ਰਾਗ ਗਉੜੀ ਮਾਝ – ਬਾਣੀ ਸ਼ਬਦ-Raag Gauri Majh – Bani

ਰਾਗ ਗਉੜੀ ਮਾਝ – ਬਾਣੀ ਸ਼ਬਦ-Raag Gauri Majh – Bani

ਰਾਗੁ ਗਉੜੀ ਮਾਝ ਮਹਲਾ ੪ ॥

ਰਾਗ ਗਊੜੀ ਮਾਝ ਪਾਤਸ਼ਾਹੀ ਚੋਥੀ।

ਗੁਰਮੁਖਿ ਜਿੰਦੂ! ਜਪਿ ਨਾਮੁ ਕਰੰਮਾ ॥

ਗੁਰਾਂ ਦੀ ਦਇਆ ਦੁਆਰਾ ਹੇ ਮੇਰੀ ਜਿੰਦੜੀਏ, ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦਾ ਕੰਮ ਕਰ।

ਮਤਿ ਮਾਤਾ ਮਤਿ ਜੀਉ, ਨਾਮੁ ਮੁਖਿ, ਰਾਮਾ ॥

ਮੇਰੀ ਜਿੰਦੇ ਉਸ ਅਕਲ ਨੂੰ ਆਪਣੀ ਮਾਂ ਬਣਾ, ਜਿਹੜੀ ਸਾਹਿਬ ਦੇ ਨਾਮ ਨੂੰ ਮੂੰਹ ਵਿੱਚ ਰਖਣ ਦੀ ਤੈਨੂੰ ਮੱਤ ਦਿੰਦੀ ਹੈ।

ਸੰਤੋਖੁ ਪਿਤਾ ਕਰਿ, ਗੁਰੁ ਪੁਰਖੁ ਅਜਨਮਾ ॥

ਸੰਤੁਸ਼ਟਤਾ ਨੂੰ ਆਪਣਾ ਬਾਪੂ ਅਤੇ ਗੁਰੂ ਨੂੰ ਆਪਣਾ ਜਨਮ-ਰਹਿਤ ਪ੍ਰਭੂ ਬਣਾ!

ਵਡਭਾਗੀ, ਮਿਲੁ ਰਾਮਾ ॥੧॥

ਓ ਭਾਰੇ ਨਸੀਬਾਂ ਵਾਲਿਆਂ, ਵਿਆਪਕ ਸਾਈਂ ਨਾਲ ਜੁੜ।

ਗੁਰੁ ਜੋਗੀ ਪੁਰਖੁ ਮਿਲਿਆ, ਰੰਗੁ ਮਾਣੀ ਜੀਉ ॥

ਮੈਂ ਯੋਗੀ ਗੁਰੂ ਵਾਹਿਗੁਰੂ ਨੂੰ ਮਿਲ ਪਿਆ ਹਾਂ ਅਤੇ ਉਸ ਦੇ ਅਨੰਦ ਅੰਦਰ ਮੌਜਾ ਕਰਦਾ ਹਾਂ।

ਗੁਰੁ ਹਰਿ ਰੰਗਿ ਰਤੜਾ, ਸਦਾ ਨਿਰਬਾਣੀ ਜੀਉ ॥

ਗੁਰੂ ਵਾਹਿਗੁਰੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ ਅਤੇ ਸਦੀਵ ਹੀ ਪਵਿੱਤ੍ਰ ਹੈ।

ਵਡਭਾਗੀ, ਮਿਲੁ ਸੁਘੜ ਸੁਜਾਣੀ ਜੀਉ ॥

ਪਰਮ ਚੰਗੀ ਕਿਸਮਤ ਦੁਆਰਾ ਮੈਂ ਕਾਮਲ ਅਤੇ ਸਰਬਗ ਸੁਆਮੀ ਨੂੰ ਮਿਲ ਪਿਆ ਹਾਂ।

ਮੇਰਾ ਮਨੁ ਤਨੁ, ਹਰਿ ਰੰਗਿ ਭਿੰਨਾ ॥੨॥

ਮੇਰੀ ਆਤਮਾ ਤੇ ਦੇਹਿ ਵਾਹਿਗੁਰੂ ਦੀ ਪਿਰਹੜੀ ਨਾਲ ਗੱਚ ਹੋਈ ਹੋਈ ਹਨ।

ਆਵਹੁ ਸੰਤਹੁ! ਮਿਲਿ ਨਾਮੁ ਜਪਾਹਾ ॥

ਆਓ ਸਾਧੂਓ! ਆਪਾ ਇਕੱਠੇ ਹੋ ਕੇ, ਸਾਹਿਬ ਦੇ ਨਾਮ ਦਾ ਉਚਾਰਣ ਕਰੀਏ।

ਵਿਚਿ ਸੰਗਤਿ, ਨਾਮੁ ਸਦਾ ਲੈ ਲਾਹਾ ਜੀਉ ॥

ਸਚਿਆਰਾ ਦੇ ਸਮਾਗਮ ਅੰਦਰ ਆਓ ਆਪਾ, ਹਮੇਸ਼ਾਂ ਮਾਲਕ ਦੇ ਨਾਮ ਦਾ ਨਫ਼ਾ ਕਮਾਈਏ।

ਕਰਿ ਸੇਵਾ ਸੰਤਾ, ਅੰਮ੍ਰਿਤੁ ਮੁਖਿ ਪਾਹਾ ਜੀਉ ॥

ਪਵਿੱਤ੍ਰ ਪੁਰਸ਼ਾਂ ਦੀ ਟਹਿਲ ਕਮਾਉਣ ਦੁਆਰਾ, ਆਓ ਆਪਾਂ ਆਪਣੇ ਮੂੰਹ ਵਿੱਚ ਸੁਧਾਰਸ ਚੋਈਏ।

ਮਿਲੁ ਪੂਰਬਿ ਲਿਖਿਅੜੇ, ਧੁਰਿ ਕਰਮਾ ॥੩॥

ਬੰਦਾ ਸਾਧੂ ਗੁਰਾਂ ਨੂੰ ਮਿਲ ਪੈਂਦਾ ਹੈ ਜੇਕਰ ਆਦਿ ਸਾਈਂ ਨੇ ਐਸੀ ਪ੍ਰਾਲਬੰਧ ਪਹਿਲਾਂ ਤੋਂ ਹੀ ਲਿਖੀ ਹੋਈ ਹੋਵੇ।

ਸਾਵਣਿ ਵਰਸੁ, ਅੰਮ੍ਰਿਤਿ ਜਗੁ ਛਾਇਆ ਜੀਉ ॥

ਸਾਉਣ ਦੇ ਮਹੀਨੇ ਵਿੱਚ ਨਾਮ-ਸੁਧਾਰਸ ਵਾਲਾ ਬੱਦਲ ਸੰਸਾਰ ਉਤੇ ਛਾਇਆ ਹੋਇਆ ਹੈ।

ਮਨੁ ਮੋਰੁ, ਕੁਹੁਕਿਅੜਾ, ਸਬਦੁ ਮੁਖਿ ਪਾਇਆ ॥

ਨਾਮ ਅੰਮ੍ਰਿਤ ਨੂੰ ਚਖ ਕੇ ਮੇਰੇ ਮਨੂਏ ਦਾ ਸਿਖਾਧਾਰਬ ਚਹਿਚਹਾਉਣ ਲਗ ਪਿਆ।

ਹਰਿ ਅੰਮ੍ਰਿਤੁ ਵੁਠੜਾ, ਮਿਲਿਆ ਹਰਿ ਰਾਇਆ ਜੀਉ ॥

ਈਸ਼ਵਰੀ ਆਬਿ-ਹਿਯਾਤ ਵਰਸਦਾ ਹੈ ਅਤੇ ਵਾਹਿਗੁਰੂ ਪਾਤਸ਼ਾਹ ਆ ਮਿਲਦਾ ਹੈ।

ਜਨ ਨਾਨਕ ਪ੍ਰੇਮਿ ਰਤੰਨਾ ॥੪॥੧॥੨੭॥੬੫॥

ਗੁਮਾਸ਼ਤਾ ਨਾਨਕ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਗਿਆ ਹੈ।


ਗਉੜੀ ਮਾਝ ਮਹਲਾ ੪ ॥

ਗਊੜੀ ਮਾਝ ਪਾਤਸ਼ਾਹੀ ਚੋਥੀ!

ਆਉ ਸਖੀ! ਗੁਣ ਕਾਮਣ ਕਰੀਹਾ ਜੀਉ ॥

ਆਓ ਸਹੇਲੀਓ! ਆਪਾਂ ਨੇਕੀਆਂ ਦੇ ਜਾਦੂ ਟੂਣੇ ਬਣਾਈਏ।

ਮਿਲਿ ਸੰਤ ਜਨਾ, ਰੰਗੁ ਮਾਣਿਹ ਰਲੀਆ ਜੀਉ ॥

ਪਵਿੱਤ੍ਰ ਪੁਰਸ਼ਾਂ ਨੂੰ ਭੇਟ ਕੇ ਆਪਾਂ ਪ੍ਰਭੂ ਦੀ ਪ੍ਰੀਤ ਦਾ ਆਰਾਮ ਤੇ ਅਨੰਦ ਭੋਗੀਏ।

ਗੁਰ ਦੀਪਕੁ ਗਿਆਨੁ, ਸਦਾ ਮਨਿ ਬਲੀਆ ਜੀਉ ॥

ਗੁਰਾਂ ਦੇ ਬਖਸ਼ੇ ਹੋਏ ਬ੍ਰਹਿਮਬੋਧ ਦਾ ਦੀਪ ਹਮੇਸ਼ਾਂ ਮੇਰੇ ਚਿੱਤ ਅੰਦਰ ਬਲਦਾ ਰਹਿੰਦਾ ਹੈ।

ਹਰਿ ਤੁਠੈ, ਢੁਲਿ ਢੁਲਿ ਮਿਲੀਆ ਜੀਉ ॥੧॥

ਪਰਮ ਪਰਸੰਨ ਤੇ ਰਹਿਮ ਨਾਲ ਨਰਮ ਹੋ ਕੇ ਮਾਲਕ ਮੈਨੂੰ ਮਿਲ ਪਿਆ ਹੈ।

ਮੇਰੈ ਮਨਿ ਤਨਿ, ਪ੍ਰੇਮੁ ਲਗਾ ਹਰਿ ਢੋਲੇ ਜੀਉ ॥

ਮੇਰੇ ਚਿੱਤ ਤੇ ਸਰੀਰ ਅੰਦਰ ਪਿਆਰੇ ਵਾਹਿਗੁਰੂ ਦੀ ਪ੍ਰੀਤ ਲੱਗੀ ਹੋਈ ਹੈ।

ਮੈ ਮੇਲੇ ਮਿਤ੍ਰੁ, ਸਤਿਗੁਰੁ ਵੇਚੋਲੇ ਜੀਉ ॥

ਸਤਿਗੁਰੂ ਬਸੀਨ ਨੇ ਮੈਨੂੰ ਮੇਰੇ ਯਾਰ ਨਾਲ ਮਿਲਾ ਦਿੱਤਾ ਹੈ।

ਮਨੁ ਦੇਵਾਂ ਸੰਤਾ, ਮੇਰਾ ਪ੍ਰਭੁ ਮੇਲੇ ਜੀਉ ॥

ਮੈਂ ਆਪਣਾ ਚਿੱਤ ਗੁਰੂ-ਸਾਧੂ ਨੂੰ ਅਰਪਨ ਕਰਦਾ ਹਾਂ, ਜੋ ਮੈਨੂੰ ਮੇਰੇ ਮਾਲਕ ਨਾਲ ਮਿਲਾਉਂਦਾ ਹੈ।

ਹਰਿ ਵਿਟੜਿਅਹੁ, ਸਦਾ ਘੋਲੇ ਜੀਉ ॥੨॥

ਵਾਹਿਗੁਰੂ ਉਤੇ ਮੈਂ ਹਮੇਸ਼ਾਂ ਕੁਰਬਾਨ ਜਾਂਦਾ ਹਾਂ।

ਵਸੁ ਮੇਰੇ ਪਿਆਰਿਆ! ਵਸੁ ਮੇਰੇ ਗੋਵਿਦਾ! ਹਰਿ ਕਰਿ ਕਿਰਪਾ, ਮਨਿ ਵਸੁ ਜੀਉ ॥

ਨਿਵਾਸ ਕਰ, ਮੇਰੇ ਪ੍ਰੀਤਮ, ਨਿਵਾਸ ਕਰ, ਹੇ ਆਲਮ ਦੇ ਸੁਆਮੀ! ਹੇ ਵਾਹਿਗੁਰੂ ਮਿਹਰ ਧਾਰ! ਅਤੇ ਮੇਰੇ ਚਿੱਤ ਵਿੱਚ ਨਿਵਾਸ ਕਰ।

ਮਨਿ ਚਿੰਦਿਅੜਾ ਫਲੁ ਪਾਇਆ ਮੇਰੇ ਗੋਵਿੰਦਾ! ਗੁਰੁ ਪੂਰਾ ਵੇਖਿ ਵਿਗਸੁ ਜੀਉ ॥

ਹੇ ਮੇਰੇ ਮਾਲਕ! ਪੂਰਨ ਗੁਰਾਂ ਨੂੰ ਵੇਖ ਕੇ, ਮੈਂ ਆਪਣੇ ਚਿੱਤ ਚਾਹੁੰਦੀਆਂ ਮੁਰਾਦਾ ਪਾ ਲਈਆਂ ਹਨ ਅਤੇ ਪਰਮ-ਪ੍ਰੰਸਨ ਹੋ ਗਿਆ ਹਾਂ।

ਹਰਿ ਨਾਮੁ ਮਿਲਿਆ ਸੋਹਾਗਣੀ ਮੇਰੇ ਗੋਵਿੰਦਾ! ਮਨਿ ਅਨਦਿਨੁ ਅਨਦੁ ਰਹਸੁ ਜੀਉ ॥

ਖ਼ੁਸ਼ ਬਾਸ਼ ਪਤਨੀਆਂ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਹੁੰਦੀਆਂ ਹਨ ਹੈ, ਮੇਰੇ ਸਾਹਿਬ! ਅਤੇ ਪਰਮ-ਪ੍ਰਸੰਨਤਾ ਅੰਦਰ ਦਿਨ ਰਾਤ ਆਪਣੇ ਚਿੱਤ ਵਿੱਚ ਖੁਸ਼ ਰਹਿੰਦੀਆਂ ਹਨ।

