ਰਾਗ ਆਸਾਵਰੀ – ਬਾਣੀ ਸ਼ਬਦ-Raag Asavari – Bani

ਰਾਗ ਆਸਾਵਰੀ – ਬਾਣੀ ਸ਼ਬਦ-Raag Asavari – Bani

ਰਾਗੁ ਆਸਾਵਰੀ ਘਰੁ ੧੬ ਕੇ ੨ ਮਹਲਾ ੪ ਸੁਧੰਗ ॥

ਰਾਗ ਆਸਾਵਰੀ, ਘਰ ੧੬ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ‘ਸੁਗੰਧ’।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਹਉ ਅਨਦਿਨੁ ਹਰਿ ਨਾਮੁ ਕੀਰਤਨੁ ਕਰਉ ॥

(ਹੇ ਭਾਈ!) ਮੈਂ ਹਰ ਵੇਲੇ ਪਰਮਾਤਮਾ ਦਾ ਨਾਮ ਜਪਦਾ ਹਾਂ, ਮੈਂ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹਾਂ।

ਸਤਿਗੁਰਿ ਮੋ ਕਉ ਹਰਿ ਨਾਮੁ ਬਤਾਇਆ ਹਉ ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ ॥੧॥ ਰਹਾਉ ॥

(ਜਦੋਂ ਦੀ) ਗੁਰੂ ਨੇ ਮੈਨੂੰ ਪਰਮਾਤਮਾ ਦੇ ਨਾਮ ਦੀ ਦੱਸ ਪਾਈ ਹੈ (ਤਦੋਂ ਤੋਂ) ਮੈਂ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਇਕ ਘੜੀ ਪਲ ਭੀ ਨਹੀਂ ਰਹਿ ਸਕਦਾ ॥੧॥ ਰਹਾਉ ॥

ਹਮਰੈ ਸ੍ਰਵਣੁ ਸਿਮਰਨੁ ਹਰਿ ਕੀਰਤਨੁ ਹਉ ਹਰਿ ਬਿਨੁ ਰਹਿ ਨ ਸਕਉ ਹਉ ਇਕੁ ਖਿਨੁ ॥

(ਹੇ ਭਾਈ!) ਮੇਰੇ ਪਾਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਨੀ ਤੇ ਪਰਮਾਤਮਾ ਦਾ ਨਾਮ ਜਪਣਾ ਹੀ (ਰਾਸ-ਪੂੰਜੀ) ਹੈ, ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਮੈਂ ਇਕ ਪਲ ਭੀ ਨਹੀਂ ਰਹਿ ਸਕਦਾ।

ਜੈਸੇ ਹੰਸੁ ਸਰਵਰ ਬਿਨੁ ਰਹਿ ਨ ਸਕੈ ਤੈਸੇ ਹਰਿ ਜਨੁ ਕਿਉ ਰਹੈ ਹਰਿ ਸੇਵਾ ਬਿਨੁ ॥੧॥

ਜਿਵੇਂ ਹੰਸ ਸਰੋਵਰ ਤੋਂ ਬਿਨਾ ਨਹੀਂ ਰਹਿ ਸਕਦਾ ਤਿਵੇਂ ਪਰਮਾਤਮਾ ਦਾ ਭਗਤ ਪਰਮਾਤਮਾ ਦੀ ਸੇਵਾ-ਭਗਤੀ ਤੋਂ ਬਿਨਾ ਨਹੀਂ ਰਹਿ ਸਕਦਾ ॥੧॥

ਕਿਨਹੂੰ ਪ੍ਰੀਤਿ ਲਾਈ ਦੂਜਾ ਭਾਉ ਰਿਦ ਧਾਰਿ ਕਿਨਹੂੰ ਪ੍ਰੀਤਿ ਲਾਈ ਮੋਹ ਅਪਮਾਨ ॥

(ਹੇ ਭਾਈ!) ਕਿਸੇ ਮਨੁੱਖ ਨੇ ਮਾਇਆ ਦਾ ਪਿਆਰ ਹਿਰਦੇ ਵਿਚ ਟਿਕਾ ਕੇ ਮਾਇਆ ਨਾਲ ਪ੍ਰੀਤ ਜੋੜੀ ਹੋਈ ਹੈ, ਕਿਸੇ ਨੇ ਮੋਹ ਤੇ ਅਹੰਕਾਰ ਨਾਲ ਪ੍ਰੀਤ ਜੋੜੀ ਹੋਈ ਹੈ,

ਹਰਿ ਜਨ ਪ੍ਰੀਤਿ ਲਾਈ ਹਰਿ ਨਿਰਬਾਣ ਪਦ ਨਾਨਕ ਸਿਮਰਤ ਹਰਿ ਹਰਿ ਭਗਵਾਨ ॥੨॥੧੪॥੬੬॥

ਪਰ ਹੇ ਨਾਨਕ! ਪਰਮਾਤਮਾ ਦੇ ਭਗਤਾਂ ਨੇ ਪਰਮਾਤਮਾ ਨਾਲ ਪ੍ਰੀਤ ਲਾਈ ਹੋਈ ਹੈ। ਉਹ ਸਦਾ ਵਾਸ਼ਨਾ-ਰਹਿਤ ਅਵਸਥਾ ਮਾਣਦੇ ਹਨ, ਉਹ ਸਦਾ ਹਰਿ-ਭਗਵਾਨ ਨੂੰ ਸਿਮਰਦੇ ਰਹਿੰਦੇ ਹਨ ॥੨॥੧੪॥੬੬॥


ਆਸਾਵਰੀ ਮਹਲਾ ੪ ॥
ਮਾਈ ਮੋਰੋ ਪ੍ਰੀਤਮੁ ਰਾਮੁ ਬਤਾਵਹੁ ਰੀ ਮਾਈ ॥

ਹੇ ਮਾਂ! ਮੈਨੂੰ ਦੱਸ ਪਿਆਰਾ ਰਾਮ (ਕਿਥੇ ਹੈ?

ਹਉ ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ ਜੈਸੇ ਕਰਹਲੁ ਬੇਲਿ ਰੀਝਾਈ ॥੧॥ ਰਹਾਉ ॥

ਮੈਂ ਉਸ ਹਰੀ (ਦੇ ਦਰਸਨ) ਤੋਂ ਬਿਨਾ ਇਕ ਖਿਨ ਭੀ, ਇਕ ਪਲ ਭੀ (ਸੁਖੀ) ਨਹੀਂ ਰਹਿ ਸਕਦਾ। ਉਸ ਨੂੰ ਵੇਖ ਕੇ ਮੇਰਾ ਮਨ ਇਉਂ ਖ਼ੁਸ਼ ਹੁੰਦਾ ਹੈ) ਜਿਵੇਂ ਊਂਠ ਦਾ ਬੱਚਾ ਵੇਲਾਂ ਵੇਖ ਵੇਖ ਕੇ ਖ਼ੁਸ਼ ਹੁੰਦਾ ਹੈ ॥੧॥ ਰਹਾਉ ॥

