ਰਾਗ ਗਉੜੀ ਸੋਰਠਿ – ਬਾਣੀ ਸ਼ਬਦ-Raag Gauri Sorath – Bani

ਰਾਗ ਗਉੜੀ ਸੋਰਠਿ – ਬਾਣੀ ਸ਼ਬਦ-Raag Gauri Sorath – Bani

ਗਉੜੀ ਭੀ ਸੋਰਠਿ ਭੀ ॥
ਰੇ ਜੀਅ ਨਿਲਜ ਲਾਜ ਤੁੋਹਿ ਨਾਹੀ ॥

ਹੇ ਬੇਸ਼ਰਮ ਮਨ! ਤੈਨੂੰ ਸ਼ਰਮ ਨਹੀਂ ਆਉਂਦੀ?

ਹਰਿ ਤਜਿ ਕਤ ਕਾਹੂ ਕੇ ਜਾਂਹੀ ॥੧॥ ਰਹਾਉ ॥

ਪ੍ਰਭੂ ਨੂੰ ਛੱਡ ਕੇ ਕਿੱਥੇ ਤੇ ਕਿਸ ਦੇ ਪਾਸ ਤੂੰ ਜਾਂਦਾ ਹੈਂ? (ਭਾਵ, ਕਿਉਂ ਹੋਰ ਆਸਰੇ ਤੂੰ ਤੱਕਦਾ ਹੈਂ?) ॥੧॥ ਰਹਾਉ ॥

ਜਾ ਕੋ ਠਾਕੁਰੁ ਊਚਾ ਹੋਈ ॥

ਜਿਸ ਮਨੁੱਖ ਦਾ ਮਾਲਕ ਵੱਡਾ ਹੋਵੇ,

ਸੋ ਜਨੁ ਪਰ ਘਰ ਜਾਤ ਨ ਸੋਹੀ ॥੧॥

ਉਹ ਪਰਾਏ ਘਰੀਂ ਜਾਂਦਾ ਚੰਗਾ ਨਹੀਂ ਲੱਗਦਾ ॥੧॥

ਸੋ ਸਾਹਿਬੁ ਰਹਿਆ ਭਰਪੂਰਿ ॥

(ਹੇ ਮਨ!) ਉਹ ਮਾਲਕ ਪ੍ਰਭੂ ਸਭ ਥਾਈਂ ਮੌਜੂਦ ਹੈ,

ਸਦਾ ਸੰਗਿ ਨਾਹੀ ਹਰਿ ਦੂਰਿ ॥੨॥

ਸਦਾ (ਤੇਰੇ) ਨਾਲ ਹੈ, (ਤੈਥੋਂ) ਦੂਰ ਨਹੀਂ ਹੈ ॥੨॥

ਕਵਲਾ ਚਰਨ ਸਰਨ ਹੈ ਜਾ ਕੇ ॥

ਲੱਛਮੀ (ਭੀ) ਜਿਸ ਦੇ ਚਰਨਾਂ ਦਾ ਆਸਰਾ ਲਈ ਬੈਠੀ ਹੈ,

ਕਹੁ ਜਨ ਕਾ ਨਾਹੀ ਘਰ ਤਾ ਕੇ ॥੩॥

ਹੇ ਭਾਈ! ਦੱਸ, ਉਸ ਪ੍ਰਭੂ ਦੇ ਘਰ ਕਿਸ ਸ਼ੈ ਦੀ ਕਮੀ ਹੈ? ॥੩॥

ਸਭੁ ਕੋਊ ਕਹੈ ਜਾਸੁ ਕੀ ਬਾਤਾ ॥

ਜਿਸ ਪ੍ਰਭੂ ਦੀਆਂ (ਵਡਿਆਈਆਂ ਦੀਆਂ) ਗੱਲਾਂ ਹਰੇਕ ਜੀਵ ਕਰ ਰਿਹਾ ਹੈ,

ਸੋ ਸੰਮ੍ਰਥੁ ਨਿਜ ਪਤਿ ਹੈ ਦਾਤਾ ॥੪॥

ਉਹ ਪ੍ਰਭੂ ਸਭ ਤਾਕਤਾਂ ਦਾ ਮਾਲਕ ਹੈ, ਉਹ ਸਾਡਾ (ਸਭਨਾਂ ਦਾ) ਖਸਮ ਹੈ ਤੇ ਸਭ ਪਦਾਰਥ ਦੇਣ ਵਾਲਾ ਹੈ ॥੪॥

