ਰਾਗ ਗਉੜੀ ਬੈਰਾਗਣਿ – ਬਾਣੀ ਸ਼ਬਦ-Raag Gauri Baraigan – Bani
ਰਾਗ ਗਉੜੀ ਬੈਰਾਗਣਿ – ਬਾਣੀ ਸ਼ਬਦ-Raag Gauri Baraigan – Bani
ਗਉੜੀ ਬੈਰਾਗਣਿ ਮਹਲਾ ੧ ॥
ਗਊੜੀ ਬੇਰਾਗਣਿ ਪਾਤਸ਼ਾਹੀ ਪਹਿਲੀ।
ਰੈਣਿ ਗਵਾਈ ਸੋਇ ਕੈ; ਦਿਵਸੁ ਗਵਾਇਆ ਖਾਇ ॥
ਇਨਸਾਨ ਆਪਣੀਆਂ ਰਾਤਾਂ ਸੋ ਕੇ ਗੁਆ ਲੈਂਦਾ ਹੈ ਅਤੇ ਦਿਨ ਖਾ ਕੇ ਗੁਆ ਲੈਂਦਾ ਹੈ।
ਹੀਰੇ ਜੈਸਾ ਜਨਮੁ ਹੈ; ਕਉਡੀ ਬਦਲੇ ਜਾਇ ॥੧॥
ਮਨੁਖੀ ਜੀਵਨ ਜਵੇਹਰ ਵਰਗਾ ਹੈ, ਇਹ ਕੌਡੀ ਦੇ ਵਟਾਦਰੇ ਵਿੱਚ ਚਲਿਆਂ ਜਾਂਦਾ ਹੈ।
ਨਾਮੁ ਨ ਜਾਨਿਆ, ਰਾਮ ਕਾ ॥
ਉਹ ਵਿਆਪਕ ਵਾਹਿਗੁਰੂ ਦਾ ਨਾਮ ਨਹੀਂ ਜਾਣਦਾ।
ਮੂੜੇ! ਫਿਰਿ ਪਾਛੈ ਪਛੁਤਾਹਿ ਰੇ ॥੧॥ ਰਹਾਉ ॥
ਹੇ ਮੂਰਖ! ਤੂੰ ਮੁੜ ਕੇ ਮਗਰੋ ਪਸਚਾਤਾਪ ਕਰੇਗਾ। ਠਹਿਰਾਉ।
ਅਨਤਾ ਧਨੁ, ਧਰਣੀ ਧਰੇ; ਅਨਤ ਨ ਚਾਹਿਆ ਜਾਇ ॥
ਉਹ ਅਨਿੱਤ ਦੋਲਤ ਨੂੰ ਧਰਤੀ ਵਿੱਚ ਰਖ (ਦੱਬ) ਦਿੰਦਾ ਹੈ, ਪਰ ਅਨੰਤ ਸੁਆਮੀ ਨੂੰ ਨਹੀਂ ਚਾਹੁਦਾ।
ਅਨਤ ਕਉ ਚਾਹਨ ਜੋ ਗਏ; ਸੇ ਆਏ ਅਨਤ ਗਵਾਇ ॥੨॥
ਜਿਹੜੇ ਨਾਸਵੰਤ ਪਦਾਰਥਾਂ ਲਈ ਤਾਂਘ ਕਰਦੇ ਹੋਏ ਟੁਰੇ ਹਨ, ਉਹ ਹੱਦਬੰਨਾ ਰਹਿਤ ਪੁਰਖ ਨੂੰ ਗੁਆ ਕੇ ਵਾਪਸ ਆਏ ਹਨ।
ਆਪਣ ਲੀਆ ਜੇ ਮਿਲੈ; ਤਾ ਸਭੁ ਕੋ ਭਾਗਠੁ ਹੋਇ ॥
ਜੇਕਰ ਆਦਮੀ ਆਪਣੇ ਨਿੱਜ ਦੇ ਲੈਣ (ਯਤਨ) ਦੁਆਰਾ ਲੈ ਸਕਦਾ ਹੋਵੇ, ਤਾਂ ਹਰ ਕੋਈ ਭਾਗਾਂ ਵਾਲਾ ਬਣ ਜਾਵੇ।
ਕਰਮਾ ਉਪਰਿ ਨਿਬੜੈ; ਜੇ ਲੋਚੈ ਸਭੁ ਕੋਇ ॥੩॥
ਭਾਵੇਂ ਸਾਰੇ ਭਾਗਾਂ ਵਾਲਾ ਹੋਣਾ ਲੋੜਦੇ ਹਨ, ਪਰ ਉਨ੍ਹਾਂ ਦੀ ਪ੍ਰਾਲਬਧ ਦਾ ਉਨ੍ਹਾਂ ਦੇ ਅਮਲਾ ਅਨੁਸਾਰ ਹੀ ਫੈਸਲਾ ਹੁੰਦਾ ਹੈ।
ਨਾਨਕ, ਕਰਣਾ ਜਿਨਿ ਕੀਆ; ਸੋਈ ਸਾਰ ਕਰੇਇ ॥
ਨਾਨਕ ਜਿਸ ਨੇ ਰਚਨਾ ਰਚੀ ਹੈ, ਉਹੀ ਇਸ ਦੀ ਸੰਭਾਲ ਕਰਦਾ ਹੈ।
ਹੁਕਮੁ ਨ ਜਾਪੀ ਖਸਮ ਕਾ; ਕਿਸੈ ਵਡਾਈ ਦੇਇ ॥੪॥੧॥੧੮॥
ਮਾਲਕ ਦਾ ਫੁਰਮਾਨ ਜਾਣਿਆ ਨਹੀਂ ਜਾ ਸਕਦਾ। ਜਿਸ ਨੂੰ ਉਹ ਚਾਹੁੰਦਾ ਹੈ, ਉਚਤਾ ਬਖਸ਼ ਦਿੰਦਾ ਹੈ।
ਗਉੜੀ ਬੈਰਾਗਣਿ ਮਹਲਾ ੧ ॥
ਗਊੜੀ ਬੈਰਾਗਣਿ ਪਾਤਸਾਹੀ ਪਹਿਲੀ।
ਹਰਣੀ ਹੋਵਾ ਬਨਿ ਬਸਾ; ਕੰਦ ਮੂਲ ਚੁਣਿ ਖਾਉ ॥
ਜੇਕਰ ਮੈਂ ਮਿਰਗਣੀ ਹੋਵਾਂ, ਜੰਗਲ ਵਿੱਚ ਰਹਾਂ ਅਤੇ ਫਲ ਤੇ ਜੜਾਂ ਚੁਗ ਕੇ ਖਾਵਾਂ।
ਗੁਰ ਪਰਸਾਦੀ ਮੇਰਾ ਸਹੁ ਮਿਲੈ; ਵਾਰਿ ਵਾਰਿ ਹਉ ਜਾਉ ਜੀਉ ॥੧॥
ਮੈਂ ਆਪਣੇ ਮਾਲਕ ਉਤੋਂ ਸਦੀਵ ਹੀ ਕੁਰਬਾਨ ਹਾਂ, ਜੋ ਗੁਰਾਂ ਦੀ ਦਇਆਂ ਦੁਆਰਾ ਪ੍ਰਾਪਤ ਹੁੰਦਾ ਹੈ।
ਮੈ ਬਨਜਾਰਨਿ, ਰਾਮ ਕੀ ॥
ਮੈਂ ਆਪਣੇ ਸਰਬ-ਵਿਆਪਕ ਸਾਈਂ ਦੀ ਵਾਪਾਰਣ ਹਾਂ।
ਤੇਰਾ ਨਾਮੁ, ਵਖਰੁ ਵਾਪਾਰੁ ਜੀ ॥੧॥ ਰਹਾਉ ॥
ਤੇਰਾ ਨਾਮ ਮੇਰਾ ਸੌਦਾ-ਸੂਤ ਅਤੇ ਸੁਦਾਗਰੀ ਹੈ। ਠਹਿਰਾਉ।
ਕੋਕਿਲ ਹੋਵਾ ਅੰਬਿ ਬਸਾ; ਸਹਜਿ ਸਬਦ ਬੀਚਾਰੁ ॥
ਜੇਕਰ ਮੈਂ ਕੋਇਲ ਹੋ ਜਾਂਵਾਂ ਅਤੇ ਅੰਬ ਦੇ ਬੂਟੇ ਉਤੇ ਰਹਾ, ਤਾਂ ਭੀ ਮੈਂ ਆਪਣੇ ਮਾਲਕ ਦੇ ਸ਼ਬਦ ਦਾ ਆਰਾਧਨ ਕਰਾਂਗੀ।
ਸਹਜਿ ਸੁਭਾਇ ਮੇਰਾ ਸਹੁ ਮਿਲੈ; ਦਰਸਨਿ ਰੂਪਿ ਅਪਾਰੁ ॥੨॥
ਤਦ ਮੈਂ ਸੁਖੈਨ ਹੀ ਆਪਣੇ ਕੰਤ ਨੂੰ ਮਿਲ ਪਵਾਂਗੀ, ਜਿਸ ਦਾ ਦੀਦਾਰ ਅਤੇ ਸੁੰਦਰਤਾ ਲਾਸਾਨੀ ਹੈ।
ਮਛੁਲੀ ਹੋਵਾ ਜਲਿ ਬਸਾ; ਜੀਅ ਜੰਤ ਸਭਿ ਸਾਰਿ ॥
ਜੇਕਰ ਮੈਂ ਮੱਛੀ ਹੋ ਜਾਵਾਂ ਅਤੇ ਪਾਣੀ ਵਿੱਚ ਵੱਸਾਂ, ਤਾਂ ਭੀ ਮੈਂ ਉਸ ਦਾ ਆਰਾਧਨ ਕਰਾਂਗੀ ਜੋ ਸਮੂਹ ਪ੍ਰਾਣ-ਧਾਰੀਆਂ ਦੀ ਨਿਗਾਹਬਾਨੀ ਕਰਦਾ ਹੈ।
ਉਰਵਾਰਿ ਪਾਰਿ ਮੇਰਾ ਸਹੁ ਵਸੈ; ਹਉ ਮਿਲਉਗੀ ਬਾਹ ਪਸਾਰਿ ॥੩॥
ਉਰਲੇ ਤੇ ਪਾਰਲੇ ਪਾਸੇ ਮੇਰਾ ਖਸਮ ਨਿਵਾਸ ਰੱਖਦਾ ਹੈ। ਆਪਣੀਆਂ ਭੁਜਾ ਫੈਲਾ ਕੇ ਮੈਂ ਉਸ ਨੂੰ ਮਿਲ ਪਵਾਂਗੀ।
ਨਾਗਨਿ ਹੋਵਾ ਧਰ ਵਸਾ; ਸਬਦੁ ਵਸੈ ਭਉ ਜਾਇ ॥
ਜੇਕਰ ਮੈਂ ਸ੍ਰਪਣੀ ਹੋ ਜਾਵਾਂ ਅਤੇ ਧਰਤੀ ਅੰਦਰ ਰਹਾਂ, ਤਾਂ ਭੀ ਮੈਂ ਆਪਣੇ ਸੁਆਮੀ ਦੇ ਨਾਮ ਅੰਦਰ ਨਿਵਾਸ ਕਰਾਂਗੀ ਤੇ ਮੇਰਾ ਡਰ ਦੂਰ ਹੋ ਜਾਵੇਗਾ।
ਨਾਨਕ, ਸਦਾ ਸੋਹਾਗਣੀ; ਜਿਨ ਜੋਤੀ ਜੋਤਿ ਸਮਾਇ ॥੪॥੨॥੧੯॥
ਨਾਨਕ ਉਹ ਸਦੀਵ ਹੀ ਖੁਸਬਾਸ਼ ਵਿਆਹੁਤਾ ਪਤਨੀਆਂ ਹਨ, ਜਿਨ੍ਹਾਂ ਨੂੰ ਪ੍ਰਕਾਸ਼ਵਾਨ ਪ੍ਰਭੂ ਆਪਣੇ ਪ੍ਰਕਾਸ਼ ਨਾਲ ਅਭੇਦ ਕਰ ਲੈਂਦਾ ਹੈ।
ਮਹਲਾ ੩ ਗਉੜੀ ਬੈਰਾਗਣਿ ॥
ਪਾਤਸ਼ਾਹੀ ਤੀਜੀ ਗਊੜੀ ਬੈਰਾਰਣਿ।
ਜੈਸੀ ਧਰਤੀ ਊਪਰਿ ਮੇਘੁਲਾ ਬਰਸਤੁ ਹੈ; ਕਿਆ ਧਰਤੀ ਮਧੇ ਪਾਣੀ ਨਾਹੀ? ॥
ਜਿਸ ਤਰ੍ਹਾਂ ਬੱਦਲ ਜਮੀਨ ਉਤੇ ਜਲ ਵਰ੍ਹਾਉਂਦਾ ਹੈ (ਏਸੇ ਤਰ੍ਹਾਂ ਗੁਰਾਬਾਣੀ ਨਾਮ ਦੇ ਜਲ ਨੂੰ ਵਰ੍ਹਾਉਂਦੀ ਹੈ) ਪਰ ਕੀ ਜਮੀਨ ਵਿੱਚ ਜਲ ਹੈ ਨਹੀਂ?
ਜੈਸੇ ਧਰਤੀ ਮਧੇ ਪਾਣੀ ਪਰਗਾਸਿਆ; ਬਿਨੁ ਪਗਾ ਵਰਸਤ ਫਿਰਾਹੀ ॥੧॥
ਜਿਸ ਤਰ੍ਹਾਂ ਜਮੀਨ ਵਿੱਚ ਜਲ ਰਮਿਆ ਹੋਇਆ ਹੈ, (ਏਸ ਤਰ੍ਹਾਂ ਪੁਰਾਤਨ ਧਾਰਮਕ ਗ੍ਰੰਥਾਂ ਵਿੱਚ ਨਾਮ-ਜਲ ਰਮਿਆ ਹੋਇਆ ਹੈ) ਪਰ ਬੱਦਲ ਪੈਰਾਂ (ਤਕਲੀਫ) ਦੇ ਬਗੈਰ ਅਤੇ ਬਹੁਤਾਤ ਵਿੱਚ ਬਰਸਦਾ ਹੈ!
ਬਾਬਾ! ਤੂੰ ਐਸੇ ਭਰਮੁ ਚੁਕਾਹੀ ॥
ਹੇ ਪਿਤਾ! ਇਸ ਤਰ੍ਹਾਂ ਤੂੰ ਆਪਣੇ ਵਹਿਮ ਨੂੰ ਦੂਰ ਕਰ।
ਜੋ ਕਿਛੁ ਕਰਤੁ ਹੈ, ਸੋਈ ਕੋਈ ਹੈ ਰੇ; ਤੈਸੇ ਜਾਇ ਸਮਾਹੀ ॥੧॥ ਰਹਾਉ ॥
ਓ ਜੋ ਕੁਝ ਭੀ ਪ੍ਰਭੂ ਬੰਦੇ ਨੂੰ ਬਣਾਉਂਦਾ ਹੈ, ਉਹੀ ਕੁਝ ਉਹ ਹੋ ਜਾਂਦਾ ਹੈ। ਉਸ ਤਰ੍ਹਾਂ ਉਹ ਜਾਂ ਕੇ ਆਪਣੀ ਕਿਸਮ ਨਾਲ ਰਲ ਜਾਂਦਾ ਹੈ। ਠਹਿਰਾਉ।
ਇਸਤਰੀ ਪੁਰਖ ਹੋਇ ਕੈ; ਕਿਆ ਓਇ ਕਰਮ ਕਮਾਹੀ? ॥
ਨਾਰੀ ਤੇ ਨਰ ਹੋ ਕੇ (ਤੇਰੀ ਵਿਸ਼ਾਲਤਾ ਦੇ ਬਾਝੋਂ) ਉਹ ਕਿਹੜਾ ਕੰਮ ਨੇਪਰੇ ਚਾੜ੍ਹ ਸਕਦੇ ਹਨ?
ਨਾਨਾ ਰੂਪ ਸਦਾ ਹਹਿ ਤੇਰੇ; ਤੁਝ ਹੀ ਮਾਹਿ ਸਮਾਹੀ ॥੨॥
ਮੁਖਤਲਿਫ ਸਰੂਪ ਸਦੀਵ ਹੀ, ਤੇਰੇ ਹਨ ਅਤੇ ਤੇਰੇ ਵਿੱਚ ਹੀ ਲੀਨ ਹੋ ਜਾਂਦੇ ਹਨ।
ਇਤਨੇ ਜਨਮ ਭੂਲਿ ਪਰੇ ਸੇ; ਜਾ ਪਾਇਆ, ਤਾ ਭੂਲੇ ਨਾਹੀ ॥
ਐਨਿਆਂ ਜਨਮਾ ਅੰਦਰ ਮੈਂ ਕੁਰਾਹੇ ਪਿਆ ਹੋਇਆ ਸਾਂ, ਹੁਣ ਜਦ ਮੈਂ ਤੈਨੂੰ ਪਾ ਲਿਆ ਹੈ, ਮੈਂ ਮੁੜ ਕੇ ਨਹੀਂ ਭੁਲਾਂਗਾ।
ਜਾ ਕਾ ਕਾਰਜੁ, ਸੋਈ ਪਰੁ ਜਾਣੈ; ਜੇ ਗੁਰ ਕੈ ਸਬਦਿ ਸਮਾਹੀ ॥੩॥
ਜੇਕਰ ਬੰਦਾ ਗੁਰਬਾਣੀ ਅੰਦਰ ਲੀਨ ਹੋ ਜਾਵੇ ਤਾਂ ਉਹ ਅਨੁਭਵ ਕਰ ਲਵੇਗਾ ਕਿ ਜਿਸ ਦਾ ਇਹ ਕੰਮ ਹੈ ਉਹ ਹੀ ਇਸ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
ਤੇਰਾ ਸਬਦੁ, ਤੂੰਹੈ ਹਹਿ ਆਪੇ; ਭਰਮੁ ਕਹਾ ਹੀ ॥
ਤੇਰੀ ਹੈ ਗੁਰਬਾਨੀ ਤੂੰ ਆਪ ਹੀ ਸਾਰਾ ਕੁਝ ਹੈ ਅਤੇ ਹੋ ਗਿਆ ਹੈ। ਵਹਿਮ ਕਿੱਥੇ ਹੈ?