ਹਮਰਾ ਮਨੁ ਬੈਰਾਗ ਬਿਰਕਤੁ ਭਇਓ ਹਰਿ ਦਰਸਨ ਮੀਤ ਕੈ ਤਾਈ ॥

(ਹੇ ਮਾਂ!) ਮਿੱਤਰ ਪ੍ਰਭੂ ਦੇ ਦਰਸਨ ਦੀ ਖ਼ਾਤਰ ਮੇਰਾ ਮਨ ਉਤਾਵਲਾ ਹੋ ਰਿਹਾ ਹੈ, ਮੇਰਾ ਮਨ (ਦੁਨੀਆ ਵਲੋਂ) ਉਪਰਾਮ ਹੋਇਆ ਪਿਆ ਹੈ।

ਜੈਸੇ ਅਲਿ ਕਮਲਾ ਬਿਨੁ ਰਹਿ ਨ ਸਕੈ ਤੈਸੇ ਮੋਹਿ ਹਰਿ ਬਿਨੁ ਰਹਨੁ ਨ ਜਾਈ ॥੧॥

ਜਿਵੇਂ ਭੌਰਾ ਕੌਲ-ਫੁੱਲ ਤੋਂ ਬਿਨਾ ਨਹੀਂ ਰਹਿ ਸਕਦਾ, ਤਿਵੇਂ ਮੈਥੋਂ ਭੀ ਪਰਮਾਤਮਾ (ਦੇ ਦਰਸਨ) ਤੋਂ ਬਿਨਾ ਰਿਹਾ ਨਹੀਂ ਜਾ ਸਕਦਾ ॥੧॥

ਰਾਖੁ ਸਰਣਿ ਜਗਦੀਸੁਰ ਪਿਆਰੇ ਮੋਹਿ ਸਰਧਾ ਪੂਰਿ ਹਰਿ ਗੁਸਾਈ ॥

ਹੇ ਜਗਤ ਦੇ ਮਾਲਕ! ਹੇ ਪਿਆਰੇ! ਹੇ ਹਰੀ! ਹੇ ਧਰਤੀ ਦੇ ਖਸਮ! ਮੈਨੂੰ ਆਪਣੀ ਸਰਨ ਵਿਚ ਰੱਖ, ਮੇਰੀ ਇਹ ਤਾਂਘ ਪੂਰੀ ਕਰ।

ਜਨ ਨਾਨਕ ਕੈ ਮਨਿ ਅਨਦੁ ਹੋਤ ਹੈ ਹਰਿ ਦਰਸਨੁ ਨਿਮਖ ਦਿਖਾਈ ॥੨॥੩੯॥੧੩॥੧੫॥੬੭॥

(ਜਦੋਂ ਤੇਰਾ ਦਰਸਨ ਹੁੰਦਾ ਹੈ ਜਦੋਂ ਤੇਰੇ) ਦਾਸ ਨਾਨਕ ਦੇ ਮਨ ਵਿਚ ਚਾਉ ਪੈਦਾ ਹੋ ਜਾਂਦਾ ਹੈ, ਹੇ ਹਰੀ! (ਮੈਨੂੰ ਨਾਨਕ ਨੂੰ) ਅੱਖ ਝਮਕਣ ਜਿਤਨੇ ਸਮੇ ਵਾਸਤੇ ਹੀ ਆਪਣਾ ਦਰਸਨ ਦੇਹ ॥੨॥੩੯॥੧੩॥੧੫॥੬੭॥


ਆਸਾਵਰੀ ਮਹਲਾ ੫ ॥
ਮਨਸਾ ਏਕ ਮਾਨਿ ਹਾਂ ॥

(ਹੇ ਮੇਰੇ ਮਨ!) ਇਕ (ਪਰਮਾਤਮਾ ਦੇ ਮਿਲਾਪ) ਦੀ ਤਾਂਘ (ਆਪਣੇ ਅੰਦਰ) ਕਾਇਮ ਕਰ।

ਗੁਰ ਸਿਉ ਨੇਤ ਧਿਆਨਿ ਹਾਂ ॥

ਗੁਰੂ-ਚਰਨਾਂ ਵਿਚ ਜੁੜ ਕੇ ਸਦਾ (ਪਰਮਾਤਮਾ ਦੇ) ਧਿਆਨ ਵਿਚ ਟਿਕਿਆ ਰਹੁ।

ਦ੍ਰਿੜੁ ਸੰਤ ਮੰਤ ਗਿਆਨਿ ਹਾਂ ॥

ਗੁਰੂ ਦੇ ਉਪਦੇਸ਼ ਦੀ ਜਾਣ-ਪਛਾਣ ਵਿਚ ਮਜ਼ਬੂਤ-ਚਿੱਤ ਹੋ।

ਸੇਵਾ ਗੁਰ ਚਰਾਨਿ ਹਾਂ ॥

ਗੁਰੂ-ਚਰਨਾਂ ਵਿਚ (ਰਹਿ ਕੇ) ਸੇਵਾ-ਭਗਤੀ ਕਰ।

ਤਉ ਮਿਲੀਐ ਗੁਰ ਕ੍ਰਿਪਾਨਿ ਮੇਰੇ ਮਨਾ ॥੧॥ ਰਹਾਉ ॥

ਹੇ ਮੇਰੇ ਮਨ! ਤਦੋਂ ਹੀ ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਨੂੰ) ਮਿਲ ਸਕੀਦਾ ਹੈ ॥੧॥ ਰਹਾਉ ॥