ਕਹੈ ਕਬੀਰੁ ਪੂਰਨ ਜਗ ਸੋਈ ॥

ਕਬੀਰ ਆਖਦਾ ਹੈ-ਸੰਸਾਰ ਵਿਚ ਕੇਵਲ ਉਹੀ ਮਨੁੱਖ ਗੁਣਾਂ ਵਾਲਾ ਹੈ,

ਜਾ ਕੇ ਹਿਰਦੈ ਅਵਰੁ ਨ ਹੋਈ ॥੫॥੩੮॥

ਜਿਸ ਦੇ ਹਿਰਦੇ ਵਿਚ (ਪ੍ਰਭੂ ਤੋਂ ਬਿਨਾ) ਕੋਈ ਹੋਰ (ਦਾਤਾ ਜਚਦਾ) ਨਹੀਂ ॥੫॥੩੮॥


ਕਉਨੁ ਕੋ ਪੂਤੁ ਪਿਤਾ ਕੋ ਕਾ ਕੋ ॥

ਕਿਸ ਦਾ ਕੋਈ ਪੁੱਤਰ ਹੈ? ਕਿਸ ਦਾ ਕੋਈ ਪਿਉ ਹੈ? (ਭਾਵ, ਪਿਉ ਤੇ ਪੁੱਤਰ ਵਾਲਾ ਸਾਕ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ, ਪ੍ਰਭੂ ਨੇ ਇਕ ਖੇਡ ਰਚੀ ਹੋਈ ਹੈ)।

ਕਉਨੁ ਮਰੈ ਕੋ ਦੇਇ ਸੰਤਾਪੋ ॥੧॥

ਕੌਣ ਮਰਦਾ ਹੈ ਤੇ ਕੌਣ (ਇਸ ਮੌਤ ਦੇ ਕਾਰਨ ਪਿਛਲਿਆਂ ਨੂੰ) ਕਲੇਸ਼ ਦੇਂਦਾ ਹੈ? (ਭਾਵ, ਨਾ ਹੀ ਕੋਈ ਕਿਸੇ ਦਾ ਮਰਦਾ ਹੈ ਅਤੇ ਨਾਹ ਹੀ ਇਸ ਤਰ੍ਹਾਂ ਪਿਛਲਿਆਂ ਨੂੰ ਕਲੇਸ਼ ਦੇਂਦਾ ਹੈ, ਸੰਜੋਗਾਂ ਅਨੁਸਾਰ ਚਾਰ ਦਿਨਾਂ ਦਾ ਮੇਲਾ ਹੈ) ॥੧॥

ਹਰਿ ਠਗ ਜਗ ਕਉ ਠਗਉਰੀ ਲਾਈ ॥

ਪ੍ਰਭੂ-ਠੱਗ ਨੇ ਜਗਤ (ਦੇ ਜੀਵਾਂ) ਨੂੰ ਮੋਹ-ਰੂਪ ਠਗ-ਬੂਟੀ ਲਾਈ ਹੋਈ ਹੈ (ਜਿਸ ਕਰਕੇ ਜੀਵ ਸੰਬੰਧੀਆਂ ਦਾ ਮੋਹ ਰੱਖ ਕੇ ਤੇ ਪ੍ਰਭੂ ਨੂੰ ਭੁਲਾ ਕੇ ਕਲੇਸ਼ ਪਾ ਰਹੇ ਹਨ),

ਹਰਿ ਕੇ ਬਿਓਗ ਕੈਸੇ ਜੀਅਉ ਮੇਰੀ ਮਾਈ ॥੧॥ ਰਹਾਉ ॥

ਪਰ ਹੇ ਮੇਰੀ ਮਾਂ! (ਮੈਂ ਇਸ ਠਗ-ਬੂਟੀ ਵਿਚ ਨਹੀਂ ਫਸਿਆ, ਕਿਉਂਕਿ) ਮੈਂ ਪ੍ਰਭੂ ਤੋਂ ਵਿੱਛੜ ਕੇ ਜੀਊਂ ਹੀ ਨਹੀਂ ਸਕਦਾ ॥੧॥ ਰਹਾਉ ॥

