ਰਾਗ ਜੈਜਾਵੰਤੀ – ਬਾਣੀ ਸ਼ਬਦ-Raag Jaijavanti – Bani

ਰਾਗ ਜੈਜਾਵੰਤੀ – ਬਾਣੀ ਸ਼ਬਦ-Raag Jaijavanti – Bani

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਰਾਗੁ ਜੈਜਾਵੰਤੀ ਮਹਲਾ ੯ ॥

ਰਾਗ ਜੈਜਾਵੰਤੀ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।

ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜਿ ਹੈ ॥

ਪਰਮਾਤਮਾ (ਦਾ ਨਾਮ) ਸਿਮਰਿਆ ਕਰ, ਪਰਮਾਤਮਾ ਦਾ ਨਾਮ ਸਿਮਰਿਆ ਕਰ! ਇਹ (ਸਿਮਰਨ) ਹੀ ਤੇਰੇ ਕੰਮ ਵਿਚ (ਆਉਣ ਵਾਲਾ) ਹੈ।

ਮਾਇਆ ਕੋ ਸੰਗੁ ਤਿਆਗੁ ਪ੍ਰਭ ਜੂ ਕੀ ਸਰਨਿ ਲਾਗੁ ॥

ਮਾਇਆ ਦਾ ਮੋਹ ਛੱਡ ਦੇਹ, ਪਰਮਾਤਮਾ ਦੀ ਸਰਨ ਪਿਆ ਰਹੁ।

ਜਗਤ ਸੁਖ ਮਾਨੁ ਮਿਥਿਆ ਝੂਠੋ ਸਭ ਸਾਜੁ ਹੈ ॥੧॥ ਰਹਾਉ ॥

ਦੁਨੀਆ ਦੇ ਸੁਖਾਂ ਨੂੰ ਨਾਸਵੰਤ ਸਮਝ! ਜਗਤ ਦਾ ਇਹ ਸਾਰਾ ਪਸਾਰਾ (ਹੀ) ਸਾਥ ਛੱਡ ਜਾਣ ਵਾਲਾ ਹੈ ॥੧॥ ਰਹਾਉ ॥

ਸੁਪਨੇ ਜਿਉ ਧਨੁ ਪਛਾਨੁ ਕਾਹੇ ਪਰਿ ਕਰਤ ਮਾਨੁ ॥

ਇਸ ਧਨ ਨੂੰ ਸੁਪਨੇ (ਵਿਚ ਮਿਲੇ ਪਦਾਰਥਾਂ) ਵਾਂਗ ਸਮਝ, ਤੂੰ ਕਾਹਦੇ ਉੱਤੇ ਅਹੰਕਾਰ ਕਰਦਾ ਹੈਂ?

ਬਾਰੂ ਕੀ ਭੀਤਿ ਜੈਸੇ ਬਸੁਧਾ ਕੋ ਰਾਜੁ ਹੈ ॥੧॥

(ਸਾਰੀ) ਧਰਤੀ ਦਾ ਰਾਜ (ਭੀ) ਰੇਤ ਦੀ ਕੰਧ ਵਰਗਾ ਹੀ ਹੈ ॥੧॥

ਨਾਨਕੁ ਜਨੁ ਕਹਤੁ ਬਾਤ ਬਿਨਸਿ ਜੈਹੈ ਤੇਰੋ ਗਾਤੁ ॥

ਦਾਸ ਨਾਨਕ (ਤੈਨੂੰ ਇਹ) ਗੱਲ ਦੱਸਦਾ ਹੈ ਕਿ ਤੇਰਾ (ਤਾਂ ਇਹ ਆਪਣਾ ਮਿਥਿਆ ਹੋਇਆ) ਸਰੀਰ (ਭੀ) ਨਾਸ ਹੋ ਜਾਇਗਾ।

ਛਿਨੁ ਛਿਨੁ ਕਰਿ ਗਇਓ ਕਾਲੁ ਤੈਸੇ ਜਾਤੁ ਆਜੁ ਹੈ ॥੨॥੧॥

(ਵੇਖ, ਜਿਵੇਂ ਤੇਰੀ ਉਮਰ ਦਾ) ਕੱਲ (ਦਾ ਦਿਨ) ਛਿਨ ਛਿਨ ਕਰ ਕੇ ਬੀਤ ਗਿਆ ਹੈ, ਤਿਵੇਂ ਅੱਜ (ਦਾ ਦਿਨ ਭੀ) ਲੰਘਦਾ ਜਾ ਰਿਹਾ ਹੈ ॥੨॥੧॥


