ਰਾਗ ਗਉੜੀ ਮਾਲਾ – ਬਾਣੀ ਸ਼ਬਦ-Raag Gauri Mala – Bani

ਰਾਗ ਗਉੜੀ ਮਾਲਾ – ਬਾਣੀ ਸ਼ਬਦ-Raag Gauri Mala – Bani

ਰਾਗੁ ਗਉੜੀ ਮਾਲਾ ਮਹਲਾ ੫

ਰਾਗ ਗਉੜੀ-ਮਾਲਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਜਾਣਿਆ ਜਾਂਦਾ ਹੈ।

ਪਾਇਓ ਬਾਲ ਬੁਧਿ, ਸੁਖੁ ਰੇ ॥

ਓ ਬੱਚੇ ਦੇ ਮਨ ਦੁਆਰਾ ਮੈਂ ਆਰਾਮ ਪਾਇਆ ਹੈ।

ਹਰਖ ਸੋਗ, ਹਾਨਿ ਮਿਰਤੁ, ਦੂਖ ਸੁਖ; ਚਿਤਿ ਸਮਸਰਿ, ਗੁਰ ਮਿਲੇ ॥੧॥ ਰਹਾਉ ॥

ਗੁਰਾਂ ਨੂੰ ਭੇਟਣ ਦੁਆਰਾ, ਖੁਸ਼ੀ ਤੇ ਗ਼ਮੀ, ਵਾਧਾ ਤੇ ਘਾਟਾ, ਜੰਮਣਾ ਤੇ ਮਰਣਾ, ਪੀੜ ਤੇ ਪ੍ਰਸੰਨਤਾ ਮੇਰੇ ਮਨ ਨੂੰ ਇਕੋ ਜੇਹੇ ਲਗਦੇ ਹਨ। ਠਹਿਰਾਉ।

ਜਉ ਲਉ ਹਉ ਕਿਛੁ ਸੋਚਉ ਚਿਤਵਉ; ਤਉ ਲਉ ਦੁਖਨੁ ਭਰੇ ॥

ਜਦ ਤੋੜੀ ਮੈਂ ਕੁਛ ਕਾਢਾਂ ਤੇ ਜੁਗਤਾ ਕਢਦਾ ਰਿਹਾ, ਤਦ ਤੋੜੀ ਮੈਂ ਅੰਦੇਸਿਆਂ ਨਾਲ ਭਰਪੂਰ ਰਿਹਾ।

ਜਉ ਕ੍ਰਿਪਾਲ ਗੁਰੁ ਪੂਰਾ ਭੇਟਿਆ; ਤਉ ਆਨਦ ਸਹਜੇ ॥੧॥

ਜਦ ਮੈਨੂ ਦਿਆਲੂ ਪੂਰਨ ਗੁਰੂ ਮਿਲ ਪਏ ਤਦ ਮੈਨੂੰ ਸੁਖੈਨ ਹੀ ਖੁਸ਼ੀ ਪ੍ਰਾਪਤ ਹੋ ਗਈ।

ਜੇਤੀ ਸਿਆਨਪ ਕਰਮ ਹਉ ਕੀਏ; ਤੇਤੇ ਬੰਧ ਪਰੇ ॥

ਜਿੰਨੇ ਬਹੁਤੇ ਕੰਮ ਮੈਂ ਹੁਸ਼ਿਆਰੀ ਰਾਹੀਂ ਕੀਤੇ ਉਨੀਆਂ ਹੀ ਬਹੁਤੀਆਂ ਬੇੜੀਆਂ ਮੈਨੂੰ ਪਈਆਂ।

ਜਉ ਸਾਧੂ ਕਰੁ ਮਸਤਕਿ ਧਰਿਓ; ਤਬ ਹਮ ਮੁਕਤ ਭਏ ॥੨॥

ਜਦ ਸੰਤਾਂ (ਗੁਰਾਂ) ਨੇ ਆਪਣਾ ਹੱਥ ਮੇਰੇ ਮੱਥੇ ਉਤੇ ਧਰ ਦਿੱਤਾ, ਤਾਂ ਮੈਂ ਮੁਕਤ ਹੋ ਗਿਆ।

ਜਉ ਲਉ ਮੇਰੋ ਮੇਰੋ ਕਰਤੋ; ਤਉ ਲਉ ਬਿਖੁ ਘੇਰੇ ॥

ਜਦ ਤਾਈ ਮੈਂ ਆਖਦਾ ਸਾਂ, “ਇਹ ਮੇਰੀ ਹੈ, ਇਹ ਮੇਰੀ ਹੈ” ਤਦ ਤਾਈਂ ਮੈਂ ਵਿਕਾਰ ਦਾ ਘੇਰਿਆ ਹੋਇਆ ਸਾਂ।

