ਰਾਗ ਬਿਲਾਵਲੁ ਮੰਗਲ – ਬਾਣੀ ਸ਼ਬਦ-Raag Bilaval Mangal – Bani

ਰਾਗ ਬਿਲਾਵਲੁ ਮੰਗਲ – ਬਾਣੀ ਸ਼ਬਦ-Raag Bilaval Mangal – Bani

ਛੰਤ ਬਿਲਾਵਲੁ ਮਹਲਾ ੪ ਮੰਗਲ

ਛੰਤ ਬਿਲਾਵਲ ਚੌਥੀ ਪਾਤਿਸ਼ਾਹੀ। ਖੁਸ਼ੀ ਦਾ ਗੀਤ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਰਾਪਤ ਹੁੰਦਾ ਹੈ।

ਮੇਰਾ ਹਰਿ ਪ੍ਰਭੁ ਸੇਜੈ ਆਇਆ; ਮਨੁ ਸੁਖਿ ਸਮਾਣਾ ਰਾਮ ॥

ਮੇਰੇ ਵਾਹਿਗੁਰੂ ਸੁਆਮੀ ਮੇਰੇ ਪਲੰਘ ਤੇ ਆ ਗਿਆ ਹੈ ਅਤੇ ਮੇਰੀ ਆਤਮਾ ਆਰਾਮ ਅੰਦਰ ਲੀਨ ਹੋ ਗਝੀ ਹੈ।

ਗੁਰਿ ਤੁਠੈ ਹਰਿ ਪ੍ਰਭੁ ਪਾਇਆ; ਰੰਗਿ ਰਲੀਆ ਮਾਣਾ ਰਾਮ ॥

ਗੁਰਾਂ ਦੀ ਪ੍ਰਸੰਨਤਾ ਰਾਹੀਂ ਮੈਂ ਆਪਣੇ ਵਾਹਿਗੁਰੂ ਸੁਆਮੀ ਨੂੰ ਪਾ ਲਿਆ ਹੈ ਅਤੇ ਉਸ ਦੀ ਪ੍ਰੀਤ ਅੰਦਰ ਮੌਜਾਂ ਲੁੱਟਦੀ ਹਾਂ।

ਵਡਭਾਗੀਆ ਸੋਹਾਗਣੀ; ਹਰਿ ਮਸਤਕਿ ਮਾਣਾ ਰਾਮ ॥

ਵੱਡੇ ਕਰਮਾਂ ਵਾਲੀਆਂ ਤੇ ਖੁਸ਼ਬਾਸ਼ ਹਨ ਉਹ ਪਤਨੀਆਂ, ਜਿਨ੍ਹਾਂ ਦੇ ਮੱਥੇ ਉਤੇ ਵਾਹਿਗੁਰੂ ਸੁਆਮੀ ਦੇ ਨਾਮ ਦਾ ਰਤਨ ਲਿਸ਼ਕਦਾ ਹੈ।

