ਰਾਗ ਆਸਾ ਕਾਫੀ – ਬਾਣੀ ਸ਼ਬਦ-Raag Asa Kafi – Bani

ਰਾਗ ਆਸਾ ਕਾਫੀ – ਬਾਣੀ ਸ਼ਬਦ-Raag Asa Kafi – Bani

ਆਸਾ ਘਰੁ ੮ ਕਾਫੀ ਮਹਲਾ ੩ ॥

ਰਾਗ ਆਸਾ, ਘਰ ੮ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ ‘ਕਾਫੀ’।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਹਰਿ ਕੈ ਭਾਣੈ ਸਤਿਗੁਰੁ ਮਿਲੈ ਸਚੁ ਸੋਝੀ ਹੋਈ ॥

(ਹੇ ਭਾਈ!) ਪਰਮਾਤਮਾ ਦੀ ਰਜ਼ਾ ਅਨੁਸਾਰ ਗੁਰੂ ਮਿਲਦਾ ਹੈ (ਜਿਸ ਨੂੰ ਗੁਰੂ ਮਿਲ ਪੈਂਦਾ ਹੈ, ਉਸ ਨੂੰ) ਸਦਾ ਕਾਇਮ ਰਹਿਣ ਵਾਲਾ ਪ੍ਰਭੂ ਮਿਲ ਪੈਂਦਾ ਹੈ, (ਤੇ ਉਸ ਨੂੰ ਸਹੀ ਜੀਵਨ-ਜੁਗਤਿ ਦੀ) ਸਮਝ ਆ ਜਾਂਦੀ ਹੈ।

ਗੁਰਪਰਸਾਦੀ ਮਨਿ ਵਸੈ ਹਰਿ ਬੂਝੈ ਸੋਈ ॥੧॥

ਜਿਸ ਮਨੁੱਖ ਦੇ ਮਨ ਵਿਚ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਆ ਵੱਸਦਾ ਹੈ, ਉਹੀ ਮਨੁੱਖ ਪਰਮਾਤਮਾ ਨਾਲ ਸਾਂਝ ਪਾਂਦਾ ਹੈ ॥੧॥

ਮੈ ਸਹੁ ਦਾਤਾ ਏਕੁ ਹੈ ਅਵਰੁ ਨਾਹੀ ਕੋਈ ॥

(ਹੇ ਭਾਈ!) ਇਕ ਪਰਮਾਤਮਾ ਹੀ ਮੇਰਾ ਖਸਮ-ਰਾਖਾ ਹੈ ਤੇ ਮੈਨੂੰ ਸਭ ਦਾਤਾਂ ਦੇਣ ਵਾਲਾ ਹੈ, ਉਸ ਤੋਂ ਬਿਨਾ ਮੇਰਾ ਹੋਰ ਕੋਈ ਨਹੀਂ ਹੈ।

ਗੁਰ ਕਿਰਪਾ ਤੇ ਮਨਿ ਵਸੈ ਤਾ ਸਦਾ ਸੁਖੁ ਹੋਈ ॥੧॥ ਰਹਾਉ ॥

ਪਰ ਗੁਰੂ ਦੀ ਮੇਹਰ ਨਾਲ ਹੀ ਉਹ ਮਨ ਵਿਚ ਵੱਸ ਸਕਦਾ ਹੈ (ਜਦੋਂ ਉਹ ਪ੍ਰਭੂ ਮਨ ਵਿਚ ਆ ਵੱਸਦਾ ਹੈ) ਤਦੋਂ ਸਦਾ ਲਈ ਆਨੰਦ ਬਣ ਜਾਂਦਾ ਹੈ ॥੧॥ ਰਹਾਉ ॥

ਇਸੁ ਜੁਗ ਮਹਿ ਨਿਰਭਉ ਹਰਿ ਨਾਮੁ ਹੈ ਪਾਈਐ ਗੁਰ ਵੀਚਾਰਿ ॥

(ਹੇ ਭਾਈ!) ਇਸ ਜਗਤ ਵਿਚ ਪਰਮਾਤਮਾ ਦਾ ਨਾਮ ਹੀ ਹੈ ਜੋ (ਜਗਤ ਦੇ) ਸਾਰੇ ਡਰਾਂ ਤੋਂ ਬਚਾਉਣ ਵਾਲਾ ਹੈ, ਪਰ ਇਹ ਨਾਮ ਗੁਰੂ ਦੀ ਦੱਸੀ ਹੋਈ ਵਿਚਾਰ ਦੀ ਬਰਕਤਿ ਨਾਲ ਮਿਲਦਾ ਹੈ।

ਬਿਨੁ ਨਾਵੈ ਜਮ ਕੈ ਵਸਿ ਹੈ ਮਨਮੁਖਿ ਅੰਧ ਗਵਾਰਿ ॥੨॥

ਪਰਮਾਤਮਾ ਦੇ ਨਾਮ ਤੋਂ ਬਿਨਾ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਆਤਮਕ ਮੌਤ ਦੇ ਕਾਬੂ ਵਿਚ ਰਹਿੰਦੀ ਹੈ, ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ ਰਹਿੰਦੀ ਹੈ ਤੇ ਮੂਰਖ ਟਿਕੀ ਰਹਿੰਦੀ ਹੈ ॥੨॥

ਹਰਿ ਕੈ ਭਾਣੈ ਜਨੁ ਸੇਵਾ ਕਰੈ ਬੂਝੈ ਸਚੁ ਸੋਈ ॥

ਜੇਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਵਿਚ ਚੱਲਦਾ ਹੈ ਉਹੀ ਮਨੁੱਖ ਪਰਮਾਤਮਾ ਦੀ ਸੇਵਾ-ਭਗਤੀ ਕਰਦਾ ਹੈ ਉਹੀ ਉਸ ਸਦਾ-ਥਿਰ ਪ੍ਰਭੂ ਨੂੰ ਸਮਝਦਾ ਹੈ।

ਹਰਿ ਕੈ ਭਾਣੈ ਸਾਲਾਹੀਐ ਭਾਣੈ ਮੰਨਿਐ ਸੁਖੁ ਹੋਈ ॥੩॥

ਪਰਮਾਤਮਾ ਦੀ ਰਜ਼ਾ ਵਿਚ ਤੁਰਿਆਂ ਹੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੋ ਸਕਦੀ ਹੈ। ਜੇ ਪਰਮਾਤਮਾ ਦੀ ਰਜ਼ਾ ਵਿਚ ਤੁਰੀਏ ਤਾਂ ਹੀ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ॥੩॥

ਹਰਿ ਕੈ ਭਾਣੈ ਜਨਮੁ ਪਦਾਰਥੁ ਪਾਇਆ ਮਤਿ ਊਤਮ ਹੋਈ ॥

(ਹੇ ਭਾਈ! ਜਿਸ ਮਨੁੱਖ ਨੇ) ਪਰਮਾਤਮਾ ਦੀ ਰਜ਼ਾ ਵਿਚ ਤੁਰ ਕੇ ਮਨੁੱਖਾ ਜਨਮ ਦਾ ਮਨੋਰਥ ਹਾਸਲ ਕਰ ਲਿਆ ਉਸ ਦੀ ਅਕਲ ਵਧੀਆ ਬਣ ਗਈ।

ਨਾਨਕ ਨਾਮੁ ਸਲਾਹਿ ਤੂੰ ਗੁਰਮੁਖਿ ਗਤਿ ਹੋਈ ॥੪॥੩੯॥੧੩॥੫੨॥

ਹੇ ਨਾਨਕ! (ਗੁਰੂ ਦੀ ਸਰਨ ਪੈ ਕੇ) ਤੂੰ ਭੀ ਪਰਮਾਤਮਾ ਦੇ ਨਾਮ ਦੀ ਵਡਿਆਈ ਕਰ। ਗੁਰੂ ਦੀ ਸਰਨ ਪਿਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ॥੪॥੩੯॥੧੩॥੫੨॥


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਰਾਗੁ ਆਸਾ ਘਰੁ ੮ ਕੇ ਕਾਫੀ ਮਹਲਾ ੪ ॥

ਰਾਗ ਆਸਾ, ਘਰ ੮ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ‘ਕਾਫੀ’।

ਆਇਆ ਮਰਣੁ ਧੁਰਾਹੁ ਹਉਮੈ ਰੋਈਐ ॥

(ਹੇ ਭਾਈ!) ਧੁਰ ਦਰਗਾਹ ਤੋਂ ਹੀ (ਹਰੇਕ ਜੀਵ ਵਾਸਤੇ) ਮੌਤ (ਦਾ ਪਰਵਾਨਾ) ਆਇਆ ਹੋਇਆ ਹੈ (ਧੁਰ ਤੋਂ ਹੀ ਇਹ ਰਜ਼ਾ ਹੈ ਕਿ ਜੇਹੜਾ ਜੰਮਿਆ ਹੈ ਉਸ ਨੇ ਮਰਨਾ ਭੀ ਜ਼ਰੂਰ ਹੈ) ਹਉਮੈ ਦੇ ਕਾਰਨ ਹੀ (ਕਿਸੇ ਦੇ ਮਰਨ ਤੇ) ਰੋਈਦਾ ਹੈ।

ਗੁਰਮੁਖਿ ਨਾਮੁ ਧਿਆਇ ਅਸਥਿਰੁ ਹੋਈਐ ॥੧॥

ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰ ਕੇ ਅਡੋਲ-ਚਿੱਤ ਹੋ ਜਾਈਦਾ ਹੈ (ਮੌਤ ਆਉਣ ਤੇ ਡੋਲਣੋਂ ਹਟ ਜਾਈਦਾ ਹੈ) ॥੧॥

ਗੁਰ ਪੂਰੇ ਸਾਬਾਸਿ ਚਲਣੁ ਜਾਣਿਆ ॥

ਜਿਨ੍ਹਾਂ ਮਨੁੱਖਾਂ ਨੇ ਪੂਰੇ ਗੁਰੂ ਦੀ ਰਾਹੀਂ ਜਾਣ ਲਿਆ ਕਿ ਜਗਤ ਤੋਂ ਆਖ਼ਿਰ ਚਲੇ ਜਾਣਾ ਹੈ ਉਹਨਾਂ ਨੇ ਸ਼ਾਬਾਸ਼ੇ ਖੱਟੀ।

ਲਾਹਾ ਨਾਮੁ ਸੁ ਸਾਰੁ ਸਬਦਿ ਸਮਾਣਿਆ ॥੧॥ ਰਹਾਉ ॥

ਉਹਨਾਂ ਨੇ ਪਰਮਾਤਮਾ ਦਾ ਨਾਮ (-ਰੂਪ) ਸ੍ਰੇਸ਼ਟ ਲਾਭ ਖੱਟ ਲਿਆ, ਉਹ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਨਾਮ ਵਿਚ) ਲੀਨ ਹੋਏ ਰਹੇ ॥੧॥ ਰਹਾਉ ॥

ਪੂਰਬਿ ਲਿਖੇ ਡੇਹ ਸਿ ਆਏ ਮਾਇਆ ॥

ਹੇ ਮਾਂ! ਪੂਰਬਲੇ ਜਨਮ ਵਿਚ (ਧੁਰੋਂ) ਲਿਖੇ ਅਨੁਸਾਰ (ਜਿਨ੍ਹਾਂ ਨੂੰ ਜ਼ਿੰਦਗੀ ਦੇ) ਦਿਨ ਮਿਲਦੇ ਹਨ ਉਹ ਜਗਤ ਵਿਚ ਆ ਜਾਂਦੇ ਹਨ (ਜੰਮ ਪੈਂਦੇ ਹਨ)

ਚਲਣੁ ਅਜੁ ਕਿ ਕਲਿ੍ ਧੁਰਹੁ ਫੁਰਮਾਇਆ ॥੨॥

(ਇਸੇ ਤਰ੍ਹਾਂ ਹੀ) ਧੁਰੋਂ ਇਹ ਫ਼ੁਰਮਾਨ ਭੀ ਹੈ ਕਿ ਇਥੋਂ ਅੱਜ ਭਲਕ ਤੁਰ ਭੀ ਜਾਣਾ ਹੈ ॥੨॥

ਬਿਰਥਾ ਜਨਮੁ ਤਿਨਾ ਜਿਨ੍ਰੀ ਨਾਮੁ ਵਿਸਾਰਿਆ ॥

(ਹੇ ਭਾਈ!) ਜਿਨ੍ਹਾਂ ਮਨੁੱਖਾਂ ਨੇ (ਜਗਤ ਵਿਚ ਆ ਕੇ) ਪਰਮਾਤਮਾ ਦਾ ਨਾਮ ਭੁਲਾ ਦਿੱਤਾ ਉਹਨਾਂ ਦਾ ਮਨੁੱਖਾ ਜਨਮ ਵਿਅਰਥ ਚਲਾ ਗਿਆ।

ਜੂਐ ਖੇਲਣੁ ਜਗਿ ਕਿ ਇਹੁ ਮਨੁ ਹਾਰਿਆ ॥੩॥

ਉਹਨਾਂ ਨੇ ਜਗਤ ਵਿਚ (ਆ ਕੇ) ਜੂਏ ਦੀ ਖੇਡ ਹੀ ਖੇਡੀ (ਤੇ ਇਸ ਖੇਡ ਵਿਚ) ਆਪਣਾ ਮਨ (ਵਿਕਾਰਾਂ ਦੀ ਹੱਥੀਂ) ਹਾਰ ਦਿੱਤਾ ॥੩॥

ਜੀਵਣਿ ਮਰਣਿ ਸੁਖੁ ਹੋਇ ਜਿਨ੍ਰਾ ਗੁਰੁ ਪਾਇਆ ॥

ਜਿਨ੍ਹਾਂ ਮਨੁੱਖਾਂ ਨੂੰ ਗੁਰੂ ਮਿਲ ਪਿਆ ਉਹਨਾਂ ਨੇ (ਸਾਰੇ) ਜੀਵਨ ਵਿਚ (ਭੀ) ਆਤਮਕ ਆਨੰਦ ਮਾਣਿਆ, ਤੇ ਮਰਨ ਵਿਚ ਭੀ (ਮਰਨ ਵੇਲੇ ਭੀ) ਸੁਖ ਹੀ ਪ੍ਰਤੀਤ ਕੀਤਾ,

ਨਾਨਕ ਸਚੇ ਸਚਿ ਸਚਿ ਸਮਾਇਆ ॥੪॥੧੨॥੬੪॥

(ਕਿਉਂਕਿ) ਹੇ ਨਾਨਕ! ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਹੀ ਸਦਾ ਲੀਨ ਰਹੇ ਅਤੇ ਸਦਾ-ਥਿਰ ਪ੍ਰਭੂ ਦਾ ਰੂਪ ਬਣੇ ਰਹੇ (ਸਦਾ-ਥਿਰ ਪ੍ਰਭੂ ਨਾਲ ਇਕ-ਇਕ ਹੋਏ ਰਹੇ) ॥੪॥੧੨॥੬੪॥?


ਆਸਾ ਘਰੁ ੮ ਕਾਫੀ ਮਹਲਾ ੫ ॥

ਰਾਗ ਆਸਾ, ਘਰ ੮ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਕਾਫੀ’।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਮੈ ਬੰਦਾ ਬੈ ਖਰੀਦੁ ਸਚੁ ਸਾਹਿਬੁ ਮੇਰਾ ॥

ਹੇ ਭਾਈ! ਮੇਰਾ ਮਾਲਕ ਸਦਾ ਕਾਇਮ ਰਹਿਣ ਵਾਲਾ ਹੈ, ਮੈਂ ਉਸ ਦਾ ਮੁੱਲ-ਖ਼ਰੀਦ ਗ਼ੁਲਾਮ ਹਾਂ।

ਜੀਉ ਪਿੰਡੁ ਸਭੁ ਤਿਸ ਦਾ ਸਭੁ ਕਿਛੁ ਹੈ ਤੇਰਾ ॥੧॥

ਮੇਰੀ ਇਹ ਜਿੰਦ ਮੇਰਾ ਇਹ ਸਰੀਰ ਸਭ ਕੁਝ ਉਸ ਮਾਲਕ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ। ਹੇ ਪ੍ਰਭੂ! ਮੇਰੇ ਪਾਸ ਜੋ ਕੁਝ ਭੀ ਹੈ ਸਭ ਤੇਰਾ ਹੀ ਬਖ਼ਸ਼ਿਆ ਹੋਇਆ ਹੈ ॥੧॥

ਮਾਣੁ ਨਿਮਾਣੇ ਤੂੰ ਧਣੀ ਤੇਰਾ ਭਰਵਾਸਾ ॥

ਹੇ ਪ੍ਰਭੂ! ਮੈਂ ਨਿਮਾਣੇ ਦਾ ਤੂੰ ਹੀ ਮਾਣ ਹੈਂ, ਮੈਨੂੰ ਤੇਰਾ ਹੀ ਭਰਵਾਸਾ ਹੈ।

ਬਿਨੁ ਸਾਚੇ ਅਨ ਟੇਕ ਹੈ ਸੋ ਜਾਣਹੁ ਕਾਚਾ ॥੧॥ ਰਹਾਉ ॥

(ਹੇ ਭਾਈ! ਜਿਸ ਮਨੁੱਖ ਨੂੰ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਤੋਂ ਬਿਨਾ ਕੋਈ ਹੋਰ ਝਾਕ ਭੀ ਟਿਕੀ ਰਹੇ, ਉਹ ਸਮਝੋ ਅਜੇ ਕਮਜ਼ੋਰ ਜੀਵਨ ਵਾਲਾ ਹੈ ॥੧॥ ਰਹਾਉ ॥

ਤੇਰਾ ਹੁਕਮੁ ਅਪਾਰ ਹੈ ਕੋਈ ਅੰਤੁ ਨ ਪਾਏ ॥

ਹੇ ਪ੍ਰਭੂ! ਤੇਰਾ ਹੁਕਮ ਬੇਅੰਤ ਹੈ, ਕੋਈ ਜੀਵ ਤੇਰੇ ਹੁਕਮ ਦਾ ਅੰਤ ਨਹੀਂ ਲੱਭ ਸਕਦਾ।

ਜਿਸੁ ਗੁਰੁ ਪੂਰਾ ਭੇਟਸੀ ਸੋ ਚਲੈ ਰਜਾਏ ॥੨॥

(ਤੇਰੀ ਮਿਹਰ ਨਾਲ) ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ ਤੇਰੇ ਹੁਕਮ ਵਿਚ ਤੁਰਦਾ ਹੈ ॥੨॥

ਚਤੁਰਾਈ ਸਿਆਣਪਾ ਕਿਤੈ ਕਾਮਿ ਨ ਆਈਐ ॥

(ਹੇ ਭਾਈ! ਸੁਖਾਂ ਦੀ ਖ਼ਾਤਰ ਮਨੁੱਖ ਅਨੇਕਾਂ) ਚਤੁਰਾਈਆਂ ਤੇ ਸਿਆਣਪਾਂ (ਕਰਦਾ ਹੈ, ਪਰ ਕੋਈ ਸਿਆਣਪ ਕੋਈ ਚਤੁਰਾਈ) ਕਿਸੇ ਕੰਮ ਨਹੀਂ ਆਉਂਦੀ;