ਹਰਿ ਪਾਇਅੜਾ ਵਡਭਾਗੀਈ ਮੇਰੇ ਗੋਵਿੰਦਾ! ਨਿਤ ਲੈ ਲਾਹਾ ਮਨਿ ਹਸੁ ਜੀਉ ॥੩॥

ਪਰਮ ਚੰਗੇ ਕਰਮਾਂ ਰਾਹੀਂ ਵਾਹਿਗੁਰੂ ਪ੍ਰਾਪਤ ਹੁੰਦਾ ਹੈ, ਹੇ ਮੇਰੇ ਸੁਆਮੀ! ਅਤੇ ਨਿਤਾਪ੍ਰਤੀ ਨਫ਼ਾ ਕਮਾ ਕੇ ਆਦਮੀ ਖ਼ੁਸ਼ੀ ਨਾਲ ਹਸਦਾ ਰਹਿੰਦਾ ਹੈ।

ਹਰਿ ਆਪਿ ਉਪਾਏ, ਹਰਿ ਆਪੇ ਵੇਖੈ; ਹਰਿ ਆਪੇ ਕਾਰੈ ਲਾਇਆ ਜੀਉ ॥

ਵਾਹਿਗੁਰੂ ਖੁਦ ਪੈਦਾ ਕਰਦਾ ਹੈ, ਵਾਹਿਗੁਰੂ ਖੁਦ ਦੇਖਦਾ ਹੈ ਅਤੇ ਵਾਹਿਗੁਰੂ ਖ਼ੁਦ ਹੀ ਜੀਵਾਂ ਨੂੰ ਕੰਮ ਕਾਰੇ ਲਾਉਂਦਾ ਹੈ।

ਇਕਿ ਖਾਵਹਿ ਬਖਸ, ਤੋਟਿ ਨ ਆਵੈ; ਇਕਨਾ ਫਕਾ ਪਾਇਆ ਜੀਉ ॥

ਕਈ ਪ੍ਰਭੂ ਦੀਆਂ ਬਖਸ਼ੀਸ਼ਾਂ ਭੁੰਚਦੇ ਹਨ, ਜਿਨ੍ਹਾਂ ਵਿੱਚ ਕਦੇ ਕਮੀ ਨਹੀਂ ਵਾਪਰਦੀ ਅਤੇ ਕਈਆਂ ਨੂੰ ਕੇਵਲ ਦਾਣਿਆਂ ਦੀ ਮੁੱਠੀ ਹੀ ਮਿਲਦੀ ਹੈ।

ਇਕਿ ਰਾਜੇ ਤਖਤਿ ਬਹਹਿ ਨਿਤ ਸੁਖੀਏ; ਇਕਨਾ ਭਿਖ ਮੰਗਾਇਆ ਜੀਉ ॥

ਕਈ ਪਾਤਸ਼ਾਹ ਹੋ ਰਾਜ-ਸਿੰਘਾਸਣ ਤੇ ਬੈਠਦੇ ਹਨ, ਅਤੇ ਸਦਾ ਹੀ ਸੁਖਾਲੇ ਰਹਿੰਦੇ ਹਨ ਅਤੇ ਕਈਆਂ ਪਾਸੋਂ ਤੂੰ ਖੈਰ ਮੰਗਾਉਂਦਾ ਹੈ।

ਸਭੁ ਇਕੋ ਸਬਦੁ ਵਰਤਦਾ ਮੇਰੇ ਗੋਵਿਦਾ! ਜਨ ਨਾਨਕ ਨਾਮੁ ਧਿਆਇਆ ਜੀਉ ॥੪॥੨॥੨੮॥੬੬॥

ਮੇਰੇ ਜਗਤ ਦੇ ਮਾਲਕ ਹਰਿ ਥਾ ਕੇਵਲ ਤੇਰਾ ਹੁਕਮ ਹੀ ਪਰਬਲ ਹੈ। ਨੋਕਰ ਨਾਨਕ! ਤੇਰੇ ਨਾਮ ਦਾ ਅਰਾਧਨ ਕਰਦਾ ਹੈ।


ਗਉੜੀ ਮਾਝ ਮਹਲਾ ੪ ॥

ਗਊੜੀ ਮਾਝ ਪਾਤਸ਼ਾਹੀ ਚੋਥੀ।

ਮਨ ਮਾਹੀ, ਮਨ ਮਾਹੀ ਮੇਰੇ ਗੋਵਿੰਦਾ! ਹਰਿ ਰੰਗਿ ਰਤਾ ਮਨ ਮਾਹੀ ਜੀਉ ॥

ਮੇਰੇ ਹਿਰਦੇ ਅੰਦਰੋਂ ਮੇਰੇ ਹਿਰਦੇ ਅੰਦਰੋ ਹੈ ਮੇਰੇ ਮਾਲਕ! ਮੇਰੇ ਹਿਰਦੇ ਅੰਦਰੋਂ ਮੈਂ ਵਾਹਿਗੁਰੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਹਾਂ।

ਹਰਿ ਰੰਗੁ ਨਾਲਿ ਨ ਲਖੀਐ ਮੇਰੇ ਗੋਵਿਦਾ! ਗੁਰੁ ਪੂਰਾ ਅਲਖੁ ਲਖਾਹੀ ਜੀਉ ॥

ਪ੍ਰੀਤਮ ਵਾਹਿਗੁਰੂ ਮੇਰੇ ਅੰਗ ਸੰਗ ਹੈ, ਪ੍ਰੰਤੂ ਉਹ ਵੇਖਿਆਂ ਨਹੀਂ ਜਾ ਸਕਦਾ, ਹੇ ਮੇਰੇ ਸੁਆਮੀ। ਪੂਰਨ ਗੁਰਾਂ ਨੇ ਮੈਨੂੰ ਅਦ੍ਰਿਸ਼ਟ ਪੁਰਖ ਦਿਖਾਲ ਦਿੱਤਾ ਹੈ।

ਹਰਿ ਹਰਿ ਨਾਮੁ ਪਰਗਾਸਿਆ ਮੇਰੇ ਗੋਵਿੰਦਾ! ਸਭ ਦਾਲਦ ਦੁਖ ਲਹਿ ਜਾਹੀ ਜੀਉ ॥

ਵਾਹਿਗੁਰੂ ਸੁਆਮੀ ਦਾ ਨਾਮ ਮੇਰੇ ਉਤੇ ਪ੍ਰਕਾਸ਼ ਹੋ ਗਿਆ ਹੈ ਹੇ ਮੇਰੇ ਮਾਲਕ! ਅਤੇ ਸਾਰੀ ਗਰੀਬੀ ਦੇ ਦਰਦ ਰਫ਼ਾ ਹੋ ਗਏ ਹਨ।

ਹਰਿ ਪਦੁ ਊਤਮੁ ਪਾਇਆ ਮੇਰੇ ਗੋਵਿੰਦਾ! ਵਡਭਾਗੀ ਨਾਮਿ ਸਮਾਹੀ ਜੀਉ ॥੧॥

ਮੈਂ ਉਤਾਕ੍ਰਿਸ਼ਟ ਪਦਵੀ ਪ੍ਰਾਪਤ ਕਰ ਲਈ ਹੈ, ਮੇਰੇ ਵਾਹਿਗੁਰੂ ਸੁਆਮੀ! ਮਹਾਨ ਸ਼੍ਰੇਸ਼ਟ ਨਸੀਬਾਂ ਰਾਹੀਂ ਮੈਂ ਹਰੀ ਦੇ ਨਾਮ ਅੰਦਰ ਲੀਨ ਹੋ ਗਿਆ ਹਾਂ।

ਨੈਣੀ ਮੇਰੇ ਪਿਆਰਿਆ! ਨੈਣੀ ਮੇਰੇ ਗੋਵਿਦਾ! ਕਿਨੈ, ਹਰਿ ਪ੍ਰਭੁ ਡਿਠੜਾ ਨੈਣੀ ਜੀਉ ॥

ਆਪਣੀਆਂ ਅੱਖਾਂ ਨਾਲ ਮੇਰੇ ਪ੍ਰੀਤਮ ਆਪਣੀਆਂ ਅੱਖਾਂ ਨਾਲ ਮੇਰਾ ਮਾਲਕ, ਕੀ ਕਿਸੇ ਜਣੇ ਨੇ ਆਪਣੀਆਂ ਅੱਖਾਂ ਨਾਲ ਮੇਰੇ ਵਾਹਿਗੁਰੂ ਸੁਆਮੀ ਨੂੰ ਵੇਖਿਆਂ ਹੈ?

ਮੇਰਾ ਮਨੁ ਤਨੁ ਬਹੁਤੁ ਬੈਰਾਗਿਆ ਮੇਰੇ ਗੋਵਿੰਦਾ! ਹਰਿ ਬਾਝਹੁ ਧਨ ਕੁਮਲੈਣੀ ਜੀਉ ॥

ਮੇਰੀ ਆਤਮਾ ਤੇ ਦੇਹਿ ਵਿਛੋੜੇ ਵਿੱਚ ਬੜੇ ਉਦਾਸ ਹਨ, ਹੇ ਸ੍ਰਿਸ਼ਟੀ ਦੇ ਸੁਆਮੀ! ਵਾਹਿਗੁਰੂ ਦੇ ਬਿਨਾ ਪਤਨੀ ਮੁਰਝਾਈ ਜਾ ਰਹੀ ਹੈ।

ਸੰਤ ਜਨਾ ਮਿਲਿ ਪਾਇਆ ਮੇਰੇ ਗੋਵਿਦਾ! ਮੇਰਾ ਹਰਿ ਪ੍ਰਭੁ ਸਜਣੁ ਸੈਣੀ ਜੀਉ ॥

ਸਾਧ ਰੂਪ ਪੁਰਸ਼ਾਂ ਨੂੰ ਮਿਲ ਕੇ, ਹੇ ਮੇਰੇ ਵਾਹਿਗੁਰੂ ਮੈਂ ਮਿਤ੍ਰ ਤੇ ਸਾਥੀ, ਆਪਣੇ ਸੁਆਮੀ ਮਾਲਕ ਨੂੰ ਪਾ ਲਿਆ ਹੈ।

ਹਰਿ ਆਇ ਮਿਲਿਆ ਜਗਜੀਵਨੁ ਮੇਰੇ ਗੋਵਿੰਦਾ! ਮੈ ਸੁਖਿ ਵਿਹਾਣੀ ਰੈਣੀ ਜੀਉ ॥੨॥

ਜਗਤ ਦੀ ਜਿੰਦ ਜਾਨ ਹਰੀ ਆ ਕੇ ਮੈਨੂੰ ਮਿਲ ਪਿਆ ਹੈ, ਹੇ ਮੇਰੇ ਮਾਲਕ! ਅਤੇ ਮੇਰੀ ਰਾਤ੍ਰੀ ਹੁਣ ਆਰਾਮ ਅੰਦਰ ਬੀਤ ਰਹੀ ਹੈ।

ਮੈ ਮੇਲਹੁ ਸੰਤ, ਮੇਰਾ ਹਰਿ ਪ੍ਰਭੁ ਸਜਣੁ; ਮੈ ਮਨਿ ਤਨਿ ਭੁਖ ਲਗਾਈਆ ਜੀਉ ॥

ਹੇ ਸਾਧੂਓ! ਮੈਨੂੰ ਮੇਰੇ ਵਾਹਿਗੁਰੂ ਸੁਆਮੀ, ਮਿਤ੍ਰ ਨਾਲ ਜੋੜ ਦਿਓ। ਮੇਰੀ ਆਤਮਾ ਤੇ ਦੇਹਿ ਨੂੰ ਉਸ ਦੀ ਭੁੱਖ ਲੱਗੀ ਹੋਈ ਹੈ।

ਹਉ ਰਹਿ ਨ ਸਕਉ, ਬਿਨੁ ਦੇਖੇ ਮੇਰੇ ਪ੍ਰੀਤਮ; ਮੈ ਅੰਤਰਿ ਬਿਰਹੁ ਹਰਿ ਲਾਈਆ ਜੀਉ ॥

ਮੈਂ ਆਪਣੇ ਪਿਆਰੇ ਨੂੰ ਵੇਖਣ ਦੇ ਬਗੈਰ ਜੀਊ ਨਹੀਂ ਸਕਦਾ। ਮੇਰੇ ਮਨ ਵਿੱਚ ਵਾਹਿਗੁਰੂ ਨਾਲੋ ਵਿਛੋੜੇ ਦੀ ਪੀੜ ਹੈ।

ਹਰਿ ਰਾਇਆ ਮੇਰਾ ਸਜਣੁ ਪਿਆਰਾ; ਗੁਰੁ ਮੇਲੇ, ਮੇਰਾ ਮਨੁ ਜੀਵਾਈਆ ਜੀਉ ॥

ਪਾਤਸ਼ਾਹ ਪ੍ਰਭੂ ਮੇਰਾ ਲਾਡਲਾ ਯਾਰ ਹੈ। ਗੁਰਾਂ ਨੇ ਮੈਨੂੰ ਉਸ ਨਾਲ ਮਿਲਾ ਦਿਤਾ ਹੈ ਅਤੇ ਮੇਰੀ ਆਤਮਾ ਸੁਰਜੀਤ ਹੋ ਕੇ ਈਸ਼ਵਰ-ਪਰਾਇਣ ਹੋ ਗਈ ਹੈ।

ਮੇਰੈ ਮਨਿ ਤਨਿ ਆਸਾ ਪੂਰੀਆ ਮੇਰੇ ਗੋਵਿੰਦਾ! ਹਰਿ ਮਿਲਿਆ ਮਨਿ ਵਾਧਾਈਆ ਜੀਉ ॥੩॥

ਮੇਰੇ ਚਿੱਤ ਤੇ ਦੇਹਿ ਦੀਆਂ ਸੱਧਰਾ ਪੂਰਨ ਹੋ ਗਈਆਂ ਹਨ। ਵਾਹਿਗੁਰੂ ਨਾਲ ਮਿਲ ਪੈਣ ਤੇ ਮੇਰੀ ਆਤਮਾ ਨੂੰ ਮੁਬਾਰਕ ਯਾਦਾ ਮਿਲ ਰਹੀਆਂ ਹਨ, ਹੇ ਮੇਰੇ ਸ੍ਰਿਸ਼ਟੀ ਦੇ ਸੁਆਮੀ!

