ਰਾਗ ਮਾਲੀ ਗਉੜਾ – ਬਾਣੀ ਸ਼ਬਦ-Raag Mali Gaura – Bani

ਰਾਗ ਮਾਲੀ ਗਉੜਾ – ਬਾਣੀ ਸ਼ਬਦ-Raag Mali Gaura – Bani

ਰਾਗੁ ਮਾਲੀ ਗਉੜਾ ਮਹਲਾ ੪ ॥

ਰਾਗ ਮਾਲੀ-ਗਉੜਾ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਅਨਿਕ ਜਤਨ ਕਰਿ ਰਹੇ ਹਰਿ ਅੰਤੁ ਨਾਹੀ ਪਾਇਆ ॥

ਹੇ ਪ੍ਰਭੂ ਪਾਤਿਸ਼ਾਹ! (ਤੇਰੇ ਗੁਣਾਂ ਦਾ ਅੰਤ ਲੱਭਣ ਵਾਸਤੇ ਬੇਅੰਤ ਜੀਵ) ਅਨੇਕਾਂ ਜਤਨ ਕਰ ਕਰ ਕੇ ਥੱਕ ਗਏ ਹਨ, ਕਿਸੇ ਨੇ ਤੇਰਾ ਅੰਤ ਨਹੀਂ ਲੱਭਾ।

ਹਰਿ ਅਗਮ ਅਗਮ ਅਗਾਧਿ ਬੋਧਿ ਆਦੇਸੁ ਹਰਿ ਪ੍ਰਭ ਰਾਇਆ ॥੧॥ ਰਹਾਉ ॥

ਹੇ ਹਰੀ! ਤੂੰ ਅਪਹੁੰਚ ਹੈਂ, ਤੂੰ ਅਪਹੁੰਚ ਹੈਂ, ਤੂੰ ਅਥਾਹ ਹੈਂ, ਤੈਨੂੰ ਕੋਈ ਨਹੀਂ ਸਮਝ ਸਕਦਾ, ਮੇਰੀ ਤੈਨੂੰ ਹੀ ਨਮਸਕਾਰ ਹੈ ॥੧॥ ਰਹਾਉ ॥

ਕਾਮੁ ਕ੍ਰੋਧੁ ਲੋਭੁ ਮੋਹੁ ਨਿਤ ਝਗਰਤੇ ਝਗਰਾਇਆ ॥

ਹੇ ਪ੍ਰਭੂ! ਕਾਮ ਕ੍ਰੋਧ ਲੋਭ ਮੋਹ (ਆਦਿਕ ਵਿਕਾਰ ਇਤਨੇ ਬਲੀ ਹਨ ਕਿ ਜੀਵ ਇਹਨਾਂ ਦੇ) ਉਕਸਾਏ ਹੋਏ ਸਦਾ ਦੁਨੀਆ ਦੇ ਝਗੜਿਆਂ ਵਿਚ ਹੀ ਪਏ ਰਹਿੰਦੇ ਹਨ।

ਹਮ ਰਾਖੁ ਰਾਖੁ ਦੀਨ ਤੇਰੇ ਹਰਿ ਸਰਨਿ ਹਰਿ ਪ੍ਰਭ ਆਇਆ ॥੧॥

ਹੇ ਪ੍ਰਭੂ! ਅਸੀਂ ਜੀਵ ਤੇਰੇ ਦਰ ਦੇ ਮੰਗਤੇ ਹਾਂ, ਸਾਨੂੰ ਇਹਨਾਂ ਤੋਂ ਬਚਾ ਲੈ, ਬਚਾ ਲੈ, ਅਸੀਂ ਤੇਰੀ ਸਰਨ ਆਏ ਹਾਂ ॥੧॥

ਸਰਣਾਗਤੀ ਪ੍ਰਭ ਪਾਲਤੇ ਹਰਿ ਭਗਤਿ ਵਛਲੁ ਨਾਇਆ ॥

ਹੇ ਪ੍ਰਭੂ! ਤੂੰ ਸਰਨ ਪਿਆਂ ਦੀ ਰੱਖਿਆ ਕਰਨ ਵਾਲਾ ਹੈਂ, ਹੇ ਹਰੀ! ‘ਭਗਤੀ ਨਾਲ ਪਿਆਰ ਕਰਨ ਵਾਲਾ’-ਇਹ ਤੇਰਾ (ਪ੍ਰਸਿੱਧ) ਨਾਮ ਹੈ।

ਪ੍ਰਹਿਲਾਦੁ ਜਨੁ ਹਰਨਾਖਿ ਪਕਰਿਆ ਹਰਿ ਰਾਖਿ ਲੀਓ ਤਰਾਇਆ ॥੨॥

ਤੇਰੇ ਸੇਵਕ ਪ੍ਰਹਿਲਾਦ ਨੂੰ ਹਰਨਾਖਸ਼ ਨੇ ਫੜ ਲਿਆ, ਹੇ ਹਰੀ! ਤੂੰ ਉਸ ਦੀ ਰੱਖਿਆ ਕੀਤੀ, ਤੂੰ ਉਸ ਨੂੰ ਸੰਕਟ ਤੋਂ ਬਚਾਇਆ ॥੨॥

ਹਰਿ ਚੇਤਿ ਰੇ ਮਨ ਮਹਲੁ ਪਾਵਣ ਸਭ ਦੂਖ ਭੰਜਨੁ ਰਾਇਆ ॥

ਹੇ ਮਨ! ਉਸ ਪ੍ਰਭੂ ਦੇ ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰਨ ਲਈ ਸਦਾ ਉਸ ਨੂੰ ਯਾਦ ਕਰਿਆ ਕਰ, ਉਹ ਪਾਤਿਸ਼ਾਹ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ।

ਭਉ ਜਨਮ ਮਰਨ ਨਿਵਾਰਿ ਠਾਕੁਰ ਹਰਿ ਗੁਰਮਤੀ ਪ੍ਰਭੁ ਪਾਇਆ ॥੩॥

ਹੇ ਠਾਕੁਰ! ਹੇ ਹਰੀ! (ਅਸਾਂ ਜੀਵਾਂ ਦਾ) ਜਨਮ ਮਰਨ ਦੇ ਗੇੜ ਦਾ ਡਰ ਦੂਰ ਕਰ। ਗੁਰੂ ਦੀ ਮੱਤ ਤੇ ਤੁਰਿਆਂ ਉਹ ਪ੍ਰਭੂ ਮਿਲਦਾ ਹੈ ॥੩॥

ਹਰਿ ਪਤਿਤ ਪਾਵਨ ਨਾਮੁ ਸੁਆਮੀ ਭਉ ਭਗਤ ਭੰਜਨੁ ਗਾਇਆ ॥

ਹੇ ਸੁਆਮੀ! ਤੇਰਾ ਨਾਮ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ, ਤੂੰ (ਆਪਣੇ ਭਗਤਾਂ ਦਾ) ਹਰੇਕ ਡਰ ਦੂਰ ਕਰਨ ਵਾਲਾ ਹੈਂ।

ਹਰਿ ਹਾਰੁ ਹਰਿ ਉਰਿ ਧਾਰਿਓ ਜਨ ਨਾਨਕ ਨਾਮਿ ਸਮਾਇਆ ॥੪॥੧॥

ਹੇ ਦਾਸ ਨਾਨਕ! ਜਿਨ੍ਹਾਂ ਭਗਤਾਂ ਨੇ ਉਸ ਦੀ ਸਿਫ਼ਤ-ਸਾਲਾਹ ਕੀਤੀ ਹੈ, ਜਿਨ੍ਹਾਂ ਨੇ ਉਸ ਦੇ ਨਾਮ ਦਾ ਹਾਰ ਆਪਣੇ ਹਿਰਦੇ ਵਿਚ ਸਾਂਭਿਆ ਹੈ, ਉਹ ਉਸ ਦੇ ਨਾਮ ਵਿਚ ਹੀ ਸਦਾ ਲੀਨ ਰਹਿੰਦੇ ਹਨ ॥੪॥੧॥


ਮਾਲੀ ਗਉੜਾ ਮਹਲਾ ੪ ॥
ਜਪਿ ਮਨ ਰਾਮ ਨਾਮੁ ਸੁਖਦਾਤਾ ॥

ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਿਆ ਕਰ, ਪਰਮਾਤਮਾ ਸਾਰੇ ਸੁਖ ਦੇਣ ਵਾਲਾ ਹੈ।

ਸਤਸੰਗਤਿ ਮਿਲਿ ਹਰਿ ਸਾਦੁ ਆਇਆ ਗੁਰਮੁਖਿ ਬ੍ਰਹਮੁ ਪਛਾਤਾ ॥੧॥ ਰਹਾਉ ॥

ਸਾਧ ਸੰਗਤ ਵਿਚ ਮਿਲ ਕੇ ਜਿਸ ਮਨੁੱਖ ਨੇ ਪ੍ਰਭੂ ਦੇ ਨਾਮ ਦਾ ਆਨੰਦ ਹਾਸਲ ਕੀਤਾ, ਉਸ ਨੇ ਗੁਰੂ ਦੀ ਰਾਹੀਂ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ॥੧॥ ਰਹਾਉ ॥

ਵਡਭਾਗੀ ਗੁਰ ਦਰਸਨੁ ਪਾਇਆ ਗੁਰਿ ਮਿਲਿਐ ਹਰਿ ਪ੍ਰਭੁ ਜਾਤਾ ॥

ਹੇ ਮਨ! ਕਿਸੇ ਵਡਭਾਗੀ ਨੇ ਹੀ ਗੁਰੂ ਦਰਸਨ ਪ੍ਰਾਪਤ ਕੀਤਾ ਹੈ, (ਕਿਉਂਕਿ) ਜੇ ਗੁਰੂ ਮਿਲ ਪਏ ਤਾਂ ਪਰਮਾਤਮਾ ਨਾਲ ਸਾਂਝ ਬਣ ਜਾਂਦੀ ਹੈ।

ਦੁਰਮਤਿ ਮੈਲੁ ਗਈ ਸਭ ਨੀਕਰਿ ਹਰਿ ਅੰਮ੍ਰਿਤਿ ਹਰਿ ਸਰਿ ਨਾਤਾ ॥੧॥

ਜਿਹੜਾ ਮਨੁੱਖ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸਰੋਵਰ ਵਿਚ (ਸਾਧ ਸੰਗਤ ਵਿਚ ਆਤਮਕ) ਇਸ਼ਨਾਨ ਕਰਦਾ ਹੈ, ਉਸ ਦੇ ਅੰਦਰੋਂ ਭੈੜੀ ਮੱਤ ਦੀ ਸਾਰੀ ਮੈਲ ਨਿਕਲ ਜਾਂਦੀ ਹੈ ॥੧॥

ਧਨੁ ਧਨੁ ਸਾਧੁ ਜਿਨ੍ਰੀ ਹਰਿ ਪ੍ਰਭੁ ਪਾਇਆ ਤਿਨ੍ਰ ਪੂਛਉ ਹਰਿ ਕੀ ਬਾਤਾ ॥

ਹੇ ਮੇਰੇ ਮਨ! ਭਾਗਾਂ ਵਾਲੇ ਹਨ ਉਹ ਸੰਤ ਜਨ, ਜਿਨ੍ਹਾਂ ਨੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ਹੈ। ਮੈਂ ਭੀ (ਜੇ ਪ੍ਰਭੂ ਦੀ ਮਿਹਰ ਹੋਵੇ ਤਾਂ) ਉਹਨਾਂ ਪਾਸੋਂ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਪੁੱਛਾਂ।

ਪਾਇ ਲਗਉ ਨਿਤ ਕਰਉ ਜੁਦਰੀਆ ਹਰਿ ਮੇਲਹੁ ਕਰਮਿ ਬਿਧਾਤਾ ॥੨॥

ਮੈਂ ਉਹਨਾਂ ਦੀ ਚਰਨੀਂ ਲੱਗਾਂ, ਮੈਂ ਨਿੱਤ ਉਹਨਾਂ ਅੱਗੇ ਅਰਜ਼ੋਈ ਕਰਾਂ ਕਿ ਮਿਹਰ ਕਰ ਕੇ ਮੈਨੂੰ ਸਿਰਜਣਹਾਰ ਪ੍ਰਭੂ ਦਾ ਮਿਲਾਪ ਕਰਾ ਦਿਉ ॥੨॥

ਲਿਲਾਟ ਲਿਖੇ ਪਾਇਆ ਗੁਰੁ ਸਾਧੂ ਗੁਰ ਬਚਨੀ ਮਨੁ ਤਨੁ ਰਾਤਾ ॥

ਹੇ ਮੇਰੇ ਮਨ! ਜਿਸ ਮਨੁੱਖ ਨੇ ਮੱਥੇ ਦੇ ਲਿਖੇ ਲੇਖਾਂ ਅਨੁਸਾਰ ਗੁਰੂ ਮਹਾਂ ਪੁਰਖ ਲੱਭ ਲਿਆ ਉਸ ਦਾ ਮਨ ਉਸ ਦਾ ਤਨ ਗੁਰੂ ਦੇ ਬਚਨਾਂ ਵਿਚ ਰੰਗਿਆ ਜਾਂਦਾ ਹੈ।

ਹਰਿ ਪ੍ਰਭ ਆਇ ਮਿਲੇ ਸੁਖੁ ਪਾਇਆ ਸਭ ਕਿਲਵਿਖ ਪਾਪ ਗਵਾਤਾ ॥੩॥

(ਗੁਰੂ ਦੀ ਰਾਹੀਂ ਜਿਸ ਨੂੰ) ਪਰਮਾਤਮਾ ਮਿਲ ਪੈਂਦਾ ਹੈ, ਉਸ ਨੂੰ ਆਤਮਕ ਆਨੰਦ ਮਿਲ ਜਾਂਦਾ ਹੈ, ਉਸ ਦੇ ਸਾਰੇ ਪਾਪ ਵਿਕਾਰ ਦੂਰ ਹੋ ਜਾਂਦੇ ਹਨ ॥੩॥

ਰਾਮ ਰਸਾਇਣੁ ਜਿਨ੍ਰ ਗੁਰਮਤਿ ਪਾਇਆ ਤਿਨ੍ਰ ਕੀ ਊਤਮ ਬਾਤਾ ॥

ਹੇ ਮਨ! ਗੁਰੂ ਦੀ ਮੱਤ ਲੈ ਕੇ ਜਿਨ੍ਹਾਂ ਮਨੁੱਖਾਂ ਨੇ ਸਭ ਤੋਂ ਸ੍ਰੇਸ਼ਟ ਨਾਮ-ਰਸ ਪ੍ਰਾਪਤ ਕਰ ਲਿਆ, ਉਹਨਾਂ ਦੀ (ਲੋਕ ਪਰਲੋਕ ਵਿਚ) ਬਹੁਤ ਸੋਭਾ ਹੁੰਦੀ ਹੈ;

ਤਿਨ ਕੀ ਪੰਕ ਪਾਈਐ ਵਡਭਾਗੀ ਜਨ ਨਾਨਕੁ ਚਰਨਿ ਪਰਾਤਾ ॥੪॥੨॥

ਉਹਨਾਂ ਦੇ ਚਰਨਾਂ ਦੀ ਧੂੜ ਵੱਡੇ ਭਾਗਾਂ ਨਾਲ ਮਿਲਦੀ ਹੈ। ਦਾਸ ਨਾਨਕ (ਭੀ ਉਹਨਾਂ ਦੀ) ਚਰਨੀਂ ਪੈਂਦਾ ਹੈ ॥੪॥੨॥


ਮਾਲੀ ਗਉੜਾ ਮਹਲਾ ੪ ॥
ਸਭਿ ਸਿਧ ਸਾਧਿਕ ਮੁਨਿ ਜਨਾ ਮਨਿ ਭਾਵਨੀ ਹਰਿ ਧਿਆਇਓ ॥

ਜਿਨ੍ਹਾਂ ਸਾਰੇ ਸਿੱਧਾਂ ਨੇ, ਸਾਧਿਕਾਂ ਨੇ, ਮੁਨੀਆਂ ਨੇ ਆਪਣੇ ਮਨ ਵਿਚ (ਗੁਰੂ-ਚਰਨਾਂ ਵਿਚ) ਸਰਧਾ ਬਣਾ ਕੇ ਪਰਮਾਤਮਾ ਦਾ ਧਿਆਨ ਧਾਰਿਆ,

ਅਪਰੰਪਰੋ ਪਾਰਬ੍ਰਹਮੁ ਸੁਆਮੀ ਹਰਿ ਅਲਖੁ ਗੁਰੂ ਲਖਾਇਓ ॥੧॥ ਰਹਾਉ ॥

ਗੁਰੂ ਨੇ ਉਹਨਾਂ ਨੂੰ ਉਹ ਅਲੱਖ ਹਰੀ ਉਸ ਅਪਰੰਪਰ ਪਾਰਬ੍ਰਹਮ ਸੁਆਮੀ (ਅੰਦਰ-ਵੱਸਦਾ) ਵਿਖਾ ਦਿੱਤਾ ॥੧॥ ਰਹਾਉ ॥

ਹਮ ਨੀਚ ਮਧਿਮ ਕਰਮ ਕੀਏ ਨਹੀ ਚੇਤਿਓ ਹਰਿ ਰਾਇਓ ॥

ਅਸੀਂ ਜੀਵ ਨੀਵੇਂ ਤੇ ਹੌਲੇ ਮੇਲ ਦੇ ਕੰਮ ਹੀ ਕਰਦੇ ਰਹਿੰਦੇ ਹਾਂ, ਕਦੇ ਪ੍ਰਭੂ-ਪਾਤਿਸ਼ਾਹ ਦਾ ਸਿਮਰਨ ਨਹੀਂ ਕਰਦੇ।

ਹਰਿ ਆਨਿ ਮੇਲਿਓ ਸਤਿਗੁਰੂ ਖਿਨੁ ਬੰਧ ਮੁਕਤਿ ਕਰਾਇਓ ॥੧॥

ਪਰਮਾਤਮਾ ਨੇ ਜਿਸ ਨੂੰ ਗੁਰੂ ਲਿਆ ਕੇ ਮਿਲਾ ਦਿੱਤਾ, ਗੁਰੂ ਨੇ ਉਸ ਨੂੰ ਇਕ ਖਿਨ ਵਿਚ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਦਿਵਾ ਦਿੱਤੀ ॥੧॥

ਪ੍ਰਭਿ ਮਸਤਕੇ ਧੁਰਿ ਲੀਖਿਆ ਗੁਰਮਤੀ ਹਰਿ ਲਿਵ ਲਾਇਓ ॥

ਪ੍ਰਭੂ ਨੇ ਜਿਸ ਮਨੁੱਖ ਦੇ ਮੱਥੇ ਉਤੇ (ਗੁਰੂ-ਮਿਲਾਪ ਦਾ) ਲੇਖ ਲਿਖ ਦਿੱਤਾ, ਉਸ ਨੇ ਗੁਰੂ ਦੀ ਮੱਤ ਲੈ ਕੇ ਪਰਮਾਤਮਾ ਵਿਚ ਸੁਰਤ ਜੋੜ ਲਈ;

ਪੰਚ ਸਬਦ ਦਰਗਹ ਬਾਜਿਆ ਹਰਿ ਮਿਲਿਓ ਮੰਗਲੁ ਗਾਇਓ ॥੨॥

ਜਿਸ ਪਰਮਾਤਮਾ ਦੀ ਹਜ਼ੂਰੀ ਵਿਚ ਹਰ ਵੇਲੇ (ਮਾਨੋ) ਪੰਜਾਂ ਕਿਸਮਾਂ ਦੇ ਸਾਜ਼ਾਂ ਦਾ ਰਾਗ ਹੋ ਰਿਹਾ ਹੈ (ਗੁਰੂ ਦੀ ਕਿਰਪਾ ਨਾਲ ਉਸ ਮਨੁੱਖ ਨੂੰ ਉਹ ਪਰਮਾਤਮਾ ਮਿਲ ਪਿਆ, ਉਹ ਮਨੁੱਖ ਸਦਾ ਸਿਫ਼ਤ-ਸਾਲਾਹ ਦਾ ਗੀਤ ਹੀ ਗਾਂਦਾ ਰਹਿੰਦਾ ਹੈ ॥੨॥

ਪਤਿਤ ਪਾਵਨੁ ਨਾਮੁ ਨਰਹਰਿ ਮੰਦਭਾਗੀਆਂ ਨਹੀ ਭਾਇਓ ॥

ਪਰਮਾਤਮਾ ਦਾ ਨਾਮ ਵਿਕਾਰੀਆਂ ਨੂੰ ਭੀ ਪਵਿੱਤਰ ਕਰਨ ਵਾਲਾ ਹੈ, ਪਰ ਬਦ-ਕਿਸਮਤ ਬੰਦਿਆਂ ਨੂੰ ਹਰਿ-ਨਾਮ ਪਿਆਰਾ ਨਹੀਂ ਲੱਗਦਾ।

ਤੇ ਗਰਭ ਜੋਨੀ ਗਾਲੀਅਹਿ ਜਿਉ ਲੋਨੁ ਜਲਹਿ ਗਲਾਇਓ ॥੩॥

ਜਿਵੇਂ ਲੂਣ ਪਾਣੀ ਵਿਚ ਪਿਆ ਹੋਇਆ ਗਲ ਜਾਂਦਾ ਹੈ, ਤਿਵੇਂ ਉਹ (ਮੰਦ-ਭਾਗੀ) ਬੰਦੇ (ਨਾਮ-ਹੀਣ ਰਹਿ ਕੇ) ਅਨੇਕਾਂ ਜੂਨਾਂ ਵਿਚ ਗਾਲੇ ਜਾਂਦੇ ਹਨ ॥੩॥

ਮਤਿ ਦੇਹਿ ਹਰਿ ਪ੍ਰਭ ਅਗਮ ਠਾਕੁਰ ਗੁਰ ਚਰਨ ਮਨੁ ਮੈ ਲਾਇਓ ॥

ਹੇ ਹਰੀ! ਹੇ ਅਪਹੁੰਚ ਪ੍ਰਭੂ! ਹੇ ਠਾਕੁਰ! ਮੈਨੂੰ ਅਜਿਹੀ ਮੱਤ ਦੇਹ ਕਿ ਮੈਂ ਗੁਰੂ ਦੇ ਚਰਨਾਂ ਵਿਚ ਆਪਣਾ ਮਨ ਜੋੜੀ ਰੱਖਾਂ,

ਹਰਿ ਰਾਮ ਨਾਮੈ ਰਹਉ ਲਾਗੋ ਜਨ ਨਾਨਕ ਨਾਮਿ ਸਮਾਇਓ ॥੪॥੩॥

ਹੇ ਦਾਸ ਨਾਨਕ! (ਬੇਨਤੀ ਕਰ ਕਿ ਗੁਰੂ ਦੀ ਕਿਰਪਾ ਨਾਲ) ਮੈਂ ਹਰਿ-ਨਾਮ ਵਿਚ ਹੀ ਜੁੜਿਆ ਰਹਾਂ, ਮੈਂ ਹਰਿ-ਨਾਮ ਵਿਚ ਹੀ ਲੀਨ ਰਹਾਂ ॥੪॥੩॥


