲਿਆ ਲਿਆ ਕੇ) ਹੈਰਤ ਵਿਚ ਗੁੰਮ ਹੋ ਜਾਈਦਾ ਹੈ।

ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਹਰਿ ਨਾਮੁ ਦੀਓ ਖਿਨ ਦਾਨ ॥੪॥੧॥

ਹੇ ਨਾਨਕ! ਜਿਸ ਦਾਸ ਉੱਤੇ ਗੁਰੂ ਨੇ ਮਿਹਰ ਕੀਤੀ, ਉਸ ਨੂੰ (ਗੁਰੂ ਨੇ) ਇਕ ਖਿਨ ਵਿਚ ਪਰਮਾਤਮਾ ਦਾ ਨਾਮ ਦਾਨ ਦੇ ਦਿੱਤਾ ॥੪॥੧॥


ਪ੍ਰਭਾਤੀ ਬਿਭਾਸ ਪੜਤਾਲ ਮਹਲਾ ੪ ॥

ਰਾਗ ਪ੍ਰਭਾਤੀ/ਬਿਭਾਗ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ‘ਪੜਤਾਲ’।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਜਪਿ ਮਨ ਹਰਿ ਹਰਿ ਨਾਮੁ ਨਿਧਾਨ ॥

ਹੇ (ਮੇਰੇ) ਮਨ! ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰ (ਇਹੀ ਹੈ ਅਸਲ) ਖ਼ਜ਼ਾਨਾ।

ਹਰਿ ਦਰਗਹ ਪਾਵਹਿ ਮਾਨ ॥

(ਨਾਮ ਦੀ ਬਰਕਤਿ ਨਾਲ) ਤੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਹਾਸਲ ਕਰੇਂਗਾ।

ਜਿਨਿ ਜਪਿਆ ਤੇ ਪਾਰਿ ਪਰਾਨ ॥੧॥ ਰਹਾਉ ॥

ਜਿਸ ਜਿਸ ਨੇ ਨਾਮ ਜਪਿਆ ਹੈ ਉਹ ਸਭ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੧॥ ਰਹਾਉ ॥

ਸੁਨਿ ਮਨ ਹਰਿ ਹਰਿ ਨਾਮੁ ਕਰਿ ਧਿਆਨੁ ॥

ਹੇ (ਮੇਰੇ) ਮਨ! ਧਿਆਨ ਜੋੜ ਕੇ ਸਦਾ ਪਰਮਾਤਮਾ ਦਾ ਨਾਮ ਸੁਣਿਆ ਕਰ।

ਸੁਨਿ ਮਨ ਹਰਿ ਕੀਰਤਿ ਅਠਸਠਿ ਮਜਾਨੁ ॥

ਹੇ ਮਨ! ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣਿਆ ਕਰ (ਇਹੀ ਹੈ) ਅਠਾਹਠ ਤੀਰਥਾਂ ਦਾ ਇਸ਼ਨਾਨ।

ਸੁਨਿ ਮਨ ਗੁਰਮੁਖਿ ਪਾਵਹਿ ਮਾਨੁ ॥੧॥

ਹੇ ਮਨ! ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦਾ ਨਾਮ) ਸੁਣਿਆ ਕਰ (ਲੋਕ ਪਰਲੋਕ ਵਿਚ) ਇੱਜ਼ਤ ਖੱਟੇਂਗਾ ॥੧॥

ਜਪਿ ਮਨ ਪਰਮੇਸੁਰੁ ਪਰਧਾਨੁ ॥

ਹੇ ਮਨ! ਪਰਮੇਸਰ (ਦਾ ਨਾਮ) ਜਪਿਆ ਕਰ (ਉਹੀ ਸਭ ਤੋਂ) ਵੱਡਾ (ਹੈ)।

ਖਿਨ ਖੋਵੈ ਪਾਪ ਕੋਟਾਨ ॥

(ਨਾਮ ਜਪਣ ਦੀ ਬਰਕਤਿ ਨਾਲ) ਕ੍ਰੋੜਾਂ ਪਾਪਾਂ ਦਾ ਨਾਸ (ਇਕ) ਖਿਨ ਵਿਚ ਹੋ ਜਾਂਦਾ ਹੈ।

ਮਿਲੁ ਨਾਨਕ ਹਰਿ ਭਗਵਾਨ ॥੨॥੧॥੭॥

ਹੇ ਨਾਨਕ! ਸਦਾ ਹਰੀ ਭਗਵਾਨ (ਦੇ ਚਰਨਾਂ ਵਿਚ) ਜੁੜਿਆ ਰਹੁ ॥੨॥੧॥੭॥


ਪ੍ਰਭਾਤੀ ਮਹਲਾ ੫ ਬਿਭਾਸ ॥

ਰਾਗ ਪ੍ਰਭਾਤੀ/ਬਿਭਾਗ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਮਨੁ ਹਰਿ ਕੀਆ ਤਨੁ ਸਭੁ ਸਾਜਿਆ ॥

ਜਿਸ ਪਰਮਾਤਮਾ ਨੇ (ਤੇਰਾ) ਮਨ ਬਣਾਇਆ, (ਤੇਰਾ) ਸਰੀਰ ਬਣਾਇਆ,

ਪੰਚ ਤਤ ਰਚਿ ਜੋਤਿ ਨਿਵਾਜਿਆ ॥

(ਮਿੱਟੀ ਹਵਾ ਆਦਿਕ) ਪੰਜ ਤੱਤਾਂ ਦਾ ਪੁਤਲਾ ਬਣਾ ਕੇ (ਉਸ ਨੂੰ ਆਪਣੀ) ਜੋਤਿ ਨਾਲ ਸੋਹਣਾ ਬਣਾ ਦਿੱਤਾ,

ਸਿਹਜਾ ਧਰਤਿ ਬਰਤਨ ਕਉ ਪਾਨੀ ॥

(ਜਿਸ ਨੇ ਤੈਨੂੰ) ਲੇਟਣ ਵਾਸਤੇ ਧਰਤੀ ਦਿੱਤੀ, (ਜਿਸ ਨੇ ਤੈਨੂੰ) ਵਰਤਣ ਲਈ ਪਾਣੀ ਦਿੱਤਾ,

ਨਿਮਖ ਨ ਵਿਸਾਰਹੁ ਸੇਵਹੁ ਸਾਰਿਗਪਾਨੀ ॥੧॥

ਉਸ ਪਰਮਾਤਮਾ ਨੂੰ ਕਦੇ ਨਾਹ ਭੁਲਾਓ, ਉਸ ਨੂੰ (ਹਰ ਵੇਲੇ) ਸਿਮਰਦੇ ਰਹੋ ॥੧॥

ਮਨ ਸਤਿਗੁਰੁ ਸੇਵਿ ਹੋਇ ਪਰਮ ਗਤੇ ॥

ਹੇ (ਮੇਰੇ) ਮਨ! ਗੁਰੂ ਦੀ ਸਰਨ ਪਿਆ ਰਹੁ (ਇਸ ਤਰ੍ਹਾਂ) ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ।

ਹਰਖ ਸੋਗ ਤੇ ਰਹਹਿ ਨਿਰਾਰਾ ਤਾਂ ਤੂ ਪਾਵਹਿ ਪ੍ਰਾਨਪਤੇ ॥੧॥ ਰਹਾਉ ॥

ਜੇ ਤੂੰ (ਗੁਰੂ ਦੇ ਦਰ ਤੇ ਰਹਿ ਕੇ) ਖ਼ੁਸ਼ੀ ਗ਼ਮੀ ਤੋਂ ਨਿਰਲੇਪ ਟਿਕਿਆ ਰਹੇਂ, ਤਾਂ ਤੂੰ ਜਿੰਦ ਦੇ ਮਾਲਕ ਪ੍ਰਭੂ ਨੂੰ ਮਿਲ ਪਏਂਗਾ ॥੧॥ ਰਹਾਉ ॥

ਕਾਪੜ ਭੋਗ ਰਸ ਅਨਿਕ ਭੁੰਚਾਏ ॥

ਜਿਸ ਪਰਮਾਤਮਾ ਨੇ ਤੈਨੂੰ ਅਨੇਕਾਂ (ਕਿਸਮਾਂ ਦੇ) ਕੱਪੜੇ ਵਰਤਣ ਨੂੰ ਦਿੱਤੇ, ਜਿਸ ਨੇ ਤੈਨੂੰ ਅਨੇਕਾਂ ਚੰਗੇ ਚੰਗੇ ਪਦਾਰਥ ਖਾਣ-ਪੀਣ ਨੂੰ ਦਿੱਤੇ,