ਟੂਟੇ ਅਨ ਭਰਾਨਿ ਹਾਂ ॥

ਹੇ ਮੇਰੇ ਮਨ! ਜਦੋਂ ਹੋਰ ਭਟਕਣਾਂ ਮੁੱਕ ਜਾਂਦੀਆਂ ਹਨ,

ਰਵਿਓ ਸਰਬ ਥਾਨਿ ਹਾਂ ॥

ਜਦੋਂ ਹਰੇਕ ਥਾਂ ਵਿਚ ਪਰਮਾਤਮਾ ਹੀ ਵਿਆਪਕ ਦਿੱਸਦਾ ਹੈ,

ਲਹਿਓ ਜਮ ਭਇਆਨਿ ਹਾਂ ॥

ਤਦੋਂ ਡਰਾਉਣੇ ਜਮ ਦਾ ਸਹਮ ਲਹਿ ਜਾਂਦਾ ਹੈ,

ਪਾਇਓ ਪੇਡ ਥਾਨਿ ਹਾਂ ॥

ਸੰਸਾਰ-ਰੁੱਖ ਦੇ ਮੁੱਢ-ਹਰੀ ਦੇ ਚਰਨਾਂ ਵਿਚ ਟਿਕਾਣਾ ਮਿਲ ਜਾਂਦਾ ਹੈ,

ਤਉ ਚੂਕੀ ਸਗਲ ਕਾਨਿ ॥੧॥

ਤਦੋਂ ਹਰੇਕ ਕਿਸਮ ਦੀ ਮੁਥਾਜੀ ਮੁੱਕ ਜਾਂਦੀ ਹੈ ॥੧॥

ਲਹਨੋ ਜਿਸੁ ਮਥਾਨਿ ਹਾਂ ॥

ਜਿਸ ਮਨੁੱਖ ਦੇ ਮੱਥੇ ਉੱਤੇ ਭਾਗ ਜਾਗਦੇ ਹਨ,

ਭੈ ਪਾਵਕ ਪਾਰਿ ਪਰਾਨਿ ਹਾਂ ॥

ਉਹ (ਵਿਕਾਰਾਂ ਦੀ) ਅੱਗ ਦੇ ਖ਼ਤਰੇ ਤੋਂ ਪਾਰ ਲੰਘ ਜਾਂਦਾ ਹੈ,

ਨਿਜ ਘਰਿ ਤਿਸਹਿ ਥਾਨਿ ਹਾਂ ॥

ਉਸ ਨੂੰ ਆਪਣੇ ਅਸਲ ਘਰ (ਪ੍ਰਭੂ-ਚਰਨਾਂ ਵਿਚ) ਥਾਂ ਮਿਲ ਜਾਂਦਾ ਹੈ,

ਹਰਿ ਰਸ ਰਸਹਿ ਮਾਨਿ ਹਾਂ ॥

ਉਹ ਰਸਾਂ ਵਿਚ ਸ੍ਰੇਸ਼ਟ ਰਸ ਹਰਿ ਨਾਮ ਰਸ ਨੂੰ ਸਦਾ ਮਾਣਦਾ ਹੈ,

ਲਾਥੀ ਤਿਸ ਭੁਖਾਨਿ ਹਾਂ ॥

ਉਸ ਦੀ (ਮਾਇਆ ਵਾਲੀ) ਤ੍ਰੇਹ ਭੁੱਖ ਦੂਰ ਹੋ ਜਾਂਦੀ ਹੈ,

ਨਾਨਕ ਸਹਜਿ ਸਮਾਇਓ ਰੇ ਮਨਾ ॥੨॥੨॥੧੫੮॥

ਤੇ, ਹੇ ਨਾਨਕ! (ਆਖ-) ਹੇ ਮੇਰੇ ਮਨ! ਉਹ ਸਦਾ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੨॥੨॥੧੫੮॥


ਆਸਾਵਰੀ ਮਹਲਾ ੫ ॥
ਹਰਿ ਹਰਿ ਹਰਿ ਗੁਨੀ ਹਾਂ ॥

(ਹੇ ਮੇਰੇ ਮਨ!) ਉਸ ਪਰਮਾਤਮਾ ਜੇਹੜਾ ਸਾਰੇ ਗੁਣਾਂ ਦਾ ਮਾਲਕ ਹੈ,

ਜਪੀਐ ਸਹਜ ਧੁਨੀ ਹਾਂ ॥

ਦਾ ਨਾਮ ਆਤਮਕ ਅਡੋਲਤਾ ਦੀ ਲਹਿਰ ਵਿਚ ਲੀਨ ਹੋ ਕੇ ਜਪਣਾ ਚਾਹੀਦਾ,

ਸਾਧੂ ਰਸਨ ਭਨੀ ਹਾਂ ॥

ਗੁਰੂ ਦੀ ਸਰਨ ਪੈ ਕੇ (ਆਪਣੀ) ਜੀਭ ਨਾਲ ਪਰਮਾਤਮਾ ਦੇ ਗੁਣ ਉਚਾਰ!

ਛੂਟਨ ਬਿਧਿ ਸੁਨੀ ਹਾਂ ॥

ਸੁਣ, ਇਹੀ ਹੈ ਵਿਕਾਰਾਂ ਤੋਂ ਬਚਣ ਦਾ ਤਰੀਕਾ,

ਪਾਈਐ ਵਡ ਪੁਨੀ ਮੇਰੇ ਮਨਾ ॥੧॥ ਰਹਾਉ ॥

ਹੇ ਮੇਰੇ ਮਨ! ਪਰ ਇਹ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ ॥੧॥ ਰਹਾਉ ॥

ਖੋਜਹਿ ਜਨ ਮੁਨੀ ਹਾਂ ॥

ਸਾਰੇ ਰਿਸ਼ੀ ਮੁਨੀ ਉਸ ਪਰਮਾਤਮਾ ਨੂੰ ਖੋਜਦੇ ਆ ਰਹੇ ਹਨ,

ਸ੍ਰਬ ਕਾ ਪ੍ਰਭ ਧਨੀ ਹਾਂ ॥

ਜੇਹੜਾ ਸਾਰੇ ਜੀਵਾਂ ਦਾ ਮਾਲਕ ਪ੍ਰਭੂ ਹੈ,

ਦੁਲਭ ਕਲਿ ਦੁਨੀ ਹਾਂ ॥

ਜੇਹੜਾ ਇਸ ਮਾਇਆ-ਵੇੜ੍ਹੀ ਦੁਨੀਆ ਵਿਚ ਲੱਭਣਾ ਔਖਾ ਹੈ,

ਦੂਖ ਬਿਨਾਸਨੀ ਹਾਂ ॥

ਜੇਹੜਾ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ,

ਪ੍ਰਭ ਪੂਰਨ ਆਸਨੀ ਮੇਰੇ ਮਨਾ ॥੧॥

ਹੇ ਮੇਰੇ ਮਨ! ਤੇ ਜੇਹੜਾ ਸਭ ਦੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ ॥੧॥

ਮਨ ਸੋ ਸੇਵੀਐ ਹਾਂ ॥

ਹੇ (ਮੇਰੇ) ਮਨ! ਉਸ ਪਰਮਾਤਮਾ ਦੀ ਸੇਵਾ-ਭਗਤੀ ਕਰਨੀ ਚਾਹੀਦੀ ਹੈ,

ਅਲਖ ਅਭੇਵੀਐ ਹਾਂ ॥

ਜਿਸ ਦਾ ਸਹੀ-ਸਰੂਪ ਦੱਸਿਆ ਨਹੀਂ ਜਾ ਸਕਦਾ ਤੇ ਜਿਸ ਦਾ ਭੇਤ ਪਾਇਆ ਨਹੀਂ ਜਾ ਸਕਦਾ।

ਤਾਂ ਸਿਉ ਪ੍ਰੀਤਿ ਕਰਿ ਹਾਂ ॥

(ਹੇ ਮੇਰੇ ਮਨ!) ਉਸ ਪਰਮਾਤਮਾ ਨਾਲ ਪਿਆਰ ਪਾ,

ਬਿਨਸਿ ਨ ਜਾਇ ਮਰਿ ਹਾਂ ॥

ਜੇਹੜਾ ਕਦੇ ਨਾਸ ਨਹੀਂ ਹੁੰਦਾ ਜੋ ਨਾਹ ਜੰਮਦਾ ਹੈ ਤੇ ਨਾਹ ਮਰਦਾ ਹੈ।

ਗੁਰ ਤੇ ਜਾਨਿਆ ਹਾਂ ॥

ਜਿਸ ਮਨੁੱਖ ਨੇ ਗੁਰੂ ਦੀ ਰਾਹੀਂ ਉਸ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ,

ਨਾਨਕ ਮਨੁ ਮਾਨਿਆ ਮੇਰੇ ਮਨਾ ॥੨॥੩॥੧੫੯॥

ਹੇ ਨਾਨਕ! (ਆਖ-) ਹੇ ਮੇਰੇ ਮਨ! ਉਸ ਦਾ ਮਨ ਸਦਾ (ਉਸ ਦੀ ਯਾਦ ਵਿਚ) ਗਿੱਝ ਜਾਂਦਾ ਹੈ ॥੨॥੩॥੧੫੯॥


ਆਸਾਵਰੀ ਮਹਲਾ ੫ ॥
ਏਕਾ ਓਟ ਗਹੁ ਹਾਂ ॥

ਹੇ ਮੇਰੇ ਮਨ! ਇਕ ਪਰਮਾਤਮਾ ਦਾ ਪੱਲਾ ਫੜ,

ਗੁਰ ਕਾ ਸਬਦੁ ਕਹੁ ਹਾਂ ॥

ਸਦਾ ਗੁਰੂ ਦੀ ਬਾਣੀ ਉਚਾਰਦਾ ਰਹੁ।

ਆਗਿਆ ਸਤਿ ਸਹੁ ਹਾਂ ॥

ਪਰਮਾਤਮਾ ਦੀ ਰਜ਼ਾ ਨੂੰ ਮਿੱਠੀ ਕਰ ਕੇ ਮੰਨ।

ਮਨਹਿ ਨਿਧਾਨੁ ਲਹੁ ਹਾਂ ॥

ਆਪਣੇ ਮਨ ਵਿਚ ਵੱਸਦੇ ਸਾਰੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਲੱਭ ਲੈ।