ਨਾਨਕ, ਤਤੁ ਤਤ ਸਿਉ ਮਿਲਿਆ; ਪੁਨਰਪਿ ਜਨਮਿ ਨ ਆਹੀ ॥੪॥੧॥੧੫॥੩੫॥
ਨਾਨਕ ਜਿਸ ਦਾ ਜੌਹਰ ਸਾਹਿਬ ਦੇ ਜੋਹਰ ਨਾਲ ਸਮਾ ਗਿਆ ਹੈ, ਉਹ ਮੁੜ ਕੇ ਜੰਮਣ ਦੇ ਦਾਇਰੇ ਵਿੱਚ ਨਹੀਂ ਆਉਂਦਾ।
ਗਉੜੀ ਬੈਰਾਗਣਿ ਮਹਲਾ ੩ ॥
ਗਉੜੀ ਬੈਰਾਗਣਿ ਪਾਤਸ਼ਾਹੀ ਤੀਜੀ।
ਸਭੁ ਜਗੁ ਕਾਲੈ ਵਸਿ ਹੈ; ਬਾਧਾ ਦੂਜੈ ਭਾਇ ॥
ਸਾਰਾ ਸੰਸਾਰ ਮੌਤ ਦੇ ਅਖਤਿਆਰ ਵਿੱਚ ਹੈ ਅਤੇ ਦਵੈਤ-ਭਾਵ ਨਾਲ ਨਰੜਿਆ ਹੋਇਆ ਹੈ।
ਹਉਮੈ ਕਰਮ ਕਮਾਵਦੇ; ਮਨਮੁਖਿ ਮਿਲੈ ਸਜਾਇ ॥੧॥
ਆਪ ਹੁੰਦੇਰੇ ਆਪਣੇ ਕਾਰਵਿਹਾਰ ਹੰਕਾਰ ਅੰਦਰ ਕਰਦੇ ਹਨ ਅਤੇ ਉਨ੍ਹਾਂ ਨੂੰ ਸਜ਼ਾ ਮਿਲਦੀ ਹੈ।
ਮੇਰੇ ਮਨ! ਗੁਰ ਚਰਣੀ ਚਿਤੁ ਲਾਇ ॥
ਹੇ ਮੇਰੀ ਜਿੰਦੜੀਏ, ਗੁਰਾਂ ਦੇ ਚਰਨਾਂ ਨਾਲ ਆਪਣੀ ਬਿਰਤੀ ਜੋੜ।
ਗੁਰਮੁਖਿ ਨਾਮੁ ਨਿਧਾਨੁ ਲੈ; ਦਰਗਹ ਲਏ ਛਡਾਇ ॥੧॥ ਰਹਾਉ ॥
ਗੁਰਾਂ ਦੁਆਰਾ ਨਾਮ ਦੇ ਖਜਾਨੇ ਨੂੰ ਪ੍ਰਾਪਤ ਕਰ ਸਾਈਂ ਦੇ ਦਰਬਾਰ ਵਿੱਚ ਇਹ ਤੇਰੀ ਖਲਾਸੀ ਕਰਾ ਦੇਵੇਗਾ। ਠਹਿਰਾਉ।
ਲਖ ਚਉਰਾਸੀਹ ਭਰਮਦੇ; ਮਨਹਠਿ ਆਵੈ ਜਾਇ ॥
ਮਨੂਏ ਦੀ ਜਿੱਦ ਰਾਹੀਂ ਇਨਸਾਨ ਚੁਰਾਸੀ ਲੱਖ ਜੂਨੀਆਂ ਅੰਦਰ ਭਟਕਦੇ ਹਨ ਅਤੇ ਆਉਂਦੇ ਤੇ ਜਾਂਦੇ ਰਹਿੰਦੇ ਹਨ।
ਗੁਰ ਕਾ ਸਬਦੁ ਨ ਚੀਨਿਓ; ਫਿਰਿ ਫਿਰਿ ਜੋਨੀ ਪਾਇ ॥੨॥
ਉਹ ਗੁਰਾਂ ਦੀ ਸਿਖ ਮਤ ਨੂੰ ਅਨੁਭਵ ਨਹੀਂ ਕਰਦੇ ਅਤੇ ਮੁੜ ਮੁੜ ਕੇ ਗਰਭਜੂਨੀਆਂ ਅੰਦਰ ਪਾਏ ਜਾਂਦੇ ਹਨ।
ਗੁਰਮੁਖਿ ਆਪੁ ਪਛਾਣਿਆ; ਹਰਿ ਨਾਮੁ ਵਸਿਆ ਮਨਿ ਆਇ ॥
ਗੁਰਾਂ ਦੀ ਦਇਆ ਦੁਆਰਾ ਜਦ ਬੰਦਾ ਆਪਣੇ ਆਪ ਨੂੰ ਸਮਝ ਲੈਂਦਾ ਹੈ, ਰਬ ਦਾ ਨਾਮ ਆ ਕੇ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ।
ਅਨਦਿਨੁ ਭਗਤੀ ਰਤਿਆ; ਹਰਿ ਨਾਮੇ ਸੁਖਿ ਸਮਾਇ ॥੩॥
ਰੈਣ ਦਿਹੁੰ ਵਾਹਿਗੁਰੂ ਦੀ ਪ੍ਰੇਮ-ਮਈ ਸੇਵਾ ਅੰਦਰ ਰੰਗੀਜਣ ਦੁਆਰਾ ਪ੍ਰਾਣੀ ਉਸ ਦੇ ਨਾਮ ਦੀ ਠੰਢ-ਚੈਨ ਅੰਦਰ ਲੀਨ ਹੋ ਜਾਂਦਾ ਹੈ।
ਮਨੁ ਸਬਦਿ ਮਰੈ ਪਰਤੀਤਿ ਹੋਇ; ਹਉਮੈ ਤਜੇ ਵਿਕਾਰ ॥
ਜਦ ਮਨੁੱਖ ਦਾ ਮਨ ਗੁਰਾਂ ਦੇ ਬਚਨ ਦੁਆਰਾ ਮਰ ਜਾਂਦਾ ਹੈ, ਤਾਂ ਉਸ ਮਨੁੱਖ ਦਾ ਭਰੋਸਾ ਬੱਝ ਜਾਂਦਾ ਹੈ ਅਤੇ ਉਹ ਆਪਣੀ ਹੰਗਤਾ ਤੇ ਦੁਸ਼ਟਤਾ ਨੂੰ ਛਡ ਦਿੰਦਾ ਹੈ।
ਜਨ ਨਾਨਕ ਕਰਮੀ ਪਾਈਅਨਿ; ਹਰਿ ਨਾਮਾ ਭਗਤਿ ਭੰਡਾਰ ॥੪॥੨॥੧੬॥੩੬॥
ਹੇ ਨੌਕਰ ਨਾਨਕ! ਵਾਹਿਗੁਰੂ ਦੀ ਰਹਿਮਤ ਦੁਆਰਾ ਇਨਸਾਨ ਉਸ ਦੇ ਨਾਮ ਅਤੇ ਅਨੁਰਾਗ ਦੇ ਖਜਾਨੇ ਨੂੰ ਪ੍ਰਾਪਤ ਕਰ ਲੈਂਦਾ ਹੈ।
ਗਉੜੀ ਬੈਰਾਗਣਿ ਮਹਲਾ ੩ ॥
ਗਊੜੀ ਬੇਰਾਗਣ ਪਾਤਸ਼ਾਹੀ ਤੀਜੀ।
ਪੇਈਅੜੈ ਦਿਨ ਚਾਰਿ ਹੈ; ਹਰਿ ਹਰਿ ਲਿਖਿ ਪਾਇਆ ॥
ਵਾਹਿਗੁਰੂ ਸੁਆਮੀ ਨੇ ਲਿਖ ਛਡਿਆ ਹੈ ਕਿ ਇਸਤਰੀ ਨੇ ਆਪਣੇ ਪੇਕੇ ਘਰ ਚਾਰ ਦਿਨਾਂ ਲਈ ਰਹਿਣਾ ਹੈ।
ਸੋਭਾਵੰਤੀ ਨਾਰਿ ਹੈ; ਗੁਰਮੁਖਿ ਗੁਣ ਗਾਇਆ ॥
ਸੁਭਾਇਮਾਨ ਹੈ ਪਤਨੀ ਜੋ, ਗੁਰਾਂ ਦੁਆਰਾ ਵਾਹਿਗੁਰੂ ਦੀ ਮਹਿਮਾ ਗਾਇਨ ਕਰਦੀ ਹੈ।
ਪੇਵਕੜੈ ਗੁਣ ਸੰਮਲੈ; ਸਾਹੁਰੈ ਵਾਸੁ ਪਾਇਆ ॥
ਜੋ ਆਪਣੇ ਮਾਪਿਆਂ ਦੇ ਘਰ ਨੇਕੀਆਂ ਨੂੰ ਸੰਭਾਲਦੀ ਹੈ, ਉਹ ਆਪਣੇ ਸਹੁਰਿਆਂ ਦੇ ਵਸੇਬਾ ਪਾ ਲੈਂਦੀ ਹੈ।
ਗੁਰਮੁਖਿ ਸਹਜਿ ਸਮਾਣੀਆ; ਹਰਿ ਹਰਿ ਮਨਿ ਭਾਇਆ ॥੧॥
ਜਿਨ੍ਹਾਂ ਦੇ ਚਿੱਤ ਨੂੰ ਸੁਆਮੀ ਮਾਲਕ ਚੰਗਾ ਲਗਦਾ ਹੈ, ਉਹ ਗੁਰਾਂ ਦੁਆਰਾ ਸੁਖੈਨ ਹੀ ਉਸ ਵਿੱਚ ਲੀਨ ਹੋ ਜਾਂਦੀਆਂ ਹਨ।
ਸਸੁਰੈ ਪੇਈਐ ਪਿਰੁ ਵਸੈ; ਕਹੁ ਕਿਤੁ ਬਿਧਿ ਪਾਈਐ ॥
ਪ੍ਰੀਤਮ ਇਸ ਲੋਕ ਅਤੇ ਪ੍ਰਲੋਕ ਵਿੱਚ ਨਿਵਾਸ ਰਖਦਾ ਹੈ। ਦੱਸੋ ਉਸ ਨੂੰ ਕਿਸ ਤਰੀਕੇ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ?
ਆਪਿ ਨਿਰੰਜਨੁ ਅਲਖੁ ਹੈ; ਆਪੇ ਮੇਲਾਈਐ ॥੧॥ ਰਹਾਉ ॥
ਖੁਦ ਪਵਿਤ੍ਰ ਪ੍ਰਭੂ ਅਦ੍ਰਿਸਟ ਹੈ। ਇਨਸਾਨ ਨੂੰ ਉਹ ਆਪਣੇ ਨਾਲ ਜੋੜ ਲੈਂਦਾ ਹੈ। ਠਹਿਰਾਉ।
ਆਪੇ ਹੀ ਪ੍ਰਭੁ ਦੇਹਿ ਮਤਿ; ਹਰਿ ਨਾਮੁ ਧਿਆਈਐ ॥
ਸੁਆਮੀ ਆਪ ਹੀ ਸਿਆਣਪ ਬਖਸ਼ਦਾ ਹੈ ਅਤੇ ਬੰਦਾ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹੈ।
ਵਡਭਾਗੀ ਸਤਿਗੁਰੁ ਮਿਲੈ; ਮੁਖਿ ਅੰਮ੍ਰਿਤੁ ਪਾਈਐ ॥
ਬੁਹੁਤ ਚੰਗੇ ਭਾਗਾਂ ਦੁਆਰਾ ਸੱਚੇ ਗੁਰੂ ਜੀ ਮਿਲਦੇ ਹਨ, ਜੋ ਉਸ ਦੇ ਮੂੰਹ ਵਿੱਚ ਸੁਧਾਰਸ ਪਾਉਂਦੇ ਹਨ।
ਹਉਮੈ ਦੁਬਿਧਾ ਬਿਨਸਿ ਜਾਇ; ਸਹਜੇ ਸੁਖਿ ਸਮਾਈਐ ॥
ਜਦ ਹੰਕਾਰ ਤੇ ਦੁਨੀਆਂਦਾਰੀ ਦੂਰ ਹੋ ਜਾਂਦੇ ਹਨ ਉਹ ਸੁਖੈਨ ਹੀ ਆਰਾਮ ਅੰਦਰ ਰਮ ਜਾਂਦਾ ਹੈ।
ਸਭੁ ਆਪੇ ਆਪਿ ਵਰਤਦਾ; ਆਪੇ ਨਾਇ ਲਾਈਐ ॥੨॥
ਉਹ ਆਪਣੇ ਆਪ ਹੀ ਸਾਰੇ ਵਿਆਪਕ ਹੋ ਰਿਹਾ ਹੈ ਅਤੇ ਆਪ ਹੀ ਬੰਦੇ ਨੂੰ ਆਪਣੇ ਨਾਮ ਨਾਲ ਜੋੜਦਾ ਹੈ।
ਮਨਮੁਖਿ ਗਰਬਿ, ਨ ਪਾਇਓ; ਅਗਿਆਨ ਇਆਣੇ ॥
ਅਧਰਮੀ ਹੰਕਾਰ ਕਾਰਨ, ਵਾਹਿਗੁਰੂ ਨੂੰ ਪ੍ਰਾਪਤ ਨਹੀਂ ਹੁੰਦੇ, ਉਹ ਬੇ-ਸਮਝ ਤੇ ਨਾਦਾਨ ਹਨ।
ਸਤਿਗੁਰ ਸੇਵਾ ਨਾ ਕਰਹਿ; ਫਿਰਿ ਫਿਰਿ ਪਛੁਤਾਣੇ ॥
ਉਹ ਸੱਚੇ ਗੁਰਾਂ ਦੀ ਟਹਿਲ ਨਹੀਂ ਕਮਾਉਂਦੇ ਅਤੇ ਮੁੜ ਮੁੜ ਕੇ, ਅਫਸੋਸ ਕਰਦੇ ਹਨ।
ਗਰਭ ਜੋਨੀ ਵਾਸੁ ਪਾਇਦੇ; ਗਰਭੇ ਗਲਿ ਜਾਣੇ ॥
ਬੱਚੇਦਾਨੀ ਦੀਆਂ ਜੂਨੀਆਂ ਅੰਦਰ ਉਨ੍ਹਾਂ ਨੂੰ ਵਸੇਬਾ ਮਿਲਦਾ ਹੈ, ਅਤੇ ਪੇਟ ਅੰਦਰ ਹੀ ਗਲ-ਸੜ ਜਾਂਦੇ ਹਨ।
ਮੇਰੇ ਕਰਤੇ ਏਵੈ ਭਾਵਦਾ; ਮਨਮੁਖ ਭਰਮਾਣੇ ॥੨॥
ਮੇਰੇ ਸਿਰਜਣਹਾਰ ਨੂੰ ਇਸੇ ਤਰੁਾਂ ਚੰਗਾ ਲਗਦਾ ਹੈ ਕਿ ਆਪ-ਹੁਦਰੇ ਭਟਕਦੇ ਫਿਰਨ।
ਮੇਰੈ ਹਰਿ ਪ੍ਰਭਿ ਲੇਖੁ ਲਿਖਾਇਆ; ਧੁਰਿ ਮਸਤਕਿ ਪੂਰਾ ॥
ਮੇਰੇ ਵਾਹਿਗੁਰੂ ਸੁਆਮੀ ਨੇ ਐਨ ਆਰੰਭ ਤੋਂ ਹੀ ਪ੍ਰਾਣੀ ਦੇ ਮੱਥੇ ਉਤੇ ਉਸ ਦੀ ਪੂਰਨ ਕਿਸਮਤ ਲਿਖ ਛਡੀ ਸੀ।
ਹਰਿ ਹਰਿ ਨਾਮੁ ਧਿਆਇਆ; ਭੇਟਿਆ ਗੁਰੁ ਸੂਰਾ ॥
ਜਦ ਆਦਮੀ ਸੂਰਮੇ ਗੁਰਾਂ ਨੂੰ ਮਿਲ ਪੈਂਦਾ ਹੈ, ਉਹ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹੈ।
ਮੇਰਾ ਪਿਤਾ ਮਾਤਾ ਹਰਿ ਨਾਮੁ ਹੈ; ਹਰਿ ਬੰਧਪੁ ਬੀਰਾ ॥
ਰੱਬ ਦਾ ਨਾਮ ਮੇਰਾ ਬਾਬਲ ਤੇ ਅੰਮੜੀ ਹੈ। ਵਾਹਿਗੁਰੂ ਹੀ ਮੇਰਾ ਸਨਬੰਧੀ ਤੇ ਵੀਰ ਹੈ।
ਹਰਿ ਹਰਿ ਬਖਸਿ ਮਿਲਾਇ ਪ੍ਰਭ; ਜਨੁ ਨਾਨਕੁ ਕੀਰਾ ॥੪॥੩॥੧੭॥੩੭॥
ਮੇਰੇ ਵਾਹਿਗੁਰੂ ਸੁਆਮੀ ਮਾਲਕ, ਕੀੜੇ ਗੋਲੇ ਨਾਨਕ ਨੂੰ ਮਾਫੀ ਦੇ ਕੇ ਆਪਣੇ ਨਾਲ ਅਭੇਦ ਕਰ ਲੈ।
ਗਉੜੀ ਬੈਰਾਗਣਿ ਮਹਲਾ ੩ ॥
ਗਊੜੀ ਬੈਰਾਗਣਿ ਪਾਤਸ਼ਾਹੀ ਤੀਜੀ।
ਸਤਿਗੁਰ ਤੇ ਗਿਆਨੁ ਪਾਇਆ; ਹਰਿ ਤਤੁ ਬੀਚਾਰਾ ॥
ਸੱਚੇ ਗੁਰਾਂ ਪਾਸੋਂ ਬ੍ਰਹਮ ਬੋਧ ਪ੍ਰਾਪਤ ਕਰਕੇ ਮੈਂ ਵਾਹਿਗੁਰੂ ਦੇ ਜੋਹਰ ਨੂੰ ਸੋਚਿਆ ਸਮਝਿਆ ਹੈ।
ਮਤਿ ਮਲੀਣ ਪਰਗਟੁ ਭਈ; ਜਪਿ ਨਾਮੁ ਮੁਰਾਰਾ ॥
ਮੇਰੀ ਗੰਦੀ ਬੁਧੀ ਹੰਕਾਰ ਦੇ ਵੇਰੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਰੋਸ਼ਨ ਹੋ ਗਈ ਹੈ।
ਸਿਵਿ ਸਕਤਿ ਮਿਟਾਈਆ; ਚੂਕਾ ਅੰਧਿਆਰਾ ॥
ਸੁਆਮੀ ਨੇ ਮਾਇਆ ਨੂੰ ਨਾਸ ਕਰ ਦਿਤਾ ਹੈ ਅਤੇ ਮੇਰਾ ਹਨ੍ਹੇਰਾ ਦੂਰ ਹੋ ਗਿਆ ਹੈ।
ਧੁਰਿ ਮਸਤਕਿ ਜਿਨ ਕਉ ਲਿਖਿਆ; ਤਿਨ ਹਰਿ ਨਾਮੁ ਪਿਆਰਾ ॥੧॥
ਜਿਨ੍ਹਾਂ ਦੇ ਮਥੇ ਉਤੇ ਐਨ ਆਰੰਭ ਤੋਂ ਇਹੋ ਜਿਹਾ ਲਿਖਿਆ ਹੋਇਆ ਹੈ, ਉਨ੍ਹਾਂ ਨੂੰ ਰਬ ਦਾ ਨਾਮ ਲਾਡਲਾ ਲਗਦਾ ਹੈ।
ਹਰਿ ਕਿਤੁ ਬਿਧਿ ਪਾਈਐ ਸੰਤ ਜਨਹੁ! ਜਿਸੁ ਦੇਖਿ ਹਉ ਜੀਵਾ ॥
ਕਿਹੜੇ ਸਾਧਨਾ ਨਾਲ ਹੇ ਪਵਿਤ੍ਰ ਪੁਰਸ਼ੋ! ਮੈਂ ਵਾਹਿਗੁਰੂ ਨੂੰ ਪ੍ਰਾਪਤ ਹੋਵਾਂ, ਜਿਸ ਨੂੰ ਵੇਖ ਕੇ ਮੈਂ ਜੀਉਂਦੀ ਹਾਂ?
