ਰਾਗ ਨਟ ਨਾਰਾਇਨ – ਬਾਣੀ ਸ਼ਬਦ-Raag Natnarain – Bani
ਰਾਗ ਨਟ ਨਾਰਾਇਨ – ਬਾਣੀ ਸ਼ਬਦ-Raag Natnarain – Bani
ਰਾਗੁ ਨਟ ਨਾਰਾਇਨ ਮਹਲਾ ੪ ॥
ਰਾਗ ਨਟ-ਨਾਰਾਇਨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮੇਰੇ ਮਨ ਜਪਿ ਅਹਿਨਿਸਿ ਨਾਮੁ ਹਰੇ ॥
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਦਿਨ ਰਾਤ (ਸਦਾ) ਜਪਿਆ ਕਰ।
ਕੋਟਿ ਕੋਟਿ ਦੋਖ ਬਹੁ ਕੀਨੇ ਸਭ ਪਰਹਰਿ ਪਾਸਿ ਧਰੇ ॥੧॥ ਰਹਾਉ ॥
ਜੇ ਅਨੇਕਾਂ ਤੇ ਕ੍ਰੋੜਾਂ ਪਾਪ ਭੀ ਕੀਤੇ ਹੋਏ ਹੋਣ, ਤਾਂ (ਪਰਮਾਤਮਾ ਦਾ ਨਾਮ) ਸਭਨਾਂ ਨੂੰ ਦੂਰ ਕਰ ਕੇ (ਮਨੁੱਖ ਦੇ ਹਿਰਦੇ ਵਿਚੋਂ) ਲਾਂਭੇ ਸੁੱਟ ਦੇਂਦਾ ਹੈ ॥੧॥ ਰਹਾਉ ॥
ਹਰਿ ਹਰਿ ਨਾਮੁ ਜਪਹਿ ਆਰਾਧਹਿ ਸੇਵਕ ਭਾਇ ਖਰੇ ॥
ਹੇ ਮੇਰੇ ਮਨ! ਜਿਹੜੇ ਮਨੁੱਖ ਸੇਵਕ-ਭਾਵਨਾ ਨਾਲ ਪਰਮਾਤਮਾ ਦਾ ਨਾਮ ਜਪਦੇ ਆਰਾਧਦੇ ਹਨ, ਉਹ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ।
ਕਿਲਬਿਖ ਦੋਖ ਗਏ ਸਭ ਨੀਕਰਿ ਜਿਉ ਪਾਨੀ ਮੈਲੁ ਹਰੇ ॥੧॥
(ਜਿਹੜਾ ਪ੍ਰਾਣੀ ਨਾਮ ਜਪਦਾ ਹੈ ਉਸ ਦੇ ਅੰਦਰੋਂ) ਸਾਰੇ ਵਿਕਾਰ ਸਾਰੇ ਪਾਪ (ਇਉਂ) ਨਿਕਲ ਜਾਂਦੇ ਹਨ, ਜਿਵੇਂ ਪਾਣੀ (ਕੱਪੜਿਆਂ ਦੀ) ਮੈਲ ਦੂਰ ਕਰ ਦੇਂਦਾ ਹੈ ॥੧॥
ਖਿਨੁ ਖਿਨੁ ਨਰੁ ਨਾਰਾਇਨੁ ਗਾਵਹਿ ਮੁਖਿ ਬੋਲਹਿ ਨਰ ਨਰਹਰੇ ॥
ਹੇ ਮੇਰੇ ਮਨ! (ਜਿਹੜੇ ਮਨੁੱਖ) ਹਰ ਖਿਨ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ ਮੂੰਹੋਂ ਪਰਮਾਤਮਾ ਦਾ ਨਾਮ ਉਚਾਰਦੇ ਰਹਿੰਦੇ ਹਨ,
ਪੰਚ ਦੋਖ ਅਸਾਧ ਨਗਰ ਮਹਿ ਇਕੁ ਖਿਨੁ ਪਲੁ ਦੂਰਿ ਕਰੇ ॥੨॥
(ਕਾਮਾਦਿਕ) ਪੰਜ ਵਿਕਾਰ ਜੋ ਕਾਬੂ ਵਿਚ ਨਹੀਂ ਆ ਸਕਦੇ ਤੇ ਜੋ (ਆਮ ਤੌਰ ਤੇ ਜੀਵਾਂ ਦੇ) ਸਰੀਰ ਵਿਚ (ਟਿਕੇ ਰਹਿੰਦੇ ਹਨ), (ਪਰਮਾਤਮਾ ਦਾ ਨਾਮ ਉਹਨਾਂ ਦੇ ਸਰੀਰ ਵਿਚੋਂ) ਇਕ ਖਿਨ-ਪਲ ਵਿਚ ਹੀ ਦੂਰ ਕਰ ਦੇਂਦਾ ਹੈ ॥੨॥
ਵਡਭਾਗੀ ਹਰਿ ਨਾਮੁ ਧਿਆਵਹਿ ਹਰਿ ਕੇ ਭਗਤ ਹਰੇ ॥
ਹੇ ਮੇਰੇ ਮਨ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਵੱਡੇ ਭਾਗਾਂ ਵਾਲੇ ਬੰਦੇ ਪਰਮਾਤਮਾ ਦਾ ਨਾਮ (ਹਰ ਵੇਲੇ) ਸਿਮਰਦੇ ਰਹਿੰਦੇ ਹਨ।
ਤਿਨ ਕੀ ਸੰਗਤਿ ਦੇਹਿ ਪ੍ਰਭ ਜਾਚਉ ਮੈ ਮੂੜ ਮੁਗਧ ਨਿਸਤਰੇ ॥੩॥
ਹੇ ਪ੍ਰਭੂ! ਇਹੋ ਜਿਹੇ ਭਗਤਾਂ ਦੀ ਸੰਗਤ ਮੈਨੂੰ ਬਖ਼ਸ਼! ਮੇਰੇ ਵਰਗੇ ਅਨੇਕਾਂ ਮੂਰਖ (ਉਹਨਾਂ ਦੀ ਸੰਗਤ ਵਿਚ ਰਹਿ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੩॥
ਕ੍ਰਿਪਾ ਕ੍ਰਿਪਾ ਧਾਰਿ ਜਗਜੀਵਨ ਰਖਿ ਲੇਵਹੁ ਸਰਨਿ ਪਰੇ ॥
ਹੇ ਜਗਤ ਦੇ ਆਸਰੇ ਪ੍ਰਭੂ! ਮਿਹਰ ਕਰ, ਮਿਹਰ ਕਰ ਮੈਂ ਤੇਰੀ ਸਰਨ ਪਿਆ ਹਾਂ, ਮੈਨੂੰ (ਇਹਨਾਂ ਪੰਜਾਂ ਤੋਂ) ਬਚਾ ਲੈ।
ਨਾਨਕੁ ਜਨੁ ਤੁਮਰੀ ਸਰਨਾਈ ਹਰਿ ਰਾਖਹੁ ਲਾਜ ਹਰੇ ॥੪॥੧॥
ਹੇ ਹਰੀ! ਤੇਰਾ ਦਾਸ ਨਾਨਕ ਤੇਰੀ ਸਰਨ ਆਇਆ ਹੈ (ਨਾਨਕ ਦੀ) ਇੱਜ਼ਤ ਰੱਖ ਲੈ ॥੪॥੧॥
ਨਟ ਮਹਲਾ ੪ ॥
ਰਾਮ ਜਪਿ ਜਨ ਰਾਮੈ ਨਾਮਿ ਰਲੇ ॥
ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦੇ ਸੇਵਕ ਪਰਮਾਤਮਾ ਦੇ ਨਾਮ ਵਿਚ ਹੀ ਲੀਨ ਹੋ ਜਾਂਦੇ ਹਨ।
ਰਾਮ ਨਾਮੁ ਜਪਿਓ ਗੁਰ ਬਚਨੀ ਹਰਿ ਧਾਰੀ ਹਰਿ ਕ੍ਰਿਪਲੇ ॥੧॥ ਰਹਾਉ ॥
(ਪਰ) ਗੁਰੂ ਦੇ ਬਚਨਾਂ ਉਤੇ ਤੁਰ ਕੇ ਪਰਮਾਤਮਾ ਦਾ ਨਾਮ (ਸਿਰਫ਼ ਉਸ ਮਨੁੱਖ ਨੇ) ਜਪਿਆ ਹੈ (ਜਿਸ ਉਤੇ) ਪਰਮਾਤਮਾ ਨੇ ਆਪ ਮਿਹਰ ਕੀਤੀ ਹੈ ॥੧॥ ਰਹਾਉ ॥
ਹਰਿ ਹਰਿ ਅਗਮ ਅਗੋਚਰੁ ਸੁਆਮੀ ਜਨ ਜਪਿ ਮਿਲਿ ਸਲਲ ਸਲਲੇ ॥
ਮਾਲਕ-ਪ੍ਰਭੂ ਅਪਹੁੰਚ ਹੈ, ਇੰਦ੍ਰਿਆਂ ਦੀ ਰਾਹੀਂ ਉਸ ਤਕ ਪਹੁੰਚ ਨਹੀਂ ਹੋ ਸਕਦੀ। ਉਸ ਦੇ ਭਗਤ ਉਸ ਦਾ ਨਾਮ ਜਪ ਕੇ (ਇਉਂ ਹੋ ਜਾਂਦੇ ਹਨ, ਜਿਵੇਂ) ਪਾਣੀ ਵਿਚ ਪਾਣੀ ਮਿਲ ਕੇ (ਇੱਕ-ਰੂਪ ਹੋ ਜਾਂਦਾ ਹੈ)।
ਹਰਿ ਕੇ ਸੰਤ ਮਿਲਿ ਰਾਮ ਰਸੁ ਪਾਇਆ ਹਮ ਜਨ ਕੈ ਬਲਿ ਬਲਲੇ ॥੧॥
ਜਿਨ੍ਹਾਂ ਸੰਤ ਜਨਾਂ ਨੇ (ਸਾਧ ਸੰਗਤ ਵਿਚ) ਮਿਲ ਕੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ ਹੈ, ਮੈਂ ਉਹਨਾਂ ਸੰਤ ਜਨਾਂ ਤੋਂ ਸਦਕੇ ਹਾਂ ਕੁਰਬਾਨ ਹਾਂ ॥੧॥
ਪੁਰਖੋਤਮੁ ਹਰਿ ਨਾਮੁ ਜਨਿ ਗਾਇਓ ਸਭਿ ਦਾਲਦ ਦੁਖ ਦਲਲੇ ॥
ਜਿਸ ਸੇਵਕ ਨੇ ਉੱਤਮ ਪੁਰਖ ਪ੍ਰਭੂ ਦਾ ਨਾਮ ਜਪਿਆ, ਪ੍ਰਭੂ ਨੇ ਉਸ ਦੇ ਸਾਰੇ ਦੁੱਖ ਦਰਿੱਦਰ ਨਾਸ ਕਰ ਦਿੱਤੇ।
ਵਿਚਿ ਦੇਹੀ ਦੋਖ ਅਸਾਧ ਪੰਚ ਧਾਤੂ ਹਰਿ ਕੀਏ ਖਿਨ ਪਰਲੇ ॥੨॥
ਮਨੁੱਖਾ ਸਰੀਰ ਵਿਚ ਕਾਮਾਦਿਕ ਪੰਜ ਬਲੀ ਵਿਕਾਰ ਵੱਸਦੇ ਹਨ, (ਨਾਮ ਜਪਣ ਵਾਲੇ ਦੇ ਅੰਦਰੋਂ) ਪ੍ਰਭੂ ਇਹ ਵਿਕਾਰ ਇਕ ਖਿਨ ਵਿਚ ਨਾਸ ਕਰ ਦੇਂਦਾ ਹੈ ॥੨॥
ਹਰਿ ਕੇ ਸੰਤ ਮਨਿ ਪ੍ਰੀਤਿ ਲਗਾਈ ਜਿਉ ਦੇਖੈ ਸਸਿ ਕਮਲੇ ॥
ਸੰਤ ਜਨਾਂ ਦੇ ਮਨ ਵਿਚ ਪਰਮਾਤਮਾ ਨੇ (ਆਪਣੇ ਚਰਨਾਂ ਵਿਚ) ਪ੍ਰੀਤ ਇਉਂ ਲਾਈ ਹੈ, ਜਿਵੇਂ (ਚਕੋਰ) ਚੰਦ੍ਰਮਾ ਨੂੰ (ਪਿਆਰ ਨਾਲ) ਵੇਖਦਾ ਹੈ, ਜਿਵੇਂ (ਭੌਰਾ) ਕੌਲ ਫੁੱਲ ਨੂੰ ਵੇਖਦਾ ਹੈ,
ਉਨਵੈ ਘਨੁ ਘਨ ਘਨਿਹਰੁ ਗਰਜੈ ਮਨਿ ਬਿਗਸੈ ਮੋਰ ਮੁਰਲੇ ॥੩॥
ਜਿਵੇਂ ਪੈਲ ਪਾਂਦਾ ਮੋਰ ਆਪਣੇ ਮਨ ਵਿਚ (ਤਦੋਂ) ਖ਼ੁਸ਼ ਹੁੰਦਾ ਹੈ (ਜਦੋਂ) ਬੱਦਲ ਝੁਕਦਾ ਹੈ ਤੇ ਬਹੁਤ ਗੱਜਦਾ ਹੈ ॥੩॥
ਹਮਰੈ ਸੁਆਮੀ ਲੋਚ ਹਮ ਲਾਈ ਹਮ ਜੀਵਹਿ ਦੇਖਿ ਹਰਿ ਮਿਲੇ ॥
ਮੇਰੇ ਮਾਲਕ-ਪ੍ਰਭੂ ਨੇ ਮੇਰੇ ਅੰਦਰ (ਆਪਣੇ ਨਾਮ ਦੀ) ਲਗਨ ਲਾ ਦਿੱਤੀ ਹੈ, ਮੈਂ ਉਸ ਨੂੰ ਵੇਖ ਵੇਖ ਕੇ ਉਸ ਦੇ ਚਰਨਾਂ ਵਿਚ ਜੁੜ ਕੇ ਆਤਮਕ ਜੀਵਨ ਹਾਸਲ ਕਰਦਾ ਹਾਂ।
ਜਨ ਨਾਨਕ ਹਰਿ ਅਮਲ ਹਰਿ ਲਾਏ ਹਰਿ ਮੇਲਹੁ ਅਨਦ ਭਲੇ ॥੪॥੨॥
ਹੇ ਦਾਸ ਨਾਨਕ! ਹੇ ਹਰੀ! ਤੂੰ ਆਪ ਹੀ ਮੈਨੂੰ ਆਪਣੇ ਨਾਮ ਦਾ ਨਸ਼ਾ ਲਾਇਆ ਹੈ, ਮੈਨੂੰ (ਆਪਣੇ ਚਰਨਾਂ ਵਿਚ) ਜੋੜੀ ਰੱਖ, ਇਸੇ ਵਿਚ ਹੀ ਮੈਨੂੰ ਸੋਹਣਾ ਆਨੰਦ ਹੈ ॥੪॥੨॥
ਨਟ ਮਹਲਾ ੪ ॥
ਮੇਰੇ ਮਨ ਜਪਿ ਹਰਿ ਹਰਿ ਨਾਮੁ ਸਖੇ ॥
ਹੇ ਮੇਰੇ ਮਨ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰ। (ਹਰਿ-ਨਾਮਿ ਹੀ ਅਸਲ) ਮਿੱਤਰ ਹੈ।
ਗੁਰਪਰਸਾਦੀ ਹਰਿ ਨਾਮੁ ਧਿਆਇਓ ਹਮ ਸਤਿਗੁਰ ਚਰਨ ਪਖੇ ॥੧॥ ਰਹਾਉ ॥
(ਪਰ ਜਿਸ ਨੇ ਭੀ) ਪਰਮਾਤਮਾ ਦਾ ਨਾਮ (ਜਪਿਆ ਹੈ) ਗੁਰੂ ਦੀ ਕਿਰਪਾ ਨਾਲ ਹੀ ਜਪਿਆ ਹੈ। (ਇਸ ਵਾਸਤੇ) ਮੈਂ ਭੀ ਸਤਿਗੁਰੂ ਦੇ ਚਰਨ ਹੀ ਧੋਂਦਾ ਹਾਂ (ਗੁਰੂ ਦੀ ਸਰਨ ਹੀ ਪਿਆ ਹਾਂ) ॥੧॥ ਰਹਾਉ ॥
ਊਤਮ ਜਗੰਨਾਥ ਜਗਦੀਸੁਰ ਹਮ ਪਾਪੀ ਸਰਨਿ ਰਖੇ ॥
ਹੇ ਸਭ ਤੋਂ ਸ੍ਰੇਸ਼ਟ! ਹੇ ਜਗਤ ਦੇ ਨਾਥ! ਹੇ ਜਗਤ ਈਸ਼੍ਵਰ! ਮੈਂ ਪਾਪੀ ਹਾਂ, ਪਰ ਤੇਰੀ ਸਰਨ ਆ ਪਿਆ ਹਾਂ, ਮੇਰੀ ਰੱਖਿਆ ਕਰ।
ਤੁਮ ਵਡ ਪੁਰਖ ਦੀਨ ਦੁਖ ਭੰਜਨ ਹਰਿ ਦੀਓ ਨਾਮੁ ਮੁਖੇ ॥੧॥
ਤੂੰ ਵੱਡਾ ਪੁਰਖ ਹੈਂ, ਤੂੰ ਦੀਨਾਂ ਦੇ ਦੁੱਖ ਨਾਸ ਕਰਨ ਵਾਲਾ ਹੈਂ। ਹੇ ਹਰੀ! (ਜਿਸ ਉਤੇ ਤੂੰ ਮਿਹਰ ਕਰਦਾ ਹੈਂ, ਉਸ ਦੇ) ਮੂੰਹ ਵਿਚ ਤੂੰ ਆਪਣਾ ਨਾਮ ਦੇਂਦਾ ਹੈਂ ॥੧॥
ਹਰਿ ਗੁਨ ਊਚ ਨੀਚ ਹਮ ਗਾਏ ਗੁਰ ਸਤਿਗੁਰ ਸੰਗਿ ਸਖੇ ॥
ਪਰਮਾਤਮਾ ਦੇ ਗੁਣ ਬਹੁਤ ਉੱਚੇ ਹਨ, ਅਸੀਂ ਜੀਵ ਨੀਵੇਂ ਹਾਂ। ਪਰ ਗੁਰੂ ਸਤਿਗੁਰ ਮਿੱਤਰ ਦੀ ਸੰਗਤ ਵਿਚ ਮੈਂ ਪ੍ਰਭੂ ਦੇ ਗੁਣ ਗਾਂਦਾ ਹਾਂ।
ਜਿਉ ਚੰਦਨ ਸੰਗਿ ਬਸੈ ਨਿੰਮੁ ਬਿਰਖਾ ਗੁਨ ਚੰਦਨ ਕੇ ਬਸਖੇ ॥੨॥
ਜਿਵੇਂ (ਜੇ) ਚੰਦਨ ਦੇ ਨਾਲ ਨਿੰਮ (ਦਾ) ਰੁੱਖ ਉਗਿਆ ਹੋਇਆ ਹੋਵੇ, ਤਾਂ ਉਸ ਵਿਚ ਚੰਦਨ ਦੇ ਗੁਣ ਆ ਵੱਸਦੇ ਹਨ (ਤਿਵੇਂ ਮੇਰਾ ਹਾਲ ਹੋਇਆ ਹੈ) ॥੨॥
ਹਮਰੇ ਅਵਗਨ ਬਿਖਿਆ ਬਿਖੈ ਕੇ ਬਹੁ ਬਾਰ ਬਾਰ ਨਿਮਖੇ ॥
ਅਸੀਂ ਜੀਵ ਮਾਇਆ ਦੇ ਵਿਸ਼ਿਆਂ ਦੇ ਵਿਕਾਰ ਅਨੇਕਾਂ ਵਾਰੀ ਘੜੀ ਮੁੜੀ ਕਰਦੇ ਰਹਿੰਦੇ ਹਾਂ।
ਅਵਗਨਿਆਰੇ ਪਾਥਰ ਭਾਰੇ ਹਰਿ ਤਾਰੇ ਸੰਗਿ ਜਨਖੇ ॥੩॥
ਅਸੀਂ ਔਗੁਣਾਂ ਨਾਲ ਇਤਨੇ ਭਰ ਜਾਂਦੇ ਹਾਂ ਕਿ (ਮਾਨੋ) ਪੱਥਰ ਬਣ ਜਾਂਦੇ ਹਾਂ। ਪਰ ਪਰਮਾਤਮਾ ਆਪਣੇ ਸੰਤ ਜਨਾਂ ਦੀ ਸੰਗਤ ਵਿਚ (ਮਹਾਂ ਪਾਪੀਆਂ ਨੂੰ ਭੀ) ਤਾਰ ਲੈਂਦਾ ਹੈ ॥੩॥
ਜਿਨ ਕਉ ਤੁਮ ਹਰਿ ਰਾਖਹੁ ਸੁਆਮੀ ਸਭ ਤਿਨ ਕੇ ਪਾਪ ਕ੍ਰਿਖੇ ॥
ਹੇ ਹਰੀ! ਹੇ ਸੁਆਮੀ! ਜਿਨ੍ਹਾਂ ਦੀ ਤੂੰ ਰੱਖਿਆ ਕਰਦਾ ਹੈਂ, ਉਹਨਾਂ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ।
ਜਨ ਨਾਨਕ ਕੇ ਦਇਆਲ ਪ੍ਰਭ ਸੁਆਮੀ ਤੁਮ ਦੁਸਟ ਤਾਰੇ ਹਰਣਖੇ ॥੪॥੩॥
ਹੇ ਦਇਆ ਦੇ ਸੋਮੇ ਪ੍ਰਭੂ! ਹੇ ਦਾਸ ਨਾਨਕ ਦੇ ਸੁਆਮੀ! ਤੂੰ ਹਰਣਾਖਸ਼ ਵਰਗੇ ਦੁਸ਼ਟਾਂ ਨੂੰ ਭੀ ਤਾਰ ਦੇਂਦਾ ਹੈਂ ॥੪॥੩॥
ਨਟ ਮਹਲਾ ੪ ॥
ਮੇਰੇ ਮਨ ਜਪਿ ਹਰਿ ਹਰਿ ਰਾਮ ਰੰਗੇ ॥
ਹੇ ਮੇਰੇ ਮਨ! ਪਿਆਰ ਨਾਲ ਪਰਮਾਤਮਾ ਦਾ ਨਾਮ ਜਪਿਆ ਕਰ।
ਹਰਿ ਹਰਿ ਕ੍ਰਿਪਾ ਕਰੀ ਜਗਦੀਸੁਰਿ ਹਰਿ ਧਿਆਇਓ ਜਨ ਪਗਿ ਲਗੇ ॥੧॥ ਰਹਾਉ ॥
ਹੇ ਮਨ! ਜਿਸ ਮਨੁੱਖ ਉਤੇ ਜਗਤ ਦੇ ਮਾਲਕ ਪ੍ਰਭੂ ਨੇ ਕਿਰਪਾ ਕੀਤੀ, ਉਸ ਨੇ ਸੰਤ ਜਨਾਂ ਦੀ ਚਰਨੀਂ ਲੱਗ ਕੇ ਉਸ ਪ੍ਰਭੂ ਦਾ ਸਿਮਰਨ ਕੀਤਾ ਹੈ ॥੧॥ ਰਹਾਉ ॥
ਜਨਮ ਜਨਮ ਕੇ ਭੂਲ ਚੂਕ ਹਮ ਅਬ ਆਏ ਪ੍ਰਭ ਸਰਨਗੇ ॥
ਹੇ ਪ੍ਰਭੂ! ਅਸੀਂ ਅਨੇਕਾਂ ਜਨਮਾਂ ਤੋਂ ਗ਼ਲਤੀਆਂ ਕਰਦੇ ਆ ਰਹੇ ਹਾਂ, ਹੁਣ ਅਸੀਂ ਤੇਰੀ ਸਰਨ ਆਏ ਹਾਂ।