ਵਾਰੀ ਮੇਰੇ ਗੋਵਿੰਦਾ! ਵਾਰੀ ਮੇਰੇ ਪਿਆਰਿਆ! ਹਉ ਤੁਧੁ ਵਿਟੜਿਅਹੁ ਸਦ ਵਾਰੀ ਜੀਉ ॥

ਕੁਰਬਾਨ ਮੇਰੇ ਸ੍ਰਿਸ਼ਟੀ ਦੇ ਸੁਆਮੀ! ਕੁਰਬਾਨ ਮੇਰੇ ਦਿਲਬਰ ਮੈਂ ਹਮੇਸ਼ਾਂ ਹੀ ਤੇਰੇ ਉਤੋਂ ਕੁਰਬਾਨ ਹਾਂ।

ਮੇਰੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਮੇਰੇ ਗੋਵਿਦਾ! ਹਰਿ ਪੂੰਜੀ ਰਾਖੁ ਹਮਾਰੀ ਜੀਉ ॥

ਮੇਰੇ ਅੰਤਹਕਰਣ ਅਤੇ ਸਰੀਰ ਅੰਦਰ ਮੇਰੇ ਮਹਿਬੁਬ ਕੰਤ ਦੀ ਪ੍ਰੀਤ ਹੈ, ਹੇ ਮੇਰੇ ਸੁਆਮੀ! ਮੇਰੀ ਰਾਸਿ ਦੀ ਰਖਵਾਲੀ ਕਰ, ਹੇ ਵਾਹਿਗੁਰੂ।

ਸਤਿਗੁਰੁ ਵਿਸਟੁ ਮੇਲਿ, ਮੇਰੇ ਗੋਵਿੰਦਾ! ਹਰਿ ਮੇਲੇ, ਕਰਿ ਰੈਬਾਰੀ ਜੀਉ ॥

ਹੇ ਮੇਰੇ ਸੁਆਮੀ, ਮੈਨੂੰ ਸਤਿਗੁਰੂ ਸਲਾਹਕਾਰ ਨਾਲ ਮਿਲਾ ਦੇ, ਜੋ ਆਪਣੀ ਰਹਿਬਰੀ ਰਾਹੀਂ ਮੈਨੂੰ ਵਾਹਿਗੁਰੂ ਨਾਲ ਜੋੜ ਦੇਵੇਗਾ।

ਹਰਿ ਨਾਮੁ ਦਇਆ ਕਰਿ ਪਾਇਆ ਮੇਰੇ ਗੋਵਿੰਦਾ! ਜਨ ਨਾਨਕੁ, ਸਰਣਿ ਤੁਮਾਰੀ ਜੀਉ ॥੪॥੩॥੨੯॥੬੭॥

ਤੇਰੀ ਮਿਹਰ ਰਾਹੀਂ ਹੇ ਮੇਰੇ ਸ੍ਰਿਸ਼ਟੀ ਦੇ ਸੁਆਮੀ ਮੈਂ ਵਾਹਿਗੁਰੂ ਦਾ ਨਾਮ ਪ੍ਰਾਪਤ ਕੀਤਾ ਹੈ। ਗੋਲੇ ਨਾਨਕ ਨੇ ਤੇਰੀ ਪਨਾਹ ਲਈ ਹੈ।


ਗਉੜੀ ਮਾਝ ਮਹਲਾ ੪ ॥

ਗਊੜੀ ਮਾਝ ਪਾਤਸ਼ਾਹੀ ਚੋਥੀ।

ਚੋਜੀ ਮੇਰੇ ਗੋਵਿੰਦਾ! ਚੋਜੀ ਮੇਰੇ ਪਿਆਰਿਆ! ਹਰਿ ਪ੍ਰਭੁ ਮੇਰਾ ਚੋਜੀ ਜੀਉ ॥

ਖਿਲੰਦੜਾ ਮੇਰਾ ਮਾਲਕ, ਖਿਲੰਦੜਾ ਮੇਰਾ ਮਹਿਬੂਬ ਖਿਲੰਦੜਾ ਹੈ ਮੇਰਾ ਵਾਹਿਗੁਰੂ ਸੁਆਮੀ!

ਹਰਿ ਆਪੇ ਕਾਨ੍ਹ੍ਹੁ ਉਪਾਇਦਾ ਮੇਰੇ ਗੋਵਿਦਾ! ਹਰਿ ਆਪੇ ਗੋਪੀ ਖੋਜੀ ਜੀਉ ॥

ਵਾਹਿਗੁਰੂ ਖੁਦ ਕ੍ਰਿਸ਼ਨ ਨੂੰ ਰਚਦਾ ਹੈ, ਹੇ ਮੇਰੇ ਸ੍ਰਿਸ਼ਟੀ ਦੇ ਸਾਂਈ, ਅਤੇ ਵਾਹਿਗੁਰੂ ਖੁਦ ਹੀ ਲੱਭਣ ਵਾਲੀ ਗੁਆਲਣ ਹੋ ਜਾਂਦਾ ਹੈ।

ਹਰਿ ਆਪੇ ਸਭ ਘਟ ਭੋਗਦਾ ਮੇਰੇ ਗੋਵਿੰਦਾ! ਆਪੇ ਰਸੀਆ ਭੋਗੀ ਜੀਉ ॥

ਭਗਵਾਨ ਆਪੇ ਸਾਰਿਆਂ ਦਿਲਾਂ ਨੂੰ ਮਾਣਦਾ ਹੈ, ਹੇ ਮੇਰੇ ਸਾਹਿਬ! ਅਤੇ ਆਪ ਹੀ ਸੁਆਦ ਮਾਨਣਹਾਰ ਅਨੰਦ ਕਰਨ ਵਾਲਾ ਹੈ।

ਹਰਿ ਸੁਜਾਣੁ ਨ ਭੁਲਈ ਮੇਰੇ ਗੋਵਿੰਦਾ! ਆਪੇ ਸਤਿਗੁਰੁ ਜੋਗੀ ਜੀਉ ॥੧॥

ਪ੍ਰਭੂ ਸਿਆਣਾ ਅਤੇ ਅਚੂਕ ਹੈ। ਉਹ ਖੁਦ ਹੀ ਉਸ ਨਾਲ ਜੁੜਿਆ ਹੋਇਆ ਸੱਚਾ ਗੁਰੂ ਹੈ, ਹੇ ਮੇਰੇ ਸ੍ਰਿਸ਼ਟੀ ਦੇ ਸੁਆਮੀ!

ਆਪੇ ਜਗਤੁ ਉਪਾਇਦਾ ਮੇਰੇ ਗੋਵਿਦਾ! ਹਰਿ ਆਪਿ ਖੇਲੈ ਬਹੁ ਰੰਗੀ ਜੀਉ ॥

ਹੇ ਮੇਰੇ ਸੁਆਮੀ! ਵਾਹਿਗੁਰੂ ਖੁਦ ਸ੍ਰਿਸ਼ਟੀ ਨੂੰ ਸਾਜਦਾ ਹੈ, ਅਤੇ ਖੁਦ ਹੀ ਅਨੇਕਾ ਢੰਗ ਨਾਲ ਖੇਡਦਾ ਹੈ।

ਇਕਨਾ ਭੋਗ ਭੋਗਾਇਦਾ ਮੇਰੇ ਗੋਵਿੰਦਾ! ਇਕਿ ਨਗਨ ਫਿਰਹਿ, ਨੰਗ ਨੰਗੀ ਜੀਉ ॥

ਹੇ ਮੇਰੇ ਸੁਆਮੀ! ਕਈਆਂ ਨੂੰ ਉਹ ਨਿਆਮਤਾ ਭੁੰਚਾਉਂਦਾ ਹੈ, ਅਤੇ ਕਈ ਨੰਗਾ ਦੇ ਨੰਗ ਹੋ ਨੰਗ-ਧੜਗੇ ਭਟਕਦੇ ਫਿਰਦੇ ਹਨ।

ਆਪੇ ਜਗਤੁ ਉਪਾਇਦਾ ਮੇਰੇ ਗੋਵਿਦਾ! ਹਰਿ ਦਾਨੁ ਦੇਵੈ ਸਭ ਮੰਗੀ ਜੀਉ ॥

ਹੇ ਮੇਰੇ ਸੁਆਮੀ! ਵਾਹਿਗੁਰੂ ਆਪ ਜਹਾਨ ਨੂੰ ਬਣਾਉਂਦਾ ਹੈ, ਅਤੇ ਸਾਰਿਆਂ ਨੂੰ ਬਖਸ਼ਸ਼ਾ ਕਰਦਾ ਹੈ, ਜੋ ਉਸ ਪਾਸੋਂ ਯਾਚਨਾ ਕਰਦੇ ਹਨ।

ਭਗਤਾ ਨਾਮੁ ਆਧਾਰੁ ਹੈ ਮੇਰੇ ਗੋਵਿੰਦਾ! ਹਰਿ ਕਥਾ ਮੰਗਹਿ ਹਰਿ ਚੰਗੀ ਜੀਉ ॥੨॥

ਸੰਤਾ ਨੂੰ ਨਾਮ ਦਾ ਹੀ ਆਸਰਾ ਹੈ, ਹੇ ਮੇਰੇ ਸੁਆਮੀ! ਉਹ ਵਾਹਿਗੁਰੂ ਸਾਹਿਬ ਦੀ ਸੁਹਣੀ ਧਰਮ ਵਾਰਤਾ ਦੀ ਹੀ ਯਾਚਨਾ ਕਰਦੇ ਹਨ।

ਹਰਿ ਆਪੇ ਭਗਤਿ ਕਰਾਇਦਾ ਮੇਰੇ ਗੋਵਿੰਦਾ! ਹਰਿ ਭਗਤਾ ਲੋਚ ਮਨਿ ਪੂਰੀ ਜੀਉ ॥

ਵਾਹਿਗੁਰੂ ਆਪ ਸਾਧੂਆਂ ਪਾਸੋਂ ਆਪਣੀ ਉਪਾਸਨਾ ਕਰਾਉਣਾ ਹੈ, ਹੇ ਮੇਰੇ ਸੁਆਮੀ ਅਤੇ ਆਪਣੇ ਸਾਧੂਆਂ ਦੀਆਂ ਚਿੱਤ ਦੀਆਂ ਚਾਹਨਾ ਪੂਰੀਆਂ ਕਰਦਾ ਹੈ।

ਆਪੇ ਜਲਿ ਥਲਿ ਵਰਤਦਾ ਮੇਰੇ ਗੋਵਿਦਾ! ਰਵਿ ਰਹਿਆ, ਨਹੀ ਦੂਰੀ ਜੀਉ ॥

ਸੁਆਮੀ ਖੁਦ ਪਾਣੀ ਤੇ ਧਰਤੀ ਅੰਦਰ ਰਮਿਆ ਹੋਇਆ ਹੈ, ਹੇ ਮੇਰੇ ਮਾਲਕ! ਉਹ ਸਰਬ-ਵਿਆਪਕ ਹੈ ਅਤੇ ਦੁਰੇਡੇ ਨਹੀਂ।

ਹਰਿ ਅੰਤਰਿ ਬਾਹਰਿ ਆਪਿ ਹੈ ਮੇਰੇ ਗੋਵਿਦਾ! ਹਰਿ ਆਪਿ ਰਹਿਆ ਭਰਪੂਰੀ ਜੀਉ ॥

ਅੰਦਰ ਤੇ ਬਾਹਰਵਾਰ ਸਾਹਿਬ ਖ਼ੁਦ ਹੀ ਹੈ ਹੇ ਮੇਰੇ ਮਾਲਕ! ਵਾਹਿਗੁਰੂ ਆਪੇ ਹੀ ਸਾਰੀਆਂ ਥਾਵਾਂ ਨੂੰ ਪਰੀਪੂਰਨ ਕਰ ਰਿਹਾ ਹੈ।

ਹਰਿ ਆਤਮ ਰਾਮੁ ਪਸਾਰਿਆ ਮੇਰੇ ਗੋਵਿੰਦਾ! ਹਰਿ ਵੇਖੈ ਆਪਿ ਹਦੂਰੀ ਜੀਉ ॥੩॥

ਆਪਣੀ ਵਿਆਪਕ ਰੂਹ, ਪ੍ਰਭੂ ਨੇ ਸਾਰੇ ਫੈਲਾਈ ਹੋਈ ਹੈ, ਹੇ ਮੇਰੇ ਮਾਲਕ! ਹਰੀ ਖ਼ੁਦ ਲਾਗਿਊ ਹੀ ਸਾਰਿਆਂ ਨੂੰ ਦੇਖ ਰਿਹਾ ਹੈ।

ਹਰਿ ਅੰਤਰਿ ਵਾਜਾ ਪਉਣੁ ਹੈ ਮੇਰੇ ਗੋਵਿੰਦਾ! ਹਰਿ ਆਪਿ ਵਜਾਏ ਤਿਉ ਵਾਜੈ ਜੀਉ ॥

ਹੇ ਵਾਹਿਗੁਰੂ! ਮੇਰੇ ਸੁਆਮੀ, ਜੀਵਾ ਦੇ ਅੰਦਰ ਹਵਾ ਦਾ ਨਾਦ ਹੈ। ਜਿਸ ਤਰ੍ਹਾਂ ਵਾਹਿਗੁਰੂ ਖੁਦ ਇਸ ਨੂੰ ਅਲਾਪਦਾ ਹੈ, ਉਵੇ ਹੀ ਇਹ ਗੁੰਜਦਾ ਹੈ।

ਹਰਿ ਅੰਤਰਿ ਨਾਮੁ ਨਿਧਾਨੁ ਹੈ ਮੇਰੇ ਗੋਵਿੰਦਾ! ਗੁਰ ਸਬਦੀ ਹਰਿ ਪ੍ਰਭੁ ਗਾਜੈ ਜੀਉ ॥

ਹੇ ਵਾਹਿਗੁਰੂ! ਮੇਰੇ ਸੁਆਮੀ! ਸਾਡੇ ਅੰਦਰ ਨਾਮ ਦਾ ਖ਼ਜਾਨਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਸੁਆਮੀ ਪ੍ਰਗਟ ਹੋ ਜਾਂਦਾ ਹੈ।

ਆਪੇ ਸਰਣਿ ਪਵਾਇਦਾ ਮੇਰੇ ਗੋਵਿੰਦਾ! ਹਰਿ ਭਗਤ ਜਨਾ ਰਾਖੁ ਲਾਜੈ ਜੀਉ ॥

ਹੇ ਮੇਰੇ ਸੁਆਮੀ! ਵਾਹਿਗੁਰੂ ਖ਼ੁਦ ਹੀ ਬੰਦੇ ਨੂੰ ਆਪਣੀ ਸ਼ਰਦਾਗਤ ਅੰਦਰ ਪ੍ਰਵੇਸ਼ ਕਰਾਉਂਦਾ ਅਤੇ ਅਨੁਰਾਗੀ ਪੁਰਸ਼ਾ ਦੀ ਇੱਜਤ ਰਖਦਾ ਹੈ।