ਹਰਿ ਬਿਨੁ ਚਸਾ ਨ ਜੀਵਤੀ; ਗੁਰ ਮੇਲਿਹੁ, ਹਰਿ ਰਸੁ ਪੀਵਾ ॥੧॥ ਰਹਾਉ ॥
ਵਾਹਿਗੁਰੂ ਦੇ ਬਾਝੋਂ ਮੈਂ ਇਕ ਮੁਹਤ ਲਈ ਜਿਊਂਦੀ ਨਹੀਂ ਰਹਿ ਸਕਦੀ। ਮੈਨੂੰ ਗੁਰਾਂ ਦੇ ਨਾਲ ਮਿਲਾ ਦਿਓ ਤਾਂ ਜੋ ਮੈਂ ਵਾਹਿਗੁਰੂ ਅੰਮ੍ਰਿਤ ਨੂੰ ਪਾਨ ਕਰਾਂ! ਠਹਿਰਾਉ।
ਹਉ ਹਰਿ ਗੁਣ ਗਾਵਾ, ਨਿਤ ਹਰਿ ਸੁਣੀ; ਹਰਿ ਹਰਿ ਗਤਿ ਕੀਨੀ ॥
ਮੈਂ ਵਾਹਿਗੁਰੂ ਦਾ ਜੱਸ ਗਾਇਣ ਕਰਦੀ ਹਾਂ ਅਤੇ ਨਿਤਾਪ੍ਰਤੀ ਵਾਹਿਗੁਰੂ ਦੀਆਂ ਵਡਿਆਈਆਂ ਸੁਣਦੀ ਹਾਂ। ਮੈਨੂੰ ਵਾਹਿਗੁਰੂ ਸੁਆਮੀ ਨੇ ਮੁਕਤ ਕਰ ਦਿਤਾ ਹੈ।
ਹਰਿ ਰਸੁ ਗੁਰ ਤੇ ਪਾਇਆ; ਮੇਰਾ ਮਨੁ ਤਨੁ ਲੀਨੀ ॥
ਵਾਹਿਗੁਰੂ ਦਾ ਅੰਮ੍ਰਿਤ ਮੈਂ ਗੁਰਾਂ ਪਾਸੋਂ ਪ੍ਰਾਪਤ ਕੀਤਾ ਹੈ। ਮੇਰੀ ਆਤਮਾ ਤੇ ਦੇਹਿ ਉਸ ਅੰਦਰ ਸਮਾ ਗਏ ਹਨ।
ਧਨੁ ਧਨੁ ਗੁਰੁ ਸਤ ਪੁਰਖੁ ਹੈ; ਜਿਨਿ ਭਗਤਿ ਹਰਿ ਦੀਨੀ ॥
ਮੁਬਾਰਕ, ਮੁਬਾਰਕ ਹੈ ਗੁਰਾਂ ਦੀ, ਸੱਚੀ ਵਿਅਕਤੀ ਜਿਨ੍ਹਾਂ ਨੇ ਮੈਨੂੰ ਵਾਹਿਗੁਰੂ ਦੀ ਬੰਦਗੀ ਪ੍ਰਦਾਨ ਕੀਤੀ ਹੈ।
ਜਿਸੁ ਗੁਰ ਤੇ ਹਰਿ ਪਾਇਆ; ਸੋ ਗੁਰੁ, ਹਮ ਕੀਨੀ ॥੨॥
ਉਸ ਨੂੰ ਮੈਂ ਆਪਣਾ ਗੁਰੂ ਧਾਰਨ ਕੀਤਾ ਹੈ, ਜਿਹੜੇ ਗੁਰਾਂ ਦੀ ਰਾਹੀਂ ਮੈਂ ਵਾਹਿਗੁਰੂ ਨੂੰ ਪਾਪਤ ਕੀਤਾ ਹੈ।
ਗੁਣਦਾਤਾ ਹਰਿ ਰਾਇ ਹੈ; ਹਮ ਅਵਗਣਿਆਰੇ ॥
ਖੂਬੀਆਂ ਪ੍ਰਦਾਨ ਕਰਨ ਵਾਲਾ ਪ੍ਰਭੂ ਪਾਤਸ਼ਾਹ ਹੈ। ਮੈਂ ਗੁਨਹਿਗਾਰ ਹਾਂ।
ਪਾਪੀ ਪਾਥਰ ਡੂਬਦੇ; ਗੁਰਮਤਿ ਹਰਿ ਤਾਰੇ ॥
ਗੁਨਾਹੀ ਪਾਹਨ ਦੀ ਤਰ੍ਹਾਂ ਡੁਬ ਜਾਂਦੇ ਹਨ। ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਉਨ੍ਹਾਂ ਨੂੰ ਪਾਰ ਕਰ ਦਿੰਦਾ ਹੈ।
ਤੂੰ ਗੁਣਦਾਤਾ ਨਿਰਮਲਾ; ਹਮ ਅਵਗਣਿਆਰੇ ॥
ਤੂੰ ਹੈ ਪਵਿਤ੍ਰ ਪ੍ਰਭੂ! ਨੇਕੀਆਂ ਬਖਸ਼ਣਹਾਰ ਹੈ ਮੈਂ ਅਪਰਾਧੀ ਹਾਂ।
ਹਰਿ ਸਰਣਾਗਤਿ ਰਾਖਿ ਲੇਹੁ; ਮੂੜ ਮੁਗਧ ਨਿਸਤਾਰੇ ॥੩॥
ਮੇਰੇ ਵਾਹਿਗੁਰੂ ਮੈਂ ਤੇਰੀ ਪਨਾਹ ਲਈ ਹੈ ਮੇਰੀ ਰਖਿਆ ਕਰ। ਬੇਵਕੂਫ ਅਤੇ ਬੁਧੂ ਤੂੰ ਪਾਰ ਕਰ ਦਿਤੇ ਹਨ।
ਸਹਜੁ ਅਨੰਦੁ ਸਦਾ ਗੁਰਮਤੀ; ਹਰਿ ਹਰਿ ਮਨਿ ਧਿਆਇਆ ॥
ਗੁਰਾਂ ਦੇ ਉਪਦੇਸ਼ ਤਾਬੇ, ਚਿੱਤ ਅੰਦਰ ਸਦੀਵਾਂ ਹੀ ਸੁਆਮੀ ਮਾਲਕ ਨੂੰ ਚੇਤੇ ਕਰਨ ਦੁਆਰਾ ਬੈਕੁੰਨੀ ਪ੍ਰਸੰਨਤਾ ਪ੍ਰਾਪਤ ਹੋ ਜਾਂਦੀ ਹੈ।
ਸਜਣੁ ਹਰਿ ਪ੍ਰਭੁ ਪਾਇਆ; ਘਰਿ ਸੋਹਿਲਾ ਗਾਇਆ ॥
ਆਪਣੇ ਗ੍ਰਹਿ ਅੰਦਰ ਵਾਹਿਗੁਰੂ ਸੁਆਮੀ, ਮਿੱਤ੍ਰ ਨੂੰ ਪ੍ਰਾਪਤ ਕਰਕੇ, ਮੈਂ ਖੁਸ਼ੀ ਦੇ ਗੀਤ ਗਾਇਨ ਕੀਤੇ ਹਨ।
ਹਰਿ ਦਇਆ ਧਾਰਿ ਪ੍ਰਭ! ਬੇਨਤੀ; ਹਰਿ ਹਰਿ ਚੇਤਾਇਆ ॥
ਹੈ ਸੁਆਮੀ ਮਾਲਕ! ਮੇਰੀ ਪ੍ਰਾਰਥਨਾ ਹੈ ਮੇਰੇ ਉਤੇ ਕਿਰਪਾ ਕਰ, ਤਾਂ ਜੋ ਮੈਂ ਵਾਹਿਗੁਰੂ ਸੁਆਮੀ ਦੇ ਨਾਮ ਦਾ ਚਿੰਤਨ ਕਰਾਂ।
ਜਨ ਨਾਨਕੁ ਮੰਗੈ ਧੂੜਿ ਤਿਨ; ਜਿਨ ਸਤਿਗੁਰੁ ਪਾਇਆ ॥੪॥੪॥੧੮॥੩੮॥
ਗੁਲਾਮ ਨਾਨਕ ਉਹਨਾਂ ਦੇ ਪੈਰਾ ਦੀ ਖਾਕ ਦੀ ਯਾਚਨਾ ਕਰਦਾ ਹੈ, ਜਿਨ੍ਹਾਂ ਨੂੰ ਸੱਚਾ ਗੁਰੂ ਪ੍ਰਾਪਤ ਹੋਇਆ ਹੈ।
ਗਉੜੀ ਬੈਰਾਗਣਿ ਮਹਲਾ ੪ ॥
ਗਊੜੀ ਬੈਰਾਗਣਿ, ਪਾਤਸ਼ਾਹੀ ਚੌਥੀ।
ਸਾਹੁ ਹਮਾਰਾ ਤੂੰ ਧਣੀ; ਜੈਸੀ ਤੂੰ ਰਾਸਿ ਦੇਹਿ, ਤੈਸੀ ਹਮ ਲੇਹਿ ॥
ਤੂੰ ਹੇ ਮਾਲਕ! ਮੇਰਾ ਸਾਹੂਕਾਰ ਹੈ। ਜੇਹੋ ਜੇਹਾ ਵੱਖਰ ਤੂੰ ਮੈਨੂ ਦਿੰਦਾ ਹੈ, ਉਹੋ ਜੇਹਾ ਹੀ ਮੈਂ ਲੈਂਦਾ ਹਾਂ।
ਹਰਿ ਨਾਮੁ ਵਣੰਜਹ ਰੰਗ ਸਿਉ; ਜੇ ਆਪਿ ਦਇਆਲੁ ਹੋਇ ਦੇਹਿ ॥੧॥
ਮੇਰੇ ਵਾਹਿਗੁਰੂ ਜੇਕਰ ਮਿਹਰਬਾਨ ਹੋ ਕੇ ਤੂੰ ਖੁਦ ਇਸ ਨੂੰ ਮੈਨੂੰ ਦੇਵੇ ਤਾਂ ਮੈਂ ਪਿਆਰ ਨਾਲ ਤੇਰੇ ਨਾਮ ਨੂੰ ਵਿਹਾਝਾ।
ਹਮ ਵਣਜਾਰੇ ਰਾਮ ਕੇ ॥
ਮੈਂ ਵਿਆਪਕ ਪ੍ਰਭੂ ਦਾ ਵਪਾਰੀ ਹਾਂ।
ਹਰਿ ਵਣਜੁ ਕਰਾਵੈ, ਦੇ ਰਾਸਿ ਰੇ ॥੧॥ ਰਹਾਉ ॥
ਧੰਨ-ਦੌਲਤ ਬਖਸ਼ ਕੇ ਪ੍ਰਭੂ ਮੇਰੇ ਪਾਸੋਂ ਆਪਣੇ ਨਾਮ ਦੀ ਸੌਦਾਗਰੀ ਕਰਾਉਂਦਾ ਹੈ, ਹੇ ਬੰਦੇ! ਠਹਿਰਾਉ।
ਲਾਹਾ ਹਰਿ ਭਗਤਿ ਧਨੁ ਖਟਿਆ; ਹਰਿ ਸਚੇ ਸਾਹ ਮਨਿ ਭਾਇਆ ॥
ਮੈਂ ਵਾਹਿਗੁਰੂ ਦੇ ਅਨੁਰਾਗ ਦੀ ਦੌਲਤ ਦਾ ਨਫਾ ਕਮਾਇਆ ਹੈ ਅਤੇ ਸੱਚੇ ਸਾਹੂਕਾਰ, ਵਾਹਿਗੁਰੂ ਦੇ ਚਿੱਤ ਨੂੰ ਪੰਸਦ ਆ ਗਿਆ ਹਾਂ।
ਹਰਿ ਜਪਿ ਹਰਿ ਵਖਰੁ ਲਦਿਆ; ਜਮੁ ਜਾਗਾਤੀ ਨੇੜਿ ਨ ਆਇਆ ॥੨॥
ਮੈਂ ਵਾਹਿਗੁਰੂ ਦਾ ਚਿੰਤਨ ਕਰਦਾ ਹਾਂ ਤੇ ਮੈਂ ਰੱਬ ਦੇ ਨਾਮ ਦਾ ਸੌਦਾ ਸੂਤ ਪਾਰ ਕੀਤਾ ਹੈ। ਮਸੂਲ ਲੈਣ ਵਾਲਾ, ਮੌਤ ਦਾ ਦੂਤ, ਮੇਰੇ ਨਜਦੀਕ ਨਹੀਂ ਢੁਕਦਾ।
ਹੋਰੁ ਵਣਜੁ ਕਰਹਿ ਵਾਪਾਰੀਏ; ਅਨੰਤੁ ਤਰੰਗੀ ਦੁਖੁ ਮਾਇਆ ॥
ਸੁਦਾਗਰ ਜੋ ਹੋਰਸੁ ਵਪਾਰ ਕਰਦੇ ਹਨ, ਉਹ ਬੇਅੰਤ ਲਹਿਰਾਂ ਵਾਲੀ ਮੋਹਨੀ ਦੇ ਕਸ਼ਟ ਉਠਾਉਂਦੇ ਹਨ।
ਓਇ ਜੇਹੈ ਵਣਜਿ ਹਰਿ ਲਾਇਆ; ਫਲੁ ਤੇਹਾ ਤਿਨ ਪਾਇਆ ॥੩॥
ਜੇਹੋ ਜੇਹੇ ਵਪਾਰ ਵਾਹਿਗੁਰਬੂ ਨੇ ਉਹਨਾਂ ਨੂੰ ਲਾਇਆਂ ਹੈ ਉਹੋ ਜਿਹੇ ਹੀ ਇਨਾਮ-ਇਕਰਾਮ ਉਹ ਹਾਸਲ ਕਰਦੇ ਹਨ।
ਹਰਿ ਹਰਿ ਵਣਜੁ ਸੋ ਜਨੁ ਕਰੇ; ਜਿਸੁ ਕ੍ਰਿਪਾਲੁ ਹੋਇ ਪ੍ਰਭੁ ਦੇਈ ॥
ਉਹ ਮਨੁਖ ਜਿਸ ਉਤੇ ਮਾਲਕ ਮਿਹਰਬਾਨ ਹੈ ਅਤੇ ਜਿਸ ਨੂੰ ਉਹ ਦਿੰਦਾ ਹੈ, ਵਾਹਿਗੁਰੂ ਸੁਆਮੀ ਦੀ ਸੁਦਾਗੀਰੀ ਵਿੱਚ ਜੁੜਦਾ ਹੈ।
ਜਨ ਨਾਨਕ ਸਾਹੁ ਹਰਿ ਸੇਵਿਆ; ਫਿਰਿ ਲੇਖਾ ਮੂਲਿ ਨ ਲੇਈ ॥੪॥੧॥੭॥੪੫॥
ਨਫਰ ਨਾਨਕ ਆਪਣੇ ਸਾਹੂਕਾਰ ਵਾਹਿਗੁਰੂ ਦੀ ਟਹਿਲ ਕਮਾਉਂਦਾ ਹੈ ਅਤੇ ਉਹ ਕਦਾਚਿਤ ਉਸ ਕੋਲੋ ਮੁੜ ਕੇ ਹਿਸਾਬ ਨਹੀਂ ਮੰਗੇਗਾ।
ਗਉੜੀ ਬੈਰਾਗਣਿ ਮਹਲਾ ੪ ॥
ਗਊੜੀ ਬੈਰਾਗਣਿ, ਪਾਤਸ਼ਾਹੀ ਚੋਥੀ।
ਜਿਉ ਜਨਨੀ ਗਰਭੁ ਪਾਲਤੀ; ਸੁਤ ਕੀ ਕਰਿ ਆਸਾ ॥
ਜਿਸ ਤਰ੍ਹਾਂ ਪੁਤ੍ਰ ਦੀ ਉਮੇਦ ਧਾਰ ਕੇ ਮਾਤਾ ਪੇਟ ਵਿੱਚ ਬੱਚੇ ਦੀ ਪਰਵਰਸ਼ ਕਰਦੀ ਹੈ ਇਹ ਖਿਆਲ ਕਰ ਕੇ,
ਵਡਾ ਹੋਇ ਧਨੁ ਖਾਟਿ ਦੇਇ; ਕਰਿ ਭੋਗ ਬਿਲਾਸਾ ॥
ਕਿ ਜੁਆਨ ਹੋ ਕੇ ਉਹ ਰੁਪਿਆ ਕਮਾਏਗਾ ਅਤੇ ਅਨੰਦ ਮਾਨਣ ਲਈ ਮੈਨੂੰ ਦਏਗਾ।
ਤਿਉ ਹਰਿ ਜਨ ਪ੍ਰੀਤਿ, ਹਰਿ ਰਾਖਦਾ; ਦੇ ਆਪਿ ਹਥਾਸਾ ॥੧॥
ਏਸੇ ਤਰ੍ਹਾਂ ਰੱਬ ਦਾ ਬੰਦਾ ਰਬ ਨੂੰ ਪਿਆਰ ਕਰਦਾ ਹੈ, ਜੋ ਆਪਣੀ ਸਹਾਇਤਾ ਦਾ ਹਥ ਉਸ ਨੂੰ ਦਿੰਦਾ ਹੈ।
ਮੇਰੇ ਰਾਮ! ਮੈ ਮੂਰਖ; ਹਰਿ ਰਾਖੁ ਮੇਰੇ ਗੁਸਈਆ! ॥
ਹੇ ਮੇਰੇ ਮਾਲਕ, ਮੈਂ ਬੇਸਮਝ ਹਾਂ, ਮੇਰੀ ਰੱਖਿਆ ਕਰ, ਹੇ ਮੇਰੇ ਵਾਹਿਗੁਰੂ ਸੁਆਮੀ!
ਜਨ ਕੀ ਉਪਮਾ, ਤੁਝਹਿ ਵਡਈਆ ॥੧॥ ਰਹਾਉ ॥
ਤੇਰੇ ਗੋਲੇ ਦੀ ਉਸਤਤੀ ਤੇਰੀ ਆਪਣੀ ਕੀਰਤੀ ਹੈ। ਠਹਿਰਾਉ।
ਮੰਦਰਿ ਘਰਿ ਆਨੰਦੁ ਹਰਿ; ਹਰਿ ਜਸੁ ਮਨਿ ਭਾਵੈ ॥
ਜਿਸ ਦੇ ਦਿਲ ਨੂੰ ਵਾਹਿਗੁਰੂ ਸੁਆਮੀ ਦੀ ਕੀਰਤੀ ਚੰਗੀ ਲਗਦੀ ਹੈ ਉਹ ਆਪਣੇ ਮਹਲ ਤੇ ਧਾਮ ਵਿੱਚ ਖੁਸ਼ੀ ਭੋਗਦਾ ਹੈ।
ਸਭ ਰਸ ਮੀਠੇ ਮੁਖਿ ਲਗਹਿ; ਜਾ ਹਰਿ ਗੁਣ ਗਾਵੈ ॥
ਜਦ ਉਹ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ ਤਾਂ ਉਸ ਦਾ ਮੂੰਹ ਸਮੂਹ ਮਿੱਠੀਆਂ ਨਿਆਮਤਾ ਚਖਦਾ ਹੈ।
ਹਰਿ ਜਨੁ ਪਰਵਾਰੁ ਸਧਾਰੁ ਹੈ, ਇਕੀਹ ਕੁਲੀ, ਸਭੁ ਜਗਤੁ ਛਡਾਵੈ ॥੨॥
ਰੱਬ ਦਾ ਗੋਲਾ ਆਪਣੇ ਟੱਬਰ ਕਬੀਲੇ ਦਾ ਉਧਾਰ ਕਰਨ ਵਾਲਾ ਹੈ। ਉਹ ਆਪਣੀਆਂ ਇਕੀ ਪੀੜ੍ਹੀਆਂ (ਸਤ ਪਿਉ ਦੀਆਂ, ਸਤ ਮਾਂ ਦੀਆਂ ਤੇ ਸਤ ਸਹੁਰੇ ਦੀਆਂ) ਦੇ ਸਾਰੇ ਜੀਵਾ ਨੂੰ ਛੁਡਾ ਲੈਂਦਾ ਹੈ।
ਜੋ ਕਿਛੁ ਕੀਆ, ਸੋ ਹਰਿ ਕੀਆ; ਹਰਿ ਕੀ ਵਡਿਆਈ ॥
ਜਿਹੜਾ ਕੁਝ ਹੋਇਆ ਹੈ, ਵਾਹਿਗੁਰੂ ਨੇ ਕੀਤਾ ਹੈ ਅਤੇ ਵਾਹਿਗੁਰੂ ਦੀ ਕੀਰਤੀ ਹੈ।
ਹਰਿ ਜੀਅ ਤੇਰੇ, ਤੂੰ ਵਰਤਦਾ; ਹਰਿ ਪੂਜ ਕਰਾਈ ॥
ਮੇਰੇ ਵਾਹਿਗੁਰੂ ਸੁਆਮੀ ਸਮੂਹ ਜੀਵ-ਜੰਤੂ ਤੇਰੇ ਹਨ। ਤੂੰ ਉਨ੍ਹਾਂ ਅੰਦਰ ਵਿਆਪਕ ਹੋ ਰਿਹਾ ਹੈ ਅਤੇ ਉਨ੍ਹਾਂ ਪਾਸੋਂ ਆਪਣੀ ਉਪਾਸ਼ਨਾ ਕਰਾਉਂਦਾ ਹੈ।
ਹਰਿ ਭਗਤਿ ਭੰਡਾਰ ਲਹਾਇਦਾ; ਆਪੇ ਵਰਤਾਈ ॥੩॥
ਸੁਆਮੀ ਬੰਦਿਆਂ ਪਾਸੋਂ ਆਪਣੀ ਅਨੁਰਾਗੀ ਸੇਵਾ ਦਾ ਖਜਾਨਾ ਲਭਾਉਂਦਾ ਹੈ, ਅਤੇ ਆਪ ਹੀ ਇਸ ਨੂੰ ਵੰਡਦਾ ਹੈ।
ਲਾਲਾ ਹਾਟਿ ਵਿਹਾਝਿਆ; ਕਿਆ ਤਿਸੁ ਚਤੁਰਾਈ? ॥
ਮੈਂ ਤਾਂ ਦੁਕਾਨ ਤੋਂ ਖਰੀਦਿਆਂ ਹੋਇਆ ਤੇਰਾ ਗੁਲਾਮ ਹਾਂ, ਮੈਂ ਕੀ ਚਾਲਾਕੀ ਕਰ ਸਕਦਾ ਹਾਂ?
