ਰਾਗ ਗਉੜੀ ਦਖਣੀ – ਬਾਣੀ ਸ਼ਬਦ-Raag Gauri Dakhni – Bani

ਰਾਗ ਗਉੜੀ ਦਖਣੀ – ਬਾਣੀ ਸ਼ਬਦ-Raag Gauri Dakhni – Bani

ਗਉੜੀ ਮਹਲਾ ੧ ਦਖਣੀ ॥

ਗਊੜੀ ਪਹਿਲੀ ਪਾਤਸ਼ਾਹੀ ਦਖਣੀ।

ਸੁਣਿ ਸੁਣਿ ਬੂਝੈ, ਮਾਨੈ ਨਾਉ ॥

ਜੋ ਰੱਬ ਦੇ ਨਾਮ ਨੂੰ ਲਗਾਤਾਰ ਸੁਣਦਾ, ਸਮਝਦਾ ਤੇ ਉਸ ਉਤੇ ਭਰੋਸਾ ਧਾਰਦਾ ਹੈ,

ਤਾ ਕੈ, ਸਦ ਬਲਿਹਾਰੈ ਜਾਉ ॥

ਹਮੇਸ਼ਾਂ ਹੀ ਮੈਂ ਉਸ ਉਤੋਂ ਕੁਰਬਾਨ ਹਾਂ।

ਆਪਿ ਭੁਲਾਏ, ਠਉਰ ਨ ਠਾਉ ॥

ਜਦ ਪ੍ਰਭੂ ਖੁਦ ਗੁਮਰਾਹ ਕਰਦਾ ਹੈ, ਪ੍ਰਾਣੀ ਨੂੰ ਕੋਈ ਥਾਂ ਜਾ ਵਸੇਬਾ ਨਹੀਂ ਮਿਲਦਾ।

ਤੂੰ ਸਮਝਾਵਹਿ, ਮੇਲਿ ਮਿਲਾਉ ॥੧॥

ਤੂੰ ਹੀ ਜਣਾਉਂਦਾ ਅਤੇ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈਂ।

ਨਾਮੁ ਮਿਲੈ, ਚਲੈ ਮੈ ਨਾਲਿ ॥

ਮੈਨੂੰ ਨਾਮ ਪ੍ਰਾਪਤ ਹੋਵੇ, ਜਿਹੜਾ ਮੇਰੇ ਸਾਥ ਜਾਏਗਾ।

ਬਿਨੁ ਨਾਵੈ, ਬਾਧੀ ਸਭ ਕਾਲਿ ॥੧॥ ਰਹਾਉ ॥

ਵਾਹਿਗੁਰੂ ਦੇ ਨਾਮ ਦੇ ਬਗੈਰ ਸਾਰੇ ਮੌਤ ਨੇ ਨਰੜੇ ਹੋਏ ਹਨ। ਠਹਿਰਾਉ।

ਖੇਤੀ ਵਣਜੁ, ਨਾਵੈ ਕੀ ਓਟ ॥

ਮੇਰੀ ਵਾਹੀ ਤੇ ਸੁਦਾਗਰੀ ਸਾਹਿਬ ਦੇ ਨਾਮ ਦੇ ਆਸਰੇ ਵਿੱਚ ਹੀ ਹੈ।

ਪਾਪੁ ਪੁੰਨੁ, ਬੀਜ ਕੀ ਪੋਟ ॥

ਬਦੀ ਅਤੇ ਨੇਕੀ ਦੇ ਬੀ ਦਾ ਪ੍ਰਾਣੀ ਇਕ ਗਠੜੀ ਹੈ।

ਕਾਮੁ ਕ੍ਰੋਧੁ, ਜੀਅ ਮਹਿ ਚੋਟ ॥