ਸੁਖਹਿ ਸਮਾਈਐ ਮੇਰੇ ਮਨਾ ॥੧॥ ਰਹਾਉ ॥

ਹੇ ਮੇਰੇ ਮਨ! (ਇਸ ਤਰ੍ਹਾਂ ਸਦਾ) ਆਤਮਕ ਆਨੰਦ ਵਿਚ ਲੀਨ ਰਹੀਦਾ ਹੈ ॥੧॥ ਰਹਾਉ ॥

ਜੀਵਤ ਜੋ ਮਰੈ ਹਾਂ ॥

ਜੇਹੜਾ ਮਨੁੱਖ ਕਿਰਤ-ਕਾਰ ਕਰਦਾ ਹੋਇਆ ਮਾਇਆ ਦੇ ਮੋਹ ਵਲੋਂ ਅਛੋਹ ਰਹਿੰਦਾ ਹੈ,

ਦੁਤਰੁ ਸੋ ਤਰੈ ਹਾਂ ॥

ਉਹ ਮਨੁੱਖ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਜਿਸ ਵਿਚੋਂ ਪਾਰ ਲੰਘਣਾ ਬਹੁਤ ਔਖਾ ਹੈ,

ਸਭ ਕੀ ਰੇਨੁ ਹੋਇ ਹਾਂ ॥

ਜੇ ਉਹ ਮਨੁੱਖ ਸਭਨਾਂ ਦੇ ਚਰਨਾਂ ਦੀ ਧੂੜ ਹੋਇਆ ਰਹਿੰਦਾ ਹੈ।

ਨਿਰਭਉ ਕਹਉ ਸੋਇ ਹਾਂ ॥

ਜੇ ਮੈਂ ਭੀ ਉਸ ਨਿਰਭਉ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹਾਂ,

ਮਿਟੇ ਅੰਦੇਸਿਆ ਹਾਂ ॥

ਤਾਂ ਮੇਰੇ ਸਾਰੇ ਚਿੰਤਾ ਫ਼ਿਕਰ ਮਿਟ ਜਾਣਗੇ।

ਸੰਤ ਉਪਦੇਸਿਆ ਮੇਰੇ ਮਨਾ ॥੧॥

ਹੇ ਮੇਰੇ ਮਨ! (ਆਖ!) ਤੈਨੂੰ ਸਤਿਗੁਰੂ ਦੀ ਇਹ ਸਿੱਖਿਆ ਪ੍ਰਾਪਤ ਹੋ ਜਾਵੇ ॥੧॥

ਜਿਸੁ ਜਨ ਨਾਮ ਸੁਖੁ ਹਾਂ ॥

ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਆਨੰਦ ਪ੍ਰਾਪਤ ਹੋ ਜਾਂਦਾ ਹੈ,

ਤਿਸੁ ਨਿਕਟਿ ਨ ਕਦੇ ਦੁਖੁ ਹਾਂ ॥

ਕਦੇ ਕੋਈ ਦੁੱਖ ਉਸ ਦੇ ਨੇੜੇ ਨਹੀਂ ਢੁੱਕਦਾ।

ਜੋ ਹਰਿ ਹਰਿ ਜਸੁ ਸੁਨੇ ਹਾਂ ॥

ਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਸਦਾ ਸੁਣਦਾ ਰਹਿੰਦਾ ਹੈ,

ਸਭੁ ਕੋ ਤਿਸੁ ਮੰਨੇ ਹਾਂ ॥

(ਦੁਨੀਆ ਵਿਚ) ਹਰੇਕ ਮਨੁੱਖ ਉਸ ਦਾ ਆਦਰ-ਸਤਕਾਰ ਕਰਦਾ ਹੈ।

ਸਫਲੁ ਸੁ ਆਇਆ ਹਾਂ ॥

ਜਗਤ ਵਿਚ ਜੰਮਿਆ ਹੋਇਆ ਉਹੀ ਮਨੁੱਖ ਕਾਮਯਾਬ ਜੀਵਨ ਵਾਲਾ ਹੈ,

ਨਾਨਕ ਪ੍ਰਭ ਭਾਇਆ ਮੇਰੇ ਮਨਾ ॥੨॥੪॥੧੬੦॥

ਹੇ ਨਾਨਕ! (ਆਖ-) ਹੇ ਮੇਰੇ ਮਨ! ਜੇਹੜਾ ਪਰਮਾਤਮਾ ਨੂੰ ਪਿਆਰਾ ਲੱਗ ਗਿਆ ਹੈ ॥੨॥੪॥੧੬੦॥


ਆਸਾਵਰੀ ਮਹਲਾ ੫ ॥

ਮਿਲਿ ਹਰਿ ਜਸੁ ਗਾਈਐ ਹਾਂ ॥
(ਸਾਧ ਸੰਗਤਿ ਵਿਚ) ਮਿਲ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਣਾ ਚਾਹੀਦਾ ਹੈ,

ਪਰਮ ਪਦੁ ਪਾਈਐ ਹਾਂ ॥

(ਇਸ ਤਰ੍ਹਾਂ) ਆਤਮਕ ਜੀਵਨ ਦਾ ਸਭ ਤੋਂ ਉੱਚਾ ਦਰਜਾ ਹਾਸਲ ਕਰ ਲਈਦਾ ਹੈ।

ਉਆ ਰਸ ਜੋ ਬਿਧੇ ਹਾਂ ॥

ਜਿਹੜਾ ਮਨੁੱਖ (ਸਿਫ਼ਤ-ਸਾਲਾਹ ਦੇ) ਉਸ ਸੁਆਦ ਵਿਚ ਵਿੱਝ ਜਾਂਦਾ ਹੈ,

ਤਾ ਕਉ ਸਗਲ ਸਿਧੇ ਹਾਂ ॥

ਉਸ ਨੂੰ (ਮਾਨੋ) ਸਾਰੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ।

ਅਨਦਿਨੁ ਜਾਗਿਆ ਹਾਂ ॥

ਜੋ ਹਰ ਵੇਲੇ (ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ (ਜਿਹੜਾ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ),