ਵਡਭਾਗੀ ਮਿਲੁ ਸੰਗਤੀ ਮੇਰੇ ਗੋਵਿੰਦਾ! ਜਨ ਨਾਨਕ ਨਾਮ ਸਿਧਿ ਕਾਜੈ ਜੀਉ ॥੪॥੪॥੩੦॥੬੮॥

ਹੇ ਮੇਰੇ ਮਾਲਕ! ਮਹਾਨ ਚੰਗੀ ਕਿਸਮਤ ਰਾਹੀਂ ਬੰਦਾ ਸਤਿਸੰਗਤ ਅੰਦਰ ਜੁੜਦਾ ਹੈ। ਅਤੇ ਹੇ ਗੋਲੇ ਨਾਨਕ! ਰੱਬ ਦੇ ਨਾਮ ਨਾਲ ਉਸ ਦੇ ਕਾਰਜ ਰਾਸ ਹੋ ਜਾਂਦੇ ਹਨ।


ਗਉੜੀ ਮਾਝ ਮਹਲਾ ੪ ॥

ਗਊੜੀ ਮਾਝ ਪਾਤਸ਼ਾਹੀ ਚੌਥੀ।

ਮੈ ਹਰਿ ਨਾਮੈ, ਹਰਿ ਬਿਰਹੁ ਲਗਾਈ ਜੀਉ ॥

ਰੱਬ ਦੇ ਨਾਮ ਤੇ ਰੱਬ ਲਈ ਮੈਨੂੰ ਪਿਆਰ ਪੈਦਾ ਹੋ ਗਿਆ ਹੈ।

ਮੇਰਾ ਹਰਿ ਪ੍ਰਭੁ ਮਿਤੁ ਮਿਲੈ, ਸੁਖੁ ਪਾਈ ਜੀਉ ॥

ਜਦ ਮੈਂ ਆਪਣੇ ਯਾਰ, ਵਾਹਿਗੁਰੂ ਸੁਆਮੀ ਨੂੰ ਮਿਲਦਾ ਹਾਂ, ਮੈਂ ਆਰਾਮ ਪਾਉਂਦਾ ਹਾਂ।

ਹਰਿ ਪ੍ਰਭੁ ਦੇਖਿ, ਜੀਵਾ ਮੇਰੀ ਮਾਈ ਜੀਉ ॥

ਆਪਣੇ ਸੁਆਮੀ ਮਾਲਕ ਨੂੰ ਵੇਖ ਕੇ ਮੈਂ ਜੀਉਂਦਾ ਹਾਂ ਹੇ ਮੇਰੀ ਮਾਤਾ।

ਮੇਰਾ ਨਾਮੁ ਸਖਾ, ਹਰਿ ਭਾਈ ਜੀਉ ॥੧॥

ਰੱਬ ਦਾ ਨਾਮ ਮੇਰਾ ਬੇਲੀ ਤੇ ਵੀਰ ਹੈ।

ਗੁਣ ਗਾਵਹੁ ਸੰਤ ਜੀਉ! ਮੇਰੇ ਹਰਿ ਪ੍ਰਭ ਕੇਰੇ ਜੀਉ ॥

ਹੇ ਪੁਜਯ ਸਾਧੂਓ! ਮੇਰੇ ਵਾਹਿਗੁਰੂ ਸੁਆਮੀ ਦਾ ਜੱਸ ਗਾਇਨ ਕਰੋ।

ਜਪਿ ਗੁਰਮੁਖਿ ਨਾਮੁ ਜੀਉ! ਭਾਗ ਵਡੇਰੇ ਜੀਉ ॥

ਓ ਤੁਸੀਂ ਪਰਮ ਚੰਗੇ ਕਰਮਾਂ ਵਾਲਿਓ! ਗੁਰਾਂ ਦੇ ਰਾਹੀਂ ਰੱਬ ਦੇ ਨਾਮ ਦਾ ਸਿਮਰਨ ਕਰੋ।

ਹਰਿ ਹਰਿ ਨਾਮੁ ਜੀਉ, ਪ੍ਰਾਨ ਹਰਿ ਮੇਰੇ ਜੀਉ ॥

ਵਾਹਿਗੁਰੂ ਸੁਆਮੀ ਦਾ ਨਾਮ ਅਤੇ ਵਾਹਿਗੁਰੂ ਮੇਰੀ ਜਿੰਦ-ਜਾਨ ਅਤੇ ਆਤਮਾ ਹਨ।

ਫਿਰਿ, ਬਹੁੜਿ ਨ ਭਵਜਲ ਫੇਰੇ ਜੀਉ ॥੨॥

ਨਾਮ ਦਾ ਉਚਾਰਨ ਕਰਨ ਦੁਆਰਾ ਮੈਨੂੰ ਮਗਰੋਂ ਮੁੜ ਕੇ ਭਿਆਨਕ ਸਮੁੰਦਰ ਪਾਰ ਨਹੀਂ ਕਰਨਾ ਪਵੇਗਾ।

ਕਿਉ ਹਰਿ ਪ੍ਰਭ ਵੇਖਾ? ਮੇਰੈ ਮਨਿ ਤਨਿ ਚਾਉ ਜੀਉ ॥

ਮੈਂ ਕਿਸ ਤਰ੍ਹਾਂ ਆਪਣੀ ਆਤਮਾ ਤੇ ਦੇਹਿ ਦੀ ਸੱਧਰ, ਸੁਆਮੀ ਮਾਲਕ ਨੂੰ ਤੱਕਾਗਾ?

ਹਰਿ ਮੇਲਹੁ, ਸੰਤ ਜੀਉ! ਮਨਿ ਲਗਾ ਭਾਉ ਜੀਉ ॥

ਮੈਨੂੰ ਵਾਹਿਗੁਰੂ ਨਾਲ ਮਿਲਾ ਦਿਓ ਹੇ ਪਤਵੰਤੇ ਸਾਧੂਓ! ਮੇਰੀ ਆਤਮਾ ਉਸ ਨੂੰ ਪਿਆਰ ਕਰਦੀ ਹੈ।

ਗੁਰ ਸਬਦੀ ਪਾਈਐ, ਹਰਿ ਪ੍ਰੀਤਮ ਰਾਉ ਜੀਉ ॥

ਗੁਰਾਂ ਦੇ ਉਪਦੇਸ਼ ਦੁਆਰਾ ਪਿਆਰਾ ਪਾਤਸ਼ਾਹ ਵਾਹਿਗੁਰੂ ਪ੍ਰਾਪਤ ਹੁੰਦਾ ਹੈ।

ਵਡਭਾਗੀ, ਜਪਿ ਨਾਉ ਜੀਉ ॥੩॥

ਹੇ ਭਾਰੇ ਭਾਗਾ ਵਾਲੇ ਪ੍ਰਾਣੀ! ਤੂੰ ਸਾਈਂ ਦੇ ਨਾਮ ਦਾ ਉਚਾਰਣ ਕਰ।

ਮੇਰੈ ਮਨਿ ਤਨਿ ਵਡੜੀ, ਗੋਵਿੰਦ ਪ੍ਰਭ ਆਸਾ ਜੀਉ ॥

ਮੇਰੇ ਚਿੱਤ ਤੇ ਦੇਹਿ ਅੰਦਰਿ ਸੁਆਮੀ ਮਾਲਕ ਲਈ ਭਾਰੀ ਚਾਹਨਾ ਹੈ।

ਹਰਿ ਮੇਲਹੁ, ਸੰਤ ਜੀਉ, ਗੋਵਿਦ ਪ੍ਰਭ ਪਾਸਾ ਜੀਉ ॥

ਹੇ ਸਾਧ ਜਨੋ! ਮੈਨੂੰ ਸੁਆਮੀ ਮਾਲਕ ਨਾਲ ਮਿਲਾ ਦਿਓ ਜੋ ਮੇਰੇ ਬਹੁਤ ਨਜਦੀਕ ਹੈ।

ਸਤਿਗੁਰ ਮਤਿ, ਨਾਮੁ ਸਦਾ ਪਰਗਾਸਾ ਜੀਉ ॥

ਸੱਚੇ ਗੁਰਾਂ ਦੀ ਸਿਖਮਤ ਦੇ ਜਰੀਏ, ਰੱਬ ਦਾ ਨਾਮ ਸਦਾ ਹੀ ਮੇਰੇ ਤੇ ਪ੍ਰਕਾਸ਼ਵਾਨ ਹੈ।

ਜਨ ਨਾਨਕ, ਪੂਰਿਅੜੀ ਮਨਿ ਆਸਾ ਜੀਉ ॥੪॥੫॥੩੧॥੬੯॥

ਗੋਲੇ ਨਾਨਕ ਦੇ ਦਿਲ ਦੀ ਖਾਹਿਸ਼ ਪੂਰੀ ਹੋ ਗਈ ਹੈ!


ਗਉੜੀ ਮਾਝ ਮਹਲਾ ੪ ॥

ਗਊੜੀ ਮਾਝ ਪਾਤਸ਼ਾਹੀ ਚੋਥੀ।

ਮੇਰਾ ਬਿਰਹੀ ਨਾਮੁ ਮਿਲੈ, ਤਾ ਜੀਵਾ ਜੀਉ ॥

ਜੇਕਰ ਮੈਨੂੰ ਮੇਰਾ ਪਿਆਰਾ ਨਾਮ ਮਿਲ ਜਾਵੇ ਕੇਵਲ ਤਦ ਹੀ ਮੈਂ ਜੀਉ ਸਕਦਾ ਹਾਂ।

ਮਨ ਅੰਦਰਿ ਅੰਮ੍ਰਿਤੁ, ਗੁਰਮਤਿ ਹਰਿ ਲੀਵਾ ਜੀਉ ॥

ਚਿੱਤ ਵਿੱਚ ਵਾਹਿਗੁਰੂ ਦਾ ਸੁਧਾਰਸ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਇਸ ਨੂੰ ਪਾਨ ਕਰਾਂਗਾ।

ਮਨੁ ਹਰਿ ਰੰਗਿ ਰਤੜਾ, ਹਰਿ ਰਸੁ ਸਦਾ ਪੀਵਾ ਜੀਉ ॥

ਮੇਰੀ ਆਤਮਾ ਭਗਵਾਨ ਦੀ ਪ੍ਰੀਤ ਨਾਲ ਰੰਗੀਜੀ ਹੈ। ਮੈਂ ਹਮੇਸ਼ਾ, ਭਗਵਾਨ ਦਾ ਅਬਿ-ਹਿਯਾਤ ਛਕਦਾ ਹਾਂ।

ਹਰਿ ਪਾਇਅੜਾ, ਮਨਿ ਜੀਵਾ ਜੀਉ ॥੧॥

ਸੁਆਮੀ ਨੂੰ ਆਪਣੇ ਚਿੱਤ ਅੰਦਰ ਮੈਂ ਪਾ ਲਿਆ ਹੈ ਇਸ ਲਈ ਮੈਂ ਜੀਉਂਦਾ ਹਾਂ।

ਮੇਰੈ ਮਨਿ ਤਨਿ, ਪ੍ਰੇਮੁ ਲਗਾ ਹਰਿ ਬਾਣੁ ਜੀਉ ॥

ਨਾਰਾਇਣ ਨੇ ਨੇਹੁੰ ਦੇ ਤੀਰ ਨੇ ਮੇਰੀ ਆਤਮਾ ਦੇ ਦੇਹਿ ਵਿਨ੍ਹ ਸੁਟੇ ਹਨ।

ਮੇਰਾ ਪ੍ਰੀਤਮੁ ਮਿਤ੍ਰੁ, ਹਰਿ ਪੁਰਖੁ ਸੁਜਾਣੁ ਜੀਉ ॥

ਸਾਹਿਬ ਮਾਲਕ ਮੇਰਾ ਸਿਆਣਾ ਅਤੇ ਸਨੇਹੀ ਯਾਰ ਹੈ।

ਗੁਰੁ ਮੇਲੇ ਸੰਤ ਹਰਿ, ਸੁਘੜੁ ਸੁਜਾਣੁ ਜੀਉ ॥

ਗੁਰੂ ਸਾਧੂ ਨੇ ਮੈਨੂੰ ਸਰਬਗ ਤੇ ਸਭ ਕੁਛ-ਵੇਖਣਹਾਰ ਸਾਹਿਬ ਨਾਲ ਜੋੜ ਦਿਤਾ ਹੈ।

ਹਉ ਨਾਮ ਵਿਟਹੁ, ਕੁਰਬਾਣੁ ਜੀਉ ॥੨॥

ਮੈਂ ਵਾਹਿਗੁਰੂ ਦੇ ਨਾਮ ਉਤੋਂ ਸਦਕੇ ਜਾਂਦਾ ਹਾਂ।

ਹਉ ਹਰਿ ਹਰਿ ਸਜਣੁ, ਹਰਿ ਮੀਤੁ ਦਸਾਈ ਜੀਉ ॥

ਮੈਂ ਸੁਆਮੀ ਮਾਲਕ ਆਪਣੇ ਯਾਰ, ਵਾਹਿਗੁਰੂ ਮਿੱਤ੍ਰ ਬਾਰੇ ਪੁਛ-ਗਿਛ ਕਰਦਾ ਹਾਂ।

ਹਰਿ ਦਸਹੁ ਸੰਤਹੁ ਜੀ! ਹਰਿ ਖੋਜੁ ਪਵਾਈ ਜੀਉ ॥

ਹੇ ਪਤਵੰਤੇ ਸਾਧੂਓ! ਮੈਨੂੰ ਵਾਹਿਗੁਰੂ ਦਾ ਥਹੁ ਪਤਾ ਦਿਓ। ਮੈਂ ਸੁਆਮੀ ਦੀ ਢੂੰਡ ਭਾਲ ਕਰਵਾਉਂਦਾ ਹਾਂ।

ਸਤਿਗੁਰੁ ਤੁਠੜਾ ਦਸੇ, ਹਰਿ ਪਾਈ ਜੀਉ ॥

ਮਿਹਰਬਾਨ ਸੱਚੇ ਗੁਰਾਂ ਨੇ ਮੈਨੂੰ ਮਾਰਗ ਵਿਖਾਲ ਦਿੱਤਾ ਹੈ ਅਤੇ ਮੈਂ ਵਾਹਿਗੁਰੂ ਨੂੰ ਪ੍ਰਾਪਤ ਹੋ ਗਿਆ ਹਾਂ।