ਜੇ ਰਾਜਿ ਬਹਾਲੇ, ਤਾ ਹਰਿ ਗੁਲਾਮੁ; ਘਾਸੀ ਕਉ ਹਰਿ ਨਾਮੁ ਕਢਾਈ ॥
ਜੇਕਰ ਹੇ ਵਾਹਿਗੁਰੂ ਤੂੰ ਮੈਨੂੰ ਤਖਤ ਤੇ ਬਿਠਾਲ ਦੇਵੇ ਤਾਂ ਭੀ, ਮੈਂ ਤੇਰਾ ਹੀ ਗੁਮਾਸ਼ਤਾ ਰਹਾਂਗਾ ਇਕ ਘਾਹੀਏ ਦੀ ਹਾਲਤ ਵਿੱਚ ਭੀ ਤੂੰ ਮੇਰੇ ਕੋਲੋ ਆਪਣੇ ਨਾਮ ਦਾ ਹੀ ਉਚਾਰਨ ਕਰਵਾ।
ਜਨੁ ਨਾਨਕੁ ਹਰਿ ਕਾ ਦਾਸੁ ਹੈ; ਹਰਿ ਕੀ ਵਡਿਆਈ ॥੪॥੨॥੮॥੪੬॥
ਨੋਕਰ ਨਾਨਕ! ਵਾਹਿਗੁਰੂ ਦਾ ਗੁਲਾਮ ਹੈ ਅਤੇ ਕੇਵਲ ਪ੍ਰਭੂ ਦਾ ਹੀ ਜਸ ਕਰਦਾ ਹੈ।
ਗਉੜੀ ਬੈਰਾਗਣਿ ਮਹਲਾ ੪ ॥
ਗਊੜੀ ਬੈਰਾਗਣਿ, ਪਾਤਸ਼ਾਹੀ ਚੋਥੀ।
ਨਿਤ ਦਿਨਸੁ ਰਾਤਿ ਲਾਲਚੁ ਕਰੇ; ਭਰਮੈ ਭਰਮਾਇਆ ॥
ਸੰਦੇਹ ਦਾ ਬਹਿਕਾਇਆ ਹੋਇਆ, ਜੀਵ ਹਮੇਸ਼ਾਂ ਹੀ ਦਿਨ ਰਾਤ ਲੋਭ ਦਾ ਪਕੜਿਆ ਹੋਇਆ ਹੈ।
ਵੇਗਾਰਿ ਫਿਰੈ ਵੇਗਾਰੀਆ; ਸਿਰਿ ਭਾਰੁ ਉਠਾਇਆ ॥
ਬਧੇਰੁਧੀ ਦਾ ਕਾਮਾ ਬਧੇਰੁਧੀ ਦਾ ਕੰਮ ਕਰਦਾ ਹੈ ਅਤੇ ਆਪਣੇ ਸਿਰ ਉਤੇ ਪਾਪਾ ਦਾ ਬੋਝ ਚੁਕਦਾ ਹੈ।
ਜੋ ਗੁਰ ਕੀ ਜਨੁ ਸੇਵਾ ਕਰੇ; ਸੋ ਘਰ ਕੈ ਕੰਮਿ ਹਰਿ ਲਾਇਆ ॥੧॥
ਜਿਹੜਾ ਪੁਰਸ਼ ਗੁਰਾਂ ਦੀ ਘਾਲ ਕਮਾਉਂਦਾ ਹੈ ਉਸ ਨੂੰ ਵਾਹਿਗੁਰੂ ਆਪਣੇ ਨਿੱਜ ਦੇ ਗ੍ਰਹਿ ਦੇ ਕੰਮ ਲਾ ਦਿੰਦਾ ਹੈ।
ਮੇਰੇ ਰਾਮ! ਤੋੜਿ ਬੰਧਨ ਮਾਇਆ; ਘਰ ਕੈ ਕੰਮਿ ਲਾਇ ॥
ਮੇਰੇ ਸਰਬ ਵਿਆਪਕ ਸੁਆਮੀ, ਧਨ-ਦੌਲਤ ਵਾਲੀਆਂ ਮੇਰੀਆਂ ਬੇੜੀਆਂ ਵਢ ਸੁਟ ਅਤੇ ਮੈਨੂੰ ਆਪਣੇ ਧਾਮ ਦੀ ਚਾਕਰੀ ਵਿੱਚ ਲਾ ਲੈ।
ਨਿਤ ਹਰਿ ਗੁਣ ਗਾਵਹ; ਹਰਿ ਨਾਮਿ ਸਮਾਇ ॥੧॥ ਰਹਾਉ ॥
ਸਦੀਵ ਹੀ ਮੈਂ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਅਤੇ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੁੰਦਾ ਰਹਾਂ। ਠਹਿਰਾਉ।
ਨਰੁ ਪ੍ਰਾਣੀ ਚਾਕਰੀ ਕਰੇ; ਨਰਪਤਿ ਰਾਜੇ, ਅਰਥਿ ਸਭ ਮਾਇਆ ॥
ਫਾਨੀ ਬੰਦਾ, ਨਿਰਾਪੁਰਾ ਧਨ ਦੀ ਖਾਤਰ ਮਨੁੱਖਾਂ ਦੇ ਮਾਲਕ ਪਾਤਸ਼ਾਹ ਦੀ ਨੋਕਰੀ ਕਰਦਾ ਹੈ।
ਕੈ ਬੰਧੈ, ਕੈ ਡਾਨਿ ਲੇਇ; ਕੈ ਨਰਪਤਿ ਮਰਿ ਜਾਇਆ ॥
ਪਾਤਸ਼ਾਹ ਜਾ ਉਸ ਨੂੰ ਕੈਦ ਕਰ ਲੈਂਦਾ ਹੈ ਜਾ ਜੁਰਮਾਨਾ ਕਰ ਦਿੰਦਾ ਹੈ ਜਾ ਖੁਦ ਫੌਤ ਹੋ ਜਾਂਦਾ ਹੈ।
ਧੰਨੁ ਧਨੁ ਸੇਵਾ ਸਫਲ ਸਤਿਗੁਰੂ ਕੀ; ਜਿਤੁ ਹਰਿ ਹਰਿ ਨਾਮੁ ਜਪਿ ਹਰਿ ਸੁਖੁ ਪਾਇਆ ॥੨॥
ਮੁਬਾਰਕ, ਮੁਬਾਰਕ! ਅਤੇ ਫਲਦਾਇਕ ਹੈ ਚਾਕਰੀ ਸਚੇ ਗੁਰਾਂ ਦੀ ਜਿਸ ਦੀ ਬਦੌਲਤ ਮੈਂ ਸੁਆਮੀ ਮਾਲਕ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਈਸ਼ਵਰੀ ਆਰਾਮ ਪ੍ਰਾਪਤ ਕੀਤਾ ਹੈ।
ਨਿਤ ਸਉਦਾ ਸੂਦੁ ਕੀਚੈ, ਬਹੁ ਭਾਤਿ ਕਰਿ; ਮਾਇਆ ਕੈ ਤਾਈ ॥
ਧੰਨ-ਦੌਲਤ ਦੀ ਖਾਤਰ ਆਦਮੀ ਹਰ ਰੋਜ਼ ਵਣਜ ਕਰਦਾ ਹੈ ਅਤੇ ਵਿਆਜ ਕਮਾਉਣ ਲਈ ਘਨੇਰੇ ਢੰਗ ਅਖਤਿਆਰ ਕਰਦਾ ਹੈ।
ਜਾ ਲਾਹਾ ਦੇਇ, ਤਾ ਸੁਖੁ ਮਨੇ; ਤੋਟੈ ਮਰਿ ਜਾਈ ॥
ਜੇ ਨਫਾ ਹੋ ਜਾਏ ਤਦ ਉਹ ਠੰਢ ਚੈਨ ਮਹਿਸੂਸ ਕਰਦਾ ਹੈ। ਘਾਟੇ ਵਿੱਚ ਉਸ ਦਾ ਦਿਲ ਟੁਟ ਜਾਂਦਾ ਹੈ।
ਜੋ ਗੁਣ ਸਾਝੀ ਗੁਰ ਸਿਉ ਕਰੇ; ਨਿਤ ਨਿਤ ਸੁਖੁ ਪਾਈ ॥੩॥
ਜਿਹੜਾ ਗੁਰਾਂ ਦੇ ਨਾਲ ਨੇਕੀਆਂ ਵਿੱਚ ਭਾਈਵਾਲੀ ਕਰਦਾ ਹੈ ਉਹ ਸਦਾ ਤੇ ਹਮੇਸ਼ਾਂ ਲਈ ਖੁਸ਼ੀ ਪਾ ਲੈਂਦਾ ਹੈ।
ਜਿਤਨੀ ਭੂਖ ਅਨ ਰਸ ਸਾਦ ਹੈ; ਤਿਤਨੀ ਭੂਖ ਫਿਰਿ ਲਾਗੈ ॥
ਜਿੰਨੀ ਜਿਆਦਾ ਭੁਖ ਹੋਰਸੁ ਖੁਸ਼ੀਆਂ ਤੇ ਸੁਆਦਾ ਲਈ ਹੈ ਉਨੀ ਹੀ ਜਿਆਦਾ ਭੁਖ ਉਨ੍ਹਾਂ ਲਈ ਬੰਦਾ ਮੁੜ ਮਹਿਸੂਸ ਕਰਦਾ ਹੈ।
ਜਿਸੁ ਹਰਿ ਆਪਿ ਕ੍ਰਿਪਾ ਕਰੇ; ਸੋ ਵੇਚੇ ਸਿਰੁ ਗੁਰ ਆਗੈ ॥
ਜੀਹਦੇ ਉਤੇ ਵਾਹਿਗੁਰੂ ਖੁਦ ਰਹਿਮਤ ਧਾਰਦਾ ਹੈ, ਉਹ ਆਪਣਾ ਸੀਸ ਗੁਰਾਂ ਮੂਹਰੇ ਵੇਚ ਦਿੰਦਾ ਹੈ।
ਜਨ ਨਾਨਕ ਹਰਿ ਰਸਿ ਤ੍ਰਿਪਤਿਆ; ਫਿਰਿ ਭੂਖ ਨ ਲਾਗੈ ॥੪॥੪॥੧੦॥੪੮॥
ਵਾਹਿਗੁਰੂ ਦੇ ਅੰਮ੍ਰਿਤ ਨਾਲ ਨਫਰ ਨਾਨਕ, ਰੱਜ ਗਿਆ ਹੈ ਅਤੇ ਮੁੜ ਕੇ ਉਸ ਨੂੰ ਭੁਖ ਨਹੀਂ ਲਗੇਗੀ।
ਗਉੜੀ ਬੈਰਾਗਣਿ ਮਹਲਾ ੪ ॥
ਗਊੜੀ ਬੈਰਾਗਣਿ, ਪਾਤਸ਼ਾਹੀ ਚੋਥੀ।
ਹਮਰੈ ਮਨਿ ਚਿਤਿ ਹਰਿ ਆਸ ਨਿਤ; ਕਿਉ ਦੇਖਾ? ਹਰਿ! ਦਰਸੁ ਤੁਮਾਰਾ ॥
ਮੇਰੇ ਹਿਰਦੇ ਤੇ ਦਿਲ ਅੰਦਰ ਸਦਾ ਹੀ ਵਾਹਿਗੁਰੂ ਦੀ ਚਾਹ ਹੈ, ਹੇ ਵਾਹਿਗੁਰੂ! ਮੈਂ ਕਿਸ ਤਰ੍ਹਾਂ ਤੇਰਾ ਦੀਦਾਰ ਵੇਖਾਂ?
ਜਿਨਿ ਪ੍ਰੀਤਿ ਲਾਈ ਸੋ ਜਾਣਤਾ; ਹਮਰੈ ਮਨਿ ਚਿਤਿ ਹਰਿ ਬਹੁਤੁ ਪਿਆਰਾ ॥
ਜੋ ਪ੍ਰਭੂ ਨੂੰ ਪਿਆਰ ਕਰਦਾ ਹੈ ਉਹ ਇਸ ਨੂੰ ਸਮਝਦਾ ਹੈ। ਮੇਰੇ ਹਿਰਦੇ ਤੇ ਦਿਲ ਨੂੰ ਵਾਹਿਗੁਰੂ ਖਰਾ ਹੀ ਲਾਡਲਾ ਹੈ।
ਹਉ ਕੁਰਬਾਨੀ ਗੁਰ ਆਪਣੇ; ਜਿਨਿ ਵਿਛੁੜਿਆ ਮੇਲਿਆ ਮੇਰਾ ਸਿਰਜਨਹਾਰਾ ॥੧॥
ਮੈਂ ਆਪਣੇ ਗੁਰੂ ਉਤੇ ਬਲਿਹਾਰਨੇ ਜਾਂਦਾ ਹਾਂ, ਜਿਸ ਨੇ ਮੈਨੂੰ ਮੇਰੇ ਕਰਤਾਰ ਨਾਲ ਜੋੜ ਦਿਤਾ ਹੈ, ਜਿਸ ਨਾਲੋ ਮੈਂ ਵਿਛੁਨਾ ਹੋਇਆ ਸਾਂ।
ਮੇਰੇ ਰਾਮ! ਹਮ ਪਾਪੀ, ਸਰਣਿ ਪਰੇ ਹਰਿ ਦੁਆਰਿ ॥
ਮੈਂ ਗੁਨਹਗਾਰ ਹਾਂ, ਹੈ ਮੇਰੇ ਵਿਆਪਕ ਸੁਆਮੀ! ਮੈਂ ਤੇਰੇ ਬੂਹੇ ਦੀ ਪਨਾਹ ਲਈ ਹੈ ਅਤੇ ਇਸ ਤੇ ਡਿੱਗਾ ਹਾਂ, ਹੈ ਭਗਵਾਨ!
ਮਤੁ ਨਿਰਗੁਣ, ਹਮ ਮੇਲੈ; ਕਬਹੂੰ ਅਪੁਨੀ ਕਿਰਪਾ ਧਾਰਿ ॥੧॥ ਰਹਾਉ ॥
ਮੇਰੀ ਅਕਲ ਬਿਲਕੁਲ ਗੁਣ-ਵਿਹੁਣ ਹੈ। ਮੈਂ ਮਲੀਨ ਹਾਂ ਕਿਸੇ ਵੇਲੇ ਮੇਰੇ ਉਤੇ ਭੀ ਆਪਣੀ ਮਿਹਰ ਕਰ। ਠਹਿਰਾਉ।
ਹਮਰੇ ਅਵਗੁਣ ਬਹੁਤੁ ਬਹੁਤੁ ਹੈ; ਬਹੁ ਬਾਰ ਬਾਰ ਹਰਿ! ਗਣਤ ਨ ਆਵੈ ॥
ਬੜੇ ਹੀ ਘਨੇਰੇ ਹਨ ਮੇਰੇ ਕੁਕਰਮ। ਮੁੜ ਮੁੜ ਕੇ ਮੈਂ ਅਨੇਕਾਂ ਪਾਪ ਕਮਾਏ ਹਨ, ਉਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ, ਹੇ ਭਗਵਾਨ!
ਤੂੰ ਗੁਣਵੰਤਾ ਹਰਿ ਹਰਿ ਦਇਆਲੁ; ਹਰਿ ਆਪੇ ਬਖਸਿ ਲੈਹਿ, ਹਰਿ ਭਾਵੈ ॥
ਤੂੰ ਹੈ ਵਾਹਿਗੁਰੂ ਸੁਆਮੀ! ਨੇਕੀ-ਨਿਪੁੰਨਾ ਅਤੇ ਮਿਹਰਬਾਨ ਹੈ, ਹੇ ਵਾਹਿਗੁਰੂ! ਜਦ ਤੇਨੂੰ ਚੰਗਾ ਲਗਦਾ ਹੈ, ਤੂੰ ਆਪ ਹੀ ਮਾਫੀ ਦੇ ਦਿੰਦਾ ਹੈ।
ਹਮ ਅਪਰਾਧੀ ਰਾਖੇ ਗੁਰ ਸੰਗਤੀ; ਉਪਦੇਸੁ ਦੀਓ, ਹਰਿ ਨਾਮੁ ਛਡਾਵੈ ॥੨॥
ਮੈਂ ਮੁਜਰਮ ਨੂੰ ਗੁਰਾਂ ਦੀ ਸੰਗਤ ਨੇ ਬਚਾ ਲਿਆ ਹੈ, ਗੁਰਾਂ ਨੇ ਮੈਨੂੰ ਸਿੱਖ-ਮਤ ਦਿੱਤੀ ਹੈ ਕਿ ਵਾਹਿਗੁਰੂ ਦਾ ਨਾਮ ਜੀਵਨ ਦੀ ਖਲਾਸੀ ਕਰਾ ਦਿੰਦਾ ਹੈ।
ਤੁਮਰੇ ਗੁਣ ਕਿਆ ਕਹਾ? ਮੇਰੇ ਸਤਿਗੁਰਾ! ਜਬ ਗੁਰੁ ਬੋਲਹ, ਤਬ ਬਿਸਮੁ ਹੋਇ ਜਾਇ ॥
ਤੇਰੀਆਂ ਕਿਹੜੀਆਂ ਕਿਹੜੀਆਂ ਨੇਕੀਆਂ ਮੈਂ ਵਰਨਣ ਕਰ ਸਕਦਾ ਹਾਂ, ਹੈ ਮੇਰੇ ਸੱਚੇ ਗੁਰਦੇਵ! ਜਦ ਗੁਰੂ ਜੀ ਬਚਨ ਬਿਲਾਸ ਕਰਦੇ ਹਨ, ਮੈਂ ਤਦ ਅਸਚਰਜਤਾ ਨਾਲ ਪਰਸੰਨ ਹੋ ਜਾਂਦਾ ਹਾਂ।
ਹਮ ਜੈਸੇ ਅਪਰਾਧੀ ਅਵਰੁ ਕੋਈ ਰਾਖੈ; ਜੈਸੇ ਹਮ ਸਤਿਗੁਰਿ ਰਾਖਿ ਲੀਏ ਛਡਾਇ ॥
ਕੀ ਕੋਈ ਹੋਰ ਮੇਰੇ ਵਰਗੇ ਪਾਪੀ ਨੂੰ ਬਚਾ ਸਕਦਾ ਹੈ, ਜਿਸ ਤਰ੍ਹਾਂ ਸੱਚੇ ਗੁਰਾਂ ਨੇ ਮੈਨੂੰ ਬਚਾ ਕੇ ਬੰਦ-ਖਲਾਸ ਕਰ ਦਿੱਤਾ ਹੈ।
ਤੂੰ ਗੁਰੁ ਪਿਤਾ, ਤੂੰਹੈ ਗੁਰੁ ਮਾਤਾ; ਤੂੰ ਗੁਰੁ ਬੰਧਪੁ ਮੇਰਾ ਸਖਾ ਸਖਾਇ ॥੩॥
ਹੇ ਗੁਰੂ! ਤੂੰ ਮੇਰਾ ਬਾਬਲ ਹੈ, ਹੇ ਗੁਰੂ! ਮੇਰੀ ਅੱਮੜੀ ਹੈ ਅਤੇ ਹੇ ਗੁਰੂ ਤੂੰ! ਮੇਰਾ ਸਾਕ-ਮੈਨ ਸਾਥੀ ਅਤੇ ਸਹਾਇਕ ਹੈ।
ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ! ਸਾ ਬਿਧਿ ਤੁਮ ਹਰਿ ਜਾਣਹੁ ਆਪੇ ॥
ਜਿਹੜੀ ਹਾਲਤ ਮੇਰੀ ਸੀ ਹੇ ਮੇਰੇ ਸੱਚੇ ਗੁਰੂ ਜੀ! ਉਸ ਹਾਲਤ ਨੂੰ ਤੁਸੀਂ, ਹੇ ਰਬ-ਰੂਪ ਗੁਰੂ ਜੀ ਖੁਦ ਹੀ ਜਾਣਦੇ ਹੋ!
ਹਮ ਰੁਲਤੇ ਫਿਰਤੇ, ਕੋਈ ਬਾਤ ਨ ਪੂਛਤਾ; ਗੁਰ ਸਤਿਗੁਰ ਸੰਗਿ, ਕੀਰੇ ਹਮ ਥਾਪੇ ॥
ਮੈਂ ਮਿਟੀ ਵਿੱਚ ਠੇਡੇ ਖਾ ਰਿਹਾ ਸਾਂ ਅਤੇ ਕੋਈ ਮੇਰੀ ਪਰਵਾਹ ਨਹੀਂ ਸੀ ਕਰਦਾ। ਵਡੇ ਸੱਚੇ ਗੁਰਾਂ ਦੀ ਸੰਗਤ ਰਾਹੀਂ ਮੈਂ ਕੀੜਾ ਉਚੀ ਪਦਵੀ ਉਤੇ ਅਸਥਾਪਨ ਹੋ ਗਿਆ ਹਾਂ।
ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ; ਜਿਤੁ ਮਿਲਿਐ, ਚੂਕੇ ਸਭਿ ਸੋਗ ਸੰਤਾਪੇ ॥੪॥੫॥੧੧॥੪੯॥
ਮੁਬਾਰਕ, ਮੁਬਾਰਕ ਹੇ ਨਫਰ ਨਾਨਕ ਦਾ ਗੁਰੂ ਜਿਸ ਨੂੰ ਮਿਲਣ ਦੁਆਰਾ ਮੇਰੇ ਸਾਰੇ ਗਮ ਦੁਖੜੇ ਮੁਕ ਗਏ ਹਨ।
ਗਉੜੀ ਬੈਰਾਗਣਿ ਮਹਲਾ ੪ ॥
ਗਊੜੀ ਬੈਰਾਗਣਿ, ਪਾਤਸ਼ਾਹੀ ਚੱਥੀ।
ਕੰਚਨ ਨਾਰੀ ਮਹਿ ਜੀਉ ਲੁਭਤੁ ਹੈ; ਮੋਹੁ ਮੀਠਾ ਮਾਇਆ ॥
ਸੋਨੇ ਤੇ ਇਸਤ੍ਰੀ ਵਿੱਚ ਆਦਮੀ ਫਰੇਫ਼ਤਾ ਹੋਇਆ ਹੋਇਆ ਹੈ ਤੇ ਸੰਸਾਰੀ ਪਦਾਰਥਾ ਦੀ ਪ੍ਰੀਤ ਉਸ ਨੂੰ ਮਿੱਠੀ ਲਗਦੀ ਹੈ।
ਘਰ ਮੰਦਰ ਘੋੜੇ ਖੁਸੀ; ਮਨੁ ਅਨ ਰਸਿ ਲਾਇਆ ॥
ਉਸ ਨੇ ਆਪਣਾ ਚਿੱਤ ਮਕਾਨਾ, ਮਹਿਲਾ ਘੋੜਿਆਂ ਅਤੇ ਹੋਰਨਾ ਸੁਆਦਾ ਦੇ ਅਨੰਦ ਨਾਲ ਜੋੜਿਆ ਹੋਇਆ ਹੈ।
ਹਰਿ ਪ੍ਰਭੁ ਚਿਤਿ ਨ ਆਵਈ; ਕਿਉ ਛੁਟਾ? ਮੇਰੇ ਹਰਿ ਰਾਇਆ! ॥੧॥
ਵਾਹਿਗੁਰੂ ਸੁਆਮੀ ਨੂੰ ਮੈਂ ਚੇਤੇ ਨਹੀਂ ਕਰਦਾ, ਮੈਂ ਕਿਸ ਤਰ੍ਹਾਂ ਛੁਟਕਾਰਾ ਪਾਵਾਂਗਾ, ਹੇ ਮੇਰੇ ਵਾਹਿਗੁਰੂ ਪਾਤਸ਼ਾਹ!
ਮੇਰੇ ਰਾਮ! ਇਹ ਨੀਚ ਕਰਮ ਹਰਿ ਮੇਰੇ ॥
ਹੈ ਮੇਰੇ ਸਰਬ-ਵਿਆਪਕ ਸੁਆਮੀ ਵਾਹਿਗੁਰੂ ਇਹੋ ਜਿਹੇ ਹਨ, ਮੇਰੇ ਕਮੀਨੇ ਅਮਲ!