ਮਾਤ ਪਿਤਾ ਕੁਟੰਬ ਸਗਲ ਬਨਾਏ ॥

ਜਿਸ ਨੇ ਤੇਰੇ ਵਾਸਤੇ ਮਾਂ ਪਿਉ ਪਰਵਾਰ (ਆਦਿਕ) ਸਾਰੇ ਸੰਬੰਧੀ ਬਣਾ ਦਿੱਤੇ,

ਰਿਜਕੁ ਸਮਾਹੇ ਜਲਿ ਥਲਿ ਮੀਤ ॥

ਹੇ ਮਿੱਤਰ! ਜਿਹੜਾ ਪਰਮਾਤਮਾ ਪਾਣੀ ਵਿਚ ਧਰਤੀ ਵਿਚ (ਹਰ ਥਾਂ ਜੀਵਾਂ ਨੂੰ) ਰਿਜ਼ਕ ਅਪੜਾਂਦਾ ਹੈ,

ਸੋ ਹਰਿ ਸੇਵਹੁ ਨੀਤਾ ਨੀਤ ॥੨॥

ਉਸ ਪਰਮਾਤਮਾ ਨੂੰ ਸਦਾ ਹੀ ਸਦਾ ਹੀ ਯਾਦ ਕਰਦੇ ਰਹੋ ॥੨॥

ਤਹਾ ਸਖਾਈ ਜਹ ਕੋਇ ਨ ਹੋਵੈ ॥

ਜਿੱਥੇ ਕੋਈ ਭੀ ਮਦਦ ਨਹੀਂ ਕਰ ਸਕਦਾ, ਪਰਮਾਤਮਾ ਉੱਥੇ (ਭੀ) ਸਾਥੀ ਬਣਦਾ ਹੈ,

ਕੋਟਿ ਅਪ੍ਰਾਧ ਇਕ ਖਿਨ ਮਹਿ ਧੋਵੈ ॥

(ਜੀਵਾਂ ਦੇ) ਕ੍ਰੋੜਾਂ ਪਾਪ ਇਕ ਖਿਨ ਵਿਚ ਧੋ ਦੇਂਦਾ ਹੈ।

ਦਾਤਿ ਕਰੈ ਨਹੀ ਪਛੁੋਤਾਵੈ ॥

ਉਹ ਪ੍ਰਭੂ (ਸਭ ਜੀਵਾਂ ਨੂੰ) ਦਾਤਾਂ ਦੇਂਦਾ ਰਹਿੰਦਾ ਹੈ, ਕਦੇ (ਇਸ ਗੱਲੋਂ) ਪਛੁਤਾਂਦਾ ਨਹੀਂ।

ਏਕਾ ਬਖਸ ਫਿਰਿ ਬਹੁਰਿ ਨ ਬੁਲਾਵੈ ॥੩॥

(ਜਿਸ ਪ੍ਰਾਣੀ ਉਤੇ) ਇਕ ਵਾਰੀ ਬਖ਼ਸ਼ਸ਼ ਕਰ ਦੇਂਦਾ ਹੈ, ਉਸ ਨੂੰ (ਉਸ ਦੇ ਲੇਖਾ ਮੰਗਣ ਲਈ) ਫਿਰ ਨਹੀਂ ਸੱਦਦਾ ॥੩॥

ਕਿਰਤ ਸੰਜੋਗੀ ਪਾਇਆ ਭਾਲਿ ॥

ਪਿਛਲੇ ਕੀਤੇ ਕਰਮਾਂ ਦੇ ਸੰਜੋਗਾਂ ਨਾਲ (ਪਰਮਾਤਮਾ ਨੂੰ ਸਾਧ ਸੰਗਤ ਵਿਚ) ਢੂੰਢ ਕੇ ਲੱਭ ਲਈਦਾ ਹੈ।

ਸਾਧਸੰਗਤਿ ਮਹਿ ਬਸੇ ਗੁਪਾਲ ॥

ਸ੍ਰਿਸ਼ਟੀ ਦਾ ਰੱਖਿਅਕ ਪ੍ਰਭੂ ਸਾਧ ਸੰਗਤ ਵਿਚ ਵੱਸਦਾ ਹੈ।

ਗੁਰ ਮਿਲਿ ਆਏ ਤੁਮਰੈ ਦੁਆਰ ॥

ਹੇ ਪ੍ਰਭੂ ਗੁਰੂ ਦੀ ਸਰਨ ਪੈ ਕੇ ਮੈਂ ਤੇਰੇ ਦਰ ਤੇ ਆਇਆ ਹਾਂ।

ਜਨ ਨਾਨਕ ਦਰਸਨੁ ਦੇਹੁ ਮੁਰਾਰਿ ॥੪॥੧॥

ਹੇ ਮੁਰਾਰੀ! (ਆਪਣੇ) ਦਾਸ ਨਾਨਕ ਨੂੰ (ਆਪਣਾ) ਦੀਦਾਰ ਬਖ਼ਸ਼ ॥੪॥੧॥


ਪ੍ਰਭਾਤੀ ਮਹਲਾ ੫ ਘਰੁ ੨ ਬਿਭਾਸ ॥

ਰਾਗ ਪ੍ਰਭਾਤੀ/ਬਿਭਾਗ ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਅਵਰੁ ਨ ਦੂਜਾ ਠਾਉ ॥

(ਪਰਮਾਤਮਾ ਦੇ ਨਾਮ ਤੋਂ ਬਿਨਾ ਅਸੀਂ ਜੀਵਾਂ ਦਾ) ਹੋਰ ਕੋਈ ਦੂਜਾ ਆਸਰਾ ਨਹੀਂ ਹੈ,

ਨਾਹੀ ਬਿਨੁ ਹਰਿ ਨਾਉ ॥

ਪਰਮਾਤਮਾ ਦੇ ਨਾਮ ਤੋਂ ਬਿਨਾ (ਹੋਰ ਕੋਈ ਸਹਾਰਾ) ਨਹੀਂ ਹੈ।

ਸਰਬ ਸਿਧਿ ਕਲਿਆਨ ॥

(ਹਰਿ-ਨਾਮ ਵਿਚ ਹੀ) ਸਾਰੀਆਂ ਸਿਧੀਆਂ ਹਨ ਸਾਰੇ ਸੁਖ ਹਨ।

ਪੂਰਨ ਹੋਹਿ ਸਗਲ ਕਾਮ ॥੧॥

(ਨਾਮ ਜਪਣ ਦੀ ਬਰਕਤਿ ਨਾਲ) ਸਾਰੇ ਕੰਮ ਸਫਲ ਹੋ ਜਾਂਦੇ ਹਨ ॥੧॥

ਹਰਿ ਕੋ ਨਾਮੁ ਜਪੀਐ ਨੀਤ ॥

ਪਰਮਾਤਮਾ ਦਾ ਨਾਮ ਸਦਾ ਜਪਣਾ ਚਾਹੀਦਾ ਹੈ।

ਕਾਮ ਕ੍ਰੋਧ ਅਹੰਕਾਰੁ ਬਿਨਸੈ ਲਗੈ ਏਕੈ ਪ੍ਰੀਤਿ ॥੧॥ ਰਹਾਉ ॥

(ਜਿਹੜਾ ਮਨੁੱਖ ਜਪਦਾ ਹੈ ਉਸ ਦੇ ਅੰਦਰੋਂ) ਕਾਮ ਕ੍ਰੋਧ ਅਹੰਕਾਰ (ਆਦਿਕ ਹਰੇਕ ਵਿਕਾਰ) ਨਾਸ ਹੋ ਜਾਂਦਾ ਹੈ, (ਉਸ ਦੇ ਅੰਦਰ) ਇਕ ਪਰਮਾਤਮਾ ਨਾਲ ਹੀ ਪਿਆਰ ਬਣਿਆ ਰਹਿੰਦਾ ਹੈ ॥੧॥ ਰਹਾਉ ॥

ਨਾਮਿ ਲਾਗੈ ਦੂਖੁ ਭਾਗੈ ਸਰਨਿ ਪਾਲਨ ਜੋਗੁ ॥

(ਜਿਹੜਾ ਮਨੁੱਖ ਪਰਮਾਤਮਾ ਦੇ) ਨਾਮ ਵਿਚ ਜੁੜਦਾ ਹੈ (ਉਸ ਦਾ ਹਰੇਕ) ਦੁੱਖ ਦੂਰ ਹੋ ਜਾਂਦਾ ਹੈ (ਕਿਉਂਕਿ ਪਰਮਾਤਮਾ) ਸਰਨ ਪਏ ਮਨੁੱਖ ਦੀ ਰੱਖਿਆ ਕਰ ਸਕਣ ਵਾਲਾ ਹੈ।

ਸਤਿਗੁਰੁ ਭੇਟੈ ਜਮੁ ਨ ਤੇਟੈ ਜਿਸੁ ਧੁਰਿ ਹੋਵੈ ਸੰਜੋਗੁ ॥੨॥

ਜਿਸ ਮਨੁੱਖ ਨੂੰ ਧੁਰ ਦਰਗਾਹ ਤੋਂ (ਗੁਰੂ ਨਾਲ) ਮਿਲਾਪ ਦਾ ਅਵਸਰ ਮਿਲਦਾ ਹੈ, ਉਸ ਨੂੰ ਗੁਰੂ ਮਿਲ ਪੈਂਦਾ ਹੈ (ਤੇ, ਉਸ ਮਨੁੱਖ ਉੱਤੇ) ਜਮ (ਭੀ) ਜ਼ੋਰ ਨਹੀਂ ਪਾ ਸਕਦਾ ॥੨॥

ਰੈਨਿ ਦਿਨਸੁ ਧਿਆਇ ਹਰਿ ਹਰਿ ਤਜਹੁ ਮਨ ਕੇ ਭਰਮ ॥

(ਆਪਣੇ) ਮਨ ਦੀਆਂ ਸਾਰੀਆਂ ਭਟਕਣਾਂ ਛੱਡੋ, ਅਤੇ ਦਿਨ ਰਾਤ ਸਦਾ ਪਰਮਾਤਮਾ ਦਾ ਨਾਮ ਜਪਦੇ ਰਹੋ।

ਸਾਧਸੰਗਤਿ ਹਰਿ ਮਿਲੈ ਜਿਸਹਿ ਪੂਰਨ ਕਰਮ ॥੩॥

ਜਿਸ ਮਨੁੱਖ ਦੇ ਪੂਰੇ ਭਾਗ ਜਾਗਦੇ ਹਨ, ਉਸ ਨੂੰ ਗੁਰੂ ਦੀ ਸੰਗਤ ਵਿਚ ਪਰਮਾਤਮਾ ਮਿਲ ਪੈਂਦਾ ਹੈ ॥੩॥

ਜਨਮ ਜਨਮ ਬਿਖਾਦ ਬਿਨਸੇ ਰਾਖਿ ਲੀਨੇ ਆਪਿ ॥

(ਪਰਮਾਤਮਾ ਦਾ ਨਾਮ ਜਪਿਆਂ) ਅਨੇਕਾਂ ਜਨਮਾਂ ਦੇ ਦੁੱਖ-ਕਲੇਸ਼ ਨਾਸ ਹੋ ਜਾਂਦੇ ਹਨ, (ਦੁੱਖਾਂ-ਕਲੇਸ਼ਾਂ ਤੋਂ) ਪਰਮਾਤਮਾ ਆਪ ਹੀ ਬਚਾ ਲੈਂਦਾ ਹੈ।

ਮਾਤ ਪਿਤਾ ਮੀਤ ਭਾਈ ਜਨ ਨਾਨਕ ਹਰਿ ਹਰਿ ਜਾਪਿ ॥੪॥੧॥੧੩॥

ਹੇ ਦਾਸ ਨਾਨਕ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰ। ਪਰਮਾਤਮਾ ਹੀ ਮਾਂ ਪਿਉ ਮਿੱਤਰ ਭਰਾ ਹੈ ॥੪॥੧॥੧੩॥