ਹਰਿ ਨਾਮੇ ਨਾਮਿ ਸਮਾਈ ਜੀਉ ॥੩॥

ਵਾਹਿਗੁਰੂ ਦੇ ਨਾਮ ਦੇ ਰਾਹੀਂ ਮੈਂ ਖੁਦ ਵਾਹਿਗੁਰੂ ਅੰਦਰ ਲੀਨ ਹੋ ਗਿਆ ਹਾਂ।

ਮੈ ਵੇਦਨ ਪ੍ਰੇਮੁ, ਹਰਿ ਬਿਰਹੁ ਲਗਾਈ ਜੀਉ ॥

ਮੈਨੂੰ ਵਾਹਿਗੁਰੂ ਦੇ ਵਿਛੋੜੇ ਵਾਲੀ ਪ੍ਰੀਤ ਦੀ ਪੀੜ ਲੱਗੀ ਹੋਈ ਹੈ।

ਗੁਰ ਸਰਧਾ ਪੂਰਿ, ਅੰਮ੍ਰਿਤੁ ਮੁਖਿ ਪਾਈ ਜੀਉ ॥

ਗੁਰਾਂ ਨੇ ਮੇਰੀ ਖਾਹਿਸ਼ ਪੂਰਨ ਕਰ ਦਿਤੀ ਹੈ ਅਤੇ ਆਪਣੇ ਮੂੰਹ ਵਿੱਚ ਮੈਂ ਨਾਮ ਸੁਧਾਰਸ ਚੋਇਆ ਹੈ।

ਹਰਿ! ਹੋਹੁ ਦਇਆਲੁ, ਹਰਿ ਨਾਮੁ ਧਿਆਈ ਜੀਉ ॥

ਮੇਰੇ ਵਾਹਿਗੁਰੂ-ਸਰੂਪ ਗੁਰੂ ਜੀ ਮਿਹਰਬਾਨ ਹੋਵੇ, ਤਾਂ ਜੋ ਮੈਂ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਾਂ।

ਜਨ ਨਾਨਕ, ਹਰਿ ਰਸੁ ਪਾਈ ਜੀਉ ॥੪॥੬॥੨੦॥੧੮॥੩੨॥੭੦॥

ਗੁਮਾਸਤੇ ਨਾਨਕ ਨੇ ਵਾਹਿਗੁਰੂ ਦਾ ਅੰਮ੍ਰਿਤ ਪਾ ਲਿਆ ਹੈ।


ਰਾਗੁ ਗਉੜੀ ਮਾਝ ਮਹਲਾ ੫

ਰਾਗ ਗਉੜੀ-ਮਾਝ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।

ਦੀਨ ਦਇਆਲ ਦਮੋਦਰ ਰਾਇਆ ਜੀਉ ॥

ਹੈ ਪੂਜਯ ਪਾਤਸ਼ਾਹ! ਪ੍ਰਭੂ, ਮਸਕੀਨਾ ਤੇ ਮਿਹਰਬਾਨ ਅਤੇ ਪੇਟ ਉਦਾਲੇ-ਰੱਸੀ ਧਾਰਨ ਕਰਨ ਵਾਲੇ,

ਕੋਟਿ ਜਨਾ ਕਰਿ ਸੇਵ ਲਗਾਇਆ ਜੀਉ ॥

ਕ੍ਰੋੜਾਂ ਹੀ ਪੁਰਸ਼ਾਂ ਨੂੰ ਤੂੰ ਆਪਣੀ ਟਹਿਲ ਕਮਾਉਣ ਅੰਦਰ ਜੋੜਿਆ ਹੋਇਆ ਹੈ।

ਭਗਤ ਵਛਲੁ ਤੇਰਾ ਬਿਰਦੁ ਰਖਾਇਆ ਜੀਉ ॥

ਤੂੰ ਆਪਣੇ ਅਨੁਰਾਗੀਆਂ ਦਾ ਪਿਆਰਾ ਹੈਂ। ਇਹ ਨਿਤਕ੍ਰਮ ਤੂੰ ਧਾਰਨ ਕੀਤਾ ਹੋਇਆ ਹੈ।

ਪੂਰਨ ਸਭਨੀ ਜਾਈ ਜੀਉ ॥੧॥

ਤੂੰ ਹੇ ਸਾਈਂ! ਸਾਰੀਆਂ ਥਾਵਾਂ ਨੂੰ ਭਰ ਰਿਹਾ ਹੈਂ।

ਕਿਉ ਪੇਖਾ ਪ੍ਰੀਤਮੁ? ਕਵਣ ਸੁਕਰਣੀ ਜੀਉ? ॥

ਮੈਂ ਆਪਣੇ ਪਿਆਰੇ ਨੂੰ ਕਿਸ ਤਰ੍ਰਾਂ ਵੇਖਾਂਗੀ? ਉਹ ਕਿਹੜੀ ਜੀਵਨੀ ਰਹੁ ਰੀਤੀ ਹੈ?

ਸੰਤਾ ਦਾਸੀ, ਸੇਵਾ ਚਰਣੀ ਜੀਉ ॥

ਸਾਹਿਬ ਦੇ ਸਾਧੂਆਂ ਦੀ ਟਹਿਲਣ ਹੋ ਜਾ, ਅਤੇ ਉਨ੍ਹਾਂ ਦੇ ਚਰਨਾਂ ਦੀ ਟਹਿਲ ਕਮਾ।

ਇਹੁ ਜੀਉ ਵਤਾਈ, ਬਲਿ ਬਲਿ ਜਾਈ ਜੀਉ ॥

ਉਨ੍ਹਾਂ ਉਤੋਂ, ਇਹ ਆਤਮਾ ਮੈਂ ਸਦਕੇ ਕਰਦੀ, ਅਤੇ ਕੁਰਬਾਨ, ਕੁਰਬਾਨ ਜਾਂਦੀ ਹਾਂ।

ਤਿਸੁ ਨਿਵਿ ਨਿਵਿ ਲਾਗਉ ਪਾਈ ਜੀਉ ॥੨॥

ਬਹੁਤ ਹੀ ਝੁਕ ਕੇ, ਮੈਂ ਉਸ ਪ੍ਰਭੂ ਦੇ ਪੈਰੀ ਪੈਂਦੀ ਹਾਂ।

ਪੋਥੀ ਪੰਡਿਤ, ਬੇਦ ਖੋਜੰਤਾ ਜੀਉ ॥

ਪੰਡਤ ਪੁਸਤਕਾਂ ਤੇ ਵੇਦਾਂ ਨੂੰ ਵਾਚਦਾ ਹੈ।

ਹੋਇ ਬੈਰਾਗੀ, ਤੀਰਥਿ ਨਾਵੰਤਾ ਜੀਉ ॥

ਤਿਆਗੀ ਹੋ ਕੇ ਕੋਈ ਪਰਮ ਅਸਥਾਨਾਂ ਤੇ ਨ੍ਹਾਉਂਦਾ ਹੈ।

ਗੀਤ ਨਾਦ ਕੀਰਤਨੁ, ਗਾਵੰਤਾ ਜੀਉ ॥

ਕੋਈ ਜਣਾ ਗਾਉਣਾ ਤੇ ਸੁਰੀਲੀਆਂ ਸੁਰਾਂ ਅਲਾਪਦਾ ਹੈ।

ਹਰਿ ਨਿਰਭਉ ਨਾਮੁ ਧਿਆਈ ਜੀਉ ॥੩॥

ਪਰ ਮੈਂ ਭੈ-ਰਹਿਤ ਸੁਆਮੀ ਦੇ ਨਾਮ ਦਾ ਸਿਮਰਨ ਕਰਦੀ ਹਾਂ।

ਭਏ ਕ੍ਰਿਪਾਲ ਸੁਆਮੀ ਮੇਰੇ ਜੀਉ ॥

ਮੇਰੇ ਉਤੇ ਮੇਰਾ ਮਾਲਕ ਮਿਹਰਬਾਨ ਹੋ ਗਿਆ ਹੈ।

ਪਤਿਤ ਪਵਿਤ, ਲਗਿ ਗੁਰ ਕੇ ਪੈਰੇ ਜੀਉ ॥

ਗੁਰਾਂ ਦੇ ਪੇਰੀ ਪੈ ਕੇ, ਮੈਂ ਪਾਪੀ, ਪਵਿੱਤ ਹੋ ਗਈ ਹਾਂ।

ਭ੍ਰਮੁ ਭਉ ਕਾਟਿ, ਕੀਏ ਨਿਰਵੈਰੇ ਜੀਉ ॥

ਮੇਰਾ ਸੰਦੇਹ ਤੇ ਡਰ ਨਵਿਰਤ ਕਰਕੇ ਗੁਰਾਂ ਨੇ ਮੈਨੂੰ ਦੁਸ਼ਮਨੀ-ਰਹਿਤ ਕਰ ਦਿਤਾ ਹੈ।

ਗੁਰ ਮਨ ਕੀ ਆਸ ਪੂਰਾਈ ਜੀਉ ॥੪॥

ਗੁਰਾਂ ਨੇ ਮੇਰੇ ਚਿੱਤ ਦੀ ਊਮੈਦ ਪੂਰਨ ਕਰ ਦਿਤੀ ਹੈ।

ਜਿਨਿ ਨਾਉ ਪਾਇਆ, ਸੋ ਧਨਵੰਤਾ ਜੀਉ ॥

ਜਿਸ ਨੇ ਨਾਮ ਪ੍ਰਾਪਤ ਕੀਤਾ ਹੈ ਉਹ ਅਮੀਰ ਹੈ।

ਜਿਨਿ ਪ੍ਰਭੁ ਧਿਆਇਆ, ਸੁ ਸੋਭਾਵੰਤਾ ਜੀਉ ॥

ਸਸ਼ੋਭਤ ਹੈ ਉਹ, ਜਿਸ ਨੇ ਆਪਣੇ ਸਾਹਿਬ ਦਾ ਸਿਮਰਣ ਕੀਤਾ ਹੈ।

ਜਿਸੁ ਸਾਧੂ ਸੰਗਤਿ, ਤਿਸੁ ਸਭ ਸੁਕਰਣੀ ਜੀਉ ॥

ਸ਼੍ਰੇਸ਼ਟ ਹਨ, ਉਸ ਦੇ ਸਾਰੇ ਕਰਮ, ਜੋ ਸਤਿ ਸੰਗਤ ਅੰਦਰ ਜੁੜਦਾ ਹੈ।

ਜਨ ਨਾਨਕ ਸਹਜਿ ਸਮਾਈ ਜੀਉ ॥੫॥੧॥੧੬੬॥

ਹੈ ਨਾਨਕ, ਸਾਹਿਬ ਦਾ ਗੋਲਾ ਉਸ ਦੇ ਵਿੱਚ ਲੀਨ ਹੋ ਜਾਂਦਾ ਹੈ।


ਗਉੜੀ ਮਹਲਾ ੫ ਮਾਝ ॥

ਗਊੜੀ ਪਾਤਸ਼ਾਹੀ ਪੰਜਵੀਂ ਮਾਝ।

ਆਉ ਹਮਾਰੈ, ਰਾਮ ਪਿਆਰੇ ਜੀਉ! ॥

ਮੇਰੇ ਗ੍ਰਹਿ ਵਿੱਚ ਆ। ਹੇ ਮੇਰੇ ਪ੍ਰੀਤਮ ਪ੍ਰਭੂ।

ਰੈਣਿ ਦਿਨਸੁ, ਸਾਸਿ ਸਾਸਿ ਚਿਤਾਰੇ ਜੀਉ ॥

ਰਾਤੀ ਤੇ ਦਿਨ ਹਰ ਸੁਆਸ ਨਾਲ ਮੈਂ ਤੇਰਾ ਆਰਾਧਨ ਕਰਦਾ ਹਾਂ।

ਸੰਤ ਦੇਉ ਸੰਦੇਸਾ, ਪੈ ਚਰਣਾਰੇ ਜੀਉ ॥

ਹੈ ਸਾਧੂਓ! ਮੇਰਾ ਇਹ ਸੁਨੇਹਾ ਹਰੀ ਨੂੰ ਪੁਚਾ ਦੇਣਾ, ਮੈਂ ਤੇਰੇ ਪੈਰੀ ਪੈਂਦੀ ਹਾਂ।

ਤੁਧੁ ਬਿਨੁ, ਕਿਤੁ ਬਿਧਿ ਤਰੀਐ ਜੀਉ ॥੧॥

ਤੇਰੇ ਬਾਝੋਂ ਮੇਰਾ ਕਿਸ ਤਰ੍ਹਾਂ ਪਾਰ ਉਤਾਰਾ ਹੋ ਸਕਦਾ ਹੈ?

ਸੰਗਿ ਤੁਮਾਰੈ, ਮੈ ਕਰੇ ਅਨੰਦਾ ਜੀਉ ॥

ਤੇਰੀ ਸੰਗਤ ਅੰਦਰ ਮੈਂ ਖੁਸ਼ੀ ਮਾਣਦੀ ਹਾਂ।

ਵਣਿ ਤਿਣਿ ਤ੍ਰਿਭਵਣਿ, ਸੁਖ ਪਰਮਾਨੰਦਾ ਜੀਉ ॥

ਤੂੰ ਜੰਗਲ, ਬਨਾਸਪਤੀ ਅਤੇ ਤਿੰਨਾਂ ਜਹਾਨ ਵਿੱਚ ਹੈਂ। ਤੂੰ ਆਰਾਮ ਅਤੇ ਮਹਾਨ ਪਰਸੰਨਤਾ ਬਖ਼ਸ਼ਦਾ ਹੈਂ।

ਸੇਜ ਸੁਹਾਵੀ, ਇਹੁ ਮਨੁ ਬਿਗਸੰਦਾ ਜੀਉ ॥

ਤੇਰੇ ਨਾਲ ਮੈਨੂੰ ਸੇਜ ਸੁੰਦਰ ਲਗਦੀ ਹੈ, ਅਤੇ ਮੇਰੀ ਇਹ ਆਤਮਾ ਖਿੜ ਜਾਂਦੀ ਹੈ।

ਪੇਖਿ ਦਰਸਨੁ, ਇਹੁ ਸੁਖੁ ਲਹੀਐ ਜੀਉ ॥੨॥

ਤੇਰਾ ਦੀਦਾਰ ਦੇਖਣ ਦੁਆਰਾ ਮੈਨੂੰ ਇਹ ਆਰਾਮ ਪ੍ਰਾਪਤ ਹੁੰਦਾ ਹੈ!