ਜੈਜਾਵੰਤੀ ਮਹਲਾ ੯ ॥
ਰਾਮੁ ਭਜੁ ਰਾਮੁ ਭਜੁ ਜਨਮੁ ਸਿਰਾਤੁ ਹੈ ॥

ਪਰਮਾਤਮਾ ਦਾ ਭਜਨ ਕਰਿਆ ਕਰ, ਪਰਮਾਤਮਾ ਦਾ ਭਜਨ ਕਰਿਆ ਕਰ! ਮਨੁੱਖਾ ਜਨਮ ਲੰਘਦਾ ਜਾ ਰਿਹਾ ਹੈ।

ਕਹਉ ਕਹਾ ਬਾਰ ਬਾਰ ਸਮਝਤ ਨਹ ਕਿਉ ਗਵਾਰ ॥

ਹੇ ਮੂਰਖ! ਮੈਂ (ਤੈਨੂੰ) ਮੁੜ ਮੁੜ ਕੀਹ ਆਖਾਂ? ਤੂੰ ਕਿਉਂ ਨਹੀਂ ਸਮਝਦਾ?

ਬਿਨਸਤ ਨਹ ਲਗੈ ਬਾਰ ਓਰੇ ਸਮ ਗਾਤੁ ਹੈ ॥੧॥ ਰਹਾਉ ॥

(ਤੇਰਾ ਇਹ) ਸਰੀਰ (ਨਾਸ ਹੋਣ ਵਿਚ) ਗੜੇ ਵਰਗਾ ਹੀ ਹੈ (ਇਸ ਦੇ) ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ॥੧॥ ਰਹਾਉ ॥

ਸਗਲ ਭਰਮ ਡਾਰਿ ਦੇਹਿ ਗੋਬਿੰਦ ਕੋ ਨਾਮੁ ਲੇਹਿ ॥

ਸਾਰੀਆਂ ਭਟਕਣਾਂ ਛੱਡ ਦੇਹ, ਪਰਮਾਤਮਾ ਦਾ ਨਾਮ ਜਪਿਆ ਕਰ।

ਅੰਤਿ ਬਾਰ ਸੰਗਿ ਤੇਰੈ ਇਹੈ ਏਕੁ ਜਾਤੁ ਹੈ ॥੧॥

ਅੰਤਲੇ ਸਮੇ ਤੇਰੇ ਨਾਲ ਸਿਰਫ਼ ਇਹ ਨਾਮ ਹੀ ਜਾਣ ਵਾਲਾ ਹੈ ॥੧॥

ਬਿਖਿਆ ਬਿਖੁ ਜਿਉ ਬਿਸਾਰਿ ਪ੍ਰਭ ਕੌ ਜਸੁ ਹੀਏ ਧਾਰਿ ॥

ਮਾਇਆ (ਦਾ ਮੋਹ ਆਪਣੇ ਅੰਦਰੋਂ) ਜ਼ਹਿਰ ਵਾਂਗ ਭੁਲਾ ਦੇਹ! ਪਰਮਾਤਮਾ ਦੀ ਸਿਫ਼ਤ-ਸਾਲਾਹ (ਆਪਣੇ) ਹਿਰਦੇ ਵਿਚ ਵਸਾਈ ਰੱਖ!

ਨਾਨਕ ਜਨ ਕਹਿ ਪੁਕਾਰਿ ਅਉਸਰੁ ਬਿਹਾਤੁ ਹੈ ॥੨॥੨॥

ਦਾਸ ਨਾਨਕ (ਤੈਨੂੰ) ਕੂਕ ਕੂਕ ਕੇ ਆਖ ਰਿਹਾ ਹੈ, (ਮਨੁੱਖਾ ਜ਼ਿੰਦਗੀ ਦਾ ਸਮਾ) ਬੀਤਦਾ ਜਾ ਰਿਹਾ ਹੈ ॥੨॥੨॥


ਜੈਜਾਵੰਤੀ ਮਹਲਾ ੯ ॥
ਰੇ ਮਨ ਕਉਨ ਗਤਿ ਹੋਇ ਹੈ ਤੇਰੀ ॥

ਹੇ ਮਨ! (ਸੋਚ ਕਿ) ਤੇਰੀ ਕੀਹ ਦਸ਼ਾ ਹੋਵੇਗੀ?