ਤੁਠਾ ਸਾਹਿਬੁ ਜੋ ਦੇਵੈ ਸੋਈ ਸੁਖੁ ਪਾਈਐ ॥੩॥

ਉਹੀ ਸੁਖ ਪ੍ਰਾਪਤ ਕੀਤਾ ਜਾ ਸਕਦਾ ਹੈ ਜੇਹੜਾ ਸੁਖ ਮਾਲਕ-ਪ੍ਰਭੂ ਆਪ ਪ੍ਰਸੰਨ ਹੋ ਕੇ ਦੇਂਦਾ ਹੈ ॥੩॥

ਜੇ ਲਖ ਕਰਮ ਕਮਾਈਅਹਿ ਕਿਛੁ ਪਵੈ ਨ ਬੰਧਾ ॥

(ਹੇ ਭਾਈ! ਦੁਨੀਆ ਵਿਚ ਸੁਖਾਂ ਦੁੱਖਾਂ ਦਾ ਚੱਕਰ ਤੁਰਿਆ ਰਹਿੰਦਾ ਹੈ, ਦੁੱਖਾਂ ਦੀ ਨਿਵਿਰਤੀ ਵਾਸਤੇ) ਜੇ ਲੱਖਾਂ ਹੀ (ਮਿਥੇ ਹੋਏ ਧਾਰਮਿਕ) ਕੰਮ ਕੀਤੇ ਜਾਣ ਤਾਂ ਭੀ (ਦੁੱਖਾਂ ਦੇ ਰਾਹ ਵਿਚ) ਕੋਈ ਰੋਕ ਨਹੀਂ ਪੈ ਸਕਦੀ।

ਜਨ ਨਾਨਕ ਕੀਤਾ ਨਾਮੁ ਧਰ ਹੋਰੁ ਛੋਡਿਆ ਧੰਧਾ ॥੪॥੧॥੧੦੩॥

ਹੇ ਦਾਸ ਨਾਨਕ! (ਆਖ-) ਮੈਂ ਤਾਂ ਪਰਮਾਤਮਾ ਦੇ ਨਾਮ ਨੂੰ ਹੀ ਆਸਰਾ ਬਣਾਇਆ ਹੈ, ਤੇ (ਸੁਖਾਂ ਦੀ ਖ਼ਾਤਰ) ਹੋਰ ਦੌੜ-ਭੱਜ ਛੱਡ ਦਿੱਤੀ ਹੈ ॥੪॥੧॥੧੦੩॥


ਆਸਾ ਮਹਲਾ ੫ ॥
ਸਰਬ ਸੁਖਾ ਮੈ ਭਾਲਿਆ ਹਰਿ ਜੇਵਡੁ ਨ ਕੋਈ ॥

(ਹੇ ਭਾਈ!) ਮੈਂ (ਦੁਨੀਆ ਦੇ ਸਾਰੇ ਸੁਖਾਂ ਨੂੰ ਖੋਜ ਵੇਖਿਆ ਹੈ ਪਰਮਾਤਮਾ ਦੇ ਮਿਲਾਪ ਦੇ ਬਰਾਬਰ ਦਾ ਹੋਰ ਕੋਈ ਸੁਖ ਨਹੀਂ ਹੈ।

ਗੁਰ ਤੁਠੇ ਤੇ ਪਾਈਐ ਸਚੁ ਸਾਹਿਬੁ ਸੋਈ ॥੧॥

ਤੇ, ਉਹ ਸਦਾ ਕਾਇਮ ਰਹਿਣ ਵਾਲਾ ਮਾਲਕ-ਪਰਮਾਤਮਾ ਪ੍ਰਸੰਨ ਹੋਏ ਹੋਏ ਗੁਰੂ ਪਾਸੋਂ ਹੀ ਮਿਲ ਸਕਦਾ ਹੈ ॥੧॥

ਬਲਿਹਾਰੀ ਗੁਰ ਆਪਣੇ ਸਦ ਸਦ ਕੁਰਬਾਨਾ ॥

(ਹੇ ਭਾਈ!) ਮੈਂ ਆਪਣੇ ਗੁਰੂ ਤੋਂ ਸਦਾ ਸਦਕੇ ਹੁੰਦਾ ਹਾਂ ਸਦਾ ਕੁਰਬਾਨ ਜਾਂਦਾ ਹਾਂ।

ਨਾਮੁ ਨ ਵਿਸਰਉ ਇਕੁ ਖਿਨੁ ਚਸਾ ਇਹੁ ਕੀਜੈ ਦਾਨਾ ॥੧॥ ਰਹਾਉ ॥

(ਮੈਂ ਗੁਰੂ ਪਾਸ ਹੀ ਅਰਜੋਈ ਕਰਦਾ ਹਾਂ-ਹੇ ਗੁਰੂ!) ਮੈਨੂੰ ਇਹ ਦਾਨ ਦੇਹ ਕਿ ਮੈਂ ਪਰਮਾਤਮਾ ਦਾ ਨਾਮ ਇਕ ਖਿਨ ਵਾਸਤੇ ਭੀ ਇਕ ਚਸੇ ਵਾਸਤੇ ਭੀ ਨਾਹ ਭੁਲਾਵਾਂ ॥੧॥ ਰਹਾਉ ॥

ਭਾਗਠੁ ਸਚਾ ਸੋਇ ਹੈ ਜਿਸੁ ਹਰਿ ਧਨੁ ਅੰਤਰਿ ॥

ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਧਨ ਵੱਸਦਾ ਹੋਵੇ ਉਹੀ (ਅਸਲ) ਸ਼ਾਹੂਕਾਰ ਹੈ।

ਸੋ ਛੂਟੈ ਮਹਾ ਜਾਲ ਤੇ ਜਿਸੁ ਗੁਰਸਬਦੁ ਨਿਰੰਤਰਿ ॥੨॥

ਜਿਸ ਮਨੁੱਖ ਦੇ ਅੰਦਰ ਗੁਰੂ ਦਾ ਸਬਦ ਇਕ-ਰਸ ਟਿਕਿਆ ਰਹੇ ਉਹ ਮਨੁੱਖ (ਮਾਇਆ ਦੇ ਮੋਹ ਦੇ) ਵੱਡੇ ਜਾਲ (ਵਿਚ ਫਸਣ) ਤੋਂ ਬਚਿਆ ਰਹਿੰਦਾ ਹੈ ॥੨॥

ਗੁਰ ਕੀ ਮਹਿਮਾ ਕਿਆ ਕਹਾ ਗੁਰੁ ਬਿਬੇਕ ਸਤ ਸਰੁ ॥

ਹੇ ਭਾਈ! ਮੈਂ ਇਹ ਦੱਸਣ-ਯੋਗ ਨਹੀਂ ਹਾਂ ਕਿ ਗੁਰੂ ਕੇਡਾ ਵੱਡਾ (ਉੱਚ-ਆਤਮਾ) ਹੈ, ਗੁਰੂ ਬਿਬੇਕ ਦਾ ਸਰੋਵਰ ਹੈ ਗੁਰੂ ਉੱਚੇ ਆਚਰਨ ਦਾ ਸਰੋਵਰ ਹੈ।

ਓਹੁ ਆਦਿ ਜੁਗਾਦੀ ਜੁਗਹ ਜੁਗੁ ਪੂਰਾ ਪਰਮੇਸਰੁ ॥੩॥

ਗੁਰੂ ਉਹ ਪੂਰਨ ਪਰਮੇਸਰ (ਦਾ ਰੂਪ) ਹੈ ਜੇਹੜਾ ਸਭ ਦਾ ਮੁੱਢ ਹੈ ਜਿਹੜਾ ਜੁਗਾਂ ਦੇ ਆਦਿ ਤੋਂ ਹੈ ਜੇਹੜਾ ਹਰੇਕ ਜੁਗ ਵਿਚ ਮੌਜੂਦ ਹੈ ॥੩॥

ਨਾਮੁ ਧਿਆਵਹੁ ਸਦ ਸਦਾ ਹਰਿ ਹਰਿ ਮਨੁ ਰੰਗੇ ॥

ਹੇ ਭਾਈ! ਸਦਾ ਹੀ ਪਰਮਾਤਮਾ ਦਾ ਨਾਮ ਸਿਮਰਦੇ ਰਹੋ, ਆਪਣੇ ਮਨ ਨੂੰ ਪਰਮਾਤਮਾ ਦੇ ਪ੍ਰੇਮ-ਰੰਗ ਨਾਲ ਰੰਗੀ ਰੱਖੋ।

ਜੀਉ ਪ੍ਰਾਣ ਧਨੁ ਗੁਰੂ ਹੈ ਨਾਨਕ ਕੈ ਸੰਗੇ ॥੪॥੨॥੧੦੪॥

(ਇਹ ਨਾਮ ਮਿਲਣਾ ਗੁਰੂ ਪਾਸੋਂ ਹੀ ਹੈ, ਉਹ ਗੁਰੂ) ਮੈਂ ਨਾਨਕ ਦੇ ਅੰਗ-ਸੰਗ ਵੱਸਦਾ ਹੈ, ਗੁਰੂ ਹੀ ਮੇਰੀ ਜਿੰਦ ਹੈ ਗੁਰੂ ਹੀ ਮੇਰੇ ਪ੍ਰਾਣ ਹੈ, ਗੁਰੂ ਹੀ ਮੇਰਾ ਧਨ ਹੈ ॥੪॥੨॥੧੦੪॥


ਆਸਾ ਮਹਲਾ ੫ ॥
ਸਾਈ ਅਲਖੁ ਅਪਾਰੁ ਭੋਰੀ ਮਨਿ ਵਸੈ ॥

ਹੇ ਮਾਂ! ਜਦੋਂ ਉਹ ਬੇਅੰਤ ਅਲੱਖ ਖਸਮ-ਪ੍ਰਭੂ ਰਤਾ ਕੁ ਸਮੇ ਵਾਸਤੇ ਭੀ ਮੇਰੇ ਮਨ ਵਿਚ ਆ ਵੱਸਦਾ ਹੈ,

ਦੂਖੁ ਦਰਦੁ ਰੋਗੁ ਮਾਇ ਮੈਡਾ ਹਭੁ ਨਸੈ ॥੧॥

ਮੇਰਾ ਹਰੇਕ ਦੁੱਖ-ਦਰਦ ਮੇਰਾ ਹਰੇਕ ਰੋਗ ਸਭ ਦੂਰ ਹੋ ਜਾਂਦਾ ਹੈ ॥੧॥

ਹਉ ਵੰਞਾ ਕੁਰਬਾਣੁ ਸਾਈ ਆਪਣੇ ॥

ਹੇ ਮਾਂ! ਮੈਂ ਆਪਣੇ ਖਸਮ-ਪ੍ਰਭੂ ਤੋਂ ਕੁਰਬਾਨ ਜਾਂਦੀ ਹਾਂ।

ਹੋਵੈ ਅਨਦੁ ਘਣਾ ਮਨਿ ਤਨਿ ਜਾਪਣੇ ॥੧॥ ਰਹਾਉ ॥

ਉਸ ਦਾ ਨਾਮ ਜਪਣ ਨਾਲ ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਆਨੰਦ ਪੈਦਾ ਹੋ ਜਾਂਦਾ ਹੈ ॥੧॥ ਰਹਾਉ ॥

ਬਿੰਦਕ ਗਾਲਿ੍ ਸੁਣੀ ਸਚੇ ਤਿਸੁ ਧਣੀ ॥

ਹੇ ਮਾਂ! ਜਦੋਂ ਉਸ ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਦੀ ਮੈਂ ਥੋੜੀ ਜਿਤਨੀ ਹੀ ਸਿਫ਼ਤਿ-ਸਾਲਾਹ ਸੁਣਦੀ ਹਾਂ,

ਸੂਖੀ ਹੂੰ ਸੁਖੁ ਪਾਇ ਮਾਇ ਨ ਕੀਮ ਗਣੀ ॥੨॥

ਤਾਂ ਮੈਂ ਇਤਨਾ ਉੱਚਾ ਸੁਖ ਅਨੁਭਵ ਕਰਦੀ ਹਾਂ ਕਿ ਮੈਂ ਉਸ ਦਾ ਮੁੱਲ ਨਹੀਂ ਦੱਸ ਸਕਦੀ ॥੨॥

ਨੈਣ ਪਸੰਦੋ ਸੋਇ ਪੇਖਿ ਮੁਸਤਾਕ ਭਈ ॥

ਹੇ ਮੇਰੀ ਮਾਂ! ਮੇਰਾ ਉਹ ਸਾਈਂ ਮੇਰੀਆਂ ਅੱਖਾਂ ਨੂੰ ਪਿਆਰਾ ਲੱਗਦਾ ਹੈ ਉਸ ਨੂੰ ਵੇਖ ਕੇ ਮੈਂ ਮਸਤ ਹੋ ਜਾਂਦੀ ਹਾਂ।

ਮੈ ਨਿਰਗੁਣਿ ਮੇਰੀ ਮਾਇ ਆਪਿ ਲੜਿ ਲਾਇ ਲਈ ॥੩॥

ਹੇ ਮਾਂ! ਮੇਰੇ ਵਿਚ ਕੋਈ ਗੁਣ ਨਹੀਂ, ਫਿਰ ਭੀ ਉਸ ਨੇ ਆਪ ਹੀ ਮੈਨੂੰ ਆਪਣੇ ਲੜ ਲਾ ਰੱਖਿਆ ਹੈ ॥੩॥

ਬੇਦ ਕਤੇਬ ਸੰਸਾਰ ਹਭਾ ਹੂੰ ਬਾਹਰਾ ॥

(ਹੇ ਮਾਂ! ਉਹ ਮੇਰਾ ਪਾਤਿਸ਼ਾਹ ਨਿਰਾ ਸੰਸਾਰ ਵਿਚ ਹੀ ਨਹੀਂ ਵੱਸ ਰਿਹਾ ਉਹ ਤਾਂ) ਇਸ ਦਿੱਸਦੇ ਸੰਸਾਰ ਤੋਂ ਬਾਹਰ ਭੀ ਹਰ ਥਾਂ ਹੈ, ਵੇਦ ਕਤੇਬ ਆਦਿਕ ਕੋਈ ਧਰਮ-ਪੁਸਤਕ ਉਸ ਦਾ ਸਰੂਪ ਬਿਆਨ ਨਹੀਂ ਕਰ ਸਕਦੇ।

ਨਾਨਕ ਕਾ ਪਾਤਿਸਾਹੁ ਦਿਸੈ ਜਾਹਰਾ ॥੪॥੩॥੧੦੫॥

(ਉਂਞ, ਹੇ ਮਾਂ!) ਮੈਂ ਨਾਨਕ ਦਾ ਪਾਤਿਸ਼ਾਹ ਹਰ ਥਾਂ ਪ੍ਰਤੱਖ ਦਿੱਸ ਰਿਹਾ ਹੈ ॥੪॥੩॥੧੦੫॥


ਆਸਾ ਮਹਲਾ ੫ ॥
ਲਾਖ ਭਗਤ ਆਰਾਧਹਿ ਜਪਤੇ ਪੀਉ ਪੀਉ ॥

ਹੇ ਪ੍ਰਭੂ! ਤੇਰੇ ਲੱਖਾਂ ਹੀ ਭਗਤ ਤੈਨੂੰ ‘ਪਿਆਰਾ, ਪਿਆਰਾ’ ਆਖ ਕੇ ਤੇਰਾ ਨਾਮ ਜਪਦੇ ਹਨ ਤੇਰੀ ਅਰਾਧਨਾ ਕਰਦੇ ਹਨ।

ਕਵਨ ਜੁਗਤਿ ਮੇਲਾਵਉ ਨਿਰਗੁਣ ਬਿਖਈ ਜੀਉ ॥੧॥

(ਉਹਨਾਂ ਦੇ ਸਾਹਮਣੇ ਮੈਂ ਤਾਂ) ਗੁਣ-ਹੀਣ ਵਿਕਾਰੀ ਜੀਵ ਹਾਂ, (ਹੇ ਪ੍ਰਭੂ!) ਮੈਂ ਤੈਨੂੰ ਕਿਸ ਤਰੀਕੇ ਨਾਲ ਮਿਲਾਂ? ॥੧॥

ਤੇਰੀ ਟੇਕ ਗੋਵਿੰਦ ਗੁਪਾਲ ਦਇਆਲ ਪ੍ਰਭ ॥

ਹੇ ਗੋਵਿੰਦ! ਹੇ ਗੁਪਾਲ! ਹੇ ਦਇਆਲ ਪ੍ਰਭੂ! ਮੈਨੂੰ ਤੇਰਾ ਹੀ ਆਸਰਾ ਹੈ।

ਤੂੰ ਸਭਨਾ ਕੇ ਨਾਥ ਤੇਰੀ ਸ੍ਰਿਸਟਿ ਸਭ ॥੧॥ ਰਹਾਉ ॥

ਤੂੰ ਸਭ ਜੀਵਾਂ ਦਾ ਖਸਮ ਹੈਂ, ਸਾਰੀ ਸ੍ਰਿਸ਼ਟੀ ਤੇਰੀ ਹੀ ਪੈਦਾ ਕੀਤੀ ਹੋਈ ਹੈ ॥੧॥ ਰਹਾਉ ॥

ਸਦਾ ਸਹਾਈ ਸੰਤ ਪੇਖਹਿ ਸਦਾ ਹਜੂਰਿ ॥

ਹੇ ਪ੍ਰਭੂ! ਤੂੰ ਆਪਣੇ ਸੰਤਾਂ ਦੀ ਸਹਾਇਤਾ ਕਰਨ ਵਾਲਾ ਹੈਂ ਤੇਰੇ ਸੰਤ ਤੈਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਵੇਖਦੇ ਹਨ,

ਨਾਮ ਬਿਹੂਨੜਿਆ ਸੇ ਮਰਨਿ੍ ਵਿਸੂਰਿ ਵਿਸੂਰਿ ॥੨॥

ਪਰ ਜੇਹੜੇ (ਭਾਗ-ਹੀਣ ਤੇਰੇ) ਨਾਮ ਤੋਂ ਵਾਂਜੇ ਹੋਏ ਹਨ ਉਹ (ਵਿਕਾਰਾਂ ਵਿਚ ਹੀ) ਝੁਰ ਝੁਰ ਕੇ ਆਤਮਕ ਮੌਤ ਸਹੇੜੀ ਰੱਖਦੇ ਹਨ ॥੨॥

ਦਾਸ ਦਾਸਤਣ ਭਾਇ ਮਿਟਿਆ ਤਿਨਾ ਗਉਣੁ ॥

ਹੇ ਪ੍ਰਭੂ! ਜੇਹੜੇ ਮਨੁੱਖ ਤੇਰੇ ਦਾਸਾਂ ਦਾ ਦਾਸ ਹੋਣ ਦੇ ਭਾਵ ਵਿਚ ਟਿਕੇ ਰਹਿੰਦੇ ਹਨ ਉਹਨਾਂ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ,

ਵਿਸਰਿਆ ਜਿਨ੍ਰਾ ਨਾਮੁ ਤਿਨਾੜਾ ਹਾਲੁ ਕਉਣੁ ॥੩॥

ਪਰ ਜਿਨ੍ਹਾਂ (ਮੰਦ-ਭਾਗੀਆਂ) ਨੂੰ ਤੇਰਾ ਨਾਮ ਭੁੱਲਾ ਰਹਿੰਦਾ ਹੈ ਉਹਨਾਂ ਦਾ ਹਾਲ ਭੈੜਾ ਹੀ ਟਿਕਿਆ ਰਹਿੰਦਾ ਹੈ ॥੩॥

ਜੈਸੇ ਪਸੁ ਹਰਿ੍ਰਆਊ ਤੈਸਾ ਸੰਸਾਰੁ ਸਭ ॥

(ਹੇ ਭਾਈ!) ਜਿਵੇਂ ਖੁਲ੍ਹਾ ਰਹਿ ਕੇ ਹਰੀਆਂ ਖੇਤੀਆਂ ਚੁਗਣ ਵਾਲਾ ਕੋਈ ਪਸ਼ੂ (ਅਵਾਰਾ ਭੌਂਦਾ ਫਿਰਦਾ) ਹੈ ਤਿਵੇਂ ਸਾਰਾ ਜਗਤ (ਵਿਕਾਰਾਂ ਪਿੱਛੇ ਭਟਕ ਰਿਹਾ ਹੈ)।