ਤੁਮ ਸਰਣਾਗਤਿ ਪ੍ਰਤਿਪਾਲਕ ਸੁਆਮੀ ਹਮ ਰਾਖਹੁ ਵਡ ਪਾਪਗੇ ॥੧॥
ਹੇ ਸੁਆਮੀ! ਤੂੰ ਸਰਨ ਪਿਆਂ ਦੀ ਪਾਲਣਾ ਕਰਨ ਵਾਲਾ ਹੈਂ, ਅਸਾਡੀ ਪਾਪੀਆਂ ਦੀ ਭੀ ਰੱਖਿਆ ਕਰ ॥੧॥
ਤੁਮਰੀ ਸੰਗਤਿ ਹਰਿ ਕੋ ਕੋ ਨ ਉਧਰਿਓ ਪ੍ਰਭ ਕੀਏ ਪਤਿਤ ਪਵਗੇ ॥
ਹੇ ਪ੍ਰਭੂ! ਜਿਹੜਾ ਭੀ ਤੇਰੀ ਸੰਗਤ ਵਿਚ ਆਇਆ, ਉਹੀ (ਪਾਪਾਂ ਵਿਕਾਰਾਂ ਤੋਂ) ਬਚ ਨਿਕਲਿਆ, ਤੂੰ ਪਾਪਾਂ ਵਿਚ ਡਿੱਗੇ ਹੋਇਆਂ ਨੂੰ ਪਵਿੱਤਰ ਕਰਨ ਵਾਲਾ ਹੈਂ।
ਗੁਨ ਗਾਵਤ ਛੀਪਾ ਦੁਸਟਾਰਿਓ ਪ੍ਰਭਿ ਰਾਖੀ ਪੈਜ ਜਨਗੇ ॥੨॥
ਪ੍ਰਭੂ ਦੇ ਗੁਣ ਗਾ ਰਹੇ (ਨਾਮਦੇਵ) ਛੀਂਬੇ ਨੂੰ (ਬ੍ਰਾਹਮਣਾਂ ਨੇ) ਦੁਸ਼ਟ ਦੁਸ਼ਟ ਆਖ ਕੇ ਦੁਰਕਾਰਿਆ, ਪਰ ਪ੍ਰਭੂ ਨੇ ਆਪਣੇ ਸੇਵਕ ਦੀ ਇੱਜ਼ਤ ਰੱਖ ਲਈ ॥੨॥
ਜੋ ਤੁਮਰੇ ਗੁਨ ਗਾਵਹਿ ਸੁਆਮੀ ਹਉ ਬਲਿ ਬਲਿ ਬਲਿ ਤਿਨਗੇ ॥
ਹੇ ਸੁਆਮੀ! ਜਿਹੜੇ ਭੀ ਮਨੁੱਖ ਤੇਰੇ ਗੁਣ ਗਾਂਦੇ ਹਨ, ਮੈਂ ਉਹਨਾਂ ਤੋਂ ਸਦਕੇ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ।
ਭਵਨ ਭਵਨ ਪਵਿਤ੍ਰ ਸਭਿ ਕੀਏ ਜਹ ਧੂਰਿ ਪਰੀ ਜਨ ਪਗੇ ॥੩॥
ਹੇ ਪ੍ਰਭੂ! ਜਿੱਥੇ ਜਿੱਥੇ ਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਲੱਗ ਗਈ, ਤੂੰ ਉਹ ਸਾਰੇ ਥਾਂ ਪਵਿੱਤਰ ਕਰ ਦਿੱਤੇ ॥੩॥
ਤੁਮਰੇ ਗੁਨ ਪ੍ਰਭ ਕਹਿ ਨ ਸਕਹਿ ਹਮ ਤੁਮ ਵਡ ਵਡ ਪੁਰਖ ਵਡਗੇ ॥
ਹੇ ਪ੍ਰਭੂ! ਤੂੰ ਵੱਡਾ ਹੈਂ, ਤੂੰ ਬਹੁਤ ਵੱਡਾ ਅਕਾਲ ਪੁਰਖ ਹੈਂ, ਅਸੀਂ ਜੀਵ ਤੇਰੇ ਗੁਣ ਬਿਆਨ ਨਹੀਂ ਕਰ ਸਕਦੇ।
ਜਨ ਨਾਨਕ ਕਉ ਦਇਆ ਪ੍ਰਭ ਧਾਰਹੁ ਹਮ ਸੇਵਹ ਤੁਮ ਜਨ ਪਗੇ ॥੪॥੪॥
ਹੇ ਪ੍ਰਭੂ! ਆਪਣੇ ਸੇਵਕ ਨਾਨਕ ਉਤੇ ਮਿਹਰ ਕਰ, ਤਾਂ ਕਿ ਮੈਂ ਭੀ ਤੇਰੇ ਸੇਵਕਾਂ ਦੇ ਚਰਨਾਂ ਦੀ ਸੇਵਾ ਕਰ ਸਕਾਂ ॥੪॥੪॥
ਨਟ ਮਹਲਾ ੪ ॥
ਮੇਰੇ ਮਨ ਜਪਿ ਹਰਿ ਹਰਿ ਨਾਮੁ ਮਨੇ ॥
ਹੇ ਮੇਰੇ ਮਨ! ਆਪਣੇ ਅੰਦਰ (ਇਕਾਗ੍ਰ ਹੋ ਕੇ) ਪਰਮਾਤਮਾ ਦਾ ਨਾਮ ਜਪਿਆ ਕਰ।
ਜਗੰਨਾਥਿ ਕਿਰਪਾ ਪ੍ਰਭਿ ਧਾਰੀ ਮਤਿ ਗੁਰਮਤਿ ਨਾਮ ਬਨੇ ॥੧॥ ਰਹਾਉ ॥
ਜਗਤ ਦੇ ਨਾਥ ਪ੍ਰਭੂ ਨੇ ਜਿਸ ਜੀਵ ਉਤੇ ਮਿਹਰ ਕੀਤੀ, ਗੁਰੂ ਦੀ ਸਿੱਖਿਆ ਲੈ ਕੇ ਉਸ ਦੀ ਮੱਤ ਨਾਮ ਜਪਣ ਵਾਲੀ ਬਣ ਗਈ ॥੧॥ ਰਹਾਉ ॥
ਹਰਿ ਜਨ ਹਰਿ ਜਸੁ ਹਰਿ ਹਰਿ ਗਾਇਓ ਉਪਦੇਸਿ ਗੁਰੂ ਗੁਰ ਸੁਨੇ ॥
ਹੇ ਮੇਰੇ ਮਨ! ਗੁਰੂ ਦੇ ਉਪਦੇਸ਼ ਦੀ ਰਾਹੀਂ, ਗੁਰੂ (ਦਾ ਉਪਦੇਸ਼) ਸੁਣ ਕੇ, ਜਿਨ੍ਹਾਂ ਜਨਾਂ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਣਾ ਸ਼ੁਰੂ ਕੀਤਾ,
ਕਿਲਬਿਖ ਪਾਪ ਨਾਮ ਹਰਿ ਕਾਟੇ ਜਿਵ ਖੇਤ ਕ੍ਰਿਸਾਨਿ ਲੁਨੇ ॥੧॥
ਪਰਮਾਤਮਾ ਦੇ ਨਾਮ ਨੇ ਉਹਨਾਂ ਦੇ ਸਾਰੇ ਪਾਪ ਵਿਕਾਰ (ਇਉਂ) ਕੱਟ ਦਿੱਤੇ, ਜਿਵੇਂ ਕਿਸਾਨ ਨੇ ਆਪਣੇ ਖੇਤ ਕੱਟੇ ਹੁੰਦੇ ਹਨ ॥੧॥
ਤੁਮਰੀ ਉਪਮਾ ਤੁਮ ਹੀ ਪ੍ਰਭ ਜਾਨਹੁ ਹਮ ਕਹਿ ਨ ਸਕਹਿ ਹਰਿ ਗੁਨੇ ॥
ਹੇ ਪ੍ਰਭੂ! ਹੇ ਹਰੀ! ਤੇਰੀ ਵਡਿਆਈ ਤੂੰ ਆਪ ਹੀ ਜਾਣਦਾ ਹੈਂ, ਅਸੀਂ ਜੀਵ ਤੇਰੇ ਗੁਣ ਬਿਆਨ ਨਹੀਂ ਕਰ ਸਕਦੇ।
ਜੈਸੇ ਤੁਮ ਤੈਸੇ ਪ੍ਰਭ ਤੁਮ ਹੀ ਗੁਨ ਜਾਨਹੁ ਪ੍ਰਭ ਅਪੁਨੇ ॥੨॥
ਹੇ ਪ੍ਰਭੂ! ਜਿਹੋ ਜਿਹਾ ਤੂੰ ਹੈਂ ਇਹੋ ਜਿਹਾ ਤੂੰ ਆਪ ਹੀ ਹੈਂ; ਆਪਣੇ ਗੁਣ ਤੂੰ ਆਪ ਹੀ ਜਾਣਦਾ ਹੈਂ ॥੨॥
ਮਾਇਆ ਫਾਸ ਬੰਧ ਬਹੁ ਬੰਧੇ ਹਰਿ ਜਪਿਓ ਖੁਲ ਖੁਲਨੇ ॥
ਹੇ ਮੇਰੇ ਮਨ! ਜੀਵ ਮਾਇਆ ਦੇ ਮੋਹ ਦੀਆਂ ਫਾਹੀਆਂ, ਮਾਇਆ ਦੇ ਮੋਹ ਦੇ ਬੰਧਨਾਂ ਵਿਚ ਬਹੁਤ ਬੱਝੇ ਰਹਿੰਦੇ ਹਨ। ਹੇ ਮਨ! ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹਨਾਂ ਦੇ ਬੰਧਨਾਂ ਖੁਲ੍ਹ ਗਏ;
ਜਿਉ ਜਲ ਕੁੰਚਰੁ ਤਦੂਐ ਬਾਂਧਿਓ ਹਰਿ ਚੇਤਿਓ ਮੋਖ ਮੁਖਨੇ ॥੩॥
ਜਿਵੇਂ ਤੰਦੂਏ ਨੇ ਹਾਥੀ ਨੂੰ ਪਾਣੀ ਵਿਚ (ਆਪਣੀਆਂ ਤਾਰਾਂ ਨਾਲ) ਬੰਨ੍ਹ ਲਿਆ ਸੀ, (ਹਾਥੀ ਨੇ) ਪਰਮਾਤਮਾ ਨੂੰ ਯਾਦ ਕੀਤਾ, (ਤੰਦੂਏ ਤੋਂ) ਉਸ ਦੀ ਖ਼ਲਾਸੀ ਹੋ ਗਈ ॥੩॥
ਸੁਆਮੀ ਪਾਰਬ੍ਰਹਮ ਪਰਮੇਸਰੁ ਤੁਮ ਖੋਜਹੁ ਜੁਗ ਜੁਗਨੇ ॥
ਹੇ ਮੇਰੇ ਸੁਆਮੀ! ਹੇ ਪਾਰਬ੍ਰਹਮ! ਤੂੰ ਸਭ ਤੋਂ ਵੱਡਾ ਮਾਲਕ ਹੈਂ। ਜੁਗਾਂ ਜੁਗਾਂ ਤੋਂ ਤੇਰੀ ਭਾਲ ਹੁੰਦੀ ਆ ਰਹੀ ਹੈ।
ਤੁਮਰੀ ਥਾਹ ਪਾਈ ਨਹੀ ਪਾਵੈ ਜਨ ਨਾਨਕ ਕੇ ਪ੍ਰਭ ਵਡਨੇ ॥੪॥੫॥
ਪਰ, ਹੇ ਦਾਸ ਦੇ ਵੱਡੇ ਪ੍ਰਭੂ! ਕਿਸੇ ਨੇ ਭੀ ਤੇਰੇ ਗੁਣਾਂ ਦੀ ਹਾਥ ਨਹੀਂ ਲੱਭੀ, ਕਈ ਨਹੀਂ ਲੱਭ ਸਕਦਾ ॥੪॥੫॥
ਨਟ ਮਹਲਾ ੪ ॥
ਮੇਰੇ ਮਨ ਕਲਿ ਕੀਰਤਿ ਹਰਿ ਪ੍ਰਵਣੇ ॥
ਹੇ ਮੇਰੇ ਮਨ! ਪਰਮਾਤਮਾ ਦੀ ਸਿਫ਼ਤ-ਸਾਲਾਹ (ਕਰਿਆ ਕਰ), ਮਨੁੱਖਾ ਜ਼ਿੰਦਗੀ ਦਾ (ਇਹੀ ਉੱਦਮ ਪਰਮਾਤਮਾ ਦੀ ਹਜ਼ੂਰੀ ਵਿਚ) ਪਰਵਾਨ ਹੁੰਦਾ ਹੈ।
ਹਰਿ ਹਰਿ ਦਇਆਲਿ ਦਇਆ ਪ੍ਰਭ ਧਾਰੀ ਲਗਿ ਸਤਿਗੁਰ ਹਰਿ ਜਪਣੇ ॥੧॥ ਰਹਾਉ ॥
(ਪਰ, ਹੇ ਮਨ! ਜਿਸ ਮਨੁੱਖ ਉੱਤੇ) ਦਇਆਲ ਪ੍ਰਭੂ ਨੇ ਮਿਹਰ ਕੀਤੀ, ਉਸ ਨੇ ਹੀ ਗੁਰੂ ਦੀ ਚਰਨੀਂ ਲੱਗ ਕੇ ਹਰਿ-ਨਾਮ ਜਪਿਆ ਹੈ ॥੧॥ ਰਹਾਉ ॥
ਹਰਿ ਤੁਮ ਵਡ ਅਗਮ ਅਗੋਚਰ ਸੁਆਮੀ ਸਭਿ ਧਿਆਵਹਿ ਹਰਿ ਰੁੜਣੇ ॥
ਹੇ ਹਰੀ! ਤੂੰ ਬਹੁਤ ਅਪਹੁੰਚ ਹੈਂ, ਮਨੁੱਖ ਦੇ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈਂ। ਹੇ ਸੁਆਮੀ! ਸਾਰੇ ਜੀਵ ਤੈਨੂੰ ਸੁੰਦਰ-ਸਰੂਪ ਨੂੰ ਸਿਮਰਦੇ ਹਨ।
ਜਿਨ ਕਉ ਤੁਮ੍ਰਰੇ ਵਡ ਕਟਾਖ ਹੈ ਤੇ ਗੁਰਮੁਖਿ ਹਰਿ ਸਿਮਰਣੇ ॥੧॥
ਹੇ ਹਰੀ! ਜਿਨ੍ਹਾਂ ਉਤੇ ਤੇਰੀ ਬਹੁਤ ਮਿਹਰ ਦੀ ਨਿਗਾਹ ਹੈ, ਉਹ ਬੰਦੇ ਗੁਰੂ ਦੀ ਸਰਨ ਪੈ ਕੇ ਤੈਨੂੰ ਸਿਮਰਦੇ ਹਨ ॥੧॥
ਇਹੁ ਪਰਪੰਚੁ ਕੀਆ ਪ੍ਰਭ ਸੁਆਮੀ ਸਭੁ ਜਗਜੀਵਨੁ ਜੁਗਣੇ ॥
ਇਹ ਜਗਤ-ਰਚਨਾ-ਸੁਆਮੀ ਪ੍ਰਭੂ ਨੇ ਆਪ ਹੀ ਕੀਤੀ ਹੈ, (ਇਸ ਵਿਚ) ਹਰ ਥਾਂ ਜਗਤ ਦਾ ਜੀਵਨ-ਪ੍ਰਭੂ ਆਪ ਹੀ ਵਿਆਪਕ ਹੈ।
ਜਿਉ ਸਲਲੈ ਸਲਲ ਉਠਹਿ ਬਹੁ ਲਹਰੀ ਮਿਲਿ ਸਲਲੈ ਸਲਲ ਸਮਣੇ ॥੨॥
ਜਿਵੇਂ ਪਾਣੀ ਵਿਚ ਪਾਣੀ ਦੀਆਂ ਬਹੁਤ ਲਹਿਰਾਂ ਉਠਦੀਆਂ ਹਨ, ਤੇ ਉਹ ਪਾਣੀ ਵਿਚ ਮਿਲ ਕੇ ਪਾਣੀ ਹੋ ਜਾਂਦੀਆਂ ਹਨ ॥੨॥
ਜੋ ਪ੍ਰਭ ਕੀਆ ਸੁ ਤੁਮ ਹੀ ਜਾਨਹੁ ਹਮ ਨਹ ਜਾਣੀ ਹਰਿ ਗਹਣੇ ॥
ਹੇ ਪ੍ਰਭੂ! ਜਿਹੜਾ (ਇਹ ਪਰਪੰਚ) ਤੂੰ ਬਣਾਇਆ ਹੈ ਇਸ ਨੂੰ ਤੂੰ ਆਪ ਹੀ ਜਾਣਦਾ ਹੈਂ, ਅਸੀਂ ਜੀਵ ਤੇਰੀ ਡੂੰਘਾਈ ਨਹੀਂ ਸਮਝ ਸਕਦੇ।
ਹਮ ਬਾਰਿਕ ਕਉ ਰਿਦ ਉਸਤਤਿ ਧਾਰਹੁ ਹਮ ਕਰਹ ਪ੍ਰਭੂ ਸਿਮਰਣੇ ॥੩॥
ਹੇ ਪ੍ਰਭੂ! ਅਸੀਂ ਤੇਰੇ ਬੱਚੇ ਹਾਂ, ਅਸਾਡੇ ਹਿਰਦੇ ਵਿਚ ਆਪਣੀ ਸਿਫ਼ਤ-ਸਾਲਾਹ ਟਿਕਾ ਰੱਖ, ਤਾ ਕਿ ਅਸੀਂ ਤੇਰਾ ਸਿਮਰਨ ਕਰਦੇ ਰਹੀਏ ॥੩॥
ਤੁਮ ਜਲ ਨਿਧਿ ਹਰਿ ਮਾਨ ਸਰੋਵਰ ਜੋ ਸੇਵੈ ਸਭ ਫਲਣੇ ॥
ਹੇ ਪ੍ਰਭੂ! ਤੂੰ (ਸਭ ਖ਼ਜ਼ਾਨਿਆਂ ਦਾ) ਸਮੁੰਦਰ ਹੈਂ, ਤੂੰ (ਸਭ ਅਮੋਲਕ ਪਦਾਰਥਾਂ ਨਾਲ ਭਰਿਆ) ਮਾਨਸਰੋਵਰ ਹੈਂ। ਜਿਹੜਾ ਮਨੁੱਖ ਤੇਰੀ ਸੇਵਾ-ਭਗਤੀ ਕਰਦਾ ਹੈ ਉਸ ਨੂੰ ਸਾਰੇ ਫਲ ਮਿਲ ਜਾਂਦੇ ਹਨ।
ਜਨੁ ਨਾਨਕੁ ਹਰਿ ਹਰਿ ਹਰਿ ਹਰਿ ਬਾਂਛੈ ਹਰਿ ਦੇਵਹੁ ਕਰਿ ਕ੍ਰਿਪਣੇ ॥੪॥੬॥
ਹੇ ਹਰੀ! ਤੇਰਾ ਦਾਸ ਨਾਨਕ ਤੇਰੇ ਦਰ ਤੋਂ ਤੇਰਾ ਨਾਮ ਮੰਗਦਾ ਹੈ, ਦਇਆ ਕਰ ਕੇ ਇਹ ਦਾਤ ਦੇਹ ॥੪॥੬॥
ਨਟ ਨਾਰਾਇਨ ਮਹਲਾ ੪ ਪੜਤਾਲ ॥
ਰਾਗ ਨਟ-ਨਾਰਾਇਨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ‘ਪੜਤਾਲ’।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮੇਰੇ ਮਨ ਸੇਵ ਸਫਲ ਹਰਿ ਘਾਲ ॥
ਹੇ ਮੇਰੇ ਮਨ! ਪਰਮਾਤਮਾ ਦੀ ਸੇਵਾ-ਭਗਤੀ (ਕਰ, ਇਹ) ਮਿਹਨਤ ਫਲ ਦੇਣ ਵਾਲੀ ਹੈ।
ਲੇ ਗੁਰ ਪਗ ਰੇਨ ਰਵਾਲ ॥
ਗੁਰੂ ਦੇ ਚਰਨਾਂ ਦੀ ਧੂੜ ਲੈ ਕੇ (ਆਪਣੇ ਮੱਥੇ ਉੱਤੇ ਲਾ,
ਸਭਿ ਦਾਲਿਦ ਭੰਜਿ ਦੁਖ ਦਾਲ ॥
ਇਸ ਤਰ੍ਹਾਂ ਆਪਣੇ) ਸਾਰੇ ਦਰਿੱਦਰ ਨਾਸ ਕਰ ਲੈ, (ਗੁਰੂ ਦੇ ਚਰਨਾਂ ਦੀ ਧੂੜ) ਸਾਰੇ ਦੁੱਖਾਂ ਦੇ ਦਲਣ ਵਾਲੀ ਹੈ।
ਹਰਿ ਹੋ ਹੋ ਹੋ ਨਦਰਿ ਨਿਹਾਲ ॥੧॥ ਰਹਾਉ ॥
ਹੇ ਮਨ! ਹੇ ਮਨ! ਹੇ ਮਨ! ਪਰਮਾਤਮਾ ਦੀ ਮਿਹਰ ਦੀ ਨਿਗਾਹ ਨਾਲ ਨਿਹਾਲ ਹੋ ਜਾਈਦਾ ਹੈ ॥੧॥ ਰਹਾਉ ॥
ਹਰਿ ਕਾ ਗ੍ਰਿਹੁ ਹਰਿ ਆਪਿ ਸਵਾਰਿਓ ਹਰਿ ਰੰਗ ਰੰਗ ਮਹਲ ਬੇਅੰਤ ਲਾਲ ਲਾਲ ਹਰਿ ਲਾਲ ॥
(ਇਹ ਮਨੁੱਖਾ ਸਰੀਰ) ਪਰਮਾਤਮਾ ਦਾ ਘਰ ਹੈ, ਪਰਮਾਤਮਾ ਨੇ ਆਪ ਇਸ ਨੂੰ ਸਜਾਇਆ ਹੈ, ਉਸ ਬੇਅੰਤ ਅਤੇ ਅੱਤ ਸੋਹਣੇ ਪ੍ਰਭੂ ਦਾ (ਇਹ ਮਨੁੱਖਾ ਸਰੀਰ) ਰੰਗ-ਮਹਲ ਹੈ।
ਹਰਿ ਆਪਨੀ ਕ੍ਰਿਪਾ ਕਰੀ ਆਪਿ ਗ੍ਰਿਹਿ ਆਇਓ ਹਮ ਹਰਿ ਕੀ ਗੁਰ ਕੀਈ ਹੈ ਬਸੀਠੀ ਹਮ ਹਰਿ ਦੇਖੇ ਭਈ ਨਿਹਾਲ ਨਿਹਾਲ ਨਿਹਾਲ ਨਿਹਾਲ ॥੧॥
ਜਿਸ ਉੱਤੇ ਪਰਮਾਤਮਾ ਨੇ ਆਪਣੀ ਕਿਰਪਾ ਕੀਤੀ, (ਉਸ ਦੇ ਹਿਰਦੇ-) ਘਰ ਵਿਚ ਉਹ ਆਪ ਆ ਵੱਸਦਾ ਹੈ। ਮੈਂ ਉਸ ਪਰਮਾਤਮਾ ਦੇ ਮਿਲਾਪ ਲਈ ਗੁਰੂ ਦਾ ਵਿਚੋਲਾ-ਪਨ ਕੀਤਾ ਹੈ (ਗੁਰੂ ਨੂੰ ਵਿਚੋਲਾ ਬਣਾਇਆ ਹੈ, ਗੁਰੂ ਦੀ ਸਰਨ ਲਈ ਹੈ। ਗੁਰੂ ਦੀ ਕਿਰਪਾ ਨਾਲ) ਉਸ ਹਰੀ ਨੂੰ ਵੇਖ ਕੇ ਨਿਹਾਲ ਹੋ ਗਈ ਹਾਂ, ਬਹੁਤ ਹੀ ਨਿਹਾਲ ਹੋ ਗਈ ਹਾਂ ॥੧॥
ਹਰਿ ਆਵਤੇ ਕੀ ਖਬਰਿ ਗੁਰਿ ਪਾਈ ਮਨਿ ਤਨਿ ਆਨਦੋ ਆਨੰਦ ਭਏ ਹਰਿ ਆਵਤੇ ਸੁਨੇ ਮੇਰੇ ਲਾਲ ਹਰਿ ਲਾਲ ॥
ਗੁਰੂ ਦੀ ਰਾਹੀਂ ਹੀ (ਜਦੋਂ) ਮੈਂ (ਆਪਣੇ ਹਿਰਦੇ ਵਿਚ) ਪਰਮਾਤਮਾ ਦੇ ਆ ਵੱਸਣ ਦੀ ਖ਼ਬਰ ਸੁਣੀ, (ਜਦੋਂ) ਮੈਂ ਸੋਹਣੇ ਲਾਲ-ਪ੍ਰਭੂ ਦਾ ਆਉਣਾ ਸੁਣਿਆ, ਮੇਰੇ ਮਨ ਵਿਚ ਮੇਰੇ ਤਨ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਹੋ ਗਈਆਂ।
