ਰਾਗ ਬਿਲਾਵਲੁ ਦਖਣੀ – ਬਾਣੀ ਸ਼ਬਦ-Raag Bilaval Dakhni – Bani

ਰਾਗ ਬਿਲਾਵਲੁ ਦਖਣੀ – ਬਾਣੀ ਸ਼ਬਦ-Raag Bilaval Dakhni – Bani

ਬਿਲਾਵਲੁ ਮਹਲਾ ੧ ਛੰਤ ਦਖਣੀ

ਬਿਲਾਵਲ ਪਹਿਲੀ ਪਾਤਿਸ਼ਾਹੀ ਛੰਤ ਦੱਖਣੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਮੁੰਧ ਨਵੇਲੜੀਆ; ਗੋਇਲਿ ਆਈ ਰਾਮ ॥

ਮੇਰੇ ਮਾਲਕਾ! ਮੁਟਿਆਰ ਪਤਨੀ ਇਸ ਸੰਸਾਰ ਵਿੱਚ ਆਰਜ਼ੀ ਨਿਵਾਸ ਲਈ ਆਈ ਹੈ।

ਮਟੁਕੀ ਡਾਰਿ ਧਰੀ; ਹਰਿ ਲਿਵ ਲਾਈ ਰਾਮ ॥

ਆਪਣੇ ਜੰਜਾਲਾਂ ਦੇ ਭਾਂਡੇ ਨੂੰ ਪਰੇ ਰੱਖ ਕੇ, ਉਹ ਆਪਣੇ ਵਾਹਿਗੁਰੂ ਸੁਆਮੀ ਨਾਲ ਪਿਰਹੜੀ ਪਾਉਂਦੀ ਹੈ।

ਲਿਵ ਲਾਇ ਹਰਿ ਸਿਉ, ਰਹੀ ਗੋਇਲਿ; ਸਹਜਿ ਸਬਦਿ ਸੀਗਾਰੀਆ ॥

ਵੈਰਾਗਣ ਆਪਣੇ ਸੁਆਮੀ ਦੀ ਪ੍ਰੀਤ ਅੰਦਰ ਸਮਾਈ ਰਹਿੰਦੀ ਹੈ ਅਤੇ ਸੁਭਾਵਕ ਹੀ ਨਾਮ ਨਾਲ ਸ਼ਸ਼ੋਭਤ ਹੋਈ ਹੋਈ ਹੈ।

ਕਰ ਜੋੜਿ, ਗੁਰ ਪਹਿ ਕਰਿ ਬਿਨੰਤੀ; ਮਿਲਹੁ ਸਾਚਿ ਪਿਆਰੀਆ ॥

ਹੱਥ ਬੰਨ੍ਹ ਕੇ, ਆਪਣੇ ਸੱਚੇ ਪ੍ਰੀਤਮ ਨਾਲ ਮਿਲਾਪ ਕਰਾ ਦੇਣ ਲਈ ਉਹ ਗੁਰਾਂ ਅੱਗੇ ਪ੍ਰਾਰਥਨਾ ਕਰਦੀ ਹੈ।

ਧਨ ਭਾਇ ਭਗਤੀ ਦੇਖਿ ਪ੍ਰੀਤਮ; ਕਾਮ ਕ੍ਰੋਧੁ ਨਿਵਾਰਿਆ ॥

ਆਪਣੀ ਪਤਨੀ ਦੀ ਪ੍ਰੀਤ ਅਤੇ ਸ਼ਰਧਾ ਵੇਖ ਕੇ ਦਿਲਬਰ ਉਸ ਦੀ ਭੋਗ-ਵਾਸ਼ਨਾ ਅਤੇ ਗੁੱਸੇ ਨੂੰ ਦੂਰ ਕਰ ਦਿੰਦਾ ਹੈ।