ਮਾਲੀ ਗਉੜਾ ਮਹਲਾ ੪ ॥
ਮੇਰਾ ਮਨੁ ਰਾਮ ਨਾਮਿ ਰਸਿ ਲਾਗਾ ॥

ਮੇਰਾ ਮਨ ਪ੍ਰਭੂ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ ਹਰਿ-ਨਾਮ ਦੇ ਸੁਆਦ ਵਿਚ ਮਗਨ ਰਹਿੰਦਾ ਹੈ।

ਕਮਲ ਪ੍ਰਗਾਸੁ ਭਇਆ ਗੁਰੁ ਪਾਇਆ ਹਰਿ ਜਪਿਓ ਭ੍ਰਮੁ ਭਉ ਭਾਗਾ ॥੧॥ ਰਹਾਉ ॥

(ਮੈਨੂੰ ਗੁਰੂ ਮਿਲਿਆ ਹੈ ਮੇਰੇ (ਹਿਰਦੇ-) ਕੌਲ ਫੁੱਲ ਦਾ ਖਿੜਾਉ ਹੋ ਗਿਆ ਹੈ, ਮੈਂ ਪਰਮਾਤਮਾ ਦਾ ਨਾਮ ਜਪ ਰਿਹਾ ਹਾਂ, ਤੇ (ਮੇਰੇ ਅੰਦਰੋਂ) ਹਰੇਕ ਕਿਸਮ ਦੀ ਭਟਕਣ ਹਰੇਕ ਕਿਸਮ ਦਾ ਡਰ ਦੂਰ ਹੋ ਗਿਆ ਹੈ ॥੧॥ ਰਹਾਉ ॥

ਭੈ ਭਾਇ ਭਗਤਿ ਲਾਗੋ ਮੇਰਾ ਹੀਅਰਾ ਮਨੁ ਸੋਇਓ ਗੁਰਮਤਿ ਜਾਗਾ ॥

ਗੁਰੂ ਦੀ ਮੱਤ ਦੀ ਬਰਕਤਿ ਨਾਲ ਮੇਰਾ ਸੁੱਤਾ ਹੋਇਆ ਮਨ ਜਾਗ ਪਿਆ ਹੈ, ਮੇਰਾ ਹਿਰਦਾ ਅਦਬ ਅਤੇ ਪ੍ਰੇਮ ਨਾਲ ਪ੍ਰਭੂ ਦੀ ਭਗਤੀ ਵਿਚ ਲੱਗਾ ਰਹਿੰਦਾ ਹੈ।

ਕਿਲਬਿਖ ਖੀਨ ਭਏ ਸਾਂਤਿ ਆਈ ਹਰਿ ਉਰ ਧਾਰਿਓ ਵਡਭਾਗਾ ॥੧॥

ਵੱਡੇ ਭਾਗਾਂ ਨਾਲ ਮੈਂ ਪਰਮਾਤਮਾ ਨੂੰ ਆਪਣੇ ਵਿਚ ਵਸਾ ਲਿਆ ਹੈ, ਹੁਣ ਮੇਰੇ ਸਾਰੇ ਪਾਪ ਨਾਸ ਹੋ ਗਏ ਹਨ ਤੇ ਮੇਰੇ ਅੰਦਰ ਠੰਢ ਵਰਤ ਰਹੀ ਹੈ ॥੧॥

ਮਨਮੁਖੁ ਰੰਗੁ ਕਸੁੰਭੁ ਹੈ ਕਚੂਆ ਜਿਉ ਕੁਸਮ ਚਾਰਿ ਦਿਨ ਚਾਗਾ ॥

ਜਿਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਉਹ ਕੱਚੇ ਰੰਗ ਵਾਲਾ ਕਸੁੰਭਾ ਹੀ ਹੈ, ਕਸੁੰਭੇ ਦੇ ਫੁੱਲ ਦਾ ਰੰਗ ਚਾਰ ਦਿਨ ਹੀ ਚੰਗਾ ਰਹਿੰਦਾ ਹੈ।

ਖਿਨ ਮਹਿ ਬਿਨਸਿ ਜਾਇ ਪਰਤਾਪੈ ਡੰਡੁ ਧਰਮ ਰਾਇ ਕਾ ਲਾਗਾ ॥੨॥

(ਉਸ ਦੇ ਅੰਦਰੋਂ ਸੁਖ ਇਕ ਖਿਨ ਵਿਚ ਹੀ ਨਾਸ ਹੋ ਜਾਂਦਾ ਹੈ, ਉਹ (ਸਦਾ) ਦੁਖੀ ਰਹਿੰਦਾ ਹੈ, ਸਿਰ ਉੱਤੇ ਧਰਮਰਾਜ ਦਾ ਡੰਡਾ ਕਾਇਮ ਰਹਿੰਦਾ ਹੈ ॥੨॥

ਸਤਸੰਗਤਿ ਪ੍ਰੀਤਿ ਸਾਧ ਅਤਿ ਗੂੜੀ ਜਿਉ ਰੰਗੁ ਮਜੀਠ ਬਹੁ ਲਾਗਾ ॥

ਸਾਧ ਸੰਗਤ ਵਿਚ ਰਹਿ ਕੇ ਗੁਰੂ (ਦੇ ਚਰਨਾਂ) ਨਾਲ ਬਹੁਤ ਗੂੜ੍ਹਾ ਪਿਆਰ ਬਣਦਾ ਹੈ (ਉਹ ਪਿਆਰ ਇਉਂ ਹੀ ਪੱਕਾ ਹੁੰਦਾ ਹੈ) ਜਿਵੇਂ ਮਜੀਠ ਦਾ ਰੰਗ ਬਹੁਤ ਪੱਕਾ ਹੁੰਦਾ ਹੈ, (ਮਜੀਠ ਨਾਲ ਰੰਗੇ ਹੋਏ) ਕੱਪੜੇ ਪਾਟ ਭਾਵੇਂ ਜਾਣ (ਪਰ ਰੰਗ ਨਹੀਂ ਉਤਰਦਾ)।

ਕਾਇਆ ਕਾਪਰੁ ਚੀਰ ਬਹੁ ਫਾਰੇ ਹਰਿ ਰੰਗੁ ਨ ਲਹੈ ਸਭਾਗਾ ॥੩॥

ਸਰੀਰ-ਕੱਪੜਾ ਨਾਸ ਭਾਵੇਂ ਹੋ ਜਾਏ, ਪਰ ਇਸ ਦਾ ਹਰਿ-ਨਾਮ ਦਾ ਭਾਗਾਂ ਵਾਲਾ ਰੰਗ ਨਹੀਂ ਉਤਰਦਾ ॥੩॥

ਹਰਿ ਚਾਰ੍ਹਿਓ ਰੰਗੁ ਮਿਲੈ ਗੁਰੁ ਸੋਭਾ ਹਰਿ ਰੰਗਿ ਚਲੂਲੈ ਰਾਂਗਾ ॥

ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਗੁਰੂ ਉਸ ਨੂੰ ਪਰਮਾਤਮਾ ਦਾ ਨਾਮ-ਰੰਗ ਚਾੜ੍ਹ ਦੇਂਦਾ ਹੈ, ਉਹ ਮਨੁੱਖ ਹਰਿ-ਨਾਮ ਦੇ ਗੂੜ੍ਹੇ ਰੰਗ ਵਿਚ ਰੰਗਿਆ ਰਹਿੰਦਾ ਹੈ (ਲੋਕ ਪਰਲੋਕ ਵਿਚ ਉਹ) ਸੋਭਾ (ਖੱਟਦਾ ਹੈ)।

ਜਨ ਨਾਨਕੁ ਤਿਨ ਕੇ ਚਰਨ ਪਖਾਰੈ ਜੋ ਹਰਿ ਚਰਨੀ ਜਨੁ ਲਾਗਾ ॥੪॥੪॥

ਜਿਹੜਾ ਜਿਹੜਾ ਸੇਵਕ-ਭਗਤ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ, ਦਾਸ ਨਾਨਕ ਉਹਨਾਂ ਦੇ ਚਰਨ ਧੋਂਦਾ ਹੈ ॥੪॥੪॥


ਮਾਲੀ ਗਉੜਾ ਮਹਲਾ ੪ ॥
ਮੇਰੇ ਮਨ ਭਜੁ ਹਰਿ ਹਰਿ ਨਾਮੁ ਗੁਪਾਲਾ ॥

ਹੇ ਮੇਰੇ ਮਨ! ਜਗਤ ਦੇ ਪਾਲਣਹਾਰ ਪ੍ਰਭੂ ਦਾ ਨਾਮ ਸਦਾ ਜਪਿਆ ਕਰ।

ਮੇਰਾ ਮਨੁ ਤਨੁ ਲੀਨੁ ਭਇਆ ਰਾਮ ਨਾਮੈ ਮਤਿ ਗੁਰਮਤਿ ਰਾਮ ਰਸਾਲਾ ॥੧॥ ਰਹਾਉ ॥

(ਨਾਮ ਜਪਣ ਦੀ ਬਰਕਤਿ ਨਾਲ ਹੀ) ਮੇਰਾ ਮਨ ਮੇਰਾ ਤਨ (ਭਾਵ, ਸਾਰੇ ਗਿਆਨ ਇੰਦ੍ਰੇ) ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ, ਮੇਰੀ ਮੱਤ ਗੁਰੂ ਦੀ ਮੱਤ ਵਿਚ ਲੀਨ ਹੋ ਗਈ ਹੈ, ਪਰਮਾਤਮਾ ਮੈਨੂੰ ਸਾਰੇ ਰਸਾਂ ਦਾ ਖ਼ਜ਼ਾਨਾ ਦਿੱਸ ਰਿਹਾ ਹੈ ॥੧॥ ਰਹਾਉ ॥

ਗੁਰਮਤਿ ਨਾਮੁ ਧਿਆਈਐ ਹਰਿ ਹਰਿ ਮਨਿ ਜਪੀਐ ਹਰਿ ਜਪਮਾਲਾ ॥

ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ, ਮਨ ਵਿਚ ਹਰੀ ਦਾ ਜਾਪ ਜਪਣਾ ਚਾਹੀਦਾ ਹੈ।

ਜਿਨ੍ਰ ਕੈ ਮਸਤਕਿ ਲੀਖਿਆ ਹਰਿ ਮਿਲਿਆ ਹਰਿ ਬਨਮਾਲਾ ॥੧॥

ਜਗਤ ਦਾ ਮਾਲਕ ਪ੍ਰਭੂ ਉਹਨਾਂ ਬੰਦਿਆਂ ਨੂੰ (ਹੀ) ਮਿਲਦਾ ਹੈ ਜਿਨ੍ਹਾਂ ਦੇ ਮੱਥੇ ਉਤੇ ਇਹ ਲੇਖ ਲਿਖਿਆ ਹੁੰਦਾ ਹੈ ॥੧॥

ਜਿਨ੍ਰ ਹਰਿ ਨਾਮੁ ਧਿਆਇਆ ਤਿਨ੍ਰ ਚੂਕੇ ਸਰਬ ਜੰਜਾਲਾ ॥

ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹਨਾਂ ਦੇ ਸਾਰੇ ਮਾਇਕ ਬੰਧਨ ਮੁੱਕ ਗਏ।

ਤਿਨ੍ਰ ਜਮੁ ਨੇੜਿ ਨ ਆਵਈ ਗੁਰਿ ਰਾਖੇ ਹਰਿ ਰਖਵਾਲਾ ॥੨॥

(ਆਤਮਕ) ਮੌਤ ਉਹਨਾਂ ਦੇ ਨੇੜੇ ਨਹੀਂ ਢੁਕਦੀ, ਗੁਰੂ ਨੇ ਉਹਨਾਂ ਨੂੰ ਬਚਾ ਲਿਆ, ਪਰਮਾਤਮਾ (ਆਪ ਉਹਨਾਂ ਦਾ) ਰਾਖਾ ਬਣਿਆ ॥੨॥

