Raag-Gond-Bani

Raag-Gond-Bani

Raag-Gond-Bani

Raag-Gond-Bani


Raag-Gond-Bani

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਰਾਗੁ ਗੋਂਡ ਚਉਪਦੇ ਮਹਲਾ ੪ ਘਰੁ ੧ ॥

ਜੇ ਮਨਿ ਚਿਤਿ ਆਸ ਰਖਹਿ ਹਰਿ ਊਪਰਿ ਤਾ ਮਨ ਚਿੰਦੇ ਅਨੇਕ ਅਨੇਕ ਫਲ ਪਾਈ ॥
ਹੇ ਭਾਈ! ਜੇ ਤੂੰ ਆਪਣੇ ਮਨ ਵਿਚ ਆਪਣੇ ਚਿੱਤ ਵਿਚ ਸਿਰਫ਼ ਪਰਮਾਤਮਾ ਉਤੇ ਭਰੋਸਾ ਰੱਖੇਂ, ਤਾਂ ਤੂੰ ਅਨੇਕਾਂ ਹੀ ਮਨ-ਮੰਗੇ ਫਲ ਹਾਸਲ ਕਰ ਲਏਂਗਾ,

ਹਰਿ ਜਾਣੈ ਸਭੁ ਕਿਛੁ ਜੋ ਜੀਇ ਵਰਤੈ ਪ੍ਰਭੁ ਘਾਲਿਆ ਕਿਸੈ ਕਾ ਇਕੁ ਤਿਲੁ ਨ ਗਵਾਈ ॥

(ਕਿਉਂਕਿ) ਪਰਮਾਤਮਾ ਉਹ ਸਭ ਕੁਝ ਜਾਣਦਾ ਹੈ ਜੋ (ਅਸਾਂ ਜੀਵਾਂ ਦੇ) ਮਨ ਵਿਚ ਵਰਤਦਾ ਹੈ, ਅਤੇ, ਪਰਮਾਤਮਾ ਕਿਸੇ ਦੀ ਕੀਤੀ ਹੋਈ ਮੇਹਨਤ ਰਤਾ ਭਰ ਭੀ ਅਜਾਈਂ ਨਹੀਂ ਜਾਣ ਦੇਂਦਾ।

ਹਰਿ ਤਿਸ ਕੀ ਆਸ ਕੀਜੈ ਮਨ ਮੇਰੇ ਜੋ ਸਭ ਮਹਿ ਸੁਆਮੀ ਰਹਿਆ ਸਮਾਈ ॥੧॥

ਸੋ, ਹੇ ਮੇਰੇ ਮਨ! ਉਸ ਮਾਲਕ-ਪਰਮਾਤਮਾ ਦੀ ਸਦਾ ਆਸ ਰੱਖ, ਜੇਹੜਾ ਸਭ ਜੀਵਾਂ ਵਿਚ ਮੌਜੂਦ ਹੈ ॥੧॥

ਮੇਰੇ ਮਨ ਆਸਾ ਕਰਿ ਜਗਦੀਸ ਗੁਸਾਈ ॥

ਹੇ ਮੇਰੇ ਮਨ! ਜਗਤ ਦੇ ਮਾਲਕ ਧਰਤੀ ਦੇ ਸਾਈਂ ਦੀ (ਸਹਾਇਤਾ ਦੀ) ਆਸ ਰੱਖਿਆ ਕਰ।

ਜੋ ਬਿਨੁ ਹਰਿ ਆਸ ਅਵਰ ਕਾਹੂ ਕੀ ਕੀਜੈ ਸਾ ਨਿਹਫਲ ਆਸ ਸਭ ਬਿਰਥੀ ਜਾਈ ॥੧॥ ਰਹਾਉ ॥

ਪਰਮਾਤਮਾ ਤੋਂ ਬਿਨਾ ਜੇਹੜੀ ਭੀ ਕਿਸੇ ਹੋਰ ਦੀ ਆਸ ਕਰੀਦੀ ਹੈ, ਉਹ ਆਸ ਸਫਲ ਨਹੀਂ ਹੁੰਦੀ, ਉਹ ਆਸ ਵਿਅਰਥ ਜਾਂਦੀ ਹੈ ॥੧॥ ਰਹਾਉ ॥

ਜੋ ਦੀਸੈ ਮਾਇਆ ਮੋਹ ਕੁਟੰਬੁ ਸਭੁ ਮਤ ਤਿਸ ਕੀ ਆਸ ਲਗਿ ਜਨਮੁ ਗਵਾਈ ॥

ਹੇ ਮੇਰੇ ਮਨ! ਜੋ ਇਹ ਸਾਰਾ ਪਰਵਾਰ ਦਿੱਸ ਰਿਹਾ ਹੈ, ਇਹ ਮਾਇਆ ਦੇ ਮੋਹ (ਦਾ ਮੂਲ) ਹੈ। ਇਸ ਪਰਵਾਰ ਦੀ ਆਸ ਰੱਖ ਕੇ ਕਿਤੇ ਆਪਣਾ ਜੀਵਨ ਵਿਅਰਥ ਨਾਹ ਗਵਾ ਲਈਂ।

ਇਨ੍ਰ ਕੈ ਕਿਛੁ ਹਾਥਿ ਨਹੀ ਕਹਾ ਕਰਹਿ ਇਹਿ ਬਪੁੜੇ ਇਨ੍ਰ ਕਾ ਵਾਹਿਆ ਕਛੁ ਨ ਵਸਾਈ ॥

ਇਹਨਾਂ ਸੰਬੰਧੀਆਂ ਦੇ ਹੱਥ ਵਿਚ ਕੁਝ ਨਹੀਂ। ਇਹ ਵਿਚਾਰੇ ਕੀਹ ਕਰ ਸਕਦੇ ਹਨ? ਇਹਨਾਂ ਦਾ ਲਾਇਆ ਹੋਇਆ ਜ਼ੋਰ ਸਫਲ ਨਹੀਂ ਹੋ ਸਕਦਾ।

ਮੇਰੇ ਮਨ ਆਸ ਕਰਿ ਹਰਿ ਪ੍ਰੀਤਮ ਅਪੁਨੇ ਕੀ ਜੋ ਤੁਝੁ ਤਾਰੈ ਤੇਰਾ ਕੁਟੰਬੁ ਸਭੁ ਛਡਾਈ ॥੨॥

ਸੋ, ਹੇ ਮੇਰੇ ਮਨ! ਆਪਣੇ ਪ੍ਰੀਤਮ ਪ੍ਰਭੂ ਦੀ ਹੀ ਆਸ ਰੱਖ, ਉਹੀ ਤੈਨੂੰ ਪਾਰ ਲੰਘਾ ਸਕਦਾ ਹੈ, ਤੇਰੇ ਪਰਵਾਰ ਨੂੰ ਭੀ (ਹਰੇਕ ਬਿਪਤਾ ਤੋਂ) ਛੁਡਾ ਸਕਦਾ ਹੈ ॥੨॥

ਜੇ ਕਿਛੁ ਆਸ ਅਵਰ ਕਰਹਿ ਪਰਮਿਤ੍ਰੀ ਮਤ ਤੂੰ ਜਾਣਹਿ ਤੇਰੈ ਕਿਤੈ ਕੰਮਿ ਆਈ ॥

ਹੇ ਭਾਈ! ਜੇ ਤੂੰ (ਪ੍ਰਭੂ ਨੂੰ ਛੱਡ ਕੇ) ਹੋਰ ਮਾਇਆ ਆਦਿਕ ਦੀ ਆਸ ਬਣਾਏਂਗਾ, ਕਿਤੇ ਇਹ ਨਾਹ ਸਮਝ ਲਈਂ ਕਿ ਮਾਇਆ ਤੇਰੇ ਕਿਸੇ ਕੰਮ ਆਵੇਗੀ।

ਇਹ ਆਸ ਪਰਮਿਤ੍ਰੀ ਭਾਉ ਦੂਜਾ ਹੈ ਖਿਨ ਮਹਿ ਝੂਠੁ ਬਿਨਸਿ ਸਭ ਜਾਈ ॥

ਮਾਇਆ ਵਾਲੀ ਆਸ (ਪ੍ਰਭੂ ਤੋਂ ਬਿਨਾ) ਦੂਜਾ ਪਿਆਰ ਹੈ, ਇਹ ਸਾਰਾ ਝੂਠਾ ਪਿਆਰ ਹੈ, ਇਹ ਤਾਂ ਇਕ ਖਿਨ ਵਿਚ ਨਾਸ ਹੋ ਜਾਇਗਾ।

ਮੇਰੇ ਮਨ ਆਸਾ ਕਰਿ ਹਰਿ ਪ੍ਰੀਤਮ ਸਾਚੇ ਕੀ ਜੋ ਤੇਰਾ ਘਾਲਿਆ ਸਭੁ ਥਾਇ ਪਾਈ ॥੩॥

ਹੇ ਮੇਰੇ ਮਨ! ਸਦਾ ਕਾਇਮ ਰਹਿਣ ਵਾਲੇ ਪ੍ਰੀਤਮ ਪ੍ਰਭੂ ਦੀ ਹੀ ਆਸ ਰੱਖ, ਉਹ ਪ੍ਰਭੂ ਤੇਰੀ ਕੀਤੀ ਹੋਈ ਸਾਰੀ ਮੇਹਨਤ ਸਫਲ ਕਰੇਗਾ ॥੩॥

ਆਸਾ ਮਨਸਾ ਸਭ ਤੇਰੀ ਮੇਰੇ ਸੁਆਮੀ ਜੈਸੀ ਤੂ ਆਸ ਕਰਾਵਹਿ ਤੈਸੀ ਕੋ ਆਸ ਕਰਾਈ ॥

ਪਰ, ਹੇ ਮੇਰੇ ਮਾਲਕ-ਪ੍ਰਭੂ! ਤੇਰੀ ਹੀ ਪ੍ਰੇਰਨਾ ਨਾਲ ਜੀਵ ਆਸਾਂ ਧਾਰਦਾ ਹੈ, ਮਨ ਦੇ ਫੁਰਨੇ ਬਣਾਂਦਾ ਹੈ। ਹਰੇਕ ਜੀਵ ਉਹੋ ਜਿਹੀ ਹੀ ਆਸ ਧਾਰਦਾ ਹੈ ਜਿਹੋ ਜਿਹੀ ਤੂੰ ਪ੍ਰੇਰਨਾ ਕਰਦਾ ਹੈਂ।

ਕਿਛੁ ਕਿਸੀ ਕੈ ਹਥਿ ਨਾਹੀ ਮੇਰੇ ਸੁਆਮੀ ਐਸੀ ਮੇਰੈ ਸਤਿਗੁਰਿ ਬੂਝ ਬੁਝਾਈ ॥

ਹੇ ਮੇਰੇ ਮਾਲਕ! ਕਿਸੇ ਭੀ ਜੀਵ ਦੇ ਕੁਝ ਵੱਸ ਨਹੀਂ-ਮੈਨੂੰ ਤਾਂ ਮੇਰੇ ਗੁਰੂ ਨੇ ਇਹ ਸੂਝ ਬਖ਼ਸ਼ੀ ਹੈ।

ਜਨ ਨਾਨਕ ਕੀ ਆਸ ਤੂ ਜਾਣਹਿ ਹਰਿ ਦਰਸਨੁ ਦੇਖਿ ਹਰਿ ਦਰਸਨਿ ਤ੍ਰਿਪਤਾਈ ॥੪॥੧॥

ਹੇ ਪ੍ਰਭੂ! (ਆਪਣੇ) ਦਾਸ ਨਾਨਕ ਦੀ (ਧਾਰੀ ਹੋਈ) ਆਸ ਤੂੰ ਆਪ ਹੀ ਜਾਣਦਾ ਹੈਂ (ਉਹ ਤਾਂਘ ਇਹ ਹੈ ਕਿ) ਪ੍ਰਭੂ ਦਾ ਦਰਸ਼ਨ ਕਰ ਕੇ (ਨਾਨਕ ਦਾ ਮਨ) ਦਰਸ਼ਨ ਦੀ ਬਰਕਤ ਨਾਲ (ਮਾਇਆ ਦੀਆਂ ਆਸਾਂ ਵੱਲੋਂ) ਰੱਜਿਆ ਰਹੇ ॥੪॥੧॥


Raag-Gond-Bani

ਗੋਂਡ ਮਹਲਾ ੪ ॥
ਐਸਾ ਹਰਿ ਸੇਵੀਐ ਨਿਤ ਧਿਆਈਐ ਜੋ ਖਿਨ ਮਹਿ ਕਿਲਵਿਖ ਸਭਿ ਕਰੇ ਬਿਨਾਸਾ ॥

ਹੇ ਮੇਰੇ ਮਨ! ਜੇਹੜਾ ਹਰੀ ਇਕ ਖਿਨ ਵਿਚ ਸਾਰੇ ਪਾਪ ਨਾਸ ਕਰ ਸਕਦਾ ਹੈ, ਸਦਾ ਉਸ ਨੂੰ ਸਿਮਰਨਾ ਚਾਹੀਦਾ ਹੈ, ਸਦਾ ਉਸ ਦਾ ਧਿਆਨ ਧਰਨਾ ਚਾਹੀਦਾ ਹੈ।

ਜੇ ਹਰਿ ਤਿਆਗਿ ਅਵਰ ਕੀ ਆਸ ਕੀਜੈ ਤਾ ਹਰਿ ਨਿਹਫਲ ਸਭ ਘਾਲ ਗਵਾਸਾ ॥

ਹੇ ਮਨ! ਜੇ ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਦੀ (ਸਹਾਇਤਾ ਦੀ) ਆਸ ਰੱਖੀਏ, ਤਾਂ ਉਹ ਪਰਮਾਤਮਾ (ਜੀਵ ਦੀ ਉਸ) ਸਾਰੀ ਕੀਤੀ ਮੇਹਨਤ ਨੂੰ ਅਸਫਲ ਕਰ ਦੇਂਦਾ ਹੈ, ਜ਼ਾਇਆ ਕਰ ਦੇਂਦਾ ਹੈ।

ਮੇਰੇ ਮਨ ਹਰਿ ਸੇਵਿਹੁ ਸੁਖਦਾਤਾ ਸੁਆਮੀ ਜਿਸੁ ਸੇਵਿਐ ਸਭ ਭੁਖ ਲਹਾਸਾ ॥੧॥

ਸੋ, ਹੇ ਮੇਰੇ ਮਨ! ਸਾਰੇ ਸੁਖ ਦੇਣ ਵਾਲੇ ਮਾਲਕ ਹਰੀ ਦਾ ਸਿਮਰਨ ਕਰਿਆ ਕਰ, ਉਸ ਦਾ ਸਿਮਰਨ ਕਰਨ ਨਾਲ ਸਾਰੀ ਤ੍ਰਿਸ਼ਨਾ-ਭੁੱਖ ਲਹਿ ਜਾਂਦੀ ਹੈ ॥੧॥

ਮੇਰੇ ਮਨ ਹਰਿ ਊਪਰਿ ਕੀਜੈ ਭਰਵਾਸਾ ॥

ਹੇ ਮੇਰੇ ਮਨ! (ਸਦਾ) ਪਰਮਾਤਮਾ ਉਤੇ ਭਰੋਸਾ ਰੱਖਣਾ ਚਾਹੀਦਾ ਹੈ,

ਜਹ ਜਾਈਐ ਤਹ ਨਾਲਿ ਮੇਰਾ ਸੁਆਮੀ ਹਰਿ ਅਪਨੀ ਪੈਜ ਰਖੈ ਜਨ ਦਾਸਾ ॥੧॥ ਰਹਾਉ ॥

ਕਿਉਂਕਿ, ਹੇ ਮੇਰੇ ਮਨ! ਜਿੱਥੇ ਭੀ ਜਾਈਏ, ਉਹ ਮੇਰਾ ਮਾਲਕ-ਪ੍ਰਭੂ ਸਦਾ ਅੰਗ-ਸੰਗ ਰਹਿੰਦਾ ਹੈ, ਤੇ, ਉਹ ਪ੍ਰਭੂ ਆਪਣੇ ਦਾਸਾਂ ਦੀ ਆਪਣੇ ਸੇਵਕਾਂ ਦੀ ਇੱਜ਼ਤ ਰੱਖਦਾ ਹੈ ॥੧॥ ਰਹਾਉ ॥

ਜੇ ਅਪਨੀ ਬਿਰਥਾ ਕਹਹੁ ਅਵਰਾ ਪਹਿ ਤਾ ਆਗੈ ਅਪਨੀ ਬਿਰਥਾ ਬਹੁ ਬਹੁਤੁ ਕਢਾਸਾ ॥

ਹੇ ਭਾਈ! ਜੇ ਤੂੰ ਆਪਣਾ ਕੋਈ ਦੁੱਖ-ਦਰਦ (ਪ੍ਰਭੂ ਨੂੰ ਛੱਡ ਕੇ) ਹੋਰਨਾਂ ਅੱਗੇ ਪੇਸ਼ ਕਰਦਾ ਫਿਰੇਂਗਾ, ਤਾਂ ਉਹ ਲੋਕ ਅੱਗੋਂ ਆਪਣੇ ਅਨੇਕਾਂ ਦੁੱਖ-ਦਰਦ ਸੁਣਾ ਦੇਣਗੇ।

ਅਪਨੀ ਬਿਰਥਾ ਕਹਹੁ ਹਰਿ ਅਪੁਨੇ ਸੁਆਮੀ ਪਹਿ ਜੋ ਤੁਮ੍ਰਰੇ ਦੂਖ ਤਤਕਾਲ ਕਟਾਸਾ ॥

ਹੇ ਭਾਈ! ਆਪਣਾ ਹਰੇਕ ਦੁੱਖ-ਦਰਦ ਆਪਣੇ ਮਾਲਕ ਪਰਮਾਤਮਾ ਪਾਸ ਹੀ ਬਿਆਨ ਕਰ, ਉਹ ਤਾਂ ਤੇਰੇ ਸਾਰੇ ਦੁੱਖ ਤੁਰਤ ਕੱਟ ਕੇ ਰੱਖ ਦੇਵੇਗਾ।

ਸੋ ਐਸਾ ਪ੍ਰਭੁ ਛੋਡਿ ਅਪਨੀ ਬਿਰਥਾ ਅਵਰਾ ਪਹਿ ਕਹੀਐ ਅਵਰਾ ਪਹਿ ਕਹਿ ਮਨ ਲਾਜ ਮਰਾਸਾ ॥੨॥

ਹੇ ਭਾਈ! ਜੇ ਇਹੋ ਜਿਹੇ ਸਮਰੱਥ ਪ੍ਰਭੂ ਨੂੰ ਛੱਡ ਕੇ ਆਪਣੀ ਪੀੜਾ ਹੋਰਨਾਂ ਅੱਗੇ ਪੇਸ਼ ਕੀਤੀ ਜਾਇਗੀ, ਹੋਰਨਾਂ ਪਾਸ ਆਖ ਕੇ, ਹੇ ਮਨ! ਸ਼ਰਮਿੰਦਾ ਹੋਣਾ ਪੈਂਦਾ ਹੈ ॥੨॥

ਜੋ ਸੰਸਾਰੈ ਕੇ ਕੁਟੰਬ ਮਿਤ੍ਰ ਭਾਈ ਦੀਸਹਿ ਮਨ ਮੇਰੇ ਤੇ ਸਭਿ ਅਪਨੈ ਸੁਆਇ ਮਿਲਾਸਾ ॥

ਹੇ ਮੇਰੇ ਮਨ! ਦੁਨੀਆ ਵਾਲੇ ਇਹ ਸਾਕ-ਅੰਗ, ਮਿੱਤਰ, ਭਰਾ ਜੇਹੜੇ ਭੀ ਦਿੱਸਦੇ ਹਨ, ਇਹ ਤਾਂ ਆਪੋ ਆਪਣੀ ਗ਼ਰਜ਼ ਦੀ ਖ਼ਾਤਰ ਹੀ ਮਿਲਦੇ ਹਨ।

ਜਿਤੁ ਦਿਨਿ ਉਨ੍ਰ ਕਾ ਸੁਆਉ ਹੋਇ ਨ ਆਵੈ ਤਿਤੁ ਦਿਨਿ ਨੇੜੈ ਕੋ ਨ ਢੁਕਾਸਾ ॥

ਜਦੋਂ ਉਹਨਾਂ ਦੀ ਗ਼ਰਜ਼ ਪੂਰੀ ਨਾਹ ਹੋ ਸਕੇ, ਤਦੋਂ ਉਹਨਾਂ ਵਿਚੋਂ ਕੋਈ ਭੀ ਨੇੜੇ ਨਹੀਂ ਛੁੰਹਦਾ।

ਮਨ ਮੇਰੇ ਅਪਨਾ ਹਰਿ ਸੇਵਿ ਦਿਨੁ ਰਾਤੀ ਜੋ ਤੁਧੁ ਉਪਕਰੈ ਦੂਖਿ ਸੁਖਾਸਾ ॥੩॥

ਸੋ, ਹੇ ਮੇਰੇ ਮਨ! ਦਿਨ ਰਾਤ ਹਰ ਵੇਲੇ ਆਪਣੇ ਪ੍ਰਭੂ ਦਾ ਸਿਮਰਨ ਕਰਦਾ ਰਹੁ, ਉਹੀ ਹਰੇਕ ਦੁਖ ਸੁਖ ਵਿਚ ਤੈਨੂੰ ਪੁੱਕਰ ਸਕਦਾ ਹੈ ॥੩॥

ਤਿਸ ਕਾ ਭਰਵਾਸਾ ਕਿਉ ਕੀਜੈ ਮਨ ਮੇਰੇ ਜੋ ਅੰਤੀ ਅਉਸਰਿ ਰਖਿ ਨ ਸਕਾਸਾ ॥

ਹੇ ਮੇਰੇ ਮਨ! ਜੇਹੜਾ ਕੋਈ ਅੰਤਲੇ ਸਮੇ (ਮੌਤ ਪਾਸੋਂ ਸਾਨੂੰ) ਬਚਾ ਨਹੀਂ ਸਕਦਾ, ਉਸ ਦਾ ਭਰੋਸਾ ਨਹੀਂ ਕਰਨਾ ਚਾਹੀਦਾ।

ਹਰਿ ਜਪੁ ਮੰਤੁ ਗੁਰ ਉਪਦੇਸੁ ਲੈ ਜਾਪਹੁ ਤਿਨ੍ਰ ਅੰਤਿ ਛਡਾਏ ਜਿਨ੍ਰ ਹਰਿ ਪ੍ਰੀਤਿ ਚਿਤਾਸਾ ॥

ਗੁਰੂ ਦਾ ਉਪਦੇਸ਼ ਲੈ ਕੇ (ਗੁਰੂ ਦੀ ਸਿੱਖਿਆ ਉਤੇ ਤੁਰ ਕੇ) ਪਰਮਾਤਮਾ ਦਾ ਨਾਮ-ਮੰਤ੍ਰ ਜਪਿਆ ਕਰ। ਜਿਨ੍ਹਾਂ ਮਨੁੱਖਾਂ ਦੇ ਚਿੱਤ ਵਿਚ ਪਰਮਾਤਮਾ ਦਾ ਪਿਆਰ ਵੱਸਦਾ ਹੈ, ਉਹਨਾਂ ਨੂੰ ਪਰਮਾਤਮਾ ਅਖ਼ੀਰ ਵੇਲੇ (ਜਮਾਂ ਦੇ ਡਰ ਤੋਂ) ਛੁਡਾ ਲੈਂਦਾ ਹੈ।

ਜਨ ਨਾਨਕ ਅਨਦਿਨੁ ਨਾਮੁ ਜਪਹੁ ਹਰਿ ਸੰਤਹੁ ਇਹੁ ਛੂਟਣ ਕਾ ਸਾਚਾ ਭਰਵਾਸਾ ॥੪॥੨॥

ਹੇ ਦਾਸ ਨਾਨਕ! (ਆਖ-) ਹੇ ਸੰਤ ਜਨੋ! ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰੋ। (ਦੁੱਖਾਂ ਕਲੇਸ਼ਾਂ ਤੋਂ) ਬਚਣ ਦਾ ਇਹੀ ਪੱਕਾ ਵਸੀਲਾ ਹੈ ॥੪॥੨॥


Raag-Gond-Bani

ਗੋਂਡ ਮਹਲਾ ੪ ॥
ਹਰਿ ਸਿਮਰਤ ਸਦਾ ਹੋਇ ਅਨੰਦੁ ਸੁਖੁ ਅੰਤਰਿ ਸਾਂਤਿ ਸੀਤਲ ਮਨੁ ਅਪਨਾ ॥

ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦਿਆਂ ਸਦਾ ਸੁਖ ਆਨੰਦ ਬਣਿਆ ਰਹਿੰਦਾ ਹੈ, ਹਿਰਦੇ ਵਿਚ ਸ਼ਾਂਤੀ ਟਿਕੀ ਰਹਿੰਦੀ ਹੈ, ਮਨ ਠੰਢਾ-ਠਾਰ ਰਹਿੰਦਾ ਹੈ।

ਜੈਸੇ ਸਕਤਿ ਸੂਰੁ ਬਹੁ ਜਲਤਾ ਗੁਰ ਸਸਿ ਦੇਖੇ ਲਹਿ ਜਾਇ ਸਭ ਤਪਨਾ ॥੧॥

ਜਿਵੇਂ ਮਾਇਆ ਦਾ ਸੂਰਜ ਬਹੁਤ ਤਪਦਾ ਹੋਵੇ, ਤੇ, ਗੁਰੂ-ਚੰਦ੍ਰਮਾ ਦਾ ਦਰਸ਼ਨ ਕੀਤਿਆਂ (ਮਾਇਆ ਦੇ ਮੋਹ ਦੀ) ਸਾਰੀ ਤਪਸ਼ ਦੂਰ ਹੋ ਜਾਂਦੀ ਹੈ ॥੧॥

ਮੇਰੇ ਮਨ ਅਨਦਿਨੁ ਧਿਆਇ ਨਾਮੁ ਹਰਿ ਜਪਨਾ ॥

ਹੇ-ਮੇਰੇ ਮਨ! ਹਰ ਵੇਲੇ ਪਰਮਾਤਮਾ ਦੇ ਨਾਮ ਦਾ ਧਿਆਨ ਧਰ, ਪ੍ਰਭੂ ਦਾ ਨਾਮ ਜਪਦਾ ਰਹੁ!

ਜਹਾ ਕਹਾ ਤੁਝੁ ਰਾਖੈ ਸਭ ਠਾਈ ਸੋ ਐਸਾ ਪ੍ਰਭੁ ਸੇਵਿ ਸਦਾ ਤੂ ਅਪਨਾ ॥੧॥ ਰਹਾਉ ॥

ਹੇ ਮਨ! ਉਹ ਪ੍ਰਭੂ ਹਰ ਥਾਂ ਹੀ ਤੇਰੀ ਰਾਖੀ ਕਰਨ ਵਾਲਾ ਹੈ, ਉਸ ਆਪਣੇ ਪ੍ਰਭੂ ਨੂੰ ਸਦਾ ਹੀ ਸਿਮਰਦਾ ਰਹੁ ॥੧॥ ਰਹਾਉ ॥

ਜਾ ਮਹਿ ਸਭਿ ਨਿਧਾਨ ਸੋ ਹਰਿ ਜਪਿ ਮਨ ਮੇਰੇ ਗੁਰਮੁਖਿ ਖੋਜਿ ਲਹਹੁ ਹਰਿ ਰਤਨਾ ॥

ਹੇ ਮੇਰੇ ਮਨ! ਉਸ ਪ੍ਰਭੂ ਦਾ ਨਾਮ ਜਪਿਆ ਕਰ, ਜਿਸ ਵਿਚ ਸਾਰੇ ਹੀ ਖ਼ਜ਼ਾਨੇ ਹਨ। ਗੁਰੂ ਦੀ ਸਰਨ ਪੈ ਕੇ ਹਰਿ-ਨਾਮ-ਰਤਨ ਨੂੰ (ਆਪਣੇ ਅੰਦਰੋਂ) ਖੋਜ ਕੇ ਲੱਭ ਲੈ।

ਜਿਨ ਹਰਿ ਧਿਆਇਆ ਤਿਨ ਹਰਿ ਪਾਇਆ ਮੇਰਾ ਸੁਆਮੀ ਤਿਨ ਕੇ ਚਰਣ ਮਲਹੁ ਹਰਿ ਦਸਨਾ ॥੨॥

ਜਿਨ੍ਹਾਂ ਮਨੁੱਖ ਨੇ ਹਰਿ-ਨਾਮ ਵਿਚ ਧਿਆਨ ਜੋੜਿਆ, ਉਹਨਾਂ ਨੇ ਹਰੀ ਦਾ ਮਿਲਾਪ ਹਾਸਲ ਕਰ ਲਿਆ। ਹੇ ਮਨ! ਉਹਨਾਂ ਹਰੀ ਦੇ ਦਾਸਾਂ ਦੇ ਚਰਨ ਘੁੱਟਿਆ ਕਰ ॥੨॥

ਸਬਦੁ ਪਛਾਣਿ ਰਾਮ ਰਸੁ ਪਾਵਹੁ ਓਹੁ ਊਤਮੁ ਸੰਤੁ ਭਇਓ ਬਡ ਬਡਨਾ ॥

ਹੇ ਮਨ! ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਹਰਿ-ਨਾਮ ਦਾ ਰਸ ਪ੍ਰਾਪਤ ਕਰ। (ਜੇਹੜਾ ਮਨੁੱਖ ਇਹ ਨਾਮ-ਰਸ ਹਾਸਲ ਕਰਦਾ ਹੈ) ਉਹ ਸ੍ਰੇਸ਼ਟ ਸੰਤ ਹੈ ਉਹ ਵੱਡੇ ਭਾਗਾਂ ਵਾਲਾ ਬਣ ਜਾਂਦਾ ਹੈ।

ਤਿਸੁ ਜਨ ਕੀ ਵਡਿਆਈ ਹਰਿ ਆਪਿ ਵਧਾਈ ਓਹੁ ਘਟੈ ਨ ਕਿਸੈ ਕੀ ਘਟਾਈ ਇਕੁ ਤਿਲੁ ਤਿਲੁ ਤਿਲਨਾ ॥੩॥

ਅਜੇਹੇ ਮਨੁੱਖ ਦੀ ਇੱਜ਼ਤ ਪ੍ਰਭੂ ਨੇ ਆਪ ਵਧਾਈ ਹੈ, ਕਿਸੇ ਦੇ ਘਟਾਇਆਂ ਉਹ ਇੱਜ਼ਤ ਇਕ ਤਿਲ ਜਿਤਨੀ ਭੀ ਨਹੀਂ ਘਟ ਸਕਦੀ ॥੩॥

ਜਿਸ ਤੇ ਸੁਖ ਪਾਵਹਿ ਮਨ ਮੇਰੇ ਸੋ ਸਦਾ ਧਿਆਇ ਨਿਤ ਕਰ ਜੁਰਨਾ ॥

ਹੇ ਮੇਰੇ ਮਨ! ਜਿਸ ਪ੍ਰਭੂ ਪਾਸੋਂ ਤੂੰ ਸਾਰੇ ਸੁਖ ਪਾ ਰਿਹਾ ਹੈਂ, ਉਸ ਨੂੰ ਸਦਾ ਹੀ ਦੋਵੇਂ ਹੱਥ ਜੋੜ ਕੇ (ਪੂਰੀ ਨਿਮ੍ਰਤਾ ਨਾਲ) ਸਿਮਰਿਆ ਕਰ।

ਜਨ ਨਾਨਕ ਕਉ ਹਰਿ ਦਾਨੁ ਇਕੁ ਦੀਜੈ ਨਿਤ ਬਸਹਿ ਰਿਦੈ ਹਰੀ ਮੋਹਿ ਚਰਨਾ ॥੪॥੩॥

ਹੇ ਹਰੀ! (ਆਪਣੇ) ਦਾਸ ਨਾਨਕ ਨੂੰ ਇਕ ਖ਼ੈਰ ਪਾ ਕਿ ਤੇਰੇ ਚਰਨ ਮੇਰੇ ਹਿਰਦੇ ਵਿਚ ਸਦਾ ਹੀ ਵੱਸਦੇ ਰਹਿਣ ॥੪॥੩॥


Raag-Gond-Bani

ਗੋਂਡ ਮਹਲਾ ੪ ॥
ਜਿਤਨੇ ਸਾਹ ਪਾਤਿਸਾਹ ਉਮਰਾਵ ਸਿਕਦਾਰ ਚਉਧਰੀ ਸਭਿ ਮਿਥਿਆ ਝੂਠੁ ਭਾਉ ਦੂਜਾ ਜਾਣੁ ॥

ਹੇ ਮਨ! (ਜਗਤ ਵਿਚ) ਜਿਤਨੇ ਭੀ ਸ਼ਾਹ ਬਾਦਸ਼ਾਹ ਅਮੀਰ ਸਰਦਾਰ ਚੌਧਰੀ (ਦਿੱਸਦੇ ਹਨ) ਇਹ ਸਾਰੇ ਨਾਸਵੰਤ ਹਨ, (ਇਹੋ ਜਿਹੇ) ਮਾਇਆ ਦੇ ਪਿਆਰ ਨੂੰ ਝੂਠਾ ਸਮਝ।

ਹਰਿ ਅਬਿਨਾਸੀ ਸਦਾ ਥਿਰੁ ਨਿਹਚਲੁ ਤਿਸੁ ਮੇਰੇ ਮਨ ਭਜੁ ਪਰਵਾਣੁ ॥੧॥

ਸਿਰਫ਼ ਪਰਮਾਤਮਾ ਹੀ ਨਾਸ-ਰਹਿਤ ਹੈ, ਸਦਾ ਕਾਇਮ ਰਹਿਣ ਵਾਲਾ ਹੈ, ਅਟੱਲ ਹੈ। ਹੇ ਮੇਰੇ ਮਨ! ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਤਾਹੀਏਂ ਕਬੂਲ ਹੋਵੇਂਗਾ ॥੧॥

ਮੇਰੇ ਮਨ ਨਾਮੁ ਹਰੀ ਭਜੁ ਸਦਾ ਦੀਬਾਣੁ ॥

ਹੇ ਮੇਰੇ ਮਨ! ਸਦਾ ਪ੍ਰਭੂ ਦਾ ਨਾਮ ਸਿਮਰਿਆ ਕਰ, ਇਹੀ ਅਟੱਲ ਆਸਰਾ ਹੈ।

ਜੋ ਹਰਿ ਮਹਲੁ ਪਾਵੈ ਗੁਰ ਬਚਨੀ ਤਿਸੁ ਜੇਵਡੁ ਅਵਰੁ ਨਾਹੀ ਕਿਸੈ ਦਾ ਤਾਣੁ ॥੧॥ ਰਹਾਉ ॥

ਜੇਹੜਾ ਮਨੁੱਖ ਗੁਰੂ ਦੇ ਬਚਨਾਂ ਉਤੇ ਤੁਰ ਕੇ ਪ੍ਰਭੂ ਦੇ ਚਰਨਾਂ ਵਿਚ ਨਿਵਾਸ ਹਾਸਲ ਕਰ ਲੈਂਦਾ ਹੈ, ਉਸ ਮਨੁੱਖ ਦੇ ਆਤਮਕ ਬਲ ਜਿਤਨਾ ਹੋਰ ਕਿਸੇ ਦਾ ਬਲ ਨਹੀਂ ॥੧॥ ਰਹਾਉ ॥

ਜਿਤਨੇ ਧਨਵੰਤ ਕੁਲਵੰਤ ਮਿਲਖਵੰਤ ਦੀਸਹਿ ਮਨ ਮੇਰੇ ਸਭਿ ਬਿਨਸਿ ਜਾਹਿ ਜਿਉ ਰੰਗੁ ਕਸੁੰਭ ਕਚਾਣੁ ॥

ਹੇ ਮੇਰੇ ਮਨ! (ਦੁਨੀਆ ਵਿਚ) ਜਿਤਨੇ ਭੀ ਧਨ ਵਾਲੇ, ਉੱਚੀ ਕੁਲ ਵਾਲੇ, ਜ਼ਮੀਨਾਂ ਦੇ ਮਾਲਕ ਦਿੱਸ ਰਹੇ ਹਨ, ਇਹ ਸਾਰੇ ਨਾਸ ਹੋ ਜਾਣਗੇ, (ਇਹਨਾਂ ਦਾ ਵਡੱਪਣ ਇਉਂ ਹੀ ਕੱਚਾ ਹੈ) ਜਿਵੇਂ ਕਸੁੰਭੇ ਦਾ ਰੰਗ ਕੱਚਾ ਹੈ।

ਹਰਿ ਸਤਿ ਨਿਰੰਜਨੁ ਸਦਾ ਸੇਵਿ ਮਨ ਮੇਰੇ ਜਿਤੁ ਹਰਿ ਦਰਗਹ ਪਾਵਹਿ ਤੂ ਮਾਣੁ ॥੨॥

ਹੇ ਮੇਰੇ ਮਨ! ਉਸ ਪਰਮਾਤਮਾ ਨੂੰ ਸਦਾ ਸਿਮਰ, ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਅਤੇ ਜਿਸ ਦੀ ਰਾਹੀਂ ਤੂੰ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਹਾਸਲ ਕਰੇਂਗਾ ॥੨॥

ਬ੍ਰਾਹਮਣੁ ਖਤ੍ਰੀ ਸੂਦ ਵੈਸ ਚਾਰਿ ਵਰਨ ਚਾਰਿ ਆਸ੍ਰਮ ਹਹਿ ਜੋ ਹਰਿ ਧਿਆਵੈ ਸੋ ਪਰਧਾਨੁ ॥

(ਹੇ ਮਨ! ਸਾਡੇ ਦੇਸ ਵਿਚ) ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ-ਇਹ ਚਾਰ (ਪ੍ਰਸਿੱਧ) ਵਰਨ ਹਨ, (ਬ੍ਰਹਮਚਰਜ, ਗ੍ਰਿਹਸਤ, ਵਾਨਪ੍ਰਸਤ, ਸੰਨਿਆਸ-ਇਹ) ਚਾਰ ਆਸ਼੍ਰਮ (ਪ੍ਰਸਿੱਧ) ਹਨ। ਇਹਨਾਂ ਵਿਚੋਂ ਜੇਹੜਾ ਭੀ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਉਹੀ (ਸਭ ਤੋਂ) ਸ੍ਰੇਸ਼ਟ ਹੈ (ਜਾਤੀ ਆਦਿਕ ਕਰਕੇ ਨਹੀਂ)।

ਜਿਉ ਚੰਦਨ ਨਿਕਟਿ ਵਸੈ ਹਿਰਡੁ ਬਪੁੜਾ ਤਿਉ ਸਤਸੰਗਤਿ ਮਿਲਿ ਪਤਿਤ ਪਰਵਾਣੁ ॥੩॥

ਜਿਵੇਂ ਚੰਦਨ ਦੇ ਨੇੜੇ ਵਿਚਾਰਾ ਅਰਿੰਡ ਵੱਸਦਾ ਹੈ (ਤੇ ਸੁਗੰਧਿਤ ਹੋ ਜਾਂਦਾ ਹੈ) ਤਿਵੇਂ ਸਾਧ ਸੰਗਤਿ ਵਿਚ ਮਿਲ ਕੇ ਵਿਕਾਰੀ ਭੀ (ਪਵਿਤੱਰ ਹੋ ਕੇ) ਕਬੂਲ ਹੋ ਜਾਂਦਾ ਹੈ ॥੩॥

ਓਹੁ ਸਭ ਤੇ ਊਚਾ ਸਭ ਤੇ ਸੂਚਾ ਜਾ ਕੈ ਹਿਰਦੈ ਵਸਿਆ ਭਗਵਾਨੁ ॥

ਹੇ ਮਨ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਉਹ ਮਨੁੱਖ ਹੋਰ ਸਭਨਾਂ ਮਨੁੱਖਾਂ ਨਾਲੋਂ ਉੱਚਾ ਹੋ ਜਾਂਦਾ ਹੈ, ਸੁੱਚਾ ਹੋ ਜਾਂਦਾ ਹੈ।

ਜਨ ਨਾਨਕੁ ਤਿਸ ਕੇ ਚਰਨ ਪਖਾਲੈ ਜੋ ਹਰਿ ਜਨੁ ਨੀਚੁ ਜਾਤਿ ਸੇਵਕਾਣੁ ॥੪॥੪॥

(ਹੇ ਭਾਈ!) ਦਾਸ ਨਾਨਕ ਉਸ ਮਨੁੱਖਾਂ ਦੇ ਚਰਨ ਧੋਂਦਾ ਹੈ, ਜੇਹੜਾ ਪ੍ਰਭੂ ਦਾ ਸੇਵਕ ਹੈ ਪ੍ਰਭੂ ਦਾ ਭਗਤ ਹੈ, ਭਾਵੇਂ ਉਹ ਜਾਤੀ ਵਲੋਂ ਨੀਚ ਹੀ (ਗਿਣਿਆ ਜਾਂਦਾ) ਹੈ ॥੪॥੪॥


Raag-Gond-Bani

ਗੋਂਡ ਮਹਲਾ ੪ ॥
ਹਰਿ ਅੰਤਰਜਾਮੀ ਸਭਤੈ ਵਰਤੈ ਜੇਹਾ ਹਰਿ ਕਰਾਏ ਤੇਹਾ ਕੋ ਕਰਈਐ ॥

ਹੇ ਮੇਰੇ ਮਨ! ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, ਹਰੇਕ ਥਾਂ ਵਿਚ ਮੌਜੂਦ ਹੈ, (ਹਰੇਕ ਜੀਵ ਦੇ ਅੰਦਰ ਵਿਆਪਕ ਹੋ ਕੇ) ਜਿਹੋ ਜਿਹਾ ਕੰਮ (ਕਿਸੇ ਜੀਵ ਪਾਸੋਂ) ਕਰਾਂਦਾ ਹੈ, ਉਹੋ ਜਿਹਾ ਕੰਮ ਹੀ ਜੀਵ ਕਰਦਾ ਹੈ।

ਸੋ ਐਸਾ ਹਰਿ ਸੇਵਿ ਸਦਾ ਮਨ ਮੇਰੇ ਜੋ ਤੁਧਨੋ ਸਭ ਦੂ ਰਖਿ ਲਈਐ ॥੧॥

ਹੇ ਮਨ! ਇਹੋ ਜਿਹੀ ਤਾਕਤ ਵਾਲੇ ਪ੍ਰਭੂ ਨੂੰ ਸਦਾ ਸਿਮਰਦਾ ਰਹੁ, ਉਹ ਤੈਨੂੰ ਹਰੇਕ (ਦੁੱਖ-ਕਲੇਸ਼) ਤੋਂ ਬਚਾ ਸਕਦਾ ਹੈ ॥੧॥

ਮੇਰੇ ਮਨ ਹਰਿ ਜਪਿ ਹਰਿ ਨਿਤ ਪੜਈਐ ॥

ਹੇ ਮੇਰੇ ਮਨ! ਸਦਾ ਪ੍ਰਭੂ ਦਾ ਨਾਮ ਜਪਣਾ ਚਾਹੀਦਾ ਹੈ, ਉਚਾਰਨਾ ਚਾਹੀਦਾ ਹੈ।

ਹਰਿ ਬਿਨੁ ਕੋ ਮਾਰਿ ਜੀਵਾਲਿ ਨ ਸਾਕੈ ਤਾ ਮੇਰੇ ਮਨ ਕਾਇਤੁ ਕੜਈਐ ॥੧॥ ਰਹਾਉ ॥

(ਜਦੋਂ) ਪਰਮਾਤਮਾ ਤੋਂ ਬਿਨਾ (ਹੋਰ) ਕੋਈ ਨਾਹ ਮਾਰ ਸਕਦਾ ਹੈ ਨਾਹ ਜਿਵਾਲ ਸਕਦਾ ਹੈ, ਤਾਂ ਫਿਰ, ਹੇ ਮੇਰੇ ਮਨ! (ਕਿਸੇ ਤਰ੍ਹਾਂ ਦਾ) ਚਿੰਤਾ-ਫ਼ਿਕਰ ਨਹੀਂ ਕਰਨਾ ਚਾਹੀਦਾ ॥੧॥ ਰਹਾਉ ॥

ਹਰਿ ਪਰਪੰਚੁ ਕੀਆ ਸਭੁ ਕਰਤੈ ਵਿਚਿ ਆਪੇ ਆਪਣੀ ਜੋਤਿ ਧਰਈਐ ॥

ਹੇ ਮਨ! ਇਹ ਸਾਰਾ ਦਿੱਸਦਾ ਜਗਤ ਕਰਤਾਰ ਨੇ ਆਪ ਬਣਾਇਆ ਹੈ, ਇਸ ਜਗਤ ਵਿਚ ਉਸ ਨੇ ਆਪ ਹੀ ਆਪਣੀ ਜੋਤੀ ਰੱਖੀ ਹੋਈ ਹੈ।

ਹਰਿ ਏਕੋ ਬੋਲੈ ਹਰਿ ਏਕੁ ਬੁਲਾਏ ਗੁਰਿ ਪੂਰੈ ਹਰਿ ਏਕੁ ਦਿਖਈਐ ॥੨॥

(ਸਭ ਜੀਵਾਂ ਵਿਚ ਉਹ) ਕਰਤਾਰ ਆਪ ਹੀ ਬੋਲ ਰਿਹਾ ਹੈ। (ਹਰੇਕ ਜੀਵ ਨੂੰ) ਉਹ ਪ੍ਰਭੂ ਆਪ ਹੀ ਬੋਲਣ ਦੀ ਸੱਤਿਆ ਦੇ ਰਿਹਾ ਹੈ। ਪੂਰੇ ਗੁਰੂ ਨੇ (ਮੈਨੂੰ ਹਰ ਥਾਂ) ਉਹ ਇੱਕ ਪ੍ਰਭੂ ਹੀ ਵਿਖਾ ਦਿੱਤਾ ਹੈ ॥੨॥

ਹਰਿ ਅੰਤਰਿ ਨਾਲੇ ਬਾਹਰਿ ਨਾਲੇ ਕਹੁ ਤਿਸੁ ਪਾਸਹੁ ਮਨ ਕਿਆ ਚੋਰਈਐ ॥

ਹੇ ਮਨ! (ਹਰੇਕ ਜੀਵ ਦੇ) ਅੰਦਰ ਪ੍ਰਭੂ ਆਪ ਹੀ ਅੰਗ-ਸੰਗ ਵੱਸਦਾ ਹੈ, ਬਾਹਰ ਸਾਰੇ ਜਗਤ ਵਿਚ ਭੀ ਪ੍ਰਭੂ ਹੀ ਹਰ ਥਾਂ ਵੱਸਦਾ ਹੈ। ਦੱਸ! ਹੇ ਮਨ! ਉਸ (ਸਰਬ-ਵਿਆਪਕ) ਪਾਸੋਂ ਕੇਹੜਾ ਲੁਕਾਉ ਕੀਤਾ ਜਾ ਸਕਦਾ ਹੈ?