ਹਰਿ ਪ੍ਰਭੁ ਹਰਿ ਸੋਹਾਗੁ ਹੈ; ਨਾਨਕ ਮਨਿ ਭਾਣਾ ਰਾਮ ॥੧॥

ਵਾਹਿਗੁਰੂ ਸੁਆਮੀ ਮਾਲਕ ਨਾਨਕ ਦਾ ਕੰਤ ਹੈ ਅਤੇ ਉਸ ਦੇ ਚਿੱਤ ਨੂੰ ਚੰਗਾ ਲੱਗਦਾ ਹੈ।

ਨਿੰਮਾਣਿਆ ਹਰਿ ਮਾਣੁ ਹੈ; ਹਰਿ ਪ੍ਰਭੁ ਹਰਿ ਆਪੈ ਰਾਮ ॥

ਵਾਹਿਗੁਰੂ ਬੇਇੱਜ਼ਤਿਆਂ ਦੀ ਇੱਜ਼ਤ ਹੈ, ਵਾਹਿਗੁਰੂ ਸੁਆਮੀ ਮਾਲਕ ਸਾਰਾ ਕੁਛ ਆਪ ਹੀ ਹੈ।

ਗੁਰਮੁਖਿ ਆਪੁ ਗਵਾਇਆ; ਨਿਤ ਹਰਿ ਹਰਿ ਜਾਪੈ ਰਾਮ ॥

ਗੁਰਾਂ ਦੀ ਦਇਆ ਦੁਆਰਾ ਮੈਂ ਆਪਣੀ ਸਵੈ-ਹੰਗਤਾ ਦੂਰ ਕਰ ਦਿੱਤੀ ਹੈ ਅਤੇ ਸਦਾ ਸੁਆਮੀ ਦੇ ਨਾਮ ਨੂੰ ਉਚਾਰਦਾ ਹਾਂ।

ਮੇਰੇ ਹਰਿ ਪ੍ਰਭ ਭਾਵੈ, ਸੋ ਕਰੈ; ਹਰਿ ਰੰਗਿ ਹਰਿ ਰਾਪੈ ਰਾਮ ॥

ਜੋ ਕੁਛ ਮੇਰੇ ਸੁਆਮੀ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ, ਕੇਵਲ ਉਹ ਹੀ ਉਹ ਕਰਦਾ ਹੈ। ਸੁਆਮੀ ਵਾਹਿਗੁਰੂ ਇਨਸਾਨ ਨੂੰ ਆਪਣੇ ਨਿੱਜ ਦੇ ਰੰਗ ਵਿੱਚ ਰੰਗ ਦਿੰਦਾ ਹੈ।

ਜਨੁ ਨਾਨਕੁ ਸਹਜਿ ਮਿਲਾਇਆ; ਹਰਿ ਰਸਿ ਹਰਿ ਧ੍ਰਾਪੈ ਰਾਮ ॥੨॥

ਗੋਲਾ ਨਾਨਕ ਪ੍ਰਭੂ ਨਾਲ ਮਿਲ ਗਿਆ ਹੈ ਅਤੇ ਸੁਆਮੀ ਵਾਹਿਗੁਰੂ ਦੇ ਅੰਮ੍ਰਿਤ ਨਾਲ ਰੱਜ ਗਿਆ ਹੈ।

ਮਾਣਸ ਜਨਮਿ ਹਰਿ ਪਾਈਐ; ਹਰਿ ਰਾਵਣ ਵੇਰਾ ਰਾਮ ॥

ਸਿਰਫ ਮਨੁੱਖੀ ਜੀਵਨ ਵਿੱਚ ਹੀ ਪ੍ਰਭੂ ਪਰਾਪਤ ਕੀਤਾ ਜਾ ਸਕਦਾ ਹੈ। ਇਹ ਹੀ ਵੇਲਾ ਹੈ ਸੁਆਮੀ ਵਾਹਿੁਗਰੂ ਦੇ ਸਿਮਰਨ ਕਰਨ ਦਾ।

ਗੁਰਮੁਖਿ ਮਿਲੁ ਸੋਹਾਗਣੀ; ਰੰਗੁ ਹੋਇ ਘਣੇਰਾ ਰਾਮ ॥

ਗੁਰਾਂ ਦੀ ਮਿਹਰ ਸਦਕਾ ਖੁਸ਼ਬਾਸ਼ ਪਤਨੀਆਂ ਆਪਣੇ ਪ੍ਰੀਤਮ ਨੂੰ ਮਿਲ ਪੈਂਦੀਆਂ ਹਨ ਅਤੇ ਤਦ ਉਨ੍ਹਾਂ ਦਾ ਉਸ ਨਾਲ ਅਤਿਅੰਤ ਪਿਆਰ ਹੋ ਗਿਆ ਹੈ।

