ਰਾਗ ਦੇਵਗੰਧਾਰੀ – ਬਾਣੀ ਸ਼ਬਦ-Raag Devgandhari – Bani

ਰਾਗ ਦੇਵਗੰਧਾਰੀ – ਬਾਣੀ ਸ਼ਬਦ-Raag Devgandhari – Bani

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿੱਡਰ, ਦੁਸ਼ਮਨੀ-ਰਹਿਤ ਅਜਮਨਾ ਅਤੇ ਸਵੈ-ਪ੍ਰਕਾਸ਼ਵਾਨ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਰਾਗੁ ਦੇਵਗੰਧਾਰੀ ਮਹਲਾ ੪ ਘਰੁ ੧ ॥

ਰਾਗ ਦੇਵ ਗੰਧਾਰੀ। ਚਉਥੀ ਪਾਤਿਸ਼ਾਹੀ।

ਸੇਵਕ ਜਨ ਬਨੇ, ਠਾਕੁਰ ਲਿਵ ਲਾਗੇ ॥

ਜੋ ਸੁਆਮੀ ਦੇ ਗੋਲੇ ਦੇ ਗੁਮਾਸ਼ਤੇ ਥੀ ਵੰਞਦੇ ਹਨ, ਉਨ੍ਹਾਂ ਦਾ ਉਸ ਨਾਲ ਪਿਆਰ ਪੈ ਜਾਂਦਾ ਹੈ।

ਜੋ ਤੁਮਰਾ ਜਸੁ ਕਹਤੇ ਗੁਰਮਤਿ; ਤਿਨ ਮੁਖ ਭਾਗ ਸਭਾਗੇ ॥੧॥ ਰਹਾਉ ॥

ਜਿਹੜੇ, ਗੁਰਾਂ ਦੇ ਉਪਦੇਸ਼ ਤਾਬੇ, ਤੇਰੀ ਸਿਫ਼ਤ-ਸਲਾਹ ਉਚਾਰਨ ਕਰਦੇ ਹਨ, ਹੇ ਸਾਹਿਬ! ਉਨ੍ਹਾਂ ਦੇ ਚਿਹਰੇ ਉਤੇ ਚੰਗੇ ਨਸੀਬ ਹੀ ਨਹੀਂ, ਸਗੋਂ ਬਹੁਤ ਚੰਗੇ ਨਸੀਬ ਲਿਖੇ ਹੋਏ ਹਨ। ਠਹਿਰਾਉ।

ਟੂਟੇ ਮਾਇਆ ਕੇ ਬੰਧਨ ਫਾਹੇ; ਹਰਿ ਰਾਮ ਨਾਮ ਲਿਵ ਲਾਗੇ ॥

ਸੁਆਮੀ ਮਾਲਕ ਦੇ ਨਾਮ ਨਾਲ ਬਿਰਤੀ ਜੋੜਨ ਦੁਆਰਾ ਮੋਹਨੀ ਮਾਇਆ ਦੇ ਜੂੜ ਅਤੇ ਜਾਲ ਕੱਟੇ ਜਾਂਦੇ ਹਨ।

ਹਮਰਾ ਮਨੁ ਮੋਹਿਓ ਗੁਰ ਮੋਹਿਨ; ਹਮ ਬਿਸਮ ਭਈ ਮੁਖਿ ਲਾਗੇ ॥੧॥

ਫਰੇਫਤਾ ਕਰਨਹਾਰ (ਮੋਹ ਲੈਣ ਵਾਲੇ) ਗੁਰੂ ਨੇ ਮੇਰੀ ਆਤਮਾ ਨੂੰ ਫਰੇਫਤਾ ਕਰ ਲਿਆ ਹੈ। ਉਸ ਨੂੰ ਵੇਖ ਕੇ ਮੈਂ ਅਸਚਰਜ ਹੋ ਗਈ ਹਾਂ।

ਸਗਲੀ ਰੈਣਿ ਸੋਈ ਅੰਧਿਆਰੀ; ਗੁਰ ਕਿੰਚਤ ਕਿਰਪਾ ਜਾਗੇ ॥

ਸਾਰੀ ਅਨ੍ਹੇਰੀ ਰਾਤ ਮੈਂ ਸੁੱਤੀ ਹੀ ਰਹੀ। ਗੁਰਾਂ ਦੀ ਛਿਨ ਮਾਤ੍ਰ ਦਇਆ ਦੁਆਰਾ ਮੈਂ ਜਾਗ ਉਠੀ।

ਜਨ ਨਾਨਕ ਕੇ ਪ੍ਰਭ ਸੁੰਦਰ ਸੁਆਮੀ; ਮੋਹਿ ਤੁਮ ਸਰਿ ਅਵਰੁ ਨ ਲਾਗੇ ॥੨॥੧॥

ਹੇ ਗੋਲੇ ਨਾਨਕ ਦੇ ਸੁਨੱਖੇ ਸੁਆਮੀ ਮਾਲਕ, ਮੈਨੂੰ ਤੇਰੇ ਬਰਾਬਰ ਦਾ ਕੋਈ ਵੀ ਮਲੂਮ ਨਹੀਂ ਹੁੰਦਾ।


ਦੇਵਗੰਧਾਰੀ ॥

ਦੇਵ ਗੰਧਾਰੀ।

ਮੇਰੋ ਸੁੰਦਰੁ; ਕਹਹੁ, ਮਿਲੈ ਕਿਤੁ ਗਲੀ ॥

ਮੈਨੂੰ ਦੱਸ, ਕਿ ਕਿਹੜੇ ਕੂਚੇ ਵਿੱਚ ਮੈਨੂੰ ਮੇਰਾ ਸੋਹਣਾ ਸੁਆਮੀ ਮਿਲੂਗਾ?

ਹਰਿ ਕੇ ਸੰਤ ਬਤਾਵਹੁ ਮਾਰਗੁ; ਹਮ ਪੀਛੈ ਲਾਗਿ ਚਲੀ ॥੧॥ ਰਹਾਉ ॥

ਹੇ ਵਾਹਿਗੁਰੂ ਦੇ ਸੰਤੋ! ਮੈਨੂੰ ਰਸਤਾ ਦਿਖਾਓਂ, ਜਿਸ ਮਗਰ ਮੈਂ ਤੁਰੀ ਜਾਵਾਂ। ਠਹਿਰਾਉ।

ਪ੍ਰਿਅ ਕੇ ਬਚਨ ਸੁਖਾਨੇ ਹੀਅਰੈ; ਇਹ ਚਾਲ ਬਨੀ ਹੈ ਭਲੀ ॥

ਮੇਰੇ ਪ੍ਰੀਤਮ ਦੇ ਬਚਨ ਬਿਲਾਸ ਮੈਂਡੇ ਮਨ ਨੂੰ ਚੰਗੇ ਲੱਗਦੇ ਹਨ। ਸ੍ਰੇਸ਼ਟ ਹੈ ਇਹ ਰੀਤ, ਜੋ ਕਾਇਮ ਹੋ ਗਈ ਹੈ।

ਲਟੁਰੀ ਮਧੁਰੀ ਠਾਕੁਰ ਭਾਈ; ਓਹ ਸੁੰਦਰਿ, ਹਰਿ ਢੁਲਿ ਮਿਲੀ ॥੧॥

ਕੁੱਬੀ ਅਤੇ ਨਿਕੜੀ ਜਿਹੀ ਹੋਣ ਦੇ ਬਾਵਜੂਦ, ਜੇਕਰ ਉਹ ਆਪਣੇ ਸਾਹਿਬ ਨੂੰ ਚੰਗੀ ਲੱਗਦੀ ਹੈ ਤਾਂ ਉਹ ਸੁਹਣੀ ਹੋ ਜਾਂਦੀ ਹੈ ਅਤੇ ਮੋਮ ਹੋ ਕੇ ਮਾਲਕ ਨੂੰ ਮਿਲ ਪੈਂਦੀ ਹੈ।

ਏਕੋ ਪ੍ਰਿਉ, ਸਖੀਆ ਸਭ ਪ੍ਰਿਅ ਕੀ; ਜੋ ਭਾਵੈ ਪਿਰ, ਸਾ ਭਲੀ ॥

ਪ੍ਰੀਤਮ ਕੇਵਲ ਇਕੋ ਹੀ ਹੈ ਅਤੇ ਸਾਰੀਆਂ ਪ੍ਰੀਤਮ ਦੀਆਂ ਪਤਨੀਆਂ ਹਨ, ਜਿਹੜੀ ਪਤੀ ਨੂੰ ਚੰਗੀ ਲੱਗਦੀ ਹੈ, ਉਹੀ ਸ੍ਰੇਸ਼ਟ ਹੈ।

ਨਾਨਕੁ ਗਰੀਬੁ ਕਿਆ ਕਰੈ ਬਿਚਾਰਾ? ਹਰਿ ਭਾਵੈ ਤਿਤੁ ਰਾਹਿ ਚਲੀ ॥੨॥੨॥

ਨਿਮਾਣਾ ਅਤੇ ਨਿਰਬਲ ਨਾਨਕ ਕੀ ਕਰ ਸਕਦਾ ਹੈ? ਉਹ ਉਸ ਰਸਤੇ ਟੁਰਦਾ ਹੈ, ਜੋ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ।


ਦੇਵਗੰਧਾਰੀ ॥

ਦੇਵ ਗੰਧਾਰੀ।

ਮੇਰੇ ਮਨ! ਮੁਖਿ ਹਰਿ ਹਰਿ, ਹਰਿ ਬੋਲੀਐ ॥

ਹੇ ਮੇਰੀ ਜਿੰਦੜੀਏ! ਤੂੰ ਆਪਣੇ ਮੂੰਹ ਨਾਲ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ।

ਗੁਰਮੁਖਿ ਰੰਗਿ ਚਲੂਲੈ ਰਾਤੀ; ਹਰਿ ਪ੍ਰੇਮ ਭੀਨੀ ਚੋਲੀਐ ॥੧॥ ਰਹਾਉ ॥

ਗੁਰੂ-ਪਿਆਰੀ ਪੋਸਤ ਦੇ ਫੁੱਲ ਵਾਂਙੂੰ ਲਾਲ ਰੰਗਤ ਨਾਲ ਰੰਗੀਜੀ ਹੋਈ ਹੈ ਅਤੇ ਉਸ ਦਾ ਚੋਗਾ ਆਪਣੇ ਸੁਆਮੀ ਦੀ ਪ੍ਰੀਤ ਨਾਲ ਤਰੋ-ਤਰ ਹੋਇਆ ਹੋਇਆ ਹੈ। ਠਹਿਰਾਉ।

ਹਉ ਫਿਰਉ ਦਿਵਾਨੀ ਆਵਲ ਬਾਵਲ; ਤਿਸੁ ਕਾਰਣਿ ਹਰਿ ਢੋਲੀਐ ॥

ਉਸ ਪਿਆਰੇ ਵਾਹਿਗੁਰੂ ਦੇ ਲਈ ਮੈਂ ਪਗਲੀ ਦੀ ਮਾਨੰਦ ਹੈਰਾਨ ਪ੍ਰੇਸ਼ਾਨ ਹੋ ਭੌਂਦੀ ਫਿਰਦੀ ਹਾਂ।

ਕੋਈ ਮੇਲੈ ਮੇਰਾ ਪ੍ਰੀਤਮੁ ਪਿਆਰਾ; ਹਮ ਤਿਸ ਕੀ ਗੁਲ ਗੋਲੀਐ ॥੧॥

ਜਿਹੜਾ ਕੋਈ ਭੀ ਮੈਨੂੰ ਮੇਰੇ ਸਨੇਹੀ ਦਿਲਜਾਨੀ ਨਾਲ ਮਿਲਾ ਦੇਵੇ ਮੈਂ ਉਸ ਦੀਆਂ ਗੋਲੀਆਂ ਦੀ ਗੋਲੀ ਹਾਂ।

ਸਤਿਗੁਰੁ ਪੁਰਖੁ ਮਨਾਵਹੁ ਅਪੁਨਾ; ਅੰਮ੍ਰਿਤੁ ਪੀ ਝੋਲੀਐ ॥

ਮੈਂ ਆਪਣੇ ਬਲਵਾਨ ਸੱਚੇ ਗੁਰਾਂ ਨੂੰ ਪ੍ਰਸੰਨ ਕਰਦਾ ਹਾਂ ਅਤੇ ਵਾਹਿਗੁਰੂ ਦੇ ਆਬਿ-ਹਿਯਾਤ ਨੂੰ ਪਾਨ ਕਰ ਕੇ, ਖੁਸ਼ੀ ਵਿੱਚ ਝੂਮਦਾ ਹਾਂ।

ਗੁਰ ਪ੍ਰਸਾਦਿ ਜਨ ਨਾਨਕ ਪਾਇਆ; ਹਰਿ ਲਾਧਾ ਦੇਹ ਟੋਲੀਐ ॥੨॥੩॥

ਗੁਰੂ ਦੀ ਮਿਹਰਵਾਨੀ ਰਾਹੀਂ ਗੋਲੇ ਨਾਨਕ ਨੇ ਆਪਣੀ ਸਰੀਰ ਨੂੰ ਖੋਜ ਕੇ ਵਾਹਿਗੁਰੂ ਨੂੰ ਲੱਭ ਕੇ ਪ੍ਰਾਪਤ ਕਰ ਲਿਆ ਹੈ।


ਦੇਵਗੰਧਾਰੀ ॥

ਦੇਵ ਗੰਧਾਰੀ।

ਅਬ ਹਮ ਚਲੀ, ਠਾਕੁਰ ਪਹਿ ਹਾਰਿ ॥

ਮੈਂ ਹੁਣ ਹਾਰ ਹੁੱਟ ਕੇ ਆਪਣੇ ਮਾਲਕ ਕੋਲ ਆ ਗਈ ਹਾਂ।

ਜਬ ਹਮ ਸਰਣਿ ਪ੍ਰਭੂ ਕੀ ਆਈ; ਰਾਖੁ ਪ੍ਰਭੂ, ਭਾਵੈ ਮਾਰਿ ॥੧॥ ਰਹਾਉ ॥

ਹੁਣ ਜਦ ਮੈਂ ਤੇਰੀ ਪਨਾਹ ਲੈ ਲਈ ਹੈ, ਹੇ ਮੇਰੇ ਸੁਆਮੀ ਮਾਲਕ! ਤੂੰ ਚਾਹੇ ਮੈਨੂੰ ਮਾਰ, ਚਾਹੇ ਰੱਖ। ਠਹਿਰਾਉ।

ਲੋਕਨ ਕੀ ਚਤੁਰਾਈ ਉਪਮਾ; ਤੇ ਬੈਸੰਤਰਿ ਜਾਰਿ ॥

ਲੋਕਾਂ ਦੀਆਂ ਚਤੁਰਵਿਧੀਆਂ ਅਤੇ ਸਿਫ਼ਤ-ਸ਼ਲਾਘਾ, ਉਨ੍ਹਾਂ ਨੂੰ ਮੈਂ ਅੱਗ ਵਿੱਚ ਸਾੜ ਸੁੱਟਿਆ ਹੈ।

ਕੋਈ ਭਲਾ ਕਹਉ, ਭਾਵੈ ਬੁਰਾ ਕਹਉ; ਹਮ ਤਨੁ ਦੀਓ ਹੈ ਢਾਰਿ ॥੧॥

ਕੋਈ ਜਣਾ ਮੈਨੂੰ ਚੰਗਾ ਆਖੇ ਜਾਂ ਮੰਦਾ ਆਖੇ, ਮੈਂ ਆਪਣੀ ਦੇਹ ਤੇਰੀ ਭੇਟਾ ਕਰ ਦਿੱਤੀ ਹੈ।

ਜੋ ਆਵਤ ਸਰਣਿ ਠਾਕੁਰ ਪ੍ਰਭੁ ਤੁਮਰੀ; ਤਿਸੁ ਰਾਖਹੁ ਕਿਰਪਾ ਧਾਰਿ ॥

ਮੇਰੇ ਸੁਆਮੀ ਮਾਲਕ! ਜੋ ਕੋਈ ਤੇਰੀ ਪਨਾਹ ਲੈਂਦਾ ਹੈ, ਮਿਹਰਬਾਨੀ ਕਰ ਕੇ, ਤੂੰ ਉਸ ਦੀ ਰੱਖਿਆ ਕਰ।

ਜਨ ਨਾਨਕ ਸਰਣਿ ਤੁਮਾਰੀ ਹਰਿ ਜੀਉ; ਰਾਖਹੁ ਲਾਜ ਮੁਰਾਰਿ ॥੨॥੪॥

ਗੋਲੇ ਨਾਨਕ ਨੇ ਤੇਰੀ ਸ਼ਰਣਾਗਤ ਸੰਭਾਲੀ ਹੈ, ਹੇ ਮੁਰ ਰਾਖਸ਼ ਮਾਰਨ ਵਾਲੇ, ਮਾਣਨੀਯ ਵਾਹਿਗੁਰੂ! ਤੂੰ ਉਸ ਦੀ ਪੱਤ ਆਬਰੂ ਬਰਕਰਾਰ ਰੱਖ।


ਦੇਵਗੰਧਾਰੀ ॥

ਦੇਵ ਗੰਧਾਰੀ।

ਹਰਿ ਗੁਣ ਗਾਵੈ, ਹਉ ਤਿਸੁ ਬਲਿਹਾਰੀ ॥

ਮੈਂ ਉਸ ਉਤੋਂ ਸਦਕੇ ਜਾਂਦਾ ਹਾਂ, ਜੋ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ।

ਦੇਖਿ ਦੇਖਿ ਜੀਵਾ ਸਾਧ ਗੁਰ ਦਰਸਨੁ; ਜਿਸੁ ਹਿਰਦੈ ਨਾਮੁ ਮੁਰਾਰੀ ॥੧॥ ਰਹਾਉ ॥

ਮੈਂ ਉਨ੍ਹਾਂ ਸੰਤ ਗੁਰੂ ਜੀ ਦਾ ਦੀਦਾਰ ਇਕਰੱਸ ਵੇਖਣ ਦੁਆਰਾ ਜੀਊਦਾ ਹਾਂ, ਜਿਨ੍ਹਾਂ ਦੇ ਮਨ ਅੰਦਰ ਸੁਆਮੀ ਦਾ ਨਾਮ ਹੈ। ਠਹਿਰਾਉ।

ਤੁਮ ਪਵਿਤ੍ਰ ਪਾਵਨ ਪੁਰਖ ਪ੍ਰਭ ਸੁਆਮੀ; ਹਮ ਕਿਉ ਕਰਿ ਮਿਲਹ? ਜੂਠਾਰੀ ॥

ਤੂੰ ਪੁਨੀਤ ਤੇ ਸ਼ੁੱਧ ਸਰਬ-ਸ਼ਕਤੀਵਾਨ ਸੁਆਮੀ ਮਾਲਕ ਹੈ। ਮੈਂ ਅਪਵਿੱਤ੍ਰ, ਤੈਨੂੰ ਕਿਸ ਤਰ੍ਹਾਂ ਮਿਲ ਸਕਦਾ ਹਾਂ?

ਹਮਰੈ ਜੀਇ ਹੋਰੁ, ਮੁਖਿ ਹੋਰੁ ਹੋਤ ਹੈ; ਹਮ ਕਰਮਹੀਣ ਕੂੜਿਆਰੀ ॥੧॥

ਮੇਰੇ ਅੰਤਰ-ਆਤਮੇ ਇਕ ਗੱਲ ਹੈ ਅਤੇ ਮੂੰਹ ਤੋਂ ਹੋਰ ਹੀ ਆਖਦਾ ਹਾਂ। ਮੈਂ ਇਕ ਨਿਕਰਮਣ ਝੂਠਾ ਹਾਂ।

ਹਮਰੀ ਮੁਦ੍ਰ ਨਾਮੁ ਹਰਿ ਸੁਆਮੀ; ਰਿਦ ਅੰਤਰਿ ਦੁਸਟ ਦੁਸਟਾਰੀ ॥

ਦੇਖਣ ਵਿੱਚ ਮੈਂ ਵਾਹਿਗੁਰੂ ਸੁਆਮੀ ਦੇ ਨਾਮ ਨੂੰ ਜਪਦਾ ਹਾਂ। ਆਪਣੇ ਹਿਰਦੇ ਅੰਦਰ ਮੈਂ ਪਾਂਬਰਾਂ ਦੀ ਪਾਂਬਰਤਾ ਧਾਰਨ ਕੀਤੀ ਹੋਈ ਹੈ।

ਜਿਉ ਭਾਵੈ, ਤਿਉ ਰਾਖਹੁ ਸੁਆਮੀ; ਜਨ ਨਾਨਕ ਸਰਣਿ ਤੁਮ੍ਹ੍ਹਾਰੀ ॥੨॥੫॥

ਗੋਲੇ ਨਾਨਕ ਨੇ ਤੇਰੀ ਪਨਾਹ ਲਈ ਹੈ, ਹੇ ਸਾਹਿਬ ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਤੂੰ ਉਸ ਦੀ ਰੱਖਿਆ ਕਰ।


ਦੇਵਗੰਧਾਰੀ ॥

ਦੇਵ ਗੰਧਾਰੀ।

ਹਰਿ ਕੇ ਨਾਮ ਬਿਨਾ, ਸੁੰਦਰਿ ਹੈ ਨਕਟੀ ॥

ਵਾਹਿਗੁਰੂ ਦੇ ਨਾਮ ਦੇ ਬਾਝੋਂ ਸੁਹਣਾ ਸੁਨੱਖਾ ਪੁਰਸ਼ ਨੱਕ-ਵੱਢਾ ਹੈ।

ਜਿਉ ਬੇਸੁਆ ਕੇ ਘਰਿ ਪੂਤੁ ਜਮਤੁ ਹੈ; ਤਿਸੁ ਨਾਮੁ ਪਰਿਓ ਹੈ ਧ੍ਰਕਟੀ ॥੧॥ ਰਹਾਉ ॥

ਜਿਸ ਤਰ੍ਹਾਂ ਇਕ ਵੇਸਵਾ ਦੇ ਗ੍ਰਿਹ ਜੰਮਿਆ ਹੋਇਆ ਪੁੱਤਰ- ਉਸ ਦਾ ਨਾਮ ਧ੍ਰਿਕਾਰ-ਯੋਗ ਪ੍ਰਾਣੀ ਪੈ ਜਾਂਦਾ ਹੈ। ਠਹਿਰਾਉ।