ਚਰਣ ਪਖਾਰਿ, ਕਰੀ ਨਿਤ ਸੇਵਾ ਜੀਉ ॥

ਮੈਂ ਤੇਰੇ ਚਰਨ ਧੋਂਦੀ, ਅਤੇ ਸਦੀਵੀ ਹੀ ਤੇਰੀ ਚਾਕਰੀ ਵਜਾਉਂਦੀ ਹਾਂ।

ਪੂਜਾ ਅਰਚਾ ਬੰਦਨ ਦੇਵਾ ਜੀਉ ॥

ਮੇਰੇ ਪ੍ਰਕਾਸ਼ਵਾਨ ਪਤੀ! ਮੈਂ ਤੇਰੀ ਉਪਾਸਨਾ ਕਮਾਉਂਦੀ, ਅਤੇ ਤੈਨੂੰ ਫੁਲ ਭੇਟ ਤੇ ਨਮਸ਼ਕਾਰ ਕਰਦੀ ਹਾਂ।

ਦਾਸਨਿ ਦਾਸੁ, ਨਾਮੁ ਜਪਿ ਲੇਵਾ ਜੀਉ ॥

ਮੈਂ ਤੇਰੇ ਗੋਲਿਆਂ ਦੀ ਬਾਂਦੀ ਹਾਂ ਅਤੇ ਤੇਰੇ ਨਾਮ ਦਾ ਸਿਮਰਣ ਕਰਦੀ ਹਾਂ।

ਬਿਨਉ ਠਾਕੁਰ ਪਹਿ, ਕਹੀਐ ਜੀਉ ॥੩॥

ਹੇ ਸਾਧੂਓ! ਮੇਰੀ ਇਹ ਪ੍ਰਾਰਥਨਾ ਮੇਰੇ ਮਾਲਕ ਕੋਲ ਵਰਨਣ ਕਰ ਦੇਣੀ।

ਇਛ ਪੁੰਨੀ ਮੇਰੀ, ਮਨੁ ਤਨੁ ਹਰਿਆ ਜੀਉ ॥

ਮੇਰੀ ਕਾਮਨਾ ਪੂਰੀ ਹੋ ਗਈ ਅਤੇ ਮੇਰੀ ਆਤਮਾ ਤੇ ਦੇਹਿ ਸਰਸਬਜ਼ ਹੋ ਗਏ ਹਨ।

ਦਰਸਨ ਪੇਖਤ, ਸਭ ਦੁਖ ਪਰਹਰਿਆ ਜੀਉ ॥

ਸੁਆਮੀ ਦਾ ਦੀਦਾਰ ਦੇਖਣ ਦੁਆਰਾ ਮੇਰੇ ਸਾਰੇ ਦੁਖੜੇ ਦੂਰ ਹੋ ਗਏ ਹਨ।

ਹਰਿ ਹਰਿ ਨਾਮੁ, ਜਪੇ ਜਪਿ ਤਰਿਆ ਜੀਉ ॥

ਵਾਹਿਗੁਰੂ ਸੁਆਮੀ ਦੇ ਨਾਮ ਦਾ ਲਗਾਤਾਰ ਆਰਾਧਨ ਕਰਨ ਦੁਆਰਾ ਮੈਂ ਪਾਰ ਉਤਰ ਗਿਆ ਹਾਂ।

ਇਹ ਅਜਰੁ ਨਾਨਕ, ਸੁਖੁ ਸਹੀਐ ਜੀਉ ॥੪॥੨॥੧੬੭॥

ਨਾਨਕ ਨੇ ਇਸ ਨਾਂ-ਕਾਬਲ ਬਰਦਾਸ਼ਤ ਬੈਕੁੰਠੀ ਪਰਮ ਅਨੰਦ ਨੂੰ ਬ੍ਰਦਾਸ਼ਤ ਕਰ ਲਿਆ ਹੈ।


ਗਉੜੀ ਮਾਝ ਮਹਲਾ ੫ ॥

ਗਊੜੀ ਮਾਝ ਪਾਤਸ਼ਾਹੀ ਪੰਜਵੀਂ।

ਸੁਣਿ ਸੁਣਿ ਸਾਜਨ! ਮਨ ਮਿਤ ਪਿਆਰੇ ਜੀਉ! ॥

ਸ੍ਰਵਣੁ, ਸ੍ਰਵਣੁ ਕਰ ਹੇ ਮੇਰੀ ਜਾਨੀ ਮਿੱਤ੍ਰ! ਤੂੰ ਮੇਰੇ ਚਿੱਤ ਨੂੰ ਮਿਠੜਾ ਲਗਦਾ ਹੈਂ।

ਮਨੁ ਤਨੁ ਤੇਰਾ, ਇਹੁ ਜੀਉ ਭਿ ਵਾਰੇ ਜੀਉ ॥

ਮੇਰੀ ਆਤਮਾ ਤੇ ਦੇਹਿ ਤੇਰੀਆਂ ਹਨ। ਇਹ ਜਿੰਦ ਜਾਨ ਭੀ ਤੇਰੇ ਉਤੋਂ ਕੁਰਬਾਨ ਹੈ।

ਵਿਸਰੁ ਨਾਹੀ, ਪ੍ਰਭ ਪ੍ਰਾਣ ਅਧਾਰੇ ਜੀਉ ॥

ਮੈਂ ਤੈਨੂੰ ਨ ਭੁਲਾਂ, ਹੇ ਸੁਆਮੀ! ਤੂੰ ਮੇਰੀ ਜਿੰਦੜੀ ਦਾ ਆਸਰਾ ਹੈ।

ਸਦਾ, ਤੇਰੀ ਸਰਣਾਈ ਜੀਉ ॥੧॥

ਹਮੇਸ਼ਾਂ ਲਈ ਮੈਂ ਤੇਰੀ ਪਨਾਹ ਲਈ ਹੈ।

ਜਿਸੁ ਮਿਲਿਐ, ਮਨੁ ਜੀਵੈ ਭਾਈ ਜੀਉ ॥

ਜਿਸ ਨੂੰ ਮਿਲ ਪੈਣ ਤੇ ਮੇਰੀ ਆਤਮਾ ਸੁਰਜੀਤ ਹੋ ਗਈ ਹੈ, ਹੇ ਵੀਰ!

ਗੁਰ ਪਰਸਾਦੀ, ਸੋ ਹਰਿ ਹਰਿ ਪਾਈ ਜੀਉ ॥

ਗੁਰਾਂ ਦੀ ਦਇਆ ਰਾਹੀਂ ਮੈਂ ਉਸ ਵਾਹਿਗੁਰੂ ਸੁਆਮੀ ਨੂੰ ਪ੍ਰਾਪਤ ਕਰ ਲਿਆ ਹੈ।

ਸਭੁ ਕਿਛੁ ਪ੍ਰਭ ਕਾ, ਪ੍ਰਭ ਕੀਆ ਜਾਈ ਜੀਉ ॥

ਸਾਰੀਆਂ ਚੀਜ਼ਾਂ ਸੁਆਮੀ ਦੀ ਮਲਕੀਅਤ ਹਨ ਅਤੇ ਸੁਆਮੀ ਦੇ ਹੀ ਸਾਰੇ ਥਾਂ ਹਨ।

ਪ੍ਰਭ ਕਉ, ਸਦ ਬਲਿ ਜਾਈ ਜੀਉ ॥੨॥

ਆਪਣੇ ਸਾਹਿਬ ਉਤੋਂ ਮੈਂ ਸਦੀਵ ਹੀ ਕੁਰਬਾਨ ਹਾਂ।

ਏਹੁ ਨਿਧਾਨੁ, ਜਪੈ ਵਡਭਾਗੀ ਜੀਉ ॥

ਭਾਰੇ ਨਸੀਬਾਂ ਵਾਲਾ ਇਸ ਨਾਮ ਦੇ ਖ਼ਜ਼ਾਨੇ ਦਾ ਸਿਮਰਨ ਕਰਦਾ ਹੈ।

ਨਾਮ ਨਿਰੰਜਨ, ਏਕ ਲਿਵ ਲਾਗੀ ਜੀਉ ॥

ਉਹ ਇਕ ਪਵਿੱਤਰ ਪ੍ਰਭੂ ਦੇ ਨਾਮ ਨਾਲ ਪ੍ਰੀਤ ਪਾਉਂਦਾ ਹੈ।

ਗੁਰੁ ਪੂਰਾ ਪਾਇਆ, ਸਭੁ ਦੁਖੁ ਮਿਟਾਇਆ ਜੀਉ ॥

ਪੂਰਨ ਗੁਰਾਂ ਦੇ ਪ੍ਰਾਪਤ ਹੋ ਪੈਣ ਤੇ, ਸਾਰੀਆਂ ਤਕਲੀਫਾਂ ਰਫਾ ਹੋ ਜਾਂਦੀਆਂ ਹਨ।

ਆਠ ਪਹਰ, ਗੁਣ ਗਾਇਆ ਜੀਉ ॥੩॥

ਸਾਰਾ ਦਿਹਾੜਾ ਹੀ ਮੈਂ ਸਾਹਿਬ ਦਾ ਜੱਸ ਗਾਇਨ ਕਰਦਾ ਹਾਂ।

ਰਤਨ ਪਦਾਰਥ, ਹਰਿ ਨਾਮੁ ਤੁਮਾਰਾ ਜੀਉ ॥

ਜਵਾਹਿਰਾਤਾਂ ਦੀ ਦੌਲਤ ਹੈ, ਤੇਰਾ ਨਾਮ, ਹੇ ਮਾਲਕ!

ਤੂੰ ਸਚਾ ਸਾਹੁ, ਭਗਤੁ ਵਣਜਾਰਾ ਜੀਉ ॥

ਤੂੰ ਸਚਾ ਸ਼ਾਹੂਕਾਰ ਹੈਂ। ਤੇਰਾ ਅਨੁਰਾਗੀ ਤੇਰਾ ਗੁਮਾਸ਼ਤਾ ਵਾਪਾਰੀ ਹੈ।

ਹਰਿ ਧਨੁ ਰਾਸਿ, ਸਚੁ ਵਾਪਾਰਾ ਜੀਉ ॥

ਸੱਚੀ ਹੈ ਉਸ ਦੀ ਸੁਦਾਗਰੀ, ਜਿਸ ਦੇ ਪੱਲੇ ਵਾਹਿਗੁਰੂ ਦੀ ਦੌਲਤ ਦੀ ਪੂੰਜੀ ਹੈ।

ਜਨ ਨਾਨਕ ਸਦ ਬਲਿਹਾਰਾ ਜੀਉ ॥੪॥੩॥੧੬੮॥

ਗੋਲਾ ਨਾਨਕ, ਸਦੀਵ ਹੀ ਸਾਹਿਬ ਉਤੋਂ ਸਦਕੇ ਜਾਂਦਾ ਹੈ।


ਰਾਗੁ ਗਉੜੀ ਮਾਝ ਮਹਲਾ ੫

ਰਾਗੁ ਗਊੜੀ ਮਾਝ ਪਾਤਸ਼ਾਹੀ ਪੰਜਵੀਂ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਤੂੰ ਮੇਰਾ ਬਹੁ ਮਾਣੁ ਕਰਤੇ! ਤੂੰ ਮੇਰਾ ਬਹੁ ਮਾਣੁ ॥

ਤੇਰੇ ਉਤੇ ਮੈਂ ਬੜਾ ਫ਼ਖ਼ਰ ਕਰਦਾ ਹਾਂ, ਹੇ ਕਰਤਾਰ। ਤੂੰ ਮੇਰੇ ਭਾਰੇ ਫ਼ਖ਼ਰ ਦੀ ਥਾਂ ਹੈ।

ਜੋਰਿ ਤੁਮਾਰੈ ਸੁਖਿ ਵਸਾ; ਸਚੁ ਸਬਦੁ ਨੀਸਾਣੁ ॥੧॥ ਰਹਾਉ ॥

ਤੇਰੀ ਤਾਕਤ ਰਾਹੀਂ ਮੈਂ ਆਰਾਮ ਅੰਦਰ ਰਹਿੰਦਾ ਹਾਂ। ਸੱਚਾ ਨਾਮ ਮੇਰੇ ਉਪਰ ਨਿਸ਼ਾਨ ਹੈ। ਠਹਿਰਾਉ।

ਸਭੇ ਗਲਾ ਜਾਤੀਆ; ਸੁਣਿ ਕੈ ਚੁਪ ਕੀਆ ॥

ਇਨਸਾਨ ਜਾਣਦਾ ਤੇ ਸੁਣਦਾ ਸਭ ਕੁਛ ਹੈ, ਪਰ ਉਹ ਖਾਮੋਸ਼ (ਲਾ ਪਰਵਾਹ) ਹੋ ਰਹਿੰਦਾ ਹੈ।

ਕਦ ਹੀ ਸੁਰਤਿ ਨ ਲਧੀਆ; ਮਾਇਆ ਮੋਹੜਿਆ ॥੧॥

ਸੰਸਾਰੀ ਪਦਾਰਥਾਂ ਦਾ ਫ਼ਰੇਫ਼ਤਾ ਕੀਤਾ ਹੋਇਆ ਉਹ ਕਦੇ ਭੀ ਹੋਸ਼ ਨਹੀਂ ਸੰਭਾਲਦਾ।

ਦੇਇ ਬੁਝਾਰਤ ਸਾਰਤਾ; ਸੇ ਅਖੀ ਡਿਠੜਿਆ ॥

ਪਹੇਲੀਆਂ ਤੇ ਇਸ਼ਾਰੇ ਦਿਤੇ ਗਏ ਹਨ। ਉਨ੍ਹਾਂ ਨੂੰ ਜੀਵ ਆਪਣੇ ਨੈਣਾਂ ਨਾਲ ਵੇਖਦਾ ਹੈ।

ਕੋਈ ਜਿ ਮੂਰਖੁ ਲੋਭੀਆ; ਮੂਲਿ ਨ ਸੁਣੀ ਕਹਿਆ ॥੨॥

ਕੋਈ ਜੋ ਬੇਵਕੂਫ ਤੇ ਲਾਲਚੀ ਹੈ, ਉਹ ਆਖੇ ਹੋਏ ਨੂੰ ਕਦਾਚਿੱਤ ਸ੍ਰਵਣ ਹੀ ਨਹੀਂ ਕਰਦਾ।

ਇਕਸੁ ਦੁਹੁ ਚਹੁ ਕਿਆ ਗਣੀ? ਸਭ ਇਕਤੁ ਸਾਦਿ ਮੁਠੀ ॥

ਇਕ, ਦੋ ਜਾਂ ਚਾਰ ਦਾ ਕੀ ਗਿਣਨ ਹੋਇਆ ਸਾਰੇ ਜਹਾਨ ਨੂੰ ਐਨ ਉਨ੍ਹ੍ਰਾਂ ਹੀ ਸੰਸਾਰੀ ਸੁਆਦਾ ਨੇ ਠਗਿਆ ਹੋਇਆ ਹੈ।