ਕਉਨ ਕੋ ਪੁਰਖੁ ਕਉਨ ਕੀ ਨਾਰੀ ॥

ਕਿਸ (ਇਸਤ੍ਰੀ) ਦਾ ਕੋਈ ਖਸਮ? ਕਿਸ (ਖਸਮ) ਦੀ ਕੋਈ ਵਹੁਟੀ? (ਭਾਵ, ਇਹ ਇਸਤ੍ਰੀ ਪਤੀ ਵਾਲਾ ਸਾਕ ਭੀ ਜਗਤ ਵਿਚ ਸਦਾ-ਥਿਰ ਰਹਿਣ ਵਾਲਾ ਨਹੀਂ, ਇਹ ਖੇਡ ਆਖ਼ਿਰ ਮੁੱਕ ਜਾਂਦੀ ਹੈ)।

ਇਆ ਤਤ ਲੇਹੁ ਸਰੀਰ ਬਿਚਾਰੀ ॥੨॥

ਇਸ ਅਸਲੀਅਤ ਨੂੰ (ਹੇ ਭਾਈ!) ਇਸ ਮਨੁੱਖਾ ਸਰੀਰ ਵਿਚ ਹੀ ਸਮਝੋ (ਭਾਵ, ਇਹ ਮਨੁੱਖਾ ਜਨਮ ਹੀ ਮੌਕਾ ਹੈ, ਜਦੋਂ ਇਹ ਅਸਲੀਅਤ ਸਮਝੀ ਜਾ ਸਕਦੀ ਹੈ) ॥੨॥

ਕਹਿ ਕਬੀਰ ਠਗ ਸਿਉ ਮਨੁ ਮਾਨਿਆ ॥

ਕਬੀਰ ਆਖਦਾ ਹੈ-ਜਿਸ ਜੀਵ ਦਾ ਮਨ (ਮੋਹ-ਰੂਪ ਠਗਬੂਟੀ ਬਨਾਣ ਵਾਲੇ ਪ੍ਰਭੂ-) ਠੱਗ ਨਾਲ ਇਕ-ਮਿਕ ਹੋ ਗਿਆ ਹੈ,

ਗਈ ਠਗਉਰੀ ਠਗੁ ਪਹਿਚਾਨਿਆ ॥੩॥੩੯॥

(ਉਸ ਵਾਸਤੇ) ਠਗ-ਬੂਟੀ ਮੁੱਕ ਗਈ (ਸਮਝੋ), ਕਿਉਂਕਿ ਉਸ ਨੇ ਮੋਹ ਦੇ ਪੈਦਾ ਕਰਨ ਵਾਲੇ ਨਾਲ ਸਾਂਝ ਪਾ ਲਈ ਹੈ ॥੩॥੩੯॥


ਅਬ ਮੋ ਕਉ ਭਏ ਰਾਜਾ ਰਾਮ ਸਹਾਈ ॥

ਹਰ ਥਾਂ ਚਾਨਣ ਕਰਨ ਵਾਲੇ ਪ੍ਰਭੂ ਜੀ ਹੁਣ ਮੇਰੇ ਮਦਦਗਾਰ ਬਣ ਗਏ ਹਨ,

ਜਨਮ ਮਰਨ ਕਟਿ ਪਰਮ ਗਤਿ ਪਾਈ ॥੧॥ ਰਹਾਉ ॥

(ਤਾਹੀਏਂ) ਮੈਂ ਜਨਮ ਮਰਨ ਦੀ (ਬੇੜੀ) ਕੱਟ ਕੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਹੈ ॥੧॥ ਰਹਾਉ ॥