ਜਿਨ ਕੈ ਹਿਰਦੈ, ਨਾਹਿ ਹਰਿ ਸੁਆਮੀ; ਤੇ ਬਿਗੜ ਰੂਪ ਬੇਰਕਟੀ ॥

ਜਿਨ੍ਹਾਂ ਦੇ ਅੰਤਸ਼-ਕਰਨ ਅੰਦਰ ਵਾਹਿਗੁਰੂ ਮਾਲਕ ਨਹੀਂ, ਉਹ ਬਦ-ਸ਼ਕਲ ਕੋੜ੍ਹੀ ਹੈਨ।

ਜਿਉ ਨਿਗੁਰਾ ਬਹੁ ਬਾਤਾ ਜਾਣੈ; ਓਹੁ ਹਰਿ ਦਰਗਹ ਹੈ ਭ੍ਰਸਟੀ ॥੧॥

ਉਹ ਗੁਰੂ-ਵਿਹੂਣ ਪੁਰਸ਼ ਦੀ ਮਾਨਿੰਦ ਹਨ, ਜੋ ਬਹੁਤੀਆਂ ਗੱਲਾਂ ਜਾਣਦਾ ਹੈ। ਲਾਨ੍ਹਤ ਮਾਰਿਆ ਹੈ। ਉਹ ਰੱਬ ਦੇ ਦਰਬਾਰ ਅੰਦਰ।

ਜਿਨ ਕਉ ਦਇਆਲੁ ਹੋਆ ਮੇਰਾ ਸੁਆਮੀ; ਤਿਨਾ ਸਾਧ ਜਨਾ ਪਗ ਚਕਟੀ ॥

ਜਿਨ੍ਹਾਂ ਉਤੇ ਮੇਰਾ ਸਾਹਿਬ ਮਿਹਰਬਾਨ ਹੋ ਜਾਂਦਾ ਹੈ, ਉਹ ਨੇਕ ਪੁਰਸ਼ਾਂ ਦੀ ਪੈਰਾਂ ਦੀ ਤਾਂਘ ਕਰਦੇ ਹਨ।

ਨਾਨਕ ਪਤਿਤ ਪਵਿਤ ਮਿਲਿ ਸੰਗਤਿ; ਗੁਰ ਸਤਿਗੁਰ ਪਾਛੈ ਛੁਕਟੀ ॥੨॥੬॥ ਛਕਾ ੧

ਨਾਨਕ, ਸਤਿਸੰਗਤ ਨਾਲ ਜੁੜ ਕੇ ਪਾਪੀ ਪਵਿੱਤਰ ਥੀ ਵੰਞਦੇ ਹਨ। ਵਿਸ਼ਾਲ ਸੱਚੇ ਗੁਰਾਂ ਦੇ ਮਗਰ ਲੱਗਣ ਦੁਆਰਾ ਉਹ ਬੰਦ-ਖਲਾਸ ਹੋ ਜਾਂਦੇ ਹਨ।


ਦੇਵਗੰਧਾਰੀ ਮਹਲਾ ੫ ਘਰੁ ੨

ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਮਾਈ! ਗੁਰ ਚਰਣੀ ਚਿਤੁ ਲਾਈਐ ॥

ਹੇ ਮਾਤਾ! ਮੈਂ ਆਪਣੀ ਬਿਰਤੀ ਗੁਰਾਂ ਦੇ ਪੈਰਾਂ ਨਾਲ ਜੋੜਦਾ ਹਾਂ।

ਪ੍ਰਭੁ ਹੋਇ ਕ੍ਰਿਪਾਲੁ ਕਮਲੁ ਪਰਗਾਸੇ; ਸਦਾ ਸਦਾ ਹਰਿ ਧਿਆਈਐ ॥੧॥ ਰਹਾਉ ॥

ਸਾਹਿਬ ਦੀ ਰਹਿਮਤ ਸਦਕਾ ਮੇਰਾ ਦਿਲ-ਕੰਵਲ ਖਿੜ ਗਿਆ ਹੈ ਅਤੇ ਹਮੇਸ਼ਾਂ ਤੇ ਸਦੀਵ ਹੀ ਮੈਂ ਵਾਹਿਗੁਰੂ ਦਾ ਸਿਮਰਨ ਕਰਦਾ ਹਾਂ। ਠਹਿਰਾਉ।

ਅੰਤਰਿ ਏਕੋ, ਬਾਹਰਿ ਏਕੋ; ਸਭ ਮਹਿ ਏਕੁ ਸਮਾਈਐ ॥

ਅੰਦਰ ਇਕ ਪ੍ਰਭੂ ਹੈ, ਬਾਹਰ ਇਕ ਪ੍ਰਭੂ ਹੈ ਅਤੇ ਇਕ ਪ੍ਰਭੂ ਹੀ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ।

ਘਟਿ ਅਵਘਟਿ ਰਵਿਆ ਸਭ ਠਾਈ; ਹਰਿ ਪੂਰਨ ਬ੍ਰਹਮੁ ਦਿਖਾਈਐ ॥੧॥

ਦਿਲ ਵਿੱਚ, ਦਿਲ ਤੋਂ ਬਾਹਰ ਅਤੇ ਸਾਰੀਆਂ ਥਾਵਾਂ ਅੰਦਰ ਪਰੀਪੂਰਨ ਪ੍ਰਭੂ ਪ੍ਰਮੇਸ਼ਰ ਰਮਿਆ ਹੋਇਆ ਵੇਖਿਆ ਜਾਂਦਾ ਹੈ।

ਉਸਤਤਿ ਕਰਹਿ ਸੇਵਕ ਮੁਨਿ ਕੇਤੇ; ਤੇਰਾ ਅੰਤੁ ਨ ਕਤਹੂ ਪਾਈਐ ॥

ਤੇਰੇ ਬਹੁਤ ਸਾਰੇ ਗੋਲੇ ਤੇ ਰਿਸ਼ੀ ਤੇਰਾ ਜੱਸ ਗਾਇਨ ਕਰਦੇ ਹਨ, ਪਰ ਕੋਈ ਭੀ ਤੇਰਾ ਓੜਕ ਨਹੀਂ ਜਾਣਦਾ।

ਸੁਖਦਾਤੇ, ਦੁਖ ਭੰਜਨ ਸੁਆਮੀ! ਜਨ ਨਾਨਕ ਸਦ ਬਲਿ ਜਾਈਐ ॥੨॥੧॥

ਹੇ ਤੂੰ ਆਰਾਮ ਬਖਸ਼ਣਹਾਰ ਅਤੇ ਤਕਲੀਫ ਦੂਰ ਕਰਨ ਵਾਲੇ ਪ੍ਰਭੂ ਗੋਲਾ ਨਾਨਕ ਹਮੇਸ਼ਾਂ ਹੀ ਤੇਰੇ ਉਤੋਂ ਕੁਰਬਾਨ ਜਾਂਦਾ ਹੈ।


ਦੇਵਗੰਧਾਰੀ ॥

ਦੇਵ ਗੰਧਾਰੀ।

ਮਾਈ! ਹੋਨਹਾਰ ਸੋ ਹੋਈਐ ॥

ਹੇ ਮਾਤਾ! ਜੋ ਕੁਛ ਹੋਣਾ ਹੈ। ਉਹ ਅਵਸ਼ ਹੀ ਹੋਵੇਗਾ।

ਰਾਚਿ ਰਹਿਓ ਰਚਨਾ ਪ੍ਰਭੁ ਅਪਨੀ; ਕਹਾ ਲਾਭੁ, ਕਹਾ ਖੋਈਐ ॥੧॥ ਰਹਾਉ ॥

ਸੁਆਮੀ ਆਪਣੀ ਦੁਨੀਆਂ ਅੰਦਰ ਵਿਆਪਕ ਹੋ ਰਿਹਾ ਹੈ। ਇਨਸਾਨ ਨੂੰ ਕਿਤੇ ਫਾਇਦਾ ਕਿਤੇ ਨੁਕਸਾਨ। ਠਹਿਰਾਉ।

ਕਹ ਫੂਲਹਿ, ਆਨੰਦ ਬਿਖੈ ਸੋਗ; ਕਬ ਹਸਨੋ, ਕਬ ਰੋਈਐ ॥

ਕਿਸੇ ਵੇਲੇ ਆਦਮੀ ਖੁਸ਼ੀ ਅੰਦਰ ਫੁੱਲਿਆ ਫਿਰਦਾ ਹੈ ਤੇ ਹੋਰਸ ਵੇਲੇ ਉਹ ਪ੍ਰਾਣ ਨਾਸਕ ਮਾਤਮ ਨਾਲ ਦੁੱਖੀ ਹੁੰਦਾ ਹੈ। ਕਦੇ ਉਹ ਹੱਸਦਾ ਹੈ ਅਤੇ ਕਦੇ ਰੋਂਦਾ ਹੈ।

ਕਬਹੂ ਮੈਲੁ ਭਰੇ ਅਭਿਮਾਨੀ; ਕਬ ਸਾਧੂ ਸੰਗਿ ਧੋਈਐ ॥੧॥

ਕਦੇ ਉਹ ਹੰਕਾਰ ਦੀ ਗੰਦਗੀ ਨਾਲ ਭਰਿਆ ਪਿਆ ਹੁੰਦਾ ਹੈ ਅਤੇ ਕਦੇ ਉਹ ਸਤਿ ਸੰਗਤ ਅੰਦਰ ਇਸ ਨੂੰ ਧੋ ਸੁੱਟਦਾ ਹੈ।

ਕੋਇ ਨ ਮੇਟੈ ਪ੍ਰਭ ਕਾ ਕੀਆ; ਦੂਸਰ ਨਾਹੀ ਅਲੋਈਐ ॥

ਸਾਹਿਬ ਦੇ ਕੀਤੇ ਹੋਏ ਨੂੰ ਕੋਈ ਮੇਟ ਨਹੀਂ ਸਕਦਾ। ਮੈਨੂੰ ਉਸ ਵਰਗਾ ਹੋਰ ਕੋਈ ਦਿਸ ਨਹੀਂ ਆਉਂਦਾ।

ਕਹੁ ਨਾਨਕ ਤਿਸੁ ਗੁਰ ਬਲਿਹਾਰੀ; ਜਿਹ ਪ੍ਰਸਾਦਿ ਸੁਖਿ ਸੋਈਐ ॥੨॥੨॥

ਗੁਰੂ ਜੀ ਆਖਦੇ ਹਨ, ਮੈਂ ਉਸ ਗੁਰੂ ਉਤੋਂ ਕੁਰਬਾਨ ਜਾਂਦਾ ਹਾਂ ਜਿਸ ਦੀ ਦਇਆ ਦੁਆਰਾ ਮੈਂ ਆਰਾਮ ਨਾਲ ਸੌਂਦਾ ਹਾਂ।


ਦੇਵਗੰਧਾਰੀ ॥

ਦੇਵ ਗੰਧਾਰੀ।

ਮਾਈ! ਸੁਨਤ ਸੋਚ ਭੈ ਡਰਤ ॥

ਮੇਰੀ ਮਾਤਾ, ਜਦ ਮੈਂ ਮੌਤ ਬਾਰੇ ਸੁਣਦਾ ਅਤੇ ਸੋਚਦਾ ਹਾਂ, ਮੈਂ ਤ੍ਰਾਹ ਨਾਲ ਸਹਿਮ ਜਾਂਦਾ ਹਾਂ।

ਮੇਰ ਤੇਰ ਤਜਉ ਅਭਿਮਾਨਾ; ਸਰਨਿ ਸੁਆਮੀ ਕੀ ਪਰਤ ॥੧॥ ਰਹਾਉ ॥

ਮੇਰਾਪਨ ਤੇ ਤੇਰਾਪਨ ਅਤੇ ਹੰਕਾਰ ਦੇ ਖਿਆਲ ਨੂੰ ਛੱਡ ਕੇ ਤੈਂ ਸਾਹਿਬ ਦੀ ਸ਼ਰਣਾਗਤ ਸੰਭਾਲੀ ਹੈ। ਠਹਿਰਾਉ।

ਜੋ ਜੋ ਕਹੈ, ਸੋਈ ਭਲ ਮਾਨਉ; ਨਾਹਿ ਨ ਕਾ ਬੋਲ ਕਰਤ ॥

ਜਿਹੜਾ ਕੁਛ ਭੀ ਉਹ ਆਖਦਾ ਹੈ, ਉਸ ਨੂੰ ਮੈਂ ਚੰਗਾ ਕਰਕੇ ਜਾਣਦਾ ਹਾਂ। ਜੋ ਕੁਛ ਫੁਰਮਾਉਂਦਾ ਹੈ, ਮੈਂ ਉਸ ਨੂੰ ਨਾਂਹ ਨਹੀਂ ਕਰਦਾ।

ਨਿਮਖ ਨ ਬਿਸਰਉ ਹੀਏ ਮੋਰੇ ਤੇ; ਬਿਸਰਤ ਜਾਈ ਹਉ ਮਰਤ ॥੧॥

ਮੇਰੇ ਮਾਲਕ, ਤੂੰ ਮੇਰੇ ਚਿੱਤ ਵਿੱਚ ਇਕ ਮੁਹਤ ਲਈ ਭੀ ਪਰੇ ਨਾਂ ਹੋ। ਤੈਨੂੰ ਭੁਲਾ ਕੇ ਮੈਂ ਜੀਉਂਦਾ ਨਹੀਂ ਰਹਿੰਦਾ।

ਸੁਖਦਾਈ ਪੂਰਨ ਪ੍ਰਭੁ ਕਰਤਾ; ਮੇਰੀ ਬਹੁਤੁ ਇਆਨਪ ਜਰਤ ॥

ਪੂਰਾ ਸਿਰਜਣਹਾਰ ਸੁਆਮੀ ਆਰਾਮ ਬਖਸ਼ਣਹਾਰ ਹੈ। ਉਹ ਮੇਰੇ ਅਧਿਕ ਸਿਆਣਪੁਣੇ ਨੂੰ ਸਹਾਰਦਾ ਹੈ।

ਨਿਰਗੁਨਿ ਕਰੂਪਿ ਕੁਲਹੀਣ, ਨਾਨਕ ਹਉ; ਅਨਦ ਰੂਪ ਸੁਆਮੀ ਭਰਤ ॥੨॥੩॥

ਹੇ ਨਾਨਕ! ਮੈਂ ਖੂਬੀ-ਵਿਹੂਣ, ਕੋਝਾ ਅਤੇ ਨੀਚਵੰਸ ਦਾ ਹਾਂ, ਪ੍ਰੰਤੂ ਮੇਰਾ ਪ੍ਰਭੂ ਕੰਤ ਪ੍ਰਸੰਨਤਾ ਦਾ ਸਰੂਪ ਹੈ।


ਦੇਵਗੰਧਾਰੀ ॥

ਦੇਵ ਗੰਧਾਰੀ।

ਮਨ! ਹਰਿ ਕੀਰਤਿ ਕਰਿ ਸਦਹੂੰ ॥

ਹੇ ਮੇਰੀ ਜਿੰਦੇ! ਤੂੰ ਸਦੀਵ ਹੀ ਪ੍ਰਭੂ ਦਾ ਜੱਸ ਉਚਾਰਨ ਕਰ।

ਗਾਵਤ ਸੁਨਤ ਜਪਤ ਉਧਾਰੈ; ਬਰਨ ਅਬਰਨਾ ਸਭਹੂੰ ॥੧॥ ਰਹਾਉ ॥

ਉਸ ਨੂੰ ਗਾਉਣ, ਸੁਨਣ ਅਤੇ ਸਿਮਰਨ ਦੁਆਰਾ, ਸਾਰੇ ਬੰਦੇ ਭਾਵਨੂੰ ਉਹ ਉਚੀ ਜਾਤ ਦੇ ਹੋਣ ਜਾਂ ਨੀਵਨੂੰ ਘਰਾਣੇ ਦੇ, ਬੱਚ ਜਾਂਦੇ ਹਨ। ਠਹਿਰਾਉ।

ਜਹ ਤੇ ਉਪਜਿਓ ਤਹੀ ਸਮਾਇਓ; ਇਹ ਬਿਧਿ ਜਾਨੀ ਤਬਹੂੰ ॥

ਜਦ ਪ੍ਰਾਣ ਇਸ ਰਸਤੇ ਨੂੰ ਜਾਣ ਲੈਂਦਾ ਹੈ, ਤਦ ਉਹ ਉਸ ਅੰਦਰ ਲੀਨ ਹੋ ਜਾਂਦਾ ਹੈ। ਜਿਸ ਤੋਂ ਉਹ ਉਤਪੰਨ ਹੋਇਆ ਸੀ।

ਜਹਾ ਜਹਾ ਇਹ ਦੇਹੀ ਧਾਰੀ; ਰਹਨੁ ਨ ਪਾਇਓ ਕਬਹੂੰ ॥੧॥

ਜਿਥੇ ਕਿਤੇ ਭੀ ਇਹ ਸਰੀਰ ਧਾਰਨ ਕੀਤਾ ਗਿਆ ਸੀ ਅਤੇ ਕਿਸੇ ਵੇਲੇ ਭੀ ਇਹ ਆਤਮਾ ਉਤੇ ਠਹਿਰਨ ਨਹੀਂ ਦਿੱਤੀ ਗਈ।

ਸੁਖੁ ਆਇਓ ਭੈ ਭਰਮ ਬਿਨਾਸੇ; ਕ੍ਰਿਪਾਲ ਹੂਏ ਪ੍ਰਭ ਜਬਹੂ ॥

ਜਦ ਮਾਲਕ ਮਿਹਰਬਾਨ ਹੋ ਜਾਂਦਾ ਹੈ, ਆਰਾਮ ਪ੍ਰਾਪਤ ਹੋ ਜਾਂਦਾ ਹੈ। ਡਰ ਅਤੇ ਸੰਦੇਹ ਦੂਰ ਹੋ ਜਾਂਦੇ ਹਨ।

ਕਹੁ ਨਾਨਕ, ਮੇਰੇ ਪੂਰੇ ਮਨੋਰਥ; ਸਾਧਸੰਗਿ, ਤਜਿ ਲਬਹੂੰ ॥੨॥੪॥

ਸਤਿ ਸੰਗਤ ਅੰਦਰ ਲਾਲਚ ਨੂੰ ਛੱਡ ਕੇ, ਗੁਰੂ ਜੀ ਆਖਦੇ ਹਨ, ਮੇਰੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ ਹਨ।


ਦੇਵਗੰਧਾਰੀ ॥

ਦੇਵ ਗੰਧਾਰੀ।

ਮਨ! ਜਿਉ ਅਪੁਨੇ ਪ੍ਰਭ ਭਾਵਉ ॥

ਹੇ ਮੇਰੀ ਜਿੰਦੇ! ਮੈਂ ਉਸ ਤਰ੍ਹਾਂ ਕਰਦਾ ਹਾਂ, ਜਿਸ ਤਰ੍ਹਾਂ ਮੇਰੇ ਮਾਲਕ ਨੂੰ ਭਾਉਂਦਾ ਹੈ।

ਨੀਚਹੁ ਨੀਚੁ ਨੀਚੁ ਅਤਿ ਨਾਨ੍ਹ੍ਹਾ; ਹੋਇ ਗਰੀਬੁ ਬੁਲਾਵਉ ॥੧॥ ਰਹਾਉ ॥

ਮੈਂ ਨੀਵਿਆਂ ਤੋਂ ਮਹਾ ਨੀਵੇ, ਅਧਮ ਅਤੇ ਪਰਮ ਨਿੱਕੜੇ ਨੂੰ ਭੀ ਗਰੀਬੜਾ ਹੋ ਸੰਬੋਧਨ ਕਰਦਾ ਹਾਂ, ਠਹਿਰਾਉ।

ਅਨਿਕ ਅਡੰਬਰ ਮਾਇਆ ਕੇ ਬਿਰਥੇ; ਤਾ ਸਿਉ ਪ੍ਰੀਤਿ ਘਟਾਵਉ ॥

ਵਿਅਰਥ ਹਨ, ਧਨ-ਦੌਲਤ ਦੇ ਅਨੇਕਾਂ ਦਿਖਲਾਵੇ ਉਨ੍ਹਾਂ ਨਾਲ ਮੈਂ ਆਪਣੇ ਪਿਆਰ ਨੂੰ ਕੰਮ ਕਰਦਾ ਹਾਂ।

ਜਿਉ ਅਪੁਨੋ ਸੁਆਮੀ ਸੁਖੁ ਮਾਨੈ; ਤਾ ਮਹਿ ਸੋਭਾ ਪਾਵਉ ॥੧॥

ਜਿਸ ਤਰ੍ਹਾਂ ਮੇਰਾ ਮਾਲਕ ਪ੍ਰਸੰਨ ਹੁੰਦਾ ਹੈ, ਉਸ ਵਿੱਚ ਹੀ ਮੈਂ ਵਡਿਆਈ ਪ੍ਰਾਪਤ ਕਰਦਾ ਹਾਂ।

ਦਾਸਨ ਦਾਸ ਰੇਣੁ ਦਾਸਨ ਕੀ; ਜਨ ਕੀ ਟਹਲ ਕਮਾਵਉ ॥

ਮੈਂ ਵਾਹਿਗੁਰੂ ਦੇ ਗੋਲਿਆਂ ਦਾ ਗੋਲਾ ਹਾਂ, ਉਸ ਦੇ ਗੋਲਿਆਂ ਦੇ ਪੈਰਾਂ ਦੀ ਖਾਕ ਹੁੰਦਾ ਹਾਂ ਅਤੇ ਉਸ ਦੇ ਗੋਲਿਆਂ ਦੇ ਪੈਰਾਂ ਦੀ ਖਾਕ ਹੁੰਦਾ ਹਾਂ ਅਤੇ ਉਸ ਨੇ ਸੇਵਕਾਂ ਦੀ ਸੇਵਾ ਕਰਦਾ ਹਾਂ।

ਸਰਬ ਸੂਖ ਬਡਿਆਈ ਨਾਨਕ, ਜੀਵਉ ਮੁਖਹੁ ਬੁਲਾਵਉ ॥੨॥੫॥

ਆਪਣੇ ਮੂੰਹ ਨਾਲ ਰੱਬ ਦਾ ਨਾਮ ਉਚਾਰਨ ਕਰਦਾ ਹੋਇਆ ਜੇਕਰ ਮੈਂ ਆਪਣਾ ਜੀਵਨ ਬਤੀਤ ਕਰਾਂ ਹੇ ਨਾਨਕ! ਤਾਂ ਮੈਂ ਸਮੂਹ ਆਰਾਮ ਤੇ ਬਜ਼ੁਰਗੀ ਪਾ ਲੈਂਦਾ ਹਾਂ।


ਦੇਵਗੰਧਾਰੀ ॥

ਦੇਵ ਗੰਧਾਰੀ।

ਪ੍ਰਭ ਜੀ! ਤਉ ਪ੍ਰਸਾਦਿ, ਭ੍ਰਮੁ ਡਾਰਿਓ ॥

ਤੇਰੀ ਕ੍ਰਿਪਾ ਦੁਆਰਾ ਹੇ ਮਾਣਨੀਯ ਮਾਲਕ! ਮੈਂ ਆਪਣਾ ਸੰਦੇਹ ਦੂਰ ਕਰ ਦਿੱਤਾ ਹੈ।

ਤੁਮਰੀ ਕ੍ਰਿਪਾ ਤੇ ਸਭੁ ਕੋ ਅਪਨਾ; ਮਨ ਮਹਿ ਇਹੈ ਬੀਚਾਰਿਓ ॥੧॥ ਰਹਾਉ ॥

ਮੈਂ ਆਪਣੇ ਚਿੱਤ ਵਿੱਚ ਇਹ ਸੋਚਿਆ ਸਮਝਿਆ ਹੈ, ਕਿ ਤੇਰੀ ਦਇਆ ਦੁਆਰਾ ਹਰ ਕੋਈ ਮੇਰਾ ਹੀ ਹੈ। ਠਹਿਰਾਉ।