ਜਨੁ ਨਾਨਕੁ ਹਰਿ ਹਰਿ ਮਿਲੇ ਭਏ ਗਲਤਾਨ ਹਾਲ ਨਿਹਾਲ ਨਿਹਾਲ ॥੨॥੧॥੭॥
(ਗੁਰੂ ਦੀ ਕਿਰਪਾ ਨਾਲ) ਦਾਸ ਨਾਨਕ ਉਸ ਪਰਮਾਤਮਾ ਨੂੰ ਮਿਲ ਕੇ ਮਸਤ-ਹਾਲ ਹੋ ਗਿਆ, ਨਿਹਾਲ ਹੋ ਗਿਆ, ਨਿਹਾਲ ਹੋ ਗਿਆ ॥੨॥੧॥੭॥
ਨਟ ਮਹਲਾ ੪ ॥
ਮਨ ਮਿਲੁ ਸੰਤਸੰਗਤਿ ਸੁਭਵੰਤੀ ॥
ਹੇ (ਮੇਰੇ) ਮਨ! ਗੁਰੂ ਦੀ ਸੰਗਤ ਵਿਚ ਜੁੜਿਆ ਰਹੁ, (ਇਹ ਸੰਗਤ) ਭਲੇ ਗੁਣ ਪੈਦਾ ਕਰਨ ਵਾਲੀ ਹੈ।
ਸੁਨਿ ਅਕਥ ਕਥਾ ਸੁਖਵੰਤੀ ॥
(ਹੇ ਮੇਰੇ ਮਨ!) ਅਕੱਥ ਪਰਮਾਤਮਾ ਦੀ ਸਿਫ਼ਤ-ਸਾਲਾਹ (ਗੁਰੂ ਦੀ ਸੰਗਤ ਵਿਚ) ਸੁਣਿਆ ਕਰ, (ਇਹ ਸਿਫ਼ਤ-ਸਾਲਾਹ) ਆਤਮਕ ਆਨੰਦ ਦੇਣ ਵਾਲੀ ਹੈ;
ਸਭ ਕਿਲਵਿਖ ਪਾਪ ਲਹੰਤੀ ॥
ਹੇ ਮਨ! ਇਹ ਸਾਰੇ ਪਾਪ ਵਿਕਾਰ ਦੂਰ ਕਰ ਦੇਂਦੀ ਹੈ;
ਹਰਿ ਹੋ ਹੋ ਹੋ ਲਿਖਤੁ ਲਿਖੰਤੀ ॥੧॥ ਰਹਾਉ ॥
ਹੇ ਮਨ! (ਇਹ ਕਥਾ ਤੇਰੇ ਅੰਦਰ) ਹਰਿ-ਨਾਮ ਦਾ ਲੇਖ ਲਿਖਣ-ਜੋਗੀ ਹੈ ॥੧॥ ਰਹਾਉ ॥
ਹਰਿ ਕੀਰਤਿ ਕਲਜੁਗ ਵਿਚਿ ਊਤਮ ਮਤਿ ਗੁਰਮਤਿ ਕਥਾ ਭਜੰਤੀ ॥
ਹੇ ਮਨ! ਇਸ ਸੰਸਾਰ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ, ਗੁਰੂ ਦੀ ਸਿੱਖਿਆ ਉਤੇ ਤੁਰ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਸ੍ਰੇਸ਼ਟ ਕਰਮ ਹੈ।
ਜਿਨਿ ਜਨਿ ਸੁਣੀ ਮਨੀ ਹੈ ਜਿਨਿ ਜਨਿ ਤਿਸੁ ਜਨ ਕੈ ਹਉ ਕੁਰਬਾਨੰਤੀ ॥੧॥
ਹੇ ਮਨ! ਜਿਸ ਮਨੁੱਖ ਨੇ ਇਹ ਸਿਫ਼ਤ-ਸਾਲਾਹ ਸੁਣੀ ਹੈ ਜਿਸ ਮਨੁੱਖ ਨੇ ਇਹ ਸਿਫ਼ਤ-ਸਾਲਾਹ ਮਨ ਵਿਚ ਵਸਾਈ ਹੈ, ਮੈਂ ਉਸ ਮਨੁੱਖ ਤੋਂ ਸਦਕੇ ਜਾਂਦਾ ਹਾਂ ॥੧॥
ਹਰਿ ਅਕਥ ਕਥਾ ਕਾ ਜਿਨਿ ਰਸੁ ਚਾਖਿਆ ਤਿਸੁ ਜਨ ਸਭ ਭੂਖ ਲਹੰਤੀ ॥
ਹੇ ਮਨ! ਅਕੱਥ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸੁਆਦ ਜਿਸ ਮਨੁੱਖ ਨੇ ਚੱਖਿਆ ਹੈ, ਇਹ ਉਸ ਮਨੁੱਖ ਦੀ (ਮਾਇਆ ਦੀ) ਸਾਰੀ ਭੁੱਖ ਦੂਰ ਕਰ ਦੇਂਦੀ ਹੈ।
ਨਾਨਕ ਜਨ ਹਰਿ ਕਥਾ ਸੁਣਿ ਤ੍ਰਿਪਤੇ ਜਪਿ ਹਰਿ ਹਰਿ ਹਰਿ ਹੋਵੰਤੀ ॥੨॥੨॥੮॥
ਹੇ ਨਾਨਕ! ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣ ਕੇ ਉਸ ਦੇ ਸੇਵਕ (ਮਾਇਆ ਵਲੋਂ) ਰੱਜ ਜਾਂਦੇ ਹਨ, ਪਰਮਾਤਮਾ ਦਾ ਨਾਮ ਜਪ ਕੇ ਉਹ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ ॥੨॥੨॥੮॥
ਨਟ ਮਹਲਾ ੪ ॥
ਕੋਈ ਆਨਿ ਸੁਨਾਵੈ ਹਰਿ ਕੀ ਹਰਿ ਗਾਲ ॥
ਜੇ ਕੋਈ ਮਨੁੱਖ (ਗੁਰੂ ਪਾਸੋਂ ਸੁਨੇਹਾ) ਲਿਆ ਕੇ ਮੈਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਗੱਲ ਸੁਣਾਏ;
ਤਿਸ ਕਉ ਹਉ ਬਲਿ ਬਲਿ ਬਾਲ ॥
ਤਾਂ ਮੈਂ ਉਸ ਤੋਂ ਸਦਕੇ ਜਾਵਾਂ, ਕੁਰਬਾਨ ਜਾਵਾਂ।
ਸੋ ਹਰਿ ਜਨੁ ਹੈ ਭਲ ਭਾਲ ॥
ਉਹ ਮਨੁੱਖ (ਮੇਰੇ ਭਾ ਦਾ) ਭਲਾ ਹੈ ਭਾਗਾਂ ਵਾਲਾ ਹੈ।
ਹਰਿ ਹੋ ਹੋ ਹੋ ਮੇਲਿ ਨਿਹਾਲ ॥੧॥ ਰਹਾਉ ॥
(ਇਹੋ ਜਿਹੇ ਮਨੁੱਖ ਦੀ ਸੰਗਤ ਵਿਚ) ਮਿਲਾ ਕੇ ਪਰਮਾਤਮਾ (ਅਨੇਕਾਂ ਨੂੰ) ਨਿਹਾਲ ਕਰਦਾ ਹੈ ॥੧॥ ਰਹਾਉ ॥
ਹਰਿ ਕਾ ਮਾਰਗੁ ਗੁਰ ਸੰਤਿ ਬਤਾਇਓ ਗੁਰਿ ਚਾਲ ਦਿਖਾਈ ਹਰਿ ਚਾਲ ॥
ਸੰਤ-ਗੁਰੂ ਨੇ ਪਰਮਾਤਮਾ ਨੂੰ ਮਿਲਣ ਦਾ ਰਸਤਾ ਦੱਸਿਆ ਹੈ, ਗੁਰੂ ਨੇ ਪਰਮਾਤਮਾ ਦੇ ਰਾਹ ਉਤੇ ਤੁਰਨ ਦੀ ਜਾਚ ਸਿਖਾਈ ਹੈ,
ਅੰਤਰਿ ਕਪਟੁ ਚੁਕਾਵਹੁ ਮੇਰੇ ਗੁਰਸਿਖਹੁ ਨਿਹਕਪਟ ਕਮਾਵਹੁ ਹਰਿ ਕੀ ਹਰਿ ਘਾਲ ਨਿਹਾਲ ਨਿਹਾਲ ਨਿਹਾਲ ॥੧॥
(ਤੇ ਆਖਿਆ ਹੈ-) ਹੇ ਗੁਰਸਿੱਖੋ! ਆਪਣੇ ਅੰਦਰੋਂ ਵਲ-ਛਲ ਦੂਰ ਕਰੋ, ਨਿਰ-ਛਲ ਹੋ ਕੇ ਪਰਮਾਤਮਾ ਦੇ ਸਿਮਰਨ ਦੀ ਮਿਹਨਤ ਕਰੋ, (ਇਸ ਤਰ੍ਹਾਂ) ਨਿਹਾਲ ਨਿਹਾਲ ਹੋ ਜਾਈਦਾ ਹੈ ॥੧॥
ਤੇ ਗੁਰ ਕੇ ਸਿਖ ਮੇਰੇ ਹਰਿ ਪ੍ਰਭਿ ਭਾਏ ਜਿਨਾ ਹਰਿ ਪ੍ਰਭੁ ਜਾਨਿਓ ਮੇਰਾ ਨਾਲਿ ॥
ਮੇਰੇ ਗੁਰੂ ਦੇ ਉਹ ਸਿੱਖ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ, ਜਿਨ੍ਹਾਂ ਨੇ ਇਹ ਜਾਣ ਲਿਆ ਹੈ ਕਿ ਪਰਮਾਤਮਾ ਸਾਡੇ ਨੇੜੇ ਵੱਸ ਰਿਹਾ ਹੈ।
ਜਨ ਨਾਨਕ ਕਉ ਮਤਿ ਹਰਿ ਪ੍ਰਭਿ ਦੀਨੀ ਹਰਿ ਦੇਖਿ ਨਿਕਟਿ ਹਦੂਰਿ ਨਿਹਾਲ ਨਿਹਾਲ ਨਿਹਾਲ ਨਿਹਾਲ ॥੨॥੩॥੯॥
ਹੇ ਨਾਨਕ! ਜਿਨ੍ਹਾਂ ਸੇਵਕਾਂ ਨੂੰ ਪਰਮਾਤਮਾ ਨੇ ਇਹ ਸੂਝ ਬਖ਼ਸ਼ ਦਿੱਤੀ, ਉਹ ਸੇਵਕ ਪਰਮਾਤਮਾ ਨੂੰ ਆਪਣੇ ਨੇੜੇ-ਵੱਸਦਾ ਵੇਖ ਕੇ ਆਪਣੇ ਅੰਗ-ਸੰਗ ਵੱਸਦਾ ਵੇਖ ਕੇ ਹਰ ਵੇਲੇ ਪ੍ਰਸੰਨ-ਚਿੱਤ ਰਹਿੰਦੇ ਹਨ ॥੨॥੩॥੯॥
ਰਾਗੁ ਨਟ ਨਾਰਾਇਨ ਮਹਲਾ ੫ ॥
ਰਾਗ ਨਟ-ਨਾਰਾਇਨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਮ ਹਉ ਕਿਆ ਜਾਨਾ ਕਿਆ ਭਾਵੈ ॥
ਹੇ ਪਰਮਾਤਮਾ! ਮੈਂ ਇਹ ਤਾਂ ਨਹੀਂ ਜਾਣਦਾ ਕਿ ਤੈਨੂੰ ਕੀਹ ਚੰਗਾ ਲੱਗਦਾ ਹੈ,
ਮਨਿ ਪਿਆਸ ਬਹੁਤੁ ਦਰਸਾਵੈ ॥੧॥ ਰਹਾਉ ॥
(ਭਾਵ, ਮੇਰੀ ਤਾਂਘ ਪਸੰਦ ਹੈ ਜਾਂ ਨਹੀਂ, ਪਰ) ਮੇਰੇ ਮਨ ਵਿਚ ਤੇਰੇ ਦਰਸ਼ਨ ਦੀ ਤਾਂਘ ਬਹੁਤ ਹੈ ॥੧॥ ਰਹਾਉ ॥
ਸੋਈ ਗਿਆਨੀ ਸੋਈ ਜਨੁ ਤੇਰਾ ਜਿਸੁ ਊਪਰਿ ਰੁਚ ਆਵੈ ॥
ਹੇ ਸਰਬ-ਵਿਆਪਕ! ਹੇ ਸਿਰਜਣਹਾਰ! ਉਹੀ ਮਨੁੱਖ ਉੱਚੇ ਆਤਮਕ ਜੀਵਨ ਦੀ ਸੂਝ ਵਾਲਾ ਹੈ, ਉਹੀ ਮਨੁੱਖ ਤੇਰਾ ਸੇਵਕ ਹੈ, ਜਿਸ ਉੱਤੇ ਤੇਰੀ ਖ਼ੁਸ਼ੀ ਹੁੰਦੀ ਹੈ।
ਕ੍ਰਿਪਾ ਕਰਹੁ ਜਿਸੁ ਪੁਰਖ ਬਿਧਾਤੇ ਸੋ ਸਦਾ ਸਦਾ ਤੁਧੁ ਧਿਆਵੈ ॥੧॥
ਹੇ ਪ੍ਰਭੂ! ਜਿਸ ਉੱਤੇ ਤੂੰ ਮਿਹਰ ਕਰਦਾ ਹੈਂ, ਉਹ ਤੈਨੂੰ ਸਦਾ ਹੀ ਸਿਮਰਦਾ ਰਹਿੰਦਾ ਹੈ ॥੧॥
ਕਵਨ ਜੋਗ ਕਵਨ ਗਿਆਨ ਧਿਆਨਾ ਕਵਨ ਗੁਨੀ ਰੀਝਾਵੈ ॥
ਉਹ ਕਿਹੜੇ ਜੋਗ-ਸਾਧਨ ਹਨ? ਕਿਹੜੀਆਂ ਗਿਆਨ ਦੀਆਂ ਗੱਲਾਂ ਹਨ? ਕਿਹੜੀਆਂ ਸਮਾਧੀਆਂ ਹਨ? ਕਿਹੜੇ ਗੁਣ ਹਨ ਜਿਨ੍ਹਾਂ ਨਾਲ ਕੋਈ ਮਨੁੱਖ ਪਰਮਾਤਮਾ ਨੂੰ ਪ੍ਰਸੰਨ ਕਰ ਸਕਦਾ ਹੈ? (ਮਨੁੱਖ ਦੇ ਆਪਣੇ ਇਹੋ ਜਿਹੇ ਕੋਈ ਜਤਨ ਕਾਮਯਾਬ ਨਹੀਂ ਹੁੰਦੇ)।
ਸੋਈ ਜਨੁ ਸੋਈ ਨਿਜ ਭਗਤਾ ਜਿਸੁ ਊਪਰਿ ਰੰਗੁ ਲਾਵੈ ॥੨॥
ਉਹੀ ਮਨੁੱਖ ਪ੍ਰਭੂ ਦਾ ਸੇਵਕ ਹੈ, ਉਹੀ ਮਨੁੱਖ ਪ੍ਰਭੂ ਦਾ ਪਿਆਰਾ ਭਗਤ ਹੈ, ਜਿਸ ਉਤੇ ਉਹ ਆਪ ਆਪਣੇ ਪਿਆਰ ਦਾ ਰੰਗ ਚਾੜ੍ਹਦਾ ਹੈ ॥੨॥
ਸਾਈ ਮਤਿ ਸਾਈ ਬੁਧਿ ਸਿਆਨਪ ਜਿਤੁ ਨਿਮਖ ਨ ਪ੍ਰਭੁ ਬਿਸਰਾਵੈ ॥
ਉਹੀ ਸਮਝ (ਚੰਗੀ ਹੈ), ਉਹੀ ਬੁੱਧੀ ਤੇ ਸਿਆਣਪ (ਚੰਗੀ ਹੈ), ਜਿਸ ਦੀ ਰਾਹੀਂ ਮਨੁੱਖ ਪਰਮਾਤਮਾ ਨੂੰ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਹੀਂ ਭੁਲਾਂਦਾ।
ਸੰਤਸੰਗਿ ਲਗਿ ਏਹੁ ਸੁਖੁ ਪਾਇਓ ਹਰਿ ਗੁਨ ਸਦ ਹੀ ਗਾਵੈ ॥੩॥
(ਜਿਸ ਮਨੁੱਖ ਨੇ) ਗੁਰੂ ਦੇ ਚਰਨਾਂ ਵਿਚ ਬੈਠ ਕੇ ਇਹ (ਹਰਿ-ਨਾਮ-ਸਿਮਰਨ) ਸੁਖ ਹਾਸਲ ਕਰ ਲਿਆ, ਉਹ ਸਦਾ ਹੀ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੩॥
ਦੇਖਿਓ ਅਚਰਜੁ ਮਹਾ ਮੰਗਲ ਰੂਪ ਕਿਛੁ ਆਨ ਨਹੀ ਦਿਸਟਾਵੈ ॥
ਜਿਸ ਮਨੁੱਖ ਨੇ ਅਚਰਜ-ਰੂਪ ਮਹਾਂ ਆਨੰਦ-ਰੂਪ ਪਰਮਾਤਮਾ ਦਾ ਦਰਸਨ ਕਰ ਲਿਆ, ਉਸ ਨੂੰ (ਉਸ ਵਰਗੀ) ਕੋਈ ਹੋਰ ਚੀਜ਼ ਨਹੀਂ ਦਿੱਸਦੀ।
ਕਹੁ ਨਾਨਕ ਮੋਰਚਾ ਗੁਰਿ ਲਾਹਿਓ ਤਹ ਗਰਭ ਜੋਨਿ ਕਹ ਆਵੈ ॥੪॥੧॥
ਨਾਨਕ ਆਖਦਾ ਹੈ- ਗੁਰੂ ਨੇ (ਜਿਸ ਮਨੁੱਖ ਦੇ ਮਨ ਤੋਂ ਵਿਕਾਰਾਂ ਦਾ) ਜੰਗਾਲ ਲਾਹ ਦਿੱਤਾ ਉਥੇ ਜਨਮ ਮਰਨ ਦਾ ਗੇੜ ਕਦੇ ਨੇੜੇ ਭੀ ਨਹੀਂ ਢੁਕ ਸਕਦਾ ॥੪॥੧॥
ਨਟ ਨਾਰਾਇਨ ਮਹਲਾ ੫ ਦੁਪਦੇ ॥
ਰਾਗ ਨਟ-ਨਾਰਾਇਨ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਉਲਾਹਨੋ ਮੈ ਕਾਹੂ ਨ ਦੀਓ ॥
(ਹੇ ਪ੍ਰਭੂ! ਜਦੋਂ ਤੋਂ ਕਿਸੇ ਵਲੋਂ ਕਿਸੇ ਵਧੀਕੀ ਦਾ) ਉਲਾਹਮਾ ਮੈਂ ਕਿਸੇ ਨੂੰ ਕਦੇ ਨਹੀਂ ਦਿੱਤਾ,
ਮਨ ਮੀਠ ਤੁਹਾਰੋ ਕੀਓ ॥੧॥ ਰਹਾਉ ॥
(ਗੁਰੂ ਦੀ ਕਿਰਪਾ ਨਾਲ ਤਦੋਂ ਤੋਂ) (ਤੇਰਾ ਕੀਤਾ (ਹਰੇਕ ਕੰਮ) ਮੇਰੇ ਮਨ ਨੂੰ ਮਿੱਠਾ ਲੱਗਣ ਲੱਗ ਪਿਆ ਹੈ ॥੧॥ ਰਹਾਉ ॥
ਆਗਿਆ ਮਾਨਿ ਜਾਨਿ ਸੁਖੁ ਪਾਇਆ ਸੁਨਿ ਸੁਨਿ ਨਾਮੁ ਤੁਹਾਰੋ ਜੀਓ ॥
ਹੇ ਪ੍ਰਭੂ! ਤੇਰੀ ਰਜ਼ਾ ਨੂੰ (ਮਿੱਠੀ) ਮੰਨ ਕੇ, ਤੇਰੀ ਰਜ਼ਾ ਨੂੰ ਸਮਝ ਕੇ ਮੈਂ ਸੁਖ ਹਾਸਲ ਕਰ ਲਿਆ ਹੈ, ਤੇਰਾ ਨਾਮ ਸੁਣ ਸੁਣ ਕੇ ਮੈਂ ਉੱਚਾ ਆਤਮਕ ਜੀਵਨ ਹਾਸਲ ਕਰ ਲਿਆ ਹੈ।
ਈਹਾਂ ਊਹਾ ਹਰਿ ਤੁਮ ਹੀ ਤੁਮ ਹੀ ਇਹੁ ਗੁਰ ਤੇ ਮੰਤ੍ਰੁ ਦ੍ਰਿੜੀਓ ॥੧॥
ਮੈਂ ਗੁਰੂ ਪਾਸੋਂ ਇਹ ਉਪਦੇਸ਼ (ਲੈ ਕੇ ਆਪਣੇ ਮਨ ਵਿਚ) ਪੱਕਾ ਕਰ ਲਿਆ ਹੈ ਕਿ ਇਸ ਲੋਕ ਵਿਚ ਅਤੇ ਪਰਲੋਕ ਵਿਚ ਤੂੰ ਹੀ ਸਿਰਫ਼ ਤੂੰ ਹੀ (ਮੇਰਾ ਸਹਾਈ ਹੈਂ) ॥੧॥
ਜਬ ਤੇ ਜਾਨਿ ਪਾਈ ਏਹ ਬਾਤਾ ਤਬ ਕੁਸਲ ਖੇਮ ਸਭ ਥੀਓ ॥
ਹੇ ਭਾਈ! ਜਦੋਂ ਤੋਂ (ਗੁਰੂ ਪਾਸੋਂ) ਮੈਂ ਇਹ ਗੱਲ ਸਮਝੀ ਹੈ, ਤਦੋਂ ਤੋਂ (ਮੇਰੇ ਅੰਦਰ) ਹਰੇਕ ਕਿਸਮ ਦਾ ਸੁਖ-ਆਨੰਦ ਬਣਿਆ ਰਹਿੰਦਾ ਹੈ।
ਸਾਧਸੰਗਿ ਨਾਨਕ ਪਰਗਾਸਿਓ ਆਨ ਨਾਹੀ ਰੇ ਬੀਓ ॥੨॥੧॥੨॥
ਹੇ ਨਾਨਕ! (ਆਖ ਕਿ ਸਾਧ ਸੰਗਤ ਵਿਚ (ਗੁਰੂ ਨੇ ਮੇਰੇ ਅੰਦਰ ਆਤਮਕ ਜੀਵਨ ਦਾ ਇਹ) ਚਾਨਣ ਕਰ ਦਿੱਤਾ ਹੈ ਕਿ (ਪਰਮਾਤਮਾ ਤੋਂ ਬਿਨਾ) ਕੋਈ ਹੋਰ ਦੂਜਾ (ਕੁਝ ਭੀ ਕਰਨ-ਜੋਗਾ) ਨਹੀਂ ਹੈ ॥੨॥੧॥੨॥
ਨਟ ਮਹਲਾ ੫ ॥
ਜਾ ਕਉ ਭਈ ਤੁਮਾਰੀ ਧੀਰ ॥
ਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰੀ ਦਿੱਤੀ ਧੀਰਜ ਮਿਲ ਗਈ,