ਮਨੁ ਤਨੁ ਬੁਧਿ ਅਰਪੀ ਠਾਕੁਰ ਕਉ; ਤਬ ਹਮ ਸਹਜਿ ਸੋਏ ॥੩॥

ਜਦ ਮੈਂ ਆਪਣਾ ਚਿੱਤ ਜਿਸਮ ਅਤੇ ਅਕਲ ਸੁਆਮੀ ਨੂੰ ਸੋਪ ਦਿੱਤੀ, ਤਦ ਮੈਂ ਆਰਾਮ ਅੰਦਰ ਸੌਂ ਗਿਆ।

ਜਉ ਲਉ ਪੋਟ ਉਠਾਈ ਚਲਿਅਉ; ਤਉ ਲਉ ਡਾਨ ਭਰੇ ॥

ਜਦ ਤੋੜੀ ਮੈਂ ਮਾਇਆ ਦੀ ਗਠੜੀ ਚੁੱਕੀ ਚਲਦਾ ਰਿਹਾ, ਤਦ ਤੋੜੀ ਮੈਂ ਡੰਨ ਭਰਦਾ ਰਿਹਾ।

ਪੋਟ ਡਾਰਿ ਗੁਰੁ ਪੂਰਾ ਮਿਲਿਆ; ਤਉ ਨਾਨਕ, ਨਿਰਭਏ ॥੪॥੧॥੧੫੯॥

ਜਦ ਮੈਂ, ਨਾਨਕ ਨੇ, ਪੋਟਲੀ ਪਰ ਸੁਟ ਪਾਈ ਤਾਂ ਮੈਂ ਪੁਰਨ ਗੁਰਾਂ ਨੂੰ ਮਿਲ ਪਿਆ, ਅਤੇ ਨਿੱਡਰ ਹੋ ਗਿਆ।


ਗਉੜੀ ਮਾਲਾ ਮਹਲਾ ੫ ॥

ਗਊੜੀ ਮਾਲਾ ਪਾਤਸ਼ਾਹੀ ਪੰਜਵੀ।

ਭਾਵਨੁ, ਤਿਆਗਿਓ ਰੀ ਤਿਆਗਿਓ ॥

ਹੇ ਮੇਰੀ ਸਖੀ, ਆਪਣੀਆਂ ਖਾਹਿਸ਼ਾਂ ਮੈਂ ਛੱਡ ਤੇ ਤਿਆਗ ਦਿਤੀਆਂ ਹਨ।

ਤਿਆਗਿਓ, ਮੈ ਗੁਰ ਮਿਲਿ ਤਿਆਗਿਓ ॥

ਗੁਰਾਂ ਨੂੰ ਮਿਲਣ ਦੁਆਰਾ ਮੈਂ ਉਹਨਾਂ ਨੂੰ ਤਲਾਂਜਲੀ ਤੇ ਛੁੱਟੀ ਦੇ ਦਿੱਤੀ ਹੈ।

ਸਰਬ ਸੁਖ ਆਨੰਦ ਮੰਗਲ ਰਸ; ਮਾਨਿ ਗੋਬਿੰਦੈ ਆਗਿਓ ॥੧॥ ਰਹਾਉ ॥

ਜੱਗ ਦੇ ਸਾਈਂ ਦੀ ਰਜਾ ਦਾ ਪਾਲਣ ਕਰਨ ਦੁਆਰਾ ਮੈਂ ਸਾਰੇ ਆਰਾਮ, ਖੁਸ਼ੀਆਂ, ਉਮਾਹ ਤੇ ਸੁਆਦ ਪਾ ਲਏ ਹਨ। ਠਹਿਰਾਉ।

ਮਾਨੁ ਅਭਿਮਾਨੁ ਦੋਊ ਸਮਾਨੇ; ਮਸਤਕੁ ਡਾਰਿ ਗੁਰ ਪਾਗਿਓ ॥

ਮੇਰੇ ਲਈ ਇੱਜਤ ਤੇ ਬੇ-ਇਜ਼ਤੀ ਦੋਨੋਂ ਇਕ ਸਮਾਨ ਹਨ। ਆਪਣਾ ਮੱਥਾ ਮੈਂ ਗੁਰਾਂ ਦੇ ਚਰਨਾਂ ਉਤੇ ਟੇਕ ਦਿਤਾ ਹੈ।

ਸੰਪਤ ਹਰਖੁ ਨ ਆਪਤ ਦੂਖਾ; ਰੰਗ ਠਾਕੁਰੈ ਲਾਗਿਓ ॥੧॥

ਮੈਨੂੰ ਦੌਲਤ ਖੁਸ਼ੀ ਅਤੇ ਅਪਦਾ ਦੁਖੀ ਨਹੀਂ ਕਰਦੀ ਕਿਉਂ ਜੋ ਮੇਰੀ ਪ੍ਰੀਤ ਪ੍ਰਭੂ ਨਾਲ ਪੈ ਗਈ ਹੈ।

ਬਾਸ ਬਾਸਰੀ ਏਕੈ ਸੁਆਮੀ; ਉਦਿਆਨ ਦ੍ਰਿਸਟਾਗਿਓ ॥

ਇਕ ਸੁਆਮੀ ਘਰ ਵਿੱਚ ਵਸਦਾ ਹੈ ਅਤੇ ਬੀਆਬਾਨ ਵਿੱਚ ਭੀ ਵੇਖਿਆ ਜਾਂਦਾ ਹੈ।

ਨਿਰਭਉ ਭਏ ਸੰਤ ਭ੍ਰਮੁ ਡਾਰਿਓ; ਪੂਰਨ ਸਰਬਾਗਿਓ ॥੨॥

ਸਾਧੂ ਨੇ ਮੇਰਾ ਸੰਦੇਹ ਦੂਰ ਕਰ ਦਿਤਾ ਹੈ, ਤੇ ਮੈਂ ਨਿੱਡਰ ਹੋ ਗਿਆ ਹਾਂ। ਸ੍ਰਬੱਗ ਸੁਆਮੀ ਸਮੂਹ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ।