ਕੋਟਿ ਪਰਾਧ ਮਿਟੇ ਤੇਰੀ ਸੇਵਾ; ਦਰਸਨਿ ਦੂਖੁ ਉਤਾਰਿਓ ॥

ਤੇਰੀ ਚਾਕਰੀ ਦੁਆਰਾ ਕ੍ਰੋੜਾਂ ਹੀ ਪਾਪ ਮਿੱਟ ਜਾਂਦੇ ਹਨ ਅਤੇ ਤੇਰਾ ਦੀਦਾਰ ਦੁੱਖੜੇ ਨੂੰ ਦੂਰ ਕਰ ਦਿੰਦਾ ਹੈ।

ਨਾਮੁ ਜਪਤ ਮਹਾ ਸੁਖੁ ਪਾਇਓ; ਚਿੰਤਾ ਰੋਗੁ ਬਿਦਾਰਿਓ ॥੧॥

ਤੇਰੇ ਨਾਮ ਦਾ ਉਚਾਰਨ ਕਰਕੇ ਮੈਂ ਪਰਮ ਅਨੰਦ ਪ੍ਰਾਪਤ ਕਰ ਲਿਆ ਹੈ ਅਤੇ ਮੇਰੇ ਸਾਰੇ ਫਿਕਰ ਤੇ ਰੋਗ ਮਿੱਟ ਗਏ ਹਨ।

ਕਾਮੁ ਕ੍ਰੋਧੁ ਲੋਭੁ ਝੂਠੁ ਨਿੰਦਾ; ਸਾਧੂ ਸੰਗਿ ਬਿਸਾਰਿਓ ॥

ਸਤਿ ਸੰਗਤ ਅੰਦਰ ਮੈਂ ਵਿਸ਼ੇ ਭੋਗਾਂ, ਗੁੱਸੇ, ਲਾਲਚ ਕੂੜ ਅਤੇ ਹੋਰਨਾ ਦੀ ਬਦਖੋਈ ਕਰਨ ਨੂੰ ਭੁੱਲ ਗਿਆ ਹਾਂ।

ਮਾਇਆ ਬੰਧ ਕਾਟੇ ਕਿਰਪਾ ਨਿਧਿ; ਨਾਨਕ ਆਪਿ ਉਧਾਰਿਓ ॥੨॥੬॥

ਨਾਨਕ, ਰਹਿਮਤ ਦੇ ਸਮੁੰਦਰ, ਹਰੀ ਨੇ ਖੁਦ ਮੇਰੀਆਂ ਮਾਈਆ ਦੀਆਂ ਬੇੜੀਆਂ ਕੱਟ ਕੇ ਮੈਨੂੰ ਬਚਾਇਆ ਹੈ।


ਦੇਵਗੰਧਾਰੀ ॥

ਦੇਵ ਗੰਧਾਰੀ।

ਮਨ, ਸਗਲ ਸਿਆਨਪ ਰਹੀ ॥

ਮੇਰੇ ਚਿੱਤ ਦੀ ਸਾਰੀ ਚਤੁਰਾਈ ਖਤਮ ਹੋ ਗਈ ਹੈ।

ਕਰਨ ਕਰਾਵਨਹਾਰ ਸੁਆਮੀ; ਨਾਨਕ ਓਟ ਗਹੀ ॥੧॥ ਰਹਾਉ ॥

ਸਾਹਿਬ ਕਰਨ ਵਾਲਾ ਅਤੇ ਕਰਾਉਣ ਵਾਲਾ ਹੈ। ਨਾਨਕ ਨੇ ਉਸ ਦੀ ਪਨਾਹ ਪਕੜੀ ਹੈ। ਠਹਿਰਾਉ।

ਆਪੁ ਮੇਟਿ ਪਏ ਸਰਣਾਈ; ਇਹ ਮਤਿ ਸਾਧੂ ਕਹੀ ॥

ਸਵੈ-ਹੰਗਤਾ ਨੂੰ ਮੇਟ ਕੇ ਮੈਂ ਵਾਹਿਗੁਰੂ ਦੀ ਓਟ ਲਈ ਹੈ। ਇਹ ਸਿਆਣਪ ਦੀ ਗੱਲ ਸੰਤ ਸਰੂਪ ਗੁਰਾਂ ਨੇ ਉਚਾਰਨ ਕੀਤੀ ਹੈ।

ਪ੍ਰਭ ਕੀ ਆਗਿਆ ਮਾਨਿ ਸੁਖੁ ਪਾਇਆ; ਭਰਮੁ ਅਧੇਰਾ ਲਹੀ ॥੧॥

ਸੁਆਮੀ ਦੀ ਰਜ਼ਾ ਨੂੰ ਕਬੂਲ ਕਰਨ ਦੁਆਰਾ, ਮੈਂ ਆਰਾਮ ਪਾ ਲਿਆ ਹੈ ਅਤੇ ਮੇਰਾ ਵਹਿਮ ਦਾ ਅਨ੍ਹੇਰਾ ਦੂਰ ਹੋ ਗਿਆ ਹੈ।

ਜਾਨ ਪ੍ਰਬੀਨ ਸੁਆਮੀ ਪ੍ਰਭ ਮੇਰੇ; ਸਰਣਿ ਤੁਮਾਰੀ ਅਹੀ ॥

ਤੈਨੂੰ ਹਰ ਤਰ੍ਹਾਂ ਸਿਆਣਾ ਸਮਝ ਕੇ, ਹੇ ਮੈਂਡੇ ਸਾਹਿਬ ਮਾਲਕ! ਮੈਂ ਤੇਰੀ ਸ਼ਰਨ ਦੀ ਚਾਹਨਾ ਕੀਤੀ ਹੈ।

ਖਿਨ ਮਹਿ, ਥਾਪਿ ਉਥਾਪਨਹਾਰੇ; ਕੁਦਰਤਿ ਕੀਮ ਨ ਪਹੀ ॥੨॥੭॥

ਇਕ ਮੁਹਤ ਵਿੱਚ ਤੂੰ ਟਿਕਾ ਅਤੇ ਉਖੇੜ ਦਿੰਦਾ ਹੈ। ਤੇਰੀ ਆਪਾਰ ਸ਼ਕਤੀ ਦਾ ਮੁੱਲ ਪਾਇਆ ਨਹੀਂ ਜਾ ਸਕਦਾ।


ਦੇਵਗੰਧਾਰੀ ਮਹਲਾ ੫ ॥

ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।

ਹਰਿ ਪ੍ਰਾਨ, ਪ੍ਰਭੂ ਸੁਖਦਾਤੇ ॥

ਪ੍ਰਮੇਸ਼ਰ ਪਾਰਬ੍ਰਹਮ ਮੇਰੀ ਜਿੰਦ ਜਾਨ ਹੈ। ਉਹ ਆਰਾਮ ਦੇਣ ਵਾਲਾ ਹੈ।

ਗੁਰ ਪ੍ਰਸਾਦਿ, ਕਾਹੂ ਜਾਤੇ ॥੧॥ ਰਹਾਉ ॥

ਗੁਰਾਂ ਦੀ ਰਹਿਮਤ ਸਦਕਾ ਕੋਈ ਵਿਰਲਾ ਹੀ ਉਸ ਨੂੰ ਜਾਣਦਾ ਹੈ। ਠਹਿਰਾਉ।

ਸੰਤ ਤੁਮਾਰੇ ਤੁਮਰੇ ਪ੍ਰੀਤਮ; ਤਿਨ ਕਉ ਕਾਲ ਨ ਖਾਤੇ ॥

ਤੇਰੇ ਸਾਧੂ ਤੈਨੂੰ ਪਿਆਰੇ ਹਨ। ਉਨ੍ਹਾਂ ਨੂੰ ਮੌਤ ਨਹੀਂ ਨਿਗਲਦੀ।

ਰੰਗਿ ਤੁਮਾਰੈ ਲਾਲ ਭਏ ਹੈ; ਰਾਮ ਨਾਮ ਰਸਿ ਮਾਤੇ ॥੧॥

ਤੇਰੇ ਪ੍ਰੇਮ ਵਿੱਚ ਉਹ ਸੂਹੇ ਰੰਗੇ ਗਏ ਹਨ, ਸੁਆਮੀ ਦੇ ਨਾਮ ਦੇ ਅੰਮ੍ਰਿਤ ਨਾਲ ਉਹ ਮਤਵਾਲੇ ਹੋਏ ਹੋਏ ਹਨ।

ਮਹਾ ਕਿਲਬਿਖ ਕੋਟਿ ਦੋਖ ਰੋਗਾ; ਪ੍ਰਭ ਦ੍ਰਿਸਟਿ ਤੁਹਾਰੀ ਹਾਤੇ ॥

ਭਾਰੇ ਅਪਰਾਧ ਕ੍ਰੋੜਾਂ ਹੀ ਦੁੱਖਣੇ ਅਤੇ ਬੀਮਾਰੀਆਂ ਤੇਰੀ ਰਹਿਮਤ ਦੀ ਨਿਗ੍ਹਾ ਦੁਆਰਾ ਨਾਸ ਹੋ ਜਾਂਦੀਆਂ ਹਨ। ਹੇ ਸੁਆਮੀ!

ਸੋਵਤ ਜਾਗਿ ਹਰਿ ਹਰਿ ਹਰਿ ਗਾਇਆ; ਨਾਨਕ ਗੁਰ ਚਰਨ ਪਰਾਤੇ ॥੨॥੮॥

ਗੁਰਾਂ ਦੀ ਪੈਰੀਂ ਪੈ ਕੇ, ਸੁੱਤਾ ਅਤੇ ਜਾਗਦਾ ਹੋਇਆ ਨਾਨਕ, ਪ੍ਰਭੁ, ਪ੍ਰਭੂ, ਪ੍ਰਭੂ ਦਾ ਜੱਸ ਗਾਇਨ ਕਰਦਾ ਹੈ।


ਦੇਵਗੰਧਾਰੀ ੫ ॥

ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।

ਸੋ ਪ੍ਰਭੁ, ਜਤ ਕਤ ਪੇਖਿਓ ਨੈਣੀ ॥

ਉਹ ਸਾਹਿਬ ਮੈਂ ਆਪਣੀਆਂ ਅੱਖਾਂ ਨਾਲ ਹਰ ਥਾਂ ਵੇਖਿਆ ਹੈ।

ਸੁਖਦਾਈ ਜੀਅਨ ਕੋ ਦਾਤਾ; ਅੰਮ੍ਰਿਤੁ ਜਾ ਕੀ ਬੈਣੀ ॥੧॥ ਰਹਾਉ ॥

ਆਰਾਮ-ਬਖਸ਼ਣਹਾਰ ਤੇ ਜੀਵਾਂ ਦਾ ਦਾਤਾਰ ਹੈ ਉਹ ਸਾਹਿਬ। ਅੰਮ੍ਰਿਤ ਵਰਗੇ ਮਿੱਠੜੇ ਹਨ ਜਿਸ ਦੇ ਬਚਨ-ਬਿਲਾਸ ਠਹਿਰਾਉ।

ਅਗਿਆਨੁ ਅਧੇਰਾ ਸੰਤੀ ਕਾਟਿਆ; ਜੀਅ ਦਾਨੁ ਗੁਰ ਦੈਣੀ ॥

ਸਾਧੂ ਬੇਸਮਝੀ ਦੇ ਹਨ੍ਹੇਰੇ ਨੂੰ ਦੂਰ ਕਰ ਦਿੰਦੇ ਹਨ ਅਤੇ ਗੁਰੂ ਜੀ ਅਸਲ ਜੀਵਨ ਦੀ ਦਾਤ ਦੇਣ ਵਾਲੇ ਹਨ।

ਕਰਿ ਕਿਰਪਾ, ਕਰਿ ਲੀਨੋ ਅਪੁਨਾ; ਜਲਤੇ ਸੀਤਲ ਹੋਣੀ ॥੧॥

ਆਪਣੀ ਮਿਹਰ ਧਾਰ ਕੇ, ਸੁਆਮੀ ਨੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ ਅਤੇ ਸੜਦਾ ਬਲਦਾ ਹੋਇਆ, ਹੁਣ ਮੈਂ ਠੰਢਾ ਠਾਰ ਹੋ ਗਿਆ ਹਾਂ।

ਕਰਮੁ ਧਰਮੁ ਕਿਛੁ ਉਪਜਿ ਨ ਆਇਓ; ਨਹ ਉਪਜੀ ਨਿਰਮਲ ਕਰਣੀ ॥

ਚੰਗੇ ਅਮਲ ਅਤੇ ਈਮਾਨ ਮੇਰੇ ਵਿੱਚ ਭੋਰਾ ਭਰ ਭੀ ਉਤਪੰਨ ਨਹੀਂ ਹੋਏ ਅਤੇ ਨਾਂ ਹੀ ਪਵਿੱਤਰ ਚਾਲ ਚੱਲਣ ਮੇਰੇ ਵਿੱਚ ਪ੍ਰਗਟ ਹੋਇਆ ਹੈ।

ਛਾਡਿ ਸਿਆਨਪ ਸੰਜਮ ਨਾਨਕ; ਲਾਗੋ ਗੁਰ ਕੀ ਚਰਣੀ ॥੨॥੯॥

ਚਤੁਰਾਈਂ ਅਤੇ ਸਵੈ-ਭਗਤੀ ਨੂੰ ਤਿਆਗ ਕੇ ਹੇ ਨਾਨਕ! ਤੂੰ ਗੁਰਾਂ ਦੇ ਪੈਰੀਂ ਜਾ ਪਉ।


ਦੇਵਗੰਧਾਰੀ ੫ ॥

ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।

ਹਰਿ ਰਾਮ ਨਾਮੁ ਜਪਿ, ਲਾਹਾ ॥

ਤੂੰ ਸੁਆਮੀ ਵਾਹਿਗੁਰੂ ਦਾ ਨਾਮ ਉਚਾਰ। ਇਸ ਵਿੱਚ ਤੇਰਾ ਲਾਭ ਹੈ।

ਗਤਿ ਪਾਵਹਿ ਸੁਖ ਸਹਜ ਅਨੰਦਾ; ਕਾਟੇ ਜਮ ਕੇ ਫਾਹਾ ॥੧॥ ਰਹਾਉ ॥

ਇਸ ਤਰ੍ਹਾਂ ਤੂੰ ਮੁਕਤੀ, ਆਰਾਮ, ਅਡੋਲਤਾ ਅਤੇ ਖੁਸ਼ੀ ਨੂੰ ਪਾ ਲਵੇਂਗਾ ਅਤੇ ਤੇਰੀ ਮੌਤ ਦੀ ਫਾਹੀ ਕੱਟੀ ਜਾਏਗੀ। ਠਹਿਰਾਉ।

ਖੋਜਤ ਖੋਜਤ ਖੋਜਿ ਬੀਚਾਰਿਓ; ਹਰਿ ਸੰਤ ਜਨ ਪਹਿ ਆਹਾ ॥

ਭਾਲਦਿਆਂ, ਭਾਲਦਿਆਂ, ਭਾਲਦਿਆਂ ਅਤੇ ਵਿਚਾਰਦਿਆਂ ਮੈਨੂੰ ਪਤਾ ਲੱਗਾ ਹੈ ਕਿ ਪ੍ਰਭੂ ਦਾ ਨਾਮ ਪਵਿੱਤ੍ਰ ਪੁਰਸ਼ ਦੇ ਪਾਸ ਹੈ।

ਤਿਨ੍ਹ੍ਹਾ ਪਰਾਪਤਿ ਏਹੁ ਨਿਧਾਨਾ; ਜਿਨ੍ਹ੍ਹ ਕੈ ਕਰਮਿ ਲਿਖਾਹਾ ॥੧॥

ਕੇਵਲ ਓਹੀ ਇਸ ਖਜਾਨੇ ਨੂੰ ਹਾਸਲ ਕਰਦੇ ਹਨ, ਜਿਨ੍ਹਾਂ ਦੀ ਕਿਸਮਤ ਵਿੱਚ ਇਸ ਤਰ੍ਹਾਂ ਦੀ ਲਿਖਤਾਕਾਰ ਹੈ।

ਸੇ ਬਡਭਾਗੀ ਸੇ ਪਤਿਵੰਤੇ; ਸੇਈ ਪੂਰੇ ਸਾਹਾ ॥

ਉਹ ਵੱਡੇ ਕਰਮਾਂ ਵਾਲੇ ਹਨ, ਓਹੀ ਇੱਜ਼ਤ ਵਾਲੇ ਹਨ, ਉਹੀ ਪੂਰਨ ਸ਼ਾਹੂਕਾਰ ਹਨ,

ਸੁੰਦਰ ਸੁਘੜ ਸਰੂਪ ਤੇ ਨਾਨਕ; ਜਿਨ੍ਹ੍ਹ ਹਰਿ ਹਰਿ ਨਾਮੁ ਵਿਸਾਹਾ ॥੨॥੧੦॥

ਅਤੇ ਉਹੀ ਸੁਹਣੇ, ਚਤੁਰ ਅਤੇ ਸੁਨੱਖੇ ਹਨ, ਹੇ ਨਾਨਕ! ਜੋ ਵਾਹਿਗੁਰੂ ਸੁਆਮੀ ਦੇ ਨਾਮ ਨੂੰ ਖਰੀਦਦੇ ਹਨ।


ਦੇਵਗੰਧਾਰੀ ੫ ॥

ਦੇਵ ਗੰਧਾਰੀ ਪੰਜਵੀਂ ਪਾਤਸ਼ਾਹੀ।

ਮਨ! ਕਹ ਅਹੰਕਾਰਿ ਅਫਾਰਾ ॥

ਹੇ ਬੰਦੇ! ਕਿਉਂ ਗਰੂਰ ਨਾਲ ਫੁੱਲਿਆ ਫਿਰਦਾ ਹੈਂ?

ਦੁਰਗੰਧ ਅਪਵਿਤ੍ਰ ਅਪਾਵਨ ਭੀਤਰਿ; ਜੋ ਦੀਸੈ ਸੋ ਛਾਰਾ ॥੧॥ ਰਹਾਉ ॥

ਜੋ ਕੁਛ ਭੀ ਇਸ ਕੁਚੀਲ, ਪਲੀਤ ਅਤੇ ਮਲੀਨ ਦੁਨੀਆਂ ਵਿੱਚ ਦਿਸਦਾ ਹੈ, ਉਹ ਕੇਵਲ ਸੁਆਹ ਹੀ ਹੈ। ਠਹਿਰਾਉ।

ਜਿਨਿ ਕੀਆ ਤਿਸੁ ਸਿਮਰਿ ਪਰਾਨੀ; ਜੀਉ ਪ੍ਰਾਨ ਜਿਨਿ ਧਾਰਾ ॥

ਹੇ ਫਾਨੀ ਬੰਦੇ! ਤੂੰ ਉਸ ਦਾ ਆਰਾਧਨ ਕਰ, ਜਿਸ ਨੇ ਮੈਨੂੰ ਬਣਾਇਆ ਹੈ ਅਤੇ ਜੋ ਜਿੰਦਗੀ ਅਤੇ ਆਤਮਾ ਦਾ ਆਸਰਾ ਹੈ।

ਤਿਸਹਿ ਤਿਆਗਿ ਅਵਰ ਲਪਟਾਵਹਿ; ਮਰਿ ਜਨਮਹਿ ਮੁਗਧ ਗਵਾਰਾ ॥੧॥

ਬੇਸਮਝ ਮੂਰਖ! ਜੋ ਉਸ ਨੂੰ ਛੱਡ ਕੇ ਹੋਰਸ ਨਾਲ ਜੁੜਦਾ ਹੈ, ਉਹ ਆਉਂਦਾ ਤੇ ਜਾਂਦਾ ਰਹਿੰਦਾ ਹੈ।

ਅੰਧ ਗੁੰਗ ਪਿੰਗੁਲ ਮਤਿ ਹੀਨਾ; ਪ੍ਰਭ ਰਾਖਹੁ ਰਾਖਨਹਾਰਾ ॥

ਮੈਂ ਅੰਨ੍ਹਾ ਬੇਜਬਾਨ! ਹੱਥ-ਪੈਰ-ਹੀਣਾ ਅਤੇ ਸਮਝ-ਵਿਹੂਣ ਹਾਂ। ਹੇ ਰੱਖਿਆ ਕਰਨਹਾਰ ਮਾਲਕ! ਮੇਰੀ ਰੱਖਿਆ ਕਰ।

ਕਰਨ ਕਰਾਵਨਹਾਰ ਸਮਰਥਾ; ਕਿਆ ਨਾਨਕ ਜੰਤ ਬਿਚਾਰਾ? ॥੨॥੧੧॥

ਵਾਹਿਗੁਰੂ ਆਪ ਕਰਨ ਅਤੇ ਹੋਰਨਾਂ ਨੂੰ ਕਰਾਉਣ ਲਈ ਸਰਬ-ਸ਼ਕਤੀਵਾਨ ਹੈ। ਇਨਸਾਨ ਕਿੰਨਾ ਬੇਵੱਸ ਹੈ, ਹੇ ਨਾਨਕ!