ਨਾਨਕ, ਮੁੰਧ ਨਵੇਲ ਸੁੰਦਰਿ; ਦੇਖਿ ਪਿਰੁ ਸਾਧਾਰਿਆ ॥੧॥

ਨਾਨਕ ਆਪਣੇ ਕੰਤ ਨੂੰ ਵੇਖ ਕੇ, ਨਵੀਂ ਨਵੇਲੀ ਸੋਹਣੀ ਸੁਨੱਖੀ ਮਹੇਲੀ ਧੀਰਜਵਾਨ ਹੋ ਗਈ ਹੈ।

ਸਚਿ ਨਵੇਲੜੀਏ! ਜੋਬਨਿ ਬਾਲੀ ਰਾਮ ॥

ਹੇ ਨੌਜਵਾਨ ਸਤਵੰਤੀ ਪਤਨੀਏ! ਤੇਰੀ ਜਵਾਨੀ ਤੈਨੂੰ ਸਦੀਵੀ-ਬਾਲੜੀ ਰਖੇਗੀ।

ਆਉ ਨ ਜਾਉ ਕਹੀ; ਅਪਨੇ ਸਹ ਨਾਲੀ ਰਾਮ ॥

ਤੂੰ ਹੋਰ ਕਿਧਰੇ ਆ ਜਾ ਨਾਂ, ਪ੍ਰੰਤੂ ਸਦਾ ਆਪਣੇ ਭਰਤੇ ਨਾਲ ਵਸ।

ਨਾਹ ਅਪਨੇ ਸੰਗਿ ਦਾਸੀ; ਮੈ ਭਗਤਿ ਹਰਿ ਕੀ ਭਾਵਏ ॥

ਮੈਂ ਆਪਣੇ ਕੰਤ ਦੀ ਟਹਿਲਣ, ਉਸ ਦੇ ਨਾਲ ਵੱਸਦੀ ਹਾਂ। ਮੈਨੂੰ ਮੇਰੇ ਸਿਰ ਦੇ ਸਾਈਂ ਦੀ ਪ੍ਰੇਮ-ਮਈ ਸੇਵਾ ਚੰਗੀ ਲੱਗਦੀ ਹੈ।

ਅਗਾਧਿ ਬੋਧਿ ਅਕਥੁ ਕਥੀਐ; ਸਹਜਿ ਪ੍ਰਭ ਗੁਣ ਗਾਵਏ ॥

ਮੈਂ ਸਮਝ ਤੋਂ ਪਰੇ ਅਤੇ ਨਾਂ ਵਰਣਨ ਹੋਣ ਵਾਲੇ ਸਾਹਿਬ ਨੂੰ ਸਮਝਦੀ ਅਤੇ ਵਰਣਨ ਕਰਦੀ ਹਾਂ ਅਤੇ ਸੁਭਾਵਕ ਹੀ ਉਸ ਦੀ ਮਹਿਮਾ ਗਾਉਂਦੀ ਹਾਂ।

ਰਾਮ ਨਾਮ ਰਸਾਲ ਰਸੀਆ; ਰਵੈ ਸਾਚਿ ਪਿਆਰੀਆ ॥

ਜੇ ਅੰਮ੍ਰਿਤ ਦੇ ਘਰ ਨਾਮ ਨੂੰ ਉਚਾਰਦੀ ਅਤੇ ਮਾਣਦੀ ਹੈ, ਉਹ ਸੱਚੇ ਸੁਆਮੀ ਦੀ ਲਾਡਲੀ ਹੋ ਜਾਂਦੀ ਹੈ।