ਸਾਧੂ ਸੰਗਤਿ ਦੀਓ ਰਲਾਇ ॥

(ਪ੍ਰਭੂ ਨੇ) ਮੈਨੂੰ ਸਤਸੰਗ ਵਿਚ ਰਲਾ ਦਿੱਤਾ ਹੈ,

ਪੰਚ ਦੂਤ ਤੇ ਲੀਓ ਛਡਾਇ ॥

ਤੇ (ਕਾਮ ਆਦਿਕ) ਪੰਜ ਵੈਰੀਆਂ ਤੋਂ ਉਸ ਨੇ ਮੈਨੂੰ ਬਚਾ ਲਿਆ ਹੈ।

ਅੰਮ੍ਰਿਤ ਨਾਮੁ ਜਪਉ ਜਪੁ ਰਸਨਾ ॥

ਹੁਣ ਮੈਂ ਜੀਭ ਨਾਲ ਉਸ ਦਾ ਅਮਰ ਕਰਨ ਵਾਲਾ ਨਾਮ-ਰੂਪ ਜਾਪ ਜਪਦਾ ਹਾਂ।

ਅਮੋਲ ਦਾਸੁ ਕਰਿ ਲੀਨੋ ਅਪਨਾ ॥੧॥

ਮੈਨੂੰ ਤਾਂ ਉਸ ਨੇ ਬਿਨਾ ਦੰਮਾਂ ਦੇ ਆਪਣਾ ਗੋੱਲਾ ਬਣਾ ਲਿਆ ਹੈ ॥੧॥

ਸਤਿਗੁਰ ਕੀਨੋ ਪਰਉਪਕਾਰੁ ॥

ਸਤਿਗੁਰੂ ਨੇ (ਮੇਰੇ ਉਤੇ) ਬੜੀ ਮਿਹਰ ਕੀਤੀ ਹੈ,

ਕਾਢਿ ਲੀਨ ਸਾਗਰ ਸੰਸਾਰ ॥

ਮੈਨੂੰ ਉਸ ਨੇ ਸੰਸਾਰ-ਸਮੁੰਦਰ ਵਿਚੋਂ ਕੱਢ ਲਿਆ ਹੈ।

ਚਰਨ ਕਮਲ ਸਿਉ ਲਾਗੀ ਪ੍ਰੀਤਿ ॥

ਮੇਰੀ ਹੁਣ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਪ੍ਰੀਤ ਬਣ ਗਈ ਹੈ।

ਗੋਬਿੰਦੁ ਬਸੈ ਨਿਤਾ ਨਿਤ ਚੀਤ ॥੨॥

ਪ੍ਰਭੂ ਹਰ ਵੇਲੇ ਮੇਰੇ ਚਿੱਤ ਵਿਚ ਵੱਸ ਰਿਹਾ ਹੈ ॥੨॥

ਮਾਇਆ ਤਪਤਿ ਬੁਝਿਆ ਅੰਗਿਆਰੁ ॥

(ਮੇਰੇ ਅੰਦਰੋਂ) ਮਾਇਆ ਵਾਲੀ ਸੜਨ ਮਿਟ ਗਈ ਹੈ। ਮਾਇਆ ਦਾ ਬਦਲਾ ਭਾਂਬੜ ਬੁੱਝ ਗਿਆ ਹੈ;

ਮਨਿ ਸੰਤੋਖੁ ਨਾਮੁ ਆਧਾਰੁ ॥

(ਹੁਣ) ਮੇਰੇ ਮਨ ਵਿਚ ਸੰਤੋਖ ਹੈ, (ਪ੍ਰਭੂ ਦਾ) ਨਾਮ (ਮਾਇਆ ਦੇ ਥਾਂ ਮੇਰੇ ਮਨ ਦਾ) ਆਸਰਾ ਬਣ ਗਿਆ ਹੈ।

ਜਲਿ ਥਲਿ ਪੂਰਿ ਰਹੇ ਪ੍ਰਭ ਸੁਆਮੀ ॥

ਪਾਣੀ ਵਿਚ, ਧਰਤੀ ਤੇ, ਹਰ ਥਾਂ ਪ੍ਰਭੂ-ਖਸਮ ਜੀ ਵੱਸ ਰਹੇ (ਜਾਪਦੇ) ਹਨ;