ਜੋ ਕਿਛੁ ਕਰਤੈ ਕਾਰਣੁ ਕੀਨੋ; ਮਨਿ ਬੁਰੋ ਨ ਲਾਗਿਓ ॥

ਜਿਹੜਾ ਕੰਮ ਭੀ ਸਿਰਜਦਹਾਰ ਕਰਦਾ ਹੈ, ਮੇਰੇ ਚਿੱਤ ਨੂੰ ਨਾਂ-ਖੁਸ਼ਗਵਾਰ ਨਹੀਂ ਲਗਦਾ।

ਸਾਧਸੰਗਤਿ ਪਰਸਾਦਿ ਸੰਤਨ ਕੈ; ਸੋਇਓ ਮਨੁ ਜਾਗਿਓ ॥੩॥

ਸਚਿਆਰਾ ਦੀ ਸੰਗਤ ਅਤੇ ਸਾਧਾਂ ਦੀ ਦਇਆ ਦੁਆਰਾ ਮੇਰੀ ਸੁੱਤੀ ਹੋਈ ਆਤਮਾ ਜਾਗ ਉਠੀ ਹੈ।

ਜਨ ਨਾਨਕ ਓੜਿ ਤੁਹਾਰੀ ਪਰਿਓ; ਆਇਓ ਸਰਣਾਗਿਓ ॥

ਨਫ਼ਰ ਨਾਨਕ ਨੇ ਤੇਰਾ ਆਸਰਾ ਲਿਆ ਅਤੇ ਤੇਰੀ ਸ਼ਰਣਾਗਤ ਸੰਭਾਲੀ ਹੈ।

ਨਾਮ ਰੰਗ ਸਹਜ ਰਸ ਮਾਣੇ; ਫਿਰਿ ਦੂਖੁ ਨ ਲਾਗਿਓ ॥੪॥੨॥੧੬੦॥

ਨਾਮ ਦੀ ਪ੍ਰੀਤ ਅੰਦਰ ਨਾਨਕ ਪਰਮ-ਅਨੰਦ ਭੋਗਦਾ ਹੈ, ਅਤੇ ਪੀੜ, ਮੁੜਕੇ ਉਸ ਨੂੰ ਛੂੰਹਦੀ ਤਕ ਨਹੀਂ।


ਗਉੜੀ ਮਾਲਾ ਮਹਲਾ ੫ ॥

ਗਊੜੀ ਮਾਲਾ ਪਾਤਸ਼ਾਹੀ ਪੰਜਵੀ।

ਪਾਇਆ ਲਾਲੁ ਰਤਨੁ, ਮਨਿ ਪਾਇਆ ॥

ਮੈਂ ਆਪਣੇ ਹਿਰਦੇ ਅੰਦਰ ਹੀ ਆਪਣਾ ਮਾਣਕ ਵਰਗਾ ਪ੍ਰੀਤਮ ਲਭ, ਲਿਆ ਹੈ!

ਤਨੁ ਸੀਤਲੁ, ਮਨੁ ਸੀਤਲੁ ਥੀਆ; ਸਤਗੁਰ ਸਬਦਿ ਸਮਾਇਆ ॥੧॥ ਰਹਾਉ ॥

ਮੇਰੀ ਦੇਹਿ ਠਰ ਗਈ ਹੈ, ਮੇਰੀ ਆਤਮਾ ਠਰ ਗਈ ਹੈ ਅਤੇ ਮੈਂ ਸੱਚੇ ਗੁਰਾਂ ਦੇ ਸ਼ਬਦ ਅੰਦਰ ਲੀਨ ਹੋ ਗਿਆ ਹਾਂ। ਠਹਿਰਾਉ।

ਲਾਥੀ ਭੂਖ, ਤ੍ਰਿਸਨ ਸਭ ਲਾਥੀ; ਚਿੰਤਾ ਸਗਲ ਬਿਸਾਰੀ ॥

ਮੇਰੀ ਭੁਖ ਦੂਰ ਹੋ ਗਈ ਹੈ। ਮੇਰੀਆਂ ਖ਼ਾਹਿਸ਼ਾਂ ਤਮਾਮ ਮੁਕ ਗਈਆਂ ਹਨ, ਤੇ ਮੇਰਾ ਸਾਰਾ ਫ਼ਿਕਰ ਮਿਟ ਗਿਆ ਹੈ।

ਕਰੁ ਮਸਤਕਿ ਗੁਰਿ ਪੂਰੈ ਧਰਿਓ; ਮਨੁ ਜੀਤੋ ਜਗੁ ਸਾਰੀ ॥੧॥

ਪੂਰਨ ਗੁਰਾਂ ਨੇ ਆਪਣਾ ਹੱਥ ਮੇਰੇ ਮੱਥੇ ਉਤੇ ਰਖਿਆ ਹੈ ਅਤੇ ਆਪਣੇ ਮਨੂਏ ਨੂੰ ਜਿਤਣ ਨਾਲ ਮੈਂ ਸਾਰਾ ਸੰਸਾਰ ਜਿੱਤ ਲਿਆ ਹੈ।