ਨਾਨਕ ਬਡਭਾਗਿਆ ਮੇਰੇ ਮਨਾ ॥੧॥ ਰਹਾਉ ॥

ਹੇ ਨਾਨਕ! (ਆਖ-) ਹੇ ਮੇਰੇ ਮਨ! ਉਹ ਮਨੁੱਖ ਵੱਡੇ ਭਾਗਾਂ ਵਾਲਾ ਹੋ ਜਾਂਦਾ ਹੈ ॥੧॥ ਰਹਾਉ ॥

ਸੰਤ ਪਗ ਧੋਈਐ ਹਾਂ ॥

ਸੰਤ ਜਨਾਂ ਦੇ ਚਰਨ ਧੋਣੇ ਚਾਹੀਦੇ ਹਨ (ਆਪਾ-ਭਾਵ ਛੱਡ ਕੇ ਸੰਤਾਂ ਦੀ ਸਰਨ ਪੈਣਾ ਚਾਹੀਦਾ ਹੈ),

ਦੁਰਮਤਿ ਖੋਈਐ ਹਾਂ ॥

(ਇਸ ਤਰ੍ਹਾਂ ਮਨ ਦੀ) ਖੋਟੀ ਮਤਿ ਦੂਰ ਹੋ ਜਾਂਦੀ ਹੈ।

ਦਾਸਹ ਰੇਨੁ ਹੋਇ ਹਾਂ ॥

ਪ੍ਰਭੂ ਦੇ ਸੇਵਕਾਂ ਦੀ ਚਰਨ-ਧੂੜ ਬਣਿਆ ਰਹੁ,

ਬਿਆਪੈ ਦੁਖੁ ਨ ਕੋਇ ਹਾਂ ॥

(ਇਸ ਤਰ੍ਹਾਂ) ਕੋਈ ਦੁੱਖ ਆਪਣਾ ਜ਼ੋਰ ਨਹੀਂ ਪਾ ਸਕਦਾ।

ਭਗਤਾਂ ਸਰਨਿ ਪਰੁ ਹਾਂ ॥

ਭਗਤ-ਜਨਾਂ ਦੀ ਸਰਨੀਂ ਪਿਆ ਰਹੁ,

ਜਨਮਿ ਨ ਕਦੇ ਮਰੁ ਹਾਂ ॥

ਜਨਮ ਮਰਨ ਦਾ ਗੇੜ ਨਹੀਂ ਰਹੇਗਾ।

ਅਸਥਿਰੁ ਸੇ ਭਏ ਹਾਂ ॥

ਉਹ ਅਡੋਲ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ,

ਹਰਿ ਹਰਿ ਜਿਨ੍ਰ ਜਪਿ ਲਏ ਮੇਰੇ ਮਨਾ ॥੧॥

ਹੇ ਮੇਰੇ ਮਨ! ਜੇਹੜੇ ਮਨੁੱਖ ਸਦਾ ਪਰਮਾਤਮਾ ਦਾ ਨਾਮ ਜਪਦੇ ਹਨ ॥੧॥

ਸਾਜਨੁ ਮੀਤੁ ਤੂੰ ਹਾਂ ॥

(ਹੇ ਮੇਰੇ ਪ੍ਰਭੂ!) ਤੂੰ ਹੀ (ਮੇਰਾ) ਸੱਜਣ ਹੈਂ, ਤੂੰ ਹੀ (ਮੇਰਾ) ਮਿੱਤਰ ਹੈਂ,

ਨਾਮੁ ਦ੍ਰਿੜਾਇ ਮੂੰ ਹਾਂ ॥

ਮੈਨੂੰ (ਮੇਰੇ ਹਿਰਦੇ ਵਿਚ ਆਪਣਾ) ਨਾਮ ਪੱਕਾ ਕਰ ਕੇ ਟਿਕਾ ਦੇਹ।

ਤਿਸੁ ਬਿਨੁ ਨਾਹਿ ਕੋਇ ਹਾਂ ॥

ਜਿਸ ਪਰਮਾਤਮਾ ਤੋਂ ਬਿਨਾ ਹੋਰ ਕੋਈ (ਅਸਲ ਸੱਜਣ ਮਿੱਤਰ) ਨਹੀਂ ਹੈ,

ਮਨਹਿ ਅਰਾਧਿ ਸੋਇ ਹਾਂ ॥

ਸਦਾ ਉਸ (ਪ੍ਰਭੂ) ਨੂੰ ਹੀ ਮਨ ਵਿੱਚ ਸਿਮਰਦਾ ਰਹੁ।

ਨਿਮਖ ਨ ਵੀਸਰੈ ਹਾਂ ॥

ਉਸ (ਪਰਮਾਤਮਾ ਨੂੰ) ਅੱਖ ਝਮਕਣ ਜਿਤਨੇ ਸਮੇ ਲਈ ਭੀ ਭੁੱਲਣਾ ਨਹੀਂ ਚਾਹੀਦਾ,

ਤਿਸੁ ਬਿਨੁ ਕਿਉ ਸਰੈ ਹਾਂ ॥

(ਕਿਉਂਕਿ) ਉਸ (ਦੀ ਯਾਦ) ਤੋਂ ਬਿਨਾ ਜੀਵਨ ਸੁਖੀ ਨਹੀਂ ਗੁਜ਼ਰਦਾ।

ਗੁਰ ਕਉ ਕੁਰਬਾਨੁ ਜਾਉ ਹਾਂ ॥

ਮੈਂ ਗੁਰੂ ਤੋਂ ਸਦਕੇ ਜਾਂਦਾ ਹਾਂ (ਕਿਉਂਕਿ ਗੁਰੂ ਦੀ ਕਿਰਪਾ ਨਾਲ ਹੀ),

ਨਾਨਕੁ ਜਪੇ ਨਾਉ ਮੇਰੇ ਮਨਾ ॥੨॥੫॥੧੬੧॥

ਹੇ ਨਾਨਕ! ਮੇਰਾ ਮਨ (ਪਰਮਾਤਮਾ ਦਾ) ਨਾਮ ਜਪਦਾ ਹੈ ॥੨॥੫॥੧੬੧॥


ਆਸਾਵਰੀ ਮਹਲਾ ੫ ॥
ਕਾਰਨ ਕਰਨ ਤੂੰ ਹਾਂ ॥

(ਹੇ ਪ੍ਰਭ!) ਤੂੰ ਸਾਰੇ ਜਗਤ ਦਾ ਰਚਨਹਾਰ ਹੈਂ,

ਅਵਰੁ ਨਾ ਸੁਝੈ ਮੂੰ ਹਾਂ ॥

ਤੈਥੋਂ ਬਿਨਾ ਮੈਨੂੰ ਕੋਈ ਹੋਰ ਨਹੀਂ ਸੁੱਝਦਾ (ਜੋ ਇਹ ਤਾਕਤ ਰੱਖਦਾ ਹੋਵੇ),

ਕਰਹਿ ਸੁ ਹੋਈਐ ਹਾਂ ॥

ਹੇ ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ ਉਹੀ (ਜਗਤ ਵਿਚ) ਵਰਤਦਾ ਹੈ।

ਸਹਜਿ ਸੁਖਿ ਸੋਈਐ ਹਾਂ ॥

ਉਹੀ ਮਨੁਖ ਆਤਮਕ ਅਡੋਲਤਾ ਵਿਚ ਆਨੰਦ ਵਿਚ ਲੀਨ ਰਹਿ ਸਕੀਦਾ ਹੈ,