ਗੁਣਵੰਤਾ! ਹਰਿ ਹਰਿ ਦਇਆਲੁ! ਕਰਿ ਕਿਰਪਾ, ਬਖਸਿ ਅਵਗਣ ਸਭਿ ਮੇਰੇ ॥੧॥ ਰਹਾਉ ॥
ਹੈ ਮੇਰੇ ਨੇਕੀ-ਨਿਪੁੰਨ ਅਤੇ ਮਿਹਰਬਾਨ ਸੁਆਮੀ ਮਾਲਕ! ਮੇਰੇ ਉਤੇ ਰਹਿਮਤ ਧਾਰ ਅਤੇ ਮੇਰੇ ਸਾਰੇ ਗੁਨਾਹ ਮਾਫ ਕਰ ਦੇ ਠਹਿਰਾਉ।
ਕਿਛੁ ਰੂਪੁ ਨਹੀ, ਕਿਛੁ ਜਾਤਿ ਨਾਹੀ; ਕਿਛੁ ਢੰਗੁ ਨ ਮੇਰਾ ॥
ਮੇਰੇ ਪੱਲੇ ਕੋਈ ਸੁਹੱਪਣ ਨਹੀਂ, ਨਾਂ ਉਚੀ ਜਾਤੀ ਹੈ, ਤੇ ਨਾਂ ਹੀ ਜੀਵਨ ਦੀ ਦਰੁਸਤ ਰਹੁ-ਰੀਤੀ।
ਕਿਆ ਮੁਹੁ ਲੈ ਬੋਲਹ? ਗੁਣ ਬਿਹੂਨ; ਨਾਮੁ ਜਪਿਆ ਨ ਤੇਰਾ ॥
ਮੈਂ ਖੂਬੀ-ਰਹਿਤ ਕਿਸ ਮੁਖ ਨਾਲ ਤੇਰੀ ਹਜੂਰੀ ਵਿੱਚ ਬੋਲਣ ਦਾ ਹੀਆ ਕਰਾਂ, ਕਿਉਂਕਿ ਮੈਂ ਤੇਰੇ ਨਾਮ ਦਾ ਉਚਾਰਣ ਨਹੀਂ ਕੀਤਾ।
ਹਮ ਪਾਪੀ, ਸੰਗਿ ਗੁਰ ਉਬਰੇ; ਪੁੰਨੁ ਸਤਿਗੁਰ ਕੇਰਾ ॥੨॥
ਮੈਂ ਅਪਰਾਧੀ ਗੁਰਾਂ ਦੀ ਸੰਗਤ ਨਾਲ ਬਚ ਗਿਆ ਹਾਂ। ਇਹ ਹੈ ਉਪਕਾਰ ਸੱਚੇ ਗੁਰਾਂ ਦਾ।
ਸਭੁ ਜੀਉ ਪਿੰਡੁ ਮੁਖੁ ਨਕੁ ਦੀਆ; ਵਰਤਣ ਕਉ ਪਾਣੀ ॥
ਪ੍ਰਭੂ ਨੇ ਸਮੂਹ ਪ੍ਰਾਣੀਆਂ ਨੂੰ ਆਤਮਾਵਾਂ, ਦੇਹਾਂ ਮੂੰਹ, ਨੱਕ ਅਤੇ ਇਸਤਿਮਾਲ ਕਰਨ ਨੂੰ ਜਲ ਦਿਤਾ ਹੈ।
ਅੰਨੁ ਖਾਣਾ, ਕਪੜੁ ਪੈਨਣੁ ਦੀਆ; ਰਸ ਅਨਿ ਭੋਗਾਣੀ ॥
ਉਸ ਨੇ ਉਨ੍ਹਾਂ ਨੂੰ ਖਾਣ ਲਈ ਅਨਾਜ, ਪਹਿਨਣ ਲਈ ਕਪੜੇ ਅਤੇ ਹੋਰ ਖੁਸ਼ੀਆਂ ਮਾਨਣ ਲਈ ਦਿੱਤੀਆਂ ਹਨ।
ਜਿਨਿ ਦੀਏ, ਸੁ ਚਿਤਿ ਨ ਆਵਈ; ਪਸੂ ਹਉ ਕਰਿ ਜਾਣੀ ॥੩॥
ਜਿਸ ਨੇ (ਇਹ ਕੁਛ) ਦਿਤਾ ਹੈ, ਉਹ ਬੰਦੇ ਨੂੰ ਚੇਤੇ ਨਹੀਂ ਆਉਂਦਾ। ਡੰਗਰ (ਭਾਵ ਮੂਰਖ) ਖਿਆਲ ਕਰਦਾ ਹੈ ਕਿ ਉਸ ਨੇ ਆਪਣੇ ਆਪ ਹੀ ਉਨ੍ਹਾਂ ਨੂੰ ਬਣਾਇਆ ਹੈ।
ਸਭੁ ਕੀਤਾ ਤੇਰਾ ਵਰਤਦਾ; ਤੂੰ ਅੰਤਰਜਾਮੀ ॥
ਤੂੰ ਸਾਰੇ ਸਾਜੇ ਹਨ ਅਤੇ ਤੂੰ ਹੀ ਉਨ੍ਹਾਂ ਵਿੱਚ ਵਿਆਪਕ ਹੈ। ਤੂੰ ਮੇਰੇ ਮਾਲਕ, ਦਿਲਾਂ ਦਾ ਜਾਨਣਹਾਰ ਹੈ।
ਹਮ ਜੰਤ ਵਿਚਾਰੇ ਕਿਆ ਕਰਹ? ਸਭੁ ਖੇਲੁ ਤੁਮ ਸੁਆਮੀ! ॥
ਅਸੀਂ ਗਰੀਬੜੇ ਜੀਵ ਕੀ ਕਰ ਸਕਦੇ ਹਾਂ? ਸਮੂਹ ਖੇਡ ਤੇਰੀ ਹੀ ਹੈ, ਹੇ ਸਾਹਿਬ!
ਜਨੁ ਨਾਨਕੁ ਹਾਟਿ ਵਿਹਾਝਿਆ; ਹਰਿ ਗੁਲਮ ਗੁਲਾਮੀ ॥੪॥੬॥੧੨॥੫੦॥
ਮੰਡੀ ਵਿਚੋਂ ਮੁੱਲ ਲਿਆ ਹੋਇਆ ਮਸਕੀਨ ਨਾਨਕ! ਵਾਹਿਗੁਰੂ ਦੇ ਗੋਲਿਆਂ ਦਾ ਗੋਲਾ ਹੈ।
ਗਉੜੀ ਬੈਰਾਗਣਿ ਮਹਲਾ ੪ ॥
ਗਊੜੀ ਬੈਰਾਗਣਿ, ਪਾਤਸ਼ਾਹੀ ਚੌਥੀ।
ਜਿਉ ਜਨਨੀ ਸੁਤੁ ਜਣਿ ਪਾਲਤੀ; ਰਾਖੈ ਨਦਰਿ ਮਝਾਰਿ ॥
ਜਿਸ ਤਰ੍ਹਾਂ ਮਾਤਾ ਪੁੱਤ੍ਰ ਨੂੰ ਜਨਮ ਦੇ ਕੇ ਉਸ ਨੂੰ ਪਾਲਦੀ ਪੋਸਦੀ ਹੈ, ਅਤੇ ਉਸ ਨੂੰ ਆਪਣੀ ਨਿਗ੍ਹਾ ਵਿੱਚ ਰਖਦੀ ਹੈ।
ਅੰਤਰਿ ਬਾਹਰਿ ਮੁਖਿ ਦੇ ਗਿਰਾਸੁ; ਖਿਨੁ ਖਿਨੁ ਪੋਚਾਰਿ ॥
ਘਰ ਦੇ ਅੰਦਰ ਤੇ ਬਾਹਰ ਉਹ ਉਸ ਦੇ ਮੂੰਹ ਵਿੱਚ ਬੁਰਕੀਆਂ ਪਾਉਂਦੀ ਹੈ ਅਤੇ ਹਰ ਲਮ੍ਹੇ ਤੇ ਮੁਹਤ ਉਸ ਨੂੰ ਪੁਚਕਾਰਦੀ ਹੈ,
ਤਿਉ ਸਤਿਗੁਰੁ ਗੁਰਸਿਖ ਰਾਖਤਾ; ਹਰਿ ਪ੍ਰੀਤਿ ਪਿਆਰਿ ॥੧॥
ਇਸੇ ਤਰ੍ਹਾਂ ਸੱਚੇ ਗੁਰੂ ਜੀ ਗੁਰਸਿਖ ਦੀ ਨਿਗਾਹਬਾਨੀ ਕਰਦੇ ਹਨ, ਜਿਸ ਦਾ ਵਾਹਿਗੁਰੂ ਨਾਲ ਪ੍ਰੇਮ ਤੇ ਸਨੇਹ ਹੈ।
ਮੇਰੇ ਰਾਮ! ਹਮ ਬਾਰਿਕ ਹਰਿ ਪ੍ਰਭ ਕੇ ਹੈ, ਇਆਣੇ ॥
ਮੇਰੇ ਮਾਲਕ, ਅਸੀਂ ਵਾਹਿਗੁਰੂ ਸੁਆਮੀ ਦੇ ਨਾਦਾਨ ਬੱਚੇ ਹਾਂ।
ਧੰਨੁ ਧੰਨੁ ਗੁਰੂ, ਗੁਰੁ ਸਤਿਗੁਰੁ ਪਾਧਾ; ਜਿਨਿ ਹਰਿ ਉਪਦੇਸੁ ਦੇ, ਕੀਏ ਸਿਆਣੇ ॥੧॥ ਰਹਾਉ ॥
ਸ਼ਾਬਾਸ਼! ਸ਼ਾਬਾਸ਼ ਹੈ ਵਿਸ਼ਾਲ ਗੁਰੂ, ਸੱਚੇ ਗੁਰੂ ਅਤੇ ਇਲਾਹੀ ਉਸਤਾਦ ਨੂੰ ਜਿਸ ਨੇ ਮੈਨੂੰ ਵਾਹਿਗੁਰੂ ਦੀ ਸਿਖ-ਮਤ ਦੇ ਕੇ ਅਕਲਮੰਦ ਬਣਾ ਦਿੱਤਾ ਹੈ। ਠਹਿਰਾਉ।
ਜੈਸੀ ਗਗਨਿ ਫਿਰੰਤੀ ਊਡਤੀ; ਕਪਰੇ ਬਾਗੇ ਵਾਲੀ ॥
ਜਿਵੇ ਚਿਟੇ ਬਸਤਰਾਂ ਵਾਲੀ ਕੂੰਜ ਅਸਮਾਨ ਵਿੱਚ ਚੱਕਰ ਕਟਦੀ ਤੇ ਉਡੀ ਫਿਰਦੀ ਹੈ,
ਓਹ ਰਾਖੈ ਚੀਤੁ ਪੀਛੈ ਬਿਚਿ ਬਚਰੇ; ਨਿਤ ਹਿਰਦੈ ਸਾਰਿ ਸਮਾਲੀ ॥
ਪਰ ਉਹ ਮਗਰ ਛਡੇ ਹੋਏ ਬੱਚਿਆਂ ਵਿੱਚ ਆਪਣਾ ਖਿਆਲ ਰਖਦੀ ਹੈ ਅਤੇ ਆਪਣੇ ਦਿਲ ਵਿੱਚ ਸਦਾ ਉਨ੍ਹਾਂ ਨੂੰ ਯਾਦ ਕਰਦੀ ਹੈ।
ਤਿਉ ਸਤਿਗੁਰ ਸਿਖ ਪ੍ਰੀਤਿ ਹਰਿ ਹਰਿ ਕੀ; ਗੁਰੁ ਸਿਖ ਰਖੈ ਜੀਅ ਨਾਲੀ ॥੨॥
ਇਸੇ ਤਰ੍ਹਾਂ ਸੱਚਾ ਗੁਰੂ ਗੁਰੂ ਦੇ ਸਿਖ ਅੰਦਰ ਵਾਹਿਗੁਰੂ ਸੁਆਮੀ ਦਾ ਪ੍ਰੇਮ ਫੂਕ ਕੇ ਗੁਰ-ਸਿੱਖ ਨੂੰ ਆਪਣੇ ਦਿਲ ਨਾਲ ਲਾਈ ਰਖਦਾ ਹੈ।
ਜੈਸੇ ਕਾਤੀ, ਤੀਸ ਬਤੀਸ ਹੈ; ਵਿਚਿ ਰਾਖੈ ਰਸਨਾ, ਮਾਸ ਰਤੁ ਕੇਰੀ ॥
ਜਿਸ ਤਰ੍ਹਾਂ ਵਾਹਿਗੁਰੂ ਗੋਸ਼ਤ ਤੇ ਲਹੂ ਦੀ ਬਣੀ ਹੋਈ ਜੀਭ ਦੀ ਤੀਹ ਜਾ ਬੱਤੀ ਦੰਦਾ ਦੀ ਕੈਂਚੀ ਦੇ ਵਿਚੋਂ ਰੱਖਿਆ ਕਰਦਾ ਹੈ।
ਕੋਈ ਜਾਣਹੁ, ਮਾਸ ਕਾਤੀ ਕੈ ਕਿਛੁ ਹਾਥਿ ਹੈ; ਸਭ ਵਸਗਤਿ ਹੈ ਹਰਿ ਕੇਰੀ ॥
ਕੋਈ ਜਣਾ ਇਹ ਨ ਸਮਝੇ ਕਿ ਇਸ ਤਰ੍ਹਾਂ ਕਰਨਾ ਜੀਭ ਜਾਂ ਕੈਂਚੀ ਦੇ ਕੁਝ ਵਸ ਵਿੱਚ ਹੈ। ਹਰ ਸ਼ੈ ਵਾਹਿਗੁਰੂ ਦੇ ਅਖਤਿਆਰ ਵਿੱਚ ਹੈ।
ਤਿਉ ਸੰਤ ਜਨਾ ਕੀ ਨਰ ਨਿੰਦਾ ਕਰਹਿ; ਹਰਿ ਰਾਖੈ ਪੈਜ ਜਨ ਕੇਰੀ ॥੩॥
ਇਸੇ ਤਰ੍ਹਾਂ ਹੀ ਜਦ ਬੰਦਾ ਸਾਧ ਰੂਪ ਪੁਰਸ਼ਾਂ ਦੀ ਬਦਖੋਈ ਕਰਦਾ ਹੈ ਤਾਂ ਵਾਹਿਗੁਰੂ ਆਪਣੇ ਨਫਰ ਦੀ ਪੱਤ-ਆਬਰੂ ਨੂੰ ਬਚਾਉਂਦਾ ਹੈ।
ਭਾਈ! ਮਤ ਕੋਈ ਜਾਣਹੁ, ਕਿਸੀ ਕੈ ਕਿਛੁ ਹਾਥਿ ਹੈ; ਸਭ ਕਰੇ ਕਰਾਇਆ ॥
ਮੇਰੇ ਭਰਾਓ! ਕੋਈ ਇਹ ਨਾਂ ਸਮਝੇ ਕਿ ਕਿਸੇ ਦੇ ਕੁਝ ਵੱਸ ਵਿੱਚ ਹੈ। ਹਰ ਕੋਈ ਉਹ ਕੁਝ ਕਰਦਾ ਹੈ ਜਿਹੜਾ ਸਾਹਿਬ ਉਸ ਕੋਲੋ ਕਰਾਉਂਦਾ ਹੈ।
ਜਰਾ ਮਰਾ ਤਾਪੁ, ਸਿਰਤਿ ਸਾਪੁ, ਸਭੁ ਹਰਿ ਕੈ ਵਸਿ ਹੈ; ਕੋਈ ਲਾਗਿ ਨ ਸਕੈ, ਬਿਨੁ ਹਰਿ ਕਾ ਲਾਇਆ ॥
ਬੁਢੇਪਾ ਮੌਤ, ਬੁਖਾਰ, ਸਿਲਤ ਅਤੇ ਸ੍ਰਪ ਸਾਰੇ ਰੱਬ ਦੇ ਅਧਿਕਾਰ ਵਿੱਚ ਹਨ। ਰੱਬ ਦੇ ਹੁਕਮ ਕਰਨ ਦੇ ਬਗੈਰ ਕੋਈ ਪ੍ਰਾਣੀ ਨੂੰ ਛੂਹ ਨਹੀਂ ਸਕਦਾ।
ਐਸਾ ਹਰਿ ਨਾਮੁ, ਮਨਿ ਚਿਤਿ ਨਿਤਿ ਧਿਆਵਹੁ, ਜਨ ਨਾਨਕ; ਜੋ ਅੰਤੀ ਅਉਸਰਿ ਲਏ ਛਡਾਇਆ ॥੪॥੭॥੧੩॥੫੧॥
ਆਪਣੇ ਹਿਰਦੇ ਅਤੇ ਦਿਲ ਅੰਦਰ ਹੈ ਨੌਕਰ ਨਾਨਕ ਐਹੋ ਜੇਹੇ ਵਾਹਿਗੁਰੂ ਦੇ ਨਾਮ ਦਾ ਹਰ ਵੇਲੇ ਆਰਾਧਨ ਕਰ ਜਿਹੜਾ, ਅਖੀਰ ਦੇ ਵੇਲੇ ਤੇਰੀ ਖਲਾਸੀ ਕਰਾਏਗਾ।
ਗਉੜੀ ਬੈਰਾਗਣਿ ਮਹਲਾ ੪ ॥
ਗਊੜੀ ਬੈਰਾਗਣਿ, ਪਾਤਸ਼ਾਹੀ ਚੌਥੀ।
ਜਿਸੁ ਮਿਲਿਐ ਮਨਿ ਹੋਇ ਅਨੰਦੁ; ਸੋ ਸਤਿਗੁਰੁ ਕਹੀਐ ॥
ਜਿਸ ਨੂੰ ਮਿਲਣ ਦੁਆਰਾ ਚਿੱਤ ਨੂੰ ਖੁਸ਼ੀ ਪ੍ਰਾਪਤ ਹੈ, ਉਹ ਸੱਚਾ ਗੁਰੂ ਆਖਿਆ ਜਾਂਦਾ ਹੈ।
ਮਨ ਕੀ ਦੁਬਿਧਾ ਬਿਨਸਿ ਜਾਇ; ਹਰਿ ਪਰਮ ਪਦੁ ਲਹੀਐ ॥੧॥
ਚਿੱਤ ਦਾ ਦੁਚਿੱਤਾਪਣ ਦੂਰ ਹੋ ਜਾਂਦਾ ਹੈ ਅਤੇ ਬੈਕੁੰਠੀ ਮਹਾਨ ਮਰਤਬਾ ਮਿਲ ਜਾਂਦਾ ਹੈ।
ਮੇਰਾ ਸਤਿਗੁਰੁ ਪਿਆਰਾ, ਕਿਤੁ ਬਿਧਿ ਮਿਲੈ ॥
ਮੈਂ ਕਿਸ ਤ੍ਰੀਕੇ ਨਾਲ ਆਪਣੇ ਪ੍ਰੀਤਮ ਸੱਚੇ ਗੁਰਾਂ ਨੂੰ ਮਿਲਾਂ।
ਹਉ ਖਿਨੁ ਖਿਨੁ ਕਰੀ ਨਮਸਕਾਰੁ; ਮੇਰਾ ਗੁਰੁ ਪੂਰਾ, ਕਿਉ ਮਿਲੈ? ॥੧॥ ਰਹਾਉ ॥
ਹਰਿ ਮੁਹਤ ਮੈਂ ਆਪਣੇ ਗੁਰੂ ਨੂੰ ਪਰਣਾਮ ਕਰਦਾ ਹਾਂ। ਆਪਣੇ ਪੂਰਨ ਗੁਰਾਂ ਨੂੰ ਮੈਂ ਕਿਸ ਤਰ੍ਹਾਂ ਪ੍ਰਾਪਤ ਹੋਵਾਂ? ਠਹਿਰਾਉ।
ਕਰਿ ਕਿਰਪਾ ਹਰਿ ਮੇਲਿਆ; ਮੇਰਾ ਸਤਿਗੁਰੁ ਪੂਰਾ ॥
ਆਪਣੀ ਮਿਹਰ ਧਾਰ ਕੇ ਵਾਹਿਗੁਰੂ ਨੇ ਮੈਨੂੰ ਮੇਰੇ ਮੁਕੰਮਲ ਸੱਚੇ ਗੁਰਾਂ ਨਾਲ ਜੋੜ ਦਿਤਾ ਹੈ।
ਇਛ ਪੁੰਨੀ ਜਨ ਕੇਰੀਆ; ਲੇ ਸਤਿਗੁਰ ਧੂਰਾ ॥੨॥
ਸੱਚੇ ਗੁਰਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਨ ਦੁਆਰਾ ਉਸ ਦੇ ਨਫਰ ਦੀ ਇਛਿਆ ਪੂਰਨ ਹੋ ਗਈ ਹੈ।
ਹਰਿ ਭਗਤਿ ਦ੍ਰਿੜਾਵੈ, ਹਰਿ ਭਗਤਿ ਸੁਣੈ; ਤਿਸੁ ਸਤਿਗੁਰ ਮਿਲੀਐ ॥
ਕੇਵਲ ਉਹੀ ਸੱਚੇ ਗੁਰਾਂ ਨੂੰ ਮਿਲ ਪਿਆ ਜਾਣਿਆ ਜਾਂਦਾ ਹੈ, ਜੋ ਵਾਹਿਗੁਰੂ ਦੀ ਅਨੁਰਾਗੀ ਸੇਵਾ ਧਾਰਨ ਕਰਦਾ ਹੈ, ਅਤੇ ਸੁਆਮੀ ਦੇ ਸਿਮਰਨ ਨੂੰ ਸ਼੍ਰਵਣ ਕਰਦਾ ਹੈ।
ਤੋਟਾ ਮੂਲਿ ਨ ਆਵਈ; ਹਰਿ ਲਾਭੁ ਨਿਤਿ ਦ੍ਰਿੜੀਐ ॥੩॥
ਉਸ ਨੂੰ ਕਦਾਚਿੱਤ ਘਾਟਾ ਨਹੀਂ ਪੈਂਦਾ ਤੇ ਉਹ ਹਮੇਸ਼ਾਂ ਰੱਬ ਦੇ ਨਾਮ ਦਾ ਨਫਾ ਕਮਾਉਂਦਾ ਹੈ।
ਜਿਸ ਕਉ ਰਿਦੈ ਵਿਗਾਸੁ ਹੈ; ਭਾਉ ਦੂਜਾ ਨਾਹੀ ॥
ਜਿਸ ਦੇ ਦਿਲ ਅੰਦਰ ਰਬੀ ਖੁਸ਼ੀ ਹੈ, ਉਹ ਦਵੈਤ ਭਾਵ ਧਾਰਨ ਨਹੀਂ ਕਰਦਾ।
ਨਾਨਕ, ਤਿਸੁ ਗੁਰ ਮਿਲਿ ਉਧਰੈ; ਹਰਿ ਗੁਣ ਗਾਵਾਹੀ ॥੪॥੮॥੧੪॥੫੨॥
ਨਾਨਕ ਪ੍ਰਾਣੀ ਉਸ ਗੁਰੂ ਨੂੰ ਭੇਟ ਕੇ ਪਾਰ ਉਤਰ ਜਾਂਦਾ ਹੈ ਜੋ ਵਾਹਿਗੁਰੂ ਦਾ ਜੱਸ ਗਾਇਨ ਕਰਵਾਂਦਾ ਹੈ।
ਰਾਗੁ ਗਉੜੀ ਬੈਰਾਗਣਿ ਮਹਲਾ ੫
ਰਾਗ ਗਊੜੀ ਬੈਰਾਗਣਿ ਪਾਤਸ਼ਾਹੀ ਪੰਜਵੀਂ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਜਾਣਿਆ ਜਾਂਦਾ ਹੈ।
ਦਯ ਗੁਸਾਈ ਮੀਤੁਲਾ! ਤੂੰ ਸੰਗਿ ਹਮਾਰੈ, ਬਾਸੁ ਜੀਉ ॥੧॥ ਰਹਾਉ ॥
ਹੈ ਮੇਰੇ ਮਿੱਤਰ! ਪੂਜਯ ਵਾਹਿਗੁਰੂ ਸੁਆਮੀ ਤੂੰ ਮੇਰੇ ਨਾਲ ਰਹੁ। ਠਹਿਰਾਉ।
ਤੁਝ ਬਿਨੁ ਘਰੀ ਨ ਜੀਵਨਾ; ਧ੍ਰਿਗੁ ਰਹਣਾ ਸੰਸਾਰਿ ॥
ਤੇਰੇ ਬਗੈਰ ਮੇ ਇਕ ਮੁਹਤ ਭਰ ਭੀ ਬਚ ਨਹੀਂ ਸਕਦਾ, ਅਤੇ ਲਾਹਨਤ ਹੈ ਮੇਰੀ ਜਹਾਨ ਵਿੱਚ ਜਿੰਦਗੀ ਨੂੰ।
ਜੀਅ ਪ੍ਰਾਣ ਸੁਖਦਾਤਿਆ! ਨਿਮਖ ਨਿਮਖ ਬਲਿਹਾਰਿ ਜੀ ॥੧॥
ਮੇਰੇ ਮਾਨਣੀਯ ਮਾਲਕ! ਮੇਰੀ ਜਿੰਦੜੀ ਤੇ ਜਿੰਦ ਜਾਨ ਨੂੰ ਆਰਾਮ ਬਖਸ਼ਣਹਾਰ ਹਰ ਮੂਹਤ ਮੈਂ ਤੇਰੇ ਉਤੇ ਕੁਰਬਾਨ ਜਾਂਦਾ ਹਾਂ।
ਹਸਤ ਅਲੰਬਨੁ ਦੇਹੁ ਪ੍ਰਭ! ਗਰਤਹੁ ਉਧਰੁ ਗੋਪਾਲ ॥
ਮੈਨੂੰ ਆਪਣੇ ਹੱਥ ਦਾ ਆਸਰਾ ਦੇ ਹੇ ਸ੍ਰਿਸ਼ਟੀ ਦੇ ਪਾਲਣਹਾਰ ਸੁਆਮੀ! ਅਤੇ ਮੈਨੂੰ ਟੋਏ ਵਿਚੋਂ ਬਾਹਰ ਕਢ ਲੈ।
ਮੋਹਿ ਨਿਰਗੁਨ ਮਤਿ ਥੋਰੀਆ; ਤੂੰ ਸਦ ਹੀ ਦੀਨ ਦਇਆਲ ॥੨॥
ਮੈਂ ਨੇਕੀ-ਵਿਹੁਣ ਤੇ ਥੋੜ੍ਹੀ ਸਮਝ ਵਾਲਾ ਹਾਂ, ਤੂੰ ਮਸਕੀਨ ਉਤੇ ਸਦੀਵ ਹੀ ਮਿਹਰਬਾਨ ਹੈ।
ਕਿਆ ਸੁਖ ਤੇਰੇ ਸੰਮਲਾ? ਕਵਨ ਬਿਧੀ ਬੀਚਾਰ? ॥
ਤੇਰੇ ਦਿਤੇ ਹੋਏ ਕਿਹੜੇ ਕਿਹੜੇ ਆਰਾਮ ਮੈਂ ਯਾਦ ਕਰ ਸਕਦਾ ਹਾਂ ਅਤੇ ਕਿਸ ਤਰੀਕੇ ਨਾਲ ਮੈਂ ਤੇਰਾ ਸਿਮਰਨ ਕਰ ਸਕਦਾ ਹਾਂ?