ਨਿਹਕਪਟ ਸੇਵਾ ਕੀਜੈ ਹਰਿ ਕੇਰੀ ਤਾਂ ਮੇਰੇ ਮਨ ਸਰਬ ਸੁਖ ਪਈਐ ॥੩॥

ਮੇਰੇ ਮਨ! ਉਸ ਪ੍ਰਭੂ ਦੀ ਸੇਵਾ ਭਗਤੀ ਨਿਰਛਲ ਹੋ ਕੇ ਕਰਨੀ ਚਾਹੀਦੀ ਹੈ, ਤਾਂ ਹੀ (ਉਸ ਪਾਸੋਂ) ਸਾਰੇ ਸੁਖ ਹਾਸਲ ਕਰ ਸਕੀਦੇ ਹਨ ॥੩॥

ਜਿਸ ਦੈ ਵਸਿ ਸਭੁ ਕਿਛੁ ਸੋ ਸਭ ਦੂ ਵਡਾ ਸੋ ਮੇਰੇ ਮਨ ਸਦਾ ਧਿਅਈਐ ॥

ਹੇ ਮੇਰੇ ਮਨ! ਜਿਸ ਪਰਮਾਤਮਾ ਦੇ ਵੱਸ ਵਿਚ ਹਰੇਕ ਚੀਜ਼ ਹੈ, ਉਹ ਸਭਨਾਂ ਵਾਲੋਂ ਵੱਡਾ ਹੈ, ਸਦਾ ਹੀ ਉਸ ਦਾ ਧਿਆਨ ਧਰਨਾ ਚਾਹੀਦਾ ਹੈ।

ਜਨ ਨਾਨਕ ਸੋ ਹਰਿ ਨਾਲਿ ਹੈ ਤੇਰੈ ਹਰਿ ਸਦਾ ਧਿਆਇ ਤੂ ਤੁਧੁ ਲਏ ਛਡਈਐ ॥੪॥੫॥

ਹੇ ਦਾਸ ਨਾਨਕ! (ਆਖ-ਹੇ ਮਨ!) ਉਹ ਪਰਮਾਤਮਾ ਸਦਾ ਤੇਰੇ ਨਾਲ ਵੱਸਦਾ ਹੈ, ਉਸ ਦਾ ਸਦਾ ਧਿਆਨ ਧਰਿਆ ਕਰ, ਤੈਨੂੰ ਉਹ (ਹਰੇਕ ਦੁੱਖ-ਕਲੇਸ਼ ਤੋਂ) ਬਚਾਣ ਵਾਲਾ ਹੈ ॥੪॥੫॥


Raag-Gond-Bani

ਗੋਂਡ ਮਹਲਾ ੪ ॥
ਹਰਿ ਦਰਸਨ ਕਉ ਮੇਰਾ ਮਨੁ ਬਹੁ ਤਪਤੈ ਜਿਉ ਤ੍ਰਿਖਾਵੰਤੁ ਬਿਨੁ ਨੀਰ ॥੧॥

(ਹੇ ਸਹੇਲੀਏ! ਉਸ ਪ੍ਰੇਮ ਦੇ ਤੀਰ ਦੇ ਕਾਰਨ ਹੁਣ) ਮੇਰਾ ਮਨ ਪਰਮਾਤਮਾ ਦੇ ਦਰਸ਼ਨ ਵਾਸਤੇ (ਇਉਂ) ਲੁਛ ਰਿਹਾ ਹੈ ਜਿਵੇਂ ਪਾਣੀ ਤੋਂ ਬਿਨਾ ਤਿਹਾਇਆ ਮਨੁੱਖ ॥੧॥

ਮੇਰੈ ਮਨਿ ਪ੍ਰੇਮੁ ਲਗੋ ਹਰਿ ਤੀਰ ॥

ਹੇ ਭਾਈ! ਪਰਮਾਤਮਾ ਦਾ ਪਿਆਰ ਮੇਰੇ ਮਨ ਵਿਚ ਤੀਰ ਵਾਂਗ ਲੱਗਾ ਹੋਇਆ ਹੈ।

ਹਮਰੀ ਬੇਦਨ ਹਰਿ ਪ੍ਰਭੁ ਜਾਨੈ ਮੇਰੇ ਮਨ ਅੰਤਰ ਕੀ ਪੀਰ ॥੧॥ ਰਹਾਉ ॥

(ਉਸ ਪ੍ਰੇਮ-ਤੀਰ ਦੇ ਕਾਰਨ ਪੈਦਾ ਹੋਈ) ਮੇਰੇ ਮਨ ਦੀ ਅੰਦਰਲੀ ਪੀੜ-ਵੇਦਨਾ ਮੇਰਾ ਹਰੀ ਮੇਰਾ ਪ੍ਰਭੂ ਹੀ ਜਾਣਦਾ ਹੈ ॥੧॥ ਰਹਾਉ ॥

ਮੇਰੇ ਹਰਿ ਪ੍ਰੀਤਮ ਕੀ ਕੋਈ ਬਾਤ ਸੁਨਾਵੈ ਸੋ ਭਾਈ ਸੋ ਮੇਰਾ ਬੀਰ ॥੨॥

ਹੇ ਸਹੇਲੀਏ! ਹੁਣ ਜੇ ਕੋਈ ਮਨੁੱਖ ਮੈਨੂੰ ਮੇਰੇ ਪ੍ਰੀਤਮ ਪ੍ਰਭੂ ਦੀ ਕੋਈ ਗੱਲ ਸੁਣਾਵੇ (ਤਾਂ ਮੈਨੂੰ ਇਉਂ ਲੱਗਦਾ ਹੈ ਕਿ) ਉਹ ਮਨੁੱਖ ਮੇਰਾ ਭਰਾ ਹੈ ਮੇਰਾ ਵੀਰ ਹੈ ॥੨॥

ਮਿਲੁ ਮਿਲੁ ਸਖੀ ਗੁਣ ਕਹੁ ਮੇਰੇ ਪ੍ਰਭ ਕੇ ਲੇ ਸਤਿਗੁਰ ਕੀ ਮਤਿ ਧੀਰ ॥੩॥

ਹੇ ਸਹੇਲੀਏ! ਗੁਰੂ ਦੀ ਸ਼ਾਂਤੀ ਦੇਣ ਵਾਲੀ ਮਤਿ ਲੈ ਕੇ ਮੈਨੂੰ ਭੀ ਮਿਲਿਆ ਕਰ, ਤੇ, ਮੈਨੂੰ ਪਿਆਰੇ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਾਇਆ ਕਰ ॥੩॥

ਜਨ ਨਾਨਕ ਕੀ ਹਰਿ ਆਸ ਪੁਜਾਵਹੁ ਹਰਿ ਦਰਸਨਿ ਸਾਂਤਿ ਸਰੀਰ ॥੪॥੬॥ ਛਕਾ ੧ ॥

ਹੇ ਪ੍ਰਭੂ! (ਆਪਣੇ) ਦਾਸ ਨਾਨਕ ਦੀ (ਦਰਸ਼ਨ ਦੀ) ਆਸ ਪੂਰੀ ਕਰ। ਹੇ ਹਰੀ! ਤੇਰੇ ਦਰਸ਼ਨ ਨਾਲ ਮੇਰੇ ਹਿਰਦੇ ਨੂੰ ਠੰਢ ਪੈਂਦੀ ਹੈ ॥੪॥੬॥ਛਕਾ ੧ (ਛੇ ਸ਼ਬਦਾਂ ਦਾ ਸੰਗ੍ਰਹ)॥


Raag-Gond-Bani

ਰਾਗੁ ਗੋਂਡ ਮਹਲਾ ੫ ਚਉਪਦੇ ਘਰੁ ੧ ॥

ਰਾਗ ਗੋਂਡ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਭੁ ਕਰਤਾ ਸਭੁ ਭੁਗਤਾ ॥੧॥ ਰਹਾਉ ॥

ਹੇ ਭਾਈ! ਪਰਮਾਤਮਾ ਹੀ ਹਰੇਕ ਚੀਜ਼ ਪੈਦਾ ਕਰਨ ਵਾਲਾ ਹੈ, (ਤੇ ਸਭ ਵਿਚ ਵਿਆਪਕ ਹੋ ਕੇ ਉਹੀ) ਹਰੇਕ ਚੀਜ਼ ਭੋਗਣ ਵਾਲਾ ਹੈ ॥੧॥ ਰਹਾਉ ॥

ਸੁਨਤੋ ਕਰਤਾ ਪੇਖਤ ਕਰਤਾ ॥

(ਹੇ ਭਾਈ! ਹਰੇਕ ਵਿਚ ਵਿਆਪਕ ਹੋ ਕੇ) ਪਰਮਾਤਮਾ ਹੀ ਸੁਣਨ ਵਾਲਾ ਹੈ ਪਰਮਾਤਮਾ ਹੀ ਵੇਖਣ ਵਾਲਾ ਹੈ।

ਅਦ੍ਰਿਸਟੋ ਕਰਤਾ ਦ੍ਰਿਸਟੋ ਕਰਤਾ ॥

ਜੋ ਕੁਝ ਦਿੱਸ ਰਿਹਾ ਹੈ ਇਹ ਭੀ ਪਰਮਾਤਮਾ (ਦਾ ਰੂਪ) ਹੈ, ਜੋ ਅਨਦਿੱਸਦਾ ਜਗਤ ਹੈ ਉਹ ਭੀ ਪਰਮਾਤਮਾ (ਦਾ ਹੀ ਰੂਪ) ਹੈ।

ਓਪਤਿ ਕਰਤਾ ਪਰਲਉ ਕਰਤਾ ॥

(ਸਾਰੇ ਜਗਤ ਦੀ) ਪੈਦਾਇਸ਼ (ਕਰਨ ਵਾਲਾ ਭੀ) ਪ੍ਰਭੂ ਹੀ ਹੈ, (ਸਭ ਦਾ) ਨਾਸ (ਕਰਨ ਵਾਲਾ ਭੀ) ਪ੍ਰਭੂ ਹੀ ਹੈ।

ਬਿਆਪਤ ਕਰਤਾ ਅਲਿਪਤੋ ਕਰਤਾ ॥੧॥

ਸਭਨਾਂ ਵਿਚ ਵਿਆਪਕ ਭੀ ਪ੍ਰਭੂ ਹੀ ਹੈ, (ਅਤੇ ਵਿਆਪਕ ਹੁੰਦਿਆਂ) ਨਿਰਲੇਪ ਭੀ ਪ੍ਰਭੂ ਹੀ ਹੈ ॥੧॥

ਬਕਤੋ ਕਰਤਾ ਬੂਝਤ ਕਰਤਾ ॥

(ਹਰੇਕ ਵਿਚ) ਪ੍ਰਭੂ ਹੀ ਬੋਲਣ ਵਾਲਾ ਹੈ, ਪ੍ਰਭੂ ਹੀ ਸਮਝਣ ਵਾਲਾ ਹੈ।

ਆਵਤੁ ਕਰਤਾ ਜਾਤੁ ਭੀ ਕਰਤਾ ॥

ਜਗਤ ਵਿਚ ਆਉਂਦਾ ਭੀ ਉਹੀ ਹੈ, ਇਥੋਂ ਜਾਂਦਾ ਭੀ ਉਹ ਪ੍ਰਭੂ ਹੀ ਹੈ।

ਨਿਰਗੁਨ ਕਰਤਾ ਸਰਗੁਨ ਕਰਤਾ ॥

ਪ੍ਰਭੂ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਭੀ ਹੈ, ਤਿੰਨ ਗੁਣਾਂ ਸਮੇਤ ਭੀ ਹੈ।

ਗੁਰਪ੍ਰਸਾਦਿ ਨਾਨਕ ਸਮਦ੍ਰਿਸਟਾ ॥੨॥੧॥

ਹੇ ਨਾਨਕ! ਪਰਮਾਤਮਾ ਨੂੰ ਸਭਨਾਂ ਵਿਚ ਹੀ ਵੇਖਣ ਦੀ ਇਹ ਸੂਝ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ ॥੨॥੧॥


Raag-Gond-Bani

ਗੋਂਡ ਮਹਲਾ ੫ ॥
ਫਾਕਿਓ ਮੀਨ ਕਪਿਕ ਕੀ ਨਿਆਈ ਤੂ ਉਰਝਿ ਰਹਿਓ ਕਸੁੰਭਾਇਲੇ ॥

ਹੇ ਮਨ! ਤੂੰ ਕਸੁੰਭੇ (ਵਾਂਗ ਨਾਸਵੰਤ ਮਾਇਆ ਦੇ ਮੋਹ) ਵਿਚ ਉਲਝਿਆ ਰਹਿੰਦਾ ਹੈਂ, ਜਿਵੇਂ (ਜੀਭ ਦੇ ਸੁਆਦ ਦੇ ਕਾਰਨ) ਮੱਛੀ ਅਤੇ (ਛੋਲਿਆਂ ਦੀ ਮੁੱਠ ਵਾਸਤੇ) ਬਾਂਦਰ।

ਪਗ ਧਾਰਹਿ ਸਾਸੁ ਲੇਖੈ ਲੈ ਤਉ ਉਧਰਹਿ ਹਰਿ ਗੁਣ ਗਾਇਲੇ ॥੧॥

(ਮੋਹ ਵਿਚ ਫਸ ਕੇ ਜਿਤਨੇ ਭੀ) ਕਦਮ ਤੂੰ ਧਰਦਾ ਹੈਂ, ਜੇਹੜਾ ਭੀ ਸਾਹ ਲੈਂਦਾ ਹੈਂ, (ਉਹ ਸਭ ਕੁਝ ਧਰਮਰਾਜ ਦੇ) ਲੇਖੇ ਵਿਚ (ਲਿਖਿਆ ਜਾ ਰਿਹਾ ਹੈ)। ਹੇ ਮਨ! ਪਰਮਾਤਮਾ ਦੇ ਗੁਣ ਗਾਇਆ ਕਰ, ਤਦੋਂ ਹੀ (ਇਸ ਮੋਹ ਵਿਚੋਂ) ਬਚ ਸਕੇਂਗਾ ॥੧॥

ਮਨ ਸਮਝੁ ਛੋਡਿ ਆਵਾਇਲੇ ॥

ਹੇ ਮਨ! ਹੋਸ਼ ਕਰ, ਅਵੈੜਾ-ਪਨ ਛੱਡ ਦੇ।

ਅਪਨੇ ਰਹਨ ਕਉ ਠਉਰੁ ਨ ਪਾਵਹਿ ਕਾਏ ਪਰ ਕੈ ਜਾਇਲੇ ॥੧॥ ਰਹਾਉ ॥

ਆਪਣੇ ਰਹਿਣ ਵਾਸਤੇ ਤੈਨੂੰ (ਇਥੇ) ਪੱਕਾ ਟਿਕਾਣਾ ਨਹੀਂ ਮਿਲ ਸਕਦਾ। ਫਿਰ ਹੋਰਨਾਂ ਦੇ ਧਨ-ਪਦਾਰਥ ਵਲ ਕਿਉਂ ਜਾਂਦਾ ਹੈਂ? ॥੧॥ ਰਹਾਉ ॥

ਜਿਉ ਮੈਗਲੁ ਇੰਦ੍ਰੀ ਰਸਿ ਪ੍ਰੇਰਿਓ ਤੂ ਲਾਗਿ ਪਰਿਓ ਕੁਟੰਬਾਇਲੇ ॥

ਹੇ ਮਨ! ਜਿਵੇਂ ਹਾਥੀ ਨੂੰ ਕਾਮ-ਵਾਸਨਾ ਨੇ ਪ੍ਰੇਰ ਰੱਖਿਆ ਹੁੰਦਾ ਹੈ (ਤੇ ਉਹ ਪਰਾਈ ਕੈਦ ਵਿਚ ਫਸ ਜਾਂਦਾ ਹੈ, ਤਿਵੇਂ) ਤੂੰ ਪਰਵਾਰ ਦੇ ਮੋਹ ਵਿਚ ਫਸਿਆ ਪਿਆ ਹੈਂ।

ਜਿਉ ਪੰਖੀ ਇਕਤ੍ਰ ਹੋਇ ਫਿਰਿ ਬਿਛੁਰੈ ਥਿਰੁ ਸੰਗਤਿ ਹਰਿ ਹਰਿ ਧਿਆਇਲੇ ॥੨॥

(ਪਰ ਤੂੰ ਇਹ ਚੇਤੇ ਨਹੀਂ ਰੱਖਦਾ ਕਿ) ਜਿਵੇਂ ਅਨੇਕਾਂ ਪੰਛੀ (ਕਿਸੇ ਰੁੱਖ ਉਤੇ) ਇਕੱਠੇ ਹੋ ਕੇ (ਰਾਤ ਕੱਟਦੇ ਹਨ, ਦਿਨ ਚੜ੍ਹਨ ਤੇ) ਫਿਰ ਹਰੇਕ ਪੰਛੀ ਵਿਛੜ ਜਾਂਦਾ ਹੈ (ਤਿਵੇਂ ਪਰਵਾਰ ਦਾ ਹਰੇਕ ਜੀਵ ਵਿਛੜ ਜਾਣਾ ਹੈ)। ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਧਿਆਨ ਧਰਿਆ ਕਰ, ਬੱਸ! ਇਹੀ ਹੈ ਅਟੱਲ ਆਤਮਕ ਟਿਕਾਣਾ ॥੨॥

ਜੈਸੇ ਮੀਨੁ ਰਸਨ ਸਾਦਿ ਬਿਨਸਿਓ ਓਹੁ ਮੂਠੌ ਮੂੜ ਲੋਭਾਇਲੇ ॥

ਹੇ ਮਨ! ਜਿਵੇਂ ਮੱਛ ਜੀਭ ਦੇ ਸੁਆਦ ਦੇ ਕਾਰਨ ਨਾਸ ਹੋ ਜਾਂਦਾ ਹੈ, ਉਹ ਮੂਰਖ ਲੋਭ ਦੇ ਕਾਰਨ ਲੁੱਟਿਆ ਜਾਂਦਾ ਹੈ,

ਤੂ ਹੋਆ ਪੰਚ ਵਾਸਿ ਵੈਰੀ ਕੈ ਛੂਟਹਿ ਪਰੁ ਸਰਨਾਇਲੇ ॥੩॥

ਤੂੰ ਭੀ (ਕਾਮਾਦਿਕ) ਪੰਜ ਵੈਰੀਆਂ ਦੇ ਵੱਸ ਵਿਚ ਪਿਆ ਹੋਇਆ ਹੈਂ। ਹੇ ਮਨ! ਪ੍ਰਭੂ ਦੀ ਸਰਨ ਪਉ, ਤਦੋਂ ਹੀ (ਇਹਨਾਂ ਵੈਰੀਆਂ ਦੇ ਪੰਜੇ ਵਿਚੋਂ) ਨਿਕਲੇਂਗਾ ॥੩॥

ਹੋਹੁ ਕ੍ਰਿਪਾਲ ਦੀਨ ਦੁਖ ਭੰਜਨ ਸਭਿ ਤੁਮ੍ਰਰੇ ਜੀਅ ਜੰਤਾਇਲੇ ॥

ਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ! (ਅਸਾਂ ਜੀਵਾਂ ਉਤੇ) ਦਇਆਵਾਨ ਹੋ। ਇਹ ਸਾਰੇ ਜੀਅ ਜੰਤ ਤੇਰੇ ਹੀ (ਪੈਦਾ ਕੀਤੇ ਹੋਏ) ਹਨ।

ਪਾਵਉ ਦਾਨੁ ਸਦਾ ਦਰਸੁ ਪੇਖਾ ਮਿਲੁ ਨਾਨਕ ਦਾਸ ਦਸਾਇਲੇ ॥੪॥੨॥

(ਮੈਨੂੰ) ਨਾਨਕ ਨੂੰ, ਜੋ ਤੇਰੇ ਦਾਸਾਂ ਦਾ ਦਾਸ ਹੈ, ਮਿਲ। ਮੈਂ ਸਦਾ ਤੇਰਾ ਦਰਸ਼ਨ ਕਰਦਾ ਰਹਾਂ (ਮੇਹਰ ਕਰ, ਬੱਸ!) ਮੈਂ ਇਹੀ ਖ਼ੈਰ ਹਾਸਲ ਕਰਨਾ ਚਾਹੁੰਦਾ ਹਾਂ ॥੪॥੨॥


Raag-Gond-Bani

ਰਾਗੁ ਗੋਂਡ ਮਹਲਾ ੫ ਚਉਪਦੇ ਘਰੁ ੨ ॥

ਰਾਗ ਗੋਂਡ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਜੀਅ ਪ੍ਰਾਨ ਕੀਏ ਜਿਨਿ ਸਾਜਿ ॥

ਹੇ ਮੂਰਖ! ਜਿਸ ਪ੍ਰਭੂ ਨੇ (ਤੈਨੂੰ) ਪੈਦਾ ਕਰਕੇ ਤੈਨੂੰ ਜਿੰਦ ਦਿੱਤੀ ਤੈਨੂੰ ਪ੍ਰਾਣ ਦਿੱਤੇ,

ਮਾਟੀ ਮਹਿ ਜੋਤਿ ਰਖੀ ਨਿਵਾਜਿ ॥

ਜਿਸ ਪ੍ਰਭੂ ਨੇ ਮੇਹਰ ਕਰ ਕੇ ਸਰੀਰ ਵਿਚ (ਆਪਣੀ) ਜੋਤਿ ਰੱਖ ਦਿੱਤੀ ਹੈ,

ਬਰਤਨ ਕਉ ਸਭੁ ਕਿਛੁ ਭੋਜਨ ਭੋਗਾਇ ॥

ਵਰਤਣ ਵਾਸਤੇ ਤੈਨੂੰ ਹਰੇਕ ਚੀਜ਼ ਦਿੱਤੀ ਹੈ, ਅਤੇ ਅਨੇਕਾਂ ਕਿਸਮਾਂ ਦੇ ਭੋਜਨ ਤੈਨੂੰ ਖਵਾਂਦਾ ਹੈ,

ਸੋ ਪ੍ਰਭੁ ਤਜਿ ਮੂੜੇ ਕਤ ਜਾਇ ॥੧॥

ਹੇ ਮੂਰਖ! ਉਸ ਪ੍ਰਭੂ ਨੂੰ ਵਿਸਾਰ ਕੇ (ਤੇਰਾ ਮਨ) ਹੋਰ ਕਿੱਥੇ ਭਟਕਦਾ ਰਹਿੰਦਾ ਹੈ? ॥੧॥

ਪਾਰਬ੍ਰਹਮ ਕੀ ਲਾਗਉ ਸੇਵ ॥

ਹੇ ਭਾਈ! ਮੈਂ ਤਾਂ ਪਰਮਾਤਮਾ ਦੀ ਭਗਤੀ ਵਿਚ ਲੱਗਣਾ ਚਾਹੁੰਦਾ ਹਾਂ।

ਗੁਰ ਤੇ ਸੁਝੈ ਨਿਰੰਜਨ ਦੇਵ ॥੧॥ ਰਹਾਉ ॥

ਗੁਰੂ ਪਾਸੋਂ ਹੀ ਉਸ ਪ੍ਰਕਾਸ਼-ਰੂਪ ਮਾਇਆ-ਰਹਿਤ ਪ੍ਰਭੂ ਦੀ ਭਗਤੀ ਦੀ ਸੂਝ ਪੈ ਸਕਦੀ ਹੈ ॥੧॥ ਰਹਾਉ ॥

ਜਿਨਿ ਕੀਏ ਰੰਗ ਅਨਿਕ ਪਰਕਾਰ ॥

ਹੇ ਮੇਰੇ ਮਨ! ਜਿਸ ਨੇ (ਜਗਤ ਵਿਚ) ਅਨੇਕਾਂ ਕਿਸਮਾਂ ਦੇ ਰੰਗ (-ਰੂਪ) ਪੈਦਾ ਕੀਤੇ ਹੋਏ ਹਨ,

ਓਪਤਿ ਪਰਲਉ ਨਿਮਖ ਮਝਾਰ ॥

ਜੇਹੜਾ ਆਪਣੀ ਪੈਦਾ ਕੀਤੀ ਰਚਨਾ ਨੂੰ ਅੱਖ ਦੇ ਫੋਰ ਵਿਚ ਨਾਸ ਕਰ ਸਕਦਾ ਹੈ,

ਜਾ ਕੀ ਗਤਿ ਮਿਤਿ ਕਹੀ ਨ ਜਾਇ ॥

ਅਤੇ ਜਿਸ ਦੀ ਬਾਬਤ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਹੋ ਜਿਹਾ ਹੈ ਅਤੇ ਕੇਡਾ ਵੱਡਾ ਹੈ,

ਸੋ ਪ੍ਰਭੁ ਮਨ ਮੇਰੇ ਸਦਾ ਧਿਆਇ ॥੨॥

ਹੇ ਮੇਰੇ ਮਨ! ਸਦਾ ਉਸ ਪ੍ਰਭੂ ਦਾ ਧਿਆਨ ਧਰਿਆ ਕਰ ॥੨॥

ਆਇ ਨ ਜਾਵੈ ਨਿਹਚਲੁ ਧਨੀ ॥

ਹੇ ਮਨ! ਉਹ ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ।

ਬੇਅੰਤ ਗੁਨਾ ਤਾ ਕੇ ਕੇਤਕ ਗਨੀ ॥

ਮੈਂ ਉਸ ਦੇ ਕਿਤਨੇ ਕੁ ਗੁਣ ਗਿਣਾਂ? ਉਹ ਬੇਅੰਤ ਗੁਣਾਂ ਦਾ ਮਾਲਕ ਹੈ।

ਲਾਲ ਨਾਮ ਜਾ ਕੈ ਭਰੇ ਭੰਡਾਰ ॥

ਉਸ ਦੇ ਘਰ ਵਿਚ ਉਸ ਦੇ ਗੁਣਾਂ-ਰੂਪ ਲਾਲਾਂ ਦੇ ਖ਼ਜ਼ਾਨੇ ਭਰੇ ਪਏ ਹਨ।

ਸਗਲ ਘਟਾ ਦੇਵੈ ਆਧਾਰ ॥੩॥

ਉਹ ਪ੍ਰਭੂ ਸਭ ਜੀਵਾਂ ਨੂੰ ਆਸਰਾ ਦੇਂਦਾ ਹੈ ॥੩॥

ਸਤਿ ਪੁਰਖੁ ਜਾ ਕੋ ਹੈ ਨਾਉ ॥

ਹੇ ਮਨ! ਜਿਸ ਪ੍ਰਭੂ ਦਾ ਨਾਮ (ਹੀ ਦੱਸਦਾ ਹੈ ਕਿ ਉਹ) ਸਦਾ ਕਾਇਮ ਰਹਿਣ ਵਾਲਾ ਹੈ ਅਤੇ ਸਰਬ-ਵਿਆਪਕ ਹੈ,

ਮਿਟਹਿ ਕੋਟਿ ਅਘ ਨਿਮਖ ਜਸੁ ਗਾਉ ॥

ਉਸ ਦਾ ਜਸ ਹਰ ਵੇਲੇ ਗਾਇਆ ਕਰ, (ਉਸ ਦੀ ਸਿਫ਼ਤਿ-ਸਾਲਾਹ ਦੀ ਬਰਕਤ ਨਾਲ) ਕ੍ਰੋੜਾਂ ਪਾਪ ਮਿਟ ਜਾਂਦੇ ਹਨ।

ਬਾਲ ਸਖਾਈ ਭਗਤਨ ਕੋ ਮੀਤ ॥

ਉਹ (ਹਰੇਕ ਜੀਵ ਦਾ) ਮੁੱਢ ਦਾ ਸਾਥੀ ਹੈ, ਭਗਤਾਂ ਦਾ ਮਿੱਤਰ ਹੈ,

ਪ੍ਰਾਨ ਅਧਾਰ ਨਾਨਕ ਹਿਤ ਚੀਤ ॥੪॥੧॥੩॥

ਅਤੇ (ਹਰੇਕ ਦੀ) ਜਿੰਦ ਦਾ ਆਸਰਾ ਹੈ। ਹੇ ਨਾਨਕ! ਆਪਣੇ ਚਿੱਤ ਵਿਚ ਉਸ ਪ੍ਰਭੂ ਦਾ ਪਿਆਰ ਪੈਦਾ ਕਰ ॥੪॥੧॥੩॥


Raag-Gond-Bani

ਗੋਂਡ ਮਹਲਾ ੫ ॥
ਨਾਮ ਸੰਗਿ ਕੀਨੋ ਬਿਉਹਾਰੁ ॥

(ਹੇ ਭਾਈ! ਗੁਰੂ ਦੀ ਕਿਰਪਾ ਨਾਲ ਹੁਣ) ਮੈਂ ਪ੍ਰਭੂ ਦੇ ਨਾਮ ਨਾਲ (ਆਤਮਕ ਜੀਵਨ ਦਾ) ਵਪਾਰ ਕਰ ਰਿਹਾ ਹਾਂ।

ਨਾਮੁੋ ਹੀ ਇਸੁ ਮਨ ਕਾ ਅਧਾਰੁ ॥

ਪ੍ਰਭੂ ਦਾ ਨਾਮ ਹੀ (ਮੇਰੇ) ਇਸ ਮਨ ਦਾ ਆਸਰਾ ਬਣ ਗਿਆ ਹੈ।

ਨਾਮੋ ਹੀ ਚਿਤਿ ਕੀਨੀ ਓਟ ॥

ਨਾਮ ਨੂੰ ਹੀ ਮੈਂ ਆਪਣੇ ਚਿੱਤ ਵਿਚ (ਜੀਵਨ ਦਾ) ਸਹਾਰਾ ਬਣਾ ਲਿਆ ਹੈ।

ਨਾਮੁ ਜਪਤ ਮਿਟਹਿ ਪਾਪ ਕੋਟਿ ॥੧॥

(ਹੇ ਭਾਈ! ਪ੍ਰਭੂ ਦਾ) ਨਾਮ ਜਪਦਿਆਂ ਕ੍ਰੋੜਾਂ ਪਾਪ ਮਿਟ ਜਾਂਦੇ ਹਨ ॥੧॥

ਰਾਸਿ ਦੀਈ ਹਰਿ ਏਕੋ ਨਾਮੁ ॥

ਹੇ ਭਾਈ! ਗੁਰੂ ਨੇ ਮੈਨੂੰ ਪਰਮਾਤਮਾ ਦਾ ਨਾਮ ਹੀ ਸਰਮਾਇਆ ਦਿੱਤਾ ਹੈ (ਤਾ ਕਿ ਮੈਂ ਉੱਚੇ ਆਤਮਕ ਜੀਵਨ ਦਾ ਵਪਾਰ ਕਰ ਸਕਾਂ)।

ਮਨ ਕਾ ਇਸਟੁ ਗੁਰ ਸੰਗਿ ਧਿਆਨੁ ॥੧॥ ਰਹਾਉ ॥

(ਹੁਣ ਪ੍ਰਭੂ ਦਾ ਨਾਮ ਹੀ) ਮੇਰੇ ਮਨ ਦਾ ਸਭ ਤੋਂ ਵੱਡਾ ਪਿਆਰਾ (ਪੂਜਣ-ਜੋਗ ਦੇਵਤਾ ਬਣ ਗਿਆ) ਹੈ। (ਪਰ, ਹੇ ਭਾਈ!) ਗੁਰੂ ਦੀ ਸੰਗਤਿ ਵਿਚ ਰਹਿ ਕੇ ਹੀ ਹਰਿ-ਨਾਮ ਦਾ ਧਿਆਨ ਬਣ ਸਕਦਾ ਹੈ (ਹਰਿ-ਨਾਮ ਵਿਚ ਸੁਰਤ ਜੁੜ ਸਕਦੀ ਹੈ) ॥੧॥ ਰਹਾਉ ॥

ਨਾਮੁ ਹਮਾਰੇ ਜੀਅ ਕੀ ਰਾਸਿ ॥

(ਹੇ ਭਾਈ! ਗੁਰੂ ਦੀ ਕਿਰਪਾ ਨਾਲ ਪ੍ਰਭੂ ਦਾ) ਨਾਮ ਮੇਰੀ ਜਿੰਦ ਦਾ ਸਰਮਾਇਆ ਬਣ ਚੁਕਾ ਹੈ,

ਨਾਮੋ ਸੰਗੀ ਜਤ ਕਤ ਜਾਤ ॥

ਨਾਮ ਹੀ ਮੇਰਾ ਸਾਥੀ ਹਰ ਥਾਂ ਮੇਰੇ ਨਾਲ ਤੁਰਿਆ ਫਿਰਦਾ ਹੈ।

ਨਾਮੋ ਹੀ ਮਨਿ ਲਾਗਾ ਮੀਠਾ ॥

ਪ੍ਰਭੂ ਦਾ ਨਾਮ ਹੀ ਮੇਰੇ ਮਨ ਵਿਚ ਮਿੱਠਾ ਲੱਗ ਰਿਹਾ ਹੈ।

ਜਲਿ ਥਲਿ ਸਭ ਮਹਿ ਨਾਮੋ ਡੀਠਾ ॥੨॥

ਪਾਣੀ ਵਿਚ ਧਰਤੀ ਉਤੇ ਸਭ ਜੀਵਾਂ ਵਿਚ ਮੈਨੂੰ ਹਰਿ-ਨਾਮ ਹੀ (ਹਰੀ ਹੀ) ਦਿੱਸ ਰਿਹਾ ਹੈ ॥੨॥

ਨਾਮੇ ਦਰਗਹ ਮੁਖ ਉਜਲੇ ॥

ਹੇ ਭਾਈ! ਨਾਮ ਦੀ ਬਰਕਤ ਨਾਲ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ-ਮਾਣ ਪ੍ਰਾਪਤ ਕਰੀਦਾ ਹੈ,

ਨਾਮੇ ਸਗਲੇ ਕੁਲ ਉਧਰੇ ॥

ਨਾਮ ਦੀ ਰਾਹੀਂ ਸਾਰੀਆਂ ਕੁਲਾਂ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੀਆਂ ਹਨ।

ਨਾਮਿ ਹਮਾਰੇ ਕਾਰਜ ਸੀਧ ॥

ਪ੍ਰਭੂ ਦੇ ਨਾਮ ਵਿਚ ਜੁੜਿਆਂ ਮੇਰੇ ਸਾਰੇ ਕੰਮ-ਕਾਰ ਸਫਲ ਹੋ ਰਹੇ ਹਨ।

ਨਾਮ ਸੰਗਿ ਇਹੁ ਮਨੂਆ ਗੀਧ ॥੩॥

ਹੁਣ ਮੇਰਾ ਇਹ ਮਨ ਪਰਮਾਤਮਾ ਦੇ ਨਾਮ ਨਾਲ ਗਿੱਝ ਗਿਆ ਹੈ ॥੩॥

ਨਾਮੇ ਹੀ ਹਮ ਨਿਰਭਉ ਭਏ ॥

ਹੇ ਭਾਈ! ਪ੍ਰਭੂ-ਨਾਮ ਦਾ ਸਦਕਾ ਹੀ ਦੁਨੀਆ ਦਾ ਕੋਈ ਡਰ ਪੋਹ ਨਹੀਂ ਸਕਦਾ।

ਨਾਮੇ ਆਵਨ ਜਾਵਨ ਰਹੇ ॥

ਹਰਿ-ਨਾਮ ਵਿਚ ਜੁੜਿਆਂ ਹੀ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ।

ਗੁਰਿ ਪੂਰੈ ਮੇਲੇ ਗੁਣਤਾਸ ॥

(ਪਰ) ਪੂਰੇ ਗੁਰੂ ਨੇ (ਹੀ ਸਦਾ) ਗੁਣਾਂ ਦੇ ਖ਼ਜ਼ਾਨੇ ਪ੍ਰਭੂ ਨਾਲ (ਜੀਵਾਂ ਨੂੰ) ਮਿਲਾਇਆ ਹੈ (ਗੁਰੂ ਹੀ ਮਿਲਾਂਦਾ ਹੈ)।

ਕਹੁ ਨਾਨਕ ਸੁਖਿ ਸਹਜਿ ਨਿਵਾਸੁ ॥੪॥੨॥੪॥

ਨਾਨਕ ਆਖਦਾ ਹੈ- (ਪ੍ਰਭੂ ਦੇ ਨਾਮ ਦੀ ਬਰਕਤਿ ਨਾਲ) ਆਨੰਦ ਵਿਚ ਆਤਮਕ ਅਡੋਲਤਾ ਵਿਚ ਟਿਕਾਣਾ ਮਿਲ ਜਾਂਦਾ ਹੈ ॥੪॥੨॥੪॥


Raag-Gond-Bani

ਗੋਂਡ ਮਹਲਾ ੫ ॥
ਨਿਮਾਨੇ ਕਉ ਜੋ ਦੇਤੋ ਮਾਨੁ ॥

ਹੇ ਭਾਈ! ਜੇਹੜਾ ਨਿਮਾਣੇ ਨੂੰ ਮਾਣ ਦੇਂਦਾ ਹੈ,

ਸਗਲ ਭੂਖੇ ਕਉ ਕਰਤਾ ਦਾਨੁ ॥

ਜੇਹੜਾ ਸਾਰੇ ਭੁੱਖਿਆਂ ਨੂੰ ਰੋਜ਼ੀ ਦੇਂਦਾ ਹੈ,

ਗਰਭ ਘੋਰ ਮਹਿ ਰਾਖਨਹਾਰੁ ॥

ਅਤੇ ਜੇਹੜਾ ਭਿਆਨਕ ਗਰਭ ਵਿਚ ਰੱਖਿਆ ਕਰਨ ਜੋਗਾ ਹੈ;

ਤਿਸੁ ਠਾਕੁਰ ਕਉ ਸਦਾ ਨਮਸਕਾਰੁ ॥੧॥

ਉਸ ਮਾਲਕ-ਪ੍ਰਭੂ ਨੂੰ ਸਦਾ ਸਿਰ ਨਿਵਾਇਆ ਕਰ ॥੧॥

ਐਸੋ ਪ੍ਰਭੁ ਮਨ ਮਾਹਿ ਧਿਆਇ ॥

ਹੇ ਭਾਈ! ਆਪਣੇ ਮਨ ਵਿਚ ਉਸ ਪ੍ਰਭੂ ਦਾ ਧਿਆਨ ਧਰਿਆ ਕਰ,

ਘਟਿ ਅਵਘਟਿ ਜਤ ਕਤਹਿ ਸਹਾਇ ॥੧॥ ਰਹਾਉ ॥

ਜੇਹੜਾ ਪ੍ਰਭੂ ਸਰੀਰ ਦੇ ਅੰਦਰ ਅਤੇ ਸਰੀਰ ਦੇ ਬਾਹਰ ਹਰ ਥਾਂ ਸਹਾਇਤਾ ਕਰਨ ਵਾਲਾ ਹੈ ॥੧॥ ਰਹਾਉ ॥

ਰੰਕੁ ਰਾਉ ਜਾ ਕੈ ਏਕ ਸਮਾਨਿ ॥

(ਹੇ ਭਾਈ! ਉਸ ਪ੍ਰਭੂ ਦਾ ਧਿਆਨ ਧਰਿਆ ਕਰ) ਜਿਸ ਦੀ ਨਿਗਾਹ ਵਿਚ ਇਕ ਕੰਗਾਲ ਮਨੁੱਖ ਅਤੇ ਇਕ ਰਾਜਾ ਇੱਕੋ ਜਿਹੇ ਹਨ,

ਕੀਟ ਹਸਤਿ ਸਗਲ ਪੂਰਾਨ ॥

ਜੋ ਕੀੜੇ ਹਾਥੀ ਸਭਨਾਂ ਵਿਚ ਹੀ ਵਿਆਪਕ ਹੈ,

ਬੀਓ ਪੂਛਿ ਨ ਮਸਲਤਿ ਧਰੈ ॥

ਜੇਹੜਾ ਕਿਸੇ ਹੋਰ ਨੂੰ ਪੁੱਛ ਕੇ (ਕੋਈ ਕੰਮ ਕਰਨ ਦੀ) ਸਾਲਾਹ ਨਹੀਂ ਕਰਦਾ,

ਜੋ ਕਿਛੁ ਕਰੈ ਸੁ ਆਪਹਿ ਕਰੈ ॥੨॥

(ਸਗੋਂ) ਜੋ ਕੁਝ ਕਰਦਾ ਹੈ ਉਹ ਆਪ ਕਰਦਾ ਹੈ ॥੨॥

ਜਾ ਕਾ ਅੰਤੁ ਨ ਜਾਨਸਿ ਕੋਇ ॥

(ਹੇ ਭਾਈ! ਉਸ ਪ੍ਰਭੂ ਦਾ ਧਿਆਨ ਧਰਿਆ ਕਰ) ਜਿਸ (ਦੀ ਹਸਤੀ) ਦਾ ਅੰਤ ਕੋਈ ਭੀ ਜੀਵ ਜਾਣ ਨਹੀਂ ਸਕੇਗਾ।

ਆਪੇ ਆਪਿ ਨਿਰੰਜਨੁ ਸੋਇ ॥

ਉਹ ਮਾਇਆ ਤੋਂ ਨਿਰਲੇਪ ਪ੍ਰਭੂ (ਹਰ ਥਾਂ) ਆਪ ਹੀ ਆਪ ਹੈ।

ਆਪਿ ਅਕਾਰੁ ਆਪਿ ਨਿਰੰਕਾਰੁ ॥

ਇਹ ਸਾਰਾ ਦਿੱਸਦਾ ਜਗਤ ਉਸ ਦਾ ਆਪਣਾ ਹੀ ਸਰੂਪ ਹੈ, ਆਕਾਰ-ਰਹਿਤ ਭੀ ਉਹ ਆਪ ਹੀ ਹੈ।

ਘਟ ਘਟ ਘਟਿ ਸਭ ਘਟ ਆਧਾਰੁ ॥੩॥

ਉਹ ਪ੍ਰਭੂ ਸਾਰੇ ਸਰੀਰਾਂ ਵਿਚ ਮੌਜੂਦ ਹੈ ਅਤੇ ਸਾਰੇ ਸਰੀਰਾਂ ਦਾ ਆਸਰਾ ਹੈ ॥੩॥

ਨਾਮ ਰੰਗਿ ਭਗਤ ਭਏ ਲਾਲ ॥

ਹੇ ਭਾਈ! ਪਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖ ਉਸ ਦੇ ਨਾਮ ਦੇ ਰੰਗ ਵਿਚ ਲਾਲ ਹੋਏ ਰਹਿੰਦੇ ਹਨ।

ਜਸੁ ਕਰਤੇ ਸੰਤ ਸਦਾ ਨਿਹਾਲ ॥

ਉਸ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਹੋਏ ਸੰਤ ਜਨ ਸਦਾ ਖਿੜੇ ਰਹਿੰਦੇ ਹਨ।

ਨਾਮ ਰੰਗਿ ਜਨ ਰਹੇ ਅਘਾਇ ॥

ਹੇ ਭਾਈ! ਪ੍ਰਭੂ ਦੇ ਸੇਵਕ ਪ੍ਰਭੂ ਦੇ ਨਾਮ ਦੇ ਪ੍ਰੇਮ ਵਿਚ ਟਿਕ ਕੇ ਮਾਇਆ ਦੀ ਤ੍ਰਿਸ਼ਨਾ ਤੋਂ ਬਚੇ ਰਹਿੰਦੇ ਹਨ।

ਨਾਨਕ ਤਿਨ ਜਨ ਲਾਗੈ ਪਾਇ ॥੪॥੩॥੫॥

ਨਾਨਕ ਉਹਨਾਂ ਸੇਵਕਾਂ ਦੀ ਚਰਨੀਂ ਲੱਗਦਾ ਹੈ ॥੪॥੩॥੫॥


Raag-Gond-Bani

ਗੋਂਡ ਮਹਲਾ ੫ ॥
ਜਾ ਕੈ ਸੰਗਿ ਇਹੁ ਮਨੁ ਨਿਰਮਲੁ ॥

(ਹੇ ਭਾਈ! ਮੇਰੇ ਮਿੱਤਰ ਤਾਂ ਉਹ ਸੰਤ ਜਨ ਹਨ) ਜਿਨ੍ਹਾਂ ਦੀ ਸੰਗਤਿ ਵਿਚ ਰਿਹਾਂ ਇਹ ਮਨ ਪਵਿੱਤਰ ਹੋ ਜਾਂਦਾ ਹੈ,

ਜਾ ਕੈ ਸੰਗਿ ਹਰਿ ਹਰਿ ਸਿਮਰਨੁ ॥

ਜਿਨ੍ਹਾਂ ਦੀ ਸੰਗਤਿ ਵਿਚ ਸਦਾ ਹਰਿ-ਨਾਮ ਦਾ ਸਿਮਰਨ (ਕਰਨ ਦਾ ਮੌਕਾ ਮਿਲਦਾ) ਹੈ,

ਜਾ ਕੈ ਸੰਗਿ ਕਿਲਬਿਖ ਹੋਹਿ ਨਾਸ ॥

ਜਿਨ੍ਹਾਂ ਦੀ ਸੰਗਤਿ ਵਿਚ ਰਿਹਾਂ ਸਾਰੇ ਪਾਪ ਨਾਸ ਹੋ ਜਾਂਦੇ ਹਨ,

ਜਾ ਕੈ ਸੰਗਿ ਰਿਦੈ ਪਰਗਾਸ ॥੧॥

ਅਤੇ ਜਿਨ੍ਹਾਂ ਦੀ ਸੰਗਤਿ ਵਿਚ ਟਿਕਿਆਂ ਹਿਰਦੇ ਵਿਚ (ਸੁੱਚੇ ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ ॥੧॥