ਸੋ ਪ੍ਰਭੁ, ਨੇਰੈ ਹੂ ਤੇ ਨੇਰੈ ॥

ਉਹ ਸਾਹਿਬ ਦੇ ਪਰਮ ਨੇੜੇ ਤੋਂ ਪਰਮ ਨੇੜੇ ਹੈ।

ਸਿਮਰਿ ਧਿਆਇ ਗਾਇ ਗੁਨ ਗੋਬਿੰਦ; ਦਿਨੁ ਰੈਨਿ ਸਾਝ ਸਵੇਰੈ ॥੧॥ ਰਹਾਉ ॥

ਦਿਨੇ, ਰਾਤ, ਸ਼ਾਮ ਅਤੇ ਸਵੇਰੇ ਤੂੰ ਦ੍ਰਿਸ਼ਟੀ ਦੇ ਸੁਆਮੀ, ਵਾਹਿਗੁਰੂ ਦੇ ਜੱਸ ਦਾ ਚਿੰਤਨ ਉਚਾਰਨ ਅਤੇ ਗਾਇਨ ਕਰ। ਠਹਿਰਾਉ।

ਉਧਰੁ ਦੇਹ ਦੁਲਭ ਸਾਧੂ ਸੰਗਿ; ਹਰਿ ਹਰਿ ਨਾਮੁ ਜਪੇਰੈ ॥

ਹੇ ਬੰਦੇ! ਅਮੋਲਕ ਸਤਿ ਸੰਗਤ ਅੰਦਰ ਜੁੜ ਕੇ, ਤੂੰ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਆਪਣੇ ਜੀਵਨ ਦਾ ਸਰੀਰ ਦਾ ਸੁਧਾਰ ਕਰ ਲੈ।

ਘਰੀ ਨ ਮੁਹਤੁ ਨ ਚਸਾ ਬਿਲੰਬਹੁ; ਕਾਲੁ ਨਿਤਹਿ ਨਿਤ ਹੇਰੈ ॥੧॥

ਤੂੰ ਇਕ ਛਿਨ ਲੰਮੇ ਅਤੇ ਪਲ ਦੀ ਭੀ ਦੇਰੀ ਨਾਂ ਕਰ। ਮੌਤ ਸਦਾ, ਸਦਾ ਹੀ ਤੈਨੂੰ ਤਾੜ ਰਹੀ ਹੈ।

ਅੰਧ ਬਿਲਾ ਤੇ, ਕਾਢਹੁ ਕਰਤੇ! ਕਿਆ ਨਾਹੀ ਘਰਿ ਤੇਰੈ? ॥

ਹੇ ਸਿਰਜਣਹਾਰ! ਮੈਨੂੰ ਸੰਸਾਰ ਦੀ ਅੰਨ੍ਹੀ, ਖੁੱਡ ਵਿਚੋਂ ਬਾਹਰ ਧੂ ਲੈ। ਉਹ ਕਿਹੜੀ ਸ਼ੈ ਹੈ, ਜਿਹੜੀ ਤੇਰੇ ਘਰ ਵਿੱਚ ਨਹੀਂ?

ਨਾਮੁ ਅਧਾਰੁ ਦੀਜੈ ਨਾਨਕ ਕਉ; ਆਨਦ ਸੂਖ ਘਨੇਰੈ ॥੨॥੧੨॥ ਛਕੇ ੨ ॥

ਹੇ ਸਆਮੀ! ਨਾਨਕ ਨੂੰ ਆਪਣੇ ਨਾਮ ਦਾ ਆਸਰਾ ਪ੍ਰਦਾਨ ਕਰ, ਤਾਂ ਜੋ ਉਹ ਹਮੇਸ਼ਾਂ ਪਰਮ ਪ੍ਰਸੰਨਤਾ ਅਤੇ ਆਰਾਮ ਅੰਦਰ ਵਿਚਰੇ।


ਦੇਵਗੰਧਾਰੀ ੫ ॥

ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।

ਮਨ! ਗੁਰ ਮਿਲਿ ਨਾਮੁ ਅਰਾਧਿਓ ॥

ਹੇ ਇਨਸਾਨ! ਗੁਰਾਂ ਨੂੰ ਮਿਲ ਕੇ ਤੂੰ ਨਾਮ ਦਾ ਸਿਮਰਨ ਕਰ।

ਸੂਖ ਸਹਜ ਆਨੰਦ ਮੰਗਲ ਰਸ; ਜੀਵਨ ਕਾ ਮੂਲੁ ਬਾਧਿਓ ॥੧॥ ਰਹਾਉ ॥

ਐਸ ਤਰ੍ਹਾਂ ਤੂੰ ਆਰਾਮ, ਅਡੋਲਤਾ, ਪ੍ਰਸੰਨਤਾ, ਖੁਸ਼ੀ ਤੇ ਮਿਠਾਸ ਨੂੰ ਪ੍ਰਾਪਤ ਹੋ ਵੰਞੇਗਾ ਅਤੇ ਅਬਿਨਾਸੀ ਜਿੰਗਦੀ ਦੀ ਬੁਨਿਆਦ ਰੱਖ ਲਵੇਂਗਾ। ਠਹਿਰਾਉ।

ਕਰਿ ਕਿਰਪਾ ਅਪੁਨਾ ਦਾਸੁ ਕੀਨੋ; ਕਾਟੇ ਮਾਇਆ ਫਾਧਿਓ ॥

ਮਿਹਰ ਧਾਰ ਕੇ ਸਾਈਂ ਨੇ ਮੈਨੂੰ ਆਪਣਾ ਗੁਮਾਸ਼ਤਾ ਬਣਾ ਲਿਆ ਹੈ ਅਤੇ ਮੋਹਨੀ ਦੀ ਬੇੜੀਆਂ ਕੱਟ ਛੱਡੀਆਂ ਹਨ।

ਭਾਉ ਭਗਤਿ ਗਾਇ ਗੁਣ ਗੋਬਿਦ; ਜਮ ਕਾ ਮਾਰਗੁ ਸਾਧਿਓ ॥੧॥

ਪ੍ਰੇਮ, ਅਨੁਰਾਗ ਅਤੇ ਸਾਹਿਬ ਦਾ ਜੱਸ ਗਾਇਨ ਕਰਨ ਦੁਆਰਾ ਮੈਂ ਮੌਤ ਦੇ ਰਸਤੇ ਨੂੰ ਸਰ ਕਰ ਲਿਆ ਹੈ।

ਭਾਉ ਭਗਤਿ ਗਾਇ ਗੁਣ ਗੋਬਿਦ; ਜਮ ਕਾ ਮਾਰਗੁ ਸਾਧਿਓ ॥੧॥

ਪ੍ਰੇਮ, ਅਨੁਰਾਗ ਅਤੇ ਸਾਹਿਬ ਦਾ ਜੱਸ ਗਾਇਨ ਕਰਨ ਦੁਆਰਾ ਮੈਂ ਮੌਤ ਦੇ ਰਸਤੇ ਨੂੰ ਸਰ ਕਰ ਲਿਆ ਹੈ।

ਭਇਓ ਅਨੁਗ੍ਰਹੁ ਮਿਟਿਓ ਮੋਰਚਾ; ਅਮੋਲ ਪਦਾਰਥੁ ਲਾਧਿਓ ॥

ਮੇਰੇ ਉਤੇ ਮਾਲਕ ਦੀ ਮਿਹਰ ਹੈ, ਜੰਗਾਲ ਉਤਰ ਗਿਆ ਹੈ ਅਤੇ ਮੈਨੂੰ ਅਣਮੁੱਲੀ ਦੌਲਤ ਲੱਭ ਪਈ ਹੈ।

ਬਲਿਹਾਰੈ ਨਾਨਕ ਲਖ ਬੇਰਾ; ਮੇਰੇ ਠਾਕੁਰ ਅਗਮ ਅਗਾਧਿਓ ॥੨॥੧੩॥

ਹੇ ਮੈਂਡੇ ਪਹੁੰਚ ਤੋਂ ਪਰ੍ਹੇ ਅਤੇ ਅਥਾਹ ਸੁਆਮੀ ਨਾਨਕ ਤੇਰੇ ਉਤੋਂ ਸੈਂਕੜੇ ਹਜ਼ਾਰਾਂ ਵਾਰੀ ਕੁਰਬਾਨ ਜਾਂਦਾ ਹੈ।


ਦੇਵਗੰਧਾਰੀ ੫ ॥

ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।

ਮਾਈ! ਜੋ ਪ੍ਰਭ ਕੇ ਗੁਨ ਗਾਵੈ ॥

ਹੇ ਮਾਤਾ! ਜੋ ਸੁਆਮੀ ਦੀ ਕੀਰਤੀ ਗਾਇਨ ਕਰਦਾ ਹੈ,

ਸਫਲ ਆਇਆ ਜੀਵਨ ਫਲੁ ਤਾ ਕੋ; ਪਾਰਬ੍ਰਹਮ ਲਿਵ ਲਾਵੈ ॥੧॥ ਰਹਾਉ ॥

ਅਤੇ ਸ਼੍ਰੋਮਣੀ ਮਾਲਕ ਨਾਲ ਪ੍ਰੀਤ ਪਾਉਂਦਾ ਹੈ, ਫਲਦਾਇਕ ਹੈ ਉਸ ਦਾ ਆਗਮਨ ਅਤੇ ਲਾਭਦਾਇਕ ਉਸ ਦੀ ਜਿੰਦਗੀ। ਠਹਿਰਾਉ।

ਸੁੰਦਰੁ ਸੁਘੜੁ ਸੂਰੁ ਸੋ ਬੇਤਾ; ਜੋ ਸਾਧੂ ਸੰਗੁ ਪਾਵੈ ॥

ਸੁਹਣਾ, ਸਿਆਣਾ, ਸੂਰਮਾ ਅਤੇ ਗਿਆਨਵਾਨ ਹੈ, ਉਹ ਜਿਹੜਾ ਸਤਿ ਸੰਗਤ ਨੂੰ ਪ੍ਰਾਪਤ ਹੁੰਦਾ ਹੈ।

ਨਾਮੁ ਉਚਾਰੁ ਕਰੇ ਹਰਿ ਰਸਨਾ; ਬਹੁੜਿ ਨ ਜੋਨੀ ਧਾਵੈ ॥੧॥

ਆਪਣੀ ਜੀਭਾ ਨਾਲ ਉਹ ਵਾਹਿਗੁਰੂ ਦੇ ਨਾਮ ਨੂੰ ਬੋਲਦਾ ਹੈ ਅਤੇ ਮੁੜਕੇ ਦੁਨੀਆ ਅੰਦਰ ਨਹੀਂ ਭਟਕਦਾ।

ਪੂਰਨ ਬ੍ਰਹਮੁ ਰਵਿਆ ਮਨ ਤਨ ਮਹਿ; ਆਨ ਨ ਦ੍ਰਿਸਟੀ ਆਵੈ ॥

ਮੁਕੰਮਲ ਮਾਲਕ ਉਸ ਦੀ ਆਤਮਾ ਅਤੇ ਦੇਹ ਅੰਦਰ ਟਿਕ ਜਾਂਦਾ ਹੈ ਅਤੇ ਉਹ ਹੋਰਸ ਨੂੰ ਦੇਖਦਾ ਹੀ ਨਹੀਂ।

ਨਰਕ ਰੋਗ ਨਹੀ ਹੋਵਤ ਜਨ ਸੰਗਿ; ਨਾਨਕ ਜਿਸੁ ਲੜਿ ਲਾਵੈ ॥੨॥੧੪॥

ਹੇ ਨਾਨਕ! ਦੋਜ਼ਕ ਅਤੇ ਜਹਿਮਤ ਉਸ ਨੂੰ ਨਹੀਂ ਵਾਪਰਦੇ, ਜੋ ਸਾਹਿਬ ਦੇ ਗੋਲਿਆਂ ਦੀ ਸੰਗਤ ਅੰਦਰ ਜੁੜਦਾ ਹੈ ਅਤੇ ਜਿਸ ਨੂੰ ਸਾਹਿਬ ਆਪਣੇ ਪੱਲੇ ਨਾਲ ਜੋੜ ਲੈਂਦਾ ਹੈ।


ਦੇਵਗੰਧਾਰੀ ੫ ॥

ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।

ਚੰਚਲੁ, ਸੁਪਨੈ ਹੀ ਉਰਝਾਇਓ ॥

ਬੰਦੇ ਦਾ ਚੁਲਬੁਲਾ ਮਨ, ਸੁਫਨੇ ਅੰਦਰ ਹੀ ਉਲਝਿਆ ਹੋਇਆ ਹੈ।

ਇਤਨੀ ਨ ਬੂਝੈ, ਕਬਹੂ ਚਲਨਾ; ਬਿਕਲ ਭਇਓ ਸੰਗਿ ਮਾਇਓ ॥੧॥ ਰਹਾਉ ॥

ਏਨੀ ਕੁ ਗੱਲ ਵੀ ਉਹ ਨਹੀਂ ਸਮਝਦਾ, ਕਿ ਕਿਸੇ ਦਿਨ, ਉਸ ਨੇ ਟੁਰ ਵੰਞਣਾ ਹੈ। ਧਨ-ਦੌਲਤ ਨਾਲ ਉਹ ਪਗਲਾ ਹੋ ਗਿਆ ਹੈ। ਠਹਿਰਾਉ।

ਕੁਸਮ ਰੰਗ ਸੰਗ ਰਸਿ ਰਚਿਆ; ਬਿਖਿਆ ਏਕ ਉਪਾਇਓ ॥

ਉਹ ਫੁੱਲ ਦੀ ਸੰਗਤ ਅਤੇ ਰੰਗਤ ਦੇ ਸੁਆਮੀ ਅੰਦਰ ਖੱਚਤ ਹੈ ਅਤੇ ਕੇਵਲ ਪਾਪ ਕਮਾਉਣ ਲਈ ਜਤਨ ਕਰਦਾ ਹੈ।

ਕੁਸਮ ਰੰਗ ਸੰਗ ਰਸਿ ਰਚਿਆ; ਬਿਖਿਆ ਏਕ ਉਪਾਇਓ ॥

ਉਹ ਫੁੱਲ ਦੀ ਸੰਗਤ ਅਤੇ ਰੰਗਤ ਦੇ ਸੁਆਮੀ ਅੰਦਰ ਖੱਚਤ ਹੈ ਅਤੇ ਕੇਵਲ ਪਾਪ ਕਮਾਉਣ ਲਈ ਜਤਨ ਕਰਦਾ ਹੈ।

ਲੋਭ ਸੁਨੈ ਮਨਿ ਸੁਖੁ ਕਰਿ ਮਾਨੈ; ਬੇਗਿ ਤਹਾ ਉਠਿ ਧਾਇਓ ॥੧॥

ਜਿਥੇ ਕਿਤੇ ਭੀ ਉਹ ਕੋਈ ਲਾਲਚ ਦੀ ਗੱਲ ਸੁਣਦਾ ਹੈ। ਉਹ ਆਪਣੇ ਚਿੱਤ ਅੰਦਰ ਖੁਸ਼ੀ ਮਹਿਸੂਸ ਕਰਦਾ ਹੈ ਤੇ ਤੁਰੰਤ ਹੀ ਉਥੇ ਭਜ ਕੇ ਜਾਂਦਾ ਹੈ।

ਫਿਰਤ ਫਿਰਤ ਬਹੁਤੁ ਸ੍ਰਮੁ ਪਾਇਓ; ਸੰਤ ਦੁਆਰੈ ਆਇਓ ॥

ਭਰਮ ਅਤੇ ਭਟਕ ਕੇ ਮੈਂ ਘਣੀ ਤਕਲੀਫ ਉਠਾਈ ਹੈ ਅਤੇ ਹੁਣ ਮੈਂ ਸਾਧੂ-ਗੁਰਾਂ ਦੇ ਦਰ ਤੇ ਆ ਪੁੱਜਾ ਹਾਂ।

ਕਰੀ ਕ੍ਰਿਪਾ ਪਾਰਬ੍ਰਹਮਿ ਸੁਆਮੀ; ਨਾਨਕ ਲੀਓ ਸਮਾਇਓ ॥੨॥੧੫॥

ਸੁਆਮੀ ਮਾਲਕ ਨੇ ਆਪਣੀ ਰਹਿਮਤ ਧਾਰ ਕੇ, ਨਾਨਕ ਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ।


ਦੇਵਗੰਧਾਰੀ ੫ ॥

ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।

ਸਰਬ ਸੁਖਾ, ਗੁਰ ਚਰਨਾ ॥

ਸਾਰੇ ਆਰਾਮ ਗੁਰਾਂ ਦੇ ਪੈਰ ਵਿੱਚ ਵੱਸਦਾ ਹੈ।

ਕਲਿਮਲ ਡਾਰਨ ਮਨਹਿ ਸਧਾਰਨ; ਇਹ ਆਸਰ ਮੋਹਿ ਤਰਨਾ ॥੧॥ ਰਹਾਉ ॥

ਗੁਰਾਂ ਦੇ ਪੈਰ ਮੇਰੇ ਪਾਪਾਂ ਨੂੰ ਦੂਰ ਕਰ ਦਿੰਦੇ ਹਨ, ਆਤਮਾ ਨੂੰ ਪਵਿੱਤਰ ਕਰਦੇ ਹਨ ਅਤੇ ਉਨ੍ਹਾਂ ਦੇ ਆਸਰੇ ਮੈਂ ਪਾਰ ਉਤੱਰ ਗਿਆ ਹਾਂ। ਠਹਿਰਾਉ।

ਪੂਜਾ ਅਰਚਾ ਸੇਵਾ ਬੰਦਨ; ਇਹੈ ਟਹਲ ਮੋਹਿ ਕਰਨਾ ॥

ਉਨ੍ਹਾਂ ਦੀ ਉਪਾਸ਼ਨਾ, ਫੁੱਲ ਭੇਟ, ਚਾਕਰੀ ਅਤੇ ਉਨ੍ਹਾਂ ਨੂੰ ਨਿਮਸ਼ਕਾਰ, ਏਹੀ ਖਿਦਮਤ ਕਮਾਉਂਦਾ ਹਾਂ।

ਬਿਗਸੈ ਮਨੁ ਹੋਵੈ ਪਰਗਾਸਾ; ਬਹੁਰਿ ਨ ਗਰਭੈ ਪਰਨਾ ॥੧॥

ਉਨ੍ਹਾਂ ਨੂੰ ਪਰਸ ਕੇ ਆਤਮਾ ਖਿੜ ਤੇ ਪ੍ਰਕਾਸ਼ਵਾਨ ਹੋ ਜਾਂਦੀ ਹੈ ਅਤੇ ਮੁੜ ਕੇ, ਮਾਤਾ-ਉਦਰ ਵਿੱਚ ਪਾਇਆ ਨਹੀਂ ਜਾਂਦਾ।

ਸਫਲ ਮੂਰਤਿ ਪਰਸਉ ਸੰਤਨ ਕੀ; ਇਹੈ ਧਿਆਨਾ ਧਰਨਾ ॥

ਮੈਂ ਸਾਧੂ-ਗੁਰਾਂ ਦੇ ਫਲਦਾਇਕ ਦਰਸ਼ਨ ਨੂੰ ਦੇਖਦਾ ਹਾਂ ਏਹੀ ਖਿਆਲ ਹੀ ਮੈਂ ਆਪਣੇ ਚਿੱਤ ਵਿੱਚ ਟਿਕਾਇਆ ਹੋਇਆ ਹੈ।

ਭਇਓ ਕ੍ਰਿਪਾਲੁ ਠਾਕੁਰੁ ਨਾਨਕ ਕਉ; ਪਰਿਓ ਸਾਧ ਕੀ ਸਰਨਾ ॥੨॥੧੬॥

ਪ੍ਰਭੂ ਨਾਨਕ ਉਤੇ ਦਇਆਵਾਨ ਹੋ ਗਿਆ ਹੈ ਅਤੇ ਉਸ ਨੇ ਸਤਿ ਗੁਰਾਂ ਦੀ ਪਨਾਹ ਲੈ ਲਈ ਹੈ।


ਦੇਵਗੰਧਾਰੀ ਮਹਲਾ ੫ ॥

ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।

ਅਪੁਨੇ ਹਰਿ ਪਹਿ, ਬਿਨਤੀ ਕਹੀਐ ॥

ਤੂੰ ਆਪਣੀ ਅਰਦਾਸ ਆਪਣੇ ਵਾਹਿਗੁਰੂ ਕੋਲ ਆਖ!

ਚਾਰਿ ਪਦਾਰਥ ਅਨਦ ਮੰਗਲ ਨਿਧਿ; ਸੂਖ ਸਹਜ ਸਿਧਿ ਲਹੀਐ ॥੧॥ ਰਹਾਉ ॥

ਇਸ ਤਰ੍ਹਾਂ ਤੈਨੂੰ ਚਾਰ ਵੱਡੀਆਂ ਦਾਤਾਂ (ਧਰਮ, ਅਰਬ, ਕਾਮ, ਮੋਖ) ਆਰਾਮ ਅਤੇ ਖੁਸ਼ੀ ਦਾ ਖਜਾਨਾ ਬੈਕੁੰਠੀ ਪ੍ਰਸੰਨਤਾ ਅਤੇ ਕਰਾਮਾਤੀ ਸ਼ਕਤੀਆਂ ਪ੍ਰਾਪਤ ਹੋ ਜਾਣਗੀਆਂ। ਠਹਿਰਾਉ।

ਮਾਨੁ ਤਿਆਗਿ ਹਰਿ ਚਰਨੀ ਲਾਗਉ; ਤਿਸੁ ਪ੍ਰਭ ਅੰਚਲੁ ਗਹੀਐ ॥

ਤੂੰ ਆਪਣੀ ਸਵੈ-ਹੰਗਤਾ ਛੱਡ ਦੇ, ਵਾਹਿਗੁਰੂ ਦੇ ਪੈਰਾਂ ਉਤੇ ਢਹਿ ਪਉ ਤੇ ਉਸ ਸਾਹਿਬ ਦਾ ਪੱਲਾ ਘੁੱਟ ਕੇ ਪਕੜ ਲੈ।

ਆਚ ਨ ਲਾਗੈ ਅਗਨਿ ਸਾਗਰ ਤੇ; ਸਰਨਿ ਸੁਆਮੀ ਕੀ ਅਹੀਐ ॥੧॥

ਅੱਗ ਦੇ ਸਮੁੰਦਰ ਦੀ ਗਰਮੀ ਉਸ ਨੂੰ ਨਹੀਂ ਪਹੁੰਚਦੀ, ਜੋ ਸਾਹਿਬ ਦੀ ਓਟ ਦੀ ਚਾਹਨਾ ਕਰਦਾ ਹੈ।

ਕੋਟਿ ਪਰਾਧ ਮਹਾ ਅਕ੍ਰਿਤਘਨ; ਬਹੁਰਿ ਬਹੁਰਿ ਪ੍ਰਭ ਸਹੀਐ ॥

ਸੁਆਮੀ ਪਰਮ ਨਾਸ਼ੁਕਰਿਆਂ ਦੇ ਕ੍ਰੋੜਾਂ ਹੀ ਪਾਪਾਂ ਨੂੰ ਬਾਰੰਬਾਰ ਬਰਦਾਸ਼ਤ ਕਰਦਾ ਹੈ।

ਕਰੁਣਾ ਮੈ ਪੂਰਨ ਪਰਮੇਸੁਰ; ਨਾਨਕ ਤਿਸੁ ਸਰਨਹੀਐ ॥੨॥੧੭॥

ਨਾਨਕ, ਉਸ ਕਿਰਪਾ ਸਰੂਪ ਪੂਰੇ ਪ੍ਰਭੂ ਦੀ ਪਨਾਹ ਦੀ ਤਾਂਘ ਕਰਦਾ ਹੈ।


ਗੁਰ ਕੇ ਚਰਨ, ਰਿਦੈ ਪਰਵੇਸਾ ॥

ਗੁਰਾਂ ਦੇ ਪੈਰਾਂ ਅੰਤਰ ਆਤਮੇ ਟਿਕਾਉਣ ਦੁਆਰਾ,

ਰੋਗ ਸੋਗ ਸਭਿ ਦੂਖ ਬਿਨਾਸੇ; ਉਤਰੇ ਸਗਲ ਕਲੇਸਾ ॥੧॥ ਰਹਾਉ ॥

ਬੀਮਾਰੀਆਂ, ਸ਼ੋਕ ਅਤੇ ਸਮੂਹ ਪੀੜਾਂ ਨਵਿਰਤ ਹੋ ਜਾਂਦੀਆਂ ਹਨ ਅਤੇ ਸਾਰੇ ਦੁੱਖੜੇ ਮੁੱਕ ਜਾਂਦੇ ਹਨ। ਠਹਿਰਾਉ।

ਜਨਮ ਜਨਮ ਕੇ ਕਿਲਬਿਖ ਨਾਸਹਿ; ਕੋਟਿ ਮਜਨ ਇਸਨਾਨਾ ॥

ਉਸ ਦੁਆਰਾ ਅਨੇਕਾਂ ਜਨਮਾਂ ਦੇ ਪਾਪ ਮਿੱਟ ਜਾਂਦੇ ਹਨ ਅਤੇ ਤੀਰਥਾਂ ਉਤੇ ਕ੍ਰੋੜਾਂ ਹੀ ਨ੍ਹਾਉਣ ਤੇ ਟੁੱਭੇ ਲਾਉਣ ਦਾ ਫਲ ਪ੍ਰਾਪਤ ਹੋ ਜਾਂਦਾ ਹੈ।

ਨਾਮੁ ਨਿਧਾਨੁ ਗਾਵਤ ਗੁਣ ਗੋਬਿੰਦ; ਲਾਗੋ ਸਹਜਿ ਧਿਆਨਾ ॥੧॥

ਨਾਮ ਦੇ ਖਜਾਨੇ ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ, ਇਨਸਾਨ ਦੀ ਬਿਰਤੀ ਸੁਖੈਨ ਹੀ ਉਸ ਵਿੱਚ ਜੁੜ ਜਾਂਦੀ ਹੈ।

ਕਰਿ ਕਿਰਪਾ ਅਪੁਨਾ ਦਾਸੁ ਕੀਨੋ; ਬੰਧਨ ਤੋਰਿ ਨਿਰਾਰੇ ॥

ਰਹਿਮਤ ਧਾਰ ਕੇ, ਪ੍ਰਭੂ ਨੇ ਮੈਨੂੰ ਆਪਣਾ ਗੋਲਾ ਬਣਾ ਲਿਆ ਹੈ ਅਤੇ ਮੇਰੀਆਂ ਬੇੜੀਆਂ ਕੱਟ ਕੇ ਮੈਨੂੰ ਆਜਾਦ ਕਰ ਦਿੱਤਾ ਹੈ।

ਜਪਿ ਜਪਿ ਨਾਮੁ ਜੀਵਾ ਤੇਰੀ ਬਾਣੀ; ਨਾਨਕ ਦਾਸ ਬਲਿਹਾਰੇ ॥੨॥੧੮॥ ਛਕੇ ੩ ॥

ਤੈਂਡੇ ਨਾਮ ਅਤੇ ਗੁਰਬਾਣੀ ਦਾ ਲਗਾਤਾਰ ਉਚਾਰਣ ਕਰਨ ਦੁਆਰਾ ਮੈਂ ਜੀਊਦਾਂ ਹਾਂ। ਦਾਸ ਨਾਨਕ ਤੇਰੇ ਉਤੋਂ ਕੁਰਬਾਨ ਹੈ, ਹੇ ਸੁਆਮੀ!