ਗੁਰਿ ਸਬਦੁ ਦੀਆ ਦਾਨੁ ਕੀਆ; ਨਾਨਕਾ ਵੀਚਾਰੀਆ ॥੨॥

ਹੇ ਨਾਨਕ! ਜਿਸ ਨੂੰ ਗੁਰੂ ਜੀ ਨਾਮ ਦੀ ਦਾਤ ਦਿੰਦੇ ਅਤੇ ਬਖਸ਼ਦੇ ਹਨ, ਉਹ ਪ੍ਰਬੀਨ ਹੋ ਜਾਂਦੀ ਹੈ।

ਸ੍ਰੀਧਰ ਮੋਹਿਅੜੀ; ਪਿਰ ਸੰਗਿ ਸੂਤੀ ਰਾਮ ॥

ਪਤਨੀ, ਜਿਸ ਨੂੰ ਮਾਇਆ ਦੇ ਸੁਆਮੀ ਨੇ ਫਰੇਫਤਾ ਕਰ ਲਿਆ ਹੈ, ਉਹ ਆਪਣੇ ਪਤੀ ਦੇ ਨਾਲ ਸੌਂਦੀ ਹੈ।

ਗੁਰ ਕੈ ਭਾਇ ਚਲੋ; ਸਾਚਿ ਸੰਗੂਤੀ ਰਾਮ ॥

ਉਹ ਗੁਰਾਂ ਦੀ ਰਜ਼ਾ ਅਨੁਸਾਰ ਤੁਰਦੀ ਹੈ ਅਤੇ ਸੱਚੇ ਸੁਆਮੀ ਨਾਲ ਇਕਸੁਰ ਹੋ ਜਾਂਦੀ ਹੈ।

ਧਨ ਸਾਚਿ ਸੰਗੂਤੀ, ਹਰਿ ਸੰਗਿ ਸੂਤੀ; ਸੰਗਿ ਸਖੀ ਸਹੇਲੀਆ ॥

ਆਪਣੀਆਂ ਸਾਥਣਾਂ ਅਤੇ ਸਈਆਂ ਸਮੇਤ, ਪਤਨੀ ਸੱਚੇ ਨਾਮ ਨਾਲ ਜੁੜ ਗਈ ਹੈ ਤੇ ਆਪਣੇ ਵਾਹਿਗੁਰੂ ਦੇ ਨਾਲ ਸੌਂਦੀ ਹੈ।

ਇਕ ਭਾਇ ਇਕ ਮਨਿ ਨਾਮੁ ਵਸਿਆ; ਸਤਿਗੁਰੂ ਹਮ ਮੇਲੀਆ ॥

ਇਕ ਚਿੱਤ ਹੋਣ ਕਾਰਣ, ਇਕ ਸੁਆਮੀ ਦੇ ਨਾਮ ਦੀ ਪ੍ਰੀਤ ਮੇਰੇ ਅੰਦਰ ਵਸਦੀ ਹੈ ਅਤੇ ਸੱਚੇ ਗੁਰਾਂ ਦੇ ਰਾਹੀਂ ਮੈਂ ਵਾਹਿਗੁਰੂ ਨਾਲ ਮਿਲ ਗਈ ਹੈ।

ਦਿਨੁ ਰੈਣਿ ਘੜੀ ਨ ਚਸਾ ਵਿਸਰੈ; ਸਾਸਿ ਸਾਸਿ ਨਿਰੰਜਨੋ ॥

ਦਿਨ ਤੇ ਰਾਤ, ਇਕ ਮੁਹਤ ਅਤੇ ਛਿਨ ਭਰ ਲਈ ਮੈਂ ਆਪਣੇ ਪਵਿੱਤ੍ਰ ਪ੍ਰਭੂ ਨੂੰ ਨਹੀਂ ਭੁਲਾਉਂਦੀ ਅਤੇ ਆਪਣੇ ਹਰ ਸੁਆਸ ਨਾਲ ਉਸ ਨੂੰ ਸਿਮਰਦੀ ਹਾਂ।