ਸੇ ਸੰਤਨ ਹਰਿ ਕੇ ਮੇਰੇ ਮੀਤ ॥

ਹੇ ਭਾਈ! ਮੇਰੇ ਮਿੱਤਰ ਤਾਂ ਪ੍ਰਭੂ ਦੇ ਉਹ ਸੰਤ ਜਨ ਹਨ,

ਕੇਵਲ ਨਾਮੁ ਗਾਈਐ ਜਾ ਕੈ ਨੀਤ ॥੧॥ ਰਹਾਉ ॥

ਜਿਨ੍ਹਾਂ ਦੀ ਸੰਗਤਿ ਵਿਚ ਸਦਾ ਸਿਰਫ਼ ਹਰਿ-ਨਾਮ ਗਾਇਆ ਜਾਂਦਾ ਹੈ ॥੧॥ ਰਹਾਉ ॥

ਜਾ ਕੈ ਮੰਤ੍ਰਿ ਹਰਿ ਹਰਿ ਮਨਿ ਵਸੈ ॥

ਜਿਨ੍ਹਾਂ ਦੇ ਉਪਦੇਸ਼ ਦੀ ਬਰਕਤ ਨਾਲ ਪਰਮਾਤਮਾ ਦਾ ਨਾਮ ਮਨ ਵਿਚ ਆ ਵੱਸਦਾ ਹੈ,

ਜਾ ਕੈ ਉਪਦੇਸਿ ਭਰਮੁ ਭਉ ਨਸੈ ॥

ਜਿਨ੍ਹਾਂ ਦੇ ਉਪਦੇਸ਼ ਨਾਲ (ਮਨ ਵਿਚੋਂ) ਹਰੇਕ ਡਰ ਹਰੇਕ ਭਰਮ-ਵਹਿਮ ਦੂਰ ਹੋ ਜਾਂਦਾ ਹੈ,

ਜਾ ਕੈ ਕੀਰਤਿ ਨਿਰਮਲ ਸਾਰ ॥

ਜਿਨ੍ਹਾਂ ਦੇ ਹਿਰਦੇ ਵਿਚ ਸ੍ਰੇਸ਼ਟ ਅਤੇ ਪਵਿੱਤਰ ਕਰਨ ਵਾਲੀ ਹਰਿ-ਕੀਰਤੀ ਵੱਸਦੀ ਰਹਿੰਦੀ ਹੈ,

ਜਾ ਕੀ ਰੇਨੁ ਬਾਂਛੈ ਸੰਸਾਰ ॥੨॥

ਅਤੇ ਜਿਨ੍ਹਾਂ ਦੀ ਚਰਨ-ਧੂੜ ਸਾਰਾ ਜਗਤ ਲੋੜਦਾ ਰਹਿੰਦਾ ਹੈ, (ਹੇ ਭਾਈ! ਉਹ ਸੰਤ ਜਨ ਮੇਰੇ ਮਿੱਤਰ ਹਨ) ॥੨॥

ਕੋਟਿ ਪਤਿਤ ਜਾ ਕੈ ਸੰਗਿ ਉਧਾਰ ॥

(ਹੇ ਭਾਈ! ਉਹ ਸੰਤ ਜਨ ਮੇਰੇ ਮਿੱਤਰ ਹਨ) ਜਿਨ੍ਹਾਂ ਦੀ ਸੰਗਤਿ ਵਿਚ ਰਹਿ ਕੇ ਕ੍ਰੋੜਾਂ ਵਿਕਾਰੀਆਂ ਦਾ (ਵਿਕਾਰਾਂ ਵਲੋਂ) ਨਿਸਤਾਰਾ ਹੋ ਜਾਂਦਾ ਹੈ,

ਏਕੁ ਨਿਰੰਕਾਰੁ ਜਾ ਕੈ ਨਾਮ ਅਧਾਰ ॥

ਜਿਨ੍ਹਾਂ ਦੇ ਹਿਰਦੇ ਵਿਚ (ਹਰ ਵੇਲੇ) ਕੇਵਲ ਪਰਮਾਤਮਾ ਹੀ ਵੱਸਦਾ ਹੈ,

ਸਰਬ ਜੀਆਂ ਕਾ ਜਾਨੈ ਭੇਉ ॥

ਜਿਨ੍ਹਾਂ ਦੇ ਅੰਦਰ ਉਸ ਪਰਮਾਤਮਾ ਦੇ ਨਾਮ ਦਾ ਆਸਰਾ ਬਣਿਆ ਰਹਿੰਦਾ ਹੈ ਜੋ ਸਾਰੇ ਜੀਵਾਂ (ਦੇ ਦਿਲ) ਦਾ ਭੇਤ ਜਾਣਦਾ ਹੈ,

ਕ੍ਰਿਪਾ ਨਿਧਾਨ ਨਿਰੰਜਨ ਦੇਉ ॥੩॥

ਜੋ ਕਿਰਪਾ ਦਾ ਖ਼ਜ਼ਾਨਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਅਤੇ ਜੋ ਪ੍ਰਕਾਸ਼-ਰੂਪ ਹੈ ॥੩॥

ਪਾਰਬ੍ਰਹਮ ਜਬ ਭਏ ਕ੍ਰਿਪਾਲ ॥

(ਹੇ ਭਾਈ!) ਜਦੋਂ ਪ੍ਰਭੂ ਜੀ ਦਇਆਵਾਨ ਹੁੰਦੇ ਹਨ,

ਤਬ ਭੇਟੇ ਗੁਰ ਸਾਧ ਦਇਆਲ ॥

ਤਦੋਂ ਇਹੋ ਜਿਹੇ ਦਿਆਲ ਸੰਤ ਜਨ ਮਿਲਦੇ ਹਨ ਤਦੋਂ ਸਤਿਗੁਰੂ ਜੀ ਮਿਲਦੇ ਹਨ।

ਦਿਨੁ ਰੈਣਿ ਨਾਨਕੁ ਨਾਮੁ ਧਿਆਏ ॥

(ਹੇ ਭਾਈ! ਇਹੋ ਜਿਹੇ ਸੰਤ ਜਨਾਂ ਦੀ ਸੰਗਤਿ ਵਿਚ) ਨਾਨਕ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹੈ,

ਸੂਖ ਸਹਜ ਆਨੰਦ ਹਰਿ ਨਾਏ ॥੪॥੪॥੬॥

ਅਤੇ ਹਰਿ-ਨਾਮ ਦੀ ਬਰਕਤ ਨਾਲ (ਨਾਨਕ ਦੇ ਹਿਰਦੇ ਵਿਚ) ਆਤਮਕ ਅਡੋਲਤਾ ਦੇ ਸੁਖ ਆਨੰਦ ਬਣੇ ਰਹਿੰਦੇ ਹਨ ॥੪॥੪॥੬॥


Raag-Gond-Bani

ਗੋਂਡ ਮਹਲਾ ੫ ॥
ਗੁਰ ਕੀ ਮੂਰਤਿ ਮਨ ਮਹਿ ਧਿਆਨੁ ॥

(ਹੇ ਭਾਈ! ਗੁਰੂ ਦਾ ਸ਼ਬਦ ਹੀ ਗੁਰੂ ਦੀ ਮੂਰਤੀ ਹੈ) ਗੁਰੂ ਦੀ (ਇਸ) ਮੂਰਤੀ ਦਾ (ਮੇਰੇ) ਮਨ ਵਿਚ ਧਿਆਨ ਟਿਕਿਆ ਰਹਿੰਦਾ ਹੈ।

ਗੁਰ ਕੈ ਸਬਦਿ ਮੰਤ੍ਰੁ ਮਨੁ ਮਾਨ ॥

ਗੁਰੂ ਦੇ ਸ਼ਬਦ ਦੀ ਰਾਹੀਂ ਮੇਰਾ ਮਨ ਨਾਮ-ਮੰਤ੍ਰ ਨੂੰ (ਸਭ ਮੰਤ੍ਰਾਂ ਤੋਂ ਸ੍ਰੇਸ਼ਟ ਮੰਤ੍ਰ) ਮੰਨ ਰਿਹਾ ਹੈ।

ਗੁਰ ਕੇ ਚਰਨ ਰਿਦੈ ਲੈ ਧਾਰਉ ॥

(ਤਾਹੀਏਂ, ਹੇ ਭਾਈ!) ਗੁਰੂ ਦੇ ਚਰਨ ਆਪਣੇ ਹਿਰਦੇ ਵਿਚ ਲੈ ਕੇ ਵਸਾਈ ਰੱਖਦਾ ਹਾਂ।

ਗੁਰੁ ਪਾਰਬ੍ਰਹਮੁ ਸਦਾ ਨਮਸਕਾਰਉ ॥੧॥

ਮੈਂ ਤਾਂ ਗੁਰੂ (ਨੂੰ) ਪਰਮਾਤਮਾ (ਦਾ ਰੂਪ ਜਾਣ ਕੇ ਉਸ) ਨੂੰ ਸਦਾ ਨਮਸਕਾਰ ਕਰਦਾ ਹਾਂ ॥੧॥

ਮਤ ਕੋ ਭਰਮਿ ਭੁਲੈ ਸੰਸਾਰਿ ॥

ਹੇ ਭਾਈ! ਦੁਨੀਆ ਵਿਚ ਕਿਤੇ ਕੋਈ ਮਨੁੱਖ ਭਟਕਣਾ ਵਿਚ ਪੈ ਕੇ (ਇਹ ਗੱਲ) ਨਾਹ ਭੁੱਲ ਜਾਏ,

ਗੁਰ ਬਿਨੁ ਕੋਇ ਨ ਉਤਰਸਿ ਪਾਰਿ ॥੧॥ ਰਹਾਉ ॥

ਕਿ ਗੁਰੂ ਤੋਂ ਬਿਨਾ ਕੋਈ ਭੀ ਜੀਵ (ਸੰਸਾਰ-ਸਮੁੰਦਰ ਤੋਂ) ਪਾਰ ਨਹੀਂ ਲੰਘ ਸਕੇਗਾ ॥੧॥ ਰਹਾਉ ॥

ਭੂਲੇ ਕਉ ਗੁਰਿ ਮਾਰਗਿ ਪਾਇਆ ॥

ਹੇ ਭਾਈ! ਕੁਰਾਹੇ ਜਾ ਰਹੇ ਮਨੁੱਖ ਨੂੰ ਗੁਰੂ ਨੇ (ਹੀ ਸਹੀ ਜੀਵਨ ਦੇ) ਰਸਤੇ ਉਤੇ (ਸਦਾ) ਪਾਇਆ ਹੈ,

ਅਵਰ ਤਿਆਗਿ ਹਰਿ ਭਗਤੀ ਲਾਇਆ ॥

ਹੋਰ (ਦੇਵੀ ਦੇਵਤਿਆਂ ਦੀ ਭਗਤੀ) ਛਡਾ ਕੇ ਪਰਮਾਤਮਾ ਦੀ ਭਗਤੀ ਵਿਚ ਜੋੜਿਆ ਹੈ।

ਜਨਮ ਮਰਨ ਕੀ ਤ੍ਰਾਸ ਮਿਟਾਈ ॥

(ਤੇ, ਇਸ ਤਰ੍ਹਾਂ ਉਸ ਦੇ ਅੰਦਰੋਂ) ਜਨਮ ਮਰਨ ਦੇ ਗੇੜ ਦਾ ਸਹਿਮ ਮੁਕਾ ਦਿੱਤਾ ਹੈ।

ਗੁਰ ਪੂਰੇ ਕੀ ਬੇਅੰਤ ਵਡਾਈ ॥੨॥

ਹੇ ਭਾਈ! ਪੂਰੇ ਗੁਰੂ ਦੀ ਵਡਿਆਈ ਦਾ ਅੰਤ ਨਹੀਂ ਪੈ ਸਕਦਾ ॥੨॥

ਗੁਰਪ੍ਰਸਾਦਿ ਊਰਧ ਕਮਲ ਬਿਗਾਸ ॥

ਹੇ ਭਾਈ! (ਮਾਇਆ ਵਲ) ਉਲਟਿਆ ਹੋਇਆ ਹਿਰਦਾ-ਕੌਲ ਗੁਰੂ ਦੀ ਕਿਰਪਾ ਨਾਲ (ਪਰਤ ਕੇ) ਖਿੜ ਪੈਂਦਾ ਹੈ।

ਅੰਧਕਾਰ ਮਹਿ ਭਇਆ ਪ੍ਰਗਾਸ ॥

(ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਵਿਚ (ਸਹੀ ਉੱਚੇ ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ।

ਜਿਨਿ ਕੀਆ ਸੋ ਗੁਰ ਤੇ ਜਾਨਿਆ ॥

ਗੁਰੂ ਦੀ ਰਾਹੀਂ ਉਸ ਪਰਮਾਤਮਾ ਨਾਲ ਜਾਣ-ਪਛਾਣ ਬਣ ਜਾਂਦੀ ਹੈ ਜਿਸ ਨੇ (ਇਹ ਸਾਰਾ ਜਗਤ) ਪੈਦਾ ਕੀਤਾ ਹੈ।

ਗੁਰ ਕਿਰਪਾ ਤੇ ਮੁਗਧ ਮਨੁ ਮਾਨਿਆ ॥੩॥

(ਇਹ) ਮੂਰਖ ਮਨ ਗੁਰੂ ਦੀ ਕਿਰਪਾ ਨਾਲ (ਪ੍ਰਭੂ-ਚਰਨਾਂ ਵਿਚ ਜੁੜਨਾ) ਗਿੱਝ ਜਾਂਦਾ ਹੈ ॥੩॥

ਗੁਰੁ ਕਰਤਾ ਗੁਰੁ ਕਰਣੈ ਜੋਗੁ ॥

ਹੇ ਭਾਈ! ਗੁਰੂ (ਆਤਮਕ ਅਵਸਥਾ ਵਿਚ ਕਰਤਾਰ ਨਾਲ ਇਕ-ਸੁਰ ਹੋਣ ਕਰਕੇ ਉਸ) ਕਰਤਾਰ ਦਾ ਰੂਪ ਹੈ ਜੋ ਸਭ ਕੁਝ ਕਰਨ ਦੇ ਸਮਰਥ ਹੈ।

ਗੁਰੁ ਪਰਮੇਸਰੁ ਹੈ ਭੀ ਹੋਗੁ ॥

ਗੁਰੂ ਉਸ ਪਰਮੇਸਰ ਦਾ ਰੂਪ ਹੈ, ਜੋ (ਪਹਿਲਾਂ ਭੀ ਮੌਜੂਦ ਸੀ) ਹੁਣ ਭੀ ਮੌਜੂਦ ਹੈ ਅਤੇ ਸਦਾ ਕਾਇਮ ਰਹੇਗਾ।

ਕਹੁ ਨਾਨਕ ਪ੍ਰਭਿ ਇਹੈ ਜਨਾਈ ॥

ਨਾਨਕ ਆਖਦਾ ਹੈ- ਪ੍ਰਭੂ ਨੇ ਮੈਨੂੰ ਇਹੀ ਗੱਲ ਸਮਝਾਈ ਹੈ (ਕਿ)

ਬਿਨੁ ਗੁਰ ਮੁਕਤਿ ਨ ਪਾਈਐ ਭਾਈ ॥੪॥੫॥੭॥

ਗੁਰੂ (ਦੀ ਸਰਨ ਪੈਣ) ਤੋਂ ਬਿਨਾ (ਮਾਇਆ ਦੇ ਮੋਹ ਦੇ ਅੰਧਕਾਰ ਤੋਂ) ਖ਼ਲਾਸੀ ਨਹੀਂ ਹੋ ਸਕਦੀ ॥੪॥੫॥੭॥


Raag-Gond-Bani

ਗੋਂਡ ਮਹਲਾ ੫ ॥
ਗੁਰੂ ਗੁਰੂ ਗੁਰੁ ਕਰਿ ਮਨ ਮੋਰ ॥

ਹੇ ਮੇਰੇ ਮਨ! ਹਰ ਵੇਲੇ ਗੁਰੂ (ਦੇ ਉਪਦੇਸ਼) ਨੂੰ ਚੇਤੇ ਰੱਖ,

ਗੁਰੂ ਬਿਨਾ ਮੈ ਨਾਹੀ ਹੋਰ ॥

ਮੈਨੂੰ ਗੁਰੂ ਤੋਂ ਬਿਨਾ ਕੋਈ ਹੋਰ ਆਸਰਾ ਨਹੀਂ ਸੁੱਝਦਾ।

ਗੁਰ ਕੀ ਟੇਕ ਰਹਹੁ ਦਿਨੁ ਰਾਤਿ ॥

ਹੇ ਮਨ! ਉਸ ਗੁਰੂ ਦੇ ਆਸਰੇ ਦਿਨ ਰਾਤ ਟਿਕਿਆ ਰਹੁ,

ਜਾ ਕੀ ਕੋਇ ਨ ਮੇਟੈ ਦਾਤਿ ॥੧॥

ਜਿਸ ਗੁਰੂ ਦੀ ਬਖ਼ਸ਼ੀ ਹੋਈ ਆਤਮਕ ਜੀਵਨ ਦੀ ਦਾਤ ਨੂੰ ਕੋਈ ਮਿਟਾ ਨਹੀਂ ਸਕਦਾ ॥੧॥

ਗੁਰੁ ਪਰਮੇਸਰੁ ਏਕੋ ਜਾਣੁ ॥

ਹੇ ਭਾਈ! ਗੁਰੂ ਅਤੇ ਪਰਮਾਤਮਾ ਨੂੰ ਇੱਕ ਰੂਪ ਸਮਝੋ।

ਜੋ ਤਿਸੁ ਭਾਵੈ ਸੋ ਪਰਵਾਣੁ ॥੧॥ ਰਹਾਉ ॥

ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਉਹੀ ਗੁਰੂ ਭੀ (ਸਿਰ-ਮੱਥੇ) ਕਬੂਲ ਕਰਦਾ ਹੈ ॥੧॥ ਰਹਾਉ ॥

ਗੁਰ ਚਰਣੀ ਜਾ ਕਾ ਮਨੁ ਲਾਗੈ ॥

ਹੇ ਮੇਰੇ ਮਨ! ਜਿਸ ਮਨੁੱਖ ਦਾ ਮਨ ਗੁਰੂ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ,

ਦੂਖੁ ਦਰਦੁ ਭ੍ਰਮੁ ਤਾ ਕਾ ਭਾਗੈ ॥

ਉਸ ਦੀ ਹਰੇਕ ਭਟਕਣਾ ਹਰੇਕ ਦੁੱਖ ਦਰਦ ਦੂਰ ਹੋ ਜਾਂਦਾ ਹੈ।

ਗੁਰ ਕੀ ਸੇਵਾ ਪਾਏ ਮਾਨੁ ॥

ਹੇ ਮਨ! ਗੁਰੂ ਦੀ ਸਰਨ ਪੈ ਕੇ ਮਨੁੱਖ (ਹਰ ਥਾਂ) ਆਦਰ ਹਾਸਲ ਕਰਦਾ ਹੈ।

ਗੁਰ ਊਪਰਿ ਸਦਾ ਕੁਰਬਾਨੁ ॥੨॥

ਹੇ ਮੇਰੇ ਮਨ! ਗੁਰੂ ਤੋਂ ਸਦਾ ਸਦਕੇ ਹੋ ॥੨॥

ਗੁਰ ਕਾ ਦਰਸਨੁ ਦੇਖਿ ਨਿਹਾਲ ॥

ਹੇ ਮੇਰੇ ਮਨ! ਗੁਰੂ ਦਾ ਦਰਸ਼ਨ ਕਰ ਕੇ (ਮਨੁੱਖ ਦਾ ਤਨ ਮਨ) ਖਿੜ ਜਾਂਦਾ ਹੈ।

ਗੁਰ ਕੇ ਸੇਵਕ ਕੀ ਪੂਰਨ ਘਾਲ ॥

ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਦੀ ਮੇਹਨਤ ਸਫਲ ਹੋ ਜਾਂਦੀ ਹੈ।

ਗੁਰ ਕੇ ਸੇਵਕ ਕਉ ਦੁਖੁ ਨ ਬਿਆਪੈ ॥

ਕੋਈ ਭੀ ਦੁੱਖ ਗੁਰੂ ਦੇ ਸੇਵਕ ਉਤੇ (ਆਪਣਾ) ਜ਼ੋਰ ਨਹੀਂ ਪਾ ਸਕਦਾ।

ਗੁਰ ਕਾ ਸੇਵਕੁ ਦਹ ਦਿਸਿ ਜਾਪੈ ॥੩॥

ਗੁਰੂ ਦੀ ਸਰਨ ਰਹਿਣ ਵਾਲਾ ਮਨੁੱਖ ਸਾਰੇ ਸੰਸਾਰ ਵਿਚ ਪਰਗਟ ਹੋ ਜਾਂਦਾ ਹੈ ॥੩॥

ਗੁਰ ਕੀ ਮਹਿਮਾ ਕਥਨੁ ਨ ਜਾਇ ॥

ਹੇ ਭਾਈ! ਗੁਰੂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।

ਪਾਰਬ੍ਰਹਮੁ ਗੁਰੁ ਰਹਿਆ ਸਮਾਇ ॥

ਗੁਰੂ ਉਸ ਪਰਮਾਤਮਾ ਦਾ ਰੂਪ ਹੈ, ਜੋ ਹਰ ਥਾਂ ਵਿਆਪਕ ਹੈ।

ਕਹੁ ਨਾਨਕ ਜਾ ਕੇ ਪੂਰੇ ਭਾਗ ॥

ਨਾਨਕ ਆਖਦਾ ਹੈ- ਜਿਸ ਮਨੁੱਖ ਦੇ ਵੱਡੇ ਭਾਗ ਜਾਗਦੇ ਹਨ,

ਗੁਰ ਚਰਣੀ ਤਾ ਕਾ ਮਨੁ ਲਾਗ ॥੪॥੬॥੮॥

ਉਸ ਦਾ ਮਨ ਗੁਰੂ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ ॥੪॥੬॥੮॥


Raag-Gond-Bani

ਗੋਂਡ ਮਹਲਾ ੫ ॥
ਗੁਰੁ ਮੇਰੀ ਪੂਜਾ ਗੁਰੁ ਗੋਬਿੰਦੁ ॥

ਹੇ ਭਾਈ! (ਮੇਰਾ) ਗੁਰੂ (ਗੁਰੂ ਦੀ ਸਰਨ ਹੀ) ਮੇਰੇ ਵਾਸਤੇ (ਦੇਵ-) ਪੂਜਾ ਹੈ, (ਮੇਰਾ) ਗੁਰੂ ਗੋਬਿੰਦ (ਦਾ ਰੂਪ) ਹੈ।

ਗੁਰੁ ਮੇਰਾ ਪਾਰਬ੍ਰਹਮੁ ਗੁਰੁ ਭਗਵੰਤੁ ॥

ਮੇਰਾ ਗੁਰੂ ਪਰਮਾਤਮਾ (ਦਾ ਰੂਪ) ਹੈ, ਗੁਰੂ ਬੜੀ ਸਮਰਥਾ ਦਾ ਮਾਲਕ ਹੈ।

ਗੁਰੁ ਮੇਰਾ ਦੇਉ ਅਲਖ ਅਭੇਉ ॥

ਮੇਰਾ ਗੁਰੂ ਉਸ ਪ੍ਰਕਾਸ਼-ਰੂਪ ਪ੍ਰਭੂ ਦਾ ਰੂਪ ਹੈ ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਅਤੇ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ।

ਸਰਬ ਪੂਜ ਚਰਨ ਗੁਰ ਸੇਉ ॥੧॥

ਮੈਂ ਤਾਂ ਉਹਨਾਂ ਗੁਰ-ਚਰਨਾਂ ਦੀ ਸਰਨ ਪਿਆ ਰਹਿੰਦਾ ਹਾਂ ਜਿਨ੍ਹਾਂ ਨੂੰ ਸਾਰੀ ਸ੍ਰਿਸ਼ਟੀ ਪੂਜਦੀ ਹੈ ॥੧॥

ਗੁਰ ਬਿਨੁ ਅਵਰੁ ਨਾਹੀ ਮੈ ਥਾਉ ॥

ਹੇ ਭਾਈ! (ਮਾਇਆ ਦੇ ਮੋਹ ਦੇ ਘੁੱਪ ਹਨੇਰੇ ਵਿਚੋਂ ਬਚਣ ਲਈ) ਗੁਰੂ ਤੋਂ ਬਿਨਾ ਮੈਨੂੰ ਕੋਈ ਹੋਰ ਥਾਂ ਨਹੀਂ ਸੁੱਝਦਾ (ਜਿਸ ਦਾ ਆਸਰਾ ਲੈ ਸਕਾਂ।

ਅਨਦਿਨੁ ਜਪਉ ਗੁਰੂ ਗੁਰ ਨਾਉ ॥੧॥ ਰਹਾਉ ॥

ਸੋ) ਮੈਂ ਹਰ ਵੇਲੇ ਗੁਰੂ ਦਾ ਨਾਮ ਹੀ ਜਪਦਾ ਹਾਂ (ਗੁਰੂ ਦੀ ਓਟ ਤੱਕੀ ਬੈਠਾ ਹਾਂ) ॥੧॥ ਰਹਾਉ ॥

ਗੁਰੁ ਮੇਰਾ ਗਿਆਨੁ ਗੁਰੁ ਰਿਦੈ ਧਿਆਨੁ ॥

ਹੇ ਭਾਈ! ਗੁਰੂ ਹੀ ਮੇਰੇ ਵਾਸਤੇ ਧਾਰਮਿਕ ਚਰਚਾ ਹੈ, ਗੁਰੂ (ਸਦਾ ਮੇਰੇ) ਹਿਰਦੇ ਵਿਚ ਟਿਕਿਆ ਹੋਇਆ ਹੈ, ਇਹੀ ਮੇਰੀ ਸਮਾਧੀ ਹੈ।

ਗੁਰੁ ਗੋਪਾਲੁ ਪੁਰਖੁ ਭਗਵਾਨੁ ॥

ਗੁਰੂ ਉਸ ਭਗਵਾਨ ਦਾ ਰੂਪ ਹੈ ਜੋ ਸਰਬ-ਵਿਆਪਕ ਹੈ ਅਤੇ ਸ੍ਰਿਸ਼ਟੀ ਦਾ ਪਾਲਣਹਾਰ ਹੈ।

ਗੁਰ ਕੀ ਸਰਣਿ ਰਹਉ ਕਰ ਜੋਰਿ ॥

ਮੈਂ (ਆਪਣੇ) ਦੋਵੇਂ ਹੱਥ ਜੋੜ ਕੇ (ਸਦਾ) ਗੁਰੂ ਦੀ ਸਰਨ ਪਿਆ ਰਹਿੰਦਾ ਹਾਂ।

ਗੁਰੂ ਬਿਨਾ ਮੈ ਨਾਹੀ ਹੋਰੁ ॥੨॥

ਗੁਰੂ ਤੋਂ ਬਿਨਾ ਮੈਨੂੰ ਕੋਈ ਹੋਰ ਆਸਰਾ ਨਹੀਂ ਸੁੱਝਦਾ ॥੨॥

ਗੁਰੁ ਬੋਹਿਥੁ ਤਾਰੇ ਭਵ ਪਾਰਿ ॥

ਹੇ ਭਾਈ! ਗੁਰੂ ਜਹਾਜ਼ ਹੈ ਜੋ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।

ਗੁਰ ਸੇਵਾ ਜਮ ਤੇ ਛੁਟਕਾਰਿ ॥

ਗੁਰੂ ਦੀ ਸਰਨ ਪਿਆਂ ਜਮਾਂ (ਦੇ ਡਰ) ਤੋਂ ਖ਼ਲਾਸੀ ਮਿਲ ਜਾਂਦੀ ਹੈ।

ਅੰਧਕਾਰ ਮਹਿ ਗੁਰ ਮੰਤ੍ਰੁ ਉਜਾਰਾ ॥

(ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਵਿਚ ਗੁਰੂ ਦਾ ਉਪਦੇਸ਼ ਹੀ (ਆਤਮਕ ਜੀਵਨ ਦਾ) ਚਾਨਣ ਦੇਂਦਾ ਹੈ।

ਗੁਰ ਕੈ ਸੰਗਿ ਸਗਲ ਨਿਸਤਾਰਾ ॥੩॥

ਗੁਰੂ ਦੀ ਸੰਗਤਿ ਵਿਚ ਰਿਹਾਂ ਸਾਰੇ ਜੀਵਾਂ ਦਾ ਪਾਰ-ਉਤਾਰਾ ਹੋ ਜਾਂਦਾ ਹੈ ॥੩॥

ਗੁਰੁ ਪੂਰਾ ਪਾਈਐ ਵਡਭਾਗੀ ॥

ਹੇ ਭਾਈ! ਵੱਡੀ ਕਿਸਮਤ ਨਾਲ ਪੂਰਾ ਗੁਰੂ ਮਿਲ ਮਿਲਦਾ ਹੈ।

ਗੁਰ ਕੀ ਸੇਵਾ ਦੂਖੁ ਨ ਲਾਗੀ ॥

ਗੁਰੂ ਦੀ ਸਰਨ ਪਿਆਂ ਕੋਈ ਦੁੱਖ ਪੋਹ ਨਹੀਂ ਸਕਦਾ।

ਗੁਰ ਕਾ ਸਬਦੁ ਨ ਮੇਟੈ ਕੋਇ ॥

(ਜਿਸ ਮਨੁੱਖ ਦੇ ਹਿਰਦੇ ਵਿਚ) ਗੁਰੂ ਦਾ ਸ਼ਬਦ (ਵੱਸ ਪਏ ਉਸ ਦੇ ਅੰਦਰੋਂ) ਕੋਈ ਮਨੁੱਖ (ਆਤਮਕ ਜੀਵਨ ਦੇ ਉਜਾਰੇ ਨੂੰ) ਮਿਟਾ ਨਹੀਂ ਸਕਦਾ।

ਗੁਰੁ ਨਾਨਕੁ ਨਾਨਕੁ ਹਰਿ ਸੋਇ ॥੪॥੭॥੯॥

ਹੇ ਭਾਈ! ਗੁਰੂ ਨਾਨਕ ਉਸ ਪਰਮਾਤਮਾ ਦਾ ਰੂਪ ਹੈ ॥੪॥੭॥੯॥


Raag-Gond-Bani

ਗੋਂਡ ਮਹਲਾ ੫ ॥
ਰਾਮ ਰਾਮ ਸੰਗਿ ਕਰਿ ਬਿਉਹਾਰ ॥

(ਹੇ ਭਾਈ! ਤੂੰ ਜਗਤ ਵਿਚ ਵਣਜ ਕਰਨ ਆਇਆ ਹੈਂ) ਪਰਮਾਤਮਾ ਦੇ ਨਾਮ (ਦੇ ਸਰਮਾਏ) ਨਾਲ (ਸਿਮਰਨ ਦਾ) ਵਣਜ ਕਰਿਆ ਕਰ।

ਰਾਮ ਰਾਮ ਰਾਮ ਪ੍ਰਾਨ ਅਧਾਰ ॥

ਪਰਮਾਤਮਾ ਦੇ ਨਾਮ ਨੂੰ ਆਪਣੀ ਜਿੰਦ ਦਾ ਆਸਰਾ ਬਣਾ ਲੈ।

ਰਾਮ ਰਾਮ ਰਾਮ ਕੀਰਤਨੁ ਗਾਇ ॥

ਹੇ ਭਾਈ! ਸਦਾ ਹੀ ਉਸ ਦੀ ਸਿਫ਼ਤਿ-ਸਾਲਾਹ ਕਰਿਆ ਕਰ,

ਰਮਤ ਰਾਮੁ ਸਭ ਰਹਿਓ ਸਮਾਇ ॥੧॥

ਜੇਹੜਾ ਪ੍ਰਭੂ ਹਰ ਥਾਂ ਵਿਆਪਕ ਹੈ, ਸਾਰੀ ਸ੍ਰਿਸ਼ਟੀ ਵਿਚ ਮੌਜੂਦ ਹੈ ॥੧॥

ਸੰਤ ਜਨਾ ਮਿਲਿ ਬੋਲਹੁ ਰਾਮ ॥

ਹੇ ਭਾਈ! ਸੰਤ ਜਨਾਂ ਨਾਲ ਮਿਲ ਕੇ, ਪਰਮਾਤਮਾ ਦਾ ਨਾਮ ਸਿਮਰਿਆ ਕਰੋ।

ਸਭ ਤੇ ਨਿਰਮਲ ਪੂਰਨ ਕਾਮ ॥੧॥ ਰਹਾਉ ॥

ਇਹ ਕੰਮ ਹੋਰ ਸਾਰੇ ਕੰਮਾਂ ਨਾਲੋਂ ਪਵਿੱਤਰ ਅਤੇ ਸਫਲ ਹੈ ॥੧॥ ਰਹਾਉ ॥

ਰਾਮ ਰਾਮ ਧਨੁ ਸੰਚਿ ਭੰਡਾਰ ॥

ਹੇ ਭਾਈ! ਪਰਮਾਤਮਾ ਦਾ ਨਾਮ-ਧਨ ਇਕੱਠਾ ਕਰ, ਖ਼ਜ਼ਾਨੇ ਭਰ ਲੈ,

ਰਾਮ ਰਾਮ ਰਾਮ ਕਰਿ ਆਹਾਰ ॥

ਪਰਮਾਤਮਾ ਦੇ ਨਾਮ ਨੂੰ ਆਪਣੀ ਜਿੰਦ ਦੀ ਖ਼ੁਰਾਕ ਬਣਾ ਲੈ।

ਰਾਮ ਰਾਮ ਵੀਸਰਿ ਨਹੀ ਜਾਇ ॥

(ਵੇਖੀਂ!) ਕਿਤੇ ਪਰਮਾਤਮਾ ਦਾ ਨਾਮ ਤੈਨੂੰ ਭੁੱਲ ਨਾਹ ਜਾਏ,

ਕਰਿ ਕਿਰਪਾ ਗੁਰਿ ਦੀਆ ਬਤਾਇ ॥੨॥

ਗੁਰੂ ਨੇ ਕਿਰਪਾ ਕਰ ਕੇ (ਮੈਨੂੰ ਇਹ ਗੱਲ) ਦੱਸ ਦਿੱਤੀ ਹੈ ॥੨॥

ਰਾਮ ਰਾਮ ਰਾਮ ਸਦਾ ਸਹਾਇ ॥

ਹੇ ਭਾਈ! ਜੇਹੜਾ ਪਰਮਾਤਮਾ ਸਦਾ ਹੀ ਸਹਾਇਤਾ ਕਰਨ ਵਾਲਾ ਹੈ,

ਰਾਮ ਰਾਮ ਰਾਮ ਲਿਵ ਲਾਇ ॥

ਉਸ ਦੇ ਚਰਨਾਂ ਵਿਚ ਸਦਾ ਸੁਰਤ ਜੋੜੀ ਰੱਖ।

ਰਾਮ ਰਾਮ ਜਪਿ ਨਿਰਮਲ ਭਏ ॥

ਪਰਮਾਤਮਾ ਦਾ ਨਾਮ ਜਪ ਜਪ ਕੇ ਜੀਵ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ,

ਜਨਮ ਜਨਮ ਕੇ ਕਿਲਬਿਖ ਗਏ ॥੩॥

ਉਹਨਾਂ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਦੂਰ ਹੋ ਜਾਂਦੇ ਹਨ ॥੩॥

ਰਮਤ ਰਾਮ ਜਨਮ ਮਰਣੁ ਨਿਵਾਰੈ ॥

ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਿਆਂ (ਪਰਮਾਤਮਾ ਮਨੁੱਖ ਦਾ) ਜਨਮ ਮਰਨ (ਦਾ ਗੇੜ) ਦੂਰ ਕਰ ਦੇਂਦਾ ਹੈ।

ਉਚਰਤ ਰਾਮ ਭੈ ਪਾਰਿ ਉਤਾਰੈ ॥

ਪ੍ਰਭੂ ਦਾ ਨਾਮ ਉਚਾਰਦਿਆਂ (ਪ੍ਰਭੂ ਜੀਵ ਨੂੰ) ਸਹਿਮ (-ਭਰੇ ਸੰਸਾਰ-ਸਮੁੰਦਰ) ਤੋਂ ਪਾਰ ਲੰਘਾ ਦੇਂਦਾ ਹੈ।

ਸਭ ਤੇ ਊਚ ਰਾਮ ਪਰਗਾਸ ॥

ਸਭ ਤੋਂ ਉੱਚੇ ਪ੍ਰਭੂ (ਦੇ ਨਾਮ) ਦਾ ਚਾਨਣ (ਆਪਣੇ ਅੰਦਰ) ਪੈਦਾ ਕਰ,

ਨਿਸਿ ਬਾਸੁਰ ਜਪਿ ਨਾਨਕ ਦਾਸ ॥੪॥੮॥੧੦॥

ਹੇ ਦਾਸ ਨਾਨਕ! ਦਿਨ ਰਾਤ ਉਸ ਦਾ ਨਾਮ ਜਪਿਆ ਕਰ ॥੪॥੮॥੧੦॥


Raag-Gond-Bani

ਗੋਂਡ ਮਹਲਾ ੫ ॥
ਉਨ ਕਉ ਖਸਮਿ ਕੀਨੀ ਠਾਕਹਾਰੇ ॥

ਹੇ ਭਾਈ! ਜਦੋਂ ਮਾਲਕ-ਪ੍ਰਭੂ ਨੇ ਉਹਨਾਂ (ਪੰਜਾਂ ਚੌਧਰੀਆਂ) ਨੂੰ ਵਰਜਿਆ, ਤਾਂ ਉਹ (ਪ੍ਰਭੂ ਦੇ ਸੇਵਕਾਂ ਦੇ ਸਾਹਮਣੇ) ਹਾਰ ਮੰਨ ਗਏ।

ਦਾਸ ਸੰਗ ਤੇ ਮਾਰਿ ਬਿਦਾਰੇ ॥

ਆਪਣੇ ਸੇਵਕਾਂ ਪਾਸੋਂ (ਪ੍ਰਭੂ ਨੇ ਉਹਨਾਂ ਨੂੰ) ਮਾਰ ਕੇ ਭਜਾ ਦਿੱਤਾ।

ਗੋਬਿੰਦ ਭਗਤ ਕਾ ਮਹਲੁ ਨ ਪਾਇਆ ॥

ਉਹ ਚੌਧਰੀ ਪਰਮਾਤਮਾ ਦੇ ਭਗਤਾਂ ਦਾ ਟਿਕਾਣਾ ਲੱਭ ਨਾਹ ਸਕੇ,

ਰਾਮ ਜਨਾ ਮਿਲਿ ਮੰਗਲੁ ਗਾਇਆ ॥੧॥

(ਕਿਉਂਕਿ) ਪਰਮਾਤਮਾ ਦੇ ਸੇਵਕਾਂ ਨੇ (ਸਦਾ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਵਿਆ ਹੈ ॥੧॥

ਸਗਲ ਸ੍ਰਿਸਟਿ ਕੇ ਪੰਚ ਸਿਕਦਾਰ ॥

ਹੇ ਭਾਈ! (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ-ਇਹ) ਪੰਜ ਸਾਰੀ ਸ੍ਰਿਸ਼ਟੀ ਦੇ ਚੌਧਰੀ ਹਨ।

ਰਾਮ ਭਗਤ ਕੇ ਪਾਨੀਹਾਰ ॥੧॥ ਰਹਾਉ ॥

ਪਰ ਪ੍ਰਭੂ ਦੀ ਭਗਤੀ ਕਰਨ ਵਾਲੇ ਬੰਦਿਆਂ ਦੇ ਇਹ ਨੌਕਰ ਹੋ ਕੇ ਰਹਿੰਦੇ ਹਨ ॥੧॥ ਰਹਾਉ ॥

ਜਗਤ ਪਾਸ ਤੇ ਲੇਤੇ ਦਾਨੁ ॥

ਹੇ ਭਾਈ! ਇਹ ਪੰਜ ਚੌਧਰੀ ਦੁਨੀਆ (ਦੇ ਲੋਕਾਂ) ਪਾਸੋਂ ਡੰਨ ਲੈਂਦੇ ਹਨ,

ਗੋਬਿੰਦ ਭਗਤ ਕਉ ਕਰਹਿ ਸਲਾਮੁ ॥

ਪਰ ਪ੍ਰਭੂ ਦੇ ਭਗਤਾਂ ਨੂੰ ਨਮਸਕਾਰ ਕਰਦੇ ਹਨ।

ਲੂਟਿ ਲੇਹਿ ਸਾਕਤ ਪਤਿ ਖੋਵਹਿ ॥

ਪ੍ਰਭੂ ਨਾਲੋਂ ਵਿਛੁੜੇ ਬੰਦਿਆਂ ਦੀ ਆਤਮਕ ਰਾਸਿ-ਪੂੰਜੀ ਲੁੱਟ ਲੈਂਦੇ ਹਨ, (ਸਾਕਤ ਇਥੇ ਆਪਣੀ) ਇੱਜ਼ਤ ਗਵਾ ਲੈਂਦੇ ਹਨ,

ਸਾਧ ਜਨਾ ਪਗ ਮਲਿ ਮਲਿ ਧੋਵਹਿ ॥੨॥

ਪਰ ਇਹ ਚੌਧਰੀ ਗੁਰਮੁਖਾਂ ਦੇ ਪੈਰ ਮਲ ਮਲ ਕੇ ਧੋਂਦੇ ਹਨ ॥੨॥

ਪੰਚ ਪੂਤ ਜਣੇ ਇਕ ਮਾਇ ॥

(ਇਹ ਕਾਮਾਦਿਕ) ਪੰਜੇ ਪੁੱਤਰ ਭੀ ਉਸ ਨੇ ਪੈਦਾ ਕੀਤੇ ਹਨ।

ਉਤਭੁਜ ਖੇਲੁ ਕਰਿ ਜਗਤ ਵਿਆਇ ॥

(ਹੇ ਭਾਈ! ਪ੍ਰਭੂ ਦੇ ਹੁਕਮ ਵਿਚ) ਮਾਇਆ ਨੇ ਉਤਭੁਜ ਆਦਿਕ ਖੇਡ ਰਚਾ ਕੇ ਇਹ ਜਗਤ ਪੈਦਾ ਕੀਤਾ ਹੈ।

ਤੀਨਿ ਗੁਣਾ ਕੈ ਸੰਗਿ ਰਚਿ ਰਸੇ ॥

(ਦੁਨੀਆ ਦੇ ਲੋਕ ਮਾਇਆ ਦੇ) ਤਿੰਨ ਗੁਣਾਂ ਨਾਲ ਇੱਕ-ਮਿਕ ਹੋ ਕੇ ਰਸ ਮਾਣ ਰਹੇ ਹਨ।

ਇਨ ਕਉ ਛੋਡਿ ਊਪਰਿ ਜਨ ਬਸੇ ॥੩॥

ਪਰਮਾਤਮਾ ਦੇ ਭਗਤ ਇਹਨਾਂ ਨੂੰ ਛੱਡ ਕੇ ਉੱਚੇ ਆਤਮਕ ਮੰਡਲ ਵਿਚ ਵੱਸਦੇ ਹਨ ॥੩॥

ਕਰਿ ਕਿਰਪਾ ਜਨ ਲੀਏ ਛਡਾਇ ॥

(ਹੇ ਭਾਈ!) ਪ੍ਰਭੂ ਨੇ ਮੇਹਰ ਕਰ ਕੇ ਸੰਤ ਜਨਾਂ ਨੂੰ ਇਹਨਾਂ ਪਾਸੋਂ ਬਚਾ ਰੱਖਿਆ ਹੈ।

ਜਿਸ ਕੇ ਸੇ ਤਿਨਿ ਰਖੇ ਹਟਾਇ ॥

(ਇਹ ਕਾਮਾਦਿਕ) ਜਿਸ (ਪ੍ਰਭੂ) ਦੇ ਬਣਾਏ ਹੋਏ ਹਨ, ਉਸ ਨੇ ਇਹਨਾਂ ਨੂੰ (ਸੰਤ ਜਨਾਂ ਪਾਸੋਂ) ਪਰੇ ਰੋਕ ਰੱਖਿਆ ਹੈ।

ਕਹੁ ਨਾਨਕ ਭਗਤਿ ਪ੍ਰਭ ਸਾਰੁ ॥

ਨਾਨਕ ਆਖਦਾ ਹੈ- (ਹੇ ਭਾਈ!) ਪ੍ਰਭੂ ਦੀ ਭਗਤੀ ਕਰਿਆ ਕਰ।

ਬਿਨੁ ਭਗਤੀ ਸਭ ਹੋਇ ਖੁਆਰੁ ॥੪॥੯॥੧੧॥

ਭਗਤੀ ਤੋਂ ਬਿਨਾ ਸਾਰੀ ਸ੍ਰਿਸ਼ਟੀ (ਇਹਨਾਂ ਚੌਧਰੀਆਂ ਦੇ ਵੱਸ ਪੈ ਕੇ) ਖ਼ੁਆਰ ਹੁੰਦੀ ਹੈ ॥੪॥੯॥੧੧॥


Raag-Gond-Bani

ਗੋਂਡ ਮਹਲਾ ੫ ॥
ਕਲਿ ਕਲੇਸ ਮਿਟੇ ਹਰਿ ਨਾਇ ॥

ਹੇ ਭਾਈ! ਪ੍ਰਭੂ ਦੇ ਨਾਮ ਦੀ ਬਰਕਤ ਨਾਲ (ਸੰਤ ਜਨਾਂ ਦੇ ਅੰਦਰੋਂ) ਝਗੜੇ-ਬਖੇੜੇ ਮਿਟ ਜਾਂਦੇ ਹਨ।

ਦੁਖ ਬਿਨਸੇ ਸੁਖ ਕੀਨੋ ਠਾਉ ॥

ਉਹਨਾਂ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ। ਸੁਖ ਉਹਨਾਂ ਦੇ ਅੰਦਰ ਆਪਣਾ ਟਿਕਾਣਾ ਬਣਾ ਲੈਂਦੇ ਹਨ।

ਜਪਿ ਜਪਿ ਅੰਮ੍ਰਿਤ ਨਾਮੁ ਅਘਾਏ ॥

ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਪ ਜਪ ਕੇ (ਸੰਤ ਜਨ ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜੇ ਰਹਿੰਦੇ ਹਨ।

