ਰਾਗ ਕਲਿਆਨੁ – ਬਾਣੀ ਸ਼ਬਦ-Raag Kalyan – Bani

ਰਾਗ ਕਲਿਆਨੁ – ਬਾਣੀ ਸ਼ਬਦ-Raag Kalyan – Bani

ਰਾਗੁ ਕਲਿਆਨ ਮਹਲਾ ੪ ॥

ਰਾਗ ਕਲਿਆਨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਰਾਮਾ ਰਮ ਰਾਮੈ ਅੰਤੁ ਨ ਪਾਇਆ ॥

ਸਰਬ-ਵਿਆਪਕ ਪਰਮਾਤਮਾ (ਦੇ ਗੁਣਾਂ) ਦਾ ਅੰਤ (ਕਿਸੇ ਜੀਵ ਪਾਸੋ) ਨਹੀਂ ਪਾਇਆ ਜਾ ਸਕਦਾ।

ਹਮ ਬਾਰਿਕ ਪ੍ਰਤਿਪਾਰੇ ਤੁਮਰੇ ਤੂ ਬਡ ਪੁਰਖੁ ਪਿਤਾ ਮੇਰਾ ਮਾਇਆ ॥੧॥ ਰਹਾਉ ॥

ਹੇ ਪ੍ਰਭੂ! ਅਸੀਂ ਜੀਵ ਤੇਰੇ ਬੱਚੇ ਹਾਂ, ਤੇਰੇ ਪਾਲੇ ਹੋਏ ਹਾਂ, ਤੂੰ ਸਭ ਤੋਂ ਵੱਡਾ ਪੁਰਖ ਹੈਂ, ਤੂੰ ਸਾਡਾ ਪਿਤਾ ਹੈਂ, ਤੂੰ ਹੀ ਸਾਡੀ ਮਾਂ ਹੈਂ ॥੧॥ ਰਹਾਉ ॥

ਹਰਿ ਕੇ ਨਾਮ ਅਸੰਖ ਅਗਮ ਹਹਿ ਅਗਮ ਅਗਮ ਹਰਿ ਰਾਇਆ ॥

ਪ੍ਰਭੂ-ਪਾਤਿਸ਼ਾਹ ਦੇ ਨਾਮ ਅਣਗਿਣਤ ਹਨ (ਪ੍ਰਭੂ ਦੇ ਨਾਮਾਂ ਦੀ ਗਿਣਤੀ ਤਕ) ਪਹੁੰਚ ਨਹੀਂ ਹੋ ਸਕਦੀ, ਕਦੇ ਭੀ ਪਹੁੰਚ ਨਹੀਂ ਹੋ ਸਕਦੀ।

ਗੁਣੀ ਗਿਆਨੀ ਸੁਰਤਿ ਬਹੁ ਕੀਨੀ ਇਕੁ ਤਿਲੁ ਨਹੀ ਕੀਮਤਿ ਪਾਇਆ ॥੧॥

ਅਨੇਕਾਂ ਗੁਣਵਾਨ ਮਨੁੱਖ ਅਨੇਕਾਂ ਵਿਚਾਰਵਾਨ ਮਨੁੱਖ ਬਹੁਤ ਸੋਚ-ਵਿਚਾਰ ਕਰਦੇ ਆਏ ਹਨ, ਪਰ ਕੋਈ ਭੀ ਮਨੁੱਖ ਪਰਮਾਤਮਾ ਦੀ ਵਡਿਆਈ ਦਾ ਰਤਾ ਭਰ ਭੀ ਮੁੱਲ ਨਹੀਂ ਪਾ ਸਕਿਆ ॥੧॥

ਗੋਬਿਦ ਗੁਣ ਗੋਬਿਦ ਸਦ ਗਾਵਹਿ ਗੁਣ ਗੋਬਿਦ ਅੰਤੁ ਨ ਪਾਇਆ ॥

(ਅਨੇਕਾਂ ਹੀ ਜੀਵ) ਪਰਮਾਤਮਾ ਦੇ ਗੁਣ ਸਦਾ ਗਾਂਦੇ ਹਨ, ਪਰ ਪਰਮਾਤਮਾ ਦੇ ਗੁਣਾਂ ਦਾ ਅੰਤ ਕਿਸੇ ਨੇ ਭੀ ਨਹੀਂ ਲੱਭਾ।

ਤੂ ਅਮਿਤਿ ਅਤੋਲੁ ਅਪਰੰਪਰ ਸੁਆਮੀ ਬਹੁ ਜਪੀਐ ਥਾਹ ਨ ਪਾਇਆ ॥੨॥

ਹੇ ਪ੍ਰਭੂ! ਤੇਰੀ ਹਸਤੀ ਨੂੰ ਮਿਣਿਆ ਨਹੀਂ ਜਾ ਸਕਦਾ, ਤੇਰੀ ਹਸਤੀ ਨੂੰ ਤੋਲਿਆ ਨਹੀਂ ਜਾ ਸਕਦਾ। ਹੇ ਮਾਲਕ-ਪ੍ਰਭੂ! ਤੂੰ ਪਰੇ ਤੋਂ ਪਰੇ ਹੈਂ। ਤੇਰਾ ਨਾਮ ਬਹੁਤ ਜਪਿਆ ਜਾ ਰਿਹਾ ਹੈ, (ਪਰ ਤੂੰ ਇਕ ਐਸਾ ਸਮੁੰਦਰ ਹੈਂ ਕਿ ਉਸ ਦੀ) ਡੂੰਘਾਈ ਨਹੀਂ ਲੱਭੀ ਜਾ ਸਕਦੀ ॥੨॥

ਉਸਤਤਿ ਕਰਹਿ ਤੁਮਰੀ ਜਨ ਮਾਧੌ ਗੁਨ ਗਾਵਹਿ ਹਰਿ ਰਾਇਆ ॥

ਹੇ ਮਾਇਆ ਦੇ ਪਤੀ ਪ੍ਰਭੂ! ਹੇ ਪ੍ਰਭੂ-ਪਾਤਿਸ਼ਾਹ! ਤੇਰੇ ਸੇਵਕ ਤੇਰੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ, ਤੇਰੇ ਗੁਣ ਗਾਂਦੇ ਰਹਿੰਦੇ ਹਨ।

ਤੁਮ੍ਰ ਜਲ ਨਿਧਿ ਹਮ ਮੀਨੇ ਤੁਮਰੇ ਤੇਰਾ ਅੰਤੁ ਨ ਕਤਹੂ ਪਾਇਆ ॥੩॥

ਹੇ ਪ੍ਰਭੂ! ਤੂੰ (ਮਾਨੋ, ਇਕ) ਸਮੁੰਦਰ ਹੈਂ, ਅਸੀਂ ਜੀਵ ਤੇਰੀਆਂ ਮੱਛੀਆਂ ਹਾਂ (ਮੱਛੀ ਨਦੀ ਵਿਚ ਤਾਰੀਆਂ ਤਾਂ ਲਾਂਦੀ ਹੈ, ਪਰ ਨਦੀ ਦੀ ਹਸਤੀ ਦਾ ਅੰਦਾਜ਼ਾ ਨਹੀਂ ਲਾ ਸਕਦੀ)। ਹੇ ਪ੍ਰਭੂ! ਕਿਤੇ ਭੀ ਕੋਈ ਜੀਵ ਤੇਰੀ ਹਸਤੀ ਦਾ ਅੰਤ ਨਹੀਂ ਪਾ ਸਕਿਆ ॥੩॥

ਜਨ ਕਉ ਕ੍ਰਿਪਾ ਕਰਹੁ ਮਧਸੂਦਨ ਹਰਿ ਦੇਵਹੁ ਨਾਮੁ ਜਪਾਇਆ ॥

ਹੇ ਦੈਂਤ-ਦਮਨ ਪ੍ਰਭੂ! (ਆਪਣੇ) ਸੇਵਕ (ਨਾਨਕ) ਉੱਤੇ ਮਿਹਰ ਕਰ। ਹੇ ਹਰੀ! (ਮੈਨੂੰ ਆਪਣਾ) ਨਾਮ ਦੇਹ (ਮੈਂ ਨਿਤ) ਜਪਦਾ ਰਹਾਂ।

ਮੈ ਮੂਰਖ ਅੰਧੁਲੇ ਨਾਮੁ ਟੇਕ ਹੈ ਜਨ ਨਾਨਕ ਗੁਰਮੁਖਿ ਪਾਇਆ ॥੪॥੧॥

ਮੈਂ ਮੂਰਖ ਵਾਸਤੇ ਮੈਂ ਅੰਨ੍ਹੇ ਵਾਸਤੇ (ਤੇਰਾ) ਨਾਮ ਸਹਾਰਾ ਹੈ। ਹੇ ਦਾਸ ਨਾਨਕ! ਗੁਰੂ ਦੀ ਸਰਨ ਪਿਆਂ ਹੀ (ਪਰਮਾਤਮਾ ਦਾ ਨਾਮ) ਪ੍ਰਾਪਤ ਹੁੰਦਾ ਹੈ ॥੪॥੧॥


ਕਲਿਆਨੁ ਮਹਲਾ ੪ ॥
ਹਰਿ ਜਨੁ ਗੁਨ ਗਾਵਤ ਹਸਿਆ ॥

ਪਰਮਾਤਮਾ ਦਾ ਭਗਤ ਪਰਮਾਤਮਾ ਦੇ ਗੁਣ ਗਾਂਦਿਆਂ ਪ੍ਰਸੰਨ-ਚਿੱਤ ਰਹਿੰਦਾ ਹੈ,

ਹਰਿ ਹਰਿ ਭਗਤਿ ਬਨੀ ਮਤਿ ਗੁਰਮਤਿ ਧੁਰਿ ਮਸਤਕਿ ਪ੍ਰਭਿ ਲਿਖਿਆ ॥੧॥ ਰਹਾਉ ॥

ਗੁਰੂ ਦੀ ਮੱਤ ਉਤੇ ਤੁਰ ਕੇ ਪਰਮਾਤਮਾ ਦੀ ਭਗਤੀ ਉਸ ਨੂੰ ਪਿਆਰੀ ਲੱਗਦੀ ਹੈ। ਪ੍ਰਭੂ ਨੇ (ਹੀ) ਧੁਰ ਦਰਗਾਹ ਤੋਂ ਉਸ ਦੇ ਮੱਥੇ ਉੱਤੇ ਇਹ ਲੇਖ ਲਿਖਿਆ ਹੁੰਦਾ ਹੈ ॥੧॥ ਰਹਾਉ ॥

ਗੁਰ ਕੇ ਪਗ ਸਿਮਰਉ ਦਿਨੁ ਰਾਤੀ ਮਨਿ ਹਰਿ ਹਰਿ ਹਰਿ ਬਸਿਆ ॥

ਮੈਂ ਦਿਨ ਰਾਤ ਗੁਰੂ ਦੇ ਚਰਨਾਂ ਦਾ ਧਿਆਨ ਧਰਦਾ ਹਾਂ, (ਗੁਰੂ ਦੀ ਕਿਰਪਾ ਨਾਲ ਹੀ) ਪਰਮਾਤਮਾ ਮੇਰੇ ਮਨ ਵਿਚ ਆ ਵੱਸਿਆ ਹੈ।

ਹਰਿ ਹਰਿ ਹਰਿ ਕੀਰਤਿ ਜਗਿ ਸਾਰੀ ਘਸਿ ਚੰਦਨੁ ਜਸੁ ਘਸਿਆ ॥੧॥

ਪਰਮਾਤਮਾ ਦੀ ਸਿਫ਼ਤ-ਸਾਲਾਹ ਜਗਤ ਵਿਚ (ਸਭ ਤੋਂ) ਸ੍ਰੇਸ਼ਟ (ਪਦਾਰਥ) ਹੈ, (ਜਿਵੇਂ) ਚੰਦਨ ਰਗੜ ਖਾ ਕੇ (ਸੁਗੰਧੀ ਦੇਂਦਾ ਹੈ, ਤਿਵੇਂ ਪਰਮਾਤਮਾ ਦਾ) ਜਸ (ਮਨੁੱਖ ਦੇ ਹਿਰਦੇ ਨਾਲ) ਰਗੜ ਖਾਂਦਾ ਹੈ (ਤੇ, ਨਾਮ ਦੀ ਸੁਗੰਧੀ ਖਿਲਾਰਦਾ ਹੈ) ॥੧॥

ਹਰਿ ਜਨ ਹਰਿ ਹਰਿ ਹਰਿ ਲਿਵ ਲਾਈ ਸਭਿ ਸਾਕਤ ਖੋਜਿ ਪਇਆ ॥

ਪਰਮਾਤਮਾ ਦੇ ਭਗਤ ਸਦਾ ਪਰਮਾਤਮਾ ਵਿਚ ਸੁਰਤ ਜੋੜੀ ਰੱਖਦੇ ਹਨ, ਪਰ ਪਰਮਾਤਮਾ ਤੋਂ ਟੁੱਟੇ ਹੋਏ ਸਾਰੇ ਮਨੁੱਖ ਉਹਨਾਂ ਨਾਲ ਈਰਖਾ ਕਰਦੇ ਹਨ।

ਜਿਉ ਕਿਰਤ ਸੰਜੋਗਿ ਚਲਿਓ ਨਰ ਨਿੰਦਕੁ ਪਗੁ ਨਾਗਨਿ ਛੁਹਿ ਜਲਿਆ ॥੨॥

(ਪਰ ਸਾਕਤ ਮਨੁੱਖ ਦੇ ਭੀ ਕੀਹ ਵੱਸ?) ਜਿਵੇਂ ਜਿਵੇਂ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਅਸਰ ਹੇਠ ਨਿੰਦਕ ਮਨੁੱਖ (ਨਿੰਦਾ ਵਾਲੀ) ਜੀਵਨ ਤੋਰ ਤੁਰਦਾ ਹੈ (ਤਿਉਂ ਤਿਉਂ ਉਸ ਦਾ ਆਤਮਕ ਜੀਵਨ ਈਰਖਾ ਦੀ ਅੱਗ ਨਾਲ) ਛੁਹ ਕੇ ਸੜਦਾ ਜਾਂਦਾ ਹੈ (ਜਿਵੇਂ ਕਿਸੇ ਮਨੁੱਖ ਦਾ) ਪੈਰ ਸਪਣੀ ਨਾਲ ਛੁਹ ਕੇ (ਸਪਣੀ ਦੇ ਡੰਗ ਮਾਰਨ ਤੇ ਉਸ ਦੀ) ਮੌਤ ਹੋ ਜਾਂਦੀ ਹੈ ॥੨॥

ਜਨ ਕੇ ਤੁਮ੍ਰ ਹਰਿ ਰਾਖੇ ਸੁਆਮੀ ਤੁਮ੍ਰ ਜੁਗਿ ਜੁਗਿ ਜਨ ਰਖਿਆ ॥

ਹੇ (ਮੇਰੇ) ਮਾਲਕ-ਪ੍ਰਭੂ! ਆਪਣੇ ਭਗਤਾਂ ਦੇ ਤੁਸੀਂ ਆਪ ਰਾਖੇ ਹੋ, ਹਰੇਕ ਜੁਗ ਵਿਚ ਤੁਸੀਂ (ਆਪਣੇ ਭਗਤਾਂ ਦੀ) ਰੱਖਿਆ ਕਰਦੇ ਆਏ ਹੋ।

ਕਹਾ ਭਇਆ ਦੈਤਿ ਕਰੀ ਬਖੀਲੀ ਸਭ ਕਰਿ ਕਰਿ ਝਰਿ ਪਰਿਆ ॥੩॥

(ਹਰਨਾਖਸ) ਦੈਂਤ ਨੇ (ਭਗਤ ਪ੍ਰਹਿਲਾਦ ਨਾਲ) ਈਰਖਾ ਕੀਤੀ, ਪਰ (ਉਹ ਦੈਂਤ ਭਗਤ ਦਾ) ਕੁਝ ਵਿਗਾੜ ਨਾਹ ਸਕਿਆ। ਉਹ ਸਾਰੀ (ਦੈਂਤ-ਸਭਾ ਹੀ) ਈਰਖਾ ਕਰ ਕਰ ਕੇ ਆਪਣੀ ਆਤਮਕ ਮੌਤ ਸਹੇੜਦੀ ਗਈ ॥੩॥

ਜੇਤੇ ਜੀਅ ਜੰਤ ਪ੍ਰਭਿ ਕੀਏ ਸਭਿ ਕਾਲੈ ਮੁਖਿ ਗ੍ਰਸਿਆ ॥

ਜਿਤਨੇ ਭੀ ਜੀਅ-ਜੰਤ ਪ੍ਰਭੂ ਨੇ ਪੈਦਾ ਕੀਤੇ ਹੋਏ ਹਨ, ਇਹ ਸਾਰੇ ਹੀ (ਪਰਮਾਤਮਾ ਤੋਂ ਵਿਛੁੜ ਕੇ) ਆਤਮਕ ਮੌਤ ਦੇ ਮੂੰਹ ਵਿਚ ਫਸੇ ਰਹਿੰਦੇ ਹਨ।

ਹਰਿ ਜਨ ਹਰਿ ਹਰਿ ਹਰਿ ਪ੍ਰਭਿ ਰਾਖੇ ਜਨ ਨਾਨਕ ਸਰਨਿ ਪਇਆ ॥੪॥੨॥

ਹੇ ਦਾਸ ਨਾਨਕ! ਆਪਣੇ ਭਗਤਾਂ ਦੀ ਪ੍ਰਭੂ ਨੇ ਸਦਾ ਹੀ ਆਪ ਰੱਖਿਆ ਕੀਤੀ ਹੈ, ਭਗਤ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ ॥੪॥੨॥


ਕਲਿਆਨ ਮਹਲਾ ੪ ॥
ਮੇਰੇ ਮਨ ਜਪੁ ਜਪਿ ਜਗੰਨਾਥੇ ॥

ਹੇ ਮੇਰੇ ਮਨ! ਜਗਤ ਦੇ ਨਾਥ (ਦੇ ਨਾਮ) ਦਾ ਜਾਪ ਜਪਿਆ ਕਰ।

ਗੁਰ ਉਪਦੇਸਿ ਹਰਿ ਨਾਮੁ ਧਿਆਇਓ ਸਭਿ ਕਿਲਬਿਖ ਦੁਖ ਲਾਥੇ ॥੧॥ ਰਹਾਉ ॥

(ਜਿਸ ਮਨੁੱਖ ਨੇ) ਗੁਰੂ ਦੇ ਉਪਦੇਸ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਿਆ, ਉਸ ਦੇ ਸਾਰੇ ਪਾਪ ਸਾਰੇ ਦੁੱਖ ਦੂਰ ਹੋ ਗਏ ॥੧॥ ਰਹਾਉ ॥

ਰਸਨਾ ਏਕ ਜਸੁ ਗਾਇ ਨ ਸਾਕੈ ਬਹੁ ਕੀਜੈ ਬਹੁ ਰਸੁਨਥੇ ॥

ਹੇ ਪ੍ਰਭੂ! (ਮਨੁੱਖ ਦੀ) ਇੱਕ ਜੀਭ (ਤੇਰਾ) ਜਸ (ਪੂਰੇ ਤੌਰ ਤੇ) ਗਾ ਨਹੀਂ ਸਕਦੀ, (ਇਸ ਨੂੰ) ਬਹੁਤ ਜੀਭਾਂ ਵਾਲਾ ਬਣਾ ਦੇਹ।

ਬਾਰ ਬਾਰ ਖਿਨੁ ਪਲ ਸਭਿ ਗਾਵਹਿ ਗੁਨ ਕਹਿ ਨ ਸਕਹਿ ਪ੍ਰਭ ਤੁਮਨਥੇ ॥੧॥

ਹੇ ਪ੍ਰਭੂ! ਸਾਰੇ ਜੀਵ ਮੁੜ ਮੁੜ ਹਰੇਕ ਪਲ ਤੇਰੇ ਗੁਣ ਗਾਂਦੇ ਹਨ, ਪਰ ਤੇਰੇ (ਸਾਰੇ) ਗੁਣ ਬਿਆਨ ਨਹੀਂ ਕਰ ਸਕਦੇ ॥੧॥

ਹਮ ਬਹੁ ਪ੍ਰੀਤਿ ਲਗੀ ਪ੍ਰਭ ਸੁਆਮੀ ਹਮ ਲੋਚਹ ਪ੍ਰਭੁ ਦਿਖਨਥੇ ॥

ਹੇ ਮੇਰੇ ਮਾਲਕ ਪ੍ਰਭੂ! ਮੇਰੇ ਅੰਦਰ ਤੇਰੀ ਬਹੁਤ ਪ੍ਰੀਤ ਪੈਦਾ ਹੋ ਚੁਕੀ ਹੈ; ਮੈਂ ਤੈਨੂੰ ਦੇਖਣ ਲਈ ਤਾਂਘ ਕਰ ਰਿਹਾ ਹਾਂ।

ਤੁਮ ਬਡ ਦਾਤੇ ਜੀਅ ਜੀਅਨ ਕੇ ਤੁਮ ਜਾਨਹੁ ਹਮ ਬਿਰਥੇ ॥੨॥

ਹੇ ਪ੍ਰਭੂ! ਤੂੰ ਸਾਰੇ ਜੀਵਾਂ ਨੂੰ ਜਿੰਦ ਦੇਣ ਵਾਲਾ ਹੈਂ, ਤੂੰ ਹੀ ਅਸਾਂ ਜੀਵਾਂ ਦੇ ਦਿਲ ਦੀ ਪੀੜ ਜਾਣਦਾ ਹੈਂ ॥੨॥

ਕੋਈ ਮਾਰਗੁ ਪੰਥੁ ਬਤਾਵੈ ਪ੍ਰਭ ਕਾ ਕਹੁ ਤਿਨ ਕਉ ਕਿਆ ਦਿਨਥੇ ॥

ਜੇ ਕੋਈ (ਸੰਤ ਜਨ ਮੈਨੂੰ) ਪ੍ਰਭੂ (ਦੇ ਮਿਲਾਪ) ਦਾ ਰਸਤਾ ਦੱਸ ਦੇਵੇ, ਤਾਂ ਅਜਿਹੇ (ਸੰਤ) ਜਨਾਂ ਨੂੰ ਕੀਹ ਦੇਣਾ ਚਾਹੀਦਾ ਹੈ?