ਨਾਨਕ ਬੰਧਨ ਕਾਟਿ ਮਿਲਾਵਹੁ ਆਪਿ ਪ੍ਰਭ ॥੪॥੪॥੧੦੬॥

ਹੇ ਨਾਨਕ! (ਆਖ-) ਹੇ ਪ੍ਰਭੂ! (ਮੇਰੇ ਵਿਕਾਰਾਂ ਵਾਲੇ) ਬੰਧਨ ਕੱਟ ਕੇ ਮੈਨੂੰ ਤੂੰ ਆਪ ਆਪਣੇ ਚਰਨਾਂ ਵਿਚ ਜੋੜੀ ਰੱਖ ॥੪॥੪॥੧੦੬॥


ਆਸਾ ਮਹਲਾ ੫ ॥
ਹਭੇ ਥੋਕ ਵਿਸਾਰਿ ਹਿਕੋ ਖਿਆਲੁ ਕਰਿ ॥

ਹੇ ਭਾਈ! ਸਾਰੇ (ਸੰਸਾਰਕ) ਪਦਾਰਥਾਂ (ਦਾ ਮੋਹ) ਭੁਲਾ ਕੇ ਸਿਰਫ਼ ਇਕ ਪਰਮਾਤਮਾ ਦਾ ਧਿਆਨ ਧਰ।

ਝੂਠਾ ਲਾਹਿ ਗੁਮਾਨੁ ਮਨੁ ਤਨੁ ਅਰਪਿ ਧਰਿ ॥੧॥

(ਦੁਨੀਆ ਦੀਆਂ ਮਲਕੀਅਤਾਂ ਦਾ) ਝੂਠਾ ਮਾਣ (ਆਪਣੇ ਮਨ ਵਿਚੋਂ) ਦੂਰ ਕਰ ਦੇ, ਆਪਣਾ ਮਨ (ਪਰਮਾਤਮਾ ਅੱਗੇ) ਭੇਟਾ ਕਰ ਦੇ, ਆਪਣਾ ਹਿਰਦਾ (ਪ੍ਰਭੂ-ਚਰਨਾਂ ਵਿਚ) ਭੇਟਾ ਕਰ ਦੇ ॥੧॥

ਆਠ ਪਹਰ ਸਾਲਾਹਿ ਸਿਰਜਨਹਾਰ ਤੂੰ ॥

ਹੇ ਸਿਰਜਣਹਾਰ ਪ੍ਰਭੂ! ਅੱਠੇ ਪਹਰ ਤੈਨੂੰ ਸਾਲਾਹ ਕੇ (ਤੇਰੀ ਸਿਫ਼ਤਿ-ਸਾਲਾਹ ਕਰ ਕੇ)

ਜੀਵਾਂ ਤੇਰੀ ਦਾਤਿ ਕਿਰਪਾ ਕਰਹੁ ਮੂੰ ॥੧॥ ਰਹਾਉ ॥

ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। ਮੇਰੇ ਉੱਤੇ ਮੇਹਰ ਕਰ ਮੈਨੂੰ (ਤੇਰੀ ਸਿਫ਼ਤਿ-ਸਾਲਾਹ ਦੀ) ਦਾਤਿ ਮਿਲ ਜਾਏ ॥੧॥ ਰਹਾਉ ॥

ਸੋਈ ਕੰਮੁ ਕਮਾਇ ਜਿਤੁ ਮੁਖੁ ਉਜਲਾ ॥

ਹੇ ਭਾਈ! ਉਹੀ ਕੰਮ ਕਰਿਆ ਕਰ ਜਿਸ ਕੰਮ ਦੀ ਰਾਹੀਂ (ਲੋਕ ਪਰਲੋਕ ਵਿਚ) ਤੇਰਾ ਮੂੰਹ ਰੋਸ਼ਨ ਰਹੇ।

ਸੋਈ ਲਗੈ ਸਚਿ ਜਿਸੁ ਤੂੰ ਦੇਹਿ ਅਲਾ ॥੨॥

(ਪਰ) ਹੇ ਪ੍ਰਭੂ! ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਵਿਚ ਉਹੀ ਮਨੁੱਖ ਜੁੜਦਾ ਹੈ ਜਿਸ ਨੂੰ ਤੂੰ ਆਪ ਇਹ ਦਾਤਿ ਦੇਂਦਾ ਹੈਂ ॥੨॥

ਜੋ ਨ ਢਹੰਦੋ ਮੂਲਿ ਸੋ ਘਰੁ ਰਾਸਿ ਕਰਿ ॥

ਹੇ ਭਾਈ! (ਆਤਮਕ ਜੀਵਨ ਦੀ ਉਸਾਰੀ ਵਾਲੇ) ਉਸ (ਹਿਰਦੇ-) ਘਰ ਨੂੰ ਸੋਹਣਾ ਬਣਾ ਜੋ ਫਿਰ ਕਦੇ ਭੀ ਢਹਿ ਨਹੀਂ ਸਕਦਾ।

ਹਿਕੋ ਚਿਤਿ ਵਸਾਇ ਕਦੇ ਨ ਜਾਇ ਮਰਿ ॥੩॥

ਹੇ ਭਾਈ! ਇਕ ਪਰਮਾਤਮਾ ਨੂੰ ਹੀ ਆਪਣੇ ਚਿੱਤ ਵਿਚ ਵਸਾਈ ਰੱਖ ਉਹ ਪਰਮਾਤਮਾ ਕਦੇ ਭੀ ਨਹੀਂ ਮਰਦਾ ॥੩॥

ਤਿਨ੍ਰਾ ਪਿਆਰਾ ਰਾਮੁ ਜੋ ਪ੍ਰਭ ਭਾਣਿਆ ॥

(ਹੇ ਭਾਈ!) ਜੇਹੜੇ ਮਨੁੱਖ ਪਰਮਾਤਮਾ ਨੂੰ ਚੰਗੇ ਲੱਗ ਪੈਂਦੇ ਹਨ ਉਹਨਾਂ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ।

ਗੁਰਪਰਸਾਦਿ ਅਕਥੁ ਨਾਨਕਿ ਵਖਾਣਿਆ ॥੪॥੫॥੧੦੭॥

(ਪਰ ਇਹ ਗੁਰੂ ਦੀ ਮੇਹਰ ਨਾਲ ਹੀ ਹੁੰਦਾ ਹੈ) ਨਾਨਕ ਨੇ ਗੁਰੂ ਦੀ ਕਿਰਪਾ ਨਾਲ ਹੀ ਉਸ ਬੇਅੰਤ ਗੁਣਾਂ ਦੇ ਮਾਲਕ-ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨੀ ਸ਼ੁਰੂ ਕੀਤੀ ਹੋਈ ਹੈ ॥੪॥੫॥੧੦੭॥


ਆਸਾ ਮਹਲਾ ੫ ॥
ਜਿਨ੍ਰਾ ਨ ਵਿਸਰੈ ਨਾਮੁ ਸੇ ਕਿਨੇਹਿਆ ॥

(ਹੇ ਭਾਈ!) ਜਿਨ੍ਹਾਂ ਮਨੁੱਖਾਂ ਨੂੰ ਕਦੇ ਭੀ ਪਰਮਾਤਮਾ ਦਾ ਨਾਮ ਨਹੀਂ ਭੁੱਲਦਾ (ਕੀ ਤੈਨੂੰ ਪਤਾ ਹੈ ਕਿ) ਉਹ ਕਿਹੋ ਜਿਹੇ ਹੁੰਦੇ ਹਨ?

ਭੇਦੁ ਨ ਜਾਣਹੁ ਮੂਲਿ ਸਾਂਈ ਜੇਹਿਆ ॥੧॥

(ਉਹਨਾਂ ਵਿਚ ਤੇ ਖਸਮ-ਪ੍ਰਭੂ ਵਿਚ) ਰਤਾ ਭੀ ਫ਼ਰਕ ਨਾਹ ਸਮਝੋ, ਉਹ ਖਸਮ-ਪ੍ਰਭੂ ਵਰਗੇ ਹੋ ਜਾਂਦੇ ਹਨ ॥੧॥

ਮਨੁ ਤਨੁ ਹੋਇ ਨਿਹਾਲੁ ਤੁਮ੍ਰ ਸੰਗਿ ਭੇਟਿਆ ॥

(ਹੇ ਪ੍ਰਭੂ!) ਜਿਨ੍ਹਾਂ ਮਨੁੱਖਾਂ ਨੇ ਤੇਰੇ ਨਾਲ ਸੰਗਤਿ ਕੀਤੀ ਉਹਨਾਂ ਦਾ ਮਨ ਪ੍ਰਸੰਨ ਰਹਿੰਦਾ ਹੈ।

ਸੁਖੁ ਪਾਇਆ ਜਨ ਪਰਸਾਦਿ ਦੁਖੁ ਸਭੁ ਮੇਟਿਆ ॥੧॥ ਰਹਾਉ ॥

ਉਹਨਾਂ (ਤੇਰੇ) ਸੇਵਕ (-ਗੁਰੂ) ਦੀ ਕਿਰਪਾ ਨਾਲ ਆਤਮਕ ਆਨੰਦ ਪ੍ਰਾਪਤ ਕਰ ਲਿਆ ਹੈ ਤੇ ਆਪਣਾ ਸਾਰਾ ਦੁੱਖ ਮਿਟਾ ਲਿਆ ਹੈ ॥੧॥ ਰਹਾਉ ॥

ਜੇਤੇ ਖੰਡ ਬ੍ਰਹਮੰਡ ਉਧਾਰੇ ਤਿੰਨ੍ਰ ਖੇ ॥

(ਹੇ ਭਾਈ!) ਉਹਨਾਂ ਮਨੁੱਖਾਂ ਨੇ ਸਾਰੇ ਖੰਡਾਂ ਬ੍ਰਹਮੰਡਾਂ ਨੂੰ ਭੀ (ਸੰਸਾਰ-ਸਮੁੰਦਰ ਤੋਂ) ਬਚਾ ਲੈਣ ਦੀ ਸਮਰੱਥਾ ਪ੍ਰਾਪਤ ਕਰ ਲਈ ਹੁੰਦੀ ਹੈ।

ਜਿਨ੍ਰ ਮਨਿ ਵੁਠਾ ਆਪਿ ਪੂਰੇ ਭਗਤ ਸੇ ॥੨॥

ਜਿਨ੍ਹਾਂ ਦੇ ਹਿਰਦੇ ਵਿਚ ਪਰਮਾਤਮਾ ਆਪ ਆ ਵੱਸਦਾ ਹੈ ਉਹ ਮੁਕੰਮਲ ਭਗਤ ਬਣ ਜਾਂਦੇ ਹਨ ॥੨॥

ਜਿਸ ਨੋ ਮੰਨੇ ਆਪਿ ਸੋਈ ਮਾਨੀਐ ॥

(ਹੇ ਭਾਈ!) ਜਿਸ ਮਨੁੱਖ ਨੂੰ ਪਰਮਾਤਮਾ ਆਪ ਆਦਰ ਦੇਂਦਾ ਹੈ ਉਹ (ਹਰ ਥਾਂ) ਆਦਰ ਪਾਂਦਾ ਹੈ,

ਪ੍ਰਗਟ ਪੁਰਖੁ ਪਰਵਾਣੁ ਸਭ ਠਾਈ ਜਾਨੀਐ ॥੩॥

ਉਹ ਮਨੁੱਖ (ਲੋਕ ਪਰਲੋਕ ਵਿਚ) ਸਭ ਥਾਈਂ ਉੱਘਾ ਹੋ ਜਾਂਦਾ ਹੈ ਉਹ ਪ੍ਰਸਿੱਧ ਹੋ ਚੁੱਕਾ ਹਰ ਥਾਂ ਮੰਨਿਆ-ਪ੍ਰਮੰਨਿਆ ਜਾਂਦਾ ਹੈ ॥੩॥

ਦਿਨਸੁ ਰੈਣਿ ਆਰਾਧਿ ਸਮਾਲ੍ਰੇ ਸਾਹ ਸਾਹ ॥

ਦਿਨ ਰਾਤ ਤੇਰੀ ਅਰਾਧਨ ਕਰ ਕੇ (ਨਾਨਕ) ਤੈਨੂੰ ਸੁਆਸ ਸੁਆਸ (ਆਪਣੇ) ਹਿਰਦੇ ਵਿਚ ਵਸਾਈ ਰੱਖੇ।

ਨਾਨਕ ਕੀ ਲੋਚਾ ਪੂਰਿ ਸਚੇ ਪਾਤਿਸਾਹ ॥੪॥੬॥੧੦੮॥

ਹੇ (ਮੇਰੇ) ਸਦਾ ਕਾਇਮ ਰਹਿਣ ਵਾਲੇ ਪਾਤਿਸ਼ਾਹ! (ਮੇਰੀ) ਨਾਨਕ ਦੀ ਇਹ ਤਾਂਘ ਪੂਰੀ ਕਰ ॥੪॥੬॥੧੦੮॥


ਆਸਾ ਮਹਲਾ ੫ ॥
ਪੂਰਿ ਰਹਿਆ ਸ੍ਰਬ ਠਾਇ ਹਮਾਰਾ ਖਸਮੁ ਸੋਇ ॥

(ਹੇ ਭਾਈ!) ਸਾਡਾ ਉਹ ਖਸਮ-ਸਾਈਂ ਹਰੇਕ ਥਾਂ ਵਿਚ ਵਿਆਪਕ ਹੈ, (ਸਭ ਜੀਵਾਂ ਦਾ ਉਹ) ਇਕੋ ਮਾਲਕ ਹੈ।

ਏਕੁ ਸਾਹਿਬੁ ਸਿਰਿ ਛਤੁ ਦੂਜਾ ਨਾਹਿ ਕੋਇ ॥੧॥

(ਸਾਰੀ ਸ੍ਰਿਸ਼ਟੀ ਦੀ ਬਾਦਸ਼ਾਹੀ ਦਾ) ਛੱਤ੍ਰ (ਉਸੇ ਦੇ) ਸਿਰ ਉਤੇ ਹੈ, ਉਸ ਦੇ ਬਰਾਬਰ ਹੋਰ ਕੋਈ ਨਹੀਂ ॥੧॥

ਜਿਉ ਭਾਵੈ ਤਿਉ ਰਾਖੁ ਰਾਖਣਹਾਰਿਆ ॥

ਹੇ ਸਭ ਜੀਵਾਂ ਦੀ ਰੱਖਿਆ ਕਰਨ ਦੇ ਸਮਰਥ ਪ੍ਰਭੂ! ਜਿਵੇਂ ਤੈਨੂੰ ਚੰਗਾ ਲੱਗੇ, ਉਸੇ ਤਰ੍ਹਾਂ ਮੇਰੀ ਰੱਖਿਆ ਕਰ।

ਤੁਝ ਬਿਨੁ ਅਵਰੁ ਨ ਕੋਇ ਨਦਰਿ ਨਿਹਾਰਿਆ ॥੧॥ ਰਹਾਉ ॥

ਮੈਂ ਤੈਥੋਂ ਬਿਨਾ ਅਜੇ ਤਕ ਕੋਈ ਹੋਰ ਆਪਣੀਆਂ ਅੱਖਾਂ ਨਾਲ ਨਹੀਂ ਵੇਖਿਆ ਜੋ ਤੇਰੇ ਵਰਗਾ ਹੋਵੇ ॥੧॥ ਰਹਾਉ ॥

ਪ੍ਰਤਿਪਾਲੇ ਪ੍ਰਭੁ ਆਪਿ ਘਟਿ ਘਟਿ ਸਾਰੀਐ ॥

(ਹੇ ਭਾਈ!) ਹਰੇਕ ਸਰੀਰ ਵਿਚ ਬੈਠਾ ਪ੍ਰਭੂ ਹਰੇਕ ਦੀ ਸਾਰ ਲੈਂਦਾ ਹੈ, ਹਰੇਕ ਦੀ ਪਾਲਣਾ ਕਰਦਾ ਹੈ।

ਜਿਸੁ ਮਨਿ ਵੁਠਾ ਆਪਿ ਤਿਸੁ ਨ ਵਿਸਾਰੀਐ ॥੨॥

ਜਿਸ ਮਨੁੱਖ ਦੇ ਮਨ ਵਿਚ ਉਹ ਪ੍ਰਭੂ ਆਪ ਵੱਸਦਾ ਹੈ, ਉਸ ਨੂੰ ਕਦੇ ਫਿਰ ਭੁਲਾਂਦਾ ਨਹੀਂ ॥੨॥

ਜੋ ਕਿਛੁ ਕਰੇ ਸੁ ਆਪਿ ਆਪਣ ਭਾਣਿਆ ॥

(ਹੇ ਭਾਈ! ਜਗਤ ਵਿਚ) ਜੋ ਕੁਝ ਕਰ ਰਿਹਾ ਹੈ ਪਰਮਾਤਮਾ ਆਪ ਹੀ ਆਪਣੀ ਰਜ਼ਾ ਅਨੁਸਾਰ ਕਰ ਰਿਹਾ ਹੈ,

ਭਗਤਾ ਕਾ ਸਹਾਈ ਜੁਗਿ ਜੁਗਿ ਜਾਣਿਆ ॥੩॥

(ਜਗਤ ਵਿਚ) ਇਹ ਗੱਲ ਪ੍ਰਸਿੱਧ ਹੈ ਕਿ ਹਰੇਕ ਜੁਗ ਵਿਚ ਪਰਮਾਤਮਾ ਆਪਣੇ ਭਗਤਾਂ ਦੀ ਸਹਾਇਤਾ ਕਰਦਾ ਆ ਰਿਹਾ ਹੈ ॥੩॥

ਜਪਿ ਜਪਿ ਹਰਿ ਕਾ ਨਾਮੁ ਕਦੇ ਨ ਝੂਰੀਐ ॥

(ਹੇ ਭਾਈ!) ਪਰਮਾਤਮਾ ਦਾ ਨਾਮ ਜਪ ਜਪ ਕੇ ਫਿਰ ਕਦੇ ਕਿਸੇ ਕਿਸਮ ਦੀ ਕੋਈ ਚਿੰਤਾ ਨਹੀਂ ਕਰਨੀ ਪੈਂਦੀ।

ਨਾਨਕ ਦਰਸ ਪਿਆਸ ਲੋਚਾ ਪੂਰੀਐ ॥੪॥੭॥੧੦੯॥

(ਹੇ ਪ੍ਰਭੂ! ਤੇਰੇ ਦਾਸ) ਨਾਨਕ ਨੂੰ ਤੇਰੇ ਦਰਸਨ ਦੀ ਪਿਆਸ ਹੈ (ਨਾਨਕ ਦੀ ਇਹ) ਤਾਂਘ ਪੂਰੀ ਕਰ ॥੪॥੭॥੧੦੯॥


ਆਸਾ ਮਹਲਾ ੫ ॥

ਕਿਆ ਸੋਵਹਿ ਨਾਮੁ ਵਿਸਾਰਿ ਗਾਫਲ ਗਹਿਲਿਆ ॥
ਹੇ ਗ਼ਾਫ਼ਲ ਮਨ! ਹੇ ਬੇ-ਪਰਵਾਹ ਮਨ! ਪਰਮਾਤਮਾ ਦਾ ਨਾਮ ਭੁਲਾ ਕੇ ਕਿਉਂ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੌਂ ਰਿਹਾ ਹੈਂ?