ਸੰਤ ਪ੍ਰਸਾਦਿ ਸਗਲ ਫਲ ਪਾਏ ॥੧॥

ਗੁਰੂ ਦੀ ਕਿਰਪਾ ਨਾਲ ਉਹ ਸਾਰੇ ਫਲ ਪ੍ਰਾਪਤ ਕਰ ਲੈਂਦੇ ਹਨ ॥੧॥

ਰਾਮ ਜਪਤ ਜਨ ਪਾਰਿ ਪਰੇ ॥

ਹੇ ਭਾਈ! ਪਰਮਾਤਮਾ ਦਾ ਨਾਮ ਜਪਦਿਆਂ ਪਰਮਾਤਮਾ ਦੇ ਭਗਤ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ।

ਜਨਮ ਜਨਮ ਕੇ ਪਾਪ ਹਰੇ ॥੧॥ ਰਹਾਉ ॥

ਉਹਨਾਂ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਦੂਰ ਹੋ ਜਾਂਦੇ ਹਨ ॥੧॥ ਰਹਾਉ ॥

ਗੁਰ ਕੇ ਚਰਨ ਰਿਦੈ ਉਰਿ ਧਾਰੇ ॥

ਹੇ ਭਾਈ! ਸੰਤ ਜਨ ਆਪਣੇ ਹਿਰਦੇ ਵਿਚ ਗੁਰੂ ਦੇ ਚਰਨ ਵਸਾਈ ਰੱਖਦੇ ਹਨ।

ਅਗਨਿ ਸਾਗਰ ਤੇ ਉਤਰੇ ਪਾਰੇ ॥

(ਪੂਰੀ ਸਰਧਾ ਨਾਲ ਗੁਰੂ ਦੇ ਸ਼ਬਦ ਨੂੰ ਮਨ ਵਿਚ ਟਿਕਾਈ ਰੱਖਦੇ ਹਨ), ਇਸ ਤਰ੍ਹਾਂ ਉਹ ਤ੍ਰਿਸ਼ਨਾ-ਅੱਗ ਦੇ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।

ਜਨਮ ਮਰਣ ਸਭ ਮਿਟੀ ਉਪਾਧਿ ॥

ਉਹ ਜਨਮ ਮਰਨ ਦੇ ਗੇੜ ਦਾ ਸਾਰਾ ਬਖੇੜਾ ਹੀ ਮੁਕਾ ਲੈਂਦੇ ਹਨ,

ਪ੍ਰਭ ਸਿਉ ਲਾਗੀ ਸਹਜਿ ਸਮਾਧਿ ॥੨॥

ਆਤਮਕ ਅਡੋਲਤਾ ਦੀ ਰਾਹੀਂ ਉਹਨਾਂ ਦੀ ਸੁਰਤ ਪ੍ਰਭੂ ਨਾਲ ਜੁੜੀ ਰਹਿੰਦੀ ਹੈ ॥੨॥

ਥਾਨ ਥਨੰਤਰਿ ਏਕੋ ਸੁਆਮੀ ॥

ਹੇ ਭਾਈ! ਜੇਹੜਾ ਮਾਲਕ-ਪ੍ਰਭੂ ਆਪ ਹੀ ਹਰੇਕ ਥਾਂ ਵਿਚ ਵੱਸ ਰਿਹਾ ਹੈ,

ਸਗਲ ਘਟਾ ਕਾ ਅੰਤਰਜਾਮੀ ॥

ਅਤੇ ਸਾਰੇ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ,

ਕਰਿ ਕਿਰਪਾ ਜਾ ਕਉ ਮਤਿ ਦੇਇ ॥

ਉਹ ਪ੍ਰਭੂ ਜਿਸ ਮਨੁੱਖ ਨੂੰ ਮੇਹਰ ਕਰ ਕੇ ਸੂਝ ਬਖ਼ਸ਼ਦਾ ਹੈ,

ਆਠ ਪਹਰ ਪ੍ਰਭ ਕਾ ਨਾਉ ਲੇਇ ॥੩॥

ਉਹ ਮਨੁੱਖ ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ॥੩॥

ਜਾ ਕੈ ਅੰਤਰਿ ਵਸੈ ਪ੍ਰਭੁ ਆਪਿ ॥

ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਆਪ ਆ ਪਰਗਟ ਹੁੰਦਾ ਹੈ,

ਤਾ ਕੈ ਹਿਰਦੈ ਹੋਇ ਪ੍ਰਗਾਸੁ ॥

ਉਸ ਮਨੁੱਖ ਦੇ ਹਿਰਦੇ ਵਿਚ ਆਤਮਕ ਜੀਵਨ ਦਾ ਚਾਨਣ ਹੋ ਜਾਂਦਾ ਹੈ।

ਭਗਤਿ ਭਾਇ ਹਰਿ ਕੀਰਤਨੁ ਕਰੀਐ ॥

ਹੇ ਭਾਈ! ਭਗਤੀ ਦੀ ਭਾਵਨਾ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ।

ਜਪਿ ਪਾਰਬ੍ਰਹਮੁ ਨਾਨਕ ਨਿਸਤਰੀਐ ॥੪॥੧੦॥੧੨॥

ਹੇ ਨਾਨਕ! ਪਰਮਾਤਮਾ ਦਾ ਨਾਮ ਜਪ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ ॥੪॥੧੦॥੧੨॥


Raag-Gond-Bani

ਗੋਂਡ ਮਹਲਾ ੫ ॥
ਗੁਰ ਕੇ ਚਰਨ ਕਮਲ ਨਮਸਕਾਰਿ ॥

ਹੇ ਭਾਈ! (ਆਪਣੇ) ਗੁਰੂ ਦੇ ਚਰਨਾਂ ਉਤੇ ਆਪਣਾ ਸਿਰ ਰੱਖਿਆ ਕਰ।

ਕਾਮੁ ਕ੍ਰੋਧੁ ਇਸੁ ਤਨ ਤੇ ਮਾਰਿ ॥

(ਗੁਰੂ ਦੀ ਕਿਰਪਾ ਨਾਲ ਆਪਣੇ) ਇਸ ਸਰੀਰ ਵਿਚੋਂ ਕਾਮ ਅਤੇ ਕ੍ਰੋਧ (ਆਦਿਕ ਵਿਕਾਰਾਂ) ਨੂੰ ਮਾਰ ਮੁਕਾ।

ਹੋਇ ਰਹੀਐ ਸਗਲ ਕੀ ਰੀਨਾ ॥

ਹੇ ਭਾਈ! ਸਭਨਾਂ ਦੇ ਚਰਨਾਂ ਦੀ ਧੂੜ ਹੋ ਕੇ ਰਹਿਣਾ ਚਾਹੀਦਾ ਹੈ।

ਘਟਿ ਘਟਿ ਰਮਈਆ ਸਭ ਮਹਿ ਚੀਨਾ ॥੧॥

ਹਰੇਕ ਸਰੀਰ ਵਿਚ ਸਭ ਜੀਵਾਂ ਵਿਚ ਸੋਹਣੇ ਰਾਮ ਨੂੰ ਵੱਸਦਾ ਵੇਖ ॥੧॥

ਇਨ ਬਿਧਿ ਰਮਹੁ ਗੋਪਾਲ ਗੁੋਬਿੰਦੁ ॥

ਹੇ ਭਾਈ! ਇਸ ਤਰ੍ਹਾਂ ਸ੍ਰਿਸ਼ਟੀ ਦੇ ਪਾਲਕ ਗੋਬਿੰਦ ਦਾ ਨਾਮ ਜਪਦੇ ਰਹੋ,

ਤਨੁ ਧਨੁ ਪ੍ਰਭ ਕਾ ਪ੍ਰਭ ਕੀ ਜਿੰਦੁ ॥੧॥ ਰਹਾਉ ॥

(ਕਿ) ਇਸ ਸਰੀਰ ਨੂੰ, ਇਸ ਧਨ ਨੂੰ, ਪ੍ਰਭੂ ਦਾ ਬਖ਼ਸ਼ਿਆ ਹੋਇਆ ਜਾਣੋ, ਇਸ ਜਿੰਦ ਨੂੰ (ਭੀ) ਪ੍ਰਭੂ ਦੀ ਦਿੱਤੀ ਹੋਈ ਸਮਝੋ ॥੧॥ ਰਹਾਉ ॥

ਆਠ ਪਹਰ ਹਰਿ ਕੇ ਗੁਣ ਗਾਉ ॥

ਹੇ ਭਾਈ! ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਂਦਾ ਰਿਹਾ ਕਰ।

ਜੀਅ ਪ੍ਰਾਨ ਕੋ ਇਹੈ ਸੁਆਉ ॥

ਤੇਰੀ ਜਿੰਦ-ਜਾਨ ਦਾ (ਸੰਸਾਰ ਵਿਚ) ਇਹੀ (ਸਭ ਤੋਂ ਵੱਡਾ) ਮਨੋਰਥ ਹੈ।

ਤਜਿ ਅਭਿਮਾਨੁ ਜਾਨੁ ਪ੍ਰਭੁ ਸੰਗਿ ॥

ਹੇ ਭਾਈ! ਅਹੰਕਾਰ ਦੂਰ ਕਰ ਕੇ ਪ੍ਰਭੂ ਨੂੰ ਆਪਣੇ ਅੰਗ-ਸੰਗ ਵੱਸਦਾ ਸਮਝ।

ਸਾਧ ਪ੍ਰਸਾਦਿ ਹਰਿ ਸਿਉ ਮਨੁ ਰੰਗਿ ॥੨॥

ਗੁਰੂ ਦੀ ਕਿਰਪਾ ਨਾਲ ਆਪਣੇ ਮਨ ਨੂੰ ਪਰਮਾਤਮਾ (ਦੇ ਪ੍ਰੇਮ-ਰੰਗ) ਨਾਲ ਰੰਗ ਲੈ ॥੨॥

ਜਿਨਿ ਤੂੰ ਕੀਆ ਤਿਸ ਕਉ ਜਾਨੁ ॥

ਹੇ ਭਾਈ! ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ ਉਸ ਨਾਲ ਸਾਂਝ ਪਾਈ ਰੱਖ।

ਆਗੈ ਦਰਗਹ ਪਾਵੈ ਮਾਨੁ ॥

(ਜੇਹੜਾ ਮਨੁੱਖ ਇਹ ਉੱਦਮ ਕਰਦਾ ਹੈ, ਉਹ) ਅਗਾਂਹ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਹਾਸਲ ਕਰਦਾ ਹੈ।

ਮਨੁ ਤਨੁ ਨਿਰਮਲ ਹੋਇ ਨਿਹਾਲੁ ॥

(ਹੇ ਭਾਈ! ਮਨੁੱਖ ਦਾ) ਮਨ ਤਨ ਪਵਿੱਤਰ ਹੋ ਜਾਂਦਾ ਹੈ, ਮਨ ਖਿੜਿਆ ਰਹਿੰਦਾ ਹੈ, ਸਰੀਰ ਭੀ ਖਿੜਿਆ ਰਹਿੰਦਾ ਹੈ,

ਰਸਨਾ ਨਾਮੁ ਜਪਤ ਗੋਪਾਲ ॥੩॥

ਜਦੋਂ ਜੀਭ ਪਰਮਾਤਮਾ ਦਾ ਨਾਮ ਜਪਦੀ ਹੈ ॥੩॥

ਕਰਿ ਕਿਰਪਾ ਮੇਰੇ ਦੀਨ ਦਇਆਲਾ ॥

ਹੇ ਦੀਨਾਂ ਉਤੇ ਦਇਆ ਕਰਨ ਵਾਲੇ ਮੇਰੇ ਪ੍ਰਭੂ! (ਮੇਰੇ ਉਤੇ) ਮੇਹਰ ਕਰ।

ਸਾਧੂ ਕੀ ਮਨੁ ਮੰਗੈ ਰਵਾਲਾ ॥

(ਮੇਰਾ) ਮਨ ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ।

ਹੋਹੁ ਦਇਆਲ ਦੇਹੁ ਪ੍ਰਭ ਦਾਨੁ ॥

ਹੇ ਪ੍ਰਭੂ! (ਨਾਨਕ ਉਤੇ) ਦਇਆਵਾਨ ਹੋ ਅਤੇ ਇਹ ਖ਼ੈਰ ਪਾ,

ਨਾਨਕੁ ਜਪਿ ਜੀਵੈ ਪ੍ਰਭ ਨਾਮੁ ॥੪॥੧੧॥੧੩॥

ਕਿ (ਤੇਰਾ ਦਾਸ) ਨਾਨਕ, ਹੇ ਪ੍ਰਭੂ! ਤੇਰਾ ਨਾਮ ਜਪ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਰਹੇ ॥੪॥੧੧॥੧੩॥


Raag-Gond-Bani

ਗੋਂਡ ਮਹਲਾ ੫ ॥
ਧੂਪ ਦੀਪ ਸੇਵਾ ਗੋਪਾਲ ॥

(ਹੇ ਭਾਈ! ਕਰਮ ਕਾਂਡੀ ਲੋਕ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹਨ, ਉਹਨਾਂ ਦੇ ਅੱਗੇ ਧੂਪ ਧੁਖਾਂਦੇ ਹਨ ਅਤੇ ਦੀਵੇ ਬਾਲਦੇ ਹਨ, ਪਰ) ਪਰਮਾਤਮਾ ਦੀ ਭਗਤੀ ਕਰਨੀ ਹੀ ਉਸ ਮਨੁੱਖ ਵਾਸਤੇ ‘ਧੂਪ ਦੀਪ’ ਦੀ ਕ੍ਰਿਆ ਹੈ,

ਅਨਿਕ ਬਾਰ ਬੰਦਨ ਕਰਤਾਰ ॥

(ਭਗਤੀ ਕਰਦਾ ਹੋਇਆ ਉਹ ਮਾਨੋ) ਪਰਮਾਤਮਾ ਦੇ ਦਰ ਤੇ ਹਰ ਵੇਲੇ ਸਿਰ ਨਿਵਾਈ ਰੱਖਦਾ ਹੈ।

ਪ੍ਰਭ ਕੀ ਸਰਣਿ ਗਹੀ ਸਭ ਤਿਆਗਿ ॥

ਉਹ (ਧੂਪ ਦੀਪ ਆਦਿਕ ਵਾਲੀ) ਸਾਰੀ ਕ੍ਰਿਆ ਛੱਡ ਕੇ ਪ੍ਰਭੂ ਦਾ ਆਸਰਾ ਲੈਂਦਾ ਹੈ।

ਗੁਰ ਸੁਪ੍ਰਸੰਨ ਭਏ ਵਡਭਾਗਿ ॥੧॥

(ਇਉਂ ਉਸ) ਮਨੁੱਖ ਉਤੇ ਵੱਡੀ ਕਿਸਮਤ ਨਾਲ ਗੁਰੂ ਮੇਹਰਬਾਨ ਹੋ ਪਏ ਹਨ ॥੧॥

ਆਠ ਪਹਰ ਗਾਈਐ ਗੋਬਿੰਦੁ ॥

ਹੇ ਭਾਈ! ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਅੱਠੇ ਪਹਿਰ (ਹਰ ਵੇਲੇ) ਕਰਨੀ ਚਾਹੀਦੀ ਹੈ,

ਤਨੁ ਧਨੁ ਪ੍ਰਭ ਕਾ ਪ੍ਰਭ ਕੀ ਜਿੰਦੁ ॥੧॥ ਰਹਾਉ ॥

ਜਿਸ ਦਾ ਦਿੱਤਾ ਹੋਇਆ ਸਾਡਾ ਇਹ ਸਰੀਰ ਹੈ, ਇਹ ਜਿੰਦ ਹੈ ਅਤੇ ਧਨ ਹੈ ॥੧॥ ਰਹਾਉ ॥

ਹਰਿ ਗੁਣ ਰਮਤ ਭਏ ਆਨੰਦ ॥

ਉਸ ਪਰਮਾਤਮਾ ਦੇ ਗੁਣ ਗਾਂਦਿਆਂ ਉਨ੍ਹਾਂ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ,

ਪਾਰਬ੍ਰਹਮ ਪੂਰਨ ਬਖਸੰਦ ॥

ਸਰਬ-ਵਿਆਪਕ ਅਤੇ ਬਖ਼ਸ਼ਸ਼ ਕਰਨ ਵਾਲਾ ਹੈ।

ਕਰਿ ਕਿਰਪਾ ਜਨ ਸੇਵਾ ਲਾਏ ॥

ਹੇ ਭਾਈ! ਪਰਮਾਤਮਾ ਮੇਹਰ ਕਰ ਕੇ ਆਪਣੇ ਸੇਵਕਾਂ ਨੂੰ ਆਪਣੀ ਭਗਤੀ ਵਿਚ ਜੋੜਦਾ ਹੈ,

ਜਨਮ ਮਰਣ ਦੁਖ ਮੇਟਿ ਮਿਲਾਏ ॥੨॥

ਉਹਨਾਂ ਦੇ ਜਨਮ ਤੋਂ ਲੈ ਕੇ ਮਰਨ ਤਕ ਦੇ ਸਾਰੇ ਦੁੱਖ ਮਿਟਾ ਕੇ ਉਹਨਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ ॥੨॥

ਕਰਮ ਧਰਮ ਇਹੁ ਤਤੁ ਗਿਆਨੁ ॥

ਹੇ ਭਾਈ! ਇਹੀ ਹੈ ਧਾਰਮਿਕ ਕਰਮ ਅਤੇ ਇਹੀ ਹੈ ਅਸਲ ਗਿਆਨ,

ਸਾਧਸੰਗਿ ਜਪੀਐ ਹਰਿ ਨਾਮੁ ॥

(ਜੋ) ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਜਪਣਾ ਹੈ।

ਸਾਗਰ ਤਰਿ ਬੋਹਿਥ ਪ੍ਰਭ ਚਰਣ ॥

ਹੇ ਭਾਈ! (ਉਸ) ਪਰਮਾਤਮਾ ਦੇ ਚਰਨਾਂ ਨੂੰ ਜਹਾਜ਼ ਬਣਾ ਕੇ ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘ,

ਅੰਤਰਜਾਮੀ ਪ੍ਰਭ ਕਾਰਣ ਕਰਣ ॥੩॥

ਜੋ ਸਭ ਦੇ ਦਿਲ ਦੀ ਜਾਣਨ ਵਾਲਾ ਹੈ ਅਤੇ ਜਗਤ ਦੇ ਪੈਦਾ ਕਰਨ ਵਾਲਾ ਹੈ ॥੩॥

ਰਾਖਿ ਲੀਏ ਅਪਨੀ ਕਿਰਪਾ ਧਾਰਿ ॥

ਹੇ ਭਾਈ! ਪ੍ਰਭੂ ਆਪਣੀ ਮੇਹਰ ਕਰ ਕੇ ਜਿਨ੍ਹਾਂ ਦੀ ਰੱਖਿਆ ਕਰਦਾ ਹੈ,

ਪੰਚ ਦੂਤ ਭਾਗੇ ਬਿਕਰਾਲ ॥

(ਕਾਮਾਦਿਕ) ਪੰਜੇ ਡਰਾਉਣੇ ਵੈਰੀ ਉਹਨਾਂ ਤੋਂ ਪਰੇ ਭੱਜ ਜਾਂਦੇ ਹਨ।

ਜੂਐ ਜਨਮੁ ਨ ਕਬਹੂ ਹਾਰਿ ॥

ਉਹ ਮਨੁੱਖ (ਵਿਕਾਰਾਂ ਦੇ) ਜੂਏ ਵਿਚ ਆਪਣਾ ਜੀਵਨ ਕਦੇ ਭੀ ਨਹੀਂ ਗਵਾਂਦਾ,

ਨਾਨਕ ਕਾ ਅੰਗੁ ਕੀਆ ਕਰਤਾਰਿ ॥੪॥੧੨॥੧੪॥

ਹੇ ਨਾਨਕ! ਜਿਸ ਭੀ ਮਨੁੱਖ ਦਾ ਪੱਖ ਪਰਮਾਤਮਾ ਨੇ ਕੀਤਾ ਹੈ ॥੪॥੧੨॥੧੪॥


Raag-Gond-Bani

ਗੋਂਡ ਮਹਲਾ ੫ ॥
ਕਰਿ ਕਿਰਪਾ ਸੁਖ ਅਨਦ ਕਰੇਇ ॥

ਹੇ ਭਾਈ! (ਗੋਬਿੰਦ ਪ੍ਰਭੂ) ਮੇਹਰ ਕਰ ਕੇ (ਉਸ ਦੀ ਸਰਣ ਪੈਣ ਵਾਲਿਆਂ ਦੇ ਹਿਰਦੇ ਵਿਚ) ਆਤਮਿਕ ਸੁਖ ਅਤੇ ਆਨੰਦ ਪੈਦਾ ਕਰਦਾ ਹੈ।

ਬਾਲਕ ਰਾਖਿ ਲੀਏ ਗੁਰਦੇਵਿ ॥

ਉਸ ਸਭ ਤੋਂ ਵੱਡੇ ਪ੍ਰਭੂ ਨੇ (ਸਦਾ ਹੀ ਸਰਣ-ਪਏ ਆਪਣੇ) ਬੱਚਿਆਂ ਦੀ ਰੱਖਿਆ ਕੀਤੀ ਹੈ।

ਪ੍ਰਭ ਕਿਰਪਾਲ ਦਇਆਲ ਗੁੋਬਿੰਦ ॥

ਹੇ ਭਾਈ! ਗੋਬਿੰਦ ਪ੍ਰਭੂ ਕਿਰਪਾ ਦਾ ਘਰ ਹੈ, ਦਇਆ ਦਾ ਸੋਮਾ ਹੈ,

ਜੀਅ ਜੰਤ ਸਗਲੇ ਬਖਸਿੰਦ ॥੧॥

ਸਾਰੇ ਹੀ ਜੀਵਾਂ ਉਤੇ ਬਖ਼ਸ਼ਸ਼ ਕਰਨ ਵਾਲਾ ਹੈ ॥੧॥

ਤੇਰੀ ਸਰਣਿ ਪ੍ਰਭ ਦੀਨ ਦਇਆਲ ॥

ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! (ਅਸੀਂ ਜੀਵ) ਤੇਰੇ ਹੀ ਆਸਰੇ ਹਾਂ।

ਪਾਰਬ੍ਰਹਮ ਜਪਿ ਸਦਾ ਨਿਹਾਲ ॥੧॥ ਰਹਾਉ ॥

ਹੇ ਪਾਰਬ੍ਰਹਮ! (ਤੇਰਾ ਨਾਮ) ਜਪ ਕੇ ਸਦਾ ਖਿੜੇ ਰਹਿ ਸਕੀਦਾ ਹੈ ॥੧॥ ਰਹਾਉ ॥

ਪ੍ਰਭ ਦਇਆਲ ਦੂਸਰ ਕੋਈ ਨਾਹੀ ॥

ਹੇ ਪ੍ਰਭੂ! ਤੇਰੇ ਵਰਗਾ ਦਇਆ ਦਾ ਸੋਮਾ (ਜਗਤ ਵਿਚ) ਹੋਰ ਕੋਈ ਦੂਜਾ ਨਹੀਂ ਹੈ।

ਘਟ ਘਟ ਅੰਤਰਿ ਸਰਬ ਸਮਾਹੀ ॥

ਤੂੰ ਹਰੇਕ ਸਰੀਰ ਵਿਚ ਮੌਜੂਦ ਹੈਂ, ਤੂੰ ਸਾਰੇ ਜੀਵਾਂ ਵਿਚ ਵਿਆਪਕ ਹੈਂ।

ਅਪਨੇ ਦਾਸ ਕਾ ਹਲਤੁ ਪਲਤੁ ਸਵਾਰੈ ॥

ਹੇ ਭਾਈ! ਪ੍ਰਭੂ ਆਪਣੇ ਸੇਵਕ ਦਾ ਇਹ ਲੋਕ ਅਤੇ ਪਰਲੋਕ ਸੋਹਣਾ ਬਣਾ ਦੇਂਦਾ ਹੈ।

ਪਤਿਤ ਪਾਵਨ ਪ੍ਰਭ ਬਿਰਦੁ ਤੁਮ੍ਰਾਰੈ ॥੨॥

ਹੇ ਪ੍ਰਭੂ! ਤੇਰੇ ਘਰ ਵਿਚ ਮੁੱਢ-ਕਦੀਮਾਂ ਦਾ ਹੀ ਇਹ ਸੁਭਾਉ ਹੈ ਕਿ ਤੂੰ ਵਿਕਾਰੀਆਂ ਨੂੰ ਭੀ ਸੁੱਚੇ ਜੀਵਨ ਵਾਲਾ ਬਣਾ ਦੇਂਦਾ ਹੈਂ ॥੨॥

ਅਉਖਧ ਕੋਟਿ ਸਿਮਰਿ ਗੋਬਿੰਦ ॥

ਹੇ ਭਾਈ! ਗੋਬਿੰਦ ਦਾ ਨਾਮ ਸਿਮਰਿਆ ਕਰ, ਇਹ ਨਾਮ ਹੀ ਕ੍ਰੋੜਾਂ ਦਵਾਈਆਂ (ਦੇ ਬਰਾਬਰ) ਹੈ।

ਤੰਤੁ ਮੰਤੁ ਭਜੀਐ ਭਗਵੰਤ ॥

ਹੇ ਭਾਈ! ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ, ਇਹ ਨਾਮ (ਸਭ ਤੋਂ ਵਧੀਆ) ਤੰਤ੍ਰ ਹੈ ਅਤੇ ਮੰਤ੍ਰ ਹੈ।

ਰੋਗ ਸੋਗ ਮਿਟੇ ਪ੍ਰਭ ਧਿਆਏ ॥

ਜੇਹੜਾ ਮਨੁੱਖ ਇਸ ਨਾਮ ਨੂੰ ਸਿਮਰਦਾ ਹੈ, ਉਸ ਦੇ ਸਾਰੇ ਰੋਗ ਸਾਰੇ ਚਿੰਤਾ-ਫ਼ਿਕਰ ਮਿਟ ਜਾਂਦੇ ਹਨ।

ਮਨ ਬਾਂਛਤ ਪੂਰਨ ਫਲ ਪਾਏ ॥੩॥

ਉਹ ਮਨੁੱਖ ਸਾਰੇ ਹੀ ਮਨ-ਮੰਗੇ ਫਲ ਪ੍ਰਾਪਤ ਕਰ ਲੈਂਦਾ ਹੈ ॥੩॥

ਕਰਨ ਕਾਰਨ ਸਮਰਥ ਦਇਆਰ ॥

ਹੇ ਭਾਈ! ਪਰਮਾਤਮਾ ਜਗਤ ਦਾ ਮੂਲ ਹੈ, ਸਾਰੀਆਂ ਤਾਕਤਾਂ ਦਾ ਮਾਲਕ ਹੈ, ਦਇਆ ਦਾ ਸੋਮਾ ਹੈ।

ਸਰਬ ਨਿਧਾਨ ਮਹਾ ਬੀਚਾਰ ॥

ਉਸ ਦੇ ਉੱਚੇ ਗੁਣਾਂ ਦਾ ਵਿਚਾਰ ਕਰਨਾ ਹੀ (ਜੀਵ ਵਾਸਤੇ) ਸਾਰੇ ਖ਼ਜ਼ਾਨੇ ਹੈ।

ਨਾਨਕ ਬਖਸਿ ਲੀਏ ਪ੍ਰਭਿ ਆਪਿ ॥

ਹੇ ਨਾਨਕ! ਪ੍ਰਭੂ ਨੇ ਆਪ ਹੀ ਆਪਣੇ ਸੇਵਕਾਂ ਉੇਤੇ ਸਦਾ ਬਖ਼ਸ਼ਸ਼ ਕੀਤੀ ਹੈ।

ਸਦਾ ਸਦਾ ਏਕੋ ਹਰਿ ਜਾਪਿ ॥੪॥੧੩॥੧੫॥

ਹੇ ਭਾਈ! ਸਦਾ ਹੀ ਉਸ ਇਕ ਪਰਮਾਤਮਾ ਦਾ ਨਾਮ ਜਪਿਆ ਕਰ ॥੪॥੧੩॥੧੫॥


Raag-Gond-Bani

ਗੋਂਡ ਮਹਲਾ ੫ ॥
ਹਰਿ ਹਰਿ ਨਾਮੁ ਜਪਹੁ ਮੇਰੇ ਮੀਤ ॥

ਹੇ ਮੇਰੇ ਮਿੱਤਰ! ਪਰਮਾਤਮਾ ਦਾ ਨਾਮ ਸਦਾ ਜਪਿਆ ਕਰ,

ਨਿਰਮਲ ਹੋਇ ਤੁਮ੍ਰਾਰਾ ਚੀਤ ॥

(ਨਾਮ ਦੀ ਬਰਕਤਿ ਨਾਲ) ਤੇਰਾ ਮਨ ਪਵਿੱਤਰ ਹੋ ਜਾਇਗਾ।

ਮਨ ਤਨ ਕੀ ਸਭ ਮਿਟੈ ਬਲਾਇ ॥

(ਹੇ ਮਿੱਤਰ! ਨਾਮ ਜਪਿਆਂ) ਮਨ ਦੀ ਸਰੀਰ ਦੀ ਹਰੇਕ ਬਿਪਤਾ ਮਿਟ ਜਾਂਦੀ ਹੈ,

ਦੂਖੁ ਅੰਧੇਰਾ ਸਗਲਾ ਜਾਇ ॥੧॥

ਹਰੇਕ ਦੁੱਖ ਦੂਰ ਹੋ ਜਾਂਦਾ ਹੈ, (ਮਾਇਆ ਦੇ ਮੋਹ ਦਾ) ਸਾਰਾ ਹਨੇਰਾ ਮੁੱਕ ਜਾਂਦਾ ਹੈ ॥੧॥

ਹਰਿ ਗੁਣ ਗਾਵਤ ਤਰੀਐ ਸੰਸਾਰੁ ॥

ਹੇ ਭਾਈ! ਪਰਮਾਤਮਾ ਦੇ ਗੁਣ ਗਾਂਦਿਆਂ ਗਾਂਦਿਆਂ ਸੰਸਾਰ (-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ,

ਵਡਭਾਗੀ ਪਾਈਐ ਪੁਰਖੁ ਅਪਾਰੁ ॥੧॥ ਰਹਾਉ ॥

(ਭਾਗ ਜਾਗ ਪੈਂਦੇ ਹਨ) ਵੱਡੇ ਭਾਗਾਂ ਨਾਲ ਸਰਬ-ਵਿਆਪਕ ਬੇਅੰਤ ਪ੍ਰਭੂ ਮਿਲ ਪੈਂਦਾ ਹੈ ॥੧॥ ਰਹਾਉ ॥

ਜੋ ਜਨੁ ਕਰੈ ਕੀਰਤਨੁ ਗੋਪਾਲ ॥

ਹੇ ਮੇਰੇ ਮਿੱਤਰ! ਜੇਹੜਾ ਮਨੁੱਖ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ,

ਤਿਸ ਕਉ ਪੋਹਿ ਨ ਸਕੈ ਜਮਕਾਲੁ ॥

ਉਸ ਨੂੰ ਮੌਤ ਦਾ ਡਰ ਪੋਹ ਨਹੀਂ ਸਕਦਾ।

ਜਗ ਮਹਿ ਆਇਆ ਸੋ ਪਰਵਾਣੁ ॥

ਉਸ ਮਨੁੱਖ ਦਾ ਦੁਨੀਆ ਵਿਚ ਆਉਣਾ ਸਫਲ ਹੋ ਜਾਂਦਾ ਹੈ।

ਗੁਰਮੁਖਿ ਅਪਨਾ ਖਸਮੁ ਪਛਾਣੁ ॥੨॥

(ਹੇ ਮਿੱਤਰ! ਤੂੰ ਭੀ) ਗੁਰੂ ਦੀ ਸਰਨ ਪੈ ਕੇ ਆਪਣੇ ਮਾਲਕ-ਪ੍ਰਭੂ ਨਾਲ ਜਾਣ-ਪਛਾਣ ਪਾਈ ਰੱਖ ॥੨॥

ਹਰਿ ਗੁਣ ਗਾਵੈ ਸੰਤ ਪ੍ਰਸਾਦਿ ॥

(ਹੇ ਮਿੱਤਰ! ਜੇਹੜਾ ਮਨੁੱਖ) ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ,

ਕਾਮ ਕ੍ਰੋਧ ਮਿਟਹਿ ਉਨਮਾਦ ॥

(ਉਸ ਦੇ ਅੰਦਰੋਂ) ਕਾਮ ਕ੍ਰੋਧ (ਆਦਿਕ) ਝੱਲ-ਪੁਣੇ ਮਿਟ ਜਾਂਦੇ ਹਨ।

ਸਦਾ ਹਜੂਰਿ ਜਾਣੁ ਭਗਵੰਤ ॥

(ਹੇ ਮਿੱਤਰ!) ਭਗਵਾਨ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਸਮਝਿਆ ਕਰ।

ਪੂਰੇ ਗੁਰ ਕਾ ਪੂਰਨ ਮੰਤ ॥੩॥

ਅਤੇ ਪੂਰੇ ਗੁਰੂ ਦਾ ਸੱਚਾ ਉਪਦੇਸ਼ ਲੈ ਕੇ (ਉਸ ਦਾ ਸਿਮਰਨ ਕਰ) ॥੩॥

ਹਰਿ ਧਨੁ ਖਾਟਿ ਕੀਏ ਭੰਡਾਰ ॥

ਜਿਸ ਮਨੁੱਖ ਨੇ ਹਰਿ-ਨਾਮ ਧਨ ਖੱਟ ਕੇ ਖ਼ਜ਼ਾਨੇ ਭਰ ਲਏ,

ਮਿਲਿ ਸਤਿਗੁਰ ਸਭਿ ਕਾਜ ਸਵਾਰ ॥

ਗੁਰੂ ਨੂੰ ਮਿਲ ਕੇ ਉਸ ਨੇ ਆਪਣੇ ਸਾਰੇ ਹੀ ਕੰਮ ਸੰਵਾਰ ਲਏ।

ਹਰਿ ਕੇ ਨਾਮ ਰੰਗ ਸੰਗਿ ਜਾਗਾ ॥

ਹਰਿ-ਨਾਮ ਦੇ ਪ੍ਰੇਮ ਦੀ ਬਰਕਤਿ ਨਾਲ ਉਸ ਦਾ ਮਨ ਜਾਗ ਪੈਂਦਾ ਹੈ (ਕਾਮ ਕ੍ਰੋਧ ਆਦਿਕ ਵਿਕਾਰਾਂ ਵਲੋਂ ਉਹ ਸਦਾ ਸੁਚੇਤ ਰਹਿੰਦਾ ਹੈ),

ਹਰਿ ਚਰਣੀ ਨਾਨਕ ਮਨੁ ਲਾਗਾ ॥੪॥੧੪॥੧੬॥

ਹੇ ਨਾਨਕ! ਉਸ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ ॥੪॥੧੪॥੧੬॥


Raag-Gond-Bani

ਗੋਂਡ ਮਹਲਾ ੫ ॥
ਭਵ ਸਾਗਰ ਬੋਹਿਥ ਹਰਿ ਚਰਣ ॥

ਹੇ ਭਾਈ! ਪਰਮਾਤਮਾ ਦੇ ਚਰਨ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਸਤੇ ਜਹਾਜ਼ ਹਨ।

ਸਿਮਰਤ ਨਾਮੁ ਨਾਹੀ ਫਿਰਿ ਮਰਣ ॥

ਪਰਮਾਤਮਾ ਦਾ ਨਾਮ ਸਿਮਰਦਿਆਂ ਮੁੜ ਮੁੜ (ਆਤਮਕ) ਮੌਤ ਨਹੀਂ ਹੁੰਦੀ।

ਹਰਿ ਗੁਣ ਰਮਤ ਨਾਹੀ ਜਮ ਪੰਥ ॥

ਪ੍ਰਭੂ ਦੇ ਗੁਣ ਗਾਂਦਿਆਂ ਜਮਾਂ ਦਾ ਰਸਤਾ ਨਹੀਂ ਫੜਨਾ ਪੈਂਦਾ।

ਮਹਾ ਬੀਚਾਰ ਪੰਚ ਦੂਤਹ ਮੰਥ ॥੧॥

(ਪਰਮਾਤਮਾ ਦੇ ਗੁਣਾਂ ਦੀ) ਵਿਚਾਰ ਜੋ ਹੋਰ ਸਾਰੀਆਂ ਵਿਚਾਰਾਂ ਤੋਂ ਉੱਤਮ ਹੈ (ਕਾਮਾਦਿਕ) ਪੰਜ ਵੈਰੀਆਂ ਦਾ ਨਾਸ ਕਰ ਦੇਂਦੀ ਹੈ ॥੧॥

ਤਉ ਸਰਣਾਈ ਪੂਰਨ ਨਾਥ ॥

ਹੇ ਸਾਰੇ ਗੁਣਾਂ ਨਾਲ ਭਰਪੂਰ ਖਸਮ-ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ।

ਜੰਤ ਅਪਨੇ ਕਉ ਦੀਜਹਿ ਹਾਥ ॥੧॥ ਰਹਾਉ ॥

(ਮੈਨੂੰ) ਆਪਣੇ ਪੈਦਾ ਕੀਤੇ ਗਰੀਬ ਸੇਵਕ ਨੂੰ ਕਿਰਪਾ ਕਰ ਕੇ ਆਪਣੇ ਹੱਥ ਫੜਾ ॥੧॥ ਰਹਾਉ ॥

ਸਿਮ੍ਰਿਤਿ ਸਾਸਤ੍ਰ ਬੇਦ ਪੁਰਾਣ ॥

ਹੇ ਭਾਈ! ਸਿਮ੍ਰਿਤੀਆਂ, ਸ਼ਾਸਤਰ, ਵੇਦ, ਪੁਰਾਣ (ਆਦਿਕ ਸਾਰੇ ਧਰਮ-ਪੁਸਤਕ)

ਪਾਰਬ੍ਰਹਮ ਕਾ ਕਰਹਿ ਵਖਿਆਣ ॥

ਪਰਮਾਤਮਾ ਦੇ ਗੁਣਾਂ ਦਾ ਬਿਆਨ ਕਰਦੇ ਹਨ।

ਜੋਗੀ ਜਤੀ ਬੈਸਨੋ ਰਾਮਦਾਸ ॥

ਜੋਗੀ ਜਤੀ, ਵੈਸ਼ਨਵ ਸਾਧੂ, (ਨਿਰਤ-ਕਾਰੀ ਕਰਨ ਵਾਲੇ) ਬੈਰਾਗੀ ਭਗਤ ਭੀ ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰਦੇ ਹਨ,

ਮਿਤਿ ਨਾਹੀ ਬ੍ਰਹਮ ਅਬਿਨਾਸ ॥੨॥

ਪਰ ਉਸ ਅਬਿਨਾਸੀ ਪ੍ਰਭੂ ਦਾ ਕੋਈ ਭੀ ਅੰਤ ਨਹੀਂ ਪਾ ਸਕਦਾ ॥੨॥

ਕਰਣ ਪਲਾਹ ਕਰਹਿ ਸਿਵ ਦੇਵ ॥

ਹੇ ਭਾਈ! ਸ਼ਿਵ ਜੀ ਅਤੇ ਹੋਰ ਅਨੇਕਾਂ ਦੇਵਤੇ (ਉਸ ਪ੍ਰਭੂ ਦਾ ਅੰਤ ਲੱਭਣ ਵਾਸਤੇ) ਤਰਲੇ ਲੈਂਦੇ ਹਨ,

ਤਿਲੁ ਨਹੀ ਬੂਝਹਿ ਅਲਖ ਅਭੇਵ ॥

ਪਰ ਉਸ ਦੇ ਸਰੂਪ ਨੂੰ ਰਤਾ ਭਰ ਭੀ ਨਹੀਂ ਸਮਝ ਸਕਦੇ। ਉਸ ਪ੍ਰਭੂ ਦਾ ਸਰੂਪ ਸਹੀ ਤਰੀਕੇ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ, ਉਸ ਪ੍ਰਭੂ ਦਾ ਭੇਤ ਨਹੀਂ ਪਾਇਆ ਜਾ ਸਕਦਾ।

ਪ੍ਰੇਮ ਭਗਤਿ ਜਿਸੁ ਆਪੇ ਦੇਇ ॥

(ਜਿਨ੍ਹਾਂ ਨੂੰ) ਪ੍ਰਭੂ ਆਪਣੀ ਪ੍ਰੇਮਾ ਭਗਤੀ ਬਖ਼ਸ਼ ਦਿੰਦਾ ਹੈ,

ਜਗ ਮਹਿ ਵਿਰਲੇ ਕੇਈ ਕੇਇ ॥੩॥

ਉਹ ਮਨੁੱਖ ਸੰਸਾਰ ਤੇ ਬਹੁਤ ਘੱਟ ਗਿਣਤੀ ਵਿੱਚ ਹੀ ਹਨ ॥੩॥

ਮੋਹਿ ਨਿਰਗੁਣ ਗੁਣੁ ਕਿਛਹੂ ਨਾਹਿ ॥

ਹੇ ਪ੍ਰਭੂ! (ਮੈਂ ਤਾਂ ਹਾਂ ਨਾ-ਚੀਜ਼। ਭਲਾ ਮੈਂ ਤੇਰਾ ਅੰਤ ਕਿਵੇਂ ਪਾ ਸਕਾਂ?) ਮੈਂ ਗੁਣ-ਹੀਣ ਵਿਚ ਕੋਈ ਭੀ ਗੁਣ ਨਹੀਂ ਹੈ।

ਸਰਬ ਨਿਧਾਨ ਤੇਰੀ ਦ੍ਰਿਸਟੀ ਮਾਹਿ ॥

(ਹਾਂ,) ਤੇਰੀ ਮੇਹਰ ਦੀ ਨਿਗਾਹ ਵਿਚ ਸਾਰੇ ਖ਼ਜ਼ਾਨੇ ਹਨ (ਜਿਸ ਉਤੇ ਨਜ਼ਰ ਕਰਦਾ ਹੈਂ, ਉਸ ਨੂੰ ਪ੍ਰਾਪਤ ਹੋ ਜਾਂਦੇ ਹਨ)।

ਨਾਨਕੁ ਦੀਨੁ ਜਾਚੈ ਤੇਰੀ ਸੇਵ ॥

(ਤੇਰਾ ਦਾਸ) ਗਰੀਬ ਨਾਨਕ (ਤੈਥੋਂ) ਤੇਰੀ ਭਗਤੀ ਮੰਗਦਾ ਹੈ।

ਕਰਿ ਕਿਰਪਾ ਦੀਜੈ ਗੁਰਦੇਵ ॥੪॥੧੫॥੧੭॥

ਹੇ ਸਭ ਤੋਂ ਵੱਡੇ ਦੇਵ! ਮੇਹਰ ਕਰ ਕੇ ਇਹ ਖ਼ੈਰ ਪਾ ॥੪॥੧੫॥੧੭॥


Raag-Gond-Bani

ਗੋਂਡ ਮਹਲਾ ੫ ॥
ਸੰਤ ਕਾ ਲੀਆ ਧਰਤਿ ਬਿਦਾਰਉ ॥

(ਹੇ ਭਾਈ! ਤਾਹੀਏਂ ਪਰਮਾਤਮਾ ਆਖਦਾ ਹੈ-) ਜਿਸ ਮਨੁੱਖ ਨੂੰ ਸੰਤ ਫਿਟਕਾਰ ਪਾਏ, ਮੈਂ ਉਸ ਦੀਆਂ ਜੜ੍ਹਾਂ ਪੁੱਟ ਦੇਂਦਾ ਹਾਂ।

ਸੰਤ ਕਾ ਨਿੰਦਕੁ ਅਕਾਸ ਤੇ ਟਾਰਉ ॥

ਸੰਤ ਦੀ ਨਿੰਦਾ ਕਰਨ ਵਾਲੇ ਨੂੰ ਮੈਂ ਉੱਚੇ ਮਰਾਤਬੇ ਤੋਂ ਹੇਠਾਂ ਡੇਗ ਦੇਂਦਾ ਹਾਂ।

ਸੰਤ ਕਉ ਰਾਖਉ ਅਪਨੇ ਜੀਅ ਨਾਲਿ ॥

ਸੰਤ ਨੂੰ ਮੈਂ ਸਦਾ ਆਪਣੀ ਜਿੰਦ ਦੇ ਨਾਲ ਰੱਖਦਾ ਹਾਂ।

ਸੰਤ ਉਧਾਰਉ ਤਤਖਿਣ ਤਾਲਿ ॥੧॥

(ਕਿਸੇ ਭੀ ਬਿਪਤਾ ਤੋਂ) ਸੰਤ ਨੂੰ ਮੈਂ ਤੁਰਤ ਉਸੇ ਵੇਲੇ ਬਚਾ ਲੈਂਦਾ ਹਾਂ ॥੧॥

ਸੋਈ ਸੰਤੁ ਜਿ ਭਾਵੈ ਰਾਮ ॥

ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਉਹੀ ਹੈ ਸੰਤ।

ਸੰਤ ਗੋਬਿੰਦ ਕੈ ਏਕੈ ਕਾਮ ॥੧॥ ਰਹਾਉ ॥

ਸੰਤ ਦੇ ਹਿਰਦੇ ਵਿਚ ਅਤੇ ਗੋਬਿੰਦ ਦੇ ਮਨ ਵਿਚ ਇਕੋ ਜਿਹਾ ਕੰਮ ਹੁੰਦਾ ਹੈ ॥੧॥ ਰਹਾਉ ॥

ਸੰਤ ਕੈ ਊਪਰਿ ਦੇਇ ਪ੍ਰਭੁ ਹਾਥ ॥

ਹੇ ਭਾਈ! ਪ੍ਰਭੂ ਆਪਣਾ ਹੱਥ (ਆਪਣੇ) ਸੰਤ ਉੱਤੇ ਰੱਖਦਾ ਹੈ,

ਸੰਤ ਕੈ ਸੰਗਿ ਬਸੈ ਦਿਨੁ ਰਾਤਿ ॥

ਪ੍ਰਭੂ ਆਪਣੇ ਸੰਤ ਦੇ ਨਾਲ ਦਿਨ ਰਾਤ (ਹਰ ਵੇਲੇ) ਵੱਸਦਾ ਹੈ।

ਸਾਸਿ ਸਾਸਿ ਸੰਤਹ ਪ੍ਰਤਿਪਾਲਿ ॥

ਪ੍ਰਭੂ ਆਪਣੇ ਸੰਤਾਂ ਦੀ (ਉਹਨਾਂ ਦੇ) ਹਰੇਕ ਸਾਹ ਦੇ ਨਾਲ ਰਾਖੀ ਕਰਦਾ ਹੈ।

ਸੰਤ ਕਾ ਦੋਖੀ ਰਾਜ ਤੇ ਟਾਲਿ ॥੨॥

ਸੰਤ ਦਾ ਬੁਰਾ ਮੰਗਣ ਵਾਲੇ ਨੂੰ ਪ੍ਰਭੂ ਰਾਜ ਤੋਂ (ਭੀ) ਹੇਠਾਂ ਡੇਗ ਦੇਂਦਾ ਹੈ ॥੨॥

ਸੰਤ ਕੀ ਨਿੰਦਾ ਕਰਹੁ ਨ ਕੋਇ ॥

ਹੇ ਭਾਈ! ਕੋਈ ਭੀ ਮਨੁੱਖ ਕਿਸੇ ਸੰਤ ਦੀ ਨਿੰਦਾ ਨਾਹ ਕਰਿਆ ਕਰੇ।

ਜੋ ਨਿੰਦੈ ਤਿਸ ਕਾ ਪਤਨੁ ਹੋਇ ॥

ਜੇਹੜਾ ਭੀ ਮਨੁੱਖ ਨਿੰਦਾ ਕਰਦਾ ਹੈ, ਉਹ ਆਤਮਕ ਜੀਵਨ ਤੋਂ ਡਿੱਗ ਪੈਂਦਾ ਹੈ।

ਜਿਸ ਕਉ ਰਾਖੈ ਸਿਰਜਨਹਾਰੁ ॥

ਕਰਤਾਰ ਆਪ ਜਿਸ ਮਨੁੱਖ ਦੀ ਰੱਖਿਆ ਕਰਦਾ ਹੈ,

ਝਖ ਮਾਰਉ ਸਗਲ ਸੰਸਾਰੁ ॥੩॥

ਸਾਰਾ ਸੰਸਾਰ (ਉਸ ਦਾ ਨੁਕਸਾਨ ਕਰਨ ਲਈ) ਬੇ-ਸ਼ੱਕ ਪਿਆ ਝਖਾਂ ਮਾਰੇ (ਉਸ ਦਾ ਕੋਈ ਵਿਗਾੜ ਨਹੀਂ ਕਰ ਸਕਦਾ) ॥੩॥