ਹਮ ਬਾਰਿਕ ਕਿਛੂ ਨ ਜਾਣਹੂ ਹਰਿ ਮਾਤ ਪਿਤਾ ਪ੍ਰਤਿਪਾਲਾ ॥

ਅਸੀਂ ਜੀਵ ਤਾਂ ਬੱਚੇ ਹਾਂ (ਅਸੀਂ ਆਪਣਾ ਹਾਣ ਲਾਭ) ਕੁਝ ਨਹੀਂ ਸਮਝਦੇ; ਪਰ ਪਰਮਾਤਮਾ ਮਾਪਿਆਂ ਵਾਂਗ ਸਾਡੀ ਪਾਲਣਾ ਕਰਨ ਵਾਲਾ ਹੈ।

ਕਰੁ ਮਾਇਆ ਅਗਨਿ ਨਿਤ ਮੇਲਤੇ ਗੁਰਿ ਰਾਖੇ ਦੀਨ ਦਇਆਲਾ ॥੩॥

(ਬੱਚੇ ਸਦਾ ਅੱਗ ਵਿਚ ਹੱਥ ਪਾਂਦੇ ਹਨ, ਮਾਪੇ ਬਚਾਂਦੇ ਹਨ) ਅਸੀਂ ਮਾਇਆ ਦੀ ਅੱਗ ਵਿਚ ਹੱਥ ਪਾਂਦੇ ਰਹਿੰਦੇ ਹਾਂ (ਮਨ ਫਸਾਂਦੇ ਰਹਿੰਦੇ ਹਾਂ), ਪਰ ਦੀਨਾਂ ਉਤੇ ਦਇਆ ਕਰਨ ਵਾਲੇ ਗੁਰੂ ਨੇ ਸਦਾ ਸਾਡੀ ਰੱਖਿਆ ਕੀਤੀ ਹੈ ॥੩॥

ਬਹੁ ਮੈਲੇ ਨਿਰਮਲ ਹੋਇਆ ਸਭ ਕਿਲਬਿਖ ਹਰਿ ਜਸਿ ਜਾਲਾ ॥

(ਪਰਮਾਤਮਾ ਦੇ ਨਾਮ ਨਾਲ) ਬੜੇ ਬੜੇ ਵਿਕਾਰੀ ਪਵਿੱਤਰ ਹੋ ਗਏ ਹਨ; ਹਰੀ-ਜਸ ਨੇ (ਉਹਨਾਂ ਦੇ) ਸਾਰੇ ਪਾਪ ਸਾੜ ਦਿੱਤੇ ਹਨ।

ਮਨਿ ਅਨਦੁ ਭਇਆ ਗੁਰੁ ਪਾਇਆ ਜਨ ਨਾਨਕ ਸਬਦਿ ਨਿਹਾਲਾ ॥੪॥੫॥

ਹੇ ਦਾਸ ਨਾਨਕ! ਜਿਸ ਮਨੁੱਖ ਨੂੰ ਗੁਰੂ ਮਿਲ ਪਿਆ, ਉਸ ਦੇ ਮਨ ਵਿਚ ਆਨੰਦ ਪੈਦਾ ਹੋ ਗਿਆ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਨਿਹਾਲ ਹੋ ਗਿਆ ॥੪॥੫॥


ਮਾਲੀ ਗਉੜਾ ਮਹਲਾ ੪ ॥
ਮੇਰੇ ਮਨ ਹਰਿ ਭਜੁ ਸਭ ਕਿਲਬਿਖ ਕਾਟ ॥

ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਿਆ ਕਰ, ਹਰਿ-ਨਾਮ ਸਾਰੇ ਪਾਪ ਦੂਰ ਕਰਨ ਵਾਲਾ ਹੈ।

ਹਰਿ ਹਰਿ ਉਰ ਧਾਰਿਓ ਗੁਰਿ ਪੂਰੈ ਮੇਰਾ ਸੀਸੁ ਕੀਜੈ ਗੁਰ ਵਾਟ ॥੧॥ ਰਹਾਉ ॥

ਪਰ ਇਹ ਹਰਿ-ਨਾਮ ਸਦਾ ਪੂਰੇ ਗੁਰੂ ਨੇ ਹੀ (ਪ੍ਰਾਣੀ ਦੇ) ਹਿਰਦੇ ਵਿਚ ਵਸਾਇਆ ਹੈ, (ਮੇਰੇ ਚੰਗੇ ਭਾਗ ਹੋਣ, ਜੇ) ਮੇਰਾ ਸਿਰ (ਅਜਿਹੇ) ਗੁਰੂ ਦੇ ਰਸਤੇ ਵਿਚ (ਭੇਟਾ) ਕੀਤਾ ਜਾਏ ॥੧॥ ਰਹਾਉ ॥

ਮੇਰੇ ਹਰਿ ਪ੍ਰਭ ਕੀ ਮੈ ਬਾਤ ਸੁਨਾਵੈ ਤਿਸੁ ਮਨੁ ਦੇਵਉ ਕਟਿ ਕਾਟ ॥

ਜਿਹੜਾ ਕੋਈ ਮੈਨੂੰ ਪਿਆਰੇ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਗੱਲ ਸੁਣਾਵੇ, ਮੈਂ ਉਸ ਨੂੰ ਆਪਣਾ ਮਨ ਟੋਟੇ ਟੋਟੇ ਕਰ ਕੇ ਦੇ ਦਿਆਂ।

ਹਰਿ ਸਾਜਨੁ ਮੇਲਿਓ ਗੁਰਿ ਪੂਰੈ ਗੁਰ ਬਚਨਿ ਬਿਕਾਨੋ ਹਟਿ ਹਾਟ ॥੧॥

ਪੂਰੇ ਗੁਰੂ ਨੇ ਹੀ ਸੱਜਣ-ਪ੍ਰਭੂ ਮਿਲਾਇਆ ਹੈ। ਗੁਰੂ ਦੇ ਬਚਨ ਦੀ ਬਰਕਤ ਨਾਲ ਮੈਂ ਉਸ ਦਾ ਹੱਟੀ ਹੱਟੀ ਵਿਕਿਆ (ਗੁਲਾਮ) ਬਣ ਚੁਕਾ ਹਾਂ ॥੧॥

ਮਕਰ ਪ੍ਰਾਗਿ ਦਾਨੁ ਬਹੁ ਕੀਆ ਸਰੀਰੁ ਦੀਓ ਅਧ ਕਾਟਿ ॥

ਕਿਸੇ ਨੇ ਤਾਂ ਮਾਘ ਦੀ ਸੰਗ੍ਰਾਂਦ ਤੇ ਪ੍ਰਯਾਗ-ਤੀਰਥ ਉਤੇ (ਜਾ ਕੇ) ਬਹੁਤ ਦਾਨ ਕੀਤਾ, ਕਿਸੇ ਨੇ ਕਾਸ਼ੀ ਜਾ ਕੇ ਕਰਵੱਤ੍ਰ ਨਾਲ ਆਪਣਾ ਸਰੀਰ ਦੁ-ਫਾੜ ਕਰਾ ਦਿੱਤਾ (ਪਰ ਇਹ ਸਭ ਕੁਝ ਵਿਅਰਥ ਹੀ ਗਿਆ, ਕਿਉਂਕਿ)

ਬਿਨੁ ਹਰਿ ਨਾਮ ਕੋ ਮੁਕਤਿ ਨ ਪਾਵੈ ਬਹੁ ਕੰਚਨੁ ਦੀਜੈ ਕਟਿ ਕਾਟ ॥੨॥

ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾ ਕੋਈ ਭੀ ਮਨੁੱਖ ਮੁਕਤੀ (ਵਿਕਾਰਾਂ ਤੋਂ ਖ਼ਲਾਸੀ) ਹਾਸਲ ਨਹੀਂ ਕਰ ਸਕਦਾ, ਭਾਵੇਂ ਤੀਰਥਾਂ ਤੇ ਜਾ ਕੇ ਬਹੁਤ ਸਾਰਾ ਸੋਨਾ ਭੀ ਥੋੜਾ ਥੋੜਾ ਕਰ ਕੇ ਅਨੇਕਾਂ ਨੂੰ ਦਾਨ ਦਿੱਤਾ ਜਾਏ ॥੨॥

ਹਰਿ ਕੀਰਤਿ ਗੁਰਮਤਿ ਜਸੁ ਗਾਇਓ ਮਨਿ ਉਘਰੇ ਕਪਟ ਕਪਾਟ ॥

ਜਿਸ ਮਨੁੱਖ ਨੇ ਗੁਰੂ ਦੀ ਮੱਤ ਉਤੇ ਤੁਰ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ, ਪ੍ਰਭੂ ਦਾ ਜਸ ਗਾਵਿਆ, ਉਸ ਦੇ ਮਨ ਵਿਚਲੇ ਕਿਵਾੜ ਖੁੱਲ੍ਹ ਗਏ (ਮਨ ਵਿਚ ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ)।

ਤ੍ਰਿਕੁਟੀ ਫੋਰਿ ਭਰਮੁ ਭਉ ਭਾਗਾ ਲਜ ਭਾਨੀ ਮਟੁਕੀ ਮਾਟ ॥੩॥

ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਮਨ ਦੀ ਖਿੱਝ ਦੂਰ ਕੀਤਿਆਂ ਜਿਸ ਮਨੁੱਖ ਦੇ ਅੰਦਰੋਂ ਹਰੇਕ ਕਿਸਮ ਦਾ ਵਹਿਮ ਤੇ ਡਰ ਦੂਰ ਹੋ ਗਿਆ, ਉਸ ਦੀ ਲੋਕ-ਲਾਜ ਦੀ ਮਟੁਕੀ ਭੀ ਟੁੱਟ ਗਈ (ਜਿਹੜੀ ਉਹ ਸਦਾ ਆਪਣੇ ਸਿਰ ਉੱਤੇ ਚੁੱਕੀ ਫਿਰਦਾ ਸੀ) ॥੩॥

ਕਲਜੁਗਿ ਗੁਰੁ ਪੂਰਾ ਤਿਨ ਪਾਇਆ ਜਿਨ ਧੁਰਿ ਮਸਤਕਿ ਲਿਖੇ ਲਿਲਾਟ ॥

ਇਸ ਜਗਤ ਵਿਚ ਪੂਰਾ ਗੁਰੂ ਉਹਨਾਂ ਪ੍ਰਾਣੀਆਂ ਨੇ ਹੀ ਲੱਭਾ ਹੈ, ਜਿਨ੍ਹਾਂ ਦੇ ਮੱਥੇ ਉਤੇ ਧੁਰੋਂ ਹੀ ਅਜਿਹੇ ਲੇਖ ਲਿਖੇ ਹੁੰਦੇ ਹਨ।

ਜਨ ਨਾਨਕ ਰਸੁ ਅੰਮ੍ਰਿਤੁ ਪੀਆ ਸਭ ਲਾਥੀ ਭੂਖ ਤਿਖਾਟ ॥੪॥੬॥ ਛਕਾ ੧ ॥

ਹੇ ਦਾਸ ਨਾਨਕ! (ਅਜਿਹੇ ਬੰਦਿਆਂ ਨੇ ਜਦੋਂ ਗੁਰੂ ਦੀ ਕਿਰਪਾ ਨਾਲ) ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਤਾ, ਉਹਨਾਂ ਦੀ ਮਾਇਆ ਵਾਲੀ ਸਾਰੀ ਭੁੱਖ ਤ੍ਰੇਹ ਲਹਿ ਗਈ ॥੪॥੬॥ਛਕਾ ੧ ॥