ਧੀਰਜ ਮਨਿ ਭਏ ਹਾਂ ॥

ਤੇ ਉਸ ਦਾ ਹੀ ਮਨ ਵਿਚ ਹੌਸਲਾ ਬੱਝ ਜਾਂਦਾ ਹੈ,

ਪ੍ਰਭ ਕੈ ਦਰਿ ਪਏ ਮੇਰੇ ਮਨਾ ॥੧॥ ਰਹਾਉ ॥

ਹੇ ਮੇਰੇ ਮਨ! (ਚਤੁਰਾਈਆਂ ਛੱਡ ਕੇ) ਜੋ ਮਨੁਖ ਪਰਮਾਤਮਾ ਦੇ ਦਰ ਤੇ ਡਿੱਗ ਪਵੇ ॥੧॥ ਰਹਾਉ ॥

ਸਾਧੂ ਸੰਗਮੇ ਹਾਂ ॥

(ਹੇ ਮੇਰੇ ਮਨ) ਗੁਰੂ ਦੀ ਸੰਗਤਿ ਵਿਚ ਰਿਹਾਂ,

ਪੂਰਨ ਸੰਜਮੇ ਹਾਂ ॥

ਉਹ ਜੁਗਤਿ ਪੂਰਨ ਤੌਰ ਤੇ ਆ ਜਾਂਦੀ ਹੈ।

ਜਬ ਤੇ ਛੁਟੇ ਆਪ ਹਾਂ ॥

(ਹੇ ਮਨ!) ਜਿਸ ਵੇਲੇ (ਮਨੁੱਖ ਦੇ ਅੰਦਰੋਂ) ਹਉਮੈ ਅਹੰਕਾਰ ਮੁੱਕ ਜਾਂਦਾ ਹੈ,

ਤਬ ਤੇ ਮਿਟੇ ਤਾਪ ਹਾਂ ॥

(ਤੇ ਗੁਰੂ ਦੀ ਓਟ ਠੀਕ ਜਾਪਦੀ ਹੈ) ਉਸੇ ਵੇਲੇ ਤੋਂ (ਮਨ ਦੇ) ਸਾਰੇ ਦੁੱਖ-ਕਲੇਸ਼ ਦੂਰ ਹੋ ਜਾਂਦੇ ਹਨ।

ਕਿਰਪਾ ਧਾਰੀਆ ਹਾਂ ॥

ਹੇ ਜਗਤ ਦੇ ਮਾਲਕ-ਪ੍ਰਭੂ! ਮੇਰੇ ਉੱਤੇ ਮੇਹਰ ਕਰ,

ਪਤਿ ਰਖੁ ਬਨਵਾਰੀਆ ਮੇਰੇ ਮਨਾ ॥੧॥

ਤੇ ਮੇਰੀ (ਸਰਨ ਪਏ ਦੀ) ਇੱਜ਼ਤ ਰੱਖ ॥੧॥

ਇਹੁ ਸੁਖੁ ਜਾਨੀਐ ਹਾਂ ॥

(ਹੇ ਮੇਰੇ ਮਨ!) ਇਸੇ ਨੂੰ ਹੀ ਸੁਖ (ਦਾ ਮੂਲ) ਸਮਝਣਾ ਚਾਹੀਦਾ ਹੈ,

ਹਰਿ ਕਰੇ ਸੁ ਮਾਨੀਐ ਹਾਂ ॥

ਜੋ ਕੁਝ ਪਰਮਾਤਮਾ ਕਰਦਾ ਹੈ ਉਸ ਨੂੰ (ਮਿੱਠਾ ਕਰ ਕੇ) ਮੰਨਣਾ ਚਾਹੀਦਾ ਹੈ,

ਮੰਦਾ ਨਾਹਿ ਕੋਇ ਹਾਂ ॥

ਹੇ ਮਨ! ਜੇਹੜਾ ਮਨੁੱਖ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਦਾ ਹੈ,

ਸੰਤ ਕੀ ਰੇਨ ਹੋਇ ਹਾਂ ॥

ਉਸ ਨੂੰ (ਜਗਤ ਵਿਚ) ਕੋਈ ਭੈੜਾ ਨਹੀਂ ਦਿੱਸਦਾ।

ਆਪੇ ਜਿਸੁ ਰਖੈ ਹਾਂ ॥

(ਪਰਮਾਤਮਾ) ਆਪ ਹੀ ਜਿਸ ਮਨੁੱਖ ਨੂੰ (ਵਿਕਾਰਾਂ ਵਲੋਂ) ਬਚਾਂਦਾ ਹੈ,

ਹਰਿ ਅੰਮ੍ਰਿਤੁ ਸੋ ਚਖੈ ਮੇਰੇ ਮਨਾ ॥੨॥

ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਪੀਂਦਾ ਹੈ ॥੨॥

ਜਿਸ ਕਾ ਨਾਹਿ ਕੋਇ ਹਾਂ ॥

(ਹੇ ਮੇਰੇ ਮਨ!) ਜਿਸ ਮਨੁੱਖ ਦਾ ਕੋਈ ਭੀ ਸਹਾਈ ਨਹੀਂ ਬਣਦਾ,

ਤਿਸ ਕਾ ਪ੍ਰਭੂ ਸੋਇ ਹਾਂ ॥

(ਜੇ ਉਹ ਪ੍ਰਭੂ ਦੀ ਸਰਨ ਆ ਪਏ, ਤਾਂ) ਉਹ ਪ੍ਰਭੂ ਉਸ ਦਾ ਰਾਖਾ ਬਣ ਜਾਂਦਾ ਹੈ।

ਅੰਤਰ ਗਤਿ ਬੁਝੈ ਹਾਂ ॥

ਉਹ ਪਰਮਾਤਮਾ ਹਰੇਕ ਦੇ ਦਿਲ ਦੀ ਗੱਲ ਜਾਣ ਲੈਂਦਾ ਹੈ,

ਸਭੁ ਕਿਛੁ ਤਿਸੁ ਸੁਝੈ ਹਾਂ ॥

ਉਸ ਨੂੰ ਹਰੇਕ ਜੀਵ ਦੀ ਹਰੇਕ ਮਨੋ-ਕਾਮਨਾ ਦੀ ਸਮਝ ਆ ਜਾਂਦੀ ਹੈ।

ਪਤਿਤ ਉਧਾਰਿ ਲੇਹੁ ਹਾਂ ॥

(ਸਾਨੂੰ ਵਿਕਾਰਾਂ ਵਿਚ) ਡਿੱਗੇ ਜੀਵਾਂ ਨੂੰ (ਵਿਕਾਰਾਂ ਤੋਂ) ਬਚਾ ਲੈ!

ਨਾਨਕ ਅਰਦਾਸਿ ਏਹੁ ਮੇਰੇ ਮਨਾ ॥੩॥੬॥੧੬੨॥

ਹੇ ਨਾਨਕ! ਮੇਰਾ ਮਨ, (ਪਰਮਾਤਮਾ ਦੇ ਦਰ ਤੇ) ਇਉਂ ਅਰਜ਼ੋਈ ਕਰਦਾ ਹੈ ॥੩॥੬॥੧੬੨॥


ਆਸਾਵਰੀ ਮਹਲਾ ੫ ਇਕਤੁਕਾ ॥
ਓਇ ਪਰਦੇਸੀਆ ਹਾਂ ॥

ਜਗਤ ਵਿਚ ਚਾਰ ਦਿਨਾਂ ਲਈ ਆਏ ਹੇ ਜੀਵ!