ਸਭੁ ਤਨੁ ਮਨੁ ਅਰਪਉ ਅਰਪਿ ਅਰਾਪਉ ਕੋਈ ਮੇਲੈ ਪ੍ਰਭ ਮਿਲਥੇ ॥੩॥

ਜੇ ਪ੍ਰਭੂ ਨੂੰ ਮਿਲਿਆ ਹੋਇਆ ਕੋਈ ਪਿਆਰਾ ਮੈਨੂੰ ਪ੍ਰਭੂ ਨਾਲ ਮਿਲਾ ਦੇਵੇ ਤਾਂ ਮੈਂ ਤਾਂ ਆਪਣਾ ਸਾਰਾ ਤਨ ਸਾਰਾ ਮਨ ਸਦਾ ਲਈ ਭੇਟ ਕਰ ਦਿਆਂ ॥੩॥

ਹਰਿ ਕੇ ਗੁਨ ਬਹੁਤ ਬਹੁਤ ਬਹੁ ਸੋਭਾ ਹਮ ਤੁਛ ਕਰਿ ਕਰਿ ਬਰਨਥੇ ॥

ਪਰਮਾਤਮਾ ਦੇ ਗੁਣ ਬਹੁਤ ਹੀ ਬੇਅੰਤ ਹਨ, ਬਹੁਤ ਬੇਅੰਤ ਹਨ, ਅਸੀਂ ਜੀਵ ਬਹੁਤੇ ਹੀ ਥੋੜੇ ਬਿਆਨ ਕਰਦੇ ਹਾਂ (ਪਰ ਜੀਵਾਂ ਦੇ ਵੱਸ ਦੀ ਗੱਲ ਨਹੀਂ ਹੈ)।

ਹਮਰੀ ਮਤਿ ਵਸਗਤਿ ਪ੍ਰਭ ਤੁਮਰੈ ਜਨ ਨਾਨਕ ਕੇ ਪ੍ਰਭ ਸਮਰਥੇ ॥੪॥੩॥

ਹੇ ਦਾਸ ਨਾਨਕ ਦੇ ਸਮਰੱਥ ਪ੍ਰਭੂ! ਅਸਾਂ ਜੀਵਾਂ ਦੀ ਮੱਤ ਤੇਰੇ ਹੀ ਵੱਸ ਵਿਚ ਹੈ (ਜਿਤਨੀ ਮੱਤ ਤੂੰ ਦੇਂਦਾ ਹੈਂ ਉਤਨੀ ਹੀ ਤੇਰੀ ਸੋਭਾ ਅਸੀਂ ਬਿਆਨ ਕਰ ਸਕਦੇ ਹਾਂ) ॥੪॥੩॥


ਕਲਿਆਨ ਮਹਲਾ ੪ ॥
ਮੇਰੇ ਮਨ ਜਪਿ ਹਰਿ ਗੁਨ ਅਕਥ ਸੁਨਥਈ ॥

ਹੇ ਮੇਰੇ ਮਨ! ਉਸ ਪਰਮਾਤਮਾ ਦੇ ਗੁਣ ਯਾਦ ਕਰਿਆ ਕਰ ਜੋ ਅਕੱਥ ਸੁਣਿਆ ਜਾ ਰਿਹਾ ਹੈ।

ਧਰਮੁ ਅਰਥੁ ਸਭੁ ਕਾਮੁ ਮੋਖੁ ਹੈ ਜਨ ਪੀਛੈ ਲਗਿ ਫਿਰਥਈ ॥੧॥ ਰਹਾਉ ॥

ਧਰਮ ਅਰਥ ਕਾਮ ਮੋਖ-(ਇਹੀ ਹੈ) ਸਾਰਾ (ਮਨੁੱਖ ਦਾ ਨਿਸ਼ਾਨਾ, ਪਰ ਇਹਨਾਂ ਵਿਚੋਂ ਹਰੇਕ ਹੀ ਪਰਮਾਤਮਾ ਦੇ) ਭਗਤ ਦੇ ਪਿੱਛੇ ਪਿੱਛੇ ਤੁਰਿਆ ਫਿਰਦਾ ਹੈ ॥੧॥ ਰਹਾਉ ॥

ਸੋ ਹਰਿ ਹਰਿ ਨਾਮੁ ਧਿਆਵੈ ਹਰਿ ਜਨੁ ਜਿਸੁ ਬਡਭਾਗ ਮਥਈ ॥

ਜਿਸ ਮਨੁੱਖ ਦੇ ਮੱਥੇ ਉੱਤੇ ਵੱਡਾ ਭਾਗ (ਜਾਗ ਪੈਂਦਾ) ਹੈ, ਉਹ ਭਗਤ-ਜਨ ਪਰਮਾਤਮਾ ਦਾ ਨਾਮ ਸਦਾ ਸਿਮਰਦਾ ਹੈ।

ਜਹ ਦਰਗਹਿ ਪ੍ਰਭੁ ਲੇਖਾ ਮਾਗੈ ਤਹ ਛੁਟੈ ਨਾਮੁ ਧਿਆਇਥਈ ॥੧॥

ਜਿੱਥੇ (ਆਪਣੀ) ਦਰਗਾਹ ਵਿਚ ਪਰਮਾਤਮਾ (ਮਨੁੱਖ ਦੇ ਕੀਤੇ ਕਰਮਾਂ ਦਾ) ਲੇਖਾ ਮੰਗਦਾ ਹੈ, ਪਰਮਾਤਮਾ ਦਾ ਨਾਮ ਸਿਮਰ ਕੇ ਹੀ ਉੱਥੇ ਮਨੁੱਖ ਸੁਰਖ਼ਰੂ ਹੁੰਦਾ ਹੈ ॥੧॥

ਹਮਰੇ ਦੋਖ ਬਹੁ ਜਨਮ ਜਨਮ ਕੇ ਦੁਖੁ ਹਉਮੈ ਮੈਲੁ ਲਗਥਈ ॥

ਅਸਾਂ ਜੀਵਾਂ ਦੇ (ਅੰਦਰ) ਅਨੇਕਾਂ ਜਨਮਾਂ ਦੇ ਐਬ ਇਕੱਠੇ ਹੋਏ ਪਏ ਹਨ, (ਸਾਡੇ ਅੰਦਰ) ਦੁੱਖ (ਟਿਕਿਆ ਰਹਿੰਦਾ ਹੈ), ਹਉਮੈ ਦੀ ਮੈਲ ਲੱਗੀ ਰਹਿੰਦੀ ਹੈ।

ਗੁਰਿ ਧਾਰਿ ਕ੍ਰਿਪਾ ਹਰਿ ਜਲਿ ਨਾਵਾਏ ਸਭ ਕਿਲਬਿਖ ਪਾਪ ਗਥਈ ॥੨॥

(ਜਿਨ੍ਹਾਂ ਵਡਭਾਗੀਆਂ ਨੂੰ) ਗੁਰੂ ਨੇ ਮਿਹਰ ਕਰ ਕੇ ਹਰਿ-ਨਾਮ-ਜਲ ਵਿਚ ਇਸ਼ਨਾਨ ਕਰਾ ਦਿੱਤਾ, (ਉਹਨਾਂ ਦੇ ਅੰਦਰੋਂ) ਪਾਪਾਂ ਵਿਕਾਰਾਂ ਦੀ ਸਾਰੀ (ਮੈਲ) ਦੂਰ ਹੋ ਗਈ ॥੨॥

ਜਨ ਕੈ ਰਿਦ ਅੰਤਰਿ ਪ੍ਰਭੁ ਸੁਆਮੀ ਜਨ ਹਰਿ ਹਰਿ ਨਾਮੁ ਭਜਥਈ ॥

ਭਗਤ ਜਨਾਂ ਦੇ ਹਿਰਦੇ ਵਿਚ ਮਾਲਕ-ਪ੍ਰਭੂ ਵੱਸਿਆ ਰਹਿੰਦਾ ਹੈ, ਭਗਤ ਜਨਾਂ ਨੇ ਸਦਾ ਪਰਮਾਤਮਾ ਦਾ ਨਾਮ ਜਪਿਆ ਹੈ।

ਜਹ ਅੰਤੀ ਅਉਸਰੁ ਆਇ ਬਨਤੁ ਹੈ ਤਹ ਰਾਖੈ ਨਾਮੁ ਸਾਥਈ ॥੩॥

ਜਿੱਥੇ ਅਖ਼ੀਰਲਾ ਵਕਤ ਆ ਬਣਦਾ ਹੈ, ਉਥੇ ਪਰਮਾਤਮਾ ਦਾ ਨਾਮ ਸਾਥੀ (ਬਣ ਕੇ) ਰਖਿਆ ਕਰਦਾ ਹੈ ॥੩॥

ਜਨ ਤੇਰਾ ਜਸੁ ਗਾਵਹਿ ਹਰਿ ਹਰਿ ਪ੍ਰਭ ਹਰਿ ਜਪਿਓ ਜਗੰਨਥਈ ॥

ਹੇ ਹਰੀ! (ਤੇਰੇ) ਭਗਤ ਤੇਰਾ ਜਸ (ਸਦਾ) ਗਾਂਦੇ ਰਹਿੰਦੇ ਹਨ। ਹੇ ਜਗਤ ਦੇ ਨਾਥ ਪ੍ਰਭੂ! (ਤੇਰੇ ਭਗਤਾਂ ਨੇ) ਸਦਾ ਤੇਰਾ ਨਾਮ ਜਪਿਆ ਹੈ।

ਜਨ ਨਾਨਕ ਕੇ ਪ੍ਰਭ ਰਾਖੇ ਸੁਆਮੀ ਹਮ ਪਾਥਰ ਰਖੁ ਬੁਡਥਈ ॥੪॥੪॥

ਹੇ ਦਾਸ ਨਾਨਕ ਦੇ ਰਖਵਾਲੇ ਮਾਲਕ ਪ੍ਰਭੂ! ਅਸਾਂ ਪੱਥਰ (ਵਾਂਗ) ਡੁੱਬਦੇ ਜੀਵਾਂ ਦੀ ਰੱਖਿਆ ਕਰ ॥੪॥੪॥


ਕਲਿਆਨ ਮਹਲਾ ੪ ॥
ਹਮਰੀ ਚਿਤਵਨੀ ਹਰਿ ਪ੍ਰਭੁ ਜਾਨੈ ॥

ਅਸਾਂ ਜੀਵਾਂ ਦੀ (ਹਰੇਕ) ਭਾਵਨੀ ਨੂੰ ਪਰਮਾਤਮਾ (ਆਪ) ਜਾਣਦਾ ਹੈ।

ਅਉਰੁ ਕੋਈ ਨਿੰਦ ਕਰੈ ਹਰਿ ਜਨ ਕੀ ਪ੍ਰਭੁ ਤਾ ਕਾ ਕਹਿਆ ਇਕੁ ਤਿਲੁ ਨਹੀ ਮਾਨੈ ॥੧॥ ਰਹਾਉ ॥

ਜੇ ਕੋਈ ਹੋਰ (ਨਿੰਦਕ ਮਨੁੱਖ) ਪਰਮਾਤਮਾ ਦੇ ਭਗਤ ਦੀ ਨਿੰਦਾ ਕਰਦਾ ਹੋਵੇ, ਪਰਮਾਤਮਾ ਉਸ ਦਾ ਆਖਿਆ ਹੋਇਆ (ਨਿੰਦਾ ਦਾ ਬਚਨ) ਰਤਾ ਭਰ ਭੀ ਨਹੀਂ ਮੰਨਦਾ ॥੧॥ ਰਹਾਉ ॥

ਅਉਰ ਸਭ ਤਿਆਗਿ ਸੇਵਾ ਕਰਿ ਅਚੁਤ ਜੋ ਸਭ ਤੇ ਊਚ ਠਾਕੁਰੁ ਭਗਵਾਨੈ ॥

ਹੋਰ ਹਰੇਕ (ਆਸ) ਲਾਹ ਕੇ ਉਸ ਅਬਿਨਾਸੀ ਪਰਮਾਤਮਾ ਦੀ ਭਗਤੀ ਕਰਿਆ ਕਰ, ਜਿਹੜਾ ਸਭ ਤੋਂ ਉੱਚਾ ਮਾਲਕ ਭਗਵਾਨ ਹੈ।

ਹਰਿ ਸੇਵਾ ਤੇ ਕਾਲੁ ਜੋਹਿ ਨ ਸਾਕੈ ਚਰਨੀ ਆਇ ਪਵੈ ਹਰਿ ਜਾਨੈ ॥੧॥

ਪਰਮਾਤਮਾ ਦੀ ਸੇਵਾ-ਭਗਤੀ ਦੀ ਬਰਕਤਿ ਨਾਲ ਆਤਮਕ ਮੌਤ (ਭਗਤ ਵਲ) ਤੱਕ ਭੀ ਨਹੀਂ ਸਕਦੀ, ਉਹ ਤਾਂ ਭਗਤ ਦੇ ਚਰਨਾਂ ਵਿਚ ਆ ਡਿੱਗਦੀ ਹੈ (ਭਗਤ ਦੇ ਅਧੀਨ ਹੋ ਜਾਂਦੀ ਹੈ) ॥੧॥

ਜਾ ਕਉ ਰਾਖਿ ਲੇਇ ਮੇਰਾ ਸੁਆਮੀ ਤਾ ਕਉ ਸੁਮਤਿ ਦੇਇ ਪੈ ਕਾਨੈ ॥

ਪਿਆਰਾ ਮਾਲਕ-ਪ੍ਰਭੂ ਜਿਸ ਮਨੁੱਖ ਦੀ ਰਖਿਆ ਕਰਦਾ ਹੈ, ਉਸ ਨੂੰ ਪਿਆਰ ਨਾਲ ਧਿਆਨ ਨਾਲ ਸ੍ਰੇਸ਼ਟ ਮੱਤ ਬਖ਼ਸ਼ਦਾ ਹੈ।

ਤਾ ਕਉ ਕੋਈ ਅਪਰਿ ਨ ਸਾਕੈ ਜਾ ਕੀ ਭਗਤਿ ਮੇਰਾ ਪ੍ਰਭੁ ਮਾਨੈ ॥੨॥

ਪਰਮਾਤਮਾ ਜਿਸ ਮਨੁੱਖ ਦੀ ਭਗਤੀ ਪਰਵਾਨ ਕਰ ਲੈਂਦਾ ਹੈ, ਕੋਈ ਹੋਰ ਮਨੁੱਖ ਉਸ ਦੀ ਬਰਾਬਰੀ ਨਹੀਂ ਕਰ ਸਕਦਾ ॥੨॥

ਹਰਿ ਕੇ ਚੋਜ ਵਿਡਾਨ ਦੇਖੁ ਜਨ ਜੋ ਖੋਟਾ ਖਰਾ ਇਕ ਨਿਮਖ ਪਛਾਨੈ ॥

ਹੇ ਸੱਜਣ! ਵੇਖ, ਉਸ ਪਰਮਾਤਮਾ ਦੇ ਕੌਤਕ ਬੜੇ ਹੈਰਾਨ ਕਰਨ ਵਾਲੇ ਹਨ ਜੋ ਅੱਖ ਝਮਕਣ ਜਿਤਨੇ ਸਮੇ ਵਿਚ ਹੀ ਖੋਟੇ ਖਰੇ ਮਨੁੱਖ ਨੂੰ ਪਛਾਣ ਲੈਂਦਾ ਹੈ।

ਤਾ ਤੇ ਜਨ ਕਉ ਅਨਦੁ ਭਇਆ ਹੈ ਰਿਦ ਸੁਧ ਮਿਲੇ ਖੋਟੇ ਪਛੁਤਾਨੈ ॥੩॥

ਸੁੱਧ ਹਿਰਦੇ ਵਾਲੇ ਮਨੁੱਖ ਉਸ ਨੂੰ ਮਿਲ ਪੈਂਦੇ ਹਨ, ਖੋਟੇ ਮਨੁੱਖ ਪਛੁਤਾਂਦੇ ਹੀ ਰਹਿ ਜਾਂਦੇ ਹਨ। ਤਾਹੀਏਂ ਭਗਤ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ (ਕਿਉਂਕਿ ਭਗਤ ਨੂੰ ਪ੍ਰਭੂ ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈ) ॥੩॥

ਤੁਮ ਹਰਿ ਦਾਤੇ ਸਮਰਥ ਸੁਆਮੀ ਇਕੁ ਮਾਗਉ ਤੁਝ ਪਾਸਹੁ ਹਰਿ ਦਾਨੈ ॥

ਹੇ ਹਰੀ! ਤੁਸੀਂ ਸਭ ਦਾਤਾਂ ਦੇਣ ਵਾਲੇ ਸਭ ਤਾਕਤਾਂ ਦੇ ਮਾਲਕ ਸੁਆਮੀ ਹੋ। ਹੇ ਹਰੀ! ਮੈਂ ਤੇਰੇ ਪਾਸੋਂ ਇਕ ਖ਼ੈਰ ਮੰਗਦਾ ਹਾਂ।

ਜਨ ਨਾਨਕ ਕਉ ਹਰਿ ਕ੍ਰਿਪਾ ਕਰਿ ਦੀਜੈ ਸਦ ਬਸਹਿ ਰਿਦੈ ਮੋਹਿ ਹਰਿ ਚਰਾਨੈ ॥੪॥੫॥

ਮਿਹਰ ਕਰ ਕੇ (ਆਪਣੇ) ਦਾਸ ਨਾਨਕ ਨੂੰ (ਇਹ ਦਾਨ) ਦੇਹ ਕਿ, ਹੇ ਹਰੀ! ਤੇਰੇ ਚਰਨ ਮੇਰੇ ਹਿਰਦੇ ਵਿਚ ਸਦਾ ਵੱਸਦੇ ਰਹਿਣ ॥੪॥੫॥


ਕਲਿਆਨ ਮਹਲਾ ੪ ॥
ਪ੍ਰਭ ਕੀਜੈ ਕ੍ਰਿਪਾ ਨਿਧਾਨ ਹਮ ਹਰਿ ਗੁਨ ਗਾਵਹਗੇ ॥

ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮਿਹਰ ਕਰ, ਅਸੀਂ (ਜੀਵ) ਤੇਰੇ ਗੁਣ ਗਾਂਦੇ ਰਹੀਏ।

ਹਉ ਤੁਮਰੀ ਕਰਉ ਨਿਤ ਆਸ ਪ੍ਰਭ ਮੋਹਿ ਕਬ ਗਲਿ ਲਾਵਹਿਗੇ ॥੧॥ ਰਹਾਉ ॥

ਹੇ ਪ੍ਰਭੂ! ਮੈਂ ਸਦਾ ਤੇਰੀ (ਮਿਹਰ ਦੀ ਹੀ) ਆਸ ਕਰਦਾ ਰਹਿੰਦਾ ਹਾਂ ਕਿ ਪ੍ਰਭੂ ਜੀ ਮੈਨੂੰ ਕਦੋਂ (ਆਪਣੇ) ਗਲ ਨਾਲ ਲਾਣਗੇ ॥੧॥ ਰਹਾਉ ॥

ਹਮ ਬਾਰਿਕ ਮੁਗਧ ਇਆਨ ਪਿਤਾ ਸਮਝਾਵਹਿਗੇ ॥

ਅਸੀਂ ਜੀਵ ਮੂਰਖ ਅੰਞਾਣ ਬੱਚੇ ਹਾਂ, ਪ੍ਰਭੂ-ਪਿਤਾ ਜੀ (ਸਾਨੂੰ ਸਦਾ) ਸਮਝਾਂਦੇ ਰਹਿੰਦੇ ਹਨ।

ਸੁਤੁ ਖਿਨੁ ਖਿਨੁ ਭੂਲਿ ਬਿਗਾਰਿ ਜਗਤ ਪਿਤ ਭਾਵਹਿਗੇ ॥੧॥

ਪੁੱਤਰ ਮੁੜ ਮੁੜ ਹਰ ਵੇਲੇ ਭੁੱਲਦਾ ਹੈ ਵਿਗਾੜ ਕਰਦਾ ਹੈ, ਪਰ ਜਗਤ ਦੇ ਪਿਤਾ ਨੂੰ (ਜੀਵ ਬੱਚੇ ਫਿਰ ਭੀ) ਪਿਆਰੇ (ਹੀ) ਲੱਗਦੇ ਹਨ ॥੧॥

ਜੋ ਹਰਿ ਸੁਆਮੀ ਤੁਮ ਦੇਹੁ ਸੋਈ ਹਮ ਪਾਵਹਗੇ ॥

ਹੇ ਹਰੀ! ਹੇ ਸੁਆਮੀ! ਜੋ ਕੁਝ ਤੂੰ (ਆਪ) ਦੇਂਦਾ ਹੈਂ, ਉਹੀ ਕੁਝ ਅਸੀਂ ਲੈ ਸਕਦੇ ਹਾਂ।

ਮੋਹਿ ਦੂਜੀ ਨਾਹੀ ਠਉਰ ਜਿਸੁ ਪਹਿ ਹਮ ਜਾਵਹਗੇ ॥੨॥

(ਤੈਥੋਂ ਬਿਨਾ) ਮੈਨੂੰ ਕੋਈ ਹੋਰ ਥਾਂ ਨਹੀਂ ਸੁੱਝਦੀ, ਜਿਸ ਕੋਲ ਅਸੀਂ ਜੀਵ ਜਾ ਸਕੀਏ ॥੨॥

ਜੋ ਹਰਿ ਭਾਵਹਿ ਭਗਤ ਤਿਨਾ ਹਰਿ ਭਾਵਹਿਗੇ ॥

ਜਿਹੜੇ ਭਗਤ ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹਨਾਂ ਨੂੰ ਪ੍ਰਭੂ ਜੀ ਪਿਆਰੇ ਲੱਗਦੇ ਹਨ।

