ਰਾਗ ਮਾਰੂ ਦਖਣੀ – ਬਾਣੀ ਸ਼ਬਦ-Raag Maru Dakhni – Bani

ਰਾਗ ਮਾਰੂ ਦਖਣੀ – ਬਾਣੀ ਸ਼ਬਦ-Raag Maru Dakhni – Bani

ਮਾਰੂ ਮਹਲਾ ੧ ਦਖਣੀ ॥
ਕਾਇਆ ਨਗਰੁ ਨਗਰ ਗੜ ਅੰਦਰਿ ॥

(ਲੋਕ ਆਪਣੇ ਵੱਸਣ ਵਾਸਤੇ ਸ਼ਹਿਰ ਵਸਾਂਦੇ ਹਨ ਤੇ ਰਾਖੀ ਵਾਸਤੇ ਕਿਲ੍ਹੇ ਬਣਾਂਦੇ ਹਨ, ਇਹਨਾਂ) ਸ਼ਹਿਰਾਂ ਤੇ ਕਿਲ੍ਹਿਆਂ (ਦੀ ਗਿਣਤੀ) ਵਿਚ (ਮਨੁੱਖਾ) ਸਰੀਰ ਭੀ ਇਕ ਸ਼ਹਿਰ ਹੈ।

ਸਾਚਾ ਵਾਸਾ ਪੁਰਿ ਗਗਨੰਦਰਿ ॥

(ਇਹ ਸ਼ਹਿਰ ਪਰਮਾਤਮਾ ਨੇ ਆਪਣੇ ਵੱਸਣ ਲਈ ਵਸਾਇਆ ਹੈ), ਇਸ ਸ਼ਹਿਰ ਵਿਚ ਇਸ ਦੇ ਦਸਮ ਦੁਆਰ ਵਿਚ ਪ੍ਰਭੂ ਸਦਾ-ਥਿਰ ਨਿਵਾਸ ਹੈ।

ਅਸਥਿਰੁ ਥਾਨੁ ਸਦਾ ਨਿਰਮਾਇਲੁ ਆਪੇ ਆਪੁ ਉਪਾਇਦਾ ॥੧॥

ਉਹ ਪਰਮਾਤਮਾ ਪਵਿਤ੍ਰ-ਸਰੂਪ ਹੈ, ਉਸ ਦਾ ਟਿਕਾਣਾ ਸਦਾ ਕਾਇਮ ਰਹਿਣ ਵਾਲਾ ਹੈ, ਉਹ ਆਪ ਹੀ ਆਪਣੇ ਆਪ ਨੂੰ (ਸਰੀਰਾਂ ਦੇ ਰੂਪ ਵਿਚ) ਪਰਗਟ ਕਰਦਾ ਹੈ ॥੧॥

ਅੰਦਰਿ ਕੋਟ ਛਜੇ ਹਟਨਾਲੇ ॥

ਇਸ (ਸਰੀਰ-) ਕਿਲ੍ਹੇ ਦੇ ਅੰਦਰ ਹੀ, ਮਾਨੋ, ਛੱਜੇ ਤੇ ਬਾਜ਼ਾਰ ਹਨ,

ਆਪੇ ਲੇਵੈ ਵਸਤੁ ਸਮਾਲੇ ॥

ਜਿਨ੍ਹਾਂ ਵਿਚ ਪ੍ਰਭੂ ਆਪ ਹੀ ਸੌਦਾ ਖ਼ਰੀਦਦਾ ਹੈ ਤੇ ਸਾਂਭਦਾ ਹੈ।

ਬਜਰ ਕਪਾਟ ਜੜੇ ਜੜਿ ਜਾਣੈ ਗੁਰਸਬਦੀ ਖੋਲਾਇਦਾ ॥੨॥

(ਮਾਇਆ ਦੇ ਮੋਹ ਦੇ) ਕਰੜੇ ਕਵਾੜ ਭੀ ਅੰਦਰ ਜੜੇ ਪਏ ਹਨ, ਪਰਮਾਤਮਾ ਆਪ ਹੀ ਇਹ ਕਵਾੜ ਬੰਦ ਕਰਨੇ ਜਾਣਦਾ ਹੈ ਤੇ ਆਪ ਹੀ ਗੁਰੂ ਦੇ ਸ਼ਬਦ ਵਿਚ (ਜੀਵ ਨੂੰ ਜੋੜ ਕੇ ਕਵਾੜ) ਖੁਲ੍ਹਾ ਦੇਂਦਾ ਹੈ ॥੨॥