ਇਹ ਜਗ ਮਹਿ ਰਾਮ ਨਾਮੁ ਸੋ ਤਉ ਨਹੀ ਸੁਨਿਓ ਕਾਨਿ ॥

ਇਸ ਜਗਤ ਵਿਚ (ਤੇਰਾ ਅਮਲ ਸਾਥੀ) ਪਰਮਾਤਮਾ ਦਾ ਨਾਮ (ਹੀ) ਹੈ, ਉਹ (ਨਾਮ) ਤੂੰ ਕਦੇ ਧਿਆਨ ਨਾਲ ਸੁਣਿਆ ਨਹੀਂ।

ਬਿਖਿਅਨ ਸਿਉ ਅਤਿ ਲੁਭਾਨਿ ਮਤਿ ਨਾਹਿਨ ਫੇਰੀ ॥੧॥ ਰਹਾਉ ॥

ਤੂੰ ਵਿਸ਼ਿਆਂ ਵਿਚ ਹੀ ਬਹੁਤ ਫਸਿਆ ਰਹਿੰਦਾ ਹੈਂ, ਤੂੰ (ਆਪਣੀ) ਸੁਰਤ (ਇਹਨਾਂ ਵਲੋਂ ਕਦੇ) ਪਰਤਾਂਦਾ ਨਹੀਂ ॥੧॥ ਰਹਾਉ ॥

ਮਾਨਸ ਕੋ ਜਨਮੁ ਲੀਨੁ ਸਿਮਰਨੁ ਨਹ ਨਿਮਖ ਕੀਨੁ ॥

ਤੂੰ ਮਨੁੱਖ ਦਾ ਜਨਮ (ਤਾਂ) ਹਾਸਲ ਕੀਤਾ, ਪਰ ਕਦੇ ਰਤਾ ਭਰ ਸਮੇ ਲਈ ਭੀ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ।

ਦਾਰਾ ਸੁਖ ਭਇਓ ਦੀਨੁ ਪਗਹੁ ਪਰੀ ਬੇਰੀ ॥੧॥

ਤੂੰ ਸਦਾ ਇਸਤ੍ਰੀ ਦੇ ਸੁਖਾਂ ਦੇ ਹੀ ਅਧੀਨ ਹੋਇਆ ਰਹਿੰਦਾ ਹੈਂ ਤੇ ਤੇਰੇ ਪੈਰਾਂ ਵਿਚ (ਇਸਤ੍ਰੀ ਦੇ ਮੋਹ ਦੀ) ਬੇੜੀ ਪਈ ਰਹਿੰਦੀ ਹੈ ॥੧॥