ਜੋਤੀ ਜੋਤਿ ਮਿਲਾਇ ਜੋਤਿ ਰਲਿ ਜਾਵਹਗੇ ॥੩॥

(ਉਹ ਭਗਤ) ਪ੍ਰਭੂ ਦੀ ਜੋਤਿ ਵਿਚ ਆਪਣੀ ਜਿੰਦ ਮਿਲਾ ਕੇ ਪ੍ਰਭੂ ਦੀ ਜੋਤਿ ਨਾਲ ਇਕ-ਮਿਕ ਹੋਏ ਰਹਿੰਦੇ ਹਨ ॥੩॥

ਹਰਿ ਆਪੇ ਹੋਇ ਕ੍ਰਿਪਾਲੁ ਆਪਿ ਲਿਵ ਲਾਵਹਿਗੇ ॥

ਪ੍ਰਭੂ ਜੀ ਆਪ ਹੀ ਦਇਆਲ ਹੋ ਕੇ (ਜੀਵਾਂ ਦੇ ਅੰਦਰ) ਆਪ (ਹੀ ਆਪਣਾ) ਪਿਆਰ ਪੈਦਾ ਕਰਦੇ ਹਨ।

ਜਨੁ ਨਾਨਕੁ ਸਰਨਿ ਦੁਆਰਿ ਹਰਿ ਲਾਜ ਰਖਾਵਹਿਗੇ ॥੪॥੬॥ ਛਕਾ ੧ ॥

ਦਾਸ ਨਾਨਕ ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ, ਪ੍ਰਭੂ ਦੇ ਦਰ ਤੇ (ਡਿੱਗਾ) ਰਹਿੰਦਾ ਹੈ। (ਪ੍ਰਭੂ ਜੀ ਦਰ ਪਏ ਦੀ) ਆਪ ਹੀ ਇੱਜ਼ਤ ਰੱਖਦੇ ਹਨ ॥੪॥੬॥ ਛਕਾ ੧ ॥


ਰਾਗੁ ਕਲਿਆਨੁ ਮਹਲਾ ੫ ਘਰੁ ੧ ॥

ਰਾਗ ਕਲਿਆਨੁ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਹਮਾਰੈ ਏਹ ਕਿਰਪਾ ਕੀਜੈ ॥

ਹੇ ਪ੍ਰਭੂ! ਮੇਰੇ ਉੱਤੇ ਇਹ ਮਿਹਰ ਕਰ-

ਅਲਿ ਮਕਰੰਦ ਚਰਨ ਕਮਲ ਸਿਉ ਮਨੁ ਫੇਰਿ ਫੇਰਿ ਰੀਝੈ ॥੧॥ ਰਹਾਉ ॥

ਕਿ (ਜਿਵੇਂ) ਭੌਰਾ ਫੁੱਲ ਦੇ ਰਸ ਨਾਲ ਰੀਝਿਆ ਰਹਿੰਦਾ ਹੈ, (ਤਿਵੇਂ ਮੇਰਾ ਮਨ) (ਤੇਰੇ) ਸੋਹਣੇ ਚਰਨਾਂ ਨਾਲ ਮੁੜ ਮੁੜ ਲਪਟਿਆ ਰਹੇ ॥੧॥ ਰਹਾਉ ॥

ਆਨ ਜਲਾ ਸਿਉ ਕਾਜੁ ਨ ਕਛੂਐ ਹਰਿ ਬੂੰਦ ਚਾਤ੍ਰਿਕ ਕਉ ਦੀਜੈ ॥੧॥

ਹੇ ਪ੍ਰਭੂ! (ਜਿਵੇਂ) ਪਪੀਹੇ ਨੂੰ (ਵਰਖਾ ਦੀ ਬੂੰਦ ਤੋਂ ਬਿਨਾ) ਹੋਰ ਪਾਣੀਆਂ ਨਾਲ ਕੋਈ ਗ਼ਰਜ਼ ਨਹੀਂ ਹੁੰਦੀ, ਤਿਵੇਂ ਮੈਨੂੰ ਪਪੀਹੇ ਨੂੰ (ਆਪਣੇ ਨਾਮ ਅੰਮ੍ਰਿਤ ਦੀ) ਬੂੰਦ ਦੇਹ ॥੧॥

ਬਿਨੁ ਮਿਲਬੇ ਨਾਹੀ ਸੰਤੋਖਾ ਪੇਖਿ ਦਰਸਨੁ ਨਾਨਕੁ ਜੀਜੈ ॥੨॥੧॥

ਹੇ ਪ੍ਰਭੂ! ਤੇਰੇ ਮਿਲਾਪ ਤੋਂ ਬਿਨਾ (ਮੇਰੇ ਅੰਦਰ) ਠੰਢ ਨਹੀਂ ਪੈਂਦੀ, (ਮਿਹਰ ਕਰ; ਤੇਰਾ ਦਾਸ) ਨਾਨਕ (ਤੇਰਾ) ਦਰਸਨ ਕਰ ਕੇ ਆਤਮਕ ਜੀਵਨ ਹਾਸਲ ਕਰਦਾ ਰਹੇ ॥੨॥੧॥

ਕਲਿਆਨ ਮਹਲਾ ੫ ॥
ਜਾਚਿਕੁ ਨਾਮੁ ਜਾਚੈ ਜਾਚੈ ॥

(ਤੇਰੇ ਦਰ ਦਾ) ਮੰਗਤਾ (ਤੇਰੇ ਦਰ ਤੋਂ) ਨਿੱਤ ਮੰਗਦਾ ਰਹਿੰਦਾ ਹੈ,

ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ॥੧॥ ਰਹਾਉ ॥

ਹੇ ਸਭ ਜੀਵਾਂ ਦੇ ਆਸਰੇ ਪ੍ਰਭੂ! ਹੇ ਸਭ ਜੀਵਾਂ ਦੇ ਮਾਲਕ! ਹੇ ਸਾਰੇ ਸੁਖਾਂ ਦੇ ਦੇਣ ਵਾਲੇ! (ਸਾਰਾ ਜਗਤ ਤੇਰੇ ਅੱਗੇ ਭਿਖਾਰੀ ਹੈ) ॥੧॥ ਰਹਾਉ ॥

ਕੇਤੀ ਕੇਤੀ ਮਾਂਗਨਿ ਮਾਗੈ ਭਾਵਨੀਆ ਸੋ ਪਾਈਐ ॥੧॥

ਬੇਅੰਤ ਲੁਕਾਈ (ਪ੍ਰਭੂ ਦੇ ਦਰ ਤੋਂ) ਹਰੇਕ ਮੰਗ ਮੰਗਦੀ ਰਹਿੰਦੀ ਹੈ, ਜਿਹੜੀ ਭੀ ਮਨ ਦੀ ਮੁਰਾਦ ਹੁੰਦੀ ਹੈ ਉਹ ਹਾਸਲ ਕਰ ਲਈਦੀ ਹੈ ॥੧॥

ਸਫਲ ਸਫਲ ਸਫਲ ਦਰਸੁ ਰੇ ਪਰਸਿ ਪਰਸਿ ਗੁਨ ਗਾਈਐ ॥

ਹੇ ਭਾਈ! ਪ੍ਰਭੂ ਐਸਾ ਹੈ ਜਿਸ ਦਾ ਦਰਸਨ ਸਾਰੇ ਹੀ ਫਲ ਦੇਣ ਵਾਲਾ ਹੈ। ਆਓ ਉਸ ਦੇ ਚਰਨ ਸਦਾ ਛੁਹ ਛੁਹ ਕੇ ਉਸ ਦੇ ਗੁਣ ਗਾਂਦੇ ਰਹੀਏ।

ਨਾਨਕ ਤਤ ਤਤ ਸਿਉ ਮਿਲੀਐ ਹੀਰੈ ਹੀਰੁ ਬਿਧਾਈਐ ॥੨॥੨॥

ਹੇ ਨਾਨਕ! (ਜਿਵੇਂ ਪਾਣੀ ਆਦਿਕ) ਤੱਤ (ਪਾਣੀ) ਤੱਤ ਨਾਲ ਮਿਲ ਜਾਂਦਾ ਹੈ (ਤਿਵੇਂ ਗੁਣ ਗਾਵਣ ਦੀ ਬਰਕਤਿ ਨਾਲ) ਮਨ-ਹੀਰਾ ਪ੍ਰਭੂ-ਹੀਰੇ ਨਾਲ ਵਿੰਨ੍ਹ ਲਈਦਾ ਹੈ ॥੨॥੨॥


ਕਲਿਆਨ ਮਹਲਾ ੫ ॥
ਮੇਰੇ ਲਾਲਨ ਕੀ ਸੋਭਾ ॥

ਮੇਰੇ ਸੋਹਣੇ ਪ੍ਰਭੂ ਦੀ ਸੋਭਾ-ਵਡਿਆਈ-

ਸਦ ਨਵਤਨ ਮਨ ਰੰਗੀ ਸੋਭਾ ॥੧॥ ਰਹਾਉ ॥

ਸਦਾ ਹੀ ਨਵੀਂ (ਰਹਿੰਦੀ ਹੈ, ਖਿੱਚ ਪਾਂਦੀ ਰਹਿੰਦੀ ਹੈ, ਅਤੇ) ਸਦਾ ਹੀ ਮਨ ਨੂੰ (ਪਿਆਰ ਦਾ) ਰੰਗ ਚਾੜ੍ਹਦੀ ਰਹਿੰਦੀ ਹੈ ॥੧॥ ਰਹਾਉ ॥

ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਭਗਤਿ ਦਾਨੁ ਜਸੁ ਮੰਗੀ ॥੧॥

ਬ੍ਰਹਮਾ, ਸ਼ਿਵ, ਸਿੱਧ, ਮੁਨੀ, ਇੰਦ੍ਰ, (ਆਦਿਕ ਦੇਵਤੇ)-ਇਹ ਸਾਰੇ (ਪ੍ਰਭੂ ਦੇ ਦਰ ਤੋਂ ਉਸ ਦੀ) ਭਗਤੀ ਦਾ ਦਾਨ ਮੰਗਦੇ ਹਨ, ਉਸ ਦੀ ਸਿਫ਼ਤ-ਸਾਲਾਹ ਦੀ ਦਾਤ ਮੰਗਦੇ ਰਹਿੰਦੇ ਹਨ ॥੧॥

ਜੋਗ ਗਿਆਨ ਧਿਆਨ ਸੇਖਨਾਗੈ ਸਗਲ ਜਪਹਿ ਤਰੰਗੀ ॥

ਜੋਗੀ, ਗਿਆਨੀ, ਧਿਆਨੀ, ਸ਼ੇਸ਼ਨਾਗ (ਆਦਿਕ ਇਹ) ਸਾਰੇ ਉਸ ਅਨੇਕਾਂ ਚੋਜਾਂ ਦੇ ਮਾਲਕ-ਪ੍ਰਭੂ ਦਾ ਨਾਮ ਜਪਦੇ ਰਹਿੰਦੇ ਹਨ।

ਕਹੁ ਨਾਨਕ ਸੰਤਨ ਬਲਿਹਾਰੈ ਜੋ ਪ੍ਰਭ ਕੇ ਸਦ ਸੰਗੀ ॥੨॥੩॥

ਨਾਨਕ ਆਖਦਾ ਹੈ- ਮੈਂ ਉਹਨਾਂ ਸੰਤ ਜਨਾਂ ਤੋਂ ਕੁਰਬਾਨ ਜਾਂਦਾ ਹਾਂ, ਜਿਹੜੇ ਪਰਮਾਤਮਾ ਦੇ ਸਦਾ ਸਾਥੀ ਬਣੇ ਰਹਿੰਦੇ ਹਨ ॥੨॥੩॥


ਕਲਿਆਨ ਮਹਲਾ ੫ ਘਰੁ ੨ ॥

ਰਾਗ ਕਲਿਆਨੁ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਤੇਰੈ ਮਾਨਿ ਹਰਿ ਹਰਿ ਮਾਨਿ ॥

ਹੇ ਹਰੀ! ਤੇਰੇ (ਬਖ਼ਸ਼ੇ) ਪਿਆਰ ਦੀ ਬਰਕਤਿ ਨਾਲ, ਹੇ ਹਰੀ! ਤੇਰੇ ਦਿੱਤੇ ਪ੍ਰੇਮ ਦੀ ਰਾਹੀਂ;

ਨੈਨ ਬੈਨ ਸ੍ਰਵਨ ਸੁਨੀਐ ਅੰਗ ਅੰਗੇ ਸੁਖ ਪ੍ਰਾਨਿ ॥੧॥ ਰਹਾਉ ॥

ਅੱਖਾਂ ਨਾਲ (ਤੇਰਾ ਦਰਸਨ ਹਰ ਥਾਂ ਕਰੀਦਾ ਹੈ) ਬਚਨਾਂ ਨਾਲ (ਤੇਰੀ ਸਿਫ਼ਤ-ਸਾਲਾਹ ਕਰੀਦੀ ਹੈ) ਕੰਨਾਂ ਨਾਲ (ਤੇਰੀ ਸਿਫ਼ਤ-ਸਾਲਾਹ) ਸੁਣੀਦੀ ਹੈ, ਹਰੇਕ ਅੰਗ ਵਿਚ ਹਰੇਕ ਸਾਹ ਦੇ ਨਾਲ ਆਨੰਦ (ਪ੍ਰਾਪਤ ਹੁੰਦਾ ਹੈ) ॥੧॥ ਰਹਾਉ ॥

ਇਤ ਉਤ ਦਹ ਦਿਸਿ ਰਵਿਓ ਮੇਰ ਤਿਨਹਿ ਸਮਾਨਿ ॥੧॥

(ਪ੍ਰਭੂ ਤੋਂ ਮਿਲੇ ਪਿਆਰ ਦੀ ਬਰਕਤਿ ਨਾਲ ਉਹ ਪ੍ਰਭੂ) ਹਰ ਥਾਂ ਦਸੀਂ ਪਾਸੀਂ ਵਿਆਪਕ ਦਿੱਸ ਪੈਂਦਾ ਹੈ, ਸੁਮੇਰ ਪਰਬਤ ਅਤੇ ਤੀਲੇ ਵਿਚ ਇਕੋ ਜਿਹਾ ॥੧॥

ਜਤ ਕਤਾ ਤਤ ਪੇਖੀਐ ਹਰਿ ਪੁਰਖ ਪਤਿ ਪਰਧਾਨ ॥

ਉਹ ਪਰਧਾਨ ਪੁਰਖ ਉਹ ਸਾਰੇ ਜੀਵਾਂ ਦਾ ਮਾਲਕ ਹਰੀ ਹਰ ਥਾਂ ਵੱਸਦਾ ਦਿੱਸਣ ਲੱਗ ਪੈਂਦਾ ਹੈ।

ਸਾਧਸੰਗਿ ਭ੍ਰਮ ਭੈ ਮਿਟੇ ਕਥੇ ਨਾਨਕ ਬ੍ਰਹਮ ਗਿਆਨ ॥੨॥੧॥੪॥

ਹੇ ਨਾਨਕ! ਸਾਧ ਸੰਗਤ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤਿਆਂ ਸਾਰੇ ਭਰਮ ਸਾਰੇ ਡਰ ਮਿਟ ਜਾਂਦੇ ਹਨ ॥੨॥੧॥੪॥


ਕਲਿਆਨ ਮਹਲਾ ੫ ॥
ਗੁਨ ਨਾਦ ਧੁਨਿ ਅਨੰਦ ਬੇਦ ॥

(ਪਰਮਾਤਮਾ ਦੇ) ਗੁਣ (ਗਾਵਣੇ, ਜੋਗੀਆਂ ਦੇ) ਨਾਦ (ਵਜਾਣੇ ਹਨ), (ਪ੍ਰਭੂ ਦੇ ਗੁਣ ਗਾਵਣ ਤੋਂ ਪੈਦਾ ਹੋਈ) ਆਨੰਦ ਦੀ ਰੌ (ਹੀ) ਵੇਦ ਹਨ।

ਕਥਤ ਸੁਨਤ ਮੁਨਿ ਜਨਾ ਮਿਲਿ ਸੰਤ ਮੰਡਲੀ ॥੧॥ ਰਹਾਉ ॥

ਉਹ ਸੇਵਕ ਜਿਨ੍ਹਾਂ ਨੇ ਆਪਣੇ ਮਨ ਨੂੰ ਵਿਕਾਰਾਂ ਵਲੋਂ ਚੁੱਪ ਕਰਾ ਲਿਆ ਹੁੰਦਾ ਹੈ ਸਾਧ ਸੰਗਤ ਵਿਚ ਮਿਲ ਕੇ ਇਹੀ ਗੁਣ ਗਾਂਦੇ ਹਨ ਅਤੇ ਸੁਣਦੇ ਹਨ ॥੧॥ ਰਹਾਉ ॥

ਗਿਆਨ ਧਿਆਨ ਮਾਨ ਦਾਨ ਮਨ ਰਸਿਕ ਰਸਨ ਨਾਮੁ ਜਪਤ ਤਹ ਪਾਪ ਖੰਡਲੀ ॥੧॥

(ਸਾਧ ਸੰਗਤ ਵਿਚ ਜਿੱਥੇ) ਆਤਮਕ ਜੀਵਨ ਦੀ ਸੂਝ ਪ੍ਰਾਪਤ ਹੁੰਦੀ ਹੈ, ਜਿੱਥੇ ਪ੍ਰਭੂ-ਚਰਨਾਂ ਵਿਚ ਸੁਰਤ ਜੁੜਦੀ ਹੈ, ਜਿਥੇ ਹਰਿ-ਨਾਮ ਨਾਲ ਪਿਆਰ ਬਣਦਾ ਹੈ, ਜਿੱਥੇ ਹਰਿ-ਨਾਮ ਹੋਰਨਾਂ ਨੂੰ ਵੰਡਿਆ ਜਾਂਦਾ ਹੈ, ਉੱਥੇ ਰਸੀਏ ਮਨ (ਆਪਣੀ) ਜੀਭ ਨਾਲ ਨਾਮ ਜਪਦੇ ਹਨ, ਉੱਥੇ ਸਾਰੇ ਪਾਪ ਨਾਸ ਹੋ ਜਾਂਦੇ ਹਨ ॥੧॥

ਜੋਗ ਜੁਗਤਿ ਗਿਆਨ ਭੁਗਤਿ ਸੁਰਤਿ ਸਬਦ ਤਤ ਬੇਤੇ ਜਪੁ ਤਪੁ ਅਖੰਡਲੀ ॥

ਪ੍ਰਭੂ ਨਾਲ ਮਿਲਾਪ ਦੀ ਜੁਗਤਿ ਦੇ ਭੇਤ ਨੂੰ ਜਾਣਨ ਵਾਲੇ, ਆਤਮਕ ਜੀਵਨ ਦੀ ਸੂਝ-ਰੂਪ ਆਤਮਕ ਖ਼ੁਰਾਕ ਦੇ ਭੇਤ ਨੂੰ ਜਾਣਨ ਵਾਲੇ, ਗੁਰੂ ਦੇ ਸ਼ਬਦ ਦੀ ਲਗਨ ਦੇ ਭੇਤ ਨੂੰ ਜਾਣਨ ਵਾਲੇ ਮਨੁੱਖ (ਸਾਧ ਸੰਗਤ ਵਿਚ ਟਿਕ ਕੇ ਇਹੀ ਨਾਮ-ਸਿਮਰਨ ਦਾ) ਜਪ ਅਤੇ ਤਪ ਸਦਾ ਕਰਦੇ ਹਨ।

ਓਤਿ ਪੋਤਿ ਮਿਲਿ ਜੋਤਿ ਨਾਨਕ ਕਛੂ ਦੁਖੁ ਨ ਡੰਡਲੀ ॥੨॥੨॥੫॥

ਹੇ ਨਾਨਕ! ਉਹ ਮਨੁੱਖ ਰੱਬੀ ਜੋਤਿ ਨਾਲ ਮਿਲ ਕੇ ਤਾਣੇ ਪੇਟੇ ਵਾਂਗ (ਉਸ ਨਾਲ) ਇੱਕ-ਰੂਪ ਹੋ ਜਾਂਦੇ ਹਨ, (ਉਹਨਾਂ ਨੂੰ) ਕੋਈ ਭੀ ਦੁੱਖ ਦੁਖੀ ਨਹੀਂ ਕਰ ਸਕਦਾ ॥੨॥੨॥੫॥


ਕਲਿਆਨੁ ਮਹਲਾ ੫ ॥
ਕਉਨੁ ਬਿਧਿ ਤਾ ਕੀ ਕਹਾ ਕਰਉ ॥

(ਵਿਕਾਰਾਂ ਤੋਂ ਖ਼ਲਾਸੀ ਪਰਮਾਤਮਾ ਦੇ ਨਾਮ-ਰਸ ਦੀ ਬਰਕਤਿ ਨਾਲ ਹੀ ਹੋ ਸਕਦੀ ਹੈ। ਸੋ,) ਉਸ (ਪਰਮਾਤਮਾ ਦੇ ਮਿਲਾਪ) ਦਾ ਮੈਂ ਕਿਹੜਾ ਤਰੀਕਾ ਵਰਤਾਂ, ਮੈਂ ਕਿਹੜਾ ਉੱਦਮ ਕਰਾਂ?