ਪ੍ਰਭਾਤੀ ਮਹਲਾ ੫ ਬਿਭਾਸ ਪੜਤਾਲ ॥

ਰਾਗ ਪ੍ਰਭਾਤੀ/ਬਿਭਾਗ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਪੜਤਾਲ’।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਰਮ ਰਾਮ ਰਾਮ ਰਾਮ ਜਾਪ ॥

ਸਰਬ-ਵਿਆਪਕ ਪਰਮਾਤਮਾ ਦਾ ਨਾਮ ਸਦਾ ਜਪਿਆ ਕਰ।

ਕਲਿ ਕਲੇਸ ਲੋਭ ਮੋਹ ਬਿਨਸਿ ਜਾਇ ਅਹੰ ਤਾਪ ॥੧॥ ਰਹਾਉ ॥

(ਸਿਮਰਨ ਦੀ ਬਰਕਤਿ ਨਾਲ) ਦੁੱਖ ਕਲੇਸ਼ ਲੋਭ ਮੋਹ ਹਉਮੈ ਦਾ ਤਾਪ-(ਹਰੇਕ ਵਿਕਾਰ) ਨਾਸ ਹੋ ਜਾਂਦਾ ਹੈ ॥੧॥ ਰਹਾਉ ॥

ਆਪੁ ਤਿਆਗਿ ਸੰਤ ਚਰਨ ਲਾਗਿ ਮਨੁ ਪਵਿਤੁ ਜਾਹਿ ਪਾਪ ॥੧॥

ਆਪਾ-ਭਾਵ ਛੱਡ ਦੇਹ, ਸੰਤ ਜਨਾਂ ਦੇ ਚਰਨਾਂ ਵਿਚ ਟਿਕਿਆ ਰਹੁ। (ਇਸ ਤਰ੍ਹਾਂ) ਮਨ ਪਵਿੱਤਰ (ਹੋ ਜਾਂਦਾ ਹੈ, ਅਤੇ ਸਾਰੇ) ਪਾਪ ਦੂਰ ਹੋ ਜਾਂਦੇ ਹਨ ॥੧॥

ਨਾਨਕੁ ਬਾਰਿਕੁ ਕਛੂ ਨ ਜਾਨੈ ਰਾਖਨ ਕਉ ਪ੍ਰਭੁ ਮਾਈ ਬਾਪ ॥੨॥੧॥੧੪॥

ਨਾਨਕ (ਤਾਂ ਪ੍ਰਭੂ ਦਾ ਇਕ) ਅੰਞਾਣ ਬੱਚਾ (ਇਹਨਾਂ ਵਿਕਾਰਾਂ ਤੋਂ ਬਚਣ ਦਾ) ਕੋਈ ਢੰਗ ਨਹੀਂ ਜਾਣਦਾ। ਪ੍ਰਭੂ ਆਪ ਹੀ ਬਚਾ ਸਕਣ ਵਾਲਾ ਹੈ, ਉਹ ਪ੍ਰਭੂ ਹੀ (ਨਾਨਕ ਦਾ) ਮਾਂ ਪਿਉ ਹੈ ॥੨॥੧॥੧੪॥


ਪ੍ਰਭਾਤੀ ਅਸਟਪਦੀਆ ਮਹਲਾ ੧ ਬਿਭਾਸ ॥

ਰਾਗ ਪ੍ਰਭਾਤੀ/ਬਿਭਾਗ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਦੁਬਿਧਾ ਬਉਰੀ ਮਨੁ ਬਉਰਾਇਆ ॥

(ਮਾਇਆ ਦੇ ਮੋਹ ਦੇ ਕਾਰਨ ਮਨੁੱਖ ਦੀ ਮੱਤ) ਪਰਮਾਤਮਾ ਤੋਂ ਬਿਨਾ ਹੋਰ ਹੋਰ ਆਸਰੇ ਦੀ ਝਾਕ ਵਿਚ ਕਮਲੀ ਹੋ ਜਾਂਦੀ ਹੈ, ਮਨ (ਭੀ) ਕਮਲਾ ਹੋ ਜਾਂਦਾ ਹੈ।

ਝੂਠੈ ਲਾਲਚਿ ਜਨਮੁ ਗਵਾਇਆ ॥

(ਇਸ ਤਰ੍ਹਾਂ) ਝੂਠੇ ਲਾਲਚ ਵਿਚ ਫਸ ਕੇ ਮਨੁੱਖ ਆਪਣਾ ਜੀਵਨ ਜ਼ਾਇਆ ਕਰ ਲੈਂਦਾ ਹੈ।

ਲਪਟਿ ਰਹੀ ਫੁਨਿ ਬੰਧੁ ਨ ਪਾਇਆ ॥

(ਮਾਇਆ ਇਤਨੀ ਡਾਢੀ ਹੈ ਕਿ ਇਹ ਜੀਵ ਨੂੰ) ਮੁੜ ਮੁੜ ਚੰਬੜਦੀ ਹੈ, ਇਸ ਦੇ ਰਾਹ ਵਿਚ ਕੋਈ ਰੋਕ ਨਹੀਂ ਪੈ ਸਕਦੀ।

ਸਤਿਗੁਰਿ ਰਾਖੇ ਨਾਮੁ ਦ੍ਰਿੜਾਇਆ ॥੧॥

(ਹਾਂ) ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ, ਉਸ ਨੂੰ ਉਸ ਨੇ (ਮਾਇਆ ਦੇ ਪੰਜੇ ਤੋਂ) ਬਚਾ ਲਿਆ ॥੧॥

ਨਾ ਮਨੁ ਮਰੈ ਨ ਮਾਇਆ ਮਰੈ ॥

ਮਾਇਆ (ਇਤਨੀ ਪ੍ਰਬਲ ਹੈ ਕਿ ਇਹ ਜੀਵਾਂ ਉਤੇ) ਆਪਣਾ ਜ਼ੋਰ ਪਾਣੋਂ ਨਹੀਂ ਹਟਦੀ, (ਮਨੁੱਖ ਦਾ) ਮਨ (ਕਮਜ਼ੋਰ ਹੈ ਇਹ) ਮਾਇਆ ਦੇ ਮੋਹ ਵਿਚ ਫਸਣੋਂ ਨਹੀਂ ਹਟਦਾ।

ਜਿਨਿ ਕਿਛੁ ਕੀਆ ਸੋਈ ਜਾਣੈ ਸਬਦੁ ਵੀਚਾਰਿ ਭਉ ਸਾਗਰੁ ਤਰੈ ॥੧॥ ਰਹਾਉ ॥

ਜਿਸ ਪਰਮਾਤਮਾ ਨੇ ਇਹ ਖੇਡ ਰਚੀ ਹੈ ਉਹੀ ਜਾਣਦਾ ਹੈ (ਕਿ ਮਾਇਆ ਦੇ ਪ੍ਰਭਾਵ ਤੋਂ ਜੀਵ ਕਿਵੇਂ ਬਚ ਸਕਦਾ ਹੈ)। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਂਦਾ ਹੈ ਉਹ (ਮਾਇਆ ਦੇ ਮੋਹ-ਰੂਪ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੧॥ ਰਹਾਉ ॥

ਮਾਇਆ ਸੰਚਿ ਰਾਜੇ ਅਹੰਕਾਰੀ ॥

ਮਾਇਆ ਇਕੱਠੀ ਕਰ ਕੇ ਰਾਜੇ ਮਾਣ ਕਰਨ ਲੱਗ ਪੈਂਦੇ ਹਨ,

ਮਾਇਆ ਸਾਥਿ ਨ ਚਲੈ ਪਿਆਰੀ ॥

ਪਰ ਉਹਨਾਂ ਦੀ ਉਹ ਪਿਆਰੀ ਮਾਇਆ (ਅੰਤ ਵੇਲੇ) ਉਹਨਾਂ ਦੇ ਨਾਲ ਨਹੀਂ ਜਾਂਦੀ।

ਮਾਇਆ ਮਮਤਾ ਹੈ ਬਹੁ ਰੰਗੀ ॥

ਮਾਇਆ ਨੂੰ ਆਪਣੀ ਬਣਾਣ ਦੀ ਤਾਂਘ ਕਈ ਰੰਗਾਂ ਦੀ ਹੈ (ਭਾਵ, ਕਈ ਤਰੀਕਿਆਂ ਨਾਲ ਮਾਇਆ ਜੀਵ ਉਤੇ ਮਮਤਾ ਦਾ ਜਾਲ ਵਿਛਾਂਦੀ ਹੈ),

ਬਿਨੁ ਨਾਵੈ ਕੋ ਸਾਥਿ ਨ ਸੰਗੀ ॥੨॥

ਪਰ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਪਦਾਰਥ ਜੀਵ ਦਾ ਸੰਗੀ ਨਹੀਂ ਬਣਦਾ, ਜੀਵ ਦੇ ਨਾਲ ਨਹੀਂ ਜਾਂਦਾ ॥੨॥

ਜਿਉ ਮਨੁ ਦੇਖਹਿ ਪਰ ਮਨੁ ਤੈਸਾ ॥

(ਮਾਇਆ ਦੇ ਪ੍ਰਭਾਵ ਹੇਠ ਜੀਵਾਂ ਦੀ ਹਾਲਤ ਇਹ ਹੋ ਜਾਂਦੀ ਹੈ ਕਿ ਮਨੁੱਖ) ਜਿਵੇਂ ਆਪਣੇ ਮਨ ਨੂੰ ਵੇਖਦੇ ਹਨ, ਤਿਹੋ ਜਿਹਾ ਹੋਰਨਾਂ ਦੇ ਮਨ ਨੂੰ ਸਮਝਦੇ ਹਨ (ਭਾਵ, ਜਿਵੇਂ ਆਪਣੇ ਆਪ ਨੂੰ ਮਾਇਆ-ਵੱਸ ਜਾਣਦੇ ਹਨ ਤਿਵੇਂ ਹੋਰਨਾਂ ਨੂੰ ਭੀ ਮਾਇਆ ਦੇ ਲੋਭੀ ਸਮਝਦੇ ਹਨ। ਇਸ ਵਾਸਤੇ ਕੋਈ ਕਿਸੇ ਉਤੇ ਇਤਬਾਰ ਨਹੀਂ ਕਰਦਾ)।