ਭੀਤਰਿ ਕੋਟ ਗੁਫਾ ਘਰ ਜਾਈ ॥

ਇਸ (ਸਰੀਰ) ਕਿਲ੍ਹੇ ਗੁਫ਼ਾ ਵਿਚ ਪਰਮਾਤਮਾ ਦੀ ਰਿਹੈਸ਼ ਦਾ ਥਾਂ ਹੈ।

ਨਉ ਘਰ ਥਾਪੇ ਹੁਕਮਿ ਰਜਾਈ ॥

ਰਜ਼ਾ ਦੇ ਮਾਲਕ ਪ੍ਰਭੂ ਨੇ ਆਪਣੇ ਹੁਕਮ ਵਿਚ ਹੀ (ਇਸ ਕਿਲ੍ਹੇ ਵਿਚ) ਨੌ ਘਰ ਬਣਾ ਦਿੱਤੇ ਹਨ (ਜੋ ਪਰੱਤਖ ਦਿਸਦੇ ਹਨ)।

ਦਸਵੈ ਪੁਰਖੁ ਅਲੇਖੁ ਅਪਾਰੀ ਆਪੇ ਅਲਖੁ ਲਖਾਇਦਾ ॥੩॥

ਦਸਵੇਂ ਘਰ ਵਿਚ (ਜੋ ਗੁਪਤ ਹੈ) ਸਰਬ-ਵਿਆਪਕ ਲੇਖੇ ਤੋਂ ਰਹਿਤ ਤੇ ਬੇਅੰਤ ਪ੍ਰਭੂ ਆਪ ਵੱਸਦਾ ਹੈ। ਉਹ ਅਦ੍ਰਿਸ਼ਟ ਪ੍ਰਭੂ ਆਪ ਹੀ ਆਪਣੇ ਆਪ ਦਾ ਦਰਸ਼ਨ ਕਰਾਂਦਾ ਹੈ ॥੩॥

ਪਉਣ ਪਾਣੀ ਅਗਨੀ ਇਕ ਵਾਸਾ ॥

(ਇਸ ਸਰੀਰ ਵਿਚ ਉਸ ਨੇ) ਹਵਾ, ਪਾਣੀ, ਅੱਗ (ਆਦਿਕ ਤੱਤਾਂ) ਨੂੰ ਇਕੱਠੇ ਵਸਾ ਦਿੱਤਾ ਹੈ।

ਆਪੇ ਕੀਤੋ ਖੇਲੁ ਤਮਾਸਾ ॥

(ਜਗਤ-ਰਚਨਾ ਦਾ) ਖੇਲ ਤੇ ਤਮਾਸ਼ਾ ਉਸ ਨੇ ਆਪ ਹੀ ਰਚਿਆ ਹੋਇਆ ਹੈ।

ਬਲਦੀ ਜਲਿ ਨਿਵਰੈ ਕਿਰਪਾ ਤੇ ਆਪੇ ਜਲ ਨਿਧਿ ਪਾਇਦਾ ॥੪॥

ਜੇਹੜੀ ਬਲਦੀ ਅੱਗ ਉਸ ਦੀ ਕਿਰਪਾ ਦੀ ਰਾਹੀਂ ਪਾਣੀ ਨਾਲ ਬੁੱਝ ਜਾਂਦੀ ਹੈ ਉਹ ਅੱਗ (ਬੜਵਾ ਅਗਨੀ) ਉਸ ਨੇ ਸਮੁੰਦਰ ਵਿਚ ਟਿਕਾ ਰੱਖੀ ਹੈ ॥੪॥