ਇਕੁ ਅਧੁ, ਨਾਇ ਰਸੀਅੜਾ ਕਾ; ਵਿਰਲੀ ਜਾਇ ਵੁਠੀ ॥੩॥

ਕੋਈ ਵਿਰਲਾ ਹੀ ਰਬ ਦੇ ਨਾਮ ਦਾ ਆਸ਼ਕ ਹੈ, ਅਤੇ ਕੋਈ ਟਾਂਵੀ ਜਗ੍ਹਾ ਹੀ ਪ੍ਰਫੁਲਤ ਰਹਿ ਗਈ ਹੈ।

ਭਗਤ ਸਚੇ ਦਰਿ ਸੋਹਦੇ; ਅਨਦ ਕਰਹਿ ਦਿਨ ਰਾਤਿ ॥

ਪ੍ਰਭੂ ਦੇ ਜਾਂ-ਨਿਸਾਰ ਗੋਲੇ ਸੱਚੇ ਦਰਬਾਰ ਵਿੱਚ ਸੁੰਦਰ ਲਗਦੇ ਹਨ। ਦਿਨ ਰੈਣ ਉਹ ਮੌਜ ਮਾਣਦੇ ਹਨ।

ਰੰਗਿ ਰਤੇ ਪਰਮੇਸਰੈ; ਜਨ ਨਾਨਕ ਤਿਨ ਬਲਿ ਜਾਤ ॥੪॥੧॥੧੬੯ ॥

ਉਹ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਹੋਏ ਹਨ। ਗੋਲਾ ਨਾਨਕ, ਉਨ੍ਹਾਂ ਉਤੋਂ ਘੋਲੀ ਜਾਂਦਾ ਹੈ।


ਗਉੜੀ ਮਹਲਾ ੫ ਮਾਂਝ ॥

ਗਊੜੀ ਪਾਤਸ਼ਾਹੀ ਪੰਜਵੀਂ ਮਾਝ।

ਦੁਖ ਭੰਜਨੁ ਤੇਰਾ ਨਾਮੁ ਜੀ! ਦੁਖ ਭੰਜਨੁ ਤੇਰਾ ਨਾਮੁ ॥

ਕਲੇਸ਼-ਹਰਤਾ ਹੈ ਤੇਰਾ ਨਾਮ, ਹੈ ਪ੍ਰਭੂ! ਕਲੇਸ਼-ਹਰਤਾ ਹੈ ਤੇਰਾ ਨਾਮ।

ਆਠ ਪਹਰ ਆਰਾਧੀਐ; ਪੂਰਨ ਸਤਿਗੁਰ ਗਿਆਨੁ ॥੧॥ ਰਹਾਉ ॥

ਦਿਨ ਦੇ ਅਠੇ ਪਹਿਰ ਹੀ ਮੁਕੰਮਲ ਸੱਚੇ ਗੁਰਾਂ ਦੀ ਦਿਤੀ ਹੋਈ ਬ੍ਰਹਿਮ ਗਿਆਤ ਦਾ ਧਿਆਨ ਧਾਰ। ਠਹਿਰਾਉ।

ਜਿਤੁ ਘਟਿ ਵਸੈ ਪਾਰਬ੍ਰਹਮੁ; ਸੋਈ ਸੁਹਾਵਾ ਥਾਉ ॥

ਦਿਲ, ਜਿਸ ਅੰਦਰ ਸ਼੍ਰੋਮਣੀ ਸਾਹਿਬ ਨਿਵਾਸ ਰਖਦਾ ਹੈ, ਉਹ ਸੋਹਣੀ ਜਗ੍ਹਾ ਹੈ।

ਜਮ ਕੰਕਰੁ ਨੇੜਿ ਨ ਆਵਈ; ਰਸਨਾ ਹਰਿ ਗੁਣ ਗਾਉ ॥੧॥

ਮੌਤ ਦਾ ਦੂਤ ਉਸ ਦੇ ਲਾਗੇ ਨਹੀਂ ਲਗਦਾ ਜੋ ਆਪਣੀ ਜੀਭਾਂ ਨਾਲ ਵਾਹਿਗੁਰੂ ਦੀ ਮਹਿਮਾ ਆਲਾਪਦਾ ਹੈ।

ਸੇਵਾ ਸੁਰਤਿ ਨ ਜਾਣੀਆ; ਨਾ ਜਾਪੈ ਆਰਾਧਿ ॥

ਮੈਂ ਸਾਹਿਬ ਦੀ ਚਾਕਰੀ ਵਿੱਚ ਸੁਚੇਤ ਰਹਿਣ ਦੀ ਕਦਰ ਨੂੰ ਨਹੀਂ ਸਮਝਿਆ ਅਤੇ ਨਾਂ ਹੀ ਮੈਂ ਉਸ ਦੇ ਸਿਮਰਨ ਦੀ ਉਚੱਤਾ ਨੂੰ ਮਹਿਸੂਸ ਕੀਤਾ ਹੈ।

ਓਟ ਤੇਰੀ ਜਗਜੀਵਨਾ! ਮੇਰੇ ਠਾਕੁਰ ਅਗਮ ਅਗਾਧਿ ॥੨॥

ਹੈ ਸ੍ਰਿਸ਼ਟੀ ਦੀ ਜਿੰਦ-ਜਾਨ! ਪਹੁੰਚ ਤੋਂ ਪਰੇ ਅਤੇ ਸੋਚ-ਸਮਝ ਤੋਂ ਉਚੇਰੇ ਮੇਰੇ ਸਾਹਿਬ, ਤੂੰ ਹੀ ਮੇਰਾ ਆਸਰਾ ਹੈਂ।

ਭਏ ਕ੍ਰਿਪਾਲ ਗੁਸਾਈਆ; ਨਠੇ ਸੋਗ ਸੰਤਾਪ ॥

ਜਦ ਸ੍ਰਿਸ਼ਟੀ ਦਾ ਸੁਆਮੀ ਮਿਹਰਬਾਨ ਹੋ ਜਾਂਦਾ ਹੈ, ਅਫਸੋਸ ਤੇ ਕਲੇਸ਼ ਦੌੜ ਜਾਂਦੇ ਹਨ।

ਤਤੀ ਵਾਉ ਨ ਲਗਈ; ਸਤਿਗੁਰਿ ਰਖੇ ਆਪਿ ॥੩॥

ਸੱਚੇ ਗੁਰੂ ਜੀ ਖੁਦ ਉਸ ਦੀ ਰੱਖਿਆ ਕਰਦੇ ਹਨ, ਬੱਚੇ ਨੂੰ ਗਰਮ ਹਵਾ ਤਕ ਭੀ ਨਹੀਂ ਛੂੰਹਦੀ।

ਗੁਰੁ ਨਾਰਾਇਣੁ, ਦਯੁ ਗੁਰੁ; ਗੁਰੁ ਸਚਾ ਸਿਰਜਣਹਾਰੁ ॥

ਗੁਰੂ ਜੀ ਸਰਬ-ਵਿਆਪਕ ਸੁਆਮੀ ਹਨ, ਗੁਰੂ ਜੀ ਹੀ ਮਿਹਰਬਾਨ ਮਾਲਕ, ਅਤੇ ਗੁਰੂ ਜੀ ਹੀ ਸੱਚੇ ਕਰਤਾਰ।

ਗੁਰਿ ਤੁਠੈ, ਸਭ ਕਿਛੁ ਪਾਇਆ; ਜਨ ਨਾਨਕ ਸਦ ਬਲਿਹਾਰ ॥੪॥੨॥੧੭੦॥

ਗੁਰਾਂ ਦੇ ਪਰਮ-ਪ੍ਰਸੰਨ ਹੋਣ ਤੇ ਮੈਂ ਸਾਰਾ ਕੁਝ ਪ੍ਰਾਪਤ ਕਰ ਲਿਆ ਹੈ। ਨੋਕਰ ਨਾਨਕ, ਗੁਰਾਂ ਉਤੋਂ ਸਦੀਵ ਹੀ ਸਦਕੇ ਜਾਂਦਾ ਹੈ।


ਗਉੜੀ ਮਾਝ ਮਹਲਾ ੫ ॥

ਗਊੜੀ ਮਾਝ ਪਾਤਸ਼ਾਹੀ ਪੰਜਵੀਂ।

ਹਰਿ ਰਾਮ ਰਾਮ ਰਾਮ ਰਾਮਾ ॥

ਵਾਹਿਗੁਰੂ ਸੁਆਮੀ, ਸਾਰੇ ਵਿਆਪਕ ਹੈ, ਵਾਹਿਗੁਰੂ ਸੁਆਮੀ।

ਜਪਿ, ਪੂਰਨ ਹੋਏ ਕਾਮਾ ॥੧॥ ਰਹਾਉ ॥

ਉਸ ਦੀ ਆਰਾਧਨ ਕਰਨ ਦੁਆਰਾ ਕਾਰਜ ਸੋਰ ਜਾਂਦੇ ਹਨ। ਠਹਿਰਾਉ।

ਰਾਮ ਗੋਬਿੰਦ ਜਪੇਦਿਆ; ਹੋਆ ਮੁਖੁ ਪਵਿਤ੍ਰੁ ॥

ਸ੍ਰਿਸ਼ਟੀ ਦੇ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਮੂੰਹ ਪਾਵਨ ਹੋ ਜਾਂਦਾ ਹੈ।

ਹਰਿ ਜਸੁ ਸੁਣੀਐ ਜਿਸ ਤੇ; ਸੋਈ ਭਾਈ ਮਿਤ੍ਰੁ ॥੧॥

ਜੋ ਮੈਨੂੰ ਵਾਹਿਗੁਰੂ ਦੀ ਕੀਰਤੀ ਸ੍ਰਵਣ ਕਰਾਉਂਦਾ ਹੈ, ਉਹੀ ਮੇਰਾ ਭਰਾ ਅਤੇ ਦੋਸਤ ਹੈ।

ਸਭਿ ਪਦਾਰਥ ਸਭਿ ਫਲਾ; ਸਰਬ ਗੁਣਾ ਜਿਸੁ ਮਾਹਿ ॥

ਜਿਸ ਵਿੱਚ ਸਾਰੀਆਂ ਦੌਲਤਾਂ ਸਾਰੀਆਂ ਦਾਤਾ ਅਤੇ ਸਾਰੀਆਂ ਨੇਕੀਆਂ ਹਨ,

ਕਿਉ ਗੋਬਿੰਦੁ ਮਨਹੁ ਵਿਸਾਰੀਐ? ਜਿਸੁ ਸਿਮਰਤ ਦੁਖ ਜਾਹਿ ॥੨॥

ਅਸੀਂ ਜਗ ਦੇ ਸੁਆਮੀ ਨੂੰ ਆਪਣੇ ਚਿੱਤ ਵਿਚੋਂ ਕਿਉਂ ਭੁਲਾਈਏ, ਜਿਸ ਦੇ ਆਰਾਧਨ ਕਰਨ ਦੁਆਰਾ ਦੁਖੜੇ ਦੂਰ ਹੋ ਜਾਂਦੇ ਹਨ।

ਜਿਸੁ ਲੜਿ ਲਗਿਐ ਜੀਵੀਐ; ਭਵਜਲੁ ਪਈਐ ਪਾਰਿ ॥

ਉਹ ਹਰੀ ਨੂੰ ਯਾਦ ਕਰ, ਜਿਸ ਦੇ ਪੱਲੇ ਨਾਲ ਲਗਣ ਦੁਆਰਾ ਆਦਮੀ ਜੀਉਂਦਾ ਹੈ ਅਤੇ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।

ਮਿਲਿ ਸਾਧੂ ਸੰਗਿ ਉਧਾਰੁ ਹੋਇ; ਮੁਖ ਊਜਲ ਦਰਬਾਰਿ ॥੩॥

ਸਤਿ ਸੰਗਤ ਨਾਲ ਜੁੜਨ ਦੁਆਰਾ, ਪ੍ਰਾਣੀ ਬਚ ਜਾਂਦਾ ਹੈ, ਅਤੇ ਸਾਹਿਬ ਦੀ ਦਰਗਾਹ ਵਿੱਚ ਉਸ ਦਾ ਚਿਹਰਾ ਰੋਸ਼ਨ ਹੁੰਦਾ ਹੈ।

ਜੀਵਨ ਰੂਪ ਗੋਪਾਲ ਜਸੁ; ਸੰਤ ਜਨਾ ਕੀ ਰਾਸਿ ॥

ਸ੍ਰਿਸ਼ਟੀ ਦੇ ਪਾਲਣਹਾਰ ਦੀ ਕੀਰਤੀ ਜਿੰਦਗੀ ਦਾ ਸਾਰੰਸ਼, ਅਤੇ ਪਵਿੱਤ੍ਰ ਪੁਰਸ਼ਾਂ ਦੀ ਪੂੰਜੀ ਹੈ।

ਨਾਨਕ, ਉਬਰੇ ਨਾਮੁ ਜਪਿ; ਦਰਿ ਸਚੈ ਸਾਬਾਸਿ ॥੪॥੩॥੧੭੧॥

ਸਾਹਿਬ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਨਾਨਕ ਤਰ ਗਿਆ ਹੈ ਅਤੇ ਸੱਚੇ ਦਰਬਾਰ ਅੰਦਰ ਉਸ ਨੂੰ ਵਾਹ ਵਾਹ! ਮਿਲਦੀ ਹੈ।