ਧਰਤ ਧਿਆਨੁ ਗਿਆਨੁ ਸਸਤ੍ਰਗਿਆ ਅਜਰ ਪਦੁ ਕੈਸੇ ਜਰਉ ॥੧॥ ਰਹਾਉ ॥

(ਅਨੇਕਾਂ ਐਸੇ ਹਨ ਜੋ) ਸਮਾਧੀਆਂ ਲਾਂਦੇ ਹਨ, (ਅਨੇਕਾਂ ਐਸੇ ਹਨ ਜੋ) ਸ਼ਾਸਤ੍ਰ-ਵੇੱਤਾ ਸ਼ਾਸਤ੍ਰਾਰਥ ਕਰਦੇ ਰਹਿੰਦੇ ਹਨ (ਪਰ ਇਹਨਾਂ ਤਰੀਕਿਆਂ ਨਾਲ ਵਿਕਾਰਾਂ ਤੋਂ ਮੁਕਤੀ ਨਹੀਂ ਮਿਲਦੀ। ਵਿਕਾਰਾਂ ਦਾ ਦਬਾਉ ਪਿਆ ਹੀ ਰਹਿੰਦਾ ਹੈ, ਤੇ, ਇਹ) ਇਕ ਅਜਿਹੀ (ਨਿਘਰੀ ਹੋਈ) ਆਤਮਕ ਅਵਸਥਾ ਹੈ ਜੋ (ਹੁਣ) ਸਹਾਰੀ ਨਹੀਂ ਜਾ ਸਕਦੀ। ਮੈਂ ਇਸ ਨੂੰ ਸਹਾਰ ਨਹੀਂ ਸਕਦਾ (ਮੈਂ ਇਸ ਨੂੰ ਆਪਣੇ ਅੰਦਰ ਕਾਇਮ ਨਹੀਂ ਰਹਿਣ ਦੇ ਸਕਦਾ) ॥੧॥ ਰਹਾਉ ॥

ਬਿਸਨ ਮਹੇਸ ਸਿਧ ਮੁਨਿ ਇੰਦ੍ਰਾ ਕੈ ਦਰਿ ਸਰਨਿ ਪਰਉ ॥੧॥

ਵਿਸ਼ਨੂੰ, ਸ਼ਿਵ, ਸਿੱਧ, ਮੁਨੀ, ਇੰਦਰ ਦੇਵਤਾ (ਅਨੇਕਾਂ ਸੁਣੀਦੇ ਹਨ ਵਰ ਦੇਣ ਵਾਲੇ। ਪਰ ਵਿਕਾਰਾਂ ਤੋਂ ਮੁਕਤੀ ਹਾਸਲ ਕਰਨ ਲਈ ਇਹਨਾਂ ਵਿਚੋਂ) ਮੈਂ ਕਿਸ ਦੇ ਦਰ ਤੇ ਜਾਵਾਂ? ਮੈਂ ਕਿਸ ਦੀ ਸਰਨ ਪਵਾਂ? ॥੧॥

ਕਾਹੂ ਪਹਿ ਰਾਜੁ ਕਾਹੂ ਪਹਿ ਸੁਰਗਾ ਕੋਟਿ ਮਧੇ ਮੁਕਤਿ ਕਹਉ ॥

ਕਿਸੇ ਪਾਸ ਰਾਜ (ਦੇਣ ਦੀ ਤਾਕਤ ਸੁਣੀਦੀ) ਹੈ, ਕਿਸੇ ਪਾਸ ਸੁਰਗ (ਦੇਣ ਦੀ ਸਮਰਥਾ ਸੁਣੀ ਜਾ ਰਹੀ) ਹੈ। ਪਰ ਕ੍ਰੋੜਾਂ ਵਿਚੋਂ ਕੋਈ ਵਿਰਲਾ ਹੀ (ਐਸਾ ਹੋ ਸਕਦਾ ਹੈ, ਜਿਸ ਪਾਸ ਜਾ ਕੇ) ਮੈਂ (ਇਹ) ਆਖਾਂ (ਕਿ) ਵਿਕਾਰਾਂ ਤੋਂ ਖ਼ਲਾਸੀ (ਮਿਲ ਜਾਏ)।

ਕਹੁ ਨਾਨਕ ਨਾਮ ਰਸੁ ਪਾਈਐ ਸਾਧੂ ਚਰਨ ਗਹਉ ॥੨॥੩॥੬॥

ਨਾਨਕ ਆਖਦਾ ਹੈ- (ਮੁਕਤੀ ਹਰਿ-ਨਾਮ ਤੋਂ ਹੀ ਮਿਲਦੀ ਹੈ, ਤੇ) ਨਾਮ ਦਾ ਸੁਆਦ (ਤਦੋਂ ਹੀ) ਮਿਲ ਸਕਦਾ ਹੈ (ਜਦੋਂ) ਮੈਂ ਗੁਰੂ ਦੇ ਚਰਨ (ਜਾ) ਫੜਾਂ ॥੨॥੩॥੬॥


ਕਲਿਆਨ ਮਹਲਾ ੫ ॥
ਪ੍ਰਾਨਪਤਿ ਦਇਆਲ ਪੁਰਖ ਪ੍ਰਭ ਸਖੇ ॥

ਹੇ (ਜੀਵਾਂ ਦੀ) ਜਿੰਦ ਦੇ ਮਾਲਕ! ਹੇ ਦਇਆ ਦੇ ਘਰ ਪੁਰਖ ਪ੍ਰਭੂ! ਹੇ ਮਿੱਤਰ!

ਗਰਭ ਜੋਨਿ ਕਲਿ ਕਾਲ ਜਾਲ ਦੁਖ ਬਿਨਾਸਨੁ ਹਰਿ ਰਖੇ ॥੧॥ ਰਹਾਉ ॥

ਹੇ ਹਰੀ! ਤੂੰ ਹੀ ਗਰਭ-ਜੋਨਿ ਦਾ ਨਾਸ ਕਰਨ ਵਾਲਾ ਹੈਂ (ਜੂਨਾਂ ਦੇ ਗੇੜ ਵਿਚੋਂ ਕੱਢਣ ਵਾਲਾ ਹੈਂ), ਤੂੰ ਹੀ ਝਗੜੇ ਕਲੇਸ਼ਾਂ ਦਾ ਨਾਸ ਕਰਨ ਵਾਲਾ ਹੈਂ, ਤੂੰ ਹੀ ਆਤਮਕ ਮੌਤ ਲਿਆਉਣ ਵਾਲੀਆਂ ਮੋਹ ਦੀਆਂ ਫਾਹੀਆਂ ਕੱਟਣ ਵਾਲਾ ਹੈਂ, ਤੂੰ ਹੀ ਦੁੱਖਾਂ ਦਾ ਨਾਸ ਕਰਨ ਵਾਲਾ ਹੈਂ, ਤੂੰ ਹੀ ਰਾਖਾ ਹੈਂ ॥੧॥ ਰਹਾਉ ॥

ਨਾਮ ਧਾਰੀ ਸਰਨਿ ਤੇਰੀ ॥

(ਹੇ ਪ੍ਰਭੂ) ਮੈਂ ਤੇਰੀ ਸਰਨ ਆਇਆ ਹਾਂ, (ਮਿਹਰ ਕਰ, ਮੈਂ ਤੇਰਾ) ਨਾਮ (ਆਪਣੇ ਅੰਦਰ) ਵਸਾਈ ਰੱਖਾਂ,

ਪ੍ਰਭ ਦਇਆਲ ਟੇਕ ਮੇਰੀ ॥੧॥

ਹੇ ਦਇਆਲ ਪ੍ਰਭੂ! ਮੈਨੂੰ ਇਕ ਤੇਰਾ ਹੀ ਸਹਾਰਾ ਹੈ ॥੧॥

ਅਨਾਥ ਦੀਨ ਆਸਵੰਤ ॥

ਨਿਮਾਣੇ ਤੇ ਗਰੀਬ (ਇਕ ਤੇਰੀ ਹੀ ਸਹਾਇਤਾ ਦੀ) ਆਸ ਰੱਖਦੇ ਹਨ।

ਨਾਮੁ ਸੁਆਮੀ ਮਨਹਿ ਮੰਤ ॥੨॥

ਹੇ ਸੁਆਮੀ! (ਮਿਹਰ ਕਰ, ਤੇਰਾ) ਨਾਮ-ਮੰਤ੍ਰ (ਮੇਰੇ) ਮਨ ਵਿਚ (ਟਿਕਿਆ ਰਹੇ) ॥੨॥

ਤੁਝ ਬਿਨਾ ਪ੍ਰਭ ਕਿਛੂ ਨ ਜਾਨੂ ॥

ਹੇ ਪ੍ਰਭੂ! ਤੇਰੀ ਸਰਨ ਪਏ ਰਹਿਣ ਤੋਂ ਬਿਨਾ ਮੈਂ ਹੋਰ ਕੁਝ ਭੀ ਨਹੀਂ ਜਾਣਦਾ।

ਸਰਬ ਜੁਗ ਮਹਿ ਤੁਮ ਪਛਾਨੂ ॥੩॥

ਸਾਰੇ ਜੁਗਾਂ ਵਿਚ ਤੂੰ ਹੀ (ਅਸਾਂ ਜੀਵਾਂ ਦਾ) ਮਿੱਤਰ ਹੈਂ ॥੩॥

ਹਰਿ ਮਨਿ ਬਸੇ ਨਿਸਿ ਬਾਸਰੋ ॥

ਹੇ ਹਰੀ! ਦਿਨ ਰਾਤ (ਮੇਰੇ) ਮਨ ਵਿਚ ਟਿਕਿਆ ਰਹੁ।

ਗੋਬਿੰਦ ਨਾਨਕ ਆਸਰੋ ॥੪॥੪॥੭॥

ਹੇ ਗੋਬਿੰਦ! ਤੂੰ ਹੀ ਨਾਨਕ ਦਾ ਆਸਰਾ ਹੈਂ ॥੪॥੪॥੭॥


ਕਲਿਆਨ ਮਹਲਾ ੫ ॥
ਮਨਿ ਤਨਿ ਜਾਪੀਐ ਭਗਵਾਨ ॥

ਮਨ ਵਿਚ ਹਿਰਦੇ ਵਿਚ (ਸਦਾ) ਭਗਵਾਨ (ਦਾ ਨਾਮ) ਜਪਦੇ ਰਹਿਣਾ ਚਾਹੀਦਾ ਹੈ।

ਗੁਰ ਪੂਰੇ ਸੁਪ੍ਰਸੰਨ ਭਏ ਸਦਾ ਸੂਖ ਕਲਿਆਨ ॥੧॥ ਰਹਾਉ ॥

(ਜਿਸ ਮਨੁੱਖ ਉੱਤੇ) ਪੂਰੇ ਸਤਿਗੁਰੂ ਜੀ ਦਇਆਲ ਹੁੰਦੇ ਹਨ (ਉਹ ਮਨੁੱਖ ਭਗਵਾਨ ਦਾ ਨਾਮ ਜਪਦਾ ਹੈ, ਜਿਸ ਦੀ ਬਰਕਤਿ ਨਾਲ ਉਸ ਦੇ ਅੰਦਰ) ਸਦਾ ਸੁਖ ਆਨੰਦ (ਬਣਿਆ ਰਹਿੰਦਾ ਹੈ) ॥੧॥ ਰਹਾਉ ॥

ਸਰਬ ਕਾਰਜ ਸਿਧਿ ਭਏ ਗਾਇ ਗੁਨ ਗੁਪਾਲ ॥

ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੇ ਗੁਣ ਗਾ ਕੇ (ਮਨੁੱਖ ਨੂੰ ਆਪਣੇ) ਸਾਰੇ ਕੰਮਾਂ ਦੀ ਸਫਲਤਾ ਪ੍ਰਾਪਤ ਹੋ ਜਾਂਦੀ ਹੈ।

ਮਿਲਿ ਸਾਧਸੰਗਤਿ ਪ੍ਰਭੂ ਸਿਮਰੇ ਨਾਠਿਆ ਦੁਖ ਕਾਲ ॥੧॥

ਜਿਸ ਮਨੁੱਖ ਨੇ ਸਾਧ ਸੰਗਤ ਵਿਚ ਮਿਲ ਕੇ ਪ੍ਰਭੂ ਜੀ ਦਾ ਨਾਮ ਸਿਮਰਿਆ ਉਸ ਦੇ ਆਤਮਕ ਮੌਤ ਤੋਂ ਪੈਦਾ ਹੋਣ ਵਾਲੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ ॥੧॥

ਕਰਿ ਕਿਰਪਾ ਪ੍ਰਭ ਮੇਰਿਆ ਕਰਉ ਦਿਨੁ ਰੈਨਿ ਸੇਵ ॥

ਹੇ ਮੇਰੇ ਪ੍ਰਭੂ! ਮਿਹਰ ਕਰ, ਦਿਨ ਰਾਤ ਮੈਂ ਤੇਰੀ ਭਗਤੀ ਕਰਦਾ ਰਹਾਂ।

ਨਾਨਕ ਦਾਸ ਸਰਣਾਗਤੀ ਹਰਿ ਪੁਰਖ ਪੂਰਨ ਦੇਵ ॥੨॥੫॥੮॥

ਹੇ ਹਰੀ! ਹੇ ਪੁਰਖ! ਹੇ ਸਰਬ-ਗੁਣ ਭਰਪੂਰ ਦੇਵ! ਮੈਂ (ਤੇਰਾ) ਦਾਸ ਨਾਨਕ ਤੇਰੀ ਸਰਨ ਆਇਆ ਹਾਂ ॥੨॥੫॥੮॥


ਕਲਿਆਨੁ ਮਹਲਾ ੫ ॥
ਪ੍ਰਭੁ ਮੇਰਾ ਅੰਤਰਜਾਮੀ ਜਾਣੁ ॥

ਹੇ ਸਰਬ-ਗੁਣ-ਭਰਪੂਰ ਪਰਮੇਸਰ! ਤੂੰ ਮੇਰਾ ਪ੍ਰਭੂ ਹੈਂ, ਤੂੰ ਮੇਰੇ ਦਿਲ ਦੀ ਜਾਣਨ ਵਾਲਾ ਹੈਂ।

ਕਰਿ ਕਿਰਪਾ ਪੂਰਨ ਪਰਮੇਸਰ ਨਿਹਚਲੁ ਸਚੁ ਸਬਦੁ ਨੀਸਾਣੁ ॥੧॥ ਰਹਾਉ ॥

ਮਿਹਰ ਕਰ, ਮੈਨੂੰ ਸਦਾ ਅਟੱਲ ਕਾਇਮ ਰਹਿਣ ਵਾਲਾ (ਆਪਣੀ ਸਿਫ਼ਤ-ਸਾਲਾਹ ਦਾ) ਸ਼ਬਦ (ਬਖ਼ਸ਼। ਤੇਰੇ ਚਰਨਾਂ ਵਿਚ ਪਹੁੰਚਣ ਲਈ ਇਹ ਸ਼ਬਦ ਹੀ ਮੇਰੇ ਵਾਸਤੇ) ਪਰਵਾਨਾ ਹੈ ॥੧॥ ਰਹਾਉ ॥

ਹਰਿ ਬਿਨੁ ਆਨ ਨ ਕੋਈ ਸਮਰਥੁ ਤੇਰੀ ਆਸ ਤੇਰਾ ਮਨਿ ਤਾਣੁ ॥

ਹੇ ਸਭ ਜੀਵਾਂ ਨੂੰ ਦਾਤਾਂ ਦੇਣ ਵਾਲੇ ਸੁਆਮੀ! ਖਾਣ ਅਤੇ ਪਹਿਨਣ ਨੂੰ ਜੋ ਕੁਝ ਤੂੰ ਸਾਨੂੰ ਦੇਂਦਾ ਹੈਂ, ਉਹੀ ਅਸੀਂ ਵਰਤਦੇ ਹਾਂ। ਤੈਥੋਂ ਬਿਨਾ, ਹੇ ਹਰੀ! ਕੋਈ ਹੋਰ (ਇਤਨੀ) ਸਮਰਥਾ ਵਾਲਾ ਨਹੀਂ ਹੈ।

ਸਰਬ ਘਟਾ ਕੇ ਦਾਤੇ ਸੁਆਮੀ ਦੇਹਿ ਸੁ ਪਹਿਰਣੁ ਖਾਣੁ ॥੧॥

(ਮੈਨੂੰ ਸਦਾ) ਤੇਰੀ (ਸਹਾਇਤਾ ਦੀ ਹੀ) ਆਸ (ਰਹਿੰਦੀ ਹੈ, ਮੇਰੇ) ਮਨ ਵਿਚ ਤੇਰਾ ਹੀ ਸਹਾਰਾ ਰਹਿੰਦਾ ਹੈ ॥੧॥

ਸੁਰਤਿ ਮਤਿ ਚਤੁਰਾਈ ਸੋਭਾ ਰੂਪੁ ਰੰਗੁ ਧਨੁ ਮਾਣੁ ॥

(ਨਾਮ ਜਪਣ ਦੀ ਬਰਕਤਿ ਨਾਲ ਹੀ ਉੱਚੀ) ਸੁਰਤ (ਉੱਚੀ) ਮੱਤ, (ਸੁਚੱਜੇ ਜੀਵਨ ਵਾਲੀ) ਸਿਆਣਪ (ਲੋਕ ਪਰਲੋਕ ਦੀ) ਵਡਿਆਈ, (ਸੋਹਣਾ ਆਤਮਕ) ਰੂਪ ਰੰਗ, ਧਨ, ਇੱਜ਼ਤ-

ਸਰਬ ਸੂਖ ਆਨੰਦ ਨਾਨਕ ਜਪਿ ਰਾਮ ਨਾਮੁ ਕਲਿਆਣੁ ॥੨॥੬॥੯॥

ਸਾਰੇ ਸੁਖ, ਆਨੰਦ (ਇਹ ਸਾਰੀਆਂ ਦਾਤਾਂ ਪ੍ਰਾਪਤ ਹੁੰਦੀਆਂ ਹਨ। ਤਾਂ ਤੇ) ਹੇ ਨਾਨਕ! (ਸਦਾ) ਪਰਮਾਤਮਾ ਦਾ ਨਾਮ ਜਪਿਆ ਕਰ ॥੨॥੬॥੯॥


ਕਲਿਆਨੁ ਮਹਲਾ ੫ ॥
ਹਰਿ ਚਰਨ ਸਰਨ ਕਲਿਆਨ ਕਰਨ ॥

ਪਰਮਾਤਮਾ ਦੇ ਚਰਨਾਂ ਦੀ ਸਰਨ (ਸਾਰੇ) ਸੁਖ ਪੈਦਾ ਕਰਨ ਵਾਲੀ ਹੈ।

ਪ੍ਰਭ ਨਾਮੁ ਪਤਿਤ ਪਾਵਨੋ ॥੧॥ ਰਹਾਉ ॥

ਪਰਮਾਤਮਾ ਦਾ ਨਾਮ ਵਿਕਾਰੀਆਂ ਨੂੰ ਪਵਿੱਤਰ ਬਣਾਣ ਵਾਲਾ ਹੈ ॥੧॥ ਰਹਾਉ ॥

ਸਾਧਸੰਗਿ ਜਪਿ ਨਿਸੰਗ ਜਮਕਾਲੁ ਤਿਸੁ ਨ ਖਾਵਨੋ ॥੧॥

(ਜਿਹੜਾ ਮਨੁੱਖ) ਸਾਧ ਸੰਗਤ ਵਿਚ ਸਰਧਾ ਨਾਲ ਨਾਮ ਜਪਦਾ ਹੈ, ਉਸ ਨੂੰ ਮੌਤ ਦਾ ਡਰ ਭੈ-ਭੀਤ ਨਹੀਂ ਕਰ ਸਕਦਾ (ਉਸ ਦੇ ਆਤਮਕ ਜੀਵਨ ਨੂੰ ਆਤਮਕ ਮੌਤ ਮੁਕਾ ਨਹੀਂ ਸਕਦੀ) ॥੧॥

ਮੁਕਤਿ ਜੁਗਤਿ ਅਨਿਕ ਸੂਖ ਹਰਿ ਭਗਤਿ ਲਵੈ ਨ ਲਾਵਨੋ ॥

ਹੇ ਦਾਸ ਨਾਨਕ! ਮੁਕਤੀ ਪ੍ਰਾਪਤ ਕਰਨ ਲਈ ਅਨੇਕਾਂ ਜੁਗਤੀਆਂ ਅਤੇ ਅਨੇਕਾਂ ਸੁਖ ਪਰਮਾਤਮਾ ਦੀ ਭਗਤੀ ਦੀ ਬਰਾਬਰੀ ਨਹੀਂ ਕਰ ਸਕਦੇ।

ਪ੍ਰਭ ਦਰਸ ਲੁਬਧ ਦਾਸ ਨਾਨਕ ਬਹੁੜਿ ਜੋਨਿ ਨ ਧਾਵਨੋ ॥੨॥੭॥੧੦॥

ਪਰਮਾਤਮਾ ਦੇ ਦੀਦਾਰ ਦਾ ਮਤਵਾਲਾ ਮਨੁੱਖ ਮੁੜ ਜੂਨਾਂ ਦੇ ਗੇੜ ਵਿਚ ਨਹੀਂ ਭਟਕਦਾ ॥੨॥੭॥੧੦॥


ਕਲਿਆਨ ਮਹਲਾ ੪ ਅਸਟਪਦੀਆ ॥

ਰਾਗ ਕਲਿਆਨੁ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਰਾਮਾ ਰਮ ਰਾਮੋ ਸੁਨਿ ਮਨੁ ਭੀਜੈ ॥

ਸਰਬ-ਵਿਆਪਕ ਪਰਮਾਤਮਾ (ਦਾ ਨਾਮ) ਸੁਣ ਕੇ (ਮਨੁੱਖ ਦਾ) ਮਨ (ਪ੍ਰੇਮ-ਜਲ ਨਾਲ) ਭਿੱਜ ਜਾਂਦਾ ਹੈ।

ਹਰਿ ਹਰਿ ਨਾਮੁ ਅੰਮ੍ਰਿਤੁ ਰਸੁ ਮੀਠਾ ਗੁਰਮਤਿ ਸਹਜੇ ਪੀਜੈ ॥੧॥ ਰਹਾਉ ॥

ਇਹ ਹਰਿ-ਨਾਮ ਆਤਮਕ ਜੀਵਨ ਦੇਣ ਵਾਲਾ ਹੈ ਅਤੇ ਸੁਆਦਲਾ ਹੈ। ਇਹ ਹਰਿ-ਨਾਮ-ਜਲ ਗੁਰੂ ਦੀ ਮੱਤ ਦੀ ਰਾਹੀਂ ਆਤਮਕ ਅਡੋਲਤਾ ਵਿਚ (ਟਿਕ ਕੇ) ਪੀ ਸਕੀਦਾ ਹੈ ॥੧॥ ਰਹਾਉ ॥