ਜੈਸੀ ਮਨਸਾ ਤੈਸੀ ਦਸਾ ॥

(ਮਨੁੱਖ ਦੇ ਅੰਦਰ) ਜਿਹੋ ਜਿਹੀ ਕਾਮਨਾ ਉੱਠਦੀ ਹੈ ਤਿਹੋ ਜਿਹੀ ਉਸ ਦੇ ਆਤਮਕ ਜੀਵਨ ਦੀ ਹਾਲਤ ਹੋ ਜਾਂਦੀ ਹੈ,

ਜੈਸਾ ਕਰਮੁ ਤੈਸੀ ਲਿਵ ਲਾਵੈ ॥

(ਉਸ ਦਸ਼ਾ ਦੇ ਅਧੀਨ) ਮਨੁੱਖ ਜਿਹੋ ਜਿਹਾ ਕੰਮ (ਨਿੱਤ) ਕਰਦਾ ਹੈ, ਉਹੋ ਜਿਹੀ ਉਸ ਦੀ ਲਗਨ ਬਣਦੀ ਜਾਂਦੀ ਹੈ।

ਸਤਿਗੁਰੁ ਪੂਛਿ ਸਹਜ ਘਰੁ ਪਾਵੈ ॥੩॥

(ਇਸ ਗੇੜ ਵਿਚ ਫਸਿਆ ਮਨੁੱਖ ਸਾਰੀ ਉਮਰ ਮਾਇਆ ਦੀ ਖ਼ਾਤਰ ਭਟਕਦਾ ਫਿਰਦਾ ਹੈ)। ਸਤਿਗੁਰੂ ਪਾਸੋਂ ਸਿੱਖਿਆ ਲੈ ਕੇ ਹੀ ਮਨੁੱਖ ਆਤਮਕ ਅਡੋਲਤਾ ਦਾ ਟਿਕਾਣਾ ਲੱਭ ਸਕਦਾ ਹੈ ॥੩॥

ਰਾਗਿ ਨਾਦਿ ਮਨੁ ਦੂਜੈ ਭਾਇ ॥

(ਦੁਨੀਆ ਵਾਲਾ ਰਾਗ-ਰੰਗ ਭੀ ਮਾਇਆ ਦਾ ਹੀ ਸਰੂਪ ਹੈ। ਵਿਕਾਰ-ਵਾਸਨਾ ਪੈਦਾ ਕਰਨ ਵਾਲੇ) ਰਾਗ-ਰੰਗ ਵਿਚ ਫਸ ਕੇ ਮਨੁੱਖ ਦਾ ਮਨ ਪਰਮਾਤਮਾ ਤੋਂ ਬਿਨਾ ਹੋਰ ਹੋਰ ਮੋਹ ਵਿਚ ਫਸਦਾ ਹੈ।

ਅੰਤਰਿ ਕਪਟੁ ਮਹਾ ਦੁਖੁ ਪਾਇ ॥

(ਇਸ ਰਾਗ-ਰੰਗ ਦੀ ਰਾਹੀਂ ਜਿਉਂ ਜਿਉਂ ਵਿਕਾਰ-ਵਾਸਨਾ ਵਧਦੀ ਹੈ) ਮਨੁੱਖ ਦੇ ਅੰਦਰ ਖੋਟ ਪੈਦਾ ਹੁੰਦਾ ਹੈ (ਤੇ ਖੋਟ ਦੇ ਕਾਰਨ) ਮਨੁੱਖ ਬਹੁਤ ਦੁੱਖ ਪਾਂਦਾ ਹੈ।

ਸਤਿਗੁਰੁ ਭੇਟੈ ਸੋਝੀ ਪਾਇ ॥

ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ (ਸਹੀ ਜੀਵਨ ਰਾਹ ਦੀ) ਸਮਝ ਆ ਜਾਂਦੀ ਹੈ।

ਸਚੈ ਨਾਮਿ ਰਹੈ ਲਿਵ ਲਾਇ ॥੪॥

ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜੀ ਰੱਖਦਾ ਹੈ ॥੪॥

ਸਚੈ ਸਬਦਿ ਸਚੁ ਕਮਾਵੈ ॥

(ਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ ਉਹ) ਗੁਰੂ ਦੇ ਸੱਚੇ ਸ਼ਬਦ ਵਿਚ ਜੁੜ ਕੇ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਾਰ ਕਮਾਂਦਾ ਹੈ,

ਸਚੀ ਬਾਣੀ ਹਰਿ ਗੁਣ ਗਾਵੈ ॥

ਉਹ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਜੁੜਦਾ ਹੈ ਉਹ ਪਰਮਾਤਮਾ ਦੇ ਗੁਣ (ਸਦਾ) ਗਾਂਦਾ ਹੈ।

ਨਿਜ ਘਰਿ ਵਾਸੁ ਅਮਰ ਪਦੁ ਪਾਵੈ ॥

ਉਹ (ਬਾਹਰ ਮਾਇਆ ਦੇ ਪਿੱਛੇ ਭਟਕਣ ਦੇ ਥਾਂ) ਆਪਣੇ ਅੰਤਰ ਆਤਮੇ ਹੀ ਟਿਕਦਾ ਹੈ, ਉਸ ਨੂੰ ਉਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਜਿਥੇ ਸਦਾ ਉੱਚਾ ਆਤਮਕ ਜੀਵਨ ਬਣਿਆ ਰਹਿੰਦਾ ਹੈ।

ਤਾ ਦਰਿ ਸਾਚੈ ਸੋਭਾ ਪਾਵੈ ॥੫॥

ਤਦੋਂ ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਆਦਰ ਪਾਂਦਾ ਹੈ ॥੫॥

ਗੁਰ ਸੇਵਾ ਬਿਨੁ ਭਗਤਿ ਨ ਹੋਈ ॥

ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ,

ਅਨੇਕ ਜਤਨ ਕਰੈ ਜੇ ਕੋਈ ॥

ਭਾਵੇਂ ਕੋਈ ਮਨੁੱਖ ਅਨੇਕਾਂ ਜਤਨ ਭੀ ਕਰ ਲਏ। (ਹਉਮੈ ਤੇ ਮਮਤਾ ਮਨੁੱਖ ਦਾ ਮਨ ਭਗਤੀ ਵਿਚ ਜੁੜਨ ਨਹੀਂ ਦੇਂਦੇ)

ਹਉਮੈ ਮੇਰਾ ਸਬਦੇ ਖੋਈ ॥

ਇਹ ਹਉਮੈ ਤੇ ਮਮਤਾ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਨੁੱਖ (ਆਪਣੇ ਅੰਦਰੋਂ) ਦੂਰ ਕਰ ਸਕਦਾ ਹੈ।

ਨਿਰਮਲ ਨਾਮੁ ਵਸੈ ਮਨਿ ਸੋਈ ॥੬॥

ਜਿਸ ਮਨੁੱਖ ਦੇ ਮਨ ਵਿਚ (ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ) ਪਵਿਤ੍ਰ ਨਾਮ ਵੱਸ ਪੈਂਦਾ ਹੈ ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ ॥੬॥

ਇਸੁ ਜਗ ਮਹਿ ਸਬਦੁ ਕਰਣੀ ਹੈ ਸਾਰੁ ॥

ਸਤਿਗੁਰੂ ਦਾ ਸ਼ਬਦ (ਹਿਰਦੇ ਵਿਚ ਵਸਾਣਾ) ਇਸ ਜਗਤ ਵਿਚ ਸਭ ਤੋਂ ਸ੍ਰੇਸ਼ਟ ਕਰਤੱਬ ਹੈ।

ਬਿਨੁ ਸਬਦੈ ਹੋਰੁ ਮੋਹੁ ਗੁਬਾਰੁ ॥

ਗੁਰ-ਸ਼ਬਦ ਤੋਂ ਬਿਨਾ ਮਨੁੱਖ ਦੀ ਜਿੰਦ ਵਾਸਤੇ (ਚਾਰ ਚੁਫੇਰੇ) ਹੋਰ ਸਭ ਕੁਝ ਮੋਹ (-ਰੂਪ) ਘੁੱਪ ਹਨੇਰਾ ਪੈਦਾ ਕਰਨ ਵਾਲਾ ਹੈ।

ਸਬਦੇ ਨਾਮੁ ਰਖੈ ਉਰਿ ਧਾਰਿ ॥

ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਟਿਕਾ ਕੇ ਰੱਖਦਾ ਹੈ,

ਸਬਦੇ ਗਤਿ ਮਤਿ ਮੋਖ ਦੁਆਰੁ ॥੭॥

ਉਹ ਸ਼ਬਦ ਵਿਚ ਜੁੜ ਕੇ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ਉਸ ਦੀ ਮੱਤ ਸੁਚੱਜੀ ਹੋ ਜਾਂਦੀ ਹੈ, ਉਹ (ਮਾਇਆ ਦੇ ਮੋਹ ਤੋਂ) ਖ਼ਲਾਸੀ ਪਾਣ ਦਾ ਰਸਤਾ ਲੱਭ ਲੈਂਦਾ ਹੈ ॥੭॥

ਅਵਰੁ ਨਾਹੀ ਕਰਿ ਦੇਖਣਹਾਰੋ ॥

(ਗੁਰੂ ਦੇ ਸ਼ਬਦ ਵਿਚ ਜੁੜਨ ਵਾਲੇ ਨੂੰ ਇਹ ਸਮਝ ਆ ਜਾਂਦੀ ਹੈ ਕਿ) ਜਗਤ ਰਚ ਕੇ ਇਸ ਦੀ ਸੰਭਾਲ ਕਰਨ ਵਾਲਾ ਇਕ ਪਰਮਾਤਮਾ ਹੀ ਹੈ, ਹੋਰ ਕੋਈ ਦੂਜਾ ਨਹੀਂ ਹੈ।

ਸਾਚਾ ਆਪਿ ਅਨੂਪੁ ਅਪਾਰੋ ॥

ਉਹ ਪ੍ਰਭੂ ਆਪ ਸਦਾ-ਥਿਰ ਰਹਿਣ ਵਾਲਾ ਹੈ, ਉਸ ਵਰਗਾ ਹੋਰ ਕੋਈ ਨਹੀਂ, ਤੇ ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ।