ਜਿਨ ਮਾਣਸ ਜਨਮਿ ਨ ਪਾਇਆ; ਤਿਨ੍ਹ੍ਹ ਭਾਗੁ ਮੰਦੇਰਾ ਰਾਮ ॥

ਮੰਦੀ ਹੈ ਪ੍ਰਾਲਬਧ ਉਨ੍ਹਾਂ ਦੀ, ਜਿਨ੍ਹਾਂ ਨੂੰ ਮਨੁੱਖੀ ਜੀਵਨ ਪਰਾਪਤ ਨਹੀਂ ਹੋਇਆ।

ਹਰਿ ਹਰਿ ਹਰਿ ਹਰਿ ਰਾਖੁ ਪ੍ਰਭ! ਨਾਨਕੁ ਜਨੁ ਤੇਰਾ ਰਾਮ ॥੩॥

ਹੇ ਮੇਰੇ ਪ੍ਰਭੂ! ਪ੍ਰਭੂ! ਪ੍ਰਭੂ! ਪ੍ਰਭੂ! ਪ੍ਰਭੂ! ਤੂੰ ਨਾਨਕ ਦੀ ਰੱਖਿਆ ਕਰ, ਕਿਉਂ ਜੋ ਉਹ ਤੇਰਾ ਗੋਲਾ ਹੈ।

ਗੁਰਿ ਹਰਿ ਪ੍ਰਭੁ ਅਗਮੁ ਦ੍ਰਿੜਾਇਆ; ਮਨੁ ਤਨੁ ਰੰਗਿ ਭੀਨਾ ਰਾਮ ॥

ਗੁਰਾਂ ਨੇ ਮੇਰੇ ਅੰਦਰ ਬੇਅੰਤ ਸੁਆਮੀ ਦਾ ਨਾਮ ਪੱਕਾ ਕਰ ਦਿੱਤਾ ਹੈ ਅਤੇ ਮੇਰੀ ਆਤਮਾ ਤੇ ਦੇਹ ਪ੍ਰਭੂ ਦੀ ਪ੍ਰੀਤ ਨਾਲ ਗੱਚ ਹੋ ਗਏ ਹਨ।

ਭਗਤਿ ਵਛਲੁ ਹਰਿ ਨਾਮੁ ਹੈ; ਗੁਰਮੁਖਿ ਹਰਿ ਲੀਨਾ ਰਾਮ ॥

ਸੁਆਮੀ ਵਾਹਿਗੁਰੂ ਦਾ ਨਾਮ ਉਸ ਦੇ ਅਨੁਰਾਗੀਆਂ ਦੀ ਢਾਲ ਹੈ ਅਤੇ ਗੁਰਾਂ ਦੀ ਦਇਆ ਦੁਆਰਾ ਪਾਇਆ ਜਾਂਦਾ ਹੈ।

ਬਿਨੁ ਹਰਿ ਨਾਮ ਨ ਜੀਵਦੇ; ਜਿਉ ਜਲ ਬਿਨੁ ਮੀਨਾ ਰਾਮ ॥

ਪਾਣੀ ਦੇ ਬਗੈਰ ਮੱਛੀ ਦੀ ਤਰ੍ਹਾਂ, ਉਹ ਪ੍ਰਭੂ ਦੇ ਨਾਮ ਦੇ ਬਗੈਰ ਜੀਉ ਨਹੀਂ ਸਕਦੇ।

ਸਫਲ ਜਨਮੁ ਹਰਿ ਪਾਇਆ; ਨਾਨਕ ਪ੍ਰਭਿ ਕੀਨਾ ਰਾਮ ॥੪॥੧॥੩॥

ਵਾਹਿਗੁਰੂ ਨਾਲ ਮਿਲ ਕੇ ਮੇਰਾ ਜੀਵਨ ਫਲਦਾਇਕ ਹੋ ਗਿਆ ਹੈ। ਸੁਆਮੀ ਨੇ ਆਪੇ ਹੀ ਮੈਨੂੰ ਸੰਪੂਰਨ ਕੀਤਾ ਹੈ।


ਬਿਲਾਵਲੁ ਮਹਲਾ ੫ ਛੰਤ ਮੰਗਲ

ਬਿਲਾਵਲ ਪੰਜਵੀਂ ਪਾਤਿਸ਼ਾਹੀ ਛੰਤ ਮੰਗਲ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਸਲੋਕੁ ॥