ਧਰਤਿ ਉਪਾਇ ਧਰੀ ਧਰਮ ਸਾਲਾ ॥

ਧਰਤੀ ਪੈਦਾ ਕਰ ਕੇ ਪਰਮਾਤਮਾ ਨੇ ਇਸ ਨੂੰ ਧਰਮ ਕਮਾਣ ਲਈ ਥਾਂ ਬਣਾ ਦਿੱਤਾ ਹੈ।

ਉਤਪਤਿ ਪਰਲਉ ਆਪਿ ਨਿਰਾਲਾ ॥

ਜਗਤ ਦੀ ਉਤਪੱਤੀ ਤੇ ਪਰਲੋ ਕਰਨ ਵਾਲਾ ਆਪ ਹੀ ਹੈ, ਪਰ ਆਪ ਇਸ ਉਤਪੱਤੀ ਪਰਲੋ ਤੋਂ ਨਿਰਲੇਪ ਰਹਿੰਦਾ ਹੈ।

ਪਵਣੈ ਖੇਲੁ ਕੀਆ ਸਭ ਥਾਈ ਕਲਾ ਖਿੰਚਿ ਢਾਹਾਇਦਾ ॥੫॥

ਹਰ ਥਾਂ (ਭਾਵ, ਸਭ ਜੀਵਾਂ ਵਿਚ) ਉਸ ਨੇ ਸੁਆਸਾਂ ਦੀ ਖੇਡ ਰਚੀ ਹੋਈ ਹੈ (ਭਾਵ, ਸੁਆਸਾਂ ਦੇ ਆਸਰੇ ਜੀਵ ਜਿਊਂਦੇ ਰੱਖੇ ਹੋਏ ਹਨ), ਆਪ ਹੀ (ਇਹ ਸੁਆਸਾਂ ਦੀ) ਤਾਕਤ ਖਿੱਚ ਕੇ (ਕੱਢ ਕੇ ਸਰੀਰਾਂ ਦੀ ਖੇਡ ਨੂੰ) ਢਾਹ ਦੇਂਦਾ ਹੈ ॥੫॥

ਭਾਰ ਅਠਾਰਹ ਮਾਲਣਿ ਤੇਰੀ ॥

ਹੇ ਪ੍ਰਭੂ! ਸਾਰੀ ਸ੍ਰਿਸ਼ਟੀ ਦੀ ਬਨਸਪਤੀ (ਤੇਰੇ ਅੱਗੇ ਫੁੱਲ ਭੇਟਾ ਕਰਨ ਵਾਲੀ) ਤੇਰੀ ਮਾਲਣ ਹੈ,

ਚਉਰੁ ਢੁਲੈ ਪਵਣੈ ਲੈ ਫੇਰੀ ॥

(ਜੇਹੜੀ ਹਵਾ) ਫੇਰੀਆਂ ਲੈਂਦੀ ਹੈ (ਭਾਵ, ਹਰ ਪਾਸੇ ਚੱਲਦੀ ਹੈ, ਉਸ) ਹਵਾ ਦਾ (ਮਾਨੋ) ਚਉਰ (ਤੇਰੇ ਉਤੇ) ਝੁਲ ਰਿਹਾ ਹੈ।

ਚੰਦੁ ਸੂਰਜੁ ਦੁਇ ਦੀਪਕ ਰਾਖੇ ਸਸਿ ਘਰਿ ਸੂਰੁ ਸਮਾਇਦਾ ॥੬॥

(ਆਪਣੇ ਜਗਤ-ਮਹੱਲ ਵਿਚ) ਤੂੰ ਆਪ ਹੀ ਚੰਦ ਅਤੇ ਸੂਰਜ (ਮਾਨੋ) ਦੋ ਦੀਵੇ (ਜਗਾ) ਰੱਖੇ ਹਨ, ਚੰਦ੍ਰਮਾ ਦੇ ਘਰ ਵਿਚ ਸੂਰਜ ਸਮਾਇਆ ਹੋਇਆ ਹੈ (ਸੂਰਜ ਦੀਆਂ ਕਿਰਨਾਂ ਚੰਦ੍ਰਮਾ ਵਿਚ ਪੈ ਕੇ ਚੰਦ੍ਰਮਾ ਨੂੰ ਰੌਸ਼ਨੀ ਦੇ ਰਹੀਆਂ ਹਨ) ॥੬॥