ਰਾਮ ਨਾਮ ਊਤਮ ਗਤਿ ਹੋਈ ॥

ਉਹ ਮਨੁੱਖ ਪ੍ਰਭੂ ਦਾ ਨਾਮ ਜਪ ਕੇ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ।

ਨਾਨਕ ਖੋਜਿ ਲਹੈ ਜਨੁ ਕੋਈ ॥੮॥੧॥

ਪਰ, ਹੇ ਨਾਨਕ! ਕੋਈ ਵਿਰਲਾ ਮਨੁੱਖ ਹੀ (ਗੁਰੂ ਦੇ ਸ਼ਬਦ ਦੀ ਰਾਹੀਂ) ਭਾਲ ਕਰ ਕੇ ਪਰਮਾਤਮਾ ਦੀ ਪ੍ਰਾਪਤੀ ਕਰਦਾ ਹੈ ॥੮॥੧॥


ਪ੍ਰਭਾਤੀ ਮਹਲਾ ੩ ਬਿਭਾਸ ॥

ਰਾਗ ਪ੍ਰਭਾਤੀ/ਬਿਭਾਗ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਗੁਰਪਰਸਾਦੀ ਵੇਖੁ ਤੂ ਹਰਿ ਮੰਦਰੁ ਤੇਰੈ ਨਾਲਿ ॥

ਤੂੰ ਗੁਰੂ ਦੀ ਕਿਰਪਾ ਨਾਲ ਵੇਖ, ਪਰਮਾਤਮਾ ਦਾ ਘਰ ਤੇਰੇ ਨਾਲ ਹੈ (ਤੇਰੇ ਅੰਦਰ ਹੀ ਹੈ।

ਹਰਿ ਮੰਦਰੁ ਸਬਦੇ ਖੋਜੀਐ ਹਰਿ ਨਾਮੋ ਲੇਹੁ ਸਮਾਲਿ੍ ॥੧॥

ਇਸ) ‘ਹਰਿ ਮੰਦਰ’ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਲੱਭਿਆ ਜਾ ਸਕਦਾ ਹੈ (ਗੁਰੂ ਦੇ ਸ਼ਬਦ ਵਿਚ ਜੁੜ, ਅਤੇ) ਪਰਮਾਤਮਾ ਦਾ ਨਾਮ ਆਪਣੇ ਅੰਦਰ ਸਾਂਭ ਕੇ ਰੱਖ ॥੧॥

ਮਨ ਮੇਰੇ ਸਬਦਿ ਰਪੈ ਰੰਗੁ ਹੋਇ ॥

ਹੇ ਮੇਰੇ ਮਨ! (ਜਿਹੜਾ ਮਨੁੱਖ ਗੁਰੂ ਦੇ) ਸ਼ਬਦ ਵਿਚ ਰੰਗਿਆ ਜਾਂਦਾ ਹੈ (ਉਸ ਦੇ ਮਨ ਨੂੰ ਪਰਮਾਤਮਾ ਦੀ ਭਗਤੀ ਦਾ) ਰੰਗ ਚੜ੍ਹ ਜਾਂਦਾ ਹੈ।

ਸਚੀ ਭਗਤਿ ਸਚਾ ਹਰਿ ਮੰਦਰੁ ਪ੍ਰਗਟੀ ਸਾਚੀ ਸੋਇ ॥੧॥ ਰਹਾਉ ॥

ਉਸ ਨੂੰ ਸਦਾ-ਥਿਰ ਪ੍ਰਭੂ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ, ਉਸ ਦੀ ਸੋਭਾ ਸਦਾ ਲਈ (ਲੋਕ ਪਰਲੋਕ ਵਿਚ) ਖਿਲਰ ਜਾਂਦੀ ਹੈ। (ਉਸ ਮਨੁੱਖ ਦਾ ਸਰੀਰ) ਪਰਮਾਤਮਾ ਦਾ ਕਦੇ ਨਾਹ ਡੋਲਣ ਵਾਲਾ ਘਰ ਬਣ ਜਾਂਦਾ ਹੈ (ਉਸ ਦਾ ਸਰੀਰ ਅਜਿਹਾ ‘ਹਰਿ ਮੰਦਰ’ ਬਣ ਜਾਂਦਾ ਹੈ ਜਿਸ ਨੂੰ ਵਿਕਾਰਾਂ ਦਾ ਝੱਖੜ ਹਿਲਾ ਨਹੀਂ ਸਕਦਾ) ॥੧॥ ਰਹਾਉ ॥

ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ ॥

(ਮਨੁੱਖ ਦਾ) ਇਹ ਸਰੀਰ ‘ਹਰਿ-ਮੰਦਰ’ ਹੈ (ਪਰ ਇਹ ਭੇਤ ਸਤਿਗੁਰੂ ਦੀ ਬਖ਼ਸ਼ੀ) ਆਤਮਕ ਜੀਵਨ ਦੀ ਕੀਮਤੀ ਸੂਝ ਦੀ ਰਾਹੀਂ ਖੁਲ੍ਹਦਾ ਹੈ।

ਮਨਮੁਖ ਮੂਲੁ ਨ ਜਾਣਨੀ ਮਾਣਸਿ ਹਰਿ ਮੰਦਰੁ ਨ ਹੋਇ ॥੨॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ (ਜਗਤ ਦੇ) ਮੂਲ (ਪਰਮਾਤਮਾ) ਨਾਲ ਸਾਂਝ ਨਹੀਂ ਪਾਂਦੇ (ਇਸ ਵਾਸਤੇ ਉਹ ਸਮਝਦੇ ਹਨ ਕਿ) ਮਨੁੱਖ ਦੇ ਅੰਦਰ ‘ਹਰਿ-ਮੰਦਰ’ ਨਹੀਂ ਹੋ ਸਕਦਾ ॥੨॥

ਹਰਿ ਮੰਦਰੁ ਹਰਿ ਜੀਉ ਸਾਜਿਆ ਰਖਿਆ ਹੁਕਮਿ ਸਵਾਰਿ ॥

(ਇਹ ਮਨੁੱਖਾ ਸਰੀਰ) ‘ਹਰਿ-ਮੰਦਰ’ ਪ੍ਰਭੂ ਜੀ ਨੇ ਆਪ ਬਣਾਇਆ ਹੈ (ਅਤੇ ਆਪਣੇ) ਹੁਕਮ ਨਾਲ ਸਜਾ ਰੱਖਿਆ ਹੈ।

ਧੁਰਿ ਲੇਖੁ ਲਿਖਿਆ ਸੁ ਕਮਾਵਣਾ ਕੋਇ ਨ ਮੇਟਣਹਾਰੁ ॥੩॥

ਧੁਰ ਦਰਗਾਹ ਤੋਂ (ਹਰੇਕ ਮਨੁੱਖ ਦੇ ਕੀਤੇ ਕਰਮਾਂ ਅਨੁਸਾਰ ਜਿਹੜਾ) ਲੇਖ (ਹਰੇਕ ਸਰੀਰ-ਹਰਿ-ਮੰਦਰ ਵਿਚ) ਲਿਖਿਆ ਜਾਂਦਾ ਹੈ ਉਸ ਲੇਖ ਅਨੁਸਾਰ ਹਰੇਕ ਪ੍ਰਾਣੀ ਨੂੰ ਤੁਰਨਾ ਪੈਂਦਾ ਹੈ। ਕੋਈ ਮਨੁੱਖ (ਆਪਣੇ ਕਿਸੇ ਉੱਦਮ ਨਾਲ ਉਸ ਲੇਖ ਨੂੰ) ਮਿਟਾਣ ਜੋਗਾ ਨਹੀਂ ਹੈ ॥੩॥

ਸਬਦੁ ਚੀਨਿ੍ ਸੁਖੁ ਪਾਇਆ ਸਚੈ ਨਾਇ ਪਿਆਰ ॥

(ਗੁਰੂ ਦੇ ਸ਼ਬਦ ਦੀ ਰਾਹੀਂ) ਸਦਾ-ਥਿਰ ਹਰਿ-ਨਾਮ ਵਿਚ (ਜਿਸ ਮਨੁੱਖ ਨੇ) ਪਿਆਰ ਪਾਇਆ, ਉਸ ਨੇ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਆਤਮਕ ਆਨੰਦ ਪ੍ਰਾਪਤ ਕੀਤਾ।

ਹਰਿ ਮੰਦਰੁ ਸਬਦੇ ਸੋਹਣਾ ਕੰਚਨੁ ਕੋਟੁ ਅਪਾਰ ॥੪॥

(ਉਸ ਮਨੁੱਖ ਦਾ ਸਰੀਰ-) ਹਰਿ-ਮੰਦਰ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਸੋਹਣਾ ਬਣ ਗਿਆ, (ਉਹ ਹਰਿ-ਮੰਦਰ) ਬੇਅੰਤ ਪ੍ਰਭੂ (ਦੇ ਨਿਵਾਸ) ਵਾਸਤੇ (ਮਾਨੋ) ਸੋਨੇ ਦਾ ਕਿਲ੍ਹਾ ਬਣ ਗਿਆ ॥੪॥

ਹਰਿ ਮੰਦਰੁ ਏਹੁ ਜਗਤੁ ਹੈ ਗੁਰ ਬਿਨੁ ਘੋਰੰਧਾਰ ॥

ਇਹ ਸਾਰਾ ਸੰਸਾਰ ਭੀ ‘ਹਰਿ-ਮੰਦਰ’ ਹੀ ਹੈ (ਪਰਮਾਤਮਾ ਦੇ ਰਹਿਣ ਦਾ ਘਰ ਹੈ)। ਪਰ ਗੁਰੂ (ਦੀ ਸਰਨ) ਤੋਂ ਬਿਨਾ (ਆਤਮਕ ਜੀਵਨ ਵਲੋਂ) ਘੁੱਪ ਹਨੇਰਾ ਬਣਿਆ ਰਹਿੰਦਾ ਹੈ (ਤੇ, ਜੀਵਾਂ ਨੂੰ ਇਸ ਭੇਤ ਦੀ ਸਮਝ ਨਹੀਂ ਪੈਂਦੀ)।