ਗਉੜੀ ਮਾਝ ਮਹਲਾ ੫ ॥

ਗਊੜੀ ਮਾਝ ਪਾਤਸ਼ਾਹੀ ਪੰਜਵੀ।

ਮੀਠੇ ਹਰਿ ਗੁਣ ਗਾਉ ਜਿੰਦੂ! ਤੂੰ ਮੀਠੇ ਹਰਿ ਗੁਣ ਗਾਉ ॥

ਵਾਹਿਗੁਰੂ ਦੀ ਮਿਠੜੀ ਉਸਤਤੀ ਗਾਇਨ ਕਰ, ਹੇ ਮੇਰੀ ਜਿੰਦੇ! ਤੂੰ ਵਾਹਿਗੁਰੂ ਦੀ ਮਿਠੜੀ ਉਸਤਤੀ ਗਾਇਨ ਕਰ।

ਸਚੇ ਸੇਤੀ ਰਤਿਆ; ਮਿਲਿਆ ਨਿਥਾਵੇ ਥਾਉ ॥੧॥ ਰਹਾਉ ॥

ਸਚੇ ਸਾਹਿਬ ਨਾਲ ਰੰਗੀਜਣ ਦੁਆਰਾ, ਬੇਟਿਕਾਣੇ ਨੂੰ ਟਿਕਾਣਾ ਮਿਲ ਜਾਂਦਾ ਹੈ। ਠਹਿਰਾਉ।

ਹੋਰਿ ਸਾਦ ਸਭਿ ਫਿਕਿਆ; ਤਨੁ ਮਨੁ ਫਿਕਾ ਹੋਇ ॥

ਹੋਰ ਸਾਰੇ ਸੁਆਦ ਫਿਕਲੇ ਹਨ, ਉਨ੍ਹਾਂ ਨਾਲ ਦੇਹਿ ਤੇ ਆਤਮਾ ਬੇ-ਸੁਆਦ ਹੋ ਜਾਂਦੇ ਹਨ।

ਵਿਣੁ ਪਰਮੇਸਰ ਜੋ ਕਰੇ; ਫਿਟੁ ਸੁ ਜੀਵਣੁ ਸੋਇ ॥੧॥

ਸੁਆਮੀ ਦੇ ਬਗੈਰ ਜਿਹੜਾ ਹੋਰ ਕੁਛ ਕਰਦਾ ਹੈ, ਲਾਹਨਤ ਹੈ ਉਸ ਦੀ ਜਿੰਦਗੀ ਅਤੇ ਸ਼ੁਹਰਤ ਨੂੰ।

ਅੰਚਲੁ ਗਹਿ ਕੈ ਸਾਧ ਕਾ; ਤਰਣਾ ਇਹੁ ਸੰਸਾਰੁ ॥

ਸੰਤ ਦਾ ਪੱਲਾ ਪਕੜ ਕੇ, ਇਸ ਜਗਤ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ।

ਪਾਰਬ੍ਰਹਮੁ ਆਰਾਧੀਐ; ਉਧਰੈ ਸਭ ਪਰਵਾਰੁ ॥੨॥

ਸ਼੍ਰੋਮਣੀ ਸਾਹਿਬ ਦਾ ਸਿਮਰਨ ਕਰ ਅਤੇ ਤੇਰੀ ਸਾਰੀ ਆਲ-ਔਲਾਦ ਦਾ ਪਾਰ ਉਤਾਰਾ ਹੋ ਜਾਵੇਗਾ।

ਸਾਜਨੁ ਬੰਧੁ ਸੁਮਿਤ੍ਰੁ ਸੋ; ਹਰਿ ਨਾਮੁ ਹਿਰਦੈ ਦੇਇ ॥

ਉਹ ਹੀ ਮੇਰਾ ਯਾਰ, ਸਾਕ-ਸੈਨ ਅਤੇ ਚੰਗਾ ਦੋਸਤ ਹੈ, ਜਿਹੜਾ ਮੇਰੇ ਅੰਤਹਕਰਣ ਅੰਦਰ ਰੱਬ ਦੇ ਨਾਮ ਨੂੰ ਅਸਥਾਪਨ ਕਰਦਾ ਹੈ।

ਅਉਗਣ ਸਭ ਮਿਟਾਇ ਕੈ; ਪਰਉਪਕਾਰੁ ਕਰੇਇ ॥੩॥

ਉਹ ਮੇਰੇ ਸਾਰੇ ਵਿਕਾਰਾਂ ਨੂੰ ਧੋ ਸੁਟਦਾ ਹੈ ਅਤੇ ਮੇਰਾ ਨਿਸ਼ਕਾਮ ਭਲਾ ਕਰਦਾ ਹੈ।

ਮਾਲੁ ਖਜਾਨਾ ਥੇਹੁ ਘਰੁ; ਹਰਿ ਕੇ ਚਰਣ ਨਿਧਾਨ ॥

ਦੌਲਤ, ਕੋਸ਼, ਅਤੇ ਗ੍ਰਹਿ ਨਿਰੇ ਪੁਰੇ ਖੰਡਰਾਤ ਹਨ। ਕੇਵਲ ਵਾਹਿਗੁਰੂ ਦੇ ਚਰਨ ਹੀ ਖ਼ਜ਼ਾਨਾ ਹਨ।

ਨਾਨਕ, ਜਾਚਕੁ ਦਰਿ ਤੇਰੈ; ਪ੍ਰਭ! ਤੁਧਨੋ ਮੰਗੈ ਦਾਨੁ ॥੪॥੪॥੧੭੨॥

ਮੰਗਤ ਨਾਨਕ ਤੇਰੇ ਬੂਹੇ ਤੇ ਖੜਾ ਹੈ, ਹੈ ਸਾਹਿਬ! ਅਤੇ ਤੈਨੂੰ ਹੀ ਆਪਣੀ ਖ਼ੈਰ ਵਜੋ ਮੰਗਦਾ ਹੈ।


ਰਾਗੁ ਗਉੜੀ ਮਾਝ ਮਹਲਾ ੫

ਰਾਗ ਗਊੜੀ ਮਾਝ ਪਾਤਸ਼ਾਹੀ ਪੰਜਵੀਂ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

ਖੋਜਤ ਫਿਰੇ ਅਸੰਖ, ਅੰਤੁ ਨ ਪਾਰੀਆ ॥

ਅਣਗਿਣਤ ਤੈਨੂੰ ਭਾਲਦੇ ਫਿਰਦੇ ਹਨ, ਹੇ ਸੁਆਮੀ! ਪਰ ਉਨ੍ਹਾਂ ਨੂੰ ਤੇਰੇ ਓੜਕ ਦਾ ਪਤਾ ਨਹੀਂ ਲੱਗਦਾ।

ਸੇਈ ਹੋਏ ਭਗਤ, ਜਿਨਾ ਕਿਰਪਾਰੀਆ ॥੧॥

ਕੇਵਲ ਉਹੀ ਤੇਰੇ ਅਨੁਰਾਗੀ ਹੁੰਦੇ ਹਨ ਜਿਨ੍ਹਾਂ ਉਤੇ ਤੇਰੀ ਕਿਰਪਾ ਹੈ।

ਹਉ ਵਾਰੀਆ! ਹਰਿ ਵਾਰੀਆ! ॥੧॥ ਰਹਾਉ ॥

ਮੈਂ ਕੁਰਬਾਨ ਹਾਂ, ਮੈਂ ਕੁਰਬਾਨ ਹਾਂ, ਤੇਰੇ ਉਤੇ, ਮੇਰੇ ਵਾਹਿਗੁਰੂ। ਠਹਿਰਾਉ।

ਸੁਣਿ ਸੁਣਿ ਪੰਥੁ ਡਰਾਉ, ਬਹੁਤੁ ਭੈਹਾਰੀਆ ॥

ਭਿਆਨਕ ਮਾਰਗ ਬਾਰੇ, ਸੁਣ ਸੁਣ ਕੇ, ਮੈਂ ਅਤੀ ਭੈ-ਭੀਤ ਹੋਇਆ ਹੋਇਆ ਹਾਂ।

ਮੈ ਤਕੀ ਓਟ ਸੰਤਾਹ, ਲੇਹੁ ਉਬਾਰੀਆ ॥੨॥

ਮੈਂ ਸਾਧੂ ਦੀ ਸ਼ਰਣਾਗਤ ਸੰਭਾਲੀ ਹੈ ਹੇ ਰੱਬ ਦੇ ਪਿਆਰੇ ਤੂੰ ਮੇਰੀ ਰਖਿਆ ਕਰ।

ਮੋਹਨ ਲਾਲ ਅਨੂਪ, ਸਰਬ ਸਾਧਾਰੀਆ ॥

ਮੋਹਿਤ ਕਰਣਹਾਰ ਸਨੁੱਖਾ ਪ੍ਰੀਤਮ ਸਾਰਿਆਂ ਨੂੰ ਆਸਰਾ ਦੇਣ ਵਾਲਾ ਹੈ।

ਗੁਰ ਨਿਵਿ ਨਿਵਿ ਲਾਗਉ ਪਾਇ, ਦੇਹੁ ਦਿਖਾਰੀਆ ॥੩॥

ਮੈਂ ਬਹੁਤ ਨੀਵਾ ਹੋ ਕੇ ਗੁਰਾਂ ਦੇ ਪੈਰੀ ਪੈਦਾ ਹਾਂ। ਹੈ ਮੇਰੇ ਗੁਰੂ ਜੀ! ਮੈਨੂੰ ਸਾਹਿਬ ਦਿਖਾਲ ਦਿਓ।

ਮੈ ਕੀਏ ਮਿਤ੍ਰ ਅਨੇਕ, ਇਕਸੁ ਬਲਿਹਾਰੀਆ ॥

ਮੈਂ ਘਨੇਰੇ ਸਜਨ ਬਣਾਏ ਹਨ, ਪਰ ਮੈਂ ਕੁਰਬਾਨ ਕੇਵਲ ਇਕ ਉਤੇ ਹੀ ਜਾਂਦਾ ਹਾਂ।

ਸਭ ਗੁਣ ਕਿਸ ਹੀ ਨਾਹਿ, ਹਰਿ ਪੂਰ ਭੰਡਾਰੀਆ ॥੪॥

ਕਿਸੇ ਵਿੱਚ ਭੀ ਸਾਰੀਆਂ ਨੇਕੀਆਂ ਨਹੀਂ। ਵਾਹਿਗੁਰੂ ਵਡਿਆਈਆਂ ਦਾ ਪਰੀਪੂਰਨ ਖ਼ਜ਼ਾਨਾ ਹੈ।

ਚਹੁ ਦਿਸਿ ਜਪੀਐ ਨਾਉ, ਸੂਖਿ ਸਵਾਰੀਆ ॥

ਚੌਹੀ ਪਾਸੀ ਸਾਈਂ ਦੇ ਨਾਮ ਦਾ ਸਿਮਰਨ ਹੁੰਦਾ ਹੈ। ਉਸ ਦਾ ਸਿਮਰਨ ਕਰਨ ਵਾਲੇ ਖੁਸ਼ੀ ਨਾਲ ਸੁਸ਼ੋਭਤ ਹੁੰਦੇ ਹਨ।

ਮੈ ਆਹੀ ਓੜਿ ਤੁਹਾਰਿ, ਨਾਨਕ ਬਲਿਹਾਰੀਆ ॥੫॥

ਮੈਂ ਤੇਰੀ ਪਨਾਹ ਨੂੰ ਲੋੜਦਾ ਹਾਂ, ਹੈ ਵਾਹਿਗੁਰੂ! ਨਾਨਕ ਤੇਰੇ ਉਤੋਂ ਘੋਲੀ ਵੰਞਦਾ ਹੈ।

ਗੁਰਿ ਕਾਢਿਓ ਭੁਜਾ ਪਸਾਰਿ, ਮੋਹ ਕੂਪਾਰੀਆ ॥

ਆਪਣੀ ਬਾਂਹ ਅਗੇ ਵਧਾ ਕੇ ਗੁਰਾਂ ਨੇ ਮੈਨੂੰ ਸੰਸਾਰੀ ਲਗਨ ਦੇ ਖੂਹ ਵਿਚੋਂ ਬਾਹਰ ਕੱਢ ਲਿਆ ਹੈ।

ਮੈ ਜੀਤਿਓ ਜਨਮੁ ਅਪਾਰੁ, ਬਹੁਰਿ ਨ ਹਾਰੀਆ ॥੬॥

ਮੈਂ ਅਮੋਲਕ ਮਨੁੱਖਾ ਜੀਵਨ ਜਿੱਤ ਲਿਆ ਹੈ, ਜਿਸ ਨੂੰ ਮੈਂ ਮੁੜਕੇ ਨਹੀਂ ਹਾਰਾਂਗਾ।

ਮੈ ਪਾਇਓ ਸਰਬ ਨਿਧਾਨੁ, ਅਕਥੁ ਕਥਾਰੀਆ ॥

ਮੈਂ ਹਰ ਸ਼ੈ ਦੇ ਖ਼ਜ਼ਾਨੇ ਵਾਹਿਗੁਰੂ ਨੂੰ ਪਾ ਲਿਆ ਹੈ, ਜਿਸ ਦੀ ਵਾਰਤਾ ਬਿਆਨ ਤੋਂ ਬਾਹਰ ਹੈ।

ਹਰਿ ਦਰਗਹ ਸੋਭਾਵੰਤ, ਬਾਹ ਲੁਡਾਰੀਆ ॥੭॥

ਵਾਹਿਗੁਰੂ ਦੇ ਦਰਬਾਰ ਅੰਦਰ ਕੀਰਤੀਮਾਨ ਹੈ ਮੈਂ ਖੁਸ਼ੀ ਅੰਦਰ ਆਪਣੀ ਭੁਜਾ ਨੂੰ ਹੁਲਾਰਾਂਗਾ।

ਜਨ ਨਾਨਕ ਲਧਾ ਰਤਨੁ, ਅਮੋਲੁ ਅਪਾਰੀਆ ॥

ਗੁਮਾਸ਼ਤੇ ਨਾਨਕ ਨੂੰ ਲਾਸਾਨੀ ਅਤੇ ਅਣਮੁੱਲਾ ਹੀਰਾ ਲੱਭ ਪਿਆ ਹੈ।

ਗੁਰ ਸੇਵਾ ਭਉਜਲੁ ਤਰੀਐ, ਕਹਉ ਪੁਕਾਰੀਆ ॥੮॥੧੨॥

ਗੁਰਾਂ ਦੀ ਘਾਲ ਰਾਹੀਂ ਭਿਆਨਕ ਸੰਸਾਰ ਸਮੁੰਦਰ ਪਾਰ ਕੀਤਾ ਜਾਂਦਾ ਹੈ। ਮੈਂ ਸਮੂਹ ਨੂੰ ਉੱਚੀ ਬੋਲ ਕੇ ਦੱਸਦਾ ਹਾਂ।