ਕਾਸਟ ਮਹਿ ਜਿਉ ਹੈ ਬੈਸੰਤਰੁ ਮਥਿ ਸੰਜਮਿ ਕਾਢਿ ਕਢੀਜੈ ॥

ਜਿਵੇਂ (ਹਰੇਕ) ਲੱਕੜੀ ਵਿਚ ਅੱਗ (ਲੁਕੀ ਰਹਿੰਦੀ) ਹੈ, (ਪਰ) ਜੁਗਤਿ ਨਾਲ ਉੱਦਮ ਕਰ ਕੇ ਪਰਗਟ ਕਰ ਸਕੀਦੀ ਹੈ,

ਰਾਮ ਨਾਮੁ ਹੈ ਜੋਤਿ ਸਬਾਈ ਤਤੁ ਗੁਰਮਤਿ ਕਾਢਿ ਲਈਜੈ ॥੧॥

ਤਿਵੇਂ ਪਰਮਾਤਮਾ ਦਾ ਨਾਮ (ਐਸਾ) ਹੈ (ਕਿ ਇਸ ਦੀ) ਜੋਤਿ ਸਾਰੀ ਸ੍ਰਿਸ਼ਟੀ ਵਿਚ (ਗੁਪਤ) ਹੈ, ਇਸ ਅਸਲੀਅਤ ਨੂੰ ਗੁਰੂ ਦੀ ਮੱਤ ਦੀ ਰਾਹੀਂ ਸਮਝ ਸਕੀਦਾ ਹੈ ॥੧॥

ਨਉ ਦਰਵਾਜ ਨਵੇ ਦਰ ਫੀਕੇ ਰਸੁ ਅੰਮ੍ਰਿਤੁ ਦਸਵੇ ਚੁਈਜੈ ॥

(ਮਨੁੱਖਾ ਸਰੀਰ ਦੇ) ਨੌ ਦਰਵਾਜ਼ੇ ਹਨ (ਜਿਨ੍ਹਾਂ ਦੀ ਰਾਹੀਂ ਮਨੁੱਖ ਦਾ ਸੰਬੰਧ ਬਾਹਰਲੀ ਦੁਨੀਆ ਨਾਲ ਬਣਿਆ ਰਹਿੰਦਾ ਹੈ, ਪਰ) ਇਹ ਨੌ ਹੀ ਦਰਵਾਜ਼ੇ (ਨਾਮ-ਰਸ ਵਲੋਂ) ਰੁੱਖੇ ਰਹਿੰਦੇ ਹਨ। ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਰਸ ਦਸਵੇਂ ਦਰਵਾਜ਼ੇ (ਦਿਮਾਗ਼) ਦੀ ਰਾਹੀਂ ਹੀ (ਮਨੁੱਖ ਦੇ ਅੰਦਰ ਪਰਗਟ ਹੁੰਦਾ ਹੈ, ਜਿਵੇਂ ਅਰਕ ਆਦਿਕ ਨਾਲ ਦੀ ਰਾਹੀਂ) ਚੋਂਦਾ ਹੈ।

ਕ੍ਰਿਪਾ ਕ੍ਰਿਪਾ ਕਿਰਪਾ ਕਰਿ ਪਿਆਰੇ ਗੁਰਸਬਦੀ ਹਰਿ ਰਸੁ ਪੀਜੈ ॥੨॥

ਹੇ ਪਿਆਰੇ ਪ੍ਰਭੂ! (ਆਪਣੇ ਜੀਵਾਂ ਉੱਤੇ) ਸਦਾ ਹੀ ਮਿਹਰ ਕਰ, (ਜੇ ਤੂੰ ਮਿਹਰ ਕਰੇਂ, ਤਾਂ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਇਹ ਹਰਿ-ਨਾਮ-ਰਸ ਪੀਤਾ ਜਾ ਸਕਦਾ ਹੈ ॥੨॥

ਕਾਇਆ ਨਗਰੁ ਨਗਰੁ ਹੈ ਨੀਕੋ ਵਿਚਿ ਸਉਦਾ ਹਰਿ ਰਸੁ ਕੀਜੈ ॥

ਮਨੁੱਖਾ ਸਰੀਰ (ਮਾਨੋ, ਇਕ) ਸ਼ਹਿਰ ਹੈ, ਇਸ (ਸਰੀਰ-ਸ਼ਹਿਰ) ਵਿਚ ਹਰਿ-ਨਾਮ-ਰਸ (ਵਿਹਾਝਣ ਦਾ) ਵਣਜ ਕਰਦੇ ਰਹਿਣਾ ਚਾਹੀਦਾ ਹੈ।

ਰਤਨ ਲਾਲ ਅਮੋਲ ਅਮੋਲਕ ਸਤਿਗੁਰ ਸੇਵਾ ਲੀਜੈ ॥੩॥

(ਇਹ ਹਰਿ-ਨਾਮ-ਰਸ, ਮਾਨੋ) ਅਮੁੱਲੇ ਰਤਨ ਲਾਲ ਹਨ, (ਇਹ ਹਰਿ-ਨਾਮ-ਰਸ) ਗੁਰੂ ਦੀ ਸਰਨ ਪਿਆਂ ਹੀ ਹਾਸਲ ਕੀਤਾ ਜਾ ਸਕਦਾ ਹੈ ॥੩॥

ਸਤਿਗੁਰੁ ਅਗਮੁ ਅਗਮੁ ਹੈ ਠਾਕੁਰੁ ਭਰਿ ਸਾਗਰ ਭਗਤਿ ਕਰੀਜੈ ॥

ਗੁਰੂ ਅਪਹੁੰਚ ਪਰਮਾਤਮਾ (ਦਾ ਰੂਪ) ਹੈ। (ਅਮੋਲਕ ਰਤਨਾਂ ਲਾਲਾਂ ਨਾਲ) ਭਰੇ ਹੋਏ ਸਮੁੰਦਰ (ਪ੍ਰਭੂ) ਦੀ ਭਗਤੀ (ਗੁਰੂ ਦੀ ਸਰਨ ਪਿਆਂ ਹੀ) ਕੀਤੀ ਜਾ ਸਕਦੀ ਹੈ।

ਕ੍ਰਿਪਾ ਕ੍ਰਿਪਾ ਕਰਿ ਦੀਨ ਹਮ ਸਾਰਿੰਗ ਇਕ ਬੂੰਦ ਨਾਮੁ ਮੁਖਿ ਦੀਜੈ ॥੪॥

ਹੇ ਪ੍ਰਭੂ! ਅਸੀਂ ਜੀਵ (ਤੇਰੇ ਦਰ ਦੇ) ਨਿਮਾਣੇ ਪਪੀਹੇ ਹਾਂ। ਮਿਹਰ ਕਰ, ਮਿਹਰ ਕਰ (ਜਿਵੇਂ ਪਪੀਹੇ ਨੂੰ ਵਰਖਾ ਦੀ) ਇਕ ਬੂੰਦ (ਦੀ ਪਿਆਸ ਰਹਿੰਦੀ ਹੈ, ਤਿਵੇਂ ਮੈਨੂੰ ਤੇਰੇ ਨਾਮ-ਜਲ ਦੀ ਪਿਆਸ ਹੈ, ਮੇਰੇ) ਮੂੰਹ ਵਿਚ (ਆਪਣਾ) ਨਾਮ (-ਜਲ) ਦੇਹ ॥੪॥

ਲਾਲਨੁ ਲਾਲੁ ਲਾਲੁ ਹੈ ਰੰਗਨੁ ਮਨੁ ਰੰਗਨ ਕਉ ਗੁਰ ਦੀਜੈ ॥

ਸੋਹਣਾ ਹਰਿ (-ਨਾਮ) ਬੜਾ ਸੋਹਣਾ ਰੰਗ ਹੈ। ਹੇ ਗੁਰੂ! (ਮੈਨੂੰ ਆਪਣਾ) ਮਨ ਰੰਗਣ ਲਈ (ਇਹ ਹਰਿ-ਨਾਮ ਰੰਗ) ਦੇਹ।

ਰਾਮ ਰਾਮ ਰਾਮ ਰੰਗਿ ਰਾਤੇ ਰਸ ਰਸਿਕ ਗਟਕ ਨਿਤ ਪੀਜੈ ॥੫॥

(ਜਿਨ੍ਹਾਂ ਮਨੁੱਖਾਂ ਨੂੰ ਇਹ ਨਾਮ-ਰੰਗ ਮਿਲ ਜਾਂਦਾ ਹੈ, ਉਹ) ਸਦਾ ਲਈ ਪਰਮਾਤਮਾ ਦੇ (ਨਾਮ-) ਰੰਗ ਵਿਚ ਰੰਗੇ ਰਹਿੰਦੇ ਹਨ, (ਉਹ ਮਨੁੱਖ ਨਾਮ-) ਰਸ ਦੇ ਰਸੀਏ (ਬਣ ਜਾਂਦੇ ਹਨ)। (ਇਹ ਨਾਮ-ਰਸ) ਗਟ ਗਟ ਕਰ ਕੇ ਸਦਾ ਪੀਂਦੇ ਰਹਿਣਾ ਚਾਹੀਦਾ ਹੈ ॥੫॥

ਬਸੁਧਾ ਸਪਤ ਦੀਪ ਹੈ ਸਾਗਰ ਕਢਿ ਕੰਚਨੁ ਕਾਢਿ ਧਰੀਜੈ ॥

(ਜਿਤਨੀ ਭੀ) ਸੱਤ ਟਾਪੂਆਂ ਵਾਲੀ ਅਤੇ ਸੱਤ ਸਮੁੰਦਰਾਂ ਵਾਲੀ ਧਰਤੀ ਹੈ (ਜੇ ਇਸ ਨੂੰ) ਪੁੱਟ ਕੇ (ਇਸ ਵਿਚੋਂ ਸਾਰਾ) ਸੋਨਾ ਕੱਢ ਕੇ (ਬਾਹਰ) ਰੱਖ ਦਿੱਤਾ ਜਾਏ,

ਮੇਰੇ ਠਾਕੁਰ ਕੇ ਜਨ ਇਨਹੁ ਨ ਬਾਛਹਿ ਹਰਿ ਮਾਗਹਿ ਹਰਿ ਰਸੁ ਦੀਜੈ ॥੬॥

(ਤਾਂ ਭੀ) ਮੇਰੇ ਮਾਲਕ-ਪ੍ਰਭੂ ਦੇ ਭਗਤ-ਜਨ (ਸੋਨਾ ਆਦਿਕ) ਇਹਨਾਂ (ਕੀਮਤੀ ਪਦਾਰਥਾਂ) ਨੂੰ ਨਹੀਂ ਲੋੜਦੇ, ਉਹ ਸਦਾ ਪਰਮਾਤਮਾ (ਦਾ ਨਾਮ ਹੀ) ਮੰਗਦੇ ਰਹਿੰਦੇ ਹਨ। ਹੇ ਗੁਰੂ! (ਮੈਨੂੰ ਭੀ) ਪਰਮਾਤਮਾ ਦਾ ਨਾਮ ਰਸ ਹੀ ਬਖ਼ਸ਼ ॥੬॥

ਸਾਕਤ ਨਰ ਪ੍ਰਾਨੀ ਸਦ ਭੂਖੇ ਨਿਤ ਭੂਖਨ ਭੂਖ ਕਰੀਜੈ ॥

ਪਰਮਾਤਮਾ ਤੋਂ ਟੁੱਟੇ ਹੋਏ ਮਨੁੱਖ ਸਦਾ ਮਾਇਆ ਦੇ ਲਾਲਚ ਵਿਚ ਫਸੇ ਰਹਿੰਦੇ ਹਨ, (ਉਹਨਾਂ ਦੇ ਅੰਦਰ) ਸਦਾ (ਮਾਇਆ ਦੀ) ਭੁੱਖ (ਮਾਇਆ ਦੀ) ਭੁੱਖ ਦੀ ਪੁਕਾਰ ਜਾਰੀ ਰਹਿੰਦੀ ਹੈ।

ਧਾਵਤੁ ਧਾਇ ਧਾਵਹਿ ਪ੍ਰੀਤਿ ਮਾਇਆ ਲਖ ਕੋਸਨ ਕਉ ਬਿਥਿ ਦੀਜੈ ॥੭॥

ਮਾਇਆ ਦੀ ਖਿੱਚ ਦੇ ਕਾਰਨ ਉਹ ਸਦਾ ਹੀ ਭਟਕਦੇ ਫਿਰਦੇ ਹਨ। (ਮਾਇਆ ਇਕੱਠੀ ਕਰਨ ਦੀ ਖ਼ਾਤਰ ਆਪਣੇ ਮਨ ਅਤੇ ਪਰਮਾਤਮਾ ਦੇ ਵਿਚਕਾਰ) ਲੱਖਾਂ ਕੋਹਾਂ ਨੂੰ ਵਿੱਥ ਬਣਾ ਲਿਆ ਜਾਂਦਾ ਹੈ ॥੭॥

ਹਰਿ ਹਰਿ ਹਰਿ ਹਰਿ ਹਰਿ ਜਨ ਊਤਮ ਕਿਆ ਉਪਮਾ ਤਿਨ੍ਰ ਦੀਜੈ ॥

ਸਦਾ ਹਰੀ ਦਾ ਨਾਮ ਜਪਣ ਦੀ ਬਰਕਤਿ ਨਾਲ ਪਰਮਾਤਮਾ ਦੇ ਭਗਤ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਕੋਈ ਭੀ ਵਡਿਆਈ ਕੀਤੀ ਨਹੀਂ ਜਾ ਸਕਦੀ।

ਰਾਮ ਨਾਮ ਤੁਲਿ ਅਉਰੁ ਨ ਉਪਮਾ ਜਨ ਨਾਨਕ ਕ੍ਰਿਪਾ ਕਰੀਜੈ ॥੮॥੧॥

ਪਰਮਾਤਮਾ ਦੇ ਨਾਮ ਦੇ ਬਰਾਬਰ ਦਾ ਹੋਰ ਕੋਈ ਪਦਾਰਥ ਹੈ ਹੀ ਨਹੀਂ। ਹੇ ਪ੍ਰਭੂ! (ਆਪਣੇ) ਦਾਸ ਨਾਨਕ ਉਤੇ ਮਿਹਰ ਕਰ (ਅਤੇ ਆਪਣਾ ਨਾਮ ਬਖ਼ਸ਼) ॥੮॥੧॥


ਕਲਿਆਨ ਮਹਲਾ ੪ ॥
ਰਾਮ ਗੁਰੁ ਪਾਰਸੁ ਪਰਸੁ ਕਰੀਜੈ ॥

ਹੇ ਹਰੀ! ਗੁਰੂ (ਹੀ ਅਸਲ) ਪਾਰਸ ਹੈ, (ਮੇਰੀ ਗੁਰੂ ਨਾਲ) ਛੁਹ ਕਰ ਦੇਹ (ਮੈਨੂੰ ਗੁਰੂ ਮਿਲਾ ਦੇਹ)।

ਹਮ ਨਿਰਗੁਣੀ ਮਨੂਰ ਅਤਿ ਫੀਕੇ ਮਿਲਿ ਸਤਿਗੁਰ ਪਾਰਸੁ ਕੀਜੈ ॥੧॥ ਰਹਾਉ ॥

ਅਸੀਂ ਜੀਵ ਗੁਣ-ਹੀਨ ਹਾਂ, ਸੜਿਆ ਹੋਇਆ ਲੋਹਾ ਹਾਂ, ਬੜੇ ਰੁੱਖੇ ਜੀਵਨ ਵਾਲੇ ਹਾਂ। (ਇਹ ਮਿਹਰ) ਕਰ ਕਿ ਗੁਰੂ ਨੂੰ ਮਿਲ ਕੇ ਪਾਰਸ (ਹੋ ਜਾਈਏ) ॥੧॥ ਰਹਾਉ ॥

ਸੁਰਗ ਮੁਕਤਿ ਬੈਕੁੰਠ ਸਭਿ ਬਾਂਛਹਿ ਨਿਤਿ ਆਸਾ ਆਸ ਕਰੀਜੈ ॥

ਸਾਰੇ ਲੋਕ ਸੁਰਗ ਮੁਕਤੀ ਬੈਕੁੰਠ (ਹੀ) ਮੰਗਦੇ ਰਹਿੰਦੇ ਹਨ, ਸਦਾ (ਸੁਰਗ ਮੁਕਤੀ ਬੈਕੁੰਠ ਦੀ ਹੀ) ਆਸ ਕੀਤੀ ਜਾ ਰਹੀ ਹੈ।

ਹਰਿ ਦਰਸਨ ਕੇ ਜਨ ਮੁਕਤਿ ਨ ਮਾਂਗਹਿ ਮਿਲਿ ਦਰਸਨ ਤ੍ਰਿਪਤਿ ਮਨੁ ਧੀਜੈ ॥੧॥

ਪਰ ਪਰਮਾਤਮਾ ਦੇ ਦਰਸ਼ਨ ਦੇ ਪ੍ਰੇਮੀ ਭਗਤ ਮੁਕਤੀ ਨਹੀਂ ਮੰਗਦੇ। (ਪਰਮਾਤਮਾ ਨੂੰ) ਮਿਲ ਕੇ (ਪਰਮਾਤਮਾ ਦੇ) ਦਰਸਨ ਦੇ ਰਜੇਵੇਂ ਨਾਲ (ਉਹਨਾਂ ਦਾ) ਮਨ ਸ਼ਾਂਤ ਰਹਿੰਦਾ ਹੈ ॥੧॥

ਮਾਇਆ ਮੋਹੁ ਸਬਲੁ ਹੈ ਭਾਰੀ ਮੋਹੁ ਕਾਲਖ ਦਾਗ ਲਗੀਜੈ ॥

(ਸੰਸਾਰ ਵਿਚ) ਮਾਇਆ ਦਾ ਮੋਹ ਬਹੁਤ ਬਲਵਾਨ ਹੈ, (ਮਾਇਆ ਦਾ) ਮੋਹ (ਜੀਵਾਂ ਦੇ ਮਨ ਵਿਚ ਵਿਕਾਰਾਂ ਦੀ) ਕਾਲਖ ਦੇ ਦਾਗ਼ ਲਾ ਦੇਂਦਾ ਹੈ।

ਮੇਰੇ ਠਾਕੁਰ ਕੇ ਜਨ ਅਲਿਪਤ ਹੈ ਮੁਕਤੇ ਜਿਉ ਮੁਰਗਾਈ ਪੰਕੁ ਨ ਭੀਜੈ ॥੨॥

ਪਰ ਪਰਮਾਤਮਾ ਦੇ ਭਗਤ (ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦੇ ਹਨ, ਵਿਕਾਰਾਂ ਤੋਂ ਬਚੇ ਰਹਿੰਦੇ ਹਨ, ਜਿਵੇਂ ਮੁਰਗਾਈ ਦਾ ਖੰਭ (ਪਾਣੀ ਵਿਚ) ਭਿੱਜਦਾ ਨਹੀਂ ॥੨॥

ਚੰਦਨ ਵਾਸੁ ਭੁਇਅੰਗਮ ਵੇੜੀ ਕਿਵ ਮਿਲੀਐ ਚੰਦਨੁ ਲੀਜੈ ॥

ਚੰਦਨ ਦੀ ਖ਼ੁਸ਼ਬੂ ਸੱਪਾਂ ਨਾਲ ਘਿਰੀ ਰਹਿੰਦੀ ਹੈ। (ਚੰਦਨ ਨੂੰ) ਕਿਵੇਂ ਮਿਲਿਆ ਜਾ ਸਕਦਾ ਹੈ? ਚੰਦਨ ਕਿਵੇਂ ਹਾਸਲ ਕੀਤਾ ਜਾ ਸਕਦਾ ਹੈ? (ਮਨੁੱਖ ਦੀ ਜਿੰਦ ਵਿਕਾਰਾਂ ਨਾਲ ਘਿਰੀ ਰਹਿੰਦੀ ਹੈ, ਪ੍ਰਭੂ-ਮਿਲਾਪ ਦੀ ਸੁਗੰਧੀ ਮਨੁੱਖ ਨੂੰ ਪ੍ਰਾਪਤ ਨਹੀਂ ਹੁੰਦੀ)।

ਕਾਢਿ ਖੜਗੁ ਗੁਰ ਗਿਆਨੁ ਕਰਾਰਾ ਬਿਖੁ ਛੇਦਿ ਛੇਦਿ ਰਸੁ ਪੀਜੈ ॥੩॥

ਗੁਰੂ ਦਾ ਬਖ਼ਸ਼ਿਆ ਹੋਇਆ (ਆਤਮਕ ਜੀਵਨ ਦੀ ਸੂਝ ਦਾ) ਗਿਆਨ ਤੇਜ਼ ਖੰਡਾ (ਹੈ, ਇਹ ਖੰਡਾ) ਕੱਢ ਕੇ (ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲਾ ਮਾਇਆ ਦੇ ਮੋਹ ਦਾ) ਜ਼ਹਰ (ਜੜ੍ਹਾਂ ਤੋਂ) ਵੱਢ ਵੱਢ ਕੇ ਨਾਮ-ਰਸ ਪੀਤਾ ਜਾ ਸਕਦਾ ਹੈ ॥੩॥