ਪ੍ਰਭ ਅਪਨੇ ਕਾ ਭਇਆ ਬਿਸਾਸੁ ॥

ਹੇ ਭਾਈ! ਜਿਸ ਮਨੁੱਖ ਨੂੰ ਆਪਣੇ ਪ੍ਰਭੂ ਉਤੇ ਭਰੋਸਾ ਬਣ ਜਾਂਦਾ ਹੈ,

ਜੀਉ ਪਿੰਡੁ ਸਭੁ ਤਿਸ ਕੀ ਰਾਸਿ ॥

(ਉਸ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਇਹ ਜਿੰਦ ਤੇ ਇਹ ਸਰੀਰ ਸਭ ਕੁਝ ਉਸ ਪ੍ਰਭੂ ਦਾ ਦਿੱਤਾ ਹੋਇਆ ਹੀ ਸਰਮਾਇਆ ਹੈ।

ਨਾਨਕ ਕਉ ਉਪਜੀ ਪਰਤੀਤਿ ॥

ਹੇ ਭਾਈ! ਨਾਨਕ ਦੇ ਹਿਰਦੇ ਵਿਚ ਭੀ ਇਹ ਯਕੀਨ ਬਣ ਗਿਆ ਹੈ,

ਮਨਮੁਖ ਹਾਰ ਗੁਰਮੁਖ ਸਦ ਜੀਤਿ ॥੪॥੧੬॥੧੮॥

ਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਜੀਵਨ-ਬਾਜ਼ੀ ਵਿਚ) ਹਾਰ ਜਾਂਦਾ ਹੈ, ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਨੂੰ ਸਦਾ ਜਿੱਤ ਪ੍ਰਾਪਤ ਹੁੰਦੀ ਹੈ ॥੪॥੧੬॥੧੮॥


Raag-Gond-Bani

ਗੋਂਡ ਮਹਲਾ ੫ ॥
ਨਾਮੁ ਨਿਰੰਜਨੁ ਨੀਰਿ ਨਰਾਇਣ ॥

ਹੇ ਭਾਈ! ਨਾਰਾਇਣ ਦਾ ਨਾਮ ਮਾਇਆ ਦੀ ਕਾਲਖ ਤੋਂ ਬਚਾਣ ਵਾਲਾ (ਹੈ, ਇਸ ਨੂੰ ਆਪਣੇ ਹਿਰਦੇ ਵਿਚ) ਸਿੰਜ।

ਰਸਨਾ ਸਿਮਰਤ ਪਾਪ ਬਿਲਾਇਣ ॥੧॥ ਰਹਾਉ ॥

(ਇਹ ਨਾਮ) ਜੀਭ ਨਾਲ ਜਪਦਿਆਂ (ਸਾਰੇ) ਪਾਪ ਦੂਰ ਹੋ ਜਾਂਦੇ ਹਨ ॥੧॥ ਰਹਾਉ ॥

ਨਾਰਾਇਣ ਸਭ ਮਾਹਿ ਨਿਵਾਸ ॥

ਹੇ ਭਾਈ! ਸਭ ਜੀਵਾਂ ਵਿਚ ਨਾਰਾਇਣ ਦਾ ਨਿਵਾਸ ਹੈ,

ਨਾਰਾਇਣ ਘਟਿ ਘਟਿ ਪਰਗਾਸ ॥

ਹਰੇਕ ਸਰੀਰ ਵਿਚ ਨਾਰਾਇਣ (ਦੀ ਜੋਤਿ) ਦਾ ਹੀ ਚਾਨਣ ਹੈ।

ਨਾਰਾਇਣ ਕਹਤੇ ਨਰਕਿ ਨ ਜਾਹਿ ॥

ਨਾਰਾਇਣ (ਦਾ ਨਾਮ) ਜਪਣ ਵਾਲੇ ਜੀਵ ਨਰਕ ਵਿਚ ਨਹੀਂ ਪੈਂਦੇ।

ਨਾਰਾਇਣ ਸੇਵਿ ਸਗਲ ਫਲ ਪਾਹਿ ॥੧॥

ਨਾਰਾਇਣ ਦੀ ਭਗਤੀ ਕਰ ਕੇ ਸਾਰੇ ਫਲ ਪ੍ਰਾਪਤ ਕਰ ਲੈਂਦੇ ਹਨ ॥੧॥

ਨਾਰਾਇਣ ਮਨ ਮਾਹਿ ਅਧਾਰ ॥

ਹੇ ਭਾਈ! ਨਾਰਾਇਣ (ਦੇ ਨਾਮ) ਨੂੰ (ਆਪਣੇ) ਮਨ ਵਿਚ ਆਸਰਾ ਬਣਾ ਲੈ,

ਨਾਰਾਇਣ ਬੋਹਿਥ ਸੰਸਾਰ ॥

ਨਾਰਾਇਣ (ਦਾ ਨਾਮ) ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਣ ਲਈ ਜਹਾਜ਼ ਹੈ।

ਨਾਰਾਇਣ ਕਹਤ ਜਮੁ ਭਾਗਿ ਪਲਾਇਣ ॥

ਨਾਰਾਇਣ ਦਾ ਨਾਮ ਜਪਦਿਆਂ ਜਮ ਭੱਜ ਕੇ ਪਰੇ ਚਲਾ ਜਾਂਦਾ ਹੈ।

ਨਾਰਾਇਣ ਦੰਤ ਭਾਨੇ ਡਾਇਣ ॥੨॥

ਨਾਰਾਇਣ (ਦਾ ਨਾਮ ਮਾਇਆ) ਡੈਣ ਦੇ ਦੰਦ ਭੰਨ ਦੇਂਦਾ ਹੈ ॥੨॥

ਨਾਰਾਇਣ ਸਦ ਸਦ ਬਖਸਿੰਦ ॥

ਹੇ ਭਾਈ! ਨਾਰਾਇਣ ਸਦਾ ਹੀ ਬਖ਼ਸ਼ਣਹਾਰ ਹੈ।

ਨਾਰਾਇਣ ਕੀਨੇ ਸੂਖ ਅਨੰਦ ॥

ਨਾਰਾਇਣ (ਆਪਣੇ ਸੇਵਕਾਂ ਦੇ ਹਿਰਦੇ ਵਿਚ) ਸੁਖ ਆਨੰਦ ਪੈਦਾ ਕਰਦਾ ਹੈ,

ਨਾਰਾਇਣ ਪ੍ਰਗਟ ਕੀਨੋ ਪਰਤਾਪ ॥

(ਉਹਨਾਂ ਦੇ ਅੰਦਰ ਆਪਣਾ) ਤੇਜ-ਪਰਤਾਪ ਪਰਗਟ ਕਰਦਾ ਹੈ।

ਨਾਰਾਇਣ ਸੰਤ ਕੋ ਮਾਈ ਬਾਪ ॥੩॥

ਹੇ ਭਾਈ! ਨਾਰਾਇਣ ਆਪਣੇ ਸੇਵਕਾਂ ਸੰਤਾਂ ਦਾ ਮਾਂ ਪਿਉ (ਵਾਂਗ ਰਾਖਾ) ਹੈ ॥੩॥

ਨਾਰਾਇਣ ਸਾਧਸੰਗਿ ਨਰਾਇਣ ॥

ਹੇ ਭਾਈ! ਜੇਹੜੇ ਮਨੁੱਖ ਸਾਧ ਸੰਗਤਿ ਵਿਚ ਟਿਕ ਕੇ ਸਦਾ ਨਾਰਾਇਣ ਦਾ ਨਾਮ ਜਪਦੇ ਹਨ,

ਬਾਰੰ ਬਾਰ ਨਰਾਇਣ ਗਾਇਣ ॥

ਮੁੜ ਮੁੜ ਉਸ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ,

ਬਸਤੁ ਅਗੋਚਰ ਗੁਰ ਮਿਲਿ ਲਹੀ ॥

ਉਹ ਮਨੁੱਖ ਗੁਰੂ ਨੂੰ ਮਿਲ ਕੇ (ਉਹ ਮਿਲਾਪ-ਰੂਪ ਕੀਮਤੀ) ਚੀਜ਼ ਲੱਭ ਲੈਂਦੇ ਹਨ ਜੇਹੜੀ ਇਹਨਾਂ ਇੰਦਰਿਆਂ ਦੀ ਪਹੁੰਚ ਤੋਂ ਪਰੇ ਹੈ।

ਨਾਰਾਇਣ ਓਟ ਨਾਨਕ ਦਾਸ ਗਹੀ ॥੪॥੧੭॥੧੯॥

ਹੇ ਨਾਨਕ! ਨਾਰਾਇਣ ਦੇ ਦਾਸ ਸਦਾ ਨਾਰਾਇਣ ਦਾ ਆਸਰਾ ਲਈ ਰੱਖਦੇ ਹਨ ॥੪॥੧੭॥੧੯॥


ਗੋਂਡ ਮਹਲਾ ੫ ॥
ਜਾ ਕਉ ਰਾਖੈ ਰਾਖਣਹਾਰੁ ॥

ਹੇ ਭਾਈ! ਜਿਸ ਮਨੁੱਖ ਨੂੰ ਰੱਖਣ-ਜੋਗ ਪ੍ਰਭੂ (ਕਾਮਾਦਿਕ ਵਿਕਾਰਾਂ ਤੋਂ) ਬਚਾਣਾ ਚਾਹੁੰਦਾ ਹੈ,

ਤਿਸ ਕਾ ਅੰਗੁ ਕਰੇ ਨਿਰੰਕਾਰੁ ॥੧॥ ਰਹਾਉ ॥

ਪ੍ਰਭੂ ਉਸ ਮਨੁੱਖ ਦਾ ਪੱਖ ਕਰਦਾ ਹੈ (ਉਸ ਦੀ ਮਦਦ ਕਰਦਾ ਹੈ) ॥੧॥ ਰਹਾਉ ॥

ਮਾਤ ਗਰਭ ਮਹਿ ਅਗਨਿ ਨ ਜੋਹੈ ॥

ਹੇ ਭਾਈ! (ਜਿਵੇਂ ਜੀਵ ਨੂੰ) ਮਾਂ ਦੇ ਪੇਟ ਵਿਚ ਅੱਗ ਦੁੱਖ ਨਹੀਂ ਦੇਂਦੀ,

ਕਾਮੁ ਕ੍ਰੋਧੁ ਲੋਭੁ ਮੋਹੁ ਨ ਪੋਹੈ ॥

(ਤਿਵੇਂ ਪ੍ਰਭੂ ਜਿਸ ਮਨੁੱਖ ਦਾ ਪੱਖ ਕਰਦਾ ਹੈ, ਉਸ ਨੂੰ) ਕਾਮ, ਕ੍ਰੋਧ, ਲੋਭ, ਮੋਹ (ਕੋਈ ਭੀ) ਆਪਣੇ ਦਬਾਉ ਵਿਚ ਨਹੀਂ ਲਿਆ ਸਕਦਾ।

ਸਾਧਸੰਗਿ ਜਪੈ ਨਿਰੰਕਾਰੁ ॥

ਉਹ ਮਨੁੱਖ ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਜਪਦਾ ਹੈ,

ਨਿੰਦਕ ਕੈ ਮੁਹਿ ਲਾਗੈ ਛਾਰੁ ॥੧॥

(ਪਰ ਉਸ) ਦੀ ਨਿੰਦਾ ਕਰਨ ਵਾਲੇ ਮਨੁੱਖ ਦੇ ਸਿਰ ਉਤੇ ਸੁਆਹ ਪੈਂਦੀ ਹੈ (ਨਿੰਦਕ ਬਦਨਾਮੀ ਹੀ ਖੱਟਦਾ ਹੈ) ॥੧॥

ਰਾਮ ਕਵਚੁ ਦਾਸ ਕਾ ਸੰਨਾਹੁ ॥

ਹੇ ਭਾਈ! ਪਰਮਾਤਮਾ (ਦਾ ਨਾਮ) ਸੇਵਕ ਵਾਸਤੇ (ਸ਼ਸਤ੍ਰਾਂ ਦੀ ਮਾਰ ਤੋਂ ਬਚਾਣ ਵਾਲਾ) ਤੰਤ੍ਰ ਹੈ, ਸੰਜੋਅ ਹੈ।

ਦੂਤ ਦੁਸਟ ਤਿਸੁ ਪੋਹਤ ਨਾਹਿ ॥

(ਜਿਸ ਮਨੁੱਖ ਦੇ ਪਾਸ ਰਾਮ-ਨਾਮ ਦਾ ਕਵਚ ਹੈ ਸੰਜੋਅ ਹੈ) ਉਸ ਨੂੰ (ਕਾਮਾਦਿਕ) ਚੰਦਰੇ ਵੈਰੀ ਪੋਹ ਨਹੀਂ ਸਕਦੇ।

ਜੋ ਜੋ ਗਰਬੁ ਕਰੇ ਸੋ ਜਾਇ ॥

(ਪਰ) ਜੇਹੜਾ ਜੇਹੜਾ ਮਨੁੱਖ (ਆਪਣੀ ਤਾਕਤ ਦਾ) ਮਾਣ ਕਰਦਾ ਹੈ, ਉਹ (ਆਤਮਕ ਜੀਵਨ ਵਲੋਂ) ਤਬਾਹ ਹੋ ਜਾਂਦਾ ਹੈ।

ਗਰੀਬ ਦਾਸ ਕੀ ਪ੍ਰਭੁ ਸਰਣਾਇ ॥੨॥

ਗ਼ਰੀਬ ਦਾ ਆਸਰਾ ਸੇਵਕ ਦਾ ਆਸਰਾ ਪ੍ਰਭੂ ਆਪ ਹੈ ॥੨॥

ਜੋ ਜੋ ਸਰਣਿ ਪਇਆ ਹਰਿ ਰਾਇ ॥

ਹੇ ਭਾਈ! ਜੇਹੜਾ ਜੇਹੜਾ ਮਨੁੱਖ ਪ੍ਰਭੂ ਪਾਤਿਸ਼ਾਹ ਦੀ ਸਰਨੀ ਪੈ ਜਾਂਦਾ ਹੈ,

ਸੋ ਦਾਸੁ ਰਖਿਆ ਅਪਣੈ ਕੰਠਿ ਲਾਇ ॥

ਉਸ ਸੇਵਕ ਨੂੰ ਪ੍ਰਭੂ ਆਪਣੇ ਗਲ ਨਾਲ ਲਾ ਕੇ (ਦੁਸਟ ਦੂਤਾਂ ਤੋਂ) ਬਚਾ ਲੈਂਦਾ ਹੈ।

ਜੇ ਕੋ ਬਹੁਤੁ ਕਰੇ ਅਹੰਕਾਰੁ ॥

ਪਰ ਜੇਹੜਾ ਮਨੁੱਖ (ਆਪਣੀ ਹੀ ਤਾਕਤ ਉਤੇ) ਬੜਾ ਮਾਣ ਕਰਦਾ ਹੈ,

ਓਹੁ ਖਿਨ ਮਹਿ ਰੁਲਤਾ ਖਾਕੂ ਨਾਲਿ ॥੩॥

ਉਹ ਮਨੁੱਖਾਂ (ਇਹਨਾਂ ਦੂਤਾਂ ਦੇ ਟਾਕਰੇ ਤੇ) ਇਕ ਖਿਨ ਵਿਚ ਹੀ ਮਿੱਟੀ ਵਿਚ ਮਿਲ ਜਾਂਦਾ ਹੈ ॥੩॥

ਹੈ ਭੀ ਸਾਚਾ ਹੋਵਣਹਾਰੁ ॥

ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੁਣ ਭੀ ਮੌਜੂਦ ਹੈ, ਸਦਾ ਲਈ ਮੌਜੂਦ ਰਹੇਗਾ।

ਸਦਾ ਸਦਾ ਜਾਈਂ ਬਲਿਹਾਰ ॥

ਮੈਂ ਸਦਾ ਉਸੇ ਉਤੋਂ ਸਦਕੇ ਜਾਂਦਾ ਹਾਂ।

ਅਪਣੇ ਦਾਸ ਰਖੇ ਕਿਰਪਾ ਧਾਰਿ ॥

ਹੇ ਭਾਈ! ਪ੍ਰਭੂ ਆਪਣੇ ਦਾਸ ਨੂੰ ਕਿਰਪਾ ਕਰ ਕੇ (ਵਿਕਾਰਾਂ ਤੋਂ ਸਦਾ) ਬਚਾਂਦਾ ਹੈ।

ਨਾਨਕ ਕੇ ਪ੍ਰਭ ਪ੍ਰਾਣ ਅਧਾਰ ॥੪॥੧੮॥੨੦॥

ਨਾਨਕ ਦੇ ਪ੍ਰਭੂ ਜੀ ਆਪਣੇ ਦਾਸਾਂ ਦੀ ਜਿੰਦ ਦਾ ਆਸਰਾ ਹਨ ॥੪॥੧੮॥੨੦॥


ਗੋਂਡ ਮਹਲਾ ੫ ॥
ਅਚਰਜ ਕਥਾ ਮਹਾ ਅਨੂਪ ॥

ਹੇ ਭਾਈ! ਜਿਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਹੈਰਾਨ ਕਰਨ ਵਾਲੀਆਂ ਹਨ ਤੇ ਬੜੀਆਂ ਅਦੁਤੀ ਹਨ,

ਪ੍ਰਾਤਮਾ ਪਾਰਬ੍ਰਹਮ ਕਾ ਰੂਪੁ ॥ ਰਹਾਉ ॥

ਜੀਵਾਤਮਾ ਉਸ ਪਰਮਾਤਮਾ ਦਾ ਹੀ ਰੂਪ ਹੈ ਰਹਾਉ॥

ਨਾ ਇਹੁ ਬੂਢਾ ਨਾ ਇਹੁ ਬਾਲਾ ॥

(ਹੇ ਭਾਈ! ਜੀਵਾਤਮਾ ਜਿਸ ਪਰਮਾਤਮਾ ਦਾ ਰੂਪ ਹੈ ਉਹ ਐਸਾ ਹੈ ਕਿ) ਨਾਹ ਇਹ ਕਦੇ ਬੁੱਢਾ ਹੁੰਦਾ ਹੈ, ਨਾਹ ਹੀ ਇਹ ਕਦੇ ਬਾਲਕ (ਅਵਸਥਾ ਵਿਚ ਪਰ-ਅਧੀਨ) ਹੁੰਦਾ ਹੈ।

ਨਾ ਇਸੁ ਦੂਖੁ ਨਹੀ ਜਮ ਜਾਲਾ ॥

ਇਸ ਨੂੰ ਕੋਈ ਦੁੱਖ ਨਹੀਂ ਪੋਹ ਸਕਦਾ, ਜਮਾਂ ਦਾ ਜਾਲ ਫਸਾ ਨਹੀਂ ਸਕਦਾ।

ਨਾ ਇਹੁ ਬਿਨਸੈ ਨਾ ਇਹੁ ਜਾਇ ॥

(ਪਰਮਾਤਮਾ ਐਸਾ ਹੈ ਕਿ) ਨਾਹ ਇਹ ਕਦੇ ਮਰਦਾ ਹੈ ਨਾਹ ਜੰਮਦਾ ਹੈ,

ਆਦਿ ਜੁਗਾਦੀ ਰਹਿਆ ਸਮਾਇ ॥੧॥

ਇਹ ਤਾਂ ਸ਼ੁਰੂ ਤੋਂ ਹੀ, ਜੁਗਾਂ ਦੇ ਸ਼ੁਰੂ ਤੋਂ ਹੀ (ਹਰ ਥਾਂ) ਵਿਆਪਕ ਚਲਿਆ ਆ ਰਿਹਾ ਹੈ ॥੧॥

ਨਾ ਇਸੁ ਉਸਨੁ ਨਹੀ ਇਸੁ ਸੀਤੁ ॥

(ਹੇ ਭਾਈ! ਜੀਵਾਤਮਾ ਜਿਸ ਪ੍ਰਭੂ ਦਾ ਰੂਪ ਹੈ ਉਹ ਐਸਾ ਹੈ ਕਿ) ਇਸ ਨੂੰ (ਵਿਕਾਰਾਂ ਦੀ) ਤਪਸ਼ ਨਹੀਂ ਪੋਹ ਸਕਦੀ (ਚਿੰਤਾ-ਫ਼ਿਕਰ ਦਾ) ਪਾਲਾ ਨਹੀਂ ਵਿਆਪ ਸਕਦਾ।

ਨਾ ਇਸੁ ਦੁਸਮਨੁ ਨਾ ਇਸੁ ਮੀਤੁ ॥

ਨਾਹ ਇਸ ਦਾ ਕੋਈ ਵੈਰੀ ਹੈ ਨਾਹ ਮਿੱਤਰ ਹੈ (ਕਿਉਂਕਿ ਇਸ ਦੇ ਬਰਾਬਰ ਦਾ ਕੋਈ ਨਹੀਂ)।

ਨਾ ਇਸੁ ਹਰਖੁ ਨਹੀ ਇਸੁ ਸੋਗੁ ॥

ਕੋਈ ਖ਼ੁਸ਼ੀ ਜਾਂ ਗ਼ਮੀ ਭੀ ਇਸ ਉਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ।

ਸਭੁ ਕਿਛੁ ਇਸ ਕਾ ਇਹੁ ਕਰਨੈ ਜੋਗੁ ॥੨॥

(ਜਗਤ ਦੀ) ਹਰੇਕ ਸ਼ੈ ਇਸੇ ਦੀ ਹੀ ਪੈਦਾ ਕੀਤੀ ਹੋਈ ਹੈ, ਇਹ ਸਭ ਕੁਝ ਕਰਨ ਦੇ ਸਮਰੱਥ ਹੈ ॥੨॥

ਨਾ ਇਸੁ ਬਾਪੁ ਨਹੀ ਇਸੁ ਮਾਇਆ ॥

(ਹੇ ਭਾਈ! ਜੀਵਾਤਮਾ ਜਿਸ ਪਰਮਾਤਮਾ ਦਾ ਰੂਪ ਹੈ ਉਹ ਐਸਾ ਹੈ ਕਿ) ਇਸ ਦਾ ਨਾਹ ਕੋਈ ਪਿਉ ਹੈ, ਨਾਹ ਇਸ ਦੀ ਮਾਂ ਹੈ।

ਇਹੁ ਅਪਰੰਪਰੁ ਹੋਤਾ ਆਇਆ ॥

ਇਹ ਤਾਂ ਪਰੇ ਤੋਂ ਪਰੇ ਹੈ, ਤੇ ਸਦਾ ਹੀ ਹੋਂਦ ਵਾਲਾ ਹੈ।

ਪਾਪ ਪੁੰਨ ਕਾ ਇਸੁ ਲੇਪੁ ਨ ਲਾਗੈ ॥

ਪਾਪਾਂ ਅਤੇ ਪੁੰਨਾਂ ਦਾ ਭੀ ਇਸ ਉਤੇ ਕੋਈ ਅਸਰ ਨਹੀਂ ਪੈਂਦਾ।

ਘਟ ਘਟ ਅੰਤਰਿ ਸਦ ਹੀ ਜਾਗੈ ॥੩॥

ਇਹ ਪ੍ਰਭੂ ਹਰੇਕ ਸਰੀਰ ਦੇ ਅੰਦਰ ਮੌਜੂਦ ਹੈ, ਅਤੇ ਸਦਾ ਹੀ ਸੁਚੇਤ ਰਹਿੰਦਾ ਹੈ ॥੩॥

ਤੀਨਿ ਗੁਣਾ ਇਕ ਸਕਤਿ ਉਪਾਇਆ ॥

(ਹੇ ਭਾਈ! ਜੀਵਾਤਮਾ ਜਿਸ ਪਰਮਾਤਮਾ ਦਾ ਰੂਪ ਹੈ) ਇਹ ਬੜੀ ਡਾਢੀ ਮਾਇਆ ਉਸੇ ਦਾ ਹੀ ਪਰਛਾਵਾਂ ਹੈ,

ਮਹਾ ਮਾਇਆ ਤਾ ਕੀ ਹੈ ਛਾਇਆ ॥

ਇਹ ਤਿੰਨਾਂ ਗੁਣਾਂ ਵਾਲੀ ਮਾਇਆ ਉਸੇ ਨੇ ਹੀ ਪੈਦਾ ਕੀਤੀ ਹੈ।

ਅਛਲ ਅਛੇਦ ਅਭੇਦ ਦਇਆਲ ॥

ਉਸ ਪ੍ਰਭੂ ਨੂੰ (ਕੋਈ ਵਿਕਾਰ) ਛਲ ਨਹੀਂ ਸਕਦਾ, ਵਿੰਨ੍ਹ ਨਹੀਂ ਸਕਦਾ, ਉਸ ਦਾ ਭੇਤ ਨਹੀਂ ਪਾਇਆ ਜਾ ਸਕਦਾ, ਉਹ ਦਇਆ ਦਾ ਘਰ ਹੈ,

ਦੀਨ ਦਇਆਲ ਸਦਾ ਕਿਰਪਾਲ ॥

ਉਹ ਦੀਨਾਂ ਉਤੇ ਸਦਾ ਦਇਆ ਕਰਨ ਵਾਲਾ ਹੈ, ਤੇ, ਦਇਆ ਦਾ ਸੋਮਾ ਹੈ।

ਤਾ ਕੀ ਗਤਿ ਮਿਤਿ ਕਛੂ ਨ ਪਾਇ ॥

ਉਹ ਪ੍ਰਭੂ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਹੈ-ਇਹ ਭੇਤ ਲੱਭਿਆ ਨਹੀਂ ਜਾ ਸਕਦਾ।

ਨਾਨਕ ਤਾ ਕੈ ਬਲਿ ਬਲਿ ਜਾਇ ॥੪॥੧੯॥੨੧॥

ਨਾਨਕ ਉਸ ਪ੍ਰਭੂ ਤੋਂ ਸਦਾ ਸਦਕੇ ਜਾਂਦਾ ਹੈ ॥੪॥੧੯॥੨੧॥


Raag-Gond-Bani

ਗੋਂਡ ਮਹਲਾ ੫ ॥
ਸੰਤਨ ਕੈ ਬਲਿਹਾਰੈ ਜਾਉ ॥

(ਹੇ ਭਾਈ! ਗੁਰੂ ਦੇ ਦੱਸੇ ਰਸਤੇ ਉਤੇ ਤੁਰਨ ਵਾਲੇ) ਸੰਤ ਜਨਾਂ ਤੋਂ ਮੈਂ ਕੁਰਬਾਨ ਜਾਂਦਾ ਹਾਂ,

ਸੰਤਨ ਕੈ ਸੰਗਿ ਰਾਮ ਗੁਨ ਗਾਉ ॥

ਉਹਨਾਂ ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ ਮੈਂ (ਭੀ) ਪਰਮਾਤਮਾ ਦੇ ਗੁਣ ਗਾਂਦਾ ਹਾਂ।

ਸੰਤ ਪ੍ਰਸਾਦਿ ਕਿਲਵਿਖ ਸਭਿ ਗਏ ॥

ਹੇ ਭਾਈ! ਸੰਤ ਜਨਾਂ ਦੀ ਕਿਰਪਾ ਨਾਲ ਸਾਰੇ ਪਾਪ ਦੂਰ ਹੋ ਜਾਂਦੇ ਹਨ।

ਸੰਤ ਸਰਣਿ ਵਡਭਾਗੀ ਪਏ ॥੧॥

ਵੱਡੇ ਭਾਗਾਂ ਵਾਲੇ ਬੰਦੇ (ਹੀ) ਸੰਤ ਜਨਾਂ ਦੀ ਸਰਨ ਪੈਂਦੇ ਹਨ ॥੧॥

ਰਾਮੁ ਜਪਤ ਕਛੁ ਬਿਘਨੁ ਨ ਵਿਆਪੈ ॥

ਹੇ ਭਾਈ! ਪ੍ਰਭੂ ਦਾ ਨਾਮ ਜਪਦਿਆਂ (ਕਿਸੇ ਕਿਸਮ ਦਾ) ਕੋਈ ਵਿਘਨ (ਨਾਮ ਜਪਣ ਵਾਲੇ ਉਤੇ ਆਪਣਾ) ਜ਼ੋਰ ਨਹੀਂ ਪਾ ਸਕਦਾ।

ਗੁਰਪ੍ਰਸਾਦਿ ਅਪੁਨਾ ਪ੍ਰਭੁ ਜਾਪੈ ॥੧॥ ਰਹਾਉ ॥

ਗੁਰੂ ਦੀ ਕਿਰਪਾ ਨਾਲ ਪਿਆਰਾ ਪ੍ਰਭੂ (ਹਰ ਥਾਂ ਵੱਸਦਾ) ਦਿੱਸ ਪੈਂਦਾ ਹੈ ॥੧॥ ਰਹਾਉ ॥

ਪਾਰਬ੍ਰਹਮੁ ਜਬ ਹੋਇ ਦਇਆਲ ॥

ਹੇ ਭਾਈ! ਪਰਮਾਤਮਾ ਜਦੋਂ (ਕਿਸੇ ਮਨੁੱਖ ਉੱਤੇ) ਦਇਆਵਾਨ ਹੁੰਦਾ ਹੈ,

ਸਾਧੂ ਜਨ ਕੀ ਕਰੈ ਰਵਾਲ ॥

(ਤਾਂ ਉਸ ਮਨੁੱਖ ਨੂੰ) ਗੁਰੂ ਦੇ (ਦੱਸੇ ਰਾਹ ਉਤੇ ਤੁਰਨ ਵਾਲੇ) ਸੇਵਕਾਂ ਦੇ ਚਰਨਾਂ ਦੀ ਧੂੜ ਬਣਾਂਦਾ ਹੈ।

ਕਾਮੁ ਕ੍ਰੋਧੁ ਇਸੁ ਤਨ ਤੇ ਜਾਇ ॥

ਉਸ ਮਨੁੱਖ ਦੇ ਸਰੀਰ ਵਿਚੋਂ ਕਾਮ ਚਲਾ ਜਾਂਦਾ ਹੈ ਕ੍ਰੋਧ ਚਲਾ ਜਾਂਦਾ ਹੈ

ਰਾਮ ਰਤਨੁ ਵਸੈ ਮਨਿ ਆਇ ॥੨॥

ਪਰਮਾਤਮਾ ਦਾ ਅਮੋਲਕ ਨਾਮ ਉਸ ਦੇ ਮਨ ਵਿਚ ਆ ਵੱਸਦਾ ਹੈ ॥੨॥

ਸਫਲੁ ਜਨਮੁ ਤਾਂ ਕਾ ਪਰਵਾਣੁ ॥

ਹੇ ਭਾਈ! ਉਸ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ (ਪ੍ਰਭੂ-ਦਰ ਤੇ) ਕਬੂਲ ਪੈ ਜਾਂਦੀ ਹੈ।

ਪਾਰਬ੍ਰਹਮੁ ਨਿਕਟਿ ਕਰਿ ਜਾਣੁ ॥

ਜੋ ਜੇਹੜਾ ਮਨੁੱਖ ਪਰਮਾਤਮਾ ਨੂੰ ਆਪਣੇ ਨੇੜੇ ਵੱਸਦਾ ਸਮਝਦਾ ਹੈ। (ਪਰਮਾਤਮਾ ਨੂੰ (ਹਰ ਵੇਲੇ ਆਪਣੇ) ਨੇੜੇ ਵੱਸਦਾ ਸਮਝ)।

ਭਾਇ ਭਗਤਿ ਪ੍ਰਭ ਕੀਰਤਨਿ ਲਾਗੈ ॥

ਉਹ ਮਨੁੱਖ ਭਗਤੀ-ਭਾਵ ਨਾਲ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਲੱਗ ਪੈਂਦਾ ਹੈ,

ਜਨਮ ਜਨਮ ਕਾ ਸੋਇਆ ਜਾਗੈ ॥੩॥

ਅਤੇ ਅਨੇਕਾਂ ਜਨਮਾਂ ਤੋਂ (ਮਾਇਆ ਦੀ ਘੂਕੀ ਵਿਚ) ਸੁੱਤਾ ਹੋਇਆ ਜਾਗ ਪੈਂਦਾ ਹੈ ॥੩॥

ਚਰਨ ਕਮਲ ਜਨ ਕਾ ਆਧਾਰੁ ॥

ਹੇ ਭਾਈ! ਪਰਮਾਤਮਾ ਦੇ ਸੋਹਣੇ ਚਰਨ (ਗੁਰੂ ਦੇ ਦੱਸੇ ਰਸਤੇ ਉੱਤੇ ਤੁਰਨ ਵਾਲੇ) ਸੇਵਕਾਂ (ਦੀ ਜ਼ਿੰਦਗੀ) ਦਾ ਆਸਰਾ ਬਣ ਜਾਂਦੇ ਹਨ।

ਗੁਣ ਗੋਵਿੰਦ ਰਉਂ ਸਚੁ ਵਾਪਾਰੁ ॥

ਮੈਂ ਭੀ (ਸੇਵਕਾਂ ਦੀ ਸੰਗਤਿ ਦੀ ਬਰਕਤਿ ਨਾਲ) ਪਰਮਾਤਮਾ ਦੇ ਗੁਣ ਗਾਂਦਾ ਹਾਂ, (ਇਸੇ ਉੱਦਮ ਨੂੰ ਜ਼ਿੰਦਗੀ ਦਾ) ਸਦਾ ਕਾਇਮ ਰਹਿਣ ਵਾਲਾ ਵਣਜ ਸਮਝਦਾ ਹਾਂ।

ਦਾਸ ਜਨਾ ਕੀ ਮਨਸਾ ਪੂਰਿ ॥

ਪਰਮਾਤਮਾ ਆਪਣੇ ਸੇਵਕਾਂ ਦੇ ਮਨ ਦੀ ਕਾਮਨਾ ਪੂਰੀ ਕਰਦਾ ਹੈ।

ਨਾਨਕ ਸੁਖੁ ਪਾਵੈ ਜਨ ਧੂਰਿ ॥੪॥੨੦॥੨੨॥੬॥੨੮॥

ਹੇ ਨਾਨਕ! (ਪ੍ਰਭੂ ਦਾ ਸੇਵਕ) ਸੰਤ ਜਨਾਂ ਦੀ ਚਰਨ-ਧੂੜ ਵਿਚ ਆਤਮਕ ਆਨੰਦ ਪ੍ਰਾਪਤ ਕਰਦਾ ਹੈ ॥੪॥੨੦॥੨੨॥੬॥੨੮॥


Raag-Gond-Bani

ਰਾਗੁ ਗੋਂਡ ਅਸਟਪਦੀਆ ਮਹਲਾ ੫ ਘਰੁ ੨ ॥

ਰਾਗ ਗੋਂਡ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਕਰਿ ਨਮਸਕਾਰ ਪੂਰੇ ਗੁਰਦੇਵ ॥

ਹੇ ਭਾਈ! ਪੂਰੇ ਸਤਿਗੁਰੂ ਅੱਗੇ ਸਦਾ ਸਿਰ ਨਿਵਾਇਆ ਕਰ,

ਸਫਲ ਮੂਰਤਿ ਸਫਲ ਜਾ ਕੀ ਸੇਵ ॥

ਉਸ ਦਾ ਦਰਸ਼ਨ ਜੀਵਨ-ਮਨੋਰਥ ਪੂਰਾ ਕਰਦਾ ਹੈ, ਉਸ ਦੀ ਸਰਨ ਪਿਆਂ ਜੀਵਨ ਸਫਲ ਹੋ ਜਾਂਦਾ ਹੈ।

ਅੰਤਰਜਾਮੀ ਪੁਰਖੁ ਬਿਧਾਤਾ ॥

ਹੇ ਭਾਈ! ਜੇਹੜਾ ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, ਜੇਹੜਾ ਸਭ ਵਿਚ ਵਿਆਪਕ ਹੈ ਅਤੇ ਜੇਹੜਾ ਸਭ ਦਾ ਪੈਦਾ ਕਰਨ ਵਾਲਾ ਹੈ,

ਆਠ ਪਹਰ ਨਾਮ ਰੰਗਿ ਰਾਤਾ ॥੧॥

ਗੁਰੂ ਉਸ ਪ੍ਰਭੂ ਦੇ ਨਾਮ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ॥੧॥

ਗੁਰੁ ਗੋਬਿੰਦ ਗੁਰੂ ਗੋਪਾਲ ॥

ਹੇ ਭਾਈ! ਗੁਰੂ ਗੋਬਿੰਦ (ਦਾ ਰੂਪ) ਹੈ, ਗੁਰੂ ਗੋਪਾਲ (ਦਾ ਰੂਪ) ਹੈ,

ਅਪਨੇ ਦਾਸ ਕਉ ਰਾਖਨਹਾਰ ॥੧॥ ਰਹਾਉ ॥

ਜੋ ਆਪਣੇ ਸੇਵਕ ਨੂੰ (ਨਿੰਦਾ ਆਦਿਕ ਤੋਂ) ਬਚਾਣ-ਜੋਗਾ ਹੈ ॥੧॥ ਰਹਾਉ ॥

ਪਾਤਿਸਾਹ ਸਾਹ ਉਮਰਾਉ ਪਤੀਆਏ ॥

ਹੇ ਭਾਈ! ਗੁਰੂ ਜਿਨ੍ਹਾਂ ਮਨੁੱਖਾਂ ਦੇ ਅੰਦਰ ਪਰਮਾਤਮਾ ਦਾ ਪਿਆਰ ਪੱਕਾ ਕਰ ਦੇਂਦਾ ਹੈ ਉਹ ਆਤਮਕ ਮੰਡਲ ਵਿਚ ਸ਼ਾਹ ਪਾਤਿਸ਼ਾਹ ਤੇ ਅਮੀਰ ਬਣ ਜਾਂਦੇ ਹਨ।

ਦੁਸਟ ਅਹੰਕਾਰੀ ਮਾਰਿ ਪਚਾਏ ॥

ਦੁਸ਼ਟਾਂ ਅਹੰਕਾਰੀਆਂ ਨੂੰ (ਆਪਣੇ ਦਰ ਤੋਂ) ਦੁਰਕਾਰ ਕੇ ਦਰ ਦਰ ਭਟਕਣ ਦੇ ਰਾਹੇ ਪਾ ਦੇਂਦਾ ਹੈ।

ਨਿੰਦਕ ਕੈ ਮੁਖਿ ਕੀਨੋ ਰੋਗੁ ॥

(ਸੇਵਕ ਦੀ) ਨਿੰਦਾ ਕਰਨ ਵਾਲੇ ਮਨੁੱਖ ਦੇ ਮੂੰਹ ਵਿਚ (ਨਿੰਦਾ ਕਰਨ ਦੀ) ਬੀਮਾਰੀ ਹੀ ਬਣ ਜਾਂਦੀ ਹੈ।

ਜੈ ਜੈ ਕਾਰੁ ਕਰੈ ਸਭੁ ਲੋਗੁ ॥੨॥

(ਪਰ ਉਸ ਮਨੁੱਖ ਦੀ) ਸਾਰਾ ਜਗਤ ਸਦਾ ਸੋਭਾ ਕਰਦਾ ਹੈ (ਜੋ ਗੁਰੂ ਦੀ ਸਰਨ ਪਿਆ ਰਹਿੰਦਾ ਹੈ) ॥੨॥

ਸੰਤਨ ਕੈ ਮਨਿ ਮਹਾ ਅਨੰਦੁ ॥

ਹੇ ਭਾਈ! (ਜੇਹੜੇ ਮਨੁੱਖ ਗੁਰੂ ਦੀ ਸਰਨ ਪਏ ਰਹਿੰਦੇ ਹਨ, ਉਹਨਾਂ) ਸੰਤ ਜਨਾਂ ਦੇ ਮਨ ਵਿਚ ਬੜਾ ਆਤਮਕ ਆਨੰਦ ਬਣਿਆ ਰਹਿੰਦਾ ਹੈ,

ਸੰਤ ਜਪਹਿ ਗੁਰਦੇਉ ਭਗਵੰਤੁ ॥

ਸੰਤ ਜਨ ਗੁਰੂ ਨੂੰ ਭਗਵਾਨ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ।

ਸੰਗਤਿ ਕੇ ਮੁਖ ਊਜਲ ਭਏ ॥

ਗੁਰੂ ਦੇ ਪਾਸ ਰਹਿਣ ਵਾਲੇ ਸੇਵਕਾਂ ਦੇ ਮੂੰਹ (ਲੋਕ ਪਰਲੋਕ ਵਿਚ) ਰੌਸ਼ਨ ਹੋ ਜਾਂਦੇ ਹਨ,

ਸਗਲ ਥਾਨ ਨਿੰਦਕ ਕੇ ਗਏ ॥੩॥

ਪਰ ਨਿੰਦਾ ਕਰਨ ਵਾਲੇ ਮਨੁੱਖ ਦੇ (ਲੋਕ ਪਰਲੋਕ) ਸਾਰੇ ਹੀ ਥਾਂ ਹੱਥੋਂ ਚਲੇ ਜਾਂਦੇ ਹਨ ॥੩॥

ਸਾਸਿ ਸਾਸਿ ਜਨੁ ਸਦਾ ਸਲਾਹੇ ॥

(ਹੇ ਭਾਈ! ਗੁਰੂ ਦੀ ਸਰਨ ਪੈਣ ਵਾਲਾ) ਸੇਵਕ ਆਪਣੇ ਹਰੇਕ ਸਾਹ ਦੇ ਨਾਲ (ਪਰਮਾਤਮਾ ਦੀ) ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ,

ਪਾਰਬ੍ਰਹਮ ਗੁਰ ਬੇਪਰਵਾਹੇ ॥

ਪਰਮਾਤਮਾ ਦੀ ਅਤੇ ਬੇ-ਮੁਥਾਜ ਗੁਰੂ ਦੀ (ਵੀ) ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ।

ਸਗਲ ਭੈ ਮਿਟੇ ਜਾ ਕੀ ਸਰਨਿ ॥

ਹੇ ਭਾਈ! ਜਿਸ ਗੁਰੂ ਦੀ ਸਰਨ ਪਿਆਂ ਸਾਰੇ ਡਰ-ਸਹਿਮ ਦੂਰ ਹੋ ਜਾਂਦੇ ਹਨ,

ਨਿੰਦਕ ਮਾਰਿ ਪਾਏ ਸਭਿ ਧਰਨਿ ॥੪॥

ਉਹ ਗੁਰੂ ਸੇਵਕਾਂ ਦੀ ਨਿੰਦਾ ਕਰਨ ਵਾਲੇ ਬੰਦਿਆਂ ਨੂੰ (ਆਪਣੇ ਦਰ ਤੋਂ) ਦੁਰਕਾਰ ਕੇ ਨੀਵੇਂ ਆਚਰਨ ਦੇ ਟੋਏ ਵਿਚ ਸੁੱਟ ਦੇਂਦਾ ਹੈ (ਭਾਵ, ਨਿੰਦਕਾਂ ਨੂੰ ਗੁਰੂ ਦਾ ਦਰ ਪਸੰਦ ਨਹੀਂ ਆਉਂਦਾ। ਸਿੱਟਾ ਇਹ ਨਿਕਲਦਾ ਹੈ ਕਿ ਗੁਰੂ-ਦਰ ਤੋਂ ਖੁੰਝ ਕੇ ਨਿੰਦਾ ਵਿਚ ਪੈ ਕੇ ਉਹ ਆਚਰਨ ਵਿਚ ਹੋਰ ਨੀਵੇਂ ਹੋਰ ਨੀਵੇਂ ਹੁੰਦੇ ਜਾਂਦੇ ਹਨ) ॥੪॥

ਜਨ ਕੀ ਨਿੰਦਾ ਕਰੈ ਨ ਕੋਇ ॥

(ਇਸ ਵਾਸਤੇ, ਹੇ ਭਾਈ!) ਗੁਰੂ ਦੇ ਸੇਵਕ ਦੀ ਨਿੰਦਾ ਕਿਸੇ ਭੀ ਮਨੁੱਖ ਨੂੰ ਕਰਨੀ ਨਹੀਂ ਚਾਹੀਦੀ।

ਜੋ ਕਰੈ ਸੋ ਦੁਖੀਆ ਹੋਇ ॥

ਜੇਹੜਾ ਭੀ ਮਨੁੱਖ (ਭਲਿਆਂ ਦੀ ਨਿੰਦਾ) ਕਰਦਾ ਹੈ ਉਹ ਆਪ ਦੁੱਖੀ ਰਹਿੰਦਾ ਹੈ।

ਆਠ ਪਹਰ ਜਨੁ ਏਕੁ ਧਿਆਏ ॥

ਗੁਰੂ ਦਾ ਸੇਵਕ ਤਾਂ ਹਰ ਵੇਲੇ ਇਕ ਪਰਮਾਤਮਾ ਦਾ ਧਿਆਨ ਧਰੀ ਰੱਖਦਾ ਹੈ,

ਜਮੂਆ ਤਾ ਕੈ ਨਿਕਟਿ ਨ ਜਾਏ ॥੫॥

ਜਮ-ਰਾਜ ਭੀ ਉਸ ਦੇ ਨੇੜੇ ਨਹੀਂ ਢੁਕਦਾ ॥੫॥

ਜਨ ਨਿਰਵੈਰ ਨਿੰਦਕ ਅਹੰਕਾਰੀ ॥

ਹੇ ਭਾਈ! ਗੁਰੂ ਦੇ ਸੇਵਕ ਕਿਸੇ ਨਾਲ ਵੈਰ ਨਹੀਂ ਰੱਖਦੇ, ਪਰ ਉਹਨਾਂ ਦੀ ਨਿੰਦਾ ਕਰਨ ਵਾਲੇ ਮਨੁੱਖ ਅਹੰਕਾਰ ਵਿਚ ਡੁੱਬੇ ਰਹਿੰਦੇ ਹਨ।

ਜਨ ਭਲ ਮਾਨਹਿ ਨਿੰਦਕ ਵੇਕਾਰੀ ॥

ਸੇਵਕ ਤਾਂ ਸਭ ਦਾ ਭਲਾ ਮੰਗਦੇ ਹਨ, ਨਿੰਦਾ ਕਰਨ ਵਾਲੇ ਮਨੁੱਖ ਉਹਨਾਂ ਦਾ ਮੰਦਾ ਚਿਤਵਨ ਦੇ ਕੁਕਰਮਾਂ ਵਿਚ ਫਸੇ ਰਹਿੰਦੇ ਹਨ।

ਗੁਰ ਕੈ ਸਿਖਿ ਸਤਿਗੁਰੂ ਧਿਆਇਆ ॥

ਹੇ ਭਾਈ! ਗੁਰੂ ਦੇ ਸਿੱਖ ਨੇ ਤਾਂ ਸਦਾ ਆਪਣੇ ਗੁਰੂ (ਦੇ ਚਰਨਾਂ) ਵਿਚ ਸੁਰਤ ਜੋੜੀ ਹੁੰਦੀ ਹੈ।

ਜਨ ਉਬਰੇ ਨਿੰਦਕ ਨਰਕਿ ਪਾਇਆ ॥੬॥

(ਇਸ ਵਾਸਤੇ) ਸੇਵਕ ਤਾਂ (ਨਿੰਦਾ ਆਦਿਕ ਦੇ ਨਰਕ ਵਿਚੋਂ) ਬਚ ਨਿਕਲਦੇ ਹਨ, ਪਰ ਨਿੰਦਕ (ਆਪਣੇ ਆਪ ਨੂੰ ਇਸ) ਨਰਕ ਵਿਚ ਪਾਈ ਰੱਖਦੇ ਹਨ ॥੬॥

ਸੁਣਿ ਸਾਜਨ ਮੇਰੇ ਮੀਤ ਪਿਆਰੇ ॥

ਹੇ ਮੇਰੇ ਸੱਜਣ! ਹੇ ਪਿਆਰੇ ਮਿੱਤਰ! ਸੁਣ!