ਸਰਣਿ ਸਮਾਈ ਦਾਸ ਹਿਤ; ਊਚੇ ਅਗਮ ਅਪਾਰ ॥੩॥
ਹੈ ਉਚੇ, ਪਹੁੰਚ ਤੋਂ ਪਰੇ ਅਤੇ ਬੇਅੰਤ ਸੁਆਮੀ! ਤੂੰ ਆਪਣੇ ਗੋਲਿਆਂ ਨੂੰ ਪਿਆਰ ਕਰਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਨਾਲ ਅਭੇਦ ਕਰ ਲੇਂਦਾ ਹੈ। ਜੋ ਤੇਰੀ ਪਨਾਹ ਲੇਂਦੇ ਹਨ।
ਸਗਲ ਪਦਾਰਥ ਅਸਟ ਸਿਧਿ; ਨਾਮ ਮਹਾ ਰਸ ਮਾਹਿ ॥
ਸਾਰੀਆਂ ਦੌਲਤਾਂ ਅੱਠੇ ਕਰਾਮਾਤੀ ਸ਼ਕਤੀਆਂ ਨਾਮ ਦੇ ਪਰਮ ਅੰਮ੍ਰਿਤ ਅੰਦਰ ਹਨ।
ਸੁਪ੍ਰਸੰਨ ਭਏ ਕੇਸਵਾ; ਸੇ ਜਨ ਹਰਿ ਗੁਣ ਗਾਹਿ ॥੪॥
ਉਹ ਪੁਰਸ਼, ਜਿਨ੍ਹਾਂ ਨਾਲ ਸੁੰਦਰ ਕੇਸਾ ਵਾਲਾ ਵਾਹਿਗੁਰੂ ਅਤੀ ਅਨੰਦ ਹੁੰਦਾ ਹੈ, ਉਸਦਾ ਜੱਸ ਗਾਇਨ ਕਰਦੇ ਹਨ।
ਮਾਤ ਪਿਤਾ ਸੁਤ ਬੰਧਪੋ; ਤੂੰ ਮੇਰੇ ਪ੍ਰਾਣ ਅਧਾਰ ॥
ਤੂੰ ਮੇਰੀ ਅੰਮੜੀ, ਬਾਬਲ, ਪੁਤ੍ਰ ਰਿਸ਼ਤੇਦਾਰ ਅਤੇ ਜਿੰਦ-ਜਾਨ ਦਾ ਆਸਰਾ ਹੈ।
ਸਾਧਸੰਗਿ ਨਾਨਕੁ ਭਜੈ; ਬਿਖੁ ਤਰਿਆ ਸੰਸਾਰੁ ॥੫॥੧॥੧੧੬॥
ਸਤਿ ਸੰਗਤ ਅੰਦਰ ਨਾਨਕ ਸਾਹਿਬ ਦਾ ਸਿਮਰਨ ਕਰਦਾ ਹੈ ਅਤੇ ਇੰਜ ਜ਼ਹਿਰ ਦੇ ਜਗਤ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
ਗਉੜੀ ਬੈਰਾਗਣਿ ਰਹੋਏ ਕੇ ਛੰਤ ਕੇ ਘਰਿ ਮ : ੫
ਗਊੜੀ ਬੈਰਾਗਣਿ ਰਹੋਏ ਕੇ ਛੱਤ ਕੇ ਘਰ ਪਾਤਸ਼ਾਹੀ ਪੰਜਵੀਂ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਜਾਣਿਆ ਜਾਂਦਾ ਹੈ।
ਹੈ ਕੋਈ ਰਾਮ ਪਿਆਰੋ, ਗਾਵੈ ॥
ਕੀ ਕੋਈ ਇਨਸਾਨ ਪ੍ਰੀਤਵਾਨ ਪ੍ਰਭੂ ਦਾ ਜੱਸ ਗਾਇਨ ਕਰਨ ਵਾਲਾ ਹੈ?
ਸਰਬ ਕਲਿਆਣ, ਸੂਖ ਸਚੁ ਪਾਵੈ ॥ ਰਹਾਉ ॥
ਉਹ ਨਿਸਚਿਤ ਹੀ ਸਮੁੰਹ ਖੁਸ਼ੀਆਂ ਤੇ ਆਰਾਮ ਪਾ ਲਵੇਗਾ। ਠਹਿਰਾਉ।
ਬਨੁ ਬਨੁ ਖੋਜਤ, ਫਿਰਤ ਬੈਰਾਗੀ ॥
ਤਿਆਗੀ ਅਨੇਕਾਂ ਜੰਗਲਾਂ ਵਿੱਚ ਹਰੀ ਨੂੰ ਢੁੰਡਣ ਲਈ ਜਾਂਦਾ ਹੈ।
ਬਿਰਲੇ ਕਾਹੂ, ਏਕ ਲਿਵ ਲਾਗੀ ॥
ਪਰ ਕੋਈ ਟਾਵਾਂ ਬੰਦਾ ਹੀ ਹੈ ਜਿਸ ਦਾ ਪਿਆਰ ਇਕ ਵਾਹਿਗੁਰੂ ਨਾਲ ਪੈਂਦਾ ਹੈ।
ਜਿਨਿ ਹਰਿ ਪਾਇਆ, ਸੇ ਵਡਭਾਗੀ ॥੧॥
ਭਾਰੇ ਨਸੀਬਾਂ ਵਾਲੇ ਹਨ ਉਹ ਜੋ ਭਗਵਾਨ ਨੂੰ ਪ੍ਰਾਪਤ ਹੁੰਦੇ ਹਨ।
ਬ੍ਰਹਮਾਦਿਕ, ਸਨਕਾਦਿਕ ਚਾਹੈ ॥
ਉਸਦੇ ਲਈ ਬ੍ਰਹਿਮਾਂ ਆਦਿ ਦੇਵਤੇ ਅਤੇ ਸਨਕ ਵਰਗੇ ਚਾਹਣਾ ਰਖਦੇ ਹਨ।
ਜੋਗੀ ਜਤੀ, ਸਿਧ ਹਰਿ ਆਹੈ ॥
ਯੋਗੀ ਬ੍ਰਹਮਚਾਰੀ ਅਤੇ ਕਰਾਮਾਤੀ ਬੰਦੇ ਵਾਹਿਗੁਰੂ ਲਈ ਤਰਸਦੇ ਹਨ।
ਜਿਸਹਿ ਪਰਾਪਤਿ, ਸੋ ਹਰਿ ਗੁਣ ਗਾਹੈ ॥੨॥
ਜਿਸ ਨੂੰ ਉਸ ਦੀ ਦਾਤ ਮਿਲੀ ਹੈ, ਉਹ ਵਾਹਿਗੁਰੂ ਦੀ ਮਹਿਮਾ ਆਲਾਪਦਾ ਹੈ।
ਤਾ ਕੀ ਸਰਣਿ, ਜਿਨ ਬਿਸਰਤ ਨਾਹੀ ॥
ਮੈਂ ਉਨ੍ਹਾਂ ਦੀ ਸ਼ਰਣਾਗਤਿ ਸੰਭਾਲੀ ਹੈ, ਜਿਨ੍ਹਾਂ ਨੂੰ ਵਾਹਿਗੁਰੂ ਨਹੀਂ ਭੁਲਦਾ।
ਵਡਭਾਗੀ, ਹਰਿ ਸੰਤ ਮਿਲਾਹੀ ॥
ਭਾਰੇ ਚੰਗੇ ਕਰਮਾਂ ਰਾਹੀਂ ਹਰੀ ਦਾ ਸਾਧੂ ਮਿਲਦਾ ਹੈ।
ਜਨਮ ਮਰਣ, ਤਿਹ ਮੂਲੇ ਨਾਹੀ ॥੩॥
ਜੰਮਣ ਤੇ ਮਰਣ ਤੋਂ ਉਹ ਅਸਲੋਂ ਹੀ ਮੁਕਤ ਹਨ।
ਕਰਿ ਕਿਰਪਾ, ਮਿਲੁ ਪ੍ਰੀਤਮ ਪਿਆਰੇ ॥
ਮੇਰੇ ਮਿੱਠੜੇ ਮਹਿਬੂਬ, ਰਹਿਮਤ ਧਾਰ ਅਤੇ ਮੈਨੂੰ ਦਰਸ਼ਨ ਬਖਸ਼।
ਬਿਨਉ ਸੁਨਹੁ, ਪ੍ਰਭ ਊਚ ਅਪਾਰੇ ॥
ਮੇਰੀ ਪ੍ਰਾਰਥਨਾ ਸ੍ਰਵਣ ਕਰ ਹੈ ਮੇਰੇ ਬੁੰਲਦ ਬੇਅੰਤ ਸਾਹਿਬ!
ਨਾਨਕੁ, ਮਾਂਗਤੁ ਨਾਮੁ ਅਧਾਰੇ ॥੪॥੧॥੧੧੭॥
ਨਾਨਕ ਤੇਰੇ ਨਾਮ ਦੇ ਆਸਰੇ ਹੀ ਯਾਚਨਾ ਕਰਦਾ ਹੈ।
ਗਉੜੀ ਬੈਰਾਗਣਿ ਮਹਲਾ ੧
ਗਊੜੀ ਬੈਰਾਗਣ ਪਾਤਸ਼ਾਹੀ ਪਹਿਲੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
ਜਿਉ ਗਾਈ ਕਉ ਗੋਇਲੀ; ਰਾਖਹਿ ਕਰਿ ਸਾਰਾ ॥
ਜਿਸ ਤਰ੍ਹਾਂ ਚਰਵਾਹਾ ਆਪਣੀਆਂ ਗਊਆਂ ਨੂੰ ਸੰਭਾਲਦਾ ਤੇ ਉਨ੍ਹਾਂ ਦੀ ਨਿਗਾਹਬਾਨੀ ਕਰਦਾ ਹੈ,
ਅਹਿਨਿਸਿ ਪਾਲਹਿ ਰਾਖਿ ਲੇਹਿ; ਆਤਮ ਸੁਖੁ ਧਾਰਾ ॥੧॥
ਏਸੇ ਤਰ੍ਹਾਂ ਰੱਬ ਬੰਦੇ ਦੀ ਦਿਨ ਤੇ ਰੈਣ ਪ੍ਰਵਰਸ਼ ਤੇ ਰਾਖੀ ਕਰਦਾ ਹੈ ਅਤੇ ਉਸ ਦੇ ਮਨ ਅੰਦਰ ਠੰਡ-ਚੈਨ ਅਸਥਾਪਨ ਕਰਦਾ ਹੈ।
ਇਤ ਉਤ ਰਾਖਹੁ, ਦੀਨ ਦਇਆਲਾ! ॥
ਇਥੇ ਅਤੇ ਉਥੇ ਮੇਰੀ ਰਖਿਆ ਕਰ, ਤੂੰ ਹੈ ਗਰੀਬਾ ਦੇ ਮਿਹਰਬਾਨ, ਮਾਲਕ।
ਤਉ ਸਰਣਾਗਤਿ, ਨਦਰਿ ਨਿਹਾਲਾ ॥੧॥ ਰਹਾਉ ॥
ਤੇਰੀ ਪਨਾਹ ਮੈਂ ਢੂੰਡਦਾ ਹਾਂ। ਮੇਰੇ ਉਤੇ ਮਿਹਰ ਦੀ ਨਿਗ੍ਹਾ ਕਰ। ਠਹਿਰਾਉ।
ਜਹ ਦੇਖਉ ਤਹ ਰਵਿ ਰਹੇ; ਰਖੁ ਰਾਖਨਹਾਰਾ ॥
ਜਿਥੇ ਕਿਤੇ ਮੈਂ ਵੇਖਦਾ ਹਾਂ, ਉਥੇ ਤੂੰ ਵਿਆਪਕ ਹੋ ਰਿਹਾ ਹੈ। ਮੇਰੀ ਰਖਿਆ ਕਰ, ਤੂੰ ਹੇ ਰਖਣ ਵਾਲੇ!
ਤੂੰ ਦਾਤਾ, ਭੁਗਤਾ ਤੂੰਹੈ; ਤੂੰ ਪ੍ਰਾਣ ਅਧਾਰਾ ॥੨॥
ਤੂੰ ਦੇਣ ਵਾਲਾ ਹੈ, ਭੋਗਣਹਾਰ ਭੀ ਤੂੰ ਹੈ ਅਤੇ ਤੂੰ ਹੀ ਮੇਰੀ ਜਿੰਦ ਜਾਨ ਦਾ ਆਸਰਾ ਹੈ।
ਕਿਰਤੁ ਪਇਆ ਅਧ ਊਰਧੀ; ਬਿਨੁ ਗਿਆਨ ਬੀਚਾਰਾ ॥
ਬ੍ਰਹਿਮ-ਗਿਆਤ ਨੂੰ ਸੋਚਣ-ਵਿਚਾਰਣ ਦੇ ਬਗ਼ੈਰ ਪ੍ਰਾਣੀ, ਆਪਣੇ ਕਰਮਾਂ ਦੇ ਅਨੁਸਾਰ ਨੀਵਾਂ ਡਿਗਦਾ ਜਾਂ ਉੱਚਾ ਹੋ ਜਾਂਦਾ ਹੈ।
ਬਿਨੁ ਉਪਮਾ ਜਗਦੀਸ ਕੀ; ਬਿਨਸੈ ਨ ਅੰਧਿਆਰਾ ॥੩॥
ਸ੍ਰਿਸ਼ਟੀ ਦੇ ਸੁਆਮੀ ਦੀ ਉਸਤਤੀ ਦੀ ਬਾਝੋਂ ਹਨ੍ਹੇਰਾ ਦੂਰ ਨਹੀਂ ਹੁੰਦਾ।
ਜਗੁ ਬਿਨਸਤ ਹਮ ਦੇਖਿਆ; ਲੋਭੇ ਅਹੰਕਾਰਾ ॥
ਲਾਲਚ ਅਤੇ ਗ਼ਰੂਰ ਰਾਹੀਂ ਮੈਂ ਦੁਨੀਆਂ ਨੂੰ ਤਬਾਹ ਹੁੰਦੀ ਤੱਕਿਆ ਹੈ।
ਗੁਰ ਸੇਵਾ ਪ੍ਰਭੁ ਪਾਇਆ; ਸਚੁ ਮੁਕਤਿ ਦੁਆਰਾ ॥੪॥
ਗੁਰਾਂ ਦੀ ਘਾਲ ਦੁਆਰਾ ਸਾਹਿਬ ਅਤੇ ਮੋਖਸ਼ ਦਾ ਸੱਚਾ ਦਰਵਾਜ਼ਾ ਮੈਂ ਪ੍ਰਾਪਤ ਕੀਤਾ ਹੈ।
ਨਿਜ ਘਰਿ ਮਹਲੁ ਅਪਾਰ ਕੋ; ਅਪਰੰਪਰੁ ਸੋਈ ॥
ਅਨੰਤ ਸੁਆਮੀ ਦਾ ਮੰਦਰ, ਪ੍ਰਾਣੀ ਦੇ ਆਪਣੇ ਨਿੱਜ ਦੇ ਗ੍ਰਹਿ ਦਿਲ ਵਿੱਚ ਹੈ ਤੇ ਉਹ ਸੁਆਮੀ ਪਰੇ ਤੋਂ ਪਰੇ ਹੈ।
ਬਿਨੁ ਸਬਦੈ ਥਿਰੁ ਕੋ ਨਹੀ; ਬੂਝੈ ਸੁਖੁ ਹੋਈ ॥੫॥
ਨਾਮ ਦੇ ਬਗ਼ੈਰ ਕੁਝ ਭੀ ਮੁਸਤਕਿਲ ਨਹੀਂ। ਮਾਲਕ ਨੂੰ ਸਮਝਣ ਦੁਆਰਾ ਖੁਸ਼ੀ ਉਤਪੰਨ ਹੁੰਦੀ ਹੈ।
ਕਿਆ ਲੈ ਆਇਆ? ਲੇ ਜਾਇ ਕਿਆ? ਫਾਸਹਿ ਜਮ ਜਾਲਾ ॥
ਤੂੰ ਕੀ ਲਿਆਇਆ ਸੈ, ਅਤੇ ਜਦ ਤੂੰ ਮੌਤ ਦੀ ਫ਼ਾਹੀ ਵਿੱਚ ਫਾਥਾ ਕੀ ਲੈ ਜਾਵੇਗਾ?