ਆਨਿ ਆਨਿ ਸਮਧਾ ਬਹੁ ਕੀਨੀ ਪਲੁ ਬੈਸੰਤਰ ਭਸਮ ਕਰੀਜੈ ॥

(ਲੱਕੜਾਂ) ਲਿਆ ਲਿਆ ਕੇ ਲੱਕੜਾਂ ਦਾ ਬੜਾ ਢੇਰ ਇਕੱਠਾ ਕੀਤਾ ਜਾਏ (ਉਸ ਨੂੰ) ਅੱਗ (ਦੀ ਇਕ ਚੰਗਿਆੜੀ) ਪਲ ਵਿਚ ਸੁਆਹ ਕਰ ਸਕਦੀ ਹੈ।

ਮਹਾ ਉਗ੍ਰ ਪਾਪ ਸਾਕਤ ਨਰ ਕੀਨੇ ਮਿਲਿ ਸਾਧੂ ਲੂਕੀ ਦੀਜੈ ॥੪॥

ਪਰਮਾਤਮਾ ਨਾਲੋਂ ਟੁੱਟ ਹੋਏ ਮਨੁੱਖ ਬੜੇ ਬੜੇ ਬੱਜਰ ਪਾਪ ਕਰਦੇ ਹਨ, (ਉਹਨਾਂ ਪਾਪਾਂ ਨੂੰ ਸਾੜਨ ਵਾਸਤੇ) ਗੁਰੂ ਨੂੰ ਮਿਲ ਕੇ (ਹਰਿ-ਨਾਮ-ਅੱਗ ਦੀ) ਚੁਆਤੀ ਦਿੱਤੀ ਜਾ ਸਕਦੀ ਹੈ ॥੪॥

ਸਾਧੂ ਸਾਧ ਸਾਧ ਜਨ ਨੀਕੇ ਜਿਨ ਅੰਤਰਿ ਨਾਮੁ ਧਰੀਜੈ ॥

ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਟਿਕਿਆ ਰਹਿੰਦਾ ਹੈ, ਉਹ ਹਨ ਸਾਧ ਜਨ ਉਹ ਹਨ ਭਲੇ ਮਨੁੱਖ।

ਪਰਸ ਨਿਪਰਸੁ ਭਏ ਸਾਧੂ ਜਨ ਜਨੁ ਹਰਿ ਭਗਵਾਨੁ ਦਿਖੀਜੈ ॥੫॥

(ਪਰਮਾਤਮਾ ਦੇ ਨਾਮ ਦੀ) ਛੁਹ ਨਾਲ (ਉਹ ਮਨੁੱਖ) ਸਾਧੂ-ਜਨ ਬਣੇ ਹਨ, (ਉਹਨਾਂ ਨੂੰ) ਮਾਨੋ, (ਹਰ ਥਾਂ) ਹਰੀ ਭਗਵਾਨ ਦਿੱਸ ਪਿਆ ਹੈ ॥੫॥

ਸਾਕਤ ਸੂਤੁ ਬਹੁ ਗੁਰਝੀ ਭਰਿਆ ਕਿਉ ਕਰਿ ਤਾਨੁ ਤਨੀਜੈ ॥

ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੀ ਜੀਵਨ ਡੋਰ (ਵਿਕਾਰਾਂ ਦੀਆਂ) ਅਨੇਕਾਂ ਗੁੰਝਲਾਂ ਨਾਲ ਭਰੀ ਰਹਿੰਦੀ ਹੈ।

ਤੰਤੁ ਸੂਤੁ ਕਿਛੁ ਨਿਕਸੈ ਨਾਹੀ ਸਾਕਤ ਸੰਗੁ ਨ ਕੀਜੈ ॥੬॥

(ਵਿਕਾਰਾਂ ਦੀਆਂ ਗੁੰਝਲਾਂ ਨਾਲ ਭਰੇ ਹੋਏ ਜੀਵਨ-ਸੂਤਰ ਨਾਲ ਪਵਿੱਤਰ ਜੀਵਨ ਦਾ) ਤਾਣਾ ਤਣਿਆ ਹੀ ਨਹੀਂ ਜਾ ਸਕਦਾ, (ਕਿਉਂਕਿ ਉਹਨਾਂ ਗੁੰਝਲਾਂ ਵਿਚੋਂ ਇੱਕ ਭੀ ਸਿੱਧੀ) ਤੰਦ ਨਹੀਂ ਨਿਕਲਦੀ, ਇੱਕ ਭੀ ਧਾਗਾ ਨਹੀਂ ਨਿਕਲਦਾ। (ਇਸ ਵਾਸਤੇ ਹੇ ਭਾਈ!) ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦਾ ਸਾਥ ਨਹੀਂ ਕਰਨਾ ਚਾਹੀਦਾ ॥੬॥

ਸਤਿਗੁਰ ਸਾਧਸੰਗਤਿ ਹੈ ਨੀਕੀ ਮਿਲਿ ਸੰਗਤਿ ਰਾਮੁ ਰਵੀਜੈ ॥

ਗੁਰੂ ਦੀ ਸਾਧ ਸੰਗਤ ਭਲੀ (ਸੁਹਬਤ) ਹੈ, ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ।

ਅੰਤਰਿ ਰਤਨ ਜਵੇਹਰ ਮਾਣਕ ਗੁਰ ਕਿਰਪਾ ਤੇ ਲੀਜੈ ॥੭॥

(ਮਨੁੱਖ ਦੇ) ਅੰਦਰ (ਗੁਪਤ ਟਿਕਿਆ ਹੋਇਆ ਹਰਿ-ਨਾਮ, ਮਾਨੋ) ਰਤਨ ਜਵਾਹਰਾਤ ਮੋਤੀ ਹਨ (ਇਹ ਹਰਿ-ਨਾਮ ਸਾਧ ਸੰਗਤ ਵਿਚ ਟਿਕ ਕੇ) ਗੁਰੂ ਦੀ ਕਿਰਪਾ ਨਾਲ ਲਿਆ ਜਾ ਸਕਦਾ ਹੈ ॥੭॥

ਮੇਰਾ ਠਾਕੁਰੁ ਵਡਾ ਵਡਾ ਹੈ ਸੁਆਮੀ ਹਮ ਕਿਉ ਕਰਿ ਮਿਲਹ ਮਿਲੀਜੈ ॥

ਮੇਰਾ ਮਾਲਕ-ਸੁਆਮੀ ਬਹੁਤ ਵੱਡਾ ਹੈ, ਅਸੀਂ ਜੀਵ (ਆਪਣੇ ਹੀ ਉੱਦਮ ਨਾਲ ਉਸ ਨੂੰ) ਕਿਵੇਂ ਮਿਲ ਸਕਦੇ ਹਾਂ? (ਇਸ ਤਰ੍ਹਾਂ ਉਹ) ਨਹੀਂ ਮਿਲ ਸਕਦਾ।

ਨਾਨਕ ਮੇਲਿ ਮਿਲਾਏ ਗੁਰੁ ਪੂਰਾ ਜਨ ਕਉ ਪੂਰਨੁ ਦੀਜੈ ॥੮॥੨॥

ਹੇ ਨਾਨਕ! ਪੂਰਾ ਗੁਰੂ (ਹੀ ਆਪਣੇ ਸ਼ਬਦ ਵਿਚ) ਜੋੜ ਕੇ (ਪਰਮਾਤਮਾ ਨਾਲ) ਮਿਲਾਂਦਾ ਹੈ। (ਸੋ, ਗੁਰੂ ਪਰਮੇਸਰ ਦੇ ਦਰ ਤੇ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ ਕਿ ਹੇ ਪ੍ਰਭੂ! ਆਪਣੇ) ਸੇਵਕ ਨੂੰ ਪੂਰਨਤਾ ਦਾ ਦਰਜਾ ਬਖ਼ਸ਼ ॥੮॥੨॥


ਕਲਿਆਨੁ ਮਹਲਾ ੪ ॥
ਰਾਮਾ ਰਮ ਰਾਮੋ ਰਾਮੁ ਰਵੀਜੈ ॥

ਸਰਬ-ਵਿਆਪਕ ਰਾਮ (ਦਾ ਨਾਮ) ਸਦਾ ਸਿਮਰਨਾ ਚਾਹੀਦਾ ਹੈ।

ਸਾਧੂ ਸਾਧ ਸਾਧ ਜਨ ਨੀਕੇ ਮਿਲਿ ਸਾਧੂ ਹਰਿ ਰੰਗੁ ਕੀਜੈ ॥੧॥ ਰਹਾਉ ॥

(ਸਿਮਰਨ ਦੀ ਬਰਕਤਿ ਨਾਲ ਹੀ ਮਨੁੱਖ) ਉੱਚੇ ਜੀਵਨ ਵਾਲੇ ਗੁਰਮੁਖ ਸਾਧ ਬਣ ਜਾਂਦੇ ਹਨ। ਸਾਧੂ ਜਨਾਂ ਨੂੰ ਮਿਲ ਕੇ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਨਾ ਚਾਹੀਦਾ ਹੈ ॥੧॥ ਰਹਾਉ ॥

ਜੀਅ ਜੰਤ ਸਭੁ ਜਗੁ ਹੈ ਜੇਤਾ ਮਨੁ ਡੋਲਤ ਡੋਲ ਕਰੀਜੈ ॥

ਹੇ ਹਰੀ! ਇਹ ਜਿਤਨਾ ਭੀ ਸਾਰਾ ਜਗਤ ਹੈ (ਇਸ ਦੇ ਸਾਰੇ) ਜੀਵਾਂ ਦਾ ਮਨ (ਮਾਇਆ ਦੇ ਅਸਰ ਹੇਠ) ਹਰ ਵੇਲੇ ਡਾਵਾਂ-ਡੋਲ ਹੁੰਦਾ ਰਹਿੰਦਾ ਹੈ।

ਕ੍ਰਿਪਾ ਕ੍ਰਿਪਾ ਕਰਿ ਸਾਧੁ ਮਿਲਾਵਹੁ ਜਗੁ ਥੰਮਨ ਕਉ ਥੰਮੁ ਦੀਜੈ ॥੧॥

ਹੇ ਪ੍ਰਭੂ! ਮਿਹਰ ਕਰ, ਮਿਹਰ ਕਰ, (ਜੀਵਾਂ ਨੂੰ) ਗੁਰੂ ਮਿਲਾ (ਗੁਰੂ ਜਗਤ ਲਈ ਥੰਮ੍ਹ ਹੈ), ਜਗਤ ਨੂੰ ਸਹਾਰਾ ਦੇਣ ਲਈ (ਇਹ) ਥੰਮ੍ਹ ਦੇਹ ॥੧॥

ਬਸੁਧਾ ਤਲੈ ਤਲੈ ਸਭ ਊਪਰਿ ਮਿਲਿ ਸਾਧੂ ਚਰਨ ਰੁਲੀਜੈ ॥

ਧਰਤੀ ਸਦਾ (ਜੀਵਾਂ ਦੇ) ਪੈਰਾਂ ਹੇਠ ਹੀ ਰਹਿੰਦੀ ਹੈ, (ਆਖ਼ਰ) ਸਭਨਾਂ ਦੇ ਉੱਤੇ ਆ ਜਾਂਦੀ ਹੈ। ਗੁਰੂ ਨੂੰ ਮਿਲ ਕੇ (ਸਭਨਾਂ ਦੇ) ਪੈਰਾਂ ਹੇਠ ਟਿਕੇ ਰਹਿਣਾ ਚਾਹੀਦਾ ਹੈ।

ਅਤਿ ਊਤਮ ਅਤਿ ਊਤਮ ਹੋਵਹੁ ਸਭ ਸਿਸਟਿ ਚਰਨ ਤਲ ਦੀਜੈ ॥੨॥

(ਜੇ ਇਸ ਜੀਵਨ-ਰਾਹ ਤੇ ਤੁਰੋਗੇ ਤਾਂ) ਬੜੇ ਹੀ ਉੱਚੇ ਜੀਵਨ ਵਾਲੇ ਬਣ ਜਾਵੋਗੇ (ਨਿਮ੍ਰਤਾ ਦੀ ਬਰਕਤਿ ਨਾਲ) ਸਾਰੀ ਧਰਤੀ (ਆਪਣੇ) ਪੈਰਾਂ ਹੇਠ ਦਿੱਤੀ ਜਾ ਸਕਦੀ ਹੈ ॥੨॥

ਗੁਰਮੁਖਿ ਜੋਤਿ ਭਲੀ ਸਿਵ ਨੀਕੀ ਆਨਿ ਪਾਨੀ ਸਕਤਿ ਭਰੀਜੈ ॥

ਗੁਰੂ ਦੀ ਸਰਨ ਪਿਆਂ ਪਰਮਾਤਮਾ ਦੀ ਭਲੀ ਸੋਹਣੀ ਜੋਤਿ (ਮਨੁੱਖ ਦੇ ਅੰਦਰ ਜਗ ਪੈਂਦੀ ਹੈ, ਤਦੋਂ) ਮਾਇਆ (ਭੀ ਉਸ ਵਾਸਤੇ) ਲਿਆ ਕੇ ਪਾਣੀ ਭਰਦੀ ਹੈ (ਮਾਇਆ ਉਸ ਦੀ ਟਹਲਣ ਬਣਦੀ ਹੈ)।

ਮੈਨਦੰਤ ਨਿਕਸੇ ਗੁਰ ਬਚਨੀ ਸਾਰੁ ਚਬਿ ਚਬਿ ਹਰਿ ਰਸੁ ਪੀਜੈ ॥੩॥

ਗੁਰੂ ਦੇ ਬਚਨਾਂ ਦੀ ਰਾਹੀਂ ਉਸ ਦੇ ਹਿਰਦੇ ਵਿਚ (ਅਜਿਹੀ) ਕੋਮਲਤਾ ਪੈਦਾ ਹੁੰਦੀ ਹੈ ਕਿ ਬਲੀ ਵਿਕਾਰਾਂ ਨੂੰ ਵੱਸ ਵਿਚ ਕਰ ਕੇ ਪਰਮਾਤਮਾ ਦਾ ਨਾਮ-ਰਸ ਪੀਤਾ ਜਾ ਸਕਦਾ ਹੈ ॥੩॥

ਰਾਮ ਨਾਮ ਅਨੁਗ੍ਰਹੁ ਬਹੁ ਕੀਆ ਗੁਰ ਸਾਧੂ ਪੁਰਖ ਮਿਲੀਜੈ ॥

ਸਾਧ ਗੁਰੂ ਪੁਰਖ ਨੂੰ ਮਿਲਣਾ ਚਾਹੀਦਾ ਹੈ, ਗੁਰੂ ਪਰਮਾਤਮਾ ਦਾ ਨਾਮ-ਦਾਨ ਦੇਣ ਦੀ ਮਿਹਰ ਕਰਦਾ ਹੈ।

ਗੁਨ ਰਾਮ ਨਾਮ ਬਿਸਥੀਰਨ ਕੀਏ ਹਰਿ ਸਗਲ ਭਵਨ ਜਸੁ ਦੀਜੈ ॥੪॥

ਗੁਰੂ ਪਰਮਾਤਮਾ ਦਾ ਨਾਮ ਪਰਮਾਤਮਾ ਦੇ ਗੁਣ (ਸਾਰੇ ਜਗਤ ਵਿਚ) ਖਿਲਾਰਦਾ ਹੈ, (ਗੁਰੂ ਦੀ ਰਾਹੀਂ) ਪਰਮਾਤਮਾ ਦੀ ਸਿਫ਼ਤ-ਸਾਲਾਹ ਸਾਰੇ ਭਵਨਾਂ ਵਿਚ ਵੰਡੀ ਜਾਂਦੀ ਹੈ ॥੪॥

ਸਾਧੂ ਸਾਧ ਸਾਧ ਮਨਿ ਪ੍ਰੀਤਮ ਬਿਨੁ ਦੇਖੇ ਰਹਿ ਨ ਸਕੀਜੈ ॥

ਸੰਤ ਜਨਾਂ ਦੇ ਮਨ ਵਿਚ (ਸਦਾ) ਪ੍ਰੀਤਮ ਪ੍ਰਭੂ ਜੀ ਵੱਸਦੇ ਹਨ, (ਪ੍ਰਭੂ ਦਾ) ਦਰਸਨ ਕਰਨ ਤੋਂ ਬਿਨਾ (ਉਹਨਾਂ ਪਾਸੋਂ) ਰਿਹਾ ਨਹੀਂ ਜਾ ਸਕਦਾ;

ਜਿਉ ਜਲ ਮੀਨ ਜਲੰ ਜਲ ਪ੍ਰੀਤਿ ਹੈ ਖਿਨੁ ਜਲ ਬਿਨੁ ਫੂਟਿ ਮਰੀਜੈ ॥੫॥

ਜਿਵੇਂ ਪਾਣੀ ਦੀ ਮੱਛੀ ਦਾ ਹਰ ਵੇਲੇ ਪਾਣੀ ਨਾਲ ਹੀ ਪਿਆਰ ਹੈ, ਪਾਣੀ ਤੋਂ ਬਿਨਾ ਇਕ ਖਿਨ ਵਿਚ ਹੀ ਉਹ ਤੜਪ ਕੇ ਮਰ ਜਾਂਦੀ ਹੈ ॥੫॥

ਮਹਾ ਅਭਾਗ ਅਭਾਗ ਹੈ ਜਿਨ ਕੇ ਤਿਨ ਸਾਧੂ ਧੂਰਿ ਨ ਪੀਜੈ ॥

ਜਿਨ੍ਹਾਂ ਮਨੁੱਖਾਂ ਦੇ ਬਹੁਤ ਹੀ ਮੰਦੇ ਭਾਗ ਹੁੰਦੇ ਹਨ, ਉਹਨਾਂ ਨੂੰ ਸੰਤ ਜਨਾਂ ਦੇ ਚਰਨਾਂ ਦੀ ਧੂੜ ਨਸੀਬ ਨਹੀਂ ਹੁੰਦੀ।

ਤਿਨਾ ਤਿਸਨਾ ਜਲਤ ਜਲਤ ਨਹੀ ਬੂਝਹਿ ਡੰਡੁ ਧਰਮ ਰਾਇ ਕਾ ਦੀਜੈ ॥੬॥

ਉਹਨਾਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਲੱਗੀ ਰਹਿੰਦੀ ਹੈ, (ਉਸ ਅੱਗ ਵਿਚ) ਹਰ ਵੇਲੇ ਸੜਦਿਆਂ ਦੇ ਅੰਦਰ ਠੰਢ ਨਹੀਂ ਪੈਂਦੀ, (ਇਹ ਉਹਨਾਂ ਨੂੰ) ਧਰਮਰਾਜ ਦੀ ਸਜ਼ਾ ਮਿਲਦੀ ਹੈ ॥੬॥

ਸਭਿ ਤੀਰਥ ਬਰਤ ਜਗ੍ਹ ਪੁੰਨ ਕੀਏ ਹਿਵੈ ਗਾਲਿ ਗਾਲਿ ਤਨੁ ਛੀਜੈ ॥

ਜੇ ਸਾਰੇ ਤੀਰਥਾਂ ਦੇ ਇਸ਼ਨਾਨ, ਅਨੇਕਾਂ ਵਰਤ, ਜੱਗ ਤੇ ਹੋਰ (ਇਹੋ ਜਿਹੇ) ਪੁੰਨ-ਦਾਨ ਕੀਤੇ ਜਾਣ, (ਪਹਾੜਾਂ ਦੀਆਂ ਖੁੰਦ੍ਰਾਂ ਵਿਚ) ਬਰਫ਼ ਵਿਚ ਗਾਲ ਗਾਲ ਕੇ ਸਰੀਰ ਨਾਸ ਕੀਤਾ ਜਾਏ,

ਅਤੁਲਾ ਤੋਲੁ ਰਾਮ ਨਾਮੁ ਹੈ ਗੁਰਮਤਿ ਕੋ ਪੁਜੈ ਨ ਤੋਲ ਤੁਲੀਜੈ ॥੭॥

(ਤਾਂ ਭੀ ਇਹਨਾਂ ਸਾਰੇ ਸਾਧਨਾਂ ਵਿਚੋਂ) ਕੋਈ ਭੀ ਸਾਧਨ ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦਾ। ਪਰਮਾਤਮਾ ਦਾ ਨਾਮ ਐਸਾ ਹੈ ਕਿ ਕੋਈ ਭੀ ਤੋਲ ਉਸ ਨੂੰ ਤੋਲ ਨਹੀਂ ਸਕਦਾ, ਉਹ ਮਿਲਦਾ ਹੈ ਗੁਰੂ ਦੀ ਮੱਤ ਤੇ ਤੁਰਿਆਂ ॥੭॥

ਤਵ ਗੁਨ ਬ੍ਰਹਮ ਬ੍ਰਹਮ ਤੂ ਜਾਨਹਿ ਜਨ ਨਾਨਕ ਸਰਨਿ ਪਰੀਜੈ ॥

ਹੇ ਦਾਸ ਨਾਨਕ! ਹੇ ਪ੍ਰਭੂ! ਤੇਰੇ ਗੁਣ ਤੂੰ (ਆਪ ਹੀ) ਜਾਣਦਾ ਹੈਂ (ਮਿਹਰ ਕਰ, ਅਸੀਂ ਜੀਵ ਤੇਰੀ ਹੀ) ਸਰਨ ਪਏ ਰਹੀਏ।

ਤੂ ਜਲ ਨਿਧਿ ਮੀਨ ਹਮ ਤੇਰੇ ਕਰਿ ਕਿਰਪਾ ਸੰਗਿ ਰਖੀਜੈ ॥੮॥੩॥

ਤੂੰ (ਸਾਡਾ) ਸਮੁੰਦਰ ਹੈਂ, ਅਸੀਂ ਜੀਵ ਤੇਰੀਆਂ ਮੱਛੀਆਂ ਹਾਂ, ਮਿਹਰ ਕਰ ਕੇ (ਸਾਨੂੰ ਆਪਣੇ) ਨਾਲ ਹੀ ਰੱਖੀ ਰੱਖ ॥੮॥੩॥