ਪੰਖੀ ਪੰਚ ਉਡਰਿ ਨਹੀ ਧਾਵਹਿ ॥

ਉਹਨਾਂ ਦੇ (ਗਿਆਨ-ਇੰਦ੍ਰੇ) ਪੰਛੀ ਉੱਡ ਕੇ ਬਾਹਰ (ਵਿਕਾਰਾਂ ਵਲ) ਦੌੜਦੇ ਨਹੀਂ ਫਿਰਦੇ,

ਸਫਲਿਓ ਬਿਰਖੁ ਅੰਮ੍ਰਿਤ ਫਲੁ ਪਾਵਹਿ ॥

(ਜੇਹੜੇ) ਗੁਰਮੁਖ ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਪ੍ਰਾਪਤ ਕਰਦੇ ਹਨ। ਗੁਰੂ (ਮਾਨੋ ਅਜਿਹਾ) ਫਲ ਦੇਣ ਵਾਲਾ ਰੁੱਖ ਹੈ।

ਗੁਰਮੁਖਿ ਸਹਜਿ ਰਵੈ ਗੁਣ ਗਾਵੈ ਹਰਿ ਰਸੁ ਚੋਗ ਚੁਗਾਇਦਾ ॥੭॥

ਗੁਰੂ ਦੇ ਸਨਮੁਖ ਰਹਿਣ ਵਾਲਾ ਜੀਵ-ਪੰਛੀ ਆਤਮਕ ਅਡੋਲਤਾ ਵਿਚ ਰਹਿ ਕੇ ਨਾਮ ਸਿਮਰਦਾ ਹੈ ਤੇ ਪ੍ਰਭੂ ਦੇ ਗੁਣ ਗਾਂਦਾ ਹੈ। ਪ੍ਰਭੂ ਆਪ ਹੀ ਉਸ ਨੂੰ ਆਪਣਾ ਨਾਮ-ਰਸ (ਰੂਪ) ਚੋਗ ਚੁਗਾਂਦਾ ਹੈ ॥੭॥

ਝਿਲਮਿਲਿ ਝਿਲਕੈ ਚੰਦੁ ਨ ਤਾਰਾ ॥

(‘ਸਫਲ ਬਿਰਖ’ ਗੁਰੂ ਪਾਸੋਂ ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਪ੍ਰਾਪਤ ਕਰਨ ਵਾਲੇ ਗੁਰਮੁਖ ਦੇ ਅੰਦਰ ਆਤਮ-ਪਰਕਾਸ਼ ਪੈਦਾ ਹੁੰਦਾ ਹੈ ਜੋ) ਐਸਾ ਝਿਲਮਿਲ ਝਿਲਮਿਲ ਕਰ ਕੇ ਚਮਕਾਰੇ ਮਾਰਦਾ ਹੈ ਕਿ ਉਸ ਦੀ ਚਮਕ ਤਕ ਨਾਹ ਚੰਦ, ਨਾਹ ਕੋਈ ਤਾਰਾ,

ਸੂਰਜ ਕਿਰਣਿ ਨ ਬਿਜੁਲਿ ਗੈਣਾਰਾ ॥

ਨਾਹ ਸੂਰਜ ਦੀ ਕਿਰਣ, ਅਤੇ ਨਾਹ ਹੀ ਆਕਾਸ਼ ਦੀ ਬਿਜਲੀ ਪਹੁੰਚ ਸਕਦੀ ਹੈ (ਬਰਾਬਰੀ ਕਰ ਸਕਦੀ ਹੈ)।

ਅਕਥੀ ਕਥਉ ਚਿਹਨੁ ਨਹੀ ਕੋਈ ਪੂਰਿ ਰਹਿਆ ਮਨਿ ਭਾਇਦਾ ॥੮॥

(ਮੈਂ ਉਸ ਪਰਕਾਸ਼ ਦਾ) ਬਿਆਨ ਤਾਂ ਕਰ ਰਿਹਾ ਹਾਂ (ਪਰ ਉਹ ਪਰਕਾਸ਼) ਬਿਆਨ ਤੋਂ ਬਾਹਰ ਹੈ ਉਸ ਦਾ ਕੋਈ ਨਿਸ਼ਾਨ ਨਹੀਂ ਦਿੱਤਾ ਜਾ ਸਕਦਾ। (ਜਿਸ ਮਨੁੱਖ ਦੇ ਅੰਦਰ ਉਹ ਪਰਕਾਸ਼ ਆਪਣਾ) ਜ਼ਹੂਰ ਕਰਦਾ ਹੈ ਉਸ ਦੇ ਮਨ ਵਿਚ ਉਹ ਬੜਾ ਪਿਆਰਾ ਲੱਗਦਾ ਹੈ ॥੮॥