ਮਾਲੀ ਗਉੜਾ ਮਹਲਾ ੫ ॥

ਰਾਗ ਮਾਲੀ-ਗਉੜਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਰੇ ਮਨ ਟਹਲ ਹਰਿ ਸੁਖ ਸਾਰ ॥

ਹੇ (ਮੇਰੇ) ਮਨ! ਪਰਮਾਤਮਾ ਦੀ ਸੇਵਾ-ਭਗਤੀ ਅਸਲ ਸੁਖ ਦੇਣ ਵਾਲੀ ਹੈ।

ਅਵਰ ਟਹਲਾ ਝੂਠੀਆ ਨਿਤ ਕਰੈ ਜਮੁ ਸਿਰਿ ਮਾਰ ॥੧॥ ਰਹਾਉ ॥

ਹੋਰ ਹੋਰ (ਲੋਕਾਂ ਦੀਆਂ) ਟਹਲਾਂ ਵਿਅਰਥ ਹਨ, (ਹੋਰ ਟਹਲਾਂ-ਖ਼ੁਸ਼ਾਮਦਾਂ ਦੇ ਕਾਰਨ) ਆਤਮਕ ਮੌਤ (ਮਨੁੱਖ ਦੇ) ਸਿਰ ਉਤੇ ਸਦਾ ਸਵਾਰ ਰਹਿੰਦੀ ਹੈ ॥੧॥ ਰਹਾਉ ॥

ਜਿਨਾ ਮਸਤਕਿ ਲੀਖਿਆ ਤੇ ਮਿਲੇ ਸੰਗਾਰ ॥

ਹੇ ਮਨ! ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ (ਚੰਗਾ ਭਾਗ) ਲਿਖਿਆ ਹੁੰਦਾ ਹੈ ਉਹ ਸਤਸੰਗ ਵਿਚ ਮਿਲਦੇ ਹਨ,

ਸੰਸਾਰੁ ਭਉਜਲੁ ਤਾਰਿਆ ਹਰਿ ਸੰਤ ਪੁਰਖ ਅਪਾਰ ॥੧॥

(ਸਤਸੰਗ ਵਿਚ) ਬੇਅੰਤ ਅਤੇ ਸਰਬ-ਵਿਆਪਕ ਹਰੀ ਦੇ ਸੰਤ ਜਨ (ਉਹਨਾਂ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦੇ ਹਨ ॥੧॥

ਨਿਤ ਚਰਨ ਸੇਵਹੁ ਸਾਧ ਕੇ ਤਜਿ ਲੋਭ ਮੋਹ ਬਿਕਾਰ ॥

ਹੇ ਮਨ! ਲੋਭ ਮੋਹ ਆਦਿਕ ਵਿਕਾਰ ਛੱਡ ਕੇ ਸਦਾ ਗੁਰੂ ਦੇ ਚਰਨਾਂ ਉਤੇ ਪਿਆ ਰਹੁ।

ਸਭ ਤਜਹੁ ਦੂਜੀ ਆਸੜੀ ਰਖੁ ਆਸ ਇਕ ਨਿਰੰਕਾਰ ॥੨॥

ਹੇ ਮਨ! ਪ੍ਰਭੂ ਤੋਂ ਬਿਨਾ ਕਿਸੇ ਹੋਰ ਦੀ ਕੋਝੀ ਆਸ ਛੱਡ ਦੇਹ। ਇਕ ਪਰਮਾਤਮਾ ਦੀ ਹੀ ਆਸ ਰੱਖ ॥੨॥

ਇਕਿ ਭਰਮਿ ਭੂਲੇ ਸਾਕਤਾ ਬਿਨੁ ਗੁਰ ਅੰਧ ਅੰਧਾਰ ॥

ਹੇ ਮਨ! ਕਈ ਐਸੇ ਬੰਦੇ (ਜਗਤ ਵਿਚ) ਹਨ ਜੋ ਪਰਮਾਤਮਾ ਨਾਲੋਂ ਟੁੱਟੇ ਰਹਿੰਦੇ ਹਨ, ਤੇ (ਮਾਇਆ ਦੀ) ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ, ਗੁਰੂ ਤੋਂ ਬਿਨਾ ਉਹ ਆਤਮਕ ਜੀਵਨ ਵਲੋਂ ਉੱਕਾ ਹੀ ਅੰਨ੍ਹੇ ਹੁੰਦੇ ਹਨ।

ਧੁਰਿ ਹੋਵਨਾ ਸੁ ਹੋਇਆ ਕੋ ਨ ਮੇਟਣਹਾਰ ॥੩॥

(ਪਰ ਉਹਨਾਂ ਦੇ ਭੀ ਕੀਹ ਵੱਸ?) ਪ੍ਰਭੂ ਦੀ ਰਜ਼ਾ ਅਨੁਸਾਰ ਜੋ ਹੋਣਾ ਹੁੰਦਾ ਹੈ ਉਹੀ ਹੋ ਕੇ ਰਹਿੰਦਾ ਹੈ। ਉਸ ਹੋਣੀ ਨੂੰ ਕੋਈ ਭੀ ਜੀਵ ਮਿਟਾ ਨਹੀਂ ਸਕਦਾ ॥੩॥

ਅਗਮ ਰੂਪੁ ਗੋਬਿੰਦ ਕਾ ਅਨਿਕ ਨਾਮ ਅਪਾਰ ॥

ਹੇ ਮਨ! ਪਰਮਾਤਮਾ ਦੀ ਹਸਤੀ ਅਪਹੁੰਚ ਹੈ, ਬੇਅੰਤ ਪ੍ਰਭੂ ਦੇ ਅਨੇਕਾਂ ਹੀ ਨਾਮ ਹਨ (ਉਸ ਦੇ ਅਨੇਕਾਂ ਗੁਣਾਂ ਦੇ ਕਾਰਨ)।

ਧਨੁ ਧੰਨੁ ਤੇ ਜਨ ਨਾਨਕਾ ਜਿਨ ਹਰਿ ਨਾਮਾ ਉਰਿ ਧਾਰ ॥੪॥੧॥

ਹੇ ਨਾਨਕ! ਉਹ ਮਨੁੱਖ ਭਾਗਾਂ ਵਾਲੇ ਹਨ ਜਿਨ੍ਹਾਂ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਇਆ ਹੋਇਆ ਹੈ ॥੪॥੧॥


ਮਾਲੀ ਗਉੜਾ ਮਹਲਾ ੫ ॥
ਰਾਮ ਨਾਮ ਕਉ ਨਮਸਕਾਰ ॥

ਜਿਸ ਪਰਮਾਤਮਾ ਦਾ ਨਾਮ ਜਪਦਿਆਂ (ਸੰਸਾਰ-ਸਮੁੰਦਰ ਤੋਂ) ਪਾਰ ਉਤਾਰਾ ਹੋ ਜਾਂਦਾ ਹੈ,

ਜਾਸੁ ਜਪਤ ਹੋਵਤ ਉਧਾਰ ॥੧॥ ਰਹਾਉ ॥

ਉਸ ਦੇ ਨਾਮ ਨੂੰ ਆਦਰ-ਸਤਕਾਰ ਨਾਲ ਆਪਣੇ ਹਿਰਦੇ ਵਿਚ ਵਸਾਈ ਰੱਖ ॥੧॥ ਰਹਾਉ ॥

ਜਾ ਕੈ ਸਿਮਰਨਿ ਮਿਟਹਿ ਧੰਧ ॥

ਜਿਸ ਦੇ ਸਿਮਰਨ ਨਾਲ ਮਾਇਆ ਦੇ ਜੰਜਾਲ ਮਿਟ ਜਾਂਦੇ ਹਨ (ਮਨ ਉਤੇ ਪ੍ਰਭਾਵ ਨਹੀਂ ਪਾ ਸਕਦੇ),

ਜਾ ਕੈ ਸਿਮਰਨਿ ਛੂਟਹਿ ਬੰਧ ॥

ਜਿਸ ਦੇ ਸਿਮਰਨ ਨਾਲ ਮੋਹ ਦੀਆਂ ਫਾਹੀਆਂ ਟੁੱਟ ਜਾਂਦੀਆਂ ਹਨ,

ਜਾ ਕੈ ਸਿਮਰਨਿ ਮੂਰਖ ਚਤੁਰ ॥

ਜਿਸ ਦੇ ਸਿਮਰਨ ਨਾਲ ਮੂਰਖ ਬੰਦੇ ਭੀ ਸਿਆਣੇ ਹੋ ਜਾਂਦੇ ਹਨ,

ਜਾ ਕੈ ਸਿਮਰਨਿ ਕੁਲਹ ਉਧਰ ॥੧॥

ਜਿਸ ਦੇ ਸਿਮਰਨ ਨਾਲ ਸਾਰੀ ਕੁਲ ਦਾ ਹੀ ਪਾਰ-ਉਤਾਰਾ ਹੋ ਜਾਂਦਾ ਹੈ (ਉਸ ਨੂੰ ਸਦਾ ਨਮਸਕਾਰ ਕਰਦਾ ਰਹੁ) ॥੧॥

ਜਾ ਕੈ ਸਿਮਰਨਿ ਭਉ ਦੁਖ ਹਰੈ ॥

ਜਿਸ ਦੇ ਸਿਮਰਨ ਦੀ ਬਰਕਤਿ ਨਾਲ ਮਨੁੱਖ ਹਰੇਕ ਡਰ ਅਤੇ ਸਾਰੇ ਦੁੱਖ ਦੂਰ ਕਰ ਲੈਂਦਾ ਹੈ,

ਜਾ ਕੈ ਸਿਮਰਨਿ ਅਪਦਾ ਟਰੈ ॥

ਜਿਸ ਦੇ ਸਿਮਰਨ ਨਾਲ (ਹਰੇਕ) ਬਿਪਤਾ (ਮਨੁੱਖ ਦੇ ਸਿਰ ਤੋਂ) ਟਲ ਜਾਂਦੀ ਹੈ,

ਜਾ ਕੈ ਸਿਮਰਨਿ ਮੁਚਤ ਪਾਪ ॥

ਜਿਸ ਦੇ ਸਿਮਰਨ ਨਾਲ ਸਾਰੇ ਪਾਪਾਂ ਤੋਂ ਖ਼ਲਾਸੀ ਹੋ ਜਾਂਦੀ ਹੈ,

ਜਾ ਕੈ ਸਿਮਰਨਿ ਨਹੀ ਸੰਤਾਪ ॥੨॥

ਜਿਸ ਦੇ ਸਿਮਰਨ ਨਾਲ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦੇ (ਉਸ ਨੂੰ ਸਦਾ ਸਿਰ ਨਿਵਾਂਦਾ ਰਹੁ) ॥੨॥

ਜਾ ਕੈ ਸਿਮਰਨਿ ਰਿਦ ਬਿਗਾਸ ॥

ਜਿਸ ਦਾ ਸਿਮਰਨ ਕਰਨ ਨਾਲ ਹਿਰਦਾ ਖਿੜਿਆ ਰਹਿੰਦਾ ਹੈ,

ਜਾ ਕੈ ਸਿਮਰਨਿ ਕਵਲਾ ਦਾਸਿ ॥

ਜਿਸ ਦਾ ਸਿਮਰਨ ਕਰਨ ਨਾਲ ਮਾਇਆ (ਭੀ) ਦਾਸੀ ਬਣ ਜਾਂਦੀ ਹੈ,

ਜਾ ਕੈ ਸਿਮਰਨਿ ਨਿਧਿ ਨਿਧਾਨ ॥

ਜਿਸ ਦਾ ਸਿਮਰਨ ਕਰਨ ਨਾਲ (ਇਸ ਲੋਕ ਵਿਚ, ਮਾਨੋ) ਸਾਰੀਆਂ ਨਿਧੀਆਂ ਤੇ ਸਾਰੇ ਖ਼ਜ਼ਾਨੇ (ਮਿਲ ਜਾਂਦੇ ਹਨ),