ਸਲੋਕ।

ਸੁੰਦਰ ਸਾਂਤਿ ਦਇਆਲ ਪ੍ਰਭ; ਸਰਬ ਸੁਖਾ ਨਿਧਿ ਪੀਉ ॥

ਸੁਹਣਾ ਸੁਨੱਖਾ, ਸੀਤਲ ਅਤੇ ਕਿਰਪਾਲ ਸੁਆਮੀ, ਮੇਰਾ ਕੰਤ, ਸਾਰਿਆਂ ਆਰਾਮਾ ਦਾ ਖਜਾਨਾ ਹੈ।

ਸੁਖ ਸਾਗਰ ਪ੍ਰਭ ਭੇਟਿਐ; ਨਾਨਕ, ਸੁਖੀ ਹੋਤ ਇਹੁ ਜੀਉ ॥੧॥

ਖੁਸ਼ੀ ਦੇ ਸਮੁੰਦਰ ਸੁਆਮੀ ਨਾਲ ਮਿਲਣ ਦੁਆਰਾ, ਹੇ ਨਾਨਕ! ਇਹ ਪ੍ਰਾਣੀ ਅਨੰਦ ਪ੍ਰਸੰਨ ਹੋ ਜਾਂਦਾ ਹੈ।


ਛੰਤ ॥

ਛੰਤ।

ਸੁਖ ਸਾਗਰ ਪ੍ਰਭੁ ਪਾਈਐ; ਜਬ ਹੋਵੈ ਭਾਗੋ ਰਾਮ ॥

ਜਦ ਉਸ ਦੀ ਪ੍ਰਾਲਭਧ ਜਾਗ ਉਠਦੀ ਹੈ, ਇਨਸਾਨ ਆਰਾਮ ਦੇ ਸਮੁੰਦਰ, ਆਪਣੇ ਸੁਆਮੀ ਮਾਲਕ ਨੂੰ ਪਾ ਲੈਂਦਾ ਹੈ।

ਮਾਨਨਿ, ਮਾਨੁ ਵਞਾਈਐ; ਹਰਿ ਚਰਣੀ ਲਾਗੋ ਰਾਮ ॥

ਇੱਜ਼ਤ ਤੇ ਬੇਇੱਜ਼ਤ ਦੇ ਖਿਆਲ ਨੂੰ ਛੱਡ ਕੇ ਤੂੰ ਪ੍ਰਭੂ ਦੇ ਪੈਰਾਂ ਨਾਲ ਚਿਮੜ ਜਾ।

ਛੋਡਿ ਸਿਆਨਪ ਚਾਤੁਰੀ; ਦੁਰਮਤਿ ਬੁਧਿ ਤਿਆਗੋ ਰਾਮ ॥

ਆਪਣੀ ਅਕਲਮੰਦੀ ਅਤੇ ਚਾਲਾਕੀ ਨੂੰ ਤਿਆਗ ਦੇ ਅਤੇ ਤੂੰ ਆਪਣੇ ਮੰਦੇ ਸੁਭਾਅ ਵਾਲੀ ਸਮਝ ਨੂੰ ਭੀ ਤਲਾਕਜਲੀ ਦੇ ਛੱਡ।

ਨਾਨਕ, ਪਉ ਸਰਣਾਈ ਰਾਮ ਰਾਇ; ਥਿਰੁ ਹੋਇ ਸੁਹਾਗੋ ਰਾਮ ॥੧॥

ਨਾਨਕ, ਤੂੰ ਆਪਣੇ ਪ੍ਰਭੂ ਪਾਤਿਸ਼ਾਹ ਦੀ ਪਨਾਹ ਲੈ, ਤਾਂ ਜੋ ਤੇਰਾ ਵਿਆਹੁਤਾ ਜੀਵਨ ਕਾਲਸਥਾਈ ਹੋ ਜਾਵੇ।