ਪਸਰੀ ਕਿਰਣਿ ਜੋਤਿ ਉਜਿਆਲਾ ॥

(ਜਿਸ ਗੁਰਮੁਖ ਦੇ ਅੰਦਰ ‘ਸਫਲ ਬਿਰਖ’ ਗੁਰੂ ਦੀ ਮੇਹਰ ਨਾਲ) ਰੱਬੀ ਜੋਤਿ ਦੀ ਕਿਰਣ ਪਰਕਾਸ਼ਦੀ ਹੈ ਉਸ ਦੇ ਅੰਦਰ (ਆਤਮਕ) ਚਾਨਣ ਹੋ ਜਾਂਦਾ ਹੈ।

ਕਰਿ ਕਰਿ ਦੇਖੈ ਆਪਿ ਦਇਆਲਾ ॥

ਦਇਆ ਦਾ ਸੋਮਾ ਪ੍ਰਭੂ ਆਪ ਹੀ ਇਹ ਕੌਤਕ ਕਰ ਕਰ ਕੇ ਵੇਖਦਾ ਹੈ।

ਅਨਹਦ ਰੁਣ ਝੁਣਕਾਰੁ ਸਦਾ ਧੁਨਿ ਨਿਰਭਉ ਕੈ ਘਰਿ ਵਾਇਦਾ ॥੯॥

(ਉਸ ਗੁਰਮੁਖ ਦੇ ਅੰਦਰ, ਮਾਨੋ) ਇਕ-ਰਸ ਮਿੱਠੀ ਮਿੱਠੀ ਸੁਰ ਵਾਲਾ ਗੀਤ ਚੱਲ ਪੈਂਦਾ ਹੈ ਜਿਸ ਦੀ ਧੁਨਿ ਸਦਾ (ਉਸ ਦੇ ਅੰਦਰ ਜਾਰੀ ਰਹਿੰਦੀ ਹੈ)। (ਉਹ ਗੁਰਮੁਖ ਆਪਣੇ ਅੰਦਰ, ਮਾਨੋ, ਐਸਾ ਸਾਜ਼) ਵਜਾਣ ਲੱਗ ਪੈਂਦਾ ਹੈ (ਜਿਸ ਦੀ ਬਰਕਤਿ ਨਾਲ) ਉਹ ਨਿਡਰਤਾ ਦੇ ਆਤਮਕ ਟਿਕਾਣੇ ਵਿਚ (ਟਿਕ ਜਾਂਦਾ ਹੈ) ॥੯॥

ਅਨਹਦੁ ਵਾਜੈ ਭ੍ਰਮੁ ਭਉ ਭਾਜੈ ॥

(ਉਸ ਗੁਰਮੁਖ ਦੇ ਹਿਰਦੇ ਵਿਚ) ਇਕ-ਰਸ (ਸਿਫ਼ਤ-ਸਾਲਾਹ ਦਾ ਵਾਜਾ ਵੱਜਦਾ ਰਹਿੰਦਾ ਹੈ, (ਉਸ ਦੇ ਅੰਦਰੋਂ) ਭਟਕਣਾ ਤੇ ਡਰ-ਸਹਿਮ ਦੂਰ ਹੋ ਜਾਂਦਾ ਹੈ।

ਸਗਲ ਬਿਆਪਿ ਰਹਿਆ ਪ੍ਰਭੁ ਛਾਜੈ ॥

(ਉਸ ਨੂੰ ਪਰਤੱਖ ਦਿੱਸ ਪੈਂਦਾ ਹੈ ਕਿ) ਪਰਮਾਤਮਾ ਸਾਰੇ ਸੰਸਾਰ ਵਿਚ ਮੌਜੂਦ ਹੈ ਤੇ ਸਭ ਉਤੇ (ਆਪਣੀ ਰੱਖਿਆ ਦੀ) ਛਾਂ ਕਰ ਰਿਹਾ ਹੈ।