ਜਾ ਕੈ ਸਿਮਰਨਿ ਤਰੇ ਨਿਦਾਨ ॥੩॥

ਤੇ ਜਿਸ ਦਾ ਸਿਮਰਨ ਕਰਨ ਨਾਲ ਅੰਤ ਵੇਲੇ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ (ਉਸ ਨੂੰ ਸਦਾ ਸਿਮਰਦਾ ਰਹੁ) ॥੩॥

ਪਤਿਤ ਪਾਵਨੁ ਨਾਮੁ ਹਰੀ ॥

ਪਰਮਾਤਮਾ ਦਾ ਨਾਮ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ,

ਕੋਟਿ ਭਗਤ ਉਧਾਰੁ ਕਰੀ ॥

ਹਰਿ-ਨਾਮ ਕ੍ਰੋੜਾਂ ਭਗਤਾਂ ਦਾ ਉਦਾਰ ਕਰਦਾ ਹੈ।

ਹਰਿ ਦਾਸ ਦਾਸਾ ਦੀਨੁ ਸਰਨ ॥

ਇਹ ਨਿਮਾਣਾ ਭੀ ਪ੍ਰਭੂ ਦੇ ਦਾਸਾਂ ਦੇ ਦਾਸਾਂ ਦੀ ਸਰਨ ਆਇਆ ਹੈ (ਤਾ ਕਿ ਨਾਨਕ ਨੂੰ ਭੀ ਪਰਮਾਤਮਾ ਦਾ ਨਾਮ ਮਿਲ ਜਾਏ)।

ਨਾਨਕ ਮਾਥਾ ਸੰਤ ਚਰਨ ॥੪॥੨॥

ਨਾਨਕ ਦਾ ਮੱਥਾ ਸੰਤਾਂ ਦੇ ਚਰਨਾਂ ਉਤੇ ਪਿਆ ਹੈ ॥੪॥੨॥


ਮਾਲੀ ਗਉੜਾ ਮਹਲਾ ੫ ॥
ਐਸੋ ਸਹਾਈ ਹਰਿ ਕੋ ਨਾਮ ॥

ਪਰਮਾਤਮਾ ਦਾ ਨਾਮ ਇਹੋ ਜਿਹਾ ਮਦਦਗਾਰ ਹੈ (ਜਿਵੇ ਅਗਾਂਹ ਦੱਸਿਆ ਜਾ ਰਿਹਾ ਹੈ),

ਸਾਧਸੰਗਤਿ ਭਜੁ ਪੂਰਨ ਕਾਮ ॥੧॥ ਰਹਾਉ ॥

(ਇਸ ਨੂੰ ਜਪ ਕੇ) ਤੇਰੇ ਸਾਰੇ ਮਨੋਰਥ ਪੂਰੇ ਹੁੰਦੇ ਰਹਿਣਗੇ। (ਇਸ ਲਈ) ਸਾਧ ਸੰਗਤ ਵਿਚ (ਟਿਕ ਕੇ) ਪਰਮਾਤਮਾ ਦਾ ਨਾਮ ਜਪਿਆ ਕਰ। ॥੧॥ ਰਹਾਉ ॥

ਬੂਡਤ ਕਉ ਜੈਸੇ ਬੇੜੀ ਮਿਲਤ ॥

(ਪਰਮਾਤਮਾ ਦਾ ਨਾਮ ਇਉਂ ਸਹਾਈ ਹੁੰਦਾ ਹੈ) ਜਿਵੇਂ ਡੁੱਬ ਰਹੇ ਨੂੰ ਬੇੜੀ ਮਿਲ ਜਾਏ,

ਬੂਝਤ ਦੀਪਕ ਮਿਲਤ ਤਿਲਤ ॥

ਜਿਵੇਂ ਬੁੱਝ ਰਹੇ ਦੀਵੇ ਨੂੰ ਤੇਲ ਮਿਲ ਜਾਏ,

ਜਲਤ ਅਗਨੀ ਮਿਲਤ ਨੀਰ ॥

ਜਿਵੇਂ ਅੱਗ ਵਿਚ ਸੜ ਰਹੇ ਨੂੰ ਪਾਣੀ ਮਿਲ ਜਾਏ,

ਜੈਸੇ ਬਾਰਿਕ ਮੁਖਹਿ ਖੀਰ ॥੧॥

ਜਿਵੇਂ (ਭੁੱਖ ਨਾਲ ਵਿਲਕ ਰਹੇ) ਬੱਚੇ ਦੇ ਮੂੰਹ ਵਿਚ ਦੁੱਧ ਪੈ ਜਾਏ ॥੧॥

ਜੈਸੇ ਰਣ ਮਹਿ ਸਖਾ ਭ੍ਰਾਤ ॥

(ਪਰਮਾਤਮਾ ਦਾ ਨਾਮ ਇਉਂ ਸਹਾਈ ਹੁੰਦਾ ਹੈ) ਜਿਵੇਂ ਜੁੱਧ ਵਿਚ ਭਰਾ ਸਹਾਈ ਹੁੰਦਾ ਹੈ,

ਜੈਸੇ ਭੂਖੇ ਭੋਜਨ ਮਾਤ ॥

ਜਿਵੇਂ ਕਿਸੇ ਭੁੱਖੇ ਨੂੰ ਭੋਜਨ ਹੀ ਸਹਾਈ ਹੁੰਦਾ ਹੈ,

ਜੈਸੇ ਕਿਰਖਹਿ ਬਰਸ ਮੇਘ ॥

ਜਿਵੇਂ ਖੇਤੀ ਨੂੰ ਬੱਦਲ ਦਾ ਵਰ੍ਹਨਾ,

ਜੈਸੇ ਪਾਲਨ ਸਰਨਿ ਸੇਂਘ ॥੨॥

ਜਿਵੇਂ (ਕਿਸੇ ਅਨਾਥ ਨੂੰ) ਸ਼ੇਰ (ਬਹਾਦਰ) ਦੀ ਸਰਨ ਵਿਚ ਰੱਖਿਆ ਮਿਲਦੀ ਹੈ ॥੨॥

ਗਰੁੜ ਮੁਖਿ ਨਹੀ ਸਰਪ ਤ੍ਰਾਸ ॥

(ਪ੍ਰਭੂ ਦਾ ਨਾਮ ਇਉਂ ਸਹਾਈ ਹੁੰਦਾ ਹੈ) ਜਿਵੇਂ ਜਿਸ ਦੇ ਮੂੰਹ ਵਿਚ ਗਾਰੁੜ ਮੰਤਰ ਹੋਵੇ ਉਸ ਨੂੰ ਸੱਪ ਦਾ ਡਰ ਨਹੀਂ ਹੁੰਦਾ,

ਸੂਆ ਪਿੰਜਰਿ ਨਹੀ ਖਾਇ ਬਿਲਾਸੁ ॥

ਜਿਵੇਂ ਪਿੰਜਰੇ ਵਿਚ ਬੈਠੇ ਤੋਤੇ ਨੂੰ ਬਿੱਲਾ ਨਹੀਂ ਖਾ ਸਕਦਾ,

ਜੈਸੋ ਆਂਡੋ ਹਿਰਦੇ ਮਾਹਿ ॥

ਜਿਵੇਂ ਕੂੰਜ ਦੇ ਚੇਤੇ ਵਿਚ ਟਿਕੇ ਹੋਏ ਉਸ ਦੇ ਆਂਡੇ (ਖ਼ਰਾਬ ਨਹੀਂ ਹੁੰਦੇ),

ਜੈਸੋ ਦਾਨੋ ਚਕੀ ਦਰਾਹਿ ॥੩॥

ਜਿਵੇਂ ਦਾਣੇ ਚੱਕੀ ਦੀ ਕਿੱਲੀ ਨਾਲ (ਟਿਕੇ ਹੋਏ ਪੀਸਣੋਂ ਬਚੇ ਰਹਿੰਦੇ ਹਨ) ॥੩॥

ਬਹੁਤੁ ਓਪਮਾ ਥੋਰ ਕਹੀ ॥

ਮੈਂ ਤਾਂ ਇਹ ਥੋੜ੍ਹੇ ਜਿਹੇ ਦ੍ਰਿਸ਼ਟਾਂਤ ਹੀ ਦੱਸੇ ਹਨ, ਬਥੇਰੇ ਦੱਸੇ ਜਾ ਸਕਦੇ ਹਨ (ਕਿ ਪਰਮਾਤਮਾ ਦਾ ਨਾਮ ਸਹਾਇਤਾ ਕਰਦਾ ਹੈ)।

ਹਰਿ ਅਗਮ ਅਗਮ ਅਗਾਧਿ ਤੁਹੀ ॥

ਹੇ ਅਪਹੁੰਚ ਹਰੀ! ਹੇ ਅਥਾਹ ਹਰੀ! ਤੂੰ ਹੀ (ਜੀਵਾਂ ਦਾ ਰੱਖਿਅਕ ਹੈਂ)।

ਊਚ ਮੂਚੌ ਬਹੁ ਅਪਾਰ ॥

ਹੇ ਹਰੀ! ਤੂੰ ਉੱਚਾ ਹੈਂ, ਤੂੰ ਵੱਡਾ ਹੈਂ, ਤੂੰ ਬੇਅੰਤ ਹੈਂ।

ਸਿਮਰਤ ਨਾਨਕ ਤਰੇ ਸਾਰ ॥੪॥੩॥

ਹੇ ਨਾਨਕ! ਨਾਮ ਸਿਮਰਦਿਆਂ ਪਾਪਾਂ ਨਾਲ ਲੋਹੇ ਵਾਂਗ ਭਾਰੇ ਹੋਏ ਜੀਵ ਭੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੪॥੩॥