ਸਤਿ ਬਚਨ ਵਰਤਹਿ ਹਰਿ ਦੁਆਰੇ ॥

(ਮੈਂ ਤੈਨੂੰ ਉਹ) ਅਟੱਲ ਨਿਯਮ (ਦੱਸਦਾ ਹਾਂ ਜੋ) ਪਰਮਾਤਮਾ ਦੇ ਦਰ ਤੇ (ਸਦਾ) ਵਾਪਰਦੇ ਹਨ।

ਜੈਸਾ ਕਰੇ ਸੁ ਤੈਸਾ ਪਾਏ ॥

(ਉਹ ਅਟੱਲ ਨਿਯਮ ਇਹ ਹਨ ਕਿ) ਮਨੁੱਖ ਜਿਹੋ ਜਿਹਾ ਕਰਮ ਕਰਦਾ ਹੈ ਉਹੋ ਜਿਹਾ ਫਲ ਪਾ ਲੈਂਦਾ ਹੈ।

ਅਭਿਮਾਨੀ ਕੀ ਜੜ ਸਰਪਰ ਜਾਏ ॥੭॥

ਅਹੰਕਾਰੀ ਮਨੁੱਖ ਦੀ ਜੜ੍ਹ ਜ਼ਰੂਰ (ਵੱਢੀ) ਜਾਂਦੀ ਹੈ ॥੭॥

ਨੀਧਰਿਆ ਸਤਿਗੁਰ ਧਰ ਤੇਰੀ ॥

ਹੇ ਸਤਿਗੁਰੂ! ਨਿਆਸਰੇ ਬੰਦਿਆਂ ਨੂੰ ਤੇਰਾ ਹੀ ਆਸਰਾ ਹੈ।

ਕਰਿ ਕਿਰਪਾ ਰਾਖਹੁ ਜਨ ਕੇਰੀ ॥

ਤੂੰ ਮੇਹਰ ਕਰ ਕੇ ਆਪਣੇ ਸੇਵਕਾਂ ਦੀ ਲਾਜ ਆਪ ਰੱਖਦਾ ਹੈਂ।

ਕਹੁ ਨਾਨਕ ਤਿਸੁ ਗੁਰ ਬਲਿਹਾਰੀ ॥

ਨਾਨਕ ਆਖਦਾ ਹੈ- ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ,

ਜਾ ਕੈ ਸਿਮਰਨਿ ਪੈਜ ਸਵਾਰੀ ॥੮॥੧॥੨੯॥

ਜਿਸ ਦੀ ਓਟ ਚਿਤਾਰਨ ਨੇ ਮੇਰੀ ਇੱਜ਼ਤ ਰੱਖ ਲਈ (ਤੇ, ਮੈਨੂੰ ਨਿੰਦਾ ਆਦਿਕ ਤੋਂ ਬਚਾ ਰੱਖਿਆ) ॥੮॥੧॥੨੯॥


Raag-Gond-Bani

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸੰਤੁ ਮਿਲੈ ਕਿਛੁ ਸੁਨੀਐ ਕਹੀਐ ॥

ਜੇ ਕੋਈ ਭਲਾ ਮਨੁੱਖ ਮਿਲ ਪਏ ਤਾਂ (ਉਸ ਦੀ ਸਿੱਖਿਆ) ਸੁਣਨੀ ਚਾਹੀਦੀ ਹੈ, ਤੇ (ਜੀਵਨ ਦੇ ਰਾਹ ਦੀਆਂ ਗੁੰਝਲਾਂ) ਪੁੱਛਣੀਆਂ ਚਾਹੀਦੀਆਂ ਹਨ।

ਮਿਲੈ ਅਸੰਤੁ ਮਸਟਿ ਕਰਿ ਰਹੀਐ ॥੧॥

ਪਰ ਜੇ ਕੋਈ ਭੈੜਾ ਬੰਦਾ ਮਿਲ ਪਏ, ਤਾਂ ਉੱਥੇ ਚੁੱਪ ਰਹਿਣਾ ਹੀ ਠੀਕ ਹੈ ॥੧॥

ਬਾਬਾ ਬੋਲਨਾ ਕਿਆ ਕਹੀਐ ॥

ਹੇ ਭਾਈ! (ਜਗਤ ਵਿਚ ਰਹਿੰਦਿਆਂ) ਕਿਹੋ ਜਿਹੇ ਬੋਲ ਬੋਲੀਏ,

ਜੈਸੇ ਰਾਮ ਨਾਮ ਰਵਿ ਰਹੀਐ ॥੧॥ ਰਹਾਉ ॥

ਜਿਨ੍ਹਾਂ ਦੀ ਬਰਕਤਿ ਨਾਲ ਪਰਮਾਤਮਾ ਦੇ ਨਾਮ ਵਿਚ ਸੁਰਤ ਟਿਕੀ ਰਹੇ? (ਨੋਟ: ਬਾਕੀ ਦੇ ਸਾਰੇ ਸ਼ਬਦ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ) ॥੧॥ ਰਹਾਉ ॥

ਸੰਤਨ ਸਿਉ ਬੋਲੇ ਉਪਕਾਰੀ ॥

(ਕਿਉਂਕਿ) ਭਲਿਆਂ ਨਾਲ ਗੱਲ ਕੀਤਿਆਂ ਕੋਈ ਭਲਾਈ ਦੀ ਗੱਲ ਨਿਕਲੇਗੀ,

ਮੂਰਖ ਸਿਉ ਬੋਲੇ ਝਖ ਮਾਰੀ ॥੨॥

ਤੇ ਮੂਰਖ ਨਾਲ ਬੋਲਿਆਂ ਵਿਅਰਥ ਖਪ-ਖਪਾ ਹੀ ਹੋਵੇਗਾ ॥੨॥

ਬੋਲਤ ਬੋਲਤ ਬਢਹਿ ਬਿਕਾਰਾ ॥

(ਫਿਰ) ਜਿਉਂ ਜਿਉਂ (ਮੂਰਖ ਨਾਲ) ਗੱਲਾਂ ਕਰੀਏ (ਉਸ ਦੇ ਕੁਸੰਗ ਵਿਚ) ਵਿਕਾਰ ਹੀ ਵਿਕਾਰ ਵਧਦੇ ਹਨ; (ਪਰ ਇਸ ਦਾ ਭਾਵ ਇਹ ਨਹੀਂ ਕਿ ਕਿਸੇ ਨਾਲ ਭੀ ਬਹਿਣਾ-ਖਲੋਣਾ ਨਹੀਂ ਚਾਹੀਦਾ)।

ਬਿਨੁ ਬੋਲੇ ਕਿਆ ਕਰਹਿ ਬੀਚਾਰਾ ॥੩॥

ਜੇ ਭਲੇ ਮਨੁੱਖਾਂ ਨਾਲ ਭੀ ਨਹੀਂ ਬੋਲਾਂਗੇ, (ਭਾਵ, ਜੇ ਭਲਿਆਂ ਪਾਸ ਭੀ ਨਹੀਂ ਬੈਠਾਂਗੇ) ਤਾਂ ਵਿਚਾਰ ਦੀਆਂ ਗੱਲਾਂ ਕਿਵੇਂ ਕਰ ਸਕਦੇ ਹਾਂ? ॥੩॥

ਕਹੁ ਕਬੀਰ ਛੂਛਾ ਘਟੁ ਬੋਲੈ ॥

ਕਬੀਰ ਆਖਦਾ ਹੈ- ਸੱਚੀ ਗੱਲ ਇਹ ਹੈ ਕਿ (ਜਿਵੇਂ) ਖ਼ਾਲੀ ਘੜਾ ਬੋਲਦਾ ਹੈ, ਜੇ ਉਹ (ਪਾਣੀ ਨਾਲ) ਭਰਿਆ ਹੋਇਆ ਹੋਵੇ ਤਾਂ ਉਹ ਕਦੇ ਡੋਲਦਾ ਨਹੀਂ (ਇਸੇ ਤਰ੍ਹਾਂ ਬਹੁਤੀਆਂ ਫ਼ਾਲਤੂ ਗੱਲਾਂ ਗੁਣ-ਹੀਨ ਮਨੁੱਖ ਹੀ ਕਰਦਾ ਹੈ।

ਭਰਿਆ ਹੋਇ ਸੁ ਕਬਹੁ ਨ ਡੋਲੈ ॥੪॥੧॥

ਜੋ ਗੁਣਵਾਨ ਹੈ ਉਹ ਅਡੋਲ ਰਹਿੰਦਾ ਹੈ। ਸੋ, ਜਗਤ ਵਿਚ ਕੋਈ ਐਸਾ ਉੱਦਮ ਕਰੀਏ, ਜਿਸ ਨਾਲ ਗੁਣ ਗ੍ਰਹਿਣ ਕਰ ਸਕੀਏ, ਤੇ ਇਹ ਗੁਣ ਮਿਲ ਸਕਦੇ ਹਨ ਭਲਿਆਂ ਪਾਸੋਂ ਹੀ) ॥੪॥੧॥


ਗੋਂਡ ॥
ਨਰੂ ਮਰੈ ਨਰੁ ਕਾਮਿ ਨ ਆਵੈ ॥

(ਮੈਨੂੰ ਕਦੇ ਸੋਚ ਹੀ ਨਹੀਂ ਫੁਰਦੀ ਕਿ ਮੈਂ ਕਿਸ ਸਰੀਰ ਤੇ ਮਾਣ ਕਰ ਕੇ ਮੰਦੇ ਕੰਮ ਕਰਦਾ ਰਹਿੰਦਾ ਹਾਂ, ਮੇਰਾ ਅਸਲਾ ਤਾਂ ਇਹੀ ਹੈ ਨਾ ਕਿ) ਜਦੋਂ ਮਨੁੱਖ ਮਰ ਜਾਂਦਾ ਹੈ ਤਾਂ ਮਨੁੱਖ (ਦਾ ਸਰੀਰ) ਕਿਸੇ ਕੰਮ ਨਹੀਂ ਆਉਂਦਾ,

ਪਸੂ ਮਰੈ ਦਸ ਕਾਜ ਸਵਾਰੈ ॥੧॥

ਪਰ ਪਸ਼ੂ ਮਰਦਾ ਹੈ ਤਾਂ (ਫਿਰ ਭੀ ਉਸ ਦਾ ਸਰੀਰ ਮਨੁੱਖ ਦੇ) ਕਈ ਕੰਮ ਸਵਾਰਦਾ ਹੈ ॥੧॥

ਅਪਨੇ ਕਰਮ ਕੀ ਗਤਿ ਮੈ ਕਿਆ ਜਾਨਉ ॥

ਹੇ ਬਾਬਾ! ਮੈਂ ਕਦੇ ਸੋਚਦਾ ਹੀ ਨਹੀਂ ਕਿ ਮੈਂ ਕਿਹੋ ਜਿਹੇ ਨਿੱਤ-ਕਰਮ ਕਰੀ ਜਾ ਰਿਹਾ ਹਾਂ, (ਮੈਂ ਮੰਦੇ ਪਾਸੇ ਹੀ ਲੱਗਾ ਰਹਿੰਦਾ ਹਾਂ, ਤੇ)

ਮੈ ਕਿਆ ਜਾਨਉ ਬਾਬਾ ਰੇ ॥੧॥ ਰਹਾਉ ॥

ਮੈਨੂੰ ਖ਼ਿਆਲ ਹੀ ਨਹੀਂ ਆਉਂਦਾ ॥੧॥ ਰਹਾਉ ॥

ਹਾਡ ਜਲੇ ਜੈਸੇ ਲਕਰੀ ਕਾ ਤੂਲਾ ॥

(ਹੇ ਬਾਬਾ! ਮੈਂ ਕਦੇ ਸੋਚਿਆ ਹੀ ਨਹੀਂ ਕਿ ਮੌਤ ਆਇਆਂ ਇਸ ਸਰੀਰ ਦੀਆਂ) ਹੱਡੀਆਂ ਲੱਕੜਾਂ ਦੇ ਢੇਰ ਵਾਂਗ ਸੜ ਜਾਂਦੀਆਂ ਹਨ,

ਕੇਸ ਜਲੇ ਜੈਸੇ ਘਾਸ ਕਾ ਪੂਲਾ ॥੨॥

ਤੇ (ਇਸ ਦੇ) ਕੇਸ ਘਾਹ ਦੇ ਪੂਲੇ ਵਾਂਘ ਸੜ ਜਾਂਦੇ ਹਨ (ਤੇ ਜਿਸ ਸਰੀਰ ਦਾ ਮਗਰੋਂ ਇਹ ਹਾਲ ਹੁੰਦਾ ਹੈ, ਉਸੇ ਉੱਤੇ ਮੈਂ ਸਾਰੀ ਉਮਰ ਮਾਣ ਕਰਦਾ ਰਹਿੰਦਾ ਹਾਂ) ॥੨॥

ਕਹੁ ਕਬੀਰ ਤਬ ਹੀ ਨਰੁ ਜਾਗੈ ॥

(ਪਰ) ਕਬੀਰ ਆਖਦਾ ਹੈ- ਸੱਚ ਇਹ ਹੈ ਕਿ ਮਨੁੱਖ ਇਸ ਮੂਰਖਤਾ ਵਲੋਂ ਤਦੋਂ ਹੀ ਜਾਗਦਾ ਹੈ (ਤਦੋਂ ਹੀ ਪਛਤਾਉਂਦਾ ਹੈ)

ਜਮ ਕਾ ਡੰਡੁ ਮੂੰਡ ਮਹਿ ਲਾਗੈ ॥੩॥੨॥

ਜਦੋਂ ਮੌਤ ਦਾ ਡੰਡਾ ਇਸ ਦੇ ਸਿਰ ਉੱਤੇ ਆ ਵੱਜਦਾ ਹੈ ॥੩॥੨॥


Raag-Gond-Bani

ਗੋਂਡ ॥
ਆਕਾਸਿ ਗਗਨੁ ਪਾਤਾਲਿ ਗਗਨੁ ਹੈ ਚਹੁ ਦਿਸਿ ਗਗਨੁ ਰਹਾਇਲੇ ॥

(ਇਹ ਜਿੰਦ ਜਿਸ ਦਾ ਅੰਸ਼ ਹੈ ਉਹ) ਚੇਤਨ-ਸੱਤਾ ਅਕਾਸ਼ ਤੋਂ ਪਤਾਲ ਤੱਕ ਹਰ ਪਾਸੇ ਮੌਜੂਦ ਹੈ।

ਆਨਦ ਮੂਲੁ ਸਦਾ ਪੁਰਖੋਤਮੁ ਘਟੁ ਬਿਨਸੈ ਗਗਨੁ ਨ ਜਾਇਲੇ ॥੧॥

ਉਹੀ (ਜੀਵਾਂ ਦੇ) ਸੁਖ ਦਾ ਮੂਲ-ਕਾਰਨ ਹੈ। ਉਹ ਸਦਾ ਕਾਇਮ ਰਹਿਣ ਵਾਲਾ ਹੈ, ਉਹ ਹੀ (ਹੈ ਜਿਸ ਨੂੰ) ਉੱਤਮ ਪੁਰਖ (ਪਰਮਾਤਮਾ ਕਹੀਦਾ) ਹੈ। (ਜੀਵਾਂ ਦਾ) ਸਰੀਰ ਨਾਸ ਹੋ ਜਾਂਦਾ ਹੈ, ਪਰ (ਸਰੀਰ ਵਿਚ ਵੱਸਦੀ ਜਿੰਦ ਦਾ ਸੋਮਾ) ਚੇਤਨ-ਸੱਤਾ ਨਾਸ ਨਹੀਂ ਹੁੰਦੀ ॥੧॥

ਮੋਹਿ ਬੈਰਾਗੁ ਭਇਓ ॥

ਮੇਰੇ ਮਨ ਵਿੱਚ (ਹੋਰਨਾਂ ਗੱਲਾਂ ਵਲੋਂ) ਉਪਰਾਮਤਾ ਹੋ ਰਹੀ ਹੈ, (ਮੈਨੂੰ ਹੋਰ ਗੱਲਾਂ ਗ਼ੈਰ-ਜ਼ਰੂਰੀ ਜਾਪਦੀਆਂ ਹਨ।)

ਇਹੁ ਜੀਉ ਆਇ ਕਹਾ ਗਇਓ ॥੧॥ ਰਹਾਉ ॥

ਮੇਰਾ ਨਿਸ਼ਚਾ ਹੁਣ ਇਸ ਗੱਲ ਉੱਤੇ ਟਿਕ ਗਿਆ ਹੈ ਕਿ ਇਹ ਜਿੰਦ ਕਦੇ ਮਰਦੀ ਨਹੀਂ (ਕਿਉਂਕਿ ਇਹ ਜਿੰਦ ਉਸ ਸਰਬ-ਵਿਆਪਕ ਸਦਾ-ਥਿਰ ਚੇਤਨ-ਸੱਤਾ ਦਾ ਅੰਸ਼ ਹੈ) ॥੧॥ ਰਹਾਉ ॥

ਪੰਚ ਤਤੁ ਮਿਲਿ ਕਾਇਆ ਕੀਨ੍ਰੀ ਤਤੁ ਕਹਾ ਤੇ ਕੀਨੁ ਰੇ ॥

ਪੰਜਾਂ ਤੱਤਾਂ ਨੇ ਮਿਲ ਕੇ ਇਹ ਸਰੀਰ ਬਣਾਇਆ ਹੈ (ਪਰ ਇਹਨਾਂ ਤੱਤਾਂ ਦੀ ਭੀ ਕੋਈ ਵੱਖਰੀ ਹਸਤੀ ਨਹੀਂ ਹੈ), ਇਹ ਤੱਤ ਭੀ ਹੋਰ ਕਿੱਥੋਂ ਬਣਨੇ ਸਨ? (ਇਹ ਭੀ ਚੇਤਨ-ਸੱਤਾ ਤੋਂ ਹੀ ਬਣੇ ਹਨ)।

ਕਰਮ ਬਧ ਤੁਮ ਜੀਉ ਕਹਤ ਹੌ ਕਰਮਹਿ ਕਿਨਿ ਜੀਉ ਦੀਨੁ ਰੇ ॥੨॥

ਤੁਸੀ ਲੋਕ ਇਹ ਆਖਦੇ ਹੋ ਕਿ ਜੀਵਾਤਮਾ ਕੀਤੇ ਕਰਮਾਂ ਕਰਮਾਂ ਦਾ ਬੱਝਾ ਹੋਇਆ ਹੈ, (ਪਰ ਅਸਲ ਗੱਲ ਇਹ ਹੈ ਕਿ) ਕਰਮਾਂ ਨੂੰ ਭੀ ਪਹਿਲਾਂ ਚੇਤਨ-ਸੱਤਾ ਤੋਂ ਬਿਨਾ ਹੋਰ ਕਿਸ ਨੇ ਵਜੂਦ ਵਿਚ ਲਿਆਉਣਾ ਸੀ? (ਭਾਵ, ਕਰਮਾਂ ਨੂੰ ਭੀ ਪਹਿਲਾਂ ਇਹ ਚੇਤਨ-ਸੱਤਾ ਹੀ ਵਜੂਦ ਵਿਚ ਲਿਆਉਂਦੀ ਹੈ) ॥੨॥

ਹਰਿ ਮਹਿ ਤਨੁ ਹੈ ਤਨ ਮਹਿ ਹਰਿ ਹੈ ਸਰਬ ਨਿਰੰਤਰਿ ਸੋਇ ਰੇ ॥

ਹੇ ਭਾਈ! ਉਸ ਚੇਤਨ-ਸੱਤਾ ਪ੍ਰਭੂ ਦੇ ਅੰਦਰ ਇਹ (ਜੀਵਾਂ ਦਾ) ਸਰੀਰ ਵਜੂਦ ਵਿਚ ਆਉਂਦਾ ਹੈ, ਤੇ ਸਰੀਰਾਂ ਵਿਚ ਉਹ ਪ੍ਰਭੂ ਵੱਸਦਾ ਹੈ। ਸਭਨਾਂ ਦੇ ਅੰਦਰ ਉਹੀ ਹੈ, ਕਿਤੇ ਵਿੱਥ ਨਹੀਂ ਹੈ।

ਕਹਿ ਕਬੀਰ ਰਾਮ ਨਾਮੁ ਨ ਛੋਡਉ ਸਹਜੇ ਹੋਇ ਸੁ ਹੋਇ ਰੇ ॥੩॥੩॥

ਸੋ, ਕਬੀਰ ਆਖਦਾ ਹੈ-ਐਸੇ ਚੇਤਨ-ਸੱਤਾ ਪਰਮਾਤਮਾ ਦਾ ਨਾਮ ਮੈਂ ਕਦੇ ਨਹੀਂ ਭੁਲਾਵਾਂਗਾ, (ਨਾਮ ਸਿਮਰਨ ਦੀ ਬਰਕਤਿ ਨਾਲ ਹੀ ਇਹ ਸਮਝ ਆਉਂਦੀ ਹੈ ਕਿ) ਜੋ ਕੁਝ ਜਗਤ ਵਿਚ ਹੋ ਰਿਹਾ ਹੈ ਸੁਤੇ ਹੀ (ਉਸ ਚੇਤਨ-ਸੱਤਾ ਪ੍ਰਭੂ ਦੀ ਰਜ਼ਾ ਵਿਚ) ਹੋ ਰਿਹਾ ਹੈ ॥੩॥੩॥


Raag-Gond-Bani

ਰਾਗੁ ਗੋਂਡ ਬਾਣੀ ਕਬੀਰ ਜੀਉ ਕੀ ਘਰੁ ੨ ॥

ਰਾਗ ਗੋਂਡ, ਘਰ ੨ ਵਿੱਚ ਭਗਤ ਕਬੀਰ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਭੁਜਾ ਬਾਂਧਿ ਭਿਲਾ ਕਰਿ ਡਾਰਿਓ ॥

ਮੇਰੀਆਂ ਬਾਹਾਂ ਬੰਨ੍ਹ ਕੇ ਢੇਮ ਵਾਂਗ (ਮੈਨੂੰ ਇਹਨਾਂ ਲੋਕਾਂ ਹਾਥੀ ਅੱਗੇ) ਸੁੱਟ ਦਿੱਤਾ ਹੈ,

ਹਸਤੀ ਕ੍ਰੋਪਿ ਮੂੰਡ ਮਹਿ ਮਾਰਿਓ ॥

(ਮਹਾਵਤ ਨੇ) ਗੁੱਸੇ ਵਿਚ ਆ ਕੇ ਹਾਥੀ ਦੇ ਸਿਰ ਉੱਤੇ (ਸੱਟ) ਮਾਰੀ ਹੈ।

ਹਸਤਿ ਭਾਗਿ ਕੈ ਚੀਸਾ ਮਾਰੈ ॥

ਪਰ ਹਾਥੀ (ਮੈਨੂੰ ਪੈਰਾਂ ਹੇਠ ਲਿਤਾੜਨ ਦੇ ਥਾਂ) ਚੀਕਾਂ ਮਾਰ ਕੇ (ਹੋਰ ਪਾਸੇ) ਭੱਜਦਾ ਹੈ,

ਇਆ ਮੂਰਤਿ ਕੈ ਹਉ ਬਲਿਹਾਰੈ ॥੧॥

(ਜਿਵੇਂ ਆਖਦਾ ਹੈ-) ਮੈਂ ਸਦਕੇ ਹਾਂ ਇਸ ਸੋਹਣੇ ਬੰਦੇ ਤੋਂ ॥੧॥

ਆਹਿ ਮੇਰੇ ਠਾਕੁਰ ਤੁਮਰਾ ਜੋਰੁ ॥

ਹੇ ਮੇਰੇ ਪ੍ਰਭੂ! ਮੈਨੂੰ ਤੇਰਾ ਤਾਣ ਹੈ (ਸੋ, ਤੇਰੀ ਬਰਕਤਿ ਨਾਲ ਮੈਨੂੰ ਕੋਈ ਫ਼ਿਕਰ ਨਹੀਂ ਹੈ)।

ਕਾਜੀ ਬਕਿਬੋ ਹਸਤੀ ਤੋਰੁ ॥੧॥ ਰਹਾਉ ॥

ਕਾਜ਼ੀ ਤਾਂ ਕਹਿ ਰਿਹਾ ਹੈ ਕਿ (ਇਸ ਕਬੀਰ ਉੱਤੇ) ਹਾਥੀ ਚਾੜ੍ਹ ਦੇਹ ॥੧॥ ਰਹਾਉ ॥

ਰੇ ਮਹਾਵਤ ਤੁਝੁ ਡਾਰਉ ਕਾਟਿ ॥

(ਕਾਜ਼ੀ ਆਖਦਾ ਹੈ-) ਨਹੀਂ ਤਾਂ ਮੈਂ ਤੇਰਾ ਸਿਰ ਉਤਰਾ ਦਿਆਂਗਾ,

ਇਸਹਿ ਤੁਰਾਵਹੁ ਘਾਲਹੁ ਸਾਟਿ ॥

ਇਸ ਹਾਥੀ ਨੂੰ ਸੱਟ ਮਾਰ ਤੇ (ਕਬੀਰ ਵਲ) ਤੋਰ।

ਹਸਤਿ ਨ ਤੋਰੈ ਧਰੈ ਧਿਆਨੁ ॥

ਪਰ ਹਾਥੀ ਤੁਰਦਾ ਨਹੀਂ (ਉਹ ਤਾਂ ਇਉਂ ਦਿੱਸਦਾ ਹੈ ਜਿਵੇਂ) ਪ੍ਰਭੂ-ਚਰਨਾਂ ਵਿਚ ਮਸਤ ਹੈ,

ਵਾ ਕੈ ਰਿਦੈ ਬਸੈ ਭਗਵਾਨੁ ॥੨॥

(ਜਿਵੇਂ) ਉਸ ਦੇ ਹਿਰਦੇ ਵਿਚ ਪਰਮਾਤਮਾ (ਪਰਗਟ ਹੋ ਕੇ) ਵੱਸ ਰਿਹਾ ਹੈ ॥੨॥

ਕਿਆ ਅਪਰਾਧੁ ਸੰਤ ਹੈ ਕੀਨ੍ਰਾ ॥

ਭਲਾ ਮੈਂ ਆਪਣੇ ਪ੍ਰਭੂ ਦੇ ਸੇਵਕ ਨੇ ਇਹਨਾਂ ਦਾ ਕੀਹ ਵਿਗਾੜ ਕੀਤਾ ਸੀ?

ਬਾਂਧਿ ਪੋਟ ਕੁੰਚਰ ਕਉ ਦੀਨ੍ਰਾ ॥

ਜੋ ਮੇਰੀ ਪੋਟਲੀ ਬੰਨ੍ਹ ਕੇ (ਇਹਨਾਂ ਮੈਨੂੰ) ਹਾਥੀ ਅੱਗੇ ਸੁੱਟ ਦਿੱਤਾ।

ਕੁੰਚਰੁ ਪੋਟ ਲੈ ਲੈ ਨਮਸਕਾਰੈ ॥

(ਭਾਵੇਂ ਕਿ) ਹਾਥੀ (ਮੇਰੇ ਸਰੀਰ ਦੀ ਬਣੀ) ਪੋਟਲੀ ਨੂੰ ਮੁੜ ਮੁੜ ਸਿਰ ਨਿਵਾ ਰਿਹਾ ਹੈ,

ਬੂਝੀ ਨਹੀ ਕਾਜੀ ਅੰਧਿਆਰੈ ॥੩॥

ਪਰ ਕਾਜ਼ੀ ਨੂੰ (ਤੁਅੱਸਬ ਦੇ) ਹਨੇਰੇ ਵਿਚ ਇਹ ਸਮਝ ਹੀ ਨਹੀਂ ਆਈ ॥੩॥

ਤੀਨਿ ਬਾਰ ਪਤੀਆ ਭਰਿ ਲੀਨਾ ॥

(ਕਾਜ਼ੀ ਨੇ ਹਾਥੀ ਨੂੰ ਮੇਰੇ ਉਪਰ ਚਾੜ੍ਹ ਚਾੜ੍ਹ ਕੇ) ਤਿੰਨ ਵਾਰੀ ਪਰਤਾਵਾ ਲਿਆ,

ਮਨ ਕਠੋਰੁ ਅਜਹੂ ਨ ਪਤੀਨਾ ॥

ਪਰ ਉਸ ਦੀ (ਫਿਰ ਭੀ) ਤਸੱਲੀ ਨਾਹ ਹੋਈ (ਕਿਉਂਕਿ ਉਹ) ਮਨ ਦਾ ਕਠੋਰ ਸੀ।

ਕਹਿ ਕਬੀਰ ਹਮਰਾ ਗੋਬਿੰਦੁ ॥

ਕਬੀਰ ਆਖਦਾ ਹੈ-(ਕਾਜ਼ੀ ਨੂੰ ਇਹ ਸਮਝ ਨਾਹ ਆਈ ਕਿ) ਸਾਡਾ (ਪ੍ਰਭੂ ਦੇ ਸੇਵਕਾਂ ਦਾ ਰਾਖਾ) ਪਰਮਾਤਮਾ ਹੈ,

ਚਉਥੇ ਪਦ ਮਹਿ ਜਨ ਕੀ ਜਿੰਦੁ ॥੪॥੧॥੪॥

ਪ੍ਰਭੂ ਦੇ ਦਾਸਾਂ ਦੀ ਜਿੰਦ ਸਦਾ ਉਸ ਅਵਸਥਾ ਵਿਚ, ਜੋ ਤਿੰਨ ਗੁਣਾਂ ਤੋਂ ਉਤਾਂਹ ਹੈ, ਪ੍ਰਭੂ-ਚਰਨਾਂ ਵਿਚ ਟਿਕੀ ਰਹਿੰਦੀ ਹੈ (ਇਸ ਵਾਸਤੇ ਉਹਨਾਂ ਨੂੰ ਕੋਈ ਡਰਾ ਧਮਕਾ ਨਹੀਂ ਸਕਦਾ) ॥੪॥੧॥੪॥


Raag-Gond-Bani

ਗੋਂਡ ॥
ਨਾ ਇਹੁ ਮਾਨਸੁ ਨਾ ਇਹੁ ਦੇਉ ॥

(ਕੀਹ ਮਨੁੱਖ, ਕੀਹ ਦੇਵਤਾ; ਕੀਹ ਜਤੀ, ਤੇ ਕੀਹ ਸ਼ਿਵ-ਉਪਾਸ਼ਕ; ਕੀਹ ਜੋਗੀ, ਤੇ ਕੀਹ ਤਿਆਗੀ; ਹਰੇਕ ਵਿਚ ਇੱਕ ਉਹੀ ਵੱਸਦਾ ਹੈ; ਪਰ ਫਿਰ ਭੀ ਸਦਾ ਲਈ) ਨਾਹ ਇਹ ਮਨੁੱਖ ਹੈ ਨਾਹ ਦੇਵਤਾ;

ਨਾ ਇਹੁ ਜਤੀ ਕਹਾਵੈ ਸੇਉ ॥

ਨਾਹ ਜਤੀ ਹੈ ਨਾਹ ਸ਼ਿਵ-ਉਪਾਸ਼ਕ,

ਨਾ ਇਹੁ ਜੋਗੀ ਨਾ ਅਵਧੂਤਾ ॥

ਨਾਹ ਜੋਗੀ ਹੈ, ਨਾਹ ਤਿਆਗੀ;

ਨਾ ਇਸੁ ਮਾਇ ਨ ਕਾਹੂ ਪੂਤਾ ॥੧॥

ਨਾਹ ਇਸ ਦੀ ਕੋਈ ਮਾਂ ਹੈ ਨਾਹ ਇਹ ਕਿਸੇ ਦਾ ਪੁੱਤਰ ॥੧॥

ਇਆ ਮੰਦਰ ਮਹਿ ਕੌਨ ਬਸਾਈ ॥

(ਸਾਡੇ) ਇਸ ਸਰੀਰ-ਰੂਪ ਘਰ ਵਿਚ ਕੌਣ ਵੱਸਦਾ ਹੈ? ਉਸ ਦਾ ਕੀਹ ਅਸਲਾ ਹੈ?

ਤਾ ਕਾ ਅੰਤੁ ਨ ਕੋਊ ਪਾਈ ॥੧॥ ਰਹਾਉ ॥

ਇਸ ਗੱਲ ਦੀ ਤਹਿ ਵਿਚ ਕੋਈ ਨਹੀਂ ਅੱਪੜਿਆ ॥੧॥ ਰਹਾਉ ॥

ਨਾ ਇਹੁ ਗਿਰਹੀ ਨਾ ਓਦਾਸੀ ॥

(ਗ੍ਰਿਹਸਤੀ, ਉਦਾਸੀ; ਰਾਜਾ, ਕੰਗਾਲ; ਬ੍ਰਾਹਮਣ, ਖੱਤ੍ਰੀ; ਸਭ ਵਿਚ ਇਹੀ ਵੱਸਦਾ ਹੈ; ਫਿਰ ਭੀ ਇਹਨਾਂ ਵਿਚ ਰਹਿਣ ਕਰ ਕੇ ਸਦਾ ਲਈ) ਨਾਹ ਇਹ ਗ੍ਰਿਹਸਤੀ ਹੈ ਨਾਹ ਉਦਾਸੀ,

ਨਾ ਇਹੁ ਰਾਜ ਨ ਭੀਖ ਮੰਗਾਸੀ ॥

ਨਾਹ ਇਹ ਰਾਜਾ ਹੈ ਨਾਹ ਮੰਗਤਾ;

ਨਾ ਇਸੁ ਪਿੰਡੁ ਨ ਰਕਤੂ ਰਾਤੀ ॥

ਨਾਹ ਇਸ ਦਾ ਕੋਈ ਸਰੀਰ ਹੈ ਨਾਹ ਇਸ ਵਿਚ ਰਤਾ ਭਰ ਭੀ ਲਹੂ ਹੈ;

ਨਾ ਇਹੁ ਬ੍ਰਹਮਨੁ ਨਾ ਇਹੁ ਖਾਤੀ ॥੨॥

ਨਾਹ ਇਹ ਬ੍ਰਾਹਮਣ ਹੈ ਨਾਹ ਖੱਤ੍ਰੀ ॥੨॥

ਨਾ ਇਹੁ ਤਪਾ ਕਹਾਵੈ ਸੇਖੁ ॥

(ਤਪੇ, ਸ਼ੇਖ਼, ਸਭ ਵਿਚ ਇਹੀ ਹੈ; ਸਭ ਸਰੀਰਾਂ ਵਿਚ ਆ ਕੇ ਜੰਮਦਾ ਮਰਦਾ ਭੀ ਜਾਪਦਾ ਹੈ, ਫਿਰ ਭੀ ਸਦਾ ਲਈ) ਨਾਹ ਇਹ ਕੋਈ ਤਪਸ੍ਵੀ ਹੈ ਨਾਹ ਕੋਈ ਸ਼ੇਖ਼ ਹੈ;

ਨਾ ਇਹੁ ਜੀਵੈ ਨ ਮਰਤਾ ਦੇਖੁ ॥

ਨਾਹ ਇਹ ਜੰਮਦਾ ਹੈ ਨਾਹ ਮਰਦਾ ਹੈ।

ਇਸੁ ਮਰਤੇ ਕਉ ਜੇ ਕੋਊ ਰੋਵੈ ॥

ਜਿਹੜਾ ਕੋਈ ਜੀਵ ਇਸ (ਅੰਦਰ-ਵੱਸਦੇ) ਨੂੰ ਮਰਦਾ ਸਮਝ ਕੇ ਰੋਂਦਾ ਹੈ,

ਜੋ ਰੋਵੈ ਸੋਈ ਪਤਿ ਖੋਵੈ ॥੩॥

ਉਹ (ਜੋ ਰੋਂਦਾ ਹੈ) ਖ਼ੁਆਰ ਹੀ ਹੁੰਦਾ ਹੈ ॥੩॥

ਗੁਰਪ੍ਰਸਾਦਿ ਮੈ ਡਗਰੋ ਪਾਇਆ ॥

(ਜਦੋਂ ਦਾ) ਮੈਂ ਆਪਣੇ ਗੁਰੂ ਦੀ ਕਿਰਪਾ ਨਾਲ (ਜ਼ਿੰਦਗੀ ਦਾ ਸਹੀ) ਰਸਤਾ ਲੱਭਾ ਹੈ,

ਜੀਵਨ ਮਰਨੁ ਦੋਊ ਮਿਟਵਾਇਆ ॥

ਮੈਂ ਆਪਣਾ ਜਨਮ ਮਰਨ ਦੋਵੇਂ ਖ਼ਤਮ ਕਰਾ ਲਏ ਹਨ (ਭਾਵ, ਮੇਰਾ ਜਨਮ-ਮਰਨ ਦਾ ਗੇੜ ਮੁੱਕ ਗਿਆ ਹੈ।

ਕਹੁ ਕਬੀਰ ਇਹੁ ਰਾਮ ਕੀ ਅੰਸੁ ॥

ਕਬੀਰ ਆਖਦਾ ਹੈ- (ਹੁਣ ਮੈਨੂੰ ਸਮਝ ਆ ਗਈ ਹੈ ਕਿ) ਸਾਡੇ ਅੰਦਰ ਵੱਸਣ ਵਾਲਾ ਇਹ ਪਰਮਾਤਮਾ ਦੀ ਅੰਸ ਹੈ,

ਜਸ ਕਾਗਦ ਪਰ ਮਿਟੈ ਨ ਮੰਸੁ ॥੪॥੨॥੫॥

ਤੇ ਇਹ ਦੋਵੇਂ ਆਪੋ ਵਿਚ ਇਉਂ ਜੁੜੇ ਹੋਏ ਹਨ ਜਿਵੇਂ ਕਾਗ਼ਜ਼ ਅਤੇ (ਕਾਗ਼ਜ਼ ਉੱਤੇ ਲਿਖੇ ਅੱਖਰਾਂ ਦੀ) ਸਿਆਹੀ ॥੪॥੨॥੫॥


Raag-Gond-Bani

ਗੋਂਡ ॥
ਤੂਟੇ ਤਾਗੇ ਨਿਖੁਟੀ ਪਾਨਿ ॥

(ਇਸ ਨੂੰ ਘਰ ਦੇ ਕੰਮ-ਕਾਜ ਦਾ ਕੋਈ ਫ਼ਿਕਰ ਹੀ ਨਹੀਂ, ਜੇ) ਤਾਣੀ ਦੇ ਧਾਗੇ ਟੁੱਟੇ ਪਏ ਹਨ (ਤਾਂ ਟੁੱਟੇ ਹੀ ਰਹਿੰਦੇ ਹਨ), ਜੇ ਪਾਣ ਮੁੱਕ ਗਈ ਹੈ (ਤਾਂ ਮੁੱਕੀ ਹੀ ਪਈ ਹੈ)।

ਦੁਆਰ ਊਪਰਿ ਝਿਲਕਾਵਹਿ ਕਾਨ ॥

ਬੂਹੇ ਤੇ (ਸੱਖਣੇ) ਕਾਨੇ ਪਏ ਲਿਸ਼ਕਦੇ ਹਨ (ਵਰਤਣ ਖੁਣੋਂ ਪਏ ਹਨ);

ਕੂਚ ਬਿਚਾਰੇ ਫੂਏ ਫਾਲ ॥

ਵਿਚਾਰੇ ਕੁੱਚ ਤੀਲਾ ਤੀਲਾ ਹੋ ਰਹੇ ਹਨ;

ਇਆ ਮੁੰਡੀਆ ਸਿਰਿ ਚਢਿਬੋ ਕਾਲ ॥੧॥

(ਪਤਾ ਨਹੀਂ ਇਸ ਸਾਧੂ ਦਾ ਕੀਹ ਬਣੇਗਾ), ਇਸ ਸਾਧੂ ਦੇ ਸਿਰ ਮੌਤ ਸਵਾਰ ਹੋਈ ਜਾਪਦੀ ਹੈ ॥੧॥

ਇਹੁ ਮੁੰਡੀਆ ਸਗਲੋ ਦ੍ਰਬੁ ਖੋਈ ॥

(ਮੇਰਾ) ਇਹ (ਖਸਮ) ਸਾਧੂ ਸਾਰਾ (ਕਮਾਇਆ) ਧਨ ਗਵਾਈ ਜਾਂਦਾ ਹੈ।

ਆਵਤ ਜਾਤ ਨਾਕ ਸਰ ਹੋਈ ॥੧॥ ਰਹਾਉ ॥

(ਇਸ ਦੇ ਸਤਸੰਗੀਆਂ ਦੀ) ਆਵਾਜਾਈ ਨਾਲ ਮੇਰੀ ਨੱਕ-ਜਿੰਦ ਆਈ ਪਈ ਹੈ ॥੧॥ ਰਹਾਉ ॥

ਤੁਰੀ ਨਾਰਿ ਕੀ ਛੋਡੀ ਬਾਤਾ ॥

ਤੁਰੀ ਤੇ ਨਾਲਾਂ (ਦੇ ਵਰਤਣ) ਦਾ ਇਸ ਨੂੰ ਚੇਤਾ ਹੀ ਨਹੀਂ (ਭਾਵ, ਕੱਪੜਾ ਉਣਨ ਦਾ ਇਸ ਨੂੰ ਕੋਈ ਖ਼ਿਆਲ ਹੀ ਨਹੀਂ ਹੈ)।

ਰਾਮ ਨਾਮ ਵਾ ਕਾ ਮਨੁ ਰਾਤਾ ॥

ਇਸ ਦਾ ਮਨ ਸਦਾ ਰਾਮ-ਨਾਮ ਵਿਚ ਰੰਗਿਆ ਰਹਿੰਦਾ ਹੈ।

ਲਰਿਕੀ ਲਰਿਕਨ ਖੈਬੋ ਨਾਹਿ ॥

(ਘਰ ਵਿਚ) ਕੁੜੀ ਮੁੰਡਿਆਂ ਦੇ ਖਾਣ ਜੋਗਾ ਕੁਝ ਨਹੀਂ (ਰਹਿੰਦਾ)

ਮੁੰਡੀਆ ਅਨਦਿਨੁ ਧਾਪੇ ਜਾਹਿ ॥੨॥

ਪਰ ਇਸ ਦੇ ਸਤਸੰਗੀ ਹਰ ਰੋਜ਼ ਰੱਜ ਕੇ ਜਾਂਦੇ ਹਨ। (ਨੋਟ: ਸ਼ਿਕਾਇਤ ਇਹੀ ਹੈ ਕਿ ਸਾਂਭ ਕੇ ਨਹੀਂ ਰੱਖਦਾ। ਕੰਮ ਕਰਨਾ ਨਹੀਂ ਛੱਡਿਆ) ॥੨॥

ਇਕ ਦੁਇ ਮੰਦਰਿ ਇਕ ਦੁਇ ਬਾਟ ॥

ਜੇ ਇੱਕ ਦੋ ਸਾਧੂ (ਸਾਡੇ) ਘਰ ਬੈਠੇ ਹਨ ਤਾਂ ਇਕ ਦੋ ਤੁਰੇ ਭੀ ਆ ਰਹੇ ਹਨ, (ਹਰ ਵੇਲੇ ਆਵਾਜਾਈ ਲੱਗੀ ਰਹਿੰਦੀ ਹੈ)।

ਹਮ ਕਉ ਸਾਥਰੁ ਉਨ ਕਉ ਖਾਟ ॥

ਸਾਨੂੰ ਭੁੰਞੇ ਸੌਣਾ ਪੈਂਦਾ ਹੈ, ਉਹਨਾਂ ਨੂੰ ਮੰਜੇ ਦਿੱਤੇ ਜਾਂਦੇ ਹਨ।

ਮੂਡ ਪਲੋਸਿ ਕਮਰ ਬਧਿ ਪੋਥੀ ॥

ਉਹ ਸਾਧੂ ਲੱਕਾਂ ਨਾਲ ਪੋਥੀਆਂ ਲਮਕਾਈਆਂ ਹੋਈਆਂ ਸਿਰਾਂ ਤੇ ਹੱਥ ਫੇਰਦੇ ਤੁਰੇ ਆਉਂਦੇ ਹਨ।

ਹਮ ਕਉ ਚਾਬਨੁ ਉਨ ਕਉ ਰੋਟੀ ॥੩॥

(ਕਈ ਵਾਰ ਉਹਨਾਂ ਦੇ ਕੁਵੇਲੇ ਆ ਜਾਣ ਤੇ) ਸਾਨੂੰ ਤਾਂ ਭੁੱਜੇ ਦਾਣੇ ਚੱਬਣੇ ਪੈਂਦੇ ਹਨ, ਉਹਨਾਂ ਨੂੰ ਰੋਟੀਆਂ ਮਿਲਦੀਆਂ ਹਨ ॥੩॥

ਮੁੰਡੀਆ ਮੁੰਡੀਆ ਹੂਏ ਏਕ ॥

ਹੇ ਕਬੀਰ! (ਆਖ-ਇਹਨਾਂ ਸਤ-ਸੰਗੀਆਂ ਨਾਲ ਇਹ ਪਿਆਰ ਇਸ ਵਾਸਤੇ ਹੈ ਕਿ) ਸਤ ਸੰਗੀਆਂ ਦੇ ਦਿਲ ਆਪੋ ਵਿਚ ਮਿਲੇ ਹੋਏ ਹਨ।

ਏ ਮੁੰਡੀਆ ਬੂਡਤ ਕੀ ਟੇਕ ॥

ਤੇ ਇਹ ਸਤ-ਸੰਗੀ (ਸੰਸਾਰ-ਸਮੁੰਦਰ ਦੇ ਵਿਕਾਰਾਂ ਵਿਚ) ਡੁੱਬਦਿਆਂ ਦਾ ਸਹਾਰਾ ਹਨ।

ਸੁਨਿ ਅੰਧਲੀ ਲੋਈ ਬੇਪੀਰਿ ॥

ਹੇ ਅੰਨ੍ਹੀ ਨਿਗੁਰੀ ਲੋਈ! ਸੁਣ!