ਸਭ ਤੇਰੀ ਤੂ ਗੁਰਮੁਖਿ ਜਾਤਾ ਦਰਿ ਸੋਹੈ ਗੁਣ ਗਾਇਦਾ ॥੧੦॥

ਹੇ ਪ੍ਰਭੂ! ਇਹ ਸਾਰੀ ਰਚਨਾ ਤੇਰੀ ਹੈ (ਤੇ ਤੂੰ ਹੀ ਇਸ ਦੀ ਰਾਖੀ ਕਰਨ ਵਾਲਾ ਹੈਂ)-(‘ਸਫਲ ਬਿਰਖ’ ਗੁਰੂ ਤੋਂ ਨਾਮ-ਫਲ ਪ੍ਰਾਪਤ ਕਰਨ ਵਾਲਾ) ਗੁਰਮੁਖ ਇਹ ਗੱਲ ਸਮਝ ਲੈਂਦਾ ਹੈ, ਉਹ ਗੁਰਮੁਖ ਤੇਰੇ ਗੁਣ ਗਾਂਦਾ ਹੈ ਤੇ ਤੇਰੇ ਦਰ ਤੇ ਸੋਭਾ ਪਾਂਦਾ ਹੈ ॥੧੦॥

ਆਦਿ ਨਿਰੰਜਨੁ ਨਿਰਮਲੁ ਸੋਈ ॥

ਉਸ ਗੁਰਮੁਖ ਨੇ ਜਾਣ ਲਿਆ ਹੈ ਕਿ ਉਹ ਪਵਿੱਤ੍ਰ-ਸਰੂਪ ਪਰਮਾਤਮਾ ਹੀ ਸਾਰੀ ਸ੍ਰਿਸ਼ਟੀ ਦਾ ਮੁੱਢ ਹੈ ਤੇ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ।

ਅਵਰੁ ਨ ਜਾਣਾ ਦੂਜਾ ਕੋਈ ॥

ਉਸ ਵਰਗਾ ਦੂਜਾ ਹੋਰ ਕੋਈ ਨਹੀਂ ਹੈ।

ਏਕੰਕਾਰੁ ਵਸੈ ਮਨਿ ਭਾਵੈ ਹਉਮੈ ਗਰਬੁ ਗਵਾਇਦਾ ॥੧੧॥

ਉਸ ਗੁਰਮੁਖ ਦੇ ਮਨ ਵਿਚ ਉਹੀ ਇੱਕ ਅਕਾਲ ਪੁਰਖ ਵੱਸਦਾ ਹੈ ਤੇ ਮਨ ਵਿਚ ਪਿਆਰਾ ਲੱਗਦਾ ਹੈ (ਇਸ ਦੀ ਬਰਕਤਿ ਨਾਲ ਉਹ ਆਪਣੇ ਅੰਦਰੋਂ) ਹਉਮੈ ਅਹੰਕਾਰ ਦੂਰ ਕਰ ਲੈਂਦਾ ਹੈ ॥੧੧॥

ਅੰਮ੍ਰਿਤੁ ਪੀਆ ਸਤਿਗੁਰਿ ਦੀਆ ॥

ਜਿਸ ਗੁਰਮੁਖ ਨੂੰ ਸਤਿਗੁਰੂ ਨੇ ਨਾਮ-ਅੰਮ੍ਰਿਤ ਦਿੱਤਾ ਤੇ ਉਸ ਨੇ ਲੈ ਕੇ ਪੀਤਾ।

ਅਵਰੁ ਨ ਜਾਣਾ ਦੂਆ ਤੀਆ ॥

ਉਸ ਨੂੰ ਜਗਤ ਵਿਚ ਕਿਤੇ ਭੀ ਪਰਮਾਤਮਾ ਤੋਂ ਬਿਨਾ ਹੋਰ ਕੋਈ ਦੂਜਾ ਤੀਜਾ ਨਹੀਂ ਦਿੱਸਦਾ, (ਉਸ ਦੇ ਅੰਦਰ ਕੋਈ ਮੇਰ-ਤੇਰ ਨਹੀਂ ਰਹਿ ਜਾਂਦੀ)।