ਤ੍ਰਿਪਤਿ ਅਘਾਇ ਰਹੇ ਰਿਦ ਅੰਤਰਿ; ਡੋਲਨ ਤੇ ਅਬ ਚੂਕੇ ॥

ਆਪਣੇ ਚਿੱਤ ਅੰਦਰ ਮੈਂ ਰੱਜਿਆ ਅਤੇ ਧ੍ਰਾਪਿਆ ਰਹਿੰਦਾ ਹਾਂ ਅਤੇ ਹੁਣ ਮੈਂ ਡਿੱਕਡੋਲੇ ਨਹੀਂ ਖਾਂਦਾ।

ਅਖੁਟੁ ਖਜਾਨਾ ਸਤਿਗੁਰਿ ਦੀਆ; ਤੋਟਿ ਨਹੀ ਰੇ ਮੂਕੇ ॥੨॥

ਅਮੁੱਕ ਨਿਧਾਨ ਸੱਚੇ ਗੁਰਾਂ ਨੇ ਮੈਨੂੰ ਬਖਸ਼ਿਆ ਹੈ, ਨਾਂ ਇਹ ਘਟ ਹੁੰਦਾ ਹੈ ਅਤੇ ਨਾਂ ਹੀ ਮੁਕਦਾ ਹੈ।

ਅਚਰਜੁ ਏਕੁ ਸੁਨਹੁ ਰੇ ਭਾਈ! ਗੁਰਿ ਐਸੀ ਬੂਝ ਬੁਝਾਈ ॥

ਇਕ ਹੈਰਾਨੀ ਦੀ ਗੱਲ ਸੁਣ ਹੈ ਵੀਰ! ਗੁਰਾਂ ਨੇ ਮੈਨੂੰ ਇਹੋ ਜਿਹੀ ਗਿਆਤ ਦਰਸਾਈ ਹੈ,

ਲਾਹਿ ਪਰਦਾ ਠਾਕੁਰੁ ਜਉ ਭੇਟਿਓ; ਤਉ ਬਿਸਰੀ ਤਾਤਿ ਪਰਾਈ ॥੩॥

ਕਿ ਜਦ ਪੜਦਾ ਪਰੇ ਹਟਾ ਕੇ ਮੈਂ ਆਪਣੇ ਸਾਹਿਬ ਨੂੰ ਮਿਲਿਆ, ਤਦ ਮੈਨੂੰ ਹੋਰਨਾ ਨਾਲ ਈਰਖਾ ਕਰਨੀ ਭੁੱਲ ਗਈ।

ਕਹਿਓ ਨ ਜਾਈ, ਏਹੁ ਅਚੰਭਉ; ਸੋ ਜਾਨੈ, ਜਿਨਿ ਚਾਖਿਆ ॥

ਇਹ ਇਕ ਅਸਚਰਜ ਹੈ, ਜੋ ਬਿਆਨ ਨਹੀਂ ਕੀਤੀ ਜਾ ਸਕਦਾ। ਕੇਵਲ ਉਹੀ ਅਨੁਭਵ ਕਰਦਾ ਹੈ ਜਿਹੜਾ ਇਸ ਨੂੰ ਪਾਨ ਕਰਦਾ ਹੈ।

ਕਹੁ ਨਾਨਕ, ਸਚ ਭਏ ਬਿਗਾਸਾ; ਗੁਰਿ ਨਿਧਾਨੁ ਰਿਦੈ ਲੈ ਰਾਖਿਆ ॥੪॥੩॥੧੬੧॥

ਗੁਰੂ ਜੀ ਆਖਦੇ ਹਨ, ਸੱਚ ਮੇਰੇ ਤੇ ਪਰਗਟ ਹੋ ਗਿਆ ਹੈ। ਨਾਮ ਦੀ ਦੌਲਤ ਗੁਰਾਂ ਪਾਸੋਂ ਪ੍ਰਾਪਤ ਕਰਕੇ ਮੈਂ ਇਸ ਨੂੰ ਆਪਣੇ ਦਿਲ ਵਿੱਚ ਟਿਕਾ ਲਿਆ ਹੈ।