ਜਮ ਕੀ ਤ੍ਰਾਸ ਮਿਟੀ ਸੁਖੁ ਪਾਇਆ ਨਿਕਸੀ ਹਉਮੈ ਪੀਰ ॥੧॥ ਰਹਾਉ ॥
ਉਸ ਦੇ ਅੰਦਰੋਂ ਮੌਤ ਦਾ ਹਰ ਵੇਲੇ ਦਾ ਸਹਿਮ ਮਿਟ ਗਿਆ, ਉਸ ਨੇ ਆਤਮਕ ਆਨੰਦ ਹਾਸਲ ਕਰ ਲਿਆ, ਉਸ ਦੇ ਮਨ ਵਿਚੋਂ ਹਉਮੈ ਦੀ ਚੋਭ ਭੀ ਨਿਕਲ ਗਈ ॥੧॥ ਰਹਾਉ ॥
ਤਪਤਿ ਬੁਝਾਨੀ ਅੰਮ੍ਰਿਤ ਬਾਨੀ ਤ੍ਰਿਪਤੇ ਜਿਉ ਬਾਰਿਕ ਖੀਰ ॥
(ਜਿਨ੍ਹਾਂ ਮਨੁੱਖਾਂ ਦੇ ਅੰਦਰੋਂ) ਸਤਿਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਨੇ ਮਾਇਆ ਦੀ ਤ੍ਰਿਸ਼ਨਾ ਦੀ ਤਪਸ਼ ਬੁਝਾ ਦਿੱਤੀ, ਉਹ (ਮਾਇਆ ਵਲੋਂ) ਇਉਂ ਰੱਜ ਗਏ, ਜਿਵੇਂ ਬਾਲਕ ਦੁੱਧ ਨਾਲ ਰੱਜਦੇ ਹਨ।
ਮਾਤ ਪਿਤਾ ਸਾਜਨ ਸੰਤ ਮੇਰੇ ਸੰਤ ਸਹਾਈ ਬੀਰ ॥੧॥
ਮੇਰੇ ਵਾਸਤੇ ਭੀ ਸੰਤ ਜਨ ਹੀ ਮਾਪੇ ਹਨ, ਸੰਤ ਜਨ ਹੀ ਸੱਜਣ ਭਰਾ ਮਦਦਗਾਰ ਹਨ ॥੧॥
ਖੁਲੇ ਭ੍ਰਮ ਭੀਤਿ ਮਿਲੇ ਗੋਪਾਲਾ ਹੀਰੈ ਬੇਧੇ ਹੀਰ ॥
(ਉਹਨਾਂ ਦੇ ਅੰਦਰੋਂ ਮਾਇਆ ਦੇ ਪਿੱਛੇ) ਭਟਕਦੇ ਫਿਰਨ ਦੇ ਭਿੱਤ ਖੁਲ੍ਹ ਜਾਂਦੇ ਹਨ, ਉਹਨਾਂ ਨੂੰ ਸ੍ਰਿਸ਼ਟੀ ਦਾ ਪਾਲਣਹਾਰ ਪ੍ਰਭੂ ਮਿਲ ਪੈਂਦਾ ਹੈ, (ਪ੍ਰਭੂ ਉਹਨਾਂ ਦੀ ਜਿੰਦ ਨੂੰ ਆਪਣੇ ਚਰਨਾਂ ਵਿਚ ਇਉਂ ਜੋੜ ਲੈਂਦਾ ਹੈ ਜਿਵੇਂ) ਹੀਰੇ ਨੂੰ ਹੀਰਾ ਵਿੰਨ੍ਹ ਲੈਂਦਾ ਹੈ।
wਬਿਸਮ ਭਏ ਨਾਨਕ ਜਸੁ ਗਾਵਤ ਠਾਕੁਰ ਗੁਨੀ ਗਹੀਰ ॥੨॥੨॥੩॥
ਹੇ ਨਾਨਕ! ਗੁਣਾਂ ਦੇ ਖ਼ਜ਼ਾਨੇ ਮਾਲਕ-ਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ (ਗੁਣ ਗਾਣ ਵਾਲੇ ਮਨੁੱਖ) ਆਨੰਦ-ਮਗਨ ਹੀ ਹੋ ਜਾਂਦੇ ਹਨ ॥੨॥੨॥੩॥
ਨਟ ਮਹਲਾ ੫ ॥
ਅਪਨਾ ਜਨੁ ਆਪਹਿ ਆਪਿ ਉਧਾਰਿਓ ॥
ਪਰਮਾਤਮਾ ਨੇ ਸਦਾ ਆਪ ਹੀ ਆਪਣੇ ਸੇਵਕ ਨੂੰ ਵਿਕਾਰਾਂ ਤੋਂ ਬਚਾਇਆ ਹੈ।
ਆਠ ਪਹਰ ਜਨ ਕੈ ਸੰਗਿ ਬਸਿਓ ਮਨ ਤੇ ਨਾਹਿ ਬਿਸਾਰਿਓ ॥੧॥ ਰਹਾਉ ॥
ਪ੍ਰਭੂ ਆਪਣੇ ਸੇਵਕ ਦੇ ਨਾਲ ਅੱਠੇ ਪਹਿਰ ਵੱਸਦਾ ਹੈ, (ਪ੍ਰਭੂ ਨੇ ਆਪਣੇ ਸੇਵਕ ਨੂੰ ਆਪਣੇ) ਮਨ ਤੋਂ ਕਦੇ ਭੀ ਨਹੀਂ ਭੁਲਾਇਆ ॥੧॥ ਰਹਾਉ ॥
ਬਰਨੁ ਚਿਹਨੁ ਨਾਹੀ ਕਿਛੁ ਪੇਖਿਓ ਦਾਸ ਕਾ ਕੁਲੁ ਨ ਬਿਚਾਰਿਓ ॥
(ਪ੍ਰਭੂ ਨੇ ਆਪਣੇ ਸੇਵਕ ਦਾ ਬਾਹਰਲਾ) ਰੰਗ ਰੂਪ ਕੁਝ ਭੀ ਕਦੇ ਨਹੀਂ ਵੇਖਿਆ, ਸੇਵਕ ਦੇ (ਉੱਚੇ ਨੀਵੇਂ) ਕੁਲ ਨੂੰ ਭੀ ਨਹੀਂ ਵਿਚਾਰਿਆ।
ਕਰਿ ਕਿਰਪਾ ਨਾਮੁ ਹਰਿ ਦੀਓ ਸਹਜਿ ਸੁਭਾਇ ਸਵਾਰਿਓ ॥੧॥
(ਸੇਵਕ ਨੂੰ ਸਦਾ ਹੀ) ਹਰੀ ਨੇ ਮਿਹਰ ਕਰ ਕੇ ਆਪਣਾ ਨਾਮ ਬਖ਼ਸ਼ਿਆ ਹੈ, (ਨਾਮ ਦੀ ਬਰਕਤਿ ਨਾਲ ਉਸ ਨੂੰ) ਆਤਮਕ ਅਡੋਲਤਾ ਅਤੇ ਪ੍ਰੇਮ ਵਿਚ ਟਿਕਾ ਕੇ ਉਸ ਦਾ ਜੀਵਨ ਸੋਹਣਾ ਬਣਾ ਦਿੱਤਾ ਹੈ ॥੧॥
ਮਹਾ ਬਿਖਮੁ ਅਗਨਿ ਕਾ ਸਾਗਰੁ ਤਿਸ ਤੇ ਪਾਰਿ ਉਤਾਰਿਓ ॥
ਹੇ ਨਾਨਕ! (ਆਖ ਕਿ ਇਹ ਜਗਤ ਤ੍ਰਿਸ਼ਨਾ ਦੀ) ਅੱਗ ਦਾ ਸਮੁੰਦਰ ਹੈ (ਇਸ ਵਿਚੋਂ ਪਾਰ ਲੰਘਣਾ) ਬਹੁਤ ਔਖਾ ਹੈ, (ਪਰਮਾਤਮਾ ਨੇ ਸਦਾ ਆਪਣੇ ਸੇਵਕ ਨੂੰ) ਇਸ ਵਿਚੋਂ (ਆਪ) ਪਾਰ ਲੰਘਾਇਆ ਹੈ।
ਪੇਖਿ ਪੇਖਿ ਨਾਨਕ ਬਿਗਸਾਨੋ ਪੁਨਹ ਪੁਨਹ ਬਲਿਹਾਰਿਓ ॥੨॥੩॥੪॥
ਸੇਵਕ ਆਪਣੇ ਪਰਮਾਤਮਾ ਦਾ ਦਰਸ਼ਨ ਕਰ ਕਰ ਕੇ ਖ਼ੁਸ਼ ਹੁੰਦਾ ਹੈ ਤੇ ਉਸ ਤੋਂ ਮੁੜ ਮੁੜ ਸਦਕੇ ਜਾਂਦਾ ਹੈ ॥੨॥੩॥੪॥
ਨਟ ਮਹਲਾ ੫ ॥
ਹਰਿ ਹਰਿ ਮਨ ਮਹਿ ਨਾਮੁ ਕਹਿਓ ॥
(ਜਿਸ ਭੀ ਮਨੁੱਖ ਨੇ) ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਸਿਮਰਿਆ ਹੈ,
ਕੋਟਿ ਅਪ੍ਰਾਧ ਮਿਟਹਿ ਖਿਨ ਭੀਤਰਿ ਤਾ ਕਾ ਦੁਖੁ ਨ ਰਹਿਓ ॥੧॥ ਰਹਾਉ ॥
ਇਕ ਖਿਨ ਵਿਚ ਹੀ ਉਸ ਦੇ ਕ੍ਰੋੜਾਂ ਪਾਪ ਮਿਟ ਜਾਂਦੇ ਹਨ, ਉਸ ਦਾ ਕੋਈ ਭੀ ਦੁੱਖ ਰਹਿ ਨਹੀਂ ਜਾਂਦਾ ॥੧॥ ਰਹਾਉ ॥
ਖੋਜਤ ਖੋਜਤ ਭਇਓ ਬੈਰਾਗੀ ਸਾਧੂ ਸੰਗਿ ਲਹਿਓ ॥
ਜਿਹੜਾ ਮਨੁੱਖ ਪ੍ਰਭੂ ਦੀ ਭਾਲ ਕਰਦਿਆਂ ਕਰਦਿਆਂ (ਉਸੇ ਦਾ ਹੀ) ਮਤਵਾਲਾ ਬਣ ਗਿਆ, ਉਸ ਨੇ ਪ੍ਰਭੂ ਨੂੰ ਗੁਰੂ ਦੀ ਸੰਗਤ ਵਿਚ ਲੱਭ ਲਿਆ।
ਸਗਲ ਤਿਆਗਿ ਏਕ ਲਿਵ ਲਾਗੀ ਹਰਿ ਹਰਿ ਚਰਨ ਗਹਿਓ ॥੧॥
(ਹੋਰ) ਸਾਰੇ (ਖ਼ਿਆਲ) ਛੱਡ ਕੇ ਉਸ ਮਨੁੱਖ ਦੀ ਲਗਨ ਇਕ ਪਰਮਾਤਮਾ ਵਿਚ ਲੱਗ ਗਈ, ਜਿਸ ਨੇ ਪਰਮਾਤਮਾ ਦੇ ਚਰਨ (ਆਪਣੇ ਮਨ ਵਿਚ ਘੁੱਟ ਕੇ) ਫੜ ਲਏ ॥੧॥
ਕਹਤ ਮੁਕਤ ਸੁਨਤੇ ਨਿਸਤਾਰੇ ਜੋ ਜੋ ਸਰਨਿ ਪਇਓ ॥
ਪਰਮਾਤਮਾ ਦਾ ਨਾਮ ਉਚਾਰਨ ਵਾਲੇ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦੇ ਹਨ, ਨਾਮ ਸੁਣਨ ਵਾਲਿਆਂ ਨੂੰ ਪ੍ਰਭੂ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ।
ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪੁਨਾ ਕਹੁ ਨਾਨਕ ਅਨਦੁ ਭਇਓ ॥੨॥੪॥੫॥
ਨਾਨਕ ਆਖਦਾ ਹੈ- ਜਿਹੜਾ ਜਿਹੜਾ ਭੀ ਮਨੁੱਖ ਪ੍ਰਭੂ ਦੀ ਸਰਨ ਪੈਂਦਾ ਹੈ (ਪ੍ਰਭੂ ਉਸ ਨੂੰ ਪਾਰ ਲੰਘਾ ਦੇਂਦਾ ਹੈ)। ਆਪਣੇ ਮਾਲਕ-ਪ੍ਰਭੂ ਨੂੰ ਮੁੜ ਮੁੜ ਸਿਮਰ ਕੇ ਆਤਮਕ ਆਨੰਦ ਬਣਿਆ ਰਹਿੰਦਾ ਹੈ ॥੨॥੪॥੫॥
ਨਟ ਮਹਲਾ ੫ ॥
ਚਰਨ ਕਮਲ ਸੰਗਿ ਲਾਗੀ ਡੋਰੀ ॥
ਤੇਰੇ ਸੋਹਣੇ ਚਰਨਾਂ ਨਾਲ ਮੇਰੀ ਪ੍ਰੇਮ ਦੀ ਤਾਰ ਲੱਗ ਗਈ ਹੈ।
ਸੁਖ ਸਾਗਰ ਕਰਿ ਪਰਮ ਗਤਿ ਮੋਰੀ ॥੧॥ ਰਹਾਉ ॥
ਹੇ ਸੁਖਾਂ ਦੇ ਸਮੁੰਦਰ ਹਰੀ! ਮੇਰੀ ਆਤਮਕ ਅਵਸਥਾ ਉੱਚੀ ਬਣਾ ਦੇਹ ॥੧॥ ਰਹਾਉ ॥
ਅੰਚਲਾ ਗਹਾਇਓ ਜਨ ਅਪੁਨੇ ਕਉ ਮਨੁ ਬੀਧੋ ਪ੍ਰੇਮ ਕੀ ਖੋਰੀ ॥
ਹੇ ਸੁਖ-ਸਾਗਰ! ਤੂੰ ਆਪਣੇ ਸੇਵਕ ਨੂੰ ਆਪਣਾ ਪੱਲਾ ਆਪ ਫੜਾਇਆ ਹੈ, (ਤੇਰੇ ਸੇਵਕ ਦਾ) ਮਨ (ਤੇਰੇ) ਪਿਆਰ ਦੀ ਖ਼ੁਮਾਰੀ ਵਿਚ ਵਿੱਝ ਗਿਆ ਹੈ।
ਜਸੁ ਗਾਵਤ ਭਗਤਿ ਰਸੁ ਉਪਜਿਓ ਮਾਇਆ ਕੀ ਜਾਲੀ ਤੋਰੀ ॥੧॥
ਤੇਰਾ ਜਸ ਗਾਂਦਿਆਂ (ਤੇਰੇ ਸੇਵਕ ਦੇ ਹਿਰਦੇ ਵਿਚ ਤੇਰੀ) ਭਗਤੀ ਦਾ (ਅਜਿਹਾ) ਸੁਆਦ ਪੈਦਾ ਹੋਇਆ ਹੈ (ਜਿਸ ਨੇ) ਮਾਇਆ ਦੀ ਫਾਹੀ ਤੋੜ ਦਿੱਤੀ ਹੈ ॥੧॥
ਪੂਰਨ ਪੂਰਿ ਰਹੇ ਕਿਰਪਾ ਨਿਧਿ ਆਨ ਨ ਪੇਖਉ ਹੋਰੀ ॥
ਹੇ ਨਾਨਕ! ਹੇ ਸਰਬ-ਵਿਆਪਕ ਪ੍ਰਭੂ! ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਤੂੰ ਹਰ ਥਾਂ ਭਰਪੂਰ ਹੈਂ। ਮੈਂ (ਕਿਤੇ ਭੀ ਤੈਥੋਂ ਬਿਨਾ) ਕਿਸੇ ਹੋਰ ਨੂੰ ਨਹੀਂ ਵੇਖਦਾ।
ਨਾਨਕ ਮੇਲਿ ਲੀਓ ਦਾਸੁ ਅਪੁਨਾ ਪ੍ਰੀਤਿ ਨ ਕਬਹੂ ਥੋਰੀ ॥੨॥੫॥੬॥
ਆਪਣੇ ਸੇਵਕ ਨੂੰ (ਆਪਣੇ ਚਰਨਾਂ ਵਿਚ) ਤੂੰ ਆਪ ਜੋੜ ਲਿਆ ਹੈ, (ਜਿਸ ਕਰ ਕੇ ਤੇਰੇ ਚਰਨਾਂ ਦੀ) ਪ੍ਰੀਤ (ਤੇਰੇ ਸੇਵਕ ਦੇ ਹਿਰਦੇ ਵਿਚ) ਕਦੇ ਘਟਦੀ ਨਹੀਂ ॥੨॥੫॥੬॥
ਨਟ ਮਹਲਾ ੫ ॥
ਮੇਰੇ ਮਨ ਜਪੁ ਜਪਿ ਹਰਿ ਨਾਰਾਇਣ ॥
ਹੇ ਮੇਰੇ ਮਨ! ਹਰੀ ਨਾਰਾਇਣ ਦੇ ਨਾਮ ਦਾ ਜਾਪ ਜਪਿਆ ਕਰ।
ਕਬਹੂ ਨ ਬਿਸਰਹੁ ਮਨ ਮੇਰੇ ਤੇ ਆਠ ਪਹਰ ਗੁਨ ਗਾਇਣ ॥੧॥ ਰਹਾਉ ॥
ਹੇ ਪ੍ਰਭੂ! ਤੂੰ ਮੇਰੇ ਮਨ ਤੋਂ ਕਦੇ ਭੀ ਨਾਹ ਭੁੱਲ, (ਮੇਰਾ ਮਨ) ਅੱਠੇ ਪਹਰ ਤੇਰੇ ਗੁਣ ਗਾਂਦਾ ਰਹੇ ॥੧॥ ਰਹਾਉ ॥
ਸਾਧੂ ਧੂਰਿ ਕਰਉ ਨਿਤ ਮਜਨੁ ਸਭ ਕਿਲਬਿਖ ਪਾਪ ਗਵਾਇਣ ॥
(ਹੇ ਪ੍ਰਭੂ! ਮਿਹਰ ਕਰ) ਮੈਂ ਗੁਰੂ ਦੇ ਚਰਨਾਂ ਦੀ ਧੂੜ ਵਿਚ ਸਦਾ ਇਸ਼ਨਾਨ ਕਰਦਾ ਰਹਾਂ, (ਗੁਰੂ ਦੇ ਚਰਨਾਂ ਦੀ ਧੂੜ) ਸਾਰੇ ਪਾਪ ਦੂਰ ਕਰਨ ਦੇ ਸਮਰੱਥ ਹੈ।
ਪੂਰਨ ਪੂਰਿ ਰਹੇ ਕਿਰਪਾ ਨਿਧਿ ਘਟਿ ਘਟਿ ਦਿਸਟਿ ਸਮਾਇਣੁ ॥੧॥
ਹੇ ਸਭ ਵਿਚ ਵੱਸ ਰਹੇ ਪ੍ਰਭੂ! ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਤੂੰ ਮੈਨੂੰ ਹਰੇਕ ਸਰੀਰ ਵਿਚ ਸਮਾਇਆ ਹੋਇਆ ਦਿੱਸਦਾ ਰਹੇਂ ॥੧॥
ਜਾਪ ਤਾਪ ਕੋਟਿ ਲਖ ਪੂਜਾ ਹਰਿ ਸਿਮਰਣ ਤੁਲਿ ਨ ਲਾਇਣ ॥
ਹੇ ਪ੍ਰਭੂ! ਹੇ ਹਰੀ! ਕ੍ਰੋੜਾਂ ਜਪ ਤਪ ਤੇ ਲੱਖਾਂ ਪੂਜਾ ਤੇਰੇ ਸਿਮਰਨ ਦੀ ਬਰਾਬਰੀ ਨਹੀਂ ਕਰ ਸਕਦੇ।
ਦੁਇ ਕਰ ਜੋੜਿ ਨਾਨਕੁ ਦਾਨੁ ਮਾਂਗੈ ਤੇਰੇ ਦਾਸਨਿ ਦਾਸ ਦਸਾਇਣੁ ॥੨॥੬॥੭॥
(ਤੇਰਾ ਦਾਸ) ਨਾਨਕ ਦੋਵੇਂ ਹੱਥ ਜੋੜ ਕੇ (ਤੈਥੋਂ) ਖੈਰ ਮੰਗਦਾ ਹੈ (ਕਿ ਮੈਂ ਤੇਰੇ) ਦਾਸਾਂ ਦੇ ਦਾਸਾਂ ਦਾ ਦਾਸ (ਬਣਿਆ ਰਹਾਂ) ॥੨॥੬॥੭॥
ਨਟ ਮਹਲਾ ੫ ॥
ਮੇਰੈ ਸਰਬਸੁ ਨਾਮੁ ਨਿਧਾਨੁ ॥
ਪਰਮਾਤਮਾ ਦਾ ਨਾਮ-ਖ਼ਜ਼ਾਨਾ ਮੇਰੇ ਵਾਸਤੇ ਦੁਨੀਆ ਦਾ ਸਾਰਾ ਧਨ-ਪਦਾਰਥ ਹੈ।
ਕਰਿ ਕਿਰਪਾ ਸਾਧੂ ਸੰਗਿ ਮਿਲਿਓ ਸਤਿਗੁਰਿ ਦੀਨੋ ਦਾਨੁ ॥੧॥ ਰਹਾਉ ॥
(ਪਰਮਾਤਮਾ) ਨੇ ਕਿਰਪਾ ਕਰ ਕੇ (ਮੈਨੂੰ) ਗੁਰੂ ਦੀ ਸੰਗਤ ਵਿਚ ਮਿਲਾ ਦਿੱਤਾ, (ਤੇ) ਗੁਰੂ ਨੇ (ਮੈਨੂੰ ਪਰਮਾਤਮਾ ਦੇ ਨਾਮ ਦਾ) ਦਾਨ ਦਿੱਤਾ ॥੧॥ ਰਹਾਉ ॥
ਸੁਖਦਾਤਾ ਦੁਖ ਭੰਜਨਹਾਰਾ ਗਾਉ ਕੀਰਤਨੁ ਪੂਰਨ ਗਿਆਨੁ ॥
ਪਰਮਾਤਮਾ ਸਾਰੇ ਸੁਖ ਦੇਣ ਵਾਲਾ ਹੈ, ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ। (ਜਿਉਂ ਜਿਉਂ) ਮੈਂ ਉਸ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਹਾਂ, (ਮੈਨੂੰ) ਆਤਮਕ ਜੀਵਨ ਦੀ ਮੁਕੰਮਲ ਸੂਝ (ਪ੍ਰਾਪਤ ਹੁੰਦੀ ਜਾਂਦੀ ਹੈ)।
ਕਾਮੁ ਕ੍ਰੋਧੁ ਲੋਭੁ ਖੰਡ ਖੰਡ ਕੀਨ੍ਰੇ ਬਿਨਸਿਓ ਮੂੜ ਅਭਿਮਾਨੁ ॥੧॥
ਮੈਂ ਕਾਮ ਕ੍ਰੋਧ ਲੋਭ (ਆਦਿਕ ਵਿਕਾਰਾਂ) ਨੂੰ ਟੋਟੇ ਟੋਟੇ ਕਰ ਦਿੱਤਾ, (ਜੀਵਾਂ ਨੂੰ) ਮੂਰਖ (ਬਣਾ ਦੇਣ ਵਾਲਾ) ਅਹੰਕਾਰ (ਮੇਰੇ ਅੰਦਰੋਂ) ਨਾਸ ਹੋਇਆ ॥੧॥
ਕਿਆ ਗੁਣ ਤੇਰੇ ਆਖਿ ਵਖਾਣਾ ਪ੍ਰਭ ਅੰਤਰਜਾਮੀ ਜਾਨੁ ॥
ਹੇ ਪ੍ਰਭੂ! ਤੂੰ ਸੁਜਾਨ ਹੈਂ, ਤੂੰ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈਂ, ਮੈਂ ਤੇਰੇ ਕਿਹੜੇ ਕਿਹੜੇ ਗੁਣ ਦੱਸ ਕੇ ਗਿਣਾਂ?