ਏਕੋ ਏਕੁ ਸੁ ਅਪਰ ਪਰੰਪਰੁ ਪਰਖਿ ਖਜਾਨੈ ਪਾਇਦਾ ॥੧੨॥

(ਉਸ ਗੁਰਮੁਖ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਹਰ ਥਾਂ) ਇਕੋ ਇਕ ਅਪਰ ਅਪਾਰ ਪਰਮਾਤਮਾ ਆਪ ਹੀ ਹੈ, ਉਹ ਆਪ ਹੀ ਜੀਵਾਂ ਦੇ ਕਰਮਾਂ ਨੂੰ) ਪਰਖ ਕੇ (ਤੇ ਪਸੰਦ ਕਰ ਕੇ ਉਹਨਾਂ ਨੂੰ) ਆਪਣੇ ਖ਼ਜ਼ਾਨੇ ਵਿਚ ਰਲਾ ਲੈਂਦਾ ਹੈ ॥੧੨॥

ਗਿਆਨੁ ਧਿਆਨੁ ਸਚੁ ਗਹਿਰ ਗੰਭੀਰਾ ॥

ਹੇ ਡੂੰਘੇ ਤੇ ਵੱਡੇ ਜਿਗਰੇ ਵਾਲੇ! ਤੇਰੇ ਨਾਲ ਜਾਣ-ਪਛਾਣ ਪਾਣੀ ਤੇ ਤੇਰੇ ਚਰਨਾਂ ਵਿਚ ਜੁੜਨਾ ਹੀ ਸਦਾ-ਥਿਰ ਰਹਿਣ ਵਾਲਾ (ਉੱਦਮ) ਹੈ।

ਕੋਇ ਨ ਜਾਣੈ ਤੇਰਾ ਚੀਰਾ ॥

(ਤੂੰ ਇਕ ਐਸਾ ਬੇਅੰਤ ਸਮੁੰਦਰ ਹੈਂ ਕਿ) ਤੇਰਾ ਖਿਲਾਰ ਕੋਈ ਸਮਝ ਨਹੀਂ ਸਕਦਾ।

ਜੇਤੀ ਹੈ ਤੇਤੀ ਤੁਧੁ ਜਾਚੈ ਕਰਮਿ ਮਿਲੈ ਸੋ ਪਾਇਦਾ ॥੧੩॥

ਜਿਤਨੀ ਭੀ ਸ੍ਰਿਸ਼ਟੀ ਹੈ ਇਹ ਸਾਰੀ ਦੀ ਸਾਰੀ ਤੈਥੋਂ ਹੀ (ਹਰੇਕ ਪਦਾਰਥ) ਮੰਗਦੀ ਹੈ। ਉਹ ਹੀ ਜੀਵ ਕੁਝ ਪ੍ਰਾਪਤ ਕਰਦਾ ਹੈ ਜਿਸ ਨੂੰ ਤੇਰੀ ਬਖ਼ਸ਼ਸ਼ ਨਾਲ ਕੁਝ ਮਿਲਦਾ ਹੈ ॥੧੩॥

ਕਰਮੁ ਧਰਮੁ ਸਚੁ ਹਾਥਿ ਤੁਮਾਰੈ ॥

(ਲੋਕ ਆਪੋ ਆਪਣੀ ਸਮਝ ਅਨੁਸਾਰ ਧਾਰਮਿਕ ਮਿਥੇ ਕਰਮ ਕਰਦੇ ਹਨ, ਪਰ) ਤੇਰੇ ਸਦਾ-ਥਿਰ ਨਾਮ ਦਾ ਸਿਮਰਨ ਹੀ ਅਸਲ ਕਰਮ ਹੈ ਅਸਲ ਧਰਮ ਹੈ।

ਵੇਪਰਵਾਹ ਅਖੁਟ ਭੰਡਾਰੈ ॥

ਹੇ ਬੇ-ਪਰਵਾਹ ਪ੍ਰਭੂ! ਇਹ ਨਾਮ ਤੇਰੇ ਕਦੇ ਨਾਹ ਮੁੱਕਣ ਵਾਲੇ ਖ਼ਜ਼ਾਨੇ ਵਿਚ ਮੌਜੂਦ ਹੈ।

ਤੂ ਦਇਆਲੁ ਕਿਰਪਾਲੁ ਸਦਾ ਪ੍ਰਭੁ ਆਪੇ ਮੇਲਿ ਮਿਲਾਇਦਾ ॥੧੪॥

ਹੇ ਪ੍ਰਭੂ! ਤੂੰ ਸਦਾ ਦਇਆ ਦਾ ਕਿਰਪਾ ਦਾ ਘਰ ਹੈ, ਸਭ ਦਾ ਮਾਲਕ (ਪ੍ਰਭੂ) ਹੈਂ, ਤੂੰ ਆਪ ਹੀ (ਆਪਣੇ ਖ਼ਜ਼ਾਨੇ ਵਿਚੋਂ ਇਹ ਦਾਤ ਦੇ ਕੇ) ਆਪਣੀ ਸੰਗਤ ਵਿਚ ਮਿਲਾ ਲੈਂਦਾ ਹੈ ॥੧੪॥