ਗਉੜੀ ਮਾਲਾ ਮਹਲਾ ੫ ॥

ਗਊੜੀ ਮਾਲਾ ਪਾਤਸ਼ਾਹੀ ਪੰਜਵੀ।

ਉਬਰਤ, ਰਾਜਾ ਰਾਮ ਕੀ ਸਰਣੀ ॥

ਬੰਦਾ, ਪ੍ਰਭੂ, ਪਾਤਿਸ਼ਾਹ ਦੀ ਸ਼ਰਣਾਗਤ ਅੰਦਰ ਬਚ ਜਾਂਦਾ ਹੈ।

ਸਰਬ ਲੋਕ ਮਾਇਆ ਕੇ ਮੰਡਲ; ਗਿਰਿ ਗਿਰਿ ਪਰਤੇ ਧਰਣੀ ॥੧॥ ਰਹਾਉ ॥

ਸੰਸਾਰੀ ਅਦਾਲਤਾ ਕਰਨ ਵਾਲੇ ਹੋਰ ਸਾਰੇ ਬੰਦੇ ਧਰਤੀ ਤੇ ਛਪਾਲ ਡਿਗ ਪੈਂਦੇ ਹਨ। ਠਹਿਰਾਉ।

ਸਾਸਤ ਸਿੰਮ੍ਰਿਤਿ ਬੇਦ ਬੀਚਾਰੇ; ਮਹਾ ਪੁਰਖਨ ਇਉ ਕਹਿਆ ॥

ਵਡੇ ਆਦਮੀਆਂ ਨੇ ਸ਼ਾਸਤਰਾਂ, ਸਿੰਮ੍ਰਤੀਆਂ ਅਤੇ ਵੇਦਾਂ ਨੂੰ ਘੋਖ ਕੇ ਇਸ ਤਰ੍ਹਾਂ ਆਖਿਆ ਹੈ,

ਬਿਨੁ ਹਰਿ ਭਜਨ ਨਾਹੀ ਨਿਸਤਾਰਾ; ਸੂਖੁ ਨ ਕਿਨਹੂੰ ਲਹਿਆ ॥੧॥

ਕਿ ਰੱਬ ਦੀ ਬੰਦਗੀ ਦੇ ਬਾਝੋਂ ਕੋਈ ਕਲਿਆਨ ਨਹੀਂ, ਨਾਂ ਹੀ ਕਿਸੇ ਜਣੇ ਨੂੰ ਆਰਾਮ ਪ੍ਰਾਪਤ ਹੋਇਆ ਹੈ।

ਤੀਨਿ ਭਵਨ ਕੀ ਲਖਮੀ ਜੋਰੀ; ਬੂਝਤ ਨਾਹੀ ਲਹਰੇ ॥

ਭਾਵੇਂ ਬੰਦਾ ਤਿਨਾਂ ਜਹਾਨਾ ਦੀ ਦੌਲਤ ਇਕਤ੍ਰ ਕਰ ਲਵੇ ਪਰ ਉਸ ਤਮ੍ਹਾਂ ਦੇ ਤਰੰਗ ਮਾਤ ਨਹੀਂ ਹੁੰਦੇ।

ਬਿਨੁ ਹਰਿ ਭਗਤਿ ਕਹਾ ਥਿਤਿ ਪਾਵੈ; ਫਿਰਤੋ ਪਹਰੇ ਪਹਰੇ ॥੨॥

ਵਾਹਿਗੁਰੂ ਦੇ ਭਜਨ ਬਗੈਰ, ਅਸਥਿਰਤਾ ਕਿੰਥੇ ਪ੍ਰਾਪਤ ਹੋ ਸਕਦੀ ਹੈ, ਅਤੇ ਜੀਵ, ਹਮੇਸ਼ਾਂ ਭਟਕਦਾ ਫਿਰਦਾ ਹੇ?

ਅਨਿਕ ਬਿਲਾਸ ਕਰਤ ਮਨ ਮੋਹਨ; ਪੂਰਨ ਹੋਤ ਨ ਕਾਮਾ ॥

ਇਨਸਾਨ ਅਨੇਕਾਂ ਦਿਲ ਖਿਚਣ ਵਾਲਿਆਂ ਪਰਚਾਵਿਆਂ ਅੰਦਰ ਲਪਟਾਇਮਾਨ ਹੁੰਦਾ ਹੈ, ਪਰ ਉਸ ਦੀਆਂ ਖ਼ਾਹਿਸ਼ਾਂ ਤ੍ਰਿਪਤ ਨਹੀਂ ਹੁੰਦੀਆਂ।

ਜਲਤੋ ਜਲਤੋ ਕਬਹੂ ਨ ਬੂਝਤ; ਸਗਲ ਬ੍ਰਿਥੇ ਬਿਨੁ ਨਾਮਾ ॥੩॥

ਉਹ ਹਮੇਸ਼ਾਂ ਸੜਦਾ ਰਹਿੰਦਾ ਹੈ ਅਤੇ ਕਦੇ ਭੀ ਸ਼ਾਂਤ ਨਹੀਂ ਹੁੰਦਾ। ਸਾਹਿਬ ਦੇ ਨਾਮ ਦੇ ਬਗੈਰ ਸਾਰੀਆਂ ਸ਼ੈਆਂ ਵਿਆਰਥ ਹਨ।

ਹਰਿ ਕਾ ਨਾਮੁ ਜਪਹੁ ਮੇਰੇ ਮੀਤਾ! ਇਹੈ ਸਾਰ ਸੁਖੁ ਪੂਰਾ ॥

ਤੂੰ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ, ਹੈ ਮੇਰੇ ਦੋਸਤ! ਇਹ ਪੂਰਨ ਖੁਸ਼ੀ ਦਾ ਨਿਚੋੜ ਹੈ।

ਸਾਧਸੰਗਤਿ ਜਨਮ ਮਰਣੁ ਨਿਵਾਰੈ; ਨਾਨਕ, ਜਨ ਕੀ ਧੂਰਾ ॥੪॥੪॥੧੬੨॥

ਪਵਿੱਤਰ ਪੁਰਸ਼ਾ ਦੀ ਸੰਗਤ ਅੰਦਰ ਜੰਮਣਾ ਤੇ ਮਰਣਾ ਮੁਕ ਜਾਂਦਾ ਹੈ ਅਤੇ ਨਾਨਕ ਵਾਹਿਗੁਰੂ ਦੇ ਗੋਲਿਆਂ ਦੀ ਖ਼ਾਕ ਹੋ ਜਾਂਦਾ ਹੈ।


ਗਉੜੀ ਮਾਲਾ ਮਹਲਾ ੫ ॥

ਗਊੜੀ ਮਾਲਾ ਪਾਤਸ਼ਾਹੀ ਪੰਜਵੀ।

ਮੋ ਕਉ, ਇਹ ਬਿਧਿ ਕੋ ਸਮਝਾਵੈ ॥

ਮੈਨੂੰ ਇਸ ਦਸ਼ਾ ਨੂੰ ਕੌਣ ਸਮਝਾ ਸਕਦਾ ਹੈ?