ਚਰਨ ਕਮਲ ਸਰਨਿ ਸੁਖ ਸਾਗਰ ਨਾਨਕੁ ਸਦ ਕੁਰਬਾਨੁ ॥੨॥੭॥੮॥
ਹੇ ਸੁਖਾਂ ਦੇ ਸਮੁੰਦਰ ਪ੍ਰਭੂ! (ਤੇਰਾ ਦਾਸ) ਨਾਨਕ ਤੇਰੇ ਸੋਹਣੇ ਚਰਨਾਂ ਦੀ ਸਰਨ ਆਇਆ ਹੈ, ਅਤੇ ਤੈਥੋਂ ਸਦਾ ਸਦਕੇ ਹੁੰਦਾ ਹੈ ॥੨॥੭॥੮॥
ਨਟ ਮਹਲਾ ੫ ॥
ਹਉ ਵਾਰਿ ਵਾਰਿ ਜਾਉ ਗੁਰ ਗੋਪਾਲ ॥੧॥ ਰਹਾਉ ॥
ਹੇ ਸਭ ਤੋਂ ਵੱਡੇ ਸ੍ਰਿਸ਼ਟੀ ਦੇ ਪਾਲਣਹਾਰ! ਮੈਂ (ਤੈਥੋਂ) ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ॥੧॥ ਰਹਾਉ ॥
ਮੋਹਿ ਨਿਰਗੁਨ ਤੁਮ ਪੂਰਨ ਦਾਤੇ ਦੀਨਾ ਨਾਥ ਦਇਆਲ ॥੧॥
ਹੇ ਦੀਨਾਂ ਦੇ ਨਾਥ! ਹੇ ਦਇਆ ਦੇ ਘਰ ਪ੍ਰਭੂ! ਮੈਂ ਗੁਣ-ਹੀਨ ਹਾਂ, ਤੂੰ ਸਭ ਦਾਤਾਂ ਦੇਣ ਵਾਲਾ ਹੈਂ ॥੧॥
ਊਠਤ ਬੈਠਤ ਸੋਵਤ ਜਾਗਤ ਜੀਅ ਪ੍ਰਾਨ ਧਨ ਮਾਲ ॥੨॥
ਹੇ ਪ੍ਰਭੂ! ਉਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਤੂੰ ਹੀ ਮੇਰੀ ਜਿੰਦ ਦਾ ਮੇਰੇ ਪ੍ਰਾਣਾਂ ਦਾ ਸਹਾਰਾ ਹੈਂ ॥੨॥
ਦਰਸਨ ਪਿਆਸ ਬਹੁਤੁ ਮਨਿ ਮੇਰੈ ਨਾਨਕ ਦਰਸ ਨਿਹਾਲ ॥੩॥੮॥੯॥
ਹੇ ਪ੍ਰਭੂ! ਮੇਰੇ ਮਨ ਵਿਚ ਤੇਰੇ ਦਰਸਨ ਦੀ ਬਹੁਤ ਤਾਂਘ ਹੈ। (ਮੈਨੂੰ) ਨਾਨਕ ਨੂੰ ਦਰਸਨ ਦੇ ਕੇ ਨਿਹਾਲ ਕਰ ॥੩॥੮॥੯॥
ਨਟ ਪੜਤਾਲ ਮਹਲਾ ੫ ॥
ਰਾਗ ਨਟ-ਨਾਰਾਇਨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਕੋਊ ਹੈ ਮੇਰੋ ਸਾਜਨੁ ਮੀਤੁ ॥
ਕੋਈ ਵਿਰਲਾ ਹੀ (ਲੱਭਦਾ) ਹੈ ਇਹੋ ਜਿਹਾ ਸੱਜਣ ਮਿੱਤਰ,
ਹਰਿ ਨਾਮੁ ਸੁਨਾਵੈ ਨੀਤ ॥
ਜਿਹੜਾ ਸਦਾ ਪਰਮਾਤਮਾ ਦਾ ਨਾਮ ਸੁਣਾਂਦਾ ਰਹੇ।
ਬਿਨਸੈ ਦੁਖੁ ਬਿਪਰੀਤਿ ॥
(ਨਾਮ ਦੀ ਬਰਕਤਿ ਨਾਲ) ਭੈੜੇ ਪਾਸੇ ਦੀ ਪ੍ਰੀਤ ਦਾ ਦੁੱਖ ਦੂਰ ਹੋ ਜਾਂਦਾ ਹੈ।
ਸਭੁ ਅਰਪਉ ਮਨੁ ਤਨੁ ਚੀਤੁ ॥੧॥ ਰਹਾਉ ॥
(ਜੇ ਕੋਈ ਹਰਿ-ਨਾਮ ਸੁਣਾਣ ਵਾਲਾ ਸੱਜਣ ਮਿਲ ਪਏ, ਤਾਂ ਉਸ ਤੋਂ) ਮੈਂ ਆਪਣਾ ਮਨ ਆਪਣਾ ਤਨ ਆਪਣਾ ਚਿੱਤ ਸਭ ਕੁਝ ਸਦਕੇ ਕਰ ਦਿਆਂ ॥੧॥ ਰਹਾਉ ॥
ਕੋਈ ਵਿਰਲਾ ਆਪਨ ਕੀਤ ॥
ਕੋਈ ਵਿਰਲਾ ਹੀ (ਲੱਭਦਾ) ਹੈ (ਇਹੋ ਜਿਹਾ ਜਿਸ ਨੂੰ ਪ੍ਰਭੂ ਨੇ) ਆਪਣਾ ਬਣਾ ਲਿਆ ਹੁੰਦਾ ਹੈ,
ਸੰਗਿ ਚਰਨ ਕਮਲ ਮਨੁ ਸੀਤ ॥
ਜਿਸ ਨੇ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਆਪਣਾ ਮਨ ਜੋੜ ਰੱਖਿਆ ਹੁੰਦਾ ਹੈ,
ਕਰਿ ਕਿਰਪਾ ਹਰਿ ਜਸੁ ਦੀਤ ॥੧॥
ਜਿਸ ਨੂੰ ਪ੍ਰਭੂ ਨੇ ਕਿਰਪਾ ਕਰ ਕੇ ਆਪਣੀ ਸਿਫ਼ਤ-ਸਾਲਾਹ (ਦੀ ਦਾਤਿ) ਦਿੱਤੀ ਹੁੰਦੀ ਹੈ ॥੧॥
ਹਰਿ ਭਜਿ ਜਨਮੁ ਪਦਾਰਥੁ ਜੀਤ ॥
ਪਰਮਾਤਮਾ ਦਾ ਨਾਮ ਜਪ ਕੇ ਕੀਮਤੀ ਮਨੁੱਖਾ ਜਨਮ ਕਾਮਯਾਬ ਬਣਾ ਲਈਦਾ ਹੈ।
ਕੋਟਿ ਪਤਿਤ ਹੋਹਿ ਪੁਨੀਤ ॥
(ਨਾਮ ਜਪ ਕੇ) ਕ੍ਰੋੜਾਂ ਵਿਕਾਰੀ ਪਵਿੱਤਰ ਹੋ ਜਾਂਦੇ ਹਨ।
ਨਾਨਕ ਦਾਸ ਬਲਿ ਬਲਿ ਕੀਤ ॥੨॥੧॥੧੦॥੧੯॥
ਹੇ ਨਾਨਕ! (ਨਾਮ ਜਪਣ ਵਾਲੇ ਅਜਿਹੇ) ਦਾਸ ਤੋਂ ਮੈਂ ਆਪਣੇ ਆਪ ਨੂੰ ਸਦਕੇ ਕਰਦਾ ਹਾਂ ਕੁਰਬਾਨ ਕਰਦਾ ਹਾਂ ॥੨॥੧॥੧੦॥੧੯॥
ਨਟ ਅਸਟਪਦੀਆ ਮਹਲਾ ੪ ॥
ਰਾਗ ਨਟ-ਨਾਰਾਇਨ ਵਿੱਚ ਗੁਰੂ ਰਾਮਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਮ ਮੇਰੇ ਮਨਿ ਤਨਿ ਨਾਮੁ ਅਧਾਰੇ ॥
ਹੇ ਰਾਮ! ਮੇਰੇ ਮਨ ਵਿਚ ਮੇਰੇ ਤਨ ਵਿਚ ਤੇਰਾ ਨਾਮ ਹੀ ਆਸਰਾ ਹੈ।
ਖਿਨੁ ਪਲੁ ਰਹਿ ਨ ਸਕਉ ਬਿਨੁ ਸੇਵਾ ਮੈ ਗੁਰਮਤਿ ਨਾਮੁ ਸਮ੍ਰਾਰੇ ॥੧॥ ਰਹਾਉ ॥
ਤੇਰੀ ਸੇਵਾ-ਭਗਤੀ ਕਰਨ ਤੋਂ ਬਿਨਾ ਮੈਂ ਇਕ ਖਿਨ ਇਕ ਪਲ ਭਰ ਭੀ ਰਹਿ ਨਹੀਂ ਸਕਦਾ। ਗੁਰੂ ਦੀ ਸਰਨ ਪੈ ਕੇ ਮੈਂ ਤੇਰਾ ਨਾਮ ਆਪਣੇ ਹਿਰਦੇ ਵਿਚ ਵਸਾਂਦਾ ਹਾਂ ॥੧॥ ਰਹਾਉ ॥
ਹਰਿ ਹਰਿ ਹਰਿ ਹਰਿ ਹਰਿ ਮਨਿ ਧਿਆਵਹੁ ਮੈ ਹਰਿ ਹਰਿ ਨਾਮੁ ਪਿਆਰੇ ॥
ਤੁਸੀ ਭੀ ਸਦਾ ਪਰਮਾਤਮਾ ਦਾ ਧਿਆਨ ਧਰਿਆ ਕਰੋ। ਮੈਨੂੰ ਤਾਂ ਹਰਿ-ਨਾਮ ਹੀ ਪਿਆਰਾ ਲੱਗਦਾ ਹੈ।
ਦੀਨ ਦਇਆਲ ਭਏ ਪ੍ਰਭ ਠਾਕੁਰ ਗੁਰ ਕੈ ਸਬਦਿ ਸਵਾਰੇ ॥੧॥
ਠਾਕੁਰ-ਪ੍ਰਭੂ ਜਿਨ੍ਹਾਂ ਕੰਗਾਲਾਂ ਉਤੇ ਭੀ ਦਇਆਵਾਨ ਹੁੰਦੇ ਹਨ, ਉਹਨਾਂ ਦਾ ਜੀਵਨ ਗੁਰੂ ਦੇ ਸ਼ਬਦ ਦੀ ਰਾਹੀਂ ਸੋਹਣਾ ਬਣਾ ਦੇਂਦੇ ਹਨ ॥੧॥
ਮਧਸੂਦਨ ਜਗਜੀਵਨ ਮਾਧੋ ਮੇਰੇ ਠਾਕੁਰ ਅਗਮ ਅਪਾਰੇ ॥
ਹੇ ਮਧ ਸੂਦਨ! ਹੇ ਜਗ ਜੀਵਨ! ਹੇ ਮਾਧੋ! ਹੇ ਮੇਰੇ ਠਾਕੁਰ! ਹੇ ਅਪਹੁੰਚ! ਹੇ ਬੇਅੰਤ!
ਇਕ ਬਿਨਉ ਬੇਨਤੀ ਕਰਉ ਗੁਰ ਆਗੈ ਮੈ ਸਾਧੂ ਚਰਨ ਪਖਾਰੇ ॥੨॥
(ਜੇ ਤੂੰ ਮਿਹਰ ਕਰੇਂ, ਤਾਂ ਤੇਰੇ ਨਾਮ ਦੀ ਪ੍ਰਾਪਤੀ ਵਾਸਤੇ) ਮੈਂ ਗੁਰੂ ਪਾਸ ਸਦਾ ਬੇਨਤੀ ਕਰਦਾ ਰਹਾਂ, ਮੈਂ ਗੁਰੂ ਦੇ ਚਰਨ ਹੀ ਧੋਂਦਾ ਰਹਾਂ ॥੨॥
ਸਹਸ ਨੇਤ੍ਰ ਨੇਤ੍ਰ ਹੈ ਪ੍ਰਭ ਕਉ ਪ੍ਰਭ ਏਕੋ ਪੁਰਖੁ ਨਿਰਾਰੇ ॥
(ਸਰਬ-ਵਿਆਪਕ) ਪ੍ਰਭੂ ਦੀਆਂ ਹਜ਼ਾਰਾਂ ਹੀ ਅੱਖਾਂ ਹਨ, (ਫਿਰ ਭੀ) ਉਹ ਸਰਬ-ਵਿਆਪਕ ਪ੍ਰਭੂ ਸਦਾ ਨਿਰਲੇਪ ਹੈ।
ਸਹਸ ਮੂਰਤਿ ਏਕੋ ਪ੍ਰਭੁ ਠਾਕੁਰੁ ਪ੍ਰਭੁ ਏਕੋ ਗੁਰਮਤਿ ਤਾਰੇ ॥੩॥
ਉਹ ਮਾਲਕ-ਪ੍ਰਭੂ ਹਜ਼ਾਰਾਂ ਸਰੀਰਾਂ ਵਾਲਾ ਹੈ, ਫਿਰ ਭੀ ਉਹ ਆਪਣੇ ਵਰਗਾ ਆਪ ਹੀ ਇੱਕ ਹੈ। ਉਹ ਆਪ ਹੀ ਗੁਰੂ ਦੀ ਮੱਤ ਦੀ ਰਾਹੀਂ ਜੀਵਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ ॥੩॥
ਗੁਰਮਤਿ ਨਾਮੁ ਦਮੋਦਰੁ ਪਾਇਆ ਹਰਿ ਹਰਿ ਨਾਮੁ ਉਰਿ ਧਾਰੇ ॥
ਜਿਸ ਮਨੁੱਖ ਨੇ ਗੁਰੂ ਦੀ ਮੱਤ ਦੀ ਰਾਹੀਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ, ਉਹ ਉਸ ਨਾਮ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ।
ਹਰਿ ਹਰਿ ਕਥਾ ਬਨੀ ਅਤਿ ਮੀਠੀ ਜਿਉ ਗੂੰਗਾ ਗਟਕ ਸਮ੍ਰਾਰੇ ॥੪॥
ਪਰਮਾਤਮਾ ਦੀ ਸਿਫ਼ਤ-ਸਾਲਾਹ ਉਸ ਨੂੰ ਬਹੁਤ ਮਿੱਠੀ ਲੱਗਦੀ ਹੈ, ਉਸ ਨੂੰ ਉਹ ਹਰ ਵੇਲੇ ਹਿਰਦੇ ਵਿਚ ਸੰਭਾਲੀ ਰੱਖਦਾ ਹੈ (ਪਰ ਕਿਸੇ ਨੂੰ ਦੱਸਦਾ ਨਹੀਂ,) ਜਿਵੇਂ ਕੋਈ ਗੁੰਗਾ (ਕੋਈ ਸ਼ਰਬਤ ਆਦਿਕ) ਬੜੇ ਸੁਆਦ ਨਾਲ ਪੀਂਦਾ ਹੈ (ਤੇ, ਸੁਆਦ ਦੱਸ ਨਹੀਂ ਸਕਦਾ) ॥੪॥
ਰਸਨਾ ਸਾਦ ਚਖੈ ਭਾਇ ਦੂਜੈ ਅਤਿ ਫੀਕੇ ਲੋਭ ਬਿਕਾਰੇ ॥
ਜਿਸ ਮਨੁੱਖ ਦੀ ਜੀਭ ਮਾਇਆ ਦੇ ਮੋਹ ਦੇ ਕਾਰਨ (ਹੋਰ ਹੋਰ ਪਦਾਰਥਾਂ ਦੇ) ਸੁਆਦ ਚੱਖਦੀ ਰਹਿੰਦੀ ਹੈ, ਉਹ ਮਨੁੱਖ ਲੋਭ ਆਦਿਕ ਅੱਤ ਫਿੱਕੇ ਵਿਕਾਰਾਂ ਵਿਚ ਹੀ ਫਸਿਆ ਰਹਿੰਦਾ ਹੈ।
ਜੋ ਗੁਰਮੁਖਿ ਸਾਦ ਚਖਹਿ ਰਾਮ ਨਾਮਾ ਸਭ ਅਨ ਰਸ ਸਾਦ ਬਿਸਾਰੇ ॥੫॥
ਗੁਰੂ ਦੇ ਸਨਮੁਖ ਰਹਿਣ ਵਾਲੇ ਜਿਹੜੇ ਬੰਦੇ ਪਰਮਾਤਮਾ ਦੇ ਨਾਮ ਦਾ ਆਨੰਦ ਮਾਣਦੇ ਹਨ, ਉਹ ਹੋਰ ਹੋਰ ਰਸਾਂ ਦੇ ਸੁਆਦ ਭੁਲਾ ਦੇਂਦੇ ਹਨ ॥੫॥
ਗੁਰਮਤਿ ਰਾਮ ਨਾਮੁ ਧਨੁ ਪਾਇਆ ਸੁਣਿ ਕਹਤਿਆ ਪਾਪ ਨਿਵਾਰੇ ॥
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦਾ ਨਾਮ-ਧਨ ਲੱਭ ਲਿਆ ਹੈ, ਉਹ ਸਦਾ ਨਾਮ ਸੁਣ ਕੇ ਤੇ ਉਚਾਰ ਕੇ ਪਾਪ ਦੂਰ ਕਰ ਲੈਂਦੇ ਹਨ।
ਧਰਮ ਰਾਇ ਜਮੁ ਨੇੜਿ ਨ ਆਵੈ ਮੇਰੇ ਠਾਕੁਰ ਕੇ ਜਨ ਪਿਆਰੇ ॥੬॥
ਅਜਿਹੇ ਮਨੁੱਖ ਮਾਲਕ-ਪ੍ਰਭੂ ਦੇ ਪਿਆਰੇ ਹੁੰਦੇ ਹਨ, ਧਰਮਰਾਜ ਜਾਂ (ਉਸ ਦਾ ਕੋਈ) ਜਮ ਉਹਨਾਂ ਦੇ ਨੇੜੇ ਨਹੀਂ ਢੁਕਦਾ ॥੬॥
ਸਾਸ ਸਾਸ ਸਾਸ ਹੈ ਜੇਤੇ ਮੈ ਗੁਰਮਤਿ ਨਾਮੁ ਸਮ੍ਰਾਰੇ ॥
ਜ਼ਿੰਦਗੀ ਦੇ ਜਿਤਨੇ ਭੀ ਸਾਹ ਹਨ (ਉਹਨਾਂ ਵਿਚ) ਮੈਂ ਤਾਂ ਗੁਰੂ ਦੀ ਮੱਤ ਦੇ ਆਸਰੇ ਪਰਮਾਤਮਾ ਦਾ ਨਾਮ ਹੀ ਸਿਮਰਦਾ ਹਾਂ।
ਸਾਸੁ ਸਾਸੁ ਜਾਇ ਨਾਮੈ ਬਿਨੁ ਸੋ ਬਿਰਥਾ ਸਾਸੁ ਬਿਕਾਰੇ ॥੭॥
ਜਿਹੜਾ ਇੱਕ ਭੀ ਸਾਹ ਪ੍ਰਭੂ ਦੇ ਨਾਮ ਤੋਂ ਬਿਨਾ ਜਾਂਦਾ ਹੈ, ਉਹ ਸਾਹ ਵਿਅਰਥ ਜਾਂਦਾ ਹੈ, ਬੇ-ਕਾਰ ਜਾਂਦਾ ਹੈ ॥੭॥
ਕ੍ਰਿਪਾ ਕ੍ਰਿਪਾ ਕਰਿ ਦੀਨ ਪ੍ਰਭ ਸਰਨੀ ਮੋ ਕਉ ਹਰਿ ਜਨ ਮੇਲਿ ਪਿਆਰੇ ॥
ਹੇ ਨਾਨਕ! ਹੇ ਪ੍ਰਭੂ! ਮੈਂ ਦੀਨ ਤੇਰੀ ਸਰਨ ਆਇਆ ਹਾਂ, ਮੇਰੇ ਉਤੇ ਮਿਹਰ ਕਰ ਮਿਹਰ ਕਰ। ਮੈਨੂੰ ਆਪਣੇ ਪਿਆਰੇ ਭਗਤ ਮਿਲਾ।
ਨਾਨਕ ਦਾਸਨਿ ਦਾਸੁ ਕਹਤੁ ਹੈ ਹਮ ਦਾਸਨ ਕੇ ਪਨਿਹਾਰੇ ॥੮॥੧॥
ਮੈਂ ਤੇਰੇ ਦਾਸਾਂ ਦਾ ਦਾਸ ਆਖਦਾ ਹਾਂ, ਮੈਨੂੰ ਆਪਣੇ ਦਾਸਾਂ ਦਾ ਪਾਣੀ ਢੋਣ ਵਾਲਾ ਬਣਾਈ ਰੱਖ ॥੮॥੧॥
ਨਟ ਮਹਲਾ ੪ ॥
ਰਾਮ ਹਮ ਪਾਥਰ ਨਿਰਗੁਨੀਆਰੇ ॥
ਹੇ ਮੇਰੇ ਰਾਮ! ਅਸੀਂ ਜੀਵ ਨਿਰਦਈ ਹਾਂ, ਗੁਣਾਂ ਤੋਂ ਸੱਖਣੇ ਹਾਂ।
ਕ੍ਰਿਪਾ ਕ੍ਰਿਪਾ ਕਰਿ ਗੁਰੂ ਮਿਲਾਏ ਹਮ ਪਾਹਨ ਸਬਦਿ ਗੁਰ ਤਾਰੇ ॥੧॥ ਰਹਾਉ ॥
ਮਿਹਰ ਕਰ ਮਿਹਰ ਕਰ, ਸਾਨੂੰ ਗੁਰੂ ਮਿਲਾ। ਸਾਨੂੰ ਪੱਥਰਾਂ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ॥੧॥ ਰਹਾਉ ॥
ਸਤਿਗੁਰ ਨਾਮੁ ਦ੍ਰਿੜਾਏ ਅਤਿ ਮੀਠਾ ਮੈਲਾਗਰੁ ਮਲਗਾਰੇ ॥
ਹੇ ਗੁਰੂ! ਪਰਮਾਤਮਾ ਦਾ ਨਾਮ (ਮੇਰੇ ਹਿਰਦੇ ਵਿਚ) ਪੱਕਾ ਕਰ, ਇਹ ਨਾਮ ਬਹੁਤ ਮਿੱਠਾ ਹੈ ਤੇ (ਠੰਢਕ ਅਪੜਾਣ ਵਿਚ) ਚੰਦਨ ਤੋਂ ਭੀ ਸ੍ਰੇਸ਼ਟ ਹੈ।
ਨਾਮੈ ਸੁਰਤਿ ਵਜੀ ਹੈ ਦਹ ਦਿਸਿ ਹਰਿ ਮੁਸਕੀ ਮੁਸਕ ਗੰਧਾਰੇ ॥੧॥
ਨਾਮ ਦੀ ਬਰਕਤਿ ਨਾਲ ਹੀ ਇਹ ਸੁਰਤ ਪ੍ਰਬਲ ਹੁੰਦੀ ਹੈ ਕਿ ਜਗਤ ਵਿਚ ਹਰ ਪਾਸੇ ਪਰਮਾਤਮਾ ਦੀ ਹਸਤੀ ਦੀ ਸੁਗੰਧੀ ਪਸਰ ਰਹੀ ਹੈ ॥੧॥
ਤੇਰੀ ਨਿਰਗੁਣ ਕਥਾ ਕਥਾ ਹੈ ਮੀਠੀ ਗੁਰਿ ਨੀਕੇ ਬਚਨ ਸਮਾਰੇ ॥