ਨਾਨਕ ਜਨ ਕਹਿ ਪੁਕਾਰਿ ਸੁਪਨੈ ਜਿਉ ਜਗ ਪਸਾਰੁ ॥

ਦਾਸ ਨਾਨਕ (ਤੈਨੂੰ) ਪੁਕਾਰ ਕੇ ਆਖਦਾ ਹੈ ਕਿ ਇਹ ਜਗਤ ਦਾ ਖਿਲਾਰਾ ਸੁਪਨੇ ਵਰਗਾ ਹੀ ਹੈ।

ਸਿਮਰਤ ਨਹ ਕਿਉ ਮੁਰਾਰਿ ਮਾਇਆ ਜਾ ਕੀ ਚੇਰੀ ॥੨॥੩॥

ਇਹ ਮਾਇਆ ਜਿਸ ਦੀ ਦਾਸੀ ਹੈ ਤੂੰ ਉਸ ਪਰਮਾਤਮਾ ਦਾ ਸਿਮਰਨ ਕਿਉਂ ਨਹੀਂ ਕਰਦਾ ॥੨॥੩॥


ਜੈਜਾਵੰਤੀ ਮਹਲਾ ੯ ॥
ਬੀਤ ਜੈਹੈ ਬੀਤ ਜੈਹੈ ਜਨਮੁ ਅਕਾਜੁ ਰੇ ॥

ਜੀਵਨ (ਦਾ ਸਮਾ) ਅਸਫਲ ਲੰਘਦਾ ਜਾ ਰਿਹਾ ਹੈ, ਗੁਜ਼ਰਦਾ ਜਾ ਰਿਹਾ ਹੈ।

ਨਿਸਿ ਦਿਨੁ ਸੁਨਿ ਕੈ ਪੁਰਾਨ ਸਮਝਤ ਨਹ ਰੇ ਅਜਾਨ ॥

ਹੇ ਮੂਰਖ! ਰਾਤ ਦਿਨ ਪੁਰਾਣ (ਆਦਿਕ ਪੁਸਤਕਾਂ ਦੀਆਂ ਕਹਾਣੀਆਂ) ਸੁਣ ਕੇ (ਭੀ) ਤੂੰ ਨਹੀਂ ਸਮਝਦਾ।

ਕਾਲੁ ਤਉ ਪਹੂਚਿਓ ਆਨਿ ਕਹਾ ਜੈਹੈ ਭਾਜਿ ਰੇ ॥੧॥ ਰਹਾਉ ॥

ਮੌਤ (ਦਾ ਸਮਾ) ਤਾਂ (ਨੇੜੇ) ਆ ਪਹੁੰਚਿਆ ਹੈ (ਦੱਸ, ਤੂੰ ਇਸ ਪਾਸੋਂ) ਭੱਜ ਕਿੱਥੇ ਚਲਾ ਜਾਏਂਗਾ ॥੧॥ ਰਹਾਉ ॥

ਅਸਥਿਰੁ ਜੋ ਮਾਨਿਓ ਦੇਹ ਸੋ ਤਉ ਤੇਰਉ ਹੋਇ ਹੈ ਖੇਹ ॥

ਜਿਸ (ਆਪਣੇ) ਸਰੀਰ ਨੂੰ ਤੂੰ ਸਦਾ ਕਾਇਮ ਰਹਿਣ ਵਾਲਾ ਸਮਝੀ ਬੈਠਾ ਹੈਂ, ਤੇਰਾ ਉਹ (ਸਰੀਰ) ਤਾਂ (ਜ਼ਰੂਰ) ਸੁਆਹ ਹੋ ਜਾਇਗਾ।

ਕਿਉ ਨ ਹਰਿ ਕੋ ਨਾਮੁ ਲੇਹਿ ਮੂਰਖ ਨਿਲਾਜ ਰੇ ॥੧॥

ਹੇ ਮੂਰਖ! ਹੇ ਬੇ-ਸ਼ਰਮ! ਤੂੰ ਕਿਉਂ ਪਰਮਾਤਮਾ ਦਾ ਨਾਮ ਨਹੀਂ ਜਪਦਾ? ॥੧॥

ਰਾਮ ਭਗਤਿ ਹੀਏ ਆਨਿ ਛਾਡਿ ਦੇ ਤੈ ਮਨ ਕੋ ਮਾਨੁ ॥

(ਆਪਣੇ) ਮਨ ਦਾ ਅਹੰਕਾਰ ਛੱਡ ਦੇਹ, ਪਰਮਾਤਮਾ ਦੀ ਭਗਤੀ (ਆਪਣੇ) ਹਿਰਦੇ ਵਿਚ ਵਸਾ ਲੈ!

ਨਾਨਕ ਜਨ ਇਹ ਬਖਾਨਿ ਜਗ ਮਹਿ ਬਿਰਾਜੁ ਰੇ ॥੨॥੪॥

ਦਾਸ ਨਾਨਕ (ਤੈਨੂੰ ਮੁੜ ਮੁੜ) ਇਹ ਗੱਲ ਹੀ ਆਖਦਾ ਹੈ ਕਿ ਇਹੋ ਜਿਹਾ ਸੁਚੱਜਾ ਜੀਵਨ ਜੀਉ! ॥੨॥੪॥