ਕਰਤਾ ਹੋਇ ਜਨਾਵੈ ॥੧॥ ਰਹਾਉ ॥

ਜੇਕਰ ਬੰਦਾ ਕਰਨ ਵਾਲਾ ਹੋਵੇ, ਕੇਵਲ ਤਾ ਹੀ ਉਹ ਦਰਸਾ ਸਕਦਾ ਹੈ। ਠਹਿਰਾਉ।

ਅਨਜਾਨਤ ਕਿਛੁ ਇਨਹਿ ਕਮਾਨੋ; ਜਪ ਤਪ ਕਛੂ ਨ ਸਾਧਾ ॥

ਬੇਸਮਝੀ ਅੰਦਰ ਇਹ ਇਨਸਾਨ ਸਾਰਾ ਕੁਝ ਕਰਦਾ ਹੈ। ਪਰ ਉਹ ਸਿਮਰਨ ਅਤੇ ਕਰੜੀ ਘਾਲ ਕੁਝ ਭੀ ਨਹੀਂ ਕਰਦਾ।

ਦਹ ਦਿਸਿ ਲੈ ਇਹੁ ਮਨੁ ਦਉਰਾਇਓ; ਕਵਨ ਕਰਮ ਕਰਿ ਬਾਧਾ? ॥੧॥

ਖ਼ਾਹਿਸ਼ ਅੰਦਰ ਉਹ ਆਪਣੇ ਇਸ ਮਨੂਏ ਨੂੰ ਦਸੀਂ ਪਾਸੀਂ ਭਜਾਉਂਦਾ ਹੈ! ਕਿਹੜਿਆਂ ਕੰਮਾਂ ਦੁਆਰਾ ਮਨੂਆਂ ਰੋਕਿਆ ਜਾਂਦਾ ਹੈ?

ਮਨ ਤਨ ਧਨ ਭੂਮਿ ਕਾ ਠਾਕੁਰੁ; ਹਉ ਇਸ ਕਾ, ਇਹੁ ਮੇਰਾ ॥

ਬੰਦਾ ਆਖਦਾ ਹੈ, “ਮੈਂ ਆਪਣੇ ਮਨੂਏ, ਦੇਹਿ, ਦੌਲਤ ਅਤੇ ਜ਼ਮੀਨ ਦਾ ਮਾਲਕ ਹਾਂ। ਮੈਂ ਇਨ੍ਹਾਂ ਦਾ ਹਾਂ ਤੇ ਇਹ ਮੇਰੇ ਹਨ”।

ਭਰਮ ਮੋਹ ਕਛੁ ਸੂਝਸਿ ਨਾਹੀ; ਇਹ ਪੈਖਰ ਪਏ ਪੈਰਾ ॥੨॥

ਸੰਦੇਹ ਅਤੇ ਸੰਸਾਰੀ ਲਗਨ ਅੰਦਰ ਉਸ ਨੂੰ ਕੁਛ ਭੀ ਨਹੀਂ ਦਿਸਦਾ। ਇਹ ਜੂੜ ਉਸ ਦੇ ਪੈਰਾ ਨੂੰ ਪਏ ਹੋਏ ਹਨ।

ਤਬ ਇਹੁ ਕਹਾ ਕਮਾਵਨ ਪਰਿਆ; ਜਬ ਇਹੁ ਕਛੂ ਨ ਹੋਤਾ ॥

ਉਦੋਂ ਇਹ ਆਦਮੀ ਕੀ ਕੰਮ ਕਰਦਾ ਸੀ, ਜਦ ਇਸ ਸਦੀ ਹੋਦਂ ਹੀ ਨਹੀਂ ਸੀ?

ਜਬ ਏਕ ਨਿਰੰਜਨ ਨਿਰੰਕਾਰ ਪ੍ਰਭ; ਸਭੁ ਕਿਛੁ ਆਪਹਿ ਕਰਤਾ ॥੩॥

ਜਦ ਪਵਿੱਤ੍ਰ ਤੇ ਸਰੂਪ-ਰਹਿਤ ਸੁਆਮੀ ਕਲਮਕੱਲਾ ਹੀ ਸੀ, ਉਦੋਂ ਉਹ ਸਾਰਾ ਕੁਝ ਆਪੇ ਹੀ ਕਰਦਾ ਸੀ।

ਅਪਨੇ ਕਰਤਬ ਆਪੇ ਜਾਨੈ; ਜਿਨਿ ਇਹੁ ਰਚਨੁ ਰਚਾਇਆ ॥

ਜਿਸ ਨੇ ਇਹ ਸੰਸਾਰ ਸਾਜਿਆ ਹੈ, ਆਪਣੇ ਕੰਮਾਂ ਨੂੰ ਉਹ ਆਪ ਹੀ ਜਾਣਦਾ ਹੈ।

ਕਹੁ ਨਾਨਕ, ਕਰਣਹਾਰੁ ਹੈ ਆਪੇ; ਸਤਿਗੁਰਿ ਭਰਮੁ ਚੁਕਾਇਆ ॥੪॥੫॥੧੬੩॥

ਗੁਰੂ ਜੀ ਫੁਰਮਾਉਂਦੇ ਹਨ, ਪ੍ਰਭੂ ਆਪ ਹੀ ਸਭ ਕੁਛ ਕਰਣ ਵਾਲਾ ਹੈ। ਸੱਚੇ ਗੁਰਾਂ ਨੇ ਮੇਰਾ ਸ਼ੰਕਾ ਨਵਿਰਤ ਕਰ ਦਿਤਾ ਹੈ।