ਹੇ ਪ੍ਰਭੂ! ਤੇਰੀ ਸਿਫ਼ਤ-ਸਾਲਾਹ ਮਿੱਠੀ ਹੈ, ਇਸ ਉਤੇ ਮਾਇਆ ਦੇ ਤਿੰਨ ਗੁਣਾਂ ਦਾ ਪ੍ਰਭਾਵ ਨਹੀਂ ਪੈ ਸਕਦਾ। ਗੁਰੂ ਦੀ ਰਾਹੀਂ (ਤੇਰੀ ਸਿਫ਼ਤ-ਸਾਲਾਹ ਦੇ) ਸੋਹਣੇ ਬਚਨ ਹਿਰਦੇ ਵਿਚ ਵਸਾਏ ਜਾ ਸਕਦੇ ਹਨ।
ਗਾਵਤ ਗਾਵਤ ਹਰਿ ਗੁਨ ਗਾਏ ਗੁਨ ਗਾਵਤ ਗੁਰਿ ਨਿਸਤਾਰੇ ॥੨॥
ਜਿਨ੍ਹਾਂ ਮਨੁੱਖਾਂ ਨੇ ਹਰ ਵੇਲੇ ਪਰਮਾਤਮਾ ਦੇ ਗੁਣ ਗਾਵਣੇ ਸ਼ੁਰੂ ਕੀਤੇ, ਗੁਣ ਗਾਂਦਿਆਂ ਉਹਨਾਂ ਨੂੰ ਗੁਰੂ ਨੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ ॥੨॥
ਬਿਬੇਕੁ ਗੁਰੂ ਗੁਰੂ ਸਮਦਰਸੀ ਤਿਸੁ ਮਿਲੀਐ ਸੰਕ ਉਤਾਰੇ ॥
ਗੁਰੂ ਚੰਗੇ ਮੰਦੇ ਕੰਮਾਂ ਦੀ ਪਰਖ ਕਰਨ ਵਿਚ ਨਿਪੁੰਨ ਹੈ, ਗੁਰੂ ਸਭ ਜੀਵਾਂ ਨੂੰ ਇਕੋ ਜਿਹਾ ਪਿਆਰ ਨਾਲ ਵੇਖਣ ਵਾਲਾ ਹੈ। (ਆਪਣੇ ਮਨ ਦੇ ਸਾਰੇ) ਸ਼ੰਕੇ ਦੂਰ ਕਰ ਕੇ ਉਸ (ਗੁਰੂ) ਨੂੰ ਮਿਲਣਾ ਚਾਹੀਦਾ ਹੈ।
ਸਤਿਗੁਰ ਮਿਲਿਐ ਪਰਮ ਪਦੁ ਪਾਇਆ ਹਉ ਸਤਿਗੁਰ ਕੈ ਬਲਿਹਾਰੇ ॥੩॥
ਜੇ ਗੁਰੂ ਮਿਲ ਪਏ, ਤਾਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਮੈਂ ਗੁਰੂ ਤੋਂ ਸਦਕੇ ਹਾਂ ॥੩॥
ਪਾਖੰਡ ਪਾਖੰਡ ਕਰਿ ਕਰਿ ਭਰਮੇ ਲੋਭੁ ਪਾਖੰਡੁ ਜਗਿ ਬੁਰਿਆਰੇ ॥
(ਮਾਇਆ ਆਦਿਕ ਬਟੋਰਨ ਲਈ ਅਨੇਕਾਂ ਧਾਰਮਿਕ) ਦਿਖਾਵੇ ਸਦਾ ਕਰ ਕਰ ਕੇ (ਜੀਵ) ਭਟਕਦੇ ਫਿਰਦੇ ਹਨ। ਇਹ ਲੋਭ ਤੇ ਇਹ (ਧਾਰਮਿਕ) ਵਿਖਾਵਾ ਜਗਤ ਵਿਚ ਇਹ ਬੜੇ ਭੈੜੇ (ਵੈਰੀ) ਹਨ।
ਹਲਤਿ ਪਲਤਿ ਦੁਖਦਾਈ ਹੋਵਹਿ ਜਮਕਾਲੁ ਖੜਾ ਸਿਰਿ ਮਾਰੇ ॥੪॥
ਇਸ ਲੋਕ ਵਿਚ ਅਤੇ ਪਰਲੋਕ ਵਿਚ (ਇਹ ਸਦਾ) ਦੁਖਦਾਈ ਹੁੰਦੇ ਹਨ, (ਇਹਨਾਂ ਦੇ ਕਾਰਨ) ਜਮਕਾਲ (ਜੀਵਾਂ ਦੇ) ਸਿਰ ਉਤੇ ਖਲੋਤਾ ਹੋਇਆ (ਸਭਨਾਂ ਨੂੰ) ਆਤਮਕ ਮੌਤੇ ਮਾਰੀ ਜਾਂਦਾ ਹੈ ॥੪॥
ਉਗਵੈ ਦਿਨਸੁ ਆਲੁ ਜਾਲੁ ਸਮ੍ਰਾਲੈ ਬਿਖੁ ਮਾਇਆ ਕੇ ਬਿਸਥਾਰੇ ॥
(ਜਦੋਂ) ਦਿਨ ਚੜ੍ਹਦਾ ਹੈ (ਉਸੇ ਵੇਲੇ ਲੋਭ-ਵਸ ਜੀਵ) ਘਰ ਦੇ ਧੰਧੇ, ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਖਿਲਾਰੇ ਸ਼ੁਰੂ ਕਰਦਾ ਹੈ;
ਆਈ ਰੈਨਿ ਭਇਆ ਸੁਪਨੰਤਰੁ ਬਿਖੁ ਸੁਪਨੈ ਭੀ ਦੁਖ ਸਾਰੇ ॥੫॥
(ਜਦੋਂ) ਰਾਤ ਆ ਗਈ (ਤਦੋਂ ਜੀਵ ਦਿਨ ਵਾਲੇ ਕੀਤੇ ਧੰਧਿਆਂ ਅਨੁਸਾਰ) ਸੁਪਨਿਆਂ ਵਿਚ ਗ਼ਲਤਾਨ ਹੋ ਗਿਆ, ਸੁਪਨੇ ਵਿਚ ਭੀ ਆਤਮਕ ਮੌਤ ਲਿਆਉਣ ਵਾਲੇ ਦੁੱਖਾਂ ਨੂੰ ਹੀ ਸੰਭਾਲਦਾ ਹੈ ॥੫॥
ਕਲਰੁ ਖੇਤੁ ਲੈ ਕੂੜੁ ਜਮਾਇਆ ਸਭ ਕੂੜੈ ਕੇ ਖਲਵਾਰੇ ॥
ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਦਾ ਇਹ ਹਿਰਦਾ-ਖੇਤ ਕੱਲਰ ਹੈ (ਜਿਸ ਵਿਚ ਨਾਮ-ਬੀਜ ਨਹੀਂ ਉੱਗ ਸਕਦਾ। ਸਾਕਤ) ਉਸ ਵਿਚ ਨਾਸਵੰਤ ਪਦਾਰਥਾਂ ਦਾ ਮੋਹ ਹੀ ਬੀਜਦੇ ਰਹਿੰਦੇ ਹਨ, ਅਤੇ ਮੋਹ ਮਾਇਆ ਦੇ ਖਲਵਾੜੇ ਹੀ ਇਕੱਠੇ ਕਰਦੇ ਹਨ।
ਸਾਕਤ ਨਰ ਸਭਿ ਭੂਖ ਭੁਖਾਨੇ ਦਰਿ ਠਾਢੇ ਜਮ ਜੰਦਾਰੇ ॥੬॥
(ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ) ਸਾਕਤ ਮਨੁੱਖ ਹਰ ਵੇਲੇ ਤ੍ਰਿਸ਼ਨਾ ਦੇ ਮਾਰੇ ਹੋਏ ਰਹਿੰਦੇ ਹਨ, ਤੇ, ਬਲੀ ਜਮਰਾਜ ਦੇ ਦਰ ਤੇ ਖਲੋਤੇ ਰਹਿੰਦੇ ਹਨ (ਜਮਾਂ ਦੇ ਵੱਸ ਪਏ ਰਹਿੰਦੇ ਹਨ) ॥੬॥
ਮਨਮੁਖ ਕਰਜੁ ਚੜਿਆ ਬਿਖੁ ਭਾਰੀ ਉਤਰੈ ਸਬਦੁ ਵੀਚਾਰੇ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੇ ਸਿਰ ਉਤੇ ਆਤਮਕ ਮੌਤ ਲਿਆਉਣ ਵਾਲਾ (ਵਿਕਾਰਾਂ ਦਾ) ਕਰਜ਼ਾ ਚੜ੍ਹਿਆ ਰਹਿੰਦਾ ਹੈ, ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾਇਆਂ ਹੀ ਇਹ ਕਰਜ਼ਾ ਉਤਰਦਾ ਹੈ।
ਜਿਤਨੇ ਕਰਜ ਕਰਜ ਕੇ ਮੰਗੀਏ ਕਰਿ ਸੇਵਕ ਪਗਿ ਲਗਿ ਵਾਰੇ ॥੭॥
(ਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਤਦੋਂ) ਕਰਜ਼ਾ ਮੰਗਣ ਵਾਲੇ ਇਹਨਾਂ ਸਾਰੇ ਹੀ ਜਮਦੂਤਾਂ ਨੂੰ (ਗੁਰ-ਸ਼ਬਦ ਦਾ ਆਸਰਾ ਲੈਣ ਵਾਲਿਆਂ ਦਾ) ਸੇਵਕ ਬਣਾ ਕੇ ਉਹਨਾਂ ਦੀ ਚਰਨੀਂ ਲਾ ਕੇ ਰੋਕ ਦਿੱਤਾ ਜਾਂਦਾ ਹੈ ॥੭॥
ਜਗੰਨਾਥ ਸਭਿ ਜੰਤ੍ਰ ਉਪਾਏ ਨਕਿ ਖੀਨੀ ਸਭ ਨਥਹਾਰੇ ॥
(ਹੇ ਭਾਈ ਜੀਵਾਂ ਦੇ ਭੀ ਕੀਹ ਵੱਸ?) ਇਹ ਸਾਰੇ ਜੀਵ ਜਗਤ ਦੇ ਨਾਥ-ਪ੍ਰਭੂ ਦੇ ਪੈਦਾ ਕੀਤੇ ਹੋਏ ਹਨ, ਨੱਕੋ-ਵਿੰਨ੍ਹੇ ਹੋਏ (ਪਸ਼ੂਆਂ ਵਾਂਗ) ਸਭ ਉਸੇ ਦੇ ਵੱਸ ਵਿਚ ਹਨ।
ਨਾਨਕ ਪ੍ਰਭੁ ਖਿੰਚੈ ਤਿਵ ਚਲੀਐ ਜਿਉ ਭਾਵੈ ਰਾਮ ਪਿਆਰੇ ॥੮॥੨॥
ਹੇ ਨਾਨਕ! ਜਿਵੇਂ ਪ੍ਰਭੂ (ਜੀਵਾਂ ਦੀ ਨੱਥ) ਖਿੱਚਦਾ ਹੈ, ਜਿਵੇਂ ਪਿਆਰੇ ਰਾਮ ਦੀ ਰਜ਼ਾ ਹੁੰਦੀ ਹੈ ਤਿਵੇਂ ਹੀ (ਜੀਵਾਂ ਨੂੰ) ਤੁਰਨਾ ਪੈਂਦਾ ਹੈ ॥੮॥੨॥
ਨਟ ਮਹਲਾ ੪ ॥
ਰਾਮ ਹਰਿ ਅੰਮ੍ਰਿਤ ਸਰਿ ਨਾਵਾਰੇ ॥
ਹੇ ਰਾਮ! ਹੇ ਹਰੀ! (ਜਿਹੜਾ ਮਨੁੱਖ ਤੇਰੀ ਮਿਹਰ ਨਾਲ) ਆਤਮਕ ਜੀਵਨ ਦੇਣ ਵਾਲੇ ਤੇਰੇ ਨਾਮ-ਜਲ ਦੇ ਸਰ ਵਿਚ (ਆਪਣੇ ਮਨ ਨੂੰ) ਇਸ਼ਨਾਨ ਕਰਾਂਦਾ ਹੈ,
ਸਤਿਗੁਰਿ ਗਿਆਨੁ ਮਜਨੁ ਹੈ ਨੀਕੋ ਮਿਲਿ ਕਲਮਲ ਪਾਪ ਉਤਾਰੇ ॥੧॥ ਰਹਾਉ ॥
(ਉਹ ਮਨੁੱਖ ਗੁਰੂ ਨੂੰ) ਮਿਲ ਕੇ (ਆਪਣੇ ਸਾਰੇ) ਪਾਪ ਵਿਕਾਰ ਲਾਹ ਲੈਂਦਾ ਹੈ। (ਗੁਰੂ ਦੀ ਰਾਹੀਂ) ਆਤਮਕ ਜੀਵਨ ਦੀ ਸੂਝ ਹੀ ਗੁਰੂ (-ਸਰੋਵਰ) ਵਿਚ ਸੋਹਣਾ ਇਸ਼ਨਾਨ ਹੈ ॥੧॥ ਰਹਾਉ ॥
ਸੰਗਤਿ ਕਾ ਗੁਨੁ ਬਹੁਤੁ ਅਧਿਕਾਈ ਪੜਿ ਸੂਆ ਗਨਕ ਉਧਾਰੇ ॥
ਸੰਗਤ ਦਾ ਅਸਰ ਬਹੁਤ ਅਧਿਕ ਹੋਇਆ ਕਰਦਾ ਹੈ, (ਵੇਖੋ,) ਤੋਤਾ (ਗਨਿਕਾ ਪਾਸੋਂ ‘ਰਾਮ ਨਾਮ’) ਪੜ੍ਹ ਕੇ ਗਨਿਕਾ ਨੂੰ (ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘਾ ਗਿਆ।
ਪਰਸ ਨਪਰਸ ਭਏ ਕੁਬਿਜਾ ਕਉ ਲੈ ਬੈਕੁੰਠਿ ਸਿਧਾਰੇ ॥੧॥
ਕੁਬਿਜਾ ਨੂੰ (ਸ੍ਰੀ ਕ੍ਰਿਸ਼ਨ ਜੀ ਦੇ ਚਰਨਾਂ ਦੀ) ਸ੍ਰੇਸ਼ਟ ਛੋਹ ਪ੍ਰਾਪਤ ਹੋਈ, (ਉਹ ਛੋਹ) ਉਸ ਨੂੰ ਬੈਕੁੰਠ ਵਿਚ ਭੀ ਲੈ ਪਹੁੰਚੀ ॥੧॥
ਅਜਾਮਲ ਪ੍ਰੀਤਿ ਪੁਤ੍ਰ ਪ੍ਰਤਿ ਕੀਨੀ ਕਰਿ ਨਾਰਾਇਣ ਬੋਲਾਰੇ ॥
ਅਜਾਮਲ ਦੀ ਆਪਣੇ ਪੁੱਤਰ (ਨਾਰਾਇਣ) ਨਾਲ ਕੀਤੀ ਹੋਈ ਪ੍ਰੀਤ (ਜਗਤ-ਪ੍ਰਸਿਧ ਹੈ। ਅਜਾਮਲ ਆਪਣੇ ਪੁੱਤਰ ਨੂੰ) ਨਾਰਾਇਣ ਨਾਮ ਨਾਲ ਬੁਲਾਂਦਾ ਸੀ (ਨਾਰਾਇਣ ਆਖਦਿਆਂ ਉਸ ਦੀ ਪ੍ਰੀਤ ਨਾਰਾਇਣ-ਪ੍ਰਭੂ ਨਾਲ ਭੀ ਬਣ ਗਈ)।
ਮੇਰੇ ਠਾਕੁਰ ਕੈ ਮਨਿ ਭਾਇ ਭਾਵਨੀ ਜਮਕੰਕਰ ਮਾਰਿ ਬਿਦਾਰੇ ॥੨॥
ਪਿਆਰੇ ਮਾਲਕ ਪ੍ਰਭੂ ਨਾਰਾਇਣ ਦੇ ਮਨ ਵਿਚ (ਅਜਾਮਲ ਦੀ ਉਹ) ਪ੍ਰੀਤ ਪਸੰਦ ਆ ਗਈ, ਉਸ ਨੇ ਜਮਦੂਤਾਂ ਨੂੰ ਮਾਰ ਕੇ (ਅਜਾਮਲ ਤੋਂ ਪਰੇ) ਭਜਾ ਦਿੱਤਾ ॥੨॥
ਮਾਨੁਖੁ ਕਥੈ ਕਥਿ ਲੋਕ ਸੁਨਾਵੈ ਜੋ ਬੋਲੈ ਸੋ ਨ ਬੀਚਾਰੇ ॥
ਪਰ, ਜੇ ਮਨੁੱਖ ਨਿਰਾ ਜ਼ਬਾਨੀ ਗੱਲਾਂ ਹੀ ਕਰਦਾ ਹੈ ਤੇ ਗੱਲਾਂ ਕਰ ਕੇ ਨਿਰਾ ਲੋਕਾਂ ਨੂੰ ਹੀ ਸੁਣਾਂਦਾ ਹੈ (ਉਸ ਨੂੰ ਆਪ ਨੂੰ ਇਸ ਦਾ ਕੋਈ ਲਾਭ ਨਹੀਂ ਹੁੰਦਾ); ਜੋ ਕੁਝ ਉਹ ਬੋਲਦਾ ਹੈ ਉਸ ਨੂੰ ਆਪਣੇ ਮਨ ਵਿਚ ਨਹੀਂ ਵਸਾਂਦਾ।
ਸਤਸੰਗਤਿ ਮਿਲੈ ਤ ਦਿੜਤਾ ਆਵੈ ਹਰਿ ਰਾਮ ਨਾਮਿ ਨਿਸਤਾਰੇ ॥੩॥
ਜਦੋਂ ਮਨੁੱਖ (ਗੁਰੂ ਦੀ) ਸਾਧ ਸੰਗਤ ਵਿਚ ਮਿਲ ਬੈਠਦਾ ਹੈ ਜਦੋਂ ਉਸ ਦੇ ਅੰਦਰ ਸਰਧਾ ਬੱਝਦੀ ਹੈ, (ਗੁਰੂ ਉਸ ਨੂੰ) ਪਰਮਾਤਮਾ ਦੇ ਨਾਮ (ਵਿਚ ਜੋੜ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ ॥੩॥
ਜਬ ਲਗੁ ਜੀਉ ਪਿੰਡੁ ਹੈ ਸਾਬਤੁ ਤਬ ਲਗਿ ਕਿਛੁ ਨ ਸਮਾਰੇ ॥
ਜਦੋਂ ਤਕ ਜਿੰਦ ਤੇ ਸਰੀਰ (ਦਾ ਮੇਲ) ਕਾਇਮ ਰਹਿੰਦਾ ਹੈ, ਤਦੋਂ ਤਕ (ਪ੍ਰਭੂ ਨਾਲੋਂ ਟੁੱਟਾ ਹੋਇਆ ਮਨੁੱਖ ਪ੍ਰਭੂ ਦੀ ਯਾਦ ਨੂੰ) ਹਿਰਦੇ ਵਿਚ ਨਹੀਂ ਵਸਾਂਦਾ,
ਜਬ ਘਰ ਮੰਦਰਿ ਆਗਿ ਲਗਾਨੀ ਕਢਿ ਕੂਪੁ ਕਢੈ ਪਨਿਹਾਰੇ ॥੪॥
(ਇਸ ਦਾ ਹਾਲ ਉਸੇ ਮਨੁੱਖ ਵਾਂਗ ਸਮਝੋ, ਜਿਸ ਦੇ) ਘਰ-ਮਹਲ ਵਿਚ ਜਦੋਂ ਅੱਗ ਲੱਗਦੀ ਹੈ ਤਦੋਂ ਖੂਹ ਪੁੱਟ ਕੇ ਪਾਣੀ ਕੱਢਦਾ ਹੈ (ਅੱਗ ਬੁਝਾਣ ਲਈ) ॥੪॥
ਸਾਕਤ ਸਿਉ ਮਨ ਮੇਲੁ ਨ ਕਰੀਅਹੁ ਜਿਨਿ ਹਰਿ ਹਰਿ ਨਾਮੁ ਬਿਸਾਰੇ ॥
ਹੇ ਮੇਰੇ ਮਨ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਉੱਕਾ ਹੀ ਭੁਲਾ ਦਿੱਤਾ ਹੈ (ਉਹ ਸਾਕਤ ਹੈ, ਉਸ) ਸਾਕਤ ਨਾਲ ਕਦੇ ਸਾਂਝ ਨਾਹ ਪਾਣੀ,
ਸਾਕਤ ਬਚਨ ਬਿਛੂਆ ਜਿਉ ਡਸੀਐ ਤਜਿ ਸਾਕਤ ਪਰੈ ਪਰਾਰੇ ॥੫॥
ਕਿਉਂਕਿ ਸਾਕਤ ਦੇ ਬਚਨਾਂ ਨਾਲ ਮਨੁੱਖ ਇਉਂ ਡੰਗਿਆ ਜਾਂਦਾ ਹੈ ਜਿਵੇਂ ਸੱਪ-ਠੂਹੇਂ ਦੇ ਡੰਗ ਨਾਲ। ਸਾਕਤ (ਦਾ ਸੰਗ) ਛੱਡ ਕੇ ਉਸ ਤੋਂ ਪਰੇ ਹੀ ਹੋਰ ਪਰੇ ਰਹਿਣਾ ਚਾਹੀਦਾ ਹੈ ॥੫॥
ਲਗਿ ਲਗਿ ਪ੍ਰੀਤਿ ਬਹੁ ਪ੍ਰੀਤਿ ਲਗਾਈ ਲਗਿ ਸਾਧੂ ਸੰਗਿ ਸਵਾਰੇ ॥
(ਜਿਨ੍ਹਾਂ ਮਨੁੱਖਾਂ ਨੇ) ਮੁੜ ਮੁੜ (ਗੁਰੂ ਦੀ ਚਰਨੀਂ) ਲੱਗ ਕੇ (ਆਪਣੇ ਹਿਰਦੇ ਵਿਚ ਪ੍ਰਭੂ-ਚਰਨਾਂ ਦੀ) ਬਹੁਤ ਪ੍ਰੀਤ ਪੈਦਾ ਕਰ ਲਈ, ਗੁਰੂ ਦੀ ਸੰਗਤ ਵਿਚ ਰਹਿ ਕੇ ਆਪਣੇ ਜੀਵਨ ਚੰਗੇ ਬਣਾ ਲਏ,
ਗੁਰ ਕੇ ਬਚਨ ਸਤਿ ਸਤਿ ਕਰਿ ਮਾਨੇ ਮੇਰੇ ਠਾਕੁਰ ਬਹੁਤੁ ਪਿਆਰੇ ॥੬॥
ਗੁਰੂ ਦੇ ਬਚਨਾਂ ਉਤੇ ਪੂਰੀ ਸਰਧਾ ਬਣਾ ਲਈ, ਉਹ ਮਨੁੱਖ ਪਰਮਾਤਮਾ ਨੂੰ ਬਹੁਤ ਪਿਆਰੇ ਲੱਗਦੇ ਹਨ ॥੬॥