ਡੋਲੁ ਬਧਾ ਕਸਿ ਜੇਵਰੀ; ਆਕਾਸਿ ਪਤਾਲਾ ॥੬॥
ਰੱਸੇ ਨਾਲ ਘੁਟ ਕੇ ਬੰਨ੍ਹੇ ਹੋਏ ਖੂਹ ਵਾਲੇ ਡੋਲ ਦੀ ਤਰ੍ਹਾਂ ਤੂੰ ਕਦੇ ਅਸਮਾਨ ਵਿੱਚ ਹੁੰਦਾ ਹੈ ਤੇ ਕਦੇ ਪਾਤਾਲ ਵਿੱਚ।
ਗੁਰਮਤਿ ਨਾਮੁ ਨ ਵੀਸਰੈ; ਸਹਜੇ ਪਤਿ ਪਾਈਐ ॥
ਜੇਕਰ ਗੁਰਾਂ ਦੇ ਉਪਦੇਸ਼ ਦੀ ਬਰਕਤ ਨਾਲ ਬੰਦਾ ਨਾਮ ਨੂੰ ਨਾਂ ਭੁਲੇ ਤਾਂ ਉਹ ਸੁਖੈਨ ਹੀ ਇੱਜ਼ਤ ਪਾ ਲੈਂਦਾ ਹੈ।
ਅੰਤਰਿ ਸਬਦੁ ਨਿਧਾਨੁ ਹੈ; ਮਿਲਿ ਆਪੁ ਗਵਾਈਐ ॥੭॥
ਅੰਦਰਵਾਰ ਨਾਮ ਦਾ ਖ਼ਜ਼ਾਨਾ ਹੈ, ਪ੍ਰੰਤੂ ਇਹ ਆਪਣੀ ਸਵੈ-ਹੰਗਤਾ ਨੂੰ ਦੂਰ ਕਰਨ ਦੁਆਰਾ ਮਿਲਦਾ ਹੈ।
ਨਦਰਿ ਕਰੇ ਪ੍ਰਭੁ ਆਪਣੀ; ਗੁਣ ਅੰਕਿ ਸਮਾਵੈ ॥
ਜੇਕਰ ਮਾਲਕ ਆਪਣੀ ਮਿਹਰ ਦੀ ਨਜ਼ਰ ਧਾਰੇ ਤਾਂ ਪ੍ਰਾਣੀ ਗੁਣਵੰਤ ਪੁਰਖ ਦੀ ਗੋਦੀ ਵਿੱਚ ਜਾ ਲੀਨ ਹੁੰਦਾ ਹੈ।
ਨਾਨਕ, ਮੇਲੁ ਨ ਚੂਕਈ; ਲਾਹਾ ਸਚੁ ਪਾਵੈ ॥੮॥੧॥੧੭॥
ਇਹ ਮਿਲਾਪ ਹੈ ਨਾਨਕ! ਟੁਟਦਾ ਨਹੀਂ ਅਤੇ ਉਹ ਸੱਚਾ ਨਫ਼ਾ ਕਮਾ ਲੈਂਦਾ ਹੈ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੁਆਰਾ ਉਹ ਪਰਾਪਤ ਹੁੰਦਾ ਹੈ।
ਰਾਗੁ ਗਉੜੀ ਬੈਰਾਗਣਿ ਮਹਲਾ ੩ ॥
ਰਾਗ ਗਊੜੀ ਬੈਰਾਗਣਿ ਪਾਤਸ਼ਾਹੀ ਤੀਜੀ।
ਸਤਿਗੁਰ ਤੇ ਜੋ ਮੁਹ ਫੇਰੇ; ਤੇ ਵੇਮੁਖ ਬੁਰੇ ਦਿਸੰਨਿ ॥
ਜਿਹੜੇ ਸੱਚੇ ਗੁਰਾਂ ਵਲੋਂ ਮੂੰਹ ਮੋੜਦੇ ਹਨ, ਉਹ ਸ਼ਰਧਾ-ਹੀਣ ਅਤੇ ਮੰਦੇ ਦਿਸਦੇ ਹਨ।
ਅਨਦਿਨੁ ਬਧੇ ਮਾਰੀਅਨਿ; ਫਿਰਿ ਵੇਲਾ ਨਾ ਲਹੰਨਿ ॥੧॥
ਨਰੜ ਕੇ, ਉਹ ਰਾਤ ਦਿਨ ਕੁੱਟੇ ਜਾਣਗੇ ਅਤੇ ਉਨ੍ਹਾਂ ਨੂੰ ਮੁੜ ਕੇ ਇਹ ਮੌਕਾ ਹੱਥ ਨਹੀਂ ਲਗਣਾ।
ਹਰਿ ਹਰਿ! ਰਾਖਹੁ ਕ੍ਰਿਪਾ ਧਾਰਿ ॥
ਹੈ ਵਾਹਿਗੁਰੂ ਸੁਆਮੀ! ਰਹਿਮ ਕਰੋ ਤੇ ਮੈਨੂੰ ਬਚਾ ਲਓ।
ਸਤਸੰਗਤਿ ਮੇਲਾਇ ਪ੍ਰਭ! ਹਰਿ ਹਿਰਦੈ ਹਰਿ ਗੁਣ ਸਾਰਿ ॥੧॥ ਰਹਾਉ ॥
ਮੈਨੂੰ ਸਾਧ ਸੰਗਤਿ ਨਾਲ ਜੋੜ ਦੇ ਹੈ ਮਾਲਕ! ਤਾਂ ਜੋ ਮੈਂ ਆਪਣੇ ਮਨ ਅੰਦਰ ਵਾਹਿਗੁਰੁ ਸੁਆਮੀ ਦੀਆਂ ਵਡਿਆਈਆਂ ਨੂੰ ਚੇਤੇ ਕਰਾਂ ਠਹਿਰਾਉ।
ਸੇ ਭਗਤ ਹਰਿ ਭਾਵਦੇ; ਜੋ ਗੁਰਮੁਖਿ ਭਾਇ ਚਲੰਨਿ ॥
ਉਹ ਅਨੁਰਾਗੀ ਵਾਹਿਗੁਰੂ ਨੂੰ ਚੰਗੇ ਲਗਦੇ ਹਨ, ਜਿਹੜੇ ਮੁਖੀ ਗੁਰਾਂ ਦੀ ਰਜ਼ਾ ਅਨੁਸਾਰ ਟੂਰਦੇ ਹਨ।
ਆਪੁ ਛੋਡਿ ਸੇਵਾ ਕਰਨਿ; ਜੀਵਤ ਮੁਏ ਰਹੰਨਿ ॥੨॥
ਆਪਣੀ ਸਵੈ-ਹੰਗਤਾ ਨੂੰ ਤਿਆਗ ਕੇ ਉਹ ਸਾਈਂ ਦੀ ਚਾਕਰੀ ਕਮਾਉਂਦੇ ਹਨ ਤੇ ਜੀਉਂਦੇ ਜੀ ਮਰੇ ਰਹਿੰਦੇ ਹਨ।
ਜਿਸ ਦਾ ਪਿੰਡੁ ਪਰਾਣ ਹੈ; ਤਿਸ ਕੀ ਸਿਰਿ ਕਾਰ ॥
ਜਿਸ ਦੀ ਮਲਕੀਅਤ ਜਿਸਮ ਅਤੇ ਜਿੰਦ ਜਾਨ ਹੈ, ਉਸ ਦੀ ਉੱਚੀ ਸੇਵਾ ਕਮਾਉਣ ਦਾ ਇਨਸਾਨ ਨੂੰ ਹੁਕਮ ਹੈ।
ਓਹੁ ਕਿਉ ਮਨਹੁ ਵਿਸਾਰੀਐ? ਹਰਿ ਰਖੀਐ ਹਿਰਦੈ ਧਾਰਿ ॥੩॥
ਉਸ ਨੂੰ ਆਪਣੇ ਮਨ ਵਿਚੋਂ ਕਿਉਂ ਭੁਲਾਈਏ? ਸਾਨੂੰ ਸਾਹਿਬ ਨੂੰ ਆਪਣੇ ਦਿਲ ਨਾਲ ਲਾਈ ਰਖਣਾ ਉਚਿਤ ਹੈ।
ਨਾਮਿ ਮਿਲਿਐ ਪਤਿ ਪਾਈਐ; ਨਾਮਿ ਮੰਨਿਐ ਸੁਖੁ ਹੋਇ ॥
ਨਾਮ ਨੂੰ ਪਰਾਪਤ ਹੋ ਇਨਸਾਨ ਇੱਜ਼ਤ ਪਾ ਲੈਂਦਾ ਹੈ ਅਤੇ ਨਾਮ ਅੰਦਰ ਭਰੋਸਾ ਕਰਨ ਦੁਆਰਾ ਉਸ ਨੂੰ ਆਰਾਮ ਮਿਲਦਾ ਹੈ।
ਸਤਿਗੁਰ ਤੇ ਨਾਮੁ ਪਾਈਐ; ਕਰਮਿ ਮਿਲੈ ਪ੍ਰਭੁ ਸੋਇ ॥੪॥
ਸੱਚੇ ਗੁਰਾਂ ਪਾਸੋਂ ਨਾਮ ਹਾਸਲ ਹੁੰਦਾ ਹੈ। ਸਾਹਿਬ ਦੀ ਰਹਿਮਤ ਦੁਆਰਾ ਉਹ ਸਾਹਿਬ ਪਾਇਆ ਜਾਂਦਾ ਹੈ।
ਸਤਿਗੁਰ ਤੇ ਜੋ ਮੁਹੁ ਫੇਰੇ; ਓਇ ਭ੍ਰਮਦੇ ਨਾ ਟਿਕੰਨਿ ॥
ਜਿਹੜੇ ਸੱਚੇ ਗੁਰਾਂ ਵਲੋਂ ਆਪਣਾ ਮੂੰਹ ਮੋੜ ਲੈਂਦੇ ਹਨ, ਉਹ ਭਟਕਦੇ ਫਿਰਦੇ ਹਨ ਅਤੇ ਸਥਿਰ ਨਹੀਂ ਹੁੰਦੇ।
ਧਰਤਿ ਅਸਮਾਨੁ ਨ ਝਲਈ; ਵਿਚਿ ਵਿਸਟਾ ਪਏ ਪਚੰਨਿ ॥੫॥
ਜਮੀਨ ਅਤੇ ਆਕਾਸ਼ ਉਨ੍ਹਾਂ ਨੂੰ ਸਹਾਰਾ ਨਹੀਂ ਦਿੰਦੇ। ਗੰਦਗੀ ਅੰਦਰਿ ਡਿਗੇ ਹੋਏ ਉਹ ਉਥੇ ਗਲ ਸੜ ਜਾਂਦੇ ਹਨ।
ਇਹੁ ਜਗੁ ਭਰਮਿ ਭੁਲਾਇਆ; ਮੋਹ ਠਗਉਲੀ ਪਾਇ ॥
ਸੰਸਾਰੀ ਲਗਨ ਦੀ ਨਸ਼ੀਲੀ ਬੂਟੀ ਦੇ ਕੇ, ਇਹ ਜਹਾਨ ਵਹਿਮ ਅੰਦਰ ਕੁਰਾਹੇ ਪਾ ਦਿਤਾ ਗਿਆ ਹੈ।
ਜਿਨਾ ਸਤਿਗੁਰੁ ਭੇਟਿਆ; ਤਿਨ ਨੇੜਿ ਨ ਭਿਟੈ ਮਾਇ ॥੬॥
ਮਾਇਆ ਉਨ੍ਹਾਂ ਦੇ ਲਾਗੇ ਨਹੀਂ ਲਗਦੀ, ਜਿਨ੍ਹਾਂ ਨੂੰ ਸੱਚੇ ਗੁਰੂ ਜੀ ਮਿਲ ਪਏ ਹਨ।
ਸਤਿਗੁਰੁ ਸੇਵਨਿ ਸੋ ਸੋਹਣੇ; ਹਉਮੈ ਮੈਲੁ ਗਵਾਇ ॥
ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ ਉਹ ਸੁਨੱਖੇ ਹਨ। ਉਹ ਆਪਣੀ ਸਵੈ-ਹੰਗਤਾ ਦੀ ਗੰਦਗੀ ਨੂੰ ਪਰੇ ਸੁਟ ਦਿੰਦੇ ਹਨ।
ਸਬਦਿ ਰਤੇ ਸੇ ਨਿਰਮਲੇ; ਚਲਹਿ ਸਤਿਗੁਰ ਭਾਇ ॥੭॥
ਜੋ ਨਾਮ ਨਾਲ ਰੰਗੀਜੇ ਹਨ, ਉਹ ਪਵਿੱਤਰ ਹਨ। ਉਹ ਸੱਚੇ ਗੁਰਾਂ ਦੀ ਰਜ਼ਾ ਅਨੁਸਾਰ ਟੂਰਦੇ ਹਨ।
ਹਰਿ ਪ੍ਰਭ ਦਾਤਾ ਏਕੁ ਤੂੰ; ਤੂੰ ਆਪੇ ਬਖਸਿ ਮਿਲਾਇ ॥
ਮੇਰੇ ਵਾਹਿਗੁਰੂ ਸੁਆਮੀ! ਕੇਵਲ ਤੂੰ ਹੀ ਦਾਤਾਰ ਹੈ, ਤੂੰ ਆਪ ਹੀ ਜੀਵਾਂ ਨੂੰ ਮਾਫ ਕਰਕੇ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
ਜਨੁ ਨਾਨਕੁ ਸਰਣਾਗਤੀ; ਜਿਉ ਭਾਵੈ ਤਿਵੈ ਛਡਾਇ ॥੮॥੧॥੯॥
ਗੁਮਾਸ਼ਤੇ ਨਾਨਕ ਨੇ ਤੇਰੀ ਪਨਾਹ ਲਈ ਹੈ। ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਉਸ ਨੂੰ ਤੂੰ ਬੰਦ-ਖ਼ਾਲਸ ਕਰ।
ਰਾਗ ਗਉੜੀ ਬੈਰਾਗਣਿ ਕਬੀਰ ਜੀ
ਰਾਗ ਗਉੜੀ ਬੈਰਾਗਣਿ ਕਬੀਰ ਜੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
ਜੀਵਤ ਪਿਤਰ ਨ ਮਾਨੈ ਕੋਊ; ਮੂਏਂ ਸਿਰਾਧ ਕਰਾਹੀ ॥
ਆਦਮੀ ਵੱਡੇ ਵਡੇਰਿਆਂ ਦੀ ਉਨ੍ਹਾਂ ਦੇ ਜੀਉਦਿਆਂ ਤਾਂ ਸੇਵਾ ਨਹੀਂ ਕਰਦਾ ਪਰ ਉਨ੍ਹਾਂ ਦੇ ਮਰਨ ਤੇ ਉਨ੍ਹਾਂ ਨੂੰ ਭੋਜਨ ਖੁਆਉਂਦਾ ਹੈ।
ਪਿਤਰ ਭੀ ਬਪੁਰੇ, ਕਹੁ ਕਿਉ ਪਾਵਹਿ? ਕਊਆ ਕੂਕਰ ਖਾਹੀ ॥੧॥
ਦੱਸੋ, ਜੋ ਕੁਛ ਕਾਂ ਤੇ ਕੁੱਤੇ ਖਾ ਗਏ ਹਨ, ਉਹ ਗਰੀਬ ਮਾਪਿਆਂ ਨੂੰ ਕਿਸ ਤਰ੍ਹਾਂ ਮਿਲੇਗਾ?
ਮੋ ਕਉ, ਕੁਸਲੁ ਬਤਾਵਹੁ ਕੋਈ ॥
ਕੋਈ ਮੈਨੂੰ ਦੱਸੋ ਕਿ ਅਸਲ ਖੁਸ਼ੀ ਕੀ ਹੈ?
ਕੁਸਲੁ ਕੁਸਲੁ ਕਰਤੇ ਜਗੁ ਬਿਨਸੈ; ਕੁਸਲੁ ਭੀ ਕੈਸੇ ਹੋਈ ॥੧॥ ਰਹਾਉ ॥
ਮਾਨਸਕ ਧਰਵਾਸ ਕਹਿੰਦਾ ਕਹਿੰਦਾ ਜਹਾਨ ਮਰਦਾ ਜਾ ਰਿਹਾ ਹੈ। ਰੂਹਾਨੀ ਰੱਜ ਕਿਸ ਤਰ੍ਹਾਂ ਪਰਾਪਤ ਹੋ ਸਕਦਾ ਹੈ? ਠਹਿਰਾਉ।
ਮਾਟੀ ਕੇ ਕਰਿ ਦੇਵੀ ਦੇਵਾ; ਤਿਸੁ ਆਗੈ ਜੀਉ ਦੇਹੀ ॥
ਮਿੱਟੀ ਦੀਆਂ ਦੇਵੀਆਂ ਅਤੇ ਦੇਵਤੇ ਬਣਾ ਕੇ ਪ੍ਰਾਣੀ ਉਨ੍ਹਾਂ ਨੂੰ ਜੀਉਂਦੇ ਜੀਵਾਂ ਦੀਆਂ ਭੇਟਾ ਚੜ੍ਹਾਉਂਦੇ ਹਨ।
ਐਸੇ ਪਿਤਰ ਤੁਮਾਰੇ ਕਹੀਅਹਿ; ਆਪਨ ਕਹਿਆ ਨ ਲੇਹੀ ॥੨॥
ਇਹੋ ਜਿਹੇ ਆਖੇ ਜਾਂਦੇ ਹਨ, ਤੁਹਾਡੇ ਮਰੇ ਹੋਏ ਮਾਪੇ, ਜਿਹੜੇ ਜੋ ਕੁਛ ਉਹ ਲੈਣ ਲੋੜਦੇ ਹਨ, ਆਖ ਕੇ ਨਹੀਂ ਲੈ ਸਕਦੇ।
ਸਰਜੀਉ ਕਾਟਹਿ, ਨਿਰਜੀਉ ਪੂਜਹਿ; ਅੰਤ ਕਾਲ ਕਉ ਭਾਰੀ ॥
ਤੁਸੀਂ ਪ੍ਰਾਣਧਾਰੀਆਂ ਨੂੰ ਮਾਰ ਕੇ ਮੁਰਦਾ ਸ਼ੈਆਂ ਨੂੰ ਪੁਜਦੇ ਹੋ। ਅਖੀਰ ਦੇ ਵੇਲੇ ਤੁਹਾਨੂੰ ਬਹੁਤ ਮੁਸ਼ਕਿਲ ਬਣੇਗੀ।
ਰਾਮ ਨਾਮ ਕੀ ਗਤਿ ਨਹੀ ਜਾਨੀ; ਭੈ ਡੂਬੇ ਸੰਸਾਰੀ ॥੩॥
ਤੁਸੀਂ ਸੁਆਮੀ ਦੇ ਨਾਮ ਦੀ ਕਦਰ ਨੂੰ ਨਹੀਂ ਜਾਣਦੇ! ਤੁਸੀਂ ਡਰਾਉਣੇ ਜਗਤ ਸਮੁੰਦਰ ਵਿੱਚ ਡੁੱਬ ਜਾਓਗੇ।
ਦੇਵੀ ਦੇਵਾ ਪੂਜਹਿ ਡੋਲਹਿ; ਪਾਰਬ੍ਰਹਮ ਨਹੀ ਜਾਨਾ ॥
ਤੁਸੀਂ ਦੇਵੀਆਂ ਅਤੇ ਦੇਵਦਿਆਂ ਦੀ ਉਪਾਸ਼ਨਾ ਕਰਦੇ ਹੋ। ਆਪਣੇ ਭਰੋਸੇ ਵਿੱਚ ਡੋਲਦੇ ਰਹਿਦੇ ਹੋ ਅਤੇ ਸ਼ਰੋਮਣੀ ਸਾਹਿਬ ਨੂੰ ਨਹੀਂ ਸਮਝਦੇ।
ਕਹਤ ਕਬੀਰ, ਅਕੁਲੁ ਨਹੀ ਚੇਤਿਆ; ਬਿਖਿਆ ਸਿਉ ਲਪਟਾਨਾ ॥੪॥੧॥੪੫॥
ਕਬੀਰ ਜੀ ਆਖਦੇ ਹਨ, ਤੁਸੀਂ ਕੁਲ-ਰਹਿਤ ਪ੍ਰਭੂ ਦਾ ਆਰਾਧਨ ਨਹੀਂ ਕੀਤਾ ਅਤੇ ਪ੍ਰਾਣ-ਨਾਸਕ ਪਾਪਾਂ ਨਾਲ ਚਿਮੜੇ ਹੋਏ ਹੋ।
ਗਉੜੀ ਬੈਰਾਗਣਿ ਤਿਪਦੇ ॥
ਗਉੜੀ ਬੈਰਾਗਣਿ ਤਿਪਦੇ।
ਉਲਟਤ ਪਵਨ ਚਕ੍ਰ ਖਟੁ ਭੇਦੇ; ਸੁਰਤਿ ਸੁੰਨ ਅਨਰਾਗੀ ॥
ਆਪਣੇ ਖਿਆਲ ਨੂੰ ਵਾਹਿਗੁਰੂ ਵੱਲ ਉਲਟਾ ਕੇ, ਮੈਂ ਸਰੀਰ ਦਿਆਂ ਛਿਆ ਛੱਲਿਆਂ ਨੂੰ ਵਿੰਨ੍ਹ ਸੁਟਿਆ ਹੈ ਅਤੇ ਮੇਰਾ ਮਨ ਸੁਆਮੀ ਤੇ ਫਰੇਫਤਾ ਹੋ ਗਿਆ ਹੈ।
ਆਵੈ ਨ ਜਾਇ, ਮਰੈ ਨ ਜੀਵੈ; ਤਾਸੁ ਖੋਜੁ ਬੈਰਾਗੀ ॥੧॥
ਹੇ ਸੰਸਾਰ-ਤਿਆਗੀ, ਉਸ ਦੀ ਖੋਜ-ਭਾਲ ਕਰ, ਜੋ ਨਾਂ ਆਉਂਦਾ ਅਤੇ ਜਾਂਦਾ ਹੈ ਅਤੇ ਜੋ ਨਾਂ ਮਰਦਾ ਹੈ, ਤੇ ਨਾਂ ਹੀ ਜੰਮਦਾ ਹੈ।
ਮੇਰੇ ਮਨ! ਮਨ ਹੀ ਉਲਟਿ ਸਮਾਨਾ ॥
ਸੰਸਾਰ ਵਲੋਂ ਉਲਟ ਕੇ, ਮੇਰੀ ਆਤਮਾ ਪਰਮ ਆਤਮਾ ਅੰਦਰ ਲੀਨ ਹੋ ਗਈ ਹੈ।
ਗੁਰ ਪਰਸਾਦਿ, ਅਕਲਿ ਭਈ ਅਵਰੈ; ਨਾਤਰੁ ਥਾ ਬੇਗਾਨਾ ॥੧॥ ਰਹਾਉ ॥
ਗੁਰਾਂ ਦੀ ਦਇਆ ਦੁਆਰਾ, ਮੇਰੀ ਸਮਝ ਅੱਡਰੀ ਹੋ ਗਈ ਹੈ। ਨਹੀਂ ਤਾਂ ਮੈਂ ਬਿਲਕੁਲ ਹੀ ਅਗਿਆਨੀ ਸਾਂ। ਠਹਿਰਾਉ।
ਨਿਵਰੈ ਦੂਰਿ, ਦੂਰਿ ਫੁਨਿ ਨਿਵਰੈ; ਜਿਨਿ ਜੈਸਾ ਕਰਿ ਮਾਨਿਆ ॥
ਜੋ ਨੇੜੇ ਸੀ ਉਹ ਦੁਰੇਡੇ ਹੋ ਗਿਆ ਅਤੇ ਮੁੜ ਜੋ ਦੁਰੇਡੇ ਸੀ ਉਹ ਨੇੜੇ ਹੋ ਗਿਆ ਹੈ, ਉਸ ਦੇ ਲਈ, ਜੋ ਸੁਆਮੀ ਨੂੰ ਜੇਹੋ ਜੇਹਾ ਉਹ ਹੈ, ਵੈਸਾ ਹੀ ਅਨੁਭਵ ਕਰਦਾ ਹੈ।
ਅਲਉਤੀ ਕਾ ਜੈਸੇ ਭਇਆ ਬਰੇਡਾ; ਜਿਨਿ ਪੀਆ ਤਿਨਿ ਜਾਨਿਆ ॥੨॥
ਜਿਸ ਤਰ੍ਹਾਂ ਮਿਸਰੀ ਦਾ ਬਣਿਆ ਹੋਇਆ ਸ਼ਰਬਤ, ਕੇਵਲ ਓਹੀ ਇਸ ਦੇ ਸੁਆਦ ਨੂੰ ਜਾਣਦਾ ਹੈ, ਜੋ ਇਸ ਨੂੰ ਪਾਨ ਕਰਦਾ ਹੈ।
ਤੇਰੀ ਨਿਰਗੁਨ ਕਥਾ, ਕਾਇ ਸਿਉ ਕਹੀਐ; ਐਸਾ ਕੋਇ ਬਿਬੇਕੀ ॥
ਤੇਰੀ ਤਿੰਨਾਂ ਲੱਛਣਾ-ਰਹਿਤ ਕਥਾ ਵਾਰਤਾ ਕਿਸ ਨੂੰ ਦੱਸਾ ਹੇ ਪ੍ਰਭੂ! ਕੀ ਕੋਈ ਇਹੋ ਜਿਹਾ ਪਰਬੀਨ-ਪੁਰਸ਼ ਹੈ?
