ਰਾਗ ਗੌੜੀ ਮਾਲਵਾ – ਬਾਣੀ ਸ਼ਬਦ-Raag Gauri Malva – Bani

ਰਾਗ ਗੌੜੀ ਮਾਲਵਾ – ਬਾਣੀ ਸ਼ਬਦ-Raag Gauri Malva – Bani

ਰਾਗੁ ਗੌੜੀ ਮਾਲਵਾ ਮਹਲਾ ੫

ਰਾਗ ਗਊੜੀ ਮਾਲਵਾ ਪਾਤਸ਼ਾਹੀ ਪੰਜਵੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਜਾਣਿਆ ਜਾਂਦਾ ਹੈ।

ਹਰਿ ਨਾਮੁ ਲੇਹੁ, ਮੀਤਾ! ਲੇਹੁ; ਆਗੈ ਬਿਖਮ ਪੰਥੁ ਭੈਆਨ ॥੧॥ ਰਹਾਉ ॥

ਉਚਾਰਨ ਕਰ, ਉਚਾਰਨ ਕਰ, ਤੂੰ ਹੈ ਮਿੱਤ੍ਰ, ਰੱਬ ਦਾ ਨਾਮ! ਅਗੇ ਤੈਨੂੰ ਕਠਨ ਤੇ ਭਿਆਨਕ ਰਾਹੇ ਟੁਰਨਾ ਪਏਗਾ। ਠਹਿਰਾਉ।

ਸੇਵਤ ਸੇਵਤ ਸਦਾ ਸੇਵਿ; ਤੇਰੈ ਸੰਗਿ ਬਸਤੁ ਹੈ ਕਾਲੁ ॥

ਟਹਿਲ ਕਮਾ, ਟਹਿਲ ਕਮਾ, ਹਮੇਸ਼ਾ, ਟਹਿਲ ਕਮਾ ਸਾਈਂ ਦੀ, ਮੌਤ ਤੇਰੇ ਸਿਰ ਤੇ ਖੜੀ ਹੈ।

ਕਰਿ ਸੇਵਾ ਤੂੰ ਸਾਧ ਕੀ; ਹੋ ਕਾਟੀਐ ਜਮ ਜਾਲੁ ॥੧॥

ਤੂੰ ਸੰਤਾਂ ਦੀ ਖਿਦਮਤ ਕਰ! ਓ ਇਸ ਤਰ੍ਹਾਂ ਮੌਤ ਦੀ ਫਾਹੀ ਕੱਟੀ ਜਾਂਦੀ ਹੈ।

ਹੋਮ ਜਗ ਤੀਰਥ ਕੀਏ; ਬਿਚਿ ਹਉਮੈ ਬਧੇ ਬਿਕਾਰ ॥

ਹਵਨ, ਯੱਗ ਅਤੇ ਯਾਤ੍ਰਾ ਕਰਨ ਦੇ ਹੰਕਾਰ ਅੰਦਰ ਪਾਪ ਵਧੇਰੇ ਹੋ ਜਾਂਦੇ ਹਨ।

ਨਰਕੁ ਸੁਰਗੁ ਦੁਇ ਭੁੰਚਨਾ; ਹੋਇ ਬਹੁਰਿ ਬਹੁਰਿ ਅਵਤਾਰ ॥੨॥

ਆਦਮੀ ਦੋਜ਼ਖ਼ ਤੇ ਬਹਿਸਤ ਦੋਨੋਂ ਭੋਗਦਾ ਹੈ, ਅਤੇ ਮੁੜ ਮੁੜ ਕੇ ਜਨਮਦਾ ਹੈ।

ਸਿਵ ਪੁਰੀ, ਬ੍ਰਹਮ ਇੰਦ੍ਰ ਪੁਰੀ; ਨਿਹਚਲੁ ਕੋ ਥਾਉ ਨਾਹਿ ॥

ਸ਼ਿਵਜੀ ਦਾ ਲੋਕ ਤੇ ਬ੍ਰਹਿਮਾ ਅਤੇ ਇੰਦ੍ਰ ਦੇ ਲੋਕ, ਕੋਈ ਜਗ੍ਹਾ ਭੀ ਸਦੀਵੀ ਸਥਿਰ ਨਹੀਂ!

ਬਿਨੁ ਹਰਿ ਸੇਵਾ ਸੁਖੁ ਨਹੀ; ਹੋ ਸਾਕਤ ਆਵਹਿ ਜਾਹਿ ॥੩॥

ਰੱਬ ਦੀ ਚਾਕਰੀ ਦੇ ਬਗੈਰ, ਕੋਈ ਆਰਾਮ ਨਹੀਂ। ਮਾਇਆ ਦਾ ਉਪਾਸ਼ਕ ਬਣਕੇ ਇਨਸਾਨ ਆਉਂਦਾ ਤੇ ਜਾਂਦਾ ਰਹਿੰਦਾ ਹੈ।

ਜੈਸੋ ਗੁਰਿ ਉਪਦੇਸਿਆ; ਮੈ ਤੈਸੋ ਕਹਿਆ ਪੁਕਾਰਿ ॥

ਜਿਸ ਤਰ੍ਹਾਂ ਗੁਰਾਂ ਨੇ ਮੈਨੂੰ ਸਿਖ-ਮਤ ਦਿੱਤੀ ਹੈ, ਮੈਂ ਉਸੇ ਤਰ੍ਹਾਂ ਹੀ ਹੋਕਾ ਦੇ ਦਿਤਾ ਹੈ।

ਨਾਨਕ ਕਹੈ, ਸੁਨਿ ਰੇ ਮਨਾ! ਕਰਿ ਕੀਰਤਨੁ ਹੋਇ ਉਧਾਰੁ ॥੪॥੧॥੧੫੮॥

ਗੁਰੂ ਜੀ ਆਖਦੇ ਹਨ, ਸਰਵਣ ਕਰ ਹੈ ਬੰਦੇ! ਵਾਹਿਗੁਰੂ ਦਾ ਜੱਸ ਗਾਇਨ ਕਰ, ਤੇ ਤੂੰ ਬੰਦਖਲਾਸ ਹੋ ਜਾਵੇਗਾ।