ਪੂਰਬਿ ਜਨਮਿ ਪਰਚੂਨ ਕਮਾਏ ਹਰਿ ਹਰਿ ਹਰਿ ਨਾਮਿ ਪਿਆਰੇ ॥
ਪੂਰਬਲੇ ਜਨਮ ਵਿਚ ਜਿਸ ਮਨੁੱਖ ਨੇ ਥੋੜੇ ਥੋੜੇ ਸ਼ੁਭ ਕਰਮ ਕਮਾਏ, (ਉਹਨਾਂ ਦੀ ਬਰਕਤਿ ਨਾਲ ਹੁਣ ਭੀ) ਪ੍ਰਭੂ ਦੇ ਨਾਮ ਵਿਚ ਪਿਆਰ ਬਣਾਇਆ,
ਗੁਰਪ੍ਰਸਾਦਿ ਅੰਮ੍ਰਿਤ ਰਸੁ ਪਾਇਆ ਰਸੁ ਗਾਵੈ ਰਸੁ ਵੀਚਾਰੇ ॥੭॥
ਗੁਰੂ ਦੀ ਕਿਰਪਾ ਨਾਲ ਉਸ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਲੱਭ ਲਿਆ। ਉਹ ਮਨੁੱਖ (ਸਦਾ) ਨਾਮ-ਰਸ ਨੂੰ ਸਲਾਹੁੰਦਾ ਹੈ, ਨਾਮ-ਰਸ ਨੂੰ ਹੀ ਹਿਰਦੇ ਵਿਚ ਵਸਾਂਦਾ ਹੈ ॥੭॥
ਹਰਿ ਹਰਿ ਰੂਪ ਰੰਗਿ ਸਭਿ ਤੇਰੇ ਮੇਰੇ ਲਾਲਨ ਲਾਲ ਗੁਲਾਰੇ ॥
ਹੇ ਨਾਨਕ! ਹੇ ਹਰੀ! ਹੇ ਲਾਲ! ਹੇ ਸੋਹਣੇ ਲਾਲ! (ਸਭ ਜੀਅ ਜੰਤ) ਸਾਰੇ ਤੇਰੇ ਹੀ ਰੂਪ ਹਨ ਤੇਰੇ ਹੀ ਰੰਗ ਹਨ।
ਜੈਸਾ ਰੰਗੁ ਦੇਹਿ ਸੋ ਹੋਵੈ ਕਿਆ ਨਾਨਕ ਜੰਤ ਵਿਚਾਰੇ ॥੮॥੩॥
ਜਿਹੋ ਜਿਹਾ ਰੰਗ ਤੂੰ (ਕਿਸੇ ਜੀਵ ਨੂੰ) ਦੇਂਦਾ ਹੈਂ (ਉਸ ਉਤੇ) ਉਹੋ ਜਿਹਾ ਰੰਗ ਹੀ ਚੜ੍ਹਦਾ ਹੈ। ਇਹਨਾਂ ਵਿਚਾਰੇ ਜੀਵਾਂ ਦੀ ਆਪਣੀ ਕੋਈ ਪਾਂਇਆਂ ਨਹੀਂ ਹੈ ॥੮॥੩॥
ਨਟ ਮਹਲਾ ੪ ॥
ਰਾਮ ਗੁਰ ਸਰਨਿ ਪ੍ਰਭੂ ਰਖਵਾਰੇ ॥
ਹੇ ਮੇਰੇ ਰਾਮ! ਹੇ ਮੇਰੇ ਪ੍ਰਭੂ! (ਜਿਸ ਉੱਤੇ ਭੀ ਮਿਹਰ ਕਰਦਾ ਹੈਂ ਉਸ ਨੂੰ) ਗੁਰੂ ਦੀ ਸਰਨੀ ਪਾ ਕੇ (ਵਿਕਾਰਾਂ ਵਲੋਂ ਉਸ ਦਾ) ਰਾਖਾ ਬਣਦਾ ਹੈਂ,
ਜਿਉ ਕੁੰਚਰੁ ਤਦੂਐ ਪਕਰਿ ਚਲਾਇਓ ਕਰਿ ਊਪਰੁ ਕਢਿ ਨਿਸਤਾਰੇ ॥੧॥ ਰਹਾਉ ॥
ਜਿਵੇਂ ਜਦੋਂ ਤੰਦੂਏ ਨੇ ਗਜ ਨੂੰ ਫੜ ਕੇ ਖਿਚ ਲਿਆ ਸੀ, ਤਾਂ ਤੂੰ ਉਸ ਨੂੰ ਉੱਚਾ ਕਰ ਕੇ ਕੱਢ ਕੇ (ਤੰਦੂਏ ਦੀ ਫਾਹੀ ਤੋਂ) ਬਚਾ ਲਿਆ ਸੀ ॥੧॥ ਰਹਾਉ ॥
ਪ੍ਰਭ ਕੇ ਸੇਵਕ ਬਹੁਤੁ ਅਤਿ ਨੀਕੇ ਮਨਿ ਸਰਧਾ ਕਰਿ ਹਰਿ ਧਾਰੇ ॥
ਪ੍ਰਭੂ ਦੇ ਭਗਤ ਬਹੁਤ ਸੋਹਣੇ ਜੀਵਨ ਵਾਲੇ ਹੁੰਦੇ ਹਨ, ਪ੍ਰਭੂ (ਉਹਨਾਂ ਦੇ ਮਨ ਵਿਚ) ਸਰਧਾ ਪੈਦਾ ਕਰ ਕੇ ਉਹਨਾਂ ਨੂੰ (ਆਪਣੇ ਨਾਮ ਦਾ) ਸਹਾਰਾ ਦੇਂਦਾ ਹੈ।
ਮੇਰੇ ਪ੍ਰਭਿ ਸਰਧਾ ਭਗਤਿ ਮਨਿ ਭਾਵੈ ਜਨ ਕੀ ਪੈਜ ਸਵਾਰੇ ॥੧॥
ਪ੍ਰਭੂ ਨੇ ਆਪ ਹੀ (ਆਪਣੇ ਸੇਵਕ ਦੇ ਅੰਦਰ) ਸਰਧਾ-ਭਗਤੀ ਪੈਦਾ ਕੀਤੀ ਹੁੰਦੀ ਹੈ, ਸੇਵਕ ਉਸ ਨੂੰ ਮਨ ਵਿਚ ਪਿਆਰਾ ਲੱਗਦਾ ਹੈ, ਪ੍ਰਭੂ ਆਪ ਹੀ ਸੇਵਕ ਦੀ ਇੱਜ਼ਤ ਬਚਾਂਦਾ ਹੈ ॥੧॥
ਹਰਿ ਹਰਿ ਸੇਵਕੁ ਸੇਵਾ ਲਾਗੈ ਸਭੁ ਦੇਖੈ ਬ੍ਰਹਮ ਪਸਾਰੇ ॥
ਪ੍ਰਭੂ ਦਾ ਜਿਹੜਾ ਸੇਵਕ ਪ੍ਰਭੂ ਦੀ ਸੇਵਾ-ਭਗਤੀ ਵਿਚ ਲੱਗਦਾ ਹੈ, ਉਹ ਹਰ ਥਾਂ ਪ੍ਰਭੂ ਦਾ ਹੀ ਪਸਾਰਾ ਵੇਖਦਾ ਹੈ,
ਏਕੁ ਪੁਰਖੁ ਇਕੁ ਨਦਰੀ ਆਵੈ ਸਭ ਏਕਾ ਨਦਰਿ ਨਿਹਾਰੇ ॥੨॥
ਉਸ ਨੂੰ ਉਹੀ ਸਰਬ-ਵਿਆਪਕ ਹਰ ਥਾਂ ਦਿੱਸਦਾ ਹੈ (ਉਸ ਨੂੰ ਦਿੱਸਦਾ ਹੈ ਕਿ) ਪ੍ਰਭੂ ਆਪ ਹੀ ਸਭ ਜੀਵਾਂ ਉਤੇ ਮਿਹਰ ਦੀ ਨਿਗਾਹ ਨਾਲ ਤੱਕ ਰਿਹਾ ਹੈ ॥੨॥
ਹਰਿ ਪ੍ਰਭੁ ਠਾਕੁਰੁ ਰਵਿਆ ਸਭ ਠਾਈ ਸਭੁ ਚੇਰੀ ਜਗਤੁ ਸਮਾਰੇ ॥
ਮਾਲਕ ਹਰੀ ਪ੍ਰਭੂ ਸਭ ਥਾਵਾਂ ਵਿਚ ਭਰਪੂਰ ਹੈ, ਦਾਸੀ ਵਾਂਗ ਸਾਰੇ ਜਗਤ ਨੂੰ ਸੰਭਾਲਦਾ ਹੈ।
ਆਪਿ ਦਇਆਲੁ ਦਇਆ ਦਾਨੁ ਦੇਵੈ ਵਿਚਿ ਪਾਥਰ ਕੀਰੇ ਕਾਰੇ ॥੩॥
ਦਇਆ ਦਾ ਸੋਮਾ ਪ੍ਰਭੂ ਆਪ ਹੀ ਸਭ ਜੀਵਾਂ ਉਤੇ ਦਇਆ ਕਰਦਾ ਹੈ, ਸਭਨਾਂ ਨੂੰ ਦਾਨ ਦੇਂਦਾ ਹੈ, ਪੱਥਰਾਂ ਵਿਚ ਭੀ ਉਹ ਆਪ ਹੀ ਕੀੜੇ ਪੈਦਾ ਕਰਦਾ ਹੈ (ਤੇ ਉਹਨਾਂ ਨੂੰ ਰਿਜ਼ਕ ਅਪੜਾਂਦਾ ਹੈ) ॥੩॥
ਅੰਤਰਿ ਵਾਸੁ ਬਹੁਤੁ ਮੁਸਕਾਈ ਭ੍ਰਮਿ ਭੂਲਾ ਮਿਰਗੁ ਸਿੰਙ੍ਹਾਰੇ ॥
(ਹਰਨ ਦੇ ਅੰਦਰ ਹੀ) ਕਸਤੂਰੀ ਦੀ ਬਹੁਤ ਸੁਗੰਧੀ ਮੌਜੂਦ ਹੁੰਦੀ ਹੈ, ਪਰ ਭੁਲੇਖੇ ਵਿਚ ਭੁੱਲ ਕੇ ਹਰਨ (ਉਸ ਸੁਗੰਧੀ ਦੀ ਖ਼ਾਤਰ ਝਾੜੀਆਂ ਵਿਚ) ਭਾਲ ਕਰਦਾ ਫਿਰਦਾ ਹੈ (ਇਹੀ ਹਾਲ ਜੀਵ-ਇਸਤ੍ਰੀ ਦਾ ਹੁੰਦਾ ਹੈ।
ਬਨੁ ਬਨੁ ਢੂਢਿ ਢੂਢਿ ਫਿਰਿ ਥਾਕੀ ਗੁਰਿ ਪੂਰੈ ਘਰਿ ਨਿਸਤਾਰੇ ॥੪॥
ਪ੍ਰਭੂ ਤਾਂ ਇਸ ਦੇ ਅੰਦਰ ਹੀ ਵੱਸਦਾ ਹੈ, ਪਰ ਇਹ ਵਿਚਾਰੀ) ਜੰਗਲ ਜੰਗਲ ਢੂੰਢ ਢੂੰਢ ਕੇ ਭਟਕ ਭਟਕ ਕੇ ਥੱਕ ਜਾਂਦੀ ਹੈ। (ਆਖ਼ਰ) ਪੂਰੇ ਗੁਰੂ ਨੇ ਇਸ ਨੂੰ ਘਰ ਵਿਚ (ਹੀ ਵੱਸਦਾ ਪ੍ਰਭੂ ਵਿਖਾਇਆ ਤੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਇਆ ॥੪॥
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥
(ਗੁਰੂ ਦੀ) ਬਾਣੀ (ਸਿੱਖ ਦਾ) ਗੁਰੂ ਹੈ, ਗੁਰੂ ਬਾਣੀ ਵਿਚ ਮੌਜੂਦ ਹੈ। (ਗੁਰੂ ਦੀ) ਬਾਣੀ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਹੈ, ਜਿਸ ਨੂੰ ਸਿੱਖ ਹਰ ਵੇਲੇ ਆਪਣੇ ਹਿਰਦੇ ਵਿਚ) ਸਾਂਭ ਰੱਖਦਾ ਹੈ।
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥੫॥
ਗੁਰੂ ਬਾਣੀ ਉਚਾਰਦਾ ਹੈ, (ਗੁਰੂ ਦਾ) ਸੇਵਕ ਉਸ ਬਾਣੀ ਉਤੇ ਸਰਧਾ ਧਾਰਦਾ ਹੈ। ਗੁਰੂ ਉਸ ਸਿੱਖ ਨੂੰ ਯਕੀਨੀ ਤੌਰ ਤੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ ॥੫॥
ਸਭੁ ਹੈ ਬ੍ਰਹਮੁ ਬ੍ਰਹਮੁ ਹੈ ਪਸਰਿਆ ਮਨਿ ਬੀਜਿਆ ਖਾਵਾਰੇ ॥
ਹਰ ਥਾਂ ਪਰਮਾਤਮਾ ਭਰਪੂਰ ਹੈ ਮੌਜੂਦ ਹੈ (ਪਰ ਜੀਵ ਨੂੰ ਇਹ ਸਮਝ ਨਹੀਂ ਆਉਂਦੀ, ਜੀਵ ਆਪਣੇ) ਮਨ ਵਿਚ ਬੀਜੇ ਕਰਮਾਂ ਦਾ ਫਲ ਖਾਂਦਾ ਹੈ (ਤੇ ਦੁੱਖੀ ਹੁੰਦਾ ਹੈ),
ਜਿਉ ਜਨ ਚੰਦ੍ਰਹਾਂਸੁ ਦੁਖਿਆ ਧ੍ਰਿਸਟਬੁਧੀ ਅਪੁਨਾ ਘਰੁ ਲੂਕੀ ਜਾਰੇ ॥੬॥
ਜਿਵੇਂ ਧ੍ਰਿਸਟਬੁਧੀ ਭਲੇ ਚੰਦ੍ਰਹਾਂਸ ਦਾ ਬੁਰਾ ਲੋਚਦਾ ਲੋਚਦਾ ਆਪਣੇ ਹੀ ਘਰ ਨੂੰ ਚੁਆਤੀ ਨਾਲ ਸਾੜ ਬੈਠਾ ॥੬॥
ਪ੍ਰਭ ਕਉ ਜਨੁ ਅੰਤਰਿ ਰਿਦ ਲੋਚੈ ਪ੍ਰਭ ਜਨ ਕੇ ਸਾਸ ਨਿਹਾਰੇ ॥
ਪ੍ਰਭੂ ਦਾ ਭਗਤ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵੇਖਣ ਲਈ ਤਾਂਘਦਾ ਰਹਿੰਦਾ ਹੈ, ਪ੍ਰਭੂ (ਭੀ ਆਪਣੇ) ਸੇਵਕ-ਭਗਤ ਦੀ ਹਰ ਵੇਲੇ ਰੱਖਿਆ ਕਰਦਾ ਰਹਿੰਦਾ ਹੈ।
ਕ੍ਰਿਪਾ ਕ੍ਰਿਪਾ ਕਰਿ ਭਗਤਿ ਦ੍ਰਿੜਾਏ ਜਨ ਪੀਛੈ ਜਗੁ ਨਿਸਤਾਰੇ ॥੭॥
ਹਰ ਵੇਲੇ ਮਿਹਰ ਕਰ ਕੇ ਪ੍ਰਭੂ ਆਪਣੇ ਭਗਤ ਦੇ ਹਿਰਦੇ ਵਿਚ ਆਪਣੀ ਭਗਤੀ ਦਾ ਭਾਵ ਪੱਕਾ ਕਰਦਾ ਰਹਿੰਦਾ ਹੈ, ਆਪਣੇ ਭਗਤ ਦੇ ਪੂਰਨਿਆਂ ਉਤੇ ਤੁਰਨ ਵਾਲੇ ਜਗਤ ਨੂੰ ਭੀ ਪਾਰ ਲੰਘਾਂਦਾ ਹੈ ॥੭॥
ਆਪਨ ਆਪਿ ਆਪਿ ਪ੍ਰਭੁ ਠਾਕੁਰੁ ਪ੍ਰਭੁ ਆਪੇ ਸ੍ਰਿਸਟਿ ਸਵਾਰੇ ॥
ਮਾਲਕ-ਪ੍ਰਭੂ ਆਪਣੇ ਆਪ ਨੂੰ ਆਪ ਹੀ ਜਗਤ-ਰੂਪ ਵਿਚ ਪਰਗਟ ਕਰਦਾ ਹੈ, ਆਪ ਹੀ ਆਪਣੀ ਰਚੀ ਸ੍ਰਿਸ਼ਟੀ ਨੂੰ ਸੋਹਣੀ ਬਣਾਂਦਾ ਹੈ।
ਜਨ ਨਾਨਕ ਆਪੇ ਆਪਿ ਸਭੁ ਵਰਤੈ ਕਰਿ ਕ੍ਰਿਪਾ ਆਪਿ ਨਿਸਤਾਰੇ ॥੮॥੪॥
ਹੇ ਦਾਸ ਨਾਨਕ! ਪ੍ਰਭੂ ਆਪ ਹੀ ਹਰ ਥਾਂ ਮੌਜੂਦ ਹੈ, ਕਿਰਪਾ ਕਰ ਕੇ ਆਪ ਹੀ (ਜੀਵਾਂ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਕਰਦਾ ਹੈ ॥੮॥੪॥
ਨਟ ਮਹਲਾ ੪ ॥
ਰਾਮ ਕਰਿ ਕਿਰਪਾ ਲੇਹੁ ਉਬਾਰੇ ॥
ਹੇ ਮੇਰੇ ਰਾਮ! ਮਿਹਰ ਕਰ, (ਮੈਨੂੰ ਵਿਕਾਰਾਂ ਦੇ ਹੱਲਿਆਂ ਤੋਂ) ਬਚਾ ਲੈ (ਉਸੇ ਤਰ੍ਹਾਂ ਬਚਾ ਲੈ),
ਜਿਉ ਪਕਰਿ ਦ੍ਰੋਪਤੀ ਦੁਸਟਾਂ ਆਨੀ ਹਰਿ ਹਰਿ ਲਾਜ ਨਿਵਾਰੇ ॥੧॥ ਰਹਾਉ ॥
ਜਿਵੇਂ (ਜਦੋਂ) ਦੁਸ਼ਟਾਂ ਨੇ ਦ੍ਰੋਪਤੀ ਨੂੰ ਫੜ ਕੇ ਲਿਆਂਦਾ ਸੀ (ਤਦੋਂ) ਹੇ ਹਰੀ! ਤੂੰ ਉਸ ਨੂੰ ਨਗਨ ਹੋਣ ਦੀ ਸ਼ਰਮ ਤੋਂ ਬਚਾਇਆ ਸੀ ॥੧॥ ਰਹਾਉ ॥
ਕਰਿ ਕਿਰਪਾ ਜਾਚਿਕ ਜਨ ਤੇਰੇ ਇਕੁ ਮਾਗਉ ਦਾਨੁ ਪਿਆਰੇ ॥
ਹੇ ਪਿਆਰੇ ਹਰੀ! ਮਿਹਰ ਕਰ, ਅਸੀਂ (ਤੇਰੇ ਦਰ ਦੇ) ਮੰਗਤੇ ਹਾਂ, ਮੈਂ (ਤੇਰੇ ਦਰ ਤੋਂ) ਇਕ ਦਾਨ ਮੰਗਦਾ ਹਾਂ।
ਸਤਿਗੁਰ ਕੀ ਨਿਤ ਸਰਧਾ ਲਾਗੀ ਮੋ ਕਉ ਹਰਿ ਗੁਰੁ ਮੇਲਿ ਸਵਾਰੇ ॥੧॥
(ਮੇਰੇ ਮਨ ਵਿਚ) ਸਦਾ ਗੁਰੂ ਨੂੰ ਮਿਲਣ ਦੀ ਤਾਂਘ ਲੱਗੀ ਰਹਿੰਦੀ ਹੈ, ਹੇ ਹਰੀ! ਮੈਨੂੰ ਗੁਰੂ ਮਿਲਾ (ਤੇ ਮੇਰਾ ਜੀਵਨ) ਸਵਾਰ ॥੧॥
ਸਾਕਤ ਕਰਮ ਪਾਣੀ ਜਿਉ ਮਥੀਐ ਨਿਤ ਪਾਣੀ ਝੋਲ ਝੁਲਾਰੇ ॥
ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੇ ਕੰਮ (ਇਉਂ ਵਿਅਰਥ) ਹਨ ਜਿਵੇਂ ਪਾਣੀ ਰਿੜਕੀਦਾ ਹੈ। ਸਾਕਤ ਮਨੁੱਖ (ਮਾਨੋ) ਸਦਾ ਪਾਣੀ ਹੀ ਰਿੜਕਦਾ ਰਹਿੰਦਾ ਹੈ।
ਮਿਲਿ ਸਤਸੰਗਤਿ ਪਰਮ ਪਦੁ ਪਾਇਆ ਕਢਿ ਮਾਖਨ ਕੇ ਗਟਕਾਰੇ ॥੨॥
ਪਰ ਜਿਸ ਮਨੁੱਖ ਨੇ ਸਾਧ ਸੰਗਤ ਵਿਚ ਮਿਲ ਕੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕੀਤਾ, ਉਹ (ਮਾਨੋ, ਦੁੱਧ ਵਿਚੋਂ) ਮੱਖਣ ਕੱਢ ਕੇ ਮੱਖਣ ਦੇ ਸੁਆਦ ਲਾਂਦਾ ਹੈ ॥੨॥
ਨਿਤ ਨਿਤ ਕਾਇਆ ਮਜਨੁ ਕੀਆ ਨਿਤ ਮਲਿ ਮਲਿ ਦੇਹ ਸਵਾਰੇ ॥
ਜਿਹੜਾ ਮਨੁੱਖ ਸਦਾ ਸਰੀਰ ਦਾ ਇਸ਼ਨਾਨ ਕਰਦਾ ਰਿਹਾ, ਜੋ ਮਨੁੱਖ ਸਦਾ ਸਰੀਰ ਨੂੰ ਹੀ ਮਲ ਮਲ ਕੇ ਸਾਫ਼-ਸੁਥਰਾ ਬਣਾਂਦਾ ਰਹਿੰਦਾ ਹੈ,
ਮੇਰੇ ਸਤਿਗੁਰ ਕੇ ਮਨਿ ਬਚਨ ਨ ਭਾਏ ਸਭ ਫੋਕਟ ਚਾਰ ਸੀਗਾਰੇ ॥੩॥
ਪਰ ਉਸ ਨੂੰ ਆਪਣੇ ਮਨ ਵਿਚ ਗੁਰੂ ਦੇ ਬਚਨ ਪਿਆਰੇ ਨਹੀਂ ਲੱਗਦੇ, ਉਸ ਦੇ ਇਹ ਸਾਰੇ (ਸਰੀਰਕ) ਸੋਹਣੇ ਸ਼ਿੰਗਾਰ ਫੋਕੇ ਹੀ ਰਹਿ ਜਾਂਦੇ ਹਨ ॥੩॥
ਮਟਕਿ ਮਟਕਿ ਚਲੁ ਸਖੀ ਸਹੇਲੀ ਮੇਰੇ ਠਾਕੁਰ ਕੇ ਗੁਨ ਸਾਰੇ ॥