ਦੂਜਾ ਭਾਉ ਕਰਿ ਪੂਜਦੇ ਮਨਮੁਖ ਅੰਧ ਗਵਾਰ ॥੫॥

ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ, ਆਤਮਕ ਜੀਵਨ ਵਲੋਂ ਅੰਨ੍ਹੇ ਹੋਏ ਹੋਏ ਮੂਰਖ ਮਨੁੱਖ (ਪਰਮਾਤਮਾ ਤੋਂ ਬਿਨਾ) ਹੋਰ ਨਾਲ ਪਿਆਰ ਪਾ ਕੇ ਉਸ ਨੂੰ ਪੂਜਦੇ-ਸਤਕਾਰਦੇ ਰਹਿੰਦੇ ਹਨ ॥੫॥

ਜਿਥੈ ਲੇਖਾ ਮੰਗੀਐ ਤਿਥੈ ਦੇਹ ਜਾਤਿ ਨ ਜਾਇ ॥

ਜਿੱਥੇ (ਪਰਮਾਤਮਾ ਦੀ ਦਰਗਾਹ ਵਿਚ ਮਨੁੱਖ ਪਾਸੋਂ ਉਸ ਦੇ ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ ਉਥੇ (ਮਨੁੱਖ ਦੇ ਨਾਲ) ਨਾਹ (ਇਹ) ਸਰੀਰ ਜਾਂਦਾ ਹੈ ਨਾਹ (ਉੱਚੀ ਨੀਵੀਂ) ਜਾਤਿ ਜਾਂਦੀ ਹੈ।

ਸਾਚਿ ਰਤੇ ਸੇ ਉਬਰੇ ਦੁਖੀਏ ਦੂਜੈ ਭਾਇ ॥੬॥

(ਜਿਹੜੇ ਮਨੁੱਖ) ਸਦਾ-ਥਿਰ ਹਰਿ-ਨਾਮ ਵਿਚ ਰੰਗੇ ਰਹਿੰਦੇ ਹਨ, ਉਹ (ਉਥੇ ਲੇਖਾ ਹੋਣ ਸਮੇ) ਸੁਰਖ਼ਰੂ ਹੋ ਜਾਂਦੇ ਹਨ, (ਜਿਹੜੇ) ਮਾਇਆ ਦੇ ਪਿਆਰ ਵਿਚ (ਹੀ ਜ਼ਿੰਦਗੀ ਦੇ ਦਿਨ ਗੁਜ਼ਾਰ ਜਾਂਦੇ ਹਨ, ਉਹ ਉਥੇ) ਦੁਖੀ ਹੁੰਦੇ ਹਨ ॥੬॥

ਹਰਿ ਮੰਦਰ ਮਹਿ ਨਾਮੁ ਨਿਧਾਨੁ ਹੈ ਨਾ ਬੂਝਹਿ ਮੁਗਧ ਗਵਾਰ ॥

(ਇਸ ਸਰੀਰ-) ‘ਹਰਿ-ਮੰਦਰ’ ਵਿਚ ਪਰਮਾਤਮਾ ਦਾ ਨਾਮ (ਮਨੁੱਖ ਵਾਸਤੇ) ਖ਼ਜ਼ਾਨਾ ਹੈ, ਪਰ ਮੂਰਖ ਬੰਦੇ (ਇਹ ਗੱਲ) ਨਹੀਂ ਸਮਝਦੇ।

ਗੁਰਪਰਸਾਦੀ ਚੀਨਿ੍ਆ ਹਰਿ ਰਾਖਿਆ ਉਰਿ ਧਾਰਿ ॥੭॥

ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ (ਇਹ ਭੇਤ) ਸਮਝ ਲਿਆ, ਉਹਨਾਂ ਨੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਸਾਂਭ ਕੇ ਰੱਖ ਲਿਆ ॥੭॥

ਗੁਰ ਕੀ ਬਾਣੀ ਗੁਰ ਤੇ ਜਾਤੀ ਜਿ ਸਬਦਿ ਰਤੇ ਰੰਗੁ ਲਾਇ ॥

ਜਿਹੜੇ ਮਨੁੱਖ (ਗੁਰੂ ਦੀ ਰਾਹੀਂ ਪਰਮਾਤਮਾ ਨਾਲ) ਪਿਆਰ ਬਣਾ ਕੇ ਗੁਰੂ ਦੇ ਸ਼ਬਦ ਵਿਚ ਰੰਗੇ ਰਹਿੰਦੇ ਹਨ, ਉਹ ਮਨੁੱਖ ਗੁਰੂ ਪਾਸੋਂ ਗੁਰੂ ਦੀ ਬਾਣੀ (ਦੀ ਕਦਰ) ਸਮਝ ਲੈਂਦੇ ਹਨ।

ਪਵਿਤੁ ਪਾਵਨ ਸੇ ਜਨ ਨਿਰਮਲ ਹਰਿ ਕੈ ਨਾਮਿ ਸਮਾਇ ॥੮॥

ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਲੀਨ ਰਹਿ ਕੇ ਸੁੱਚੇ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ ॥੮॥

ਹਰਿ ਮੰਦਰੁ ਹਰਿ ਕਾ ਹਾਟੁ ਹੈ ਰਖਿਆ ਸਬਦਿ ਸਵਾਰਿ ॥

(ਇਹ ਮਨੁੱਖਾ ਸਰੀਰ) ‘ਹਰਿ-ਮੰਦਰ’ ਪਰਮਾਤਮਾ (ਦੇ ਨਾਮ-ਵੱਖਰ) ਦਾ ਹੱਟ ਹੈ, ਇਸ (ਹੱਟ) ਨੂੰ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਸਜਾ ਕੇ ਰੱਖਿਆ ਜਾ ਸਕਦਾ ਹੈ।

ਤਿਸੁ ਵਿਚਿ ਸਉਦਾ ਏਕੁ ਨਾਮੁ ਗੁਰਮੁਖਿ ਲੈਨਿ ਸਵਾਰਿ ॥੯॥

ਇਸ (ਸਰੀਰ ਹੱਟ) ਵਿਚ ਪਰਮਾਤਮਾ ਦਾ ਨਾਮ-ਸੌਦਾ (ਮਿਲ ਸਕਦਾ) ਹੈ। (ਪਰ ਸਿਰਫ਼) ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਹੀ ਆਪਣੇ ਜੀਵਨ ਨੂੰ) ਸੋਹਣਾ ਬਣਾ ਕੇ (ਇਹ ਸੌਦਾ) ਲੈਂਦੇ ਹਨ ॥੯॥

ਹਰਿ ਮੰਦਰ ਮਹਿ ਮਨੁ ਲੋਹਟੁ ਹੈ ਮੋਹਿਆ ਦੂਜੈ ਭਾਇ ॥

(ਜਿਹੜਾ ਮਨੁੱਖ) ਮਾਇਆ ਦੇ ਮੋਹ ਵਿਚ (ਫਸ ਕੇ ਆਤਮਕ ਜੀਵਨ ਦੀ ਰਾਸਿ-ਪੂੰਜੀ) ਲੁਟਾ ਬੈਠਦਾ ਹੈ, (ਉਸ ਦਾ) ਮਨ (ਇਸ ਸਰੀਰ-) ਹਰਿ-ਮੰਦਰ ਵਿਚ ਲੋਹਾ (ਹੀ ਬਣਿਆ ਰਹਿੰਦਾ) ਹੈ।

ਪਾਰਸਿ ਭੇਟਿਐ ਕੰਚਨੁ ਭਇਆ ਕੀਮਤਿ ਕਹੀ ਨ ਜਾਇ ॥੧੦॥

(ਪਰ, ਹਾਂ) ਜੇ ਗੁਰੂ-ਪਾਰਸ ਮਿਲ ਪਏ (ਤਾਂ ਲੋਹੇ ਵਰਗਾ ਨਿਕੰਮਾ ਬਣਿਆ ਉਸ ਦਾ ਮਨ) ਸੋਨਾ ਹੋ ਜਾਂਦਾ ਹੈ (ਫਿਰ ਉਹ ਇਤਨੇ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ ਕਿ ਉਸ ਦਾ) ਮੁੱਲ ਨਹੀਂ ਦੱਸਿਆ ਜਾ ਸਕਦਾ ॥੧੦॥

ਹਰਿ ਮੰਦਰ ਮਹਿ ਹਰਿ ਵਸੈ ਸਰਬ ਨਿਰੰਤਰਿ ਸੋਇ ॥

(ਇਸ ਸਰੀਰ-) ‘ਹਰਿ-ਮੰਦਰ’ ਵਿਚ ਪਰਮਾਤਮਾ (ਆਪ) ਵੱਸਦਾ ਹੈ, ਉਹ ਪਰਮਾਤਮਾ ਸਭ ਜੀਵਾਂ ਵਿਚ ਹੀ ਇਕ-ਰਸ ਵੱਸ ਰਿਹਾ ਹੈ।

ਨਾਨਕ ਗੁਰਮੁਖਿ ਵਣਜੀਐ ਸਚਾ ਸਉਦਾ ਹੋਇ ॥੧੧॥੧॥

ਹੇ ਨਾਨਕ! (ਸਰਬ-ਨਿਵਾਸੀ ਪ੍ਰਭੂ ਦੇ ਨਾਮ ਦਾ ਸੌਦਾ) ਗੁਰੂ ਦੀ ਰਾਹੀਂ ਵਣਜਿਆ ਜਾ ਸਕਦਾ ਹੈ। ਇਹ ਸੌਦਾ ਸਦਾ ਕਾਇਮ ਰਹਿਣ ਵਾਲਾ ਸੌਦਾ ਹੈ ॥੧੧॥੧॥


ਬਿਭਾਸ ਪ੍ਰਭਾਤੀ ਮਹਲਾ ੫ ਅਸਟਪਦੀਆ ॥

ਰਾਗ ਪ੍ਰਭਾਤੀ/ਬਿਭਾਗ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਮਾਤ ਪਿਤਾ ਭਾਈ ਸੁਤੁ ਬਨਿਤਾ ॥