ਕਹੁ ਕਬੀਰ ਜਿਨਿ ਦੀਆ ਪਲੀਤਾ; ਤਿਨਿ ਤੈਸੀ ਝਲ ਦੇਖੀ ॥੩॥੩॥੪੭॥
ਜਿਹੋ ਜਿਹਾ ਰੂਹਾਨੀ ਗਿਆਤ ਦਾ ਪਲੀਤਾ ਬੰਦਾ ਲਾਉਂਦਾ ਹੈ, ਉਹੋ ਜਿਹੀ ਹੀ ਈਸ਼ਵਰੀ ਝਲਕ ਉਹ ਵੇਖ ਲੈਦਾ ਹੈ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
ਗਉੜੀ ਬੈਰਾਗਣਿ ਰਵਿਦਾਸ ਜੀਉ ॥
ਗਉੜੀ ਬੈਰਾਗਣਿ ਰਵੀਦਾਸ ਜੀ।
ਘਟ ਅਵਘਟ ਡੂਗਰ ਘਣਾ; ਇਕੁ ਨਿਰਗੁਣੁ ਬੈਲੁ ਹਮਾਰ ॥
ਰੱਬ ਦਾ ਰਸਤਾ ਬੜਾ ਬਿਖੜਾ ਅਤੇ ਪਹਾੜੀ ਹੈ ਅਤੇ ਮੇਰਾ ਬਲ੍ਹਦ ਨਿਕੰਮਾ ਹੈ।
ਰਮਈਏ ਸਿਉ ਇਕ ਬੇਨਤੀ; ਮੇਰੀ ਪੂੰਜੀ ਰਾਖੁ ਮੁਰਾਰਿ ॥੧॥
ਆਪਣੇ ਵੱਖਰ ਦੀ ਰਖਵਾਲੀ ਕਰਨ ਲਈ ਮੈਂ ਹੰਕਾਰ ਦੇ ਵੇਰੀ ਸਰਬ-ਵਿਆਪਕ ਸੁਆਮੀ ਮੂਹਰੇ ਇਕ ਪ੍ਰਾਰਥਨਾ ਕਰਦਾ ਹਾਂ।
ਕੋ ਬਨਜਾਰੋ ਰਾਮ ਕੋ; ਮੇਰਾ ਟਾਂਡਾ ਲਾਦਿਆ ਜਾਇ ਰੇ ॥੧॥ ਰਹਾਉ ॥
ਕੀ ਕੋਈ ਰੱਬ ਦਾ ਵਾਪਾਰੀ ਹੈ, ਜੋ ਮੇਰੇ ਨਾਲ ਰਲ ਕੇ ਚੱਲੇ? ਮੇਰਾ ਮਾਲ ਲੱਦਿਆ ਹੋਇਆ ਜਾ ਰਿਹਾ ਹੈ। ਠਹਿਰਾਉ।
ਹਉ ਬਨਜਾਰੋ ਰਾਮ ਕੋ; ਸਹਜ ਕਰਉ ਬ੍ਯ੍ਯਾਪਾਰੁ ॥
ਮੈਂ ਪ੍ਰਭੂ ਦਾ ਵਾਪਾਰੀ ਹਾਂ ਅਤੇ ਬ੍ਰਹਮ-ਗਿਆਨ ਦੀ ਸੁਦਾਗਰੀ ਕਰਦਾ ਹਾਂ।
ਮੈ ਰਾਮ ਨਾਮ ਧਨੁ ਲਾਦਿਆ; ਬਿਖੁ ਲਾਦੀ ਸੰਸਾਰਿ ॥੨॥
ਮੈਂ ਸੁਆਮੀ ਦੇ ਨਾਮ ਦਾ ਪਦਾਰਥ ਲੱਦਿਆ ਹੈ ਅਤੇ ਦੁਨੀਆਂ ਨੇ ਜ਼ਹਿਰ ਬਾਰ ਕੀਤੀ ਹੈ।
ਉਰਵਾਰ ਪਾਰ ਕੇ ਦਾਨੀਆ! ਲਿਖਿ ਲੇਹੁ ਆਲ ਪਤਾਲੁ ॥
ਹੇ ਤੁਸੀਂ ਲੋਕ ਤੇ ਪ੍ਰਲੋਕ ਦੇ ਜਾਨਣ ਵਾਲਿਓ! ਮੇਰੇ ਮੁਤੱਲਕ ਜੋ ਊਲ-ਜਲੂਲ ਤੁਹਾਨੂੰ ਚੰਗਾ ਲੱਗਦਾ ਹੈ, ਲਿਖ ਲਓ।
ਮੋਹਿ ਜਮ ਡੰਡੁ ਨ ਲਾਗਈ; ਤਜੀਲੇ ਸਰਬ ਜੰਜਾਲ ॥੩॥
ਮੌਤ ਦੇ ਦੂਤ ਦਾ ਡੰਡਾ ਮੈਨੂੰ ਨਹੀਂ ਲੱਗੇਗਾ, ਕਿਉਂਕਿ ਮੈਂ ਸਾਰੇ ਪੁਆੜੇ ਛੋੜ ਦਿਤੇ ਹਨ।
ਜੈਸਾ ਰੰਗੁ ਕਸੁੰਭ ਕਾ; ਤੈਸਾ ਇਹੁ ਸੰਸਾਰੁ ॥
ਜਿਹੋ ਜਿਹੀ ਉਡਪੁਡ ਜਾਣ ਵਾਲੀ ਭਾਅ ਹੈ ਕਸੁੰਭੇ ਦੇ ਫੁੱਲ ਦੀ ਉਹੋਂ ਜਿਹੀ ਹੈ ਇਹ ਦੁਨੀਆਂ।
ਮੇਰੇ ਰਮਈਏ ਰੰਗੁ ਮਜੀਠ ਕਾ; ਕਹੁ ਰਵਿਦਾਸ ਚਮਾਰ ॥੪॥੧॥
ਪਰ ਮੇਰੇ ਵਿਆਪਕ ਵਾਹਿਗੁਰੂ ਦੀ ਰੰਗਤ ਮਜੀਠੜ ਦੀ ਮੁਸਤਕਿਲ ਭਾਅ ਵਰਗੀ ਹੈ। ਆਖਦਾ ਹੈ ਰਵਿਦਾਸ ਜੁੱਤੀ ਗੰਢਣ ਵਾਲਾ।
ਗਉੜੀ ਬੈਰਾਗਣਿ
ਗਉੜੀ ਬੈਰਾਗਣ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
ਸਤਜੁਗਿ ਸਤੁ, ਤੇਤਾ ਜਗੀ; ਦੁਆਪਰਿ ਪੂਜਾਚਾਰ ॥
ਸਤਿਯੁਗ ਵਿੱਚ ਸੱਚ ਸੀ, ਤਰੇਤੇ ਵਿੱਚ ਕੁਰਬਾਨੀ ਵਾਲੇ ਯੱਗ ਅਤੇ ਦੁਆਪਰ ਵਿੱਚ ਸਰੇਸ਼ਟ ਉਪਾਸ਼ਨਾ ਦਾ ਕਰਨਾ।
ਤੀਨੌ ਜੁਗ ਤੀਨੌ ਦਿੜੇ; ਕਲਿ ਕੇਵਲ ਨਾਮ ਅਧਾਰ ॥੧॥
ਤਿਨਾਂ ਯੁਗਾਂ ਅੰਦਰ ਬੰਦਿਆਂ ਨੇ ਇਨ੍ਹਾਂ ਤਿੰਨਾਂ ਨੂੰ ਪਕੜਿਆਂ ਹੋਇਆ ਸੀ। ਕਲਿਜੁਗ ਵਿੱਚ ਸਿਰਫ ਨਾਮ ਦਾ ਹੀ ਆਸਰਾ ਹੈ।
ਪਾਰੁ ਕੈਸੇ ਪਾਇਬੋ ਰੇ ॥
ਮੈਂ ਕਿਸ ਤਰ੍ਹਾਂ ਬੰਨੇ ਲੱਗਾਗਾਂ?
ਮੋ ਸਉ, ਕੋਊ ਨ ਕਹੈ ਸਮਝਾਇ ॥
ਮੈਨੂੰ ਕੋਈ ਜਣਾ ਇਸ ਨੂੰ ਦਰਸਾਉਂਦਾ ਤੇ ਨਿਸਚਿਤ ਨਹੀਂ ਕਰਾਉਂਦਾ,
ਜਾ ਤੇ, ਆਵਾ ਗਵਨੁ ਬਿਲਾਇ ॥੧॥ ਰਹਾਉ ॥
ਜਿਸ ਦੁਆਰਾ ਮੇਰਾ ਆਉਣਾ ਤੇ ਜਾਣਾ ਮੁੱਕ ਜਾਵੇ। ਠਹਿਰਾਉ।
ਬਹੁ ਬਿਧਿ ਧਰਮ ਨਿਰੂਪੀਐ; ਕਰਤਾ ਦੀਸੈ ਸਭ ਲੋਇ ॥
ਮਜ਼ਹਬ ਦੇ ਅਨੇਕਾ ਸਰੂਪ ਬਿਆਨ ਕੀਤੇ ਜਾਂਦੇ ਹਨ ਅਤੇ ਸਾਰਾ ਜਹਾਨ ਉਨ੍ਹਾਂ ਉਤੇ ਚਲਦਾ ਦਿਸਦਾ ਹੈ।
ਕਵਨ ਕਰਮ ਤੇ ਛੂਟੀਐ? ਜਿਹ ਸਾਧੇ, ਸਭ ਸਿਧਿ ਹੋਇ ॥੨॥
ਉਹ ਕਿਹੜੇ ਅਮਲ ਹਨ ਜਿਨ੍ਹਾਂ ਦੁਆਰਾ ਮੈਂ ਬੰਦ ਖਲਾਸ ਹੋ ਜਾਵਾਂ ਅਤੇ ਜਿਨ੍ਹਾਂ ਨੂੰ ਕਰਨ ਦੁਆਰਾ ਮੈਨੂੰ ਸਮੂਹ ਪੂਰਨਤਾ ਪਰਾਪਤ ਹੋ ਜਾਵੇ?
ਕਰਮ ਅਕਰਮ ਬਿਚਾਰੀਐ; ਸੰਕਾ ਸੁਨਿ ਬੇਦ ਪੁਰਾਨ ॥
ਜੇਕਰ ਵੇਦਾਂ ਤੇ ਪੁਰਾਣਾ ਨੂੰ ਸ੍ਰਵਣ ਕਰਕੇ ਨੇਕੀਆਂ ਤੇ ਬਦੀਆਂ ਦਾ ਨਿਰਣਾ ਕੀਤਾ ਜਾਵੇ ਤਾਂ ਸੰਦੇਹ ਪੈਦਾ ਹੋ ਜਾਂਦਾ ਹੈ।
ਸੰਸਾ ਸਦ ਹਿਰਦੈ ਬਸੈ; ਕਉਨੁ ਹਿਰੈ ਅਭਿਮਾਨੁ? ॥੩॥
ਸੰਦੇਹ ਹਮੇਸ਼ਾਂ ਚਿੱਤ ਅੰਦਰ ਰਹਿੰਦਾ ਹੈ। ਮੇਰੇ ਹੰਕਾਰ ਨੂੰ ਕੌਣ ਨਵਿਰਤ ਕਰ ਸਕਦਾ ਹੈ।
ਬਾਹਰੁ ਉਦਕਿ ਪਖਾਰੀਐ; ਘਟ ਭੀਤਰਿ ਬਿਬਿਧਿ ਬਿਕਾਰ ॥
ਆਪਣੀ ਦੇਹਿ ਦਾ ਬਾਹਰਵਾਰ, ਬੰਦਾ ਪਾਣੀ ਨਾਲ ਧੋ ਲੈਦਾ ਹੈ, ਪਰ ਉਸ ਦੇ ਮਨ ਅੰਦਰ ਬੜੇ ਕਿਸਮਾਂ ਦੇ ਪਾਪ ਹਨ।
ਸੁਧ ਕਵਨ ਪਰ ਹੋਇਬੋ? ਸੁਚ ਕੁੰਚਰ ਬਿਧਿ ਬਿਉਹਾਰ ॥੪॥
ਪ੍ਰੰਤੂ ਉਹ ਪਵਿੱਤ੍ਰ ਕਿਸ ਤਰ੍ਹਾਂ ਹੋਵੇਗਾ? ਉਸਦਾ ਪਵਿੱਤ੍ਰਤਾ ਨੂੰ ਪ੍ਰਾਪਤ ਕਰਨ ਦਾ ਤਰੀਕਾ ਹਾਥੀ ਵਿਵਹਾਰ ਵਰਗਾ ਹੈ।
ਰਵਿ ਪ੍ਰਗਾਸ, ਰਜਨੀ ਜਥਾ ਗਤਿ; ਜਾਨਤ ਸਭ ਸੰਸਾਰ ॥
ਜਿਸ ਤਰ੍ਹਾਂ ਸਾਰਾ ਜਹਾਨ ਜਾਣਦਾ ਹੈ ਕਿ ਸੂਰਜ ਦੇ ਚੜ੍ਹਨ ਨਾਲ ਰਾਤ ਖਤਮ ਹੋ ਜਾਂਦੀ ਹੈ।
ਪਾਰਸ ਮਾਨੋ ਤਾਬੋ ਛੁਏ; ਕਨਕ ਹੋਤ, ਨਹੀ ਬਾਰ ॥੫॥
ਯਕੀਨ ਕਰ ਲੈ ਕਿ ਪਾਰਸ ਨਾਲ ਲਗਨ ਨਾਲ ਤਾਬਾ, ਬਿਨਾ ਕਿਸੇ ਦੇਰੀ ਦੇ, ਸੋਨਾ ਹੋ ਜਾਂਦਾ ਹੈ।
ਪਰਮ ਪਰਸ ਗੁਰੁ ਭੇਟੀਐ; ਪੂਰਬ ਲਿਖਤ ਲਿਲਾਟ ॥
ਜੇਕਰ ਮੱਥੇ ਦੀ ਆਦਿ ਲਿਖਤਕਾਰ ਦੀ ਬਰਕਤ ਦੁਆਰਾ, ਮਹਾਨ ਅਮੋਲਕ-ਪੱਥਰ, ਗੁਰੂ ਜੀ ਮਿਲ ਪੈਣ,
ਉਨਮਨ ਮਨ, ਮਨ ਹੀ ਮਿਲੇ; ਛੁਟਕਤ ਬਜਰ ਕਪਾਟ ॥੬॥
ਤਦ ਆਤਮਾ, ਪਰਮ ਉਨੱਤ ਆਤਮਾ ਨਾਲ ਅਭੇਦ ਹੋ ਜਾਂਦੀ ਹੈ ਅਤੇ ਕਰੜੇ ਕਿਵਾੜ ਖੁਲ੍ਹ ਜਾਂਦੇ ਹਨ।
ਭਗਤਿ ਜੁਗਤਿ ਮਤਿ ਸਤਿ ਕਰੀ; ਭ੍ਰਮ ਬੰਧਨ ਕਾਟਿ ਬਿਕਾਰ ॥
ਉਸ ਦੇ ਸੰਦੇਹ ਅਲਸੇਟੇ ਅਤੇ ਪਾਪ ਕੱਟੇ ਜਾਂਦੇ ਹਨ, ਜੋ ਅਨੁਰਾਗ ਦੇ ਰਸਤੇ ਨੂੰ ਆਪਣੇ ਚਿੱਤ ਅੰਦਰ ਪੱਕਾ ਕਰਦਾ ਹੈ।
ਸੋਈ ਬਸਿ ਰਸਿ ਮਨ ਮਿਲੇ; ਗੁਨ ਨਿਰਗੁਨ ਏਕ ਬਿਚਾਰ ॥੭॥
ਉਹ ਆਪਣੇ ਮਨੂਏ ਨੂੰ ਰੋਕਦਾ ਹੈ, ਖੁਸ਼ੀ ਪਾਉਂਦਾ ਹੈ ਤੇ ਕੇਵਲ ਉਸ ਦਾ ਚਿੰਤਨ ਕਰਦਾ ਹੈ, ਜੋ ਲੱਛਣਾ ਸਹਿਤ ਅਤੇ ਲੱਛਣਾ ਰਹਿਤ ਹੈ।
ਅਨਿਕ ਜਤਨ ਨਿਗ੍ਰਹ ਕੀਏ; ਟਾਰੀ ਨ ਟਰੈ ਭ੍ਰਮ ਫਾਸ ॥
ਮੈਂ ਬੜੇ ਉਪਰਾਲੇ ਕਰ ਵੇਖੇ ਹਨ, ਪਰ ਪਰੇ ਹਟਾਉਣ ਦੁਆਰਾ ਸੰਦੇਹ ਦੀ ਫਾਹੀ ਪਰੇ ਨਹੀਂ ਹਟਾਈ ਜਾ ਸਕਦੀ।
ਪ੍ਰੇਮ ਭਗਤਿ ਨਹੀ ਊਪਜੈ; ਤਾ ਤੇ ਰਵਿਦਾਸ ਉਦਾਸ ॥੮॥੧॥
ਪਿਆਰ ਤੇ ਸਿਮਰਨ ਮੇਰੇ ਵਿੱਚ ਉਤਪੰਨ ਨਹੀਂ ਹੋਏ, ਇਸ ਲਈ ਰਵਿਦਾਸ ਨਿਮੋਝੂਣਾ ਹੈ।