ਇਨ੍ਰ ਮੁੰਡੀਅਨ ਭਜਿ ਸਰਨਿ ਕਬੀਰ ॥੪॥੩॥੬॥

ਤੂੰ ਭੀ ਇਹਨਾਂ ਸਤ-ਸੰਗੀਆਂ ਦੀ ਸ਼ਰਨ ਪਉ ॥੪॥੩॥੬॥


Raag-Gond-Bani

ਗੋਂਡ ॥
ਖਸਮੁ ਮਰੈ ਤਉ ਨਾਰਿ ਨ ਰੋਵੈ ॥

(ਪਰ ਇਸ ਮਾਇਆ ਨੂੰ ਇਸਤ੍ਰੀ ਬਣਾ ਕੇ ਰੱਖਣ ਵਾਲਾ) ਮਨੁੱਖ (ਆਖ਼ਰ) ਮਰ ਜਾਂਦਾ ਹੈ, ਇਹ (ਮਾਇਆ) ਵਹੁਟੀ (ਉਸ ਦੇ ਮਰਨ ਤੇ) ਰੋਂਦੀ ਭੀ ਨਹੀਂ,

ਉਸੁ ਰਖਵਾਰਾ ਅਉਰੋ ਹੋਵੈ ॥

ਕਿਉਂਕਿ ਇਸ ਦਾ ਰਾਖਾ (ਖਸਮ) ਕੋਈ ਧਿਰ ਹੋਰ ਬਣ ਜਾਂਦਾ ਹੈ (ਸੋ, ਇਹ ਕਦੇ ਭੀ ਰੰਡੀ ਨਹੀਂ ਹੁੰਦੀ)।

ਰਖਵਾਰੇ ਕਾ ਹੋਇ ਬਿਨਾਸ ॥

(ਇਸ ਮਾਇਆ ਦਾ) ਰਾਖਾ ਮਰ ਜਾਂਦਾ ਹੈ,

ਆਗੈ ਨਰਕੁ ਈਹਾ ਭੋਗ ਬਿਲਾਸ ॥੧॥

ਮਨੁੱਖ ਇੱਥੇ ਇਸ ਮਾਇਆ ਦੇ ਭੋਗਾਂ (ਵਿਚ ਮਸਤ ਰਹਿਣ) ਕਰਕੇ ਅਗਾਂਹ (ਆਪਣੇ ਲਈ) ਨਰਕ ਸਹੇੜਦਾ ਹੈ ॥੧॥

ਏਕ ਸੁਹਾਗਨਿ ਜਗਤ ਪਿਆਰੀ ॥

(ਇਹ ਮਾਇਆ) ਇਕ ਐਸੀ ਸੁਹਾਗਣ ਨਾਰ ਹੈ ਜਿਸ ਨੂੰ ਸਾਰਾ ਜਗਤ ਪਿਆਰ ਕਰਦਾ ਹੈ,

ਸਗਲੇ ਜੀਅ ਜੰਤ ਕੀ ਨਾਰੀ ॥੧॥ ਰਹਾਉ ॥

ਸਾਰੇ ਜੀਆ ਜੰਤ ਇਸ ਨੂੰ ਆਪਣੀ ਇਸਤ੍ਰੀ ਬਣਾ ਕੇ ਰੱਖਣਾ ਚਾਹੁੰਦੇ ਹਨ (ਆਪਣੇ ਵੱਸ ਵਿਚ ਰੱਖਣਾ ਚਾਹੁੰਦੇ ਹਨ) ॥੧॥ ਰਹਾਉ ॥

ਸੋਹਾਗਨਿ ਗਲਿ ਸੋਹੈ ਹਾਰੁ ॥

ਇਸ ਸੋਹਾਗਣ ਨਾਰ ਦੇ ਗਲ ਵਿਚ ਹਾਰ ਸੋਭਦਾ ਹੈ, (ਭਾਵ, ਜੀਵਾਂ ਦੇ ਮਨ ਮੋਹਣ ਨੂੰ ਸਦਾ ਸੁਹਣੀ ਬਣੀ ਰਹਿੰਦੀ ਹੈ)।

ਸੰਤ ਕਉ ਬਿਖੁ ਬਿਗਸੈ ਸੰਸਾਰੁ ॥

(ਇਸ ਨੂੰ ਵੇਖ ਵੇਖ ਕੇ) ਜਗਤ ਖ਼ੁਸ਼ ਹੁੰਦਾ ਹੈ, ਪਰ ਸੰਤਾਂ ਨੂੰ ਇਹ ਜ਼ਹਿਰ (ਵਾਂਗ) ਦਿੱਸਦੀ ਹੈ।

ਕਰਿ ਸੀਗਾਰੁ ਬਹੈ ਪਖਿਆਰੀ ॥

ਵੇਸਵਾ (ਵਾਂਗ) ਸਦਾ ਸ਼ਿੰਗਾਰ ਕਰੀ ਰੱਖਦੀ ਹੈ,

ਸੰਤ ਕੀ ਠਿਠਕੀ ਫਿਰੈ ਬਿਚਾਰੀ ॥੨॥

ਪਰ ਸੰਤਾਂ ਦੀ ਫਿਟਕਾਰੀ ਹੋਈ ਵਿਚਾਰੀ (ਸੰਤਾਂ ਤੋਂ) ਪਰੇ ਪਰੇ ਹੀ ਫਿਰਦੀ ਹੈ ॥੨॥

ਸੰਤ ਭਾਗਿ ਓਹ ਪਾਛੈ ਪਰੈ ॥

(ਇਹ ਮਾਇਆ) ਭੱਜ ਕੇ ਸੰਤਾਂ ਦੇ ਲੜ ਲੱਗਣ ਦੀ ਕੋਸ਼ਸ਼ ਕਰਦੀ ਹੈ,

ਗੁਰਪਰਸਾਦੀ ਮਾਰਹੁ ਡਰੈ ॥

ਪਰ (ਸੰਤਾਂ ਉੱਤੇ) ਗੁਰੂ ਦੀ ਮਿਹਰ ਹੋਣ ਕਰ ਕੇ (ਇਹ ਸੰਤਾਂ ਦੀ) ਮਾਰ ਤੋਂ ਭੀ ਡਰਦੀ ਹੈ (ਇਸ ਵਾਸਤੇ ਨੇੜੇ ਨਹੀਂ ਢੁੱਕਦੀ)।

ਸਾਕਤ ਕੀ ਓਹ ਪਿੰਡ ਪਰਾਇਣਿ ॥

ਇਹ ਮਾਇਆ ਪ੍ਰਭੂ ਨਾਲੋਂ ਟੁੱਟੇ ਹੋਏ ਬੰਦਿਆਂ ਦੀ ਜਿੰਦ-ਜਾਨ ਬਣੀ ਰਹਿੰਦੀ ਹੈ,

ਹਮ ਕਉ ਦ੍ਰਿਸਟਿ ਪਰੈ ਤ੍ਰਖਿ ਡਾਇਣਿ ॥੩॥

ਪਰ ਮੈਨੂੰ ਤਾਂ ਇਹ ਭਿਆਨਕ ਡੈਣ ਦਿੱਸਦੀ ਹੈ ॥੩॥

ਹਮ ਤਿਸ ਕਾ ਬਹੁ ਜਾਨਿਆ ਭੇਉ ॥

ਤਦੋਂ ਤੋਂ ਮੈਂ ਇਸ ਮਾਇਆ ਦਾ ਭੇਤ ਪਾ ਲਿਆ ਹੈ,

ਜਬ ਹੂਏ ਕ੍ਰਿਪਾਲ ਮਿਲੇ ਗੁਰਦੇਉ ॥

ਜਦੋਂ ਮੇਰੇ ਸਤਿਗੁਰੂ ਜੀ ਮੇਰੇ ਉੱਤੇ ਦਿਆਲ ਹੋਏ ਤੇ ਮੈਨੂੰ ਮਿਲ ਪਏ।

ਕਹੁ ਕਬੀਰ ਅਬ ਬਾਹਰਿ ਪਰੀ ॥

ਕਬੀਰ ਆਖਦਾ ਹੈ- ਮੈਥੋਂ ਤਾਂ ਇਹ ਮਾਇਆ (ਹੁਣ) ਪਰੇ ਹਟ ਗਈ ਹੈ,

ਸੰਸਾਰੈ ਕੈ ਅੰਚਲਿ ਲਰੀ ॥੪॥੪॥੭॥

ਤੇ ਸੰਸਾਰੀ ਜੀਵਾਂ ਦੇ ਪੱਲੇ ਜਾ ਲੱਗੀ ਹੈ ॥੪॥੪॥੭॥


Raag-Gond-Bani

ਗੋਂਡ ॥
ਗ੍ਰਿਹਿ ਸੋਭਾ ਜਾ ਕੈ ਰੇ ਨਾਹਿ ॥

ਹੇ ਭਾਈ! ਜਿਸ ਮਨੁੱਖ ਦੇ ਘਰ ਵਿਚ (ਘਰ ਦੀ ਸੁਹੱਪਣ) ਮਾਇਆ ਨਹੀਂ ਹੈ,

ਆਵਤ ਪਹੀਆ ਖੂਧੇ ਜਾਹਿ ॥

ਉਸ ਘਰ ਆਏ ਪਾਂਧੀ ਭੁੱਖੇ ਚਲੇ ਜਾਂਦੇ ਹਨ।

ਵਾ ਕੈ ਅੰਤਰਿ ਨਹੀ ਸੰਤੋਖੁ ॥

ਉਸ ਘਰ ਦੇ ਮਾਲਕ ਦੇ ਹਿਰਦੇ ਵਿਚ ਭੀ ਧਰਵਾਸ ਨਹੀਂ ਬਣਦਾ।

ਬਿਨੁ ਸੋਹਾਗਨਿ ਲਾਗੈ ਦੋਖੁ ॥੧॥

ਸੋ, ਮਾਇਆ ਤੋਂ ਬਿਨਾ ਗ੍ਰਿਹਸਤ ਉੱਤੇ ਗਿਲਾ ਆਉਂਦਾ ਹੈ ॥੧॥

ਧਨੁ ਸੋਹਾਗਨਿ ਮਹਾ ਪਵੀਤ ॥

ਸਦਾ ਖਸਮ-ਵਤੀ ਰਹਿਣ ਵਾਲੀ ਮਾਇਆ ਧੰਨ ਹੈ, (ਇਹ ਮਾੜੀ ਨਹੀਂ) ਬੜੀ ਪਵਿੱਤਰ ਹੈ।

ਤਪੇ ਤਪੀਸਰ ਡੋਲੈ ਚੀਤ ॥੧॥ ਰਹਾਉ ॥

(ਇਸ ਤੋਂ ਬਿਨਾ) ਵੱਡੇ ਵੱਡੇ ਤਪੀਆਂ ਦੇ ਮਨ (ਭੀ) ਡੋਲ ਜਾਂਦੇ ਹਨ (ਭਾਵ, ਜੇ ਸਰੀਰ ਦੇ ਨਿਰਬਾਹ ਲਈ ਮਾਇਆ ਨਾਹ ਮਿਲੇ ਤਾਂ ਤਪੀ ਭੀ ਘਾਬਰ ਜਾਂਦੇ ਹਨ) ॥


Raag-Gond-Bani

॥੧॥ ਰਹਾਉ ॥
ਸੋਹਾਗਨਿ ਕਿਰਪਨ ਕੀ ਪੂਤੀ ॥

ਪਰ ਇਹ ਮਾਇਆ ਸ਼ੂਮਾਂ ਦੀ ਧੀ ਬਣ ਕੇ ਰਹਿੰਦੀ ਹੈ, (ਭਾਵ, ਸ਼ੂਮ ਇਕੱਠੀ ਹੀ ਕਰੀ ਜਾਂਦਾ ਹੈ, ਵਰਤਦਾ ਨਹੀਂ)।

ਸੇਵਕ ਤਜਿ ਜਗਤ ਸਿਉ ਸੂਤੀ ॥

ਪ੍ਰਭੂ ਦੇ ਸੇਵਕਾਂ ਤੋਂ ਬਿਨਾ ਹੋਰ ਸਭ ਨੂੰ ਇਸ ਨੇ ਆਪਣੇ ਵੱਸ ਵਿਚ ਕੀਤਾ ਹੋਇਆ ਹੈ।

ਸਾਧੂ ਕੈ ਠਾਢੀ ਦਰਬਾਰਿ ॥

ਭਗਤ-ਜਨ ਦੇ ਦਰ ਤੇ ਖਲੋਤੀ (ਪੁਕਾਰਦੀ ਹੈ ਕਿ),

ਸਰਨਿ ਤੇਰੀ ਮੋ ਕਉ ਨਿਸਤਾਰਿ ॥੨॥

ਮੈਂ ਤੇਰੀ ਸ਼ਰਨ ਆਈ ਹਾਂ, ਮੈਨੂੰ ਬਚਾ ਲੈ ॥੨॥

ਸੋਹਾਗਨਿ ਹੈ ਅਤਿ ਸੁੰਦਰੀ ॥

ਮਾਇਆ ਬੜੀ ਸੁਹਣੀ ਹੈ।

ਪਗ ਨੇਵਰ ਛਨਕ ਛਨਹਰੀ ॥

ਇਸ ਦੇ ਪੈਰੀਂ, ਮਾਨੋ, ਝਾਂਜਰਾਂ ਛਣ-ਛਣ ਕਰ ਰਹੀਆਂ ਹਨ।

ਜਉ ਲਗੁ ਪ੍ਰਾਨ ਤਊ ਲਗੁ ਸੰਗੇ ॥

(ਉਂਞ) ਜਦ ਤਕ ਮਨੁੱਖ ਦੇ ਅੰਦਰ ਜਿੰਦ ਹੈ ਤਦ ਤਕ ਹੀ ਇਹ ਨਾਲ ਰਹਿੰਦੀ ਹੈ,

ਨਾਹਿ ਤ ਚਲੀ ਬੇਗਿ ਉਠਿ ਨੰਗੇ ॥੩॥

ਨਹੀਂ ਤਾਂ (ਭਾਵ, ਜਿੰਦ ਨਿਕਲਦਿਆਂ ਹੀ) ਇਹ ਭੀ ਨੰਗੀ ਪੈਰੀਂ ਉੱਠ ਭੱਜਦੀ ਹੈ (ਭਾਵ, ਉਸੇ ਵੇਲੇ ਸਾਥ ਛੱਡ ਜਾਂਦੀ ਹੈ) ॥੩॥

ਸੋਹਾਗਨਿ ਭਵਨ ਤ੍ਰੈ ਲੀਆ ॥

ਇਸ ਮਾਇਆ ਨੇ ਸਾਰੇ ਜਗਤ ਦੇ ਜੀਵਾਂ ਨੂੰ ਵੱਸ ਕੀਤਾ ਹੋਇਆ ਹੈ,

ਦਸ ਅਠ ਪੁਰਾਣ ਤੀਰਥ ਰਸ ਕੀਆ ॥

ਅਠਾਰਾਂ ਪੁਰਾਨ ਪੜ੍ਹਨ ਵਾਲੇ ਤੇ ਤੀਰਥਾਂ ਉੱਤੇ ਜਾਣ ਵਾਲਿਆਂ ਨੂੰ ਭੀ ਮੋਹ ਲਿਆ ਹੈ,

ਬ੍ਰਹਮਾ ਬਿਸਨੁ ਮਹੇਸਰ ਬੇਧੇ ॥

ਬ੍ਰਹਮਾ, ਵਿਸ਼ਨੂ ਤੇ ਸ਼ਿਵ (ਵਰਗੇ ਦੇਵਤੇ) ਇਸ ਨੇ ਵਿੰਨ੍ਹ ਰੱਖੇ ਹਨ,

ਬਡੇ ਭੂਪਤਿ ਰਾਜੇ ਹੈ ਛੇਧੇ ॥੪॥

ਸਭ ਰਾਜੇ ਰਾਣੇ ਭੀ ਇਸ ਨੇ ਨਕੇਲੇ ਹੋਏ ਹਨ ॥੪॥

ਸੋਹਾਗਨਿ ਉਰਵਾਰਿ ਨ ਪਾਰਿ ॥

ਇਹ ਮਾਇਆ ਵੱਡੇ ਪਸਾਰੇ ਵਾਲੀ ਹੈ, ਇਸ ਦਾ ਅੰਤ ਨਹੀਂ ਪੈ ਸਕਦਾ;

ਪਾਂਚ ਨਾਰਦ ਕੈ ਸੰਗਿ ਬਿਧਵਾਰਿ ॥

ਪੰਜਾਂ ਹੀ ਗਿਆਨ-ਇੰਦ੍ਰਿਆਂ ਨਾਲ ਰਲੀ-ਮਿਲੀ ਰਹਿੰਦੀ ਹੈ।

ਪਾਂਚ ਨਾਰਦ ਕੇ ਮਿਟਵੇ ਫੂਟੇ ॥

ਕਿਉਂਕਿ ਮੇਰੇ ਪੰਜੇ ਹੀ ਇੰਦ੍ਰਿਆਂ ਦੇ ਭਾਂਡੇ ਭੱਜ ਗਏ ਹਨ (ਭਾਵ, ਗਿਆਨ-ਇੰਦ੍ਰਿਆਂ ਉੱਤੇ ਇਸ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ),

ਕਹੁ ਕਬੀਰ ਗੁਰ ਕਿਰਪਾ ਛੂਟੇ ॥੫॥੫॥੮॥

(ਇਸ ਕਰਕੇ) ਕਬੀਰ ਆਖਦਾ ਹੈ- ਮੈਂ ਸਤਿਗੁਰੂ ਦੀ ਕਿਰਪਾ ਨਾਲ ਇਸ (ਦੀ ਮਾਰ) ਤੋਂ ਬਚ ਗਿਆ ਹਾਂ ॥੫॥੫॥੮॥


Raag-Gond-Bani

ਗੋਂਡ ॥
ਜੈਸੇ ਮੰਦਰ ਮਹਿ ਬਲਹਰ ਨਾ ਠਾਹਰੈ ॥

ਜਿਵੇਂ ਘਰ ਵਿਚ ਸ਼ਤੀਰ ਹੈ (ਸ਼ਤੀਰ ਤੋਂ ਬਿਨਾ ਘਰ ਦਾ ਛੱਤ) ਨਹੀਂ ਠਹਿਰ ਸਕਦਾ,

ਨਾਮ ਬਿਨਾ ਕੈਸੇ ਪਾਰਿ ਉਤਰੈ ॥

ਇਸੇ ਤਰ੍ਹਾਂ ਪ੍ਰਭੂ ਤੇ ਨਾਮ ਤੋਂ ਬਿਨਾ (ਮਨੁੱਖ ਦਾ ਮਨ ਸੰਸਾਰ-ਸਮੁੰਦਰ ਦੇ ਘੁੰਮਣ-ਘੇਰਾਂ ਵਿਚੋਂ) ਪਾਰ ਨਹੀਂ ਲੰਘ ਸਕਦਾ।

ਕੁੰਭ ਬਿਨਾ ਜਲੁ ਨਾ ਟੀਕਾਵੈ ॥

ਜਿਵੇਂ ਘੜੇ ਤੋਂ ਬਿਨਾ ਪਾਣੀ ਨਹੀਂ ਟਿਕ ਸਕਦਾ,

ਸਾਧੂ ਬਿਨੁ ਐਸੇ ਅਬਗਤੁ ਜਾਵੈ ॥੧॥

ਤਿਵੇਂ ਗੁਰੂ ਤੋਂ ਬਿਨਾ (ਮਨੁੱਖ ਦਾ ਮਨ ਨਹੀਂ ਟਿਕਦਾ ਤੇ ਮਨੁੱਖ ਦੁਨੀਆ ਤੋਂ) ਭੈੜੇ ਹਾਲ ਹੀ ਜਾਂਦਾ ਹੈ ॥੧॥

ਜਾਰਉ ਤਿਸੈ ਜੁ ਰਾਮੁ ਨ ਚੇਤੈ ॥

ਮੈਂ ਉਸ (ਮਨ) ਨੂੰ ਸਾੜ ਦਿਆਂ ਜੋ ਪ੍ਰਭੂ ਨੂੰ ਨਹੀਂ ਸਿਮਰਦਾ,

ਤਨ ਮਨ ਰਮਤ ਰਹੈ ਮਹਿ ਖੇਤੈ ॥੧॥ ਰਹਾਉ ॥

ਤੇ ਸਦਾ ਸਰੀਰਕ ਭੋਗਾਂ ਵਿਚ ਹੀ ਖਚਿਤ ਰਹਿੰਦਾ ਹੈ ॥੧॥ ਰਹਾਉ ॥

ਜੈਸੇ ਹਲਹਰ ਬਿਨਾ ਜਿਮੀ ਨਹੀ ਬੋਈਐ ॥

ਜਿਵੇਂ ਕਿਸਾਨ ਤੋਂ ਬਿਨਾ ਜ਼ਮੀਨ ਨਹੀਂ ਬੀਜੀ ਜਾ ਸਕਦੀ,

ਸੂਤ ਬਿਨਾ ਕੈਸੇ ਮਣੀ ਪਰੋਈਐ ॥

ਸੂਤਰ ਤੋਂ ਬਿਨਾ ਮਣਕੇ ਪਰੋਏ ਨਹੀਂ ਜਾ ਸਕਦੇ।

ਘੁੰਡੀ ਬਿਨੁ ਕਿਆ ਗੰਠਿ ਚੜ੍ਹਾਈਐ ॥

ਘੁੰਡੀ ਤੋਂ ਬਿਨਾ ਗੰਢ ਨਹੀਂ ਪਾਈ ਜਾ ਸਕਦੀ;

ਸਾਧੂ ਬਿਨੁ ਤੈਸੇ ਅਬਗਤੁ ਜਾਈਐ ॥੨॥

ਤਿਵੇਂ ਹੀ ਗੁਰੂ ਦੀ ਸ਼ਰਨ ਤੋਂ ਬਿਨਾ ਮਨੁੱਖ ਭੈੜੇ ਹਾਲ ਹੀ ਜਾਂਦਾ ਹੈ ॥੨॥

ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ ॥

ਜਿਵੇਂ ਮਾਂ ਪਿਉ (ਦੇ ਮੇਲ) ਤੋਂ ਬਿਨਾ ਬਾਲ ਨਹੀਂ ਜੰਮਦਾ,

ਬਿੰਬ ਬਿਨਾ ਕੈਸੇ ਕਪਰੇ ਧੋਈ ॥

ਪਾਣੀ ਤੋਂ ਬਿਨਾ ਕੱਪੜੇ ਨਹੀਂ ਧੁਪਦੇ,

ਘੋਰ ਬਿਨਾ ਕੈਸੇ ਅਸਵਾਰ ॥

ਘੋੜੇ ਤੋਂ ਬਿਨਾ ਮਨੁੱਖ ਅਸਵਾਰ ਨਹੀਂ ਅਖਵਾ ਸਕਦਾ,

ਸਾਧੂ ਬਿਨੁ ਨਾਹੀ ਦਰਵਾਰ ॥੩॥

ਤਿਵੇਂ ਗੁਰੂ ਤੋਂ ਬਿਨਾ ਪ੍ਰਭੂ ਦੇ ਦਰ ਦੀ ਪ੍ਰਾਪਤੀ ਨਹੀਂ ਹੁੰਦੀ ॥੩॥

ਜੈਸੇ ਬਾਜੇ ਬਿਨੁ ਨਹੀ ਲੀਜੈ ਫੇਰੀ ॥

ਸਾਜ਼ਾਂ ਤੋਂ ਬਿਨਾ ਜਿਵੇਂ ਨਾਚ ਨਹੀਂ ਹੋ ਸਕਦਾ,

ਖਸਮਿ ਦੁਹਾਗਨਿ ਤਜਿ ਅਉਹੇਰੀ ॥

(ਤਿਵੇਂ ਖਸਮ ਤੋਂ ਬਿਨਾ ਇਸਤ੍ਰੀ ਸੁਹਾਗਣ ਨਹੀਂ ਹੋ ਸਕਦੀ) ਦੁਹਾਗਣ (ਭੈੜੇ ਸੁਭਾਉ ਵਾਲੀ ਇਸਤ੍ਰੀ) ਨੂੰ ਖਸਮ ਨੇ ਤਿਆਗ ਕੇ ਸਦਾ ਦੁਰਕਾਰ ਹੀ ਦਿੱਤਾ ਹੁੰਦਾ ਹੈ।

ਕਹੈ ਕਬੀਰੁ ਏਕੈ ਕਰਿ ਕਰਨਾ ॥

ਕਬੀਰ ਆਖਦਾ ਹੈ-ਇੱਕੋ ਹੀ ਕਰਨ-ਜੋਗ ਕੰਮ ਕਰ,

ਗੁਰਮੁਖਿ ਹੋਇ ਬਹੁਰਿ ਨਹੀ ਮਰਨਾ ॥੪॥੬॥੯॥

ਗੁਰੂ ਦੇ ਸਨਮੁਖ ਹੋ (ਤੇ ਨਾਮ ਸਿਮਰ) ਫਿਰ ਫਿਰ ਜੰਮਣਾ-ਮਰਨਾ ਨਹੀਂ ਪਏਗਾ ॥੪॥੬॥੯॥


Raag-Gond-Bani

ਗੋਂਡ ॥
ਕੂਟਨੁ ਸੋਇ ਜੁ ਮਨ ਕਉ ਕੂਟੈ ॥

(ਤੁਸੀ ‘ਕੂਟਨ’ ਠੱਗ ਨੂੰ ਆਖਦੇ ਹੋ, ਪਰ) ਕੂਟਨ ਉਹ ਭੀ ਹੈ ਜੋ ਆਪਣੇ ਮਨ ਨੂੰ ਮਾਰਦਾ ਹੈ,

ਮਨ ਕੂਟੈ ਤਉ ਜਮ ਤੇ ਛੂਟੈ ॥

ਤੇ ਜੋ ਮਨੁੱਖ ਆਪਣੇ ਮਨ ਨੂੰ ਮਾਰਦਾ ਹੈ ਉਹ ਜਮਾਂ ਤੋਂ ਬਚ ਜਾਂਦਾ ਹੈ।

ਕੁਟਿ ਕੁਟਿ ਮਨੁ ਕਸਵਟੀ ਲਾਵੈ ॥

ਜੋ ਮਨੁੱਖ ਮੁੜ ਮੁੜ ਮਨ ਨੂੰ ਮਾਰ ਕੇ (ਫਿਰ ਉਸ ਦੀ) ਜਾਂਚ-ਪੜਤਾਲ ਕਰਦਾ ਰਹਿੰਦਾ ਹੈ;

ਸੋ ਕੂਟਨੁ ਮੁਕਤਿ ਬਹੁ ਪਾਵੈ ॥੧॥

ਉਹ (ਆਪਣੇ ਮਨ ਨੂੰ ਕੁੱਟਣ ਵਾਲਾ) ‘ਕੂਟਨ’ ਮੁਕਤੀ ਹਾਸਲ ਕਰ ਲੈਂਦਾ ਹੈ ॥੧॥

ਕੂਟਨੁ ਕਿਸੈ ਕਹਹੁ ਸੰਸਾਰ ॥

ਹੇ ਜਗਤ ਦੇ ਲੋਕੋ! ਤੁਸੀ ‘ਕੂਟਨ’ ਕਿਸ ਨੂੰ ਆਖਦੇ ਹੋ?

ਸਗਲ ਬੋਲਨ ਕੇ ਮਾਹਿ ਬੀਚਾਰ ॥੧॥ ਰਹਾਉ ॥

ਸਭ ਲਫ਼ਜ਼ਾਂ ਦੇ ਵਖੋ-ਵਖ ਭਾਵ ਹੋ ਸਕਦੇ ਹਨ ॥੧॥ ਰਹਾਉ ॥

ਨਾਚਨੁ ਸੋਇ ਜੁ ਮਨ ਸਿਉ ਨਾਚੈ ॥

(ਤੁਸੀ ‘ਨਾਚਨ’ ਕੰਜਰ ਨੂੰ ਆਖਦੇ ਹੋ, ਪਰ ਸਾਡੇ ਖ਼ਿਆਲ ਅਨੁਸਾਰ) ‘ਨਾਚਨ’ ਉਹ ਹੈ ਜੋ (ਸਰੀਰ ਨਾਲ ਨਹੀਂ) ਮਨ ਨਾਲ ਨੱਚਦਾ ਹੈ,

ਝੂਠਿ ਨ ਪਤੀਐ ਪਰਚੈ ਸਾਚੈ ॥

ਝੂਠ ਵਿਚ ਨਹੀਂ ਪਰਚਦਾ, ਸੱਚ ਨਾਲ ਪਤੀਜਦਾ ਹੈ,

ਇਸੁ ਮਨ ਆਗੇ ਪੂਰੈ ਤਾਲ ॥

ਮਨ ਨੂੰ ਆਤਮਕ ਉਮਾਹ ਵਿਚ ਲਿਆਉਣ ਦੇ ਜਤਨ ਕਰਦਾ ਹੈ;

ਇਸੁ ਨਾਚਨ ਕੇ ਮਨ ਰਖਵਾਲ ॥੨॥

ਅਜਿਹੇ ‘ਨਾਚਨ’ ਦੇ ਮਨ ਦਾ ਰਾਖਾ (ਪ੍ਰਭੂ ਆਪ ਬਣਦਾ ਹੈ) ॥੨॥

ਬਜਾਰੀ ਸੋ ਜੁ ਬਜਾਰਹਿ ਸੋਧੈ ॥

(ਤੁਸੀ ‘ਬਜਾਰੀ’ ਮਸ਼ਕਰੇ ਨੂੰ ਆਖਦੇ ਹੋ, ਪਰ) ‘ਬਜਾਰੀ’ ਉਹ ਹੈ ਜੋ ਆਪਣੇ ਸਰੀਰ-ਰੂਪ ਬਜ਼ਾਰ ਨੂੰ ਪੜਤਾਲਦਾ ਹੈ,

ਪਾਂਚ ਪਲੀਤਹ ਕਉ ਪਰਬੋਧੈ ॥

ਪੰਜਾਂ ਹੀ ਵਿਗੜੇ ਹੋਏ ਗਿਆਨ-ਇੰਦ੍ਰਿਆਂ ਨੂੰ ਜਗਾਉਂਦਾ ਹੈ,

ਨਉ ਨਾਇਕ ਕੀ ਭਗਤਿ ਪਛਾਨੈ ॥

ਨੌ ਖੰਡ ਧਰਤੀ ਦੇ ਮਾਲਕ-ਪ੍ਰਭੂ ਦੀ ਬੰਦਗੀ ਕਰਨ ਦੀ ਜਾਚ ਸਿੱਖਦਾ ਹੈ;

ਸੋ ਬਾਜਾਰੀ ਹਮ ਗੁਰ ਮਾਨੇ ॥੩॥

ਅਸੀਂ ਅਜਿਹੇ ‘ਬਜਾਰੀ’ ਨੂੰ ਵੱਡਾ (ਸ੍ਰੇਸ਼ਟ) ਮਨੁੱਖ ਮੰਨਦੇ ਹਾਂ ॥੩॥

ਤਸਕਰੁ ਸੋਇ ਜਿ ਤਾਤਿ ਨ ਕਰੈ ॥

(ਤੁਸੀ ‘ਤਸਕਰ’ ਚੋਰ ਨੂੰ ਆਖਦੇ ਹੋ, ਪਰ) ‘ਤਸਕਰ’ ਉਹ ਹੈ ਜੋ ਤਾਤਿ (ਈਰਖਾ ਨੂੰ ਆਪਣੇ ਮਨ ਵਿਚੋਂ ਚੁਰਾ ਲੈ ਜਾਂਦਾ ਹੈ) ਨਹੀਂ ਕਰਦਾ,

ਇੰਦ੍ਰੀ ਕੈ ਜਤਨਿ ਨਾਮੁ ਉਚਰੈ ॥

ਜੋ ਇੰਦ੍ਰਿਆਂ ਨੂੰ ਵੱਸ ਵਿਚ ਕਰ ਕੇ ਪ੍ਰਭੂ ਦਾ ਨਾਮ ਸਿਮਰਦਾ ਹੈ।

ਕਹੁ ਕਬੀਰ ਹਮ ਐਸੇ ਲਖਨ ॥

ਕਬੀਰ ਆਖਦਾ ਹੈ- ਜਿਸ ਦੀ ਬਰਕਤ ਨਾਲ ਮੈਂ ਇਹ ਲੱਛਣ (ਗੁਣ) ਪ੍ਰਾਪਤ ਕੀਤੇ ਹਨ,

ਧੰਨੁ ਗੁਰਦੇਵ ਅਤਿ ਰੂਪ ਬਿਚਖਨ ॥੪॥੭॥੧੦॥

ਮੇਰਾ ਉਹ ਗੁਰੂ, ਸੁਹਣਾ ਸਿਆਣਾ ਤੇ ਧੰਨਤਾ-ਜੋਗ ਹੈ ॥੪॥੭॥੧੦॥


Raag-Gond-Bani

ਗੋਂਡ ॥
ਧੰਨੁ ਗੁਪਾਲ ਧੰਨੁ ਗੁਰਦੇਵ ॥

ਸੋ, ਧੰਨ ਹੈ ਧਰਤੀ ਦਾ ਪਾਲਣ ਵਾਲਾ ਪ੍ਰਭੂ (ਜੋ ਅੰਨ ਪੈਦਾ ਕਰਦਾ ਹੈ), ਧੰਨ ਹੈ ਸਤਿਗੁਰੂ (ਜੋ ਐਸੇ ਪ੍ਰਭੂ ਦੀ ਸੂਝ ਬਖ਼ਸ਼ਦਾ ਹੈ),

ਧੰਨੁ ਅਨਾਦਿ ਭੂਖੇ ਕਵਲੁ ਟਹਕੇਵ ॥

ਤੇ ਧੰਨ ਹੈ ਅੰਨ ਜਿਸ ਨਾਲ ਭੁੱਖੇ ਮਨੁੱਖ ਦਾ ਹਿਰਦਾ (ਫੁੱਲ ਵਾਂਗ) ਟਹਿਕ ਪੈਂਦਾ ਹੈ।

ਧਨੁ ਓਇ ਸੰਤ ਜਿਨ ਐਸੀ ਜਾਨੀ ॥

ਉਹ ਸੰਤ ਭੀ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਇਹ ਸਮਝ ਆਈ ਹੈ (ਕਿ ਅੰਨ ਨਿੰਦਣ-ਜੋਗ ਨਹੀਂ ਹੈ)

ਤਿਨ ਕਉ ਮਿਲਿਬੋ ਸਾਰਿੰਗਪਾਨੀ ॥੧॥

(ਤੇ ਅੰਨ ਖਾ ਕੇ ਪ੍ਰਭੂ ਨੂੰ ਸਿਮਰਦੇ ਹਨ), ਉਹਨਾਂ ਨੂੰ ਪਰਮਾਤਮਾ ਮਿਲਦਾ ਹੈ ॥੧॥

ਆਦਿ ਪੁਰਖ ਤੇ ਹੋਇ ਅਨਾਦਿ ॥

(ਹੇ ਭਾਈ!) ਅੰਨ (ਜਿਸ ਨੂੰ ਤਿਆਗਣ ਵਿਚ ਤੁਸੀ ਭਗਤੀ ਸਮਝਦੇ ਹੋ) ਪਰਮਾਤਮਾ ਤੋਂ ਹੀ ਪੈਦਾ ਹੁੰਦਾ ਹੈ,

ਜਪੀਐ ਨਾਮੁ ਅੰਨ ਕੈ ਸਾਦਿ ॥੧॥ ਰਹਾਉ ॥

ਤੇ ਪਰਮਾਤਮਾ ਦਾ ਨਾਮ ਭੀ ਅੰਨ ਖਾਧਿਆਂ ਹੀ ਜਪਿਆ ਜਾ ਸਕਦਾ ਹੈ ॥੧॥ ਰਹਾਉ ॥

ਜਪੀਐ ਨਾਮੁ ਜਪੀਐ ਅੰਨੁ ॥

(ਤਾਂ ਤੇ) ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ ਤੇ ਅੰਨ ਨੂੰ ਭੀ ਪਿਆਰ ਕਰਨਾ ਚਾਹੀਦਾ ਹੈ (ਭਾਵ, ਅੰਨ ਤੋਂ ਤਰਕ ਕਰਨ ਦੇ ਥਾਂ ਅੰਨ ਨੂੰ ਇਉਂ ਸਹਿਜੇ ਸਹਿਜੇ ਪ੍ਰੀਤ ਨਾਲ ਛਕੋ ਜਿਵੇਂ ਅਡੋਲ ਹੋ ਕੇ ਪਿਆਰ ਨਾਲ ਨਾਮ ਸਿਮਰਨਾ ਹੈ)।

ਅੰਭੈ ਕੈ ਸੰਗਿ ਨੀਕਾ ਵੰਨੁ ॥

(ਵੇਖੋ, ਜਿਸ ਪਾਣੀ ਨੂੰ ਰੋਜ਼ ਵਰਤਦੇ ਹੋ, ਉਸੇ) ਪਾਣੀ ਦੀ ਸੰਗਤ ਨਾਲ ਇਸ ਅੰਨ ਦਾ ਕੇਹਾ ਸੁਹਣਾ ਰੰਗ ਨਿਕਲਦਾ ਹੈ! (ਜੇ ਪਾਣੀ ਵਰਤਣ ਵਿਚ ਪਾਪ ਨਹੀਂ ਤਾਂ ਅੰਨ ਤੋਂ ਨਫ਼ਰਤ ਕਿਉਂ?)।

ਅੰਨੈ ਬਾਹਰਿ ਜੋ ਨਰ ਹੋਵਹਿ ॥

ਜੋ ਮਨੁੱਖ ਅੰਨ ਤੋਂ ਤਰਕ ਕਰਦੇ ਹਨ,

ਤੀਨਿ ਭਵਨ ਮਹਿ ਅਪਨੀ ਖੋਵਹਿ ॥੨॥

ਉਹ ਸਭ ਥਾਂ ਆਪਣੀ ਇੱਜ਼ਤ ਗਵਾਉਂਦੇ ਹਨ (ਭਾਵ, ਅੰਨ ਦਾ ਤਿਆਗ ਕੋਈ ਐਸਾ ਕੰਮ ਨਹੀਂ ਜਿਸ ਨੂੰ ਦੁਨੀਆ ਪਸੰਦ ਕਰੇ) ॥੨॥

ਛੋਡਹਿ ਅੰਨੁ ਕਰਹਿ ਪਾਖੰਡ ॥

ਜੋ ਲੋਕ ਅੰਨ ਛੱਡ ਦੇਂਦੇ ਹਨ ਤੇ (ਇਹ) ਪਖੰਡ ਕਰਦੇ ਹਨ,

ਨਾ ਸੋਹਾਗਨਿ ਨਾ ਓਹਿ ਰੰਡ ॥

ਉਹ (ਉਹਨਾਂ ਕੁਚੱਜੀਆਂ ਜ਼ਨਾਨੀਆਂ ਵਾਂਗ ਹਨ ਜੋ) ਨਾਹ ਸੋਹਾਗਣਾਂ ਹਨ ਨਾਹ ਰੰਡੀਆਂ।

ਜਗ ਮਹਿ ਬਕਤੇ ਦੂਧਾਧਾਰੀ ॥

(ਅੰਨ ਛੱਡਣ ਵਾਲੇ ਸਾਧੂ,) ਲੋਕਾਂ ਵਿਚ ਆਖਦੇ ਫਿਰਦੇ ਹਨ, ਅਸੀਂ ਨਿਰਾ ਦੁੱਧ ਪੀ ਕੇ ਹੀ ਨਿਰਬਾਹ ਕਰਦੇ ਹਾਂ,

ਗੁਪਤੀ ਖਾਵਹਿ ਵਟਿਕਾ ਸਾਰੀ ॥੩॥

ਪਰ ਚੋਰੀ ਚੋਰੀ ਸਾਰੀ ਦੀ ਸਾਰੀ ਪਿੰਨੀ ਖਾਂਦੇ ਹਨ ॥੩॥

ਅੰਨੈ ਬਿਨਾ ਨ ਹੋਇ ਸੁਕਾਲੁ ॥

ਅੰਨ ਤੋਂ ਬਗ਼ੈਰ ਸੁਕਾਲ ਨਹੀਂ ਹੋ ਸਕਦਾ,

ਤਜਿਐ ਅੰਨਿ ਨ ਮਿਲੈ ਗੁਪਾਲੁ ॥

ਅੰਨ ਛੱਡਿਆਂ ਰੱਬ ਨਹੀਂ ਮਿਲਦਾ।

ਕਹੁ ਕਬੀਰ ਹਮ ਐਸੇ ਜਾਨਿਆ ॥

ਕਬੀਰ ਆਖਦਾ ਹੈ- ਸਾਨੂੰ ਇਹ ਨਿਸ਼ਚਾ ਹੈ,

ਧੰਨੁ ਅਨਾਦਿ ਠਾਕੁਰ ਮਨੁ ਮਾਨਿਆ ॥੪॥੮॥੧੧॥

ਕਿ ਅੰਨ ਬੜਾ ਸੁੰਦਰ ਪਦਾਰਥ ਹੈ ਜਿਸ ਨੂੰ ਖਾਧਿਆਂ (ਸਿਮਰਨ ਕਰ ਕੇ) ਸਾਡਾ ਮਨ ਪਰਮਾਤਮਾ ਨਾਲ ਜੁੜਦਾ ਹੈ ॥੪॥੮॥੧੧॥


Raag-Gond-Bani

ਰਾਗੁ ਗੋਂਡ ਬਾਣੀ ਨਾਮਦੇਉ ਜੀ ਕੀ ਘਰੁ ੧ ॥

ਰਾਗ ਗੋਂਡ, ਘਰ ੧ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਅਸੁਮੇਧ ਜਗਨੇ ॥

ਜੇ ਕੋਈ ਮਨੁੱਖ ਅਸਮੇਧ ਜੱਗ ਕਰੇ,

ਤੁਲਾ ਪੁਰਖ ਦਾਨੇ ॥

ਆਪਣੇ ਨਾਲ ਸਾਵਾਂ ਤੋਲ ਕੇ (ਸੋਨਾ ਚਾਂਦੀ ਆਦਿਕ) ਦਾਨ ਕਰੇ,

ਪ੍ਰਾਗ ਇਸਨਾਨੇ ॥੧॥

ਅਤੇ ਪ੍ਰਾਗ ਆਦਿਕ ਤੀਰਥਾਂ ਤੇ ਇਸ਼ਨਾਨ ਕਰੇ ॥੧॥

ਤਉ ਨ ਪੁਜਹਿ ਹਰਿ ਕੀਰਤਿ ਨਾਮਾ ॥

ਤਾਂ ਭੀ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ, ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ, ਬਰਾਬਰੀ ਨਹੀਂ ਕਰ ਸਕਦੇ।