ਗਉੜੀ ਮਾਲਾ ਮਹਲਾ ੫ ॥

ਗਊੜੀ ਮਾਲਾ ਪਾਤਸ਼ਾਹੀ ਪੰਜਵੀਂ।

ਹਰਿ ਬਿਨੁ; ਅਵਰ ਕ੍ਰਿਆ ਬਿਰਥੇ ॥

ਵਾਹਿਗੁਰੂ ਦੀ ਯਾਦ ਦੇ ਬਗੈਰ ਹੋਰ ਸਾਰੇ ਕੰਮ ਨਿਸਫਲ ਹਨ।

ਜਪ ਤਪ ਸੰਜਮ ਕਰਮ ਕਮਾਣੇ; ਇਹਿ ਓਰੈ ਮੂਸੇ ॥੧॥ ਰਹਾਉ ॥

ਦਿਖਾਵੇ ਦਾ ਪਾਠ, ਤਪੱਸਿਆ, ਸਵੈ-ਰਿਆਜ਼ਤ, ਅਤੇ ਹੋਰ ਸੰਸਕਾਰਾਂ ਦਾ ਕਰਣਾ, ਇਹ ਸਭ ਨੇੜੇ ਹੀ ਲੁਟਿਆ ਪੁਟਿਆ ਜਾਂਦਾ ਹੈ। ਠਹਿਰਾਉ।

ਬਰਤ ਨੇਮ ਸੰਜਮ ਮਹਿ ਰਹਤਾ; ਤਿਨ ਕਾ ਆਢੁ ਨ ਪਾਇਆ ॥

ਜੋ ਉਪਹਾਸ, ਨਿਤ ਦੇ ਕਰਮਾਂ ਅਤੇ ਕਸ਼ਟ ਅੰਦਰ ਵਸਦਾ ਹੈ, ਉਸ ਨੂੰ ਉਨ੍ਹਾਂ ਦੀ ਇਕ ਕਾਣੀ ਕੌਡੀ ਭੀ ਨਹੀਂ ਮਿਲਦੀ।

ਆਗੈ ਚਲਣੁ ਅਉਰੁ ਹੈ ਭਾਈ; ਊਂਹਾ ਕਾਮਿ ਨ ਆਇਆ ॥੧॥

ਅਗੇ ਤਰੀਕਾ ਵੱਖਰਾ ਹੈ, ਹੈ ਵੀਰ! ਉਥੇ ਇਹ ਕੰਮ ਨਹੀਂ ਆਉਂਦੇ।

ਤੀਰਥਿ ਨਾਇ ਅਰੁ ਧਰਨੀ ਭ੍ਰਮਤਾ; ਆਗੈ ਠਉਰ ਨ ਪਾਵੈ ॥

ਜੋ ਧਰਮ ਅਸਥਾਨਾਂ ਤੇ ਮੱਜਨ ਕਰਦਾ ਹੈ ਅਤੇ ਜ਼ਮੀਨ ਤੇ ਭਾਉਂਦਾ ਫਿਰਦਾ ਹੈ, ਉਸ ਨੂੰ ਅਗੇ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ।

ਊਹਾ ਕਾਮਿ ਨ ਆਵੈ ਇਹ ਬਿਧਿ; ਓਹੁ ਲੋਗਨ ਹੀ ਪਤੀਆਵੈ ॥੨॥

ਉਥੇ ਇਹ ਤਰੀਕਾ ਕੰਮ ਨਹੀਂ ਆਉਂਦਾ। ਇਸ ਨਾਲ ਉਹ ਕੇਵਲ ਲੋਕਾਂ ਨੂੰ ਹੀ ਖੁਸ਼ ਕਰਦਾ ਹੈ।

ਚਤੁਰ ਬੇਦ ਮੁਖ ਬਚਨੀ ਉਚਰੈ; ਆਗੈ ਮਹਲੁ ਨ ਪਾਈਐ ॥

ਚਾਰੇ ਹੀ ਵੇਦਾਂ ਦਾ ਮੂੰਹ-ਜਬਾਨੀ ਪਾਠ ਕਰਨ ਦੁਆਰਾ ਇਨਸਾਨ, ਅਗੇ ਸਾਹਿਬ ਦੀ ਹਜੂਰੀ ਨੂੰ ਪ੍ਰਾਪਤ ਨਹੀਂ ਹੁੰਦਾ।