ਕਿਤੀਂ ਇਤੁ ਦਰੀਆਇ ਵੰਞਨਿ੍ ਵਹਦਿਆ ॥੧॥

(ਵੇਖ, ਨਾਮ ਵਿਸਾਰ ਕੇ) ਅਨੇਕਾਂ ਹੀ ਜੀਵ ਇਸ (ਸੰਸਾਰ-) ਨਦੀ ਵਿਚ ਰੁੜ੍ਹਦੇ ਜਾ ਰਹੇ ਹਨ ॥੧॥

ਬੋਹਿਥੜਾ ਹਰਿ ਚਰਣ ਮਨ ਚੜਿ ਲੰਘੀਐ ॥

ਹੇ (ਮੇਰੇ) ਮਨ! ਪਰਮਾਤਮਾ ਦੇ ਚਰਨ ਇਕ ਸੋਹਣਾ ਜਿਹਾ ਜਹਾਜ਼ ਹਨ; (ਇਸ ਜਹਾਜ਼ ਵਿਚ) ਚੜ੍ਹ ਕੇ (ਸੰਸਾਰ-ਸਮੁੰਦਰ ਤੋਂ ਪਾਰ) ਲੰਘ ਜਾਈਦਾ ਹੈ।

ਆਠ ਪਹਰ ਗੁਣ ਗਾਇ ਸਾਧੂ ਸੰਗੀਐ ॥੧॥ ਰਹਾਉ ॥

(ਇਸ ਵਾਸਤੇ, ਹੇ ਮਨ!) ਗੁਰੂ ਦੀ ਸੰਗਤਿ ਵਿਚ ਰਹਿ ਕੇ ਅੱਠੇ ਪਹਰ ਪਰਮਾਤਮਾ ਦੇ ਗੁਣ ਗਾਂਦਾ ਰਿਹਾ ਕਰ ॥੧॥ ਰਹਾਉ ॥

ਭੋਗਹਿ ਭੋਗ ਅਨੇਕ ਵਿਣੁ ਨਾਵੈ ਸੁੰਞਿਆ ॥

(ਹੇ ਮਨ! ਮੋਹ ਦੀ ਨੀਂਦ ਵਿਚ ਸੁੱਤੇ ਹੋਏ ਜੀਵ ਦੁਨੀਆ ਦੇ) ਅਨੇਕਾਂ ਭੋਗ ਭੋਗਦੇ ਰਹਿੰਦੇ ਹਨ, ਪਰ ਪਰਮਾਤਮਾ ਦੇ ਨਾਮ ਤੋਂ ਬਿਨਾ ਆਤਮਕ ਜੀਵਨ ਵਲੋਂ ਖ਼ਾਲੀ ਰਹਿ ਜਾਂਦੇ ਹਨ।

ਹਰਿ ਕੀ ਭਗਤਿ ਬਿਨਾ ਮਰਿ ਮਰਿ ਰੁੰਨਿਆ ॥੨॥

ਪਰਮਾਤਮਾ ਦੀ ਭਗਤੀ ਤੋਂ ਬਿਨਾ (ਅਜੇਹੇ ਜੀਵ) ਸਦਾ ਆਤਮਕ ਮੌਤ ਸਹੇੜ ਸਹੇੜ ਕੇ ਦੁੱਖੀ ਹੁੰਦੇ ਰਹਿੰਦੇ ਹਨ ॥੨॥

ਕਪੜ ਭੋਗ ਸੁਗੰਧ ਤਨਿ ਮਰਦਨ ਮਾਲਣਾ ॥

(ਹੇ ਮਨ!) ਵੇਖ, ਜੀਵ (ਸੋਹਣੇ ਸੋਹਣੇ) ਕੱਪੜੇ ਪਹਿਨਦੇ ਹਨ, ਸੁਆਦਲੇ ਪਦਾਰਥ ਖਾਂਦੇ ਹਨ, ਸਰੀਰ ਉਤੇ ਸੁਗੰਧੀ ਵਾਲੇ ਵਟਣੇ ਆਦਿਕ ਮਲਦੇ ਹਨ,

ਬਿਨੁ ਸਿਮਰਨ ਤਨੁ ਛਾਰੁ ਸਰਪਰ ਚਾਲਣਾ ॥੩॥

ਪਰ ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾ ਉਹਨਾਂ ਦਾ ਇਹ ਸਰੀਰ ਸੁਆਹ (ਸਮਾਨ ਹੀ ਰਹਿੰਦਾ) ਹੈ, ਇਸ ਸਰੀਰ ਨੇ ਤਾਂ ਆਖ਼ਰ ਜ਼ਰੂਰ ਨਾਸ ਹੋ ਜਾਣਾ ਹੈ ॥੩॥

ਮਹਾ ਬਿਖਮੁ ਸੰਸਾਰੁ ਵਿਰਲੈ ਪੇਖਿਆ ॥

ਕਿਸੇ ਵਿਰਲੇ (ਭਾਗਾਂ ਵਾਲੇ) ਨੇ ਵੇਖਿਆ ਹੈ ਕਿ ਇਹ ਸੰਸਾਰ-(ਸਮੁੰਦਰ) ਬੜਾ ਭਿਆਨਕ ਹੈ।

ਛੂਟਨੁ ਹਰਿ ਕੀ ਸਰਣਿ ਲੇਖੁ ਨਾਨਕ ਲੇਖਿਆ ॥੪॥੮॥੧੧੦॥

ਹੇ ਨਾਨਕ! (ਆਖ-) ਪਰਮਾਤਮਾ ਦੀ ਸਰਨ ਪਿਆਂ ਹੀ ਇਸ ਵਿਚੋਂ ਬਚਾਉ ਹੁੰਦਾ ਹੈ। (ਓਹੀ ਬਚਦਾ ਹੈ ਜਿਸ ਦੇ ਮੱਥੇ ਉੱਤੇ ਪ੍ਰਭੂ-ਨਾਮ ਦੇ ਸਿਮਰਨ ਦਾ) ਲੇਖ ਲਿਖਿਆ ਹੋਇਆ ਹੈ ॥੪॥੮॥੧੧੦॥


ਆਸਾ ਮਹਲਾ ੫ ॥
ਕੋਇ ਨ ਕਿਸ ਹੀ ਸੰਗਿ ਕਾਹੇ ਗਰਬੀਐ ॥

(ਹੇ ਮੇਰੀ ਜਿੰਦੇ!) ਕੋਈ ਮਨੁੱਖ ਸਦਾ ਕਿਸੇ ਦੇ ਨਾਲ ਨਹੀਂ ਨਿਭਦਾ (ਇਸ ਵਾਸਤੇ ਸੰਬੰਧੀ ਆਦਿਕਾਂ ਦਾ) ਕੋਈ ਮਾਣ ਨਹੀਂ ਕਰਨਾ ਚਾਹੀਦਾ।

ਏਕੁ ਨਾਮੁ ਆਧਾਰੁ ਭਉਜਲੁ ਤਰਬੀਐ ॥੧॥

ਸਿਰਫ਼ ਪਰਮਾਤਮਾ ਦਾ ਨਾਮ ਹੀ (ਅਸਲ) ਆਸਰਾ ਹੈ (ਨਾਮ ਦੇ ਆਸਰੇ ਹੀ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ॥੧॥

ਮੈ ਗਰੀਬ ਸਚੁ ਟੇਕ ਤੂੰ ਮੇਰੇ ਸਤਿਗੁਰ ਪੂਰੇ ॥

ਹੇ ਮੇਰੇ ਪੂਰੇ ਸਤਿਗੁਰੂ (ਪ੍ਰਭੂ)! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ ਮੈਂ ਗਰੀਬ ਦਾ ਤੂੰ ਹੀ ਸਹਾਰਾ ਹੈਂ।

ਦੇਖਿ ਤੁਮ੍ਰਾਰਾ ਦਰਸਨੋ ਮੇਰਾ ਮਨੁ ਧੀਰੇ ॥੧॥ ਰਹਾਉ ॥

ਤੇਰਾ ਦਰਸਨ ਕਰ ਕੇ ਮੇਰਾ ਮਨ (ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕਣ ਲਈ) ਧੀਰਜ ਫੜਦਾ ਹੈ ॥੧॥ ਰਹਾਉ ॥

ਰਾਜੁ ਮਾਲੁ ਜੰਜਾਲੁ ਕਾਜਿ ਨ ਕਿਤੈ ਗਨੁੋ ॥

(ਹੇ ਜਿੰਦੇ!) ਦੁਨੀਆ ਦੀ ਪਾਤਿਸ਼ਾਹੀ ਤੇ ਧਨ-ਪਦਾਰਥ ਮਨ ਨੂੰ ਮੋਹੀ ਰੱਖਦੇ ਹਨ, (ਇਸ ਰਾਜ-ਮਾਲ ਨੂੰ ਆਖ਼ਰ) ਕਿਸੇ ਕੰਮ ਆਉਂਦਾ ਨਾਹ ਸਮਝ।

ਹਰਿ ਕੀਰਤਨੁ ਆਧਾਰੁ ਨਿਹਚਲੁ ਏਹੁ ਧਨੁੋ ॥੨॥

ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਜਿੰਦ ਦਾ ਅਸਲੀ ਆਸਰਾ ਹੈ, ਇਹੀ ਸਦਾ ਕਾਇਮ ਰਹਿਣ ਵਾਲਾ ਧਨ ਹੈ ॥੨॥

ਜੇਤੇ ਮਾਇਆ ਰੰਗ ਤੇਤ ਪਛਾਵਿਆ ॥

(ਹੇ ਜਿੰਦੇ!) ਮਾਇਆ ਦੇ ਜਿਤਨੇ ਭੀ ਰੰਗ-ਤਮਾਸ਼ੇ ਹਨ ਉਹ ਸਾਰੇ ਪਰਛਾਵੇਂ ਵਾਂਗ ਢਲ ਜਾਣ ਵਾਲੇ ਹਨ।

ਸੁਖ ਕਾ ਨਾਮੁ ਨਿਧਾਨੁ ਗੁਰਮੁਖਿ ਗਾਵਿਆ ॥੩॥

ਪਰਮਾਤਮਾ ਦਾ ਨਾਮ ਹੀ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ, ਇਹ ਨਾਮ ਗੁਰੂ ਦੀ ਸਰਨ ਪੈ ਕੇ ਹੀ ਸਲਾਹਿਆ ਜਾ ਸਕਦਾ ਹੈ ॥੩॥

ਸਚਾ ਗੁਣੀ ਨਿਧਾਨੁ ਤੂੰ ਪ੍ਰਭ ਗਹਿਰ ਗੰਭੀਰੇ ॥

ਹੇ ਪ੍ਰਭੂ! ਤੂੰ ਡੂੰਘਾ ਹੈਂ, ਤੂੰ ਵੱਡੇ ਜਿਗਰੇ ਵਾਲਾ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ।

ਆਸ ਭਰੋਸਾ ਖਸਮ ਕਾ ਨਾਨਕ ਕੇ ਜੀਅਰੇ ॥੪॥੯॥੧੧੧॥

ਹੇ ਨਾਨਕ ਦੀ ਜਿੰਦੇ! ਇਸ ਖਸਮ-ਪ੍ਰਭੂ ਦੀ ਹੀ (ਤੋੜ ਨਿਭਣ ਵਾਲੇ ਸਾਥ ਦੀ) ਆਸ ਰੱਖ, ਖਸਮ-ਪ੍ਰਭੂ ਦਾ ਹੀ ਭਰੋਸਾ ਰੱਖ ॥੪॥੯॥੧੧੧॥


ਆਸਾ ਮਹਲਾ ੫ ॥
ਜਿਸੁ ਸਿਮਰਤ ਦੁਖੁ ਜਾਇ ਸਹਜ ਸੁਖੁ ਪਾਈਐ ॥

(ਹੇ ਭਾਈ!) ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਹਰੇਕ ਦੁੱਖ ਦੂਰ ਹੋ ਜਾਂਦਾ ਹੈ ਤੇ ਆਤਮਕ ਅਡੋਲਤਾ ਦਾ ਆਨੰਦ ਮਿਲਦਾ ਹੈ,

ਰੈਣਿ ਦਿਨਸੁ ਕਰ ਜੋੜਿ ਹਰਿ ਹਰਿ ਧਿਆਈਐ ॥੧॥

ਉਸ ਅੱਗੇ ਦੋਵੇਂ ਹੱਥ ਜੋੜ ਕੇ ਸਦਾ ਉਸ ਦਾ ਧਿਆਨ ਧਰਨਾ ਚਾਹੀਦਾ ਹੈ ॥੧॥

ਨਾਨਕ ਕਾ ਪ੍ਰਭੁ ਸੋਇ ਜਿਸ ਕਾ ਸਭੁ ਕੋਇ ॥

(ਹੇ ਭਾਈ!) ਨਾਨਕ ਦਾ ਖਸਮ-ਪ੍ਰਭੂ ਉਹ ਹੈ ਜਿਸ ਦਾ ਪੈਦਾ ਕੀਤਾ ਹੋਇਆ ਹਰੇਕ ਜੀਵ ਹੈ।

ਸਰਬ ਰਹਿਆ ਭਰਪੂਰਿ ਸਚਾ ਸਚੁ ਸੋਇ ॥੧॥ ਰਹਾਉ ॥

ਉਹ ਪ੍ਰਭੂ ਸਭਨਾਂ ਜੀਵਾਂ ਵਿਚ ਵਿਆਪਕ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ, ਸਿਰਫ਼ ਉਹੀ ਸਦਾ ਕਾਇਮ ਰਹਿਣ ਵਾਲਾ ਹੈ ॥੧॥ ਰਹਾਉ ॥

ਅੰਤਰਿ ਬਾਹਰਿ ਸੰਗਿ ਸਹਾਈ ਗਿਆਨ ਜੋਗੁ ॥

ਹੇ ਮੇਰੇ ਮਨ! ਉਸ ਪਰਮਾਤਮਾ ਦੀ ਆਰਾਧਨਾ ਕਰਿਆ ਕਰ ਜੋ ਸਭਨਾਂ ਦੇ ਅੰਦਰ ਵੱਸ ਰਿਹਾ ਹੈ, ਜੋ ਸਾਰੇ ਸੰਸਾਰ ਵਿਚ ਵੱਸ ਰਿਹਾ ਹੈ, ਜੋ ਸਭਨਾਂ ਦੇ ਨਾਲ ਰਹਿੰਦਾ ਹੈ, ਜੋ ਸਭਨਾਂ ਦੀ ਸਹਾਇਤਾ ਕਰਦਾ ਹੈ, ਜਿਸ ਨਾਲ ਡੂੰਘੀ ਜਾਣ-ਪਛਾਣ ਪਾਉਣੀ ਬਹੁਤ ਜ਼ਰੂਰੀ ਹੈ,

ਤਿਸਹਿ ਅਰਾਧਿ ਮਨਾ ਬਿਨਾਸੈ ਸਗਲ ਰੋਗੁ ॥੨॥

(ਹੇ ਮਨ! ਉਸ ਦਾ ਸਿਮਰਨ ਕੀਤਿਆਂ) ਹਰੇਕ ਰੋਗ ਦਾ ਨਾਸ ਹੋ ਜਾਂਦਾ ਹੈ ॥੨॥

ਰਾਖਨਹਾਰੁ ਅਪਾਰੁ ਰਾਖੈ ਅਗਨਿ ਮਾਹਿ ॥

ਹੇ ਭਾਈ! ਸਭਨਾਂ ਦੀ ਰੱਖਿਆ ਕਰਨ ਦੀ ਸਮਰਥਾ ਵਾਲਾ ਬੇਅੰਤ ਪਰਮਾਤਮਾ (ਮਾਂ ਦੇ ਪੇਟ ਦੀ) ਅੱਗ ਵਿਚ (ਹਰੇਕ ਜੀਵ ਦੀ) ਰੱਖਿਆ ਕਰਦਾ ਹੈ,

ਸੀਤਲੁ ਹਰਿ ਹਰਿ ਨਾਮੁ ਸਿਮਰਤ ਤਪਤਿ ਜਾਇ ॥੩॥

ਉਸ ਪਰਮਾਤਮਾ ਦਾ ਨਾਮ (ਮਨ ਵਿਚ) ਠੰਢ ਪਾਣ ਵਾਲਾ ਹੈ, ਉਸ ਦਾ ਨਾਮ ਸਿਮਰਿਆਂ (ਮਨ ਵਿਚੋਂ ਤ੍ਰਿਸ਼ਨਾ ਦੀ) ਤਪਸ਼ ਬੁੱਝ ਜਾਂਦੀ ਹੈ ॥੩॥

ਸੂਖ ਸਹਜ ਆਨੰਦ ਘਣਾ ਨਾਨਕ ਜਨ ਧੂਰਾ ॥

ਹੇ ਨਾਨਕ! (ਆਖ-) ਜੋ ਮਨੁੱਖ ਸੰਤ ਜਨਾਂ ਦੇ ਚਰਨਾਂ ਦੀ ਧੂੜ ਵਿਚ ਟਿਕਿਆ ਰਹਿੰਦਾ ਹੈ ਉਸ ਨੂੰ ਆਤਮਕ ਅਡੋਲਤਾ ਦੇ ਬਹੁਤ ਸੁਖ-ਆਨੰਦ ਪ੍ਰਾਪਤ ਹੋਏ ਰਹਿੰਦੇ ਹਨ।

ਕਾਰਜ ਸਗਲੇ ਸਿਧਿ ਭਏ ਭੇਟਿਆ ਗੁਰੁ ਪੂਰਾ ॥੪॥੧੦॥੧੧੨॥

ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਸ ਨੂੰ ਸਾਰੇ ਕੰਮਾਂ-ਕਾਜਾਂ ਵਿਚ ਸਫਲਤਾ ਹੁੰਦੀ ਹੈ ॥੪॥੧੦॥੧੧੨॥


ਆਸਾ ਮਹਲਾ ੫ ॥
ਗੋਬਿੰਦੁ ਗੁਣੀ ਨਿਧਾਨੁ ਗੁਰਮੁਖਿ ਜਾਣੀਐ ॥

(ਹੇ ਸੰਤ ਜਨੋ!) ਪਰਮਾਤਮਾ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਗੁਰੂ ਦੀ ਸਰਨ ਪੈ ਕੇ ਹੀ ਉਸ ਨਾਲ ਡੂੰਘੀ ਸਾਂਝ ਪਾਈ ਜਾ ਸਕਦੀ ਹੈ,

ਹੋਇ ਕ੍ਰਿਪਾਲੁ ਦਇਆਲੁ ਹਰਿ ਰੰਗੁ ਮਾਣੀਐ ॥੧॥

ਜੇ ਉਹ ਪ੍ਰਭੂ ਦਇਆਵਾਨ ਹੋਵੇ ਤ੍ਰੁੱਠ ਪਏ ਤਾਂ ਉਸ ਦਾ ਪ੍ਰੇਮ (-ਆਨੰਦ) ਮਾਣਿਆ ਜਾ ਸਕਦਾ ਹੈ ॥੧॥

ਆਵਹੁ ਸੰਤ ਮਿਲਾਹ ਹਰਿ ਕਥਾ ਕਹਾਣੀਆ ॥

ਹੇ ਸੰਤ ਜਨੋ! ਆਓ, ਅਸੀਂ ਇਕੱਠੇ ਬੈਠੀਏ ਤੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰੀਏ,

ਅਨਦਿਨੁ ਸਿਮਰਹ ਨਾਮੁ ਤਜਿ ਲਾਜ ਲੋਕਾਣੀਆ ॥੧॥ ਰਹਾਉ ॥

ਲੋਕ-ਲਾਜ ਛੱਡ ਕੇ ਹਰ ਵੇਲੇ ਉਸ ਦਾ ਨਾਮ ਸਿਮਰਦੇ ਰਹੀਏ ॥੧॥ ਰਹਾਉ ॥

ਜਪਿ ਜਪਿ ਜੀਵਾ ਨਾਮੁ ਹੋਵੈ ਅਨਦੁ ਘਣਾ ॥

(ਹੇ ਸੰਤ ਜਨੋ!) ਮੈਂ ਤਾਂ ਜਿਉਂ ਜਿਉਂ (ਪਰਮਾਤਮਾ ਦਾ) ਨਾਮ ਜਪਦਾ ਹਾਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ ਮੇਰੇ ਅੰਦਰ ਬੜਾ ਆਨੰਦ ਪੈਦਾ ਹੁੰਦਾ ਹੈ।