ਮਾਲੀ ਗਉੜਾ ਮਹਲਾ ੫ ॥
ਇਹੀ ਹਮਾਰੈ ਸਫਲ ਕਾਜ ॥

ਇਹ (ਸੰਤ-ਸਰਨ) ਹੀ ਮੇਰੇ ਵਾਸਤੇ ਮੇਰੇ ਮਨੋਰਥਾਂ ਨੂੰ ਸਫਲ ਕਰਨ ਵਾਲੀ ਹੈ।

ਅਪੁਨੇ ਦਾਸ ਕਉ ਲੇਹੁ ਨਿਵਾਜਿ ॥੧॥ ਰਹਾਉ ॥

ਹੇ ਪ੍ਰਭੂ! ਆਪਣੇ ਦਾਸ (ਨਾਨਕ) ਉਤੇ ਮਿਹਰ ਕਰ (ਤੇ ਸੰਤ ਜਨਾਂ ਦੀ ਸਰਨ ਬਖ਼ਸ਼) ॥੧॥ ਰਹਾਉ ॥

ਚਰਨ ਸੰਤਹ ਮਾਥ ਮੋਰ ॥

(ਹੇ ਪ੍ਰਭੂ! ਮਿਹਰ ਕਰ) ਮੇਰਾ ਮੱਥਾ ਸੰਤਾਂ ਦੇ ਚਰਨਾਂ ਉਤੇ (ਪਿਆ ਰਹੇ),

ਨੈਨਿ ਦਰਸੁ ਪੇਖਉ ਨਿਸਿ ਭੋਰ ॥

ਅੱਖਾਂ ਨਾਲ ਮੈਂ ਦਿਨ ਰਾਤ ਸੰਤਾਂ ਦਾ ਦਰਸ਼ਨ ਕਰਦਾ ਰਹਾਂ,

ਹਸਤ ਹਮਰੇ ਸੰਤ ਟਹਲ ॥

ਮੇਰੇ ਹੱਥ ਸੰਤਾਂ ਦੀ ਟਹਿਲ ਕਰਦੇ ਰਹਿਣ,

ਪ੍ਰਾਨ ਮਨੁ ਧਨੁ ਸੰਤ ਬਹਲ ॥੧॥

ਮੇਰੀ ਜਿੰਦ ਮੇਰਾ ਮਨ ਮੇਰਾ ਧਨ ਸੰਤਾਂ ਦੇ ਅਰਪਨ ਰਹੇ ॥੧॥

ਸੰਤਸੰਗਿ ਮੇਰੇ ਮਨ ਕੀ ਪ੍ਰੀਤਿ ॥

(ਹੇ ਪ੍ਰਭੂ!) ਮਿਹਰ ਕਰ) ਸੰਤਾਂ ਨਾਲ ਮੇਰੇ ਮਨ ਦਾ ਪਿਆਰ ਬਣਿਆ ਰਹੇ,

ਸੰਤ ਗੁਨ ਬਸਹਿ ਮੇਰੈ ਚੀਤਿ ॥

ਸੰਤਾਂ ਦੇ ਗੁਣ ਮੇਰੇ ਚਿੱਤ ਵਿਚ ਵੱਸੇ ਰਹਿਣ,

ਸੰਤ ਆਗਿਆ ਮਨਹਿ ਮੀਠ ॥

ਸੰਤਾਂ ਦਾ ਹੁਕਮ ਮੈਨੂੰ ਮਿੱਠਾ ਲੱਗੇ,

ਮੇਰਾ ਕਮਲੁ ਬਿਗਸੈ ਸੰਤ ਡੀਠ ॥੨॥

ਸੰਤਾਂ ਨੂੰ ਵੇਖ ਕੇ ਮੇਰਾ ਹਿਰਦਾ-ਕੰਵਲ ਖਿੜਿਆ ਰਹੇ ॥੨॥

ਸੰਤਸੰਗਿ ਮੇਰਾ ਹੋਇ ਨਿਵਾਸੁ ॥

(ਹੇ ਪ੍ਰਭੂ! ਮਿਹਰ ਕਰ) ਸੰਤਾਂ ਨਾਲ ਮੇਰਾ ਬਹਿਣ-ਖਲੋਣ ਬਣਿਆ ਰਹੇ,

ਸੰਤਨ ਕੀ ਮੋਹਿ ਬਹੁਤੁ ਪਿਆਸ ॥

ਸੰਤਾਂ ਦੇ ਦਰਸ਼ਨ ਦੀ ਤਾਂਘ ਮੇਰੇ ਅੰਦਰ ਟਿਕੀ ਰਹੇ,

ਸੰਤ ਬਚਨ ਮੇਰੇ ਮਨਹਿ ਮੰਤ ॥

ਸੰਤਾਂ ਦੇ ਬਚਨ-ਮੰਤ੍ਰ ਮੇਰੇ ਮਨ ਵਿਚ ਟਿਕੇ ਰਹਿਣ,

ਸੰਤ ਪ੍ਰਸਾਦਿ ਮੇਰੇ ਬਿਖੈ ਹੰਤ ॥੩॥

ਸੰਤਾਂ ਦੀ ਕਿਰਪਾ ਨਾਲ ਮੇਰੇ ਸਾਰੇ ਵਿਕਾਰ ਨਾਸ ਹੋ ਜਾਣ ॥੩॥

ਮੁਕਤਿ ਜੁਗਤਿ ਏਹਾ ਨਿਧਾਨ ॥

ਸੰਤਾਂ ਦੀ ਸੰਗਤ ਹੀ ਮੇਰੇ ਵਾਸਤੇ ਸਾਰੇ ਖ਼ਜ਼ਾਨੇ ਹਨ।

ਪ੍ਰਭ ਦਇਆਲ ਮੋਹਿ ਦੇਵਹੁ ਦਾਨ ॥

ਹੇ ਦਇਆ ਦੇ ਘਰ ਪ੍ਰਭੂ! ਮੈਨੂੰ (ਸੰਤ ਜਨਾਂ ਦੀ ਸੰਗਤ ਦਾ) ਦਾਨ ਦੇਹ,

ਨਾਨਕ ਕਉ ਪ੍ਰਭ ਦਇਆ ਧਾਰਿ ॥

ਹੇ ਪ੍ਰਭੂ! ਨਾਨਕ ਉੱਤੇ ਦਇਆ ਕਰ ਕਿ ਸੰਤਾਂ ਦੇ ਚਰਨ ਮੈਂ ਨਾਨਕ ਦੇ ਹਿਰਦੇ ਵਿਚ ਵੱਸੇ ਰਹਿਣ,

ਚਰਨ ਸੰਤਨ ਕੇ ਮੇਰੇ ਰਿਦੇ ਮਝਾਰਿ ॥੪॥੪॥

(ਕਿਉਂਕਿ) ਸੰਤਾਂ ਦਾ ਸੰਗ ਕਰਨਾ ਹੀ ਵਿਕਾਰਾਂ ਤੋਂ ਮੁਕਤੀ ਪ੍ਰਾਪਤ ਕਰਨ ਦਾ ਤਰੀਕਾ ਹੈ ॥੪॥੪॥


ਮਾਲੀ ਗਉੜਾ ਮਹਲਾ ੫ ॥
ਸਭ ਕੈ ਸੰਗੀ ਨਾਹੀ ਦੂਰਿ ॥

ਪਰਮਾਤਮਾ ਸਭਨਾਂ ਜੀਵਾਂ ਦੇ ਨਾਲ ਵੱਸਦਾ ਹੈ, ਕਿਸੇ ਤੋਂ ਭੀ ਦੂਰ ਨਹੀਂ ਹੈ।

ਕਰਨ ਕਰਾਵਨ ਹਾਜਰਾ ਹਜੂਰਿ ॥੧॥ ਰਹਾਉ ॥

ਉਹ ਆਪ ਸਭ ਕੁਝ ਕਰ ਸਕਦਾ ਹੈ ਜੀਵਾਂ ਪਾਸੋਂ ਕਰਾ ਸਕਦਾ ਹੈ, ਉਹ ਹਰ ਥਾਂ ਮੌਜੂਦ ਹੈ ॥੧॥ ਰਹਾਉ ॥

ਸੁਨਤ ਜੀਓ ਜਾਸੁ ਨਾਮੁ ॥

ਜਿਸ ਪਰਮਾਤਮਾ ਦਾ ਨਾਮ ਸੁਣਦਿਆਂ ਆਤਮਕ ਜੀਵਨ ਮਿਲਦਾ ਹੈ,

ਦੁਖ ਬਿਨਸੇ ਸੁਖ ਕੀਓ ਬਿਸ੍ਰਾਮੁ ॥

ਸਾਰੇ ਦੁੱਖ ਦੂਰ ਹੋ ਜਾਂਦੇ ਹਨ ਅਤੇ (ਹਿਰਦੇ ਵਿਚ) ਸੁਖ ਟਿਕਾਣਾ ਆ ਬਣਾਂਦੇ ਹਨ।

ਸਗਲ ਨਿਧਿ ਹਰਿ ਹਰਿ ਹਰੇ ॥

(ਸੰਸਾਰ ਦੇ) ਸਾਰੇ ਹੀ ਖ਼ਜ਼ਾਨੇ ਉਸ ਪਰਮਾਤਮਾ ਦੇ ਪਾਸ ਹਨ।

ਮੁਨਿ ਜਨ ਤਾ ਕੀ ਸੇਵ ਕਰੇ ॥੧॥

ਸਭ ਰਿਸ਼ੀ ਮੁਨੀ ਉਸੇ ਦੀ ਭਗਤੀ ਕਰਦੇ ਹਨ ॥੧॥

ਜਾ ਕੈ ਘਰਿ ਸਗਲੇ ਸਮਾਹਿ ॥

ਜਿਸ ਦੇ ਘਰ ਵਿਚ ਸਾਰੇ ਹੀ (ਖ਼ਜ਼ਾਨੇ) ਟਿਕੇ ਹੋਏ ਹਨ,

ਜਿਸ ਤੇ ਬਿਰਥਾ ਕੋਇ ਨਾਹਿ ॥

ਜਿਸ (ਦੇ ਦਰ) ਤੋਂ ਕੋਈ ਜੀਵ ਖ਼ਾਲੀ ਨਹੀਂ ਜਾਂਦਾ,

ਜੀਅ ਜੰਤ੍ਰ ਕਰੇ ਪ੍ਰਤਿਪਾਲ ॥

ਜੋ ਸਭ ਜੀਵਾਂ ਦੀ ਪਾਲਣਾ ਕਰਦਾ ਹੈ,

ਸਦਾ ਸਦਾ ਸੇਵਹੁ ਕਿਰਪਾਲ ॥੨॥

ਉਸ ਕਿਰਪਾਲ ਪ੍ਰਭੂ ਦੀ ਭਗਤੀ ਸਦਾ ਹੀ ਕਰਦੇ ਰਹੋ ॥੨॥

ਸਦਾ ਧਰਮੁ ਜਾ ਕੈ ਦੀਬਾਣਿ ॥

ਜਿਸ ਦੀ ਕਚਹਿਰੀ ਵਿਚ ਸਦਾ ਨਿਆਂ ਹੁੰਦਾ ਹੈ,

ਬੇਮੁਹਤਾਜ ਨਹੀ ਕਿਛੁ ਕਾਣਿ ॥

ਜੋ ਬੇ-ਮੁਥਾਜ ਹੈ ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ,

ਸਭ ਕਿਛੁ ਕਰਨਾ ਆਪਨ ਆਪਿ ॥

ਜੋ ਆਪ ਹੀ ਸਭ ਕੁਝ ਕਰਨ ਦੇ ਸਮਰੱਥ ਹੈ,

ਰੇ ਮਨ ਮੇਰੇ ਤੂ ਤਾ ਕਉ ਜਾਪਿ ॥੩॥

ਹੇ ਮੇਰੇ ਮਨ! ਤੂੰ ਉਸ ਪ੍ਰਭੂ ਦਾ ਨਾਮ ਜਪਿਆ ਕਰ ॥੩॥

ਸਾਧਸੰਗਤਿ ਕਉ ਹਉ ਬਲਿਹਾਰ ॥

ਮੈਂ ਗੁਰੂ ਦੀ ਸੰਗਤ ਤੋਂ ਕੁਰਬਾਨ ਜਾਂਦਾ ਹਾਂ,

ਜਾਸੁ ਮਿਲਿ ਹੋਵੈ ਉਧਾਰੁ ॥

ਜਿਸ ਨੂੰ ਮਿਲ ਕੇ (ਪਰਮਾਤਮਾ ਦਾ ਨਾਮ ਮਿਲਦਾ ਹੈ, ਅਤੇ ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ।

ਨਾਮ ਸੰਗਿ ਮਨ ਤਨਹਿ ਰਾਤ ॥

ਪ੍ਰਭੁ ਨੇ (ਗੁਰੂ ਦੀ ਰਾਹੀਂ) ਜਿਸ ਮਨੁੱਖ ਨੂੰ (ਨਾਮ ਦੀ) ਦਾਤ ਬਖ਼ਸ਼ੀ, ਉਹ ਨਾਮ ਨਾਲ ਰੰਗਿਆ ਰਹਿੰਦਾ ਹੈ।