ਸੋ ਪ੍ਰਭੁ ਤਜਿ, ਕਤ ਲਾਗੀਐ; ਜਿਸੁ ਬਿਨੁ ਮਰਿ ਜਾਈਐ ਰਾਮ ॥

ਇਨਸਾਨ ਉਸ ਠਾਕੁਰ ਨੂੰ ਛੱਡ ਕਿ ਹੋਰਸ ਨਾਲ ਕਿਉਂ ਜੁੜੇ, ਜਿਸ ਦੇ ਬਾਝੋਂ ਉਹ ਜੀਉਂ ਨਹੀਂ ਸਕਦਾ?

ਲਾਜ ਨ ਆਵੈ ਅਗਿਆਨ ਮਤੀ; ਦੁਰਜਨ ਬਿਰਮਾਈਐ ਰਾਮ ॥

ਬੇਸਮਝ ਮਤਵਾਲਾ ਪੁਰਸ਼ ਸ਼ਰਮ ਮਹਿਸੂਸ ਨਹੀਂ ਕਰਦਾ। ਮੰਦਾ ਇਨਸਾਨ ਸਦਾ ਕੁਰਾਹੇ ਹੀ ਪੈਂਦਾ ਹੈ।

ਪਤਿਤ ਪਾਵਨ ਪ੍ਰਭੁ, ਤਿਆਗਿ ਕਰੇ; ਕਹੁ, ਕਤ ਠਹਰਾਈਐ ਰਾਮ ॥

ਜੋ ਪਾਪੀਆਂ ਨੂੰ ਪਵਿੱਤਰ ਕਰਨਹਾਰ ਆਪਣੇ ਠਾਕੁਰ ਨੂੰ ਛੱਡ ਦਿੰਦਾ ਹੈ, ਦੱਸੋ ਉਸ ਨੂੰ ਕਿਥੇ ਆਰਾਮ ਦੀ ਥਾਂ ਮਿਲ ਸਕਦੀ ਹੈ?

ਨਾਨਕ, ਭਗਤਿ ਭਾਉ ਕਰਿ ਦਇਆਲ ਕੀ; ਜੀਵਨ ਪਦੁ ਪਾਈਐ ਰਾਮ ॥੨॥

ਨਾਨਕ ਮਿਹਰਬਾਨ ਮਾਲਕ ਦੀ ਪ੍ਰੇਮ-ਮਈ ਸੇਵਾ ਕਰਨ ਦੁਆਰਾ ਪ੍ਰਾਣੀ ਅਮਰ ਮਰਤਬੇ ਨੂੰ ਪਰਾਪਤ ਕਰ ਲੈਂਦਾ ਹੈ।


ਸ੍ਰੀ ਗੋਪਾਲੁ ਨ ਉਚਰਹਿ, ਬਲਿ ਗਈਏ! ਦੁਹਚਾਰਣਿ ਰਸਨਾ ਰਾਮ ॥

ਤੂੰ ਸੜਬਲ ਜਾਵੇ ਕਲੰਕਤ ਜੀਭ੍ਹੇ, ਜੇ ਮਹਾਰਾਜ ਮਾਲਕ ਸੁਆਮੀ ਦੇ ਨਾਮ ਦਾ ਉਚਾਰਨ ਨਹੀਂ ਕਰਦੀ।

ਪ੍ਰਭੁ ਭਗਤਿ ਵਛਲੁ, ਨਹ ਸੇਵਹੀ; ਕਾਇਆ, ਕਾਕ ਗ੍ਰਸਨਾ ਰਾਮ ॥

ਹੇ ਬੰਦੇ! ਤੂੰ ਸ਼ਰਧਾ-ਪ੍ਰੇਮ ਦੇ ਪ੍ਰੀਤਵਾਨ ਆਪਣੇ ਸੁਆਮੀ ਦੀ ਘਾਲ ਨਹੀਂ ਕਮਾਉਂਦਾ। ਤੇਰੀ ਦੇਹ ਨੂੰ ਕਾਵਾਂ ਨੇ ਖਾਣਾ ਹੈ।