ਮਾਂ, ਪਿਉ, ਭਰਾ, ਪੁੱਤਰ, ਇਸਤ੍ਰੀ (ਪਰਵਾਰਾਂ ਦੇ ਇਹ ਸਾਰੇ ਸਾਥੀ)-

ਚੂਗਹਿ ਚੋਗ ਅਨੰਦ ਸਿਉ ਜੁਗਤਾ ॥

ਰਲ ਕੇ ਮੌਜ ਨਾਲ (ਮਾਇਆ ਦੇ) ਭੋਗ ਭੋਗਦੇ ਰਹਿੰਦੇ ਹਨ।

ਉਰਝਿ ਪਰਿਓ ਮਨ ਮੀਠ ਮੁੋਹਾਰਾ ॥

(ਸਭਨਾਂ ਦੇ) ਮਨ (ਮਾਇਆ ਦੇ) ਮੋਹ ਦੀ ਮਿਠਾਸ ਵਿਚ ਫਸੇ ਰਹਿੰਦੇ ਹਨ।

ਗੁਨ ਗਾਹਕ ਮੇਰੇ ਪ੍ਰਾਨ ਅਧਾਰਾ ॥੧॥

(ਪਰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ) ਗੁਣਾਂ ਦੇ ਗਾਹਕ (ਸੰਤ-ਜਨ) ਮੇਰੀ ਜ਼ਿੰਦਗੀ ਦਾ ਆਸਰਾ ਬਣ ਗਏ ਹਨ ॥੧॥

ਏਕੁ ਹਮਾਰਾ ਅੰਤਰਜਾਮੀ ॥

ਸਭ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ਹੀ ਮੇਰਾ (ਰਾਖਾ) ਹੈ।

ਧਰ ਏਕਾ ਮੈ ਟਿਕ ਏਕਸੁ ਕੀ ਸਿਰਿ ਸਾਹਾ ਵਡ ਪੁਰਖੁ ਸੁਆਮੀ ॥੧॥ ਰਹਾਉ ॥

ਮੈਨੂੰ ਸਿਰਫ਼ ਪਰਮਾਤਮਾ ਦਾ ਹੀ ਆਸਰਾ ਹੈ, ਮੈਨੂੰ ਸਿਰਫ਼ ਇਕ ਪਰਮਾਤਮਾ ਦਾ ਹੀ ਸਹਾਰਾ ਹੈ। (ਮੇਰਾ) ਉਹ ਮਾਲਕ ਵੱਡੇ ਵੱਡੇ ਬਾਦਸ਼ਾਹਾਂ ਦੇ ਸਿਰ ਉੱਤੇ (ਭੀ) ਖਸਮ ਹੈ ॥੧॥ ਰਹਾਉ ॥

ਛਲ ਨਾਗਨਿ ਸਿਉ ਮੇਰੀ ਟੂਟਨਿ ਹੋਈ ॥

(ਸੋ, ਗੁਰੂ ਦੀ ਕਿਰਪਾ ਨਾਲ) ਇਸ ਛਲ ਕਰਨ ਵਾਲੀ ਸਪਣੀ (-ਮਾਇਆ) ਨਾਲੋਂ ਮੇਰਾ ਸੰਬੰਧ ਟੁੱਟ ਗਿਆ ਹੈ,

ਗੁਰਿ ਕਹਿਆ ਇਹ ਝੂਠੀ ਧੋਹੀ ॥

(ਕਿਉਂਕਿ) ਗੁਰੂ ਨੇ (ਮੈਨੂੰ) ਦੱਸ ਦਿੱਤਾ ਹੈ ਕਿ ਇਹ (ਮਾਇਆ) ਝੂਠੀ ਹੈ ਤੇ ਠੱਗੀ ਕਰਨ ਵਾਲੀ ਹੈ।

ਮੁਖਿ ਮੀਠੀ ਖਾਈ ਕਉਰਾਇ ॥

(ਇਹ ਮਾਇਆ ਉਸ ਚੀਜ਼ ਵਰਗੀ ਹੈ ਜੋ) ਮੂੰਹ ਵਿਚ ਮਿੱਠੀ ਲੱਗਦੀ ਹੈ, ਪਰ ਖਾਧਿਆਂ ਕੌੜਾ ਸੁਆਦ ਦੇਂਦੀ ਹੈ।

ਅੰਮ੍ਰਿਤ ਨਾਮਿ ਮਨੁ ਰਹਿਆ ਅਘਾਇ ॥੨॥

ਮੇਰਾ ਮਨ ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ ਨਾਲ ਰੱਜਿਆ ਰਹਿੰਦਾ ਹੈ ॥੨॥

ਲੋਭ ਮੋਹ ਸਿਉ ਗਈ ਵਿਖੋਟਿ ॥

ਲੋਭ ਮੋਹ (ਆਦਿਕ) ਨਾਲੋਂ ਮੇਰਾ ਇਤਬਾਰ ਮੁੱਕ ਗਿਆ ਹੈ,

ਗੁਰਿ ਕ੍ਰਿਪਾਲਿ ਮੋਹਿ ਕੀਨੀ ਛੋਟਿ ॥

ਕਿਰਪਾਲ ਗੁਰੂ ਨੇ ਮੇਰੇ ਉੱਤੇ (ਇਹ) ਬਖ਼ਸ਼ਸ਼ ਕੀਤੀ ਹੈ।

ਇਹ ਠਗਵਾਰੀ ਬਹੁਤੁ ਘਰ ਗਾਲੇ ॥

ਠੱਗਾਂ ਦੇ ਇਸ ਟੋਲੇ ਨੇ ਅਨੇਕਾਂ ਘਰ (ਹਿਰਦੇ) ਤਬਾਹ ਕਰ ਦਿੱਤੇ ਹਨ।

ਹਮ ਗੁਰਿ ਰਾਖਿ ਲੀਏ ਕਿਰਪਾਲੇ ॥੩॥

ਮੈਨੂੰ ਤਾਂ (ਇਹਨਾਂ ਪਾਸੋਂ) ਦਇਆ ਦੇ ਸੋਮੇ ਗੁਰੂ ਨੇ ਬਚਾ ਲਿਆ ਹੈ ॥੩॥

ਕਾਮ ਕ੍ਰੋਧ ਸਿਉ ਠਾਟੁ ਨ ਬਨਿਆ ॥

ਕਾਮ ਕ੍ਰੋਧ (ਆਦਿਕ) ਨਾਲ ਮੇਰੀ ਸਾਂਝ ਨਹੀਂ ਬਣੀ।

ਗੁਰ ਉਪਦੇਸੁ ਮੋਹਿ ਕਾਨੀ ਸੁਨਿਆ ॥

ਗੁਰੂ ਦਾ ਉਪਦੇਸ਼ ਮੈਂ ਬੜੇ ਧਿਆਨ ਨਾਲ ਸੁਣਿਆ ਹੈ।

ਜਹ ਦੇਖਉ ਤਹ ਮਹਾ ਚੰਡਾਲ ॥

ਮੈਂ ਜਿਧਰ ਵੇਖਦਾ ਹਾਂ, ਉਧਰ ਇਹ ਵੱਡੇ ਚੰਡਾਲ (ਆਪਣਾ ਜ਼ੋਰ ਪਾ ਰਹੇ ਹਨ),

ਰਾਖਿ ਲੀਏ ਅਪੁਨੈ ਗੁਰਿ ਗੋਪਾਲ ॥੪॥

ਮੈਨੂੰ ਤਾਂ ਮੇਰੇ ਗੁਰੂ ਨੇ ਗੋਪਾਲ ਨੇ (ਇਹਨਾਂ ਤੋਂ) ਬਚਾ ਲਿਆ ਹੈ ॥੪॥

ਦਸ ਨਾਰੀ ਮੈ ਕਰੀ ਦੁਹਾਗਨਿ ॥

(ਆਪਣੀਆਂ) ਦਸਾਂ ਹੀ ਇੰਦ੍ਰੀਆਂ ਨੂੰ ਮੈਂ ਛੁੱਟੜ ਕਰ ਦਿੱਤਾ ਹੈ,

ਗੁਰਿ ਕਹਿਆ ਏਹ ਰਸਹਿ ਬਿਖਾਗਨਿ ॥

(ਰਸਾਂ ਦੀ ਖ਼ੁਰਾਕ ਅਪੜਾਣੀ ਬੰਦ ਕਰ ਦਿੱਤੀ ਹੈ, ਕਿਉਂਕਿ) ਗੁਰੂ ਨੇ (ਮੈਨੂੰ) ਦੱਸਿਆ ਹੈ ਕਿ ਇਹ ਰਸਾਂ ਦੀ ਆਤਮਕ ਮੌਤ ਲਿਆਉਣ ਵਾਲੀ ਅੱਗ ਹੈ।

ਇਨ ਸਨਬੰਧੀ ਰਸਾਤਲਿ ਜਾਇ ॥

ਇਹਨਾਂ (ਰਸਾਂ) ਨਾਲ ਮੇਲ ਰੱਖਣ ਵਾਲਾ (ਪ੍ਰਾਣੀ) ਆਤਮਕ ਮੌਤ ਦੀ ਨੀਵੀਂ ਖੱਡ ਵਿਚ ਜਾ ਪੈਂਦਾ ਹੈ।

ਹਮ ਗੁਰਿ ਰਾਖੇ ਹਰਿ ਲਿਵ ਲਾਇ ॥੫॥

ਪਰਮਾਤਮਾ ਦੀ ਲਗਨ ਪੈਦਾ ਕਰ ਕੇ ਗੁਰੂ ਨੇ ਮੈਨੂੰ (ਇਹਨਾਂ ਰਸਾਂ ਤੋਂ ਬਚਾ ਲਿਆ ਹੈ ॥੫॥

ਅਹੰਮੇਵ ਸਿਉ ਮਸਲਤਿ ਛੋਡੀ ॥

ਮੈਂ ਅਹੰਕਾਰ ਨਾਲ (ਭੀ) ਮੇਲ-ਮਿਲਾਪ ਛੱਡ ਦਿੱਤਾ ਹੈ,

ਗੁਰਿ ਕਹਿਆ ਇਹੁ ਮੂਰਖੁ ਹੋਡੀ ॥

ਗੁਰੂ ਨੇ (ਮੈਨੂੰ) ਦੱਸਿਆ ਹੈ ਕਿ ਇਹ (ਅਹੰਕਾਰ) ਮੂਰਖ ਹੈ ਜ਼ਿੱਦੀ ਹੈ (ਅਹੰਕਾਰ ਮਨੁੱਖ ਨੂੰ ਮੂਰਖ ਤੇ ਜ਼ਿੱਦੀ ਬਣਾ ਦੇਂਦਾ ਹੈ)।