ਸੁਨਤ ਸੰਦੇਸਿਆ ਹਾਂ ॥੧॥ ਰਹਾਉ ॥

ਇਹ ਸੁਨੇਹਾ ਧਿਆਨ ਨਾਲ ਸੁਣ ॥੧॥ ਰਹਾਉ ॥

ਜਾ ਸਿਉ ਰਚਿ ਰਹੇ ਹਾਂ ॥

(ਤੈਥੋਂ ਪਹਿਲਾਂ ਇਥੇ ਆਏ ਹੋਏ ਜੀਵ) ਜਿਸ ਮਾਇਆ ਦੇ ਮੋਹ ਵਿਚ ਫਸੇ ਰਹੇ,

ਸਭ ਕਉ ਤਜਿ ਗਏ ਹਾਂ ॥

ਆਖ਼ਰ ਉਸ ਸਾਰੀ ਨੂੰ ਛੱਡ ਕੇ ਇਥੋਂ ਚਲੇ ਗਏ,

ਸੁਪਨਾ ਜਿਉ ਭਏ ਹਾਂ ॥

(ਹੁਣ ਉਹ) ਸੁਪਨੇ ਵਾਂਗ ਹੋ ਗਏ ਹਨ (ਕੋਈ ਉਹਨਾਂ ਨੂੰ ਚੇਤੇ ਭੀ ਨਹੀਂ ਕਰਦਾ),

ਹਰਿ ਨਾਮੁ ਜਿਨਿ੍ ਲਏ ॥੧॥

(ਫਿਰ) ਤੂੰ ਕਿਉਂ (ਮਾਇਆ ਦਾ ਮੋਹ ਛੱਡ ਕੇ) ਪਰਮਾਤਮਾ ਦਾ ਨਾਮ ਨਹੀਂ ਯਾਦ ਕਰਦਾ? ॥੧॥

ਹਰਿ ਤਜਿ ਅਨ ਲਗੇ ਹਾਂ ॥

ਜੇਹੜੇ ਮਨੁੱਖ ਪਰਮਾਤਮਾ ਨੂੰ ਭੁਲਾ ਕੇ ਹੋਰ ਹੋਰ ਪਦਾਰਥਾਂ ਦੇ ਮੋਹ ਵਿਚ ਫਸੇ ਰਹਿੰਦੇ ਹਨ,

ਜਨਮਹਿ ਮਰਿ ਭਗੇ ਹਾਂ ॥

ਉਹ ਜਨਮ ਮਰਨ ਦੇ ਗੇੜ ਵਿਚ ਭਟਕਦੇ ਫਿਰਦੇ ਹਨ।

ਹਰਿ ਹਰਿ ਜਨਿ ਲਹੇ ਹਾਂ ॥

ਜਿਸ ਜਿਸ ਮਨੁੱਖ ਨੇ ਪਰਮਾਤਮਾ ਨੂੰ ਲੱਭ ਲਿਆ,

ਜੀਵਤ ਸੇ ਰਹੇ ਹਾਂ ॥

ਉਹ ਆਤਮਕ ਜੀਵਨ ਦੇ ਮਾਲਕ ਬਣ ਗਏ।

ਜਿਸਹਿ ਕ੍ਰਿਪਾਲੁ ਹੋਇ ਹਾਂ ॥

ਜਿਸ ਮਨੁੱਖ ਉਤੇ ਪ੍ਰਭੂ ਦਇਆਵਾਨ ਹੁੰਦਾ ਹੈ,

ਨਾਨਕ ਭਗਤੁ ਸੋਇ ॥੨॥੭॥੧੬੩॥੨੩੨॥

ਹੇ ਨਾਨਕ! ਉਹ ਉਸ ਦਾ ਭਗਤ ਬਣਦਾ ਹੈ ॥੨॥੭॥੧੬੩॥੨੩੨॥


ਆਸਾਵਰੀ ਮਹਲਾ ੫ ਘਰੁ ੩ ॥
ਰਾਗ ਆਸਾਵਰੀ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਮੇਰੇ ਮਨ ਹਰਿ ਸਿਉ ਲਾਗੀ ਪ੍ਰੀਤਿ ॥

ਹੇ ਮੇਰੇ ਮਨ! ਜਿਸ ਮਨੁੱਖ ਦੀ ਪ੍ਰੀਤ ਪਰਮਾਤਮਾ ਨਾਲ ਬਣ ਜਾਂਦੀ ਹੈ,

ਸਾਧਸੰਗਿ ਹਰਿ ਹਰਿ ਜਪਤ ਨਿਰਮਲ ਸਾਚੀ ਰੀਤਿ ॥੧॥ ਰਹਾਉ ॥

ਗੁਰੂ ਦੀ ਸੰਗਤਿ ਵਿਚ ਪਰਮਾਤਮਾ ਦਾ ਨਾਮ ਜਪਦਿਆਂ ਉਸ ਦੀ ਇਹੋ ਰੋਜ਼ਾਨਾ ਪਵਿਤ੍ਰ ਕਾਰ ਬਣ ਜਾਂਦੀ ਹੈ ਕਿ ਸਦਾ-ਥਿਰ ਪ੍ਰਭੂ ਦਾ ਨਾਮ ਜਪਦਾ ਰਹਿੰਦਾ ਹੈ ॥੧॥ ਰਹਾਉ ॥

ਦਰਸਨ ਕੀ ਪਿਆਸ ਘਣੀ ਚਿਤਵਤ ਅਨਿਕ ਪ੍ਰਕਾਰ ॥

ਹੇ ਪ੍ਰਭੂ! ਤੇਰੇ ਅਨੇਕਾਂ ਕਿਸਮਾਂ ਦੇ ਗੁਣਾਂ ਨੂੰ ਯਾਦ ਕਰਦਿਆਂ (ਮੇਰੇ ਅੰਦਰ) ਤੇਰੇ ਦਰਸਨ ਦੀ ਤਾਂਘ ਬਹੁਤ ਬਣ ਗਈ ਹੈ,

ਕਰਹੁ ਅਨੁਗ੍ਰਹੁ ਪਾਰਬ੍ਰਹਮ ਹਰਿ ਕਿਰਪਾ ਧਾਰਿ ਮੁਰਾਰਿ ॥੧॥

ਹੇ ਪਾਰਬ੍ਰਹਮ! ਹੇ ਮੁਰਾਰੀ! ਮੇਹਰ ਕਰ, ਕਿਰਪਾ ਕਰ (ਦੀਦਾਰ ਬਖ਼ਸ਼) ॥੧॥

ਮਨੁ ਪਰਦੇਸੀ ਆਇਆ ਮਿਲਿਓ ਸਾਧ ਕੈ ਸੰਗਿ ॥

ਅਨੇਕਾਂ ਜੂਨਾਂ ਵਿਚ ਭਟਕਦਾ ਜਦੋਂ ਕੋਈ ਮਨ ਗੁਰੂ ਦੀ ਸੰਗਤਿ ਵਿਚ ਆ ਮਿਲਦਾ ਹੈ,

ਜਿਸੁ ਵਖਰ ਕਉ ਚਾਹਤਾ ਸੋ ਪਾਇਓ ਨਾਮਹਿ ਰੰਗਿ ॥੨॥

ਜਿਸ (ਉੱਚੇ ਆਤਮਕ ਜੀਵਨ ਦੇ) ਸੌਦੇ ਨੂੰ ਉਹ ਸਦਾ ਤਰਸਦਾ ਆ ਰਿਹਾ ਸੀ ਉਹ ਉਸ ਨੂੰ ਪਰਮਾਤਮਾ ਦੇ ਨਾਮ ਦੇ ਪਿਆਰ ਵਿਚ ਜੁੜਿਆਂ ਮਿਲ ਜਾਂਦਾ ਹੈ ॥੨॥