ਆਪੇ ਦੇਖਿ ਦਿਖਾਵੈ ਆਪੇ ॥

ਪ੍ਰਭੂ ਆਪ ਹੀ (ਜੀਵਾਂ ਦੀ) ਸੰਭਾਲ ਕਰ ਕੇ ਆਪ ਹੀ (ਜੀਵਾਂ ਨੂੰ) ਆਪਣਾ ਦਰਸ਼ਨ ਕਰਾਂਦਾ ਹੈ।

ਆਪੇ ਥਾਪਿ ਉਥਾਪੇ ਆਪੇ ॥

ਆਪ ਹੀ ਪੈਦਾ ਕਰਦਾ ਹੈ ਆਪ ਨਾਸ ਕਰਦਾ ਹੈ।

ਆਪੇ ਜੋੜਿ ਵਿਛੋੜੇ ਕਰਤਾ ਆਪੇ ਮਾਰਿ ਜੀਵਾਇਦਾ ॥੧੫॥

ਕਰਤਾਰ ਆਪ ਹੀ (ਆਪਣੇ ਚਰਨਾਂ ਵਿਚ) ਜੋੜਦਾ ਹੈ, ਆਪ ਹੀ (ਚਰਨਾਂ ਤੋਂ) ਵਿਛੋੜਦਾ ਹੈ, ਆਪ ਹੀ (ਕਿਸੇ ਨੂੰ) ਆਤਮਕ ਮੌਤੇ ਮਾਰਦਾ ਹੈ, ਆਪ ਹੀ ਆਤਮਕ ਜੀਵਨ ਦੇਂਦਾ ਹੈ ॥੧੫॥

ਜੇਤੀ ਹੈ ਤੇਤੀ ਤੁਧੁ ਅੰਦਰਿ ॥

ਇਹ ਜਿਤਨੀ ਭੀ ਸ੍ਰਿਸ਼ਟੀ ਹੈ ਸਾਰੀ ਦੀ ਸਾਰੀ ਤੇਰੇ ਹੁਕਮ ਦੇ ਅੰਦਰ ਚੱਲ ਰਹੀ ਹੈ।

ਦੇਖਹਿ ਆਪਿ ਬੈਸਿ ਬਿਜ ਮੰਦਰਿ ॥

ਤੂੰ ਆਪਣੇ ਸਦਾ-ਥਿਰ ਮਹਿਲ ਵਿਚ ਬੈਠ ਕੇ ਆਪ ਹੀ ਸਭ ਦੀ ਸੰਭਾਲ ਕਰ ਰਿਹਾ ਹੈਂ।

ਨਾਨਕੁ ਸਾਚੁ ਕਹੈ ਬੇਨੰਤੀ ਹਰਿ ਦਰਸਨਿ ਸੁਖੁ ਪਾਇਦਾ ॥੧੬॥੧॥੧੩॥

ਹੇ ਹਰੀ! ਤੇਰਾ ਦਾਸ ਨਾਨਕ ਤੇਰਾ ਸਦਾ-ਥਿਰ ਨਾਮ ਸਿਮਰਦਾ ਹੈ (ਤੇਰੇ ਦੀਦਾਰ ਵਾਸਤੇ ਤੇਰੇ ਦਰ ਤੇ) ਬੇਨਤੀ ਕਰਦਾ ਹੈ (ਜਿਸ ਨੂੰ ਤੇਰਾ ਦੀਦਾਰ ਨਸੀਬ ਹੁੰਦਾ ਹੈ, ਉਹ ਉਸ) ਦੀਦਾਰ ਦੀ ਬਰਕਤਿ ਨਾਲ ਆਤਮਕ ਆਨੰਦ ਪ੍ਰਾਪਤ ਕਰਦਾ ਹੈ ॥੧੬॥੧॥੧੩॥