ਦੇਵਗੰਧਾਰੀ ਮਹਲਾ ੫ ॥

ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।

ਮਾਈ! ਪ੍ਰਭ ਕੇ ਚਰਨ ਨਿਹਾਰਉ ॥

ਹੇ ਮਾਤਾ! ਮੈਂ ਪ੍ਰਭੂ ਦੇ ਪੈਰ ਦੇਖਣਾ ਲੋੜਦਾ ਹਾਂ।

ਕਰਹੁ ਅਨੁਗ੍ਰਹੁ ਸੁਆਮੀ ਮੇਰੇ! ਮਨ ਤੇ ਕਬਹੁ ਨ ਡਾਰਉ ॥੧॥ ਰਹਾਉ ॥

ਮੇਰੇ ਉਤੇ ਰਹਿਮਤ ਧਾਰ, ਹੇ ਮੈਂਡੇ ਮਾਲਕ, ਤਾਂ ਜੋ ਮੈਂ ਉਨ੍ਹਾਂ ਨੂੰ ਕਦਾਚਿੱਤ ਆਪਣੇ ਚਿੱਤ ਅੰਦਰੋਂ ਨਾਂ ਭੁੱਲਾਂ। ਠਹਿਰਾਉ।

ਸਾਧੂ ਧੂਰਿ ਲਾਈ ਮੁਖਿ ਮਸਤਕਿ; ਕਾਮ ਕ੍ਰੋਧ ਬਿਖੁ ਜਾਰਉ ॥

ਸੰਤਾਂ ਦੇ ਪੈਰਾਂ ਦੀ ਰੈਣ ਆਪਣੇ ਚਿਹਰੇ ਅਤੇ ਮੱਥੇ ਨੂੰ ਲਾ ਕੇ, ਮੈਂ ਵਿਸ਼ੇ ਭੋਗ ਅਤੇ ਗੁੱਸੇ ਦੀ ਜ਼ਹਿਰ ਨੂੰ ਸਾੜਦਾ ਹਾਂ।

ਸਭ ਤੇ ਨੀਚੁ ਆਤਮ ਕਰਿ ਮਾਨਉ; ਮਨ ਮਹਿ ਇਹੁ ਸੁਖੁ ਧਾਰਉ ॥੧॥

ਸਾਰਿਆਂ ਨਾਲੋਂ ਨੀਵਾਂ ਮੈਂ ਆਪਣੇ ਆਪ ਨੂੰ ਜਾਣਦਾ ਹਾਂ। ਇਸ ਤਰ੍ਹਾਂ ਆਰਾਮ ਚੈਨ ਨੂੰ ਆਪਣੇ ਚਿੱਤ ਅੰਦਰ ਟਿਕਾਉਂਦਾ ਹਾਂ।

ਗੁਨ ਗਾਵਹ ਠਾਕੁਰ ਅਬਿਨਾਸੀ; ਕਲਮਲ ਸਗਲੇ ਝਾਰਉ ॥

ਮੈਂ ਕਾਲ-ਰਹਿਤ ਸੁਆਮੀ ਦੀ ਕੀਰਤੀ ਗਾਇਨ ਕਰਦਾ ਹਾਂ ਅਤੇ ਆਪਣੇ ਸਮੂਹ ਪਾਪਾਂ ਨੂੰ ਝਾੜਦਾ ਹਾਂ।

ਨਾਮ ਨਿਧਾਨੁ ਨਾਨਕ ਦਾਨੁ ਪਾਵਉ; ਕੰਠਿ ਲਾਇ ਉਰਿ ਧਾਰਉ ॥੨॥੧੯॥

ਮੈਂ ਨਾਮ ਦੇ ਖਜਾਨੇ ਦੀ ਦਾਤ ਨੂੰ ਪ੍ਰਾਪਤ ਕਰਦਾ ਹਾਂ, ਹੇ ਨਾਨਕ! ਮੈਂ ਇਸ ਨੂੰ ਆਪਣੀ ਛਾਤੀ ਨਾਲ ਲਾਉਂਦਾ ਤੇ ਦਿਲ ਨਾਲ ਘੁੱਟ ਕੇ ਰੱਖਦਾ ਹਾਂ।


ਦੇਵਗੰਧਾਰੀ ਮਹਲਾ ੫ ॥

ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।

ਪ੍ਰਭ ਜੀਉ! ਪੇਖਉ ਦਰਸੁ ਤੁਮਾਰਾ ॥

ਮੇਰੇ ਮਾਣਨੀਯ ਮਾਲਕ, ਮੈਂ ਤੇਰਾ ਦੀਦਾਰ ਦੇਖਣ ਦੀ ਤਾਂਘ ਰੱਖਦਾ ਹਾਂ।

ਸੁੰਦਰ ਧਿਆਨੁ ਧਾਰੁ ਦਿਨੁ ਰੈਨੀ; ਜੀਅ ਪ੍ਰਾਨ ਤੇ ਪਿਆਰਾ ॥੧॥ ਰਹਾਉ ॥

ਤੇਰੇ ਸੁਹਣੇ ਦਰਸ਼ਨ ਦਾ ਖਿਆਲ ਦਿਹੁੰ ਰਾਤ ਮੈਂ ਧਾਰੀ ਰੱਖਦਾ ਹੈ। ਆਪਣੀ ਜਿੰਦੜੀ ਤੇ ਜਿੰਨ-ਜਾਨ ਨਾਲੋਂ ਤੂੰ ਮੈਨੂੰ ਲਾਡਲਾ ਹੈ। ਠਹਿਰਾਉ।

ਸਾਸਤ੍ਰ ਬੇਦ ਪੁਰਾਨ ਅਵਿਲੋਕੇ; ਸਿਮ੍ਰਿਤਿ ਤਤੁ ਬੀਚਾਰਾ ॥

ਮੈਂ ਸ਼ਾਸਤਰਾਂ, ਵੇਦਾਂ, ਪੁਰਾਣਾ ਅਤੇ ਸਿਮਰਤੀਆਂ ਦੀ ਅਸਲੀਅਤ ਨੂੰ ਵੇਖਿਆ ਤੇ ਸੋਚਿਆ ਸਮਝਿਆ ਹੈ।

ਦੀਨਾ ਨਾਥ ਪ੍ਰਾਨਪਤਿ ਪੂਰਨ; ਭਵਜਲ ਉਧਰਨਹਾਰਾ ॥੧॥

ਮੁਕੰਮਲ ਮਾਲਕ, ਮਸਕੀਨਾਂ ਦਾ ਮਿੱਤ, ਅਤੇ ਜਿੰਦ-ਜਾਨ ਦਾ ਸੁਆਮੀ, ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਲਾ ਹੈ।

ਆਦਿ ਜੁਗਾਦਿ ਭਗਤ ਜਨ ਸੇਵਕ; ਤਾ ਕੀ ਬਿਖੈ ਅਧਾਰਾ ॥

ਐਨ ਆਰੰਭ ਤੇ ਯੁੱਗਾਂ ਦੇ ਸ਼ੁਰੂ ਤੋਂ, ਨੇਕ ਬੰਦੇ ਤੇਰੇ ਟਹਿਲੂਏ ਹਨ, ਹੇ ਸੁਆਮੀ! ਅਤੇ ਮਾਇਆ ਦੇ ਅੰਦਰ ਤੂੰ ਉਨ੍ਹਾਂ ਦਾ ਆਸਰਾ ਹੈ।

ਤਿਨ ਜਨ ਕੀ ਧੂਰਿ ਬਾਛੈ ਨਿਤ ਨਾਨਕੁ; ਪਰਮੇਸਰੁ ਦੇਵਨਹਾਰਾ ॥੨॥੨੦॥

ਐਹੋ ਜੇਹੇ ਪੁਰਸ਼ਾਂ ਦੀ ਪੈਰਾਂ ਦੀ ਖਾਕ ਦੀ ਨਾਨਕ ਸਦਾ ਹੀ ਚਾਹਨਾ ਕਰਦਾ ਹੈ। ਸੁਆਮੀ ਹੀ ਇਸ ਦਾਤ ਨੂੰ ਦੇਣ ਵਾਲਾ ਹੈ।


ਦੇਵਗੰਧਾਰੀ ਮਹਲਾ ੫ ॥

ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।

ਤੇਰਾ ਜਨੁ, ਰਾਮ ਰਸਾਇਣਿ ਮਾਤਾ ॥

ਤੇਰਾ ਗੋਲਾ, ਹੇ ਸੁਆਮੀ! ਤੇਰੇ ਅੰਮ੍ਰਿਤ ਨਾਲ ਮਤਵਾਲਾ ਹੋਇਆ ਹੋਇਆ ਹੈ।

ਪ੍ਰੇਮ ਰਸਾ ਨਿਧਿ ਜਾ ਕਉ ਉਪਜੀ; ਛੋਡਿ ਨ ਕਤਹੂ ਜਾਤਾ ॥੧॥ ਰਹਾਉ ॥

ਜਿਸ ਨੂੰ ਪ੍ਰੀਤ ਦੇ ਅੰਮ੍ਰਿਤ ਦਾ ਖਜਾਨਾ ਪ੍ਰਾਪਤ ਹੁੰਦਾ ਹੈ, ਉਹ ਇਸ ਨੂੰ ਤਿਆਗ ਕੇ ਹੋਰ ਕਿਧਰੇ ਨਹੀਂ ਜਾਂਦਾ ਹੈ। ਠਹਿਰਾਉ।

ਬੈਠਤ ਹਰਿ ਹਰਿ ਸੋਵਤ ਹਰਿ ਹਰਿ; ਹਰਿ ਰਸੁ ਭੋਜਨੁ ਖਾਤਾ ॥

ਬਹਿੰਦਿਆਂ ਉਹ ਵਾਹਿਗੁਰੂ ਦਾ ਨਾਮ ਉਚਾਰਨ ਕਰਦਾ ਹੈ, ਸੁੱਤਾ ਹੋਇਆ ਉਹ ਵਾਹਿਗੁਰੂ ਦਾ ਨਾਮ ਉਚਾਰਦਾ ਹੈ ਅਤੇ ਵਾਹਿਗੁਰੂ ਦੇ ਅੰਮ੍ਰਿਤ ਨੂੰ ਹੀ ਉਹ ਆਪਣੇ ਖਾਣੇ ਵੱਜੋਂ ਖਾਂਦਾ ਹੈ।

ਅਠਸਠਿ ਤੀਰਥ ਮਜਨੁ ਕੀਨੋ; ਸਾਧੂ ਧੂਰੀ ਨਾਤਾ ॥੧॥

ਸੰਤਾਂ ਦੇ ਪੈਰਾਂ ਦੀ ਖਾਕ ਅੰਦਰ ਨਹਾਉਣਾ, ਅਠਾਹਟ ਧਰਮ-ਅਸਥਾਨਾਂ ਦੇ ਇਸ਼ਨਾਨਾਂ ਦੇ ਬਰਾਬਰ ਹੈ।

ਸਫਲੁ ਜਨਮੁ, ਹਰਿ ਜਨ ਕਾ ਉਪਜਿਆ; ਜਿਨਿ ਕੀਨੋ ਸਉਤੁ ਬਿਧਾਤਾ ॥

ਫਲਦਾਇਕ ਹੈ ਹਰੀ ਦੇ ਗੋਲੇ ਦੀ ਪੈਦਾਇਸ਼ ਅਤੇ ਆਗਮਨ, ਜਿਸ ਨੇ ਸਿਰਜਣਹਾਰ ਨੂੰ ਸਉਤਰਾ ਬਣਾ ਦਿੱਤਾ ਹੈ।

ਸਗਲ ਸਮੂਹ ਲੈ ਉਧਰੇ ਨਾਨਕ; ਪੂਰਨ ਬ੍ਰਹਮੁ ਪਛਾਤਾ ॥੨॥੨੧॥
ਨਾਨਕ, ਜੋ ਸਰਬ-ਵਿਆਪਕ ਸੁਆਮੀ ਨੂੰ ਸਿਆਣਦਾ ਹੈ, ਉਹ ਸਾਰਿਆਂ ਨੂੰ ਆਪਣੇ ਨਾਲ ਲੈ ਜਾ ਕੇ ਹਰ ਇਕਸ ਦਾ ਪਾਰ ਉਤਾਰਾ ਕਰ ਦਿੰਦਾ ਹੈ।


ਦੇਵਗੰਧਾਰੀ ਮਹਲਾ ੫ ॥

ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।

ਮਾਈ! ਗੁਰ ਬਿਨੁ ਗਿਆਨੁ ਨ ਪਾਈਐ ॥

ਹੇ ਮੇਰੀ ਮਾਤਾ! ਗੁਰੂ ਦੇ ਬਾਝੋਂ ਬ੍ਰਹਿਮ-ਬੋਧ ਪ੍ਰਾਪਤ ਨਹੀਂ ਹੁੰਦਾ।

ਅਨਿਕ ਪ੍ਰਕਾਰ ਫਿਰਤ ਬਿਲਲਾਤੇ; ਮਿਲਤ ਨਹੀ ਗੋਸਾਈਐ ॥੧॥ ਰਹਾਉ ॥

ਅਨੇਕਾਂ ਤਰੀਕਿਆਂ ਨਾਲ ਪ੍ਰਾਣੀ ਵਿਰਲਾਪ ਕਰਦੇ ਫਿਰਦੇ ਹਨ, ਪ੍ਰੰਤੂ ਸ੍ਰਿਸ਼ਟੀ ਦਾ ਸੁਆਮੀ ਉਨ੍ਹਾਂ ਨੂੰ ਨਹੀਂ ਮਿਲਦਾ। ਠਹਿਰਾਉ।

ਮੋਹ ਰੋਗ ਸੋਗ ਤਨੁ ਬਾਧਿਓ; ਬਹੁ ਜੋਨੀ ਭਰਮਾਈਐ ॥

ਸੰਸਾਰੀ ਮਮਤਾ, ਬੀਮਾਰੀ ਅਤੇ ਸ਼ੋਕ ਨਾਲ ਇਨਸਾਨ ਦੀ ਦੇਹ ਜਕੜੀ ਹੋਈ ਹੈ, ਇਸ ਲਈ ਉਹ ਘਣੇਰੀਆਂ ਜੂਨੀਆਂ ਵਿੱਚ ਧੱਕਿਆ ਜਾਂਦਾ ਹੈ।

ਟਿਕਨੁ ਨ ਪਾਵੈ ਬਿਨੁ ਸਤਸੰਗਤਿ; ਕਿਸੁ ਆਗੈ ਜਾਇ ਰੂਆਈਐ? ॥੧॥

ਸਾਧ ਸੰਗਤ ਦੇ ਬਾਝੋਂ ਉਸ ਨੂੰ ਕਿਤੇ ਭੀ ਠਹਿਰਨਾ ਨਹੀਂ ਮਿਲਦਾ। ਉਹ ਕੀਹਦੇ ਮੂਹਰੇ ਜਾ ਕੇ ਰੋਵੇ?

ਕਰੈ ਅਨੁਗ੍ਰਹੁ ਸੁਆਮੀ ਮੇਰਾ; ਸਾਧ ਚਰਨ ਚਿਤੁ ਲਾਈਐ ॥

ਜਦ ਮੈਂਡੇ ਮਾਲਕ ਮਿਹਰ ਧਾਰਦਾ ਹੈ, ਤਾਂ ਇਨਸਾਨ ਦਾ ਸੰਤਾਂ ਦੇ ਪੈਰਾਂ ਨਾਲ ਪਿਆਰ ਪੈ ਜਾਂਦਾ ਹੈ।

ਸੰਕਟ ਘੋਰ ਕਟੇ ਖਿਨ ਭੀਤਰਿ; ਨਾਨਕ ਹਰਿ ਦਰਸਿ ਸਮਾਈਐ ॥੨॥੨੨॥

ਉਸ ਦੀਆਂ ਭਿਆਨਕ ਮੁਸੀਬਤਾਂ, ਇਕ ਮੁਹਤ ਵਿੱਚ ਦੂਰ ਹੋ ਜਾਂਦੀਆਂ ਹਨ, ਹੇ ਨਾਨਕ! ਅਤੇ ਉਹ ਹਰੀ ਦੇ ਦੀਦਾਰ ਵਿੱਚ ਲੀਨ ਹੋ ਗਿਆ ਹੈ।


ਦੇਵਗੰਧਾਰੀ ਮਹਲਾ ੫ ॥

ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।

ਠਾਕੁਰ ਹੋਏ, ਆਪਿ ਦਇਆਲ ॥

ਪ੍ਰਭੂ ਖੁਦ ਮਿਹਰਬਾਨ ਹੋ ਗਿਆ ਹੈ।

ਭਈ ਕਲਿਆਣ, ਅਨੰਦ ਰੂਪ ਹੋਈ ਹੈ; ਉਬਰੇ ਬਾਲ ਗੁਪਾਲ ॥ ਰਹਾਉ ॥

ਮੈਂ ਮੁਕਤ ਹੋ ਗਿਆ ਹਾਂ ਅਤੇ ਪ੍ਰਸੰਨਤਾ ਦਾ ਸਰੂਪ ਬਣ ਗਿਆ ਹਾਂ। ਮੈਂ ਪ੍ਰਭੂ ਦਾ ਬੱਚਾ, ਪਾਰ ਉਤਰ ਗਿਆ ਹਾਂ। ਠਹਿਰਾਉ।

ਦੁਇ ਕਰ ਜੋੜਿ ਕਰੀ ਬੇਨੰਤੀ; ਪਾਰਬ੍ਰਹਮੁ ਮਨਿ ਧਿਆਇਆ ॥

ਦੋਨੋਂ ਹੱਥ ਬੰਨ੍ਹ ਕੇ ਮੈਂ ਪ੍ਰਾਰਥਨਾ ਕਰਦਾ ਹਾਂ ਅਤੇ ਆਪਣੇ ਚਿੱਤ ਅੰਦਰ ਸ਼੍ਰੋਮਣੀ ਸਾਹਿਬ ਨੂੰ ਸਿਮਰਦਾ ਹਾ।

ਹਾਥੁ ਦੇਇ ਰਾਖੇ ਪਰਮੇਸੁਰਿ; ਸਗਲਾ ਦੁਰਤੁ ਮਿਟਾਇਆ ॥੧॥

ਆਪਣਾ ਹੱਥ ਦੇ ਕੇ ਪਰਮ ਪ੍ਰਭੂ ਨੇ ਮੇਰੀ ਰੱਖਿਆ ਕੀਤੀ ਹੈ ਅਤੇ ਮੇਰੇ ਸਾਰੇ ਪਾਪ ਨਸ਼ਟ ਕਰ ਦਿੱਤੇ ਹਨ।

ਵਰ ਨਾਰੀ ਮਿਲਿ ਮੰਗਲੁ ਗਾਇਆ; ਠਾਕੁਰ ਕਾ ਜੈਕਾਰੁ ॥

ਪਤੀ ਤੇ ਪਤਨੀ ਰਲ ਕੇ ਖੁਸ਼ੀ ਮਨਾਉਂਦੇ ਅਤੇ ਪ੍ਰਭੂ ਦੀ ਜਿੱਤ ਦੇ ਗੀਤ ਗਾਇਨ ਕਰਦੇ ਹਨ।

ਕਹੁ ਨਾਨਕ ਜਨ ਕਉ ਬਲਿ ਜਾਈਐ; ਜੋ ਸਭਨਾ ਕਰੇ ਉਧਾਰੁ ॥੨॥੨੩॥

ਗੁਰੂ ਜੀ ਆਖਦੇ ਹਨ, ਮੈਂ ਸਾਈਂ ਦੇ ਗੋਲੇ ਤੋਂ ਕੁਰਬਾਨ ਜਾਂਦਾ ਹਾਂ, ਜੋ ਸਾਰਿਆਂ ਦਾ ਪਾਰ ਉਤਾਰਾ ਕਰ ਦਿੰਦਾ ਹੈ।


ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਦੇਵਗੰਧਾਰੀ ਮਹਲਾ ੫ ॥

ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।

ਅਪੁਨੇ ਸਤਿਗੁਰ ਪਹਿ, ਬਿਨਉ ਕਹਿਆ ॥

ਆਪਣੇ ਸੱਚੇ ਗੁਰਾਂ ਪਾਸ ਮੈਂ ਇਕ ਪ੍ਰਾਰਥਨਾ ਕਰਦਾ ਹਾਂ।

ਭਏ ਕ੍ਰਿਪਾਲ ਦਇਆਲ ਦੁਖ ਭੰਜਨ; ਮੇਰਾ ਸਗਲ ਅੰਦੇਸਰਾ ਗਇਆ ॥ ਰਹਾਉ ॥

ਦੁੱਖਾਂ ਦਾ ਨਾਸ ਕਰਨ ਵਾਲਾ ਸੁਆਮੀ ਮਾਇਆਵਾਨ ਅਤੇ ਮਿਹਰਬਾਨ ਹੋ ਗਿਆ ਹੈ ਅਤੇ ਮੇਰੇ ਸਮੂਹ ਫਿਕਰ ਦੂਰ ਹੋ ਗਏ ਹਨ। ਠਹਿਰਾਉ।

ਹਮ ਪਾਪੀ ਪਾਖੰਡੀ ਲੋਭੀ; ਹਮਰਾ ਗੁਨੁ ਅਵਗੁਨੁ ਸਭੁ ਸਹਿਆ ॥

ਮੈਂ ਗੁਨਾਹਗਾਰ, ਦੰਭੀ ਅਤੇ ਲਾਲਚੀ ਹਾਂ। ਉਹ ਮੇਰੀਆਂ ਸਾਰੀਆਂ ਚੰਗਿਆਈਆਂ ਤੇ ਬੁਰਿਆਈਆਂ ਸਹਾਰਦਾ ਹੈ।

ਕਰੁ ਮਸਤਕਿ ਧਾਰਿ ਸਾਜਿ ਨਿਵਾਜੇ; ਮੁਏ ਦੁਸਟ, ਜੋ ਖਇਆ ॥੧॥

ਪ੍ਰਭੂ ਨੇ ਮੈਨੂੰ ਰੱਚਿਆ ਹੈ ਅਤੇ ਆਪਣਾ ਹੱਥ ਮੇਰੇ ਮੱਥੇ ਤੇ ਰੱਖ ਕੇ ਮੈਨੂੰ ਵਡਿਅਇਆ ਹੈ। ਮੇਰੇ ਦੋਖੀ ਜਿਹੜੇ ਮੈਨੂੰ ਮਾਰਨਾ ਚਾਹੁੰਦੇ ਹਨ, ਖੁਦ ਮਰ ਗਏ ਹਨ।

ਪਰਉਪਕਾਰੀ ਸਰਬ ਸਧਾਰੀ; ਸਫਲ ਦਰਸਨ ਸਹਜਇਆ ॥

ਮੇਰੇ ਗੁਰਦੇਵ ਭਲਾ ਕਰਨ ਵਾਲੇ, ਸਭਸ ਨੂੰ ਸਜਾਉਣਹਾਰ ਅਤੇ ਸ਼ਾਂਤੀ ਦੇ ਪੁੰਜ ਹਨ, ਜਿਨ੍ਹਾਂ ਦਾ ਦੀਦਾਰ ਹੀ ਫਲਦਾਇਕ ਹੈ।

ਕਹੁ ਨਾਨਕ ਨਿਰਗੁਣ ਕਉ ਦਾਤਾ; ਚਰਣ ਕਮਲ ਉਰ ਧਰਿਆ ॥੨॥੨੪॥

ਗੁਰੂ ਜੀ ਫੁਰਮਾਉਂਦੇ ਹਨ, ਉਹ ਗੁਣ-ਵਿਹੂਣਾ ਦਾ ਭੀ ਦਾਤਾਰ ਹੈ। ਉਹ ਦੇ ਕੰਵਲ ਪੈਰ ਮੈਂ ਆਪਣੇ ਮਨ ਵਿੱਚ ਟਿਕਾਉਂਦਾ ਹਾਂ।


ਦੇਵਗੰਧਾਰੀ ਮਹਲਾ ੫ ॥

ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।

ਅਨਾਥ ਨਾਥ, ਪ੍ਰਭ ਹਮਾਰੇ ॥

ਮੇਰਾ ਸੁਆਮੀ ਨਿਖਸਮਿਆਂ ਦਾ ਖਸਮ ਹੈ।

ਸਰਨਿ ਆਇਓ, ਰਾਖਨਹਾਰੇ ॥ ਰਹਾਉ ॥

ਸਾਰਿਆਂ ਦੀ ਰੱਖਿਆ ਕਰਨ ਵਾਲੇ ਦੀ ਮੈਂ ਪਨਾਹ ਲਈ ਹੈ। ਠਹਿਰਾਉ।

ਸਰਬ ਪਾਖ, ਰਾਖੁ ਮੁਰਾਰੇ ॥

ਮੇਰੀ ਸਾਰਿਆਂ ਪਾਸਿਆਂ ਤੋਂ ਰੱਖਿਆ ਕਰ, ਹੇ ਹੰਕਾਰ ਦੇ ਵੈਰੀ ਪ੍ਰਭੂ!

ਆਗੈ ਪਾਛੈ, ਅੰਤੀ ਵਾਰੇ ॥੧॥

ਭਾਵ, ਪਿਛੇ ਤੋਂ ਅੱਗੇ ਨੂੰ ਅਤੇ ਅਖੀਰ ਦੇ ਸਮੇ ਨੂੰ।

ਜਬ ਚਿਤਵਉ, ਤਬ ਤੁਹਾਰੇ ॥

ਜਦ ਭੀ ਮੈਂ ਖਿਆਲ ਕਰਦਾ ਹਾਂ, ਤਦ ਮੈਂ ਤੇਰੀਆਂ ਨੇਕੀਆਂ ਦਾ ਖਿਆਲ ਕਰਦਾ ਹਾਂ।

ਉਨ ਸਮ੍ਹ੍ਹਾਰਿ, ਮੇਰਾ ਮਨੁ ਸਧਾਰੇ ॥੨॥

ਉਨ੍ਹਾਂ ਦਾ ਵਿਚਾਰ ਕਰਨ ਨਾਲ ਮੇਰੀ ਆਤਮਾ ਪਵਿੱਤਰ ਹੋ ਜਾਂਦੀ ਹੈ।

ਸੁਨਿ ਗਾਵਉ, ਗੁਰ ਬਚਨਾਰੇ ॥

ਮੈਂ ਗੁਰਬਾਣੀ ਨੂੰ ਸ੍ਰਵਣ ਤੇ ਗਾਇਨ ਕਰਦਾ ਹਾਂ।

ਬਲਿ ਬਲਿ ਜਾਉ, ਸਾਧ ਦਰਸਾਰੇ ॥੩॥

ਮੈਂ ਸੰਤ-ਗੁਰਾਂ ਦੇ ਦਰਸ਼ਨ ਉਤੋਂ ਕੁਰਬਾਨ, ਕੁਰਬਾਨ ਹਾਂ।

ਮਨ ਮਹਿ ਰਾਖਉ, ਏਕ ਅਸਾਰੇ ॥

ਮੇਰੇ ਚਿੱਤ ਅੰਦਰ ਕੇਵਲ ਪ੍ਰਭੂ ਦਾ ਹੀ ਆਸਰਾ ਹੈ।

ਨਾਨਕ, ਪ੍ਰਭ ਮੇਰੇ ਕਰਨੈਹਾਰੇ ॥੪॥੨੫॥

ਨਾਨਕ, ਮੈਂਡਾ ਮਾਲਕ ਸਾਰਿਆਂ ਦਾ ਸਿਰਜਣਹਾਰ ਹੈ।


ਦੇਵਗੰਧਾਰੀ ਮਹਲਾ ੫ ॥

ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।

ਪ੍ਰਭ! ਇਹੈ ਮਨੋਰਥੁ ਮੇਰਾ ॥

ਹੇ ਸੁਆਮੀ! ਕੇਵਲ ਏਹੀ ਮੇਰੇ ਦਿਲ ਦੀ ਚਾਹਨਾ ਹੈ।

ਕ੍ਰਿਪਾ ਨਿਧਾਨ ਦਇਆਲ! ਮੋਹਿ ਦੀਜੈ; ਕਰਿ ਸੰਤਨ ਕਾ ਚੇਰਾ ॥ ਰਹਾਉ ॥

ਹੇ ਰਹਿਮਤ ਦੇ ਖਜਾਨੇ! ਮੇਰੇ ਮਿਹਰਬਾਨ ਮਾਲਕ! ਮੈਨੂੰ ਆਪਣੇ ਸਾਧੂਆਂ ਦਾ ਗੋਲਾ ਕਰਦੇ। ਠਹਿਰਾਉ।

ਪ੍ਰਾਤਹਕਾਲ ਲਾਗਉ ਜਨ ਚਰਨੀ; ਨਿਸ ਬਾਸੁਰ ਦਰਸੁ ਪਾਵਉ ॥

ਸੁਬ੍ਹਾ ਸਵੇਰੇ ਮੈਂ ਸਾਈਂ ਦੇ ਗੋਲਿਆਂ ਦੇ ਪੈਰੀ ਪੈਂਦਾ ਹਾਂ ਅਤੇ ਰਾਤ ਦਿਨ ਉਨ੍ਹਾਂ ਦਾ ਦਰਸ਼ਨ ਪਾਉਂਦਾ ਹਾਂ।

ਤਨੁ ਮਨੁ ਅਰਪਿ ਕਰਉ ਜਨ ਸੇਵਾ; ਰਸਨਾ ਹਰਿ ਗੁਨ ਗਾਵਉ ॥੧॥

ਆਪਣੀ ਦੇਹ ਤੇ ਆਤਮਾ ਸੌਂਪ ਕੇ, ਮੈਂ ਸੁਆਮੀ ਦੀ ਸੇਵਕ ਦੀ ਟਹਿਲ ਕਰਦਾ ਹਾਂ ਤੇ ਆਪਣੀ ਜੀਭ ਨਾਲ ਹਰੀ ਦਾ ਜੱਸ ਗਾਉਂਦਾ ਹਾਂ।

ਸਾਸਿ ਸਾਸਿ ਸਿਮਰਉ ਪ੍ਰਭੁ ਅਪੁਨਾ; ਸੰਤਸੰਗਿ ਨਿਤ ਰਹੀਐ ॥

ਹਰ ਸੁਆਸ ਨਾਲ ਮੈਂ ਆਪਣੇ ਸਾਹਿਬ ਨੂੰ ਯਾਦ ਕਰਦਾ ਹਾਂ ਅਤੇ ਮੈਂ ਹਮੇਸ਼ਾ, ਸਾਧ ਸੰਗਤ ਅੰਦਰ ਵਿਚਰਦਾ ਹਾਂ।

ਏਕੁ ਅਧਾਰੁ ਨਾਮੁ ਧਨੁ ਮੋਰਾ; ਅਨਦੁ ਨਾਨਕ ਇਹੁ ਲਹੀਐ ॥੨॥੨੬॥

ਵਾਹਿਗੁਰੂ ਦਾ ਨਾਮ ਹੀ ਮੇਰਾ ਇਕੋ ਇਕ ਆਸਰਾ ਤੇ ਮਾਲ ਧਨ ਹੈ। ਕੇਵਲ ਏਸੇ ਤੋਂ ਹੀ ਨਾਨਕ ਖੁਸ਼ੀ ਪ੍ਰਾਪਤ ਕਰਦਾ ਹੈ।


ਰਾਗੁ ਦੇਵਗੰਧਾਰੀ ਮਹਲਾ ੫ ਘਰੁ ੩

ਰਾਗ ਦੇਵ ਗੰਧਾਰੀ। ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਮੀਤਾ! ਐਸੇ ਹਰਿ ਜੀਉ ਪਾਏ ॥

ਹੇ ਮਿੱਤ੍ਰ! ਐਹੋ ਜੇਹਾ ਪਤਵੰਤਾ ਪ੍ਰਭੂ ਮੈਨੂੰ ਪ੍ਰਾਪਤ ਹੋਇਆ ਹੈ।

ਛੋਡਿ ਨ ਜਾਈ ਸਦ ਹੀ ਸੰਗੇ; ਅਨਦਿਨੁ ਗੁਰ ਮਿਲਿ ਗਾਏ ॥੧॥ ਰਹਾਉ ॥

ਉਹ ਮੈਨੂੰ ਤਿਆਗਦਾ ਨਹੀਂ ਅਤੇ ਹਮੇਸ਼ਾਂ ਮੇਰੇ ਨਾਲ ਰਹਿੰਦਾ ਹੈ। ਗੁਰਾਂ ਨੂੰ ਮਿਲ ਕੇ, ਮੈਂ ਰਾਤ ਦਿਨ ਉਸ ਦਾ ਜੱਸ ਗਾਇਨ ਕਰਦਾ ਹਾਂ। ਠਹਿਰਾਉ।

ਮਿਲਿਓ ਮਨੋਹਰੁ ਸਰਬ ਸੁਖੈਨਾ; ਤਿਆਗਿ ਨ ਕਤਹੂ ਜਾਏ ॥

ਮੈਂ ਮਨਮੋਹਨ ਮਾਲਕ ਨੂੰ ਮਿਲ ਪਿਆ ਹਾਂ, ਜੋ ਮੈਨੂੰ ਸਾਰੇ ਆਰਾਮ ਬਖਸ਼ਦਾ ਹੈ। ਮੈਨੂੰ ਛੱਡ ਕੇ ਉਹ ਹੋਰ ਕਿਧਰੇ ਨਹੀਂ ਜਾਂਦਾ।

ਅਨਿਕ ਅਨਿਕ ਭਾਤਿ, ਬਹੁ ਪੇਖੇ; ਪ੍ਰਿਅ ਰੋਮ ਨ ਸਮਸਰਿ ਲਾਏ ॥੧॥

ਮੈਂ ਅਨੇਕਾਂ ਅਤੇ ਘਣੇਰੀਆਂ ਕਿਮਸਾਂ ਦੇ ਲੋਕ ਦੇਖੇ ਹਨ, ਪਰ ਉਹ ਮੇਰੇ ਪ੍ਰਭੂ-ਪਤੀ ਦੇ ਇਕ ਵਾਲ ਬਰਾਬਰ ਭੀ ਨਹੀਂ ਪੁੱਜਦੇ।

ਮੰਦਰਿ ਭਾਗੁ ਸੋਭ ਦੁਆਰੈ; ਅਨਹਤ ਰੁਣੁ ਝੁਣੁ ਲਾਏ ॥

ਕੀਰਤੀਮਾਨ ਹੈ ਸਾਈਂ ਦਾ ਮਹਿਲ ਅਤੇ ਸੁੰਦਰ ਹੈ ਉਸ ਦਾ ਦਰਵਾਜਾ, ਜਿਸ ਅੰਦਰ ਸੁਰੀਲਾ ਬੈਕੁੰਠੀ ਕੀਰਤਨ ਗੂੰਜਦਾ ਹੈ।

ਕਹੁ ਨਾਨਕ, ਸਦਾ ਰੰਗੁ ਮਾਣੇ; ਗ੍ਰਿਹ ਪ੍ਰਿਅ ਥੀਤੇ, ਸਦ ਥਾਏ ॥੨॥੧॥੨੭॥

ਨਾਨਕ ਆਖਦਾ ਹੈ, ਮੈਂ ਹਮੇਸ਼ਾਂ ਅਨੰਦ ਭੋਗਦਾ ਹਾਂ, ਕਿਉਂਕਿ ਮੈਨੂੰ ਪ੍ਰੀਤਮ ਦੇ ਘਰ ਵਿੱਚ ਸਦੀਵੀ ਸਥਿਰ ਟਿਕਾਣਾ ਮਿਲ ਗਿਆ ਹੈ।


ਦੇਵਗੰਧਾਰੀ ੫ ॥

ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।

ਦਰਸਨ ਨਾਮ ਕਉ, ਮਨੁ ਆਛੈ ॥

ਮੇਰੀ ਆਤਮਾ ਵਾਹਿਗੁਰੂ ਦੇ ਦੀਦਾਰ ਅਤੇ ਨਾਮ ਨੂੰ ਲੋਚਦੀ ਹੈ।

ਭ੍ਰਮਿ ਆਇਓ ਹੈ ਸਗਲ ਥਾਨ ਰੇ; ਆਹਿ ਪਰਿਓ ਸੰਤ ਪਾਛੈ ॥੧॥ ਰਹਾਉ ॥

ਓ, ਸਾਰੀਆਂ ਥਾਵਾਂ ਉਤੇ ਭਟਕ ਕੇ ਅਤੇ ਹੁਣ ਆ ਕੇ ਮੈਂ ਸਾਧੂ-ਗੁਰਾਂ ਦੇ ਪਿਛੇ ਲੱਗ ਗਿਆ ਹਾਂ। ਠਹਿਰਾਉ।

ਕਿਸੁ ਹਉ ਸੇਵੀ? ਕਿਸੁ ਆਰਾਧੀ? ਜੋ ਦਿਸਟੈ ਸੋ ਗਾਛੈ ॥

ਕੀਹਦੀ ਮੈਂ ਟਹਿਲ ਕਰਾਂ ਅਤੇ ਮੈਂ ਚਿੰਤਨ ਕਰਾਂ, ਕਿਉਂ ਜੋ, ਜੋ ਕੋਈ ਭੀ ਦਿਸ ਆਉਂਦਾ ਹੈ, ਉਹ ਟੁਰ ਜਾਵੇਗਾ?

ਸਾਧਸੰਗਤਿ ਕੀ ਸਰਨੀ ਪਰੀਐ; ਚਰਣ ਰੇਨੁ ਮਨੁ ਬਾਛੈ ॥੧॥

ਮੈਂ ਸਾਧ-ਸੰਗਤ ਦੀ ਓਟ ਲਈ ਹੈ, ਅਤੇ ਮੇਰਾ ਚਿੱਤ ਉਨ੍ਹਾਂ ਦੇ ਪੈਰਾਂ ਦੀ ਧੂੜ ਨੂੰ ਲੋਚਦਾ ਹਾਂ।

ਜੁਗਤਿ ਨ ਜਾਨਾ ਗੁਨੁ ਨਹੀ ਕੋਈ; ਮਹਾ ਦੁਤਰੁ ਮਾਇ ਆਛੈ ॥

ਮੈਂ ਕੋਈ ਢੰਗ ਨਹੀਂ ਜਾਣਦਾ, ਨਾਂ ਹੀ ਮੇਰੇ ਵਿੱਚ ਕੋਈ ਨੇਕੀ ਹੈ। ਮਾਇਆ ਤੋਂ ਬਚ ਨਿਕਲਣਾ ਪਰਮ ਕਠਨ ਹੈ।

ਆਇ ਪਇਓ ਨਾਨਕ ਗੁਰ ਚਰਨੀ; ਤਉ ਉਤਰੀ ਸਗਲ ਦੁਰਾਛੈ ॥੨॥੨॥੨੮॥

ਨਾਨਕ ਆ ਕੇ ਗੁਰਾਂ ਦੇ ਪੈਰਾਂ ਤੇ ਡਿੱਗ ਪਿਆ ਹੈ ਅਤੇ ਤਦ ਉਸ ਦੀਆਂ ਸਾਰੀਆਂ ਮੰਦੀਆਂ-ਵਾਸ਼ਨਾ ਨਵਿਰਤ ਹੋ ਗਈਆਂ ਹਨ।


ਦੇਵਗੰਧਾਰੀ ੫ ॥

ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।

ਅੰਮ੍ਰਿਤਾ, ਪ੍ਰਿਅ ਬਚਨ ਤੁਹਾਰੇ ॥

ਮੇਰੇ ਪ੍ਰੀਤਮਾ! ਅੰਮ੍ਰਿਤਮਈ ਹਨ ਤੇਰੇ ਬਚਨ-ਬਿਲਾਸ।

ਅਤਿ ਸੁੰਦਰ ਮਨਮੋਹਨ ਪਿਆਰੇ; ਸਭਹੂ ਮਧਿ ਨਿਰਾਰੇ ॥੧॥ ਰਹਾਉ ॥

ਤੂੰ ਪਰਮ ਸੁਹਣਾ, ਮਨੋਹਰ ਹੈ, ਹੇ ਪ੍ਰੀਤਮ! ਤੂੰ ਸਾਰਿਆਂ ਦੇ ਅੰਦਰ ਹੈ ਅਤੇ ਫਿਰ ਭੀ ਅਟੰਕ ਹੈ। ਠਹਿਰਾਉ।

ਰਾਜੁ ਨ ਚਾਹਉ, ਮੁਕਤਿ ਨ ਚਾਹਉ; ਮਨਿ ਪ੍ਰੀਤਿ ਚਰਨ ਕਮਲਾਰੇ ॥

ਮੈਂ ਨ ਬਾਦਸ਼ਾਹੀ ਚਾਹੁੰਦਾ ਹਾਂ ਅਤੇ ਨ ਹੀ ਮੁਕਤੀ, ਮੇਰੀ ਆਤਮਾ ਨੂੰ ਤੇਰੇ ਕੰਵਲ ਵਰਗੇ ਪੈਰਾਂ ਦੇ ਪ੍ਰੇਮ ਦੀ ਤਾਂਘ ਹੈ।

ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ; ਮੋਹਿ ਠਾਕੁਰ ਹੀ ਦਰਸਾਰੇ ॥੧॥

ਬ੍ਰਹਿਮਾ, ਸ਼ਿਵਜੀ, ਕਰਾਮਾਤੀ ਬੰਦੇ, ਰਿਸ਼ੀ ਅਤੇ ਇੰਦਰ ਜੀ ਹਨ। ਪ੍ਰੰਤੂ, ਮੈਂ ਕੇਵਲ ਪ੍ਰਭੂ ਦੇ ਦਰਸ਼ਨ ਨੂੰ ਹੀ ਲੋੜਦਾ ਹਾਂ।

ਦੀਨੁ ਦੁਆਰੈ ਆਇਓ ਠਾਕੁਰ! ਸਰਨਿ ਪਰਿਓ ਸੰਤ, ਹਾਰੇ ॥

ਹੇ ਸਾਹਿਬ! ਮੈਂ ਨਿਮਾਣਾ ਹੋ ਤੇਰੇ ਬੂਹੇ ਤੇ ਆਇਆ ਹਾਂ। ਹਾਰ ਹੰਭ ਕੇ ਮੈਂ ਤੇਰੇ ਸਾਧੂਆਂ ਦੀ ਪਨਾਹ ਲਈ ਹੈ।