ਮਿਥਿਆ ਮੋਹੁ ਸੰਸਾਰੁ ਝੂਠਾ ਵਿਣਸਣਾ ॥੨॥

(ਉਸ ਵੇਲੇ ਮੈਨੂੰ ਪ੍ਰਤੱਖ ਅਨੁਭਵ ਹੁੰਦਾ ਹੈ ਕਿ) ਸੰਸਾਰ (ਦਾ ਮੋਹ) ਵਿਅਰਥ ਮੋਹ ਹੈ, ਸੰਸਾਰ ਸਦਾ ਕਾਇਮ ਰਹਿਣ ਵਾਲਾ ਨਹੀਂ, ਸੰਸਾਰ ਤਾਂ ਨਾਸ ਹੋ ਜਾਣ ਵਾਲਾ ਹੈ (ਇਸ ਦੇ ਮੋਹ ਵਿਚੋਂ ਸੁਖ-ਆਨੰਦ ਕਿਵੇਂ ਮਿਲੇ?) ॥੨॥

ਚਰਣ ਕਮਲ ਸੰਗਿ ਨੇਹੁ ਕਿਨੈ ਵਿਰਲੈ ਲਾਇਆ ॥

(ਪਰ, ਹੇ ਸੰਤ ਜਨੋ!) ਕਿਸੇ ਵਿਰਲੇ (ਭਾਗਾਂ ਵਾਲੇ) ਮਨੁੱਖ ਨੇ ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਨਾਲ ਪਿਆਰ ਪਾਇਆ ਹੈ।

ਧੰਨੁ ਸੁਹਾਵਾ ਮੁਖੁ ਜਿਨਿ ਹਰਿ ਧਿਆਇਆ ॥੩॥

ਜਿਸ ਨੇ (ਇਹ ਪਿਆਰ ਪਾਇਆ ਹੈ) ਪਰਮਾਤਮਾ ਦਾ ਨਾਮ ਸਿਮਰਿਆ ਹੈ ਉਸ ਦਾ ਮੂੰਹ ਭਾਗਾਂ ਵਾਲਾ ਹੈ ਉਸ ਦਾ ਮੂੰਹ ਸੋਹਣਾ ਲੱਗਦਾ ਹੈ ॥੩॥

ਜਨਮ ਮਰਣ ਦੁਖ ਕਾਲ ਸਿਮਰਤ ਮਿਟਿ ਜਾਵਈ ॥

(ਹੇ ਸੰਤ ਜਨੋ!) ਪਰਮਾਤਮਾ ਦਾ ਨਾਮ ਸਿਮਰਿਆਂ ਜਨਮ ਮਰਨ (ਦੇ ਗੇੜ) ਦਾ ਦੁੱਖ ਮਿਟ ਜਾਂਦਾ ਹੈ।

ਨਾਨਕ ਕੈ ਸੁਖੁ ਸੋਇ ਜੋ ਪ੍ਰਭ ਭਾਵਈ ॥੪॥੧੧॥੧੧੩॥

(ਹੇ ਸੰਤ ਜਨੋ!) ਜੋ ਕੁਝ ਪ੍ਰਭੂ ਨੂੰ ਚੰਗਾ ਲੱਗਦਾ ਹੈ (ਉਹੀ ਚੰਗਾ ਹੈ ਇਹ ਨਿਸ਼ਚਾ ਜੋ ਸਿਮਰਨ ਦੀ ਬਰਕਤਿ ਨਾਲ ਪੈਦਾ ਹੁੰਦਾ ਹੈ) ਨਾਨਕ ਦੇ ਹਿਰਦੇ ਵਿਚ ਆਨੰਦ (ਪੈਦਾ ਕਰੀ ਰੱਖਦਾ ਹੈ) ॥੪॥੧੧॥੧੧੩॥


ਆਸਾ ਮਹਲਾ ੫ ॥
ਆਵਹੁ ਮੀਤ ਇਕਤ੍ਰ ਹੋਇ ਰਸ ਕਸ ਸਭਿ ਭੁੰਚਹ ॥

ਹੇ ਮਿੱਤਰੋ! ਆਓ, ਰਲ ਕੇ (ਹਰਿ-ਨਾਮ ਜਪੀਏ। ਇਹੀ ਹਨ ਮਾਨੋ) ਸਾਰੇ ਸੁਆਦਲੇ ਪਦਾਰਥ, ਆਓ, ਇਹ ਸਾਰੇ ਸੁਆਦਲੇ ਪਦਾਰਥ ਖਾਈਏ।

ਅੰਮ੍ਰਿਤ ਨਾਮੁ ਹਰਿ ਹਰਿ ਜਪਹ ਮਿਲਿ ਪਾਪਾ ਮੁੰਚਹ ॥੧॥

ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਪੀਏ (ਤੇ ਨਾਮ ਦੀ ਬਰਕਤਿ ਨਾਲ ਆਪਣੇ ਸਾਰੇ) ਪਾਪ ਨਾਸ ਕਰ ਲਈਏ ॥੧॥

ਤਤੁ ਵੀਚਾਰਹੁ ਸੰਤ ਜਨਹੁ ਤਾ ਤੇ ਬਿਘਨੁ ਨ ਲਾਗੈ ॥

ਹੇ ਸੰਤ ਜਨੋ! ਇਹ ਸੋਚਿਆ ਕਰੋ ਕਿ ਮਨੁੱਖਾ ਜੀਵਨ ਦਾ ਅਸਲ ਮਨੋਰਥ ਕੀਹ ਹੈ, ਇਸ ਉੱਦਮ ਨਾਲ (ਜੀਵਨ-ਸਫ਼ਰ ਵਿਚ) ਕੋਈ ਰੁਕਾਵਟ ਨਹੀਂ ਪੈਂਦੀ,

ਖੀਨ ਭਏ ਸਭਿ ਤਸਕਰਾ ਗੁਰਮੁਖਿ ਜਨੁ ਜਾਗੈ ॥੧॥ ਰਹਾਉ ॥

ਕਾਮਾਦਿਕ ਸਾਰੇ ਚੋਰ ਨਾਸ ਹੋ ਜਾਂਦੇ ਹਨ (ਕਿਉਂਕਿ) ਗੁਰੂ ਦੀ ਸਰਨ ਪਿਆਂ ਮਨੁੱਖ (ਇਹਨਾਂ ਚੋਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ ॥੧॥ ਰਹਾਉ ॥

ਬੁਧਿ ਗਰੀਬੀ ਖਰਚੁ ਲੈਹੁ ਹਉਮੈ ਬਿਖੁ ਜਾਰਹੁ ॥

ਹੇ ਸੰਤ ਜਨੋ! ਨਿਮ੍ਰਤਾ ਵਾਲੀ ਬੁੱਧੀ ਧਾਰਨ ਕਰੋ-ਇਹ ਜੀਵਨ-ਸਫ਼ਰ ਦਾ ਖ਼ਰਚ ਪੱਲੇ ਬੰਨ੍ਹੋ। (ਨਾਮ ਦੀ ਬਰਕਤਿ ਨਾਲ ਆਪਣੇ ਅੰਦਰੋਂ) ਹਉਮੈ ਨੂੰ ਸਾੜ ਦਿਉ (ਜੋ ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੀ) ਜ਼ਹਰ (ਹੈ)।

ਸਾਚਾ ਹਟੁ ਪੂਰਾ ਸਉਦਾ ਵਖਰੁ ਨਾਮੁ ਵਾਪਾਰਹੁ ॥੨॥

(ਹੇ ਸੰਤ ਜਨੋ! ਹਰਿ-ਨਾਮ ਗੁਰੂ ਪਾਸੋਂ ਮਿਲਦਾ ਹੈ, ਗੁਰੂ ਦਾ ਘਰ ਹੀ) ਸਦਾ ਕਾਇਮ ਰਹਿਣ ਵਾਲਾ ਹੱਟ ਹੈ (ਗੁਰੂ-ਦਰ ਤੋਂ ਹੀ ਹਰਿ-ਨਾਮ ਦਾ) ਪੂਰਾ ਸੌਦਾ ਮਿਲਦਾ ਹੈ (ਗੁਰੂ-ਦਰ ਤੋਂ) ਨਾਮ-ਸੌਦਾ ਖ਼ਰੀਦੋ ॥੨॥

ਜੀਉ ਪਿੰਡੁ ਧਨੁ ਅਰਪਿਆ ਸੇਈ ਪਤਿਵੰਤੇ ॥

(ਹੇ ਸੰਤ ਜਨੋ! ਜਿਨ੍ਹਾਂ ਮਨੁੱਖਾਂ ਨੇ ਹਰਿ-ਨਾਮ ਧਨ ਖ਼ਰੀਦਣ ਵਾਸਤੇ) ਆਪਣੀ ਜਿੰਦ ਆਪਣਾ ਸਰੀਰ ਆਪਣਾ ਦੁਨਿਆਵੀ ਧਨ ਭੇਟਾ ਕਰ ਦਿੱਤਾ, ਉਹ ਮਨੁੱਖ (ਲੋਕ ਪਰਲੋਕ ਵਿਚ) ਇੱਜ਼ਤ ਵਾਲੇ ਬਣ ਗਏ।

ਆਪਨੜੇ ਪ੍ਰਭ ਭਾਣਿਆ ਨਿਤ ਕੇਲ ਕਰੰਤੇ ॥੩॥

ਉਹ ਆਪਣੇ ਪਰਮਾਤਮਾ ਨੂੰ ਪਿਆਰੇ ਲੱਗਣ ਲੱਗ ਪਏ, ਉਹ ਸਦਾ ਆਤਮਕ ਆਨੰਦ ਮਾਣਨ ਲੱਗ ਪਏ ॥੩॥

ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ ॥

(ਹੇ ਸੰਤ ਜਨੋ!) ਖੋਟੀ ਮਤਿ (ਮਾਨੋ) ਸ਼ਰਾਬ ਹੈ ਜੋ ਮਨੁੱਖ ਇਹ ਸ਼ਰਾਬ ਪੀਣ ਲੱਗ ਪੈਂਦੇ ਹਨ (ਜੋ ਗੁਰੂ ਦਾ ਆਸਰਾ ਛੱਡ ਕੇ ਖੋਟੀ ਮਤਿ ਦੇ ਪਿੱਛੇ ਤੁਰਨ ਲੱਗ ਪੈਂਦੇ ਹਨ) ਉਹ ਦੁਰਾਚਾਰੀ ਹੋ ਜਾਂਦੇ ਹਨ ਉਹ (ਵਿਕਾਰਾਂ ਵਿਚ) ਝੱਲੇ ਹੋ ਜਾਂਦੇ ਹਨ।

ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ ॥੪॥੧੨॥੧੧੪॥

ਪਰ, ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਦੇ ਸ੍ਰੇਸ਼ਟ ਰਸ ਵਿਚ ਮਸਤ ਰਹਿੰਦੇ ਹਨ ਉਹਨਾਂ ਨੂੰ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦਾ ਅਮਲ ਲੱਗ ਜਾਂਦਾ ਹੈ ॥੪॥੧੨॥੧੧੪॥


ਆਸਾ ਮਹਲਾ ੫ ॥
ਉਦਮੁ ਕੀਆ ਕਰਾਇਆ ਆਰੰਭੁ ਰਚਾਇਆ ॥

(ਹੇ ਭਾਈ!) ਜਿਵੇਂ ਗੁਰੂ ਨੇ ਉੱਦਮ ਕਰਨ ਲਈ ਪ੍ਰੇਰਨਾ ਕੀਤੀ ਹੈ ਤਿਵੇਂ ਹੀ ਮੈਂ ਉੱਦਮ ਕੀਤਾ ਹੈ ਤੇ ਪਰਮਾਤਮਾ ਦਾ ਨਾਮ ਜਪਣ ਦੇ ਉੱਦਮ ਦਾ ਮੁੱਢ ਮੈਂ ਬੰਨ੍ਹ ਦਿੱਤਾ ਹੈ।

ਨਾਮੁ ਜਪੇ ਜਪਿ ਜੀਵਣਾ ਗੁਰਿ ਮੰਤ੍ਰੁ ਦ੍ਰਿੜਾਇਆ ॥੧॥

ਗੁਰੂ ਨੇ ਮੇਰੇ ਹਿਰਦੇ ਵਿਚ ਨਾਮ-ਮੰਤ੍ਰ ਪੱਕਾ ਕਰ ਕੇ ਟਿਕਾ ਦਿੱਤਾ ਹੈ, ਹੁਣ ਨਾਮ ਜਪ ਜਪ ਕੇ ਮੈਨੂੰ ਆਤਮਕ ਜੀਵਨ ਮਿਲ ਗਿਆ ਹੈ ॥੧॥

ਪਾਇ ਪਰਹ ਸਤਿਗੁਰੂ ਕੈ ਜਿਨਿ ਭਰਮੁ ਬਿਦਾਰਿਆ ॥

(ਹੇ ਭਾਈ! ਆਓ) ਉਸ ਗੁਰੂ ਦੇ ਚਰਨਾਂ ਉਤੇ ਢਹਿ ਪਈਏ ਜਿਸ ਨੇ ਸਾਡੇ ਮਨ ਦੀ ਭਟਕਣਾ ਨਾਸ ਕਰ ਦਿੱਤੀ ਹੈ।

ਕਰਿ ਕਿਰਪਾ ਪ੍ਰਭਿ ਆਪਣੀ ਸਚੁ ਸਾਜਿ ਸਵਾਰਿਆ ॥੧॥ ਰਹਾਉ ॥

(ਗੁਰੂ ਦੀ ਬਰਕਤਿ ਨਾਲ ਹੀ) ਪਰਮਾਤਮਾ ਨੇ ਆਪਣੀ ਕਿਰਪਾ ਕਰ ਕੇ (ਆਪਣਾ) ਸਦਾ-ਥਿਰ ਨਾਮ (ਜਪਣ ਦਾ ਰਸਤਾ) ਚਲਾ ਕੇ ਸਾਡਾ ਜੀਵਨ ਸੋਹਣਾ ਬਣਾ ਦਿੱਤਾ ਹੈ ॥੧॥ ਰਹਾਉ ॥

ਕਰੁ ਗਹਿ ਲੀਨੇ ਆਪਣੇ ਸਚੁ ਹੁਕਮਿ ਰਜਾਈ ॥

(ਹੇ ਭਾਈ!) ਉਹ ਰਜ਼ਾ ਦਾ ਮਾਲਕ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਉਸ ਨੇ ਆਪਣੇ ਹੁਕਮ ਵਿਚ ਹੀ ਮੇਰਾ ਹੱਥ ਫੜ ਕੇ ਮੈਨੂੰ ਆਪਣੇ ਚਰਨਾਂ ਵਿਚ ਲੀਨ ਕਰ ਲਿਆ ਹੈ।

ਜੋ ਪ੍ਰਭਿ ਦਿਤੀ ਦਾਤਿ ਸਾ ਪੂਰਨ ਵਡਿਆਈ ॥੨॥

(ਆਪਣੇ ਨਾਮ ਦੀ) ਜੇਹੜੀ ਦਾਤਿ ਮੈਨੂੰ ਦਿੱਤੀ ਹੈ ਉਹੀ ਮੇਰੇ ਵਾਸਤੇ ਸਭ ਤੋਂ ਵੱਡਾ ਆਦਰ-ਮਾਣ ਹੈ ॥੨॥

ਸਦਾ ਸਦਾ ਗੁਣ ਗਾਈਅਹਿ ਜਪਿ ਨਾਮੁ ਮੁਰਾਰੀ ॥

(ਹੇ ਭਾਈ! ਹੁਣ ਮੇਰੇ ਹਿਰਦੇ ਵਿਚ) ਸਦਾ ਹੀ ਪਰਮਾਤਮਾ ਦੇ ਗੁਣ ਗਾਏ ਜਾ ਰਹੇ ਹਨ, ਮੈਂ ਸਦਾ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹਾਂ।

ਨੇਮੁ ਨਿਬਾਹਿਓ ਸਤਿਗੁਰੂ ਪ੍ਰਭਿ ਕਿਰਪਾ ਧਾਰੀ ॥੩॥

ਪ੍ਰਭੂ ਨੇ ਮੇਹਰ ਕੀਤੀ ਹੈ। ਗੁਰੂ ਮੇਰਾ (ਨਾਮ ਜਪਣ ਦਾ) ਨੇਮ ਤੋੜ ਚਾੜ੍ਹ ਰਿਹਾ ਹੈ ॥੩॥

ਨਾਮੁ ਧਨੁ ਗੁਣ ਗਾਉ ਲਾਭੁ ਪੂਰੈ ਗੁਰਿ ਦਿਤਾ ॥

(ਹੇ ਭਾਈ! ਹੁਣ) ਪਰਮਾਤਮਾ ਦਾ ਨਾਮ ਹੀ (ਮੇਰਾ) ਧਨ ਹੈ, ਮੈਂ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ ਪੂਰੇ ਗੁਰੂ ਨੇ ਮੈਨੂੰ (ਮਨੁੱਖਾ ਜਨਮ ਵਿਚ ਕੀਤੇ ਜਾਣ ਵਾਲੇ ਵਣਜ ਦਾ ਇਹ) ਲਾਭ ਦਿੱਤਾ ਹੈ।

ਵਣਜਾਰੇ ਸੰਤ ਨਾਨਕਾ ਪ੍ਰਭੁ ਸਾਹੁ ਅਮਿਤਾ ॥੪॥੧੩॥੧੧੫॥

ਹੇ ਨਾਨਕ! (ਆਖ-ਹੇ ਭਾਈ! ਨਾਮ-ਰਾਸਿ ਦਾ) ਸਾਹੂਕਾਰ ਪਰਮਾਤਮਾ ਬੇਅੰਤ ਤਾਕਤ ਦਾ ਮਾਲਕ ਹੈ ਉਸ ਦੇ ਸੰਤ-ਜਨ (ਉਸ ਦੀ ਮੇਹਰ ਨਾਲ ਹੀ ਉਸ ਦੇ ਨਾਮ ਦੇ) ਵਣਜਾਰੇ ਹਨ (ਮਨੁੱਖਾ ਜਨਮ ਦਾ ਲਾਭ ਹਾਸਲ ਕਰਨ ਲਈ ਸੰਤ ਜਨਾਂ ਦੀ ਸਰਨ ਪੈਣਾ ਚਾਹੀਦਾ ਹੈ) ॥੪॥੧੩॥੧੧੫॥


ਆਸਾ ਮਹਲਾ ੫ ॥
ਜਾ ਕਾ ਠਾਕੁਰੁ ਤੁਹੀ ਪ੍ਰਭ ਤਾ ਕੇ ਵਡਭਾਗਾ ॥

ਹੇ ਪ੍ਰਭੂ! ਤੂੰ ਆਪ ਹੀ ਜਿਸ ਮਨੁੱਖ ਦੇ ਸਿਰ ਉੱਤੇ ਮਾਲਕ ਹੈਂ ਉਸ ਦੇ ਵੱਡੇ ਭਾਗ (ਸਮਝਣੇ ਚਾਹੀਦੇ) ਹਨ,

ਓਹੁ ਸੁਹੇਲਾ ਸਦ ਸੁਖੀ ਸਭੁ ਭ੍ਰਮੁ ਭਉ ਭਾਗਾ ॥੧॥

ਉਹ ਸਦਾ ਸੌਖਾ (ਜੀਵਨ ਬਿਤੀਤ ਕਰਦਾ) ਹੈ ਉਹ ਸਦਾ ਸੁਖੀ (ਰਹਿੰਦਾ) ਹੈ ਉਸ ਦਾ ਹਰੇਕ ਕਿਸਮ ਦਾ ਡਰ ਤੇ ਭਰਮ ਦੂਰ ਹੋ ਜਾਂਦਾ ਹੈ ॥੧॥