ਕਲਿਆਨ ਮਹਲਾ ੪ ॥
ਰਾਮਾ ਰਮ ਰਾਮੋ ਪੂਜ ਕਰੀਜੈ ॥

ਸਦਾ ਸਰਬ-ਵਿਆਪਕ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ।

ਮਨੁ ਤਨੁ ਅਰਪਿ ਧਰਉ ਸਭੁ ਆਗੈ ਰਸੁ ਗੁਰਮਤਿ ਗਿਆਨੁ ਦ੍ਰਿੜੀਜੈ ॥੧॥ ਰਹਾਉ ॥

ਜੇ ਕੋਈ ਮੇਰੇ ਹਿਰਦੇ ਵਿਚ ਗੁਰਮੱਤ ਦੀ ਰਾਹੀਂ ਪਰਮਾਤਮਾ ਦੇ ਨਾਮ ਦਾ ਆਨੰਦ ਅਤੇ ਆਤਮਕ ਜੀਵਨ ਦੀ ਸੂਝ ਪੱਕੀ ਕਰ ਦੇਵੇ ਤਾਂ ਮੈਂ ਆਪਣਾ ਮਨ ਆਪਣਾ ਤਨ ਸਭ ਕੁਝ ਉਸ ਦੇ ਅੱਗੇ ਭੇਟਾ ਰੱਖ ਦਿਆਂ ॥੧॥ ਰਹਾਉ ॥

ਬ੍ਰਹਮ ਨਾਮ ਗੁਣ ਸਾਖ ਤਰੋਵਰ ਨਿਤ ਚੁਨਿ ਚੁਨਿ ਪੂਜ ਕਰੀਜੈ ॥

ਪਰਮਾਤਮਾ ਦਾ ਨਾਮ ਪਰਮਾਤਮਾ ਦੇ ਗੁਣ ਹੀ ਰੁੱਖਾਂ ਦੀਆਂ ਸ਼ਾਖ਼ਾਂ ਹਨ (ਜਿਨ੍ਹਾਂ ਨਾਲੋਂ ਨਾਮ ਅਤੇ ਸਿਫ਼ਤ-ਸਾਲਾਹ ਦੇ ਫੁੱਲ ਹੀ) ਚੁਣ ਚੁਣ ਕੇ ਪਰਮਾਤਮ-ਦੇਵ ਦੀ ਪੂਜਾ ਕਰਨੀ ਚਾਹੀਦੀ ਹੈ।

ਆਤਮ ਦੇਉ ਦੇਉ ਹੈ ਆਤਮੁ ਰਸਿ ਲਾਗੈ ਪੂਜ ਕਰੀਜੈ ॥੧॥

ਪਰਮਾਤਮਾ ਹੀ (ਪੂਜਣ-ਜੋਗ) ਦੇਵਤਾ ਹੈ, (ਪਰਮਾਤਮਾ ਦੇ ਨਾਮ-) ਰਸ ਵਿਚ ਲੱਗ ਕੇ ਪਰਮਾਤਮਾ ਦੀ ਹੀ ਭਗਤੀ ਕਰਨੀ ਚਾਹੀਦੀ ਹੈ ॥੧॥

ਬਿਬੇਕ ਬੁਧਿ ਸਭ ਜਗ ਮਹਿ ਨਿਰਮਲ ਬਿਚਰਿ ਬਿਚਰਿ ਰਸੁ ਪੀਜੈ ॥

(ਹੋਰ ਸਭ ਚਤੁਰਾਈਆਂ ਨਾਲੋਂ) ਜਗਤ ਵਿਚ ਚੰਗੇ ਮੰਦੇ ਕਰਮ ਦੀ ਪਰਖ ਕਰ ਸਕਣ ਵਾਲੀ ਅਕਲ ਹੀ ਸਭ ਤੋਂ ਪਵਿੱਤਰ ਹੈ। (ਇਸ ਦੀ ਸਹਾਇਤਾ ਨਾਲ ਪਰਮਾਤਮਾ ਦੇ ਗੁਣ ਮਨ ਵਿਚ) ਵਸਾ ਵਸਾ ਕੇ (ਆਤਮਕ ਜੀਵਨ ਦੇਣ ਵਾਲਾ ਨਾਮ-) ਰਸ ਪੀਣਾ ਚਾਹੀਦਾ ਹੈ।

ਗੁਰਪਰਸਾਦਿ ਪਦਾਰਥੁ ਪਾਇਆ ਸਤਿਗੁਰ ਕਉ ਇਹੁ ਮਨੁ ਦੀਜੈ ॥੨॥

ਇਹ ਨਾਮ-ਪਦਾਰਥ ਗੁਰੂ ਦੀ ਕਿਰਪਾ ਨਾਲ (ਹੀ) ਮਿਲਦਾ ਹੈ, ਆਪਣਾ ਇਹ ਮਨ ਗੁਰੂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ ॥੨॥

ਨਿਰਮੋਲਕੁ ਅਤਿ ਹੀਰੋ ਨੀਕੋ ਹੀਰੈ ਹੀਰੁ ਬਿਧੀਜੈ ॥

ਪਰਮਾਤਮਾ ਦਾ ਨਾਮ-ਹੀਰਾ ਬਹੁਤ ਹੀ ਕੀਮਤੀ ਹੈ ਬਹੁਤ ਹੀ ਸੋਹਣਾ ਹੈ, ਇਸ ਨਾਮ-ਹੀਰੇ ਨਾਲ (ਆਪਣੇ ਮਨ-) ਹੀਰੇ ਨੂੰ ਸਦਾ ਪ੍ਰੋ ਰੱਖਣਾ ਚਾਹੀਦਾ ਹੈ।

ਮਨੁ ਮੋਤੀ ਸਾਲੁ ਹੈ ਗੁਰਸਬਦੀ ਜਿਤੁ ਹੀਰਾ ਪਰਖਿ ਲਈਜੈ ॥੩॥

ਗੁਰੂ ਦੇ ਸ਼ਬਦ ਦੀ ਰਾਹੀਂ ਇਹ ਮਨ ਸ੍ਰੇਸ਼ਟ ਮੋਤੀ ਬਣ ਸਕਦਾ ਹੈ, ਕਿਉਂਕਿ ਸ਼ਬਦ ਦੀ ਬਰਕਤਿ ਨਾਲ ਨਾਮ ਹੀਰੇ ਦੀ ਕਦਰ-ਕੀਮਤ ਦੀ ਸਮਝ ਪੈ ਜਾਂਦੀ ਹੈ ॥੩॥

ਸੰਗਤਿ ਸੰਤ ਸੰਗਿ ਲਗਿ ਊਚੇ ਜਿਉ ਪੀਪ ਪਲਾਸ ਖਾਇ ਲੀਜੈ ॥

ਸੰਤ-ਜਨਾਂ ਦੀ ਸੰਗਤ ਵਿਚ ਰਹਿ ਕੇ ਸੰਤ-ਜਨਾਂ ਦੀ ਚਰਨੀਂ ਲੱਗ ਕੇ ਉੱਚੇ ਜੀਵਨ ਵਾਲੇ ਬਣ ਸਕੀਦਾ ਹੈ। ਜਿਵੇਂ ਛਿਛਰੇ ਨੂੰ ਪਿੱਪਲ ਆਪਣੇ ਵਿਚ ਲੀਨ ਕਰ (ਕੇ ਆਪਣੇ ਵਰਗਾ ਹੀ ਬਣਾ) ਲੈਂਦਾ ਹੈ,

ਸਭ ਨਰ ਮਹਿ ਪ੍ਰਾਨੀ ਊਤਮੁ ਹੋਵੈ ਰਾਮ ਨਾਮੈ ਬਾਸੁ ਬਸੀਜੈ ॥੪॥

(ਇਸੇ ਤਰ੍ਹਾਂ ਜਿਸ ਮਨੁੱਖ ਵਿਚ) ਪਰਮਾਤਮਾ ਦੇ ਨਾਮ ਦੀ ਸੁਗੰਧੀ ਵੱਸ ਜਾਂਦੀ ਹੈ, ਉਹ ਮਨੁੱਖ ਸਭ ਪ੍ਰਾਣੀਆਂ ਵਿਚੋਂ ਉੱਚੇ ਜੀਵਨ ਵਾਲਾ ਬਣ ਜਾਂਦਾ ਹੈ ॥੪॥

ਨਿਰਮਲ ਨਿਰਮਲ ਕਰਮ ਬਹੁ ਕੀਨੇ ਨਿਤ ਸਾਖਾ ਹਰੀ ਜੜੀਜੈ ॥

(ਗੁਰਮਤ ਦੀ ਬਰਕਤਿ ਨਾਲ ਜਿਸ ਮਨੁੱਖ ਨੇ) ਵਿਕਾਰਾਂ ਦੀ ਮੈਲ ਤੋਂ ਬਚਾਣ ਵਾਲੇ ਕੰਮ ਨਿੱਤ ਕਰਨੇ ਸ਼ੁਰੂ ਕੀਤੇ, (ਉਸ ਦੇ ਜੀਵਨ-ਰੁੱਖ ਉਤੇ, ਮਾਨੋ, ਇਹ) ਹਰੀ ਸ਼ਾਖ਼ ਸਦਾ ਉੱਗਦੀ ਰਹਿੰਦੀ ਹੈ,

ਧਰਮੁ ਫੁਲੁ ਫਲੁ ਗੁਰਿ ਗਿਆਨੁ ਦ੍ਰਿੜਾਇਆ ਬਹਕਾਰ ਬਾਸੁ ਜਗਿ ਦੀਜੈ ॥੫॥

(ਜਿਸ ਨੂੰ) ਧਰਮ-ਰੂਪ ਫੁੱਲ ਲੱਗਦਾ ਰਹਿੰਦਾ ਹੈ, ਅਤੇ ਗੁਰੂ ਦੀ ਰਾਹੀਂ ਮਿਲੀ ਆਤਮਕ ਜੀਵਨ ਦੀ ਸੂਝ (ਦਾ) ਫਲ ਲੱਗਦਾ ਹੈ। (ਇਸ ਫੁੱਲ ਦੀ) ਮਹਕਾਰ ਸੁਗੰਧੀ (ਸਾਰੇ) ਜਗਤ ਵਿਚ ਖਿਲਰਦੀ ਹੈ ॥੫॥

ਏਕ ਜੋਤਿ ਏਕੋ ਮਨਿ ਵਸਿਆ ਸਭ ਬ੍ਰਹਮ ਦ੍ਰਿਸਟਿ ਇਕੁ ਕੀਜੈ ॥

(ਸਾਰੇ ਜਗਤ ਵਿਚ) ਇਕ (ਪਰਮਾਤਮਾ) ਦੀ ਜੋਤਿ (ਹੀ ਵੱਸਦੀ ਹੈ), ਇਕ ਪਰਮਾਤਮਾ ਹੀ (ਸਭਨਾਂ ਦੇ) ਮਨ ਵਿਚ ਵੱਸਦਾ ਹੈ, ਸਾਰੀ ਲੁਕਾਈ ਵਿਚ ਸਿਰਫ਼ ਪਰਮਾਤਮਾ ਨੂੰ ਵੇਖਣ ਵਾਲੀ ਨਿਗਾਹ ਹੀ ਬਣਾਣੀ ਚਾਹੀਦੀ ਹੈ।

ਆਤਮ ਰਾਮੁ ਸਭ ਏਕੈ ਹੈ ਪਸਰੇ ਸਭ ਚਰਨ ਤਲੇ ਸਿਰੁ ਦੀਜੈ ॥੬॥

ਸਾਰੀ ਸ੍ਰਿਸ਼ਟੀ ਵਿਚ ਇਕ ਪਰਮਾਤਮਾ ਹੀ ਪਸਾਰਾ ਪਸਾਰ ਰਿਹਾ ਹੈ, (ਇਸ ਵਾਸਤੇ) ਸਭਨਾਂ ਦੇ ਚਰਨਾਂ ਹੇਠ (ਆਪਣਾ) ਸਿਰ ਰੱਖਣਾ ਚਾਹੀਦਾ ਹੈ ॥੬॥

ਨਾਮ ਬਿਨਾ ਨਕਟੇ ਨਰ ਦੇਖਹੁ ਤਿਨ ਘਸਿ ਘਸਿ ਨਾਕ ਵਢੀਜੈ ॥

ਵੇਖੋ, ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਤੋਂ ਵਾਂਜੇ ਰਹਿੰਦੇ ਹਨ ਉਹ ਨਿਰਾਦਰੀ ਹੀ ਕਰਾਂਦੇ ਹਨ, ਉਹਨਾਂ ਦੀ ਸਦਾ ਨੱਕ-ਵੱਢੀ ਹੁੰਦੀ ਰਹਿੰਦੀ ਹੈ।

ਸਾਕਤ ਨਰ ਅਹੰਕਾਰੀ ਕਹੀਅਹਿ ਬਿਨੁ ਨਾਵੈ ਧ੍ਰਿਗੁ ਜੀਵੀਜੈ ॥੭॥

ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਅਹੰਕਾਰੀ ਹੀ ਆਖੇ ਜਾਂਦੇ ਹਨ। ਨਾਮ ਤੋਂ ਬਿਨਾ ਜੀਵਿਆ ਜੀਵਨ ਫਿਟਕਾਰ-ਜੋਗ ਹੀ ਹੁੰਦਾ ਹੈ ॥੭॥

ਜਬ ਲਗੁ ਸਾਸੁ ਸਾਸੁ ਮਨ ਅੰਤਰਿ ਤਤੁ ਬੇਗਲ ਸਰਨਿ ਪਰੀਜੈ ॥

ਜਦ ਤਹੈਕ ਮਨ ਵਿਚ (ਭਾਵ, ਸਰੀਰ ਵਿਚ) ਇੱਕ ਸਾਹ ਭੀ ਆ ਰਿਹਾ ਹੈ, ਤਦ ਤਕ ਪੂਰੀ ਸਰਧਾ ਨਾਲ ਪਰਮਾਤਮਾ ਦੀ ਸਰਨ ਪਏ ਰਹਿਣਾ ਚਾਹੀਦਾ ਹੈ।

ਨਾਨਕ ਕ੍ਰਿਪਾ ਕ੍ਰਿਪਾ ਕਰਿ ਧਾਰਹੁ ਮੈ ਸਾਧੂ ਚਰਨ ਪਖੀਜੈ ॥੮॥੪॥

ਨਾਨਕ (ਆਖਦਾ ਹੈ- ਹੇ ਪ੍ਰਭੂ! ਮੇਰੇ ਉਤੇ) ਮਿਹਰ ਕਰ, ਮਿਹਰ ਕਰ, ਮੈਂ ਤੇਰੇ ਸੰਤ-ਜਨਾਂ ਦੇ ਚਰਨ ਧੋਂਦਾ ਰਹਾਂ ॥੮॥੪॥


ਕਲਿਆਨ ਮਹਲਾ ੪ ॥
ਰਾਮਾ ਮੈ ਸਾਧੂ ਚਰਨ ਧੁਵੀਜੈ ॥

ਹੇ ਮੇਰੇ ਰਾਮ! ਮੈਂ ਗੁਰੂ ਦੇ ਚਰਨ (ਨਿੱਤ) ਧੋਂਦਾ ਰਹਾਂ,

ਕਿਲਬਿਖ ਦਹਨ ਹੋਹਿ ਖਿਨ ਅੰਤਰਿ ਮੇਰੇ ਠਾਕੁਰ ਕਿਰਪਾ ਕੀਜੈ ॥੧॥ ਰਹਾਉ ॥

ਹੇ ਮੇਰੇ ਠਾਕੁਰ! ਮੇਰੇ ਉੱਤੇ (ਇਹ) ਮਿਹਰ ਕਰ। (ਗੁਰੂ ਦੀ ਸਰਨ ਪਏ ਰਿਹਾਂ) ਇਕ ਖਿਨ ਵਿਚ ਸਾਰੇ ਪਾਪ ਸੜ ਜਾਂਦੇ ਹਨ ॥੧॥ ਰਹਾਉ ॥

ਮੰਗਤ ਜਨ ਦੀਨ ਖਰੇ ਦਰਿ ਠਾਢੇ ਅਤਿ ਤਰਸਨ ਕਉ ਦਾਨੁ ਦੀਜੈ ॥

ਹੇ ਪ੍ਰਭੂ! (ਤੇਰੇ ਦਰ ਦੇ) ਨਿਮਾਣੇ ਮੰਗਤੇ (ਤੇਰੇ) ਦਰ ਤੇ ਖਲੋਤੇ ਹੋਏ ਹਨ, ਬਹੁਤ ਤਰਸ ਰਿਹਾਂ ਨੂੰ (ਇਹ) ਖ਼ੈਰ ਪਾ।

ਤ੍ਰਾਹਿ ਤ੍ਰਾਹਿ ਸਰਨਿ ਪ੍ਰਭ ਆਏ ਮੋ ਕਉ ਗੁਰਮਤਿ ਨਾਮੁ ਦ੍ਰਿੜੀਜੈ ॥੧॥

ਹੇ ਪ੍ਰਭੂ! (ਇਹਨਾਂ ਪਾਪਾਂ ਤੋਂ) ਬਚਾ ਲੈ, ਬਚਾ ਲੈ, (ਅਸੀਂ ਤੇਰੀ) ਸਰਨ ਆ ਪਏ ਹਾਂ। ਹੇ ਪ੍ਰਭੂ! ਗੁਰੂ ਦੀ ਮੱਤ ਦੀ ਰਾਹੀਂ (ਆਪਣਾ) ਨਾਮ ਮੇਰੇ ਅੰਦਰ ਪੱਕਾ ਕਰ ॥੧॥

ਕਾਮ ਕਰੋਧੁ ਨਗਰ ਮਹਿ ਸਬਲਾ ਨਿਤ ਉਠਿ ਉਠਿ ਜੂਝੁ ਕਰੀਜੈ ॥

ਹੇ ਪ੍ਰਭੂ! (ਅਸਾਂ ਜੀਵਾਂ ਦੇ ਸਰੀਰ-) ਨਗਰ ਵਿਚ ਕਾਮ ਕ੍ਰੋਧ (ਆਦਿਕ ਹਰੇਕ ਵਿਕਾਰ) ਬਲਵਾਨ ਹੋਇਆ ਰਹਿੰਦਾ ਹੈ, ਸਦਾ ਉੱਠ ਉੱਠ ਕੇ (ਇਹਨਾਂ ਨਾਲ) ਜੁੱਧ ਕਰਨਾ ਪੈਂਦਾ ਹੈ।

ਅੰਗੀਕਾਰੁ ਕਰਹੁ ਰਖਿ ਲੇਵਹੁ ਗੁਰ ਪੂਰਾ ਕਾਢਿ ਕਢੀਜੈ ॥੨॥

ਹੇ ਪ੍ਰਭੂ! ਸਹਾਇਤਾ ਕਰ, (ਇਹਨਾਂ ਤੋਂ) ਬਚਾ ਲੈ। ਪੂਰਾ ਗੁਰੂ (ਮਿਲਾ ਕੇ ਇਹਨਾਂ ਦੇ ਪੰਜੇ ਵਿਚੋਂ) ਕੱਢ ਲੈ ॥੨॥

ਅੰਤਰਿ ਅਗਨਿ ਸਬਲ ਅਤਿ ਬਿਖਿਆ ਹਿਵ ਸੀਤਲੁ ਸਬਦੁ ਗੁਰ ਦੀਜੈ ॥

(ਜੀਵਾਂ ਦੇ) ਅੰਦਰ ਮਾਇਆ (ਦੀ ਤ੍ਰਿਸ਼ਨਾ) ਦੀ ਅੱਗ ਬਹੁਤ ਭੜਕ ਰਹੀ ਹੈ। ਬਰਫ਼ ਵਰਗਾ ਗੁਰੂ ਦਾ ਠੰਢਾ-ਠਾਰ ਸ਼ਬਦ ਦੇਹ, (ਤਾ ਕਿ) ਤਨ ਵਿਚ ਮਨ ਵਿਚ ਬਹੁਤ ਸ਼ਾਂਤੀ ਪੈਦਾ ਹੋ ਜਾਏ।

ਤਨਿ ਮਨਿ ਸਾਂਤਿ ਹੋਇ ਅਧਿਕਾਈ ਰੋਗੁ ਕਾਟੈ ਸੂਖਿ ਸਵੀਜੈ ॥੩॥

(ਗੁਰੂ ਦਾ ਸ਼ਬਦ ਜੀਵਾਂ ਦੇ ਹਰੇਕ) ਰੋਗ ਕੱਟ ਦੇਂਦਾ ਹੈ, (ਗੁਰੂ ਦੇ ਸ਼ਬਦ ਦੀ ਬਰਕਤਿ ਨਾਲ) ਆਤਮਕ ਆਨੰਦ ਵਿਚ ਮਗਨ ਰਹਿ ਸਕੀਦਾ ਹੈ ॥੩॥

ਜਿਉ ਸੂਰਜੁ ਕਿਰਣਿ ਰਵਿਆ ਸਰਬ ਠਾਈ ਸਭ ਘਟਿ ਘਟਿ ਰਾਮੁ ਰਵੀਜੈ ॥

ਜਿਵੇਂ ਸੂਰਜ (ਆਪਣੀ) ਕਿਰਣ ਦੀ ਰਾਹੀਂ ਸਭਨੀਂ ਥਾਈਂ ਪਹੁੰਚਿਆ ਹੋਇਆ ਹੈ, (ਤਿਵੇਂ) ਪਰਮਾਤਮਾ ਸਾਰੀ ਲੁਕਾਈ ਵਿਚ ਹਰੇਕ ਸਰੀਰ ਵਿਚ ਵਿਆਪਕ ਹੈ।