ਕਹੁ ਨਾਨਕ ਪ੍ਰਭ ਮਿਲੇ ਮਨੋਹਰ; ਮਨੁ ਸੀਤਲ ਬਿਗਸਾਰੇ ॥੨॥੩॥੨੯॥

ਗੁਰੂ ਜੀ ਫੁਰਮਾਉਂਦੇ ਹਨ, ਮੈਂ ਸੁੰਦਰ ਸੁਆਮੀ ਨੂੰ ਮਿਲ ਪਿਆ ਹਾਂ ਅਤੇ ਮੇਰੀ ਆਤਮਾ ਠੰਢੀ ਤੇ ਖੁਸ਼ੀ ਹੋ ਗਈ ਹੈ।


ਦੇਵਗੰਧਾਰੀ ਮਹਲਾ ੫ ॥

ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।

ਹਰਿ ਜਪਿ ਸੇਵਕੁ, ਪਾਰਿ ਉਤਾਰਿਓ ॥

ਸੁਆਮੀ ਨੂੰ ਸਿਮਰ ਕੇ ਉਸ ਦਾ ਦਾਸ ਤਰ ਜਾਂਦਾ ਹੈ।

ਦੀਨ ਦਇਆਲ ਭਏ ਪ੍ਰਭ ਅਪਨੇ; ਬਹੁੜਿ ਜਨਮਿ ਨਹੀ ਮਾਰਿਓ ॥੧॥ ਰਹਾਉ ॥

ਜਦ ਸੁਆਮੀ ਆਪਣੇ ਮਸਕੀਨ ਦਾਸ ਤੇ ਦਯਾਵਾਨ ਹੋ ਜਾਂਦਾ ਹੈ ਉਹ ਮੁੜ ਕੇ ਜਨਮ ਮਰਨ ਵਿੱਚ ਨਹੀਂ ਆਉਂਦਾ। ਠਹਿਰਾਉ।

ਸਾਧਸੰਗਮਿ ਗੁਣ ਗਾਵਹ ਹਰਿ ਕੇ; ਰਤਨ ਜਨਮੁ ਨਹੀ ਹਾਰਿਓ ॥

ਸਤਿ ਸੰਗਤ ਅੰਦਰ ਉਹ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ ਅਤੇ ਆਪਣੇ ਹੀਰੇ ਵਰਗੇ, ਮਨੁੱਖੀ ਜੀਵਨ ਨੂੰ ਨਹੀਂ ਹਾਰਦਾ।

ਪ੍ਰਭ ਗੁਨ ਗਾਇ ਬਿਖੈ ਬਨੁ ਤਰਿਆ; ਕੁਲਹ ਸਮੂਹ ਉਧਾਰਿਓ ॥੧॥

ਸਾਹਿਬ ਦੀ ਕੀਰਤੀ ਕਰਨ ਦੁਆਰਾ, ਉਹ ਜ਼ਹਿਰ ਦੇ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ ਅਤੇ ਆਪਣੀ ਸਾਰੀ ਵੰਸ਼ ਨੂੰ ਭੀ ਬਚਾ ਲੈਂਦਾ ਹੈ।

ਚਰਨ ਕਮਲ ਬਸਿਆ ਰਿਦ ਭੀਤਰਿ; ਸਾਸਿ ਗਿਰਾਸਿ ਉਚਾਰਿਓ ॥

ਸਾਹਿਬ ਦੇ ਕੰਵਲ ਪੈਰ ਉਸ ਦੇ ਹਿਰਦੇ ਅੰਦਰ ਵਸਦੇ ਹਨ ਅਤੇ ਆਪਣੇ ਹਰ ਸਾਹ ਅਤੇ ਬੁਰਕੀ ਨਾਲ ਉਹ ਸਾਈਂ ਦਾ ਨਾਮ ਜੱਪਦਾ ਹੈ।

ਨਾਨਕ ਓਟ ਗਹੀ ਜਗਦੀਸੁਰ; ਪੁਨਹ ਪੁਨਹ ਬਲਿਹਾਰਿਓ ॥੨॥੪॥੩੦॥

ਨਾਨਕ ਨੇ ਆਲਮ ਦੇ ਸੁਆਮੀ ਦੀ ਸ਼ਰਣ ਲਈ ਹੈ ਅਤੇ ਉਹ ਮੁੜ ਮੁੜ ਕੇ, ਉਸ ਉਤੋਂ ਘੋਲੀ ਵੰਞਦਾ ਹਾਂ।


ਰਾਗੁ ਦੇਵਗੰਧਾਰੀ ਮਹਲਾ ੫ ਘਰੁ ੪

ਰਾਗ ਦੇਵ ਗੰਧਾਰੀ। ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਕਰਤ ਫਿਰੇ ਬਨ ਭੇਖ, ਮੋਹਨ ਰਹਤ ਨਿਰਾਰ ॥੧॥ ਰਹਾਉ ॥

ਮਜ਼ਹਬੀ ਬਾਣੇ ਪਹਿਣ ਕੇ ਬੰਦੇ ਜੰਗਲਾਂ ਅੰਦਰ ਭਟਕਦੇ ਹਨ, ਪ੍ਰੰਤੂ ਸੁੰਦਰ ਸੁਆਮੀ ਨਿਰਲੇਪ ਵਿਚਰਦਾ ਹੈ। ਠਹਿਰਾਉ।

ਕਥਨ ਸੁਨਾਵਨ, ਗੀਤ ਨੀਕੇ ਗਾਵਨ; ਮਨ ਮਹਿ ਧਰਤੇ ਗਾਰ ॥੧॥

ਉਹ ਵਖਿਆਨ ਤੇ ਪ੍ਰਚਾਰ ਕਰਦੇ ਹਨ ਚੰਗੇ ਗਾਉਣ ਗਾਇਨ ਕਰਦੇ ਹਨ, ਪ੍ਰੰਤੂ ਉਨ੍ਹਾਂ ਦੇ ਚਿੱਤ ਵਿੱਚ ਪਾਪਾਂ ਦੀ ਮੈਲ ਹੈ।

ਅਤਿ ਸੁੰਦਰ, ਬਹੁ ਚਤੁਰ ਸਿਆਨੇ; ਬਿਦਿਆ ਰਸਨਾ ਚਾਰ ॥੨॥

ਬਹੁਤ ਸੁਹਣਾ, ਪਰਮ ਪ੍ਰਬੀਨ, ਅਕਲਮੰਦ, ਵਿਦਵਾਨ ਅਤੇ ਮਿੱਠ-ਬੋਲੜਾ ਹੋਣਾ ਸੁਖੈਨ ਹੈ।

ਮਾਨ ਮੋਹ ਮੇਰ ਤੇਰ ਬਿਬਰਜਿਤ; ਏਹੁ ਮਾਰਗੁ ਖੰਡੇ ਧਾਰ ॥੩॥

ਹੰਕਾਰੀ ਸੰਸਾਰ ਮਮਤਾ, ਮੇਰਾਪਨ ਅਤੇ ਤੈਂਡਾਪਨ ਤਿਆਗਣਾ, ਇਹ ਰਸਤਾ ਦੋ-ਧਾਰੀ ਤਲਵਾਰ ਦੇ ਤਿੱਖੇ ਤੀਰ ਤੁੱਲ (ਸਮਾਨ) ਹੈ।

ਕਹੁ ਨਾਨਕ ਤਿਨਿ ਭਵਜਲੁ ਤਰੀਅਲੇ; ਪ੍ਰਭ ਕਿਰਪਾ ਸੰਤ ਸੰਗਾਰ ॥੪॥੧॥੩੧॥

ਗੁਰੂ ਜੀ ਆਖਦੇ ਹਨ, ਕੇਵਲ ਓਹੀ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੁੰਦੇ ਹਨ, ਜੋ ਸੁਆਮੀ ਦੀ ਰਹਿਮਤ ਸਦਕਾ ਸਤਿ ਸੰਗਤ ਨਾਲ ਜੁੜਦੇ ਹਨ।


ਰਾਗੁ ਦੇਵਗੰਧਾਰੀ ਮਹਲਾ ੫ ਘਰੁ ੫

ਰਾਗ ਦੇਵ ਗੰਧਾਰੀ। ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਮੈ ਪੇਖਿਓ ਰੀ! ਊਚਾ; ਮੋਹਨੁ ਸਭ ਤੇ ਊਚਾ ॥

ਓ, ਮੈਂ ਸੁਆਮੀ ਨੂੰ ਉਚਾ ਵੇਖਿਆ ਹੈ। ਮਨੋਹਰ ਮਾਲਕ ਸਾਰਿਆਂ ਨਾਲੋਂ ਉਚਾ ਹੈ।

ਆਨ ਨ ਸਮਸਰਿ ਕੋਊ ਲਾਗੈ; ਢੂਢਿ ਰਹੇ ਹਮ ਮੂਚਾ ॥੧॥ ਰਹਾਉ ॥

ਉਸ ਦੇ ਬਰਾਬਰ ਹੋਰ ਕੋਈ ਨਹੀਂ। ਮੈਂ ਬਹੁਤ ਹੀ ਖੋਜ ਭਾਲ ਕੀਤੀ ਹੈ। ਠਹਿਰਾਉ।

ਬਹੁ ਬੇਅੰਤੁ, ਅਤਿ ਬਡੋ ਗਾਹਰੋ; ਥਾਹ ਨਹੀ, ਅਗਹੂਚਾ ॥

ਪਰਮ ਅਨੰਤ, ਮਹਾਨ ਵੱਡਾ ਡੂੰਘਾ ਅਤੇ ਅਥਾਹ ਹੈ ਉਹ। ਉਹ ਪਹੁੰਚ ਤੋਂ ਪਰੇ ਉਚੇਰਾ ਹੈ।

ਤੋਲਿ ਨ ਤੁਲੀਐ, ਮੋਲਿ ਨ ਮੁਲੀਐ; ਕਤ ਪਾਈਐ ਮਨ ਰੂਚਾ ॥੧॥

ਉਹ ਜੋਖਣ ਨੂੰ ਅਜੋਖ ਅਤੇ ਮੂਲ ਪਾਉਣ ਨੂੰ ਅਣਮੁੱਲਾ ਹੈ। ਮਨ ਦੇ ਮੋਹਨਹਾਰ ਨੂੰ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ?

ਖੋਜ ਅਸੰਖਾ, ਅਨਿਕ ਤਪੰਥਾ; ਬਿਨੁ ਗੁਰ ਨਹੀ ਪਹੂਚਾ ॥

ਅਨੇਕਾਂ ਰਸਤਿਆਂ ਰਾਹੀਂ ਕ੍ਰੋੜਾਂ ਹੀ ਉਸ ਨੂੰ ਭਾਲਦੇ ਹਨ, ਪ੍ਰੰਤੂ ਗੁਰਾਂ ਦੇ ਬਾਝੋਂ ਕੋਈ ਭੀ ਉਸ ਨੂੰ ਨਹੀਂ ਪਾਉਂਦਾ।

ਕਹੁ ਨਾਨਕ ਕਿਰਪਾ ਕਰੀ ਠਾਕੁਰ; ਮਿਲਿ ਸਾਧੂ ਰਸ ਭੂੰਚਾ ॥੨॥੧॥੩੨॥

ਗੁਰੂ ਜੀ ਆਖਦੇ ਹਨ, ਸਾਹਿਬ ਦੇ ਮੇਹਰ ਕੀਤੀ ਹੈ ਅਤੇ ਸੰਤ ਗੁਰਾਂ ਨੂੰ ਮਿਲ ਕੇ ਮੈਂ ਉਸ ਦਾ ਅੰਮ੍ਰਿਤ ਪਾਨ ਕਰਦਾ ਹਾਂ।


ਦੇਵਗੰਧਾਰੀ ਮਹਲਾ ੫ ॥

ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।

ਮੈ ਬਹੁ ਬਿਧਿ ਪੇਖਿਓ; ਦੂਜਾ ਨਾਹੀ ਰੀ ਕੋਊ ॥

ਮੈਂ ਬਹੁਤਿਆਂ ਤਰੀਕਿਆਂ ਨਾਲ ਵੇਖਿਆ ਹੈ। ਉਸ ਸੁਆਮੀ ਵਰਗਾ ਹੋਰ ਕੋਈ ਨਹੀਂ।

ਖੰਡ ਦੀਪ ਸਭ ਭੀਤਰਿ ਰਵਿਆ; ਪੂਰਿ ਰਹਿਓ ਸਭ ਲੋਊ ॥੧॥ ਰਹਾਉ ॥

ਉਹ ਸਾਰਿਆਂ ਖਿੱਤਿਆਂ ਤੇ ਟਾਪੂਆਂ ਅੰਦਰ ਵਿਆਪਕ ਹੈ। ਸਮੂਹ ਸੰਸਾਰ ਨੂੰ ਉਹ ਭਰਪੂਰ ਭਰ ਰਿਹਾ ਹੈ। ਠਹਿਰਾਉ।

ਅਗਮ ਅਗੰਮਾ ਕਵਨ ਮਹਿੰਮਾ? ਮਨ ਜੀਵੈ ਸੁਨਿ ਸੋਊ ॥

ਉਹ ਪਰੇਡਿਆਂ ਤੋਂ ਪਰਮ ਪਰੇਡੇ ਹੈ। ਉਸ ਦੀ ਕੀਰਤੀ ਕੌਣ ਉਚਾਰਨ ਕਰ ਸਕਦਾ ਹੈ? ਮਤੇਰੀ ਆਤਮਾ ਉਸ ਦੀਆਂ ਕਨਸੋਆਂ ਸੁਣ ਕੇ ਜੀਊਂਦੀ ਹੈ।

ਚਾਰਿ ਆਸਰਮ ਚਾਰਿ ਬਰੰਨਾ; ਮੁਕਤਿ ਭਏ ਸੇਵਤੋਊ ॥੧॥

ਤੇਰੀ ਘਾਲ ਕਮਾਉਣ ਦੁਆਰਾ, ਹੇ ਸੁਆਮੀ ਚਾਰ ਧਾਰਮਕ ਸ਼੍ਰੇਣੀਆਂ ਅਤੇ ਚਾਰਾਂ ਹੀ ਜਾਤਾਂ ਦੇ ਜੀਵ ਮੁਕਤ ਹੋ ਜਾਂਦੇ ਹਨ।

ਗੁਰਿ ਸਬਦੁ ਦ੍ਰਿੜਾਇਆ, ਪਰਮ ਪਦੁ ਪਾਇਆ; ਦੁਤੀਅ ਗਏ ਸੁਖ ਹੋਊ ॥

ਗੁਰਾਂ ਨੇ ਮੇਰੇ ਅੰਦਰ ਆਪਣਾ ਉਪਦੇਸ਼ ਪੱਕਾ ਕੀਤਾ ਹੈ ਅਤੇ ਮੈਂ ਮਹਾਨ ਮਰਤਬਾ ਪਾ ਲਿਆ ਹੈ। ਮੇਰਾ ਦਵੈ-ਭਾਵ ਦੂਰ ਹੋ ਗਿਆ ਹੈ ਅਤੇ ਮੈਂ ਆਰਾਮ ਪ੍ਰਾਪਤ ਕਰ ਲਿਆ ਹੈ।

ਕਹੁ ਨਾਨਕ ਭਵ ਸਾਗਰੁ ਤਰਿਆ; ਹਰਿ ਨਿਧਿ ਪਾਈ ਸਹਜੋਊ ॥੨॥੨॥੩੩॥

ਗੁਰੂ ਜੀ ਆਖਦੇ ਹਨ, ਵਾਹਿਗੁਰੂ ਦੇ ਨਾਮ ਦਾ ਖਜਾਨਾ ਪ੍ਰਾਪਤ ਕਰਨ ਦੁਆਰਾ, ਮੈਂ ਸੁਖੈਨ ਹੀ, ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹਾਂ।


ਰਾਗੁ ਦੇਵਗੰਧਾਰੀ ਮਹਲਾ ੫ ਘਰੁ ੬

ਰਾਗਦੇਵ ਗੰਧਾਰੀ। ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪ੍ਰਾਪਤ ਹੁੰਦਾ ਹੈ।

ਏਕੈ ਰੇ, ਹਰਿ ਏਕੈ ਜਾਨ ॥

ਹੇ ਬੰਦੇ! ਜਾਣ ਲੈ, ਕਿ ਵਾਹਿਗੁਰੂ ਇਕ ਤੇ ਕੇਵਲ ਇਕ ਹੀ ਹੈ।

ਏਕੈ ਰੇ, ਗੁਰਮੁਖਿ ਜਾਨ ॥੧॥ ਰਹਾਉ ॥

ਗੁਰਾਂ ਦੇ ਉਪਦੇਸ਼ ਰਾਹੀਂ ਤੂੰ ਉਸ ਨੂੰ ਇਕ ਹੀ ਸਮਝ। ਠਹਿਰਾਉ।

ਕਾਹੇ ਭ੍ਰਮਤ ਹਉ, ਤੁਮ ਭ੍ਰਮਹੁ ਨ ਭਾਈ! ਰਵਿਆ ਰੇ ਰਵਿਆ, ਸ੍ਰਬ ਥਾਨ ॥੧॥

ਕਿਉਂ ਭਟਕਦਾ ਹੈ? ਤੂੰ ਭਟਕ ਨਾਂ, ਹੇ ਮੇਰੇ ਵੀਰ! ਸੁਆਮੀ ਸਾਰਿਆਂ ਥਾਵਾਂ ਅੰਦਰ ਵਿਆਪਕ ਹੈ।

ਜਿਉ ਬੈਸੰਤਰੁ ਕਾਸਟ ਮਝਾਰਿ; ਬਿਨੁ ਸੰਜਮ ਨਹੀ ਕਾਰਜ ਸਾਰਿ ॥

ਜਿਸ ਤਰ੍ਹਾਂ ਲੱਕੜ ਵਿੱਚ ਹੀ ਅੱਗ, ਜੁਗਤ ਦੇ ਬਗੈਰ ਕੰਮ ਨਹੀਂ ਸੁਆਰਦੀ,

ਬਿਨੁ ਗੁਰ ਨ ਪਾਵੈਗੋ; ਹਰਿ ਜੀ ਕੋ ਦੁਆਰ ॥

ਏਸੇ ਤਰ੍ਹਾਂ ਹੀ ਗੁਰਾਂ ਦੇ ਬਗੈਰ ਪੂਜਯ ਪ੍ਰਭੂ ਦਾ ਦਰਵਾਜਾ ਪ੍ਰਾਪਤ ਨਹੀਂ ਹੋ ਸਕਦਾ।

ਮਿਲਿ ਸੰਗਤਿ, ਤਜਿ ਅਭਿਮਾਨ; ਕਹੁ ਨਾਨਕ ਪਾਏ ਹੈ ਪਰਮ ਨਿਧਾਨ ॥੨॥੧॥੩੪ ॥

ਸਤਿ ਸੰਗਤ ਨਾਲ ਜੁੜ ਕੇ ਤੂੰ ਆਪਣੇ ਹੰਕਾਰ ਨੂੰ ਛੱਡ ਦੇ, ਹੇ ਬੰਦੇ! ਗੁਰੂ ਜੀ ਆਖਦੇ ਹਨ, ਇਸ ਤਰ੍ਹਾਂ ਮਹਾਨ ਖਜਾਨਾ ਪਾਇਆ ਜਾਂਦਾ ਹੈ।


ਦੇਵਗੰਧਾਰੀ ੫ ॥

ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।

ਜਾਨੀ ਨ ਜਾਈ, ਤਾ ਕੀ ਗਾਤਿ ॥੧॥ ਰਹਾਉ ॥

ਉਸ ਦੀ ਅਵਸਥਾ ਜਾਣੀ ਨਹੀਂ ਜਾ ਸਕਦੀ। ਠਹਿਰਾਉ।

ਕਹ ਪੇਖਾਰਉ ਹਉ ਕਰਿ ਚਤੁਰਾਈ; ਬਿਸਮਨ ਬਿਸਮੇ, ਕਹਨ ਕਹਾਤਿ ॥੧॥

ਚਾਲਾਕੀ ਕਰ ਕੇ ਮੈਂ ਉਸ ਨੂੰ ਕਿਸ ਤਰ੍ਹਾਂ ਵੇਖ ਸਕਦਾ ਹਾਂ? ਉਸ ਦੀ ਵਾਰਤਾ ਬਿਆਨ ਕਰਨ ਵਾਲੇ ਅਸਚਰਜ ਰਹਿ ਜਾਂਦੇ ਹਨ।

ਗਣ ਗੰਧਰਬ, ਸਿਧ ਅਰੁ ਸਾਧਿਕ ॥

ਦੇਵਤਿਆਂ ਦੇ ਦਾਸ, ਸਵਗਰੀ ਗਵੱਈਏ, ਪੂਰਨ ਪੁਰਸ਼ ਅਭਿਆਸੀ,

ਸੁਰਿ ਨਰ ਦੇਵ, ਬ੍ਰਹਮ ਬ੍ਰਹਮਾਦਿਕ ॥

ਪਵਿੱਤਰ ਪੁਰਸ਼, ਦੇਵਤੇ, ਬ੍ਰਹਮਾਂ, ਬਰਮਾ ਵਰਗੇ ਹੋਰ,

ਚਤੁਰ ਬੇਦ, ਉਚਰਤ ਦਿਨੁ ਰਾਤਿ ॥

ਅਤੇ ਚਾਰੇ ਵੇਦ ਦਿਹੁੰ ਰੈਣ ਪੁਕਾਰਦੇ ਹਨ,

ਅਗਮ ਅਗਮ, ਠਾਕੁਰੁ ਆਗਾਧਿ ॥

ਕਿ ਸੁਆਮੀ ਪਹੁੰਚ ਤੋਂ ਪਰੇ ਪਹੁੰਚ ਰਹਿਤ ਅਤੇ ਬੇਥਾਹ ਹੈ।

ਗੁਨ ਬੇਅੰਤ ਬੇਅੰਤ ਭਨੁ ਨਾਨਕ; ਕਹਨੁ ਨ ਜਾਈ ਪਰੈ ਪਰਾਤਿ ॥੨॥੨॥੩੫॥

ਗੁਰੂ ਜੀ ਆਖਦੇ ਹਨ, ਅਣਗਿਣਤ ਹਨ ਖੂਬੀਆਂ ਹੱਦਬੰਨਾ-ਰਹਿਤ ਸੁਆਮੀ ਦੀਆਂ। ਉਹ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ; ਕਿਉਕਿ ਉਹ ਪਹੁੰਚ ਤੋਂ ਪੂਰੀ ਤਰ੍ਹਾਂ ਪਰੇ ਹਨ।