ਬੂਝੈ ਨਾਹੀ ਏਕੁ ਸੁਧਾਖਰੁ; ਓਹੁ ਸਗਲੀ ਝਾਖ ਝਖਾਈਐ ॥੩॥

ਜੋ ਇਕ ਪਵਿੱਤਰ ਨਾਮ ਨੂੰ ਨਹੀਂ ਸਮਝਦਾ, ਉਹ ਸਾਰਾ ਬੇਹੁਦਾ ਬਕਵਾਸ ਕਰਦਾ ਹੈ।

ਨਾਨਕੁ, ਕਹਤੋ ਇਹੁ ਬੀਚਾਰਾ; ਜਿ ਕਮਾਵੈ, ਸੁ ਪਾਰ ਗਰਾਮੀ ॥

ਨਾਨਕ ਇਹ ਰਾਇ ਜ਼ਾਹਰ ਕਰਦਾ ਹੈ। ਜੋ ਇਸ ਤੇ ਅਮਲ ਕਰਦਾ ਹੈ, ਉਹ ਜੀਵਨ ਦੇ ਸਮੁੰਦਰ ਤੋਂ ਤਰਣ ਵਾਲਾ ਬਣ ਜਾਂਦਾ ਹੈ।

ਗੁਰੁ ਸੇਵਹੁ ਅਰੁ ਨਾਮੁ ਧਿਆਵਹੁ; ਤਿਆਗਹੁ ਮਨਹੁ ਗੁਮਾਨੀ ॥੪॥੬॥੧੬੪॥

ਗੁਰਾਂ ਦੀ ਟਹਿਲ ਕਮਾ, ਸੁਆਮੀ ਦੇ ਨਾਮ ਦਾ ਸਿਮਰਨ ਕਰ ਅਤੇ ਆਪਣੇ ਮਨ ਦੀ ਹੰਗਤਾ ਨੂੰ ਛੱਡ ਦੇ।


ਗਉੜੀ ਮਾਲਾ ੫ ॥

ਗਊੜੀ ਮਾਲਾ ਪਾਤਸ਼ਾਹੀ ਪੰਜਵੀ।

ਮਾਧਉ! ਹਰਿ ਹਰਿ, ਹਰਿ ਮੁਖਿ ਕਹੀਐ ॥

ਹੈ ਮਾਇਆ ਦੇ ਪਤੀ! ਮੇਰੇ ਵਾਹਿਗੁਰੁ ਸੁਆਮੀ, ਆਪਣੇ ਮੂੰਹ ਨਾਲ ਮੈਂ ਤੇਰਾ ਨਾਮ ਉਚਾਰਨ ਕਰਦਾ ਹਾਂ।

ਹਮ ਤੇ ਕਛੂ ਨ ਹੋਵੈ ਸੁਆਮੀ! ਜਿਉ ਰਾਖਹੁ, ਤਿਉ ਰਹੀਐ ॥੧॥ ਰਹਾਉ ॥

ਆਪਣੇ ਆਪ ਮੇਰੇ ਕੋਲੋਂ ਕੁਝ ਭੀ ਨਹੀਂ ਹੋ ਸਕਦਾ, ਹੇ ਸਾਈਂ! ਜਿਸ ਤਰ੍ਹਾਂ ਰਖਦਾ ਹੈ, ਓਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ। ਠਹਿਰਾਉ।

ਕਿਆ ਕਿਛੁ ਕਰੈ? ਕਿ ਕਰਣੈਹਾਰਾ? ਕਿਆ ਇਸੁ ਹਾਥਿ ਬਿਚਾਰੇ? ॥

ਬੰਦਾ ਕੀ ਕਰ ਸਕਦਾ ਹੈ, ਉਹ ਕੀ ਕਰਣ ਜੋਗ ਹੈ ਅਤੇ ਇਸ ਗਰੀਬ ਜੀਵ ਦੇ ਹੱਕ ਵਿੱਚ ਕੀ ਹੈ?

ਜਿਤੁ ਤੁਮ ਲਾਵਹੁ, ਤਿਤ ਹੀ ਲਾਗਾ; ਪੂਰਨ ਖਸਮ ਹਮਾਰੇ ॥੧॥

ਹੇ ਮੇਰੇ ਸਰਬ ਸਮਰਥ ਮਾਲਕ, ਉਹ ਉਸੇ ਨਾਲ ਜੁੜਦਾ ਹੈ, ਜਿਸ ਨਾਲ ਤੂੰ ਉਸ ਨੂੰ ਜੋੜਦਾ ਹੈ।

ਕਰਹੁ ਕ੍ਰਿਪਾ ਸਰਬ ਕੇ ਦਾਤੇ; ਏਕ ਰੂਪ ਲਿਵ ਲਾਵਹੁ ॥

ਮੇਰੇ ਉਤੇ ਤਰਸ ਕਰ ਹੈ ਸਾਰਿਆਂ ਦੇ ਦਾਤਾਰ ਅਤੇ ਕੇਵਲ ਆਪਣੇ ਸਰੂਪ ਨਾਲ ਹੀ ਮੇਰੀ ਪਿਰਹੜੀ ਗੰਢ।

ਨਾਨਕ ਕੀ ਬੇਨੰਤੀ ਹਰਿ ਪਹਿ; ਅਪੁਨਾ ਨਾਮੁ ਜਪਾਵਹੁ ॥੨॥੭॥੧੬੫॥

ਨਾਨਕ ਵਾਹਿਗੁਰੂ ਪਾਸ ਪ੍ਰਾਰਥਨਾ ਕਰਦਾ ਹੈ ਕਿ ਉਹ ਉਸ ਪਾਸੋਂ ਆਪਣੇ ਨਾਮ ਦਾ ਸਿਮਰਨ ਕਰਵਾਏ।