ਸਾਧੂ ਸਾਧ ਮਿਲੇ ਰਸੁ ਪਾਵੈ ਤਤੁ ਨਿਜ ਘਰਿ ਬੈਠਿਆ ਪੀਜੈ ॥੪॥

ਜਿਸ ਮਨੁੱਖ ਨੂੰ ਸੰਤ-ਜਨ ਮਿਲ ਪੈਂਦੇ ਹਨ, ਉਹ (ਮਿਲਾਪ ਦੇ) ਸੁਆਦ ਨੂੰ ਮਾਣਦਾ ਹੈ। (ਸੰਤ ਜਨਾਂ ਦੀ ਸੰਗਤ ਨਾਲ) ਪ੍ਰਭੂ-ਚਰਨਾਂ ਵਿਚ ਲੀਨ ਹੋ ਕੇ ਨਾਮ ਰਸ ਪੀਤਾ ਜਾ ਸਕਦਾ ਹੈ ॥੪॥

ਜਨ ਕਉ ਪ੍ਰੀਤਿ ਲਗੀ ਗੁਰ ਸੇਤੀ ਜਿਉ ਚਕਵੀ ਦੇਖਿ ਸੂਰੀਜੈ ॥

(ਪਰਮਾਤਮਾ ਦੇ) ਭਗਤ ਨੂੰ ਗੁਰੂ ਨਾਲ (ਇਉਂ) ਪ੍ਰੀਤ ਬਣੀ ਰਹਿੰਦੀ ਹੈ, ਜਿਵੇਂ ਸੂਰਜ (ਦੇ ਚੜ੍ਹਨ) ਨੂੰ ਉਡੀਕ ਉਡੀਕ ਕੇ ਚਕਵੀ (ਵਿਛੋੜੇ ਦੀ ਰਾਤ ਗੁਜ਼ਾਰਦੀ ਹੈ)।

ਨਿਰਖਤ ਨਿਰਖਤ ਰੈਨਿ ਸਭ ਨਿਰਖੀ ਮੁਖੁ ਕਾਢੈ ਅੰਮ੍ਰਿਤੁ ਪੀਜੈ ॥੫॥

ਵੇਖਦਿਆਂ ਵੇਖਦਿਆਂ (ਚਕਵੀ) ਸਾਰੀ ਰਾਤ ਹੀ ਵੇਖਦੀ ਰਹਿੰਦੀ ਹੈ, (ਜਦੋਂ ਸੂਰਜ) ਮੂੰਹ ਵਿਖਾਂਦਾ ਹੈ (ਤਦੋਂ ਚਕਵੇ ਦਾ ਮਿਲਾਪ ਹਾਸਲ ਕਰਦੀ ਹੈ। ਇਸੇ ਤਰ੍ਹਾਂ ਜਦੋਂ ਗੁਰੂ ਦਰਸਨ ਦੇਂਦਾ ਹੈ, ਤਦੋਂ ਸੇਵਕ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਸਕਦਾ ਹੈ ॥੫॥

ਸਾਕਤ ਸੁਆਨ ਕਹੀਅਹਿ ਬਹੁ ਲੋਭੀ ਬਹੁ ਦੁਰਮਤਿ ਮੈਲੁ ਭਰੀਜੈ ॥

ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਬਹੁਤ ਲੋਭੀ ਹੁੰਦੇ ਹਨ, ਕੁੱਤੇ (ਦੇ ਸੁਭਾਵ ਵਾਲੇ) ਕਹੇ ਜਾਂਦੇ ਹਨ, (ਉਹਨਾਂ ਦੇ ਅੰਦਰ) ਖੋਟੀ ਮੱਤ ਦੀ ਮੈਲ (ਸਦਾ) ਭਰੀ ਰਹਿੰਦੀ ਹੈ।

ਆਪਨ ਸੁਆਇ ਕਰਹਿ ਬਹੁ ਬਾਤਾ ਤਿਨਾ ਕਾ ਵਿਸਾਹੁ ਕਿਆ ਕੀਜੈ ॥੬॥

(ਸਾਕਤ ਮਨੁੱਖ) ਆਪਣੀ ਗ਼ਰਜ਼ ਦੀ ਖ਼ਾਤਰ ਬਹੁਤ ਗੱਲਾਂ ਕਰਦੇ ਹਨ, ਪਰ ਉਹਨਾਂ ਦਾ ਇਤਬਾਰ ਨਹੀਂ ਕਰਨਾ ਚਾਹੀਦਾ ॥੬॥

ਸਾਧੂ ਸਾਧ ਸਰਨਿ ਮਿਲਿ ਸੰਗਤਿ ਜਿਤੁ ਹਰਿ ਰਸੁ ਕਾਢਿ ਕਢੀਜੈ ॥

ਹੇ ਹਰੀ! (ਮੈਨੂੰ ਆਪਣੇ) ਸੰਤ ਜਨਾਂ ਭਗਤਾਂ ਦੀ ਸੰਗਤ ਦੇਹ। ਸੰਤ ਜਨਾਂ ਦੀ ਸੰਗਤ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਰਸ ਪ੍ਰਾਪਤ ਕਰ ਸਕੀਦਾ ਹੈ

ਪਰਉਪਕਾਰ ਬੋਲਹਿ ਬਹੁ ਗੁਣੀਆ ਮੁਖਿ ਸੰਤ ਭਗਤ ਹਰਿ ਦੀਜੈ ॥੭॥

ਸੰਤ ਜਨ (ਆਪਣੇ) ਮੂੰਹੋਂ ਦੂਜਿਆਂ ਦੀ ਭਲਾਈ ਦੇ ਬਚਨ ਬੋਲਦੇ ਰਹਿੰਦੇ ਹਨ, ਸੰਤ ਜਨ ਅਨੇਕਾਂ ਗੁਣਾਂ ਵਾਲੇ ਹੁੰਦੇ ਹਨ, (ਮੈਨੂੰ ਉਨ੍ਹਾਂ) ਸੰਤਾਂ ਭਗਤਾਂ ਦੀ (ਸੰਗਤ) ਬਖ਼ਸ਼ ॥੭॥

ਤੂ ਅਗਮ ਦਇਆਲ ਦਇਆ ਪਤਿ ਦਾਤਾ ਸਭ ਦਇਆ ਧਾਰਿ ਰਖਿ ਲੀਜੈ ॥

ਹੇ ਪ੍ਰਭੂ! ਤੂੰ ਅਪਹੁੰਚ ਹੈਂ, ਦਇਆ ਦਾ ਸੋਮਾ ਹੈਂ, ਦਇਆ ਦਾ ਮਾਲਕ ਹੈਂ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ। ਮਿਹਰ ਕਰ ਕੇ ਸਭ ਜੀਵਾਂ ਦੀ ਰੱਖਿਆ ਕਰ।

ਸਰਬ ਜੀਅ ਜਗਜੀਵਨੁ ਏਕੋ ਨਾਨਕ ਪ੍ਰਤਿਪਾਲ ਕਰੀਜੈ ॥੮॥੫॥

ਨਾਨਕ ਆਖਦਾ ਹੈ (ਹੇ ਪ੍ਰਭੂ!) ਸਾਰੇ ਜੀਵ ਤੇਰੇ ਹਨ, ਤੂੰ ਹੀ ਸਾਰੇ ਜਗਤ ਦਾ ਸਹਾਰਾ ਹੈਂ। (ਸਭ ਦੀ) ਪਾਲਣਾ ਕਰ ॥੮॥੫॥


ਕਲਿਆਨੁ ਮਹਲਾ ੪ ॥
ਰਾਮਾ ਹਮ ਦਾਸਨ ਦਾਸ ਕਰੀਜੈ ॥

ਹੇ ਰਾਮ! ਸਾਨੂੰ (ਆਪਣੇ) ਦਾਸਾਂ ਦਾ ਦਾਸ ਬਣਾਈ ਰੱਖ।

ਜਬ ਲਗਿ ਸਾਸੁ ਹੋਇ ਮਨ ਅੰਤਰਿ ਸਾਧੂ ਧੂਰਿ ਪਿਵੀਜੈ ॥੧॥ ਰਹਾਉ ॥

ਜਦੋਂ ਤਕ ਸਰੀਰ ਵਿਚ ਸਾਹ ਆ ਰਿਹਾ ਹੈ, ਉਤਨਾ ਚਿਰ ਸੰਤ-ਜਨਾਂ ਦੇ ਚਰਨਾਂ ਦੀ ਧੂੜ ਪੀਂਦੇ ਰਹਿਣਾ ਚਾਹੀਦਾ ਹੈ (ਨਿਮ੍ਰਤਾ ਨਾਲ ਸੰਤ-ਜਨਾਂ ਦੀ ਸੰਗਤ ਵਿਚ ਰਹਿ ਕੇ ਉਹਨਾਂ ਪਾਸੋਂ ਨਾਮ-ਅੰਮ੍ਰਿਤ ਪੀਂਦੇ ਰਹਿਣਾ ਚਾਹੀਦਾ ਹੈ) ॥੧॥ ਰਹਾਉ ॥

ਸੰਕਰੁ ਨਾਰਦੁ ਸੇਖਨਾਗ ਮੁਨਿ ਧੂਰਿ ਸਾਧੂ ਕੀ ਲੋਚੀਜੈ ॥

ਸ਼ਿਵ, ਨਾਰਦ, ਸ਼ੇਸ਼ਨਾਗ (ਆਦਿਕ ਹਰੇਕ ਰਿਸ਼ੀ-) ਮੁਨੀ ਸੰਤ-ਜਨਾਂ ਦੇ ਚਰਨਾਂ ਦੀ ਧੂੜ ਦੀ ਤਾਂਘ ਕਰਦਾ ਰਿਹਾ ਹੈ।

ਭਵਨ ਭਵਨ ਪਵਿਤੁ ਹੋਹਿ ਸਭਿ ਜਹ ਸਾਧੂ ਚਰਨ ਧਰੀਜੈ ॥੧॥

ਜਿੱਥੇ ਸੰਤ-ਜਨ ਚਰਨ ਰੱਖਦੇ ਹਨ, ਉਹ ਸਾਰੇ ਭਵਨ ਸਾਰੇ ਥਾਂ ਪਵਿੱਤਰ ਹੋ ਜਾਂਦੇ ਹਨ ॥੧॥

ਤਜਿ ਲਾਜ ਅਹੰਕਾਰੁ ਸਭੁ ਤਜੀਐ ਮਿਲਿ ਸਾਧੂ ਸੰਗਿ ਰਹੀਜੈ ॥

ਲੋਕ-ਲਾਜ ਛੱਡ ਕੇ (ਆਪਣੇ ਅੰਦਰੋਂ ਆਪਣੇ ਕਿਸੇ ਵਡੱਪਣ ਦਾ) ਸਾਰਾ ਮਾਣ ਛੱਡ ਦੇਣਾ ਚਾਹੀਦਾ ਹੈ, ਅਤੇ ਸੰਤ-ਜਨਾਂ ਦੀ ਸੰਗਤ ਵਿਚ ਮਿਲ ਕੇ ਰਹਿਣਾ ਚਾਹੀਦਾ ਹੈ।

ਧਰਮ ਰਾਇ ਕੀ ਕਾਨਿ ਚੁਕਾਵੈ ਬਿਖੁ ਡੁਬਦਾ ਕਾਢਿ ਕਢੀਜੈ ॥੨॥

(ਜਿਹੜਾ ਮਨੁੱਖ ਸੰਤ-ਜਨਾਂ ਦੀ ਸੰਗਤ ਵਿਚ ਰਹਿੰਦਾ ਹੈ, ਉਹ) ਧਰਮਰਾਜ ਦਾ ਸਹਿਮ ਮੁਕਾ ਲੈਂਦਾ ਹੈ। ਆਤਮਕ ਮੌਤ ਲਿਆਉਣ ਵਾਲੇ ਜ਼ਹਿਰੀਲੇ ਸੰਸਾਰ-ਸਮੁੰਦਰ ਵਿਚ ਡੁੱਬਦੇ ਨੂੰ (ਸੰਤ-ਜਨ) ਕੱਢ ਲੈਂਦੇ ਹਨ ॥੨॥

ਭਰਮਿ ਸੂਕੇ ਬਹੁ ਉਭਿ ਸੁਕ ਕਹੀਅਹਿ ਮਿਲਿ ਸਾਧੂ ਸੰਗਿ ਹਰੀਜੈ ॥

(ਜਿਹੜੇ ਮਨੁੱਖ ਮਾਇਆ ਦੀ) ਭਟਕਣਾ ਵਿਚ ਪੈ ਕੇ ਆਤਮਕ ਜੀਵਨ ਦੀ ਤਰਾਵਤ ਮੁਕਾ ਲੈਂਦੇ ਹਨ, ਉਹ ਮਨੁੱਖ ਉਹਨਾਂ ਰੁੱਖਾਂ ਵਰਗੇ ਕਹੇ ਜਾਂਦੇ ਹਨ, ਜਿਹੜੇ ਖੜੇ-ਖਲੋਤੇ ਸੁੱਕ ਜਾਂਦੇ ਹਨ (ਪਰ ਅਜਿਹੇ ਸੁੱਕੇ ਜੀਵਨ ਵਾਲੇ ਮਨੁੱਖ ਭੀ) ਸੰਤ-ਜਨਾਂ ਦੀ ਸੰਗਤ ਵਿਚ ਮਿਲ ਕੇ ਹਰੇ ਹੋ ਜਾਂਦੇ ਹਨ।

ਤਾ ਤੇ ਬਿਲਮੁ ਪਲੁ ਢਿਲ ਨ ਕੀਜੈ ਜਾਇ ਸਾਧੂ ਚਰਨਿ ਲਗੀਜੈ ॥੩॥

ਇਸ ਵਾਸਤੇ ਇਕ ਪਲ ਭਰ ਭੀ ਦੇਰ ਨਹੀਂ ਕਰਨੀ ਚਾਹੀਦੀ। (ਛੇਤੀ) ਜਾ ਕੇ ਸੰਤ ਜਨਾਂ ਦੀ ਚਰਨੀਂ ਲੱਗਣਾ ਚਾਹੀਦਾ ਹੈ ॥੩॥

ਰਾਮ ਨਾਮ ਕੀਰਤਨ ਰਤਨ ਵਥੁ ਹਰਿ ਸਾਧੂ ਪਾਸਿ ਰਖੀਜੈ ॥

ਪਰਮਾਤਮਾ ਦਾ ਨਾਮ, ਪਰਮਾਤਮਾ ਦੀ ਸਿਫ਼ਤ-ਸਾਲਾਹ ਇਕ ਕੀਮਤੀ ਪਦਾਰਥ ਹੈ। ਇਹ ਪਦਾਰਥ ਪਰਮਾਤਮਾ ਨੇ ਸੰਤ-ਜਨਾਂ ਦੇ ਕੋਲ ਰੱਖਿਆ ਹੁੰਦਾ ਹੈ।

ਜੋ ਬਚਨੁ ਗੁਰ ਸਤਿ ਸਤਿ ਕਰਿ ਮਾਨੈ ਤਿਸੁ ਆਗੈ ਕਾਢਿ ਧਰੀਜੈ ॥੪॥

ਜਿਹੜਾ ਮਨੁੱਖ ਗੁਰੂ ਦੇ ਉਪਦੇਸ਼ ਨੂੰ ਪੂਰੀ ਸਰਧਾ ਨਾਲ ਮੰਨਦਾ ਹੈ, (ਗੁਰੂ ਇਹ ਕੀਮਤੀ ਪਦਾਰਥ) ਉਸ ਦੇ ਅੱਗੇ ਕੱਢ ਕੇ ਰੱਖ ਦੇਂਦਾ ਹੈ ॥੪॥

ਸੰਤਹੁ ਸੁਨਹੁ ਸੁਨਹੁ ਜਨ ਭਾਈ ਗੁਰਿ ਕਾਢੀ ਬਾਹ ਕੁਕੀਜੈ ॥

ਹੇ ਸੰਤ ਜਨੋ! ਹੇ ਭਰਾਵੋ! ਗੁਰੂ ਨੇ (ਆਪਣੀ) ਬਾਂਹ ਉੱਚੀ ਕੀਤੀ ਹੋਈ ਹੈ ਤੇ ਕੂਕ ਰਿਹਾ ਹੈ (ਉਸ ਦੀ ਗੱਲ) ਧਿਆਨ ਨਾਲ ਸੁਣੋ।

ਜੇ ਆਤਮ ਕਉ ਸੁਖੁ ਸੁਖੁ ਨਿਤ ਲੋੜਹੁ ਤਾਂ ਸਤਿਗੁਰ ਸਰਨਿ ਪਵੀਜੈ ॥੫॥

ਹੇ ਸੰਤ ਜਨੋ! ਜੇ ਤੁਸੀਂ ਆਪਣੀ ਜਿੰਦ ਵਾਸਤੇ ਸਦਾ ਦਾ ਸੁਖ ਚਾਹੁੰਦੇ ਹੋ, ਤਾਂ ਗੁਰੂ ਦੀ ਸਰਨ ਪਏ ਰਹਿਣਾ ਚਾਹੀਦਾ ਹੈ ॥੫॥

ਜੇ ਵਡਭਾਗੁ ਹੋਇ ਅਤਿ ਨੀਕਾ ਤਾਂ ਗੁਰਮਤਿ ਨਾਮੁ ਦ੍ਰਿੜੀਜੈ ॥

ਜੇ ਕਿਸੇ ਮਨੁੱਖ ਦੀ ਵੱਡੀ ਚੰਗੀ ਕਿਸਮਤ ਹੋਵੇ, ਤਾਂ ਉਹ ਗੁਰੂ ਦੀ ਮੱਤ ਲੈ ਕੇ (ਆਪਣੇ ਅੰਦਰ) ਪਰਮਾਤਮਾ ਦਾ ਨਾਮ ਪੱਕਾ ਕਰਦਾ ਹੈ।

ਸਭੁ ਮਾਇਆ ਮੋਹੁ ਬਿਖਮੁ ਜਗੁ ਤਰੀਐ ਸਹਜੇ ਹਰਿ ਰਸੁ ਪੀਜੈ ॥੬॥

ਮਾਇਆ ਦਾ ਮੋਹ-ਇਹ ਸਾਰਾ ਬੜਾ ਔਖਾ ਸੰਸਾਰ-ਸਮੁੰਦਰ ਹੈ (ਨਾਮ ਦੀ ਬਰਕਤਿ ਨਾਲ ਇਹ) ਤਰਿਆ ਜਾ ਸਕਦਾ ਹੈ। (ਇਸ ਵਾਸਤੇ) ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦਾ ਨਾਮ-ਰਸ ਪੀਣਾ ਚਾਹੀਦਾ ਹੈ ॥੬॥

ਮਾਇਆ ਮਾਇਆ ਕੇ ਜੋ ਅਧਿਕਾਈ ਵਿਚਿ ਮਾਇਆ ਪਚੈ ਪਚੀਜੈ ॥

ਜਿਹੜੇ ਮਨੁੱਖ ਨਿਰੇ ਮਾਇਆ ਦੇ ਹੀ ਬਹੁਤ ਪ੍ਰੇਮੀ ਹਨ (ਉਹ ਸਦਾ ਦੁਖੀ ਹੁੰਦੇ ਹਨ। ਮਾਇਆ ਦਾ ਪ੍ਰੇਮੀ ਮਨੁੱਖ ਤਾਂ) ਹਰ ਵੇਲੇ ਮਾਇਆ (ਦੀ ਤ੍ਰਿਸ਼ਨਾ ਦੀ ਅੱਗ) ਵਿਚ ਸੜਦਾ ਰਹਿੰਦਾ ਹੈ।

ਅਗਿਆਨੁ ਅੰਧੇਰੁ ਮਹਾ ਪੰਥੁ ਬਿਖੜਾ ਅਹੰਕਾਰਿ ਭਾਰਿ ਲਦਿ ਲੀਜੈ ॥੭॥

(ਅਜਿਹੇ ਮਨੁੱਖ ਵਾਸਤੇ) ਆਤਮਕ ਜੀਵਨ ਵਲੋਂ ਬੇ-ਸਮਝੀ ਇਕ ਘੁੱਪ ਹਨੇਰਾ (ਬਣ ਜਾਂਦਾ ਹੈ, ਉਸ ਮਨੁੱਖ ਵਾਸਤੇ ਜ਼ਿੰਦਗੀ ਦਾ) ਰਸਤਾ ਔਖਾ ਹੋ ਜਾਂਦਾ ਹੈ (ਕਿਉਂਕਿ ਉਹ ਮਨੁੱਖ) ਅਹੰਕਾਰ (-ਰੂਪ) ਭਾਰ ਨਾਲ (ਸਦਾ) ਲੱਦਿਆ ਰਹਿੰਦਾ ਹੈ ॥੭॥

ਨਾਨਕ ਰਾਮ ਰਮ ਰਮੁ ਰਮ ਰਮ ਰਾਮੈ ਤੇ ਗਤਿ ਕੀਜੈ ॥

ਹੇ ਨਾਨਕ! ਸਦਾ ਵਿਆਪਕ ਰਾਮ ਦਾ ਨਾਮ ਸਿਮਰਦਾ ਰਹੁ। ਵਿਆਪਕ ਰਾਮ ਦੇ ਨਾਮ ਤੋਂ ਹੀ ਉੱਚੀ ਆਤਮਕ ਅਵਸਥਾ ਹਾਸਲ ਕਰ ਸਕੀਦੀ ਹੈ।

ਸਤਿਗੁਰੁ ਮਿਲੈ ਤਾ ਨਾਮੁ ਦ੍ਰਿੜਾਏ ਰਾਮ ਨਾਮੈ ਰਲੈ ਮਿਲੀਜੈ ॥੮॥੬॥ ਛਕਾ ੧ ॥

ਜਦੋਂ ਗੁਰੂ ਮਿਲਦਾ ਹੈ ਉਹ (ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ) ਨਾਮ ਪੱਕਾ ਕਰਦਾ ਹੈ। (ਮਨੁੱਖ) ਪਰਮਾਤਮਾ ਦੇ ਨਾਮ ਵਿਚ ਸਦਾ ਲਈ ਲੀਨ ਹੋ ਜਾਂਦਾ ਹੈ। ਛਕਾ = ਛੱਕਾ, ਛੇ (ਅਸ਼ਟਪਦੀਆਂ) ਦਾ ਇਕੱਠ ॥੮॥੬॥