ਦੇਵਗੰਧਾਰੀ ਮਹਲਾ ੫ ॥

ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।

ਧਿਆਏ ਗਾਏ ਕਰਨੈਹਾਰ ॥

ਮੈਂ ਕੇਵਲ ਕਰਤਾਰ ਨੂੰ ਹੀ ਸਿਮਰਦਾ ਅਤੇ ਗਾਉਂਦਾ ਹਾਂ।

ਭਉ ਨਾਹੀ ਸੁਖ ਸਹਜ ਅਨੰਦਾ; ਅਨਿਕ ਓਹੀ ਰੇ, ਏਕ ਸਮਾਰ ॥੧॥ ਰਹਾਉ ॥

ਉਸ ਇਕ ਸਰਗੁਣ ਬ੍ਰਹਮ ਨੂੰ ਯਾਦ ਕਰਨ ਦੁਆਰਾ, ਬੰਦਾ ਨਿੱਡਰ ਹੋ ਜਾਂਦਾ ਹਾਂ ਅਤੇ ਆਰਾਮ, ਅਡੋਲਤਾ ਅਤੇ ਖੁਸ਼ੀ ਨੂੰ ਪਾ ਲੈਂਦਾ ਹੈ। ਠਹਿਰਾਉ।

ਸਫਲ ਮੂਰਤਿ ਗੁਰੁ, ਮੇਰੈ ਮਾਥੈ ॥

ਗੁਰਾਂ ਦੀ ਅਮੋਘ ਵਿਅਕਤੀ ਨੇ ਮੇਰੇ ਮੱਥੇ ਉਤੇ ਆਪਣਾ ਹੱਥ ਰੱਖਿਆ ਹੈ।

ਜਤ ਕਤ ਪੇਖਉ, ਤਤ ਤਤ ਸਾਥੈ ॥

ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਉਸ ਨੂੰ ਆਪਣੇ ਨਾਲ ਪਾਉਂਦਾ ਹਾਂ।

ਚਰਨ ਕਮਲ, ਮੇਰੇ ਪ੍ਰਾਨ ਅਧਾਰ ॥੧॥

ਪ੍ਰਭੂ ਦੇ ਕੰਵਲ ਪੈਰ, ਮੇਰੀ ਜਿੰਦ-ਜਾਨ ਦਾ ਆਸਰਾ ਹਨ।

ਸਮਰਥ ਅਥਾਹ, ਬਡਾ ਪ੍ਰਭੁ ਮੇਰਾ ॥

ਸਰਬ-ਸ਼ਕਤੀਵਾਨ, ਅਗਾਧ ਤੇ ਵਿਸ਼ਾਲ ਹੈ ਮੇਰਾ ਸੁਆਮੀ।

ਘਟ ਘਟ ਅੰਤਰਿ, ਸਾਹਿਬੁ ਨੇਰਾ ॥

ਮਾਲਕ ਹਰ ਦਿਲ ਅੰਦਰ ਵਸਦਾ ਹੈ ਅਤੇ ਨਿਹਾਇਤ ਹੀ ਨੇੜੇ ਹੈ।

ਤਾ ਕੀ ਸਰਨਿ ਆਸਰ ਪ੍ਰਭ ਨਾਨਕ; ਜਾ ਕਾ ਅੰਤੁ ਨ ਪਾਰਾਵਾਰ ॥੨॥੩॥੩੬॥

ਨਾਨਕ ਨੇ ਉਸ ਸਾਹਿਬ ਦੀ ਓਟ ਅਤੇ ਆਸਰਾ ਲਿਆ ਹੈ, ਜਿਸ ਦਾ ਕੋਈ ਓੜਕ ਅਤੇ ਇਹ ਜਾਂ ਔਹ ਕਿਨਾਰਾ ਨਹੀਂ।


ਦੇਵਗੰਧਾਰੀ ਮਹਲਾ ੫ ॥

ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।

ਉਲਟੀ ਰੇ ਮਨ! ਉਲਟੀ ਰੇ ॥

ਮੁੜ ਪਉ ਹੇ! ਹੇ ਮੇਰੀ ਜਿੰਦੜੀਏ! ਮੁੜ ਪਉ।

ਸਾਕਤ ਸਿਉ, ਕਰਿ ਉਲਟੀ ਰੇ ॥

ਓ, ਅਧਰਮੀਆਂ ਵੱਲੋਂ ਮੁੜ ਪਉ।

ਝੂਠੈ ਕੀ ਰੇ, ਝੂਠੁ ਪਰੀਤਿ; ਛੁਟਕੀ ਰੇ ਮਨ, ਛੁਟਕੀ ਰੇ; ਸਾਕਤ ਸੰਗਿ, ਨ ਛੁਟਕੀ ਰੇ ॥੧॥ ਰਹਾਉ ॥

ਹੇ, ਕੂੜਾ ਹੈ ਪਿਆਰ ਕੂੜੇ ਪੁਰਸ਼ ਦਾ, ਇਸ ਨੂੰ ਤਿਆਗ ਦੇ। ਹੇ ਮੇਰੀ ਜਿੰਦੜੀਏ! ਅਤੇ ਤੂੰ ਖਲਾਸੀ ਪਾ ਲਵਨੂੰਗੀ। ਮਾਇਆ ਦੇ ਉਪਾਸ਼ਕ ਦੀ ਸੰਗਤ ਅੰਦਰ ਤੇਰਾ ਛੁਟਕਾਰਾ ਨਹੀਂ ਹੋਣਾ। ਠਹਿਰਾਉ।

ਜਿਉ ਕਾਜਰ ਭਰਿ, ਮੰਦਰੁ ਰਾਖਿਓ; ਜੋ ਪੈਸੈ, ਕਾਲੂਖੀ ਰੇ ॥

ਜਿਸ ਤਰ੍ਹਾਂ ਕੋਈ ਭੀ ਜੋ ਕਾਲਖ ਨਾਲ ਪੂਰੇ ਹੋਏ ਘਰ ਅੰਦਰ ਵੜਦਾ ਹੈ, ਕਾਲਾ ਹੋ ਜਾਂਦਾ ਹੈ, ਉਸੇ ਤਰ੍ਹਾਂ ਦਾ ਹੀ ਹੈ, ਉਹ ਇਨਸਾਨ ਜੋ ਅਧਰਮੀ ਦੀ ਸੰਗਤ ਕਰਦਾ ਹੈ।

ਦੂਰਹੁ ਹੀ ਤੇ ਭਾਗਿ ਗਇਓ ਹੈ; ਜਿਸੁ ਗੁਰ ਮਿਲਿ, ਛੁਟਕੀ ਤ੍ਰਿਕੁਟੀ ਰੇ ॥੧॥

ਜੋ ਗੁਰਾਂ ਨੂੰ ਮਿਲ ਪੈਂਦਾ ਹੈ, ਉਹ ਤਿੰਨਾਂ ਗੁਣਾਂ ਦੀ ਕੈਦ ਤੋਂ ਬੱਚ ਜਾਂਦਾ ਹੈ। ਉਹ ਮਾੜੀ ਸੰਗਤ ਤੋਂ ਦੂਰੋਂ ਹੀ ਭੱਜ ਜਾਂਦਾ ਹੈ।

ਮਾਗਉ ਦਾਨੁ ਕ੍ਰਿਪਾਲ ਕ੍ਰਿਪਾ ਨਿਧਿ! ਮੇਰਾ ਮੁਖੁ ਸਾਕਤ ਸੰਗਿ ਨ ਜੁਟਸੀ ਰੇ ॥

ਹੇ ਮਿਹਰਬਾਨ ਮਾਲਕ! ਰਹਿਮਤ ਦੇ ਸਮੁੰਦਰ ਮੈਂ ਤੇਰੇ ਪਾਸੋਂ ਇਹ ਦਾਤ ਮੰਗਦਾ ਹਾਂ ਕਿ ਮੈਨੂੰ ਮਾਇਆ ਦੇ ਉਪਾਸ਼ਕ ਤੇ ਆਮ੍ਹੋ ਸਾਹਮਣੇ ਨਾਂ ਕਰੀ।

ਜਨ ਨਾਨਕ ਦਾਸ ਦਾਸ ਕੋ ਕਰੀਅਹੁ; ਮੇਰਾ ਮੂੰਡੁ, ਸਾਧ ਪਗਾ ਹੇਠਿ ਰੁਲਸੀ ਰੇ ॥੨॥੪॥੩੭॥

ਦਾਸ ਨਾਨਕ ਨੂੰ ਆਪਣੇ ਸੇਵਕ ਦਾ ਸੇਵਕ ਬਣਾ ਦੇ, ਹੇ ਸਾਹਿਬ! ਰੱਬ ਕਰੇ ਉਸ ਦਾ ਸਿਰ ਸਾਧੂਆਂ ਦੇ ਪੈਰਾਂ ਹੇਠ ਰੁਲੇ।


ਰਾਗੁ ਦੇਵਗੰਧਾਰੀ ਮਹਲਾ ੫ ਘਰੁ ੭

ਰਾਗਦੇਵ ਗੰਧਾਰੀ। ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਸਭ ਦਿਨ ਕੇ ਸਮਰਥ ਪੰਥ ਬਿਠੁਲੇ! ਹਉ ਬਲਿ ਬਲਿ ਜਾਉ ॥

ਹੇ ਸੁਆਮੀ! ਮੈਨੂੰ ਮਾਰਗ ਦਰਸਾਉਣਹਾਰ ਤੂੰ ਸਾਰਿਆਂ ਦਿਨਾਂ ਲਈ ਸ਼ਕਤੀਵਾਨ ਹੈ। ਮੈਂ ਤੇਰੇ ਉਤੋਂ ਸਦਾ ਹੀ ਕੁਰਬਾਨ ਹਾਂ।

ਗਾਵਨ ਭਾਵਨ, ਸੰਤਨ ਤੋਰੈ; ਚਰਨ ਉਵਾ ਕੈ ਪਾਉ ॥੧॥ ਰਹਾਉ ॥

ਤੇਰੇ ਸਾਧੂ ਤੈਨੂੰ ਪਿਆਰ ਨਾਲ ਗਾਉਂਦੇ ਹਨ। ਮੈਂ ਉਨ੍ਹਾਂ ਦੇ ਪੈਰੀਂ ਪੈਂਦਾ ਹਾਂ। ਠਹਿਰਾਉ।

ਜਾਸਨ ਬਾਸਨ, ਸਹਜ ਕੇਲ ਕਰੁਣਾ ਮੈ; ਏਕ ਅਨੰਤੁ, ਅਨੂਪੈ ਠਾਉ ॥੧॥

ਹੇ ਮੇਰੇ ਉਪਮਾ ਯੋਗ, ਅਨੰਦ ਭਰੀਆ ਖੇਡਾਂ ਮਾਨਣਹਾਰ, ਰਹਿਮਤ ਦੇ ਪੁੰਜ ਅਤੇ ਅਦੁੱਤੀ ਤੇ ਬੇਅੰਤ ਸੁਆਮੀ! ਪਰਮ ਸੁੰਦਰ ਹੈ ਤੇਰਾ ਟਿਕਾਣਾ।

ਰਿਧਿ ਸਿਧਿ ਨਿਧਿ ਕਰ ਤਲ ਜਗਜੀਵਨ; ਸ੍ਰਬ ਨਾਥ ਅਨੇਕੈ ਨਾਉ ॥

ਇਕਬਾਲ, ਕਰਾਮਾਤੀ ਸ਼ਕਤੀਆਂ ਅਤੇ ਧਨ-ਦੌਲਤ ਤੇਰੇ ਹੱਥ ਦੀ ਤਲੀ ਉਤੇ ਹਨ, ਹੇ ਸੁਆਮੀ! ਜਗਤ ਦੀ ਜਿੰਦ-ਜਾਨ ਅਤੇ ਸਮੂਹ ਦੇ ਮਾਲਕ, ਤੇਰੇ ਅਨੰਤ ਹੀ ਨਾਮ ਹਨ।

ਦਇਆ ਮਇਆ ਕਿਰਪਾ ਨਾਨਕ ਕਉ; ਸੁਨਿ ਸੁਨਿ ਜਸੁ ਜੀਵਾਉ ॥੨॥੧॥੩੮॥੬॥੪੪॥

ਹੇ ਸੁਆਮੀ! ਨਾਨਕ ਉਤੇ ਕ੍ਰਿਪਾਲਤਾ, ਦਇਆਲਤਾ ਤੇ ਮਿਹਰਬਾਨੀ ਧਾਰ। ਮੈਂ ਸਦੀਵ ਹੀ ਤੇਰੀ ਸਿਫ਼ਤ ਸ਼ਘਾਲਾ ਸੁਣ ਕੇ ਜੀਉਂਦਾ ਹਾਂ।


ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਰਾਗੁ ਦੇਵਗੰਧਾਰੀ ਮਹਲਾ ੯ ॥

ਰਾਗ ਦੇਵ ਗੰਧਾਰੀ। ਪੰਜਵੀਂ ਪਾਤਿਸ਼ਾਹੀ।

ਯਹ ਮਨੁ, ਨੈਕ ਨ ਕਹਿਓ ਕਰੈ ॥

ਇਹ ਮਨ, ਭੋਰਾ ਭਰ, ਮੇਰੇ ਆਖੇ ਨਹੀਂ ਲੱਗਦਾ।

ਸੀਖ ਸਿਖਾਇ ਰਹਿਓ ਅਪਨੀ ਸੀ; ਦੁਰਮਤਿ ਤੇ ਨ ਟਰੈ ॥੧॥ ਰਹਾਉ ॥

ਆਪਣੇ ਵੱਲੋਂ ਮੈਂ ਉਸ ਨੂੰ ਸਿੱਖਮਤ ਦੇ ਕੇ ਹਾਰ ਹੰਭ ਗਿਆ ਹਾਂ। ਪਰ ਉਹ ਖੋਟੀਆਂ-ਰੁਚੀਆਂ ਤੋਂ ਨਹੀਂ ਟਲਦਾ। ਠਹਿਰਾਉ।

ਮਦਿ ਮਾਇਆ ਕੈ ਭਇਓ ਬਾਵਰੋ; ਹਰਿ ਜਸੁ ਨਹਿ ਉਚਰੈ ॥

ਉਹ ਧਨ-ਪਦਾਰਥ ਦੀ ਮਸਤੀ ਨਾਲ ਪਗਲਾ ਹੋ ਗਿਆ ਹੈ ਅਤੇ ਰੱਬ ਦੀ ਕੀਰਤੀ ਦਾ ਉਚਾਰਨ ਨਹੀਂ ਕਰਦਾ।

ਕਰਿ ਪਰਪੰਚੁ ਜਗਤ ਕਉ ਡਹਕੈ; ਅਪਨੋ ਉਦਰੁ ਭਰੈ ॥੧॥

ਠੱਗੀ ਠੋਰੀ ਰੱਚ ਕੇ ਉਹ ਸੰਸਾਰ ਨੂੰ ਛੱਲਦਾ ਹੈ ਅਤੇ ਆਪਣਾ ਢਿੱਡ ਭਰਦਾ ਹੈ।

ਸੁਆਨ ਪੂਛ ਜਿਉ ਹੋਇ ਨ ਸੂਧੋ; ਕਹਿਓ ਨ ਕਾਨ ਧਰੈ ॥

ਕੁੱਤੇ ਦੀ ਪੂਛਲ ਦੀ ਤਰ੍ਹਾਂ ਸਿੱਧਾ ਨਹੀਂ ਹੁੰਦਾ ਅਤੇ ਜੋ ਕੁਛ ਮੈਂ ਆਖਦਾ ਹਾਂ, ਉਸ ਵੱਲ ਕੰਨ ਨਹੀਂ ਕਰਦਾ।

ਕਹੁ ਨਾਨਕ, ਭਜੁ ਰਾਮ ਨਾਮ ਨਿਤ; ਜਾ ਤੇ ਕਾਜੁ ਸਰੈ ॥੨॥੧॥

ਗੁਰੂ ਜੀ ਆਖਦੇ ਹਨ, ਤੂੰ ਪ੍ਰਭੂ ਦੇ ਨਾਮ ਦਾ ਸਦੀਵ ਹੀ ਉਚਾਰਨ ਕਰ, ਜਿਸ ਦੇ ਨਾਲ ਤੇਰੇ ਕਾਰਜ ਰਾਸ ਹੋ ਜਾਣਗੇ।


ਦੇਵਗੰਧਾਰੀ ਮਹਲਾ ੯ ॥

ਦੇਵ ਗੰਧਾਰੀ ਨੌਵੀਂ ਪਾਤਿਸ਼ਾਹੀ।

ਸਭ ਕਿਛੁ, ਜੀਵਤ ਕੋ ਬਿਵਹਾਰ ॥

ਤੇਰੇ ਸਾਰੇ ਸੰਸਾਰੀ ਕਾਰ ਵਿਹਾਰ ਜੀਉਦਿਆਂ ਤੋੜੀ ਹੀ ਹਨ।

ਮਾਤ ਪਿਤਾ ਭਾਈ ਸੁਤ ਬੰਧਪ; ਅਰੁ ਫੁਨਿ ਗ੍ਰਿਹ ਕੀ ਨਾਰਿ ॥੧॥ ਰਹਾਉ ॥

ਮਾਂ, ਪਿਉ, ਵੀਰ, ਪੁੱਤ੍ਰ, ਸਨਬੰਧੀ ਅਤੇ ਮੁੜ ਤੇਰੀ ਘਰ ਦੀ ਵਹੁਟੀ ਚੀਕ ਚਿਹਾੜਾ ਪਾਉਂਦੇ ਹਨ। ਠਹਿਰਾਉ।

ਤਨ ਤੇ ਪ੍ਰਾਨ ਹੋਤ ਜਬ ਨਿਆਰੇ; ਟੇਰਤ ਪ੍ਰੇਤਿ ਪੁਕਾਰਿ ॥

ਅਤੇ ਤੈਨੂੰ ਭੂਤ ਆਖਦੇ ਹਨ, ਜਦ ਆਤਮਾ ਦੇਹ ਨਾਲੋਂ ਵੱਖਰੀ ਹੁੰਦੀ ਹੈ।

ਆਧ ਘਰੀ ਕੋਊ ਨਹਿ ਰਾਖੈ; ਘਰ ਤੇ ਦੇਤ ਨਿਕਾਰਿ ॥੧॥

ਘੜੀ ਭਰ ਲਈ ਭੀ ਤੈਨੂੰ ਕੋਈ ਨਹੀਂ ਰੱਖਦਾ ਤੈਨੂੰ ਘਰੋਂ ਬਾਹਰ ਕੱਢ ਦਿੰਦੇ ਹਨ।

ਮ੍ਰਿਗ ਤ੍ਰਿਸਨਾ ਜਿਉ, ਜਗ ਰਚਨਾ ਯਹ; ਦੇਖਹੁ ਰਿਦੈ ਬਿਚਾਰਿ ॥

ਇਕ ਦ੍ਰਿਸ਼ੱਅਕ ਧੋਖੇ ਦੀ ਮਾਨਿੰਦ ਹੈ ਸੰਸਾਰ ਦੀ ਬਨਾਵਟ। ਆਪਣੇ ਹਿਰਦੇ ਅੰਦਰ ਇਸ ਨੂੰ ਵੇਖ ਅਤੇ ਸੋਚ ਸਮਝ।

ਕਹੁ ਨਾਨਕ ਭਜੁ ਰਾਮ ਨਾਮ ਨਿਤ; ਜਾ ਤੇ ਹੋਤ ਉਧਾਰ ॥੨॥੨॥

ਗੁਰੂ ਜੀ ਆਖਦੇ ਹਨ, ਤੂੰ ਸਦੀਵ ਹੀ ਵਾਹਿਗੁਰੂ ਦੇ ਨਾਮ ਦੇ ਉਚਾਰਨ ਕਰ ਜਿਸ ਦੁਆਰਾ, ਮੁਕਤੀ ਪ੍ਰਾਪਤ ਹੁੰਦੀ ਹੈ।


ਦੇਵਗੰਧਾਰੀ ਮਹਲਾ ੯ ॥

ਦੇਵ ਗੰਧਾਰੀ ਨੌਵੀਂ ਪਾਤਿਸ਼ਾਹੀ।

ਜਗਤ ਮੈ, ਝੂਠੀ ਦੇਖੀ ਪ੍ਰੀਤਿ ॥

ਇਸ ਸੰਸਾਰ ਵਿੱਚ ਮੈਂ ਪਿਆਰ ਨੂੰ ਕੂੜ ਤੱਕਿਆ ਹੈ।

ਅਪਨੇ ਹੀ ਸੁਖ ਸਿਉ ਸਭ ਲਾਗੇ; ਕਿਆ ਦਾਰਾ? ਕਿਆ ਮੀਤ? ॥੧॥ ਰਹਾਉ ॥

ਹਰ ਜਣੇ ਦਾ, ਕੀ ਪਤਨੀ, ਕੀ ਮਿੱਤ੍ਰ, ਆਪਦੀ ਖੁਸ਼ੀ ਨਾਲ ਹੀ ਸਰੋਕਾਰ ਹੈ। ਠਹਿਰਾਉ।

ਮੇਰਉ ਮੇਰਉ ਸਭੈ ਕਹਤ ਹੈ; ਹਿਤ ਸਿਉ ਬਾਧਿਓ ਚੀਤ ॥

ਸਾਰੇ ਆਖਦੇ ਹਨ, “ਤੂੰ ਮੇਰਾ ਹੈ, ਮੇਰਾ ਹੈ” ਅਤੇ ਪਿਆਰ ਨਾਲ ਮਨ ਨੂੰ ਜੋੜਦੇ ਹਨ।

ਅੰਤਿ ਕਾਲਿ ਸੰਗੀ ਨਹ ਕੋਊ; ਇਹ ਅਚਰਜ ਹੈ ਰੀਤਿ ॥੧॥

ਅਖੀਰ ਦੇ ਵੇਲੇ ਤੇਰਾ ਕੋਈ ਸਾਥੀ ਨਹੀਂ ਬਣਦਾ। ਇਹ ਅਸਚਰਜ ਰਿਵਾਜ਼ ਹੈ।

ਮਨ ਮੂਰਖ, ਅਜਹੂ ਨਹ ਸਮਝਤ; ਸਿਖ ਦੈ ਹਾਰਿਓ, ਨੀਤ ॥

ਬੇਵਕੂਫ ਬੰਦਾ ਅਜੇ ਭੀ ਆਪਣੇ ਆਪ ਦਾ ਸੁਧਾਰ ਨਹੀਂ ਕਰਦਾ, ਭਾਵਨੂੰ ਮੈਂ ਸਦਾ ਹੀ ਉਸ ਨੂੰ ਸਿਖਮੱਤ ਦਿੰਦਾ ਦਿੰਦਾ ਹਾਰ ਹੁੱਟ ਗਿਆ ਹਾਂ।

ਨਾਨਕ ਭਉਜਲੁ ਪਾਰਿ ਪਰੈ; ਜਉ ਗਾਵੈ ਪ੍ਰਭ ਕੇ ਗੀਤ ॥੨॥੩॥੬॥੩੮॥੪੭॥

ਨਾਨਕ ਜੇਕਰ ਪ੍ਰਾਣੀ ਸੁਆਮੀ ਦੀ ਸਿਫ਼ਤ ਸਲਾਹ ਦੇ ਗਾਉਣ ਗਾਇਨ ਕਰਨੂੰ, ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤੱਰ ਜਾਂਦਾ ਹੈ।