ਜਤ ਪੇਖਉ ਤਤ ਅੰਤਰਜਾਮੀ ॥੩॥

ਮੈਂ ਜਿੱਧਰ ਤੱਕਦਾ ਹਾਂ, ਓਧਰ ਘਟ ਘਟ ਦੀ ਜਾਣਨ ਵਾਲਾ ਪ੍ਰਭੂ ਹੀ (ਦਿੱਸਦਾ) ਹੈ ॥੩॥

ਅਪਨੀ ਭਗਤਿ ਆਪ ਹੀ ਦ੍ਰਿੜਾਈ ॥

ਪ੍ਰਭੂ ਨੇ ਆਪ ਹੀ ਆਪਣੀ ਭਗਤੀ ਮੇਰੇ ਹਿਰਦੇ ਵਿਚ ਪੱਕੀ ਕੀਤੀ ਹੈ।

ਪੂਰਬ ਲਿਖਤੁ ਮਿਲਿਆ ਮੇਰੇ ਭਾਈ ॥

ਹੇ ਪਿਆਰੇ ਵੀਰ! (ਮੈਨੂੰ ਤਾਂ) ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦਾ ਲੇਖ ਮਿਲ ਪਿਆ ਹੈ (ਮੇਰੇ ਤਾਂ ਭਾਗ ਜਾਗ ਪਏ ਹਨ)।

ਜਿਸੁ ਕ੍ਰਿਪਾ ਕਰੇ ਤਿਸੁ ਪੂਰਨ ਸਾਜ ॥

ਜਿਸ (ਭੀ ਜੀਵ) ਉੱਤੇ ਮਿਹਰ ਕਰਦਾ ਹੈ, ਉਸ ਲਈ (ਅਜਿਹਾ) ਸੋਹਣਾ ਸਬੱਬ ਬਣਾ ਦੇਂਦਾ ਹੈ।

ਕਬੀਰ ਕੋ ਸੁਆਮੀ ਗਰੀਬ ਨਿਵਾਜ ॥੪॥੪੦॥

ਕਬੀਰ ਦਾ ਖਸਮ-ਪ੍ਰਭੂ ਗ਼ਰੀਬਾਂ ਨੂੰ ਨਿਵਾਜਣ ਵਾਲਾ ਹੈ ॥੪॥੪੦॥


ਜਲਿ ਹੈ ਸੂਤਕੁ ਥਲਿ ਹੈ ਸੂਤਕੁ ਸੂਤਕ ਓਪਤਿ ਹੋਈ ॥

(ਜੇ ਜੀਵਾਂ ਦੇ ਜੰਮਣ ਤੇ ਮਰਨ ਨਾਲ ਸੂਤਕ-ਪਾਤਕ ਦੀ ਭਿੱਟ ਪੈਦਾ ਹੋ ਜਾਂਦੀ ਹੈ ਤਾਂ) ਪਾਣੀ ਵਿਚ ਸੂਤਕ ਹੈ, ਧਰਤੀ ਉਤੇ ਸੂਤਕ ਹੈ, (ਹਰ ਥਾਂ) ਸੂਤਕ ਦੀ ਉਤਪੱਤੀ ਹੈ (ਭਾਵ, ਹਰ ਥਾਂ ਭਿੱਟਿਆ ਹੋਇਆ ਹੈ, ਕਿਉਂਕਿ)

ਜਨਮੇ ਸੂਤਕੁ ਮੂਏ ਫੁਨਿ ਸੂਤਕੁ ਸੂਤਕ ਪਰਜ ਬਿਗੋਈ ॥੧॥

ਕਿਸੇ ਜੀਵ ਦੇ ਜੰਮਣ ਤੇ ਸੂਤਕ (ਪੈ ਜਾਂਦਾ ਹੈ) ਫਿਰ ਮਰਨ ਤੇ ਭੀ ਸੂਤਕ (ਆ ਪੈਂਦਾ ਹੈ); (ਇਸ) ਭਿੱਟ (ਤੇ ਭਰਮ) ਵਿਚ ਦੁਨੀਆ ਖ਼ੁਆਰ ਹੋ ਰਹੀ ਹੈ ॥੧॥

ਕਹੁ ਰੇ ਪੰਡੀਆ ਕਉਨ ਪਵੀਤਾ ॥

ਹੇ ਪੰਡਿਤ! (ਜਦੋਂ ਹਰ ਥਾਂ ਸੂਤਕ ਪੈ ਰਿਹਾ ਹੈ) ਸੁੱਚਾ ਕੌਣ (ਹੋ ਸਕਦਾ) ਹੈ?