ਹਮ ਚਾਕਰ ਗੋਬਿੰਦ ਕੇ ਠਾਕੁਰੁ ਮੇਰਾ ਭਾਰਾ ॥

(ਹੇ ਭਾਈ!) ਮੈਂ ਉਸ ਗੋਬਿੰਦ ਦਾ ਸੇਵਕ ਹਾਂ ਮੇਰਾ ਉਹ ਮਾਲਕ ਹੈ ਜੋ ਸਭ ਤੋਂ ਵੱਡਾ ਹੈ,

ਕਰਨ ਕਰਾਵਨ ਸਗਲ ਬਿਧਿ ਸੋ ਸਤਿਗੁਰੂ ਹਮਾਰਾ ॥੧॥ ਰਹਾਉ ॥

ਜੋ (ਸਭ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ) ਸਾਰੇ ਤਰੀਕਿਆਂ ਨਾਲ (ਸਭ ਕੁਝ) ਕਰਨ ਵਾਲਾ ਹੈ ਤੇ (ਜੀਵਾਂ ਪਾਸੋਂ) ਕਰਾਣ ਵਾਲਾ ਹੈ, ਉਹੀ ਮੇਰਾ ਗੁਰੂ ਹੈ (ਮੈਨੂੰ ਜੀਵਨ-ਰਾਹ ਦਾ ਚਾਨਣ ਦੇਣ ਵਾਲਾ ਹੈ) ॥੧॥ ਰਹਾਉ ॥

ਦੂਜਾ ਨਾਹੀ ਅਉਰੁ ਕੋ ਤਾ ਕਾ ਭਉ ਕਰੀਐ ॥

(ਹੇ ਭਾਈ! ਜਗਤ ਵਿਚ) ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਜਿਸ ਦਾ ਡਰ ਮੰਨਿਆ ਜਾਏ।

ਗੁਰ ਸੇਵਾ ਮਹਲੁ ਪਾਈਐ ਜਗੁ ਦੁਤਰੁ ਤਰੀਐ ॥੨॥

(ਹੇ ਭਾਈ!) ਗੁਰੂ ਦੀ ਦੱਸੀ ਸੇਵਾ ਕੀਤਿਆਂ (ਪਰਮਾਤਮਾ ਦੇ ਚਰਨਾਂ ਵਿਚ) ਟਿਕਾਣਾ ਮਿਲ ਜਾਂਦਾ ਹੈ, ਤੇ ਇਸ ਸੰਸਾਰ (-ਸਮੁੰਦਰ) ਤੋਂ ਪਾਰ ਲੰਘ ਜਾਈਦਾ ਹੈ ਜਿਸ ਤੋਂ (ਉਂਞ) ਪਾਰ ਲੰਘਣਾ ਬਹੁਤ ਹੀ ਔਖਾ ਹੈ ॥੨॥

ਦ੍ਰਿਸਟਿ ਤੇਰੀ ਸੁਖੁ ਪਾਈਐ ਮਨ ਮਾਹਿ ਨਿਧਾਨਾ ॥

ਹੇ ਪ੍ਰਭੂ! ਤੇਰੀ ਮੇਹਰ ਦੀ ਨਜ਼ਰ ਨਾਲ ਸੁਖ ਮਿਲਦਾ ਹੈ (ਜਿਨ੍ਹਾਂ ਉਤੇ ਤੇਰੀ ਮੇਹਰ ਹੋਵੇ ਉਹਨਾਂ ਦੇ) ਮਨ ਵਿਚ (ਤੇਰਾ ਨਾਮ-) ਖ਼ਜ਼ਾਨਾ ਆ ਵੱਸਦਾ ਹੈ।

ਜਾ ਕਉ ਤੁਮ ਕਿਰਪਾਲ ਭਏ ਸੇਵਕ ਸੇ ਪਰਵਾਨਾ ॥੩॥

ਹੇ ਪ੍ਰਭੂ! ਜਿਨ੍ਹਾਂ ਉਤੇ ਤੂੰ ਦਇਆਵਾਨ ਹੁੰਦਾ ਹੈਂ ਉਹ ਤੇਰੇ ਸੇਵਕ ਤੇਰੇ ਦਰ ਤੇ ਕਬੂਲ ਹੁੰਦੇ ਹਨ ॥੩॥

ਅੰਮ੍ਰਿਤ ਰਸੁ ਹਰਿ ਕੀਰਤਨੋ ਕੋ ਵਿਰਲਾ ਪੀਵੈ ॥

ਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਆਤਮਕ ਜੀਵਨ ਦੇਣ ਵਾਲਾ ਰਸ ਹੈ, ਕੋਈ ਵਿਰਲਾ (ਭਾਗਾਂ ਵਾਲਾ) ਮਨੁੱਖ ਇਹ (ਅੰਮ੍ਰਿਤ ਰਸ) ਪੀਂਦਾ ਹੈ।

ਵਜਹੁ ਨਾਨਕ ਮਿਲੈ ਏਕੁ ਨਾਮੁ ਰਿਦ ਜਪਿ ਜਪਿ ਜੀਵੈ ॥੪॥੧੪॥੧੧੬॥

ਹੇ ਨਾਨਕ! (ਆਖ-ਜਿਸ ਨੌਕਰ ਨੂੰ) ਪਰਮਾਤਮਾ ਦਾ ਨਾਮ-ਵਜ਼ੀਫ਼ਾ ਮਿਲ ਜਾਂਦਾ ਹੈ ਉਹ ਆਪਣੇ ਹਿਰਦੇ ਵਿਚ ਇਹ ਨਾਮ ਸਦਾ ਜਪ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ॥੪॥੧੪॥੧੧੬॥


ਆਸਾ ਮਹਲਾ ੫ ॥
ਜਾ ਪ੍ਰਭ ਕੀ ਹਉ ਚੇਰੁਲੀ ਸੋ ਸਭ ਤੇ ਊਚਾ ॥

ਹੇ ਸਹੇਲੀਹੋ! ਮੈਂ ਜਿਸ ਪ੍ਰਭੂ ਦੀ ਨਿਮਾਣੀ ਜਿਹੀ ਦਾਸੀ ਹਾਂ ਮੇਰਾ ਉਹ ਮਾਲਕ-ਪ੍ਰਭੂ ਸਭਨਾਂ ਨਾਲੋਂ ਉੱਚਾ ਹੈ,

ਸਭੁ ਕਿਛੁ ਤਾ ਕਾ ਕਾਂਢੀਐ ਥੋਰਾ ਅਰੁ ਮੂਚਾ ॥੧॥

ਮੇਰੇ ਪਾਸ ਜੋ ਕੁਝ ਭੀ ਨਿੱਕੀ ਵੱਡੀ ਚੀਜ਼ ਹੈ ਉਸ ਮਾਲਕ ਦੀ ਹੀ ਅਖਵਾਂਦੀ ਹੈ ॥੧॥

ਜੀਅ ਪ੍ਰਾਨ ਮੇਰਾ ਧਨੋ ਸਾਹਿਬ ਕੀ ਮਨੀਆ ॥

ਹੇ ਸਹੇਲੀਹੋ! ਮੇਰੀ ਜਿੰਦ ਮੇਰੇ ਪ੍ਰਾਣ ਮੇਰਾ ਧਨ-ਪਦਾਰਥ-ਇਹ ਸਭ ਕੁਝ ਮੈਂ ਆਪਣੇ ਮਾਲਕ-ਪ੍ਰਭੂ ਦੀ ਦਿੱਤੀ ਹੋਈ ਦਾਤਿ ਮੰਨਦੀ ਹਾਂ।

ਨਾਮਿ ਜਿਸੈ ਕੈ ਊਜਲੀ ਤਿਸੁ ਦਾਸੀ ਗਨੀਆ ॥੧॥ ਰਹਾਉ ॥

ਜਿਸ ਮਾਲਕ-ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਮੈਂ ਇੱਜ਼ਤ ਵਾਲੀ ਹੋ ਗਈ ਹਾਂ ਮੈਂ ਆਪਣੇ ਆਪ ਨੂੰ ਉਸ ਦੀ ਦਾਸੀ ਗਿਣਤੀ ਹਾਂ ॥੧॥ ਰਹਾਉ ॥

ਵੇਪਰਵਾਹੁ ਅਨੰਦ ਮੈ ਨਾਉ ਮਾਣਕ ਹੀਰਾ ॥

(ਹੇ ਮੇਰੇ ਮਾਲਕ-ਪ੍ਰਭੂ!) ਤੈਨੂੰ ਕਿਸੇ ਦੀ ਮੁਥਾਜੀ ਨਹੀਂ, ਤੂੰ ਸਦਾ ਆਨੰਦ-ਸਰੂਪ ਹੈਂ, ਤੇਰਾ ਨਾਮ ਮੇਰੇ ਵਾਸਤੇ ਮੋਤੀ ਹੈ ਹੀਰਾ ਹੈ।

ਰਜੀ ਧਾਈ ਸਦਾ ਸੁਖੁ ਜਾ ਕਾ ਤੂੰ ਮੀਰਾ ॥੨॥

ਹੇ ਪ੍ਰਭੂ! ਜਿਸ ਜੀਵ-ਇਸਤ੍ਰੀ ਦਾ (ਜਿਸ ਜੀਵ-ਇਸਤ੍ਰੀ ਦੇ ਸਿਰ ਉਤੇ) ਤੂੰ ਪਾਤਿਸ਼ਾਹ (ਬਣਦਾ) ਹੈਂ ਉਹ (ਮਾਇਆ ਵਲੋਂ) ਰੱਜੀ ਰਹਿੰਦੀ ਹੈ ਤ੍ਰਿਪਤ ਹੋਈ ਰਹਿੰਦੀ ਹੈ ਉਹ ਸਦਾ ਆਨੰਦ ਮਾਣਦੀ ਹੈ ॥੨॥

ਸਖੀ ਸਹੇਰੀ ਸੰਗ ਕੀ ਸੁਮਤਿ ਦ੍ਰਿੜਾਵਉ ॥

ਹੇ ਮੇਰੇ ਨਾਲ ਦੀਓ ਸਹੇਲੀਹੋ! ਮੈਂ ਤੁਹਾਨੂੰ ਇਹ ਭਲੀ ਸਲਾਹ ਮੁੜ ਮੁੜ ਚੇਤੇ ਕਰਾਂਦੀ ਹਾਂ (ਜੋ ਮੈਨੂੰ ਗੁਰੂ ਪਾਸੋਂ ਮਿਲੀ ਹੋਈ ਹੈ),

ਸੇਵਹੁ ਸਾਧੂ ਭਾਉ ਕਰਿ ਤਉ ਨਿਧਿ ਹਰਿ ਪਾਵਉ ॥੩॥

ਤੁਸੀ ਸਰਧਾ-ਪ੍ਰੇਮ ਧਾਰ ਕੇ ਗੁਰੂ ਦੀ ਸਰਨ ਪਵੋ। (ਮੈਂ ਜਦੋਂ ਦੀ ਗੁਰੂ ਦੀ ਸਰਨ ਪਈ ਹਾਂ) ਤਦੋਂ ਤੋਂ ਮੈਂ ਪਰਮਾਤਮਾ ਦਾ ਨਾਮ-ਖ਼ਜ਼ਾਨਾ ਪ੍ਰਾਪਤ ਕਰ ਰਹੀ ਹਾਂ ॥੩॥

ਸਗਲੀ ਦਾਸੀ ਠਾਕੁਰੈ ਸਭ ਕਹਤੀ ਮੇਰਾ ॥

ਹੇ ਮੇਰੀ ਸਹੇਲੀਹੋ! ਹਰੇਕ ਜੀਵ-ਇਸਤ੍ਰੀ ਹੀ ਮਾਲਕ-ਪ੍ਰਭੂ ਦੀ ਦਾਸੀ ਹੈ, ਹਰੇਕ ਜੀਵ-ਇਸਤ੍ਰੀ ਆਖਦੀ ਹੈ ਕਿ ਪਰਮਾਤਮਾ ਮੇਰਾ ਮਾਲਕ ਹੈ।

ਜਿਸਹਿ ਸੀਗਾਰੇ ਨਾਨਕਾ ਤਿਸੁ ਸੁਖਹਿ ਬਸੇਰਾ ॥੪॥੧੫॥੧੧੭॥

ਪਰ, ਹੇ ਨਾਨਕ! (ਆਖ-ਹੇ ਸਹੇਲੀਹੋ!) ਜੀਵ-ਇਸਤ੍ਰੀ (ਦੇ ਜੀਵਨ) ਨੂੰ (ਮਾਲਕ-ਪ੍ਰਭੂ ਆਪ) ਸੋਹਣਾ ਬਣਾਂਦਾ ਹੈ ਉਸ ਦਾ ਨਿਵਾਸ ਸੁਖ-ਆਨੰਦ ਵਿਚ ਹੋਇਆ ਰਹਿੰਦਾ ਹੈ ॥੪॥੧੫॥੧੧੭॥


ਆਸਾ ਮਹਲਾ ੫ ॥
ਸੰਤਾ ਕੀ ਹੋਇ ਦਾਸਰੀ ਏਹੁ ਅਚਾਰਾ ਸਿਖੁ ਰੀ ॥

ਹੇ ਮੇਰੀ ਸੋਹਣੀ ਜਿੰਦੇ! ਤੂੰ ਸਤਸੰਗੀਆਂ ਦੀ ਨਿਮਾਣੀ ਜਿਹੀ ਦਾਸੀ ਬਣੀ ਰਹੁ-ਬੱਸ! ਇਹ ਕਰਤੱਬ ਸਿੱਖ,

ਸਗਲ ਗੁਣਾ ਗੁਣ ਊਤਮੋ ਭਰਤਾ ਦੂਰਿ ਨ ਪਿਖੁ ਰੀ ॥੧॥

ਤੇ, ਹੇ ਜਿੰਦੇ! ਉਸ ਖਸਮ-ਪ੍ਰਭੂ ਨੂੰ ਕਿਤੇ ਦੂਰ ਵੱਸਦਾ ਨਾਹ ਖ਼ਿਆਲ ਕਰ ਜੇਹੜਾ ਸਾਰੇ ਗੁਣਾਂ ਦਾ ਮਾਲਕ ਹੈ ਜੋ ਗੁਣਾਂ ਕਰਕੇ ਸਭ ਤੋਂ ਸ੍ਰੇਸ਼ਟ ਹੈ ॥੧॥

ਇਹੁ ਮਨੁ ਸੁੰਦਰਿ ਆਪਣਾ ਹਰਿ ਨਾਮਿ ਮਜੀਠੈ ਰੰਗਿ ਰੀ ॥

ਹੇ (ਮੇਰੀ) ਸੋਹਣੀ ਜਿੰਦੇ! ਤੂੰ ਆਪਣੇ ਇਸ ਮਨ ਨੂੰ ਮਜੀਠ (ਵਰਗੇ ਪੱਕੇ) ਪਰਮਾਤਮਾ ਦੇ ਨਾਮ-ਰੰਗ ਨਾਲ ਰੰਗ ਲੈ,

ਤਿਆਗਿ ਸਿਆਣਪ ਚਾਤੁਰੀ ਤੂੰ ਜਾਣੁ ਗੁਪਾਲਹਿ ਸੰਗਿ ਰੀ ॥੧॥ ਰਹਾਉ ॥

ਆਪਣੇ ਅੰਦਰੋਂ ਸਿਆਣਪ ਤੇ ਚਤੁਰਾਈ ਛੱਡ ਕੇ (ਇਹ ਮਾਣ ਛੱਡ ਦੇ ਕਿ ਤੂੰ ਬੜੀ ਸਿਆਣੀ ਹੈਂ ਤੇ ਚਤੁਰ ਹੈਂ), ਹੇ ਜਿੰਦੇ! ਸ੍ਰਿਸ਼ਟੀ ਦੇ ਪਾਲਕ-ਪ੍ਰਭੂ ਨੂੰ ਆਪਣੇ-ਨਾਲ-ਵੱਸਦਾ ਸਮਝਦੀ ਰਹੁ ॥੧॥ ਰਹਾਉ ॥

ਭਰਤਾ ਕਹੈ ਸੁ ਮਾਨੀਐ ਏਹੁ ਸੀਗਾਰੁ ਬਣਾਇ ਰੀ ॥

ਹੇ ਮੇਰੀ ਸੋਹਣੀ ਜਿੰਦੇ! ਖਸਮ-ਪ੍ਰਭੂ ਜੋ ਹੁਕਮ ਕਰਦਾ ਹੈ ਉਹ (ਮਿੱਠਾ ਕਰ ਕੇ) ਮੰਨਣਾ ਚਾਹੀਦਾ ਹੈ-ਬੱਸ! ਇਸ ਗੱਲ ਨੂੰ (ਆਪਣੇ ਜੀਵਨ ਦਾ) ਸਿੰਗਾਰ ਬਣਾਈ ਰੱਖ।

ਦੂਜਾ ਭਾਉ ਵਿਸਾਰੀਐ ਏਹੁ ਤੰਬੋਲਾ ਖਾਇ ਰੀ ॥੨॥

ਪਰਮਾਤਮਾ ਤੋਂ ਬਿਨਾ ਹੋਰ (ਮਾਇਆ ਆਦਿਕ ਦਾ) ਪਿਆਰ ਭੁਲਾ ਦੇਣਾ ਚਾਹੀਦਾ ਹੈ-(ਇਹ ਨਿਯਮ ਆਤਮਕ ਜੀਵਨ ਵਾਸਤੇ, ਮਾਨੋ, ਪਾਨ ਦਾ ਬੀੜਾ ਹੈ) ਹੇ ਜਿੰਦੇ! ਇਹ ਪਾਨ ਖਾਇਆ ਕਰ ॥੨॥

ਗੁਰ ਕਾ ਸਬਦੁ ਕਰਿ ਦੀਪਕੋ ਇਹ ਸਤ ਕੀ ਸੇਜ ਬਿਛਾਇ ਰੀ ॥

ਹੇ ਮੇਰੀ ਸੋਹਣੀ ਜਿੰਦੇ! ਸਤਿਗੁਰੂ ਦੇ ਸ਼ਬਦ ਨੂੰ ਦੀਵਾ ਬਣਾ (ਜੋ ਤੇਰੇ ਅੰਦਰ ਆਤਮਕ ਜੀਵਨ ਦਾ ਚਾਨਣ ਪੈਦਾ ਕਰੇ) ਤੇ ਉਸ ਆਤਮਕ ਜੀਵਨ ਦੀ (ਆਪਣੇ ਹਿਰਦੇ ਵਿਚ) ਸੇਜ ਵਿਛਾ।

ਆਠ ਪਹਰ ਕਰ ਜੋੜਿ ਰਹੁ ਤਉ ਭੇਟੈ ਹਰਿ ਰਾਇ ਰੀ ॥੩॥

ਹੇ ਸੋਹਣੀ ਜਿੰਦੇ! (ਆਪਣੇ ਅੰਦਰ ਆਤਮੇ) ਅੱਠੇ ਪਹਰ (ਦੋਵੇਂ) ਹੱਥ ਜੋੜ ਕੇ (ਪ੍ਰਭੂ-ਚਰਨਾਂ ਵਿਚ) ਟਿਕੀ ਰਹੁ, ਤਦੋਂ ਹੀ ਪ੍ਰਭੂ-ਪਾਤਿਸ਼ਾਹ (ਆ ਕੇ) ਮਿਲਦਾ ਹੈ ॥੩॥