ਭ੍ਰਮਿ ਮੋਹੀ ਦੂਖ ਨ ਜਾਣਹੀ; ਕੋਟਿ ਜੋਨੀ ਬਸਨਾ ਰਾਮ ॥

ਤੈਨੂੰ ਸੰਦੇਹ ਨੇ ਫਰੇਫਤਾ ਕਰ ਲਿਆ ਹੈ ਅਤੇ ਤੂੰ ਇਸ ਦੀਆਂ ਤਕਲੀਫਾਂ ਨੂੰ ਅਨੁਭਵ ਨਹੀਂ ਕਰਦੀ। ਤੈਨੂੰ ਕ੍ਰੋੜਾਂ ਹੀ ਜੂਨੀਆਂ ਅੰਦਰ ਭਟਕਣਾ ਪਵੇਂਗਾ।

ਨਾਨਕ, ਬਿਨੁ ਹਰਿ ਅਵਰੁ ਜਿ ਚਾਹਨਾ; ਬਿਸਟਾ ਕ੍ਰਿਮ ਭਸਮਾ ਰਾਮ ॥੩॥

ਨਾਨਕ, ਵਾਹਿਗੁਰੂ ਦੇ ਬਾਝੋਂ ਹੋਰ ਕਿਸੇ ਦੀ ਖਾਹਿਸ਼ ਕਰਨ ਦੁਆਰਾ ਤੂੰ ਗਦਗੀ ਦੇ ਕੀੜੇ ਦੀ ਤਰ੍ਹਾਂ ਖੇਹ ਹੋ ਜਾਵੇਗਾ।

ਲਾਇ ਬਿਰਹੁ ਭਗਵੰਤ ਸੰਗੇ; ਹੋਇ ਮਿਲੁ ਬੈਰਾਗਨਿ ਰਾਮ ॥

ਤੂੰ ਭਾਗਾਂ ਵਾਲੇ ਸੁਆਮੀ ਨਾਲ ਪ੍ਰੇਮ ਪਾ ਅਤੇ ਨਿਰਲੇਪ ਹੋ ਕੇ ਉਸ ਨਾਲ ਮਿਲ ਜਾ।

ਚੰਦਨ ਚੀਰ ਸੁਗੰਧ ਰਸਾ; ਹਉਮੈ ਬਿਖੁ ਤਿਆਗਨਿ ਰਾਮ ॥

ਤੂੰ ਚੰਨਣ, ਬਸਤ੍ਰਾਂ, ਖੁਸ਼ਬੋਆਂ, ਸੁਆਦਾਂ ਅਤੇ ਹੰਕਾਰ ਦੇ ਪਾਪ ਦੇ ਪਿਆਰ ਨੂੰ ਛੱਡ ਦੇ।

ਈਤ ਊਤ ਨਹ ਡੋਲੀਐ; ਹਰਿ ਸੇਵਾ ਜਾਗਨਿ ਰਾਮ ॥

ਤੂੰ ਐਧਰ ਓਧਰ ਡਿਕੋ ਡੋਲੇ ਨਾਂ ਖਾ, ਪ੍ਰੰਤੂ ਸੁਆਮੀ ਦੀ ਟਹਿਲ ਸੇਵਾ ਅੰਦਰ ਸਾਵਧਾਨ ਰਹੁ।

ਨਾਨਕ, ਜਿਨਿ ਪ੍ਰਭੁ ਪਾਇਆ ਆਪਣਾ; ਸਾ ਅਟਲ ਸੁਹਾਗਨਿ ਰਾਮ ॥੪॥੧॥੪॥

ਨਾਨਕ, ਜਿਸ ਨੇ ਆਪਣਾ ਸੁਆਮੀ ਮਾਲਕ ਪਰਾਪਤ ਕਰ ਲਿਆ ਹੈ, ਸਦੀਵੀ ਸਥਿਰ ਹੈ ਉਹ ਸਤਿਵੰਤੀ ਪਤਨੀ।