ਐਸਾ ਗਿਆਨੁ ਜਪਹੁ ਮੇਰੇ ਮੀਤਾ ॥੧॥ ਰਹਾਉ ॥

(ਤਾਂ ਫਿਰ) ਹੇ ਪਿਆਰੇ ਮਿੱਤਰ! ਇਸ ਗੱਲ ਨੂੰ ਗਹੁ ਨਾਲ ਵਿਚਾਰ ਤੇ ਦੱਸ ॥੧॥ ਰਹਾਉ ॥

ਨੈਨਹੁ ਸੂਤਕੁ ਬੈਨਹੁ ਸੂਤਕੁ ਸੂਤਕੁ ਸ੍ਰਵਨੀ ਹੋਈ ॥

(ਨਿਰੇ ਇਹਨੀਂ ਅੱਖੀਂ ਦਿੱਸਦੇ ਜੀਵ ਹੀ ਨਹੀਂ ਜੰਮਦੇ ਮਰਦੇ, ਸਾਡੇ ਬੋਲਣ ਚਾਲਣ ਆਦਿਕ ਹਰਕਤਾਂ ਨਾਲ ਕਈ ਸੂਖਮ ਜੀਵ ਮਰ ਰਹੇ ਹਨ, ਤਾਂ ਫਿਰ) ਅੱਖਾਂ ਵਿਚ ਸੂਤਕ ਹੈ, ਬੋਲਣ (ਭਾਵ, ਜੀਭ) ਵਿਚ ਸੂਤਕ ਹੈ, ਕੰਨਾਂ ਵਿਚ ਭੀ ਸੂਤਕ ਹੈ।

ਊਠਤ ਬੈਠਤ ਸੂਤਕੁ ਲਾਗੈ ਸੂਤਕੁ ਪਰੈ ਰਸੋਈ ॥੨॥

ਉਠਦਿਆਂ ਬੈਠਦਿਆਂ ਹਰ ਵੇਲੇ (ਸਾਨੂੰ) ਸੂਤਕ ਪੈ ਰਿਹਾ ਹੈ, (ਸਾਡੀ) ਰਸੋਈ ਵਿਚ ਭੀ ਸੂਤਕ ਹੈ ॥੨॥

ਫਾਸਨ ਕੀ ਬਿਧਿ ਸਭੁ ਕੋਊ ਜਾਨੈ ਛੂਟਨ ਕੀ ਇਕੁ ਕੋਈ ॥

(ਜਿੱਧਰ ਵੇਖੋ) ਹਰੇਕ ਜੀਵ (ਸੂਤਕ ਦੇ ਭਰਮਾਂ ਵਿਚ) ਫਸਣ ਦਾ ਹੀ ਢੰਗ ਜਾਣਦਾ ਹੈ, (ਇਹਨਾਂ ਵਿਚੋਂ) ਖ਼ਲਾਸੀ ਕਰਾਣ ਦੀ ਸਮਝ ਕਿਸੇ ਵਿਰਲੇ ਨੂੰ ਹੈ।

ਕਹਿ ਕਬੀਰ ਰਾਮੁ ਰਿਦੈ ਬਿਚਾਰੈ ਸੂਤਕੁ ਤਿਨੈ ਨ ਹੋਈ ॥੩॥੪੧॥

ਕਬੀਰ ਆਖਦਾ ਹੈ-ਜੋ ਜੋ ਮਨੁੱਖ (ਆਪਣੇ) ਹਿਰਦੇ ਵਿਚ ਪ੍ਰਭੂ ਨੂੰ ਸਿਮਰਦਾ ਹੈ, ਉਹਨਾਂ ਨੂੰ (ਇਹ) ਭਿੱਟ ਨਹੀਂ ਲੱਗਦੀ ॥੩॥੪੧॥