ਹੇ ਸਖੀ! ਹੇ ਸਹੇਲੀ! ਮਾਲਕ-ਪ੍ਰਭੂ ਦੇ ਗੁਣ ਹਿਰਦੇ ਵਿਚ ਵਸਾਈ ਰੱਖ, (ਤੇ ਇਸ ਤਰ੍ਹਾਂ) ਆਤਮਕ ਅਡੋਲਤਾ ਨਾਲ ਜੀਵਨ-ਸਫ਼ਰ ਵਿਚ ਤੁਰ।
ਗੁਰਮੁਖਿ ਸੇਵਾ ਮੇਰੇ ਪ੍ਰਭ ਭਾਈ ਮੈ ਸਤਿਗੁਰ ਅਲਖੁ ਲਖਾਰੇ ॥੪॥
ਹੇ ਸਹੇਲੀਏ! ਗੁਰੂ ਦੀ ਸਰਨ ਪੈ ਕੇ ਕੀਤੀ ਹੋਈ ਸੇਵਾ-ਭਗਤੀ ਪ੍ਰਭੂ ਨੂੰ ਪਿਆਰੀ ਲੱਗਦੀ ਹੈ। ਹੇ ਸਤਿਗੁਰ! ਮੈਨੂੰ (ਭੀ) ਅਲੱਖ ਪ੍ਰਭੂ ਦੀ ਸੂਝ ਬਖ਼ਸ਼ ॥੪॥
ਨਾਰੀ ਪੁਰਖੁ ਪੁਰਖੁ ਸਭ ਨਾਰੀ ਸਭੁ ਏਕੋ ਪੁਰਖੁ ਮੁਰਾਰੇ ॥
ਹੇ ਸਖੀ! (ਉਂਞ ਤਾਂ ਚਾਹੇ) ਇਸਤ੍ਰੀ ਹੈ (ਚਾਹੇ) ਮਰਦ ਹੈ, (ਚਾਹੇ) ਮਰਦ ਹੈ (ਚਾਹੇ) ਇਸਤ੍ਰੀ ਹੈ, ਸਭਨਾਂ ਵਿਚ ਹਰ ਥਾਂ ਇਕੋ ਸਰਬ-ਵਿਆਪਕ ਪਰਮਾਤਮਾ ਹੀ ਵੱਸ ਰਿਹਾ ਹੈ;
ਸੰਤ ਜਨਾ ਕੀ ਰੇਨੁ ਮਨਿ ਭਾਈ ਮਿਲਿ ਹਰਿ ਜਨ ਹਰਿ ਨਿਸਤਾਰੇ ॥੫॥
ਪਰ ਜਿਸ ਮਨੁੱਖ ਨੂੰ ਸੰਤ ਜਨਾਂ (ਦੇ ਚਰਨਾਂ) ਦੀ ਧੂੜ (ਆਪਣੇ) ਮਨ ਵਿਚ ਪਿਆਰੀ ਲੱਗਦੀ ਹੈ, ਉਸ ਨੂੰ ਹੀ ਪ੍ਰਭੂ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ। ਹੇ ਸਖੀ! ਸੰਤ ਜਨਾਂ ਨੂੰ ਮਿਲਿਆਂ ਹੀ ਪ੍ਰਭੂ ਪਾਰ ਲੰਘਾਂਦਾ ਹੈ ॥੫॥
ਗ੍ਰਾਮ ਗ੍ਰਾਮ ਨਗਰ ਸਭ ਫਿਰਿਆ ਰਿਦ ਅੰਤਰਿ ਹਰਿ ਜਨ ਭਾਰੇ ॥
ਹੇ ਸਖੀ! ਪਿੰਡ ਪਿੰਡ ਸ਼ਹਿਰ ਸ਼ਹਿਰ ਸਭਨੀਂ ਥਾਈਂ ਫਿਰ ਕੇ ਵੇਖ ਲਿਆ ਹੈ (ਪਰਮਾਤਮਾ ਇਉਂ ਬਾਹਰ ਭਾਲਿਆਂ ਨਹੀਂ ਲੱਭਦਾ), ਸੰਤ ਜਨਾਂ ਨੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਲਭਿਆ ਹੈ।
ਸਰਧਾ ਸਰਧਾ ਉਪਾਇ ਮਿਲਾਏ ਮੋ ਕਉ ਹਰਿ ਗੁਰ ਗੁਰਿ ਨਿਸਤਾਰੇ ॥੬॥
ਹੇ ਹਰੀ! (ਮੇਰੇ ਅੰਦਰ ਭੀ) ਸਰਧਾ ਪੈਦਾ ਕਰ ਕੇ ਮੈਨੂੰ ਭੀ (ਗੁਰੂ ਦੀ ਰਾਹੀਂ) ਆਪਣੇ ਚਰਨਾਂ ਵਿਚ ਜੋੜ, ਮੈਨੂੰ ਭੀ ਗੁਰੂ ਦੀ ਰਾਹੀਂ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ ॥੬॥
ਪਵਨ ਸੂਤੁ ਸਭੁ ਨੀਕਾ ਕਰਿਆ ਸਤਿਗੁਰਿ ਸਬਦੁ ਵੀਚਾਰੇ ॥
ਹੇ ਸਖੀ! ਜਿਸ ਮਨੁੱਖ ਨੇ ਗੁਰੂ (ਦੇ ਚਰਨਾਂ) ਵਿਚ (ਜੁੜ ਕੇ) ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤ ਵਿਚ ਟਿਕਾ ਕੇ (ਨਾਮ ਸਿਮਰਨ ਦੀ ਬਰਕਤਿ ਨਾਲ) ਆਪਣੇ ਸੁਆਸਾਂ ਦੀ ਲੜੀ ਨੂੰ ਸੋਹਣਾ ਬਣਾ ਲਿਆ।
ਨਿਜ ਘਰਿ ਜਾਇ ਅੰਮ੍ਰਿਤ ਰਸੁ ਪੀਆ ਬਿਨੁ ਨੈਨਾ ਜਗਤੁ ਨਿਹਾਰੇ ॥੭॥
ਉਸ ਨੇ ਮਾਇਆ ਦਾ ਮੋਹ ਦੂਰ ਕਰ ਕੇ ਜਗਤ (ਦੀ ਅਸਲੀਅਤ) ਨੂੰ ਵੇਖ ਕੇ, ਅੰਤਰ ਆਤਮੇ ਟਿਕ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਲਿਆ ॥੭॥
ਤਉ ਗੁਨ ਈਸ ਬਰਨਿ ਨਹੀ ਸਾਕਉ ਤੁਮ ਮੰਦਰ ਹਮ ਨਿਕ ਕੀਰੇ ॥
ਹੇ ਪ੍ਰਭੂ! ਮੈਂ ਤੇਰੇ ਗੁਣ ਬਿਆਨ ਨਹੀਂ ਕਰ ਸਕਦਾ। ਤੂੰ ਇਕ ਸੋਹਣਾ ਮੰਦਰ ਹੈਂ ਅਸੀਂ ਜੀਵ ਉਸ ਵਿਚ ਰਹਿਣ ਵਾਲੇ ਨਿੱਕੇ ਨਿੱਕੇ ਕੀੜੇ ਹਾਂ।
ਨਾਨਕ ਕ੍ਰਿਪਾ ਕਰਹੁ ਗੁਰ ਮੇਲਹੁ ਮੈ ਰਾਮੁ ਜਪਤ ਮਨੁ ਧੀਰੇ ॥੮॥੫॥
ਹੇ ਨਾਨਕ! ਜੇ ਮੇਰੇ ਤੇ ਮਿਹਰ ਹੋਵੇ ਤੇ ਮੈਨੂੰ ਗੁਰੂ ਨਾਲ ਮਿਲਾ ਜਾਵੇ ਤਾਂ ਮੇਰਾ ਮਨ ਨਾਮ ਜਪ ਜਪ ਕੇ (ਤੇਰੇ ਚਰਨਾਂ ਵਿਚ) ਸਦਾ ਟਿਕਿਆ ਰਹੇ ॥੮॥੫॥
ਨਟ ਮਹਲਾ ੪ ॥
ਮੇਰੇ ਮਨ ਭਜੁ ਠਾਕੁਰ ਅਗਮ ਅਪਾਰੇ ॥
ਹੇ ਮੇਰੇ ਮਨ! ਅਪਹੁੰਚ ਤੇ ਬੇਅੰਤ ਮਾਲਕ-ਪ੍ਰਭੂ ਦੇ ਗੁਣ ਯਾਦ ਕਰਿਆ ਕਰ,
ਹਮ ਪਾਪੀ ਬਹੁ ਨਿਰਗੁਣੀਆਰੇ ਕਰਿ ਕਿਰਪਾ ਗੁਰਿ ਨਿਸਤਾਰੇ ॥੧॥ ਰਹਾਉ ॥
(ਤੇ ਆਖਿਆ ਕਰ-ਹੇ ਪ੍ਰਭੂ!) ਅਸੀਂ ਜੀਵ ਪਾਪੀ ਹਾਂ, ਗੁਣਾਂ ਤੋਂ ਬਹੁਤ ਸੱਖਣੇ ਹਾਂ। ਕਿਰਪਾ ਕਰ ਕੇ ਸਾਨੂੰ ਗੁਰੂ ਦੀ ਰਾਹੀਂ (ਗੁਰੂ ਦੀ ਸਰਨ ਪਾ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ ॥੧॥ ਰਹਾਉ ॥
ਸਾਧੂ ਪੁਰਖ ਸਾਧ ਜਨ ਪਾਏ ਇਕ ਬਿਨਉ ਕਰਉ ਗੁਰ ਪਿਆਰੇ ॥
ਹੇ ਪਿਆਰੇ ਗੁਰੂ! ਜਿਹੜਾ ਮਨੁੱਖ ਸੰਤ ਜਨਾਂ ਦੀ ਸੰਗਤ ਪ੍ਰਾਪਤ ਕਰਦਾ ਹੈ ਉਹ ਭੀ ਗੁਰਮੁਖ ਬਣ ਜਾਂਦਾ ਹੈ, ਮੈਂ ਭੀ (ਤੇਰੇ ਦਰ ਤੇ) ਬੇਨਤੀ ਕਰਦਾ ਹਾਂ (ਮੈਨੂੰ ਭੀ ਸੰਤ ਜਨਾਂ ਦੀ ਸੰਗਤ ਬਖ਼ਸ਼, ਅਤੇ)
ਰਾਮ ਨਾਮੁ ਧਨੁ ਪੂਜੀ ਦੇਵਹੁ ਸਭੁ ਤਿਸਨਾ ਭੂਖ ਨਿਵਾਰੇ ॥੧॥
ਮੈਨੂੰ ਪਰਮਾਤਮਾ ਦਾ ਨਾਮ-ਧਨ ਸਰਮਾਇਆ ਦੇਹ ਜੋ ਮੇਰੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਮਾਇਆ ਦੀ ਭੁੱਖ ਸਭ ਦੂਰ ਕਰ ਦੇਵੇ ॥੧॥
ਪਚੈ ਪਤੰਗੁ ਮ੍ਰਿਗ ਭ੍ਰਿੰਗ ਕੁੰਚਰ ਮੀਨ ਇਕ ਇੰਦ੍ਰੀ ਪਕਰਿ ਸਘਾਰੇ ॥
ਪਤੰਗਾ (ਦੀਵੇ ਦੀ ਲਾਟ ਉੱਤੇ) ਸੜ ਜਾਂਦਾ ਹੈ; ਹਰਨ, ਭੌਰਾ, ਹਾਥੀ, ਮੱਛੀ ਇਹਨਾਂ ਨੂੰ ਭੀ ਇਕ ਇਕ ਵਿਕਾਰ-ਵਾਸਨਾ ਆਪਣੇ ਵੱਸ ਵਿਚ ਕਰ ਕੇ ਮਾਰ ਦੇਂਦੇ ਹਨ।
ਪੰਚ ਭੂਤ ਸਬਲ ਹੈ ਦੇਹੀ ਗੁਰੁ ਸਤਿਗੁਰੁ ਪਾਪ ਨਿਵਾਰੇ ॥੨॥
ਪਰ ਮਨੁੱਖਾ ਸਰੀਰ ਵਿਚ ਤਾਂ ਇਹ ਕਾਮਾਦਿਕ ਪੰਜੇ ਹੀ ਦੈਂਤ ਬਲਵਾਨ ਹਨ, (ਮਨੁੱਖ ਇਹਨਾਂ ਦਾ ਟਾਕਰਾ ਕਿਵੇਂ ਕਰੇ?)। ਗੁਰੂ ਹੀ ਸਤਿਗੁਰੂ ਹੀ ਇਹਨਾਂ ਵਿਕਾਰਾਂ ਨੂੰ ਦੂਰ ਕਰਦਾ ਹੈ ॥੨॥
ਸਾਸਤ੍ਰ ਬੇਦ ਸੋਧਿ ਸੋਧਿ ਦੇਖੇ ਮੁਨਿ ਨਾਰਦ ਬਚਨ ਪੁਕਾਰੇ ॥
ਵੇਦ ਸ਼ਾਸਤਰ ਕਈ ਵਾਰੀ ਸੋਧ ਕੇ ਵੇਖ ਲਏ ਹਨ, ਨਾਰਦ ਆਦਿਕ ਰਿਸ਼ੀ ਮੁਨੀ ਭੀ (ਜੀਵਨ ਜੁਗਤਿ ਬਾਰੇ) ਜੋ ਬਚਨ ਜ਼ੋਰ ਦੇ ਕੇ ਕਹਿ ਗਏ ਹਨ,
ਰਾਮ ਨਾਮੁ ਪੜਹੁ ਗਤਿ ਪਾਵਹੁ ਸਤਸੰਗਤਿ ਗੁਰਿ ਨਿਸਤਾਰੇ ॥੩॥
(ਉਹ ਭੀ ਸੋਧ ਵੇਖੇ ਹਨ; ਪਰ ਅਸਲ ਗੱਲ ਇਹ ਹੈ ਕਿ ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਨਾ ਸਿੱਖੋਗੇ ਤਦੋਂ ਹੀ ਉੱਚੀ ਆਤਮਕ ਅਵਸਥਾ ਪ੍ਰਾਪਤ ਕਰੋਗੇ, ਗੁਰੂ ਨੇ ਸਾਧ ਸੰਗਤ ਵਿਚ ਹੀ (ਅਨੇਕਾਂ ਜੀਵ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਏ ਹਨ ॥੩॥
ਪ੍ਰੀਤਮ ਪ੍ਰੀਤਿ ਲਗੀ ਪ੍ਰਭ ਕੇਰੀ ਜਿਵ ਸੂਰਜੁ ਕਮਲੁ ਨਿਹਾਰੇ ॥
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰੀਤਮ ਪ੍ਰਭੂ ਦਾ ਪਿਆਰ ਬਣਿਆ ਹੈ (ਉਹ ਉਸ ਦੇ ਮਿਲਾਪ ਲਈ ਇਉਂ ਤਾਂਘਦਾ ਰਹਿੰਦਾ ਹੈ) ਜਿਵੇਂ ਕੌਲ ਫੁੱਲ ਸੂਰਜ ਨੂੰ ਤੱਕਦਾ ਹੈ (ਤੇ ਖਿੜਦਾ ਹੈ, ਜਿਵੇਂ)
ਮੇਰ ਸੁਮੇਰ ਮੋਰੁ ਬਹੁ ਨਾਚੈ ਜਬ ਉਨਵੈ ਘਨ ਘਨਹਾਰੇ ॥੪॥
ਜਦੋਂ ਬੱਦਲ (ਵਰ੍ਹਨ ਲਈ) ਬਹੁਤ ਝੁਕਦਾ ਹੈ ਤਦੋਂ ਉੱਚੇ ਪਹਾੜਾਂ (ਵਲੋਂ ਘਟਾਂ ਆਉਂਦੀਆਂ ਵੇਖ ਕੇ) ਮੋਰ ਬਹੁਤ ਨੱਚਦਾ ਹੈ ॥੪॥
ਸਾਕਤ ਕਉ ਅੰਮ੍ਰਿਤ ਬਹੁ ਸਿੰਚਹੁ ਸਭ ਡਾਲ ਫੂਲ ਬਿਸੁਕਾਰੇ ॥
ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ (ਮਾਨੋ, ਇਕ ਵਿਹੁਲਾ ਰੁੱਖ ਹੈ) ਉਸ ਨੂੰ ਭਾਵੇਂ ਕਿਤਨਾ ਹੀ ਅੰਮ੍ਰਿਤ ਸਿੰਜੀ ਜਾਓ, ਉਸ ਦੀਆਂ ਟਾਹਣੀਆਂ ਉਸ ਦੇ ਫੁੱਲ ਸਭ ਵਿਹੁਲੇ ਹੀ ਰਹਿਣਗੇ।
ਜਿਉ ਜਿਉ ਨਿਵਹਿ ਸਾਕਤ ਨਰ ਸੇਤੀ ਛੇੜਿ ਛੇੜਿ ਕਢੈ ਬਿਖੁ ਖਾਰੇ ॥੫॥
ਸਾਕਤ ਮਨੁੱਖ ਨਾਲ ਜਿਉਂ ਜਿਉਂ ਲੋਕ ਨਿਮ੍ਰਤਾ ਦੀ ਵਰਤੋਂ ਕਰਦੇ ਹਨ, ਤਿਉਂ ਤਿਉਂ ਉਹ ਛੇੜ-ਖਾਨੀਆਂ ਕਰ ਕੇ (ਆਪਣੇ ਅੰਦਰੋਂ) ਕੌੜਾ ਜ਼ਹਰ ਹੀ ਕੱਢਦਾ ਹੈ ॥੫॥
ਸੰਤਨ ਸੰਤ ਸਾਧ ਮਿਲਿ ਰਹੀਐ ਗੁਣ ਬੋਲਹਿ ਪਰਉਪਕਾਰੇ ॥
(ਇਸ ਵਾਸਤੇ, ਸਾਕਤ ਨਾਲ ਸਾਂਝ ਪਾਣ ਦੇ ਥਾਂ) ਸੰਤ ਜਨਾਂ ਨਾਲ ਗੁਰਮੁਖਾਂ ਨਾਲ ਮਿਲ ਕੇ ਰਹਿਣਾ ਚਾਹੀਦਾ ਹੈ। ਸੰਤ ਜਨ ਦੂਜਿਆਂ ਦੀ ਭਲਾਈ ਵਾਲੇ ਭਲੇ ਬਚਨ ਹੀ ਬੋਲਦੇ ਹਨ।
ਸੰਤੈ ਸੰਤੁ ਮਿਲੈ ਮਨੁ ਬਿਗਸੈ ਜਿਉ ਜਲ ਮਿਲਿ ਕਮਲ ਸਵਾਰੇ ॥੬॥
ਜਿਵੇਂ ਪਾਣੀ ਨੂੰ ਮਿਲ ਕੇ ਕੌਲ ਫੁੱਲ ਖਿੜਦੇ ਹਨ, ਤਿਵੇਂ ਜਦੋਂ ਕੋਈ ਸੰਤ ਕਿਸੇ ਸੰਤ ਨੂੰ ਮਿਲਦਾ ਹੈ ਤਾਂ ਉਸ ਦਾ ਮਨ ਖਿੜ ਪੈਂਦਾ ਹੈ ॥੬॥
ਲੋਭ ਲਹਰਿ ਸਭੁ ਸੁਆਨੁ ਹਲਕੁ ਹੈ ਹਲਕਿਓ ਸਭਹਿ ਬਿਗਾਰੇ ॥
ਲੋਭ ਦੀ ਲਹਿਰ ਨਿਰੋਲ ਹਲਕਾਇਆ ਕੁੱਤਾ ਹੀ ਹੈ (ਜਿਵੇਂ) ਹਲਕਾਇਆ ਕੁੱਤਾ ਸਭਨਾਂ ਨੂੰ (ਵੱਢ ਵੱਢ ਕੇ) ਵਿਗਾੜਦਾ ਜਾਂਦਾ ਹੈ (ਤਿਵੇਂ ਲੋਭੀ ਮਨੁੱਖ ਹੋਰਨਾਂ ਨੂੰ ਭੀ ਆਪਣੀ ਸੰਗਤ ਵਿਚ ਲੋਭੀ ਬਣਾਈ ਜਾਂਦਾ ਹੈ)।
ਮੇਰੇ ਠਾਕੁਰ ਕੈ ਦੀਬਾਨਿ ਖਬਰਿ ਹੁੋਈ ਗੁਰਿ ਗਿਆਨੁ ਖੜਗੁ ਲੈ ਮਾਰੇ ॥੭॥
(ਇਸ ਲੋਭ ਤੋਂ ਬਚਣ ਲਈ ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪ੍ਰਭੂ-ਦਰ ਤੇ ਪੁਕਾਰ ਕਰਦਾ ਹੈ, ਤਦੋਂ) ਪਰਮਾਤਮਾ ਦੀ ਹਜ਼ੂਰੀ ਵਿਚ ਉਸ ਦੀ ਅਰਜ਼ੋਈ ਦੀ ਖ਼ਬਰ ਪਹੁੰਚਦੀ ਹੈ, ਪਰਮਾਤਮਾ ਗੁਰੂ ਦੀ ਰਾਹੀਂ ਆਤਮਕ ਜੀਵਨ ਦੀ ਸੂਝ ਦੀ ਤਲਵਾਰ ਲੈ ਕੇ ਉਸ ਦੇ ਅੰਦਰੋਂ ਲੋਭ ਦਾ ਹਲਕਾਇਆ ਕੁੱਤਾ ਮਾਰ ਦੇਂਦਾ ਹੈ ॥੭॥
ਰਾਖੁ ਰਾਖੁ ਰਾਖੁ ਪ੍ਰਭ ਮੇਰੇ ਮੈ ਰਾਖਹੁ ਕਿਰਪਾ ਧਾਰੇ ॥
ਹੇ ਮੇਰੇ ਪ੍ਰਭੂ! (ਇਸ ਲੋਭ-ਕੁੱਤੇ ਤੋਂ) ਮੈਨੂੰ ਭੀ ਬਚਾ ਲੈ, ਬਚਾ ਲੈ, ਬਚਾ ਲੈ, ਕਿਰਪਾ ਕਰ ਕੇ ਮੈਨੂੰ ਭੀ ਬਚਾ ਲੈ।
ਨਾਨਕ ਮੈ ਧਰ ਅਵਰ ਨ ਕਾਈ ਮੈ ਸਤਿਗੁਰੁ ਗੁਰੁ ਨਿਸਤਾਰੇ ॥੮॥੬॥ ਛਕਾ ੧ ॥
ਹੇ ਨਾਨਕ! (ਆਖ) ਮੇਰਾ ਹੋਰ ਕੋਈ ਆਸਰਾ ਨਹੀਂ। ਗੁਰੂ ਹੀ ਮੇਰਾ ਆਸਰਾ ਹੈ, ਗੁਰੂ ਹੀ ਪਾਰ ਲੰਘਾਂਦਾ ਹੈ (ਮੈਨੂੰ ਗੁਰੂ ਦੀ ਸਰਨ ਰੱਖ)।੮।੬।ਛਕਾ ॥੮॥੬॥ਛਕਾ ੧ ॥