ਜੇਤੇ ਮਾਇਆ ਰੰਗ ਰਸ ਬਿਨਸਿ ਜਾਹਿ ਖਿਨ ਮਾਹਿ ॥

ਮਾਇਆ ਦੇ ਜਿਤਨੇ ਭੀ ਕੌਤਕ ਤੇ ਸੁਆਦਲੇ ਪਦਾਰਥ ਦਿੱਸ ਰਹੇ ਹਨ ਇਕ ਖਿਨ ਵਿਚ ਨਾਸ ਹੋ ਜਾਂਦੇ ਹਨ,

ਭਗਤ ਰਤੇ ਤੇਰੇ ਨਾਮ ਸਿਉ ਸੁਖੁ ਭੁੰਚਹਿ ਸਭ ਠਾਇ ॥੩॥

ਤੇਰੇ ਭਗਤ ਤੇਰੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਹਰ ਥਾਂ ਅਨੰਦ ਮਾਣਦੇ ਹਨ ॥੩॥

ਸਭੁ ਜਗੁ ਚਲਤਉ ਪੇਖੀਐ ਨਿਹਚਲੁ ਹਰਿ ਕੋ ਨਾਉ ॥

ਸਾਰਾ ਸੰਸਾਰ ਨਾਸਵੰਤ ਦਿੱਸ ਰਿਹਾ ਹੈ, ਸਦਾ ਕਾਇਮ ਰਹਿਣ ਵਾਲਾ ਸਿਰਫ਼ ਪਰਮਾਤਮਾ ਦਾ ਨਾਮ ਹੀ ਹੈ।

ਕਰਿ ਮਿਤ੍ਰਾਈ ਸਾਧ ਸਿਉ ਨਿਹਚਲੁ ਪਾਵਹਿ ਠਾਉ ॥੪॥

ਗੁਰੂ ਨਾਲ ਪਿਆਰ ਪਾ (ਉਸ ਪਾਸੋਂ ਇਹ ਹਰਿ-ਨਾਮ ਮਿਲੇਗਾ, ਤੇ) ਤੂੰ ਉਹ ਟਿਕਾਣਾ ਲੱਭ ਲਏਂਗਾ ਜੇਹੜਾ ਕਦੀ ਭੀ ਨਾਸ ਹੋਣ ਵਾਲਾ ਨਹੀਂ ॥੪॥

ਮੀਤ ਸਾਜਨ ਸੁਤ ਬੰਧਪਾ ਕੋਊ ਹੋਤ ਨ ਸਾਥ ॥

ਮਿੱਤਰ, ਸੱਜਣ, ਪੁੱਤਰ, ਰਿਸ਼ਤੇਦਾਰ-ਕੋਈ ਭੀ ਸਦਾ ਦੇ ਸਾਥੀ ਨਹੀਂ ਬਣ ਸਕਦੇ।

ਏਕੁ ਨਿਵਾਹੂ ਰਾਮ ਨਾਮ ਦੀਨਾ ਕਾ ਪ੍ਰਭੁ ਨਾਥ ॥੫॥

ਸਦਾ ਸਾਥ ਨਿਬਾਹੁਣ ਵਾਲਾ ਸਿਰਫ਼ ਉਸ ਪਰਮਾਤਮਾ ਦਾ ਨਾਮ ਹੀ ਹੈ ਜੇਹੜਾ ਗਰੀਬਾਂ ਦਾ ਰਾਖਾ ਹੈ ॥੫॥

ਚਰਨ ਕਮਲ ਬੋਹਿਥ ਭਏ ਲਗਿ ਸਾਗਰੁ ਤਰਿਓ ਤੇਹ ॥

ਜਿਸ ਮਨੁੱਖ ਦੇ ਵਾਸਤੇ ਗੁਰੂ ਦੇ ਸੋਹਣੇ ਕੋਮਲ ਚਰਨ ਜਹਾਜ਼ ਬਣ ਗਏ ਉਹ ਇਹਨਾਂ ਚਰਨਾਂ ਵਿਚ ਜੁੜ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ।

ਭੇਟਿਓ ਪੂਰਾ ਸਤਿਗੁਰੂ ਸਾਚਾ ਪ੍ਰਭ ਸਿਉ ਨੇਹ ॥੬॥

ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦਾ ਪਰਮਾਤਮਾ ਨਾਲ ਸਦਾ ਲਈ ਪੱਕਾ ਪਿਆਰ ਬਣ ਗਿਆ ॥੬॥

ਸਾਧ ਤੇਰੇ ਕੀ ਜਾਚਨਾ ਵਿਸਰੁ ਨ ਸਾਸਿ ਗਿਰਾਸਿ ॥

ਹੇ ਪ੍ਰਭੂ! ਤੇਰੇ ਸੇਵਕ ਦੀ (ਤੇਰੇ ਪਾਸੋਂ ਸਦਾ ਇਹੀ) ਮੰਗ ਹੈ ਕਿ ਸਾਹ ਲੈਂਦਿਆਂ ਰੋਟੀ ਖਾਂਦਿਆਂ ਕਦੇ ਭੀ ਨਾਹ ਵਿੱਸਰ।

ਜੋ ਤੁਧੁ ਭਾਵੈ ਸੋ ਭਲਾ ਤੇਰੈ ਭਾਣੈ ਕਾਰਜ ਰਾਸਿ ॥੭॥

ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਤੇਰੇ ਸੇਵਕ ਨੂੰ ਭੀ ਉਹੀ ਚੰਗਾ ਲੱਗਦਾ ਹੈ, ਤੇਰੀ ਰਜ਼ਾ ਵਿਚ ਤੁਰਿਆਂ ਤੇਰੇ ਸੇਵਕ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ॥੭॥

ਸੁਖ ਸਾਗਰ ਪ੍ਰੀਤਮ ਮਿਲੇ ਉਪਜੇ ਮਹਾ ਅਨੰਦ ॥

ਸੁਖਾਂ ਦਾ ਸਮੁੰਦਰ ਪ੍ਰੀਤਮ-ਪ੍ਰਭੂ ਜੀ ਜਿਸ ਮਨੁੱਖ ਨੂੰ ਮਿਲ ਪੈਂਦੇ ਹਨ ਉਸ ਦੇ ਅੰਦਰ ਬੜਾ ਆਨੰਦ ਪੈਦਾ ਹੋ ਜਾਂਦਾ ਹੈ,

ਕਹੁ ਨਾਨਕ ਸਭ ਦੁਖ ਮਿਟੇ ਪ੍ਰਭ ਭੇਟੇ ਪਰਮਾਨੰਦ ॥੮॥੧॥੨॥

ਨਾਨਕ ਆਖਦਾ ਹੈ- ਸਭ ਤੋਂ ਸ੍ਰੇਸ਼ਟ ਆਨੰਦ ਦੇ ਮਾਲਕ ਪ੍ਰਭੂ ਜੀ ਜਿਸ ਨੂੰ ਮਿਲਦੇ ਹਨ ਉਸ ਦੇ ਸਾਰੇ ਦੁੱਖ-ਕਲੇਸ਼ ਦੂਰ ਹੋ ਜਾਂਦੇ ਹਨ ॥੮॥੧॥੨॥