ਸਬਦਿ ਜੋਤਿ ਜਗਾਇ ਦੀਪਕੁ; ਨਾਨਕਾ ਭਉ ਭੰਜਨੋ ॥੩॥

ਤੂੰ ਪ੍ਰਭੂ ਦੇ ਪ੍ਰਕਾਸ਼ ਦਾ ਦੀਵਾ ਬਾਲ, ਹੇ ਨਾਨਕ! ਅਤੇ ਇਹ ਤੇਰੇ ਡਰ ਨੂੰ ਨਾਸ ਕਰ ਦੇਵੇਗਾ।

ਜੋਤਿ ਸਬਾਇੜੀਏ! ਤ੍ਰਿਭਵਣ ਸਾਰੇ ਰਾਮ ॥

ਨੀ ਅੜੀਏ ਪਤਨੀਏ! ਜਿਸ ਸਾਈਂ ਦਾ ਪ੍ਰਕਾਸ਼ ਸਾਰੇ ਵਿਆਪਕ ਹੈ ਉਹ ਤਿੰਨਾਂ ਹੀ ਲੋਕਾਂ ਦੀ ਸੰਭਾਲ ਕਰਦਾ ਹੈ।

ਘਟਿ ਘਟਿ ਰਵਿ ਰਹਿਆ; ਅਲਖ ਅਪਾਰੇ ਰਾਮ ॥

ਅਦ੍ਰਿਸ਼ਟ ਅਤੇ ਅਨੰਤ ਸੁਆਮੀ ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈ।

ਅਲਖ ਅਪਾਰ ਅਪਾਰੁ ਸਾਚਾ; ਆਪੁ ਮਾਰਿ ਮਿਲਾਈਐ ॥

ਆਪਣੀ ਸਵੈ-ਹੰਗਤਾ ਨੂੰ ਮਾਰ ਕੇ, ਪ੍ਰਾਣੀ ਅਦ੍ਰਿਸ਼ਟ ਅਨੰਤ ਅਤੇ ਹੱਦਬੰਨਾ-ਰਹਿਤ ਸੱਚੇ ਸੁਆਮੀ ਨੂੰ ਮਿਲ ਪੈਂਦਾ ਹੈ।

ਹਉਮੈ ਮਮਤਾ ਲੋਭੁ ਜਾਲਹੁ; ਸਬਦਿ ਮੈਲੁ ਚੁਕਾਈਐ ॥

ਪ੍ਰਭੂ ਦੇ ਨਾਮ ਨਾਲ ਤੂੰ ਆਪਣੇ ਹੰਕਾਰ, ਸੰਸਾਰੀ ਮੋਹ ਅਤੇ ਲਾਲਚ ਨੂੰ ਸਾੜ ਕੇ ਅਤੇ ਪਾਪਾਂ ਦੀ ਗੰਦਗੀ ਨੂੰ ਧੋ ਸੁੱਟ।

ਦਰਿ ਜਾਇ ਦਰਸਨੁ ਕਰੀ ਭਾਣੈ; ਤਾਰਿ ਤਾਰਣਹਾਰਿਆ ॥

ਇਸ ਤਰ੍ਹਾਂ ਤੂੰ ਸਾਹਿਬ ਦੇ ਬੂਹੇ ਤੇ ਪੁੱਜ ਜਾਵੇਂਗੀ ਅਤੇ ਉਸ ਦਾ ਦੀਦਾਰ ਵੇਖ ਲਵੇਂਗੀ ਅਤੇ ਰੱਖਿਆ ਕਰਨਹਾਰ ਆਪਣੀ ਰਜ਼ਾ ਅੰਦਰ ਤੇਰਾ ਪਾਰ ਉਤਾਰਾ ਕਰ ਦੇਵੇਗਾ।

ਹਰਿ ਨਾਮੁ ਅੰਮ੍ਰਿਤੁ ਚਾਖਿ ਤ੍ਰਿਪਤੀ; ਨਾਨਕਾ ਉਰ ਧਾਰਿਆ ॥੪॥੧॥

ਸਾਈਂ ਦੇ ਸੁਧਾ-ਸਰੂਪ ਨਾਮ ਨੂੰ ਚੱਖ ਕੇ ਉਹ ਰੱਜ ਗਈ ਹੈ ਅਤੇ ਇਸ ਨੂੰ ਆਪਣੇ ਦਿਲ ਨਾਲ ਲਾਈ ਰੱਖਦੀ ਹੈ। ਹੇ ਨਾਨਕ!