ਅਪੁਨੇ ਰਾਮਹਿ ਭਜੁ ਰੇ ਮਨ ਆਲਸੀਆ ॥੧॥ ਰਹਾਉ ॥

ਸੋ, ਹੇ ਮੇਰੇ ਆਲਸੀ ਮਨ! ਆਪਣੇ ਪਿਆਰੇ ਪ੍ਰਭੂ ਨੂੰ ਸਿਮਰ ॥੧॥ ਰਹਾਉ ॥

ਗਇਆ ਪਿੰਡੁ ਭਰਤਾ ॥

ਜੇ ਮਨੁੱਖ ਗਇਆ ਤੀਰਥ ਤੇ ਜਾ ਕੇ ਪਿਤਰਾਂ ਨਿਮਿੱਤ ਪਿੰਡ ਭਰਾਏ,

ਬਨਾਰਸਿ ਅਸਿ ਬਸਤਾ ॥

ਜੇ ਕਾਂਸ਼ੀ ਦੇ ਨਾਲ ਵਗਦੀ ਅਸਿ ਨਦੀ ਦੇ ਕੰਢੇ ਰਹਿੰਦਾ ਹੋਵੇ,

ਮੁਖਿ ਬੇਦ ਚਤੁਰ ਪੜਤਾ ॥੨॥

ਜੇ ਮੂੰਹੋਂ ਚਾਰੇ ਵੇਦ (ਜ਼ਬਾਨੀ) ਪੜ੍ਹਦਾ ਹੋਵੇ ॥੨॥

ਸਗਲ ਧਰਮ ਅਛਿਤਾ ॥

ਜੇ ਮਨੁੱਖ ਸਾਰੇ ਕਰਮ ਧਰਮ ਕਰਦਾ ਹੋਵੇ,

ਗੁਰ ਗਿਆਨ ਇੰਦ੍ਰੀ ਦ੍ਰਿੜਤਾ ॥

ਆਪਣੇ ਗੁਰੂ ਦੀ ਸਿੱਖਿਆ ਲੈ ਕੇ ਇੰਦ੍ਰੀਆਂ ਨੂੰ ਕਾਬੂ ਵਿਚ ਰੱਖਦਾ ਹੋਵੇ,

ਖਟੁ ਕਰਮ ਸਹਿਤ ਰਹਤਾ ॥੩॥

ਜੇ ਬ੍ਰਾਹਮਣਾਂ ਵਾਲੇ ਛੇ ਹੀ ਕਰਮ ਸਦਾ ਕਰਦਾ ਰਹੇ ॥੩॥

ਸਿਵਾ ਸਕਤਿ ਸੰਬਾਦੰ ॥

ਰਾਮਾਇਣ (ਆਦਿਕ) ਦਾ ਪਾਠ-

ਮਨ ਛੋਡਿ ਛੋਡਿ ਸਗਲ ਭੇਦੰ ॥

ਹੇ ਮੇਰੇ ਮਨ! ਇਹ ਸਾਰੇ ਕਰਮ ਛੱਡ ਦੇਹ, ਛੱਡ ਦੇਹ, ਇਹ ਸਭ ਪ੍ਰਭੂ ਨਾਲੋਂ ਵਿੱਥ ਪਾਣ ਵਾਲੇ ਹੀ ਹਨ।

ਸਿਮਰਿ ਸਿਮਰਿ ਗੋਬਿੰਦੰ ॥

ਹੇ ਨਾਮਦੇਵ! ਗੋਬਿੰਦ ਦਾ ਭਜਨ ਕਰ, (ਪ੍ਰਭੂ ਦਾ) ਨਾਮ ਸਿਮਰ,

ਭਜੁ ਨਾਮਾ ਤਰਸਿ ਭਵ ਸਿੰਧੰ ॥੪॥੧॥

(ਨਾਮ ਸਿਮਰਿਆਂ ਹੀ) ਸੰਸਾਰ-ਸਮੁੰਦਰ ਤੋਂ ਪਾਰ ਲੰਘੇਂਗਾ ॥੪॥੧॥


ਗੋਂਡ ॥
ਨਾਦ ਭ੍ਰਮੇ ਜੈਸੇ ਮਿਰਗਾਏ ॥

ਜਿਵੇਂ ਹਰਨ (ਆਪਣਾ ਆਪ ਭੁਲਾ ਕੇ) ਨਾਦ ਦੇ ਪਿੱਛੇ ਦੌੜਦਾ ਹੈ,

ਪ੍ਰਾਨ ਤਜੇ ਵਾ ਕੋ ਧਿਆਨੁ ਨ ਜਾਏ ॥੧॥

ਜਿੰਦ ਦੇ ਦੇਂਦਾ ਹੈ ਪਰ ਉਸ ਨੂੰ ਉਸ ਨਾਦ ਦਾ ਧਿਆਨ ਨਹੀਂ ਵਿੱਸਰਦਾ ॥੧॥

ਐਸੇ ਰਾਮਾ ਐਸੇ ਹੇਰਉ ॥

ਮੈਂ ਭੀ ਪ੍ਰਭੂ ਨੂੰ ਇਉਂ ਹੀ ਤੱਕਦਾ ਹਾਂ।

ਰਾਮੁ ਛੋਡਿ ਚਿਤੁ ਅਨਤ ਨ ਫੇਰਉ ॥੧॥ ਰਹਾਉ ॥

ਮੈਂ ਆਪਣੇ ਪਿਆਰੇ ਪ੍ਰਭੂ ਦੀ ਯਾਦ ਛੱਡ ਕੇ ਕਿਸੇ ਹੋਰ ਪਾਸੇ ਵਲ ਆਪਣੇ ਚਿੱਤ ਨੂੰ ਨਹੀਂ ਜਾਣ ਦੇਂਦਾ ॥੧॥ ਰਹਾਉ ॥

ਜਿਉ ਮੀਨਾ ਹੇਰੈ ਪਸੂਆਰਾ ॥

ਜਿਵੇਂ ਮਾਹੀਗੀਰ ਮੱਛੀਆਂ ਵਲ ਤੱਕਦਾ ਹੈ,

ਸੋਨਾ ਗਢਤੇ ਹਿਰੈ ਸੁਨਾਰਾ ॥੨॥

ਜਿਵੇਂ ਸੋਨਾ ਘੜਦਿਆਂ ਸੁਨਿਆਰਾ (ਸੋਨੇ ਵਲ ਗਹੁ ਨਾਲ) ਤੱਕਦਾ ਹੈ ॥੨॥

ਜਿਉ ਬਿਖਈ ਹੇਰੈ ਪਰ ਨਾਰੀ ॥

ਜਿਵੇਂ ਵਿਸ਼ਈ ਮਨੁੱਖ ਪਰਾਈ ਨਾਰ ਵਲ ਤੱਕਦਾ ਹੈ,

ਕਉਡਾ ਡਾਰਤ ਹਿਰੈ ਜੁਆਰੀ ॥੩॥

ਜਿਵੇਂ (ਜੂਆ ਖੇਡਣ ਲੱਗਾ) ਜੁਆਰੀਆ ਕਉਡਾਂ ਸੁੱਟ ਕੇ ਗਹੁ ਨਾਲ ਤੱਕਦਾ ਹੈ (ਕਿ ਕੀਹ ਦਾਉ ਪਿਆ ਹੈ) ॥੩॥

ਜਹ ਜਹ ਦੇਖਉ ਤਹ ਤਹ ਰਾਮਾ ॥

ਮੈਂ ਭੀ ਜਿੱਧਰ ਤੱਕਦਾ ਹਾਂ ਪ੍ਰਭੂ ਨੂੰ ਹੀ ਵੇਖਦਾ ਹਾਂ (ਮੇਰੀ ਸੁਰਤ ਸਦਾ ਪ੍ਰਭੂ ਵਿਚ ਹੀ ਰਹਿੰਦੀ ਹੈ)।

ਹਰਿ ਕੇ ਚਰਨ ਨਿਤ ਧਿਆਵੈ ਨਾਮਾ ॥੪॥੨॥

ਮੈਂ ਨਾਮਦੇਵ (ਇਹਨਾਂ ਵਾਂਗ) ਸਦਾ ਆਪਣੇ ਪ੍ਰਭੂ ਨੂੰ ਸਿਮਰਦਾ ਹਾਂ ॥੪॥੨॥


ਗੋਂਡ ॥
ਮੋ ਕਉ ਤਾਰਿ ਲੇ ਰਾਮਾ ਤਾਰਿ ਲੇ ॥

ਹੇ ਮੇਰੇ ਰਾਮ! ਮੈਨੂੰ (ਸੰਸਾਰ-ਸਮੁੰਦਰ ਤੋਂ) ਤਾਰ ਲੈ, ਬਚਾ ਲੈ।

ਮੈ ਅਜਾਨੁ ਜਨੁ ਤਰਿਬੇ ਨ ਜਾਨਉ ਬਾਪ ਬੀਠੁਲਾ ਬਾਹ ਦੇ ॥੧॥ ਰਹਾਉ ॥

ਹੇ ਮੇਰੇ ਪਿਤਾ ਪ੍ਰਭੂ! ਮੈਨੂੰ ਆਪਣੀ ਬਾਂਹ ਫੜਾ, ਮੈਂ ਤੇਰਾ ਅੰਞਾਣ ਸੇਵਕ ਹਾਂ, ਮੈਂ ਤਰਨਾ ਨਹੀਂ ਜਾਣਦਾ ॥੧॥ ਰਹਾਉ ॥

ਨਰ ਤੇ ਸੁਰ ਹੋਇ ਜਾਤ ਨਿਮਖ ਮੈ ਸਤਿਗੁਰ ਬੁਧਿ ਸਿਖਲਾਈ ॥

(ਹੇ ਬੀਠੁਲ ਪਿਤਾ! ਮੈਨੂੰ ਭੀ ਗੁਰੂ ਮਿਲਾ) ਗੁਰੂ ਤੋਂ ਮਿਲੀ ਮੱਤ ਦੀ ਬਰਕਤ ਨਾਲ ਅੱਖ ਦੇ ਫੋਰ ਵਿਚ ਮਨੁੱਖਾਂ ਤੋਂ ਦੇਵਤੇ ਬਣ ਜਾਈਦਾ ਹੈ,

ਨਰ ਤੇ ਉਪਜਿ ਸੁਰਗ ਕਉ ਜੀਤਿਓ ਸੋ ਅਵਖਧ ਮੈ ਪਾਈ ॥੧॥

ਹੇ ਪਿਤਾ! (ਮਿਹਰ ਕਰ) ਮੈਂ ਭੀ ਉਹ ਦਵਾਈ ਹਾਸਲ ਕਰ ਲਵਾਂ ਜਿਸ ਨਾਲ ਮਨੁੱਖਾਂ ਤੋਂ ਜੰਮ ਕੇ (ਭਾਵ, ਮਨੁੱਖ-ਜਾਤੀ ਵਿਚੋਂ ਹੋ ਕੇ) ਸੁਰਗ ਨੂੰ ਜਿੱਤਿਆ ਜਾ ਸਕਦਾ ਹੈ (ਭਾਵ, ਸੁਰਗ ਦੀ ਭੀ ਪਰਵਾਹ ਨਹੀਂ ਰਹਿੰਦੀ) ॥੧॥

ਜਹਾ ਜਹਾ ਧੂਅ ਨਾਰਦੁ ਟੇਕੇ ਨੈਕੁ ਟਿਕਾਵਹੁ ਮੋਹਿ ॥

ਹੇ ਮੇਰੇ ਰਾਮ! ਤੂੰ ਜਿਸ ਜਿਸ ਆਤਮਕ ਟਿਕਾਣੇ ਧ੍ਰੂ ਤੇ ਨਾਰਦ (ਵਰਗੇ ਭਗਤਾਂ) ਨੂੰ ਅਪੜਾਇਆ ਹੈ, ਮੈਨੂੰ ਸਦਾ ਲਈ ਅਪੜਾ ਦੇਹ,

ਤੇਰੇ ਨਾਮ ਅਵਿਲੰਬਿ ਬਹੁਤੁ ਜਨ ਉਧਰੇ ਨਾਮੇ ਕੀ ਨਿਜ ਮਤਿ ਏਹ ॥੨॥੩॥

ਮੇਰਾ ਨਾਮਦੇਵ ਦਾ ਇਹ ਪੱਕਾ ਨਿਸ਼ਚਾ ਹੈ ਕਿ ਤੇਰੇ ਨਾਮ ਦੇ ਆਸਰੇ ਬੇਅੰਤ ਜੀਵ (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਬਚ ਨਿਕਲਦੇ ਹਨ। ਭਾਵ: ਪ੍ਰਭੂ ਤੋਂ ਨਾਮ ਸਿਮਰਨ ਦੀ ਮੰਗ। ਨਾਮ ਦੀ ਬਰਕਤ ਨਾਲ ਸੁਰਗ ਦੀ ਭੀ ਲਾਲਸਾ ਨਹੀਂ ਰਹਿੰਦੀ ॥੨॥੩॥


Raag-Gond-Bani

ਗੋਂਡ ॥
ਮੋਹਿ ਲਾਗਤੀ ਤਾਲਾਬੇਲੀ ॥

ਮੈਨੂੰ (ਪ੍ਰਭੂ ਤੋਂ ਵਿਛੁੜ ਕੇ) ਤੜਫਣੀ ਲੱਗਦੀ ਹੈ,

ਬਛਰੇ ਬਿਨੁ ਗਾਇ ਅਕੇਲੀ ॥੧॥

ਜਿਵੇਂ ਵੱਛੇ ਤੋਂ ਵਿੱਛੜ ਕੇ ਇਕੱਲੀ ਗਾਂ (ਘਾਬਰਦੀ ਹੈ) ॥੧॥

ਪਾਨੀਆ ਬਿਨੁ ਮੀਨੁ ਤਲਫੈ ॥

ਜਿਵੇਂ ਪਾਣੀ ਤੋਂ ਬਿਨਾ ਮੱਛੀ ਫੜਫਦੀ ਹੈ,

ਐਸੇ ਰਾਮ ਨਾਮਾ ਬਿਨੁ ਬਾਪੁਰੋ ਨਾਮਾ ॥੧॥ ਰਹਾਉ ॥

ਤਿਵੇਂ ਮੈਂ ਨਾਮਦੇਵ ਪ੍ਰਭੂ ਦੇ ਨਾਮ ਤੋਂ ਬਿਨਾ ਘਾਬਰਦਾ ਹਾਂ ॥੧॥ ਰਹਾਉ ॥

ਜੈਸੇ ਗਾਇ ਕਾ ਬਾਛਾ ਛੂਟਲਾ ॥

ਜਿਵੇਂ (ਜਦੋਂ) ਗਾਂ ਦਾ ਵੱਛਾ ਕਿੱਲੇ ਨਾਲੋਂ ਖੁਲ੍ਹਦਾ ਹੈ,

ਥਨ ਚੋਖਤਾ ਮਾਖਨੁ ਘੂਟਲਾ ॥੨॥

ਤਾਂ (ਗਾਂ ਦੇ) ਥਣ ਚੁੰਘਦਾ ਹੈ, ਤੇ ਮੱਖਣ ਦੇ ਘੁੱਟ ਭਰਦਾ ਹੈ ॥੨॥

ਨਾਮਦੇਉ ਨਾਰਾਇਨੁ ਪਾਇਆ ॥

ਤਿਵੇਂ ਮੈਨੂੰ ਨਾਮਦੇਵ ਨੂੰ ਮੈਨੂੰ ਰੱਬ ਮਿਲ ਪਿਆ,

ਗੁਰੁ ਭੇਟਤ ਅਲਖੁ ਲਖਾਇਆ ॥੩॥

ਮੈਨੂੰ ਅਲੱਖ ਪ੍ਰਭੂ ਦੀ ਸੂਝ ਪੈ ਗਈ, ਜਦੋਂ ਸਤਿਗੁਰੂ ਮਿਲਿਆ ॥੩॥

ਜੈਸੇ ਬਿਖੈ ਹੇਤ ਪਰ ਨਾਰੀ ॥

ਜਿਵੇਂ (ਵਿਸ਼ਈ ਨੂੰ) ਵਿਸ਼ੇ ਵਾਸਤੇ ਪਰਾਈ ਨਾਰ ਨਾਲ ਪਿਆਰ ਹੁੰਦਾ ਹੈ,

ਐਸੇ ਨਾਮੇ ਪ੍ਰੀਤਿ ਮੁਰਾਰੀ ॥੪॥

ਮੈਨੂੰ ਨਾਮੇ ਨੂੰ ਪ੍ਰਭੂ ਨਾਲ ਪਿਆਰ ਹੈ ॥੪॥

ਜੈਸੇ ਤਾਪਤੇ ਨਿਰਮਲ ਘਾਮਾ ॥

ਜਿਵੇਂ ਚਮਕਦੀ ਧੁੱਪ ਵਿਚ (ਜੀਵ-ਜੰਤ) ਤਪਦੇ-ਲੁੱਛਦੇ ਹਨ,

ਤੈਸੇ ਰਾਮ ਨਾਮਾ ਬਿਨੁ ਬਾਪੁਰੋ ਨਾਮਾ ॥੫॥੪॥

ਪ੍ਰਭੂ ਦੇ ਨਾਮ ਤੋਂ ਵਿੱਛੜ ਕੇ ਮੈਂ ਨਾਮਦੇਵ ਇਉਂ ਘਾਬਰਦਾ ਹਾਂ। ਭਾਵ: ਪ੍ਰੀਤ ਦਾ ਸਰੂਪ-ਵਿਛੋੜਾ ਅਸਹਿ ਹੁੰਦਾ ਹੈ ॥੫॥੪॥


Raag-Gond-Bani

ਰਾਗੁ ਗੋਂਡ ਬਾਣੀ ਨਾਮਦੇਉ ਜੀਉ ਕੀ ਘਰੁ ੨ ॥

ਰਾਗ ਗੋਂਡ, ਘਰ ੨ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਹਰਿ ਹਰਿ ਕਰਤ ਮਿਟੇ ਸਭਿ ਭਰਮਾ ॥

ਹਰਿ-ਨਾਮ ਸਿਮਰਿਆਂ ਸਭ ਭਟਕਣਾਂ ਦੂਰ ਹੋ ਜਾਂਦੀਆਂ ਹਨ;

ਹਰਿ ਕੋ ਨਾਮੁ ਲੈ ਊਤਮ ਧਰਮਾ ॥

ਹੇ ਭਾਈ! ਨਾਮ ਸਿਮਰ, ਇਹੀ ਹੈ ਸਭ ਤੋਂ ਚੰਗਾ ਧਰਮ।

ਹਰਿ ਹਰਿ ਕਰਤ ਜਾਤਿ ਕੁਲ ਹਰੀ ॥

ਨਾਮ ਸਿਮਰਿਆਂ (ਨੀਵੀਂ ਉੱਚੀ) ਜਾਤ ਕੁਲ ਦਾ ਵਿਤਕਰਾ ਦੂਰ ਹੋ ਜਾਂਦਾ ਹੈ।

ਸੋ ਹਰਿ ਅੰਧੁਲੇ ਕੀ ਲਾਕਰੀ ॥੧॥

ਉਹ ਹਰਿ-ਨਾਮ ਹੀ ਮੈਂ ਅੰਨ੍ਹੇ ਦਾ ਆਸਰਾ ਹੈ ॥੧॥

ਹਰਏ ਨਮਸਤੇ ਹਰਏ ਨਮਹ ॥

ਮੇਰੀ ਉਸ ਪਰਮਾਤਮਾ ਨੂੰ ਨਮਸਕਾਰ ਹੈ,

ਹਰਿ ਹਰਿ ਕਰਤ ਨਹੀ ਦੁਖੁ ਜਮਹ ॥੧॥ ਰਹਾਉ ॥

ਜਿਸ ਦਾ ਸਿਮਰਨ ਕੀਤਿਆਂ ਜਮਾਂ ਦਾ ਦੁੱਖ ਨਹੀਂ ਰਹਿੰਦਾ ॥੧॥ ਰਹਾਉ ॥

ਹਰਿ ਹਰਨਾਖਸ ਹਰੇ ਪਰਾਨ ॥

ਪ੍ਰਭੂ ਨੇ ਹਰਨਾਖਸ਼ (ਦੈਂਤ) ਨੂੰ ਮਾਰਿਆ,

ਅਜੈਮਲ ਕੀਓ ਬੈਕੁੰਠਹਿ ਥਾਨ ॥

ਅਜਾਮਲ ਪਾਪੀ ਨੂੰ ਬੈਕੁੰਠ ਵਿਚ ਥਾਂ ਦਿੱਤੀ।

ਸੂਆ ਪੜਾਵਤ ਗਨਿਕਾ ਤਰੀ ॥

ਉਸ ਹਰੀ ਦਾ ਨਾਮ ਤੋਤੇ ਨੂੰ ਪੜ੍ਹਾਉਂਦਿਆਂ ਵੇਸਵਾ ਭੀ ਵਿਕਾਰਾਂ ਵਲੋਂ ਹਟ ਗਈ;

ਸੋ ਹਰਿ ਨੈਨਹੁ ਕੀ ਪੂਤਰੀ ॥੨॥

ਉਹੀ ਪ੍ਰਭੂ ਮੇਰੀਆਂ ਅੱਖਾਂ ਦੀ ਪੁਤਲੀ ਹੈ ॥੨॥

ਹਰਿ ਹਰਿ ਕਰਤ ਪੂਤਨਾ ਤਰੀ ॥

ਪੂਤਨਾ ਦਾਈ ਭੀ ਤਰ ਗਈ, ਜਦੋਂ ਉਸ ਨੇ ਹਰਿ-ਨਾਮ ਸਿਮਰਿਆ;

ਬਾਲ ਘਾਤਨੀ ਕਪਟਹਿ ਭਰੀ ॥

ਬਾਲਾਂ ਨੂੰ ਮਾਰਨ ਵਾਲੀ ਅਤੇ ਕਪਟ ਨਾਲ ਭਰੀ ਹੋਈ (ਉਸ ਪੂਤਨਾ ਦਾ ਉਧਾਰ ਹੋ ਗਿਆ)।

ਸਿਮਰਨ ਦ੍ਰੋਪਦ ਸੁਤ ਉਧਰੀ ॥

ਸਿਮਰਨ ਦੀ ਬਰਕਤ ਨਾਲ ਹੀ ਦ੍ਰੋਪਤੀ (ਨਿਰਾਦਰੀ ਤੋਂ) ਬਚੀ ਸੀ,

ਗਊਤਮ ਸਤੀ ਸਿਲਾ ਨਿਸਤਰੀ ॥੩॥

ਤੇ, ਗੌਤਮ ਦੀ ਨੇਕ ਇਸਤ੍ਰੀ ਦਾ ਪਾਰ-ਉਤਾਰਾ ਹੋਇਆ ਸੀ, ਜੋ (ਗੌਤਮ ਦੇ ਸ੍ਰਾਪ ਨਾਲ) ਸਿਲਾ ਬਣ ਗਈ ਸੀ ॥੩॥

ਕੇਸੀ ਕੰਸ ਮਥਨੁ ਜਿਨਿ ਕੀਆ ॥

ਉਸੇ ਪ੍ਰਭੂ ਨੇ ਕੇਸੀ ਤੇ ਕੰਸ ਦਾ ਨਾਸ ਕੀਤਾ ਸੀ,

ਜੀਅ ਦਾਨੁ ਕਾਲੀ ਕਉ ਦੀਆ ॥

ਤੇ ਕਾਲੀ ਨਾਗ ਦੀ ਜਿੰਦ-ਬਖ਼ਸ਼ੀ ਕੀਤੀ ਸੀ।

ਪ੍ਰਣਵੈ ਨਾਮਾ ਐਸੋ ਹਰੀ ॥

ਨਾਮਦੇਵ ਬੇਨਤੀ ਕਰਦਾ ਹੈ-ਪ੍ਰਭੂ ਐਸਾ (ਬਖ਼ਸ਼ੰਦ) ਹੈ,

ਜਾਸੁ ਜਪਤ ਭੈ ਅਪਦਾ ਟਰੀ ॥੪॥੧॥੫॥

ਕਿ ਉਸ ਦਾ ਨਾਮ ਸਿਮਰਿਆਂ ਸਭ ਡਰ ਤੇ ਮੁਸੀਬਤਾਂ ਟਲ ਜਾਂਦੀਆਂ ਹਨ ॥੪॥੧॥੫॥


Raag-Gond-Bani

ਗੋਂਡ ॥
ਭੈਰਉ ਭੂਤ ਸੀਤਲਾ ਧਾਵੈ ॥

ਜੋ ਮਨੁੱਖ ਭੈਰੋਂ ਵਲ ਜਾਂਦਾ ਹੈ (ਭਾਵ, ਜੋ ਭੈਰੋਂ ਦੀ ਅਰਾਧਨਾ ਕਰਦਾ ਹੈ), ਉਹ (ਵਧ ਤੋਂ ਵਧ ਭੈਰੋਂ ਵਰਗਾ ਹੀ) ਭੂਤ ਬਣ ਜਾਂਦਾ ਹੈ। ਜੋ ਸੀਤਲਾ ਨੂੰ ਅਰਾਧਦਾ ਹੈ,

ਖਰ ਬਾਹਨੁ ਉਹੁ ਛਾਰੁ ਉਡਾਵੈ ॥੧॥

ਉਹ (ਸੀਤਲਾ ਵਾਂਗ) ਖੋਤੇ ਦੀ ਸਵਾਰੀ ਕਰਦਾ ਹੈ ਤੇ (ਖੋਤੇ ਦੇ ਨਾਲ) ਸੁਆਹ ਹੀ ਉਡਾਉਂਦਾ ਹੈ ॥੧॥

ਹਉ ਤਉ ਏਕੁ ਰਮਈਆ ਲੈਹਉ ॥

(ਹੇ ਪੰਡਤ!) ਮੈਂ ਤਾਂ ਇੱਕ ਸੋਹਣੇ ਰਾਮ ਦਾ ਨਾਮ ਹੀ ਲਵਾਂਗਾ,

ਆਨ ਦੇਵ ਬਦਲਾਵਨਿ ਦੈਹਉ ॥੧॥ ਰਹਾਉ ॥

(ਤੁਹਾਡੇ) ਹੋਰ ਸਾਰੇ ਦੇਵਤਿਆਂ ਨੂੰ ਉਸ ਨਾਮ ਦੇ ਵੱਟੇ ਵਿਚ ਦੇ ਦਿਆਂਗਾ, (ਭਾਵ, ਪ੍ਰਭੂ-ਨਾਮ ਦੇ ਟਾਕਰੇ ਤੇ ਮੈਨੂੰ ਤੁਹਾਡੇ ਕਿਸੇ ਭੀ ਦੇਵੀ ਦੇਵਤੇ ਦੀ ਲੋੜ ਨਹੀਂ ਹੈ) ॥੧॥ ਰਹਾਉ ॥

ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥

ਜੋ ਮਨੁੱਖ ਸ਼ਿਵ ਦਾ ਨਾਮ ਜਪਦਾ ਹੈ,

ਬਰਦ ਚਢੇ ਡਉਰੂ ਢਮਕਾਵੈ ॥੨॥

ਉਹ (ਵਧ ਤੋਂ ਵਧ ਜੋ ਕੁਝ ਹਾਸਲ ਕਰ ਸਕਦਾ ਹੈ ਇਹ ਹੈ ਕਿ ਸ਼ਿਵ ਦਾ ਰੂਪ ਲੈ ਕੇ, ਸ਼ਿਵ ਦੀ ਸਵਾਰੀ) ਬਲਦ ਉੱਤੇ ਚੜ੍ਹਦਾ ਹੈ ਤੇ (ਸ਼ਿਵ ਵਾਂਗ) ਡਮਰੂ ਵਜਾਉਂਦਾ ਹੈ ॥੨॥

ਮਹਾ ਮਾਈ ਕੀ ਪੂਜਾ ਕਰੈ ॥

ਜੋ ਮਨੁੱਖ ਪਾਰਬਤੀ ਦੀ ਪੂਜਾ ਕਰਦਾ ਹੈ,

ਨਰ ਸੈ ਨਾਰਿ ਹੋਇ ਅਉਤਰੈ ॥੩॥

ਉਹ ਮਨੁੱਖ ਤੋਂ ਜ਼ਨਾਨੀ ਬਣ ਕੇ ਜਨਮ ਲੈਂਦਾ ਹੈ (ਕਿਉਂਕਿ ਪੂਜਾ ਕਰਨ ਵਾਲਾ ਆਪਣੇ ਪੂਜਯ ਦਾ ਰੂਪ ਹੀ ਬਣ ਸਕਦਾ ਹੈ) ॥੩॥

ਤੂ ਕਹੀਅਤ ਹੀ ਆਦਿ ਭਵਾਨੀ ॥

ਹੇ ਭਵਾਨੀ! ਤੂੰ ਸਭ ਦਾ ਮੁੱਢ ਅਖਵਾਉਂਦੀ ਹੈਂ,

ਮੁਕਤਿ ਕੀ ਬਰੀਆ ਕਹਾ ਛਪਾਨੀ ॥੪॥

ਪਰ (ਆਪਣੇ ਭਗਤਾਂ ਨੂੰ) ਮੁਕਤੀ ਦੇਣ ਵੇਲੇ ਤੂੰ ਭੀ, ਪਤਾ ਨਹੀਂ, ਕਿੱਥੇ ਲੁਕੀ ਰਹਿੰਦੀ ਹੈਂ (ਭਾਵ, ਮੁਕਤੀ ਭਵਾਨੀ ਪਾਸ ਭੀ ਨਹੀਂ ਹੈ) ॥੪॥

ਗੁਰਮਤਿ ਰਾਮ ਨਾਮ ਗਹੁ ਮੀਤਾ ॥

ਹੇ ਮਿੱਤਰ (ਪੰਡਤ!) ਸਤਿਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦੇ ਨਾਮ ਦੀ ਓਟ ਲੈ,

ਪ੍ਰਣਵੈ ਨਾਮਾ ਇਉ ਕਹੈ ਗੀਤਾ ॥੫॥੨॥੬॥

ਨਾਮਦੇਵ ਬੇਨਤੀ ਕਰਦਾ ਹੈ- (ਤੁਹਾਡੀ ਧਰਮ-ਪੁਸਤਕ) ਗੀਤਾ ਭੀ ਇਹੀ ਆਖਦੀ ਹੈ ॥੫॥੨॥੬॥


Raag-Gond-Bani

ਰਾਗੁ ਗੋਂਡ ਬਾਣੀ ਰਵਿਦਾਸ ਜੀਉ ਕੀ ਘਰੁ ੨ ॥

ਰਾਗ ਗੋਂਡ, ਘਰ ੨ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਮੁਕੰਦ ਮੁਕੰਦ ਜਪਹੁ ਸੰਸਾਰ ॥

ਹੇ ਲੋਕੋ! ਮੁਕਤੀ-ਦਾਤੇ ਪ੍ਰਭੂ ਨੂੰ ਸਦਾ ਸਿਮਰੋ,

ਬਿਨੁ ਮੁਕੰਦ ਤਨੁ ਹੋਇ ਅਉਹਾਰ ॥

ਉਸ ਦੇ ਸਿਮਰਨ ਤੋਂ ਬਿਨਾ ਇਹ ਸਰੀਰ ਵਿਅਰਥ ਹੀ ਚਲਾ ਜਾਂਦਾ ਹੈ।

ਸੋਈ ਮੁਕੰਦੁ ਮੁਕਤਿ ਕਾ ਦਾਤਾ ॥

ਉਹ ਪ੍ਰਭੂ ਹੀ ਦੁਨੀਆ ਦੇ ਬੰਧਨਾਂ ਤੋਂ ਮੇਰੀ ਰਾਖੀ ਕਰ ਸਕਦਾ ਹੈ।

ਸੋਈ ਮੁਕੰਦੁ ਹਮਰਾ ਪਿਤ ਮਾਤਾ ॥੧॥

ਮੇਰਾ ਤਾਂ ਮਾਂ ਪਿਉ ਹੀ ਉਹ ਪ੍ਰਭੂ ਹੈ ॥੧॥

ਜੀਵਤ ਮੁਕੰਦੇ ਮਰਤ ਮੁਕੰਦੇ ॥

ਬੰਦਗੀ ਕਰਨ ਵਾਲਾ ਜਿਊਂਦਾ ਭੀ ਪ੍ਰਭੂ ਨੂੰ ਸਿਮਰਦਾ ਹੈ ਤੇ ਮਰਦਾ ਭੀ ਉਸੇ ਨੂੰ ਯਾਦ ਕਰਦਾ ਹੈ (ਸਾਰੀ ਉਮਰ ਹੀ ਪ੍ਰਭੂ ਨੂੰ ਚੇਤੇ ਰੱਖਦਾ ਹੈ)

ਤਾ ਕੇ ਸੇਵਕ ਕਉ ਸਦਾ ਅਨੰਦੇ ॥੧॥ ਰਹਾਉ ॥

ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਦੇਣ ਵਾਲੇ ਪ੍ਰਭੂ ਦੀ ਬੰਦਗੀ ਕਰਨ ਵਾਲੇ ਨੂੰ ਸਦਾ ਹੀ ਅਨੰਦ ਬਣਿਆ ਰਹਿੰਦਾ ਹੈ ॥੧॥ ਰਹਾਉ ॥

ਮੁਕੰਦ ਮੁਕੰਦ ਹਮਾਰੇ ਪ੍ਰਾਨੰ ॥

ਪ੍ਰਭੂ ਦਾ ਸਿਮਰਨ ਮੇਰੀ ਜਿੰਦ (ਦਾ ਆਸਰਾ ਬਣ ਗਿਆ) ਹੈ,

ਜਪਿ ਮੁਕੰਦ ਮਸਤਕਿ ਨੀਸਾਨੰ ॥

ਪ੍ਰਭੂ ਨੂੰ ਸਿਮਰ ਕੇ ਮੇਰੇ ਮੱਥੇ ਉੱਤੇ ਭਾਗ ਜਾਗ ਪਏ ਹਨ;

ਸੇਵ ਮੁਕੰਦ ਕਰੈ ਬੈਰਾਗੀ ॥

ਪ੍ਰਭੂ ਦੀ ਭਗਤੀ (ਮਨੁੱਖ ਨੂੰ) ਵੈਰਾਗਵਾਨ ਕਰ ਦੇਂਦੀ ਹੈ,

ਸੋਈ ਮੁਕੰਦੁ ਦੁਰਬਲ ਧਨੁ ਲਾਧੀ ॥੨॥

ਮੈਨੂੰ ਗ਼ਰੀਬ ਨੂੰ ਪ੍ਰਭੂ ਦਾ ਨਾਮ ਹੀ ਧਨ ਲੱਭ ਪਿਆ ਹੈ ॥੨॥

ਏਕੁ ਮੁਕੰਦੁ ਕਰੈ ਉਪਕਾਰੁ ॥

ਜੇ ਇੱਕ ਪਰਮਾਤਮਾ ਮੇਰੇ ਉੱਤੇ ਮਿਹਰ ਕਰੇ,

ਹਮਰਾ ਕਹਾ ਕਰੈ ਸੰਸਾਰੁ ॥

ਤਾਂ (ਮੈਨੂੰ ਚਮਾਰ ਚਮਾਰ ਆਖਣ ਵਾਲੇ ਇਹ) ਲੋਕ ਮੇਰਾ ਕੁਝ ਭੀ ਵਿਗਾੜ ਨਹੀਂ ਸਕਦੇ।

ਮੇਟੀ ਜਾਤਿ ਹੂਏ ਦਰਬਾਰਿ ॥

ਹੇ ਪ੍ਰਭੂ! (ਤੇਰੀ ਭਗਤੀ ਨੇ) ਮੇਰੀ (ਨੀਵੀਂ) ਜਾਤ (ਵਾਲੀ ਢਹਿੰਦੀ ਕਲਾ ਮੇਰੇ ਅੰਦਰੋਂ) ਮਿਟਾ ਦਿੱਤੀ ਹੈ, ਕਿਉਂਕਿ ਮੈਂ ਸਦਾ ਤੇਰੇ ਦਰ ਤੇ ਹੁਣ ਰਹਿੰਦਾ ਹਾਂ;

ਤੁਹੀ ਮੁਕੰਦ ਜੋਗ ਜੁਗ ਤਾਰਿ ॥੩॥

ਤੂੰ ਹੀ ਸਦਾ ਮੈਨੂੰ (ਦੁਨੀਆ ਦੇ ਬੰਧਨਾਂ ਤੇ ਮੁਥਾਜੀਆਂ ਤੋਂ) ਪਾਰ ਲੰਘਾਉਣ ਵਾਲਾ ਹੈਂ ॥੩॥

ਉਪਜਿਓ ਗਿਆਨੁ ਹੂਆ ਪਰਗਾਸ ॥

(ਪ੍ਰਭੂ ਦੀ ਬੰਦਗੀ ਨਾਲ ਮੇਰੇ ਅੰਦਰ) ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ ਹੈ, ਚਾਨਣ ਹੋ ਗਿਆ ਹੈ।

ਕਰਿ ਕਿਰਪਾ ਲੀਨੇ ਕੀਟ ਦਾਸ ॥

ਮਿਹਰ ਕਰ ਕੇ ਮੈਨੂੰ ਨਿਮਾਣੇ ਦਾਸ ਨੂੰ ਪ੍ਰਭੂ ਨੇ ਆਪਣਾ ਬਣਾ ਲਿਆ ਹੈ।

ਕਹੁ ਰਵਿਦਾਸ ਅਬ ਤ੍ਰਿਸਨਾ ਚੂਕੀ ॥

ਰਵਿਦਾਸ ਆਖਦਾ ਹੈ- ਹੁਣ ਮੇਰੀ ਤ੍ਰਿਸ਼ਨਾ ਮੁੱਕ ਗਈ ਹੈ,

ਜਪਿ ਮੁਕੰਦ ਸੇਵਾ ਤਾਹੂ ਕੀ ॥੪॥੧॥

ਮੈਂ ਹੁਣ ਪ੍ਰਭੂ ਨੂੰ ਸਿਮਰਦਾ ਹਾਂ, ਨਿੱਤ ਪ੍ਰਭੂ ਦੀ ਹੀ ਭਗਤੀ ਕਰਦਾ ਹਾਂ ॥੪॥੧॥


Raag-Gond-Bani

ਗੋਂਡ ॥
ਜੇ ਓਹੁ ਅਠਸਠਿ ਤੀਰਥ ਨ੍ਰਾਵੈ ॥

ਜੇ ਕੋਈ ਮਨੁੱਖ ਅਠਾਹਠ ਤੀਰਥਾਂ ਦਾ ਇਸ਼ਨਾਨ (ਭੀ) ਕਰੇ,

ਜੇ ਓਹੁ ਦੁਆਦਸ ਸਿਲਾ ਪੂਜਾਵੈ ॥

ਜੇ ਬਾਰਾਂ ਸ਼ਿਵਲਿੰਗਾਂ ਦੀ ਪੂਜਾ ਭੀ ਕਰੇ,

ਜੇ ਓਹੁ ਕੂਪ ਤਟਾ ਦੇਵਾਵੈ ॥

ਜੇ (ਲੋਕਾਂ ਦੇ ਭਲੇ ਲਈ) ਖੂਹ ਤਲਾਬ (ਆਦਿਕ) ਲਵਾਏ;

ਕਰੈ ਨਿੰਦ ਸਭ ਬਿਰਥਾ ਜਾਵੈ ॥੧॥

ਪਰ ਜੇ ਉਹ (ਗੁਰਮੁਖਾਂ ਦੀ) ਨਿੰਦਿਆ ਕਰਦਾ ਹੈ, ਤਾਂ ਉਸ ਦੀ ਇਹ ਸਾਰੀ ਮਿਹਨਤ ਵਿਅਰਥ ਜਾਂਦੀ ਹੈ ॥੧॥

ਸਾਧ ਕਾ ਨਿੰਦਕੁ ਕੈਸੇ ਤਰੈ ॥

ਸਾਧੂ ਗੁਰਮੁਖਿ ਦੀ ਨਿੰਦਾ ਕਰਨ ਵਾਲਾ ਮਨੁੱਖ (ਜਗਤ ਦੀਆਂ ਨਿਵਾਣਾਂ ਵਿਚੋਂ) ਪਾਰ ਨਹੀਂ ਲੰਘ ਸਕਦਾ,

ਸਰਪਰ ਜਾਨਹੁ ਨਰਕ ਹੀ ਪਰੈ ॥੧॥ ਰਹਾਉ ॥

ਯਕੀਨ ਨਾਲ ਜਾਣੋ ਉਹ ਸਦਾ ਨਰਕ ਵਿਚ ਹੀ ਪਿਆ ਰਹਿੰਦਾ ਹੈ ॥੧॥ ਰਹਾਉ ॥

ਜੇ ਓਹੁ ਗ੍ਰਹਨ ਕਰੈ ਕੁਲਖੇਤਿ ॥

ਜੇ ਕੋਈ ਮਨੁੱਖ ਕੁਲਖੇਤ੍ਰ ਤੇ (ਜਾ ਕੇ) ਗ੍ਰਹਿਣ (ਦਾ ਇਸ਼ਨਾਨ) ਕਰੇ,

ਅਰਪੈ ਨਾਰਿ ਸੀਗਾਰ ਸਮੇਤਿ ॥

ਗਹਿਣਿਆਂ ਸਮੇਤ ਆਪਣੀ ਵਹੁਟੀ (ਬ੍ਰਾਹਮਣਾਂ ਨੂੰ) ਦਾਨ ਕਰ ਦੇਵੇ,

ਸਗਲੀ ਸਿੰਮ੍ਰਿਤਿ ਸ੍ਰਵਨੀ ਸੁਨੈ ॥

ਸਾਰੀਆਂ ਸਿਮ੍ਰਿਤੀਆਂ ਧਿਆਨ ਨਾਲ ਸੁਣੇ;

ਕਰੈ ਨਿੰਦ ਕਵਨੈ ਨਹੀ ਗੁਨੈ ॥੨॥

ਪਰ ਜੇ ਉਹ ਭਲਿਆਂ ਦੀ ਨਿੰਦਿਆ ਕਰਦਾ ਹੈ, ਤਾਂ ਇਹਨਾਂ ਸਾਰੇ ਕੰਮਾਂ ਤੋਂ ਕੋਈ ਭੀ ਲਾਭ ਨਹੀਂ ॥੨॥

ਜੇ ਓਹੁ ਅਨਿਕ ਪ੍ਰਸਾਦ ਕਰਾਵੈ ॥

ਜੇ ਕੋਈ ਮਨੁੱਖ ਠਾਕਰਾਂ ਨੂੰ ਕਈ ਤਰ੍ਹਾਂ ਦੇ ਭੋਗ ਲਵਾਵੇ,

ਭੂਮਿ ਦਾਨ ਸੋਭਾ ਮੰਡਪਿ ਪਾਵੈ ॥

ਜ਼ਮੀਨ ਦਾ ਦਾਨ ਕਰੇ (ਜਿਸ ਕਰਕੇ) ਜਗਤ ਵਿਚ ਸ਼ੋਭਾ ਖੱਟ ਲਏ,

ਅਪਨਾ ਬਿਗਾਰਿ ਬਿਰਾਂਨਾ ਸਾਂਢੈ ॥

ਜੇ ਆਪਣਾ ਨੁਕਸਾਨ ਕਰ ਕੇ ਭੀ ਦੂਜਿਆਂ ਦੇ ਕੰਮ ਸਵਾਰੇ,

ਕਰੈ ਨਿੰਦ ਬਹੁ ਜੋਨੀ ਹਾਂਢੈ ॥੩॥

ਤਾਂ ਭੀ ਜੇ ਉਹ ਭਲਿਆਂ ਦੀ ਨਿੰਦਿਆ ਕਰਦਾ ਹੈ ਤਾਂ ਕਈ ਜੂਨਾਂ ਵਿਚ ਭਟਕਦਾ ਹੈ ॥੩॥

ਨਿੰਦਾ ਕਹਾ ਕਰਹੁ ਸੰਸਾਰਾ ॥

ਹੇ ਦੁਨੀਆ ਦੇ ਲੋਕੋ! ਤੁਸੀ (ਸੰਤਾਂ ਦੀ) ਨਿੰਦਿਆ ਕਿਉਂ ਕਰਦੇ ਹੋ?

ਨਿੰਦਕ ਕਾ ਪਰਗਟਿ ਪਾਹਾਰਾ ॥

(ਭਾਵੇਂ ਬਾਹਰੋਂ ਕਈ ਧਾਰਮਿਕ ਕੰਮ ਕਰੇ, ਪਰ ਜੇ ਮਨੁੱਖ ਸੰਤ ਦੀ ਨਿੰਦਾ ਕਰਦਾ ਹੈ ਤਾਂ ਸਾਰੇ ਧਾਰਮਿਕ ਕੰਮ ਇਕ ਠੱਗੀ ਹੀ ਹੈ, ਤੇ) ਨਿੰਦਕ ਦੀ ਇਹ ਠੱਗੀ ਦੀ ਦੁਕਾਨ ਉੱਘੜ ਪੈਂਦੀ ਹੈ।

ਨਿੰਦਕੁ ਸੋਧਿ ਸਾਧਿ ਬੀਚਾਰਿਆ ॥

ਨਿੰਦਕ (ਬਾਬਤ) ਅਸਾਂ ਚੰਗੀ ਤਰ੍ਹਾਂ ਵਿਚਾਰ ਕੇ ਵੇਖ ਲਿਆ ਹੈ,

ਕਹੁ ਰਵਿਦਾਸ ਪਾਪੀ ਨਰਕਿ ਸਿਧਾਰਿਆ ॥੪॥੨॥੧੧॥੭॥੨॥੪੯॥ ਜੋੜੁ ॥

ਰਵਿਦਾਸ ਆਖਦਾ ਹੈ- (ਕਿ ਸੰਤ ਦਾ ਨਿੰਦਕ) ਕੁਕਰਮੀ ਰਹਿੰਦਾ ਹੈ ਤੇ ਨਰਕ ਵਿਚ ਪਿਆ ਰਹਿੰਦਾ ਹੈ ॥੪॥੨॥੧੧॥੭॥੨॥੪੯॥ਜੋੜੁ ॥

Raag-Gond-Bani