ਨਾਨਕ ਕਉ ਪ੍ਰਭਿ ਕਰੀ ਦਾਤਿ ॥੪॥੫॥

ਹੇ ਨਾਨਕ! ਉਸ ਦੇ ਮਨ ਵਿਚ ਤਨ ਵਿਚ ਨਾਮ (ਵੱਸਿਆ ਰਹਿੰਦਾ ਹੈ) ॥੪॥੫॥


ਮਾਲੀ ਗਉੜਾ ਮਹਲਾ ੫ ਦੁਪਦੇ ॥

ਰਾਗ ਮਾਲੀ-ਗਉੜਾ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਹਰਿ ਸਮਰਥ ਕੀ ਸਰਨਾ ॥

ਮੈਂ ਤਾਂ ਉਸ ਪਰਮਾਤਮਾ ਦੀ ਸਰਨ ਪਿਆ ਹਾਂ ਜੋ ਸਭ ਤਾਕਤਾਂ ਦਾ ਮਾਲਕ ਹੈ।

ਜੀਉ ਪਿੰਡੁ ਧਨੁ ਰਾਸਿ ਮੇਰੀ ਪ੍ਰਭ ਏਕ ਕਾਰਨ ਕਰਨਾ ॥੧॥ ਰਹਾਉ ॥

ਮੇਰੀ ਜਿੰਦ, ਮੇਰਾ ਸਰੀਰ, ਮੇਰਾ ਧਨ, ਮੇਰਾ ਸਰਮਾਇਆ-ਸਭ ਕੁਝ ਉਹ ਪਰਮਾਤਮਾ ਹੀ ਹੈ ਜੋ ਸਾਰੇ ਜਗਤ ਦਾ ਮੂਲ ਹੈ ॥੧॥ ਰਹਾਉ ॥

ਸਿਮਰਿ ਸਿਮਰਿ ਸਦਾ ਸੁਖੁ ਪਾਈਐ ਜੀਵਣੈ ਕਾ ਮੂਲੁ ॥

ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਸਦਾ ਆਤਮਕ ਆਨੰਦ ਹਾਸਲ ਕਰਦਾ ਹੈ, ਹਰਿ-ਨਾਮ ਹੀ ਜ਼ਿੰਦਗੀ ਦਾ ਸਹਾਰਾ ਹੈ।

ਰਵਿ ਰਹਿਆ ਸਰਬਤ ਠਾਈ ਸੂਖਮੋ ਅਸਥੂਲ ॥੧॥

ਇਹਨਾਂ ਦਿੱਸਦੇ ਅਣਦਿੱਸਦੇ ਪਦਾਰਥਾਂ ਵਿਚ ਸਭਨੀਂ ਥਾਈਂ ਪਰਮਾਤਮਾ ਹੀ ਮੌਜੂਦ ਹੈ ॥੧॥

ਆਲ ਜਾਲ ਬਿਕਾਰ ਤਜਿ ਸਭਿ ਹਰਿ ਗੁਨਾ ਨਿਤਿ ਗਾਉ ॥

ਮਾਇਆ ਦੇ ਮੋਹ ਦੇ ਜੰਜਾਲ ਛੱਡ ਕੇ ਵਿਕਾਰ ਤਿਆਗ ਕੇ ਸਦਾ ਪਰਮਾਤਮਾ ਦੇ ਗੁਣ ਗਾਇਆ ਕਰ।

ਕਰ ਜੋੜਿ ਨਾਨਕੁ ਦਾਨੁ ਮਾਂਗੈ ਦੇਹੁ ਅਪਨਾ ਨਾਉ ॥੨॥੧॥੬॥

ਦਾਸ ਨਾਨਕ (ਤਾਂ ਆਪਣੇ ਦੋਵੇਂ) ਹੱਥ ਜੋੜ ਕੇ (ਇਹੀ) ਦਾਨ ਮੰਗਦਾ ਹੈ (ਕਿ ਹੇ ਪ੍ਰਭੂ! ਮੈਨੂੰ) ਆਪਣਾ ਨਾਮ ਦੇਹ ॥੨॥੧॥੬॥


ਮਾਲੀ ਗਉੜਾ ਮਹਲਾ ੫ ॥
ਪ੍ਰਭ ਸਮਰਥ ਦੇਵ ਅਪਾਰ ॥

ਹੇ ਪ੍ਰਭੂ! ਹੇ ਸਭ ਤਾਕਤਾਂ ਦੇ ਮਾਲਕ! ਹੇ ਪ੍ਰਕਾਸ਼-ਰੂਪ! ਹੇ ਬੇਅੰਤ!

ਕਉਨੁ ਜਾਨੈ ਚਲਿਤ ਤੇਰੇ ਕਿਛੁ ਅੰਤੁ ਨਾਹੀ ਪਾਰ ॥੧॥ ਰਹਾਉ ॥

ਤੇਰੇ ਚੋਜਾਂ ਨੂੰ ਕੋਈ ਭੀ ਨਹੀਂ ਜਾਣ ਸਕਦਾ। ਤੇਰੇ ਚੋਜਾਂ ਦਾ ਅੰਤ ਨਹੀਂ ਪੈ ਸਕਦਾ, ਪਾਰਲਾ ਬੰਨਾ ਨਹੀਂ ਲੱਭ ਸਕਦਾ ॥੧॥ ਰਹਾਉ ॥

ਇਕ ਖਿਨਹਿ ਥਾਪਿ ਉਥਾਪਦਾ ਘੜਿ ਭੰਨਿ ਕਰਨੈਹਾਰੁ ॥

ਸਭ ਕੁਝ ਕਰ ਸਕਣ ਵਾਲਾ ਪਰਮਾਤਮਾ ਘੜ ਕੇ ਪੈਦਾ ਕਰ ਕੇ (ਉਸ ਨੂੰ) ਇਕ ਖਿਨ ਵਿਚ ਭੰਨ ਕੇ ਨਾਸ ਕਰ ਦੇਂਦਾ ਹੈ।

ਜੇਤ ਕੀਨ ਉਪਾਰਜਨਾ ਪ੍ਰਭੁ ਦਾਨੁ ਦੇਇ ਦਾਤਾਰ ॥੧॥

ਜਿਤਨੀ ਭੀ ਸ੍ਰਿਸ਼ਟੀ ਉਸ ਨੇ ਪੈਦਾ ਕੀਤੀ ਹੈ, ਦਾਤਾਂ ਦੇਣ ਵਾਲਾ ਉਹ ਪ੍ਰਭੂ (ਸਾਰੀ ਸ੍ਰਿਸ਼ਟੀ ਨੂੰ) ਦਾਨ ਦੇਂਦਾ ਹੈ ॥੧॥

ਹਰਿ ਸਰਨਿ ਆਇਓ ਦਾਸੁ ਤੇਰਾ ਪ੍ਰਭ ਊਚ ਅਗਮ ਮੁਰਾਰ ॥

ਹੇ ਹਰੀ! ਹੇ ਪ੍ਰਭੂ! ਹੇ ਸਭ ਤੋਂ ਉੱਚੇ! ਹੇ ਅਪਹੁੰਚ! ਹੇ ਮੁਰਾਰਿ! ਤੇਰਾ ਦਾਸ (ਨਾਨਕ) ਤੇਰੀ ਸਰਨ ਆਇਆ ਹੈ।

ਕਢਿ ਲੇਹੁ ਭਉਜਲ ਬਿਖਮ ਤੇ ਜਨੁ ਨਾਨਕੁ ਸਦ ਬਲਿਹਾਰ ॥੨॥੨॥੭॥

(ਆਪਣੇ ਦਾਸ ਨੂੰ) ਔਖੇ ਸੰਸਾਰ-ਸਮੁੰਦਰ ਵਿਚੋਂ ਬਾਹਰ ਕੱਢ ਲੈ। ਦਾਸ ਨਾਨਕ ਤੈਥੋਂ ਸਦਾ ਸਦਕੇ ਜਾਂਦਾ ਹੈ ॥੨॥੨॥੭॥


ਮਾਲੀ ਗਉੜਾ ਮਹਲਾ ੫ ॥
ਮਨਿ ਤਨਿ ਬਸਿ ਰਹੇ ਗੋਪਾਲ ॥

ਹੇ ਸ੍ਰਿਸ਼ਟੀ ਦੇ ਪਾਲਕ! ਤੁਸੀ ਹੀ ਮੇਰੇ ਮਨ ਵਿਚ ਮੇਰੇ ਤਨ ਵਿਚ ਵੱਸ ਰਹੇ ਹੋ-

ਦੀਨ ਬਾਂਧਵ ਭਗਤਿ ਵਛਲ ਸਦਾ ਸਦਾ ਕ੍ਰਿਪਾਲ ॥੧॥ ਰਹਾਉ ॥

ਗਰੀਬਾਂ ਦੇ ਸਹਾਈ! ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਸਦਾ ਹੀ ਕਿਰਪਾਲ! ॥੧॥ ਰਹਾਉ ॥

ਆਦਿ ਅੰਤੇ ਮਧਿ ਤੂਹੈ ਪ੍ਰਭ ਬਿਨਾ ਨਾਹੀ ਕੋਇ ॥

ਹੇ ਪ੍ਰਭੂ! (ਜਗਤ-ਰਚਨਾ ਦੇ) ਸ਼ੁਰੂ ਵਿਚ ਤੂੰ ਹੀ ਸੀ, (ਜਗਤ ਦੇ) ਅੰਤ ਵਿਚ ਤੂੰ ਹੀ ਹੋਵੇਂਗਾ, ਹੁਣ ਭੀ ਤੂੰ ਹੀ ਹੈਂ (ਸਦਾ ਕਾਇਮ ਰਹਿਣ ਵਾਲਾ)। ਪ੍ਰਭੂ ਤੋਂ ਬਿਨਾ ਹੋਰ ਕੋਈ (ਸਦਾ ਕਾਇਮ ਰਹਿਣ ਵਾਲਾ) ਨਹੀਂ।

ਪੂਰਿ ਰਹਿਆ ਸਗਲ ਮੰਡਲ ਏਕੁ ਸੁਆਮੀ ਸੋਇ ॥੧॥

ਇਕ ਮਾਲਕ-ਪ੍ਰਭੂ ਹੀ ਸਾਰੇ ਭਵਨਾਂ ਵਿਚ ਵਿਆਪਕ ਹੈ ॥੧॥

ਕਰਨਿ ਹਰਿ ਜਸੁ ਨੇਤ੍ਰ ਦਰਸਨੁ ਰਸਨਿ ਹਰਿ ਗੁਨ ਗਾਉ ॥

ਮੈਂ ਕੰਨ ਨਾਲ ਹਰੀ ਦੀ ਸਿਫ਼ਤ-ਸਾਲਾਹ (ਸੁਣਦਾ ਹਾਂ), ਅੱਖਾਂ ਨਾਲ ਹਰੀ ਦਾ ਦਰਸਨ (ਕਰਦਾ ਹਾਂ) ਜੀਭ ਨਾਲ ਹਰੀ ਦੇ ਗੁਣ ਗਾਂਦਾ ਹਾਂ।

ਬਲਿਹਾਰਿ ਜਾਏ ਸਦਾ ਨਾਨਕੁ ਦੇਹੁ ਅਪਣਾ ਨਾਉ ॥੨॥੩॥੮॥੬॥੧੪॥

(ਪ੍ਰਭੂ ਦਾ ਦਾਸ) ਨਾਨਕ ਸਦਾ ਉਸ ਤੋਂ ਕੁਰਬਾਨ ਜਾਂਦਾ ਹੈ (ਤੇ ਉਸ ਦੇ ਦਰ ਤੇ ਅਰਦਾਸ ਕਰਦਾ ਹੈ-ਹੇ ਪ੍ਰਭੂ!) ਮੈਨੂੰ ਆਪਣਾ ਨਾਮ ਬਖ਼ਸ਼ ॥੨॥੩॥੮॥੬॥੧੪॥