ਤਿਸ ਹੀ ਚਜੁ ਸੀਗਾਰੁ ਸਭੁ ਸਾਈ ਰੂਪਿ ਅਪਾਰਿ ਰੀ ॥

ਹੇ ਮੇਰੀ ਸੋਹਣੀ ਜਿੰਦੇ! ਉਸੇ ਜੀਵ-ਇਸਤ੍ਰੀ ਦਾ ਸੁਚੱਜ ਮੰਨਿਆ ਜਾਂਦਾ ਹੈ ਉਸੇ ਜੀਵ-ਇਸਤ੍ਰੀ ਦਾ (ਆਤਮਕ) ਸਿੰਗਾਰ ਪਰਵਾਨ ਹੁੰਦਾ ਹੈ, ਉਹ ਜੀਵ-ਇਸਤ੍ਰੀ ਸੁੰਦਰ ਰੂਪ ਵਾਲੀ ਸਮਝੀ ਜਾਂਦੀ ਹੈ ਜੋ ਬੇਅੰਤ ਪਰਮਾਤਮਾ (ਦੇ ਚਰਨਾਂ) ਵਿਚ ਲੀਨ ਰਹਿੰਦੀ ਹੈ।

ਸਾਈ ਸੁੋਹਾਗਣਿ ਨਾਨਕਾ ਜੋ ਭਾਣੀ ਕਰਤਾਰਿ ਰੀ ॥੪॥੧੬॥੧੧੮॥

ਹੇ ਨਾਨਕ! (ਆਖ-) ਹੇ ਜਿੰਦੇ! ਉਹੀ ਜੀਵ-ਇਸਤ੍ਰੀ ਸੁਹਾਗ-ਭਾਗ ਵਾਲੀ ਹੈ ਜੋ (ਕਰਤਾਰ ਨੂੰ) ਪਿਆਰੀ ਲੱਗਦੀ ਹੈ ਜੋ ਕਰਤਾਰ (ਦੀ ਯਾਦ) ਵਿਚ ਲੀਨ ਰਹਿੰਦੀ ਹੈ ॥੪॥੧੬॥੧੧੮॥


ਆਸਾ ਮਹਲਾ ੫ ॥
ਡੀਗਨ ਡੋਲਾ ਤਊ ਲਉ ਜਉ ਮਨ ਕੇ ਭਰਮਾ ॥

ਹੇ ਭਾਈ! ਵਿਕਾਰਾਂ ਵਿਚ ਡਿੱਗਣ ਤੇ ਮੋਹ ਵਿਚ ਫਸਣ ਦਾ ਸਬਬ ਤਦੋਂ ਤਕ ਬਣਿਆ ਰਹਿੰਦਾ ਹੈ ਜਦੋਂ ਤਕ ਮਨੁੱਖ ਦੇ ਮਨ ਦੀਆਂ (ਮਾਇਆ ਦੀ ਖ਼ਾਤਰ) ਦੌੜਾਂ ਭੱਜਾਂ ਟਿਕੀਆਂ ਰਹਿੰਦੀਆਂ ਹਨ।

ਭ੍ਰਮ ਕਾਟੇ ਗੁਰਿ ਆਪਣੈ ਪਾਏ ਬਿਸਰਾਮਾ ॥੧॥

ਪਰ ਪਿਆਰੇ ਗੁਰੂ ਨੇ ਜਿਸ ਮਨੁੱਖ ਦੀਆਂ ਭਟਕਣਾਂ ਦੂਰ ਕਰ ਦਿੱਤੀਆਂ ਉਸ ਨੇ ਮਾਨਸਕ ਟਿਕਾਉ ਪ੍ਰਾਪਤ ਕਰ ਲਿਆ ॥੧॥

ਓਇ ਬਿਖਾਦੀ ਦੋਖੀਆ ਤੇ ਗੁਰ ਤੇ ਹੂਟੇ ॥

(ਹੇ ਭਾਈ!) ਇਹ ਜਿਤਨੇ ਭੀ ਕਾਮਾਦਿਕ ਝਗੜਾਲੂ ਵੈਰੀ ਹਨ ਗੁਰੂ ਦੀ ਸਰਨ ਪਿਆਂ ਇਹ ਸਾਰੇ ਹੀ ਥੱਕ ਗਏ ਹਨ (ਸਾਨੂੰ ਦੁਖੀ ਕਰਨੋਂ ਰਹਿ ਗਏ ਹਨ)।

ਹਮ ਛੂਟੇ ਅਬ ਉਨ੍ਰਾ ਤੇ ਓਇ ਹਮ ਤੇ ਛੂਟੇ ॥੧॥ ਰਹਾਉ ॥

ਹੁਣ ਉਹਨਾਂ ਪਾਸੋਂ ਸਾਡੀ ਖ਼ਲਾਸੀ ਹੋ ਗਈ ਹੈ, ਉਹ ਸਾਰੇ ਸਾਡਾ ਖਹਿੜਾ ਛੱਡ ਗਏ ਹਨ ॥੧॥ ਰਹਾਉ ॥

ਮੇਰਾ ਤੇਰਾ ਜਾਨਤਾ ਤਬ ਹੀ ਤੇ ਬੰਧਾ ॥

ਜਦੋਂ ਤੋਂ ਮਨੁੱਖ ਵਿਤਕਰੇ ਕਰਦਾ ਚਲਿਆ ਆਉਂਦਾ ਹੈ ਤਦੋਂ ਤੋਂ ਹੀ ਇਸ ਨੂੰ ਮਾਇਆ ਦੇ ਮੋਹ ਦੇ ਬੰਧਨ ਪਏ ਹੋਏ ਹਨ।

ਗੁਰਿ ਕਾਟੀ ਅਗਿਆਨਤਾ ਤਬ ਛੁਟਕੇ ਫੰਧਾ ॥੨॥

ਪਰ ਜਦੋਂ ਗੁਰੂ ਨੇ ਅਗਿਆਨਤਾ ਦੂਰ ਕਰ ਦਿੱਤੀ ਤਦੋਂ ਮੋਹ ਦੀਆਂ ਫਾਹੀਆਂ ਤੋਂ ਖ਼ਲਾਸੀ ਹੋ ਗਈ ॥੨॥

ਜਬ ਲਗੁ ਹੁਕਮੁ ਨ ਬੂਝਤਾ ਤਬ ਹੀ ਲਉ ਦੁਖੀਆ ॥

ਹੇ ਭਾਈ! ਜਦ ਤਕ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਨਹੀਂ ਸਮਝਦਾ ਉਤਨਾ ਚਿਰ ਤਕ ਹੀ ਦੁਖੀ ਰਹਿੰਦਾ ਹੈ।

ਗੁਰ ਮਿਲਿ ਹੁਕਮੁ ਪਛਾਣਿਆ ਤਬ ਹੀ ਤੇ ਸੁਖੀਆ ॥੩॥

ਪਰ ਜਿਸ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਰਜ਼ਾ ਨੂੰ ਸਮਝ ਲਿਆ ਉਹ ਉਸੇ ਵੇਲੇ ਤੋਂ ਸੁਖੀ ਹੋ ਗਿਆ ॥੩॥

ਨਾ ਕੋ ਦੁਸਮਨੁ ਦੋਖੀਆ ਨਾਹੀ ਕੋ ਮੰਦਾ ॥

ਉਸ ਮਨੁੱਖ ਨੂੰ ਕੋਈ ਆਪਣਾ ਦੁਸ਼ਮਨ ਨਹੀਂ ਦਿੱਸਦਾ, ਕੋਈ ਵੈਰੀ ਨਹੀਂ ਜਾਪਦਾ, ਕੋਈ ਉਸ ਨੂੰ ਭੈੜਾ ਨਹੀਂ ਲੱਗਦਾ,

ਗੁਰ ਕੀ ਸੇਵਾ ਸੇਵਕੋ ਨਾਨਕ ਖਸਮੈ ਬੰਦਾ ॥੪॥੧੭॥੧੧੯॥

ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੀ ਦੱਸੀ ਸੇਵਾ ਕਰ ਕੇ ਪਰਮਾਤਮਾ ਦਾ ਸੇਵਕ ਬਣ ਜਾਂਦਾ ਹੈ, ਖਸਮ-ਪ੍ਰਭੂ ਦਾ ਗ਼ੁਲਾਮ ਬਣ ਜਾਂਦਾ ਹੈ ॥੪॥੧੭॥੧੧੯॥


ਆਸਾ ਮਹਲਾ ੫ ॥
ਸੂਖ ਸਹਜ ਆਨਦੁ ਘਣਾ ਹਰਿ ਕੀਰਤਨੁ ਗਾਉ ॥

(ਹੇ ਭਾਈ!) ਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹਾਂ ਤੇ (ਮੇਰੇ ਅੰਦਰ) ਆਤਮਕ ਅਡੋਲਤਾ ਦਾ ਵੱਡਾ ਸੁਖ-ਆਨੰਦ ਬਣਿਆ ਰਹਿੰਦਾ ਹੈ।

ਗਰਹ ਨਿਵਾਰੇ ਸਤਿਗੁਰੂ ਦੇ ਅਪਣਾ ਨਾਉ ॥੧॥

ਗੁਰੂ ਨੇ ਮੈਨੂੰ ਉਹ ਹਰਿ-ਨਾਮ ਦੇ ਕੇ ਜੇਹੜਾ ਨਾਮ ਉਹ ਆਪ ਜਪਦਾ ਹੈ, ਮੇਰੇ ਉਤੋਂ (ਮਾਨੋ) ਨੌ ਹੀ ਗ੍ਰਹਿਆਂ ਦੀਆਂ ਮੁਸੀਬਤਾਂ ਦੂਰ ਕਰ ਦਿੱਤੀਆਂ ਹਨ ॥੧॥

ਬਲਿਹਾਰੀ ਗੁਰ ਆਪਣੇ ਸਦ ਸਦ ਬਲਿ ਜਾਉ ॥

(ਹੇ ਭਾਈ!) ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਸਦਾ ਹੀ ਸਦਕੇ ਜਾਂਦਾ ਹਾਂ, ਮੈਂ ਗੁਰੂ ਤੋਂ ਵਾਰਨੇ ਜਾਂਦਾ ਹਾਂ,

ਗੁਰੂ ਵਿਟਹੁ ਹਉ ਵਾਰਿਆ ਜਿਸੁ ਮਿਲਿ ਸਚੁ ਸੁਆਉ ॥੧॥ ਰਹਾਉ ॥

ਕਿਉਂਕਿ ਉਸ (ਗੁਰੂ) ਨੂੰ ਮਿਲ ਕੇ ਹੀ ਮੈਂ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨਾ (ਆਪਣੀ ਜ਼ਿੰਦਗੀ ਦਾ) ਮਨੋਰਥ ਬਣਾਇਆ ਹੈ ॥੧॥ ਰਹਾਉ ॥

ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ ॥

(ਹੇ ਭਾਈ! ਮੇਰੇ ਅੰਦਰ ਚੰਗੇ ਮੰਦੇ ਸਗਨਾਂ ਦਾ ਸਹਮ ਭੀ ਨਹੀਂ ਰਹਿ ਗਿਆ) ਚੰਗੇ ਮੰਦੇ ਸਗਨਾਂ ਦੇ ਸਹਮ ਉਸ ਮਨੁੱਖ ਨੂੰ ਚੰਬੜਦੇ ਹਨ ਜਿਸ ਦੇ ਚਿੱਤ ਵਿਚ ਪਰਮਾਤਮਾ ਨਹੀਂ ਵੱਸਦਾ।

ਤਿਸੁ ਜਮੁ ਨੇੜਿ ਨ ਆਵਈ ਜੋ ਹਰਿ ਪ੍ਰਭਿ ਭਾਵੈ ॥੨॥

ਪਰ ਜੇਹੜਾ ਮਨੁੱਖ ਪ੍ਰਭੂ (ਦੀ ਯਾਦ) ਵਿਚ (ਜੁੜ ਕੇ) ਹਰਿ-ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਜਮ-ਦੂਤ ਭੀ ਉਸ ਦੇ ਨੇੜੇ ਨਹੀਂ ਢੁਕਦਾ ॥੨॥

ਪੁੰਨ ਦਾਨ ਜਪ ਤਪ ਜੇਤੇ ਸਭ ਊਪਰਿ ਨਾਮੁ ॥

(ਹੇ ਭਾਈ! ਮਿਥੇ ਹੋਏ) ਨੇਕ ਕਰਮ, ਦਾਨ, ਜਪ ਤੇ ਤਪ-ਇਹ ਜਿਤਨੇ ਭੀ ਹਨ ਪਰਮਾਤਮਾ ਦਾ ਨਾਮ ਜਪਣਾ ਇਹਨਾਂ ਸਭਨਾਂ ਤੋਂ ਸ੍ਰੇਸ਼ਟ ਕਰਮ ਹੈ।

ਹਰਿ ਹਰਿ ਰਸਨਾ ਜੋ ਜਪੈ ਤਿਸੁ ਪੂਰਨ ਕਾਮੁ ॥੩॥

ਜੇਹੜਾ ਮਨੁੱਖ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਜਪਦਾ ਹੈ ਉਸ ਦਾ ਜੀਵਨ-ਮਨੋਰਥ ਸਫਲ ਹੋ ਜਾਂਦਾ ਹੈ ॥੩॥

ਭੈ ਬਿਨਸੇ ਭ੍ਰਮ ਮੋਹ ਗਏ ਕੋ ਦਿਸੈ ਨ ਬੀਆ ॥

ਉਹਨਾਂ ਮਨੁੱਖਾਂ ਦੇ ਸਾਰੇ ਡਰ ਨਾਸ ਹੋ ਜਾਂਦੇ ਹਨ ਉਹਨਾਂ ਦੇ ਮੋਹ ਤੇ ਭਰਮ ਮੁੱਕ ਜਾਂਦੇ ਹਨ, ਉਹਨਾਂ ਨੂੰ ਕੋਈ ਮਨੁੱਖ ਬਿਗਾਨਾ ਨਹੀਂ ਦਿੱਸਦਾ,

ਨਾਨਕ ਰਾਖੇ ਪਾਰਬ੍ਰਹਮਿ ਫਿਰਿ ਦੂਖੁ ਨ ਥੀਆ ॥੪॥੧੮॥੧੨੦॥

ਹੇ ਨਾਨਕ! ਜਿਨ੍ਹਾਂ ਦੀ ਰੱਖਿਆ ਪਰਮਾਤਮਾ ਨੇ ਆਪ ਕੀਤੀ ਹੈ ਉਹਨਾਂ ਨੂੰ ਮੁੜ ਕੋਈ ਦੁੱਖ ਨਹੀਂ ਵਿਆਪਦਾ, ॥੪॥੧੮॥੧੨੦॥


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਆਸਾ ਕਾਫੀ ਮਹਲਾ ੧ ਘਰੁ ੮ ਅਸਟਪਦੀਆ ॥

ਰਾਗ ਆਸਾ-ਕਾਫੀ, ਘਰ ੮ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।

ਜੈਸੇ ਗੋਇਲਿ ਗੋਇਲੀ ਤੈਸੇ ਸੰਸਾਰਾ ॥

ਜਿਵੇਂ ਕੋਈ ਗਵਾਲਾ ਪਰਾਏ ਚਰਾਂਦ ਵਿਚ (ਆਪਣਾ ਮਾਲ-ਡੰਗਰ ਚਾਰਨ ਲਈ ਲੈ ਜਾਂਦਾ ਹੈ) ਤਿਵੇਂ ਇਹ ਜਗਤ ਦੀ ਕਾਰ ਹੈ।

ਕੂੜੁ ਕਮਾਵਹਿ ਆਦਮੀ ਬਾਂਧਹਿ ਘਰ ਬਾਰਾ ॥੧॥

ਜੇਹੜੇ ਆਦਮੀ (ਮੌਤ ਨੂੰ ਭੁਲਾ ਕੇ) ਪੱਕੇ ਘਰ ਮਕਾਨ ਬਣਾਂਦੇ ਹਨ, ਉਹ ਵਿਅਰਥ ਉੱਦਮ ਕਰਦੇ ਹਨ ॥੧॥

ਜਾਗਹੁ ਜਾਗਹੁ ਸੂਤਿਹੋ ਚਲਿਆ ਵਣਜਾਰਾ ॥੧॥ ਰਹਾਉ ॥

(ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੇ ਹੋਏ ਜੀਵੋ! ਹੋਸ਼ ਕਰੋ, ਹੋਸ਼ ਕਰੋ। (ਤੁਹਾਡੇ ਸਾਹਮਣੇ ਤੁਹਾਡਾ ਸਾਥੀ) ਜੀਵ-ਵਣਜਾਰਾ (ਦੁਨੀਆ ਤੋਂ ਸਦਾ ਲਈ) ਜਾ ਰਿਹਾ ਹੈ (ਇਸੇ ਤਰ੍ਹਾਂ) ਤੁਹਾਡੀ ਵਾਰੀ ਆਵੇਗੀ। ਪਰਮਾਤਮਾ ਨੂੰ ਯਾਦ (ਰੱਖੋ) ॥੧॥ ਰਹਾਉ ॥

ਨੀਤ ਨੀਤ ਘਰ ਬਾਂਧੀਅਹਿ ਜੇ ਰਹਣਾ ਹੋਈ ॥

ਸਦਾ ਟਿਕੇ ਰਹਿਣ ਵਾਲੇ ਘਰ ਤਦੋਂ ਹੀ ਬਣਾਏ ਜਾਂਦੇ ਹਨ ਜੇ ਇਥੇ ਸਦਾ ਟਿਕੇ ਰਹਿਣਾ ਹੋਵੇ,

ਪਿੰਡੁ ਪਵੈ ਜੀਉ ਚਲਸੀ ਜੇ ਜਾਣੈ ਕੋਈ ॥੨॥

ਪਰ ਜੇ ਕੋਈ ਮਨੁੱਖ ਵਿਚਾਰ ਕਰੇ (ਤਾਂ ਅਸਲੀਅਤ ਇਹ ਹੈ ਕਿ) ਜਦੋਂ ਜਿੰਦ ਇਥੋਂ ਤੁਰ ਪੈਂਦੀ ਹੈ ਤਾਂ ਸਰੀਰ ਭੀ ਢਹਿ ਪੈਂਦਾ ਹੈ (ਨਾਹ ਸਰੀਰ ਰਹਿੰਦਾ ਹੈ ਤੇ ਨਾਹ ਜਿੰਦ) ॥੨॥

ਓਹੀ ਓਹੀ ਕਿਆ ਕਰਹੁ ਹੈ ਹੋਸੀ ਸੋਈ ॥

(ਕਿਸੇ ਸੰਬੰਧੀ ਦੇ ਮਰਨ ਤੇ) ਕਿਉਂ ਵਿਅਰਥ ‘ਹਾਇ! ਹਾਇ’! ਕਰਦੇ ਹੋ। ਸਦਾ-ਥਿਰ ਤਾਂ ਪਰਮਾਤਮਾ ਹੀ ਹੈ ਜੋ ਹੁਣ ਭੀ ਮੌਜੂਦ ਹੈ ਤੇ ਸਦਾ ਮੌਜੂਦ ਰਹੇਗਾ।

ਤੁਮ ਰੋਵਹੁਗੇ ਓਸ ਨੋ ਤੁਮ੍ ਕਉ ਕਉਣੁ ਰੋਈ ॥੩॥

ਜੇ ਤੁਸੀ (ਆਪਣੇ) ਉਸ ਮਰਨ ਵਾਲੇ ਦੇ ਮਰਨ ਤੇ ਰੋਂਦੇ ਹੋ ਤਾਂ (ਮਰਨਾ ਤਾਂ ਤੁਸਾਂ ਭੀ ਹੈ) ਤੁਹਾਨੂੰ ਭੀ ਕੋਈ ਰੋਵੇਗਾ ॥੩॥