ਇਹੁ ਨੀਘਰੁ ਘਰੁ ਕਹੀ ਨ ਪਾਏ ॥

(ਹੁਣ) ਇਹ (ਅਹੰਕਾਰ) ਬੇ-ਘਰਾ ਹੋ ਗਿਆ ਹੈ (ਮੇਰੇ ਅੰਦਰ) ਇਸ ਨੂੰ ਕੋਈ ਟਿਕਾਣਾ ਨਹੀਂ ਮਿਲਦਾ।

ਹਮ ਗੁਰਿ ਰਾਖਿ ਲੀਏ ਲਿਵ ਲਾਏ ॥੬॥

ਪ੍ਰਭੂ-ਚਰਨਾਂ ਦੀ ਲਗਨ ਪੈਦਾ ਕਰ ਕੇ ਗੁਰੂ ਨੇ ਮੈਨੂੰ ਇਸ ਅਹੰਕਾਰ ਤੋਂ ਬਚਾ ਲਿਆ ਹੈ ॥੬॥

ਇਨ ਲੋਗਨ ਸਿਉ ਹਮ ਭਏ ਬੈਰਾਈ ॥

ਇਹਨਾਂ (ਕਾਮ ਕ੍ਰੋਧ ਅਹੰਕਾਰ ਆਦਿਕਾਂ) ਨਾਲੋਂ ਮੈਂ ਬੇ-ਵਾਸਤਾ ਹੋ ਗਿਆ ਹਾਂ,

ਏਕ ਗ੍ਰਿਹ ਮਹਿ ਦੁਇ ਨ ਖਟਾਂਈ ॥

ਇੱਕੋ (ਸਰੀਰ) ਘਰ ਵਿਚ ਦੋਹਾਂ ਧਿਰਾਂ ਦਾ ਮੇਲ ਨਹੀਂ ਹੋ ਸਕਦਾ।

ਆਏ ਪ੍ਰਭ ਪਹਿ ਅੰਚਰਿ ਲਾਗਿ ॥

ਮੈਂ (ਆਪਣੇ ਗੁਰੂ ਦੇ) ਲੜ ਲੱਗ ਕੇ ਪ੍ਰਭੂ ਦੇ ਦਰ ਤੇ ਆ ਗਿਆ ਹਾਂ,

ਕਰਹੁ ਤਪਾਵਸੁ ਪ੍ਰਭ ਸਰਬਾਗਿ ॥੭॥

(ਤੇ, ਅਰਦਾਸ ਕਰਦਾ ਹਾਂ-) ਹੇ ਸਰਬੱਗ ਪ੍ਰਭੂ! ਤੂੰ ਆਪ ਹੀ ਨਿਆਂ ਕਰ ॥੭॥

ਪ੍ਰਭ ਹਸਿ ਬੋਲੇ ਕੀਏ ਨਿਆਂਏਂ ॥

ਪ੍ਰਭੂ ਜੀ ਹੱਸ ਕੇ ਆਖਣ ਲੱਗੇ-ਅਸਾਂ ਨਿਆਂ ਕਰ ਦਿੱਤੇ ਹਨ।

ਸਗਲ ਦੂਤ ਮੇਰੀ ਸੇਵਾ ਲਾਏ ॥

ਪ੍ਰਭੂ ਨੇ (ਕਾਮਾਦਿਕ ਇਹ) ਸਾਰੇ ਵੈਰੀ ਮੇਰੀ ਸੇਵਾ ਵਿਚ ਲਾ ਦਿੱਤੇ ਹਨ।

ਤੂੰ ਠਾਕੁਰੁ ਇਹੁ ਗ੍ਰਿਹੁ ਸਭੁ ਤੇਰਾ ॥

(ਤੇ ਆਖ ਦਿੱਤਾ ਹੈ-) ਇਹ (ਸਰੀਰ-) ਘਰ ਸਾਰਾ ਤੇਰਾ ਹੈ, ਅਤੇ ਹੁਣ ਤੂੰ ਇਸ ਦਾ ਮਾਲਕ ਹੈਂ (ਕਾਮਾਦਿਕ ਇਸ ਉੱਤੇ ਜ਼ੋਰ ਨਹੀਂ ਪਾ ਸਕਣਗੇ)।

ਕਹੁ ਨਾਨਕ ਗੁਰਿ ਕੀਆ ਨਿਬੇਰਾ ॥੮॥੧॥

ਨਾਨਕ ਆਖਦਾ ਹੈ- ਗੁਰੂ ਨੇ ਇਹ ਫ਼ੈਸਲਾ ਕਰ ਦਿੱਤਾ ਹੈ ॥੮॥੧॥


ਬਿਭਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ ॥

ਰਾਗ ਪ੍ਰਭਾਤੀ/ਬਿਭਾਗ ਵਿੱਚ ਭਗਤ ਕਬੀਰ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਮਰਨ ਜੀਵਨ ਕੀ ਸੰਕਾ ਨਾਸੀ ॥

(ਉਸ ਮਨੁੱਖ ਦਾ) ਇਹ ਤੌਖਲਾ ਮੁੱਕ ਜਾਂਦਾ ਹੈ ਕਿ ਜਨਮ ਮਰਨ ਦੇ ਗੇੜ ਵਿਚ ਪੈਣਾ ਪਏਗਾ,

ਆਪਨ ਰੰਗਿ ਸਹਜ ਪਰਗਾਸੀ ॥੧॥

ਕਿਉਂਕਿ ਪਰਮਾਤਮਾ ਆਪਣੀ ਮਿਹਰ ਨਾਲ (ਉਸ ਦੇ ਅੰਦਰ) ਆਤਮਕ ਅਡੋਲਤਾ ਦਾ ਪ੍ਰਕਾਸ਼ ਕਰ ਦੇਂਦਾ ਹੈ ॥੧॥

ਪ੍ਰਗਟੀ ਜੋਤਿ ਮਿਟਿਆ ਅੰਧਿਆਰਾ ॥

(ਉਸ ਮਨੁੱਖ ਦੇ ਅੰਦਰ) ਪ੍ਰਭੂ ਦੀ ਜੋਤਿ ਜਗ ਪੈਂਦੀ ਹੈ, ਤੇ (ਉਸ ਦੇ ਅੰਦਰੋਂ ਵਿਕਾਰ ਆਦਿਕਾਂ ਦਾ) ਹਨੇਰਾ ਮਿਟ ਜਾਂਦਾ ਹੈ,

ਰਾਮ ਰਤਨੁ ਪਾਇਆ ਕਰਤ ਬੀਚਾਰਾ ॥੧॥ ਰਹਾਉ ॥

ਜਿਸ ਮਨੁੱਖ ਨੂੰ (ਪ੍ਰਭੂ ਦੇ ਨਾਮ ਵਿਚ) ਸੁਰਤ ਜੋੜਦਿਆਂ ਜੋੜਦਿਆਂ ਨਾਮ ਰਤਨ ਲੱਭ ਪੈਂਦਾ ਹੈ ॥੧॥ ਰਹਾਉ ॥

ਜਹ ਅਨੰਦੁ ਦੁਖੁ ਦੂਰਿ ਪਇਆਨਾ ॥

ਜਿਸ ਮਨ ਵਿਚ (ਪ੍ਰਭੂ ਦੇ ਮੇਲ ਦਾ) ਅਨੰਦ ਬਣ ਜਾਏ ਤੇ (ਦੁਨੀਆ ਵਾਲਾ) ਦੁੱਖ ਕਲੇਸ਼ ਨਾਸ ਹੋ ਜਾਏ,

ਮਨੁ ਮਾਨਕੁ ਲਿਵ ਤਤੁ ਲੁਕਾਨਾ ॥੨॥

ਉਹ ਮਨ (ਪ੍ਰਭੂ-ਚਰਨਾਂ ਵਿਚ) ਜੁੜਨ ਦੀ ਬਰਕਤਿ ਨਾਲ ਮੋਤੀ (ਵਰਗਾ ਕੀਮਤੀ) ਬਣ ਕੇ ਪ੍ਰਭੂ ਨੂੰ ਆਪਣੇ ਅੰਦਰ ਵਸਾ ਲੈਂਦਾ ਹੈ ॥੨॥

ਜੋ ਕਿਛੁ ਹੋਆ ਸੁ ਤੇਰਾ ਭਾਣਾ ॥

ਹੇ ਪ੍ਰਭੂ! ਜਗਤ ਵਿਚ ਜੋ ਕੁਝ ਹੋ ਰਿਹਾ ਹੈ ਤੇਰੀ ਰਜ਼ਾ ਹੋ ਰਹੀ ਹੈ,

ਜੋ ਇਵ ਬੂਝੈ ਸੁ ਸਹਜਿ ਸਮਾਣਾ ॥੩॥

(ਤੇਰੇ ਨਾਮ ਵਿਚ ਸੁਰਤ ਜੋੜਦਿਆਂ ਜੋੜਦਿਆਂ) ਜਿਸ ਮਨੁੱਖ ਨੂੰ ਇਹ ਸੂਝ ਪੈ ਜਾਂਦੀ ਹੈ, ਉਹ ਮਨੁੱਖ ਸਦਾ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ (ਉਸ ਨੂੰ ਕਦੇ ਕੋਈ ਤੌਖਲਾ ਨਹੀਂ ਹੁੰਦਾ) ॥੩॥

ਕਹਤੁ ਕਬੀਰੁ ਕਿਲਬਿਖ ਗਏ ਖੀਣਾ ॥

ਕਬੀਰ ਆਖਦਾ ਹੈ ਕਿ ਉਸ ਮਨੁੱਖ ਦੇ ਪਾਪ ਨਾਸ ਹੋ ਜਾਂਦੇ ਹਨ,

ਮਨੁ ਭਇਆ ਜਗਜੀਵਨ ਲੀਣਾ ॥੪॥੧॥

ਉਸ ਦਾ ਮਨ ਜਗਤ-ਦੇ-ਜੀਵਨ ਪ੍ਰਭੂ ਵਿਚ ਮਗਨ ਰਹਿੰਦਾ ਹੈ ॥੪॥੧॥