ਮਿਥਨ ਵੇਗ ਤੇ ਰੋਹੁ ਅੰਤਸ਼ਕਰਣ ਅੰਦਰ ਜਖਮ ਹਨ।

ਨਾਮੁ ਵਿਸਾਰਿ, ਚਲੇ ਮਨਿ ਖੋਟ ॥੨॥

ਮੰਦੇ ਚਿੱਤ ਵਾਲੇ ਰਬ ਦੇ ਨਾਮ ਨੂੰ ਭੁਲਾ ਕੇ ਤੁਰ ਜਾਂਦੇ ਹਨ।

ਸਾਚੇ ਗੁਰ ਕੀ, ਸਾਚੀ ਸੀਖ ॥

ਸੱਚੀ ਹੈ ਸਿਖਿਆ ਸੱਚੇ ਗੁਰਾਂ ਦੀ।

ਤਨੁ ਮਨੁ ਸੀਤਲੁ, ਸਾਚੁ ਪਰੀਖ ॥

ਸੱਚੇ ਨਾਮ ਦੀ ਅਸਲੀ ਕਦਰ ਜਾਨਣ ਦੁਆਰਾ ਦੇਹਿ ਤੇ ਦਿਲ ਠੰਢੇ ਹੋ ਜਾਂਦੇ ਹਨ।

ਜਲ ਪੁਰਾਇਨਿ, ਰਸ ਕਮਲ ਪਰੀਖ ॥

ਗੁਰਮੁਖ ਦੀ ਪ੍ਰੀਖਿਆ ਇਹ ਹੈ, ਕਿ ਉਹ ਚੁੱਪਤੀ ਦੇ ਪਾਣੀ ਵਿੱਚ ਜਾ ਕੰਵਲ ਦੇ ਪਾਣੀ ਵਿੱਚ ਦੀ ਮਾਨਿੰਦ, ਜਗ ਵਿੱਚ ਅਟੰਕ ਰਹਿੰਦਾ ਹੈ।

ਸਬਦਿ ਰਤੇ, ਮੀਠੇ ਰਸ ਈਖ ॥੩॥

ਵਾਹਿਗੁਰੂ ਦੇ ਨਾਮ ਨਾਲ ਰੰਗਿਆ ਹੋਇਆ, ਉਹ ਕਮਾਦ ਦੇ ਰਹੁ ਦੀ ਤਰ੍ਹਾਂ ਮਿੱਠਾ ਹੈ।

ਹੁਕਮਿ ਸੰਜੋਗੀ, ਗੜਿ ਦਸ ਦੁਆਰ ॥

ਵਾਹਿਗੁਰੂ ਦੇ ਫੁਰਮਾਨ ਦੇ ਪਹੁੰਚਣ ਉਤੇ ਦਸਾਂ ਦਰਵਾਜਿਆਂ ਵਾਲਾ ਸਰੀਰ ਕਿਲ੍ਹਾ ਵਜੂਦ ਵਿੱਚ ਆਇਆ।

ਪੰਚ ਵਸਹਿ, ਮਿਲਿ ਜੋਤਿ ਅਪਾਰ ॥

ਉਸ ਵਿੱਚ ਪੰਜ ਮੰਦ-ਵਿਸ਼ੇ ਵੇਗ, ਅਨੰਤ ਰਬੀ ਨੂਰ ਦੇ ਨਾਲ ਹੀ ਰਹਿੰਦੇ ਹਨ!

ਆਪਿ ਤੁਲੈ, ਆਪੇ ਵਣਜਾਰ ॥

ਪ੍ਰਭੂ ਖੁਦ ਜੋਖੇ ਜਾਣ ਵਾਲਾ ਸੌਦਾ ਸੂਤ ਹੈ, ਅਤੇ ਖੁਦ ਹੀ ਸੁਦਾਗਰ।

ਨਾਨਕ, ਨਾਮਿ ਸਵਾਰਣਹਾਰ ॥੪॥੫॥

ਨਾਨਕ ਹਰੀ ਦਾ ਨਾਮ ਬੰਦੇ ਨੂੰ ਈਸ਼ਵਰ-ਪਰਾਇਣ ਕਰਨ ਵਾਲਾ ਹੈ।