ਧੰਧਾ ਪਿਟਿਹੁ ਭਾਈਹੋ ਤੁਮ੍ਰ ਕੂੜੁ ਕਮਾਵਹੁ ॥

ਤੁਸੀ (ਕਿਸੇ ਦੇ ਮਰਨ ਤੇ ਰੋਣ ਦਾ) ਵਿਅਰਥ ਪਿੱਟਣਾ ਪਿੱਟਦੇ ਹੋ, ਵਿਅਰਥ ਕੰਮ ਕਰਦੇ ਹੋ।

ਓਹੁ ਨ ਸੁਣਈ ਕਤ ਹੀ ਤੁਮ੍ਰ ਲੋਕ ਸੁਣਾਵਹੁ ॥੪॥

ਜੇਹੜਾ ਮਰ ਗਿਆ ਹੈ, ਉਹ ਤਾਂ ਤੁਹਾਡਾ ਰੋਣਾ ਬਿਲਕੁਲ ਨਹੀਂ ਸੁਣਦਾ। ਤੁਸੀਂ (ਲੋਕਾਚਾਰੀ) ਸਿਰਫ਼ ਲੋਕਾਂ ਨੂੰ ਸੁਣਾ ਰਹੇ ਹੋ ॥੪॥

ਜਿਸ ਤੇ ਸੁਤਾ ਨਾਨਕਾ ਜਾਗਾਏ ਸੋਈ ॥

(ਜੀਵ ਦੇ ਕੀਹ ਵੱਸ?) ਹੇ ਨਾਨਕ! ਜਿਸ ਪਰਮਾਤਮਾ ਦੇ ਹੁਕਮ ਨਾਲ ਜੀਵ (ਮਾਇਆ ਦੇ ਮੋਹ ਵਿਚ) ਸੁੱਤਾ ਹੋਇਆ ਹੈ, ਉਹੀ ਇਸ ਨੂੰ ਜਗਾਂਦਾ ਹੈ।

ਜੇ ਘਰੁ ਬੂਝੈ ਆਪਣਾ ਤਾਂ ਨੀਦ ਨ ਹੋਈ ॥੫॥

(ਪ੍ਰਭੂ ਦੀ ਮੇਹਰ ਨਾਲ) ਜੇ ਜੀਵ ਇਹ ਸਮਝ ਲਏ ਕਿ ਮੇਰਾ ਅਸਲ ਘਰ ਕਿਹੜਾ ਹੈ ਤਾਂ ਉਸ ਨੂੰ ਮਾਇਆ ਦੇ ਮੋਹ ਦੀ ਨੀਂਦ ਨਹੀਂ ਵਿਆਪਦੀ ॥੫॥

ਜੇ ਚਲਦਾ ਲੈ ਚਲਿਆ ਕਿਛੁ ਸੰਪੈ ਨਾਲੇ ॥

ਜੇ ਕੋਈ ਮਰਨ ਵਾਲਾ ਮਨੁੱਖ ਮਰਨ ਵੇਲੇ ਆਪਣੇ ਨਾਲ ਕੁਝ ਧਨ ਲੈ ਜਾਂਦਾ ਹੈ,

ਤਾ ਧਨੁ ਸੰਚਹੁ ਦੇਖਿ ਕੈ ਬੂਝਹੁ ਬੀਚਾਰੇ ॥੬॥

ਤਾਂ ਤੁਸੀ ਭੀ ਧਨ ਬੇਸ਼ੱਕ ਜੋੜੀ ਚੱਲੋ। ਵੇਖ ਵਿਚਾਰ ਕੇ ਸਮਝੋ! ॥੬॥

ਵਣਜੁ ਕਰਹੁ ਮਖਸੂਦੁ ਲੈਹੁ ਮਤ ਪਛੋਤਾਵਹੁ ॥

(ਨਾਮ-ਸਿਮਰਨ ਦਾ ਅਜੇਹਾ) ਵਣਜ-ਵਪਾਰ ਕਰੋ, ਜਿਸ ਤੋਂ ਜੀਵਨ ਮਨੋਰਥ ਦਾ ਲਾਭ ਖੱਟ ਸਕੋ, ਨਹੀਂ ਤਾਂ ਪਛਤਾਣਾ ਪਵੇਗਾ।

ਅਉਗਣ ਛੋਡਹੁ ਗੁਣ ਕਰਹੁ ਐਸੇ ਤਤੁ ਪਰਾਵਹੁ ॥੭॥

ਮਾੜੇ ਕੰਮ ਛੱਡੋ, ਗੁਣ ਗ੍ਰਹਣ ਕਰੋ, ਇਸ ਤਰ੍ਹਾਂ ਅਸਲ (ਖੱਟੀ) ਖੱਟੋ! ॥੭॥

ਧਰਮੁ ਭੂਮਿ ਸਤੁ ਬੀਜੁ ਕਰਿ ਐਸੀ ਕਿਰਸ ਕਮਾਵਹੁ ॥

ਧਰਮ ਨੂੰ ਧਰਤੀ ਬਣਾਵੋ, ਉਸ ਵਿਚ ਸੁੱਚਾ ਆਚਰਨ ਬੀ ਬੀਜੋ। ਬੱਸ! ਇਹੋ ਜਿਹੀ (ਆਤਮਕ ਜੀਵਨ ਨੂੰ ਪ੍ਰਫੁਲਤ ਕਰਨ ਵਾਲੀ) ਖੇਤੀ-ਵਾਹੀ ਕਰੋ!

ਤਾਂ ਵਾਪਾਰੀ ਜਾਣੀਅਹੁ ਲਾਹਾ ਲੈ ਜਾਵਹੁ ॥੮॥

ਜੇ ਤੁਸੀ (ਇਥੋਂ ਉੱਚੇ ਆਤਮਕ ਜੀਵਨ ਦਾ) ਲਾਭ ਖੱਟ ਕੇ ਲੈ ਜਾਵੋਗੇ ਤਾਂ (ਸਿਆਣੇ) ਵਪਾਰੀ ਸਮਝੇ ਜਾਉਗੇ! ॥੮॥

ਕਰਮੁ ਹੋਵੈ ਸਤਿਗੁਰੁ ਮਿਲੈ ਬੂਝੈ ਬੀਚਾਰਾ ॥

(ਜਿਸ ਮਨੁੱਖ ਉਤੇ ਪਰਮਾਤਮਾ ਦੀ) ਬਖ਼ਸ਼ਸ਼ ਹੋਵੇ ਉਸ ਨੂੰ ਗੁਰੂ ਮਿਲਦਾ ਹੈ ਤੇ ਉਹ ਇਸ ਵਿਚਾਰ ਨੂੰ ਸਮਝਦਾ ਹੈ।

ਨਾਮੁ ਵਖਾਣੈ ਸੁਣੇ ਨਾਮੁ ਨਾਮੇ ਬਿਉਹਾਰਾ ॥੯॥

ਉਹ ਪਰਮਾਤਮਾ ਦਾ ਨਾਮ ਉਚਾਰਦਾ ਹੈ, ਨਾਮ ਸੁਣਦਾ ਹੈ, ਤੇ ਨਾਮ ਵਿਚ ਹੀ ਵਿਹਾਰ ਕਰਦਾ ਹੈ ॥੯॥

ਜਿਉ ਲਾਹਾ ਤੋਟਾ ਤਿਵੈ ਵਾਟ ਚਲਦੀ ਆਈ ॥

ਸੰਸਾਰ ਦੀ ਇਹ ਕਾਰ (ਸਦਾ ਤੋਂ) ਤੁਰੀ ਆਈ ਹੈ, ਕੋਈ (ਨਾਮ ਵਿਚ ਜੁੜ ਕੇ ਆਤਮਕ) ਲਾਭ ਖੱਟਦਾ ਹੈ, (ਕੋਈ ਮਾਇਆ ਦੇ ਮੋਹ ਵਿਚ ਫਸ ਕੇ ਆਤਮਕ ਜੀਵਨ ਵਿਚ) ਘਾਟਾ ਖਾਂਦਾ ਹੈ।

ਜੋ ਤਿਸੁ ਭਾਵੈ ਨਾਨਕਾ ਸਾਈ ਵਡਿਆਈ ॥੧੦॥੧੩॥

ਹੇ ਨਾਨਕ! ਪਰਮਾਤਮਾ ਨੂੰ ਜੋ ਚੰਗਾ ਲੱਗਦਾ ਹੈ (ਉਹੀ ਹੁੰਦਾ ਹੈ), ਇਹੀ ਉਸ ਦੀ ਬਜ਼ੁਰਗੀ ਹੈ! ॥੧੦॥੧੩॥


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਰਾਗੁ ਆਸਾ ਮਹਲਾ ੩ ਅਸਟਪਦੀਆ ਘਰੁ ੮ ਕਾਫੀ ॥

ਰਾਗ ਆਸਾ, ਘਰ ੮ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ ‘ਕਾਫੀ’।

ਗੁਰ ਤੇ ਸਾਂਤਿ ਊਪਜੈ ਜਿਨਿ ਤ੍ਰਿਸਨਾ ਅਗਨਿ ਬੁਝਾਈ ॥

ਗੁਰੂ ਪਾਸੋਂ ਹੀ ਆਤਮਕ ਠੰਢ ਪ੍ਰਾਪਤ ਹੁੰਦੀ ਹੈ ਤੇ ਉਸ ਦੇ ਹੀ ਕਾਰਨ ਤ੍ਰਿਸ਼ਨਾ ਦੀ ਅੱਗ ਬੁਝਦੀ ਹੈ।

ਗੁਰ ਤੇ ਨਾਮੁ ਪਾਈਐ ਵਡੀ ਵਡਿਆਈ ॥੧॥

ਗੁਰੂ ਪਾਸੋਂ ਪਰਮਾਤਮਾ ਦਾ ਨਾਮ ਮਿਲਦਾ ਹੈ ਤੇ (ਜਿਸ ਦੀ ਬਰਕਤਿ ਨਾਲ ਲੋਕ ਪਰਲੋਕ ਵਿਚ) ਵੱਡਾ ਆਦਰ ਪ੍ਰਾਪਤ ਹੁੰਦਾ ਹੈ ॥੧॥

ਏਕੋ ਨਾਮੁ ਚੇਤਿ ਮੇਰੇ ਭਾਈ ॥

ਹੇ ਮੇਰੇ ਭਾਈ! (ਜੇ ਤੂੰ ਵਿਕਾਰਾਂ ਦੀ ਅੱਗ ਤੋਂ ਬਚਣਾ ਚਾਹੁੰਦਾ ਹੈਂ ਤਾਂ) ਇਕ ਪਰਮਾਤਮਾ ਦਾ ਨਾਮ ਸਿਮਰਦਾ ਰਹੁ।

ਜਗਤੁ ਜਲੰਦਾ ਦੇਖਿ ਕੈ ਭਜਿ ਪਏ ਸਰਣਾਈ ॥੧॥ ਰਹਾਉ ॥

ਜਗਤ ਨੂੰ (ਵਿਕਾਰਾਂ ਵਿਚ) ਸੜਦਾ ਵੇਖ ਕੇ ਮੈਂ ਤਾਂ (ਗੁਰੂ ਦੀ) ਸਰਨ ਦੌੜ ਕੇ ਆ ਪਿਆ ਹਾਂ ॥੧॥ ਰਹਾਉ ॥

ਗੁਰ ਤੇ ਗਿਆਨੁ ਊਪਜੈ ਮਹਾ ਤਤੁ ਬੀਚਾਰਾ ॥

ਗੁਰੂ ਪਾਸੋਂ ਆਤਮਕ ਜੀਵਨ ਦੀ ਸੂਝ ਪੈਦਾ ਹੁੰਦੀ ਹੈ, ਤੇ ਉਸ ਤੋਂ ਹੀ ਸਭ ਤੋਂ ਵੱਡੀ ਅਸਲੀਅਤ ਦਾ ਸ੍ਰੇਸ਼ਟ ਵਿਚਾਰ ਮਿਲਦਾ ਹੈ।

ਗੁਰ ਤੇ ਘਰੁ ਦਰੁ ਪਾਇਆ ਭਗਤੀ ਭਰੇ ਭੰਡਾਰਾ ॥੨॥

ਗੁਰੂ ਪਾਸੋਂ ਹੀ ਪਰਮਾਤਮਾ ਦਾ ਟਿਕਾਣਾ ਲੱਭਦਾ ਹੈ ਤੇ ਪਰਮਾਤਮਾ ਦੀ ਭਗਤੀ ਦੇ ਖ਼ਜ਼ਾਨੇ ਭਰ ਜਾਂਦੇ ਹਨ ॥੨॥

ਗੁਰਮੁਖਿ ਨਾਮੁ ਧਿਆਈਐ ਬੂਝੈ ਵੀਚਾਰਾ ॥

ਗੁਰੂ ਦੀ ਸਰਨ ਪਿਆਂ ਹੀ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ ਤੇ ਇਸ ਵਿਚਾਰ ਨੂੰ ਸਮਝਿਆ ਜਾ ਸਕਦਾ ਹੈ।

ਗੁਰਮੁਖਿ ਭਗਤਿ ਸਲਾਹ ਹੈ ਅੰਤਰਿ ਸਬਦੁ ਅਪਾਰਾ ॥੩॥

ਗੁਰੂ ਦੀ ਸਰਨ ਆਇਆਂ ਪਰਮਾਤਮਾ ਦੀ ਭਗਤੀ ਸਿਫ਼ਤ-ਸਾਲਾਹ ਪ੍ਰਾਪਤ ਹੁੰਦੀ ਹੈ, ਹਿਰਦੇ ਵਿਚ ਬੇਅੰਤ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ ਆ ਵੱਸਦਾ ਹੈ ॥੩॥

ਗੁਰਮੁਖਿ ਸੂਖੁ ਊਪਜੈ ਦੁਖੁ ਕਦੇ ਨ ਹੋਈ ॥

ਗੁਰੂ ਦੀ ਸਰਨ ਪਿਆਂ ਅੰਦਰ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ, ਤੇ ਕੋਈ ਦੁੱਖ ਪੋਹ ਨਹੀਂ ਸਕਦਾ।

ਗੁਰਮੁਖਿ ਹਉਮੈ ਮਾਰੀਐ ਮਨੁ ਨਿਰਮਲੁ ਹੋਈ ॥੪॥

ਗੁਰੂ ਦੀ ਸਰਨ ਪਿਆਂ (ਅੰਦਰੋਂ) ਹਉਮੈ ਦੂਰ ਕਰ ਸਕੀਦੀ ਹੈ, ਮਨ ਪਵਿੱਤ੍ਰ ਹੋ ਜਾਂਦਾ ਹੈ ॥੪॥

ਸਤਿਗੁਰਿ ਮਿਲਿਐ ਆਪੁ ਗਇਆ ਤ੍ਰਿਭਵਣ ਸੋਝੀ ਪਾਈ ॥

ਜੇ ਗੁਰੂ ਮਿਲ ਪਏ ਤਾਂ ਹਉਮੈ ਅਹੰਕਾਰ ਨਾਸ ਹੋ ਜਾਂਦਾ ਹੈ, ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਤਿੰਨਾਂ ਹੀ ਭਵਨਾਂ ਵਿਚ ਵਿਆਪਕ ਹੈ,

ਨਿਰਮਲ ਜੋਤਿ ਪਸਰਿ ਰਹੀ ਜੋਤੀ ਜੋਤਿ ਮਿਲਾਈ ॥੫॥

ਹਰ ਥਾਂ ਪਰਮਾਤਮਾ ਦੀ ਹੀ ਪਵਿੱਤ੍ਰ ਜੋਤਿ ਪ੍ਰਕਾਸ਼ ਕਰ ਰਹੀ ਹੈ, (ਇਸ ਤਰ੍ਹਾਂ) ਪਰਮਾਤਮਾ ਦੀ ਜੋਤਿ ਵਿਚ ਸੁਰਤਿ ਜੁੜ ਜਾਂਦੀ ਹੈ ॥੫॥

ਪੂਰੈ ਗੁਰਿ ਸਮਝਾਇਆ ਮਤਿ ਊਤਮ ਹੋਈ ॥

ਪੂਰੇ ਗੁਰੂ ਦੇ (ਆਤਮਕ ਜੀਵਨ ਦੀ ਸੂਝ) ਸਮਝਾਉਣ ਨਾਲ ਅਕਲ ਸ੍ਰੇਸ਼ਟ ਹੋ ਜਾਂਦੀ ਹੈ,

ਅੰਤਰੁ ਸੀਤਲੁ ਸਾਂਤਿ ਹੋਇ ਨਾਮੇ ਸੁਖੁ ਹੋਈ ॥੬॥

ਹਿਰਦਾ (ਵਿਕਾਰਾਂ ਦੀ ਸੜਨ ਤੋਂ ਬਚ ਕੇ) ਠੰਢਾ-ਠਾਰ ਹੋਇਆ ਰਹਿੰਦਾ ਹੈ ਤੇ ਹਰਿ-ਨਾਮ ਦੀ ਰਾਹੀਂ ਆਨੰਦ ਪ੍ਰਾਪਤ ਹੁੰਦਾ ਹੈ ॥੬॥

ਪੂਰਾ ਸਤਿਗੁਰੁ ਤਾਂ ਮਿਲੈ ਜਾਂ ਨਦਰਿ ਕਰੇਈ ॥

(ਪਰ) ਪੂਰਾ ਗੁਰੂ ਭੀ ਤਦੋਂ ਹੀ ਮਿਲਦਾ ਹੈ, ਜਦੋਂ ਪਰਮਾਤਮਾ ਆਪ ਮੇਹਰ ਦੀ ਨਿਗਾਹ ਕਰਦਾ ਹੈ,

ਕਿਲਵਿਖ ਪਾਪ ਸਭ ਕਟੀਅਹਿ ਫਿਰਿ ਦੁਖੁ ਬਿਘਨੁ ਨ ਹੋਈ ॥੭॥

ਇਸ ਤਰ੍ਹਾਂ ਸਾਰੇ ਪਾਪ ਵਿਕਾਰ ਕੱਟੇ ਜਾਂਦੇ ਹਨ, ਮੁੜ ਕੋਈ ਦੁੱਖ ਪੋਹ ਨਹੀਂ ਸਕਦਾ, ਤੇ ਜੀਵਨ-ਸਫ਼ਰ ਵਿਚ ਕੋਈ ਰੁਕਾਵਟ ਨਹੀਂ ਪੈਂਦੀ ॥੭॥

ਆਪਣੈ ਹਥਿ ਵਡਿਆਈਆ ਦੇ ਨਾਮੇ ਲਾਏ ॥

ਸਾਰੀਆਂ ਵਡਿਆਈਆਂ ਪਰਮਾਤਮਾ ਦੇ ਆਪਣੇ ਹੱਥ ਵਿਚ ਹਨ, ਉਹ ਆਪ ਹੀ (ਇੱਜ਼ਤ) ਬਖ਼ਸ਼ ਕੇ (ਜੀਵ ਨੂੰ) ਆਪਣੇ ਨਾਮ ਵਿਚ ਜੋੜਦਾ ਹੈ।

ਨਾਨਕ ਨਾਮੁ ਨਿਧਾਨੁ ਮਨਿ ਵਸਿਆ ਵਡਿਆਈ ਪਾਏ ॥੮॥੪॥੨੬॥

ਹੇ ਨਾਨਕ! ਜਿਸ ਮਨੁੱਖ ਦੇ ਮਨ ਵਿਚ ਉਸ ਦਾ ਨਾਮ-ਖ਼ਜ਼ਾਨਾ ਆ ਵੱਸਦਾ ਹੈ ਉਹ ਮਨੁੱਖ (ਲੋਕ ਪਰਲੋਕ ਵਿਚ) ਆਦਰ-ਮਾਣ ਪਾਂਦਾ ਹੈ ॥੮॥੪॥੨੬॥