ਰਾਗ ਗਉੜੀ ਦੀਪਕੀ – ਬਾਣੀ ਸ਼ਬਦ-Raag Gauri Dipki – Bani

ਰਾਗ ਗਉੜੀ ਦੀਪਕੀ – ਬਾਣੀ ਸ਼ਬਦ-Raag Gauri Dipki – Bani

ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ ੧

ਉਸਤਤੀ ਦਾ ਗੀਤ ਰਾਗ ਗਊੜੀ ਦੀਪਕੀ, ਪਹਿਲੀ ਪਾਤਸ਼ਾਹੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

ਜੈ ਘਰਿ ਕੀਰਤਿ ਆਖੀਐ; ਕਰਤੇ ਕਾ ਹੋਇ ਬੀਚਾਰੋ ॥

ਜਿਸ ਗ੍ਰਿਹ ਅੰਦਰ ਸਿਰਜਣਹਾਰ ਦਾ ਸਿਮਰਨ ਹੁੰਦਾ ਹੈ ਅਤੇ ਉਸ ਦਾ ਜੱਸ ਉਚਾਰਣ ਕੀਤਾ ਜਾਂਦਾ ਹੈ,

ਤਿਤੁ ਘਰਿ ਗਾਵਹੁ ਸੋਹਿਲਾ; ਸਿਵਰਿਹੁ ਸਿਰਜਣਹਾਰੋ ॥੧॥

ਉਸ ਗ੍ਰਿਹ ਅੰਦਰ ਜੱਸ ਦੇ ਗੀਤ ਗਾਇਨ ਕਰ ਤੇ ਰਚਨਹਾਰ ਨੂੰ ਅਰਾਧ।

ਤੁਮ ਗਾਵਹੁ; ਮੇਰੇ ਨਿਰਭਉ ਕਾ ਸੋਹਿਲਾ ॥

ਤੂੰ ਮੇਰੇ ਨਿਡਰ ਸੁਆਮੀ ਦੇ ਜੱਸ ਦੇ ਗੀਤ ਗਾਇਨ ਕਰ।

ਹਉ ਵਾਰੀ ਜਿਤੁ ਸੋਹਿਲੈ; ਸਦਾ ਸੁਖੁ ਹੋਇ ॥੧॥ ਰਹਾਉ ॥

ਮੈਂ ਉਸ ਖੁਸ਼ੀ ਦੇ ਗਾਉਣੇ ਉਤੇ ਕੁਰਬਾਨ ਜਾਂਦਾ ਹਾਂ, ਜਿਸ ਦੁਆਰਾ ਸਦੀਵੀ ਠੰਢ-ਚੈਨ ਪਰਾਪਤ ਹੁੰਦੀ ਹੈ। ਠਹਿਰਾਉ।

ਨਿਤ ਨਿਤ ਜੀਅੜੇ ਸਮਾਲੀਅਨਿ; ਦੇਖੈਗਾ ਦੇਵਣਹਾਰੁ ॥

ਸਦੀਵ ਸਦੀਵ ਹੀ ਪ੍ਰਭੂ ਆਪਣੇ ਜੀਵਾਂ ਦੀ ਸੰਭਾਲ ਕਰਦਾ ਹੈ ਅਤੇ ਦੇਣ ਵਾਲਾ ਸਾਰਿਆਂ ਨੂੰ ਵੇਖ ਰਿਹਾ ਹੈ।

ਤੇਰੇ ਦਾਨੈ ਕੀਮਤਿ ਨਾ ਪਵੈ; ਤਿਸੁ ਦਾਤੇ ਕਵਣੁ ਸੁਮਾਰੁ? ॥੨॥

ਤੈਡੀਆਂ ਦਾਤਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਤਾਂ ਤੇਰਾ ਜਾਂ (ਉਸ ਦਾਤੇ ਦਾ)। ਅੰਦਾਜ਼ਾ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ?

ਸੰਬਤਿ ਸਾਹਾ ਲਿਖਿਆ; ਮਿਲਿ ਕਰਿ ਪਾਵਹੁ ਤੇਲੁ ॥

ਵਿਆਹ ਦਾ ਸਾਲ ਤੇ ਦਿਹਾੜਾ (ਮੁਕੱਰਰ) ਜਾ (ਲਿਖਿਆ ਹੋਇਆ) ਹੈ। ਮੇਰੀਓ ਸਖੀਓ ਇਕੱਠੀਆਂ ਹੋ ਕੇ ਬੂਹੇ ਉਤੇ ਤੇਲ ਚੋਵੋ।

ਦੇਹੁ ਸਜਣ ਅਸੀਸੜੀਆ; ਜਿਉ ਹੋਵੈ ਸਾਹਿਬ ਸਿਉ ਮੇਲੁ ॥੩॥

ਮੈਨੂੰ ਆਪਣੀਆਂ ਅਸ਼ੀਰਵਾਦਾਂ ਦਿਓ, ਹੈ ਮਿੱਤਰੋ! ਤਾਂ ਜੋ ਮੇਰਾ ਆਪਣੇ ਮਾਲਕ ਨਾਲ ਮਿਲਾਪ ਹੋ ਜਾਵੇ।

ਘਰਿ ਘਰਿ ਏਹੋ ਪਾਹੁਚਾ; ਸਦੜੇ ਨਿਤ ਪਵੰਨਿ ॥

ਇਹ ਸਮਨ ਹਰ ਘਰ ਵਿੱਚ ਭੇਜਿਆ ਜਾਂਦਾ ਹੈ ਤੇ ਐਸੀਆਂ ਹਾਕਾਂ ਹਰ ਰੋਜ਼ ਹੀ ਪੈਦੀਆਂ ਰਹਿੰਦੀਆਂ ਹਨ।

ਸਦਣਹਾਰਾ ਸਿਮਰੀਐ; ਨਾਨਕ, ਸੇ ਦਿਹ ਆਵੰਨਿ ॥੪॥੧॥

ਬੁਲਾਉਣ ਵਾਲੇ ਦਾ ਆਰਾਧਨ ਕਰ, ਹੈ ਨਾਨਕ! ਉਹ ਦਿਹਾੜਾ ਨੇੜੇ ਢੁਕ ਰਿਹਾ ਹੈ।